Bible in 90 Days
ਯਹੂਦੀ ਆਗੂਆਂ ਨੇ ਯਿਸੂ ਨਾਲ ਚਾਲ ਖੇਡੀ(A)
20 ਇਸ ਲਈ ਨੇਮ ਦੇ ਉਪਦੇਸ਼ਕ ਅਤੇ ਜਾਜਕ ਯਿਸੂ ਨੂੰ ਫ਼ੜਨ ਦੀ ਸਹੀ ਤਾਕ ਵਿੱਚ ਰਹੇ ਅਤੇ ਉਨ੍ਹਾਂ ਨੇ ਉਸ ਕੋਲ ਕੁਝ ਜਸੂਸ ਭੇਜੇ ਜਿਨ੍ਹਾਂ ਨੇ ਚੰਗੇ ਮਨੁੱਖ ਹੋਣ ਦਾ ਨਾਟਕ ਕੀਤਾ। ਉਹ ਯਿਸੂ ਦੀਆਂ ਗੱਲਾਂ ਵਿੱਚੋਂ ਕੋਈ ਗਲਤੀ ਲੱਭਣਾ ਚਾਹੁੰਦੇ ਸਨ ਤਾਂ ਜੋ ਉਹ ਯਿਸੂ ਨੂੰ ਰਾਜਪਾਲ ਦੇ ਹੱਥੀ ਸੌਂਪ ਸੱਕਣ, ਜਿਸ ਕੋਲ ਯਿਸੂ ਉੱਤੇ ਸ਼ਕਤੀ ਅਤੇ ਅਧਿਕਾਰ ਸੀ। 21 ਤਾਂ ਇਨ੍ਹਾਂ ਆਦਮੀਆਂ ਨੇ ਯਿਸੂ ਨੂੰ ਪੁੱਛਿਆ, “ਗੁਰੂ ਜੀ, ਅਸੀਂ ਜਾਣਦੇ ਹਾਂ ਕਿ ਜੋ ਤੁਸੀਂ ਆਖਦੇ ਹੋ ਅਤੇ ਉਪਦੇਸ਼ ਦਿੰਦੇ ਹੋ ਉਹ ਸਹੀ ਹੈ ਤੁਸੀਂ ਕਿਸੇ ਦੀ ਵੀ ਤਰਫ਼ਦਾਰੀ ਨਹੀਂ ਕਰਦੇ ਸਗੋਂ ਪਰਮੇਸ਼ੁਰ ਦੇ ਮਾਰਗ ਬਾਰੇ ਸੱਚਾਈ ਦਾ ਉਪਦੇਸ਼ ਦਿੰਦੇ ਹੋ। 22 ਤੁਸੀਂ ਸਾਨੂੰ ਇਹ ਦੱਸੋ ਕਿ ਕੀ ਕੈਸਰ ਨੂੰ ਮਸੂਲ ਦੇਣਾ ਠੀਕ ਹੈ ਕਿ ਗਲਤ?”
23 ਪਰ ਯਿਸੂ ਜਾਣਦਾ ਸੀ ਕਿ ਇਹ ਆਦਮੀ ਉਸ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਉਸ ਨੇ ਉਨ੍ਹਾਂ ਨੂੰ ਕਿਹਾ, 24 “ਮੈਨੂੰ ਇੱਕ ਸਿੱਕਾ ਦਿਖਾਵੋ? ਅਤੇ ਇਹ ਦੱਸੋ ਕਿ ਇਸ ਉੱਪਰ ਕਿਸਦਾ ਨਾਮ ਅਤੇ ਤਸਵੀਰ ਹੈ?”
ਉਨ੍ਹਾਂ ਕਿਹਾ, “ਇਹ ਕੈਸਰ ਦੀ ਹੈ।”
25 ਯਿਸੂ ਨੇ ਉਨ੍ਹਾਂ ਨੂੰ ਕਿਹਾ, “ਤਾਂ ਫ਼ੇਰ ਜੋ ਕੈਸਰ ਦਾ ਹੈ ਉਹ ਕੈਸਰ ਨੂੰ ਦੇਵੋ ਅਤੇ ਜੋ ਪਰਮੇਸ਼ੁਰ ਦਾ ਹੈ ਉਹ ਪਰਮੇਸ਼ੁਰ ਨੂੰ ਦੇਵੋ।”
26 ਲੋਕ ਉਸ ਦੇ ਇੰਨੇ ਬੁੱਧੀਮਾਨ ਜਵਾਬ ਤੇ ਹੈਰਾਨ ਰਹਿ ਗਏ ਅਤੇ ਕੁਝ ਨਾ ਆਖ ਸੱਕੇ। ਉਹ ਭੀੜ ਅੱਗੇ ਯਿਸੂ ਦੀਆਂ ਗੱਲਾਂ ਵਿੱਚੋਂ ਕੋਈ ਗਲਤੀ ਲੱਭਣ ਵਿੱਚ ਅਸਮਰਥ ਸਨ।
ਕੁਝ ਸਦੂਕੀਆਂ ਨੇ ਯਿਸੂ ਨਾਲ ਚਾਲ ਖੇਡੀ(B)
27 ਕੁਝ ਸਦੂਕੀ ਯਿਸੂ ਕੋਲ ਆਏ। ਉਹ ਇਹ ਵਿਸ਼ਵਾਸ ਨਹੀਂ ਕਰਦੇ ਕਿ ਪੁਨਰ ਉੱਥਾਨ ਹੈ। 28 ਉਨ੍ਹਾਂ ਉਸ ਨੂੰ ਪੁੱਛਿਆ, “ਮੂਸਾ ਨੇ ਲਿਖਿਆ ਹੈ ਕਿ ਜੇਕਰ ਕੋਈ ਵਿਆਹਿਆ ਮਰਦ ਬਿਨ ਔਲਾਦ ਮਰ ਜਾਵੇ, ਤਾਂ ਉਸ ਦੇ ਭਰਾ ਨੂੰ ਉਸਦੀ ਔਰਤ ਨਾਲ ਵਿਆਹ ਕਰਾ ਲੈਣਾ ਚਾਹੀਦਾ ਹੈ। [a] ਤਾਂ ਜੋ ਉਹ ਮਰੇ ਹੋਏ ਭਰਾ ਵਾਸਤੇ ਸੰਤਾਨ ਪੈਦਾ ਕਰ ਸੱਕੇ। 29 ਇੱਕ ਵਾਰ ਸੱਤ ਭਰਾ ਸਨ। ਪਹਿਲੇ ਭਰਾ ਨੇ ਜੋ ਸਭ ਤੋਂ ਵੱਡਾ ਸੀ, ਇੱਕ ਔਰਤ ਨਾਲ ਵਿਆਹ ਕਰਵਾਇਆ ਪਰ ਉਹ ਮਰ ਗਿਆ, ਉਸ ਦੇ ਕੋਈ ਉਲਾਦ ਨਾ ਹੋਈ। 30 ਫਿਰ ਦੂਜੇ ਭਰਾ ਨੇ ਉਸ ਔਰਤ ਨਾਲ ਵਿਆਹ ਕੀਤਾ ਪਰ ਉਹ ਵੀ ਮਰ ਗਿਆ। 31 ਉਸ ਦੇ ਤੀਜੇ ਭਰਾ ਨੇ ਉਸ ਔਰਤ ਨਾਲ ਵਿਆਹ ਕਰਵਾ ਲਿਆ ਪਰ ਉਹ ਵੀ ਮਰ ਗਿਆ। ਇੰਝ ਹੀ ਸੱਤਾਂ ਭਰਾਵਾਂ ਨਾਲ ਵਾਪਰਿਆ। ਵਾਰੀ-ਵਾਰੀ ਉਨ੍ਹਾਂ ਸਭਨਾਂ ਨੇ ਉਸ ਨਾਲ ਵਿਆਹ ਕਰਵਾਇਆ ਅਤੇ ਉਹ ਸਾਰੇ ਦੇ ਸਾਰੇ ਹੀ ਬਿਨ ਔਲਾਦ ਹੀ ਮਰ ਗਏ। 32 ਅੰਤ ਵਿੱਚ, ਔਰਤ ਵੀ ਮਰ ਗਈ। ਪਰ ਉਨ੍ਹਾਂ ਸੱਤਾਂ ਭਰਾਵਾਂ ਨੇ ਉਸ ਨਾਲ ਵਿਆਹ ਕੀਤਾ, 33 ਹੁਣ, ਪੁਨਰ ਉੱਥਾਨ ਦੇ ਦਿਨ, ਉਹ ਕਿਸ ਦੀ ਵਹੁਟੀ ਹੋਵੇਗੀ, ਕਿਉਂਕਿ ਸੱਤਾਂ ਹੀ ਭਰਾਵਾਂ ਨੇ ਉਸ ਨਾਲ ਵਿਆਹ ਕੀਤਾ?”
34 ਯਿਸੂ ਨੇ ਸਦੂਕੀਆਂ ਨੂੰ ਕਿਹਾ, “ਧਰਤੀ ਤੇ ਲੋਕਾਂ ਦਾ ਵਿਆਹ ਇੱਕ ਦੂਜੇ ਨਾਲ ਹੁੰਦਾ ਹੈ। 35 ਪਰ ਉਹ ਲੋਕ ਜਿਹੜੇ ਮੁਰਦਿਆਂ ਵਿੱਚੋਂ ਜੀਅ ਉੱਠਦੇ ਹਨ ਅਤੇ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿੱਚ ਜਿਉਣਗੇ, ਉਹ ਵਿਆਹ ਨਹੀਂ ਕਰਨਗੇ। 36 ਅਤੇ ਉਹ ਹੋਰ ਨਹੀਂ ਮਰ ਸੱਕਦੇ, ਕਿਉਂਕਿ ਮੌਤ ਤੋਂ ਉਨ੍ਹਾਂ ਦਾ ਪੁਨਰ ਉੱਥਾਨ ਕੀਤਾ ਗਿਆ ਹੈ ਉਹ ਦੂਤਾਂ ਵਰਗੇ ਹਨ ਅਤੇ ਪਰਮੇਸ਼ੁਰ ਦੇ ਬੱਚੇ ਹਨ। 37 ਮੂਸਾ ਨੇ ਵੀ ਇਹ ਦਰਸਾਇਆ ਹੈ ਕਿ ਮੁਰਦਾ ਲੋਕ ਜੀਅ ਉੱਠਣਗੇ। ਉਸ ਨੇ ਅਜਿਹਾ ਮਚਦੀ ਹੋਈ ਝਾੜੀ [b] ਵਾਲੀ ਘਟਨਾ ਵੇਲੇ ਦਰਸਾਇਆ ਜਦੋਂ ਉਸ ਨੇ ਪ੍ਰਭੂ ਨੂੰ ‘ਅਬਰਾਹਾਮ ਦਾ ਪਰਮੇਸ਼ੁਰ, ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ’ ਬੁਲਾਇਆ ਸੀ। 38 ਉਹ ਮਰੇ ਹੋਏ ਲੋਕਾਂ ਦਾ ਨਹੀਂ ਸਗੋਂ ਜਿਉਂਦਿਆਂ ਦਾ ਪਰਮੇਸ਼ੁਰ ਹੈ। ਉਸ ਲਈ ਸਭ ਲੋਕ ਜੀਵਿਤ ਹਨ।”
39 ਕੁਝ ਨੇਮ ਦੇ ਉਪਦੇਸ਼ਕਾਂ ਨੇ ਕਿਹਾ, “ਗੁਰੂ ਜੀ, ਤੁਸੀਂ ਸਹੀ ਆਖਿਆ ਹੈ।” 40 ਉਸ ਵੇਲੇ ਤੋਂ, ਕੋਈ ਵੀ ਇੰਨਾ ਨਿੱਡਰ ਨਹੀਂ ਸੀ ਕਿ ਉਸ ਨੂੰ ਕੋਈ ਹੋਰ ਸਵਾਲ ਕਰ ਸੱਕੇ।
ਕੀ ਮਸੀਹ ਦਾਊਦ ਦਾ ਪੁੱਤਰ ਹੈ?(C)
41 ਤਦ ਯਿਸੂ ਨੇ ਆਖਿਆ, “ਲੋਕ ਇਹ ਕਿਉਂ ਆਖਦੇ ਹਨ ਕਿ ਮਸੀਹ ਦਾਊਦ ਦਾ ਪੁੱਤਰ ਹੈ? 42 ਜ਼ਬੂਰਾਂ ਦੀ ਪੁਸਤਕ ਵਿੱਚ ਦਾਊਦ ਖੁਦ ਕਹਿੰਦਾ ਹੈ:
‘ਪ੍ਰਭੂ ਨੇ ਮੇਰੇ ਪ੍ਰਭੂ ਨੂੰ ਕਿਹਾ,
ਤੂੰ ਮੇਰੇ ਸੱਜੇ ਪਾਸੇ ਬੈਠ’
43 ਜਦੋਂ ਤੱਕ ਕਿ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰ ਰੱਖਣ ਦੀ ਚੌਂਕੀ ਨਾ ਬਣਾ ਦੇਵਾਂ।’ (D)
44 ਇਸ ਲਈ ਜਦੋਂ ਦਾਊਦ ਮਸੀਹ ਨੂੰ ‘ਪ੍ਰਭੂ’ ਬੁਲਾਉਦਾ ਹੈ। ਫ਼ੇਰ ਯਿਸੂ ਦਾਊਦ ਦਾ ਪੁੱਤਰ ਕਿਵੇਂ ਹੋ ਸੱਕਦਾ ਹੈ?”
ਯਿਸੂ ਨੇਮ ਦੇ ਉਪਦੇਸ਼ਕਾਂ ਬਾਰੇ ਖਬਰਦਾਰ ਕਰਦਾ(E)
45 ਸਾਰੇ ਲੋਕ ਯਿਸੂ ਨੂੰ ਸੁਣ ਰਹੇ ਸਨ। ਉਸ ਨੇ ਆਪਣੇ ਚੇਲਿਆਂ ਨੂੰ ਕਿਹਾ, 46 “ਨੇਮ ਦੇ ਉਪਦੇਸ਼ਕਾਂ ਕੋਲੋਂ ਖਬਰਦਾਰ ਰਹੋ ਜਿਹੜੇ ਲੰਬੇ ਚੋਗੇ ਪਾਕੇ ਫਿਰਨਾ ਪਸੰਦ ਕਰਦੇ ਹਨ ਅਤੇ ਬਜ਼ਾਰਾਂ ਵਿੱਚ ਸਲਾਮ ਲੈਣਾ ਅਤੇ ਪ੍ਰਾਰਥਨਾ ਸਥਾਨਾਂ ਵਿੱਚ ਅਗਲੀਆਂ ਕੁਰਸੀਆਂ ਅਤੇ ਦਾਅਵਤਾਂ ਵਿੱਚ ਬਹੁਤ ਮਹੱਤਵਪੂਰਨ ਥਾਵਾਂ ਚਾਹੁੰਦੇ ਹਨ। 47 ਉਹ ਵਿਧਵਾਵਾਂ ਦੇ ਘਰ ਲੁੱਟ ਲੈਂਦੇ ਹਨ ਅਤੇ ਬਾਦ ਵਿੱਚ ਲੰਬੀਆਂ-ਲੰਬੀਆਂ ਪ੍ਰਾਰਥਨਾ ਕਰਕੇ ਚੰਗੇ ਬਨਣ ਦਾ ਢੋਂਗ ਕਰਦੇ ਹਨ। ਉਨ੍ਹਾਂ ਨੂੰ ਵੱਧੇਰੇ ਸਜਾ ਮਿਲੇਗੀ।”
ਸੱਚੀ ਦੇਣ(F)
21 ਯਿਸੂ ਨੇ ਕੁਝ ਅਮੀਰ ਆਦਮੀਆਂ ਨੂੰ ਮੰਦਰ ਦੇ ਗੋਲਕ ਵਿੱਚ ਆਪਣਾ ਪੈਸਾ ਪਾਉਂਦਿਆਂ ਵੇਖਿਆ। 2 ਤਦ ਉਸ ਨੇ ਇੱਕ ਗਰੀਬ ਵਿਧਵਾ ਵੇਖੀ। 3 ਉਸ ਨੇ ਤਾਂਬੇ ਦੇ ਦੋ ਸਿੱਕੇ ਗੋਲਕ ਵਿੱਚ ਪਾਏ। ਯਿਸੂ ਨੇ ਆਖਿਆ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਭਾਵੇਂ ਇਸ ਔਰਤ ਨੇ ਦੋ ਛੋਟੇ ਸਿੱਕੇ ਪਾਏ ਹਨ, ਅਸਲ ਵਿੱਚ ਉਸ ਨੇ ਅਮੀਰ ਲੋਕਾਂ ਨਾਲੋਂ ਵੱਧ ਪਾਇਆ ਹੈ। 4 ਅਮੀਰ ਲੋਕਾਂ ਕੋਲ ਬਹੁਤ ਅਧਿਕ ਧਨ ਹੈ। ਉਨ੍ਹਾਂ ਨੇ ਸਿਰਫ਼ ਉਹ ਦਿੱਤਾ ਜੋ ਉਨ੍ਹਾਂ ਨੂੰ ਲੋੜੀਦਾ ਨਹੀਂ ਸੀ। ਇਹ ਔਰਤ ਬਹੁਤ ਗਰੀਬ ਹੈ, ਪਰ ਜੋ ਕੁਝ ਇਸ ਕੋਲ ਸੀ ਉਸ ਨੇ ਸਭ ਦੇ ਦਿੱਤਾ ਜਦ ਕਿ ਇਹ ਪੈਸੇ ਉਸ ਨੂੰ ਜਿਉਣ ਵਾਸਤੇ ਚਾਹੀਦੇ ਸਨ।”
ਮੰਦਰ ਦੀ ਤਬਾਹੀ(G)
5 ਕੁਝ ਚੇਲੇ ਆਪਸ ਵਿੱਚ ਮੰਦਰ ਬਾਰੇ ਗੱਲਾਂ ਕਰਦੇ ਹੋਏ ਕਹਿ ਰਹੇ ਸਨ, “ਇਹ ਬੜਾ ਖੂਬਸੂਰਤ ਮੰਦਰ ਹੈ, ਜੋ ਕਿ ਸਭ ਤੋਂ ਵੱਧੀਆ ਪੱਥਰਾਂ ਦਾ ਬਣਿਆ ਹੋਇਆ ਹੈ। ਵੇਖੋ, ਇਸ ਮੰਦਰ ਨੂੰ ਸਜਾਉਣ ਵਾਸਤੇ ਕਿੰਨੇ ਤੋਹਫ਼ੇ ਭੇਂਟ ਕੀਤੇ ਗਏ ਹਨ।”
6 ਪਰ ਯਿਸੂ ਨੇ ਕਿਹਾ, “ਇੱਕ ਸਮਾਂ ਆਵੇਗਾ ਜਦੋਂ ਤੁਸੀਂ ਵੇਖੋਂਗੇ ਕਿ ਜੋ ਕੁਝ ਵੀ ਇੱਥੇ ਦਿਸ ਰਿਹਾ ਹੈ ਸਭ ਨਸ਼ਟ ਹੋ ਜਾਵੇਗਾ। ਇਸ ਮੰਦਰ ਦੇ ਹਰ ਪੱਥਰ ਨੂੰ ਥੱਲੇ ਧਰਤੀ ਤੇ ਸੁੱਟਿਆ ਜਾਵੇਗਾ। ਇੱਕ ਵੀ ਪੱਥਰ ਦੂਜੇ ਪੱਥਰ ਉੱਤੇ ਟਿਕਿਆ ਨਹੀਂ ਰਹੇਗਾ।”
7 ਚੇਲਿਆਂ ਨੇ ਯਿਸੂ ਨੂੰ ਪੁੱਛਿਆ, “ਗੁਰੂ ਜੀ, ਇਹ ਗੱਲਾਂ ਕਦੋਂ ਹੋਣਗੀਆਂ? ਕਿਹੜਾ ਨਿਸ਼ਾਨ ਵਿਖਾਵੇਗਾ ਕਿ ਇਹ ਇਨ੍ਹਾਂ ਗੱਲਾਂ ਦੇ ਹੋਣ ਦਾ ਸਮਾਂ ਹੈ?”
8 ਯਿਸੂ ਨੇ ਕਿਹਾ, “ਸਾਵੱਧਾਨ ਰਹੋ! ਤਾਂ ਜੋ ਕੋਈ ਵੀ ਤੁਹਾਨੂੰ ਮੂਰਖ ਨਾ ਬਣਾ ਸੱਕੇ। ਬਹੁਤ ਸਾਰੇ ਲੋਕ ਮੇਰੇ ਨਾਂ ਤੇ ਆਉਣਗੇ ਅਤੇ ਆਖਣਗੇ, ‘ਮੈਂ ਮਸੀਹ ਹਾਂ’, ਅਤੇ ‘ਸਹੀ ਵਕਤ ਆ ਗਿਆ ਹੈ!’ ਪਰ ਉਨ੍ਹਾਂ ਦੇ ਪਿੱਛੇ ਨਾ ਲੱਗਿਓ। 9 ਪਰ ਜਦੋਂ ਤੁਸੀਂ ਲੜਾਈਆਂ ਅਤੇ ਦੰਗਿਆਂ ਬਾਰੇ ਸੁਣੋ ਤਾਂ ਡਰਿਓ ਨਾ। ਇਹ ਸਭ ਕੁਝ ਪਹਿਲੋਂ ਹੋਣਾ ਹੈ, ਪਰ ਅੰਤ ਬਾਦ ਵਿੱਚ ਆਵੇਗਾ।”
10 ਤਦ ਯਿਸੂ ਨੇ ਉਨ੍ਹਾਂ ਨੂੰ ਆਖਿਆ, “ਕੌਮਾਂ ਇੱਕ ਦੂਸਰੇ ਦੇ ਖਿਲਾਫ਼ ਯੁੱਧ ਕਰਨਗੀਆਂ, ਅਤੇ ਰਾਜ ਇੱਕ ਦੂਸਰੇ ਦੇ ਖਿਲਾਫ਼ ਯੁੱਧ ਕਰਨਗੇ। 11 ਇੱਥੇ ਬਹੁਤ ਵੱਡੇ ਭੁਚਾਲ ਆਉਣਗੇ, ਕਾਲ ਪੈਣਗੇ ਅਤੇ ਵੱਖ-ਵੱਖ ਥਾਵਾਂ ਤੇ ਮਹਾਮਾਰੀ ਪਵੇਗੀ, ਕੁਝ ਡਰਾਉਣੀਆਂ ਗੱਲਾਂ ਵਾਪਰਨਗੀਆਂ ਕੁਝ ਮਹਾਨ ਨਿਸ਼ਾਨ ਲੋਕਾਂ ਨੂੰ ਚੇਤਾਵਨੀ ਦੇਣ ਲਈ ਅਕਾਸ਼ ਤੋਂ ਆਉਣਗੇ।
12 “ਪਰ ਇਹ ਸਭ ਗੱਲਾਂ ਵਾਪਰਨ ਤੋਂ ਪਹਿਲਾਂ, ਤੁਸੀਂ ਗਿਰਫ਼ਤਾਰ ਕੀਤੇ ਜਾਵੋਂਗੇ ਅਤੇ ਤੁਹਾਨੂੰ ਤਸੀਹੇ ਦਿੱਤੇ ਜਾਣਗੇ। ਲੋਕ ਪ੍ਰਾਰਥਨਾ ਸਥਾਨਾਂ ਵਿੱਚ ਤੁਹਾਡਾ ਨਿਰਨਾ ਕਰਨਗੇ ਅਤੇ ਤੁਹਾਨੂੰ ਕੈਦ ਵਿੱਚ ਪਾ ਦੇਣਗੇ। ਤੁਹਾਨੂੰ ਮੇਰੇ ਕਾਰਣ ਰਾਜਿਆਂ ਅਤੇ ਰਾਜਪਾਲਾਂ ਸਾਹਮਣੇ ਖੜ੍ਹੇ ਹੋਣ ਲਈ ਮਜਬੂਰ ਕੀਤਾ ਜਾਵੇਗਾ। 13 ਇਹ ਸਭ ਗੱਲਾਂ ਮੇਰੇ ਬਾਰੇ ਗਵਾਹੀ ਦੇਣ ਲਈ ਤੁਹਾਨੂੰ ਅਵਸਰ ਦੇਣਗੀਆਂ। 14 ਪਰ ਆਪਣੇ ਮਨਾਂ ਨੂੰ ਪੱਕਿਆਂ ਕਰੋ ਪਹਿਲਾਂ ਤੋਂ ਹੀ ਇਸ ਗੱਲੋਂ ਨਾ ਘਬਰਾਓ ਕਿ ਤੁਹਾਨੂੰ ਖੁਦ ਦੀ ਰੱਖਿਆ ਕਰਨ ਲਈ ਕੀ ਆਖਣਾ ਚਾਹੀਦਾ ਹੈ। 15 ਮੈਂ ਤੁਹਾਨੂੰ ਇਸ ਬਾਰੇ ਸਿਆਣਪ ਦੇਵਾਂਗਾਂ ਕਿ ਤੁਹਾਨੂੰ ਕੀ ਜਵਾਬ ਦੇਣਾ ਚਾਹੀਦਾ ਹੈ, ਤਾਂ ਜੋ ਤੁਹਾਡਾ ਕੋਈ ਵੀ ਵੈਰੀ ਇਹ ਸਾਬਤ ਕਰਨ ਦੇ ਯੋਗ ਨਾ ਹੋ ਸੱਕੇ ਕਿ ਜੋ ਤੁਸੀਂ ਆਖਿਆ ਹੈ ਉਹ ਗਲਤ ਹੈ ਜਾਂ ਉਹ ਤੁਹਾਨੂੰ ਉੱਤਰ ਦੇਣ ਦੇ ਯੋਗ ਹੋ ਸੱਕੇ। 16 ਇੱਥੋਂ ਤੱਕ ਕਿ ਤੁਹਾਡੇ ਮਾਂ-ਬਾਪ, ਭਰਾ, ਰਿਸ਼ਤੇਦਾਰ, ਦੋਸਤ ਤੁਹਾਡਾ ਵਿਰੋਧ ਕਰਨਗੇ। ਉਹ ਤੁਹਾਡੇ ਵਿੱਚੋਂ ਕਈਆਂ ਨੂੰ ਮਾਰ ਵੀ ਦੇਣਗੇ। 17 ਸਭ ਲੋਕ ਤੁਹਾਨੂੰ ਨਫਰਤ ਕਰਨਗੇ ਕਿਉਂਕਿ ਤੁਸੀਂ ਮੇਰੇ ਪਿੱਛੇ ਤੁਰੇ। 18 ਪਰ ਇਹ ਸਭ ਚੀਜਾਂ ਤੁਹਾਡਾ ਕੁਝ ਵੀ ਨਹੀਂ ਵਿਗਾੜ ਸੱਕਦੀਆਂ। 19 ਤੁਸੀਂ ਆਪਣੇ ਵਿਸ਼ਵਾਸ ਵਿੱਚ ਤਕੜੇ ਰਹਿਕੇ ਆਪਣੇ-ਆਪ ਨੂੰ ਬਚਾ ਲਵੋਂਗੇ।
ਯਰੂਸ਼ਲਮ ਦਾ ਨਾਸ਼(H)
20 “ਤੁਸੀਂ ਵੇਖੋਂਗੇ ਫੌਜਾਂ ਯਰੂਸ਼ਲਮ ਨੂੰ ਘੇਰਨਗੀਆਂ। ਤਾਂ ਤੁਸੀਂ ਸਮਝ ਜਾਵੋਂਗੇ ਕਿ ਯਰੂਸ਼ਲਮ ਦੇ ਨਸ਼ਟ ਹੋਣ ਦਾ ਵੇਲਾ ਆ ਗਿਆ ਹੈ। 21 ਉਸ ਵੇਲੇ, ਉਹ ਜਿਹੜੇ ਯਹੂਦਿਯਾ ਵਿੱਚ ਹਨ, ਪਹਾੜਾਂ ਵੱਲ ਫ਼ਰਾਰ ਹੋ ਜਾਣ ਅਤੇ ਉਨ੍ਹਾਂ ਸਾਰਿਆਂ ਨੂੰ, ਜਿਹੜੇ ਯਰੂਸ਼ਲਮ ਵਿੱਚ ਹਨ ਉੱਥੋਂ ਭੱਜ ਜਾਣਾ ਚਾਹੀਦਾ ਹੈ। ਜੇਕਰ ਤੁਸੀਂ ਸ਼ਹਿਰ ਦੇ ਕੋਲ ਹੋਵੋ ਤਾਂ ਅੰਦਰ ਨਾ ਵੜੋ। 22 ਨਬੀਆਂ ਨੇ ਉਸ ਸਮੇਂ ਬਾਰੇ ਬੜੀਆਂ ਗੱਲਾਂ ਲਿਖਿਆਂ ਹਨ ਜਦੋਂ ਪਰਮੇਸ਼ੁਰ ਆਪਣੇ ਲੋਕਾਂ ਨੂੰ ਸਜਾਵਾਂ ਦੇਵੇਗਾ। ਇਹ ਸਮਾਂ ਹੁਣ ਹੈ ਜਦੋਂ ਇਹ ਸਭ ਵਾਪਰੇਗਾ। 23 “ਇਹ ਸਮਾਂ ਗਰਭਵਤੀ ਔਰਤਾਂ ਵਾਸਤੇ ਬੜਾ ਵਿਕਰਾਲ ਹੋਵੇਗਾ, ਅਤੇ ਉਨ੍ਹਾਂ ਮਾਵਾਂ ਵਾਸਤੇ ਵੀ, ਜਿਨ੍ਹਾਂ ਕੋਲ ਦੁੱਧ ਪੀਂਦੇ ਨਿਆਣੇ ਹਨ। ਕਿਉਂਕਿ ਇਸ ਧਰਤੀ ਤੇ ਬਹੁਤ ਮਾੜਾ ਸਮਾਂ ਆਉਣ ਵਾਲਾ ਹੈ। ਪਰਮੇਸ਼ੁਰ ਇਨ੍ਹਾਂ ਲੋਕਾਂ ਨਾਲ ਬੜੇ ਕਰੋਧ ਵਿੱਚ ਹੋਵੇਗਾ। 24 ਇਨ੍ਹਾਂ ਵਿੱਚੋਂ ਕੁਝ ਲੋਕ ਸਿਪਾਹੀਆਂ ਹੱਥੋਂ ਮਾਰੇ ਜਾਣਗੇ, ਕੁਝ ਲੋਕ ਕੈਦੀ ਬਣਾ ਕੇ ਸਭ ਕੌਮਾਂ ਅਤੇ ਦੇਸ਼ਾਂ ਵਿੱਚ ਪਹੁੰਚਾਏ ਜਾਣਗੇ। ਗੈਰ-ਯਹੂਦੀ ਯਰੂਸ਼ਲਮ ਤੇ ਕਬਜ਼ਾ ਕਰਨਗੇ ਅਤੇ ਜਦੋਂ ਤੱਕ ਉਨ੍ਹਾਂ ਦਾ ਸਮਾਂ ਪੂਰਾ ਨਹੀਂ ਹੁੰਦਾ ਉਹ ਇਸ ਨੂੰ ਪੈਰਾਂ ਥੱਲੇ ਮਿੱਧਣਗੇ।
ਘਬਰਾਉਣਾ ਨਹੀਂ(I)
25 “ਸੂਰਜ-ਚੰਦ ਅਤੇ ਤਾਰਿਆਂ ਵਿੱਚ ਹੈਰਾਨੀਜਨਕ ਨਿਸ਼ਾਨ ਦਿਖਾਈ ਦੇਣਗੇ। ਜਦੋਂ ਧਰਤੀ ਦੀਆਂ ਕੌਮਾਂ ਸਮੁੰਦਰ ਦਾ ਉੱਛਲਨਾ ਅਤੇ ਗਰਜਨਾ ਵੇਖਣਗੀਆਂ ਤਾਂ ਡਰ ਅਤੇ ਵਿਆਕੁਲਤਾ ਮਹਿਸੂਸ ਕਰਨਗੀਆਂ। 26 ਲੋਕ ਘਬਰਾ ਜਾਣਗੇ ਅਤੇ ਉਹ ਇਸ ਗੱਲੋਂ ਚਿੰਤਿਤ ਹੋਣਗੇ ਕਿ ਦੁਨੀਆ ਦਾ ਕੀ ਬਣੇਗਾ ਹਰ ਚੀਜ਼ ਅਕਾਸ਼ ਵਿੱਚ ਬਦਲ ਜਾਵੇਗੀ। 27 ਫ਼ਿਰ ਲੋਕ ਮਨੁੱਖ ਦੇ ਪੁੱਤਰ ਨੂੰ ਸ਼ਕਤੀ ਅਤੇ ਮਹਾਨ ਮਹਿਮਾ ਨਾਲ ਬੱਦਲਾਂ ਉੱਤੇ ਆਉਂਦਿਆਂ ਵੇਖਣਗੇ। 28 ਜਦੋਂ ਇਹ ਗੱਲਾਂ ਵਾਪਰਨੀਆਂ ਸ਼ੁਰੂ ਹੋਣ, ਖੜ੍ਹੇ ਹੋਵੋ ਅਤੇ ਹੌਂਸਲਾ ਰੱਖੋ, ਕਿਉਂਕਿ ਤੁਹਾਡੇ ਛੁਟਕਾਰੇ ਦਾ ਸਮਾਂ ਨੇੜੇ ਹੈ।”
ਮੇਰੇ ਸ਼ਬਦ ਹਮੇਸ਼ਾ ਲਈ ਰਹਿਣਗੇ(J)
29 ਤਦ ਯਿਸੂ ਨੇ ਇਹ ਦ੍ਰਿਸ਼ਟਾਂਤ ਕਹੀ, “ਅੰਜੀਰ ਦੇ ਰੁੱਖ ਨੂੰ ਅਤੇ ਸਾਰੇ ਰੁੱਖਾਂ ਨੂੰ ਵੇਖੋ। ਅੰਜੀਰ ਦਾ ਰੁੱਖ ਇੱਕ ਵੱਧੀਆ ਮਿਸਾਲ ਹੈ। 30 ਜਦੋਂ ਇਸ ਉੱਪਰ ਹਰੇ ਪੱਤੇ ਨਿਕਲਦੇ ਹਨ ਤਾਂ ਤੁਸੀਂ ਜਾਣ ਜਾਂਦੇ ਹੋ ਕਿ ਗਰਮੀ ਦੀ ਰੁੱਤ ਨੇੜੇ ਆ ਗਈ ਹੈ। 31 ਇਸੇ ਤਰ੍ਹਾਂ ਹੀ ਜੋ ਗੱਲਾਂ ਮੈਂ ਤੁਹਾਨੂੰ ਆਖੀਆਂ ਵਾਪਰਨੀਆਂ ਹਨ। ਜਦੋਂ ਤੁਸੀਂ ਇਹ ਸਭ ਗੱਲਾਂ ਵਾਪਰਦੀਆਂ ਵੇਖੋਂਗੇ ਤਾਂ ਤੁਸੀਂ ਜਾਣ ਜਾਵੋਂਗੇ ਕਿ ਪਰਮੇਸ਼ੁਰ ਦਾ ਰਾਜ ਬਹੁਤ ਨਜ਼ਦੀਕ ਹੈ।”
32 “ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਇਸ ਸਮੇਂ ਦੇ ਲੋਕਾਂ ਦੇ ਜਿਉਂਦੇ ਜੀਅ ਇਹ ਸਭ ਗੱਲਾਂ ਵਾਪਰਨਗੀਆਂ। 33 ਪੂਰੀ ਦੁਨੀਆਂ, ਧਰਤੀ ਅਤੇ ਅਕਾਸ਼ ਸਭ ਨਸ਼ਟ ਹੋ ਜਾਣਗੇ ਪਰ ਜੋ ਵਾਕ ਮੈਂ ਬੋਲ ਰਿਹਾ ਹਾਂ ਕਦੇ ਵੀ ਨਸ਼ਟ ਨਹੀਂ ਕੀਤੇ ਜਾਣਗੇ।”
ਹਰ ਵਕਤ ਤਿਆਰ ਰਹਿਣਾ
34 “ਸਚੇਤ ਰਹੋ! ਅਸੱਭਿਅਤ ਦਾਅਵਤਾਂ ਬਾਰੇ, ਪੀਣ ਬਾਰੇ, ਅਤੇ ਦੁਨਿਆਵੀ ਚੀਜ਼ਾਂ ਬਾਰੇ ਚਿੰਤਾ ਕਰਨ ਵਿੱਚ ਆਪਣਾ ਸਮਾਂ ਬਰਬਾਦ ਨਾ ਕਰੋ। ਜੇਕਰ ਤੁਸੀਂ ਅਜਿਹਾ ਕਰੋਂਗੇ ਤਾਂ ਤੁਸੀਂ ਸਹੀ ਸੋਚਣ ਦੇ ਯੋਗ ਨਹੀਂ ਹੋਵੋਂਗੇ। ਅਤੇ ਜਦੋਂ ਤੁਸੀਂ ਹਾਲੇ ਤਿਆਰ ਵੀ ਨਹੀਂ ਹੋਵੋਂਗੇ ਕਿ ਅੰਤ ਤੁਹਾਨੂੰ ਫ਼ੜ ਲਵੇਗਾ। 35 ਕਿਉਂਕਿ ਉਹ ਦਿਨ ਧਰਤੀ ਉੱਤੇ ਸਾਰੇ ਲੋਕਾਂ ਲਈ ਅਚਾਨਕ ਇੱਕ ਝਾਂਸੇ ਵਾਂਗ ਆਵੇਗਾ। 36 ਇਸ ਲਈ ਹਰ ਵਕਤ ਤਿਆਰ ਰਹੋ ਅਤੇ ਪ੍ਰਾਰਥਨਾ ਕਰੋ ਕਿ ਤੁਸੀਂ ਇਨ੍ਹਾਂ ਸਾਰੀਆਂ ਗੱਲਾਂ ਤੋਂ ਜਿਹੜੀਆਂ ਹੋਣ ਵਾਲੀਆਂ ਹਨ, ਬਚ ਸੱਕੋ। ਅਤੇ ਤੁਸੀਂ ਮਨੁੱਖ ਦੇ ਪੁੱਤਰ ਦੇ ਸਾਹਮਣੇ ਖੜਨ ਦੇ ਯੋਗ ਹੋਵੋਂ।”
37 ਹਰ ਦਿਨ ਯਿਸੂ ਮੰਦਰ ਵਿੱਚ ਉਪਦੇਸ਼ ਦਿੰਦਾ ਅਤੇ ਹਰ ਸ਼ਾਮ ਉਹ ਜੈਤੂਨ ਦੇ ਪਹਾੜ ਤੇ ਜਾਕੇ ਰਾਤ ਵਤੀਤ ਕਰਦਾ ਹੁੰਦਾ ਸੀ। 38 ਹਰ ਸਵੇਰ ਲੋਕ ਤੜਕਸਾਰ ਉੱਠ ਕੇ, ਮੰਦਰ ਵਿੱਚ ਯਿਸੂ ਦੇ ਉਪਦੇਸ਼ ਸੁਨਣ ਲਈ ਜਾਂਦੇ।
ਯਹੂਦੀ ਆਗੂ ਯਿਸੂ ਨੂੰ ਮਾਰਨਾ ਚਾਹੁੰਦੇ ਹਨ(K)
22 ਪਤੀਰੀ ਰੋਟੀ ਦੇ ਤਿਉਹਾਰ ਦਾ ਸਮਾਂ, ਜਿਸ ਨੂੰ ਪਸਾਹ ਕਹਿੰਦੇ ਹਨ ਨੇੜੇ ਆ ਪਹੁੰਚਿਆ। 2 ਪ੍ਰਧਾਨ ਜਾਜਕ ਅਤੇ ਨੇਮ ਦੇ ਉਪਦੇਸ਼ਕ ਯਿਸੂ ਨੂੰ ਮਾਰਨ ਦਾ ਰਾਹ ਲੱਭਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਉਹ ਲੋਕਾਂ ਤੋਂ ਡਰਦੇ ਸਨ।
ਯਹੂਦਾ ਯਿਸੂ ਨੂੰ ਮਾਰਨ ਦੀ ਵਿਉਂਤ ਬਣਾਉਂਦਾ ਹੈ(L)
3 ਯਿਸੂ ਦੇ ਬਾਰ੍ਹਾਂ ਰਸੂਲਾਂ ਵਿੱਚੋਂ ਇੱਕ ਦਾ ਨਾਂ ਯਹੂਦਾ ਇਸੱਕਰਿਯੋਤੀ ਸੀ। ਸ਼ੈਤਾਨ ਉਸ ਵਿੱਚ ਪ੍ਰਵੇਸ਼ ਕਰ ਗਿਆ। 4 ਯਹੂਦਾ ਨੇ ਜਾਕੇ ਪ੍ਰਧਾਨ ਜਾਜਕਾਂ ਅਤੇ ਸਿਪਾਹੀਆਂ ਨਾਲ, ਜਿਹੜੇ ਮੰਦਰ ਦੀ ਨਿਗਰਾਨੀ ਕਰਦੇ ਸਨ, ਇਸ ਬਾਰੇ ਵਿੱਚਾਰ ਕੀਤਾ ਕਿ ਉਹ ਕਿਵੇਂ ਯਿਸੂ ਨੂੰ ਉਨ੍ਹਾਂ ਦੇ ਹੱਥ ਫ਼ੜਵਾ ਸੱਕੇਗਾ। 5 ਉਹ ਬਹੁਤ ਪ੍ਰਸੰਨ ਸਨ ਅਤੇ ਉਨ੍ਹਾਂ ਨੇ ਉਸ ਨਾਲ ਵਾਇਦਾ ਕੀਤਾ ਕਿ ਇਸ ਕਾਰਜ ਲਈ ਉਹ ਉਸ ਨੂੰ ਪੈਸੇ ਦੇਣਗੇ। 6 ਯਹੂਦਾ ਇਸ ਕੰਮ ਲਈ ਰਾਜੀ ਹੋ ਗਿਆ ਅਤੇ ਉਹ ਮੌਕੇ ਦੀ ਤਲਾਸ਼ ਵਿੱਚ ਰਹਿਣ ਲੱਗਾ। ਯਹੂਦਾ ਯਿਸੂ ਨੂੰ ਉਨ੍ਹਾਂ ਦੇ ਹਵਾਲੇ ਉਦੋਂ ਕਰਨਾ ਚਾਹੁੰਦਾ ਸੀ ਜਦੋਂ ਆਲੇ-ਦੁਆਲੇ ਭੀੜ ਨਾ ਹੋਵੇ।
ਪਤੀਰੀ ਰੋਟੀ ਦੀ ਤਿਆਰੀ(M)
7 ਪਤੀਰੀ ਰੋਟੀ ਦੇ ਦਿਨ ਦਾ ਤਿਉਹਾਰ ਆਇਆ। ਇਹ ਉਹ ਦਿਨ ਸੀ ਜਿਸ ਦਿਨ ਪਸਾਹ ਦੇ ਲਈ ਉਹ ਲੇਲੇ ਦਾ ਬਲੀਦਾਨ ਕਰਦੇ ਸਨ। 8 ਫਿਰ ਯਿਸੂ ਨੇ ਯੂਹੰਨਾ ਅਤੇ ਪਤਰਸ ਨੂੰ ਆਖਿਆ, “ਜਾਓ ਅਤੇ ਸਾਡੇ ਲਈ ਪਸਾਹ ਦਾ ਭੋਜਨ ਤਿਆਰ ਕਰੋ।”
9 ਪਤਰਸ ਅਤੇ ਯੂਹੰਨਾ ਨੇ ਯਿਸੂ ਨੂੰ ਕਿਹਾ, “ਤੂੰ ਕਿਹੜੀ ਥਾਂ ਚਾਹੁੰਦਾ ਹੈਂ ਜਿੱਥੇ ਅਸੀਂ ਭੋਜਨ ਤਿਆਰ ਕਰੀਏ?”
ਉਸ ਨੇ ਉਨ੍ਹਾਂ ਨੂੰ ਆਖਿਆ, 10 “ਜਦੋਂ ਤੁਸੀਂ ਸ਼ਹਿਰ ਵਿੱਚ ਵੜੋਂਗੇ, ਤੁਸੀਂ ਇੱਕ ਆਦਮੀ ਨੂੰ ਪਾਣੀ ਦਾ ਘੜਾ ਚੁੱਕੀ ਜਾਂਦਿਆਂ ਵੇਖੋਂਗੇ। ਉਸ ਦੇ ਪਿੱਛੇ ਹੋ ਤੁਰਨਾ। ਉਹ ਇੱਕ ਘਰ ਵਿੱਚ ਵੜੇਗਾ, ਤਸੀਂ ਵੀ ਉਸ ਦੇ ਪਿੱਛੇ ਉੱਥੇ ਚੱਲੇ ਜਾਣਾ। 11 ਘਰ ਦੇ ਮਾਲਕ ਨੂੰ ਆਖਣਾ ਕਿ, ‘ਗੁਰੂ ਪੁੱਛਦਾ ਹੈ ਉਹ ਕਮਰਾ ਕਿੱਥੇ ਹੈ ਜਿੱਥੇ ਉਹ ਤੇ ਉਸ ਦੇ ਚੇਲੇ ਪਸਾਹ ਦਾ ਭੋਜਨ ਖਾਣਗੇ?’ 12 ਫਿਰ ਮਾਲਕ ਤੁਹਾਨੂੰ ਘਰ ਦੇ ਚੁਬਾਰੇ ਤੇ ਇੱਕ ਵੱਡਾ ਕਮਰਾ ਵਿਖਾਵੇਗਾ। ਇਹ ਕਮਰਾ ਇਸਤੇਮਾਲ ਲਈ ਵੱਧੀਆ ਸੱਜਿਆ ਹੋਇਆ ਹੋਵੇਗਾ, ਤੁਸੀਂ ਉੱਥੇ ਪਸਾਹ ਦਾ ਭੋਜਨ ਤਿਆਰ ਕਰੋ।”
13 ਪਤਰਸ ਅਤੇ ਯੂਹੰਨਾ ਗਏ, ਅਤੇ ਸਭ ਕੁਝ ਉਵੇਂ ਹੀ ਵਾਪਰਿਆ ਜਿਵੇਂ ਯਿਸੂ ਨੇ ਉਨ੍ਹਾਂ ਨੂੰ ਕਿਹਾ ਸੀ। ਤਾਂ ਉਨ੍ਹਾਂ ਨੇ ਪਸਾਹ ਦਾ ਭੋਜਨ ਤਿਆਰ ਕੀਤਾ।
ਪ੍ਰਭੂ ਦਾ ਰਾਤ ਦਾ ਭੋਜਨ(N)
14 ਪਸਾਹ ਦਾ ਭੋਜਨ ਖਾਣ ਦਾ ਸਮਾਂ ਆਇਆ। ਯਿਸੂ ਅਤੇ ਰਸੂਲ ਇਕੱਠੇ ਭੋਜਨ ਕਰਨ ਲਈ ਬੈਠ ਗਏ। 15 ਯਿਸੂ ਨੇ ਉਨ੍ਹਾਂ ਨੂੰ ਕਿਹਾ, “ਮਰਨ ਤੋਂ ਪਹਿਲਾਂ ਮੈਂ ਉਤਸੁਕਤਾ ਨਾਲ ਇਹ ਪਸਾਹ ਦਾ ਭੋਜਨ ਤੁਹਾਡੇ ਨਾਲ ਕਰਨਾ ਚਾਹੁੰਦਾ ਸਾਂ। 16 ਮੈਂ ਇਹ ਪਸਾਹ ਦਾ ਭੋਜਨ ਤਦ ਤੱਕ ਨਹੀਂ ਕਰਾਂਗਾ ਜਦੋਂ ਤੀਕ ਇਹ ਪਰਮੇਸ਼ੁਰ ਦੇ ਰਾਜ ਵਿੱਚ ਸਹੀ ਅਰੱਥਾਂ ਵਿੱਚ ਸੰਪੂਰਨ ਨਾ ਹੋਵੇ।”
17 ਉਸ ਤੋਂ ਬਾਦ, ਉਸ ਨੇ ਪਿਆਲਾ ਲਿਆ ਅਤੇ ਇਸ ਵਾਸਤੇ ਪਰਮੇਸ਼ੁਰ ਦਾ ਧੰਨਵਾਦ ਕੀਤਾ ਅਤੇ ਆਖਿਆ, “ਇਸ ਪਿਆਲੇ ਨੂੰ ਫੜੋ ਅਤੇ ਆਪਸ ਵਿੱਚ ਵੰਡ ਲਵੋ। 18 ਮੈਂ ਤੁਹਾਨੂੰ ਦੱਸਦਾ ਕਿ ਮੈਂ ਇਹ ਦਾਖਰਸ ਓਨਾ ਚਿਰ ਫਿਰ ਕਦੀ ਵੀ ਨਹੀਂ ਪੀਵਾਂਗਾ ਜਿੰਨਾ ਚਿਰ ਫਿਰ ਪਰਮੇਸ਼ੁਰ ਦਾ ਰਾਜ ਨਹੀਂ ਆਉਂਦਾ।”
19 ਫਿਰ ਯਿਸੂ ਨੇ ਰੋਟੀ ਲਈ ਅਤੇ ਪਰਮੇਸ਼ੁਰ ਦਾ ਧੰਨਵਾਦ ਕਰਕੇ ਤੋੜੀ ਅਤੇ ਇਹ ਕਹਿ ਕੇ ਰਸੂਲਾਂ ਨੂੰ ਦਿੱਤੀ, “ਇਹ ਰੋਟੀ ਮੇਰਾ ਸਰੀਰ ਹੈ ਜੋ ਮੈਂ ਤੁਹਾਡੇ ਲਈ ਦੇ ਰਿਹਾ ਹਾਂ, ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ।” 20 ਇਸ ਢੰਗ ਨਾਲ ਹੀ, ਰਾਤ ਦੇ ਭੋਜਨ ਤੋਂ ਬਾਦ, ਯਿਸੂ ਨੇ ਦਾਖਰਸ ਦਾ ਪਿਆਲਾ ਲਿਆ ਅਤੇ ਆਖਿਆ, “ਇਹ ਪਿਆਲਾ ਪਰਮੇਸ਼ੁਰ ਵੱਲੋਂ ਆਪਣੇ ਲੋਕਾਂ ਲਈ ਨਵਾਂ ਕਰਾਰ ਵਿਖਾਉਂਦਾ ਹੈ। ਇਹ ਮੇਰੇ ਲਹੂ ਦਾ ਨਵਾਂ ਕਰਾਰ ਹੈ ਜੋ ਮੈਂ ਤੁਹਾਡੀ ਖਾਤਿਰ ਵਹਾਉਣਾ ਹੈ।” [c]
ਯਿਸੂ ਦਾ ਵੈਰੀ ਕੌਣ ਬਣੇਗਾ
21 ਯਿਸੂ ਨੇ ਆਖਿਆ, “ਪਰ ਤੁਹਾਡੇ ਵਿੱਚੋਂ ਇੱਕ ਜਣਾ ਮੈਨੂੰ ਧੋਖਾ ਦੇਵੇਗਾ। ਉਸਦਾ ਹੱਥ ਮੇਰੇ ਨਾਲ ਮੇਜ ਉੱਤੇ ਹੀ ਹੈ। 22 ਮਨੁੱਖ ਦਾ ਪੁੱਤਰ ਉਵੇਂ ਹੀ ਮਰੇਗਾ ਜਿਵੇਂ ਉਸ ਬਾਰੇ ਆਖਿਆ ਗਿਆ ਹੈ, ਪਰ ਇਹ ਉਸ ਵਿਅਕਤੀ ਲਈ ਭਿਆਨਕ ਹੋਵੇਗਾ ਜੋ ਉਸ ਨੂੰ ਧੋਖਾ ਦੇਵੇਗਾ।”
23 ਤਾਂ ਰਸੂਲ ਆਪਸ ਵਿੱਚ ਇਹ ਪੁੱਛਣ ਲੱਗੇ ਕਿ ਸਾਡੇ ਵਿੱਚੋਂ ਕਿਹੜਾ ਅਜਿਹਾ ਕਰੇਗਾ?
ਸੇਵਕ ਵਾਂਗ ਰਹੋ
24 ਉਸਤੋਂ ਬਾਦ ਰਸੂਲਾਂ ਨੇ ਆਪਸ ਵਿੱਚ ਇਹ ਆਖਦਿਆਂ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਕਿ ਉਨ੍ਹਾਂ ਵਿੱਚੋਂ ਕੌਣ ਮਹਾਨ ਹੈ? 25 ਪਰ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਦੁਨੀਆਂ ਦੇ ਰਾਜੇ ਪ੍ਰਭੂਆਂ ਵਾਂਗ ਆਪਣੇ ਲੋਕਾਂ ਤੇ ਸ਼ਾਸਨ ਕਰਦੇ ਹਨ। ਜਿਨ੍ਹਾਂ ਕੋਲ ਦੂਸਰਿਆਂ ਉੱਪਰ ਇਖਤਿਆਰ ਹੈ ਉਹ ‘ਆਪਣੇ-ਆਪ ਨੂੰ ਲੋਕਾਂ ਦੇ ਮਦਦਗਾਰ ਕਹਾਉਂਦੇ ਹਨ।’ 26 ਪਰ ਤੁਹਾਨੂੰ ਇਸ ਤਰ੍ਹਾਂ ਦੇ ਨਹੀਂ ਹੋਣਾ ਚਾਹੀਦਾ। ਇਸਦੀ ਜਗ੍ਹਾ ਤੁਹਾਡੇ ਵਿੱਚੋਂ ਮਹਾਨ ਆਦਮੀ ਨੂੰ ਸਭ ਤੋਂ ਛੋਟੇ ਵਰਗਾ ਬਣ ਜਾਣਾ ਚਾਹੀਦਾ ਹੈ। ਆਗੂਆਂ ਨੂੰ ਸੇਵਕਾਂ ਵਾਂਗ ਹੋਣਾ ਚਾਹੀਦਾ ਹੈ। 27 ਤੁਹਾਡੀ ਰਾਇ ਵਿੱਚ ਕੌਣ ਵੱਧ ਮਹੱਤਵਯੋਗ ਹੈ: ਜੋ ਵਿਅਕਤੀ ਖਾਣੇ ਦੀ ਮੇਜ ਤੇ ਬੈਠਾ ਜਾਂ ਜਿਹੜਾ ਵਿਅਕਤੀ ਉਸਦੀ ਸੇਵਾ ਕਰ ਰਿਹਾ ਹੈ? ਤੁਹਾਡੇ ਖਿਆਲ ਵਿੱਚ ਜਿਹੜਾ ਮੇਜ ਤੇ ਬੈਠਾ ਹੈ ਮਹਾਨ ਹੈ ਮੈਂ ਤੁਹਾਡੇ ਵਿੱਚੋਂ ਸੇਵਕਾਂ ਵਰਗਾ ਹਾਂ।
28 “ਤੁਸੀਂ ਹੀ ਹੋ ਜੋ ਮੇਰੇ ਪਰਤਿਆਵਿਆਂ ਦੌਰਾਨ ਮੇਰੇ ਨਾਲ ਰਹੇ। 29 ਜਿਵੇਂ ਕਿ ਮੇਰੇ ਪਿਤਾ ਨੇ ਮੈਨੂੰ ਇੱਕ ਰਾਜ ਦਿੱਤਾ ਹੈ, ਮੈਂ ਵੀ ਤੁਹਾਨੂੰ ਇੱਕ ਰਾਜ ਦੇਵਾਂਗਾ। 30 “ਤਾਂ ਜੋ ਤੁਸੀਂ ਮੇਰੇ ਰਾਜ ਵਿੱਚ ਮੇਰੇ ਮੇਜ ਤੇ ਬੈਠੋਂਗੇ। ਅਤੇ ਤੁਸੀਂ ਸਿੰਘਾਸਨ ਤੇ ਬੈਠਕੇ ਇਸਰਾਏਲ ਦੀਆਂ ਬਾਰ੍ਹਾਂ ਗੋਤਾਂ ਦਾ ਨਿਆਂ ਕਰੋਂਗੇ।
ਆਪਣਾ ਵਿਸ਼ਵਾਸ ਨਾ ਛੱਡੋ(O)
31 “ਆਓ ਸ਼ਮਊਨ, ਸ਼ਮਊਨ ਸ਼ੈਤਾਨ ਨੇ ਤੈਨੂੰ ਕਣਕ ਵਾਂਗ ਛੱਟਣ ਲਈ ਮੰਗਿਆ ਹੈ। 32 ਮੈਂ ਪ੍ਰਾਰਥਨਾ ਤੇਰੇ ਲਈ ਕੀਤੀ ਹੈ ਤਾਂ ਜੋ ਤੇਰਾ ਵਿਸ਼ਵਾਸ ਕਾਇਮ ਰਹੇ। ਅਤੇ ਜਦੋਂ ਤੂੰ ਵਾਪਸ ਮੇਰੇ ਕੋਲ ਮੁੜੇਂ ਤਾ ਆਪਣੇ ਭਾਈਆਂ ਨੂੰ ਵੀ ਤਕੜਾ ਕਰੀਂ।”
33 ਪਰ ਪਤਰਸ ਨੇ ਉਸ ਨੂੰ ਕਿਹਾ, “ਪ੍ਰਭੂ! ਮੈਂ ਤੇਰੇ ਨਾਲ ਕੈਦ ਹੋਣ ਨੂੰ ਵੀ ਤਿਆਰ ਹਾਂ, ਅਤੇ ਤੇਰੇ ਨਾਲ ਮਰਨ ਨੂੰ ਵੀ।”
34 ਪਰ ਯਿਸੂ ਨੇ ਕਿਹਾ, “ਪਤਰਸ ਮੈਂ ਤੈਨੂੰ ਆਖਦਾ ਹਾਂ ਕਿ ਅੱਜ ਕੁੱਕੜ ਬਾਂਗ ਨਹੀਂ ਦੇਵੇਗਾ ਜਦ ਤੱਕ ਤੂੰ ਤਿੰਨ ਵਾਰੀ ਮੁੱਕਰ ਕੇ ਨਾ ਕਹੇ ਕਿ ਮੈਂ ਤੈਨੂੰ ਨਹੀਂ ਜਾਣਦਾ।”
ਬਿਪਤਾ ਲਈ ਤਿਆਰ ਰਹੋ
35 ਤਦ ਯਿਸੂ ਨੇ ਰਸੂਲਾਂ ਨੂੰ ਆਖਿਆ, “ਮੈਂ ਤੁਹਾਨੂੰ ਲੋਕਾਂ ਨੂੰ ਪ੍ਰਚਾਰ ਦੇਣ ਲਈ ਭੇਜਿਆ। ਮੈਂ ਤੁਹਾਨੂੰ ਬਿਨਾ ਪੈਸੇ, ਥੈਲੇ ਅਤੇ ਜੁਤਿਆਂ ਦੇ ਭੇਜ ਦਿੱਤਾ। ਪਰ ਕੀ ਤੁਹਾਨੂੰ ਕਿਸੇ ਚੀਜ਼ ਦੀ ਜ਼ਰੂਰਤ ਆਈ?”
ਰਸੂਲਾਂ ਨੇ ਆਖਿਆ, “ਨਹੀਂ।”
36 ਯਿਸੂ ਨੇ ਉਨ੍ਹਾਂ ਨੂੰ ਕਿਹਾ, “ਪਰ ਹੁਣ, ਜੇਕਰ ਤੁਹਾਡੇ ਕੋਲ ਪੈਸੇ ਤੇ ਇੱਕ ਝੋਲਾ ਹੈ, ਉਨ੍ਹਾਂ ਨੂੰ ਆਪਣੇ ਨਾਲ ਲਵੋ। ਜੇਕਰ ਤੁਹਾਡੇ ਕੋਲ ਇੱਕ ਤਲਵਾਰ ਨਹੀਂ ਹੈ, ਤਾਂ ਆਪਣਾ ਕੁੜਤਾ ਵੇਚਕੇ ਇੱਕ ਖਰੀਦ ਲਵੋ।” 37 ਇਹ ਪੋਥੀਆਂ ਵਿੱਚ ਲਿਖਿਆ ਹੋਇਆ ਹੈ:
‘ਲੋਕਾਂ ਆਖਿਆ ਕਿ ਉਹ ਇੱਕ ਅਪਰਾਧੀ ਹੈ।’ (P)
ਇਹ ਗੱਲ ਜਿਹੜੀ ਮੇਰੇ ਬਾਰੇ ਲਿਖੀ ਗਈ ਸੀ ਵਾਪਰਨੀ ਚਾਹੀਦੀ ਹੈ। ਅਤੇ ਅਸਲ ਵਿੱਚ ਹੁਣ ਵਾਪਰ ਰਹੀ ਹੈ”
38 ਚੇਲਿਆਂ ਨੇ ਕਿਹਾ, “ਵੇਖੋ, ਪ੍ਰਭੂ, ਇੱਥੇ ਦੋ ਤਲਵਾਰਾਂ ਹਨ।”
ਯਿਸੂ ਨੇ ਉਨ੍ਹਾਂ ਨੂੰ ਕਿਹਾ, “ਉਹ ਕਾਫ਼ੀ ਹਨ।”
ਯਿਸੂ ਨੇ ਰਸੂਲਾਂ ਨੂੰ ਪ੍ਰਾਰਥਨਾ ਕਰਨ ਲਈ ਕਿਹਾ(Q)
39-40 ਯਿਸੂ ਯਰੂਸ਼ਲਮ ਸ਼ਹਿਰ ਛੱਡ ਕੇ ਜੈਤੂਨ ਦੇ ਪਹਾੜ ਨੂੰ ਗਿਆ। ਉਹ ਅਕਸਰ ਉੱਥੇ ਜਾਇਆ ਕਰਦਾ ਸੀ। ਉਸ ਦੇ ਚੇਲੇ ਉਸ ਦੇ ਨਾਲ ਗਏ। ਜਦੋਂ ਉਹ ਉਸ ਜਗ੍ਹਾ ਪਹੁੰਚੇ, ਉਸ ਨੇ ਚੇਲਿਆਂ ਨੂੰ ਆਖਿਆ, “ਪ੍ਰਾਰਥਨਾ ਕਰੋ ਕਿ ਤੁਹਾਨੂੰ ਪਰਤਾਇਆ ਨਾ ਜਾਵੇ।”
41 ਫਿਰ ਯਿਸੂ ਉਨ੍ਹਾਂ ਤੋਂ ਪੰਜਾਹ ਕੁ ਕਦਮ ਦੂਰ ਗਿਆ। ਉਹ ਗੋਡਿਆਂ ਭਾਰ ਝੁੱਕਿਆ ਅਤੇ ਪ੍ਰਾਰਥਨਾ ਕੀਤੀ, 42 “ਹੇ ਪਿਤਾ! ਜੇਕਰ ਤੂੰ ਚਾਹੇਂ, ਤਾਂ ਦੁੱਖਾਂ ਦਾ ਇਹ ਪਿਆਲਾ ਮੇਰੇ ਤੋਂ ਹਟਾ ਲੈ, ਪਰ ਤੁਹਾਡੀ ਇੱਛਾ ਹੀ ਹੋਵੇ, ਨਾ ਕਿ ਮੇਰੀ।” 43 ਫਿਰ ਸੁਰਗ ਤੋਂ ਇੱਕ ਦੂਤ ਪ੍ਰਗਟਿਆ ਅਤੇ ਉਸ ਨੂੰ ਸ਼ਕਤੀ ਦਿੱਤੀ। 44 ਯਿਸੂ ਵੱਡੀ ਮਾਨਸਿਕ ਪੀੜਾ ਵਿੱਚ ਸੀ, ਤਾਂ ਉਹ ਹੋਰ ਵੀ ਗੰਭੀਰਤਾ ਪੂਰਵਕ ਪ੍ਰਾਰਥਨਾ ਕਰਨ ਲੱਗਾ। ਉਸਦਾ ਮੁੜਕਾ ਲਹੂ ਦੀਆਂ ਬੂਦਾਂ ਵਾਂਗ ਧਰਤੀ ਉੱਤੇ ਡਿੱਗ ਰਿਹਾ ਸੀ। [d] 45 ਉਹ ਪ੍ਰਾਰਥਨਾ ਕਰਨ ਤੋਂ ਬਾਦ, ਉੱਠਿਆ ਅਤੇ ਆਪਣੇ ਚੇਲਿਆਂ ਕੋਲ ਗਿਆ। ਉਸ ਨੇ ਉਨ੍ਹਾਂ ਨੂੰ ਸੁੱਤਿਆਂ ਹੋਇਆਂ ਵੇਖਿਆ। ਉਨ੍ਹਾਂ ਦੀ ਉਦਾਸੀ ਨੇ ਉਨ੍ਹਾਂ ਨੂੰ ਬੜਾ ਥਕਾ ਦਿੱਤਾ ਸੀ। 46 ਯਿਸੂ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਸੁੱਤੇ ਕਿਉਂ ਪਏ ਹੋ? ਉੱਠੋ ਅਤੇ ਉੱਠ ਕੇ ਪ੍ਰਾਰਥਨਾ ਕਰੋ ਕਿ ਤੁਸੀਂ ਪਰਤਾਵੇ ਵਿੱਚ ਨਾ ਪਵੋਂ।”
ਯਿਸੂ ਦਾ ਗਿਰਫ਼ਤਾਰ ਹੋਣਾ(R)
47 ਜਦੋਂ ਯਿਸੂ ਬੋਲ ਰਿਹਾ ਸੀ ਤਾਂ ਲੋਕਾਂ ਦਾ ਇੱਕ ਸਮੂਹ ਉਸ ਕੋਲ ਆਇਆ, ਉਨ੍ਹਾਂ ਵਿੱਚੋਂ ਇੱਕ ਰਸੂਲ ਯਹੂਦਾ, ਉਨ੍ਹਾਂ ਦੀ ਅਗਵਾਈ ਕਰ ਰਿਹਾ ਸੀ। ਯਹੂਦਾ ਯਿਸੂ ਦੇ ਕੋਲ ਆਇਆ ਤਾਂ ਜੋ ਉਹ ਯਿਸੂ ਨੂੰ ਚੁੰਮ ਸੱਕੇ।
48 ਪਰ ਯਿਸੂ ਨੇ ਉਸ ਨੂੰ ਕਿਹਾ, “ਯਹੂਦਾ। ਕੀ ਤੂੰ ਇਹ ਮਿੱਤਰਤਾ ਦਾ ਚੁੰਮਣ ਮਨੁੱਖ ਦੇ ਪੁੱਤਰ ਨੂੰ ਵੈਰੀਆਂ ਦੇ ਹੱਥ ਫ਼ੜਾਉਣ ਲਈ ਦੇ ਰਿਹਾ ਹੈਂ?” 49 ਯਿਸੂ ਦੇ ਚੇਲੇ ਵੀ ਉਸ ਕੋਲ ਹੀ ਖੜ੍ਹੇ ਸਨ। ਉਨ੍ਹਾਂ ਨੇ ਮਹਿਸੂਸ ਕੀਤਾ ਕਿ ਕੀ ਵਾਪਰ ਸੱਕਦਾ ਹੈ ਅਤੇ ਯਿਸੂ ਨੂੰ ਪੁੱਛਿਆ, “ਪ੍ਰਭੂ, ਕੀ ਅਸੀਂ ਉਨ੍ਹਾਂ ਨੂੰ ਆਪਣੀਆਂ ਤਲਵਾਰਾਂ ਨਾਲ ਮਾਰ ਦੇਈਏ?” 50 ਫ਼ਿਰ ਉਨ੍ਹਾਂ ਵਿੱਚੋਂ ਇੱਕ ਨੇ ਆਪਣੀ ਤਲਵਾਰ ਸਰਦਾਰ ਜਾਜਕ ਦੇ ਨੌਕਰ ਦੇ ਕੰਨ ਤੇ ਚਲਾਈ ਅਤੇ ਕੰਨ ਨੂੰ ਵੱਢ ਦਿੱਤਾ।
51 ਯਿਸੂ ਨੇ ਕਿਹਾ, “ਰੁਕੋ।” ਤਾਂ ਉਸ ਨੇ ਉਸ ਨੌਕਰ ਦੇ ਕੰਨ ਨੂੰ ਛੂਹ ਕੇ ਉਸ ਨੂੰ ਵੀ ਰਾਜੀ ਕਰ ਦਿੱਤਾ।
52 ਉਹ ਸਮੂਹ ਜਿਹੜਾ ਯਿਸੂ ਨੂੰ ਗਿਰਫ਼ਤਾਰ ਕਰਨ ਲਈ ਆਇਆ ਸੀ ਉਸ ਵਿੱਚ ਪ੍ਰਧਾਨ ਜਾਜਕ, ਵੱਡੇ ਬਜ਼ੁਰਗ ਯਹੂਦੀ ਆਗੂ ਅਤੇ ਯਹੂਦੀ ਸਿਪਾਹੀ ਸਨ। ਉਸ ਨੇ ਉਨ੍ਹਾਂ ਨੂੰ ਆਖਿਆ, “ਤੁਸੀਂ ਇੱਥੇ ਤਲਵਾਰਾਂ ਅਤੇ ਡਾਂਗਾ ਲੈ ਕੇ ਕਿਉਂ ਆਏ ਹੋ? ਤੁਸੀਂ ਕੀ ਸੋਚਦੇ ਹੋ ਕਿ ਮੈਂ ਅਪਰਾਧੀ ਹਾਂ? 53 ਮੈਂ ਤੁਹਾਡੇ ਨਾਲ ਹਰ ਰੋਜ਼ ਮੰਦਰ ਦੇ ਇਲਾਕੇ ਵਿੱਚ ਹੁੰਦਾ ਸਾਂ। ਤੁਸੀਂ ਮੈਨੂੰ ਉੱਥੇ ਗਿਰਫ਼ਤਾਰ ਕਿਉਂ ਨਹੀਂ ਕੀਤਾ? ਪਰ ਇਹ ਤੁਹਾਡਾ ਸਮਾਂ ਹੈ, ਹਨੇਰੇ ਦੇ ਸ਼ਾਸਨ ਦਾ ਸਮਾਂ।”
ਪਤਰਸ ਇਹ ਕਹਿੰਦੇ ਡਰਦਾ ਹੈ ਕਿ ਉਹ ਯਿਸੂ ਨੂੰ ਜਾਣਦਾ ਹੈ(S)
54 ਉਨ੍ਹਾਂ ਨੇ ਯਿਸੂ ਨੂੰ ਗਿਰਫ਼ਤਾਰ ਕਰ ਲਿਆ ਅਤੇ ਅਗਾਂਹ ਲੈ ਗਏ ਅਤੇ ਉਸ ਨੂੰ ਸਰਦਾਰ ਜਾਜਕ ਦੇ ਘਰ ਅੰਦਰ ਲੈ ਆਏ। ਪਤਰਸ ਨੇ ਥੋੜੀ ਦੂਰੀ ਤੇ ਹੀ ਉਨ੍ਹਾਂ ਦਾ ਪਿੱਛਾ ਕੀਤਾ। 55 ਸਿਪਾਹੀਆਂ ਨੇ ਸਰਦਾਰ ਜਾਜਕ ਦੇ ਵਿਹੜੇ ਦੇ ਵਿੱਚਕਾਰ ਅੱਗ ਮਚਾਈ ਅਤੇ ਇਸ ਦੇ ਆਲੇ-ਦੁਆਲੇ ਬੈਠ ਗਏ, ਪਤਰਸ ਵੀ ਉਨ੍ਹਾਂ ਨਾਲ ਬੈਠ ਗਿਆ। 56 ਇੱਕ ਨੋਕਰਾਣੀ ਨੇ ਪਤਰਸ ਨੂੰ ਉੱਥੇ ਬੈਠਾ ਵੇਖਿਆ। ਉਹ ਅੱਗ ਦੀ ਰੌਸ਼ਨੀ ਵਿੱਚ ਉਸਦਾ ਚਿਹਰਾ ਪਛਾਣ ਗਈ। ਉਸ ਨੇ ਧਿਆਨ ਨਾਲ ਪਤਰਸ ਦਾ ਚਿਹਰਾ ਵੇਖਿਆ ਅਤੇ ਆਖਿਆ, “ਇਹ ਆਦਮੀ ਵੀ ਉਸ ਨਾਲ ਸੀ।”
57 ਪਰ ਪਤਰਸ ਨੇ ਕਿਹਾ, ਇਹ ਸੱਚ ਨਹੀਂ ਹੈ। ਉਸ ਨੇ ਕਿਹਾ, “ਹੇ ਔਰਤ। ਮੈਂ ਉਸ ਨੂੰ ਨਹੀਂ ਜਾਣਦਾ।” 58 ਕੁਝ ਦੇਰ ਬਾਦ ਇੱਕ ਹੋਰ ਆਦਮੀ ਨੇ ਪਤਰਸ ਵੱਲ ਵੇਖਿਆ ਅਤੇ ਕਿਹਾ, “ਤੂੰ ਵੀ ਉਨ੍ਹਾਂ ਵਿੱਚੋਂ ਇੱਕ ਹੈ।”
ਪਰ ਪਤਰਸ ਨੇ ਆਖਿਆ, “ਹੇ ਮਨੁੱਖ। ਮੈਂ ਉਨ੍ਹਾਂ ਵਿੱਚੋਂ ਨਹੀਂ ਹਾਂ।”
59 ਤਕਰੀਬਨ ਘੰਟੇ ਕੁ ਬਾਦ ਇੱਕ ਹੋਰ ਆਦਮੀ ਨੇ ਜ਼ੋਰ ਦੇਕੇ ਕਿਹਾ, “ਇਹ ਸੱਚ ਹੈ। ਨਿਸ਼ਚਿਤ ਹੀ ਇਹ ਆਦਮੀ ਉਸ ਦੇ ਨਾਲ ਸੀ ਜੋ ਕਿ ਗਲੀਲ ਤੋਂ ਹੈ।”
60 ਪਰ ਪਤਰਸ ਨੇ ਆਖਿਆ, “ਮਨੁੱਖ। ਮੈਂ ਨਹੀਂ ਜਾਣਦਾ ਤੂੰ ਕਿਸ ਬਾਰੇ ਆਖ ਰਿਹਾ ਹੈਂ?”
ਜਦੋਂ ਪਤਰਸ ਹਾਲੇ ਬੋਲ ਰਿਹਾ ਸੀ, ਇੱਕ ਕੁੱਕੜ ਨੇ ਬਾਂਗ ਦਿੱਤੀ। 61 ਤਦ ਪ੍ਰਭੂ ਮੁੜਿਆ ਅਤੇ ਪਤਰਸ ਦੀਆਂ ਅੱਖਾਂ ਵੱਲ ਝਾਕਿਆ। ਪਤਰਸ ਨੂੰ ਯਾਦ ਆਇਆ ਕਿ ਪ੍ਰਭੂ ਨੇ ਕੀ ਆਖਿਆ ਸੀ, “ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ, ਤੂੰ ਤਿੰਨ ਵਾਰੀ ਇਹ ਆਖੇਂਗਾ ਕਿ ਤੂੰ ਮੈਨੂੰ ਨਹੀਂ ਜਾਣਦਾ।” 62 ਫ਼ਿਰ ਪਤਰਸ ਬਾਹਰ ਗਿਆ ਅਤੇ ਫ਼ੁੱਟ-ਫ਼ੁੱਟਕੇ ਰੋਣ ਲੱਗਾ।
ਲੋਕ ਯਿਸੂ ਉੱਪਰ ਹੱਸੇ(T)
63-64 ਜਿਹੜੇ ਆਦਮੀ ਜੋ ਯਿਸੂ ਦੀ ਪਹਿਰੇਦਾਰੀ ਕਰ ਰਹੇ ਸਨ ਉਨ੍ਹਾਂ ਨੇ ਉਸਦਾ ਮਜ਼ਾਕ ਉਡਾਉਣਾ ਅਤੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਉਸ ਦੀਆਂ ਅੱਖਾਂ ਤੇ ਪੱਟੀ ਬੰਨ੍ਹ ਦਿੱਤੀ ਤਾਂ ਜੋ ਉਹ ਉਨ੍ਹਾਂ ਨੂੰ ਵੇਖ ਨਾ ਸੱਕੇ। ਫ਼ਿਰ ਉਨ੍ਹਾਂ ਨੇ ਉਸ ਨੂੰ ਪੁੱਛਿਆ, “ਅਗੰਮ ਵਾਕ ਕਰ ਤੈਨੂੰ ਕਿਹਨੇ ਮਾਰਿਆ ਹੈ?” 65 ਉਨ੍ਹਾਂ ਲੋਕਾਂ ਨੇ ਉਸ ਨੂੰ ਬਹੁਤ ਕੁਝ ਮੰਦਾ ਆਖਿਆ।
ਯਿਸੂ ਦਾ ਯਹੂਦੀ ਆਗੂਆਂ ਅੱਗੇ ਪੇਸ਼ ਹੋਣਾ(U)
66 ਅਗਲੀ ਸਵੇਰ, ਬਜ਼ੁਰਗ ਯਹੂਦੀ ਆਗੂ, ਪ੍ਰਧਾਨ ਜਾਜਕ ਅਤੇ ਨੇਮ ਦੇ ਉਪਦੇਸ਼ਕ ਦੀ ਇੱਕ ਸਭਾ ਹੋਈ। ਤੇ ਉਹ ਯਿਸੂ ਨੂੰ ਆਪਣੀ ਸਭ ਤੋਂ ਉੱਚੀ ਅਦਾਲਤ ਵਿੱਚ ਲੈ ਗਏ। 67 ਉਨ੍ਹਾਂ ਆਖਿਆ, “ਜੇਕਰ ਤੂੰ ਮਸੀਹ ਹੈ ਤਾਂ ਸਾਨੂੰ ਦੱਸ ਕਿ ਤੂੰ ਹੀ ਮਸੀਹ ਹੈ।”
ਯਿਸੂ ਨੇ ਉਨ੍ਹਾਂ ਨੂੰ ਕਿਹਾ, “ਜੇਕਰ ਮੈਂ ਤੁਹਾਨੂੰ ਦੱਸ ਵੀ ਦੇਵਾਂ ਕਿ ਮੈਂ ਮਸੀਹ ਹਾਂ ਤਾਂ ਤੁਸੀਂ ਮੇਰੇ ਤੇ ਵਿਸ਼ਵਾਸ ਨਹੀਂ ਕਰੋਂਗੇ। 68 ਅਤੇ ਜੇਕਰ ਮੈਂ ਤੁਹਾਨੂੰ ਕੁਝ ਪੁੱਛਾਂਗਾ ਤਾਂ ਤੁਸੀਂ ਜਵਾਬ ਨਹੀਂ ਦੇਵੋਂਗੇ। 69 ਪਰ ਇਸਤੋਂ ਅੱਗੇ ਮਨੁੱਖ ਦਾ ਪੁੱਤਰ ਪਰਮੇਸ਼ੁਰ ਦੇ ਸਿੰਘਾਸਣ ਦੇ ਸੱਜੇ ਹੱਥ ਬਿਰਾਜਮਾਨ ਹੋਵੇਗਾ।”
70 ਉਨ੍ਹਾਂ ਸਭਨਾ ਨੇ ਆਖਿਆ, “ਤਾਂ ਕੀ ਤੂੰ ਪਰਮੇਸ਼ੁਰ ਦਾ ਪੁੱਤਰ ਹੈ?” ਉਸ ਨੇ ਜਵਾਬ ਦਿੱਤਾ, “ਹਾਂ, ਤੁਸੀਂ ਆਖਣ ਵਿੱਚ ਸਹੀ ਹੋ ਮੈਂ ਹਾਂ।”
71 ਤਦ ਉਨ੍ਹਾਂ ਸਭ ਨੇ ਆਖਿਆ, “ਹੁਣ ਸਾਨੂੰ ਗਵਾਹੀ ਕਿਉਂ ਲੋੜੀਦੀ ਹੈ? ਅਸੀਂ ਉਸ ਨੂੰ ਉਸ ਦੇ ਹੀ ਮੂੰਹੋਂ ਸੁਣਿਆ ਹੈ।”
ਰਾਜਪਾਲ ਪਿਲਾਤੁਸ ਦੇ ਯਿਸੂ ਨੂੰ ਸਵਾਲ ਕਰਨੇ(V)
23 ਤਦ ਉਹ ਸਾਰੀ ਟੋਲੀ ਖੜ੍ਹੀ ਹੋਈ ਅਤੇ ਯਿਸੂ ਨੂੰ ਪਿਲਾਤੁਸ ਕੋਲ ਲੈ ਗਈ। 2 ਉਨ੍ਹਾਂ ਨੇ ਯਿਸੂ ਤੇ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ ਅਤੇ ਪਿਲਾਤੁਸ ਨੂੰ ਆਖਿਆ, “ਅਸੀਂ ਇਸ ਆਦਮੀ ਨੂੰ ਉਦੋਂ ਗਿਰਫ਼ਤਾਰ ਕੀਤਾ ਜਦੋਂ ਇਹ ਸਾਡੇ ਲੋਕਾਂ ਦੀਆਂ ਸੋਚਾਂ ਬਦਲਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਹ ਉਪਦੇਸ਼ ਦਿੰਦਾ ਹੈ ਕਿ ਸਾਨੂੰ ਕੈਸਰ ਨੂੰ ਮਸੂਲ ਅਦਾ ਨਹੀਂ ਕਰਨਾ ਚਾਹੀਦਾ। ਉਹ ਆਪਣੇ ਆਪ ਨੂੰ ਮਸੀਹ ‘ਪਾਤਸ਼ਾਹ’ ਹੋਣ ਦਾ ਦਾਵਾ ਕਰਦਾ ਹੈ।”
3 ਪਿਲਾਤੁਸ ਨੇ ਯਿਸੂ ਨੂੰ ਪੁੱਛਿਆ, “ਕੀ ਤੂੰ ਯਹੂਦੀਆਂ ਦਾ ਪਾਤਸ਼ਾਹ ਹੈ?”
ਯਿਸੂ ਨੇ ਜਵਾਬ ਦਿੱਤਾ, “ਹਾ, ਇਹ ਸਹੀ ਹੈ।”
4 ਪਿਲਾਤੁਸ ਨੇ ਪ੍ਰਧਾਨ ਜਾਜਕਾਂ ਅਤੇ ਲੋਕਾਂ ਨੂੰ ਕਿਹਾ, “ਮੈਨੂੰ ਇਸ ਮਨੁੱਖ ਵਿੱਚ ਕੋਈ ਮਾੜੀ ਗੱਲ ਨਜ਼ਰ ਨਹੀਂ ਆਈ।”
5 ਪਰ ਉਨ੍ਹਾਂ ਬਾਰ-ਬਾਰ ਇਹੀ ਕਿਹਾ, “ਇਹ ਆਪਣੇ ਉਪਦੇਸ਼ਾਂ ਨਾਲ ਸਾਰੇ ਯਹੂਦਿਯਾ ਵਿੱਚ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਸ ਨੇ ਇਹ ਕਰਨਾ ਗਲੀਲ ਵਿੱਚ ਸ਼ੁਰੂ ਕੀਤਾ ਅਤੇ ਹੁਣ ਇਹ ਇੱਥੇ ਵੀ ਆ ਗਿਆ ਹੈ।”
ਪਿਲਾਤੁਸ ਨੇ ਯਿਸੂ ਨੂੰ ਹੇਰੋਦੇਸ ਕੋਲ ਭੇਜਿਆ
6 ਪਿਲਾਤੁਸ ਨੇ ਇਹ ਸੁਣਿਆ ਅਤੇ ਪੁੱਛਿਆ ਕੀ ਯਿਸੂ ਗਲੀਲ ਤੋਂ ਹੈ। 7 ਜਦੋਂ ਉਸ ਨੂੰ ਪਤਾ ਲੱਗਾ ਕਿ ਉਹ ਹੇਰੋਦੇਸ ਦੇ ਪ੍ਰਦੇਸ਼ ਤੋਂ ਹੈ, ਉਸ ਨੇ ਉਸ ਨੂੰ ਹੇਰੋਦੇਸ ਕੋਲ ਭੇਜ ਦਿੱਤਾ। ਉਸ ਸਮੇਂ ਹੇਰੋਦੇਸ ਯਰੂਸ਼ਲਮ ਵਿੱਚ ਸੀ।
8 ਜਦੋਂ ਹੇਰੋਦੇਸ ਨੇ ਯਿਸੂ ਨੂੰ ਵੇਖਿਆ, ਤਾਂ ਉਹ ਬੜਾ ਖੁਸ਼ ਹੋਇਆ, ਕਿਉਂਕਿ ਉਹ ਯਿਸੂ ਬਾਰੇ ਬੜਾ ਕੁਝ ਸੁਣ ਚੁੱਕਾ ਸੀ, ਇਸ ਲਈ ਉਸ ਨੂੰ ਮਿਲਣ ਦੀ ਇੱਛਾ ਉਸਦੀ ਬੜੇ ਚਿਰ ਤੋਂ ਸੀ। ਹੁਣ ਹੇਰੋਦੇਸ ਨੇ ਆਸ ਕੀਤੀ ਕਿ ਉਹ ਯਿਸੂ ਨੰ ਇੱਕ ਕਰਿਸ਼ਮਾ ਕਰਦਿਆਂ ਵੇਖ ਸੱਕੇਗਾ। 9 ਹੇਰੋਦੇਸ ਨੇ ਯਿਸੂ ਨੂੰ ਬਹੁਤ ਸਾਰੇ ਸਵਾਲ ਪੁੱਛੇ, ਪਰ ਯਿਸੂ ਨੇ ਉਸ ਨੂੰ ਕੋਈ ਵੀ ਜਵਾਬ ਨਾ ਦਿੱਤਾ। 10 ਪ੍ਰਧਾਨ ਜਾਜਕ ਅਤੇ ਨੇਮ ਦੇ ਉਪਦੇਸ਼ਕ ਉੱਥੇ ਖੜ੍ਹੇ ਸਨ ਅਤੇ ਉਹ ਜ਼ੋਰ ਨਾਲ ਯਿਸੂ ਤੇ ਦੋਸ਼ ਲਾ ਰਹੇ ਸਨ। 11 ਫ਼ੇਰ ਹੇਰੋਦੇਸ ਅਤੇ ਉਸ ਦੇ ਸਿਪਾਹੀਆਂ ਨੇ ਯਿਸੂ ਦਾ ਮਜ਼ਾਕ ਉਡਾਇਆ ਅਤੇ ਉਸਦੀ ਬੇਇੱਜ਼ਤੀ ਕੀਤੀ। ਉਨ੍ਹਾਂ ਨੇ ਯਿਸੂ ਨੂੰ ਬਾਦਸ਼ਾਹ ਵਾਲੇ ਵਸਤਰ ਪੁਆਏ ਅਤੇ ਉਸਦਾ ਮਖੌਲ ਉਡਾਉਣ ਲੱਗੇ। ਹੇਰੋਦੇਸ ਨੇ ਉਸ ਨੂੰ ਪਿਲਾਤੁਸ ਕੋਲ ਵਾਪਸ ਭੇਜ ਦਿੱਤਾ। 12 ਅਤੀਤ ਵਿੱਚ ਪਿਲਾਤੁਸ ਅਤੇ ਹੇਰੋਦੇਸ, ਇੱਕ ਦੂਜੇ ਦੇ ਵੈਰੀ ਸਨ, ਪਰ ਉਸ ਦਿਨ, ਉਹ ਦੋਵੇ ਫ਼ਿਰ ਮਿੱਤਰ ਬਣ ਗਏ।
ਯਿਸੂ ਦੀ ਮੌਤ ਅਵਸ਼(W)
13 ਪਿਲਾਤੁਸ ਨੇ ਪ੍ਰਧਾਨ ਜਾਜਕਾਂ ਤੇ, ਯਹੂਦੀ ਆਗੂਆਂ ਅਤੇ ਲੋਕਾਂ ਨੂੰ ਇਕੱਠਿਆਂ ਕੀਤਾ ਅਤੇ ਫ਼ਿਰ ਉਨ੍ਹਾਂ ਨੂੰ ਕਿਹਾ, 14 “ਤੁਸੀਂ ਇਸ ਮਨੁੱਖ ਨੂੰ ਮੇਰੇ ਕੋਲ ਲਿਆਏ ਹੋ। ਪਰ ਮੈਂ ਤੁਹਾਡੇ ਸਭਨਾਂ ਦੇ ਅੱਗੇ ਉਸ ਨੂੰ ਸਵਾਲ ਕੀਤੇ ਅਤੇ ਇਸਦੇ ਖਿਲਾਫ਼ ਤੁਹਾਡੇ ਦੋਸ਼ਾਂ ਦੀ ਕੋਈ ਬੁਨਿਆਦ ਨਹੀਂ ਲੱਭੀ। ਮੈਂ ਇਸ ਮਨੁੱਖ ਵਿੱਚ ਕੋਈ ਦੋਸ਼ ਨਹੀਂ ਵੇਖਿਆ। 15 ਹੇਰੋਦੇਸ ਨੂੰ ਵੀ ਇਸ ਵਿੱਚ ਕੋਈ ਦੋਸ਼ ਨਹੀਂ ਦਿਸਿਆ, ਇਸ ਲਈ ਹੇਰੋਦੇਸ ਨੇ ਇਸ ਨੂੰ ਸਾਡੇ ਕੋਲ ਵਾਪਸ ਭੇਜਿਆ ਹੈ। ਵੇਖੋ। ਯਿਸੂ ਨੇ ਕੋਈ ਗਲਤੀ ਨਹੀਂ ਕੀਤੀ, ਜਿਸ ਵਾਸਤੇ ਉਹ ਮੌਤ ਦੀ ਸਜ਼ਾ ਦਾ ਅਧਿਕਾਰੀ ਹੋਵੇ। 16 ਇਸ ਲਈ ਮੈਂ ਉਸ ਨੂੰ ਥੋੜੀ ਜਿੰਨੀ ਸਜ਼ਾ ਦੇਕੇ ਛੱਡ ਦਿੰਦਾ ਹਾਂ।” 17 [e]
18 ਪਰ ਸਾਰੀ ਭੀੜ ਜੋਰ ਦੀ ਚੀਖੀ, “ਉਸ ਨੂੰ ਮਾਰ ਦਿਉ। ਸਾਡੇ ਲਈ ਬਰ੍ਰਬਾਸ ਨੂੰ ਮੁਕਤ ਕਰ ਦਿਉ।” 19 (ਬਰਬਾਸ ਕੈਦ ਵਿੱਚ ਸੀ ਕਿਉਂਕਿ ਉਸ ਨੇ ਸ਼ਹਿਰ ਵਿੱਚ ਫ਼ਸਾਦ ਸ਼ੁਰੂ ਕੀਤਾ ਸੀ, ਅਤੇ ਕਤਲ ਕੀਤਾ ਸੀ।)
20 ਪਿਲਾਤੁਸ ਯਿਸੂ ਨੂੰ ਮੁਕਤ ਕਰਨਾ ਚਾਹੁੰਦਾ ਸੀ, ਇਸ ਲਈ ਲੋਕਾਂ ਉਸ ਨੇ ਲੋਕਾਂ ਨੂੰ ਯਿਸੂ ਦੀ ਰਿਹਾਈ ਵਾਸਤੇ ਇੱਕ ਵਾਰ ਫ਼ੇਰ ਬੇਨਤੀ ਕੀਤੀ। 21 ਪਰ ਉਨ੍ਹਾਂ ਨੇ ਦੂਸਰੀ ਵਾਰ ਰੌਲਾ ਪਾਇਆ, “ਇਸ ਨੂੰ ਸਲੀਬ ਦਿਉ, ਇਸ ਨੂੰ ਸਲੀਬ ਦਿਉ।”
22 ਤੀਜੀ ਵਾਰ ਫ਼ੇਰ ਪਿਲਾਤੁਸ ਨੇ ਭੀੜ ਨੂੰ ਕਿਹਾ, “ਤੁਸੀਂ ਇਸ ਨੂੰ ਕਿਉਂ ਮਾਰਨਾ ਚਾਹੁੰਦੇ ਹੋ? ਇਸਨੇ ਕੀ ਗਲਤ ਕੀਤਾ ਹੈ? ਇਹ ਕਸੂਰਵਾਰ ਨਹੀਂ ਹੈ। ਮੈਨੂੰ ਇਸ ਨੂੰ ਮਾਰਨ ਦਾ ਕੋਈ ਕਾਰਣ ਨਹੀਂ ਲੱਭਿਆ। ਇਸ ਲਈ ਮੈਂ ਇਸ ਨੂੰ ਥੋੜੀ ਸਜ਼ਾ ਦੇਕੇ ਅਜ਼ਾਦ ਕਰ ਦਿੰਦਾ ਹਾਂ।”
23 ਪਰ ਭੀੜ ਲਗਾਤਾਰ ਚੀਖਦੀ ਰਹੀ ਅਤੇ ਯਿਸੂ ਨੂੰ ਸਲੀਬ ਦੇਣ ਦੀ ਮੰਗ ਕਰਦੀ ਰਹੀ। 24 ਉਨ੍ਹਾਂ ਨੇ ਬਹੁਤ ਉੱਚੀ ਰੌਲਾ ਪਾਇਆ, ਇਸ ਲਈ ਪਿਲਾਤੁਸ ਨੇ ਉਨ੍ਹਾਂ ਦੀ ਮੰਗ ਪੂਰੀ ਕਰਨ ਦਾ ਫ਼ੈਸਲਾ ਕਰ ਲਿਆ। 25 ਲੋਕਾਂ ਨੇ ਬਰੱਬਾਸ ਦੀ ਰਿਹਾਈ ਦੀ ਮੰਗ ਕੀਤੀ, ਜੋ ਕਿ ਵਿਦ੍ਰੋਹ ਅਤੇ ਕਤਲ ਕਰਨ ਲਈ ਕੈਦ ਕੀਤਾ ਗਿਆ ਸੀ। ਤਾਂ ਲੋਕਾਂ ਦੀ ਮੰਗ ਤੇ, ਪਿਲਾਤੁਸ ਨੂੰ ਬਰੱਬਾਸ ਨੂੰ ਮੁਕਤ ਕਰਨਾ ਪਿਆ ਅਤੇ ਯਿਸੂ ਨੂੰ ਉਨ੍ਹਾਂ ਦੇ ਹੱਥਾਂ ਵਿੱਚ ਦੇ ਦਿੱਤਾ ਕਿ ਉਹ ਜੋ ਚਾਹੁਣ ਕਰ ਸੱਕਦੇ ਹਨ।
ਯਿਸੂ ਦਾ ਸਲੀਬ ਤੇ ਮਾਰੇ ਜਾਣਾ(X)
26 ਸਿਪਾਹੀ ਉਸ ਨੂੰ ਮਾਰਨ ਵਾਸਤੇ ਉੱਥੋਂ ਲੈ ਗਏ। ਉਸੇ ਵਕਤ, ਉਨ੍ਹਾਂ ਨੇ ਇੱਕ ਆਦਮੀ ਨੂੰ ਫ਼ੇਰ ਫ਼ੜ ਲਿਆ ਜੋ ਖੇਤ ਵੱਲੋਂ ਸ਼ਹਿਰ ਅੰਦਰ ਆ ਰਿਹਾ ਸੀ। ਉਸਦਾ ਨਾਉਂ ਸ਼ਮਊਨ ਸੀ, ਜੋ ਕਿ ਕੁਰੇਨੀ ਦੇ ਸ਼ਹਿਰ ਤੋਂ ਸੀ। ਸਿਪਾਹੀਆਂ ਨੇ ਉਸ ਨੂੰ ਯਿਸੂ ਦੀ ਸਲੀਬ ਮੋਢਿਆਂ ਉੱਤੇ ਚੁੱਕ ਕੇ ਉਸ ਦੇ ਮਗਰ ਆਉਣ ਦਾ ਹੁਕਮ ਦਿੱਤਾ।
27 ਲੋਕਾਂ ਦੀ ਇੱਕ ਵੱਡੀ ਗਿਣਤੀ ਨੇ ਯਿਸੂ ਦਾ ਪਿੱਛਾ ਕੀਤਾ। ਉਨ੍ਹਾਂ ਵਿੱਚ ਕੁਝ ਔਰਤਾਂ ਸਨ ਜੋ ਰੋ ਅਤੇ ਪਿੱਟ ਰਹੀਆਂ ਸਨ। 28 ਪਰ ਯਿਸੂ ਉਨ੍ਹਾਂ ਵੱਲ ਮੁੜਿਆ ਅਤੇ ਆਖਣ ਲੱਗਾ, “ਯਰੂਸ਼ਲਮ ਦੀਉ ਧੀਉ। ਮੇਰੇ ਵਾਸਤੇ ਨਾ ਰੋਵੋ। ਇਸ ਦੀ ਜਗ਼੍ਹਾ, ਤੁਸੀਂ ਆਪਣੇ ਆਪ ਉੱਤੇ ਅਤੇ ਆਪਣੇ ਬੱਚਿਆਂ ਵਾਸਤੇ ਰੋਵੋ। 29 ਉਹ ਸਮਾਂ ਆ ਰਿਹਾ ਹੈ ਜਦੋਂ ਲੋਕ ਆਖਣਗੇ, ‘ਧੰਨ ਹਨ ਜੋ ਬਾਂਝ ਹਨ ਅਤੇ ਜਿਨ੍ਹਾਂ ਕੋਲ ਕੋਈ ਬੱਚਾ ਨਹੀਂ ਹੈ। ਧੰਨ ਹਨ ਉਹ ਜਿਨ੍ਹਾਂ ਕੋਲ ਦੁੱਧ ਪੀਂਦੇ ਬੱਚੇ ਨਹੀਂ ਹਨ।’ 30 ਫ਼ਿਰ ਲੋਕ ਪਰਬਤਾਂ ਨੂੰ ਆਖਣਗੇ, ‘ਸਾਡੇ ਉੱਤੇ ਡਿੱਗ ਪਵੋ।’ ਉਹ ਪਹਾੜੀਆਂ ਨੂੰ ਆਖ਼ਣਗੇ ‘ਸਾਨੂੰ ਢੱਕ ਲਵੋ।’ [f] 31 ਜੇਕਰ ਭਲੇ ਲੋਕਾਂ ਨਾਲ ਅਜਿਹਾ ਹੋਇਆ ਤਾਂ ਫਿਰ ਬੁਰੇ ਲੋਕਾਂ ਦਾ ਕੀ ਹਾਲ ਹੋਵੇਗਾ।”
32 ਉਹ ਯਿਸੂ ਦੇ ਨਾਲ ਸਲੀਬ ਦੇਣ ਲਈ ਦੋ ਹੋਰ ਅਪਰਾਧੀਆਂ ਨੂੰ ਲਿਆਏ। 33 ਯਿਸੂ ਅਤੇ ਉਨ੍ਹਾਂ ਦੋਵਾਂ ਨੂੰ ਉਸ ਥਾਂ ਤੇ ਲਿਜਾਇਆ ਗਿਆ ਜੋ “ਕਲਵਰੀ” ਕਹਾਉਂਦਾ ਹੈ। ਉੱਥੇ ਪਹੁੰਚਣ ਤੋਂ ਬਾਦ, ਉਨ੍ਹਾਂ ਨੇ ਯਿਸੂ ਨੂੰ ਸਲੀਬ ਤੇ ਠੋਕ ਦਿੱਤਾ। ਅਤੇ ਉਨ੍ਹਾਂ ਦੋਹਾਂ ਅਪਰਾਧੀਆਂ ਨਾਲ ਵੀ ਅਜਿਹਾ ਕੀਤਾ। ਉਨ੍ਹਾਂ ਨੇ ਇੱਕ ਅਪਰਾਧੀ ਨੂੰ ਯਿਸੂ ਦੀ ਸਲੀਬ ਦੇ ਸੱਜੇ ਪਾਸੇ ਤੇ ਦੂਜੇ ਨੂੰ ਉਸ ਦੇ ਖੱਬੇ ਪਾਸੇ ਚੜ੍ਹਾਇਆ।
34 ਯਿਸੂ ਨੇ ਆਖਿਆ, “ਹੇ ਪਿਤਾ! ਇਨ੍ਹਾਂ ਲੋਕਾਂ ਨੂੰ ਮਾਫ਼ ਕਰ ਦੇਵੋ ਕਿਉਂਕਿ ਇਹ ਨਹੀਂ ਜਾਣਦੇ ਕਿ ਇਹ ਕੀ ਕਰਦੇ ਨੇ।”
ਪਰਚੀਆਂ ਪਾਕੇ, ਸਿਪਾਹੀਆਂ ਨੇ ਯਿਸੂ ਦੇ ਕੱਪੜਿਆਂ ਨੂੰ ਆਪਸ ਵਿੱਚ ਵੰਡ ਲਿਆ। 35 ਭੀੜ ਇਹ ਸਭ ਵੇਖਣ ਲਈ ਖੜ੍ਹੀ ਰਹੀ। ਯਹੂਦੀ ਆਗੂ ਯਿਸੂ ਤੇ ਖੂਬ ਹੱਸੇ ਅਤੇ ਕਹਿਣ ਲੱਗੇ, “ਜੇਕਰ ਇਹ ਪਰਮੇਸ਼ੁਰ ਦਾ ਚੁਣਿਆ ਮਸੀਹ ਹੈ, ਤਾਂ ਆਪਣੇ ਆਪ ਨੂੰ ਬਚਾ ਲਵੇ। ਕੀ ਇਸਨੇ ਦੂਸਰਿਆਂ ਨੂੰ ਨਹੀਂ ਬਚਾਇਆ?”
36 ਇਥੋ ਤੱਕ ਕਿ ਸਿਪਾਹੀ ਵੀ ਯਿਸੂ ਨੂੰ ਮਖੌਲ ਕਰ ਰਹੇ ਸਨ। ਉਹ ਯਿਸੂ ਕੋਲ ਆਏ ਅਤੇ ਉਸ ਨੂੰ ਸਿਰਕਾ ਦਿੱਤਾ ਅਤੇ ਆਖਿਆ, 37 “ਜੇਕਰ ਤੂੰ ਸੱਚਮੁੱਚ ਯਹੂਦੀਆਂ ਦਾ ਪਾਤਸ਼ਾਹ ਹੈ, ਤਾਂ ਆਪਣੇ-ਆਪ ਨੂੰ ਬਚਾ ਲੈ!” 38 ਉਸ ਦੇ ਉਤਾਹਾਂ ਸਲੀਬ ਉੱਤੇ ਇਹ ਸ਼ਬਦ ਲਿਖੇ ਗਏ ਸਨ, “ ਇਹ ਯਹੂਦੀਆਂ ਦਾ ਪਾਤਸ਼ਾਹ ਹੈ।”
39 ਦੋਨਾਂ ਅਪਰਾਧੀਆਂ ਵਿੱਚੋਂ ਇੱਕ ਯਿਸੂ ਦੀ ਬੇਇੱਜ਼ਤੀ ਕਰਦਾ ਹੋਇਆ ਬੋਲਿਆ, “ਕੀ ਤੂੰ ਮਸੀਹ ਨਹੀਂ ਹੈ? ਜੇ ਤੂੰ ਮਸੀਹ ਹੈ ਤਾਂ ਆਪਣੇ-ਆਪ ਨੂੰ ਵੀ ਬਚਾ ਅਤੇ ਸਾਨੂੰ ਵੀ ਬਚਾ!”
40 ਪਰ ਦੂਜੇ ਅਪਰਾਧੀ ਨੇ ਉਸ ਨੂੰ ਝਿੜਕਿਆ ਅਤੇ ਆਖਿਆ, “ਤੈਨੂੰ ਪਰਮੇਸ਼ੁਰ ਦਾ ਭੈਅ ਖਾਣਾ ਚਾਹੀਦਾ ਹੈ! ਜਲਦੀ ਹੀ ਅਸੀਂ ਸਭ ਨੇ ਮਰ ਜਾਣਾ ਹੈ। 41 ਤੂੰ ਤੇ ਮੈਂ ਅਪਰਾਧੀ ਹਾਂ! ਅਸੀਂ ਆਪਣੇ ਕੀਤਿਆਂ ਕੰਮਾਂ ਲਈ ਠੀਕ ਸਜ਼ਾ ਪ੍ਰਾਪਤ ਕਰ ਰਹੇ ਹਾਂ, ਪਰ ਇਸ ਆਦਮੀ ਨੇ ਕੁਝ ਵੀ ਗਲਤ ਨਹੀਂ ਕੀਤਾ ਸੀ।” 42 ਫਿਰ ਇਸ ਮੁਜਰਿਮ ਨੇ ਯਿਸੂ ਨੂੰ ਕਿਹਾ “ਯਿਸੂ, ਜਦੋਂ ਤੂੰ ਰਾਜੇ ਵਾਂਗ ਸ਼ਾਸਨ ਕਰਨਾ ਸ਼ੁਰੂ ਕਰੇ ਕਿਰਪਾ ਕਰਕੇ ਮੈਨੂੰ ਚੇਤੇ ਕਰੀ।”
43 ਤਦ ਯਿਸੂ ਨੇ ਉਸ ਨੂੰ ਕਿਹਾ, “ਸੁਣ! ਮੈਂ ਜੋ ਸੱਚ ਆਖਦਾ ਹਾਂ: ਕਿ ਅੱਜ ਤੂੰ ਮੇਰੇ ਨਾਲ ਸੁਰਗ ਵਿੱਚ ਹੋਵੇਂਗਾ।”
ਯਿਸੂ ਦੀ ਮੌਤ(Y)
44 ਇਹ ਲੱਗਭੱਗ ਦੁਪਿਹਰ ਸੀ, ਪਰ ਦੁਪਿਹਰ ਦੇ ਤਿੰਨ ਕੁ ਵਜੇ ਤੱਕ ਪੂਰਾ ਇਲਾਕਾ ਹਨੇਰੇ ਨਾਲ ਢੱਕਿਆ ਗਿਆ ਸੀ। 45 ਸੂਰਜ ਨਾ ਚਮਕਿਆ ਅਤੇ ਮੰਦਰ ਦਾ ਪੜਦਾ ਦੋ ਹਿਸਿਆਂ ਵਿੱਚ ਪਾਟ ਗਿਆ ਸੀ। 46 ਯਿਸੂ ਨੇ ਜ਼ੋਰ ਦੀ ਪੁਕਾਰ ਕੀਤੀ, “ਹੇ ਪਿਤਾ! ਮੈਂ ਅਪਣਾ ਆਤਮਾ ਤੈਨੂੰ ਸੌਂਪਦਾ ਹਾਂ।” [g] ਇਹ ਕਹਿਣ ਤੋਂ ਉਪਰੰਤ ਯਿਸੂ ਪ੍ਰਾਣ-ਹੀਣ ਹੋ ਗਿਆ।
47 ਜੋ ਕੁਝ ਵੀ ਵਾਪਰਿਆ ਸੈਨਾ ਅਧਿਕਾਰੀ ਨੇ ਸਭ ਕੁਝ ਵੇਖਿਆ ਅਤੇ ਉਸ ਨੇ ਪਰਮੇਸ਼ੁਰ ਦੀ ਉਸਤਤਿ ਕੀਤੀ ਅਤੇ ਆਖਿਆ, “ਮੈਂ ਜਾਣਦਾ ਹਾਂ ਕਿ ਨਿਸ਼ਚਿਤ ਹੀ ਇਹ ਇੱਕ ਧਰਮੀ ਪੁਰੱਖ ਸੀ।”
48 ਬਹੁਤ ਸਾਰੇ ਲੋਕ ਇਹ ਵੇਖਣ ਲਈ ਸ਼ਹਿਰ ਤੋਂ ਆਏ ਸਨ, ਅਤੇ ਜਦੋਂ ਉਨ੍ਹਾਂ ਨੇ ਇਹ ਵੇਖਿਆ, ਉਨ੍ਹਾਂ ਨੇ ਉਦਾਸੀ ਵਿੱਚ ਆਪਣੀਆਂ ਛਾਤੀਆਂ ਪਿੱਟੀਆਂ ਅਤੇ ਉੱਥੋਂ ਚੱਲੇ ਗਏ। 49 ਯਿਸੂ ਦੇ ਨਜ਼ਦੀਕ ਦੇ ਮਿੱਤਰ ਉੱਥੇ ਸਨ। ਕੁਝ ਔਰਤਾਂ ਜਿਨ੍ਹਾਂ ਨੇ ਗਲੀਲ ਤੋਂ ਯਿਸੂ ਦਾ ਸਾਥ ਦਿੱਤਾ ਸੀ ਉੱਥੇ ਹੀ ਸਨ। ਉਨ੍ਹਾਂ ਸਭਨਾਂ ਨੇ ਦੂਰ ਖੜ੍ਹੇ ਹੋਕੇ ਇਹ ਸਭ ਵਾਪਰਦਾ ਵੇਖਿਆ।
ਅਰਿਮਥੇਆ ਦਾ ਯੂਸੁਫ਼(Z)
50-51 ਉੱਥੇ ਇੱਕ ਆਦਮੀ ਯਹੂਦੀਆਂ ਦੇ ਇੱਕ ਨਗਰ ਅਰਿਮਥੇਆ ਤੋਂ ਸੀ ਉਸਦਾ ਨਾਂ ਯੂਸੁਫ਼ ਸੀ। ਉਹ ਚੰਗਾ ਅਤੇ ਧਰਮੀ ਬੰਦਾ ਸੀ ਅਤੇ ਪਰਮੇਸ਼ੁਰ ਦੇ ਰਾਜ ਦੇ ਆਉਣ ਦਾ ਇੰਤਜ਼ਾਰ ਕਰ ਰਿਹਾ ਸੀ। ਹਾਲਾਂ ਕਿ ਯੂਸੁਫ਼ ਯਹੂਦੀਆਂ ਦੀ ਸਭਾ ਦਾ ਸਦੱਸ ਸੀ, ਪਰ ਉਸ ਨੇ ਬਾਕੀ ਯਹੂਦੀ ਆਗੂਆਂ ਨਾਲ ਯਿਸੂ ਬਾਰੇ ਇਨ੍ਹਾਂ ਯੋਜਨਾਵਾਂ ਅਤੇ ਕੰਮਾਂ ਨਾਲ ਸਹਿਮਤ ਨਾ ਹੋਇਆ। 52 ਉਹ ਪਿਲਾਤੁਸ ਕੋਲ ਗਿਆ ਅਤੇ ਯਿਸੂ ਦਾ ਸਰੀਰ ਮੰਗਿਆ। 53 ਉਸ ਨੇ ਯਿਸੂ ਦੇ ਸਰੀਰ ਨੂੰ ਸਲੀਬ ਤੋਂ ਹੇਠਾਂ ਲਾਹਿਆ ਅਤੇ ਯਿਸੂ ਦੇ ਸਰੀਰ ਨੂੰ ਇੱਕ ਕੱਪੜੇ ਵਿੱਚ ਲਪੇਟਿਆ ਅਤੇ ਇੱਕ ਕਬਰ ਵਿੱਚ ਪਾਇਆ, ਜਿਹੜੀ ਚੱਟਾਨ ਦੇ ਵਿੱਚ ਤਰਾਸ਼ੀ ਹੋਈ ਸੀ। ਇਸਤੋਂ ਪਹਿਲਾਂ ਉਸ ਕਬਰ ਵਿੱਚ ਕਦੇ ਵੀ ਕੋਈ ਨਹੀਂ ਪਾਇਆ ਗਿਆ ਸੀ। 54 ਇਹ ਲੱਗ ਭੱਗ ਤਿਆਰੀ ਦੇ ਦਿਨ ਦਾ ਅਖੀਰ ਸੀ ਅਤੇ ਸਬਤ ਦਾ ਦਿਨ ਆਉਣ ਵਾਲਾ ਸੀ।
55 ਉਹ ਔਰਤਾਂ ਜਿਹੜੀਆਂ ਗਲੀਲ ਤੋਂ ਯਿਸੂ ਦੇ ਨਾਲ ਆਈਆਂ ਸਨ, ਯੂਸਫ਼ ਦੇ ਮਗਰ ਗਈਆਂ ਅਤੇ ਉਨ੍ਹਾਂ ਨੇ ਉਹ ਕਬਰ ਦੇਖੀ ਅਤੇ ਇਹ ਵੀ ਦੇਖਿਆ ਕਿ ਯਿਸੂ ਦੇ ਸਰੀਰ ਨੂੰ ਕਬਰ ਵਿੱਚ ਕਿਵੇਂ ਰੱਖਿਆ ਗਿਆ ਸੀ। 56 ਫਿਰ ਉਹ ਘਰ ਮੁੜ ਆਈਆਂ ਅਤੇ ਯਿਸੂ ਦੇ ਸਰੀਰ ਤੇ ਮਲਣ ਲਈ ਅਤਰ ਤਿਆਰ ਕੀਤਾ।
ਮੂਸਾ ਦੀ ਸ਼ਰ੍ਹਾ ਦੇ ਹੁਕਮ ਅਨੁਸਾਰ ਸਬਤ ਦੇ ਦਿਨ ਉਨ੍ਹਾਂ ਸਭਨਾਂ ਨੇ ਅਰਾਮ ਕੀਤਾ।
ਯਿਸੂ ਦਾ ਪੁਨਰ ਉਥਾਨ(AA)
24 ਹਫਤੇ ਦੇ ਪਹਿਲੇ ਦਿਨ ਅਮ੍ਰਿਤ ਵੇਲੇ, ਜੋ ਅਤਰ ਉਨ੍ਹਾਂ ਨੇ ਤਿਆਰ ਕੀਤੇ ਸਨ ਉਹ ਲੈ ਕੇ ਔਰਤਾਂ ਕਬਰ ਤੇ ਆਈਆਂ। 2 ਉਨ੍ਹਾਂ ਨੇ ਵੇਖਿਆ ਕਿ ਜਿਹੜਾ ਪੱਥਰ ਕਬਰ ਦੇ
ਪ੍ਰਵੇਸ਼ ਦੁਆਰ ਤੇ ਰੱਖਿਆ ਗਿਆ ਸੀ, ਪਾਸੇ ਰੋਢ਼ਿਆ ਹੋਇਆ ਸੀ। 3 ਉਹ ਅੰਦਰ ਗਈਆਂ, ਪਰ ਉੱਥੇ ਉਨ੍ਹਾਂ ਨੂੰ ਪ੍ਰਭੂ ਯਿਸੂ ਦੀ ਦੇਹ ਨਾ ਲੱਭੀ। 4 ਜਦੋਂ ਹਾਲੇ ਉਹ ਇਸ ਬਾਰੇ ਅਚੰਭਿਤ ਹੀ ਸਨ, ਦੋ ਦੂਤ ਚਮਕੀਲੇ ਕੱਪੜੇ ਪਾਏ ਹੋਏ ਆਏ ਅਤੇ ਉਨ੍ਹਾਂ ਦੇ ਕੋਲ ਖੜ੍ਹੇ ਹੋ ਗਏ। 5 ਡਰ ਦੇ ਕਾਰਣ ਉਨ੍ਹਾਂ ਨੇ ਆਪਣੇ ਸਿਰ ਝੁਕਾ ਲਏ। ਉਨ੍ਹਾਂ ਦੂਤਾਂ ਨੇ ਉਨ੍ਹਾਂ ਔਰਤਾਂ ਨੂੰ ਆਖਿਆ, “ਤੁਸੀਂ ਜਿਉਂਦਿਆਂ ਹੋਇਆਂ ਨੂੰ ਮੋਇਆਂ ਵਿੱਚ ਕਿਉਂ ਲੱਭ ਰਹੀਆਂ ਹੋ? 6 ਉਹ ਇੱਥੇ ਨਹੀਂ ਹੈ। ਉਹ ਮੁਰਦਿਆਂ ਵਿੱਚੋਂ ਜੀਅ ਉੱਠਿਆ ਹੈ। ਕੀ ਤੁਹਾਨੂੰ ਯਾਦ ਹੈ ਤੁਹਾਨੂੰ ਕੀ ਆਖਿਆ ਸੀ ਜਦੋਂ ਉਹ ਗਲੀਲ ਵਿੱਚ ਸੀ? 7 ਉਸ ਨੇ ਆਖਿਆ ਕਿ, ਮਨੁੱਖ ਦਾ ਪੁੱਤਰ ਭ੍ਰਿਸ਼ਟ ਲੋਕਾਂ ਦੇ ਹਵਾਲੇ ਕੀਤਾ ਜਾਣਾ ਚਾਹੀਦਾ ਹੈ ਅਤੇ, ਸੂਲੀ ਤੇ ਮਰਵਾਇਆ ਜਾਵੇਗਾ ਅਤੇ ਤੀਜੇ ਦਿਨ ਫ਼ਿਰ ਜੀਅ ਉੱਠੇਗਾ।” 8 ਤਦ ਉਨ੍ਹਾਂ ਔਰਤਾਂ ਨੂੰ ਯਿਸੂ ਦੇ ਕੀਤੇ ਬਚਨ ਯਾਦ ਆਏ।
9 ਤਦ ਔਰਤਾਂ ਕਬਰ ਤੋਂ ਵਿਦਾ ਹੋ ਗਈਆਂ ਅਤੇ ਗਿਆਰ੍ਹਾਂ ਰਸੂਲਾਂ ਅਤੇ ਬਾਕੀ ਦੇ ਸਾਰੇ ਚੇਲਿਆਂ ਕੋਲ ਆ ਗਈਆਂ। ਉਨ੍ਹਾਂ ਨੇ ਇਨ੍ਹਾਂ ਸਭ ਗੱਲਾਂ ਬਾਰੇ ਉਨ੍ਹਾਂ ਨੂੰ ਦਸਿਆ। 10 ਇਹ ਔਰਤਾਂ ਮਰਿਯਮ ਮਗਦਲੀਨੀ, ਯੋਆਨਾ ਅਤੇ ਯਾਕੂਬ ਦੀ ਮਾਂ ਅਤੇ ਕੁਝ ਹੋਰ ਔਰਤਾਂ ਸਨ। ਉਨ੍ਹਾਂ ਨੇ ਇਹ ਗੱਲਾਂ ਰਸੂਲਾਂ ਨੂੰ ਕਹੀਆਂ। 11 ਪਰ ਰਸੂਲਾਂ ਨੇ ਔਰਤਾਂ ਦਾ ਵਿਸ਼ਵਾਸ ਨਹੀਂ ਕੀਤਾ, ਕਿਉਂਕਿ ਉਨ੍ਹਾਂ ਦੇ ਸ਼ਬਦ ਉਨ੍ਹਾਂ ਲਈ ਮੂਰੱਖਤਾ ਵਾਲੀਆਂ ਗੱਲਾਂ ਵਾਂਗ ਸਨ। 12 ਪਰ ਪਤਰਸ ਉੱਠਿਆ ਅਤੇ ਕਬਰ ਵੱਲ ਨੂੰ ਦੌੜਿਆ, ਪਰ ਉਸ ਨੇ ਸਿਰਫ਼ ਮਲਮਲ ਦਾ ਕੱਪੜਾ ਵੇਖਿਆ ਜਿਸ ਵਿੱਚ ਯਿਸੂ ਦਾ ਸਰੀਰ ਲਪੇਟਿਆ ਹੋਇਆ ਸੀ। ਇਸ ਸਭ ਬਾਰੇ ਹੈਰਾਨੀ ਨਾਲ ਭਰਿਆ, ਉਹ ਉੱਥੋਂ ਚੱਲਾ ਗਿਆ।
ਇੰਮਊਸ ਦੀ ਸੜਕ ਤੇ(AB)
13 ਉਸੇ ਦਿਨ, ਯਿਸੂ ਦੇ ਦੋ ਚੇਲੇ ਇੰਮਊਸ ਸ਼ਹਿਰ ਨੂੰ ਜਾ ਰਹੇ ਸਨ ਜੋ ਕਿ ਯਰੂਸ਼ਲਮ ਤੋਂ ਸੱਤ ਮੀਲ ਸੀ। 14 ਉਹ ਇੱਕ ਦੂਸਰੇ ਨਾਲ ਇਨ੍ਹਾਂ ਸਭ ਗੱਲਾਂ ਬਾਰੇ ਗੱਲਾਂ ਕਰ ਰਹੇ ਸਨ। 15 ਜਦੋਂ ਉਹ ਇਨ੍ਹਾਂ ਗੱਲਾਂ ਬਾਰੇ ਚਰਚਾ ਕਰ ਰਹੇ ਸਨ, ਯਿਸੂ ਖੁਦ ਉਨ੍ਹਾਂ ਨਾਲ ਰਲ ਗਿਆ ਅਤੇ ਉਨ੍ਹਾਂ ਨਾਲ ਚੱਲਣ ਲੱਗ ਪਿਆ। 16 ਪਰ ਉਨ੍ਹਾਂ ਦੀਆਂ ਅੱਖਾਂ ਨੇ ਉਸ ਨੂੰ ਪਛਾਨਣ ਨਹੀਂ ਦਿੱਤਾ। 17 ਤਦ ਯਿਸੂ ਨੇ ਕਿਹਾ, “ਜਦੋਂ ਤੁਸੀਂ ਤੁਰ ਰਹੇ ਸੀ ਉਹ ਕੀ ਸੀ ਜਿਸ ਬਾਰੇ ਤੁਸੀਂ ਚਰਚਾ ਕਰ ਰਹੇ ਸੀ?”
ਉਹ ਦੋਨੋ ਮਨੁੱਖ ਖਲੋ ਗਏ, ਉਨ੍ਹਾਂ ਦੇ ਚਿਹਰੇ ਬੜੇ ਉਦਾਸ ਨਜ਼ਰ ਆ ਰਹੇ ਸਨ। 18 ਉਨ੍ਹਾਂ ਵਿੱਚੋਂ ਇੱਕ ਜਿਸਦਾ ਨਾਂ ਕਲਿਉਪਸ ਸੀ, ਨੇ ਕਿਹਾ, “ਯਰੂਸ਼ਲਮ ਸ਼ਹਿਰ ਵਿੱਚ ਤੂੰ ਹੀ ਇੱਕ ਅਜਿਹਾ ਮਨੁੱਖ ਹੋਵੇਂਗਾ ਜਿਸ ਨੂੰ ਇਹ ਨਹੀਂ ਪਤਾ ਕਿ ਉੱਥੇ ਪਿੱਛਲੇ ਕੁਝ ਦਿਨੀ ਕੀ ਵਾਪਰਿਆ ਸੀ।”
19 ਯਿਸੂ ਨੇ ਉਨ੍ਹਾਂ ਨੂੰ ਪੁੱਛਿਆ, “ਤੁਸੀਂ ਕਿਸ ਬਾਰੇ ਗੱਲ ਕਰ ਰਹੇ ਹੋ?”
ਉਨ੍ਹਾਂ ਨੇ ਉਸ ਨੂੰ ਕਿਹਾ, “ਇਹ ਨਾਸਰਤ ਦੇ ਯਿਸੂ ਬਾਰੇ ਹੈ। ਉਹ ਪਰਮੇਸ਼ੁਰ ਅਤੇ ਲੋਕਾਂ ਲਈ ਇੱਕ ਮਹਾਨ ਨਬੀ ਸੀ। ਇਹ ਉਸ ਨੇ ਸ਼ਕਤੀਸ਼ਾਲੀ ਬਚਨਾਂ ਅਤੇ ਕਰਨੀਆ ਦੁਆਰਾ ਸਾਬਤ ਕਰ ਦਿੱਤਾ। 20 ਪਰ ਸਾਡੇ ਪ੍ਰਧਾਨ ਜਾਜਕਾਂ ਨੇ ਉਸ ਨੂੰ ਸਜ਼ਾ ਦੇਣ ਲਈ ਮੌਤ ਦੇ ਹਵਾਲੇ ਕਰ ਦਿੱਤਾ। ਅਤੇ ਉਨ੍ਹਾਂ ਨੇ ਉਸ ਨੂੰ ਸਲੀਬ ਉੱਪਰ ਠੋਕ ਦਿੱਤਾ। 21 ਪਰ ਸਾਨੂੰ ਆਸ ਸੀ ਕਿ ਉਹੀ ਸੀ ਜੋ ਇਸਰਾਏਲ ਨੂੰ ਛੁਟਕਾਰਾ ਦੇ ਦਿੰਦਾ। ਪਰ ਉਸੇ ਦੌਰਾਨ ਇਹ ਸਭ ਵਾਪਰ ਗਿਆ।
“ਯਿਸੂ ਨੂੰ ਮਰਿਆਂ ਤਿੰਨ ਦਿਨ ਹੋ ਗਏ ਹਨ। 22 ਪਰ ਸਾਡੀਆਂ ਕੁਝ ਔਰਤਾਂ ਨੇ ਸਾਨੂੰ ਕੁਝ ਹੈਰਾਨੀਜਨਕ ਖਬਰ ਦਿੱਤੀ। 23 ਅੱਜ ਸਵੇਰ ਵੇਲੇ ਇਹ ਔਰਤਾਂ ਯਿਸੂ ਦੀ ਕਬਰ ਵੱਲ ਗਈਆਂ। ਪਰ ਉਸਦਾ ਸਰੀਰ ਉਸ ਵਿੱਚ ਨਾ ਲੱਭਿਆ। ਉਹ ਆਈਆਂ ਅਤੇ ਸਾਨੂੰ ਕਿਹਾ ਕਿ ਉਨ੍ਹਾਂ ਨੇ ਇੱਕ ਦਰਸ਼ਨ ਵੇਖਿਆ ਹੈ ਅਤੇ ਦਰਸ਼ਨ ਵਿੱਚ ਦੂਤਾਂ ਨੇ ਉਨ੍ਹਾਂ ਨੂੰ ਕਿਹਾ ਕਿ ਯਿਸੂ ਜਿਉਂਦਾ ਹੈ। 24 ਸਾਡੇ ਸਮੂਹ ਦੇ ਕੁਝ ਲੋਕ ਵੀ ਕਬਰ ਵੇਖਣ ਲਈ ਗਏ, ਅਤੇ ਉਨ੍ਹਾਂ ਨੇ ਵੀ ਉਹੀ ਕੁਝ ਵੇਖਿਆ ਜੋ ਔਰਤਾਂ ਨੇ ਆਖਿਆ ਸੀ। ਉਨ੍ਹਾਂ ਨੇ ਕਬਰ ਵੇਖੀ ਪਰ ਉੱਥੇ ਯਿਸੂ ਨਾ ਲੱਭਿਆ।”
25 ਤਦ ਯਿਸੂ ਨੇ ਉਨ੍ਹਾਂ ਮਨੁੱਖਾਂ ਨੂੰ ਕਿਹਾ, “ਤੁਸੀਂ ਮੂਰਖ ਹੋ ਅਤੇ ਸਮਝਣ ਵਿੱਚ ਢਿੱਲੇ ਹੋ। ਜੋ ਕੁਝ ਨਬੀਆਂ ਨੇ ਆਖਿਆ ਹੈ ਤੁਹਾਨੂੰ ਉਸ ਸਭ ਕਾਸੇ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ। 26 ਉਨ੍ਹਾਂ ਨੇ ਆਖਿਆ, ਕਿ ਮਸੀਹ ਨੂੰ ਆਪਣੀ ਮਹਿਮਾ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਇਨ੍ਹਾਂ ਸਭ ਕਸ਼ਟਾਂ ਵਿੱਚੋਂ ਲੰਘਣਾ ਜ਼ਰੂਰੀ ਸੀ।” 27 ਫ਼ਿਰ ਯਿਸੂ ਨੇ ਮੁੱਢੋਂ ਮੂਸਾ ਅਤੇ ਹੋਰ ਸਭਨਾਂ ਨਬੀਆਂ ਤੋਂ, ਜੋ ਕੁਝ ਵੀ ਪੋਥੀਆਂ ਵਿੱਚ ਉਸ ਬਾਰੇ ਲਿਖਿਆ ਸੀ, ਵਰਨਣ ਕਰਨਾ ਸ਼ੁਰੂ ਕਰ ਦਿੱਤਾ।
28 ਜਦੋਂ ਉਹ ਇੰਮਊਸ ਸ਼ਹਿਰ ਦੇ ਨੇੜੇ ਪਹੁੰਚੇ ਤਾਂ ਉਸ ਨੇ ਉੱਥੇ ਨਾ ਰੁਕਦੇ ਹੋਏ ਅੱਗੇ ਨੂੰ ਜਾਣ ਦਾ ਇਸ਼ਾਰਾ ਕੀਤਾ। 29 ਪਰ ਉਨ੍ਹਾਂ ਨੇ ਜੋਰ ਪੂਰਵਕ ਉਸ ਨੂੰ ਬੇਨਤੀ ਕੀਤੀ, “ਸਾਡੇ ਨਾਲ ਠਹਿਰ ਜਾ, ਕਾਫ਼ੀ ਸਮਾਂ ਹੋ ਗਿਆ ਹੈ, ਲੱਗਭੱਗ ਰਾਤ ਹੋ ਗਈ ਹੈ।” ਤਾਂ ਉਹ ਉਨ੍ਹਾਂ ਨਾਲ ਠਹਿਰਨ ਲਈ ਅੰਦਰ ਚੱਲਿਆ ਗਿਆ।
30 ਤਦ ਯਿਸੂ ਉਨ੍ਹਾਂ ਨਾਲ ਰੋਟੀ ਖਾਣ ਲਈ ਬੈਠ ਗਿਆ ਅਤੇ ਉਸ ਨੇ ਰੋਟੀ ਹੱਥ ਵਿੱਚ ਫ਼ੜਕੇ ਧੰਨਵਾਦ ਕੀਤਾ। ਫ਼ੇਰ ਉਸ ਨੇ ਰੋਟੀ ਤੋੜੀ ਅਤੇ ਉਨ੍ਹਾਂ ਨੂੰ ਦੇ ਦਿੱਤੀ। 31 ਉਸ ਵਕਤ ਉਨ੍ਹਾਂ ਮਨੁੱਖਾਂ ਦੀਆਂ ਅੱਖਾਂ ਖੁਲ੍ਹੀਆਂ ਅਤੇ ਉਨ੍ਹਾਂ ਨੇ ਯਿਸੂ ਨੂੰ ਪਛਾਣ ਲਿਆ। ਪਰ ਜਦੋਂ ਉਹ ਉਸ ਨੂੰ ਵੇਖਣ ਲੱਗੇ ਤਾਂ ਉਹ ਅਲੋਪ ਹੋ ਗਿਆ। 32 ਜਦੋਂ ਰਾਹ ਵਿੱਚ ਯਿਸੂ ਸਾਡੇ ਨਾਲ ਗੱਲ ਕਰ ਰਿਹਾ ਸੀ ਅਤੇ ਸਾਨੂੰ ਪੋਥੀਆਂ ਦੇ ਸੱਚੇ ਅਰੱਥਾਂ ਦੀ ਵਿਆਖਿਆ ਕਰ ਰਿਹਾ ਸੀ ਤਾਂ ਇਹ ਸਾਡੇ ਦਿਲਾਂ ਅੰਦਰ ਅੱਗ ਮੱਚਣ ਵਾਂਗ ਸੀ।
33 ਉਹ ਤੁਰੰਤ ਹੀ ਉੱਠੇ ਅਤੇ ਯਰੂਸ਼ਲਮ ਨੂੰ ਮੁੜੇ। ਉੱਥੇ ਉਨ੍ਹਾਂ ਨੇ ਗਿਆਰਾਂ ਰਸੂਲਾਂ ਅਤੇ ਬਾਕੀ ਚੇਲਿਆਂ ਨੂੰ ਇਕੱਠੇ ਹੋਏ ਦੇਖਿਆ। 34 ਉਹ ਕਹਿ ਰਹੇ ਸਨ, “ਪ੍ਰਭੂ ਯਿਸੂ ਸੱਚਮੁੱਚ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ। ਉਹ ਸ਼ਮਊਨ ਪਤਰਸ ਨੂੰ ਵਿਖਾਈ ਵੀ ਦਿੱਤਾ ਹੈ।”
35 ਤਦ ਉਨ੍ਹਾਂ ਦੋਹਾਂ ਮਨੁੱਖਾਂ ਨੇ, ਰਸਤੇ ਵਿੱਚ ਜੋ ਘਟਨਾ ਵਾਪਰੀ ਸੀ ਉਨ੍ਹਾਂ ਨੂੰ ਉਸਦਾ ਹਾਲ ਸੁਣਾਇਆ। ਉਹਨਾਂ ਨੇ ਇਹ ਵੀ ਜਾਕੇ ਦੱਸਿਆ ਕਿ ਉਨ੍ਹਾਂ ਨੂੰ ਯਿਸੂ ਦੀ ਪਛਾਣ ਤਦ ਆਈ ਜਦੋਂ ਉਹ ਰੋਟੀ ਤੋੜ ਰਿਹਾ ਸੀ।
ਯਿਸੂ ਦਾ ਆਪਣੇ ਚੇਲਿਆਂ ਅੱਗੇ ਪ੍ਰਗਟ ਹੋਣਾ(AC)
36 ਜਦੋਂ ਉਹ ਦੋ ਆਦਮੀ ਇਹ ਗੱਲਾਂ ਦੂਜਿਆਂ ਨੂੰ ਸੁਣਾ ਰਹੇ ਸਨ ਤਾਂ ਯਿਸੂ ਆਇਆ ਅਤੇ ਸਮੂਹ ਵਿੱਚ ਖੜ੍ਹਾ ਹੋ ਗਿਆ ਅਤੇ ਉਨ੍ਹਾਂ ਨੂੰ ਆਖਣ ਲੱਗਾ, “ਤੁਹਾਨੂੰ ਸ਼ਾਂਤੀ ਮਿਲੇ।”
37 ਪਰ ਸਭ ਚੇਲੇ ਵਿਆਕੁਲ ਹੋਕੇ ਡਰ ਗਏ। ਉਹ ਇਹ ਸਮਝੇ ਕਿ ਉਹ ਕਿਸੇ ਭੂਤ ਨੂੰ ਵੇਖ ਰਹੇ ਹਨ। 38 ਪਰ ਯਿਸੂ ਨੇ ਕਿਹਾ, “ਤੁਸੀਂ ਜੋ ਵੇਖ ਰਹੇ ਹੋ ਉਸਤੇ ਸ਼ੰਕਾ ਕਿਉਂ ਕਰ ਰਹੇ ਹੋ? 39 ਵੇਖੋ! ਮੇਰੇ ਹੱਥਾਂ ਅਤੇ ਮੇਰੇ ਪੈਰਾਂ ਵੱਲ ਵੇਖੋ। ਇਹ ਮੈਂ ਹੀ ਹਾਂ, ਮੈਨੂੰ ਛੁਹਕੇ ਵੇਖੋ। ਮੈਂ ਜਿਉਂਦਾ-ਜਾਗਦਾ ਹਾਂ। ਭੂਤ ਦਾ ਸਰੀਰ ਇਵੇਂ ਦਾ ਤਾਂ ਨਹੀਂ ਹੁੰਦਾ।”
40 ਜਦੋਂ ਯਿਸੂ ਨੇ ਉਨ੍ਹਾਂ ਨੂੰ ਇਹ ਕੁਝ ਆਖਿਆ, ਉਸ ਨੇ ਇਸਦੇ ਨਾਲ ਆਪਣੇ ਹੱਥ ਅਤੇ ਪੈਰ ਵਿਖਾਏ। 41 ਚੇਲੇ ਹੈਰਾਨ ਸਨ ਅਤੇ ਯਿਸੂ ਨੂੰ ਜਿਉਂਦਾ ਵੇਖਕੇ ਅਨੰਦ ਨਾਲ ਭਰ ਗਏ। ਪਰ ਅਜੇ ਵੀ ਉਹ ਵਿਸ਼ਵਾਸ ਨਾ ਕਰ ਸੱਕੇ। ਫ਼ਿਰ ਯਿਸੂ ਨੇ ਉਨ੍ਹਾਂ ਨੂੰ ਪੁੱਛਿਆ, “ਕੀ ਇੱਥੇ ਤੁਹਾਡੇ ਕੋਲ ਖਾਣ ਲਈ ਕੁਝ ਭੋਜਨ ਹੈ?” 42 ਉਨ੍ਹਾਂ ਨੇ ਉਸ ਨੂੰ ਭੁੱਜੀ ਮੱਛੀ ਦਾ ਟੁਕੜਾ ਦਿੱਤਾ। 43 ਯਿਸੂ ਨੇ ਉਨ੍ਹਾਂ ਕੋਲੋਂ ਲੈ ਕੇ ਉਨ੍ਹਾਂ ਦੇ ਸਾਹਮਣੇ ਉਹ ਖਾ ਲਿਆ।
44 ਯਿਸੂ ਨੇ ਉਨ੍ਹਾਂ ਨੂੰ ਕਿਹਾ, “ਯਾਦ ਕਰੋ ਜਦੋਂ ਪਹਿਲਾਂ ਮੈਂ ਤੁਹਾਡੇ ਨਾਲ ਸੀ, ਮੈਂ ਤੁਹਾਨੂੰ ਕੀ ਕਿਹਾ ਸੀ ਕਿ ਮੇਰੇ ਬਾਰੇ ਜੋ ਕੁਝ ਵੀ ਮੂਸਾ ਦੀ ਸ਼ਰ੍ਹਾ ਵਿੱਚ, ਨਬੀਆਂ ਦੀਆਂ ਪੁਸਤਕਾਂ ਵਿੱਚ ਅਤੇ ਜ਼ਬੂਰਾਂ ਦੀਆਂ ਪੋਥੀਆਂ ਵਿੱਚ ਲਿਖਿਆ ਗਿਆ ਹੈ, ਸੰਪੂਰਣ ਹੋਣਾ ਚਾਹੀਦਾ ਹੈ।”
45 ਫਿਰ ਯਿਸੂ ਨੇ ਉਨ੍ਹਾਂ ਦੇ ਮਨ ਖੋਲ੍ਹ ਦਿੱਤੇ ਤਾਂ ਜੋ ਉਹ ਪੋਥੀਆਂ ਨੂੰ ਸਮਝ ਸੱਕਣ। 46 ਫਿਰ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਇਹੀ ਹੈ ਜੋ ਲਿਖਿਆ ਗਿਆ ਹੈ: ਮਸੀਹ ਜ਼ਰੂਰ ਮਰੇਗਾ ਅਤੇ ਫੇਰ ਮੌਤ ਤੋਂ ਤੀਜੇ ਦਿਨ ਜੀਅ ਉੱਠੇਗਾ। 47-48 ਜੋ ਕੁਝ ਵਾਪਰਿਆ ਹੈ ਤੁਸੀਂ ਉਸ ਦੇ ਗਵਾਹ ਹੋ। ਹੁਣ ਤੁਹਾਨੂੰ ਜਾਣਾ ਚਾਹੀਦਾ ਹੈ ਅਤੇ ਲੋਕਾਂ ਨੂੰ ਦੱਸੋ ਕਿ ਉਹਨਾਂ ਨੂੰ ਆਪਣੇ ਪਾਪਾਂ ਲਈ ਦੁੱਖੀ ਹੋਣਾ ਹੀ ਚਾਹੀਦਾ ਹੈ। ਅਤੇ ਆਪਣੇ ਦਿਲ ਬਦਲ ਲੈਣੇ ਚਾਹੀਦੇ ਹਨ, ਤਾਂ ਹੀ ਪਰਮੇਸ਼ੁਰ ਉਨ੍ਹਾਂ ਦੇ ਪਾਪ ਮਾਫ਼ ਕਰੇਗਾ। ਤੂਹਾਨੂੰ ਇਹ ਸੰਦੇਸ਼ ਮੇਰੇ ਨਾਮ ਤੇ ਯਰੂਸ਼ਲਮ ਤੋਂ ਲੈ ਕੇ ਧਰਤੀ ਦੀਆਂ ਸਾਰੀਆਂ ਕੌਮਾਂ ਵਿੱਚ ਪਰਚਾਰ ਕਰਨਾ ਚਾਹੀਦਾ ਹੈ। 49 ਸੁਣੋ! ਜੋ ਮੇਰੇ ਪਿਤਾ ਨੇ ਤੁਹਾਡੇ ਨਾਲ ਵਾਦਾ ਕੀਤਾ ਹੈ ਕਿ ਮੈਂ ਤੁਹਾਨੂੰ ਭੇਜਾਂਗਾ। ਪਰ ਜਦ ਤੱਕ ਤੁਸੀਂ ਸਵਰਗ ਤੋਂ ਸ਼ਕਤੀ ਪ੍ਰਾਪਤ ਨਾ ਕਰ ਲਵੋਂ ਓਨਾ ਚਿਰ ਤੁਹਾਨੂੰ ਯਰੂਸ਼ਲਮ ਵਿੱਚ ਰਹਿਣਾ ਪਵੇਗਾ।”
ਯਿਸੂ ਦਾ ਸੁਰਗ ਨੂੰ ਪਰਤਨਾ(AD)
50 ਯਦ ਯਿਸੂ ਆਪਣੇ ਚੇਲਿਆਂ ਨੂੰ ਯਰੂਸ਼ਲਮ ਤੋਂ ਬਾਹਰ ਬੈਤਅਨੀਆ ਦੇ ਸਾਹਮਣੇ ਲੈ ਗਿਆ। ਉਸ ਨੇ ਆਪਣੇ ਹੱਥ ਉਤਾਂਹ ਨੂੰ ਚੁੱਕੇ ਅਤੇ ਆਪਣੇ ਚੇਲਿਆਂ ਨੂੰ ਅਸੀਸ ਦਿੱਤੀ। 51 ਜਦੋਂ ਯਿਸੂ ਉਨ੍ਹਾਂ ਨੂੰ ਅਸੀਸ ਦੇ ਰਿਹਾ ਸੀ ਤਾਂ ਉਸ ਨੂੰ ਉਨ੍ਹਾਂ ਤੋਂ ਅਲੱਗ ਕੀਤਾ ਗਿਆ ਅਤੇ ਸੁਰਗ ਵੱਲ ਲਿਜਾਇਆ ਗਿਆ। 52 ਉਸ ਦੇ ਚੇਲੇ ਉੱਥੇ ਉਸਦੀ ਉਪਾਸਨਾ ਕਰਦੇ ਰਹੇ ਅਤੇ ਉਸਤੋਂ ਬਾਦ ਉਹ ਸ਼ਹਿਰ ਵੱਲ ਨੂੰ ਮੁੜ ਆਏ। ਉਹ ਬਹੁਤ ਖੁਸ਼ ਸਨ। 53 ਉਹ ਸਾਰੇ ਪਰਮੇਸ਼ੁਰ ਦੀ ਉਸਤਤਿ ਕਰਦੇ, ਮੰਦਰ ਵਿੱਚ ਰਹੇ।
ਯਿਸੂ ਦਾ ਸੰਸਾਰ ਵਿੱਚ ਆਉਣਾ
1 ਸੰਸਾਰ ਦੇ ਆਦਿ ਤੋਂ ਪਹਿਲਾਂ ਸ਼ਬਦ [h] ਸੀ। ਸ਼ਬਦ ਪਰਮੇਸ਼ੁਰ ਦੇ ਸੰਗ ਸੀ। ਅਤੇ ਸ਼ਬਦ ਪਰਮੇਸ਼ੁਰ ਸੀ। 2 ਉਹ ਆਦਿ ਵਿੱਚ ਪਰਮੇਸ਼ੁਰ ਦੇ ਸੰਗ ਸੀ। 3 ਸਭ ਕੁਝ ਉਸ ਦੇ ਰਾਹੀਂ ਸਾਜਿਆ ਗਿਆ ਸੀ। ਉਸਤੋਂ ਬਿਨਾ ਕੁਝ ਵੀ ਨਹੀਂ ਸੀ ਰਚਿਆ ਗਿਆ। 4 ਉਸ ਵਿੱਚ ਜੀਵਨ ਸੀ। ਉਹ ਜੀਵਨ ਸੰਸਾਰ ਦੇ ਲੋਕਾਂ ਵਾਸਤੇ ਚਾਨਣ ਸੀ। 5 ਉਹ ਚਾਨਣ ਹਨੇਰੇ ਵਿੱਚ ਚਮਕਦਾ ਹੈ ਤੇ ਹਨੇਰੇ ਨੇ ਕਦੇ ਵੀ ਇਸ ਨੂੰ ਨਹੀਂ ਬੁਝਾਇਆ।
6 ਇੱਕ ਆਦਮੀ ਸੀ ਜਿਸਦਾ ਨਾਮ ਯੂਹੰਨਾ ਸੀ ਉਸ ਨੂੰ ਪਰਮੇਸ਼ੁਰ ਵੱਲੋਂ ਭੇਜਿਆ ਗਿਆ ਸੀ। 7 ਯੂਹੰਨਾ, ਲੋਕਾਂ ਨੂੰ ਚਾਨਣ ਬਾਰੇ ਗਵਾਹੀ ਦੇਣ ਆਇਆ। ਤਾਂ ਜੋ ਯੂਹੰਨਾ ਰਾਹੀਂ ਸਾਰੇ ਲੋਕ ਚਾਨਣ ਤੇ ਵਿਸ਼ਵਾਸ ਕਰ ਸੱਕਣ। 8 ਯੂਹੰਨਾ ਖੁਦ ਉਹ ਚਾਨਣ ਨਹੀਂ ਸੀ। ਪਰ ਯੂਹੰਨਾ ਲੋਕਾਂ ਨੂੰ ਚਾਨਣ ਬਾਰੇ ਸਾਖੀ ਦੇਣ ਲਈ ਆਇਆ ਸੀ। 9 ਅਸਲ ਚਾਨਣ ਦੁਨੀਆਂ ਵਿੱਚ ਆਉਣ ਵਾਲਾ ਸੀ। ਇਹ ਅਸਲ ਚਾਨਣ ਸੀ ਜੋ ਸਾਰੇ ਮਨੁੱਖਾਂ ਨੂੰ ਉਜਾਲਾ ਦਿੰਦਾ ਹੈ।
10 ਸ਼ਬਦ ਪਹਿਲਾਂ ਤੋਂ ਹੀ ਸੰਸਾਰ ਵਿੱਚ ਸੀ। ਉਸ ਰਾਹੀਂ ਸੰਸਾਰ ਰਚਿਆ ਗਿਆ ਸੀ। ਪਰ ਸੰਸਾਰ ਨੇ ਉਸ ਨੂੰ ਨਹੀਂ ਪਛਾਣਿਆ। 11 ਉਹ ਆਪਣੇ ਘਰ ਵਿੱਚ ਆਇਆ ਸੀ, ਪਰ ਉਸ ਦੇ ਆਪਣੇ ਹੀ ਲੋਕਾਂ ਨੇ ਉਸ ਨੂੰ ਕਬੂਲ ਨਾ ਕੀਤਾ। 12 ਕੁਝ ਲੋਕਾਂ ਨੇ ਉਸ ਨੂੰ ਕਬੂਲ ਕੀਤਾ ਅਤੇ ਉਸ ਵਿੱਚ ਵਿਸ਼ਵਾਸ ਕੀਤਾ, ਉਸ ਨੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਬੱਚੇ ਹੋਣ ਦਾ ਹੱਕ ਦਿੱਤਾ। 13 ਨਾ ਹੀ ਉਹ ਮਨੁੱਖਾਂ ਦੇ ਕੁਦਰਤੀ ਤਰੀਕੇ ਵਾਂਗ, ਨਾ ਹੀ ਸ਼ਰੀਰਕ ਇੱਛਾ ਨਾਲ, ਅਤੇ ਨਾ ਹੀ ਉਨ੍ਹਾਂ ਦੇ ਮਾਪਿਆਂ ਦੀ ਵਿਉਂਤ ਨਾਲ, ਜਨਮੇ ਸਨ। ਉਹ ਪਰਮੇਸ਼ੁਰ ਤੋਂ ਜਨਮੇ ਸਨ।
14 ਸ਼ਬਦ ਮਨੁੱਖ ਬਣ ਗਿਆ ਅਤੇ ਸਾਡੇ ਵਿੱਚ ਰਿਹਾ। ਅਸੀਂ ਉਸਦੀ ਮਹਿਮਾ ਦੇਖੀ। ਉਹ ਮਹਿਮਾ ਜੋ ਪਿਤਾ ਦੇ ਇੱਕਲੌਤੇ ਪੁੱਤਰ ਨਾਲ ਸੰਬੰਧਿਤ ਹੈ। ਇਹ ਸ਼ਬਦ ਕਿਰਪਾ ਅਤੇ ਸਚਿਆਈ ਨਾਲ ਭਰਪੂਰ ਸੀ। 15 ਯੂਹੰਨਾ ਨੇ ਲੋਕਾਂ ਨੂੰ ਉਸ ਦੇ ਬਾਰੇ ਦੱਸਿਆ ਅਤੇ ਆਖਿਆ, “ਇਹੀ ਉਹ ਹੈ ਜਿਸ ਬਾਰੇ ਮੈਂ ਦੱਸ ਰਿਹਾ ਸੀ। ਮੈਂ ਤੁਹਾਨੂੰ ਦੱਸਿਆ ਸੀ ਕਿ ਉਹ ਇੱਕ, ‘ਜਿਹੜਾ ਮੇਰੇ ਬਾਦ ਆਵੇਗਾ, ਉਹ ਮੈਥੋਂ ਵੀ ਮਹਾਨ ਹੈ। ਉਹ ਮੈਥੋਂ ਵੀ ਪਹਿਲਾਂ ਰਹਿ ਰਿਹਾ ਸੀ।’”
16 ਉਹ ਸ਼ਬਦ ਕਿਰਪਾ ਅਤੇ ਸੱਚਾਈ ਨਾਲ ਭਰਪੂਰ ਸੀ। ਅਸੀਂ ਉਸਤੋਂ ਵੱਧ ਤੋਂ ਵੱਧ ਅਸੀਸਾਂ ਪ੍ਰਾਪਤ ਕੀਤੀਆਂ। 17 ਸ਼ਰ੍ਹਾ ਮੂਸਾ ਰਾਹੀਂ ਦਿੱਤੀ ਗਈ ਸੀ ਪਰ ਕਿਰਪਾ ਅਤੇ ਸੱਚਾਈ ਯਿਸੂ ਮਸੀਹ ਰਾਹੀਂ ਆਈ। 18 ਕਿਸੇ ਨੇ ਪਰਮੇਸ਼ੁਰ ਨੂੰ ਕਦੇ ਨਹੀਂ ਵੇਖਿਆ, ਪਰ ਉਹ ਇੱਕਲੌਤਾ ਪੁੱਤਰ, ਜੋ ਪਿਤਾ ਦੇ ਸੱਜੇ ਪਾਸੇ ਹੈ ਪਰਮੇਸ਼ੁਰ ਹੈ ਅਤੇ ਉਸ ਨੇ ਸਾਨੂੰ ਵਿਖਾਇਆ ਹੈ ਕਿ ਕੌਣ ਪਰਮੇਸ਼ੁਰ ਹੈ।
ਯੂਹੰਨਾ ਲੋਕਾਂ ਨੂੰ ਯਿਸੂ ਬਾਰੇ ਦੱਸਦਾ ਹੈ(AE)
19 ਯਰੂਸ਼ਲਮ ਦੇ ਯਹੂਦੀਆਂ ਨੇ ਕੁਝ ਜਾਜਕਾਂ ਤੇ ਲੇਵੀਆਂ ਨੂੰ ਯੂਹੰਨਾ ਕੋਲ ਭੇਜਿਆ। ਯਹੂਦੀਆਂ ਨੇ ਉਨ੍ਹਾਂ ਨੂੰ ਇਹ ਪੁੱਛਣ ਲਈ ਭੇਜਿਆ, “ਤੂੰ ਕੌਣ ਹੈਂ।” 20 ਯੂਹੰਨਾ ਖੁਲ੍ਹ ਕੇ ਬੋਲਿਆ ਉਸ ਨੇ ਉੱਤਰ ਦੇਣ ਤੋਂ ਇਨਕਾਰ ਨਾ ਕੀਤਾ। ਉਸ ਨੇ ਸਾਫ਼-ਸਾਫ਼ ਆਖਿਆ, “ਮੈਂ ਮਸੀਹ ਨਹੀਂ ਹਾਂ।”
21 ਯਹੂਦੀਆਂ ਨੇ ਯੂਹੰਨਾ ਨੂੰ ਪੁੱਛਿਆ, “ਫਿਰ ਤੂੰ ਕੌਣ ਹੈ? ਕੀ ਤੂੰ ਏਲੀਯਾਹ ਹੈ?”
ਯੂਹੰਨਾ ਨੇ ਜਵਾਬ ਦਿੱਤਾ, “ਨਹੀਂ ਮੈਂ ਏਲੀਯਾਹ ਨਹੀਂ ਹਾਂ।”
ਯਹੂਦੀਆਂ ਨੇ ਪੁੱਛਿਆ, “ਕੀ ਤੂੰ ਨਬੀ ਹੈ?”
ਯੂਹੰਨਾ ਨੇ ਜਵਾਬ ਦਿੱਤਾ, “ਨਹੀਂ, ਮੈਂ ਇੱਕ ਨਬੀ ਨਹੀਂ ਹਾਂ।”
22 ਤਾਂ ਯਹੂਦੀਆਂ ਨੇ ਪੁੱਛਿਆ, “ਫਿਰ ਤੂੰ ਕੌਣ ਹੈਂ? ਸਾਨੂੰ ਆਪਣੇ ਬਾਰੇ ਦੱਸ। ਸਾਨੂੰ ਜਵਾਬ ਦੇ ਤਾਂ ਕਿ ਅਸੀਂ ਉਨ੍ਹਾਂ ਨੂੰ ਦੱਸ ਸੱਕੀਏ ਜਿਨ੍ਹਾਂ ਨੇ ਸਾਨੂੰ ਭੇਜਿਆ ਹੈ। ਤੂੰ ਆਪਣੇ ਬਾਰੇ ਕੀ ਆਖਦਾ ਹੈਂ?”
23 ਯੂਹੰਨਾ ਨੇ ਉਨ੍ਹਾਂ ਨੂੰ ਨਬੀ ਯਸਾਯਾਹ ਦੇ ਸ਼ਬਦ ਆਖੇ:
“ਮੈਂ ਉਜਾੜ ਵਿੱਚ ਹੋਕਾ ਦੇਣ ਵਾਲੇ ਬੰਦੇ ਦੀ ਅਵਾਜ਼ ਹਾਂ:
‘ਪ੍ਰਭੂ ਲਈ ਸਿੱਧਾ ਰਾਹ ਤਿਆਰ ਕਰੋ।’” (AF)
24 ਇਹ ਯਹੂਦੀ ਫ਼ਰੀਸੀਆਂ ਵੱਲੋਂ ਭੇਜੇ ਹੋਏ ਸਨ। 25 ਉਨ੍ਹਾਂ ਨੇ ਉਸ ਨੂੰ ਪੁੱਛਿਆ, “ਤੂੰ ਆਖਦਾ ਹੈਂ ਕਿ ਤੂੰ ਮਸੀਹ ਨਹੀਂ ਹੈ। ਤੂੰ ਆਖਦਾ ਹੈਂ ਕਿ ਤੂੰ ਏਲੀਯਾਹ ਨਹੀਂ ਹੈ ਅਤੇ ਨਾ ਹੀ ਨਬੀ। ਫਿਰ ਤੂੰ ਲੋਕਾਂ ਨੂੰ ਬਪਤਿਸਮਾ ਕਿਉਂ ਦਿੰਦਾ ਹੈ?”
26 ਯੂਹੰਨਾ ਨੇ ਉੱਤਰ ਦਿੱਤਾ, “ਮੈਂ ਲੋਕਾਂ ਨੂੰ ਜਲ ਨਾਲ ਬਪਤਿਸਮਾ ਦਿੰਦਾ ਹਾਂ ਪਰ ਕੋਈ ਇੱਕ ਹੈ ਜੋ ਤੁਹਾਡੇ ਵਿੱਚ ਖੜ੍ਹਾ ਹੁੰਦਾ ਹੈ ਜਿਸ ਨੂੰ ਤੁਸੀਂ ਨਹੀ ਪਛਾਣਦੇ। 27 ਉਹ ਉਹੀ ਹੈ ਜੋ ਮੇਰੇ ਮਗਰੋਂ ਆਵੇਗਾ। ਮੈਂ ਉਸਦੀ ਜੁੱਤੀ ਦੇ ਤਸਮੇ ਖੋਲ੍ਹਣ ਦੇ ਵੀ ਯੋਗ ਨਹੀਂ ਹਾਂ।”
28 ਇਹ ਸਭ ਗੱਲਾਂ ਬੈਤਅਨੀਆਂ ਵਿੱਚ ਯਰਦਨ ਦਰਿਆ ਦੇ ਪਾਰ ਹੋਈਆਂ। ਉੱਥੇ ਯੂਹੰਨਾ ਲੋਕਾਂ ਨੂੰ ਬਪਤਿਸਮਾ ਦਿੰਦਾ ਸੀ।
ਯਿਸੂ ਪਰਮੇਸ਼ੁਰ ਦਾ ਲੇਲਾ
29 ਅਗਲੇ ਦਿਨ ਯੂਹੰਨਾ ਨੇ ਯਿਸੂ ਨੂੰ ਆਪਣੇ ਵੱਲ ਆਉਂਦਿਆਂ ਦੇਖਿਆ। ਯੂਹੰਨਾ ਨੇ ਆਖਿਆ, “ਦੇਖੋ, ਪਰਮੇਸ਼ੁਰ ਦਾ ਲੇਲਾ, ਉਹ ਸੰਸਾਰ ਦੇ ਪਾਪ ਚੁੱਕ ਕੇ ਲੈ ਜਾਂਦਾ ਹੈ। 30 ਮੈਂ ਉਸ ਬਾਰੇ ਹੀ ਗੱਲ ਕਰ ਰਿਹਾ ਸਾਂ ਜਦੋਂ ਮੈਂ ਆਖਿਆ ਸੀ ‘ਇੱਕ ਮਨੁੱਖ ਮੇਰੇ ਬਾਦ ਆਵੇਗਾ ਤੇ ਉਹ ਮੈਥੋਂ ਵੀ ਮਹਾਨ ਹੈ, ਕਿਉਂਕਿ ਉਹ ਮੈਥੋਂ ਵੀ ਪਹਿਲਾਂ ਮੌਜੂਦ ਸੀ।’ 31 ਮੈਂ ਵੀ ਨਹੀਂ ਜਾਣਦਾ ਸਾਂ ਉਹ ਕੌਣ ਸੀ। ਪਰ ਮੈਂ ਲੋਕਾਂ ਨੂੰ ਜਲ ਨਾਲ ਬਪਤਿਸਮਾ ਦੇਣ ਲਈ ਆਇਆ ਹਾਂ ਤਾਂ ਜੋ ਇਸਰਾਏਲ ਉਸ ਬਾਰੇ ਜਾਣ ਸੱਕੇ।”
32-34 ਫਿਰ ਯੂਹੰਨਾ ਨੇ ਆਖਿਆ, “ਮੈਂ ਵੀ ਨਹੀਂ ਜਾਣਦਾ ਸਾਂ ਕਿ ਮਸੀਹ ਕੌਣ ਸੀ, ਪਰ ਮੈਨੂੰ ਪਰਮੇਸ਼ੁਰ ਨੇ ਭੇਜਿਆ ਕਿ ਮੈਂ ਲੋਕਾਂ ਨੂੰ ਜਲ ਨਾਲ ਬਪਤਿਸਮਾ ਦੇਵਾਂ ਤੇ ਪਰਮੇਸ਼ੁਰ ਨੇ ਮੈਨੂੰ ਦੱਸਿਆ, ‘ਤੂੰ ਆਤਮਾ ਨੂੰ ਸਵਰਗ ਤੋਂ ਉੱਤਰਦਿਆਂ ਅਤੇ ਇੱਕ ਮਨੁੱਖ ਉੱਤੇ ਸਥਿਰ ਵੇਖੇਂਗਾ ਤੇ ਉਹ ਵੀ ਪਵਿੱਤਰ ਆਤਮਾ ਨਾਲ ਲੋਕਾਂ ਨੂੰ ਬਪਤਿਸਮਾ ਦੇਵੇਗਾ।’ ਮੈਂ ਇਹ ਵਾਪਰਦਿਆਂ ਵੇਖਿਆ ਹੈ। ਮੈਂ ਆਤਮਾ ਨੂੰ ਸਵਰਗ ਤੋਂ ਘੁੱਗੀ ਦੀ ਤਰ੍ਹਾਂ ਉੱਤਰਦਿਆਂ ਅਤੇ ਉਸ ਉੱਪਰ ਵਿਸ਼ਰਾਮ ਕਰਦਿਆਂ ਵੇਖਿਆ ਹੈ। ਮੈਂ ਗਵਾਹੀ ਦਿੰਦਾ ਹਾਂ ਕਿ ‘ਉਹੀ ਪਰਮੇਸ਼ੁਰ ਦਾ ਪੁੱਤਰ ਹੈ।’”
ਯਿਸੂ ਦੇ ਪਹਿਲੇ ਚੇਲੇ
35 ਅਗਲੇ ਦਿਨ ਯੂਹੰਨਾ ਫ਼ੇਰ ਉੱਥੇ ਹੀ ਖੜ੍ਹਾ ਸੀ। ਯੂਹੰਨਾ ਦੇ ਨਾਲ ਉਸ ਦੇ ਦੋ ਚੇਲੇ ਸਨ। 36 ਯੂਹੰਨਾ ਨੇ ਯਿਸੂ ਨੂੰ ਤੁਰਦਿਆਂ ਵੇਖਿਆ। ਯੂਹੰਨਾ ਨੇ ਆਖਿਆ, “ਦੇਖੋ! ਪਰਮੇਸ਼ੁਰ ਦਾ ਲੇਲਾ।”
37 ਉਨ੍ਹਾਂ ਦੋਹਾਂ ਚੇਲਿਆਂ ਨੇ, ਜੋ ਯੂਹੰਨਾ ਆਖ ਰਿਹਾ ਸੀ, ਸੁਣਿਆ, ਅਤੇ ਉਨ੍ਹਾਂ ਨੇ ਯਿਸੂ ਦਾ ਪਿੱਛਾ ਕੀਤਾ। 38 ਯਿਸੂ ਨੇ ਉਨ੍ਹਾਂ ਨੂੰ ਮਗਰ ਆਉਂਦਿਆ ਵੇਖਿਆ ਅਤੇ ਮੁੜਕੇ ਆਖਿਆ, “ਤੁਸੀਂ ਕੀ ਚਾਹੁੰਦੇ ਹੋ?”
ਉਨ੍ਹਾਂ ਦੋਹਾਂ ਨੇ ਆਖਿਆ, “ਹੇ ਰੱਬੀ, ਤੁਸੀਂ ਕਿੱਥੇ ਠਹਿਰੇ ਹੋ?” (“ਰੱਬੀ” ਦਾ ਅਰਥ ਹੈ “ਗੁਰੂ”)
39 ਯਿਸੂ ਨੇ ਉੱਤਰ ਦਿੱਤਾ, “ਆਓ ਅਤੇ ਦੇਖੋ।” ਸੋ ਉਹ ਦੋਵੇਂ ਯਿਸੂ ਦੇ ਨਾਲ ਗਏ। ਉਨ੍ਹਾਂ ਨੇ ਥਾਂ ਦੇਖੀ ਜਿੱਥੇ ਯਿਸੂ ਰਹਿ ਰਿਹਾ ਸੀ। ਉਸ ਦਿਨ ਉਹ ਉੱਥੇ ਯਿਸੂ ਦੇ ਨਾਲ ਹੀ ਰਹੇ। ਇਹ ਚਾਰ ਕੁ ਵਜੇ ਦਾ ਸਮਾਂ ਸੀ।
40 ਇਨ੍ਹਾਂ ਦੋਹਾਂ ਬੰਦਿਆਂ ਨੇ ਯਿਸੂ ਬਾਰੇ ਯੂਹੰਨਾ ਤੋਂ ਸੁਨਣ ਤੋਂ ਬਾਦ ਯਿਸੂ ਦਾ ਪਿੱਛਾ ਕੀਤਾ। ਇਨ੍ਹਾਂ ਦੋਹਾਂ ਆਦਮੀਆਂ ਵਿੱਚੋਂ ਇੱਕ ਦਾ ਨਾਂ ਅੰਦ੍ਰਿਯਾਸ ਸੀ। ਅੰਦ੍ਰਿਯਾਸ ਸ਼ਮਊਨ ਪਤਰਸ ਦਾ ਭਰਾ ਸੀ। 41 ਪਹਿਲਾਂ ਅੰਦ੍ਰਿਯਾਸ ਨੇ ਆਪਣੇ ਭਰਾ ਸ਼ਮਊਨ ਨੂੰ ਲੱਭਿਆ ਤੇ ਫ਼ਿਰ ਉਸ ਨੇ ਆਖਿਆ, “ਅਸੀਂ ਮਸੀਹਾ ਨੂੰ ਲੱਭ ਲਿਆ ਹੈ।” (“ਮਸੀਹਾ” ਮਤਲਬ “ਮਸੀਹ”)
42 ਅੰਦ੍ਰਿਯਾਸ ਸ਼ਮਊਨ ਨੂੰ ਯਿਸੂ ਕੋਲ ਲੈ ਆਇਆ। ਯਿਸੂ ਨੇ ਸ਼ਮਊਨ ਨੂੰ ਵੇਖਿਆ ਤੇ ਆਖਿਆ “ਤੂੰ ਯੂਹੰਨਾ ਦਾ ਪੁੱਤਰ ਸ਼ਮਊਨ ਹੈਂ, ਤੂੰ ਕੇਫ਼ਾਸ ਸਦਵਾਵੇਂਗਾ” (“ਕੇਫ਼ਾਸ” ਦਾ ਭਾਵ ਹੈ “ਪਤਰਸ”)
43 ਅਗਲੇ ਦਿਨ ਯਿਸੂ ਨੇ ਚਾਹਿਆ ਉਹ ਗਲੀਲ ਜਾਵੇ। ਉਸ ਨੇ ਫ਼ਿਲਿਪੁੱਸ ਨੂੰ ਲੱਭਿਆ ਤੇ ਉਸ ਨੂੰ ਆਖਿਆ, “ਮੇਰਾ ਪਿੱਛਾ ਕਰ।” 44 ਫ਼ਿਲਿਪੁੱਸ ਬੈਤਸੈਦੇ ਦਾ ਸੀ। ਉੱਥੋਂ ਦੇ ਹੀ ਅੰਦ੍ਰਿਯਾਸ ਤੇ ਪਤਰਸ ਸਨ। 45 ਫ਼ਿਲਿਪੁੱਸ ਨੇ ਨਥਾਨਿਏਲ ਨੂੰ ਲੱਭਿਆ ਤੇ ਉਸ ਨੂੰ ਆਖਿਆ, “ਯਾਦ ਕਰ ਮੂਸਾ ਨੇ ਸ਼ਰ੍ਹਾ ਵਿੱਚ ਜੋ ਲਿਖਿਆ ਹੈ। ਮੂਸਾ ਨੇ ਇੱਕ ਮਨੁੱਖ ਦੀ ਆਮਦ ਬਾਰੇ ਲਿਖਿਆ ਹੈ। ਨਬੀਆਂ ਨੇ ਵੀ ਉਸ ਬਾਰੇ ਲਿਖਿਆ ਹੈ। ਅਸੀਂ ਉਸ ਨੂੰ ਲੱਭ ਲਿਆ ਹੈ। ਉਸਦਾ ਨਾਮ ਯਿਸੂ ਹੈ। ਉਹ ਯੂਸੁਫ਼ ਦਾ ਪੁੱਤਰ ਹੈ। ਉਹ ਨਾਸਰਤ ਦਾ ਹੈ।”
46 ਪਰ ਨਥਾਨਿਏਲ ਨੇ ਫ਼ਿਲਿਪੁੱਸ ਨੂੰ ਆਖਿਆ, “ਨਾਸਰਤ! ਭਲਾ ਨਾਸਰਤ ਵਿੱਚ ਕੋਈ ਉੱਤਮ ਚੀਜ਼ ਨਿੱਕਲ ਸੱਕਦੀ ਹੈ?”
ਫ਼ਿਲਿਪੁੱਸ ਨੇ ਉੱਤਰ ਦਿੱਤਾ, “ਆ ਅਤੇ ਵੇਖ”
47 ਯਿਸੂ ਨੇ ਨਥਾਨਿਏਲ ਨੂੰ ਆਪਣੇ ਵੱਲ ਆਉਂਦਿਆਂ ਵੇਖਿਆ ਅਤੇ ਉਸ ਬਾਰੇ ਇਹ ਆਖਿਆ, “ਉਹ ਇੱਕ ਸੱਚਾ ਇਸਰਾਏਲੀ ਹੈ ਉਸ ਵਿੱਚ ਕੋਈ ਛੱਲ ਨਹੀਂ ਹੈ।”
48 ਨਥਾਨਿਏਲ ਨੇ ਪੁੱਛਿਆ, “ਤੁਸੀਂ ਮੈਨੂੰ ਕਿਵੇਂ ਜਾਣਦੇ ਹੋ?”
ਯਿਸੂ ਨੇ ਉੱਤਰ ਦਿੱਤਾ, “ਮੈਂ ਤੈਨੂੰ ਓਦੋਂ ਵੇਖਿਆ ਸੀ ਜਦੋਂ ਤੂੰ ਅੰਜੀਰ ਦੇ ਰੁੱਖ ਥੱਲੇ ਸੀ। ਜਦੋਂ ਤੈਨੂੰ ਫ਼ਿਲਿਪੁੱਸ ਨੇ ਮੇਰੇ ਬਾਰੇ ਦਸਿਆ।”
49 ਫ਼ਿਰ ਨਥਾਨਿਏਲ ਨੇ ਯਿਸੂ ਨੂੰ ਕਿਹਾ, “ਰੱਬੀ, ਤੁਸੀਂ ਪਰਮੇਸ਼ੁਰ ਦੇ ਪੁੱਤਰ ਹੋ। ਤੁਸੀਂ ਇਸਰਾਏਲ ਦੇ ਪਾਤਸ਼ਾਹ ਹੋ।”
50 ਯਿਸੂ ਨੇ ਨਥਾਨਿਏਲ ਨੂੰ ਆਖਿਆ, “ਤੂੰ ਇਸ ਲਈ ਵਿਸ਼ਵਾਸ ਕਰਦਾ ਹੈ ਕਿ ਪਹਿਲਾਂ ਹੀ ਮੈਂ ਤੈਨੂੰ ਦੱਸਿਆ ਸੀ ਕਿ ਮੈਂ ਤੈਨੂੰ ਅੰਜੀਰ ਦੇ ਰੁੱਖ ਥੱਲੇ ਵੇਖਿਆ ਸੀ। ਪਰ ਤੂੰ ਇਸਤੋਂ ਵੀ ਵੱਡੀਆਂ ਗੱਲਾਂ ਦੇਖੇਂਗਾ!” 51 ਯਿਸੂ ਨੇ ਉਸ ਨੂੰ ਆਖਿਆ, “ਮੈਂ ਤੁਹਾਨੂੰ ਸੱਚ-ਮੁੱਚ ਆਖਦਾ ਹਾਂ ਤੁਸੀਂ ਸਵਰਗ ਨੂੰ ਖੁਲ੍ਹਾ ਵੇਖੋਂਗੇ ਅਤੇ ਪਰਮੇਸ਼ੁਰ ਦੇ ਦੂਤਾਂ ਨੂੰ ਮਨੁੱਖ ਦੇ ਪੁੱਤਰ ਉੱਤੇ ਚੜ੍ਹਦੇ ਅਤੇ ਉੱਤਰਦੇ ਵੇਖੋਂਗੇ।” [i]
ਕਾਨਾ ਵਿੱਚ ਵਿਆਹ
2 ਦੋ ਦਿਨਾਂ ਦੇ ਬਾਦ ਗਲੀਲ ਦੇ ਨਗਰ ਕਾਨਾ ਵਿੱਚ ਇੱਕ ਵਿਆਹ ਸੀ। ਯਿਸੂ ਦੀ ਮਾਤਾ ਉੱਥੇ ਸੀ। 2 ਯਿਸੂ ਅਤੇ ਉਸ ਦੇ ਚੇਲਿਆਂ ਨੂੰ ਵੀ ਵਿਆਹ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਗਿਆ ਸੀ। 3 ਉੱਥੇ ਮੈਅ ਕਾਫ਼ੀ ਨਹੀਂ ਸੀ। ਅਤੇ ਜਦੋਂ ਇਹ ਮੁੱਕ ਗਈ ਯਿਸੂ ਦੀ ਮਾਤਾ ਨੇ ਉਸ ਨੂੰ ਆਖਿਆ, “ਇਨ੍ਹਾਂ ਕੋਲ ਹੋਰ ਮੈਅ ਨਹੀਂ ਹੈ।”
4 ਯਿਸੂ ਨੇ ਉੱਤਰ ਦਿੱਤਾ, “ਮੇਰਾ ਇਸ ਨਾਲ ਕੀ ਸਰੋਕਾਰ, ਮੇਰਾ ਸਮਾਂ ਅਜੇ ਨਹੀਂ ਆਇਆ।”
5 ਯਿਸੂ ਦੀ ਮਾਤਾ ਨੇ ਟਹਿਲੂਆਂ ਨੂੰ ਆਖਿਆ, “ਉਵੇਂ ਹੀ ਕਰੋ ਜਿਵੇਂ ਉਹ ਤੁਹਾਨੂੰ ਕਰਨ ਲਈ ਆਖੇ।”
6 ਉਸ ਥਾਂ ਤੇ ਪੱਥਰ ਦੇ ਛੇ ਵੱਡੇ ਜਲ ਦੇ ਮੱਟ ਸਨ। ਯਹੂਦੀ ਇਸ ਤਰ੍ਹਾਂ ਦੇ ਜਲ ਮੱਟ ਸ਼ੁੱਧੀਕਰਨ ਦੀਆਂ ਰੀਤਾਂ ਦੇ ਸਮੇਂ ਵਰਤਦੇ ਸਨ। ਹਰੇਕ ਜਲ ਮਟ ਵਿੱਚ 80 ਲੀਟਰ ਤੋਂ ਲੈ ਕੇ 120 ਲੀਟਰ ਤੱਕ ਜਲ ਰੱਖਿਆ ਜਾ ਸੱਕਦਾ ਹੈ।
7 ਯਿਸੂ ਨੇ ਉਨ੍ਹਾਂ ਟਹਿਲੂਆਂ ਨੂੰ ਆਖਿਆ, “ਇਨ੍ਹਾਂ ਮੱਟਾਂ ਨੂੰ ਜਲ ਨਾਲ ਭਰ ਦਿਓ।” ਉਨ੍ਹਾਂ ਨੇ ਮੱਟਾਂ ਨੂੰ ਜਲ ਨਾਲ ਨੱਕੋ-ਨਕ ਭਰ ਦਿੱਤਾ।
8 ਫਿਰ ਯਿਸੂ ਨੇ ਟਹਿਲੂਆਂ ਨੂੰ ਆਖਿਆ, “ਹੁਣ ਕੁਝ ਪਾਣੀ ਕੱਢੋ ਅਤੇ ਦਾਵਤ ਦੇ ਮੁਖੀ ਨੂੰ ਦੇ ਦਿਉ।”
ਸੋ ਉਨ੍ਹਾਂ ਟਹਿਲੂਆਂ ਨੇ ਪਾਣੀ ਲਿਆ ਅਤੇ ਉਸ ਨੂੰ ਦੇ ਦਿੱਤਾ। 9 ਉਸ ਨੇ ਉਹ ਜਲ ਚਖ ਕੇ ਵੇਖਿਆ। ਉਹ ਮੈਅ ਬਣ ਚੁੱਕੀ ਸੀ। ਉਸ ਨੂੰ ਪਤਾ ਨਹੀਂ ਸੀ ਕਿ ਮੈਅ ਕਿੱਥੋਂ ਆਈ ਹੈ। ਪਰ ਜਿਨ੍ਹਾਂ ਟਹਿਲੂਆਂ ਨੇ ਪਾਣੀ ਲਿਆਂਦਾ ਸੀ ਉਹ ਇਸ ਬਾਰੇ ਜਾਣਦੇ ਸੀ। ਦਾਅਵਤ ਦੇ ਪਰਧਾਨ ਨੇ ਲਾੜੇ ਨੂੰ ਸੱਦਿਆ। 10 ਅਤੇ ਉਸ ਨੂੰ ਆਖਿਆ, “ਹਮੇਸ਼ਾ ਲੋਕ ਪਹਿਲਾਂ ਚੰਗੀ ਮੈਅ ਦਿੰਦੇ ਹਨ, ਜਦੋਂ ਮਹਿਮਾਨ ਸ਼ਰਾਬੀ ਹੁੰਦੇ ਹਨ ਫ਼ੇਰ ਉਹ ਸਸਤੀ ਮੈਅ ਦਿੰਦੇ ਹਨ। ਪਰ ਤੁਸੀਂ ਹੁਣ ਤੱਕ ਵੱਧੀਆ ਮੈਅ ਰੱਖੀ ਹੈ।”
11 ਇਹ ਪਹਿਲਾ ਕਰਿਸ਼ਮਾ ਸੀ ਜੋ ਯਿਸੂ ਨੇ ਕੀਤਾ। ਅਤੇ ਇਹ ਗਲੀਲ ਦੇ ਨਗਰ ਕਾਨਾ ਵਿੱਚ ਕੀਤਾ ਗਿਆ ਸੀ। ਇਉਂ ਯਿਸੂ ਨੇ ਆਪਣੀ ਮਹਾਨਤਾ ਪ੍ਰਗਟਾਈ। ਉਸ ਦੇ ਚੇਲਿਆਂ ਨੇ ਇਸ ਵਿੱਚ ਵਿਸ਼ਵਾਸ ਕੀਤਾ।
12 ਤਾਂ ਫ਼ਿਰ ਯਿਸੂ ਕਫ਼ਰਨਾਹੂਮ ਨਗਰ ਨੂੰ ਗਿਆ ਉਸਦੀ ਮਾਤਾ, ਉਸ ਦੇ ਭਰਾ, ਅਤੇ ਉਸ ਦੇ ਚੇਲੇ ਵੀ ਉਸ ਦੇ ਨਾਲ ਸਨ। ਉਹ ਸਾਰੇ ਕੁਝ ਦਿਨ ਕਫ਼ਰਨਾਹੂਮ ਵਿੱਚ ਠਹਿਰੇ।
ਯਿਸੂ ਮੰਦਰ ਵਿੱਚ(AG)
13 ਯਹੂਦੀਆਂ ਦੇ ਪਸਾਹ ਦਾ ਤਿਉਹਾਰ ਨੇੜੇ ਸੀ। ਇਸ ਲਈ ਯਿਸੂ ਯਰੂਸ਼ਲਮ ਆ ਗਿਆ। ਯਰੂਸ਼ਲਮ ਵਿੱਚ ਯਿਸੂ ਮੰਦਰ ਨੂੰ ਗਿਆ। 14 ਉੱਥੇ ਉਸ ਨੇ ਲੋਕਾਂ ਨੂੰ ਡੰਗਰ, ਭੇਡਾਂ ਅਤੇ ਘੁੱਗੀਆਂ ਵੇਚਦੇ ਪਾਇਆ। ਦੂਜੇ ਲੋਕ ਆਪਣੀਆਂ ਮੇਜ਼ਾਂ ਤੇ ਬੈਠੇ ਹੋਏ ਸਨ। ਉਹ ਲੋਕਾਂ ਦਾ ਪੈਸਾ ਲੈਣ-ਦੇਣ ਦਾ ਵਪਾਰ ਕਰ ਰਹੇ ਸਨ। 15 ਯਿਸੂ ਨੇ ਰੱਸੀਆਂ ਦੇ ਕੁਝ ਟੋਟਿਆਂ ਦਾ ਇੱਕ ਹੰਟਰ ਬਣਾਇਆ ਅਤੇ ਉਸ ਨਾਲ ਇਨ੍ਹਾਂ ਸਾਰੇ ਬੰਦਿਆਂ, ਡੰਗਰਾਂ ਅਤੇ ਭੇਡਾਂ ਨੂੰ ਮੰਦਰ ਚੋਂ ਬਾਹਰ ਕੱਢ ਦਿੱਤਾ। ਯਿਸੂ ਨੇ ਵਪਾਰੀਆਂ ਦੇ ਮੇਜ਼ ਉਲਟਾ ਦਿੱਤੇ ਅਤੇ ਜਿਨ੍ਹਾਂ ਪੈਸਿਆਂ ਦਾ ਉਹ ਲੈਣ-ਦੇਣ ਦਾ ਵਪਾਰ ਕਰ ਰਹੇ ਸਨ, ਉਹ ਖਿੰਡਾ ਦਿੱਤੇ। 16 ਫ਼ਿਰ ਯਿਸੂ ਨੇ ਘੁੱਗੀਆਂ ਵੇਚਣ ਵਾਲੇ ਨੂੰ ਆਖਿਆ, “ਇਹ ਸਭ ਕੁਝ ਐਥੋਂ ਲੈ ਜਾਓ ਮੇਰੇ ਪਿਤਾ ਦੇ ਘਰ ਨੂੰ ਮੰਡੀ ਨਾ ਬਣਾਓ।”
17 ਜਦੋਂ ਇਹ ਸਭ ਕੁਝ ਵਾਪਰਿਆ ਯਿਸੂ ਦੇ ਚੇਲਿਆਂ ਨੇ ਯਾਦ ਕੀਤਾ ਕਿ ਪੋਥੀਆਂ ਵਿੱਚ ਕੀ ਲਿਖਿਆ ਹੋਇਆ ਸੀ:
“ਤੇਰੇ ਘਰ ਦੀ ਗੈਰਤ ਮੇਨੂੰ ਖਾ ਜਾਵੇਗੀ।” (AH)
18 ਯਹੂਦੀਆਂ ਨੇ ਯਿਸੂ ਨੂੰ ਆਖਿਆ, “ਤੁਸੀਂ ਇਹ ਸਾਬਤ ਕਰਨ ਲਈ ਇੱਕ ਕਰਿਸ਼ਮਾ ਵਿਖਾਓ, ਕਿ ਤੁਹਾਡੇ ਕੋਲ ਇਹ ਗੱਲਾਂ ਕਰਨ ਦਾ ਅਧਿਕਾਰ ਹੈ।”
19 ਯਿਸੂ ਨੇ ਉੱਤਰ ਦਿੱਤਾ, “ਇਸ ਮੰਦਰ ਨੂੰ ਢਾਹ ਦਿਓ, ਅਤੇ ਮੈਂ ਇਸਦਾ ਤਿੰਨਾਂ ਦਿਨਾਂ ਵਿੱਚ ਨਿਰਮਾਣ ਕਰ ਦਿਆਂਗਾ।”
20 ਯਹੂਦੀਆਂ ਨੇ ਆਖਿਆ, “ਲੋਕਾਂ ਨੇ ਇਹ ਮੰਦਰ ਬਨਾਉਣ ਲਈ 46 ਸਾਲ ਲਾਏ ਕੀ ਤੁਸੀਂ ਇਸਦਾ ਨਿਰਮਾਣ ਤਿੰਨਾਂ ਦਿਨਾਂ ਵਿੱਚ ਕਰ ਦਿਉਂਗੇ?”
21 ਪਰ ਜਿਸ ਮੰਦਰ ਦਾ ਜ਼ਿਕਰ ਯਿਸੂ ਨੇ ਕੀਤਾ ਸੀ, ਉਹ ਉਸਦਾ ਆਪਣਾ ਸਰੀਰ ਸੀ। 22 ਯਿਸੂ ਦੇ ਪੁਨਰ-ਉਥਾਨ ਤੋਂ ਬਾਦ ਉਸ ਦੇ ਚੇਲਿਆਂ ਨੂੰ ਬਾਦ ਵਿੱਚ ਯਾਦ ਆਇਆ ਕਿ ਯਿਸੂ ਨੇ ਇਹ ਸ਼ਬਦ ਕਹੇ ਸਨ। ਇਸ ਲਈ ਉਨ੍ਹਾਂ ਨੇ ਪੋਥੀ ਉੱਤੇ, ਅਤੇ ਜੋ ਸ਼ਬਦ ਯਿਸੂ ਨੇ ਆਖੇ, ਉਨ੍ਹਾਂ ਤੇ ਵੀ ਵਿਸ਼ਵਾਸ ਕੀਤਾ।
23 ਯਿਸੂ ਪਸਾਹ ਦੇ ਤਿਓਹਾਰ ਲਈ ਯਰੂਸ਼ਲਮ ਵਿੱਚ ਸੀ। ਬਹੁਤ ਸਾਰੇ ਲੋਕਾਂ ਨੇ ਯਿਸੂ ਵਿੱਚ ਵਿਸ਼ਵਾਸ ਕੀਤਾ ਕਿਉਂਕਿ ਜੋ ਕਰਿਸ਼ਮੇ ਯਿਸੂ ਨੇ ਕੀਤੇ ਉਨ੍ਹਾਂ ਨੇ ਉਹ ਵੇਖੇ ਸਨ। 24 ਪਰ ਯਿਸੂ ਨੇ ਉਨ੍ਹਾਂ ਤੇ ਯਕੀਨ ਨਾ ਕੀਤਾ ਕਿਉਂਕਿ ਉਹ ਉਨ੍ਹਾਂ ਬਾਰੇ ਜਾਣਦਾ ਸੀ। 25 ਯਿਸੂ ਨੂੰ ਇਸ ਗੱਲ ਦੀ ਲੋੜ ਨਹੀਂ ਸੀ ਕਿ ਕੋਈ ਹੋਰ ਬੰਦਾ ਉਨ੍ਹਾਂ ਨੂੰ ਉਨ੍ਹਾਂ ਬਾਰੇ ਦੱਸਦਾ ਕਿਉਂਕਿ ਉਹ ਲੋਕਾਂ ਦੇ ਦਿਲਾਂ ਬਾਰੇ ਜਾਣਦਾ ਸੀ।
ਯਿਸੂ ਅਤੇ ਨਿਕੋਦੇਮੁਸ
3 ਉੱਥੇ ਨਿਕੋਦੇਮੁਸ ਨਾਂ ਦਾ ਇੱਕ ਆਦਮੀ ਸੀ। ਉਹ ਫ਼ਰੀਸੀਆਂ ਵਿੱਚੋਂ ਇੱਕ ਸੀ ਅਤੇ ਯਹੂਦੀਆਂ ਦਾ ਮੁੱਖ ਆਗੂ ਸੀ। 2 ਇੱਕ ਰਾਤ ਨਿਕੋਦੇਮੁਸ ਯਿਸੂ ਕੋਲ ਆਇਆ। ਅਤੇ ਆਖਿਆ, “ਗੁਰੂ ਜੀ ਅਸੀਂ ਜਾਣਦੇ ਹਾਂ ਕਿ ਤੁਸੀਂ ਪਰਮੇਸ਼ੁਰ ਦੇ ਭੇਜੇ ਹੋਏ ਇੱਕ ਗੁਰੂ ਹੋ। ਤੁਸੀਂ ਜੋ ਕਰਾਮਾਤਾਂ ਕਰਦੇ ਹੋ ਪਰਮੇਸ਼ੁਰ ਦੀ ਸਹਾਇਤਾ ਤੋਂ ਬਿਨਾ ਕੋਈ ਨਹੀਂ ਕਰ ਸੱਕਦਾ।”
3 ਯਿਸੂ ਨੇ ਉੱਤਰ ਦਿੱਤਾ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ। ਇੱਕ ਆਦਮੀ ਉਦੋਂ ਤੱਕ ਪਰਮੇਸ਼ੁਰ ਦੇ ਰਾਜ ਨੂੰ ਨਹੀਂ ਵੇਖ ਸੱਕਦਾ ਜਿੰਨਾ ਚਿਰ ਉਹ ਨਵੇਂ ਸਿਰਿਉਂ ਨਹੀਂ ਜਨਮਦਾ।”
4 ਨਿਕੋਦੇਮੁਸ ਨੇ ਆਖਿਆ, “ਜੇਕਰ ਕੋਈ ਵਿਅਕਤੀ ਪਹਿਲਾਂ ਹੀ ਬੁੱਢਾ ਹੈ ਤਾਂ ਉਹ ਕਿਵੇਂ ਜੰਮ ਸੱਕਦਾ ਹੈ? ਨਿਸ਼ਚਿਤ ਹੀ ਉਹ ਜਨਮ ਲੈਣ ਲਈ ਆਪਣੀ ਮਾਂ ਦੀ ਕੁੱਖ ਵਿੱਚ ਦੂਸਰੀ ਵਾਰ ਨਹੀਂ ਵੜ ਸੱਕਦਾ!”
5 ਪਰ ਯਿਸੂ ਨੇ ਉੱਤਰ ਦਿੱਤਾ, “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਜੇਕਰ ਕੋਈ ਵਿਅਕਤੀ ਪਾਣੀ ਅਤੇ ਆਤਮਾ ਤੋਂ ਨਹੀਂ ਜਨਮਿਆਂ ਤਾਂ ਉਹ ਪਰਮੇਸ਼ੁਰ ਦੇ ਰਾਜ ਵਿੱਚ ਪ੍ਰਵੇਸ਼ ਨਹੀਂ ਕਰ ਸੱਕਦਾ। 6 ਸਰੀਰ ਤੋਂ ਸਰੀਰ ਜਨਮਦਾ ਹੈ ਅਤੇ ਆਤਮਕ ਜੀਵਨ ਆਤਮਾ ਤੋਂ ਜਨਮਦਾ ਹੈ। 7 ਇਸ ਲਈ ਹੈਰਾਨ ਨਾ ਹੋਵੋ ਕਿ ਮੈਂ ਤੁਹਾਨੂੰ ਆਖਿਆ ਹੈ ‘ਤੁਹਾਨੂੰ ਨਵੇਂ ਸਿਰਿਉਂ ਜੰਮੇ ਹੋਣਾ ਚਾਹੀਦਾ ਹੈ।’ 8 ਹਵਾ ਉਸ ਪਾਸੇ ਹੀ ਚਲਦੀ ਹੈ ਜਿੱਧਰ ਇਹ ਪਸੰਦ ਕਰਦੀ ਹੈ। ਤੁਸੀਂ ਹਵਾ ਦੇ ਚੱਲਣ ਦੀ ਅਵਾਜ਼ ਸੁਣ ਸੱਕਦੇ ਹੋ। ਪਰ ਤੁਹਾਨੂੰ ਇਹ ਨਹੀਂ ਪਤਾ ਕਿ ਹਵਾ ਕਿਧਰੋਂ ਆਉਂਦੀ ਹੈ ਤੇ ਕਿੱਧਰ ਜਾਂਦੀ ਹੈ। ਆਤਮਾ ਤੋਂ ਜਨਮੇ ਵਿਅਕਤੀ ਨਾਲ ਵੀ ਇਵੇਂ ਹੀ ਹੈ।”
9 ਨਿਕੋਦੇਮੁਸ ਨੇ ਪੁੱਛਿਆ, “ਇਹ ਕਿਵੇਂ ਸੰਭਵ ਹੋ ਸੱਕਦਾ?”
10 ਯਿਸੂ ਨੇ ਆਖਿਆ, “ਤੂੰ ਇਸਰਾਏਲ ਦਾ ਇੱਕ ਮਹੱਤਵਪੂਰਣ ਗੁਰੂ ਹੈ। ਅਤੇ ਅਜੇ ਵੀ ਤੂੰ ਇਹ ਗੱਲਾਂ ਨਹੀਂ ਸਮਝਦਾ? 11 ਮੈਂ ਤੁਹਾਨੂੰ ਸੱਚ ਦੱਸਦਾ ਹਾਂ। ਅਸੀਂ ਜੋ ਜਾਣਦੇ ਹਾਂ ਉਸ ਬਾਰੇ ਗੱਲ ਕਰਦੇ ਹਾਂ। ਅਸੀ ਉਸ ਬਾਰੇ ਦੱਸਦੇ ਹਾਂ ਜੋ ਅਸੀਂ ਵੇਖਿਆ ਹੈ। ਪਰ ਤੁਸੀਂ ਲੋਕ ਉਹ ਕਬੂਲ ਨਹੀਂ ਕਰਦੇ ਜੋ ਅਸੀਂ ਤੁਹਾਨੂੰ ਦੱਸਦੇ ਹਾਂ। 12 ਮੈਂ ਤੁਹਾਨੂੰ ਇਸ ਦੁਨੀਆਂ ਦੀਆਂ ਗੱਲਾਂ ਬਾਰੇ ਦੱਸਿਆ ਹੈ। ਪਰ ਤੁਸੀਂ ਵਿਸ਼ਵਾਸ ਨਹੀਂ ਕੀਤਾ। ਇਸ ਲਈ ਜੇ ਮੈਂ ਤੁਹਾਨੂੰ ਸਵਰਗੀ ਗੱਲਾਂ ਬਾਰੇ ਦੱਸਾਂਗਾ ਤਾਂ ਫ਼ਿਰ ਤੁਸੀਂ ਕਿਵੇਂ ਵਿਸ਼ਵਾਸ ਕਰੋਂਗੇ? 13 ਮਨੁੱਖ ਦੇ ਪੁੱਤਰ ਤੋਂ ਬਿਨਾ, ਜੋ ਕਿ ਸਵਰਗ ਤੋਂ ਹੇਠਾਂ ਉਤਰਿਆ ਸੀ, ਕੋਈ ਵੀ ਉੱਪਰ ਸਵਰਗ ਨੂੰ ਨਹੀਂ ਗਿਆ।
14 “ਜਿਸ ਤਰ੍ਹਾ ਮੂਸਾ ਨੇ ਉਜਾੜ ਵਿੱਚ ਸੱਪ ਨੂੰ ਉੱਚਾ ਕੀਤਾ ਸੀ ਇਸੇ ਤਰ੍ਹਾਂ ਮਨੁੱਖ ਦੇ ਪੁੱਤਰ ਨੂੰ ਵੀ ਉੱਚਾ ਕੀਤਾ ਜਾਣਾ ਜ਼ਰੂਰੀ ਹੈ। 15 ਇਉਂ ਹਰੇਕ ਵਿਅਕਤੀ, ਜੋ ਮਨੁੱਖ ਦੇ ਪੁੱਤਰ ਵਿੱਚ ਵਿਸ਼ਵਾਸ ਰੱਖਦਾ ਹੈ ਸਦੀਪਕ ਜੀਵਨ ਪਾ ਸੱਕਦਾ ਹੈ।”
16 ਪਰਮੇਸ਼ੁਰ ਨੇ ਜੱਗਤ ਨੂੰ ਇੰਨਾ ਪਿਆਰ ਕੀਤਾ ਅਤੇ ਉਸ ਨੇ ਉਨ੍ਹਾਂ ਨੂੰ ਆਪਣਾ ਇੱਕਲੌਤਾ ਪੁੱਤਰ ਵੀ ਦੇ ਦਿੱਤਾ। ਤਾਂ ਜੋ ਕੋਈ ਵੀ ਜੋ ਉਸ ਵਿੱਚ ਵਿਸ਼ਵਾਸ ਰੱਖਦਾ ਹੈ ਨਾਸ਼ ਨਾ ਹੋਵੇ ਸਗੋਂ ਸਦੀਪਕ ਜੀਵਨ ਪ੍ਰਾਪਤ ਕਰ ਲਵੇਗਾ। 17 ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਦੁਨੀਆਂ ਵਿੱਚ ਭੇਜ ਦਿੱਤਾ। ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਇਸ ਦੁਨੀਆਂ ਅੰਦਰ ਲੋਕਾਂ ਨੂੰ ਦੋਸ਼ੀ ਠਹਿਰਾਣ ਲਈ ਨਹੀਂ ਭੇਜਿਆ ਸਗੋਂ ਉਸ ਨੇ ਆਪਣੇ ਪੁੱਤਰ ਨੂੰ ਦੁਨੀਆਂ ਨੂੰ ਉਸ ਰਾਹੀਂ ਬਚਾਉਣ ਲਈ ਭੇਜਿਆ। 18 ਜਿਹੜਾ ਵਿਅਕਤੀ ਪਰਮੇਸ਼ੁਰ ਦੇ ਪੁੱਤਰ ਵਿੱਚ ਵਿਸ਼ਵਾਸ ਕਰਦਾ ਹੈ, ਦੋਸ਼ੀ ਨਹੀਂ ਮੰਨਿਆ ਜਾਵੇਗਾ। ਪਰ ਜੋ ਵਿਅਕਤੀ ਵਿਸ਼ਵਾਸ ਨਹੀਂ ਕਰਦਾ ਉਹ ਪਹਿਲਾਂ ਤੋਂ ਹੀ ਦੋਸ਼ੀ ਮੰਨਿਆ ਗਿਆ ਹੈ। ਕਿਉਂਕਿ ਉਸ ਨੂੰ ਪਰਮੇਸ਼ੁਰ ਦੇ ਇੱਕਲੇ ਪੁੱਤਰ ਉੱਤੇ ਵਿਸ਼ਵਾਸ ਨਹੀਂ। 19 ਲੋਕਾਂ ਦਾ ਇਸ ਤੱਥ ਉੱਤੇ ਨਿਰਨਾ ਕੀਤਾ ਜਾਵੇਗਾ, ਚਾਨਣ ਸੰਸਾਰ ਵਿੱਚ ਆ ਚੁੱਕਿਆ ਹੈ, ਪਰ ਲੋਕਾਂ ਨੇ ਚਾਨਣ ਨੂੰ ਪਸੰਦ ਨਹੀਂ ਕੀਤਾ। ਉਹ ਸਿਰਫ਼ ਹਨੇਰਾ ਹੀ ਚਾਹੁੰਦੇ ਸਨ। ਕਿਉਂਕਿ ਜਿਹੜੀਆਂ ਗੱਲਾਂ ਉਨ੍ਹਾਂ ਨੇ ਕੀਤੀਆਂ ਉਹ ਭਰਿਸ਼ਟ ਸਨ। 20 ਜਿਹੜਾ ਬੰਦਾ ਪਾਪ ਕਰਦਾ ਹੈ ਉਹ ਚਾਨਣ ਨੂੰ ਨਫ਼ਰਤ ਕਰਦਾ ਹੈ। ਉਹ ਚਾਨਣ ਵੱਲ ਨਹੀਂ ਆਉਂਦਾ, ਕਿਉਂ ਕਿ ਚਾਨਣ ਉਸ ਦੀਆਂ ਬਦ ਕਰਨੀਆਂ ਨੂੰ ਵਿਖਾ ਦੇਵੇਗਾ। 21 ਪਰ ਜੋ ਵਿਅਕਤੀ ਸੱਚ ਤੇ ਚੱਲਦਾ ਹੈ ਉਹ ਚਾਨਣ ਕੋਲ ਆਉਂਦਾ ਹੈ। ਚਾਨਣ ਇਹ ਸਪੱਸ਼ਟ ਤੌਰ ਤੇ ਵਿਖਾਉਂਦਾ ਹੈ ਕਿ ਜਿਹੜੇ ਕੰਮ ਵਿਅਕਤੀ ਨੇ ਕੀਤੇ ਹਨ ਉਹ ਪਰਮੇਸ਼ੁਰ ਰਾਹੀਂ ਕੀਤੇ ਗਏ ਸਨ।
ਯਿਸੂ ਅਤੇ ਯੂਹੰਨਾ ਬਪਤਿਸਮਾ ਦੇਣ ਵਾਲਾ
22 ਇਸ ਪਿੱਛੋਂ ਯਿਸੂ ਅਤੇ ਉਸ ਦੇ ਚੇਲੇ ਯਹੂਦਿਯਾ ਦੇ ਇਲਾਕੇ ਵਿੱਚ ਗਏ। ਉੱਥੇ ਯਿਸੂ ਆਪਣੇ ਚੇਲਿਆਂ ਨਾਲ ਰਿਹਾ ਅਤੇ ਲੋਕਾਂ ਨੂੰ ਬਪਤਿਸਮਾ ਦਿੱਤਾ। 23 ਯੂਹੰਨਾ ਵੀ ਏਨੋਨ ਵਿੱਚ ਲੋਕਾਂ ਨੂੰ ਬਪਤਿਸਮਾ ਦੇ ਰਿਹਾ ਸੀ। ਏਨੋਨ ਸਾਲਿਮ ਦੇ ਨੇੜੇ ਹੈ। ਯੂਹੰਨਾ ਉੱਥੇ ਇਸ ਲਈ ਬਪਤਿਸਮਾ ਦੇ ਰਿਹਾ ਸੀ ਕਿਉਂਕਿ ਉੱਥੇ ਅਥਾਹ ਪਾਣੀ ਸੀ। ਲੋਕ ਉੱਥੇ ਬਪਤਿਸਮਾ ਲੈਣ ਲਈ ਜਾ ਰਹੇ ਸਨ। 24 ਇਹ ਗੱਲ ਯੂਹੰਨਾ ਨੂੰ ਕੈਦ ਭੇਜਣ ਤੋਂ ਪਹਿਲਾਂ ਵਾਪਰੀ।
25 ਯੂਹੰਨਾ ਦੇ ਚੇਲਿਆਂ ਨੇ ਇੱਕ ਹੋਰ ਯਹੂਦੀ ਨਾਲ ਧਾਰਮਿਕ ਸ਼ੁੱਧਤਾ ਬਾਰੇ ਬਹਿਸ ਕੀਤੀ। 26 ਇਸ ਲਈ ਚੇਲੇ ਯੂਹੰਨਾ ਕੋਲ ਆਏ ਅਤੇ ਆਖਿਆ, “ਗੁਰੂ ਜੀ, ਕੀ ਤੁਹਾਨੂੰ ਉਹ ਆਦਮੀ ਯਾਦ ਹੈ ਜਿਹੜਾ ਯਰਦਨ ਦਰਿਆ ਦੇ ਪਾਰ ਤੁਹਾਡੇ ਨਾਲ ਸੀ? ਤੁਸੀਂ ਲੋਕਾਂ ਨਾਲ ਉਸ ਬਾਰੇ ਹੀ ਗੱਲਾਂ ਕਰ ਰਹੇ ਸੀ। ਉਹੀ ਆਦਮੀ ਲੋਕਾਂ ਨੂੰ ਬਪਤਿਸਮਾ ਦੇ ਰਿਹਾ ਸੀ ਅਤੇ ਬਹੁਤ ਸਾਰੇ ਲੋਕ ਉਸ ਕੋਲ ਜਾ ਰਹੇ ਸਨ।”
27 ਯੂਹੰਨਾ ਨੇ ਉੱਤਰ ਦਿੱਤਾ, “ਬੰਦਾ ਉਹੀ ਪ੍ਰਾਪਤ ਕਰ ਸੱਕਦਾ ਹੈ ਜੋ ਉਸ ਨੂੰ ਪਰਮੇਸ਼ੁਰ ਦਿੰਦਾ। 28 ਤੁਸੀਂ ਮੈਨੂੰ ਇਹ ਕਹਿੰਦਿਆਂ ਸੁਣਿਆ ਕਿ ‘ਮੈਂ ਮਸੀਹ ਨਹੀਂ ਹਾਂ ਪਰ ਮੈਂ ਪਰਮੇਸ਼ੁਰ ਦੁਆਰਾ ਉਸ ਵਾਸਤੇ ਰਾਹ ਬਨਾਉਣ ਲਈ ਭੇਜਿਆ ਗਿਆ ਸੀ।’ 29 ਲਾੜੀ ਕੇਵਲ ਲਾੜੇ ਵਾਸਤੇ ਹੀ ਹੈ। ਲਾੜੇ ਦਾ ਜੋ ਮਿੱਤਰ ਲਾੜੇ ਦਾ ਇੰਤਜ਼ਾਰ ਕਰਦਾ ਹੈ ਅਤੇ ਲਾੜੇ ਦੀਆਂ ਗੱਲਾਂ ਸੁਣਦਾ ਹੈ ਉਹ ਉਦੋਂ ਬਹੁਤ ਖੁਸ਼ ਹੁੰਦਾ ਹੈ ਜਦੋਂ ਉਹ ਲਾੜੇ ਦੀ ਅਵਾਜ਼ ਸੁਣਦਾ ਹੈ। ਇਹ ਖੁਸ਼ੀ ਮੈਨੂੰ ਮਿਲੀ ਹੈ। ਮੈਂ ਹੁਣ ਬਹੁਤ ਹੀ ਪ੍ਰਸੰਨ ਹਾਂ। 30 ਉਸ ਨੂੰ ਵੱਧਣਾ ਚਾਹੀਦਾ ਹੈ ਅਤੇ ਮੈਨੂੰ ਘਟਣਾ ਚਾਹੀਦਾ ਹੈ।
ਉਹ ਸਵਰਗ ਤੋਂ ਆਉਂਦਾ ਹੈ
31 “ਉਹ ਇੱਕ ਜੋ ਉੱਪਰੋਂ ਆ ਰਿਹਾ ਹੈ ਬਾਕੀ ਸਾਰਿਆਂ ਤੋਂ ਮਹਾਨ ਹੈ। ਉਹ ਜੋ ਇਸ ਧਰਤੀ ਦਾ ਹੈ ਉਹ ਧਰਤੀ ਦਾ ਹੀ ਹੈ। ਉਹ ਵਿਅਕਤੀ ਸਿਰਫ਼ ਉਹੀ ਗੱਲਾਂ ਕਰਦਾ ਹੈ ਜੋ ਧਰਤੀ ਨਾਲ ਸੰਬੰਧਿਤ ਹਨ। ਉਹ ਜਿਹੜਾ ਸਵਰਗ ਤੋਂ ਆਵੇਗਾ ਬਾਕੀ ਸਾਰਿਆਂ ਤੋਂ ਮਹਾਨ ਹੈ। 32 ਉਹ ਉਨ੍ਹਾਂ ਗੱਲਾਂ ਬਾਰੇ ਦੱਸਦਾ ਹੈ ਜੋ ਉਸ ਨੇ ਦੇਖੀਆਂ ਤੇ ਸੁਣੀਆਂ ਹਨ, ਪਰ ਲੋਕ ਉਸ ਦੇ ਸ਼ਬਦਾਂ ਤੇ ਵਿਸ਼ਵਾਸ ਨਹੀਂ ਕਰਦੇ। 33 ਜੋ ਵਿਅਕਤੀ ਉਸ ਦੇ ਸ਼ਬਦਾਂ ਤੇ ਵਿਸ਼ਵਾਸ ਕਰਦਾ, ਸਬੂਤ ਦਿੰਦਾ ਹੈ ਕਿ ਪਰਮੇਸ਼ੁਰ ਸੱਚ ਕਹਿੰਦਾ ਹੈ। 34 ਕਿਉਂਕਿ ਜਿਹੜਾ ਪਰਮੇਸ਼ੁਰ ਦੁਆਰਾ ਘੱਲਿਆ ਗਿਆ ਹੈ ਉਹ ਪਰਮੇਸ਼ੁਰ ਦੇ ਸ਼ਬਦ ਬੋਲਦਾ ਹੈ ਅਤੇ ਪਰਮੇਸ਼ੁਰ ਉਸ ਨੂੰ ਅਸੀਮਿਤ ਆਤਮਾ ਦਿੰਦਾ ਹੈ। 35 ਪਿਤਾ ਪੁੱਤਰ ਨੂੰ ਪਿਆਰ ਕਰਦਾ ਹੈ। ਪਿਤਾ ਨੇ ਪੁੱਤਰ ਨੂੰ ਸਭ ਕਾਸੇ ਉੱਤੇ ਅਧਿਕਾਰ ਦਿੱਤਾ ਹੋਇਆ ਹੈ। 36 ਉਹ ਵਿਅਕਤੀ ਜਿਹੜਾ ਪੁੱਤਰ ਵਿੱਚ ਵਿਸ਼ਵਾਸ ਕਰਦਾ ਹੈ ਉਸ ਕੋਲ ਸਦੀਪਕ ਜੀਵਨ ਹੈ। ਪਰ ਉਹ ਜੋ ਪੁੱਤਰ ਨੂੰ ਨਹੀਂ ਮੰਨਦਾ ਉਸ ਕੋਲ ਜੀਵਨ ਨਹੀਂ ਹੋਵੇਗਾ। ਪਰਮੇਸ਼ੁਰ ਦਾ ਕ੍ਰੋਧ ਉਸ ਵਿਅਕਤੀ ਉੱਤੇ ਹੋਵੇਗਾ।”
ਸਾਮਰਿਯਾ ਵਿੱਚ ਇੱਕ ਔਰਤ ਨਾਲ ਯਿਸੂ ਦੀਆਂ ਗੱਲਾਂ
4 ਫ਼ਰੀਸੀਆਂ ਨੂੰ ਇਹ ਪਤਾ ਲੱਗਾ ਕਿ ਯੂਹੰਨਾ ਨਾਲੋਂ ਯਿਸੂ ਦੇ ਵੱਧ ਚੇਲੇ ਬਣ ਰਹੇ ਹਨ ਤੇ ਉਹ ਬਪਤਿਸਮਾ ਵੀ ਲੈ ਰਹੇ ਹਨ। 2 (ਭਾਵੇਂ ਯਿਸੂ ਖੁਦ ਬਪਤਿਸਮਾ ਨਹੀਂ ਦੇ ਰਿਹਾ ਸੀ ਸਗੋਂ ਉਸ ਦੇ ਚੇਲੇ ਲੋਕਾਂ ਨੂੰ ਬਪਤਿਸਮਾ ਦੇ ਰਹੇ ਸਨ। ਯਿਸੂ ਇਹ ਜਾਣਦਾ ਸੀ ਕਿ ਫ਼ਰੀਸੀਆਂ ਨੇ ਉਸ ਬਾਰੇ ਸੁਣ ਲਿਆ ਸੀ।) 3 ਇਸ ਲਈ ਯਿਸੂ ਨੇ ਯਹੂਦਿਯਾ ਛੱਡ ਦਿੱਤਾ ਅਤੇ ਮੁੜ ਗਲੀਲ ਨੂੰ ਚੱਲਿਆ ਗਿਆ। 4 ਗਲੀਲ ਨੂੰ ਜਾਣ ਲੱਗਿਆਂ ਯਿਸੂ ਨੂੰ ਸਾਮਰਿਯਾ ਦੇ ਇਲਾਕੇ ਵਿੱਚੋਂ ਲੰਘਣਾ ਪੈਂਦਾ ਸੀ।
5 ਸਾਮਰਿਯਾ ਵਿੱਚ ਯਿਸੂ ਸੁਖਾਰ ਨਗਰ ਵਿੱਚ ਆਇਆ। ਇਹ ਨਗਰ ਉਸ ਜ਼ਮੀਨ ਦੇ ਨੇੜੇ ਸੀ ਜੋ ਯਾਕੂਬ ਨੇ ਆਪਣੇ ਪੁੱਤਰ ਯੂਸੁਫ਼ ਨੂੰ ਦਿੱਤੀ ਸੀ। 6 ਯਾਕੂਬ ਦਾ ਖੂਹ ਉੱਥੇ ਸੀ। ਯਿਸੂ ਆਪਣੀ ਲੰਮੀ ਯਾਤਰਾ ਤੋਂ ਥੱਕ ਚੁੱਕਾ ਸੀ। ਇਸ ਲਈ ਉਹ ਖੂਹ ਕੋਲ ਬੈਠ ਗਿਆ। ਲਗਭਗ ਦੁਪਿਹਰ ਦਾ ਸਮਾਂ ਸੀ। 7 ਇੱਕ ਸਾਮਰੀ ਔਰਤ ਖੂਹ ਤੇ ਪਾਣੀ ਭਰਨ ਲਈ ਆਈ। ਯਿਸੂ ਨੇ ਉਸ ਔਰਤ ਨੂੰ ਆਖਿਆ, “ਮੈਨੂੰ ਥੋੜਾ ਪਾਣੀ ਪੀਣ ਲਈ ਦੇ।” 8 ਇਹ ਗੱਲ ਉਦੋਂ ਵਾਪਰੀ ਜਦੋਂ ਯਿਸੂ ਦੇ ਚੇਲੇ ਨਗਰ ਅੰਦਰ ਕੁਝ ਭੋਜਨ ਖਰੀਦਣ ਗਏ ਹੋਏ ਸਨ।
9 ਉਸ ਸਾਮਰੀ ਔਰਤ ਨੇ ਆਖਿਆ, “ਮੈਂ ਵਿਸਮਤ ਹਾਂ ਕਿ ਤੁਸੀਂ ਮੈਥੋਂ ਪੀਣ ਲਈ ਪਾਣੀ ਮੰਗ ਰਹੇ ਹੋ। ਤੁਸੀਂ ਇੱਕ ਯਹੂਦੀ ਹੋ ਅਤੇ ਮੈਂ ਇੱਕ ਸਾਮਰੀ।” ਯਹੂਦੀਆਂ ਦੀ ਸਾਮਰਿਯਾ ਨਾਲ ਕੋਈ ਮਿੱਤਰਤਾ ਨਹੀਂ ਹੈ।
10 ਯਿਸੂ ਨੇ ਆਖਿਆ, “ਤੂੰ ਨਹੀਂ ਜਾਣਦੀ ਪਰਮੇਸ਼ੁਰ ਕੀ ਦਿੰਦਾ ਹੈ। ਤੇ ਇਹ ਵੀ ਨਹੀਂ ਜਾਣਦੀ ਕਿ ਮੈਂ ਜਿਸਨੇ ਪਾਣੀ ਮੰਗਿਆ ਹੈ, ਕੌਣ ਹਾਂ। ਜੇ ਤੂੰ ਜਾਣਦੀ ਹੁੰਦੀ ਤੂੰ ਮੈਨੂੰ ਪੁੱਛਿਆ ਹੁੰਦਾ ਅਤੇ ਮੈਂ ਤੈਨੂੰ ਅਮ੍ਰਿਤ ਜਲ ਦਿੱਤਾ ਹੁੰਦਾ।”
11 ਉਸ ਔਰਤ ਨੇ ਆਖਿਆ, “ਸ਼੍ਰੀ ਮਾਨ ਜੀ, ਤੁਸੀਂ ਇਹ ਅਮ੍ਰਿਤ ਜਲ ਕਿਵੇਂ ਪ੍ਰਾਪਤ ਕਰੋਂਗੇ? ਖੂਹ ਬਹੁਤ ਡੂੰਘਾ ਹੈ ਅਤੇ ਤੁਹਾਡੇ ਕੋਲ ਪਾਣੀ ਲਈ ਕੋਈ ਭਾਂਡਾ ਵੀ ਨਹੀਂ ਹੈ। 12 ਕੀ ਤੁਸੀਂ ਸਾਡੇ ਪੂਰਵਜ ਯਾਕੂਬ ਨਾਲੋਂ ਵੀ ਵੱਧ ਮਹਾਨ ਹੋ। ਯਾਕੂਬ ਨੇ ਸਾਨੂੰ ਇਹ ਖੂਹ ਦਿੱਤਾ ਹੈ। ਉਸ ਨੇ ਇਸਦਾ ਪਾਣੀ ਪੀਤਾ ਸੀ ਅਤੇ ਉਸ ਦੇ ਪੁੱਤਰਾਂ ਤੇ ਜਾਨਵਰਾਂ ਨੇ ਵੀ ਇਸੇ ਖੂਹ ਤੋਂ ਪਾਣੀ ਪੀਤਾ।”
13 ਯਿਸੂ ਨੇ ਜਵਾਬ ਦਿੱਤਾ, “ਕੋਈ ਵੀ ਵਿਅਕਤੀ ਜੋ ਇਸ ਖੂਹ ਤੋਂ ਪਾਣੀ ਪੀਂਦਾ ਫ਼ੇਰ ਪਿਆਸਾ ਹੋ ਜਾਵੇਗਾ। 14 ਪਰ ਜੋ ਕੋਈ ਵੀ ਉਹ ਪਾਣੀ ਪੀਵੇਗਾ ਜੋ ਮੈਂ ਉਸ ਨੂੰ ਦੇਣ ਵਾਲਾ ਹਾਂ, ਉਹ ਫ਼ੇਰ ਕਦੀ ਵੀ ਪਿਆਸਾ ਨਹੀਂ ਹੋਵੇਗਾ। ਇਸਦੀ ਜਗ੍ਹਾ ਉਹ ਪਾਣੀ ਜੋ ਮੈਂ ਉਸ ਨੂੰ ਦਿੰਦਾ ਹਾਂ ਉਸ ਦੇ ਅੰਦਰ ਪਾਣੀ ਦਾ ਚਸ਼ਮਾ ਬਣ ਜਾਵੇਗਾ ਅਤੇ ਉਸ ਨੂੰ ਸਦੀਪਕ ਜੀਵਨ ਦੇਵੇਗਾ।”
15 ਉਸ ਔਰਤ ਨੇ ਯਿਸੂ ਨੂੰ ਆਖਿਆ, “ਸ਼੍ਰੀ ਮਾਨ ਜੀ, ਮੈਨੂੰ ਉਹ ਪਾਣੀ ਦਿਓ। ਫ਼ਿਰ ਮੈਂ ਵੀ ਪਿਆਸੀ ਨਹੀਂ ਰਹਾਂਗੀ ਅਤੇ ਮੈਨੂੰ ਇਸ ਖੂਹ ਤੇ ਪਾਣੀ ਭਰਨ ਲਈ ਫ਼ੇਰ ਆਉਣ ਦੀ ਕੋਈ ਜ਼ਰੂਰਤ ਨਹੀਂ ਹੋਵੇਗੀ।”
16 ਯਿਸੂ ਨੇ ਉਸ ਨੂੰ ਆਖਿਆ, “ਜਾਹ ਆਪਣੇ ਪਤੀ ਨੂੰ ਇੱਥੇ ਸੱਦ ਲਿਆ।”
17 ਉਸ ਔਰਤ ਨੇ ਉੱਤਰ ਦਿੱਤਾ, “ਮੇਰਾ ਪਤੀ ਨਹੀਂ ਹੈ।” ਯਿਸੂ ਨੇ ਉਸ ਨੂੰ ਆਖਿਆ, “ਤੂੰ ਸੱਚ ਆਖਿਆ ਜਦੋਂ ਤੂੰ ਕਿਹਾ ਤੇਰਾ ਪਤੀ ਨਹੀਂ ਹੈ। 18 ਅਸਲ ਵਿੱਚ ਤੇਰੇ ਪੰਜ ਪਤੀ ਸਨ ਅਤੇ ਤੂੰ ਜਿਸ ਆਦਮੀ ਨਾਲ ਹੁਣ ਰਹਿੰਦੀ ਏਂ ਉਹ ਤੇਰਾ ਪਤੀ ਨਹੀਂ ਹੈ। ਤੂੰ ਮੈਨੂੰ ਸੱਚ ਆਖਿਆ ਹੈ।”
19 ਉਸ ਔਰਤ ਨੇ ਕਿਹਾ, “ਸ਼੍ਰੀ ਮਾਨ ਜੀ, ਮੈਨੂੰ ਲੱਗਦਾ ਹੈ ਕਿ ਤੁਸੀਂ ਇੱਕ ਨਬੀ ਹੋ। 20 ਸਾਡੇ ਪਿਉ-ਦਾਦੇ ਇਸ ਪਰਬਤ ਤੇ ਉਪਾਸਨਾ ਕਰਦੇ ਸਨ, ਪਰ ਤੁਸੀਂ ਯਹੂਦੀ ਇਹ ਆਖਦੇ ਹੋ ਕਿ ਯਰੂਸ਼ਲਮ ਹੀ ਉਹ ਥਾਂ ਹੈ ਜਿੱਥੇ ਲੋਕਾਂ ਨੂੰ ਉਪਾਸਨਾ ਕਰਨੀ ਚਾਹੀਦੀ ਹੈ।”
21 ਯਿਸੂ ਨੇ ਆਖਿਆ, “ਔਰਤ, ਮੇਰੇ ਤੇ ਵਿਸ਼ਵਾਸ ਕਰ! ਵਕਤ ਆ ਰਿਹਾ ਹੈ ਜਦੋਂ ਯਰੂਸ਼ਲਮ ਆਉਣ ਦੀ ਜਾਂ ਪਿਤਾ ਦੀ ਉਪਾਸਨਾ ਕਰਨ ਲਈ ਇਸ ਪਰਬਤ ਤੇ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ। 22 ਤੁਸੀਂ ਸਾਮਰੀ ਲੋਕ ਉਸਦੀ ਉਪਾਸਨਾ ਕਰਦੇ ਹੋ ਜੋ ਤੁਸੀਂ ਖੁਦ ਨਹੀਂ ਜਾਣਦੇ। ਅਸੀਂ ਯਹੂਦੀ ਜਾਣਦੇ ਹਾਂ ਅਸੀਂ ਕੀ ਉਪਾਸਨਾ ਕਰਦੇ ਹਾਂ ਕਿਉਂ ਕਿ ਮੁਕਤੀ ਯਹੂਦੀਆਂ ਤੋਂ ਆਉਂਦੀ ਹੈ। 23 ਉਹ ਸਮਾਂ ਆ ਰਿਹਾ ਹੈ ਜਦੋਂ ਸੱਚੇ ਉਪਾਸੱਕ ਆਤਮਾ ਅਤੇ ਸੱਚਾਈ ਨਾਲ ਪਿਤਾ ਦੀ ਉਪਾਸਨਾ ਕਰਨਗੇ। ਉਹ ਸਮਾਂ ਆਣ ਪੁੱਜਾ ਹੈ। ਪਰਮੇਸ਼ੁਰ ਅਜਿਹੇ ਉਪਾਸੱਕਾਂ ਨੂੰ ਲੱਭ ਰਿਹਾ ਹੈ। 24 ਪਰਮੇਸ਼ੁਰ ਆਤਮਾ ਹੈ। ਇਸ ਲਈ ਜੋ ਲੋਕ ਪਰਮੇਸ਼ੁਰ ਦੀ ਉਪਾਸਨਾ ਕਰਦੇ ਹਨ ਉਨ੍ਹਾਂ ਨੂੰ ਉਸਦੀ ਆਤਮਾ ਅਤੇ ਸਚਿਆਈ ਨਾਲ ਉਪਾਸਨਾ ਕਰਨੀ ਚਾਹੀਦੀ ਹੈ।”
25 ਉਸ ਔਰਤ ਨੇ ਆਖਿਆ, “ਮੈਂ ਜਾਣਦੀ ਹਾਂ ਕਿ ਮਸੀਹਾ ਅਖਵਾਉਣ ਵਾਲਾ ਮਸੀਹ ਆ ਰਿਹਾ ਹੈ। ਜਦੋਂ ਉਹ ਆਵੇਗਾ, ਉਹ ਸਾਨੂੰ ਸਭ ਕਾਸੇ ਦੀ ਵਿਆਖਿਆ ਕਰੇਗਾ।”
26 ਤਾਂ ਯਿਸੂ ਨੇ ਆਖਿਆ, “ਮੈਂ, ਜੋ ਤੇਰੇ ਨਾਲ ਗੱਲ ਕਰ ਰਿਹਾ ਹਾਂ, ਮਸੀਹਾ ਹੀ ਹਾਂ।”
27 ਐਨ ਉਸ ਸਮੇਂ ਯਿਸੂ ਦੇ ਚੇਲੇ ਨਗਰ ਤੋਂ ਪਰਤ ਆਏ ਉਹ ਹੈਰਾਨ ਹੋ ਗਏ ਕਿ ਯਿਸੂ ਇੱਕ ਔਰਤ ਨਾਲ ਗੱਲ ਕਰ ਰਿਹਾ ਸੀ। ਪਰ ਕਿਸੇ ਨੇ ਵੀ ਇਹ ਨਾ ਪੁੱਛਿਆ, “ਤੂੰ ਕੀ ਚਾਹੁੰਦਾ ਹੈ?” “ਤੂੰ ਉਸ ਔਰਤ ਨਾਲ ਕਿਉਂ ਗੱਲ ਕਰ ਰਿਹਾ ਹੈਂ?”
28 ਉਹ ਔਰਤ ਆਪਣਾ ਘੜਾ ਉੱਥੇ ਛੱਡ ਕੇ ਨਗਰ ਨੂੰ ਪਰਤ ਗਈ ਅਤੇ ਲੋਕਾਂ ਨੂੰ ਆਖਿਆ। 29 “ਇੱਕ ਆਦਮੀ ਨੇ ਮੈਨੂੰ ਉਹ ਕੁਝ ਦੱਸਿਆ, ਜੋ ਕੁਝ ਹੁਣ ਤੱਕ ਮੈਂ ਕੀਤਾ ਹੈ। ਆਓ, ਉਸ ਦੇ ਦਰਸ਼ਨ ਕਰੋ। ਕੀ ਉਹ ਸੰਭਾਵਿਤ ਹੀ ਮਸੀਹਾ ਹੋ ਸੱਕਦਾ?” 30 ਲੋਕਾਂ ਨੇ ਪਿੰਡ ਛੱਡ ਦਿੱਤਾ ਅਤੇ ਯਿਸੂ ਨੂੰ ਵੇਖਣ ਗਏ।
31 ਇੰਨੇ ਸਮੇਂ ਵਿੱਚ ਯਿਸੂ ਦੇ ਚੇਲੇ ਉਨ੍ਹਾਂ ਨੂੰ ਬੇਨਤੀ ਕਰ ਰਹੇ ਸਨ, “ਗੁਰੂ, ਭੋਜਨ ਖਾ ਲਓ।”
32 ਪਰ ਯਿਸੂ ਨੇ ਆਖਿਆ, “ਮੇਰੇ ਕੋਲ ਖਾਣ ਲਈ ਉਹ ਭੋਜਨ ਹੈ ਅਤੇ ਤੁਹਾਨੂੰ ਇਸ ਬਾਰੇ ਕੁਝ ਨਹੀਂ ਪਤਾ।”
33 ਤਾਂ ਚੇਲਿਆਂ ਨੇ ਆਪਸ ਵਿੱਚ ਪੁੱਛਿਆ, “ਸ਼ਾਇਦ ਉਸ ਲਈ ਕਿਸੇ ਨੇ ਭੋਜਨ ਲਿਆਂਦਾ ਹੋਵੇਗਾ?”
34 ਯਿਸੂ ਨੇ ਉਨ੍ਹਾਂ ਨੂੰ ਆਖਿਆ, “ਮੇਰਾ ਭੋਜਨ ਪਰਮੇਸ਼ੁਰ ਦੀ ਇੱਛਾ ਅਨੁਸਾਰ ਕਰਨਾ ਹੈ ਜਿਸਨੇ ਮੈਨੂੰ ਭੇਜਿਆ ਹੈ। ਜੋ ਕਾਰਜ ਉਸ ਨੇ ਮੈਨੂੰ ਕਰਨ ਲਈ ਦਿੱਤਾ, ਉਸ ਨੂੰ ਸੰਪੂਰਨ ਕਰਨਾ ਹੀ ਮੇਰਾ ਭੋਜਨ ਹੈ। 35 ਜਦੋਂ ਤੁਸੀਂ ਕੁਝ ਬੀਜਦੇ ਹੋ, ਤੁਸੀਂ ਹਮੇਸ਼ਾ ਇਹ ਕਹਿੰਦੇ ਹੋ, ‘ਸਾਨੂੰ ਫ਼ਸਲ ਵੱਢਣ ਲਈ ਅਜੇ ਹੋਰ ਚਾਰ ਮਹੀਨੇ ਉਡੀਕਣਾ ਪਵੇਗਾ।’ ਪਰ ਮੈਂ ਤੁਹਾਨੂੰ ਦੱਸਦਾ ਹਾਂ ਆਪਣੀਆਂ ਅੱਖਾਂ ਖੋਲੋ ਅਤੇ ਲੋਕਾਂ ਨੂੰ ਵੇਖੋ, ਉਹ ਪੈਲੀਆਂ ਵਾਂਗ ਹਨ ਜੋ ਵਾਢੀ ਲਈ ਤਿਆਰ ਹਨ। 36 ਜੋ ਵਿਅਕਤੀ ਫ਼ਸਲ ਵੱਢਦਾ ਉਹ ਆਪਣੀ ਮਜਦੂਰੀ ਪਾਉਂਦਾ ਅਤੇ ਸਦੀਪਕ ਜੀਵਨ ਲਈ ਫ਼ਸਲ ਇਕੱਠੀ ਕਰਦਾ ਹੈ। ਇਸ ਲਈ ਉਹ ਵੀ ਪ੍ਰਸੰਨ ਹੈ ਜੋ ਫ਼ਸਲ ਬੀਜਦਾ ਹੈ ਤੇ ਉਹ ਵੀ ਜੋ ਫ਼ਸਲ ਦੀ ਵਾਢੀ ਕਰਦਾ ਹੈ। 37 ਇਹ ਕਹਾਵਤ ਨਿਸ਼ਚਿਤ ਸੱਚੀ ਹੈ, ਇੱਕ ਬੀਜਦਾ ਹੈ, ‘ਪਰ ਦੂਜਾ ਆਦਮੀ ਫਸਲ ਦੀ ਵਾਢੀ ਕਰਦਾ ਹੈ।’ 38 ਮੈਂ ਤੁਹਾਨੂੰ ਇਸ ਫ਼ਸਲ ਦਾ ਫ਼ਲ ਪ੍ਰਾਪਤ ਕਰਨ ਲਈ ਭੇਜਿਆ, ਜਿਸ ਲਈ ਤੁਸੀਂ ਕੰਮ ਨਹੀਂ ਕੀਤਾ, ਹੋਰਾਂ ਲੋਕਾਂ ਨੇ ਇਸ ਲਈ ਕੰਮ ਕੀਤਾ ਅਤੇ ਤੁਸੀਂ ਉਨ੍ਹਾਂ ਦੀ ਮਿਹਨਤ ਦਾ ਹੀ ਲਾਭ ਕਰ ਰਹੇ ਹੋ।”
39 ਉਸ ਸ਼ਹਿਰ ਦੇ ਕਈ ਲੋਕਾਂ ਨੇ ਯਿਸੂ ਵਿੱਚ ਵਿਸ਼ਵਾਸ ਕੀਤਾ। ਕਿਉਂਕਿ ਔਰਤ ਨੇ ਇਹ ਗਵਾਹੀ ਦਿੱਤੀ, “ਉਸਨੇ ਮੈਨੂੰ ਉਹ ਸਭ ਕੁਝ ਦੱਸਿਆ ਜੋ ਮੈਂ ਕੀਤਾ ਹੈ।” 40 ਇਸ ਲਈ ਇਹ ਲੋਕ ਯਿਸੂ ਕੋਲ ਆਏ ਉਨ੍ਹਾਂ ਨੇ ਉਸ ਨੂੰ ਉਨ੍ਹਾਂ ਦੇ ਨਾਲ ਠਹਿਰਣ ਲਈ ਬੇਨਤੀ ਕੀਤੀ। ਇਸ ਲਈ ਯਿਸੂ ਉੱਥੇ ਦੋ ਦਿਨ ਠਹਿਰਿਆ। 41 ਉਸ ਦੇ ਸ਼ਬਦਾਂ ਕਾਰਣ ਹੋਰ ਵੱਧੇਰੇ ਲੋਕਾਂ ਨੇ ਵਿਸ਼ਵਾਸ ਕੀਤਾ।
42 ਉਨ੍ਹਾਂ ਲੋਕਾਂ ਨੇ ਉਸ ਔਰਤ ਨੂੰ ਆਖਿਆ, “ਅਸੀਂ ਯਿਸੂ ਵਿੱਚ ਤੇਰੇ ਸ਼ਬਦਾਂ ਕਾਰਣ ਵਿਸ਼ਵਾਸ ਨਹੀਂ ਕਰਦੇ, ਸਗੋਂ ਇਸ ਲਈ ਕਿਉਂ ਜੋ ਅਸੀਂ ਖੁਦ ਉਸ ਦੇ ਸ਼ਬਦ ਸੁਣੇ ਹਨ। ਹੁਣ ਅਸੀਂ ਜਾਣ ਗਏ ਹਾਂ ਕਿ ਉਹ ਸੱਚ ਮੁੱਚ ਦੁਨੀਆਂ ਦਾ ਮੁਕਤੀਦਾਤਾ ਹੈ।”
ਯਿਸੂ ਨੇ ਇੱਕ ਅਧਿਕਾਰੀ ਦੇ ਪੁੱਤਰ ਨੂੰ ਰਾਜੀ ਕੀਤਾ(AI)
43 ਉਨ੍ਹਾਂ ਦੋ ਦਿਨਾਂ ਬਾਦ, ਯਿਸੂ ਉੱਥੋਂ ਵਿਦਾ ਹੋਕੇ ਗਲੀਲ ਨੂੰ ਚੱਲਿਆ ਗਿਆ। 44 (ਪਹਿਲਾਂ ਯਿਸੂ ਇਹ ਕਹਿ ਚੁੱਕਿਆ ਸੀ ਕਿ ਨਬੀ ਦਾ ਉਸ ਦੇ ਆਪਣੇ ਦੇਸ਼ ਵਿੱਚ ਸਤਿਕਾਰ ਨਹੀਂ ਹੁੰਦਾ।) 45 ਜਦੋਂ ਯਿਸੂ ਗਲੀਲ ਪਹੁੰਚਿਆ ਤਾਂ ਲੋਕਾਂ ਨੇ ਉਸਦਾ ਸਵਾਗਤ ਕੀਤਾ। ਕਿਉਂਕਿ ਇਹ ਲੋਕ ਉਹ ਸਾਰੀਆਂ ਗੱਲਾਂ ਦੇਖ ਚੁੱਕੇ ਸਨ ਜੋ ਯਿਸੂ ਨੇ ਯਰੂਸ਼ਲਮ ਵਿੱਚ ਪਸਾਹ ਦੇ ਤਿਉਹਾਰ ਤੇ ਕੀਤੀਆਂ ਸਨ। ਕਿਉਂਕਿ ਇਹ ਲੋਕ ਵੀ ਉਸ ਤਿਉਹਾਰ ਤੇ ਗਏ ਹੋਏ ਸਨ।
46 ਇੱਕ ਵਾਰ ਫ਼ੇਰ ਯਿਸੂ ਗਲੀਲ ਵਿੱਚ ਕਾਨਾ ਨੂੰ ਗਿਆ। ਕਾਨਾ ਉਹ ਥਾਂ ਹੈ ਜਿੱਥੇ ਯਿਸੂ ਨੇ ਪਾਣੀ ਨੂੰ ਮੈਅ ਵਿੱਚ ਤਬਦੀਲ ਕੀਤਾ ਸੀ। ਬਾਦਸ਼ਾਹ ਦਾ ਇੱਕ ਮਹੱਤਵਪੂਰਣ ਅਧਿਕਾਰੀ ਕਫ਼ਰਨਾਹੂਮ ਵਿੱਚ ਰਹਿੰਦਾ ਸੀ। ਉਸਦਾ ਪੁੱਤਰ ਬਿਮਾਰ ਸੀ। 47 ਉਸ ਨੇ ਸੁਣਿਆ ਕਿ ਯਿਸੂ ਯਹੂਦਿਯਾ ਤੋਂ ਆਇਆ ਹੈ ਅਤੇ ਹੁਣ ਗਲੀਲ ਵਿੱਚ ਸੀ। ਤਾਂ ਉਹ ਆਦਮੀ ਕਾਨਾ ਵਿੱਚ ਯਿਸੂ ਕੋਲ ਗਿਆ ਅਤੇ ਉਸ ਨੇ ਯਿਸੂ ਨੂੰ ਕਫ਼ਰਨਾਹੂਮ ਵਿੱਚ ਦਰਸ਼ਨ ਦੇਣ ਅਤੇ ਉਸ ਦੇ ਪੁੱਤਰ ਨੂੰ ਤੰਦਰੁਸਤ ਕਰਨ ਦੀ ਬੇਨਤੀ ਕੀਤੀ। ਉਸਦਾ ਪੁੱਤਰ ਮਰਨ ਲਾਗੇ ਸੀ। 48 ਯਿਸੂ ਨੇ ਉਸ ਨੂੰ ਆਖਿਆ, “ਜਦੋਂ ਤੱਕ ਤੁਸੀਂ ਕਰਿਸ਼ਮੇ ਅਤੇ ਅਚੰਭੇ ਨਹੀਂ ਵੇਖੋਂਗੇ ਤੁਸੀਂ ਮੇਰੇ ਵਿੱਚ ਵਿਸ਼ਵਾਸ ਨਹੀਂ ਕਰੋਂਗੇ।”
49 ਬਾਦਸ਼ਾਹ ਦੇ ਅਧਿਕਾਰੀ ਨੇ ਆਖਿਆ, “ਸ਼੍ਰੀਮਾਨ ਜੀ, ਮੇਰੇ ਪੁੱਤਰ ਦੇ ਮਰਨ ਤੋਂ ਪਹਿਲਾਂ ਮੇਰੇ ਘਰ ਚਰਨ ਪਾਓ।”
50 ਯਿਸੂ ਨੇ ਉੱਤਰ ਦਿੱਤਾ, “ਜਾ, ਤੇਰਾ ਪੁੱਤਰ ਜੀਵੇਗਾ।”
ਉਸ ਆਦਮੀ ਨੇ ਯਿਸੂ ਦੇ ਸ਼ਬਦਾਂ ਵਿੱਚ ਵਿਸ਼ਵਾਸ ਕੀਤਾ ਅਤੇ ਘਰ ਚੱਲਾ ਗਿਆ। 51 ਜਦੋਂ ਉਹ ਘਰ ਜਾ ਰਿਹਾ ਸੀ ਤਾਂ ਰਾਹ ਵਿੱਚ ਉਸ ਦੇ ਨੌਕਰ ਉਸ ਨੂੰ ਮਿਲੇ। ਅਤੇ ਉਨ੍ਹਾਂ ਨੇ ਉਸ ਨੂੰ ਆਖਿਆ, “ਤੇਰਾ ਪੁੱਤਰ ਚੰਗਾ ਹੋ ਗਿਆ ਹੈ।”
52 ਉਸ ਆਦਮੀ ਨੇ ਪੁੱਛਿਆ, “ਮੇਰਾ ਪੁੱਤਰ ਕਿਸ ਵਕਤ ਠੀਕ ਹੋਣਾ ਸ਼ੁਰੂ ਹੋਇਆ ਸੀ?”
ਨੌਕਰ ਨੇ ਜਵਾਬ ਦਿੱਤਾ, “ਇਹ ਕੱਲ ਇੱਕ ਵਜੇ ਦੇ ਆਸ-ਪਾਸ ਦਾ ਸਮਾਂ ਸੀ, ਜਦੋਂ ਉਸਦਾ ਬੁਖਾਰ ਲੱਥ ਗਿਆ।”
53 ਉਸ ਆਦਮੀ ਨੂੰ ਪਤਾ ਸੀ ਕਿ ਐਨ ਇੱਕ ਵਜੇ ਦਾ ਹੀ ਸਮਾਂ ਸੀ ਜਦੋਂ ਯਿਸੂ ਨੇ ਆਖਿਆ ਸੀ, “ਤੇਰਾ ਪੁੱਤਰ ਜੀਵੇਗਾ।” ਇਉਂ ਉਹ ਅਤੇ ਉਸ ਦੇ ਘਰ ਵਿੱਚ ਰਹਿੰਦੇ ਸਭ ਲੋਕਾਂ ਨੇ ਯਿਸੂ ਵਿੱਚ ਵਿਸ਼ਵਾਸ ਕੀਤਾ।
54 ਇਹ ਦੂਜਾ ਕਰਿਸ਼ਮਾ ਸੀ ਜੋ ਯਿਸੂ ਨੇ ਯਹੂਦਿਯਾ ਤੋਂ ਗਲੀਲ ਆਉਣ ਤੋਂ ਬਾਦ ਕੀਤਾ ਸੀ।
ਯਿਸੂ ਨੇ ਇੱਕ ਆਦਮੀ ਨੂੰ ਤਲਾ ਉੱਤੇ ਰਾਜੀ ਕੀਤਾ
5 ਇਸਤੋਂ ਬਾਦ ਯਿਸੂ ਇੱਕ ਵਿਸ਼ੇਸ਼ ਯਹੂਦੀ ਤਿਉਹਾਰ ਲਈ ਯਰੂਸ਼ਲਮ ਗਿਆ। 2 ਯਰੂਸ਼ਲਮ ਵਿੱਚ ਇੱਕ ਤਲਾ ਹੈ ਜਿਸਦੇ ਪੰਜ ਬਰਾਂਡੇ ਢੱਕੇ ਹੋਏ ਹਨ। ਇਸ ਤਲਾ ਨੂੰ ਇਬਰਾਨੀ ਭਾਸ਼ਾ ਵਿੱਚ ਬੇਥਜਿੱਥੇਾ ਆਖਦੇ ਹਨ। ਇਹ ਤਲਾ ਭੇਡਾਂ ਵਾਲੇ ਦਰਵਾਜ਼ੇ ਦੇ ਨੇੜੇ ਹੈ। 3 ਬਹੁਤ ਸਾਰੇ ਬਿਮਾਰ ਲੋਕ ਤਲਾ ਦੇ ਨੇੜੇ ਬਰਾਂਡਿਆਂ ਵਿੱਚ ਲੇਟੇ ਹੋਏ ਸਨ। ਕੁਝ ਲੋਕ ਅੰਨ੍ਹੇ ਸਨ ਕੁਝ ਲੰਗੜ੍ਹੇ ਤੇ ਕੁਝ ਅਧਰੰਗੀ ਸਨ। 4-5 ਉਨ੍ਹਾਂ ਵਿੱਚ ਇੱਕ ਅਜਿਹਾ ਆਦਮੀ ਵੀ ਸੀ ਜੋ 38 ਵਰ੍ਹਿਆਂ ਤੋਂ ਬਿਮਾਰ ਸੀ। 6 ਯਿਸੂ ਨੇ ਉਸ ਆਦਮੀ ਨੂੰ ਉੱਥੇ ਲੇਟਿਆ ਦੇਖਿਆ। ਯਿਸੂ ਨੂੰ ਇਹ ਪਤਾ ਸੀ ਕਿ ਉਹ ਬਹੁਤ ਲੰਮੇ ਸਮੇਂ ਤੋਂ ਬਿਮਾਰ ਸੀ। ਇਸ ਲਈ ਯਿਸੂ ਨੇ ਉਸ ਨੂੰ ਪੁੱਛਿਆ, “ਕੀ ਤੂੰ ਚੰਗਾ ਹੋਣਾ ਚਾਹੁੰਦਾ ਹੈਂ?”
7 ਉਸ ਬਿਮਾਰ ਆਦਮੀ ਨੇ ਆਖਿਆ, “ਸ਼੍ਰੀਮਾਨ ਜੀ, ਅਜਿਹਾ ਕੋਈ ਨਹੀਂ ਜੋ ਉਦੋਂ ਤਲਾ ਅੰਦਰ ਜਾਣ ਵਿੱਚ ਮੇਰੀ ਸਹਾਇਤਾ ਕਰੇ ਜਦੋਂ ਪਾਣੀ ਵਿੱਚ ਹਲਚਲ ਹੁੰਦੀ ਹੈ। ਮੈਂ ਤਲਾ ਅੰਦਰ ਪਹੁੰਚਣ ਵਾਲਾ ਪਹਿਲਾ ਵਿਅਕਤੀ ਹੋਣ ਦੀ ਕੋਸ਼ਿਸ਼ ਕਰਦਾ ਹਾਂ ਪਰ ਜਦੋਂ ਤੱਕ ਕਿ ਮੈਂ ਪਹੁੰਚਾ ਮੇਰੇ ਤੋਂ ਪਹਿਲਾਂ ਹੀ ਕੋਈ ਹੋਰ ਤਲਾ ਅੰਦਰ ਵੜ ਜਾਂਦਾ ਹੈ।”
8 ਫਿਰ ਯਿਸੂ ਨੇ ਉਸ ਨੂੰ ਆਖਿਆ, “ਉੱਠ, ਆਪਣਾ ਬਿਸਤਰਾ ਚੁੱਕ ਅਤੇ ਤੁਰ।” 9 ਉਹ ਤੁਰੰਤ ਹੀ ਰਾਜੀ ਕੀਤਾ ਗਿਆ। ਉਸ ਨੇ ਆਪਣਾ ਬਿਸਤਰਾ ਚੁੱਕਿਆ ਅਤੇ ਚੱਲਣਾ ਸ਼ੁਰੂ ਕਰ ਦਿੱਤਾ।
ਜਦੋਂ ਇਹ ਸਭ ਕੁਝ ਵਾਪਰਿਆ, ਇਹ ਸਬਤ ਦਾ ਦਿਨ ਸੀ। 10 ਇਸ ਲਈ ਯਹੂਦੀਆਂ ਨੇ ਉਸ ਰਾਜੀ ਹੋ ਜਾਣ ਵਾਲੇ ਬੰਦੇ ਨੂੰ ਆਖਿਆ, “ਅੱਜ ਸਬਤ ਦਾ ਦਿਨ ਹੈ ਤੇ ਤੇਰਾ ਬਿਸਤਰਾ ਚੁੱਕਣਾ ਨੇਮ ਦੇ ਖਿਲਾਫ਼ ਹੈ।”
11 ਪਰ ਉਸ ਨੇ ਆਖਿਆ, “ਉਹ ਵਿਅਕਤੀ ਜਿਸਨੇ ਮੈਨੂੰ ਚੰਗਾ ਕੀਤਾ ਹੈ, ਉਸ ਨੇ ਮੈਨੂੰ ਆਖਿਆ, ‘ਆਪਣਾ ਬਿਸਤਰਾ ਚੁੱਕ ਤੇ ਤੁਰ।’”
12 ਯਹੂਦੀਆਂ ਨੇ ਉਸ ਨੂੰ ਪੁੱਛਿਆ, “ਉਹ ਆਦਮੀ ਕੌਣ ਹੈ ਜਿਸਨੇ ਤੈਨੂੰ ਆਖਿਆ ਕਿ ਤੂੰ ਆਪਣਾ ਬਿਸਤਰਾ ਚੁੱਕ ਤੇ ਤੁਰ?”
13 ਪਰ ਜੋ ਆਦਮੀ ਰਾਜੀ ਕੀਤਾ ਗਿਆ ਸੀ ਉਸ ਨੂੰ ਇਹ ਨਹੀਂ ਸੀ ਪਤਾ ਕਿ ਉਹ ਕੌਣ ਸੀ। ਉੱਥੇ ਬਹੁਤ ਸਾਰੇ ਲੋਕ ਸਨ ਅਤੇ ਯਿਸੂ ਜਾ ਚੁੱਕਿਆ ਸੀ।
14 ਬਾਦ ਵਿੱਚ ਯਿਸੂ ਨੇ ਉਸ ਨੂੰ ਮੰਦਰ ਵਿੱਚ ਵੇਖਿਆ। ਅਤੇ ਉਸ ਨੂੰ ਅਖ਼ਿਆ, “ਵੇਖ ਹੁਣ ਤੂੰ ਰਾਜੀ ਹੋ ਗਿਆ ਹੈ ਪਾਪ ਕਰਨੇ ਬੰਦ ਕਰਦੇ, ਨਹੀਂ ਤਾਂ ਤੇਰੇ ਨਾਲ ਕੋਈ ਹੋਰ ਭੈੜੀ ਗੱਲ ਵੀ ਵਾਪਰ ਸੱਕਦੀ ਹੈ।”
15 ਤਦ ਉਹ ਆਦਮੀ ਉੱਥੇ ਵਾਪਸ ਉਨ੍ਹਾਂ ਯਹੂਦੀਆਂ ਕੋਲ ਗਿਆ। ਅਤੇ ਉਨ੍ਹਾਂ ਨੂੰ ਆਖਿਆ ਜਿਸਨੇ ਮੈਨੂੰ ਰਾਜੀ ਕੀਤਾ ਸੀ, ਉਹ ਯਿਸੂ ਸੀ।
16 ਇਸ ਤਰ੍ਹਾਂ ਦੀਆਂ ਗੱਲਾਂ ਯਿਸੂ ਸਬਤ ਵਾਲੇ ਦਿਨ ਕਰ ਰਿਹਾ ਸੀ। ਇਸ ਲਈ ਯਹੂਦੀ ਉਸ ਨੂੰ ਦੁੱਖ ਦੇਣ ਲੱਗੇ। 17 ਪਰ ਯਿਸੂ ਨੇ ਯਹੂਦੀਆਂ ਨੂੰ ਆਖਿਆ, “ਮੇਰਾ ਪਿਤਾ ਹਮੇਸ਼ਾ ਕੰਮ ਕਰਦਾ ਰਹਿੰਦਾ ਹੈ, ਇਸ ਲਈ ਮੈਂਨੂੰ ਵੀ ਕੰਮ ਕਰਨਾ ਚਾਹੀਦਾ ਹੈ।”
18 ਇਹ ਸੁਣਨ ਤੋਂ ਬਾਦ ਯਹੂਦੀ ਯਿਸੂ ਨੂੰ ਮਾਰਨ ਲਈ ਹੋਰ ਵੱਧੇਰੇ ਕੋਸ਼ਿਸ਼ਾਂ ਕਰਨ ਲੱਗੇ। ਯਹੂਦੀਆਂ ਨੇ ਆਖਿਆ, “ਯਿਸੂ ਸਬਤ ਦੇ ਦਿਨ ਦਾ ਨੇਮ ਤੋੜ ਰਿਹਾ ਹੈ ਅਤੇ ਆਖਿਆ, ਪਰਮੇਸ਼ੁਰ ਨੂੰ ਆਪਣਾ ਪਿਤਾ ਆਖਕੇ ਉਹ ਆਪਣੇ ਆਪ ਨੂੰ ਪਰਮੇਸ਼ੁਰ ਦੇ ਬਰਾਬਰ ਬਣਾ ਰਿਹਾ ਹੈ!”
ਯਿਸੂ ਕੋਲ ਪਰਮੇਸ਼ੁਰ ਦਾ ਅਧਿਕਾਰ ਹੈ
19 ਪਰ ਯਿਸੂ ਨੇ ਆਖਿਆ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਪੁੱਤਰ ਆਪਣੇ ਆਪ ਕੁਝ ਨਹੀਂ ਕਰ ਸੱਕਦਾ। ਪੁੱਤਰ ਉਹੀ ਕਰਦਾ ਹੈ ਜੋ ਉਹ ਪਿਤਾ ਨੂੰ ਕਰਿਦਆਂ ਵੇਖਦਾ ਹੈ। ਜੋ ਕੁਝ ਪਿਤਾ ਕਰਦਾ ਉਹੀ ਪੁੱਤਰ ਵੀ ਕਰਦਾ। 20 ਪਰ ਪਿਤਾ ਆਪਣੇ ਪੁੱਤਰ ਨੂੰ ਪਿਆਰ ਕਰਦਾ ਹੈ ਅਤੇ ਪਿਤਾ ਪੁੱਤਰ ਨੂੰ ਉਹ ਸਭ ਕੁਝ ਵਿਖਾਉਂਦਾ ਹੈ ਜੋ ਉਹ ਕਰਦਾ। ਪਰ ਪਿਤਾ ਆਪਣੇ ਪੁੱਤਰ ਨੂੰ ਮਹਾਨ ਗੱਲਾਂ ਵੀ ਵਿਖਾਵੇਗਾ। ਫਿਰ ਤੁਸੀਂ ਸਭ ਹੈਰਾਨ ਰਹਿ ਜਾਉਂਗੇ। 21 ਪਿਤਾ ਮੁਰਦਿਆਂ ਨੂੰ ਜਿਵਾਲਦਾ ਹੈ ਅਤੇ ਉਨ੍ਹਾਂ ਨੂੰ ਜੀਵਨ ਦਿੰਦਾ ਹੈ। ਇਉਂ ਹੀ, ਪੁੱਤਰ ਵੀ, ਜਿਨ੍ਹਾਂ ਨੂੰ ਉਹ ਚਾਹੁੰਦਾ, ਜੀਵਨ ਦਿੰਦਾ ਹੈ।
22 “ਪਿਤਾ ਕਿਸੇ ਦਾ ਨਿਆਂ ਨਹੀਂ ਕਰਦਾ, ਪਰ ਉਸ ਨੇ ਇਹ ਅਧਿਕਾਰ ਪੂਰੀ ਤਰ੍ਹਾਂ ਪੁੱਤਰ ਨੂੰ ਦਿੱਤਾ ਹੋਇਆ ਹੈ। 23 ਪਰਮੇਸ਼ੁਰ ਨੇ ਇਹ ਇਸ ਲਈ ਕੀਤਾ ਤਾਕਿ ਸਾਰੇ ਲੋਕ ਪੁੱਤਰ ਦਾ ਉਵੇਂ ਹੀ ਸਤਿਕਾਰ ਕਰਨ ਜਿਵੇਂ ਉਹ ਪਿਤਾ ਦਾ ਸਤਿਕਾਰ ਕਰਦੇ ਹਨ। ਜੋ ਕੋਈ ਆਦਮੀ ਪੁੱਤਰ ਦਾ ਸਤਿਕਾਰ ਨਹੀਂ ਕਰਦਾ, ਉਹ ਆਦਮੀ ਪਿਤਾ ਦਾ ਸਤਿਕਾਰ ਨਹੀਂ ਕਰਦਾ, ਜਿਸਨੇ ਉਸ ਨੂੰ ਭੇਜਿਆ ਹੈ।
24 “ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਜੋ ਮੇਰੇ ਸ਼ਬਦ ਸੁਣਦਾ ਹੈ ਅਤੇ ਉਸ ਵਿੱਚ ਵਿਸ਼ਵਾਸ ਕਰਦਾ ਹੈ। ਉਹ ਇੱਕ, ਜਿਸਨੇ ਮੈਨੂੰ ਭੇਜਿਆ ਹੈ, ਸਦੀਪਕ ਜੀਵਨ ਉਸਦਾ ਹੈ। ਉਹ ਦੋਸ਼ੀ ਨਹੀ ਠਹਿਰਾਇਆ ਜਾਏਗਾ। ਉਸ ਨੂੰ ਮੌਤ ਤੋਂ ਮੁਕਤ ਕਰ ਦਿੱਤਾ ਗਿਆ ਹੈ ਅਤੇ ਉਹ ਸਦੀਪਕ ਜੀਵਨ ਵਿੱਚ ਦਾਖਲ ਹੋ ਚੁੱਕਿਆ ਹੈ। 25 ਮੈਂ ਤੁਹਾਨੂੰ ਸੱਚ ਦੱਸਦਾ ਹਾਂ। ਉਹ ਸਮਾਂ ਆ ਰਿਹਾ ਹੈ, ਅਤੇ ਇਹ ਪਹਿਲਾਂ ਹੀ ਇੱਥੇ ਹੈ। ਉਹ ਜੋ ਮਰ ਚੁੱਕੇ ਹਨ ਪਰਮੇਸ਼ੁਰ ਦੇ ਪੁੱਤਰ ਦੀ ਅਵਾਜ਼ ਨੂੰ ਸੁਣਨਗੇ ਅਤੇ ਜਿਹੜੇ ਲੋਕ ਉਸ ਨੂੰ ਸੁਨਣਗੇ ਉਨ੍ਹਾਂ ਨੂੰ ਜੀਵਨ ਮਿਲੇਗਾ। 26 ਜਿਸ ਤਰਾਂ ਪਿਤਾ ਜੀਵਨ ਦੇਣ ਦਾ ਅਧਿਕਾਰ ਰੱਖਦਾ ਹੈ ਉਸੀ ਤਰਾਂ ਉਸ ਨੇ ਪੁੱਤਰ ਨੂੰ ਵੀ ਜੀਵਨ ਦੇਣ ਦਾ ਅਧਿਕਾਰ ਦਿੱਤਾ ਹੈ। 27 ਪਿਤਾ ਨੇ ਨਿਆਂ ਕਰਨ ਦਾ ਵੀ ਅਧਿਕਾਰ ਆਪਣੇ ਪੁੱਤਰ ਨੂੰ ਦਿੱਤਾ ਹੈ ਕਿਉਂਕਿ ਉਹ ਆਦਮੀ ਦਾ ਪੁੱਤਰ ਹੈ।
28 “ਇਸ ਗੱਲ ਬਾਰੇ ਹੈਰਾਨ ਨਾ ਹੋਵੋ। ਉਹ ਸਮਾਂ ਆ ਰਿਹਾ ਹੈ ਜਦੋਂ ਕਬਰਾਂ ਚ ਪਏ ਮੋਏ ਬੰਦੇ ਵੀ ਉਸ ਦੀ ਅਵਾਜ਼ ਸੁਣਨਗੇ। 29 ਉਹ ਆਪਣੀਆਂ ਕਬਰਾਂ ਚੋਂ ਬਾਹਰ ਆ ਜਾਣਾਗੇ, ਉਹ ਜਿਨ੍ਹਾਂ ਨੇ ਭਲੇ ਕੰਮ ਕੀਤੇ ਹਨ, ਜੀਅ ਉੱਠਣਗੇ ਅਤੇ ਸਦੀਪਕ ਜੀਵਨ ਪ੍ਰਾਪਤ ਕਰਨਗੇ। ਪਰ ਉਹ ਲੋਕ, ਜਿਨ੍ਹਾਂ ਨੇ ਮੰਦੇ ਕੰਮ ਕੀਤੇ ਹਨ, ਉਹ ਦੰਡ ਦੇ ਨਿਆਂ ਲਈ ਜੀਅ ਉੱਠਣਗੇ।
30 “ਮੈਂ ਆਪਣੇ-ਆਪ ਕੁਝ ਨਹੀਂ ਕਰ ਸੱਕਦਾ। ਮੈਂ ਉਸ ਅਧਾਰ ਤੇ ਨਿਆਂ ਕਰਦਾ ਹਾਂ ਜੋ ਮੈਂ ਪਰਮੇਸ਼ੁਰ ਪਾਸੋਂ ਸੁਣਦਾ ਹਾਂ। ਇਸ ਲਈ ਮੇਰਾ ਨਿਆਂ ਠੀਕ ਹੈ। ਕਿਉਂਕਿ ਮੈਂ ਆਪਣੀ ਇੱਛਾ ਅਨੁਸਾਰ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਸਗੋਂ ਮੈਂ ਉਸਦੀ ਇੱਛਾ ਅਨੁਸਾਰ ਕਰਨ ਦੀ ਕੋਸ਼ਿਸ਼ ਕਰਦਾ ਹਾਂ, ਜਿਸਨੇ ਮੈਨੂੰ ਭੇਜਿਆ ਹੈ।
ਯਿਸੂ ਦਾ ਯਹੂਦੀਆਂ ਨਾਲ ਸੰਵਾਦ ਜਾਰੀ ਰੱਖਣਾ
31 “ਜੇਕਰ ਮੈਂ ਆਪਣੇ ਬਾਰੇ ਸਾਖੀ ਦੇਵਾਂ, ਤਾਂ ਮੇਰੀ ਸਾਖੀ ਦੀ ਕੋਈ ਕੀਮਤ ਨਹੀਂ ਹੈ। 32 ਪਰ ਇੱਕ ਹੋਰ ਆਦਮੀ ਹੈ ਜੋ ਮੇਰੇ ਬਾਰੇ ਸਾਖੀ ਦਿੰਦਾ ਹੈ। ਅਤੇ ਮੈਂ ਜਾਣਦਾ ਹਾਂ ਕਿ ਉਸਦੀ ਮੇਰੇ ਬਾਰੇ ਸਾਖੀ ਸੱਚੀ ਹੈ।
33 “ਤੁਸੀਂ ਲੋਕਾਂ ਨੂੰ ਯੂਹੰਨਾ ਕੋਲ ਭੇਜਿਆ ਅਤੇ ਉਸ ਨੇ ਸੱਚ ਬਾਰੇ ਸਾਖੀ ਦਿੱਤੀ। 34 ਪਰ ਮੈਂ ਇੱਕ ਆਦਮੀ ਦੀ ਸਾਖੀ ਤੇ ਨਿਰਭਰ ਨਹੀਂ ਕਰਦਾ। ਮੈਂ ਤੁਹਾਨੂੰ ਇਹ ਗੱਲਾਂ ਇਸ ਲਈ ਦੱਸਦਾ ਹਾਂ ਤਾਂ ਕਿ ਤੁਸੀਂ ਬਚਾਏ ਜਾ ਸੱਕੋਂ। 35 ਯੂਹੰਨਾ ਇੱਕ ਦੀਵੇ ਵਾਂਗ ਸੀ ਜੋ ਬਲਿਆ ਤੇ ਜਿਸਨੇ ਚਾਨਣ ਦਿੱਤਾ ਅਤੇ ਤੁਸੀਂ ਕੁਝ ਸਮੇਂ ਲਈ ਉਸ ਚਾਨਣ ਦਾ ਅਨੰਦ ਲਿਆ।
36 “ਪਰ ਜੋ ਸਾਖੀ ਮੈਂ ਆਪਣੇ ਬਾਰੇ ਦਿੰਦਾ ਹਾਂ ਉਹ ਯੂਹੰਨਾ ਦੀ ਸਾਖੀ ਨਾਲੋਂ ਵਡੇਰੀ ਹੈ। ਜੋ ਕਾਰਜ ਪਿਤਾ ਨੇ ਮੈਨੂੰ ਕਰਨ ਲਈ ਦਿੱਤਾ ਹੈ ਉਹ ਮੇਰੇ ਬਾਰੇ ਸਾਖੀ ਦਿੰਦਾ ਹੈ ਕਿ ਪਿਤਾ ਨੇ ਮੈਨੂੰ ਭੇਜਿਆ ਹੈ। 37 ਅਤੇ ਉਹ ਪਿਤਾ ਜਿਸਨੇ ਮੈਨੂੰ ਭੇਜਿਆ ਉਸ ਨੇ ਮੇਰੇ ਬਾਰੇ ਸਾਖ਼ੀ ਦਿੱਤੀ। ਪਰ ਤੁਸੀਂ ਕਦੇ ਉਸਦੀ ਅਵਾਜ਼ ਨਹੀਂ ਸੁਣੀ। ਅਤੇ ਤੁਸੀਂ ਕਦੇ ਉਸਦਾ ਰੂਪ ਨਹੀਂ ਵੇਖਿਆ। 38 ਉਸ ਪਿਤਾ ਦੇ ਉਪਦੇਸ਼ ਵੀ ਤੁਹਾਡੇ ਅੰਦਰ ਨਹੀਂ ਹਨ। ਕਿਉਂਕਿ, ਤੁਸੀਂ ਉਸ ਵਿੱਚ ਵਿਸ਼ਵਾਸ ਨਹੀਂ ਕਰਦੇ ਜਿਸ ਨੂੰ ਪਿਤਾ ਨੇ ਭੇਜਿਆ ਹੈ। 39 ਤੁਸੀਂ ਇਹ ਸੋਚਕੇ ਪੋਥੀਆਂ ਨੂੰ ਧਿਆਨ ਨਾਲ ਪੜ੍ਹਦੇ ਹੋ ਕਿ ਤੁਸੀਂ ਉਨ੍ਹਾਂ ਰਾਹੀਂ ਸਦੀਪਕ ਜੀਵਨ ਪ੍ਰਾਪਤ ਕਰੋਂਗੇ। ਉਹੀ ਪੋਥੀਆਂ ਮੇਰੇ ਬਾਰੇ ਸਾਖੀ ਦਿੰਦੀਆਂ ਹਨ! 40 ਹਾਲੇ ਵੀ ਤੁਸੀਂ ਉਸ ਸਦੀਪਕ ਜੀਵਨ ਨੂੰ ਪ੍ਰਾਪਤ ਕਰਨ ਲਈ ਮੇਰੇ ਕੋਲ ਆਉਣ ਤੋਂ ਇਨਕਾਰ ਕਰਦੇ ਹੋ।
41 “ਮੈਨੂੰ ਲੋਕਾਂ ਤੋਂ ਉਸਤਤਿ ਕਰਾਉਣ ਦੀ ਲੋੜ ਨਹੀਂ। 42 ਪਰ ਮੈਂ ਤੁਹਾਨੂੰ ਜਾਣਦਾ ਹਾਂ ਅਤੇ ਮੈਂ ਜਾਣਦਾ ਹਾਂ ਕਿ ਤੁਹਾਡੇ ਅੰਦਰ ਪਰਮੇਸ਼ੁਰ ਦਾ ਪਿਆਰ ਨਹੀਂ। 43 ਮੈਂ ਆਪਣੇ ਪਿਤਾ ਦੇ ਨਾਮ ਤੋਂ ਆਇਆ ਹਾਂ। ਪਰ ਹਾਲੇ ਵੀ ਤੁਸੀਂ ਮੈਨੂੰ ਨਹੀਂ ਕਬੂਲਦੇ। ਜੇਕਰ ਦੂਸਰਾ ਵਿਅਕਤੀ ਆਪਣੇ ਖੁਦ ਦੇ ਨਾਮ ਵਿੱਚ ਆਉਂਦਾ ਹੈ, ਤੁਸੀਂ ਉਸ ਨੂੰ ਕਬੂਲ ਕਰ ਲਵੋਂਗੇ। 44 ਤੁਸੀਂ ਇੱਕ ਦੂਜੇ ਤੋਂ ਉਸਤਤਿ ਚਾਹੁੰਦੇ ਹੋ। ਪਰ ਤੁਸੀਂ ਉਸ ਉਸਤਤਿ ਦੀ ਚਾਹਨਾ ਨਹੀਂ ਰੱਖਦੇ ਜਿਹੜੀ ਪਰਮੇਸ਼ੁਰ ਵੱਲੋਂ ਆਉਂਦੀ ਹੈ। ਤਾਂ ਫਿਰ ਤੁਸੀਂ ਕਿਵੇਂ ਮੇਰੇ ਉੱਤੇ ਵਿਸ਼ਵਾਸ ਕਰ ਸੱਕਦੇ ਹੋ? 45 ਇਹ ਨਾ ਸੋਚੋ ਕਿ ਪਿਤਾ ਦੇ ਸਾਹਮਣੇ ਮੈਂ ਤੁਹਾਨੂੰ ਦੋਸ਼ੀ ਠਹਿਰਾਵਾਂਗਾ। ਜੋ ਤੁਹਾਨੂੰ ਦੋਸ਼ੀ ਠਹਿਰਾਉਂਦਾ ਹੈ ਉਹ ਮੂਸਾ ਹੈ ਅਤੇ ਤੁਸੀਂ ਆਪਣੀ ਆਸ ਉਸ ਵਿੱਚ ਰੱਖੀ ਹੋਈ ਹੈ। 46 ਜੇਕਰ ਤੁਸੀਂ ਮੂਸਾ ਤੇ ਵਿਸ਼ਵਾਸ ਕੀਤਾ ਹੁੰਦਾ। ਤੁਸੀਂ ਮੇਰੇ ਤੇ ਵਿਸ਼ਵਾਸ ਕੀਤਾ ਹੁੰਦਾ ਕਿਉਂਕਿ ਉਸ ਨੇ ਮੇਰੇ ਬਾਰੇ ਲਿਖਿਆ। 47 ਕਿਉਂਕਿ ਤੁਸੀਂ ਉਸ ਦੀਆਂ ਲਿਖਤਾਂ ਤੇ ਵਿਸ਼ਵਾਸ ਨਹੀਂ ਕਰਦੇ ਫੇਰ ਤੁਸੀਂ ਮੇਰੇ ਸ਼ਬਦਾਂ ਤੇ ਕਿਵੇਂ ਕਰੋਂਗੇ।”
2010 by World Bible Translation Center