Print Page Options
Previous Prev Day Next DayNext

Bible in 90 Days

An intensive Bible reading plan that walks through the entire Bible in 90 days.
Duration: 88 days
Punjabi Bible: Easy-to-Read Version (ERV-PA)
Version
ਰਸੂਲਾਂ ਦੇ ਕਰਤੱਬ 16:38-28:16

38 ਸਿਪਾਹੀਆਂ ਨੇ ਇਹ ਹਾਲ ਸਾਰਾ ਆਗੂਆਂ ਨੂੰ ਜਾ ਸੁਣਾਇਆ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਰੋਮੀ ਨਾਗਰਿਕ ਹੀ ਸਨ ਤਾਂ ਉਹ ਘਬਰਾ ਗਏ। 39 ਤਾਂ ਉਹ ਆਪ ਪੌਲੁਸ ਅਤੇ ਸੀਲਾਸ ਕੋਲ ਆਏ ਤੇ ਆਕੇ ਖਿਮਾ ਮੰਗੀ। ਉਨ੍ਹਾਂ ਨੇ ਆਪ ਉਨ੍ਹਾਂ ਨੂੰ ਕੈਦ ਵਿੱਚੋਂ ਕੱਢਿਆ ਅਤੇ ਇਹ ਸ਼ਹਿਰ ਛੱਡ ਜਾਣ ਲਈ ਕਿਹਾ। 40 ਪਰ ਜਦੋਂ ਪੌਲੁਸ ਅਤੇ ਸੀਲਾਸ ਜੇਲ ਵਿੱਚੋਂ ਬਾਹਰ ਆਏ ਤਾਂ ਉਹ ਲੁਦਿਯਾ ਦੇ ਘਰ ਨੂੰ ਗਏ ਅਤੇ ਉੱਥੇ ਕੁਝ ਨਿਹਚਾਵਾਨਾਂ ਨੂੰ ਵੇਖਿਆ ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਤਸਲੀ ਦਿੱਤੀ ਫ਼ੇਰ ਉਨ੍ਹਾਂ ਨੇ ਆਪਣੀ ਯਾਤਰਾ ਸ਼ੁਰੂ ਕਰ ਦਿੱਤੀ। ਉਹ ਸ਼ਹਿਰ ਛੱਡ ਕੇ ਅੱਗੇ ਨੂੰ ਵੱਧੇ।

ਪੌਲੁਸ ਅਤੇ ਸੀਲਾਸ ਥਸਲੁਨੀਕੇ ਵਿੱਚ

17 ਤਦ ਉਹ ਅਮਫ਼ਿਪੁਲਿਸ ਅਤੇ ਅੱਪੁਲੋਨਿਯਾ ਸ਼ਹਿਰਾਂ ਵਿੱਚੋਂ ਲੰਘਦੇ ਹੋਏ ਥਸਲੁਨੀਕੇ ਸ਼ਹਿਰ ਵਿੱਚ ਆਏ, ਜਿੱਥੇ ਕਿ ਯਹੂਦੀਆਂ ਦਾ ਇੱਕ ਪ੍ਰਾਰਥਨਾ ਸਥਾਨ ਸੀ। ਪੌਲੁਸ ਪ੍ਰਾਰਥਨਾ ਸਥਾਨ ਦੇ ਅੰਦਰ ਗਿਆ ਅਤੇ ਉਨ੍ਹਾਂ ਨਾਲ ਵਿੱਚਾਰ ਕੀਤਾ, ਜਿਵੇਂ ਉਹ ਹਰ ਸਬਤ ਦੇ ਦਿਨ ਤਿੰਨ ਹਫ਼ਤਿਆਂ ਲਈ ਪੋਥੀਆਂ ਬਾਰੇ ਕਰਦਾ ਸੀ। ਪੌਲੁਸ ਨੇ ਇਨ੍ਹਾਂ ਪੋਥੀਆਂ ਨੂੰ ਯਹੂਦੀਆਂ ਨੂੰ ਵਿਸਤਾਰ ਵਿੱਚ ਸਮਝਾਇਆ ਤੇ ਸਾਬਤ ਕੀਤਾ ਕਿ ਮਸੀਹ ਨੇ ਦੁੱਖ ਭੋਗਣਾ ਹੀ ਸੀ ਅਤੇ ਫ਼ਿਰ ਮੁਰਦਿਆਂ ਵਿੱਚੋਂ ਜੀ ਉੱਠਣਾ ਸੀ। ਅਤੇ ਪੌਲੁਸ ਨੇ ਕਿਹਾ, “ਇਹ ਯਿਸੂ, ਜਿਸ ਬਾਰੇ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ, ਮਸੀਹ ਹੈ।” ਕੁਝ ਯਹੂਦੀਆਂ ਨੇ ਵਿਸ਼ਵਾਸ ਕੀਤਾ ਅਤੇ ਉਨ੍ਹਾਂ ਨੇ ਪੌਲੁਸ ਅਤੇ ਸੀਲਾਸ ਨਾਲ ਸ਼ਾਮਿਲ ਹੋਣ ਦਾ ਫ਼ੈਸਲਾ ਕੀਤਾ। ਬਹੁਤ ਮਹੱਤਵਪੂਰਣ ਯੂਨਾਨੀ ਆਦਮੀ ਅਤੇ ਔਰਤਾਂ ਵੀ ਉਨ੍ਹਾਂ ਨਾਲ ਜੁੜੀਆਂ ਜੋ ਸੱਚੇ ਪਰਮੇਸ਼ੁਰ ਦੀ ਉਪਾਸਨਾ ਕਰਦੀਆਂ ਸਨ। ਇਉਂ ਇੱਕ ਵੱਡੇ ਆਦਮੀਆਂ ਦੇ ਸਮੂਹ ਨੇ ਅਤੇ ਬਹੁਤ ਸਾਰੀਆਂ ਔਰਤਾਂ ਪੌਲੁਸ ਅਤੇ ਸੀਲਾਸ ਨਾਲ ਸ਼ਾਮਿਲ ਹੋ ਗਏ।

ਪਰ ਉਹ ਯਹੂਦੀ, ਜਿਨ੍ਹਾਂ ਨੇ ਵਿਸ਼ਵਾਸ ਨਹੀਂ ਕੀਤਾ, ਉਨ੍ਹਾਂ ਨਾਲ ਈਰਖਾ ਕਰਨ ਲੱਗੇ। ਉਨ੍ਹਾਂ ਨੇ ਕੁਝ ਭੈੜੇ ਆਦਮੀ ਸ਼ਹਿਰ ਚੋ ਭਾੜੇ ਤੇ ਲਏ ਅਤੇ ਉਨ੍ਹਾਂ ਭੈੜਿਆਂ ਨੇ ਬਹੁਤ ਸਾਰੀ ਭੀੜ ਨੂੰ ਆਪਣੇ ਮਗਰ ਲਾ ਲਿਆ ਤੇ ਸ਼ਹਿਰ ਵਿੱਚ ਦੰਗੇ ਮਚਾ ਦਿੱਤੇ। ਉਹ ਯਾਸੋਨ ਦੇ ਘਰ ਉਨ੍ਹਾਂ ਨੂੰ ਲੱਭਦੇ ਹੋਏ ਗਏ ਤਾਂ ਕਿ ਉਹ ਉਨ੍ਹਾਂ ਨੂੰ ਲੋਕਾਂ ਦੇ ਸਾਹਮਣੇ ਖੜ੍ਹਾ ਕਰ ਸੱਕਣ। ਪਰ ਉਨ੍ਹਾਂ ਨੂੰ ਪੌਲੁਸ ਅਤੇ ਸੀਲਾਸ ਉੱਥੇ ਨਾ ਮਿਲੇ ਤਾਂ ਲੋਕ ਯਾਸੋਨ ਅਤੇ ਕੁਝ ਹੋਰ ਨਿਹਚਾਵਾਨਾਂ ਨੂੰ ਖਿੱਚ ਕੇ ਸ਼ਹਿਰ ਦੇ ਆਗੂਆਂ ਸਾਹਮਣੇ ਲੈ ਆਏ ਅਤੇ ਡੰਡ ਪਾਉਣ ਲੱਗੇ ਕਿ, “ਇਨ੍ਹਾਂ ਨੇ ਸਾਰੇ ਸੰਸਾਰ ਵਿੱਚ ਸਭ ਨੂੰ ਦੁੱਖੀ ਕੀਤਾ ਹੋਇਆ ਹੈ। ਤੇ ਹੁਣ ਉਹ ਇੱਥੇ ਵੀ ਆ ਪਹੁੰਚੇ ਹਨ। ਯਾਸੋਨ ਨੇ ਉਨ੍ਹਾਂ ਨੂੰ ਆਪਣੇ ਘਰ ਲੁਕਾਅ ਰੱਖਿਆ ਹੈ ਅਤੇ ਉਹ ਸਾਰੇ ਉਹ ਗੱਲਾਂ ਕਰਦੇ ਹਨ ਜੋ ਕੈਸਰ ਦੇ ਨੇਮ ਦੇ ਖਿਲਾਫ਼ ਹਨ। ਅਤੇ ਉਹ ਆਖਦੇ ਹਨ ਕਿ ਉੱਥੇ ਯਿਸੂ ਨਾਂ ਦਾ ਇੱਕ ਹੋਰ ਰਾਜਾ ਹੈ।”

ਭੀੜ ਅਤੇ ਆਗੂਆਂ ਨੇ ਜਦੋਂ ਇਹ ਗੱਲਾਂ ਸੁਣੀਆਂ ਤਾਂ ਉਹ ਪਰੇਸ਼ਾਨ ਹੋ ਗਏ। ਉਨ੍ਹਾਂ ਨੇ ਯਾਸੋਨ ਅਤੇ ਹੋਰ ਨਿਹਚਾਵਾਨਾਂ ਤੇ ਜ਼ੁਰਮਾਨਾ ਲਗਾਇਆ ਤੇ ਫ਼ਿਰ ਉਨ੍ਹਾਂ ਨੂੰ ਜਾਣ ਦਿੱਤਾ।

ਪੌਲੁਸ ਅਤੇ ਸੀਲਾਸ ਦਾ ਬਰਿਯਾ ਨੂੰ ਜਾਣਾ

10 ਉਸੇ ਰਾਤ ਨਿਹਚਾਵਾਨਾਂ ਨੇ ਪੌਲੁਸ ਅਤੇ ਸੀਲਾਸ ਨੂੰ ਬਰਿਯਾ ਦੇ ਸ਼ਹਿਰ ਵਿੱਚ ਭੇਜ ਦਿੱਤਾ। ਜਦ ਉਹ ਉੱਥੇ ਪਹੁੰਚੇ ਤਾਂ ਉੱਥੇ ਉਹ ਯਹੂਦੀ ਪ੍ਰਾਰਥਨਾ ਸਥਾਨ ਤੇ ਗਏ। 11 ਏਥੋਂ ਦੇ ਯਹੂਦੀ ਥੱਸਲੁਨੀਕੇ ਦੇ ਲੋਕਾਂ ਨਾਲੋਂ ਬਹੁਤ ਚੰਗੇ ਸਨ। ਉਹ ਉਨ੍ਹਾਂ ਦਾ ਸੰਦੇਸ਼ ਸੁਣਕੇ ਬਹੁਤ ਖੁਸ਼ ਸਨ। ਅਤੇ ਬਰਿਯਾ ਦੇ ਯਹੂਦੀ ਰੋਜ਼ ਇਨ੍ਹਾਂ ਪੋਥੀਆਂ ਨੂੰ ਪੜ੍ਹਦੇ ਕਿ ਵੇਖੀਏ ਜੋ ਇਨ੍ਹਾਂ ਵਿੱਚ ਆਖਿਆ ਗਿਆ ਹੈ ਉਹ ਸੱਚ ਹੈ ਜਾਂ ਨਹੀਂ। 12 ਉਨ੍ਹਾਂ ਵਿੱਚੋਂ ਬਹੁਤ ਯਹੂਦੀ ਨਿਹਚਾਵਾਨ ਬਣ ਗਏ ਅਤੇ ਬਹੁਤ ਸਾਰੇ ਮਹੱਤਵਪੂਰਣ ਯੂਨਾਨੀ ਮਰਦ ਅਤੇ ਔਰਤਾਂ ਨਿਹਚਾਵਾਨ ਬਣ ਗਏ।

13 ਪਰ ਜਦੋਂ ਥੱਸਲੁਨੀਕੇ ਦੇ ਯਹੂਦੀਆਂ ਨੇ ਸੁਣਿਆ ਕਿ ਪੌਲੁਸ ਨੇ ਬਰਿਯਾ ਵਿੱਚ ਵੀ ਪਰਮੇਸ਼ੁਰ ਦੇ ਸੰਦੇਸ਼ ਦਾ ਪ੍ਰਚਾਰ ਕੀਤਾ ਹੈ, ਤਾਂ ਉਹ ਉੱਥੇ ਵੀ ਆ ਗਏ। ਉਨ੍ਹਾਂ ਨੇ ਬਰਿਯਾ ਵਿੱਚ ਵੀ ਲੋਕਾਂ ਵਿੱਚ ਬੇਚੈਨੀ ਤੇ ਡਰ ਫ਼ੈਲਾ ਦਿੱਤਾ। 14 ਇਸ ਲਈ ਨਿਹਚਾਵਾਨਾਂ ਨੇ ਛੇਤੀ ਹੀ ਪੌਲੁਸ ਨੂੰ ਦੂਰ ਸਮੁੰਦਰ ਨੂੰ ਭੇਜ ਦਿੱਤਾ। ਪਰ ਸੀਲਾਸ ਅਤੇ ਤਿਮੋਥਿਉਸ ਉੱਥੇ ਹੀ ਰਹੇ। 15 ਜਿਹੜੇ ਨਿਹਚਾਵਾਨ ਪੌਲੁਸ ਨਾਲ ਗਏ, ਉਸ ਨੂੰ ਅਥੇਨੈ ਤੱਕ ਦੂਰ ਲੈ ਗਏ। ਫ਼ਿਰ ਉਹ ਬਰਿਯਾ ਨੂੰ ਮੁੜਨ ਲਈ ਵਿਦਾ ਹੋ ਗਏ ਤੇ ਆਪਣੇ ਨਾਲ ਪੌਲੁਸ ਵੱਲੋਂ ਸੀਲਾਸ ਅਤੇ ਤਿਮੋਥਿਉਸ ਲਈ ਇੱਕ ਸੰਦੇਸ਼ ਲੈ ਕੇ ਗਏ, “ਜਿੰਨੀ ਛੇਤੀ ਹੋ ਸੱਕੇ ਮੇਰੇ ਨਾਲ ਸ਼ਾਮਿਲ ਹੋਣ ਲਈ ਆਓ।”

ਪੌਲੁਸ ਅਥੇਨੈ ਵਿੱਚ

16 ਪੌਲੁਸ ਉਨ੍ਹਾਂ ਦਾ ਅਥੇਨੈ ਵਿੱਚ ਇੰਤਹਾਰ ਕਰ ਰਿਹਾ ਸੀ। ਪਰ ਉਹ ਇਸ ਸ਼ਹਿਰ ਵਿੱਚ ਇਹ ਵੇਖਕੇ ਬੜਾ ਦੁੱਖੀ ਹੋਇਆ ਕਿ ਇਹ ਸ਼ਹਿਰ ਤਾਂ ਮੂਰਤਾਂ ਨਾਲ ਭਰਿਆ ਹੋਇਆ ਹੈ। 17 ਪ੍ਰਾਰਥਨਾ ਸਥਾਨ ਵਿੱਚ, ਉਸ ਨੇ ਯਹੂਦੀਆਂ ਅਤੇ ਯੂਨਾਨੀਆਂ ਨਾਲ ਗੱਲ ਕੀਤੀ ਜੋ ਕਿ ਸੱਚੇ ਪਰਮੇਸ਼ੁਰ ਦੀ ਉਪਾਸਨਾ ਕਰ ਰਹੇ ਸਨ। ਉਸ ਨੇ ਹਰ ਰੋਜ਼ ਉਨ੍ਹਾਂ ਲੋਕਾਂ ਨਾਲ ਵੀ ਵਿੱਚਾਰ ਕੀਤੇ ਜੋ ਉਸ ਸ਼ਹਿਰ ਦੇ ਵਿਉਪਾਰੀ ਇਲਾਕੇ ਵਿੱਚ ਰਹਿੰਦੇ ਸਨ। 18 ਕੁਝ ਅਪਿਕੂਰੀ ਅਤੇ ਸਤੋਕਿਈ ਪੰਡਤਾਂ ਨੇ ਵੀ ਉਸ ਨਾਲ ਚਰਚਾ ਕੀਤੀ।

ਉਨ੍ਹਾਂ ਵਿੱਚੋਂ ਕੁਝ ਨੇ ਕਿਹਾ, “ਇਹ ਗੱਪੀ ਕਿਸ ਬਾਰੇ ਗੱਲ ਕਰ ਰਿਹਾ ਹੈ?” ਪੌਲੁਸ ਉਨ੍ਹਾਂ ਨੂੰ ਯਿਸੂ ਦਾ ਮੁਰਦਿਆਂ ਵਿੱਚੋਂ ਜੀ ਉੱਠਣ ਦੀ ਖੁਸ਼ਖਬਰੀ ਬਾਰੇ ਦੱਸ ਰਿਹਾ ਸੀ। ਇਸ ਲਈ ਉਨ੍ਹਾਂ ਨੇ ਆਖਿਆ, “ਇਸਦਾ ਭਾਵ ਇਹ ਹੈ ਕਿ ਇਹ ਕਿਸੇ ਹੋਰ ਦੇਵਤਿਆਂ ਬਾਰੇ ਬੋਲ ਰਿਹਾ ਹੈ।”

19 ਤਾਂ ਉਹ ਪੌਲੁਸ ਨੂੰ ਅਰਿਯੁਪਗੁਸ ਦੀ ਸਭਾ ਵਿੱਚ ਲੈ ਆਏ ਅਤੇ ਉਨ੍ਹਾਂ ਆਖਿਆ, “ਹੁਣ ਕਿਰਪਾ ਕਰਕੇ ਸਾਨੂੰ ਇਸ ਨਵੇਂ ਉਪਦੇਸ਼ ਦੀ ਵਿਆਖਿਆ ਕਰ ਜਿਸ ਬਾਰੇ ਤੂੰ ਬੋਲ ਰਿਹਾ ਸੀ। 20 ਅਸੀਂ ਅਜਿਹੀਆਂ ਗੱਲਾਂ ਪਹਿਲਾਂ ਕਦੇ ਨਹੀਂ ਸੁਣੀਆਂ, ਜਿਹੜੀਆਂ ਤੂੰ ਸਾਨੂੰ ਹੁਣ ਦੱਸ ਰਿਹਾ ਹੈਂ। ਅਸੀਂ ਜਾਨਣਾ ਚਾਹੁੰਦੇ ਹਾਂ ਕਿ ਇਨ੍ਹਾਂ ਉਪਦੇਸ਼ਾਂ ਦਾ ਕੀ ਅਰਥ ਹੈ।” 21 (ਅਥੈਨੇ ਦੇ ਸਾਰੇ ਲੋਕ ਅਤੇ ਹੋਰ ਦੂਜੇ ਦੇਸ਼ਾਂ ਦੇ ਲੋਕ, ਜੋ ਅਥੈਨੇ ਵਿੱਚ ਰਹਿੰਦੇ ਸਨ, ਆਪਣਾ ਸਾਰਾ ਸਮਾਂ ਕਿਸੇ ਨਾ ਕਿਸੇ ਨਵੇਂ ਵਿੱਚਾਰਾਂ ਨੂੰ ਬੋਲਣ ਅਤੇ ਸੁਣਨ ਵਿੱਚ ਬਿਤਾਉਂਦੇ ਸਨ।)

22 ਤਦ ਪੌਲੁਸ ਅਰਿਯੁਪਗੁਸ ਦੀ ਸਭਾ ਸਾਹਮਣੇ ਖੜ੍ਹਾ ਹੋਇਆ ਅਤੇ ਉਸ ਨੇ ਆਖਿਆ, “ਹੇ ਅਥੈਨੇ ਦੇ ਪੁਰੱਖੋ। ਮੈਂ ਵੇਖ ਸੱਕਦਾ ਹਾਂ ਕਿ ਤੁਸੀਂ ਹਰ ਢੰਗ ਨਾਲ ਬੜੇ ਧਾਰਮਿਕ ਹੋ। 23 ਜਿਵੇਂ ਕਿ ਮੈਂ ਤੁਹਾਡੇ ਸ਼ਹਿਰ ਰਾਹੀਂ, ਉਹ ਚੀਜ਼ਾਂ ਵੇਖਦਾ ਹੋਇਆ ਲੰਘ ਰਿਹਾ ਸੀ, ਜਿਨ੍ਹਾਂ ਦੀ ਤੁਸੀਂ ਉਪਾਸਨਾ ਕਰਦੇ ਹੋ, ਮੈਂ ਇੱਕ ਜਗਵੇਦੀ ਵੇਖੀ ਜਿਸ ਉੱਤੇ ਇਹ ਲਿਖਿਆ ਹੋਇਆ ਸੀ, ‘ ਪਰਮੇਸ਼ੁਰ ਲਈ, ਜੋ ਕਿ ਅਗਿਆਤ ਹੈ।’ ਮੈਂ ਤੁਹਾਨੂੰ ਉਸੇ ਪਰਮੇਸ਼ੁਰ ਬਾਰੇ ਦੱਸਣ ਜਾ ਰਿਹਾ ਹਾਂ ਜਿਸ ਪਰਮੇਸ਼ੁਰ ਦੀ ਤੁਸੀਂ ਬਿਨਾ ਜਾਣਿਆਂ ਉਪਾਸਨਾ ਕਰਦੇ ਹੋਂ।

24 “ਉਹੀ ਪਰਮੇਸ਼ੁਰ ਹੈ ਜਿਸਨੇ ਸੰਸਾਰ ਅਤੇ ਉਸ ਵਿੱਚਲੀ ਹਰ ਚੀਜ਼ ਦੀ ਰਚਨਾ ਕੀਤੀ ਹੈ। ਉਹ ਸਵਰਗ ਤੇ ਧਰਤੀ ਦਾ ਪ੍ਰਭੂ ਹੈ। ਉਹ ਮਨੁੱਖੀ ਹੱਥਾਂ ਨਾਲ ਬਣੇ ਮੰਦਰਾਂ ਵਿੱਚ ਨਹੀਂ ਰਹਿੰਦਾ। 25 ਇਹ ਉਹ ਪਰਮੇਸ਼ੁਰ ਹੈ ਜੋ ਆਪਣੇ ਲੋਕਾਂ ਨੂੰ ਜੀਵਨ, ਪ੍ਰਾਣ ਤੇ ਹੋਰ ਸਭ ਕੁਝ ਦਿੰਦਾ ਹੈ। ਅਤੇ ਉਸ ਨੂੰ ਕਿਸੇ ਮਨੁੱਖੀ ਮਦਦ ਦੀ ਵੀ ਕੋਈ ਲੋੜ ਨਹੀਂ। ਪ੍ਰਭੂ ਪਰਮੇਸ਼ੁਰ ਕੋਲ ਸਭ ਕੁਝ ਹੈ ਜਿਸਦੀ ਉਸ ਨੂੰ ਜ਼ਰੂਰਤ ਹੈ। 26 ਪਰਮੇਸ਼ੁਰ ਨੇ ਇੱਕ ਮਨੁੱਖ, ਆਦਮ, ਦੀ ਰਚਨਾ ਕਰਕੇ ਅਨੇਕਾਂ ਲੋਕਾਂ ਦੀ ਸਿਰਜਣਾ ਕੀਤੀ। ਅਤੇ ਉਸ ਨੇ ਸਾਰੀਆਂ ਕੌਮਾਂ ਨੂੰ ਸਾਰੀ ਦੁਨੀਆਂ ਵਿੱਚ ਬਣਾਇਆ। ਪਰਮੇਸ਼ੁਰ ਨੇ ਨਿਸ਼ਚਿਤ ਕੀਤਾ ਕਿ ਹਰੇਕ ਕੌਮ ਨੂੰ ਕਿੰਨਾ ਚਿਰ ਮੌਜੂਦ ਰਹਿਣਾ ਚਾਹੀਦਾ ਹੈ ਅਤੇ ਇਸਤੋਂ ਵੀ ਚੰਗਾ ਕਿ ਕਿਸ ਖੇਤਰ ਵਿੱਚ ਰਹਿਣਾ ਚਾਹੀਦਾ ਹੈ।

27 “ਪਰਮੇਸ਼ੁਰ ਚਾਹੁੰਦਾ ਸੀ ਕਿ ਲੋਕ ਉਸ ਨੂੰ ਖੋਜਣ। ਜੇਕਰ ਲੋਕ ਉਸ ਵਾਸਤੇ ਆਪਨੇ ਆਲੇ-ਦੁਆਲੇ ਵੇਖਦੇ ਰਹਿਣਗੇ, ਸ਼ਾਇਦ ਉਸ ਨੂੰ ਲੱਭ ਲੈਣ। ਪਰ ਉਹ ਸਾਡੇ ਵਿੱਚੋਂ ਕਿਲੇ ਕੋਲੋਂ ਦੂਰ ਨਹੀਂ ਹੈ। 28 ਅਸੀਂ ਉਸ ਨਾਲ ਰਹਿੰਦੇ ਹਾਂ, ਉਸ ਦੇ ਨਾਲ ਤੁਰਦੇ ਹਾਂ, ਅਸੀਂ ਉਸ ਦੇ ਨਾਲ ਮੌਜੂਦ ਹਾਂ। ਤੁਹਾਡੇ ਆਪਣੇ ਕਵੀਆਂ ਨੇ ਆਖਿਆ ਹੈ, ‘ਅਸੀਂ ਉਸ ਦੇ ਬੱਚੇ ਹਾਂ।’

29 “ਅਸੀਂ ਪਰਮੇਸ਼ੁਰ ਦੇ ਬੱਚੇ ਹਾਂ। ਇਸ ਲਈ ਸਾਨੂੰ ਨਹੀਂ ਸੋਚਣਾ ਚਾਹੀਦਾ ਕਿ ਪਰਮੇਸ਼ੁਰ ਕੁਝ ਅਜਿਹਾ ਹੈ ਜੋ ਲੋਕ ਸੋਚਦੇ ਜਾਂ ਬਣਾਉਂਦੇ ਹਨ। ਉਹ ਸੋਨੇ ਚਾਂਦੀ ਜਾਂ ਪੱਥਰ ਦੀਆਂ ਬਣੀਆਂ ਮੂਰਤਾਂ ਵਰਗਾ ਨਹੀਂ ਹੈ। 30 ਪਹਿਲੇ ਸਮਿਆਂ ਵਿੱਚ ਲੋਕ ਪਰਮੇਸ਼ੁਰ ਨੂੰ ਨਹੀਂ ਸਮਝ ਸੱਕੇ ਤੇ ਉਸ ਨੇ ਉਨ੍ਹਾਂ ਵੱਲ ਧਿਆਨ ਨਾ ਦਿੱਤਾ। ਪਰ ਹੁਣ ਪਰਮੇਸ਼ੁਰ ਦੁਨੀਆਂ ਦੇ ਹਰ ਇੱਕ ਮਨੁੱਖ ਨੂੰ ਆਪਣੇ ਆਪ ਨੂੰ ਬਦਲਣ ਅਤੇ ਤੌਬਾ ਕਰਨ ਲਈ ਆਖਦਾ ਹੈ। 31 ਪ੍ਰਭੂ ਪਰਮੇਸ਼ੁਰ ਨੇ ਇੱਕ ਦਿਨ ਨਿਸ਼ਚਿਤ ਕੀਤਾ ਹੋਇਆ ਹੈ ਜਿਸ ਦਿਨ ਉਹ ਇਸ ਧਰਤੀ ਦੇ ਸਾਰੇ ਲੋਕਾਂ ਦਾ ਨਿਆਂ ਕਰੇਗਾ। ਉਹ ਕਿਸੇ ਨਾਲ ਵਿਤਕਰਾ ਨਹੀਂ ਕਰੇਗਾ। ਉਹ ਇਹ ਕੰਮ ਇੱਕ ਮਨੁੱਖ ਯਿਸੂ ਨੂੰ ਸੌਂਪੇਗਾ। ਪਰਮੇਸ਼ੁਰ ਨੇ ਇਸ ਨੂੰ ਬਹੁਤ ਦੇਰ ਪਹਿਲਾਂ ਚੁਣਿਆ ਹੋਇਆ ਹੈ ਅਤੇ ਉਸ ਨੇ ਇਹ ਸਾਬਿਤ ਕਰਕੇ ਵੀ ਵਿਖਾ ਦਿੱਤਾ ਹੈ। ਉਸ ਨੇ ਇਉਂ ਉਸ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕਰਕੇ ਸਾਬਿਤ ਕੀਤਾ ਹੈ।”

32 ਜਦੋਂ ਲੋਕਾਂ ਨੇ ਯਿਸੂ ਦਾ ਮੁਰਦਿਆਂ ਚੋਂ ਜੀ ਉੱਠਣ ਬਾਰੇ ਸੁਣਿਆ ਤਾਂ ਉਨ੍ਹਾਂ ਵਿੱਚੋਂ ਕੁਝ ਨੇ ਮਖੌਲ ਕੀਤਾ। ਲੋਕਾਂ ਕਿਹਾ, “ਅਸੀਂ ਇਸ ਬਾਰੇ ਹੋਰ ਵਿਸਤਾਰ ਤੇਰੇ ਕੋਲੋਂ ਬਾਅਦ ਵਿੱਚ ਸੁਣਾਂਗੇ।” 33 ਇਸ ਲਈ ਪੌਲੁਸ ਉੱਥੋਂ ਦੂਰ ਚੱਲਿਆ ਗਿਆ। 34 ਪਰ ਕੁਝ ਲੋਕ ਉਸ ਦੇ ਸੰਗ ਹੋ ਗਏ ਅਤੇ ਨਿਹਚਾਵਾਨ ਬਣ ਗਏ। ਉਨ੍ਹਾਂ ਵਿੱਚੋਂ ਇੱਕ ਦਿਯਾਨੀਸਿਯੁਸ ਸੀ, ਜੋ ਅਰਿਯੁਪਗੀ ਸਭਾ ਦਾ ਇੱਕ ਸਦੱਸ ਸੀ। ਇੱਕ ਦਾਮਰਿਸ ਨਾਂ ਦੀ ਔਰਤ ਅਤੇ ਕੁਝ ਹੋਰ ਲੋਕਾਂ ਨੇ ਵੀ ਨਿਹਚਾ ਕੀਤਾ।

ਕੁਰਿੰਥੁਸ ਵਿੱਚ ਪੌਲੁਸ

18 ਬਾਅਦ ਵਿੱਚ ਪੌਲੁਸ ਅਥੈਨੇ ਨੂੰ ਛੱਡ ਕੇ ਕੁਰਿੰਥੁਸ ਸ਼ਹਿਰ ਵਿੱਚ ਚੱਲਾ ਗਿਆ। ਉੱਥੇ ਉਹ ਅਕੂਲਾ ਨਾਂ ਦੇ ਇੱਕ ਯਹੂਦੀ ਆਦਮੀ ਨੂੰ ਮਿਲਿਆ, ਜੋ ਪੁੰਤੁਸ ਦੇਸ ਦਾ ਜੰਮਿਆ ਪਲਿਆ ਸੀ। ਪਰ ਅਕੂਲਾ ਅਤੇ ਉਸਦੀ ਪਤਨੀ ਪ੍ਰਿਸੱਕਿੱਲਾ ਇਤਾਲਿਯਾ ਤੋਂ ਹੁਣ ਹੀ ਕੁਰਿੰਥੁਸ ਵਿੱਚ ਆਏ ਸਨ। ਕਿਉਂਕਿ ਕਲੌਦਿਯੁਸ ਨੇ ਹੁਕਮ ਦਿੱਤਾ ਸੀ ਕਿ ਸਾਰੇ ਯਹੂਦੀ ਰੋਮ ਵਿੱਚੋਂ ਨਿਕਲ ਜਾਣ, ਤਾਂ ਪੌਲੁਸ ਅਕੂਲਾ ਅਤੇ ਪ੍ਰਿਸੱਕਿੱਲਾ ਨੂੰ ਮਿਲਣ ਲਈ ਗਿਆ। ਉਹ ਵੀ ਪੌਲੁਸ ਦੀ ਤਰ੍ਹਾਂ, ਤੰਬੂ ਬਨਾਉਣ ਵਾਲੇ ਹੀ ਸਨ। ਪੌਲੁਸ ਉਨ੍ਹਾਂ ਕੋਲ ਠਹਿਰ ਕੇ ਉਨ੍ਹਾਂ ਨਾਲ ਕੰਮ ਕਰਨ ਲੱਗ ਪਿਆ।

ਹਰ ਸਬਤ ਦੇ ਦਿਨ, ਪੌਲੁਸ ਯਹੂਦੀਆਂ ਅਤੇ ਯੂਨਾਨੀਆਂ ਨਾਲ ਪ੍ਰਾਰਥਨਾ ਸਥਾਨ ਵਿੱਚ ਚਰਚਾ ਕਰਦਾ। ਪੌਲੁਸ ਨੇ ਉਨ੍ਹਾਂ ਨੂੰ ਮਨਵਾਉਣ ਦੀ ਕੋਸ਼ਿਸ਼ ਕੀਤੀ। ਸੀਲਾਸ ਅਤੇ ਤਿਮੋਥਿਉਸ ਮਕਦੁਨਿਯਾ ਤੋਂ ਪੌਲੁਸ ਕੋਲ ਕੁਰਿੰਥੀਆਂ ਵਿੱਚ ਆ ਗਏ। ਇਸ ਤੋਂ ਬਾਅਦ ਉਸ ਨੇ ਖੁਸ਼ਖਬਰੀ ਦੇਣ ਅਤੇ ਯਹੂਦੀਆਂ ਨੂੰ ਇਹ ਵਿਖਾਉਂਦਿਆਂ, ਕਿ ਯਿਸੂ ਹੀ ਮਸੀਹ ਹੈ, ਆਪਣਾ ਸਾਰਾ ਸਮਾਂ ਬਿਤਾਇਆ। ਪਰ ਉਨ੍ਹਾਂ ਨੇ ਉਸਦਾ ਵਿਰੋਧ ਕੀਤਾ ਅਤੇ ਉਸ ਨਾਲ ਅਨੁਚਿਤ ਵਿਹਾਰ ਕੀਤਾ। ਇਸ ਲਈ ਪੌਲੁਸ ਨੇ ਆਪਣੇ ਕੱਪੜਿਆਂ ਦੀ ਧੂੜ ਝਾੜਦਿਆਂ ਹੋਇਆਂ ਯਹੂਦੀਆਂ ਨੂੰ ਆਖਿਆ, “ਤੁਸੀਂ ਆਪਣੇ ਦੋਸ਼ਾਂ ਕਾਰਣ ਬਚਾਏ ਨਾ ਜਾਵੋਂਗੇ। ਮੈਂ ਜੋ ਕਰ ਸੱਕਦਾ ਸੀ, ਕੀਤਾ ਹੈ। ਇਸਤੋਂ ਬਾਅਦ ਮੈਂ ਸਿਰਫ਼ ਪਰਾਈਆਂ ਕੌਮਾਂ ਵਿੱਚ ਜਾਵਾਂਗਾ।”

ਪੌਲੁਸ ਪ੍ਰਾਰਥਨਾ ਸਥਾਨ ਨੂੰ ਛੱਡ ਕੇ ਤੀਤੁਸ ਯੂਸਤੁਸ ਦੇ ਘਰ ਨੂੰ ਚੱਲਾ ਗਿਆ। ਇਹ ਮਨੁੱਖ ਸੱਚੇ ਪਰਮੇਸ਼ੁਰ ਦੀ ਉਪਾਸਨਾ ਕਰਦਾ ਸੀ, ਇਸ ਦਾ ਘਰ ਪ੍ਰਾਰਥਨਾ ਸਥਾਨ ਤੋਂ ਨਾਲ ਦਾ ਸੀ। ਉਸ ਪ੍ਰਾਰਥਨਾ ਸਥਾਨ ਦਾ ਆਗੂ ਕਰਿਸਪੁਸ ਸੀ। ਕਰਿਸਪੁਸ ਅਤੇ ਸਾਰੇ ਉਸ ਦੇ ਘਰ ਵਿੱਚ ਰਹਿਣ ਵਾਲਿਆਂ ਲੋਕਾਂ ਨੇ ਪ੍ਰਭੂ ਵਿੱਚ ਵਿਸ਼ਵਾਸ ਕੀਤਾ। ਕੁਰਿੰਥੀਆਂ ਵਿੱਚ ਰੋਰ ਵੀ ਬਹੁਤ ਸਾਰੇ ਲੋਕਾਂ ਨੇ ਪੌਲੁਸ ਨੂੰ ਸੁਣਿਆ ਅਤੇ ਵਿਸ਼ਵਾਸ ਕੀਤਾ ਤੇ ਫ਼ਿਰ ਉਨ੍ਹਾਂ ਨੂੰ ਵੀ ਬਪਤਿਸਮਾ ਦਿੱਤਾ ਗਿਆ।

ਰਾਤ ਵੇਲੇ ਪੌਲੁਸ ਨੂੰ ਦਰਸ਼ਨ ਹੋਏ ਜਿਸ ਵਿੱਚ ਪ੍ਰਭੂ ਮਾਲਿਕ ਨੇ ਉਸ ਨੂੰ ਕਿਹਾ, “ਘਬਰਾ ਨਾ, ਲਗਾਤਾਰ ਲੋਕਾਂ ਵਿੱਚ ਬਚਨ ਕਰ, ਰੁਕੀਂ ਨਾ। 10 ਮੈਂ ਤੇਰੇ ਨਾਲ ਹਾਂ। ਕੋਈ ਵੀ ਤੇਰੇ ਤੇ ਹਮਲਾ ਕਰਨ ਅਤੇ ਤੈਨੂੰ ਸੱਟ ਮਾਰਨ ਨਹੀਂ ਆਵੇਗਾ। ਇਸ ਸ਼ਹਿਰ ਵਿੱਚ ਮੇਰੇ ਬਹੁਤ ਸਾਰੇ ਲੋਕ ਹਨ।” 11 ਪੌਲੁਸ ਉੱਥੇ ਕੋਈ ਡੇਢ ਕੁ ਸਾਲ ਠਹਿਰਿਆ ਅਤੇ ਲੋਕਾਂ ਨੂੰ ਪਰਮੇਸ਼ੁਰ ਦੇ ਉਪਦੇਸ਼ ਸੁਨਾਉਂਦਾ ਰਿਹਾ।

ਪੌਲੁਸ ਨੂੰ ਗਾਲੀਓ ਅੱਗੇ ਪੇਸ਼ ਕੀਤਾ ਗਿਆ

12 ਜਦੋਂ ਗਾਲੀਓ ਅਖਾਯਾ ਦੇਸ਼ ਦਾ ਰਾਜਪਾਲ ਬਣ ਗਿਆ, ਕੁਝ ਯਹੂਦੀ ਲੋਕ ਇੱਕ ਸਾਥ ਪੌਲੁਸ ਦੇ ਵਿਰੁੱਧ ਇਕੱਠੇ ਹੋਏ ਅਤੇ ਉਸ ਨੂੰ ਅਦਾਲਤ ਵਿੱਚ ਲੈ ਗਏ, 13 ਅਤੇ ਉਨ੍ਹਾਂ ਜਾਕੇ ਗਾਲੀਓ ਨੂੰ ਆਖਿਆ, “ਉਹ ਲੋਕਾਂ ਨੂੰ ਪਰਮੇਸ਼ੁਰ ਦੀ ਉਪਾਸਨਾ ਅਜਿਹੇ ਢੰਗ ਨਾਲ ਕਰਨ ਲਈ ਮਨਾਉਂਦਾ ਹੈ ਜੋ ਕਿ ਸਾਡੇ ਯਹੂਦੀ ਸ਼ਰ੍ਹਾ ਦੇ ਖਿਲਾਫ਼ ਹੈ।”

14 ਜਦੋਂ ਪੌਲੁਸ ਕੁਝ ਆਖਣ ਲਈ ਮੂੰਹ ਖੋਲ੍ਹਣ ਲੱਗਾ ਤਾਂ ਗਾਲੀਓ ਨੇ ਯਹੂਦੀਆਂ ਨੂੰ ਆਖਿਆ, “ਹੇ ਯਹੂਦੀਓ। ਮੈ ਤੁਹਾਡੀ ਗੱਲ ਤਾਂ ਸੁਣੀ ਹੁੰਦੀ, ਜੇਕਰ ਇਹ ਕਿਸੇ ਗੰਭੀਰ ਅਪਰਾਧ ਜਾਂ ਗਲਤ ਕਰਨੀਆਂ ਦਾ ਮਾਮਲਾ ਹੁੰਦਾ। 15 ਪਰ ਜੋ ਗੱਲ ਤੁਸੀਂ ਯਹੂਦੀ ਆਖ ਰਹੇ ਹੋ ਇਹ ਝਗੜ੍ਹੇ ਤਾਂ ਤੁਹਾਡੀ ਆਪਣੀ ਸ਼ਰ੍ਹਾ, ਸ਼ਬਦਾਂ ਅਤੇ ਨਾਵਾਂ ਦੇ ਹਨ, ਸੋ ਇਹ ਤੁਸੀਂ ਹੀ ਜਾਣੋ, ਮੈਂ ਨਹੀਂ ਚਾਹੁੰਦਾ ਕਿ ਮੈਂ ਇਨ੍ਹਾਂ ਗੱਲਾਂ ਦਾ ਮੁਨਸਫ਼ ਹੋਵਾਂ।” 16 ਤਦ ਗਾਲੀਓ ਨੇ ਉਨ੍ਹਾਂ ਨੂੰ ਅਦਾਲਤ ਤੋਂ ਬਾਹਰ ਜਾਣ ਨੂੰ ਕਿਹਾ।

17 ਤਦ ਉਨ੍ਹਾਂ ਸਾਰਿਆਂ ਨੇ ਸੋਸਨਥੇਜ਼ ਨੂੰ ਫ਼ੜ ਲਿਆ। ਸੋਸਨਥੇਜ਼ ਉਸ ਵਕਤ ਪ੍ਰਾਰਥਨਾ ਸਥਾਨ ਦਾ ਆਗੂ ਸੀ ਉਨ੍ਹਾਂ ਨੇ ਉਸ ਨੂੰ ਅਦਾਲਤ ਦੇ ਸਾਹਮਣੇ ਲਿਆਕੇ ਮਾਰਿਆ, ਪਰ ਗਾਲੀਓ ਨੇ ਇਸ ਬਾਰੇ ਕੋਈ ਧਿਆਨ ਨਾ ਦਿੱਤਾ।

ਪੌਲੁਸ ਦਾ ਅੰਤਾਕਿਯਾ ਵੱਲ ਮੁੜਨਾ

18 ਪੌਲੁਸ ਉੱਥੇ ਬਹੁਤ ਦਿਨ ਠਹਿਰਿਆ। ਫ਼ੇਰ ਉਸ ਨੇ ਭਰਾਵਾਂ ਨੂੰ ਅਲਵਿਦਾ ਆਖੀ ਅਤੇ ਸੁਰਿਯਾ ਲਈ ਜਹਾਜ ਵਿੱਚ ਸਫ਼ਰ ਕੀਤਾ। ਪ੍ਰਿਸੱਕਿੱਲਾ ਅਤੇ ਅਕੂਲਾ ਵੀ ਉਸ ਦੇ ਨਾਲ ਸਨ। ਕੰਖਰਿਯਾ ਵਿੱਚ ਪੌਲੁਸ ਨੇ ਆਪਣੇ ਵਾਲ ਕਟਾ ਲਏ, ਕਿਉਂਕਿ ਉਸ ਨੇ ਮੰਨਤ ਮੰਨੀ ਸੀ। 19 ਤਦ ਉਹ ਅਫ਼ਸੁਸ ਸ਼ਹਿਰ ਵਿੱਚ ਪਹੁੰਚਿਆ ਅਤੇ ਇੱਥੇ ਹੀ ਉਸ ਨੇ ਅਕੂਲਾ ਅਤੇ ਪ੍ਰਿਸੱਕਿੱਲਾ ਨੂੰ ਛੱਡਿਆ। ਅਫ਼ਸੁਸ ਵਿੱਚ, ਪੌਲੁਸ ਪ੍ਰਾਰਥਨਾ ਸਥਾਨ ਵਿੱਚ ਗਿਆ ਅਤੇ ਯਹੂਦੀਆਂ ਨਾਲ ਗੱਲ ਬਾਤ ਕੀਤੀ। 20 ਯਹੂਦੀਆਂ ਨੇ ਪੌਲੁਸ ਨੂੰ ਉੱਥੇ ਕੁਝ ਦੇਰ ਰੁਕਣ ਲਈ ਕਿਹਾ, ਪਰ ਉਸ ਨੇ ਮਨ੍ਹਾ ਕਰ ਦਿੱਤਾ। 21 ਪੌਲੁਸ ਨੇ ਉਨ੍ਹਾਂ ਨੂੰ ਛੱਡਿਆ ਅਤੇ ਕਿਹਾ, “ਜੇ ਪਰਮੇਸ਼ੁਰ ਨੇ ਚਾਹਿਆ ਤਾਂ ਮੈਂ ਤੁਹਾਡੇ ਕੋਲ ਫ਼ੇਰ ਆਵਾਂਗਾ।” ਇਉਂ ਪੌਲੁਸ ਅਫ਼ਸੁਸ ਤੋਂ ਰਵਾਨਾ ਹੋਇਆ।

22 ਅਤੇ ਕੈਸਰਿਯਾ ਸ਼ਹਿਰ ਵਿੱਚ ਪਹੁੰਚਿਆ। ਫ਼ੇਰ ਉਹ ਯਰੂਸ਼ਲਮ ਵਿੱਚ ਕਲੀਸਿਯਾ ਨੂੰ ਸ਼ੁਭਕਾਮਨਾਵਾਂ ਦੇਣ ਲਈ ਗਿਆ। ਉਸਤੋਂ ਬਾਅਦ ਉਹ ਅੰਤਾਕਿਯਾ ਨੂੰ ਗਿਆ, 23 ਅਤੇ ਉੱਥੇ ਕੁਝ ਦੇਰ ਰੁਕਿਆ ਅਤੇ ਫ਼ਿਰ ਅੰਤਾਕਿਯਾ ਨੂੰ ਛੱਡ ਕੇ ਗਲਾਤਿਯਾ ਅਤੇ ਫ਼ਰੁਗਿਯਾ ਦੇ ਦੇਸ਼ ਵਿੱਚ ਥਾਂ-ਥਾਂ ਫ਼ਿਰ ਕੇ ਯਿਸੂ ਦੇ ਸਾਰੇ ਚੇਲਿਆਂ ਨੂੰ ਤਕੜਿਆਂ ਕਰਦਾ ਰਿਹਾ।

ਅਪੁੱਲੋਸ ਦਾ ਅਫ਼ਸੁਸ ਅਤੇ ਅਖਾਯਾ ਵੱਲ ਜਾਣਾ

24 ਇੱਕ ਯਹੂਦੀ ਜਿਸਦਾ ਨਾਮ ਅਪੁੱਲੋਸ ਸੀ ਅਫ਼ਸੁਸ ਵਿੱਚ ਆਇਆ। ਉਹ ਸਿਕੰਦਰਿਯਾ ਸ਼ਹਿਰ ਦਾ ਜੰਮਿਆ ਇੱਕ ਪੜ੍ਹਿਆ-ਲਿਖਿਆ ਆਦਮੀ ਸੀ। ਉਸ ਨੂੰ ਪੋਥੀਆਂ ਬਾਰੇ ਬੜੀ ਜਾਣਕਾਰੀ ਸੀ। 25 ਉਸ ਨੂੰ ਪ੍ਰਭੂ ਦੇ ਮਾਰਗ ਬਾਰੇ ਸਿੱਖਾਇਆ ਗਿਆ ਸੀ। ਉਹ ਪ੍ਰਭੂ ਯਿਸੂ ਬਾਰੇ ਬੜੇ ਜੋਸ਼ ਨਾਲ ਬੋਲਦਾ ਸੀ। ਜੋ ਉਹ ਯਿਸੂ ਬਾਰੇ ਸਿੱਖਿਆ ਦਿੰਦਾ ਉਹ ਠੀਕ ਹੁੰਦੀ ਸੀ। ਅਪੁੱਲੋਸ ਨੂੰ ਸਿਰਫ਼ ਯੂਹੰਨਾ ਦੇ ਬਪਤਿਸਮੇ ਬਾਰੇ ਪਤਾ ਸੀ। 26 ਅਪੁੱਲੋਸ ਨੇ ਨਿਡਰਤਾ ਨਾਲ ਪ੍ਰਾਰਥਨਾ ਸਥਾਨਾਂ ਵਿੱਚ ਬੋਲਣਾ ਸ਼ੁਰੂ ਕਰ ਦਿੱਤਾ। ਪ੍ਰਿਸੱਕਿੱਲਾ ਅਤੇ ਅਕੂਲਾ ਨੇ ਵੀ ਉਸ ਨੂੰ ਬੋਲਦਿਆਂ ਸੁਣਿਆ। ਫ਼ੇਰ ਉਹ ਉਸ ਨੂੰ ਆਪਣੇ ਘਰ ਲੈ ਗਿਆ ਅਤੇ ਉਸ ਨੂੰ ਪਰਮੇਸ਼ੁਰ ਦੇ ਮਾਰਗ ਬਾਰੇ ਚੰਗੀ ਤਰ੍ਹਾਂ ਸਮਝਣ ਵਿੱਚ ਮਦਦ ਕੀਤੀ।

27 ਅਪੁੱਲੋਸ ਅਖਾਯਾ ਦੇਸ਼ ਨੂੰ ਜਾਣਾ ਚਾਹੁੰਦਾ ਸੀ ਤਾਂ ਅਫ਼ਸੁਸ ਵਿੱਚ ਰਹਿੰਦੇ ਭਰਾਵਾਂ ਨੇ ਉਸਦੀ ਮਦਦ ਕੀਤੀ। ਉਨ੍ਹਾਂ ਨੇ ਅਖਾਯਾ ਵਿੱਚ ਰਹਿੰਦੇ ਯਿਸੂ ਦੇ ਚੇਲਿਆਂ ਨੂੰ ਇੱਕ ਚਿਠੀ ਲਿਖੀ ਜਿਸ ਵਿੱਚ ਉਸ ਨੇ ਅਪੁੱਲੋਸ ਨੂੰ ਉੱਥੇ ਉਸਦਾ ਆਦਰ ਕਰਨ ਲਈ ਲਿਖਿਆ। ਅਖਾਯਾ ਵਿੱਚ ਇਨ੍ਹਾਂ ਨਿਹਚਾਵਾਨਾਂ ਨੇ ਪਰਮੇਸ਼ੁਰ ਦੀ ਕਿਰਪਾ ਨਾਲ ਯਿਸੂ ਵਿੱਚ ਨਿਹਚਾ ਕੀਤੀ। 28 ਉਸ ਨੇ ਯਹੂਦੀਆਂ ਨਾਲ ਬੜੀ ਤਕੜੀ ਦਲੀਲਬਾਜ਼ੀ ਕੀਤੀ ਅਤੇ ਸਾਰੇ ਲੋਕਾਂ ਸਾਹਮਣੇ ਸਾਫ਼ ਤੌਰ ਤੇ ਸਾਬਿਤ ਕਰ ਦਿੱਤਾ ਕਿ ਯਹੂਦੀ ਗਲਤ ਸਨ। ਉਸ ਨੇ ਪੋਥੀਆਂ ਵਿਖਾਈਆਂ ਅਤੇ ਇਹ ਦਰਸ਼ਾਇਆ ਕਿ ਯਿਸੂ ਹੀ ਮਸੀਹ ਹੈ।

ਅਫ਼ਸੁਸ ਵਿੱਚ ਪੌਲੁਸ

19 ਜਦੋਂ ਅਪੁੱਲੋਸ ਕੁਰਿੰਥੁਸ ਸ਼ਹਿਰ ਵਿੱਚ ਸੀ ਪੌਲੁਸ ਨੇ ਉਸ ਦੇਸ਼ ਦੇ ਪਹਾੜੀ ਖੇਤਰ ਦਾ ਸਫ਼ਰ ਕੀਤਾ ਅਤੇ ਅੰਤ ਵਿੱਚ ਅਫ਼ਸੁਸ ਪਹੁੰਚਿਆ। ਉੱਥੇ ਉਹ ਕੁਝ ਚੇਲਿਆਂ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਪੁੱਛਿਆ, “ਜਦੋਂ ਤੁਸੀਂ ਨਿਹਚਾ ਕੀਤੀ ਤਾਂ ਕੀ ਤੁਹਾਨੂੰ ਪਵਿੱਤਰ ਆਤਮਾ ਪ੍ਰਾਪਤ ਹੋਇਆ।” ਇਨ੍ਹਾਂ ਚੇਲਿਆਂ ਨੇ ਉਸ ਨੂੰ ਕਿਹਾ, “ਅਸੀਂ ਤਾਂ ਕਦੇ ਪਵਿੱਤਰ ਆਤਮਾ ਬਾਰੇ ਸੁਣਿਆ ਤੱਕ ਵੀ ਨਹੀਂ।”

ਤਾਂ ਪੌਲੁਸ ਨੇ ਉਨ੍ਹਾਂ ਨੂੰ ਪੁੱਛਿਆ, “ਤੁਸੀਂ ਕਾਹ ਦਾ ਬਪਤਿਸਮਾ ਲਿਆ ਸੀ?”

ਉਨ੍ਹਾਂ ਨੇ ਕਿਹਾ, “ਯੂਹੰਨਾ ਦਾ ਬਪਤਿਸਮਾ।”

ਪੌਲੁਸ ਨੇ ਕਿਹਾ, “ਯੂਹੰਨਾ ਨੇ ਲੋਕਾਂ ਨੂੰ ਇੱਕ ਸਬੂਤ ਵਾਂਗ ਬਪਤਿਸਮਾ ਦਿੱਤਾ ਕਿ ਉਹ ਆਪਣੇ ਜੀਵਨ ਬਦਲਣੇ ਚਾਹੁੰਦੇ ਸਨ ਅਤੇ ਉਹ ਲੋਕਾਂ ਨੂੰ ਉਸ ਇੱਕ ਬਾਰੇ ਦੱਸਦਾ ਸੀ, ਜਿਸਨੇ ਉਸਤੋਂ ਬਾਅਦ ਆਉਣਾ ਸੀ, ਉਹ ਵਿਅਕਤੀ ਯਿਸੂ ਸੀ।”

ਜਦੋਂ ਉਨ੍ਹਾਂ ਚੇਲਿਆਂ ਨੇ ਇਹ ਸੁਣਿਆ, ਤਾਂ ਉਨ੍ਹਾਂ ਨੂੰ ਪ੍ਰਭੂ ਯਿਸੂ ਦੇ ਨਾਂ ਵਿੱਚ ਬਪਤਿਸਮਾ ਦਿੱਤਾ। ਫ਼ੇਰ, ਜਦੋਂ ਪੌਲੁਸ ਨੇ ਉਨ੍ਹਾਂ ਤੇ ਆਪਣਾ ਹੱਥ ਰੱਖਿਆ ਤਾਂ ਪਵਿੱਤਰ ਆਤਮਾ ਉਨ੍ਹਾਂ ਉੱਪਰ ਆਇਆ। ਤਾਂ ਉਹ ਵੱਖ-ਵੱਖ ਭਾਸ਼ਾਵਾਂ ਵਿੱਚ ਬੋਲਣ ਅਤੇ ਭਵਿੱਖ ਬਾਣੀਆਂ ਕਰਨ ਲੱਗੇ। ਇਸ ਧੜੇ ਵਿੱਚ ਕੋਈ ਬਾਰ੍ਹਾਂ ਕੁ ਮਨੁੱਖ ਸਨ।

ਪੌਲੁਸ ਪ੍ਰਾਰਥਨਾ ਸਥਾਨ ਅੰਦਰ ਗਿਆ ਅਤੇ ਨਿਡਰ ਹੋਕੇ ਬੋਲਿਆ। ਉਸ ਨੇ ਇਹ ਕਾਰਜ ਤਿੰਨ ਮਹੀਨਿਆਂ ਤੱਕ ਜਾਰੀ ਰੱਖਿਆ। ਉਸ ਨੇ ਯਹੂਦੀਆਂ ਨਾਲ ਚਰਚਾ ਕੀਤੀ ਅਤੇ ਪਰਮੇਸ਼ੁਰ ਦੇ ਰਾਜ ਬਾਰੇ ਜੋ ਬਚਨ ਉਹ ਕਰਦਾ ਸੀ ਉਨ੍ਹਾਂ ਨੂੰ ਮੰਨਵਾਉਣ ਦੀ ਕੋਸ਼ਿਸ਼ ਕਰਦਾ। ਪਰ ਕੁਝ ਯਹੂਦੀ ਬੜੇ ਕੱਟਰ ਸਨ, ਅਤੇ ਉਨ੍ਹਾਂ ਨੇ ਵਿਸ਼ਵਾਸ ਕਰਨ ਤੋਂ ਇਨਕਾਰ ਕਰ ਦਿੱਤਾ। ਇਨ੍ਹਾਂ ਯਹੂਦੀਆਂ ਨੇ ਲੋਕਾਂ ਸਾਹਮਣੇ ਯਿਸੂ ਦੇ ਰਾਹ ਬਾਰੇ ਮਾੜੀਆਂ ਗੱਲਾਂ ਬੋਲੀਆਂ। ਤਾਂ ਪੌਲੁਸ ਉਨ੍ਹਾਂ ਨੂੰ ਛੱਡ ਗਿਆ ਤੇ ਯਿਸੂ ਦੇ ਚੇਲਿਆਂ ਨੂੰ ਆਪਣੇ ਨਾਲ ਲੈ ਕੇ ਤੁਰੰਨੂੰਮ ਦੀ ਪਾਠਸ਼ਾਲਾ ਵਿੱਚ ਚੱਲਾ ਗਿਆ। ਉੱਥੇ ਉਹ ਰੋਜ਼ ਲੋਕਾਂ ਨਾਲ ਚਰਚਾ ਕਰਦਾ। 10 ਪੌਲੁਸ ਅਜਿਹਾ ਦੋ ਸਾਲ ਤੱਕ ਕਰਦਾ ਰਿਹਾ। ਇਸ ਕੰਮ ਕਰਕੇ ਅਸਿਯਾ ਦੇ ਹਰ ਮਨੁੱਖ, ਯਹੂਦੀ ਤੇ ਗੈਰ-ਯਹੂਦੀ, ਸਭ ਨੇ ਪ੍ਰਭੂ ਦੇ ਬਚਨਾਂ ਨੂੰ ਸੁਣਿਆ।

ਸੱਕੇਵਾਂ ਦੇ ਪੁੱਤਰ

11 ਪਰਮੇਸ਼ੁਰ ਪੌਲੁਸ ਰਾਹੀਂ ਕੁਝ ਮਹਾਨ ਕਰਿਸ਼ਮੇ ਕਰਵਾਉਂਦਾ ਹੁੰਦਾ ਸੀ। 12 ਕੁਝ ਲੋਕਾਂ ਨੇ ਉਹ ਕੱਪੜੇ ਅਤੇ ਰੁਮਾਲ ਲੈ ਲਏ ਜੋ ਪੌਲੁਸ ਨੇ ਇਸਤੇਮਾਲ ਕੀਤੇ ਸਨ ਅਤੇ ਉਹ ਉਨ੍ਹਾਂ ਨੂੰ ਬਿਮਾਰ ਲੋਕਾਂ ਉੱਤੇ ਪਾ ਦਿੰਦੇ। ਜਦੋਂ ਅਜਿਹੇ ਕੱਪੜੇ ਰੋਗੀਆਂ ਨੂੰ ਛੂਂਹਦੇ, ਤਾਂ ਉਹ ਰੋਗੀ ਤੰਦਰੁਸਤ ਹੋ ਜਾਂਦੇ ਅਤੇ ਭਰਿਸ਼ਟ ਆਤਮਾਵਾਂ ਉਨ੍ਹਾਂ ਨੂੰ ਛੱਡ ਜਾਂਦੀਆਂ।

13-14 ਕੁਝ ਯਹੂਦੀ ਲੋਕ ਵੀ ਇਧਰ-ਉਧਰ ਫ਼ਿਰਦਿਆਂ ਹੋਇਆਂ ਲੋਕਾਂ ਵਿੱਚੋਂ ਭਰਿਸ਼ਟ ਆਤਮੇ ਕੱਢਦੇ ਹੁੰਦੇ ਸਨ। ਸੱਕੇਵਾ ਵੱਡੇ ਜਾਜਕ ਦੇ ਸੱਤੇ ਪੁੱਤਰ ਇਹੀ ਕੰਮ ਕਰਦੇ ਸਨ। ਉਨ੍ਹਾਂ ਨੇ ਯਿਸੂ ਦੇ ਨਾਂ ਨੂੰ ਇਸਤੇਮਾਲ ਕਰਕੇ ਭਰਿਸ਼ਟ ਆਤਮਿਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਆਖਿਆ, “ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਕਿ ਤੁਸੀਂ ਉਸੇ ਯਿਸੂ ਦੇ ਨਾਂ ਤੇ ਬਾਹਰ ਆ ਜਾਓ ਜਿਸ ਬਾਰੇ ਪੌਲੁਸ ਦੱਸਦਾ ਹੈ।”

15 ਪਰ ਭਰਿਸ਼ਟ ਆਤਮਾ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਮੈਂ ਯਿਸੂ ਨੂੰ ਵੀ ਜਾਣਦਾ ਹਾਂ ਅਤੇ ਪੌਲੁਸ ਨੂੰ ਵੀ, ਪਰ ਤੁਸੀਂ ਕੌਣ ਹੋਂ?”

16 ਫ਼ੇਰ ਭਰਿਸ਼ਟ ਆਤਮਿਆਂ ਦੇ ਕਾਬਿਜ ਉਸ ਆਦਮੀ ਨੇ ਉਨ੍ਹਾਂ ਯਹੂਦੀਆਂ ਉੱਤੇ ਛਾਲ ਮਾਰੀ। ਉਹ ਉਨ੍ਹਾਂ ਤੋਂ ਕਿਤੇ ਵੱਧ ਤਾਕਤਵਰ ਸੀ। ਉਸ ਨੇ ਉਨ੍ਹਾਂ ਨੂੰ ਕੁਟਿਆ ਅਤੇ ਉਨ੍ਹਾਂ ਦੇ ਕੱਪੜੇ ਪਾੜ ਦਿੱਤੇ। ਇਸ ਲਈ ਉਹ ਨੰਗੇ ਅਤੇ ਜ਼ਖਮੀ ਹੀ ਉਸ ਘਰੋਂ ਭੱਜ ਗਏ।

17 ਅਫ਼ਸੁਸ ਵਿੱਚ ਰਹਿੰਦੇ ਸਾਰੇ ਯਹੂਦੀ ਅਤੇ ਯੂਨਾਨੀ ਸਭਨਾਂ ਨੂੰ ਇਸ ਗੱਲ ਬਾਰੇ ਪਤਾ ਲੱਗ ਗਿਆ ਤੇ ਉਨ੍ਹਾਂ ਸਾਰਿਆਂ ਦੇ ਮਨਾਂ ਵਿੱਚ ਡਰ ਆ ਗਿਆ ਅਤੇ ਲੋਕਾਂ ਨੇ ਪ੍ਰਭੂ ਯਿਸੂ ਦੇ ਨਾਂ ਨੂੰ ਵੱਡਾ ਮਾਨ-ਸੰਮਾਨ ਦਿੱਤਾ। 18 ਬਹੁਤ ਸਾਰੇ ਨਿਹਚਾਵਾਨ ਅੱਗੇ ਆਏ ਅਤੇ ਸਾਰੇ ਲੋਕਾਂ ਸਾਹਮਣੇ, ਜਿਹੜੀਆਂ ਭਰਿਸ਼ਟ ਕਰਨੀਆਂ ਉਨ੍ਹਾਂ ਨੇ ਕੀਤੀਆਂ ਸਨ ਸਵੀਕਾਰ ਕਰ ਲਈਆਂ। 19 ਅਨੇਕਾਂ ਨਿਹਚਾਵਾਨਾਂ, ਨੇ ਜੋ ਜਾਦੂ ਕਰਦੇ ਸਨ, ਆਪਣੀਆਂ ਜਾਦੂ ਦੀਆਂ ਪੁਸਤਕਾਂ ਲਿਆਏ ਅਤੇ ਲੋਕਾਂ ਸਾਹਮਣੇ ਸਾੜ ਦਿੱਤੀਆਂ। ਇਹ ਪੁਸਤਕਾਂ ਤਕਰੀਬਨ 50,000 ਚਾਂਦੀ ਦੇ ਸਿੱਕਿਆਂ ਦੇ ਤੁਲ ਸਨ। 20 ਇਸ ਤਰ੍ਹਾਂ ਪ੍ਰਭੂ ਦਾ ਬਚਨ ਸ਼ਕਤੀਸ਼ਾਲੀ ਢੰਗ ਨਾਲ ਵੱਧ ਤੋਂ ਵੱਧ ਲੋਕਾਂ ਦੇ ਦਿਲਾਂ ਨੂੰ ਪ੍ਰਭਾਵਿਤ ਕਰ ਰਿਹਾ ਸੀ, ਅਤੇ ਬਹੁਤ ਸਾਰੇ ਨਿਹਚਾਵਾਨ ਬਣ ਗਏ।

ਪੌਲੁਸ ਵੱਲੋਂ ਇੱਕ ਸਫ਼ਰ ਦੀ ਵਿਉਂਤ

21 ਇਨ੍ਹਾਂ ਘਟਨਾਵਾਂ ਤੋਂ ਬਾਅਦ ਪੌਲੁਸ ਨੇ ਯਰੂਸ਼ਲਮ ਵਿੱਚ ਜਾਣ ਦੀ ਯੋਜਨਾ ਬਣਾਈ। ਉਸ ਨੇ ਯਰੂਸ਼ਲਮ ਮਕਦੂਨਿਯਾ ਅਤੇ ਅਖਾਯਾ ਦੇ ਵਿੱਚੋਂ ਦੀ ਲੰਘ ਕੇ ਜਾਣ ਦੀ ਵਿਉਂਤ ਬਣਾਈ। ਉਸ ਨੇ ਸੋਚਿਆ “ਮੇਰੇ ਯਰੂਸ਼ਲਮ ਯਾਤਰਾ ਕਰਨ ਤੋਂ ਬਾਅਦ, ਮੈਨੂੰ ਰੋਮ ਦੀ ਯਾਤਰਾ ਵੀ ਕਰਨੀ ਚਾਹੀਦੀ ਹੈ।” 22 ਤਿਮੋਥਿਉਸ ਅਤੇ ਇਰਸਤੁਸ ਪੌਲੁਸ ਦੇ ਦੋ ਚੰਗੇ ਮਦਦ ਕਰਨ ਵਾਲੇ ਮਨੁੱਖ ਸਨ। ਪੌਲੁਸ ਨੇ ਉਨ੍ਹਾਂ ਨੂੰ ਮਕਦੂਨਿਯਾ ਵਿੱਚ ਭੇਜਿਆ ਅਤੇ ਆਪ ਕੁਝ ਦੇਰ ਅਸਿਯਾ ਵਿੱਚ ਰੁਕਿਆ।

ਅਫ਼ਸੁਸ ਵਿੱਚ ਮੁਸੀਬਤ

23 ਪਰ ਉਸ ਸਮੇਂ ਅਫ਼ਸੁਸ ਵਿੱਚ ਯਿਸੂ ਦੇ ਰਸਤੇ ਬਾਬਤ ਇੱਕ ਵੱਡਾ ਸੰਕਟ ਸੀ। 24 ਇਹ ਸਭ ਇਵੇਂ ਵਾਪਰਿਆ; ਉੱਥੇ ਇੱਕ ਦੇਮੇਤ੍ਰਿਯੁਸ ਨਾਂ ਦਾ ਇੱਕ ਮਨੁੱਖ ਸੀ, ਉਹ ਚਾਂਦੀ ਦਾ ਕੰਮ ਕਰਦਾ ਸੀ। ਉਹ ਚਾਂਦੀ ਦੇ ਛੋਟੇ-ਛੋਟੇ ਅਰਤਿਮਿਸ ਦੇ ਮੰਦਰ ਜਿਹੇ ਬਣਾਉਂਦਾ ਸੀ। ਇਉਂ ਉਹ ਕਾਰੀਗਰਾਂ ਨੂੰ ਬਹੁਤ ਕੰਮ ਦਵਾਉਂਦਾ ਸੀ ਜਿਸ ਨਾਲ ਉਹ ਖਾਸਾ ਧਨ ਕਮਾ ਲੈਂਦੇ ਸਨ।

25 ਦੇਮੇਤ੍ਰਿਯੁਸ ਨੇ ਇਨ੍ਹਾਂ ਕਾਰੀਗਰਾਂ ਅਤੇ ਇਹੋ ਜਿਹੇ ਕੰਮ ਨਾਲ ਸੰਬੰਧਿਤ ਲੋਕਾਂ ਦੀ ਇੱਕ ਬੈਠਕ ਬੁਲਾਈ ਅਤੇ ਆਖਿਆ, “ਲੋਕੋ। ਤੁਸੀਂ ਜਾਣਦੇ ਹੋ ਕਿ ਅਸੀਂ ਇਸ ਕੰਮ ਤੋਂ ਬਹੁਤ ਸਾਰਾ ਪੈਸਾ ਕਮਾਉਂਦੇ ਹਾਂ। 26 ਪਰ ਉਸ ਵੱਲ ਵੇਖੋ ਉਹ ਕੀ ਆਖ ਰਿਹਾ ਹੈ। ਪੌਲੁਸ ਨੇ ਅਫ਼ਸੁਸ ਵਿੱਚ ਅਤੇ ਲੱਗ ਭੱਗ ਪੂਰੇ ਅਸਿਯਾ ਵਿੱਚ ਬਹੁਤ ਸਾਰੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ, ਅਤੇ ਉਨ੍ਹਾਂ ਦੇ ਮਨ ਬਦਲ ਦਿੱਤੇ ਹਨ। ਉਸਦਾ ਕਹਿਣਾ ਹੈ ਕਿ ਮਨੁੱਖ ਜਿਹੜੇ ਦੇਵੇਤੇ ਬਣਾਉਂਦੇ ਹਨ ਉਹ ਅਸਲ ਨਹੀਂ ਹਨ। 27 ਜਿਹੜੀਆਂ ਗੱਲਾਂ ਉਹ ਆਖਦਾ ਹੈ, ਹੋ ਸੱਕਦਾ ਹੈ ਕਿ ਉਹ ਲੋਕਾਂ ਨੂੰ ਸਾਡੇ ਕੰਮ ਦੇ ਵਿਰੁੱਧ ਕਰ ਦੇਣ। ਪਰ ਦੂਜਾ ਖਤਰਾ ਇਹ ਵੀ ਹੈ ਕਿ ਸ਼ਾਇਦ ਲੋਕ ਇਹ ਸੋਚਣਾ ਸ਼ੁਰੂ ਕਰ ਦੇਣ ਕਿ ਮਹਾਨ ਦੇਵੀ ਅਰਤਿਮਿਸ ਦਾ ਮੰਦਰ ਮਹੱਤਵਹੀਣ ਹੈ। ਉਸਦੀ ਮਹਾਨਤਾ ਖਤਮ ਹੋ ਜਾਵੇਗੀ। ਅਰਤਿਮਿਸ ਅਜਿਹੀ ਦੇਵੀ ਹੈ ਜਿਸਦੀ ਕਿ ਸਾਰੇ ਅਸਿਯਾ ਅਤੇ ਸੰਸਾਰ ਵਿੱਚ ਉਪਾਸਨਾ ਹੁੰਦੀ ਹੈ।”

28 ਜਦੋਂ ਲੋਕਾਂ ਨੇ ਇਹ ਸੁਣਿਆ ਤਾਂ ਉਹ ਬੜੇ ਕਰੋਧ ਵਿੱਚ ਆਏ ਅਤੇ ਉੱਚੀ-ਉੱਚੀ ਚਿਲਾਉਣ ਲੱਗੇ, “ਅਫ਼ਸੁਸ ਸ਼ਹਿਰ ਦੀ ਦੇਵੀ ਅਰਤਿਮਿਸ ਮਹਾਨ ਹੈ।” 29 ਸ਼ਹਿਰ ਵਿੱਚ ਗੜਬੜੀ ਮੱਚ ਗਈ। ਭੀੜ ਨੇ ਮਕਦੂਨਿਯਾ ਤੋਂ ਆਏ ਗਾਯੁਸ ਅਤੇ ਅਰਿਸਤਰੱਖੁਸ ਨੂੰ ਜਿਹੜੇ ਪੌਲੁਸ ਦੇ ਨਾਲ ਸਫ਼ਰ ਵਿੱਚ ਆਏ ਸਨ ਜੋ ਸਨ ਫ਼ੜ ਲਿਆ। ਤਦ ਸਾਰੇ ਲੋਕ ਇੱਕ ਮੈਦਾਨ ਵਿੱਚ ਇਕੱਠੇ ਹੋਏ। 30 ਪੌਲੁਸ ਅੰਦਰ ਜਾਕੇ ਭੀੜ ਨਾਲ ਗੱਲ ਕਰਨੀ ਚਾਹੁੰਦਾ ਸੀ, ਪਰ ਯਿਸੂ ਦੇ ਚੇਲਿਆਂ ਨੇ ਉਸ ਨੂੰ ਅੰਦਰ ਨਾ ਜਾਣ ਦਿੱਤਾ। 31 ਉਸ ਦੇਸ਼ ਦੇ ਕੁਝ ਆਗੂ ਪੌਲੁਸ ਦੇ ਮਿੱਤਰ ਵੀ ਸਨ। ਉਨ੍ਹਾਂ ਨੇ ਉਸ ਨੂੰ ਇਹ ਬੇਨਤੀ ਕਰਦਿਆਂ ਕਿ ਉਹ ਮੈਦਾਨ ਵਿੱਚ ਨਾ ਜਾਵੇ ਇੱਕ ਸੰਦੇਸ਼ ਭੇਜਿਆ।

32 ਕੁਝ ਲੋਕ ਰੌਲਾ ਪਾਕੇ ਕੁਝ ਆਖ ਰਹੇ ਸਨ ਤੇ ਕੁਝ ਲੋਕ ਕੁਝ ਹੋਰ। ਉੱਥੇ ਲੋਕਾਂ ਵਿੱਚ ਇਹ ਗੱਲਾਂ ਲੈ ਕੇ ਕਿ, ਉਹ ਇਕੱਠੇ ਕਿਉਂ ਹੋਏ ਹਨ, ਹਫ਼ੜਾ-ਦਫ਼ੜੀ ਮੱਚੀ ਹੋਈ ਸੀ। 33 ਯਹੂਦੀਆਂ ਨੇ ਇੱਕ ਸਿਕੰਦਰ ਨਾਂ ਦੇ ਆਦਮੀ ਨੂੰ ਉਨ੍ਹਾਂ ਦੇ ਸਾਹਮਣੇ ਖੜ੍ਹਾ ਕੀਤਾ। ਲੋਕਾਂ ਨੇ ਉਸ ਨੂੰ ਕਿਹਾ ਕਿ ਕੀ ਕਰੀਏ? ਉਸ ਨੇ ਲੋਕਾਂ ਨੂੰ ਸ਼ਾਂਤ ਰਹਿਣ ਵਾਸਤੇ ਆਪਣੇ ਹੱਥ ਚੁੱਕੇ, ਕਿਉਂਕਿ ਉਹ ਉਨ੍ਹਾਂ ਗੱਲਾਂ ਦੀ ਵਿਆਖਿਆ ਕਰਨੀ ਚਾਹੁੰਦਾ ਸੀ। 34 ਪਰ ਜਦ ਲੋਕਾਂ ਨੇ ਮਹਿਸੂਸ ਕੀਤਾ ਕਿ ਸਿਕੰਦਰ ਇੱਕ ਯਹੂਦੀ ਸੀ, ਉਨ੍ਹਾਂ ਸਭਨਾ ਨੇ ਇੱਕ ਅਵਾਜ਼ ਵਿੱਚ ਇਹ ਆਖਦਿਆਂ ਹੋਇਆਂ ਦੋ ਘੰਟਿਆਂ ਲਈ ਰੌਲਾ ਪੌਣਾ ਸ਼ੁਰੂ ਕਰ ਦਿੱਤਾ “ਅਫ਼ਸੀਆਂ ਦੀ ਅਰਤਿਮਿਸ ਮਹਾਨ ਹੈ।”

35 ਫ਼ੇਰ ਸ਼ਹਿਰ ਦੇ ਮੁਹਰੱਰ ਨੇ ਉਨ੍ਹਾਂ ਨੂੰ ਸ਼ਾਂਤ ਹੋਣ ਲਈ ਜ਼ੋਰ ਪਾਇਆ ਅਤੇ ਆਖਿਆ, “ਹੇ ਅਫ਼ਸੀ ਮਨੁੱਖੋ, ਉਹ ਕੌਣ ਹੈ ਜੋ ਇਹ ਨਹੀਂ ਜਾਣਦਾ ਕਿ ਅਫ਼ਸੀਆਂ ਦਾ ਸ਼ਹਿਰ ਮਹਾਂ ਅਰਤਿਮਿਸ ਦੇ ਮੰਦਰ ਅਤੇ ਸਵਰਗ ਵੱਲੋਂ ਡਿੱਗੀ ਹੋਈ ਪਵਿੱਤਰ ਚੱਟਾਨ ਦਾ ਸੇਵਕ ਹੈ?” 36 ਕੋਈ ਵੀ ਨਹੀਂ ਆਖ ਸੱਕਦਾ ਕਿ ਇਹ ਗੱਲਾਂ ਸੱਚੀਆਂ ਨਹੀਂ ਹਨ, ਇਸੇ ਲਈ ਤੁਹਾਨੂੰ ਸ਼ਾਂਤ ਰਹਿਣਾ ਚਾਹੀਦਾ ਹੈ। ਤੁਹਾਨੂੰ ਕੁਝ ਵੀ ਕਰਨ ਤੋਂ ਪਹਿਲਾਂ ਰੁਕ ਕੇ ਵਿੱਚਾਰ ਕਰ ਲੈਣਾ ਚਾਹੀਦਾ ਹੈ।

37 “ਤੁਸੀਂ ਇਨ੍ਹਾਂ ਆਦਮੀਆਂ ਨੂੰ ਲਿਆਏ ਹੋ, ਪਰ ਇਨ੍ਹਾਂ ਨੇ ਸਾਡੀ ਦੇਵੀ ਦੇ ਖਿਲਾਫ਼ ਬੇਇੱਜ਼ਤੀ ਦੇ ਸ਼ਬਦ ਨਹੀਂ ਬੋਲੇ, ਨਾ ਹੀ ਇਨ੍ਹਾਂ ਨੇ ਉਸ ਦੇ ਮੰਦਰ ਵਿੱਚੋਂ ਕੁਝ ਚੋਰੀ ਕੀਤਾ ਹੈ। 38 ਸਾਡੇ ਕੋਲ ਅਦਾਲਤਾਂ ਹਨ ਅਤੇ ਉੱਥੇ ਨਿਆਂਕਾਰ ਹਨ। ਜੇਕਰ ਦੇਮੇਤ੍ਰਿਯੁਸ ਅਤੇ ਉਸ ਦੇ ਨਾਲ ਕੰਮ ਕਰਨ ਵਾਲੇ ਹੋਰਨਾਂ ਨੂੰ ਕਿਸੇ ਦੇ ਖਿਲਾਫ਼ ਕੋਈ ਸ਼ਿਕਾਇਤ ਹੈ, ਤਾਂ ਉਨ੍ਹਾਂ ਨੂੰ ਕਚਿਹਰੀਆਂ ਵਿੱਚ ਜਾਣਾ ਚਾਹੀਦਾ ਹੈ। ਉੱਥੇ ਉਹ ਆਪਣੇ ਮਾਮਲੇ ਬਾਰੇ ਇੱਕ ਦੂਜੇ ਦੇ ਖਿਲਾਫ਼ ਦਲੀਲਬਾਜ਼ੀ ਕਰ ਸੱਕਦੇ ਹਨ।

39 “ਕੀ ਹੋਰ ਵੀ ਕੋਈ ਗੱਲ ਹੈ ਜਿਸ ਬਾਰੇ ਤੁਸੀਂ ਕੁਝ ਆਖਣਾ ਚਾਹੁੰਦੇ ਹੋ? ਤਾਂ ਜਿਹੜੀ ਲੋਕਾਂ ਦੀ ਮਜਲਸ ਲੱਗਦੀ ਹੈ, ਇਹ ਨਿਬੇੜਾ ਉੱਥੇ ਹੋਵੇਗਾ। 40 ਅੱਜ ਵਾਪਰੀ ਮੁਸੀਬਤ ਕਰਕੇ ਸਾਨੂੰ ਦੰਗਿਆਂ ਦੇ ਅਪਰਾਧੀ ਸਮਝੇ ਜਾਣਦਾ ਖਤਰਾ ਹੈ। ਅਸੀਂ ਇਸ ਅਫ਼ਰਾਤਫ਼ਰੀ ਦੀ ਵਿਆਖਿਆ ਨਹੀਂ ਕਰ ਸੱਕਦੇ, ਕਿਉਂਕਿ ਸਾਡੇ ਕੋਲ; ਇਸ ਸਭਾ ਲਈ ਕੋਈ ਪੱਕਾ ਕਾਰਣ ਨਹੀਂ ਹੈ।” 41 ਜਦੋਂ ਸ਼ਹਿਰ ਦੇ ਮੁਹਰਰ ਨੇ ਅਜਿਹੀਆਂ ਗੱਲਾਂ ਕੀਤੀਆਂ, ਤਾਂ ਫ਼ੇਰ ਉਸ ਨੇ ਲੋਕਾਂ ਨੂੰ ਘਰਾਂ ਨੂੰ ਵਾਪਸ ਜਾਣ ਲਈ ਕਿਹਾ ਤਾਂ ਸਭ ਲੋਕੀਂ ਘਰੋ-ਘਰੀ ਚੱਲੇ ਗਏ।

ਮਕਦੂਨਿਯਾ ਅਤੇ ਯੂਨਾਨ ਵਿੱਚ ਪੌਲੁਸ

20 ਜਦੋਂ ਰੌਲਾ ਖਤਮ ਹੋ ਗਿਆ ਤਾਂ ਪੌਲੁਸ ਨੇ ਯਿਸੂ ਦੇ ਚੇਲਿਆਂ ਨੂੰ ਆਪਣੇ ਕੋਲ ਸੱਦਿਆ। ਉਸ ਨੇ ਉਨ੍ਹਾਂ ਦਾ ਹੌਂਸਲਾ ਵੱਧਾਇਆ ਅਤੇ ਫ਼ਿਰ ਉਨ੍ਹਾਂ ਨੂੰ ਅਲਵਿਦਾ ਆਖੀ ਅਤੇ ਫ਼ਿਰ ਉੱਥੋਂ ਮਕਦੂਨਿਯਾ ਵੱਲ ਨੂੰ ਤੁਰ ਪਿਆ। ਮਕਦੂਨਿਯਾ ਦੇ ਰਸਤੇ ਤੇ ਉਹ ਜਿਨ੍ਹਾਂ ਸਾਰੀਆਂ ਥਾਵਾਂ ਰਾਹੀਂ ਲੰਘਿਆ, ਉਸ ਨੇ ਯਿਸੂ ਦੇ ਚੇਲਿਆਂ ਨੂੰ ਤਕੜਿਆਂ ਕਰਨ ਲਈ ਬਹੁਤ ਸਾਰੀਆਂ ਗੱਲਾਂ ਆਖੀਆਂ। ਫ਼ਿਰ ਉਹ ਯੂਨਾਨ ਆ ਗਿਆ। ਤਿੰਨ ਮਹੀਨੇ ਰਿਹਾ ਤੇ ਜਦੋਂ ਉਹ ਜਹਾਜ਼ ਤੇ ਚੜ੍ਹ੍ਹਕੇ ਸੁਰਿਯਾ ਵੱਲ ਜਾਣ ਨੂੰ ਤਿਆਰ ਹੋਇਆ, ਤਾਂ ਉਸ ਵਕਤ ਕੁਝ ਯਹੂਦੀ ਉਸ ਦੇ ਵਿਰੁੱਧ ਕੁਝ ਘਾੜਤ ਘੜ ਰਹੇ ਸਨ।

ਇਸ ਲਈ ਪੌਲੁਸ ਨੇ ਮਕਦੂਨਿਯਾ ਰਾਹੀਂ ਸੁਰਿਯਾ ਨੂੰ ਜਾਣ ਦਾ ਫ਼ੈਸਲਾ ਕੀਤਾ। ਉੱਥੇ ਉਸ ਦੇ ਨਾਲ ਕੁਝ ਆਦਮੀ ਸਨ। ਉਹ ਸਨ, ਪੁੱਰਸ, ਬਰਿਯਾ ਦੇ ਸ਼ਹਿਰ ਤੋਂ, ਸੋਪਤਰੁਸ ਦਾ ਪੁੱਤਰ ਥੱਸਲੁਨੀਕੀਆਂ ਤੋਂ, ਅਰਿਸਤਰੱਖੁਸ ਅਤੇ ਸਿਕੁੰਦਸ, ਦਰਬੇ ਤੋਂ ਗਾਯੁਸ। ਅਸਿਯਾ ਤੋਂ ਤਿਮੋਥਿਉਸ ਅਤੇ ਦੋ ਹੋਰ ਆਦਮੀ, ਜਿਨ੍ਹਾਂ ਦੇ ਨਾਂ ਤੁਖਿਕੁਸ, ਅਤੇ ਤ੍ਰੋਫ਼ਿਮੁਸ ਸਨ। ਇਹ ਆਦਮੀ ਜਲਦੀ ਹੀ ਚੱਲੇ ਗਏ ਅਤੇ ਤ੍ਰੋਆਸ ਵਿੱਚ ਉਨ੍ਹਾਂ ਨੇ ਸਾਨੂੰ ਉਡੀਕਿਆ। ਅਸੀਂ ਪਤੀਰੀ ਰੋਟੀ ਦੇ ਤਿਉਹਾਰ ਤੋਂ ਬਾਅਦ, ਫ਼ਿਲਿੱਪੈ ਤੋਂ ਇੱਕ ਜਹਾਜ਼ ਉੱਤੇ ਚੜ੍ਹ੍ਹੇ, ਅਤੇ ਪੰਜਵੇਂ ਦਿਨ ਤ੍ਰੋਆਸ ਵਿੱਚ ਉਨ੍ਹਾਂ ਦੇ ਕੋਲ ਪਹੁੰਚੇ ਅਤੇ ਸੱਤ ਦਿਨ ਉੱਥੇ ਰਹੇ।

ਪੌਲੁਸ ਦੀ ਤ੍ਰੋਆਸ ਵਿੱਚ ਅਖੀਰਲੀ ਫ਼ੇਰੀ

ਹਫ਼ਤੇ ਦੇ ਪਹਿਲੇ ਦਿਨ, ਅਸੀਂ ਸਾਰੇ ਪ੍ਰਭੂ ਭੋਜ ਖਾਣ ਲਈ ਇਕੱਠੇ ਹੋਏ। ਇਸ ਮੌਕੇ ਤੇ ਪੌਲੁਸ ਨੇ ਲੋਕਾਂ ਨਾਲ ਗੱਲ ਕੀਤੀ। ਉਹ ਅਗਲੇ ਦਿਨ ਉੱਥੋਂ ਜਾਣ ਦੀ ਯੋਜਨਾ ਬਣਾ ਰਿਹਾ ਸੀ ਇਸ ਲਈ ਉਸ ਨੇ ਅੱਧੀ ਰਾਤ ਤੱਕ ਉਪਦੇਸ਼ ਜਾਰੀ ਰੱਖਿਆ। ਅਸੀਂ ਸਾਰੇ ਪੌੜੀਆਂ ਚੜ੍ਹ੍ਹਕੇ ਉੱਪਰਲੇ ਕਮਰੇ ਵਿੱਚ ਇੱਕਤਰ ਸੀ ਅਤੇ ਉਹ ਕਮਰਾ ਬਹੁਤ ਸਾਰੇ ਦੀਵਿਆਂ ਦੀ ਰੌਸ਼ਨੀ ਨਾਲ ਜ੍ਯਮਗਾ ਰਿਹਾ ਸੀ। ਯੂਤਖੁਸ ਨਾਂ ਦਾ ਇੱਕ ਜੁਆਨ ਖਿੜਕੀ ਵਿੱਚ ਬੈਠਾ ਸੀ। ਉਹ ਬਹੁਤ ਅਨੀਂਦਰਾ ਮਹਿਸੂਸ ਕਰ ਰਿਹਾ ਸੀ ਕਿਉਂਕਿ ਪੌਲੁਸ ਨੇ ਬੋਲਣਾ ਜਾਰੀ ਰੱਖਿਆ ਸੀ। ਆਖਿਰਕਾਰ, ਉਹ ਸੌਂ ਗਿਆ ਅਤੇ ਖਿੜਕੀ ਚੋਂ ਬਾਹਰ ਡਿੱਗ ਪਿਆ। ਜਦੋਂ ਲੋਕਾਂ ਨੇ ਹੇਠਾਂ ਜਾਕੇ ਉਸ ਨੂੰ ਚੁੱਕਿਆ ਤਾਂ ਉਹ ਮਰਿਆ ਪਿਆ ਸੀ।

10 ਪੌਲੁਸ ਹੇਠਾ ਗਿਆ, ਗੋਡਿਆਂ ਭਾਰ ਝੁਕਿਆ ਉਸ ਨੇ ਯੂਤਖੁਸ ਨੂੰ ਆਪਣੀਆਂ ਬਾਹਾਂ ਵਿੱਚ ਚੁੱਕਿਆ ਅਤੇ ਆਖਿਆ, “ਫ਼ਿਕਰ ਨਾ ਕਰੋ, ਇਹ ਜਿਉਂਦਾ ਹੈ।” 11 ਪੌਲੁਸ ਦੁਬਾਰਾ ਉੱਪਰਲੇ ਕਮਰੇ ਵਿੱਚ ਗਿਆ ਉਸ ਨੇ ਰੋਟੀ ਤੋੜੀ ਤੇ ਖਾ ਲਈ ਅਤੇ ਤਕਰੀਬਨ ਸਵੇਰ ਹੋਣ ਤੱਕ ਉਨ੍ਹਾਂ ਨਾਲ ਗੱਲਾਂ ਕਰਦਾ ਰਿਹਾ। ਫ਼ੇਰ ਉਹ ਉੱਥੋਂ ਚੱਲਾ ਗਿਆ। 12 ਲੋਕ ਯੂਤਖੁਸ ਨੂੰ ਘਰ ਲੈ ਆਏ, ਉਹ ਜਿਉਂਦਾ ਸੀ, ਤੇ ਲੋਕੀ ਬੜੇ ਖੁਸ਼ ਸਨ।

ਤ੍ਰੋਆਸ ਤੋਂ ਮਿਲੇਤੁਸ ਤੱਕ ਦੀ ਫ਼ੇਰੀ

13 ਅਸੀਂ ਅੱਸੁਸ ਸ਼ਹਿਰ ਵੱਲ ਨੂੰ ਗਏ। ਅਸੀਂ ਪੌਲੁਸ ਤੋਂ ਅੱਗੇ ਜਾਕੇ ਜਹਾਜ਼ ਉੱਤੇ ਚੜ੍ਹ੍ਹੇ। ਅਤੇ ਅੱਸੁਸ ਵੱਲ ਚੱਲ ਪਏ ਜਿੱਥੇ ਅਸਾਂ ਪੌਲੁਸ ਦੇ ਨਾਲ ਜਹਾਜ਼ ਉੱਤੇ ਚੜ੍ਹ੍ਹਨਾ ਸੀ। ਪੌਲੁਸ ਨੇ ਇਹ ਪ੍ਰਬੰਧ ਇਸ ਲਈ ਕੀਤਾ ਕਿਉਂਕਿ ਉਸ ਨੇ ਅੱਸੁਸ ਨੂੰ ਸੜਕ ਰਾਹੀਂ ਜਾਣ ਦੀ ਇੱਛਾ ਕੀਤੀ ਸੀ। 14 ਬਾਅਦ ਵਿੱਚ ਅਸੀਂ ਪੌਲੁਸ ਨੂੰ ਅੱਸੁਸ ਵਿੱਚ ਹੀ ਮਿਲੇ, ਤਾਂ ਉਹ ਜਹਾਜ਼ ਉੱਪਰ ਸਾਡੇ ਨਾਲ ਆਇਆ ਅਤੇ ਅਸੀਂ ਸਾਰੇ ਮਿਤੁਲੇਨੇ ਸ਼ਹਿਰ ਵਿੱਚ ਆਏ। 15 ਅਗਲੇ ਦਿਨ, ਅਸੀਂ ਮਿਤੁਲੇਨੇ ਤੋਂ ਚੱਲੇ ਗਏ ਅਤੇ ਖੀਓਸ ਦੇ ਟਾਪੂ ਕੋਲ ਇੱਕ ਜਗ਼੍ਹਾ ਤੇ ਆਏ ਅਤੇ ਉਸਤੋਂ ਅਗਲੇ ਦਿਨ ਅਸੀਂ ਸਾਮੁਸ ਦੇ ਟਾਪੂ ਨੂੰ ਚੱਲ ਪਏ। ਤੇ ਉਸਤੋਂ ਇੱਕ ਦਿਨ ਬਾਅਦ ਅਸੀਂ ਮਿਲੇਤੁਸ ਸ਼ਹਿਰ ਪਹੁੰਚੇ। 16 ਪੌਲੁਸ ਨੇ ਪਹਿਲਾਂ ਤੋਂ ਹੀ ਅਫ਼ਸੁਸ ਵਿੱਚ ਨਾਂ ਰੁਕਣ ਦਾ ਮਨ ਬਣਾਇਆ ਹੋਇਆ ਸੀ। ਉਹ ਅਸਿਯਾ ਵਿੱਚ ਜ਼ਿਆਦਾ ਦੇਰ ਰੁਕਣਾ ਨਹੀਂ ਚਾਹੁੰਦਾ ਸੀ ਕਿਉਂਕਿ ਜੇਕਰ ਸੰਭਵ ਹੋਵੇ, ਤਾਂ ਉਹ ਪੰਤੇਕੁਸਤ ਦੇ ਦਿਨ ਯਰੂਸ਼ਲਮ ਵਿੱਚ ਹੋਣਾ ਚਾਹੁੰਦਾ ਸੀ।

ਅਫ਼ਸੁਸ ਦੇ ਬਜ਼ੁਰਗਾਂ ਨਾਲ ਪੌਲੁਸ ਦੀ ਗੱਲ-ਬਾਤ

17 ਮਿਲੇਤੁਸ ਵਿੱਚ ਰਹਿ ਕਿ ਪੌਲੁਸ ਨੇ ਅਫ਼ਸੁਸ ਵਿੱਚ ਸੁਨੇਹਾ ਭੇਜਿਆ ਕਿ ਉੱਥੋਂ ਦੇ ਕਲੀਸਿਯਾ ਦੇ ਆਗੂ ਬਜ਼ੁਰਗ ਉਸ ਨੂੰ ਆਕੇ ਮਿਲਣ।

18 ਜਦੋਂ ਵਡੇਰੇ ਆਏ ਤਾਂ ਪੌਲੁਸ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਜਾਣਦੇ ਹੀ ਹੋ ਅਸਿਯਾ ਵਿੱਚ ਆਕੇ ਪਹਿਲੇ ਦਿਨ ਤੋਂ ਮੈਂ ਕਿਸ ਢੰਗ ਨਾਲ ਤੁਹਾਡੇ ਨਾਲ ਰਿਹਾ ਹਾਂ? 19 ਯਹੂਦੀ ਮੇਰੇ ਵਿਰੁੱਧ ਘਾੜਤਾਂ ਘੜਦੇ ਰਹੇ, ਇਸ ਗੱਲ ਨੇ ਮੈਨੂੰ ਇੰਨਾ ਦੁੱਖੀ ਕੀਤਾ ਕਿ ਮੈਂ ਅਕਸਰ ਕੁਰਲਾਉਂਦਾ ਰਿਹਾ। ਪਰ ਤੁਸੀਂ ਜਾਣਦੇ ਹੋ ਕਿ ਮੈਂ ਹਮੇਸ਼ਾ ਤੋਂ ਪ੍ਰਭੂ ਦਾ ਸੇਵਕ ਰਿਹਾ ਹਾਂ, ਮੈਂ ਕਦੇ ਵੀ ਪਹਿਲਾਂ ਆਪਣੇ ਬਾਰੇ ਨਹੀਂ ਸੋਚਿਆ। 20 ਮੈਂ ਹਮੇਸ਼ਾ ਤੁਹਾਡੇ ਵਾਸਤੇ, ਜੋ ਚੰਗਾ ਹੈ, ਉਸ ਬਾਰੇ ਸੋਚਿਆ। ਮੈਂ ਤੁਹਾਨੂੰ ਲੋਕਾਂ ਸਾਹਮਣੇ ਯਿਸੂ ਬਾਰੇ ਖੁਸ਼ਖਬਰੀ ਦਿੱਤੀ ਅਤੇ ਤੁਹਾਨੂੰ ਤੁਹਾਡੇ ਘਰਾਂ ਵਿੱਚ ਸਿੱਖਾਇਆ। 21 ਮੈਂ ਯਹੂਦੀਆਂ ਅਤੇ ਯੂਨਾਨੀਆਂ ਨੂੰ ਸ਼ਾਮਿਲ ਕਰਕੇ ਸਭ ਲੋਕਾਂ ਨੂੰ ਉਨ੍ਹਾਂ ਦੇ ਦਿਲ ਬਦਲਣ ਅਤੇ ਪਰਮੇਸ਼ੁਰ ਵੱਲ ਪਰਤਣ, ਅਤੇ ਸਾਡੇ ਪ੍ਰਭੂ ਯਿਸੂ ਵਿੱਚ ਵਿਸ਼ਵਾਸ ਕਰਨ ਲਈ ਕਿਹਾ।

22 “ਪਰ ਹੁਣ ਮੈਨੂੰ ਆਤਮਾ ਦੇ ਬੱਧੇ ਹੋਏ ਨੂੰ ਯਰੂਸ਼ਲਮ ਵਿੱਚ ਜਾਣਾ ਪਵੇਗਾ, ਅਤੇ ਮੈਂ ਨਹੀਂ ਜਾਣਦਾ ਕਿ ਉੱਥੋਂ ਮੇਰੇ ਨਾਲ ਕੀ ਭਾਣਾ ਵਰਤੇਗਾ। 23 ਮੈਂ ਇੰਨਾ ਹੀ ਜਾਣਦਾ ਹਾਂ ਕਿ ਹਮੇਸ਼ਾ ਪਵਿੱਤਰ ਆਤਮਾ ਮੈਨੂੰ ਹਰ ਸ਼ਹਿਰ ਵਿੱਚ ਦੱਸਦਾ ਹੈ ਕਿ ਤਕਲੀਫ਼ਾਂ ਅਤੇ ਕੈਦਾਂ ਮੇਰਾ ਇੰਤਹਾਰ ਕਰ ਰਹੇ ਹਨ। 24 ਪਰ ਮੈਂ ਆਪਣੀ ਜਾਨ ਦੀ ਬਿਲਕੁਲ ਪਰਵਾਹ ਨਹੀਂ ਕਰਦਾ। ਸਭ ਤੋਂ ਜ਼ਰੂਰੀ ਚੀਜ਼ ਇਹ ਹੈ ਕਿ ਮੈਂ ਆਪਣਾ ਕੰਮ ਕਰਾਂ। ਮੈਂ ਉਹ ਕੰਮ ਪੂਰਾ ਕਰਨਾ ਚਾਹੁੰਦਾ ਹਾਂ ਜੋ ਪ੍ਰਭੂ ਯਿਸੂ ਨੇ ਮੈਨੂੰ ਕਰਨ ਲਈ ਸੌਂਪਿਆ ਹੈ। ਉਹ ਚਾਹੁੰਦਾ ਹੈ ਕਿ ਮੈਂ ਪਰਮੇਸ਼ੁਰ ਦੀ ਕਿਰਪਾ ਬਾਰੇ ਖੁਸ਼ਖਬਰੀ ਦਾ ਪ੍ਰਚਾਰ ਕਰਾਂ।

25 “ਅਤੇ ਹੁਣ ਮੇਰੀ ਗੱਲ ਧਿਆਨ ਨਾਲ ਸੁਣੋ। ਤੁਹਾਡੇ ਵਿੱਚੋਂ ਕੋਈ ਵੀ ਹੁਣ ਮੈਨੂੰ ਦੋਬਾਰਾ ਵੇਖ ਨਹੀਂ ਸੱਕੇਗਾ। ਮੈਂ ਹਰ ਵਕਤ ਤੁਹਾਡੇ ਨਾਲ ਸੀ ਅਤੇ ਮੈਂ ਤੁਹਾਨੂੰ ਪਰਮੇਸ਼ੁਰ ਦੇ ਰਾਜ ਦੀ ਖੁਸ਼ਖਬਰੀ ਵੀ ਕਹੀ। 26 ਇਸ ਲਈ ਅੱਜ ਨਿਸ਼ਚਿੰਤ ਹੋਕੇ, ਮੈਂ ਤੁਹਾਨੂੰ ਆਖ ਸੱਕਦਾ ਹਾਂ ਕਿ ਜੇਕਰ ਤੁਹਾਡੇ ਵਿੱਚੋਂ ਕੁਝ ਨਹੀਂ ਬਚਾਏ ਜਾਂਦੇ ਤਾਂ ਮੈਂ ਜਿੰਮੇਦਾਰ ਨਹੀਂ ਠਹਿਰਾਇਆ ਜਾਵਾਂਗਾ। 27 ਮੈਂ ਇਹ ਗੱਲ ਇਸ ਲਈ ਆਖ ਰਿਹਾ ਹਾਂ ਕਿਉਂਕਿ ਜੋ ਕੁਝ ਪਰਮੇਸ਼ੁਰ ਤੁਹਾਨੂੰ ਦੱਸਣਾ ਚਾਹੁੰਦਾ ਸੀ ਉਹ ਸਭ ਕੁਝ ਮੈਂ ਤੁਹਾਨੂੰ ਦੱਸ ਚੁੱਕਾ ਹਾਂ। 28 ਤੁਸੀਂ ਆਪਣੇ-ਆਪ ਲਈ ਸਾਵੱਧਾਨ ਰਹੋ ਅਤੇ ਆਪਣੇ ਲੋਕਾਂ ਲਈ ਵੀ, ਜਿਹੜੇ ਕਿ ਤੁਹਨੂੰ ਪਰਮੇਸ਼ੁਰ ਨੇ ਸੌਂਪੇ ਹਨ। ਤੁਹਾਨੂੰ ਉਸ ਪੂਰੇ ਇੱਜੜ ਦੀ ਨਿਗਰਾਨੀ ਕਰਨੀ ਚਾਹੀਦੀ ਹੈ ਜਿਸਦਾ ਪਵਿੱਤਰ ਆਤਮਾ ਨੇ ਤੁਹਾਨੂੰ ਨਿਗਾਹਬਾਨ ਬਣਾਇਆ ਹੈ। ਤੁਹਾਨੂੰ ਕਲੀਸਿਯਾਵਾਂ ਨੂੰ ਆਜੜੀ ਵਾਂਗ ਹੋਣਾ ਚਾਹੀਦਾ ਹੈ ਜਿਹੜੀਆਂ ਪਰਮੇਸ਼ੁਰ ਨੇ ਆਪਣੇ ਲਹੂ ਦੁਆਰਾ ਲਿਆਂਦੀਆਂ ਹਨ। 29 ਮੈਂ ਜਾਣਦਾ ਹਾਂ ਕਿ ਮੇਰੀ ਰਵਾਨਗੀ ਤੋਂ ਬਾਅਦ ਕੁਝ ਆਦਮੀ ਤੁਹਾਡੀ ਸੰਗਤ ਵਿੱਚ ਆਉਣਗੇ ਜੋ ਕਿ ਜੰਗਲੀ ਬਘਿਆੜਾਂ ਵਰਗੇ ਹੋਣਗੇ ਅਤੇ ਇੱਜੜ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕਰਨਗੇ। 30 ਤੁਹਾਡੇ ਆਪਣੇ ਸਮੂਹ ਵਿੱਚੋਂ ਵੀ ਕੁਝ ਆਦਮੀ ਬੁਰੇ ਆਗੂ ਬਣ ਜਾਣਗੇ, ਅਤੇ ਗਲਤ ਗੱਲਾਂ ਦਾ ਉਪਦੇਸ਼ ਦੇਣਾ ਸ਼ੁਰੂ ਕਰ ਦੇਣਗੇ। ਉਹ ਯਿਸੂ ਦੇ ਕੁਝ ਚੇਲਿਆਂ ਨੂੰ ਸੱਚ ਦੇ ਮਾਰਗ ਤੋਂ ਕੁਰਾਹੇ ਪਾਉਣ ਦੀ ਕੋਸ਼ਿਸ਼ ਕਰਨਗੇ ਅਤੇ ਉਨ੍ਹਾਂ ਨੂੰ ਆਪਣੇ ਚੇਲੇ ਬਨਾਉਣਗੇ। 31 ਇਸ ਲਈ ਸਤਰਕ ਰਹਿਣਾ। ਹਮੇਸ਼ਾ ਯਾਦ ਰੱਖਣਾ ਕਿ ਤਿੰਨ ਸਾਲ ਤੱਕ ਮੈਂ ਤੁਹਾਡੇ ਨਾਲ ਸੀ ਅਤੇ ਮੈਂ ਤੁਹਾਨੂੰ ਚੇਤਾਵਨੀ ਦੇਣ ਤੋਂ ਨਾ ਰੁਕਿਆ, ਮੈਂ ਦਿਨ-ਰਾਤ ਤੁਹਾਨੂੰ ਸਿੱਖਾਉਂਦਾ ਰਿਹਾ ਅਤੇ ਤੁਹਾਡੇ ਲਈ ਅਕਸਰ ਕੁਰਲਾਉਂਦਾ ਰਿਹਾਂ।

32 “ਹੁਣ ਮੈਂ ਤੁਹਾਨੂੰ ਪਰਮੇਸ਼ੁਰ ਅਤੇ ਉਸਦੀ ਕਿਰਪਾ ਦੇ ਸੰਦੇਸ਼ ਦੇ ਅਰਪਨ ਕਰਦਾ ਹਾਂ। ਇਹ ਜੋ ਤੁਹਾਨੂੰ ਤਾਕਤਵਰ ਬਨਾਵੇਗਾ। ਅਤੇ ਤੁਹਾਨੂੰ ਅਸੀਸਾਂ ਦੇਵੇਗਾ ਜੋ ਉਹ ਆਪਣੇ ਸਾਰੇ ਪਵਿੱਤਰ ਲੋਕਾਂ ਨੂੰ ਦਿੰਦਾ ਹੈ। 33 ਜਦੋਂ ਮੈਂ ਤੁਹਾਡੇ ਨਾਲ ਸਾਂ, ਤਾਂ ਮੈਂ ਕੋਈ ਸੋਨਾ, ਚਾਂਦੀ ਅਤੇ ਵਸਤਰ ਨਹੀਂ ਚਾਹੇ। 34 ਤੁਸੀਂ ਜਾਣਦੇ ਹੋ, ਕਿ ਮੈਂ ਆਪਣੀਆਂ ਜ਼ਰੂਰਤਾਂ ਦੇ ਨਾਲ-ਨਾਲ ਉਨ੍ਹਾਂ ਦੀਆਂ ਜ਼ਰੂਰਤਾਂ ਦਾ ਵੀ ਖਿਆਲ ਰੱਖਿਆ ਜੋ ਮੇਰੇ ਨਾਲ ਸਨ। 35 ਮੈਂ ਤੁਹਾਨੂੰ ਹਮੇਸ਼ਾ ਇਹੀ ਵਿਖਾਇਆ ਕਿ ਤੁਹਾਨੂੰ ਉਵੇਂ ਹੀ ਕੰਮ ਕਰਨਾ ਚਾਹੀਦਾ ਹੈ ਜਿਵੇਂ ਮੈਂ ਕੀਤਾ ਸੀ, ਉਨ੍ਹਾਂ ਦੀ ਮਦਦ ਕਰਨ ਲਈ, ਜਿਨ੍ਹਾਂ ਨੂੰ ਜ਼ਰੂਰਤ ਸੀ। ਮੈਂ ਤੁਹਾਨੂੰ ਸਿੱਖਾਇਆ ਕਿ ਪ੍ਰਭੂ ਯਿਸੂ ਦੇ ਬਚਨ ਯਾਦ ਰੱਖੋ ਜੋ ਉਸ ਨੇ ਆਪ ਫ਼ਰਮਾਇਆ ਸੀ, ‘ਲੈਣ ਨਾਲੋਂ ਦੇਣਾ ਹੀ ਵੱਧੇਰੇ ਮੁਬਾਰਕ ਹੈ।’”

36 ਜਦੋਂ ਪੌਲੁਸ ਇਹ ਸਭ ਕਹਿ ਹਟਿਆ ਤਾਂ ਉਸ ਨੇ ਗੋਡੇ ਟੇਕੇ ਅਤੇ ਸਭ ਨੇ ਮਿਲਕੇ ਪ੍ਰਾਰਥਨਾ ਕੀਤੀ। 37-38 ਉਹ ਸਭ ਬਹੁਤ ਰੋਏ। ਉਹ ਉਦਾਸ ਸਨ ਕਿਉਂਕਿ ਪੌਲੁਸ ਨੇ ਉਨ੍ਹਾਂ ਨੂੰ ਆਖਿਆ ਸੀ ਕਿ ਉਹ ਫ਼ੇਰ ਉਸ ਨੂੰ ਕਦੇ ਵੀ ਨਹੀਂ ਵੇਖਣਗੇ। ਉਨ੍ਹਾਂ ਸਭ ਨੇ ਪੌਲੁਸ ਨੂੰ ਘੁੱਟਕੇ ਜੱਫ਼ੀਆਂ ਪਾਈਆਂ ਅਤੇ ਚੁੰਮਿਆ। ਉਹ ਉਸ ਨੂੰ ਅਲਵਿਦਾ ਕਹਿਣ ਲਈ ਜਹਾਜ਼ ਤੀਕ ਗਏ।

ਪੌਲੁਸ ਦਾ ਯਰੂਸ਼ਲਮ ਨੂੰ ਜਾਣਾ

21 ਅਸੀਂ ਉਨ੍ਹਾਂ ਬਜ਼ੁਰਗਾਂ ਨੂੰ ਅਲਵਿਦਾ ਆਖਕੇ ਜਹਾਜ਼ ਵਿੱਚ ਚੱਲੇ ਗਏ। ਅਸੀਂ ਸਿੱਧਾ ਕੋਸ ਟਾਪੂ ਵੱਲ ਆਏ। ਅਗਲੇ ਦਿਨ ਅਸੀਂ ਰੋਦੁਸ ਟਾਪੂ ਵੱਲ ਗਏ ਅਤੇ ਰੋਦੁਸ ਤੋਂ ਪਾਤਰਾ ਵੱਲ ਨੂੰ। ਪਾਤ੍ਰਾ ਵਿੱਚ ਸਾਨੂੰ ਇੱਕ ਜਹਾਜ਼ ਮਿਲਿਆ ਜੋ ਫ਼ੈਨੀਕੇ ਵੱਲ ਦੇ ਇਲਾਕੇ ਨੂੰ ਜਾ ਰਿਹਾ ਸੀ, ਅਸੀਂ ਉਸ ਜਹਾਜ਼ ਤੇ ਸਵਾਰ ਹੋਏ ਅਤੇ ਸਫ਼ਰ ਲਈ ਤੁਰ ਪਏ।

ਅਸੀਂ ਕੁਪਰੁਸ ਟਾਪੂ ਕੋਲ ਪਹੁੰਚੇ। ਇਹ ਸਾਨੂੰ ਉੱਤਰੀ ਦਿਸ਼ਾ ਵੱਲ ਵਿਖਾਈ ਦੇ ਰਿਹਾ ਸੀ, ਪਰ ਅਸੀਂ ਉੱਥੇ ਰੁਕੇ ਨਹੀਂ। ਅਸੀਂ ਉੱਥੋਂ ਸੁਰਿਯਾ ਵੱਲ ਨੂੰ ਚੱਲੇ ਗਏ। ਅਸੀਂ ਉੱਥੇ ਸੂਰ ਵਿੱਚ ਜਾ ਉੱਤਰੇ ਕਿਉਂਕਿ ਉੱਥੇ ਜਹਾਜ਼ ਨੇ ਆਪਣਾ ਮਾਲ ਉਤਾਰਨਾ ਸੀ। ਉੱਥੇ ਅਸੀਂ ਕੁਝ ਯਿਸੂ ਦੇ ਚੇਲਿਆਂ ਨੂੰ ਲੱਭਿਆ ਅਤੇ ਉਨ੍ਹਾਂ ਕੋਲ ਅਸੀਂ ਸੱਤ ਦਿਨਾਂ ਲਈ ਠਹਿਰੇ। ਉਨ੍ਹਾਂ ਨੇ ਪਵਿੱਤਰ ਆਤਮਾ ਦੇ ਰਾਹੀਂ ਪੌਲੁਸ ਨੂੰ ਕਿਹਾ ਕਿ ਉਹ ਯਰੂਸ਼ਲਮ ਨੂੰ ਨਾ ਜਾਵੇ। ਪਰ ਜਦੋਂ ਅਸੀਂ ਆਪਣੀ ਫ਼ੇਰੀ ਖਤਮ ਕੀਤੀ ਤਾਂ ਅਸੀਂ ਉੱਥੋਂ ਤੁਰ ਪਏ। ਅਸੀਂ ਆਪਣੀ ਯਾਤਰਾ ਜਾਰੀ ਰੱਖੀ। ਉੱਥੋਂ ਦੇ ਸਾਰੇ ਮਰਦ-ਔਰਤਾਂ ਅਤੇ ਬੱਚੇ ਸਾਨੂੰ ਸ਼ਹਿਰੋਂ ਬਾਹਰ ਤੱਕ ਅਲਵਿਦਾ ਆਖਣ ਸਾਡੇ ਨਾਲ ਆਏ। ਅਸੀਂ ਸਾਰਿਆਂ ਨੇ ਉੱਥੇ ਸਮੁੰਦਰ ਦੇ ਕੰਢੇ ਗੋਡੇ ਟੇਕ ਕੇ ਪ੍ਰਾਰਥਨਾ ਕੀਤੀ। ਫ਼ਿਰ ਅਸੀਂ ਉਨ੍ਹਾਂ ਨੂੰ ਅਲਵਿਦਾ ਕਹੀ ਅਤੇ ਜਹਾਜ਼ ਉੱਪਰ ਚੜ੍ਹ੍ਹ ਗਏ ਅਤੇ ਉਹ ਲੋਕ ਆਪਣੇ ਘਰਾਂ ਨੂੰ ਪਰਤ ਗਏ।

ਅਸੀਂ ਸੂਰ ਤੋਂ ਅੱਗੇ ਆਪਣੀ ਜਲ ਯਾਤਰਾ ਜਾਰੀ ਰੱਖੀ ਅਤੇ ਤੁਲਮਾਇਸ ਪਹੁੰਚੇ। ਅਸੀਂ ਉੱਥੇ ਭਰਾਵਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਨਾਲ ਇੱਕ ਦਿਨ ਠਹਿਰੇ। ਅਗਲੇ ਦਿਨ ਤੁਸੀਂ ਤੁਲਮਾਇਸ ਤੋਂ ਕੈਸਰਿਯਾ ਵੱਲ ਆਏ। ਅਸੀਂ ਫ਼ਿਲਿਪੁੱਸ ਦੇ ਘਰ ਅੰਦਰ ਗਏ ਅਤੇ ਉਸ ਦੇ ਨਾਲ ਠਹਿਰੇ। ਫ਼ਿਲਿਪੁੱਸ ਖੁਸ਼ਖਬਰੀ ਦਾ ਪ੍ਰਚਾਰਕ ਸੀ ਅਤੇ ਉਨ੍ਹਾਂ ਸੱਤ ਮਦਦਗਾਰਾਂ ਵਿੱਚੋਂ ਇੱਕ ਸੀ। ਉਸ ਦੀਆਂ ਚਾਰ ਕੁੜੀਆਂ ਸਨ ਇਨ੍ਹਾਂ ਦੇ ਹਾਲੇ ਵਿਆਹ ਨਹੀਂ ਹੋਏ ਸਨ। ਇਨ੍ਹਾਂ ਕੁੜੀਆਂ ਕੋਲ ਅਗੰਮ ਵਾਕ ਕਰਨ ਦੀ ਬਖਸ਼ਸ਼ ਸੀ।

10 ਜਦੋਂ ਅਸੀਂ ਕਾਫ਼ੀ ਦਿਨਾਂ ਤੋਂ ਉੱਥੇ ਸੀ ਤਾਂ ਉੱਥੇ ਆਗਬੁਸ ਨਾਂ ਦਾ ਇੱਕ ਨਬੀ ਯਹੂਦਿਯਾ ਤੋਂ ਉੱਤਰ ਆਇਆ। 11 ਉਹ ਸਾਡੇ ਕੋਲ ਆਇਆ ਤੇ ਉਸ ਨੇ ਸਾਡੇ ਕੋਲੋਂ ਪੌਲੁਸ ਦੀ ਕਮਰ ਪੇਟੀ ਲੈ ਲਈ। ਅਤੇ ਉਸ ਕਮਰਪਟੇ ਨਾਲ ਆਪਣੇ ਹੱਥ-ਪੈਰ ਬੰਨ੍ਹ ਕੇ ਆਖਣ ਲੱਗਾ, “ਪਵਿੱਤਰ ਆਤਮਾ ਮੈਨੂੰ ਦੱਸਦਾ ਹੈ, ਕਿ ‘ਯਰੂਸ਼ਲਮ ਵਿੱਚ ਯਹੂਦੀ ਉਸ ਮਨੁੱਖ ਨੂੰ ਇਸੇ ਤਰ੍ਹਾਂ ਬੰਨ੍ਹ ਦੇਣਗੇ ਜਿਸ ਦਾ ਇਹ ਕਮਰਪਟਾ ਹੈ, ਅਤੇ ਉਸਤੋਂ ਬਾਅਦ ਉਹ ਉਸ ਨੂੰ ਪਰਾਈਆਂ ਕੌਮਾਂ ਦੇ ਲੋਕਾਂ ਦੇ ਹਵਾਲੇ ਕਰ ਦੇਣਗੇ।’”

12 ਜਦੋਂ ਅਸੀਂ ਇਹ ਬਚਨ ਸੁਣੇ, ਤਾਂ ਅਸੀਂ ਅਤੇ ਆਮ ਨਿਹਚਾਵਾਨਾਂ ਨੇ ਪੌਲੁਸ ਅੱਗੇ ਯਰੂਸ਼ਲਮ ਨੂੰ ਨਾ ਜਾਣ ਦੀ ਬੇਨਤੀ ਕੀਤੀ। 13 ਪਰ ਪੌਲੁਸ ਨੇ ਕਿਹਾ, “ਤੁਸੀਂ ਰੋ ਕਿਉਂ ਰਹੇ ਹੋ? ਤੁਸੀਂ ਮੇਰਾ ਦਿਲ ਕਿਉਂ ਤੋੜ ਰਹੇ ਹੋ। ਮੈਂ ਯਰੂਸ਼ਲਮ ਵਿੱਚ ਬੰਨ੍ਹੇ ਜਾਣ ਨੂੰ ਤਿਆਰ ਹਾਂ ਇਹੀ ਨਹੀਂ ਸਗੋਂ ਮੈਂ ਤਾਂ ਪ੍ਰਭੂ ਯਿਸੂ ਦੇ ਨਾਂ ਤੇ ਮਰ ਮਿਟਣ ਨੂੰ ਵੀ ਤਿਆਰ ਹਾਂ।”

14 ਅਸੀਂ ਉਸ ਨੂੰ ਯਰੂਸ਼ਲਮ ਨੂੰ ਨਾ ਜਾਣ ਲਈ ਨਾ ਮਨਵਾ ਸੱਕੇ। ਇਸ ਲਈ ਅਸੀਂ ਅਰਜੋਈ ਬੰਦ ਕਰਕੇ ਉਸ ਨੂੰ ਕਿਹਾ, “ਪ੍ਰਭੂ ਦੀ ਮਰਜ਼ੀ ਪੂਰੀ ਹੋਵੇ।”

15 ਇਸਤੋਂ ਬਾਅਦ ਅਸੀਂ ਯਰੂਸ਼ਲਮ ਲਈ ਤਿਆਰ ਹੋਕੇ ਚੱਲ ਪਏ। 16 ਕੈਸਰਿਯਾ ਵਿੱਚੋਂ ਕੁਝ ਯਿਸੂ ਦੇ ਚੇਲੇ ਸਾਡੇ ਨਾਲ ਜੁੜ ਗਏ। ਉਹ ਚੇਲੇ ਸਾਨੂੰ ਮਨਾਸੌਨ ਦੇ ਘਰ ਲੈ ਗਏ ਤਾਂ ਜੋ ਅਸੀਂ ਉਸ ਦੇ ਨਾਲ ਠਹਿਰ ਸੱਕੀਏ। ਉਹ ਕਪਰੁਸ ਤੋਂ ਸੀ। ਉਹ ਪਹਿਲੇ ਲੋਕਾਂ ਵਿੱਚੋਂ ਇੱਕ ਸੀ ਜੋ ਯਿਸੂ ਦੇ ਚੇਲੇ ਬਣੇ ਸਨ।

ਪੌਲੁਸ ਦਾ ਯਾਕੂਬ ਨੂੰ ਮਿਲਣਾ

17 ਯਰੂਸ਼ਲਮ ਵਿੱਚ ਨਿਹਚਾਵਾਨਾਂ ਨੇ ਸਾਡਾ ਸ਼ਾਨਦਾਰ ਸਵਾਗਤ ਕੀਤਾ। 18 ਅਗਲੇ ਦਿਨ ਪੌਲੁਸ ਸਾਡੇ ਨਾਲ ਯਾਕੂਬ ਨੂੰ ਮਿਲਣ ਗਿਆ। ਸਾਰੇ ਵਡੇਰੇ (ਕਲੀਸਿਯਾ ਦੇ ਆਗੂ) ਉੱਥੇ ਹੀ ਸਨ। 19 ਪੌਲੁਸ ਨੇ ਉਨ੍ਹਾਂ ਸਾਰਿਆਂ ਨੂੰ ਸ਼ੁਭਕਾਮਾਨਾਵਾਂ ਦਿੱਤੀਆਂ ਅਤੇ ਸਭ ਕੁਝ ਤਫ਼ਸੀਲ ਵਿੱਚ ਦੱਸਿਆ, ਜੋ ਪਰਮੇਸ਼ੁਰ ਨੇ ਉਸਦੀ ਸੇਵਾ ਰਾਹੀਂ ਪਰਾਈਆਂ ਕੌਮਾਂ ਵਿੱਚ ਕੀਤਾ ਸੀ।

20 ਜਦੋ ਆਗੂਆਂ ਨੇ ਅਜਿਹੀਆਂ ਗੱਲਾਂ ਸੁਣੀਆਂ ਤਾਂ ਉਨ੍ਹਾਂ ਪਰਮੇਸ਼ੁਰ ਦੀ ਉਸਤਤਿ ਕੀਤੀ ਅਤੇ ਉਨ੍ਹਾਂ ਨੇ ਪੌਲੁਸ ਨੂੰ ਕਿਹਾ, “ਭਰਾ ਤੂੰ ਵੇਖ ਸੱਕਦਾ ਹੈਂ ਕਿ ਹਜ਼ਾਰਾਂ ਹੀ ਯਹੂਦੀ ਨਿਹਚਾਵਾਨ ਬਣ ਚੁੱਕੇ ਹਨ। ਪਰ ਉਹ ਸੋਚਦੇ ਹਨ ਕਿ ਮੂਸਾ ਦੇ ਨੇਮਾਂ ਨੂੰ ਮੰਨਣਾ ਮਹੱਤਵਪੂਰਣ ਹੈ। 21 ਇਨ੍ਹਾਂ ਯਹੂਦੀਆਂ ਨੇ ਤੁਹਾਡੇ ਉਪਦੇਸ਼ ਸੁਣੇ ਹਨ ਅਤੇ ਇਹ ਵੀ ਸੁਣਿਆ ਹੈ ਕਿ ਤੁਸੀਂ ਦੂਜੇ ਦੇਸ਼ਾਂ ਵਿੱਚ ਰਹਿੰਦੇ ਯਹੂਦੀਆਂ ਨੂੰ ਮੂਸਾ ਦੀ ਸ਼ਰ੍ਹਾ ਨੂੰ ਤਿਆਗਣ ਅਤੇ ਆਪਣੇ ਬੱਚਿਆਂ ਨੂੰ ਸੁੰਨਤ ਨਾ ਕਰਾਉਣ ਦਾ ਉਪਦੇਸ਼ ਦਿੰਦੇ ਹੋ।

22 “ਸੋ ਹੁਣ ਸਾਨੂੰ ਕੀ ਕਰਨਾ ਚਾਹੀਦਾ ਹੈ। ਯਹੂਦੀ ਨਿਹਚਾਵਾਨ ਜ਼ਰੂਰ ਸੁਣ ਲੈਣਗੇ ਕਿ ਤੂੰ ਆਇਆ ਹੈਂ। 23 ਸੋ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਕੀ ਕਰਨਾ ਹੈ? ਸਾਡੇ ਕੋਲ ਆਦਮੀ ਹਨ ਜਿਨ੍ਹਾਂ ਨੇ ਪਰਮੇਸ਼ੁਰ ਅੱਗੇ ਇਕਰਾਰ ਕੀਤਾ ਹੈ। 24 ਤੂੰ ਉਨ੍ਹਾਂ ਨੂੰ ਆਪਣੇ ਨਾਲ ਲੈ ਅਤੇ ਆਪਣੇ-ਆਪ ਨੂੰ ਉਨ੍ਹਾਂ ਨਾਲ ਸ਼ੁੱਧ ਕਰ ਅਤੇ ਉਨ੍ਹਾਂ ਦੇ ਖਰਚ ਨੂੰ ਪੂਰਾ ਕਰ ਤਾਂ ਜੋ ਉਹ ਆਪਣੇ ਸਿਰ ਮੁਨਵਾ ਸੱਕਣ। ਫ਼ੇਰ ਹਰ ਕੋਈ ਜਾਣ ਜਾਵੇਗਾ ਕਿ ਜੋ ਕੁਝ ਵੀ ਉਨ੍ਹਾਂ ਤੇਰੇ ਬਾਰੇ ਸੁਣਿਆ ਸੱਚ ਨਹੀਂ ਹੈ ਕਿਉਂਕਿ ਤੂੰ ਖੁਦ ਸ਼ਰ੍ਹਾਂ ਦੀ ਪਾਲਣਾ ਕਰਕੇ ਜਿਉਂਦਾ ਹੈਂ।

25 “ਅਸੀਂ ਪਹਿਲਾਂ ਹੀ ਉਨ੍ਹਾਂ ਗੈਰ-ਯਹੂਦੀਆਂ ਨੂੰ ਪੱਤਰ ਭੇਜ ਦਿੱਤਾ ਹੈ ਜਿਹੜੇ ਕਿ ਨਿਹਚਾਵਾਨ ਬਣ ਗਏ ਹਨ। ਉਸ ਪੱਤਰ ਵਿੱਚ ਲਿਖਿਆ ਹੈ;

‘ਉਹ ਭੋਜਨ ਨਾ ਖਾਓ ਜਿਹੜਾ ਮੂਰਤਾਂ ਨੂੰ ਅਰਪਿਤ ਕੀਤਾ ਗਿਆ ਹੈ,

ਲਹੂ ਨਾ ਖਾਓ, ਗਲ ਘੁੱਟੇ ਹੋਏ ਜਾਨਵਰਾਂ ਦਾ ਮਾਸ ਨਾ ਖਾਓ।

ਕਿਸੇ ਤਰ੍ਹਾਂ ਦਾ ਜਿਨਸੀ ਪਾਪ ਨਾ ਕਰੋ।’”

ਪੌਲੁਸ ਕੈਦ ਹੋ ਗਿਆ

26 ਅਗਲੇ ਦਿਨ, ਪੌਲੁਸ ਨੇ ਆਪਣੇ ਨਾਲ ਉਨ੍ਹਾਂ ਚਾਰ ਆਦਮੀਆਂ ਨੂੰ ਲਿਆ ਅਤੇ ਉਨ੍ਹਾਂ ਦੇ ਨਾਲ ਸ਼ੁੱਧਤਾ ਦੀ ਰੀਤ ਨਿਭਾਈ। ਫ਼ਿਰ ਉਹ ਮੰਦਰ ਦੇ ਇਲਾਕੇ ਵਿੱਚ ਗਿਆ ਅਤੇ ਐਲਾਨ ਕੀਤਾ ਕਿ ਸ਼ੁੱਧਤਾ ਦੀ ਰੀਤ ਦੇ ਦਿਨ ਪੂਰੇ ਕਦੋਂ ਹੋਣਗੇ ਅਤੇ ਕਦੋਂ ਉਨ੍ਹਾਂ ਵਿੱਚੋਂ ਹਰੇਕ ਲਈ ਭੇਂਟ ਦਿੱਤੀ ਜਾਵੇਗੀ।

27 ਤਕਰੀਬਨ ਸੱਤ ਕੁ ਦਿਨ ਖਤਮ ਹੋ ਚੁੱਕੇ ਸਨ, ਪਰ ਅਸਿਯਾ ਵਿੱਚੋਂ ਆਏ ਕੁਝ ਯਹੂਦੀਆਂ ਨੇ ਪੌਲੁਸ ਨੂੰ ਮੰਦਰ ਦੇ ਇਲਾਕੇ ਵਿੱਚ ਵੇਖਿਆ ਤਾਂ ਉਨ੍ਹਾਂ ਨੇ ਸਾਰੇ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾ। 28 ਅਤੇ ਪੌਲੁਸ ਨੂੰ ਫ਼ੜ ਲਿਆ ਅਤੇ ਉੱਚੀ ਉੱਚੀ ਚੀਕਣ ਲੱਗੇ, “ਹੇ ਇਸਰਾਏਲੀ ਮਰਦੋ। ਇੱਥੇ ਆਓ ਤੇ ਮਦਦ ਕਰੋ। ਇਹ ਉਹ ਮਨੁੱਖ ਹੈ, ਜੋ ਹਰ ਥਾਂ ਸਾਰੇ ਲੋਕਾਂ ਨੂੰ ਸਾਡੇ ਲੋਕਾਂ ਦੇ ਖਿਲਾਫ਼ ਮੂਸਾ ਦੀ ਸ਼ਰ੍ਹਾ ਦੇ ਖਿਲਾਫ਼, ਅਤੇ ਇਸ ਮੰਦਰ ਦੇ ਖਿਲਾਫ਼ ਉਪਦੇਸ਼ ਦੇ ਰਿਹਾ ਹੈ। ਇਹੀ ਨਹੀਂ, ਸਗੋਂ ਉਹ ਕੁਝ ਯੂਨਾਨੀਆਂ ਨੂੰ ਵੀ ਮੰਦਰ ਦੇ ਵਿਹੜੇ ਵਿੱਚ ਲਿਆਇਆ ਅਤੇ ਇਸ ਪਵਿੱਤਰ ਥਾਂ ਨੂੰ ਅਸ਼ੁੱਧ ਕਰ ਦਿੱਤਾ ਹੈ।” 29 (ਇਹ ਗੱਲ ਉਨ੍ਹਾਂ ਨੇ ਇਸ ਲਈ ਆਖੀ ਕਿਉਂਕਿ ਉਨ੍ਹਾਂ ਨੇ ਯਰੂਸ਼ਲਮ ਵਿੱਚ ਤ੍ਰੋਫ਼ਿਮੁਸ ਅਫ਼ਸੀ ਨੂੰ ਜੋ ਕਿ ਯੂਨਾਨੀ ਸੀ ਪੌਲੁਸ ਦੇ ਨਾਲ ਵੇਖਿਆ ਸੀ। ਅਤੇ ਇਹ ਸੋਚਿਆ ਕਿ ਪੌਲੁਸ ਉਸ ਨੂੰ ਆਪਣੇ ਨਾਲ ਇਸ ਮੰਦਰ ਦੇ ਪਵਿੱਤਰ ਅਹਾਤੇ ਵਿੱਚ ਲਿਆਇਆ ਹੋਵੇਗਾ।)

30 ਯਰੂਸ਼ਲਮ ਵਿੱਚ ਸਾਰੇ ਲੋਕ ਬਹੁਤ ਪਰੇਸ਼ਾਨ ਹੋ ਗਏ ਇਸ ਲਈ ਉਹ ਤੇਜ਼ੀ ਨਾਲ ਆਏ ਅਤੇ ਪੌਲੁਸ ਨੂੰ ਫ਼ੜ ਲਿਆ। ਉਨ੍ਹਾਂ ਨੇ ਉਸ ਨੂੰ ਮੰਦਰ ਵਿੱਚੋਂ ਧੱਕ ਕੇ ਬਾਹਰ ਕੱਢ ਦਿੱਤਾ। ਝੱਟ ਹੀ ਮੰਦਰ ਦੇ ਦਰਵਾਜ਼ੇ ਬੰਦ ਹੋ ਗਏ। 31 ਲੋਕ ਉਸ ਨੂੰ ਜਾਨੋਂ ਮਾਰ ਮੁਕਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਤਾਂ ਰੋਮ ਦੀ ਫ਼ੌਜ ਦੇ ਕਮਾਂਡਰ ਨੂੰ ਖਬਰ ਪਹੁੰਚੀ ਕਿ ਸਾਰੇ ਸ਼ਹਿਰ ਵਿੱਚ ਭਗਦੜ ਮੱਚੀ ਹੋਈ ਹੈ। 32 ਤਾਂ ਝੱਟ ਹੀ ਕਮਾਂਡਰ ਉਸ ਭੀੜ ਵਾਲੀ ਥਾਂ ਤੇ ਪਹੁੰਚ ਗਿਆ। ਉਹ ਕੁਝ ਫ਼ੌਜੀ ਅਧਿਕਾਰੀਆਂ ਅਤੇ ਸੈਨਕਾਂ ਨੂੰ ਆਪਣੇ ਨਾਲ ਲਿਆਇਆ। ਜਦੋਂ ਲੋਕਾਂ ਨੇ ਸਰਦਾਰ ਅਤੇ ਸੈਨਕਾਂ ਨੂੰ ਆਉਂਦਿਆਂ ਵੇਖਿਆ, ਉਨ੍ਹਾਂ ਨੇ ਪੌਲੁਸ ਨੂੰ ਕੁੱਟਣਾ ਬੰਦ ਕਰ ਦਿੱਤਾ।

33 ਤਦ ਉਸ ਨੇ ਨੇੜੇ ਆਕੇ ਪੌਲੁਸ ਨੂੰ ਫ਼ੜ ਲਿਆ ਅਤੇ ਆਪਣੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਇਸ ਨੂੰ ਦੋ ਜੰਜ਼ੀਰਾਂ ਨਾਲ ਬੰਨ੍ਹ ਦੇਣ। ਤਦ ਉਸ ਨੇ ਪੁੱਛਿਆ, “ਇਹ ਆਦਮੀ ਕੌਣ ਹੈ? ਇਸਨੇ ਕੀ ਕੀਤਾ ਹੈ?” 34 ਭੀੜ ਵਿੱਚੋਂ, ਵੱਖ-ਵੱਖ ਲੋਕ ਉੱਚੀ-ਉੱਚੀ ਅੱਡੋ-ਅੱਡ ਗੱਲਾਂ ਦਾ ਰੌਲਾ ਪਾ ਰਹੇ ਸਨ ਇਸ ਖੱਪ ਰੌਲੇ ਵਿੱਚ ਸੈਨਾ ਅਧਿਕਾਰੀ ਨੂੰ ਸੱਚਾਈ ਨਾ ਪਤਾ ਲੱਗ ਸੱਕੀ। ਇਸ ਲਈ ਉਸ ਨੇ ਆਪਣੇ ਸਿਪਾਹੀਆਂ ਨੂੰ ਉਸ ਨੂੰ ਸੈਨਾ ਭਵਨ ਵਿੱਚ ਲੈ ਜਾਣ ਦਾ ਆਦੇਸ਼ ਦਿੱਤਾ। 35 ਸਾਰੀ ਭੀੜ ਉਸਦਾ ਪਿੱਛਾ ਕਰ ਰਹੀ ਸੀ। ਜਦੋਂ ਉਹ ਪੌੜੀਆਂ ਕੋਲ ਪਹੁੰਚੇ, ਸਿਪਾਹੀਆਂ ਨੇ ਬੇਕਾਬੂ ਭੀੜ ਕਾਰਣ ਪੌਲੁਸ ਨੂੰ ਚੁੱਕ ਲਿਆ। ਇਹ ਸਭ ਉਨ੍ਹਾਂ ਨੇ ਪੌਲੁਸ ਨੂੰ ਭੀੜ ਤੋਂ ਬਚਾਉਣ ਖਾਤਰ ਕੀਤਾ ਕਿਉਂਕਿ ਭੀੜ ਉਸ ਨੂੰ ਮਾਰਨ ਲਈ ਤਿਆਰ ਸੀ। 36 ਉਹ ਉਨ੍ਹਾਂ ਦਾ ਪਿੱਛਾ ਕਰ ਰਹੇ ਸਨ ਅਤੇ ਰੌਲਾ ਪਾ ਰਹੇ ਸਨ, “ਇਸ ਨੂੰ ਜਾਨੋ ਮਾਰ ਦਿਓ।”

37 ਸਿਪਾਹੀ ਉਸ ਨੂੰ ਸੈਨਾ ਭਵਨ ਵਿੱਚ ਲਿਜਾਣ ਨੂੰ ਤਿਆਰ ਸਨ। ਪੌਲੁਸ ਨੇ ਪੁੱਛਿਆ, “ਕੀ ਮੈਂ ਤੈਨੂੰ ਕੁਝ ਆਖ ਸੱਕਦਾ ਹਾਂ?”

ਉਸ ਨੇ ਕਿਹਾ, “ਓਏ। ਤੂੰ ਯੂਨਾਨੀ ਭਾਸ਼ਾ ਬੋਲਦਾ ਹੈਂ? 38 ਤਾਂ ਫ਼ਿਰ ਤੂੰ ਉਹ ਆਦਮੀ ਨਹੀਂ ਜੋ ਮੈਂ ਸੋਚਿਆ ਸੀ ਕਿ ਤੂੰ ਹੈ। ਮੈਂ ਸੋਚਿਆ ਤੂੰ ਉਹ ਮਿਸਰੀ ਸੀ ਜਿਸਨੇ ਹਾਲ ਵਿੱਚ ਹੀ ਸਰਕਾਰ ਦੇ ਵਿਰੁੱਧ ਇੱਕ ਵਿਦ੍ਰੋਹ ਸ਼ੁਰੂ ਕੀਤਾ ਸੀ ਅਤੇ ਚਾਰ ਹਜ਼ਾਰ ਖੂਨੀਆਂ ਨੂੰ ਉਜਾੜ ਵੱਲ ਲੈ ਗਿਆ ਸੀ।”

39 ਪੌਲੁਸ ਨੇ ਕਿਹਾ, “ਮੈਂ ਤਾਂ ਇੱਕ ਯਹੂਦੀ ਮਨੁੱਖ ਕਿਲਕਿਯਾ ਦੇ ਤਰਸੁਸ ਦਾ ਰਹਿਣ ਵਾਲਾ ਹਾਂ। ਮੈਂ ਉਸ ਖਾਸ ਸ਼ਹਿਰ ਦਾ ਵਸਨੀਕ ਹਾਂ, ਕਿਰਪਾ ਕਰਕੇ ਮੈਨੂੰ ਲੋਕਾਂ ਨਾਲ ਬੋਲਣ ਦੀ ਪਰਵਾਨਗੀ ਦੇ।”

40 ਉਸ ਨੇ ਪੌਲੁਸ ਨੂੰ ਬੋਲਣ ਦੀ ਪਰਵਾਨਗੀ ਦੇ ਦਿੱਤੀ। ਤਾਂ ਪੌਲੁਸ ਪੌੜੀਆਂ ਤੇ ਖੜ੍ਹਾ ਹੋ ਗਿਆ ਅਤੇ ਲੋਕਾਂ ਨੂੰ ਚੁੱਪ ਕਰਾਉਣ ਲਈ ਆਪਣੇ ਹੱਥ ਨਾਲ ਇਸ਼ਾਰਾ ਕੀਤਾ। ਜਦੋਂ ਲੋਕ ਸ਼ਾਂਤ ਹੋ ਗਏ, ਤਾਂ ਉਹ ਉਨ੍ਹਾਂ ਨੂੰ ਇਬਰਾਨੀ ਭਾਸ਼ਾ ਵਿੱਚ ਬੋਲਿਆ।

ਪੌਲੁਸ ਦਾ ਲੋਕਾਂ ਵਿੱਚ ਬੋਲਣਾ

22 ਪੌਲੁਸ ਨੇ ਆਖਿਆ, “ਹੇ ਮੇਰੇ ਭਰਾਵੋ, ਅਤੇ ਮੇਰੇ ਪਿਤਾਓ, ਮੈਨੂੰ ਸੁਣੋ, ਜਦੋਂ ਕਿ ਮੈਂ ਤੁਹਾਡੇ ਅੱਗੇ ਆਪਣੀ ਸਫ਼ਾਈ ਪੇਸ਼ ਕਰਾਂਗਾ।”

ਜਦੋਂ ਉਨ੍ਹਾਂ ਨੇ ਉਸ ਨੂੰ ਇਬਰਾਨੀ ਭਾਸ਼ਾ ਵਿੱਚ ਬੋਲਦਿਆਂ ਸੁਣਿਆ ਉਹ ਹੋਰ ਵੀ ਵੱਧ ਸ਼ਾਂਤ ਹੋ ਗਏ।

ਪੌਲੁਸ ਨੇ ਆਖਿਆ, “ਮੈਂ ਇੱਕ ਯਹੂਦੀ ਹਾਂ। ਮੈਂ ਕਿਲਿਕਿਯਾ ਤੇ ਤਰਸੁੱਸ ਵਿੱਚ ਪੈਦਾ ਹੋਇਆ ਸੀ। ਮੈਂ ਇੱਥੇ ਯਰੂਸ਼ਲਮ ਵਿੱਚ ਵੱਡਾ ਹੋਇਆ। ਮੈਂ ਗਮਲੀਏਲ ਦਾ ਇੱਕ ਵਿਦਿਆਰਥੀ ਸੀ। ਉਸ ਨੇ ਧਿਆਨ ਨਾਲ ਮੈਨੂੰ ਆਪਣੇ ਵਡੇਰਿਆਂ ਦੀ ਸ਼ਰ੍ਹਾ ਬਾਰੇ ਸਿੱਖਾਇਆ। ਮੈਨੂੰ ਪਰਮੇਸ਼ੁਰ ਦੀ ਸੇਵਾ ਕਰਨ ਦਾ ਬੜਾ ਸ਼ੌਕ ਸੀ ਜਿਵੇਂ ਇੱਥੇ ਅੱਜ ਤੁਹਾਡੇ ਸਾਰਿਆਂ ਵਿੱਚ ਹੈ। ਮੈਂ ਉਨ੍ਹਾਂ ਲੋਕਾਂ ਨੂੰ ਤਸੀਹੇ ਦਿੱਤੇ ਜੋ ਯਿਸੂ ਦੇ ਮਾਰਗ ਦਾ ਅਨੁਸਰਣ ਕਰਦੇ ਸਨ। ਉਨ੍ਹਾਂ ਵਿੱਚੋਂ ਕੁਝ ਤਾਂ ਮੇਰੇ ਕਾਰਣ ਜਾਨੋਂ ਵੀ ਮਾਰੇ ਗਏ। ਮੈਂ ਮਰਦਾਂ ਤੇ ਔਰਤਾਂ ਨੂੰ ਫ਼ੜਕੇ ਕੈਦ ਕਰ ਦਿੱਤਾ।

“ਸਰਦਾਰ ਜਾਜਕ ਅਤੇ ਬਜ਼ੁਰਗ ਯਹੂਦੀ ਆਗੂ ਤੁਹਾਨੂੰ ਇਹ ਗੱਲ ਸੱਚ ਸਾਬਿਤ ਕਰ ਸੱਕਦੇ ਹਨ। ਇੱਕ ਵਾਰ ਇਨ੍ਹਾਂ ਆਗੂਆਂ ਨੇ ਮੈਨੂੰ ਕੁਝ ਚਿੱਠੀਆਂ ਦਿੱਤੀਆਂ। ਇਹ ਚਿੱਠੀਆਂ ਦੰਮਿਸਕ ਸ਼ਹਿਰ ਦੇ ਯਹੂਦੀ ਭਰਾਵਾਂ ਲਈ ਸਨ। ਮੈਂ ਉੱਥੇ ਯਿਸੂ ਦੇ ਚੇਲਿਆਂ ਨੂੰ ਯਰੂਸ਼ਲਮ ਵਿੱਚ ਸਜ਼ਾ ਦੇਣ ਲਈ ਗਿਰਫ਼ਤਾਰ ਕਰਨ ਲਈ ਜਾ ਰਿਹਾ ਸਾਂ।

ਪੌਲੁਸ ਨੇ ਆਪਣੇ ਪਰਿਵਰਤਨ ਬਾਰੇ ਦੱਸਿਆ

“ਪਰ ਦੰਮਿਸਕ ਦੇ ਰਾਹ ਵਿੱਚ ਹੀ ਮੇਰੇ ਨਾਲ ਕੁਝ ਵਾਪਰਿਆ। ਇਹ ਕੋਈ ਦੁਪਿਹਰ ਦਾ ਵੇਲਾ ਸੀ, ਜਦੋਂ ਮੈਂ ਦੰਮਿਸਕ ਦੇ ਨੇੜੇ ਪਹੁੰਚਿਆ। ਅਚਾਨਕ ਹੀ, ਅਕਾਸ਼ ਵਿੱਚ ਇੱਕ ਚਮਕੀਲੀ ਰੌਸ਼ਨੀ ਮੇਰੇ ਆਲੇ-ਦੁਆਲੇ ਫ਼ੈਲ ਗਈ। ਮੈਂ ਧਰਤੀ ਤੇ ਡਿੱਗ ਗਿਆ ਤੇ ਇੱਕ ਅਵਾਜ਼ ਨੂੰ ਇਹ ਕਹਿੰਦੇ ਸੁਣਿਆ, ‘ਹੇ ਸੌਲੁਸ, ਹੇ ਸੌਲੁਸ, ਤੂੰ ਮੈਨੂੰ ਕਸ਼ਟ ਕਿਉਂ ਦੇ ਰਿਹਾ ਹੈ?’

“ਮੈਂ ਪੁੱਛਿਆ, ‘ਪ੍ਰਭੂ, ਤੂੰ ਕੌਣ ਹੈਂ?’ ਅਵਾਜ਼ ਨੇ ਆਖਿਆ, ‘ਮੈਂ ਯਿਸੂ ਨਾਸਰੀ ਹਾਂ, ਜਿਸ ਨੂੰ ਤੂੰ ਕਸ਼ਟ ਦੇ ਰਿਹਾ ਹੈਂ।’ ਮੇਰੇ ਸਾਥੀਆਂ ਨੇ ਜੋ ਮੇਰੇ ਨਾਲ ਸਨ, ਉਹ ਜੋਤ ਤਾਂ ਵੇਖੀ, ਪਰ ਜੋ ਮੇਰੇ ਨਾਲ ਬੋਲਦਾ ਸੀ ਉਸਦੀ ਅਵਾਜ਼ ਨਾ ਸੁਣੀ

10 “ਮੈਂ ਪੁੱਛਿਆ, ‘ਪ੍ਰਭੂ ਮੈਨੂੰ ਕੀ ਕਰਨਾ ਚਾਹੀਦਾ ਹੈ?’ ਪ੍ਰਭੂ ਨੇ ਉੱਤਰ ਦਿੱਤਾ, ‘ਉੱਠ ਅਤੇ ਦੰਮਿਸਕ ਵਿੱਚ ਜਾ। ਉੱਥੇ ਤੈਨੂੰ ਸਭ ਗੱਲਾਂ ਕਹੀਆਂ ਜਾਣਗੀਆਂ ਜੋ ਤੇਰੇ ਕਰਨ ਲਈ ਵਿਉਂਤੀਆਂ ਗਈਆਂ ਹਨ।’ 11 ਮੈਂ ਕੁਝ ਵੇਖ ਨਾ ਸੱਕਿਆ ਕਿਉਂਕਿ ਤੇਜ਼ ਰੋਸ਼ਨੀ ਨੇ ਮੈਨੂੰ ਚੁੰਧਿਆ ਦਿੱਤਾ ਸੀ, ਮੈਨੂੰ ਕੁਝ ਨਾ ਦਿਸਿਆ। ਤਾਂ ਉਹ ਆਦਮੀ ਜੋ ਮੇਰੇ ਨਾਲ ਸਨ ਉਹ ਮੇਰਾ ਹੱਥ ਫ਼ੜਕੇ ਮੈਨੂੰ ਦੰਮਿਸਕ ਵਿੱਚ ਲੈ ਗਏ।

12 “ਦੰਮਿਸਕ ਵਿੱਚ ਹਨਾਨਿਯਾਹ ਨਾਂ ਦਾ ਇੱਕ ਆਦਮੀ ਮੇਰੇ ਕੋਲ ਆਇਆ ਉਹ ਇੱਕ ਧਰਮੀ ਆਦਮੀ ਸੀ ਜਿਸਨੇ ਮੂਸਾ ਦੀ ਸ਼ਰ੍ਹਾ ਦਾ ਅਨੁਸਰਣ ਕੀਤਾ ਸੀ। ਉੱਥੇ ਰਹਿੰਦੇ ਸਾਰੇ ਯਹੂਦੀਆਂ ਨੇ ਉਸਦੀ ਇੱਜ਼ਤ ਕੀਤੀ। 13 ਉਹ ਮੇਰੇ ਕੋਲ ਅਇਆ ਅਤੇ ਆਖਿਆ, ‘ਸੌਲੁਸ, ਮੇਰੇ ਭਰਾ, ਫ਼ੇਰ ਤੋਂ ਵੇਖ।’ ਉਸੇ ਵਕਤ ਮੈਂ ਵੇਖਣ ਦੇ ਕਾਬਿਲ ਹੋ ਗਿਆ। ਤੇ ਉਸ ਨੂੰ ਵੇਖਿਆ।

14 “ਅਤੇ ਉਸ ਨੇ ਆਖਿਆ, ‘ਸਾਡੇ ਪੁਰਖਿਆਂ ਦੇ ਪਰਮੇਸ਼ੁਰ ਨੇ ਆਪਣੀ ਮਰਜ਼ੀ ਜਾਨਣ ਲਈ, ਉਸ ਇੱਕ ਧਰਮੀ ਨੂੰ ਵੇਖਣ ਲਈ ਅਤੇ ਉਸ ਦੇ ਮੂੰਹੋਂ ਬਚਨ ਸੁਣਨ ਲਈ, ਤੈਨੂੰ ਚੁਣਿਆ ਹੈ। 15 ਤੂੰ ਸਾਰਿਆਂ ਲੋਕਾਂ ਲਈ ਉਨ੍ਹਾਂ ਗੱਲਾਂ ਦਾ ਗਵਾਹ ਹੋਵੇਂਗਾ ਜੋ ਤੂੰ ਸੁਣੀਆਂ ਤੇ ਵੇਖੀਆਂ ਹਨ। 16 ਹੁਣ ਹੋਰ ਦੇਰ ਨਾ ਕਰ। ਉੱਠ। ਅਤੇ ਉਸਦਾ ਨਾਂ ਲੈਂਦਾ ਹੋਇਆ ਬਪਤਿਸਮਾ ਲੈ, ਅਤੇ ਆਪਣੇ ਪਾਪਾਂ ਨੂੰ ਧੋ ਸੁੱਟ। ਆਪਣੇ-ਆਪ ਨੂੰ ਬਚਾਉਣ ਲਈ ਆਪਣਾ ਯਕੀਨ ਉਸ ਵਿੱਚ ਰੱਖਕੇ ਇਹ ਕਰ।’

17 “ਉਸ ਤੋਂ ਬਾਅਦ, ਮੈਂ ਯਰੂਸ਼ਲਮ ਨੂੰ ਪਰਤਿਆ। ਮੈਂ ਮੰਦਰ ਦੇ ਦਲਾਨ ਵਿੱਚ ਪ੍ਰਾਰਥਨਾ ਕਰ ਰਿਹਾ ਸੀ ਤਾਂ ਮੈਂ ਇੱਕ ਦਰਸ਼ਨ ਡਿਠਾ। 18 ਉਸ ਦਰਸ਼ਨ ਵਿੱਚ, ਮੈਂ ਯਿਸੂ ਨੂੰ ਵੇਖਿਆ ਅਤੇ ਉਸ ਨੇ ਮੈਨੂੰ ਆਖਿਆ, ‘ਛੇਤੀ ਕਰ। ਹੁਣੇ ਯਰੂਸ਼ਲਮ ਛੱਡ ਦੇ। ਇੱਥੋਂ ਦੇ ਲੋਕ ਮੇਰੇ ਬਾਰੇ ਤੇਰੀ ਗਵਾਹੀ ਨੂੰ ਸਵੀਕਾਰ ਨਹੀਂ ਕਰਨਗੇ।’

19 “ਮੈਂ ਕਿਹਾ, ‘ਹੇ ਪ੍ਰਭੂ, ਉਹ ਜਾਣਦੇ ਹਨ ਕਿ ਉਹ ਮੈਂ ਹੀ ਸੀ ਜਿਸਨੇ ਨਿਹਚਾਵਾਨਾ ਨੂੰ ਕੈਦ ਵਿੱਚ ਪਾਇਆ ਅਤੇ ਉਨ੍ਹਾਂ ਨੂੰ ਕੁੱਟਿਆ। ਮੈਂ ਸਾਰੇ ਪ੍ਰਾਰਥਨਾ ਸਥਾਨਾਂ ਵਿੱਚ ਉਨ੍ਹਾਂ ਨੂੰ ਲੱਭਣ ਅਤੇ ਉਨ੍ਹਾਂ ਨੂੰ ਗਿਰਫ਼ਤਾਰ ਕਰਨ ਲਈ ਗਿਆ। 20 ਲੋਕ ਇਹ ਵੀ ਜਾਣਦੇ ਹਨ ਕਿ ਤੇਰੇ ਸ਼ਹੀਦ ਇਸਤੀਫ਼ਾਨ ਦਾ ਲਹੂ ਵਹਾਇਆ ਗਿਆ ਤਾਂ ਮੈਂ ਉੱਥੇ ਹੀ ਖੜ੍ਹਾ ਸੀ ਅਤੇ ਉਸ ਨੂੰ ਮਾਰਨ ਦੀ ਹਾਮੀ ਭਰੀ। ਮੈਂ ਉਨ੍ਹਾਂ ਦੇ ਕੱਪੜਿਆਂ ਦੀ ਰਾਖੀ ਕਰ ਰਿਹਾ ਸੀ ਜੋ ਉਸ ਨੂੰ ਮਾਰ ਰਹੇ ਸਨ।’

21 “ਪਰ ਯਿਸੂ ਨੇ ਮੈਨੂੰ ਕਿਹਾ, ‘ਤੂੰ ਹੁਣ ਇੱਥੋਂ ਚੱਲਿਆ ਜਾ, ਕਿਉਂਕਿ ਮੈਂ ਤੈਨੂੰ ਦੂਰ ਗੈਰ-ਯਹੂਦੀ ਲੋਕਾਂ ਕੋਲ ਭੇਜ ਦੇਵਾਂਗਾ।’”

22 ਜਦੋਂ ਪੌਲੁਸ ਨੇ ਇਹ ਅਖੀਰਲਾ ਵਾਕ ਕਿ ਪਰਾਈਆਂ ਕੌਮਾਂ ਵਿੱਚ ਜਾ ਕਿਹਾ ਤਾਂ ਲੋਕਾਂ ਨੇ ਉਸ ਨੂੰ ਸੁਣਨਾ ਬੰਦ ਕੀਤਾ ਅਤੇ ਸ਼ੋਰ ਮਚਾਉਣ ਲੱਗੇ, “ਇਸ ਨੂੰ ਮਾਰ ਸੁੱਟੋ। ਇਸ ਨੂੰ ਇਸ ਦੁਨੀਆਂ ਤੋਂ ਦੂਰ ਸੁੱਟ ਦੇਵੋ। ਇਹੋ ਜਿਹੇ ਆਦਮੀ ਨੂੰ ਜਿਉਣ ਦਾ ਕੋਈ ਹੱਕ ਨਹੀਂ।” 23 ਉਨ੍ਹਾਂ ਨੇ ਰੌਲਾ ਪਾਇਆ ਅਤੇ ਆਪਣੇ ਕੱਪੜੇ ਸੁੱਟਕੇ ਹਵਾ ਵਿੱਚ ਖੇਹ ਉਡਾਉਣ ਲੱਗੇ। 24 ਫ਼ੇਰ ਸੈਨਾ ਅਧਿਕਾਰੀ ਨੇ ਸਿਪਾਹੀਆਂ ਨੂੰ ਪੌਲੁਸ ਨੂੰ ਸੈਨਾ ਭਵਨ ਅੰਦਰ ਲੈ ਜਾਣ ਦਾ ਹੁਕਮ ਦਿੱਤਾ। ਉਸ ਨੇ ਉਨ੍ਹਾਂ ਨੂੰ ਪੌਲੁਸ ਨੂੰ ਕੁੱਟਕੇ ਇਹ ਪੁੱਛਣ ਲਈ ਕਿਹਾ ਕਿ ਕੀ ਕਾਰਣ ਹੈ ਜੋ ਉਹ ਉਸ ਉੱਤੇ ਇੰਝ ਰੌਲਾ ਪਾ ਰਹੇ ਸਨ। 25 ਇਸ ਲਈ ਸਿਪਾਹੀਆਂ ਉਸ ਨੂੰ ਮਾਰਨ ਵਾਸਤੇ ਬੰਨ੍ਹ ਰਹੇ ਸਨ ਪਰ ਪੌਲੁਸ ਨੇ ਉੱਥੇ ਖੜ੍ਹੇ ਸੈਨਾ ਅਧਿਕਾਰੀ ਨੂੰ ਆਖਿਆ, “ਕੀ ਤੈਨੂੰ ਰੋਮੀ ਨਾਗਰਿਕ ਨੂੰ ਕੋੜੇ ਮਾਰਨ ਦਾ ਹੱਕ ਹੈ। ਜਿਸ ਦਾ ਕਿ ਕਸੂਰ ਵੀ ਸਾਬਿਤ ਨਾ ਹੋਇਆ ਹੋਵੇ?”

26 ਜਦੋਂ ਸੈਨਾ ਅਧਿਕਾਰੀ ਨੇ ਇਹ ਸੁਣਿਆ, ਤਾਂ ਉਹ ਸਰਦਾਰ ਕੋਲ ਗਿਆ ਅਤੇ ਉਸ ਨੂੰ ਇਸ ਬਾਰੇ ਕਿਹਾ। ਅਧਿਕਾਰੀ ਨੇ ਆਖਿਆ, “ਕੀ ਤੂੰ ਜਾਣਦਾ ਹੈਂ ਕਿ ਤੂੰ ਕੀ ਕਰ ਰਿਹਾ ਹੈਂ? ਇਹ ਆਦਮੀ ਇੱਕ ਰੋਮੀ ਨਾਗਰਿਕ ਹੈ।”

27 ਕਮਾਂਡਰ ਪੌਲੁਸ ਕੋਲ ਆਇਆ ਤੇ ਆਖਣ ਲੱਗਾ, “ਮੈਨੂੰ ਦੱਸ ਕਿ ਸੱਚੀ ਤੂੰ ਰੋਮ ਦਾ ਨਾਗਰਿਕ ਹੈ?”

ਪੌਲੁਸ ਨੇ ਉੱਤਰ ਹਾਂ ਵਿੱਚ ਦਿੱਤਾ।

28 ਕਮਾਂਡਰ ਨੇ ਕਿਹਾ, “ਪਰ ਮੈਂ ਤਾਂ ਬਹੁਤ ਪੈਸਾ ਖਰਚ ਕੇ ਇਹ ਨਾਗਰਿਕਤਾ ਲਈ।”

ਪਰ ਪੌਲੁਸ ਨੇ ਕਿਹਾ, “ਮੈਂ ਜਮਾਂਦਰੂ ਹੀ ਨਾਗਰਿਕ ਸੀ।”

29 ਉਹ ਜੋ ਪੌਲੁਸ ਨੂੰ ਪ੍ਰਸ਼ਨ ਕਰਨ ਵੀ ਵਾਲੇ ਸਨ, ਝੱਟ ਉਸਤੋਂ ਦੂਰ ਚੱਲੇ ਗਏ। ਸਰਦਾਰ ਵੀ ਘਬਰਾਇਆ ਹੋਇਆ ਸੀ ਕਿਉਂਕਿ ਪੌਲੁਸ ਇੱਕ ਰੋਮੀ ਨਾਗਰਿਕ ਸੀ ਅਤੇ ਉਹ ਪਹਿਲਾਂ ਹੀ ਉਸ ਨੂੰ ਜੰਜ਼ੀਰਾਂ ਪਾ ਚੁੱਕਾ ਸੀ।

ਪੌਲੁਸ ਦੀ ਯਹੂਦੀ ਆਗੂਆਂ ਨਾਲ ਗੱਲ-ਬਾਤ

30 ਅਗਲੇ ਦਿਨ, ਅਸਲੀ ਕਾਰਣ ਜਾਨਣ ਲਈ, ਕਿ ਯਹੂਦੀ ਪੌਲੁਸ ਉੱਪਰ ਦੋਸ਼ ਕਿਉਂ ਲਾ ਰਹੇ ਸਨ, ਸਰਦਾਰ ਨੇ ਪੌਲੁਸ ਨੂੰ ਖੋਲ੍ਹ ਦਿੱਤਾ ਅਤੇ ਪ੍ਰਧਾਨ ਜਾਜਕਾਂ ਅਤੇ ਯਹੂਦੀ ਸਭਾ ਦੇ ਸਦੱਸਾਂ ਦੀ ਇਕੱਠੀ ਬੈਠਕ ਬੁਲਵਾਉਣ ਦਾ ਹੁਕਮ ਦਿੱਤਾ। ਫ਼ੇਰ ਪੌਲੁਸ ਨੂੰ ਲਿਆਕੇ ਉਨ੍ਹਾਂ ਦੇ ਸਾਹਮਣੇ ਖੜ੍ਹਾ ਕੀਤਾ।

23 ਪੌਲੁਸ ਨੇ ਬੜੇ ਗਹੁ ਨਾਲ ਯਹੂਦੀ ਮਹਾ ਸਭਾ ਵੱਲ ਵੇਖਿਆ ਤੇ ਫ਼ਿਰ ਕਿਹਾ, “ਭਰਾਵੋ, ਮੈਂ ਅੱਜ ਦਿਨ ਤੱਕ ਪਰਮੇਸ਼ੁਰ ਦੇ ਅੱਗੇ ਆਪਣਾ ਪੂਰਾ ਜੀਵਨ ਉਹੀ ਕਰਕੇ ਬਿਤਾਇਆ ਹੈ। ਜੋ ਮੈਂ ਸੋਚਿਆ ਕਿ ਸਹੀ ਸੀ।” ਹਨਾਨਿਯਾਹ ਨਾਂ ਦਾ ਸਰਦਾਰ ਜਾਜਕ ਵੀ ਉੱਥੇ ਹੀ ਸੀ, ਜਦੋਂ ਉਸ ਨੇ ਪੌਲੁਸ ਨੂੰ ਇਹ ਆਖਦੇ ਸੁਣਿਆ ਤਾਂ ਜਿਹੜੇ ਆਦਮੀ ਪੌਲੁਸ ਦੇ ਕੋਲ ਖੜ੍ਹੇ ਸਨ, ਉਨ੍ਹਾਂ ਨੂੰ ਕਿਹਾ ਕਿ ਇਸਦੇ ਮੂੰਹ ਤੇ ਮਾਰੋ। ਪੌਲੁਸ ਨੇ ਹਨਾਨਿਯਾਹ ਨੂੰ ਆਖਿਆ, “ਪਰਮੇਸ਼ੁਰ ਤੈਨੂੰ ਵੀ ਕੁੱਟੇਗਾ। ਤੂੰ ਅਜਿਹੀ ਮੈਲੀ ਕੰਧ ਹੈਂ ਜਿਸ ਉੱਪਰ ਸਫ਼ੇਦ ਰੋਗਨ ਕੀਤਾ ਹੋਇਆ ਹੈ। ਜਦੋਂ ਤੂੰ ਉੱਥੇ ਬੈਠਾ ਮੂਸਾ ਦੀ ਸ਼ਰ੍ਹਾ ਮੁਤਾਬਕ ਮੇਰਾ ਨਿਆਂ ਕਰਦਾ ਹੈ ਤੂੰ ਉਨ੍ਹਾਂ ਨੂੰ ਆਖਿਆ ਕਿ ਉਹ ਮੈਨੂੰ ਕੁੱਟਣ। ਇਹ ਮੂਸਾ ਦੀ ਸ਼ਰ੍ਹਾ ਦੇ ਖਿਲਾਫ਼ ਹੈ।”

ਪੌਲੁਸ ਦੇ ਕੋਲ ਖੜ੍ਹੇ ਆਦਮੀਆਂ ਨੇ ਉਸ ਨੂੰ ਕਿਹਾ, “ਕੀ ਤੂੰ ਨਹੀਂ ਜਾਣਦਾ ਕਿ ਤੂੰ ਪਰਮੇਸ਼ੁਰ ਦੇ ਸਰਦਾਰ ਜਾਜਕ ਦੀ ਬੇਇੱਜ਼ਤੀ ਕਰ ਰਿਹਾ ਹੈਂ।”

ਪੌਲੁਸ ਨੇ ਕਿਹਾ, “ਭਰਾਵੋ। ਮੈਨੂੰ ਨਹੀਂ ਸੀ ਪਤਾ ਕਿ ਇਹ ਸਰਦਾਰ ਜਾਜਕ ਹੈ। ਇਹ ਪੋਥੀਆਂ ਵਿੱਚ ਲਿਖਿਆ ਹੋਇਆ ਹੈ ਕਿ, ‘ਤੁਹਾਨੂੰ ਆਪਣੇ ਲੋਕਾਂ ਦੇ ਆਗੂਆਂ ਨੂੰ ਬੁਰਾ ਨਹੀਂ ਆਖਣਾ ਚਾਹੀਦਾ।’” [a]

ਸਭਾ ਵਿੱਚ, ਕੁਝ ਲੋਕ ਸਦੂਕੀ ਸਨ ਅਤੇ ਕੁਝ ਫ਼ਰੀਸੀ। ਸੋ ਪੌਲੁਸ ਨੂੰ ਇੱਕ ਵਿੱਚਾਰ ਆਇਆ। ਸਭਾ ਵਿੱਚ, ਉਸ ਨੇ ਉੱਚੀ-ਉੱਚੀ ਰੌਲਾ ਪਾਇਆ, “ਭਰਾਵੋ, ਮੈਂ ਇੱਕ ਫ਼ਰੀਸੀ ਹਾਂ ਤੇ ਮੇਰਾ ਪਿਉ ਵੀ ਫ਼ਰੀਸੀ ਸੀ। ਮੇਰੇ ਉੱਪਰ ਇਸ ਲਈ ਮੁਕੱਦਮਾ ਚਲਾਇਆ ਜਾ ਰਿਹਾ ਹੈ ਕਿਉਂਕਿ ਮੈਂ ਮੁਰਦਿਆਂ ਦੇ ਜੀ ਉੱਠਣ ਵਿੱਚ ਵਿਸ਼ਵਾਸ ਕਰਦਾ ਹਾਂ।”

ਜਦੋਂ ਪੌਲੁਸ ਨੇ ਇਉਂ ਕਿਹਾ ਤਾਂ ਸਦੂਕੀਆਂ ਅਤੇ ਫ਼ਰੀਸੀਆਂ ਵਿੱਚ ਭਾਰੀ ਬਹਿਸ ਛਿੜ ਪਈ ਅਤੇ ਉਨ੍ਹਾਂ ਵਿੱਚ ਫ਼ੁੱਟ ਪੈ ਗਈ। (ਸਦੂਕੀ ਵਿਸ਼ਵਾਸ ਕਰਦੇ ਸਨ ਕਿ ਕੋਈ ਜੀ ਉੱਠਣਾ ਨਹੀਂ ਹੈ। ਅਤੇ ਉਹ ਵਿਸ਼ਵਾਸ ਕਰਦੇ ਸਨ ਕਿ ਇੱਥੇ ਦੂਤ ਜਾਂ ਆਤਮਾ ਨਹੀਂ ਸਨ।) ਸਾਰੇ ਯਹੂਦੀਆਂ ਨੇ ਉੱਚੀ-ਉੱਚੀ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ। ਕੁਝ ਨੇਮ ਦੇ ਪ੍ਰਚਾਰਕ ਜੋ ਕਿ ਫ਼ਰੀਸੀ ਸਨ ਖੜ੍ਹੇ ਹੋਕੇ ਬਹਿਸ ਕਰਨ ਲੱਗੇ, “ਸਾਨੂੰ ਤਾਂ ਇਸ ਮਨੁੱਖ ਵਿੱਚ ਕੁਝ ਗਲਤ ਨਹੀਂ ਦਿਸਿਆ। ਇਹ ਸੰਭਵ ਹੈ ਕਿ ਇੱਕ ਆਤਮਾ ਜਾਂ ਇੱਕ ਦੂਤ ਬੋਲਿਆ ਹੋਵੇ।”

10 ਬਹਿਸ ਝਗੜ੍ਹੇ ਵਿੱਚ ਬਦਲ ਗਈ। ਸਰਦਾਰ ਘਬਰਾ ਗਿਆ ਕਿ ਯਹੂਦੀ ਪੌਲੁਸ ਦੇ ਚਿਥੜੇ ਕਰ ਦੇਣਗੇ। ਤਾਂ ਉਸ ਨੇ ਸਿਪਾਹੀਆਂ ਨੂੰ ਪੌਲੁਸ ਨੂੰ ਯਹੂਦੀਆਂ ਤੋਂ ਦੂਰ ਲੈ ਜਾਣ ਅਤੇ ਇਸ ਨੂੰ ਸੈਨਾ ਭਵਨ ਵਿੱਚ ਰੱਖਣ ਲਈ, ਕਿਹਾ।

11 ਅਗਲੀ ਰਾਤ ਪ੍ਰਭੂ ਯਿਸੂ ਪੌਲੁਸ ਦੇ ਕੋਲ ਆਕੇ ਖੜ੍ਹਾ ਹੋ ਗਿਆ ਅਤੇ ਆਖਣ ਲੱਗਾ, “ਹੌਂਸਲਾ ਰੱਖ। ਤੂੰ ਯਰੂਸ਼ਲਮ ਦੇ ਲੋਕਾਂ ਨੂੰ ਮੇਰੇ ਬਾਰੇ ਦੱਸਿਆ ਹੈ। ਹੁਣ ਤੂੰ ਰੋਮ ਵਿੱਚ ਜਾਕੇ ਵੀ ਲੋਕਾਂ ਨੂੰ ਮੇਰੇ ਬਾਰੇ ਸਾਖੀ ਕਰ।”

ਕੁਝ ਯਹੂਦੀਆਂ ਨੇ ਪੌਲੁਸ ਨੂੰ ਮਾਰਨ ਦੀ ਵਿਉਂਤ ਬਣਾਈ

12 ਅਗਲੇ ਦਿਨ ਦੀ ਸਵੇਰ ਕੁਝ ਯਹੂਦੀਆਂ ਨੇ ਪੌਲੁਸ ਦੇ ਵਿਰੁੱਧ ਸਾਜਿਸ਼ ਕੀਤੀ। ਉਨ੍ਹਾਂ ਨੇ ਆਪੋ ਵਿੱਚ ਹੀ ਮਤਾ ਪਕਾਇਆ ਕਿ ਜਦ ਤੱਕ ਉਹ ਪੌਲੁਸ ਨੂੰ ਮਾਰ ਨਾ ਮੁਕਾਉਣਗੇ ਉਹ ਕੁਝ ਵੀ ਨਹੀਂ ਖਾਣ ਪੀਣਗੇ। 13 ਚਾਲ੍ਹੀਆਂ ਤੋਂ ਵੱਧ ਯਹੂਦੀਆਂ ਨੇ ਇਹ ਸਾਜਿਸ਼ ਰਚੀ। 14 ਇਹ ਯਹੂਦੀ ਪ੍ਰਧਾਨ ਜਾਜਕਾਂ ਅਤੇ ਬਜ਼ੁਰਗ ਯਹੂਦੀ ਆਗੂਆਂ ਕੋਲ ਗਏ ਅਤੇ ਆਖਿਆ, “ਅਸੀਂ ਸੌਂਹ ਖਾਧੀ ਹੈ ਕਿ ਓਨਾ ਚਿਰ ਅਸੀਂ ਕੁਝ ਨਾ ਖਾਵਾਂਗੇ ਅਤੇ ਨਾ ਪੀਵਾਂਗੇ ਜਦ ਤੱਕ ਕਿ ਅਸੀਂ ਪੌਲੁਸ ਨੂੰ ਨਾ ਮਾਰ ਦੇਈਏ। 15 ਇਸ ਲਈ ਹੁਣ ਤੁਸੀਂ ਸੈਨਾ ਦੇ ਸਰਦਾਰ ਨੂੰ ਇੱਕ ਸੰਯੁਕਤ ਸੁਨੇਹਾ ਭੇਜੋ ਕਿ ਉਹ ਉਸ ਨੂੰ ਤੁਹਾਡੇ ਅੱਗੇ ਪੇਸ਼ ਕਰੇ ਅਤੇ ਉਸ ਨੂੰ ਮਨਵਾਓ ਕਿ ਤੁਸੀਂ ਪੌਲੁਸ ਦੀ ਪੂਰੀ ਤਰ੍ਹਾਂ ਪੁੱਛ-ਗਿੱਛ ਕਰਨਾ ਚਾਹੁੰਦੇ ਹੋ। ਜਦੋਂ ਉਹ ਉਸ ਨੂੰ ਤੁਹਾਡੇ ਵੱਲ ਲਿਆ ਰਿਹਾ ਹੋਵੇਗਾ ਤਾਂ ਅਸੀਂ ਪੌਲੁਸ ਨੂੰ ਰਸਤੇ ਵਿੱਚ ਹੀ ਜਾਨੋਂ ਮਾਰ ਮੁਕਾਵਾਂਗੇ।”

16 ਪਰ ਪੌਲੁਸ ਦੇ ਭਾਂਣਜੇ ਨੂੰ ਇਸ ਸਾਜਿਸ਼ ਦਾ ਪਤਾ ਲੱਗ ਗਿਆ। ਤਾਂ ਉਹ ਸੈਨਾ ਭਵਨ ਵਿੱਚ ਗਿਆ ਅਤੇ ਪੌਲੁਸ ਨੂੰ ਇਸ ਬਾਰੇ ਦੱਸ ਦਿੱਤਾ। 17 ਤਦ ਪੌਲੁਸ ਨੇ ਇੱਕ ਸੈਨਾ ਅਧਿਕਾਰੀ ਨੂੰ ਸੱਦਿਆ ਅਤੇ ਕਿਹਾ, “ਇਸ ਨੌਜਵਾਨ ਨੂੰ ਕਮਾਂਡਰ ਕੋਲ ਲੈ ਜਾਵੋ। ਇਹ ਇੱਕ ਸੁਨੇਹਾ ਲੈ ਕੇ ਆਇਆ ਹੈ।” 18 ਤਾਂ ਉਹ ਸੈਨਾ-ਅਧਿਕਾਰੀ ਉਸ ਦੇ ਭਾਣਜੇ ਨੂੰ ਸੈਨਾ ਅਧਿਕਾਰੀ ਕੋਲ ਲੈ ਗਿਆ ਤਾਂ ਉਸ ਨੇ ਕਿਹਾ, “ਕੈਦੀ ਪੌਲੁਸ ਨੇ ਮੈਨੂੰ ਇਸ ਨੌਜੁਆਨ ਨੂੰ ਤੁਹਾਡੇ ਕੋਲ ਲਿਆਉਣ ਨੂੰ ਆਖਿਆ ਹੈ, ਕਿਉਂਕਿ ਉਹ ਤੁਹਾਨੂੰ ਕੁਝ ਦੱਸਣਾ ਚਾਹੁੰਦਾ ਹੈ।”

19 ਸੈਨਾ ਅਧਿਕਾਰੀ ਨੇ ਉਸਦਾ ਹੱਥ ਫ਼ੜਿਆ ਅਤੇ ਉਸ ਨੂੰ ਇੱਕ ਇੱਕਾਂਤ ਜਗ਼੍ਹਾ ਤੇ ਲੈ ਗਿਆ ਤੇ ਆਖਿਆ, “ਤੂੰ ਮੈਨੂੰ ਕੀ ਦੱਸਣਾ ਚਾਹੁੰਦਾ ਹੈ?”

20 ਉਸ ਨੌਜਵਾਨ ਨੇ ਕਿਹਾ, “ਯਹੂਦੀਆਂ ਨੇ ਇਹ ਵਿਉਂਤ ਬਣਈ ਹੈ ਕਿ ਉਹ ਕੱਲ ਪੌਲੁਸ ਨੂੰ ਮਹਾਂ ਸਭਾ ਦੇ ਵਿੱਚ ਲਿਆਉਣ ਲਈ ਤੁਹਾਨੂੰ ਕਹਿਣਗੇ ਅਤੇ ਉਹ ਤੁਹਾਨੂੰ ਇਹ ਕਹਿਣਗੇ ਕਿ ਉਹ ਪੌਲੁਸ ਕੋਲੋਂ ਕੁਝ ਹੋਰ ਸਵਾਲ ਪੁੱਛਣਾ ਚਾਹੁੰਦੇ ਹਨ। 21 ਪਰ ਤੁਸੀਂ ਉਨ੍ਹਾਂ ਤੇ ਵਿਸ਼ਵਾਸ ਨਾ ਕਰਨਾ ਕਿਉਂਕਿ ਚਾਲੀ ਤੋਂ ਵੱਧੇਰੇ ਯਹੂਦੀ ਛੁੱਪੇ ਹੋਏ ਹਨ ਤਾਂ ਜੋ ਉਹ ਪੌਲੁਸ ਨੂੰ ਰਸਤੇ ਵਿੱਚ ਹੀ ਖਤਮ ਕਰ ਦੇਣ। ਉਨ੍ਹਾਂ ਨੇ ਇੱਕ ਗੰਭੀਰ ਸੌਂਹ ਖਾਧੀ ਹੈ ਕਿ ਉਹ ਉਦੋਂ ਤੱਕ ਕੁਝ ਨਹੀਂ ਖਾਣਗੇ ਤੇ ਨਾ ਪੀਣਗੇ ਜਦ ਤੱਕ ਉਹ ਪੌਲੁਸ ਨੂੰ ਨਹੀਂ ਮਾਰ ਦਿੰਦੇ। ਸੋ ਉਹ ਹੁਣ ਤੁਹਾਡੀ ਸਹਿਮਤੀ ਦੀ ਉਡੀਕ ਵਿੱਚ ਹਨ।”

22 ਸਰਦਾਰ ਨੇ ਉਸ ਨੂੰ ਕਿਹਾ, “ਕਿਸੇ ਨੂੰ ਨਾ ਦੱਸੀਂ ਕਿ ਤੂੰ ਮੈਨੂੰ ਇਸ ਵਿਉਂਤ ਬਾਰੇ ਦੱਸ ਦਿੱਤਾ ਹੈ ਅਤੇ ਉਸ ਨੇ ਉਸ ਨੂੰ ਭੇਜ ਦਿੱਤਾ।”

ਪੌਲੁਸ ਨੂੰ ਕੈਸਰਿਯਾ ਵਿੱਚ ਭੇਜਣਾ

23 ਤਦ ਕਮਾਂਡਰ ਨੇ ਦੋ ਸੂਬੇਦਾਰਾਂ ਨੂੰ ਬੁਲਵਾਇਆ ਅਤੇ ਕਿਹਾ, “ਮੈਨੂੰ ਕੁਝ ਆਦਮੀ ਕੈਸਰਿਯਾ ਜਾਣ ਲਈ ਚਾਹੀਦੇ ਹਨ। ਤੁਸੀਂ ਦੋ ਸੌ ਸਿਪਾਹੀ ਤਿਆਰ ਰੱਖੋ, ਸੱਤਰ ਸਿਪਾਹੀ ਘੋੜਿਆਂ ਤੇ ਅਤੇ ਦੋ ਸੌ ਆਦਮੀ ਭਾਲੇ ਬਰਦਾਰ। ਇਨ੍ਹਾਂ ਨੂੰ ਅੱਜ ਰਾਤ ਨੌ ਵਜੇ ਰਵਾਨਾ ਕਰਨ ਲਈ ਤਿਆਰ ਰੱਖਣਾ। 24 ਪੌਲੁਸ ਦੀ ਸਵਾਰੀ ਲਈ ਵੀ ਕੁਝ ਘੋੜਿਆਂ ਦਾ ਇੰਤਜ਼ਾਮ ਕਰੋ। ਉਸ ਨੂੰ ਪੂਰੀ ਸੁਰੱਖਿਆ ਨਾਲ ਫ਼ੇਲਿਕਸ ਹਾਕਮ ਦੇ ਕੋਲ ਪਹੁੰਚਾਣਾ ਹੈ।” 25 ਸੈਨਾ ਅਧਿਕਾਰੀ ਨੇ ਇੱਕ ਚਿੱਠੀ ਲਿਖੀ ਜੋ ਇਸ ਤਰ੍ਹਾਂ ਸੀ;

26 ਕਲੌਦਿਯੁਸ ਲੁਸਿਯਸ ਦੇ

ਹਾਕਮ ਫ਼ੇਲਿਕਸ ਬਹਾਦੁਰ ਨੂੰ ਪ੍ਰਣਾਮ।

27 ਯਹੂਦੀਆਂ ਨੇ ਉਸ ਨੂੰ ਗਿਰਫ਼ਤਾਰ ਕਰ ਲਿਆ ਅਤੇ ਇਸ ਨੂੰ ਮਾਰਨ ਹੀ ਵਾਲੇ ਸਨ, ਪਰ ਜਦੋਂ ਮੈਨੂੰ ਪਤਾ ਲੱਗਾ ਕਿ ਉਹ ਇੱਕ ਰੋਮੀ ਨਾਗਰਿਕ ਹੈ, ਮੈਂ ਉਸੇ ਵਕਤ ਆਪਣੇ ਸਿਪਾਹੀਆਂ ਨਾਲ ਗਿਆ ਅਤੇ ਉਸ ਨੂੰ ਬਚਾਇਆ। 28 ਮੈਂ ਇਹ ਜਾਨਣਾ ਚਾਹੁੰਦਾ ਸੀ ਕਿ ਉਨ੍ਹਾਂ ਕਿਸ ਕਾਰਣ ਉਸ ਉੱਪਰ ਇਲਜ਼ਾਮ ਲਗਾਏ, ਇਸ ਲਈ ਮੈਂ ਉਸ ਨੂੰ ਉਨ੍ਹਾਂ ਦੀ ਸਭਾ ਵਿੱਚ ਲੈ ਗਿਆ। 29 ਉੱਥੋਂ ਮੈਨੂੰ ਇਹ ਪਤਾ ਲੱਗਾ; ਯਹੂਦੀਆਂ ਨੇ ਪੌਲੁਸ ਉੱਤੇ ਆਪਣੀ ਖੁਦ ਦੀ ਸ਼ਰ੍ਹਾ ਸੰਬੰਧੀ ਇਲਜ਼ਾਮ ਲਾਏ ਹਨ। ਪਰ ਉਨ੍ਹਾਂ ਵਿੱਚੋਂ ਕੋਈ ਵੀ ਇਹੋ ਜਿਹਾ ਦਾਵ੍ਹਾ ਨਹੀਂ ਸੀ ਜੋ ਉਸ ਦੇ ਕਤਲ ਜਾਂ ਕੈਦ ਦਾ ਕਾਰਣ ਹੁੰਦਾ। 30 ਮੈਨੂੰ ਪਤਾ ਲੱਗਾ ਕਿ ਕੁਝ ਯਹੂਦੀਆਂ ਨੇ ਉਸ ਦੇ ਖਿਲਾਫ਼ ਸਾਜਿਸ਼ ਕੀਤੀ ਹੈ। ਇਸ ਲਈ ਮੈਂ ਉਸ ਨੂੰ ਤੁਹਾਡੇ ਕੋਲ ਭੇਜ ਦਿੱਤਾ ਹੈ। ਮੈਂ ਉਨ੍ਹਾਂ ਯਹੂਦੀਆਂ ਨੂੰ ਉਹ ਇਲਜ਼ਾਮ ਦੱਸਣ ਲਈ ਵੀ ਕਿਹਾ ਹੈ ਜੋ ਉਨ੍ਹਾਂ ਕੋਲ ਇਸਦੇ ਵਿਰੁੱਧ ਹਨ।

31 ਸਿਪਾਹੀਆਂ ਨੂੰ ਜਿਵੇਂ ਕਿਹਾ ਗਿਆ ਸੀ ਉਨ੍ਹਾਂ ਨੇ ਉਵੇਂ ਹੀ ਕੀਤਾ। ਸਿਪਾਹੀ ਉਸ ਰਾਤ ਉਸ ਨੂੰ ਅੰਤਿਪਤ੍ਰਿਸ ਸ਼ਹਿਰ ਵਿੱਚ ਲੈ ਗਏ। 32 ਅਗਲੇ ਦਿਨ ਘੁੜਸਵਾਰ ਸਿਪਾਹੀ ਪੌਲੁਸ ਦੇ ਨਾਲ ਕੈਸਰਿਯਾ ਨੂੰ ਗਏ। ਪਰ ਬਾਕੀ ਦੇ ਸਿਪਾਹੀ ਅਤੇ ਭਾਲਾ ਬਰਦਾਰ ਸੈਨਾ ਭਵਨ ਵਿੱਚ ਵਾਪਸ ਮੁੜ ਗਏ। 33 ਘੁੜਸਵਾਰ ਸਿਪਾਹੀ ਕੈਸਰਿਯਾ ਨੂੰ ਗਏ ਅਤੇ ਉਹ ਚਿਠੀ ਰਾਜਪਾਲ ਫ਼ੇਲਿਕਸ ਨੂੰ ਦਿੱਤੀ। ਉਸਤੋਂ ਬਾਅਦ ਉਨ੍ਹਾਂ ਨੇ ਪੌਲੁਸ ਨੂੰ ਉਸ ਦੇ ਹਵਾਲੇ ਕਰ ਦਿੱਤਾ।

34 ਹਾਕਮ ਨੇ ਚਿਠੀ ਪੜ੍ਹਕੇ ਪੌਲੁਸ ਨੂੰ ਕਿਹਾ, “ਤੂੰ ਕਿਸ ਦੇਸ਼ ਦਾ ਹੈਂ?” ਉਹ ਜਾਣ ਗਿਆ ਕਿ ਪੌਲੁਸ ਕਿਲਿਕਿਯਾ ਸ਼ਹਿਰ ਨਾਲ ਸੰਬੰਧਿਤ ਹੈ। 35 ਹਾਕਮ ਨੇ ਕਿਹਾ, “ਪਹਿਲੇ ਤੇਰੇ ਮੁੱਦਈ ਵੀ ਆ ਜਾਣ ਫ਼ਿਰ ਮੈਂ ਤੇਰੀ ਸੁਣਾਂਗਾ।” ਫ਼ਿਰ ਰਾਜਪਾਲ ਨੇ ਪੌਲੁਸ ਨੂੰ ਹੇਰੋਦੇਸ ਦੇ ਮਹਿਲ ਵਿੱਚ ਨਜ਼ਰਬੰਦ ਰੱਖਣ ਦਾ ਹੁਕਮ ਦਿੱਤਾ।

ਯਹੂਦੀਆਂ ਨੇ ਪੌਲੁਸ ਨੂੰ ਮੁਲਜਮ ਠਹਿਰਾਇਆ

24 ਪੰਜਾਂ ਦਿਨਾਂ ਬਾਅਦ ਹਨਾਨਿਯਾਹ ਨਾਂ ਦਾ ਸਰਦਾਰ ਜਾਜਕ ਕੈਸਰਿਯਾ ਵਿੱਚ ਆਇਆ ਅਤੇ ਆਪਣੇ ਨਾਲ ਕੁਝ ਬਜ਼ੁਰਗ ਯਹੂਦੀ ਆਗੂਆਂ ਅਤੇ ਤਰਤੁੱਲੁਸ ਨਾਂ ਦੇ ਇੱਕ ਵਕੀਲ ਨੂੰ ਵੀ ਲਿਆਇਆ। ਉਹ ਕੈਸਰਿਯਾ ਨੂੰ ਪੌਲੁਸ ਦੇ ਖਿਲਾਫ਼ ਰਾਜਪਾਲ ਅੱਗੇ ਦੋਸ਼ ਦੱਸਣ ਲਈ ਗਏ। ਜਦੋਂ ਪੌਲੁਸ ਨੂੰ ਅੰਦਰ ਬੁਲਾਇਆ ਗਿਆ, ਤਰਤੁੱਲੁਸ ਨੇ ਪੌਲੁਸ ਦੇ ਵਿਰੁੱਧ ਇਲਜਾਮ ਦੱਸਣੇ ਸ਼ੁਰੂ ਕੀਤੇ।

ਤਰਤੁੱਲੁਸ ਨੇ ਕਿਹਾ, “ਹੇ ਫ਼ੇਲਿਕਸ ਬਹਾਦੁਰ। ਅਸੀਂ ਤੇ ਸਾਡੇ ਲੋਕ ਤੁਹਾਡੇ ਕਾਰਣ ਬੜੀ ਸ਼ਾਂਤੀ ਭੋਗਦੇ ਹਾਂ ਅਤੇ ਸਾਡੇ ਦੇਸ਼ ਵਿੱਚ ਬਹੁਤ ਸਾਰੇ ਗਲਤ ਕੰਮ ਤੁਹਾਡੀ ਸਿਆਣਪ ਦੇ ਕਦਮਾਂ ਕਰਕੇ ਠੀਕ ਕੀਤੇ ਜਾਂਦੇ ਹਨ। ਹਰ ਜਗ਼੍ਹਾ ਅਤੇ ਹਰ ਵੇਲੇ ਅਸੀਂ ਇਹ ਗੱਲਾਂ ਵੱਡੀ ਸ਼ੁਕਰਗੁਜ਼ਾਰੀ ਨਾਲ ਲੈਂਦੇ ਹਾਂ। ਪਰ ਹੁਣ ਮੈਂ ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਸਿਰਫ਼ ਕੁਝ ਸ਼ਬਦ ਕਹਾਂਗਾ, ਕਿਰਪਾ ਕਰਕੇ ਸਹਿਜਤਾ ਨਾਲ ਸੁਣੋ। ਇਹ ਆਦਮੀ ਮੁਸੀਬਤਾਂ ਖੜ੍ਹੀਆਂ ਕਰਨ ਵਾਲਾ ਹੈ। ਇਹ ਦੁਨੀਆਂ ਭਰ ਵਿੱਚ ਜਿੱਥੇ ਵੀ ਯਹੂਦੀ ਵੱਸਦੇ ਹਨ, ਜਾਕੇ ਮੁਸੀਬਤਾਂ ਖੜ੍ਹੀਆਂ ਕਰਦਾ ਹੈ। ਇਹ ਨਾਸਰੀਆਂ ਦੇ ਧੜੇ ਦਾ ਆਗੂ ਹੈ। 6-8 ਇਹ ਮੰਦਰ ਨੂੰ ਵੀ ਅਪਵਿੱਤਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਅਸੀਂ ਇਸ ਨੂੰ ਗਿਰਫ਼ਤਾਰ ਕਰ ਲਿਆ।” [b] ਬਾਕੀ ਯਹੂਦੀ ਵੀ ਸਹਿਮਤ ਹੋਏ ਅਤੇ ਆਖਿਆ ਕਿ ਜੋ ਗੱਲਾਂ ਤਰਤੁਮਸ ਨੇ ਆਖੀਆਂ ਸਨ ਉਹ ਸੱਚ ਸਨ।

ਫ਼ੇਲਿਕੁਸ ਅੱਗੇ ਪੌਲੁਸ ਆਪਣੇ ਆਪ ਨੂੰ ਬਚਾਉਂਦਾ

10 ਫ਼ੇਰ ਹਾਕਮ ਨੇ ਪੌਲੁਸ ਨੂੰ ਬੋਲਣ ਲਈ ਇਸ਼ਾਰਾ ਕੀਤਾ। ਪੌਲੁਸ ਨੇ ਆਖਿਆ, “ਰਾਜਪਾਲ ਫ਼ੇਲਿਕੁਸ, ਮੈਨੂੰ ਪਤਾ ਹੈ ਕਿ ਤੂੰ ਬਹੁਤ ਸਾਲਾਂ ਤੋਂ ਇਸ ਦੇਸ਼ ਦੇ ਮੁਨਸਫ਼ ਹੈਂ, ਇਸ ਲਈ ਮੈਂ ਤੇਰੇ ਅੱਗੇ ਆਪਣੀ ਸਫ਼ਾਈ ਪੇਸ਼ ਕਰਨ ਲਈ ਖੁਸ਼ ਹਾਂ। 11 ਮੈਂ ਯਰੂਸ਼ਲਮ ਵਿੱਚ ਸਿਰਫ਼ ਬਾਰ੍ਹਾਂ ਦਿਨ ਪਹਿਲੇ ਉਪਾਸਨਾ ਕਰਨ ਗਿਆ ਤੁਸੀਂ ਇਹ ਜਾਣ ਸੱਕਦੇ ਹੋ ਕਿ ਇਹ ਗੱਲ ਸੱਚ ਹੈ। 12 ਇਹ ਯਹੂਦੀ ਜੋ ਮੈਨੂੰ ਦੋਸ਼ੀ ਠਹਿਰਾ ਰਹੇ ਹਨ ਇਨ੍ਹਾਂ ਨੇ ਮੈਨੂੰ ਕਦੇ ਵੀ ਕਿਸੇ ਨਾਲ ਮੰਦਰ ਵਿੱਚ ਵਿਵਾਦ ਕਰਦਿਆਂ, ਲੋਕਾਂ ਲਈ ਮੁਸੀਬਤਾਂ ਖੜ੍ਹੀਆਂ ਕਰਦਿਆਂ, ਪ੍ਰਾਰਥਨਾ ਸਥਾਨਾਂ ਵਿੱਚ ਜਾਂ ਕਿਸੇ ਸਥਾਨ ਤੇ ਕੁਝ ਕਰਦਿਆਂ ਨਹੀਂ ਵੇਖਿਆ। 13 ਇਹ ਜੋ ਹੁਣ ਮੇਰੇ ਸਿਰ ਦੋਸ਼ ਮੜ੍ਹ ਰਹੇ ਹਨ, ਇਹ ਸਾਬਿਤ ਨਹੀਂ ਕਰ ਸੱਕਦੇ।

14 “ਪਰ ਮੈਂ ਤੁਹਾਡੇ ਸਾਹਮਣੇ ਸਵੀਕਾਰਦਾ ਹਾਂ; ਮੈਂ ਆਪਣੇ ਪੁਰਖਿਆਂ ਦੇ ਪਰਮੇਸ਼ੁਰ ਦੀ ਉਪਾਸਨਾ, ਚੇਲੇ ਦੀ ਤਰ੍ਹਾਂ, ਯਿਸੂ ਦੇ ਤਰੀਕੇ ਨਾਲ, ਕਰਦਾ ਹਾਂ। ਉਹ ਆਖਦੇ ਹਨ ਕਿ ਯਿਸੂ ਦਾ ਰਾਹ ਸਹੀ ਰਾਹ ਨਹੀਂ ਹੈ। ਪਰ ਮੈਂ ਉਨ੍ਹਾਂ ਸਾਰੀਆਂ ਗੱਲਾਂ ਵਿੱਚ ਵਿਸ਼ਵਾਸ ਰੱਖਦਾ ਹਾਂ ਜੋ ਕਿ ਮੂਸਾ ਦੀ ਸ਼ਰ੍ਹਾ ਵਿੱਚ, ਨਬੀਆਂ ਦੀਆਂ ਕਿਤਾਬਾਂ ਵਿੱਚ ਲਿਖੀਆਂ ਹੋਈਆਂ ਹਨ। 15 ਮੈਂ ਵੀ ਪਰਮੇਸ਼ੁਰ ਤੋਂ ਉਹੀ ਆਸ ਰੱਖਦਾ ਹਾਂ ਜਿਸਦੀ ਇਹ ਖੁਦ ਰੱਖਦੇ ਹਨ ਕਿ ਧਰਮੀ ਜਾਂ ਕੁਧਰਮੀ ਸਭ ਦਾ ਮੌਤ ਤੋਂ ਜੀ ਉੱਠਣਾ ਹੋਵੇਗਾ। 16 ਇਸ ਲਈ ਮੈਂ ਹਮੇਸ਼ਾ ਉਹੀ ਕਰਨ ਦੀ ਕੋਸ਼ਿਸ਼ ਕਰਦਾ ਹਾਂ ਜੋ ਮੈਂ ਵਿਸ਼ਵਾਸ ਕਰਦਾ ਹਾਂ ਕਿ ਪਰਮੇਸ਼ੁਰ ਅਤੇ ਮਨੁੱਖਾਂ ਦੇ ਸਾਹਮਣੇ ਸਹੀ ਹੈ।

17 “ਬਹੁਤ ਸਾਲ ਮੈਂ ਇੱਥੋਂ, ਯਰੂਸ਼ਲਮ ਤੋਂ ਦੂਰ ਰਿਹਾ ਹਾਂ। ਮੈਂ ਇੱਥੇ ਆਪਣੇ ਲੋਕਾਂ ਨੂੰ ਪੈਸੇ ਦੇਣ ਅਤੇ ਪਰਮੇਸ਼ੁਰ ਨੂੰ ਬਲੀਆਂ ਚੜ੍ਹਾਉਣ ਲਈ ਆਇਆ ਹਾਂ। 18 ਕੁਝ ਯਹੂਦੀਆਂ ਨੇ ਮੈਨੂੰ ਮੰਦਰ ਤੇ ਵੇਖਿਆ, ਜਦੋਂ ਅਜੇ ਮੈਂ ਸ਼ੁੱਧਤਾ ਦੀ ਰਸਮ ਪੂਰੀ ਕਰ ਰਿਹਾ ਸੀ। ਮੈਂ ਕੋਈ ਵੀ ਫ਼ਸਾਦ ਖੜ੍ਹਾ ਨਹੀਂ ਸੀ ਕੀਤਾ ਅਤੇ ਨਾ ਹੀ ਮੇਰੇ ਆਸ-ਪਾਸ ਭੀੜ ਇਕੱਠੀ ਹੋਈ ਸੀ। 19 ਪਰ ਉੱਥੇ ਕੁਝ ਯਹੂਦੀ ਅਸਿਯਾ ਤੋਂ ਸਨ। ਉਨ੍ਹਾਂ ਨੂੰ ਪਹਿਲਾਂ ਮੇਰੇ ਤੇ ਇਲਜ਼ਾਮ ਲਾਉਣ ਲਈ ਇੱਥੇ ਹੋਣਾ ਚਾਹੀਦਾ ਸੀ, ਜੇਕਰ ਸੱਚ ਮੁੱਚ ਹੀ ਮੈਂ ਕੁਝ ਵੀ ਗਲਤ ਕੀਤਾ ਹੈ। ਕਿਉਂਕਿ ਸਿਰਫ਼ ਉਹੀ ਉਸ ਵਕਤ ਉੱਥੇ ਮੌਜ਼ੂਦ ਸਨ। 20 ਇਨ੍ਹਾਂ ਯਹੂਦੀਆਂ ਨੂੰ ਇੱਥੇ ਪੁੱਛੋ ਕਿ ਭਲਾ ਉਨ੍ਹਾਂ ਨੇ ਯਰੂਸ਼ਲਮ ਵਿੱਚ ਜਦੋਂ ਮੈਂ ਸਭਾ ਦੇ ਅੱਗੇ ਹਾਜ਼ਰ ਸਾਂ ਤਾਂ ਕੀ ਮੇਰੇ ਵਿੱਚ ਕੋਈ ਬੁਰਿਆਈ ਵੇਖੀ ਸੀ? 21 ਉਹ ਮੇਰੇ ਉੱਤੇ ਸਿਰਫ਼ ਇੱਕੋ ਗੱਲ ਦਾ ਇਲਜ਼ਾਮ ਲਾ ਸੱਕਦੇ ਹਨ, ‘ਜੋ ਮੈਂ ਉਨ੍ਹਾਂ ਅੱਗੇ ਖਲੋਤਿਆਂ ਆਖਿਆ। ਤੁਸੀਂ ਅੱਜ ਮੇਰਾ ਨਿਆਂ ਕਰ ਰਹੇ ਹੋ ਕਿਉਂਕਿ ਮੈਂ ਵਿਸ਼ਵਾਸ ਕਰਦਾ ਹਾਂ ਕਿ ਲੋਕਾਂ ਦਾ ਜੀ ਉੱਠਣਾ ਹੋਵੇਗਾ।’”

22 ਫ਼ੇਲਿਕੁਸ ਜੋ ਕਿ ਖੁਦ ਇਸ ਯਿਸੂ ਦੇ ਰਾਹ ਦੀਆਂ ਬਹੁਤ ਸਾਰੀਆਂ ਗੱਲਾਂ ਨੂੰ ਜਾਣਦਾ ਸੀ ਉਸ ਨੇ ਕਾਰਵਾਈ ਰੋਕ ਦਿੱਤੀ ਤੇ ਕਿਹਾ, “ਮੈਂ ਇਸ ਮਾਮਲੇ ਦਾ ਫ਼ੈਸਲਾ ਉਦੋਂ ਕਰਾਂਗਾ ਜਦੋਂ ਸਰਦਾਰ ਲਿਸਿਯਾਸ ਇੱਥੇ ਆਵੇਗਾ।” 23 ਫ਼ਿਰ ਉਸ ਨੇ ਅਧਿਕਾਰੀ ਨੂੰ ਪੌਲੁਸ ਨੂੰ ਨਿਗਰਾਨੀ ਹੇਠ ਰੱਖਣ ਦਾ ਹੁਕਮ ਦਿੱਤਾ। ਪਰ ਉਸ ਨੂੰ ਥੋੜੀ ਅਜ਼ਾਦੀ ਦੇਣ ਲਈ ਕਿਹਾ ਅਤੇ ਉਸ ਦੇ ਮਿੱਤਰਾਂ ਨੂੰ ਉਸ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਣ ਦਿਓ।

ਪੌਲੁਸ ਦੀ ਫ਼ੇਲਿਕੁਸ ਅਤੇ ਉਸਦੀ ਪਤਨੀ ਨਾਲ ਗੱਲ-ਬਾਤ

24 ਕੁਝ ਦਿਨਾਂ ਬਾਅਦ, ਫ਼ੇਲਿਕੁਸ ਆਪਣੀ ਪਤਨੀ, ਦਰੂਸਿੱਲਾ, ਨਾਲ ਖੁਦ ਆਇਆ, ਜੋ ਕਿ ਯਹੂਦਣ ਸੀ। ਅਤੇ ਉਸ ਨੇ ਪੌਲੁਸ ਨੂੰ ਬੁਲਾਵਾ ਭੇਜਿਆ ਅਤੇ ਉਸ ਕੋਲੋਂ ਮਸੀਹ ਯਿਸੂ ਉੱਪਰ ਵਿਸ਼ਵਾਸ ਕਰਨ ਦੇ ਬਾਰੇ ਸੁਣਿਆ। 25 ਪਰ ਫ਼ੇਲਿਕੁਸ ਘਬਰਾ ਗਿਆ ਜਦੋਂ ਪੌਲੁਸ ਨੇ ਧਰਮੀ ਜੀਵਨ ਅਤੇ ਸੰਜਮ ਅਤੇ ਭਵਿੱਖ ਵਿੱਚ ਹੋਣ ਵਾਲੇ ਨਿਆਂ ਬਾਰੇ ਦੱਸਿਆ। ਤਾਂ ਫ਼ੇਲਿਕੁਸ ਨੇ ਕਿਹਾ, “ਹੁਣ ਤੂੰ ਜਾ। ਫ਼ਿਰ ਜਦੋਂ ਮੇਰੇ ਪਾਸ ਖੁਲ੍ਹਾ ਵਕਤ ਹੋਵੇਗਾ ਮੈਂ ਤੈਨੂੰ ਬੁਲਾਵਾਂਗਾ।” 26 ਪਰ ਫ਼ੇਲਿਕੁਸ ਦਾ ਉਸ ਨਾਲ ਗੱਲ-ਬਾਤ ਕਰਨ ਦਾ ਕਾਰਣ ਕੁਝ ਹੋਰ ਸੀ। ਉਹ ਸੋਚ ਰਿਹਾ ਸੀ ਕਿ ਸ਼ਾਇਦ ਪੌਲੁਸ ਕੁਝ ਰਿਸ਼ਵਤ ਦੇਵੇਗਾ ਇਸੇ ਕਰਕੇ ਉਸ ਨੇ ਉਸ ਨੂੰ ਬਹੁਤ ਵਾਰ ਬੁਲਾਇਆ ਅਤੇ ਉਸ ਨਾਲ ਗੱਲ-ਬਾਤ ਕੀਤੀ।

27 ਪਰ ਦੋ ਸਾਲ ਬਾਅਦ ਪੁਰਕਿਯੁਸ ਫ਼ੇਸਤੁਸ ਫ਼ੇਲਿਕੁਸ ਦੀ ਥਾਂ ਹਾਕਮ ਬਣ ਗਿਆ। ਇਸ ਲਈ ਹੁਣ ਫ਼ੇਲਿਕੁਸ ਹਾਕਮ ਨਾ ਰਿਹਾ। ਫ਼ੇਲਿਕੁਸ ਕੁਝ ਅਜਿਹਾ ਕਰਨਾ ਚਾਹੁੰਦਾ ਸੀ ਜੋ ਯਹੂਦੀਆਂ ਨੂੰ ਪ੍ਰਸੰਨ ਕਰੇ। ਇਸ ਲਈ ਉਸ ਨੇ ਪੌਲੁਸ ਨੂੰ ਕੈਦ ਵਿੱਚ ਹੀ ਰਹਿਣ ਦਿੱਤਾ।

ਪੌਲੁਸ ਕੈਸਰ ਦੀ ਦੁਹਾਈ ਦਿੰਦਾ ਹੈ

25 ਫ਼ੇਸਤੁਸ ਰਾਜਪਲ ਬਣ ਗਿਆ, ਤਿੰਨਾਂ ਦਿਨਾਂ ਬਾਅਦ ਉਹ ਕੈਸਰਿਯਾ ਤੋਂ ਯਰੂਸ਼ਲਮ ਨੂੰ ਗਿਆ। ਪਰਧਾਨ ਜਾਜਕਾਂ ਅਤੇ ਖਾਸ ਯਹੂਦੀ ਆਗੂਆਂ ਨੇ ਫ਼ੇਸਤੁਸ ਦੇ ਅੱਗੇ ਪੌਲੁਸ ਦੇ ਖਿਲਾਫ਼ ਦੋਸ਼ ਲਗਾਏ। ਉਨ੍ਹਾਂ ਨੇ ਫ਼ੇਸਤੁਸ ਨੂੰ ਆਖਿਆ ਕਿ ਉਨ੍ਹਾਂ ਲਈ ਪੌਲੁਸ ਨੂੰ ਮੁੜ ਯਰੂਸ਼ਲਮ ਵਿੱਚ ਭੇਜਣ ਦੀ ਮੇਹਰਬਾਨੀ ਕਰੇ ਕਿਉਂਕਿ ਉਨ੍ਹਾਂ ਨੇ ਪੌਲੁਸ ਨੂੰ ਰਾਹ ਵਿੱਚ ਕਤਲ ਕਰਨ ਦੀ ਸਾਜਿਸ਼ ਬਣਾਈ ਹੋਈ ਸੀ। ਪਰ ਫ਼ੇਸਤੁਸ ਨੇ ਉੱਤਰ ਦਿੱਤਾ, “ਪੌਲੁਸ ਨੂੰ ਕੈਸਰਿਯਾ ਵਿੱਚ ਰੱਖਿਆ ਜਾਵੇਗਾ, ਮੈਂ ਖੁਦ ਹੀ ਜਲਦੀ ਕੈਸਰਿਯਾ ਨੂੰ ਵਾਪਸ ਜਾਵਾਗਾ। ਤੁਹਾਡੇ ਕੁਝ ਆਗੂ ਮੇਰੇ ਨਾਲ ਚਲਣ ਉਹ ਉੱਥੇ ਪੌਲੁਸ ਨੂੰ ਦੋਸ਼ੀ ਸਾਬਤ ਕਰਨ ਜੇਕਰ ਉਸ ਨੇ ਸੱਚ ਮੁੱਚ ਕੋਈ ਗਲਤੀ ਕੀਤੀ ਹੈ ਤਾਂ ਉਹ ਉਸ ਤੇ ਕੈਸਰਿਯਾ ਵਿੱਚ ਇਲਜ਼ਾਮ ਲਾ ਸੱਕਦੇ ਹਨ।”

ਫ਼ੇਸਤੁਸ ਅੱਠ-ਦਸ ਦਿਨ ਹੋਰ ਯਰੂਸ਼ਲਮ ਵਿੱਚ ਹੀ ਰੁਕਿਆ ਫ਼ਿਰ ਵਾਪਸ ਕੈਸਰਿਯਾ ਨੂੰ ਪਰਤਿਆ। ਅਗਲੇ ਦਿਨ ਫ਼ੇਸਤੁਸ ਨੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਉਹ ਪੌਲੁਸ ਨੂੰ ਉਸ ਦੇ ਸਾਹਮਣੇ ਹਾਜਰ ਕਰਨ। ਫ਼ੇਸਤੁਸ ਅਦਾਲਤ ਦੀ ਗੱਦੀ ਤੇ ਬੈਠਾ ਸੀ। ਪੌਲੁਸ ਉਸ ਕਮਰੇ ਵਿੱਚ ਆਇਆ। ਜਿਹੜੇ ਯਹੂਦੀ ਯਰੂਸ਼ਲਮ ਤੋਂ ਆਏ ਸਨ ਉਸ ਦੇ ਆਸ-ਪਾਸ ਖੜ੍ਹੇ ਸਨ। ਉਨ੍ਹਾਂ ਨੇ ਪੌਲੁਸ ਦੇ ਖਿਲਾਫ਼ ਕਈ ਤਕੜੇ ਇਲਜ਼ਾਮ ਲਾਏ, ਪਰ ਉਨ੍ਹਾਂ ਵਿੱਚੋਂ ਇੱਕ ਵੀ ਇਲਜ਼ਾਮ ਨੂੰ ਸਾਬਿਤ ਨਾ ਕਰ ਸੱਕੇ। ਪਰ ਪੌਲੁਸ ਨੇ ਆਪਣੀ ਸਫ਼ਾਈ ਵਿੱਚ ਇਹੀ ਕਿਹਾ, “ਮੈਂ ਯਹੂਦੀ ਸ਼ਰ੍ਹਾ, ਮੰਦਰ ਜਾਂ, ਕੈਸਰ ਦੇ ਵਿਰੋਧ ਕੋਈ ਵੀ ਗਲਤ ਕੰਮ ਨਹੀਂ ਕੀਤਾ।”

ਪਰ ਫ਼ੇਸਤੁਸ ਯਹੂਦੀਆਂ ਨੂੰ ਖੁਸ਼ ਕਰਨਾ ਚਾਹੁੰਦਾ ਸੀ ਤਾਂ ਉਸ ਨੇ ਪੌਲੁਸ ਨੂੰ ਕਿਹਾ, “ਕੀ ਤੂੰ ਯਰੂਸ਼ਲਮ ਵਿੱਚ ਜਾਣਾ ਚਾਹੁੰਦਾ ਹੈਂ? ਕੀ ਤੂੰ ਚਾਹੁੰਦਾ ਹੈ ਕਿ ਮੈਂ ਉੱਥੇ ਇਨ੍ਹਾਂ ਦੋਸ਼ਾਂ ਉੱਪਰ ਤੇਰਾ ਨਿਆਂ ਕਰਾਂ?”

10 ਪੌਲੁਸ ਨੇ ਕਿਹਾ, “ਇਸ ਵਕਤ ਮੈਂ ਕੈਸਰੀ ਅਦਾਲਤ ਦੀ ਗੱਦੀ ਅੱਗੇ ਖੜ੍ਹਾ ਹਾਂ। ਮੇਰਾ ਨਿਆਂ ਇੱਥੇ ਹੀ ਹੋਵੇ। ਮੈਂ ਯਹੂਦੀਆਂ ਦੇ ਵਿਰੁੱਧ ਕੁਝ ਵੀ ਗਲਤ ਨਹੀਂ ਕੀਤਾ ਅਤੇ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਜਾਣਦੇ ਹੋ। 11 ਜੇਕਰ ਮੈਂ ਗਲਤ ਕੰਮ ਕੀਤਾ ਹੈ, ਜੋ ਮੌਤ ਦੀ ਸਜ਼ਾ ਦੇ ਕਾਬਿਲ ਹੈ, ਤਾਂ ਮੈਂ ਮਰਨ ਤੋਂ ਇਨਕਾਰ ਨਹੀਂ ਕਰਾਂਗਾ। ਪਰ ਜੇਕਰ ਉਨ੍ਹਾਂ ਦੇ ਦੋਸ਼ ਗਲਤ ਹਨ, ਤਾਂ ਕਿਸੇ ਨੂੰ ਵੀ ਮੈਨੂੰ ਯਹੂਦੀਆਂ ਹੱਥੀਂ ਫ਼ੜਵਾਉਣ ਦਾ ਇਖਤਿਆਰ ਨਹੀਂ ਹੈ। ਮੈਂ ਕੈਸਰ ਨੂੰ ਇਹ ਬੇਨਤੀ ਕਰਦਾ ਹਾਂ।”

12 ਤਦ ਫ਼ੇਸਤੁਸ ਨੇ ਅਪਣੇ ਸਲਾਹਕਾਰਾਂ ਨਾਲ ਸਲਾਹ ਕੀਤੀ ਅਤੇ ਕਿਹਾ, “ਤੂੰ ਕੈਸਰ ਦੀ ਦੁਹਾਈ ਦਿੱਤੀ ਹੈ ਇਸ ਲਈ ਤੂੰ ਕੈਸਰ ਕੋਲ ਹੀ ਜਾਵੇਂਗਾ।”

ਪੌਲੁਸ ਅਗ੍ਰਿਪਾ ਦੇ ਸਾਹਮਣੇ

13 ਕੁਝ ਦਿਨਾਂ ਬਾਅਦ, ਰਾਜਾ ਅਗ੍ਰਿਪਾ ਅਤੇ ਬਰਨੀਕੇ ਕੈਸਰਿਯਾ ਵਿੱਚ ਫ਼ੇਸਤੁਸ ਨਾਲ ਭੇਂਟ ਕਰਨ ਲਈ ਆਏ। 14 ਉਹ ਉੱਥੇ ਕਾਫ਼ੀ ਦਿਨ ਰੁਕੇ। ਫ਼ੇਸਤੁਸ ਨੇ ਪੌਲੁਸ ਦੇ ਮਾਮਲੇ ਬਾਰੇ ਰਾਜੇ ਨਾਲ ਚਰਚਾ ਕੀਤੀ ਅਤੇ ਆਖਿਆ, “ਇਥੇ ਇੱਕ ਆਦਮੀ ਹੈ ਜਿਸ ਨੂੰ ਫ਼ੇਲਿਕੁਸ ਨੇ ਕੈਦ ਵਿੱਚ ਰੱਖ ਛੱਡਿਆ ਹੈ। 15 ਜਦੋਂ ਮੈਂ ਯਰੂਸ਼ਲਮ ਵਿੱਚ ਗਿਆ ਤਾਂ ਪ੍ਰਧਾਨ ਜਾਜਕਾਂ ਅਤੇ ਬਜ਼ੁਰਗ ਯਹੂਦੀ ਆਗੂਆਂ ਨੇ ਉਸ ਦੇ ਵਿਰੁੱਧ ਦੋਸ਼ ਲਗਾਏ। ਇਹ ਯਹੂਦੀ ਚਾਹੁੰਦੇ ਸਨ ਕਿ ਮੈਂ ਇਸ ਨੂੰ ਮਾਰ ਦੇਵਾਂ। 16 ਪਰ ਮੈਂ ਆਖਿਆ, ‘ਇਹ ਰੋਮੀਆਂ ਦਾ ਕਾਨੂੰਨ ਨਹੀਂ ਕਿ ਜਿੰਨਾ ਚਿਰ ਮਨੁੱਖ ਆਪਣੇ ਤੇ ਦੋਸ਼ ਲਾਉਣ ਵਾਲਿਆਂ ਦਾ ਸਾਹਮਣਾ ਨਹੀਂ ਕਰਦਾ ਅਤੇ ਉਸ ਨੂੰ ਉਸ ਦੇ ਖਿਲਾਫ਼ ਲਾਏ ਦੋਸ਼ਾਂ ਤੋਂ ਆਪਣੀ ਰੱਖਿਆ ਕਰਨ ਦਾ ਅਵਸਰ ਨਹੀਂ ਦਿੱਤਾ ਜਾਂਦਾ ਉਸ ਨੂੰ ਹਵਾਲੇ ਨਹੀਂ ਕੀਤਾ ਜਾਂਦਾ।’ 17 ਇਸ ਲਈ ਇਹ ਯਹੂਦੀ ਇੱਥੇ ਇਕੱਠੇ ਹੋਏ। ਮੈਂ ਮੁਨਸਫ਼ ਦੀ ਗੱਦੀ ਤੇ ਬੈਠਾ ਅਤੇ ਉਸ ਮਨੁੱਖ ਨੂੰ ਮੇਰੇ ਸਾਹਮਣੇ ਪੇਸ਼ ਕਰਨ ਦਾ ਆਦੇਸ਼ ਦਿੱਤਾ। 18 ਯਹੂਦੀ ਖੜ੍ਹੇ ਹੋਏ ਅਤੇ ਉਸਤੇ ਇਲਜ਼ਾਮ ਲਾਏ। ਪਰ ਉਨ੍ਹਾਂ ਨੇ ਉਸ ਉੱਤੇ ਅਜਿਹੇ ਕੋਈ ਦੋਸ਼ ਨਹੀਂ ਲਾਏ ਜੋ ਮੈਂ ਸੋਚੇ ਸਨ। 19 ਇਸਦੀ ਜਗ਼੍ਹਾ, ਇਹ ਸਭ ਉਨ੍ਹਾਂ ਦੇ ਧਰਮ ਦੇ ਮਾਮਲੇ ਅਤੇ ਯਿਸੂ ਨਾਂ ਦੇ ਆਦਮੀ ਬਾਰੇ ਸਨ। ਯਿਸੂ ਮਰ ਚੁੱਕਿਆ ਹੈ, ਪਰ ਪੌਲੁਸ ਨੇ ਆਖਿਆ ਕਿ ਉਹ ਹਾਲੇ ਵੀ ਜਿਉਂਦਾ ਹੈ। 20 ਮੈਨੂੰ ਇਨ੍ਹਾਂ ਗੱਲਾਂ ਬਾਰੇ ਬਹੁਤਾ ਪਤਾ ਨਹੀਂ ਸੀ ਇਸ ਲਈ ਮੈਂ ਜ਼ਿਆਦਾ ਸਵਾਲ ਨਾ ਕੀਤੇ ਪਰ ਮੈਂ ਪੌਲੁਸ ਨੂੰ ਪੁੱਛਿਆ, ‘ਕੀ ਤੂੰ ਯਰੂਸ਼ਲਮ ਜਾਕੇ ਉੱਥੇ ਨਿਆਂ ਪਾਉਣਾ ਚਾਹੁੰਦਾ ਹੈ?’ 21 ਪਰ ਪੌਲੁਸ ਨੇ ਚਾਹਿਆ ਕਿ ਉਸ ਨੂੰ ਕੈਸਰਿਯਾ ਵਿੱਚ ਹੀ ਰੱਖਿਆ ਜਾਵੇ। ਉਸ ਨੇ ਕੈਸਰ ਨੂੰ ਬੇਨਤੀ ਕੀਤੀ। ਸੋ ਮੈਂ ਹੁਕਮ ਦਿੱਤਾ ਕਿ ਪੌਲੁਸ ਨੂੰ ਉਦੋਂ ਤੱਕ ਨਜ਼ਰਬੰਦ ਰੱਖੋ ਜਦੋਂ ਤੱਕ ਮੈਂ ਉਸ ਨੂੰ ਰੋਮ ਵਿੱਚ ਕੈਸਰ ਕੋਲ ਨਾ ਭੇਜ ਦੇਵਾਂ।”

22 ਅਗ੍ਰਿਪਾ ਨੇ ਫ਼ੇਸਤੁਸ ਨੂੰ ਕਿਹਾ, “ਮੈਂ ਵੀ ਇਸ ਮਨੁੱਖ ਨੂੰ ਸੁਨਣਾ ਚਾਹੁੰਦਾ ਹਾਂ।” ਫ਼ੇਸਤੁਸ ਨੇ ਕਿਹਾ, “ਕੱਲ ਤੂੰ ਉਸ ਨੂੰ ਸੁਣ ਸੱਕਦਾ ਹੈਂ।”

23 ਅਗਲੇ ਦਿਨ ਅਗ੍ਰਿਪਾ ਅਤੇ ਬਰਨੀਕੇ ਵੱਡੀ ਧੂਮ-ਧਾਮ ਨਾਲ ਆਏ। ਉਹ ਦੋਨੋਂ ਅਤੇ ਸੈਨਾ ਦੇ ਮੁਖੀ ਅਤੇ ਖਾਸ-ਖਾਸ ਕੈਸਰਿਯਾ ਦੇ ਮਨੁੱਖ ਸਾਰੇ ਕਚਿਹਰੀ ਵਿੱਚ ਜਾ ਵੜੇ। ਫ਼ੇਸਤੁਸ ਨੇ ਪੌਲੁਸ ਨੂੰ ਪੇਸ਼ ਕਰਨ ਦਾ ਹੁਕਮ ਦਿੱਤਾ। 24 ਅਤੇ ਕਿਹਾ, “ਰਾਜਾ ਅਗ੍ਰਿਪਾ ਅਤੇ ਇੱਥੇ ਸਾਡੇ ਨਾਲ ਇਕੱਠੇ ਤੁਸੀਂ ਸਾਰੇ ਆਦਮੀਓ, ਇਸ ਮਨੁੱਖ ਵੱਲ ਵੇਖੋ। ਇੱਥੋਂ ਦੇ ਅਤੇ ਯਰੂਸ਼ਲਮ ਦੇ ਸਾਰੇ ਯਹੂਦੀਆਂ ਨੇ ਮੈਨੂੰ ਸ਼ਿਕਾਇਤ ਕੀਤੀ ਹੈ ਅਤੇ ਰੌਲਾ ਪਾਇਆ ਹੈ ਕਿ ਉਸ ਨੂੰ ਹੋਰ ਵੱਧੇਰੇ ਨਹੀਂ ਜਿਉਣਾ ਚਾਹੀਦਾ। 25 ਪਰ ਮੈਂ ਇਸਦੇ ਕਿਸੇ ਵੀ ਅਮਲ ਨੂੰ ਮੌਤ ਦੀ ਸਜ਼ਾ ਦਾ ਅਧਿਕਾਰੀ ਹੋਣ ਵਾਸਤੇ ਦੋਸ਼ੀ ਨਹੀਂ ਪਾਇਆ। ਪਰ ਉਸ ਨੇ ਖੁਦ ਕੈਸਰ ਨੂੰ ਬੇਨਤੀ ਕੀਤੀ, ਇਸ ਲਈ ਮੈਂ ਉਸ ਨੂੰ ਰੋਮ ਨੂੰ ਭੇਜਣ ਦਾ ਫ਼ੈਸਲਾ ਕੀਤਾ ਹੈ। 26 ਪਰ ਮੇਰੇ ਕੋਲ ਕੈਸਰ ਨੂੰ ਇਸ ਆਦਮੀ ਬਾਰੇ ਲਿਖਣ ਲਈ ਕੋਈ ਵਿਸ਼ੇਸ਼ ਗੱਲ ਨਹੀਂ ਹੈ। ਇਸੇ ਕਾਰਣ ਮੈਂ ਇਸ ਨੂੰ ਤੁਹਾਡੇ ਸਭ ਦੇ ਸਾਹਮਣੇ ਲਿਆਇਆ ਹਾਂ, ਖਾਸ ਕਰ, ਰਾਜਾ ਅਗ੍ਰਿਪਾ ਤੇਰੇ ਸਾਹਮਣੇ। ਤੇ ਮੈਂ ਉਮੀਦ ਕਰਦਾ ਹਾਂ ਕਿ ਤੂੰ ਉਸ ਨਾਲ ਸਵਾਲ ਜਵਾਬ ਕਰਕੇ ਮੈਨੂੰ ਦੱਸੇਗਾ ਤਾਂ ਜੋ ਮੈਂ ਕੈਸਰ ਨੂੰ ਕੁਝ ਲਿਖ ਸੱਕਾਂ। 27 ਮੈਂ ਸੋਚਦਾ ਹਾਂ ਕਿ ਇੱਕ ਕੈਦੀ ਤੇ ਦੋਸ਼ ਲਾਏ ਬਿਨਾ ਉਸ ਨੂੰ ਰੋਮ ਭੇਜਣਾ ਮੂਰੱਖਤਾ ਹੋਵੇਗੀ।”

ਪੌਲੁਸ ਰਾਜਾ ਅਗ੍ਰਿਪਾ ਦੇ ਸਾਹਮਣੇ

26 ਅਗ੍ਰਿਪਾ ਨੇ ਪੌਲੁਸ ਨੂੰ ਆਖਿਆ, “ਤੈਨੂੰ ਆਪਣੇ ਹੱਕ ਵਿੱਚ ਬੋਲਣ ਦੀ ਇਜਾਜ਼ਤ ਹੈ।” ਤਾਂ ਪੌਲੁਸ ਆਪਣੇ ਹੱਥ ਨਾਲ ਲੋਕਾਂ ਨੂੰ ਸੁਨਣ ਦਾ ਇਸ਼ਾਰਾ ਕਰਦਿਆਂ ਹੋਇਆਂ ਆਖਣ ਲੱਗਾ। “ਹੇ ਰਾਜਾ ਅਗ੍ਰਿਪਾ, ਤੁਹਾਡੇ ਅੱਗੇ ਖੜ੍ਹਾ ਹੋਕੇ ਅੱਜ ਮੈਂ ਆਪਣੇ ਆਪਨੂੰ ਬੜਾ ਭਾਗਸ਼ਾਲੀ ਸਮਝਦਾ ਹਾਂ ਅਤੇ ਮੈਂ ਯਹੂਦੀਆਂ ਦੁਆਰਾ ਆਪਣੇ ਉੱਤੇ ਲਾਏ ਗਏ ਸਾਰੇ ਇਲਜ਼ਾਮਾਂ ਦਾ ਉੱਤਰ ਦੇਵਾਂਗਾ। ਮੈਂ ਵੱਧੇਰੇ ਖੁਸ਼ ਹਾਂ ਕਿਉਂਕਿ ਤੈਨੂੰ ਯਹੂਦੀ ਰਿਵਾਜ਼ਾਂ ਬਾਰੇ ਅਤੇ ਜਿਹੜੀਆਂ ਗੱਲਾਂ ਬਾਰੇ ਇਹ ਬਹਿਸ ਕਰਦੇ ਹਨ ਉਨ੍ਹਾਂ ਬਾਰੇ ਪੂਰਾ ਗਿਆਨ ਹੈ। ਇਸ ਲਈ ਕਿਰਪਾ ਕਰਕੇ ਮੇਰੀ ਗੱਲ ਸਬਰ ਨਾਲ ਸੁਣੋ।

“ਸਾਰੇ ਯਹੂਦੀ ਮੇਰੇ ਸਾਰੇ ਜੀਵਨ ਬਾਰੇ ਜਾਣਦੇ ਹਨ। ਉਹ ਜਾਣਦੇ ਹਨ ਕਿ ਕਿਵੇਂ ਮੈਂ ਮੁਢੋ ਆਪਣੇ ਦੇਸ਼ ਵਿੱਚ ਰਿਹਾ ਹਾਂ ਅਤੇ ਬਾਦ ਵਿੱਚ ਯਰੂਸ਼ਲਮ ਦੇ ਵਿੱਚ। ਇਹ ਯਹੂਦੀ ਮੈਨੂੰ ਬੜੇ ਲੰਬੇ ਸਮੇਂ ਤੋਂ ਜਾਣਦੇ ਹਨ। ਜੇਕਰ ਇਹ ਚਾਹੁਣ, ਉਹ ਤੈਨੂੰ ਦੱਸ ਸੱਕੱਦੇ ਹਨ ਕਿ ਮੈਂ ਆਪਣਾ ਜੀਵਨ ਇੱਕ ਫ਼ਰੀਸੀ ਵਾਂਗ ਬਤੀਤ ਕੀਤਾ ਹੈ। ਫ਼ਰੀਸੀ ਯਹੂਦੀ ਧਰਮ ਦੇ ਨੇਮਾਂ ਦੀ ਪਾਲਣਾ ਹੋਰਨਾਂ ਯਹੂਦੀ ਧੜਿਆਂ ਤੋਂ ਵੀ ਵੱਧੇਰੇ ਧਿਆਨ ਨਾਲ ਕਰਦੇ ਹਨ। ਹੁਣ ਮੈਂ ਉਸ ਵਿਸ਼ਵਾਸ ਕਾਰਣ ਕਚਿਹਰੀ ਦੇ ਸਾਹਮਣੇ ਖੜ੍ਹਾ ਹਾਂ ਜੋ ਮੈਨੂੰ ਉਸ ਵਾਅਦੇ ਕਾਰਣ ਮਿਲੀ ਹੈ ਜਿਹੜਾ ਪਰਮੇਸ਼ੁਰ ਨੇ ਸਾਡੇ ਬਜ਼ੁਰਗਿਆਂ ਨਾਲ ਕੀਤਾ ਸੀ। ਉਸੇ ਕਰਾਰ ਨੂੰ ਪ੍ਰਾਪਤ ਕਰਨ ਦੀ ਆਸ ਉੱਪਰ ਸਾਡੀਆਂ ਬਾਰ੍ਹਾਂ ਗੋਤਾਂ ਦਿਨ ਰਾਤ ਵੱਡੇ ਯਤਨ ਨਾਲ ਪਰਮੇਸ਼ੁਰ ਦੀ ਉਪਾਸਨਾ ਕਰਦੀਆਂ ਹਨ। ਹੇ ਰਾਜਾ। ਇਸੇ ਆਸ ਦੇ ਵਚਨ ਦੇ ਬਦਲੇ ਯਹੂਦੀ ਮੇਰੇ ਉੱਪਰ ਦੋਸ਼ ਮੜ੍ਹ ਰਹੇ ਹਨ। ਤੁਸੀਂ ਇਸ ਗੱਲ ਨੂੰ ਅਸੰਭਵ ਕਿਉਂ ਮੰਨਦੇ ਹੋ ਕਿ ਪਰਮੇਸ਼ੁਰ ਮੁਰਦਿਆਂ ਨੂੰ ਜਿਵਾਲੇ?

“ਜਦੋਂ ਮੈਂ ਇੱਕ ਫ਼ਰੀਸੀ ਸਾਂ ਮੈਂ ਵੀ ਸੋਚਿਆ ਕਿ ਮੈਨੂੰ ਯਿਸੂ ਨਾਸਰੀ ਦੇ ਨਾਂ ਦੇ ਵਿਰੁੱਧ ਸਾਰੀਆਂ ਸੰਭਵ ਗੱਲਾਂ ਕਰਨੀਆਂ ਚਾਹੀਦੀਆਂ ਹਨ। 10 ਅਤੇ ਯਰੂਸ਼ਲਮ ਵਿੱਚ ਮੈਂ ਨਿਹਚਾਵਾਨਾਂ ਦੇ ਖਿਲਾਫ਼ ਵੀ ਬੜੇ ਕੰਮ ਕੀਤੇ। ਪਰਧਾਨ ਜਾਜਕਾਂ ਨੇ ਮੈਨੂੰ ਇਹ ਇਖਤਿਆਰ ਦਿੱਤਾ ਹੋਇਆ ਸੀ, ਇਸ ਲਈ ਮੈਂ ਬਹੁਤ ਸਾਰੇ ਨਿਹਚਾਵਾਨਾਂ ਨੂੰ ਕੈਦ ਕੀਤਾ ਅਤੇ ਉਨ੍ਹਾਂ ਨੂੰ ਕੈਦਖਾਨੇ ਵਿੱਚ ਪਾ ਦਿੱਤਾ। ਜਦੋਂ ਉਹ ਮਾਰੇ ਜਾ ਰਹੇ ਸਨ, ਤਾਂ ਮੈਂ ਵੀ ਹਾਂਮੀ ਭਰੀ। 11 ਹਰ ਪ੍ਰਾਰਥਨਾ ਸਥਾਨ ਵਿੱਚ ਮੈਂ ਉਨ੍ਹਾਂ ਨੂੰ ਸਜ਼ਾ ਦਿੱਤੀ। ਮੈਂ ਉਨ੍ਹਾਂ ਨੂੰ ਯਿਸੂ ਦੇ ਖਿਲਾਫ਼ ਬੇਇੱਜ਼ਤੀ ਦੇ ਸ਼ਬਦ ਆਖਣ ਲਈ ਮਜਬੂਰ ਕੀਤਾ। ਮੈਂ ਉਨ੍ਹਾਂ ਦੇ ਇੰਨਾ ਖਿਲਾਫ਼ ਸੀ ਕਿ ਮੈਂ ਉਨ੍ਹਾਂ ਦੀ ਭਾਲ ਵਿੱਚ ਹੋਰ ਥਾਵਾਂ ਤੇ ਵੀ ਗਿਆ।

ਪੌਲੁਸ ਦਾ ਯਿਸੂ ਨੂੰ ਵੇਖਣ ਬਾਰੇ ਦੱਸਣਾ

12 “ਇੱਕ ਅਜਿਹੀ ਯਾਤਰਾ ਵੇਲੇ, ਮੈਂ ਪ੍ਰਧਾਨ ਜਾਜਕਾਂ ਦੁਆਰਾ ਦਿੱਤੇ ਅਧਿਕਾਰ ਅਤੇ ਸ਼ਕਤੀ ਨਾਲ ਦੰਮਿਸਕ ਨੂੰ ਜਾਂਦੇ ਰਾਹ ਤੇ ਸੀ। 13 ਇਹ ਦੁਪਿਹਰ ਸੀ ਅਤੇ ਮੈਂ ਦੰਮਿਸਕ ਨੂੰ ਜਾਂਦੇ ਰਾਹ ਤੇ ਸੀ। ਫ਼ੇਰ, ਹੇ ਪਾਤਸ਼ਾਹ, ਮੈਂ ਅਕਾਸ਼ ਤੋਂ ਇੱਕ ਰੋਸ਼ਨੀ ਵੇਖੀ ਜੋ ਕਿ ਸੂਰਜ ਤੋਂ ਵੀ ਵੱਧ ਚਮਕੀਲੀ ਸੀ। ਉਹ ਰੋਸ਼ਨੀ ਮੇਰੇ ਚਾਰੇ ਪਾਸੇ ਫ਼ੈਲ ਗਈ ਅਤੇ ਮੇਰੇ ਨਾਲ ਜਿਹੜੇ, ਮੇਰੇ ਸਾਥੀ ਸਫ਼ਰ ਕਰ ਰਹੇ ਸਨ ਉਨ੍ਹਾਂ ਉੱਤੇ ਵੀ। 14 ਅਸੀਂ ਸਾਰੇ ਜ਼ਮੀਨ ਤੇ ਡਿੱਗ ਗਏ। ਫ਼ੇਰ ਮੈਂ ਇਬਰਾਨੀ ਭਾਸ਼ਾ ਵਿੱਚ ਆਖਦੀ ਇੱਕ ਅਵਾਜ਼ ਸੁਣੀ। ‘ਸੌਲੁਸ, ਸੌਲੁਸ, ਤੂੰ ਮੈਨੂੰ ਕਸ਼ਟ ਕਿਉਂ ਦੇ ਰਿਹਾ ਹੈਂ? ਮੇਰੇ ਖਿਲਾਫ਼ ਲੜਕੇ ਤੂੰ ਆਪਣੇ ਆਪ ਨੂੰ ਸੱਟ ਮਾਰ ਰਿਹਾ ਹੈਂ।’

15 “ਮੈਂ ਕਿਹਾ, ‘ਪ੍ਰਭੂ, ਤੂੰ ਕੌਣ ਹੈਂ?’

“ਪ੍ਰਭੂ ਨੇ ਆਖਿਆ, ‘ਮੈਂ ਯਿਸੂ ਹਾਂ, ਜਿਸ ਨੂੰ ਤੂੰ ਕਸ਼ਟ ਦੇ ਰਿਹਾ ਹੈਂ। 16 ਉੱਠ ਖੜ੍ਹਾ ਹੋ। ਮੈਂ ਤੈਨੂੰ ਆਪਣਾ ਸੇਵਕ ਚੁਣਿਆ ਹੈ। ਤੂੰ ਮੇਰਾ ਗਵਾਹ ਹੋਵੇਂਗਾ। ਤੂੰ ਜੋ ਕੁਝ ਹੁਣ ਵੇਖਿਆ ਹੈ ਤੇ ਜੋ ਮੈਂ ਤੈਨੂੰ ਅਗਲੇ ਸਮੇਂ ਵਿੱਚ ਵਿਖਾਵਾਂਗਾ, ਇਸ ਬਾਰੇ ਤੂੰ ਲੋਕਾਂ ਨਾਲ ਮੇਰੀ ਚਰਚਾ ਕਰੇਂਗਾ। ਇਸੇ ਲਈ ਅੱਜ ਮੈਂ ਤੇਰੇ ਕੋਲ ਆਇਆ ਹਾਂ। 17 ਮੈਂ ਤੈਨੂੰ ਤੇਰੇ ਆਪਣੇ ਲੋਕਾਂ ਤੋਂ ਅਤੇ ਗੈਰ-ਯਹੂਦੀ ਲੋਕਾਂ ਤੋਂ ਵੀ ਬਚਾਵਾਂਗਾ। ਮੈਂ ਤੈਨੂੰ ਇਨ੍ਹਾਂ ਲੋਕਾਂ ਕੋਲ ਭੇਜ ਰਿਹਾ ਹਾਂ। 18 ਤੂੰ ਇਨ੍ਹਾਂ ਲੋਕਾਂ ਨੂੰ ਸੱਚ ਬਾਰੇ ਦੱਸੇਂਗਾ ਤਾਂ ਲੋਕ ਹਨੇਰੇ ਤੋਂ ਭੱਜ ਕੇ ਉਜਾਲੇ ਦੇ ਰਾਹ ਵੱਲ ਮੁੜਣਗੇ ਅਤੇ ਸ਼ੈਤਾਨ ਦੀ ਸ਼ਕਤੀ ਤੋਂ ਉਹ ਪਰਮੇਸ਼ੁਰ ਵੱਲ ਪਰਤਣਗੇ, ਫ਼ੇਰ ਉਨ੍ਹਾਂ ਦੇ ਪਾਪ ਬਖਸ਼ ਦਿੱਤੇ ਜਾਣਗੇ ਅਤੇ ਉਹ ਉਨ੍ਹਾਂ ਨਾਲ ਸਾਂਝ ਪਾਉਣਗੇ ਜੋ ਕਿ ਮੇਰੇ ਵਿੱਚ ਵਿਸ਼ਵਾਸ ਰਾਹੀਂ ਪਵਿੱਤਰ ਬਣਾਏ ਗਏ ਹਨ।’”

ਪੌਲੁਸ ਦਾ ਆਪਣੇ ਕੰਮ ਬਾਰੇ ਦੱਸਣਾ

19 ਪੌਲੁਸ ਨੇ ਆਪਣਾ ਭਾਸ਼ਣ ਜਾਰੀ ਰੱਖਿਆ, “ਜਦੋਂ ਮੈਂ ਸਵਰਗ ਤੋਂ ਇਹ ਦਰਸ਼ਨ ਵੇਖਿਆ, ਤਾਂ ਮੈਂ ਇਸ ਨੂੰ ਮੰਨਣ ਤੋਂ ਇਨਕਾਰ ਨਾ ਕੀਤਾ। 20 ਮੈਂ ਲੋਕਾਂ ਵਿੱਚ ਪ੍ਰਚਾਰ ਕਰਨਾ ਸ਼ੁਰੂ ਕੀਤਾ ਕਿ ਉਨ੍ਹਾਂ ਨੂੰ ਆਪਣੇ ਦਿਲ ਅਤੇ ਜੀਵਨ ਬਦਲਣੇ ਚਾਹੀਦੇ ਹਨ ਅਤੇ ਪਰਮੇਸ਼ੁਰ ਵੱਲ ਮੁੜਨਾ ਚਾਹੀਦਾ ਹੈ। ਮੈਂ ਲੋਕਾਂ ਨੂੰ ਵਰਨਣ ਕੀਤਾ ਕਿ ਉਨ੍ਹਾਂ ਨੂੰ ਚੰਗੇ ਕੰਮ ਕਰਨੇ ਚਾਹੀਦੇ ਹਨ ਜੋ ਇਹ ਵਿਖਾਉਣ ਕਿ ਉਨ੍ਹਾਂ ਨੇ ਸੱਚ ਮੁੱਚ ਆਪਣੇ ਦਿਲ ਅਤੇ ਜੀਵਨ ਬਦਲ ਲਏ ਹਨ। ਸਭ ਤੋਂ ਪਹਿਲਾਂ ਇਹ ਉਪਦੇਸ਼ ਮੈਂ ਦੰਮਿਸਕ ਵਿੱਚ ਦਿੱਤਾ ਫ਼ਿਰ ਮੈਂ ਯਰੂਸ਼ਲਮ ਅਤੇ ਸਾਰੇ ਯਹੂਦਿਯਾ ਵਿੱਚ ਇਸਦਾ ਪ੍ਰਚਾਰ ਕੀਤਾ। ਮੈਂ ਪਰਾਈਆਂ ਕੌਮਾਂ ਵਿੱਚ ਜਾਕੇ ਵੀ ਇਸਦਾ ਪ੍ਰਚਾਰ ਕੀਤਾ।

21 “ਇਸੇ ਕਰਕੇ ਯਹੂਦੀ ਮੈਨੂੰ ਫ਼ੜਕੇ ਲੈ ਗਏ ਜਦ ਮੈਂ ਮੰਦਰ ਵਿੱਚ ਸੀ ਅਤੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ। 22 ਪਰ ਪਰਮੇਸ਼ੁਰ ਨੇ ਮੇਰੀ ਮਦਦ ਕੀਤੀ ਅਤੇ ਉਹ ਅੱਜ ਦਿਨ ਤੱਕ ਵੀ ਮੇਰੀ ਮਦਦ ਕਰ ਰਿਹਾ ਹੈ। ਮੈਂ ਇੱਥੇ ਪਰਮੇਸ਼ੁਰ ਦੀ ਮਦਦ ਨਾਲ ਖੜ੍ਹਾ ਹਾਂ ਅਤੇ ਸਭ ਲੋਕਾਂ, ਵੱਡਿਆਂ ਅਤੇ ਛੋਟਿਆਂ ਦੋਹਾਂ ਨੂੰ, ਗਵਾਹੀ ਦੇ ਰਿਹਾ ਹਾਂ। ਪਰ ਮੈਂ ਨਵਾਂ ਕੁਝ ਵੀ ਨਹੀਂ ਆਖ ਰਿਹਾ। ਮੈਂ ਉਹੀ ਕੁਝ ਦੱਸ ਰਿਹਾ ਹਾਂ ਜੋ ਮੂਸਾ ਅਤੇ ਨਬੀਆਂ ਨੇ ਆਖਿਆ ਸੀ, ਜੋ ਅੱਗੋਂ ਵਾਪਰੇਗਾ। 23 ਉਨ੍ਹਾਂ ਆਖਿਆ ਸੀ ਕਿ ਮਸੀਹ ਹੋਵੇਗਾ ਅਤੇ ਉਹ ਪਹਿਲਾਂ ਹੋਵੇਗਾ ਜੋ ਮਰ ਕੇ ਜਿਉਂ ਉੱਠੇਗਾ। ਮੂਸਾ ਅਤੇ ਨਬੀਆਂ ਦਾ ਕਹਿਣਾ ਹੈ ਕਿ ਮਸੀਹ ਯਹੂਦੀਆਂ ਲਈ ਅਤੇ ਗੈਰ-ਯਹੂਦੀਆਂ ਲਈ ਰੌਸ਼ਨੀ ਦੀ ਮਿਸਾਲ ਲੈ ਕੇ ਆਵੇਗਾ।”

ਪੌਲੁਸ ਦੀ ਅਗ੍ਰਿਪਾ ਨੂੰ ਮਨਾਉਣ ਦੀ ਕੋਸ਼ਿਸ਼

24 ਜਦੋਂ ਪੌਲੁਸ ਅਪਣੀ ਰੱਖਿਆ ਕਰਨ ਲਈ ਇਹ ਗੱਲਾਂ ਆਖ ਰਿਹਾ ਸੀ ਤਾਂ ਫ਼ੇਸਤੁਸ ਨੇ ਰੌਲਾ ਪਾਇਆ, “ਪੌਲੁਸ। ਤੂੰ ਪਾਗਲ ਹੈਂ। ਬਹੁਤ ਜ਼ਿਆਦਾ ਵਿਦਿਆ ਨੇ ਤੈਨੂੰ ਕਮਲਾ ਕਰ ਦਿੱਤਾ ਹੈ।”

25 ਪੌਲੁਸ ਨੇ ਆਖਿਆ, “ਹੇ ਫ਼ੇਸਤੁਸ ਬਹਾਦੁਰ। ਮੈਂ ਕਮਲਾ ਨਹੀਂ। ਜੋ ਮੈਂ ਕਹਿ ਰਿਹਾ ਹਾਂ ਸਗੋਂ ਉਹ ਸੱਚ ਹੈ। ਮੇਰੇ ਸ਼ਬਦ ਕਿਸੇ ਮੂਰਖ ਦੇ ਸ਼ਬਦ ਨਹੀਂ ਹਨ। ਜੋ ਮੈਂ ਆਖ ਰਿਹਾ ਹਾਂ ਸੱਚ ਹੈ ਅਤੇ ਤਰਕ ਪੂਰਣ ਹੈ। 26 ਰਾਜਾ ਅਗ੍ਰਿਪਾ ਇਨ੍ਹਾਂ ਗੱਲਾਂ ਬਾਰੇ ਜਾਣਦਾ ਹੈ ਅਤੇ ਮੈਂ ਉਸ ਨਾਲ ਖੁਲ੍ਹੇਆਮ ਬੋਲ ਸੱਕਦਾ ਹਾਂ, ਉਸ ਲਈ ਇਨ੍ਹਾਂ ਵਿੱਚੋਂ ਕੁਝ ਵੀ ਨਵਾਂ ਨਹੀਂ ਹੈ। ਕਿਉਂਕਿ ਇਹ ਸਭ ਗੱਲਾਂ ਸਭ ਦੀ ਹਾਜਰੀ ਵਿੱਚ ਹੋਈਆਂ ਨਾ ਕਿ ਗੁਪਤ ਤੌਰ ਤੇ। 27 ਰਾਜਾ ਅਗ੍ਰਿਪਾ, ਕੀ ਤੂੰ ਨਬੀਆਂ ਦੀਆਂ ਲਿਖਤਾਂ ਵਿੱਚ ਨਿਹਚਾ ਕਰਦਾ ਹੈਂ? ਮੈਂ ਜਾਣਦਾ ਹਾਂ ਕਿ ਤੂੰ ਨਿਹਚਾ ਰੱਖਦਾ ਹੈਂ।”

28 ਰਾਜਾ ਅਗ੍ਰਿਪਾ ਨੇ ਪੌਲੁਸ ਨੂੰ ਕਿਹਾ, “ਕੀ ਤੂੰ ਸੋਚਦਾ ਹੈਂ ਕਿ ਤੂੰ ਮੈਨੂੰ ਇੰਨੀ ਸੌਖੀ ਤਰ੍ਹਾਂ ਮਸੀਹੀ ਹੋਣ ਲਈ ਉਕਸਾ ਲਵੇਂਗਾ?”

29 ਪੌਲੁਸ ਨੇ ਆਖਿਆ, “ਇਹ ਔਖਾ ਹੋਵੇ ਜਾਂ ਸੌਖਾ, ਪਰ ਇਹ ਮਾਮਲਾ ਨਹੀਂ ਹੈ; ਮੈਂ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦਾ ਹਾਂ ਕਿ ਤੁਸੀਂ ਹੀ ਨਹੀਂ ਸਗੋਂ ਉਹ ਸਭ ਜੋ ਅੱਜ ਮੈਨੂੰ ਸੁਣ ਰਹੇ ਹਨ, ਮੇਰੇ ਵਾਂਗ ਬਚਾਏ ਜਾ ਸੱਕਣ, ਸਿਵਾਏ ਇਨ੍ਹਾਂ ਜੰਜ਼ੀਰਾਂ ਦੇ।”

30 ਰਾਜਾ ਅਗ੍ਰਿਪਾ, ਫ਼ੇਸਤੁਸ ਹਾਕਮ, ਬਰਨੀਕੇ ਅਤੇ ਸਾਰੇ ਉਨ੍ਹਾਂ ਨਾਲ ਬੈਠੇ ਹੋਏ ਲੋਕ ਖਲੋ ਗਏ ਅਤੇ ਕਚਿਹਰੀ ਚੋਂ ਉੱਠ ਕੇ ਚੱਲੇ ਗਏ। 31 ਜਾਂਦੇ ਹੋਏ ਉਹ ਆਪਸ ਵਿੱਚ ਇੱਕ ਦੂਜੇ ਨਾਲ ਗੱਲਾਂ ਕਰ ਰਹੇ ਸਨ ਅਤੇ ਆਖ ਰਹੇ ਸਨ, “ਇਸ ਆਦਮੀ ਨੇ ਕੁਝ ਵੀ ਗਲਤ ਨਹੀਂ ਕੀਤਾ ਜੋ ਇਹ ਮੌਤ ਜਾਂ ਕੈਦ ਦਾ ਅਧਿਕਾਰੀ ਹੋਵੇ। ਸੱਚਮੁੱਚ ਇਸਨੇ ਕੁਝ ਵੀ ਬੁਰਾ ਨਹੀਂ ਕੀਤਾ।” 32 ਤਾਂ ਅਗ੍ਰਿਪਾ ਨੇ ਫ਼ੇਸਤੁਸ ਨੂੰ ਕਿਹਾ, “ਜੇਕਰ ਇਸਨੇ ਕੈਸਰ ਨੂੰ ਬੇਨਤੀ ਨ ਕੀਤੀ ਹੁੰਦੀ, ਤਾਂ ਉਸ ਨੂੰ ਅਜ਼ਾਦ ਕੀਤਾ ਜਾ ਸੱਕਦਾ ਸੀ।”

ਪੌਲੁਸ ਦਾ ਰੋਮ ਨੂੰ ਜਾਣਾ

27 ਇਹ ਨਿਸ਼ਚਿਤ ਸੀ ਕਿ ਅਸੀਂ ਇਤਾਲਿਯਾ ਨੂੰ ਜਹਾਜ਼ ਵਿੱਚ ਸਫ਼ਰ ਕਰਾਂਗੇ। ਪੌਲੁਸ ਅਤੇ ਕੁਝ ਹੋਰ ਕੈਦੀ ਇੱਕ ਯੂਲਿਉਸ ਨਾਂ ਦੇ ਸੈਨਾ ਅਧਿਕਾਰੀ ਦੇ ਹਵਾਲੇ ਕਰ ਦਿੱਤੇ ਗਏ ਸਨ। ਯੂਲਿਉਸ “ਪਾਤਸ਼ਾਹੀ” ਨਾਮੇ ਖਾਸ ਸੈਨਾ ਸਮੂਹ ਨਾਲ ਸੰਬੰਧਿਤ ਸੀ। ਅਸੀਂ ਜਹਾਜ਼ ਵਿੱਚ ਚੜ੍ਹ੍ਹ ਗਏ। ਇਹ ਜਹਾਜ਼ ਅੱਸਿਯਾ ਦੇ ਕਿਨਾਰੇ ਦੇ ਸ਼ਹਿਰਾਂ ਨੂੰ ਜਾਣ ਵਾਲਾ ਸੀ। ਅਰਿਸਤਰੱਖੁਸ ਜੋ ਕਿ ਥੱਸਲੁਨੀਕੇ ਮਕਦੂਨਿਯਾ ਦੇ ਸ਼ਹਿਰ ਦਾ ਸੀ, ਸਾਡੇ ਨਾਲ ਗਿਆ ਸੀ।

ਅਗਲੇ ਦਿਨ ਅਸੀਂ ਸੈਦਾ ਵਿੱਚ ਜਾ ਉੱਤਰੇ ਅਤੇ ਯੂਲਿਉਸ ਨੇ ਪੌਲੁਸ ਨਾਲ ਬੜਾ ਚੰਗਾ ਸਲੂਕ ਕੀਤਾ ਅਤੇ ਉਸ ਨੂੰ ਉੱਥੇ ਆਪਣੇ ਮਿੱਤਰਾਂ ਨੂੰ ਮਿਲਣ ਦੀ ਪਰਵਾਨਗੀ ਦੇ ਦਿੱਤੀ। ਇਨ੍ਹਾਂ ਮਿੱਤਰਾਂ ਨੇ ਪੌਲੁਸ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਿਆ। ਅਸੀਂ ਸੈਦਾ ਦਾ ਸ਼ਹਿਰ ਛੱਡ ਦਿੱਤਾ ਅਤੇ ਕੁਪਰੁਸ ਟਾਪੂ ਦੇ ਤੱਟ ਤੇ ਸਫ਼ਰ ਕੀਤਾ ਕਿਉਂਕਿ ਹਵਾ ਸਾਡੇ ਅਗਿਉਂ ਵਗ ਰਹੀ ਸੀ। ਅਸੀਂ ਦਿਲਦਿਯਾ ਅਤੇ ਪੰਮਫ਼ੁਲਿਯਾ ਦੇ ਨੇੜਿਉਂ ਸਮੁੰਦਰੋਂ ਪਾਰ ਲੰਘੇ ਅਤੇ ਲੁਕਿਯਾ ਦੇ ਨਗਰ ਮੂਰਾ ਵਿੱਚ ਆ ਪਹੁੰਚੇ। ਉੱਥੇ ਸੈਨਾ ਅਧਿਕਾਰੀ ਨੇ ਸਿਕੰਦਰਿਯਾ ਦਾ ਇੱਕ ਜਹਾਜ਼ ਵੇਖਿਆ ਜੋ ਕਿ ਇਤਾਲਿਯਾ ਵੱਲ ਜਾ ਰਿਹਾ ਸੀ ਅਤੇ ਸਾਨੂੰ ਉਸ ਜਹਾਜ਼ ਉੱਪਰ ਚੜ੍ਹਾ ਦਿੱਤਾ।

ਬੜੇ ਦਿਨ ਅਸੀਂ ਹੌਲੀ-ਹੌਲੀ ਸਫ਼ਰ ਕਰਦੇ ਰਹੇ ਪਰ ਸਾਡੇ ਵਾਸਤੇ ਕਨੀਦੁਸ ਸ਼ਹਿਰ ਤੱਕ ਪਹੁੰਚਣਾ ਬੜਾ ਮੁਸ਼ਕਿਲ ਹੋ ਰਿਹਾ ਸੀ ਕਿਉਂਕਿ ਹਵਾ ਸਾਡੇ ਸਾਹਮਣੀ ਤਰਫ਼ੋ ਸੀ। ਅਸੀਂ ਉਸ ਰਸਤੇ ਬਹੁਤੀ ਦੂਰ ਤੱਕ ਨਹੀਂ ਸੀ ਜਾ ਸੱਕਦੇ। ਇਸ ਲਈ ਅਸੀਂ ਕਰੇਤ ਟਾਪੂ ਦੇ ਦੱਖਣੀ ਪਾਸੇ ਸਲਮੋਨੋ ਦੇ ਨੇੜੇ ਨੂੰ ਸਫ਼ਰ ਕੀਤਾ। ਬੜੀ ਮੁਸ਼ਕਿਲ ਨਾਲ, ਅਸੀਂ ਸਮੁੰਦਰੀ ਤਟ ਦੇ ਨਾਲ ਸਫ਼ਰ ਕੀਤਾ ਅਤੇ, “ਸੁਰੱਖਿਅਤ ਬੰਦਰਗਾਹ” ਨਾਮੀਂ ਇੱਕ ਜਗ਼੍ਹਾ ਤੇ ਪਹੁੰਚੇ। ਉੱਥੋਂ ਲਸਾਯਾ ਨਗਰ ਨੇੜੇ ਹੀ ਸੀ।

ਪਰ ਅਸੀਂ ਬੜਾ ਸਮਾਂ ਗੁਆ ਚੁੱਕੇ ਸਾਂ, ਇਸ ਵਕਤ ਜਹਾਜ਼ ਦਾ ਸਫ਼ਰ ਬਹੁਤ ਖਤਰੇ ਵਾਲਾ ਸੀ ਕਿਉਂਕਿ ਯਹੂਦੀਆਂ ਦੇ ਵਰਤ ਦੇ ਦਿਨ ਪਹਿਲਾਂ ਹੀ ਲੰਘ ਚੁੱਕੇ ਸਨ। ਇਸ ਲਾਈ ਪੌਲੁਸ ਨੇ ਉਨ੍ਹਾਂ ਨੂੰ ਚੁਕੰਨਾ ਕੀਤਾ ਤੇ ਕਿਹਾ, 10 “ਹੇ ਮਨੁੱਖੋ। ਮੈਂ ਵੇਖ ਰਿਹਾ ਹਾਂ ਕਿ ਇਸ ਯਾਤਰਾ ਵਿੱਚ ਬਹੁਤ ਸੰਕਟ ਆਵੇਗਾ। ਸਾਡਾ ਜਹਾਜ਼ ਅਤੇ ਇਸ ਵਿੱਚਲਾ ਸਾਰਾ ਸਮਾਨ ਨਸ਼ਟ ਹੋ ਜਾਵੇਗਾ। ਹੋ ਸੱਕਦਾ ਹੈ ਕਿ ਸਾਡੀਆਂ ਜਾਨਾਂ ਵੀ ਚਲੀਆਂ ਜਾਣ।” 11 ਪਰ ਜਹਾਜ਼ ਦਾ ਕਪਤਾਨ ਤੇ ਮਾਲਿਕ ਪੌਲੁਸ ਦੀ ਇਸ ਗੱਲ ਨਾਲ ਸਹਿਮਤ ਨਾ ਹੋਏ ਇਸ ਲਈ ਸੈਨਾ-ਅਧਿਕਾਰੀ ਨੇ ਪੌਲੁਸ ਦੀ ਗੱਲ ਦਾ ਯਕੀਨ ਨਾ ਕੀਤਾ ਸਗੋਂ ਉਸ ਨੇ ਜਹਾਜ਼ ਦੇ ਕਪਤਾਨ ਅਤੇ ਮਾਲਿਕ ਦੀ ਗੱਲ ਤੇ ਇਤਬਾਰ ਕੀਤਾ। 12 ਅਤੇ ਉਹ ਘਾਟ ਸਰਦੀਆਂ ਵਿੱਚ ਜਹਾਜ਼ ਦੇ ਰੁਕਣ ਲਈ ਠੀਕ ਨਹੀਂ ਸੀ, ਇਸ ਲਈ ਬਹੁਤ ਸਾਰੇ ਲੋਕਾਂ ਨੇ ਉੱਥੋਂ ਚੱਲੇ ਜਾਣ ਦਾ ਫ਼ੈਸਲਾ ਕੀਤਾ। ਉਨ੍ਹਾਂ ਨੇ ਫ਼ੈਨੀਕੁਸ ਪਹੁੰਚਣ ਦੀ ਉਮੀਦ ਕੀਤੀ ਤਾਂ ਜੋ ਜਹਾਜ਼ ਸਿਆਲਾਂ ਦੇ ਲੰਘਣ ਤੀਕ ਉੱਥੇ ਖੜ੍ਹਾ ਕੀਤਾ ਜਾ ਸੱਕੇ। ਫ਼ੈਨੀਕੁਸ ਸ਼ਹਿਰ ਕਰੇਤ ਟਾਪੂ ਦਾ ਇੱਕ ਸ਼ਹਿਰ ਹੈ। ਉਸਦਾ ਇੱਕ ਘਾਟ ਹੈ ਜਿਹੜਾ ਦੱਖਣ-ਪੱਛਮ ਅਤੇ ਉੱਤਰ-ਪੱਛਮ ਦੇ ਪਾਸੇ ਵੱਲ ਹੈ।

ਤੂਫ਼ਾਨ

13 ਜਦੋਂ ਦੱਖਣ ਵੱਲੋਂ ਹੌਲੇ-ਹੌਲੇ ਹਵਾ ਵਗਣ ਲੱਗੀ, ਜਹਾਜ਼ ਉੱਤੇ ਆਦਮੀਆਂ ਨੇ ਸੋਚਿਆ, “ਇਹੋ ਹਵਾ ਸੀ ਜੋ ਸਾਨੂੰ ਚਾਹੀਦੀ ਸੀ ਅਤੇ ਸਾਨੂੰ ਮਿਲ ਗਈ ਹੈ।” ਇਸ ਲਈ ਉਨ੍ਹਾਂ ਨੇ ਲੰਗਰ ਨੂੰ ਉਤਾਂਹ ਚੁੱਕਿਆ। ਅਸੀਂ ਕਰੇਤ ਟਾਪੂ ਦੇ ਬਹੁਤ ਨੇੜੇ ਆ ਗਏ। 14 ਪਰ ਤਦ “ਉੱਤਰੀ ਪੂਰਬ” ਵੱਲੋਂ ਇੱਕ ਬੜੀ ਤਕੜੀ ਹਨੇਰੀ ਟਾਪੂ ਤੇ ਆਈ। 15 ਇਹ ਹਵਾ ਜਹਾਜ਼ ਨੂੰ ਆਪਣੇ ਨਾਲ ਲੈ ਤੁਰੀ ਅਤੇ ਜਹਾਜ਼ ਹਵਾ ਦੀ ਉਲਟ ਦਿਸ਼ਾ ਵੱਲ ਜਾਣ ਤੋਂ ਅਸਮਰੱਥ ਸੀ। ਇਸ ਲਈ ਕੋਸ਼ਿਸ਼ ਕਰਨੀ ਬੰਦ ਕਰ ਦਿੱਤੀ ਅਤੇ ਹਵਾ ਨੂੰ ਸਾਨੂੰ ਨਾਲ ਲੈ ਜਾਣ ਦਿੱਤਾ।

16 ਅਸੀਂ ਕਲੌਦਾ ਨਾਂ ਦੇ ਇੱਕ ਛੋਟੇ ਟਾਪੂ ਕੋਲ ਜਾ ਪੁੱਜੇ। ਫ਼ੇਰ ਬੜੀ ਮੁਸ਼ਕਿਲ ਨਾਲ ਅਸੀਂ ਜੀਵਨ ਬੇੜੀ ਜਹਾਜ਼ ਤੇ ਲਿਆ ਸੱਕੇ। 17 ਉਨ੍ਹਾਂ ਨੇ ਜੀਵਨ ਬੇੜੀ ਨੂੰ ਅੰਦਰ, ਇੱਕ ਸਾਥ ਸਹਾਰਾ ਦੇ ਕੇ ਥੱਲਿਉਂ ਜਹਾਜ਼ ਨੂੰ ਰੱਸੀਆਂ ਨਾਲ ਬੰਨ੍ਹ ਦਿੱਤਾ। ਉਹ ਇਸ ਗੱਲੋਂ ਡਰਨ ਲੱਗੇ ਕਿ ਜਹਾਜ਼ ਕਿਤੇ ਸਿਰੁਤੀ ਦੇ ਬਰੇਤੇ ਵਿੱਚ ਨਾ ਫ਼ਸ ਜਾਵੇ ਇਸ ਲਈ ਉਨ੍ਹਾਂ ਨੇ ਪਾਲ ਹੇਠਾਂ ਕਰ ਲਏ ਅਤੇ ਤੇਜ਼ ਹਵਾ ਨੂੰ ਜਹਾਜ਼ ਨੂੰ ਰੋੜਨ ਦਿੱਤਾ।

18 ਅਗਲੇ ਦਿਨ ਤੂਫ਼ਾਨ ਇੰਨਾ ਤੇਜ਼ ਵਗ ਰਿਹਾ ਸੀ ਕਿ ਉਨ੍ਹਾਂ ਨੇ ਕਈ ਵਸਤਾਂ ਜਹਾਜ਼ ਵਿੱਚੋਂ ਸਮੁੰਦਰ ਵਿੱਚ ਸੁੱਟ ਦਿੱਤੀਆਂ। 19 ਇੱਕ ਦਿਨ ਬਾਅਦ ਉਨ੍ਹਾਂ ਨੇ ਜਹਾਜ਼ ਦਾ ਅਸਬਾਬ ਵੀ ਕੱਢ ਕੇ ਸੁੱਟ ਦਿੱਤਾ। 20 ਕਈ ਦਿਨਾਂ ਤੱਕ ਅਕਾਸ਼ ਤੇ ਸਾਨੂੰ ਕੋਈ ਸੂਰਜ ਜਾਂ ਤਾਰੇ ਨਜ਼ਰ ਨਾ ਆਏ। ਇਹ ਬੜਾ ਭਿਅੰਕਰ ਤੂਫ਼ਾਨ ਸੀ। ਅਸੀਂ ਜਿਉਣ ਦੀ ਹੋਰ ਆਸ ਗੁਆ ਦਿੱਤੀ।

21 ਆਦਮੀਆਂ ਨੇ ਕਈ ਦਿਨਾਂ ਤੱਕ ਕੁਝ ਨਾ ਖਾਧਾ, ਤਦ ਇੱਕ ਦਿਨ ਪੌਲੁਸ ਉਨ੍ਹਾਂ ਵਿੱਚ ਖਲ੍ਹੋ ਕੇ ਬੋਲਿਆ, “ਹੇ ਪੁਰਖੋ। ਮੈਂ ਤੁਹਾਨੂੰ ਕਿਹਾ ਸੀ ਜੌਕਿ ਕਰੇਤ ਤੋਂ ਨਾ ਜਾਵੋ, ਤੁਹਾਨੂੰ ਮੇਰੀ ਗੱਲ ਸੁਣਨੀ ਚਾਹੀਦੀ ਸੀ ਜੇਕਰ ਤੁਸੀਂ ਮੇਰਾ ਕਿਹਾ ਮੰਨਿਆ ਹੁੰਦਾ ਤਾਂ ਤੁਹਾਨੂੰ ਇਹ ਮੁਸੀਬਤ ਅਤੇ ਨੁਕਸਾਨ ਨਾ ਉੱਠਾਉਣਾ ਪੈਂਦਾ। 22 ਪਰ ਹੁਣ ਮੈਂ ਤੁਹਾਨੂੰ ਆਖਦਾ ਹਾਂ ਕਿ ਹੌਸਲਾ ਰੱਖੋ। ਤੁਹਾਡੇ ਵਿੱਚੋਂ ਕੋਈ ਵੀ ਨਹੀਂ ਮਰੇਗਾ, ਪਰ ਜਹਾਜ਼ ਤਬਾਹ ਹੋ ਜਾਵੇਗਾ। 23 ਕੱਲ ਰਾਤ ਇੱਕ ਦੂਤ ਮੇਰੇ ਕੋਲ ਆਇਆ ਜਿਸ ਨੂੰ ਪਰਮੇਸ਼ੁਰ ਨੇ ਭੇਜਿਆ ਸੀ, ਇਹ ਉਹੀ ਪਰਮੇਸ਼ੁਰ ਹੈ ਜਿਸਦੀ ਮੈਂ ਉਪਾਸਨਾ ਕਰਦਾ ਹਾਂ, ਮੈਂ ਉਸੇ ਦਾ ਹਾਂ। 24 ਪਰਮੇਸ਼ੁਰ ਦੇ ਦੂਤ ਨੇ ਕਿਹਾ, ‘ਪੌਲੁਸ, ਤੂੰ ਘਬਰਾ ਨਾ। ਤੈਨੂੰ ਕੈਸਰ ਅੱਗੇ ਜ਼ਰੂਰ ਖੜ੍ਹਾ ਹੋਣਾ ਚਾਹੀਦਾ ਹੈ ਅਤੇ ਤੇਰੀ ਖਾਤਿਰ ਪਰਮੇਸ਼ੁਰ ਉਨ੍ਹਾਂ ਸਾਰਿਆਂ ਦੀ ਜਾਨ ਬਚਾਵੇਗਾ ਜੋ ਤੇਰੇ ਨਾਲ ਜਹਾਜ਼ ਤੇ ਹਨ।’ 25 ਸੋ, ਹੇ ਪੁਰੱਖੋ। ਹੌਸਲਾ ਰੱਖੋ। ਮੈਂ ਪਰਮੇਸ਼ੁਰ ਵਿੱਚ ਯਕੀਨ ਰੱਖਦਾ ਹਾਂ ਕਿ ਸਭ ਕੁਝ ਉਵੇਂ ਹੀ ਵਾਪਰੇਗਾ ਜਿਵੇਂ ਦੂਤ ਨੇ ਮੈਨੂੰ ਆਖਿਆ ਹੈ। 26 ਪਰ ਅਸੀਂ ਜ਼ਰੂਰ ਕਿਸੇ ਟਾਪੂ ਨਾਲ ਜਾ ਟਕਰਾਵਾਂਗੇ।”

27 ਚੌਦ੍ਹਵੀਂ ਰਾਤ ਜਦੋਂ ਆਈ ਤਾਂ ਅਸੀਂ ਅਦਰਿਯਾ ਦੇ ਸਮੁੰਦਰ ਵਿੱਚ ਇੱਧਰ-ਉੱਧਰ ਰੁੜ ਰਹੇ ਸਾਂ। ਤਾਂ ਅੱਧੀ ਰਾਤ ਦੇ ਕਰੀਬ ਮਲਾਹਾਂ ਨੇ ਸੋਚਿਆ ਕਿ ਅਸੀਂ ਧਰਤੀ ਦੇ ਨੇੜੇ ਸੀ। 28 ਉਨ੍ਹਾਂ ਨੇ ਰੱਸੇ ਦੇ ਸਿਰੇ ਤੇ ਭਾਰ ਬੰਨ੍ਹਕੇ ਉਸ ਨੂੰ ਪਾਣੀ ਵਿੱਚ ਸੁੱਟਿਆ। ਉਹ ਜਾਣ ਗਏ ਕਿ ਉੱਥੇ ਪਾਣੀ ਇੱਕ ਸੌ ਵੀਹ ਫ਼ੁੱਟ ਡੂੰਘਾ ਸੀ ਫ਼ੇਰ ਉਨ੍ਹਾਂ ਨੇ ਕੁਝ ਦੂਰੀ ਹੋਰ ਤਹਿ ਕੀਤੀ ਅਤੇ ਤਾਂ ਫ਼ਿਰ ਰੱਸਾ ਪਾਣੀ ਵਿੱਚ ਸੁੱਟਿਆ। ਉੱਥੇ ਪਾਣੀ ਨੱਬੇ ਫ਼ੁੱਟ ਡੂੰਘਾ ਸੀ। 29 ਮਲਾਹਾਂ ਨੂੰ ਜਹਾਜ਼ ਦੇ ਚੱਟਾਨ ਦੇ ਨਾਲ ਟਕਰਾ ਜਾਣ ਦਾ ਡਰ ਸੀ। ਇਸ ਲਈ ਉਨ੍ਹਾਂ ਨੇ ਜਹਾਜ਼ ਦੇ ਪਿੱਛਲੇ ਪਾਸੇ ਵੱਲੋਂ ਚਾਰ ਲੰਗਰ ਪਾਣੀ ਵਿੱਚ ਸੁੱਟੇ ਅਤੇ ਦਿਨ ਦੀ ਰੋਸ਼ਨੀ ਦੇ ਨਿਕਲਣ ਲਈ ਪ੍ਰਾਰਥਨਾ ਕੀਤੀ। ਕੁਝ ਮਲਾਹ ਤਾਂ ਜਹਾਜ਼ ਹੀ ਛੱਡ ਕੇ ਜਾਣ ਨੂੰ ਤਿਆਰ ਸਨ। 30 ਉਨ੍ਹਾਂ ਨੇ ਡੌਂਗੀ ਨੂੰ ਪਾਣੀ ਵਿੱਚ ਥੋੜਾ ਥੱਲੇ ਕੀਤਾ। ਉਹ ਚਾਹੁੰਦੇ ਸਨ ਕਿ ਬਾਕੀ ਲੋਕ ਇਹ ਸੋਚਣ ਕਿ ਉਹ ਜਹਾਜ਼ ਦੇ ਅਗਲੇ ਪਾਸਿਓ ਪਾਣੀ ਵਿੱਚ ਹੋਰ ਲੰਗਰ ਸੁੱਟ ਰਹੇ ਹਨ। 31 ਤਾਂ ਪੌਲੁਸ ਨੇ ਸੈਨਾਪਤੀ ਨੂੰ ਅਤੇ ਹੋਰ ਸਿਪਾਹੀਆਂ ਨੂੰ ਕਿਹਾ, “ਜੇਕਰ ਇਹ ਮਨੁੱਖ ਇਸ ਜਹਾਜ਼ ਵਿੱਚ ਨਹੀਂ ਠਹਿਰਣਗੇ, ਤਾਂ ਤੁਹਾਡੀਆਂ ਜਾਨਾਂ ਨਹੀਂ ਬਚ ਸੱਕਦੀਆਂ।” 32 ਤਾਂ ਸਿਪਾਹੀਆਂ ਨੇ ਰਸਿਆਂ ਨੂੰ ਵੱਢ ਦਿੱਤਾ ਅਤੇ ਡੌਂਗੀ ਪਾਣੀ ਵਿੱਚ ਡਿੱਗਣ ਦਿੱਤੀ।

33 ਦਿਨ ਚੜ੍ਹ੍ਹਨ ਤੋਂ ਪਹਿਲਾਂ ਪੌਲੁਸ ਨੇ ਸਾਰੇ ਆਦਮੀਆਂ ਨੂੰ ਕੁਝ ਖਾ ਲੈਣ ਲਈ ਮਿੰਨਤ ਕੀਤੀ। ਉਸ ਕਿਹਾ, “ਪਿੱਛਲੇ ਚੌਦਹਾਂ ਦਿਨਾਂ ਤੋਂ ਤੁਸੀਂ ਵੇਖ ਰਹੇ ਹੋ ਅਤੇ ਮੌਸਮ ਦੇ ਸੁਧਰਨ ਦਾ ਇੰਤਜ਼ਾਰ ਕਰ ਰਹੇ ਹੋ ਅਤੇ ਤੁਸੀਂ ਕੁਝ ਵੀ ਨਹੀਂ ਖਾਧਾ। 34 ਇਸ ਲਈ ਮੈਂ ਕੁਝ ਖਾਣ ਲਈ ਤੁਹਾਡੀ ਮਿੰਨਤ ਕਰਦਾ ਹਾਂ। ਤੁਹਾਡੇ ਜਿਉਣ ਵਾਸਤੇ ਇਹ ਜ਼ਰੂਰੀ ਹੈ। ਤੁਹਾਡੇ ਸਾਰਿਆਂ ਵਿੱਚੋਂ ਕਿਸੇ ਇੱਕ ਦੇ ਸਿਰ ਦਾ ਇੱਕ ਵੀ ਵਾਲ ਵਿੰਗਾ ਨਹੀਂ ਹੋਵੇਗਾ।” 35 ਇਹ ਕਹਿਣ ਤੋਂ ਬਾਅਦ ਪੌਲੁਸ ਨੇ ਕੁਝ ਰੋਟੀ ਹੱਥ ਵਿੱਚ ਫ਼ੜਕੇ ਸਾਰਿਆਂ ਸਾਹਮਣੇ ਪਰਮੇਸ਼ੁਰ ਦਾ ਸ਼ੁਕਰ ਕੀਤਾ। ਉਸ ਨੇ ਇੱਕ ਟੁਕੜਾ ਤੋੜਿਆ ਅਤੇ ਖਾਣਾ ਸ਼ੁਰੂ ਕਰ ਦਿੱਤਾ। 36 ਸਾਰੇ ਮਨੁੱਖਾਂ ਨੂੰ ਉਤਸਾਹ ਮਿਲਿਆ ਤੇ ਉਨ੍ਹਾਂ ਸਾਰਿਆਂ ਨੇ ਵੀ ਖਾਣਾ ਸ਼ੁਰੂ ਕਰ ਦਿੱਤਾ। 37 (ਅਸੀਂ ਸਾਰੇ ਇਕੱਠੇ, ਜਹਾਜ਼ ਤੇ 276 ਆਦਮੀ ਸਾਂ।) 38 ਅਸੀਂ ਭਰ ਪੇਟ ਖਾਧਾ ਅਤੇ ਉਸਤੋਂ ਬਾਅਦ ਬਾਕੀ ਕਣਕ ਸਮੁੰਦਰ ਵਿੱਚ ਸੁਟਕੇ ਜਹਾਜ਼ ਨੂੰ ਹਲਕਿਆਂ ਕੀਤਾ।

ਜਹਾਜ਼ ਨਾ ਨਸ਼ਟ ਹੋਣਾ

39 ਜਦੋਂ ਦਿਨ ਚੜ੍ਹ੍ਹਿਆ ਤਾਂ ਮਲਾਹਾਂ ਨੂੰ ਧਰਤੀ ਵਿਖਾਈ ਦਿੱਤੀ। ਪਰ ਉਨ੍ਹਾਂ ਕੋਲੋਂ ਇਹ ਧਰਤੀ ਪਛਾਣੀ ਨਾ ਗਈ। ਉਨ੍ਹਾਂ ਨੇ ਸਮੁੰਦਰ ਦੇ ਕੰਢੇ ਇੱਕ ਖਾੜੀ ਵੇਖੀ, ਇਸ ਲਈ ਜੇਕਰ ਉਹ ਕਰ ਸੱਕਣ ਉਨ੍ਹਾਂ ਨੇ ਜਹਾਜ਼ ਨੂੰ ਖਾੜੀ ਤੇ ਲਿਜਾਣ ਦਾ ਫ਼ੈਸਲਾ ਕੀਤਾ। 40 ਤਾਂ ਉਨ੍ਹਾਂ ਨੇ ਲੰਗਰ ਦੇ ਰੱਸੇ ਵੱਢ ਦਿੱਤੇ ਅਤੇ ਲੰਗਰਾਂ ਨੂੰ ਸਮੁੰਦਰ ਵਿੱਚ ਛੱਡ ਦਿੱਤਾ ਅਤੇ ਉਹ ਰੱਸੇ ਖੋਲ੍ਹ ਦਿੱਤੇ ਜੋ ਪਤਵਾਰਾਂ ਨਾਲ ਬੰਨ੍ਹੇ ਹੋਏ ਸਨ। ਤਦ ਉਨ੍ਹਾਂ ਜਹਾਜ਼ ਦਾ ਅਗਲਾ ਹਿੱਸਾ ਹਵਾ ਵਿੱਚ ਉੱਚਾ ਕੀਤਾ ਅਤੇ ਕੰਢੇ ਵੱਲ ਨੂੰ ਚੱਲ ਪਏ। 41 ਪਰ ਜਹਾਜ਼ ਬਰੇਤੇ ਨਾਲ ਜਾ ਟਕਰਾਇਆ। ਜਹਾਜ਼ ਦਾ ਅਗਲਾ ਹਿੱਸਾ ਰੇਤ ਵਿੱਚ ਖੁੱਭ ਗਿਆ ਅਤੇ ਉੱਥੋਂ ਹਿੱਲ ਨਾ ਸੱਕਿਆ। ਫ਼ਿਰ ਸਮੁੰਦਰ ਦੀਆਂ ਵੱਡੀਆਂ ਲਹਿਰਾਂ ਨੇ ਜਹਾਜ਼ ਨੂੰ ਟੁਕੜੇ-ਟੁਕੜੇ ਕਰ ਦਿੱਤਾ।

42 ਸਿਪਾਹੀਆਂ ਨੇ ਕੈਦੀਆਂ ਨੂੰ ਮਾਰ ਦੇਣ ਦਾ ਫ਼ੈਸਲਾ ਕੀਤਾ ਤਾਂ ਜੋ ਕੋਈ ਵੀ ਤਰਕੇ ਆਪਣੇ ਆਪ ਨੂੰ ਨਾ ਬਚਾ ਸੱਕੇ। 43 ਸੈਨਾ ਅਧਿਕਾਰੀ ਯੂਲਿਉਸ ਪੌਲੁਸ ਨੂੰ ਜਿਉਂਦਾ ਰੱਖਣਾ ਚਾਹੁੰਦਾ ਸੀ ਇਸ ਲਈ ਉਸ ਨੇ ਉਨ੍ਹਾਂ ਨੂੰ ਮਾਰਨ ਤੋਂ ਰੋਕ ਦਿੱਤਾ। ਯੂਲਿਉਸ ਨੇ ਸਗੋਂ ਹੁਕਮ ਦਿੱਤਾ ਕਿ ਜਿਨ੍ਹਾਂ ਨੂੰ ਤੈਰਨਾ ਆਉਂਦਾ ਹੈ ਉਹ ਛਾਲ ਮਾਰਕੇ ਤੈਰ ਕੇ ਪਹਿਲਾਂ ਧਰਤੀ ਤੇ ਜਾ ਨਿਕਲਣ। 44 ਫ਼ੇਰ ਬਾਕੀਆਂ ਨੇ ਲੱਕੜ ਦੇ ਫ਼ੱਟਿਆਂ ਅਤੇ ਜ਼ਮੀਨ ਤੱਕ ਪਹੁੰਚਣ ਲਈ ਜਹਾਜ਼ ਦੇ ਟੁਕੜਿਆਂ ਦਾ ਇਸਤੇਮਾਲ ਕੀਤਾ ਅਤੇ ਕਿਵੇਂ ਨਾ ਕਿਵੇਂ ਸਾਰੇ ਜਣੇ ਸੁਰੱਖਿਅਤ ਜ਼ਮੀਨ ਤੇ ਪਹੁੰਚ ਗਏ।

ਪੌਲੁਸ ਮਾਲਟਾ ਟਾਪੂ ਵਿੱਚ

28 ਜਦੋਂ ਅਸੀਂ ਧਰਤੀ ਤੇ ਬਚ ਨਿਕਲੇ ਤਾਂ ਸਾਨੂੰ ਮਾਲੂਮ ਹੋਇਆ ਕਿ ਇਸ ਟਾਪੂ ਦਾ ਨਾਂ ਮਾਲਟਾ ਹੈ। ਬਾਰਸ਼ ਹੋ ਰਹੀ ਸੀ ਅਤੇ ਬਹੁਤ ਠੰਡਾ ਮੌਸਮ ਸੀ। ਪਰ ਜਿਹੜੇ ਉੱਥੋਂ ਦੇ ਵਸਨੀਕ ਸਨ ਉਨ੍ਹਾਂ ਦਾ ਸਾਡੇ ਨਾਲ ਸਲੂਕ ਬੜਾ ਵੱਧੀਆ ਸੀ। ਉਨ੍ਹਾਂ ਸਾਡੇ ਲਈ ਅੱਗ ਬਾਲੀ ਅਤੇ ਸਾਡਾ ਸਾਰਿਆਂ ਦਾ ਸਵਾਗਤ ਕੀਤਾ। ਪੌਲੁਸ ਨੇ ਬਹੁਤ ਸਾਰੀਆਂ ਲਕੜੀਆਂ ਇਕੱਠੀਆਂ ਕਰਕੇ ਅੱਗ ਉੱਤੇ ਪਾਈਆਂ, ਤਾਂ ਅੱਗ ਦੇ ਸੇਕ ਕਾਰਣ ਉਨ੍ਹਾਂ ਲੱਕੜਾਂ ਵਿੱਚੋਂ ਇੱਕ ਜ਼ਹਰੀਲਾ ਸੱਪ ਨਿਕਿਲਆ ਅਤੇ ਉਸ ਨੇ ਪੌਲੁਸ ਦੇ ਹੱਥ ਤੇ ਵੱਢਿਆ ਅਤੇ ਉਸ ਦੇ ਹੱਥ ਨਾਲ ਚਿੰਬੜ ਗਿਆ। ਜਦੋਂ ਉੱਥੋਂ ਦੇ ਲੋਕਾਂ ਨੇ ਇਹ ਵੇਖਿਆ ਤਾਂ ਆਖਣ ਲੱਗੇ, “ਉਹ ਮਨੁੱਖ ਜ਼ਰੂਰ ਖੂਨੀ ਹੋਵੇਗਾ। ਉਹ ਸਮੁੰਦਰ ਵਿੱਚ ਨਹੀਂ ਮਰਿਆ, ਪਰ ਦੈਵੀ ਇਨਸਾਫ਼ ਨੇ ਇਸ ਨੂੰ ਜਿਉਂਦਾ ਨਹੀਂ ਛੱਡਿਆ।”

ਪਰ ਪੌਲੁਸ ਨੇ ਸੱਪ ਨੂੰ ਹੱਥ ਤੋਂ ਛਟਕ ਕੇ ਅੱਗ ਵਿੱਚ ਸੁੱਟ ਦਿੱਤਾ। ਉਸ ਨੂੰ ਕੋਈ ਵੀ ਸੱਟ ਨਹੀਂ ਲੱਗੀ। ਲੋਕਾਂ ਨੇ ਸੋਚਿਆ ਸ਼ਾਇਦ ਉਹ ਸੁੱਜ ਜਾਵੇਗਾ ਜਾਂ ਅਚਾਨਕ ਮਰ ਜਾਵੇਗਾ। ਉਹ ਬੜੀ ਦੇਰ ਤੱਕ ਪੌਲੁਸ ਨੂੰ ਵੇਖਦੇ ਰਹੇ, ਪਰ ਉਸ ਨਾਲ ਕੁਝ ਵੀ ਬੁਰਾ ਨਾ ਵਾਪਰਿਆ। ਤਾਂ ਉਨ੍ਹਾਂ ਨੇ ਉਸ ਬਾਰੇ ਆਪਣੀਆਂ ਸੋਚਾਂ ਬਦਲ ਲਈਆਂ ਅਤੇ ਆਖਿਆ, “ਇਹ ਇੱਕ ਦੇਵਤਾ ਹੈ।”

ਉਸ ਇਲਾਕੇ ਦੇ ਆਸ-ਪਾਸ ਛੋਟੇ-ਛੋਟੇ ਖੇਤ ਸਨ। ਉਹ ਜਾਇਦਾਦ ਪੁਬਲਿਯੁਸ ਨਾਮੀਂ ਟਾਪੂ ਦੇ ਸਰਦਾਰ ਦੀ ਸੀ। ਉਸ ਨੇ ਆਪਣੇ ਘਰ ਵਿੱਚ ਸਾਡਾ ਸਵਾਗਤ ਕੀਤਾ ਅਤੇ ਤਿੰਨਾਂ ਦਿਨਾਂ ਤੱਕ ਸਾਡੇ ਨਾਲ ਬਹੁਤ ਦਿਆਮਈ ਵਿਹਾਰ ਕੀਤਾ। ਪੁਬਲਿਯੁਸ ਦਾ ਪਿਉ ਬੁਖਾਰ ਤੋਂ ਅਤੇ ਮਰੋੜਾਂ ਤੋਂ ਬੜਾ ਪੀੜਤ ਸੀ ਤੇ ਮੰਜੇ ਤੇ ਪਿਆ ਸੀ। ਪਰ ਪੌਲੁਸ ਉਸ ਕੋਲ ਗਿਆ ਅਤੇ ਉਸ ਲਈ ਪ੍ਰਾਰਥਨਾ ਕੀਤੀ। ਪੌਲੁਸ ਨੇ ਆਪਣੇ ਹੱਥ ਉਸ ਉੱਪਰ ਰੱਖੇ ਤੇ ਉਸ ਨੂੰ ਚੰਗਾ ਕੀਤਾ। ਇਹ ਵਾਪਰਨ ਤੋਂ ਬਾਅਦ ਉਸ ਟਾਪੂ ਦੇ ਹੋਰ ਸਾਰੇ ਰੋਗੀ ਪੌਲੁਸ ਕੋਲ ਆਏ, ਪੌਲੁਸ ਨੇ ਉਨ੍ਹਾਂ ਨੂੰ ਵੀ ਠੀਕ ਕੀਤਾ।

10-11 ਉਸ ਟਾਪੂ ਦੇ ਲੋਕਾਂ ਨੇ, ਬਹੁਤ ਸਾਰੇ ਢੰਗਾਂ ਨਾਲ, ਆਪਣਾ ਸਤਿਕਾਰ ਸਾਨੂੰ ਵਿਖਾਇਆ। ਅਸੀਂ ਉੱਥੇ ਤਿੰਨ ਮਹੀਨੇ ਤੱਕ ਰਹੇ। ਜਦੋਂ ਅਸੀਂ ਉੱਥੋਂ ਜਾਣ ਦੀ ਤਿਆਰੀ ਕੀਤੀ ਤਾਂ ਉੱਥੋਂ ਦੇ ਲੋਕਾਂ ਨੇ ਸਾਡੀ ਜ਼ਰੂਰਤ ਦਾ ਬਹੁਤ ਸਾਰਾ ਸਮਾਨ ਸਾਨੂੰ ਦਿੱਤਾ।

ਪੌਲੁਸ ਰੋਮ ਨੂੰ ਗਿਆ

ਫ਼ਿਰ ਸਾਨੂੰ ਸਿਕੰਦਰਿਯਾ ਸ਼ਹਿਰ ਦਾ ਇੱਕ ਜਹਾਜ਼ ਮਿਲਿਆ। ਸਿਆਲਾਂ ਵਿੱਚ ਇਹ ਜਹਾਜ਼ ਮਾਲਟਾ ਟਾਪੂ ਤੇ ਰੁਕਿਆ। ਜਹਾਜ਼ ਦੇ ਅਗਲੇ ਹਿੱਸੇ ਵੱਲ ਦੋ ਜੋੜੇ ਦੇਵਾਂ ਦਾਂ ਪ੍ਰਤੀਕ ਸੀ। 12 ਅਸੀਂ ਸੈਰਾਕੁਸ ਸ਼ਹਿਰ ਵਿੱਚ ਰੁਕੇ। ਇੱਥੇ ਅਸੀਂ ਤਿੰਨਾਂ ਦਿਨਾਂ ਤੱਕ ਰੁਕੇ ਤੇ ਫ਼ਿਰ ਚੱਲ ਪਏ। 13 ਫ਼ਿਰ ਅਸੀਂ ਰੇਗਿਯੁਨ ਸ਼ਹਿਰ ਵਿੱਚ ਪਹੁੰਚੇ। ਇੱਕ ਦਿਨ ਬਾਅਦ, ਜਦੋਂ ਦੱਖਣੀ ਹਵਾ ਵਗੀ, ਅਸੀਂ ਤੁਰ ਪਏ। ਅਗਲੇ ਦਿਨ ਅਸੀਂ ਪਤਿਯੁਲੇ ਪਹੁੰਚੇ। 14 ਉੱਥੇ ਅਸੀਂ ਕੁਝ ਭਰਾਵਾਂ ਨੂੰ ਮਿਲੇ। ਉਨ੍ਹਾਂ ਸਾਨੂੰ ਇੱਕ ਹਫ਼ਤਾ ਉੱਥੇ ਰਹਿਣ ਦੀ ਮਿੰਨਤ ਕੀਤੀ। ਅਖੀਰ ਅਸੀਂ ਰੋਮ ਪਹੁੰਚੇ। 15 ਜਦੋਂ ਉੱਥੇ ਨਿਹਚਾਵਾਨਾਂ ਨੇ ਸੁਣਿਆ ਕਿ ਅਸੀਂ ਉੱਥੇ ਪਹੁੰਚੇ ਹਾਂ, ਉਹ ਸਾਨੂੰ ਅਪੀਫ਼ੋਰੁਸ ਦੇ ਬਜ਼ਾਰ ਵਿੱਚ ਅਤੇ ਤਿੰਨ ਸਰਾਵਾਂ ਵਿੱਚ ਮਿਲਣ ਲਈ ਆਏ। ਜਦੋਂ ਪੌਲੁਸ ਨੇ ਇਨ੍ਹਾਂ ਨਿਹਚਾਵਾਨਾਂ ਨੂੰ ਵੇਖਿਆ ਤਾਂ ਉਸ ਨੂੰ ਹੌਂਸਲਾ ਹੋਇਆ ਅਤੇ ਉਸ ਨੇ ਪਰਮੇਸ਼ੁਰ ਦਾ ਧੰਨਵਾਦ ਕੀਤਾ।

ਪੌਲੁਸ ਰੋਮ ਵਿੱਚ

16 ਫ਼ਿਰ ਅਸੀਂ ਰੋਮ ਵਿੱਚ ਚੱਲੇ ਗਏ। ਪੌਲੁਸ ਨੂੰ ਰੋਮ ਵਿੱਚ ਇੱਕਲੇ ਰਹਿਣ ਦੀ ਆਗਿਆ ਸੀ। ਪਰ ਇੱਕ ਸਿਪਾਹੀ ਉਸਦੀ ਨਿਗਰਾਨੀ ਲਈ ਉਸ ਦੇ ਨਾਲ ਸੀ।

Punjabi Bible: Easy-to-Read Version (ERV-PA)

2010 by World Bible Translation Center