Print Page Options
Previous Prev Day Next DayNext

Bible in 90 Days

An intensive Bible reading plan that walks through the entire Bible in 90 days.
Duration: 88 days
Punjabi Bible: Easy-to-Read Version (ERV-PA)
Version
ਗਲਾਤੀਆਂ ਨੂੰ 3:26 - ਕੁਲੁੱਸੀਆਂ ਨੂੰ 4:18

26 ਤੁਸੀਂ ਸਾਰੇ ਮਸੀਹ ਯਿਸੂ ਵਿੱਚ ਇਸ ਨਿਹਚਾ ਦੁਆਰਾ ਪਰਮੇਸ਼ੁਰ ਦੇ ਬੱਚੇ ਹੋ। 27 ਕਿਉਂ ਕਿ ਤੁਹਾਨੂੰ ਸਾਰਿਆਂ ਨੂੰ ਮਸੀਹ ਅੰਦਰ ਬਪਤਿਸਮਾ ਦਿੱਤਾ ਗਿਆ ਹੈ ਅਤੇ ਤੁਸੀਂ ਆਪਣੇ ਆਪ ਨੂੰ ਮਸੀਹ ਨਾਲ ਢੱਕ ਲਿਆ ਹੈ। 28 ਹੁਣ, ਮਸੀਹ ਯਿਸੂ ਵਿੱਚ, ਯਹੂਦੀਆਂ ਅਤੇ ਯੂਨਾਨੀਆਂ ਵਿੱਚਕਾਰ ਵੀ ਕੋਈ ਫ਼ਰਕ ਨਹੀਂ। ਇੱਥੇ ਗੁਲਾਮਾਂ ਅਤੇ ਆਜ਼ਾਦਾਂ ਵਿੱਚਕਾਰ ਵੀ ਕੋਈ ਫ਼ਰਕ ਨਹੀਂ। ਨਰ ਅਤੇ ਮਾਦਾ ਵਿੱਚ ਕੋਈ ਫ਼ਰਕ ਨਹੀਂ ਹੈ। ਕਿਉਂ ਕਿ ਤੁਸੀਂ ਸਾਰੇ ਮਸੀਹ ਯਿਸੂ ਵਿੱਚ ਇੱਕ ਹੋ। 29 ਤੁਸੀਂ ਮਸੀਹ ਦੇ ਹੋ ਇਸ ਲਈ ਤੁਸੀਂ ਅਬਰਾਹਾਮ ਦੀ ਔਲਾਦ ਹੋ। ਤੁਸੀਂ ਸਾਰੇ ਪਰਮੇਸ਼ੁਰ ਦੇ ਅਬਰਾਹਾਮ ਨੂੰ ਵਾਇਦੇ ਕਾਰਣ ਪਰਮੇਸ਼ੁਰ ਦੀਆਂ ਅਸੀਸਾਂ ਪ੍ਰਾਪਤ ਕਰਦੇ ਹੋ।

ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ, “ਜਦੋਂ ਤੱਕ ਇੱਕ ਵਾਰਸ ਨਾਬਾਲਗ ਹੁੰਦਾ ਹੈ ਉਹ ਗੁਲਾਮ ਨਾਲੋਂ ਬਹੁਤਾ ਵੱਖਰਾ ਨਹੀਂ ਹੁੰਦਾ। ਜੇਕਰ ਵਾਰਸ ਹਰ ਚੀਜ਼ ਦਾ ਮਾਲਕ ਬਣ ਜਾਂਦਾ ਹੈ ਤਾਂ ਵੀ ਇਸ ਵਿੱਚ ਕੋਈ ਫ਼ਰਕ ਨਹੀਂ ਪੈਂਦਾ। ਕਿਉਂ? ਕਿਉਂ ਕਿ ਉਸ ਦੇ ਬਚਪਨੇ ਵੇਲੇ, ਉਸ ਨੂੰ ਆਪਣੀ ਦੇਖ ਭਾਲ ਕਰਨ ਵਾਲਿਆਂ ਦੇ ਆਦੇਸ਼ ਨੂੰ ਮੰਨਣਾ ਪੈਂਦਾ ਹੈ। ਪਰ ਜਦੋਂ ਉਹ ਆਪਣੇ ਪਿਤਾ ਦੁਆਰਾ ਨਿਰਧਾਰਿਤ ਉਮਰ ਵਿੱਚ ਪਹੁੰਚਦਾ ਹੈ, ਉਹ ਆਜ਼ਾਦ ਹੋ ਜਾਂਦਾ ਹੈ। ਸਾਡੇ ਨਾਲ ਵੀ ਇਵੇਂ ਹੀ ਹੈ। ਅਸੀਂ ਵੀ ਕਦੇ ਬੱਚਿਆਂ ਵਰਗੇ ਸਾਂ। ਅਸੀਂ ਇਸ ਦੁਨੀਆਂ ਦੇ ਵਿਅਰਥ ਰਿਵਾਜ਼ਾਂ ਦੇ ਗੁਲਾਮ ਸਾਂ। ਪਰ ਜਦੋਂ ਠੀਕ ਸਮਾਂ ਆਇਆ ਤਾਂ ਪਰਮੇਸ਼ੁਰ ਨੇ ਆਪਣਾ ਪੁੱਤਰ ਘੱਲ ਦਿੱਤਾ। ਪਰਮੇਸ਼ੁਰ ਦਾ ਪੁੱਤਰ ਇੱਕ ਔਰਤ ਤੋਂ ਜੰਮਿਆ ਸੀ। ਪਰਮੇਸ਼ੁਰ ਦਾ ਪੁੱਤਰ ਨੇਮ ਦੇ ਨਿਯੰਤ੍ਰਣ ਹੇਠ ਜੰਮਿਆਂ। ਪਰਮੇਸ਼ੁਰ ਨੇ ਅਜਿਹਾ ਇਸ ਲਈ ਕੀਤਾ ਤਾਂ ਜੋ ਉਹ ਨੇਮ ਦੇ ਅਧੀਨ ਰਹਿ ਰਹੇ ਲੋਕਾਂ ਲਈ ਆਜ਼ਾਦੀ ਲਿਆ ਸੱਕੇ ਪਰਮੇਸ਼ੁਰ ਦਾ ਮੰਤਵ ਸਾਨੂੰ ਆਪਣੇ ਬੱਚੇ ਬਨਾਉਣਾ ਸੀ।

ਤੁਸੀਂ ਪਰਮੇਸ਼ੁਰ ਦੇ ਬੱਚੇ ਹੋ ਉਸੇ ਲਈ ਪਰਮੇਸ਼ੁਰ ਨੇ ਸਾਡੇ ਹਿਰਦਿਆਂ ਵਿੱਚ ਆਪਣੇ ਪੁੱਤਰ ਦੇ ਆਤਮਾ ਨੂੰ ਘੱਲਿਆ। ਆਤਮਾ ਕੁਰਲਾਉਂਦਾ ਹੈ, “ਅੱਬਾ, ਪਿਆਰੇ ਪਿਤਾ।” ਇਸ ਲਈ ਤੁਸੀਂ ਹੁਣ ਅਤੀਤ ਦੀ ਤਰ੍ਹਾਂ ਗੁਲਾਮ ਨਹੀਂ ਹੋ। ਤੁਸੀਂ ਪਰਮੇਸ਼ੁਰ ਦੇ ਬੱਚੇ ਹੋ। ਪਰਮੇਸ਼ੁਰ ਤੁਹਾਨੂੰ ਉਹ ਚੀਜ਼ਾਂ ਦੇਵੇਗਾ ਜਿਸਦਾ ਉਸ ਨੇ ਵਾਇਦਾ ਕੀਤਾ ਸੀ। ਕਿਉਂ ਕਿ ਤੁਸੀਂ ਉਸ ਦੇ ਬੱਚੇ ਹੋ।

ਗਲਾਤੀ ਮਸੀਹੀਆਂ ਲਈ ਪੌਲੁਸ ਦਾ ਪ੍ਰੇਮ

ਅਤੀਤ ਵਿੱਚ ਤੁਸੀਂ ਪਰਮੇਸ਼ੁਰ ਨੂੰ ਨਹੀਂ ਸੀ ਜਾਣਦੇ। ਤੁਸੀਂ ਉਨ੍ਹਾਂ ਦੇਵਤਿਆਂ ਦੇ ਗੁਲਾਮ ਸੀ ਜਿਹੜੇ ਵਾਸਤਵਿਕ ਨਹੀਂ ਸਨ। ਪਰ ਹੁਣ ਤੁਸੀਂ ਅਸਲੀ ਪਰਮੇਸ਼ੁਰ ਨੂੰ ਜਾਣਦੇ ਹੋ। ਇਹ ਸੱਚਮੁੱਚ ਪਰਮੇਸ਼ੁਰ ਹੀ ਹੈ ਜਿਹੜਾ ਤੁਹਾਨੂੰ ਜਾਣਦਾ ਹੈ। ਇਸ ਲਈ ਅਜਿਹਾ ਕਿਉਂ ਹੈ ਕਿ ਤੁਸੀਂ ਉਨ੍ਹਾਂ ਨਿਤਾਣੇ ਅਤੇ ਫ਼ਜ਼ੂਲ ਨੇਮਾਂ ਵੱਲ ਵਾਪਸ ਜਾਂਦੇ ਹੋ ਜਿਨ੍ਹਾਂ ਦਾ ਅਨੁਸਰਣ ਤੁਸੀਂ ਮੁੱਢ ਵਿੱਚ ਕੀਤਾ ਸੀ? ਕੀ ਤੁਸੀਂ ਹੁਣ ਫ਼ੇਰ ਉਨ੍ਹਾਂ ਚੀਜ਼ਾਂ ਦੇ ਗੁਲਾਮ ਬਣਨਾ ਚਾਹੁੰਦੇ ਹੋ? 10 ਤੁਸੀਂ ਹਾਲੇ ਵੀ ਖਾਸ ਦਿਨਾਂ, ਮਹੀਨਿਆਂ, ਰੁੱਤਾਂ ਅਤੇ ਸਾਲਾਂ ਨੂੰ ਮਹੱਤਤਾ ਦਿੰਦੇ ਹੋ। 11 ਮੈਂ ਤੁਹਾਥੋਂ ਇਸ ਲਈ ਡਰਦਾ ਹਾਂ। ਮੈਨੂੰ ਡਰ ਹੈ ਤੁਹਾਡੇ ਲਈ ਮੇਰਾ ਕਾਰਜ ਜ਼ਾਇਆ ਹੋ ਗਿਆ ਹੈ।

12 ਭਰਾਵੋ ਅਤੇ ਭੈਣੋ ਮੈਂ ਵੀ ਤੁਹਾਡੇ ਵਰਗਾ ਹੀ ਸਾਂ; ਇਸ ਲਈ ਕਿਰਪਾ ਕਰਕੇ ਮੇਰੇ ਵਰਗੇ ਬਣ ਜਾਵੋ। ਤੁਸੀਂ ਪਹਿਲਾਂ ਮੇਰੇ ਉੱਪਰ ਬਹੁਤ ਮਿਹਰਬਾਨ ਸੀ। 13 ਤੁਸੀਂ ਜਾਣਦੇ ਹੋ ਮੈਂ ਪਹਿਲੀ ਬਾਰ ਤੁਹਾਡੇ ਕੋਲ ਕਿਉਂ ਆਇਆ ਸਾਂ। ਇਹ ਇਸ ਲਈ ਸੀ ਕਿ ਮੈਂ ਬਿਮਾਰ ਸਾਂ। ਇਹ ਉਦੋਂ ਸੀ ਜਦੋਂ, ਤੁਹਾਨੂੰ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਸੀ। 14 ਮੇਰੀ ਬਿਮਾਰੀ ਤੁਹਾਡੇ ਉੱਪਰ ਬੋਝ ਸੀ। ਪਰ ਤੁਸੀਂ ਮੇਰੇ ਬਾਰੇ ਕੋਈ ਨਫ਼ਰਤ ਨਹੀਂ ਦਿਖਾਈ। ਤੁਸੀਂ ਮੈਨੂੰ ਵਾਪਸ ਚੱਲੇ ਜਾਣ ਲਈ ਮਜਬੂਰ ਨਹੀਂ ਕੀਤਾ ਤੁਸੀਂ ਮੇਰੀ ਇਸ ਤਰ੍ਹਾਂ ਆਉ-ਭਗਤ ਕੀਤੀ ਸੀ ਜਿਵੇਂ ਮੈਂ ਪਰਮੇਸ਼ੁਰ ਵੱਲੋਂ ਆਇਆ ਕੋਈ ਦੂਤ ਹੋਵਾਂ। ਤੁਸੀਂ ਮੈਂਨੂੰ ਇਉਂ ਪ੍ਰਵਾਨ ਕੀਤਾ ਜਿਵੇਂ ਮੈਂ ਖੁਦ ਮਸੀਹ ਹੋਵਾਂ। 15 ਉਦੋਂ ਤੁਸੀਂ ਬਹੁਤ ਖੁਸ਼ ਸੀ ਉਹ ਖੁਸ਼ੀ ਹੁਣ ਕਿੱਥੇ ਹੈ? ਮੈਨੂੰ ਯਾਦ ਹੈ ਕਿ ਤੁਸੀਂ ਮੇਰੀ ਸਹਾਇਤਾ ਲਈ ਹਰ ਸੰਭਵ ਜਤਨ ਕਰਨਾ ਚਾਹੁੰਦੇ ਸੀ। ਜੇਕਰ ਸੰਭਵ ਹੁੰਦਾ ਤਾਂ ਤੁਸੀਂ ਆਪਣੀਆਂ ਅੱਖਾਂ ਬਾਹਰ ਖਿੰਚ ਲੈਂਦੇ ਅਤੇ ਉਨ੍ਹਾਂ ਨੂੰ ਮੈਨੂੰ ਦੇ ਦਿੰਦੇ। 16 ਕੀ ਹੁਣ ਮੈਂ ਤੁਹਾਡਾ ਦੁਸ਼ਮਣ ਹਾਂ ਕਿਉਂ ਕਿ ਮੈਂ ਤੁਹਾਨੂੰ ਸੱਚ ਆਖਦਾ ਰਿਹਾਂ।

17 ਉਹੀ ਲੋਕੀਂ ਤੁਹਾਨੂੰ ਉਤੇਜਿਤ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਪਰ ਉਨ੍ਹਾਂ ਦਾ ਮੰਤਵ ਠੀਕ ਨਹੀਂ ਹੈ। ਉਹ ਲੋਕੀ ਤੁਹਾਨੂੰ ਸਾਡੇ ਵਿਰੁੱਧ ਜਾਣ ਲਈ ਪ੍ਰੇਰਿਤ ਕਰ ਰਹੇ ਹਨ। ਉਹ ਚਾਹੁੰਦੇ ਹਨ ਕਿ ਤੁਸੀਂ ਕੇਵਲ ਉਨ੍ਹਾਂ ਦਾ ਹੀ ਅਨੁਸਰਣ ਕਰੋ ਨਾ ਕਿ ਹੋਰਾਂ ਦਾ। 18 ਲੋਕਾਂ ਲਈ ਤੁਹਾਡੇ ਅੰਦਰ ਦਿਲਚਸਪੀ ਦਰਸ਼ਾਉਣਾ ਚੰਗੀ ਗੱਲ ਹੈ। ਪਰ ਉਦੋਂ ਹੀ ਜਦੋਂ ਉਨ੍ਹਾਂ ਦਾ ਮੰਤਵ ਚੰਗਾ ਹੋਵੇ। ਇਹ ਗੱਲ ਹਮੇਸ਼ਾ ਸੱਚੀ ਹੈ। ਇਹ ਉਦੋਂ ਵੀ ਸੱਚੀ ਹੈ ਜਦੋਂ ਕਿ ਮੈਂ ਤੁਹਾਡੇ ਨਾਲ ਹਾਂ ਅਤੇ ਉਦੋਂ ਵੀ ਜਦੋਂ ਮੈਂ ਤੁਹਾਡੇ ਕੋਲੋਂ ਦੂਰ ਹੁੰਦਾ ਹਾਂ। 19 ਮੇਰੇ ਬੱਚਿਓ, ਇੱਕ ਵਾਰੀ ਫ਼ੇਰ ਮੈਂ ਤੁਹਾਡੇ ਲਈ ਉਸੇ ਤਰ੍ਹਾਂ ਦਾ ਦੁੱਖ ਮਹਿਸੂਸ ਕਰ ਰਿਹਾ ਹਾਂ ਜਿਸ ਤਰ੍ਹਾਂ ਦਾ ਕੋਈ ਜਨਣੀ ਬੱਚੇ ਦੇ ਜਨਮ ਸਮੇਂ ਅਨੁਭਵ ਕਰਦੀ ਹੈ। ਅਜਿਹਾ ਮੈਂ ਉਦੋਂ ਤੱਕ ਮਹਿਸੂਸ ਕਰਦਾ ਰਹਾਂਗਾ ਜਦੋਂ ਤੱਕ ਕਿ ਤੁਸੀਂ ਸੱਚਮੁੱਚ ਮਸੀਹ ਵਾਂਗ ਨਹੀਂ ਬਣ ਜਾਂਦੇ। 20 ਮੈਂ ਕਾਮਨਾ ਕਰਦਾ ਹਾਂ ਕਿ ਹੁਣ ਤੁਹਾਡੇ ਨਾਲ ਹੋ ਸੱਕਾਂ। ਜੇਕਰ ਮੈਂ ਤੁਹਾਡੇ ਨਜ਼ਦੀਕ ਹੁੰਦਾ ਉਦੋਂ ਸ਼ਾਇਦ ਮੈਂ ਤੁਹਾਡੇ ਨਾਲ ਗੱਲ ਬਾਤ ਕਰਨ ਦਾ ਆਪਣਾ ਢੰਗ ਤਬਦੀਲ ਕਰ ਲੈਂਦਾ। ਹੁਣ ਮੈਨੂੰ ਪਤਾ ਨਹੀਂ ਕਿ ਮੈਂ ਤੁਹਾਡੇ ਨਾਲ ਕੀ ਕਰਾਂ।

ਹਾਜਰਾ ਅਤੇ ਸਾਰਾਹ ਦੀ ਮਿਸਾਲ

21 ਤੁਹਾਡੇ ਵਿੱਚੋਂ ਕੁਝ ਲੋਕ ਹਾਲੇ ਵੀ ਮੂਸਾ ਦੇ ਨੇਮ ਦੇ ਅਧੀਨ ਹੋਣਾ ਲੋਚਦੇ ਹਨ। ਮੈਨੂੰ ਦੱਸੋ ਕਿ ਨੇਮ ਕੀ ਆਖ਼ਦਾ ਹੈ? 22 ਪੋਥੀਆਂ ਦੱਸਦੀਆਂ ਹਨ ਕਿ ਅਬਰਾਹਾਮ ਦੇ ਦੋ ਪੁੱਤਰ ਸਨ। ਇੱਕ ਪੁੱਤਰ ਦੀ ਮਾਂ ਗੁਲਾਮ ਔਰਤ ਸੀ। ਦੂਸਰੇ ਪੁੱਤਰ ਦੀ ਮਾਂ ਆਜ਼ਾਦ ਔਰਤ ਸੀ। 23 ਅਬਰਾਹਾਮ ਦਾ ਗੁਲਾਮ ਔਰਤ ਤੋਂ ਜਨਮਿਆਂ ਪੁੱਤਰ, ਆਮ ਇਨਸਾਨੀ ਢੰਗ ਵਿੱਚ ਜਨਮਿਆਂ ਸੀ। ਪਰ ਆਜ਼ਾਦ ਔਰਤ ਤੋਂ ਜਨਮਿਆ ਪੁੱਤਰ ਉਸ ਵਾਇਦੇ ਕਾਰਣ ਜਨਮਿਆ ਸੀ ਜਿਹੜਾ ਪਰਮੇਸ਼ੁਰ ਨੇ ਅਬਰਾਹਾਮ ਨਾਲ ਕੀਤਾ ਸੀ।

24 ਇਹ ਸੱਚੀ ਕਹਾਣੀ ਸਾਡੇ ਲਈ ਇੱਕ ਤਸਵੀਰ ਬਣਾਉਂਦੀ ਹੈ। ਦੋਵੇਂ ਔਰਤਾਂ ਪਰਮੇਸ਼ੁਰ ਅਤੇ ਮਨੁੱਖਾਂ ਵਿੱਚਕਾਰ ਕੀਤੇ ਗਏ ਦੋ ਕਰਾਰ ਵਾਂਗ ਹਨ। ਇੱਕ ਕਰਾਰ ਸੀਨਾਈ ਪਰਬਤ ਉੱਤੇ ਕੀਤਾ ਗਿਆ ਹੈ। ਜਿਹੜੇ ਲੋਕ ਇਸ ਕਰਾਰ ਦੇ ਅਧੀਨ ਹਨ ਉਹ ਗੁਲਾਮਾਂ ਵਰਗੇ ਹਨ। ਹਾਜਰਾ ਨਾਮੇ ਮਾਂ ਉਸ ਕਰਾਰ ਵਰਗੀ ਹੈ। 25 ਇਸੇ ਲਈ ਹਾਜਰਾ ਅਰਬ ਵਿੱਚ ਸੀਨਾਈ ਪਰਬਤ ਵਰਗੀ ਹੈ। ਹਾਜਰਾ ਮੌਜੂਦ ਯਰੂਸ਼ਲਮ ਸ਼ਹਿਰ ਦੀ ਤਸਵੀਰ ਹੈ। ਇਹ ਸ਼ਹਿਰ ਇੱਕ ਗੁਲਾਮ ਹੈ, ਅਤੇ ਇਸ ਵਿੱਚਲੇ ਸਾਰੇ ਵਸਨੀਕ ਨੇਮ ਦੇ ਗੁਲਾਮ ਹਨ। 26 ਪਰ ਸੁਰਗੀ ਯਰੂਸ਼ਲਮ ਉਸ ਆਜ਼ਾਦ ਔਰਤ ਵਰਗਾ ਹੈ। ਇਹ ਸਾਡੀ ਮਾਂ ਹੈ। 27 ਪੋਥੀਆਂ ਵਿੱਚ ਇਉਂ ਲਿਖਿਆ ਹੈ;

“ਖੁਸ਼ ਹੋ, ਬਾਂਝ ਔਰਤ।
    ਤੂੰ ਕਿਸੇ ਬੱਚੇ ਨੂੰ ਨਹੀਂ ਜਨਮਿਆ।
ਤੂੰ ਜਿਸਨੇ ਕਦੇ ਵੀ ਸੂਤਕੀ ਪੀੜਾ ਅਨੁਭਵ ਨਹੀਂ ਕੀਤੀ,
    ਅਨੰਦ ਨਾਲ ਚੀਕ ਅਤੇ ਰੌਲਾ ਪਾ!
ਜਿਹੜੀ ਔਰਤ ਤਿਆਗੀ ਹੋਈ ਹੈ ਉਸ ਨੂੰ ਉਸ
    ਔਰਤ ਨਾਲੋਂ ਵੱਧ ਬੱਚੇ ਹੋਣਗੇ ਜਿਸ ਕੋਲ ਉਸਦਾ ਪਤੀ ਹੈ।” (A)

28-29 ਅਬਰਾਹਾਮ ਦਾ ਇੱਕ ਪੁੱਤਰ ਆਮ ਇਨਸਾਨੀ ਢੰਗ ਵਿੱਚ ਜਨਮਿਆ ਸੀ। ਅਬਰਾਹਾਮ ਦਾ ਦੂਸਰਾ ਪੁੱਤਰ, ਇਸਹਾਕ, ਪਰਮੇਸ਼ੁਰ ਦੇ ਵਾਇਦੇ ਕਾਰਣ ਆਤਮਾ ਦੀ ਸ਼ਕਤੀ ਨਾਲ ਜਨਮਿਆ ਸੀ। ਮੇਰੇ ਭਰਾਵੋ ਅਤੇ ਭੈਣੋ, ਤੁਸੀਂ ਵੀ ਇਸਹਾਕ ਦੀ ਤਰ੍ਹਾਂ ਵਾਇਦੇ ਤੋਂ ਜਨਮੇ ਬੱਚੇ ਹੋ। ਆਮ ਇਨਸਾਨੀ ਢੰਗ ਵਿੱਚ ਜਨਮੇ ਪੁੱਤਰ ਨੇ ਦੂਸਰੇ ਪੁੱਤਰ ਨਾਲ ਬੁਰਾ ਵਿਵਹਾਰ ਕੀਤਾ। ਅੱਜ ਵੀ ਇਵੇਂ ਹੀ ਹੈ। 30 ਪਰ ਪੋਥੀ ਕੀ ਆਖਦੀ ਹੈ? “ਗੁਲਾਮ ਔਰਤ ਨੂੰ ਅਤੇ ਉਸ ਦੇ ਪੁੱਤਰ ਨੂੰ ਬਾਹਰ ਕੱਢ ਦੇਹ। ਆਜ਼ਾਦ ਔਰਤ ਦਾ ਪੁੱਤਰ ਉਸ ਹਰ ਚੀਜ਼ ਨੂੰ ਪ੍ਰਾਪਤ ਕਰੇਗਾ ਜਿਹੜੀ ਉਸ ਦੇ ਪਿਤਾ ਦੀ ਹੈ।” [a] 31 ਪਰ ਗੁਲਾਮ ਔਰਤ ਦਾ ਪੁੱਤਰ ਕੁਝ ਵੀ ਹਾਸਿਲ ਨਹੀਂ ਕਰੇਗਾ। ਇਸ ਲਈ ਮੇਰੇ ਭਰਾਵੋ ਅਤੇ ਭੈਣੋ ਅਸੀਂ ਗੁਲਾਮ ਔਰਤ ਦੇ ਬੱਚੇ ਨਹੀਂ ਹਾਂ। ਅਸੀਂ ਆਜ਼ਾਦ ਔਰਤ ਦੇ ਬੱਚੇ ਹਾਂ।

ਆਪਣੀ ਆਜ਼ਾਦੀ ਆਪਣੇ ਕੋਲ ਰੱਖੋ

ਹੁਣ ਤੁਸੀਂ ਆਜ਼ਾਦ ਹੋ। ਮਸੀਹ ਨੇ ਸਾਨੂੰ ਆਜ਼ਾਦ ਕੀਤਾ ਹੈ। ਇਸ ਲਈ ਮਜਬੂਤੀ ਨਾਲ ਖਲੋਵੋ। ਬਦਲੋ ਨਾ ਅਤੇ ਮੁੜ ਕੇ ਨੇਮ ਦੀ ਗੁਲਾਮੀ ਵੱਲ ਨਾ ਪਰਤੋ। ਸੁਣੋ ਮੈਂ ਪੌਲੁਸ ਹਾਂ। ਮੈਂ ਤੁਹਾਨੂੰ ਦੱਸਦਾ ਹਾਂ ਜੇਕਰ ਤੁਸੀਂ ਨੇਮ ਵੱਲ ਵਾਪਸ ਜਾਵੋ ਅਤੇ ਸੁੰਨਤੀਏ ਹੋ ਜਾਵੋ ਤਾਂ ਮਸੀਹ ਦਾ ਤੁਹਾਡੇ ਲਈ ਹੋਰ ਵੱਧੇਰੇ ਕੋਈ ਨਫ਼ਾ ਨਹੀਂ। ਇੱਕ ਵਾਰੀ ਫ਼ੇਰ, ਮੈਂ ਹਰ ਮਨੁੱਖ ਨੂੰ ਚਿਤਾਵਨੀ ਦਿੰਦਾ ਹਾਂ; ਜੇ ਤੁਸੀਂ ਆਪਣੀ ਸੁੰਨਤ ਕਰਨ ਦਿਉਂਗੇ ਤਾਂ ਤੁਹਾਨੂੰ ਮੂਸਾ ਦੇ ਸਾਰੇ ਨੇਮਾਂ ਦਾ ਪਾਲਣ ਕਰਨਾ ਪਵੇਗਾ। ਜੇ ਤੁਸੀਂ ਸ਼ਰ੍ਹਾ ਰਾਹੀਂ ਧਰਮੀ ਹੋਣ ਦੀ ਕੋਸ਼ਿਸ਼ ਕਰੋ, ਤਾਂ ਤੁਹਾਡਾ ਮਸੀਹ ਨਾਲ ਜੀਵਨ ਅੰਤ ਤੇ ਆ ਪੁਜਿਆ ਹੈ। ਤੁਸੀਂ ਪਰਮੇਸ਼ੁਰ ਦੀ ਕਿਰਪਾ ਤੋਂ ਡਿੱਗ ਚੁੱਕੇ ਹੋ। ਅਸੀਂ ਨਿਹਚਾ ਰਾਹੀਂ ਪਰਮੇਸ਼ੁਰ ਨਾਲ ਧਰਮੀ ਹੋਣਾ ਚਾਹੁੰਦੇ ਹਾਂ। ਅਤੇ ਅਸੀਂ ਆਤਮਾ ਰਾਹੀਂ ਸਾਨੂੰ ਦਿੱਤੀ ਜਾਣ ਵਾਲੀ ਉਸ ਉਮੀਦ ਦਾ ਇੰਤਜ਼ਾਰ ਕਰ ਰਹੇ ਹਾਂ। ਜਦੋਂ ਕੋਈ ਵਿਅਕਤੀ ਮਸੀਹ ਯਿਸੂ ਵਿੱਚ ਹੈ, ਤਾਂ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਭਾਵੇਂ ਉਸਦੀ ਸੁੰਨਤ ਹੋਈ ਹੋਵੇ ਜਾਂ ਨਾ। ਅੱਤ ਮਹੱਤਵਪੂਰਣ ਗੱਲ ਤਾਂ ਵਿਸ਼ਵਾਸ ਦੀ ਹੈ ਜਿਹੜੀ ਪ੍ਰੇਮ ਰਾਹੀਂ ਕਾਰਜ ਕਰਦੀ ਹੈ।

ਤੁਸੀਂ ਬੜੀ ਚੰਗੀ ਦੌੜ, ਦੌੜ ਰਹੇ ਸੀ। ਤੁਸੀਂ ਸੱਚ ਦੀ ਪਾਲਣਾ ਕਰ ਰਹੇ ਸੀ। ਕਿਸਨੇ ਤੁਹਾਨੂੰ ਸੱਚ ਦੇ ਮਾਰਗ ਦਾ ਅਨੁਸਰਣ ਕਰਨ ਤੋਂ ਰੋਕਿਆ? ਇਸ ਤਰ੍ਹਾਂ ਦੀ ਪ੍ਰੇਰਣਾ ਉਸ ਇੱਕ ਵੱਲੋਂ ਨਹੀਂ ਆਉਂਦੀ ਜਿਸਨੇ ਤੁਹਾਨੂੰ ਚੁਣਿਆ ਹੈ। ਹੁਸ਼ਿਆਰ ਰਹੋ। “ਬੱਸ ਥੋੜਾ ਜਿਹਾ ਖਮੀਰ ਆਟੇ ਦੀ ਪੂਰੀ ਤੌਣ ਨੂੰ ਉਭਾਰ ਦਿੰਦਾ ਹੈ।” 10 ਮੈਨੂੰ ਪ੍ਰਭੂ ਉੱਤੇ ਵਿਸ਼ਵਾਸ ਹੈ ਕਿ ਤੁਸੀਂ ਉਨ੍ਹਾਂ ਵੱਖਰੇ ਵਿੱਚਾਰਾਂ ਉੱਤੇ ਵਿਸ਼ਵਾਸ ਨਹੀਂ ਕਰੋਂਗੇ। ਕੋਈ ਤੁਹਾਨੂੰ ਉਲਝਾ ਰਿਹਾ ਹੈ। ਉਹ ਵਿਅਕਤੀ ਭਾਵੇਂ ਕੋਈ ਵੀ ਹੋਵੇ ਸਜ਼ਾ ਪਾਵੇਗਾ।

11 ਮੇਰੇ ਭਰਾਵੋ ਅਤੇ ਭੈਣੋ ਮੈਂ ਇਹ ਸਿੱਖਿਆ ਨਹੀਂ ਦਿੰਦਾ ਕਿ ਲੋਕਾਂ ਦੀ ਸੁੰਨਤ ਜਰੂਰ ਹੋਣੀ ਚਾਹੀਦੀ ਹੈ। ਜੇ ਮੈਂ ਹਾਲੇ ਵੀ ਸੁੰਨਤ ਬਾਰੇ ਪ੍ਰਚਾਰ ਕਰਾਂ ਤਾਂ ਮੈਨੂੰ ਹਾਲੇ ਵੀ ਦੰਡ ਕਿਉਂ ਦਿੱਤੇ ਜਾ ਰਹੇ ਹਨ? ਜੇਕਰ ਇਹ ਸੱਚ ਹੁੰਦਾ, ਫ਼ੇਰ ਸਲੀਬ ਬਾਰੇ ਮੇਰੇ ਪ੍ਰਚਾਰ ਤੋਂ ਕੋਈ ਵੀ ਸਮੱਸਿਆ ਪੈਦਾ ਨਾ ਹੋਈ ਹੁੰਦੀ। 12 ਮੇਰੀ ਖਾਹਿਸ਼ ਹੈ ਜਿਹੜੇ ਲੋਕ ਤੁਹਾਨੂੰ ਪਰੇਸ਼ਾਨ ਕਰਦੇ ਹਨ ਆਪਣੀ ਸੁੰਨਤ ਦੇ ਨਾਲ ਖੱਸੀ ਹੋਣ ਨੂੰ ਵੀ ਸ਼ਾਮਿਲ ਕਰ ਲੈਣ।

13 ਮੇਰੇ ਭਰਾਵੋ ਅਤੇ ਭੈਣੋ, ਪਰਮੇਸ਼ੁਰ ਨੇ ਤੁਹਾਨੂੰ ਆਜ਼ਾਦ ਹੋਣ ਦਾ ਸੱਦਾ ਦਿੱਤਾ ਸੀ। ਪਰ ਇਸ ਆਜ਼ਾਦੀ ਨੂੰ ਆਪਣੇ ਪਾਪੀ ਆਪਿਆਂ ਨੂੰ ਪ੍ਰਸੰਨ ਕਰਨ ਦੇ ਅਰੱਥਾਂ ਵਾਂਗ ਇਸਤੇਮਾਲ ਨਾ ਕਰੋ। ਪਰ ਇੱਕ ਦੂਸਰੇ ਦੀ ਪਿਆਰ ਨਾਲ ਸੰਪੂਰਣ ਸੇਵਾ ਕਰੋ। 14 ਸਮੁੱਚਾ ਨੇਮ ਦਾ ਸਾਰਾਂਸ਼ ਇਸ ਇੱਕ ਹੁਕਮ ਵਿੱਚ ਹੈ; “ਹੋਰਾਂ ਨੂੰ ਵੀ ਉਵੇਂ ਪਿਆਰ ਕਰੋ ਜਿਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਪਿਆਰ ਕਰਦੇ ਹੋ।” [b] 15 ਜੇ ਤੁਸੀਂ ਇੱਕ ਦੂਸਰੇ ਨੂੰ ਦੁੱਖੀ ਕਰਦੇ ਰਹੋਂਗੇ ਅਤੇ ਇੱਕ ਦੂਸਰੇ ਨੂੰ ਪਾੜਦੇ ਰਹੋਂਗ਼ੇ, ਤਾਂ ਸਚੇਤ ਰਹੋ। ਤੁਸੀਂ ਪੂਰੀ ਤਰ੍ਹਾਂ ਇੱਕ ਦੂਸਰੇ ਨੂੰ ਤਬਾਹ ਕਰ ਦਿਉਂਗੇ।

ਆਤਮਾ ਅਤੇ ਮਨੁੱਖੀ ਸਭਾ

16 ਇਸ ਲਈ ਮੈਂ ਤੁਹਾਨੂੰ ਦੱਸਦਾ ਹਾਂ; ਆਤਮਾ ਦੀ ਅਗਵਾਈ ਵਿੱਚ ਜੀਓ। ਫ਼ੇਰ ਤੁਸੀਂ ਕੋਈ ਮੰਦਾ ਕੰਮ ਨਹੀਂ ਕਰੋਂਗੇ ਜਿਹੜੇ ਤੁਹਾਡੇ ਪਾਪੀ ਆਪੇ ਨੂੰ ਪਸੰਦ ਹਨ। 17 ਸਾਡੇ ਪਾਪੀ ਆਪੇ ਉਹੀ ਗੱਲਾਂ ਚਾਹੁੰਦੇ ਹਨ ਜੋ ਆਤਮਾ ਦੇ ਵਿਰੁੱਧ ਹਨ। ਆਤਮਾ ਉਹ ਗੱਲਾਂ ਚਾਹੁੰਦਾ ਹੈ ਜੋ ਸਾਡੇ ਪਾਪੀ ਆਪਿਆਂ ਦੇ ਵਿਰੁੱਧ ਹਨ। ਇਹ ਦੋਵੇਂ ਇੱਕ ਦੂਸਰੇ ਦੇ ਵਿਰੁੱਧ ਹਨ। ਇਸ ਲਈ ਤੁਸੀਂ ਉਹ ਕੰਮ ਨਾ ਕਰੋ ਜਿਹੜੇ ਤੁਸੀਂ ਸੱਚਮੁੱਚ ਕਰਨਾ ਚਾਹੁੰਦੇ ਹੋ। 18 ਪਰ ਜੇ ਤੁਸੀਂ ਆਤਮਾ ਦੀ ਅਗਵਾਈ ਨੂੰ ਆਗਿਆ ਦੇਵੋ ਤਾਂ ਤੁਸੀਂ ਨੇਮ ਦੇ ਅਧੀਨ ਨਹੀਂ ਹੋ।

19 ਮੰਦੇ ਕੰਮ, ਜਿਹੜੇ ਸਾਡਾ ਪਾਪੀ ਆਪਾ ਕਰਦਾ ਹੈ ਬੜੇ ਸਪੱਸ਼ਟ ਹਨ। ਜਿਨਸੀ ਗੁਨਾਹ, ਅਪਵਿੱਤਰਤਾ ਅਤੇ ਜਿਨਸੀ ਬਦੀ, 20 ਝੂਠੇ ਦੇਵੀ ਅਤੇ ਦੇਵਤਿਆਂ ਦੀ ਪੂਜਾ ਕਰਨੀ, ਜਾਦੂ ਕਰਨੇ, ਨਫ਼ਰਤ, ਝਗੜਾ, ਈਰਖਾ, ਕ੍ਰੋਧ, ਖੁਦਗਰਜ਼ੀ ਲੋਕਾਂ ਨੂੰ ਇੱਕ ਦੂਸਰੇ ਨਾਲ ਲੜਾਉਣਾ, ਵੰਡੀਆਂ ਪਾਉਣੀਆਂ, 21 ਦੋਖੀ ਹੋਣਾ, ਸ਼ਰਾਬੀ ਹੋਣਾ, ਅਨੈਤਿਕ ਦਾਅਵਤਾਂ, ਅਤੇ ਇਸੇ ਤਰ੍ਹਾਂ ਦੇ ਹੋਰ ਕੰਮ। ਮੈਂ ਇੱਕ ਵਾਰ ਫ਼ੇਰ ਤੁਹਾਨੂੰ ਉਸੇ ਤਰ੍ਹਾਂ ਚੇਤਾਵਨੀ ਦਿੰਦਾ ਹਾਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਦਿੱਤੀ ਸੀ; ਜਿਹੜੇ ਲੋਕ ਅਜਿਹੀਆਂ ਗੱਲਾਂ ਕਰਦੇ ਹਨ ਪਰਮੇਸ਼ੁਰ ਦੇ ਰਾਜ ਵਿੱਚ ਜਗ਼੍ਹਾ ਪ੍ਰਾਪਤ ਨਹੀਂ ਕਰਨਗੇ। 22 ਪਰ ਆਤਮਾ ਪ੍ਰੇਮ, ਆਨੰਦ, ਸ਼ਾਂਤੀ, ਸਬਰ, ਦਯਾ, ਚੰਗਿਆਈ, ਵਫ਼ਾਦਾਰੀ, 23 ਕੋਮਲਤਾ ਅਤੇ ਸ੍ਵੈਂ ਸੰਜਮ ਪ੍ਰਦਾਨ ਕਰਦਾ ਹੈ। ਕੋਈ ਵੀ ਨੇਮ ਅਜਿਹਾ ਨਹੀਂ ਹੈ ਜਿਹੜਾ ਇਨ੍ਹਾਂ ਚੀਜ਼ਾਂ ਨੂੰ ਗਲਤ ਆਖ ਸੱਕਦਾ ਹੈ। 24 ਜਿਹੜੇ ਲੋਕ ਮਸੀਹ ਯਿਸੂ ਨਾਲ ਸੰਬੰਧਿਤ ਹਨ, ਉਨ੍ਹਾਂ ਨੇ ਆਪਣੇ ਪਾਪੀ ਆਪਿਆਂ ਨੂੰ ਮਾਰ ਦਿੱਤਾ ਹੈ। ਉਨ੍ਹਾਂ ਨੇ ਖੁਦਗਰਜ਼ੀ ਅਤੇ ਮੰਦੀਆਂ ਗੱਲਾਂ ਛੱਡ ਦਿੱਤੀਆਂ ਹਨ ਜੋ ਉਹ ਕਰਨੀਆਂ ਚਾਹੁੰਦੇ ਸਨ। 25 ਅਸੀਂ ਆਪਣਾ ਨਵਾਂ ਜੀਵਨ ਆਤਮਾ ਤੋਂ ਪਾਉਂਦੇ ਹਾਂ। ਇਸ ਲਈ ਸਾਨੂੰ ਆਤਮਾ ਦੀ ਅਗਵਾਈ ਦੇ ਅਨੁਸਾਰ ਹੀ ਵਿਹਾਰ ਕਰਨਾ ਚਾਹੀਦਾ ਹੈ। 26 ਸਾਨੂੰ ਅਭਿਮਾਨੀ ਨਹੀਂ ਹੋਣਾ ਚਾਹੀਦਾ। ਸਾਨੂੰ ਇੱਕ ਦੂਸਰੇ ਨੂੰ ਭੜਕਾਉਣਾ ਨਹੀਂ ਚਾਹੀਦਾ। ਅਤੇ ਸਾਨੂੰ ਇੱਕ ਦੂਸਰੇ ਨਾਲ ਈਰਖਾ ਨਹੀਂ ਕਰਨੀ ਚਾਹੀਦੀ।

ਇੱਕ ਦੂਸਰੇ ਦੀ ਸਹਾਇਤਾ ਕਰੋ

ਭਰਾਵੋ ਅਤੇ ਭੈਣੋ ਤੁਹਾਡੇ ਸਮੂਹ ਵਿੱਚੋਂ ਕੋਈ ਗਲਤੀ ਕਰ ਲਵੇ। ਤੁਸਾਂ ਆਤਮਕ ਲੋਕਾਂ ਨੂੰ ਉਸ ਪਾਪ ਕਰਨ ਵਾਲੇ ਵਿਅਕਤੀ ਕੋਲ ਜਾਣਾ ਚਾਹੀਦਾ ਹੈ, ਜਿਹੜਾ ਗਲਤ ਕਰ ਰਿਹਾ ਹੈ। ਤੁਹਾਨੂੰ ਉਸਦੀ ਫ਼ੇਰ ਠੀਕ ਹੋਣ ਵਿੱਚ ਸਹਾਇਤਾ ਕਰਨੀ ਚਾਹੀਦੀ ਹੈ। ਤੁਹਾਨੂੰ ਇਹ ਨਰਮਾਈ ਨਾਲ ਕਰਨਾ ਚਾਹੀਦਾ ਹੈ। ਪਰ ਹੁਸ਼ਿਆਰ ਰਹਿਣਾ। ਤੁਹਾਨੂੰ ਵੀ ਪਾਪ ਕਰਨ ਦੀ ਉਕਸਾਹਟ ਹੋ ਸੱਕਦੀ ਹੈ। ਆਪਣੀਆਂ ਮੁਸ਼ਕਿਲਾਂ ਵਿੱਚ ਇੱਕ ਦੂਸਰੇ ਦੀ ਸਹਾਇਤਾ ਕਰੋ। ਜਦੋਂ ਤੁਸੀਂ ਅਜਿਹਾ ਕਰਦੇ ਹੋ, ਸੱਚਮੁੱਚ ਤੁਸੀਂ ਮਸੀਹ ਦੇ ਨੇਮ ਨੂੰ ਮੰਨਦੇ ਹੋ। ਜਦੋਂ ਇੱਕ ਵਿਅਕਤੀ, ਇਹ ਸੋਚਦਾ ਹੈ ਕਿ ਉਹ ਬਹੁਤ ਖਾਸ ਹੈ, ਹਾਲਾਂ ਕਿ ਉਹ ਕੁਝ ਵੀ ਨਹੀਂ, ਤਾਂ ਉਹ ਆਪਣੇ ਆਪ ਨੂੰ ਗੁਮਰਾਹ ਕਰ ਰਿਹਾ ਹੈ। ਕਿਸੇ ਵਿਅਕਤੀ ਨੂੰ ਹੋਰਨਾਂ ਲੋਕਾਂ ਨਾਲ ਆਪਣੀ ਤੁਲਨਾ ਨਹੀਂ ਕਰਨੀ ਚਾਹੀਦੀ। ਹਰ ਵਿਅਕਤੀ ਨੂੰ ਖੁਦ ਆਪਣੇ ਕਰਮਾਂ ਨੂੰ ਪਰੱਖਣਾ ਚਾਹੀਦਾ ਹੈ। ਉਦੋਂ ਉਹ ਖੁਦ ਆਪਣੇ ਕੀਤੇ ਹੋਏ ਉੱਪਰ ਮਾਣ ਕਰ ਸੱਕਦਾ ਹੈ। ਹਰ ਵਿਅਕਤੀ ਨੂੰ ਆਪਣੀ ਜ਼ਿੰਮੇਵਾਰੀ ਜ਼ਰੂਰ ਸਵੀਕਾਰ ਕਰਨੀ ਚਾਹੀਦੀ ਹੈ।

ਜੀਵਨ ਇੱਕ ਖੇਤੀ ਦੀ ਬਿਜਾਈ ਕਰਨ ਵਾਂਗ ਹੈ

ਜਿਹੜਾ ਵਿਅਕਤੀ ਪਰਮੇਸ਼ੁਰ ਦੇ ਉਪਦੇਸ਼ ਸਿੱਖ ਰਿਹਾ ਹੈ ਉਸ ਨੂੰ ਆਪਣੀਆਂ ਸਮੂਹ ਚੰਗੀਆਂ ਚੀਜ਼ਾਂ ਉਸ ਵਿਅਕਤੀ ਨਾਲ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ ਜਿਹੜਾ ਉਸ ਨੂੰ ਸਿੱਖਿਆ ਦੇ ਰਿਹਾ ਹੈ।

ਆਪਣੇ ਆਪ ਨੂੰ ਗੁਮਰਾਹ ਨਾ ਕਰੋ; ਤੁਸੀਂ ਪਰਮੇਸ਼ੁਰ ਨੂੰ ਧੋਖਾ ਨਹੀਂ ਦੇ ਸੱਕਦੇ। ਵਿਅਕਤੀ ਉਨ੍ਹਾਂ ਹੀ ਚੀਜ਼ਾਂ ਦੀ ਵਾਢੀ ਕਰਦਾ ਹੈ ਜਿਹੜੀਆਂ ਉਹ ਬੀਜਦਾ ਹੈ। ਜੇ ਇੱਕ ਵਿਅਕਤੀ ਆਪਣੇ ਪਾਪੀ ਆਪੇ ਨੂੰ ਸੰਤੁਸ਼ਟ ਕਰਨ ਲਈ ਬੀਜ ਬੀਜਦਾ ਹੈ, ਉਸਦਾ ਪਾਪੀ ਆਪਾ ਉਸ ਲਈ ਤਬਾਹੀ ਲਿਆਏਗਾ। ਪਰ ਜੇ ਕੋਈ ਵਿਅਕਤੀ ਆਪਣੀ ਆਤਮਾ ਨੂੰ ਪ੍ਰਸੰਨ ਕਰਨ ਲਈ ਬੀਜਦਾ ਹੈ ਤਾਂ ਉਹ ਆਪਣੀ ਆਤਮਾ ਪਾਸੋਂ ਸਦੀਪਕ ਜੀਵਨ ਪ੍ਰਾਪਤ ਕਰੇਗਾ। ਸਾਨੂੰ ਚੰਗਿਆਈ ਕਰਦਿਆਂ ਥੱਕਣਾ ਨਹੀਂ ਚਾਹੀਦਾ। ਅਸੀਂ ਠੀਕ ਸਮੇਂ ਤੇ ਆਪਣੀ ਸਦੀਪਕ ਜੀਵਨ ਦੀ ਫ਼ਸਲ ਪ੍ਰਾਪਤ ਕਰਾਂਗੇ। ਸਾਨੂੰ ਆਸ ਨਹੀਂ ਛੱਡਣੀ ਚਾਹੀਦੀ। 10 ਇਸ ਲਈ ਜਦੋਂ ਵੀ ਸਾਡੇ ਕੋਲ ਕੋਈ ਅਵਸਰ ਹੋਵੇਂ ਅਸੀਂ ਸਾਰਿਆਂ ਲੋਕਾਂ ਲਈ ਚੰਗਾ ਕਰੀਏ। ਪਰ ਉਨ੍ਹਾਂ ਲੋਕਾਂ ਵੱਲ ਸਾਨੂੰ ਵਿਸ਼ੇਸ਼ ਪਿਆਰ ਦੇਣਾ ਚਾਹੀਦਾ ਹੈ, ਜਿਹੜੇ ਵਿਸ਼ਵਾਸੀਆਂ ਦੇ ਪਰਿਵਾਰ ਨਾਲ ਸੰਬੰਧ ਰੱਖਦੇ ਹਨ।

ਪੌਲੁਸ ਆਪਣਾ ਪੱਤਰ ਖਤਮ ਕਰਦਾ ਹੈ

11 ਇਹ ਪੱਤਰ ਮੈਂ ਆਪਣੇ ਹੱਥੀ ਲਿਖ ਰਿਹਾ ਹਾਂ। ਦੇਖੋ ਮੈਂ ਕਿੰਨੇ ਵੱਡੇ ਅੱਖ਼ਰ ਵਰਤ ਰਿਹਾ ਹਾਂ। 12 ਕੁਝ ਲੋਕ ਤੁਹਾਨੂੰ ਸੁੰਨਤੀਏ ਹੋਣ ਲਈ ਮਜਬੂਰ ਕਰ ਰਹੇ ਹਨ। ਉਹ ਅਜਿਹਾ ਇਸ ਲਈ ਕਰ ਰਹੇ ਹਨ ਕਿਉਂ ਜੋ ਉਹ ਚਾਹੁੰਦੇ ਹਨ ਕਿ ਦੂਸਰੇ ਉਨ੍ਹਾਂ ਨੂੰ ਕਬੂਲਣ। ਅਤੇ ਉਹ ਤੁਹਾਨੂੰ ਸਿਰਫ਼ ਇਸ ਡਰ ਦੇ ਕਾਰਣ ਸੁੰਨਤ ਕਰਾਉਣ ਲਈ ਮਜਬੂਰ ਕਰਦੇ ਹਨ, ਕਿ ਜੇਕਰ ਉਹ ਸਿਰਫ਼ ਮਸੀਹ ਦੀ ਸਲੀਬ ਦਾ ਅਨੁਸਰਣ ਕਰਨਗੇ, ਉਨ੍ਹਾਂ ਨੂੰ ਤਸੀਹੇ ਦਿੱਤੇ ਜਾਣਗੇ। 13 ਜਿਹੜੇ ਆਦਮੀਆਂ ਦੀ ਸੁੰਨਤ ਹੋਈ ਹੁੰਦੀ ਹੈ ਉਹ ਖੁਦ ਵੀ ਨੇਮ ਨੂੰ ਨਹੀਂ ਮੰਨਦੇ। ਪਰ ਉਹ ਤੁਹਾਡੀ ਸੁੰਨਤ ਕਰਾਉਣੀ ਚਾਹੁੰਦੇ ਹਨ ਤਾਂ ਜੋ ਉਹ ਘਮੰਡ ਕਰ ਸੱਕਣ ਕਿ ਉਹ ਤੁਹਾਡੀ ਸੁੰਨਤ ਕਰਾਉਣ ਵਿੱਚ ਸਫ਼ਲ ਹੋ ਗਏ।

14 ਮੈਨੂੰ ਉਮੀਦ ਹੈ ਕਿ ਮੈਂ ਕਦੇ ਵੀ ਇਹੋ ਜਿਹੀਆਂ ਗੱਲਾਂ ਉੱਤੇ ਘਮੰਡ ਨਹੀਂ ਕਰਾਂਗਾ। ਸਿਰਫ਼ ਸਾਡੇ ਪ੍ਰਭੂ ਮਸੀਹ ਯਿਸੂ ਦੀ ਸਲੀਬ ਹੀ ਉਹ ਕਾਰਣ ਹੈ ਜਿਸਤੇ ਮੈਨੂੰ ਮਾਣ ਹੈ। ਯਿਸੂ ਦੀ ਸਲੀਬ ਉੱਤੇ ਹੋਈ ਮੌਤ ਰਾਹੀਂ ਦੁਨੀਆਂ ਮੇਰੇ ਲਈ ਮਰ ਚੁੱਕੀ ਹੈ [c] ਅਤੇ ਮੈਂ ਦੁਨੀਆਂ ਲਈ ਮਰ ਚੁੱਕਿਆ ਹਾਂ। 15 ਇਹ ਗੱਲ ਕੋਈ ਮਹੱਤਵ ਨਹੀਂ ਰੱਖਦੀ ਕਿ ਕਿਸੇ ਵਿਅਕਤੀ ਦੀ ਸੁੰਨਤ ਹੋਈ ਹੈ ਜਾਂ ਨਹੀਂ। ਮਹੱਤਵਪੂਰਣ ਗੱਲ ਪਰਮੇਸ਼ੁਰ ਦੇ ਬਣਾਏ ਨਵੇਂ ਲੋਕ ਬਣਨਾ ਹੈ। 16 ਉਨ੍ਹਾਂ ਸਭ ਨੂੰ ਸ਼ਾਂਤੀ ਅਤੇ ਮਿਹਰ, ਜੋ ਇਸ ਰਿਵਾਜ਼ ਦਾ ਅਨੁਸਰਣ ਕਰਦੇ ਹਨ ਅਤੇ ਪਰਮੇਸ਼ੁਰ ਦੇ ਸਾਰੇ ਲੋਕਾਂ ਨੂੰ।

17 ਇਸ ਲਈ ਕਿਰਪਾ ਕਰਕੇ ਮੈਨੂੰ ਹੋਰ ਕਸ਼ਟ ਨਾ ਦਿਓ। ਮੇਰੇ ਸਰੀਰ ਉੱਤੇ ਜ਼ਖਮਾਂ ਦੇ ਦਾਗ ਹਨ, ਅਤੇ ਇਹ ਦਰਸ਼ਾਉਂਦੇ ਹਨ ਕਿ ਮੈਂ ਮਸੀਹ ਯਿਸੂ ਨਾਲ ਸੰਬੰਧਿਤ ਹਾਂ।

18 ਮੇਰੇ ਭਰਾਵੋ ਅਤੇ ਭੈਣੋ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਹਾਡੇ ਆਤਮਿਆਂ ਨਾਲ ਸਾਡੇ ਪ੍ਰਭੂ ਮਸੀਹ ਯਿਸੂ ਦੀ ਕਿਰਪਾ ਹੋਵੇ। ਆਮੀਨ!

ਇਹ ਪੱਤਰ ਮਸੀਹ ਯਿਸੂ ਦੇ ਰਸੂਲ ਪੌਲੁਸ ਵੱਲੋਂ ਹੈ। ਮੈਂ ਰਸੂਲ ਇਸ ਲਈ ਬਣਿਆ ਹਾਂ ਕਿ ਇਹ ਪਰਮੇਸ਼ੁਰ ਦੀ ਰਜ਼ਾ ਸੀ।

ਇਹ ਪੱਤਰ ਮਸੀਹ ਯਿਸੂ ਵਿੱਚ ਵਿਸ਼ਵਾਸ ਰੱਖਣ ਵਾਲੇ ਨਿਹਚਾਵਾਨਾਂ, ਅਫ਼ਸੁਸ ਵਿੱਚ ਰਹਿੰਦੇ ਪਰਮੇਸ਼ੁਰ ਦੇ ਪਵਿੱਤਰ ਲੋਕਾਂ ਨੂੰ ਲਿਖਿਆ ਹੈ।

ਪਰਮੇਸ਼ੁਰ ਸਾਡੇ ਪਿਤਾ ਅਤੇ ਪ੍ਰਭੂ ਯਿਸੂ ਮਸੀਹ ਵੱਲੋਂ ਤੁਹਾਡੇ ਤੇ ਕਿਰਪਾ ਅਤੇ ਸ਼ਾਂਤੀ ਹੋਵੇ।

ਮਸੀਹ ਵਿੱਚ ਆਤਮਕ ਅਸੀਸਾਂ

ਸਾਡੇ ਪ੍ਰਭੂ ਯਿਸੂ ਮਸੀਹ ਦੇ ਪਿਤਾ ਪਰਮੇਸ਼ੁਰ ਦੀ ਉਸਤਤਿ ਕਰੋ। ਪਰਮੇਸ਼ੁਰ ਨੇ ਸਾਨੂੰ ਮਸੀਹ ਵਿੱਚ ਸਵਰਗ ਦੀ ਹਰ ਆਤਮਕ ਅਸੀਸ ਦਿੱਤੀ ਹੈ। ਮਸੀਹ ਵਿੱਚ ਸਾਨੂੰ ਪਰਮੇਸ਼ੁਰ ਨੇ ਦੁਨੀਆਂ ਸਾਜਣ ਤੋਂ ਪਹਿਲਾਂ ਹੀ ਚੁਣ ਲਿਆ ਸੀ। ਪਰਮੇਸ਼ੁਰ ਨੇ ਸਾਨੂੰ ਪ੍ਰੇਮ ਨਾਲ, ਆਪਣੇ ਪਵਿੱਤਰ ਲੋਕ ਅਤੇ ਉਸ ਅੱਗੇ ਦੋਸ਼ ਰਹਿਤ ਲੋਕ ਹੋਣ ਲਈ ਚੁਣਿਆ ਹੈ। ਅਤੇ ਦੁਨੀਆਂ ਦੀ ਸਾਜਨਾ ਕਰਨ ਤੋਂ ਪਹਿਲਾਂ ਹੀ ਪਰਮੇਸ਼ੁਰ ਨੇ ਯਿਸੂ ਮਸੀਹ ਰਾਹੀਂ ਸਾਨੂੰ ਆਪਣੇ ਬੱਚੇ ਬਨਾਉਣ ਦਾ ਫੈਸਲਾ ਕੀਤਾ। ਇਹ ਪਰਮੇਸ਼ੁਰ ਦੀ ਰਜ਼ਾ ਸੀ। ਇਸਨੇ ਉਸ ਨੂੰ ਪ੍ਰਸੰਨ ਕੀਤਾ ਹੈ। ਇਹ ਪਰਮੇਸ਼ੁਰ ਨੂੰ ਉਸਤਤਿ ਦਿੰਦੀ ਹੈ ਕਿਉਂ ਜੋ ਉਸ ਨੇ ਕਿਰਪਾ ਦਿਖਾਈ। ਪਰਮੇਸ਼ੁਰ ਨੇ ਆਪਣੀ ਕਿਰਪਾ ਸਾਡੇ ਉੱਤੇ ਮੁਫ਼ਤ ਕੀਤੀ ਹੈ ਉਸ ਨੇ ਸਾਡੇ ਉੱਪਰ ਇਹ ਕਿਰਪਾ ਮਸੀਹ ਵਿੱਚ ਦਿੱਤੀ ਜਿਸ ਨੂੰ ਉਹ ਪਿਆਰ ਕਰਦਾ ਹੈ।

ਮਸੀਹ ਦੇ ਨਮਿੱਤ ਸਾਨੂੰ ਉਸ ਦੇ ਲਹੂ ਰਾਹੀਂ ਅਜ਼ਾਦੀ ਦਿੱਤੀ ਗਈ ਸੀ। ਸਾਡੇ ਕੋਲ ਪਰਮੇਸ਼ੁਰ ਦੀ ਅਪਾਰ ਕਿਰਪਾ ਦੁਆਰਾ ਆਪਣੇ ਪਾਪਾਂ ਦੀ ਮਾਫ਼ੀ ਹੈ। ਪਰਮੇਸ਼ੁਰ ਨੇ ਆਪਣੀ ਪੂਰੀ ਕਿਰਪਾ ਸਿਆਣਪ ਅਤੇ ਗਿਆਨ ਸਾਡੇ ਉੱਤੇ ਮੁਫ਼ਤੀ ਛਿੜਕਿਆ ਹੈ। ਉਸ ਨੇ ਆਪਣੀ ਗੁਪਤ ਯੋਜਨਾ ਆਪਣੀ ਇੱਛਾ ਅਨੁਸਾਰ ਸਾਨੂੰ ਪਰਗਟ ਕੀਤੀ। ਅਤੇ ਉਸ ਨੇ ਇਹ ਯੋਜਨਾ ਮਸੀਹ ਰਾਹੀਂ ਪੂਰਨ ਕਰਨ ਦਾ ਨਿਸ਼ਚਾ ਕੀਤਾ। 10 ਪਰਮੇਸ਼ੁਰ ਦਾ ਇਰਾਦਾ ਢੁੱਕਵੇਂ ਸਮੇਂ ਤੇ ਆਪਣੇ ਉਦੇਸ਼ ਨੂੰ ਪੂਰਾ ਕਰਨ ਦਾ ਸੀ। ਪਰਮੇਸ਼ੁਰ ਦੀ ਯੋਜਨਾ ਸਵਰਗ ਅਤੇ ਧਰਤੀ ਵਿੱਚਲੀਆਂ ਸਾਰੀਆਂ ਚੀਜ਼ਾਂ ਨੂੰ ਇਕੱਠਿਆਂ ਕਰਕੇ ਮਸੀਹ ਨੂੰ ਮੁਖੀ ਬਣਾਕੇ ਉਸ ਦੇ ਅਧੀਨ ਕਰਨ ਦੀ ਸੀ।

11 ਮਸੀਹ ਵਿੱਚ ਸਾਨੂੰ ਪਰਮੇਸ਼ੁਰ ਦੇ ਲੋਕਾਂ ਵਿੱਚੋਂ ਚੁਣਿਆ ਗਿਆ ਸੀ। ਪਰਮੇਸ਼ੁਰ ਨੇ ਪਹਿਲਾਂ ਹੀ ਸਾਨੂੰ ਆਪਣੇ ਲੋਕ ਬਨਾਉਣ ਦੀ ਯੋਜਨਾ ਬਣਾਈ ਹੋਈ ਸੀ, ਕਿਉਂ ਕਿ ਇਹ ਪਰਮੇਸ਼ੁਰ ਦੀ ਇੱਛਾ ਸੀ। ਇਹ ਪਰਮੇਸ਼ੁਰ ਹੀ ਹੈ ਜੋ ਹਰ ਚੀਜ਼ ਨੂੰ ਆਪਣੀ ਇੱਛਾ ਅਤੇ ਫ਼ੈਸਲੇ ਨਾਲ ਰਜ਼ਾਮੰਦ ਕਰਾਉਂਦਾ ਹੈ। 12 ਅਸੀਂ ਪਹਿਲੇ ਲੋਕ ਹਾਂ ਜਿਨ੍ਹਾਂ ਨੇ ਮਸੀਹ ਵਿੱਚ ਉਮੀਦ ਰੱਖੀ। ਅਤੇ ਸਾਨੂੰ ਇਸ ਲਈ ਚੁਣਿਆ ਗਿਆ ਸੀ ਤਾਂ ਜੋ ਅਸੀਂ ਪਰਮੇਸ਼ੁਰ ਦੀ ਮਹਿਮਾ ਦੀ ਉਸਤਤਿ ਕਰ ਸੱਕੀਏ। 13 ਤੁਹਾਡੇ ਨਾਲ ਵੀ ਅਜਿਹਾ ਹੀ ਹੈ। ਤੁਸੀਂ ਸੱਚੀ ਸਿੱਖਿਆ ਸੁਣੀ, ਉਹ ਤੁਹਾਡੀ ਮੁਕਤੀ ਦੀ ਖੁਸ਼ਖਬਰੀ ਹੈ। ਜਦੋਂ ਤੁਸੀਂ ਉਹ ਖੁਸ਼ਖਬਰੀ ਸੁਣੀ, ਤੁਸੀਂ ਮਸੀਹ ਵਿੱਚ ਵਿਸ਼ਵਾਸ ਕੀਤਾ। ਅਤੇ ਮਸੀਹ ਦੇ ਰਾਹੀਂ, ਪਰਮੇਸ਼ੁਰ ਨੇ ਤੁਹਾਨੂੰ ਉਹ ਪਵਿੱਤਰ ਆਤਮਾ ਦੇਕੇ ਜਿਸਦਾ ਉਸ ਨੇ ਵਾਇਦਾ ਕੀਤਾ ਸੀ, ਆਪਣਾ ਵਿਸ਼ੇਸ਼ ਨਿਸ਼ਾਨ ਤੁਹਾਡੇ ਉੱਪਰ ਲਗਾਇਆ। 14 ਇਹ ਪਵਿੱਤਰ ਆਤਮਾ ਦੀ ਸਾਖੀ ਹੈ ਕਿ ਅਸੀਂ ਉਹ ਸਾਰੀਆਂ ਚੀਜ਼ਾਂ ਪ੍ਰਾਪਤ ਕਰਾਂਗੇ ਜਿਨ੍ਹਾਂ ਦਾ ਪਰਮੇਸ਼ੁਰ ਨੇ ਆਪਣੇ ਲੋਕਾਂ ਨਾਲ ਵਾਇਦਾ ਕੀਤਾ ਸੀ। ਇਹ ਉਨ੍ਹਾਂ ਲੋਕਾਂ ਨੂੰ ਅਜ਼ਾਦ ਕਰ ਦੇਵੇਗਾ ਜਿਹੜੇ ਲੋਕ ਪਰਮੇਸ਼ੁਰ ਨਾਲ ਸੰਬੰਧਿਤ ਹਨ। ਇਸ ਸਭ ਕਾਸੇ ਦਾ ਉਦੇਸ਼ ਪਰਮੇਸ਼ੁਰ ਦੀ ਮਹਿਮਾ ਨੂੰ ਉਸਤਤਿ ਲਿਆਉਣਾ ਹੈ।

ਪੌਲੁਸ ਦੀ ਪ੍ਰਾਰਥਨਾ

15-16 ਇਹੀ ਕਾਰਣ ਹੈ ਕਿ ਮੈਂ ਆਪਣੀਆਂ ਪ੍ਰਾਰਥਨਾ ਵਿੱਚ ਹਮੇਸ਼ਾ ਤੁਹਾਨੂੰ ਚੇਤੇ ਕਰਦਾ ਹਾਂ ਅਤੇ ਤੁਹਾਡੇ ਲਈ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ। ਮੈਂ ਇਹ ਹਮੇਸ਼ਾ ਤੋਂ ਕੀਤਾ ਹੈ, ਜਦੋਂ ਤੋਂ ਮੈਂ ਪ੍ਰਭੂ ਯਿਸੂ ਵਿੱਚ ਤੁਹਾਡੇ ਵਿਸ਼ਵਾਸ ਅਤੇ ਪਰਮੇਸ਼ੁਰ ਦੇ ਲੋਕਾਂ ਲਈ ਤੁਹਾਡੇ ਪਿਆਰ ਬਾਰੇ ਸੁਣਿਆ। 17 ਮੈਂ ਹਮੇਸ਼ਾ ਸਾਡੇ ਪ੍ਰਭੂ ਯਿਸੂ ਮਸੀਹ ਦੇ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦਾ ਹਾਂ, ਜੋ ਕਿ ਮਹਿਮਾਮਈ ਪਿਤਾ ਹੈ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਉਹ ਤੁਹਾਨੂੰ ਆਤਮਾ ਦੇਵੇ ਜਿਹੜਾ ਤੁਹਾਨੂੰ ਸਿਆਣਾ ਬਣਾਉਂਦਾ ਹੈ ਅਤੇ ਤੁਹਾਨੂੰ ਆਪਣੇ ਬਾਰੇ ਗਿਆਨ ਦਿੰਦਾ ਹੈ, ਜਿਸਤੋਂ ਉਸ ਨੇ ਤੁਹਾਨੂੰ ਜਾਣੂ ਕਰਾਇਆ ਹੈ।

18 ਮੈਂ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦਾ ਹਾਂ ਕਿ ਉਹ ਤੁਹਾਨੂੰ ਤੁਹਾਡੇ ਹਿਰਦਿਆਂ ਵਿੱਚ ਸਮਝਦਾਰੀ ਦੇ ਸੱਕੇ। ਫ਼ੇਰ ਤੁਸੀਂ ਉਸ ਉਮੀਦ ਬਾਰੇ ਜਾਣ ਲਵੋਂਗੇ ਜਿਸ ਨੂੰ ਰੱਖਣ ਲਈ ਸਾਨੂੰ ਚੁਣਿਆ ਗਿਆ ਹੈ। ਤੁਸੀਂ ਜਾਣ ਜਾਵੋਂਗੇ ਕਿ ਜਿਹੜੀਆਂ ਅਸੀਸਾਂ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਦੇਣ ਦਾ ਵਾਇਦਾ ਕੀਤਾ ਸੀ ਉਹ ਅਪਾਰ ਅਤੇ ਮਹਿਮਾਮਈ ਹਨ। 19 ਅਤੇ ਤੁਸੀਂ ਜਾਣ ਜਾਵੋਂਗੇ ਕਿ ਸਾਡੇ ਵਿਸ਼ਵਾਸੀਆਂ ਲਈ, ਪਰਮੇਸ਼ੁਰ ਦੀ ਸ਼ਕਤੀ ਬਹੁਤ ਮਹਾਨ ਹੈ। 20 ਇਹ ਮਹਾਨ ਸ਼ਕਤੀ ਉਹੀ ਹੈ ਜਿਹੜੀ ਪਰਮੇਸ਼ੁਰ ਨੇ ਮਸੀਹ ਨੂੰ ਮੌਤ ਤੋਂ ਜਿਵਾਲਣ ਲਈ ਵਰਤੀ ਸੀ। ਪਰਮੇਸ਼ੁਰ ਨੇ ਮਸੀਹ ਨੂੰ ਸਵਰਗੀ ਥਾਵਾਂ ਵਿੱਚ ਆਪਣੇ ਸੱਜੇ ਪਾਸੇ ਬਿਠਾਇਆ। 21 ਪਰਮੇਸ਼ੁਰ ਨੇ ਮਸੀਹ ਨੂੰ, ਸਾਰੇ ਹਾਕਮਾਂ, ਅਧਿਕਾਰਾਂ, ਸ਼ਕਤੀਆਂ ਅਤੇ ਰਾਜਿਆਂ ਨਾਲੋਂ ਵੱਧੇਰੇ ਮਹੱਤਵਪੂਰਣ ਬਣਾਇਆ। ਮਸੀਹ ਹਰ ਚੀਜ਼ ਨਾਲੋਂ ਵੀ ਵੱਧੇਰੇ ਸ਼ਕਤੀਸ਼ਾਲੀ ਹੈ ਜੋ ਵੀ ਇਸ ਦੁਨੀਆਂ ਵਿੱਚ ਜਾਂ ਭਵਿੱਖ ਦੀ ਦੁਨੀਆਂ ਵਿੱਚ ਤਾਕਤ ਰੱਖਦਾ ਹੈ। 22 ਪਰਮੇਸ਼ੁਰ ਨੇ ਸਾਰੀਆਂ ਚੀਜ਼ਾਂ ਮਸੀਹ ਦੀ ਅਧੀਨਤਾ ਥੱਲੇ ਪਾ ਦਿੱਤੀਆਂ ਹਨ। ਅਤੇ ਪਰਮੇਸ਼ੁਰ ਨੇ ਉਸ ਨੂੰ ਕਲੀਸਿਯਾ ਦੀਆਂ ਸਮੁੱਚੀਆਂ ਚੀਜ਼ਾਂ ਦਾ ਮੁਖੀਆ ਤਾਇਨਾਤ ਕੀਤਾ ਹੈ। 23 ਕਲੀਸਿਯਾ ਮਸੀਹ ਦਾ ਸਰੀਰ ਹੈ। ਕਲੀਸਿਯਾ ਮਸੀਹ ਨਾਲ ਭਰਪੂਰ ਹੈ। ਉਹ ਹਰ ਢੰਗ ਨਾਲ ਸਾਰੀਆਂ ਚੀਜ਼ਾਂ ਸੰਪੂਰਣ ਬਨਾਉਂਦਾ ਹੈ।

ਮੌਤ ਤੋਂ ਜੀਵਨ ਵੱਲ

ਅਤੀਤ ਵਿੱਚ ਤੁਹਾਡਾ ਆਤਮਕ ਜੀਵਨ ਤੁਹਾਡੇ ਪਾਪ ਅਤੇ ਉਨ੍ਹਾਂ ਗੱਲਾਂ ਕਾਰਣ ਜਿਹੜੀਆਂ ਤੁਸੀਂ ਪਰਮੇਸ਼ੁਰ ਦੇ ਖਿਲਾਫ਼ ਕੀਤੀਆਂ, ਮੁਰਦਾ ਸੀ। ਹਾਂ, ਅਤੀਤ ਵਿੱਚ ਤੁਸੀਂ ਇਹ ਪਾਪ ਕਰਦੇ ਹੋਏ ਜੀਵਨ ਬਤੀਤ ਕੀਤਾ। ਤੁਸੀਂ ਦੁਨੀਆਂ ਦੇ ਲੋਕਾਂ ਵਾਂਗ ਜੀਵਨ ਬਤੀਤ ਕੀਤਾ ਤੁਸੀਂ ਸੰਸਾਰ ਵਿੱਚ ਬਦੀ ਦੀਆਂ ਸ਼ਕਤੀਆਂ ਦੇ ਹਾਕਮ ਦੇ ਚੇਲੇ ਸੀ। ਹੁਣ ਇਹੀ ਆਤਮਾ ਉਨ੍ਹਾਂ ਲੋਕਾਂ ਵਿੱਚ ਕੰਮ ਕਰ ਰਿਹਾ ਹੈ ਜਿਹੜੇ ਪਰਮੇਸ਼ੁਰ ਨੂੰ ਅਵੱਗਿਆਕਾਰੀ ਹਨ। ਪਿੱਛਲੇ ਸਮਿਆਂ ਵਿੱਚ, ਅਸੀਂ ਸਾਰੇ ਉਸੇ ਤਰ੍ਹਾਂ ਰਹੇ ਜਿਵੇਂ ਉਹ ਲੋਕ ਰਹੇ। ਅਸੀਂ ਆਪਣੇ ਪਾਪੀ ਆਪਿਆਂ ਨੂੰ ਸੰਤੁਸ਼ਟ ਕਰ ਰਹੇ ਸਾਂ। ਅਸੀਂ ਉਹ ਸਾਰੀਆਂ ਗੱਲਾਂ ਕੀਤੀਆਂ ਜਿਨ੍ਹਾਂ ਦੀ ਸਾਡੇ ਤਨਾਂ ਅਤੇ ਮਨਾਂ ਨੇ ਕਰਨ ਦੀ ਇੱਛਾ ਕੀਤੀ। ਜਦੋਂ ਅਸੀਂ ਅਜਿਹੀ ਜ਼ਿੰਦਗੀ ਜਿਉਂ ਰਹੇ ਸਾਂ, ਅਸੀਂ ਪਰਮੇਸ਼ੁਰ ਦੇ ਕ੍ਰੋਧ ਦਾ ਸਾਹਮਣਾ ਕਰਨ ਵਾਲੇ ਸਾਂ ਕਿਉਂਕਿ ਅਸੀਂ ਦੁਸ਼ਟ ਲੋਕ ਸੀ। ਅਸੀਂ ਹੋਰਨਾਂ ਸਾਰੇ ਲੋਕਾਂ ਵਰਗੇ ਸਾਂ।

ਪਰ ਪਰਮੇਸ਼ੁਰ ਨੇ ਜਿਹੜਾ ਇੰਨਾ ਕਿਰਪਾਲੂ ਹੈ ਸਾਨੂੰ ਮਹਾਣ ਪਿਆਰ ਵਿਖਾਇਆ। ਅਸੀਂ ਆਤਮਕ ਤੌਰ ਤੇ ਮਰ ਚੁੱਕੇ ਸਾਂ। ਅਸੀਂ ਉਨ੍ਹਾਂ ਗਲਤ ਗੱਲਾਂ ਕਾਰਣ ਮਾਰੇ ਹੋਏ ਸਾਂ ਜਿਹੜੀਆਂ ਅਸੀਂ ਪਰਮੇਸ਼ੁਰ ਦੇ ਖਿਲਾਫ਼ ਕਰਦੇ ਸਾਂ। ਪਰ ਪਰਮੇਸ਼ੁਰ ਨੇ ਸਾਨੂੰ ਮਸੀਹ ਨਾਲ ਇੱਕ ਨਵਾਂ ਜੀਵਨ ਦਿੱਤਾ। ਤੁਸੀਂ ਪਰਮੇਸ਼ੁਰ ਦੀ ਕਿਰਪਾ ਕਾਰਣ ਬਚਾਏ ਗਏ। ਅਤੇ ਪਰਮੇਸ਼ੁਰ ਨੇ ਸਾਨੂੰ ਮਸੀਹ ਸਮੇਤ ਉੱਪਰ ਉੱਠਾਇਆ ਅਤੇ ਸਾਨੂੰ ਉਸ ਦੇ ਨਾਲ ਸਵਰਗੀ ਥਾਵਾਂ ਵਿੱਚ ਬਿਠਾਇਆ। ਪਰਮੇਸ਼ੁਰ ਨੇ ਇਹ ਸਭ ਕੁਝ ਸਾਡੇ ਲਈ ਕੀਤਾ ਜੋ ਮਸੀਹ ਯਿਸੂ ਵਿੱਚ ਹਨ। ਪਰਮੇਸ਼ੁਰ ਨੇ ਇਹ ਆਉਣ ਵਾਲੇ ਜੁਗਾਂ ਵਿੱਚ ਆਪਣੀ ਕਿਰਪਾ ਦੀ ਮਹਾਨ ਅਮੀਰੀ ਵਿਖਾਉਣ ਲਈ ਕੀਤਾ। ਪਰਮੇਸ਼ੁਰ ਸਾਡੇ ਉੱਪਰ ਇਹ ਕਿਰਪਾ ਮਸੀਹ ਯਿਸੂ ਵਿੱਚ ਆਪਣੀ ਦਯਾਲਤਾ ਰਾਹੀਂ ਵਰਤਾਉਂਦਾ ਹੈ।

ਮੇਰਾ ਕਹਿਣ ਦਾ ਭਾਵ ਹੈ ਕਿ ਤੁਸੀਂ ਨਿਹਚਾ ਰਾਹੀਂ ਪਰਮੇਸ਼ੁਰ ਦੀ ਕਿਰਪਾ ਦੁਆਰਾ ਬਚਾਏ ਗਏ ਹੋ। ਅਤੇ ਤੁਸੀਂ ਇਹ ਕਿਰਪਾ ਵਿਸ਼ਵਾਸ ਰਾਹੀਂ ਪ੍ਰਾਪਤ ਕੀਤੀ ਹੈ। ਤੁਸੀਂ ਆਪਣੇ ਆਪ ਨੂੰ ਨਹੀਂ ਬਚਾਇਆ ਇਹ ਤਾਂ ਪਰਮੇਸ਼ੁਰ ਵੱਲੋਂ ਦਿੱਤੀ ਦਾਤ ਸੀ। ਨਹੀਂ! ਤੁਸੀਂ ਆਪਣੇ ਉਨ੍ਹਾਂ ਕੰਮਾਂ ਰਾਹੀਂ ਨਹੀਂ ਬਚੇ ਜਿਹੜੇ ਤੁਸੀਂ ਕੀਤੇ ਹਨ। ਇਸ ਤਰੀਕੇ ਨਾਲ, ਕੋਈ ਵੀ ਵਿਅਕਤੀ ਘਮੰਡ ਨਹੀਂ ਕਰ ਸੱਕਦਾ ਕਿ ਉਸ ਨੇ ਖੁਦ ਨੂੰ ਬਚਾਇਆ। 10 ਪਰਮੇਸ਼ੁਰ ਨੇ ਸਾਨੂੰ ਉਵੇਂ ਬਣਾਇਆ ਹੈ ਜਿਵੇਂ ਦੇ ਅਸੀਂ ਹਾਂ। ਪਰਮੇਸ਼ੁਰ ਨੇ ਸਾਨੂੰ ਮਸੀਹ ਯਿਸੂ ਵਿੱਚ ਨਵੇਂ ਬਣਾਇਆ ਤਾਂ ਜੋ ਅਸੀਂ ਚੰਗੇ ਕੰਮ ਕਰਨ ਯੋਗ ਹੋ ਸੱਕੀਏ। ਪਰਮੇਸ਼ੁਰ ਨੇ ਪਹਿਲਾਂ ਹੀ ਇਨ੍ਹਾਂ ਸਾਰੀਆਂ ਚੰਗੀਆਂ ਗੱਲਾਂ ਦੀ ਯੋਜਨਾ ਸਾਡੇ ਲਈ ਤਿਆਰ ਕੀਤੀ ਹੋਈ ਹੈ। ਤਾਂ ਕਿ ਅਸੀਂ ਆਪਣਾ ਜੀਵਨ ਚੰਗੇ ਕੰਮ ਕਰਦਿਆਂ ਬਿਤਾਈਏ।

ਮਸੀਹ ਵਿੱਚ ਇੱਕਮਿਕ

11 ਤੁਸੀਂ ਗੈਰ ਯਹੂਦੀਆਂ ਦੇ ਤੌਰ ਤੇ ਜਨਮੇ ਸੀ। ਤੁਸੀਂ ਉਹ ਲੋਕ ਹੋ ਜਿਨ੍ਹਾਂ ਨੂੰ ਯਹੂਦੀ “ਬੇ-ਸੁੰਨਤੀਏ” ਆਖਦੇ ਹਨ। ਉਹ ਯਹੂਦੀ ਜਿਹੜੇ ਤੁਹਾਨੂੰ “ਬੇ-ਸੁੰਨਤੀਏ” ਆਖਦੇ ਹਨ ਉਹ ਆਪਣੇ ਆਪ ਨੂੰ “ਸੁੰਨਤੀ” ਅਖਵਾਉਂਦੇ ਹਨ। ਉਨ੍ਹਾਂ ਦੀ ਸੁੰਨਤ ਅਜਿਹੀ ਹੈ ਜਿਹੜੀ ਉਹ ਖੁਦ ਆਪਣੇ ਸਰੀਰਾਂ ਉੱਪਰ ਕਰਦੇ ਹਨ। 12 ਅਤੀਤ ਵਿੱਚ, ਯਾਦ ਰੱਖੋ ਕਿ ਤੁਸੀਂ ਮਸੀਹ ਤੋਂ ਬਿਨਾ ਸੀ। ਤੁਸੀਂ ਇਸਰਾਏਲ ਦੇ ਨਾਗਰਿਕ ਨਹੀਂ ਸੀ। ਤੁਹਾਡੇ ਕੋਲ ਵਾਇਦੇ ਦਾ ਉਹ ਕਰਾਰ ਨਹੀਂ ਸੀ, ਜਿਹੜਾ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਦਿੱਤਾ ਸੀ। ਤੁਹਾਨੂੰ ਕੋਈ ਉਮੀਦ ਨਹੀਂ ਸੀ ਅਤੇ ਤੁਸੀਂ ਪਰਮੇਸ਼ੁਰ ਨੂੰ ਨਹੀਂ ਜਾਣਦੇ ਸੀ। 13 ਇਸ ਤਰ੍ਹਾਂ ਇੱਕ ਸਮੇਂ ਤੁਸੀਂ ਪਰਮੇਸ਼ੁਰ ਤੋਂ ਬਹੁਤ ਦੂਰ ਸੀ। ਪਰ ਹੁਣ ਤੁਸੀਂ ਮਸੀਹ ਯਿਸੂ ਵਿੱਚ ਉਸ ਦੇ ਲਹੂ ਰਾਹੀਂ ਪਰਮੇਸ਼ੁਰ ਦੇ ਨੇੜੇ ਲਿਆਏ ਗਏ ਹੋ।

14 ਮਸੀਹ ਦੇ ਕਾਰਣ ਹੁਣ ਸਾਨੂੰ ਸ਼ਾਂਤੀ ਮਿਲੀ ਹੋਈ ਹੈ। ਮਸੀਹ ਨੇ ਸਾਨੂੰ ਦੋਹਾਂ ਨੂੰ ਇੱਕ ਕੌਮ ਵਾਂਗ ਇਕੱਠਿਆਂ ਕੀਤਾ ਹੈ। ਯਹੂਦੀ ਅਤੇ ਗੈਰ ਯਹੂਦੀ ਇਸ ਤਰ੍ਹਾਂ ਵੰਡੇ ਹੋਏ ਸਨ ਜਿਵੇਂ ਉਨ੍ਹਾਂ ਵਿੱਚਕਾਰ ਇੱਕ ਕੰਧ ਹੋਵੇ। ਉਹ ਇੱਕ ਦੂਸਰੇ ਨੂੰ ਨਫ਼ਰਤ ਕਰਦੇ ਸਨ। ਪਰ ਮਸੀਹ ਨੇ ਆਪਣਾ ਸਰੀਰ ਦੇਕੇ ਨਫ਼ਰਤ ਦੀ ਉਸ ਕੰਧ ਨੂੰ ਢਾਹ ਦਿੱਤਾ। 15 ਯਹੂਦੀ ਸ਼ਰ੍ਹਾ ਵਿੱਚ ਕਈ ਹੁਕਮ ਅਤੇ ਅਸੂਲ ਸਨ। ਪਰ ਮਸੀਹ ਨੇ ਉਸ ਸ਼ਰ੍ਹਾ ਦਾ ਅੰਤ ਕਰ ਦਿੱਤਾ। ਮਸੀਹ ਦਾ ਉਦੇਸ਼ ਲੋਕਾਂ ਦੇ ਦੋ ਸਮੂਹਾਂ ਨੂੰ ਆਪਣੇ ਵਿੱਚ ਇੱਕ ਕੌਮ ਬਨਾਉਣਾ ਅਤੇ ਉੱਥੇ ਸ਼ਾਂਤੀ ਸਥਾਪਿਤ ਕਰਨਾ ਸੀ। 16 ਮਸੀਹ ਨੇ ਸਲੀਬ ਤੇ ਮਰਕੇ ਇਨ੍ਹਾਂ ਦੋਹਾਂ ਸਮੂਹਾਂ ਵਿੱਚਲੀ ਨਫ਼ਰਤ ਦਾ ਅੰਤ ਕਰ ਦਿੱਤਾ ਹੈ। ਜਦੋਂ ਦੋ ਸਮੂਹ ਇੱਕ ਸਰੀਰ ਬਣ ਗਏ, ਉਹ ਵਾਪਸ ਉਨ੍ਹਾਂ ਨੂੰ ਪਰਮੇਸ਼ੁਰ ਕੋਲ ਲੈ ਆਇਆ। ਇਹ ਮਸੀਹ ਨੇ ਸਲੀਬ ਉੱਤੇ ਆਪਣੀ ਮੌਤ ਰਾਹੀਂ ਕੀਤਾ। 17 ਮਸੀਹ ਆਇਆ ਅਤੇ ਉਸ ਨੇ ਸ਼ਾਂਤੀ ਦਾ ਪ੍ਰਚਾਰ ਤੁਹਾਡੇ ਸਭਨਾਂ ਵਿੱਚ ਕੀਤਾ ਤੁਸੀਂ ਜੋ ਪਰਮੇਸ਼ੁਰ ਤੋਂ ਦੂਰ ਹੋ ਅਤੇ ਤੁਸੀਂ ਜਿਹੜੇ ਪਰਮੇਸ਼ੁਰ ਦੇ ਨਜ਼ਦੀਕ ਹੋ। 18 ਹਾਂ, ਮਸੀਹ ਰਾਹੀਂ, ਸਾਡੇ ਦੋਹਾਂ ਸਮੂਹਾਂ ਨੂੰ ਇੱਕ ਆਤਮਾ ਵਿੱਚ ਪਿਤਾ ਕੋਲ ਆਉਣ ਦਾ ਹੱਕ ਹੈ।

19 ਹੁਣ ਤੁਸੀਂ ਗੈਰ ਯਹੂਦੀਓ ਓਪਰੇ ਜਾਂ ਯਾਤਰੀ ਨਹੀਂ ਹੋ। ਹੁਣ ਤੁਸੀਂ, ਪਰਮੇਸ਼ੁਰ ਦੇ ਪਵਿੱਤਰ ਲੋਕਾਂ ਦੇ ਨਾਲ ਦੇ ਨਾਗਰਿਕ ਹੋ ਤੁਸੀਂ ਪਰਮੇਸ਼ੁਰ ਦੇ ਪਰਿਵਾਰ ਦੇ ਹੋਂ। 20 ਤੁਸੀਂ ਵਿਸ਼ਵਾਸੀ ਉਸ ਇਮਾਰਤ ਵਾਂਗ ਹੋ ਜਿਸਦਾ ਮਾਲਕ ਪਰਮੇਸ਼ੁਰ ਹੈ। ਇਹ ਇਮਾਰਤ ਰਸੂਲਾਂ ਅਤੇ ਨਬੀਆਂ ਦੁਆਰਾ ਬਣਾਈ ਉਸ ਬੁਨਿਯਾਦ ਉੱਪਰ ਉਸਾਰੀ ਗਈ ਸੀ। ਮਸੀਹ ਯਿਸੂ ਖੁਦ ਇਸ ਇਮਾਰਤ ਦਾ ਸਭ ਤੋਂ ਮਹੱਤਵਪੂਰਣ ਪੱਥਰ ਹੈ। 21 ਇਹ ਸਾਰੀ ਇਮਾਰਤ ਮਸੀਹ ਵਿੱਚ ਸੰਯੁਕਤ ਹੈ। ਅਤੇ ਇਸ ਨੂੰ ਵੱਧਾਕੇ, ਮਸੀਹ ਇਸ ਨੂੰ ਪ੍ਰਭੂ ਵਿੱਚ ਇੱਕ ਪਵਿੱਤਰ ਮੰਦਰ ਬਣਾ ਦਿੰਦਾ ਹੈ। 22 ਅਤੇ ਮਸੀਹ ਵਿੱਚ, ਤੁਸੀਂ ਲੋਕ ਹੋਰਨਾਂ ਲੋਕਾਂ ਸਮੇਤ ਉਸਾਰੇ ਜਾ ਰਹੇ ਹੋਂ। ਤੁਸੀਂ ਇੱਕ ਅਜਿਹੇ ਸਥਾਨ ਤੇ ਨਿਰਮਾਣਿਤ ਕੀਤੇ ਜਾ ਰਹੇ ਹੋ ਜਿੱਥੇ ਆਤਮਾ ਦੇ ਰਾਹੀਂ ਪਰਮੇਸ਼ੁਰ ਨਿਵਾਸ ਕਰਦਾ ਹੈ।

ਪੌਲੁਸ ਦਾ ਗੈਰ ਯਹੂਦੀਆਂ ਲਈ ਕਾਰਜ

ਇਉਂ, ਮੈਂ, ਪੌਲੁਸ, ਮਸੀਹ ਯਿਸੂ ਦਾ ਇੱਕ ਕੈਦੀ ਹਾਂ। ਮੈਂ ਤੁਹਾਡੇ ਲੋਕਾਂ ਲਈ, ਜਿਹੜੇ ਯਹੂਦੀ ਨਹੀਂ ਹਨ, ਇੱਕ ਕੈਦੀ ਹਾਂ। ਤੁਹਾਨੂੰ ਨਿਸ਼ਚਿਤ ਹੀ ਪਤਾ ਹੈ ਕਿ ਮੈਨੂੰ ਇਹ ਕੰਮ ਪਰਮੇਸ਼ੁਰ ਦੀ ਕਿਰਪਾ ਦੁਆਰਾ ਦਿੱਤਾ ਗਿਆ ਸੀ। ਪਰਮੇਸ਼ੁਰ ਨੇ ਮੈਨੂੰ ਇਹ ਕੰਮ ਤੁਹਾਡੀ ਸਹਾਇਤਾ ਕਰਨ ਲਈ ਸੌਂਪਿਆ ਸੀ। ਪਰਮੇਸ਼ੁਰ ਨੇ ਆਪਣੀ ਗੁਪਤ ਯੋਜਨਾ ਮੇਰੇ ਤੇ ਪਰਗਟ ਕੀਤੀ। ਉਸ ਨੇ ਮੈਨੂੰ ਇਹ ਦਰਸਾ ਦਿੱਤਾ। ਇਸ ਬਾਰੇ ਮੈਂ ਪਹਿਲਾਂ ਵੀ ਕੁਝ ਲਿਖ ਚੁੱਕਿਆ ਹਾਂ। ਅਤੇ ਜੇਕਰ ਤੁਸੀਂ ਮੇਰੀਆਂ ਲਿਖਤਾਂ ਪੜ੍ਹੋ, ਤੁਸੀਂ ਜਾਣ ਜਾਵੋਂਗੇ ਕਿ ਸੱਚਮੁੱਚ ਮੈਂ ਮਸੀਹ ਬਾਰੇ ਸੱਚ ਨੂੰ ਸਮਝਦਾ ਹਾਂ। ਹੋਰਨਾਂ ਸਮਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਉਸ ਗੁਪਤ ਸੱਚਾਈ ਬਾਰੇ ਨਹੀਂ ਦੱਸਿਆ ਗਿਆ ਸੀ। ਪਰ ਹੁਣ ਪਵਿੱਤਰ ਆਤਮਾ ਦੇ ਰਾਹੀਂ, ਪਰਮੇਸ਼ੁਰ ਨੇ ਇਹ ਗੁਪਤ ਸੱਚ ਆਪਣੇ ਪਵਿੱਤਰ ਰਸੂਲਾਂ ਅਤੇ ਨਬੀਆਂ ਤੇ ਪ੍ਰਗਟ ਕੀਤਾ ਹੈ। ਗੁਪਤ ਸੱਚ ਇਹ ਹੈ ਕਿ ਗੈਰ ਯਹੂਦੀ ਵੀ ਉਹ ਚੀਜ਼ਾਂ ਨੂੰ ਪ੍ਰਾਪਤ ਕਰਨਗੇ ਜੋ ਪਰਮੇਸ਼ੁਰ ਕੋਲ ਉਸ ਦੇ ਆਪਣੇ ਲੋਕਾਂ ਲਈ ਹਨ। ਗੈਰ ਯਹੂਦੀ ਅਤੇ ਯਹੂਦੀ ਇਕੱਠੇ ਇੱਕੋ ਸਰੀਰ ਨਾਲ ਸੰਬੰਧਿਤ ਹਨ। ਅਤੇ ਉਹ ਇਕੱਠੇ ਪਰਮੇਸ਼ੁਰ ਦੇ ਯਿਸੂ ਵਿੱਚ ਦਿੱਤੇ ਵਾਇਦੇ ਨੂੰ ਸਾਂਝਾ ਕਰਦੇ ਹਨ। ਗੈਰ ਯਹੂਦੀਆਂ ਕੋਲ ਇਹ ਸਭ ਚੀਜ਼ਾਂ ਖੁਸ਼ਖਬਰੀ ਦੇ ਕਾਰਣ ਹਨ।

ਪਰਮੇਸ਼ੁਰ ਦੀ ਕਿਰਪਾ ਦੀ ਦਾਤ ਕਾਰਣ ਮੈਂ ਖੁਸ਼ਖਬਰੀ ਬਾਰੇ ਦੱਸਣ ਵਾਲਾ ਸੇਵਕ ਬਣ ਗਿਆ ਹਾਂ। ਪਰਮੇਸ਼ੁਰ ਨੇ ਆਪਣੀ ਸ਼ਕਤੀ ਰਾਹੀਂ ਕਿਰਪਾ ਦਿੱਤੀ। ਮੈਂ ਪਰਮੇਸ਼ੁਰ ਦੇ ਸਮੂਹ ਲੋਕਾਂ ਵਿੱਚੋਂ ਸਭ ਤੋਂ ਘੱਟ ਮਹੱਤਵਪੂਰਣ ਹਾਂ। ਪਰਮੇਸ਼ੁਰ ਨੇ ਮੈਨੂੰ ਗੈਰ ਯਹੂਦੀਆਂ ਨੂੰ ਮਸੀਹ ਵਿੱਚ ਅਮੀਰੀ ਬਾਰੇ ਖੁਸ਼ਖਬਰੀ ਦੇਣ ਦੀ ਦਾਤ ਦਿੱਤੀ। ਇਹ ਅਮੀਰੀ ਸਾਡੀ ਸਮਝ ਵਿੱਚ ਆਉਣ ਤੋਂ ਬਾਹਰ ਹੈ। ਅਤੇ ਪਰਮੇਸ਼ੁਰ ਨੇ ਮੈਨੂੰ ਸਮੂਹ ਲੋਕਾਂ ਨੂੰ ਆਪਣੇ ਗੁਪਤ ਸੱਚ ਦੀ ਯੋਜਨਾ ਦੱਸਣ ਦਾ ਕੰਮ ਦਿੱਤਾ। ਇਹ ਗੁਪਤ ਸੱਚ ਆਦਿਕਾਲ ਤੋਂ ਪਰਮੇਸ਼ੁਰ ਵਿੱਚ ਛੁਪਿਆ ਹੋਇਆ ਸੀ। ਇਹ ਪਰਮੇਸ਼ੁਰ ਹੀ ਹੈ ਜਿਸਨੇ ਹਰ ਸ਼ੈਅ ਦੀ ਸਿਰਜਣਾ ਕੀਤੀ ਹੈ। 10 ਪਰਮੇਸ਼ੁਰ ਦਾ ਮਨੋਰਥ ਸੀ ਕਿ ਸਮੂਹ ਹਾਕਮਾਂ ਅਤੇ ਸਵਰਗੀ ਥਾਵਾਂ ਦੇ ਅਧਿਕਾਰਾਂ ਨੂੰ ਵੱਖ-ਵੱਖ ਰਾਹਾਂ ਦਾ ਪਤਾ ਹੋਣਾ ਚਾਹੀਦਾ ਹੈ ਜਿਸ ਰਾਹੀਂ ਪਰਮੇਸ਼ੁਰ ਆਪਣੀ ਸਿਆਣਪ ਵਿਖਾਉਂਦਾ ਹੈ। ਉਹ ਇਸ ਨੂੰ ਕਲੀਸਿਯਾ ਦੇ ਕਾਰਣ ਜਾਨਣਗੇ। 11 ਇਹ ਉਹ ਯੋਜਨਾ ਸੀ ਜੋ ਪਰਮੇਸ਼ੁਰ ਨੇ ਆਦਿਕਾਲ ਤੋਂ ਬਣਾਈ ਸੀ। ਪਰਮੇਸ਼ੁਰ ਨੇ ਆਪਣੀ ਯੋਜਨਾ ਅਨੁਸਾਰ ਹੀ ਕੀਤਾ ਜਿਹੜੀ ਉਸ ਨੇ ਸਾਡੇ ਪ੍ਰਭੂ ਮਸੀਹ ਯਿਸੂ ਰਾਹੀਂ ਬਣਾਈ ਸੀ। 12 ਮਸੀਹ ਵਿੱਚ, ਅਸੀਂ ਅਜ਼ਾਦੀ ਨਾਲ ਪਰਮੇਸ਼ੁਰ ਸਾਹਮਣੇ ਨਿਰਭੈ ਹੋਕੇ ਆ ਸੱਕਦੇ ਹਾਂ। ਇਹ ਗੱਲ ਅਸੀਂ ਮਸੀਹ ਵਿੱਚ ਆਪਣੇ ਵਿਸ਼ਵਾਸ ਰਾਹੀਂ ਕਰ ਸੱਕਦੇ ਹਾਂ। 13 ਇਸ ਲਈ ਮੈਂ ਤੁਹਾਨੂੰ ਦੱਸਦਾ ਹਾਂ ਕਿ ਜਿਹਾੜੇ ਦੁੱਖ ਮੈਂ ਤੁਹਾਡੀ ਖਾਤਰ ਸਹਾਰ ਰਿਹਾ ਹਾਂ ਉਨ੍ਹਾਂ ਕਾਰਣ ਹੌਂਸਲਾ ਨਾ ਗੁਆਓ। ਮੇਰੀਆਂ ਤਕਲੀਫ਼ਾਂ ਤੁਹਾਡੇ ਲਈ ਸਤਿਕਾਰ ਲਿਆਉਂਦੀਆਂ ਹਨ।

ਮਸੀਹ ਦਾ ਪਿਆਰ

14 ਇਸ ਲਈ ਮੈਂ ਪ੍ਰਾਰਥਨਾ ਵਿੱਚ ਪਿਤਾ ਅੱਗੇ ਝੁਕਦਾ ਹਾਂ। 15 ਧਰਤੀ ਅਤੇ ਸਵਰਗ ਉੱਤੇ ਹਰ ਪਰਿਵਾਰ ਆਪਣਾ ਅਸਲੀ ਨਾਮ ਉਸਤੋਂ ਪ੍ਰਾਪਤ ਕਰਦਾ ਹੈ। 16 ਮੈਂ ਪਿਤਾ ਨੂੰ ਪ੍ਰਾਰਥਨਾ ਕਰਦਾ ਹਾਂ ਕਿ ਉਹ ਆਪਣੀ ਅਸੀਮ ਮਹਿਮਾ ਦੁਆਰਾ ਤੁਹਾਨੂੰ ਤੁਹਾਡੇ ਆਤਮਿਆਂ ਵਿੱਚ ਮਜਬੂਤ ਹੋਣ ਲਈ ਸ਼ਕਤੀ ਦੇਵੇ। ਉਹ ਤੁਹਾਨੂੰ ਇਹ ਤਾਕਤ ਆਪਣੇ ਆਤਮਾ ਰਾਹੀਂ ਦੇਵੇਗਾ। 17 ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਹਾਡੇ ਵਿਸ਼ਵਾਸ ਰਾਹੀਂ ਮਸੀਹ ਤੁਹਾਡੇ ਦਿਲਾਂ ਵਿੱਚ ਰਹੇਗਾ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਹਾਡਾ ਜੀਵਨ ਜੋੜਿਆ ਜਾਵੇ ਅਤੇ ਪ੍ਰੇਮ ਉੱਪਰ ਉਸਾਰਿਆ ਜਾਵੇ। 18 ਅਤੇ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਸੀਂ ਅਤੇ ਪਰਮੇਸ਼ੁਰ ਦੇ ਪਵਿੱਤਰ ਲੋਕ ਮਸੀਹ ਦੇ ਪ੍ਰੇਮ ਦੀ ਮਹਾਨਤਾ ਨੂੰ ਸਮਝ ਸੱਕਣ ਦੀ ਸ਼ਕਤੀ ਰੱਖੋਗੇ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਸੀਂ ਇਹ ਸਮਝ ਸੱਕੋ ਕਿ ਇਹ ਪਿਆਰ ਕਿੰਨਾ ਲੰਮਾ, ਕਿੰਨਾ ਵਿਸ਼ਾਲ ਕਿੰਨਾ ਉੱਚਾ ਅਤੇ ਕਿੰਨਾ ਗਹਿਰਾ ਹੈ। 19 ਮਸੀਹ ਦਾ ਪਿਆਰ ਕਿਸੇ ਵੀ ਵਿਅਕਤੀ ਦੇ ਗਿਆਨ ਦੀ ਸੰਭਾਵਨਾ ਨਾਲੋਂ ਕਿਤੇ ਸਮਰਥ ਨਾਲੋਂ ਵਡੇਰਾ ਹੈ। ਪਰ ਮੇਰੀ ਪ੍ਰਾਰਥਨਾ ਹੈ ਕਿ ਤੁਸੀਂ ਇਸ ਨੂੰ ਜਾਨਣ ਵਿੱਚ ਸਮਰਥ ਹੋਵੋਂ। ਤਾਂ ਤੁਸੀਂ ਪਰਮੇਸ਼ੁਰ ਦੀ ਭਰਪੂਰਤਾ ਨਾਲ ਭਰੇ ਜਾ ਸੱਕੋਂਗੇ।

20 ਪਰਮੇਸ਼ੁਰ ਆਪਣੀ ਸ਼ਕਤੀ ਨਾਲ, ਜੋ ਸਾਡੇ ਵਿੱਚ ਕੰਮ ਕਰਦੀ ਹੈ ਨਾਲੋਂ ਕਿਤੇ ਵੱਧੇਰੇ ਜ਼ਿਆਦਾ ਕਰ ਸੱਕਦਾ ਹੈ ਜੋ ਕਿ ਅਸੀਂ ਉਸ ਪਾਸੋਂ ਮੰਗ ਸੱਕਦੇ ਹਾਂ ਜਾਂ ਉਸ ਬਾਰੇ ਸੋਚ ਸੱਕਦੇ ਹਾਂ। 21 ਪਰਮੇਸ਼ੁਰ ਦੀ ਕਲੀਸਿਯਾ ਵਿੱਚ ਅਤੇ ਯਿਸੂ ਮਸੀਹ ਵਿੱਚ ਸਦਾ ਸਦਾ ਲਈ ਮਹਿਮਾ ਹੋਵੇ। ਆਮੀਨ।

ਸਰੀਰ ਦੀ ਏਕਤਾ

ਮੈਂ ਕੈਦ ਵਿੱਚ ਹਾਂ ਕਿਉਂਕਿ ਮੈਂ ਪ੍ਰਭੂ ਨਾਲ ਸੰਬੰਧਿਤ ਹਾਂ। ਅਤੇ ਪਰਮੇਸ਼ੁਰ ਨੇ ਤੁਹਾਨੂੰ ਆਪਣੇ ਲੋਕਾਂ ਵਜੋਂ ਚੁਣਿਆ। ਹੁਣ ਮੈਂ ਤੁਹਾਨੂੰ ਪਰਮੇਸ਼ੁਰ ਦੇ ਲੋਕਾਂ ਵਾਂਗ ਰਹਿਣ ਲਈ ਬੇਨਤੀ ਕਰਦਾ ਹਾਂ। ਹਮੇਸ਼ਾ ਨਿਮ੍ਰ ਅਤੇ ਕੋਮਲ ਬਣੋ ਧੀਰਜ ਰੱਖੋ ਅਤੇ ਇੱਕ ਦੂਸਰੇ ਨਾਲ ਪ੍ਰੇਮ ਅਤੇ ਸ਼ਾਂਤੀ ਨਾਲ ਜੁੜੇ ਰਹੋ। ਤੁਸੀਂ ਇੱਕ ਦੂਜੇ ਨਾਲ ਆਤਮਾ ਰਾਹੀਂ ਸ਼ਾਂਤੀ ਨਾਲ ਜੁੜੇ ਹੋਏ ਹੋ। ਇਸ ਢੰਗ ਨਾਲ ਜੁੜੇ ਰਹਿਣ ਲਈ ਹਰ ਸੰਭਵ ਜਤਨ ਕਰੋ। ਕਾਸ਼ ਤੁਸੀਂ ਸ਼ਾਂਤੀ ਦੇ ਬੰਧਨ ਦੁਆਰਾ ਸੰਯੁਕਤ ਰਹੋ। ਇੱਕ ਸਰੀਰ ਹੈ ਤੇ ਇੱਕ ਹੀ ਆਤਮਾ ਹੈ। ਅਤੇ ਪਰਮੇਸ਼ੁਰ ਨੇ ਤੁਹਾਨੂੰ ਇੱਕ ਹੀ ਉਮੀਦ ਰੱਖਣ ਦਾ ਸੱਦਾ ਦਿੱਤਾ ਹੈ। ਇੱਕ ਪ੍ਰਭੂ ਹੈ, ਇੱਕ ਵਿਸ਼ਵਾਸ ਅਤੇ ਇੱਕ ਹੀ ਬਪਤਿਸਮਾ। ਉੱਥੇ ਸਿਰਫ਼ ਇੱਕ ਹੀ ਪਰਮੇਸ਼ੁਰ ਹੈ, ਜੋ ਸਾਰੀਆਂ ਚੀਜ਼ਾਂ ਦਾ ਪਿਤਾ ਹੈ। ਉਹ ਹਰ ਚੀਜ਼ ਤੇ ਹਕੂਮਤ ਕਰਦਾ ਹੈ। ਉਹ ਹਰ ਜਗ਼੍ਹਾ ਹੈ ਅਤੇ ਹਰ ਚੀਜ਼ ਅੰਦਰ ਹੈ।

ਮਸੀਹ ਨੇ ਸਾਡੇ ਵਿੱਚੋਂ ਹਰ ਇੱਕ ਨੂੰ ਇੱਕ ਵਿਸ਼ੇਸ਼ ਦਾਤ ਦਿੱਤੀ ਹੈ। ਹਰ ਵਿਅਕਤੀ ਨੂੰ ਉਹ ਮਿਲਿਆ ਜੋ ਮਸੀਹ ਉਸ ਨੂੰ ਦੇਣਾ ਚਾਹੁੰਦਾ ਸੀ। ਇਸੇ ਲਈ, ਇਹ ਪੋਥੀਆਂ ਵਿੱਚ ਲਿਖਿਆ ਹੋਇਆ ਹੈ:

“ਜਦੋਂ ਉਹ ਉੱਪਰ ਅਕਾਸ਼ ਵਿੱਚ ਗਿਆ,
    ਉਸ ਨੇ ਕੈਦੀਆਂ ਨੂੰ ਆਪਣੇ ਨਾਲ ਲਿਆ,
    ਅਤੇ ਲੋਕਾਂ ਨੂੰ ਦਾਤਾਂ ਦਿੱਤੀਆਂ।” (B)

ਜਦੋਂ ਇਹ ਆਖਦਾ ਹੈ, “ਉਹ ਉੱਚਾ ਗਿਆ,” ਇਸਦਾ ਕੀ ਅਰਥ ਹੈ? ਇਸਦਾ ਅਰਥ ਹੈ ਕਿ ਪਹਿਲਾਂ ਉਹ ਧਰਤੀ ਉੱਤੇ ਥੱਲੇ ਆਇਆ। 10 ਇਸ ਲਈ ਮਸੀਹ ਹੀ ਹੈ ਜੋ ਹੇਠਾ ਆਇਆ, ਅਤੇ ਉਹੀ ਹੈ ਜਿਹੜਾ ਉੱਪਰ ਗਿਆ। ਉਹ ਸਾਰੇ ਅਕਾਸ਼ਾਂ ਨਾਲੋਂ ਉੱਪਰ ਗਿਆ। ਮਸੀਹ ਨੇ ਅਜਿਹਾ ਹਰ ਚੀਜ਼ ਨੂੰ ਆਪਣੇ ਨਾਲ ਭਰਪੂਰ ਕਰਨ ਲਈ ਕੀਤਾ। 11 ਅਤੇ ਉਸੇ ਮਸੀਹ ਨੇ ਲੋਕਾਂ ਨੂੰ ਦਾਤਾਂ ਦਿੱਤੀਆਂ। ਉਸ ਨੇ ਕਈਆਂ ਨੂੰ ਰਸੂਲ, ਕਈਆਂ ਨੂੰ ਨਬੀ, ਕਈਆਂ ਨੂੰ ਖੁਸ਼ਖਬਰੀ ਦਾ ਪ੍ਰਚਾਰ ਕਰਨ ਲਈ, ਅਤੇ ਕੁਝ ਇੱਕ ਨੂੰ ਦੇਖ ਭਾਲ ਅਤੇ ਪਰਮੇਸ਼ੁਰ ਦੇ ਲੋਕਾਂ ਨੂੰ ਉਪਦੇਸ਼ ਦੇਣ ਲਈ ਬਣਾਇਆ। 12 ਮਸੀਹ ਨੇ ਇਹ ਦਾਤਾਂ ਪਰਮੇਸ਼ੁਰ ਦੇ ਪਵਿੱਤਰ ਲੋਕਾਂ ਨੂੰ ਸੇਵਾ ਦਾ ਕੰਮ ਕਰਨ ਦੀ ਤਿਆਰੀ ਲਈ ਦਿੱਤੀਆਂ, ਤਾਂ ਕਿ ਮਸੀਹ ਦੇ ਸਰੀਰ ਨੂੰ ਮਜ਼ਬੂਤ ਬਣਾਇਆ ਜਾ ਸੱਕੇ। 13 ਇਸ ਕਾਰਜ ਨੂੰ ਜਾਰੀ ਰਹਿਣਾ ਚਾਹੀਦਾ ਹੈ, ਜਦੋਂ ਤੱਕ ਅਸੀਂ ਸਾਰੇ ਇੱਕੋ ਜਿਹੇ ਵਿਸ਼ਵਾਸ ਵਿੱਚ ਅਤੇ ਪਰਮੇਸ਼ੁਰ ਦੇ ਪੁੱਤਰ ਬਾਰੇ ਗਿਆਨ ਵਿੱਚ ਇੱਕ ਮੁੱਠ ਨਹੀਂ ਹੋ ਜਾਂਦੇ। ਸਾਡੇ ਲਈ ਉਦੋਂ ਤੱਕ ਵੱਧਣਾ ਅਤੇ ਪ੍ਰਪੱਕ ਬਣਨਾ ਜ਼ਰੂਰੀ ਹੈ ਜਦੋਂ ਤੱਕ ਕਿ ਅਸੀਂ ਮਸੀਹ ਵਰਗੇ ਨਾ ਬਣ ਜਾਈਏ ਅਤੇ ਉਸਦੀ ਉਤਕ੍ਰਿਸ਼ਟਤਾ ਹਾਸਲ ਨਾ ਕਰ ਲਈਏ।

14 ਉਦੋਂ ਅਸੀਂ ਬੱਚੇ ਨਹੀਂ ਹੋਵਾਂਗੇ। ਅਸੀਂ ਉਨ੍ਹਾਂ ਲੋਕਾਂ ਵਰਗੇ ਨਹੀਂ ਹੋਵਾਂਗੇ ਜਿਹੜੇ ਉਸ ਜਹਾਜ਼ ਵਾਂਗ ਆਪਣੀ ਦਿਸ਼ਾ ਬਦਲਦੇ ਹਨ ਜਿਸ ਨੂੰ ਲਹਿਰਾਂ ਇੱਕ ਪਾਸਿਉਂ ਦੂਸਰੇ ਪਾਸੇ ਲੈ ਜਾਂਦੀਆਂ ਹਨ। ਅਸੀਂ ਉਨ੍ਹਾਂ ਉਪਦੇਸ਼ਾਂ ਤੋਂ ਪ੍ਰਭਾਵਿਤ ਨਹੀਂ ਹੋਵਾਂਗੇ ਜੋ ਅਸੀਂ ਉਨ੍ਹਾਂ ਲੋਕਾਂ ਤੋਂ ਪ੍ਰਾਪਤ ਕਰਦੇ ਹਾਂ ਜੋ ਸਾਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰਦੇ ਹਨ। ਅਜਿਹੇ ਆਦਮੀ ਲੋਕਾਂ ਨੂੰ ਗਲਤ ਰਾਹੇ ਪਾਉਣਾ ਚਾਹੁੰਦੇ ਹਨ ਅਤੇ ਉਨ੍ਹਾਂ ਨੂੰ ਗਲਤ ਰਾਹ ਸੁਝਾਉਂਦੇ ਹਨ। 15 ਨਹੀਂ। ਅਸੀਂ ਪ੍ਰੇਮ ਵਿੱਚ ਸੱਚ ਬੋਲਾਂਗੇ। ਅਸੀਂ ਹਰ ਰਾਹੇ ਮਸੀਹ ਦੀ ਤਰ੍ਹਾਂ ਬਨਣ ਲਈ ਵੱਧਾਂਗੇ। ਮਸੀਹ ਸਿਰ ਹੈ ਅਤੇ ਅਸੀਂ ਸਰੀਰ ਹਾਂ। 16 ਸਮੁੱਚਾ ਸਰੀਰ ਮਸੀਹ ਉੱਪਰ ਨਿਰਭਰ ਹੈ। ਅਤੇ ਸਰੀਰ ਦੇ ਸਾਰੇ ਅੰਗ ਜੁੜੇ ਹੋਏ ਅਤੇ ਇਕੱਠੇ ਹਨ। ਸਰੀਰ ਦਾ ਹਰ ਅੰਗ ਆਪਣਾ ਕੰਮ ਕਰਦਾ ਹੈ। ਅਤੇ ਇਸ ਤਰ੍ਹਾਂ ਸੰਪੂਰਣ ਸਰੀਰ ਵੱਧਦਾ ਹੈ ਅਤੇ ਪ੍ਰੇਮ ਵਿੱਚ ਮਜ਼ਬੂਤ ਹੁੰਦਾ ਹੈ।

ਜਿਸ ਢੰਗ ਨਾਲ ਤੁਹਾਨੂੰ ਜਿਉਣਾ ਚਾਹੀਦਾ

17 ਪ੍ਰਭੂ ਲਈ ਮੈਂ ਤੁਹਾਨੂੰ ਦੱਸਦਾ ਹਾਂ ਅਤੇ ਮੈਂ ਤੁਹਾਨੂੰ ਚੇਤਾਵਨੀ ਦਿੰਦਾ ਹਾਂ; ਅਵਿਸ਼ਵਾਸੀਆਂ ਵਾਂਗ ਜਿਉਣ ਵਿੱਚ ਸਥਿਰ ਨਾ ਰਹੋ। ਉਨ੍ਹਾਂ ਦੇ ਵਿੱਚਾਰ ਕਿਸੇ ਕੰਮ ਦੇ ਨਹੀਂ ਹਨ। 18 ਉਨ੍ਹਾਂ ਲੋਕਾਂ ਦੇ ਮਨ ਹਨੇਰਮਈ ਹੋ ਗਏ ਹਨ। ਉਹ ਕੁਝ ਨਹੀਂ ਜਾਣਦੇ, ਕਿਉਂਕਿ ਉਹ ਸੁਣਨ ਤੋਂ ਇਨਕਾਰੀ ਹਨ। ਇਸ ਲਈ ਉਹ ਜੀਵਨ ਨਹੀਂ ਪ੍ਰਾਪਤ ਕਰ ਸੱਕਦੇ ਜਿਹੜਾ ਪਰਮੇਸ਼ੁਰ ਪ੍ਰਦਾਨ ਕਰਦਾ ਹੈ। 19 ਉਨ੍ਹਾਂ ਨੇ ਆਪਣੀ ਸ਼ਰਮਸਾਰੀ ਦੀ ਭਾਵਨਾ ਗੁਆ ਲਈ ਹੈ। ਉਹ ਆਪਣੇ ਜੀਵਨ ਬਦੀ ਕਰਨ ਲਈ ਇਸਤੇਮਾਲ ਕਰਦੇ ਹਨ। ਉਹ ਹਰ ਪ੍ਰਕਾਰ ਦੀਆਂ ਵੱਧ ਤੋਂ ਵੱਧ ਬਦਕਾਰੀਆਂ ਕਰਨੀਆਂ ਚਾਹੁੰਦੇ ਹਨ। 20 ਪਰ ਜਿਹੜੀਆਂ ਗੱਲਾਂ ਤੁਸੀਂ ਮਸੀਹ ਵਿੱਚ ਸਿੱਖੀਆਂ ਹਨ ਉਹ ਉਨ੍ਹਾਂ ਮੰਦੀਆਂ ਗੱਲਾਂ ਵਰਗੀਆਂ ਨਹੀਂ ਹਨ। 21 ਮੈਂ ਜਾਣਦਾ ਹਾਂ ਕਿ ਤੁਸੀਂ ਉਸ ਬਾਰੇ ਸੁਣ ਚੁੱਕੇ ਹੋ। ਅਤੇ ਕਿਉਂ ਜੋ ਤੁਸੀਂ ਉਸ ਵਿੱਚ ਹੋ, ਉਸਦਾ ਸੱਚ ਤੁਹਾਨੂੰ ਸਿੱਖਾਇਆ ਗਿਆ। ਹਾਂ ਸੱਚ ਯਿਸੂ ਵਿੱਚ ਹੈ। 22 ਤੁਹਾਨੂੰ ਆਪਣੇ ਪੁਰਾਣੇ ਆਪੇ ਦਾ ਤਿਆਗ ਕਰਨਾ ਸਿੱਖਾਇਆ ਗਿਆ ਸੀ। ਇਸਦਾ ਅਰਥ ਹੈ ਕਿ ਤੁਹਾਨੂੰ ਉਸ ਤਰ੍ਹਾਂ ਦੇ ਮੰਦੇ ਢੰਗ ਨਾਲ ਜਿਉਣਾ ਛੱਡ ਦੇਣਾ ਚਾਹੀਦਾ ਹੈ ਜਿਸ ਤਰ੍ਹਾਂ ਤੁਸੀਂ ਪਹਿਲਾਂ ਜਿਉਂ ਰਹੇ ਸੀ। ਉਹ ਪੁਰਾਣਾ ਆਪਾ ਬਦਤਰ ਬਣਦਾ ਜਾਂਦਾ ਹੈ, ਕਿਉਂ ਜੋ ਲੋਕ ਉਨ੍ਹਾਂ ਬਦਕਾਰੀਆਂ ਦੁਆਰਾ ਗੁਮਰਾਹ ਹੋ ਗਏ ਹਨ ਜਿਹੜੀਆਂ ਉਹ ਕਰਨੀਆਂ ਚਾਹੁੰਦੇ ਹਨ। 23 ਪਰ ਤੁਹਾਨੂੰ ਆਪਣੇ ਦਿਲਾਂ ਵਿੱਚ ਅਤੇ ਮਨਾਂ ਵਿੱਚ ਨਵੇਂ ਬਣਨ ਲਈ ਸਿੱਖਾਇਆ ਗਿਆ ਹੈ। 24 ਤੁਹਾਨੂੰ ਇੱਕ ਨਵੇਂ ਵਿਅਕਤੀ ਬਣਨ ਲਈ ਸਿੱਖਾਇਆ ਗਿਆ ਹੈ। ਇਹ ਨਵਾਂ ਵਿਅਕਤੀ ਪਵਿੱਤਰ ਅਤੇ ਧਾਰਮਿਕਤਾ ਨਾਲ ਰਹਿਣ ਲਈ ਪਰਮੇਸ਼ੁਰ ਵਰਗਾ ਬਣਾਇਆ ਗਿਆ ਹੈ।

25 ਤੁਹਾਨੂੰ ਝੂਠ ਬੋਲਣਾ ਬੰਦ ਕਰ ਦੇਣਾ ਚਾਹੀਦਾ ਹੈ। “ਤੁਹਾਨੂੰ ਹਮੇਸ਼ਾ ਇੱਕ ਦੂਸਰੇ ਨਾਲ ਸੱਚ ਬੋਲਣਾ ਚਾਹੀਦਾ ਹੈ” [d] ਕਿਉਂਕਿ ਅਸੀਂ ਇੱਕੋ ਸਰੀਰ ਵਿੱਚ ਇੱਕ ਦੂਸਰੇ ਦੇ ਅੰਗ ਹਾਂ। 26 “ਜਦੋਂ ਤੁਸੀਂ ਗੁੱਸੇ ਹੁੰਦੇ ਹੋ, ਤਾਂ ਆਪਣੇ ਕ੍ਰੋਧ ਨੂੰ ਪਾਪ ਕਰਾਉਣ ਦਾ ਕਾਰਣ ਨਾ ਬਨਣ ਦਿਓ” [e] ਸਾਰਾ ਦਿਨ ਕ੍ਰੋਧ ਕਰਨਾ ਜਾਰੀ ਨਾ ਰੱਖੋ। 27 ਸ਼ੈਤਾਨ ਨੂੰ ਕੋਈ ਅਜਿਹਾ ਰਾਹ ਨਾ ਦਿਓ ਜਿਹੜਾ ਤੁਹਾਨੂੰ ਹਰਾ ਸੱਕੇ। 28 ਜੇ ਕੋਈ ਚੋਰੀ ਕਰ ਰਿਹਾ ਹੈ ਤਾਂ ਉਸ ਨੂੰ ਚੋਰੀ ਕਰਨੀ ਛੱਡ ਦੇਣੀ ਚਾਹੀਦੀ ਹੈ। ਇਸਦੀ ਜਗ਼੍ਹਾ ਉਸ ਨੂੰ ਸਖਤ ਮਿਹਨਤ ਕਰਨੀ ਚਾਹੀਦੀ ਹੈ। ਉਸ ਨੂੰ ਆਪਣੇ ਹੱਥਾਂ ਦੀ ਵਰਤੋਂ ਚੰਗੇ ਕੰਮ ਕਰਨ ਲਈ ਕਰਨੀ ਚਾਹੀਦੀ ਹੈ। ਫ਼ੇਰ ਉਸ ਦੇ ਕੋਲ ਗਰੀਬ ਲੋਕਾਂ ਨਾਲ ਸਾਂਝਾ ਕਰਨ ਲਈ ਕੁਝ ਨਾ ਕੁਝ ਹੋਵੇਗਾ।

29 ਜਦੋਂ ਤੁਸੀਂ ਬੋਲੋਂ ਤੁਹਾਨੂੰ ਮੰਦੇ ਬੋਲ ਨਹੀਂ ਬੋਲਣੇ ਚਾਹੀਦੇ। ਪਰ ਉਹ ਗੱਲਾਂ ਕਰੋ ਜਿਨ੍ਹਾਂ ਦੀ ਲੋਕਾਂ ਨੂੰ ਜ਼ਰੂਰਤ ਹੈ, ਉਹ ਗੱਲਾਂ ਜਿਹੜੀਆਂ ਹੋਰਾਂ ਲੋਕਾਂ ਨੂੰ ਮਜ਼ਬੂਤ ਬਣਨ ਵਿੱਚ ਸਹਾਈ ਹੋਣ। ਇਹ ਗੱਲਾਂ ਤੁਹਾਡੇ ਸੁਣਨ ਵਾਲਿਆਂ ਦੀ ਸਹਾਇਤਾ ਕਰਨਗੀਆਂ। 30 ਪਵਿੱਤਰ ਆਤਮਾ ਨੂੰ ਉਦਾਸ ਨਾ ਬਣਾਓ। ਆਤਮਾ ਇਸ ਗੱਲ ਦਾ ਪ੍ਰਮਾਣ ਹੈ ਕਿ ਤੁਸੀਂ ਪਰਮੇਸ਼ੁਰ ਦੇ ਹੋ। ਪਰਮੇਸ਼ੁਰ ਨੇ ਇਹ ਆਤਮਾ ਤੁਹਾਨੂੰ ਇਹ ਦਰਸ਼ਾਉਣ ਲਈ ਦਿੱਤਾ ਸੀ ਕਿ ਪਰਮੇਸ਼ੁਰ ਤੁਹਾਨੂੰ ਢੁੱਕਵੇਂ ਸਮੇਂ ਆਜ਼ਾਦ ਕਰੇਗਾ। 31 ਸਭ ਕੁੜੱਤਣ, ਕ੍ਰੋਧ, ਕੋਪ, ਰੌਲਾ ਅਤੇ ਦੁਰਬਚਨ ਸਾਰੀ ਬੁਰਿਆਈ ਸਣੇ ਆਪਣੇ ਆਪ ਤੋਂ ਦੂਰ ਕਰ ਦੇਵੋ। 32 ਦਿਆਲੂ ਬਣੋ ਅਤੇ ਦੂਸਰਿਆਂ ਨੂੰ ਪਿਆਰ ਕਰਦੇ ਰਹੋ। ਇੱਕ ਦੂਸਰੇ ਨੂੰ ਉਸੇ ਤਰ੍ਹਾਂ ਮਾਫ਼ ਕਰ ਦਿਓ ਜਿਵੇਂ ਪਰਮੇਸ਼ੁਰ ਨੇ ਮਸੀਹ ਵਿੱਚ ਤੁਹਾਨੂੰ ਮੁਆਫ਼ ਕੀਤਾ ਹੈ।

ਤੁਸੀਂ ਪਰਮੇਸ਼ੁਰ ਦੇ ਉਹ ਬੱਚੇ ਹੋ ਜਿਨ੍ਹਾਂ ਨੂੰ ਉਹ ਪਿਆਰ ਕਰਦਾ ਹੈ। ਇਸ ਲਈ ਪਰਮੇਸ਼ੁਰ ਵਾਂਗ ਬਣਨ ਦੀ ਕੋਸ਼ਿਸ਼ ਕਰੋ। ਪ੍ਰੇਮ ਦਾ ਜੀਵਨ ਜੀਓ। ਹੋਰਾਂ ਨੂੰ ਉਸੇ ਤਰ੍ਹਾਂ ਪਿਆਰ ਕਰੋ ਜਿਵੇਂ ਮਸੀਹ ਨੇ ਤੁਹਾਨੂੰ ਪਿਆਰ ਕੀਤਾ। ਮਸੀਹ ਨੇ ਆਪਣੇ ਆਪ ਨੂੰ ਸਾਡੇ ਲਈ ਕੁਰਬਾਨ ਕੀਤਾ ਸੀ। ਉਹ ਪਰਮੇਸ਼ੁਰ ਨੂੰ ਚੜ੍ਹਾਈ ਗਈ ਚੰਗੀ ਸੁਗੰਧ ਅਤੇ ਇੱਕ ਕੁਰਬਾਨੀ ਸੀ।

ਤੁਹਾਡੇ ਵਿੱਚ ਜਿਨਸੀ ਪਾਪ ਨਹੀਂ ਹੋਣਾ ਚਾਹੀਦਾ। ਤੁਹਾਡੇ ਵਿੱਚ ਕਿਸੇ ਵੀ ਕਿਸਮ ਦੀ ਅਸ਼ੁੱਧਤਾ ਜਾਂ ਲਾਲਸਾ ਨਹੀਂ ਹੋਣੀ ਚਾਹੀਦੀ। ਤੁਹਾਨੂੰ ਇਨ੍ਹਾਂ ਬੁਰੀਆਂ ਗੱਲਾਂ ਬਾਰੇ ਗੱਲ ਵੀ ਨਹੀਂ ਕਰਨੀ ਚਾਹੀਦੀ। ਕਿਉਂ? ਕਿਉਂ ਕਿ ਇਹ ਗੱਲਾਂ ਪਰਮੇਸ਼ੁਰ ਦੇ ਪਵਿੱਤਰ ਲੋਕਾਂ ਲਈ ਸਹੀ ਨਹੀਂ ਹਨ। ਇਸ ਤੋਂ ਇਲਾਵਾ ਤੁਹਾਡੇ ਦਰਮਿਆਨ ਭੱਦੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ। ਤੁਹਾਨੂੰ ਕਦੇ ਵੀ ਮੂਰੱਖਤਾ ਭਰੇ ਬੋਲ ਨਹੀਂ ਬੋਲਣੇ ਚਾਹੀਦੇ ਤੇ ਨਾਂ ਗੰਦੇ ਮਜ਼ਾਕ ਕਰਨੇ ਚਾਹੀਦੇ ਹਨ। ਇਹ ਗੱਲਾਂ ਤੁਹਾਡੇ ਲਈ ਸਹੀ ਨਹੀਂ ਹਨ। ਪਰਮੇਸ਼ੁਰ ਨੂੰ ਧੰਨਵਾਦ ਦੇਣਾ ਹੀ ਤੁਹਾਡੇ ਲਈ ਸਹੀ ਹੈ। ਤੁਸੀਂ ਇਸ ਬਾਰੇ ਨਿਸ਼ਚਿਤ ਹੋ ਸੱਕਦੇ ਹੋ। ਇੱਕ ਵਿਅਕਤੀ ਜਿਹੜਾ ਜਿਨਸੀ ਪਾਪ ਕਰਦਾ ਹੈ ਜਾਂ ਉਹ ਜੋ ਪਾਪ ਕਰਦਾ ਜਾਂ ਲੋਭੀ ਵਪਾਰੀ ਹੈ ਉਸ ਨੂੰ ਪਰਮੇਸ਼ੁਰ ਅਤੇ ਮਸੀਹ ਦੇ ਰਾਜ ਵਿੱਚ ਕੋਈ ਜਗ਼੍ਹਾ ਨਹੀਂ ਮਿਲੇਗੀ ਇੱਕ ਵਿਅਕਤੀ ਜਿਹੜਾ ਹਮੇਸ਼ਾ ਆਪਣੇ ਲਈ ਵੱਧ ਤੋਂ ਵੱਧ ਪ੍ਰਾਪਤ ਕਰਨ ਦੀ ਚਾਹਨਾ ਰੱਖਦਾ ਮੂਰਤੀ ਉਪਾਸੱਕ ਹੈ।

ਕਦੇ ਵੀ ਕਿਸੇ ਵਿਅਕਤੀ ਨੂੰ ਉਸ ਦੀਆਂ ਖੋਖਲੀਆਂ ਗੱਲਾਂ ਨਾਲ ਆਪਣੇ ਆਪ ਨੂੰ ਗੁਮਰਾਹ ਨਾ ਕਰਨ ਦਿਓ। ਇਹ ਬਦਕਾਰੀਆਂ ਪਰਮੇਸ਼ੁਰ ਨੂੰ ਉਨ੍ਹਾਂ ਲੋਕਾਂ ਉੱਪਰ ਕਹਿਰਵਾਨ ਕਰਦੀਆਂ ਹਨ ਜਿਹੜੇ ਉਸਦੀ ਆਗਿਆ ਦਾ ਪਾਲਨ ਨਹੀਂ ਕਰਦੇ। ਇਸ ਲਈ ਉਨ੍ਹਾਂ ਨਾਲ ਇਹੋ ਜਿਹੀਆਂ ਗੱਲਾਂ ਨਾ ਕਰੋ। ਅਤੀਤ ਵਿੱਚ, ਤੁਸੀਂ ਹਨੇਰੇ ਨਾਲ ਘਿਰੇ ਹੋਏ ਸੀ। ਪਰ ਹੁਣ ਤੁਸੀਂ ਪ੍ਰਭੂ ਵਿੱਚਲੀ ਰੋਸ਼ਨੀ ਨਾਲ ਭਰੇ ਹੋਏ ਹੋ। ਇਸ ਲਈ ਉਨ੍ਹਾਂ ਲੋਕਾਂ ਵਾਂਗ ਰਹੋ ਜਿਹੜੇ ਰੌਸ਼ਨੀ ਨਾਲ ਸੰਬੰਧ ਰੱਖਦੇ ਹਨ। ਰੌਸ਼ਨੀ ਚੰਗਿਆਈ, ਧਰਮੀ ਜੀਵਨ ਅਤੇ ਸੱਚ ਦਿੰਦੀ ਹੈ। 10 ਸਿੱਖਣ ਦੀ ਕੋਸ਼ਿਸ਼ ਕਰੋ ਕਿ ਪ੍ਰਭੂ ਨੂੰ ਕੀ ਪ੍ਰਸੰਨ ਕਰਦਾ ਹੈ। 11 ਅਜਿਹੀਆਂ ਗੱਲਾਂ ਨਾ ਕਰੋ ਜਿਹੜੀਆਂ ਉਹ ਲੋਕ ਕਰਦੇ ਹਨ, ਜਿਹੜੇ ਹਨੇਰੇ ਵਿੱਚ ਹਨ। ਅਜਿਹੀਆਂ ਗੱਲਾਂ ਕੋਈ ਲਾਭ ਨਹੀਂ ਲਿਆਉਂਦੀਆਂ। ਪਰ ਇਹ ਦਰਸ਼ਾਉਣ ਲਈ ਚੰਗੀਆਂ ਗੱਲਾਂ ਕਰੋ ਕਿ ਹਨੇਰੇ ਵਿੱਚਲੀਆਂ ਗੱਲਾਂ ਗਲਤ ਹਨ। 12 ਉਨ੍ਹਾਂ ਗੱਲਾਂ ਬਾਰੇ ਬੋਲਣਾ ਵੀ ਸ਼ਰਮਨਾਕ ਹੈ ਜਿਹੜੀਆਂ ਹਨੇਰੇ ਵਿੱਚ ਕੀਤੀਆਂ ਜਾਂਦੀਆਂ ਹਨ। 13 ਪਰ ਜਦੋਂ ਅਸੀਂ ਦਰਸ਼ਾਉਂਦੇ ਹਾਂ ਕਿ ਇਹ ਗੱਲਾਂ ਗਲਤ ਹਨ, ਰੌਸ਼ਨੀ ਉਨ੍ਹਾਂ ਗੱਲਾਂ ਨੂੰ ਪ੍ਰਤੱਖ ਬਣਾ ਦਿੰਦੀ ਹੈ। 14 ਅਤੇ ਜਿਹੜੀ ਗੱਲ ਪ੍ਰਤੱਖ ਹੈ ਰੌਸ਼ਨੀ ਬਣ ਸੱਕਦੀ ਹੈ। ਇਸੇ ਲਈ ਅਸੀਂ ਆਖਦੇ ਹਾਂ:

“ਜਾਗੋ, ਤੁਸੀਂ ਸੁੱਤਿਓ ਬੰਦਿਓ!
    ਮੌਤ ਤੋਂ ਜਿਉ,
ਅਤੇ ਮਸੀਹ ਤੁਹਾਡੇ ਉੱਪਰ ਚਮਕੇਗਾ।”

15 ਇਸ ਲਈ ਇਸ ਗੱਲੋਂ ਬਹੁਤ ਸਾਵੱਧਾਨ ਰਹੋ ਕਿ ਤੁਸੀਂ ਕਿਵੇਂ ਜਿਉਂਦੇ ਹੋ। ਗਿਆਨਹੀਣ ਬੰਦਿਆਂ ਦੇ ਢੰਗ ਵਾਂਗ ਨਾ ਜੀਓ। ਸਗੋਂ ਗਿਆਨਵਾਨ ਬਣਕੇ ਜੀਓ। 16 ਮੇਰਾ ਭਾਵ ਇਹ ਹੈ ਕਿ ਤੁਹਾਨੂੰ ਆਪਣੇ ਹਰ ਮੌਕੇ ਨੂੰ ਚੰਗੇ ਕੰਮ ਲਈ ਵਰਤਣਾ ਚਾਹੀਦਾ ਹੈ ਕਿਉਂਕਿ ਇਹ ਸਮੇਂ ਭ੍ਰਿਸ਼ਟ ਹਨ। 17 ਇਸ ਲਈ ਮੂਰੱਖਤਾ ਦਾ ਜੀਵਨ ਨਾ ਜੀਵੋ। ਪਰ ਉਹ ਗੱਲਾਂ ਸਿੱਖੋ ਜਿਹੜੀਆਂ ਪ੍ਰਭੂ ਤੁਹਾਡੇ ਪਾਸੋਂ ਕਰਵਾਉਣੀਆਂ ਚਾਹੁੰਦਾ ਹੈ। 18 ਮੈਅ ਨਾਲ ਸ਼ਰਾਬੀ ਨਾ ਹੋਵੋ। ਇਹ ਆਤਮਕ ਤੌਰ ਤੇ ਤੁਹਾਨੂੰ ਤਬਾਹ ਕਰ ਦੇਵੇਗੀ, ਪਰ ਇਸਦੀ ਜਗ਼੍ਹਾ ਆਤਮਾ ਨਾਲ ਭਰਪੂਰ ਹੋਵੇ। 19 ਇੱਕ ਦੂਸਰੇ ਨਾਲ ਭਜਨਾਂ, ਸ਼ਬਦਾਂ ਅਤੇ ਆਤਮਕ ਗੀਤਾਂ ਨਾਲ ਬੋਲੋ। ਆਪਣੇ ਦਿਲਾਂ ਵਿੱਚ ਪ੍ਰਭੂ ਲਈ ਗਾਓ ਅਤੇ ਸੰਗੀਤ ਛੇੜੋ। 20 ਹਰ ਚੀਜ਼ ਲਈ ਪਿਤਾ ਪਰਮੇਸ਼ੁਰ ਦਾ ਧੰਨਵਾਦ ਕਰੋ, ਉਸਦਾ ਸਾਡੇ ਪ੍ਰਭੂ ਯਿਸੂ ਮਸੀਹ ਦੇ ਨਾਮ ਤੇ ਧੰਨਵਾਦ ਕਰੋ।

ਪਤਨੀਆਂ ਅਤੇ ਪਤੀਆਂ

21 ਇੱਕ ਦੂਸਰੇ ਦੀ ਗੱਲ ਮੰਨਣ ਲਈ ਸਦਾ ਤਿਆਰ ਰਹੋ। ਅਜਿਹਾ ਇਸ ਲਈ ਕਰੋ ਕਿਉਂ ਜੋ ਤੁਸੀਂ ਮਸੀਹ ਦਾ ਆਦਰ ਕਰਦੇ ਹੋ।

22 ਪਤਨੀਓ, ਆਪਣੇ ਪਤੀਆਂ ਦੇ ਅਧਿਕਾਰਾਂ ਹੇਠਾਂ ਉਵੇਂ ਹੀ ਰਹੋ ਜਿਵੇਂ ਕਿ ਤੁਸੀਂ ਪ੍ਰਭੂ ਦੇ ਅਧਿਕਾਰ ਹੇਠਾਂ ਹੋ। 23 ਪਤੀ ਪਤਨੀ ਦਾ ਮੁਖੀਆ ਹੈ, ਜਿਵੇਂ ਕਿ ਮਸੀਹ ਕਲੀਸਿਯਾ ਦਾ ਮੁਖੀਆ ਹੈ। ਕਲੀਸਿਯਾ ਮਸੀਹ ਦਾ ਸਰੀਰ ਹੈ। ਮਸੀਹ ਸਰੀਰ ਦਾ ਰੱਖਿਅਕ ਹੈ। 24 ਕਲੀਸਿਯਾ ਮਸੀਹ ਦੇ ਅਧਿਕਾਰ ਹੇਠਾਂ ਹੈ। ਇਸ ਲਈ ਪਤਨੀਓ ਤੁਹਾਡੇ ਬਾਰੇ ਵੀ ਇਵੇਂ ਹੀ ਹੈ। ਤੁਹਾਨੂੰ ਹਰ ਗੱਲ ਵਿੱਚ ਆਪਣੇ ਪਤੀਆਂ ਦੇ ਅਧਿਕਾਰ ਹੇਠਾਂ ਹੋਣਾ ਚਾਹੀਦਾ ਹੈ।

25 ਪਤੀਓ, ਆਪਣੀਆਂ ਪਤਨੀਆਂ ਨੂੰ ਉਵੇਂ ਪਿਆਰ ਕਰੋ ਜਿਵੇਂ ਮਸੀਹ ਨੇ ਕਲੀਸਿਯਾ ਨਾਲ ਕੀਤਾ ਹੈ। ਮਸੀਹ ਕਲੀਸਿਯਾ ਲਈ ਮਰਿਆ ਸੀ। 26 ਉਹ ਕਲੀਸਿਯਾ ਨੂੰ ਆਪਣੀ ਸੇਵਾ ਵਾਸਤੇ ਸ਼ੁੱਧ ਬਨਾਉਣ ਲਈ ਮਰਿਆ ਸੀ। ਪਰ ਪਹਿਲਾਂ ਮਸੀਹ ਨੇ ਕਲੀਸਿਯਾ ਨੂੰ ਖੁਸ਼ਖਬਰੀ ਰਾਹੀਂ ਪਾਣੀ ਨਾਲ ਧੋਕੇ ਸਾਫ਼ ਕੀਤਾ। 27 ਮਸੀਹ ਮਰਿਆ ਤਾਂ ਜੋ ਉਹ ਕਲੀਸਿਯਾ ਨੂੰ ਆਪਣੇ ਆਪ ਲਈ ਇੱਕ ਵਹੁਟੀ ਵਾਂਗ ਮਹਿਮਾ ਨਾਲ ਸਮਰਪਿਤ ਕਰ ਸੱਕੇ ਜੋ ਮਹਿਮਾ (ਸੁੰਦਰਤਾ) ਨਾਲ ਭਰਪੂਰ ਹੈ। ਉਹ ਮਰਿਆ ਤਾਂ ਜੋ ਕਲੀਸਿਯਾ ਪਵਿੱਤਰ ਅਤੇ ਦੋਸ਼ ਰਹਿਤ ਹੋ ਸੱਕੇ ਅਤੇ ਬਦੀ ਤੋਂ ਬਿਨਾ ਹੋ ਸੱਕੇ ਜਾਂ ਪਾਪ ਜਾਂ ਹੋਰ ਕਿਸੇ ਵੀ ਗੱਲ ਤੋਂ ਜੋ ਗਲਤ ਹੈ।

28 ਅਤੇ ਪਤੀਆਂ ਨੂੰ ਆਪਣੀਆਂ ਪਤਨੀਆਂ ਨੂੰ ਇਸੇ ਤਰ੍ਹਾਂ ਪਿਆਰ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਆਪਣੀਆਂ ਪਤਨੀਆਂ ਨੂੰ ਉਵੇਂ ਪਿਆਰ ਕਰਨਾ ਚਾਹੀਦਾ ਹੈ ਜਿਵੇਂ ਉਹ ਆਪਣੇ ਸਰੀਰ ਨੂੰ ਪਿਆਰ ਕਰਦੇ ਹਨ। ਜਿਹੜਾ ਵਿਅਕਤੀ ਆਪਣੀ ਪਤਨੀ ਨੂੰ ਪਿਆਰ ਕਰਦਾ ਹੈ ਉਹ ਆਪਣੇ ਆਪ ਨੂੰ ਪਿਆਰ ਕਰਦਾ ਹੈ। 29 ਕਿਉਂ ਕਿ ਕਦੇ ਵੀ ਕਿਸੇ ਨੇ ਆਪਣੇ ਖੁਦ ਦੇ ਸਰੀਰ ਨੂੰ ਨਫ਼ਰਤ ਨਹੀਂ ਕੀਤੀ। ਹਰ ਕੋਈ ਆਪਣੇ ਸਰੀਰ ਦਾ ਪੋਸ਼ਣ ਕਰਦਾ ਹੈ ਅਤੇ ਇਸਦਾ ਚੰਗਾ ਖਿਆਲ ਰੱਖਦਾ ਹੈ। ਅਤੇ ਇਹੀ ਗੱਲ ਹੈ ਜਿਹੜੀ ਮਸੀਹ ਨੇ ਕਲੀਸਿਯਾ ਲਈ ਕੀਤੀ, 30 ਕਿਉਂ ਕਿ ਅਸੀਂ ਉਸ ਦੇ ਸਰੀਰ ਦੇ ਅੰਗ ਹਾਂ। 31 ਪੋਥੀਆਂ ਆਖਦੀਆਂ ਹਨ, “ਇਸ ਲਈ ਆਦਮੀ ਆਪਣੇ ਮਾਤਾ ਪਿਤਾ ਨੂੰ ਛੱਡ ਦੇਵੇਗਾ ਅਤੇ ਆਪਣੀ ਪਤਨੀ ਨਾਲ ਮਿਲ ਜਾਏਗਾ। ਇਸੇ ਤਰ੍ਹਾਂ, ਉਹ ਦੋਵੇਂ ਇੱਕ ਬਣ ਜਾਣਗੇ।” [f] 32 ਇਹ ਗੁਪਤ ਸੱਚ ਬਹੁਤ ਮਹੱਤਵਪੂਰਣ ਹੈ। ਮੈਂ ਮਸੀਹ ਅਤੇ ਕਲੀਸਿਯਾ ਬਾਰੇ ਗੱਲ ਕਰ ਰਿਹਾ ਹਾਂ। 33 ਪਰ ਇਹ ਤੁਹਾਡੇ ਵਿੱਚੋਂ ਹਰ ਇੱਕ ਉੱਤੇ ਲਾਗੂ ਹੁੰਦਾ ਹੈ; ਤੁਹਾਨੂੰ ਆਪਣੀਆਂ ਪਤਨੀਆਂ ਨੂੰ ਉਵੇਂ ਪਿਆਰ ਕਰਨਾ ਚਾਹੀਦਾ ਹੈ ਜਿਵੇਂ ਤੁਸੀਂ ਆਪਣੇ ਆਪ ਨੂੰ ਪਿਆਰ ਕਰਦੇ ਹੋ ਅਤੇ ਇੱਕ ਪਤਨੀ ਨੂੰ ਆਪਣੇ ਪਤੀ ਦਾ ਆਦਰ ਕਰਨਾ ਚਾਹੀਦਾ ਹੈ।

ਬੱਚੇ ਅਤੇ ਮਾਪੇ

ਬਚਿਓ, ਤੁਹਾਨੂੰ ਆਪਣੇ ਮਾਪਿਆਂ ਦੀ ਆਗਿਆ ਦੀ ਪਾਲਣਾ ਉਵੇਂ ਹੀ ਕਰਨੀ ਚਾਹੀਦੀ ਹੈ ਜਿਵੇਂ ਪ੍ਰਭੂ ਤੁਹਾਥੋਂ ਚਾਹੁੰਦਾ ਹੈ। ਇਹੀ ਗੱਲ ਕਰਨ ਲਈ ਸਹੀ ਹੈ। ਹੁਕਮ ਆਖਦਾ ਹੈ, “ਤੁਹਾਨੂੰ ਆਪਣੇ ਮਾਤਾ ਅਤੇ ਪਿਤਾ ਨੂੰ ਸਤਿਕਾਰਨਾ ਚਾਹੀਦਾ ਹੈ।” [g] ਇਹ ਪਹਿਲਾ ਹੁਕਮ ਹੈ ਜਿਸਦੇ ਨਾਲ ਇੱਕ ਆਉਂਦਾ ਹੋਇਆ ਵਾਦਾ ਹੈ। ਉਹ ਵਾਇਦਾ ਹੈ; “ਫ਼ੇਰ ਤੁਹਾਡੇ ਲਈ ਸਭ ਕੁਝ ਚੰਗਾ ਹੋਵੇਗਾ। ਅਤੇ ਤੁਸੀਂ ਧਰਤੀ ਉੱਤੇ ਲੰਮੀ ਉਮਰ ਬਿਤਾਓਗੇ।” [h]

ਪਿਤਾਓ, ਆਪਣੇ ਬੱਚਿਆਂ ਨੂੰ ਗੁੱਸੇ ਨਾ ਕਰੋ। ਪ੍ਰਭੂ ਦੀ ਸਿਖਲਾਈ ਅਤੇ ਉਪਦੇਸ਼ ਅਨੁਸਾਰ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰੋ।

ਗੁਲਾਮ ਅਤੇ ਮਾਲਕ

ਗੁਲਾਮੋ, ਧਰਤੀ ਉੱਤੇ ਆਪਣੇ ਮਾਲਕਾਂ ਦੀ ਆਗਿਆ ਮੰਨੋ। ਆਦਰ ਅਤੇ ਡਰ ਨਾਲ ਉਨ੍ਹਾਂ ਦੇ ਆਦੇਸ਼ਾਂ ਦੀ ਪਾਲਣਾ ਕਰੋ। ਅਤੇ ਇਹ ਗੱਲ ਸੱਚੇ ਦਿਲੋਂ ਕਰੋ ਜਿਵੇਂ ਤੁਸੀਂ ਮਸੀਹ ਦੀ ਆਗਿਆ ਦਾ ਪਾਲਣ ਕਰਦੇ ਹੋ। ਜਦੋਂ ਤੁਹਾਡੇ ਮਾਲਕ ਤੁਹਾਨੂੰ ਦੇਖ ਰਹੇ ਹੁੰਦੇ ਹਨ। ਤੁਹਾਨੂੰ ਉਨ੍ਹਾਂ ਦੀ ਆਗਿਆ ਦਾ ਪਾਲਣ ਕਰਨ ਤੋਂ ਕਿਤੇ ਵੱਧੇਰੇ ਸੰਤੁਸ਼ਟ ਕਰਨਾ ਚਾਹੀਦਾ। ਤੁਹਾਨੂੰ ਉਨ੍ਹਾਂ ਦੀ ਸੇਵਾ ਉਵੇਂ ਹੀ ਕਰਨੀ ਚਾਹੀਦੀ ਹੈ ਜਿਵੇਂ ਤੁਸੀਂ ਮਸੀਹ ਦੀ ਸੇਵਾ ਕਰਦੇ ਹੋ। ਤੁਹਾਨੂੰ ਆਪਣੇ ਪੂਰੇ ਦਿਲੋਂ ਉਹੀ ਕਰਨਾ ਚਾਹੀਦਾ ਹੈ ਜੋ ਪਰਮੇਸ਼ੁਰ ਚਾਹੁੰਦਾ ਹੈ। ਆਪਣਾ ਕੰਮ ਕਰੋ ਅਤੇ ਇਸਦੇ ਕਰਨ ਵਿੱਚ ਖੁਸ਼ੀ ਮਹਿਸੂਸ ਕਰੋ। ਇਸ ਤਰ੍ਹਾਂ ਕੰਮ ਕਰੋ ਜਿਵੇਂ ਕਿ ਤੁਸੀਂ ਪ੍ਰਭੂ ਦੀ ਸੇਵਾ ਕਰ ਰਹੇ ਹੋ ਅਤੇ ਨਾ ਕਿ ਜਿਵੇਂ ਤੁਸੀਂ ਮਨੁੱਖਾਂ ਦੀ ਸੇਵਾ ਕਰ ਰਹੇ ਹੋ। ਯਾਦ ਰੱਖੋ ਕਿ ਪ੍ਰਭੂ ਹਰ ਉਸ ਵਿਅਕਤੀ ਨੂੰ ਫ਼ਲ ਦੇਵੇਗਾ ਜੋ ਚੰਗੀਆਂ ਕਰਨੀਆਂ ਕਰਦਾ ਹੈ। ਹਰ ਵਿਅਕਤੀ ਨੂੰ ਉਸ ਦੀਆਂ ਚੰਗੀਆਂ ਕਰਨੀਆਂ ਲਈ, ਲਿਹਾਜ ਕੀਤੇ ਬਿਨਾ ਕਿ ਉਹ ਇੱਕ ਗੁਲਾਮ ਹੈ ਜਾ ਅਜ਼ਾਦ ਆਦਮੀ, ਫ਼ਲ ਦਿੱਤਾ ਜਾਏਗਾ।

ਮਾਲਕੋ, ਇਸੇ ਤਰ੍ਹਾਂ ਹੀ ਤੁਸੀਂ ਆਪਣੇ ਗੁਲਾਮਾਂ ਨਾਲ ਚੰਗਾ ਸਲੂਕ ਕਰੋ। ਉਨ੍ਹਾਂ ਨੂੰ ਡਰਾਉਣ ਧਮਕਾਉਣ ਵਾਲੀਆਂ ਗੱਲਾਂ ਨਾ ਆਖੋ। ਤੁਸੀਂ ਜਾਣਦੇ ਹੋ ਕਿ ਤੁਹਾਡਾ ਮਾਲਕ ਅਤੇ ਉਨ੍ਹਾਂ ਦਾ ਮਾਲਕ ਇੱਕੋ ਹੀ ਹੈ ਜੋ ਸਵਰਗ ਵਿੱਚ ਹੈ। ਅਤੇ ਉਸ ਦੇ ਵਾਸਤੇ ਹਰ ਕੋਈ ਬਰਾਬਰ ਹੈ।

ਪਰਮੇਸ਼ੁਰ ਦੀ ਢਾਲ ਪਹਿਨ ਲਵੋ

10 ਆਪਣਾ ਪੱਤਰ ਖਤਮ ਕਰਦਿਆਂ ਹੋਇਆਂ ਮੈਂ ਦੱਸਦਾ ਹਾਂ ਕਿ ਤੁਹਾਨੂੰ ਪ੍ਰਭੂ ਵਿੱਚ ਉਸਦੀ ਮਹਾਨ ਸ਼ਕਤੀ ਵਿੱਚ ਤਕੜੇ ਹੋਣਾ ਚਾਹੀਦਾ ਹੈ। 11 ਪਰਮੇਸ਼ੁਰ ਦੀ ਢਾਲ ਪਹਿਨ ਲਵੋ ਤਾਂ ਜੋ ਤੁਸੀਂ ਸ਼ੈਤਾਨ ਦੀਆਂ ਸ਼ੈਤਾਨੀ ਚਾਲਾਂ ਦੇ ਖਿਲਾਫ਼ ਲੜ ਸੱਕੋ। 12 ਸਾਡੀ ਲੜਾਈ ਧਰਤੀ ਦੇ ਲੋਕਾਂ ਦੇ ਖਿਲਾਫ਼ ਨਹੀਂ ਹੈ। ਅਸੀਂ ਇਸ ਹਨੇਰੀ ਦੁਨੀਆਂ ਦੇ ਹਾਕਮਾਂ, ਅਧਿਕਾਰੀਆਂ ਅਤੇ ਸ਼ਕਤੀਆਂ ਨਾਲ ਲੜ ਰਹੇ ਹਾਂ। ਅਸੀਂ ਬਦੀ ਦੀਆਂ ਆਤਮਕ ਤਾਕਤਾਂ ਜਿਹੜੀਆਂ ਸਵਰਗੀ ਥਾਵਾਂ ਵਿੱਚ ਹਨ ਦੇ ਵਿਰੁੱਧ ਲੜ ਰਹੇ ਹਾਂ। 13 ਇਸ ਲਈ ਤੁਹਾਡੇ ਕੋਲ ਪਰਮੇਸ਼ੁਰ ਦੇ ਪੂਰੇ ਕਵਚ ਹੋਣੇ ਚਾਹੀਦੇ ਹਨ। ਫ਼ੇਰ ਬਦੀ ਵਾਲੇ ਦਿਨ ਤੁਸੀਂ ਮਜ਼ਬੂਤੀ ਨਾਲ ਡਟਕੇ ਖਲੋ ਸੱਕੋਂਗੇ। ਅਤੇ ਜਦੋਂ ਤੁਸੀਂ ਪੂਰੀ ਲੜਾਈ ਖਤਮ ਕਰ ਲਈ ਹੋਵੇਗੀ ਤੁਸੀਂ ਫ਼ੇਰ ਵੀ ਸਥਿਰ ਖਲੋਤੇ ਹੋਵੋਂਗੇ।

14 ਇਸ ਲਈ ਮਜ਼ਬੂਤੀ ਨਾਲ ਖਲੋਵੋ ਅਤੇ ਆਪਣੀ ਕਮਰ ਦੁਆਲੇ ਸੱਚ ਦੀ ਪੇਟੀ ਬੰਨ੍ਹ ਲਵੋ। ਅਤੇ ਆਪਣੀ ਛਾਤੀ ਉੱਤੇ ਸਹੀ ਜੀਵਨ ਦੀ ਰੱਖਿਆ ਪਾ ਲਵੋ। 15 ਸ਼ਾਂਤੀ ਦੀ ਖੁਸ਼ਖਬਰੀ ਦਾ ਪ੍ਰਚਾਰ ਕਰਨ ਲਈ ਆਪਣੇ ਪੈਰਾਂ ਵਿੱਚ ਰਜ਼ਾਮੰਦੀ ਦੀ ਜੁੱਤੀ ਪਾ ਲਵੋ। ਜਿਸ ਨਾਲ ਤੁਸੀਂ ਮਜਬੂਤੀ ਨਾਲ ਖਲੋ ਸੱਕਦੇ ਹੋ। 16 ਅਤੇ ਵਿਸ਼ਵਾਸ ਦੀ ਢਾਲ ਦਾ ਵੀ ਇਸਤੇਮਾਲ ਕਰੋ। ਇਸ ਨਾਲ, ਤੁਸੀਂ ਦੁਸ਼ਟ ਦੇ ਸਾਰੇ ਅਗਨੀ ਬਾਣਾਂ ਨੂੰ ਰੋਕ ਸੱਕਦੇ ਹੋ। 17 ਪਰਮੇਸ਼ੁਰ ਦੀ ਮੁਕਤੀ ਦਾ ਟੋਪ ਪ੍ਰਾਪਤ ਕਰੋ। ਅਤੇ ਆਤਮਾ ਦੀ ਤਲਵਾਰ ਫ਼ੜ ਲਵੋ। ਉਹ ਤਲਵਾਰ ਪਰਮੇਸ਼ੁਰ ਦੀ ਸਿੱਖਿਆ ਹੈ। 18 ਹਮੇਸ਼ਾ ਆਤਮਾ ਵਿੱਚ ਪ੍ਰਾਰਥਨਾ ਕਰਦੇ ਰਹੋ। ਆਪਣੀ ਹਰ ਜ਼ਰੂਰਤ ਪੂਰੀ ਕਰਨ ਲਈ ਹਰ ਤਰ੍ਹਾਂ ਦੀਆਂ ਪ੍ਰਾਰਥਨਾ ਨਾਲ ਪ੍ਰਾਰਥਨਾ ਕਰੋ। ਤੁਹਾਨੂੰ ਇਹ ਹਰ ਸਮੇਂ ਕਰਨ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਹੌਂਸਲਾ ਨਾ ਗੁਆਓ। ਹਮੇਸ਼ਾ ਪਰਮੇਸ਼ੁਰ ਦੇ ਸਮੂਹ ਲੋਕਾਂ ਲਈ ਪ੍ਰਾਰਥਨਾ ਕਰੋ।

19 ਮੇਰੇ ਲਈ ਵੀ ਪ੍ਰਾਰਥਨਾ ਕਰੋ। ਪ੍ਰਾਰਥਨਾ ਕਰੋ ਕਿ ਜਦੋਂ ਮੈਂ ਬੋਲਾਂ ਪਰਮੇਸ਼ੁਰ ਮੈਨੂੰ ਸ਼ਬਦ ਪ੍ਰਦਾਨ ਕਰੇ। ਤਾਂ ਕਿ ਮੈਂ ਬਿਨਾ ਕਿਸੇ ਡਰ ਦੇ ਖੁਸ਼ਖਬਰੀ ਦੇ ਗੁਪਤ ਸੱਚ ਬਾਰੇ ਦੱਸ ਸੱਕਾਂ। 20 ਮੈਨੂੰ ਉਸ ਖੁਸ਼ਖਬਰੀ ਬਾਰੇ ਬੋਲਣ ਦਾ ਕੰਮ ਸੌਂਪਿਆ ਗਿਆ ਹੈ। ਇਹੀ ਗੱਲ ਮੈਂ ਹੁਣ ਇੱਥੇ ਇਸ ਕੈਦ ਵਿੱਚ ਕਰ ਰਿਹਾ ਹਾਂ। ਮੇਰੇ ਲਈ ਪ੍ਰਾਰਥਨਾ ਕਰੋ ਕਿ ਮੈਂ ਲੋਕਾਂ ਵਿੱਚ ਇਸ ਖੁਸ਼ਖਬਰੀ ਦਾ ਪ੍ਰਚਾਰ ਬਿਨਾ ਡਰ ਤੋਂ ਕਰ ਸੱਕਾਂ ਜਿਸ ਢੰਗ ਨਾਲ ਮੈਨੂੰ ਕਰਨਾ ਚਾਹੀਦਾ ਹੈ।

ਅੰਤਿਮ ਸ਼ੁਭਕਾਮਨਾਵਾਂ

21 ਮੈਂ ਤੁਹਾਡੇ ਕੋਲ ਤੁਖਿਕੁਸ ਸਾਡੇ ਭਰਾ ਨੂੰ ਭੇਜ ਰਿਹਾ ਹਾਂ ਜਿਸ ਨੂੰ ਅਸੀਂ ਪਿਆਰ ਕਰਦੇ ਹਾਂ। ਉਹ ਪ੍ਰਭੂ ਦੇ ਕਾਰਜ ਦਾ ਵਫ਼ਾਦਾਰ ਨੌਕਰ ਹੈ। ਉਹ ਤੁਹਾਨੂੰ ਉਸ ਹਰ ਗੱਲ ਦੀ ਜਾਣਕਾਰੀ ਦੇਵੇਗਾ ਜਿਹੜੀ ਮੇਰੇ ਨਾਲ ਇੱਥੇ ਵਾਪਰ ਰਹੀ ਹੈ। ਫ਼ੇਰ ਤੁਹਾਨੂੰ ਮੇਰੀ ਸੁੱਖ ਸਾਂਦ ਬਾਰੇ ਪਤਾ ਲੱਗੇਗਾ ਅਤੇ ਮੈਂ ਕੀ ਕਰ ਰਿਹਾ। 22 ਇਹੀ ਕਾਰਣ ਹੈ ਕਿ ਮੈਂ ਉਸ ਨੂੰ ਘੱਲ ਰਿਹਾ ਹਾਂ। ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਡੀ ਸੁੱਖਸਾਂਦ ਬਾਰੇ ਜਾਣ ਲਵੋ। ਮੈਂ ਉਸ ਨੂੰ ਤੁਹਾਨੂੰ ਹੌਂਸਲਾ ਦੇਣ ਲਈ ਘੱਲ ਰਿਹਾ ਹਾਂ।

23 ਪਰਮੇਸ਼ੁਰ ਪਿਤਾ ਅਤੇ ਪ੍ਰਭੂ ਯਿਸੂ ਮਸੀਹ ਵੱਲੋਂ ਸ਼ਾਂਤੀ ਅਤੇ ਪਿਆਰ ਵਿਸ਼ਵਾਸ ਸਮੇਤ ਤੁਹਾਡੇ ਨਾਲ ਹੋਵੇ। 24 ਪਰਮੇਸ਼ੁਰ ਦੀ ਕਿਰਪਾ ਉਨ੍ਹਾਂ ਸਾਰਿਆਂ ਨਾਲ ਹੋਵੇ ਜਿਹੜੇ ਸਾਡੇ ਪ੍ਰਭੂ ਯਿਸੂ ਮਸੀਹ ਨੂੰ ਪਿਆਰ ਕਰਦੇ ਹਨ, ਉਹ ਪਿਆਰ ਜੋ ਕਦੀ ਨਹੀਂ ਮੁੱਕਦਾ।

ਮਸੀਹ ਯਿਸੂ ਦੇ ਸੇਵਕਾਂ ਪੌਲੁਸ ਅਤੇ ਤਿਮੋਥਿਉਸ ਵੱਲੋਂ, ਮਸੀਹ ਵਿੱਚ ਪਰਮੇਸ਼ੁਰ ਦੇ ਉਨ੍ਹਾਂ ਸਾਰੇ ਲੋਕਾਂ ਨੂੰ ਜੋ ਫ਼ਿਲਿੱਪੈ ਵਿੱਚ ਰਹਿੰਦੇ ਹਨ, ਅਤੇ ਤੁਹਾਡੇ ਸਾਰੇ ਬਜ਼ੁਰਗਾਂ [i] ਅਤੇ ਖਾਸ ਸਹਾਇਕਾਂ ਨੂੰ ਸ਼ੁਭਕਾਮਨਾਵਾਂ।

ਪਰਮੇਸ਼ੁਰ, ਸਾਡੇ ਪਿਤਾ, ਅਤੇ ਪ੍ਰਭੂ ਯਿਸੂ ਮਸੀਹ ਵੱਲੋਂ ਤੁਹਾਨੂੰ ਕਿਰਪਾ ਤੇ ਸ਼ਾਂਤੀ ਮਿਲਦੀ ਰਹੇ।

ਪੌਲੁਸ ਦੀ ਪ੍ਰਾਰਥਨਾ

ਹਰ ਵੇਲੇ ਜਦੋਂ ਵੀ ਮੈਂ ਤੁਹਾਨੂੰ ਚੇਤੇ ਕਰਦਾ ਹਾਂ ਤਾਂ ਮੈਂ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ। ਮੈਂ ਤੁਹਾਡੇ ਸਾਰਿਆਂ ਲਈ ਹਮੇਸ਼ਾ ਅਨੰਦ ਨਾਲ ਪ੍ਰਾਰਥਨਾ ਕਰਦਾ ਹਾਂ। ਮੈਂ ਉਸ ਸਹਾਇਤਾ ਲਈ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ ਜਿਹੜੀ ਤੁਸੀਂ ਉਸ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਖੁਸ਼ਖਬਰੀ ਫ਼ੈਲਾਉਣ ਵਿੱਚ ਕੀਤੀ ਹੈ। ਮੈਨੂੰ ਪੂਰਨ ਵਿਸ਼ਵਾਸ ਹੈ ਕਿ ਪਰਮੇਸ਼ੁਰ ਨੇ ਤੁਹਾਡੇ ਦਰਮਿਆਨ ਇਹ ਚੰਗਾ ਕੰਮ ਆਰੰਭਿਆ ਹੈ। ਉਹ ਉਸ ਕੰਮ ਨੂੰ ਜਾਰੀ ਰੱਖੇਗਾ ਅਤੇ ਮਸੀਹ ਯਿਸੂ ਦੀ ਪਹੁੰਚ ਵਾਲੇ ਦਿਨ ਇਸ ਨੂੰ ਪੂਰਾ ਕਰੇਗਾ।

ਅਤੇ ਮੈਂ ਜਾਣਦਾ ਹਾਂ ਕਿ ਮੇਰਾ ਤੁਹਾਡੇ ਸਾਰਿਆਂ ਲਈ ਇਉਂ, ਸੋਚਣਾ ਠੀਕ ਹੀ ਹੈ। ਤੁਹਾਡੀ ਮੇਰੇ ਦਿਲ ਵਿੱਚ ਇੱਕ ਖਾਸ ਜਗ਼੍ਹਾ ਹੈ। ਕਿਉਂਕਿ ਤੁਸੀਂ ਸਾਰੇ ਮੇਰੇ ਨਾਲ ਪਰਮੇਸ਼ੁਰ ਦੀ ਕਿਰਪਾ ਨੂੰ ਸਾਂਝਾ ਕਰਦੇ ਹੋ। ਤੁਸੀਂ ਉਦੋਂ ਮੇਰੇ ਨਾਲ ਪਰਮੇਸ਼ੁਰ ਦੀ ਕਿਰਪਾ ਸਾਂਝੀ ਕਰਦੇ ਹੋ ਜਦੋਂ ਮੈਂ ਕੈਦ ਵਿੱਚ ਹੁੰਦਾ ਹਾਂ, ਜਦੋਂ ਮੈਂ ਖੁਸ਼ਖਬਰੀ ਦੀ ਰੱਖਿਆ ਕਰ ਰਿਹਾ ਹੁੰਦਾ ਹਾਂ, ਅਤੇ ਜਦੋਂ ਮੈਂ ਖੁਸ਼ਖਬਰੀ ਦੇ ਸੱਚ ਨੂੰ ਸਾਬਤ ਕਰ ਰਿਹਾ ਹੁੰਦਾ ਹਾਂ। ਪਰਮੇਸ਼ੁਰ ਜਾਣਦਾ ਹੈ ਕਿ ਮੈਂ ਤੁਹਾਨੂੰ ਮਸੀਹ ਯਿਸੂ ਦੇ ਪਿਆਰ ਨਾਲ ਦੇਖਣ ਦਾ ਚਾਹਵਾਨ ਹਾਂ।

ਤੁਹਾਡੇ ਲਈ ਮੇਰੀ ਇਹ ਪ੍ਰਾਰਥਨਾ ਹੈ:

ਤੁਹਾਡਾ ਪ੍ਰੇਮ ਵੱਧ ਤੋਂ ਵੱਧ ਵੱਧੇ, ਤੁਹਾਡੇ ਕੋਲ ਸੱਚਾ ਗਿਆਨ ਹੋਵੇ ਅਤੇ ਤੁਹਾਡੇ ਪਿਆਰ ਨਾਲ ਸਮਝ ਹੋਵੇ; 10 ਤੁਸੀਂ ਚੰਗੇ ਤੇ ਮਾੜੇ ਵਿੱਚ ਫ਼ਰਕ ਕਰਨ ਯੋਗ ਹੋਵੋਂ ਅਤੇ ਆਪਣੇ ਲਈ ਸਭ ਤੋਂ ਚੰਗਾ ਚੁਣ ਸੱਕੋਂ; ਤੁਸੀਂ ਮਸੀਹ ਦੇ ਆਉਣ ਲਈ ਪਵਿੱਤਰ ਅਤੇ ਨਿਰਦੋਸ਼ ਹੋਵੋਂ। 11 ਤੁਸੀਂ ਯਿਸੂ ਮਸੀਹ ਦੀ ਸਹਾਇਤਾ ਨਾਲ ਪਰਮੇਸ਼ੁਰ ਨੂੰ ਮਹਿਮਾ ਅਤੇ ਉਸਤਤਿ ਲਿਆਉਣ ਲਈ ਚੰਗੀਆਂ ਕਰਨੀਆਂ ਕਰ ਸੱਕੋਂ।

ਪੌਲੁਸ ਦੀਆਂ ਮੁਸ਼ਕਿਲਾਂ ਪ੍ਰਭੂ ਦੇ ਕਾਰਜ ਵਿੱਚ ਸਹਾਈ ਹੁੰਦੀਆਂ

12 ਭਰਾਵੋ ਅਤੇ ਭੈਣੋ, ਮੈਂ ਚਾਹੁੰਨਾ ਕਿ ਤੁਸੀਂ ਉਨ੍ਹਾਂ ਸਾਰੀਆਂ ਮੰਦੀਆਂ ਗੱਲਾਂ ਬਾਰੇ ਜਾਣੋ ਜਿਹੜੀਆਂ ਮੇਰੇ ਨਾਲ ਵਾਪਰੀਆਂ, ਤੇ ਜਿਨ੍ਹਾਂ ਨੇ ਮੈਨੂੰ ਖੁਸ਼ਖਬਰੀ ਨੂੰ ਵੱਧ ਤੋਂ ਵੱਧ ਫ਼ੈਲਾਉਣ ਵਿੱਚ ਸਹਾਇਤਾ ਕੀਤੀ ਹੈ। 13 ਹੁਣ ਇਹ ਗੱਲ ਸਾਫ਼ ਹੈ ਕਿ ਮੈਂ ਕੈਦ ਵਿੱਚ ਹਾਂ ਕਿਉਂਕਿ ਮੈਂ ਮਸੀਹ ਦੀ ਸੇਵਾ ਕਰਦਾ ਹਾਂ। ਸਾਰੇ ਰੋਮੀ ਪਹਿਰੇਦਾਰ ਤੇ ਹੋਰ ਸਾਰੇ ਲੋਕ ਵੀ ਇਹ ਜਾਣਦੇ ਹਨ। 14 ਕਿਉਂ ਕਿ ਮੈਂ ਕੈਦ ਵਿੱਚ ਹਾਂ, ਪ੍ਰਭੂ ਵਿੱਚ ਬਹੁਤ ਸਾਰੇ ਭਰਾ ਮਸੀਹ ਬਾਰੇ ਸੰਦੇਸ਼ ਨੂੰ ਹੋਰ ਵੱਧੇਰੇ ਹੌਂਸਲੇ ਅਤੇ ਦਲੇਰ ਹੋਕੇ ਬੋਲਣ ਨੂੰ ਤਿਆਰ ਹਨ।

15 ਕੁਝ ਮਸੀਹ ਬਾਰੇ ਈਰਖਾ ਅਤੇ ਸ਼ਰੀਕੇ ਕਾਰਣ ਪ੍ਰਚਾਰ ਕਰਦੇ ਹਨ, ਪਰ ਦੂਸਰੇ ਮਸੀਹ ਬਾਰੇ ਚੰਗੇ ਪ੍ਰਯੋਜਨਾਂ ਨਾਲ ਪ੍ਰਚਾਰ ਕਰਦੇ ਹਨ। 16 ਇਹ ਲੋਕ ਇਸ ਲਈ ਪ੍ਰਚਾਰ ਕਰਦੇ ਹਨ ਕਿਉਂਕਿ ਉਹ ਮੈਨੂੰ ਪਿਆਰ ਕਰਦੇ ਹਨ ਅਤੇ ਉਹ ਜਾਣਦੇ ਹਨ ਕਿ ਪਰਮੇਸ਼ੁਰ ਨੇ ਮੈਨੂੰ ਖੁਸ਼ਖਬਰੀ ਦੀ ਰੱਖਿਆ ਕਰਨ ਦਾ ਕਾਰਜ ਦਿੱਤਾ ਸੀ। 17 ਪਰ ਉਹ ਦੂਸਰੇ ਲੋਕ ਮਸੀਹ ਬਾਰੇ ਖੁਦਗਰਜ਼ੀ ਦੀ ਮਨੋਬਿਰਤੀ ਨਾਲ ਪ੍ਰਚਾਰ ਕਰਦੇ ਹਨ। ਉਨ੍ਹਾਂ ਦੇ ਪ੍ਰਯੋਜਨ ਗਲਤ ਹਨ। ਉਹ ਸੋਚਦੇ ਹਨ ਕਿ ਉਹ ਮੇਰੇ ਲਈ ਅੜਚਨਾਂ ਪੈਦਾ ਕਰ ਸੱਕਦੇ ਹਨ ਜਦੋਂ ਕਿ ਮੈਂ ਕੈਦ ਵਿੱਚ ਹਾਂ। 18 ਮਹੱਤਵਪੂਰਣ ਗੱਲ ਇਹ ਹੈ ਕਿ ਹਰ ਢੰਗ ਵਿੱਚ ਭਾਵੇਂ ਚੰਗੇ ਪ੍ਰਯੋਜਨ ਨਾਲ ਜਾਂ ਮੰਦੇ ਨਾਲ, ਮਸੀਹ ਦੇ ਸੰਦੇਸ਼ ਦਾ ਪ੍ਰਚਾਰ ਹੋ ਰਿਹਾ ਹੈ।

ਅਤੇ ਇਸ ਵਾਸਤੇ ਮੈਂ, ਪ੍ਰਸੰਨ ਹਾਂ ਅਤੇ ਪ੍ਰਸੰਨ ਹੋਣਾ ਜਾਰੀ ਰੱਖਾਂਗਾ। 19 ਤੁਸੀਂ ਮੇਰੇ ਲਈ ਪ੍ਰਾਰਥਨਾ ਕਰ ਰਹੇ ਹੋ ਅਤੇ ਯਿਸੂ ਮਸੀਹ ਦਾ ਆਤਮਾ ਮੇਰੀ ਸਹਾਇਤਾ ਕਰਦਾ ਹੈ। ਇਸ ਲਈ ਮੈਂ ਜਾਣਦਾ ਹਾਂ ਕਿ ਇਹ ਮੁਸ਼ਕਿਲਾਂ ਜੋ ਮੇਰੇ ਨਾਲ ਵਾਪਰੀਆਂ ਮੇਰੇ ਲਈ ਛੁਟਕਾਰਾ ਲਿਆਉਣਗੀਆਂ।

20 ਜੋ ਮੈਂ ਸੱਚਮੁੱਚ ਚਾਹੁੰਦਾ ਹਾਂ ਅਤੇ ਆਸ ਰੱਖਦਾ ਹਾਂ ਕਿ ਮੈਂ ਆਜਿਹਾ ਕੁਝ ਵੀ ਨਹੀਂ ਕਰਾਂਗਾ ਜਿਸ ਤੇ ਮੈਂ ਸ਼ਰਮਿੰਦਗੀ ਮਹਿਸੂਸ ਕਰਾਂ। ਮੈਨੂੰ ਉਮੀਦ ਹੈ ਕਿ ਹੁਣ ਮੇਰੇ ਕੋਲ ਹਮੇਸ਼ਾ ਦੀ ਤਰ੍ਹਾਂ, ਆਪਣੇ ਜੀਵਨ ਵਿੱਚ ਮਸੀਹ ਦੀ ਮਹਿਮਾ ਵਿਖਾਉਣ ਲਈ ਹੌਂਸਲਾ ਹੈ, ਭਾਵੇਂ ਮੈਂ ਜੀਵਾਂ ਜਾ ਮਰਾਂ। 21 ਮੇਰੀ ਜ਼ਿੰਦਗੀ ਦੀ ਮਹੱਤਵਪੂਰਣ ਗੱਲ ਮਸੀਹ ਲਈ ਜਿਉਣਾ ਹੈ। “ਮੌਤ ਵੀ ਮੇਰੇ ਲਈ ਫ਼ਾਇਦੇਮੰਦ ਹੋਵੇਗੀ।” [j]

22 ਜੋ ਮੈਂ ਸਰੀਰਕ ਤੌਰ ਤੇ ਜਿਉਂਦਾ ਰਹਿੰਦਾ ਹਾਂ ਤਾਂ ਜੋ ਮੈਂ ਪ੍ਰਭੂ ਲਈ ਕਾਰਜ ਕਰ ਸੱਕਾਂਗਾ। ਪਰ ਮੈਨੂੰ ਚੋਣ ਕਿਸ ਗੱਲ ਦੀ ਕਰਨੀ ਚਾਹੀਦੀ ਹੈ। ਜਿਉਣ ਦੀ ਜਾਂ ਮਰਨ ਦੀ? ਮੈਨੂੰ ਪਤਾ ਨਹੀਂ। 23 ਜਿਉਣ ਤੇ ਮਰਨ ਵਿੱਚਕਾਰ ਚੋਣ ਕਰਨੀ ਔਖੀ ਹੈ। ਸੱਚਮੁੱਚ ਮੈਂ ਇਹ ਜੀਵਨ ਛੱਡਣਾ ਚਾਹੁੰਦਾ ਹਾਂ ਅਤੇ ਮਸੀਹ ਨਾਲ ਰਹਿਣਾ ਚਾਹੁੰਦਾ ਹਾਂ। ਉਹ ਕਿਤੇ ਜ਼ਿਆਦੇ ਬਿਹਤਰ ਹੈ। 24 ਪਰ ਤੁਹਾਨੂੰ ਲੋਕਾਂ ਨੂੰ ਮੇਰੀ ਸਰੀਰਕ ਤੌਰ ਤੇ ਲੋੜ ਹੈ। 25 ਮੈਨੂੰ ਪਤਾ ਹੈ ਕਿ ਤੁਹਾਨੂੰ ਮੇਰੀ ਲੋੜ ਹੈ। ਇਸੇ ਲਈ ਮੈਂ ਜਾਣਦਾ ਹਾਂ ਕਿ ਮੈਂ ਤੁਹਾਡੀ ਸਹਾਇਤਾ ਕਰਨ ਲਈ ਨਿਸ਼ਚਿਤ ਹੀ ਇੱਥੇ ਠਹਿਰਾਂਗਾ ਤਾਂ ਕਿ ਤੁਸੀਂ ਵੱਧੋਂ ਅਤੇ ਇਹ ਨਿਸ਼ਚਿਤ ਕਰਨ ਲਈ ਕਿ ਤੁਹਾਡੇ ਕੋਲ ਅਨੰਦ ਹੈ ਜੋ ਨਿਹਚਾ ਤੋਂ ਮਿਲਦਾ ਹੈ। 26 ਇਸ ਲਈ ਤੁਸੀਂ ਮਸੀਹ ਯਿਸੂ ਵਿੱਚ ਬਹੁਤ ਖੁਸ਼ ਹੋਵੋਂਗੇ, ਜਦੋਂ ਮੈਂ ਫ਼ੇਰ ਤੁਹਾਡੇ ਨਾਲ ਹੋਵਾਂਗਾ।

27 ਇਹ ਨਿਸ਼ਚਿਤ ਹੋਵੋ ਕਿ ਤੁਸੀਂ ਮਸੀਹ ਦੀ ਖੁਸ਼ਖਬਰੀ ਦੀ ਯੋਗਤਾ ਦੇ ਢੰਗ ਵਿੱਚ ਰਹਿੰਦੇ ਹੋ। ਫ਼ੇਰ ਜੇ ਮੈਂ ਤੁਹਾਡੇ ਕੋਲ ਸਫ਼ਰ ਕਰਕੇ ਆਵਾਂ ਜਾਂ ਮੈਂ ਤੁਹਾਥੋਂ ਦੂਰ ਹੋਵਾਂ, ਮੈਂ ਤੁਹਾਡੇ ਬਾਰੇ ਚੰਗੀਆਂ ਗੱਲਾਂ ਸੁਣਾਂਗਾ। ਮੈਂ ਸੁਣਾਂਗਾ ਕਿ ਤੁਸੀਂ ਇੱਕ ਮਨ ਨਾਲ ਨਿਹਚਾ ਲਈ, ਜਿਹੜੀ ਖੁਸ਼ਖਬਰੀ ਤੋਂ ਆਉਂਦੀ ਹੈ, ਸੰਘਰਸ਼ ਕਰ ਰਹੇ ਹੋ। 28 ਅਤੇ ਤੁਹਾਨੂੰ ਉਨ੍ਹਾਂ, ਲੋਕਾਂ ਤੋਂ ਕੋਈ ਡਰ ਨਹੀਂ ਹੋਵੇਗਾ, ਜਿਹੜੇ ਤੁਹਾਡੇ ਖਿਲਾਫ਼ ਹਨ। ਇਹ ਸਾਰੀਆਂ ਗੱਲਾਂ ਪਰਮੇਸ਼ੁਰ ਵੱਲੋਂ ਸਬੂਤ ਹਨ ਕਿ ਤੁਸੀਂ ਬਚਾਏ ਜਾਵੋਂਗੇ ਅਤੇ ਤੁਹਾਡੇ ਵੈਰੀ ਨਸ਼ਟ ਕੀਤੇ ਜਾਣਗੇ। 29 ਤੁਹਾਨੂੰ ਸਿਰਫ਼ ਮਸੀਹ ਵਿੱਚ ਵਿਸ਼ਵਾਸ ਰੱਖਣ ਦਾ ਹੀ ਅਧਿਕਾਰ ਨਹੀਂ ਦਿੱਤਾ ਗਿਆ, ਸਗੋਂ ਮਸੀਹ ਲਈ ਦੁੱਖ ਝੱਲਣ ਦਾ ਵੀ। ਪਰ ਇਹ ਗੱਲਾਂ ਮਸੀਹ ਲਈ ਮਹਿਮਾ ਲਿਆਉਂਦੀਆਂ ਹਨ। 30 ਤੁਸੀਂ ਉਹ ਜੱਦੋਂ-ਜਹਿਦ ਵੇਖੀ ਜੋ ਮੈਂ ਕੀਤੀ, ਅਤੇ ਅਜੇ ਵੀ ਤੁਸੀਂ ਉਨ੍ਹਾਂ ਸੰਘਰਸ਼ਾਂ ਬਾਰੇ ਸੁਣਦੇ ਹੋ ਜੋ ਮੈਨੂੰ ਹਨ। ਤੁਸੀਂ ਖੁਦ ਉਨ੍ਹਾਂ ਸੰਘਰਸ਼ਾਂ ਰਾਹੀਂ ਲੰਘ ਰਹੇ ਹੋ।

ਏਕਾ ਕਰੋ ਅਤੇ ਇੱਕ ਦੂਸਰੇ ਦੇ ਸਹਾਇਕ ਰਹੋ

ਕੀ ਮਸੀਹ ਵਿੱਚ ਤੁਸੀਂ ਮੇਰੀ ਖਾਤਿਰ ਕੋਈ ਕੰਮ ਕਰ ਸੱਕਦੇ ਹੋਂ? ਕੀ ਤੁਹਾਡਾ ਪਿਆਰ ਮੈਨੂੰ ਦਿਲਾਸਾ ਦੇਣਾ ਚਾਹੁੰਦਾ ਹੈ? ਕੀ ਅਸੀਂ ਪਵਿੱਤਰ ਆਤਮਾ ਵਿੱਚ ਇਕੱਠੇ ਭਾਗੀਦਾਰ ਹਾਂ? ਕੀ ਤੁਹਾਡੇ ਵਿੱਚ ਦਯਾ ਅਤੇ ਕਿਰਪਾ ਹੈ? ਜੇ ਤੁਹਾਡੇ ਅੰਦਰ ਇਹ ਸਭ ਗੱਲਾਂ ਹਨ, ਤਾਂ ਮੈਂ ਤੁਹਾਨੂੰ ਮੇਰੀ ਖਾਤਿਰ ਕੋਈ ਕੰਮ ਕਰਨ ਲਈ ਆਖਦਾ ਹਾਂ। ਇਸ ਨਾਲ ਮੈਨੂੰ ਬਹੁਤ ਪ੍ਰਸੰਨਤਾ ਮਿਲੇਗੀ। ਮੈਂ ਮੰਗਦਾ ਹਾਂ ਕਿ ਤੁਸੀਂ ਸਾਰੇ ਇੱਕੋ ਮਨ ਨਾਲ ਇੱਕੇ ਵਿਸ਼ੇ ਵਿੱਚ ਵਿਸ਼ਵਾਸ ਕਰੋ। ਇੱਕ ਦੂਸਰੇ ਨੂੰ ਪਿਆਰ ਕਰਦਿਆਂ ਇੱਕਸਾਥ ਜੁੜਕੇ ਰਹੋ। ਇੱਕੋ ਤਰ੍ਹਾਂ ਦੀਆਂ ਸੋਚਾਂ ਅਤੇ ਇੱਕੋ ਤਰ੍ਹਾਂ ਦੇ ਉਦੇਸ਼ ਰੱਖਕੇ ਇਕੱਠੇ ਜਿਉਂਵੋ। ਖੁਦਗਰਜ਼ੀ ਜਾਂ ਖੋਖਲੇ ਘਮੰਡ ਨਾਲ ਗੱਲਾਂ ਨਾ ਕਰੋ। ਇਸਦੀ ਜਗ਼੍ਹਾ, ਨਿਮ੍ਰ ਬਣੋ ਅਤੇ ਦੂਸਰੇ ਲੋਕਾਂ ਨੂੰ ਆਪਣੇ ਆਪ ਨਾਲੋਂ ਵੱਧੇਰੇ ਬਿਹਤਰ ਕਰਾਰ ਦਿਉ। ਤੁਹਾਨੂੰ ਸਾਰਿਆਂ ਨੂੰ ਕੇਵਲ ਆਪਣੇ ਹੀ ਮਾਮਲਿਆਂ ਬਾਰੇ ਨਹੀਂ ਸੋਚਣਾ ਚਾਹੀਦਾ ਸਗੋਂ ਦੂਸਰਿਆਂ ਲੋਕਾਂ ਦੇ ਮਾਮਲਿਆਂ ਬਾਰੇ ਵੀ ਸੋਚਣਾ ਚਾਹੀਦਾ।

ਮਸੀਹ ਪਾਸੋ ਬੇਗਰਜ਼ ਹੋਣਾ ਸਿੱਖੋ

ਆਪਣੇ ਦਰਮਿਆਨ ਉਸੇ ਤਰ੍ਹਾਂ ਦੀ ਮਨੋਬਿਰਤੀ ਰੱਖੋ, ਜੋ ਮਸੀਹ ਯਿਸੂ ਦੀ ਸੀ।

ਮਸੀਹ ਖੁਦ ਹਰ ਗੱਲ ਵਿੱਚ ਪਰਮੇਸ਼ੁਰ ਵਾਂਗ ਸੀ।
ਮਸੀਹ ਪਰਮੇਸ਼ੁਰ ਦੇ ਬਰਾਬਰ ਸੀ।
    ਪਰ ਉਸ ਨੇ ਇਹ ਨਹੀਂ ਸੋਚਿਆ ਕਿ ਪਰਮੇਸ਼ੁਰ ਨਾਲ ਬਰਾਬਰੀ ਕੁਝ ਅਜਿਹੀ ਸੀ ਜੋ ਹਰ ਹਾਲਤ ਵਿੱਚ ਉਸ ਨੂੰ ਖੁਦ ਲਈ ਹੀ ਰੱਖਣੀ ਚਾਹੀਦੀ ਸੀ।
ਇਸ ਦੀ ਜਗ਼੍ਹਾ, ਉਸ ਨੇ ਆਪਣਾ ਸਭ ਕੁਝ ਤਿਆਗ ਦਿੱਤਾ
    ਅਤੇ ਇੱਕ ਇਨਸਾਨ ਦਾ ਰੂਪ ਧਾਰਿਆ ਅਤੇ
ਇੱਕ ਸੇਵਕ ਵਰਗਾ ਬਣ ਗਿਆ।
    ਜਦੋਂ ਉਹ ਇਸ ਦੁਨੀਆਂ ਵਿੱਚ ਇੱਕ ਮਨੁੱਖ ਵਾਂਗ ਰਹਿ ਰਿਹਾ ਸੀ ਉਸ ਨੇ ਖੁਦ ਨੂੰ ਨਿਮ੍ਰ ਬਣਾਇਆ।
    ਉਹ ਪਰਮੇਸ਼ੁਰ ਨੂੰ ਇੰਨਾ ਆਗਿਆਕਾਰੀ ਹੋ ਗਿਆ ਕਿ ਉਸ ਨੇ ਸਲੀਬ ਉੱਤੇ ਆਪਣਾ ਜੀਵਨ ਵੀ ਦੇ ਦਿੱਤਾ।
ਮਸੀਹ ਨੇ ਪਰਮੇਸ਼ੁਰ ਦੀ ਆਗਿਆ ਦਾ ਪਾਲਣ ਕੀਤਾ, ਇਸ ਲਈ ਪਰਮੇਸ਼ੁਰ ਨੇ ਉਸ ਨੂੰ ਉਚਾਈ ਵਾਲੀ ਜਗ਼੍ਹਾ ਤੇ ਉੱਠਾਇਆ।
    ਅਤੇ ਉਸ ਨੂੰ ਇੱਕ ਨਾਂ ਦਿੱਤਾ ਜੋ ਕਿ ਦੂਜੇ ਸਾਰਿਆਂ ਨਾਵਾਂ ਤੋਂ ਉੱਚਾ ਹੈ।
10 ਇਸ ਲਈ, ਯਿਸੂ ਦੇ ਨਾਂ ਵਾਸਤੇ ਸਵਰਗ ਵਿੱਚ,
    ਧਰਤੀ ਉੱਤੇ ਜਾਂ ਧਰਤੀ ਦੇ ਅੰਦਰ ਹਰ ਗੋਡਾ ਝੁਕੇਗਾ।
11 ਅਤੇ ਹਰ ਜੀਭ ਇਹ ਸਵੀਕਾਰ ਕਰੇਗੀ, “ਯਿਸੂ ਮਸੀਹ ਪ੍ਰਭੂ ਹੈ।”
    ਜਦੋਂ ਉਹ ਇਹ ਆਖਣਗੇ ਉਹ ਪਰਮੇਸ਼ੁਰ ਲਈ ਸਤਿਕਾਰ ਲਿਆਉਣਗੇ।

ਜਿਹੋ ਜਿਹਾ ਪਰਮੇਸ਼ੁਰ ਚਾਹੁੰਦਾ ਹੈ ਉਹੋ ਜਿਹੇ ਬਣੋ

12 ਮੇਰੇ ਪਿਆਰੇ ਲੋਕੋ ਹੁਣ ਮੇਰਾ ਆਦੇਸ਼ ਚੰਗੀ ਤਰ੍ਹਾਂ ਮੰਨੋ। ਜਦੋਂ ਮੈਂ ਤੁਹਾਡੇ ਨਾਲ ਨਹੀਂ ਹਾਂ, ਫ਼ਿਰ ਜਦੋਂ ਮੈਂ ਤੁਹਾਡੇ ਨਾਲ ਹੋਵਾਂਗਾ। ਪਰਮੇਸ਼ੁਰ ਲਈ ਮਹਾਨ ਇੱਜ਼ਤ ਅਤੇ ਡਰ ਨਾਲ ਆਪਣੀ ਮੁਕਤੀ ਸੰਪੂਰਣ ਕਰਨ ਲਈ ਕੰਮ ਕਰਨਾ ਜਾਰੀ ਰੱਖੋ। 13 ਕਿਉਂਕਿ ਪਰਮੇਸ਼ੁਰ ਹੀ ਹੈ ਜੋ ਤੁਹਾਨੂੰ ਇੱਛਾ ਤੇ ਸ਼ਕਤੀ ਉਸ ਦੇ ਚੰਗੇ ਉਦੇਸ਼ ਅਨੁਸਾਰ ਕੰਮ ਕਰਨ ਲਈ ਦਿੰਦਾ ਹੈ।

14 ਸਾਰੇ ਕੰਮ ਬਿਨਾ ਸ਼ਿਕਾਇਤ ਜਾਂ ਦਲੀਲਬਾਜ਼ੀ ਕੀਤਿਆਂ ਕਰਨੇ ਜਾਰੀ ਰੱਖੋ। 15 ਕਿ ਫ਼ੇਰ ਤੁਸੀਂ ਸ਼ੁੱਧ ਅਤੇ ਮਾਸੂਮ ਹੋਵੋਂਗੇ। ਤੁਸੀਂ ਬਦੀ ਅਤੇ ਇਸ ਪੀੜ੍ਹੀ ਦੇ ਕੱਬੇ ਲੋਕਾਂ ਵਿੱਚੋਂ ਬਿਨਾ ਕਿਸੇ ਦੋਸ਼ ਤੋਂ ਪਰਮੇਸ਼ੁਰ ਦੇ ਬੱਚੇ ਹੋਵੋਂਗੇ। ਇਸ ਦੁਨੀਆਂ ਵਿੱਚ ਤਾਰੇ ਵਾਂਗ ਚਮਕੋ। 16 ਜਿਹੜਾ ਸੰਦੇਸ਼ ਜੀਵਨ ਦਿੰਦਾ ਹੈ ਉਸ ਨੂੰ ਫ਼ੜੀ ਰੱਖੋ। ਇਹ ਮਸੀਹ ਦੇ ਆਉਣ ਵੇਲੇ ਤੱਕ ਕਰੋ। ਫ਼ੇਰ ਮੈਂ ਤੁਹਾਡੇ ਤੇ ਮਾਣ ਕਰ ਸੱਕਾਂਗਾ ਕਿਉਂਕਿ ਮੇਰੇ ਸਾਰੇ ਕਾਰਜ ਅਤੇ ਕੋਸ਼ਿਸ਼ਾਂ ਬੇਕਾਰ ਨਹੀਂ ਸਨ।

17 ਤੁਹਾਡਾ ਵਿਸ਼ਵਾਸ ਅਤੇ ਤੁਹਾਡੀ ਸੇਵਾ ਜੋ ਤੁਸੀਂ ਪਰਮੇਸ਼ੁਰ ਨੂੰ ਭੇਂਟ ਕਰਦੇ ਹੋ, ਉਸ ਬਲੀਦਾਨ ਵਰਗੀਆਂ ਹਨ ਜੋ ਤੁਸੀਂ ਉਸ ਨੂੰ ਅਰਪਣ ਕਰਦੇ ਹੋਂ। ਹੋ ਸੱਕਦਾ ਹੈ ਮੈਨੂੰ ਵੀ ਤੁਹਾਡੇ ਬਲੀਦਾਨ ਨਾਲ ਆਪਣਾ ਲਹੂ ਵਹਾਉਣਾ ਪਵੇ। ਫ਼ੇਰ ਮੈਂ ਬਹੁਤ ਖੁਸ਼ ਹੋਵਾਂਗਾ ਅਤੇ ਤੁਸੀਂ ਵੀ ਮੇਰੀ ਖੁਸ਼ੀ ਨੂੰ ਸਾਂਝਾ ਕਰੋਂਗੇ। 18 ਤੁਹਾਨੂੰ ਸਾਰਿਆਂ ਨੂੰ ਵੀ ਮੇਰੇ ਨਾਲ ਰਲਕੇ ਖੁਸ਼ ਅਤੇ ਅਨੰਦ ਨਾਲ ਭਰਪੂਰ ਹੋਣਾ ਚਾਹੀਦਾ ਹੈ।

ਤਿਮੋਥਿਉਸ ਅਤੇ ਇਪਾਫ਼ਰੋਦੀਤੁਸ ਦੀ ਖਬਰ

19 ਮੈਂ ਪ੍ਰਭੂ ਯਿਸੂ ਵਿੱਚ ਤਿਮੋਥਿਉਸ ਨੂੰ ਛੇਤੀ ਤੁਹਾਡੇ ਵੱਲ ਭੇਜਣ ਦੀ ਆਸ ਰੱਖਦਾ ਹਾਂ। ਜਦੋਂ ਮੈਂ ਉਸ ਕੋਲੋਂ ਤੁਹਾਡੇ ਬਾਰੇ ਖਬਰ ਪ੍ਰਾਪਤ ਕਰਾਂਗਾ, ਤਾਂ ਮੈਂ ਬਹੁਤ ਖੁਸ਼ ਹੋਵਾਂਗਾ। 20 ਮੇਰੇ ਕੋਲ ਤਿਮੋਥਿਉਸ ਵਰਗਾ ਹੋਰ ਕੋਈ ਵਿਅਕਤੀ ਨਹੀਂ ਹੈ। ਉਹ ਸੱਚਮੁੱਚ ਤੁਹਾਡੇ ਭਲੇ ਦਾ ਖਿਆਲ ਰੱਖੇਗਾ। 21 ਹਰ ਕੋਈ ਆਪੋ ਆਪਣੇ ਮਾਮਲਿਆਂ ਵਿੱਚ ਹੀ ਦਿਲਚਸਪੀ ਲੈਂਦਾ ਹੈ ਕੋਈ ਵੀ ਮਸੀਹ ਯਿਸੂ ਦੇ ਕਾਰਜ ਵਿੱਚ ਦਿਲਚਸਪੀ ਨਹੀਂ ਲੈਂਦਾ। 22 ਤੁਸੀਂ ਜਾਣਦੇ ਹੀ ਹੋ ਕਿ ਤਿਮੋਥਿਉਸ ਕਿਸ ਤਰ੍ਹਾਂ ਦਾ ਵਿਅਕਤੀ ਹੈ। ਤੁਸੀਂ ਜਾਣਦੇ ਹੀ ਹੋ ਕਿ ਉਸ ਨੇ ਖੁਸ਼ਖਬਰੀ ਦੇਣ ਵਿੱਚ ਮੇਰੇ ਨਾਲ ਮਿਲਕੇ ਉਸੇ ਤਰ੍ਹਾਂ ਸੇਵਾ ਕੀਤੀ ਹੈ ਜਿਵੇਂ ਕੋਈ ਪੁੱਤਰ ਆਪਣੇ ਪਿਤਾ ਦੀ ਸੇਵਾ ਕਰਦਾ ਹੈ। 23 ਮੇਰਾ ਉਸ ਨੂੰ ਤੁਹਾਡੇ ਵੱਲ ਛੇਤੀ ਭੇਜਣ ਦਾ ਇਰਾਦਾ ਹੈ। ਮੈਂ ਉਸ ਨੂੰ ਉਦੋਂ ਭੇਜ ਦਿਆਂਗਾ ਜਦੋਂ ਮੈਨੂੰ ਆਪਣੇ ਨਾਲ ਵਾਪਰਨ ਵਾਲੇ ਹਲਾਤਾਂ ਬਾਰੇ ਪਤਾ ਲੱਗ ਜਾਵੇਗਾ। 24 ਮੈਨੂੰ ਪ੍ਰਭੂ ਵਿੱਚ ਵਿਸ਼ਵਾਸ ਹੈ ਕਿ ਮੈਂ ਵੀ ਛੇਤੀ ਹੀ ਤੁਹਾਡੇ ਕੋਲ ਆਵਾਂਗਾ।

25 ਮੈਂ ਮਹਿਸੂਸ ਕੀਤਾ ਹੈ ਕਿ ਇਪਾਫ਼ਰੋਦੀਤੁਸ ਨੂੰ ਤੁਹਾਡੇ ਕੋਲ ਭੇਜਣਾ ਜ਼ਰੂਰੀ ਹੈ। ਉਹ ਮਸੀਹ ਵਿੱਚ ਮੇਰਾ ਭਰਾ, ਇੱਕ ਸਾਥੀ ਸੈਨਿਕ ਅਤੇ ਮਸੀਹ ਦੀ ਸੈਨਾ ਵਿੱਚ ਇੱਕ ਸਹ ਕਰਮਚਾਰੀ ਹੈ। ਜਦੋਂ ਮੈਂ ਜ਼ਰੂਰਤ ਵਿੱਚ ਸੀ, ਤੁਸੀਂ ਉਸ ਨੂੰ ਮੇਰੀਆਂ ਲੋੜਾਂ ਦਾ ਖਿਆਲ ਰੱਖਣ ਲਈ ਭੇਜਿਆ ਸੀ। 26 ਉਹ ਤੁਹਾਨੂੰ ਸਾਰਿਆਂ ਨੂੰ ਮਿਲਣਾ ਚਾਹੁੰਦਾ ਹੈ। ਉਹ ਫ਼ਿਕਰਮੰਦ ਹੈ ਕਿਉਂਕਿ ਤੁਸੀਂ ਜਾਣ ਗਏ ਕਿ ਉਹ ਬਿਮਾਰ ਸੀ। 27 ਉਹ ਬਹੁਤ ਬਿਮਾਰ ਸੀ ਅਤੇ ਮਰਨ ਹੀ ਵਾਲਾ ਸੀ। ਪਰ ਪਰਮੇਸ਼ੁਰ ਨੇ ਉਸ ਨੂੰ ਮਿਹਰ ਵਿਖਾਈ। ਸਿਰਫ਼ ਉਸੇ ਨੂੰ ਹੀ ਨਹੀਂ, ਸਗੋਂ ਮੈਨੂੰ ਵੀ, ਤਾਂ ਜੋ ਮੈਨੂੰ ਹੋਰ ਉਦਾਸੀ ਨਾ ਝੱਲਣੀ ਪਵੇ। 28 ਇਸ ਲਈ ਮੈਂ ਜਲਦੀ ਹੀ ਉਸ ਨੂੰ ਤੁਹਾਡੇ ਕੋਲ ਭੇਜ ਰਿਹਾ ਹਾਂ। ਜਦੋਂ ਤੁਸੀਂ ਉਸ ਨੂੰ ਵੇਖੋਂਗੇ, ਤਾਂ ਤੁਸੀਂ ਇੱਕ ਵਾਰ ਫ਼ੇਰ ਖੁਸ਼ ਹੋਵੋਂਗੇ। ਅਤੇ ਮੇਰੀ ਚਿੰਤਾ ਵੀ ਘੱਟ ਜਾਵੇਗੀ। 29 ਇਸ ਲਈ ਉਸਦਾ ਪ੍ਰਭੂ ਵਿੱਚ ਵੱਡੇ ਅਨੰਦ ਨਾਲ ਸੁਆਗਤ ਕਰੋ। ਇਹ ਨਿਸ਼ਚਿਤ ਕਰ ਲਵੋ ਕਿ ਤੁਸੀਂ ਉਸ ਵਰਗੇ ਲੋਕਾਂ ਦੀ ਇੱਜ਼ਤ ਕਰਦੇ ਹੋ। 30 ਉਸ ਨੂੰ ਸਤਿਕਾਰਿਆ ਜਾਣਾ ਚਾਹੀਦਾ ਕਿਉਂਕਿ ਉਸ ਨੇ ਮਸੀਹ ਦੀ ਖਾਤਿਰ ਆਪਣੇ ਪ੍ਰਾਣ ਦੇਣ ਜਿੰਨਾ ਕੰਮ ਕੀਤਾ। ਉਸ ਨੇ ਮੇਰੀ ਸਹਾਇਤਾ ਕਰਨ ਲਈ ਆਪਣੇ ਖੁਦ ਦੇ ਪ੍ਰਾਣ ਵੀ ਖਤਰੇ ਵਿੱਚ ਪਾ ਦਿੱਤੇ। ਤੁਸੀਂ ਆਜਿਹੀ ਸਹਾਇਤਾ ਮੇਰੀ ਖਾਤਿਰ ਨਹੀਂ ਕਰ ਸੱਕੇ।

ਮਸੀਹ ਹਰ ਗੱਲ ਨਾਲੋਂ ਵੱਧੇਰੇ ਮਹੱਤਵਪੂਰਣ ਹੈ

ਇਸ ਲਈ ਭਰਾਵੋ ਅਤੇ ਭੈਣੋ, ਪ੍ਰਭੂ ਵਿੱਚ ਅਨੰਦ ਮਾਣੋ। ਮੇਰੇ ਲਈ ਇਹ ਗੱਲਾਂ ਬਾਰ-ਬਾਰ ਲਿਖਣੀਆਂ ਕੋਈ ਤਕਲੀਫ਼ ਨਹੀਂ। ਇਹ ਤੁਹਾਨੂੰ ਹੋਰ ਵੱਧੇਰੇ ਤਿਆਰ ਹੋਣ ਵਿੱਚ ਮਦਦ ਕਰਨਗੀਆਂ।

ਉਨ੍ਹਾਂ ਲੋਕਾਂ ਤੋਂ ਹੁਸ਼ਿਆਰ ਰਹੋ ਜਿਹੜੇ ਬਦਕਾਰੀ ਕਰਦੇ ਹਨ। ਉਹ ਕੁੱਤਿਆਂ ਵਰਗੇ ਹਨ। ਉਹ ਸੁੰਨਤ ਦੀ ਮੰਗ ਕਰਦੇ ਹਨ। ਪਰ ਅਸੀਂ ਉਹ ਲੋਕ ਹਾਂ ਜਿਨ੍ਹਾਂ ਦੀ ਸੱਚੀ ਸੁੰਨਤ ਹੋਈ ਹੈ। ਅਸੀਂ ਪਰਮੇਸ਼ੁਰ ਦੀ ਉਪਾਸਨਾ ਉਸ ਦੇ ਆਤਮਾ ਰਾਹੀਂ ਕਰਦੇ ਹਾਂ ਅਤੇ ਆਪਣਾ ਵਿਸ਼ਵਾਸ ਆਪਣੇ ਖੁਦ ਵਿੱਚ ਰੱਖਣ ਦੀ ਬਜਾਏ ਮਸੀਹ ਯਿਸੂ ਵਿੱਚ ਰੱਖਦੇ ਹਾਂ। ਹਾਲਾਂ ਕਿ ਆਪਣਾ ਭਰੋਸਾ ਆਪਣੇ ਵਿੱਚ ਰੱਖ ਸੱਕਦਾ ਹਾਂ, ਪਰ ਮੈਂ ਅਜਿਹਾ ਨਹੀਂ ਕਰਦਾ। ਜੇਕਰ ਕੋਈ ਸੋਚਦਾ ਹੈ ਕਿ ਉਹ ਆਪਣਾ ਭਰੋਸਾ ਆਪਣੇ ਆਪ ਵਿੱਚ ਰੱਖ ਸੱਕਦਾ ਹੈ, ਫ਼ੇਰ ਮੇਰੇ ਕੋਲ ਆਪਣਾ ਭਰੋਸਾ ਆਪਣੇ ਆਪ ਵਿੱਚ ਰੱਖਣ ਲਈ ਵੱਧ ਕਾਰਣ ਹਨ। ਮੇਰੀ ਸੁੰਨਤ ਜੰਮਨ ਤੋਂ ਬਾਦ ਅੱਠਵੇਂ ਦਿਨ ਹੀ ਹੋ ਗਈ ਸੀ। ਮੈਂ ਬਿਨਯਾਮੀਨ ਦੇ ਵੰਸ਼ ਵਿੱਚੋਂ ਹਾਂ। ਮੈਂ ਇੱਕ ਯਹੂਦੀ ਹਾਂ ਅਤੇ ਮੇਰੇ ਮਾਪੇ ਯਹੂਦੀ ਸਨ। ਮੂਸਾ ਦੀ ਸ਼ਰ੍ਹਾ ਮੇਰੇ ਲਈ ਬਹੁਤ ਮਹੱਤਵਪੂਰਣ ਸੀ, ਇਸੇ ਲਈ ਮੈਂ ਇੱਕ ਫ਼ਰੀਸੀ ਬਣ ਗਿਆ। ਮੈਂ ਆਪਣੇ ਯਹੂਦੀ ਧਰਮ ਬਾਰੇ ਬੜਾ ਜੋਸ਼ੀਲਾ ਸੀ। ਇਸ ਲਈ ਮੈਂ ਕਲੀਸਿਯਾ ਨੂੰ ਦੰਡ ਦਿੱਤੇ। ਮੈਂ ਬੜੇ ਧਿਆਨ ਨਾਲ ਮੂਸਾ ਦੀ ਸ਼ਰ੍ਹਾ ਦੀ ਪਾਲਣਾ ਕੀਤੀ ਅਤੇ ਕਿਸੇ ਨੂੰ ਵੀ ਮੇਰੇ ਸ਼ਰ੍ਹਾ ਨੂੰ ਮੰਨਣ ਦੇ ਢੰਗ ਵਿੱਚ ਕੋਈ ਦੋਸ਼ ਨਾ ਲੱਭਿਆ।

ਪਰ ਜੋ ਸਾਰੀਆਂ ਚੀਜ਼ਾਂ ਇੱਕ ਸਮੇਂ ਵਿੱਚ ਮੇਰੇ ਲਈ ਮਹੱਤਵਪੂਰਣ ਸਨ, ਅੱਜ ਮੈਂ ਉਨ੍ਹਾਂ ਚੀਜ਼ਾਂ ਨੂੰ ਮਸੀਹ ਦੇ ਕਾਰਣ ਵਿਅਰਥ ਕਰਾਰ ਦਿੰਦਾ ਹਾਂ। ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਮੈਂ ਆਪਣੇ ਪ੍ਰਭੂ ਯਿਸੂ ਮਸੀਹ ਦੀ ਉੱਤਮਤਾਈ ਦੇ ਕਾਰਣ ਅੱਜ ਤੱਕ ਸਭ ਕਾਸੇ ਨੂੰ ਹੀਣ ਸਮਝਦਾ ਹਾਂ। ਉਸੇ ਲਈ ਮੈਂ ਸਭ ਕਾਸੇ ਨੂੰ ਤਿਆਗ ਦਿੱਤਾ ਹੈ। ਅਤੇ ਮੈਂ ਸਭ ਕਾਸੇ ਨੂੰ ਕੂੜਾ ਹੀ ਸਮਝਣ ਲੱਗਾ ਹਾਂ ਤਾਂ ਕਿ ਮੈਂ ਮਸੀਹ ਨੂੰ ਪਾ ਸੱਕਾਂ। ਇਹ ਮੈਨੂੰ ਮਸੀਹ ਵਿੱਚ ਅਤੇ ਧਰਮੀ ਹੋਣ ਵਿੱਚ ਮਦਦ ਕਰਦਾ ਹੈ। ਇਹ ਧਾਰਮਿਕਤਾ ਸ਼ਰ੍ਹਾ ਦਾ ਅਨੁਸਰਣ ਕਰਨ ਤੋਂ ਨਹੀਂ ਆਉਂਦੀ, ਸਗੋਂ ਨਿਹਚਾ ਰਾਹੀਂ ਪਰਮੇਸ਼ੁਰ ਵੱਲੋਂ ਆਉਂਦੀ ਹੈ। ਪਰਮੇਸ਼ੁਰ ਮੈਨੂੰ ਮਸੀਹ ਵਿੱਚ ਮੇਰੇ ਵਿਸ਼ਵਾਸ ਰਾਹੀਂ ਧਰਮੀ ਬਣਾਉਂਦਾ ਹੈ। 10 ਮੈਂ ਜੋ ਜਾਨਣਾ ਚਾਹੁੰਦਾ ਹਾਂ ਮਸੀਹ ਅਤੇ ਉਸ ਸ਼ਕਤੀ ਨੂੰ ਜਿਸਨੇ ਉਸ ਨੂੰ ਮੌਤ ਤੋਂ ਜਿਵਾਲਿਆ ਹੈ। ਮੈਂ ਮਸੀਹ ਦੇ ਦੁੱਖਾਂ ਦਾ ਭਾਗੀਦਾਰ ਹੋਣਾ ਚਾਹੁੰਦਾ ਹਾਂ ਅਤੇ ਉਸਦੀ ਮੌਤ ਵਿੱਚ ਉਸੇ ਜਿਹਾ ਬਣਨਾ ਚਾਹੁੰਦਾ ਹਾਂ। 11 ਇਸ ਤਰ੍ਹਾਂ, ਮੈਨੂੰ ਉਮੀਦ ਹੈ ਕਿ ਕਿਵੇਂ ਵੀ ਮੈਂ ਉਨ੍ਹਾਂ ਵਿੱਚੋਂ ਹੋ ਸੱਕਦਾ ਹਾਂ ਜੋ ਮੌਤ ਤੋਂ ਜਿਵਾਲੇ ਜਾਣਗੇ।

ਟੀਚੇ ਉੱਪਰ ਪਹੁੰਚਣ ਦਾ ਜਤਨ

12 ਮੇਰਾ ਇਹ ਭਾਵ ਨਹੀਂ ਕਿ ਮੈਂ ਪਹਿਲਾਂ ਹੀ ਬਿਲਕੁਲ ਉਹੋ ਜਿਹਾ ਬਣ ਗਿਆ ਜਿਵੇਂ ਪਰਮੇਸ਼ੁਰ ਮੈਨੂੰ ਬਨਾਉਣਾ ਚਾਹੁੰਦਾ ਸੀ। ਮੈਂ ਹਾਲੇ ਟੀਚੇ ਤੱਕ ਨਹੀਂ ਪਹੁੰਚਿਆ। ਪਰ ਮੈਂ ਉਸ ਟੀਚੇ ਤੱਕ ਪਹੁੰਚਣ ਲਈ ਲਗਾਤਾਰ ਸੰਘਰਸ਼ ਕਰ ਰਿਹਾ ਹਾਂ। ਇਹ ਸਿਰਫ਼ ਇਹੀ ਕਾਰਣ ਹੈ ਕਿ ਮਸੀਹ ਯਿਸੂ ਨੇ ਮੈਨੂੰ ਆਪਣਾ ਬਣਾਇਆ। 13 ਭਰਾਵੋ ਅਤੇ ਭੈਣੋ ਮੈਂ ਜਾਣਦਾ ਹਾਂ ਕਿ ਮੈਂ ਹਾਲੇ ਤੱਕ ਮੰਜਿਲ ਤੇ ਨਹੀਂ ਪਹੁੰਚਿਆ। ਪਰ ਇੱਕ ਗੱਲ ਹੈ ਜੋ ਮੈਂ ਹਮੇਸ਼ਾ ਕਰਦਾ ਹਾਂ; ਮੈਂ ਬੀਤੀਆਂ ਗੱਲਾਂ ਨੂੰ ਭੁੱਲ ਚੁੱਕਿਆ ਹਾਂ ਅਤੇ ਮੈਂ ਉਸ ਮੰਜਿਲ ਤੇ ਪਹੁੰਚਣ ਦੀ ਸਖਤ ਕੋਸ਼ਿਸ਼ ਕਰ ਰਿਹਾ ਹਾਂ ਜੋ ਮੇਰੇ ਸਾਹਮਣੇ ਹੈ। 14 ਮੈਂ ਮੰਜਿਲ ਤੇ ਪਹੁੰਚਣ ਲਈ ਅਤੇ ਉਹ ਇਨਾਮ ਜਿੱਤਣ ਲਈ ਲਗਾਤਾਰ ਕੋਸ਼ਿਸ਼ ਕਰ ਰਿਹਾ ਹਾਂ, ਜਿਸ ਵਾਸਤੇ ਪਰਮੇਸ਼ੁਰ ਸਾਨੂੰ ਮਸੀਹ ਯਿਸੂ ਰਾਹੀਂ ਸਵਰਗ ਨੂੰ ਬੁਲਾ ਰਿਹਾ ਹੈ।

15 ਸਾਨੂੰ ਸਾਰਿਆਂ ਨੂੰ, ਜਿਹੜੇ ਆਤਮਕ ਤੌਰ ਤੇ ਪੂਰੀ ਤਰ੍ਹਾਂ ਵੱਡੇ ਹੋ ਚੁੱਕੇ ਹਾਂ, ਇਸੇ ਤਰ੍ਹਾਂ ਹੀ ਸੋਚਣਾ ਚਾਹੀਦਾ ਹੈ। ਪਰ ਜੇਕਰ ਤੁਸੀਂ ਇਨ੍ਹਾਂ ਵਿੱਚੋਂ ਕਿਸੇ ਗੱਲ ਨਾਲ ਵੀ ਸਹਿਮਤ ਨਾ ਹੋਵੋ, ਤਾਂ ਪਰਮੇਸ਼ੁਰ ਤੁਹਾਨੂੰ ਇਹ ਸਪੱਸ਼ਟ ਕਰ ਦੇਵੇਗਾ। 16 ਹਰ ਹਾਲਤ ਵਿੱਚ ਸਾਨੂੰ ਸੱਚ ਦੇ ਰਾਹ ਤੇ ਤੁਰਨਾ ਜਾਰੀ ਰੱਖਣਾ ਚਾਹੀਦਾ ਹੈ ਜੋ ਅਸੀਂ ਹੁਣ ਤਕ ਅਨੁਸਰਣ ਕਰਦੇ ਆਏ ਹਾਂ।

17 ਭਰਾਵੋ ਅਤੇ ਭੈਣੋ, ਮੇਰੇ ਉਦਾਹਰਣਾਂ ਦਾ ਅਨੁਸਰਣ ਕਰੋ। ਉਨ੍ਹਾਂ ਲੋਕਾਂ ਦਾ ਨਰੀਖਣ ਕਰੋ ਜਿਹੜੇ ਨੇੜਤਾ ਨਾਲ ਸਾਡੀ ਉਦਾਹਰਣਾ ਦਾ ਅਨੁਸਰਣ ਕਰਦੇ ਹਨ। ਜਿਵੇਂ ਅਸੀਂ ਇਹ ਰਾਹ ਤੁਹਾਨੂੰ ਵਿਖਾਏ। ਤੁਸੀਂ ਵੀ ਉਨ੍ਹਾਂ ਵਾਂਗ ਅਨੁਸਰਣ ਕਰੋ। 18 ਬਹੁਤ ਸਾਰੇ ਲੋਕ ਮਸੀਹ ਦੀ ਸਲੀਬ ਦੇ ਦੁਸ਼ਮਣਾਂ ਵਾਂਗ ਜਿਉਂਦੇ ਹਨ। ਮੈਂ ਕਈ ਵਾਰੀ ਅਜਿਹੇ ਲੋਕਾਂ ਬਾਰੇ ਤੁਹਾਨੂੰ ਦੱਸਿਆ ਹੈ। ਅਤੇ ਹੁਣ ਉਨ੍ਹਾਂ ਬਾਰੇ ਦੱਸਣ ਲੱਗਿਆਂ ਮੈਨੂੰ ਰੋਣਾ ਆਉਂਦਾ ਹੈ। 19 ਜਿਸ ਰਾਹ ਤੇ ਉਹ ਜਿਉਂ ਰਹੇ ਹਨ ਉਹ ਰਾਹ ਹੈ ਜੋ ਤਬਾਹੀ ਵੱਲ ਜਾਂਦਾ ਹੈ। ਉਨ੍ਹਾਂ ਦੀ ਭੁੱਖ ਹੀ ਉਨ੍ਹਾਂ ਦਾ ਪਰਮੇਸ਼ੁਰ ਹੈ। ਉਨ੍ਹਾਂ ਨੂੰ ਉਨ੍ਹਾਂ ਗੱਲਾਂ ਤੇ ਅਭਿਮਾਨ ਹੈ ਜਿਹੜੀਆਂ ਗੱਲਾਂ ਤੇ ਉਨ੍ਹਾਂ ਨੂੰ ਸ਼ਰਮਸਾਰ ਹੋਣਾ ਚਾਹੀਦਾ ਹੈ। ਉਹ ਸਿਰਫ਼ ਦੁਨਿਆਵੀ ਚੀਜ਼ਾਂ ਬਾਰੇ ਸੋਚਦੇ ਹਨ। 20 ਪਰ ਸਾਡੀ ਮਾਤਭੂਮੀ ਸੁਰਗਾਂ ਵਿੱਚ ਹੈ। ਅਸੀਂ ਆਪਣੇ ਮੁਕਤੀਦਾਤੇ ਦੇ ਸੁਰਗਾਂ ਤੋਂ ਆਉਣ ਦੀ ਉਡੀਕ ਕਰ ਰਹੇ ਹਾਂ। ਸਾਡਾ ਮੁਕਤੀਦਾਤਾ ਪ੍ਰਭੂ ਯਿਸੂ ਮਸੀਹ ਹੈ। 21 ਮਸੀਹ ਸਾਡੇ ਭੌਤਿਕ ਸਰੀਰਾਂ ਨੂੰ ਆਪਣੇ ਮਹਿਮਾਮਈ ਸਰੀਰ ਵਾਂਗ ਬਦਲ ਦੇਵੇਗਾ। ਉਹ ਇਹ ਉਸ ਸ਼ਕਤੀ ਨਾਲ ਕਰੇਗਾ ਜਿਸ ਨਾਲ ਉਹ ਸਾਰੀਆਂ ਚੀਜ਼ਾਂ ਨੂੰ ਨਿਯੰਤ੍ਰਣ ਹੇਠ ਰੱਖਣ ਯੋਗ ਹੈ।

ਕਰਨ ਲਈ ਕੁਝ ਗੱਲਾਂ

ਮੇਰੇ ਪਿਆਰੇ ਭਰਾਵੋ ਅਤੇ ਭੈਣੋ ਮੈਂ ਤੁਹਾਨੂੰ ਪ੍ਰੇਮ ਕਰਦਾ ਹਾਂ ਅਤੇ ਤੁਹਾਨੂੰ ਮਿਲਣਾ ਚਾਹੁੰਦਾ ਹਾਂ। ਤੁਸੀਂ ਮੈਨੂੰ ਖੁਸ਼ੀ ਦਿਉ ਅਤੇ ਮੈਨੂੰ ਤੁਹਾਡੇ ਉੱਤੇ ਮਾਣ ਹੈ। ਜਿਵੇਂ ਮੈਂ ਤੁਹਾਨੂੰ ਕਿਹਾ ਸੀ, ਵਫ਼ਾਦਾਰੀ ਨਾਲ ਪ੍ਰਭੂ ਦਾ ਅਨੁਸਰਣ ਕਰਨਾ ਜਾਰੀ ਰੱਖੋ।

ਮੈਂ ਯੂਓਦੀਆ ਅਤੇ ਸੁੰਤੁਖੇ ਨੂੰ ਇੱਕ ਦੂਸਰੇ ਨਾਲ ਸਹਿਮਤ ਹੋਣ ਲਈ ਬੇਨਤੀ ਕਰਦਾ ਹੈ ਕਿਉਂਕਿ ਤੁਸੀਂ ਪਰਮੇਸ਼ੁਰ ਨਾਲ ਸੰਬੰਧਿਤ ਹੋ। ਮੇਰੇ ਮਿੱਤਰੋ, ਕਿਉਂਕਿ ਤੁਸੀਂ ਮੇਰੇ ਨਾਲ ਰਲਕੇ ਵਫ਼ਾਦਾਰੀ ਨਾਲ ਸੇਵਾ ਕੀਤੀ ਹੈ ਇਸ ਲਈ ਮੈਂ ਤੁਹਾਨੂੰ ਇਨ੍ਹਾਂ ਔਰਤਾਂ ਦੀ ਅਜਿਹਾ ਕਰਨ ਵਿੱਚ ਸਹਾਇਤਾ ਕਰਨ ਲਈ ਆਖਦਾ ਹਾਂ। ਇਨ੍ਹਾਂ ਨੇ ਕਲੇਮੰਸ ਨਾਲ ਮੇਰੇ ਪੱਖੋਂ ਅਤੇ ਮੇਰੇ ਹੋਰ ਸਾਥੀਆਂ ਨਾਲ ਮਿਲਕੇ ਖੁਸ਼ਖਬਰੀ ਫ਼ੈਲਾਉਣ ਵਿੱਚ ਸਖਤ ਮਿਹਨਤ ਕੀਤੀ ਹੈ। ਉਨ੍ਹਾਂ ਦੇ ਨਾਮ ਜੀਵਨ ਦੀ ਪੁਸਤਕ [k] ਵਿੱਚ ਲਿਖੇ ਗਏ ਹਨ।

ਹਮੇਸ਼ਾ ਪ੍ਰਭੂ ਵਿੱਚ ਅਨੰਦ ਮਾਣੋ। ਮੈਂ ਇਸ ਨੂੰ ਫ਼ਿਰ ਆਖਾਂਗਾ, ਅਨੰਦ ਮਾਣੋ।

ਹਰ ਕਿਸੇ ਨੂੰ ਤੁਹਾਡੇ ਨਿਮ੍ਰ ਸੁਭਾਅ ਬਾਰੇ ਜਾਨਣ ਦਿਉ। ਪ੍ਰਭੂ ਛੇਤੀ ਆ ਰਿਹਾ ਹੈ। ਕਾਸੇ ਦੀ ਵੀ ਚਿੰਤਾ ਨਾ ਕਰੋ। ਪਰ ਹਰ ਹਾਲਤ ਵਿੱਚ, ਪਰਮੇਸ਼ੁਰ ਨੂੰ ਉਹ ਪੁੱਛਦਿਆਂ ਹੋਇਆਂ ਪ੍ਰਾਰਥਨਾ ਕਰੋ ਜੋ ਤੁਹਾਨੂੰ ਲੋੜੀਂਦਾ ਹੈ। ਅਤੇ ਜਦੋਂ ਵੀ ਤੁਸੀਂ ਪ੍ਰਾਰਥਨਾ ਕਰੋ, ਉਸਦਾ ਧੰਨਵਾਦ ਕਰੋ। ਪਰਮੇਸ਼ੁਰ ਦੀ ਸ਼ਾਂਤੀ ਇੰਨੀ ਮਹਾਨ ਹੈ ਕਿ ਇਸ ਨੂੰ ਸਾਡੇ ਮਨ ਸਮਝਣ ਲਾਇੱਕ ਨਹੀਂ ਹਨ। ਪਰ ਉਹ ਸ਼ਾਂਤੀ ਮਸੀਹ ਯਿਸੂ ਵਿੱਚ ਸਾਡੇ ਦਿਲਾਂ ਅਤੇ ਮਨਾਂ ਦੀ ਰੱਖਵਾਲੀ ਕਰੇਗੀ।

ਭਰਾਵੋ ਅਤੇ ਭੈਣੋ, ਉਨ੍ਹਾਂ ਗੱਲਾਂ ਵੱਲ ਧਿਆਨ ਦਿਓ ਜੋ ਸੱਚੀਆਂ, ਸਤਿਕਾਰ ਯੋਗ, ਸਹੀ, ਸ਼ੁੱਧ, ਪਿਆਰ ਕਰਨ ਯੋਗ ਅਤੇ ਪ੍ਰਸੰਸਾ ਕਰਨ ਯੋਗ ਹਨ। ਹਮੇਸ਼ਾ ਉਨ੍ਹਾਂ ਗੱਲਾਂ ਬਾਰੇ ਸੋਚੋ ਜੋ ਉੱਤਮ ਅਤੇ ਪ੍ਰਸ਼ੰਸਾ ਯੋਗ ਹਨ। ਉਹ ਗੱਲਾਂ ਕਰੋ ਜਿਹੜੀਆਂ ਤੁਸੀਂ ਮੈਥੋਂ ਸਿੱਖੀਆਂ ਅਤੇ ਪ੍ਰਾਪਤ ਕੀਤੀਆਂ ਹਨ। ਉਹ ਗੱਲਾਂ ਕਰੋ ਜੋ ਤੁਸੀਂ ਮੈਥੋਂ ਸੁਣੀਆਂ ਅਤੇ ਜੋ ਗੱਲਾਂ ਮੈਨੂੰ ਕਰਦਿਆਂ ਵੇਖਿਆ ਪਰਮੇਸ਼ੁਰ ਜਿਹੜਾ ਸ਼ਾਂਤੀ ਦਿੰਦਾ ਹੈ, ਤੁਹਾਡੇ ਨਾਲ ਹੋਵੇਗਾ।

ਪੌਲੁਸ ਫ਼ਿਲਿੱਪੀਆਂ ਦੇ ਮਸੀਹੀਆਂ ਦਾ ਧੰਨਵਾਦ ਕਰਦਾ

10 ਤੁਸੀਂ ਮੇਰੇ ਹਿੱਤ ਬਾਰੇ ਸੋਚਦੇ ਸੀ, ਪਰ ਤੁਹਾਡੇ ਕੋਲ ਇਹ ਵਿਖਾਉਣ ਦਾ ਮੌਕਾ ਨਹੀਂ ਸੀ। ਪਰ ਇੱਕ ਵਾਰ ਫ਼ੇਰ ਤੁਸੀਂ ਮੈਨੂੰ ਮਹੱਤਤਾ ਦੇਣੀ ਸ਼ੁਰੂ ਕਰ ਦਿੱਤੀ। ਇਸ ਲਈ ਮੈਂ ਬਹੁਤ ਪ੍ਰਸੰਨ ਹਾਂ। 11 ਮੈਂ ਇਹ ਗੱਲਾਂ ਤੁਹਾਨੂੰ ਦੱਸ ਰਿਹਾ ਹਾਂ ਪਰ ਇਹ ਇਸ ਲਈ ਨਹੀਂ ਕਿ ਮੈਨੂੰ ਕੋਈ ਚੀਜ਼ ਲੋੜੀਂਦੀ ਹੈ। ਮੈਂ ਕਿਸੇ ਵੀ ਤਰ੍ਹਾਂ ਦੀਆਂ ਹਲਾਤਾਂ ਵਿੱਚ, ਜਿਨ੍ਹਾਂ ਵਿੱਚ ਮੈਂ ਜਿਉਂਦਾ ਹਾਂ, ਸੰਤੁਸ਼ਟ ਹੋਣਾ ਸਿੱਖ ਲਿਆ ਹੈ। 12 ਮੈਨੂੰ ਪਤਾ ਹੈ ਕਿ ਗਰੀਬੀ ਵਿੱਚ ਕਿਵੇਂ ਰਹਿਣਾ ਚਾਹੀਦਾ ਹੈ ਅਤੇ ਅਮੀਰੀ ਵਿੱਚ ਕਿਵੇਂ ਰਹਿਣਾ ਚਾਹੀਦਾ ਹੈ। ਮੈਂ ਹਰ ਸਮੇਂ ਅਤੇ ਹਰ ਹਾਲ ਵਿੱਚ ਭਾਵੇਂ ਰਜੇਵੇਂ ਵਿੱਚ ਰਹਿਣਾ ਪਵੇ ਅਤੇ ਭਾਵੇਂ ਭੁੱਖਮਰੀ ਵਿੱਚ, ਭਾਵੇਂ ਅਮੀਰੀ ਵਿੱਚ ਰਹਿਣਾ ਪਵੇ ਅਤੇ ਭਾਵੇਂ ਗਰੀਬੀ ਵਿੱਚ। ਖੁਸ਼ ਰਹਿਣ ਦਾ ਗੁਪਤ ਰਾਜ ਜਾਣ ਲਿਆ ਹੈ। 13 ਮੈਂ ਮਸੀਹ ਰਾਹੀਂ ਸਾਰੀਆਂ ਗਲਾਂ ਕਰ ਸੱਕਦਾ ਹਾਂ, ਜੋ ਮੈਨੂੰ ਬਲ ਬਖਸ਼ਦਾ ਹੈ।

14 ਪਰ ਇਹ ਚੰਗਾ ਸੀ ਕਿ ਮੁਸੀਬਤਾਂ ਵਿੱਚ ਤੁਸੀਂ ਮੇਰੀ ਮਦਦ ਕੀਤੀ। 15 ਫ਼ਿਲਿੱਪੈ ਵਿੱਚ ਤੁਸੀਂ ਲੋਕੋ, ਯਾਦ ਕਰੋ, ਜਦੋਂ ਮੈਂ ਉੱਥੇ ਪਹਿਲੀ ਵਾਰੀ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਸੀ। ਜਦੋਂ ਮੈਂ ਮਕਦੂਨਿਯਾ ਛੱਡਿਆ, ਤੁਹਾਡੀ ਹੀ ਇੱਕਲੀ ਕਲੀਸਿਯਾ ਸੀ ਜਿਸਨੇ ਮੇਰੀ ਸਹਾਇਤਾ ਕੀਤੀ ਸੀ। 16 ਜਦੋਂ ਮੈਂ ਥੱਸਲੁਨੀਕੇ ਵਿੱਚ ਸਾਂ ਤਾਂ ਬਹੁਤ ਵਾਰੀ ਤੁਸੀਂ ਮੇਰੇ ਲਈ ਲੋੜੀਦੀਆਂ ਚੀਜ਼ਾਂ ਭੇਜੀਆਂ ਸਨ। 17 ਸੱਚਮੁੱਚ, ਇਹ ਨਹੀਂ ਕਿ ਮੈਂ ਤੁਹਾਥੋਂ ਸੁਗਾਤਾਂ ਪ੍ਰਾਪਤ ਕਰਨੀਆਂ ਚਾਹੁੰਦਾ ਹਾਂ, ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਉਹ ਲਾਭ ਪ੍ਰਾਪਤ ਕਰੋਂ ਜਿਹੜਾ ਦੇਣ ਤੋਂ ਆਉਂਦਾ ਹੈ। 18 ਮੇਰੇ ਕੋਲ ਸਭ ਕੁਝ ਜ਼ਰੂਰਤ ਤੋਂ ਵੱਧ ਹੈ। ਜਿਹੜੇ ਦਾਨ ਤੁਸੀਂ ਇਪਾਫ਼ਰੋਦੀਤੁਸ ਰਾਹੀਂ ਭੇਜੇ ਉਨ੍ਹਾਂ ਮੇਰੀਆਂ ਸਾਰੀਆਂ ਲੋੜਾਂ ਦਾ ਪੂਰੀ ਤਰ੍ਹਾਂ ਖਿਆਲ ਰੱਖਿਆ। ਤੁਹਾਡੀ ਦਾਤ ਪਰਮੇਸ਼ੁਰ ਨੂੰ ਚੜ੍ਹਾਈ ਸੁਗੰਧਿਤ ਬਲੀ ਵਰਗੀ ਹੈ। ਪਰਮੇਸ਼ੁਰ ਨੇ ਇਸ ਨੂੰ ਪ੍ਰਵਾਨ ਕੀਤਾ ਅਤੇ ਉਹ ਇਸ ਨਾਲ ਪ੍ਰਸੰਨ ਹੈ। 19 ਮੇਰਾ ਪਰਮੇਸ਼ੁਰ ਮਸੀਹ ਯਿਸੂ ਦੀ ਮਹਿਮਾ ਨਾਲ ਬਹੁਤ ਅਮੀਰ ਹੈ। ਉਹ ਤੁਹਾਡੀਆਂ ਸਾਰੀਆਂ ਲੋੜਾਂ ਨੂੰ ਆਪਣੀ ਅਮੀਰੀ ਰਾਹੀਂ ਪੂਰਨ ਕਰੇਗਾ ਜੋ ਮਸੀਹ ਯਿਸੂ ਵਿੱਚ ਉਪਲਬਧ ਹਨ। 20 ਸਾਡੇ ਪਰਮੇਸ਼ੁਰ ਅਤੇ ਸਾਡੇ ਪਿਤਾ ਦੀ ਹਮੇਸ਼ਾ-ਹਮੇਸ਼ਾ ਲਈ ਮਹਿਮਾ ਹੋਵੇ। ਆਮੀਨ।

21 ਮਸੀਹ ਯਿਸੂ ਵਿੱਚ ਪਰਮੇਸ਼ੁਰ ਦੇ ਸਮੂਹ ਲੋਕਾਂ ਨੂੰ ਸ਼ੁਭਕਾਮਨਾਵਾਂ। ਉਹ ਸਾਰੇ ਭਰਾ ਵੀ ਜੋ ਮੇਰੇ ਨਾਲ ਹਨ, ਤੁਹਾਨੂੰ ਆਪਣੀਆਂ ਸ਼ੁਭਕਾਮਨਾਵਾਂ ਭੇਜਦੇ ਹਨ। 22 ਪਰਮੇਸ਼ੁਰ ਦੇ ਸਾਰੇ ਲੋਕ, ਖਾਸੱਕਰ ਉਹ ਜਿਹੜੇ ਕੈਸਰ ਦੇ ਮਹਿਲ ਵਿੱਚ ਹਨ, ਤੁਹਾਨੂੰ ਆਪਣੀਆਂ ਸ਼ੁਭਕਾਮਨਾਵਾਂ ਭੇਜਦੇ ਹਨ।

23 ਪ੍ਰਭੂ ਯਿਸੂ ਮਸੀਹ ਦੀ ਤੁਹਾਡੇ ਸਾਰਿਆਂ ਉੱਪਰ ਕਿਰਪਾ ਹੋਵੇ।

ਮਸੀਹ ਯਿਸੂ ਦੇ ਰਸੂਲ ਪੌਲੁਸ ਵੱਲੋਂ ਸ਼ੁਭਕਾਮਨਾਵਾਂ। ਮੈਂ ਇਸ ਲਈ ਪਰਮੇਸ਼ੁਰ ਦਾ ਰਸੂਲ ਹਾਂ ਕਿਉਂਕਿ ਇਹ ਪਰਮੇਸ਼ੁਰ ਦੀ ਰਜ਼ਾ ਸੀ। ਮਸੀਹ ਵਿੱਚ ਸਾਡੇ ਭਰਾ ਤਿਮੋਥਿਉਸ ਵੱਲੋਂ ਵੀ ਸ਼ੁਭਕਾਮਨਾਵਾਂ।

ਉਨ੍ਹਾਂ ਸਾਰੇ ਪਵਿੱਤਰ ਅਤੇ ਵਫ਼ਾਦਾਰ ਭਰਾਵਾਂ ਨੂੰ ਸ਼ੁਭਕਾਮਨਾਵਾਂ ਜਿਹੜੇ ਮਸੀਹ ਵਿੱਚ ਨਿਹਚਾ ਰੱਖਦੇ ਹਨ ਅਤੇ ਜਿਹੜੇ ਕੁਲੁੱਸੈ ਸ਼ਹਿਰ ਵਿੱਚ ਰਹਿੰਦੇ ਹਨ।

ਪਰਮੇਸ਼ੁਰ ਸਾਡੇ ਪਿਤਾ, ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ।

ਜਦੋਂ ਵੀ ਅਸੀਂ ਤੁਹਾਡੇ ਲਈ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰਦੇ ਹਾਂ, ਅਸੀਂ ਹਮੇਸ਼ਾ ਸਾਡੇ ਪ੍ਰਭੂ ਯਿਸੂ ਮਸੀਹ ਦੇ ਪਰਮੇਸ਼ੁਰ ਪਿਤਾ ਦਾ ਧੰਨਵਾਦ ਕਰਦੇ ਹਾਂ। ਅਸੀਂ ਪਰਮੇਸ਼ੁਰ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਅਸੀਂ ਤੁਹਾਡੇ ਮਸੀਹ ਯਿਸੂ ਵਿੱਚ ਵਿਸ਼ਵਾਸ ਅਤੇ ਪਰਮੇਸ਼ੁਰ ਦੇ ਸਮੂਹ ਲੋਕਾਂ ਲਈ ਪ੍ਰੇਮ ਬਾਰੇ ਸੁਣਿਆ ਹੈ। ਤੁਹਾਨੂੰ ਪਤਾ ਹੈ ਕਿ ਜਿਨ੍ਹਾਂ ਚੀਜ਼ਾਂ ਦੀ ਤੁਸੀਂ ਆਸ ਰੱਖਦੇ ਹੋ ਤੁਹਾਡੇ ਲਈ ਸਵਰਗ ਵਿੱਚ ਸੁਰੱਖਿਆਤ ਰੱਖੀਆਂ ਗਈਆਂ ਹਨ। ਤੁਸੀਂ ਉਸ ਆਸ ਬਾਰੇ ਉਦੋਂ ਸਿੱਖਿਆ ਜਦੋਂ ਤੁਸੀਂ ਸੱਚੇ ਉਪਦੇਸ਼, ਖੁਸ਼ਖਬਰੀ ਨੂੰ ਸੁਣਿਆ ਸੀ। ਜਿਹੜੀ ਖੁਸ਼ਖਬਰੀ ਤੁਹਾਨੂੰ ਕਹੀ ਗਈ ਸੀ ਫ਼ਲ ਦੇ ਰਹੀ ਹੈ ਅਤੇ ਸਾਰੀ ਦੁਨੀਆਂ ਵਿੱਚ ਵੱਧ ਰਹੀ ਹੈ। ਹੁਣ ਤੱਕ ਤੁਹਾਡੇ ਨਾਲ ਵੀ ਉਹੀ ਗੱਲ ਵਾਪਰੀ ਜਿਸ ਸਮੇਂ ਤੋਂ ਤੁਸੀਂ ਖੁਸ਼ਖਬਰੀ ਸੁਣੀ ਅਤੇ ਪਰਮੇਸ਼ੁਰ ਦੀ ਕਿਰਪਾ ਬਾਰੇ ਸੱਚਮੁੱਚ ਸਮਝ ਗਏ। ਤੁਸੀਂ ਪਰਮੇਸ਼ੁਰ ਦੀ ਕਿਰਪਾ ਬਾਰੇ ਸਾਡੇ ਸਾਥੀ ਸੇਵਕ ਇਪਫ਼੍ਰਾਸ ਤੋਂ ਸਿੱਖਿਆ। ਅਸੀਂ ਉਸ ਨੂੰ ਪਿਆਰ ਕਰਦੇ ਹਾਂ ਅਤੇ ਉਹ ਮਸੀਹ ਦਾ ਇੱਕ ਵਫ਼ਾਦਾਰ ਨੌਕਰ ਹੈ। ਇਪਾਫ਼੍ਰਾਸ ਨੇ ਸਾਨੂੰ ਤੁਹਾਡੇ ਉਸ ਪ੍ਰੇਮ ਬਾਰੇ ਵੀ ਦੱਸਿਆ ਜਿਹੜਾ ਤੁਹਾਨੂੰ ਪਵਿੱਤਰ ਆਤਮਾ ਪਾਸੋਂ ਮਿਲਿਆ ਹੈ।

ਜਿਸ ਦਿਨ ਤੋਂ ਅਸੀਂ ਤੁਹਾਡੇ ਬਾਰੇ ਇਹ ਸਭ ਸੁਣਿਆ ਹੈ ਅਸੀਂ ਤੁਹਾਡੇ ਲਈ ਪ੍ਰਾਰਥਨਾ ਕਰਦੇ ਰਹੇ ਹਾਂ। ਅਸੀਂ ਤੁਹਾਡੇ ਲਈ ਇਨ੍ਹਾਂ ਗੱਲਾਂ ਦੀ ਪ੍ਰਾਰਥਨਾ ਕਰ ਰਹੇ ਹਾਂ:

ਤੁਹਾਨੂੰ ਉਸ ਬਾਰੇ ਪੂਰਾ ਗਿਆਨ ਹੋਵੇ ਜੋ ਪਰਮੇਸ਼ੁਰ ਚਾਹੁੰਦਾ ਹੈ; ਤੁਹਾਡੇ ਕੋਲ ਮਹਾਨ ਸਿਆਣਪ ਅਤੇ ਆਤਮਕ ਗੱਲਾਂ ਵਿੱਚ ਸਮਝਦਾਰੀ ਹੋਵੇ; 10 ਤੁਸੀਂ ਅਜਿਹੇ ਢੰਗ ਨਾਲ ਜੀਵੋ ਜੋ ਪ੍ਰਭੂ ਨੂੰ ਮਾਣ ਲਿਆਉਂਦਾ ਹੋਵੇ ਅਤੇ ਉਸ ਨੂੰ ਹਰ ਤਰ੍ਹਾਂ ਪ੍ਰਸੰਨ ਕਰਦਾ ਹੋਵੇ; ਤੁਸੀਂ ਸਭ ਤਰ੍ਹਾਂ ਦੇ ਚੰਗੇ ਕੰਮ ਕਰ ਸੱਕੋਂ ਅਤੇ ਪਰਮੇਸ਼ੁਰ ਦੇ ਪੂਰਨ ਗਿਆਨ ਵਿੱਚ ਵੱਧ ਸੱਕੋਂ; 11 ਪਰਮੇਸ਼ੁਰ ਤੁਹਾਨੂੰ ਆਪਣੀ ਮਹਾਨ ਸ਼ਕਤੀ ਨਾਲ ਬਲ ਬਖਸ਼ੇ ਤਾਂ ਜੋ ਤੁਸੀਂ ਵੱਡੇ ਸਬਰ ਨਾਲ ਸਾਰੀਆਂ ਤਕਲੀਫ਼ਾਂ ਨੂੰ ਝੱਲ ਸੱਕੋਂ।

ਫ਼ੇਰ ਅਨੰਦ ਨਾਲ, 12 ਤੁਸੀਂ ਪਿਤਾ ਦਾ ਧੰਨਵਾਦ ਕਰੋਂਗ਼ੇ। ਉਸ ਨੇ ਤੁਹਾਨੂੰ ਉਹ ਚੀਜ਼ਾਂ ਹਾਸਿਲ ਕਰਨ ਦੇ ਸਮਰਥ ਬਣਾਇਆ ਹੈ ਜਿਹੜੀਆਂ ਉਸ ਨੇ ਤੁਹਾਡੇ ਲਈ ਤਿਆਰ ਕੀਤੀਆਂ ਹਨ। ਉਸ ਨੇ ਇਹ ਸਭ ਚੀਜ਼ਾਂ ਆਪਣੇ ਉਨ੍ਹਾਂ ਲੋਕਾਂ ਲਈ ਤਿਆਰ ਕੀਤੀਆਂ ਹਨ ਜਿਹੜੇ ਰੌਸ਼ਨੀ ਵਿੱਚ ਰਹਿੰਦੇ ਹਨ। 13 ਪਰਮੇਸ਼ੁਰ ਨੇ ਸਾਨੂੰ ਉਸ ਸ਼ਕਤੀ ਤੋਂ ਮੁਕਤ ਕਰਾਇਆ ਜਿਹੜੀ ਹਨੇਰੇ ਤੇ ਸ਼ਾਸਨ ਕਰਦੀ ਹੈ। ਅਤੇ ਸਾਨੂੰ ਆਪਣੇ ਪਿਆਰੇ ਪੁੱਤਰ ਦੇ ਰਾਜ ਵਿੱਚ ਲਿਆਇਆ। 14 ਉਸ ਪੁੱਤਰ ਨੇ ਸਾਡੇ ਪਾਪਾਂ ਦਾ ਮੁੱਲ ਤਾਰਿਆ ਹੈ, ਉਸ ਵਿੱਚ ਅਸੀਂ ਆਪਣੇ ਪਾਪਾਂ ਤੋਂ ਬਖਸ਼ੇ ਗਏ ਹਾਂ।

ਜਦੋਂ ਅਸੀਂ ਮਸੀਹ ਵੱਲ ਦੇਖਦੇ ਹਾਂ ਸਾਨੂੰ ਪਰਮੇਸ਼ੁਰ ਨਜ਼ਰ ਆਉਂਦਾ ਹੈ

15 ਕੋਈ ਵੀ ਇਨਸਾਨ ਪਰਮੇਸ਼ੁਰ ਦਾ ਦੀਦਾਰ ਨਹੀਂ ਕਰ ਸੱਕਦਾ।
    ਪਰ ਯਿਸੂ ਬਿਲਕੁਲ ਪਰਮੇਸ਼ੁਰ ਵਰਗਾ ਹੈ।
    ਯਿਸੂ ਉਨ੍ਹਾਂ ਸਾਰੀਆਂ ਚੀਜ਼ਾਂ ਦਾ ਹਾਕਮ ਹੈ ਜੋ ਸਾਜੀਆਂ ਗਈਆਂ ਹਨ।
16 ਸਵਰਗ ਵਿੱਚ ਜਾਂ ਧਰਤੀ ਉਤਲੀਆਂ ਚੀਜ਼ਾਂ,
    ਪ੍ਰਤੱਖ ਚੀਜ਼ਾਂ ਜਾਂ ਅਪ੍ਰਤੱਖ ਚੀਜ਼ਾਂ, ਸਿੰਘਾਸਨ ਅਤੇ ਅਧਿਕਾਰ,
    ਹਾਕਮ ਅਤੇ ਸ਼ਕਤੀਆਂ ਸਾਰੀਆਂ ਚੀਜ਼ਾਂ ਉਸੇ ਰਾਹੀਂ
ਅਤੇ ਉਸੇ ਲਈ ਸਾਜੀਆਂ ਗਈਆਂ ਹਨ।

17 ਕੋਈ ਵੀ ਚੀਜ਼ ਸਾਜੇ ਜਾਣ ਤੋਂ ਪਹਿਲਾਂ ਮਸੀਹ ਇੱਥੇ ਮੌਜੂਦ ਸੀ।
    ਅਤੇ ਉਸ ਦੇ ਕਾਰਣ ਸਾਰੀਆਂ ਚੀਜ਼ਾਂ ਦੀ ਹੋਂਦ ਹੈ।
18 ਮਸੀਹ ਸਰੀਰ ਦਾ ਮੁਖੀ ਹੈ।
    ਜੋ ਕਿ ਕਲੀਸਿਯਾ ਹੈ।
ਸਭ ਚੀਜ਼ਾਂ ਉਸ ਵੱਲੋਂ ਆਉਂਦੀਆਂ ਹਨ।
    ਅਤੇ ਉਹੀ ਪਹਿਲਾਂ ਹੈ ਜੋ ਕਿ ਮੁਰਦੇ ਤੋਂ ਜਿਵਾਲਿਆ ਗਿਆ ਸੀ,
ਇਸ ਲਈ ਸਾਰੀਆਂ ਚੀਜ਼ਾਂ ਵਿੱਚੋਂ ਮਸੀਹ ਸਭ ਤੋਂ ਮੱਹਤਵਪੂਰਣ ਹੈ।

19 ਮਸੀਹ ਵਿੱਚ ਪੂਰੀ ਤਰ੍ਹਾਂ ਰਹਿਣ ਵਿੱਚ ਪਰਮੇਸ਼ੁਰ ਦੀ ਖੁਸ਼ੀ ਸੀ।
20     ਮਸੀਹ ਰਾਹੀ ਪਰਮੇਸ਼ੁਰ ਸਾਰੀਆਂ ਚੀਜ਼ਾਂ, ਧਰਤੀ ਉੱਤੇ ਦੀਆਂ ਅਤੇ ਸਵਰਗ ਵਿੱਚ ਦੀਆਂ ਚੀਜ਼ਾਂ,
    ਫ਼ੇਰ ਆਪਣੇ ਵੱਲ ਵਾਪਸ ਲਿਆਉਣੀਆਂ ਚਾਹੁੰਦਾ ਸੀ।
ਪਰਮੇਸ਼ੁਰ ਨੇ ਸ਼ਾਂਤੀ ਬਨਾਉਣ ਦੁਆਰਾ ਮਸੀਹ ਦੇ ਲਹੂ ਰਾਹੀਂ, ਜੋ ਸਲੀਬ ਉੱਤੇ ਡੁਲ੍ਹਿਆ ਸੀ, ਸਾਰੀਆਂ ਚੀਜ਼ਾਂ ਦਾ ਮੇਲ ਮਿਲਾਪ ਕਰਾ ਦਿੱਤਾ।

21 ਅਤੀਤ ਵਿੱਚ, ਤੁਸੀਂ ਪਰਮੇਸ਼ੁਰ ਤੋਂ ਬਹੁਤ ਦੂਰ ਸੀ। ਤੁਸੀਂ ਆਪਣੇ ਮਨਾਂ ਅਤੇ ਆਪਣੇ ਦਿਲਾਂ ਵਿੱਚ ਵੀ ਉਸ ਦੇ ਦੁਸ਼ਮਣ ਸੀ। ਤੁਹਾਡੀਆਂ ਬਦਕਾਰੀਆਂ ਨੇ ਸਾਬਤ ਕਰ ਦਿੱਤਾ ਕਿ ਇਹ ਸੱਚ ਸੀ। 22 ਪਰ ਹੁਣ ਮਸੀਹ ਨੇ ਤੁਹਾਨੂੰ ਫ਼ੇਰ ਪਰਮੇਸ਼ੁਰ ਦੇ ਮਿੱਤਰ ਬਣਾ ਦਿੱਤਾ ਹੈ। ਮਸੀਹ ਨੇ ਅਜਿਹਾ ਉਦੋਂ ਕੀਤਾ ਜਦੋਂ ਉਹ ਸਰੀਰ ਧਾਰੀ ਸੀ। ਮਸੀਹ ਨੇ ਅਜਿਹਾ ਇਸ ਲਈ ਕੀਤਾ ਤਾ ਜੋ ਉਹ ਤੁਹਾਨੂੰ ਪਰਮੇਸ਼ੁਰ ਅੱਗੇ ਪਵਿੱਤਰ, ਦੋਸ਼ ਰਹਿਤ, ਬਿਨਾ ਇਲਜ਼ਾਮ ਦੇ ਲਿਆ ਸੱਕੇ। 23 ਮਸੀਹ ਅਜਿਹਾ ਹੀ ਕਰੇਗਾ ਤਾਂ ਜੋ ਤੁਸੀਂ ਉਸ ਖੁਸ਼ਖਬਰੀ ਵਿੱਚ ਵਿਸ਼ਵਾਸ ਕਰਦੇ ਰਹੋ ਜਿਹੜੀ ਤੁਸੀਂ ਸੁਣੀ ਹੈ। ਇਹ ਤਾਂ ਹੀ ਸੰਭਵ ਹੈ ਜੇਕਰ ਤੁਸੀਂ ਆਪਣੀ ਨਿਹਚਾ ਵਿੱਚ ਤਕੜੇ ਹੋਣਾ ਜਾਰੀ ਰੱਖੋਗੇ ਅਤੇ ਉਸ ਉਮੀਦ ਤੋਂ ਪਰ੍ਹਾਂ ਨਹੀਂ ਹਟੋਂਗੇ ਜੋ ਖੁਸ਼ਖਬਰੀ ਨੇ ਤੁਹਾਨੂੰ ਦਿੱਤੀ ਹੈ। ਇਸੇ ਖੁਸ਼ਖਬਰੀ ਦਾ ਪ੍ਰਚਾਰ ਦੁਨੀਆਂ ਦੇ ਸਮੂਹ ਲੋਕਾਂ ਨੂੰ ਕੀਤਾ ਗਿਆ ਹੈ। ਕਿ ਮੈਂ ਪੌਲੁਸ ਉਸਦਾ ਸੇਵਕ ਹੀ ਬਣ ਗਿਆ ਹਾਂ।

ਪੌਲੁਸ ਦਾ ਕਲੀਸਿਯਾ ਲਈ ਕਾਰਜ

24 ਤੁਹਾਡੇ ਲਈ ਦੁੱਖ ਝੱਲਣ ਵਿੱਚ ਮੈਨੂੰ ਖੁਸ਼ੀ ਹੈ। ਕਲੀਸਿਯਾ ਦੀ ਖਾਤਿਰ ਹਾਲੇ ਮਸੀਹ ਲਈ ਜੋ ਵੀ ਦੁੱਖ ਬਾਕੀ ਹਨ। ਮੈਂ ਉਨ੍ਹਾਂ ਤਕਲੀਫ਼ਾਂ ਨੂੰ ਆਪਣੇ ਸਰੀਰ ਉੱਤੇ ਪ੍ਰਵਾਨ ਕਰਦਾ ਹਾਂ। ਮੈਂ ਉਸ ਦੇ ਸਰੀਰ, ਕਲੀਸਿਯਾ ਲਈ ਤਕਲੀਫ਼ਾਂ ਝੱਲਦਾ ਹਾ। 25 ਮੈਂ ਕਲੀਸਿਯਾ ਦਾ ਸੇਵਕ ਬਣ ਗਿਆ ਕਿਉਂਕਿ ਪਰਮੇਸ਼ੁਰ ਨੇ ਮੈਨੂੰ ਤੁਹਾਡੇ ਲਾਭ ਲਈ ਇੱਕ ਖਾਸ ਕੰਮ ਕਰਨ ਲਈ ਦਿੱਤਾ ਹੈ। ਮੇਰਾ ਕਾਰਜ ਪਰਮੇਸ਼ੁਰ ਦੇ ਉਪਦੇਸ਼ ਨੂੰ ਪੂਰੀ ਤਰ੍ਹਾਂ ਦੱਸਣਾ ਹੈ। 26 ਇਹ ਉਪਦੇਸ਼ ਉਹ ਗੁਪਤ ਸੱਚ ਹੈ ਜੋ ਸਦੀਆਂ ਅਤੇ ਪੀੜ੍ਹੀਆਂ ਤੱਕ ਲੋਕਾਂ ਤੋਂ ਲੁਕਾਇਆ ਹੋਇਆ ਸੀ। ਪਰ ਹੁਣ ਇਹ ਸੱਚ ਪਰਮੇਸ਼ੁਰ ਦੇ ਪਵਿੱਤਰ ਲੋਕਾਂ ਨੂੰ ਜਾਹਰ ਕੀਤਾ ਗਿਆ ਹੈ। 27 ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਇਹ ਪਤਾ ਲਗਾਉਣ ਦਾ ਨਿਰਨਾ ਕਰ ਲਿਆ ਕਿ ਇਹ ਸੱਚ ਕਿੰਨਾ ਅਮੀਰ ਅਤੇ ਮਹਿਮਾਮਈ ਹੈ। ਇਹ ਗੁਪਤ ਸੱਚ ਸਮੂਹ ਕੌਮਾਂ ਲਈ ਹੈ। ਇਹ ਸੱਚਾਈ ਖੁਦ ਮਸੀਹ ਹੈ ਜਿਸਦਾ ਨਿਵਾਸ ਤੁਹਾਡੇ ਅੰਦਰ ਹੈ ਮਹਿਮਾ ਲਈ ਉਹ ਸਾਡੀ ਇੱਕੋ ਇੱਕ ਉਮੀਦ ਹੈ। 28 ਇਸ ਲਈ ਅਸੀਂ ਲੋਕਾਂ ਨੂੰ ਮਸੀਹ ਬਾਰੇ ਦੱਸਦੇ ਰਹਿੰਦੇ ਹਾਂ। ਅਸੀਂ ਹਰ ਇੱਕ ਨੂੰ ਤਕੜਾ ਕਰਨ ਅਤੇ ਹਰ ਇੱਕ ਨੂੰ ਉਪਦੇਸ਼ ਦੇਣ ਲਈ ਸਾਰੀ ਸਿਆਣਪ ਦਾ ਇਸਤੇਮਾਲ ਕਰਦੇ ਹਾਂ। ਅਸੀਂ ਸਮੂਹ ਲੋਕਾਂ ਨੂੰ ਪਰਮੇਸ਼ੁਰ ਦੀ ਹਜੂਰੀ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਤਾਂ ਕਿ ਉਹ ਮਸੀਹ ਦੇ ਨਮਿਤ ਆਤਮਕ ਤੌਰ ਤੇ ਸੰਪੂਰਣ ਹੋ ਜਾਣ। 29 ਇਸ ਮੰਤਵ ਨਾਲ, ਮੈਂ ਉਸ ਤਾਕਤ ਨਾਲ ਸਖਤ ਮਿਹਨਤ ਕਰਦਾ ਹਾਂ ਜੋ ਮਸੀਹ ਮੈਨੂੰ ਦਿੰਦਾ ਹੈ। ਉਹ ਸ਼ਕਤੀ ਮੇਰੇ ਜੀਵਨ ਵਿੱਚ ਕਾਰਜ ਕਰ ਰਹੀ ਹੈ।

ਮੈ ਚਾਹੁੰਨਾ ਕਿ ਤੁਸੀਂ ਇਹ ਜਾਣ ਲਵੋ ਕਿ ਮੈਂ ਤੁਹਾਡੀ ਸਹਾਇਤਾ ਕਰਨ ਲਈ ਬਹੁਤ ਸਖਤ ਕੋਸ਼ਿਸ਼ ਕਰ ਰਿਹਾ ਹਾਂ। ਅਤੇ ਮੈਂ ਲਾਉਦਿਕੀਆ ਦੇ ਲੋਕਾਂ ਅਤੇ ਉਨ੍ਹਾਂ ਹੋਰ ਲੋਕਾਂ ਦੀ ਸਹਾਇਤਾ ਕਰਨ ਲਈ ਕੋਸ਼ਿਸ਼ ਕਰ ਰਿਹਾ ਹਾਂ ਜਿਨ੍ਹਾਂ ਨੇ ਮੈਨੂੰ ਕਦੇ ਦੇਖਿਆ ਨਹੀਂ। ਮੈਂ ਚਾਹੁੰਦਾ ਹਾਂ ਕਿ ਉਹ ਮਜ਼ਬੂਤ ਹੋਣ ਅਤੇ ਪ੍ਰੇਮ ਨਾਲ ਇੱਕਮੁੱਠ ਹੋਣ। ਮੈਂ ਅਜਿਹਾ ਇਸ ਲਈ ਕਰ ਰਿਹਾ ਹਾਂ ਤਾਂ ਕਿ ਉਹ ਹੌਂਸਲੇਮੰਦ ਅਤੇ ਪ੍ਰੇਮ ਨਾਲ ਸੰਯੁਕਤ ਹੋਣਗੇ। ਮੈਂ ਉਨ੍ਹਾਂ ਨੂੰ ਉਸ ਵਿਸ਼ਵਾਸ ਵਿੱਚ ਪੂਰੀ ਤਰ੍ਹਾਂ ਅਮੀਰ ਹੋਇਆ ਦੇਖਣਾ ਚਾਹੁੰਦਾ ਹਾਂ ਜੋ ਸਮਝਦਾਰੀ ਤੋਂ ਆਉਂਦਾ ਹੈ। ਅਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਪੂਰੀ ਤਰ੍ਹਾਂ ਉਸ ਗੁਪਤ ਸੱਚ ਬਾਰੇ ਜਾਣ ਜਾਵੋਂ ਜੋ ਪਰਮੇਸ਼ੁਰ ਨੇ ਪਰਗਟ ਕੀਤਾ ਹੈ। ਇਹ ਸੱਚ ਮਸੀਹ ਹੀ ਹੈ। ਮਸੀਹ ਵਿੱਚ, ਸਿਆਣਪ ਅਤੇ ਗਿਆਨ ਦੇ ਸਾਰੇ ਖਜ਼ਾਨੇ ਲੁਕੇ ਹੋਏ ਹਨ।

ਇਹ ਗੱਲਾਂ ਮੈਂ ਤੁਹਾਨੂੰ ਇਸ ਲਈ ਦੱਸ ਰਿਹਾ ਹਾਂ ਤਾਂ ਜੋ ਕੋਈ ਵੀ ਵਿਅਕਤੀ ਤੁਹਾਨੂੰ ਮਿੱਠੀਆਂ ਗੱਲਾਂ ਰਾਹੀਂ ਮੂਰਖ ਨਾ ਬਣਾ ਸੱਕੇ ਜਿਹੜੀਆਂ ਲੱਗਦੀਆਂ ਤਾਂ ਚੰਗੀਆਂ ਹਨ ਪਰ ਅਸਲ ਵਿੱਚ ਝੂਠੀਆਂ ਹਨ। ਹਾਲਾਂ ਕਿ ਮੈਂ ਤੁਹਾਡੇ ਨਾਲ, ਸਰੀਰ ਵਿੱਚ ਨਹੀਂ ਹਾਂ, ਮੇਰਾ ਦਿਲ ਤੁਹਾਡੇ ਨਾਲ ਹੈ। ਮੈਂ ਤੁਹਾਡੇ ਚੰਗੇ ਜੀਵਨ ਅਤੇ ਮਸੀਹ ਵਿੱਚ ਤੁਹਾਡੇ ਤਕੜੇ ਵਿਸ਼ਵਾਸ ਨੂੰ ਦੇਖਕੇ ਖੁਸ਼ ਹਾਂ।

ਮਸੀਹ ਵਿੱਚ ਜਿਉਣਾ ਜਾਰੀ ਰੱਖੋ

ਤੁਸੀਂ ਯਿਸੂ ਮਸੀਹ ਨੂੰ ਪ੍ਰਭੂ ਵਾਂਗ ਕਬੂਲ ਕੀਤਾ। ਇਸ ਲਈ ਉਸ ਵਿੱਚ ਜਿਉਣਾ ਜਾਰੀ ਰੱਖੋ। ਤੁਹਾਡੀ ਜ਼ਿੰਦਗੀ ਉਸਤੇ ਨਿਰਭਰ ਕਰਨੀ ਚਾਹੀਦੀ ਹੈ। ਅਤੇ ਜੜ੍ਹਾਂ ਮਸੀਹ ਵਿੱਚ ਹੋਣੀਆਂ ਚਾਹੀਦੀਆਂ ਹਨ। ਜਿਵੇਂ ਤੁਹਾਨੂੰ ਸਿੱਖਾਇਆ ਗਿਆ ਸੀ, ਆਪਣੇ ਦਿਲਾਂ ਨੂੰ ਉਸ ਵਿਸ਼ਵਾਸ ਵਿੱਚ ਦ੍ਰਿੜ ਰਹਿਣ ਦਿਉ। ਪਰਮੇਸ਼ੁਰ ਦੇ ਸ਼ੁਕਰਗੁਜ਼ਾਰ ਹੋਵੋ।

ਸਾਵੱਧਾਨ ਰਹੋ ਕਿ ਕੋਈ ਤੁਹਾਨੂੰ ਗਲਤ ਵਿੱਚਾਰਾਂ ਅਤੇ ਦੁਨਿਆਵੀ ਲੋਕਾਂ ਦੇ ਨਿਕਾਰਥਕ ਸ਼ਬਦਾਂ ਨਾਲ ਕੁਰਾਹੇ ਨਾ ਪਾ ਦੇਵੇ ਅਜਿਹੇ ਵਿੱਚਾਰ ਲੋਕਾਂ ਤੋਂ ਆਉਂਦੇ ਹਨ, ਮਸੀਹ ਵੱਲੋਂ ਨਹੀਂ। ਮਸੀਹ ਵਿੱਚ ਪਰਮੇਸ਼ੁਰ ਦੀ ਸੰਪੂਰਣਤਾ ਸਰੀਰ ਰੂਪ ਵਿੱਚ ਜਿਉਂਦੀ ਹੈ। ਮਸੀਹ ਦੇ ਧਰਤੀ ਉੱਪਰਲੇ ਜੀਵਨ ਵਿੱਚ ਵੀ ਅਤੇ ਮਸੀਹ ਦੇ ਨਮਿੱਤ ਤੁਸੀਂ ਭਰਪੂਰ ਹੋ। 10 ਤੁਹਾਡਾ ਜੀਵਨ ਮਸੀਹ ਨਾਲ ਤੁਹਾਡੇ ਰਿਸ਼ਤੇ ਵਿੱਚ ਪੂਰਾ ਹੈ। ਮਸੀਹ ਸਮੂਹ ਹਾਕਮਾਂ ਅਤੇ ਸ਼ਕਤੀਆਂ ਦਾ ਹਾਕਮ ਹੈ।

11 ਮਸੀਹ ਦੇ ਨਮਿੱਤ ਤੁਸੀਂ ਵੱਖਰੀ ਤਰ੍ਹਾਂ ਦੀ ਸੁੰਨਤ ਵਾਲੇ ਹੋ। ਉਹ ਸੁੰਨਤ ਕਿਸੇ ਵਿਅਕਤੀ ਦੇ ਹੱਥੋਂ ਨਹੀਂ ਕੀਤੀ ਗਈ। ਮਸੀਹ ਦੀ ਕੀਤੀ ਸੁੰਨਤ ਰਾਹੀਂ ਤੁਸੀਂ ਪਾਪੀ ਆਪੇ ਦੀ ਸ਼ਕਤੀ ਤੋਂ ਮੁਕਤ ਕੀਤੇ ਗਏ ਹੋ। 12 ਇਹ ਉਦੋਂ ਵਾਪਰਿਆ ਜਦੋਂ ਤੁਹਾਨੂੰ ਬਪਿਤਸਮਾ ਦਿੱਤਾ ਗਿਆ ਸੀ; ਤੁਹਾਡਾ ਪੁਰਾਣਾ ਆਪਾ ਮਰ ਗਿਆ ਅਤੇ ਤੁਸੀਂ ਮਸੀਹ ਦੇ ਨਾਲ ਦਫ਼ਨਾਏ ਗਏ ਸੀ। ਤੁਸੀਂ ਪਰਮੇਸ਼ੁਰ ਦੀ ਸ਼ਕਤੀ ਵਿੱਚ ਨਿਹਚਾ ਦੁਆਰਾ ਮਸੀਹ ਦੇ ਨਾਲ ਜਿਵਾਲੇ ਗਏ ਸੀ। ਪਰਮੇਸ਼ੁਰ ਦੀ ਸ਼ਕਤੀ ਉਦੋਂ ਦਰਸ਼ਾਈ ਗਈ ਜਦੋਂ ਉਸ ਨੇ ਮਸੀਹ ਨੂੰ ਮੌਤ ਤੋਂ ਜਿਵਾਲਿਆ ਸੀ।

13 ਤੁਸੀਂ ਆਪਣੇ ਪਾਪਾਂ ਕਾਰਣ ਆਤਮਕ ਤੌਰ ਤੇ ਮਰ ਗਏ ਸੀ। ਤੁਸੀਂ ਆਪਣੇ ਪਾਪੀ ਆਪੇ ਦੇ ਕਾਬੂ ਹੇਠ ਸੀ। ਪਰ ਪਰਮੇਸ਼ੁਰ ਨੇ ਤੁਹਾਨੂੰ ਮਸੀਹ ਸਮੇਤ ਜੀਵਨ ਦਿੱਤਾ। ਅਤੇ ਤੁਹਾਡੇ ਸਾਰੇ ਪਾਪ ਮਾਫ਼ ਕਰ ਦਿੱਤੇ। 14 ਪਰਮੇਸ਼ੁਰ ਨੇ ਉਹ ਦਸਤਾਵੇਜ਼ ਹਟਾ ਦਿੱਤਾ ਜਿਸ ਵਿੱਚ ਸਾਰੇ ਦੋਸ਼ ਸ਼ਾਮਿਲ ਸਨ। ਉਹ ਇਲਜ਼ਾਮ ਇਸ ਲਈ ਲਗਾਏ ਗਏ ਸਨ ਕਿਉਂ ਕਿ ਅਸੀਂ ਮੂਸਾ ਦੀ ਸ਼ਰ੍ਹਾ ਨੂੰ ਨਹੀਂ ਮੰਨਿਆ। ਪਰਮੇਸ਼ੁਰ ਨੇ ਇਸ ਨੂੰ ਲੈ ਲਿਆ ਅਤੇ ਇਸ ਨੂੰ ਸਲੀਬ ਉੱਤੇ ਟੰਗ ਦਿੱਤਾ। 15 ਪਰਮੇਸ਼ੁਰ ਨੇ ਸਲੀਬ ਦੁਆਰਾ ਆਤਮਕ ਹਾਕਮਾਂ ਅਤੇ ਸ਼ਕਤੀਆਂ ਨੂੰ ਹਰਾ ਦਿੱਤਾ। ਫ਼ੇਰ ਉਸ ਨੇ ਉਨ੍ਹਾਂ ਨੂੰ ਸ਼ਰਮਸਾਰ ਕੀਤਾ ਜਦੋਂ ਕਿ ਸਾਰੀ ਦੁਨੀਆਂ ਨੇ ਵੇਖਿਆ।

ਉਨ੍ਹਾਂ ਨੇਮਾਂ ਤੇ ਨਾ ਚੱਲੋ ਜਿਹੜੇ ਇਨਸਾਨ ਬਣਾਉਂਦੇ ਹਨ

16 ਕਿਸੇ ਨੂੰ ਵੀ ਆਪਣੇ ਬਾਰੇ ਇਹ ਪਰੱਖਣ ਨਾ ਦਿਓ ਕਿ ਤੁਸੀਂ ਕੀ ਖਾਂਦੇ ਅਤੇ ਪੀਂਦੇ ਹੋ ਅਤੇ ਯਹੂਦੀ ਉਤਸਵਾਂ ਦਾ ਅਨੁਸਰਣ ਕਰਨ ਬਾਰੇ, ਜਿਵੇਂ ਅਮੱਸਿਯਾ ਜਾਂ ਸਬਤ। 17 ਅਤੀਤ ਵਿੱਚ ਇਹ ਗੱਲਾਂ ਉਸ ਪਰਛਾਵੇਂ ਵਰਗੀਆਂ ਸਨ ਜਿਹੜੀਆਂ ਇਹ ਦਰਸ਼ਾਉਂਦੀਆਂ ਸਨ ਕਿ ਕੀ ਹੋਣ ਵਾਲਾ ਹੈ। ਉਹ ਗੱਲਾਂ ਜੋ ਆ ਰਹੀਆਂ ਸਨ ਹੁਣ ਮਸੀਹ ਵਿੱਚ ਲੱਭਦੀਆਂ ਹਨ। 18 ਕੁਝ ਲੋਕ ਇਸ ਤਰ੍ਹਾਂ ਦਾ ਦਿਖਾਵਾ ਕਰਨਾ ਪਸੰਦ ਕਰਦੇ ਹਨ ਜਿਵੇਂ ਕਿ ਉਹ ਨਿਮ੍ਰ ਹਨ ਅਤੇ ਦੂਤਾਂ ਦੀ ਪੂਜਾ ਕਰਨੀ ਪਸੰਦ ਕਰਦੇ ਹਨ। ਉਹ ਲੋਕ ਹਮੇਸ਼ਾ ਦਰਸ਼ਨਾਂ ਬਾਰੇ ਗੱਲਾਂ ਕਰਦੇ ਹਨ ਜਿਹੜੇ ਉਨ੍ਹਾਂ ਨੇ ਵੇਖੇ ਹਨ। ਉਨ੍ਹਾਂ ਲੋਕਾਂ ਨੂੰ ਇਹ ਆਖਣ ਦੀ ਆਗਿਆ ਨਾ ਦਿਓ, “ਤੁਸੀਂ ਗਲਤ ਹੋ ਕਿਉਂਕਿ ਤੁਸੀਂ ਇਹ ਗੱਲਾਂ ਨਹੀਂ ਕਰਦੇ।” ਉਹ ਲੋਕ ਮੂਰੱਖਮਈ ਘਮੰਡ ਨਾਲ ਭਰਪੂਰ ਹਨ ਕਿਉਂਕਿ ਉਹ ਕੇਵਲ ਦੁਨੀਆਂ ਦੀਆਂ ਚੀਜ਼ਾਂ ਬਾਰੇ ਹੀ ਸੋਚਦੇ ਹਨ। 19 ਉਹ ਲੋਕ ਮਸੀਹ ਨਾਲ ਏਕਤਾ ਵਿੱਚ ਨਹੀਂ ਜਿਉਂਦੇ। ਮਸੀਹ ਸਰੀਰ ਦਾ ਮੁਖੀ ਹੈ। ਸਾਰਾ ਸਰੀਰ ਮਸੀਹ ਉੱਤੇ ਨਿਰਭਰ ਕਰਦਾ ਹੈ। ਇਸ ਲਈ ਸਰੀਰ ਦੇ ਸਾਰੇ ਅੰਗ ਇਕੱਠੇ ਜੁੜੇ ਹੋਏ ਹਨ। ਇੱਕ ਦੂਸਰੇ ਦਾ ਧਿਆਨ ਰੱਖੋ ਅਤੇ ਇੱਕ ਦੂਸਰੇ ਦੀ ਮਦਦ ਕਰੋ। ਇਹ ਸਰੀਰ ਨੂੰ ਤਾਕਤ ਪ੍ਰਾਪਤ ਕਰਨ ਵਿੱਚ ਅਤੇ ਉਸੇ ਢੰਗ ਨਾਲ ਵੱਧਣ ਵਿੱਚ ਮਦਦ ਕਰਦਾ ਹੈ, ਜਿਵੇਂ ਪਰਮੇਸ਼ੁਰ ਚਾਹੁੰਦਾ ਹੈ।

20 ਤੁਸੀਂ ਮਸੀਹ ਦੇ ਨਾਲ ਮਰੇ ਅਤੇ ਦੁਨੀਆਂ ਦੀਆਂ ਭ੍ਰਿਸ਼ਟ ਸ਼ਕਤੀਆਂ ਤੋਂ ਅਜ਼ਾਦ ਕਰ ਦਿੱਤੇ ਗਏ ਸੀ। ਇਸ ਲਈ ਤੁਸੀਂ ਇਸ ਤਰ੍ਹਾਂ ਦਾ ਵਿਹਾਰ ਕਿਉਂ ਕਰਦੇ ਹੋ ਜਿਵੇਂ ਤੁਸੀਂ ਇਸ ਦੁਨੀਆਂ ਦੇ ਹੋਵੋਂ ਅਤੇ ਇਨ੍ਹਾਂ ਨੇਮਾਂ ਦਾ ਅਨੁਸਰਣ ਕਰਦੇ ਹੋਵੋਂ। 21 “ਇਸ ਨੂੰ ਨਾ ਫ਼ੜੋ,” “ਇਸਦਾ ਸੁਆਦ ਨਾ ਵੇਖੋ,” “ਇਸ ਨੂੰ ਨਾ ਛੂਹੋ?” 22 ਇਹ ਸਾਰੇ ਨੇਮ ਉਨ੍ਹਾਂ ਗੱਲਾਂ ਬਾਰੇ ਹਨ। ਜੋ ਇੱਕ ਵਾਰ ਵਰਤੋਂ ਕਰਨ ਤੋਂ ਬਾਦ ਨਸ਼ਟ ਹੋ ਜਾਂਦੇ ਹਨ। ਇਹ ਉਹ ਹੁਕਮ ਅਤੇ ਉਪਦੇਸ਼ ਹਨ ਜਿਹੜੇ ਲੋਕਾਂ ਤੋਂ ਆਉਂਦੇ ਹਨ। 23 ਇਹ ਨੇਮ ਸੂਝਵਾਨ ਜਾਪਦੇ ਹਨ। ਪਰ ਇਹ ਨੇਮ ਮਾਨਵ-ਸਿਰਜਿਤ ਧਰਮ ਦਾ ਅੰਗ ਹਨ। ਉਹ ਲੋਕਾਂ ਅੱਗੇ ਨਿਮ੍ਰਤਾ ਦਾ ਦਿਖਾਵਾ ਕਰਦੇ ਹਨ ਅਤੇ ਉਨ੍ਹਾਂ ਤੋਂ ਆਪਣੇ ਸਰੀਰਾਂ ਨੂੰ ਦੰਡ ਦੁਵਾਉਂਦੇ ਹਨ। ਇਹ ਨੇਮ ਲੋਕਾਂ ਨੂੰ ਬਦੀਆਂ ਕਰਨ ਤੋਂ ਰੋਕਣ ਵਿੱਚ ਮਦਦ ਨਹੀਂ ਕਰਦੇ ਜੋ ਉਨ੍ਹਾਂ ਦੀਆਂ ਪਾਪੀ ਇੱਛਾਵਾਂ ਕਰਨੀਆਂ ਚਾਹੁੰਦੀਆਂ ਹਨ।

ਤੁਹਾਡਾ ਮਸੀਹ ਦੇ ਨਮਿੱਤ ਨਵਾਂ ਜੀਵਨ

ਜੇਕਰ ਤੁਹਾਡਾ ਪੁਨਰ ਉੱਥਾਨ ਮਸੀਹ ਨਾਲ ਹੋਇਆ ਹੈ, ਤਾਂ ਸਵਰਗੀ ਚੀਜ਼ਾਂ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੋ। ਮੇਰਾ ਭਾਵ ਹੈ ਉਹ ਚੀਜ਼ਾਂ ਜਿਹੜੀਆਂ ਮਸੀਹ ਦੇ ਪਾਸ ਹਨ ਜਿੱਥੇ ਕਿ ਉਹ ਪਰਮੇਸ਼ੁਰ ਦੇ ਸੱਜੇ ਪਾਸੇ ਬੈਠਾ ਹੋਇਆ ਹੈ। ਸਵਰਗ ਦੀਆਂ ਚੀਜ਼ਾਂ ਬਾਰੇ ਹੀ ਸੋਚੋ, ਧਰਤੀ ਦੀਆਂ ਚੀਜ਼ਾਂ ਬਾਰੇ ਨਹੀਂ। ਕਿਉਂ ਕਿ ਤੁਹਾਡਾ ਪੁਰਾਣਾ ਪਾਪੀ ਆਪਾ ਮਰ ਗਿਆ ਅਤੇ ਤੁਹਾਡਾ ਨਵਾਂ ਜੀਵਨ ਮਸੀਹ ਨਾਲ ਪਰਮੇਸ਼ੁਰ ਵਿੱਚ ਰੱਖਿਆ ਗਿਆ ਹੈ। ਮਸੀਹ ਸਾਡਾ ਜੀਵਨ ਹੈ। ਜਦੋਂ ਉਹ ਫ਼ੇਰ ਆਵੇਗਾ, ਤੁਸੀਂ ਉਸਦੀ ਮਹਿਮਾ ਵਿੱਚ ਸ਼ਾਮਿਲ ਹੋਵੋਂਗੇ।

ਇਸ ਲਈ ਸਾਰੀਆਂ ਮੰਦੀਆਂ ਗੱਲਾਂ ਆਪਣੇ ਜੀਵਨ ਵਿੱਚੋਂ ਕੱਢ ਦਿਓ। ਉਹ ਹਨ; ਜਿਨਸੀ ਪਾਪ, ਅਨੈਤਿਕਤਾ, ਲਾਲਸਾ, ਬੁਰੀਆਂ ਇੱਛਾਵਾਂ ਅਤੇ ਲਾਲਚ ਜੋ ਕਿ ਮੂਰਤੀ ਉਪਾਸੱਕ ਹਨ। ਪਰਮੇਸ਼ੁਰ ਦਾ ਗੁੱਸਾ ਉਨ੍ਹਾਂ ਲੋਕਾਂ ਤੇ ਆਵੇਗਾ ਜੋ ਮੰਨਣ ਤੋਂ ਇਨਕਾਰ ਕਰਦੇ ਹਨ। [l] ਅਤੀਤ ਵਿੱਚ, ਤੁਸੀਂ ਅਜਿਹੇ ਲੋਕਾਂ ਦਾ ਸੰਗ ਕੀਤਾ ਅਤੇ ਇਹ ਸਾਰੀਆਂ ਗੱਲਾਂ ਕੀਤੀਆਂ।

ਪਰ ਹੁਣ ਤੁਸੀਂ ਇਨ੍ਹਾਂ ਸਭ ਗੱਲਾਂ ਨੂੰ ਆਪਣੇ ਜੀਵਨ ਵਿੱਚੋਂ ਬਾਹਰ ਕੱਢ ਦਿਓ; ਨਰਾਜ਼ਗੀ, ਕ੍ਰੋਧ, ਦੁਰਭਾਵਨਾ, ਦੂਸਰਿਆਂ ਦੀ ਬੇਇੱਜ਼ਤੀ ਕਰਨਾ ਅਤੇ ਗੰਦੀ ਭਾਸ਼ਾ ਇਸਤੇਮਾਲ ਕਰਨੀ। ਇੱਕ ਦੂਸਰੇ ਨਾਲ ਝੂਠ ਨਾ ਬੋਲੋ। ਕਿਉਂ? ਕਿਉਂਕਿ ਤੁਸੀਂ ਆਪਣਾ ਪੁਰਾਣਾ ਪਾਪੀ ਜੀਵਨ ਛੱਡ ਚੁੱਕੇ ਹੋ ਅਤੇ ਉਹ ਗੱਲਾਂ ਛੱਡ ਚੁੱਕੇ ਹੋ ਜੋ ਤੁਸੀਂ ਪਹਿਲਾਂ ਕਰਦੇ ਸੀ।

10 ਹੁਣ ਤੁਸੀਂ ਇੱਕ ਨਵਾਂ ਜੀਵਨ ਸ਼ੁਰੂ ਕੀਤਾ ਹੈ। ਆਪਣੇ ਨਵੇਂ ਜੀਵਨ ਵਿੱਚ, ਤੁਸੀਂ ਦ੍ਰਿੜ੍ਹਤਾ ਨਾਲ ਉਸ ਵਰਗੇ ਬਣਨ ਲਈ, ਜਿਸਨੇ ਤੁਹਾਨੂੰ ਸਾਜਿਆ ਹੈ, ਨਵੇਂ ਬਣਾਏ ਜਾ ਰਹੇ ਹੋ। ਤੁਹਾਡਾ ਨਵਾਂ ਜੀਵਨ ਤੁਹਾਨੂੰ ਪਰਮੇਸ਼ੁਰ ਦਾ ਸੱਚਾ ਗਿਆਨ ਦਿੰਦਾ ਹੈ। 11 ਇਸ ਨਵੇਂ ਜੀਵਨ ਵਿੱਚ ਯੂਨਾਨੀਆਂ ਅਤੇ ਯਹੂਦੀਆਂ ਵਿੱਚਕਾਰ ਕੋਈ ਅੰਤਰ ਨਹੀਂ। ਉਨ੍ਹਾਂ ਲੋਕਾਂ ਵਿੱਚਕਾਰ ਜਿਨ੍ਹਾਂ ਦੀ ਸੁੰਨਤ ਹੋਈ ਹੈ ਅਤੇ ਜਿਨ੍ਹਾਂ ਦੀ ਸੁੰਨਤ ਨਹੀਂ ਹੋਈ, ਜਾਂ ਜਿਹੜੇ ਲੋਕ ਕਿਸੇ ਬਾਹਰਲੇ ਦੇਸ਼ ਦੇ ਜਾਂ ਸੱਕੂਥੀ ਹਨ, ਕੋਈ ਅੰਤਰ ਨਹੀਂ। ਅਜ਼ਾਦ ਲੋਕਾਂ ਅਤੇ ਗੁਲਾਮਾਂ ਵਿੱਚਕਾਰ ਕੋਈ ਅੰਤਰ ਨਹੀਂ। ਪਰੰਤੂ ਮਸੀਹ ਉਨ੍ਹਾਂ ਸਮੂਹ ਸ਼ਰਧਾਲੂਆਂ ਵਿੱਚ ਹੈ। ਅਤੇ ਮਸੀਹ ਹੀ ਜਿਹੜਾ ਸਰਬ ਉੱਚ ਹੈ।

ਤੁਹਾਡਾ ਨਵਾਂ ਜੀਵਨ ਇੱਕ ਦੂਸਰੇ ਨਾਲ

12 ਕਿਉਂਕਿ ਤੁਸੀਂ ਪਰਮੇਸ਼ੁਰ ਦੇ ਚੁਣੇ ਹੋਏ ਲੋਕੀ ਹੋ। ਉਸ ਨੇ ਤੁਹਾਨੂੰ ਪਵਿੱਤਰ ਬਣਾਇਆ ਅਤੇ ਉਹ ਤੁਹਾਨੂੰ ਪਿਆਰ ਕਰਦਾ ਹੈ। ਇਸ ਲਈ ਹਮੇਸ਼ਾ ਹਮਦਰਦੀ, ਕਿਰਪਾ, ਨਿਮ੍ਰਤਾ, ਸੱਜਨਤਾ ਅਤੇ ਸਬਰ ਨਾਲ ਭਰਪੂਰ ਰਹੋ। 13 ਇੱਕ ਦੂਸਰੇ ਨਾਲ ਨਾਰਾਜ਼ ਨਾ ਹੋਵੋ, ਸਗੋਂ ਇੱਕ ਦੂਸਰੇ ਨੂੰ ਮਾਫ਼ ਕਰ ਦਿਉ। ਜੇ ਕੋਈ ਵਿਅਕਤੀ ਤੁਹਾਡੇ ਨਾਲ ਕੁਝ ਗਲਤ ਕਰਦਾ ਹੈ, ਉਸ ਨੂੰ ਮਾਫ਼ ਕਰ ਦਿਉ। ਤੁਹਾਨੂੰ ਹੋਰਨਾਂ ਨੂੰ ਉਵੇਂ ਮੁਆਫ਼ ਕਰ ਦੇਣਾ ਚਾਹੀਦਾ ਹੈ ਜਿਵੇਂ ਪ੍ਰਭੂ ਨੇ ਤੁਹਾਨੂੰ ਮੁਆਫ਼ ਕਰ ਦਿੱਤਾ। 14 ਇਹ ਸਾਰੀਆਂ ਗੱਲਾਂ ਕਰੋ; ਪਰ ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਇੱਕ ਦੂਸਰੇ ਨੂੰ ਪਿਆਰ ਕਰੋ। ਪਿਆਰ ਹੀ ਉਹ ਤਾਕਤ ਹੈ ਜੋ ਤੁਹਾਨੂੰ ਸਾਰਿਆਂ ਨੂੰ ਸਹੀ ਏਕਤਾ ਵਿੱਚ ਬੰਨ੍ਹਦੀ ਹੈ। 15 ਜੋ ਸ਼ਾਂਤੀ ਮਸੀਹ ਤੁਹਾਨੂੰ ਦਿੰਦਾ ਹੈ ਉਸ ਨੂੰ ਆਪਣੇ ਉੱਤੇ ਰਾਜ ਕਰਨ ਦਿਉ। ਇਸ ਕਰਕੇ ਹੀ ਤੁਹਾਨੂੰ ਸਾਰਿਆਂ ਨੂੰ ਇੱਕ ਸਰੀਰ [m] ਵਿੱਚ ਇਕੱਠਾ ਕੀਤਾ ਗਿਆ ਹੈ। ਹਮੇਸ਼ਾ ਸ਼ੁਕਰਗੁਜ਼ਾਰ ਹੋਵੋ।

16 ਆਪਣੇ ਅੰਦਰ ਮਸੀਹ ਦੀ ਸਿੱਖਿਆ ਨੂੰ ਅਮੀਰੀ ਨਾਲ ਵਸਣ ਦਿਉ। ਸਾਰੀ ਸਿਆਣਪ ਨੂੰ ਇੱਕ ਦੂਸਰੇ ਨੂੰ ਉਪਦੇਸ਼ ਦੇਣ ਅਤੇ ਇੱਕ ਦੂਸਰੇ ਨੂੰ ਮਜ਼ਬੂਤ ਬਨਾਉਣ ਲਈ ਵਰਤੋ। ਪਰਮੇਸ਼ੁਰ ਨੂੰ ਉਦਾਰ ਦਿਲਾਂ ਨਾਲ ਭਜਨ, ਸ਼ਬਦ ਅਤੇ ਆਤਮਕ ਗੀਤ ਗਾਓ। 17 ਜੋ ਕੁਝ ਵੀ ਤੁਸੀਂ ਆਖਦੇ ਹੋ ਅਤੇ ਜੋ ਕੁਝ ਵੀ ਤੁਸੀਂ ਕਰਦੇ ਹੋ, ਇਹ ਪ੍ਰਭੂ ਯਿਸੂ ਦੇ ਨਾਂ ਵਿੱਚ ਹੋਣ ਦਿਉ। ਸਾਰੀਆਂ ਗੱਲਾਂ ਵਿੱਚ, ਯਿਸੂ ਰਾਹੀਂ ਪਰਮੇਸ਼ੁਰ ਪਿਤਾ ਦਾ ਧੰਨਵਾਦ ਕਰੋ।

ਹੋਰਾਂ ਲੋਕਾਂ ਨਾਲ ਤੁਹਾਡਾ ਨਵਾਂ ਜੀਵਨ ਸਾਂਝਾ ਕਰੋ

18 ਪਤਨੀਓ, ਆਪਣੇ ਪਤੀਆਂ ਦੀ ਆਗਿਆ ਦਾ ਪਾਲਣ ਕਰੋ। ਪ੍ਰਭੂ ਵਿੱਚ ਅਜਿਹਾ ਕਰਨਾ ਹੀ ਠੀਕ ਹੈ।

19 ਪਤੀਓ, ਆਪਣੀਆਂ ਪਤਨੀਆਂ ਨੂੰ ਪਿਆਰ ਕਰੋ ਅਤੇ ਉਨ੍ਹਾਂ ਨਾਲ ਬਤਮੀਜ਼ੀ ਨਾ ਕਰੋ।

20 ਬੱਚਿਓ, ਹਰ ਗੱਲ ਵਿੱਚ ਆਪਣੇ ਮਾਪਿਆਂ ਦਾ ਆਖਾ ਮੰਨੋ। ਇਸ ਨਾਲ ਪ੍ਰਭੂ ਪ੍ਰਸੰਨ ਹੁੰਦਾ ਹੈ।

21 ਪਿਤਾਓ, ਆਪਣੇ ਬੱਚਿਆਂ ਨੂੰ ਨਿਰਾਸ਼ਾਜਨਕ ਨਾ ਬਣਾਓ। ਜੇ ਤੁਸੀਂ ਉਨ੍ਹਾਂ ਨਾਲ ਜ਼ਿਆਦਾ ਸਖਤ ਹੋਵੋਂਗੇ ਤਾਂ ਉਹ ਕੋਸ਼ਿਸ਼ ਕਰਨੀ ਛੱਡ ਦੇਣਗੇ।

22 ਨੌਕਰੋ, ਹਰ ਚੀਜ਼ ਵਿੱਚ ਆਪਣੇ ਮਾਲਕ ਦਾ ਕਹਿਣਾ ਮੰਨੋ। ਹਮੇਸ਼ਾ ਉਹੀ ਕਰੋ ਜੋ ਤੁਹਾਡਾ ਮਾਲਕ ਤੁਹਾਥੋਂ ਕਰਾਉਣਾ ਚਾਹੁੰਦਾ ਹੈ, ਉਦੋਂ ਵੀ ਜਦੋਂ ਉਹ ਤੁਹਾਨੂੰ ਨਹੀਂ ਵੇਖ ਰਿਹਾ। ਲੋਕਾਂ ਨੂੰ ਪ੍ਰਸੰਨ ਕਰਨ ਦੇ ਉਦੇਸ਼ ਨਾਲ ਗੱਲਾਂ ਨਾ ਕਰੋ, ਪਰ ਉਨ੍ਹਾਂ ਨੂੰ ਪੂਰੇ ਦਿਲੋਂ ਪ੍ਰਭੂ ਨੂੰ ਪ੍ਰਸੰਨ ਕਰਨ ਲਈ ਕਰੋ। 23 ਹਰ ਕੰਮ ਜਿਹੜਾ ਤੁਸੀਂ ਕਰ ਰਹੇ ਹੋ, ਆਪਣੀ ਪੂਰੀ ਸਮਰਥਾ ਨਾਲ ਕਰੋ। ਇਸ ਤਰ੍ਹਾਂ ਕੰਮ ਕਰੋ ਜਿਵੇਂ ਤੁਸੀਂ ਲੋਕਾਂ ਲਈ ਨਹੀਂ ਪ੍ਰਭੂ ਲਈ ਕਰ ਰਹੇ ਹੋ। 24 ਯਾਦ ਰੱਖੋ ਤੁਸੀਂ ਪ੍ਰਭੂ ਪਾਸੋਂ ਆਪਣਾ ਇਨਾਮ ਹਾਸਿਲ ਕਰੋਂਗੇ। ਉਹ ਤੁਹਾਨੂੰ ਉਹੋ ਦੇਵੇਗਾ ਜਿਸਦਾ ਉਸ ਨੇ ਤੁਹਾਡੇ ਨਾਲ ਵਾਇਦਾ ਕੀਤਾ ਹੈ ਇਹ ਪ੍ਰਭੂ ਮਸੀਹ ਹੈ ਜਿਸਦੀ ਸੇਵਾ ਤੁਸੀਂ ਕਰ ਰਹੇ ਹੋ। 25 ਯਾਦ ਰੱਖੋ ਕਿ ਜਿਹੜਾ ਵਿਅਕਤੀ ਗਲਤ ਕੰਮ ਕਰਦਾ ਹੈ ਉਸ ਨੂੰ ਉਸਦੀ ਗਲਤੀ ਦੀ ਸਜ਼ਾ ਮਿਲੇਗੀ। ਅਤੇ ਪ੍ਰਭੂ ਹਰ ਵਿਅਕਤੀ ਨਾਲ ਇੱਕੋ ਜਿਹਾ ਸਲੂਕ ਕਰਦਾ ਹੈ।

ਮਾਲਕੋ, ਆਪਣੇ ਨੌਕਰਾਂ ਨਾਲ ਨਰਮ ਰਹੋ ਅਤੇ ਜੋ ਜਾਇਜ਼ ਤੌਰ ਤੇ ਉਨ੍ਹਾਂ ਦਾ ਹੈ, ਉਨ੍ਹਾਂ ਨੂੰ ਦਿਉ। ਯਾਦ ਰੱਖੋ ਕਿ ਸਵਰਗ ਵਿੱਚ ਤੁਹਾਡਾ ਵੀ ਕੋਈ ਮਾਲਕ ਹੈ।

ਪੌਲੁਸ ਮਸੀਹੀਆਂ ਨੂੰ ਕੁਝ ਚੀਜ਼ਾਂ ਕਰਨ ਲਈ ਆਖਦਾ

ਅੱਡੋਲ ਪ੍ਰਾਰਥਨਾ ਕਰੋ ਅਤੇ ਜਦੋਂ ਤੁਸੀਂ ਪ੍ਰਾਰਥਨਾ ਕਰੋ, ਹਮੇਸ਼ਾ ਚੌਕਸ ਰਹੋ ਅਤੇ ਪਰਮੇਸ਼ੁਰ ਦਾ ਸ਼ੁਕਰ ਕਰੋ। ਸਾਡੇ ਲਈ ਵੀ ਪ੍ਰਾਰਥਨਾ ਕਰੋ। ਪ੍ਰਾਰਥਨਾ ਕਰੋ ਕਿ ਅਸੀਂ ਮਸੀਹ ਬਾਰੇ ਉਸ ਗੁਪਤ ਸੱਚ ਦਾ ਪ੍ਰਚਾਰ ਲੋਕਾਂ ਨੂੰ ਕਰਨ ਯੋਗ ਹੋਈਏ ਜੋ ਪਰਮੇਸ਼ੁਰ ਨੇ ਸਾਡੇ ਤੇ ਪਰਗਟ ਕੀਤਾ ਹੈ। ਮੈਂ ਇਸ ਲਈ ਕੈਦ ਵਿੱਚ ਹਾਂ ਕਿਉਂਕਿ ਮੈਂ ਇਸ ਸੱਚ ਦਾ ਪ੍ਰਚਾਰ ਕਰਦਾ ਹਾਂ। ਪ੍ਰਾਰਥਨਾ ਕਰੋ ਕਿ ਮੈਂ ਇਸ ਬਾਰੇ ਸਪੱਸ਼ਟ ਤੌਰ ਤੇ ਬੋਲ ਸੱਕਾਂ ਜਿਵੇਂ ਮੈਨੂੰ ਬੋਲਣਾ ਚਾਹੀਦਾ ਹੈ।

ਗੈਰ ਯਹੂਦੀਆਂ ਨਾਲ ਸਿਆਣਪ ਨਾਲ ਵਰਤਾਓ ਕਰੋ। ਆਪਣੇ ਸਮੇਂ ਨੂੰ ਵੱਧ ਤੋਂ ਵੱਧ ਚੰਗੀ ਤਰ੍ਹਾਂ ਵਰਤੋ। ਜਦੋਂ ਤੁਸੀਂ ਗੱਲ ਬਾਤ ਕਰੋ, ਤੁਹਾਨੂੰ ਹਰ ਸਮੇਂ ਮਿਹਰਬਾਨ ਅਤੇ ਸਿਆਣਾ ਹੋਣਾ ਚਾਹੀਦਾ ਹੈ। ਫ਼ੇਰ ਤੁਸੀਂ ਹਰ ਵਿਅਕਤੀ ਨੂੰ ਉਸੇ ਤਰ੍ਹਾਂ ਜਵਾਬ ਦੇ ਸੱਕੋਂਗੇ ਜਿਸ ਤਰ੍ਹਾਂ ਤੁਹਾਨੂੰ ਦੇਣਾ ਚਾਹੀਦਾ ਹੈ।

ਪੌਲੁਸ ਦੇ ਸੰਗੀ ਲੋਕਾਂ ਬਾਰੇ ਖਬਰ

ਮਸੀਹ ਵਿੱਚ ਇੱਕ ਪਿਆਰਾ ਭਰਾ, ਤੁਖਿਕੁਸ। ਉਹ ਮੇਰੇ ਨਾਲ ਪ੍ਰਭੂ ਲਈ ਕੰਮ ਕਰਦਿਆਂ ਭਰੋਸੇਯੋਗ ਸੇਵਕ ਹੈ। ਉਹ ਤੁਹਾਨੂੰ ਮੇਰੇ ਬਾਰੇ ਸਾਰੀਆਂ ਖਬਰਾਂ ਦੇਵੇਗਾ। ਜਿਹੜੀਆਂ ਮੇਰੇ ਨਾਲ ਵਾਪਰ ਰਹੀਆਂ ਹਨ। ਇਹੀ ਕਾਰਣ ਹੈ ਕਿ ਮੈਂ ਉਸ ਨੂੰ ਤੁਹਾਡੇ ਵੱਲ ਭੇਜ ਰਿਹਾ ਹਾਂ। ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਡੀਆਂ ਗੱਲਾਂ ਤੋਂ ਜਾਣੂ ਹੋਵੋ। ਅਤੇ ਮੈਂ ਉਸ ਨੂੰ ਇਸ ਲਈ ਭੇਜ ਰਿਹਾ ਹਾਂ ਕਿ ਤੁਸੀਂ ਹੌਂਸਲਾ ਰੱਖੋ। ਮੈਂ ਉਸ ਦੇ ਨਾਲ ਉਨੇਸਿਮੁਸ ਨੂੰ ਵੀ ਭੇਜ ਰਿਹਾ ਹਾਂ। ਉਹ ਸਾਡੇ ਲਈ ਇੱਕ ਵਫ਼ਾਦਾਰ ਅਤੇ ਪਿਆਰਾ ਭਰਾ ਹੈ। ਉਹ ਤੁਹਾਡੇ ਸਮੂਹ ਵਿੱਚੋਂ ਇੱਕ ਹੈ। ਤੁਖਿਕੁਸ ਅਤੇ ਉਨੇਸਿਮੁਸ ਤੁਹਾਨੂੰ ਉਹ ਸਾਰਾ ਕੁਝ ਦੱਸ ਦੇਣਗੇ ਜੋ ਇੱਥੇ ਵਾਪਰਿਆ ਸੀ।

10 ਅਰਿਸਤਰੱਖੁਸ ਵੱਲੋਂ ਸ਼ੁਭਕਾਮਨਾਵਾਂ। ਉਹ ਮੇਰੇ ਨਾਲ ਕੈਦ ਵਿੱਚ ਹੈ। ਮਰਕੁਸ, ਬਰਨਾਬਾਸ ਦੇ ਚਚੇਰਾ ਭਰਾ, ਵੱਲੋਂ ਵੀ ਸ਼ੁਭਕਾਮਨਾਵਾਂ। ਮੈਂ ਪਹਿਲਾਂ ਹੀ ਤੁਹਾਨੂੰ ਉਸ ਬਾਰੇ ਹਿਦਾਇਤਾਂ ਦੇ ਚੁੱਕਿਆ ਹਾਂ ਜਦੋਂ ਉਹ ਆਵੇਗਾ, ਉਸਦਾ ਸੁਆਗਤ ਕਰਿਓ। 11 ਯਿਸੂ ਜਿਸ ਨੂੰ ਯੂਸਤੁਸ ਵੀ ਆਖਿਆ ਜਾਂਦਾ ਹੈ ਵੀ ਤੁਹਾਨੂੰ ਸ਼ੁਭਕਾਮਨਾਵਾਂ ਭੇਜਦਾ ਹੈ। ਸਿਰਫ਼ ਇਹੀ ਉਹ ਯਹੂਦੀ ਨਿਹਚਾਵਾਨ ਹਨ ਜਿਹੜੇ ਮੇਰੇ ਨਾਲ ਪਰਮੇਸ਼ੁਰ ਦੇ ਰਾਜ ਲਈ ਕਾਰਜ ਕਰ ਰਹੇ ਹਨ। ਉਹ ਮੇਰੇ ਲਈ ਸੱਕੂਨ ਦਾ ਇੱਕ ਸਾਧਨ ਹਨ।

12 ਇਪਫ਼੍ਰਾਸ ਵੱਲੋਂ ਵੀ ਤੁਹਾਨੂੰ ਸ਼ੁਭਕਾਮਨਾਵਾਂ। ਉਹ ਤੁਹਾਡੇ ਸਮੂਹ ਵਿੱਚੋਂ ਇੱਕ ਹੈ ਅਤੇ ਮਸੀਹ ਯਿਸੂ ਦੇ ਸੇਵਕਾਂ ਵਿੱਚੋਂ ਇੱਕ ਹੈ। ਉਹ ਹਮੇਸ਼ਾ ਗੰਭੀਰਤਾਪੂਰਵਕ ਪਰਮੇਸ਼ੁਰ ਨੂੰ ਤੁਹਾਡੇ ਸਾਰਿਆਂ ਲਈ ਪ੍ਰਾਰਥਨਾ ਕਰਦਾ ਹੈ ਤਾਂ ਜੋ ਤੁਸੀਂ ਆਤਮਕ ਤੌਰ ਤੇ ਪੂਰੀ ਤਰ੍ਹਾਂ ਵੱਧੋ ਅਤੇ ਉਹ ਸਾਰੀਆਂ ਚੀਜ਼ਾਂ ਪ੍ਰਾਪਤ ਕਰੋ ਜੋ ਪਰਮੇਸ਼ੁਰ ਚਾਹੁੰਦਾ ਹੈ ਕਿ ਤੁਹਾਡੇ ਕੋਲ ਹੋਣ। 13 ਮੈਂ ਜਾਣਦਾ ਹਾਂ ਕਿ ਉਸ ਨੇ ਤੁਹਾਡੇ ਲਈ ਅਤੇ ਲਾਉਦਿਕਿਯਾ ਅਤੇ ਹੀਏਰਪੁਲਿਸ ਦੇ ਲੋਕਾਂ ਲਈ ਸਖਤ ਮਿਹਨਤ ਕੀਤੀ ਹੈ। 14 ਦੇਮਾਸ ਅਤੇ ਸਾਡਾ ਪਿਆਰਾ ਮਿੱਤਰ ਵੈਦ ਲੂਕਾ, ਸ਼ੁਭਕਾਮਨਾਵਾਂ ਭੇਜਦਾ ਹੈ।

15 ਲਾਉਦਿਕਿਯਾ ਵਿੱਚ ਭਰਾਵਾਂ ਅਤੇ ਭੈਣਾਂ ਨੂੰ ਮੇਰੀਆਂ ਸ਼ੁਭਕਾਮਨਾਵਾਂ ਦੇਣੀਆਂ। ਅਤੇ ਨੁਮਫ਼ਾਸ ਅਤੇ ਉਸ ਕਲੀਸਿਯਾ ਨੂੰ ਜਿਹੜੀ ਉਸ ਦੇ ਘਰ ਨਾਲ ਜੁੜਦੀ ਹੈ, ਸ਼ੁਭਕਾਮਨਾਵਾਂ ਆਖੋ। 16 ਜਦੋਂ ਇਹ ਪੱਤਰ ਤੁਹਾਨੂੰ ਸੁਣਾਇਆ ਜਾਏ ਇਸ ਗੱਲ ਨੂੰ ਵੀ ਯਕੀਨੀ ਬਣਾਓ ਕਿ ਇਹ ਲਾਉਦਿਕਿਯਾ ਦੀ ਕਲੀਸਿਯਾ ਨੂੰ ਸੁਣਾਇਆ ਜਾਵੇ। ਅਤੇ ਤੁਸੀਂ ਵੀ ਉਹ ਪੱਤਰ ਪੜ੍ਹਿਆ ਜੋ ਮੈਂ ਲਾਉਦਿਕਿਯਾ ਦੀ ਕਲੀਸਿਯਾ ਨੂੰ ਲਿਖਿਆ। 17 ਅਰੱਖਿਪੁੱਸ ਨੂੰ ਆਖ਼ੋ, “ਉਹ ਕੰਮ ਪੂਰਾ ਕਰੇ ਜਿਹੜਾ ਪ੍ਰਭੂ ਨੇ ਤੈਨੂੰ ਦਿੱਤਾ ਹੈ।”

18 ਮੈਂ ਪੌਲੁਸ ਸ਼ੁਭਕਾਮਨਾਵਾਂ ਆਖਦਾ ਹਾਂ ਅਤੇ ਇਸ ਨੂੰ ਆਪਣੇ ਹੱਥੀ ਲਿਖ ਰਿਹਾ ਹਾਂ। ਯਾਦ ਰੱਖੋ ਕਿ ਮੈਂ ਕੈਦ ਵਿੱਚ ਹਾਂ। ਪਰਮੇਸ਼ੁਰ ਦੀ ਕਿਰਪਾ ਤੁਹਾਡੇ ਅੰਗ਼ ਸੰਗ ਹੋਵੇ।

Punjabi Bible: Easy-to-Read Version (ERV-PA)

2010 by World Bible Translation Center