Bible in 90 Days
22 ਜੇ ਕੋਈ ਤੁਹਾਡੇ ਖਿਲਾਫ਼ ਕੁਝ ਕਰਦਾ ਹੈ ਤਾਂ ਉਸ ਨੂੰ ਖੁਦ ਸਜ਼ਾ ਦੇਣ ਦੀ ਕੋਸ਼ਿਸ਼ ਨਾ ਕਰੋ। ਇਸ ਨੂੰ ਯਹੋਵਾਹ ਤੇ ਛੱਡ ਦਿਓ, ਉਹ ਨਿਆਂ ਕਰੇਗਾ।
23 ਯਾਹੋਵਾਹ ਝੂਠੇ ਤੋਂਲਾਂ ਨੂੰ ਨਫ਼ਰਤ ਕਰਦਾ ਹੈ ਨੁਕਸਾਂ ਵਾਲੇ ਪੈਮਾਨੇ ਚੰਗੇ ਨਹੀਂ।
24 ਯਹੋਵਾਹ ਆਦਮੀ ਦੇ ਕਦਮਾਂ ਦਾ ਨਿਸ਼ਚੈ ਕਰਦਾ ਹੈ, ਤਾਂ ਫ਼ਿਰ ਇੱਕ ਆਦਮੀ ਆਪਣੇ ਜੀਵਨ ਨੂੰ ਕਿਵੇਂ ਸਮਝ ਸੱਕਦਾ ਹੈ?
25 ਤੁਸੀਂ ਆਪਣੇ-ਆਪ ਨੂੰ ਫ਼ਸਾ ਲਵੋਂਗੇ ਜੇਕਰ ਤੁਸੀਂ ਜਲਦੀ ਵਿੱਚ ਪਰਮੇਸ਼ੁਰ ਨਾਲ ਕਿਸੇ ਗੱਲ ਦਾ ਇਕਰਾਰ ਕਰ ਲਵੋਂ ਅਤੇ ਮਗਰੋਂ ਆਪਣਾ ਮਨ ਬਦਲ ਲਵੋਂ।
26 ਇੱਕ ਸਿਆਣਾ ਰਾਜਾ ਦੁਸ਼ਟਾਂ ਨੂੰ ਪਰ੍ਹਾਂ ਫ਼ਟਕਾਰ ਦਿੰਦਾ ਹੈ, ਉਹ ਉਨ੍ਹਾਂ ਉੱਪਰ ਆਪਣਾ ਗਾਹੁਣ ਵਾਲਾ ਪਹੀਆ ਚੜ੍ਹਾ ਦਿੰਦਾ ਹੈ।
27 ਕਿਸੇ ਬੰਦੇ ਦਾ ਆਤਮਾ ਯਹੋਵਾਹ ਲਈ ਇੱਕ ਦੀਵੇ ਵਰਗਾ ਹੁੰਦਾ ਹੈ। ਯਹੋਵਾਹ ਬੰਦੇ ਦੀਆਂ ਅੰਦਰਲੀਆਂ ਗੱਲਾਂ ਜਾਨਣ ਦੇ ਯੋਗ ਹੁੰਦਾ ਹੈ।
28 ਨਮਕਹਲਾਲੀ ਅਤੇ ਸੱਚ ਇੱਕ ਰਾਜੇ ਦੀ ਰੱਖਿਆ ਕਰਦੇ ਹਨ, ਅਤੇ ਉਹ ਆਪਣੀ ਨਮਕਹਲਾਲੀ ਕਾਰਣ ਆਪਣਾ ਤਖਤ ਰੱਖੀ ਰੱਖਦਾ ਹੈ।
29 ਇੱਕ ਨੌਜਵਾਨ ਨੂੰ ਉਸਦੀ ਤਾਕਤ ਕਾਰਣ ਕੀਰਤੀ ਮਿਲਦੀ ਹੈ, ਅਤੇ ਇੱਕ ਬਜ਼ੁਰਗ ਆਦਮੀ ਦੀ ਇੱਜ਼ਤ ਉਸ ਦੇ ਧੌਲਿਆਂ ਦੇ ਕਾਰਣ ਹੁੰਦੀ ਹੈ।
30 ਜੇ ਸਾਨੂੰ ਸਜ਼ਾ ਮਿਲਦੀ ਹੈ ਤਾਂ ਅਸੀਂ ਗ਼ਲਤ ਕੰਮ ਕਰਨ ਤੋਂ ਹਟ ਜਾਵਾਂਗੇ। ਦੁੱਖ ਬੰਦੇ ਨੂੰ ਤਬਦੀਲ ਕਰ ਸੱਕਦਾ ਹੈ।
21 ਕਿਸਾਨ ਆਪਣੇ ਖੇਤਾਂ ਨੂੰ ਸਿੰਜਣ ਲਈ ਛੋਟੇ ਖਾਲ ਬਣਾਉਂਦੇ ਹਨ। ਉਹ ਵੱਖ-ਵੱਖ ਖਾਲਾਂ ਨੂੰ ਬੰਦ ਕਰਕੇ ਪਾਣੀ ਦਾ ਰਾਹ ਬਦਲਦੇ ਹਨ। ਯਹੋਵਾਹ ਵੀ ਰਾਜੇ ਦੇ ਮਨ ਨੂੰ ਸੰਚਾਲਿਤ ਕਰਨ ਲਈ ਇਹੋ ਕਰਦਾ ਹੈ। ਯਹੋਵਾਹ ਜਿਵੇਂ ਚਾਹੁੰਦਾ ਹੈ ਰਾਜੇ ਦੀ ਅਗਵਾਈ ਕਰਦਾ ਹੈ ਜਿਧਰ ਉਹ ਉਸ ਨੂੰ ਲਿਜਾਣਾ ਚਾਹੇ, ਲੈ ਜਾਦਾ ਹੈ।
2 ਬੰਦਾ ਸੋਚਦਾ ਹੈ ਕਿ ਜੋ ਕੁਝ ਵੀ ਉਹ ਕਰਦਾ ਹੈ ਸਹੀ ਹੈ। ਪਰ ਯਹੋਵਾਹ ਬੰਦਿਆਂ ਦੇ ਕੰਮਾਂ ਦੇ ਅਸਲੀ ਕਾਰਣਾਂ ਦਾ ਨਿਆਂ ਕਰਦਾ ਹੈ।
3 ਜੋ ਧਰਮੀ ਅਤੇ ਨਿਆਂਈ ਹੈ, ਕਰਨਾ, ਪਰਮੇਸ਼ੁਰ ਨੂੰ ਬਲੀਆਂ ਚੜ੍ਹਾਉਣ ਨਾਲੋਂ ਬਿਹਤਰ ਹੈ।
4 ਘਮੰਡੀ ਅੱਖਾਂ ਅਤੇ ਗੁਮਾਨੀ ਦਿਲ ਅਤੇ ਦੁਸ਼ਟ ਲੋਕਾਂ ਦੇ ਦੀਵੇ ਪਾਪੀ ਹੁੰਦੇ ਹਨ।
5 ਮਿਹਨਤੀ ਆਦਮੀ ਦੀਆਂ ਯੋਜਨਾਵਾਂ ਲਾਭ ਲਿਆਉਂਦੀਆਂ ਹਨ, ਪਰ ਜੋ ਕੋਈ ਵੀ ਕਾਹਲੀ ਵਿੱਚ ਹੋਵੇਗਾ ਗਰੀਬ ਬਣ ਜਾਵੇਗਾ।
6 ਜੇ ਤੁਸੀਂ ਅਮੀਰ ਹੋਣ ਲਈ ਧੋਖਾ ਕਰਦੇ ਹੋ, ਤਾਂ ਤੁਹਾਡੀ ਦੌਲਤ ਛੇਤੀ ਹੀ ਚਲੀ ਜਾਵੇਗੀ। ਅਤੇ ਤੁਹਾਡੀ ਅਮੀਰੀ ਤੁਹਾਨੂੰ ਮੌਤ ਵੱਲ ਲੈ ਜਾਵੇਗੀ।
7 ਦੁਸ਼ਟ ਬੰਦੇ ਦੀ ਹਿੰਸਾ ਉਸ ਨੂੰ ਤਬਾਹ ਕਰ ਦੇਵੇਗੀ। ਕਿਉਂ ਕਿ ਉਹ ਨਿਆਂ ਕਰਨ ਤੋਂ ਇਨਕਾਰ ਕਰਦੇ ਹਨ।
8 ਇੱਕ ਅਪਰਾਧੀ ਦਾ ਰਾਹ ਪੇਚਦਾਰ ਹੁੰਦਾ ਹੈ, ਪਰ ਇੱਕ ਬੇਗੁਨਾਹ ਆਦਮੀ ਉਹੀ ਕਰਦਾ ਜੋ ਧਰਮੀ ਹੁੰਦਾ।
9 ਝਗੜਾਲੂ ਪਤਨੀ ਨਾਲ ਘਰ ਦੇ ਅੰਦਰ ਰਹਿਣ ਨਾਲੋਂ ਛੱਤ ਉੱਤੇ ਨੁਕਰ ਤੇ ਸੌਣਾ ਬਿਹਤਰ ਹੈ।
10 ਬੁਰੇ ਬੰਦੇ ਹਮੇਸ਼ਾ ਹੋਰ ਬਦੀ ਕਰਨਾ ਲੋਚਦੇ ਹਨ। ਅਤੇ ਉਹ ਲੋਕ ਆਪਣੇ ਆਸ-ਪਾਸ ਦੇ ਲੋਕਾਂ ਲਈ ਰਹਿਮ ਨਹੀਂ ਪ੍ਰਗਟਾਉਂਦੇ।
11 ਜਦੋਂ ਇੱਕ ਮਖੌਲੀਏ ਨੂੰ ਸਜ਼ਾ ਮਿਲਦੀ ਹੈ, ਇੱਕ ਸਾਧਾਰਨ ਵਿਅਕਤੀ ਸਿਆਣਾ ਬਣ ਜਾਂਦਾ, ਅਤੇ ਜਦੋਂ ਤੁਸੀਂ ਕਿਸੇ ਸਿਆਣੇ ਬੰਦੇ ਨੂੰ ਹਿਦਾਇਤ ਦਿੰਦੇ ਹੋ, ਉਹ ਆਪਣਾ ਸਬਕ ਸਿਖਦਾ।
12 ਪਰਮੇਸ਼ੁਰ ਜੋ ਕਿ ਨਿਆਂਈ ਹੈ ਦੁਸ਼ਟ ਆਦਮੀ ਦੇ ਟੱਬਰ ਤੇ ਅੱਖ ਰੱਖਦਾ ਅਤੇ ਦੁਸ਼ਟ ਆਦਮੀ ਨੂੰ ਬਰਬਾਦ ਕਰ ਦਿੰਦਾ ਹੈ।
13 ਜੇ ਕੋਈ ਬੰਦਾ ਗਰੀਬ ਲੋਕਾਂ ਦੀ ਸਹਾਇਤਾ ਕਰਨ ਤੋਂ ਇਨਕਾਰ ਕਰਦਾ ਹੈ ਤਾਂ ਲੋੜ ਪੈਣ ਤੇ ਉਸ ਦੀ ਵੀ ਕੋਈ ਸਹਾਇਤਾ ਨਹੀਂ ਕਰੇਗਾ।
14 ਗੁਪਤ ਤੌਰ ਤੇ ਦਿੱਤੀ ਸੁਗਾਤ ਗੁੱਸੇ ਨੂੰ ਸ਼ਾਂਤ ਕਰ ਦਿੰਦੀ ਹੈ, ਅਤੇ ਲੋਕਾਂ ਦੀ ਦਿੱਤੀ ਹੋਈ ਰਿਸ਼ਵਤ ਖਤਰੇ ਨੂੰ ਰੋਕਣ ’ਚ ਸਹਾਈ ਹੋ ਸੱਕਦੀ ਹੈ।
15 ਇੱਕ ਧਰਮੀ ਵਿਅਕਤੀ ਜੋ ਸਹੀ ਹੈ ਕਰਨ ਵਿੱਚ ਆਨੰਦ ਮਾਣਦਾ ਹੈ, ਪਰ ਇਹ ਉਨ੍ਹਾਂ ਨੂੰ ਡਰਾਉਂਦਾ ਹੈ, ਜੋ ਉਹੀ ਕਰਦੇ ਹਨ ਜੋ ਗ਼ਲਤ ਹੈ।
16 ਜੇ ਕੋਈ ਬੰਦਾ ਸਿਆਣਪ ਦਾ ਰਸਤਾ ਛੱਡ ਦਿੰਦਾ ਹੈ ਤਾਂ ਉਹ ਤਬਾਹੀ ਵੱਲ ਜਾ ਰਿਹਾ ਹੈ।
17 ਜੇ ਖੁਸ਼ੀ ਮਨਾਉਣਾ ਹੀ ਕਿਸੇ ਬੰਦੇ ਲਈ ਸਭ ਤੋਂ ਮਹੱਤਵਪੂਰਣ ਗੱਲ ਹੈ ਤਾਂ ਉਹ ਬੰਦਾ ਗਰੀਬ ਹੋ ਜਾਵੇਗਾ। ਜੇ ਉਹ ਬੰਦਾ ਮੈਅ ਅਤੇ ਭੋਜਨ ਨੂੰ ਹੀ ਪਿਆਰ ਕਰਦਾ ਹੈ ਤਾਂ ਉਹ ਕਦੇ ਅਮੀਰ ਨਹੀਂ ਹੋ ਸੱਕੇਗਾ।
18 ਇੱਕ ਦੁਸ਼ਟ ਵਿਅਕਤੀ ਨੇਕ ਆਦਮੀ ਲਈ ਫਿਰੌਤੀ ਹੁੰਦਾ ਹੈ। ਅਤੇ ਇੰਝ ਹੀ ਕਪਟੀ ਨੂੰ ਇਮਾਨਦਾਰ ਆਦਮੀ ਲਈ ਹੁੰਦਾ ਹੈ।
19 ਉਸ ਪਤਨੀ ਨਾਲ ਰਹਿਣ ਨਾਲੋਂ, ਜਿਹੜੀ ਗੁਸੈਲੇ ਸੁਭਾ ਦੀ ਅਤੇ ਝਗੜਾਲੂ ਹੈ, ਮਾਰੂਥਲ ਵਿੱਚ ਰਹਿਣਾ ਬਿਹਤਰ ਹੈ।
20 ਸਿਆਣੇ ਬੰਦੇ ਦਾ ਘਰ ਅਨਾਜ ਅਤੇ ਤੇਲ ਨਾਲ ਭਰਪੂਰ ਹੁੰਦਾ, ਪਰ ਮੂਰਖ ਬੰਦੇ ਕੋਲ ਜੋ ਵੀ ਹੈ ਉਹ ਉਸ ਨੂੰ ਖਤਮ ਕਰ ਲੈਂਦਾ ਹੈ।
21 ਜਿਹੜਾ ਵਿਅਕਤੀ ਨੇਕੀ ਅਤੇ ਵਫ਼ਾਦਾਰੀ ਤੇ ਚੱਲਦਾ ਹੈ ਜੀਵਨ, ਨੇਕੀ ਅਤੇ ਇੱਜ਼ਤ ਪ੍ਰਾਪਤ ਕਰਦਾ ਹੈ।
22 ਇੱਕ ਸਿਆਣਾ ਵਿਅਕਤੀ ਬਹਾਦੁਰ ਆਦਮੀਆਂ ਦੁਆਰਾ ਰੱਖਵਾਲੀ ਕੀਤੇ ਜਾ ਰਹੇ ਸ਼ਹਿਰ ਤੇ ਵੀ ਕਬਜ਼ਾ ਕਰ ਸੱਕਦਾ ਹੈ ਅਤੇ ਉਨ੍ਹਾਂ ਕੰਧਾਂ ਨੂੰ ਢਾਹ ਸੱਕਦਾ ਜਿਨ੍ਹਾਂ ਤੇ ਉਨ੍ਹਾਂ ਨੂੰ ਭਰੋਸਾ ਹੁੰਦਾ ਹੈ।
23 ਜਿਸ ਬੰਦੇ ਦਾ ਆਪਣੀ ਕਥਨੀ ਅਤੇ ਜੁਬਾਨ ਤੇ ਕਾਬੂ ਹੁੰਦਾ, ਉਹ ਆਪਣੇ ਆਪ ਨੂੰ ਕਿਸੇ ਵੀ ਖਤਰੇ ਤੋਂ ਬਚਾ ਲੈਂਦਾ ਹੈ।
24 ਇੱਕ ਵਿਅਕਤੀ ਜਿਹੜਾ ਹੰਕਾਰੀ ਅਤੇ ਮਗਰੂਰ ਹੈ, ਅਜਿਹਾ ਆਦਮੀ ਜੋ ਮਖੌਲੀ ਕਹਿਲਾਉਂਦਾ ਹੈ, ਅਤਿਆਧਿੱਕ ਮਗਰੂਰਤਾ ਦਾ ਵਿਖਾਵਾ ਕਰਦਾ ਹੈ।
25 ਆਲਸੀ ਬੰਦੇ ਦੇ ਸਪਨੇ ਉਸਦੀ ਮੌਤ ਹੋਣਗੇ, ਕਿਉਂ ਜੋ ਉਸ ਦੇ ਹੱਥ ਕੰਮ ਕਰਨੋ ਇਨਕਾਰੀ ਹੁੰਦੇ ਹਨ।
26 ਅਜਿਹੇ ਲੋਕ ਹੁੰਦੇ ਹਨ ਜੋ ਹਰ ਵਕਤ, ਹੋਰ ਪਾਉਣ ਦੀ ਇੱਛਾ ਰੱਖਦੇ ਹਨ, ਪਰ ਇੱਕ ਧਰਮੀ ਵਿਅਕਤੀ ਖੁਲੇ ਦਿਲ ਨਾਲ ਦਿੰਦਾ ਹੈ।
27 ਇੱਕ ਦੁਸ਼ਟ ਵਿਅਕਤੀ ਦੀਆਂ ਬਲੀਆਂ ਆਪਣੇ-ਆਪ ’ਚ ਹੀ ਬੁਰੀਆਂ ਹਨ, ਇਹ ਹੋਰ ਵੀ ਭਿਆਨਕ ਹੋਵੇਗਾ ਜਦੋਂ ਉਹ ਇਨ੍ਹਾਂ ਨੂੰ ਬੁਰੇ ਖਿਆਲ ਨਾਲ ਚੜ੍ਹਾਉਂਦਾ ਹੈ।
28 ਜਿਹੜਾ ਬੰਦਾ ਝੂਠ ਬੋਲਦਾ ਹੈ ਉਹ ਤਬਾਹ ਹੋ ਜਾਵੇਗਾ। ਜਿਹੜਾ ਵੀ ਉਸ ਝੂਠ ਨੂੰ ਧਿਆਨ ਨਾਲ ਸੁਣਦਾ ਹੈ ਉਹ ਵੀ ਉਸ ਦੇ ਨਾਲ ਹੀ ਤਬਾਹ ਹੋ ਜਾਵੇਗਾ।
29 ਇੱਕ ਦੁਸ਼ਟ ਵਿਅਕਤੀ ਆਪਣਾ ਮੂੰਹ ਫੁਲਾ ਲੈਂਦਾ ਹੈ, ਪਰ ਇੱਕ ਇਮਾਨਦਾਰ ਆਦਮੀ ਯਕੀਨੀ ਬਣਾਉਂਦਾ ਕਿ ਉਹ ਉਹੀ ਕਰਦਾ ਜੋ ਸਹੀ ਹੈ।
30 ਕੋਈ ਅਜਿਹੀ ਸਿਆਣਪ, ਅੰਤਰ-ਦ੍ਰਿਸ਼ਟੀ, ਜਾਂ ਸਲਾਹ ਨਹੀਂ ਹੈ ਜੋ ਯਹੋਵਾਹ ਦੇ ਵਿਰੁੱਧ ਕਾਮਯਾਬ ਹੋ ਸੱਕੇ।
31 ਲੋਕ ਲੜਾਈ ਲਈ ਘੋੜਿਆਂ ਸਮੇਤ ਹਰ ਚੀਜ਼ ਤਿਆਰ ਕਰ ਸੱਕਦੇ ਹਨ। ਪਰ ਜਿੰਨਾ ਚਿਰ ਤੱਕ ਯਹੋਵਾਹ ਉਨ੍ਹਾਂ ਨੂੰ ਜਿੱਤ ਨਹੀਂ ਦਿੰਦਾ ਉਹ ਜਿੱਤ ਨਹੀਂ ਸੱਕਦੇ।
22 ਚੰਗਾ ਨਾਮ ਮਹਾਨ ਦੌਲਤ ਨਾਲੋਂ ਬਿਹਤਰ ਹੈ। ਅਤੇ ਚੰਗੀ ਪ੍ਰਤਿਸ਼ਠਾ ਚਾਂਦੀ ਜਾਂ ਸੋਨੇ ਨਾਲੋਂ ਬਿਹਤਰ ਹੈ।
2 ਅਮੀਰ ਤੇ ਗਰੀਬ ਵਿੱਚ ਇੱਕੋ ਜਿਹੀ ਸਮਾਨਤਾ ਹੈ। ਯਹੋਵਾਹ ਨੇ ਦੋਹਾਂ ਨੂੰ ਸਾਜਿਆ ਹੈ।
3 ਦੁਸ਼ਤ ਵਿਅਕਤੀ ਖਤਰੇ ਨੂੰ ਵੇਖਕੇ ਇਸਤੋਂ ਬਚ ਨਿਕਲ ਦਾ ਹੈ ਇੱਕ ਆਮ ਵਿਅਕਤੀ ਚੱਲਦਾ ਰਹਿੰਦਾ ਹੈ ਅਤੇ ਸੱਟ ਖਾ ਲੈਂਦਾ ਹੈ।
4 ਇੱਕ ਨਿਮਾਣਾ ਜੋ ਯਹੋਵਾਹ ਤੋਂ ਡਰਦਾ ਹੈ ਉਸ ਕੋਲ ਦੌਲਤ ਇੱਜ਼ਤ, ਅਤੇ ਲੰਮਾ ਜੀਵਨ ਹੋਵੇਗਾ।
5 ਇੱਕ ਵਲਦਾਰ ਆਦਮੀ ਦਾ ਰਸਤਾ ਕੰਡਿਆਂ ਨਾਲ ਭਰਿਆ ਹੁੰਦਾ ਹੈ, ਅਤੇ ਉਹ ਆਪਣੇ-ਆਪ ਨੂੰ ਉਨ੍ਹਾਂ ਵਿੱਚ ਫ਼ਸਿਆ ਪਾਉਂਦਾ ਹੈ। ਪਰ ਜਿਹੜਾ ਬੰਦਾ ਆਪਣੀ ਜ਼ਿੰਦਗੀ ਦਾ ਧਿਆਨ ਰੱਖਦਾ ਹੈ ਉਹ ਮੁਸੀਬਤ ਤੋਂ ਦੂਰ ਰਹਿੰਦਾ ਹੈ।
6 ਮੁੰਡੇ ਤੇ ਉਸੇ ਤਰ੍ਹਾਂ ਦਾ ਪ੍ਰਭਾਵ ਪਾਓ ਜਿਵੇਂ ਉਸ ਨੂੰ ਜਾਣਾ ਚਾਹੀਦਾ, ਅਤੇ ਉਹ ਇਸਤੋਂ ਉਦੋਂ ਵੀ ਨਹੀਂ ਭਟਕੇਗਾ ਜਦੋਂ ਉਹ ਬੁੱਢਾ ਹੋ ਜਾਵੇਗਾ।
7 ਗਰੀਬ ਲੋਕ ਅਮੀਰਾਂ ਦੇ ਗੁਲਾਮ ਹੁੰਦੇ ਹਨ। ਜਿਹੜਾ ਬੰਦਾ ਉਧਾਰ ਲੈਂਦਾ ਹੈ ਉਹ ਉਧਾਰ ਦੇਣ ਵਾਲੇ ਦਾ ਗੁਲਾਮ ਹੁੰਦਾ ਹੈ।
8 ਜਿਹੜਾ ਬੰਦਾ ਮੁਸੀਬਤ ਫ਼ੈਲਾਵੇਗਾ ਉਹ ਮੁਸੀਬਤ ਦੀ ਫ਼ਸਲ ਹੀ ਵੱਢੇਗਾ। ਅਤੇ ਅਖੀਰ ਵਿੱਚ ਉਹ ਬੰਦਾ ਉਸੇ ਮੁਸੀਬਤ ਹੱਥੋਂ ਤਬਾਹ ਹੋ ਜਾਵੇਗਾ ਜਿਹੜੀ ਉਸ ਨੇ ਹੋਰਾਂ ਨੂੰ ਦਿੱਤੀ ਸੀ।
9 ਇੱਕ ਮਿਹਰਬਾਨ ਆਦਮੀ ਅਸ਼ੀਸਮਈ ਹੁੰਦਾ ਹੈ, ਕਿਉਂਕਿ ਉਹ ਆਪਣਾ ਭੋਜਨ ਗਰੀਬਾਂ ਨਾਲ ਸਾਂਝਾ ਕਰਦਾ ਹੈ।
10 ਇੱਕ ਮਖੌਲੀ ਨੂੰ ਭਜਾ ਦਿਓ, ਅਤੇ ਦੁਸ਼ਮਣੀ ਉਸ ਦੇ ਨਾਲ ਚਲੀ ਜਾਂਦੀ ਹੈ। ਇਹ ਤੁਹਾਨੂੰ ਦਲੀਲਬਾਜ਼ੀ ਅਤੇ ਬੇਇੱਜ਼ਤ ਹੋਣ ਤੋਂ ਬਚਾਉਂਦੀ ਹੈ।
11 ਇੱਕ ਸ਼ੁੱਧ ਹਿਰਦੇ ਅਤੇ ਕ੍ਰਿਪਾਲੂ ਸ਼ਬਦ ਰਾਜੇ ਨੂੰ ਵੀ ਦੋਸਤ ਬਣਾ ਲਵੇਗਾ।
12 ਯਹੋਵਾਹ ਗਿਆਨ ਦੀ ਰੱਖਿਆ ਕਰਦਾ, ਅਤੇ ਉਹ ਵਿਸ਼ਵਾਸ ਘਾਤੀ ਲੋਕਾਂ ਦੇ ਮਾਮਲਿਆਂ ਨੂੰ ਵੀ ਨਿਸਫ਼ਲ ਕਰ ਦੇਵੇਗਾ।
13 ਸੁਸਤ ਆਦਮੀ ਆਖਦਾ ਹੈ, “ਮੈਂ (ਕੰਮ ਤੇ) ਹੁਣੇ ਨਹੀਂ ਜਾ ਸੱਕਦਾ ਬਾਹਰ ਬੱਬਰ-ਸ਼ੇਰ ਬੈਠਾ ਹੈ। ਕਿਧਰੇ ਉਹ ਮੈਨੂੰ ਮਾਰ ਨਾ ਦੇਵੇ।”
14 ਇੱਕ ਪਰਾਈ ਔਰਤ ਦਾ ਮੂੰਹ ਡੂੰਘੇ ਟੋਏ ਵਰਗਾ ਹੈ। ਜਿਸ ਨਾਲ ਵੀ ਯਹੋਵਾਹ ਗੁੱਸੇ ਹੁੰਦਾ ਉਹ ਇਸ ਵਿੱਚ ਡਿੱਗ ਪੈਂਦਾ ਹੈ।
15 ਬੇਵਕੂਫ਼ੀ ਇੱਕ ਮੁੰਡੇ ਦੇ ਦਿਲ ਵਿੱਚ ਵਸਦੀ ਹੈ, ਪਰ ਇੱਕ ਅਨੁਸ਼ਾਸ਼ਿਤ ਛੜ ਇਸ ਨੂੰ ਉਸ ਤੋਂ ਦੂਰ ਭਜਾ ਦੇਵੇਗੀ।
16 ਜਿਹੜਾ ਵਿਅਕਤੀ ਆਪਣੇ-ਆਪ ਨੂੰ ਅਮੀਰ ਬਨਾਉਣ ਲਈ ਗਰੀਬ ਨੂੰ ਦਬਾਉਂਦਾ ਅਤੇ ਜਿਹੜਾ ਵਿਅਕਤੀ ਅਮੀਰ ਨੂੰ ਤੋਹਫ਼ੇ ਦਿੰਦਾ, ਇਹ ਦੋਨੋ ਹੀ ਗਰੀਬ ਹੋ ਜਾਣਗੇ।
ਤੀਹ ਸਿਆਣੇ ਕਹਾਉਤਾਂ
17 ਜਿਹੜੀਆਂ ਗੱਲਾਂ ਮੈਂ ਆਖਦਾ ਹਾਂ ਉਨ੍ਹਾਂ ਨੂੰ ਧਿਆਨ ਨਾਲ ਸੁਣੋ। ਮੈਂ ਤੁਹਾਨੂੰ ਉਹ ਗੱਲਾਂ ਸਿੱਖਾਵਾਂਗਾ ਜਿਹੜੀਆਂ ਸਿਆਣੇ ਲੋਕਾਂ ਨੇ ਆਖੀਆਂ ਹਨ। ਇਨ੍ਹਾਂ ਸਿੱਖਿਆਵਾਂ ਤੋਂ ਸਿੱਖਿਆ ਲਵੋ। 18 ਜੇ ਤੁਸੀਂ ਇਨ੍ਹਾਂ ਸਿੱਖਿਆਵਾਂ ਦੀ ਆਪਣੇ ਪੇਟ ਅੰਦਰ ਰੱਖਿਆ ਕਰੋਗੇ, ਉਹ ਅਨੰਦਮਈ ਹੋਣਗੀਆਂ। ਹਮੇਸ਼ਾ ਇਨ੍ਹਾਂ ਨੂੰ ਆਪਣੇ ਬੁਲ੍ਹਾਂ ਤੇ ਰੱਖੋ। 19 ਮੈਂ ਤੁਸਾਂ ਨੂੰ ਇਸ ਲਈ ਸਿੱਖਿਆ ਦੇ ਰਿਹਾ ਹਾਂ ਤਾਂ ਜੋ ਤੁਸੀਂ ਯਹੋਵਾਹ ਵਿੱਚ ਭਰੋਸਾ ਕਰ ਸੱਕੋਂ। 20 ਕੀ ਮੈਂ ਤੁਹਾਡੇ ਲਈ ਪਹਿਲਾਂ ਹੀ ਮਸ਼ੁਵਰੇ ਅਤੇ ਗਿਆਨ ਨਾਲ ਨਹੀਂ ਲਿਖਿਆ। 21 ਮੈਂ ਤੁਹਾਨੂੰ ਉਹੀ ਸਿੱਖਾਉਂਦਾ ਹਾਂ ਜੋ ਸੱਚਾ ਅਤੇ ਭਰੋਸੇਯੋਗ ਹੈ, ਤਾਂ ਜੋ ਤੁਸੀਂ ਉਨ੍ਹਾਂ ਨੂੰ ਸਹੀ ਜਵਾਬ ਦੇ ਸੱਕੋਂ ਜਿਹੜੇ ਤੁਹਾਥੋਂ ਆੜ੍ਹਤ ਲੈਂਦੇ ਹਨ।
-1-
22 ਗਰੀਬਾਂ ਨੂੰ ਸਿਰਫ਼ ਇਸ ਲਈ ਨਾ ਸਤਾਓ ਕਿਉਂਕਿ ਉਹ ਗਰੀਬ ਹਨ ਅਤੇ ਅਦਾਲਤ ਵਿੱਚ ਗਰੀਬਾਂ ਨੂੰ ਨਿਆਂ ਤੋਂ ਵਾਂਝਾ ਨਾ ਰੱਖੋ। 23 ਕਿਉਂਕਿ ਯਹੋਵਾਹ ਉਨ੍ਹਾਂ ਦਾ ਮੁਕੱਦਮਾ ਲੜੇਗਾ ਅਤੇ ਉਨ੍ਹਾਂ ਨੂੰ ਲੁੱਟ ਲਵੇਗਾ ਜਿਨ੍ਹਾਂ ਨੇ ਗਰੀਬਾਂ ਨੂੰ ਲੁੱਟਿਆ।
-2-
24 ਉਸ ਬੰਦੇ ਨਾਲ ਮਿੱਤਰਤਾ ਨਾ ਕਰੋ ਜਿਹੜਾ ਛੇਤੀ ਗੁੱਸੇ ਵਿੱਚ ਆ ਜਾਂਦਾ ਹੈ। ਉਸ ਬੰਦੇ ਦੇ ਨੇੜੇ ਨਾ ਜਾਓ ਜਿਹੜਾ ਛੇਤੀ ਗੁੱਸੇ ਵਿੱਚ ਪਾਗਲ ਹੋ ਜਾਂਦਾ ਹੈ। 25 ਨਹੀਂ ਤਾਂ, ਤੁਸੀਂ ਵੀ ਓਸੇ ਰਾਹ ਜਾਵੋਂਗੇ ਜਿਵੇਂ ਉਹ ਜਾਂਦਾ ਅਤੇ ਤੁਹਾਡੀ ਇੱਕੋ ਇੱਕ ਜ਼ਿੰਦਗੀ ਫ਼ਸ ਜਾਵੇਗੀ।
-3-
26 ਕਿਸੇ ਹੋਰ ਬੰਦੇ ਦੇ ਕਰਜ਼ਿਆਂ ਲਈ ਜਿੰਮੇਵਾਰ ਹੋਣ ਦਾ ਇਕਰਾਰ ਨਾ ਕਰੋ। 27 ਜੇ ਤੁਹਾਡੇ ਕੋਲੋ ਉਸਦਾ ਕਰਜ਼ ਅਦਾ ਕਰਨ ਲਈ ਪੈਸਾ ਨਹੀਂ ਤਾਂ ਤੁਹਾਨੂੰ ਆਪਣਾ ਸਭ ਕੁਝ ਗੁਆਉਣਾ ਪਵੇਗਾ, ਤੇਰਾ ਬਿਸਤਰਾ ਵੀ ਤੇਰੇ ਹੇਠੋਂ ਲਿਆ ਜਾ ਸੱਕਦਾ ਹੈ।
-4-
28 ਆਪਣੀ ਜ਼ਮੀਨ ਦੀਆਂ ਹੱਦਾਂ ਨੂੰ ਨਾ ਹਿਲਾਵੋ ਜਿਨ੍ਹਾਂ ਲਈ ਤੁਹਾਡੇ ਪੁਰਖੇ ਬਹੁਤ ਸਮਾਂ ਪਹਿਲਾਂ ਰਾਜ਼ੀ ਹੋਏ ਸਨ।
-5-
29 ਜੇ ਕੋਈ ਬੰਦਾ ਆਪਣੇ ਕੰਮ ਵਿੱਚ ਮਾਹਰ ਹੈ ਤਾਂ ਉਹ ਰਾਜਿਆਂ ਦੀ ਸੇਵਾ ਕਰਨ ਦੇ ਯੋਗ ਹੈ। ਉਸ ਨੂੰ ਉਨ੍ਹਾਂ ਬੰਦਿਆਂ ਲਈ ਕੰਮ ਕਰਨਾ ਨਹੀਂ ਪਵੇਗਾ ਜਿਹੜੇ ਮਹੱਤਵਪੂਰਣ ਨਹੀਂ ਹਨ।
-6-
23 ਜਦੋਂ ਤੁਸੀਂ ਕਿਸੇ ਸ਼ਾਸਕ ਨਾਲ ਭੋਜਨ ਕਰਨ ਲਈ ਬੈਠੋ ਤਾਂ ਚੇਤੇ ਰੱਖੋ ਕਿ ਤੁਸੀਂ ਕਿਸਦੇ ਨਾਲ ਬੈਠੇ ਹੋ। 2 ਜੇਕਰ ਤੁਸੀਂ ਬਹੁਤ ਵੱਡੇ ਭੁੱਖੇ ਹੋ ਤਾਂ ਤੁਹਾਨੂੰ ਆਪਣੀ ਭੁੱਖ ਨੂੰ ਆਪਣੇ ਕਾਬੂ ਵਿੱਚ ਰੱਖਣਾ ਚਾਹੀਦਾ ਹੈ। 3 ਉਸ ਦੇ ਸਵਾਦਿਸ਼ਟ ਭੋਜਨ ਲਈ ਤੀਵ੍ਰ ਇੱਛਾ ਨਾ ਕਰੋ, ਜਿਵੇਂ ਕਿ ਇਹ ਭਰਮ ਪੂਰਣ ਭੋਜਨ ਹਨ।
-7-
4 ਅਮੀਰ ਬਣਨ ਦੀ ਕੋਸ਼ਿਸ਼ ਵਿੱਚ ਆਪਣੇ-ਆਪ ਨੂੰ ਸੱਖਣਾ ਨਾ ਕਰੋ। ਕੁਝ ਸੂਝ ਰੱਖੋ ਕਿ ਕਦੋਂ ਰੁਕਣਾ ਹੈ। 5 ਪੈਸਾ ਇਸ ਤਰ੍ਹਾਂ ਤੇਜ਼ੀ ਨਾਲ ਖਰਚ ਹੋ ਜਾਂਦਾ ਹੈ ਜਿਵੇਂ ਇਸਦੇ ਖੰਭ ਉੱਗੇ ਹੋਣ ਅਤੇ ਇਹ ਪੰਛੀਆਂ ਵਾਂਗ ਉੱਡ ਰਿਹਾ ਹੋਵੇ।
-8-
6 ਕਿਸੇ ਖੁਦਗਰਜ਼ ਬੰਦੇ ਨਾਲ ਭੋਜਨ ਨਾ ਕਰੋ, ਉਸ ਦੇ ਸਵਾਦਾਂ ਦੀ ਤੀਵ੍ਰ ਇੱਛਾ ਨਾ ਕਰੋ। 7 ਉਹ ਉਸ ਬੰਦੇ ਵਰਗਾ ਹੁੰਦਾ ਹੈ ਜਿਹੜਾ ਹਮੇਸ਼ਾ ਕੀਮਤ ਬਾਰੇ ਸੋਚਦਾ ਰਹਿੰਦਾ ਹੈ। ਭਾਵੇਂ ਉਹ ਤੁਹਾਨੂੰ ਆਖੇ, “ਖਾਓ, ਪੀਓ।” ਪਰ ਅਸਲ ਵਿੱਚ ਇਹ ਨਹੀਂ ਜੋ ਉਹ ਚਾਹੁੰਦਾ ਹੈ। 8 ਤੁਸੀਂ ਉਲਟੀ ਕਰ ਦਿਉਂਗੇ, ਜੋ ਵੀ ਥੋੜ੍ਹਾ ਜਿਹਾ ਉਸਦਾ ਭੋਜਨ ਤੁਸੀਂ ਖਾਧਾ ਸੀ, ਅਤੇ ਉਸ ਲਈ ਤੁਹਾਡੀ ਇੱਜ਼ਤ ਦੇ ਸ਼ਬਦ, ਬੇਕਾਰ ਹੋ ਜਾਣਗੇ।
-9-
9 ਕਿਸੇ ਮੂਰਖ ਨਾਲ ਗੱਲ ਨਾ ਕਰੋ। ਉਹ ਤੁਹਾਡੀ ਸਿਆਣੀ ਗੱਲ ਨੂੰ ਵੀ ਨਫ਼ਰਤ ਕਰੇਗਾ।
-10-
10 ਕਦੇ ਵੀ ਵਿਰਸੇ ਦੀ ਜਾਇਦਾਦ ਨੂੰ ਨਾ ਛੇੜੋ। ਅਤੇ ਕਦੇ ਵੀ ਉਸ ਭੂਮੀਂ ਨੂੰ ਨਾ ਲਵੋ ਜਿਹੜੀ ਯਤੀਮਾਂ ਦੀ ਹੈ। 11 ਕਿਉਂਕਿ ਉਸਦਾ ਪਹਿਰੇਦਾਰ ਸ਼ਕਤੀਸ਼ਾਲੀ ਹੈ, ਉਹ ਤੁਹਾਡੇ ਨਾਲ ਆਪਣੇ ਲਈ ਯਤੀਮ ਦਾ ਮਾਮਲਾ ਲੜੇਗਾ।
-11-
12 ਆਪਣੇ ਗੁਰੂ ਦੀ ਗੱਲ ਸੁਣੋ ਅਤੇ ਜੋ ਵੀ ਸੰਭਵ ਹੋ ਸੱਕੇ, ਸਿੱਖ ਲਵੋ।
-12-
13 ਜੇ ਲੋੜ ਹੋਵੇ ਤਾਂ ਬੱਚੇ ਨੂੰ ਹਮੇਸ਼ਾ ਸਜ਼ਾ ਦਿਓ। ਉਸ ਨੂੰ ਕੁੱਟਣ ਨਾਲ ਉਸਦਾ ਨੁਕਸ਼ਾਨ ਨਹੀਂ ਹੋਵੇਗਾ। 14 ਜੇ ਤੁਸੀਂ ਉਸ ਨੂੰ ਕੁੱਟੋਂਗੇ ਤਾਂ ਉਸ ਨੂੰ ਮੌਤ ਤੋਂ ਬਚਾ ਲਵੋਂਗੇ।
-13-
15 ਮੇਰੇ ਬੇਟੇ, ਜੇ ਤੁਸੀਂ ਸਿਆਣੇ ਹੋਂ ਤਾਂ ਮੈਂ ਖੁਸ਼ ਹੋਵਾਂਗਾ। 16 ਜਦੋਂ ਮੈਂ ਤੁਹਾਡੀ ਕਬਨੀ ਸੁਣਾਗਾ ਤਾਂ ਮੈਂ ਬਹੁਤ ਪ੍ਰਸੰਨ ਹੋਵਾਂਗਾ।
-14-
17 ਪਾਪੀਆਂ ਨਾਲ ਈਰਖਾ ਨਾ ਕਰੋ, ਪਰ ਇਸਦੀ ਜਗ੍ਹਾ ਹਮੇਸ਼ਾ ਯਹੋਵਾਹ ਤੋਂ ਡਰੋ। 18 ਕਿਉਂ ਜੋ ਫ਼ੇਰ ਤੁਹਾਡੇ ਕੋਲ ਭਵਿੱਖ ਹੋਵੇਗਾ, ਤੁਹਾਡੀ ਆਸ ਖਤਮ ਨਹੀਂ ਹੋਵੇਗੀ।
-15-
19 ਮੇਰੇ ਬੇਟੇ, ਮੈਨੂੰ ਸੁਣੋ ਅਤੇ ਸਿਆਣੇ ਬਣੋ ਸਹੀ ਰਾਸਤੇ ਤੇ ਟਿਕੇ ਰਹੋ। 20 ਉਨ੍ਹਾਂ ਲੋਕਾਂ ਨਾਲ ਦੋਸਤੀ ਨਾ ਕਰੋ ਜਿਹੜੇ ਬਹੁਤ ਜਿਆਦਾ ਪੀਂਦੇ ਹਨ ਜਾਂ ਜਿਹੜੇ ਬਹੁਤਾ ਭੋਜਨ ਖਾਂਦੇ ਹਨ। 21 ਕਿਉਂ ਕਿ ਸ਼ਰਾਬੀ ਅਤੇ ਖਾਊ ਗਰੀਬ ਹੋ ਜਾਂਦੇ ਹਨ, ਉਨ੍ਹਾਂ ਦੀ ਸੁਸਤੀ ਉਨ੍ਹਾਂ ਨੂੰ ਟਾਕੀਆਂ ਪਹਿਨਾ ਦੇਵੇਗੀ।
-16-
22 ਉਨ੍ਹਾਂ ਗੱਲਾਂ ਨੂੰ ਸੁਣੋ ਜਿਹੜੀਆਂ ਤੁਹਾਡਾ ਪਿਤਾ ਤੁਹਾਨੂੰ ਦੱਸਦਾ ਹੈ। ਆਪਣੇ ਪਿਤਾ ਤੋਂ ਬਿਨਾਂ ਤੁਹਾਡਾ ਜਨਮ ਹੀ ਨਹੀਂ ਸੀ ਹੋਣਾ। ਅਤੇ ਆਪਣੀ ਮਾਂ ਦਾ ਆਦਰ ਕਰੋ, ਉਦੋਂ ਵੀ ਜਦੋਂ ਉਹ ਬਿਰਧ ਹੋ ਜਾਵੇ। 23 ਸੱਚਾਈ, ਨੂੰ ਖਰੀਦੋ ਅਤੇ ਇਸ ਨੂੰ ਵੇਚੋ ਨਾ ਸਿਆਣਪ, ਅਨੁਸ਼ਾਸ਼ਨ ਅਤੇ ਸਮਝਦਾਰੀ ਨੂੰ ਹਾਸ਼ਿਲ ਕਰੋ। 24 ਧਰਮੀ ਵਿਅਕਤੀ ਦਾ ਪਿਤਾ ਸੱਚਮੁੱਚ ਖੁਸ਼ ਹੁੰਦਾ ਹੈ, ਜਿਸਨੇ ਇੱਕ ਸਿਆਣੇ ਵਿਅਕਤੀ ਨੂੰ ਦੁਨੀਆਂ ’ਚ ਲਿਆਂਦਾ ਆਨੰਦ ਮਾਣਦਾ। 25 ਤੁਹਾਡੇ ਮਾਪੇ, ਜਿਨ੍ਹਾਂ ਨੇ ਤੁਸਾਂ ਨੂੰ ਜਨਮ ਦਿੱਤਾ, ਖੁਸ਼ ਹੋਣ।
-17-
26 ਮੇਰੇ ਬੇਟੇ, ਜੋ ਮੈਂ ਆਖ ਰਿਹਾ ਹਾਂ ਉਸ ਨੂੰ ਧਿਆਨ ਨਾਲ ਸੁਣੋ। ਮੇਰੇ ਜੀਵਨ ਨੂੰ ਆਪਣੇ ਲਈ ਇੱਕ ਮਿਸਾਲ ਬਣਾਵੋ। 27 ਵੇਸਵਾ ਇੱਕ ਡੰਘਾ ਟੋਆ ਹੈ, ਅਤੇ ਇੱਕ ਪਰਾਈ ਔਰਤ ਇੱਕ ਤੰਗ ਖੂਹੀ ਹੈ। 28 ਉਹ ਇੱਕ ਡਕੈਤ ਵਾਂਗ ਇੰਤਜ਼ਾਰ ਕਰਦੀ ਹੈ, ਉਹ ਲੋਕਾਂ ਨੂੰ ਗੱਦਾਰ ਬਣਾਉਂਦੀ ਹੈ।
-18-
29-30 ਕੌਣ ਲੋਕ ਹਨ, ਜੋ ਮੁਸੀਬਤ ਵਿੱਚ ਹਨ? ਜੋ ਉਦਾਸ ਮਹਿਸੂਸ ਕਰ ਰਹੇ ਹਨ? ਜਿਹੜੇ ਝਗੜਿਆਂ ’ਚ ਪੈਂਦੇ ਹਨ? ਜਿਨ੍ਹਾਂ ਕੋਲ ਚਿੰਤਾਵਾਂ ਹਨ? ਜਿਨ੍ਹਾਂ ਦੇ ਝਰੀਟਾਂ ਵੱਜੀਆਂ ਹੋਈਆਂ ਹਨ? ਜਿਨ੍ਹਾਂ ਦੀਆਂ ਅੱਖਾਂ ਲਾਲ ਹਨ? ਉਹ ਜਿਹੜੇ ਬਹੁਤਾ ਸਮਾਂ ਮੈਅ ਦੀ ਬੋਤਲ ਤੇ ਬਰਬਾਦ ਕਰਦੇ ਹਨ, ਉਹ ਜਿਹੜੇ ਮਿਲੇ-ਜੁਲੇ ਜਾਮ ਪੀਂਦੇ ਹਨ।
31 ਜਦੋਂ ਮੈਅ ਲਾਲ ਹੁੰਦੀ ਹੈ, ਤਾਂ ਪਿਆਲਿਆਂ ਵਿੱਚ ਝਿਲਮਾਲਾਉਂਦੀ ਹੈ ਅਤੇ ਹੌਲੀ-ਹੌਲੀ ਡੋਲ੍ਹੀ ਜਾਂਦੀ ਹੈ, ਇਸਦੀ ਤੀਬ੍ਰ ਇੱਛਾ ਨਾ ਕਰੋ। 32 ਅਖੀਰ ਵਿੱਚ ਤੁਹਾਨੂੰ ਸੱਪ ਵਾਂਗ ਡੰਗ ਮਾਰੇਗਾ, ਇੱਕ ਅਜਗਰ ਵਾਂਗ ਤੁਹਾਨੂੰ ਜ਼ਹਿਰ ਚੜ੍ਹਾਵੇਗਾ।
33 ਤੁਸੀਂ ਅਜੀਬ ਗੱਲਾਂ ਵੇਖੋਂਗੇ, ਤੁਹਾਡੀਆਂ ਸੋਚਾਂ ਗੁਝਲਦਾਰ ਹੋ ਜਾਂਦੀਆਂ। 34 ਜਦੋਂ ਤੁਸੀਂ ਲੇਟ ਜਾਵੋਂਗੇ ਤਾਂ ਤੁਹਾਨੂੰ ਜਾਪੇਗਾ ਜਿਵੇਂ ਤੁਸੀਂ ਕਿਸੇ ਤੁਫ਼ਾਨੀ ਸਮੁੰਦਰ ਵਿੱਚ ਫ਼ਸ ਗਏ ਹੋ। ਤੁਹਾਨੂੰ ਮਹਿਸੂਸ ਹੋਵੇਗਾ ਕਿ ਜਿਵੇਂ ਤੁਸੀਂ ਸਮੁੰਦਰੀ ਜਹਾਜ਼ ਉੱਤੇ ਲੇਟੇ ਹੋ। 35 ਤੁਸੀਂ ਆਖੋਗੇ, “ਕਿਸੇ ਨੇ ਮੈਨੂੰ ਮਾਰਿਆ, ਪਰ ਮੈਨੂੰ ਸੱਟ ਨਹੀਂ ਲਗੀ। ਉਹ ਰੁੱਕ ਗਏ, ਪਰ ਮੈਂ ਖਿਆਲ ਨਹੀਂ ਕੀਤਾ। ਮੈਂ ਕਦੋਂ ਜਾਗਾਂਗਾ, ਤਾਂ ਜੋ ਮੈਂ ਇੱਕ ਹੋਰ ਜਾਮ ਪੀ ਸੱਕਾਂ।”
-19-
24 ਬਦ ਲੋਕਾਂ ਨਾਲ ਹੋੜ ਨਾ ਕਰੋ, ਉਨ੍ਹਾਂ ਦੀ ਸੰਗਤ ਵਿੱਚ ਰਹਿਣ ਦੀ ਲੋਚਾ ਨਾ ਕਰੋ। 2 ਉਹ ਆਪਣੇ ਦਿਲਾਂ ਅੰਦਰ ਬਦੀ ਦੀਆਂ ਯੋਜਨਾਵਾਂ ਬਣਾਉਂਦੇ ਹਨ। ਉਹ ਸਿਰਫ਼ ਮੁਸੀਬਤਾਂ ਖੜੀਆਂ ਕਰਨ ਬਾਰੇ ਹੀ ਗੱਲਾਂ ਕਰਦੇ ਹਨ।
-20-
3 ਇੱਕ ਘਰ ਸਿਆਣਪ ਦੁਆਰਾ ਉਸਾਰਿਆ ਜਾਂਦਾ ਹੈ, ਅਤੇ ਇੱਕ ਚੰਗੀ ਸੂਝ ਨਾਲ ਮਜ਼ਬੂਤ ਰਹਿੰਦਾ ਹੈ। 4 ਅਤੇ ਗਿਆਨ ਕਮਰਿਆਂ ਨੂੰ ਨਾਯਾਬ ਅਤੇ ਸੁੰਦਰ ਖਜ਼ਾਨਿਆਂ ਨਾਲ ਭਰ ਦਿੰਦਾ ਹੈ।
-21-
5 ਇੱਕ ਸਿਆਣੇ ਆਦਮੀ ਕੋਲ ਮਹਾਨ ਤਾਕਤ ਹੁੰਦੀ ਹੈ ਅਤੇ ਇੱਕ ਗਿਆਨ ਵਾਨ ਆਦਮੀ ਸ਼ਕਤੀ ਵੱਧਾਉਂਦਾ ਹੈ। 6 ਯੁੱਧ ਲੜਨ ਲਈ, ਤੁਹਾਨੂੰ ਮਾਰਗ ਦਰਸ਼ਨ ਦੀ ਜਰੂਰਤ ਹੁੰਦੀ ਹੈ ਅਤੇ ਜਿੱਤਣ ਲਈ, ਤੁਹਾਨੂੰ ਬਹੁਤਤਾ ਸਲਾਹਕਾਰ ਚਾਹੀਦੇ ਹਨ।
-22-
7 ਮੂਰਖ ਲਈ ਸਿਆਣਪ ਬਹੁਤ ਪੇਚੀਦਾ ਹੁੰਦੀ ਹੈ। ਜਦੋਂ ਲੋਕ ਮਹੱਤਵਪੂਰਣ ਮਸਲਿਆਂ ਬਾਰੇ ਗੱਲ ਕਰ ਰਹੇ ਹੁੰਦੇ ਹਨ, ਉਸ ਕੋਲ ਆਖਣ ਲਈ ਕੁਝ ਨਹੀਂ ਹੁੰਦਾ।
-23-
8 ਜਿਹੜਾ ਵਿਅਕਤੀ ਨੁਕਸਾਨਦੇਹ ਵਿਉਂਤਾਂ ਵਿਉਂਤੇ, ਇੱਕ ਸਾਜਸੀ ਹੀ ਮੰਨਿਆ ਜਾਵੇਗਾ। 9 ਇੱਕ ਮੂਰਖ ਆਦਮੀ ਦੀਆਂ ਵਿਉਂਤਾਂ ਪਾਪ ਹੁੰਦੀਆਂ ਹਨ ਅਤੇ ਲੋਕੀਂ ਮਖੌਲੀ ਨੂੰ ਨਫ਼ਰਤ ਕਰਦੇ ਹਨ।
-24-
10 ਜੇ ਤੁਸੀਂ ਮੁਸੀਬਤ ਵੇਲੇ ਕਮਜ਼ੋਰ ਹੋ ਤਾਂ ਤੁਸੀਂ ਸੱਚਮੁੱਚ ਕਮਜ਼ੋਰ ਹੋ।
-25-
11 ਜੇਕਰ ਕੋਈ ਕਿਸੇ ਵਿਅਕਤੀ ਨੂੰ ਮਾਰ ਦੇਣ ਦੀ ਯੋਜਨਾ ਬਣਾ ਰਿਹਾ ਹੋਵੇ, ਤਾਂ ਤੁਹਾਨੂੰ ਉਸ ਵਿਅਕਤੀ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। 12 ਤੁਸੀਂ ਇਹ ਨਹੀਂ ਆਖ ਸੱਕਦੇ, “ਇਹ ਮੇਰਾ ਕੰਮ ਨਹੀਂ।” ਯਹੋਵਾਹ ਸਭ ਕੁਝ ਜਾਣਦਾ ਹੈ। ਉਹ ਇਹ ਵੀ ਜਾਣਦਾ ਹੈ ਕਿ ਤੁਸੀਂ ਸਭ ਕੁਝ ਕਿਉਂ ਕਰਦੇ ਹੋ। ਯਹੋਵਾਹ ਤੁਹਾਡੀ ਨਿਗਰਾਨੀ ਕਰਦਾ ਹੈ। ਉਹ ਜਾਣਦਾ ਹੈ ਉਹ ਇੱਕ ਵਿਅਕਤੀ ਨੂੰ ਉਸ ਦੀਆਂ ਕਰਨੀਆਂ ਅਨੁਸਾਰ ਇਨਾਮ ਦਿੰਦਾ ਹੈ।
-26-
13 ਮੇਰੇ ਬੇਟੇ, ਸ਼ਹਿਦ ਖਾਓ, ਕਿਉਂ ਕਿ ਇਹ ਚੰਗਾ ਹੁੰਦਾ ਹੈ। ਤਾਜ਼ਾ ਸ਼ਹਿਦ ਤੁਹਾਡੇ ਮੂੰਹ ਵਿੱਚ ਮਿੱਠਾ ਹੁੰਦਾ ਹੈ। 14 ਇਸੇ ਤਰ੍ਹਾਂ ਹੀ ਗਿਆਨ ਅਤੇ ਸਿਆਣਪ ਤੁਹਾਡੀ ਰੂਹ ਲਈ ਮਿੱਠੇ ਹਨ। ਜੇਕਰ ਤੁਸੀਂ ਸਿਆਣੇ ਹੋ, ਤੁਹਾਡੇ ਕੋਲ ਭਵਿੱਖ ਹੋਵੇਗਾ, ਅਤੇ ਤੁਹਾਡੇ ਕੋਲ ਹਮੇਸ਼ਾ ਉਮੀਦ ਹੋਵੇਗੀ।
-27-
15 ਕਿਸੇ ਅਪਰਾਧੀ ਵਾਂਗ, ਧਰਮੀ ਵਿਅਕਤੀ ਦੇ ਘਰ ਦੇ ਇੰਤਜ਼ਾਰ ਵਿੱਚ ਨਾ ਰਹੋ, ਉਸ ਦੇ ਘਰ ਵਿੱਚ ਸੰਨ੍ਹ ਨਾ ਮਾਰੋ। 16 ਕਿਉਂਕਿ ਇੱਕ ਧਰਮੀ ਵਿਅਕਤੀ, ਭਾਵੇਂ ਉਹ ਸੱਤ ਵਾਰੀ ਡਿੱਗ ਪਵੇ, ਆਖਰਕਾਰ ਉੱਠ ਪੈਂਦਾ ਹੈ, ਪਰ ਦੁਸ਼ਟ ਲੋਕ ਲੜਖ੍ਹਹਕੇ ਡਿੱਗ ਪੈਂਦੇ ਹਨ, ਜਦੋਂ ਮੁਸੀਬਤਾਂ ਆਉਂਦੀਆਂ ਹਨ।
-28-
17 ਆਪਣੇ ਦੁਸ਼ਮਣ ਨੂੰ ਮੁਸੀਬਤ ਵਿੱਚ ਦੇਖਕੇ ਖੁਸ਼ ਨਾ ਹੋਵੋ। ਜਦੋਂ ਉਹ ਡਿੱਗੇ ਤਾਂ ਖੁਸ਼ ਨਾ ਹੋਵੋ। 18 ਕਿਉਂ ਜੋ ਹੋ ਸੱਕਦਾ ਯਹੋਵਾਹ ਇਸ ਨੂੰ ਵੇਖ ਲਵੇ ਅਤੇ ਉਹ ਇਸ ਨੂੰ ਪਸੰਦ ਨਾ ਕਰੇ ਅਤੇ ਹੋ ਸੱਕਦਾ ਉਹ ਆਪਣਾ ਗੁੱਸਾ ਤੁਹਾਡੇ ਦੁਸ਼ਮਣ ਤੋਂ ਹਟਾ ਲਵੇ।
-29-
19 ਬਦ ਲੋਕਾਂ ਕਾਰਣ ਪਰੇਸ਼ਾਨ ਨਾ ਹੋਵੋ, ਦੁਸ਼ਟ ਨਾਲ ਈਰਖਾ ਨਾ ਕਰੋ ਆਸ ਰੱਖੋ ਕਿ ਤੁਹਾਨੂੰ ਉਨ੍ਹਾਂ ਨਾਲ ਦਲੀਲਬਾਜ਼ੀ ਨਾ ਕਰਨੀ ਪਵੇ। 20 ਕਿਉਂਕਿ ਇੱਕ ਬਦ ਇਨਸਾਨ ਦਾ ਕੋਈ ਭਵਿੱਖ ਨਹੀਂ ਹੁੰਦਾ, ਅਤੇ ਦੁਸ਼ਟ ਦਾ ਦੀਵਾ ਬੁਝਾ ਦਿੱਤਾ ਜਾਵੇਗਾ।
-30-
21 ਮੇਰੇ ਬੇਟੇ, ਯਹੋਵਾਹ ਅਤੇ ਰਾਜੇ ਤੋਂ ਡਰੋ। ਅਤੇ ਵਿਦਰੋਹੀਆਂ ਦਾ ਸੰਗ ਨਾ ਕਰੋ। 22 ਕਿਉਂਕਿ ਉਨ੍ਹਾਂ ਦੀ ਤਬਾਹੀ ਬਿਨਾ ਚਿਤਾਵਨੀ ਦਿਤਿਆਂ ਆਵੇਗੀ ਅਤੇ ਕੌਣ ਜਾਣਦਾ ਉਹ ਕਿਸ ਬਿਪਤਾ ਨੂੰ ਝੱਲਣਗੇ।
ਹੋਰ ਸਿਆਣੇ ਕਹਾਉਤਾਂ
23 ਇਹ ਸਿਆਣੇ ਬੰਦਿਆਂ ਦੇ ਸ਼ਬਦ ਹਨ:
ਨਿਆਂ ਕਰਨ ਵਾਲੇ ਨੂੰ ਹਮੇਸ਼ਾ ਬੇਲਾਗ ਹੋਣਾ ਚਾਹੀਦਾ ਹੈ। ਉਸ ਨੂੰ ਕਿਸੇ ਬੰਦੇ ਦਾ ਸਿਰਫ਼ ਇਸ ਕਰਕੇ ਪੱਖ ਨਹੀਂ ਲੈਣਾ ਚਾਹੀਦਾ ਕਿਉਂ ਕਿ ਉਹ ਉਸ ਨੂੰ ਜਾਣਦਾ ਹੈ। 24 ਜਿਹੜਾ ਵਿਅਕਤੀ ਅਪਰਾਧੀ ਨੂੰ ਆਖਦਾ, “ਤੂੰ ਬੇਗੁਨਾਹ ਹੈ।” ਅਜਿਹਾ ਵਿਅਕਤੀ ਲੋਕਾਂ ਦੁਆਰਾ ਸਰਾਪਿਆ ਜਾਵੇਗਾ ਅਤੇ ਕੌਮਾਂ ਉਸ ਨੂੰ ਨਫ਼ਰਤ ਕਰਨਗੀਆਂ। 25 ਪਰ ਜੇ ਕੋਈ ਨਿਆਂਕਾਰ ਕਿਸੇ ਦੋਸ਼ੀ ਨੂੰ ਦੰਡ ਦਿੰਦਾ ਹੈ ਉਹ ਪਸੰਦ ਕੀਤਾ ਜਾਵੇਗਾ, ਅਤੇ ਵੱਧੇਰੇ ਅਸੀਸਾਂ ਪ੍ਰਾਪਤ ਕਰੇਗਾ।
26 ਸਿੱਧਾ ਉੱਤਰ ਦੇਣਾ ਕਿਸੇ ਵਿਅਕਤੀ ਨੂੰ ਚੁੰਮਣ ਵਾਂਗ ਹੈ।
27 ਪਹਿਲਾਂ ਆਪਣਾ ਬਾਹਰਲਾ ਕੰਮ ਅਤੇ ਖੇਤ ਵਿੱਚ ਕੰਮ ਕਰ ਲਵੋ, ਤਾਂ ਹੀ ਆਪਣੇ ਘਰ ਨਿਰਮਾਣ ਕਰੋ।
28 ਬਿਨਾਂ ਕਿਸੇ ਕਾਰਣ ਆਪਣੇ ਗੁਆਂਢੀ ਦੇ ਖਿਲਾਫ਼ ਗਵਾਹੀ ਨਾ ਦਿਓ, ਆਪਣੇ ਹੀ ਬੁਲ੍ਹਾਂ ਨਾਲ ਛਲ ਨਾ ਕਰੋ।
29 ਇਹ ਨਾ ਆਖੋ, “ਉਸਨੇ ਮੈਨੂੰ ਦੁੱਖ ਦਿੱਤਾ ਹੈ, ਇਸ ਲਈ ਮੈਂ ਵੀ ਉਸ ਨਾਲ ਅਜਿਹਾ ਹੀ ਕਰਾਂਗਾ। ਉਸ ਨੇ ਜੋ ਕੁਝ ਮੇਰੇ ਨਾਲ ਕੀਤਾ ਹੈ ਮੈਂ ਉਸ ਨੂੰ ਇਸਦੀ ਸਜ਼ਾ ਦੇਵਾਂਗਾ।”
30 ਮੈਂ ਇੱਕ ਆਲਸੀ ਬੰਦੇ ਦੇ ਖੇਤ ਰਾਹੀਂ, ਬਿਨਾਂ ਸੂਝ ਵਾਲੇ ਬੰਦੇ ਦੇ ਅੰਗੂਰਾਂ ਦੇ ਬਾਗ਼ ਰਾਹੀਂ ਲੰਘਿਆ। 31 ਉਹ ਖੇਤ ਕੰਡਿਆਂ ਨਾਲ ਭਰਿਆ ਹੋਇਆ ਸੀ, ਘਾਹ ਫ਼ੂਸ ਹੱਦੋ ਵੱਧ ਉਗਿਆ ਹੋਇਆ ਸੀ। ਅਤੇ ਚਾਰ ਦੀਵਾਰੀ ਢੱਠੀ ਹੋਈ ਸੀ। 32 ਅਤੇ ਮੈਂ ਜੋ ਵੇਖਿਆ ਉਸ ਬਾਰੇ ਸੋਚਿਆ ਅਤੇ ਇੱਕ ਸਬਕ ਸਿੱਖਿਆ: 33 ਥੋੜੀ ਜਿਹੀ ਨੀਂਦ, ਥੋੜੀ ਜਿਹੀ ਝਪਕੀ, ਕੰਮ ਤੋਂ ਥੋੜਾ ਜਿਹਾ ਆਰਾਮ, 34 ਅਤੇ ਇੱਥੇ ਤੁਸੀਂ ਗਰੀਬ ਹੋ ਜਾਵੋਂਗੇ, ਅਤੇ ਤੁਸੀਂ ਜਰੂਰਤ ਮੰਦ ਹੋ ਜਾਵੋਗੇ ਜਿਵੇਂ ਕਿਸੇ ਡਕੈਤ ਦੁਆਰਾ ਲੁੱਟ ਲੇ ਗਏ ਹੋਵੋ।
ਸੁਲੇਮਾਨ ਦੇ ਕੁਝ ਹੋਰ ਸਿਆਣੇ ਕਹਾਉਤਾਂ
25 ਇਹ ਸੁਲੇਮਾਨ ਦੀਆਂ ਕੁਝ ਹੋਰ ਕਹਾਉਤਾਂ ਹਨ, ਹਿਜ਼ਕੀਯਾਹ, ਯਹੂਦਾਹ ਦੇ ਰਾਜੇ ਦੇ ਸੇਵਕਾਂ ਦੁਆਰਾ ਇਕੱਠੀਆਂ ਕੀਤੀਆਂ ਹੋਈਆਂ।
2 ਕੁਝ ਖਾਸ ਗੱਲਾਂ ਨੂੰ ਗੁਪਤ ਰੱਖਣਾ ਪਰਮੇਸ਼ੁਰ ਦਾ ਹੱਕ ਹੈ, ਪਰ ਰਾਜੇ ਦੀ ਮਹਿਮਾ ਇਨਾਂ ਗੱਲਾਂ ਦੀ ਛਾਣ-ਬੀਨ ਕਰਨ ਵਿੱਚ ਹੈ।
3 ਕੋਈ ਨਹੀਂ ਪਤਾ ਲਗਾ ਸੱਕਦਾ ਕਿ ਅਕਾਸ਼ ਕਿੰਨਾ ਉੱਚਾ ਹੈ, ਜਾਂ ਧਰਤੀ ਕਿੰਨੀ ਡੂੰਘੀ ਹੈ, ਅਤੇ ਇਸੇ ਤਰ੍ਹਾਂ ਹੀ ਰਾਜੇ ਦੇ ਮਨ ਵਿੱਚ ਕੀ ਹੈ।
4 ਤੁਹਾਡੀ ਚਾਂਦੀ ਚੋ ਅਸ਼ੁੱਧਤਾ ਕੱਢਣ ਤੋਂ ਬਾਅਦ, ਇੱਕ ਚਾਂਦੀ ਦੇ ਗਹਿਣੇ ਬਨਾਉਣ ਵਾਲਾ ਇਸ ਨਾਲ ਭਾਂਡੇ ਬਣਾ ਸੱਕਦਾ ਹੈ। 5 ਇਸੇ ਤਰ੍ਹਾਂ ਹੀ ਜਦੋਂ ਤੁਸੀਂ ਰਾਜੇ ਦੀ ਕਚਿਹਰੀ ਵਿੱਚੋਂ ਦੁਸ਼ਟ ਲੋਕਾਂ ਨੂੰ ਕੱਢ ਦਿਉਂਗੇ, ਨੇਕੀ ਰਾਹੀਂ ਉਸਦਾ ਤਖਤ ਮਜ਼ਬੂਤ ਹੋ ਜਾਵੇਗਾ।
6 ਰਾਜੇ ਦੇ ਸਾਹਮਣੇ ਆਪਣੇ ਬਾਰੇ ਫ਼ੜ੍ਹਾਂ ਨਾ ਮਾਰੋ। ਇਹ ਨਾ ਆਖੋ ਕਿ ਤੁਸੀਂ ਪ੍ਰਸਿੱਧ ਵਿਅਕਤੀ ਹੋ। 7 ਇਹ ਗੱਲ ਬਿਹਤਰ ਹੈ ਕਿ ਰਾਜਾ ਤੁਹਾਨੂੰ ਆਪਣੀ ਹਜ਼ੂਰੀ ਵਿੱਚ ਬੁਲਾਵੇ, ਬਜਾਏ ਇਸਦੇ ਕਿ ਉਹ ਤੁਹਾਨੂੰ ਕਚਿਹਰੀ ਦੇ ਸਾਹਮਣੇ ਅਪਮਾਨਿਤ ਕਰੇ।
8 ਕਿਸੇ ਨਿਆਂਕਾਰ ਨੂੰ ਇਹ ਦੱਸਣ ਦੀ ਕਾਹਲ ਨਾ ਕਰੋ ਕਿ ਤੁਸੀਂ ਕੀ ਦੇਖਿਆ। ਜੇ ਕੋਈ ਹੋਰ ਬੰਦਾ ਤੁਹਾਨੂੰ ਗ਼ਲਤ ਸਾਬਤ ਕਰ ਦੇਵੇਗਾ ਤਾਂ ਤੁਹਾਨੂੰ ਸ਼ਰਮਿੰਦਗੀ ਹੋਵੇਗੀ।
9 ਜੇਕਰ ਤੁਸੀਂ ਕਿਸੇ ਵਿਵਾਦ ਵਿੱਚ ਸ਼ਾਮਿਲ ਹੋ, ਤਾਂ ਨਿਸ਼ਚਾ ਕਰੋ ਕਿ ਤੁਸੀਂ ਕਿਸੇ ਹੋਰ ਦੇ ਵਿਸ਼ਵਾਸ ਨੂੰ ਧੋਖਾ ਨਹੀਂ ਦੇ ਰਹੇ ਹੋਂ। 10 ਨਹੀਂ ਤਾਂ ਕੋਈ ਇਸ ਨੂੰ ਸੁਣਕੇ ਤੁਹਾਨੂੰ ਸ਼ਰਮਸਾਰ ਕਰੇਗਾ ਅਤੇ ਤੁਹਾਡੀ ਬਦਨਾਮੀ ਕਦੇ ਵੀ ਦੂਰ ਨਹੀਂ ਹੋਵੇਗੀ।
11 ਸਹੀ ਸਮੇਂ ਸਹੀ ਗੱਲ ਆਖਣਾ ਚਾਂਦੀ ਵਿੱਚ ਮੜ੍ਹੇ ਹੋਏ ਸੁਨਿਹਰੀ ਸੇਬ ਵਾਂਗ ਹੈ। 12 ਜੇਕਰ ਤੁਸੀਂ ਕਿਸੇ ਸਿਆਣੇ ਆਦਮੀ ਦੀਆਂ ਝਿੜਕਾਂ ਨੂੰ ਸੁਣੋਗੇ, ਤਾਂ ਇਹ ਤੁਹਾਡੇ ਕੰਨਾਂ ਵਿੱਚ ਸੋਨੇ ਦੀਆਂ ਵਾਲੀਆਂ ਵਾਂਗ ਹੋਣਗੀਆਂ।
13 ਇੱਕ ਵਫ਼ਾਦਾਰ ਸੰਦੇਸ਼ਵਾਹਕ ਉਨ੍ਹਾਂ ਲਈ ਜਿਨ੍ਹਾਂ ਨੇ ਉਸ ਨੂੰ ਭੇਜਿਆ, ਵਾਢੀ ਦੀ ਰੁੱਤ ਵਿੱਚ ਠੰਡੀ ਵਾਛੜ ਵਰਗਾ ਹੈ। ਉਹ ਆਪਣੇ ਮਾਲਕਾਂ ਨੂੰ ਪ੍ਰਚਲਿਤ ਕਰਦਾ।
14 ਜਿਹੜੇ ਬੰਦੇ ਸੌਗਾਤਾਂ ਦੇਣ ਦਾ ਇਕਰਾਰ ਕਰਦੇ ਹਨ ਪਰ ਦਿੰਦੇ ਕਦੇ ਨਹੀਂ ਉਹ ਉਨ੍ਹਾਂ ਬਦਲਾਂ ਅਤੇ ਹਵਾਵਾਂ ਵਰਗੇ ਹਨ ਜਿਹੜੇ ਵਰੱਖਾ ਲੈ ਕੇ ਨਹੀਂ ਆਉਂਦੇ।
15 ਧੀਰਜ ਭਰੀ ਗੱਲਬਾਤ ਕਿਸੇ ਵੀ ਬੰਦੇ ਦੀ ਸੋਚ ਨੂੰ ਬਦਲ ਸੱਕਦੀ ਹੈ, ਕਿਸੇ ਹਾਕਮ ਦੀ ਸੋਚ ਨੂੰ ਵੀ। ਕੋਮਲ ਗੱਲਬਾਤ ਬਹੁਤ ਸ਼ਕਤੀਸ਼ਾਲੀ ਹੁੰਦੀ ਹੈ।
16 ਸ਼ਹਿਦ ਚੰਗਾ ਹੁੰਦਾ ਹੈ ਪਰ ਇਸਦਾ ਲੋੜ ਤੋਂ ਵੱਧ ਸੇਵਨ ਨਾ ਕਰ। ਜੇ ਤੁਸੀਂ ਅਜਿਹਾ ਕਰੋਂਗੇ ਤਾਂ ਬਿਮਾਰ ਹੋ ਜਾਵੋਂਗੇ। 17 ਇਸੇ ਤਰ੍ਹਾਂ ਹੀ ਆਪਣੇ ਗੁਆਂਢੀ ਦੇ ਘਰ ਬਹੁਤਾ ਆਉਣ ਜਾਣ ਨਾ ਕਰੋ, ਨਹੀਂ ਤਾਂ ਉਹ ਅੱਕ ਜਾਵੇਗਾ ਅਤੇ ਤੁਹਾਨੂੰ ਨਫ਼ਰਤ ਕਰਨ ਲੱਗ ਪਵੇਗਾ।
18 ਜਿਹੜਾ ਬੰਦਾ ਆਪਣੇ ਗੁਆਂਢੀ ਦੇ ਖਿਲਾਫ਼ ਝੂਠਾ ਬਿਆਨ ਦਿੰਦਾ, ਉਹ ਹਥੌੜੇ, ਇੱਕ ਤੇਜ਼ ਤਲਵਾਰ ਜਾਂ ਤਿੱਖੇ ਤੀਰ ਵਾਂਗ ਹੁੰਦਾ ਹੈ। 19 ਮੁਸੀਬਤ ਦੇ ਦਿਨਾਂ ਵਿੱਚ ਕਿਸੇ ਝੂਠੇ ਬੰਦੇ ਉੱਤੇ ਕਦੇ ਨਿਰਭਰ ਨਾ ਕਰੋ। ਉਹ ਬੰਦਾ ਦੁੱਖਦੇ ਹੋਏ ਦੰਦ ਜਾਂ ਜ਼ਖਮੀ ਹੋਏ ਪੈਰ ਵਰਗਾ ਹੈ ਜਦੋਂ ਤੁਹਾਨੂੰ ਉਸਦੀ ਸਭ ਤੋਂ ਵੱਧ ਲੋੜ ਹੁੰਦੀ ਹੈ ਤਾਂ ਉਹ ਤੁਹਾਨੂੰ ਦੁੱਖ ਦਿੰਦਾ ਹੈ।
20 ਕਿਸੇ ਉਦਾਸ ਬੰਦੇ ਨੂੰ ਖੁਸ਼ੀ ਦੇ ਗੀਤ ਗਾਕੇ ਸੁਨਾਉਣਾ ਠੰਢ ਵਿੱਚ ਉਸ ਦੇ ਕੱਪੜੇ ਲਾਹੁਣ ਬਰਾਬਰ ਹੀ ਹੈ। ਇਹ ਸੱਟ ਉੱਤੇ ਸਿਰਕਾ ਪਾਉਣ ਵਾਂਗ ਹੈ।
21 ਜੇ ਤੁਹਾਡਾ ਦੁਸ਼ਮਣ ਭੁੱਖਾ ਹੈ, ਉਸ ਨੂੰ ਰੋਟੀ ਦਿਓ। ਜੇਕਰ ਉਹ ਪਿਆਸਾ ਹੈ, ਉਸ ਨੂੰ ਪੀਣ ਲਈ ਪਾਣੀ ਦਿਓ। 22 ਕਿਉਂ ਜੋ ਇਹ ਉਸ ਦੇ ਸਿਰ ਤੇ ਮਚਦੇ ਕੋਲਿਆਂ ਦਾ ਢੇਰ ਲਾਉਣ ਵਾਂਗ ਹੋਵੇਗਾ ਅਤੇ ਇਸ ਵਾਸਤੇ ਯਹੋਵਾਹ ਤੁਹਾਨੂੰ ਇਨਾਮ ਦੇਵੇਗਾ।
23 ਉੱਤਰ ਵੱਲੋਂ ਆਉਂਦੀ ਹਵਾ ਮੀਂਹ ਲੈ ਕੇ ਆਉਂਦੀ ਹੈ। ਇਸੇ ਤਰ੍ਹਾਂ ਨਿੰਦਿਆ ਚੁਗਲੀ ਗੁੱਸਾ ਲੈ ਕੇ ਆਉਂਦੀ ਹੈ।
24 ਝਗੜਾਲੂ ਪਤਨੀ ਨਾਲ ਘਰ ਸਾਂਝਾ ਕਰਨ ਨਾਲੋਂ ਛੱਤ ਤੇ ਖੂੰਜੇ ’ਚ ਸੌਣਾ ਬਿਹਤਰ ਹੈ।
25 ਦੂਰ ਦੁਰਾਡਿਓ ਆਉਂਦੀ ਚੰਗੀ ਖਬਰ ਓਸੇ ਤਰ੍ਹਾਂ ਹੈ ਜਿਵੇਂ ਸਖਤ ਗਰਮੀ ਵਿੱਚ ਠੰਡਾ ਪਾਣੀ।
26 ਇੱਕ ਧਰਮੀ ਵਿਅਕਤੀ ਦਾ ਦੁਸ਼ਟ ਆਦਮੀ ਦੇ ਅੱਗੇ ਡਿੱਗਣਾ ਮੈਲੇ ਝਰਨੇ ਜਾਂ ਦੂਸ਼ਿਤ ਖੂਹ ਵਾਂਗ ਹੋਵੇਗਾ।
27 ਜਿਵੇਂ ਕਿ ਬਹੁਤਾ ਜ਼ਿਆਦਾ ਸ਼ਹਿਦ ਖਾਣਾ ਚੰਗਾ ਨਹੀਂ, ਇਸੇ ਤਰ੍ਹਾਂ ਹੀ ਆਪਣੇ-ਆਪ ਲਈ ਆਦਰ ਕਰਵਾਉਣਾ ਚੰਗਾ ਨਹੀਂ।
28 ਜਿਸ ਬੰਦੇ ਦਾ ਖੁਦ ਤੇ ਕਾਬੂ ਨਹੀਂ, ਬਿਨਾਂ ਸੁਰੱਖਿਆ ਕੰਧ ਵਾਲੇ ਖੁਲ੍ਹੇ ਸ਼ਹਿਰ ਵਾਂਗ ਹੈ।
ਮੂਰੱਖਾਂ ਬਾਰੇ ਸਿਆਣੇ ਕਹਾਉਤਾਂ
26 ਜਿਵੇਂ ਕਿ ਗਰਮੀਆਂ ਵਿੱਚ ਬਰਫ਼ ਪੈਣੀ ਜਾਂ ਵਾਢੀਆਂ ਵਿੱਚ ਮੀਂਹ ਪੈਣਾ, ਇੰਝ ਹੀ ਮੂਰਖ ਲਈ ਆਦਰ ਅਨਉਚਿਤ ਹੈ।
2 ਇੱਕ ਬੇਘਰ ਚਿੱੜੀ ਜਾਂ ਇੱਕ ਉੱਡਦੀ ਅਬਾਬੀਲ ਵਾਂਗ, ਇਹ ਇੱਕ ਅਣਧਿਕਾਰੀ ਸਰਾਪ ਹੈ — ਇਹ ਅਰਾਮ ਨਹੀਂ ਕਰਨਗੀਆਂ।
3 ਕੋੜਾ ਘੋੜੇ ਲਈ ਹੈ, ਲਗਾਮ ਗਧੇ ਲਈ ਅਤੇ ਬੈਂਤ ਮੂਰੱਖਾਂ ਦੀ ਪਿੱਠ ਲਈ ਹੈ।
4-5 ਇਹ ਬੜੀ ਮੁਸ਼ਕਿਲ ਸਥਿਤੀ ਹੈ: ਜੇ ਕੋਈ ਮੂਰਖ ਤੁਹਾਨੂੰ ਕੋਈ ਮੂਰੱਖਤਾ ਭਰਿਆ ਪ੍ਰਸ਼ਨ ਪੁੱਛੇ ਤਾਂ ਤੁਸੀਂ ਉਸ ਨੂੰ ਮੂਰੱਖਤਾ ਭਰਿਆ ਉੱਤਰ ਨਹੀਂ ਦਿੰਦੇ ਨਹੀਂ ਤਾਂ ਤੁਸੀਂ ਵੀ ਮੂਰਖ ਹੀ ਜਾਪੋਂਗੇ; ਮੂਰਖ ਬੰਦੇ ਨੂੰ ਮੂਰੱਖਤਾ ਭਰਿਆ ਜਵਾਬ ਦੇਵੋ, ਨਹੀਂ ਤਾਂ ਉਹ ਆਪਣੇ-ਆਪ ਨੂੰ ਸਿਆਣਾ ਸਮਝੇਗਾ।
6 ਕਦੇ ਵੀ ਮੂਰਖ ਦੇ ਹੱਥ ਸੁਨੇਹਾ ਨਾ ਘੱਲੋ। ਜੇ ਤੁਸੀਂ ਅਜਿਹਾ ਕਰੋਂਗੇ ਤਾਂ ਇਹ ਤੁਹਾਡੇ ਆਪਣੇ ਪੈਰ ਕਟਾਉਣ ਵਰਗਾ ਹੋਵੇਗਾ। ਤੁਸੀਂ ਮੁਸੀਬਤ ਨੂੰ ਸੱਦਾ ਦੇ ਰਹੇ ਹੋਵੋਂਗੇ।
7 ਮੂਰਖ ਬੰਦੇ ਦੇ ਮੂੰਹ ’ਚ ਕਹਾਉਤ ਲੰਗੇ ਆਦਮੀ ਦੀ ਲੰਗ ਲੱਤ ਜਿੰਨੀ ਹੀ, ਬੇਕਾਰ ਹੈ।
8 ਇੱਕ ਮੂਰਖ ਬੰਦੇ ਨੂੰ ਇੱਜ਼ਤ ਦੇਣੀ ਗੁਲੇਲ ਵਿੱਚ ਪੱਥਰ ਬੰਨ੍ਹਣ ਵਾਂਗ ਹੀ ਹੈ।
9 ਜਦੋਂ ਕੋਈ ਮੂਰਖ ਕੋਈ ਸਿਆਣੀ ਗੱਲ ਆਖਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹ ਉਵੇਂ ਹੀ ਹੈ ਜਿਵੇਂ ਕੋਈ ਸ਼ਰਾਬੀ ਬੰਦਾ ਆਪਣੀ ਹਥੇਲੀ ਵਿੱਚੋਂ ਛਿਲਤਰ ਕੱਢਣ ਦੀ ਕੋਸ਼ਿਸ਼ ਕਰੇ।
10 ਕਿਸੇ ਮੂਰਖ ਜਾਂ ਕਿਸੇ ਅਜਨਬੀ ਨੂੰ ਕੰਮ ਤੇ ਰੱਖਣਾ ਖਤਰਨਾਕ ਹੈ। ਤੁਹਾਨੂੰ ਨਹੀਂ ਪਤਾ ਕਿਸਦਾ ਨੁਕਸਾਨ ਹੋ ਜਾਵੇ।
11 ਬਿਲਕੁਲ ਜਿਵੇਂ ਕੁੱਤਾ ਆਪਣੀ ਉਲਟੀ ਕੋਲ ਵਾਪਸ ਆਉਂਦਾ, ਇੰਝ ਹੀ ਮੂਰਖ ਆਪਣੀ ਮੂਰੱਖਤਾਈ ਦੁਹਰਾਉਂਦਾ ਹੈ।
12 ਕੀ ਤੁਸੀਂ ਕੋਈ ਅਜਿਹਾ ਵਿਅਕਤੀ ਵੇਖਿਆ ਜੋ ਖੁਦ ਨੂੰ ਸਿਆਣਾ ਘੋਸ਼ਿਤ ਕਰੇ? ਉਸ ਨਾਲੋਂ ਇੱਕ ਮੂਰਖ ਲਈ ਵੱਧੇਰੇ ਉਮੀਦ ਹੁੰਦੀ ਹੈ।
13 ਆਲਸੀ ਬੰਦਾ ਆਖਦਾ ਹੈ “ਸੜਕ ਤੇ ਸ਼ੇਰ ਹੈ ਰਾਹ ਵਿੱਚ ਸ਼ੇਰ ਹੈ।”
14 ਆਲਸੀ ਬੰਦਾ ਇੱਕ ਦਰਵਾਜ਼ੇ ਵਰਗਾ ਹੈ। ਉਹ ਆਪਣੇ ਬਿਸਤਰੇ ਵਿੱਚ ਓਸੇ ਤਰ੍ਹਾਂ ਪਾਸੇ ਪਰਤਦਾ ਰਹਿੰਦਾ ਹੈ ਜਿਵੇਂ ਦਰਵਾਜ਼ਾ ਆਪਣੀ ਚੂਲ ਦੁਆਲੇ ਘੁੰਮਦਾ ਰਹਿੰਦਾ ਹੈ। ਉਹ ਕਦੇ ਵੀ ਕਿਤੇ ਨਹੀਂ ਜਾਂਦਾ।
15 ਆਲਸੀ ਬੰਦਾ ਆਪਣਾ ਹੱਥ ਭੋਜਨ ਦੀ ਥਾਲੀ ਤਾਂਈ ਲਿਜਾਂਦਾ, ਪਰ ਉਸਦਾ ਆਲਸੀਪਨ ਉਸ ਨੂੰ ਆਪਣਾ ਹੱਥ ਵਾਪਸ ਮੂੰਹ ਤਾਈਂ ਨਹੀਂ ਲਿਜਾਣ ਦਿੰਦਾ।
16 ਆਲਸੀ ਬੰਦਾ ਸੋਚਦਾ ਹੈ ਕਿ ਉਹ ਬਹੁਤ ਸਿਆਣਾ ਹੈ। ਉਹ ਸੋਚਦਾ ਹੈ ਕਿ ਉਹ ਉਨ੍ਹਾਂ ਸੱਤਾਂ ਬੰਦਿਆਂ ਨਾਲੋਂ ਚਤੁਰ ਹੈ ਜਿਹੜੇ ਆਪਣੇ ਵਿੱਚਾਰਾਂ ਦੇ ਚੰਗੇ ਕਾਰਣ ਦੱਸ ਸੱਕਦੇ ਹਨ।
17 ਜਿਹੜਾ ਵਿਅਕਤੀ ਹੋਰਨਾਂ ਦੇ ਝਗੜਿਆਂ ਵਿੱਚ ਦਖਲ ਦੇਵੇ ਉਸ ਵਾਂਗ ਹੈ ਜਿਹੜਾ ਕੁੱਤੇ ਦੇ ਕੰਨ ਖਿੱਚਦਾ ਹੋਵੇ।
18-19 ਜਿਹੜਾ ਬੰਦਾ ਦੂਸਰੇ ਬੰਦੇ ਨਾਲ ਚਲਾਕੀ ਕਰਦਾ ਹੈ ਅਤੇ ਫ਼ੇਰ ਇਹ ਆਖਦਾ ਹੈ, “ਉਹ ਤਾਂ ਮਜ਼ਾਕ ਕਰ ਰਿਹਾ ਸੀ,” ਉਹ ਉਸ ਮੂਰਖ ਬੰਦੇ ਵਰਗਾ ਹੈ ਜਿਹੜਾ ਹਵਾ ਵਿੱਚ ਅੱਗ ਦੇ ਤੀਰ ਚਲਾਉਂਦਾ ਹੈ।
20 ਜੇ ਅੱਗ ਵਿੱਚ ਲੱਕੜਾਂ ਨਹੀਂ, ਤਾਂ ਅੱਗ ਬੁਝ ਜਾਵੇਗੀ। ਇਸੇ ਤਰ੍ਹਾਂ ਚੁਗਲੀ ਤੋਂ ਬਿਨਾਂ ਝਗੜਾ ਮੁੱਕ ਜਾਂਦਾ ਹੈ।
21 ਸੜਿਆ ਕੋਲਾ ਕੋਲਿਆਂ ਨੂੰ ਮੱਘਦਾ ਰੱਖਦਾ ਹੈ। ਅਤੇ ਲੱਕੜੀ ਅੱਗ ਨੂੰ ਬਲਦਾ ਰੱਖਦੀ ਹੈ। ਇਸੇ ਤਰ੍ਹਾਂ ਮੁਸੀਬਤਾਂ ਪੈਦਾ ਕਰਨ ਵਾਲੇ ਲੋਕ ਲੜਾਈ ਝਗੜ੍ਹੇ ਨੂੰ ਜਾਰੀ ਰੱਖਦੇ ਹਨ।
22 ਚੁਗਲੀ ਕਰਨੀ ਸੁਆਦਾਲੇ ਭੋਜਨ ਵਾਂਗ ਹੈ, ਇਹ ਆਦਮੀ ਦੇ ਸਰੀਰ ’ਚ ਡੂੰਘੀ ਵਸ ਜਾਂਦੀ ਹੈ।
23 ਬਦ ਆਦਮੀ ਦੀ ਸੁਵਕਤਤਾ ਬਿਲਕੁਲ, ਮਿੱਟੀ ਦੇ ਭਾਂਡੇ ਨੂੰ ਚਾਂਦੀ ਨਾਲ ਢੱਕਣ, ਵਾਂਗ ਹੈ। 24 ਇੱਕ ਦੁਸ਼ਮਣ ਮਿੱਠੀਆਂ ਗੱਲਾਂ ਨਾਲ ਆਪਣੀ ਬਦੀ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦਾ ਹੈ। ਪਰ ਉਹ ਆਪਣੇ ਦਿਲ ਵਿੱਚ ਘ੍ਰਿਣਾ ਨਾਲ ਭਰਿਆ ਹੋਇਆ ਹੈ। 25 ਜੋ ਗੱਲਾਂ ਉਹ ਆਖਦਾ ਹੈ ਉਹ ਭਾਵੇਂ ਚੰਗੀਆਂ ਲੱਗਣ। ਪਰ ਉਸ ਉੱਤੇ ਭਰੋਸਾ ਨਾ ਕਰੋ। ਉਸਦਾ ਦਿਲ ਘ੍ਰਿਣਿਤ ਵਿੱਚਾਰਾਂ ਨਾਲ ਭਰਿਆ ਹੋਇਆ ਹੈ। 26 ਚਲਾਕੀ ਕਰਕੇ, ਨਫ਼ਰਤ ਆਪਣੇ-ਆਪ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦੀ ਹੈ, ਪਰ ਉਸ ਦੀ ਬਦੀ ਸਭਾ ਵਿੱਚ ਪ੍ਰਗਟਾਈ ਜਾਵੇਗੀ।
27 ਜੇਕਰ ਤੁਸੀਂ ਟੋਆ ਪੁਟਦੇ ਹੋਂ, ਹੋ ਸੱਕਦਾ ਤੁਸੀਂ ਇਸ ਵਿੱਚ ਡਿੱਗ ਪਵੋ, ਅਤੇ ਜੇਕਰ ਤੁਸੀਂ ਪੱਥਰ ਨੂੰ ਰੋੜ੍ਹਦੇ ਹੋਂ, ਹੋ ਸੱਕਦਾ ਇਹ ਮੁੜ ਤੁਹਾਡੇ ਤੇ ਰੁੜ੍ਹਕ ਜਾਵੇ।
28 ਜਿਹੜਾ ਬੰਦਾ ਝੂਠ ਬੋਲਦਾ, ਉਨ੍ਹਾਂ ਨੂੰ ਨਫ਼ਰਤ ਕਰਦਾ ਹੈ ਜਿਨ੍ਹਾਂ ਦਾ ਉਹ ਨੁਕਸਾਨ ਕਰਦਾ ਹੈ ਅਤੇ ਜਿਹੜਾ ਵਿਅਕਤੀ ਚਾਪਲੂਸੀ ਕਰੇ ਉਹ ਤਬਾਹੀ ਦਾ ਕਾਰਣ ਬਣਦਾ ਹੈ।
27 ਕਲ ਬਾਰੇ ਫੜ੍ਹਾਂ ਨਾ ਮਾਰੋ। ਕੌਣ ਜਾਣਦਾ ਕਿ ਦਿਨ ਕੀ ਲਿਆਵੇਗਾ।
2 ਕਦੇ ਵੀ ਆਪਣੀ ਉਸਤਤ ਨਾ ਕਰੋ। ਹੋਰਨਾਂ ਨੂੰ ਅਜਿਹਾ ਕਰਨ ਦਿਓ।
3 ਪੱਥਰ ਭਾਰਾ ਹੁੰਦਾ ਹੈ ਅਤੇ ਰੇਤੇ ਨੂੰ ਚੁੱਕਣਾ ਔਖਾ ਹੁੰਦਾ ਹੈ। ਪਰ ਕਿਸੇ ਗੁਸੈਲੇ ਮੂਰਖ ਵੱਲੋਂ ਪੈਦਾ ਕੀਤੀ ਹੋਈ ਮੁਸੀਬਤ ਸਹਾਰਨੀ ਹੋਰ ਵੀ ਔਖੀ ਹੈ।
4 ਗੁੱਸਾ ਜਾਲਮ ਹੁੰਦਾ ਹੈ ਅਤੇ ਕ੍ਰੋਧ ਹੜ੍ਹ ਵਾਂਗ ਹੁੰਦਾ ਹੈ, ਪਰ ਈਰਖਾ ਅੱਗੇ ਕੌਣ ਖਲੋ ਸੱਕਦਾ ਹੈ।
5 ਲੁਕਵੇਂ ਪਿਆਰ ਕੀਤੇ ਜਾਣ ਨਾਲੋਂ ਤੁਹਾਨੂੰ ਮੂੰਹ ਤੇ ਝਿੜਕਿਆ ਜਾਣਾ ਬਿਹਤਰ ਹੈ।
6 ਹੋ ਸੱਕਦਾ ਦੋਸਤ ਤੁਹਾਨੂੰ ਨੁਕਸਾਨ ਪੁਚਾਉਣਾ ਚਾਹੁੰਦਾ ਹੋਵੇ, ਪਰ ਤੁਹਾਨੂੰ ਧੋਖਾ ਨਹੀਂ ਦੇਵੇਗਾ, ਜਿਹੜਾ ਵਿਅਕਤੀ ਤੁਹਾਡੀ ਚਾਪਲੂਸੀ ਕਰਦਾ ਹੋ ਸੱਕਦਾ ਤੁਹਾਨੂੰ ਪਿਆਰ ਨਾ ਕਰਦਾ ਹੋਵੇ।
7 ਜਦੋਂ ਤੁਹਾਡਾ ਢਿੱਡ ਭਰਿਆ ਹੁੰਦਾ ਤੁਸੀਂ ਸ਼ਹਿਦ ਖਾਣਾ ਵੀ ਪਸੰਦ ਨਹੀਂ ਕਰੋਂਗੇ ਪਰ ਕੌੜੀਆਂ ਚੀਜ਼ਾਂ ਵੀ ਸੁਆਦੀ ਲਗਦੀਆਂ ਹਨ ਜਦੋਂ ਤੁਸੀਂ ਭੁੱਖੇ ਹੁੰਦੇ ਹੋ।
8 ਜਿਹੜਾ ਬੰਦਾ ਆਪਣਾ ਘਰ ਛੱਡ ਦਿੰਦਾ ਅਤੇ ਇੱਧਰ-ਉਧੱਰ ਘੁੰਮਦਾ ਰਹਿੰਦਾ, ਉਹ ਚਿੜੀ ਵਰਗਾ ਹੈ ਜੋ ਆਪਣਾ ਆਲ੍ਹਣਾ ਤਿਆਗ ਦਿੰਦੀ ਹੈ।
9 ਅਤਰ ਅਤੇ ਖੁਸ਼ਬੂਦਾਰ ਧੂਫ਼ ਤੁਹਾਡੇ ਦਿਲ ਨੂੰ ਪ੍ਰਸੰਨ ਕਰਦੇ ਹਨ, ਪਰ ਦੋਸਤੀ ਦੀ ਮਿਠਾਸ ਸੱਚੀ ਸਲਾਹ ਤੋਂ ਉਤਪੰਨ ਹੁੰਦੀ ਹੈ।
10 ਆਪਣੇ ਅਤੇ ਆਪਣੇ ਪਿਤਾ ਦੇ ਮਿੱਤਰਾਂ ਨੂੰ ਕਦੇ ਨਾ ਵਿਸਾਰੋ। ਅਤੇ ਜੇ ਤੁਸੀਂ ਮੁਸੀਬਤ ਵਿੱਚ ਹੋ ਤਾਂ ਸਹਾਇਤਾ ਲਈ ਆਪਣੇ ਦੂਰ ਵੱਸਦੇ ਭਰਾ ਪਾਸ ਨਾ ਜਾਓ। ਹੱਥ ਜਿੰਨਾ ਦੂਰ ਗੁਆਂਢੀ, ਦੂਰ ਦੁਰਾਡੇ ਦੇ ਭਰਾ ਨਾਲੋਂ, ਬਿਹਤਰ ਹੈ।
11 ਮੇਰੇ ਬੇਟੇ, ਸਿਆਣੇ ਬਣੋ। ਇਸ ਨਾਲ ਮੈਨੂੰ ਖੁਸ਼ੀ ਮਿਲੇਗੀ। ਫ਼ੇਰ ਮੈਂ ਹਰ ਕਿਸੇ ਨੂੰ ਜਵਾਬ ਦੇ ਸੱਕਾਂਗਾ ਜੋ ਮੈਨੂੰ ਤਿਰਸੱਕਾਰਦਾ ਹੈ। ਮੈਂ ਉਪਯੁਕਤ ਜਵਾਬ ਦੇ ਸੱਕਦਾ ਹਾਂ।
12 ਇੱਕ ਸਿਆਣਾ ਆਦਮੀ ਮੁਸੀਬਤ ਨੂੰ ਵੇਖ ਕੇ ਇਸ ਤੋਂ ਪਰ੍ਹਾਂ ਹੋ ਜਾਂਦਾ, ਪਰ ਉਹ ਜਿਹੜੇ ਆਮ ਹੁੰਦੇ ਹਨ ਇਸਤੇ ਚੱਲ ਕੇ ਸੱਟ ਖਾਂਦੇ ਹਨ।
13 ਉਸ ਬੰਦੇ ਦਾ ਲਬਾਦਾ ਲੈ ਲਵੋ ਜੋ ਅਨਜਾਣੇ ਵਿਅਕਤੀ ਦੇ ਕਰਜੇ ਦੀ ਜਿੰਮੇਦਾਰੀ ਲੈਂਦਾ, ਪ੍ਰਪੱਕ ਕਰੋ ਕਿ ਤੁਸੀਂ ਉਸ ਵਿਅਕਤੀ ਤੋਂ ਕੁਝ ਗਿਰਵੀ ਰੱਖਵਾ ਲੈਂਦੇ ਹੋ ਜੋ ਅਨਜਾਣੀ ਔਰਤ ਦੀ ਜਿੰਮੇਦਾਰੀ ਚੁੱਕਦਾ।
14 ਜੇਕਰ ਕੋਈ ਸੁਵਖਤੇ ਹੀ ਉੱਚੀ-ਉੱਚੀ ਆਪਣੇ ਗੁਆਂਢੀ ਦੀ ਉਸਤਤ ਕਰਦਾ, ਇਹ ਉਸ ਲਈ ਇੰਝ ਕਰਾਰ ਦਿੱਤਾ ਜਾਵੇਗਾ ਜਿਵੇਂ ਉਹ ਉਸ ਨੂੰ ਸਰਾਪ ਰਿਹਾ ਹੋਵੇ।
15 ਉਹ ਪਤਨੀ ਜਿਹੜੀ ਹਮੇਸ਼ਾ ਲੜਾਈ ਝਗੜਾ ਕਰਨਾ ਪਸੰਦ ਕਰਦੀ ਹੈ ਉਸ ਪਾਣੀ ਵਰਗੀ ਹੈ ਜਿਹੜਾ ਬਰਸਾਤ ਦੇ ਦਿਨਾਂ ਵਿੱਚ ਟਪਕਣ ਤੋਂ ਨਹੀਂ ਹਟਦਾ। 16 ਉਸ ਨੂੰ ਰੋਕਣਾ ਓਨਾ ਹੀ ਔਖਾ ਜਿੰਨਾ ਹਵਾ ਨੂੰ ਵਗਣੋ ਰੋਕਣਾ ਜਾਂ ਤੇਲ ਨੂੰ ਹੱਥ ਵਿੱਚ ਫ਼ੜਨਾ।
17 ਲੋਕੀ ਲੋਹੇ ਦੀਆਂ ਛੜਾਂ ਨਾਲ ਚਾਕੂ ਤੇਜ਼ ਕਰਦੇ ਹਨ। ਇਸੇ ਤਰ੍ਹਾਂ ਲੋਕ ਇੱਕ ਦੂਸਰੇ ਕੋਲੋਂ ਸਿਖਦੇ ਹਨ, ਇੱਕ ਦੂਸਰੇ ਨੂੰ ਤੇਜ਼ ਕਰਦੇ ਹੋਏ।
18 ਜਿਹੜਾ ਬੰਦਾ ਅੰਜੀਰ ਦੇ ਰੁੱਖ ਦੀ ਦੇਖਭਾਲ ਕਰਦਾ ਹੈ ਉਹ ਉਸ ਦੇ ਫ਼ਲਾਂ ਨੂੰ ਵੀ ਮਾਣੇਗਾ। ਇਸੇ ਤਰ੍ਹਾਂ ਹੀ, ਜਿਹੜਾ ਬੰਦਾ ਆਪਣੇ ਸੁਆਮੀ ਦੀ ਕਾਮਨਾਵਾਂ ਨੂੰ ਸੁਰੱਖਿਤ ਕਰਦਾ ਹੈ, ਇੱਜ਼ਤ ਹਾਸਿਲ ਕਰੇਗਾ।
19 ਜਿਵੇਂ ਪਾਣੀ ਆਦਮੀ ਦੇ ਚਿਹਰੇ ਨੂੰ ਪ੍ਰਤਿਰੂਪ ਵਿਖਾਉਂਦਾ, ਇੰਝ ਹੀ ਦਿਲ ਆਦਮੀ ਦੇ ਚਰਿਤ੍ਰ ਨੂੰ ਪ੍ਰਤਿਰੂਪ ਵਿਖਾਉਂਦਾ ਹੈ।
20 ਲੋਕ ਤਾਂ ਬਸ ਕਬਰ ਵਰਗੇ ਹਨ। ਮੌਤ ਦਾ ਸਥਾਨ ਅਤੇ ਤਬਾਹੀ ਹਮੇਸ਼ਾ ਇਨ੍ਹਾਂ ਗੱਲਾਂ ਨੂੰ ਹੋਰ ਵੱਧੇਰੇ ਲੋਚਦੇ ਹਨ।
21 ਲੋਕੀ ਸੋਨੇ ਅਤੇ ਚਾਂਦੀ ਨੂੰ ਸ਼ੁੱਧ ਕਰਨ ਲਈ ਅੱਗ ਦੀ ਵਰਤੋਂ ਕਰਦੇ ਹਨ। ਇਸੇ ਤਰ੍ਹਾਂ ਬੰਦੇ ਦੀ ਪਰੱਖ ਲੋਕਾਂ ਵੱਲੋਂ ਮਿਲੀ ਉਸਤਤ ਨਾਲ ਹੁੰਦੀ ਹੈ।
22 ਤੁਸੀਂ ਕਿਸੇ ਮੂਰਖ ਨੂੰ ਪੀਹ ਸੱਕਦੇ ਹੋ, ਉਸ ਨੂੰ ਇੰਝ ਪੀਹ ਸੱਕਦੇ ਹੋ ਜਿਵੇਂ ਤੁਸੀਂ ਘੋਟਣੇ ਨਾਲ ਕਣਕ ਨੂੰ ਪੀਂਹਦੇ ਹੋ, ਪਰ ਤੁਸੀਂ ਉਸ ਵਿੱਚੋਂ ਉਸ ਦੀ ਮੂਰੱਖਤਾ ਕੱਢਣ ਵਿੱਚ ਸਫ਼ਲ ਨਹੀਂ ਹੋਵੋਂਗੇ।
23 ਪ੍ਰਪਕ ਕਰੋ ਕਿ ਤੁਸੀਂ ਆਪਣੀਆਂ ਭੇਡਾਂ ਦੀ ਹਾਲਤ ਬਾਰੇ ਜਾਣਦੇ ਹੋ, ਅਤੇ ਪਸ਼ੂਆ ਵੱਲ ਖਾਸ ਧਿਆਨ ਦਿਓ। 24 ਦੌਲਤ ਹਮੇਸ਼ਾ ਨਹੀਂ ਰਹਿੰਦੀ। ਇਸੇ ਤਰ੍ਹਾਂ ਹੀ ਤਾਜ ਇੱਕ ਪੀੜੀ ਤੋਂ ਅਗਲੀ ਪੀੜੀ ਤਾਈਂ ਨਹੀਂ ਜਾਂਦਾ। 25 ਜਦੋਂ ਤੁਸੀਂ ਸੁੱਕਾ ਘਾਹ ਇੱਕਤ੍ਰ ਕਰ ਲੈਂਦੇ ਹੋ ਅਤੇ ਤਦ ਤਾਜਾ ਘਾਹ ਪ੍ਰਗਟਦਾ ਹੈ ਅਤੇ ਤੁਸੀਂ ਫ਼ੇਰ ਤੋਂ ਪਹਾੜੀਆਂ ਤੋਂ ਘਾਹ ਇੱਕਤ੍ਰ ਕਰਦੇ ਹੋ। 26 ਫ਼ੇਰ ਤੁਹਾਡੇ ਲੇਲਿਆਂ ਦੀ ਉੱਨ ਤੁਹਾਨੂੰ ਕੱਪੜੇ ਪ੍ਰਦਾਨ ਕਰੇਗੀ ਅਤੇ ਤੁਸੀਂ ਬੱਕਰੀਆਂ ਵੇਚਕੇ ਜ਼ਮੀਨ ਖਰੀਦ ਸੱਕਦੇ ਹੋ। 27 ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਪੀਣ ਵਾਸਤੇ ਬੱਕਰੀ ਦਾ ਕਾਫ਼ੀ ਦੁੱਧ ਹੋਵੇਗਾ। ਇਹ ਤੁਹਾਡੀਆਂ ਨੌਕਰਾਣੀਆਂ ਨੂੰ ਸਿਹਤਮੰਦ ਬਣਾਵੇਗਾ।
28 ਦੁਸ਼ਟ ਵਿਅਕਤੀ ਭੱਜ ਜਾਂਦੇ ਹਨ ਭਾਵੇਂ ਕੋਈ ਵੀ ਉਨ੍ਹਾਂ ਦੇ ਪਿੱਛੇ ਨਾ ਲੱਗਿਆ ਹੋਵੇ, ਪਰ ਧਰਮੀ ਲੋਕ ਸ਼ੇਰ ਵਾਂਗ ਹੌਸਲੇਮੰਦ ਹੁੰਦੇ ਹਨ।
2 ਜਦੋਂ ਦੇਸ਼ ਵਿੱਚ ਕਾਨੂੰਨ ਹੀਣ ਹੋ ਜਾਵੇ, ਇਸ ਦੇ ਸ਼ਾਸ਼ਕ ਬਹੁਤ ਜਲਦੀ ਬਦਲ ਜਾਂਦੇ ਹਨ। ਪਰ ਜਿਹੜਾ ਵਿਅਕਤੀ ਜੋ ਗੱਲਾਂ ਨੂੰ ਸਮਝਦਾ ਅਤੇ ਸੂਝਵਾਨ ਹੁੰਦਾ, ਇੱਕ ਅੱਡੋਲ ਸਰਕਾਰ ਦੀ ਅਗਵਾਈ ਕਰਦਾ ਹੈ।
3 ਜਿਹੜਾ ਗਰੀਬ ਲੋਕਾਂ ਤੇ ਜ਼ੁਲਮ ਕਰਦਾ, ਉਸ ਸਖਤ ਬਾਰਿਸ਼ ਵਰਗਾ ਹੈ ਜਿਹੜੀ ਫ਼ਸਲਾਂ ਨੂੰ ਤਬਾਹ ਕਰ ਦਿੰਦੀ ਹੈ।
4 ਜਿਹੜੇ ਲੋਕ ਬਿਵਸਥਾ ਨੂੰ ਪ੍ਰਵਾਨ ਨਹੀਂ ਕਰਦੇ, ਬਦ ਲੋਕਾਂ ਦੀ ਉਸਤਤ ਕਰਦੇ ਹਨ ਪਰ ਜਿਹੜੇ ਬਿਵਸਥਾ ਨੂੰ ਰੱਖਦੇ ਹਨ ਉਨ੍ਹਾਂ ਤੇ ਜ਼ੁਲਮ ਕਰਦੇ ਹਨ।
5 ਬੁਰੇ ਬੰਦੇ ਨਿਰਪੱਖਤਾ ਨੂੰ ਨਹੀਂ ਸਮਝਦੇ। ਪਰ ਜਿਹੜੇ ਬੰਦੇ ਯਹੋਵਾਹ ਨੂੰ ਪਿਆਰ ਕਰਦੇ ਹਨ ਉਹ ਇਸ ਨੂੰ ਸਮਝਦੇ ਹਨ।
6 ਜਿਹੜਾ ਗਰੀਬ, ਇਮਾਨਦਾਰੀ ਨਾਲ ਜਿਉਂਦਾ ਹੈ ਉਸ ਅਮੀਰ ਆਦਮੀ ਨਾਲੋਂ ਬਿਹਤਰ ਹੈ ਜਿਸਦੇ ਰਾਹ ਟੇਢੇ-ਮੇਢੇ ਹੁੰਦੇ ਹਨ।
7 ਸੂਝਵਾਨ ਪੁੱਤਰ ਨੇਮ ਤੇ ਚੱਲਦਾ ਹੈ ਪਰ ਉਹ ਜਿਹੜਾ ਬੇਕਾਰ ਲੋਕਾਂ ਦਾ ਸੰਗ ਕਰਦਾ, ਆਪਣੇ ਪਿਉ ਨੂੰ ਬੇਇੱਜ਼ਤ ਕਰਦਾ ਹੈ।
8 ਜੇ ਤੁਸੀਂ ਗਰੀਬ ਲੋਕਾਂ ਨਾਲ ਧੋਖਾ ਕਰਕੇ ਅਮੀਰ ਹੁੰਦੇ ਹੋ ਅਤੇ ਉਨ੍ਹਾਂ ਪਾਸੋਂ ਵਿਆਜ ਦੀ ਉੱਚੀ ਦਰ ਵਸੂਲ ਕਰਦੇ ਹੋ ਤਾਂ ਤੁਸੀਂ ਆਪਣੀ ਦੌਲਤ ਗੁਆ ਬੈਠੋਗੇ। ਇਹ ਉਸ ਦੂਸਰੇ ਬੰਦੇ ਕੋਲ ਚਲੀ ਜਾਵੇਗੀ ਜਿਹੜਾ ਉਨ੍ਹਾਂ ਉੱਤੇ ਮਿਹਰਬਾਨ ਹੁੰਦਾ ਹੈ।
9 ਜਿਹੜਾ ਵਿਅਕਤੀ ਨੇਮ ਤੋਂ ਹਟ ਜਾਂਦਾ, ਉਸ ਦੀਆਂ ਪ੍ਰਾਰਥਾਨਵਾਂ ਵੀ ਪਰਮੇਸ਼ੁਰ ਲਈ ਘ੍ਰਿਣਿਤ ਹਨ।
10 ਜਿਹੜਾ ਵਿਅਕਤੀ ਇਮਾਨਦਾਰ ਲੋਕਾਂ ਨੂੰ ਕੁਰਾਹੇ ਪਾਉਂਦਾ ਹੈ ਆਪਣੇ ਹੀ ਜਾਲ ਵਿੱਚ ਫ਼ਸ ਜਾਂਦਾ ਹੈ। ਪਰ ਜਿਸ ਵਿਅਕਤੀ ਵਿੱਚ ਕੋਈ ਦੋਸ਼ ਨਹੀਂ, ਚੰਗਾ ਵਿਰਸਾ ਪ੍ਰਾਪਤ ਕਰੇਗਾ।
11 ਅਮੀਰ ਆਦਮੀ ਆਪਣੀ ਨਿਗਾਹ ਵਿੱਚ ਸਿਆਣਾ ਹੋ ਸੱਕਦਾ, ਪਰ ਗਰੀਬ ਜੋ ਕਿ ਸਿਆਣਾ ਹੋਵੇ ਸਿੱਧਾ ਉਸ ਰਾਹੀਂ ਵੇਖ ਸੱਕਦਾ ਹੈ।
12 ਜਦੋਂ ਧਰਮੀ ਲੋਕ ਜਿੱਤਦੇ ਹਨ ਤਾਂ ਹਰ ਕੋਈ ਪ੍ਰਸੰਨ ਹੁੰਦਾ ਹੈ। ਪਰ ਜਦੋਂ ਦੁਸ਼ਟ ਲੋਕਾਂ ਨੂੰ ਸ਼ਕਤੀ ਮਿਲਦੀ ਹੈ ਹਰ ਕੋਈ ਛੁਪਣਗਾਹਾਂ ਵਿੱਚ ਚੱਲਿਆ ਜਾਂਦਾ ਹੈ।
13 ਜਿਹੜਾ ਬੰਦਾ ਆਪਣੇ ਪਾਪਾਂ ਨੂੰ ਛੁਪਾਉਣ ਦੀ ਕੋਸ਼ਿਸ਼ ਕਰੇ, ਉੱਨਤੀ ਨਹੀਂ ਕਰਦਾ, ਪਰ ਜਿਹੜਾ ਆਪਣੇ ਪਾਪਾਂ ਨੂੰ ਕਬੂਲਦਾ ਅਤੇ ਤਿਆਗਦਾ ਹੈ ਮਿਹਰ ਪ੍ਰਾਪਤ ਕਰਦਾ ਹੈ।
14 ਜਿਹੜਾ ਵਿਅਕਤੀ ਹਮੇਸ਼ਾ ਇੱਜਤਦਾਰ ਰਹਿੰਦਾ ਹੈ ਧੰਨ ਹੈ, ਪਰ ਜਿਹੜਾ ਵਿਅਕਤੀ ਆਪਣੇ ਦਿਲ ਨੂੰ ਕਠੋਰ ਬਣਾ ਲੈਂਦਾ ਮੁਸੀਬਤਾਂ ਦਾ ਸਾਹਮਣਾ ਕਰਦਾ।
15 ਇੱਕ ਦੁਸ਼ਟ ਵਿਅਕਤੀ ਦਾ ਗਰੀਬ ਕੌਮ ਤੇ ਰਾਜ ਕਰਨਾ, ਗਰਜਦੇ ਸ਼ੇਰ ਜਾਂ ਹਮਲਾ ਕਰਨ ਵਾਲੇ ਰਿੱਛ ਵਾਂਗ ਹੁੰਦਾ ਹੈ।
16 ਜਿਸ ਸ਼ਾਸਕ ਕੋਲ ਸਮਝਦਾਰੀ ਨਹੀਂ ਹੁੰਦੀ ਉਹ ਅੱਤਿਆਚਰੀ ਹੁੰਦਾ ਹੈ, ਪਰ ਜਿਹੜਾ ਸ਼ਾਸਕ ਦੌਲਤ ਬਦ-ਕਰਮਾਂ ਰਾਹੀ ਕਮਾਈ ਨੂੰ ਨਫ਼ਰਤ ਕਰਦਾ ਹੈ, ਬਹੁਤ ਚਿਰ ਸ਼ਾਸਨ ਕਰਦਾ ਹੈ।
17 ਜਿਹੜਾ ਵਿਅਕਤੀ, ਕਤਲ ਕਰਨ ਕਾਰਣ ਕਸ਼ਟ ਝੱਲਦਾ ਹੈ ਮਰਨ ਤੀਕ ਸ਼ਾਂਤੀ ਪ੍ਰਾਪਤ ਨਹੀਂ ਕਰੇਗਾ। ਅਜਿਹੇ ਵਿਅਕਤੀ ਦੀ ਮਦਦ ਨਾ ਕਰੋ।
18 ਜਿਹੜਾ ਵਿਅਕਤੀ ਇਮਾਨਦਾਰੀ ਨਾਲ ਜਿਉਂਦਾ ਹੈ ਉਹ ਸੁਰੱਖਿਅਤ ਹੈ। ਪਰ ਜਿਨ੍ਹਾਂ ਲੋਕਾਂ ਦੇ ਰਾਹ ਟੇਢੇ-ਮੇਢੇ ਹੁੰਦੇ ਹਨ ਉਹ ਅਚਾਨਕ ਡਿੱਗ ਪੈਣਗੇ।
19 ਜਿਹੜਾ ਵਿਅਕਤੀ ਆਪਣੀ ਜ਼ਮੀਨ ਤੇ ਕੰਮ ਕਰੇ ਆਪਣੀ ਮਜ਼ਦੂਰੀ ਦਾ ਫਲ ਪ੍ਰਾਪਤ ਕਰੇਗਾ, ਪਰ ਜਿਹੜਾ ਵਿਅਕਤੀ ਵਿਅਰਥ ਸੱਕੀਮਾਂ ਪਿੱਛੇ ਭੱਜੇ ਉਹ ਗਰੀਬ ਹੀ ਰਹੇਗਾ।
20 ਇੱਕ ਇਮਾਨਦਾਰ ਆਦਮੀ ਸੱਚਮੁੱਚ ਧੰਨ ਹੈ, ਪਰ ਜਿਹੜਾ ਅਮੀਰ ਬਨਣ ਲਈ ਬਹੁਤ ਜਲਦੀ ਕਰੇ, ਸਜ਼ਾ ਤੋਂ ਬਚ ਨਹੀਂ ਪਾਵੇਗਾ।
21 ਪੱਖਪਾਤ ਕਰਨਾ ਚੰਗੀ ਗੱਲ ਨਹੀਂ, ਪਰ ਰੋਟੀ ਦੇ ਇੱਕ ਟੁਕੜੇ ਖਾਤਰ ਆਦਮੀ ਉਹ ਕਰੇਗਾ ਜੋ ਗ਼ਲਤ ਹੈ।
22 ਇੱਕ ਕਿਰਸੀ ਹਮੇਸ਼ਾ ਦੌਲਤ ਸਮੇਟਣ ਬਾਰੇ ਸੋਚਦਾ, ਪਰ ਇਹ ਨਹੀਂ ਜਾਣਦਾ ਕਿ ਗਰੀਬੀ ਉਸਦਾ ਇੰਤਜ਼ਾਰ ਕਰ ਰਹੀ ਹੈ।
23 ਜਿਹੜਾ ਵਿਅਕਤੀ ਦੂਸਰੇ ਨੂੰ ਝਿੜਕਦਾ ਹੈ ਉਸ ਨੂੰ ਉਸ ਨਾਲੋਂ ਵੱਧੇਰੇ ਪਿਆਰ ਕੀਤਾ ਜਾਵੇਗਾ ਜੋ ਉਸ ਲਈ ਉੱਕੀਆਂ ਫੜ੍ਹਾਂ ਮਾਰਦਾ ਹੈ।
24 ਉਹ ਜੋ ਆਪਣੇ ਮਾਪਿਆਂ ਤੋਂ ਵੀ ਚੁਰਾਉਂਦਾ ਅਤੇ ਆਖਦਾ, “ਇਸ ਵਿੱਚ ਕੁਝ ਵੀ ਗ਼ਲਤ ਨਹੀਂ!” ਉਸ ਵਿਅਕਤੀ ਦਾ ਸਾਂਝੀਦਾਰ ਹੁੰਦਾ ਹੈ ਜੋ ਤਬਾਹੀ ਦਾ ਕਾਰਣ ਬਣਦਾ ਹੈ।
25 ਲਾਲਚੀ ਆਦਮੀ ਦਲੀਲਬਾਜ਼ੀ ਕਰਦਾ ਹੈ ਪਰ ਜਿਹੜਾ ਬੰਦਾ ਯਹੋਵਾਹ ਉੱਤੇ ਭਰੋਸਾ ਰੱਖਣਾ, ਉੱਨਤੀ ਕਰੇਗਾ।
26 ਜਿਹੜਾ ਆਦਮੀ ਆਪਣੇ-ਆਪ ਵਿੱਚ ਭਰੋਸਾ ਰੱਖਦਾ ਹੈ ਮੂਰਖ ਹੈ, ਪਰ ਜਿਹੜਾ ਆਦਮੀ ਸਿਆਣਪਤਾ ਅਨੁਸਾਰ ਰਹਿੰਦਾ ਹੈ, ਸੁਰੱਖਿਅਤ ਹੈ।
27 ਜੇ ਕੋਈ ਬੰਦਾ ਗਰੀਬਾਂ ਨੂੰ ਦਾਨ ਦਿੰਦਾ ਹੈ ਤਾਂ ਉਹ ਆਪਣੀ ਜ਼ਰੂਰਤ ਦੀ ਹਰ ਚੀਜ਼ ਪ੍ਰਾਪਤ ਕਰ ਲਵੇਗਾ। ਪਰ ਜੇ ਕੋਈ ਬੰਦਾ ਗਰੀਬਾਂ ਦੀ ਸਹਾਇਤਾ ਕਰਨ ਤੋਂ ਇਨਕਾਰ ਕਰਦਾ ਹੈ, ਤਾਂ ਉਸ ਨੂੰ ਬਹੁਤ ਮੁਸੀਬਤਾਂ ਮਿਲਣਗੀਆਂ।
28 ਜਦੋਂ ਦੁਸ਼ਟ ਲੋਕ ਸ਼ਕਤੀ ਵਿੱਚ ਆਉਂਦੇ ਹਨ, ਲੋਕੀਂ ਖੁਦ ਨੂੰ ਛੁਪਾ ਲੈਂਦੇ ਹਨ, ਪਰ ਜਦੋਂ ਉਹ ਤਬਾਹ ਹੋ ਜਾਂਦੇ ਹਨ, ਉਦੋਂ ਧਰਮੀ ਲੋਕ ਉੱਨਤੀ ਕਰਦੇ ਹਨ।
29 ਇੱਕ ਜ਼ਿੱਦੀ ਵਿਅਕਤੀ ਜਿਹੜਾ ਝਿੜਕ ਤੋਂ ਨਹੀਂ ਸਿੱਖਦਾ ਅਚਾਨਕ ਹੀ ਤਬਾਹ ਕਰ ਦਿੱਤਾ ਜਾਵੇਗਾ। ਉਸ ਨੂੰ ਕੋਈ ਵੀ ਨਹੀਂ ਬਚਾ ਸੱਕਦਾ।
2 ਜਦੋਂ ਧਰਮੀ ਲੋਕ ਤਰੱਕੀ ਕਰਦੇ ਹਨ, ਲੋਕ ਖੁਸ਼ ਹੁੰਦੇ ਹਨ, ਪਰ ਉਦੋਂ ਹੌਂਕੇ ਭਰਦੇ ਹਨ ਜਦੋਂ ਕੋਈ ਦੁਸ਼ਟ ਆਦਮੀ ਰਾਜਾ ਬਣ ਜਾਂਦਾ ਹੈ।
3 ਜਿਹੜਾ ਵਿਅਕਤੀ ਸਿਆਣਪ ਨੂੰ ਪਿਆਰ ਕਰਦਾ, ਉਹ ਆਪਣੇ ਪਿਤਾ ਨੂੰ ਖੁਸ਼ ਕਰਦਾ ਹੈ, ਪਰ ਜਿਹੜਾ ਵਿਅਕਤੀ ਵੇਸਵਾਵਾਂ ਦਾ ਸੰਗ ਕਰਦਾ ਹੈ, ਉਹ ਆਪਣੀ ਦੌਲਤ ਗੁਆ ਲੈਂਦਾ ਹੈ।
4 ਜਿਹੜਾ ਰਾਜਾ ਨਿਆਂਈ ਹੋਕੇ ਸ਼ਾਸਨ ਕਰਦਾ ਹੈ ਉਹ ਆਪਣੇ ਦੇਸ ਨੂੰ ਮਜ਼ਬੂਤ ਬਣਾ ਲੈਂਦਾ ਹੈ, ਪਰ ਜਿਹੜਾ ਕੋਈ ਰਿਸ਼ਵਤ ਲੈਂਦਾ ਹੈ ਇਸ ਨੂੰ ਢਾਹ ਦਿੰਦਾ।
5 ਜਿਹੜਾ ਵਿਅਕਤੀ ਆਪਣੇ ਗੁਆਂਢੀ ਦੀ ਚਾਪਲੂਸੀ ਕਰਦਾ ਹੈ, ਆਪਣੇ ਹੀ ਪੈਰਾਂ ਲਈ ਜਾਲ ਫ਼ੈਲਾਉਂਦਾ ਹੈ।
6 ਇੱਕ ਬਦ ਇਨਸਾਨ ਆਪਣੇ ਖੁਦ ਦੇ ਪਾਪ ਵਿੱਚ ਹੀ ਫ਼ਸ ਜਾਂਦਾ ਹੈ ਪਰ ਇੱਕ ਨੇਕ ਇਨਸਾਨ ਗਾਉਂਦਾ ਅਤੇ ਖੁਸ਼ ਰਹਿੰਦਾ ਹੈ।
7 ਧਰਮੀ ਵਿਅਕਤੀ ਜਾਣਦਾ ਹੈ ਕਿ ਗਰੀਬ ਲਈ ਨਿਆਂ ਨੂੰ ਕਿਵੇਂ ਸਿਰੇ ਚੜ੍ਹਾਉਣਾ, ਪਰ ਦੁਸ਼ਟ ਇਨਸਾਨ ਅਗਿਆਨੀ ਹੁੰਦੇ ਹਨ।
8 ਮਖੌਲੀ ਨਗਰ ਵਿੱਚ ਦੰਗਾ-ਫ਼ਸਾਦ ਕਰਦੇ ਹਨ, ਪਰ ਸਿਆਣਾ ਵਿਅਕਤੀ ਸ਼ਾਂਤੀ ਨੂੰ ਪੁਨਰ ਸਥਾਪਿਤ ਕਰਦਾ ਹੈ।
9 ਸਿਆਣਾ ਆਦਮੀ ਮੂਰਖ ਨੂੰ ਕਚਿਹਰੀ ’ਚ ਲੈ ਜਾਂਦਾ ਹੈ, ਪਰ ਮੂਰਖ ਤੈਸ਼ ’ਚ ਆ ਜਾਂਦਾ ਅਤੇ ਮਜ਼ਾਕ ਉਡਾਉਂਦਾ ਅਤੇ ਸਿਆਣੇ ਆਦਮੀ ਨੂੰ ਸੰਤੁਸ਼ਟੀ ਨਹੀਂ ਮਿਲਦੀ।
10 ਕਾਤਲ ਨਿਰਦੋਸ਼ ਲੋਕਾਂ ਨੂੰ ਨਫ਼ਰਤ ਕਰਦੇ ਹਨ ਅਤੇ ਉਨ੍ਹਾਂ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਹਨ ਜੋ ਇਮਾਨਦਾਰ ਹੁੰਦੇ ਹਨ।
11 ਇੱਕ ਮੂਰਖ ਬੰਦਾ ਛੇਤੀ ਗੁੱਸੇ ਵਿੱਚ ਆ ਜਾਂਦਾ ਹੈ। ਪਰ ਸਿਆਣਾ ਬੰਦਾ ਧੀਰਜਵਾਨ ਹੁੰਦਾ ਹੈ ਅਤੇ ਆਪਣੇ-ਆਪ ਤੇ ਕਾਬੂ ਰੱਖਦਾ ਹੈ।
12 ਜੇ ਕੋਈ ਹਾਕਮ ਝੂਠ ਸੁਣਦਾ ਹੈ, ਤਾਂ ਉਸ ਦੇ ਸਾਰੇ ਅਧਿਕਾਰੀ ਬੁਰੇ ਹੋਣਗੇ।
13 ਗਰੀਬ ਵਿਅਕਤੀ ਅਤੇ ਸਤਾਉਣ ਵਾਲਾ ਵਿਅਕਤੀ ਦੋਵਾਂ ਵਿੱਚ ਇੱਕ ਗੱਲ ਸਾਂਝੀ ਹੈ: ਯਹੋਵਾਹ ਦੋਹਾਂ ਨੂੰ ਜੀਵਨ ਦਿੰਦਾ ਹੈ।
14 ਜੇ ਕੋਈ ਰਾਜਾ ਗਰੀਬਾਂ ਨਾਲ ਨਿਆਂ ਕਰਦਾ ਹੈ ਤਾਂ ਉਹ ਦੇਰ ਤੱਕ ਰਾਜ ਕਰੇਗਾ।
15 ਬੈਤ ਅਤੇ ਝਿੜਕ ਸਿਆਣਪ ਪ੍ਰਦਾਨ ਕਰਦੇ ਹਨ, ਪਰ ਆਪ ਮੁਹਾਰਾ ਛੱਡਿਆ ਬੱਚਾ ਆਪਣੀ ਮਾਂ ਲਈ ਸ਼ਰਮਸਾਰੀ ਲਿਆਉਂਦਾ ਹੈ ।
16 ਜਦੋਂ ਦੁਸ਼ਟ ਲੋਕ ਉੱਨਤੀ ਕਰਦੇ ਹਨ, ਪਾਪ ਵੱਧ ਜਾਂਦਾ ਹੈ ਪਰ ਧਰਮੀ ਲੋਕ ਉਨ੍ਹਾਂ ਦਾ ਪਤਨ ਹੁੰਦਾ ਵੇਖਣਗੇ।
17 ਆਪਣੇ ਪੁੱਤਰ ਨੂੰ ਅਨੁਸ਼ਾਸਿਤ ਕਰੋ, ਅਤੇ ਉਹ ਤੁਹਾਡੇ ਲਈ ਸ਼ਾਂਤੀ ਲਿਆਵੇਗਾ ਉਹ ਤੁਹਾਡੇ ਲਈ ਪ੍ਰਸੰਨਤਾ ਦਾ ਸਰੋਤ ਹੋਵੇਗਾ।
18 ਜਦੋਂ ਕੋਈ ਦਿਸਾ ਦਿਸਦੀ ਨਹੀਂ ਹੁੰਦੀ, ਲੋਕ ਜੰਗਲੀਆਂ ਵਾਂਗ ਭੱਜਦੇ ਹਨ, ਪਰ ਉਹ ਜਿਹੜੇ ਬਿਵਸਥਾ ਰੱਖਦੇ ਹਨ ਧੰਨ ਹੋਣਗੇ।
19 ਜੇ ਤੁਸੀਂ ਉਸ ਨਾਲ ਸਿਰਫ਼ ਗੱਲਾਂ ਹੀ ਕਰੋਂਗੇ ਤਾਂ ਨੌਕਰ ਕਦੇ ਸਬਕ ਨਹੀਂ ਸਿਖੇਗਾ। ਉਹ ਤੁਹਾਡੇ ਸ਼ਬਦਾਂ ਨੂੰ ਸਮਝ ਸੱਕਦਾ ਹੈ ਪਰ ਉਹ ਮੰਨੇਗਾ ਨਹੀਂ।
20 ਕੀ ਤੁਸੀਂ ਕਿਸੇ ਨੂੰ, ਜਾਣਦੇ ਹੋ ਕਿ ਜਿਹੜਾ ਬਿਨਾਂ ਸੋਚਿਆਂ ਬੋਲਦਾ ਹੈ? ਉਸ ਨਾਲੋਂ ਇੱਕ ਮੂਰਖ ਲਈ ਵੱਧੇਰੇ ਉਮੀਦ ਹੁੰਦੀ ਹੈ।
21 ਜੇਕਰ ਤੁਸੀਂ ਬਚਪਨ ਤੋਂ ਹੀ ਆਪਣੇ ਨੌਕਰ ਨੂੰ ਬਹੁਤ ਲਾਡ-ਪਿਆਰ ਕਰਦੇ ਹੋ, ਤਾਂ ਅਖੀਰ ਵਿੱਚ ਉਹ ਜਿੱਦੀ ਬਣ ਜਾਵੇਗਾ।
22 ਇੱਕ ਜਲਦੀ ਗੁੱਸੇ ਹੋਣ ਵਾਲਾ ਵਿਅਕਤੀ ਦਲੀਲਬਾਜ਼ੀ ਸ਼ੁਰੂ ਕਰਦਾ ਹੈ। ਅਤੇ ਉਹ ਬੰਦਾ ਜਿਹੜਾ ਛੇਤੀ ਗੁੱਸੇ ਵਿੱਚ ਆ ਜਾਂਦਾ ਹੈ ਉਹ ਕਈ ਪਾਪ ਕਰ ਲੈਂਦਾ ਹੈ।
23 ਘਮੰਡ ਵਿਅਕਤੀ ਨੂੰ ਉਸ ਦੀ ਬੁਨਿਆਦ ਤੋਂ ਹੇਠਾਂ ਲੈ ਆਉਂਦਾ, ਪਰ ਇੱਕ ਨਿਮਾਣਾ ਵਿਅਕਤੀ ਇੱਜ਼ਤ ਹਾਸਲ ਕਰਦਾ ਹੈ।
24 ਦੋ ਚਾਰ ਜਿਹੜੇ ਮਿਲਕੇ ਚੱਲਦੇ ਹਨ ਉਹ ਇੱਕ ਦੂਸਰੇ ਦੇ ਦੁਸ਼ਮਣ ਹੁੰਦੇ ਹਨ। ਇੱਕ ਚੋਰ ਦੂਜੇ ਚੋਰ ਨੂੰ ਧਮਕਾਏਗਾ, ਇਸ ਲਈ ਜੇ ਉਸ ਨੂੰ ਕਚਿਹਰੀ ਵਿੱਚ ਸੱਚ ਬੋਲਣ ਲਈ ਮਜ਼ਬੂਰ ਕੀਤਾ ਜਾਵੇਗਾ ਤਾਂ ਉਹ ਡਰ ਦਾ ਮਾਰਿਆ ਬੋਲ ਨਹੀਂ ਸੱਕੇਗਾ।
25 ਡਰ ਇਨਸਾਨ ਲਈ ਇੱਕ ਫ਼ੰਧੇ ਵਾਂਗ ਬਣ ਸੱਕਦਾ ਹੈ। ਪਰ ਜਿਹੜਾ ਇਨਸਾਨ ਯਹੋਵਾਹ ਵਿੱਚ ਭਰੋਸਾ ਰੱਖਦਾ ਸੁਰੱਖਿਅਤ ਰਹੇਗਾ।
26 ਬਹੁਤ ਸਾਰੇ ਲੋਕ ਸ਼ਾਸਕ ਤੋਂ ਨਿਆਂ ਲੋਚਦੇ ਹਨ। ਪਰ ਆਦਮੀ ਯਹੋਵਾਹ ਤੋਂ ਹੀ ਨਿਆਂ ਪ੍ਰਾਪਤ ਕਰ ਸੱਕਦਾ ਹੈ।
27 ਧਰਮੀ ਲੋਕ ਝੂਠਿਆਂ ਨੂੰ ਨਫ਼ਰਤ ਕਰਦੇ ਹਨ, ਅਤੇ ਦੁਸ਼ਟ ਇਨਸਾਨ ਉਨ੍ਹਾਂ ਨੂੰ ਨਫ਼ਰਤ ਕਰਦੇ ਹਨ ਜਿਹੜੇ ਇਮਾਨਦਾਰ ਹੋਕੇ ਜਿਉਂਦੇ ਹਨ।
ਯਾਕਹ ਦੇ ਪੁੱਤਰ ਆਗੂਰ ਦੀਆਂ ਸਿਆਣਿਆਂ ਕਹਾਉਤਾਂ
30 ਇਹ ਸ਼ਬਦ ਅਗੂਰ ਯਾਕਹ ਦੇ ਪੁੱਤਰ ਦੇ ਹਨ, ਉਸ ਦਾ ਸੰਦੇਸ਼: ਮੈਂ ਪਰਮੇਸ਼ੁਰ ਨਹੀਂ ਹਾਂ। ਮੈਂ ਪਰਮੇਸ਼ੁਰ ਨਹੀਂ ਹਾਂ, ਕਿ ਮੈਂ ਇਸ ਨੂੰ ਸਮਝ ਸੱਕਣ ਦੇ ਸਮਰੱਥ ਹੋਵਾਂ।
2 ਮੈਂ ਆਦਮੀਆਂ ਵਿੱਚੋਂ ਸਭ ਤੋਂ ਬੇਵਕੂਫ਼ ਹਾਂ, ਅਤੇ ਮੈਨੂੰ ਕੋਈ ਮਨੁੱਖੀ ਗਿਆਨ ਵੀ ਨਹੀਂ ਹੈ। 3 ਮੈਂ ਸਿਆਣਪ ਨਹੀਂ ਸਿੱਖੀ ਤਾਂ ਮੈਂ ਧਾਰਮਿਕ ਗਿਆਨ ਕਿੰਝ ਹਾਸਿਲ ਕਰ ਸੱਕਦਾ ਹਾਂ। 4 ਕੌਣ ਅਕਾਸ਼ ਤਾਈਂ ਜਾਕੇ ਵਾਪਸ ਆਇਆ? ਕਿਸਨੇ ਹਵਾ ਨੂੰ ਆਪਣੇ ਹੱਥਾਂ ਵਿੱਚ ਇੱਕਤਰ ਕੀਤਾ? ਕਿਸ ਨੇ ਆਪਣੇ ਚੋਲੇ ਨਾਲ ਪਾਣੀ ਨੂੰ ਇੱਕਤਰ ਕੀਤਾ? ਕਿਸਨੇ ਧਰਤੀ ਦੀਆਂ ਸਾਰੀਆਂ ਹੱਦਾਂ ਨੂੰ ਸਥਾਪਿਤ ਕੀਤਾ? ਉਸ ਦਾ ਨਾਮ ਕੀ ਹੈ? ਉਸ ਦੇ ਪੁੱਤਰ ਦਾ ਨਾਮ ਕੀ ਹੈ? ਜੇਕਰ ਤੁਸੀਂ ਜਾਣਦੇ ਹੋ, ਮੈਨੂੰ ਦੱਸੋ!
5 ਹਰ ਸ਼ਬਦ ਜਿਹੜਾ ਪਰਮੇਸ਼ੁਰ ਉਚਾਰਦਾ ਹੈ ਦੋਸ਼ ਰਹਿਤ ਹੈ। ਪਰਮੇਸ਼ੁਰ ਉਨ੍ਹਾਂ ਲਈ ਸੁਰੱਖਿਅਤ ਟਿਕਾਣਾ ਹੈ ਜਿਹੜੇ ਉਸ ਕੋਲ ਜਾਂਦੇ ਹਨ। 6 ਉਸ ਦੇ ਬਚਨਾਂ ਵਿੱਚ ਜੋੜਨ ਦੀ ਕੋਸ਼ਿਸ਼ ਨਾ ਕਰੋ ਨਹੀਂ ਤਾਂ ਪਰਮੇਸ਼ੁਰ ਤੁਹਾਨੂੰ ਸਜ਼ਾ ਦੇਵੇਗਾ ਅਤੇ ਤੁਸੀਂ ਝੂਠੇ ਹੋਣ ਵਜੋਂ ਦਰਸਾਏ ਜਾਵੋਂਗੇ।
7 ਯਹੋਵਾਹ, ਮੈਂ ਤੈਥੋਂ ਦੋ ਉਪਕਾਰਾਂ ਦੀ ਮੰਗ ਕਰਦਾ ਹਾਂ। ਕਿਰਪਾ ਕਰਕੇ ਮੇਰੇ ਮਰਨ ਤੋਂ ਪਹਿਲਾਂ, ਮੇਰੀ ਖਾਤਰ ਉਨ੍ਹਾਂ ਤੋਂ ਇਨਕਾਰ ਨਾ ਕਰੀਂ। 8 ਝੂਠ ਨਾ ਬੋਲਣ ਵਿੱਚ ਮੇਰੀ ਸਹਾਇਤਾ ਕਰ ਅਤੇ ਮੈਨੂੰ ਨਾ ਬਹੁਤਾ ਅਮੀਰ ਬਣਾ ਅਤੇ ਨਾ ਬਹੁਤਾ ਗਰੀਬ ਸਿਰਫ਼ ਮੈਨੂੰ ਉਹ ਚੀਜ਼ਾਂ ਦੇ ਜਿਨ੍ਹਾਂ ਦੀ ਮੈਨੂੰ ਰੋਜ਼ਾਨਾ ਲੋੜ ਹੈ। 9 ਮੈਂ ਬਹੁਤ ਜ਼ਿਆਦਾ ਅਮੀਰ ਹੋਕੇ ਤੈਨੂੰ ਭੁੱਲਣਾ ਨਹੀਂ ਚਾਹੁੰਦਾ ਅਤੇ ਇਹ ਪੁੱਛਣਾ ਨਹੀਂ ਚਾਹੁੰਦਾ, ਪਰਮੇਸ਼ੁਰ ਕੌਣ ਹੈ? ਨਾਹੀ ਇੰਨਾ ਗਰੀਬ ਹੋਣਾ ਚਾਹੁੰਦਾ ਕਿ ਮੈਨੂੰ ਚੋਰੀ ਕਰਨੀ ਪਵੇ ਅਤੇ ਮੇਰੇ ਪਰਮੇਸ਼ੁਰ ਦੇ ਨਾਮ ਲਈ ਸ਼ਰਮਸਾਰੀ ਲਿਆਵਾਂ।
10 ਇੱਕ ਨੌਕਰ ਦੀ ਉਸ ਦੇ ਸੁਆਮੀ ਕੋਲ ਅਲੋਚਨਾ ਨਾ ਕਰੋ ਨਹੀਂ ਤਾਂ ਸੁਆਮੀ ਤੁਹਾਨੂੰ ਸਰਾਪ ਦੇਵੇਗਾ ਅਤੇ ਤੁਹਾਨੂੰ ਇਸ ਦੀ ਅਦਾਇਗੀ ਕਰਨੀ ਪਵੇਗੀ।
11 ਅਜਿਹੇ ਲੋਕ ਹਨ ਜੋ ਆਪਣੇ ਪਿਉ ਨੂੰ ਗਾਲ੍ਹਾਂ ਕੱਢਦੇ ਹਨ ਅਤੇ ਆਪਣੀ ਮਾਤਾ ਨੂੰ ਧੰਨ ਨਹੀਂ ਆਖਦੇ।
12 ਕੁਝ ਲੋਕ ਅਜਿਹੇ ਹੁੰਦੇ ਹਨ ਜੋ ਆਪਣੇ ਆਪ ਨੂੰ ਪਵਿੱਤਰ ਸਮਝਦੇ ਹਨ ਪਰ ਜੋ ਆਪਣੀ ਹੀ ਗੰਦਗੀ ਤੋਂ ਸਾਫ਼ ਨਹੀਂ ਹੋਏ ਹੁੰਦੇ।
13 ਕੁਝ ਲੋਕ ਹੁੰਦੇ ਹਨ ਜਿਨ੍ਹਾਂ ਦੀਆਂ ਅੱਖਾਂ ਹਮੇਸ਼ਾ ਉੱਚੀਆਂ ਹੋਈਆਂ ਅਤੇ ਝਿੰਮਣੇ ਹੀ ਰਹਿੰਦੀਆਂ ਹਨ।
14 ਕਈਆਂ ਲੋਕਾਂ ਦੇ ਦੰਦ ਚਾਕੂ ਵਰਗੇ ਤਿੱਖੇ ਹੁੰਦੇ ਹਨ, ਕਈਆਂ ਦੇ ਬੁੱਟਾ ਵਿੱਚ ਤਲਵਾਰਾਂ ਜੜੀਆਂ ਹੁੰਦੀਆਂ ਹਨ, ਤਾਂ ਜੋ ਉਹ ਧਰਤੀ ਦੇ ਗਰੀਬਾਂ ਨੂੰ ਪਾੜ ਸੱਕਣ ਜਾਂ ਜ਼ਰੂਰਤਮੰਦਾਂ ਨੂੰ ਨਿਗਲ ਸੱਕਣ।
15 ਕੁਝ ਲੋਕ ਹਰ ਸੰਭਵ ਚੀਜ਼ ਲੈ ਲੈਣਾ ਚਾਹੁੰਦੇ ਹਨ। ਉਹ ਸਿਰਫ਼ ਇਹੀ ਆਖਦੇ ਹਨ, “ਮੈਨੂੰ ਦਿਓ, ਮੈਨੂੰ ਦਿਓ, ਮੈਨੂੰ ਦਿਓ।” ਤਿੰਨ ਚੀਜ਼ਾਂ ਹਨ ਜਿਹੜੀਆਂ ਕਦੇ ਵੀ ਸੰਤੁਸ਼ਟ ਨਹੀਂ ਹੁੰਦੀਆਂ — ਅਸਲ ਵਿੱਚ ਚਾਰ ਚੀਜ਼ਾਂ ਹਨ ਜਿਹੜੀਆਂ ਕਦੇ ਕਾਫ਼ੀ ਨਹੀਂ ਹੁੰਦੀਆਂ: 16 ਕਬਰ, ਬਾਂਝ ਕੁੱਖ, ਧਰਤੀ ਜਿਹੜੀ ਹਮੇਸ਼ਾ ਪਾਣੀ ਲਈ ਪਿਆਸੀ ਰਹਿੰਦੀ ਹੈ, ਅਤੇ ਗਰਮ ਅੱਗ ਜਿਹੜੀ ਕਦੇ ਨਹੀਂ ਆਖਦੀ “ਬਸ।”
17 ਕੋਈ ਬੰਦਾ ਜਿਹੜਾ ਆਪਣੇ ਪਿਤਾ ਦਾ ਮਜ਼ਾਕ ਉਡਾਉਂਦਾ ਹੈ ਜਾਂ ਆਪਣੀ ਮਾਤਾ ਦਾ ਕਹਿਣਾ ਮੰਨਣ ਤੋਂ ਇਨਕਾਰ ਕਰਦਾ ਹੈ ਉਸ ਨੂੰ ਸਜ਼ਾ ਮਿਲੇਗੀ। ਉਸ ਦੇ ਲਈ ਇਹ ਗੱਲ ਓਨੀ ਹੀ ਬੁਰੀ ਹੋਵੇਗੀ ਜਿੰਨੀ ਉਸ ਹਾਲਤ ਵਿੱਚ ਜਿਵੇਂ ਕਿ ਉਸ ਦੀਆਂ ਅੱਖਾਂ ਗਿਰਝਾਂ ਅਤੇ ਜੰਗਲੀ ਜਾਨਵਰਾਂ ਨੇ ਖਾ ਲਈਆਂ ਹੋਣ।
18 ਤਿੰਨ ਗੱਲਾਂ ਹਨ ਜਿਹੜੀਆਂ ਮੇਰੇ ਲਈ ਇੱਕ ਰਹੱਸ ਹਨ। ਅਤੇ ਚੌਥੀ ਗੱਲ ਜਿਹੜੀ ਮੈਂ ਕਦੇ ਵੀ ਨਹੀਂ ਸਮਝ ਸੱਕਿਆ। 19 ਇੱਕ ਬਾਜ਼ ਦੇ ਉੱਡਣ ਦਾ ਤਰੀਕਾ, ਇੱਕ ਚੱਟਾਨ ਉੱਤੇ ਸੱਪ ਦਾ ਘਿਸਰਨਾ, ਜਹਾਜ ਦਾ ਸਮੁੰਦਰ ਦੇ ਮੱਧ ਵਿੱਚ ਹੋਣਾ ਅਤੇ ਇੱਕ ਆਦਮੀ ਦਾ ਇੱਕ ਜਵਾਨ ਔਰਤ ਨਾਲ ਹੋਣਾ।
20 ਇੱਕ ਬਦਕਾਰ ਔਰਤ ਦਾ ਰਾਹ ਇਹ ਹੈ। ਉਹ ਖਾਂਦੀ ਹੈ ਅਤੇ ਮੂੰਹ ਪੂੰਝਕੇ ਆਖਦੀ ਹੈ: “ਮੈਂ ਕੁਝ ਵੀ ਗ਼ਲਤ ਨਹੀਂ ਕੀਤਾ!”
21 ਤਿੰਨ ਚੀਜ਼ਾਂ ਹਨ ਜਿਨ੍ਹਾਂ ਨਾਲ ਧਰਤੀ ਹਿੱਲ ਜਾਂਦੀ ਹੈ ਅਤੇ ਚੌਥੀ ਜਿਸ ਨੂੰ ਇਹ ਸਹਾਰ ਨਹੀਂ ਸੱਕਦੀ: 22 ਇੱਕ ਨੌਕਰ ਜੋ ਰਾਜਾ ਬਣੇ, ਅਤੇ ਇੱਕ ਮੂਰਖ ਜਿਸ ਕੋਲ ਖਾਣ ਲਈ ਕਾਫ਼ੀ ਹੋਵੇ, 23 ਇੱਕ ਵਿਆਹੀ ਹੋਈ ਔਰਤ ਜਿਸ ਨੂੰ ਉਸਦਾ ਪਤੀ ਪਿਆਰ ਨਹੀਂ ਕਰਦਾ ਅਤੇ ਇੱਕ ਨੋਕਰਾਣੀ ਜੋ ਆਪਣੀ ਮਾਲਕਣ ਦੀ ਜਗ੍ਹਾ ਲੈ ਲੈਂਦੀ ਹੈ।
24 ਧਰਤੀ ਉੱਤੇ ਇਹ ਚਾਰ ਚੀਜ਼ਾਂ ਸਭ ਤੋਂ ਛੋਟੀਆਂ ਹਨ, ਹਾਲੇ ਵੀ ਇਹ ਸਿਆਣਿਆਂ ਤੋਂ ਵੱਧ ਸਿਆਣੀਆਂ ਹਨ:
25 ਕੀੜੀਆਂ, ਜੋ ਕਿ ਤਕੜੀਆਂ ਨਹੀਂ ਹੁੰਦੀਆਂ, ਪਰ ਫਿਰ ਵੀ ਗਰਮੀਆਂ ਵਿੱਚ ਸਰਦੀਆਂ ਲਈ ਆਪਣਾ ਭੋਜਨ ਇੱਕਤਰ ਕਰਦੀਆਂ ਹਨ।
26 ਬਿੱਜੂ ਸ਼ਕਤੀਸ਼ਾਲੀ ਨਹੀਂ ਹੁੰਦੇ, ਪਰ ਉਹ ਆਪਣੇ ਘਰ ਚੱਟਾਨਾਂ ਵਿੱਚ ਬਣਾਉਂਦੇ ਹਨ।
27 ਟਿੱਡੀਆਂ ਦਾ ਕੋਈ ਰਾਜਾ ਨਹੀਂ ਹੁੰਦਾ ਪਰ ਫ਼ਿਰ ਵੀ ਉਹ ਸੰਗਠਨ ਵਿੱਚ ਉਡਦੀਆਂ ਹਨ।
28 ਕਿਰਲੀ ਜੋ ਕਿ ਇੱਕੋ ਹੱਥ ਨਾਲ ਫ਼ੜੀ ਜਾ ਸੱਕਦੀ ਹੈ, ਪਰ ਤਾਂ ਵੀ ਉਹ ਸ਼ਾਹੀ ਮਹਿਲਾਂ ਵਿੱਚ ਰਹਿੰਦੀਆਂ ਹਨ।
29 ਤਿੰਨ ਚੀਜ਼ਾਂ ਹਨ ਜਿਨਾਂ ਦੀ ਚਾਲ ਸੁੰਦਰ ਹੈ; ਅਸਲ ਵਿੱਚ ਚਾਰ ਜਿਹੜੀ ਸ਼ਾਹੀ ਚਾਲਾ ਚਲਦੀਆਂ ਹਨ।
30 ਇੱਕ ਸ਼ੇਰ ਜੋ ਕਿ ਸਭ ਤੋਂ ਤਾਕਤਵਰ ਜਾਨਵਰ ਹੁੰਦਾ ਹੈ ਅਤੇ ਕਿਸੇ ਤੋਂ ਵੀ ਨਹੀਂ ਡਰਦਾ।
31 ਹੰਕਾਰ ਨਾਲ ਤੁਰਦਾ ਕੁਕੜ,
ਇੱਕ ਬੱਕਰਾ,
ਅਤੇ ਆਪਣੇ ਲੋਕਾਂ ਦੀ ਅਗਵਾਈ ਕਰਦਾ ਹੋਇਆ ਰਾਜਾ।
32 ਜੇ ਤੁਸੀਂ ਮੂਰਖ ਹੁੰਦੇ ਅਤੇ ਆਪਣੇ-ਆਪ ਦੀ ਪ੍ਰਸੰਸਾ ਕਰਦੇ ਹੋ, ਜਾਂ ਕੋਈ ਮੰਦੀ ਯੋਜਨਾ ਬਣਾਉਂਦੇ ਹੋ ਤਾਂ ਆਪਣੇ ਹੀ ਮੂੰਹ ਤੇ ਚਪੇੜ ਮਾਰੋ।
33 ਰਿੜਕਿਆ ਹੋਇਆ ਦੁੱਧ ਮੱਖਣ ਦਿੰਦਾ, ਨੱਕ ਤੇ ਮੁੱਕੀ ਮਾਰਨ ਨਾਲ ਖੂਨ ਵਗਦਾ ਅਤੇ ਗੁੱਸੇ ਨੂੰ ਭੜਕਾਉਣ ਨਾਲ ਲੜਾਈ ਪੈਦਾ ਹੁੰਦੀ ਹੈ।
ਰਾਜੇ ਲਮੂਏਲ ਦੀਆ ਸਿਆਣਿਆਂ ਕਹਾਉਤਾਂ
31 ਇਹ ਰਾਜੇ ਲਮੂਏਲ ਦਿਆਂ ਸਿਆਣਿਆਂ ਕਹਾਉਤਾਂ ਹਨ। ਇਨ੍ਹਾਂ ਦੀ ਸਿੱਖਿਆ ਉਸ ਨੂੰ ਉਸ ਦੀ ਮਾਤਾ ਨੇ ਦਿੱਤੀ ਸੀ।
2 ਤੁਸੀਂ ਮੇਰੇ ਪੁੱਤਰ ਹੋ। ਉਹ ਪੁੱਤਰ ਜਿਸ ਨੂੰ ਮੈਂ ਪਿਆਰ ਕਰਦਾ ਹਾਂ। ਤੁਸੀਂ ਉਹ ਪੁੱਤਰ ਹੋ ਜਿਸ ਦੇ ਜਨਮ ਲਈ ਮੈਂ ਪ੍ਰਾਰਥਨਾ ਕੀਤੀਆਂ ਸਨ। 3 ਆਪਣੀ ਤਾਕਤ ਨੂੰ ਔਰਤਾਂ ਉੱਤੇ ਖਰਚ ਨਾ ਕਰੋ। ਔਰਤਾਂ ਰਾਜਿਆਂ ਨੂੰ ਵੀ ਤਬਾਹ ਕਰ ਦਿੰਦੀਆਂ ਹਨ, ਇਸ ਲਈ ਆਪਣੇ-ਆਪ ਨੂੰ ਉਨ੍ਹਾਂ ਲਈ ਬਰਬਾਦ ਨਾ ਕਰੋ। 4 ਹੇ ਲਮੂਏਲ, ਰਾਜੇ ਲਈ ਮੈਅ ਪੀਣੀ ਚੰਗੀ ਗੱਲ ਨਹੀਂ ਨਾ ਹੀ ਸ਼ਾਸਕਾਂ ਲਈ ਬੀਅਰ ਪੀਣੀ। 5 ਕਿਉਂ ਕਿ ਜੇਕਰ ਰਾਜਾ ਬਹੁਤੀ ਜ਼ਿਆਦਾ ਪੀਂਦਾ, ਉਹ ਭੁੱਲ ਜਾਵੇਗਾ ਕਿ ਬਿਵਸਬਾ ਕੀ ਆਖਦੀ ਹੈ, ਅਤੇ ਗਰੀਬ ਲੋਕਾਂ ਨੂੰ ਨਿਆਂ ਤੋਂ ਵਾਂਝਾ ਕਰ ਦੇਵੇਗਾ। 6 ਉਨ੍ਹਾਂ ਨੂੰ ਬੀਅਰ ਦਿਓ ਜੋ ਨਸ਼ਟ ਹੋ ਰਹੇ ਨੇ ਅਤੇ ਮੈਅ ਉਨ੍ਹਾਂ ਨੂੰ ਜਿਹੜੇ ਗ਼ਮਗੀਨ ਹਨ। 7 ਤਾਂ ਜੋ ਜਿਵੇਂ ਉਹ ਪੀਣ ਉਹ ਗਰੀਬੀ ਭੁੱਲ ਜਾਣ ਅਤੇ ਉਹ ਹੋਰ ਵੱਧੇਰੇ ਆਪਣੀਆਂ ਮੁਸੀਬਤਾਂ ਨੂੰ ਯਾਦ ਨਹੀਂ ਕਰਨਗੇ।
8 ਜੇ ਕੋਈ ਬੰਦਾ ਆਪਣੀ ਸਹਾਇਤਾ ਨਹੀਂ ਕਰ ਸੱਕਦਾ ਤਾਂ ਤੁਹਾਨੂੰ ਉਸ ਦੀ ਸਹਾਇਤਾ ਕਰਨੀ ਚਾਹੀਦੀ ਹੈ। ਉਸ ਬੰਦੇ ਲਈ ਬੋਲੋ ਜਿਹੜਾ ਬੋਲ ਨਹੀਂ ਸੱਕਦਾ! ਮੁਸੀਬਤ ਵਿੱਚ ਫ਼ਸੇ ਲੋਕਾਂ ਦੀ ਸਹਾਇਤਾ ਕਰੋ: 9 ਜਦੋਂ ਤੁਸੀਂ ਬੋਲੋ, ਉਹੀ ਕਹੋ ਜੋ ਧਰਮੀ ਹੋਵੇ, ਗਰੀਬਾਂ ਅਤੇ ਜ਼ਰੂਰਤਮੰਦਾ ਲਈ ਨਿਆਂ ਸੁਰੱਖਿਤ ਰੱਖੋ।
ਸੰਪੂਰਣ ਪਤਨੀ
10 ਕੌਣ ਇੱਕ ਸਦਾਚਾਰੀ ਔਰਤ [a] ਨੂੰ ਲੱਭ ਸੱਕਦਾ?
ਉਹ ਮੋਤੀਆਂ ਪੱਥਰ ਨਾਲੋਂ ਵੀ ਵੱਧੇਰੇ ਕੀਮਤੀ ਹੈ। [b]
11 ਉਸ ਦਾ ਪਤੀ ਉਸ ਤੇ ਭਰੋਸਾ ਕਰ ਸੱਕਦਾ ਹੈ,
ਉਸ ਨੂੰ ਕਦੇ ਵੀ ਸਾਮਗ੍ਰੀ ਦੀ ਕਮੀ ਨਹੀਂ ਹੋਵੇਗੀ।
12 ਉਹ ਆਪਣੀ ਸਾਰੀ ਜ਼ਿੰਦਗੀ,
ਉਸ ਲਈ ਨੇਕੀ ਲਿਆਉਂਦੀ ਹੈ, ਬਦੀ ਨਹੀਂ।
13 ਉਹ ਹਮੇਸ਼ਾ ਉਨ ਅਤੇ ਫ਼ਲੇਕਸ ਜਮ੍ਹਾ ਕਰਦੀ ਰਹਿੰਦੀ ਹੈ
ਅਤੇ ਖੁਸ਼ੀ ਨਾਲ ਆਪਣੇ ਹੱਥੀਂ ਚੀਜ਼ਾਂ ਬਣਾਉਂਦੀ ਰਹਿੰਦੀ ਹੈ।
14 ਉਹ ਵਪਾਰੀਆਂ ਦੇ ਜਹਾਜ਼ ਵਾਂਗ ਹੈ
ਉਹ ਦੂਰ-ਦੁਰਾਡੀਆਂ ਥਾਵਾਂ ਤੋਂ ਆਪਣੇ ਘਰ ਲਈ ਭੋਜਨ ਲਿਆਉਂਦੀ ਹੈ।
15 ਉਹ ਪ੍ਰਭਾਤ ਤੋਂ ਪਹਿਲਾਂ ਉੱਠਦੀ ਹੈ
ਅਤੇ ਉਹ ਆਪਣੇ ਟੱਬਰ ਲਈ ਭੋਜਨ ਦਾ ਇੰਤਜਾਮ ਕਰਦੀ ਹੈ ਅਤੇ ਆਪਣੀਆਂ ਨੋਕਰਾਣੀਆਂ ਨੂੰ ਉਨ੍ਹਾਂ ਦਾ ਸਹੀ ਹਿੱਸਾ ਦਿੰਦੀ ਹੈ।
16 ਉਹ ਜ਼ਮੀਨ ਨੂੰ ਦੇਖਦੀ ਹੈ ਅਤੇ ਇਸ ਨੂੰ ਖਰੀਦੀ ਹੈ।
ਉਹ ਆਪਣੀ ਕਮਾਈ ਦੇ ਪੈਸਿਆਂ ਨੂੰ ਵਰਤ ਕੇ ਅੰਗੂਰਾਂ ਦਾ ਬਾਗ਼ ਲਗਾਉਂਦੀ ਹੈ।
17 ਉਹ ਬਹੁਤ ਸਖਤ ਮਿਹਨਤ ਕਰਦੀ ਹੈ।
ਉਹ ਤਾਕਤਵਰ ਹੈ ਅਤੇ ਆਪਣਾ ਸਾਰਾ ਕੰਮ ਕਰਨ ਦੇ ਯੋਗ ਹੈ।
18 ਜਦੋਂ ਉਹ ਆਪਣੀਆਂ ਬਣਾਈਆਂ ਵਸਤਾਂ ਦਾ ਵਪਾਰ ਕਰਦੀ ਹੈ ਉਹ ਹਮੇਸ਼ਾ ਲਾਭ ਖੱਟਦੀ ਹੈ।
ਅਤੇ ਉਹ ਦੇਰ ਰਾਤ ਤੱਕ ਕੰਮ ਕਰਦੀ ਰਹਿੰਦੀ ਹੈ।
19 ਉਹ ਆਪਣਾ ਸੂਤ ਕਤਦੀ ਹੈ
ਅਤੇ ਆਪਣਾ ਕੱਪੜਾ ਉਣਦੀ ਹੈ।
20 ਉਹ ਖੁਲੇ ਦਿਲ ਨਾਲ ਗਰੀਬਾਂ ਨੂੰ ਦਿੰਦੀ ਹੈ
ਅਤੇ ਜ਼ਰੂਰਤਮੰਦਾਂ ਦੀ ਸਹਾਇਤਾ ਕਰਦੀ ਹੈ।
21 ਜਦੋਂ ਸਰਦੀ ਹੋ ਜਾਂਦੀ ਹੈ ਉਹ ਆਪਣੇ ਟੱਬਰ ਬਾਰੇ ਚਿੰਤਿਤ ਨਹੀਂ ਹੁੰਦੀ
ਕਿਉਂ ਕਿ ਉਸ ਨੇ ਉਨ੍ਹਾਂ ਸਾਰਿਆਂ ਲਈ ਨਿੱਘੇ ਕੱਪੜੇ ਬਣਾਏ ਹੁੰਦੇ ਹਨ।
22 ਉਹ ਚਾਦਰਾਂ ਬਣਾਉਂਦੀ ਹੈ ਅਤੇ ਪਲੰਘਾਂ ਤੇ ਵਿਛਾਉਂਦੀ ਹੈ
ਅਤੇ ਉਹ ਖੁਦ ਮਲ-ਮਲ ਦੇ ਅਤੇ ਜਾਮਨੀ ਕੱਪੜੇ ਪਹਿਨਦੀ ਹੈ।
23 ਹਰ ਕੋਈ ਉਸ ਦੇ ਪਤੀ ਦੀ ਇੱਜ਼ਤ ਕਰਦਾ
ਉਹ ਦੇਸ ਦੇ ਆਗੂਆਂ ਵਿੱਚ ਜਗ੍ਹਾ ਪ੍ਰਾਪਤ ਕਰਦਾ ਹੈ।
24 ਉਹ ਬਹੁਤ ਚੰਗੀ ਵਪਾਰਨ ਹੈ। ਉਹ ਕੱਪੜੇ ਅਤੇ ਗਾਤਰੇ ਬਣਾਉਂਦੀ ਹੈ
ਅਤੇ ਵਪਾਰੀਆਂ ਨੂੰ ਵੇਚਦੀ ਹੈ।
25 ਆਤਮ-ਵਿਸ਼ਵਾਸ ਅਤੇ ਪ੍ਰਤਿਸ਼ਠਾ ਉਸਦਾ ਪਹਿਰਾਵਾ ਹਨ,
ਉਹ ਭਵਿੱਖ ਬਾਰੇ ਸੋਚਕੇ ਹੱਸ ਸੱਕਦੀ ਹੈ।
26 ਉਸ ਦਾ ਮੂੰਹ ਸਿਆਣਪ ’ਚ ਖੁਲ੍ਹਦਾ
ਉਸ ਦੀ ਜਬਾਨ ਵਿਸ਼ਵਾਸ ਯੋਗ ਹਿਦਾਇਤ ਦਿੰਦੀ ਹੈ।
27 ਉਹ ਕਦੇ ਵੀ ਆਲਸ ਨਹੀਂ ਕਰਦੀ।
ਉਹ ਆਪਣੇ ਘਰ ਦੀਆਂ ਵਸਤਾਂ ਦਾ ਧਿਆਨ ਰੱਖਦੀ ਹੈ।
28 ਉਸ ਦੇ ਬੱਚੇ ਉਸ ਦੀ ਇੱਜ਼ਤ ਕਰਦੇ ਹਨ ਅਤੇ ਉਸ ਨੂੰ ਧੰਨ ਆਖਦੇ ਹਨ
ਉਸ ਦਾ ਪਤੀ ਉਸਦੀ ਪ੍ਰਸੰਸਾ ਕਰਦਾ ਹੈ।
29 ਉਸ ਦਾ ਪਤੀ ਆਖਦਾ ਹੈ, “ਇੱਥੇ ਕਈ ਸਮਰੱਥ ਔਰਤਾਂ ਹਨ
ਪਰ ਤੂੰ ਮੇਰੀਏ ਪਤਨੀਏ ਉਨ੍ਹਾਂ ਸਭ ਤੋਂ ਚੰਗੀ ਹੈਂ।”
30 ਆਕਰਸ਼ਣ ਛਲੀਆ ਹੈ, ਅਤੇ ਸੁੰਦਰਤਾ ਚਲੀ ਜਾਂਦੀ ਹੈ।
ਪਰ ਜਿਹੜੀ ਔਰਤ ਯਹੋਵਾਹ ਤੋਂ ਭੈ ਖਾਂਦੀ ਹੈ, ਉਸਤਤ ਯੋਗ ਹੈ।
31 ਉਸ ਨੂੰ ਉਹ ਇਨਾਮ ਦਿਓ ਜਿਸਦੀ ਉਹ ਅਧਿਕਾਰਨ ਹੈ।
ਜਿਹੜੀਆਂ ਗੱਲਾਂ ਉਸ ਨੇ ਕੀਤੀਆਂ ਉਨ੍ਹਾਂ ਲਈ ਉਸ ਦੀ ਜਣ-ਸਾਧਾਰਣ ਵਿੱਚ ਉਸਤਤ ਕਰੋ।
1 ਇਹ ਸ਼ਬਦ ਉਪਦੇਸ਼ਕ ਵੱਲੋਂ ਹਨ। ਉਹ ਉਪਦੇਸ਼ਕ ਯਰੂਸ਼ਲਮ ਦੇ ਰਾਜੇ ਦਾਊਦ ਦਾ ਪੁੱਤਰ ਸੀ।
2 ਪੂਰੀ ਤਰ੍ਹਾਂ ਅਰਬਹੀਣ, ਉਪਦੇਸ਼ਕ ਨੇ ਆਖਿਆ, ਪੂਰੀ ਤਰ੍ਹਾਂ ਅਰਬਹੀਣ, ਸਭ ਕੁਝ ਅਰਬਹੀਣ ਹੈ। 3 ਆਪਣੀਆਂ ਸਾਰੀਆਂ ਟਕਰਾਂ ਤੋਂ ਲੋਕਾਂ ਨੂੰ ਕੀ ਲਾਭ ਮਿਲ ਸੱਕਦਾ, ਜਿਵੇਂ ਕਿ ਉਹ ਇਸ ਦੁਨੀਆਂ ਵਿੱਚ ਸਖਤ ਮਿਹਨਤ ਕਰਦੇ ਹਨ।
ਚੀਜ਼ਾਂ ਕਦੇ ਨਹੀਂ ਬਦਲਦੀਆਂ
4 ਇੱਕ ਪੀੜੀ ਜਾਂਦੀ ਹੈ ਅਤੇ ਦੂਸਰੀ ਪੀੜੀ ਆ ਜਾਂਦੀ ਹੈ, ਪਰ ਧਰਤੀ ਹਮੇਸ਼ਾ ਰਹਿੰਦੀ ਹੈ। 5 ਸੂਰਜ ਚੜ੍ਹਦਾ ਹੈ ਅਤੇ ਸੂਰਜ ਛੁਪਦਾ ਹੈ। ਅਤੇ ਫੇਰ ਸੂਰਜ ਕਾਹਲੀ ਨਾਲ ਦੋਬਾਰਾਂ ਓਸੇ ਥਾਂ ਚੜ੍ਹਦਾ ਹੈ।
6 ਹਵਾ ਦੱਖਣ ਵੱਲ ਵਗਦੀ ਹੈ ਅਤੇ ਹਵਾ ਉੱਤਰ ਵੱਲ ਵਗਦੀ ਹੈ। ਹਵਾ ਹਰ ਪਾਸੇ ਘੁੰਮਦੀ ਹੋਈ ਵਗਦੀ ਹੈ। ਫੇਰ ਹਵਾ ਮੁੜਦੀ ਹੈ ਅਤੇ ਦੋਬਾਰਾ ਓਸੇ ਥਾਂ ਵੱਲ ਵਗਦੀ ਹੈ ਜਿਬੋਁ ਸ਼ਰੂ ਹੋਈ ਸੀ।
7 ਸਾਰੇ ਦਰਿਆ ਬਾਰ ਬਾਰ ਓਸੇ ਥਾਂ ਵੱਲ ਵਗਦੇ ਹਨ। ਉਹ ਸਾਰੇ ਸਮੁੰਦਰ ਵੱਲ ਵਗਦੇ ਹਨ ਪਰ ਸਮੁੰਦਰ ਕਦੇ ਨਹੀਂ ਭਰਦਾ।
8 ਇਹ ਸਭ ਗੱਲਾਂ ਬਕਾਉਣ ਵਾਲੀਆਂ ਹਨ, ਲੋਕ ਕਦੇ ਵੀ ਉਨ੍ਹਾਂ ਬਾਰੇ ਗੱਲਾਂ ਕਰਨੋ ਨਹੀਂ ਹਟਦੇ, ਪਰ ਉਨ੍ਹਾਂ ਦੀਆਂ ਅੱਖਾਂ ਕਦੇ ਵੀ ਸੰਤੁਸ਼ਟ ਨਹੀਂ ਹੁੰਦੀਆਂ ਅਤੇ ਵੇਖਣੋ ਨਹੀਂ ਹਟਦੀਆਂ, ਅਤੇ ਉਨ੍ਹਾਂ ਦੇ ਕੰਨ ਨਹੀਂ ਭਰਦੇ ਅਤੇ ਸੁਣਨੋਁ ਨਹੀਂ ਹਟਦੇ।
ਕੁਝ ਨਵਾਂ ਨਹੀਂ
9 ਸਾਰੀਆਂ ਚੀਜ਼ਾਂ ਓਸੇ ਤਰ੍ਹਾਂ ਰਹਿੰਦੀਆਂ ਹਨ ਜਿਵੇਂ ਉਹ ਅਤੀਤ ਸਮਿਆਂ ਵਿੱਚ ਸਨ। ਜਿਹੜੀਆਂ ਗੱਲਾਂ ਵਾਪਰਦੀਆਂ ਰਹੀਆਂ, ਵਾਪਰਦੀਆਂ ਰਹਿਣਗੀਆਂ। ਇਸ ਦੁਨੀਆਂ ਵਿੱਚ ਕੁਝ ਵੀ ਨਵਾਂ ਨਹੀਂ ਹੈ।
10 ਭਾਵੇਂ ਕੋਈ ਬੰਦਾ ਆਖੇ, “ਦੇਖੋ ਇਹ ਨਵੀਂ ਚੀਜ਼ ਹੈ!” ਪਰ ਉਹ ਚੀਜ਼ ਹਮੇਸ਼ਾ ਹੀ ਓੱਥੇ ਰਹੀ ਹੈ। ਇਹ ਸਾਡੇ ਜਨਮ ਤੋਂ ਪਹਿਲਾਂ ਵੀ ਇੱਥੇ ਸੀ।
11 ਇੱਥੇ ਪੁਰਾਣੀਆਂ ਪੀੜੀਆਂ ਦੀ ਕੋਈ ਯਾਦਗਾਰੀ ਨਹੀਂ, ਅਤੇ ਜਿਹੜੀਆਂ ਪੀੜੀਆਂ ਹਾਲੇ ਆਉਣ ਵਾਲੀਆਂ ਹਨ, ਉਨ੍ਹਾਂ ਦੁਆਰਾ ਯਾਦ ਨਹੀਂ ਕੀਤੀਆਂ ਜਾਣਗੀਆਂ ਜਿਹੜੀਆਂ ਉਨ੍ਹਾਂ ਤੋਂ ਬਾਅਦ ਵਿੱਚ ਆਵਣਗੀਆਂ।
ਕੀ ਸਿਆਣਪ ਖੁਸ਼ੀ ਦਿੰਦੀ ਹੈ?
12 ਮੈਂ ਉਪਦੇਸ਼ਕ, ਯਰੂਸ਼ਲਮ ਵਿੱਚ ਇਸਰਾਏਲ ਦਾ ਰਾਜਾ ਸਾਂ। 13 ਮੈਂ ਸਿਆਣਪ ਨਾਲ ਨਿਰੱਖ ਕਰਨ ਲਈ ਨਿਕਲ ਪਿਆ ਜਿਹੜੀਆਂ ਸਭ ਗੱਲਾਂ ਇਸ ਜੀਵਨ ਵਿੱਚ [c] ਵਾਪਰਦੀਆਂ ਹਨ। ਮੈਂ ਜਾਣਿਆ ਕਿ ਪਰਮੇਸ਼ੁਰ ਨੇ ਜਿਹੜਾ ਉਦੇਸ਼ ਲੋਕਾਂ ਨੂੰ ਆਪਣੇ-ਆਪ ਨੂੰ ਵਿਅਸਤ ਰੱਖਣ ਲਈ ਦਿੱਤਾ ਬਹੁਤ ਬੁਰਾ ਵਿਉਪਾਰ ਹੈ। 14 ਮੈਂ ਇਸ ਧਰਤੀ ਉੱਤੇ ਵਾਪਰ ਰਹੀਆਂ ਸਾਰੀਆਂ ਗੱਲਾਂ ਵੱਲ ਦੇਖਿਆ ਅਤੇ ਮੈਂ ਦੇਖਿਆ ਕਿ ਇਹ ਸਭ ਕੁਝ ਅਰਬਹੀਣ ਸੀ। ਇਹ ਹਵਾ ਦੇ ਪਿੱਛੇ ਭੱਜਣ ਵਾਂਗ ਹੈ। 15 ਜੋ ਵਿਂਗਾ ਹੋਇਆ ਸਿੱਧਾ ਨਹੀਂ ਕੀਤਾ ਜਾ ਸੱਕਦਾ, ਅਤੇ ਜਿੱਥੇ ਕਿਤੇ ਕੁਝ ਨਾ ਹੋਵੇ, ਓੱਥੇ ਗਿਣਨ ਲਈ ਕੁਝ ਨਹੀਂ ਹੁੰਦਾ।
16 ਮੈਂ ਆਪਣੇ-ਆਪ ਨੂੰ ਆਖਿਆ, “ਮੈਂ ਬਹੁਤ ਬੁੱਧੀਮਾਨ ਹਾਂ। ਮੈਂ ਉਨ੍ਹਾਂ ਸਾਰੇ ਰਾਜਿਆਂ ਨਾਲੋਂ ਵੱਧ ਬੁੱਧੀਮਾਨ ਹਾਂ ਜਿਨ੍ਹਾਂ ਨੇ ਮੇਰੇ ਤੋਂ ਪਹਿਲਾਂ ਯਰੂਸ਼ਲਮ ਉੱਤੇ ਰਾਜ ਕੀਤਾ ਅਤੇ ਮੇਰੇ ਦਿਮਾਗ ਨੇ ਧਿਆਨ ਨਾਲ ਸਿਆਣਪ ਅਤੇ ਗਿਆਨ ਦਾ ਨਿਰੀਖਣ ਕੀਤਾ!”
17 ਅਤੇ ਮੈਂ ਆਪਣੇ ਦਿਮਾਗ਼ ਨੂੰ ਸਿਆਣਪ ਅਤੇ ਗਿਆਨ, ਅਤੇ ਮੂਰੱਖਤਾਈ ਅਤੇ ਬੇਵਕੂਫ਼ੀ ਦਾ ਅਨੁਭਵ ਕਰਨ ਦਿੱਤਾ। ਪਰ ਮੈਂ ਜਾਣਿਆਂ ਕਿ ਸਿਆਣਾ ਬਣਨ ਦੀ ਕੋਸ਼ਿਸ਼ ਹਵਾ ਨੂੰ ਫੜਨ ਦੀ ਕੋਸ਼ਿਸ਼ ਕਰਨ ਵਾਂਗ [d] ਹੈ। 18 ਕਿਉਂ ਕਿ ਬਹੁਤੀ ਸਿਆਣਪ ਨਾਲ ਬਹੁਤਾ ਗੁੱਸਾ ਆਉਂਦਾ ਹੈ, ਅਤੇ ਉਹ ਜਿਹੜਾ ਵੱਧੇਰੇ ਗਿਆਨ ਪ੍ਰਾਪਤ ਕਰਦਾ, ਵੱਧੇਰੇ ਦਰਦ ਪ੍ਰਾਪਤ ਕਰਦਾ।
ਕੀ “ਮੌਜ ਮਸਤੀ” ਖੁਸ਼ੀ ਦੇ ਸੱਕਦੀ ਹੈ?
2 ਮੈਂ ਆਪਣੇ-ਆਪ ਨੂੰ ਆਖਿਆ, “ਮੈਨੂੰ ਪ੍ਰਸੰਸਾ ਨੂੰ ਪਰੱਖਣ ਦੇ ਅਤੇ ਆਨੰਦ ਦਾ ਅਨੁਭਵ ਕਰਨ ਦੇ।” ਪਰ ਮੈਂ ਜਾਣ ਲਿਆ ਕਿ ਇਹ ਵੀ ਅਰਬਹੀਣ ਹੈ। 2 ਦਿਲ ਪਰਚਾਵੇ ਬਾਰੇ ਮੈਂ ਆਖਿਆ: “ਇਹ ਬੇਵਕੂਫ਼ੀ ਹੈ!” ਅਤੇ ਪ੍ਰਸੰਨਤਾ ਬਾਰੇ: “ਅਸਲ ਵਿੱਚ ਇਹ ਕੀ ਲਿਆਉਂਦੀ ਹੈ?”
3 ਮੈਂ ਆਪਣੇ ਦਿਮਾਗ਼ ਨਾਲ ਪਰੱਖਿਆ ਕਿ ਪੀਣ ਤੋਂ ਬਾਅਦ ਆਪਣੇ ਸ਼ਰੀਰ ਤੇ ਕਾਬੂ ਰੱਖਣਾ ਕਿਵੇਂ ਹੈ (ਮੇਰਾ ਦਿਮਾਗ਼, ਕਿਵੇਂ ਵੀ, ਸਿਆਣਪ ਦੁਆਰਾ ਨਿਯੰਤ੍ਰਿਤ ਸੀ, ਅਤੇ ਗ਼ਲਤੀ ਨਾਲ ਅੱਗੇ ਨਹੀਂ ਵੱਧਿਆ ਸੀ।) ਮੈਂ ਵੇਖਣਾ ਚਾਹੁੰਦਾ ਸੀ ਕਿ ਇਨਸਾਨਾਂ ਲਈ ਦੁਨੀਆਂ ਵਿੱਚ, ਆਪਣੇ ਗਿਣਤੀ ਦੇ ਦਿਨਾਂ ਦੌਰਾਨ, ਕੀ ਕਰਨਾ ਚੰਗਾ ਹੈ।
ਕੀ ਸਖਤ ਮਿਹਨਤ ਖੁਸ਼ੀ ਦਿੰਦੀ ਹੈ?
4 ਫੇਰ ਮੈਂ ਮਹਾਨ ਗੱਲਾਂ ਕਰਨੀਆਂ ਆਰੰਭ ਕਰ ਦਿੱਤੀਆਂ। ਮੈਂ ਆਪਣੇ ਲਈ ਇੱਕ ਘਰ ਬਣਾਇਆ ਅਤੇ ਅੰਗੂਰਾਂ ਦਾ ਇੱਕ ਖੇਤ ਉਗਾਇਆ। 5 ਮੈਂ ਆਪਣੇ ਲਈ ਬਗ਼ੀਚੇ ਅਤੇ ਬਾਗ਼ ਲਗਾਏ ਅਤੇ ਹਰ ਤਰ੍ਹਾਂ ਦੇ ਫ਼ਲਦਾਰ ਰੁੱਖ ਉਗਾਏ। 6 ਮੈਂ ਤਾਲਅ ਬਣਵਾਏ, ਜਿਨ੍ਹਾਂ ਨੂੰ ਮੈਂ ਆਪਣੇ ਲਈ ਉਗਾਏ ਹੋਏ ਰੁੱਖਾਂ ਦੇ ਜੰਗਲ ਨੂੰ ਪਾਣੀ ਦੇਣ ਲਈ ਵਰਤਿਆ। 7 ਮੈਂ ਦਾਸ ਤੇ ਦਾਸੀਆਂ ਖਰੀਦੀਆਂ। ਅਤੇ ਮੇਰੇ ਘਰ ਵਿੱਚ ਕੁਝ ਦਾਸ ਪੈਦਾ ਵੀ ਹੋਏ। ਮੇਰੀਆਂ ਬਾਕੀ ਸਾਰੀਆਂ ਮਲਕੀਅਤਾਂ, ਪਸ਼ੂ ਅਤੇ ਭੇਡਾਂ, ਬਹੁਤ ਸਾਰੀਆਂ ਸਨ, ਉਸ ਕਿਸੇ ਨਾਲੋਂ ਵੀ ਵੱਧੇਰੇ ਜੋ ਮੇਰੇ ਤੋਂ ਪਹਿਲਾਂ ਯਰੂਸ਼ਲਮ ਵਿੱਚ ਰਹਿੰਦਾ ਸੀ।
8 ਮੈਂ ਆਪਣੇ ਲਈ ਚਾਂਦੀ ਅਤੇ ਸੋਨਾ ਇਕੱਠਾ ਕੀਤਾ। ਮੈਂ ਰਾਜਿਆਂ ਅਤੇ ਕੌਮਾਂ ਪਾਸੋਂ ਖਜ਼ਾਨੇ ਵੀ ਲੁੱਟੇ। ਮੇਰੇ ਪਾਸ ਗਾਉਣ ਵਾਲੇ ਮਰਦ ਅਤੇ ਔਰਤਾਂ ਅਤੇ ਹਰ ਇਨਸਾਨੀ ਪ੍ਰਸੰਨਤਾ ਹੈ।
9 ਮੈਂ ਬਹੁਤ ਅਮੀਰ ਤੇ ਪ੍ਰਸਿੱਧ ਅਤੇ ਆਪਣੇ ਤੋਂ ਪਹਿਲਾਂ ਯਰੂਸ਼ਲਮ ਵਿੱਚ ਰਹਿਣ ਵਾਲੇ ਕਿਸੇ ਵੀ ਹੋਰ ਬੰਦੇ ਨਾਲੋਂ ਮਹਾਨ ਬਣ ਗਿਆ। ਅਤੇ ਮੇਰੀ ਸਿਆਣਪ ਵੀ ਮੇਰੇ ਸੰਗ ਹੀ ਰਹੀ। 10 ਜੋ ਕੁਝ ਵੀ ਮੇਰੀਆਂ ਅੱਖਾਂ ਨੇ ਵੇਖਿਆ ਅਤੇ ਚਾਹਿਆ ਮੈਂ ਹਾਸਿਲ ਕਰ ਲਿਆ। ਮੈਂ ਆਪਣੇ ਦਿਲ ਲਈ ਕਿਸੇ ਵੀ ਪ੍ਰਸੰਨਤਾ ਤੋਂ ਇਨਕਾਰ ਨਹੀਂ ਕਰਦਾ, ਅਸਲ ਵਿੱਚ, ਮੇਰੇ ਦਿਲ ਨੇ ਮੇਰੇ ਕੀਤੇ ਹਰ ਕੰਮ ਵਿੱਚ ਪ੍ਰਸੰਨਤਾ ਮਹਿਸੂਸ ਕੀਤੀ, ਅਤੇ ਇਹੀ ਹੈ ਜੋ ਮੈਂ ਆਪਣੇ ਸਾਰੇ ਕੰਮ ਤੋਂ ਪ੍ਰਾਪਤ ਕੀਤਾ।
11 ਪਰ ਤਦ ਮੈਂ ਫੇਰ ਉਨ੍ਹਾਂ ਸਾਰੀਆਂ ਚੀਜ਼ਾਂ ਵੱਲ ਦੇਖਿਆਂ ਜੋ ਮੈਂ ਕੀਤੀਆਂ ਸਨ। ਜਿਨ੍ਹਾਂ ਨੂੰ ਹਾਸਿਲ ਕਰਨ ਲਈ ਮੈਂ ਸਖਤ ਮਿਹਨਤ ਕੀਤੀ ਸੀ। ਮੈਂ ਵੇਖਿਆ ਕਿ ਇਹ ਸਭ ਕੁਝ ਅਰਬਹੀਣ ਸੀ। ਇਹ ਹਵਾ ਨੂੰ ਫ਼ੜਨ ਦੀ ਕੋਸ਼ਿਸ਼ ਵਾਂਗ ਸੀ। ਇਸ ਦੁਨੀਆਂ ਵਿੱਚ ਲਾਭ ਹਾਸਿਲ ਕਰਨ ਲਈ ਕੁਝ ਨਹੀਂ।
ਸ਼ਾਇਦ ਸਿਆਣਪ ਹੀ ਉੱਤਰ ਹੈ
12 ਤਦ ਮੈਂ ਫਿਰ ਤੋਂ ਸਿਆਣਪ, ਅਤੇ ਗ਼ਲਤੀ ਅਤੇ ਮੂਰੱਖਤਾਈ ਤੇ ਸੋਚ-ਵਿੱਚਾਰ ਕੀਤਾ। ਰਾਜੇ ਤੋਂ ਬਾਅਦ ਆਉਣ ਵਾਲਾ ਵਿਅਕਤੀ ਉਸ ਤੋਂ ਇਲਾਵਾ ਕੀ ਕੰਮ ਕਰੇਗਾ ਜੋ ਪਹਿਲਾਂ ਹੀ ਰਾਜੇ ਦਾ ਕੀਤਾ ਹੋਇਆ ਸੀ। 13 ਮੈਂ ਦੇਖਿਆ ਕਿ ਅਕਲਮਂਦੀ ਬੇਵਕੂਫ਼ੀ ਉੱਪਰ ਓਸੇ ਤਰ੍ਹਾਂ ਲਾਭਦਾਇੱਕ ਹੈ ਜਿਵੇਂ ਰੌਸ਼ਨੀ ਹਨੇਰੇ ਉੱਪਰ ਲਾਭਦਾਇੱਕ ਹੈ। 14 ਇਹ ਇਸ ਤਰ੍ਹਾਂ ਹੈ: ਸਿਆਣਾ ਬੰਦਾ ਆਪਣੇ ਦਿਮਾਗ਼ ਦੀ ਵਰਤੋਂ ਅੱਖਾਂ ਵਾਂਗੂ ਦੇਖਣ ਲਈ ਕਰਦਾ ਹੈ ਕਿ ਉਹ ਕਿੱਧਰ ਜਾ ਰਿਹਾ ਹੈ। ਪਰ ਮੂਰਖ ਓਸ ਬੰਦੇ ਵਰਗਾ ਹੈ ਜਿਹੜਾ ਹਨੇਰੇ ਵਿੱਚ ਚੱਲ ਰਿਹਾ ਹੈ।
ਪਰ ਮੈਂ ਇਹ ਵੀ ਦੇਖਿਆ ਕਿ ਮੂਰਖ ਬੰਦਾ ਅਤੇ ਸਿਆਣਾ ਬੰਦਾ ਅਖੀਰੀ ਇੱਕੋ ਜਿਹੇ ਅੰਤ ਉੱਤੇ ਪਹੁੰਚਦੇ ਹਨ। 15 ਮੈਂ ਸੋਚਿਆ, “ਜਿਸ ਅੰਤ ਨੂੰ ਮੂਰਖ ਮਿਲਦਾ, ਮੈਂ ਵੀ ਉਸੇ ਨੂੰ ਹੀ ਮਿਲਾਂਗਾ। ਇਸ ਲਈ, ਮੈਂ ਸਿਆਣਾ ਬਣਨ ਲਈ ਕਿਉਂ ਇੰਨੀ ਸਖਤ ਮਿਹਨਤ ਕੀਤੀ?” ਮੈਂ ਆਪਣੇ-ਆਪ ਨੂੰ ਆਖਿਆ, “ਇਹ ਵੀ ਅਰਬਹੀਣ ਹੈ।” 16 ਕਿਉਂ ਕਿ ਕੋਈ ਵੀ ਹਮੇਸ਼ਾ ਵਾਸਤੇ ਸਿਆਣੇ ਜਾਂ ਮੂਰਖ ਨੂੰ ਚੇਤੇ ਨਹੀਂ ਰੱਖੇਗਾ। ਬਹੁਤ ਹੀ ਜਲਦੀ ਭਵਿੱਖ ਵਿੱਚ, ਲੋਕ ਉਨ੍ਹਾਂ ਦੋਹਾਂ ਨੂੰ ਭੁੱਲ ਜਾਣਗੇ। ਇਹ ਕਿੰਨਾ ਮਾੜਾ ਹੈ ਇੱਕ ਸਿਆਣਾ ਵਿਅਕਤੀ ਬਿਲਕੁਲ ਇੱਕ ਮੂਰਖ ਵਾਂਗ ਹੀ ਮਰਦਾ।
ਕੀ ਜੀਵਨ ਵਿੱਚ ਸੱਚੀ ਖੁਸ਼ੀ ਹੈ?
17 ਅਤੇ ਮੈਂ ਜ਼ਿੰਦਗੀ ਨੂੰ ਨਫ਼ਰਤ ਕੀਤੀ, ਕਿਉਂ ਕਿ ਜੋ ਦੁਨੀਆਂ ਵਿੱਚ ਵਾਪਰ ਰਿਹਾ ਇਸ ਨੇ ਮੈਨੂੰ ਪੂਰੀ ਤਰ੍ਹਾਂ ਬੋਝਿਤ ਕਰ ਦਿੱਤਾ ਹੈ, ਸਭ ਕੁਝ ਅਰਬਹੀਣ ਹੈ, ਹਵਾ ਨੂੰ ਫ਼ੜਨ ਦੀ ਕੋਸ਼ਿਸ਼ ਵਾਂਗ।
18 ਮੈਂ ਆਪਣੇ ਸਾਰੇ ਕੰਮਾਂ ਦੇ ਨਤੀਜਿਆਂ ਨੂੰ ਨਫ਼ਰਤ ਕੀਤੀ, ਜਿਸ ਵਾਸਤੇ ਮੈਂ ਇਸ ਦੁਨੀਆਂ ਵਿੱਚ ਸਖਤ ਮਿਹਨਤ ਕੀਤੀ, ਕਿਉਂ ਕਿ ਇਸ ਨੂੰ ਮੈਨੂੰ ਉਸ ਵਿਅਕਤੀ ਲਈ ਛੱਡ ਦੇਣਾ ਪਵੇਗਾ ਜੋ ਮੈਥੋਂ ਮਗਰੋਂ ਆਵੇਗਾ। 19 ਅਤੇ ਕੌਣ ਜਾਣਦਾ ਕਿ ਕੀ ਉਹ ਸਿਆਣਾ ਹੋਵੇਗਾ ਜਾਂ ਮੂਰਖ, ਪਰ ਉਹ ਸਭ ਕਾਸੇ ਦਾ ਇੰਚਾਰਜ ਹੋਵੇਗਾ। ਮੈਂ ਸਖਤ ਮਿਹਨਤ ਕੀਤੀ ਅਤੇ ਇਸ ਜ਼ਿੰਦਗੀ ਵਿੱਚ ਆਪਣੀ ਸਿਆਣਪ ਵਰਤੀ। ਇਹ ਵੀ ਅਰਬਹੀਣ ਹੈ।
20 ਇਸ ਲਈ ਮੈਂ ਬਦਲ ਗਿਆ, ਅਤੇ ਇਸ ਦੁਨੀਆਂ ਵਿੱਚ ਮੇਰੀ ਸਖਤ ਮਿਹਨਤ ਦੀ ਉਪਜ ਬਾਰੇ ਆਪਣੇ ਦਿਲ ਨੂੰ ਸਾਰੀਆਂ ਝੂਠੀਆਂ ਆਸਾਂ ਛੱਡਣ ਲਈ ਮਜਬੂਰ ਕੀਤਾ। 21 ਕੋਈ ਬੰਦਾ ਆਪਣੀ ਸਾਰੀ ਸਿਆਣਪ ਅਤੇ ਗਿਆਨ ਦੀ ਸਹਾਇਤਾ ਨਾਲ ਸਖਤ ਮਿਹਨਤ ਕਰ ਸੱਕਦਾ ਹੈ। ਪਰ ਉਹ ਬੰਦਾ ਮਰ ਜਾਵੇਗਾ ਅਤੇ ਬਾਕੀ ਜਣੇ ਉਹ ਚੀਜ਼ਾਂ ਹਾਸਿਲ ਕਰਨਗੇ ਜਿਨ੍ਹਾਂ ਲਈ ਉਸ ਨੇ ਕੰਮ ਕੀਤਾ ਸੀ। ਉਨ੍ਹਾਂ ਲੋਕਾਂ ਨੇ ਕੰਮ ਨਹੀਂ ਕੀਤਾ ਹੋਵੇਗਾ, ਪਰ ਤਾਂ ਵੀ ਉਹ ਹਰ ਚੀਜ਼ ਪ੍ਰਾਪਤ ਕਰ ਲੈਣਗੇ। ਇਹ ਵੀ ਅਰਬਹੀਣ ਅਤੇ ਇੱਕ ਮਹਾਨ ਅਨਿਆਂ ਹੈ।
22 ਆਪਣੇ ਜੀਵਨ ਭਰ ਦੇ ਸੰਘਰਸ਼ ਅਤੇ ਕੰਮ ਤੋਂ ਮਗਰੋਂ ਕੋਈ ਬੰਦਾ ਅਸਲ ਵਿੱਚ ਕੀ ਹਾਸਿਲ ਕਰਦਾ ਹੈ? 23 ਉਸ ਦੇ ਸਾਰੇ ਦਿਨ ਦਰਦਮਈ ਹਨ, ਉਸ ਦੀ ਸਰਗਰਮੀ ਉਦਾਸਮਈ ਹੈ, ਅਤੇ ਰਾਤ ਵੇਲੇ ਵੀ ਉਸ ਦੇ ਮਨ ਨੂੰ ਆਰਾਮ ਨਹੀਂ ਮਿਲਦਾ, ਇਹ ਵੀ ਅਰਬਹੀਣ ਹੈ।
24-25 ਸਭ ਤੋਂ ਚੰਗੀ ਗੱਲ ਜੋ ਬੰਦਾ ਕਰ ਸੱਕਦਾ ਹੈ ਉਹ ਹੈ ਖਾਣਾ, ਪੀਣਾ ਅਤੇ ਉਸ ਵਿੱਚ ਆਨੰਦ ਮਾਨਣਾ ਜੋ ਉਸ ਨੂੰ ਕਰਨਾ ਚਾਹੀਦਾ। ਪਰ ਮੈਂ ਦੇਖਿਆ ਕਿ ਇਹ ਪਰਮੇਸ਼ੁਰ ਵੱਲੋਂ ਹੈ। ਕਿਉਂ ਕਿ ਆਪਣੇ ਲਈ ਉਸ ਉੱਤੇ ਨਿਰਭਰ ਹੋਇਆਂ ਬਿਨਾਂ ਕੁਝ ਨਹੀਂ ਕਰ ਸੱਕਦਾ ਹੈ। 26 ਜਿਸ ਬੰਦੇ ਨਾਲ ਉਹ ਪ੍ਰਸੰਨ ਹੈ ਪਰਮੇਸ਼ੁਰ ਉਸ ਨੂੰ ਸਿਆਣਪ, ਗਿਆਨ ਅਤੇ ਖੁਸ਼ੀ ਦਿੰਦਾ। ਪਰ ਉਹ ਪਾਪੀ ਨੂੰ ਪੀੜਾ ਦਿੰਦਾ, ਉਹ ਉਸ ਤੋਂ ਇਕੱਠਾ ਅਤੇ ਜਮ੍ਹਾਂ ਕਰਵਾਉਂਦਾ ਸਿਰਫ਼ ਉਸ ਵਿਅਕਤੀ ਨੂੰ ਅਗਾਂਹ ਦੇਣ ਲਈ ਜਿਸ ਨਾਲ ਪਰਮੇਸ਼ੁਰ ਪ੍ਰਸੰਨ ਹੈ। ਪਰ ਇਹ ਸਾਰਾ ਕੰਮ ਅਰਬਹੀਣ ਹੈ। ਇਹ ਹਵਾ ਨੂੰ ਫੜਨ ਵਰਗਾ ਹੈ। ਵਰਗਾ ਹੈ।
2010 by World Bible Translation Center