Print Page Options
Previous Prev Day Next DayNext

Bible in 90 Days

An intensive Bible reading plan that walks through the entire Bible in 90 days.
Duration: 88 days
Punjabi Bible: Easy-to-Read Version (ERV-PA)
Version
ਯਸਾਯਾਹ 1-13

ਇਹ ਦਰਸ਼ਨ ਆਮੋਸ ਦੇ ਪੁੱਤਰ ਯਸਾਯਾਹ ਦਾ ਹੈ। ਪਰਮੇਸ਼ੁਰ ਨੇ ਯਸਾਯਾਹ ਨੂੰ ਉਹ ਗੱਲਾਂ ਦਰਸਾਈਆਂ ਜਿਹੜੀਆਂ ਯਹੂਦਾਹ ਅਤੇ ਯਰੂਸ਼ਲਮ ਨਾਲ ਵਾਪਰਨਗੀਆਂ। ਯਸਾਯਾਹ ਨੇ ਇਹ ਚੀਜ਼ਾਂ ਉਦੋਂ ਦੇਖੀਆਂ ਜਦੋਂ ਉਜ਼ੀਯ੍ਯਾਹ, ਯੋਥਾਮ, ਆਹਾਜ਼ ਅਤੇ ਹਿਜ਼ਕੀਯਾਹ ਯਹੂਦਾਹ ਦੇ ਰਾਜੇ ਸਨ।

ਪਰਮੇਸ਼ੁਰ ਦਾ ਆਪਣੇ ਲੋਕਾਂ ਦੇ ਖਿਲਾਫ਼ ਰੋਸ

ਹੇ ਅਕਾਸ਼ ਤੇ ਧਰਤੀ, ਯਹੋਵਾਹ ਦੀ ਗੱਲ ਧਿਆਨ ਨਾਲ ਸੁਣੋ! ਯਹੋਵਾਹ ਆਖਦਾ ਹੈ,

“ਮੈਂ ਆਪਣੇ ਬੱਚਿਆਂ ਨੂੰ ਪਾਲਿਆ ਮੈਂ ਉਨ੍ਹਾਂ ਦੀ ਵੱਧਣ ਫ਼ੁੱਲਣ ਵਿੱਚ ਸਹਾਇਤਾ ਕੀਤੀ।
    ਪਰ ਮੇਰੇ ਬੱਚੇ ਮੇਰੇ ਹੀ ਖਿਲਾਫ਼ ਹੋ ਗਏ।
ਗਾਂ ਆਪਣੇ ਮਾਲਕ ਨੂੰ ਜਾਣਦੀ ਹੈ।
    ਅਤੇ ਇੱਕ ਗਧਾ ਓਸ ਥਾਂ ਨੂੰ ਜਾਣਦਾ ਹੈ ਜਿੱਥੇ ਉਸਦਾ ਮਾਲਕ ਉਸ ਨੂੰ ਚਾਰਾ ਪਾਉਂਦਾ ਹੈ।
ਪਰ ਇਸਰਾਏਲ ਦੇ ਲੋਕ ਮੈਨੂੰ ਨਹੀਂ ਜਾਣਦੇ। ਮੇਰੇ ਬੰਦੇ ਸਮਝਦੇ ਨਹੀਂ।”

ਇਸਰਾਏਲ ਦੀ ਕੌਮ ਪਾਪ ਨਾਲ ਭਰੀ ਹੋਈ ਹੈ। ਇਹ ਪਾਪ ਉਸ ਭਾਰੇ ਵਜ਼ਨ ਵਰਗਾ ਹੈ ਜਿਹੜਾ ਲੋਕਾਂ ਨੂੰ ਚੁੱਕਣਾ ਪੈ ਰਿਹਾ ਹੈ। ਉਹ ਲੋਕ ਬੁਰੇ ਪਰਿਵਾਰਾਂ ਦੇ ਮੰਦੇ ਬੱਚਿਆਂ ਵ੍ਵਰਗੇ ਹਨ। ਉਨ੍ਹਾਂ ਨੇ ਯਹੋਵਾਹ ਨੂੰ ਛੱਡ ਦਿੱਤਾ। ਉਨ੍ਹਾਂ ਨੇ ਇਸਰਾਏਲ ਦੇ ਪਵਿੱਤਰ ਪੁਰੱਖ (ਪਰਮੇਸ਼ੁਰ) ਦਾ ਅਪਮਾਨ ਕੀਤਾ। ਉਨ੍ਹਾਂ ਨੇ ਉਸ ਨੂੰ ਤਿਆਗ ਦਿੱਤਾ ਅਤੇ ਉਸ ਦੇ ਨਾਲ ਅਜਨਬੀ ਵਰਗਾ ਵਰਤਾਓ ਕੀਤਾ।

ਪਰਮੇਸ਼ੁਰ ਆਖਦਾ ਹੈ, “ਮੈਂ ਕਿਉਂ ਤੁਹਾਨੂੰ ਸਜ਼ਾ ਦਿੰਦਾ ਰਹਾਂ? ਮੈਂ ਤੁਹਾਨੂੰ ਸਜ਼ਾ ਦਿੱਤੀ, ਪਰ ਤੁਸੀਂ ਨਹੀਂ ਬਦਲੇ। ਤੁਸੀਂ ਮੇਰੇ ਖਿਲਾਫ਼ ਬਗਾਵਤ ਜਾਰੀ ਰੱਖੀ ਹੋਈ ਹੈ। ਹੁਣ ਹਰ ਸਿਰ ਅਤੇ ਹਰ ਦਿਲ ਬਿਮਾਰ ਹੈ। ਸਿਰ ਤੋਂ ਪੈਰਾਂ ਤੀਕ ਤੁਹਾਡੇ ਸ਼ਰੀਰ ਉੱਤੇ ਜ਼ਖਮ ਅਤੇ ਫ਼ੋੜੇ ਹਨ। ਤੁਸੀਂ ਆਪਣੇ ਫ਼ੋੜਿਆਂ ਦਾ ਇਲਾਜ ਨਹੀਂ ਕੀਤਾ। ਤੁਹਾਡੇ ਜ਼ਖਮਾਂ ਦੀ ਸਫ਼ਾਈ ਅਤੇ ਮਰਹਮ ਪੱਟੀ ਨਹੀਂ ਹੋਈ।

“ਤੁਹਾਡੀ ਜ਼ਮੀਨ ਬਰਬਾਦ ਹੋ ਗਈ ਹੈ। ਤੁਹਾਡੇ ਸ਼ਹਿਰ ਅੱਗ ਨਾਲ ਸਾੜੇ ਗਏ ਹਨ। ਤੁਹਾਡੇ ਦੁਸ਼ਮਣਾਂ ਨੇ ਤੁਹਾਡੀ ਧਰਤੀ ਉੱਤੇ ਕਬਜ਼ਾ ਕਰ ਲਿਆ ਹੈ। ਤੁਹਾਡੀ ਧਰਤੀ ਉਸ ਤਰ੍ਹਾਂ ਤਬਾਹ ਹੋ ਗਈ ਹੈ ਜਿਵੇਂ ਕਿਸੇ ਦੇਸ਼ ਨੂੰ ਫ਼ੌਜਾਂ ਤਬਾਹ ਕਰ ਦਿੰਦੀਆਂ ਹਨ।”

ਯਰੂਸ਼ਲਮ ਨੂੰ ਚੇਤਾਵਨੀ

ਸੀਯੋਨ ਦੀ ਧੀ ਹੁਣ ਅੰਗੂਰਾਂ ਦੇ ਬਾਗ ਵਿੱਚ ਸੱਖਣੇ ਤੰਬੂ ਵਰਗੀ ਹੈ। ਹੁਣ ਇਹ ਕਕੜੀਆਂ ਦੇ ਖੇਤ ਵਿੱਚ ਛੱਡੀ ਹੋਈ ਪੁਰਾਣੀ ਝੁਗ੍ਗੀ ਜਾਂ ਘਿਰੇ ਹੋਏ ਸ਼ਹਿਰ ਵਰਗੀ ਹੈ। ਇਹ ਠੀਕ ਹੈ, ਪਰ ਸਰਬ ਸ਼ਕਤੀਮਾਨ ਯਹੋਵਾਹ ਨੇ ਕੁਝ ਲੋਕਾਂ ਨੂੰ ਜਿਉਂਦੇ ਰਹਿਣ ਦੀ ਇਜਾਜ਼ਤ ਦੇ ਦਿੱਤੀ ਸੀ। ਸਾਨੂੰ ਸਦੂਮ ਅਤੇ ਅਮੂਰਾਹ ਦੇ ਸ਼ਹਿਰਾਂ ਵਾਂਗ ਪੂਰੀ ਤਰ੍ਹਾਂ ਤਬਾਹ ਨਹੀਂ ਕੀਤਾ ਗਿਆ।

10 ਸਦੂਮ ਦੇ ਆਗੂਓ ਸੁਣੋ ਤੁਸੀਂ, ਯਹੋਵਾਹ ਦੇ ਪੈਗਾਮ ਨੂੰ। ਤੁਸੀਂ, ਅਮੂਰਾਹ ਦੇ ਲੋਕੋ ਯਹੋਵਾਹ ਦੀ ਬਿਵਸਬਾ ਨੂੰ ਸੁਣੋ! 11 ਯਹੋਵਾਹ ਆਖਦਾ ਹੈ, “ਕਿਉਂ ਤੁਸੀਂ ਮੈਨੂੰ ਇਹ ਸਾਰੀਆਂ ਬਲੀਆਂ ਚੜ੍ਹਾਉਂਦੇ ਜਾ ਰਹੇ ਹੋ? ਮੈਂ ਤੁਹਾਡੇ ਭੇਡੂਆਂ ਅਤੇ ਮੋਟੇ-ਤਾਜ਼ੇ ਜਾਨਵਰਾਂ ਦੀਆਂ ਕਾਫੀ ਬਲੀਆਂ ਪ੍ਰਾਪਤ ਕਰ ਚੁੱਕਿਆ ਹ੍ਹਾਂ। ਮੈਨੂੰ ਤੁਹਾਡੀਆਂ ਬੱਕਰੀਆਂ, ਬਲਦਾਂ ਅਤੇ ਭੇਡਾਂ ਦੇ ਖੂਨ ਵਿੱਚ ਪ੍ਰਸੰਨਤਾ ਨਹੀਂ ਮਿਲਦੀ। 12 ਜਦੋਂ ਤੁਸੀਂ ਲੋਕ ਮੈਨੂੰ ਮਿਲਣ ਆਉਂਦੇ ਹੋ ਤਾਂ ਮੇਰੇ ਵਿਹੜੇ ਦੀ ਹਰ ਸ਼ੈਅ ਨੂੰ ਪੈਰਾਂ ਹੇਠਾਂ ਲਿਤਾੜ ਜਾਂਦੇ ਹੋ। ਕਿਸੇ ਨੇ ਤੁਹਾਨੂੰ ਅਜਿਹਾ ਕਰਨ ਲਈ ਆਖਿਆ ਸੀ?

13 “ਮੇਰੇ ਲਈ ਇਹ ਫ਼ਿਜ਼ੂਲ ਬਲੀਆਂ ਨਾ ਲਿਆਉਂਦੇ ਰਹੋ। ਮੈਨੂੰ ਨਫ਼ਰਤ ਹੈ ਉਸ ਧੂਫ਼ ਨਾਲ ਜਿਹੜੀ ਤੁਸੀਂ ਮੈਨੂੰ ਪੇਸ਼ ਕਰਦੇ ਹੋ। ਮੈਂ ਤੁਹਾਡੇ ਨਵੇਂ ਚੰਨ ਸਬਤ ਅਤੇ ਤੁਹਾਡੇ ਹੋਰ ਪਰਬਾਂ ਦੀਆਂ ਦਾਅਵਤਾਂ ਨੂੰ ਨਹੀਂ ਸਹਿਨ ਕਰ ਸੱਕਦਾ। ਮੈਂ ਉਸ ਬਦੀ ਨਾਲ ਨਫ਼ਰਤ ਕਰਦਾ ਹਾਂ ਜਿਹੜੀ ਤੁਸੀਂ ਆਪਣੀਆਂ ਪਵਿੱਤਰ ਮਿਲਣੀਆਂ ਵਿੱਚ ਕਮਾਉਂਦੇ ਹੋ। 14 ਮੈਂ ਪੂਰੇ ਦਿਲੋਂ ਤੁਹਾਡੀ ਮਹੀਨੇਵਾਰ ਮਜਲਿਸਾਂ ਅਤੇ ਸਲਾਹ ਮਸ਼ਵਰਿਆਂ ਨੂੰ ਨਫ਼ਰਤ ਕਰਦਾ ਹਾਂ। ਇਹ ਮਜਲਿਸਾਂ ਹੁਣ ਮੇਰੇ ਲਈ ਭਾਰੀ ਬੋਝ ਬਣ ਗਈਆਂ ਹਨ। ਅਤੇ ਮੈਂ ਇਨ੍ਹਾਂ ਦੇ ਬੋਝ ਨੂੰ ਚੁੱਕਦਾ ਹੋਇਆ ਬਕੱ ਗਿਆ ਹਾਂ।

15 “ਤੁਸੀਂ ਲੋਕ ਹੱਥ ਚੁੱਕ ਕੇ ਮੇਰੇ ਅੱਗੇ ਪ੍ਰਾਰਥਨਾ ਕਰਦੇ ਹੋ-ਪਰ ਮੈਂ ਤੁਹਾਡੇ ਵੱਲ ਦੇਖਣ ਤੋਂ ਇਨਕਾਰ ਕਰਦਾ ਹਾਂ। ਤੁਸੀਂ ਲੋਕ ਹੋਰ-ਹੋਰ ਪ੍ਰਾਰਥਨਾਵਾਂ ਕਰੋਗੇ-ਪਰ ਮੈਂ ਤੁਹਾਨੂੰ ਨਹੀਂ ਸੁਣਾਂਗਾ। ਕਿਉਂਕਿ ਤੁਹਾਡੇ ਹੱਥ ਖੂਨ ਨਾਲ ਭਰੇ ਹੋਏ ਹਨ।

16 “ਹੱਥ ਧੋ ਲਵੋ। ਆਪਣੇ-ਆਪ ਨੂੰ ਸਾਫ਼ ਕਰੋ! ਬੁਰੇ ਕੰਮ ਕਰਨੇ ਛੱਡ ਦਿਓ। ਮੈਂ ਉਨ੍ਹਾਂ ਬੁਰੀਆਂ ਚੀਜ਼ਾਂ ਨੂੰ ਹੋਰ ਨਹੀਂ ਦੇਖਣਾ ਚਾਹੁੰਦਾ। ਬਦੀ ਕਰਨੀ ਛੱਡ ਦਿਓ! 17 ਨੇਕੀ ਕਰਨੀ ਸਿਖੋ। ਹੋਰਾਂ ਲੋਕਾਂ ਨਾਲ ਇਨਸਾਫ਼ ਕਰੋ। ਜਿਹੜੇ ਦੂਸਰਿਆਂ ਨੂੰ ਦੁੱਖ ਦਿੰਦੇ ਹਨ ਉਨ੍ਹਾਂ ਨੂੰ ਸਜ਼ਾ ਦਿਓ। ਯਤੀਮ ਬੱਚਿਆਂ ਦੀ ਸਹਾਇਤਾ ਕਰੋ। ਵਿਧਵਾਵਾਂ ਦੀ ਸਹਾਇਤਾ ਕਰੋ।”

18 ਯਹੋਵਾਹ ਆਖਦਾ ਹੈ, “ਆਓ, ਅਸੀਂ ਇਨ੍ਹਾਂ ਗੱਲਾਂ ਉੱਤੇ ਵਿੱਚਾਰ ਕਰੀਏ। ਤੁਹਾਡੇ ਪਾਪ ਸੂਹੇ ਕੱਪੜੇ ਵਾਂਗ ਲਾਲ ਹਨ, ਪਰ ਉਹ ਧੋਤੇ ਜਾ ਸੱਕਦੇ ਹਨ। ਤੁਸੀਂ ਬਰਫ਼ ਵਾਂਗ ਸਫ਼ੇਦ ਹੋਵੋਗੇ। ਤੁਹਾਡੇ ਪਾਪ ਚਮਕੀਲੇ ਲਾਲ ਹਨ ਪਰ ਤੁਸੀਂ ਉਨ ਵਰਗੇ ਚਿੱਟੇ ਬਣ ਸੱਕਦੇ ਹੋ।

19 “ਜੇ ਤੁਸੀਂ ਉਨ੍ਹਾਂ ਗੱਲਾਂ ਨੂੰ ਸੁਣੋਗੇ ਜਿਹੜੀਆਂ ਮੈਂ ਤੁਹਾਨੂੰ ਆਖਦਾ ਹਾਂ ਤਾਂ ਤੁਹਾਨੂੰ ਇਸ ਧਰਤੀ ਦੀਆਂ ਚੰਗੀਆਂ ਚੀਜ਼ਾਂ ਪ੍ਰਾਪਤ ਹੋਣਗੀਆਂ। 20 ਪਰ ਜੇ ਤੁਸੀਂ ਸੁਣਨ ਤੋਂ ਇਨਕਾਰ ਕੀਤਾ ਤਾਂ ਤੁਸੀਂ ਮੇਰੇ ਖਿਲਾਫ਼ ਹੋ। ਅਤੇ ਤੁਹਾਡੇ ਦੁਸ਼ਮਣ ਤੁਹਾਨੂੰ ਤਬਾਹ ਕਰ ਦੇਣਗੇ।”

ਯਹੋਵਾਹ ਨੇ ਖੁਦ ਇਹ ਗੱਲਾਂ ਆਖੀਆਂ।

ਯਰੂਸ਼ਲਮ ਪਰਮੇਸ਼ੁਰ ਪ੍ਰਤਿ ਵਫ਼ਾਦਾਰ ਨਹੀਂ ਹੈ

21 ਪਰਮੇਸ਼ੁਰ ਆਖਦਾ ਹੈ, “ਯਰੂਸ਼ਲਮ ਵੱਲ ਦੇਖੋ। ਉਹ ਅਜਿਹੀ ਨਗਰੀ ਸੀ ਜਿਹੜੀ ਮੇਰੇ ਉੱਤੇ ਵਿਸ਼ਵਾਸ ਕਰਦੀ ਸੀ ਅਤੇ ਮੇਰੇ ਪਿੱਛੇ ਚਲਦੀ ਸੀ। ਕਿਸ ਚੀਜ਼ ਨੇ ਉਸ ਨੂੰ ਇੱਕ ਵੇਸਵਾ ਵਾਂਗ ਬਣਾ ਦਿੱਤਾ? ਉਹ ਹੁਣ ਮੇਰੀ ਅਗਵਾਈ ਵਿੱਚ ਨਹੀਂ ਚਲਦੀ। ਯਰੂਸ਼ਲਮ ਨੂੰ ਇਨਸਾਫ਼ ਨਾਲ ਭਰਿਆ ਹੋਣਾ ਚਾਹੀਦਾ ਹੈ। ਯਰੂਸ਼ਲਮ ਵਿੱਚ ਰਹਿਣ ਵਾਲੇ ਲੋਕਾਂ ਨੂੰ ਪਰਮੇਸ਼ੁਰ ਦੀ ਰਜ਼ਾ ਵਿੱਚ ਰਹਿਣਾ ਚਾਹੀਦਾ ਹੈ। ਪਰ ਹੁਣ ਉੱਥੇ ਕਾਤਲ ਰਹਿੰਦੇ ਹਨ।

22 “ਨੇਕੀ ਚਾਂਦੀ ਵਰਗੀ ਹੈ। ਪਰ ਤੁਹਾਡੀ ਚਾਂਦੀ ਨਿਰਾਰਬਕ ਬਣ ਚੁੱਕੀ ਹੈ। ਤੁਹਾਡੀ ਸ਼ਰਾਬ (ਨੇਕੀ) ਵਿੱਚ ਪਾਣੀ ਮਿਲਿਆ ਹੋਇਆ ਹੈ-ਇਹ ਹੁਣ ਬੇ ਅਸਰ ਹੋ ਚੁੱਕੀ ਹੈ। 23 ਤੁਹਾਡੇ ਹਾਕਮ ਬਾਗ਼ੀ ਹਨ ਅਤੇ ਚੋਰਾਂ ਦੇ ਯਾਰ ਹਨ। ਤੁਹਾਡੇ ਸਾਰੇ ਹਾਕਮ ਵਢ੍ਢੀ ਮੰਗਦੇ ਹਨ-ਉਹ ਗ਼ਲਤ ਕੰਮ ਕਰਨ ਲਈ ਪੈਸਾ ਲੈਂਦੇ ਹਨ। ਤੁਹਾਡੇ ਸਾਰੇ ਹਾਕਮ ਲੋਕਾਂ ਨੂੰ ਧੋਖਾ ਦੇਣ ਦੀ ਤਨਖਾਹ ਲੈਂਦੇ ਹਨ। ਤੁਹਾਡੇ ਹਾਕਮ ਯਤੀਮਾਂ ਦੀ ਸਹਾਇਤਾ ਕਰਨ ਦੀ ਕੋਸ਼ਿਸ਼ ਨਹੀਂ ਕਰਦੇ। ਤੁਹਾਡੇ ਹਾਕਮ ਵਿਧਵਾਵਾਂ ਦੀਆਂ ਲੋੜਾਂ ਬਾਰੇ ਧਿਆਨ ਨਹੀਂ ਦਿੰਦੇ।”

24 ਇਨ੍ਹਾਂ ਸਾਰੀਆਂ ਗੱਲਾਂ ਕਰਕੇ, ਪ੍ਰਭੂ, ਸਰਬ ਸ਼ਕਤੀਮਾਨ ਯਹੋਵਾਹ, ਇਸਰਾਏਲ ਦਾ ਪਵਿੱਤਰ ਪੁਰੱਖ ਆਖਦਾ ਹੈ, “ਮੈਂ ਤੁਹਾਨੂੰ ਸਜ਼ਾ ਦੇਵਾਂਗਾ, ਮੇਰੇ ਦੁਸਮਣੋ। ਤੁਸੀਂ ਮੈਨੂੰ ਹੋਰ ਕਸ਼ਟ ਨਹੀਂ ਦੇ ਸੱਕੇਂਗੇ। 25 ਲੋਕੀਂ ਚਾਂਦੀ ਨੂੰ ਸਾਫ਼ ਕਰਨ ਲਈ ਸੱਜੀ ਦੀ ਵਰਤੋਂ ਕਰਦੇ ਹਨ ਇਸੇ ਤਰ੍ਹਾਂ, ਮੈਂ ਤੁਹਾਡੇ ਬੁਰੇ ਕੰਮਾਂ ਨੂੰ ਸਾਫ਼ ਕਰ ਦਿਆਂਗਾ। ਮੈਂ ਤੁਹਾਡੀਆਂ ਸਾਰੀਆਂ ਫ਼ਿਜ਼ੂਲ ਚੀਜ਼ਾਂ ਤੁਹਾਡੇ ਕੋਲੋਂ ਖੋਹ ਲਵਾਂਗਾ। 26 ਮੈਂ ਉਸੇ ਤਰ੍ਹਾਂ ਦੇ ਨਿਆਂਕਾਰ ਵਾਪਸ ਲਿਆਵਾਂਗਾ ਜਿਹੋ ਜਿਹੇ ਸ਼ੁਰੂ ਵਿੱਚ ਤੁਹਾਡੇ ਕੋਲ ਸਨ। ਤੁਹਾਡੇ ਸਲਾਹਕਾਰ ਉਨ੍ਹਾਂ ਸਲਾਹਕਾਰਾਂ ਵਰਗੇ ਹੋਣਗੇ ਜਿਹੜੇ ਬਹੁਤ ਪਹਿਲੋਂ ਹੁੰਦੇ ਸਨ। ਫ਼ੇਰ ਤੁਸੀਂ ‘ਨੇਕ ਅਤੇ ਵਫ਼ਾਦਾਰ ਸ਼ਹਿਰ’ ਦੇ ਵਾਸੀ ਅਖਵਾਓਗੇ।”

27 ਸੀਯੋਨ ਨਿਆਂ ਦੁਆਰਾ ਮੁਕਤ ਕਰਵਾਇਆ ਜਾਵੇਗਾ, ਅਤੇ ਉਸ ਵਿੱਚ ਉਹ ਜਿਹੜੇ, ਪਰਮੇਸ਼ੁਰ ਵੱਲ ਪਰਤਦੇ ਹਨ ਚੰਗਿਆਈ ਦੁਆਰਾ ਮੁਕਤ ਕਰਵਾਏ ਜਾਣਗੇ। 28 ਪਰ ਸਾਰੇ ਮੁਜਰਿਮ ਅਤੇ ਪਾਪੀ ਤਬਾਹ ਹੋ ਜਾਣਗੇ। ਉਹ ਅਜਿਹੇ ਲੋਕ ਹਨ ਜਿਹੜੇ ਯਹੋਵਾਹ ਦੇ ਅਨੁਯਾਈ ਨਹੀਂ ਹਨ।

29 ਭਵਿੱਖ ਵਿੱਚ, ਤੁਸੀਂ ਉਨ੍ਹਾਂ ਬਗੀਚਿਆਂ ਅਤੇ ਓਕ ਦੇ ਰੁੱਖਾਂ ਤੇ ਸ਼ਰਮਸ਼ਾਰ ਹੋਵੋਂਗੇ ਜਿਨ੍ਹਾਂ ਨੂੰ ਤੁਸੀਂ ਆਪਣੇ ਬੁੱਤਾਂ ਦੀ ਉਪਾਸਨਾ ਲਈ ਚੁਣਿਆ ਸੀ। 30 ਇਹ ਇਸ ਲਈ ਵਾਪਰੇਗਾ ਕਿਉਂਕਿ ਤੁਸੀਂ ਲੋਕ ਓਕ ਦੇ ਉਸ ਰੁੱਖ ਵਾਂਗ ਹੋਵੋਂਗੇ ਜਿਸਦੇ ਪੱਤੇ ਸੁੱਕ ਗਏ ਹਨ। ਤੁਸੀਂ ਉਸ ਬਾਗ ਵਰਗੇ ਹੋਵੋਗੇ ਜਿਹੜਾ ਪਾਣੀ ਦੀ ਕਮੀ ਕਾਰਣ ਮਰ ਰਿਹਾ ਹੋਵੇ। 31 ਸ਼ਕਤੀਸ਼ਾਲੀ ਲੋਕ ਲਕੜੀ ਦੇ ਛੋਟੇ ਟੁਕੜਿਆਂ ਵਰਗੇ ਹੋਣਗੇ। ਅਤੇ ਉਹ ਗੱਲਾਂ ਜਿਹੜੀਆਂ ਉਹ ਲੋਕ ਕਰਦੇ ਹਨ ਉਹ ਚਂਗਿਆੜੀਆਂ ਵਰਗੀਆਂ ਹੋਣਗੀਆਂ ਜਿਹੜੀਆਂ ਅੱਗ ਲਾਉਂਦੀਆਂ ਹਨ ਸ਼ਕਤੀਸ਼ਾਲੀ ਲੋਕ ਅਤੇ ਉਨ੍ਹਾਂ ਦੇ ਅਮਲ ਸੜ ਜਾਵਣਗੇ। ਅਤੇ ਕੋਈ ਵੀ ਬੰਦਾ ਉਸ ਅੱਗ ਨੂੰ ਬੁਝਾ ਨਹੀਂ ਸੱਕੇਗਾ।

ਪਰਮੇਸ਼ੁਰ ਦਾ ਯਹੂਦਾਹ ਅਤੇ ਯਰੂਸ਼ਲਮ ਨੂੰ ਸੰਦੇਸ਼

ਆਮੋਸ ਦੇ ਪੁੱਤਰ ਯਸਾਯਾਹ ਨੇ ਯਹੂਦਾਹ ਅਤੇ ਯਰੂਸ਼ਲਮ ਬਾਰੇ ਇਹ ਸੰਦੇਸ਼ ਦੇਖਿਆ।

ਆਖਰੀ ਦਿਨਾਂ ਵਿੱਚ, ਯਹੋਵਾਹ ਦੇ ਮੰਦਰ ਵਾਲਾ ਪਰਬਤ ਸਭ
    ਤੋਂ ਉੱਚੇ ਪਹਾੜਾਂ ਤੇ ਹੋਵੇਗਾ।
ਇਸ ਨੂੰ ਸਾਰੀਆਂ ਪਹਾੜੀਆਂ ਤੋਂ ਉੱਚਾ ਕਰ ਦਿੱਤਾ ਜਾਵੇਗਾ।
    ਸਮੂਹ ਕੌਮਾਂ ਦੇ ਲੋਕਾਂ ਦੀ ਇੱਕਸਾਰ ਭੀੜ ਉੱਥੇ ਜਾ ਰਹੀ ਹੋਵੇਗੀ।
ਬਹੁਤ ਲੋਕ ਉੱਥੇ ਜਾਣਗੇ। ਉਹ ਆਖਣਗੇ,
    “ਆਓ, ਅਸੀਂ ਯਹੋਵਾਹ ਦੇ ਪਰਬਤ ਉੱਤੇ ਚੱਲੀਏ।
    ਆਓ ਅਸੀਂ ਯਾਕੂਬ ਦੇ ਪਰਮੇਸ਼ੁਰ ਦੇ ਮੰਦਰ ਵਿੱਚ ਚੱਲੀਏ।
ਫ਼ੇਰ ਸਾਨੂੰ ਪਰਮੇਸ਼ੁਰ ਆਪਣੇ ਮਾਰਗ ਦੀ ਸਿੱਖਿਆ ਦ੍ਦੇਵੇਗਾ।
    ਅਤੇ ਅਸੀਂ ਉਸ ਦੇ ਅਨੁਯਾਈ ਬਣਾਂਗੇ।”

ਪਰਮੇਸ਼ੁਰ ਦੀ ਬਿਵਸਬਾ-ਯਹੋਵਾਹ ਦਾ ਸੰਦੇਸ਼-ਯਰੂਸ਼ਲਮ ਵਿੱਚ ਸੀਯੋਨ ਦੇ ਪਰਬਤ ਉੱਤੋਂ ਸ਼ੁਰੂ ਹੋਵੇਗਾ
    ਅਤੇ ਸਾਰੀ ਦੁਨੀਆਂ ਵਿੱਚ ਫ਼ੈਲ ਜਾਵੇਗਾ।
ਫ਼ੇਰ ਪਰਮੇਸ਼ੁਰ ਸਾਰੀਆਂ ਕੌਮਾਂ ਦਾ ਨਿਆਂਪਾਲਕ ਹੋਵੇਗਾ।
    ਪਰਮੇਸ਼ੁਰ ਬਹੁਤ ਸਾਰੇ ਲੋਕਾਂ ਦੇ ਝਗੜ੍ਹੇ ਮੁਕਾ ਦੇਵੇਗਾ।
ਉਹ ਲੋਕ ਲੜਾਈ ਕਰਨ ਲਈ ਹਬਿਆਰਾਂ ਦੀ ਵਰਤੋਂ ਕਰਨੀ ਛੱਡ ਦੇਣਗੇ।
    ਉਹ ਆਪਣੀਆਂ ਤਲਵਾਰਾਂ ਦੇ ਹੱਲ ਬਣਾ ਲੈਣਗੇ।
    ਅਤੇ ਉਹ ਆਪਣੇ ਨੇਜਿਆਂ ਦੀਆਂ ਦਾਤੀਆਂ ਬਣਾ ਲੈਣਗੇ।
ਲੋਕ ਇੱਕ ਦੂਸਰੇ ਦੇ ਖਿਲਾਫ਼ ਲੜਨੋ ਹਟ ਜਾਣਗੇ।
    ਲੋਕ ਫ਼ੇਰ ਕਦੇ ਵੀ ਯੁੱਧ ਲਈ ਤਿਆਰੀ ਨਹੀਂ ਕਰਨਗੇ।

ਯਾਕੂਬ ਦੇ ਪਰਿਵਾਰ, ਤੈਨੂੰ ਯਹੋਵਾਹ ਦੀ ਅਗਵਾਈ ਵਿੱਚ ਚੱਲਣਾ ਚਾਹੀਦਾ ਹੈ।

ਇਹ ਮੈਂ ਤੈਨੂੰ ਆਖਦਾ ਹਾਂ। ਕਿਉਂ ਕਿ ਤੂੰ ਆਪਣੇ ਲੋਕਾਂ ਦਾ ਸਾਬ ਛੱਡ ਦਿੱਤਾ ਹੈ। ਤੁਹਾਡੇ ਲੋਕਾਂ ਅੰਦਰ ਪੂਰਬ ਦੇ ਲੋਕਾਂ ਦੇ ਗ਼ਲਤ ਵਿੱਚਾਰ ਭਰੇ ਪਏ ਹਨ। ਤੁਹਾਡੇ ਲੋਕ ਫ਼ਲਿਸਤੀਆਂ ਵਾਂਗ ਭਵਿੱਖ ਦਾ ਹਾਲ ਦੱਸਣ ਦੀ ਕੋਸ਼ਿਸ਼ ਕਰਦੇ ਹਨ। ਤੁਹਾਡੇ ਲੋਕਾਂ ਨੇ ਉਨ੍ਹਾਂ ਅਜੀਬ ਵਿੱਚਾਰਾਂ ਨੂੰ ਪੂਰੀ ਤਰ੍ਹਾਂ ਅਪਣਾ ਲਿਆ ਹੈ। ਤੁਹਾਡੀ ਧਰਤੀ ਹੋਰਨਾਂ ਥਾਵਾਂ ਦੇ ਸੋਨੇ ਚਾਂਦੀ ਨਾਲ ਭਰ ਗਈ ਹੈ। ਇੱਥੇ ਬਹੁਤ-ਬਹੁਤ ਖਜ਼ਾਨੇ ਹਨ। ਤੁਹਾਡੀ ਧਰਤੀ ਘੋੜਿਆਂ ਨਾਲ ਭਰੀ ਹੋਈ ਹੈ। ਇੱਥੇ ਬਹੁਤ-ਬਹੁਤ ਰੱਥ ਹਨ। ਤੁਹਾਡੀ ਧਰਤੀ ਤੇ ਬੁੱਤ ਭਰੇ ਹੋਏ ਹਨ, ਜਿਨ੍ਹਾਂ ਦੀ ਲੋਕ ਉਪਾਸਨਾ ਕਰਦੇ ਹਨ। ਲੋਕਾਂ ਨੇ ਉਹ ਬੁੱਤ ਬਣਾਏ ਹਨ ਅਤੇ ਲੋਕ ਹੀ ਉਨ੍ਹਾਂ ਦੀ ਉਪਾਸਨਾ ਕਰਦੇ ਹਨ। ਲੋਕ ਬਦ ਤੋਂ ਬਦਤਰ ਬਣ ਗਏ ਹਨ। ਲੋਕ ਬਹੁਤ ਨੀਵੇਂ ਬਣ ਗਏ ਹਨ। ਹੇ ਪਰਮੇਸ਼ੁਰ, ਤੁਸੀਂ ਅਵੱਸ਼ ਹੀ ਉਨ੍ਹਾਂ ਨੂੰ ਕਦੇ ਮਾਫ਼ ਨਹੀਂ ਕਰੋਗੇ, ਕੀ ਤੁਸੀਂ ਅਜਿਹਾ ਕਰੋਗੇ?

10 ਜਾਓ, ਚੱਟਾਨਾਂ ਦੇ ਉਹਲੇ ਤੇ ਮਿੱਟੀ ਵਿੱਚ ਲੁਕ ਜਾਓ! ਤੁਹਾਨੂੰ ਯਹੋਵਾਹ ਕੋਲੋਂ ਡਰਨਾ ਚਾਹੀਦਾ ਹੈ ਅਤੇ ਤੁਹਾਨੂੰ ਉਸਦੀ ਮਹਾਨ ਸ਼ਕਤੀ ਤੋਂ ਬਚਣਾ ਚਾਹੀਦਾ ਹੈ!

11 ਗੁਮਾਨੀ ਲੋਕ ਗੁਮਾਨੀ ਹੋਣਾ ਛੱਡ ਦੇਣਗੇ। ਉਹ ਗੁਮਾਨੀ ਲੋਕ ਸ਼ਰਮ ਨਾਲ ਧਰਤੀ ਤੇ ਝੁਕ ਜਾਣਗੇ। ਉਸ ਵੇਲੇ ਸਿਰਫ਼ ਯਹੋਵਾਹ ਹੀ ਉੱਚਾ ਖਲੋਤਾ ਹੋਵੇਗਾ।

12 ਯਹੋਵਾਹ ਨੇ ਇੱਕ ਖਾਸ ਦਿਨ ਦੀ ਯੋਜਨਾ ਬਣਾਈ ਹੈ। ਉਸ ਦਿਨ, ਯਹੋਵਾਹ ਗੁਮਾਨੀ ਅਤੇ ਹਂਕਾਰੀ ਲੋਕਾਂ ਨੂੰ ਸਜ਼ਾ ਦੇਵੇਗਾ। ਫ਼ੇਰ ਉਨ੍ਹਾਂ ਗੁਮਾਨੀ ਲੋਕਾਂ ਨੂੰ ਗ਼ੈਰ ਜ਼ਰੂਰੀ ਬਣਾ ਦਿੱਤਾ ਜਾਵੇਗਾ। 13 ਉਹ ਲੋਕ ਲਬਾਨੋਨ ਦੇ ਲੰਮੇ ਦਿਆਰਾਂ ਦੇ ਰੁੱਖਾਂ ਵਾਂਗ ਗੁਮਾਨੀ ਅਤੇ ਬਾਸ਼ਾਨ ਦੇ ਲੰਮੇ ਬਲੂਤ ਦੇ ਰੁੱਖਾਂ ਵਰਗੇ ਹਨ। ਪਰ ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਵੇਗਾ। 14 ਉਹ ਗੁਮਾਨੀ ਲੋਕ ਹਨ ਉੱਚੇ ਪਰਬਤਾਂ ਅਤੇ ਉੱਚੀਆਂ ਪਹਾੜੀਆਂ ਵਰਗੇ। 15 ਉਹ ਗੁਮਾਨੀ ਲੋਕ ਹਨ ਉੱਚੇ ਮੁਨਾਰਿਆ ਅਤੇ ਬਹੁਤ ਮਜ਼ਬੂਤ ਕੰਧਾਂ ਵਰਗੇ। ਪਰ ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਵੇਗਾ। 16 ਉਹ ਗੁਮਾਨੀ ਲੋਕ ਤਰਸ਼ੀਸ਼ ਦੇ ਵੱਡੇ ਜਹਾਜ਼ਾਂ ਵਰਗੇ ਹਨ। ਉਨ੍ਹਾਂ ਜਹਾਜ਼ਾਂ ਵਿੱਚ ਮਹੱਤਵਪੂਰਣ ਚੀਜ਼ਾਂ ਭਰੀਆਂ ਹੁੰਦੀਆਂ ਹਨ। ਪਰ ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਵੇਗਾ।

17 ਉਸ ਵੇਲੇ, ਲੋਕ ਗੁਮਾਨ ਕਰਨੋ ਹਟ ਜਾਣਗੇ। ਜਿਹੜੇ ਲੋਕ ਹੁਣ ਗੁਮਾਨੀ ਹਨ ਉਹ ਧਰਤੀ ਤੇ ਝੁਕ ਜਾਣਗੇ। ਅਤੇ ਓਸ ਵੇਲੇ ਸਿਰਫ਼ ਯਹੋਵਾਹ ਹੀ ਉੱਚਾ ਖਲੋਤਾ ਹੋਵੇਗਾ। 18 ਸਭ ਬੁੱਤ ਨਸ਼ਟ ਹੋ ਜਾਣਗੇ । 19 ਲੋਕੀ ਚੱਟਾਨਾਂ ਪਿੱਛੇ ਅਤੇ ਧਰਤੀ ਦੀਆਂ ਖੱਡਾਂ ਵਿੱਚ ਛੁਪ ਜਾਣਗੇ। ਲੋਕੀ ਯਹੋਵਾਹ ਕੋਲੋਂ ਅਤੇ ਉਸਦੀ ਮਹਾਨ ਸ਼ਕਤੀ ਕੋਲੋਂ ਭੈਭੀਤ ਹੋਣਗੇ। ਇਹ ਓਦੋਁ ਵਾਪਰੇਗਾ ਜਦੋਂ ਯਹੋਵਾਹ ਧਰਤੀ ਨੂੰ ਹਿਲਾ ਦੇਣ ਲਈ ਖੜ੍ਹਾ ਹੋ ਜਾਵੇਗਾ।

20 ਉਸ ਸਮੇਂ ਲੋਕ ਆਪਣੇ ਸੋਨੇ ਅਤੇ ਚਾਂਦੀ ਦੇ ਬੁੱਤ ਸੁੱਟ ਦੇਣਗੇ। (ਲੋਕਾਂ ਨੇ ਉਹ ਬੁੱਤ ਬਣਾਏ ਸਨ ਤਾਂ ਜੋ ਲੋਕ ਉਨ੍ਹਾਂ ਦੀ ਉਪਾਸਨਾ ਕਰ ਸੱਕਣ।) ਲੋਕੀ ਉਨ੍ਹਾਂ ਬੁੱਤਾਂ ਨੂੰ ਧਰਤੀ ਦੀਆਂ ਉਨ੍ਹਾਂ ਗਾਰਾਂ ਵਿੱਚ ਸੁੱਟ ਦੇਣਗੇ ਜਿੱਥੇ ਚਮਗਿਦ੍ਦੜ ਅਤੇ ਹੋਰ ਘਿਰਣਿਤ ਜਾਨਵਰ ਰਹਿੰਦੇ ਹਨ। 21 ਫ਼ੇਰ ਲੋਕ ਚੱਟਾਨਾਂ ਦੀਆਂ ਖੋਹਾਂ ਵਿੱਚ ਛੁਪ ਜਾਣਗੇ। ਉਹ ਅਜਿਹਾ ਇਸ ਲਈ ਕਰਨਗੇ ਕਿਉਂਕਿ ਉਹ ਯਹੋਵਾਹ ਅਤੇ ਉਸਦੀ ਮਹਾਨ ਸ਼ਕਤੀ ਕੋਲੋਂ ਭੈਭੀਤ ਹੋਣਗੇ। ਇਹ ਉਦੋਂ ਵਾਪਰੇਗਾ ਜਦੋਂ ਯਹੋਵਾਹ ਧਰਤੀ ਨੂੰ ਹਿਲਾ ਦੇਣ ਲਈ ਖਲੋ ਜਾਵੇਗਾ।

22 ਤੁਹਾਨੂੰ ਚਾਹੀਦਾ ਹੈ ਕਿ ਆਪਣੀ ਮੁਕਤੀ ਲਈ ਹੋਰਾਂ ਲੋਕਾਂ ਉੱਤੇ ਭਰੋਸਾ ਕਰਨਾ ਛੱਡ ਦਿਓ। ਉਹ ਸਿਰਫ਼ ਬੰਦੇ ਹਨ-ਤੇ ਬੰਦੇ ਮਰ ਜਾਂਦੇ ਹਨ। ਇਸ ਲਈ, ਤੁਹਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਉਹ ਪਰਮੇਸ਼ੁਰ ਵਾਂਗ ਬਲਵਾਨ ਹਨ।

ਉਨ੍ਹਾਂ ਗੱਲਾਂ ਨੂੰ ਸਮਝੋ ਜਿਹੜੀਆਂ ਮੈਂ ਤੁਹਾਨੂੰ ਦੱਸ ਰਿਹਾ ਹਾਂ। ਪ੍ਰਭੂ, ਸਰਬ ਸ਼ਕਤੀਮਾਨ ਯਹੋਵਾਹ, ਯਹੂਦਾਹ ਅਤੇ ਯਰੂਸ਼ਲਮ ਕੋਲੋਂ ਉਹ ਸਾਰੀਆਂ ਚੀਜ਼ਾਂ ਖੋਹ ਲਵੇਗਾ ਜਿਨ੍ਹਾਂ ਉੱਤੇ ਉਹ ਨਿਰਭਰ ਹਨ। ਪਰਮੇਸ਼ੁਰ ਸਾਰੇ ਭੋਜਨ ਅਤੇ ਸਾਰੇ ਪਾਣੀ ਨੂੰ ਖੋਹ ਲਵੇਗਾ। ਪਰਮੇਸ਼ੁਰ ਸਾਰੇ ਨਾਇੱਕਾਂ ਅਤੇ ਸੈਨਿਕਾਂ ਨੂੰ ਖੋਹ ਲਵੇਗਾ। ਪਰਮੇਸ਼ੁਰ ਸਾਰੇ ਨਿਆਂਕਾਰਾਂ, ਨਬੀਆਂ, ਜਾਦੂਗਰਾਂ ਅਤੇ ਬਜ਼ੁਰਗਾਂ ਨੂੰ ਖੋਹ ਲਵੇਗਾ। ਪਰਮੇਸ਼ੁਰ ਫ਼ੌਜੀ ਆਗੂਆਂ ਅਤੇ ਸਰਕਾਰੀ ਅਧਿਕਾਰੀਆਂ ਨੂੰ ਖੋਹ ਲਵੇਗਾ। ਪਰਮੇਸ਼ੁਰ ਕੁਸ਼ਲ ਸਲਾਹਕਾਰਾਂ ਅਤੇ ਸਿਆਣੇ ਬੰਦਿਆਂ ਨੂੰ, ਜਿਹੜੇ ਜਾਦੂਗਰੀ ਕਰਕੇ ਭਵਿੱਖ ਦਾ ਗਿਆਨ ਦਿੰਦੇ ਹਨ, ਖੋਹ ਲਵੇਗਾ।

ਪਰਮੇਸ਼ੁਰ ਆਖਦਾ ਹੈ, “ਮੈਂ ਨੌਜਵਾਨ ਮੁੰਡਿਆਂ ਨੂੰ ਤੁਹਾਡੇ ਆਗੂ ਬਣਾਵਾਂਗਾ। ਹਰ ਵਿਅਕਤੀ ਇੱਕ ਦੂਸਰੇ ਦੇ ਖਿਲਾਫ਼ ਹੋਵੇਗਾ ਆਪਣੇ ਦੋਸਤਾਂ ਦੇ ਵੀ ਖਿਲਾਫ ਹੋਵੇਗਾ ਇਸ ਲਈ ਸਭ ਜਾਣੇ ਸਤਾਏ ਜਾਣਗੇ। ਛੋਟੇ ਵਡਿਆਂ ਦਾ ਆਦਰ ਨਹੀਂ ਕਰਨਗੇ। ਸਾਧਾਰਣ ਲੋਕ ਮਹੱਤਵਪੂਰਣ ਲੋਕਾਂ ਦਾ ਆਦਰ ਨਹੀਂ ਕਰਨਗੇ।”

ਉਸ ਵੇਲੇ, ਕੋਈ ਬੰਦਾ ਆਪਣੇ ਹੀ ਪਰਿਵਾਰ ਦੇ ਕਿਸੇ ਭਰਾ ਨੂੰ ਫ਼ੜ ਲਵੇਗਾ। ਉਹ ਬੰਦਾ ਆਪਣੇ ਭਰਾ ਨੂੰ ਆਖੇਗਾ, “ਤੇਰੇ ਕੋਲ ਕੋਟ ਹੈ, ਇਸ ਲਈ ਤੂੰ ਸਾਡਾ ਆਗੂ ਹੋਵੇਂਗਾ। ਤੂੰ ਇਨ੍ਹਾਂ ਸਾਰੀਆਂ ਤਬਾਹੀਆਂ ਦਾ ਆਗੂ ਹੋਵੇਂਗਾ।”

ਪਰ ਉਹ ਭਰਾ ਆਖੇਗਾ, “ਮੈਂ ਕਿਵੇਂ ਵੀ ਸਹਾਇਕ ਨਹੀਂ ਹੋ ਸੱਕਦਾ ਕਿਉਂ ਕਿ ਮੇਰੇ ਘਰ ਵਿੱਚ ਭੋਜਨ ਜਾਂ ਕੱਪੜੇ ਨਹੀਂ ਹਨ। ਤੁਹਾਨੂੰ ਮੈਨੂੰ ਆਪਣਾ ਆਗੂ ਨਹੀਂ ਬਨਾਉਣਾ ਚਾਹੀਦਾ।”

ਅਜਿਹਾ ਇਸ ਲਈ ਵਾਪਰੇਗਾ ਕਿਉਂ ਕਿ ਯਰੂਸ਼ਲਮ ਦਾ ਪਤਨ ਹੋ ਗਿਆ ਹੈ ਇਸ ਕੋਲੋਂ ਗ਼ਲਤੀਆਂ ਹੋਈਆਂ ਹਨ। ਯਹੂਦਾਹ ਦਾ ਪਤਨ ਹੋ ਗਿਆ ਹੈ ਉਸ ਨੇ ਪਰਮੇਸ਼ੁਰ ਦਾ ਪੈਰੋਕਾਰ ਹੋਣਾ ਛੱਡ ਦਿੱਤਾ ਹੈ। ਜਿਹੜੀਆਂ ਗੱਲਾਂ ਉਹ ਕਰਦੇ ਅਤੇ ਕਹਿੰਦੇ ਹਨ ਉਹ ਯਹੋਵਾਹ ਦੇ ਖਿਲਾਫ਼ ਹਨ। ਯਹੋਵਾਹ ਦੀਆਂ ਸ਼ਾਨਦਾਰ ਅੱਖਾਂ ਇਨ੍ਹਾਂ ਸਾਰੀਆਂ ਗੱਲਾਂ ਨੂੰ ਦੇਖਦੀਆਂ ਹਨ।

ਲੋਕਾਂ ਦੇ ਚਿਹਰੇ ਦੱਸਦੇ ਹਨ ਕਿ ਉਹ ਪਾਪ ਕਰਨ ਦੇ ਦੋਸ਼ੀ ਹਨ। ਅਤੇ ਉਹ ਆਪਣੇ ਪਾਪ ਉੱਤੇ ਮਾਣ ਕਰਦੇ ਹਨ। ਉਹ ਸਦੂਮ ਦੇ ਲੋਕਾਂ ਵਰਗੇ ਹਨ-ਉਹ ਇਸ ਗੱਲ ਦੀ ਪ੍ਰਵਾਹ ਨਹੀਂ ਕਰਦੇ ਕਿ ਕੌਣ ਉਨ੍ਹਾਂ ਦੇ ਪਾਪ ਨੂੰ ਦੇਖ ਰਿਹਾ ਹੈ। ਇਹ ਉਨ੍ਹਾਂ ਲਈ ਬਹੁਤ ਬੁਰੀ ਗੱਲ ਹੋਵੇਗੀ। ਉਨ੍ਹਾਂ ਨੇ ਆਪਣੇ-ਆਪ ਨੂੰ ਬਹੁਤ ਮੁਸ਼ਕਿਲ ਵਿੱਚ ਪਾ ਲਿਆ ਹੈ।

10 ਚਂਗੇ ਲੋਕਾਂ ਨੂੰ ਦੱਸੋ ਕਿ ਉਨ੍ਹਾਂ ਨਾਲ ਚੰਗੀਆਂ ਗੱਲਾਂ ਵਾਪਰਨਗੀਆਂ। ਉਨ੍ਹਾਂ ਨੂੰ ਆਪਣੀ ਨੇਕੀ ਦਾ ਇਨਾਮ ਮਿਲੇਗਾ। 11 ਪਰ ਬਦੀ ਕਰਨ ਵਾਲਿਆਂ ਲਈ ਬਹੁਤ ਬੁਰਾ ਹੋਵੇਗਾ। ਉਨ੍ਹਾਂ ਨੂੰ ਬਹੁਤ ਮੁਸੀਬਤਾਂ ਮਿਲਣਗੀਆਂ। ਉਨ੍ਹਾਂ ਨੂੰ ਉਨ੍ਹਾਂ ਦੇ ਸਾਰੇ ਗ਼ਲਤ ਕੰਮਾਂ ਦੀ ਸਜ਼ਾ ਮਿਲੇਗੀ। 12 ਬੱਚੇ ਮੇਰੇ ਲੋਕਾਂ ਨੂੰ ਹਰਾ ਦੇਣਗੇ। ਔਰਤਾਂ ਮੇਰੇ ਲੋਕਾਂ ਉੱਤੇ ਹਕੂਮਤ ਕਰਨਗੀਆਂ।

ਮੇਰੇ ਲੋਕੋ, ਤੁਹਾਡੇ ਆਗੂ ਤੁਹਾਨੂੰ ਕੁਰਾਹੇ ਪਾਉਂਦੇ ਹਨ। ਉਹ ਤੁਹਾਨੂੰ ਸਹੀ ਰਸਤੇ ਤੋਂ ਭਟਕਾਉਂਦੇ ਹਨ।

ਪਰਮੇਸ਼ੁਰ ਦਾ ਆਪਣੇ ਲੋਕਾਂ ਬਾਰੇ ਫ਼ੈਸਲਾ

13 ਯਹੋਵਾਹ ਲੋਕਾਂ ਦਾ ਨਿਆਂ ਕਰਨ ਲਈ ਖਲੋਵੇਗਾ। 14 ਯਹੋਵਾਹ ਉਨ੍ਹਾਂ ਬਜ਼ੁਰਗਾਂ ਅਤੇ ਆਗੂਆਂ ਦੇ ਖਿਲਾਫ਼ ਆਪਣਾ ਨਿਆਂ ਦੇਵੇਗਾ ਜਿਨ੍ਹਾਂ ਨੇ ਗ਼ਲਤ ਕੰਮ ਕੀਤੇ ਹਨ।

ਯਹੋਵਾਹ ਆਖਦਾ ਹੈ, “ਤੁਸਾਂ ਲੋਕਾਂ ਨੇ (ਯਹੂਦਾਹ ਦੇ) ਅੰਗੂਰਾਂ ਦੇ ਬਾਗ਼ ਜਲਾ ਦਿੱਤੇ ਹਨ। ਤੁਸੀਂ ਗਰੀਬਾਂ ਕੋਲੋਂ ਚੀਜ਼ਾਂ ਖੋਹ ਲਈਆਂ, ਅਤੇ ਉਹ ਚੀਜ਼ਾਂ ਹਾਲੇ ਵੀ ਤੁਹਾਡੇ ਘਰਾਂ ਅੰਦਰ ਹਨ। 15 ਮੇਰੇ ਲੋਕਾਂ ਨੂੰ ਦੁੱਖ ਦੇਣ ਦਾ ਅਧਿਕਾਰ ਤੁਹਾਨੂੰ ਕੌਣ ਦਿੰਦਾ ਹੈ? ਗਰੀਬ ਲੋਕਾਂ ਦੇ ਚਿਹਰਿਆਂ ਨੂੰ ਮਿੱਟੀ ਵਿੱਚ ਧੱਕਣ ਦਾ ਅਧਿਕਾਰ ਤੁਹਾਨੂੰ ਕਿਵੇਂ ਹੈ?” ਮੇਰੇ ਪ੍ਰਭੂ, ਸਰਬ ਸ਼ਕਤੀਮਾਨ ਯਹੋਵਾਹ ਨੇ ਇਹ ਸਾਰੀਆਂ ਗੱਲਾਂ ਆਖੀਆਂ।

16 ਯਹੋਵਾਹ ਆਖਦਾ ਹੈ, “ਸੀਯੋਨ ਦੀਆਂ ਔਰਤਾਂ ਬਹੁਤ ਗੁਮਾਨੀ ਹੋ ਗਈਆਂ ਹਨ। ਉਹ ਆਪਣੇ ਸਿਰ ਉੱਚੇ ਕਰਕੇ ਤੁਰਦੀਆਂ ਹਨ ਅਤੇ ਇਸ ਤਰ੍ਹਾਂ ਦਿਖਾਵਾ ਕਰਦੀਆਂ ਹਨ ਜਿਵੇਂ ਉਹ ਹੋਰਾਂ ਲੋਕਾਂ ਨਾਲੋਂ ਬਿਹਤਰ ਹੋਣ। ਉਹ ਔਰਤਾਂ ਪਰਾਏ ਮਰਦਾਂ ਨਾਲ ਅੱਖ-ਮਟਕੱੇ ਲਾਉਂਦੀਆਂ ਹਨ। ਅਤੇ ਉਹ ਆਪਣੇ ਪੈਰਾਂ ਦੀਆਂ ਝਾਂਜਰਾਂ ਛਣਕਾਉਂਦੀਆਂ ਨੱਚ ਰਹੀਆਂ ਹਨ।”

17 ਮੇਰਾ ਪ੍ਰਭੂ ਸੀਯੋਨ ਦੀਆਂ ਇਨ੍ਹਾਂ ਔਰਤਾਂ ਦੇ ਸਿਰਾਂ ਨੂੰ ਫ਼ੋੜਿਆਂ ਨਾਲ ਭਰ ਦੇਵੇਗਾ। ਯਹੋਵਾਹ ਉਨ੍ਹਾਂ ਦੇ ਸਿਰ ਦੇ ਸਾਰੇ ਵਾਲ ਝਾੜ ਦੇਵੇਗਾ। 18 ਉਸ ਸਮੇਂ ਯਹੋਵਾਹ ਉਹ ਸਾਰੀਆਂ ਵਸਤਾਂ ਉਨ੍ਹਾਂ ਕੋਲੋਂ ਖੋਹ ਲਵੇਗਾ ਜਿਨ੍ਹਾਂ ਉੱਤੇ ਉਨ੍ਹਾਂ ਨੂੰ ਗੁਮਾਨ ਹੈ: ਸੁੰਦਰ ਹਂਸਲੀਆਂ, ਸੂਰਜ ਚੰਨ ਵਾਂਗ ਚਮਕਦੇ ਹਾਰ, 19 ਵਾਲੀਆਂ, ਕੜੇ ਅਤੇ ਚਿਹਰੇ ਦੇ ਨਕਾਬ, 20 ਰੁਮਾਲ, ਪੈਰਾਂ ਵਿੱਚ ਪਾਉਣ ਵਾਲੀਆਂ ਝਾਂਜਰਾਂ, ਕਮਰਬੰਦ, 21 ਅਤਰ ਦੀਆਂ ਸ਼ੀਸ਼ੀਆਂ, ਤਵੀਤ, ਨਿਸ਼ਾਨੀ ਵਾਲੀਆਂ ਮੁੰਦਰੀਆਂ, ਨਬਨੀਆਂ, 22 ਸੁੰਦਰ ਚੋਲੇ, ਸ਼ਾਲ, ਬਟੂੇ, 23 ਸ਼ੀਸ਼ੇ, ਜ਼ਰੀ ਦੇ ਕੱਪੜੇ, ਸਾਫ਼ੇ ਅਤੇ ਕੰਬਲੀਆਂ।

24 ਉਨ੍ਹਾਂ ਔਰਤਾਂ ਕੋਲ ਹੁਣ ਮਿੱਠੀ ਸੁਗੰਧ ਵਾਲਾ ਅਤਰ ਹੈ, ਪਰ ਉਸ ਸਮੇਂ ਉਨ੍ਹਾਂ ਦੀ ਸੁਗੰਧੀ ਬੁਸ ਜਾਵੇਗੀ ਅਤੇ ਖਰਾਬ ਹੋ ਜਾਵੇਗੀ। ਹੁਣ ਉਹ ਪਹਿਨਦੀਆਂ ਹਨ ਪੇਟੀਆਂ। ਪਰ ਉਸ ਸਮੇਂ ਉਨ੍ਹਾਂ ਕੋਲ ਹੋਣਗੇ ਸਿਰਫ਼ ਰੱਸੇ ਹੀ ਹੋਣਗੇ ਪਹਿਨਣ ਲਈ। ਹੁਣ ਉਨ੍ਹਾਂ ਦੇ ਕੇਸ ਸਿਂਗਾਰੇ ਹੋਏ ਹਨ ਪਰ ਉਸ ਸਮੇਂ ਉਨ੍ਹਾਂ ਦੇ ਸਿਰ ਮੁੰਨੇ ਹੋਣਗੇ ਗੁਲਾਮਾਂ ਵਾਂਗ। ਹੁਣ ਉਨ੍ਹਾਂ ਕੋਲ ਹਨ ਦਾਅਵਤਾਂ ਵਾਲੇ ਵਸਤਰ। ਪਰ ਉਸ ਸਮੇਂ ਉਨ੍ਹਾਂ ਕੋਲ ਹੋਣਗੇ। ਸਿਰਫ਼ ਉਦਾਸੀ ਵਾਲੇ ਵਸਤਰ। ਹੁਣ ਉਨ੍ਹਾਂ ਦੇ ਚਿਹਰਿਆਂ ਉੱਤੇ ਖੂਬਸੂਰਤੀ ਦੇ ਚਿਨ੍ਹ ਹਨ। ਪਰ ਉਸ ਸਮੇਂ ਉਨ੍ਹਾਂ ਉੱਤੇ ਸਿਰਫ਼ ਇੱਕੋ ਨਿਸ਼ਾਨ ਹੋਵੇਗਾ। ਇਹ ਨਿਸ਼ਾਨ ਉਨ੍ਹਾਂ ਦੀ ਚਮੜੀ ਉੱਤੇ ਜਲਾ ਕੇ ਬਣਾਇਆ ਗਿਆ ਹੋਵੇਗਾ।

25 ਉਸ ਸਮੇਂ ਤੁਹਾਡੇ ਆਦਮੀ ਤਲਵਾਰਾਂ ਨਾਲ ਕਤਲ ਹੋਣਗੇ। ਤੁਹਾਡੇ ਨਾਇੱਕ ਯੁੱਧ ਵਿੱਚ ਮਾਰੇ ਜਾਣਗੇ। 26 ਉਸ ਸਮੇਂ ਸ਼ਹਿਰ ਦੇ ਫ਼ਾਟਕਾਂ ਉੱਤੇ ਸਭਾਵਾਂ ਵਿੱਚ ਰੋਣ-ਧੋਣ ਅਤੇ ਉਦਾਸੀ ਹੀ ਹੋਵੇਗੀ। ਯਰੂਸ਼ਲਮ ਜ਼ਮੀਨ ਤੇ ਉਦਾਸ ਹੋਕੇ ਬੈਠੀ ਹੋਵੇਗੀ ਅਤੇ ਇੱਕ ਮੁਬਾਜ ਵਾਂਗ ਰੋ ਰਹੀ ਹੋਵੇਗੀ।

ਉਸ ਸਮੇਂ, ਸੱਤ ਔਰਤਾਂ ਇੱਕ ਬੰਦੇ ਨੂੰ ਫ਼ੜ ਲੈਣਗੀਆਂ। ਔਰਤਾਂ ਆਖਣਗੀਆਂ, “ਅਸੀਂ ਆਪਣੀ ਰੋਟੀ ਖੁਦ ਬਣਾਵਾਂਗੀਆਂ, ਖਾਣ ਲਈ। ਅਸੀਂ ਆਪਣੇ ਪਹਿਨਣ ਲਈ ਖੁਦ ਕੱਪੜੇ ਬਣਾਵਾਂਗੀਆਂ। ਅਸੀਂ ਇਹ ਸਾਰੀਆਂ ਗੱਲਾਂ ਆਪਣੇ ਲਈ ਕਰਾਂਗੀਆਂ ਜੇ ਸਿਰਫ਼ ਤੁਸੀਂ ਸਾਡੇ ਨਾਲ ਵਿਆਹ ਕਰ ਲਵੋ। ਸਾਨੂੰ ਆਪਣਾ ਨਾਮ ਦਿਓ। ਮਿਹਰਬਾਨੀ ਕਰਕੇ ਸਾਡੀ ਸ਼ਰਮ ਸਾਡੇ ਕੋਲੋਂ ਲੈ ਲਵੋ।”

ਯਹੋਵਾਹ ਦੀ ਟਹਿਣੀ ਬਹੁਤ ਸੁੰਦਰ ਅਤੇ ਮਹਾਨ ਹੋਵੇਗੀ। ਅਤੇ ਇਸਰਾਏਲ ਵਿੱਚ ਬਚੇ ਹੋਏ ਉਸ ਧਰਤੀ ਵਿੱਚ ਉੱਗੀਆਂ ਚੀਜਾਂ ਬਾਰੇ ਬੜੇ ਗੁਮਾਨੀ ਹੋਣਗੇ। ਉਸ ਸਮੇਂ, ਉਹ ਸਾਰੇ ਲੋਕ ਜਿਹੜੇ ਹਾਲੇ ਸੀਯੋਨ ਵਿੱਚ ਅਤੇ ਯਰੂਸ਼ਲਮ ਵਿੱਚ ਜਿਉਂ ਰਹੇ ਹੋਣਗੇ, ਪਵਿੱਤਰ (ਖਾਸ) ਲੋਕ ਅਖਵਾਣਗੇ। ਇਹ ਗੱਲ ਉਨ੍ਹਾਂ ਸਾਰੇ ਲੋਕਾਂ ਨਾਲ ਵਾਪਰੇਗੀ ਜਿਨ੍ਹਾਂ ਦੇ ਨਾਮ ਖਾਸ ਸੂਚੀ ਵਿੱਚ ਹੋਣਗੇ, ਉਨ੍ਹਾਂ ਲੋਕਾਂ ਦੀ ਸੂਚੀ ਵਿੱਚ ਜਿਨ੍ਹਾਂ ਨੂੰ ਜਿਉਂਦੇ ਰਹਿਣ ਦੀ ਇੱਜ਼ਤ ਮਿਲੀ ਹੋਈ ਹੋਵੇਗੀ।

ਯਹੋਵਾਹ ਸੀਯੋਨ ਦੀਆਂ ਔਰਤਾਂ ਨੂੰ ਖੂਨ ਤੋਂ ਪਾਕ ਕਰ ਦੇਵੇਗਾ। ਯਹੋਵਾਹ ਯਰੂਸ਼ਲਮ ਤੋਂ ਸਾਰਾ ਖੂਨ ਧੋ ਦੇਵੇਗਾ। ਪਰਮੇਸ਼ੁਰ ਇਨਸਾਫ਼ ਦੀ ਰੂਹ ਦੀ ਵਰਤੋਂ ਕਰੇਗਾ ਸੱਚਾ ਇਨਸਾਫ਼ ਕਰੇਗਾ। ਅਤੇ ਉਹ ਅਗਨੀ ਦੇ ਆਤਮੇ ਦੀ ਵਰਤੋਂ ਕਰੇਗਾ, ਅਤੇ ਹਰ ਚੀਜ਼ ਨੂੰ ਪਾਕ ਕਰ ਦੇਵੇਗਾ। ਉਸ ਸਮੇਂ ਪਰਮੇਸ਼ੁਰ ਸਾਬਤ ਕਰ ਦੇਵੇਗਾ ਕਿ ਉਹ ਆਪਣੇ ਲੋਕਾਂ ਦੇ ਨਾਲ ਹੈ। ਦਿਨ ਵੇਲੇ, ਪਰਮੇਸ਼ੁਰ ਧੂਏਂ ਦਾ ਬੱਦਲ ਪੈਦਾ ਕਰੇਗਾ। ਅਤੇ ਰਾਤ ਵੇਲੇ ਪਰਮੇਸ਼ੁਰ ਚਮਕਦਾਰ ਅਗਨੀ ਦੀ ਲਾਟ ਬਣਾਵੇਗਾ। ਇਹ ਸਾਰੇ ਸਬੂਤ ਅਕਾਸ਼ ਵਿੱਚ ਹੋਣਗੇ, ਹਰ ਮਕਾਨ ਉੱਤੇ ਅਤੇ ਸੀਯੋਨ ਪਰਬਤ ਉੱਤੇ ਲੋਕਾਂ ਦੀ ਹਰ ਮਜਲਿਸ ਉੱਤੇ। ਹਰ ਬੰਦੇ ਉੱਤੇ ਸੁਰੱਖਿਆ ਦਾ ਪਰਦਾ ਹੋਵੇਗਾ। ਇਹ ਪਰਦਾ ਸੁਰੱਖਿਆ ਦਾ ਸਥਾਨ ਹੋਵੇਗਾ। ਇਹ ਪਰਦਾ ਲੋਕਾਂ ਨੂੰ ਸੂਰਜ ਦੀ ਗਰਮੀ ਤੋਂ ਬਚਾਵੇਗਾ। ਇਹ ਪਰਦਾ ਹਰ ਤਰ੍ਹਾਂ ਦੇ ਹੜ੍ਹ ਅਤੇ ਬਰੱਖਾ ਤੋਂ ਬਚਾ ਲਈ ਹੋਵੇਗਾ।

ਇਸਰਾਏਲ, ਪਰਮੇਸ਼ੁਰ ਦਾ ਖਾਸ ਬਾਗ਼

ਹੁਣ, ਮੈਂ ਆਪਣੇ ਮਿੱਤਰ (ਪਰਮੇਸ਼ੁਰ) ਵਾਸਤੇ ਇੱਕ ਗੀਤ ਗਾਵਾਂਗਾ। ਇਹ ਗੀਤ ਉਸ ਪਿਆਰ ਲਈ ਹੈ ਜਿਹੜਾ ਮੇਰਾ ਮਿੱਤਰ ਆਪਣੇ ਅੰਗੂਰਾਂ ਦੇ ਬਾਗ਼ (ਇਸਰਾਏਲ) ਲਈ ਰੱਖਦਾ ਹੈ।

ਬਹੁਤ ਉਪਜਾਉ ਖੇਤ ਅੰਦਰ
    ਮੇਰੇ ਮਿੱਤਰ ਦਾ ਇੱਕ ਅੰਗੂਰਾਂ ਦਾ ਬਾਗ਼ ਹੈ।
ਮੇਰੇ ਮਿੱਤਰ ਨੇ ਖੇਤ ਨੂੰ ਵਾਹ ਕੇ ਸਾਫ਼ ਕਰ ਦਿੱਤਾ ਹੈ।
    ਉਸ ਨੇ ਸਭ ਤੋਂ ਚੰਗੀਆਂ ਅੰਗੂਰਾਂ ਦੀਆਂ ਵੇਲਾਂ ਓੱਥੇ ਬੀਜੀਆਂ ਹਨ।
ਉਸ ਨੇ ਖੇਤ ਦੇ ਵਿੱਚਕਾਰ ਇੱਕ ਮੁਨਾਰਾ
    ਉਸਾਰਿਆ ਅਤੇ ਇੱਕ ਚੁਬੱਚਾ ਬਣਾਇਆ।
ਉਸ ਨੂੰ ਆਸ ਸੀ ਕਿ ਇੱਥੇ ਚੰਗੇ ਅੰਗੂਰ ਪੈਦਾ ਹੋਣਗੇ।
    ਪਰ ਇੱਥੇ ਸਿਰਫ਼ ਖਰਾਬ ਅੰਗੂਰ ਸਨ।

ਇਸ ਲਈ ਪਰਮੇਸ਼ੁਰ ਨੇ ਆਖਿਆ: “ਯਰੂਸ਼ਲਮ ਵਿੱਚ ਰਹਿਣ ਵਾਲੇ ਲੋਕੋ ਤੁਸੀਂ, ਅਤੇ ਯਹੂਦਾਹ ਦੇ ਵਸਨੀਕ ਬੰਦੇ,
    ਮੇਰੇ ਬਾਰੇ ਅਤੇ ਮੇਰੇ ਅੰਗੂਰਾਂ ਦੇ ਬਾਗ਼ ਬਾਰੇ ਸੋਚੋ।
ਆਪਣੇ ਅੰਗੂਰਾਂ ਦੇ ਖੇਤ ਲਈ ਮੈਂ ਹੋਰ ਕੀ ਕਰ ਸੱਕਦਾ ਸਾਂ।
    ਮੈਂ ਹਰ ਸੰਭਵ ਕੰਮ ਕੀਤਾ।
ਮੈਨੂੰ ਆਸ ਸੀ ਚੰਗੇ ਅੰਗੂਰਾਂ ਦੀ।
    ਪਰ ਇੱਥੇ ਸਿਰਫ਼ ਖਰਾਬ ਅੰਗੂਰ ਹੋਏ।
    ਇਹ ਕਿਉਂ ਵਾਪਰਿਆ?

“ਹੁਣ, ਮੈਂ ਦੱਸਦਾ ਹਾਂ ਕਿ
    ਮੈਂ ਆਪਣੇ ਅੰਗੂਰਾਂ ਦੇ ਬਾਗ਼ ਬਾਰੇ ਕੀ ਕਰਾਂਗਾ:
ਮੈਂ ਉਨ੍ਹਾਂ ਕੰਡਿਆਲੀਆਂ ਝਾੜੀਆਂ ਨੂੰ ਪੁੱਟ ਦੇਵਾਂਗਾ ਜਿਹੜੀਆਂ ਖੇਤਾਂ ਦੀ ਰੱਖਿਆ ਕਰ ਰਹੀਆਂ ਹਨ,
    ਅਤੇ ਮੈਂ ਉਨ੍ਹਾਂ ਨੂੰ ਸਾੜ ਦੇਵਾਂਗਾ।
ਮੈਂ ਪੱਥਰ ਦੀ ਕੰਧ ਨੂੰ ਤੋੜ ਦੇਵਾਂਗਾ।
    ਅਤੇ ਪੱਥਰ ਪੈਰਾਂ ਹੇਠਾਂ ਹੋਣਗੇ।
ਮੈਂ ਆਪਣੇ ਅੰਗੂਰਾਂ ਦੇ ਬਾਗ ਨੂੰ ਸੱਖਣਾ ਕਰ ਦੇਵਾਂਗਾ।
    ਕੋਈ ਵੀ ਬੰਦਾ ਪੌਦਿਆਂ ਦੀ ਰਾਖੀ ਨਹੀਂ ਕਰੇਗਾ।
    ਕੋਈ ਵੀ ਖੇਤਾਂ ਵਿੱਚ ਕੰਮ ਨਹੀਂ ਕਰੇਗਾ।
ਖੁਦਰੌ ਪੌਦੇ ਅਤੇ ਕੰਡੇ ਉੱਥੇ ਉੱਗ ਆਉਣਗੇ।
    ਮੈਂ ਬੱਦਲਾਂ ਨੂੰ ਆਦੇਸ਼ ਦੇਵਾਂਗਾ ਕਿ ਖੇਤਾਂ ਉੱਤੇ ਮੀਂਹ ਨਾ ਵਰ੍ਹਾਉਣ।”

ਅੰਗੂਰਾਂ ਦਾ ਖੇਤ, ਜਿਹੜਾ ਯਹੋਵਾਹ ਸਰਬ ਸ਼ਕਤੀਮਾਨ ਦਾ ਹੈ, ਉਹ ਇਸਰਾਏਲ ਦੀ ਕੌਮ ਹੈ। ਅੰਗੂਰਾਂ ਦੇ ਪੌਦੇ ਜਿਨ੍ਹਾਂ ਨੂੰ ਯਹੋਵਾਹ ਪਿਆਰ ਕਰਦਾ ਹੈ, ਯਹੂਦਾਹ ਦੇ ਲੋਕ ਹਨ।

ਯਹੋਵਾਹ ਨੂੰ ਇਨਸਾਫ਼ ਦੀ ਉਮੀਦ ਸੀ
    ਪਰ ਉੱਥੇ ਸਿਰਫ਼ ਕਤਲ ਹੀ ਸਨ।
ਯਹੋਵਾਹ ਨੇ ਨਿਰਪੱਖਤਾ ਦੀ, ਉਮੀਦ ਕੀਤੀ
    ਪਰ ਓੱਥੇ ਸਿਰਫ਼ ਉਨ੍ਹਾਂ ਲੋਕਾਂ ਦੀਆਂ ਚੀਕਾਂ ਸਨ ਜਿਨ੍ਹਾਂ ਨਾਲ ਬੁਰਾ ਸਲੂਕ ਹੁੰਦਾ ਸੀ।

ਤੁਹਾਡੇ ਤੇ ਹਾਏ, ਜਿਹੜੇ ਘਰ ਉਸਾਰਦੇ ਹੋਂ ਅਤੇ ਜਦੋਂ ਤੀਕ ਹੋਰ ਕਾਸੇ ਲਈ ਜਗ੍ਹਾ ਨਹੀਂ ਰਹਿੰਦੀ ਵੱਧ ਤੋਂ ਵੱਧ ਜ਼ਮੀਨ ਲੈਂਦੇ ਰਹਿੰਦੇ ਹੋ। ਤੁਹਾਨੂੰ ਇੱਕਲਿਆਂ ਰ੍ਰਹਿਣ ਲਈ ਮਜਬੂਰ ਕੀਤਾ ਜਾਵੇਗਾ। ਯਹੋਵਾਹ ਸਰਬ ਸ਼ਕਤੀਮਾਨ ਨੇ ਇਹ ਮੈਨੂੰ ਆਖਿਆ ਤੇ ਮੈਂ ਉਸ ਨੂੰ ਸੁਣਿਆ, “ਹੁਣ ਇੱਥੇ ਬਹੁਤ ਮਕਾਨ ਹਨ। ਪਰ ਮੈਂ ਇਕਰਾਰ ਕਰਦਾ ਹਾਂ ਕਿ ਇਹ ਸਾਰੇ ਮਕਾਨ ਤਬਾਹ ਹੋ ਜਾਣਗੇ। ਹੁਣ ਇੱਥੇ ਸੁੰਦਰ ਤੇ ਵੱਡੇ ਮਕਾਨ ਹਨ। ਪਰ ਉਹ ਮਕਾਨ ਖਾਲੀ ਹੋਣਗੇ। 10 ਉਸ ਸਮੇਂ ਦਸ ੇਕੜ ਅੰਗੂਰਾਂ ਦਾ ਖੇਤ ਸਿਰਫ਼ ਬੋੜੀ ਜਿਹੀ ਸ਼ਰਾਬ ਪੈਦਾ ਕਰੇਗਾ। ਅਤੇ ਬੀਜਾਂ ਦੇ ਬਹੁਤ ਸਾਰੇ ਬੋਰਿਆਂ ਵਿੱਚੋਂ ਥੋੜਾ ਜਿਹਾ ਹੀ ਅਨਾਜ ਪੈਦਾ ਹੋਵੇਗਾ।”

11 ਤੁਸੀਂ ਲੋਕ ਬਹੁਤ ਸਵੇਰੇ ਉੱਠਦੇ ਹੋ ਅਤੇ ਪੀਣ ਲਈ ਬੀਅਰ ਭਾਲਦੇ ਹੋ। ਤੁਸੀਂ ਦੇਰ ਰਾਤ ਤੱਕ ਜਾਗਦੇ ਹੋ, ਸ਼ਰਾਬ ਨਾਲ ਮਧਹੋਸ਼ ਹੁੰਦੇ ਹੋ। 12 ਤੁਸੀਂ ਦਾਅਵਤਾਂ ਕਰਦੇ ਹੋ, ਸ਼ਰਾਬਾਂ, ਰਬਾਬਾਂ, ਢੋਲਾਂ, ਬਂਸਰੀਆਂ ਅਤੇ ਹੋਰ ਸੰਗੀਤਕ ਸਾਜ਼ਾਂ ਨਾਲ। ਅਤੇ ਤੁਸੀਂ ਉਨ੍ਹਾਂ ਗੱਲਾਂ ਨੂੰ ਦੇਖਦੇ ਹੀ ਨਹੀਂ ਜੋ ਯਹੋਵਾਹ ਨੇ ਕੀਤੀਆਂ ਹਨ। ਯਹੋਵਾਹ ਦੇ ਹੱਥਾਂ ਨੇ ਬਹੁਤ ਸਾਰੀਆਂ ਚੀਜ਼ਾਂ ਬਣਾਈਆਂ ਹਨ-ਪਰ ਤੁਸੀਂ ਉਨ੍ਹਾਂ ਚੀਜ਼ਾਂ ਵੱਲ ਧਿਆਨ ਹੀ ਨਹੀਂ ਦਿੰਦੇ। ਇਸ ਲਈ ਤੁਹਾਡੇ ਲੋਕਾਂ ਨਾਲ ਬਹੁਤ ਬੁਰਾ ਹੋਵੇਗਾ।

13 ਯਹੋਵਾਹ ਆਖਦਾ ਹੈ, “ਮੇਰੇ ਲੋਕਾਂ ਨੂੰ ਫੜ ਲਿਆ ਜਾਵੇਗਾ ਅਤੇ ਦੂਰ ਲਿਜਾਇਆ ਜਾਵੇਗਾ। ਕਿਉਂ? ਕਿਉਂ ਕਿ ਉਹ ਅਸਲ ਵਿੱਚ ਮੈਨੂੰ ਜਾਣਦੇ ਨਹੀਂ। ਇਸਰਾਏਲ ਵਿੱਚ ਹੁਣ ਰਹਿਣ ਵਾਲੇ ਕੁਝ ਲੋਕ ਬਹੁਤ ਮਹੱਤਵਪੂਰਣ ਹਨ। ਉਹ ਆਪਣੇ ਸੁਖੀ ਜੀਵਨ ਨਾਲ ਬਹੁਤ ਪ੍ਰਸੰਨ ਹਨ। ਪਰ ਉਹ ਸਾਰੇ ਮਹਾਨ ਲੋਕ ਬਹੁਤ ਭੁੱਖੇ ਪਿਆਸੇ ਹੋ ਜਾਣਗੇ। 14 ਫ਼ੇਰ ਉਹ ਮਰ ਜਾਣਗੇ ਅਤੇ ਸ਼ਿਓਲ ਮੌਤ ਦਾ ਸਥਾਨ ਹੋਰ-ਹੋਰ ਲੋਕਾਂ ਨਾਲ ਭਰ ਜਾਵੇਗਾ। ਉਹ ਮੌਤ ਦਾ ਸਥਾਨ ਆਪਣਾ ਅਸੀਂਮ ਮੂੰਹ ਖੋਲ੍ਹ ਦੇਵੇਗਾ। ਅਤੇ ਉਹ ਸਾਰੇ ਲੋਕ ਸ਼ਿਉਲ ਵਿੱਚ ਚੱਲੇ ਜਾਣਗੇ।”

15 ਉਹ ਨਿਮਾਣੇ ਬਣਾਏ ਜਾਣਗੇ। ਉਹ ਮਹਾਨ ਲੋਕ ਆਪਣੇ ਸਿਰ ਝੁਕਾ ਕੇ ਧਰਤੀ ਵੱਲ ਝਾਕਣਗੇ। 16 ਯਹੋਵਾਹ, ਸਰਬ ਸ਼ਕਤੀਮਾਨ, ਨਿਰਪੱਖਤਾ ਨਾਲ ਨਿਆਂ ਕਰੇਗਾ, ਅਤੇ ਲੋਕ ਜਾਣ ਲੈਣਗੇ ਕਿ ਉਹ ਮਹਾਨ ਹੈ। ਪਵਿੱਤਰ ਪਰਮੇਸ਼ੁਰ ਉਹੀ ਗੱਲਾਂ ਕਰੇਗਾ ਜੋ ਸਹੀ ਹਨ, ਅਤੇ ਲੋਕ ਉਸਦਾ ਆਦਰ ਕਰਨਗੇ। 17 ਪਰਮੇਸ਼ੁਰ ਇਸਰਾਏਲ ਦੇ ਲੋਕਾਂ ਨੂੰ ਆਪਣਾ ਦੇਸ ਛੱਡਣ ਲਈ ਮਜ਼ਬੂਰ ਕਰ ਦੇਵੇਗਾ, ਧਰਤੀ ਸੱਖਣੀ ਹੋ ਜਾਵੇਗੀ। ਭੇਡਾਂ ਜਿੱਧਰ ਚਾਹੁਂਣਗੀਆਂ ਚਲੀਆਂ ਜਾਣਗੀਆਂ। ਜਿਸ ਧਰਤੀ ਉੱਤੇ ਕਦੇ ਅਮੀਰ ਲੋਕਾਂ ਦੀ ਮਾਲਕੀ ਸੀ ਹੁਣ ਉੱਥੇ ਲੇਲੇ ਘੁੰਮਣਗੇ।

18 ਉਨ੍ਹਾਂ ਲੋਕਾਂ ਵੱਲ ਦੇਖੋ! ਉਹ ਆਪਣੇ ਪਿੱਛੇ ਦੋਸ਼ ਅਤੇ ਪਾਪ ਨੂੰ ਖਿੱਚ ਰਹੇ ਹਨ ਜਿਵੇਂ ਲੋਕੀ ਰੱਸਿਆਂ ਨਾਲ ਗਡਿਆਂ ਨੂੰ ਖਿੱਚਦੇ ਹਨ। 19 ਉਹ ਬੰਦੇ ਆਖਦੇ ਹਨ, “ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਜੋ ਕਰਨਾ ਚਾਹੁੰਦਾ ਹੈ ਛੇਤੀ ਕਰੇ। ਫ਼ੇਰ ਅਸੀਂ ਜਾਣ ਲਵਾਂਗੇ ਕਿ ਕੀ ਵਾਪਰੇਗਾ। ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਦੀ ਯੋਜਨਾ ਛੇਤੀ ਵਾਪਰੇ। ਫ਼ੇਰ ਅਸੀਂ ਜਾਣ ਜਾਵਾਂਗੇ ਕਿ ਉਸਦੀ ਯੋਜਨਾ ਕੀ ਹੈ।”

20 ਉਨ੍ਹਾਂ ਲੋਕਾਂ ਤੇ ਹਾਏ ਜਿਹੜੇ ਆਖਦੇ ਹਨ ਕਿ ਚੰਗੀਆਂ ਚੀਜ਼ਾਂ ਮੰਦੀਆਂ ਹਨ ਅਤੇ ਮੰਦੀਆਂ ਚੀਜ਼ਾਂ ਚੰਗੀਆਂ ਹਨ। ਉਹ ਲੋਕ ਸਮਝਦੇ ਹਨ ਕਿ ਰੌਸ਼ਨੀ ਹਨੇਰਾ ਹੈ ਅਤੇ ਹਨੇਰਾ ਰੌਸ਼ਨੀ ਹੈ। ਉਹ ਲੋਕ ਸਮਝਦੇ ਹਨ ਕਿ ਖੱਟਾ ਮਿੱਠਾ ਹੈ ਅਤੇ ਮਿੱਠਾ ਖੱਟਾ ਹੈ। 21 ਉਹ ਲੋਕ ਸਮਝਦੇ ਹਨ ਕਿ ਉਹ ਬਹੁਤ ਚਤੁਰ ਹਨ। ਉਹ ਸਮਝਦੇ ਹਨ ਕਿ ਉਹ ਬਹੁਤ ਬੁੱਧੀਮਾਨ ਹਨ। 22 ਉਹ ਲੋਕ ਸ਼ਰਾਬ ਪੀਣ ਲਈ ਮਸ਼ਹੂਰ ਹਨ। ਉਹ ਸ਼ਰਾਬਾਂ ਨੂੰ ਇੱਕ ਦੂਸਰੇ ਵਿੱਚ ਮਿਲਾਉਣ ਵਿੱਚ ਮਾਹਰ ਹਨ। 23 ਅਤੇ ਜੇ ਤੁਸੀਂ ਉਨ੍ਹਾਂ ਲੋਕਾਂ ਨੂੰ ਪੈਸੇ ਦੇ ਦੇਵੋਗੇ ਤਾਂ ਉਹ ਮੁਜਰਿਮ ਨੂੰ ਵੀ ਮਾਫ਼ ਕਰ ਦੇਣਗੇ। ਪਰ ਉਹ ਨੇਕ ਲੋਕਾਂ ਨੂੰ ਨਿਰਪੱਖਤਾ ਨਾਲ ਇਨਸਾਫ਼ ਨਹੀਂ ਦੇਣ ਦਿੰਦੇ। 24 ਉਨ੍ਹਾਂ ਲੋਕਾਂ ਨਾਲ ਬੁਰੀਆਂ ਗੱਲਾਂ ਵਾਪਰਨਗੀਆਂ। ਉਨ੍ਹਾਂ ਦੇ ਉੱਤਰਾਧਿਕਾਰੀ ਪੂਰੀ ਤਰ੍ਹਾਂ ਤਬਾਹ ਹੋ ਜਾਣਗੇ-ਜਿਵੇਂ ਤਿਨਕੇ ਅੱਗ ਵਿੱਚ ਸੜਕੇ ਸੁਆਹ ਹੋ ਜਾਂਦੇ ਹਨ। ਉਨ੍ਹਾਂ ਦੇ ਉੱਤਰਾਧਿਕਾਰੀ ਜਢ਼ ਵਾਂਗ ਤਬਾਹ ਹੋ ਜਾਣਗੇ ਜਿਹੜੀ ਖਰਾਬ ਹੋ ਜਾਂਦੀ ਹੈ। ਉਨ੍ਹਾਂ ਦੇ ਉੱਤਰਾਧਿਕਾਰੀ ਉਸੇ ਤਰ੍ਹਾਂ ਤਬਾਹ ਹੋ ਜਾਣਗੇ ਜਿਵੇਂ ਅੱਗ ਫ਼ੁੱਲ ਨੂੰ ਸਾੜ ਦਿੰਦੀ ਹੈ-ਤੇ ਉਸਦੀ ਰਾਖ ਹਵਾ ਵਿੱਚ ਬਿਖਰ ਜਾਂਦੀ ਹੈ।

ਉਨ੍ਹਾਂ ਲੋਕਾਂ ਨੇ ਯਹੋਵਾਹ ਸਰਬ ਸ਼ਕਤੀਮਾਨ ਦੀ ਬਿਵਸਬਾ ਨੂੰ ਨਾਮਂਜੂਰ ਕਰ ਦਿੱਤਾ ਹੈ ਅਤੇ ਇਸਰਾਏਲ ਦੀ ਪਵਿੱਤਰ ਹਸਤੀ ਦੇ ਸੰਦੇਸ਼ ਵੱਲ ਨਫ਼ਰਤ ਦਰਸਾਈ ਹੈ। 25 ਇਸ ਲਈ ਯਹੋਵਾਹ ਉਨ੍ਹਾਂ ਉੱਪਰ ਬਹੁਤ ਕਹਿਰਵਾਨ ਹੋ ਗਿਆ ਹੈ। ਅਤੇ ਯਹੋਵਾਹ ਉਨ੍ਹਾਂ ਨੂੰ ਸਜ਼ਾ ਦੇਣ ਲਈ ਹੱਥ ਚੁੱਕੇਗਾ। ਪਹਾੜ ਵੀ ਭੈਭੀਤ ਹੋ ਜਾਣਗੇ। ਗਲੀਆਂ ਵਿੱਚ ਲਾਸ਼ਾਂ ਕੂੜੇ ਵਾਂਗ ਰੁਲਣਗੀਆਂ। ਪਰ ਪਰਮੇਸ਼ੁਰ ਹਾਲੇ ਵੀ ਕਹਿਰਵਾਨ ਹੋਵੇਗਾ। ਉਸਦਾ ਹੱਥ ਹਾਲੇ ਵੀ ਉੱਠਿਆ ਹੋਵੇਗਾ ਲੋਕਾਂ ਨੂੰ ਸਜ਼ਾ ਦੇਣ ਲਈ।

ਪਰਮੇਸ਼ੁਰ ਇਜ਼ਰਾੇਲ ਨੂੰ ਸਜ਼ਾ ਦੇਣ ਲਈ ਫ਼ੌਜਾਂ ਘੱਲੇਗਾ

26 ਦੇਖੋ! ਪਰਮੇਸ਼ੁਰ ਦੂਰ ਦੁਰਾਡੇ ਦੇਸ਼ ਦੀਆਂ ਕੌਮਾਂ ਨੂੰ ਸੰਕੇਤ ਦੇ ਰਿਹਾ ਹੈ। ਪਰਮੇਸ਼ੁਰ ਝੰਡਾ ਲਹਿਰਾ ਰਿਹਾ ਹੈ, ਅਤੇ ਉਹ ਉਨ੍ਹਾਂ ਲੋਕਾਂ ਨੂੰ ਸੀਟੀ ਮਾਰ ਕੇ ਬੁਲਾ ਰਿਹਾ ਹੈ।

ਦੂਰ ਦੇਸੋਂ ਦੁਸ਼ਮਣ ਆ ਰਿਹਾ ਹੈ। ਦੁਸ਼ਮਣ ਛੇਤੀ ਹੀ ਦੇਸ਼ ਵਿੱਚ ਦਾਖਲ ਹੋ ਜਾਵੇਗਾ। ਉਹ ਬਹੁਤ ਤੇਜ਼ੀ ਨਾਲ ਆ ਰਿਹਾ ਹੈ। 27 ਦੁਸ਼ਮਣ ਕਦੇ ਬਕੱਦਾ ਨਹੀਂ ਅਤੇ ਕਦੇ ਡਿਗਦਾ ਨਹੀਂ। ਉਹ ਕਦੇ ਉਣੀਁਦਰਾ ਮਹਿਸੂਸ ਨਹੀਂ ਕਰਦੇ ਅਤੇ ਸੌਁਦੇ ਨਹੀਂ। ਉਨ੍ਹਾਂ ਦੇ ਹਬਿਆਰ ਹਮੇਸ਼ਾ ਤਿਆਰ ਬਰ ਤਿਆਰ ਰਹਿੰਦੇ ਹਨ। ਉਨ੍ਹਾਂ ਦੇ ਤਸਮੇ ਕਦੇ ਟੁੱਟਦੇ ਨਹੀਂ। 28 ਦੁਸ਼ਮਣ ਦੇ ਤੀਰ ਤਿੱਖੇ ਹਨ। ਉਨ੍ਹਾਂ ਦੀਆਂ ਸਾਰੀਆਂ ਕਮਾਨਾਂ ਤੀਰ ਚਲਾਉਣ ਲਈ ਤਿਆਰ ਹਨ। ਘੋੜਿਆਂ ਦੇ ਪੌੜ ਚੱਟਾਨ ਜਿੰਨੇ ਸਖਤ ਹਨ ਅਤੇ ਉਨ੍ਹਾਂ ਦੇ ਰੱਥਾਂ ਦੇ ਮਗਰ ਧੂੜ ਦੇ ਬੱਦਲ ਆਉਂਦੇ ਹਨ।

29 ਦੁਸ਼ਮਣ ਨਾਹਰੇ ਲਾ ਰਿਹਾ ਹੈ ਅਤੇ ਉਨ੍ਹਾਂ ਦੇ ਨਾਹਰੇ ਸ਼ੇਰ ਦੀ ਦਹਾੜ ਵਰਗੇ ਹਨ। ਇਹ ਜਵਾਨ ਸ਼ੇਰ ਵਾਂਗ ਉੱਚੇ ਹਨ। ਦੁਸ਼ਮਣ ਜਿਨ੍ਹਾਂ ਲੋਕਾਂ ਦੇ ਖਿਲਾਫ਼ ਲੜ ਰਿਹਾ ਹੈ ਉਨ੍ਹਾਂ ਨੂੰ ਘੁਰਕਦਾ ਤੇ ਫ਼ੜਦਾ ਹੈ। ਲੋਕ ਬਚ ਨਿਕਲਣ ਲਈ ਸੰਘਰਸ਼ ਕਰਦੇ ਹਨ। ਪਰ ਉਨ੍ਹਾਂ ਨੂੰ ਬਚਾਉਣ ਵਾਲਾ ਕੋਈ ਨਹੀਂ। 30 ਇਸ ਲਈ, ਸ਼ੇਰ ਸਮੁੰਦਰ ਦੀਆਂ ਲਹਿਰਾਂ ਵਾਂਗ ਉੱਚਾ ਗਰਜਦਾ ਹੈ। ਅਤੇ ਬੰਦੀ ਬਣਾਏ ਹੋਏ ਲੋਕ ਧਰਤੀ ਵੱਲ ਦੇਖਦੇ ਹਨ ਫ਼ੇਰ ਓੱਥੇ ਹਨੇਰਾ ਹੀ ਨਜ਼ਰ ਆਉਂਦਾ ਹੈ। ਸਾਰੀ ਰੌਸ਼ਨੀ, ਇਸ ਸੰਘਣੇ ਬੱਦਲ ਵਿੱਚ, ਹਨੇਰਾ ਬਣ ਜਾਂਦੀ ਹੈ।

ਪਰਮੇਸ਼ੁਰ ਯਸਾਯਾਹ ਨੂੰ ਨਬੀ ਬਣਾਉਂਦਾ ਹੈ

ਜਿਸ ਸਾਲ ਰਾਜਾ ਉਜ਼ੀਯ੍ਯਾਹ ਮਰਿਆ ਸੀ, ਮੈਂ ਆਪਣੇ ਪ੍ਰਭੂ ਨੂੰ ਦੇਖਿਆ ਸੀ। ਉਹ ਬਹੁਤ ਉੱਚੀ ਬਾਵੇਂ ਬੜੇ ਅਦਭੁਤ ਤਖਤ ਉੱਤੇ ਬੈਠਾ ਸੀ। ਉਸਦਾ ਲੰਮਾ ਚੋਲਾ ਮੰਦਰ ਵਿੱਚ ਫ਼ੈਲਿਆ ਹੋਇਆ ਸੀ। ਸਰਾਫ਼ੀਮ ਫ਼ਰਿਸ਼ਤੇ ਯਹੋਵਾਹ ਦੇ ਆਲੇ-ਦੁਆਲੇ ਖਲੋਤੇ ਸਨ। ਹਰ ਸਰਾਫ਼ੀਮ ਫ਼ਰਿਸ਼ਤੇ ਦੇ ਛੇ ਖੰਭ ਸਨ। ਉਹ ਆਪਣੇ ਦੋ ਖੰਭਾਂ ਨੂੰ ਚਿਹਰਾ ਕੱਜਣ ਲਈ, ਦੋ ਖੰਭਾਂ ਨੂੰ ਆਪਣੇ ਪੈਰ ਕੱਜਣ ਲਈ ਅਤੇ ਦੋ ਖੰਭਾਂ ਨੂੰ ਉੱਡਣ ਲਈ ਵਰਤਦੇ ਸਨ। ਹਰ ਦੂਤ ਹੋਰਾਂ ਦੂਤਾਂ ਨੂੰ ਬੁਲਾ ਰਿਹਾ ਸੀ। ਦੂਤਾਂ ਨੇ ਆਖਿਆ, “ਪਵਿੱਤਰ, ਪਵਿੱਤਰ, ਪਵਿੱਤਰ ਸਰਬ ਸ਼ਕਤੀਮਾਨ ਯਹੋਵਾਹ ਬਹੁਤ ਪਵਿੱਤਰ ਹੈ। ਉਸਦਾ ਪਰਤਾਪ ਸਾਰੀ ਧਰਤੀ ਉੱਤੇ ਫ਼ੈਲਿਆ ਹੋਇਆ ਹੈ।” ਦੂਤਾਂ ਦੀਆਂ ਆਵਾਜ਼ਾਂ ਬਹੁਤ ਉੱਚੀਆਂ ਸਨ। ਉਨ੍ਹਾਂ ਦੀਆਂ ਆਵਾਜ਼ਾਂ ਨਾਲ ਦਰਵਾਜ਼ੇ ਦੀ ਚੁਗਾਠ ਹਿੱਲ ਗਈ। ਫ਼ੇਰ ਮੰਦਰ ਵਿੱਚ ਧੂਆਂ ਫ਼ੈਲਣਾ ਸ਼ੁਰੂ ਹੋ ਗਿਆ।

ਮੈਂ ਬਹੁਤ ਡਰ ਗਿਆ। ਮੈਂ ਆਖਿਆ, “ਓੇ, ਨਹੀਂ! ਮੈਂ ਤਬਾਹ ਹੋ ਜਾਵਾਂਗਾ। ਮੈਂ ਪਰਮੇਸ਼ੁਰ ਨਾਲ ਗੱਲ ਕਰਨ ਲਈ ਕਾਫ਼ੀ ਸ਼ੁੱਧ ਨਹੀਂ ਹਾਂ। ਮੈਂ ਉਨ੍ਹਾਂ ਲੋਕਾਂ ਵਿੱਚਕਾਰ ਰਹਿ ਰਿਹਾ ਹਾਂ ਜਿਹੜੇ ਪਰਮੇਸ਼ੁਰ ਨਾਲ ਗੱਲ ਕਰਨ ਲਈ ਕਾਫ਼ੀ ਸ਼ੁੱਧ ਨਹੀਂ ਹਨ, ਤਾਂ ਵੀ ਮੈਂ ਰਾਜੇ, ਯਹੋਵਾਹ ਸਰਬ ਸ਼ਕਤੀਮਾਨ ਨੂੰ ਦੇਖਿਆ ਹੈ।”

ਜਗਵੇਦੀ ਉੱਤੇ ਅਗਨੀ ਸੀ। ਸਰਾਫ਼ੀਮ ਫ਼ਰਿਸ਼ਤਿਆਂ ਵਿੱਚੋਂ ਇੱਕ ਨੇ ਅੱਗ ਵਿੱਚੋਂ ਮਘਦੇ ਕੋਲੇ ਨੂੰ ਕੱਢਣ ਲਈ ਚਿਮਟੇ ਦੀ ਵਰਤੋਂ ਕੀਤੀ। ਫ਼ੇਰ ਆਪਣੇ ਚਿਮਟਿਆਂ ਵਿੱਚ ਮਘਦੇ ਕੋਲੇ ਨੂੰ ਫ਼ੜੀ, ਉਹ ਮੇਰੇ ਵੱਲ ਉਡਿਆ। ੱਸਰਾਫ਼ੀਮ ਫ਼ਰਿਸ਼ਤੇ ਨੇ ਮਘਦਾ ਕੋਲਾ ਮੇਰੇ ਬੁਲ੍ਹਾਂ ਨੂੰ ਛੁਹਾਇਆ। ਫ਼ੇਰ ਦੂਤ ਨੇ ਆਖਿਆ, “ਦੇਖੋ! ਕਿਉਂ ਕਿ ਇਹ ਮਘਦਾ ਹੋਇਆ ਕੋਲਾ ਤੇਰੇ ਬੁਲ੍ਹਾਂ ਨੂੰ ਲੱਗ ਗਿਆ ਹੈ, ਤੇਰੇ ਸਾਰੇ ਮੰਦੇ ਅਮਲ ਤੇਰੇ ਕੋਲੋਂ ਦੂਰ ਹੋ ਗਏ ਹਨ। ਅਤੇ ਤੇਰੇ ਪਾਪਾਂ ਲਈ ਪ੍ਰਾਸਚਿਤ ਹੋ ਗਿਆ ਹੈ।”

ਫ਼ੇਰ ਮੈਂ ਆਪਣੇ ਯਹੋਵਾਹ ਦੀ ਆਵਾਜ਼ ਸੁਣੀ। ਯਹੋਵਾਹ ਨੇ ਆਖਿਆ, “ਕਿਸਨੂੰ ਭੇਜ ਸੱਕਦੇ ਹਾਂ ਅਸੀਂ? ਸਾਡੇ ਲਈ ਕੌਣ ਜਾਵੇਗਾ?”

ਇਸ ਲਈ ਮੈਂ ਆਖਿਆ, “ਮੈਂ ਇੱਥੇ ਹਾਂ। ਮੈਨੂੰ ਭੇਜੋ!”

ਫ਼ੇਰ ਯਹੋਵਾਹ ਨੇ ਆਖਿਆ, “ਜਾਓ ਅਤੇ ਲੋਕਾਂ ਨੂੰ ਇਹ ਦੱਸੋ: ‘ਧਿਆਨ ਨਾਲ ਸੁਣੋ, ਪਰ ਸਮਝੋ ਨਾ! ਧਿਆਨ ਨਾਲ ਦੇਖੋ, ਪਰ ਸਿੱਖੋ ਨਾ!’ 10 ਲੋਕਾਂ ਨੂੰ ਭੰਬਲ ਭੂਸੇ ਵਿੱਚ ਪਾ ਦਿਓ। ਲੋਕਾਂ ਨੂੰ ਇਸ ਯੋਗ ਬਣਾ ਦਿਓ ਕਿ ਉਹ ਦੇਖੀਆਂ ਸੁਣੀਆਂ ਗੱਲਾਂ ਨੂੰ ਸਮਝ ਨਾ ਸੱਕਣ। ਜੇ ਤੁਸੀਂ ਅਜਿਹਾ ਨਹੀਂ ਕਰੋਗੇ, ਤਾਂ ਲੋਕ ਸ਼ਾਇਦ ਕੰਨਾਂ ਨਾਲ ਸੁਣੀਆਂ ਗੱਲਾਂ ਨੂੰ ਸੱਚਮੁੱਚ ਸਮਝ ਜਾਣ। ਲੋਕ ਸ਼ਾਇਦ ਆਪਣੇ ਮਨਾਂ ਵਿੱਚ ਸੱਚਮੁੱਚ ਸਮਝ ਲੈਣ। ਜੇ ਉਨ੍ਹਾਂ ਨੇ ਅਜਿਹਾ ਕੀਤਾ ਤਾਂ ਸ਼ਾਇਦ ਉਹ ਮੇਰੇ ਵੱਲ ਪਰਤ ਆਉਣ ਅਤੇ ਬਖਸ਼ੇ ਜਾਣ।”

11 ਫ਼ੇਰ ਮੈਂ ਪੁੱਛਿਆ, “ਪ੍ਰਭੂ ਇਹ ਮੈਂ ਕਿੰਨਾ ਕੁ ਚਿਰ ਕਰਾਂ?”

ਯਹੋਵਾਹ ਨੇ ਜਵਾਬ ਦਿੱਤਾ, “ਜਿੰਨਾ ਚਿਰ ਤੱਕ ਸ਼ਹਿਰ ਤਬਾਹ ਨਹੀਂ ਹੋ ਜਾਂਦੇ ਅਤੇ ਲੋਕ ਗੁਜ਼ਰ ਨਹੀਂ ਜਾਂਦੇ ਉਨਾਂ ਚਿਰ ਤੱਕ ਇਹ ਕਰੋ। ਇਹੋ ਕਰੋ ਜਿੰਨਾਂ ਚਿਰ ਤੱਕ ਘਰਾਂ ਵਿੱਚ ਰਹਿੰਦੇ ਲੋਕਾਂ ਵਿੱਚੋਂ ਕੋਈ ਨਾ ਬਚੇ। ਉਨਾਂ ਚਿਰ ਤੱਕ ਇਹੋ ਕਰੋ ਜਿੰਨਾ ਚਿਰ ਤੱਕ ਕਿ ਧਰਤੀ ਤਬਾਹ ਨਹੀਂ ਹੋ ਜਾਂਦੀ ਅਤੇ ਸੱਖਣੀ ਨਹੀਂ ਹੋ ਜਾਂਦੀ।”

12 ਯਹੋਵਾਹ ਲੋਕਾਂ ਨੂੰ ਦੂਰ ਭਜਾ ਦੇਵੇਗਾ। ਦੇਸ਼ ਵਿੱਚ ਵੱਡੇ-ਵੱਡੇ ਖਾਲੀ ਖੇਤਰ ਹੋਣਗੇ। 13 ਪਰ ਲੋਕਾਂ ਦੇ ਦਸਵੇਂ ਹਿੱਸੇ ਨੂੰ ਧਰਤੀ ਤੇ ਰਹਿਣ ਦੀ ਇਜਾਜ਼ਤ ਹੋਵੇਗੀ। ਇਹ ਲੋਕ ਯਹੋਵਾਹ ਵੱਲ ਪਰਤਣਗੇ ਭਾਵੇਂ ਉਨ੍ਹਾਂ ਨੇ ਤਬਾਹ ਹੋਣਾ ਸੀ। ਇਹ ਲੋਕ ਬਲੂਤ ਦੇ ਰੁੱਖ ਵਾਂਗ ਹੋਣਗੇ। ਜਦੋਂ ਰੁੱਖਾਂ ਨੂੰ ਕਟਿਆ ਜਾਂਦਾ ਹੈ ਤਾਂ ਮੁੱਢ ਬਚ ਰਹਿੰਦਾ ਹੈ। ਇਹੀ ਮੁੱਢ (ਬਚੇ ਹੋਏ ਲੋਕ) ਬਹੁਤ ਖਾਸ ਤਰ੍ਹਾਂ ਦਾ ਤੁਖਮ ਹੈ।

ਆਰਾਮ ਦੀ ਮੁਸ਼ਕਿਲ

ਆਹਾਜ਼ ਯੋਥਾਮ ਦਾ ਪੁੱਤਰ ਸੀ। ਯੋਥਾਮ ਉਜ਼ੀਯ੍ਯਾਹ ਦਾ ਪੁੱਤਰ ਸੀ। ਰਸੀਨ ਅਰਾਮ ਦਾ ਰਾਜਾ ਸੀ, ਰਮਲਯਾਹ ਦਾ ਪੁੱਤਰ ਫਕਹ ਇਸਰਾਏਲ ਦਾ ਰਾਜਾ ਸੀ। ਜਿਸ ਸਮੇਂ ਆਹਾਜ਼ ਯਹੂਦਾਹ ਦਾ ਰਾਜਾ ਸੀ, ਰਸੀਨ ਅਤੇ ਫਕਹ ਯਰੂਸ਼ਲਮ ਦੇ ਖਿਲਾਫ਼ ਜੰਗ ਕਰਨ ਲਈ ਓੱਥੇ ਗਏ। ਪਰ ਉਹ ਸ਼ਹਿਰ ਨੂੰ ਹਰਾ ਨਹੀਂ ਸੱਕੇ।

ਦਾਊਦ ਦੇ ਪਰਿਵਾਰ ਨੂੰ ਇੱਕ ਸੁਨੇਹਾ ਦਿੱਤਾ ਗਿਆ। ਸੁਨੇਹੇ ਵਿੱਚ ਆਖਿਆ ਗਿਆ ਸੀ, “ਅਰਾਮ ਦੀ ਫ਼ੌਜ ਅਤੇ ਇਫ਼ਰਾਈਮ (ਇਸਰਾਏਲ) ਦੀ ਫ਼ੌਜ ਇਕੱਠੀ ਹੋ ਗਈ ਹੈ। ਇਨ੍ਹਾਂ ਦੋਹਾਂ ਫ਼ੌਜਾਂ ਨੇ ਗਠ੍ਠਜੋੜ ਕਰ ਲਿਆ ਹੈ।” ਜਦੋਂ ਰਾਜੇ ਆਹਾਜ਼ ਨੇ ਇਹ ਸੁਨੇਹਾ ਸੁਣਿਆ ਤਾਂ ਉਹ ਅਤੇ ਲੋਕ ਬਹੁਤ ਡਰ ਗਏ। ਉਹ ਭੈਭੀਤ ਹੋ ਕੇ ਇਸ ਤਰ੍ਹਾਂ ਕੰਬ ਰਹੇ ਸਨ ਜਿਵੇਂ ਜੰਗਲ ਦੇ ਰੁੱਖ ਹਵਾ ਨਾਲ ਹਿਲਦੇ ਹਨ।

ਫ਼ੇਰ ਯਹੋਵਾਹ ਨੇ ਯਸਾਯਾਹ ਨੂੰ ਆਖਿਆ, “ਤੈਨੂੰ ਅਤੇ ਤੇਰੇ ਪੁੱਤਰ ਸ਼ਆਰ ਯਾਸ਼ੂਬ ਨੂੰ ਬਾਹਰ ਜਾ ਕੇ ਆਹਾਜ਼ ਨਾਲ ਗੱਲ ਕਰਨੀ ਚਾਹੀਦੀ ਹੈ। ਉਸ ਥਾਂ ਵੱਲ ਜਾਓ ਜਿੱਥੇ ਪਾਣੀ ਉੱਪਰ ਤਲਾ ਵਿੱਚ ਵਗਦਾ ਹੈ। ਇਹ ਧੋਬੀਘਾਟ ਵੱਲ ਜਾਂਦੀ ਗਲੀ ਉੱਤੇ ਹੈ।

“ਆਹਾਜ਼ ਨੂੰ ਆਖੋ, ‘ਸਾਵੱਧਾਨ ਅਤੇ ਸ਼ਾਂਤ ਰਹਿ। ਭੈਭੀਤ ਨਾ ਹੋ। ਉਨ੍ਹਾਂ ਦੋ ਬੰਦਿਆਂ, ਰਸੀਨ ਅਤੇ ਰਮਲਯਾਹ ਦੇ ਪੁੱਤਰ ਤੋਂ ਡਰਨ ਦੀ ਲੋੜ ਨਹੀਂ! ਉਹ ਦੋਵੇਂ ਬੰਦੇ ਦੋ ਜਲੀਆਂ ਹੋਈਆਂ ਸੋਟੀਆਂ ਵਰਗੇ ਹਨ। ਪਿੱਛਲੇ ਸਮੇਂ ਵਿੱਚ ਉਹ ਅੱਗ ਵਾਂਗ ਬਲਦੇ ਸਨ। ਪਰ ਹੁਣ ਉਹ ਨਿਰਾ ਪੂੰਆਂ ਹਨ। ਰਸੀਨ, ਅਰਾਮ ਅਤੇ ਰਮਲਯਾਹ ਦਾ ਪੁੱਤਰ ਗੁੱਸੇ ਵਿੱਚ ਹਨ। ਉਨ੍ਹਾਂ ਨੇ ਤੁਹਾਡੇ ਖਿਲਾਫ਼ ਵਿਉਂਤਾਂ ਘੜੀਆਂ ਹਨ। ਉਨ੍ਹਾਂ ਆਖਿਆ ਸੀ: “ਸਾਨੂੰ ਯਹੂਦਾਹ ਦੇ ਵਿਰੁੱਧ ਜਾ ਕੇ ਲੜਨਾ ਚਾਹੀਦਾ ਹੈ। ਅਸੀਂ ਯਹੂਦਾਹ ਨੂੰ ਆਪਸ ਵਿੱਚ ਵੰਡ ਲਵਾਂਗੇ। ਅਸੀਂ ਟਾਬਲ ਦੇ ਪੁੱਤਰ ਨੂੰ ਯਹੂਦਾਹ ਦਾ ਨਵਾਂ ਰਾਜਾ ਬਣਾ ਦਿਆਂਗੇ।”’”

ਮੇਰਾ ਮਾਲਕ ਯਹੋਵਾਹ ਆਖਦਾ ਹੈ, “ਉਨ੍ਹਾਂ ਦੀ ਯੋਜਨਾ ਸਫ਼ਲ ਨਹੀਂ ਹੋਵੇਗੀ। ਇਹ ਗੱਲ ਨਹੀਂ ਵਾਪਰੇਗੀ। ਜਿੰਨਾ ਚਿਰ ਤੱਕ ਰਸੀਨ ਦਂਮਿਸ਼ਕ ਦਾ ਹਾਕਮ ਹੈ ਇਹ ਗੱਲ ਨਹੀਂ ਵਾਪਰੇਗੀ। ਇਫ਼ਰਾਈਮ (ਇਸਰਾਏਲ) ਹੁਣ ਇੱਕ ਕੌਮ ਹੈ ਪਰ ਆਉਣ ਵਾਲੇ 65 ਵਰ੍ਹਿਆਂ ਵਿੱਚ ਇਫ਼ਰਾਈਮ ਇੱਕ ਕੌਮ ਨਹੀਂ ਹੋਵੇਗੀ। ਜਿੰਨਾ ਚਿਰ ਇਫ਼ਰਾਈਮ ਦੀ ਰਾਜਧਾਨੀ ਸਾਮਰਿਯਾ ਹੈ ਅਤੇ ਸਾਮਰਿਯਾ ਦਾ ਹਾਕਮ ਰਮਲਯਾਹ ਦਾ ਪੁੱਤਰ ਹੈ, ਇਹ ਯੋਜਨਾ ਸਫ਼ਲ ਨਹੀਂ ਹੋਵੇਗੀ। ਜੇ ਤੁਸੀਂ ਇਸ ਸੰਦੇਸ਼ ਵਿੱਚ ਵਿਸ਼ਵਾਸ ਨਹੀਂ ਕਰੋਗੇ ਤਾਂ ਲੋਕਾਂ ਨੂੰ ਤੁਹਾਡੇ ਉੱਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ।”

ਇਮਾਨੂਏਲ-ਪਰਮੇਸ਼ੁਰ ਸਾਡੇ ਨਾਲ ਹੈ

10 ਫ਼ੇਰ ਯਹੋਵਾਹ ਨੇ ਆਹਾਜ਼ ਨਾਲ ਗੱਲ ਜਾਰੀ ਰੱਖੀ। 11 ਯਹੋਵਾਹ ਨੇ ਆਖਿਆ, “ਕੋਈ ਸੰਕੇਤ ਮੰਗ ਤਾਂ ਜੋ ਤੂੰ ਆਪਣੇ-ਆਪ ਨੂੰ ਇਨ੍ਹਾਂ ਗੱਲਾਂ ਦੀ ਸਚਾਈ ਦਾ ਸਬੂਤ ਦੇ ਸੱਕੇਁ। ਤੂੰ ਜੋ ਚਾਹੇਁ ਉਹ ਸੰਕੇਤ ਮੰਗ ਸੱਕਦਾ ਹੈਂ। ਇਹ ਸੰਕੇਤ ਸ਼ਿਓਲ ਜਿੰਨੀ ਗਹਿਰੀ ਥਾਂ ਤੋਂ ਵੀ ਆ ਸੱਕਦਾ ਹੈ ਜਾਂ ਇਹ ਸੰਕੇਤ ਅਕਾਸ਼ ਜਿੰਨੀ ਉੱਚੀ ਥਾਂ ਤੋਂ ਵੀ ਆ ਸੱਕਦਾ ਹੈ।”

12 ਪਰ ਆਹਾਜ਼ ਨੇ ਆਖਿਆ, “ਮੈਂ ਸਬੂਤ ਲਈ ਕਿਸੇ ਵੀ ਸੰਕੇਤ ਦੀ ਮੰਗ ਨਹੀਂ ਕਰਾਂਗਾ। ਮੈਂ ਯਹੋਵਾਹ ਦੀ ਪਰੱਖ ਨਹੀਂ ਕਰਾਂਗਾ।”

13 ਫ਼ੇਰ ਯਸਾਯਾਹ ਨੇ ਆਖਿਆ, “ਡੇਵਿਡ ਦੇ ਪਰਿਵਾਰ ਵਾਲਿਓ, ਬਹੁਤ ਧਿਆਨ ਨਾਲ ਸੁਣੋ! ਤੁਸੀਂ ਲੋਕਾਂ ਦਾ ਸਬਰ ਅਜ਼ਮਾ ਰਹੇ ਹੋ-ਅਤੇ ਇਹ ਗੱਲ ਤੁਹਾਡੇ ਲਈ ਮਹੱਤਵਪੂਰਣ ਨਹੀਂ। ਇਸ ਲਈ, ਹੁਣ ਤੁਸੀਂ ਮੇਰੇ ਪਰਮੇਸ਼ੁਰ ਦਾ ਸਬਰ ਅਜ਼ਮਾ ਰਹੇ ਹੋ। 14 ਪਰ ਮੇਰਾ ਪ੍ਰਭੂ ਤੁਹਾਨੂੰ ਸੰਕੇਤ ਦਰਸਾਵੇਗਾ:

ਨੌਜਵਾਨ ਔਰਤ ਵੱਲ ਦੇਖੋ।
    ਉਹ ਗਰਭਵਤੀ ਹੈ, ਤੇ ਉਹ ਇੱਕ ਪੁੱਤਰ ਨੂੰ ਜਨਮ ਦੇਵੇਗੀ।
    ਉਹ ਉਸਦਾ ਨਾਮ ਇਮਾਨੂਏਲ ਰੱਖੇਗੀ।
15 ਇਮਾਨੂਏਲ ਘਿਓ ਅਤੇ ਸ਼ਹਿਦ ਖਾਵੇਗਾ।
    ਉਹ ਇਸ ਤਰ੍ਹਾਂ ਰਹੇਗਾ ਇਹ ਸਿਖਣ ਲਈ ਕਿ ਨੇਕੀ ਕਰਨ ਦੀ ਚੋਣ ਕਰਨੀ ਹੈ ਕਿ ਬਦੀ ਕਰਨ ਤੋਂ ਇਨਕਾਰ ਕਰਨਾ ਹੈ।
16 ਪਰ ਇਸਤੋਂ ਪਹਿਲਾਂ ਕਿ ਬੱਚਾ ਇੰਨਾ ਵੱਡਾ ਹੋ ਜਾਵੇ ਕਿ ਉਹ ਨੇਕੀ ਅਤੇ ਬਦੀ ਬਾਰੇ ਜਾਣ ਸੱਕੇ,
    ਉਨ੍ਹਾਂ ਦੋਹਾਂ ਰਾਜਿਆਂ ਦੀਆਂ ਜ਼ਮੀਨਾਂ ਸੱਖਣੀਆਂ ਹੋ ਜਾਣਗੀਆਂ ਜਿਨ੍ਹਾਂ ਤੋਂ ਹੁਣ ਤੁਸੀਂ ਡਰਦੇ ਹੋ।

17 “ਪਰ ਤੁਹਾਨੂੰ ਯਹੋਵਾਹ ਤੋਂ ਡਰਨਾ ਚਾਹੀਦਾ ਹੈ। ਕਿਉਂ ਕਿ ਯਹੋਵਾਹ ਤੁਹਾਡੇ ਉੱਤੇ ਉਨ੍ਹਾਂ ਦਿਨਾਂ ਵਰਗੀਆ ਮੁਸ਼ਕਿਲਾਂ ਲੈ ਕੇ ਆਵੇਗਾ ਜਦੋਂ ਇਫ਼ਰਾਈਮ ਯਹੂਦਾਹ ਤੋਂ ਅਲੱਗ ਕੀਤਾ ਗਿਆ ਸੀ । ਉਹ ਮੁਸ਼ਕਿਲਾਂ ਤੁਹਾਡੇ ਲੋਕਾਂ ਉੱਤੇ ਅਤੇ ਤੁਹਾਡੇ ਪਿਤਾ ਦੇ ਪਰਿਵਾਰ ਉੱਤੇ ਪੈਣਗੀਆਂ। ਪਰਮੇਸ਼ੁਰ ਕੀ ਕਰੇਗਾ। ਪਰਮੇਸ਼ੁਰ ਅੱਸ਼ੂਰ ਦੇ ਰਾਜੇ ਨੂੰ ਤੁਹਾਡੇ ਖਿਲਾਫ਼ ਜੰਗ ਕਰਨ ਲਈ ਲਿਆਵੇਗਾ।

18 “ਉਸ ਵੇਲੇ ਯਹੋਵਾਹ ‘ਮੱਖੀ’ ਨੂੰ ਸੱਦੇਗਾ। (ਮੱਖੀ ਹੁਣ ਮਿਸਰ ਦੀਆਂ ਨਦੀਆਂ ਦੇ ਨੇੜੇ ਹੈ) ਅਤੇ ਯਹੋਵਾਹ ‘ਮਧੂਮੱਖੀ’ ਨੂੰ ਸੱਦੇਗਾ। (ਮਧੂਮੱਖੀ ਹੁਣ ਅੱਸ਼ੂਰ ਦੇ ਦੇਸ਼ ਵਿੱਚ ਹੈ।) ਇਹ ਦੁਸ਼ਮਣ ਤੁਹਾਡੇ ਦੇਸ਼ ਵੱਲ ਆਉਣਗੇ। 19 ਇਹ ਦੁਸ਼ਮਣ ਮਾਰੂਬਲ ਦੀਆਂ ਨਦੀਆਂ ਦੇ ਨਜ਼ਦੀਕ ਪਬਰੀਲੀਆਂ ਘਾਟੀਆਂ ਵਿੱਚ ਅਤੇ ਪਾਣੀ ਦੇ ਚਸਮਿਆਂ ਅਤੇ ਝਾੜੀਆਂ ਵਿੱਚ ਡੇਰੇ ਲਾਉਣਗੀਆਂ। 20 ਯਹੋਵਾਹ ਯਹੂਦਾਹ ਨੂੰ ਸਜ਼ਾ ਦੇਣ ਲਈ ਅੱਸ਼ੂਰ ਦੀ ਵਰਤੋਂ ਕਰੇਗਾ। ਅੱਸ਼ੂਰ ਕਿਰਾਏ ਤੇ ਲਿਆ ਜਾਵੇਗਾ ਤਿੱਖੇ ਉਸਤਰੇ ਵਾਂਗ ਵਰਤਿਆ ਜਾਵੇਗਾ। ਇਹ ਇਸ ਤਰ੍ਹਾਂ ਹੋਵੇਗਾ ਜਿਵੇਂ ਯਹੋਵਾਹ ਯਹੂਦਾਹ ਦੇ ਸਿਰ ਅਤੇ ਲੱਤਾਂ ਤੋਂ ਵਾਲ ਮੁਂਨ ਰਿਹਾ ਹੋਵੇ। ਇਹ ਇਸ ਤਰ੍ਹਾਂ ਹੋਵੇਗਾ ਜਿਵੇਂ ਯਹੋਵਾਹ ਯਹੂਦਾਹ ਦੇ ਦਾਢ਼ੀ ਮੁਂਨ ਰਿਹਾ ਹੋਵੇ।

21 “ਉਸ ਵੇਲੇ ਇੱਕ ਬੰਦਾ ਸਿਰਫ਼ ਇੱਕ ਵਹਿੜਕੀ ਅਤੇ ਦੋ ਭੇਡਾਂ ਨੂੰ ਜੀਵਿਤ ਰੱਖਣ ਦੇ ਯੋਗ ਹੋਵੇਗਾ। 22 ਉਦੋਁ ਉਸ ਬੰਦੇ ਲਈ ਸਿਰਫ਼ ਇੰਨਾ ਹੀ ਦੁੱਧ ਹੋਵੇਗਾ ਕਿ ਉਹ ਮੱਖਣ ਖਾ ਸੱਕੇ। ਦੇਸ਼ ਦਾ ਹਰ ਬੰਦਾ ਮੱਖਣ ਅਤੇ ਸ਼ਹਿਦ ਖਾਵੇਗਾ। 23 ਇਸ ਦੇਸ਼ ਵਿੱਚ ਹੁਣ 1,000 ਅੰਗੂਰਾਂ ਦੀਆਂ ਵੇਲਾਂ ਦੇ ਖੇਤ ਹਨ। ਅੰਗੂਰ ਦੀ ਹਰ ਵੇਲ ਚਾਂਦੀ ਦੇ 1,000 ਸਿੱਕਿਆਂ ਦੇ ਮੁੱਲ ਦੀ ਹੈ। ਪਰ ਇਹ ਖੇਤ ਖੁਦਰੌ ਪੌਦਿਆਂ ਅਤੇ ਕੰਡਿਆਂ ਨਾਲ ਭਰ ਜਾਣਗੇ। 24 ਧਰਤੀ ਬੰਜਰ ਹੋ ਜਾਵੇਗੀ ਅਤੇ ਸਿਰਫ਼ ਸ਼ਿਕਾਰ ਦੇ ਕੰਮ ਆਵੇਗੀ। 25 ਕਿਸੇ ਵੇਲੇ ਲੋਕ ਇਨ੍ਹਾਂ ਪਹਾੜੀਆਂ ਤੇ ਕੰਮ ਕਰਦੇ ਸਨ ਅਤੇ ਅਨਾਜ ਉਗਾਉਂਦੇ ਸਨ। ਪਰ ਉਸ ਸਮੇਂ ਲੋਕ ਉੱਥੇ ਨਹੀਂ ਜਾਣਗੇ। ਧਰਤੀ ਖੁਦਰੌ ਪੌਦਿਆਂ ਅਤੇ ਕੰਡਿਆਲੀਆਂ ਝਾੜੀਆਂ ਨਾਲ ਭਰ ਜਾਵੇਗੀ। ਸਿਰਫ਼ ਭੇਡਾਂ ਅਤੇ ਪਸ਼ੂ ਹੀ ਉਨ੍ਹਾਂ ਥਾਵਾਂ ਉੱਤੇ ਜਾਣਗੇ।”

ਅੱਸ਼ੂਰ ਛੇਤੀ ਆਵੇਗਾ

ਯਹੋਵਾਹ ਨੇ ਮੈਨੂੰ ਆਖਿਆ, “ਇੱਕ ਵੱਡੀ ਤਖਤੀ ਲਵੋ ਅਤੇ ਕਲਮ ਨਾਲ ਇਹ ਸ਼ਬਦ ਲਿਖੋ: ‘ਇਹ ਮਾਹੇਰ ਸ਼ਲਾਲ ਹਸ਼ਬਾਜ਼ ਲਈ ਹੈ’ (ਇਸਦਾ ਅਰਬ ਹੈ ‘ਇੱਥੇ ਬਹੁਤ ਹੀ ਛੇਤੀ ਲੁੱਟ ਹੋਵੇਗੀ!’)”

ਮੈਂ ਕੁਝ ਅਜਿਹੇ ਲੋਕਾਂ ਨੂੰ ਇੱਕਤ੍ਰ ਕੀਤਾ ਜਿਨ੍ਹਾਂ ਉੱਤੇ ਗਵਾਹ ਵਜੋਂ ਇਤਬਾਰ ਕੀਤਾ ਜਾ ਸੱਕਦਾ ਸੀ। (ਇਹ ਲੋਕ ਸਨ ਜਾਜਕ ਉਰੀਯਾਹ, ਅਤੇ ਯਬਰਕਯਾਹ ਦਾ ਪੁੱਤਰ ਜ਼ਕਰਯਾਹ।) ਇਨ੍ਹਾਂ ਲੋਕਾਂ ਨੇ ਮੈਨੂੰ ਉਹ ਸ਼ਬਦ ਲਿਖਦਿਆਂ ਦੇਖਿਆ। ਫ਼ੇਰ ਮੈਂ ਔਰਤ ਨਬੀ ਕੋਲ ਗਿਆ। ਉਹ ਗਰਭਵਤੀ ਹੋ ਗਈ ਅਤੇ ਉਸ ਦੇ ਇੱਕ ਪੁੱਤਰ ਜੰਮਿਆ। ਫ਼ੇਰ ਯਹੋਵਾਹ ਨੇ ਮੈਨੂੰ ਆਖਿਆ, “ਲੜਕੇ ਦਾ ਨਾਂ ਮਾਹੇਰ ਸ਼ਲਾਲ ਹਸ਼ਬਾਜ਼ ਰੱਖੋ। ਕਿਉਂ ਕਿ ਇਸਤੋਂ ਪਹਿਲਾਂ ਕਿ ਲੜਕਾ ‘ਅੰਮਾ’ ‘ਅੱਬਾ’ ਆਖਣਾ ਸਿੱਖੇ, ਪਰਮੇਸ਼ੁਰ ਦਮਿਸ਼ਕ ਅਤੇ ਸਾਮਰਿਯਾ ਤੋਂ ਸਾਰਾ ਧਨ ਦੌਲਤ ਖੋਹ ਲਵੇਗਾ, ਅਤੇ ਪਰਮੇਸ਼ੁਰ ਉਨ੍ਹਾਂ ਚੀਜ਼ਾਂ ਨੂੰ ਅੱਸ਼ੂਰ ਦੇ ਰਾਜੇ ਨੂੰ ਦੇ ਦੇਵੇਗਾ।”

ਫ਼ੇਰ ਇੱਕ ਵਾਰ ਯਹੋਵਾਹ ਨੇ ਮੇਰੇ ਨਾਲ ਗੱਲ ਕੀਤੀ। ਮੇਰੇ ਯਹੋਵਾਹ ਨੇ ਆਖਿਆ, “ਇਹ ਲੋਕ ਸ਼ਿਲੋਆਹ ਦੇ ਤਲਾ ਦੇ ਧੀਮੀ ਗਤੀ ਨਾਲ ਚੱਲਣ ਵਾਲੇ ਪਾਣੀਆਂ ਨੂੰ ਪ੍ਰਵਾਨ ਕਰਨ ਤੋਂ ਇਨਕਾਰ ਕਰਦੇ ਹਨ। ਇਹ ਲੋਕ ਰਸੀਨ ਅਤੇ ਰਮਲਯਾਹ ਦੇ ਪੁੱਤਰ (ਪੇਕਾਹ) ਨਾਲ ਪ੍ਰਸੰਨ ਹਨ।” ਪਰ ਮੈਂ, ਯਹੋਵਾਹ, ਅੱਸ਼ੂਰ ਦੇ ਰਾਜੇ ਨੂੰ ਲਿਆਵਾਂਗਾ ਅਤੇ ਉਸਦੀ ਸਾਰੀ ਤਾਕਤ ਤੁਹਾਡੇ ਖਿਲਾਫ਼ ਵਰਤਾਂਗਾ। ਉਹ ਫ਼ਰਾਤ ਨਦੀ ਤੋਂ ਤੇਜ਼ ਹੜ੍ਹ ਵਾਂਗ ਆਉਣਗੇ। ਇਸ ਤਰ੍ਹਾਂ ਹੋਵੇਗਾ ਜਿਵੇਂ ਪਾਣੀ ਨਦੀ ਦੇ ਕੰਢਿਆਂ ਤੋਂ ਉੱਪਰ ਚੜ੍ਹ ਰਿਹਾ ਹੋਵੇ। ਉਹ ਪਾਣੀ ਉਸ ਨਦੀ ਵਿੱਚੋਂ ਬਾਹਰ ਵਗਦਾ ਹੋਇਆ ਯਹੂਦਾਹ ਵਿੱਚ ਦਾਖਲ ਹੋ ਜਾਵੇਗਾ। ਇਹ ਯਹੂਦਾਹ ਦੀ ਧੌਣ ਤਾਈ ਚੜ੍ਹ ਜਾਵੇਗਾ। ਇਹ ਯਹੂਦਾਹ ਨੂੰ ਤਕਰੀਬਨ ਡੋਬ ਹੀ ਦੇਵੇਗਾ।

ਇਮਾਨੂਏਲ, ਇਹ ਹੜ੍ਹ ਇੰਨਾ ਫ਼ੈਲ ਜਾਵੇਗਾ ਕਿ ਤੇਰੇ ਸਾਰੇ ਦੇਸ਼ ਉੱਤੇ ਫ਼ੈਲ ਜਾਵੇਗਾ।

ਤੁਸੀਂ ਸਾਰੀਆਂ ਕੌਮਾਂ ਦੇ ਲੋਕੋ, ਜੰਗ ਲਈ ਤਿਆਰ ਹੋ ਜਾਵੋ!
    ਤੁਸੀਂ ਹਾਰ ਜਾਵੋਂਗੇ।
ਦੂਰ ਦੁਰਾਡੇ ਦੇ ਦੇਸੋ, ਤੁਸੀਂ ਸਾਰੇ ਸੁਣੋ!
    ਜੰਗ ਲਈ ਤਿਆਰੀ ਕਰੋ!
    ਤੁਸੀਂ ਹਾਰ ਜਾਵੋਗੇ!
10 ਲੜਾਈ ਲਈ ਆਪਣੀਆਂ ਵਿਉਂਤਾਂ ਬਣਾਓ!
    ਤੁਹਾਡੀਆਂ ਵਿਉਂਤਾਂ ਨਿਸਫ਼ਲ ਹੋ ਜਾਣਗੀਆਂ।
ਆਪਣੀਆਂ ਫ਼ੌਜਾਂ ਨੂੰ ਹੁਕਮ ਦਿਓ!
    ਤੁਹਾਡੇ ਹੁਕਮ ਫ਼ਿਜ਼ੂਲ ਹੋਣਗੇ।
    ਕਿਉਂ ਕਿ ਪਰਮੇਸ਼ੁਰ ਸਾਡੇ ਨਾਲ ਹੈ!

ਯਸਾਯਾਹ ਨੂੰ ਚੇਤਾਵਨੀ

11 ਯਹੋਵਾਹ ਨੇ ਆਪਣੀ ਮਹਾਨ ਸ਼ਕਤੀ ਨਾਲ ਮੇਰੇ ਨਾਲ ਗੱਲ ਕੀਤੀ। ਯਹੋਵਾਹ ਨੇ ਮੈਨੂੰ ਇਨ੍ਹਾਂ ਦੂਸਰੇ ਲੋਕਾਂ ਵਾਂਗ ਨਾ ਹੋਣ ਦੀ ਚੇਤਾਵਨੀ ਦਿੱਤੀ। ਯਹੋਵਾਹ ਨੇ ਆਖਿਆ, 12 “ਹਰ ਬੰਦਾ ਆਖ ਰਿਹਾ ਹੈ ਕਿ ਦੂਸਰੇ ਲੋਕ ਉਸ ਦੇ ਖਿਲਾਫ਼ ਵਿਉਂਤਾਂ ਬਣਾ ਰਹੇ ਹਨ। ਤੁਹਾਨੂੰ ਉਨ੍ਹਾਂ ਗੱਲਾਂ ਉੱਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਉਨ੍ਹਾਂ ਚੀਜ਼ਾਂ ਤੋਂ ਨਾ ਡਰੋ ਜਿਨ੍ਹਾਂ ਤੋਂ ਉਹ ਲੋਕ ਡਰਦੇ ਹਨ। ਉਨ੍ਹਾਂ ਚੀਜ਼ਾਂ ਤੋਂ ਨਾ ਡਰੋ।”

13 ਸਰਬ ਸ਼ਕਤੀਮਾਨ ਯਹੋਵਾਹ ਹੀ ਉਹ ਹਸਤੀ ਹੈ ਜਿਸ ਪਾਸੋਂ ਤੁਹਾਨੂੰ ਡਰਨਾ ਚਾਹੀਦਾ ਹੈ। 14 ਜੇ ਤੁਸੀਂ ਯਹੋਵਾਹ ਦਾ ਆਦਰ ਕਰੋਗੇ ਅਤੇ ਉਸ ਨੂੰ ਪਵਿੱਤਰ ਜਾਣੋਗੇ ਤਾਂ ਉਹ ਤੁਹਾਡੇ ਲਈ ਸੁਰੱਖਿਅਤ ਟਿਕਾਣਾ ਹੋਵੇਗਾ। ਪਰ ਤੁਸੀਂ ਉਸਦਾ ਆਦਰ ਨਹੀਂ ਕਰਦੇ। ਇਸ ਲਈ ਪਰਮੇਸ਼ੁਰ ਉਸ ਚੱਟਾਨ ਵਰਗਾ ਹੈ ਜਿਸਤੋਂ ਤੁਸੀਂ ਲੋਕ ਠੋਕਰ ਖਾਂਦੇ ਹੋ। ਉਹ ਅਜਿਹੀ ਚੱਟਾਨ ਹੈ ਜਿਹੜੀ ਇਸਰਾਏਲ ਦੇ ਦੋ ਪਰਿਵਾਰਾਂ ਨੂੰ ਡੇਗਦੀ ਹੈ। ਯਹੋਵਾਹ ਸਾਰੇ ਯਰੂਸ਼ਲਮ ਦੇ ਲੋਕਾਂ ਨੂੰ ਫ਼ੜਨ ਲਈ ਇੱਕ ਜਾਲ ਹੈ। 15 (ਬਹੁਤ ਸਾਰੇ ਲੋਕ ਇਸ ਚੱਟਾਨ ਦੀ ਠੋਕਰ ਖਾਣਗੇ। ਉਹ ਲੋਕ ਡਿੱਗ ਪੈਣਗੇ ਅਤੇ ਟੁੱਟ ਜਾਣਗੇ। ਉਹ ਪੂਰੀ ਤਰ੍ਹਾਂ ਜਾਲ ਵਿੱਚ ਫ਼ਸ ਜਾਣਗੇ।)

16 “ਇਕਰਾਰਨਾਮਾ ਨੂੰ ਬਂਨੋ ਅਤੇ ਇਸ ਨੂੰ ਮੁਹਰਬੰਦ ਕਰ ਦਿਓ। ਮੇਰੀ ਬਿਵਸਬਾ ਨੂੰ ਭਵਿੱਖ ਲਈ ਬਚਾ ਲਵੋ। ਇਹ ਉਦੋਂ ਕਰੋ ਜਦੋਂ ਮੇਰੇ ਚੇਲੇ ਦੇਖ ਰਹੇ ਹੋਣ।”

17 ਇਹ ਇੱਕ ਇਕਰਾਰਨਾਮਾ ਹੈ ਮੈਂ ਸਾਡੀ ਸਹਾਇਤਾ ਕਰਨ ਲਈ ਯਹੋਵਾਹ ਦਾ ਇੰਤਜ਼ਾਰ ਕਰਾਂਗਾ
    ਅਤੇ ਯਹੋਵਾਹ ਯਾਕੂਬ ਦੇ ਪਰਿਵਾਰ ਤੋਂ ਸ਼ਰਮਸਾਰ ਹੈ।
ਉਹ ਉਨ੍ਹਾਂ ਵੱਲ ਦੇਖਣ ਤੋਂ ਇਨਕਾਰ ਕਰਦਾ ਹੈ।
    ਪਰ ਮੈਂ ਯਹੋਵਾਹ ਦੀ ਭਾਲ ਕਰਾਂਗਾ ਅਤੇ ਉਹ ਸਾਨੂੰ ਬਚਾਵੇਗਾ।

18 ਮੇਰੇ ਬੱਚੇ ਅਤੇ ਮੈਂ ਇਸਰਾਏਲ ਦੇ ਲੋਕਾਂ ਲਈ ਸੰਕੇਤ ਅਤੇ ਸਬੂਤ ਹਾਂ। ਸਾਨੂੰ ਸਰਬ ਸ਼ਕਤੀਮਾਨ ਯਹੋਵਾਹ ਨੇ ਭੇਜਿਆ ਹੈ-ਉਹ ਯਹੋਵਾਹ ਜਿਹੜਾ ਸੀਯੋਨ ਪਰਵਤ ਉੱਤੇ ਰਹਿੰਦਾ ਹੈ।

19 ਕੁਝ ਲੋਕ ਆਖਦੇ ਹਨ, “ਜੋਤਸ਼ੀਆਂ ਅਤੇ ਬੁੱਧੀਮਾਨਾਂ ਨੂੰ ਪੁੱਛੋ ਕਿ ਕੀ ਕਰਨਾ ਹੈ।” (ਇਹ ਭਵਿੱਖ ਦੱਸਣ ਵਾਲੇ ਅਤੇ ਬੁੱਧੀਮਾਨ ਪੰਛੀਆਂ ਦੀਆਂ ਆਵਾਜ਼ਾਂ ਵਾਂਗ ਫ਼ੁਸਫ਼ੁਸਾਉਂਦੇ ਹਨ ਅਤੇ ਲੋਕਾਂ ਨੂੰ ਯਕੀਨ ਦਿਵਾਉਂਦੇ ਹਨ ਕਿ ਉਹ ਗੁੱਝੀਆਂ ਗੱਲਾਂ ਦਾ ਗਿਆਨ ਰੱਖਦੇ ਹਨ।) ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ “ਲੋਕਾਂ ਨੂੰ ਸਹਾਇਤਾ ਲਈ ਆਪਣੇ ਪਰਮੇਸ਼ੁਰ ਨੂੰ ਆਵਾਜ਼ ਦੇਣੀ ਚਾਹੀਦੀ ਹੈ। ਉਹ ਜੋਤਸ਼ੀ ਅਤੇ ਬੁੱਧੀਮਾਨ ਮੁਰਦਿਆਂ ਨੂੰ ਪੁੱਛਦੇ ਹਨ ਕਿ ਕੀ ਕਰਨਾ ਹੈ। ਜਿਉਂਦੇ ਬੰਦੇ ਭਲਾ ਮੁਰਦਿਆਂ ਕੋਲੋਂ ਕੋਈ ਚੀਜ਼ ਕਿਉਂ ਮੰਗਣ?” 20 ਤੁਹਾਨੂੰ ਇਕਰਾਰਨਾਮੇ ਅਤੇ ਬਿਵਸਬਾ ਨੂੰ ਮੰਨਣਾ ਚਾਹੀਦਾ ਹੈ। ਜੇ ਤੁਸੀਂ ਇਨ੍ਹਾਂ ਹੁਕਮਾਂ ਨੂੰ ਨਹੀਂ ਮੰਨੋਗੇ, ਤਾਂ ਸ਼ਾਇਦ ਤੁਸੀਂ ਗ਼ਲਤ ਹੁਕਮਾਂ ਦੀ ਪਾਲਣਾ ਨਹੀਂ ਕਰ ਰਹੇ ਹੋਵੋਗੇ। (ਗ਼ਲਤ ਹੁਕਮ ਉਹ ਹਨ ਜਿਹੜੇ ਜੋਤਸ਼ੀਆਂ ਅਤੇ ਭਵਿੱਖਵਕਤਾਵਾਂ ਦੁਆਰਾ ਦਿੱਤੇ ਜਾਂਦੇ ਹਨ। ਉਹ ਹੁਕਮ ਫ਼ਿਜ਼ੂਲ ਹਨ ਤੁਹਾਨੂੰ ਉਨ੍ਹਾਂ ਹੁਕਮਾਂ ਦੀ ਪਾਲਣਾ ਦਾ ਕੋਈ ਲਾਭ ਨਹੀਂ ਹੋਵੇਗਾ।) 21 ਜੇ ਤੁਸੀਂ ਉਨ੍ਹਾਂ ਗ਼ਲਤ ਆਦੇਸ਼ਾਂ ਦੀ ਪਾਲਣਾ ਕਰੋਗੇ ਤਾਂ ਦੇਸ਼ ਵਿੱਚ ਭੁੱਖਮਰੀ ਅਤੇ ਮੁਸੀਬਤਾਂ ਹੋਣਗੀਆਂ। ਲੋਕ ਭੁੱਖੇ ਮਰਨਗੇ। ਫ਼ੇਰ ਉਹ ਗੁੱਸੇ ਵਿੱਚ ਆ ਜਾਣਗੇ ਅਤੇ ਉੱਪਰ ਤੱਕਦਿਆਂ ਹੋਇਆਂ ਆਪਣੇ ਰਾਜੇ ਅਤੇ ਆਪਣੇ ਪਰਮੇਸ਼ੁਰ ਨੂੰ ਸਰਾਪਣਗੇ। 22 ਜੇ ਉਹ ਆਪਣੇ ਦੇਸ਼ ਵੱਲ ਦੇਖਣਗੇ ਉਨ੍ਹਾਂ ਨੂੰ ਸਿਰਫ਼ ਮੁਸੀਬਤ ਅਤੇ ਨਿਰਾਸ਼ਾ ਭਰਿਆ ਅੰਧਕਾਰ ਹੀ ਨਜ਼ਰ ਆਵੇਗਾ-ਆਪਣੇ ਦੇਸ਼ ਨੂੰ ਛੱਡਣ ਲਈ ਮਜ਼ਬੂਰ ਹੋਣ ਵਾਲੇ ਲੋਕਾਂ ਦੀ ਹਨੇਰੀ ਨਿਰਾਸ਼ਾ। ਅਤੇ ਜਿਹੜੇ ਲੋਕ ਅੰਧਕਾਰ ਵਿੱਚ ਫ਼ਸੇ ਹੋਣਗੇ ਉਹ ਆਪਣੇ-ਆਪ ਨੂੰ ਮੁਕਤ ਨਹੀਂ ਕਰ ਸੱਕਣਗੇ।

ਇੱਕ ਨਵਾਂ ਦਿਵਸ ਆ ਰਿਹਾ ਹੈ

ਪਿੱਛਲੇ ਸਮੇਂ ਵਿੱਚ, ਲੋਕ ਸੋਚਦੇ ਸਨ ਕਿ ਜ਼ੇਬੁਲੁਨ ਦਾ ਦੇਸ਼ ਅਤੇ ਨਾਫ਼ਤਾਲੀ ਦਾ ਦੇਸ਼ ਮਹੱਤਵਪੂਰਣ ਨਹੀਂ ਹਨ। ਪਰ ਬਾਅਦ ਵਿੱਚ, ਪਰਮੇਸ਼ੁਰ ਉਨ੍ਹਾਂ ਦੇ ਦਰਦ ਦਾ ਅੰਤ ਕਰ ਦੇਵੇਗਾ ਅਤੇ ਇਨ੍ਹਾਂ ਜ਼ਮੀਨਾਂ ਨੂੰ ਮਹੱਤਵਪੂਰਣ ਬਣਾਵੇਗਾ: ਸਮੁੰਦਰ ਦੇ ਕੰਢੇ ਦਾ ਦੇਸ਼, ਯੋਰਡਨ ਨਦੀ ਦਾ ਦੇਸ ਅਤੇ ਗਲੀਲੀ ਜਿੱਥੇ ਗ਼ੈਰ ਯਹੂਦੀ ਰਹਿੰਦੇ ਹਨ। ਇਹ ਲੋਕ ਹਨੇਰੇ ਵਿੱਚ ਰਹਿੰਦੇ ਸਨ। ਪਰ ਹੁਣ ਉਹ ਇੱਕ ਮਹਾਨ ਰੌਸ਼ਨੀ ਵੇਖਣਗੇ। ਉਹ ਮੌਤ ਦੇ ਮਾਏ ਜਿੰਨੀ ਹਨੇਰੇ, ਸਥਾਨ ਵਿੱਚ ਰਹਿੰਦੇ ਸਨ ਪਰ ਹੁਣ, ਉਨ੍ਹਾਂ ਉੱਤੇ “ਮਹਾਨ ਰੌਸ਼ਨੀ” ਲਿਸ਼ਕੇਗੀ।

ਹੇ ਪਰਮੇਸ਼ੁਰ, ਤੁਸੀਂ ਕੌਮ ਨੂੰ ਵਿਕਸਿਤ ਹੋਣ ਵਿੱਚ ਮਦਦ ਕਰੋਗੇ। ਤੁਸੀਂ ਲੋਕਾਂ ਨੂੰ ਖੁਸ਼ੀ ਪ੍ਰਦਾਨ ਕਰੋਗੇ। ਅਤੇ ਲੋਕ ਆਪਣੀ ਪ੍ਰਸੰਨਤਾ ਤੁਹਾਡੇ ਸਾਹਮਣੇ ਪ੍ਰਗਟ ਕਰਨਗੇ। ਇਹ ਉਹੋ ਜਿਹੀ ਹੀ ਖੁਸ਼ੀ ਹੋਵੇਗੀ ਜਿਹੋ ਜਿਹੀ ਵਾਢੀਆਂ ਦੇ ਵੇਲੇ ਹੁੰਦੀ ਹੈ। ਇਹ ਉਸੇ ਤਰ੍ਹਾਂ ਦੀ ਖੁਸ਼ੀ ਹੋਵੇਗੀ ਜਿਹੋ ਜਿਹੀ ਲੋਕਾਂ ਨੂੰ ਉਦੋਂ ਮਿਲਦੀ ਹੈ ਜਦੋਂ ਉਹ ਜੰਗ ਵਿੱਚ ਜਿੱਤਿਆ ਮਾਲ ਦਾ ਹਿੱਸਾ ਪ੍ਰਾਪਤ ਕਰਦੇ ਹਨ। ਕਿਉਂ ਕਿ ਤੁਸੀਂ ਬਹੁਤ ਵਢ੍ਢਾ ਭਾਰ ਲਾਹ ਸੁੱਟੋਗੇ। ਤੁਸੀਂ ਲੋਕਾਂ ਦੀਆਂ ਪਿੱਠਾ ਉੱਤੋਂ ਭਾਰੇ ਸ਼ਤੀਰ ਦਾ ਬੋਝ ਉਤਾਰ ਦਿਓਗੇ। ਤੁਸੀਂ ਉਸ ਭਾਰੇ ਸ਼ਤੀਰ ਨੂੰ ਲਾਹ ਸੁੱਟੋਗੇ ਜਿਸ ਰਾਹੀਂ ਦੁਸ਼ਮਣ ਤੁਹਾਡੇ ਲੋਕਾਂ ਨੂੰ ਸਜ਼ਾ ਦਿੰਦਾ ਹੈ। ਇਹ ਸਮਾਂ ਉਹੋ ਜਿਹਾ ਹੋਵੇਗਾ ਜਿਸ ਸਮੇਂ ਕਿ ਤੁਸੀਂ ਮਿਦਯਾਨ ਨੂੰ ਹਰਾਇਆ ਸੀ।

ਜੰਗ ਲਈ ਉੱਠਿਆ ਹ੍ਹਰ ਬੂਟ ਅਤੇ ਖੂਨ ਨਾਲ ਰਂਗੀ ਹਰ ਵਰਦੀ ਤਬਾਹ ਕਰ ਦਿੱਤੀ ਜਾਵੇਗੀ। ਇਹ ਚੀਜ਼ਾਂ ਅੱਗ ਵਿੱਚ ਸੁੱਟ ਦਿੱਤੀਆਂ ਜਾਣਗੀਆਂ। ਇਹ ਗੱਲਾਂ ਉਦੋਂ ਵਾਪਰਨਗੀਆਂ ਜਦੋਂ ਕਿਸੇ ਖਾਸ ਬੱਚੇ ਦਾ ਜਨਮ ਹੋਵੇਗਾ। ਪਰਮੇਸ਼ੁਰ ਸਾਨੂੰ ਇੱਕ ਪੁੱਤਰ ਦੇਵੇਗਾ। ਇਹ ਪੁੱਤਰ ਲੋਕਾਂ ਦੀ ਅਗਵਾਈ ਕਰਨ ਦਾ ਜਿਂਮਾ ਲਵੇਗਾ। ਉਸਦਾ ਨਾਮ ਹੋਵੇਗਾ, “ਅਦਭੁੱਤ ਸਲਾਹਕਾਰ, ਸ਼ਕਤੀਮਾਨ ਪਰਮੇਸ਼ੁਰ, ਉਹ ਪਿਤਾ ਜਿਹੜਾ ਸਦਾ ਜਿਉਂਦਾ ਹੈ, ਅਮਨ ਦਾ ਸਹਿਜ਼ਾਦਾ।” ਉਸ ਦੇ ਰਾਜ ਵਿੱਚ ਸ਼ਾਂਤੀ ਅਤੇ ਸ਼ਕਤੀ ਹੋਵੇਗੀ। ਦਾਊਦ ਦੇ ਪਰਿਵਾਰ ਦੇ ਰਾਜੇ ਲਈ ਇਹ ਵੱਧਦੀ ਜਾਵੇਗੀ। ਇਹ ਰਾਜਾ ਨੇਕੀ ਅਤੇ ਨਿਰਪੱਖ ਨਿਆਂ ਨਾਲ ਸਦਾ-ਸਦਾ ਲਈ ਰਾਜ ਕਰੇਗਾ। ਸਰਬ ਸ਼ਕਤੀਮਾਨ ਯਹੋਵਾਹ ਆਪਣੇ ਲੋਕਾਂ ਲਈ ਬਹੁਤ ਤੀਬਰ ਪਿਆਰ ਰੱਖਦਾ ਹੈ ਅਤੇ ਇਹ ਤੀਬਰ ਪਿਆਰ ਹੀ ਇਸ ਨੂੰ ਸਫ਼ਲਤਾ ਪੂਰਵਕ ਸੰਪੰਨ ਕਰੇਗਾ।

ਪਰਮੇਸ਼ੁਰ ਇਸਰਾਏਲ ਨੂੰ ਸਜ਼ਾ ਦੇਵੇਗਾ

ਮੇਰੇ ਯਹੋਵਾਹ ਨੇ ਮੈਨੂੰ ਯਾਕੂਬ (ਇਸਰਾਏਲ) ਦੇ ਲੋਕਾਂ ਦੇ ਖਿਲਾਫ਼ ਆਦੇਸ਼ ਦਿੱਤਾ ਸੀ। ਇਸਰਾਏਲ ਦੇ ਖਿਲਾਫ਼ ਇਸ ਆਦੇਸ਼ ਦੀ ਪਾਲਣਾ ਹੋਵੇਗੀ। ਫ਼ੇਰ ਇਫ਼ਰਾਈਮ (ਇਸਰਾਏਲ) ਦਾ ਹਰ ਬੰਦਾ, ਸਾਮਰਿਯਾ ਦੇ ਆਗੂ ਵੀ, ਜਾਣ ਲੈਣਗੇ ਕਿ ਪਰਮੇਸ਼ੁਰ ਨੇ ਉਨ੍ਹਾਂ ਨੂੰ ਸਜ਼ਾ ਦਿੱਤੀ ਹੈ।

ਹੁਣ ਉਹ ਲੋਕ ਬਹੁਤ ਗੁਮਾਨੀ ਹਨ ਅਤੇ ਹਂਕਾਰੀ ਹਨ। ਉਹ ਲੋਕ ਆਖਦੇ ਹਨ। 10 “ਇਹ ਇੱਟਾਂ ਭਾਵੇਂ ਢਹਿ ਜਾਣਗੀਆਂ ਪਰ ਅਸੀਂ ਫ਼ੇਰ ਉਸਾਰੀ ਕਰ ਲਵਾਂਗੇ। ਅਤੇ ਅਸੀਂ ਮਜ਼ਬੂਤ ਪੱਥਰ ਦੀ ਉਸਾਰੀ ਕਰ ਲਵਾਂਗੇ। ਇਹ ਛੋਟੇ ਰੁੱਖ ਭਾਵੇਂ ਕੱਟੇ ਜਾਣਗੇ। ਪਰ ਅਸੀਂ ਇੱਥੇ ਹੋਰ ਰੁੱਖ ਲਾ ਲਵਾਂਗੇ। ਅਤੇ ਨਵੇਂ ਰੁੱਖ ਲੰਮੇ ਅਤੇ ਮਜ਼ਬੂਤ ਹੋਣਗੇ।”

11 ਇਸ ਲਈ ਯਹੋਵਾਹ ਇਸਰਾਏਲ ਦੇ ਖਿਲਾਫ਼ ਲੜਨ ਵਾਲਿਆਂ ਨੂੰ ਲੱਭ ਲਵੇਗਾ। ਯਹੋਵਾਹ ਉਨ੍ਹਾਂ ਦੇ ਖਿਲਾਫ਼ ਰਸੀਨ ਦੀਆਂ ਫ਼ੌਜਾਂ ਲੈ ਆਵੇਗਾ। 12 ਯਹੋਵਾਹ ਪੂਰਬ ਵਿੱਚ ਅਰਾਮੀਆਂ ਨੂੰ ਲਿਆਵੇਗਾ ਅਤੇ ਪੱਛਮ ਵਿੱਚੋਂ ਫ਼ਲਿਸਤੀਨੀਆਂ ਨੂੰ ਲਿਆਵੇਗਾ। ਉਹ ਦੁਸ਼ਮਣ ਆਪਣੀਆਂ ਫ਼ੌਜਾਂ ਨਾਲ ਇਸਰਾਏਲ ਨੂੰ ਹਰਾ ਦੇਣਗੇ। ਪਰ ਯਹੋਵਾਹ ਫ਼ੇਰ ਵੀ ਇਸਰਾਏਲ ਨਾਲ ਨਾਰਾਜ਼ ਹੋਵੇਗਾ। ਯਹੋਵਾਹ ਫ਼ੇਰ ਵੀ ਲੋਕਾਂ ਨੂੰ ਸਜ਼ਾ ਦੇਣ ਲਈ ਤਿਆਰ ਹੋਵੇਗਾ।

13 ਪਰਮੇਸ਼ੁਰ ਲੋਕਾਂ ਨੂੰ ਸਜ਼ਾ ਦੇਵੇਗਾ ਪਰ ਉਹ ਪਾਪ ਕਰਨ ਤੋਂ ਨਹੀਂ ਹਟਣਗੇ। ਉਹ ਉਸ ਵੱਲ ਨਹੀਂ ਪਰਤਣਗੇ। ਉਹ ਸਰਬ ਸ਼ਕਤੀਮਾਨ ਯਹੋਵਾਹ ਦੇ ਅਨੁਸਾਰ ਚੱਲਣਗੇ। 14 ਇਸ ਲਈ ਯਹੋਵਾਹ ਇਸਰਾਏਲ ਦਾ ਸਿਰ ਤੇ ਪੂਛ ਕੱਟ ਦੇਵੇਗਾ। ਯਹੋਵਾਹ ਇੱਕ ਦਿਨ ਵਿੱਚ ਹੀ ਟਾਹਣੀਆਂ ਅਤੇ ਤਣਿਆਂ ਨੂੰ ਖੋਹ ਲਵੇਗਾ। 15 ਸਿਰ ਦਾ ਅਰਬ ਹੈ ਬਜ਼ੁਰਗ ਅਤੇ ਮਹੱਤਵਪੂਰਣ ਆਗੂ। ਪੂਛ ਦਾ ਅਰਬ ਹੈ ਉਹ ਨਬੀ ਜਿਹੜੇ ਝੂਠ ਬੋਲਦੇ ਹਨ।

16 ਜਿਹੜੇ ਬੰਦੇ ਲੋਕਾਂ ਦੀ ਅਗਵਾਈ ਕਰਦੇ ਹਨ ਉਹ ਉਨ੍ਹਾਂ ਨੂੰ ਕੁਰਾਹੇ ਪਾਉਂਦੇ ਹਨ। ਅਤੇ ਜਿਹੜੇ ਲੋਕ ਉਨ੍ਹਾਂ ਦੇ ਪਿੱਛੇ ਲੱਗਣਗੇ ਉਹ ਤਬਾਹ ਹੋ ਜਾਣਗੇ। 17 ਸਾਰੇ ਬੰਦੇ ਬੁਰੇ ਹਨ। ਇਸ ਲਈ ਯਹੋਵਾਹ ਯੋਜਨਾਵਾਂ ਨਾਲ ਵੀ ਪ੍ਰਸੰਨ ਨਹੀਂ ਹੈ। ਅਤੇ ਯਹੋਵਾਹ ਉਨ੍ਹਾਂ ਦੀਆਂ ਵਿਧਵਾਵਾਂ ਅਤੇ ਉਨ੍ਹਾਂ ਦੇ ਯਤੀਮਾਂ ਉੱਤੇ ਵੀ ਰਹਿਮ ਨਹੀਂ ਕਰੇਗਾ। ਕਿਉਂਕਿ ਸਾਰੇ ਹੀ ਬੰਦੇ ਬੁਰੇ ਹਨ। ਲੋਕ ਉਹ ਗੱਲਾਂ ਕਰਦੇ ਹਨ ਜਿਹੜੀਆਂ ਪਰਮੇਸ਼ੁਰ ਦੇ ਖਿਲਾਫ਼ ਹਨ। ਲੋਕ ਝੂਠ ਬੋਲਦੇ ਹਨ।

ਇਸ ਲਈ ਪਰਮੇਸ਼ੁਰ ਲੋਕਾਂ ਨਾਲ ਨਾਰਾਜ਼ ਰਹੇਗਾ। ਪਰਮੇਸ਼ੁਰ ਲੋਕਾਂ ਨੂੰ ਸਜ਼ਾ ਦਿੰਦਾ ਰਹੇਗਾ।

18 ਦੁਸ਼ਟਤਾ ਬਿਲਕੁਲ ਇੱਕ ਛੋਟੀ ਜਿਹੀ ਅੱਗ ਵਾਂਗ ਹੈ। ਪਹਿਲਾਂ ਅੱਗ ਘਾਹ ਫ਼ੂਸ ਅਤੇ ਕੰਡਿਆਂ ਨੂੰ ਸਾੜਦੀ ਹੈ। ਇਸਤੋਂ ਮਗਰੋਂ ਅੱਗ ਜੰਗਲ ਦੀਆਂ ਵੱਡੀਆਂ ਝਾੜੀਆਂ ਨੂੰ ਸਾੜਦੀ ਹੈ। ਅਤੇ ਅੰਤ ਵਿੱਚ ਇਹ ਭਿਆਨਕ ਅੱਗ ਬਣ ਜਾਂਦੀ ਹੈ-ਅਤੇ ਹਰ ਇੱਕ ਚੀਜ਼ ਸੜ ਕੇ ਸੁਆਹ ਹੋ ਜਾਂਦੀ ਹੈ।

19 ਸਰਬ ਸ਼ਕਤੀਮਾਨ ਯਹੋਵਾਹ ਨਾਰਾਜ਼ ਹੈ, ਇਸ ਲਈ ਜ਼ਮੀਨ ਸਾੜੀ ਜਾਵੇਗੀ। ਅਤੇ ਹਰ ਕੋਈ ਇਸ ਅੱਗ ਵਿੱਚ ਮਰ ਜਾਵੇਗਾ। ਕੋਈ ਬੰਦਾ ਵੀ ਆਪਣੇ ਭਰਾ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕਰੇਗਾ। 20 ਲੋਕ ਸੱਜੇ ਪਾਸੇ ਦੀ ਕਿਸੇ ਚੀਜ਼ ਨੂੰ ਫ਼ੜਣਗੇ, ਪਰ ਉਹ ਫ਼ੇਰ ਵੀ ਭੁੱਖੇ ਹੋਣਗੇ। ਉਹ ਖੱਬੇ ਪਾਸੇ ਦੀ ਕਿਸੇ ਚੀਜ਼ ਨੂੰ ਖਾਣਗੇ, ਪਰ ਉਹ ਰੱਜਣਗੇ ਨਹੀਂ। ਹਰ ਬੰਦਾ ਮੁੜ ਕੇ ਆਪਣੇ ਹੀ ਸ਼ਰੀਰ ਨੂੰ ਲਾਵੇਗਾ। 21 (ਇਸਦਾ ਅਰਬ ਹੈ ਮਾਨਾਸੇਹ ਇਫ਼ਰਾਈਮ ਦੇ ਖਿਲਾਫ਼ ਲੜੇਗਾ, ਅਤੇ ਇਫ਼ਰਾਈਮ ਮਨੱਸ਼ਹ ਦੇ ਖਿਲਾਫ਼ ਲੜੇਗਾ। ਅਤੇ ਫ਼ੇਰ ਦੋਵੇਂ ਯਹੂਦਾਹ ਦੇ ਖਿਲਾਫ਼ ਹੋ ਜਾਣਗੇ।)

ਯਹੋਵਾਹ ਹਾਲੇ ਵੀ ਇਸਰਾਏਲ ਦੇ ਨਾਲ ਨਾਰਾਜ਼ ਹੈ। ਯਹੋਵਾਹ ਹਾਲੇ ਵੀ ਆਪਣੇ ਲੋਕਾਂ ਨੂੰ ਸਜ਼ਾ ਦੇਣ ਲਈ ਤਤਪਰ ਹੈ।

10 ਉਨ੍ਹਾਂ ਵੱਲ ਦੇਖੋ ਜਿਹੜੇ ਬੁਰੀਆਂ ਬਿਧੀਆਂ ਬਣਾਉਂਦੇ ਹਨ ਅਤੇ ਅਨਿਆਂਈ ਫ਼ੈਸਲੇ ਕਰਦੇ ਹਨ। ਉਹ ਗਰੀਬ ਲੋਕਾਂ ਨਾਲ ਨਿਰਪੱਖ ਨਹੀਂ ਹਨ। ਉਹ ਗਰੀਬ ਲੋਕਾਂ ਦੇ ਹੱਕ ਖੋਹ ਲੈਂਦੇ ਹਨ। ਉਹ ਲੋਕਾਂ ਨੂੰ ਇਸ ਗੱਲ ਦੀ ਇਜਾਜ਼ਤ ਦਿੰਦੇ ਹਨ ਕਿ ਉਹ ਵਿਧਵਾਵਾਂ ਅਤੇ ਯਤੀਮਾਂ ਦੀ ਚੋਰੀ ਕਰ ਸੱਕਣ।

ਤੁਹਾਨੂੰ ਆਪਣੇ ਅਮਲਾਂ ਦਾ ਲੇਖਾ ਦੇਣਾ ਪਵੇਗਾ। ਉਸ ਵੇਲੇ ਤੁਸੀਂ ਕੀ ਕਰੋਗੇ? ਤੁਹਾਡੀ ਤਬਾਹੀ ਦੂਰ ਦੁਰਾਡੇ ਦੇਸ਼ੋਁ ਆ ਰਹੀ ਹੈ, ਤੁਸੀਂ ਸਹਾਇਤਾ ਲਈ ਕਿੱਥੋ ਭੱਜੋਗੇ। ਤੁਹਾਡਾ ਧਨ ਦੌਲਤ ਤੁਹਾਡੀ ਸਹਾਇਤਾ ਨਹੀਂ ਕਰੇਗਾ। ਤੁਹਾਨੂੰ ਇੱਕ ਕੈਦੀ ਵਾਂਗ ਝੁਕਣਾ ਪਵੇਗਾ। ਤੁਸੀਂ ਇੱਕ ਮਰੇ ਹੋਏ ਬੰਦੇ ਵਾਂਗ ਡਿੱਗ ਪਵੋਗੇ। ਪਰ ਇਸ ਨਾਲ ਵੀ ਤੁਹਾਡੀ ਕੋਈ ਸਹਾਇਤਾ ਨਹੀਂ ਹੋਵੇਗੀ! ਪਰਮੇਸ਼ੁਰ ਫ਼ੇਰ ਵੀ ਤੁਹਾਡੇ ਨਾਲ ਨਾਰਾਜ਼ ਹੋਵੇਗਾ। ਪਰਮੇਸ਼ੁਰ ਫ਼ੇਰ ਵੀ ਤੁਹਾਨੂੰ ਸਜ਼ਾ ਦੇਣ ਲਈ ਤਿਆਰ ਹੋਵੇਗਾ।

ਪਰਮੇਸ਼ੁਰ ਅੱਸ਼ੂਰ ਨੂੰ ਸਜ਼ਾ ਦੇਵੇਗਾ

ਪਰਮੇਸ਼ੁਰ ਆਖੇਗਾ, “ਮੈਂ ਅੱਸ਼ੂਰ ਨੂੰ ਇੱਕ ਸੋਟੀ ਵਾਂਗ ਵਰਤਾਂਗਾ। ਗੁੱਸੇ ਵਿੱਚ, ਮੈਂ ਅੱਸ਼ੂਰ ਨੂੰ ਇਸਰਾਏਲ ਨੂੰ ਸਜ਼ਾ ਦੇਣ ਲਈ ਵਰਤਾਂਗਾ। ਮੈਂ ਅੱਸ਼ੂਰ ਨੂੰ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਣ ਲਈ ਭੇਜਾਂਗਾ ਜਿਹੜੇ ਮੰਦੇ ਕੰਮ ਕਰਦੇ ਹਨ। ਮੈਂ ਉਨ੍ਹਾਂ ਲੋਕਾਂ ਨਾਲ ਨਾਰਾਜ਼ ਹਾਂ, ਮੈਂ ਅੱਸ਼ੂਰ ਨੂੰ ਆਦੇਸ਼ ਦੇਵਾਂਗਾ ਕਿ ਉਨ੍ਹਾਂ ਦੇ ਖਿਲਾਫ਼ ਲੜਨ। ਅੱਸ਼ੂਰ ਉਨ੍ਹਾਂ ਨੂੰ ਹਰਾ ਦੇਵੇਗਾ ਅਤੇ ਅੱਸ਼ੂਰ ਉਨ੍ਹਾਂ ਪਾਸੋਂ ਉਨ੍ਹਾਂ ਦੀ ਦੌਲਤ ਖੋਹ ਲਵੇਗਾ। ਇਸਰਾਏਲ ਖਾਕ ਵਾਂਗ ਹੋ ਜਾਵੇਗਾ ਅਤੇ ਅੱਸ਼ੂਰ ਉਸ ਨੂੰ ਪੈਰਾਂ ਹੇਠਾਂ ਲਿਤਾੜੇਗਾ।

“ਪਰ ਅੱਸ਼ੂਰ ਇਹ ਨਹੀਂ ਸਮਝਦਾ ਕਿ ਮੈਂ ਉਸਦੀ ਵਰਤੋਂ ਕਰਾਂਗਾ। ਉਹ ਇਹ ਨਹੀਂ ਜਾਣਦਾ ਕਿ ਉਹ ਮੇਰੇ ਲਈ ਇੱਕ ਸੰਦ ਹੈ। ਅੱਸ਼ੂਰ ਸਿਰਫ਼ ਹੋਰਾਂ ਲੋਕਾਂ ਨੂੰ ਤਬਾਹ ਕਰਨਾ ਚਾਹੁੰਦਾ ਹੈ। ਅੱਸ਼ੂਰ ਕੁਝ ਕੌਮਾਂ ਨੂੰ ਤਬਾਹ ਕਰਨ ਦੀ ਯੋਜਨਾ ਬਣਾ ਰਿਹਾ ਹੈ। ਅੱਸ਼ੂਰ ਆਪਣੇ-ਆਪ ਨੂੰ ਆਖਦਾ ਹੈ, ‘ਮੇਰੇ ਸਾਰੇ ਆਗੂ ਰਾਜਿਆਂ ਵਰਗੇ ਹਨ! ਕਾਲਨੋ ਦਾ ਸ਼ਹਿਰ ਕਰਕਮੀਸ਼ ਸ਼ਹਿਰ ਵਰਗਾ ਹੈ। ਅਤੇ ਅਰਪਦ ਸ਼ਹਿਰ ਹਮਾਬ ਸ਼ਹਿਰ ਵਰਗਾ ਹੈ। ਸਾਮਰਿਯਾ ਸ਼ਹਿਰ ਦੋਮਿਸ਼ਕ ਸ਼ਹਿਰ ਵਰਗਾ ਹੈ। 10 ਮੈਂ ਉਨ੍ਹਾਂ ਮੰਦੇ ਰਾਜਾਂ ਨੂੰ ਹਰਾ ਦਿੱਤਾ ਸੀ ਅਤੇ ਹੁਣ ਉਹ ਮੇਰੇ ਅਧੀਨ ਹਨ। ਜਿਨ੍ਹਾਂ ਬੁੱਤਾਂ ਦੀ ਉਹ ਉਪਾਸਨਾ ਕਰਦੇ ਹਨ ਉਹ ਯਰੂਸ਼ਲਮ ਅਤੇ ਸਾਮਰਿਯਾ ਦੇ ਬੁੱਤਾਂ ਨਾਲੋਂ ਬਿਹਤਰ ਹਨ। 11 ਮੈਂ ਸਾਮਰਿਯਾ ਨੂੰ ਅਤੇ ਉਸ ਦੇ ਬੁੱਤਾਂ ਨੂੰ ਹਰਾ ਦਿੱਤਾ ਸੀ। ਮੈਂ ਯਰੂਸ਼ਲਮ ਅਤੇ ਉਸ ਦੇ ਲੋਕਾਂ ਦੇ ਬਣਾਏ ਹੋਏ ਬੁੱਤਾਂ ਨੂੰ ਵੀ ਹਰਾ ਦਿਆਂਗਾ।’”

12 ਮੇਰਾ ਪ੍ਰਭੂ ਉਨ੍ਹਾਂ ਗੱਲਾਂ ਨੂੰ ਪੂਰਾ ਕਰੇਗਾ ਜਿਸਦੀ ਯੋਜਨਾ ਉਸ ਨੇ ਯਰੂਸ਼ਲਮ ਅਤੇ ਸੀਯੋਨ ਪਰਬਤ ਲਈ ਬਣਾਈ ਸੀ। ਫ਼ੇਰ ਯਹੋਵਾਹ ਅੱਸ਼ੂਰ ਨੂੰ ਸਜ਼ਾ ਦੇਵੇਗਾ। ਅੱਸ਼ੂਰ ਦਾ ਰਾਜ ਬਹੁਤ ਗੁਮਾਨੀ ਹੈ। ਉਸ ਦੇ ਹਂਕਾਰ ਨੇ ਉਸ ਕੋਲੋਂ ਬਹੁਤ ਮੰਦੇ ਕੰਮ ਕਰਵਾਏ ਹਨ। ਇਸ ਲਈ ਪਰਮੇਸ਼ੁਰ ਉਸ ਨੂੰ ਸਜ਼ਾ ਦੇਵੇਗਾ।

13 ਅੱਸ਼ੂਰ ਦਾ ਰਾਜਾ ਆਖਦਾ ਹੈ, “ਮੈਂ ਬਹੁਤ ਸਿਆਣਾ ਹਾਂ। ਮੈਂ ਆਪਣੀ ਸਿਆਣਪ ਅਤੇ ਸ਼ਕਤੀ ਨਾਲ ਬਹੁਤ ਮਹਾਨ ਗੱਲਾਂ ਕੀਤੀਆਂ ਹਨ। ਮੈਂ ਬਹੁਤ ਕੌਮਾਂ ਨੂੰ ਹਰਾਇਆ ਹੈ। ਮੈਂ ਉਨ੍ਹਾਂ ਦੀ ਦੌਲਤ ਲੁੱਟ ਲਈ ਹੈ। ਅਤੇ ਮੈਂ ਉਨ੍ਹਾਂ ਦੇ ਲੋਕਾਂ ਨੂੰ ਗੁਲਾਮ ਬਣਾ ਲਿਆ ਹੈ। ਮੈਂ ਬਹੁਤ ਸ਼ਕਤੀਸ਼ਾਲੀ ਬੰਦਾ ਹਾਂ। 14 ਮੈਂ ਆਪਣੇ ਹੱਥਾਂ ਨਾਲ ਉਨ੍ਹਾਂ ਸਾਰੇ ਲੋਕਾਂ ਦੀ ਦੌਲਤ ਲੁੱਟੀ ਹੈ। ਜਿਵੇਂ ਕੋਈ ਬੰਦਾ ਕਿਸੇ ਪੰਛੀ ਦੇ ਆਲ੍ਹਣੇ ਵਿੱਚੋਂ ਆਂਡੇ ਚੁੱਕ ਲੈਂਦਾ ਹੈ। ਪੰਛੀ ਬਹੁਤ ਵਾਰੀ ਆਪਣੇ ਆਲ੍ਹਣੇ ਅਤੇ ਅੰਡਿਆਂ ਨੂੰ ਇੱਕਲਿਆਂ ਛੱਡ ਦਿੰਦਾ ਹੈ। ਅਤੇ ਉਸ ਦੇ ਆਲ੍ਹਣੇ ਦੀ ਰਾਖੀ ਕਰਨ ਵਾਲਾ ਕੋਈ ਨਹੀਂ ਹੁੰਦਾ। ਓੱਥੇ ਕੋਈ ਵੀ ਪੰਛੀ ਆਪਣੇ ਖੰਭਾਂ ਅਤੇ ਆਪਣੀ ਚੁਂਝ ਨਾਲ ਚੀਕ ਚਿਹਾੜਾ ਕਰਨ ਅਤੇ ਲੜਨ ਲਈ ਮੌਜੂਦ ਨਹੀਂ ਹੁੰਦਾ। ਇਸ ਲਈ ਲੋਕ ਆਂਡੇ ਚੁੱਕ ਲੈਂਦੇ ਹਨ। ਇਸੇ ਤਰ੍ਹਾਂ ਹੀ ਓੱਥੇ ਕੋਈ ਵੀ ਬੰਦਾ ਮੈਨੂੰ ਧਰਤੀ ਦੇ ਸਾਰੇ ਲੋਕਾਂ ਨੂੰ ਲੁੱਟਣ ਤੋਂ ਰੋਕਣ ਵਾਲਾ ਨਹੀਂ ਸੀ।”

15 ਕੋਈ ਵੀ ਕੁਹਾੜਾ ਉਸ ਬੰਦੇ ਨਾਲੋਂ ਬਿਹਤਰ ਨਹੀਂ ਜਿਹੜਾ ਉਸ ਨੂੰ ਕੱਟਣ ਲਈ ਵਰਤਦਾ ਹੈ। ਕੋਈ ਵੀ ਕੁਹਾੜਾ ਉਸ ਬੰਦੇ ਨਾਲੋਂ ਬਿਹਤਰ ਨਹੀਂ ਜਿਹੜਾ ਉਸ ਨੂੰ ਚੀਰਨ ਲਈ ਵਰਤਦਾ ਹੈ। ਇਹ ਇਸੇ ਤਰ੍ਹਾਂ ਦੀ ਗੱਲ ਹੈ ਕਿ ਜਿਵੇਂ ਉਹ ਡੰਡਾ ਉਸ ਬੰਦੇ ਨਾਲੋਂ ਵੱਧੇਰੇ ਮਹੱਤਵਪੂਰਣ ਅਤੇ ਤਾਕਤਵਰ ਹੋਵੇ ਜਿਹੜਾ ਉਸ ਨੂੰ ਕਿਸੇ ਨੂੰ ਸਜ਼ਾ ਦੇਣ ਲਈ ਵਰਤਦਾ ਹੈ, 16 ਪਰ ਸਰਬ ਸ਼ਕਤੀਮਾਨ ਯਹੋਵਾਹ ਅੱਸ਼ੂਰ ਦੇ ਜੋਧਿਆਂ ਦੇ ਵਿਰੁੱਧ ਭਿਆਨਕ ਮਹਾਮਾਰੀ ਭੇਜੇਗਾ। ਅੱਸ਼ੂਰ ਓਸੇ ਤਰ੍ਹਾਂ ਆਪਣੀ ਦੌਲਤ ਅਤੇ ਸ਼ਕਤੀ ਗਵਾ ਲਵੇਗਾ ਜਿਵੇਂ ਕੋਈ ਬੀਮਾਰ ਆਦਮੀ ਆਪਣਾ ਭਾਰ ਘਟਾ ਲੈਂਦਾ ਹੈ। ਫ਼ੇਰ ਅੱਸ਼ੂਰ ਦਾ ਪਰਤਾਪ ਤਬਾਹ ਹੋ ਜਾਵੇਗੀ। ਇਹ ਇਸ ਤਰ੍ਹਾਂ ਦੀ ਗੱਲ ਹੋਵੇਗੀ ਜਿਵੇਂ ਅੱਗ ਉਦੋਂ ਤੱਕ ਬਲਦੀ ਹੈ। ਜਦੋਂ ਤੱਕ ਕਿ ਚੀਜ਼ ਸੜ ਨਹੀਂ ਜਾਂਦੀ। 17 ਇਸਰਾਏਲ ਦੀ ਰੌਸ਼ਨੀ (ਪਰਮੇਸ਼ੁਰ) ਅੱਗ ਵਾਂਗ ਹੋਵੇਗੀ। ਪਵਿੱਤਰ ਪੁਰੱਖ ਅੱਗ ਦੀ ਲਾਟ ਵਰਗੀ ਹੋਵੇਗੀ। ਉਹ ਉਸ ਅੱਗ ਵਾਂਗ ਹੋਵੇਗੀ ਜਿਹੜੀ ਪਹਿਲਾਂ ਘਾਹ ਫ਼ੂਸ ਅਤੇ ਕੰਡਿਆਂ ਨੂੰ ਸਾੜਦੀ ਹੈ। 18 ਫ਼ੇਰ ਅੱਗ ਫ਼ੈਲ ਜਾਂਦੀ ਹੈ ਅਤੇ ਵੱਡੇ-ਵੱਡੇ ਰੁੱਖਾਂ ਅਤੇ ਵੇਲਾਂ ਨੂੰ ਸਾੜ ਦਿੰਦੀ ਹੈ। ਅੰਤ ਵਿੱਚ ਹਰ ਚੀਜ਼ ਤਬਾਹ ਹੋ ਜਾਂਦੀ ਹੈ-ਲੋਕ ਵੀ। ਇਹ ਇਸੇ ਤਰ੍ਹਾਂ ਹੋਵੇਗਾ ਜਦੋਂ ਪਰਮੇਸ਼ੁਰ ਅੱਸ਼ੂਰ ਨੂੰ ਤਬਾਹ ਕਰੇਗਾ। ਅੱਸ਼ੂਰ ਇੱਕ ਗਲ ਰਹੀ ਸ਼ਤੀਰੀ ਵਾਂਗ ਹੋਵੇਗਾ। 19 ਜੰਗਲ ਵਿੱਚ ਬਹੁਤ ਘੱਟ ਰੁੱਖ ਬਚੇ ਰਹਿਣਗੇ। ਪਰ ਇੱਕ ਬੱਚਾ ਵੀ ਉਨ੍ਹਾਂ ਦੀ ਗਿਣਤੀ ਕਰ ਸੱਕੇਗਾ।

20 ਉਸ ਵੇਲੇ, ਜਿਹੜੇ ਲੋਕ ਇਸਰਾਏਲ ਵਿੱਚ ਬਚੇ ਰਹਿ ਜਾਣਗੇ, ਯਾਕੂਬ ਦੇ ਪਰਿਵਾਰ ਦੇ ਲੋਕ, ਉਸ ਬੰਦੇ ਉੱਤੇ ਨਿਰਭਰ ਨਹੀਂ ਰਹਿਣਗੇ ਜਿਹੜਾ ਉਨ੍ਹਾਂ ਨੂੰ ਕੁੱਟਦਾ ਹੈ। ਉਹ ਯਹੋਵਾਹ ਉੱਤੇ, ਇਸਰਾਏਲ ਦੇ ਪਵਿੱਤਰ ਪੁਰੱਖ ਉੱਤੇ, ਸੱਚਮੁੱਚ ਨਿਰਭਰ ਰਹਿਣਾ ਸਿਖ ਲੈਣਗੇ। 21 ਜਿਹੜੇ ਬੰਦੇ ਯਾਕੂਬ ਦੇ ਪਰਿਵਾਰ ਵਿੱਚੋਂ ਬਚੇ ਰਹਿਣਗੇ ਉਹ ਇੱਕ ਵਾਰ ਫ਼ੇਰ ਸ਼ਕਤੀਮਾਨ ਪਰਮੇਸ਼ੁਰ ਦੇ ਅਨੁਯਾਈ ਹੋ ਜਾਣਗੇ।

22 ਤੁਹਾਡੇ ਲੋਕ ਬਹੁਤ ਗਿਣਤੀ ਵਿੱਚ ਹਨ। ਉਹ ਸਮੁੰਦਰ ਦੀ ਰੇਤ ਵਾਂਗ ਹਨ। ਪਰ ਸਿਰਫ਼ ਕੁਝ ਲੋਕ ਹੀ ਯਹੋਵਾਹ ਵੱਲ ਵਾਪਸ ਪਰਤਣ ਲਈ ਬਚੇ ਰਹਿ ਜਾਣਗੇ। ਉਹ ਲੋਕ ਪਰਮੇਸ਼ੁਰ ਵੱਲ ਪਰਤ ਆਉਣਗੇ, ਪਰ ਪਹਿਲਾਂ ਤੁਹਾਡਾ ਦੇਸ਼ ਤਬਾਹ ਹੋ ਜਾਵੇਗਾ। ਪਰਮੇਸ਼ੁਰ ਨੇ ਘੋਸ਼ਣਾ ਕਰ ਦਿੱਤੀ ਹੈ ਕਿ ਉਹ ਧਰਤੀ ਨੂੰ ਤਬਾਹ ਕਰ ਦੇਵੇਗਾ। ਅਤੇ ਫ਼ੇਰ ਧਰਤੀ ਉੱਤੇ ਨੇਕੀ ਦਾ ਅਗਮਾਨ ਹੋਵੇਗਾ। ਇਹ ਉਸ ਨਦੀ ਵਰਗੀ ਗੱਲ ਹੋਵੇਗੀ ਜਿਹੜੀ ਪੂਰੀ ਤਰ੍ਹਾਂ ਭਰੀ ਹੋਈ ਵਗਦੀ ਹੈ। 23 ਮੇਰੇ ਪ੍ਰਭੂ, ਯਹੋਵਾਹ, ਸਰਬ ਸ਼ਕਤੀਮਾਨ ਨੇ ਇਹ ਫੁਰਮਾਇਆ ਹੈ ਅਤੇ ਉਹ ਅਵੱਸ਼ ਹੀ ਇਸ ਧਰਤੀ ਨੂੰ ਤਬਾਹ ਕਰੇਗਾ।

24 ਮੇਰਾ ਪ੍ਰਭੂ, ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ, “ਸੀਯੋਨ ਵਿੱਚ ਰਹਿਣ ਵਾਲੇ ਮੇਰੇ ਲੋਕੋ, ਅੱਸ਼ੂਰ ਤੋਂ ਭੈਭੀਤ ਨਾ ਹੋਵੋ! ਉਹ ਤੁਹਾਨੂੰ ਉਸੇ ਤਰ੍ਹਾਂ ਮਾਰੇਗਾ ਜਿਵੇਂ ਅਤੀਤ ਵਿੱਚ ਤੁਹਾਨੂੰ ਮਿਸਰ ਨੇ ਮਾਰਿਆ ਸੀ। ਇਹ ਇਸ ਤਰ੍ਹਾਂ ਹੋਵੇਗਾ ਜਿਵੇਂ ਅੱਸ਼ੂਰ ਤੁਹਾਨੂੰ ਤਸੀਹੇ ਦੇਣ ਲਈ ਕਿਸੇ ਸੋਟੀ ਦੀ ਵਰਤੋਂ ਕਰ ਰਿਹਾ ਹੋਵੇ। 25 ਪਰ ਕੁਝ ਸਮੇਂ ਬਾਦ ਮੇਰਾ ਗੁੱਸਾ ਠੰਡਾ ਹੋ ਜਾਵੇਗਾ। ਮੈਨੂੰ ਇਸ ਗੱਲ ਦੀ ਤਸੱਲੀ ਹੋ ਜਾਵੇਗੀ ਕਿ ਅੱਸ਼ੂਰ ਨੇ ਤੁਹਾਨੂੰ ਕਾਫ਼ੀ ਸਜ਼ਾ ਦੇ ਦਿੱਤੀ ਹੈ।”

26 ਫ਼ੇਰ ਸਰਬ ਸ਼ਕਤੀਮਾਨ ਯਹੋਵਾਹ ਅੱਸ਼ੂਰ ਨੂੰ ਕੋਰੜੇ ਨਾਲ ਕੁਟ੍ਟੇਗਾ। ਪਿੱਛਲੇ ਵਕਤਾਂ ਵਿੱਚ ਯਹੋਵਾਹ ਨੇ ਓਰੇਬ ਦੀ ਚੱਟਾਨ ਉੱਤੇ ਮਿਦਯਾਨ ਨੂੰ ਹਰਾਇਆ ਸੀ। ਜਦੋਂ ਯਹੋਵਾਹ ਅੱਸ਼ੂਰ ਉੱਤੇ ਹਮਲਾ ਕਰੇਗਾ ਤਾਂ ਉਹੋ ਜਿਹੀ ਗੱਲ ਹੀ ਹੋਵੇਗੀ। ਪਿੱਛਲੇ ਵਕਤਾਂ ਵਿੱਚ, ਯਹੋਵਾਹ ਨੇ ਮਿਸਰ ਨੂੰ ਸਜ਼ਾ ਦਿੱਤੀ ਸੀ। ਉਸ ਨੇ ਸਮੁੰਦਰ ਉੱਤੇ ਲਾਠੀ ਚੁੱਕੀ ਸੀ, ਅਤੇ ਆਪਣੇ ਲੋਕਾਂ ਦੀ ਮਿਸਰ ਤੋਂ ਬਾਹਰ ਜਾਣ ਲਈ ਅਗਵਾਈ ਕੀਤੀ ਸੀ। ਜਦੋਂ ਯਹੋਵਾਹ ਆਪਣੇ ਲੋਕਾਂ ਨੂੰ ਅੱਸ਼ੂਰ ਤੋਂ ਬਚਾਵੇਗਾ ਤਾਂ ਓਹੋ ਜਿਹੀ ਗੱਲ ਹੀ ਹੋਵੇਗੀ।

27 ਅੱਸ਼ੂਰ ਤੁਹਾਡੇ ਲਈ ਮੁਸੀਬਤਾਂ ਖੜੀਆਂ ਕਰੇਗਾ ਇਹ ਮੁਸੀਬਤਾਂ ਉਸ ਭਾਰ ਵਾਂਗ ਹੋਣਗੀਆਂ ਜਿਨ੍ਹਾਂ ਨੂੰ ਤੁਹਾਨੂੰ ਚੁੱਕਣਾ ਪੈਣਾ ਹੈ। ਤੁਹਾਡੇ ਮੋਢਿਆਂ ਉੱਤੇ ਇੱਕ ਲਠ੍ਠ ਵਾਂਗ। ਪਰ ਉਹ ਲਠ੍ਠ ਤੁਹਾਡੀ ਗਰਦਨ ਉੱਤੋਂ ਚੁੱਕ ਲਈ ਜਾਵੇਗੀ। ਅਤੇ ਤੁਹਾਡੀ ਤਾਕਤ ਨਾਲ ਤੋੜ ਦਿੱਤੀ ਜਾਵੇਗੀ।

ਅੱਸ਼ੂਰ ਦੀ ਫ਼ੌਜ ਇਸਰਾਏਲ ਉੱਤੇ ਹਮਲਾ ਕਰਦੀ ਹੈ

28 ਫ਼ੌਜ (ਅਯ੍ਯਾਬ) ਖੰਡਰਾਂ ਨੇੜੇ ਦਾਖਲ ਹੋਵੇਗੀ। ਫ਼ੌਜ “ਸੁਹਾਗੇ ਵਾਲੀ ਥਾਂ” (ਮਿਗਰੌਨ) ਉੱਤੇ ਕਦਮ ਵੱਧਾਵੇਗੀ। ਫ਼ੌਜ “ਮੋਦੀ ਖਾਨੇ” ਮਿਕਮਾਸ਼ ਵਿੱਚ ਆਪਣਾ ਭੋਜਨ ਰੱਖੇਗੀ। 29 ਫ਼ੌਜ ਨਦੀ ਨੂੰ “ਚੌਰਾਹੇ” (ਰਾਮਾਹ) ਦੇ ਸਥਾਨ ਉੱਤੇ ਪਾਰ ਕਰੇਗੀ। ਫ਼ੌਜ ਗਬਾ ਵਿਖੇ ਸੌਵੇਂਗੀ। ਰਾਮਾਹ ਭੈਭੀਤ ਹੋ ਜਾਵੇਗਾ। ਸਾਉਲ ਦੇ ਗਿਬਿਆਹ ਤੋਂ ਲੋਕ ਭੱਜ ਜਾਣਗੇ।

30 ਰੋਵੋ, ਬਾਬ ਗਾਲਿਮ! ਲਾਇਸ਼ਾਹ, ਸੁਣੋ! ਅਨਾਬੋਬ ਮੈਨੂੰ ਜਵਾਬ ਦੇਵੋ! 31 ਮਾਦਮੇਨਾਹ ਦੇ ਲੋਕ ਭੱਜ ਰਹੇ ਹਨ। ਗੇਬਿਮ ਦੇ ਲੋਕ ਛੁਪ ਰਹੇ ਹਨ। 32 ਇਸ ਦਿਨ ਫ਼ੌਜ ਨੋਬ ਦੇ ਸਥਾਨ ਤੇ ਰੁਕ ਜਾਵੇਗੀ, ਅਤੇ ਫ਼ੌਜ ਸੀਯੋਨ ਪਰਬਤ, ਯਰੂਸ਼ਲਮ ਦੀ ਪਹਾੜੀ, ਦੇ ਖਿਲਾਫ਼ ਲੜਨ ਦੀ ਤਿਆਰੀ ਕਰੇਗੀ।

33 ਦੇਖੋ! ਸਾਡਾ ਪ੍ਰਭੂ, ਸਰਬ ਸ਼ਕਤੀਮਾਨ ਯਹੋਵਾਹ, ਉਸ ਵੱਡੇ ਰੁੱਖ (ਅੱਸ਼ੂਰ) ਨੂੰ ਕੱਟ ਕੇ ਸੁੱਟ ਦੇਵੇਗਾ। ਇਹ ਗੱਲ ਯਹੋਵਾਹ ਆਪਣੀ ਮਹਾਨ ਸ਼ਕਤੀ ਨਾਲ ਕਰੇਗਾ। ਵੱਡੇ ਅਤੇ ਮਹੱਤਵਪੂਰਣ ਲੋਕ ਕੱਟ ਸੁੱਟੇ ਜਾਣਗੇ-ਉਹ ਗ਼ੈਰ ਮਹੱਤਵਪੂਰਣ ਬਣ ਜਾਣਗੇ। 34 ਯਹੋਵਾਹ ਜੰਗਲ ਨੂੰ ਆਪਣੇ ਕੁਹਾੜੇ ਨਾਲ ਕੱਟ ਸੁੱਟੇਗਾ। ਅਤੇ ਲਿਬਾਨ ਦੇ ਰੁੱਖ (ਮਹੱਤਵਪੂਰਣ ਲੋਕ) ਡਿੱਗ ਪੈਣਗੇ।

ਅਮਨ ਦਾ ਰਾਜਾ ਆ ਰਿਹਾ ਹੈ

11 ਇੱਕ ਛੋਟਾ ਰੁੱਖ (ਬੱਚਾ) ਯੱਸੀ ਦੇ ਮੁੱਢੇ (ਪਰਿਵਾਰ) ਵਿੱਚੋਂ ਉੱਗਣਾ ਸ਼ੁਰੂ ਹੋ ਜਾਵੇਗਾ। ਉਹ ਸ਼ਾਖ ਯੱਸੀ ਦੀਆਂ ਜਢ਼ਾਂ ਤੋਂ ਉੱਗੇਗੀ। ਯਹੋਵਾਹ ਦਾ ਆਤਮਾ ਉਸ ਬੱਚੇ ਵਿੱਚ ਹੋਵੇਗੀ। ਆਤਮਾ ਸਿਆਣਪ, ਸਮਝਦਾਰੀ, ਅਗਵਾਈ ਅਤੇ ਸ਼ਕਤੀ ਪ੍ਰਦਾਨ ਕਰਦਾ ਹੈ। ਅਤੇ ਆਤਮਾ ਇਸ ਬੱਚੇ ਦੀ ਸਹਾਇਤਾ ਕਰੇਗਾ ਉਸ ਨੂੰ ਜਾਣੇਗਾ ਅਤੇ ਯਹੋਵਾਹ ਦਾ ਆਦਰ ਕਰੇਗਾ।

ਇਹ ਬੱਚਾ ਡਰੇਗਾ ਅਤੇ ਯਹੋਵਾਹ ਦੀ ਇੱਜ਼ਤ ਕਰੇਗਾ, ਅਤੇ ਇਹ ਉਸ ਨੂੰ ਉਸ ਆਧਾਰ ਤੇ ਨਿਆਂ ਨਾ ਕਰਨ ਲਈ ਪ੍ਰੇਰੇਗਾ ਜੋ ਉਹ ਵੇਖਦਾ ਹੈ ਜਾਂ ਜੋ ਉਹ ਸੁਣਦਾ। 4-5 ਉਹ ਗਰੀਬ ਲੋਕਾਂ ਨਾਲ ਨਿਰਪੱਖਤਾ ਅਤੇ ਇਮਾਨਦਾਰੀ ਨਾਲ ਨਿਆਂ ਕਰੇਗਾ। ਜਦੋਂ ਉਹ ਧਰਤੀ ਦੇ ਗਰੀਬ ਲੋਕਾਂ ਲਈ ਕੁਝ ਕਰਨ ਦਾ ਨਿਆਂ ਕਰੇਗਾ ਤਾਂ ਬੇਲਾਗ ਹੋਵੇਗਾ। ਜੇ ਉਹ ਇਹ ਨਿਆਂ ਕਰਦਾ ਹੈ ਕਿ ਉਨ੍ਹਾਂ ਨੂੰ ਮਾਰ ਪੈਣੀ ਚਾਹੀਦੀ ਹੈ ਫ਼ੇਰ ਉਹ ਆਦੇਸ਼ ਦੇਵੇਗਾ ਤੇ ਉਨ੍ਹਾਂ ਲੋਕਾਂ ਨੂੰ ਮਾਰ ਪਵੇਗੀ। ਜੇ ਉਹ ਇਹ ਨਿਆਂ ਕਰਦਾ ਹੈ ਕਿ ਲੋਕਾਂ ਨੂੰ ਮਰਨਾ ਚਾਹੀਦਾ ਹੈ, ਤਾਂ ਉਹ ਆਦੇਸ਼ ਦੇਵੇਗਾ ਅਤੇ ਮੰਦੇ ਲੋਕ ਮਾਰੇ ਜਾਣਗੇ। ਨੇਕੀ ਅਤੇ ਨਿਰਪੱਖਤਾ ਇਸ ਬੱਚੇ ਨੂੰ ਸ਼ਕਤੀ ਦੇਵੇਗੀ। ਇਹ ਚੀਜ਼ਾਂ ਉਸ ਦੇ ਕਮਰ ਕਸੇ ਵਾਂਗ ਹੋਣਗੀਆਂ।

ਉਸ ਸਮੇਂ ਬਘਿਆੜ ਵੀ ਲੇਲਿਆਂ ਨਾਲ ਸ਼ਾਂਤੀ ਨਾਲ ਰਹਿਣਗੇ। ਅਤੇ ਸ਼ੇਰ ਵੀ ਬੱਕਰੀਆਂ ਕੋਲ ਸ਼ਾਂਤੀ ਨਾਲ ਲੇਟੇ ਹੋਣਗੇ। ਵੱਛੇ, ਸ਼ੇਰ ਅਤੇ ਬਲਦ ਆਪਸ ਵਿੱਚ ਸ਼ਾਂਤੀ ਨਾਲ ਰਹਿਣਗੇ। ਇੱਕ ਛੋਟਾ ਬੱਚਾ ਉਨ੍ਹਾਂ ਦੀ ਅਗਵਾਈ ਕਰੇਗਾ। ਗਾਵਾਂ ਅਤੇ ਰਿੱਛ ਪਸਪਰ ਸ਼ਾਂਤੀ ਨਾਲ ਰਹਿਣਗੇ। ਉਨ੍ਹਾਂ ਦੇ ਸਾਰੇ ਬੱਚੇ ਇਕੱਠੇ ਲੇਟੇ ਹੋਣਗੇ ਅਤੇ ਇੱਕ ਦੂਸਰੇ ਨੂੰ ਕੋਈ ਨੁਕਸਾਨ ਨਹੀਂ ਪੁਚਾਣਗੇ। ਸ਼ੇਰ ਗਾਵਾਂ ਵਾਂਗ ਘਾਹ ਖਾਣਗੇ। ਇੱਕ ਬੱਚਾ ਵੀ ਫ਼ਨੀਅਰ ਸੱਪ ਦੀ ਖੱਡ ਕੋਲ ਖੇਡ ਸੱਕੇਗਾ। ਬੱਚਾ ਜ਼ਹਿਰੀਲੇ ਸੱਪ ਦੀ ਖੱਡ ਵਿੱਚ ਆਪਣਾ ਹੱਥ ਪਾ ਸੱਕੇਗਾ।

ਇਹ ਸਾਰੀਆਂ ਗੱਲਾਂ ਇਹ ਦਰਸਾਉਂਦੀਆਂ ਹਨ ਕਿ ਇੱਥੇ ਸ਼ਾਂਤੀ ਹੋਵੇਗੀ-ਕੋਈ ਬੰਦਾ ਵੀ ਕਿਸੇ ਦੂਸਰੇ ਨੂੰ ਨੁਕਸਾਨ ਨਹੀਂ ਪੁਚਾਵੇਗਾ। ਮੇਰੇ ਪਵਿੱਤਰ ਪਰਬਤ ਦੇ ਲੋਕ ਚੀਜ਼ਾਂ ਨੂੰ ਤਬਾਹ ਕਰਨਾ ਨਹੀਂ ਲੋਚਣਗੇ। ਕਿਉਂ ਕਿ ਲੋਕ ਸੱਚਮੁੱਚ ਯਹੋਵਾਹ ਨੂੰ ਜਾਣ ਲੈਣਗੇ। ਉਨ੍ਹਾਂ ਅੰਦਰ ਉਸਦਾ ਪੂਰਾ ਗਿਆਨ ਹੋਵੇਗਾ ਜਿਵੇਂ ਸਮੁੰਦਰ ਪਾਣੀ ਨਾਲ ਭਰਪੂਰ ਹੁੰਦਾ ਹੈ।

10 ਉਸ ਸਮੇਂ, ਉੱਥੇ ਯੱਸੀ ਦੇ ਪਰਿਵਾਰ ਦਾ ਇੱਕ ਖਾਸ ਵਿਅਕਤੀ ਹੋਵੇਗਾ। ਇਹ ਬੰਦਾ ਇੱਕ ਝੰਡੇ ਵਰਗਾ ਹੋਵੇਗਾ। ਇਹ “ਝੰਡਾ” ਸਮੂਹ ਕੌਮਾਂ ਨੂੰ ਇਹ ਦਰਸਾਏਗਾ ਕਿ ਉਨ੍ਹਾਂ ਨੂੰ ਉਸ ਦੇ ਆਲੇ-ਦੁਆਲੇ ਇੱਕਤ੍ਰ ਹੋ ਜਾਣਾ ਚਾਹੀਦਾ ਹੈ। ਕੌਮਾਂ ਉਸ ਕੋਲੋਂ ਪੁੱਛਣਗੀਆਂ ਕਿ ਉਨ੍ਹਾਂ ਨੂੰ ਕਿਹੜੀਆਂ ਗੱਲਾਂ ਕਰਨੀਆਂ ਚਾਹੀਦੀਆਂ ਹਨ। ਅਤੇ ਉਹ ਸਥਾਨ ਜਿੱਥੇ ਉਹ ਰਹਿੰਦਾ ਹੈ, ਪਰਤਾਪ ਨਾਲ ਭਰ ਜਾਵੇਗਾ।

11 ਉਸ ਸਮੇਂ, ਮੇਰਾ ਪ੍ਰਭੂ ਫ਼ੇਰ ਇੱਕ ਵਾਰੀ ਉਨ੍ਹਾਂ ਲੋਕਾਂ ਕੋਲੋ ਪਹੁੰਚੇਗਾ ਜਿਹੜੇ ਪਿੱਛੇ ਰਹਿ ਗਏ ਹਨ। ਅਜਿਹਾ ਦੂਸਰੀ ਵਾਰ ਹੋਵੇਗਾ ਜਦੋਂ ਪਰਮੇਸ਼ੁਰ ਨੇ ਅਜਿਹੀ ਗੱਲ ਕੀਤੀ ਹੈ। ਇਹ ਪਰਮੇਸ਼ੁਰ ਦੇ ਉਹ ਲੋਕ ਹਨ ਜਿਹੜੇ ਅੱਸ਼ੂਰ, ਉੱਤਰੀ ਮਿਸਰ, ਦੱਖਣੀ ਮਿਸਰ, ਇਥੋਮੀਆ, ਏਲਾਮ, ਬਾਬਲ, ਹਮਾਬ ਅਤੇ ਦੁਨੀਆਂ ਦੇ ਸਾਰੇ ਦੂਰ ਦੁਰਾਡੇ ਦੇਸ਼ਾਂ ਵਿੱਚ ਬਚੇ ਹੋਏ ਹਨ। 12 ਪਰਮੇਸ਼ੁਰ ਇਸ ਝੰਡੇ ਨੂੰ ਸਮੂਹ ਲੋਕਾਂ ਲਈ ਇੱਕ ਸੰਕੇਤ ਵਜੋਂ ਉੱਚਾ ਕਰੇਗਾ। ਇਸਰਾਏਲ ਅਤੇ ਯਹੂਦਾਹ ਦੇ ਲੋਕਾਂ ਨੂੰ ਆਪਣਾ ਦੇਸ਼ ਛੱਡਣ ਲਈ ਮਜ਼ਬੂਰ ਹੋਣਾ ਪਿਆ ਸੀ। ਲੋਕ ਧਰਤੀ ਦੇ ਦੂਰ ਦੁਰਾਡੇ ਦੇਸ਼ਾਂ ਵਿੱਚ ਖਿਲਰ ਗਏ ਸਨ। ਪਰ ਪਰਮੇਸ਼ੁਰ ਉਨ੍ਹਾਂ ਸਾਰਿਆਂ ਨੂੰ ਇਕੱਠਾ ਕਰੇਗਾ।

13 ਉਸ ਸਮੇਂ, ਇਫ਼ਰਾਈਮ ਯਹੂਦਾਹ ਨਾਲ ਈਰਖਾ ਨਹੀਂ ਕਰੇਗਾ। ਯਹੂਦਾਹ ਦੇ ਕੋਈ ਦੁਸ਼ਮਣ ਨਹੀਂ ਹੋਣਗੇ ਯਹੂਦਾਹ ਇਫ਼ਰਾਈਮ ਨੂੰ ਦੁੱਖ ਨਹੀਂ ਦੇਵੇਗਾ। 14 ਪਰ ਇਫ਼ਰਾਈਮ ਅਤੇ ਯਹੂਦਾਹ ਫ਼ਿਲਸਤੀਨੀਆਂ ਉੱਤੇ ਹਮਲਾ ਕਰਨਗੇ।ਉਹ ਇਕੱਠੇ ਪੂਰਬੀਆਂ ਦੀ ਦੌਲਤ ਲੁੱਟਣਗੇ। ਇਫ਼ਰਾਈਮ ਅਤੇ ਯਹੂਦਾਹ, ਅਦੋਮ, ਮੋਆਬ ਅਤੇ ਅੰਮੋਨ ਦੇ ਲੋਕਾਂ ਉੱਤੇ ਹਕੂਮਤ ਕਰਨਗੇ।

15 ਯਹੋਵਾਹ ਕਹਿਰਵਾਨ ਹੋ ਗਿਆ ਅਤੇ ਉਸ ਨੇ ਮਿਸਰ ਦੇ ਸਮੁੰਦਰ ਨੂੰ ਵੰਡ ਦਿੱਤਾ। ਉਸੇ ਤਰ੍ਹਾਂ, ਯਹੋਵਾਹ ਫ਼ਰਾਤ ਨਦੀ ਉੱਤੇ ਆਪਣੀ ਬਾਂਹ ਲਹਿਰਾਏਗਾ। ਉਹ ਨਦੀ ਉੱਤੇ ਵਾਰ ਕਰੇਗਾ ਅਤੇ ਨਦੀ ਸੱਤ ਛੋਟੇ ਨਾਲਿਆਂ ਵਿੱਚ ਵੰਡੀ ਜਾਵੇਗੀ। ਇਹ ਛੋਟੀਆਂ ਨਦੀਆਂ ਡੂੰਘੀਆਂ ਨਹੀਂ ਹੋਣਗੀਆਂ ਲੋਕੀਂ ਇਨ੍ਹਾਂ ਨਦੀਆਂ ਨੂੰ ਜੁੱਤੀਆਂ ਸਮੇਤ ਪਾਰ ਕਰ ਸੱਕਿਆ ਕਰਨਗੇ। 16 ਪਰਮੇਸ਼ੁਰ ਦੇ ਉਹ ਲੋਕ ਜਿਹੜੇ ਬਚ ਗਏ ਹਨ, ਅੱਸ਼ੂਰ ਵਿੱਚੋਂ ਨਿਕਲਣ ਦਾ ਰਾਹ ਲੱਭ ਲੈਣਗੇ। ਇਹ ਸਮਾਂ ਉਹੋ ਜਿਹਾ ਹੋਵੇਗਾ ਜਦੋਂ ਪਰਮੇਸ਼ੁਰ ਲੋਕਾਂ ਨੂੰ ਮਿਸਰ ਤੋਂ ਬਾਹਰ ਲੈ ਗਿਆ ਸੀ।

ਪਰਮੇਸ਼ੁਰ ਦੀ ਉਸਤਤ ਦਾ ਗੀਤ

12 ਉਸ ਸਮੇਂ ਤੁਸੀਂ ਆਖੋਗੇ:
“ਯਹੋਵਾਹ ਮੈਂ ਤੇਰਾ ਧੰਨਵਾਦ ਅਤੇ ਉਸਤਤ ਕਰਦਾ ਹਾਂ।
    ਭਾਵੇਂ ਤੂੰ ਮੇਰੇ ਨਾਲ ਨਾਰਾਜ਼ ਰਿਹਾ ਹੈਂ ਹੁਣ ਤੇਰਾ ਗੁੱਸਾ ਜਾ ਚੁੱਕਿਆ ਹੈ
ਅਤੇ ਤੂੰ ਮੈਨੂੰ ਅਰਾਮ ਦੇ
    ਅਤੇ ਮੈਨੂੰ ਆਪਣਾ ਪਿਆਰ ਦਰਸਾ।”
ਮੈਨੂੰ ਉਸ ਉੱਤੇ ਭਰੋਸਾ ਹੈ।
    ਮੈਂ ਭੈਭੀਤ ਨਹੀਂ ਹਾਂ।
    ਉਹ ਮੈਨੂੰ ਬਚਾਉਂਦਾ ਹੈ।
ਯਹੋਵਾਹ ਯਾਹ ਮੇਰੀ ਸ਼ਕਤੀ ਹੈ।
    ਉਹ ਮੈਨੂੰ ਬਚਾਉਂਦਾ ਹੈ।
    ਅਤੇ ਮੈਂ ਉਸ ਬਾਰੇ ਉਸਤਤ ਦੇ ਗੀਤ ਗਾਉਂਦਾ ਹਾਂ।

ਮੁਕਤੀ ਦੇ ਚਸ਼ਮੇ ਤੋਂ ਆਪਣਾ ਪਾਣੀ ਭਰ ਲਵੋ।
    ਫ਼ੇਰ ਤੁਸੀਂ ਖੁਸ਼ ਹੋਵੋਂਗੇ।
ਫ਼ੇਰ ਤੁਸੀਂ ਆਖੋਗੇ,
    “ਯਹੋਵਾਹ ਦੀ ਉਸਤਤ ਹੋਵੇ!
ਉਸ ਦੇ ਨਾਮ ਦੀ ਉਪਾਸਨਾ ਕਰੋ!
    ਉਸ ਦੇ ਕਾਰਨਾਮਿਆਂ ਬਾਰੇ ਸਮੂਹ ਲੋਕਾਂ ਨੂੰ ਦੱਸੋ!”
ਯਹੋਵਾਹ ਦੀ ਉਸਤਤ ਦੇ ਗੀਤ ਗਾਵੋ!
    ਕਿਉਂ ਕਿ ਉਸ ਨੇ ਮਹਾਨ ਕੰਮ ਕੀਤੇ ਹਨ!
ਪਰਮੇਸ਼ੁਰ ਬਾਰੇ ਇਹ ਖਬਰ ਸਾਰੀ ਦੁਨੀਆਂ ਅੰਦਰ ਫ਼ੈਲਾ ਦੇਵੋ।
    ਸਾਰੇ ਲੋਕ ਇਹ ਗੱਲਾਂ ਜਾਣ ਲੈਣ।
ਸੀਯੋਨ ਦੇ ਲੋਕੋ, ਇਨ੍ਹਾਂ ਗੱਲਾਂ ਬਾਰੇ ਨਾਹਰੇ ਮਾਰੋ!
    ਇਸਰਾਏਲ ਦਾ ਪਵਿੱਤਰ ਪੁਰੱਖ ਸ਼ਕਤੀਸ਼ਾਲੀ ਢੰਗ ਨਾਲ ਤੁਹਾਡੇ ਨਾਲ ਹੈ।
    ਏਸ ਲਈ ਪ੍ਰਸੰਨ ਹੋਵੋ!

ਬਾਬਲ ਲਈ ਪਰਮੇਸ਼ੁਰ ਦਾ ਸੰਦੇਸ਼

13 ਅਮੋਜ਼ ਦੇ ਪੁੱਤਰ ਯਸਾਯਾਹ ਨੂੰ ਪਰਮੇਸ਼ੁਰ ਨੇ ਬਾਬਲ ਬਾਰੇ ਇਹ ਉਦਾਸੀ ਭਰਿਆ ਸੰਦੇਸ਼ ਦਰਸਾਇਆ। ਪਰਮੇਸ਼ੁਰ ਨੇ ਆਖਿਆ:

“ਉਸ ਪਰਬਤ ਉੱਤੇ ਝੰਡਾ ਉੱਚਾ ਕਰੋ ਜਿੱਥੇ ਕੁਝ ਵੀ ਨਹੀਂ ਉੱਗਦਾ।
    ਲੋਕਾਂ ਨੂੰ ਸੱਦੋ।
ਆਪਣੀਆਂ ਬਾਹਵਾਂ ਲਹਿਰਾਵੋ।
    ਉਨ੍ਹਾਂ ਨੂੰ ਉਨ੍ਹਾਂ ਫ਼ਾਟਕਾਂ ਰਾਹੀਂ ਦਾਖਲ ਹੋਣ ਲਈ ਆਖੋ ਜਿਹੜੇ ਮਹੱਤਵਪੂਰਣ ਲੋਕਾਂ ਲਈ ਹਨ।”

ਪਰਮੇਸ਼ੁਰ ਨੇ ਆਖਿਆ, “ਮੈਂ ਇਨ੍ਹਾਂ ਬੰਦਿਆਂ ਨੂੰ ਲੋਕਾਂ ਨਾਲੋਂ ਵੱਖ ਕਰ ਲਿਆ ਹੈ
    ਅਤੇ ਮੈਂ ਖੁਦ ਉਨ੍ਹਾਂ ਨੂੰ ਆਦੇਸ਼ ਦੇਵਾਂਗਾ ਮੈਂ ਗੁੱਸੇ ਹਾਂ
ਅਤੇ ਮੈਂ ਆਪਣੇ ਸਭ ਤੋਂ ਚੰਗੇ ਯੋਧੇ ਇੱਕਤ੍ਰ ਕੀਤੇ ਹਨ ਜਿਹੜੇ ਮੇਰਾ ਕਹਿਰ ਵਰਸਾਉਣ ਦੇ ਮੰਤਵ ਨਾਲ
    ਮੇਰੀ ਫ਼ਤਿਹ ਵਿੱਚ ਆਨੰਦ ਮਾਣਦੇ ਹਨ!

“ਪਰਬਤਾਂ ਅੰਦਰ ਉੱਚਾ ਸ਼ੋਰ ਹੈ।
    ਇਸ ਸ਼ੋਰ ਨੂੰ ਸੁਣੋ! ਇਹ ਬਹੁਤ ਸਾਰੇ ਲੋਕਾਂ ਦੇ ਸ਼ੋਰ ਵਾਂਗ ਜਾਪਦਾ ਹੈ।
ਅਨੇਕਾਂ ਰਾਜਾਂ ਦੇ ਲੋਕ ਇਕੱਠੇ ਹੋ ਰਹੇ ਹਨ।
    ਸਰਬ ਸ਼ਕਤੀਮਾਨ ਯਹੋਵਾਹ ਆਪਣੀ ਫ਼ੌਜ ਨੂੰ ਇਕੱਠਾ ਕਰਨ ਲਈ ਹੋਕਾ ਦੇ ਰਿਹਾ ਹੈ।
ਯਹੋਵਾਹ ਅਤੇ ਓਸਦੀ ਫ਼ੌਜ ਦੂਰ ਦੁਰਾਡੇ ਦੇਸ਼ ਵੱਲੋਂ ਆ ਰਹੇ ਹਨ।
    ਉਹ ਦੁਮੇਲੋ ਪਾਰ ਤੋਂ ਆ ਰਹੇ ਹਨ।
ਯਹੋਵਾਹ ਕਹਿਰ ਆਪਣਾ ਦਰਸਾਉਣ ਲਈ ਆਪਣੀ ਫ਼ੌਜ ਨੂੰ ਹਬਿਆਰ ਵਾਂਗ ਵਰਤੇਗਾ।
    ਇਹ ਫ਼ੌਜ ਸਾਰੇ ਦੇਸ਼ ਨੂੰ ਤਬਾਹ ਕਰ ਦੇਵੇਗੀ।”

ਯਹੋਵਾਹ ਦਾ ਖਾਸ ਦਿਹਾੜਾ ਨੇੜੇ ਹੈ। ਇਸ ਲਈ ਰੋਵੋ ਅਤੇ ਆਪਣੇ-ਆਪ ਲਈ ਸੋਗ ਮਨਾਓ। ਇਹ ਯਹੋਵਾਹ ਸਰਬ-ਸ਼ਕਤੀਮਾਨ ਵੱਲੋਂ ਤਬਾਹੀ ਵਾਂਗ ਆਵੇਗਾ। ਲੋਕਾਂ ਦਾ ਹੌਸਲਾ ਟੁੱਟ ਜਾਵੇਗਾ। ਡਰ ਨਾਲ ਲੋਕ ਨਿਰਬਲ ਹੋ ਜਾਣਗੇ। ਹਰ ਬੰਦਾ ਭੈਭੀਤ ਹੋ ਜਾਵੇਗਾ। ਡਰ ਨਾਲ ਉਨ੍ਹਾਂ ਦੇ ਪੇਟ ਓਸੇ ਤਰ੍ਹਾਂ ਦੁੱਖਣਗੇ ਜਿਵੇਂ ਕੋਈ ਔਰਤ ਬੱਚੇ ਨੂੰ ਜਨਮ ਦੇ ਰਹੀ ਹੁੰਦੀ ਹੈ। ਉਨ੍ਹਾਂ ਦੇ ਚਿਹਰੇ ਅੱਗ ਵਾਂਗ ਲਾਲ ਹੋ ਜਾਣਗੇ। ਲੋਕ ਹੈਰਾਨ ਹੋ ਜਾਣਗੇ ਕਿਉਂਕਿ ਇਸੇ ਤਰ੍ਹਾਂ ਦੇ ਡਰ ਦਾ ਪ੍ਰਛਾਵਾਂ ਉਨ੍ਹਾਂ ਦੇ ਸਮੂਹ ਗਵਾਂਢੀਆਂ ਦੇ ਚਿਹਰਿਆਂ ਉੱਤੇ ਵੀ ਹੋਵੇਗਾ।

ਬਾਬਲ ਦੇ ਖਿਲਾਫ਼ ਪਰਮੇਸ਼ੁਰ ਦਾ ਨਿਆਂ

ਦੇਖੋ, ਯਹੋਵਾਹ ਖਾਸ ਦਿਨ ਆ ਰਿਹਾ ਹੈ! ਇਹ ਬਹੁਤ ਭਿਆਨਕ ਦਿਨ ਹੋਵੇਗਾ। ਪਰਮੇਸ਼ੁਰ ਕਹਿਰਵਾਨ ਹੋ ਜਾਵੇਗਾ ਅਤੇ ਉਹ ਦੇਸ ਨੂੰ ਤਬਾਹ ਕਰ ਦੇਵੇਗਾ। ਪਰਮੇਸ਼ੁਰ ਹਰੇਕ ਨੂੰ ਜਿਹੜਾ ਪਾਪ ਕਰਦਾ ਹੈ। ਦੇਸ ਛੱਡਣ ਲਈ ਮਜ਼ਬੂਰ ਕਰ ਦੇਵੇਗਾ। 10 ਅਕਾਸ਼ ਹਨੇਰਾ ਹੋਵੇਗਾ। ਸੂਰਜ, ਚੰਨ ਅਤੇ ਤਾਰੇ ਨਹੀਂ ਚਮਕਣਗੇ।

11 ਪਰਮੇਸ਼ੁਰ ਆਖਦਾ ਹੈ, “ਮੈਂ ਦੁਨੀਆਂ ਉੱਤੇ ਆਫਤਾਂ ਭੇਜਾਂਗਾ। ਮੈਂ ਬੁਰੇ ਬੰਦਿਆਂ ਨੂੰ ਉਨ੍ਹਾਂ ਦੇ ਪਾਪ ਦੀ ਸਜ਼ਾ ਦੇਵਾਂਗਾ। ਮੈਂ ਗੁਮਾਨੀ ਲੋਕਾਂ ਤੋਂ ਉਨ੍ਹਾਂ ਦਾ ਗੁਮਾਨ ਖੋਹ ਲਵਾਂਗਾ। ਮੈਂ ਉਨ੍ਹਾਂ ਲੋਕਾਂ ਦੀਆਂ ਫ਼ਢ਼ਾਂ ਨੂੰ ਰੋਕ ਦਿਆਂਗਾ ਜਿਹੜੇ ਹੋਰਨਾਂ ਨਾਲ ਕਮੀਨਗੀ ਭਰਿਆ ਸਲੂਕ ਕਰਦੇ ਹਨ। 12 ਲੋਕ ਖਰੇ ਸੋਨੇ ਨਾਲੋਂ ਵੀ ਵੱਧੇਰੇ ਨਾਯਾਬ ਹੋਣਗੇ। 13 ਆਪਣੇ ਕਹਿਰ ਨਾਲ ਮੈਂ ਅਕਾਸ਼ ਨੂੰ ਹਿਲਾ ਦਿਆਂਗਾ। ਅਤੇ ਧਰਤੀ ਆਪਣੀ ਥਾਂ ਤੋਂ ਹਿੱਲ ਜਾਵੇਗੀ।”

ਇਹ ਉਸ ਦਿਨ ਵਾਪਰੇਗਾ ਜਦੋਂ ਸਰਬ ਸ਼ਕਤੀਮਾਨ ਯਹੋਵਾਹ ਆਪਣਾ ਕਹਿਰ ਦਰਸਾਵੇਗਾ। 14 ਫ਼ੇਰ ਲੋਕੀ ਓਸੇ ਤਰ੍ਹਾਂ ਭੱਜ ਉੱਠਣਗੇ ਜਿਵੇਂ ਕੋਈ ਜ਼ਖਮੀ ਹਿਰਨ ਹੁੰਦਾ ਹੈ। ਉਹ ਬਿਨਾਂ ਆਜੜੀ ਤੋਂ ਭੇਡਾਂ ਵਾਂਗ ਭੱਜ ਉੱਠਣਗੇ। ਹਰ ਬੰਦਾ ਮੂੰਹ ਮੋੜ ਲਵੇਗਾ ਅਤੇ ਪਿੱਛਾਂਹ ਆਪਣੇ ਦੇਸ਼ ਅਤੇ ਲੋਕਾਂ ਵੱਲ ਭੱਜ ਪਵੇਗਾ। 15 ਜੋ ਕੋਈ ਵੀ ਫੜਿਆ ਜਾਵੇਗਾ, ਦੁਸ਼ਮਣ ਉਸ ਵਿਅਕਤੀ ਨੂੰ ਉਸੇ ਦੀ ਤਲਵਾਰ ਨਾਲ ਹੀ ਮਾਰ ਦੇਵੇਗਾ। 16 ਉਨ੍ਹਾਂ ਦੇ ਘਰ ਦੀ ਹਰ ਚੀਜ਼ ਲੁੱਟ ਲਈ ਜਾਵੇਗੀ। ਉਨ੍ਹਾਂ ਦੀਆਂ ਪਤਨੀਆਂ ਨਾਲ ਬਲਾਤਕਾਰ ਹੋਵੇਗਾ। ਅਤੇ ਉਨ੍ਹਾਂ ਦੇ ਛੋਟੇ-ਛੋਟੇ ਬੱਚੇ ਲੋਕਾਂ ਦੇ ਦੇਖਦਿਆਂ ਕੁੱਟ-ਕੁੱਟ ਕੇ ਮਾਰ ਦਿੱਤੇ ਜਾਣਗੇ।

17 ਪਰਮੇਸ਼ੁਰ ਆਖਦਾ ਹੈ, “ਦੇਖੋ, ਮੈਂ ਮਿਦੀਆਂ ਦੀਆਂ ਫ਼ੌਜਾਂ ਤੋਂ ਬਾਬਲ ਉੱਤੇ ਹਮਲਾ ਕਰਾਵਾਂਗਾ। ਮਿਦੀਆਂ ਦੀਆਂ ਫ਼ੌਜਾਂ ਹਮਲੇ ਕਰਨ ਤੋਂ ਨਹੀਂ ਹਟਣਗੀਆਂ। ਭਾਵੇਂ ਉਨ੍ਹਾਂ ਨੂੰ ਚਾਂਦੀ ਅਤੇ ਸੋਨਾ ਹੀ ਕਿਉਂ ਨਾ ਅਦਾ ਕਰ ਦਿੱਤਾ ਜਾਵੇ। 18 ਫ਼ੌਜੀ ਬਾਬਲ ਦੇ ਨੌਜਵਾਨਾਂ ਉੱਪਰ ਹਮਲਾ ਕਰਨਗੇ ਅਤੇ ਉਨ੍ਹਾਂ ਨੂੰ ਮਾਰ ਸੁੱਟਣਗੇ। ਫ਼ੌਜੀ ਨਿੱਕੇ ਨਿਆਣਿਆਂ ਉੱਤੇ ਵੀ ਤਰਸ ਨਹੀਂ ਕਰਨਗੇ। ਫ਼ੌਜੀ ਬੱਚਿਆਂ ਉੱਪਰ ਵੀ ਤਰਸ ਨਹੀਂ ਕਰਨਗੇ। 19 ਬਾਬਲ ਤਬਾਹ ਹੋ ਜਾਵੇਗਾ। ਇਹ ਤਬਾਹੀ ਸਦੂਮ ਅਤੇ ਅਮੂਰਾਹ ਵਰਗੀ ਹੋਵੇਗੀ। ਪਰਮੇਸ਼ੁਰ ਇਹ ਤਬਾਹੀ ਲਿਆਵੇਗਾ ਅਤੇ ਓੱਥੇ ਕੁਝ ਵੀ ਨਹੀਂ ਬਚੇਗਾ।

“ਬਾਬਲ ਸਮੂਹ ਰਾਜਧਾਨੀਆਂ ਨਾਲੋਂ ਸਭ ਤੋਂ ਸੁੰਦਰ ਹੈ। ਬਾਬਲ ਦੇ ਲੋਕ ਆਪਣੇ ਸ਼ਹਿਰ ਉੱਤੇ ਬਹੁਤ ਗੁਮਾਨ ਕਰਦੇ ਹਨ। ਪਰ ਬਾਬਲ ਆਪਣੀ ਮਹਿਮਾ ਕਾਇਮ ਨਹੀਂ ਰੱਖ ਸੱਕੇਗਾ। 20 ਭਵਿੱਖ ਵਿੱਚ ਓੱਥੇ ਕੋਈ ਨਹੀਂ ਰਹੇਗਾ। ਅਰਬ ਲੋਕ ਓੱਥੇ ਆਪਣੇ ਤੰਬੂ ਨਹੀਂ ਲਗਾਉਣਗੇ। ਆਜੜੀ ਓੱਥੇ ਭੇਡਾਂ ਚਾਰਨ ਨਹੀਂ ਆਉਣਗੇ। 21 ਉੱਥੇ ਸਿਰਫ਼ ਮਾਰੂਬਲ ਦੇ ਜੰਗਲੀ ਜਾਨਵਰ ਹੀ ਰਹਿ ਰਹੇ ਹੋਣਗੇ। ਬਾਬਲ ਵਿੱਚ ਲੋਕ ਆਪਣੇ ਘਰਾਂ ਅੰਦਰ ਨਹੀਂ ਰਹਿ ਰਹੇ ਹੋਣਗੇ। ਘਰ ਉੱਲੂਆਂ ਅਤੇ ਵੱਡੇ ਪੰਛੀਆਂ ਨਾਲ ਭਰੇ ਹੋਣਗੇ। ਜੰਗਲੀ ਬੱਕਰੀਆਂ ਘਰਾਂ ਵਿੱਚ ਖੇਡ ਰਹੀਆਂ ਹੋਣਗੀਆਂ। 22 ਆਵਾਰਾ ਕੁੱਤੇ ਅਤੇ ਬਘਿਆੜ ਬਾਬਲ ਦੇ ਉਨ੍ਹਾਂ ਸੁੰਦਰ ਅਤੇ ਮਹਾਨ ਘਰਾਂ ਵਿੱਚ ਭੌਂਕ ਰਹੇ ਹੋਣਗੇ। ਬਾਬਲ ਖਤਮ ਹੋ ਜਾਵੇਗਾ। ਬਾਬਲ ਦਾ ਅੰਤ ਨੇੜੇ ਹੈ। ਹੁਣ ਮੈਂ ਬਾਬਲ ਦੀ ਤਬਾਹੀ ਨੂੰ ਹੋਰ ਨਹੀਂ ਰੋਕਾਂਗਾ।”

Punjabi Bible: Easy-to-Read Version (ERV-PA)

2010 by World Bible Translation Center