Print Page Options
Previous Prev Day Next DayNext

Bible in 90 Days

An intensive Bible reading plan that walks through the entire Bible in 90 days.
Duration: 88 days
Punjabi Bible: Easy-to-Read Version (ERV-PA)
Version
ਯਿਰਮਿਯਾਹ 23:9-33:22

ਝੂਠੇ ਨਬੀਆਂ ਦੇ ਵਿਰੁੱਧ ਨਿਆਂ

ਨਬੀਆਂ ਨੂੰ ਇੱਕ ਸੰਦੇਸ਼:
ਮੈਂ ਬਹੁਤ ਉਦਾਸ ਹਾਂ-ਮੇਰਾ ਦਿਲ ਟੁੱਟ ਗਿਆ ਹੈ।
    ਮੇਰੀਆਂ ਸਾਰੀਆਂ ਹੱਡੀਆਂ ਕੰਬ ਰਹੀਆਂ ਹਨ।
ਮੈਂ (ਯਿਰਮਿਯਾਹ) ਉਸ ਬੰਦੇ ਵਰਗਾ ਹਾਂ ਜਿਹੜਾ ਸ਼ਰਾਬੀ ਹੋਵੇ।
    ਕਿਉਂ? ਯਹੋਵਾਹ ਅਤੇ ਉਸ ਦੇ ਪਵਿੱਤਰ ਸ਼ਬਦਾਂ ਕਾਰਣ।
10 ਯਹੂਦਾਹ ਦਾ ਦੇਸ਼ ਉਨ੍ਹਾਂ ਲੋਕਾਂ ਨਾਲ ਭਰਿਆ ਹੋਇਆ ਹੈ ਜਿਹੜੇ ਕਰਦੇ ਨੇ ਜਿਨਸੀ ਪਾਪ।
    ਉਹ ਕਈ ਤਰ੍ਹਾਂ ਨਾਲ ਬੇਵਫ਼ਾ ਹਨ।
ਯਹੋਵਾਹ ਨੇ ਧਰਤੀ ਨੂੰ ਸਰਾਪ ਦਿੱਤਾ ਸੀ ਅਤੇ ਇਹ ਬਹੁਤ ਖੁਸ਼ਕ ਹੋ ਗਈ ਸੀ।
    ਚਰਾਂਦਾਂ ਅੰਦਰ, ਸੁੱਕੇ ਹੋਏ ਪੌਦੇ ਮਰ ਰਹੇ ਨੇ। ਖੇਤ ਮਾਰੂਬਲ ਵਾਂਗ ਬਣ ਗਏ ਨੇ।
ਨਬੀ ਬੁਰੇ ਨੇ।
    ਉਹ ਨਬੀ ਆਪਣੇ ਪ੍ਰਭਾਵ ਅਤੇ ਸ਼ਕਤੀ ਨੂੰ ਗ਼ਲਤ ਢੰਗ ਨਾਲ ਇਸਤੇਮਾਲ ਕਰਦੇ ਨੇ।
11 “ਨਬੀ ਅਤੇ ਜਾਜਕ ਵੀ ਮੰਦੇ ਹਨ।
    ਮੈਂ ਉਨ੍ਹਾਂ ਨੂੰ ਆਪਣੇ ਮੰਦਰ ਵਿੱਚ ਵੀ, ਮੰਦੇ ਕੰਮ ਕਰਦਿਆਂ ਦੇਖਿਆ ਹੈ।”
ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
12 “ਮੈਂ ਆਪਣੇ ਸੰਦੇਸ਼ ਉਨ੍ਹਾਂ ਨੂੰ ਦੇਵੋ ਰੋਕ ਦਿਆਂਗਾ।
    ਇਹ ਉਨ੍ਹਾਂ ਲਈ ਹਨੇਰੇ ਵਿੱਚ ਚੱਲਣ ਵਾਂਗ ਹੋਵੇਗਾ।
ਇਹ ਹੋਵੇਗਾ ਜਿਵੇਂ ਉਨ੍ਹਾਂ ਨਬੀਆਂ ਅਤੇ ਜਾਜਕਾਂ ਲਈ ਤਿਲਕਣ ਵਾਲੀ ਸੜਕ ਹੋਵੇ।
    ਅਤੇ ਉਹ ਉਸ ਅੰਧਕਾਰ ਵਿੱਚ ਡਿੱਗ ਪੈਣਗੇ।
ਮੈਂ ਉਨ੍ਹਾਂ ਲਈ ਬਿਪਤਾ ਲਿਆਵਾਂਗਾ।
    ਮੈਂ ਉਨ੍ਹਾਂ ਨਬੀਆਂ ਅਤੇ ਜਾਜਕਾਂ ਨੂੰ ਸਜ਼ਾ ਦੇਵਾਂਗਾ।”
ਇਹ ਸੰਦੇਸ਼ ਯਹੋਵਾਹ ਵੱਲੋਂ ਸੀ।

13 “ਮੈਂ ਸਾਮਰਿਯਾ ਦੇ ਨਬੀਆਂ ਨੂੰ ਮੰਦੇ ਕੰਮ ਕਰਦਿਆਂ ਦੇਖਿਆ ਸੀ।
    ਮੈਂ ਉਨ੍ਹਾਂ ਨਬੀਆਂ ਨੂੰ ਝੂਠੇ ਦੇਵਤੇ ਬਆਲ ਦੇ ਨਾਮ ਉੱਤੇ ਭਵਿੱਖਬਾਣੀਆਂ ਕਰਦਿਆਂ ਦੇਖਿਆ ਸੀ।
    ਉਨ੍ਹਾਂ ਨਬੀਆਂ ਨੇ ਇਸਰਾਏਲ ਦੇ ਲੋਕਾਂ ਨੂੰ, ਯਹੋਵਾਹ ਤੋਂ ਦੂਰ ਹੋਣ ਲਈ, ਕੁਰਾਹੇ ਪਾਇਆ ਸੀ।
14 ਹੁਣ ਮੈਂ ਯਹੂਦਾਹ ਦੇ ਨਬੀਆਂ ਨੂੰ ਯਰੂਸ਼ਲਮ ਅੰਦਰ ਭਿਆਨਕ ਗੱਲਾਂ ਕਰਦਿਆਂ ਦੇਖ ਲਿਆ ਹੈ।
    ਉਹ ਨਬੀ ਜਿਨਸੀ ਪਾਪ ਕਰਦੇ ਨੇ।
    ਉਨ੍ਹਾਂ ਨੇ ਝੂਠ ਨੂੰ ਸੁਣਿਆ-ਅਤੇ ਉਨ੍ਹਾਂ ਨੇ ਉਸ ਝੂਠੀ ਬਿਵਸਬਾ ਨੂੰ ਮੰਨਿਆ।
ਉਹ ਮੰਦੇ ਲੋਕਾਂ ਨੂੰ ਮੰਦੀਆਂ ਗੱਲਾਂ ਕਰਦੇ ਰਹਿਣ ਲਈ ਪ੍ਰੋਤਸਾਹਨ ਦਿੰਦੇ ਨੇ।
    ਇਸ ਲਈ ਲੋਕ ਪਾਪ ਕਰਨ ਤੋਂ ਨਹੀਂ ਹਟੇ।
ਉਹ ਸਦੂਮ ਦੇ ਲੋਕਾਂ ਵਰਗੇ ਹਨ।
    ਹੁਣ ਯਰੂਸ਼ਲਮ ਮੇਰੇ ਲਈ ਅਮੂਰਾਹ ਵਰਗਾ ਹੈ।”
15 ਇਸ ਲਈ ਇਹੀ ਹੈ ਜੋ ਸਰਬ ਸ਼ਕਤੀਮਾਨ ਯਹੋਵਾਹ ਨਬੀਆਂ ਵਾਸਤੇ ਆਖਦਾ ਹੈ:
“ਮੈਂ ਉਨ੍ਹਾਂ ਨਬੀਆਂ ਨੂੰ ਸਜ਼ਾ ਦੇਵਾਂਗਾ।
    ਇਹ ਸਜ਼ਾ ਹੋਵੇਗੀ ਜਿਵੇਂ ਜ਼ਹਿਰੀਲਾ ਭੋਜਨ-ਪਾਣੀ ਕਰੀਦਾ ਹੈ।
ਨਬੀਆਂ ਨੇ ਆਤਮਕ ਬਿਮਾਰੀ ਸ਼ੁਰੂ ਕੀਤੀ ਸੀ।
    ਇਹ ਬਿਮਾਰੀ ਸੀ, ਜਿਹੜੀ ਸਾਰੇ ਮੁਲਕ ਅੰਦਰ ਫ਼ੈਲ ਗਈ ਸੀ।
ਇਸ ਲਈ ਮੈਂ ਉਨ੍ਹਾਂ ਨਬੀਆਂ ਨੂੰ ਸਜ਼ਾ ਦੇਵਾਂਗਾ।
    ਇਹ ਬਿਮਾਰੀ ਯਰੂਸ਼ਲਮ ਦੇ ਨਬੀਆਂ ਤੋਂ ਆਈ ਸੀ।”

16 ਯਹੋਵਾਹ ਸਰਬ ਸ਼ਕਤੀਮਾਨ ਇਹ ਗੱਲਾਂ ਆਖਦਾ ਹੈ:
“ਉਨ੍ਹਾਂ ਗੱਲਾਂ ਵੱਲ ਧਿਆਨ ਨਾ ਦਿਓ, ਜਿਹੜੀਆਂ ਝੂਠੇ ਨਬੀ ਤੁਹਾਨੂੰ ਆਖ ਰਹੇ ਹਨ।
    ਉਹ ਲੋਕ ਤੁਹਾਨੂੰ ਮੂਰਖ ਬਣਾ ਰਹੇ ਨੇ।
ਉਹ ਨਬੀ ਦਰਸ਼ਨਾਂ ਬਾਰੇ ਗੱਲਾਂ ਕਰਦੇ ਨੇ।
    ਪਰ ਉਹ ਇਹ ਦਰਸ਼ਨ ਮੇਰੇ ਕੋਲੋਂ ਪ੍ਰਾਪਤ ਨਹੀਂ ਕਰਦੇ।
    ਉਨ੍ਹਾਂ ਦੇ ਦਰਸ਼ਨ ਆਪਣੇ ਮਨਾਂ ਵਿੱਚੋਂ ਆਉਂਦੇ ਨੇ।
17 ਕੁਝ ਲੋਕ ਯਹੋਵਾਹ ਦੇ ਸੱਚੇ ਸੰਦੇਸ਼ ਨੂੰ ਨਫ਼ਰਤ ਕਰਦੇ ਨੇ।
    ਇਸ ਲਈ ਉਹ ਨਬੀ, ਉਨ੍ਹਾਂ ਲੋਕਾਂ ਨੂੰ ਹੋਰ ਸੰਦੇਸ਼ ਦਿੰਦੇ ਨੇ।
    ਉਹ ਆਖਦੇ ਨੇ, ‘ਤੁਹਾਨੂੰ ਸ਼ਾਂਤੀ ਮਿਲੇਗੀ।’
ਕੁਝ ਲੋਕ ਬਹੁਤ ਜ਼ਿੱਦੀ ਹਨ।
    ਉਹ ਮਨ ਭਾਉਂਦੀਆਂ ਗੱਲਾਂ ਕਰਦੇ ਨੇ।
ਇਸ ਲਈ ਉਹ ਨਬੀ ਆਖਦੇ ਨੇ,
    ‘ਤੁਹਾਡੇ ਨਾਲ ਕੋਈ ਵੀ ਮੰਦੀ ਘਟਨਾ ਨਹੀਂ ਵਾਪਰੇਗੀ!’
18 ਪਰ ਉਨ੍ਹਾਂ ਨਬੀਆਂ ਵਿੱਚੋਂ ਕੋਈ ਵੀ ਯਹੋਵਾਹ ਦੀ ਸੰਗਤ ਵਿੱਚ ਸ਼ਾਮਿਲ ਨਹੀਂ ਹੈ।
    ਉਨ੍ਹਾਂ ਵਿੱਚੋਂ ਕਿਸੇ ਨੇ ਵੀ ਯਹੋਵਾਹ ਦੇ ਸੰਦੇਸ਼ ਨੂੰ ਦੇਖਿਆ ਸੁਣਿਆ ਨਹੀਂ।
    ਉਨ੍ਹਾਂ ਵਿੱਚੋਂ ਕਿਸੇ ਨੇ ਵੀ ਯਹੋਵਾਹ ਦੇ ਸੰਦੇਸ਼ ਵੱਲ ਧਿਆਨ ਨਹੀਂ ਦਿੱਤਾ ਹੈ।
19 ਹੁਣ ਯਹੋਵਾਹ ਵੱਲੋਂ ਭੇਜੀ ਗਈ ਸਜ਼ਾ, ਤੂਫ਼ਾਨ ਵਾਂਗ ਆਵੇਗੀ,
    ਯਹੋਵਾਹ ਦਾ ਕਹਿਰ ਵਾਵਰੋਲੇ ਵਰਗਾ ਹੋਵੇਗਾ।
    ਇਹ ਮੰਦੇ ਲੋਕਾਂ ਦੇ ਸਿਰਾਂ ਉੱਤੇ ਟੁੱਟ ਪਵੇਗਾ।
20 ਯਹੋਵਾਹ ਦਾ ਕਹਿਰ, ਉਦੋਂ ਤੀਕ ਨਹੀਂ ਰੁਕੇਗਾ
    ਜਦੋਂ ਤੀਕ ਉਹ ਆਪਣੀਆਂ ਯੋਜਨਾਵਾਂ ਨੂੰ ਪੂਰਾ ਨਹੀਂ ਕਰ ਲੈਂਦਾ।
ਜਦੋਂ ਉਹ ਦਿਨ ਖਤਮ ਹੋ ਜਾਵੇਗਾ,
    ਤੁਸੀਂ ਸਾਫ਼-ਸਾਫ਼ ਸਮਝ ਲਵੋਂਗੇ।
21 ਮੈਂ ਉਨ੍ਹਾਂ ਨਬੀਆਂ ਨੂੰ ਨਹੀਂ ਭੇਜਿਆ ਸੀ।
    ਪਰ ਉਹ ਆਪਣੇ ਸੰਦੇਸ਼ ਦੇਣ ਲਈ ਦੌੜੇ ਆਏ।
ਮੈਂ ਉਨ੍ਹਾਂ ਨਾਲ ਨਹੀਂ ਬੋਲਿਆ
    ਪਰ ਉਨ੍ਹਾਂ ਮੇਰੇ ਨਾਮ ਉੱਤੇ ਪ੍ਰਚਾਰ ਕੀਤਾ।
22 ਜੇ ਉਹ ਮੇਰੀ ਸੰਗਤ ਵਿੱਚ ਖਲੋਤੇ ਹੁੰਦੇ,
    ਫ਼ੇਰ ਉਹ ਯਹੂਦਾਹ ਦੇ ਲੋਕਾਂ ਨੂੰ ਮੇਰੇ ਸੰਦੇਸ਼ ਦੱਸਦੇ।
ਉਹ ਲੋਕਾਂ ਨੂੰ ਮੰਦੇ ਅਮਲਾਂ ਤੋਂ ਰੋਕ ਦਿੰਦੇ।
    ਉਹ ਉਨ੍ਹਾਂ ਨੂੰ ਬਦੀ ਤੋਂ ਰੋਕ ਦਿੰਦੇ।

23 ਇਹ ਸੰਦੇਸ਼ ਯਹੋਵਾਹ ਵੱਲੋਂ ਹੈ।
“ਮੈਂ ਪਰਮੇਸ਼ੁਰ ਹਾਂ, ਅਤੇ ਮੈਂ ਸਦਾ ਨੇੜੇ ਹਾਂ!
    ਮੈਂ ਦੂਰ ਨਹੀਂ ਹਾਂ!
24 ਬੇਸ਼ਕ ਕੋਈ ਲੁਕਣ ਵਾਲੀ ਥਾਂ ਉੱਤੇ ਮੇਰੇ ਕੋਲੋਂ ਛੁਪਣ ਦੀ ਕੋਸ਼ਿਸ਼ ਕਰੇ।
    ਪਰ ਮੇਰੇ ਲਈ ਉਸ ਨੂੰ ਦੇਖਣਾ ਆਸਾਨ ਹੈ।
    ਕਿਉਂ? ਕਿਉਂ ਕਿ ਮੈਂ, ਅਕਾਸ਼ ਵਿੱਚ ਅਤੇ ਧਰਤੀ ਉੱਤੇ ਹਰ ਥਾਂ ਹਾਂ।”

ਯਹੋਵਾਹ ਨੇ ਇਹ ਗੱਲਾਂ ਆਖੀਆਂ। 25 “ਇੱਥੇ ਕੁਝ ਨਬੀ ਹਨ ਜਿਹੜੇ ਮੇਰੇ ਨਾਮ ਉੱਤੇ ਝੂਠ ਦਾ ਪ੍ਰਚਾਰ ਕਰਦੇ ਨੇ। ਉਹ ਆਖਦੇ ਨੇ, ‘ਮੈਨੂੰ ਇੱਕ ਸੁਪਨਾ ਆਇਆ ਹੈ! ਮੈਨੂੰ ਇੱਕ ਸੁਪਨਾ ਆਇਆ ਹੈ!’ ਮੈਂ ਉਨ੍ਹਾਂ ਨੂੰ ਇਹ ਗੱਲਾਂ ਆਖਦਿਆਂ ਸੁਣਿਆ। 26 ਕਿੰਨਾ ਕੁ ਚਿਰ ਇਹ ਜਾਰੀ ਰਹੇਗਾ? ਉਹ ਨਬੀ ਝੂਠ ਸੋਚਦੇ ਨੇ। ਅਤੇ ਫ਼ੇਰ ਉਹ ਉਨ੍ਹਾਂ ਝੂਠਾਂ ਦਾ ਲੋਕਾਂ ਅੰਦਰ ਪ੍ਰਚਾਰ ਕਰਦੇ ਨੇ। 27 ਇਹ ਨਬੀ ਯਹੂਦਾਹ ਦੇ ਲੋਕਾਂ ਨੂੰ ਮੇਰਾ ਨਾਮ ਭੁਲਾਣ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਅਜਿਹਾ ਇੱਕ ਦੂਜੇ ਨੂੰ ਇਹ ਝੂਠੇ ਸੁਪਨੇ ਸੁਣਾਕੇ ਕਰ ਰਹੇ ਹਨ। ਉਹ ਮੇਰੇ ਲੋਕਾਂ ਨੂੰ ਮੇਰੇ ਨਾਲ ਉਸੇ ਤਰ੍ਹਾਂ ਭੁਲਾਣ ਦੀ ਕੋਸ਼ਿਸ਼ ਕਰ ਰਹੇ ਨੇ ਜਿਵੇਂ ਉਨ੍ਹਾਂ ਦੇ ਪੁਰਖੇ ਮੈਨੂੰ ਭੁੱਲ ਗਏ ਸਨ। ਉਨ੍ਹਾਂ ਦੇ ਪੁਰਖੇ ਮੈਨੂੰ ਭੁੱਲ ਗਏ ਸਨ ਅਤੇ ਝੂਠੇ ਦੇਵਤੇ ਬਾਲ ਦੀ ਉਪਾਸਨਾ ਕਰਦੇ ਸਨ। 28 ਤੂੜੀ ਕਣਕ ਵਰਗੀ ਨਹੀਂ ਹੁੰਦੀ! ਓਸੇ ਤਰ੍ਹਾਂ ਉਨ੍ਹਾਂ ਨਬੀਆਂ ਦੇ ਸੁਪਨੇ ਮੇਰੇ ਵੱਲੋਂ ਸੰਦੇਸ਼ ਨਹੀਂ ਹਨ। ਜੇ ਕੋਈ ਬੰਦਾ ਆਪਣੇ ਸੁਪਨੇ ਸੁਣਾਉਣਾ ਚਾਹੁੰਦਾ ਹੈ, ਤਾਂ ਉਸ ਨੂੰ ਅਜਿਹਾ ਕਰਨ ਦਿਓ। ਪਰ ਜਿਹੜਾ ਬੰਦਾ ਮੇਰੇ ਸੰਦੇਸ਼ ਸੁਣਦਾ ਹੈ ਉਸ ਨੂੰ ਸਚਾਈ ਨਾਲ ਮੇਰਾ ਸੰਦੇਸ਼ ਸੁਣਾਉਣਾ ਚਾਹੀਦਾ ਹੈ। 29 ਮੇਰਾ ਸੰਦੇਸ਼ ਅੱਗ ਵਰਗਾ ਹੈ।” ਇਹ ਸੰਦੇਸ਼ ਯਹੋਵਾਹ ਵੱਲੋਂ ਹੈ ਇਹ ਉਸ ਹਬੌੜੇ ਵਰਗਾ ਹੈ ਜਿਹੜਾ ਪੱਥਰ ਨੂੰ ਵੀ ਚੂਰ-ਚੂਰ ਕਰ ਦਿੰਦਾ ਹੈ।

30 ਇਸ ਲਈ ਮੈਂ ਉਨ੍ਹਾਂ ਝੂਠੇ ਨਬੀਆਂ ਦੇ ਵਿਰੁੱਧ ਹਾਂ ਇਹ ਸੰਦੇਸ਼ ਯਹੋਵਾਹ ਵੱਲੋਂ ਹੈ, “ਇਹ ਨਬੀ ਇੱਕ ਦੂਜੇ ਕੋਲੋਂ ਮੇਰੇ ਸ਼ਬਦ ਚੋਰੀ ਕਰਦੇ ਰਹਿੰਦੇ ਹਨ। 31 ਮੈਂ ਝੂਠੇ ਨਬੀਆਂ ਦੇ ਵਿਰੁੱਧ ਹਾਂ।” ਇਹ ਸੰਦੇਸ਼ ਯਹੋਵਾਹ ਵੱਲੋਂ ਹੈ-“ਉਹ ਆਪਣੇ ਸ਼ਬਦਾਂ ਦਾ ਇਸਤੇਮਾਲ ਕਰਦੇ ਨੇ ਅਤੇ ਬਹਾਨਾ ਕਰਦੇ ਨੇ ਇਹ ਮੇਰੇ ਵੱਲੋਂ ਸੰਦੇਸ਼ ਹੈ। 32 ਮੈਂ ਉਨ੍ਹਾਂ ਝੂਠੇ ਨਬੀਆਂ ਦੇ ਵਿਰੁੱਧ ਹਾਂ ਜਿਹੜੇ ਨਕਲੀ ਸੁਪਨਿਆਂ ਦਾ ਪ੍ਰਚਾਰ ਕਰਦੇ ਹਨ।” ਇਹ ਸੰਦੇਸ਼ ਯਹੋਵਾਹ ਵੱਲੋਂ ਹੈ-“ਉਨ੍ਹਾਂ ਨੇ ਮੇਰੇ ਬੰਦਿਆਂ ਨੂੰ ਆਪਣੇ ਝੂਠਾਂ ਅਤੇ ਝੂਠੀਆਂ ਸਿੱਖਿਆਵਾਂ ਰਾਹੀਂ ਗੁਮਰਾਹ ਕੀਤਾ। ਮੈਂ ਉਨ੍ਹਾਂ ਨਬੀਆਂ ਨੂੰ ਲੋਕਾਂ ਨੂੰ ਸਿੱਖਿਆ ਦੇਣ ਲਈ ਨਹੀਂ ਸੀ ਭੇਜਿਆ। ਮੈਂ ਉਨ੍ਹਾਂ ਨੂੰ ਕਦੇ ਵੀ ਆਦੇਸ਼ ਨਹੀਂ ਸੀ ਦਿੱਤਾ ਕਿ ਉਹ ਮੇਰੇ ਲਈ ਕੁਝ ਕਰਨ। ਉਹ ਯਹੂਦਾਹ ਦੇ ਲੋਕਾਂ ਦੀ ਬਿਲਕੁਲ ਕੋਈ ਸਹਾਇਤਾ ਨਹੀਂ ਕਰ ਸੱਕਦੇ।” ਇਹ ਸੰਦੇਸ਼ ਯਹੋਵਾਹ ਵੱਲੋਂ ਹੈ।

ਯਹੋਵਾਹ ਵੱਲੋਂ ਉਦਾਸ ਸੰਦੇਸ਼

33 “ਯਹੂਦਾਹ ਦੇ ਲੋਕ, ਕੋਈ ਨਬੀ ਜਾਂ ਕੋਈ ਜਾਜਕ ਤੈਨੂੰ ਪੁੱਛ ਸੱਕਦਾ ਹੈ, ‘ਯਿਰਮਿਯਾਹ, ਯਹੋਵਾਹ ਦਾ ਬੋਝ ਕੀ ਹੈ?’ ਤੂੰ ਉਨ੍ਹਾਂ ਨੂੰ ਜਵਾਬ ਦੇਵੇਂਗਾ ਅਤੇ ਆਖੇਂਗਾ, ‘ਤੁਸੀਂ ਯਹੋਵਾਹ ਲਈ ਭਾਰੀ ਬੋਝ [a] ਹੋ। ਅਤੇ ਮੈਂ ਇਹ ਬੋਝ ਲਾਹ ਕੇ ਸੁੱਟ ਦੇਵਾਂਗਾ।’ ਇਹ ਸੰਦੇਸ਼ ਯਹੋਵਾਹ ਵੱਲੋਂ ਹੈ।

34 “ਕੋਈ ਨਬੀ, ਕੋਈ ਜਾਜਕ ਜਾਂ ਹੋ ਸੱਕਦਾ ਹੈ ਕਿ ਲੋਕਾਂ ਵਿੱਚੋਂ ਕੋਈ ਇਹ ਆਖੇ, ‘ਇਹ ਬੋਝ ਯਹੋਵਾਹ ਵੱਲੋਂ ਹੈ।’ ਉਸ ਬੰਦੇ ਨੇ ਝੂਠ ਬੋਲਿਆ ਸੀ, ਇਸ ਲਈ ਮੈਂ ਉਸ ਬੰਦੇ ਨੂੰ ਅਤੇ ਉਸ ਦੇ ਪੂਰੇ ਪਰਿਵਾਰ ਨੂੰ ਸਜ਼ਾ ਦੇਵਾਂਗਾ। 35 ਤੁਸੀਂ ਇੱਕ ਦੂਸਰੇ ਨੂੰ ਇਹ ਆਖੋਗੇ, ‘ਯਹੋਵਾਹ ਨੇ ਕੀ ਜਵਾਬ ਦਿੱਤਾ?’ ਜਾਂ ‘ਯਹੋਵਾਹ ਨੇ ਕੀ ਆਖਿਆ?’ 36 ਪਰ ਤੁਸੀਂ ਇਸ ਤਰ੍ਹਾਂ ਦੀ ਗੱਲ ਕਦੇ ਨਹੀਂ ਆਖੋਗੇ, ‘ਯਹੋਵਾਹ ਦਾ ਬੋਝ।’ֹ ਇਹ ਇਸ ਲਈ ਹੈ ਕਿਉਂ ਕਿ ਯਹੋਵਾਹ ਦਾ ਸੰਦੇਸ਼ ਕਿਸੇ ਲਈ ਬੋਝ ਨਹੀਂ ਹੋਣਾ ਚਾਹੀਦਾ। ਪਰ ਤੁਸੀਂ ਆਪਣੇ ਪਰਮੇਸ਼ੁਰ ਦੇ ਸ਼ਬਦਾਂ ਨੂੰ ਬਦਲ ਦਿੱਤਾ। ਉਹ ਜੀਵਿਤ ਪਰਮੇਸ਼ੁਰ ਹੈ, ਸਰਬ ਸ਼ਕਤੀਮਾਨ ਯਹੋਵਾਹ!

37 “ਜੇ ਤੁਸੀਂ ਪਰਮੇਸ਼ੁਰ ਦੇ ਸੰਦੇਸ਼ ਬਾਰੇ ਜਾਣਨਾ ਚਾਹੁੰਦੇ ਹੋ, ਤਾਂ ਕਿਸੇ ਨਬੀ ਨੂੰ ਪੁੱਛੋ, ‘ਯਹੋਵਾਹ ਨੇ ਤੈਨੂੰ ਕੀ ਜਵਾਬ ਦਿੱਤਾ?’ ਜਾਂ ‘ਯਹੋਵਾਹ ਨੇ ਕੀ ਆਖਿਆ?’ 38 ਪਰ ਇਹ ਨਾ ਆਖੋ, ‘ਯਹੋਵਾਹ ਵੱਲੋਂ ਬੋਝ ਕੀ ਸੀ?’ ਜੇ ਤੁਸੀਂ ਇਨ੍ਹਾਂ ਸ਼ਬਦਾਂ ਦੀ ਵਰਤੋਂ ਕਰੋਂਗੇ ਤਾਂ ਯਹੋਵਾਹ ਤੁਹਾਨੂੰ ਇਹ ਗੱਲਾਂ ਆਖੇਗਾ: ‘ਤੁਹਾਨੂੰ ਮੇਰੇ ਸੰਦੇਸ਼ ਨੂੰ “ਮੇਰੇ ਵੱਲੋਂ ਬੋਝ” ਨਹੀਂ ਆਖਣਾ ਚਾਹੀਦਾ ਸੀ। ਮੈਂ ਤੁਹਾਨੂੰ ਇਨ੍ਹਾਂ ਸ਼ਬਦਾਂ ਦੀ ਵਰਤੋਂ ਨਹੀਂ ਕਰਨ ਲਈ ਆਖਿਆ ਸੀ। 39 ਪਰ ਤੁਸੀਂ ਮੇਰੇ ਸੰਦੇਸ਼ ਨੂੰ ਬੋਝ ਆਖਿਆ, ਇਸ ਲਈ ਮੈਂ ਤੁਹਾਨੂੰ ਬੋਝ ਵਾਂਗ ਚੁੱਕਾਂਗਾ ਅਤੇ ਆਪਣੇ ਤੋਂ ਦੂਰ ਸੁੱਟ ਦਿਆਂਗਾ। ਮੈਂ ਯਰੂਸ਼ਲਮ ਦਾ ਸ਼ਹਿਰ ਤੁਹਾਡੇ ਪੁਰਖਿਆਂ ਨੂੰ ਦਿੱਤਾ ਸੀ। ਪਰ ਮੈਂ ਤੁਹਾਨੂੰ ਅਤੇ ਉਸ ਸ਼ਹਿਰ ਨੂੰ ਆਪਣੇ ਕੋਲੋਂ ਦੂਰ ਸੁੱਟ ਦਿਆਂਗਾ। 40 ਅਤੇ ਮੈਂ ਤੁਹਾਨੂੰ ਸਦਾ ਲਈ ਸ਼ਰਮਸਾਰ ਕਰ ਦਿਆਂਗਾ। ਤੁਸੀਂ ਕਦੇ ਵੀ ਆਪਣੀ ਨਮੋਸ਼ੀ ਨੂੰ ਭੁੱਲ ਨਹੀਂ ਸੱਕੋਗੇ।’”

ਚੰਗੇ ਅੰਜੀਰ ਅਤੇ ਬੁਰੇ ਅੰਜੀਰ

24 ਯਹੋਵਾਹ ਨੇ ਮੈਨੂੰ ਇਹ ਚੀਜ਼ਾਂ ਦਰਸਾਈਆਂ: ਮੈਂ ਯਹੋਵਾਹ ਦੇ ਮੰਦਰ ਦੇ ਸਾਹਮਣੇ ਅੰਜੀਰਾਂ ਦੇ ਸਜਾਏ ਹੋਏ ਦੋ ਟੋਕਰੇ ਦੇਖੇ। (ਮੈਂ ਇਹ ਦਰਸ਼ਨ ਉਦੋਂ ਦੇਖਿਆ ਜਦੋਂ ਬਾਬਲ ਦੇ ਰਾਜੇ ਨਬੂਕਦਨੱਸਰ ਨੇ ਯਕਾਨਯਾਹ ਨੂੰ ਕੈਦੀ ਬਣਾਇਆ ਸੀ। ਯਕਾਨਯਾਹ ਰਾਜੇ ਯਹੋਯਾਕੀਮ ਦਾ ਪੁੱਤਰ ਸੀ। ਯਕਾਨਯਾਹ ਅਤੇ ਉਸ ਦੇ ਮਹੱਤਵਪੂਰਣ ਅਧਿਕਾਰੀਆਂ ਨੂੰ ਯਰੂਸ਼ਲਮ ਤੋਂ ਬਾਹਰ ਲਿਜਾਇਆ ਗਿਆ ਸੀ। ਉਨ੍ਹਾਂ ਨੂੰ ਬਾਬਲ ਲਿਜਾਇਆ ਗਿਆ ਸੀ ਨਬੂਕਦਨੱਸਰ ਯਹੂਦਾਹ ਦੇ ਸਾਰੇ ਤਰੱਖਾਣਾਂ ਅਤੇ ਧਾਤ ਦੇ ਕਾਮਿਆਂ ਨੂੰ ਵੀ ਲੈ ਗਿਆ ਸੀ।) ਇੱਕ ਟੋਕਰੀ ਵਿੱਚ ਬਹੁਤ ਚੰਗੇ ਅੰਜੀਰ ਸਨ। ਉਹ ਅੰਜੀਰ ਉਹੋ ਜਿਹੇ ਸਨ ਜਿਹੜੇ ਰੁੱਤ ਵਿੱਚ ਅਗੇਤੇ ਪੱਕ ਜਾਂਦੇ ਹਨ। ਪਰ ਦੂਸਰੇ ਟੋਕਰੇ ਅੰਦਰ ਸੜੇ ਹੋਏ ਅੰਜੀਰ ਪਏ ਸਨ ਉਹ ਇੰਨੇ ਸੜੇ ਹੋਏ ਸਨ ਕਿ ਖਾਣ ਦੇ ਯੋਗ ਨਹੀਂ ਸਨ।

ਯਹੋਵਾਹ ਨੇ ਮੈਨੂੰ ਆਖਿਆ, “ਯਿਰਮਿਯਾਹ ਤੈਨੂੰ ਕੀ ਦਿਖਾਈ ਦਿੰਦਾ ਹੈ?”

ਮੈਂ ਜਵਾਬ ਦਿੱਤਾ, “ਮੈਨੂੰ ਅੰਜੀਰ ਦਿਖਾਈ ਦਿੰਦੇ ਹਨ। ਚੰਗੇ ਅੰਜੀਰ ਬਹੁਤ ਚੰਗੇ ਹਨ। ਅਤੇ ਸੜੇ ਹੋਏ ਅੰਜੀਰ ਬਹੁਤ ਸੜੇ ਹੋਏ ਹਨ। ਉਹ ਇੰਨੇ ਸੜੇ ਹੋਏ ਹਨ ਕਿ ਖਾਧੇ ਨਹੀਂ ਜਾ ਸੱਕਦੇ।”

ਫ਼ੇਰ ਯਹੋਵਾਹ ਦਾ ਸੰਦੇਸ਼ ਮੈਨੂੰ ਮਿਲਿਆ। ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਨੇ ਆਖਿਆ, “ਯਹੂਦਾਹ ਦੇ ਲੋਕਾਂ ਨੂੰ ਉਨ੍ਹਾਂ ਦੇ ਦੇਸ਼ ਤੋਂ ਬਾਹਰ ਲਿਜਾਇਆ ਗਿਆ। ਉਨ੍ਹਾਂ ਦਾ ਦੁਸ਼ਮਣ ਉਨ੍ਹਾਂ ਨੂੰ ਬਾਬਲ ਲੈ ਗਿਆ। ਉਹ ਲੋਕ ਇਨ੍ਹਾਂ ਚੰਗੇ ਅੰਜੀਰਾਂ ਵਰਗੇ ਹੋਣਗੇ। ਮੈਂ ਉਨ੍ਹਾਂ ਲੋਕਾਂ ਉੱਪਰ ਮਿਹਰ ਕਰਾਂਗਾ। ਮੈਂ ਉਨ੍ਹਾਂ ਦੀ ਰੱਖਿਆ ਕਰਾਂਗਾ। ਮੈਂ ਉਨ੍ਹਾਂ ਨੂੰ ਯਹੂਦਾਹ ਦੀ ਧਰਤੀ ਉੱਤੇ ਵਾਪਸ ਲਿਆਵਾਂਗਾ। ਮੈਂ ਉਨ੍ਹਾਂ ਨੂੰ ਚੀਰਾਂਗਾ ਨਹੀਂ-ਮੈਂ ਉਨ੍ਹਾਂ ਦੀ ਉਸਾਰੀ ਕਰਾਂਗਾ। ਮੈਂ ਉਨ੍ਹਾਂ ਨੂੰ ਖਿੱਚਾਂਗਾ ਨਹੀਂ-ਮੈਂ ਉਨ੍ਹਾਂ ਨੂੰ ਬੀਜਾਂਗਾ ਤਾਂ ਜੋ ਵੱਧ ਸੱਕਣ। ਮੈਂ ਉਨ੍ਹਾਂ ਦੇ ਅੰਦਰ ਮੈਨੂੰ ਜਾਨਣ ਦੀ ਇੱਛਾ ਪੈਦਾ ਕਰ ਦਿਆਂਗਾ। ਉਹ ਜਾਣ ਲੈਣਗੇ ਕਿ ਮੈਂ ਯਹੋਵਾਹ ਹਾਂ। ਉਹ ਮੇਰੇ ਬੰਦੇ ਹੋਣਗੇ ਅਤੇ ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ। ਅਜਿਹਾ ਮੈਂ ਇਸ ਲਈ ਕਰਾਂਗਾ ਕਿਉਂ ਕਿ ਬਾਬਲ ਵਿੱਚਲੇ ਉਹ ਕੈਦੀ ਆਪਣੇ ਪੂਰੇ ਮਨਾਂ ਨਾਲ ਮੇਰੇ ਵੱਲ ਮੁੜਨਗੇ।

“ਪਰ ਯਹੂਦਾਹ ਦਾ ਰਾਜਾ ਸਿਦਕੀਯਾਹ ਉਨ੍ਹਾਂ ਸੜੇ ਹੋਏ ਅੰਜੀਰਾਂ ਵਰਗਾ ਹੋਵੇਗਾ ਜੋ ਖਾਣ ਦੇ ਯੋਗ ਨਹੀਂ ਹਨ। ਸਿਦਕੀਯਾਹ, ਉਸ ਦੇ ਉੱਚ ਅਧਿਕਾਰੀ, ਉਹ ਸਾਰੇ ਲੋਕ ਜਿਹੜੇ ਯਰੂਸ਼ਲਮ ਵਿੱਚ ਬਚ ਜਾਣਗੇ ਅਤੇ ਯਹੂਦਾਹ ਦੇ ਉਹ ਲੋਕ ਜਿਹੜੇ ਮਿਸਰ ਵਿੱਚ ਰਹਿ ਰਹੇ ਹਨ, ਉਹ ਉਨ੍ਹਾਂ ਸੜੇ ਹੋਏ ਅੰਜੀਰਾਂ ਵਰਗੇ ਹੋਣਗੇ। ਮੈਂ ਉਨ੍ਹਾਂ ਲੋਕਾਂ ਨੂੰ ਸਜ਼ਾ ਦਿਆਂਗਾ। ਉਹ ਸਜ਼ਾ ਸਾਰੀ ਧਰਤੀ ਦੇ ਲੋਕਾਂ ਨੂੰ ਭੈਭੀਤ ਕਰ ਦੇਵੇਗੀ। ਲੋਕ ਯਹੂਦਾਹ ਦੇ ਉਨ੍ਹਾਂ ਲੋਕਾਂ ਦਾ ਮਜ਼ਾਕ ਉਡਾਉਣਗੇ। ਲੋਕ ਉਨ੍ਹਾਂ ਬਾਰੇ ਚੁਟਕਲੇ ਜੋੜਨਗੇ। ਜਿਨ੍ਹਾਂ ਥਾਵਾਂ ਉੱਤੇ ਵੀ ਮੈਂ ਉਨ੍ਹਾਂ ਨੂੰ ਖਿੰਡਾਵਾਂਗਾ, ਲੋਕ ਉਨ੍ਹਾਂ ਨੂੰ ਸਰਾਪ ਦੇਣਗੇ। 10 ਮੈਂ ਉਨ੍ਹਾਂ ਦੇ ਖਿਲਾਫ਼ ਤਲਵਾਰ, ਭੁੱਖ ਅਤੇ ਬਿਮਾਰੀ ਭੇਜਾਂਗਾ। ਮੈਂ ਉਨ੍ਹਾਂ ਉੱਤੇ ਉਦੋਂ ਤੀਕ ਹਮਲਾ ਕਰਾਂਗਾ ਜਦੋਂ ਤੀਕ ਉਹ ਸਾਰੇ ਮਰ ਨਹੀਂ ਜਾਂਦੇ। ਫ਼ੇਰ ਉਹ ਉਸ ਧਰਤੀ ਉੱਤੇ ਨਹੀਂ ਹੋਣਗੇ ਜਿਹੜੀ ਮੈਂ ਉਨ੍ਹਾਂ ਦੇ ਪੁਰਖਿਆਂ ਨੂੰ ਦਿੱਤੀ ਸੀ।”

ਯਿਰਮਿਯਾਹ ਦੇ ਪ੍ਰਚਾਰ ਦਾ ਸਾਰ

25 ਇਹ ਉਹ ਸੰਦੇਸ਼ ਹੈ ਜਿਹੜਾ ਯਿਰਮਿਯਾਹ ਨੂੰ ਯਹੂਦਾਹ ਦੇ ਸਾਰੇ ਲੋਕਾਂ ਨਾਲ ਸੰਬੰਧਿਤ ਮਿਲਿਆ। ਇਹ ਸੰਦੇਸ਼ ਯਹੂਦਾਹ ਦੇ ਰਾਜੇ ਯਹੋਯਾਕੀਮ ਦੇ ਰਾਜ ਦੇ ਚੌਬੇ ਵਰ੍ਹੇ ਵਿੱਚ ਆਇਆ। ਯਹੋਯਾਕੀਮ ਯੋਸ਼ੀਯਾਹ ਦਾ ਪੁੱਤਰ ਸੀ। ਉਸ ਦੇ ਰਾਜ ਦਾ ਚੌਬਾ ਵਰ੍ਹਾ ਬਾਬਲ ਦੇ ਰਾਜੇ ਨਬੂਕਦਨੱਸਰ ਦੇ ਰਾਜ ਦਾ ਪਹਿਲਾ ਵਰ੍ਹਾ ਸੀ। ਇਹ ਸੰਦੇਸ਼ ਸੀ ਜਿਹੜਾ ਨਬੀ ਯਿਰਮਿਯਾਹ ਨੇ ਯਹੂਦਾਹ ਦੇ ਸਮੂਹ ਲੋਕਾਂ ਅਤੇ ਯਰੂਸ਼ਲਮ ਦੇ ਸਮੂਹ ਲੋਕਾਂ ਨੂੰ ਸੁਣਾਇਆ।

ਮੈਂ ਤੁਹਾਨੂੰ ਇਨ੍ਹਾਂ 23 ਸਾਲਾਂ ਦੌਰਾਨ ਬਾਰ-ਬਾਰ ਯਹੋਵਾਹ ਦੇ ਸੰਦੇਸ਼ ਦਿੰਦਾ ਰਿਹਾ ਹਾਂ। ਮੈਂ ਯਹੂਦਾਹ ਦੇ ਰਾਜੇ, ਆਮੋਨ ਦੇ ਪੁੱਤਰ ਯੋਸ਼ੀਯਾਹ ਦੇ ਰਾਜ ਦੇ 13 ਵੇਂ ਵਰ੍ਹੇ ਤੋਂ ਨਬੀ ਰਿਹਾ ਹਾਂ। ਉਦੋਂ ਤੋਂ ਲੈ ਕੇ ਹੁਣ ਤੀਕ ਮੈਂ ਤੁਹਾਨੂੰ ਯਹੋਵਾਹ ਦੇ ਸੰਦੇਸ਼ ਦਿੰਦਾ ਰਿਹਾ ਹਾਂ। ਪਰ ਤੁਸੀਂ ਸੁਣਿਆ ਨਹੀਂ। ਯਹੋਵਾਹ ਨੇ ਤੁਹਾਡੇ ਵੱਲ ਆਪਣੇ ਸੇਵਕ ਨਬੀ ਬਾਰ-ਬਾਰ ਭੇਜੇ ਹਨ। ਪਰ ਤੁਸੀਂ ਉਨ੍ਹਾਂ ਦੀ ਗੱਲ ਨਹੀਂ ਸੁਣੀ। ਤੁਸੀਂ ਉਨ੍ਹਾਂ ਵੱਲ ਕੋਈ ਧਿਆਨ ਨਹੀਂ ਦਿੱਤਾ।

ਉਨ੍ਹਾਂ ਨਬੀਆਂ ਨੇ ਆਖਿਆ ਸੀ, “ਬਦਲੋ ਆਪਣੀਆਂ ਜ਼ਿੰਦਗੀਆਂ! ਹਟ ਜਾਓ ਮੰਦੀਆਂ ਗੱਲਾਂ ਕਰਨ ਤੋਂ! ਜੇ ਤੁਸੀਂ ਬਦਲ ਜਾਓਗੇ, ਤਾਂ ਤੁਸੀਂ ਉਸ ਧਰਤੀ ਉੱਤੇ ਵਾਪਸ ਪਰਤ ਸੱਕੋਗੇ ਜਿਹੜੀ ਯਹੋਵਾਹ ਨੇ ਬਹੁਤ ਸਮਾਂ ਪਹਿਲਾਂ ਤੁਹਾਨੂੰ ਅਤੇ ਤੁਹਾਡੇ ਪੁਰਖਿਆਂ ਨੂੰ ਦਿੱਤੀ ਸੀ। ਉਸ ਨੇ ਇਹ ਧਰਤੀ ਤੁਹਾਨੂੰ ਰਹਿਣ ਵਾਸਤੇ ਸਦਾ ਲਈ ਦਿੱਤੀ ਸੀ। ਹੋਰਨਾਂ ਦੇਵਤਿਆਂ ਦੇ ਅਨੁਯਾਈ ਨਾ ਬਣੋ। ਉਨ੍ਹਾਂ ਦੀ ਸੇਵਾ ਜਾਂ ਉਪਾਸਨਾ ਨਾ ਕਰੋ। ਉਨ੍ਹਾਂ ਬੁੱਤਾਂ ਦੀ ਉਪਾਸਨਾ ਨਾ ਕਰੋ ਜਿਨ੍ਹਾਂ ਨੂੰ ਕਿਸੇ ਬੰਦੇ ਨੇ ਬਣਾਇਆ ਹੈ। ਇਹ ਗੱਲ ਸਿਰਫ਼ ਮੈਨੂੰ ਤੁਹਾਡੇ ਲਈ ਗੁੱਸਾ ਦਿਵਾਉਂਦੀ ਹੈ। ਇਹ ਗੱਲ ਕਰਕੇ ਤੁਸੀਂ ਸਿਰਫ਼ ਆਪਣੇ ਆਪ ਨੂੰ ਦੁੱਖ ਦਿੰਦੇ ਹੋ।”

“ਪਰ ਤੁਸੀਂ ਮੇਰੀ ਗੱਲ ਨਹੀਂ ਸੁਣੀ”-ਇਹ ਸੰਦੇਸ਼ ਯਹੋਵਾਹ ਵੱਲੋਂ ਹੈ-“ਤੁਸੀਂ ਉਨ੍ਹਾਂ ਬੁੱਤਾਂ ਦੀ ਉਪਾਸਨਾ ਕੀਤੀ ਜਿਨ੍ਹਾਂ ਨੂੰ ਕਿਸੇ ਨੇ ਬਣਾਇਆ ਸੀ। ਅਤੇ ਇਸ ਨਾਲ ਮੈਨੂੰ ਗੁੱਸਾ ਚੜ੍ਹਿਆ। ਅਤੇ ਇਸਨੇ ਸਿਰਫ਼ ਤੁਹਾਨੂੰ ਦੁੱਖ ਦਿੱਤਾ।”

ਇਸ ਲਈ, ਇਹੀ ਹੈ ਜੋ ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ, “ਤੁਸੀਂ ਮੇਰੇ ਸੰਦੇਸ਼ਾਂ ਨੂੰ ਨਹੀਂ ਸੁਣਿਆ। ਇਸ ਲਈ ਛੇਤੀ ਹੀ ਮੈਂ ਉੱਤਰ ਦੇ ਸਾਰੇ ਪਰਿਵਾਰ-ਸਮੂਹਾਂ ਨੂੰ ਸੱਦਾਂਗਾ” ਇਹ ਸੰਦੇਸ਼ ਯਹੋਵਾਹ ਵੱਲੋਂ ਹੈ-“ਛੇਤੀ ਹੀ ਮੈਂ ਬਾਬਲ ਦੇ ਰਾਜੇ ਨਬੂਕਦਨੱਸਰ ਨੂੰ ਸੱਦਾਂਗਾ। ਉਹ ਮੇਰਾ ਸੇਵਕ ਹੈ। ਮੈਂ ਉਨ੍ਹਾਂ ਲੋਕਾਂ ਨੂੰ ਯਹੂਦਾਹ ਦੀ ਧਰਤੀ ਅਤੇ ਯਹੂਦਾਹ ਦੇ ਲੋਕਾਂ ਦੇ ਖਿਲਾਫ਼ ਸੱਦ ਲਿਆਵਾਂਗਾ। ਮੈਂ ਉਨ੍ਹਾਂ ਨੂੰ ਤੁਹਾਡੇ ਆਲੇ-ਦੁਆਲੇ ਦੀਆਂ ਸਾਰੀਆਂ ਕੌਮਾਂ ਦੇ ਵਿਰੁੱਧ ਵੀ ਸੱਦ ਬੁਲਾਵਾਂਗਾ। ਮੈਂ ਉਨ੍ਹਾਂ ਸਾਰੇ ਦੇਸ਼ਾਂ ਨੂੰ ਤਬਾਹ ਕਰ ਦਿਆਂਗਾ। ਮੈਂ ਉਨ੍ਹਾਂ ਧਰਤੀਆਂ ਨੂੰ ਹਮੇਸ਼ਾ ਲਈ ਸਖਣੇ ਮਾਰੂਬਲ ਵਾਂਗ ਬਣਾ ਦਿਆਂਗਾ। ਲੋਕ ਉਨ੍ਹਾਂ ਦੇਸ਼ਾਂ ਨੂੰ ਦੇਖਣਗੇ, ਅਤੇ ਇਹ ਦੇਖਕੇ ਸੀਟੀਆਂ ਮਾਰਨਗੇ ਕਿ ਉਹ ਕਿੰਨੀ ਬੁਰੀ ਤਰ੍ਹਾਂ ਤਬਾਹ ਹੋ ਗਏ ਸਨ। 10 ਮੈਂ ਉਨ੍ਹਾਂ ਥਾਵਾਂ ਉੱਤੇ ਖੁਸ਼ੀ ਮਨਾਉਣ ਦੀਆਂ ਆਵਾਜ਼ਾਂ ਨੂੰ ਖਤਮ ਕਰ ਦਿਆਂਗਾ। ਉੱਥੇ ਲਾੜੇ ਲਾੜੀ ਦੀਆਂ ਖੁਸ਼ੀ ਭਰੀਆਂ ਆਵਾਜ਼ਾਂ ਫ਼ੇਰ ਨਹੀਂ ਸੁਣਾਈ ਦੇਣਗੀਆਂ। ਮੈਂ ਲੋਕਾਂ ਦੇ ਆਟਾ ਪੀਹਣ ਦੀਆਂ ਆਵਾਜ਼ਾਂ ਨੂੰ ਦੂਰ ਕਰ ਦਿਆਂਗਾ। ਮੈਂ ਦੀਵੇ ਵਿੱਚੋਂ ਰੌਸ਼ਨੀ ਖੋਹ ਲਵਾਂਗਾ। 11 ਉਹ ਸਾਰਾ ਇਲਾਕਾ ਸਖਣਾ ਮਾਰੂਬਲ ਹੋਵੇਗਾ। ਉਹ ਸਾਰੇ ਲੋਕ 70 ਵਰ੍ਹਿਆਂ ਤੀਕ ਬਾਬਲ ਦੇ ਰਾਜੇ ਦੇ ਗੁਲਾਮ ਬਣੇ ਰਹਿਣਗੇ।

12 “ਪਰ ਜਦੋਂ 70 ਵਰ੍ਹੇ ਬੀਤ ਜਾਣਗੇ, ਮੈਂ ਬਾਬਲ ਦੇ ਰਾਜੇ ਨੂੰ ਸਜ਼ਾ ਦਿਆਂਗਾ। ਮੈਂ ਬਾਬਲ ਦੀ ਕੌਮ ਨੂੰ ਸਜ਼ਾ ਦਿਆਂਗਾ।” ਇਹ ਯਹੋਵਾਹ ਵੱਲੋਂ ਸੰਦੇਸ਼ ਹੈ-“ਮੈਂ ਬਾਬਲ ਵਾਸੀਆਂ ਦੀ ਧਰਤੀ ਨੂੰ ਉਨ੍ਹਾਂ ਦੇ ਪਾਪਾਂ ਦੀ ਸਜ਼ਾ ਦਿਆਂਗਾ। ਮੈਂ ਉਸ ਧਰਤੀ ਨੂੰ ਸਦਾ ਲਈ ਮਾਰੂਬਲ ਬਣਾ ਦਿਆਂਗਾ। 13 ਮੈਂ ਆਖਿਆ ਹੈ ਕਿ ਬਾਬਲ ਉੱਤੇ ਬਹੁਤ ਸਾਰੀਆਂ ਮਾੜੀਆਂ ਗੱਲਾਂ ਵਾਪਰਨਗੀਆਂ। ਉਹ ਸਾਰੀਆਂ ਗੱਲਾਂ ਵਾਪਰਨਗੀਆਂ। ਯਿਰਮਿਯਾਹ ਨੇ ਉਨ੍ਹਾਂ ਵਿਦੇਸ਼ੀ ਕੌਮਾਂ ਬਾਰੇ ਪ੍ਰਚਾਰ ਕੀਤਾ ਸੀ। ਅਤੇ ਉਹ ਸਾਰੀਆਂ ਚੇਤਾਵਨੀਆਂ ਇਸ ਪੁਸਤਕ ਅੰਦਰ ਲਿਖੀਆਂ ਹੋਈਆਂ ਹਨ। 14 ਹਾਂ, ਬਾਬਲ ਦੇ ਲੋਕਾਂ ਨੂੰ ਬਹੁਤ ਕੌਮਾਂ ਅਤੇ ਬਹੁਤ ਮਹਾਨ ਰਾਜਿਆਂ ਦੀ ਸੇਵਾ ਕਰਨੀ ਪਵੇਗੀ। ਉਨ੍ਹਾਂ ਨੂੰ ਉਨ੍ਹਾਂ ਦੇ ਅਮਲਾਂ ਦੀ ਉਹ ਸਜ਼ਾ ਦਿਆਂਗਾ ਜਿਸਦੇ ਉਹ ਅਧਿਕਾਰੀ ਹਨ।”

ਦੁਨੀਆਂ ਦੀਆਂ ਕੌਮਾਂ ਬਾਰੇ ਨਿਆਂ

15 ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ, ਨੇ ਮੈਨੂੰ ਇਹ ਗੱਲਾਂ ਆਖੀਆਂ, “ਯਿਰਮਿਯਾਹ, ਮੇਰੇ ਹੱਥ ਵਿੱਚੋਂ ਮੇਰੇ ਗੁੱਸੇ ਦੀ ਮੈਅ ਨਾਲ ਭਰਿਆ ਹੋਇਆ ਇਹ ਪਿਆਲਾ ਫ਼ੜ ਲੈ। ਮੈਂ ਇਸ ਨੂੰ ਤੇਰੇ ਕੋਲ ਭੇਜੇ ਗਏ ਦੇਸਾਂ ਨੂੰ ਪਿਲਾਵਾਂਗਾ। 16 ਉਹ ਇਹ ਸ਼ਰਾਬ ਪੀਣਗੇ। ਫ਼ੇਰ ਉਹ ਉਲਟੀਆਂ ਕਰਨਗੇ ਅਤੇ ਪਾਗਲਾਂ ਵਾਲੀਆਂ ਹਰਕਤਾਂ ਕਰਨਗੇ। ਅਜਿਹਾ ਉਹ ਉਸ ਤਲਵਾਰ ਕਾਰਣ ਕਰਨਗੇ ਜਿਹੜੀ ਮੈਂ ਉਨ੍ਹਾਂ ਦੇ ਖਿਲਾਫ਼ ਭੇਜਾਂਗਾ।”

17 ਇਸ ਲਈ ਮੈਂ ਯਹੋਵਾਹ ਦੇ ਹੱਥੋਂ ਸ਼ਰਾਬ ਦਾ ਪਿਆਲਾ ਫ਼ੜ ਲਿਆ। ਮੈਂ ਉਨ੍ਹਾਂ ਕੌਮਾਂ ਵੱਲ ਗਿਆ ਅਤੇ ਉਨ੍ਹਾਂ ਲੋਕਾਂ ਨੂੰ ਉਸ ਪਿਆਲੇ ਵਿੱਚੋਂ ਸ਼ਰਾਬ ਪਿਲਾਈ। 18 ਇਹ ਸ਼ਰਾਬ ਮੈਂ ਯਰੂਸ਼ਲਮ ਅਤੇ ਯਹੂਦਾਹ ਦੇ ਲੋਕਾਂ ਲਈ ਪਾਕੇ ਦਿੱਤੀ। ਮੈਂ ਯਹੂਦਾਹ ਦੇ ਰਾਜਿਆਂ ਅਤੇ ਆਗੂਆਂ ਨੂੰ ਇਸ ਪਿਆਲੇ ਦੀ ਸ਼ਰਾਬ ਪਿਲਾਈ। ਅਜਿਹਾ ਮੈਂ ਇਸ ਲਈ ਕੀਤਾ ਤਾਂ ਜੋ ਉਹ ਸੱਖਣਾ ਮਾਰੂਬਲ ਬਣ ਜਾਣ। ਅਜਿਹਾ ਮੈਂ ਇਸ ਲਈ ਕੀਤਾ ਤਾਂ ਜੋ ਇਹ ਥਾਂ ਇੰਨੀ ਬੁਰੀ ਤਰ੍ਹਾਂ ਤਬਾਹ ਹੋ ਜਾਵੇ ਕਿ ਲੋਕ ਇਸ ਨੂੰ ਦੇਖਕੇ ਸੀਟੀਆਂ ਮਾਰਨ ਅਤੇ ਉਸ ਥਾਂ ਨੂੰ ਸਰਾਪ ਦੇਣ। ਅਤੇ ਅਜਿਹਾ ਹੀ ਵਾਪਰਿਆ-ਯਹੂਦਾਹ ਹੁਣ ਓਸੇ ਵਰਗਾ ਹੀ ਹੈ!

19 ਮੈਂ ਮਿਸਰ ਦੇ ਫਿਰਊਨ ਰਾਜੇ ਨੂੰ ਵੀ ਪਿਆਲੇ ਦੀ ਸ਼ਰਾਬ ਪਿਲਾਈ। ਮੈਂ ਉਸ ਦੇ ਅਧਿਕਾਰੀਆਂ, ਮਹੱਤਵਪੂਰਣ ਆਗੂਆਂ ਅਤੇ ਉਸ ਦੇ ਸਾਰੇ ਬੰਦਿਆਂ ਨੂੰ ਵੀ ਯਹੋਵਾਹ ਦੇ ਕਹਿਰ ਦੇ ਪਿਆਲੇ ਦੀ ਸ਼ਰਾਬ ਪਿਲਾਈ।

20 ਮੈਂ ਉਜ਼ ਦੇ ਸਾਰੇ ਮਿਸ਼ਰਿਤ ਲੋਕਾਂ ਨੂੰ ਅਤੇ ਸਾਰੇ ਰਾਜਿਆਂ ਨੂੰ ਉਸ ਪਿਆਲੇ ਦੀ ਸ਼ਰਾਬ ਪਿਲਾਈ।

ਮੈਂ ਫ਼ਿਲਸਤੀਨ ਦੇਸ ਦੇ ਰਾਜਿਆਂ ਨੂੰ ਪਿਆਲੇ ਦੀ ਸ਼ਰਾਬ ਪਿਲਾਈ। ਇਹ ਅਸ਼ਕਲੋਨ, ਅੱਜ਼ਾਹ, ਅਕਰੋਨ ਅਤੇ ਹੁਣ ਦੇ ਬਚੇ ਖੁਚੇ ਸ਼ਹਿਰ ਅਸ਼ਦੋਦ ਦੇ ਰਾਜੇ ਸਨ।

21 ਫ਼ੇਰ ਮੈਂ ਅਦੋਮ, ਮੋਆਬ ਅਤੇ ਅੰਮੋਨ ਦੇ ਲੋਕਾਂ ਨੂੰ ਪਿਆਲਾ ਪਿਲਾਇਆ।

22 ਮੈਂ ਸੂਰ ਅਤੇ ਸੀਦੋਨ ਦੇ ਰਾਜਿਆਂ ਨੂੰ ਪਿਆਲਾ ਪਿਲਾਇਆ।

ਮੈਂ ਦੂਰ ਦੁਰਾਡੇ ਦੇਸਾਂ ਦੇ ਸਾਰੇ ਰਾਜਿਆਂ ਨੂੰ ਵੀ ਪਿਆਲਾ ਪਿਲਾਇਆ। 23 ਮੈਂ ਦਦਾਨ, ਤੇਮਾ ਅਤੇ ਬੂਜ਼ ਦੇ ਲੋਕਾਂ ਨੂੰ ਪਿਆਲਾ ਪਿਲਾਇਆ ਮੈਂ ਉਨ੍ਹਾਂ ਸਾਰਿਆਂ ਨੂੰ ਵੀ ਪਿਆਲਾ ਪਿਲਾਇਆ ਜਿਹੜੇ ਆਪਣੀਆਂ ਪੁੜਪੜੀਆਂ ਦੇ ਵਾਲ ਕਟਦੇ ਨੇ। 24 ਮੈਂ ਅਰਬ ਦੇ ਸਾਰੇ ਰਾਜਿਆਂ ਨੂੰ ਪਿਆਲਾ ਪਿਲਾਇਆ। ਇਹ ਰਾਜੇ ਮਾਰੂਬਲ ਵਿੱਚ ਰਹਿੰਦੇ ਨੇ। 25 ਮੈਂ ਜ਼ਿਮਰੀ, ਏਲਾਮ ਅਤੇ ਮਾਦਾ ਦੇ ਸਾਰੇ ਰਾਜਿਆਂ ਨੂੰ ਪਿਆਲਾ ਪਿਲਾਇਆ। 26 ਮੈਂ ਉੱਤਰ ਦੇ ਸਾਰੇ ਰਾਜਿਆਂ, ਜਿਹੜੇ ਦੂਰ ਨੇੜੇ ਸਨ, ਨੂੰ ਪਿਆਲਾ ਪਿਲਾਇਆ। ਮੈਂ ਉਨ੍ਹਾਂ ਨੂੰ ਇੱਕ ਦੂਜੇ ਤੋਂ ਬਾਦ ਪਿਆਲਾ ਪਿਲਾਇਆ। ਮੈਂ ਉਨ੍ਹਾਂ ਸਾਰੇ ਰਾਜਾਂ ਨੂੰ ਯਹੋਵਾਹ ਦੇ ਕਹਿਰ ਦਾ ਪਿਆਲਾ ਪਿਲਾਇਆ ਜਿਹੜੇ ਧਰਤੀ ਉੱਤੇ ਹਨ। ਪਰ “ਸ਼ੇਸ਼ਾਕ” ਦਾ ਰਾਜਾ ਇਹ ਪਿਆਲਾ ਉਦੋਂ ਪੀਵੇਗਾ ਜਦੋਂ ਇਹ ਸਾਰੀਆਂ ਕੌਮਾਂ ਪੀਚੁਕਣਗੀਆਂ।

27 “ਯਿਰਮਿਯਾਹ, ਉਨ੍ਹਾਂ ਕੌਮਾਂ ਨੂੰ ਆਖ, ਇਹੀ ਹੈ ਜੋ ਸਰਬ ਸ਼ਕਤੀਮਾਨ ਯਹੋਵਾਹ, ਇਸਰਾਏਲ ਦੇ ਲੋਕਾਂ ਦਾ ਪਰਮੇਸ਼ੁਰ ਆਖਦਾ ਹੈ, ‘ਮੇਰੇ ਕਹਿਰ ਦੇ ਇਸ ਪਿਆਲੇ ਨੂੰ ਪੀਵੋ। ਇਸ ਨੂੰ ਪੀਕੇ ਬਦਮਸਤ ਹੋ ਜਾਵੋ ਅਤੇ ਉਲਟੀਆਂ ਕਰੋ! ਢਹਿ ਪਵੋ ਅਤੇ ਫ਼ੇਰ ਉੱਠੋ ਨਾ। ਉੱਠੋ ਨਾ ਕਿਉਂ ਕਿ ਮੈਂ ਤੁਹਾਡੇ ਮਾਰਨ ਲਈ ਤਲਵਾਰ ਭੇਜ ਰਿਹਾ ਹਾਂ।’

28 “ਉਹ ਲੋਕ ਤੁਹਾਡੇ ਹੱਥੋਂ ਪਿਆਲਾ ਲੈਣ ਤੋਂ ਇਨਕਾਰ ਕਰ ਦੇਣਗੇ। ਉਹ ਇਸ ਨੂੰ ਪੀਣ ਤੋਂ ਇਨਕਾਰ ਕਰ ਦੇਣਗੇ। ਪਰ ਤੁਸੀਂ ਉਨ੍ਹਾਂ ਨੂੰ ਆਖੋਗੇ, ‘ਸਰਬ ਸ਼ਕਤੀਮਾਨ ਯਹੋਵਾਹ ਇਹ ਗੱਲਾਂ ਆਖਦਾ ਹੈ: ਤੁਸੀਂ ਅਵੱਸ਼ ਇਸ ਪਿਆਲੇ ਨੂੰ ਪੀਵੋਗੇ! 29 ਮੈਂ ਪਹਿਲਾਂ ਹੀ ਯਰੂਸ਼ਲਮ, ਉੱਤੇ ਇਹ ਮਾੜੀਆਂ ਘਟਨਾਵਾਂ ਦੇ ਵਾਪਰਨ ਦਾ ਹੁਕਮ ਦੇ ਰਿਹਾ ਹਾਂ, ਉਸ ਸ਼ਹਿਰ ਉੱਤੇ ਜਿਹੜਾ ਮੇਰੇ ਨਾਮ ਨਾਲ ਸੱਦਿਆ ਜਾਂਦਾ ਹੈ। ਸ਼ਾਇਦ ਤੁਸੀਂ ਲੋਕ ਸੋਚੋ ਕਿ ਤੁਹਾਨੂੰ ਸਜ਼ਾ ਨਹੀਂ ਮਿਲੇਗੀ। ਪਰ ਤੁਸੀਂ ਗ਼ਲਤ ਹੋ। ਤੁਹਾਨੂੰ ਸਜ਼ਾ ਮਿਲੇਗੀ। ਮੈਂ ਧਰਤੀ ਦੇ ਸਾਰੇ ਲੋਕਾਂ ਉੱਤੇ ਹਮਲਾ ਕਰਨ ਲਈ ਤਲਵਾਰ ਨੂੰ ਸੱਦਾ ਦੇ ਰਿਹਾ ਹਾਂ।’” ਇਹ ਸੰਦੇਸ਼ ਯਹੋਵਾਹ ਵੱਲੋਂ ਸੀ।

30 “ਯਿਰਮਿਯਾਹ, ਤੁਸੀਂ ਉਨ੍ਹਾਂ ਨੂੰ ਇਹ ਸੰਦੇਸ਼ ਦੇਵੋਗੇ:

‘ਯਹੋਵਾਹ ਉੱਪਰੋਂ ਕੂਕਦਾ ਹੈ।
    ਉਹ ਆਪਣੇ ਪਵਿੱਤਰ ਮੰਦਰ ਤੋਂ ਕੂਕਦਾ ਹੈ!
ਯਹੋਵਾਹ ਆਪਣੇ ਲੋਕਾਂ ਉੱਤੇ ਕੂਕਦਾ ਹੈ!
    ਉਸ ਦੀਆਂ ਕੂਕਾਂ ਉਨ੍ਹਾਂ ਲੋਕਾਂ ਦੇ ਗੀਤ ਵਰਗੀਆਂ ਉੱਚੀਆਂ ਨੇ ਜਿਹੜੇ ਮੈਅ ਲਈ, ਅੰਗੂਰਾਂ ਦੀ ਘਾਣੀ ਕਰਦੇ ਨੇ।
31 ਧਰਤੀ ਦੇ ਸਾਰੇ ਲੋਕਾਂ ਤੀਕ ਸ਼ੋਰ ਫ਼ੈਲਦਾ ਹੈ।
    ਇਹ ਸ਼ੋਰ ਕਿਸ ਬਾਰੇ ਹੈ?
ਯਹੋਵਾਹ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਸਜ਼ਾ ਦੇ ਰਿਹਾ ਹੈ।
    ਯਹੋਵਾਹ ਸਾਰੇ ਲੋਕਾਂ ਦੇ ਦੇਸ਼ਾਂ ਵਿਰੁੱਧ ਮੁਕੱਦਮਾਂ ਦਾਖਿਲ ਕਰ ਰਿਹਾ ਹੈ।
ਉਸ ਨੇ ਲੋਕਾਂ ਦਾ ਨਿਆਂ ਕੀਤਾ ਹੈ।
    ਅਤੇ ਉਹ ਦੋਸ਼ੀ ਲੋਕਾਂ ਨੂੰ ਤਲਵਾਰ ਨਾਲ ਮਾਰ ਰਿਹਾ ਹੈ।’”
ਇਹ ਸੰਦੇਸ਼ ਯਹੋਵਾਹ ਵੱਲੋਂ ਸੀ।

32 ਇਹੀ ਹੈ ਜੋ ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ,
“ਬਿਪਤਾਵਾਂ ਛੇਤੀ ਹੀ ਇੱਕ ਦੇਸ਼
    ਤੋਂ ਦੂਸਰੇ ਦੇਸ਼ ਵੱਲ ਫ਼ੈਲਣਗੀਆਂ।
ਉਹ ਧਰਤੀ ਦੇ ਸਾਰੇ ਦੂਰ-ਦੁਰਾਡੇ ਬਾਂਵਾਂ
    ਉੱਤੇ ਤਾਕਤਵਰ ਤੂਫ਼ਾਨ ਵਾਂਗ ਆਉਣਗੀਆਂ!”

33 ਉਨ੍ਹਾਂ ਲੋਕਾਂ ਦੀਆਂ ਲਾਸ਼ਾਂ ਦੇਸ਼ ਦੇ ਇੱਕ ਕੋਨੇ ਤੋਂ ਲੈ ਕੇ ਦੂਸਰੇ ਕੋਨੇ ਤੀਕ ਪਹੁੰਚ ਜਾਣਗੀਆਂ। ਕੋਈ ਬੰਦਾ ਵੀ ਉਨ੍ਹਾਂ ਮਰੇ ਹੋਇਆਂ ਲਈ ਨਹੀਂ ਰੋਵੇਗਾ। ਕੋਈ ਵੀ ਬੰਦਾ ਉਨ੍ਹਾਂ ਦੀਆਂ ਲਾਸ਼ਾਂ ਨੂੰ ਨਹੀਂ ਸਮੇਟੇਗਾ ਅਤੇ ਦਫ਼ਨ ਨਹੀਂ ਕਰੇਗਾ। ਉਹ ਗੋਹੇ ਵਾਂਗ ਧਰਤੀ ਉੱਤੇ ਪਈਆਂ ਰਹਿਣਗੀਆਂ।

34 ਅਯਾਲੀਓ ਤੁਹਾਨੂੰ ਭੇਡਾਂ (ਲੋਕਾਂ) ਦੀ ਅਗਵਾਈ ਕਰਨੀ ਚਾਹੀਦੀ ਹੈ।
    ਵੱਡੇ ਆਗੂਓ ਰੋਣਾ ਸ਼ੁਰੂ ਕਰ ਦਿਓ!
    ਤੁਸੀਂ ਭੇਡਾਂ (ਲੋਕਾਂ) ਦੇ ਆਗੂਓ ਦਰਦ ਨਾਲ ਧਰਤੀ ਉੱਤੇ ਲੇਟਣੀਆਂ ਖਾਓ।
ਕਿਉਂ? ਕਿਉਂ ਕਿ ਹੁਣ ਤੁਹਾਡੇ ਕਤਲ ਦਾ ਸਮਾਂ ਆ ਗਿਆ ਹੈ।
    ਯਹੋਵਾਹ ਤੁਹਾਡੀਆਂ ਭੇਡਾਂ ਨੂੰ ਖਿੰਡਾ ਦੇਵੇਗਾ।
    ਉਹ ਹਰ ਥਾਂ, ਟੁੱਟੇ ਘੜੇ ਦੀਆਂ ਠੀਕਰੀਆਂ ਵਾਂਗ ਖਿੰਡ ਜਾਣਗੇ।
35 ਅਯਾਲੀਆਂ ਲਈ ਲੁਕਣ ਦੀ ਕੋਈ ਥਾਂ ਨਹੀਂ ਹੋਵੇਗੀ।
    ਉਹ ਆਗੂ ਬਚਕੇ ਨਹੀਂ ਜਾਣਗੇ।
36 ਮੈਂ ਅਯਾਲੀਆਂ (ਆਗੂਆਂ) ਦਾ ਸ਼ੋਰ ਸੁਣਦਾ ਹਾਂ।
    ਮੈਂ ਭੇਡਾਂ ਦੇ ਆਗੂਆਂ ਨੂੰ ਰੋਦਿਆਂ ਸੁਣਦਾ ਹਾਂ।
    ਯਹੋਵਾਹ ਉਨ੍ਹਾਂ ਦੀਆਂ ਚਰਾਂਦਾਂ (ਦੇਸ਼) ਨੂੰ ਤਬਾਹ ਕਰ ਰਿਹਾ ਹੈ।
37 ਉਹ ਸ਼ਾਂਵਾਪਰਿਆ ਕਿ
    ਯਹੋਵਾਹ ਕਹਿਰਵਾਨ ਹੈ।
38 ਯਹੋਵਾਹ ਖਤਰਨਾਕ ਸ਼ੇਰ ਵਰਗਾ ਹੈ, ਆਪਣੇ ਮਾਂਦ ਵਿੱਚੋਂ ਨਿਕਲ ਰਿਹਾ,
    ਯਹੋਵਾਹ ਕਹਿਰਵਾਨ ਹੈ!
ਇਹ ਕਹਿਰ ਉਨ੍ਹਾਂ ਲੋਕਾਂ ਨੂੰ ਜ਼ਖਮੀ ਕਰੇਗਾ।
    ਉਨ੍ਹਾਂ ਦਾ ਦੇਸ਼ ਸੱਖਣਾ ਮਾਰੂਬਲ ਹੋਵੇਗਾ।

ਮੰਦਰ ਵਿਖੇ ਯਿਰਮਿਯਾਹ ਦਾ ਸਬਕ

26 ਯਹੋਵਾਹ ਵੱਲੋਂ ਇਹ ਸੰਦੇਸ਼ ਉਦੋਂ ਆਇਆ ਜਦੋਂ ਯਹੂਦਾਹ ਦੇ ਰਾਜੇ ਯਹੋਯਾਕੀਮ ਦੇ ਰਾਜ ਦਾ ਪਹਿਲਾ ਵਰ੍ਹਾ ਸੀ। ਯਹੋਯਾਕੀਮ ਰਾਜੇ ਯੋਸ਼ੀਯਾਹ ਦਾ ਪੁੱਤਰ ਸੀ। ਯਹੋਵਾਹ ਨੇ ਆਖਿਆ, “ਯਿਰਮਿਯਾਹ, ਯਹੋਵਾਹ ਦੇ ਮੰਦਰ ਦੇ ਵਿਹੜੇ ਵਿੱਚ ਖਲੋ ਜਾ। ਯਹੂਦਾਹ ਦੇ ਉਨ੍ਹਾਂ ਸਾਰੇ ਲੋਕਾਂ ਨੂੰ ਇਹ ਸੰਦੇਸ਼ ਦੇਵੀਂ ਜਿਹੜੇ ਯਹੋਵਾਹ ਦੇ ਮੰਦਰ ਵਿੱਚ ਉਪਾਸਨਾ ਲਈ ਆ ਰਹੇ ਹਨ। ਉਨ੍ਹਾਂ ਨੂੰ ਉਹ ਹਰ ਗੱਲ ਆਖੀਂ ਜਿਹੜੀ ਮੈਂ ਤੈਨੂੰ ਆਖਣ ਲਈ ਕਹਿੰਦਾ ਹਾਂ। ਸੰਦੇਸ਼ ਦਾ ਕੋਈ ਵੀ ਹਿੱਸਾ ਛੱਡੀ ਨਾ। ਸ਼ਾਇਦ ਉਹ ਲੋਕ ਮੇਰਾ ਸੰਦੇਸ਼ ਸੁਣਨ ਅਤੇ ਇਸ ਨੂੰ ਮੰਨ ਲੈਣ। ਸ਼ਾਇਦ ਉਹ ਇਹੋ ਜਿਹਾ ਮੰਦਾ ਜੀਵਨ ਜਿਉਣਾ ਛੱਡ ਦੇਣ। ਜੇ ਉਹ ਬਦਲ ਜਾਂਦੇ ਹਨ ਤਾਂ ਸ਼ਾਇਦ ਮੈਂ ਵੀ ਉਨ੍ਹਾਂ ਨੂੰ ਸਜ਼ਾ ਦੇਣ ਦੀਆਂ ਵਿਉਂਤਾ ਬਾਰੇ ਆਪਣਾ ਮਨ ਬਦਲ ਲਵਾਂ। ਮੈਂ ਇਸ ਸਜ਼ਾ ਦੀ ਯੋਜਨਾ ਇਸ ਲਈ ਬਣਾ ਰਿਹਾ ਹਾਂ ਕਿਉਂ ਕਿ ਉਨ੍ਹਾਂ ਲੋਕਾਂ ਨੇ ਬਹੁਤ ਮੰਦੇ ਕੰਮ ਕੀਤੇ ਹਨ। ਤੂੰ ਉਨ੍ਹਾਂ ਨੂੰ ਆਖੀਂ, ‘ਇਹੀ ਹੈ ਜੋ ਯਹੋਵਾਹ ਆਖਦਾ ਹੈ: ਮੈਂ ਤੁਹਾਨੂੰ ਆਪਣੀ ਬਿਵਸਬਾ ਦਿੱਤੀ ਸੀ। ਤੁਹਾਨੂੰ ਮੇਰਾ ਹੁਕਮ ਮੰਨਣਾ ਚਾਹੀਦਾ ਹੈ ਅਤੇ ਮੇਰੀ ਬਿਵਸਬਾ ਉੱਤੇ ਅਮਲ ਕਰਨਾ ਚਾਹੀਦਾ ਹੈ। ਤੁਹਾਨੂੰ ਉਹ ਗੱਲਾਂ ਜ਼ਰੂਰ ਸੁਣਨੀਆਂ ਚਾਹੀਦੀਆਂ ਹਨ ਜੋ ਮੇਰੇ ਸੇਵਕ ਤੁਹਾਨੂੰ ਆਖਦੇ ਹਨ। (ਨਬੀ ਮੇਰੇ ਸੇਵਕ ਹਨ।) ਮੈਂ ਤੁਹਾਡੇ ਵੱਲ ਬਾਰ-ਬਾਰ ਨਬੀ ਭੇਜੇ, ਪਰ ਤੁਸੀਂ ਉਨ੍ਹਾਂ ਦੀ ਗੱਲ ਨਹੀਂ ਸੁਣੀ। ਜੇ ਤੁਸੀਂ ਮੇਰਾ ਹੁਕਮ ਨਹੀਂ ਮੰਨੋਗੇ ਤਾਂ ਮੈਂ ਯਰੂਸ਼ਲਮ ਵਿੱਚਲੇ ਆਪਣੇ ਮੰਦਰ ਨੂੰ ਸ਼ੀਲੋਹ ਦੇ ਆਪਣੇ ਪਵਿੱਤਰ ਤੰਬੂ ਵਰਗਾ ਬਣਾ ਦਿਆਂਗਾ। ਸਾਰੀ ਦੁਨੀਆਂ ਦੇ ਲੋਕ ਯਰੂਸ਼ਲਮ ਬਾਰੇ ਸੋਚਣਗੇ ਜਦੋਂ ਉਹ ਹੋਰਨਾਂ ਸ਼ਹਿਰਾਂ ਉੱਤੇ ਮੰਦੀਆਂ ਗੱਲਾਂ ਵਾਪਰਨ ਦੀ ਮੰਗ ਕਰਨਗੇ।’”

ਜਾਜਕਾਂ, ਨਬੀਆਂ ਅਤੇ ਹੋਰ ਸਾਰੇ ਲੋਕਾਂ ਨੇ ਯਹੋਵਾਹ ਦੇ ਮੰਦਰ ਵਿੱਚ ਯਿਰਮਿਯਾਹ ਨੂੰ ਇਹ ਸ਼ਬਦ ਆਖਦਿਆਂ ਸੁਣਿਆ। ਯਿਰਮਿਯਾਹ ਨੇ ਉਹ ਹਰ ਗੱਲ ਲੋਕਾਂ ਨੂੰ ਆਖਕੇ ਮੁਕਾਈ ਜਿਸ ਬਾਰੇ ਯਹੋਵਾਹ ਨੇ ਉਸ ਨੂੰ ਲੋਕਾਂ ਨੂੰ ਆਖਣ ਦਾ ਸੰਦੇਸ਼ ਦਿੱਤਾ ਸੀ। ਤਾਂ ਜਾਜਕਾਂ, ਨਬੀਆਂ ਅਤੇ ਹੋਰ ਸਾਰੇ ਲੋਕਾਂ ਨੇ ਯਿਰਮਿਯਾਹ ਨੂੰ ਫ਼ੜ ਲਿਆ। ਉਨ੍ਹਾਂ ਨੇ ਆਖਿਆ, “ਇਹ ਗੱਲਾਂ ਆਖਣ ਲਈ ਤੈਨੂੰ ਮੌਤ ਮਿਲੇਗੀ! ਤੂੰ ਹੌਸਲਾ ਕਿਵੇਂ ਕੀਤਾ ਯਹੋਵਾਹ ਦੇ ਨਾਮ ਉੱਤੇ ਅਜਿਹਾ ਪ੍ਰਚਾਰ ਕਰਨ ਦਾ! ਤੂੰ ਇਹ ਆਖਣ ਦਾ ਹੌਸਲਾ ਕਿਵੇਂ ਕੀਤਾ ਕਿ ਇਹ ਮੰਦਰ ਸ਼ੀਲੋਹ ਵਾਲੇ ਮੰਦਰ ਵਾਂਗ ਤਬਾਹ ਹੋ ਜਾਵੇਗਾ! ਤੂੰ ਇਹ ਆਖਣ ਦਾ ਹੌਸਲਾ ਕਿਵੇਂ ਕੀਤਾ ਕਿ ਯਰੂਸ਼ਲਮ ਮਾਰੂਬਲ ਬਣ ਜਾਵੇਗਾ ਜਿੱਥੇ ਕੋਈ ਵੀ ਨਹੀਂ ਰਹੇਗਾ।” ਯਹੋਵਾਹ ਦੇ ਮੰਦਰ ਵਿੱਚ ਸਾਰੇ ਲੋਕ ਯਿਰਮਿਯਾਹ ਦੇ ਆਲੇ-ਦੁਆਲੇ ਇਕੱਠੇ ਹੋ ਗਏ।

10 ਹੁਣ ਯਹੂਦਾਹ ਦੇ ਹਾਕਮਾਂ ਨੇ ਇਨ੍ਹਾਂ ਗੱਲਾਂ ਬਾਰੇ ਸੁਣਿਆ ਜੋ ਇੱਥੇ ਵਾਪਰ ਰਹੀਆਂ ਸਨ। ਇਸ ਲਈ ਉਹ ਰਾਜੇ ਦੇ ਮਹਿਲ ਵਿੱਚੋਂ ਬਾਹਰ ਆ ਗਏ। ਉਹ ਯਹੋਵਾਹ ਦੇ ਮੰਦਰ ਵੱਲ ਗਏ। ਉੱਥੇ ਉਨ੍ਹਾਂ ਨੇ ਨਵੇਂ ਦਰਵਾਜ਼ੇ ਕੋਲ ਆਪਣੇ ਸਥਾਨ ਗ੍ਰਹਿਣ ਕਰ ਲੇ। ਨਵਾਂ ਦਰਵਾਜ਼ਾ ਯਹੋਵਾਹ ਦੇ ਮੰਦਰ ਵੱਲ ਜਾਣ ਵਾਲਾ ਦਰਵਾਜ਼ਾ ਹੈ। 11 ਤਾਂ ਜਾਜਕਾਂ ਅਤੇ ਨਬੀਆਂ ਨੇ ਹਾਕਮਾਂ ਅਤੇ ਹੋਰ ਸਾਰੇ ਲੋਕਾਂ ਨਾਲ ਗੱਲ ਕੀਤੀ। ਉਨ੍ਹਾਂ ਨੇ ਆਖਿਆ, “ਯਿਰਮਿਯਾਹ ਨੂੰ ਮਾਰ ਦੇਣਾ ਚਾਹੀਦਾ ਹੈ। ਉਸ ਨੇ ਯਰੂਸ਼ਲਮ ਬਾਰੇ ਮੰਦੀਆਂ ਗੱਲਾਂ ਆਖੀਆਂ ਹਨ। ਤੁਸੀਂ ਉਸ ਨੂੰ ਇਹ ਗੱਲਾਂ ਆਖਦਿਆਂ ਸੁਣਿਆ।”

12 ਤਾਂ ਯਿਰਮਿਯਾਹ ਨੇ ਯਹੂਦਾਹ ਦੇ ਸਾਰੇ ਹਾਕਮਾਂ ਅਤੇ ਹੋਰ ਸਾਰੇ ਲੋਕਾਂ ਨਾਲ ਗੱਲ ਕੀਤੀ। ਉਸ ਨੇ ਆਖਿਆ, “ਯਹੋਵਾਹ ਨੇ ਮੈਨੂੰ ਇਸ ਮੰਦਰ ਅਤੇ ਇਸ ਸ਼ਹਿਰ ਬਾਰੇ ਇਹ ਗੱਲਾਂ ਆਖਣ ਲਈ ਭੇਜਿਆ ਹੈ। ਹਰ ਉਹ ਗੱਲ ਜਿਹੜੀ ਤੁਸੀਂ ਸੁਣੀ ਹੈ ਉਹ ਯਹੋਵਾਹ ਵੱਲੋਂ ਹੈ। 13 ਤੁਹਾਨੂੰ ਲੋਕਾਂ ਨੂੰ ਅਵੱਸ਼ ਹੀ ਆਪਣੇ ਜੀਵਨ ਬਦਲਣੇ ਚਾਹੀਦੇ ਹਨ! ਤੁਹਾਨੂੰ ਨੇਕੀ ਕਰਨੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਤੁਹਾਨੂੰ ਚਾਹੀਦਾ ਹੈ ਕਿ ਯਹੋਵਾਹ ਆਪਣੇ ਪਰਮੇਸ਼ੁਰ ਦਾ ਹੁਕਮ ਮੰਨੋ। ਜੇ ਤੁਸੀਂ ਅਜਿਹਾ ਕਰੋਗੇ ਤਾਂ ਯਹੋਵਾਹ ਆਪਣਾ ਮਨ ਬਦਲ ਲਵੇਗਾ। ਯਹੋਵਾਹ ਉਹ ਮੰਦੀਆਂ ਗੱਲਾਂ ਨਹੀਂ ਕਰੇਗਾ ਜਿਨ੍ਹਾਂ ਬਾਰੇ ਉਸ ਨੇ ਤੁਹਾਨੂੰ ਆਖਿਆ ਹੈ। 14 ਜਿੱਥੇ ਤੀਕ ਮੇਰੀ ਗੱਲ ਹੈ, ਮੈਂ ਤੁਹਾਡੇ ਕਬਜ਼ੇ ਵਿੱਚ ਹਾਂ। ਮੇਰੇ ਨਾਲ ਓਹੀ ਸਲੂਕ ਕਰੋ ਜਿਹੜਾ ਤੁਸੀਂ ਚੰਗਾ ਅਤੇ ਠੀਕ ਸਮਝਦੇ ਹੋ। 15 ਪਰ ਜੇ ਤੁਸੀਂ ਮੈਨੂੰ ਮਾਰ ਦਿਓਗੇ, ਤਾਂ ਇੱਕ ਗੱਲ ਬਾਰੇ ਯਕੀਨ ਰੱਖਣਾ। ਤੁਸੀਂ ਇੱਕ ਬੇਗੁਨਾਹ ਬੰਦੇ ਨੂੰ ਮਾਰਨ ਦੇ ਦੋਸ਼ੀ ਹੋਵੋਗੇ। ਤੁਸੀਂ ਇਸ ਸ਼ਹਿਰ ਨੂੰ ਅਤੇ ਇਸਦੇ ਹਰ ਵਾਸੀ ਨੂੰ ਵੀ ਦੋਸ਼ੀ ਬਣਾ ਦਿਓਗੇ। ਯਹੋਵਾਹ ਨੇ ਸੱਚਮੁੱਚ ਮੈਨੂੰ ਤੁਹਾਡੇ ਵੱਲ ਭੇਜਿਆ ਹੈ। ਜਿਹੜਾ ਸੰਦੇਸ਼ ਤੁਸੀਂ ਸੁਣਿਆ ਹੈ ਓਹ ਯਹੋਵਾਹ ਵੱਲੋਂ ਹੀ ਹੈ।”

16 ਤਾਂ ਹਾਕਮ ਅਤੇ ਹੋਰ ਸਾਰੇ ਲੋਕ ਬੋਲੇ। ਉਨ੍ਹਾਂ ਲੋਕਾਂ ਨੇ ਜਾਜਕਾਂ ਅਤੇ ਨਬੀਆਂ ਨੂੰ ਆਖਿਆ, “ਯਿਰਮਿਯਾਹ ਨੂੰ ਮਾਰਨਾ ਨਹੀਂ ਚਾਹੀਦਾ। ਜਿਹੜੀਆਂ ਗੱਲਾਂ ਯਿਰਮਿਯਾਹ ਨੇ ਸਾਨੂੰ ਆਖੀਆਂ ਹਨ ਉਹ ਯਹੋਵਾਹ ਸਾਡੇ ਪਰਮੇਸ਼ੁਰ ਵੱਲੋਂ ਹੀ ਹਨ।”

17 ਤਾਂ ਕੁਝ ਬਜ਼ੁਰਗ ਖੜ੍ਹੇ ਹੋ ਗਏ ਅਤੇ ਲੋਕਾਂ ਨੂੰ ਕਹਿਣ ਲੱਗੇ। 18 ਉਨ੍ਹਾਂ ਨੇ ਆਖਿਆ, “ਨਬੀ ਮੀਕਾਹ ਮੋਰਸ਼ਤ ਸ਼ਹਿਰ ਦਾ ਸੀ। ਮੀਕਾਹ ਯਹੂਦਾਹ ਦੇ ਰਾਜਾ ਹਿਜ਼ਕੀਯਾਹ ਦੇ ਰਾਜ ਵੇਲੇ ਦਾ ਨਬੀ ਸੀ। ਮੀਕਾਹ ਨੇ ਯਹੂਦਾਹ ਦੇ ਸਾਰੇ ਲੋਕਾਂ ਨੂੰ ਇਹ ਗੱਲਾਂ ਆਖੀਆਂ: ‘ਸਰਬ-ਸ਼ਕਤੀਮਾਨ ਯਹੋਵਾਹ ਆਖਦਾ ਹੈ:

ਸੀਯੋਨ ਤਬਾਹ ਹੋ ਜਾਵੇਗਾ,
    ਇਹ ਵਾਹਿਆ ਹੋਇਆ ਖੇਤ ਬਣ ਜਾਵੇਗਾ।
ਯਰੂਸ਼ਲਮ ਪੱਥਰ ਦਾ ਢੇਰ ਬਣ ਜਾਵੇਗਾ।
    ਮੰਦਰ ਵਾਲੀ ਪਹਾੜੀ ਸੱਖਣੀ ਪਹਾੜੀ ਹੋਵੇਗੀ, ਜਿਸ ਉੱਪਰ ਝਾੜੀਆਂ ਉੱਗੀਆਂ ਹੋਣਗੀਆਂ।’ (A)

19 “ਹਿਜ਼ਕੀਯਾਹ ਯਹੂਦਾਹ ਦਾ ਰਾਜਾ ਸੀ। ਅਤੇ ਹਿਜ਼ਕੀਯਾਹ ਨੇ ਮੀਕਾਹ ਨੂੰ ਨਹੀਂ ਸੀ ਮਾਰਿਆ। ਯਹੂਦਾਹ ਦੇ ਕਿਸੇ ਬੰਦੇ ਨੇ ਵੀ ਮੀਕਾਹ ਨੂੰ ਨਹੀਂ ਸੀ ਮਾਰਿਆ। ਤੁਸੀਂ ਜਾਣਦੇ ਹੋ ਕਿ ਹਿਜ਼ਕੀਯਾਹ ਯਹੋਵਾਹ ਦੀ ਇੱਜ਼ਤ ਕਰਦਾ ਸੀ। ਉਹ ਯਹੋਵਾਹ ਨੂੰ ਪ੍ਰਸੰਨ ਕਰਨਾ ਚਾਹੁੰਦਾ ਸੀ। ਯਹੋਵਾਹ ਨੇ ਆਖਿਆ ਸੀ ਕਿ ਉਹ ਯਹੂਦਾਹ ਲਈ ਮੰਦੀਆਂ ਗੱਲਾਂ ਕਰੇਗਾ। ਪਰ ਹਿਜ਼ਕੀਯਾਹ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ ਅਤੇ ਯਹੋਵਾਹ ਨੇ ਆਪਣਾ ਇਰਾਦਾ ਬਦਲ ਲਿਆ। ਯਹੋਵਾਹ ਨੇ ਉਹ ਮੰਦੀਆਂ ਗੱਲਾਂ ਨਹੀਂ ਕੀਤੀਆਂ। ਜੇ ਅਸੀਂ ਯਿਰਮਿਯਾਹ ਨੂੰ ਦੁੱਖ ਪੁਚਾਵਾਂਗੇ, ਤਾਂ ਅਸੀਂ ਆਪਣੇ ਲਈ ਬਹੁਤ ਮੁਸੀਬਤਾਂ ਖੜੀਆਂ ਕਰ ਲਵਾਂਗੇ। ਅਤੇ ਉਹ ਮੁਸੀਬਤਾਂ ਸਾਡੇ ਆਪਣੇ ਕਸੂਰ ਕਰਕੇ ਆਉਣਗੀਆਂ।”

20 ਅਤੀਤ ਵਿੱਚ, ਇੱਕ ਹੋਰ ਬੰਦਾ ਸੀ ਜਿਹੜਾ ਯਹੋਵਾਹ ਦੇ ਸੰਦੇਸ਼ ਦਾ ਪ੍ਰਚਾਰ ਕਰਦਾ ਸੀ। ਉਸਦਾ ਨਾਮ ਸੀ ਊਰੀਯਾਹ। ਉਹ ਸ਼ਮਅਯਾਹ ਨਾਮ ਦੇ ਬੰਦੇ ਦਾ ਪੁੱਤਰ ਸੀ। ਊਰੀਯਾਹ ਕਿਰਯਬ-ਯਆਰੀਮ ਸ਼ਹਿਰ ਦਾ ਸੀ। ਊਰੀਯਾਹ ਨੇ ਵੀ ਇੱਕ ਸ਼ਹਿਰ ਦੇ ਵਿਰੁੱਧ ਉਨ੍ਹਾਂ ਗੱਲਾਂ ਦਾ ਹੀ ਪ੍ਰਚਾਰ ਕੀਤਾ ਸੀ ਜਿਸਦਾ ਯਿਰਮਿਯਾਹ ਨੇ ਕੀਤਾ ਹੈ। 21 ਰਾਜੇ ਯਹੋਯਾਕੀਮ ਅਤੇ ਉਸ ਦੇ ਫ਼ੌਜੀ ਅਫ਼ਸਰਾਂ ਅਤੇ ਯਹੂਦਾਹ ਦੇ ਆਗੂਆਂ ਨੇ ਊਰੀਯਾਹ ਦੇ ਪ੍ਰਚਾਰ ਨੂੰ ਸੁਣਿਆ। ਉਹ ਬਹੁਤ ਗੁੱਸੇ ਹੋਏ। ਰਾਜਾ ਯਹੋਯਾਕੀਮ ਊਰੀਯਾਹ ਨੂੰ ਮਾਰਨਾ ਚਾਹੁੰਦਾ ਸੀ। ਊਰੀਯਾਹ ਭੈਭੀਤ ਸੀ ਇਸ ਲਈ ਉਹ ਬਚਕੇ ਮਿਸਰ ਦੇਸ਼ ਨੂੰ ਭੱਜ ਗਿਆ। 22 ਪਰ ਰਾਜੇ ਯਹੋਯਾਕੀਮ ਨੇ ਇੱਕ ਅਲਨਾਥਾਨ ਨਾਮ ਦੇ ਬੰਦੇ ਅਤੇ ਕੁਝ ਹੋਰ ਲੋਕਾਂ ਨੂੰ ਮਿਸਰ ਭੇਜਿਆ। ਅਲਨਾਥਾਨ ਅਕਬੋਰ ਨਾਂ ਦੇ ਇੱਕ ਬੰਦੇ ਦਾ ਪੁੱਤਰ ਸੀ। 23 ਉਨ੍ਹਾਂ ਲੋਕਾਂ ਨੇ ਊਰੀਯਾਹ ਨੂੰ ਮਿਸਰ ਵਿੱਚੋਂ ਲਿਆਂਦਾ। ਫ਼ੇਰ ਉਹ ਲੋਕ ਊਰੀਯਾਹ ਨੂੰ ਰਾਜੇ ਯਹੋਯਾਕੀਮ ਕੋਲ ਲੈ ਗਏ। ਯਹੋਯਾਕੀਮ ਨੇ ਊਰੀਯਾਹ ਨੂੰ ਤਲਵਾਰ ਨਾਲ ਕਤਲ ਕਰਨ ਦਾ ਹੁਕਮ ਦੇ ਦਿੱਤਾ। ਊਰੀਯਾਹ ਦੀ ਲਾਸ਼ ਨੂੰ ਉਸ ਕਬਰਿਸਤਾਨ ਵਿੱਚ ਸੁੱਟ ਦਿੱਤਾ ਗਿਆ ਜਿੱਥੇ ਗਰੀਬ ਲੋਕਾਂ ਨੂੰ ਦਫ਼ਨ ਕੀਤਾ ਜਾਂਦਾ ਸੀ।

24 ਉੱਥੇ ਇੱਕ ਮਹੱਤਵਪੂਰਣ ਆਦਮੀ ਸੀ ਜਿਸਦਾ ਨਾਮ ਸੀ ਸ਼ਾਫ਼ਾਨ ਦਾ ਪੁੱਤਰ ਅਹੀਕਾਮ। ਅਹੀਕਾਮ ਨੇ ਯਿਰਮਿਯਾਹ ਦੀ ਸਹਾਇਤਾ ਕੀਤੀ। ਇਸ ਲਈ ਅਹੀਕਾਮ ਨੇ ਯਿਰਮਿਯਾਹ ਨੂੰ ਜਾਜਕਾਂ ਅਤੇ ਨਬੀਆਂ ਹੱਥੋਂ ਕਤਲ ਹੋਣ ਤੋਂ ਬਚਾਇਆ।

ਯਹੋਵਾਹ ਨੇ ਨਬੂਕਦਨੱਸਰ ਨੂੰ ਹਾਕਮ ਬਣਾਇਆ

27 ਯਹੋਵਾਹ ਵੱਲੋਂ ਇਹ ਸੰਦੇਸ਼ ਯਿਰਮਿਯਾਹ ਨੂੰ ਯਹੂਦਾਹ ਦੇ ਰਾਜੇ ਸਿਦਕੀਯਾਹ ਦੇ ਸ਼ਾਸਨ ਦੇ ਸ਼ੁਰੂਆਤ ਵਿੱਚ ਮਿਲਿਆ। [b] ਸਿਦਕੀਯਾਹ ਰਾਜੇ ਯੋਸ਼ੀਯਾਹ ਦਾ ਪੁੱਤਰ ਸੀ। ਇਹ ਸੀ ਜੋ ਯਹੋਵਾਹ ਨੇ ਮੈਨੂੰ ਆਖਿਆ, “ਯਿਰਮਿਯਾਹ, ਡੰਡਿਆਂ ਅਤੇ ਰਸੀਆਂ ਤੋਂ ਇੱਕ ਜੂਲਾ ਬਣਾ ਅਤੇ ਇਸ ਨੂੰ ਆਪਣੀ ਗਰਦਨ ਉੱਤੇ ਰੱਖ। ਫ਼ੇਰ ਹੋਰਨਾਂ ਹਲਾਂ ਨੂੰ ਅਦੋਮ, ਮੋਆਬ ਅਤੇ ਅੰਮੋਨ, ਸੂਰ ਅਤੇ ਸੈਦਾ ਦੇ ਰਾਜਿਆਂ ਨੂੰ ਘੱਲ ਦੇ। ਉਨ੍ਹਾਂ ਰਾਜਿਆਂ ਨੂੰ ਜਿਹੜੇ ਯਰੂਸ਼ਲਮ ਵਿੱਚ ਯਹੂਦਾਹ ਦੇ ਰਾਜੇ ਸਿਦਕੀਯਾਹ ਨੂੰ ਮਿਲਣ ਆਏ ਨੇ, ਸੰਦੇਸ਼ਵਾਹਕਾਂ ਹੱਥ ਸੰਦੇਸ਼ ਭੇਜ। ਉਨ੍ਹਾਂ ਸੰਦੇਸ਼ਵਾਹਕਾਂ ਨੂੰ ਆਖ ਕਿ ਉਹ ਆਪਣੇ ਮਾਲਕਾਂ ਨੂੰ ਇਹ ਸੰਦੇਸ਼ ਦੇਣ। ਉਨ੍ਹਾਂ ਨੂੰ ਆਖੀਂ, ‘ਯਹੋਵਾਹ ਸਰਬ ਸ਼ਕਤੀਮਾਨ, ਇਸਰਾਏਲ ਦਾ ਪਰਮੇਸ਼ੁਰ ਆਖਦਾ ਹੈ, ਆਪਣੇ ਮਾਲਕਾਂ ਨੂੰ ਆਖੋ ਕਿ ਮੈਂ ਇਸ ਧਰਤੀ ਨੂੰ ਅਤੇ ਇਸ ਉੱਤੇ ਵਸਣ ਵਾਲਿਆਂ ਨੂੰ ਆਖ ਕਿ ਮੈਂ ਧਰਤੀ ਨੂੰ ਅਤੇ ਇਸ ਉੱਤੇ ਰਹਿਣ ਵਾਲੇ ਸਾਰੇ ਲੋਕਾਂ ਨੂੰ ਸਾਜਿਆ ਸੀ। ਮੈਂ ਧਰਤੀ ਉਤਲੇ ਸਾਰੇ ਜਾਨਵਰਾਂ ਨੂੰ ਸਾਜਿਆ ਸੀ। ਇਹ ਸਾਰਾ ਕੁਝ ਮੈਂ ਆਪਣੀ ਵੱਡੀ ਸ਼ਕਤੀ ਨਾਲ ਅਤੇ ਤਾਕਤਵਰ ਹੱਥ ਨਾਲ ਕੀਤਾ। ਮੈਂ ਜਿਸ ਕਿਸੇ ਨੂੰ ਚਾਹਾਂ ਇਹ ਧਰਤੀ ਦੇ ਸੱਕਦਾ ਹਾਂ। ਹੁਣ ਮੈਂ ਤੁਹਾਡੇ ਸਾਰੇ ਦੇਸ਼ਾਂ ਨੂੰ ਬਾਬਲ ਦੇ ਰਾਜੇ ਨਬੂਕਦਨੱਸਰ ਨੂੰ ਦੇ ਦਿੱਤਾ ਹੈ। ਉਹ ਮੇਰਾ ਸੇਵਕ ਹੈ। ਮੈਂ ਜੰਗਲੀ ਜਾਨਵਰਾਂ ਕੋਲੋਂ ਵੀ ਉਸਦਾ ਆਗਿਆ ਪਾਲਨ ਕਰਾਵਾਂਗਾ। ਸਾਰੀਆਂ ਕੌਮਾਂ ਨਬੂਕਦਨੱਸਰ ਉਸ ਦੇ ਪੁੱਤਰ ਅਤੇ ਉਸ ਦੇ ਪੋਤਰੇ ਦੀ ਸੇਵਾ ਕਰਨਗੀਆਂ। ਫ਼ੇਰ ਇੱਕ ਸਮਾਂ ਆਵੇਗਾ ਜਦੋਂ ਬਾਬਲ ਹਾਰ ਜਾਵੇਗਾ। ਬਹੁਤ ਸਾਰੀਆਂ ਕੌਮਾਂ ਅਤੇ ਮਹਾਨ ਰਾਜੇ ਬਾਬਲ ਨੂੰ ਆਪਣਾ ਸੇਵਕ ਬਣਾ ਲੈਣਗੇ।

“‘ਪਰ ਜੇਕਰ ਕੋਈ ਕੌਮ ਜਾਂ ਰਾਜ ਬਾਬਲ ਦੇ ਰਾਜੇ ਨਬੂਕਦਨੱਸਰ ਦੀ ਸੇਵਾ ਕਰਨ ਤੋਂ ਅਤੇ ਉਸ ਦਾ ਜੂਲਾ ਆਪਣੀ ਗਰਦਨ ਤੇ ਪਾਉਣ ਤੋਂ ਇਨਕਾਰ ਕਰਦਾ, ਮੈਂ ਉਸ ਕੌਮ ਨੂੰ ਤਲਵਾਰ, ਭੁੱਖ ਅਤੇ ਭਿਆਨਕ ਬਿਮਾਰੀ ਨਾਲ ਸਜ਼ਾ ਦਿਆਂਗਾ।’” ਇਹ ਸੰਦੇਸ਼ ਯਹੋਵਾਹ ਵੱਲੋਂ ਹੈ। “‘ਇਹ ਗੱਲ ਮੈਂ ਉਦੋਂ ਤੀਕ ਕਰਾਂਗਾ ਜਦੋਂ ਤੀਕ ਕਿ ਮੈਂ ਉਸ ਕੌਮ ਨੂੰ ਤਬਾਹ ਨਹੀਂ ਕਰ ਦਿੰਦਾ। ਮੈਂ ਨਬੂਕਦਨੱਸਰ ਦੀ ਵਰਤੋਂ ਉਸ ਕੌਮ ਨੂੰ ਤਬਾਹ ਕਰਨ ਲਈ ਕਰਾਂਗਾ ਜਿਹੜੀ ਉਸ ਦੇ ਖਿਲਾਫ਼ ਲੜਦੀ ਹੈ। ਇਸ ਲਈ ਆਪਣੇ ਨਬੀਆਂ ਦੀ ਗੱਲ ਨਾ ਸੁਣੋ, ਉਨ੍ਹਾਂ ਲੋਕਾਂ ਦੀ ਗੱਲ ਨਾ ਸੁਣੋ ਜਿਹੜੇ ਜਾਦੂ ਦੇ ਪ੍ਰਭਾਵ ਨਾਲ ਭਵਿੱਖ ਬਾਣੀ ਕਰਦੇ ਹਨ। ਉਨ੍ਹਾਂ ਲੋਕਾਂ ਨੂੰ ਨਾ ਸੁਣੋ ਜਿਹੜੇ ਆਖਦੇ ਨੇ ਕਿ ਉਹ ਸੁਪਨਿਆਂ ਦੀ ਵਿਆਖਿਆ ਕਰ ਸੱਕਦੇ ਹਨ। ਉਨ੍ਹਾਂ ਲੋਕਾਂ ਨਾਲ ਗੱਲ ਨਾ ਕਰੋ ਜਿਹੜੇ ਮੁਰਦਿਆਂ ਨਾਲ ਗੱਲਾਂ ਕਰਦੇ ਨੇ ਜਾਂ ਜਿਹੜੇ ਜਾਦੂ-ਟੂਣੇ ਕਰਦੇ ਨੇ। ਉਹ ਸਾਰੇ ਲੋਕ ਤੁਹਾਨੂੰ ਦੱਸਦੇ ਹਨ, “ਤੁਸੀਂ ਬਾਬਲ ਦੇ ਰਾਜੇ ਦੇ ਗੁਲਾਮ ਨਹੀਂ ਬਣੋਗੇ।” 10 ਪਰ ਉਹ ਲੋਕ ਤੁਹਾਡੇ ਨਾਲ ਝੂਠ ਬੋਲ ਰਹੇ ਹਨ। ਉਹ ਲੋਕ ਸਿਰਫ਼ ਤੁਹਾਨੂੰ ਵਤਨੋ ਦੂਰ ਲਿਜਾਣ ਦਾ ਕਾਰਣ ਬਣਨਗੇ। ਮੈਂ ਤੁਹਾਨੂੰ ਆਪਣੇ ਘਰ ਛੱਡਣ ਲਈ ਮਜ਼ਬੂਰ ਕਰਾਂਗਾ। ਅਤੇ ਤੁਸੀਂ ਪਰਾਏ ਦੇਸ਼ ਵਿੱਚ ਜਾਕੇ ਮਰੋਗੇ।

11 “‘ਪਰ ਉਹ ਕੌਮਾਂ ਜਿਨ੍ਹਾਂ ਨੇ ਬਾਬਲ ਦੇ ਰਾਜੇ ਦੀ ਅਧੀਨਗੀ ਕਬੂਲ ਕਰ ਲਈ ਹੋਵੇਗੀ ਉਹ ਜਿਉਣਗੀਆਂ। ਮੈਂ ਉਨ੍ਹਾਂ ਕੌਮਾਂ ਨੂੰ ਆਪਣੇ ਦੇਸ਼ ਵਿੱਚ ਰਹਿਣ ਅਤੇ ਬਾਬਲ ਦੇ ਰਾਜੇ ਦੀ ਸੇਵਾ ਕਰਨ ਦਿਆਂਗਾ।’ ਇਹ ਸੰਦੇਸ਼ ਯਹੋਵਾਹ ਵੱਲੋਂ ਹੈ। ‘ਉਨ੍ਹਾਂ ਕੌਮਾਂ ਦੇ ਲੋਕ ਆਪਣੀ ਧਰਤੀ ਅੰਦਰ ਰਹਿਣਗੇ ਅਤੇ ਉਸੇ ਦੀ ਖੇਤੀ ਕਰਨਗੇ।’”

12 ਮੈਂ ਯਹੂਦਾਹ ਦੇ ਰਾਜੇ ਸਿਦਕੀਯਾਹ ਨੂੰ ਵੀ ਇਹੀ ਸੰਦੇਸ਼ ਦਿੱਤਾ ਸੀ। ਮੈਂ ਆਖਿਆ ਸੀ, “ਸਿਦਕੀਯਾਹ, ਤੈਨੂੰ ਆਪਣੀ ਗਰਦਨ ਬਾਬਲ ਦੇ ਰਾਜੇ ਦੇ ਜੂਲੇ ਹੇਠਾਂ ਪਾ ਦੇਣੀ ਚਾਹੀਦੀ ਹੈ ਅਤੇ ਉਸਦਾ ਹੁਕਮ ਮੰਨਣਾ ਚਾਹੀਦਾ ਹੈ। ਜੇ ਤੂੰ ਬਾਬਲ ਦੇ ਰਾਜੇ ਅਤੇ ਉਸ ਦੇ ਲੋਕਾਂ ਦੀ ਸੇਵਾ ਕਰੇਗਾ, ਤਾਂ ਤੂੰ ਜੀਵੇਗਾ। 13 ਜੇ ਤੂੰ ਬਾਬਲ ਦੇ ਰਾਜੇ ਦੀ ਸੇਵਾ ਕਰਨੀ ਨਹੀਂ ਮਂਨੇਗਾ ਤਾਂ ਤੂੰ ਅਤੇ ਤੇਰੇ ਲੋਕ ਦੁਸ਼ਮਣ ਦੀ ਤਲਵਾਰ, ਭੁੱਖ ਨਂਗ ਅਤੇ ਭਿਆਨਕ ਬਿਮਾਰੀਆਂ ਹੱਥੋਂ ਮਾਰੇ ਜਾਓਗੇ। ਯਹੋਵਾਹ ਨੇ ਆਖਿਆ ਸੀ ਕਿ ਇਹ ਗੱਲਾਂ ਵਾਪਰਨਗੀਆਂ। 14 ਪਰ ਝੂਠੇ ਨਬੀ ਆਖ ਰਹੇ ਹਨ: ‘ਤੁਸੀਂ ਕਦੇ ਵੀ ਬਾਬਲ ਦੇ ਰਾਜੇ ਦੇ ਗੁਲਾਮ ਨਹੀਂ ਹੋਵੋਗੇ।’

“ਉਨ੍ਹਾਂ ਨਬੀਆਂ ਦੀ ਗੱਲ ਨਾ ਸੁਣੋ ਕਿਉਂ ਕਿ ਉਹ ਤੁਹਾਡੇ ਅੱਗੇ ਝੂਠ ਦਾ ਪ੍ਰਚਾਰ ਕਰ ਰਹੇ ਹਨ। 15 ‘ਮੈਂ ਉਨ੍ਹਾਂ ਨਬੀਆਂ ਨੂੰ ਨਹੀਂ ਸੀ ਭੇਜਿਆ।’ ਇਹ ਸੰਦੇਸ਼ ਯਹੋਵਾਹ ਵੱਲੋਂ ਹੈ। ‘ਉਹ ਝੂਠ ਦਾ ਪ੍ਰਚਾਰ ਕਰ ਰਹੇ ਨੇ ਅਤੇ ਆਖ ਰਹੇ ਨੇ ਕਿ ਸੰਦੇਸ਼ ਮੇਰੇ ਵੱਲੋਂ ਹੈ। ਇਸ ਲਈ ਮੈਂ ਤੁਹਾਨੂੰ ਯਹੂਦਾਹ ਦੇ ਲੋਕਾਂ ਨੂੰ ਦੂਰ ਭੇਜ ਦਿਆਂਗਾ ਤੁਸੀਂ ਮਰ ਜਾਵੋਗੇ। ਅਤੇ ਉਹ ਨਬੀ ਜਿਹੜੇ ਤੁਹਾਡੇ ਅੱਗੇ ਪ੍ਰਚਾਰ ਕਰ ਰਹੇ ਨੇ ਉਹ ਵੀ ਮਰ ਜਾਣਗੇ।’”

16 ਫ਼ੇਰ ਮੈਂ ਉਨ੍ਹਾਂ ਜਾਜਕਾਂ ਅਤੇ ਹੋਰ ਸਾਰੇ ਲੋਕਾਂ ਨੂੰ ਆਖਿਆ, “ਯਹੋਵਾਹ ਆਖਦਾ ਹੈ: ਉਹ ਝੂਠੇ ਨਬੀ ਆਖ ਰਹੇ ਹਨ, ‘ਬਾਬਲ ਵਾਲਿਆਂ ਨੇ ਯਹੋਵਾਹ ਦੇ ਮੰਦਰ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਚੁੱਕ ਲਈਆਂ ਹਨ। ਉਹ ਚੀਜ਼ਾਂ ਛੇਤੀ ਵਾਪਸ ਲਿਆਂਦੀਆਂ ਜਾਣਗੀਆਂ।’ ਉਨ੍ਹਾਂ ਨਬੀਆਂ ਦੀ ਗੱਲ ਨਾ ਸੁਣੋ ਕਿਉਂ ਕਿ ਉਹ ਤੁਹਾਡੇ ਸਾਹਮਣੇ ਝੂਠ ਦਾ ਪ੍ਰਚਾਰ ਕਰ ਰਹੇ ਨੇ। 17 ਉਨ੍ਹਾਂ ਨਬੀਆਂ ਦੀ ਗੱਲ ਨਾ ਸੁਣੋ। ਬਾਬਲ ਦੇ ਰਾਜੇ ਦੀ ਸੇਵਾ ਕਰੋ। ਆਪਣੀ ਸਜ਼ਾ ਨੂੰ ਪ੍ਰਵਾਨ ਕਰ ਲਵੋ ਅਤੇ ਤੁਸੀਂ ਜਿਉਂਦੇ ਰਹੋਗੇ। ਤੁਹਾਡੇ ਲਈ ਯਰੂਸ਼ਲਮ ਦੇ ਇਸ ਸ਼ਹਿਰ ਦੇ ਤਬਾਹ ਕੀਤੇ ਜਾਣ ਦਾ ਕੋਈ ਕਾਰਣ ਨਹੀਂ ਹੈ। 18 ਜੇ ਉਹ ਲੋਕ ਨਬੀ ਹਨ ਅਤੇ ਯਹੋਵਾਹ ਵੱਲੋਂ ਸੰਦੇਸ਼ ਪ੍ਰਾਪਤ ਕਰਦੇ ਹਨ ਤਾਂ ਉਨ੍ਹਾਂ ਨੂੰ ਪ੍ਰਾਰਥਨਾ ਕਰਨ ਦਿਓ। ਉਨ੍ਹਾਂ ਨੂੰ ਉਨ੍ਹਾਂ ਚੀਜ਼ਾਂ ਬਾਰੇ ਪ੍ਰਾਰਥਨਾ ਕਰਨ ਦਿਓ ਜਿਹੜੀਆਂ ਹਾਲੇ ਵੀ ਮੰਦਰ ਵਿੱਚ ਹਨ। ਉਨ੍ਹਾਂ ਨੂੰ ਉਨ੍ਹਾਂ ਚੀਜ਼ਾਂ ਬਾਰੇ ਪ੍ਰਾਰਥਨਾ ਕਰਨ ਦਿਓ ਜਿਹੜੀਆਂ ਹਾਲੇ ਵੀ ਰਾਜੇ ਦੇ ਮਹਿਲ ਅੰਦਰ ਹਨ। ਅਤੇ ਉਨ੍ਹਾਂ ਨੂੰ ਉਨ੍ਹਾਂ ਚੀਜ਼ਾਂ ਬਾਰੇ ਪ੍ਰਾਰਥਨਾ ਕਰਨ ਦਿਓ ਜਿਹੜੀਆਂ ਹਾਲੇ ਵੀ ਯਰੂਸ਼ਲਮ ਅੰਦਰ ਹਨ। ਉਨ੍ਹਾਂ ਨਬੀਆਂ ਨੂੰ ਪ੍ਰਾਰਥਨਾ ਕਰਨ ਦਿਓ ਕਿ ਉਹ ਸਾਰੀਆਂ ਚੀਜ਼ਾਂ ਬਾਬਲ ਲਿਜਾਈਆਂ ਜਾਣ।”

19 ਸਰਬ ਸ਼ਕਤੀਮਾਨ ਯਹੋਵਾਹ ਉਨ੍ਹਾਂ ਚੀਜ਼ਾਂ ਬਾਰੇ ਇਹ ਆਖਦਾ ਹੈ ਜਿਹੜੀਆਂ ਹਾਲੇ ਵੀ ਯਰੂਸ਼ਲਮ ਵਿੱਚ ਬਚੀਆਂ ਹੋਈਆਂ ਹਨ। ਮੰਦਰ ਵਿੱਚ ਬਮਲੇ ਹਨ, ਕਾਂਸੀ ਦਾ ਸਮੁੰਦਰ ਹੈ, ਹਿਲਣ ਵਾਲੇ ਸਟੈਁਡ ਅਤੇ ਹੋਰ ਚੀਜ਼ਾਂ ਹਨ। ਬਾਬਲ ਦੇ ਰਾਜੇ ਨਬੂਕਦਨੱਸਰ ਨੇ ਉਹ ਚੀਜ਼ਾਂ ਯਰੂਸ਼ਲਮ ਵਿੱਚ ਛੱਡ ਦਿੱਤੀਆਂ। 20 ਨਬੂਕਦਨੱਸਰ ਉਦੋਂ ਉਨ੍ਹਾਂ ਚੀਜ਼ਾਂ ਨੂੰ ਲੈ ਕੇ ਨਹੀਂ ਗਿਆ ਜਦੋਂ ਉਸ ਨੇ ਯਹੂਦਾਹ ਦੇ ਰਾਜੇ ਯੇਹੋਇਆਚਿਨ ਨੂੰ ਕੈਦੀ ਬਣਾ ਕੇ ਲੈ ਗਿਆ ਸੀ। ਯੇਹੋਇਆਚਿਨ ਰਾਜੇ ਯਹੋਯਾਕੀਮ ਦਾ ਪੁੱਤਰ ਸੀ। ਨਬੂਕਦਨੱਸਰ ਯਹੂਦਾਹ ਅਤੇ ਯਰੂਸ਼ਲਮ ਦੇ ਹੋਰ ਵੀ ਕਈ ਮਹੱਤਵਪੂਰਣ ਬੰਦਿਆਂ ਨੂੰ ਲੈ ਗਿਆ ਸੀ। 21 ਸਰਬ ਸ਼ਕਤੀਮਾਨ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ ਉਨ੍ਹਾਂ ਚੀਜ਼ਾਂ ਬਾਰੇ ਜਿਹੜੀਆਂ ਹਾਲੇ ਵੀ ਮੰਦਰ ਵਿੱਚ ਅਤੇ ਯਰੂਸ਼ਲਮ ਦੇ ਰਾਜੇ ਦੇ ਮਹਿਲ ਅੰਦਰ ਹਾਲੇ ਵੀ ਰਹਿ ਗਈਆਂ ਹਨ। 22 ਉਹ ਸਾਰੀਆਂ ਚੀਜ਼ਾਂ ਬਾਬਲ ਲਿਜਾਈਆਂ ਜਾਣਗੀਆਂ ਜਦੋਂ ਤੀਕ ਕਿ ਮੈਂ ਇੱਕ ਦਿਨ ਉਨ੍ਹਾਂ ਨੂੰ ਵਾਪਸ ਨਹੀਂ ਲਿਆਉਂਦਾ। ਇਹ ਸੰਦੇਸ਼ ਯਹੋਵਾਹ ਵੱਲੋਂ ਹੈ। “ਫ਼ੇਰ ਮੈਂ ਉਨ੍ਹਾਂ ਚੀਜ਼ਾਂ ਨੂੰ ਵਾਪਸ ਲਿਆਵਾਂਗਾ। ਮੈਂ ਉਨ੍ਹਾਂ ਚੀਜ਼ਾਂ ਨੂੰ ਇਸ ਥਾਂ ਫ਼ੇਰ ਰੱਖ ਦਿਆਂਗਾ।”

ਝੂਠਾ ਨਬੀ ਹਨਨਯਾਹ

28 ਯਹੂਦਾਹ ਵਿੱਚ ਰਾਜੇ ਸਿਦਕੀਯਾਹ ਦੇ ਸ਼ਾਸਨ ਦੇ ਚੌਬੇ ਵਰ੍ਹੇ ਦੇ ਪੰਜਵੇਂ ਮਹੀਨੇ ਵਿੱਚ, ਗਿਬਓਨ ਸ਼ਹਿਰ ਤੋਂ ਅੱਸ਼ੂਰ ਦੇ ਪੁੱਤਰ ਨਬੀ ਹਨਨਯਾਹ ਨੇ ਮੇਰੇ ਨਾਲ ਗੱਲ ਕੀਤੀ। ਉਸ ਨੇ ਜਾਜਕਾਂ ਅਤੇ ਸਾਰੇ ਲੋਕਾਂ ਦੀ ਹਾਜਰੀ ਵਿੱਚ ਪਰਮੇਸ਼ੁਰ ਦੇ ਮੰਦਰ ਵਿੱਚ ਮੇਰੇ ਨਾਲ ਗੱਲ ਕੀਤੀ। ਉਸ ਨੇ ਆਖਿਆ, “ਸਰਬ ਸ਼ਕਤੀਮਾਨ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ ਆਖਦਾ ਹੈ, ‘ਮੈਂ ਉਸ ਜੂਲੇ ਨੂੰ ਤੋੜ ਦਿਆਂਗਾ ਜਿਹੜਾ ਬਾਬਲ ਦੇ ਰਾਜੇ ਨੇ ਯਹੂਦਾਹ ਦੇ ਲੋਕਾਂ ਦੇ ਗਲ ਵਿੱਚ ਪਾਇਆ ਹੈ। ਦੋ ਸਾਲਾਂ ਦੇ ਖਤਮ ਹੋਣ ਤੋਂ ਪਹਿਲਾਂ ਹੀ ਮੈਂ ਉਹ ਸਾਰੀਆਂ ਚੀਜ਼ਾਂ ਵਾਪਸ ਲੈ ਆਵਾਂਗਾ ਜਿਹੜੀਆਂ ਬਾਬਲ ਦਾ ਰਾਜਾ ਨਬੂਕਦਨੱਸਰ ਯਹੋਵਾਹ ਦੇ ਮੰਦਰ ਵਿੱਚੋਂ ਚੁੱਕ ਕੇ ਬਾਬਲ ਲੈ ਗਿਆ ਹੈ। ਮੈਂ ਉਨ੍ਹਾਂ ਚੀਜ਼ਾਂ ਨੂੰ ਇੱਥੇ ਯਰੂਸ਼ਲਮ ਵਿੱਚ ਵਾਪਸ ਲਿਆਵਾਂਗਾ। ਮੈਂ ਯਹੂਦਾਹ ਦੇ ਰਾਜੇ ਯੇਹੋਇਆਚਿਨ ਨੂੰ ਵੀ ਉਸ ਥਾਂ ਵਾਪਸ ਲਿਆਵਾਂਗਾ। ਯੇਹੋਇਆਚਿਨ ਯਹੋਯਾਕੀਮ ਦਾ ਪੁੱਤਰ ਹੈ। ਅਤੇ ਮੈਂ ਯਹੂਦਾਹ ਦੇ ਉਨ੍ਹਾਂ ਸਾਰੇ ਲੋਕਾਂ ਨੂੰ ਵਾਪਸ ਲਿਆਵਾਂਗਾ ਜਿਨ੍ਹਾਂ ਨੂੰ ਨਬੂਕਦਨੱਸਰ ਨੇ ਆਪਣੇ ਘਰਾਂ ਛੱਡ ਕੇ ਬਾਬਲ ਜਾਣ ਲਈ ਮਜ਼ਬੂਰ ਕੀਤਾ ਸੀ।’ ਇਹ ਸੰਦੇਸ਼ ਯਹੋਵਾਹ ਵੱਲੋਂ ਹੈ, ‘ਇਸ ਲਈ ਮੈਂ ਉਸ ਜੂਲੇ ਨੂੰ ਤੋੜ ਦਿਆਂਗਾ ਜਿਹੜਾ ਬਾਬਲ ਦੇ ਰਾਜੇ ਨੇ ਯਹੂਦਾਹ ਦੇ ਲੋਕਾਂ ਦੇ ਗਲ ਪਾਇਆ ਹੈ!’”

ਫ਼ੇਰ ਨਬੀ ਯਿਰਮਿਯਾਹ ਨੇ ਨਬੀ ਹਨਨਯਾਹ ਨੂੰ ਜਵਾਬ ਦਿੱਤਾ। ਉਹ ਯਹੋਵਾਹ ਦੇ ਮੰਦਰ ਵਿੱਚ ਖਲੋਤੇ ਸਨ। ਜਾਜਕ ਅਤੇ ਉੱਥੋਂ ਦੇ ਸਾਰੇ ਲੋਕ ਯਿਰਮਿਯਾਹ ਦਾ ਜਵਾਬ ਸੁਣ ਸੱਕਦੇ ਸਨ। ਯਿਰਮਿਯਾਹ ਨੇ ਹਨਨਯਾਹ ਨੂੰ ਆਖਿਆ, “ਆਮੀਨ! ਮੈਨੂੰ ਉਮੀਦ ਹੈ ਕਿ ਯਹੋਵਾਹ ਸੱਚਮੁੱਚ ਅਜਿਹਾ ਹੀ ਕਰੇਗਾ! ਮੈਨੂੰ ਉਮੀਦ ਹੈ ਕਿ ਤੂੰ ਜਿਸ ਸੰਦੇਸ਼ ਦਾ ਪ੍ਰਚਾਰ ਕਰਦਾ ਹੈਂ ਯਹੋਵਾਹ ਉਸ ਨੂੰ ਸੱਚ ਕਰ ਦੇਵੇਗਾ! ਮੈਨੂੰ ਉਮੀਦ ਹੈ ਕਿ ਯਹੋਵਾਹ ਬਾਬਲ ਤੋਂ ਯਹੋਵਾਹ ਦੇ ਮੰਦਰ ਦੀਆਂ ਚੀਜ਼ਾਂ ਨੂੰ ਇਸ ਥਾਂ ਵਾਪਸ ਲਿਆਵੇਗਾ। ਅਤੇ ਮੈਨੂੰ ਉਮੀਦ ਹੈ ਕਿ ਯਹੋਵਾਹ ਉਨ੍ਹਾਂ ਸਾਰੇ ਲੋਕਾਂ ਨੂੰ ਇੱਥੇ ਵਾਪਸ ਲਿਆਵੇਗਾ ਜਿਨ੍ਹਾਂ ਨੂੰ ਮਜ਼ਬੂਰ ਹੋਕੇ ਆਪਣੇ ਘਰ ਛੱਡਣੇ ਪਏ ਸਨ।

“ਪਰ ਜੋ ਮੈਂ ਆਖਦਾ ਹਾਂ ਉਸ ਨੂੰ ਧਿਆਨ ਨਾਲ ਸੁਣੋ, ਹਨਨਯਾਹ। ਜੋ ਮੈਂ ਤੁਹਾਨੂੰ, ਸਾਰੇ ਲੋਕਾਂ ਨੂੰ, ਆਖਦਾ ਹਾਂ ਉਸ ਨੂੰ ਧਿਆਨ ਨਾਲ ਸੁਣੋ। ਹਨਨਯਾਹ, ਤੇਰੇ ਅਤੇ ਮੇਰੇ ਨਬੀ ਬਣਨ ਤੋਂ ਪਹਿਲਾਂ ਵੀ ਇੱਥੇ ਨਬੀ ਸਨ। ਉਨ੍ਹਾਂ ਨੇ ਪ੍ਰਚਾਰ ਕੀਤਾ ਸੀ ਕਿ ਜੰਗ, ਭੁੱਖਮਰੀ ਅਤੇ ਭਿਆਨਕ ਬੀਮਾਰੀਆਂ ਬਹੁਤ ਸਾਰੇ ਦੇਸ਼ਾਂ ਅਤੇ ਮਹਾਨ ਰਾਜਧਾਨੀਆਂ ਅੰਦਰ ਆਉਣਗੀਆਂ। ਪਰ ਜਿਹੜਾ ਨਬੀ ਇਹ ਪ੍ਰਚਾਰ ਕਰਦਾ ਹੈ ਕਿ ਸਾਨੂੰ ਅਮਨ ਮਿਲੇਗਾ ਉਸਦੀ ਪਰੀਖਿਆ ਅਵੱਸ਼ ਹੋਣੀ ਚਾਹੀਦੀ ਹੈ ਕਿ ਕੀ ਉਸ ਨੂੰ ਯਹੋਵਾਹ ਵੱਲੋਂ ਭੇਜਿਆ ਗਿਆ ਸੀ। ਜੇ ਉਸ ਨਬੀ ਦਾ ਸੰਦੇਸ਼ ਸੱਚ ਨਿਕਲਦਾ ਹੈ ਤਾਂ ਲੋਕ ਜਾਣ ਸੱਕਣਗੇ ਕਿ ਉਸ ਨੂੰ ਸੱਚਮੁੱਚ ਯਹੋਵਾਹ ਵੱਲੋਂ ਭੇਜਿਆ ਗਿਆ ਸੀ।”

10 ਯਿਰਮਿਯਾਹ ਨੇ ਆਪਣੀ ਗਰਦਨ ਵਿੱਚ ਜੂਲਾ ਪਾਇਆ ਹੋਇਆ ਸੀ। ਤਾਂ ਨਬੀ ਹਨਨਯਾਹ ਨੇ ਉਸ ਜੂਲੇ ਨੂੰ ਯਿਰਮਿਯਾਹ ਦੀ ਗਰਦਨ ਤੋਂ ਉਤਾਰ ਦਿੱਤਾ। ਹਨਨਯਾਹ ਨੇ ਉਸ ਜੂਲੇ ਨੂੰ ਤੋੜ ਦਿੱਤਾ। 11 ਫ਼ੇਰ ਹਨਨਯਾਹ ਉੱਚੀ ਆਵਾਜ਼ ਵਿੱਚ ਬੋਲਿਆ ਤਾਂ ਜੋ ਸਾਰੇ ਲੋਕ ਉਸ ਨੂੰ ਸੁਣ ਸੱਕਣ। ਉਸ ਨੇ ਆਖਿਆ, “ਯਹੋਵਾਹ ਆਖਦਾ ਹੈ: ‘ਇਸੇ ਤਰ੍ਹਾਂ ਮੈਂ ਬਾਬਲ ਦੇ ਰਾਜੇ ਨਬੂਕਦਨੱਸਰ ਦਾ ਜੂਲਾ ਤੋੜ ਦਿਆਂਗਾ। ਉਸ ਨੇ ਇਹ ਜੂਲਾ ਦੁਨੀਆਂ ਦੀਆਂ ਸਾਰੀਆਂ ਕੌਮਾਂ ਨੂੰ ਪਹਿਨਾਇਆ ਹੋਇਆ ਹੈ। ਪਰ ਮੈਂ ਦੋ ਸਾਲ ਤੋਂ ਪਹਿਲਾਂ-ਪਹਿਲਾਂ ਇਹ ਜੂਲਾ ਤੋੜ ਦਿਆਂਗਾ।’”

ਹਨਨਯਾਹ ਦੇ ਇਹ ਆਖਣ ਤੋਂ ਮਗਰੋਂ, ਯਿਰਮਿਯਾਹ ਮੰਦਰ ਵਿੱਚੋਂ ਬਾਹਰ ਚੱਲਾ ਗਿਆ।

12 ਫ਼ੇਰ ਯਿਰਮਿਯਾਹ ਨੂੰ ਯਹੋਵਾਹ ਦਾ ਸੰਦੇਸ਼ ਮਿਲਿਆ। ਇਹ ਗੱਲ ਉਦੋਂ ਵਾਪਰੀ ਜਦੋਂ ਹਨਨਯਾਹ ਨੇ ਯਿਰਮਿਯਾਹ ਦੀ ਗਰਦਨ ਤੋਂ ਜੂਲਾ ਲਾਹ ਕੇ ਭੰਨ ਦਿੱਤਾ ਸੀ। 13 ਯਹੋਵਾਹ ਨੇ ਯਿਰਮਿਯਾਹ ਨੂੰ ਆਖਿਆ, “ਜਾਓ ਅਤੇ ਹਨਨਯਾਹ ਨੂੰ ਆਖੋ, ਯਹੋਵਾਹ ਇਹ ਆਖਦਾ ਹੈ: ‘ਤੂੰ ਲੱਕੜੀ ਦਾ ਜੂਲਾ ਤਾਂ ਤੋੜ ਦਿੱਤਾ ਹੈ। ਪਰ ਮੈਂ ਲੱਕੜੀ ਦੇ ਜੂਲੇ ਦੀ ਬਾਵੇਂ ਲੋਹੇ ਦਾ ਜੂਲਾ ਬਣਾਵਾਂਗਾ। 14 ਸਰਬ ਸ਼ਕਤੀਮਾਨ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ ਆਖਦਾ ਹੈ, ਮੈਂ ਉਨ੍ਹਾਂ ਸਾਰੀਆਂ ਕੌਮਾਂ ਦੀਆਂ ਗਰਦਨਾਂ ਵਿੱਚ ਲੋਹੇ ਦਾ ਜੂਲਾ ਪਾ ਦਿਆਂਗਾ। ਅਜਿਹਾ ਮੈਂ ਇਸ ਲਈ ਕਰਾਂਗਾ ਤਾਂ ਜੋ ਉਹ ਬਾਬਲ ਦੇ ਰਾਜੇ ਨਬੂਕਦਨੱਸਰ ਦੀ ਸੇਵਾ ਕਰ ਸੱਕਣ। ਅਤੇ ਉਹ ਉਸ ਦੇ ਗੁਲਾਮ ਬਨਣਗੇ। ਮੈਂ ਜੰਗਲੀ ਜਾਨਵਰਾਂ ਨੂੰ ਵੀ ਨਬੂਕਦਨੱਸਰ ਦੇ ਅਧਿਕਾਰ ਹੇਠਾਂ ਕਰ ਦਿਆਂਗਾ।’”

15 ਫ਼ੇਰ ਨਬੀ ਯਿਰਮਿਯਾਹ ਨੇ ਨਬੀ ਹਨਨਯਾਹ ਨੂੰ ਆਖਿਆ, “ਸੁਣੋ, ਹਨਨਯਾਹ! ਯਹੋਵਾਹ ਨੇ ਤੈਨੂੰ ਨਹੀਂ ਭੇਜਿਆ। ਪਰ ਤੂੰ ਯਹੂਦਾਹ ਦੇ ਲੋਕਾਂ ਨੂੰ ਆਪਣੇ ਝੂਠ ਉੱਤੇ ਭਰੋਸਾ ਕਰਾ ਦਿੱਤਾ ਹੈ। 16 ਇਸ ਲਈ ਯਹੋਵਾਹ ਇਹ ਆਖਦਾ ਹੈ, ‘ਛੇਤੀ ਹੀ ਮੈਂ ਤੈਨੂੰ ਇਸ ਦੁਨੀਆਂ ਵਿੱਚੋਂ ਚੁੱਕ ਲਵਾਂਗਾ, ਹਨਨਯਾਹ। ਤੂੰ ਇਸੇ ਸਾਲ ਮਰ ਜਾਵੇਂਗਾ। ਕਿਉਂ? ਕਿਉਂ ਕਿ ਤੂੰ ਲੋਕਾਂ ਨੂੰ ਯਹੋਵਾਹ ਦੇ ਖਿਲਾਫ਼ ਹੋਣ ਦੀ ਸਿੱਖਿਆ ਦਿੱਤੀ।’”

17 ਹਨਨਯਾਹ ਉਸੇ ਸਾਲ ਦੇ ਸੱਤਵੇਂ ਮਹੀਨੇ ਵਿੱਚ ਮਰ ਗਿਆ।

ਬਾਬਲ ਦੇ ਬੰਦੀਵਾਨਾਂ ਲਈ ਖਤ

29 ਯਿਰਮਿਯਾਹ ਨੇ ਬਾਬਲ ਦੇ ਯਹੂਦੀ ਕੈਦੀਆਂ ਨੂੰ ਇੱਕ ਖਤ ਲਿਖ ਭੇਜਿਆ। ਉਸ ਨੇ ਇਹ ਖਤ ਬਜ਼ੁਰਗਾਂ, ਜਾਜਕਾਂ, ਨਬੀਆਂ ਅਤੇ ਹੋਰ ਸਾਰੇ ਲੋਕਾਂ ਨੂੰ ਭੇਜਿਆ ਜਿਹੜੇ ਬਾਬਲ ਵਿੱਚ ਰਹਿ ਰਹੇ ਸਨ। ਇਹ ਉਹੀ ਲੋਕ ਸਨ ਜਿਨ੍ਹਾਂ ਨੂੰ ਨਬੂਕਦਨੱਸਰ ਯਰੂਸ਼ਲਮ ਵਿੱਚੋਂ ਫ਼ੜਕੇ ਬਾਬਲ ਵਿੱਚ ਲਿਆਂਦਾ ਸੀ। (ਇਹ ਖਤ ਉਸ ਤੋਂ ਮਗਰੋਂ ਭੇਜਿਆ ਗਿਆ ਜਦੋਂ ਰਾਜਾ ਯਹੋਯਾਕੀਮ, ਰਾਣੀ ਮਾਤਾ, ਅਧਿਕਾਰੀ ਅਤੇ ਯਹੂਦਾਹ ਅਤੇ ਯਰੂਸ਼ਲਮ ਦੇ ਆਗੂ, ਤਰੱਖਾਣ ਅਤੇ ਧਾਤ ਦੇ ਕਾਮੇ ਯਰੂਸ਼ਲਮ ਵਿੱਚੋਂ ਲਿਆਂਦੇ ਗਏ ਸਨ।) ਸਿਦਕੀਯਾਹ ਨੇ ਅਲਆਸਾਹ ਅਤੇ ਗਮਰਯਾਹ ਨੂੰ ਰਾਜੇ ਨਬੂਕਦਨੱਸਰ ਵੱਲ ਘਲਿਆ। ਸਿਦਕੀਯਾਹ ਯਹੂਦਾਹ ਦਾ ਰਾਜਾ ਸੀ। ਅਲਆਸਾਹ ਸ਼ਾਫ਼ਾਨ ਦਾ ਪੁੱਤਰ ਸੀ। ਅਤੇ ਗਮਰਯਾਹ ਹਿਲਕੀਯਾਹ ਦਾ ਪੁੱਤਰ ਸੀ। ਯਿਰਮਿਯਾਹ ਨੇ ਉਨ੍ਹਾਂ ਆਮਦੀਆਂ ਨੂੰ ਬਾਬਲ ਲਿਜਾਣ ਲਈ ਖਤ ਦਿੱਤਾ। ਖਤ ਵਿੱਚ ਇਹ ਲਿਖਿਆ ਸੀ:

ਸਰਬ ਸ਼ਕਤੀਮਾਨ ਯਹੋਵਾਹ, ਇਸਰਾਏਲ ਦੇ ਲੋਕਾਂ ਦਾ ਪਰਮੇਸ਼ੁਰ ਇਹ ਗੱਲਾਂ ਉਨ੍ਹਾਂ ਲੋਕਾਂ ਨੂੰ ਆਖਦਾ ਹੈ ਜਿਨ੍ਹਾਂ ਨੂੰ ਉਸ ਨੇ ਯਰੂਸ਼ਲਮ ਵਿੱਚੋਂ ਬਾਬਲ ਅੰਦਰ ਬੰਦੀ ਬਣਾਕੇ ਭੇਜਿਆ। “ਮਕਾਨ ਬਣਾਓ ਅਤੇ ਉਨ੍ਹਾਂ ਵਿੱਚ ਰਹੋ। ਧਰਤੀ ਉੱਤੇ ਟਿਕ ਜਾਓ। ਬਾਗ਼ ਲਗਾਓ ਅਤੇ ਆਪਣੇ ਉਗਾਏ ਹੋਏ ਭੋਜਨ ਨੂੰ ਖਾਓ। ਵਿਆਹ ਕਰਵਾਓ ਅਤੇ ਪੁੱਤਰਾਂ ਧੀਆਂ ਵਾਲੇ ਬਣੋ। ਆਪਣੇ ਪੁੱਤਰਾਂ ਲਈ ਵਹੁਟੀਆਂ ਤਲਾਸ਼ ਕਰੋ। ਅਤੇ ਆਪਣੀਆਂ ਧੀਆਂ ਦਾ ਵਿਆਹ ਵੀ ਕਰੋ। ਅਜਿਹਾ ਕਰੋ ਤਾਂ ਜੋ ਉਹ ਵੀ ਧੀਆਂ ਪੁੱਤਰਾਂ ਵਾਲੇ ਹੋਣ। ਬਹੁਤ ਔਲਾਦ ਪੈਦਾ ਕਰੋ ਅਤੇ ਬਾਬਲ ਵਿੱਚ ਆਪਣੀ ਗਿਣਤੀ ਵੱਧਾਓ। ਗਿਣਤੀ ਵਿੱਚ ਬੋੜੇ ਨਾ ਹੋਵੋ। ਅਤੇ ਇਹ ਵੀ ਕਿ ਉਸ ਸ਼ਹਿਰ ਲਈ ਨੇਕ ਕੰਮ ਕਰੋ ਜਿੱਥੇ ਮੈਂ ਤੁਹਾਨੂੰ ਭੇਜਿਆ ਸੀ। ਜਿਸ ਸ਼ਹਿਰ ਵਿੱਚ ਤੁਸੀਂ ਰਹਿ ਰਹੇ ਹੋ ਉਸ ਲਈ ਯਹੋਵਾਹ ਅੱਗੇ ਪ੍ਰਾਰਥਨਾ ਕਰੋ। ਕਿਉਂ? ਕਿਉਂ ਕਿ ਜੇ ਉਸ ਸ਼ਹਿਰ ਵਿੱਚ ਸ਼ਾਂਤੀ ਹੋਵੇਗਾ ਤਾਂ ਤੁਸੀਂ ਵੀ ਸ਼ਾਂਤੀ ਨਾਲ ਰਹੋਗੇ।” ਸਰਬ ਸ਼ਕਤੀਮਾਨ ਯਹੋਵਾਹ, ਇਸਰਾਏਲ ਦੇ ਲੋਕਾਂ ਦਾ ਪਰਮੇਸ਼ੁਰ ਆਖਦਾ ਹੈ, “ਆਪਣੇ ਨਬੀਆਂ ਅਤੇ ਉਨ੍ਹਾਂ ਲੋਕਾਂ ਕੋਲੋਂ ਮੂਰਖ ਨਾ ਬਣੋ ਜਿਹੜੇ ਕਾਲਾ ਜਾਦੂ ਕਰਦੇ ਹਨ। ਉਨ੍ਹਾਂ ਦੇ ਸੁਪਨਿਆਂ ਨੂੰ ਨਾ ਸੁਣੋ। ਉਹ ਝੂਠ ਦਾ ਪ੍ਰਚਾਰ ਕਰ ਰਹੇ ਹਨ। ਅਤੇ ਉਹ ਆਖ ਰਹੇ ਹਨ ਕਿ ਉਨ੍ਹਾਂ ਦਾ ਸੰਦੇਸ਼ ਮੇਰੇ ਵੱਲੋਂ ਹੈ। ਪਰ ਮੈਂ ਉਨ੍ਹਾਂ ਨੂੰ ਨਹੀਂ ਭੇਜਿਆ ਸੀ।” ਇਹ ਸੰਦੇਸ਼ ਯਹੋਵਾਹ ਵੱਲੋਂ ਸੀ।

10 ਯਹੋਵਾਹ ਇਹ ਆਖਦਾ ਹੈ: “ਬਾਬਲ 70 ਵਰ੍ਹਿਆਂ ਤੀਕ ਸ਼ਕਤੀਸ਼ਾਲੀ ਰਹੇਗਾ। ਉਸ ਸਮੇਂ ਤੋਂ ਮਗਰੋਂ ਮੈਂ ਤੁਹਾਡੇ ਲੋਕਾਂ ਕੋਲ ਆਵਾਂਗਾ ਜਿਹੜੇ ਬਾਬਲ ਵਿੱਚ ਰਹਿ ਰਹੇ ਹੋ। ਮੈਂ ਤੁਹਾਨੂੰ ਯਰੂਸ਼ਲਮ ਵਾਪਸ ਲਿਆਉਣ ਦਾ ਆਪਣਾ ਸ਼ੁਭ ਇਕਰਾਰ ਪੂਰਾ ਕਰਾਂਗਾ। 11 ਇਹ ਮੈਂ ਇਸ ਲਈ ਆਖਦਾ ਹਾਂ ਕਿਉਂ ਕਿ ਮੈਂ ਉਨ੍ਹਾਂ ਵਿਉਂਤਾਂ ਨੂੰ ਜਾਣਦਾ ਹਾਂ ਜਿਹੜੀਆਂ ਮੈਂ ਤੁਹਾਡੇ ਲਈ ਬਣਾਈਆਂ।” ਇਹ ਸੰਦੇਸ਼ ਯਹੋਵਾਹ ਵੱਲੋਂ ਹੈ। “ਮੇਰੇ ਪਾਸ ਤੁਹਾਡੇ ਲਈ ਚੰਗੀਆਂ ਵਿਉਂਤਾਂ ਹਨ। ਮੈਂ ਤੁਹਾਨੂੰ ਦੁੱਖ ਦੇਣ ਦੀ ਵਿਉਂਤ ਨਹੀਂ ਬਣਾਉਂਦਾ। ਮੈਂ ਤੁਹਾਨੂੰ ਉਮੀਦ ਅਤੇ ਚੰਗਾ ਭਵਿੱਖ ਦੇਣ ਦੀ ਵਿਉਂਤ ਬਣਾਉਂਦਾ ਹਾਂ। 12 ਫ਼ੇਰ ਤੁਸੀਂ ਲੋਕ ਮੇਰਾ ਨਾਮ ਲਵੋਗੇ। ਤੁਸੀਂ ਮੇਰੇ ਕੋਲ ਆਵੋਂਗੇ ਅਤੇ ਮੇਰੇ ਅੱਗੇ ਪ੍ਰਾਰਥਨਾ ਕਰੋਗੇ। ਅਤੇ ਮੈਂ ਤੁਹਾਨੂੰ ਸੁਣਾਂਗਾ। 13 ਤੁਸੀਂ ਲੋਕ ਮੇਰੀ ਤਲਾਸ਼ ਕਰੋਗੇ। ਅਤੇ ਜਦੋਂ ਤੁਸੀਂ ਪੂਰੇ ਦਿਲ ਨਾਲ ਮੇਰੀ ਤਲਾਸ਼ ਕਰੋਗੇ ਤੁਸੀਂ ਮੈਨੂੰ ਲੱਭ ਲਵੋਗੇ। 14 ਮੈਂ ਤੁਹਾਨੂੰ ਇਜ਼ਾਜ਼ਤ ਦਿਆਂਗਾ ਕਿ ਤੁਸੀਂ ਮੈਨੂੰ ਲੱਭ ਲਵੋ।” ਇਹ ਸੰਦੇਸ਼ ਯਹੋਵਾਹ ਵੱਲੋਂ ਹੈ-“ਅਤੇ ਮੈਂ ਤੁਹਾਨੂੰ ਤੁਹਾਡੀ ਕੈਦ ਵਿੱਚੋਂ ਵਾਪਸ ਲਿਆਵਾਂਗਾ। ਮੈਂ ਤੁਹਾਨੂੰ ਇਹ ਥਾਂ ਛੱਡਣ ਲਈ ਮਜ਼ਬੂਰ ਕੀਤਾ ਸੀ। ਪਰ ਮੈਂ ਤੁਹਾਨੂੰ ਸਾਰੀਆਂ ਕੌਮਾਂ ਵਿੱਚੋਂ ਅਤੇ ਉਨ੍ਹਾਂ ਥਾਵਾਂ ਵਿੱਚੋਂ ਇਕੱਠਿਆਂ ਕਰਾਂਗਾ ਜਿੱਥੇ ਮੈਂ ਤੁਹਾਨੂੰ ਭੇਜਿਆ ਸੀ।” ਇਹ ਸੰਦੇਸ਼ ਯਹੋਵਾਹ ਵੱਲੋਂ ਹੈ-“ਅਤੇ ਮੈਂ ਤੁਹਾਨੂੰ ਇਸ ਥਾਂ ਵਾਪਸ ਲਿਆਵਾਂਗਾ।”

15 ਸ਼ਾਇਦ ਤੁਸੀਂ ਲੋਕ ਆਖੋ, “ਪਰ ਯਹੋਵਾਹ ਨੇ ਤਾਂ ਸਾਨੂੰ ਇੱਥੇ ਬਾਬਲ ਵਿੱਚ ਨਬੀ ਦਿੱਤੇ ਹਨ।” 16 ਪਰ ਯਹੋਵਾਹ ਇਹ ਗੱਲਾਂ ਤੁਹਾਡੇ ਉਨ੍ਹਾਂ ਸੰਬੰਧੀਆਂ ਬਾਰੇ ਆਖਦਾ ਹੈ ਜਿਨ੍ਹਾਂ ਨੂੰ ਬਾਬਲ ਲਿਆਂਦਾ ਗਿਆ ਸੀ। ਮੈਂ ਉਸ ਰਾਜੇ ਦੀ ਗੱਲ ਕਰ ਰਿਹਾ ਹਾਂ ਜਿਹੜਾ ਦਾਊਦ ਦੇ ਤਖਤ ਉੱਤੇ ਹੁਣ ਬੈਠਾ ਹੈ ਅਤੇ ਉਨ੍ਹਾਂ ਸਾਰੇ ਲੋਕਾਂ ਬਾਰੇ ਗੱਲ ਕਰ ਰਿਹਾ ਹਾਂ ਜਿਹੜੇ ਹਾਲੇ ਵੀ ਯਰੂਸ਼ਲਮ ਦੇ ਸ਼ਹਿਰ ਵਿੱਚ ਹਨ। 17 ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ, “ਮੈਂ ਛੇਤੀ ਹੀ ਉਨ੍ਹਾਂ ਲੋਕਾਂ ਲਈ ਤਲਵਾਰ, ਭੁੱਖਮਰੀ ਅਤੇ ਭਿਆਨਕ ਬਿਮਾਰੀਆਂ ਭੇਜਾਂਗਾ ਜਿਹੜੇ ਹਾਲੇ ਵੀ ਯਰੂਸ਼ਲਮ ਵਿੱਚ ਹਨ। ਅਤੇ ਮੈਂ ਉਨ੍ਹਾਂ ਨੂੰ ਉਸੇ ਤਰ੍ਹਾਂ ਬਣਾ ਦਿਆਂਗਾ ਜਿਵੇਂ ਸੜੇ ਹੋਏ ਅੰਜੀਰ ਹੁੰਦੇ ਹਨ ਜਿਹੜੇ ਖਾਣ ਦੇ ਕਾਬਿਲ ਨਹੀਂ ਹੁੰਦੇ। 18 ਮੈਂ ਉਨ੍ਹਾਂ ਲੋਕਾਂ ਦਾ ਤਲਵਾਰ, ਭੁੱਖਮਰੀ ਅਤੇ ਭਿਆਨਕ ਬਿਮਾਰੀ ਨਾਲ ਪਿੱਛਾ ਕਰਾਂਗਾ ਜਿਹੜੇ ਹਾਲੇ ਵੀ ਯਰੂਸ਼ਲਮ ਵਿੱਚ ਹਨ। ਅਤੇ ਮੈਂ ਇਸ ਨੂੰ ਇਉਂ ਬਣਾ ਦਿਆਂਗਾ ਕਿ ਧਰਤੀ ਦੀਆਂ ਸਾਰੀਆਂ ਰਾਜਧਾਨੀਆਂ ਇਹ ਦੇਖਕੇ ਭੈਭੀਤ ਹੋ ਜਾਣਗੀਆਂ ਕਿ ਇਨ੍ਹਾਂ ਲੋਕਾਂ ਨਾਲ ਕੀ ਵਾਪਰਿਆ ਹੈ। ਉਹ ਲੋਕ ਤਬਾਹ ਹੋ ਜਾਣਗੇ। ਲੋਕੀ ਹੈਰਾਨੀ ਨਾਲ ਸੀਟੀਆਂ ਵਜਾਉਣਗੇ ਜਦੋਂ ਉਹ ਇਨ੍ਹਾਂ ਵਾਪਰੀਆਂ ਹੋਈਆਂ ਗੱਲਾਂ ਬਾਰੇ ਸੁਣਨਗੇ। ਅਤੇ ਲੋਕ ਉਨ੍ਹਾਂ ਨੂੰ ਮਿਸਾਲ ਦੇਣ ਲਈ ਵਰਤਣਗੇ ਜਦੋਂ ਉਹ ਲੋਕਾਂ ਨਾਲ ਮੰਦੀਆਂ ਗੱਲਾਂ ਵਾਪਰਨ ਦੀ ਮੰਗ ਕਰਨਗੇ। ਮੈਂ ਉਨ੍ਹਾਂ ਨੂੰ ਜਿੱਥੇ ਵੀ ਜਾਣ ਲਈ ਮਜ਼ਬੂਰ ਕਰਾਂਗਾ ਲੋਕ ਉਨ੍ਹਾਂ ਦੀ ਬੇਇੱਜ਼ਤੀ ਕਰਨਗੇ। 19 ਮੈਂ ਇਹ ਸਾਰੀਆਂ ਗੱਲਾਂ ਵਾਪਰਨ ਦੇਵਾਂਗਾ ਕਿਉਂ ਕਿ ਯਰੂਸ਼ਲਮ ਦੇ ਉਨ੍ਹਾਂ ਲੋਕਾਂ ਨੇ ਮੇਰੇ ਸੰਦੇਸ਼ ਨੂੰ ਨਹੀਂ ਸੁਣਿਆ।” ਇਹ ਸੰਦੇਸ਼ ਯਹੋਵਾਹ ਵੱਲੋਂ ਹੈ-“ਮੈਂ ਆਪਣਾ ਸੰਦੇਸ਼ ਉਨ੍ਹਾਂ ਨੂੰ ਬਾਰ-ਬਾਰ ਭੇਜਿਆ। ਮੈਂ ਆਪਣੇ ਸੇਵਕਾਂ, ਨਬੀਆਂ, ਦੀ ਵਰਤੋਂ ਉਨ੍ਹਾਂ ਲੋਕਾਂ ਨੂੰ ਆਪਣੇ ਸੰਦੇਸ਼ ਦੇਣ ਲਈ ਕੀਤੀ। ਪਰ ਲੋਕਾਂ ਨੇ ਨਹੀਂ ਸੁਣਿਆ।” ਇਹ ਸੰਦੇਸ਼ ਯਹੋਵਾਹ ਵੱਲੋਂ ਹੈ। 20 “ਤੁਸੀਂ ਲੋਕ ਬੰਦੀਵਾਨ ਹੋ। ਮੈਂ ਤੁਹਾਨੂੰ ਯਰੂਸ਼ਲਮ ਛੱਡ ਕੇ ਬਾਬਲ ਜਾਣ ਲਈ ਮਜ਼ਬੂਰ ਕੀਤਾ। ਇਸ ਲਈ, ਯਹੋਵਾਹ ਦੇ ਸੰਦੇਸ਼ ਨੂੰ ਸੁਣੋ।”

21 ਸਰਬ ਸ਼ਕਤੀਮਾਨ ਯਹੋਵਾਹ ਇਹ ਗੱਲਾਂ ਕੋਲਾਯਾਹ ਦੇ ਪੁੱਤਰ ਅਹਾਬ ਅਤੇ ਮਆਸਯਾਹ ਦੇ ਪੁੱਤਰ ਸਿਦਕੀਯਾਹ ਬਾਰੇ ਆਖਦਾ ਹੈ: “ਇਹ ਦੋਵੇਂ ਬੰਦੇ ਤੁਹਾਨੂੰ ਝੂਠ ਦਾ ਪ੍ਰਚਾਰ ਕਰਦੇ ਰਹੇ ਹਨ। ਉਨ੍ਹਾਂ ਨੇ ਆਖਿਆ ਹੈ ਕਿ ਉਨ੍ਹਾਂ ਦਾ ਸੰਦੇਸ਼ ਮੇਰੇ ਵੱਲੋਂ ਹੈ। (ਪਰ ਉਹ ਝੂਠ ਬੋਲ ਰਹੇ ਸਨ।) ਮੈਂ ਉਨ੍ਹਾਂ ਦੋਹਾਂ ਨਬੀਆਂ ਨੂੰ ਬਾਬਲ ਦੇ ਰਾਜੇ ਨਬੂਕਦਨੱਸਰ ਦੇ ਹਵਾਲੇ ਕਰ ਦਿਆਂਗਾ। ਅਤੇ ਨਬੂਕਦਨੱਸਰ ਉਨ੍ਹਾਂ ਨਬੀਆਂ ਨੂੰ ਤੁਹਾਡੇ ਲੋਕਾਂ ਦੇ ਸਾਹਮਣੇ ਮਾਰ ਮੁਕਾਵੇਗਾ ਜਿਹੜੇ ਬਾਬਲ ਵਿੱਚ ਬੰਦੀਵਾਨ ਹੋ। 22 ਸਾਰੇ ਯਹੂਦੀ ਬੰਦੀਵਾਨ ਉਨ੍ਹਾਂ ਲੋਕਾਂ ਨੂੰ ਮਿਸਾਲ ਦੇ ਤੌਰ ਤੇ ਵਰਤਣਗੇ ਜਦੋਂ ਉਹ ਹੋਰਨਾਂ ਲੋਕਾਂ ਨੂੰ ਸਰਾਪ ਦੇਣਗੇ। ਉਹ ਆਖਣਗੇ: ‘ਯਹੋਵਾਹ ਤੁਹਾਡੇ ਨਾਲ ਉਹੀ ਕਰੇ ਜੋ ਉਸ ਨੇ ਸਿਦਕੀਯਾਹ ਅਤੇ ਅਹਾਬ ਨਾਲ ਕੀਤਾ ਸੀ, ਜੋ ਬਾਬਲ ਦੇ ਰਾਜੇ ਦੁਆਰਾ ਅੱਗ ਵਿੱਚ ਸਾੜ ਦਿੱਤੇ ਗਏ ਸਨ!’ 23 ਉਨ੍ਹਾਂ ਦੋਹਾਂ ਨਬੀਆਂ ਨੇ ਇਸਰਾਏਲ ਦੇ ਲੋਕਾਂ ਅੰਦਰ ਬਹੁਤ ਮੰਦੀਆਂ ਗੱਲਾਂ ਕੀਤੀਆਂ ਸਨ। ਉਨ੍ਹਾਂ ਨੇ ਵਿਭਚਾਰ ਦਾ ਪਾਪ ਕੀਤਾ, ਆਪਣੇ ਗੁਆਂਢੀਆਂ ਦੀਆਂ ਪਤਨੀਆਂ ਨਾਲ। ਉਨ੍ਹਾਂ ਨੇ ਝੂਠ ਵੀ ਬੋਲਿਆ ਅਤੇ ਇਹ ਵੀ ਆਖਿਆ ਕਿ ਉਹ ਝੂਠ ਮੇਰੇ ਵੱਲੋਂ, ਯਹੋਵਾਹ ਵੱਲੋਂ, ਸੰਦੇਸ਼ ਸਨ। ਮੈਂ ਉਨ੍ਹਾਂ ਨੂੰ ਇਹ ਗੱਲਾਂ ਕਰਨ ਲਈ ਨਹੀਂ ਆਖਿਆ ਸੀ। ਮੈਂ ਜਾਣਦਾ ਹਾਂ ਕਿ ਉਨ੍ਹਾਂ ਨੇ ਕੀ ਕੀਤਾ ਹੈ। ਮੈਂ ਸਾਖੀ ਹਾਂ।” ਇਹ ਸੰਦੇਸ਼ ਯਹੋਵਾਹ ਵੱਲੋਂ ਸੀ।

ਪਰਮੇਸ਼ੁਰ ਦਾ ਸ਼ਮਅਯਾਹ ਨੂੰ ਸੰਦੇਸ਼

24 ਸ਼ਮਅਯਾਹ ਨੂੰ ਵੀ ਸੰਦੇਸ਼ ਦੇਵੀਂ। ਸ਼ਮਅਯਾਹ ਨਹਲਾਮ ਪਰਿਵਾਰ ਵਿੱਚੋਂ ਹੈ। 25 ਸਰਬ ਸ਼ਕਤੀਮਾਨ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ ਆਖਦਾ ਹੈ, “ਸ਼ਮਅਯਾਹ, ਤੂੰ ਯਰੂਸ਼ਲਮ ਦੇ ਸਾਰੇ ਲੋਕਾਂ ਨੂੰ ਚਿੱਠੀਆਂ ਭੇਜੀਆਂ। ਅਤੇ ਤੂੰ ਮਆਸੇਯਾਹ ਦੇ ਪੁੱਤਰ ਜਾਜਕ ਸਫ਼ਨਯਾਹ ਨੂੰ ਚਿੱਠੀਆਂ ਭੇਜੀਆਂ। ਤੂੰ ਸਾਰੇ ਜਾਜਕਾਂ ਨੂੰ ਵੀ ਚਿੱਠੀਆਂ ਪਾਈਆਂ। ਤੂੰ ਇਹ ਚਿੱਠੀਆਂ ਆਪਣੇ ਨਾਂ ਉੱਤੇ ਪਾਇਆਂ ਅਤੇ ਯਹੋਵਾਹ ਦੇ ਅਧਿਕਾਰ ਨਾਲ ਨਹੀਂ। 26 ਸ਼ਮਅਯਾਹ ਤੂੰ ਸਫ਼ਨਯਾਹ ਨੂੰ ਲਿਖੀ ਆਪਣੀ ਚਿੱਠੀ ਵਿੱਚ ਇਹ ਆਖਿਆ ਸੀ, ‘ਸਫ਼ਨਯਾਹ ਯਹੋਵਾਹ ਨੇ ਤੈਨੂੰ ਯਹੋਯਾਦਾ ਦੀ ਬਾਵੇਂ ਜਾਜਕ ਬਣਾਇਆ ਹੈ। ਤੂੰ ਯਹੋਵਾਹ ਦੇ ਮੰਦਰ ਦਾ ਸੰਚਾਲਕ ਹੋਣ ਵਾਲਾ ਹੈਂ। ਤੈਨੂੰ ਚਾਹੀਦਾ ਹੈ ਕਿ ਤੂੰ ਹਰ ਓਸ ਬੰਦੇ ਨੂੰ ਗ੍ਰਿਫ਼ਤਾਰ ਕਰ ਲਵੇਂ ਜਿਹੜਾ ਪਾਗਲਾਂ ਵਾਲੀਆਂ ਗੱਲਾਂ ਕਰਦਾ ਹੈ ਜਾਂ ਨਬੀ ਹੋਣ ਦਾ ਸਾਂਗ ਕਰਦਾ ਹੈ। ਤੈਨੂੰ ਚਾਹੀਦਾ ਹੈ ਕਿ ਉਸ ਦੇ ਪੈਰਾਂ ਵਿੱਚ ਲੱਕੜ ਦੀਆਂ ਬੇੜੀਆਂ ਅਤੇ ਗਲੇ ਵਿੱਚ ਲੋਹੇ ਦੇ ਸੰਗਲਲ ਪਾ ਦੇਵੇ। 27 ਹੁਣ ਯਿਰਮਿਯਾਹ ਨਬੀ ਹੋਣ ਦਾ ਦਾਵ੍ਹਾ ਕਰ ਰਿਹਾ ਹੈ। ਇਸ ਲਈ ਤੂੰ ਉਸ ਨੂੰ ਕਿਉਂ ਨਹੀਂ ਝਿੜਕਿਆ? 28 ਯਿਰਮਿਯਾਹ ਨੇ ਸਾਨੂੰ ਬਾਬਲ ਵਿੱਚ ਇਹ ਸੰਦੇਸ਼ ਭੇਜਿਆ ਹੈ: ਤੁਸੀਂ ਲੋਕ ਬਾਬਲ ਵਿੱਚ ਲੰਮਾਂ ਸਮਾਂ ਰਹੋਗੇ। ਇਸ ਲਈ ਘਰ ਬਣਾ ਕੇ ਟਿਕ ਜਾਵੋ। ਬਾਗ਼ ਲਗਾਓ ਅਤੇ ਉਨ੍ਹਾਂ ਦੇ ਫ਼ਲ ਖਾਓ।’”

29 ਜਾਜਕ ਸਫ਼ਨਯਾਹ ਨੇ ਨਬੀ ਯਿਰਮਿਯਾਹ ਨੂੰ ਚਿੱਠੀ ਪੜ੍ਹ ਕੇ ਸੁਣਾਈ। 30 ਤਾਂ ਯਿਰਮਿਯਾਹ ਨੂੰ ਯਹੋਵਾਹ ਦਾ ਸੰਦੇਸ਼ ਆਇਆ: 31 “ਯਿਰਮਿਯਾਹ, ਇਹ ਸੰਦੇਸ਼ ਬਾਬਲ ਦੇ ਸਾਰੇ ਬੰਦੀਵਾਨਾਂ ਨੂੰ ਦੇਹ: ‘ਯਹੋਵਾਹ ਨਹਲਾਮ ਪਰਿਵਾਰ ਦੇ ਬੰਦੇ ਸ਼ਮਅਯਾਹ ਬਾਰੇ ਇਹ ਆਖਦਾ ਹੈ: ਸ਼ਮਅਯਾਹ ਨੇ ਤੁਹਾਨੂੰ ਪ੍ਰਚਾਰ ਕੀਤਾ ਹੈ, ਪਰ ਮੈਂ ਉਸ ਨੂੰ ਨਹੀਂ ਸੀ ਭੇਜਿਆ। ਸ਼ਮਅਯਾਹ ਨੇ ਤੁਹਾਨੂੰ ਇੱਕ ਝੂਠ ਉੱਤੇ ਵਿਸ਼ਵਾਸ ਦਿਵਾਇਆ ਹੈ। 32 ਕਿਉਂ ਸ਼ਮਅਯਾਹ ਨੇ ਅਜਿਹਾ ਕੀਤਾ ਹੈ, ਇਸ ਲਈ ਯਹੋਵਾਹ ਇਹ ਆਖਦਾ ਹੈ: ਮੈਂ ਨਹਲਾਮ ਪਰਿਵਾਰ ਦੇ ਬੰਦੇ ਸ਼ਮਅਯਾਹ ਨੂੰ ਛੇਤੀ ਸਜ਼ਾ ਦੇਵਾਂਗਾ ਅਤੇ ਉਸ ਦੇ ਪਰਿਵਾਰ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦਿਆਂਗਾ। ਉਸ ਦੇ ਪਰਿਵਾਰ ਵਿੱਚੋਂ ਕੋਈ ਵੀ ਜਿਉਂਦਾ ਨਹੀਂ ਬਚੇਗਾ। ਉਸ ਦਾ ਉਨ੍ਹਾਂ ਚੰਗੀਆਂ ਚੀਜ਼ਾਂ ਵਿੱਚ ਕੋਈ ਹਿੱਸਾ ਨਹੀਂ ਹੋਵੇਗਾ ਜਿਹੜੀਆਂ ਮੈਂ ਆਪਣੇ ਬੰਦਿਆਂ ਲਈ ਕਰਾਂਗਾ।’” ਇਹ ਸੰਦੇਸ਼ ਯਹੋਵਾਹ ਵੱਲੋਂ ਹੈ। “‘ਮੈਂ ਸ਼ਮਅਯਾਹ ਨੂੰ ਸਜ਼ਾ ਦੇਵਾਂਗਾ ਕਿਉਂ ਕਿ ਉਸ ਨੇ ਲੋਕਾਂ ਨੂੰ ਯਹੋਵਾਹ ਦੇ ਖਿਲਾਫ਼ ਭੜਕਾਇਆ ਹੈ।’”

ਉਮੀਦ ਦੇ ਇਕਰਾਰ

30 ਇਹ ਉਹ ਸੰਦੇਸ਼ ਹੈ ਜਿਹੜਾ ਯਹੋਵਾਹ ਵੱਲੋਂ ਯਿਰਮਿਯਾਹ ਨੂੰ ਮਿਲਿਆ। ਯਹੋਵਾਹ ਇਸਰਾਏਲ ਦੇ ਲੋਕਾਂ ਦੇ ਪਰਮੇਸ਼ੁਰ, ਨੇ ਆਖਿਆ ਸੀ, “ਯਿਰਮਿਯਾਹ, ਜਿਹੜੇ ਸ਼ਬਦ ਮੈਂ ਤੈਨੂੰ ਆਖੇ ਨੇ ਉਨ੍ਹਾਂ ਨੂੰ ਇੱਕ ਕਿਤਾਬ ਵਿੱਚ ਲਿਖ ਲੈ। ਇਹ ਕਿਤਾਬ ਖੁਦ ਆਪਣੇ ਲਈ ਲਿਖ। ਅਜਿਹਾ ਹੀ ਕਰ ਕਿਉਂ ਕਿ ਉਹ ਦਿਨ ਆਉਣਗੇ।” ਇਹ ਸੰਦੇਸ਼ ਯਹੋਵਾਹ ਵੱਲੋਂ ਹੈ। “ਜਦੋਂ ਮੈਂ ਆਪਣੇ ਲੋਕਾਂ ਨੂੰ ਜਲਾਵਤਨੀ ਵਿੱਚੋਂ ਵਾਪਸ ਇਸਰਾਏਲ ਅਤੇ ਯਹੂਦਾਹ ਵਿੱਚ ਲਿਆਵਾਂਗਾ।” ਇਹ ਸੰਦੇਸ਼ ਯਹੋਵਾਹ ਵੱਲੋਂ ਹੈ। “ਮੈਂ ਉਨ੍ਹਾਂ ਲੋਕਾਂ ਨੂੰ ਉਸੇ ਧਰਤੀ ਉੱਤੇ ਵਸਾ ਦਿਆਂਗਾ ਜਿਹੜੀ ਮੈਂ ਉਨ੍ਹਾਂ ਦੇ ਪੁਰਖਿਆਂ ਨੂੰ ਦਿੱਤੀ ਸੀ। ਫ਼ੇਰ ਮੇਰੇ ਬੰਦੇ ਉਸ ਧਰਤੀ ਦੇ ਦੋਬਾਰਾ ਮਾਲਿਕ ਹੋਣਗੇ।”

ਯਹੋਵਾਹ ਨੇ ਇਹ ਸੰਦੇਸ਼ ਇਸਰਾਏਲ ਅਤੇ ਯਹੂਦਾਹ ਦੇ ਲੋਕਾਂ ਲਈ ਸੁਣਾਇਆ। ਇਹੀ ਹੈ ਜੋ ਯਹੋਵਾਹ ਨੇ ਆਖਿਆ:

“ਅਸੀਂ ਲੋਕਾਂ ਨੂੰ ਡਰ ਨਾਲ ਚੀਕਦਿਆਂ ਸੁਣਦੇ ਹਾਂ! ਲੋਕ ਭੈਭੀਤ ਨੇ!
    ਇੱਥੇ ਕੋਈ ਸ਼ਾਂਤੀ ਨਹੀਂ!

“ਇਹ ਸਵਾਲ ਪੁੱਛੋ ਅਤੇ ਇਸ ਬਾਰੇ ਸੋਚੋ:
    ਕੀ ਕੋਈ ਆਦਮੀ ਬੱਚਾ ਪੈਦਾ ਕਰ ਸੱਕਦਾ ਹੈ? ਬੇਸੱਕ ਨਹੀਂ!
ਫ਼ੇਰ ਮੈਂ ਹਰ ਤਾਕਤਵਰ ਬੰਦੇ ਨੂੰ ਆਪਣੇ ਪੇਟ ਨੂੰ ਸਾਂਭਦਿਆਂ ਕਿਉਂ ਦੇਖਦਾ ਹਾਂ,
    ਜਿਵੇਂ ਕੋਈ ਔਰਤ ਜਨਮ ਪੀੜਾਂ ਸਹਿ ਰਹੀ ਹੋਵੇ?
ਹਰ ਬੰਦੇ ਦਾ ਚਿਹਰਾ ਮਰੇ ਹੋਏ ਬੰਦੇ ਵਾਂਗ ਸਫ਼ੇਦ ਕਿਉਂ ਹੋ ਰਿਹਾ ਹੈ?
    ਕਿਉਂ ਲੋਕ ਡਰੇ ਹੋਏ ਨੇ।

“ਯਾਕੂਬ ਲਈ ਇਹ ਬਹੁਤ ਮਹੱਤਵਪੂਰਣ ਸਮਾਂ ਹੈ।
    ਇਹ ਸਮਾਂ ਵੱਡੀ ਬਿਪਤਾ ਵਾਲਾ ਹੈ।
ਇਹੋ ਜਿਹਾ ਸਮਾਂ ਕਦੇ ਵੀ ਨਹੀਂ ਹੋਵੇਗਾ।
    ਪਰ ਯਾਕੂਬ ਬਚ ਜਾਵੇਗਾ।

“ਉਸ ਸਮੇਂ,” ਇਹ ਸੰਦੇਸ਼ ਸਰਬ ਸ਼ਕਤੀਮਾਨ ਯਹੋਵਾਹ ਵੱਲੋਂ, “ਮੈਂ ਇਸਰਾਏਲ ਅਤੇ ਯਹੂਦਾਹ ਦੇ ਲੋਕਾਂ ਦੇ ਗਲਾਂ ਵਿੱਚ ਪਾਏ ਹੋਏ ਜੂਲੇ ਨੂੰ ਤੋੜ ਦਿਆਂਗਾ। ਅਤੇ ਮੈਂ ਤੁਹਾਨੂੰ ਬੰਨ੍ਹਣ ਵਾਲੀਆਂ ਰਸੀਆਂ ਨੂੰ ਤੋੜ ਦਿਆਂਗਾ। ਵਿਦੇਸ਼ੀ ਲੋਕ ਫ਼ੇਰ ਕਦੇ ਵੀ ਮੇਰੇ ਲੋਕਾਂ ਨੂੰ ਗੁਲਾਮ ਬਣ ਜਾਣ ਲਈ ਮਜ਼ਬੂਰ ਨਹੀਂ ਕਰਨਗੇ। ਇਸਰਾਏਲ ਅਤੇ ਯਹੂਦਾਹ ਦੇ ਲੋਕ ਵਿਦੇਸ਼ੀ ਲੋਕਾਂ ਦੀ ਸੇਵਾ ਨਹੀਂ ਕਰਨਗੇ। ਨਹੀਂ! ਉਹ ਯਹੋਵਾਹ ਆਪਣੇ ਪਰਮੇਸ਼ੁਰ ਦੀ ਸੇਵਾ ਕਰਨਗੇ ਅਤੇ ਉਹ ਆਪਣੇ ਰਾਜੇ ਦਾਊਦ ਦੀ ਸੇਵਾ ਕਰਨਗੇ, ਰਾਜੇ ਨੂੰ ਮੈਂ ਉਨ੍ਹਾਂ ਦੇ ਪਾਸ ਭੇਜ ਦਿਆਂਗਾ।

10 “ਇਸ ਲਈ, ਯਾਕੂਬ, ਮੇਰੇ ਸੇਵਕ, ਭੈਭੀਤ ਨਾ ਹੋ!”
    ਇਹ ਸੰਦੇਸ਼ ਯਹੋਵਾਹ ਵੱਲੋਂ ਹੈ।
“ਹੇ ਇਸਰਾਏਲ ਇਸਦੇ ਕਾਰਣ ਭੈਭੀਤ ਨਾ ਹੋ।
    ਮੈਂ ਤੈਨੂੰ ਉਨ੍ਹਾਂ ਦੂਰ ਦੁਰਾਡੀਆਂ ਥਾਵਾਂ ਤੋਂ ਬਚਾਵਾਂਗਾ।
ਮੈਂ ਤੇਰੇ ਉੱਤਰਾਧਿਕਾਰੀਆਂ ਨੂੰ ਉਸ ਦੂਰ-ਦੁਰਾਡੇ ਦੇਸ ਤੋਂ ਬਚਾਵਾਂਗਾ ਜਿੱਥੇ ਉਹ ਬੰਦੀ ਹਨ
    ਅਤੇ ਉਨ੍ਹਾਂ ਨੂੰ ਵਾਪਸ ਲਿਆਵਾਂਗਾ।
ਯਾਕੂਬ ਨੂੰ ਫ਼ੇਰ ਸ਼ਾਂਤੀ ਮਿਲੇਗੀ।
    ਲੋਕ ਯਾਕੂਬ ਨੂੰ ਤੰਗ ਨਹੀਂ ਕਰਨਗੇ।
    ਇੱਥੇ, ਮੇਰੇ ਲੋਕਾਂ ਨੂੰ ਭੈਭੀਤ ਕਰਨ ਵਾਲਾ ਕੋਈ ਦੁਸ਼ਮਣ ਨਹੀਂ ਹੋਵੇਗਾ।
11 ਇਸਰਾਏਲ ਅਤੇ ਯਹੂਦਾਹ ਦੇ ਲੋਕੋ, ਮੈਂ ਤੁਹਾਡੇ ਨਾਲ ਹਾਂ।”
    ਇਹ ਸੰਦੇਸ਼ ਯਹੋਵਾਹ ਵੱਲੋਂ ਹੈ।
“ਅਤੇ ਮੈਂ ਤੁਹਾਨੂੰ ਬਚਾਵਾਂਗਾ।
    ਮੈਂ ਤੁਹਾਨੂੰ ਉਨ੍ਹਾਂ ਕੌਮਾਂ ਕੋਲ ਭੇਜਿਆ ਸੀ।
    ਪਰ ਮੈਂ ਉਨ੍ਹਾਂ ਸਾਰੀਆਂ ਕੌਮਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਆਂਗਾ।
ਇਹ ਠੀਕ ਹੈ, ਮੈਂ ਉਨ੍ਹਾਂ ਕੌਮਾਂ ਨੂੰ ਤਬਾਹ ਕਰ ਦਿਆਂਗਾ।
    ਪਰ ਮੈਂ ਤੁਹਾਨੂੰ ਤਬਾਹ ਨਹੀਂ ਕਰਾਂਗਾ।
ਤੁਹਾਨੂੰ ਤੁਹਾਡੇ ਮੰਦੇ ਅਮਲਾਂ ਲਈ ਅਵੱਸ਼ ਸਜ਼ਾ ਮਿਲੇਗੀ।
    ਪਰ ਮੈਂ ਤੁਹਾਨੂੰ ਨਿਰਪੱਖ ਹੋਕੇ ਸਬਕ ਸਿੱਖਾਵਾਂਗਾ।”

12 ਯਹੋਵਾਹ ਆਖਦਾ ਹੈ:
ਇਸਰਾਏਲ ਅਤੇ ਯਹੂਦਾਹ ਦੇ ਲੋਕੋ, ਤੁਹਾਨੂੰ ਅਜਿਹਾ ਜ਼ਖਮ ਲੱਗਿਆ ਹੈ ਜਿਹੜਾ ਠੀਕ ਨਹੀਂ ਹੋ ਸੱਕਦਾ।
    ਤੁਹਾਨੂੰ ਨਾ ਠੀਕ ਹੋਣ ਵਾਲੀ ਚੋਟ ਲਗੀ ਹੈ।
13 ਇੱਥੇ ਤੁਹਾਡੇ ਜ਼ਖਮਾਂ ਨੂੰ ਦੇਖਣ ਵਾਲਾ ਕੋਈ ਬੰਦਾ ਨਹੀਂ।
    ਇਸ ਲਈ ਤੁਸੀਂ ਰਾਜ਼ੀ ਨਹੀਂ ਹੋਵੋਂਗੇ।
14 ਤੁਸੀਂ ਬਹੁਤ ਕੌਮਾਂ ਦੇ ਦੋਸਤ ਬਣ ਗਏ ਸੀ।
    ਪਰ ਉਹ ਕੌਮਾਂ ਤੁਹਾਡਾ ਧਿਆਨ ਨਹੀਂ ਰੱਖਦੀਆਂ।
    ਦੋਸਤ ਤੁਹਾਨੂੰ ਭੁੱਲ ਗਏ ਨੇ।
ਮੈਂ ਤੁਹਾਨੂੰ ਦੁਸ਼ਮਣ ਵਾਂਗ ਚੋਟ ਪਹੁੰਚਾਈ।
    ਮੈਂ ਤੁਹਾਨੂੰ ਬਹੁਤ ਸਖਤ ਸਜ਼ਾ ਦਿੱਤੀ।
ਅਜਿਹਾ ਮੈਂ ਤੁਹਾਡੇ ਵੱਡੇ ਦੋਸ਼ ਕਰਕੇ ਕੀਤਾ।
    ਅਜਿਹਾ ਮੈਂ ਤੁਹਾਡੇ ਬਹੁਤ ਸਾਰੇ ਪਾਪਾਂ ਕਰਕੇ ਕੀਤਾ।
15 ਇਸਰਾਏਲ ਤੇ ਯਹੂਦਾਹ, ਤੁਸੀਂ ਆਪਣੇ ਜ਼ਖਮਾਂ ਬਾਰੇ ਚੀਕਾਂ ਕਿਉਂ ਮਾਰ ਰਹੇ ਹੋ?
    ਤੁਹਾਡਾ ਜ਼ਖਮ ਬਹੁਤ ਕਸ਼ਟਦਾਇੱਕ ਹੈ, ਅਤੇ ਇਸ ਦਾ ਕੋਈ ਇਲਾਜ਼ ਨਹੀਂ।
ਮੈਂ, ਯਹੋਵਾਹ ਨੇ ਤੁਹਾਡੇ ਵੱਡੇ ਦੋਸ਼ ਕਾਰਣ ਤੁਹਾਡੇ ਨਾਲ ਇਹ ਗੱਲਾਂ ਕੀਤੀਆਂ।
    ਇਹ ਗੱਲਾਂ ਮੈਂ ਤੁਹਾਡੇ ਬਹੁਤ ਸਾਰੇ ਪਾਪਾਂ ਕਰਕੇ ਕੀਤੀਆਂ।
16 ਉਨ੍ਹਾਂ ਕੌਮਾਂ ਤੁਹਾਨੂੰ ਤਬਾਹ ਕੀਤਾ ਸੀ
    ਪਰ ਉਹ ਖੁਦ ਤਬਾਹ ਹੋ ਗਈਆਂ ਨੇ।
    ਇਸਰਾਏਲ ਤੇ ਯਹੂਦਾਹ, ਤੁਹਾਡੇ ਦੁਸ਼ਮਣ ਬੰਦੀ ਬਣ ਜਾਣਗੇ।
ਉਨ੍ਹਾਂ ਲੋਕਾਂ ਤੁਹਾਡੀਆਂ ਚੀਜ਼ਾਂ ਚੁਰਾਈਆਂ ਸਨ।
    ਪਰ ਹੋਰ ਲੋਕੀਂ ਉਨ੍ਹਾਂ ਦੀ ਚੋਰੀ ਕਰਨਗੇ।
ਉਨ੍ਹਾਂ ਲੋਕਾਂ ਜੰਗ ਅੰਦਰ ਤੁਹਾਡੀਆਂ ਚੀਜ਼ਾਂ ਖੋਹੀਆਂ ਸਨ।
    ਪਰ ਹੁਣ ਦੂਸਰੇ ਲੋਕ ਜੰਗ ਅੰਦਰ ਉਨ੍ਹਾਂ ਦੀਆਂ ਚੀਜ਼ਾਂ ਖੋਹਣਗੇ।
17 ਅਤੇ ਮੈਂ ਤੁਹਾਡੀ ਸਿਹਤ ਵਾਪਸ ਪਰਤਾਵਾਂਗਾ।
    ਅਤੇ ਮੈਂ ਤੁਹਾਡੇ ਜ਼ਖਮਾਂ ਦਾ ਇਲਾਜ਼ ਕਰਾਂਗਾ।
    ਇਹ ਸੰਦੇਸ਼ ਯਹੋਵਾਹ ਵੱਲੋਂ ਹੈ।
“ਕਿਉਂ? ਕਿਉਂ ਕਿ ਹੋਰਨਾਂ ਲੋਕਾਂ ਤੁਹਾਨੂੰ ਅਛੂਤ ਆਖਿਆ।
    ਉਨ੍ਹਾਂ ਲੋਕਾਂ ਨੇ ਆਖਿਆ, ‘ਕੋਈ ਵੀ ਸੀਯੋਨ ਵੱਲ ਧਿਆਨ ਨਹੀਂ ਦਿੰਦਾ।’”

18 ਯਹੋਵਾਹ ਆਖਦਾ ਹੈ:
“ਹੁਣ ਯਾਕੂਬ ਦੇ ਬੰਦੇ ਬੰਦੀ ਨੇ।
    ਪਰ ਉਹ ਵਾਪਸ ਪਰਤ ਕੇ ਆਉਣਗੇ।
    ਅਤੇ ਮੈਂ ਯਾਕੂਬ ਦੇ ਮਕਾਨਾਂ ਉੱਤੇ ਤਰਸ ਕਰਾਂਗਾ।
ਸ਼ਹਿਰ ਹੁਣ ਸਿਰਫ਼ ਖੰਡਰਾਂ ਨਾਲ ਢੱਕੀ ਹੋਈ ਸੱਖਣੀ ਪਹਾੜੀ ਹੀ ਹੈ।
    ਪਰ ਸ਼ਹਿਰ ਨੂੰ ਇਸਦੀ ਪਹਾੜੀ ਉੱਤੇ ਉਸਾਰਿਆ ਜਾਵੇਗਾ।
    ਅਤੇ ਪਾਤਸ਼ਾਹ ਦੇ ਮਹਿਲ ਨੂੰ ਉਸਾਰਿਆ ਜਾਵੇਗਾ, ਜਿੱਥੇ ਇਸ ਨੂੰ ਹੋਣਾ ਚਾਹੀਦਾ ਹੈ।
19 ਉਨ੍ਹਾਂ ਥਾਵਾਂ ਦੇ ਲੋਕ ਉਸਤਤ ਦੇ ਗੀਤ ਗਾਉਣਗੇ।
    ਅਤੇ ਉੱਥੇ ਹਾਸਿਆਂ ਦਾ ਸ਼ੋਰ ਉੱਠੇਗਾ।
ਮੈਂ ਉਨ੍ਹਾਂ ਨੂੰ ਢੇਰ ਸਾਰੇ ਬੱਚਿਆਂ ਦਾ ਵਰਦਾਨ ਦੇਵਾਂਗਾ।
    ਇਸਰਾਏਲ ਅਤੇ ਯਹੂਦਾਹ ਛੋਟੇ ਨਹੀਂ ਹੋਣਗੇ।
ਮੈਂ ਉਨ੍ਹਾਂ ਨੂੰ ਇੱਜ਼ਤ ਬਖਸ਼ਾਂਗਾ।
    ਕੋਈ ਉਨ੍ਹਾਂ ਦੀ ਬੇਕਦਰੀ ਨਹੀਂ ਕਰ ਸੱਕੇਗਾ।
20 ਯਾਕੂਬ ਦਾ ਪਰਿਵਾਰ ਹੋਵੇਗਾ ਜਿਸ ਤਰ੍ਹਾਂ ਬਹੁਤ ਪਹਿਲੋਂ,
    ਇਸਰਾਏਲ ਦਾ ਪਰਿਵਾਰ ਹੁੰਦਾ ਸੀ ਮੈਂ ਇਸਰਾਏਲ ਤੇ ਯਹੂਦਾਹ ਨੂੰ ਮਜ਼ਬੂਤ ਬਣਾਵਾਂਗਾ,
    ਅਤੇ ਮੈਂ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਵਾਂਗਾ, ਜਿਨ੍ਹਾਂ ਉਨ੍ਹਾਂ ਨੂੰ ਦੁੱਖ ਦਿੱਤਾ ਸੀ।
21 ਕੋਈ ਆਪਣਾ ਬੰਦਾ ਹੀ ਉਨ੍ਹਾਂ ਦੀ ਅਗਵਾਈ ਕਰੇਗਾ।
    ਉਹ ਹਾਕਮ ਮੇਰੇ ਆਪਣੇ ਬੰਦਿਆਂ ਵਿੱਚੋਂ ਆਵੇਗਾ।
ਲੋਕ ਮੇਰੇ ਨਜ਼ਦੀਕ ਆ ਸੱਕਦੇ ਨੇ, ਜੇ ਸਿਰਫ਼ ਮੈਂ ਹੀ ਉਨ੍ਹਾਂ ਨੂੰ ਇਸ ਲਈ ਆਖਾਂ।
    ਇਸ ਲਈ ਮੈਂ ਉਸ ਆਗੂ ਨੂੰ ਮੇਰੇ ਨਜ਼ਦੀਕ ਆਉਣ ਲਈ ਆਖਾਂਗਾ।
    ਅਤੇ ਉਹ ਮੇਰੇ ਨਜ਼ਦੀਕ ਆਵੇਗਾ।
22 ਤੁਸੀਂ ਮੇਰੇ ਬੰਦੇ ਹੋਵੋਂਗੇ।
    ਅਤੇ ਮੈਂ ਤੁਹਾਡਾ ਪਰਮੇਸ਼ੁਰ ਹੋਵਾਂਗਾ।”

23 ਯਹੋਵਾਹ ਬਹੁਤ ਕਹਿਰਵਾਨ ਸੀ!
    ਉਸ ਨੇ ਲੋਕਾਂ ਨੂੰ ਸਜ਼ਾ ਦਿੱਤੀ ਸੀ।
ਸਜ਼ਾ ਤੂਫ਼ਾਨ ਵਾਂਗ ਆਈ ਸੀ,
    ਇਹ ਮੰਦੇ ਲੋਕਾਂ ਦੇ ਵਿਰੁੱਧ ਚਕਰਵਾਤ ਵਾਂਗ ਆਈ ਸੀ।
24 ਯਹੋਵਾਹ ਦਾ ਕਹਿਰ ਨਹੀਂ ਰੁਕੇਗਾ
    ਜਦੋਂ ਤੀਕ ਉਹ ਆਪਣੀਆਂ ਵਿਉਂਤਾਂ ਖਤਮ ਨਹੀਂ ਕਰ ਲੈਂਦਾ।
ਜਦੋਂ ਉਹ ਦਿਨ ਖਤਮ ਹੋਵੇਗਾ,
    ਤੁਸੀਂ ਲੋਕ ਸਮਝ ਜਾਵੋਂਗੇ।

ਨਵਾਂ ਇਸਰਾਏਲ

31 ਯਹੋਵਾਹ ਨੇ ਇਹ ਗੱਲਾਂ ਆਖੀਆਂ, “ਉਸ ਸਮੇਂ, ਮੈਂ ਇਸਰਾਏਲ ਦੇ ਸਮੂਹ ਪਰਿਵਾਰ-ਸਮੂਹਾਂ ਦਾ ਪਰਮੇਸ਼ੁਰ ਹੋਵਾਂਗਾ। ਅਤੇ ਉਹ ਮੇਰੇ ਬੰਦੇ ਹੋਣਗੇ।”

ਯਹੋਵਾਹ ਆਖਦਾ ਹੈ:
“ਜੋ ਲੋਕ ਦੁਸ਼ਮਣ ਦੀ ਤਲਵਾਰ ਕੋਲੋਂ ਬਚੇ ਸਨ, ਉਹ ਮਾਰੂਬਲ ਅੰਦਰ ਅਰਾਮ ਲੱਭਣਗੇ।
    ਇਸਰਾਏਲ ਓੱਥੇ ਅਰਾਮ ਦੀ ਤਲਾਸ਼ ਵਿੱਚ ਜਾਵੇਗਾ।”
ਦੂਰ ਦੁਰਾਡਿਓ,
    ਯਹੋਵਾਹ ਆਪਣੇ ਲੋਕਾਂ ਨੂੰ ਦਿਖਾਈ ਦੇਵੇਗਾ।

ਯਹੋਵਾਹ ਆਖਦਾ ਹੈ, “ਮੈਂ ਤੁਹਾਨੂੰ ਲੋਕਾਂ ਨੂੰ ਅਜਿਹਾ ਪਿਆਰ ਕਰਦਾ ਹਾਂ ਜੋ ਸਦਾ ਲਈ ਰਹਿੰਦਾ ਹੈ।
    ਇਸੇ ਲਈ ਮੈਂ ਤੁਹਾਡੇ ਉੱਤੇ ਮਿਹਰ ਦਰਸਾਉਣਾ ਜਾਰੀ ਰੱਖਿਆ।
ਇਸਰਾਏਲ, ਮੇਰੀ ਵਹੁਟੀਏ, ਮੈਂ ਤੈਨੂੰ ਫ਼ੇਰ ਉਸਾਰਾਂਗਾ।
    ਤੂੰ ਫ਼ੇਰ ਤੋਂ ਇੱਕ ਮੁਲਕ ਬਣੇਁਗੀ।
ਤੂੰ ਫ਼ੇਰ ਤੋਂ ਆਪਣੀਆਂ ਤੰਬੂਰੀਆਂ ਚੁੱਕੇਂਗੀ।
    ਫ਼ੇਰ ਤੂੰ ਉਨ੍ਹਾਂ ਸਾਰੇ ਲੋਕਾਂ ਨਾਲ ਨੱਚੇਁਗੀ, ਜਿਹੜੇ ਖੁਸ਼ੀ ਮਨਾ ਰਹੇ ਨੇ।
ਇਸਰਾਏਲ ਦੇ ਕਿਸਾਨੋ, ਤੁਸੀਂ ਫੇਰ ਅੰਗੂਰਾਂ ਦੇ ਬਗੀਚੇ ਬੀਜੋਁਗੇ।
    ਤੁਸੀਂ ਸਾਮਰਿਯਾ ਸ਼ਹਿਰ ਦੀਆਂ ਪਹਾੜੀਆਂ ਦੁਆਲੇ ਅੰਗੂਰਾਂ ਦੀਆਂ ਵੇਲਾਂ ਲਗਾਵੋਂਗੇ।
    ਅਤੇ ਉਹ ਕਿਸਾਨ ਉਨ੍ਹਾਂ ਵੇਲਾਂ ਦੇ ਅੰਗੂਰ ਮਾਨਣਗੇ।
ਉਹ ਅਜਿਹਾ ਸਮਾਂ ਹੋਵੇਗਾ ਜਦੋਂ ਚੌਕੀਦਾਰ ਕੂਕ ਕੇ ਇਹ ਸੰਦੇਸ਼ ਸੁਣਾਵੇਗਾ:
    ਆਓ, ਅਸੀਂ ਸੀਯੋਨ ਉੱਤੇ ਯਹੋਵਾਹ ਆਪਣੇ ਪਰਮੇਸ਼ੁਰ ਦੀ ਉਪਾਸਨਾ ਕਰਨ ਲਈ ਚੱਲੀਏ!
ਅਫ਼ਰਾਈਮ ਦੇ ਪਹਾੜੀ ਦੇਸ਼ ਅੰਦਰ ਵੀ ਚੌਕੀਦਾਰ ਉਹ ਸੰਦੇਸ਼ ਕੂਕ ਸੁਣਾਵੇਗਾ।”

ਯਹੋਵਾਹ ਆਖਦਾ ਹੈ:
“ਖੁਸ਼ ਹੋਵੋ ਅਤੇ ਯਾਕੂਬ ਲਈ ਗੀਤ ਗਾਵੋ!
    ਇਸਰਾਏਲ, ਸਾਰੀਆਂ ਕੌਮਾਂ ਵਿੱਚੋਂ ਮਹਾਨ ਕੌਮ ਦੇ ਨਾਹਰੇ ਮਾਰੋ!
ਉਸਤਤ ਗਾਵੋ ਅਤੇ ਨਾਹਰੇ ਮਾਰੋ:
    ‘ਯਹੋਵਾਹ ਨੇ ਆਪਣੇ ਲੋਕਾਂ ਨੂੰ ਬਚਾਇਆ!
    ਉਸ ਨੇ ਉਨ੍ਹਾਂ ਲੋਕਾਂ ਨੂੰ ਬਚਾਇਆ ਹੈ, ਜਿਹੜੇ ਇਸਰਾਏਲ ਦੀ ਕੌਮ ਵਿੱਚੋਂ ਜਿਉਂਦੇ ਰਹਿ ਗਏ ਨੇ।’
ਚੇਤੇ ਰੱਖੋ, ਮੈਂ ਇਸਰਾਏਲ ਨੂੰ ਉੱਤਰ ਵੱਲ ਦੇ
    ਉਸ ਦੇਸ਼ ਵਿੱਚੋਂ ਲਿਆਵਾਂਗਾ।
ਮੈਂ ਇਸਰਾਏਲ ਦੇ ਲੋਕਾਂ ਨੂੰ ਧਰਤੀ ਦੀਆਂ ਦੂਰ-ਦੁਰਾਡੀਆਂ ਥਾਵਾਂ ਤੋਂ ਇਕੱਠੇ ਕਰਾਂਗਾ।
    ਕੁਝ ਲੋਕ ਅੰਨ੍ਹੇ ਜਾਂ ਵਿਕਲਾਂਗ ਹੋਣਗੇ।
ਕੁਝ ਔਰਤਾਂ ਗਰਭਵਤੀ, ਬੱਚੇ ਜਣਨ ਲਈ ਤਿਆਰ ਹੋਣਗੀਆਂ।
    ਪਰ ਬਹੁਤ ਸਾਰੇ ਲੋਕ ਵਾਪਸ ਆਉਣਗੇ।
ਉਹ ਲੋਕ ਰੋਦੇ ਹੋਏ ਆਉਣਗੇ।
    ਪਰ ਮੈਂ ਉਨ੍ਹਾਂ ਦੀ ਅਗਵਾਈ ਕਰਾਂਗਾ ਅਤੇ ਉਨ੍ਹਾਂ ਨੂੰ ਸੱਕੂਨ ਦੇਵਾਂਗਾ।
ਮੈਂ ਉਨ੍ਹਾਂ ਲੋਕਾਂ ਦੀ ਅਗਵਾਈ ਪਾਣੀ ਦੀਆਂ ਨਦੀਆਂ ਦੇ ਨਾਲ-ਨਾਲ ਕਰਾਂਗਾ।
    ਮੈਂ ਉਨ੍ਹਾਂ ਦੀ ਅਗਵਾਈ ਸੌਖੇ ਰਾਹ ਉੱਤੇ ਅਗਵਾਈ ਕਰਾਂਗਾ ਤਾਂ ਜੋ ਉਹ ਠੋਕਰਾਂ ਨਾ ਖਾਣ।
ਮੈਂ ਓਸੇ ਤਰ੍ਹਾਂ ਉਨ੍ਹਾਂ ਦੀ ਅਗਵਾਈ ਕਰਾਂਗਾ ਕਿਉਂ ਕਿ ਮੈਂ ਇਸਰਾਏਲ ਦਾ ਪਿਤਾ ਹਾਂ।
    ਅਤੇ ਅਫ਼ਰਾਈਮ ਮੇਰਾ ਪਹਿਲੋਠਾ ਪੁੱਤਰ ਹੈ।
10 ਕੌਮੋ, ਯਹੋਵਾਹ ਵੱਲੋਂ, ਇਸ ਸੰਦੇਸ਼ ਨੂੰ ਸੁਣੋ!
    ਇਸ ਸੰਦੇਸ਼ ਬਾਰੇ ਸਮੁੰਦਰ ਕੰਢੇ ਦੇ ਦੂਰ-ਦੁਰਾਡੇ ਦੇ ਦੇਸ਼ਾਂ ਨੂੰ ਦੱਸੋ।
‘ਪਰਮੇਸ਼ੁਰ ਨੇ ਇਸਰਾਏਲ ਦੇ ਲੋਕਾਂ ਨੂੰ ਖਿੰਡਾਇਆ ਸੀ
    ਪਰ ਪਰਮੇਸ਼ੁਰ ਹੀ ਉਨ੍ਹਾਂ ਨੂੰ ਵਾਪਸ ਇਕੱਠਿਆਂ ਲਿਆਵੇਗਾ
    ਅਤੇ ਉਹ ਇੱਕ ਅਯਾਲੀ ਵਾਂਗ ਆਪਣੇ ਇੱਜੜ (ਲੋਕਾਂ) ਦੀ ਨਿਗਰਾਨੀ ਕਰੇਗਾ।’
11 ਯਹੋਵਾਹ ਯਾਕੂਬ ਨੂੰ ਵਾਪਸ ਲਿਆਵੇਗਾ।
    ਯਾਕੂਬ ਆਪਣੇ ਲੋਕਾਂ ਨੂੰ ਉਨ੍ਹਾਂ ਲੋਕਾਂ ਤੋਂ ਬਚਾਵੇਗਾ ਜਿਹੜੇ ਉਨ੍ਹਾਂ ਨਾਲੋਂ ਤਾਕਤਵਰ ਨੇ।
12 ਇਸਰਾਏਲ ਦੇ ਲੋਕ ਸੀਯੋਨ ਦੀ ਚੋਟੀ ਉੱਤੇ ਆਉਣਗੇ
    ਅਤੇ ਉਹ ਖੁਸ਼ੀ ਦੇ ਨਾਹਰੇ ਮਾਰਨਗੇ।
ਉਨ੍ਹਾਂ ਦੇ ਚਿਹਰੇ ਉਨ੍ਹਾਂ ਚੰਗੀਆਂ ਚੀਜ਼ਾਂ ਲਈ ਖੁਸ਼ੀ ਨਾਲ ਚਮਕਣਗੇ ਜੋ ਯਹੋਵਾਹ ਉਨ੍ਹਾਂ ਨੂੰ ਦੇਵੇਗਾ।
    ਯਹੋਵਾਹ ਉਨ੍ਹਾਂ ਨੂੰ ਅਨਾਜ, ਨਵੀਂ ਮੈਅ, ਜ਼ੈਤੂਨ ਦਾ ਤੇਲ, ਲੇਲੇ ਅਤੇ ਗਾਵਾਂ ਦੇਵੇਗਾ।
ਉਹ ਉਸ ਬਾਗ਼ ਵਰਗੇ ਹੋਣਗੇ, ਜਿੱਥੇ ਪਾਣੀ ਬਹੁਤ ਹੁੰਦਾ ਹੈ।
    ਅਤੇ ਇਸਰਾਏਲ ਦੇ ਲੋਕ ਹੁਣ ਹੋਰ ਮੁਸ਼ਕਿਲ ਵਿੱਚ ਨਹੀਂ ਪੈਣਗੇ।
13 ਫ਼ੇਰ ਇਸਰਾਏਲ ਦੀਆਂ ਮੁਟਿਆਰਾਂ ਖੁਸ਼ ਹੋਕੇ ਨੱਚਣਗੀਆਂ।
    ਅਤੇ ਨਾਚ ਵਿੱਚ ਬੁੱਢੇ ਅਤੇ ਗੱਭਰੂ ਸ਼ਾਮਿਲ ਹੋਣਗੇ।
ਮੈਂ ਉਨ੍ਹਾਂ ਦੀ ਉਦਾਸੀ ਨੂੰ ਖੁਸ਼ੀ ਵਿੱਚ ਬਦਲ ਦਿਆਂਗਾ।
    ਮੈਂ ਇਸਰਾਏਲ ਦੇ ਲੋਕਾਂ ਨੂੰ ਸੱਕੂਨ ਪਹੁੰਚਾਵਾਂਗਾ।
    ਮੈਂ ਉਨ੍ਹਾਂ ਦੀ ਉਦਾਸੀ ਖੁਸ਼ੀ ਵਿੱਚ ਬਦਲ ਦਿਆਂਗਾ।
14 ਮੈਂ ਜਾਜਕਾਂ ਨੂੰ ਚੋਖਾ ਭੋਜਨ ਦੇਵਾਂਗਾ।
    ਅਤੇ ਮੇਰੇ ਲੋਕ ਉਨ੍ਹਾਂ ਚੰਗੀਆਂ ਚੀਜ਼ਾਂ ਨਾਲ ਰੱਜੇ ਅਤੇ ਸੰਤੁਸ਼ਟ ਹੋਣਗੇ ਜੋ ਮੈਂ ਉਨ੍ਹਾਂ ਨੂੰ ਦੇਵਾਂਗਾ।”
ਇਹ ਸੰਦੇਸ਼ ਯਹੋਵਾਹ ਵੱਲੋਂ ਸੀ।

15 ਯਹੋਵਾਹ ਆਖਦਾ ਹੈ:
“ਰਾਮਾਹ ਅੰਦਰ ਇੱਕ ਅਵਾਜ਼ ਸੁਣਾਈ ਦੇਵੇਗੀ।
    ਇਹ ਬਹੁਤ ਉਦਾਸੀ ਨਾਲ ਭਰੇ ਸਖਤ ਰੋਣ ਦੀ ਹੋਵੇਗੀ।
ਰਾਖੇਲ ਆਪਣੇ ਬੱਚਿਆਂ ਲਈ ਰੋ ਰਹੀ ਹੋਵੇਗੀ।
    ਰਾਖੇਲ ਧੀਰਜ ਨਹੀਂ ਧਰੇਗੀ ਕਿਉਂ ਕਿ ਉਸ ਦੇ ਬੱਚੇ ਹਨ ਮਰ ਗਏ ਹੋਏ।”

16 ਪਰ ਯਹੋਵਾਹ ਆਖਦਾ ਹੈ: “ਰੋਣ ਤੋਂ ਰੁਕ ਜਾਓ!
    ਆਪਣੀਆਂ ਅੱਖੀਆਂ ਵਿੱਚ ਹੰਝੂ ਨਾ ਭਰੋ!
ਤੈਨੂੰ ਆਪਣੇ ਕੰਮ ਦਾ ਇਨਾਮ ਮਿਲੇਗਾ।”
    ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
    “ਇਸਰਾਏਲ ਦੇ ਲੋਕ ਆਪਣੇ ਦੁਸ਼ਮਣ ਦੀ ਧਰਤੀ ਤੋਂ ਵਾਪਸ ਪਰਤ ਆਉਣਗੇ।
17 ਇਸਰਾਏਲ, ਤੇਰੇ ਲਈ ਅਜੇ ਉਮੀਦ ਹੈ।”
    ਇਹ ਸੰਦੇਸ਼ ਯਹੋਵਾਹ ਵੱਲੋਂ ਹੈ।
    “ਤੇਰੇ ਬੱਚੇ ਵਾਪਸ ਆਪਣੀ ਧਰਤੀ ਉੱਤੇ ਆ ਜਾਣਗੇ।
18 ਮੈਂ ਅਫ਼ਰਾਈਮ ਨੂੰ ਰੋਦਿਆਂ ਸੁਣਿਆ ਹੈ।
ਮੈਂ ਅਫ਼ਰਾਈਮ ਨੂੰ ਇਹ ਗੱਲਾਂ ਆਖਦਿਆਂ ਸੁਣਿਆ ਹੈ:
    ‘ਯਹੋਵਾਹ, ਤੂੰ ਸੱਚਮੁੱਚ ਮੈਨੂੰ ਸਜ਼ਾ ਦਿੱਤੀ!
    ਅਤੇ ਮੈਂ ਆਪਣਾ ਸਬਕ ਸਿੱਖ ਲਿਆ।
    ਮੈਂ ਉਸ ਵੱਛੇ ਵਰਗਾ ਸਾਂ, ਜਿਸ ਨੂੰ ਕਦੇ ਸਿੱਧਾਇਆ ਨਹੀਂ ਗਿਆ ਸੀ।
ਮਿਹਰ ਕਰਕੇ ਮੈਨੂੰ ਸਜ਼ਾ ਦੇਣੋ ਰੁਕ ਜਾਓ,
    ਅਤੇ ਮੈਂ ਵਾਪਸ ਤੁਹਾਡੇ ਵੱਲ ਪਰਤ ਆਵਾਂਗਾ।
    ਤੁਸੀਂ ਸੱਚਮੁੱਚ ਯਹੋਵਾਹ ਮੇਰੇ ਪਰਮੇਸ਼ੁਰ ਹੋ।
19 ਯਹੋਵਾਹ, ਮੈਂ ਤੁਹਾਡੇ ਕੋਲੋਂ ਦੂਰ ਭਟਕ ਗਿਆ ਸਾਂ।
    ਪਰ ਮੈਂ ਆਪਣੇ ਕੀਤੇ ਮੰਦੇ ਅਮਲਾਂ ਨੂੰ ਜਾਣ ਗਿਆ।
    ਇਸ ਲਈ ਮੈਂ ਆਪਣਾ ਦਿਲ ਤੇ ਜੀਵਨ ਬਦਲ ਲਿਆ।
ਮੈਂ ਉਨ੍ਹਾਂ ਮੂਰੱਖਤਾ ਭਰੀਆਂ ਗੱਲਾਂ ਕਾਰਣ ਸ਼ਰਮਸਾਰ ਅਤੇ ਨਮੋਸ਼ੀ ਭਰਿਆ ਹਾਂ,
    ਜਿਹੜੀਆਂ ਮੈਂ ਜਵਾਨੀ ਵੇਲੇ ਕੀਤੀਆਂ ਸਨ।’”
20 ਪਰਮੇਸ਼ੁਰ ਆਖਦਾ ਹੈ,
“ਤੁਸੀਂ ਜਾਣਦੇ ਹੋ ਕਿ ਅਫ਼ਰਾਈਮ ਮੇਰਾ ਪਿਆਰਾ ਪੁੱਤਰ ਹੈ।
    ਮੈਂ ਉਸ ਬੱਚੇ ਨੂੰ ਪਿਆਰ ਕਰਦਾ ਹਾਂ। ਹਾਂ,
ਮੈਂ ਉਸ ਨੂੰ ਬੜੀ ਵਾਰੀ ਨਿੰਦਿਆ
    ਪਰ ਹਾਲੇ ਵੀ ਮੈਨੂੰ ਉਸਦਾ ਖਿਆਲ ਹੈ।
ਮੈਂ ਉਸ ਨੂੰ ਬਹੁਤ ਪਿਆਰ ਕਰਦਾ ਹਾਂ।
    ਅਤੇ ਸੱਚਮੁੱਚ ਮੈਂ ਉਸ ਨੂੰ ਤਸੱਲੀ ਦੇਣਾ ਚਾਹੁੰਦਾ ਹਾਂ।”
ਇਹ ਸੰਦੇਸ਼ ਯਹੋਵਾਹ ਵੱਲੋਂ ਸੀ।

21 “ਇਸਰਾਏਲ ਦੇ ਲੋਕੋ, ਸੜਕਾਂ ਦੇ ਨਿਸ਼ਾਨ ਲਗਾ ਦੇਵੋ।
    ਅਜਿਹੇ ਸੰਕੇਤ ਰੱਖ ਦਿਓ ਜਿਹੜੇ ਘਰ ਦਾ ਰਸਤਾ ਦਰਸਾਉਣ।
ਰਸਤੇ ਦੀ ਨਿਗਰਾਨੀ ਕਰੋ।
    ਉਸ ਰਾਹ ਨੂੰ ਚੇਤੇ ਰੱਖੋ, ਜਿਸ ਉੱਤੇ ਤੁਸੀਂ ਤੁਰਦੇ ਜਾ ਰਹੇ ਹੋ।
ਇਸਰਾਏਲ, ਮੇਰੀ ਵਹੁਟੀਏ, ਘਰ ਆ ਜਾ।
    ਆਪਣੇ ਕਸਬਿਆਂ ਨੂੰ ਵਾਪਸ ਆ ਜਾ।
22 ਬੇਵਫ਼ਾ ਪੁੱਤਰੀਏ,
    ਤੂੰ ਕਿੰਨਾ ਕੁ ਚਿਰ ਇਧਰ ਓਧਰ ਭਟਕਦੀ ਰਹੇਂਗੀ?

“ਤੂੰ ਕਦੋਂ ਘਰ ਪਰਤ ਕੇ ਆਵੇਂਗ? ਜਦੋਂ ਯਹੋਵਾਹ ਧਰਤੀ ਉੱਤੇ ਕੋਈ ਨਵੀਂ ਸਿਰਜਣਾ ਕਰਦਾ ਹੈ:
    ਆਦਮੀ ਦੁਆਲੇ ਔਰਤ।”

23 ਸਰਬ ਸ਼ਕਤੀਮਾਨ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ ਆਖਦਾ ਹੈ, “ਮੈਂ ਯਹੂਦਾਹ ਦੇ ਲੋਕਾਂ ਲਈ ਫ਼ੇਰ ਚੰਗੀਆਂ ਗੱਲਾਂ ਕਰਾਂਗਾ। ਮੈਂ ਉਨ੍ਹਾਂ ਲੋਕਾਂ ਨੂੰ ਵਾਪਸ ਲਿਆਵਾਂਗਾ ਜਿਨ੍ਹਾਂ ਨੂੰ ਬੰਦੀ ਬਣਾ ਕੇ ਲਿਜਾਇਆ ਗਿਆ ਸੀ। ਉਸ ਸਮੇਂ, ਯਹੂਦਾਹ ਦੀ ਧਰਤੀ ਅਤੇ ਇਸ ਦੇ ਕਸਬਿਆਂ ਦੇ ਲੋਕ ਇੱਕ ਵਾਰੀ ਫ਼ੇਰ ਇਹ ਸ਼ਬਦ ਵਰਤਣਗੇ: ਯਹੋਵਾਹ ਤੁਹਾਨੂੰ ਅਸੀਸ ਦੇਵੇ, ਚੰਗੇ ਘਰ ਅਤੇ ਪਵਿੱਤਰ ਪਰਬਤ!”

24 “ਯਹੂਦਾਹ ਦੇ ਸਾਰੇ ਕਸਬਿਆਂ ਦੇ ਲੋਕ ਸ਼ਾਂਤੀ ਨਾਲ ਇਕੱਠੇ ਰਹਿਣਗੇ। ਕਿਸਾਨ ਅਤੇ ਉਹ ਲੋਕ ਜਿਹੜੇ ਆਪਣੇ ਇੱਜੜਾਂ ਦੇ ਨਾਲ ਇਧਰ ਓਧਰ ਤੁਰਦੇ ਫ਼ਿਰਦੇ ਨੇ, ਯਹੂਦਾਹ ਵਿੱਚ ਸ਼ਾਂਤੀ ਨਾਲ ਰਲ ਕੇ ਰਹਿਣਗੇ। 25 ਮੈਂ ਬੱਕੇ ਹਾਰੇ ਲੋਕਾਂ ਨੂੰ ਆਰਾਮ ਅਤੇ ਤਾਕਤ ਦਿਆਂਗਾ।”

26 ਇਹ ਸੁਣਨ ਤੋਂ ਮਗਰੋਂ, ਮੈਂ ਜਾਗ ਪਿਆ ਅਤੇ ਆਲੇ-ਦੁਆਲੇ ਦੇਖਣ ਲੱਗਾ। ਇਹ ਬਹੁਤ ਚੰਗੀ ਨੀਂਦ ਸੀ।

27 “ਆ ਰਹੇ ਨੇ ਦਿਨ,” ਇਹ ਸੰਦੇਸ਼ ਯਹੋਵਾਹ ਵੱਲੋਂ ਹੈ, “ਜਦੋਂ ਮੈਂ ਇਸਰਾਏਲ ਅਤੇ ਯਹੂਦਾਹ ਦੇ ਪਰਿਵਾਰ ਨੂੰ ਵੱਧਣ ਫ਼ੁੱਲਣ ਵਿੱਚ ਸਹਾਇਤਾ ਕਰਾਂਗਾ। ਮੈਂ ਉਨ੍ਹਾਂ ਦੇ ਬੱਚਿਆਂ ਅਤੇ ਜਾਨਵਰਾਂ ਦੇ ਵੱਧਣ ਫ਼ੁੱਲਣ ਵਿੱਚ ਵੀ ਸਹਾਇਤਾ ਕਰਾਂਗਾ। ਇਹ ਕਿਸੇ ਬੂਟੇ ਨੂੰ ਬੀਜਣ ਅਤੇ ਉਸਦੀ ਨਿਗਰਾਨੀ ਕਰਨ ਵਾਲੀ ਗੱਲ ਹੋਵੇਗੀ। 28 ਅਤੀਤ ਵਿੱਚ, ਮੈਂ ਇਸਰਾਏਲ ਅਤੇ ਯਹੂਦਾਹ ਦੀ ਨਿਗਰਾਨੀ ਕੀਤੀ ਸੀ ਪਰ ਮੈਂ ਉਨ੍ਹਾਂ ਦੀ ਖਿਚਾਈ ਕਰਨ ਦੇ ਸਮੇਂ ਦੀ ਵੀ ਨਿਗਰਾਨੀ ਕੀਤੀ ਸੀ। ਮੈਂ ਉਨ੍ਹਾਂ ਨੂੰ ਹੇਠਾਂ ਲਾਹ ਸੁੱਟਿਆ। ਮੈਂ ਉਨ੍ਹਾਂ ਨੂੰ ਤਬਾਹ ਕਰ ਦਿੱਤਾ। ਮੈਂ ਉਨ੍ਹਾਂ ਨੂੰ ਬਹੁਤ ਮੁਸੀਬਤਾਂ ਦਿੱਤੀਆਂ। ਪਰ ਹੁਣ ਮੈਂ ਉਨ੍ਹਾਂ ਦੀ ਨਿਗਰਾਨੀ ਉਨ੍ਹਾਂ ਨੂੰ ਉਸਾਰਨ ਲਈ ਅਤੇ ਉਨ੍ਹਾਂ ਨੂੰ ਮਜ਼ਬੂਤ ਬਨਾਉਣ ਲਈ ਕਰ ਰਿਹਾ ਹਾਂ।” ਇਹ ਸੰਦੇਸ਼ ਯਹੋਵਾਹ ਵੱਲੋਂ ਸੀ।

29 “ਲੋਕ ਹੋਰ ਵੱਧੇਰੇ ਇਸ ਕਹਾਉਤ ਦੀ ਵਰਤੋਂ ਨਹੀਂ ਕਰਨਗੇ:

‘ਮਾਪਿਆਂ ਨੇ ਖਾਧੇ ਖੱਟੇ ਅੰਗੂਰ,
    ਪਰ ਉਨ੍ਹਾਂ ਦੇ ਬੱਚਿਆਂ ਨੂੰ ਆਇਆ ਸੁਆਦ ਖੱਟਾ।18

30 ਨਹੀਂ, ਹਰ ਬੰਦਾ ਆਪਣੇ ਗੁਨਾਹ ਲਈ ਮਰੇਗਾ। ਜਿਹੜਾ ਬੰਦਾ ਖੱਟੇ ਅੰਗੂਰ ਖਾਂਦਾ ਹੈ ਓਸੇ ਨੂੰ ਖੱਟਾ ਸੁਆਦ ਆਵੇਗਾ।”

ਨਵਾਂ ਇਕਰਾਰਨਾਮਾ

31 ਯਹੋਵਾਹ ਨੇ ਇਹ ਗੱਲਾਂ ਆਖੀਆਂ, “ਸਮਾਂ ਆ ਰਿਹਾ ਹੈ ਜਦੋਂ ਮੈਂ ਇਸਰਾਏਲ ਦੇ ਪਰਿਵਾਰ ਅਤੇ ਯਹੂਦਾਹ ਦੇ ਪਰਿਵਾਰ ਨਾਲ ਇੱਕ ਨਵਾਂ ਇਕਰਾਰਨਾਮਾ ਕਰਾਂਗਾ। 32 ਇਹ ਓਸ ਤਰ੍ਹਾਂ ਦਾ ਇਕਰਾਰਨਾਮਾ ਨਹੀਂ ਹੋਵੇਗਾ ਜਿਹੜਾ ਮੈਂ ਉਨ੍ਹਾਂ ਦੇ ਪੁਰਖਿਆਂ ਨਾਲ ਕੀਤਾ ਸੀ। ਉਹ ਇਕਰਾਰਨਾਮਾ ਮੈਂ ਉਦੋਂ ਕੀਤਾ ਸੀ ਜਦੋਂ ਮੈਂ ਉਨ੍ਹਾਂ ਨੂੰ ਹੱਥ ਫ਼ੜ ਕੇ ਮਿਸਰ ਤੋਂ ਬਾਹਰ ਲੈ ਆਇਆ ਸੀ। ਮੈਂ ਉਨ੍ਹਾਂ ਦਾ ਮਾਲਕ ਸੀ ਪਰ ਉਨ੍ਹਾਂ ਨੇ ਉਹ ਇਕਰਾਰਨਾਮਾ ਤੋੜ ਦਿੱਤਾ।” ਇਹ ਸੰਦੇਸ਼ ਯਹੋਵਾਹ ਵੱਲੋਂ ਸੀ।

33 “ਭਵਿੱਖ ਵਿੱਚ ਮੈਂ ਇਸਰਾਏਲ ਦੇ ਲੋਕਾਂ ਨਾਲ ਇਹ ਇਕਰਾਰਨਾਮਾ ਕਰਾਂਗਾ।” ਇਹ ਸੰਦੇਸ਼ ਯਹੋਵਾਹ ਵੱਲੋਂ ਹੈ। “ਮੈਂ ਆਪਣੀ ਬਿਵਸਬਾ ਉਨ੍ਹਾਂ ਦੇ ਮਨਾਂ ਵਿੱਚ ਰੱਖ ਦਿਆਂਗਾ, ਅਤੇ ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਦਿਲਾਂ ਉੱਤੇ ਲਿਖ ਦਿਆਂਗਾ। ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ ਅਤੇ ਉਹ ਮੇਰੇ ਬੰਦੇ ਹੋਣਗੇ। 34 ਯਹੋਵਾਹ ਨੂੰ ਜਾਣਨ ਲਈ ਲੋਕਾਂ ਨੂੰ ਆਪਣੀ ਗਵਾਂਢੀਆਂ ਅਤੇ ਰਿਸ਼ਤੇਦਾਰਾਂ ਨੂੰ ਸਿੱਖਿਆ ਨਹੀਂ ਦੇਣੀ ਪਵੇਗੀ। ਕਿਉਂ? ਕਿਉਂ ਕਿ ਛੋਟੇ ਤੋਂ ਛੋਟੇ ਤੋਂ ਲੈ ਕੇ ਵੱਡੇ ਤੋਂ ਵੱਡੇ ਤੀਕ ਸਾਰੇ ਲੋਕ ਮੈਨੂੰ ਜਾਣ ਲੈਣਗੇ।” ਇਹ ਸੰਦੇਸ਼ ਯਹੋਵਾਹ ਵੱਲੋਂ ਹੈ। “ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਮੰਦੇ ਕੰਮਾਂ ਦੀ ਮਾਫ਼ੀ ਦੇ ਦਿਆਂਗਾ। ਮੈਂ ਉਨ੍ਹਾਂ ਦੇ ਪਾਪ ਚੇਤੇ ਨਹੀਂ ਰੱਖਾਂਗਾ।”

ਯਹੋਵਾਹ ਕਦੇ ਵੀ ਇਸਰਾਏਲ ਨੂੰ ਨਹੀਂ ਛੱਡੇਗਾ

35 ਆਖਦਾ ਹੈ ਯਹੋਵਾਹ: “ਦਿਨ ਵੇਲੇ ਯਹੋਵਾਹ ਸੂਰਜ ਨੂੰ ਚਮਕਾਉਂਦਾ ਹੈ।
    ਅਤੇ ਯਹੋਵਾਹ ਰਾਤ ਵੇਲੇ ਚੰਨ ਤਾਰਿਆਂ ਨੂੰ ਚਮਕਾਉਂਦਾ ਹੈ।
ਯਹੋਵਾਹ ਸਮੁੰਦਰ ਨੂੰ ਇਸ ਤਰ੍ਹਾਂ ਹਿਲਾਉਂਦਾ ਹੈ ਕਿ ਉਸ ਦੀਆਂ ਲਹਿਰਾਂ ਕੰਢਿਆਂ ਨਾਲ ਟਕਰਾਉਂਦੀਆਂ ਨੇ।
    ਉਸਦਾ ਨਾਮ ਸਰਬ-ਸ਼ਕਤੀਮਾਨ ਯਹੋਵਾਹ ਹੈ।”

ਯਹੋਵਾਹ ਇਹ ਗੱਲਾਂ ਆਖਦਾ ਹੈ:
36 “ਇਸਰਾਏਲ ਦੇ ਉੱਤਰਾਧਿਕਾਰੀ ਕਦੇ ਵੀ ਕੌਮ ਬਣੀ ਰਹਿਣ ਤੋਂ ਕਦੇ ਨਹੀਂ ਹਟਣਗੇ।
    ਇਹ ਉਦੋਂ ਹੀ ਵਾਪਰੇਗਾ ਜਦੋਂ ਸੂਰਜ, ਚੰਨ, ਤਾਰਿਆਂ ਅਤੇ ਸਮੁੰਦਰ ਉੱਤੋਂ ਮੇਰਾ ਕਾਬੂ ਹਟ ਗਿਆ।”

37 ਯਹੋਵਾਹ ਆਖਦਾ ਹੈ: “ਮੈਂ ਕਦੇ ਵੀ ਇਸਰਾਏਲ ਦੇ ਉੱਤਰਾਧਿਕਾਰੀਆਂ ਨੂੰ ਨਹੀਂ ਤਿਆਗਾਂਗਾ।
    ਉਹ ਉਦੋਂ ਹੀ ਵਾਪਰੇਗਾ, ਜੇ ਲੋਕ ਉੱਪਰ ਅਕਾਸ਼ ਨੂੰ ਮਾਪ ਲੈਣ ਅਤੇ ਹੇਠਾਂ ਧਰਤੀ ਦੇ ਸਾਰੇ ਭੇਤ ਜਾਣ ਲੈਣ।
    ਸਿਰਫ਼ ਉਦੋਂ ਹੀ ਮੈਂ ਇਸਰਾਏਲ ਦੇ ਉੱਤਰਾਧਿਕਾਰੀਆਂ ਨੂੰ ਤਿਆਗਾਂਗਾ।
ਸਿਰਫ਼ ਉਦੋਂ ਹੀ ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਕੀਤੇ ਮੰਦੇ ਕੰਮਾਂ ਖਾਤਰ ਤਿਆਗਾਂਗਾ।”
    ਇਹ ਸੰਦੇਸ਼ ਯਹੋਵਾਹ ਵੱਲੋਂ ਸੀ।

ਨਵਾਂ ਯਰੂਸ਼ਲਮ

38 ਇਹ ਸੰਦੇਸ਼ ਯਹੋਵਾਹ ਵੱਲੋਂ ਹੈ, “ਉਹ ਦਿਨ ਆ ਰਹੇ ਹਨ ਜਦੋਂ ਯਰੂਸ਼ਲਮ ਦੇ ਸ਼ਹਿਰ ਨੂੰ ਯਹੋਵਾਹ ਲਈ ਫ਼ੇਰ ਉਸਾਰਿਆ ਜਾਵੇਗਾ। ਸਾਰੇ ਸ਼ਹਿਰ ਨੂੰ ਫ਼ੇਰ ਉਸਾਰਿਆ ਜਾਵੇਗਾ-ਹਨਨੇਲ ਦੇ ਮੀਨਾਰ ਤੋਂ ਲੈ ਕੇ ਨੁਕਰ ਦੇ ਦਰਵਾਜ਼ੇ ਤੀਕ। 39 ਨਾਪਣ ਵਾਲਾ ਫ਼ੀਤਾ ਨੁਕਰੇ ਦੇ ਦਰਵਾਜ਼ੇ ਤੋਂ ਸਿੱਧਾ ਗਾਰੇਬ ਦੀ ਪਹਾੜੀ ਤੀਕ ਅਤੇ ਫ਼ੇਰ ਮੁੜ ਕੇ ਗੋਆਹ ਨਾਮ ਦੀ ਥਾਂ ਤੱਕ ਫ਼ੈਲਾਇਆ ਜਾਵੇਗਾ। 40 ਉਹ ਸਾਰੀ ਵਾਦੀ ਜਿੱਥੇ ਮੁਰਦਾ ਸਰੀਰ ਅਤੇ ਅਸਬੀਆਂ ਸੁੱਟੀਆਂ ਜਾਂਦੀਆਂ ਹਨ, ਯਹੋਵਾਹ ਲਈ ਪਵਿੱਤਰ ਹੋਵੇਗੀ। ਅਤੇ ਉਸ ਵਿੱਚ ਕਿਦਰੋਨ ਵਾਦੀ ਦੇ ਹੇਠਾਂ ਤਕ ਫ਼ੈਲੇ ਪੌੜੀਦਾਰ ਖੇਤ ਘੋੜ ਦਰਵਾਜ਼ੇ ਦੇ ਕੋਨੇ ਤੀਕ, ਸ਼ਾਮਿਲ ਕੀਤੇ ਜਾਣਗੇ। ਸਾਰਾ ਖੇਤਰ ਯਹੋਵਾਹ ਲਈ ਪਵਿੱਤਰ ਹੋਵੇਗਾ। ਯਰੂਸ਼ਲਮ ਦਾ ਸ਼ਹਿਰ ਫ਼ੇਰ ਕਦੇ ਵੀ ਢਾਹਿਆ ਜਾਂ ਤਬਾਹ ਨਹੀਂ ਕੀਤਾ ਜਾਵੇਗਾ।”

ਯਿਰਮਿਯਾਹ ਇੱਕ ਖੇਤ ਖਰੀਦਦਾ ਹੈ

32 ਇਹ ਯਹੋਵਾਹ ਵੱਲੋਂ ਸੰਦੇਸ਼ ਹੈ ਜਿਹੜਾ ਯਿਰਮਿਯਾਹ ਨੂੰ ਉਦੋਂ ਮਿਲਿਆ ਜਦੋਂ ਯਹੂਦਾਹ ਦੇ ਰਾਜੇ ਸਿਦਕੀਯਾਹ ਦੇ ਰਾਜ ਦਾ ਦਸਵਾਂ ਵਰ੍ਹਾ ਸੀ। [c] ਸਿਦਕੀਯਾਹ ਦਾ ਦਸਵਾਂ ਵਰ੍ਹਾ ਨਬੂਕਦਨੱਸਰ ਦਾ ਅੱਠਾਰ੍ਹਵਾਂ ਵਰ੍ਹਾ ਸੀ। ਉਸ ਸਮੇਂ, ਬਾਬਲ ਦੇ ਰਾਜੇ ਦੀ ਫ਼ੌਜ ਨੇ ਯਰੂਸ਼ਲਮ ਸ਼ਹਿਰ ਨੂੰ ਘੇਰਾ ਪਾਇਆ ਹੋਇਆ ਸੀ। ਅਤੇ ਯਿਰਮਿਯਾਹ ਗਾਰਦ ਦੇ ਵਰਾਂਡੇ ਅੰਦਰ ਕੈਦ ਸੀ। ਇਹ ਵਰਾਂਡਾ ਯਹੂਦਾਹ ਦੇ ਰਾਜੇ ਦੇ ਮਹਿਲ ਦੇ ਅੰਦਰ ਸੀ। ਯਹੂਦਾਹ ਦੇ ਰਾਜੇ ਸਿਦਕੀਯਾਹ ਨੇ ਯਿਰਮਿਯਾਹ ਨੂੰ ਉਸ ਥਾਂ ਕੈਦ ਕਰਕੇ ਰੱਖਿਆ ਹੋਇਆ ਸੀ। ਸਿਦਕੀਯਾਹ ਨੂੰ ਉਹ ਗੱਲਾਂ ਪਸੰਦ ਨਹੀਂ ਸਨ ਜਿਨ੍ਹਾਂ ਦੀ ਭਵਿੱਖਬਾਣੀ ਯਿਰਮਿਯਾਹ ਨੇ ਕੀਤੀ ਸੀ। ਯਿਰਮਿਯਾਹ ਨੇ ਆਖਿਆ ਸੀ, “ਯਹੋਵਾਹ ਆਖਦਾ ਹੈ: ‘ਮੈਂ ਛੇਤੀ ਹੀ ਯਰੂਸ਼ਲਮ ਦੇ ਸ਼ਹਿਰ ਨੂੰ ਬਾਬਲ ਦੇ ਰਾਜੇ ਨੂੰ ਸੌਂਪ ਦਿਆਂਗਾ। ਨਬੂਕਦਨੱਸਰ ਇਸ ਸ਼ਹਿਰ ਉੱਤੇ ਕਬਜ਼ਾ ਕਰ ਲਵੇਗਾ। ਯਹੂਦਾਹ ਦਾ ਰਾਜਾ ਸਿਦਕੀਯਾਹ ਬਾਬਲ ਦੀ ਫ਼ੌਜ ਤੋਂ ਬਚ ਕੇ ਨਹੀਂ ਨਿਕਲ ਸੱਕੇਗਾ। ਸਗੋਂ ਉਸ ਨੂੰ ਸੱਚਮੁੱਚ ਹੀ ਬਾਬਲ ਦੇ ਰਾਜੇ ਦੇ ਹਵਾਲੇ ਕਰ ਦਿੱਤਾ ਜਾਵੇਗਾ। ਅਤੇ ਸਿਦਕੀਯਾਹ ਬਾਬਲ ਦੇ ਰਾਜੇ ਦੇ ਸਾਹਮਣੇ ਹੋਕੇ ਗੱਲ ਕਰੇਗਾ। ਸਿਦਕੀਯਾਹ ਉਸ ਨੂੰ ਆਪਣੀਆਂ ਅੱਖਾਂ ਨਾਲ ਦੇਖੇਗਾ। ਬਾਬਲ ਦਾ ਰਾਜਾ ਸਿਦਕੀਯਾਹ ਨੂੰ ਬਾਬਲ ਲੈ ਜਾਵੇਗਾ। ਸਿਦਕੀਯਾਹ ਉਦੋਂ ਤੀਕ ਓੱਥੇ ਹੀ ਰਹੇਗਾ ਜਦੋਂ ਤੀਕ ਕਿ ਮੈਂ ਉਸ ਨੂੰ ਸਜ਼ਾ ਨਹੀਂ ਦੇ ਦਿੰਦਾ।’ ਇਹ ਸੰਦੇਸ਼ ਯਹੋਵਾਹ ਵੱਲੋਂ ਹੈ-‘ਜੇ ਤੂੰ ਬਾਬਲ ਦੀਆਂ ਫ਼ੌਜਾਂ ਨਾਲ ਲੜੇਁਗਾ ਤਾਂ ਤੂੰ ਸਫ਼ਲ ਨਹੀਂ ਹੋਵੇਗਾ।’”

ਜਦੋਂ ਯਿਰਮਿਯਾਹ ਹਾਲੇ ਬੰਦੀਵਾਨ ਸੀ, ਉਸ ਨੇ ਆਖਿਆ, “ਮੈਨੂੰ ਯਹੋਵਾਹ ਵੱਲੋਂ ਸੰਦੇਸ਼ ਆਇਆ ਸੀ। ਸੰਦੇਸ਼ ਇਹ ਸੀ: ਯਿਰਮਿਯਾਹ, ਤੇਰਾ ਚਚੇਰਾ ਭਰਾ ਹਨਮੇਲ, ਤੇਰੇ ਵੱਲ ਛੇਤੀ ਹੀ ਆਵੇਗਾ। ਉਹ ਤੇਰੇ ਚਾਚੇ ਸ਼ੱਲੁਮ ਦਾ ਪੁੱਤਰ ਹੈ। ਹਨਮੇਲ ਤੈਨੂੰ ਆਖੇਗਾ, ‘ਯਿਰਮਿਯਾਹ, ਅਨਾਬੋਬ ਕਸਬੇ ਦੇ ਨੇੜੇ ਦਾ ਮੇਰਾ ਖੇਤ ਖਰੀਦ ਲੈ। ਤੂੰ ਇਸ ਨੂੰ ਖਰੀਦ ਲੈ ਕਿਉਂ ਕਿ ਤੂੰ ਮੇਰਾ ਸਭ ਤੋਂ ਨਜ਼ਦੀਕੀ ਰਿਸ਼ਤੇਦਾਰ ਹੈਂ। ਇਹ ਤੇਰਾ ਹੱਕ ਅਤੇ ਫ਼ਰਜ਼ ਹੈ ਕਿ ਤੂੰ ਉਸ ਖੇਤ ਨੂੰ ਖਰੀਦੇਁ।’

“ਤਾਂ ਜਿਵੇਂ ਯਹੋਵਾਹ ਨੇ ਆਖਿਆ ਸੀ ਓਵੇਂ ਹੀ ਵਾਪਰਿਆ। ਮੇਰਾ ਚਚੇਰਾ ਭਰਾ ਹਨਮੇਲ ਮੇਰੇ ਕੋਲ ਗਾਰਦ ਦੇ ਵਰਾਂਡੇ ਵਿੱਚ ਆਇਆ। ਹਨਮੇਲ ਨੇ ਮੈਨੂੰ ਆਖਿਆ, ‘ਯਿਰਮਿਯਾਹ ਅਨਾਬੋਬ ਕਸਬੇ ਦੇ ਨੇੜੇ ਵਾਲਾ ਮੇਰਾ ਖੇਤ ਖਰੀਦ ਲੈ, ਜਿਹੜਾ ਬਿਨਯਾਮੀਨ ਦੇ ਪਰਿਵਾਰ-ਸਮੂਹ ਦੀ ਧਰਤੀ ਵਿੱਚ ਹੈ। ਉਸ ਧਰਤੀ ਨੂੰ ਆਪਣੇ ਲਈ ਖਰੀਦ ਲੈ ਕਿਉਂ ਕਿ ਇਸ ਨੂੰ ਖਰੀਦਣਾ ਅਤੇ ਇਸਦਾ ਮਾਲਕ ਹੋਣਾ ਤੇਰਾ ਹੱਕ ਹੈ।’”

“ਇਸ ਲਈ, ਮੈਂ ਜਾਣਦਾ ਸਾਂ ਕਿ ਇਹ ਸੰਦੇਸ਼ ਯਹੋਵਾਹ ਵੱਲੋਂ ਹੈ। ਮੈਂ ਆਪਣੇ ਚਚੇਰੇ ਭਰਾ ਹਨਮੇਲ ਕੋਲੋਂ ਅਨਾਬੋਬ ਵਾਲਾ ਖੇਤ ਖਰੀਦ ਲਿਆ। ਮੈਂ ਉਸ ਨੂੰ ਚਾਂਦੀ ਦੇ 17 ਸ਼ੈਕਲ ਤੋਂਲਕੇ ਦੇ ਦਿੱਤੇ। 10 ਮੈਂ ਸੌਦੇ ਉੱਤੇ ਹਸਤਾਖਰ ਕਰ ਦਿੱਤੇ। ਅਤੇ ਮੈਂ ਇਸ ਸੌਦੇ ਦੀ ਇੱਕ ਨਕਲ ਮੁਹਰਬੰਦ ਕਰ ਦਿੱਤੀ। ਮੈਂ ਕੁਝ ਲੋਕਾਂ ਦੀ ਉਨ੍ਹਾਂ ਚੀਜ਼ਾਂ ਉੱਪਰ ਗਵਾਹੀ ਪੁਆ ਲਈ ਜੋ ਮੈਂ ਕੀਤੀਆਂ ਸਨ। ਅਤੇ ਮੈਂ ਤੱਕੜੀ ਉੱਤੇ ਰੱਖਕੇ ਚਾਂਦੀ ਨੂੰ ਤੋਂਲਿਆ। 11 ਫ਼ੇਰ ਮੈਂ ਉਹ ਨਕਲ ਜਿਹੜੀ ਮੁਹਰਬੰਦ ਸੀ ਅਤੇ ਉਹ ਵੀ ਜਿਹੜੀ ਮੁਹਰਬੰਦ ਨਹੀਂ, ਲੈ ਲਈ ਲਈਆਂ। 12 ਅਤੇ ਮੈਂ ਉਹ ਬਾਰੂਕ ਨੂੰ ਦੇ ਦਿੱਤੀਆਂ। ਬਾਰੂਕ ਨੇਰੀਆਹ ਦਾ ਪੁੱਤਰ ਸੀ। ਨੇਰੀਆਹ ਮਹਸੇਯਾਹ ਦਾ ਪੁੱਤਰ ਸੀ। ਮੁਹਰਬੰਦ ਨਕਲ ਉੱਤੇ ਮੇਰੀ ਖਰੀਦ ਦੀਆਂ ਸਾਰੀਆਂ ਸ਼ਰਤਾਂ ਲਿਖੀਆਂ ਹੋਈਆਂ ਸਨ। ਮੈਂ ਇਹ ਸੌਦੇ ਦਾ ਕਾਗਜ਼ ਆਪਣੇ ਚਚੇਰੇ ਭਰਾ ਹਨਮੇਲ ਅਤੇ ਹੋਰਨਾਂ ਗਵਾਹਾਂ ਦੇ ਸਾਹਮਣੇ ਬਾਰੂਕ ਨੂੰ ਦੇ ਦਿੱਤਾ। ਉਨ੍ਹਾਂ ਗਵਾਹਾਂ ਨੇ ਵੀ ਸੌਦੇ ਉੱਤੇ ਹਸਤਾਖਰ ਕੀਤੇ ਸਨ। ਉੱਥੇ ਬਹੁਤ ਸਾਰੇ ਹੋਰ ਲੋਕ ਵੀ ਵਰਾਂਡੇ ਅੰਦਰ ਬੈਠੇ ਹੋਏ ਸਨ ਜਿਨ੍ਹਾਂ ਨੇ ਮੈਨੂੰ ਸੌਦਾ ਬਾਰੂਕ ਨੂੰ ਦਿੰਦਿਆਂ ਦੇਖਿਆ ਸੀ।

13 “ਸਾਰੇ ਲੋਕਾਂ ਦੇ ਦੇਖਦਿਆਂ ਮੈਂ ਬਾਰੂਕ ਨੂੰ ਆਖਿਆ: 14 ਸਰਬ ਸ਼ਕਤੀਮਾਨ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ ਆਖਦਾ ਹੈ, ‘ਸੌਦੇ ਦੀਆਂ ਦੋਵੇਂ ਨਕਲਾਂ ਲੈ ਲੈ-ਮੁਹਰਬੰਦ ਨਕਲ ਅਤੇ ਉਹ ਨਕਲ ਜਿਹੜੀ ਮੁਹਰਬੰਦ ਨਹੀਂ ਹੈ-ਅਤੇ ਇਨ੍ਹਾਂ ਨੂੰ ਮਿੱਟੀ ਦੇ ਬਰਤਨ ਵਿੱਚ ਰੱਖਦੇ। ਅਜਿਹਾ ਹੀ ਕਰ ਤਾਂ ਜੋ ਇਹ ਨਕਲਾਂ ਦੇਰ ਤੱਕ ਸੁਰੱਖਿਅਤ ਰਹਿਣ।’ 15 ਸਰਬ ਸ਼ਕਤੀਮਾਨ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ ਆਖਦਾ ਹੈ, ‘ਭਵਿੱਖ ਵਿੱਚ ਮੇਰੇ ਲੋਕ ਇੱਕ ਵਾਰੀ ਫ਼ੇਰ ਇਸਰਾਏਲ ਦੀ ਧਰਤੀ ਵਿੱਚ ਮਕਾਨ, ਖੇਤ ਅਤੇ ਬਗੀਚੇ ਖਰੀਦਣਗੇ।’”

16 ਮੈਂ ਸੌਦੇ ਦੀ ਨਕਲ ਨੇਰੀਆਹ ਦੇ ਪੁੱਤਰ ਬਾਰੂਕ ਨੂੰ ਦੇ ਦੇਣ ਤੋਂ ਮਗਰੋਂ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ। ਮੈਂ ਆਖਿਆ:

17 “ਯਹੋਵਾਹ ਪਰਮੇਸ਼ੁਰ, ਤੁਸੀਂ ਆਕਾਸ਼ਾਂ ਅਤੇ ਧਰਤੀ ਨੂੰ ਸਾਜਿਆ ਹੈ। ਤੁਸੀਂ ਆਪਣੀ ਮਹਾਨ ਸ਼ਕਤੀ ਨਾਲ ਉਨ੍ਹਾਂ ਦੀ ਸਾਜਨਾ ਕੀਤੀ ਹੈ। ਕੁਝ ਵੀ ਕਰਨਾ ਤੁਹਾਡੇ ਲਈ ਬਹੁਤੀ ਹੈਰਾਨੀ ਵਾਲੀ ਗੱਲ ਨਹੀਂ। 18 ਹੇ ਯਹੋਵਾਹ, ਤੂੰ ਲੋਕਾਂ ਦੀਆਂ ਹਜ਼ਾਰਾਂ ਪੀੜੀਆਂ ਪ੍ਰਤਿ ਵਫ਼ਾਦਾਰ ਅਤੇ ਮਿਹਰਬਾਨ ਹੈਂ। ਪਰ ਤੂੰ ਬੱਚਿਆਂ ਨੂੰ ਵੀ ਉਨ੍ਹਾਂ ਦੇ ਮਾਪਿਆਂ ਦੇ ਪਾਪਾਂ ਦੀ ਸਜ਼ਾ ਦਿੰਦਾ ਹੈ। ਮਹਾਨ ਅਤੇ ਸ਼ਕਤੀਸ਼ਾਲੀ ਪਰਮੇਸ਼ੁਰ, ਤੇਰਾ ਨਾਮ ਸਰਬ ਸ਼ਕਤੀਮਾਨ ਯਹੋਵਾਹ ਹੈ। 19 ਯਹੋਵਾਹ ਜੀ ਤੁਸੀਂ ਵਿਉਂਤਾਂ ਬਣਾਉਂਦੇ ਹੋ ਅਤੇ ਮਹਾਨ ਗੱਲਾਂ ਕਰਦੇ ਹੋ। ਤੁਸੀਂ ਲੋਕਾਂ ਦੀ ਕੀਤੀ ਹਰ ਗੱਲ ਦੇਖਦੇ ਹੋ। ਤੁਸੀਂ ਨੇਕੀ ਕਰਨ ਵਾਲਿਆਂ ਨੂੰ ਇਨਾਮ ਦਿੰਦੇ ਹੋ ਅਤੇ ਬਦੀ ਕਰਨ ਵਾਲਿਆਂ ਨੂੰ ਸਜ਼ਾ ਦਿੰਦੇ ਹੋ-ਤੁਸੀਂ ਉਨ੍ਹਾਂ ਨੂੰ ਓਹੋ ਕੁਝ ਦਿੰਦੇ ਹੋ ਜਿਸਦੇ ਉਹ ਅਧਿਕਾਰੀ ਹਨ। 20 ਯਹੋਵਾਹ ਜੀ ਤੁਸੀਂ ਮਿਸਰ ਦੇਸ਼ ਅੰਦਰ ਤਾਕਤਵਰ ਚਮਤਕਾਰ ਕੀਤੇ ਸਨ। ਤੁਸੀਂ ਅੱਜ ਦਿਨ ਤੱਕ ਵੀ ਤਾਕਤਵਰ ਚਮਤਕਾਰ ਕੀਤੇ ਹਨ। ਤੁਸੀਂ ਉਹ ਗੱਲਾਂ ਇਸਰਾਏਲ ਵਿੱਚ ਕੀਤੀਆਂ ਅਤੇ ਓੱਥੇ ਵੀ ਕੀਤੀਆਂ ਜਿੱਥੇ ਲੋਕ ਰਹਿੰਦੇ ਹਨ। ਤੁਸੀਂ ਇਨ੍ਹਾਂ ਗੱਲਾਂ ਕਾਰਣ ਮਸ਼ਹੂਰ ਹੋ ਗਏ ਹੋ। 21 ਯਹੋਵਾਹ ਜੀ, ਤੁਸੀਂ ਤਾਕਤਵਰ ਚਮਤਕਾਰਾਂ ਦੀ ਵਰਤੋਂ ਕੀਤੀ ਅਤੇ ਆਪਣੇ ਲੋਕਾਂ ਨੂੰ ਮਿਸਰ ਵਿੱਚੋਂ ਕੱਢ ਕੇ ਇਸਰਾਏਲ ਲਿਆਂਦਾ। ਇਹ ਗੱਲਾਂ ਕਰਨ ਲਈ ਤੁਸੀਂ ਆਪਣੇ ਤਾਕਤਵਰ ਹੱਥ ਦੀ ਵਰਤੋਂ ਕੀਤੀ। ਤੁਹਾਡੀ ਸ਼ਕਤੀ ਹੈਰਾਨੀ ਭਰੀ ਸੀ!

22 “ਯਹੋਵਾਹ ਜੀ, ਤੂੰ ਇਹ ਧਰਤੀ ਇਸਰਾਏਲ ਦੇ ਲੋਕਾਂ ਨੂੰ ਦਿੱਤੀ, ਜਿਸ ਨੂੰ ਦੇਣ ਦਾ ਤੂੰ ਬਹੁਤ ਪਹਿਲਾਂ ਉਨ੍ਹਾਂ ਦੇ ਪੁਰਖਿਆਂ ਨਾਲ ਇਕਰਾਰ ਕੀਤਾ ਸੀ। ਇਹ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਨਾਲ ਭਰੀ ਹੋਈ ਜ਼ਮੀਨ ਹੈ। 23 ਇਸਰਾਏਲ ਦੇ ਲੋਕ ਇਸ ਧਰਤੀ ਉੱਤੇ ਆਏ ਅਤੇ ਇਸ ਨੂੰ ਆਪਣੀ ਧਰਤੀ ਵਾਂਗ ਸਮਝਿਆ। ਪਰ ਉਨ੍ਹਾਂ ਲੋਕਾਂ ਨੇ ਹੁਕਮ ਨਹੀਂ ਮੰਨਿਆ। ਉਹ ਤੇਰੀ ਬਿਵਸਬਾ ਉੱਤੇ ਨਹੀਂ ਚੱਲੇ। ਉਨ੍ਹਾਂ ਨੇ ਉਹ ਗੱਲਾਂ ਨਹੀਂ ਕੀਤੀਆਂ ਜਿਨ੍ਹਾਂ ਦਾ ਤੁਸੀਂ ਆਦੇਸ਼ ਦਿੱਤਾ ਸੀ। ਇਸ ਲਈ ਤੁਸੀਂ ਇਸਰਾਏਲ ਦੇ ਲੋਕਾਂ ਉੱਤੇ ਇਹ ਭਿਆਨਕ ਘਟਨਾਵਾਂ ਵਾਪਰਨ ਦਿੱਤੀਆਂ।

24 “ਅਤੇ ਹੁਣ, ਦੁਸ਼ਮਣ ਨੇ ਸ਼ਹਿਰ ਨੂੰ ਘੇਰਾ ਪਾ ਲਿਆ ਹੈ। ਉਹ ਟੀਲੇ ਬਣਾ ਰਹੇ ਹਨ ਤਾਂ ਜੋ ਉਹ ਯਰੂਸ਼ਲਮ ਦੀਆਂ ਦੀਵਾਰਾਂ ਉੱਤੇ ਚੜ੍ਹ ਸੱਕਣ ਅਤੇ ਇਸ ਉੱਤੇ ਕਬਜ਼ਾ ਕਰ ਸੱਕਣ। ਬਾਬਲ ਦੀ ਫ਼ੌਜ ਆਪਣੀਆਂ ਤਲਵਾਰਾਂ, ਅਤੇ ਭੁੱਖਮਰੀ ਅਤੇ ਭਿਆਨਕ ਬਿਮਾਰੀ ਰਾਹੀਂ ਯਰੂਸ਼ਲਮ ਦੇ ਸ਼ਹਿਰ ਨੂੰ ਹਰਾ ਦੇਵੇਗੀ। ਬਾਬਲ ਦੀ ਫ਼ੌਜ ਹੁਣ ਸ਼ਹਿਰ ਉੱਤੇ ਹਮਲਾ ਕਰ ਰਹੀ ਹੈ। ਯਹੋਵਾਹ ਜੀ, ਤੁਸੀਂ ਆਖਿਆ ਸੀ ਕਿ ਇਉਂ ਵਾਪਰੇਗਾ-ਅਤੇ ਹੁਣ ਤੁਸੀਂ ਇਸ ਨੂੰ ਵਾਪਰਦੇ ਹੋਏ ਦੇਖ ਰਹੇ ਹੋ।

25 “ਯਹੋਵਾਹ ਮੇਰੇ ਪ੍ਰਭੂ, ਉਹ ਸਾਰੀਆਂ ਹੀ ਬੁਰੀਆਂ ਗੱਲਾਂ ਵਾਪਰ ਰਹੀਆਂ ਹਨ। ਪਰ ਹੁਣ ਤੁਸੀਂ ਮੈਨੂੰ ਆਖ ਰਹੇ ਹੋ, ‘ਯਿਰਮਿਯਾਹ, ਚਾਂਦੀ ਬਦਲੇ ਖੇਤ ਖਰੀਦ ਲੈ ਅਤੇ ਕੁਝ ਬੰਦਿਆਂ ਨੂੰ ਚੁਣਕੇ ਇਸ ਸੌਦੇ ਦੀ ਗਵਾਹੀ ਪੁਆ ਲੈ।’ ਤੁਸੀਂ ਮੈਨੂੰ ਇਹ ਗੱਲ ਉਦੋਂ ਆਖ ਰਹੇ ਹੋ ਜਦੋਂ ਬਾਬਲ ਦੀ ਫ਼ੌਜ ਸ਼ਹਿਰ ਉੱਤੇ ਕਬਜ਼ਾ ਕਰਨ ਲਈ ਤਿਆਰ ਹੈ।”

26 ਫ਼ੇਰ ਯਹੋਵਾਹ ਵੱਲੋਂ ਯਿਰਮਿਯਾਹ ਨੂੰ ਸੰਦੇਸ਼ ਮਿਲਿਆ, “ਯਿਰਮਿਯਾਹ, 27 ਮੈਂ ਯਹੋਵਾਹ ਹਾਂ। ਮੈਂ ਧਰਤੀ ਉਤਲੇ ਹਰ ਬੰਦੇ ਦਾ ਪਰਮੇਸ਼ੁਰ ਹਾਂ। ਯਿਰਮਿਯਾਹ, ਤੂੰ ਜਾਣਦਾ ਹੈਂ ਕਿ ਮੇਰੇ ਲਈ ਕੁਝ ਵੀ ਅਸੰਭਵ ਨਹੀਂ।” 28 ਯਹੋਵਾਹ ਨੇ ਇਹ ਵੀ ਆਖਿਆ, “ਛੇਤੀ ਹੀ ਮੈਂ ਯਰੂਸ਼ਲਮ ਦੇ ਸ਼ਹਿਰ ਨੂੰ ਬਾਬਲ ਦੀ ਫ਼ੌਜ ਅਤੇ ਬਾਬਲ ਦੇ ਰਾਜੇ ਨਬੂਕਦਨੱਸਰ ਦੇ ਹਵਾਲੇ ਕਰ ਦਿਆਂਗਾ। ਉਹ ਫ਼ੌਜ ਸਹਿਰ ਉੱਤੇ ਕਬਜ਼ਾ ਕਰ ਲਵੇਗੀ। 29 ਬਾਬਲ ਦੀ ਫ਼ੌਜ ਪਹਿਲਾਂ ਹੀ ਯਰੂਸ਼ਲਮ ਸ਼ਹਿਰ ਉੱਤੇ ਹਮਲਾ ਕਰ ਰਹੀ ਹੈ। ਉਹ ਛੇਤੀ ਹੀ ਸ਼ਹਿਰ ਵਿੱਚ ਦਾਖਲ ਹੋ ਜਾਵੇਗੀ ਅਤੇ ਅੱਗਾਂ ਲਾ ਦੇਵੇਗੀ। ਉਹ ਲੋਕ ਸ਼ਹਿਰ ਨੂੰ ਸਾੜ ਦੇਣਗੇ। ਇਸ ਸ਼ਹਿਰ ਵਿੱਚ ਅਜਿਹੇ ਘਰ ਹਨ ਜਿੱਥੇ ਯਰੂਸ਼ਲਮ ਦੇ ਲੋਕਾਂ ਨੇ ਘਰਾਂ ਦੀਆਂ ਛੱਤਾਂ ਉੱਤੇ ਝੂਠੇ ਦੇਵਤੇ ਬਾਲ ਨੂੰ ਬਲੀਆਂ ਚੜ੍ਹਾ ਕੇ ਮੈਨੂੰ ਕ੍ਰੋਧ ਚੜ੍ਹਾਇਆ ਸੀ। ਅਤੇ ਲੋਕਾਂ ਨੇ ਹੋਰਨਾਂ ਬੁੱਤ ਦੇਵਤਿਆਂ ਅੱਗੇ ਪੀਣ ਦੀਆਂ ਭੇਟਾਂ ਡੋਲ੍ਹੀਆਂ। ਬਾਬਲ ਦੀ ਫ਼ੌਜ ਉਨ੍ਹਾਂ ਘਰਾਂ ਨੂੰ ਸਾੜ ਕੇ ਸੁਆਹ ਕਰ ਦੇਵੇਗੀ। 30 ਮੈਂ ਇਸਰਾਏਲ ਦੇ ਲੋਕਾਂ ਨੂੰ ਅਤੇ ਯਹੂਦਾਹ ਦੇ ਲੋਕਾਂ ਨੂੰ ਧਿਆਨ ਨਾਲ ਦੇਖਿਆ ਹੈ। ਜੋ ਕੁਝ ਵੀ ਉਹ ਕਰਦੇ ਨੇ ਉਹ ਬਦੀ ਹੈ। ਉਨ੍ਹਾਂ ਨੇ ਆਪਣੀ ਜਵਾਨੀ ਵੇਲੇ ਤੋਂ ਹੀ ਮੰਦੇ ਕਾਰੇ ਕੀਤੇ ਹਨ ਅਤੇ ਆਪਣੀਆਂ ਕਰਨੀਆਂ ਨਾਲ ਮੈਨੂੰ ਬਹੁਤ ਕ੍ਰੋਧਵਾਨ ਕੀਤਾ ਹੈ।” ਇਹ ਸੰਦੇਸ਼ ਯਹੋਵਾਹ ਵੱਲੋਂ ਹੈ। 31 “ਉਸ ਸਮੇਂ ਤੋਂ ਲੈ ਕੇ, ਜਦੋਂ ਯਰੂਸ਼ਲਮ ਦੀ ਉਸਾਰੀ ਹੋਈ ਸੀ, ਹੁਣ ਤੱਕ, ਇਸ ਸ਼ਹਿਰ ਦੇ ਲੋਕਾਂ ਨੇ ਮੈਨੂੰ ਕਹਿਰਵਾਨ ਕੀਤਾ ਹੈ। ਇਸ ਸ਼ਹਿਰ ਨੇ ਮੈਨੂੰ ਇਤਨਾ ਕਹਿਰਵਾਨ ਕੀਤਾ ਹੈ ਕਿ ਮੈਂ ਅਵੱਸ਼ ਇਸ ਨੂੰ ਆਪਣੀ ਨਜ਼ਰ ਤੋਂ ਦੂਰ ਕਰ ਦਿਆਂਗਾ। 32 ਮੈਂ ਯਰੂਸ਼ਲਮ ਨੂੰ ਉਨ੍ਹਾਂ ਸਾਰੀਆਂ ਮੰਦੀਆਂ ਗੱਲਾਂ ਕਾਰਣ ਤਬਾਹ ਕਰ ਦਿਆਂਗਾ ਜਿਹੜੀਆਂ ਇਸਰਾਏਲ ਦੇ ਲੋਕਾਂ ਨੇ ਅਤੇ ਯਹੂਦਾਹ ਦੇ ਲੋਕਾਂ ਨੇ ਕੀਤੀਆਂ ਹਨ। ਲੋਕਾਂ, ਉਨ੍ਹਾਂ ਦੇ ਰਾਜਿਆਂ, ਆਗੂਆਂ, ਉਨ੍ਹਾਂ ਦੇ ਜਾਜਕਾਂ ਅਤੇ ਨਬੀਆਂ, ਯਹੂਦਾਹ ਦੇ ਲੋਕਾਂ ਅਤੇ ਯਰੂਸ਼ਲਮ ਦੇ ਲੋਕਾਂ, ਸਾਰਿਆਂ ਨੇ ਮੈਨੂੰ ਕਹਿਰਵਾਨ ਕੀਤਾ ਹੈ।

33 “ਉਨ੍ਹਾਂ ਲੋਕਾਂ ਨੂੰ ਸਹਾਇਤਾ ਲਈ ਮੇਰੇ ਪਾਸ ਆਉਣਾ ਚਾਹੀਦਾ ਸੀ। ਪਰ ਉਨ੍ਹਾਂ ਨੇ ਮੇਰੇ ਕੋਲੋਂ ਮੂੰਹ ਮੋੜ ਲਿਆ। ਮੈਂ ਉਨ੍ਹਾਂ ਲੋਕਾਂ ਨੂੰ ਸਿੱਖਿਆ ਦੇਣ ਦੀ ਬਾਰ-ਬਾਰ ਕੋਸ਼ਿਸ਼ ਕੀਤੀ। ਪਰ ਉਨ੍ਹਾਂ ਨੇ ਮੇਰੀ ਗੱਲ ਨਹੀਂ ਸੁਣੀ। ਮੈਂ ਉਨ੍ਹਾਂ ਨੂੰ ਸੁਧਾਰਣ ਦੀ ਕੋਸ਼ਿਸ਼ ਕੀਤੀ ਪਰ ਉਹ ਸੁਣਦੇ ਹੀ ਨਹੀਂ ਸਨ। 34 ਉਨ੍ਹਾਂ ਲੋਕਾਂ ਨੇ ਆਪਣੇ ਬੁੱਤ ਬਣਾਏ ਨੇ-ਅਤੇ ਮੈਂ ਉਨ੍ਹਾਂ ਬੁੱਤਾਂ ਨੂੰ ਨਫ਼ਰਤ ਕਰਦਾ ਹਾਂ। ਉਨ੍ਹਾਂ ਲੋਕਾਂ ਨੇ ਉਹ ਬੁੱਤ ਮੇਰੇ ਨਾਮ ਨਾਲ ਸੱਦੇ ਜਾਂਦੇ ਮੰਦਰ ਵਿੱਚ ਰੱਖੇ ਹਨ। ਇਸ ਤਰ੍ਹਾਂ ਉਨ੍ਹਾਂ ਨੇ ਮੇਰੇ ਮੰਦਰ ਨੂੰ ‘ਪਲੀਤ’ ਕਰ ਦਿੱਤਾ ਹੈ।

35 “ਉਨ੍ਹਾਂ ਲੋਕਾਂ ਨੇ ਬਨ-ਹਿੰਨੋਮ ਦੀ ਵਾਦੀ ਅੰਦਰ ਝੂਠੇ ਦੇਵਤੇ ਬਾਲ ਲਈ ਉੱਚੀਆਂ ਥਾਵਾਂ ਬਣਾਈਆਂ ਹਨ। ਉਨ੍ਹਾਂ ਨੇ ਇਹ ਉਪਾਸਨਾ ਸਥਾਨ ਇਸ ਲਈ ਬਣਾਏ ਹਨ ਤਾਂ ਜੋ ਉਹ ਮੋਲਕ ਨੂੰ ਆਪਣੇ ਧੀਆਂ ਪੁੱਤਰਾਂ ਦੀ ਬਲੀ ਦੇ ਸੱਕਣ। ਮੈਂ ਕਦੇ ਵੀ ਉਨ੍ਹਾਂ ਨੂੰ ਇਹੋ ਜਿਹੀ ਭਿਆਨਕ ਗੱਲ ਕਰਨ ਦਾ ਆਦੇਸ਼ ਨਹੀਂ ਸੀ ਦਿੱਤਾ। ਮੈਂ ਤਾਂ ਕਦੇ ਅਜਿਹੀਆਂ ਗੱਲਾਂ ਕਰਨ ਬਾਰੇ ਸੋਚਿਆ ਵੀ ਨਹੀਂ ਸੀ, ਜੋ ਯਹੂਦਾਹ ਤੋਂ ਪਾਪ ਕਰਾਉਣ।

36 “ਤੁਸੀਂ ਲੋਕ ਆਖ ਰਹੇ ਹੋ, ‘ਬਾਬਲ ਦਾ ਰਾਜਾ ਯਰੂਸ਼ਲਮ ਉੱਤੇ ਕਬਜ਼ਾ ਕਰ ਲਵੇਗਾ। ਉਹ ਤਲਵਾਰਾਂ, ਭੁੱਖਮਰੀ ਅਤੇ ਭਿਆਨਕ ਬਿਮਾਰੀਆਂ ਦੀ ਵਰਤੋਂ ਕਰਕੇ ਇਸ ਸ਼ਹਿਰ ਨੂੰ ਹਰਾ ਦੇਵੇਗਾ।’ ਪਰ ਯਹੋਵਾਹ, ਇਸਰਾਏਲ ਦੇ ਲੋਕਾਂ ਦਾ ਪਰਮੇਸ਼ੁਰ, ਆਖਦਾ ਹੈ: 37 ‘ਮੈਂ ਇਸਰਾਏਲ ਅਤੇ ਯਹੂਦਾਹ ਦੇ ਲੋਕਾਂ ਨੂੰ ਆਪਣੀ ਧਰਤੀ ਛੱਡਣ ਲਈ ਮਜ਼ਬੂਰ ਕਰ ਦਿੱਤਾ ਹੈ। ਮੈਂ ਉਨ੍ਹਾਂ ਲੋਕਾਂ ਨਾਲ ਬਹੁਤ ਨਾਰਾਜ਼ ਸਾਂ। ਪਰ ਮੈਂ ਉਨ੍ਹਾਂ ਨੂੰ ਵਾਪਸ ਇਸ ਥਾਂ ਲਿਆਵਾਂਗਾ। ਮੈਂ ਉਨ੍ਹਾਂ ਲੋਕਾਂ ਨੂੰ ਉਨ੍ਹਾਂ ਥਾਵਾਂ ਉੱਤੋਂ ਇਕੱਠਿਆਂ ਕਰਾਂਗਾ ਜਿੱਥੇ ਮੈਂ ਉਨ੍ਹਾਂ ਨੂੰ ਜਾਣ ਲਈ ਮਜ਼ਬੂਰ ਕੀਤਾ ਸੀ। ਮੈਂ ਉਨ੍ਹਾਂ ਨੂੰ ਇਸ ਥਾਂ ਵਾਪਸ ਲਿਆਵਾਂਗਾ। ਮੈਂ ਉਨ੍ਹਾਂ ਨੂੰ ਸ਼ਾਂਤੀ ਨਾਲ ਜਿਉਣ ਦਿਆਂਗਾ। 38 ਇਸਰਾਏਲ ਅਤੇ ਯਹੂਦਾਹ ਦੇ ਲੋਕ ਮੇਰੇ ਬੰਦੇ ਹੋਣਗੇ। ਅਤੇ ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ। 39 ਮੈਂ ਉਨ੍ਹਾਂ ਲੋਕਾਂ ਅੰਦਰ ਸੱਚਮੁੱਚ ਵਿੱਚ ਇੱਕ ਹੋਣ ਦੀ ਲੋਚਾ ਪੈਦਾ ਕਰਾਂਗਾ। ਉਨ੍ਹਾਂ ਦਾ ਟੀਚਾ ਇੱਕ ਹੋਵੇਗਾ-ਉਹ ਆਪਣੀ ਸਾਰੀ ਜ਼ਿੰਦਗੀ ਸੱਚਮੁੱਚ ਮੇਰੀ ਹੀ ਉਪਾਸਨਾ ਕਰਨੀ ਚਾਹੁਂਣਗੇ। ਉਹ ਸੱਚਮੁੱਚ ਅਜਿਹਾ ਕਰਨਾ ਲੋਚਣਗੇ ਅਤੇ ਇਹੋ ਗੱਲ ਉਨ੍ਹਾਂ ਦੀ ਸੰਤਾਨ ਵੀ ਲੋਚੇਗੀ।

40 “‘ਮੈਂ ਇਸਰਾਏਲ ਅਤੇ ਯਹੂਦਾਹ ਦੇ ਲੋਕਾਂ ਨਾਲ ਇੱਕ ਇਕਰਾਰਨਾਮਾ ਕਰਾਂਗਾ। ਇਹ ਇਕਰਾਰਨਾਮਾ ਹਮੇਸ਼ਾ ਰਹੇਗਾ। ਇਸ ਇਕਰਾਰਨਾਮੇ ਵਿੱਚ, ਮੈਂ ਕਦੇ ਵੀ ਉਨ੍ਹਾਂ ਲੋਕਾਂ ਤੋਂ ਮੂੰਹ ਨਹੀਂ ਮੋੜਾਂਗਾ। ਮੈਂ ਹਮੇਸ਼ਾ ਉਨ੍ਹਾਂ ਨਾਲ ਨੇਕੀ ਕਰਾਂਗਾ। ਮੈਂ ਉਨ੍ਹਾਂ ਅੰਦਰ ਲੋਚਾ ਪੈਦਾ ਕਰਾਂਗਾ ਕਿ ਮੇਰੀ ਇੱਜ਼ਤ ਕਰਨ। ਫ਼ੇਰ ਉਹ ਕਦੇ ਵੀ ਮੇਰੇ ਕੋਲੋਂ ਮੂੰਹ ਨਹੀਂ ਮੋੜਨਗੇ। 41 ਉਹ ਮੈਨੂੰ ਪ੍ਰਸੰਨ ਕਰ ਦੇਣਗੇ। ਮੈਨੂੰ ਉਨ੍ਹਾਂ ਨਾਲ ਨੇਕੀ ਕਰਦਿਆਂ ਖੁਸ਼ੀ ਮਿਲੇਗੀ। ਅਤੇ ਮੈਂ ਉਨ੍ਹਾਂ ਨੂੰ ਅਵੱਸ਼ ਇਸ ਧਰਤੀ ਵਿੱਚ ਬੀਜ ਦਿਆਂਗਾ ਅਤੇ ਉਨ੍ਹਾਂ ਨੂੰ ਵੱਧਣ ਫ਼ੁੱਲਣ ਦਾ ਮੌਕਾ ਦਿਆਂਗਾ। ਇਹ ਮੈਂ ਆਪਣੇ ਪੂਰੇ ਦਿਲ ਅਤੇ ਰੂਹ ਨਾਲ ਕਰਾਂਗਾ।’”

42 ਇਹੀ ਹੈ ਜੋ ਯਹੋਵਾਹ ਆਖਦਾ ਹੈ, “ਮੈਂ ਇਸਰਾਏਲ ਅਤੇ ਯਹੂਦਾਹ ਦੇ ਲੋਕਾਂ ਲਈ ਭਿਆਨਕ ਬਿਪਤਾ ਲੈ ਕੇ ਆਇਆ ਹਾਂ। ਇਸੇ ਤਰ੍ਹਾਂ ਨਾਲ ਮੈਂ ਉਨ੍ਹਾਂ ਲਈ ਚੰਗੀਆਂ ਚੀਜ਼ਾਂ ਵੀ ਲਿਆਵਾਂਗਾ। ਮੈਂ ਉਨ੍ਹਾਂ ਲਈ ਨੇਕੀ ਕਰਨ ਦਾ ਇਕਰਾਰ ਕਰਦਾ ਹਾਂ। 43 ਤੁਸੀਂ ਲੋਕ ਆਖ ਰਹੇ ਹੋ, ‘ਇਹ ਧਰਤੀ ਸਖਣਾ ਮਾਰੂਬਲ ਹੈ। ਇੱਥੇ ਕੋਈ ਬੰਦੇ ਜਾਂ ਪਸ਼ੂ ਨਹੀਂ ਹਨ। ਬਾਬਲ ਦੀ ਫ਼ੌਜ ਨੇ ਇਸ ਦੇਸ਼ ਨੂੰ ਹਰਾ ਦਿੱਤਾ ਸੀ।’ ਪਰ ਭਵਿੱਖ ਵਿੱਚ ਲੋਕ ਇੱਕ ਵਾਰ ਫ਼ੇਰ ਇਸ ਧਰਤੀ ਵਿੱਚ ਖੇਤ ਖਰੀਦਣਗੇ। 44 ਲੋਕੀ ਆਪਣੇ ਪੈਸੇ ਨਾਲ ਖੇਤ ਖਰੀਦਣਗੇ। ਉਹ ਆਪਣੇ ਇਕਰਾਰਨਾਮਿਆਂ ਉੱਪਰ ਹਸਤਾਖਰ ਕਰਨਗੇ ਅਤੇ ਉਨ੍ਹਾਂ ਨੂੰ ਮੁਹਰਬੰਦ ਕਰਨਗੇ। ਲੋਕ ਉਨ੍ਹਾਂ ਲੋਕਾਂ ਨੂੰ ਆਪਣੇ ਸੌਦਿਆਂ ਉੱਤੇ ਹਸਤਾਖਰ ਕਰਦਿਆਂ ਦੀ ਗਵਾਹੀ ਦੇਣਗੇ। ਲੋਕ ਫ਼ੇਰ ਉਸ ਧਰਤੀ ਅੰਦਰ ਖੇਤ ਖਰੀਦਣਗੇ ਜਿੱਥੇ ਬਿਨਯਾਮੀਨ ਦਾ ਪਰਿਵਾਰ-ਸਮੂਹ ਰਹਿੰਦਾ ਹੈ। ਉਹ ਯਰੂਸ਼ਲਮ ਦੇ ਇਲਾਕੇ ਦੇ ਇਰਦ-ਗਿਰਦ ਖੇਤ ਖਰੀਦਣਗੇ। ਉਹ ਯਹੂਦਾਹ ਦੀ ਧਰਤੀ ਦੇ ਕਸਬਿਆਂ ਵਿੱਚ, ਪਹਾੜੀ ਇਲਾਕੇ ਵਿੱਚ, ਪੱਛਮੀ ਪਹਾੜੀਆਂ ਦੇ ਪੈਰਾਂ ਵਿੱਚ ਅਤੇ ਦੱਖਣੀ ਮਾਰੂਬਲ ਦੇ ਇਲਾਕੇ ਵਿੱਚ ਖੇਤ ਖਰੀਦਣਗੇ। ਅਜਿਹਾ ਇਸ ਲਈ ਵਾਪਰੇਗਾ ਕਿਉਂ ਕਿ ਮੈਂ ਤੁਹਾਡੇ ਲੋਕਾਂ ਨੂੰ ਘਰ ਵਾਪਸ ਲਿਆਵਾਂਗਾ।” ਇਹ ਸੰਦੇਸ਼ ਯਹੋਵਾਹ ਵੱਲੋਂ ਸੀ।

ਪਰਮੇਸ਼ੁਰ ਦਾ ਇਕਰਾਰ

33 ਯਿਰਮਿਯਾਹ ਨੂੰ ਯਹੋਵਾਹ ਦਾ ਸੰਦੇਸ਼ ਦੂਸਰੀ ਵਾਰੀ ਮਿਲਿਆ। ਯਿਰਮਿਯਾਹ ਹਾਲੇ ਤੱਕ ਗਾਰਦ ਦੇ ਵਰਾਂਡੇ ਅੰਦਰ ਕੈਦ ਸੀ। ਯਹੋਵਾਹ ਹੀ ਹੈ ਜਿਸ ਨੇ ਧਰਤੀ ਨੂੰ ਬਣਾਇਆ। ਉਸ ਨੇ ਇਸ ਨੂੰ ਸਿਰਜਿਆ ਅਤੇ ਇਸ ਦੀ ਬੁਨਿਆਦ ਉੱਤੇ ਸਥਾਪਿਤ ਕੀਤਾ ਹੈ। ਯਹੋਵਾਹ ਉਸਦਾ ਨਾਮ ਹੈ। ਯਹੋਵਾਹ ਆਖਦਾ ਹੈ, “ਯਹੂਦਾਹ, ਮੇਰੇ ਅੱਗੇ ਪ੍ਰਾਰਥਨਾ ਕਰ। ਮੈਂ ਤੇਰੀ ਪ੍ਰਾਰਥਨਾ ਸੁਣਾਂਗਾ। ਮੈਂ ਤੈਨੂੰ ਬਹੁਤ ਮਹੱਤਵਪੂਰਣ ਭੇਤ ਦੱਸਾਂਗਾ। ਤੂੰ ਇਹ ਗੱਲਾਂ ਪਹਿਲਾਂ ਕਦੇ ਨਹੀਂ ਸੁਣੀਆਂ। ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਹੈ। ਯਹੋਵਾਹ ਇਹ ਗੱਲਾਂ ਯਰੂਸ਼ਲਮ ਦੇ ਘਰਾਂ ਬਾਰੇ ਅਤੇ ਯਹੂਦਾਹ ਦੇ ਰਾਜਿਆਂ ਦੇ ਮਹਿਲਾਂ ਬਾਰੇ ਆਖਦਾ ਹੈ। ਦੁਸ਼ਮਣ ਉਨ੍ਹਾਂ ਮਕਾਨਾਂ ਨੂੰ ਢਾਹ ਕੇ ਢੇਰੀ ਕਰ ਦੇਵੇਗਾ। ਦੁਸ਼ਮਣ ਸ਼ਹਿਰ ਦੀਆਂ ਕੰਧਾਂ ਦੇ ਸ਼ਿਖਰ ਤੱਕ ਅਪੜਨ ਵਾਲੇ ਬਢ਼ੇ ਉਸਾਰੇਗਾ। ਦੁਸ਼ਮਣ ਤਲਵਾਰ ਦੀ ਵਰਤੋਂ ਕਰੇਗਾ ਅਤੇ ਇਨ੍ਹਾਂ ਸ਼ਹਿਰਾਂ ਦੇ ਲੋਕਾਂ ਨਾਲ ਲੜੇਗਾ।

“ਯਰੂਸ਼ਲਮ ਦੇ ਲੋਕਾਂ ਨੇ ਬਹੁਤ ਮੰਦੇ ਕੰਮ ਕੀਤੇ ਹਨ। ਮੈਂ ਉਨ੍ਹਾਂ ਲੋਕਾਂ ਨਾਲ ਨਾਰਾਜ਼ ਹਾਂ। ਮੈਂ ਉਨ੍ਹਾਂ ਦੇ ਵਿਰੁੱਧ ਹੋ ਗਿਆ ਹਾਂ। ਇਸ ਲਈ ਮੈਂ ਉੱਥੋਂ ਦੇ ਬਹੁਤ-ਬਹੁਤ ਸਾਰੇ ਬੰਦਿਆਂ ਨੂੰ ਮਾਰ ਮੁਕਾਵਾਂਗਾ। ਬਾਬਲ ਦੀ ਫ਼ੌਜ ਯਰੂਸ਼ਲਮ ਨਾਲ ਲੜਨ ਲਈ ਆਵੇਗੀ। ਯਰੂਸ਼ਲਮ ਦੇ ਘਰਾਂ ਅੰਦਰ ਬਹੁਤ-ਬਹੁਤ ਸਾਰੀਆਂ ਲਾਸ਼ਾਂ ਹੋਣਗੀਆਂ।

“ਪਰ ਫ਼ੇਰ ਮੈਂ ਉਸ ਸ਼ਹਿਰ ਦੇ ਲੋਕਾਂ ਨੂੰ ਬਖਸ਼ ਦਿਆਂਗਾ। ਮੈਂ ਉਨ੍ਹਾਂ ਲੋਕਾਂ ਨੂੰ ਸ਼ਾਂਤੀ ਨਾਲ ਰਹਿਣ ਦਿਆਂਗਾ। ਮੈਂ ਯਹੂਦਾਹ ਅਤੇ ਇਸਰਾਏਲ ਉੱਤੇ ਚੰਗੀਆਂ ਗੱਲਾਂ ਫ਼ੇਰ ਵਾਪਰਨ ਦਿਆਂਗਾ। ਮੈਂ ਉਨ੍ਹਾਂ ਲੋਕਾਂ ਨੂੰ ਓਸੇ ਤਰ੍ਹਾਂ ਫ਼ੇਰ ਤਾਕਤਵਰ ਬਣਾ ਦਿਆਂਗਾ ਜਿਵੇਂ ਉਹ ਅਤੀਤ ਵਿੱਚ ਸਨ। ਉਨ੍ਹਾਂ ਨੇ ਮੇਰੇ ਖਿਲਾਫ਼ ਪਾਪ ਕੀਤਾ ਸੀ-ਪਰ ਮੈਂ ਉਸ ਪਾਪ ਨੂੰ ਧੋ ਸੁੱਟਾਂਗਾ। ਉਹ ਮੇਰੇ ਖਿਲਾਫ਼ ਲੜੇ ਸਨ-ਪਰ ਮੈਂ ਉਨ੍ਹਾਂ ਨੂੰ ਮਾਫ਼ ਕਰ ਦਿਆਂਗਾ। ਫ਼ੇਰ ਯਰੂਸ਼ਲਮ ਬੜੀ ਸ਼ਾਨਦਾਰ ਥਾਂ ਹੋਵੇਗੀ। ਲੋਕ ਪ੍ਰਸੰਨ ਹੋਣਗੇ। ਅਤੇ ਹੋਰਨਾਂ ਕੌਮਾਂ ਦੇ ਲੋਕ ਇਸਦੀ ਵਡਿਆਈ ਕਰਨਗੇ। ਇਹ ਗੱਲ ਉਦੋਂ ਵਾਪਰੇਗੀ ਜਦੋਂ ਉਹ ਲੋਕ ਇੱਥੇ ਵਾਪਰਨ ਵਾਲੀਆਂ ਚੰਗੀਆਂ ਗੱਲਾਂ ਬਾਰੇ ਸੁਣਨਗੇ।। ਉਹ ਉਨ੍ਹਾਂ ਚੰਗੀਆਂ ਗੱਲਾਂ ਬਾਰੇ ਸੁਣਨਗੇ ਜਿਹੜੀਆਂ ਮੈਂ ਯਰੂਸ਼ਲਮ ਲਈ ਕਰ ਰਿਹਾ ਹਾਂ।

10 “ਤੁਸੀਂ ਲੋਕ ਆਖ ਰਹੇ ਹੋ, ‘ਸਾਡਾ ਦੇਸ਼ ਸਖਣਾ ਮਾਰੂਬਲ ਹੈ। ਇੱਥੇ ਨਾ ਮਨੁੱਖ ਰਹਿੰਦੇ ਨੇ ਅਤੇ ਨਾ ਪਸ਼ੂ।’ ਇੱਥੇ ਹੁਣ ਯਰੂਸ਼ਲਮ ਦੀਆਂ ਗਲੀਆਂ ਵਿੱਚ ਅਤੇ ਯਹੂਦਾਹ ਦੇ ਕਸਬਿਆਂ ਵਿੱਚ ਚੁੱਪ ਹੈ। ਪਰ ਛੇਤੀ ਹੀ ਇੱਥੇ ਸ਼ੋਰ ਹੋਵੇਗਾ। 11 ਇੱਥੇ ਖੁਸ਼ੀ ਅਤੇ ਆਨੰਦ ਦੀਆਂ ਆਵਾਜ਼ਾਂ ਆਉਣਗੀਆਂ। ਇੱਥੇ ਲਾੜੇ ਲਾੜੀ ਦੀਆਂ ਖੁਸ਼ੀ ਭਰੀਆਂ ਆਵਾਜ਼ਾਂ ਸੁਣਨਗੀਆਂ। ਇੱਥੇ ਉਨ੍ਹਾਂ ਲੋਕਾਂ ਦੀਆਂ ਆਵਾਜ਼ਾਂ ਸੁਣਾਈ ਦੇਣਗੀਆਂ ਜਿਹੜੇ ਯਹੋਵਾਹ ਦੇ ਮੰਦਰ ਲਈ ਦਾਤਾਂ ਲਿਆ ਰਹੇ ਹੋਣਗੇ। ਉਹ ਲੋਕ ਆਖਣਗੇ, ‘ਉਸਤਤ ਕਰੋ ਸਰਬ ਸ਼ਕਤੀਮਾਨ ਯਹੋਵਾਹ ਦੀ! ਯਹੋਵਾਹ ਨੇਕ ਹੈ! ਯਹੋਵਾਹ ਦੀ ਮਿਹਰ ਹਮੇਸ਼ਾ ਜਾਰੀ ਰਹਿੰਦੀ ਹੈ!’ ਲੋਕ ਇਹ ਗੱਲਾਂ ਇਸ ਲਈ ਆਖਣਗੇ ਕਿਉਂ ਕਿ ਮੈਂ ਯਹੂਦਾਹ ਲਈ ਫ਼ੇਰ ਚੰਗੀਆਂ ਗੱਲਾਂ ਕਰਾਂਗਾ। ਇਹ ਉਸੇ ਤਰ੍ਹਾਂ ਹੋਵੇਗਾ ਜਿਵੇਂ ਆਦਿ ਵਿੱਚ ਸੀ।” ਯਹੋਵਾਹ ਨੇ ਇਹ ਗੱਲਾਂ ਆਖੀਆਂ।

12 ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ, “ਇਹ ਥਾਂ ਹੁਣ ਖਾਲੀ ਹੈ। ਇੱਥੇ ਬੰਦੇ ਅਤੇ ਪਸ਼ੂ ਨਹੀਂ ਰਹਿੰਦੇ ਹਨ। ਪਰ ਇੱਥੇ ਯਹੂਦਾਹ ਦੇ ਸਾਰੇ ਕਸਬਿਆਂ ਵਿੱਚ ਲੋਕ ਹੋਣਗੇ। ਇੱਥੇ ਆਜੜੀ ਹੋਣਗੇ, ਅਤੇ ਇੱਥੇ ਉਹ ਚਰਾਂਦਾ ਹੋਣਗੀਆਂ ਜਿੱਥੇ ਉਹ ਆਪਣੇ ਇੱਜੜਾਂ ਨੂੰ ਆਰਾਮ ਕਰਾਉਣਗੇ। 13 ਜਦੋਂ ਭੇਡਾਂ ਸਾਹਮਣੇ ਚਲਦੀਆਂ ਹਨ ਤਾਂ ਆਜੜੀ ਆਪਣੀਆਂ ਭੇਡਾਂ ਦੀ ਗਿਣਤੀ ਕਰਦੇ ਹਨ। ਲੋਕੀ ਦੇਸ਼ ਵਿੱਚ ਸਭ ਬਾਈਁ ਆਪਣੀਆਂ ਭੇਡਾਂ ਦੀ ਗਿਣਤੀ ਕਰ ਰਹੇ ਹੋਣਗੇ-ਪਹਾੜੀ ਇਲਾਕੇ ਵਿੱਚ, ਪੱਛਮੀ ਤਰਾਈ ਵਿੱਚ, ਨਿਜੀਬ ਵਿੱਚ ਅਤੇ ਯਹੂਦਾਹ ਦੇ ਹੋਰ ਸਾਰੇ ਕਸਬਿਆਂ ਵਿੱਚ ਵੀ।”

ਚੰਗੀ ਟਹਿਣੀ

14 ਇਹ ਸੰਦੇਸ਼ ਯਹੋਵਾਹ ਵੱਲੋਂ ਹੈ: “ਮੈਂ ਇਸਰਾਏਲ ਅਤੇ ਯਹੂਦਾਹ ਦੇ ਲੋਕਾਂ ਨਾਲ ਇੱਕ ਖਾਸ ਇਕਰਾਰ ਕੀਤਾ ਸੀ। ਉਹ ਸਮਾਂ ਆ ਰਿਹਾ ਹੈ ਜਦੋਂ ਮੈਂ ਓਹੀ ਗੱਲਾਂ ਕਰਾਂਗਾ ਜਿਨ੍ਹਾਂ ਦਾ ਮੈਂ ਇਕਰਾਰ ਕੀਤਾ ਸੀ। 15 ਉਸ ਸਮੇਂ, ਮੈਂ ਦਾਊਦ ਦੇ ਪਰਿਵਾਰ ਵਿੱਚੋਂ ਇੱਕ ਚੰਗੀ ‘ਟਹਿਣੀ’ ਉਗਾਵਾਂਗਾ। ਉਹ ਚੰਗੀ ‘ਟਹਿਣੀ’ ਉਹੀ ਗੱਲਾਂ ਕਰੇਗੀ ਜਿਹੜੀਆਂ ਦੇਸ਼ ਲਈ ਚੰਗੀਆਂ ਅਤੇ ਸਹੀ ਹਨ। 16 ਇਸ ‘ਟਹਿਣੀ’ ਦੇ ਸਮੇਂ ਵਿੱਚ, ਯਹੂਦਾਹ ਦੇ ਲੋਕ ਬਚ ਜਾਣਗੇ। ਲੋਕੀ ਯਰੂਸ਼ਲਮ ਵਿੱਚ ਨਿਸ਼ਚਿੰਤ ਹੋਕੇ ਰਹਿਣਗੇ। ਉਸ ਟਹਿਣੀ ਦਾ ਨਾਮ ਹੈ: ‘ਸਾਡਾ ਯਹੋਵਾਹ ਨੇਕ ਹੈ।’”

17 ਯਹੋਵਾਹ ਆਖਦਾ ਹੈ, “ਦਾਊਦ ਦੇ ਪਰਿਵਾਰ ਦਾ ਬੰਦਾ ਹੀ ਹਮੇਸ਼ਾ ਤਖਤ ਉੱਤੇ ਬੈਠੇਗਾ ਅਤੇ ਇਸਰਾਏਲ ਦੇ ਪਰਿਵਾਰ ਉੱਤੇ ਹਕੂਮਤ ਕਰੇਗਾ। 18 ਅਤੇ ਇੱਥੇ ਹਮੇਸ਼ਾ ਲੇਵੀ ਦੇ ਪਰਿਵਾਰ ਵਿੱਚੋਂ ਜਾਜਕ ਹੋਣਗੇ। ਉਹ ਜਾਜਕ ਹਮੇਸ਼ਾ ਮੇਰੇ ਸਨਮੁੱਖ ਖਲੋਣਗੇ ਅਤੇ ਮੈਨੂੰ ਹੋਮ ਦੀਆਂ ਭੇਟਾਂ ਅਤੇ ਅਨਾਜ ਦੀਆਂ ਭੇਟਾਂ ਦੀ ਬਲੀ ਅਤੇ ਬਲੀਆਂ ਚੜ੍ਹਾਉਣਗੇ।”

19 ਯਹੋਵਾਹ ਦਾ ਇਹ ਸੰਦੇਸ਼ ਯਿਰਮਿਯਾਹ ਨੂੰ ਮਿਲਿਆ। 20 ਯਹੋਵਾਹ ਆਖਦਾ ਹੈ, “ਮੇਰਾ ਦਿਨ ਅਤੇ ਰਾਤ ਨਾਲ ਇਕਰਾਰਨਾਮਾ ਹੈ। ਮੈਂ ਪ੍ਰਵਾਨ ਕੀਤਾ ਸੀ ਕਿ ਉਹ ਹਮੇਸ਼ਾ ਰਹਿਣਗੇ। ਤੁਸੀਂ ਇਸ ਇਕਰਾਰਨਾਮੇ ਨੂੰ ਨਹੀਂ ਬਦਲ ਸੱਕਦੇ। ਦਿਨ ਅਤੇ ਰਾਤ ਹਮੇਸ਼ਾ ਠੀਕ ਸਮੇਂ ਸਿਰ ਆਉਣਗੇ। ਜੇ ਕਿਤੇ ਤੁਸੀਂ ਇਸ ਇਕਰਾਰ ਨੂੰ ਬਦਲ ਸੱਕਦੇ 21 ਤਾਂ ਤੁਸੀਂ ਮੇਰੇ ਦਾਊਦ ਅਤੇ ਲੇਵੀ ਨਾਲ ਇਕਰਾਰਨਾਮੇ ਨੂੰ ਵੀ ਬਦਲ ਸੱਕਦੇ। ਫ਼ੇਰ ਦਾਊਦ ਦੇ ਉਤਰਾਧਿਕਾਰੀਆਂ ਵਿੱਚੋਂ ਰਾਜੇ ਨਹੀਂ ਸੀ ਹੋਣੇ ਅਤੇ ਲੇਵੀ ਦੇ ਪਰਿਵਾਰ ਵਿੱਚੋਂ ਜਾਜਕ ਨਹੀਂ ਸੀ ਹੋਣੇ। 22 ਪਰ ਮੈਂ ਆਪਣੇ ਸੇਵਕ ਦਾਊਦ ਨੂੰ ਅਤੇ ਲੇਵੀ ਦੇ ਪਰਿਵਾਰ-ਸਮੂਹ ਨੂੰ ਬਹੁਤ ਸਾਰੇ ਉੱਤਰਾਧਿਕਾਰੀ ਦਿਆਂਗਾ। ਉਹ ਉਤਨੇ ਹੀ ਹੋਣਗੇ ਜਿਤਨੇ ਆਕਾਸ਼ ਵਿੱਚ ਤਾਰੇ ਹਨ-ਕੋਈ ਵੀ ਬੰਦਾ ਉਨ੍ਹਾਂ ਸਾਰੇ ਤਾਰਿਆਂ ਦੀ ਗਿਣਤੀ ਨਹੀਂ ਕਰ ਸੱਕਦਾ। ਅਤੇ ਉਹ ਉਤਨੇ ਹੀ ਹੋਣਗੇ ਜਿਤਨੇ ਸਮੁੰਦਰ ਕੰਢੇ ਰੇਤ ਦੇ ਕਣ ਹੁੰਦੇ ਨੇ-ਕੋਈ ਵੀ ਬੰਦਾ ਰੇਤ ਦੇ ਉਨ੍ਹਾਂ ਕਣਾਂ ਨੂੰ ਗਿਣ ਨਹੀਂ ਸੱਕਦਾ।”

Punjabi Bible: Easy-to-Read Version (ERV-PA)

2010 by World Bible Translation Center