Print Page Options
Previous Prev Day Next DayNext

Bible in 90 Days

An intensive Bible reading plan that walks through the entire Bible in 90 days.
Duration: 88 days
Punjabi Bible: Easy-to-Read Version (ERV-PA)
Version
ਯੂਹੰਨਾ 15:18 - ਰਸੂਲਾਂ ਦੇ ਕਰਤੱਬ 6:7

ਯਿਸੂ ਦਾ ਆਪਣੇ ਚੇਲਿਆਂ ਨੂੰ ਹੁਸ਼ਿਆਰ ਕਰਨਾ

18 “ਜੇਕਰ ਦੁਨੀਆਂ ਤੁਹਾਨੂੰ ਨਫ਼ਰਤ ਕਰਦੀ ਹੈ ਤਾਂ ਤੁਹਾਨੂੰ ਯਾਦ ਰੱਖਣਾ ਚਾਹੀਦਾ ਕਿ ਪਹਿਲਾਂ ਦੁਨੀਆਂ ਨੇ ਮੈਨੂੰ ਵੀ ਨਫ਼ਰਤ ਕੀਤੀ ਸੀ। 19 ਜੇਕਰ ਤੁਸੀਂ ਦੁਨੀਆਂ ਦੇ ਹੁੰਦੇ ਤਾਂ ਦੁਨੀਆਂ ਤੁਹਾਨੂੰ ਆਪਣਿਆਂ ਵਾਂਗ ਪਿਆਰ ਕਰਦੀ। ਪਰ ਤੁਸੀਂ ਦੁਨੀਆਂ ਦੇ ਨਹੀਂ ਹੋ ਕਿਉਂ ਮੈਂ ਤੁਹਾਨੂੰ ਇਸ ਦੁਨੀਆਂ ਵਿੱਚੋਂ ਚੁਣਿਆ ਹੈ ਇਸੇ ਕਾਰਣ ਦੁਨੀਆਂ ਨੇ ਤੁਹਾਨੂੰ ਨਫ਼ਰਤ ਕੀਤੀ।

20 “ਯਾਦ ਕਰੋ ਮੈਂ ਤੁਹਾਨੂੰ ਕੀ ਕਿਹਾ ਸੀ: ਇੱਕ ਦਾਸ ਆਪਣੇ ਮਾਲਕ ਨਾਲੋਂ ਵੱਡਾ ਨਹੀਂ ਹੁੰਦਾ। ਜੇਕਰ ਲੋਕਾਂ ਨੇ ਮੈਨੂੰ ਕਸ਼ਟ ਦਿੱਤੇ ਹਨ, ਤਾਂ ਉਹ ਤੁਹਾਨੂੰ ਵੀ ਤਸੀਹੇ ਦੇਣਗੇ। ਜੇਕਰ ਉਨ੍ਹਾਂ ਨੇ ਮੇਰੇ ਉਪਦੇਸ਼ ਨੂੰ ਮੰਨਿਆ, ਉਹ ਤੁਹਾਡੇ ਉਪਦੇਸ਼ ਦੀ ਵੀ ਪਾਲਣਾ ਕਰਣਗੇ। 21 ਪਰ ਇਹ ਸਭ ਕੁਝ ਮੇਰੇ ਨਾਮ ਦੇ ਕਾਰਣ ਲੋਕ ਤੁਹਾਡੇ ਨਾਲ ਕਰਣਗੇ ਕਿਉਂ ਕਿ ਉਹ ਉਸ ਨੂੰ ਨਹੀਂ ਜਾਣਦੇ ਜਿਸਨੇ ਮੈਨੂੰ ਭੇਜਿਆ ਹੈ। 22 ਜੇਕਰ ਮੈਂ ਨਾ ਆਇਆ ਹੁੰਦਾ ਅਤੇ ਇਸ ਦੁਨੀਆਂ ਦੇ ਲੋਕਾਂ ਨਾਲ ਗੱਲ ਨਾ ਕੀਤੀ ਹੁੰਦੀ, ਤਾਂ ਉਹ ਪਾਪਾਂ ਦੇ ਦੋਸ਼ੀ ਨਾ ਹੁੰਦੇ। ਹੁਣ ਮੈਂ ਉਨ੍ਹਾਂ ਨੂੰ ਕਿਹਾ ਹੈ, ਹੁਣ ਉਨ੍ਹਾਂ ਕੋਲ ਆਪਣੇ ਪਾਪਾਂ ਲਈ ਕੋਈ ਬਹਾਨਾ ਨਹੀ ਹੈ।

23 “ਉਹ ਵਿਅਕਤੀ ਜੋ ਮੈਨੂੰ ਨਫ਼ਰਤ ਕਰਦਾ ਮੇਰੇ ਪਿਤਾ ਨੂੰ ਵੀ ਨਫ਼ਰਤ ਕਰਦਾ ਹੈ। 24 ਉਨ੍ਹਾਂ ਵਿੱਚਕਾਰ, ਮੈਂ ਉਹ ਗੱਲਾਂ ਕੀਤੀਆਂ ਹਨ ਜੋ ਕਿਸੇ ਨੇ ਵੀ ਨਹੀਂ ਕੀਤੀਆਂ। ਜੇਕਰ ਮੈਂ ਉਹ ਗੱਲਾਂ ਨਾ ਕੀਤੀਆਂ ਹੁੰਦੀਆਂ, ਫ਼ੇਰ ਉਹ ਪਾਪਾਂ ਦੇ ਦੋਸ਼ੀ ਨਾ ਹੁੰਦੇ। ਪਰ ਹੁਣ ਉਨ੍ਹਾਂ ਨੇ ਇਹ ਗੱਲਾਂ ਵੇਖੀਆਂ ਹਨ, ਜੋ ਮੈਂ ਕੀਤੀਆਂ ਹਨ। ਪਰ ਹਾਲੇ ਵੀ ਉਹ ਮੈਨੂੰ, ਇੱਥੋਂ ਤੱਕ ਕਿ ਮੇਰੇ ਪਿਤਾ ਨੂੰ ਵੀ, ਨਫ਼ਰਤ ਕਰਦੇ ਹਨ। 25 ਪਰ ਇਹ ਇਸ ਲਈ ਹੋਇਆ ਹੈ ਕਿਉਂ ਕਿ ਜੋ ਭਵਿੱਖਬਾਣੀ ਉਨ੍ਹਾਂ ਦੀ ਸ਼ਰ੍ਹਾ ਵਿੱਚ ਲਿਖੀ ਹੋਈ ਸੀ ਪੂਰੀ ਹੋ ਜਾਵੇ। ‘ਉਨ੍ਹਾਂ ਨੇ ਬਿਨਾ ਕਾਰਣ ਮੈਨੂੰ ਨਫ਼ਰਤ ਕੀਤੀ।’ [a]

26 “ਮੈਂ ਤੁਹਾਨੂੰ ਪਿਤਾ ਵੱਲੋਂ ਸਹਾਇਕ ਭੇਜਾਂਗਾ। ਉਹ ਸਹਾਇਕ ਸੱਚ ਦਾ ਆਤਮਾ ਹੈ ਜੋ ਪਿਤਾ ਤੋਂ ਆਉਂਦਾ ਹੈ। ਜਦੋਂ ਉਹ ਆਵੇਗਾ ਤਾਂ ਉਹ ਮੇਰੇ ਪੱਖ ਵਿੱਚ ਗਵਾਹੀ ਦੇਵੇਗਾ। 27 ਅਤੇ ਤੁਸੀਂ ਵੀ ਲੋਕਾਂ ਨੂੰ ਮੇਰੇ ਬਾਰੇ ਗਵਾਹੀ ਦਿਉਂਗੇ ਕਿਉਂਕਿ ਤੁਸੀਂ ਮੁਢ ਤੋਂ ਮੇਰੇ ਨਾਲ ਸੀ।

16 “ਮੈਂ ਤੁਹਾਨੂੰ ਇਹ ਗੱਲਾਂ ਇਸ ਲਈ ਦੱਸੀਆਂ ਹਨ ਤਾਂ ਜੋ ਤੁਹਾਡਾ ਵਿਸ਼ਵਾਸ ਦ੍ਰਿੜ ਰਹਿ ਸੱਕੇ। ਲੋਕ ਤੁਹਾਨੂੰ ਪ੍ਰਾਰਥਨਾ ਸਥਾਨਾਂ ਤੋਂ ਬਾਹਰ ਕੱਢਣਗੇ। ਹਾਂ, ਵਕਤ ਆ ਰਿਹਾ ਹੈ ਜਦੋਂ ਲੋਕ ਇਹ ਸੋਚਣਗੇ ਕਿ ਤੁਹਾਨੂੰ ਮਾਰ ਦੇਣਾ ਹੀ ਪਰਮੇਸ਼ੁਰ ਦੀ ਸੇਵਾ ਹੈ। ਉਹ ਇਹ ਗੱਲਾਂ ਇਸ ਲਈ ਕਰਨਗੇ ਕਿਉਂਕਿ ਉਹ ਪਿਤਾ ਜਾਂ ਮੈਨੂੰ ਬਿਲਕੁਲ ਹੀ ਨਹੀਂ ਜਾਣਦੇ। ਮੈਂ ਤੁਹਾਨੂੰ ਇਹ ਸਭ ਗੱਲਾਂ ਹੁਣ ਕਹੀਆਂ ਹਨ, ਤਾਂ ਜੋ ਜਦੋਂ ਇਨ੍ਹਾਂ ਗੱਲਾਂ ਦੇ ਪੂਰਣ ਹੋਣ ਦਾ ਸਮਾਂ ਆਵੇ ਤਾਂ ਤੁਸੀਂ ਯਾਦ ਕਰੋ ਕਿ ਮੈਂ ਤੁਹਾਨੂੰ ਇਨ੍ਹਾਂ ਗੱਲਾਂ ਬਾਰੇ ਚਿਤਾਵਨੀ ਦਿੱਤੀ ਸੀ।

ਪਵਿੱਤਰ ਆਤਮਾ ਦਾ ਕਾਰਜ

“ਇਹ ਗੱਲਾਂ ਮੈਂ ਤੁਹਾਨੂੰ ਮੁਢੋਂ ਹੀ ਨਹੀਂ ਸੀ ਦੱਸੀਆਂ ਕਿਉਂਕਿ ਮੈਂ ਤੁਹਾਡੇ ਨਾਲ ਸੀ। ਪਰ ਹੁਣ ਮੈਂ ਉਸ ਕੋਲ ਜਾ ਰਿਹਾ ਹਾਂ ਜਿਸਨੇ ਮੈਨੂੰ ਘੱਲਿਆ ਸੀ ਪਰ ਤੁਹਾਡੇ ਵਿੱਚੋਂ ਕੋਈ ਮੈਨੂੰ ਨਹੀਂ ਪੁੱਛਦਾ ਤੂੰ ਕਿੱਥੇ ਜਾ ਰਿਹਾ ਹੈ। ਤੁਹਾਡੇ ਦਿਲ ਦੁੱਖ ਨਾਲ ਭਰਪੂਰ ਹਨ ਕਿਉਂਕਿ ਮੈਂ ਤੁਹਾਨੂੰ ਅਜਿਹੀਆਂ ਗੱਲਾਂ ਦੱਸੀਆਂ ਹਨ। ਪਰ ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਮੇਰਾ ਜਾਣਾ ਹੀ ਤੁਹਾਡੇ ਲਈ ਚੰਗਾ ਹੈ ਕਿਉਂਕਿ ਜਦੋਂ ਮੈਂ ਚੱਲਾ ਜਾਵਾਂਗਾ ਤਾਂ ਮੈਂ ਤੁਹਾਡੇ ਲਈ ਸਹਾਇਕ ਭੇਜਾਂਗਾ। ਪਰ ਜੇਕਰ ਮੈਂ ਨਾ ਜਾਵਾਂ, ਤਾਂ ਸਹਾਇਕ ਤੁਹਾਡੇ ਕੋਲ ਨਹੀਂ ਆਵੇਗਾ।

“ਜਦੋਂ ਸਹਾਇਕ ਆਵੇਗਾ, ਉਹ ਇਸ ਦੁਨੀਆਂ ਦੇ ਲੋਕਾਂ ਨੂੰ ਸਾਬਤ ਕਰੇਗਾ ਕਿ ਉਹ ਪਾਪ, ਧਾਰਮਿਕਤਾ ਅਤੇ ਨਿਆਂ ਬਾਰੇ ਗਲਤ ਹਨ। ਕਿਉਂ ਕਿ ਉਹ ਮੇਰੇ ਵਿੱਚ ਵਿਸ਼ਵਾਸ ਨਹੀਂ ਰੱਖਦੇ। ਉਹ ਸਹਾਇਕ ਸਾਬਤ ਕਰੇਗਾ ਕਿ ਲੋਕ ਪਾਪ ਦੇ ਬਾਰੇ ਦੋਸ਼ੀ ਹਨ। 10 ਉਹ ਉਨ੍ਹਾਂ ਨੂੰ ਸਾਬਤ ਕਰੇਗਾ ਕਿ ਉਹ ਧਾਰਮਿਕਤਾ ਬਾਰੇ ਗਲਤ ਹਨ, ਕਿਉਂਕਿ ਮੈਂ ਵਾਪਸ ਆਪਣੇ ਪਿਤਾ ਕੋਲ ਜਾ ਰਿਹਾ ਹਾਂ। ਫ਼ੇਰ ਤੁਸੀਂ ਮੈਨੂੰ ਵੱਧੇਰੇ ਨਹੀਂ ਵੇਖ ਸੱਕੋਂਗੇ। 11 ਸਹਾਇਕ ਇਸ ਦੁਨੀਆਂ ਦੇ ਲੋਕਾਂ ਨੂੰ ਸਾਬਤ ਕਰੇਗਾ ਕਿ ਉਹ ਨਿਆਂੇ ਦੇ ਬਾਰੇ ਗਲਤ ਹਨ, ਕਿਉਂਕਿ ਇਸ ਦੁਨੀਆਂ ਦੇ ਹਾਕਮ (ਸ਼ੈਤਾਨ) ਦਾ ਨਿਆਂ ਪਹਿਲਾਂ ਹੀ ਹੋ ਚੁੱਕਾ ਹੈ।

12 “ਮੇਰੇ ਕੋਲ ਹੋਰ ਵੀ ਤੁਹਾਨੂੰ ਦੱਸਣ ਲਈ ਬਹੁਤ ਕੁਝ ਹੈ, ਪਰ ਇਸ ਵੇਲੇ ਤੁਹਾਡੇ ਲਈ ਉਨ੍ਹਾਂ ਨੂੰ ਸਵੀਕਾਰ ਕਰਨਾ ਮੁਸ਼ਕਿਲ ਹੈ। 13 ਪਰ ਜਦੋਂ ਸੱਚ ਦਾ ਆਤਮਾ ਆਵੇਗਾ ਉਹ ਸਾਰੇ ਸੱਚ ਵਿੱਚ ਤੁਹਾਡੀ ਅਗਵਾਈ ਕਰੇਗਾ। ਆਤਮਾ ਆਪਣੇ ਸ਼ਬਦ ਨਹੀਂ ਬੋਲੇਗਾ। ਉਹ ਉਹੀ ਦੱਸੇਗਾ ਜੋ ਉਹ ਸੁਣਦਾ ਹੈ ਅਤੇ ਉਹ ਤੁਹਾਨੂੰ, ਦੱਸੇਗਾ ਕਿ ਕੀ ਵਾਪਰੇਗਾ। 14 ਸਚਿਆਈ ਦਾ ਆਤਮਾ ਮੈਨੂੰ ਮਹਿਮਾ ਲਿਆਵੇਗਾ। ਕਿਵੇਂ? ਉਹ ਮੇਰੇ ਕੋਲੋਂ ਚੀਜ਼ਾਂ ਲਵੇਗਾ ਅਤੇ ਤੁਹਾਨੂੰ ਪ੍ਰਕਾਸ਼ਿਤ ਕਰੇਗਾ। 15 ਉਹ ਸਭ ਕੁਝ ਜੋ ਪਿਤਾ ਨਾਲ ਸੰਬੰਧਿਤ ਹੈ, ਮੇਰਾ ਹੈ। ਇਹੀ ਕਾਰਣ ਹੈ ਕਿ ਮੈਂ ਤੁਹਾਨੂੰ ਕਿਹਾ ਹੈ ਕਿ ਆਤਮਾ ਮੇਰੇ ਕੋਲੋਂ ਗੱਲਾਂ ਲਵੇਗਾ ਅਤੇ ਉਨ੍ਹਾਂ ਨੂੰ ਤੁਹਾਡੇ ਅੱਗੇ ਪ੍ਰਗਟ ਕਰੇਗਾ।

ਉਦਾਸੀ ਖੁਸ਼ੀ ਵਿੱਚ ਬਦਲੀ ਜਾਵੇਗੀ

16 “ਥੋੜੀ ਦੇਰ ਬਾਦ ਤੁਸੀਂ ਮੈਨੂੰ ਨਹੀਂ ਵੇਖੋਂਗੇ। ਉਸ ਤੋਂ ਕੁਝ ਦੇਰ ਬਾਦ, ਤੁਸੀਂ ਮੈਨੂੰ ਫ਼ੇਰ ਵੇਖੋਂਗੇ।”

17 ਕੁਝ ਚੇਲਿਆਂ ਨੇ ਆਪਸ ਵਿੱਚ ਕਿਹਾ, “ਯਿਸੂ ਦਾ ਇਸਤੋਂ ਕੀ ਭਾਵ ਹੈ ਜਦੋਂ ਉਹ ਕਹਿੰਦਾ ਕਿ, ‘ਕੁਝ ਦੇਰ ਲਈ ਤੁਸੀਂ ਮੈਨੂੰ ਨਹੀਂ ਵੇਖੋਂਗੇ ਅਤੇ ਕੁਝ ਦੇਰ ਬਾਦ ਫ਼ੇਰ ਤੁਸੀਂ ਮੈਨੂੰ ਵੇਖੋਂਗੇ?’ ਅਤੇ ਇਸਤੋਂ ਕੀ ਭਾਵ? ਕਿ ਜਦੋਂ ਉਹ ਕਹਿੰਦਾ, ‘ਕਿਉਂਕਿ ਮੈਂ ਆਪਣੇ ਪਿਤਾ ਕੋਲ ਜਾ ਰਿਹਾ ਹਾਂ?’” 18 ਤਾਂ ਉਨ੍ਹਾਂ ਨੇ ਪੁੱਛਿਆ, “‘ਥੋੜੀ ਦੇਰ’ ਤੋਂ ਉਸਦਾ ਕੀ ਭਾਵ ਹੈ? ਜੋ ਉਹ (ਯਿਸੂ) ਆਖਦਾ ਹੈ ਅਸੀਂ ਨਹੀਂ ਸਮਝੇ।”

19 ਯਿਸੂ ਨੇ ਵੇਖਿਆ ਕਿ ਚੇਲੇ ਉਸ ਨੂੰ ਇਸ ਬਾਬਤ ਕੁਝ ਪੁੱਛਣਾ ਚਾਹੁੰਦੇ ਹਨ ਤਾਂ ਯਿਸੂ ਨੇ ਚੇਲਿਆਂ ਨੂੰ ਆਖਿਆ, “ਕੀ ਤੁਸੀਂ ਮੈਨੂੰ ਇਸ ਬਾਰੇ ਪੁੱਛ ਰਹੇ ਹੋ ਕਿ ਜੋ ਮੈਂ ਆਖਿਆ, ‘ਕੀ ਚਿਰ ਬਾਦ, ਤੁਸੀਂ ਮੈਨੂੰ ਨਹੀਂ ਵੇਖੋਂਗੇ ਅਤੇ ਥੋੜੇ ਜਿਹੇ ਚਿਰ ਬਾਦ ਤੁਸੀਂ ਮੈਨੂੰ ਫ਼ੇਰ ਵੇਖੋਂਗੇ?’ 20 ਮੈਂ ਤੁਹਾਨੂੰ ਸੱਚ ਦੱਸ ਰਿਹਾ ਹਾਂ ਕਿ ਤੁਸੀਂ ਰੋਵੋਂਗੇ ਅਤੇ ਉਦਾਸ ਹੋਵੋਂਗੇ ਪਰ ਦੁਨੀਆਂ ਖੁਸ਼ ਹੋਵੇਗੀ। ਤੁਸੀਂ ਉਦਾਸ ਹੋਵੋਂਗੇ ਪਰ ਤੁਹਾਡੀ ਉਦਾਸੀ ਖੁਸ਼ੀ ਵਿੱਚ ਬਦਲੇਗੀ।

21 “ਜਦੋਂ ਇੱਕ ਔਰਤ ਇੱਕ ਬੱਚੇ ਨੂੰ ਜਨਮ ਦਿੰਦੀ ਹੈ, ਉਹ ਦਰਦ ਮਹਿਸੂਸ ਕਰਦੀ ਹੈ ਕਿਉਂਕਿ ਉਸਦਾ ਬੱਚੇ ਨੂੰ ਜਨਮ ਦੇਣ ਦਾ ਸਮਾਂ ਆ ਚੁੱਕਾ ਹੈ। ਪਰ ਇੱਕ ਬੱਚੇ ਨੂੰ ਜਨਮ ਦੇਣ ਤੋਂ ਬਾਦ ਉਹ ਇਸ ਖੁਸ਼ੀ ਕਾਰਣ, ਕਿ ਇਸ ਦੁਨੀਆਂ ਵਿੱਚ ਇੱਕ ਨਵਾਂ ਬਾਲਕ ਜਨਮਿਆ ਹੈ, ਉਹ ਸਾਰੀਆਂ ਪੀੜਾਂ ਭੁੱਲ ਜਾਂਦੀ ਹੈ। 22 ਤੁਹਾਡੇ ਨਾਲ ਵੀ ਇਵੇਂ ਹੀ ਹੈ। ਹੁਣ ਤੁਸੀਂ ਉਦਾਸ ਹੋ। ਪਰ ਜਦੋਂ ਮੈਂ ਤੁਹਾਨੂੰ ਫ਼ੇਰ ਵੇਖਾਂਗਾ ਤੁਸੀਂ ਖੁਸ਼ ਹੋਵੋਂਗੇ ਅਤੇ ਉਹ ਖੁਸ਼ੀ ਤੁਹਾਥੋਂ ਕੋਈ ਨਹੀਂ ਖੋਹ ਸੱਕਦਾ। 23 ਅਤੇ ਉਸ ਦਿਨ ਤੁਸੀਂ ਮੇਰੇ ਤੇ ਕੋਈ ਸਵਾਲ ਨਹੀਂ ਕਰੋਂਗੇ। ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਜੋ ਕੁਝ ਵੀ ਤੁਸੀਂ ਪਿਤਾ ਤੋਂ ਮੇਰੇ ਨਾਂ ਤੇ ਮੰਗੋਂਗੇ ਉਹ ਤੁਹਾਨੂੰ ਦੇਵੇਗਾ। 24 ਅਜੇ ਤੱਕ ਤੁਸੀਂ ਮੇਰੇ ਨਾਂ ਵਿੱਚ ਕੁਝ ਨਹੀਂ ਮੰਗਿਆ। ਮੰਗੋ ਤੁਹਾਨੂੰ ਮਿਲੇਗਾ ਅਤੇ ਤੁਹਾਡੀ ਖੁਸ਼ੀ ਭਰਪੂਰ ਹੋਵੇਗੀ।

ਜਗਤ ਉੱਤੇ ਤੁਹਾਡੀ ਜਿੱਤ

25 “ਮੈਂ ਤੁਹਾਨੂੰ ਇਹ ਗੱਲਾਂ ਦੱਸਣ ਲਈ ਸੰਕੇਤਕ ਭਾਸ਼ਾ ਇਸਤੇਮਾਲ ਕੀਤੀ ਹੈ। ਪਰ ਉਹ ਸਮਾਂ ਆਵੇਗਾ ਜਦ ਮੈਂ ਤੁਹਾਨੂੰ ਕੁਝ ਵੀ ਦੱਸਣ ਲਈ ਸੰਕੇਤਕ ਟਿੱਪਣੀ ਦਾ [b] ਇਸਤੇਮਾਲ ਨਹੀਂ ਕਰਾਂਗਾ। ਸਗੋਂ ਮੈਂ ਤੁਹਾਨੂੰ ਆਪਣੇ ਪਿਤਾ ਬਾਰੇ ਬੜੇ ਸਪੱਸ਼ਟ ਸ਼ਬਦਾਂ ਵਿੱਚ ਦੱਸਾਂਗ਼ਾ। 26 ਇਸ ਦਿਨ ਤੁਸੀਂ ਮੇਰੇ ਨਾਂ ਵਿੱਚ ਮੰਗੋਂਗੇ ਅਤੇ ਮੈਂ ਤੁਹਾਨੂੰ ਦੱਸਦਾ ਹਾਂ ਕਿ ਮੇਰੇ ਲਈ ਇਹ ਜ਼ਰੂਰੀ ਨਹੀਂ ਹੋਵੇਗਾ ਕਿ ਮੈਂ ਤੁਹਾਡੇ ਲਈ ਪਿਤਾ ਅੱਗੇ ਮੰਗਾਂ। 27 ਨਹੀਂ, ਪਿਤਾ ਆਪਣੇ-ਆਪ ਹੀ ਤੁਹਾਨੂੰ ਪਿਆਰ ਕਰਦਾ ਹੈ, ਕਿਉਂ ਕਿ ਤੁਸੀਂ ਮੈਨੂੰ ਪਿਆਰ ਕੀਤਾ ਹੈ। ਉਹ ਤੁਹਾਨੂੰ ਵੀ ਪਿਆਰ ਕਰਦਾ ਹੈ ਕਿਉਂ ਕਿ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਮੈਂ ਪਰਮੇਸ਼ੁਰ ਵੱਲੋਂ ਆਇਆ ਹਾਂ। 28 ਮੈਂ ਪਿਤਾ ਵੱਲੋਂ ਇਸ ਜਗਤ ਵਿੱਚ ਆਇਆ ਹਾਂ ਅਤੇ ਹੁਣ ਮੈਂ ਇਹ ਦੁਨੀਆਂ ਛੱਡ ਕੇ ਆਪਣੇ ਪਿਤਾ ਕੋਲ ਵਾਪਸ ਜਾ ਰਿਹਾ ਹਾਂ।”

29 ਤਦ ਯਿਸੂ ਦੇ ਚੇਲਿਆਂ ਨੇ ਆਖਿਆ, “ਵੇਖ, ਹੁਣ ਤੂੰ ਸਪੱਸ਼ਟ ਬੋਲ ਰਿਹਾ ਹੈ ਅਤੇ ਤੂੰ ਸੰਕੇਤਕ ਟਿੱਪਣੀ ਇਸਤੇਮਾਲ ਨਹੀਂ ਕਰ ਰਿਹਾ। 30 ਹੁਣ ਅਸੀਂ ਜਾਣਦੇ ਹਾਂ ਕਿ ਤੈਨੂੰ ਸਭ ਕੁਝ ਪਤਾ ਹੈ, ਤੂੰ ਕਿਸੇ ਦੇ ਸਵਾਲ ਕੀਤੇ ਬਗੈਰ ਹੀ ਜਵਾਬ ਦੇ ਸੱਕਦਾ ਹੈ। ਇਸੇ ਲਈ, ਸਾਨੂੰ ਵਿਸ਼ਵਾਸ ਹੈ ਕਿ ਤੂੰ ਪਰਮੇਸ਼ੁਰ ਵੱਲੋਂ ਆਇਆ ਹੈਂ।”

31 ਯਿਸੂ ਨੇ ਆਖਿਆ, “ਤਾਂ ਕੀ ਹੁਣ ਤੁਸੀਂ ਵਿਸ਼ਵਾਸ ਕਰਦੇ ਹੋ?” 32 ਮੈਨੂੰ ਧਿਆਨ ਨਾਲ ਸੁਣੋ, ਇੱਕ ਸਮਾਂ ਆਵੇਗਾ ਜਦੋਂ ਤੁਸੀਂ ਸਭ ਖਿੰਡ ਜਾਵੋਂਗੇ ਅਤੇ ਆਪਣੇ ਘਰੀਂ ਮੁੜ ਜਾਵੋਂਗੇ ਅਤੇ ਤੁਸੀਂ ਮੈਨੂੰ ਇੱਕਲਾ ਛੱਡ ਦੇਵੋਂਗੇ। ਉਹ ਸਮਾਂ ਹੁਣ ਆ ਹੀ ਚੁੱਕਿਆ ਹੈ। ਪਰ ਤਾਂ ਵੀ ਮੈਂ ਇੱਕਲਾ ਨਹੀਂ ਹੋਵਾਂਗਾ ਕਿਉਂਕਿ ਪਿਤਾ ਮੇਰੇ ਨਾਲ ਹੈ।

33 “ਮੈਂ ਇਹ ਗੱਲਾਂ ਤੁਹਾਨੂੰ ਇਸ ਲਈ ਆਖੀਆਂ ਹਨ ਤਾਂ ਜੋ ਤੁਸੀਂ ਮੇਰੇ ਰਾਹੀਂ ਸ਼ਾਂਤੀ ਪਾ ਸੱਕੋਂ। ਇਸ ਦੁਨੀਆਂ ਵਿੱਚ ਤੁਸੀਂ ਕਸ਼ਟ ਝੱਲੋਂਗੇ। ਪਰ ਹੌਸਲਾ ਰੱਖੋ ਮੈਂ ਜਗਤ ਨੂੰ ਜਿੱਤ ਲਿਆ ਹੈ।”

ਯਿਸੂ ਦਾ ਆਪਣੇ ਚੇਲਿਆਂ ਲਈ ਪ੍ਰਾਰਥਨਾ ਕਰਨਾ

17 ਇਹ ਸਾਰੀਆਂ ਗੱਲਾਂ ਆਖਕੇ ਯਿਸੂ ਨੇ ਅਕਾਸ਼ ਵੱਲ ਤੱਕਿਆ ਅਤੇ ਪ੍ਰਾਰਥਨਾ ਕੀਤੀ, “ਪਿਤਾ, ਸਮਾਂ ਆ ਗਿਆ ਹੈ। ਆਪਣੇ ਪੁੱਤਰ ਨੂੰ ਮਹਿਮਾ ਦੇ ਤਾਂ ਜੋ ਪੁੱਤਰ ਤੈਨੂੰ ਮਹਿਮਾ ਦੇ ਸੱਕੇ। ਤੂੰ ਪੁੱਤਰ ਨੂੰ ਸਾਰੇ ਲੋਕਾਂ ਉੱਪਰ ਅਧਿਕਾਰ ਦਿੱਤਾ ਤਾਂ ਜੋ ਉਹ ਉਨ੍ਹਾਂ ਸਭ ਨੂੰ ਜੋ ਤੇਰੇ ਦੁਆਰਾ ਉਸ ਨੂੰ ਦਿੱਤੇ ਗਏ ਹਨ, ਸਦੀਪਕ ਜੀਵਨ ਦੇਵੇ। ਸਦੀਪਕ ਜੀਵਨ ਇਹ ਹੈ ਕਿ: ਸੱਚੇ ਪਰਮੇਸ਼ੁਰ ਅਤੇ ਯਿਸੂ ਮਸੀਹ, ਜਿਸ ਨੂੰ ਤੂੰ ਭੇਜਿਆ ਹੈ ਜਾਣਨ। ਮੈਂ ਉਹ ਕੰਮ ਪੂਰਾ ਕਰ ਦਿੱਤਾ ਜੋ ਤੂੰ ਮੈਨੂੰ ਕਰਨ ਲਈ ਕਿਹਾ ਅਤੇ ਮੈਂ ਤੈਨੂੰ ਧਰਤੀ ਉੱਤੇ ਮਹਿਮਾਮਈ ਕੀਤਾ ਹੈ। ਹੇ ਪਿਤਾ, ਹੁਣ ਤੂੰ ਆਪਣੀ ਹਜ਼ੂਰੀ ਵਿੱਚ ਮੈਨੂੰ ਮਹਿਮਾਮਈ ਕਰ। ਉਸ ਨਾਂ ਦੀ ਮਹਿਮਾ ਨਾਲ ਜਿਹੜੀ ਇਸ ਦੁਨੀਆਂ ਦੀ ਸਿਰਜਣਾ ਤੋਂ ਪਹਿਲਾਂ ਮੇਰੇ ਕੋਲ ਸੀ।

“ਤੂੰ ਮੈਨੂੰ ਇਸ ਵਿੱਚੋਂ ਕੁਝ ਮਨੁੱਖ ਦਿੱਤੇ ਤੇ ਮੈਂ ਉਨ੍ਹਾਂ ਨੂੰ ਤੇਰੇ ਬਾਰੇ ਦੱਸਿਆ ਕਿ ਤੂੰ ਕੌਣ ਹੈਂ। ਉਹ ਤੇਰੇ ਨਾਲ ਸੰਬੰਧਿਤ ਹਨ ਪਰ ਤੂੰ ਉਨ੍ਹਾਂ ਨੂੰ ਮੈਨੂੰ ਦਿੱਤਾ ਅਤੇ ਉਨ੍ਹਾਂ ਤੇਰੇ ਬਚਨਾਂ ਦੀ ਪਾਲਣਾ ਕੀਤੀ। ਹੁਣ ਉਹ ਜਾਣਦੇ ਹਨ ਕਿ ਜੋ ਕੁਝ ਵੀ ਤੂੰ ਮੈਨੂੰ ਬਖਸ਼ਿਆ ਹੈ ਤੈਥੋਂ ਹੀ ਆਇਆ ਹੈ। ਮੈਂ ਉਨ੍ਹਾਂ ਨੂੰ ਉਹ ਉਪਦੇਸ਼ ਦਿੱਤੇ ਜੋ ਤੂੰ ਮੈਨੂੰ ਦਿੱਤੇ ਹਨ। ਉਨ੍ਹਾਂ ਨੇ ਉਸ ਨੂੰ ਕਬੂਲਿਆ। ਉਨ੍ਹਾਂ ਨੇ ਸੱਚਮੁੱਚ ਇਹ ਨਿਹਚਾ ਕਰ ਲਿਆ ਕਿ ਉਹ ਉਪਦੇਸ਼ ਤੇਰੇ ਤੋਂ ਆਏ ਹਨ, ਅਤੇ ਉਨ੍ਹਾਂ ਨੇ ਵਿਸ਼ਵਾਸ ਕੀਤਾ ਕਿ ਤੂੰ ਹੀ ਮੈਨੂੰ ਭੇਜਿਆ ਹੈ। ਹੁਣ ਮੈਂ ਉਨ੍ਹਾਂ ਲਈ ਪ੍ਰਾਰਥਨਾ ਕਰਦਾ ਹਾਂ। ਮੈਂ ਜਗਤ ਦੇ ਲੋਕਾਂ ਲਈ ਪ੍ਰਾਰਥਨਾ ਨਹੀਂ ਕਰ ਰਿਹਾ ਸਗੋਂ ਉਨ੍ਹਾਂ ਲਈ ਪ੍ਰਾਰਥਨਾ ਕਰ ਰਿਹਾ ਹਾਂ ਜੋ ਤੂੰ ਮੈਨੂੰ ਦਿੱਤੇ ਹਨ, ਕਿਉਂ ਕਿ ਉਹ ਤੇਰੇ ਹੀ ਹਨ। 10 ਜੋ ਕੁਝ ਵੀ ਮੇਰੇ ਕੋਲ ਹੈ ਸਭ ਤੇਰਾ ਹੈ, ਅਤੇ ਜੋ ਕੁਝ ਤੇਰਾ ਹੈ ਸੋ ਮੇਰਾ ਹੈ। ਅਤੇ ਮੈਂ ਉਨ੍ਹਾਂ ਰਾਹੀਂ ਮਹਿਮਾਮਈ ਹੋਇਆ ਹਾਂ।

11 “ਹੁਣ ਮੈਂ ਤੇਰੇ ਕੋਲ ਆ ਰਿਹਾ ਹਾਂ, ਹੁਣ ਮੈਂ ਇਸ ਜਗਤ ਵਿੱਚ ਨਹੀਂ ਠਹਿਰਣਾ ਪਰ ਇਹ ਮਨੁੱਖ ਅਜੇ ਇੱਥੇ ਹੀ ਹਨ। ਪਵਿੱਤਰ ਪਿਤਾ! ਇਨ੍ਹਾਂ ਦੀ ਰੱਖਿਆ ਕਰੀਂ। ਆਪਣੇ ਨਾਂ ਦੀ ਸ਼ਕਤੀ ਨਾਲ ਉਨ੍ਹਾਂ ਦੀ ਰੱਖਿਆ ਕਰੀ। ਜੋ ਤੂੰ ਮੈਨੂੰ ਦਿੱਤਾ। ਤਾਂ ਜੋ ਉਹ ਇੱਕ ਮੁੱਠ ਰਹਿ ਸੱਕਣ ਜਿਵੇਂ ਕਿ ਤੂੰ ਤੇ ਮੈਂ ਹਾਂ। 12 ਜਦੋਂ ਮੈਂ ਉਨ੍ਹਾਂ ਨਾਲ ਸੀ, ਮੈਂ ਉਨ੍ਹਾਂ ਨੂੰ ਸੁੱਰੱਖਿਅਤ ਰੱਖਿਆ। ਮੈਂ ਉਨ੍ਹਾਂ ਨੂੰ ਤੇਰੇ ਨਾਮ ਦੀ ਸ਼ਕਤੀ ਦੁਆਰਾ ਸੁੱਰੱਖਿਅਤ ਰੱਖਿਆ। ਤੇਰੇ ਦਿੱਤੇ ਹੋਏ ਨਾਂ ਦੁਆਰਾ ਮੈਂ ਉਨ੍ਹਾਂ ਦੀ ਰੱਖਿਆ ਕੀਤੀ। ਉਨ੍ਹਾਂ ਵਿੱਚੋਂ ਕੋਈ ਵੀ ਨਹੀਂ ਗੁਆਚਿਆ ਸੀ। ਇੱਕ ਤੋਂ ਇਲਾਵਾ ਜਿਹੜਾ ਤਬਾਹੀ ਨੂੰ ਸੌਂਪਿਆ ਗਿਆ ਸੀ। ਉਹ ਗੁਆਚ ਗਿਆ ਸੀ। ਕਿਉਂ ਕਿ ਪੋਥੀ ਵਿੱਚ ਇਉਂ ਵਾਪਰਨ ਬਾਰੇ ਲਿਖਿਆ ਸੀ।

13 “ਹੁਣ ਮੈਂ ਤੇਰੇ ਕੋਲ ਆ ਗਿਆ ਹਾਂ। ਮੈਂ ਇਨ੍ਹਾਂ ਗੱਲਾਂ ਲਈ ਪ੍ਰਾਰਥਨਾ ਕਰ ਰਿਹਾ ਹਾਂ ਜਦ ਕਿ ਅਜੇ ਮੈਂ ਇਸ ਦੁਨੀਆਂ ਵਿੱਚ ਹੀ ਹਾਂ। ਤਾਂ ਜੋ ਉਹ ਆਪਣੇ ਅੰਦਰ ਮੇਰੀ ਪੂਰੀ ਖੁਸ਼ੀ ਰੱਖ ਸੱਕਣ। 14 ਮੈਂ ਉਨ੍ਹਾਂ ਨੂੰ ਤੇਰਾ ਉਪਦੇਸ਼ ਦਿੱਤਾ ਹੈ ਅਤੇ ਦੁਨੀਆਂ ਨੇ ਇਨ੍ਹਾਂ ਆਦਮੀਆਂ ਨੂੰ ਨਫ਼ਰਤ ਕੀਤੀ ਹੈ। ਜਿਵੇਂ ਕਿ ਮੈਂ ਇਸ ਦੁਨੀਆਂ ਦਾ ਨਹੀਂ ਹਾਂ, ਉਹ ਵੀ ਇਸ ਦੁਨੀਆਂ ਨਾਲ ਸੰਬੰਧਿਤ ਨਹੀਂ ਹਨ।

15 “ਮੈਂ ਤੈਥੋਂ ਇਹ ਨਹੀਂ ਮੰਗਦਾ ਕਿ ਤੂੰ ਉਨ੍ਹਾਂ ਲੋਕਾਂ ਨੂੰ ਇਸ ਜੱਗਤ ਤੋਂ ਬਾਹਰ ਕੱਢ ਲੈ, ਪਰ ਮੈਂ ਤੇਰੇ ਕੋਲੋਂ ਦੁਸ਼ਟ ਤੋਂ ਉਨ੍ਹਾਂ ਦੀ ਰੱਖਿਆ ਕਰਨ ਦੀ ਮੰਗ ਕਰਦਾ ਹਾਂ। 16 ਉਹ ਵੀ ਇਸ ਦੁਨੀਆਂ ਨਾਲ ਸੰਬੰਧਿਤ ਨਹੀਂ ਹਨ ਜਿਵੇਂ ਕਿ ਮੈਂ ਇਸ ਦੁਨੀਆਂ ਨਾਲ ਸੰਬੰਧਿਤ ਨਹੀਂ ਹਾਂ। 17 ਉਨ੍ਹਾਂ ਨੂੰ ਸੱਚ ਦੁਆਰਾ ਆਪਣੀ ਸੇਵਾ ਲਈ ਤਿਆਰ ਕਰ। ਤੇਰੀਆਂ ਸਿੱਖਿਆਵਾਂ ਸੱਚ ਹਨ। 18 ਜਿਵੇਂ ਕਿ ਤੂੰ ਮੈਨੂੰ ਦੁਨੀਆਂ ਵਿੱਚ ਭੇਜਿਆ ਹੈ, ਮੈਂ ਵੀ ਉਨ੍ਹਾਂ ਨੂੰ ਦੁਨੀਆਂ ਵਿੱਚ ਭੇਜਿਆ ਹੈ। 19 ਮੈਂ ਸੇਵਾ ਕਰਨ ਲਈ ਆਪਣੇ-ਆਪ ਨੂੰ ਤਿਆਰ ਕੀਤਾ ਹੈ, ਤਾਂ ਜੋ ਉਹ ਵੀ ਆਪਣੇ-ਆਪ ਨੂੰ ਸੇਵਾ ਲਈ ਸੱਚਮੁੱਚ ਤਿਆਰ ਕਰ ਸੱਕਣ।

20 “ਮੈਂ ਇਨ੍ਹਾਂ ਮਨੁੱਖਾਂ ਲਈ ਪ੍ਰਾਰਥਨਾ ਕਰਦਾ ਹਾਂ ਪਰ ਮੈਂ ਉਨ੍ਹਾਂ ਸਾਰੇ ਲੋਕਾਂ ਲਈ ਵੀ ਪ੍ਰਾਰਥਨਾ ਕਰਦਾ ਹਾਂ ਜੋ ਇਨ੍ਹਾਂ ਲੋਕਾਂ ਦੀਆਂ ਸਿੱਖਿਆਵਾਂ ਸਦਕਾ ਮੇਰੇ ਵਿੱਚ ਨਿਹਚਾ ਰੱਖਣਗੇ। 21 ਪਿਤਾ ਮੈਂ ਪ੍ਰਾਰਥਨਾ ਕਰਦਾ ਕਿ ਲੋਕ ਮੇਰੇ ਵਿੱਚ ਨਿਹਚਾ ਰੱਖਣ। ਉਹ ਇੱਕ ਜੁਟ ਹੋਕੇ ਰਹਿਣ। ਤੂੰ ਮੇਰੇ ਵਿੱਚ ਹੈਂ ਤੇ ਮੈਂ ਤੇਰੇ ਵਿੱਚ। ਤੇ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਇਹ ਲੋਕ ਵੀ ਸਾਡੇ ਵਿੱਚ ਇੱਕ ਹੋਕੇ ਰਹਿਣ। ਇਸ ਤਰ੍ਹਾਂ ਦੁਨੀਆਂ ਵਿਸ਼ਵਾਸ ਕਰੇਗੀ ਕਿ ਤੂੰ ਮੈਨੂੰ ਭੇਜਿਆ ਹੈ। 22 ਮੈਂ ਉਨ੍ਹਾਂ ਨੂੰ ਉਹ ਮਹਿਮਾ ਦਿੱਤੀ ਹੈ ਜੋ ਤੂੰ ਮੈਨੂੰ ਦਿੱਤੀ ਹੈ ਤਾਂ ਜੋ ਉਹ ਇੱਕ ਹੋ ਸੱਕਣ। ਜਿਵੇਂ ਕਿ ਤੂੰ ਤੇ ਮੈਂ ਇੱਕ ਹਾਂ। 23 ਮੈਂ ਉਨ੍ਹਾਂ ਵਿੱਚ ਨਿਵਾਸ ਕਰਾਂਗਾ ਅਤੇ ਤੂੰ ਮੇਰੇ ਵਿੱਚ। ਇਸ ਤਰੀਕੇ ਨਾਲ ਇਹ ਸਭ ਸੰਪੂਰਣ ਇੱਕਤਰਤਾ ਵਿੱਚ ਰਹਿਣਗੇ ਅਤੇ ਫਿਰ ਦੁਨੀਆਂ ਜਾਣ ਜਾਵੇਗੀ ਕਿ ਤੂੰ ਹੀ ਹੈ ਜਿਸ ਨੇ ਮੈਨੂੰ ਭੇਜਿਆ ਹੈ। ਅਤੇ ਤੂੰ ਉਨ੍ਹਾਂ ਨੂੰ ਪਿਆਰ ਕੀਤਾ ਹੈ। ਜਿਵੇਂ ਤੂੰ ਮੈਨੂੰ ਪਿਆਰ ਕਰਦਾ ਹੈਂ।

24 “ਪਿਤਾ, ਮੈਂ ਚਾਹੁੰਦਾ ਹਾਂ ਕਿ ਜਿਹੜੇ ਲੋਕ ਤੂੰ ਮੈਨੂੰ ਦਿੱਤੇ ਹਨ, ਜਿੱਥੇ ਮੈਂ ਹਾਂ ਉਹ ਉੱਥੇ ਹੋਣ ਤਾਂ ਜੋ ਉਹ ਮਹਿਮਾ ਵੇਖ ਸੱਕਣ ਜੋ ਤੂੰ ਮੈਨੂੰ ਦਿੱਤੀ ਹੈ। ਤੂੰ ਮੈਨੂੰ ਇਸ ਜੱਗਤ ਦੀ ਸਿਰਜਣਾ ਤੋਂ ਵੀ ਪਹਿਲਾਂ ਪਿਆਰ ਕੀਤਾ। 25 ਧਰਮੀ ਪਿਤਾ, ਦੁਨੀਆਂ ਤੈਨੂੰ ਨਹੀਂ ਜਾਣਦੀ ਪਰ ਮੈਂ ਤੈਨੂੰ ਜਾਣਦਾ ਹਾਂ। ਅਤੇ ਇਹ ਲੋਕ ਜਾਣਦੇ ਹਨ ਕਿ ਤੂੰ ਹੀ ਮੈਨੂੰ ਭੇਜਣ ਵਾਲਾ ਹੈਂ। 26 ਮੈਂ ਉਨ੍ਹਾਂ ਨੂੰ ਵਿਖਾਇਆ ਕਿ ਤੂੰ ਕਿਸ ਤਰ੍ਹਾਂ ਦਾ ਹੈਂ ਅਤੇ ਮੈਂ ਅਜੇ ਫੇਰ ਉਨ੍ਹਾਂ ਨੂੰ ਵਿਖਾਵਾਂਗਾ ਕਿ ਜਿਹੜਾ ਪਿਆਰ ਤੈਨੂੰ ਮੇਰੇ ਵਿੱਚ ਹੈ, ਉਹੀ ਪਿਆਰ ਉਨ੍ਹਾਂ ਨੂੰ ਆਪਣੇ ਵਿੱਚ ਹੋਵੇਗਾ ਅਤੇ ਮੈਂ ਉਨ੍ਹਾਂ ਵਿੱਚ ਹੋਵਾਂਗਾ।”

ਯਿਸੂ ਬੰਦੀ ਬਣ ਗਿਆ(A)

18 ਜਦੋਂ ਯਿਸੂ ਪ੍ਰਾਰਥਨਾ ਕਰ ਹਟਿਆ, ਤਾਂ ਉਹ ਆਪਣੇ ਚੇਲਿਆਂ ਨਾਲ ਉੱਥੋਂ ਚੱਲਾ ਗਿਆ। ਉਹ ਕਿਦਰੋਨ ਦੀ ਘਾਟੀ ਦੇ ਦੂਸਰੇ ਪਾਸੇ ਚੱਲੇ ਗਏ। ਉੱਥੇ ਜੈਤੂਨ ਦੇ ਰੁੱਖਾਂ ਦਾ ਬਾਗ ਸੀ। ਯਿਸੂ ਅਤੇ ਉਸ ਦੇ ਚੇਲੇ ਉੱਥੇ ਚੱਲੇ ਗਏ।

ਅਤੇ ਯਹੂਦਾ ਇਸ ਥਾਂ ਤੋਂ ਵਾਕਫ਼ ਸੀ, ਕਿਉਂ ਕਿ ਯਿਸੂ ਅਕਸਰ ਆਪਣੇ ਚੇਲਿਆਂ ਨਾਲ ਉਸ ਥਾਵੇਂ ਜਾਂਦਾ ਸੀ। ਇੱਕ ਯਹੂਦਾ ਹੀ ਸੀ ਜਿਸਨੇ ਯਿਸੂ ਨੂੰ ਉਸ ਦੇ ਵੈਰੀਆਂ ਹੱਥੀ ਫ਼ੜਵਾਇਆ ਸੀ। ਫ਼ਿਰ ਯਹੂਦਾ ਉੱਥੇ ਸੈਨਕਾਂ ਦਾ ਇੱਕ ਜਿੱਥੇਾ ਲੈ ਕੇ ਆਇਆ, ਇਹੀ ਨਹੀਂ ਸਗੋਂ ਉਹ ਆਪਣੇ ਨਾਲ ਪਰਧਾਨ ਜਾਜਕਾਂ ਅਤੇ ਫ਼ਰੀਸੀਆਂ ਕੋਲੋਂ ਕੁਝ ਪਿਆਦੇ ਵੀ ਲੈ ਆਇਆ। ਉਨ੍ਹਾਂ ਦੇ ਹੱਥਾਂ ਵਿੱਚ ਦੀਵੇ, ਮਸ਼ਾਲਾਂ ਅਤੇ ਹਥਿਆਰ ਸਨ।

ਯਿਸੂ ਜਾਣਦਾ ਸੀ ਕਿ ਉਸ ਨਾਲ ਕੀ ਹੋਣ ਵਾਲਾ ਹੈ। ਯਿਸੂ ਅਗਾਂਹ ਆਇਆ ਅਤੇ ਆਖਿਆ, “ਤੁਸੀਂ ਕਿਸ ਨੂੰ ਲੱਭ ਰਹੇ ਹੋਂ?”

ਆਦਮੀਆਂ ਨੇ ਆਖਿਆ, “ਨਾਸਰਤ ਦੇ ਯਿਸੂ ਨੂੰ।”

ਯਿਸੂ ਨੇ ਆਖਿਆ, “ਮੈਂ ਹੀ ਯਿਸੂ ਹਾਂ।” ਯਹੂਦਾ ਜਿਸਨੇ ਯਿਸੂ ਨੂੰ ਉਸ ਦੇ ਵੈਰੀਆਂ ਹੱਥੀ ਫ਼ੜਵਾਇਆ ਸੀ, ਉਹ ਵੀ ਉਸ ਜਿੱਥੇ ਵਿੱਚ ਖੜ੍ਹਾ ਸੀ। ਜਦੋਂ ਉਸ ਨੇ ਉਨ੍ਹਾਂ ਲੋਕਾਂ ਨੂੰ ਆਖਿਆ, “ਮੈਂ ਯਿਸੂ ਹਾਂ” ਉਹ ਆਦਮੀ ਪਿੱਛਾਂਹ ਹਟੇ ਤੇ ਭੁੰਜੇ ਡਿੱਗ ਪਏ।

ਯਿਸੂ ਨੇ ਉਨ੍ਹਾਂ ਨੂੰ ਮੁੜ ਪੁੱਛਿਆ, “ਤੁਸੀਂ ਕਿਸ ਦੀ ਤਲਾਸ਼ ਕਰ ਰਹੇ ਹੋ?”

ਆਦਮੀਆਂ ਨੇ ਆਖਿਆ, “ਨਾਸਰਤ ਦੇ ਯਿਸੂ ਨੂੰ।”

ਯਿਸੂ ਨੇ ਕਿਹਾ, “ਮੈਂ ਤੁਹਾਨੂੰ ਆਖਿਆ ਤਾਂ ਹੈ ਕਿ ਮੈਂ ਹੀ ਯਿਸੂ ਹਾਂ, ਇਸ ਲਈ ਜੇਕਰ ਤੁਸੀਂ ਮੈਨੂੰ ਤਲਾਸ਼ ਰਹੇ ਹੋ ਤਾਂ ਇਨ੍ਹਾਂ ਲੋਕਾਂ ਨੂੰ ਜਾਣ ਦਿਉ।” ਇਹ ਯਿਸੂ ਦੀ ਆਖਣੀ ਨੂੰ ਪੂਰਨ ਕਰਨ ਲਈ ਵਾਪਰਿਆ, “ਮੈਂ ਉਨ੍ਹਾਂ ਵਿੱਚੋਂ ਕੋਈ ਨਹੀਂ ਗੁਆਇਆ ਜਿਨ੍ਹਾਂ ਨੂੰ ਤੂੰ ਮੈਨੂੰ ਦਿੱਤਾ ਹੈ।”

10 ਫ਼ਿਰ ਸ਼ਮਊਨ ਪਤਰਸ ਕੋਲ ਜਿਹੜੀ ਤਲਵਾਰ ਸੀ ਉਸ ਨੇ ਬਾਹਰ ਕੱਢੀ ਅਤੇ ਸਰਦਾਰ ਜਾਜਕ ਦੇ ਦਾਸ ਤੇ ਚਲਾਈ ਅਤੇ ਉਸਦਾ ਸੱਜਾ ਕੰਨ ਵੱਢ ਦਿੱਤਾ। (ਉਸ ਨੌਕਰ ਦਾ ਨਾਂ ਮਲਖੁਸ ਸੀ।) 11 ਫਿਰ ਯਿਸੂ ਨੇ ਪਤਰਸ ਨੂੰ ਕਿਹਾ, “ਆਪਣੀ ਤਲਵਾਰ ਵਾਪਸ ਮਿਆਨ ਵਿੱਚ ਪਾ। ਕੀ ਮੈਨੂੰ ਇਹ ਦੁੱਖਾਂ ਦਾ ਪਿਆਲਾ, ਜਿਹੜਾ ਮੇਰੇ ਪਿਤਾ ਨੇ ਮੈਨੂੰ ਦਿੱਤਾ ਹੈ, ਨਹੀਂ ਪੀਣਾ ਚਾਹੀਦਾ?”

ਯਿਸੂ ਨੂੰ ਅੰਨਾਸ ਸਾਹਮਣੇ ਪੇਸ਼ ਕੀਤਾ ਗਿਆ(B)

12 ਉਸਤੋਂ ਬਾਦ ਸੈਨਾ ਅਧਿਕਾਰੀ ਅਤੇ ਯਹੂਦੀ ਪੈਰੇਦਾਰਾਂ ਨੇ ਯਿਸੂ ਨੂੰ ਫ਼ੜ ਕੇ ਬੰਨ੍ਹ ਲਿਆ। 13 ਬੰਨ੍ਹ ਕੇ ਉਸ ਨੂੰ ਅੰਨਾਸ ਅੱਗੇ ਲਿਆਂਦਾ ਗਿਆ। ਅੰਨਾਸ ਕਯਾਫ਼ਾ ਦਾ ਸੌਹਰਾ ਲੱਗਦਾ ਸੀ। ਅਤੇ ਉਸ ਵਰ੍ਹੇ ਕਯਾਫ਼ਾ ਸਰਦਾਰ ਜਾਜਕ ਸੀ। 14 ਕਯਾਫ਼ਾ ਉਹ ਸੀ ਜਿਸਨੇ ਯਹੂਦੀਆਂ ਨੂੰ ਸਲਾਹ ਦਿੱਤੀ ਸੀ ਕਿ ਸਾਰੇ ਲੋਕਾਂ ਲਈ ਇੱਕ ਮਨੁੱਖ ਦਾ ਮਰਨਾ ਚੰਗਾ ਹੈ।

ਪਤਰਸ ਨੇ ਯਿਸੂ ਬਾਰੇ ਜਾਨਣ ਤੋਂ ਇਨਕਾਰ ਕੀਤਾ(C)

15 ਸ਼ਮਊਨ ਪਤਰਸ ਅਤੇ ਇੱਕ ਹੋਰ ਚੇਲਾ ਯਿਸੂ ਦੇ ਮਗਰ ਹੋ ਤੁਰਿਆ। ਉਹ ਚੇਲਾ ਸਰਦਾਰ ਜਾਜਕ ਦਾ ਵਾਕਫ਼ ਸੀ ਅਤੇ ਯਿਸੂ ਦੇ ਨਾਲ ਸਰਦਾਰ ਜਾਜਕ ਦੇ ਵਿਹੜੇ ਤੀਕ ਗਿਆ। 16 ਪਰ ਪਤਰਸ ਬਾਹਰ ਦਰਵਾਜ਼ੇ ਕੋਲ ਠਹਿਰ ਗਿਆ, ਦੂਜਾ ਚੇਲਾ, ਜਿਹੜਾ ਸਰਦਾਰ ਜਾਜਕ ਨੂੰ ਜਾਣਦਾ ਸੀ, ਦਰਵਾਜ਼ੇ ਕੋਲ ਆਇਆ ਅਤੇ ਇੱਕ ਨੌਕਰਾਨੀ ਨੂੰ ਮਿਲਿਆ, ਜੋ ਕਿ ਦੁਆਰਪਾਲ ਸੀ। ਤਦ ਉਹ ਪਤਰਸ ਨੂੰ ਅੰਦਰ ਲਿਆਇਆ। 17 ਉਸ ਨੌਕਰਾਨੀ ਨੇ ਦਰਵਾਜ਼ੇ ਤੇ ਪਤਰਸ ਨੂੰ ਕਿਹਾ, “ਕੀ ਤੂੰ ਉਸ ਆਦਮੀ ਦੇ ਚੇਲਿਆਂ ਵਿੱਚੋਂ ਇੱਕ ਹੈਂ?”

ਪਤਰਸ ਨੇ ਜਵਾਬ ਦਿੱਤਾ, “ਨਹੀਂ, ਮੈਂ ਨਹੀਂ ਹਾਂ।”

18 ਇਹ ਸਰਦੀ ਦਾ ਮੌਸਮ ਸੀ ਨੌਕਰਾਂ ਅਤੇ ਪਹਿਰੇਦਾਰਾਂ ਨੇ ਬਾਹਰ ਅੱਗ ਬਾਲੀ ਹੋਈ ਸੀ ਅਤੇ ਉਹ ਅੱਗ ਦੇ ਆਲੇ-ਦੁਆਲੇ ਖੜ੍ਹੇ ਹੋਕੇ ਸੇਕ ਰਹੇ ਸਨ। ਪਤਰਸ ਵੀ ਇਨ੍ਹਾਂ ਲੋਕਾਂ ਵਿੱਚ ਖੜ੍ਹਾ ਸੇਕ ਰਿਹਾ ਸੀ।

ਸਰਦਾਰ ਜਾਜਕ ਨੇ ਯਿਸੂ ਨੂੰ ਸਵਾਲ ਕੀਤੇ(D)

19 ਸਰਦਾਰ ਜਾਜਕ ਨੇ ਯਿਸੂ ਨੂੰ ਉਸ ਦੇ ਚੇਲਿਆਂ ਬਾਰੇ ਅਤੇ, ਜੋ ਉਪਦੇਸ਼ ਉਸ ਨੇ ਸਮਝਾਏ ਸਨ, ਉਨ੍ਹਾਂ ਬਾਰੇ ਪ੍ਰਸ਼ਨ ਕੀਤੇ। 20 ਯਿਸੂ ਨੇ ਆਖਿਆ, “ਮੈਂ ਹਮੇਸ਼ਾ ਲੋਕਾਂ ਨੂੰ ਖੁਲ੍ਹੇਆਮ ਬੋਲਿਆ ਹਾਂ। ਮੈਂ ਹਮੇਸ਼ਾ ਪ੍ਰਾਰਥਨਾ ਸਥਾਨ ਅਤੇ ਮੰਦਰ ਵਿੱਚ ਹੀ ਉਪਦੇਸ਼ ਦਿੱਤੇ ਹਨ, ਜਿੱਥੇ ਸਾਰੇ ਯਹੂਦੀ ਇੱਕਤਰ ਹੁੰਦੇ ਹਨ। ਮੈਂ ਕਦੇ ਕਿਸੇ ਨੂੰ ਗੁਪਤ ਤੌਰ ਤੇ ਸਿੱਖਿਆ ਨਹੀਂ ਦਿੱਤੀ। 21 ਤਾਂ ਫਿਰ ਤੂੰ ਮੈਨੂੰ ਅਜਿਹੇ ਸਵਾਲ ਕਿਉਂ ਕਰ ਰਿਹਾ ਹੈਂ? ਉਨ੍ਹਾਂ ਲੋਕਾਂ ਨੂੰ ਪੁੱਛ ਜਿਨ੍ਹਾਂ ਨੇ ਮੇਰੀਆਂ ਸਿੱਖਿਆਵਾਂ ਸੁਣੀਆਂ ਹਨ। ਉਹ ਜਾਣਦੇ ਹਨ ਕਿ ਮੈਂ ਕੀ ਆਖਿਆ ਹੈ।”

22 ਜਦੋਂ ਯਿਸੂ ਨੇ ਇਹ ਆਖਿਆ ਤਾਂ ਉਸ ਕੋਲ ਖੜ੍ਹੇ ਪਹਿਰੇਦਾਰਾਂ ਵਿੱਚੋਂ ਇੱਕ ਨੇ ਉਸ ਨੂੰ ਮਾਰਿਆ ਤੇ ਆਖਿਆ, “ਤੈਨੂੰ ਸਰਦਾਰ ਜਾਜਕ ਨੂੰ ਇਸ ਤਰ੍ਹਾਂ ਨਹੀਂ ਬੋਲਣਾ ਚਾਹੀਦਾ।”

23 ਯਿਸੂ ਨੇ ਆਖਿਆ, “ਜੇਕਰ ਮੈਂ ਗਲਤ ਬੋਲਿਆ ਹਾਂ, ਤਾਂ ਲੋਕਾਂ ਸਾਹਮਣੇ ਦੱਸ ਮੈਂ ਕੀ ਗਲਤ ਬੋਲਿਆ ਹੈ। ਪਰ ਜੇਕਰ ਮੈਂ ਸਹੀ ਬੋਲਿਆ ਹਾਂ, ਤਾਂ ਤੂੰ ਮੈਨੂੰ ਕਿਉਂ ਕੁੱਟਿਆ ਹੈ?”

24 ਤਾਂ ਫਿਰ ਅੰਨਾਸ ਨੇ ਯਿਸੂ ਨੂੰ ਸਰਦਾਰ ਜਾਜਕ ਕਯਾਫ਼ਾ ਕੋਲ ਭੇਜ ਦਿੱਤਾ। ਯਿਸੂ ਨੂੰ ਉਨ੍ਹਾਂ ਅਜੇ ਵੀ ਬੰਨ੍ਹਿਆ ਹੋਇਆ ਸੀ।

ਪਤਰਸ ਦਾ ਫ਼ੇਰ ਝੂਠ ਬੋਲਣਾ(E)

25 ਸ਼ਮਊਨ ਪਤਰਸ ਅੱਗ ਕੋਲ ਖੜ੍ਹਾ ਸੀ ਅਤੇ ਆਪਣੇ-ਆਪ ਨੂੰ ਨਿਘਾ ਕਰ ਰਿਹਾ ਸੀ। ਦੂਜੇ ਆਦਮੀਆਂ ਨੇ ਪਤਰਸ ਨੂੰ ਕਿਹਾ, “ਕੀ ਤੂੰ ਵੀ ਉਸ ਦੇ ਚੇਲਿਆਂ ਵਿੱਚੋਂ ਇੱਕ ਹੈਂ?”

ਪਰ ਪਤਰਸ ਨੇ ਹਾਮੀ ਨਾ ਭਰੀ। ਉਸ ਨੇ ਕਿਹਾ, “ਨਹੀਂ, ਮੈਂ ਨਹੀਂ ਹਾਂ।”

26 ਸਰਦਾਰ ਜਾਜਕ ਦੇ ਸੇਵਕਾਂ ਵਿੱਚੋਂ ਇੱਕ ਉੱਥੇ ਸੀ ਅਤੇ ਇਹ ਆਦਮੀ ਉਹ ਮਨੁੱਖ ਦਾ ਸੰਬੰਧੀ ਸੀ ਜਿਸਦਾ ਪਤਰਸ ਨੇ ਕੰਨ ਵੱਢਿਆ ਸੀ ਤਾਂ ਉਸ ਸੇਵਕ ਨੇ ਕਿਹਾ, “ਕੀ ਮੈਂ ਤੈਨੂੰ ਉਸ ਆਦਮੀ (ਯਿਸੂ) ਨਾਲ ਬਾਗ ਵਿੱਚ ਵੇਖਿਆ ਸੀ।”

27 ਪਰ ਫ਼ਿਰ ਪਤਰਸ ਨੇ ਆਖਿਆ, “ਨਹੀਂ, ਮੈਂ ਉਸ ਦੇ ਨਾਲ ਨਹੀਂ ਸਾਂ!” ਅਤੇ ਉਸੇ ਵੇਲੇ ਇੱਕ ਕੁੱਕੜ ਨੇ ਬਾਂਗ ਦਿੱਤੀ।

ਯਿਸੂ ਨੂੰ ਪਿਲਾਤੁਸ ਕੋਲ ਲਿਜਾਇਆ ਗਿਆ(F)

28 ਤਦ ਯਹੂਦੀ ਯਿਸੂ ਨੂੰ ਕਯਾਫ਼ਾ ਦੀ ਕਚਿਹਰੀ ਚੋਂ ਕੱਢ ਕੇ ਰਾਜਪਾਲ ਦੇ ਮਹਿਲ ਵਿੱਚ ਲੈ ਗਏ। ਅਜੇ ਬਹੁਤ ਸਵੇਰਾ ਸੀ ਪਰ ਯਹੂਦੀ ਕਚਿਹਰੀ ਦੇ ਅੰਦਰ ਨਹੀਂ ਗਏ। ਉਹ ਆਪਣੇ-ਆਪ ਨੂੰ ਭ੍ਰਿਸ਼ਟ ਨਹੀਂ ਸੀ ਕਰਨਾ ਚਾਹੁੰਦੇ ਕਿਉਂਕਿ ਉਹ ਪਸਾਹ ਦੇ ਤਿਉਹਾਰ ਦਾ ਭੋਜਨ ਕਰਨਾ ਚਾਹੁੰਦੇ ਸਨ। 29 ਇਸ ਲਈ ਪਿਲਾਤੁਸ ਉਨ੍ਹਾਂ ਕੋਲ ਬਾਹਰ ਆਇਆ ਅਤੇ ਪੁੱਛਿਆ, “ਤੁਸੀਂ ਇਸ ਮਨੁੱਖ ਦੇ ਸਿਰ ਕੀ ਦੋਸ਼ ਲਗਾਉਂਦੇ ਹੋ?”

30 ਯਹੂਦੀਆਂ ਨੇ ਕਿਹਾ, “ਇਹ ਇੱਕ ਬੁਰਾ ਆਦਮੀ ਹੈ, ਇਸ ਲਈ ਅਸੀਂ ਇਸ ਨੂੰ ਤੇਰੇ ਕੋਲ ਲੈ ਕੇ ਆਏ ਹਾਂ।”

31 ਪਿਲਾਤੁਸ ਨੇ ਯਹੂਦੀਆਂ ਨੂੰ ਆਖਿਆ, “ਤੁਸੀਂ ਯਹੂਦੀ ਆਪਣੇ-ਆਪ ਹੀ ਇਸ ਨੂੰ ਲੈ ਜਾਵੋ ਅਤੇ ਆਪਣੀ ਸ਼ਰ੍ਹਾ ਅਨੁਸਾਰ ਇਸਦਾ ਨਿਆਂ ਕਰੋ।”

ਯਹੂਦੀਆਂ ਨੇ ਜਵਾਬ ਦਿੱਤਾ, “ਪਰ ਤੁਹਾਡੀ ਸ਼ਰ੍ਹਾ ਸਾਨੂੰ ਕਿਸੇ ਨੂੰ ਮੌਤ ਦੀ ਸਜ਼ਾ ਦੇਣ ਦੀ ਆਗਿਆ ਨਹੀਂ ਹੈ।” 32 (ਜਿਵੇਂ ਯਿਸੂ ਨੇ ਆਪਣੀ ਮੌਤ ਬਾਰੇ ਕਿਹਾ ਸੀ, ਕਿ ਉਹ ਕਿਸ ਤਰ੍ਹਾਂ ਮਰੇਗਾ, ਉਸੇ ਨੂੰ ਪੂਰਨ ਕਰਨ ਲਈ ਉਹ ਵਾਪਰਿਆ।)

33 ਪਿਲਾਤੁਸ ਮਹਿਲ ਅੰਦਰ ਵਾਪਸ ਚੱਲਾ ਗਿਆ ਅਤੇ ਉੱਥੇ ਯਿਸੂ ਨੂੰ ਉਸ ਨੇ ਆਪਣੇ ਕੋਲ ਬੁਲਾਇਆ ਅਤੇ ਪੁੱਛਿਆ, “ਕੀ ਤੂੰ ਯਹੂਦੀਆਂ ਦਾ ਰਾਜਾ ਹੈਂ?”

34 ਯਿਸੂ ਨੇ ਆਖਿਆ, “ਕੀ ਤੂੰ ਇਹ ਆਪਣੇ-ਆਪ ਪੁੱਛ ਰਿਹਾ ਹੈ ਜਾਂ ਦੂਜੇ ਲੋਕਾਂ ਨੇ ਤੈਨੂੰ ਮੇਰੇ ਬਾਰੇ ਕੁਝ ਆਖਿਆ ਹੈ?”

35 ਪਿਲਾਤੁਸ ਨੇ ਕਿਹਾ, “ਮੈਂ ਇੱਕ ਯਹੂਦੀ ਨਹੀਂ ਹਾਂ ਤੇਰੇ ਆਪਣੇ ਹੀ ਲੋਕ ਅਤੇ ਪਰਧਾਨ ਜਾਜਕ ਤੈਨੂੰ ਮੇਰੇ ਕੋਲ ਲਿਆਏ ਹਨ। ਤੂੰ ਕੀ ਗਲਤ ਕੀਤਾ ਹੈ?”

36 ਯਿਸੂ ਨੇ ਆਖਿਆ, “ਮੇਰਾ ਰਾਜ ਇਸ ਦੁਨੀਆਂ ਦਾ ਨਹੀਂ ਹੈ। ਜੇਕਰ ਇਹ ਇਸ ਦੁਨੀਆਂ ਦਾ ਹੁੰਦਾ ਤਾਂ ਮੇਰੇ ਸੇਵਕ ਉਨ੍ਹਾਂ ਨਾਲ ਲੜਦੇ ਅਤੇ ਮੈਂ ਯਹੂਦੀਆਂ ਦੇ ਹਵਾਲੇ ਨਾ ਕੀਤਾ ਜਾਂਦਾ। ਪਰ ਮੇਰਾ ਰਾਜ ਕਿਸੇ ਹੋਰ ਥਾਂ ਦਾ ਹੈ ਇੱਥੋਂ ਦਾ ਨਹੀਂ।”

37 ਪਿਲਾਤੁਸ ਨੇ ਆਖਿਆ, “ਇਸ ਦਾ ਮਤਲਬ ਤੂੰ ਇੱਕ ਰਾਜਾ ਹੈ?”

ਯਿਸੂ ਨੇ ਆਖਿਆ, “ਤੂੰ ਜੋ ਆਖਿਆ ਉਹ ਸੱਚ ਹੈ। ਮੈਂ ਇੱਕ ਰਾਜਾ ਹਾਂ। ਮੈਂ ਇਸੇ ਲਈ ਜਨਮ ਲਿਆ ਅਤੇ ਇਸੇ ਕਾਰਣ ਦੁਨੀਆਂ ਤੇ ਆਇਆ ਤਾਂ ਜੋ ਮੈਂ ਸਚਿਆਈ ਦੀ ਗਵਾਹੀ ਦੇ ਸੱਕਾਂ। ਅਤੇ ਹਰ ਮਨੁੱਖ ਜੋ ਸਚਿਆਈ ਨਾਲ ਸੰਬੰਧਿਤ ਹੈ ਉਹ ਮੇਰੀ ਅਵਾਜ਼ ਸੁਣਦਾ ਹੈ।”

38 ਪਿਲਾਤੁਸ ਨੇ ਕਿਹਾ, “ਸੱਚ ਕੀ ਹੈ?” ਇਹ ਆਖਣ ਤੋਂ ਬਾਦ ਉਹ ਫ਼ੇਰ ਤੋਂ ਯਹੂਦੀਆਂ ਕੋਲ ਗਿਆ ਅਤੇ ਉਨ੍ਹਾਂ ਨੂੰ ਆਖਿਆ, “ਇਸ ਆਦਮੀ ਤੇ ਲਾਉਣ ਵਾਸਤੇ ਮੈਨੂੰ ਕੋਈ ਦੋਸ਼ ਨਹੀਂ ਲੱਭਿਆ। 39 ਪਰ ਇਹ ਤੁਹਾਡਾ ਰਿਵਾਜ਼ ਹੈ ਕਿ ਮੈਂ ਤੁਹਾਡੇ ਲਈ ਪਸਾਹ ਦੇ ਤਿਉਹਾਰ ਦੇ ਸਮੇਂ ਇੱਕ ਕੈਦੀ ਨੂੰ ਮੁਕਤ ਕਰ ਸੱਕਦਾ ਹਾਂ। ਸੋ ਕੀ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਡੇ ਲਈ ਯਹੂਦੀਆਂ ਦੇ ਰਾਜੇ ਨੂੰ ਮੁਕਤ ਕਰ ਦੇਵਾਂ?”

40 ਤਾਂ ਯਹੂਦੀ ਉੱਚੀ ਅਵਾਜ਼ ਵਿੱਚ ਚੀਕੇ, “ਨਹੀਂ, ਉਸ ਨੂੰ ਨਹੀਂ, ਪਰ ਤੂੰ ਬਰੱਬਾਸ ਨੂੰ ਮੁਕਤ ਕਰਦੇ।” ਬਰੱਬਾਸ ਇੱਕ ਡਾਕੂ ਸੀ।

19 ਤਦ ਫਿਰ ਪਿਲਾਤੁਸ ਨੇ ਯਿਸੂ ਨੂੰ ਫ਼ੜ ਕੇ ਕੋੜੇ ਮਾਰਨ ਦਾ ਹੁਕਮ ਦਿੱਤਾ। ਸੈਨਕਾਂ ਨੇ ਕੰਡਿਆਂ ਦਾ ਤਾਜ ਗੁੰਦ ਕੇ ਉਸ ਦੇ ਸਿਰ ਤੇ ਪਾਇਆ ਅਤੇ ਉਸ ਨੂੰ ਬੈਂਗਨੀ ਚੋਲਾ ਪਹਿਨਾਇਆ। ਬਾਰ-ਬਾਰ ਸੈਨਕ ਆਉਣ ਅਤੇ ਉਸ ਨੂੰ ਆਕੇ ਠੱਠਾ ਕਰਨ ਲੱਗੇ, “ਹੇ ਯਹੂਦੀਆਂ ਦੇ ਰਾਜਾ, ਨਮਸੱਕਾਰ।” ਇਸਦੇ ਨਾਲ ਹੀ ਉਸ ਦੇ ਮੂੰਹ ਤੇ ਚਪੇੜਾਂ ਵੀ ਮਾਰਦੇ ਰਹੇ।

ਪਿਲਾਤੁਸ ਨੇ ਫਿਰ ਬਾਹਰ ਆਕੇ ਯਹੂਦੀਆਂ ਨੂੰ ਆਖਿਆ, “ਵੇਖੋ, ਮੈਂ ਉਸ ਨੂੰ ਬਾਹਰ ਤੁਹਾਡੇ ਕੋਲ ਲਿਆ ਰਿਹਾ ਹਾਂ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੈਨੂੰ ਉਸ ਤੇ ਦੋਸ਼ ਲਾਉਣ ਵਾਸਤੇ ਕੁਝ ਵੀ ਨਹੀਂ ਲੱਭਿਆ।” ਫਿਰ ਯਿਸੂ ਬਾਹਰ ਆਇਆ, ਉਸ ਦੇ ਸਿਰ ਤੇ ਕੰਡਿਆਂ ਦਾ ਤਾਜ ਅਤੇ ਸਰੀਰ ਦੁਆਲੇ ਬੈਂਗਨੀ ਚੋਗਾ ਪਾਇਆ ਹੋਇਆ ਸੀ। ਪਿਲਾਤੁਸ ਨੇ ਯਹੂਦੀਆਂ ਨੂੰ ਕਿਹਾ, “ਵੇਖੋ, ਇਸ ਮਨੁੱਖ ਨੂੰ ਇਹ ਹੈ।”

ਜਦੋਂ ਪਰਧਾਨ ਜਾਜਕਾਂ ਅਤੇ ਯਹੂਦੀ ਪਹਿਰੇਦਾਰਾਂ ਨੇ ਇਸ ਨੂੰ ਵੇਖਿਆ ਤਾਂ ਉਨ੍ਹਾਂ ਰੌਲਾ ਪਾਇਆ, “ਇਸ ਨੂੰ ਸਲੀਬ ਦਿਓ! ਸਲੀਬ ਦਿਓ!”

ਪਰ ਪਿਲਾਤੁਸ ਨੇ ਕਿਹਾ, “ਤੁਸੀਂ ਆਪੇ ਇਸ ਨੂੰ ਲੈ ਜਾਵੋ ਅਤੇ ਸਲੀਬ ਦੇ ਦਿਓ, ਪਰ ਮੈਨੂੰ ਇਸਤੇ ਦੋਸ਼ ਲਾਉਣ ਲਈ ਕੁਝ ਵੀ ਨਹੀਂ ਲੱਭਿਆ।”

ਯਹੂਦੀਆਂ ਨੇ ਆਖਿਆ, “ਸਾਡੇ ਕੋਲ ਸ਼ਰ੍ਹਾ ਹੈ ਅਤੇ ਇਸਦੇ ਅਨੁਸਾਰ ਇਹ ਮਰਨ ਯੋਗ ਹੈ ਕਿਉਂਕਿ ਇਸਨੇ ਇਹ ਆਖਿਆ ਹੈ ਕਿ ਇਹ ਪਰਮੇਸ਼ੁਰ ਦਾ ਪੁੱਤਰ ਹੈ।”

ਜਦ ਪਿਲਾਤੁਸ ਨੇ ਇਹ ਗੱਲ ਸੁਣੀ ਤਦ ਉਹ ਹੋਰ ਵੀ ਡਰ ਗਿਆ। ਉਹ ਮੁੜ ਮਹਿਲ ਨੂੰ ਗਿਆ ਅਤੇ ਯਿਸੂ ਨੂੰ ਆਖਿਆ, “ਤੂੰ ਕਿੱਥੋਂ ਆਇਆ ਹੈਂ?” ਪਰ ਯਿਸੂ ਨੇ ਉਸ ਨੂੰ ਕੋਈ ਜਵਾਬ ਨਾ ਦਿੱਤਾ। 10 ਪਿਲਾਤੁਸ ਨੇ ਕਿਹਾ, “ਕੀ ਤੂੰ ਮੇਰੇ ਨਾਲ ਬੋਲਣ ਤੋਂ ਇਨਕਾਰੀ ਹੈਂ? ਕੀ ਤੂੰ ਨਹੀਂ ਜਾਣਦਾ ਕਿ ਮੇਰੇ ਕੋਲ ਅਧਿਕਾਰ ਹੈ ਕਿ ਮੈਂ ਭਾਵੇਂ ਤੈਨੂੰ ਛੱਡ ਦੇਵਾਂ ਤੇ ਭਾਵੇਂ ਸਲੀਬ ਤੇ ਮਾਰ ਦੇਵਾਂ?”

11 ਯਿਸੂ ਨੇ ਆਖਿਆ, “ਇਹ ਸ਼ਕਤੀ, ਜੋ ਮੇਰੇ ਉੱਪਰ ਤੇਰੇ ਕੋਲ ਹੈ ਪਰਮੇਸ਼ੁਰ ਦੁਆਰਾ ਦਿੱਤੀ ਹੋਈ ਹੈ। ਇਸ ਲਈ ਜਿਸ ਆਦਮੀ ਨੇ ਮੈਨੂੰ ਤੇਰੇ ਹੱਥੀ ਫ਼ੜਵਾਇਆ ਹੈ ਉਹ ਵੱਧ ਪਾਪ ਦਾ ਦੋਸ਼ੀ ਹੈ।”

12 ਇਸਤੋਂ ਬਾਦ ਪਿਲਾਤੁਸ ਨੇ ਯਿਸੂ ਨੂੰ ਆਜ਼ਾਦ ਕਰਨ ਦੀ ਬਹੁਤ ਕੋਸ਼ਿਸ਼ ਕੀਤੀ। ਪਰ ਯਹੂਦੀ ਰੌਲਾ ਪਾ ਰਹੇ ਸਨ, “ਜੋ ਕੋਈ ਵੀ ਇਸ ਨੂੰ ਬਾਦਸ਼ਾਹ ਠਹਿਰਾਵੇਗਾ ਉਹ ਕੈਸਰ ਦੇ ਖਿਲਾਫ਼ ਹੈ। ਇਸ ਲਈ ਜੇਕਰ ਤੂੰ ਇਸ ਆਦਮੀ ਨੂੰ ਛੱਡੇਂਗਾ ਤਾਂ ਇਸਦਾ ਮਤਲਬ ਤੂੰ ਕੈਸਰ ਦਾ ਮਿੱਤਰ ਨਹੀਂ ਹੈ।”

13 ਪਿਲਾਤੁਸ ਇਹ ਗੱਲਾਂ ਸੁਣਕੇ ਯਿਸੂ ਨੂੰ ਬਾਹਰ “ਪੱਥਰ ਦੇ ਚਬੂਤਰੇ” ਨਾਂ ਦੇ ਥਾਂ ਕੋਲ ਲਿਆਇਆ। (ਜਿਸ ਨੂੰ ਇਬਰਾਨੀ ਭਾਸ਼ਾ [c] ਗੱਬਥਾ ਆਖਿਆ ਜਾਂਦਾ ਹੈ) ਅਤੇ ਨਿਆਂਕਾਰ ਦੀ ਕੁਰਸੀ ਤੇ ਬੈਠ ਗਿਆ। 14 ਇਹ ਤਕਰੀਬਨ ਦੁਪਿਹਰ ਸੀ ਅਤੇ ਇਹ ਪਸਾਹ ਦੇ ਤਿਉਹਾਰ ਦੀ ਤਿਆਰੀ ਦਾ ਦਿਨ ਸੀ। ਪਿਲਾਤੁਸ ਨੇ ਯਹੂਦੀਆਂ ਨੂੰ ਕਿਹਾ, “ਇਹ ਵੇਖੋ, ਤੁਹਾਡਾ ਰਾਜਾ ਇੱਥੇ ਹੈ।”

15 ਯਹੂਦੀਆਂ ਨੇ ਡੰਡ ਪਾਈ, “ਇਸ ਨੂੰ ਦੂਰ ਲੈ ਜਾਓ, ਇਸ ਨੂੰ ਲੈ ਜਾਓ ਅਤੇ ਇਸ ਨੂੰ ਸਲੀਬ ਦਿਓ।”

ਪਿਲਾਤੁਸ ਨੇ ਉਨ੍ਹਾਂ ਨੂੰ ਪੁੱਛਿਆ, “ਕੀ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਡੇ ਰਾਜੇ ਨੂੰ ਸਲੀਬ ਦੇਵਾਂ?”

ਪ੍ਰਧਾਨ ਜਾਜਕ ਨੇ ਆਖਿਆ, “ਸਾਡਾ ਸਿਰਫ਼ ਇੱਕ ਹੀ ਰਾਜਾ ਹੈ, ਕੈਸਰ।”

16 ਤਾਂ ਪਿਲਾਤੁਸ ਨੇ ਯਿਸੂ ਨੂੰ ਸਲੀਬ ਦੇਣ ਲਈ ਯਹੂਦੀਆਂ ਦੇ ਹਵਾਲੇ ਕਰ ਦਿੱਤਾ।

ਯਿਸੂ ਨੂੰ ਸਲੀਬ ਤੇ ਚੜ੍ਹਾਇਆ ਗਿਆ(G)

ਸਿਪਾਹੀ ਯਿਸੂ ਨੂੰ ਲੈ ਗਏ। 17 ਉਸ ਨੇ ਆਪਣੀ ਸਲੀਬ ਆਪ ਚੁੱਕੀ ਅਤੇ “ਖੋਪਰੀ” ਨਾਮੇਂ ਥਾਂ ਤੇ ਗਿਆ। ਅਤੇ ਇਬਰਾਨੀ ਭਾਸ਼ਾ ਵਿੱਚ ਉਸ ਨੂੰ “ਗਲਗੱਥਾ” ਕਹਿੰਦੇ ਹਨ। 18 ਉੱਥੇ ਉਨ੍ਹਾਂ ਨੇ ਯਿਸੂ ਨੂੰ ਸਲੀਬ ਦਿੱਤੀ। ਉੱਥੇ ਦੋ ਮਨੁੱਖ ਹੋਰ ਸਨ ਜਿਨ੍ਹਾਂ ਨੂੰ ਯਿਸੂ ਨਾਲ ਸਲੀਬ ਦਿੱਤੀ ਗਈ ਸੀ। ਇੱਕ ਇੱਕ ਮਨੁੱਖ ਉਸ ਦੇ ਦੋਹੀਂ ਪਾਸੀ ਅਤੇ ਯਿਸੂ ਵਿੱਚਾਲੇ।

19 ਪਿਲਾਤੁਸ ਨੇ ਇੱਕ ਚਿੰਨ੍ਹ ਪੱਟੀ ਲਿਖਵਾ ਕੇ ਸਲੀਬ ਉੱਪਰ ਟੰਗਵਾਈ ਜਿਸਤੇ ਇਹ ਲਿਖਿਆ ਹੋਇਆ ਸੀ, “ ਯਿਸੂ ਨਾਸਰੀ ਯਹੂਦੀਆਂ ਦਾ ਰਾਜਾ।” 20 ਇਹ ਚਿੰਨ੍ਹ ਪੱਟੀ ਇਬਰਾਨੀ, ਲਾਤੀਨੀ ਅਤੇ ਯੂਨਾਨੀ ਭਾਸ਼ਾ ਵਿੱਚ ਲਿਖੀ ਹੋਈ ਸੀ। ਬਹੁਤ ਸਾਰੇ ਯਹੂਦੀਆਂ ਨੇ ਇਹ ਸੰਕੇਤ ਪੜ੍ਹਿਆ, ਕਿਉਂ ਕਿ ਜਿਸ ਜਗ੍ਹਾ ਉਸ ਨੂੰ ਸਲੀਬ ਦਿੱਤੀ ਗਈ ਸੀ, ਸ਼ਹਿਰ ਦੇ ਨੇੜੇ ਹੀ ਸੀ।

21 ਪਰਧਾਨ ਯਹੂਦੀ ਜਾਜਕਾਂ ਨੇ ਪਿਲਾਤੁਸ ਨੂੰ ਕਿਹਾ ਕਿ, “ਇਹ ਨਾ ਲਿਖ, ‘ਉਹ ਯਹੂਦੀਆ ਦਾ ਰਾਜਾ ਹੈ।’ ਸਗੋਂ ਇਹ ਲਿਖ ਕਿ, ‘ਉਸ ਨੇ ਆਖਿਆ, ਕਿ ਮੈਂ ਯਹੂਦੀਆਂ ਦਾ ਰਾਜਾ ਹਾਂ।’”

22 ਪਿਲਾਤੁਸ ਨੇ ਆਖਿਆ, “ਜੋ ਮੈਂ ਲਿਖਿਆ ਹੈ, ਉਸ ਨੂੰ ਮੈਂ ਹੁਣ ਨਹੀਂ ਬਦਲ ਸੱਕਦਾ।”

23 ਜਦੋਂ ਸੈਨਕਾਂ ਨੇ ਯਿਸੂ ਨੂੰ ਸਲੀਬ ਦਿੱਤੀ, ਉਨ੍ਹਾਂ ਨੇ ਉਸ ਦੇ ਵਸਤਰ ਲਏ ਅਤੇ ਉਨ੍ਹਾਂ ਨੂੰ ਚਾਰ ਹਿਸਿਆਂ ਵਿੱਚ ਵੰਡਿਆ। ਹਰੇਕ ਸਿਪਾਹੀ ਦਾ ਇੱਕ ਹਿੱਸਾ। ਉਨ੍ਹਾਂ ਨੇ ਉਸਦਾ ਕੁੜਤਾ ਵੀ ਲੈ ਲਿਆ। ਇਹ ਇੱਕ ਸਿਰੇ ਤੋਂ ਥੱਲੇ ਤੱਕ ਇੱਕੋ ਹੀ ਟੁਕੜੇ ਦਾ ਬਣਿਆ ਹੋਇਆ ਸੀ। 24 ਸਿਪਾਹੀਆਂ ਨੇ ਆਪਸ ਵਿੱਚ ਕਿਹਾ, “ਸਾਨੂੰ ਇਸ ਕੁੜਤੇ ਨੂੰ ਹਿੱਸਿਆਂ ਵਿੱਚ ਨਹੀਂ ਪਾੜਨਾ ਚਾਹੀਦਾ, ਸਗੋਂ ਅਸੀਂ ਪਰਚੀਆਂ ਪਾਕੇ ਵੇਖ ਲੈਦੇ ਹਾਂ ਇਹ ਕਿਸ ਦੇ ਹਿੱਸੇ ਆਉਂਦਾ ਹੈ।” ਇਹ ਇਸ ਲਈ ਹੋਇਆ ਤਾਂ ਜੋ ਪੋਥੀ ਦਾ ਕਥਨ ਪੂਰਾ ਹੋ ਸੱਕੇ।

“ਉਨ੍ਹਾਂ ਮੇਰੇ ਵਸਤਰ ਵੀ ਆਪਸ ਚ ਵੰਡ ਲਏ
    ਅਤੇ ਮੇਰੇ ਕੱਪੜਿਆਂ ਤੇ ਪਰਚੀ ਸੁੱਟੀ।” (H)

ਤਾਂ ਸਿਪਾਹੀ ਨੇ ਇਉਂ ਕੀਤਾ।

25 ਯਿਸੂ ਦੀ ਮਾਤਾ ਉਸਦੀ ਸਲੀਬ ਦੇ ਕੋਲ ਖੜ੍ਹੀ ਸੀ। ਉਸਦੀ ਮਾਂ ਦੀ ਭੈਣ, ਕਲੋਪਸ ਦੀ ਪਤਨੀ ਮਰਿਯਮ ਅਤੇ ਮਰਿਯਮ ਮਗਦਲੀਨੀ ਵੀ ਖਲੋਤੀਆਂ ਸਨ। 26 ਯਿਸੂ ਨੇ ਆਪਣੀ ਮਾਤਾ ਨੂੰ ਵੇਖਿਆ। ਅਤੇ ਜਿਸ ਚੇਲੇ ਨੂੰ ਬੜਾ ਪਿਆਰ ਕੀਤਾ ਸੀ ਵੀ ਉੱਥੇ ਹੀ ਖੜ੍ਹਾ ਸੀ ਤਾਂ ਉਸ ਨੇ ਆਪਣੀ ਮਾਤਾ ਨੂੰ ਕਿਹਾ, “ਪਿਆਰੀ ਔਰਤ! ਇਹ ਰਿਹਾ ਤੇਰਾ ਪੁੱਤਰ।” 27 ਤਦ ਯਿਸੂ ਨੇ ਉਸ ਚੇਲੇ ਨੂੰ ਆਖਿਆ, “ਤੇਰੀ ਮਾਤਾ ਇੱਥੇ ਹੈ।” ਤਾਂ ਇਸਤੋਂ ਬਾਦ ਉਹ ਚੇਲਾ ਯਿਸੂ ਦੀ ਮਾਤਾ ਨੂੰ ਆਪਣੇ ਘਰ ਆਪਣੇ ਕੋਲ ਲੈ ਗਿਆ।

ਯਿਸੂ ਦੀ ਮੌਤ(I)

28 ਯਿਸੂ ਜਾਣਦਾ ਸੀ ਕਿ ਸਭ ਕੁਝ ਸੰਪੂਰਨ ਹੋ ਚੁੱਕਿਆ ਸੀ। ਇਸ ਲਈ ਪੋਥੀ ਵਿੱਚ ਜੋ ਲਿਖਿਆ ਹੈ ਉਸ ਨੂੰ ਪੂਰਾ ਕਰਨ ਲਈ ਉਸ ਨੇ ਆਖਿਆ, “ਮੈਂ ਪਿਆਸਾ ਹਾਂ।” [d] 29 ਉੱਥੇ ਇੱਕ ਵੱਡਾ ਮਰਤਬਾਨ ਸਿਰਕੇ ਦਾ ਭਰਿਆ ਹੋਇਆ ਸੀ ਤਾਂ ਸਿਪਾਹੀਆਂ ਨੇ ਇੱਕ ਸਪੰਜ ਨੂੰ ਉਸ ਵਿੱਚ ਭਿਗੋਇਆ ਅਤੇ ਉਸ ਸਪੰਜ ਨੂੰ ਜ਼ੂਫ਼ੇ ਨਾਂ ਦੇ ਪੌਧੇ ਦੀ ਟਹਿਣੀ ਨਾਲ ਬੰਨ੍ਹਕੇ, ਉਸ ਨੂੰ ਯਿਸੂ ਦੇ ਮੂੰਹ ਤੱਕ ਉੱਪਰ ਉੱਠਾਇਆ। 30 ਜਦ ਯਿਸੂ ਨੇ ਸਿਰਕੇ ਦਾ ਸਵਾਦ ਵੇਖਿਆ, ਉਸ ਨੇ ਆਖਿਆ, “ਇਹ ਪੂਰਾ ਹੋ ਗਿਆ ਹੈ।” ਤਦ ਯਿਸੂ ਨੇ ਆਪਣਾ ਸਿਰ ਨਿਵਾਇਆ ਅਤੇ ਜਾਨ ਦੇ ਦਿੱਤੀ।

31 ਇਹ ਦਿਨ ਤਿਆਰੀ ਦਾ ਦਿਨ ਸੀ ਅਤੇ ਅਗਲਾ ਦਿਨ ਸਬਤ ਦਾ ਦਿਨ ਸੀ। ਯਹੂਦੀ ਇਹ ਨਹੀਂ ਚਾਹੁੰਦੇ ਸਨ ਕਿ ਲੋਥਾਂ ਸਲੀਬ ਤੇ ਟੰਗੀਆਂ ਰਹਿਣ। ਕਿਉਂਕਿ ਸਬਤ ਦਾ ਦਿਨ ਉਨ੍ਹਾਂ ਲਈ ਬਹੁਤ ਖਾਸ ਸੀ। ਉਨ੍ਹਾਂ ਪਿਲਾਤੁਸ ਅੱਗੇ ਬੇਨਤੀ ਕੀਤੀ ਕਿ ਉਹ ਉਨ੍ਹਾਂ ਦੀਆਂ ਲੱਤਾਂ ਤੋੜਨ ਦੀ ਆਗਿਆ ਦੇਵੇ, ਤਾਂ ਜੋ ਉਹ ਜਲਦੀ ਮਰ ਜਾਣ ਅਤੇ ਸਲੀਬਾਂ ਤੋਂ ਜਲਦੀ ਹੀ ਲੋਥਾਂ ਨੂੰ ਉਤਾਰਿਆ ਜਾ ਸੱਕੇ। 32 ਤਾਂ ਸਿਪਾਹੀ ਆਏ ਅਤੇ ਉਨ੍ਹਾਂ ਨੇ ਪਹਿਲੇ ਆਦਮੀ ਦੀਆਂ ਲੱਤਾਂ ਤੋੜੀਆਂ ਜਿਸ ਨੂੰ ਯਿਸੂ ਨਾਲ ਸਲੀਬ ਦਿੱਤੀ ਗਈ ਸੀ। ਫ਼ੇਰ ਉਨ੍ਹਾਂ ਨੇ ਦੂਜੇ ਆਦਮੀ ਦੀਆਂ ਲੱਤਾਂ ਵੀ ਤੋੜ ਦਿੱਤੀਆਂ। 33 ਪਰ ਜਦੋਂ ਸਿਪਾਹੀ ਯਿਸੂ ਕੋਲ ਪਹੁੰਚੇ ਤਾਂ ਕੀ ਵੇਖਿਆ ਕਿ ਯਿਸੂ ਤਾਂ ਪਹਿਲਾਂ ਹੀ ਮਰ ਚੁੱਕਾ ਹੈ, ਇਸ ਲਈ ਉਨ੍ਹਾਂ ਨੇ ਉਸਦੀਆਂ ਲੱਤਾਂ ਨਾ ਤੋੜੀਆਂ।

34 ਪਰ ਉਨ੍ਹਾਂ ਵਿੱਚੋਂ ਇੱਕ ਸਿਪਾਹੀ ਨੇ ਤਲਵਾਰ ਕੱਢੀ ਅਤੇ ਯਿਸੂ ਦੀ ਵੱਖੀ ਵਿੰਨ੍ਹ ਦਿੱਤੀ। ਉਸ ਦੇ ਸਰੀਰ ਵਿੱਚੋਂ ਲਹੂ ਅਤੇ ਪਾਣੀ ਆਇਆ। 35 (ਜਿਸ ਨੇ ਇਹ ਸਭ ਵੇਖਿਆ ਗਵਾਹੀ ਦਿੱਤੀ ਅਤੇ ਉਸਦੀ ਗਵਾਹੀ ਸੱਚੀ ਹੈ, ਉਹ ਜਾਣਦਾ ਹੈ ਜੋ ਉਹ ਕਹਿ ਰਿਹਾ, ਸੱਚ ਹੈ। ਉਸ ਨੇ ਗਵਾਹੀ ਦਿੱਤੀ ਤਾਂ ਜੋ ਤੁਸੀਂ ਵੀ ਵਿਸ਼ਵਾਸ ਕਰ ਸੱਕੋਂ।) 36 ਇਹ ਪੋਥੀ ਦੀ ਕਹਿਣੀ ਨੂੰ ਪੂਰਾ ਕਰਨ ਲਈ ਵਾਪਰਿਆ: “ਉਸ ਦੀ ਕੋਈ ਹੱਡੀ ਨਹੀਂ ਤੋੜੀ ਜਾਵੇਗੀ।” [e] 37 ਅਤੇ ਦੂਜੀ ਪੋਥੀ ਆਖਦੀ ਹੈ, “ਲੋਕ ਉਸ ਵਿਅਕਤੀ ਵੱਲ ਵੇਖਣਗੇ ਜਿਸ ਨੂੰ ਉਨ੍ਹਾਂ ਨੇ ਤਲਵਾਰ ਨਾਲ ਵਿੰਨ੍ਹਿਆ ਸੀ।” [f]

ਯਿਸੂ ਨੂੰ ਦਫ਼ਨਾਉਣਾ(J)

38 ਇਸ ਤੋਂ ਬਾਦ ਅਰਿਮਥੇਆ ਦੇ ਯੂਸੁਫ਼ ਨੇ ਪਿਲਾਤੁਸ ਨੂੰ ਯਿਸੂ ਦੇ ਸਰੀਰ ਨੂੰ ਲੈ ਜਾਣ ਲਈ ਬੇਨਤੀ ਕੀਤੀ। ਕਿਉਂ ਕਿ ਯੂਸੁਫ਼ ਯਹੂਦੀਆਂ ਤੋਂ ਡਰਦਾ ਸੀ, ਉਹ ਯਿਸੂ ਦਾ ਗੁਪਤ ਚੇਲਾ ਸੀ। ਪਿਲਾਤੁਸ ਨੇ ਉਸ ਨੂੰ ਯਿਸੂ ਦੇ ਸਰੀਰ ਨੂੰ ਲੈ ਜਾਣ ਦੀ ਆਗਿਆ ਦੇ ਦਿੱਤੀ ਤਾਂ ਯੂਸੁਫ਼ ਆਇਆ ਅਤੇ ਯਿਸੂ ਦੀ ਲੋਥ ਨੂੰ ਉੱਥੋਂ ਲੈ ਗਿਆ।

39 ਨਿਕੁਦੇਮੁਸ ਯੂਸੁਫ਼ ਦੇ ਨਾਲ ਗਿਆ। ਨਿਕੁਦੇਮੁਸ ਉਹੀ ਸੀ ਜਿਹੜਾ ਇੱਕ ਵਾਰ ਰਾਤ ਨੂੰ ਯਿਸੂ ਕੋਲ ਗਿਆ ਸੀ। ਉਹ ਆਪਣੇ ਨਾਲ ਚੌਂਤੀ ਲੀਟਰ ਦੇ ਕਰੀਬ ਗੰਧਰਸ ਨਾਲ ਮਿਸ਼੍ਰਿਤ ਊਦ ਲਿਆਇਆ। 40 ਇਨ੍ਹਾਂ ਦੋਹਾਂ ਆਦਮੀਆਂ ਨੇ ਯਿਸੂ ਦੀ ਲੋਥ ਚੁੱਕੀ ਅਤੇ ਯਹੂਦੀਆਂ ਦੇ ਦਫ਼ਨਾਉਣ ਦੇ ਰਿਵਾਜ਼ ਮੁਤਾਬਕ ਸਮਗਰੀ ਪਾਕੇ ਇੱਕ ਪਤਲੇ ਲਿਨਨ ਦੇ ਕੱਪੜੇ ਨਾਲ ਉਸ ਦੇ ਸਰੀਰ ਨੂੰ ਲਪੇਟਿਆ। 41 ਜਿਸ ਜਗ੍ਹਾ ਯਿਸੂ ਨੂੰ ਸਲੀਬ ਦਿੱਤੀ ਗਈ ਸੀ ਉੱਥੇ ਇੱਕ ਬਾਗ ਸੀ। ਉੱਥੇ ਇੱਕ ਨਵੀਂ ਕਬਰ ਸੀ ਜਿਸ ਵਿੱਚ ਕਦੇ ਵੀ ਕਿਸੇ ਨੂੰ ਦਫ਼ਨਾਇਆ ਨਹੀਂ ਗਿਆ ਸੀ। 42 ਆਦਮੀਆਂ ਨੇ ਯਿਸੂ ਨੂੰ ਉਸ ਕਬਰ ਵਿੱਚ ਪਾ ਦਿੱਤਾ ਕਿਉਂ ਕਿ ਇਹ ਨੇੜੇ ਸੀ ਅਤੇ ਸਬਤ ਦੇ ਦਿਨ ਲਈ ਤਿਆਰੀ ਦਾ ਦਿਨ ਵੀ ਸੀ।

ਕੁਝ ਚੇਲਿਆਂ ਨੇ ਯਿਸੂ ਦੀ ਕਬਰ ਨੂੰ ਖਾਲੀ ਪਾਇਆ(K)

20 ਹਫ਼ਤੇ ਦੇ ਪਹਿਲੇ ਦਿਨ, ਅਮ੍ਰਿਤ ਵੇਲੇ, ਮਰਿਯਮ ਮਗਦਲੀਨੀ ਕਬਰ ਕੋਲ ਗਈ, ਜਿੱਥੇ ਯਿਸੂ ਦਾ ਸਰੀਰ ਪਿਆ ਹੋਇਆ ਸੀ। ਅਜੇ ਹਨੇਰਾ ਹੀ ਸੀ। ਉਸ ਨੇ ਵੇਖਿਆ ਜਿਸ ਪੱਥਰ ਨੇ ਕਬਰ ਢੱਕੀ ਹੋਈ ਸੀ ਉਹ ਹਟਿਆ ਹੋਇਆ ਸੀ। ਤਾਂ ਮਰਿਯਮ ਨੱਸਦੀ ਹੋਈ ਸ਼ਮਊਨ ਪਤਰਸ ਅਤੇ ਯਿਸੂ ਦੇ ਹੋਰ ਚੇਲਿਆਂ ਜਿਨ੍ਹਾਂ ਨੂੰ ਯਿਸੂ ਨੇ ਪਿਆਰ ਕੀਤਾ ਸੀ, ਕੋਲ ਗਈ। ਉਸ ਨੇ ਉਨ੍ਹਾਂ ਨੂੰ ਆਖਿਆ, “ਉਨ੍ਹਾਂ ਨੇ ਪ੍ਰਭੂ ਨੂੰ ਕਬਰ ਵਿੱਚੋਂ ਕੱਢ ਲਿਆ ਹੈ ਅਤੇ ਅਸੀਂ ਨਹੀਂ ਜਾਣਦੇ ਕਿ ਉਨ੍ਹਾਂ ਨੇ ਉਸ ਨੂੰ ਕਿੱਥੇ ਰੱਖਿਆ ਹੈ?”

ਤਾਂ ਪਤਰਸ ਅਤੇ ਦੂਜੇ ਚੇਲੇ ਨੇ ਕਬਰ ਵੱਲ ਜਾਣਾ ਸ਼ੁਰੂ ਕੀਤਾ। ਉਹ ਦੋਵੇਂ ਭੱਜ ਰਹੇ ਸਨ ਪਰ ਦੂਜਾ ਚੇਲਾ ਪਤਰਸ ਨਾਲੋਂ ਤੇਜ ਭੱਜ ਰਿਹਾ ਸੀ ਅਤੇ ਕਬਰ ਕੋਲ ਪਹਿਲਾਂ ਪਹੁੰਚ ਹਿਆ। ਇਸਨੇ ਥੱਲੇ ਝੁਕ ਕੇ ਅੰਦਰ ਵੇਖਿਆ ਤਾਂ ਉਸ ਨੇ ਉਹ ਮਲਮਲ ਦੇ ਕੱਪੜੇ ਉੱਥੇ ਪਏ ਹੋਏ ਵੇਖੇ, ਪਰ ਉਹ ਅੰਦਰ ਨਾ ਗਿਆ।

ਤਦ ਸ਼ਮਊਨ ਪਤਰਸ ਵੀ ਉਸ ਦੇ ਮਗਰ ਆ ਪਹੁੰਚਾ ਅਤੇ ਉਹ ਕਬਰ ਦੇ ਅੰਦਰ ਵੜ ਗਿਆ ਉਸ ਨੇ ਵੀ ਉੱਥੇ ਮਲਮਲ ਦੇ ਕੱਪੜੇ ਪਏ ਵੇਖੇ। ਉਸ ਨੇ ਉਹ ਕੱਪੜਾ ਵੀ ਵੇਖਿਆ ਜਿਹੜਾ ਯਿਸੂ ਦੇ ਸਿਰ ਤੇ ਲਪੇਟਿਆ ਹੋਇਆ ਸੀ। ਅਤੇ ਉਹ ਕੱਪੜਾ ਤਹਿ ਕਰਕੇ ਉਨ੍ਹਾਂ ਮਲਮਲ ਦੇ ਕੱਪੜਿਆ ਤੋਂ ਹਟ ਕੇ ਇੱਕ ਪਾਸੇ ਪਿਆ ਹੋਇਆ ਸੀ। ਫਿਰ ਦੂਜਾ ਚੇਲਾ ਵੀ ਅੰਦਰ ਗਿਆ ਇਹ ਉਹ ਚੇਲਾ ਸੀ ਜਿਹੜਾ ਕਿ ਕਬਰ ਉੱਤੇ ਪਤਰਸ ਤੋਂ ਪਹਿਲਾਂ ਪੁੰਹਚਿਆ ਸੀ। ਜਦ ਉਸ ਨੇ ਇਹ ਸਭ ਵਾਪਰਿਆ ਵੇਖਿਆ ਤਾਂ ਉਸ ਨੂੰ ਨਿਹਚਾ ਹੋਈ। (ਉਹ ਚੇਲੇ ਉਦੋਂ ਤੱਕ ਇਹ ਨਾ ਸਮਝ ਸੱਕੇ ਸਨ ਕਿ ਪੋਥੀਆਂ ਵਿੱਚ ਕੀ ਲਿਖਿਆ ਹੋਇਆ ਸੀ, ਕਿ ਯਿਸੂ ਨੂੰ ਮੁਰਦਿਆਂ ਵਿੱਚੋਂ ਜੀ ਉੱਠਣਾ ਹੈ।)

ਯਿਸੂ ਦਾ ਮਰਿਯਮ ਮਗਦਲੀਨੀ ਅੱਗੇ ਪ੍ਰਗਟ ਹੋਣਾ(L)

10 ਫ਼ੇਰ ਚੇਲੇ ਘਰ ਨੂੰ ਵਾਪਸ ਮੁੜੇ। ਮਰਿਯਮ ਅਜੇ ਵੀ ਕਬਰ ਦੇ ਬਾਹਰ ਖੜ੍ਹੀ ਰੋ ਰਹੀ ਸੀ। 11 ਜਦੋਂ ਉਹ ਰੋ ਰਹੀ ਸੀ ਤਾਂ ਰੋਂਦੀ-ਰੋਂਦੀ ਨੇ ਝੁਕ ਕੇ ਕਬਰ ਅੰਦਰ ਵੇਖਿਆ। 12 ਮਰਿਯਮ ਨੇ ਦੂਤ ਸਫ਼ੇਦ ਪੋਸ਼ਾਕ ਪਾਏ ਹੋਏ ਵੇਖੇ, ਉਹ ਉੱਥੇ ਬੈਠੇ ਹੋਏ ਸਨ ਜਿੱਥੇ ਯਿਸੂ ਦਾ ਸਰੀਰ ਪਾਇਆ ਹੋਇਆ ਸੀ। ਇੱਕ ਦੂਤ ਯਿਸੂ ਦੇ ਸਿਰ ਵਾਲੇ ਪਾਸੇ ਬੈਠਾ ਸੀ ਤੇ ਦੂਜਾ ਦੂਤ ਉਸ ਦੇ ਪੈਰਾਂ ਵਾਲੇ ਪਾਸੇ ਬੈਠਾ ਹੋਇਆ ਸੀ।

13 ਦੂਤਾਂ ਨੇ ਮਰਿਯਮ ਨੂੰ ਪੁੱਛਿਆ, “ਹੇ ਔਰਤ, ਤੂੰ ਰੋ ਕਿਉਂ ਰਹੀ ਹੈਂ?”

ਮਰਿਯਮ ਨੇ ਉੱਤਰ ਦਿੱਤਾ, “ਕੁਝ ਲੋਕਾਂ ਨੇ ਮੇਰੇ ਪ੍ਰਭੂ ਦਾ ਸਰੀਰ ਲੈ ਲਿਆ ਹੈ, ਤੇ ਮੈਂ ਨਹੀਂ ਜਾਣਦੀ ਕਿ ਉਨ੍ਹਾਂ ਨੇ ਉਸ ਨੂੰ ਕਿੱਥੇ ਰੱਖਿਆ ਹੈ।” 14 ਜਦੋਂ ਉਸ ਨੇ ਇਹ ਆਖਿਆ ਅਤੇ ਆਸੇ-ਪਾਸੇ ਮੁੜੀ, ਤਾਂ ਉੱਥੇ ਉਸ ਨੇ ਯਿਸੂ ਨੂੰ ਖੜ੍ਹਿਆਂ ਵੇਖਿਆ ਪਰ ਉਹ ਇਹ ਨਹੀਂ ਸੀ ਜਾਣਦੀ ਕਿ ਇਹ ਯਿਸੂ ਹੀ ਹੈ।

15 ਯਿਸੂ ਨੇ ਉਸ ਨੂੰ ਕਿਹਾ, “ਹੇ ਔਰਤ, ਤੂੰ ਕਿਉਂ ਰੋ ਰਹੀ ਹੈ? ਅਤੇ ਤੂੰ ਕਿਸ ਨੂੰ ਲੱਭ ਰਹੀ ਹੈਂ?”

ਮਰਿਯਮ ਨੇ ਸੋਚਿਆ ਕਿ ਸ਼ਾਇਦ ਇਹ ਆਦਮੀ ਇਸ ਬਾਗ ਦਾ ਮਾਲੀ ਹੈ, ਅਤੇ ਉਸ ਨੂੰ ਆਖਿਆ, “ਜਨਾਬ, ਜੇ ਤੁਸੀਂ ਉਸ ਨੂੰ ਲੈ ਗਏ ਹੋ, ਤਾਂ ਮੈਨੂੰ ਦੱਸੋ ਕਿ ਤੁਸੀਂ ਉਸ ਨੂੰ ਕਿੱਥੇ ਰੱਖਿਆ ਹੈ। ਤਾਂ ਜੋ ਮੈਂ ਜਾ ਸੱਕਾਂ ਅਤੇ ਉਸ ਨੂੰ ਲੈ ਲਵਾਂ।”

16 ਯਿਸੂ ਨੇ ਉਸ ਨੂੰ ਆਖਿਆ, “ਮਰਿਯਮ।”

ਮਰਿਯਮ ਮੁੜੀ ਅਤੇ ਯਿਸੂ ਵੱਲ ਤੱਕਿਆ ਅਤੇ ਇਬਰਾਨੀ ਭਾਸ਼ਾ ਵਿੱਚ ਬੋਲੀ, “ਰੱਬੋਨੀ” ਭਾਵ “ਗੁਰੂ।”

17 ਯਿਸੂ ਨੇ ਉਸ ਨੂੰ ਆਖਿਆ, “ਮੈਨੂੰ ਨਾ ਛੂਹ! ਅਜੇ ਮੈਂ ਆਪਣੇ ਪਿਤਾ ਕੋਲ ਨਹੀਂ ਗਿਆ। ਪਰ ਤੂੰ ਮੇਰੇ ਭਰਾਵਾਂ ਕੋਲ ਜਾ ਅਤੇ ਉਨ੍ਹਾਂ ਨੂੰ ਇਹ ਦੱਸ: ‘ਮੈਂ ਵਾਪਸ ਆਪਣੇ ਅਤੇ ਤੁਹਾਡੇ ਪਿਤਾ ਕੋਲ ਜਾ ਰਿਹਾ ਹਾਂ। ਮੇਰੇ ਪਰਮੇਸ਼ੁਰ ਅਤੇ ਤੁਹਾਡੇ ਪਰਮੇਸ਼ੁਰ ਕੋਲ।’”

18 ਮਰਿਯਮ ਮਗਦਲੀਨੀ ਚੇਲਿਆਂ ਕੋਲ ਗਈ ਅਤੇ ਉਨ੍ਹਾਂ ਨੂੰ ਜਾਕੇ ਦੱਸਿਆ, “ਮੈਂ ਪ੍ਰਭੂ ਨੂੰ ਵੇਖਿਆ ਹੈ।” ਅਤੇ ਉਸ ਨੇ ਉਨ੍ਹਾਂ ਨੂੰ ਉਹ ਗੱਲਾਂ ਵੀ ਦੱਸੀਆਂ ਜੋ ਯਿਸੂ ਨੇ ਉਸ ਨੂੰ ਆਖੀਆਂ ਸਨ।

ਯਿਸੂ ਦਾ ਆਪਣੇ ਚੇਲਿਆਂ ਅੱਗੇ ਪ੍ਰਗਟ ਹੋਣਾ(M)

19 ਉਸੇ ਦਿਨ ਦੀ ਸ਼ਾਮ, ਹਫ਼ਤੇ ਦੇ ਪਹਿਲੇ ਦਿਨ, ਸਾਰੇ ਚੇਲੇ ਇੱਕਸਾਥ ਇੱਕਤਰ ਹੋਏ। ਉਨ੍ਹਾਂ ਨੇ ਸਾਰੇ ਦਰਵਾਜੇ ਬੰਦ ਕਰ ਲਏ ਕਿਉਂ ਕਿ ਉਹ ਯਹੂਦੀਆਂ ਤੋਂ ਡਰਦੇ ਸਨ। ਤਦ ਯਿਸੂ ਉਨ੍ਹਾਂ ਕੋਲ ਆਕੇ ਉਨ੍ਹਾਂ ਸਾਹਮਣੇ ਖੜ੍ਹਾ ਹੋ ਗਿਆ ਅਤੇ ਆਖਣ ਲੱਗਾ, “ਤੁਹਾਨੂੰ ਸ਼ਾਂਤੀ ਮਿਲੇ।” 20 ਜਦੋਂ ਯਿਸੂ ਨੇ ਇਹ ਆਖਿਆ ਤਾਂ ਉਸ ਦੇ ਚੇਲਿਆਂ ਨੂੰ ਆਪਣੇ ਹੱਥ ਅਤੇ ਆਪਣੀ ਵਖੀ ਵਿਖਾਈ। ਚੇਲੇ ਪ੍ਰਭੂ ਨੂੰ ਵੇਖ ਕੇ ਬੜੇ ਪ੍ਰਸੰਨ ਹੋਏ।

21 ਤਦ ਯਿਸੂ ਨੇ ਮੁੜ ਕਿਹਾ, “ਤੁਹਾਨੂੰ ਸ਼ਾਂਤੀ ਮਿਲੇ! ਮੈਂ ਤੁਹਾਨੂੰ ਭੇਜ ਰਿਹਾ ਹਾਂ ਜਿਵੇਂ ਪਿਤਾ ਨੇ ਮੈਨੂੰ ਘੱਲਿਆ ਹੈ।” 22 ਮਗਰੋਂ ਯਿਸੂ ਨੇ ਇਹ ਆਖਿਆ ਉਸ ਨੇ ਆਪਣੇ ਚੇਲਿਆਂ ਉੱਪਰ ਫ਼ੂਕ ਮਾਰੀ। ਯਿਸੂ ਨੇ ਆਖਿਆ, “ਪਵਿੱਤਰ ਆਤਮਾ ਪ੍ਰਾਪਤ ਕਰੋ। 23 ਜਦੋਂ ਤੁਸੀਂ ਲੋਕਾਂ ਦੇ ਪਾਪ ਮਾਫ਼ ਕਰੋ ਤਾਂ ਉਨ੍ਹਾਂ ਦੇ ਪਾਪ ਮਾਫ਼ ਕੀਤੇ ਜਾਣਗੇ, ਤੇ ਜੇ ਤੁਸੀਂ ਉਨ੍ਹਾਂ ਦੇ ਪਾਪਾਂ ਨੂੰ ਨਾ ਬਖਸ਼ੋਂਗੇ ਤਾਂ ਉਨ੍ਹਾਂ ਦੇ ਪਾਪ ਬਖਸ਼ੇ ਨਹੀਂ ਜਾਣਗੇ।”

ਯਿਸੂ ਦਾ ਥੋਮਾ ਅੱਗੇ ਪ੍ਰਗਟ ਹੋਣਾ

24 ਜਦ ਯਿਸੂ ਉਨ੍ਹਾਂ ਕੋਲ ਆਇਆ ਤਾਂ ਥੋਮਾਂ, ਜਿਸ ਨੂੰ ਦੀਦੁਮਸ ਵੀ ਆਖਦੇ ਸਨ, ਉੱਥੇ ਚੇਲਿਆਂ ਵਿੱਚ ਨਹੀਂ ਸੀ। ਥੋਮਾਂ ਉਨ੍ਹਾਂ ਬਾਰ੍ਹਾਂ ਵਿੱਚੋਂ ਇੱਕ ਸੀ। 25 ਦੂਜੇ ਚੇਲਿਆਂ ਨੇ ਥੋਮਾਂ ਨੂੰ ਦੱਸਿਆ, “ਅਸੀਂ ਪ੍ਰਭੂ ਦੇ ਦਰਸ਼ਨ ਕੀਤੇ ਹਨ।” ਥੋਮਾ ਨੇ ਕਿਹਾ, “ਮੈਂ ਉਦੋਂ ਤੱਕ ਯਕੀਨ ਨਹੀਂ ਕਰਾਂਗਾ ਜਦ ਤੱਕ ਮੈਂ ਉਸ ਦੇ ਹੱਥਾਂ ਵਿੱਚ ਮੇਖਾਂ ਦੇ ਚਿੰਨ੍ਹ ਤੇ ਛੇਦ ਨਾ ਵੇਖਾਂ ਅਤੇ ਆਪਣੀ ਉਂਗਲ ਉਨ੍ਹਾਂ ਥਾਵਾਂ ਵਿੱਚ ਪਾਕੇ ਨਾ ਵੇਖ ਲਵਾਂ ਜਿੱਥੇ ਮੇਖਾਂ ਗੱਡੀਆਂ ਗਈਆਂ ਸਨ ਅਤੇ ਆਪਣਾ ਹੱਥ ਉਸਦੀ ਵੱਖੀ ਤੇ ਨਾ ਰੱਖ ਲਵਾਂ।”

26 ਇੱਕ ਹਫ਼ਤੇ ਬਾਦ ਚੇਲੇ ਉਸੇ ਘਰ ਵਿੱਚ ਫਿਰ ਇੱਕਤਰ ਹੋਏ। ਥੋਮਾਂ ਉਨ੍ਹਾਂ ਦੇ ਨਾਲ ਸੀ। ਦਰਵਾਜ਼ੇ ਬੰਦ ਸਨ ਪਰ ਯਿਸੂ ਉਨ੍ਹਾਂ ਵਿੱਚ ਫ਼ਿਰ ਆਣ ਕੇ ਖੜ੍ਹਾ ਹੋ ਗਿਆ ਅਤੇ ਆਖਿਆ, “ਸ਼ਾਂਤੀ ਤੁਹਾਡੇ ਨਾਲ ਹੋਵੇ।” 27 ਤਦ ਯਿਸੂ ਨੇ ਥੋਮਾ ਨੂੰ ਕਿਹਾ, “ਆਪਣੀ ਉਂਗਲ ਇੱਥੇ ਰੱਖ, ਅਤੇ ਮੇਰੇ ਹੱਥਾਂ ਵੱਲ ਵੇਖ। ਆਪਣਾ ਹੱਥ ਮੇਰੀ ਵੱਖੀ ਤੇ ਰੱਖ। ਸ਼ੱਕ ਨਾ ਕਰ ਸਗੋਂ ਵਿਸ਼ਵਾਸ ਕਰ।”

28 ਥੋਮਾ ਨੇ ਯਿਸੂ ਨੂੰ ਆਖਿਆ, “ਮੇਰੇ ਪ੍ਰਭੂ ਅਤੇ ਮੇਰੇ ਪਰਮੇਸ਼ੁਰ।”

29 ਯਿਸੂ ਨੇ ਥੋਮਾ ਨੂੰ ਕਿਹਾ, “ਤੂੰ ਜੋ ਮੈਨੂੰ ਵੇਖਿਆ ਇਸ ਕਰਕੇ ਪਰਤੀਤ ਕੀਤੀ ਹੈ। ਧੰਨ ਉਹ ਜਿਨ੍ਹਾਂ ਨੇ ਨਹੀਂ ਵੀ ਵੇਖਿਆ ਫ਼ਿਰ ਵੀ ਪਰਤੀਤ ਕੀਤੀ।”

ਯੂਹੰਨਾ ਨੇ ਇਹ ਪੁਸਤਕ ਕਿਉਂ ਲਿਖੀ

30 ਯਿਸੂ ਨੇ ਹੋਰ ਵੀ ਕਈ ਕਰਿਸ਼ਮੇ ਕੀਤੇ ਜਿਹੜੇ ਉਸ ਦੇ ਚੇਲਿਆਂ ਨੇ ਵੇਖੇ। ਉਹ ਕਰਿਸ਼ਮੇ ਇਸ ਪੁਸਤਕ ਵਿੱਚ ਨਹੀ ਲਿਖੇ ਗਏ ਹਨ। 31 ਇਹ ਗੱਲਾਂ ਲਿਖੀਆਂ ਗਈਆਂ ਹਨ ਤਾਂ ਜੋ ਤੁਸੀਂ ਵਿਸ਼ਵਾਸ ਕਰ ਸੱਕੋ ਕਿ ਯਿਸੂ ਹੀ ਮਸੀਹ ਅਤੇ ਪਰਮੇਸ਼ੁਰ ਦਾ ਪੁੱਤਰ ਹੈ। ਅਤੇ ਪਰਤੀਤ ਕਰਕੇ, ਉਸ ਦੇ ਨਾਂ ਰਾਹੀਂ ਤੁਸੀਂ ਜੀਵਨ ਖੱਟ ਸੱਕੋ।

ਯਿਸੂ ਦਾ ਸੱਤ ਚੇਲਿਆਂ ਨੂੰ ਪ੍ਰਗਟ ਹੋਣਾ

21 ਬਾਅਦ ਵਿੱਚ ਯਿਸੂ ਨੇ ਆਪਣੇ-ਆਪ ਨੂੰ ਚੇਲਿਆਂ ਅੱਗੇ ਦਰਸ਼ਾਇਆ। ਇਹ ਤਿਬਿਰਿਯਾਸ ਦੀ ਝੀਲ ਤੇ ਵਾਪਰਿਆ। ਕੁਝ ਚੇਲੇ ਉੱਥੇ ਇੱਕਤਰ ਹੋਏ ਸਨ। ਉਹ ਸ਼ਮਊਨ ਪਤਰਸ, ਥੋਮਾ, ਜਿਹੜਾ ਕਿ ਦਦਿਮੁਸ ਕਹਾਉਂਦਾ ਹੈ, ਨੱਥਾਨਿਏਲ ਜੋ ਗਲੀਲ ਦੇ ਕਾਨਾ ਤੋਂ ਸੀ, ਜ਼ਬਦੀ ਦੇ ਪੁੱਤਰ ਅਤੇ ਉਸ ਦੇ ਚੇਲਿਆਂ ਵਿੱਚੋਂ ਦੋ ਹੋਰ ਸਨ। ਸ਼ਮਊਨ ਪਤਰਸ ਨੇ ਕਿਹਾ, “ਮੈਂ ਮੱਛੀਆਂ ਫ਼ੜਨ ਜਾਂਦਾ ਹਾਂ।”

ਦੂਜੇ ਬਾਕੀ ਚੇਲਿਆਂ ਨੇ ਕਿਹਾ, “ਅਸੀਂ ਵੀ ਤੇਰੇ ਨਾਲ ਚੱਲਦੇ ਹਾਂ।” ਤਾਂ ਸਾਰੇ ਚੇਲੇ ਗਏ ਅਤੇ ਬੇੜੀ ਵਿੱਚ ਚੜ੍ਹ੍ਹ ਗਏ। ਉਨ੍ਹਾਂ ਉਸ ਰਾਤ ਮੱਛੀਆਂ ਫ਼ੜਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਕੋਈ ਮੱਛੀ ਨਾ ਫ਼ੜ ਸੱਕੇ।

ਅਗਲੀ ਸਵੇਰ ਯਿਸੂ ਕਿਨਾਰੇ ਤੇ ਖਲੋਤਾ ਸੀ ਪਰ ਚੇਲਿਆਂ ਨੂੰ ਨਹੀਂ ਪਤਾ ਸੀ ਕਿ ਉਹ ਯਿਸੂ ਸੀ। ਤਦ ਯਿਸੂ ਨੇ ਚੇਲਿਆਂ ਨੂੰ ਕਿਹਾ, “ਮਿੱਤਰੋ ਕੀ ਤੁਸੀਂ ਮੱਛੀਆਂ ਫ਼ੜੀਆਂ?”

ਚੇਲਿਆਂ ਨੇ ਆਖਿਆ, “ਨਹੀਂ।”

ਯਿਸੂ ਨੇ ਉਨ੍ਹਾਂ ਨੂੰ ਕਿਹਾ ਕਿ ਆਪਣਾ ਜਾਲ ਬੇੜੀ ਦੇ ਸੱਜੇ ਪਾਸੇ ਪਾਣੀ ਵਿੱਚ ਸੁੱਟੋ ਉੱਥੇ ਤੁਹਾਨੂੰ ਕੁਝ ਮੱਛੀਆਂ ਮਿਲਣਗੀਆਂ ਤਾਂ ਚੇਲਿਆਂ ਨੇ ਇੰਝ ਹੀ ਕੀਤਾ। ਉਨ੍ਹਾਂ ਨੂੰ ਉੱਥੇ ਮੱਛੀਆਂ ਮਿਲੀਆਂ। ਜਿਵੇਂ ਕਿ ਜਾਲ ਬਹੁਤ ਭਾਰਾ ਹੋ ਗਿਆ ਹੋਵੇ ਤੇ ਉਹ ਇਸ ਨੂੰ ਬੇੜੀ ਵੱਲ ਖਿੱਚਣ ਦੇ ਅਯੋਗ ਸਨ।

ਉਹ ਚੇਲਾ ਜਿਸ ਨੂੰ ਯਿਸੂ ਨੇ ਪਿਆਰ ਕੀਤਾ ਉਸ ਨੇ ਪਤਰਸ ਨੂੰ ਕਿਹਾ, “ਉਹ ਪ੍ਰਭੂ ਹੈ।” ਜਦ ਪਤਰਸ ਨੇ ਉਸ ਨੂੰ ਇਹ ਕਹਿੰਦਿਆਂ ਸੁਣਿਆ, “ਉਹ ਪ੍ਰਭੂ ਹੈ।” ਉਸ ਨੇ ਆਪਣਾ ਕੱਪੜਾ ਆਪਣੇ ਆਲੇ-ਦੁਆਲੇ ਲਪੇਟ ਲਿਆ ਅਤੇ ਪਾਣੀ ਵਿੱਚ ਛਾਲ ਮਾਰ ਗਿਆ (ਇਸਤੋਂ ਪਹਿਲਾਂ ਮੱਛੀਆਂ ਫ਼ੜਦੇ ਹੋਏ ਉਸ ਨੇ ਆਪਣੇ ਕੱਪੜੇ ਲਾਹੇ ਹੋਏ ਸਨ।) ਦੂਜੇ ਚੇਲੇ ਬੇੜੀ ਵਿੱਚ ਨਦੀ ਦੇ ਕੰਢੇ ਵੱਲ ਨੂੰ ਚੱਲੇ ਗਏ ਅਤੇ ਮੱਛੀਆਂ ਦਾ ਭਰਿਆ ਹੋਇਆ ਜਾਲ ਖਿੱਚਣ ਲੱਗੇ। ਉਹ ਕਿਨਾਰੇ ਤੋਂ ਕੋਈ ਸੌ ਕੁ ਗਜ ਦੀ ਦੂਰੀ ਤੇ ਹੀ ਸਨ। ਜਦੋਂ ਚੇਲੇ ਪਾਣੀ ਵਿੱਚੋਂ ਬਾਹਰ ਆਏ ਅਤੇ ਜ਼ਮੀਨ ਤੇ ਪਹੁੰਚੇ, ਉੱਥੇ ਉਨ੍ਹਾਂ ਨੇ ਅੱਗ ਵੇਖੀ। ਇਸ ਉੱਤੇ ਇੱਕ ਮੱਛੀ ਅਤੇ ਰੋਟੀ ਪਈ ਸੀ। 10 ਯਿਸੂ ਨੇ ਆਖਿਆ ਉਹ “ਮੱਛੀ ਲਿਆਓ ਜਿਹੜੀ ਤੁਸੀਂ ਹੁਣੇ ਫ਼ੜੀ ਹੈ।”

11 ਸ਼ਮਊਨ ਪਤਰਸ ਬੇੜੀ ਵਿੱਚ ਗਿਆ ਅਤੇ ਜਾਲ ਨੂੰ ਕਿਨਾਰੇ ਤੇ ਖਿੱਚ ਲਿਆਇਆ। ਇਹ, ਇੱਕ ਸੌ ਤਰਵਿੰਜਾ ਵੱਡੀਆਂ ਮੱਛੀਆਂ ਨਾਲ ਭਰਿਆ ਹੋਇਆ ਸੀ ਭਾਵੇਂ ਮੱਛੀਆਂ ਬੜੀਆਂ ਭਾਰੀਆਂ ਸਨ ਪਰ ਜਾਲ ਤਾਂ ਵੀ ਨਾ ਟੁੱਟਿਆ। 12 ਯਿਸੂ ਨੇ ਉਨ੍ਹਾਂ ਨੂੰ ਆਖਿਆ, “ਆਓ ਤੇ ਆਕੇ ਖਾਵੋ।” ਕਿਸੇ ਚੇਲੇ ਵਿੱਚ ਉਸ ਨੂੰ ਇਹ ਪੁੱਛਣ ਦਾ ਹੌਂਸਲਾ ਨਹੀਂ ਸੀ, “ਤੂੰ ਕੌਣ ਹੈਂ?” ਉਹ ਜਾਣਦੇ ਸਨ ਕਿ ਇਹ ਪ੍ਰਭੂ ਹੀ ਸੀ। 13 ਯਿਸੂ ਆਇਆ, ਰੋਟੀ ਲਈ ਅਤੇ ਉਨ੍ਹਾਂ ਨੂੰ ਦੇ ਦਿੱਤੀ। ਇੰਝ ਹੀ ਮੱਛੀ ਵੀ ਲਈ ਅਤੇ ਉਨ੍ਹਾਂ ਨੂੰ ਦਿੱਤੀ।

14 ਮੁਰਦਿਆਂ ਵਿੱਚੋਂ ਜੀ ਉੱਠਣ ਤੋਂ ਬਾਅਦ ਇਹ ਤੀਜੀ ਵਾਰ ਸੀ ਕਿ ਯਿਸੂ ਚੇਲਿਆਂ ਨੂੰ ਪ੍ਰਗਟ ਹੋਇਆ ਸੀ।

ਯਿਸੂ ਦਾ ਪਤਰਸ ਨਾਲ ਗੱਲ ਕਰਨਾ

15 ਉਨ੍ਹਾਂ ਦੇ ਖਾ ਹਟਣ ਤੋਂ ਬਾਅਦ, ਯਿਸੂ ਨੇ ਸ਼ਮਊਨ ਪਤਰਸ ਨੂੰ ਆਖਿਆ, “ਸ਼ਮਊਨ, ਯੂਹੰਨਾ ਦੇ ਪੁੱਤਰ, ਕੀ ਜਿੰਨਾ ਪਿਆਰ ਇਹ ਲੋਕ ਮੈਨੂੰ ਕਰਦੇ ਹਨ ਤੂੰ ਮੈਨੂੰ ਇਨ੍ਹਾਂ ਲੋਕਾਂ ਨਾਲੋਂ ਵੱਧ ਪਿਆਰ ਕਰਦਾ ਹੈਂ?”

ਪਤਰਸ ਨੇ ਕਿਹਾ, “ਹਾਂ ਪ੍ਰਭੂ ਜੀ, ਤੂੰ ਜਾਣਦਾ ਹੈਂ ਕਿ ਮੈਂ ਤੈਨੂੰ ਪਿਆਰ ਕਰਦਾ ਹਾਂ।”

ਤਦ ਯਿਸੂ ਨੇ ਪਤਰਸ ਨੂੰ ਕਿਹਾ, “ਮੇਰੇ ਲੇਲੇ [g] ਚਾਰ।”

16 ਯਿਸੂ ਨੇ ਫ਼ੇਰ ਪਤਰਸ ਨੂੰ ਆਖਿਆ, “ਹੇ ਸ਼ਮਊਨ ਯੂਹੰਨਾ ਦੇ ਪੁੱਤਰ ਕੀ ਤੂੰ ਮੈਨੂੰ ਪਿਆਰ ਕਰਦਾ ਹੈਂ?”

ਪਤਰਸ ਨੇ ਕਿਹਾ, “ਹਾਂ ਪ੍ਰਭੂ ਤੂੰ ਜਾਣਦਾ ਹੈਂ ਕਿ ਮੈਂ ਤੈਨੂੰ ਪਿਆਰ ਕਰਦਾ ਹਾਂ।”

ਤਦ ਯਿਸੂ ਨੇ ਪਤਰਸ ਨੂੰ ਆਖਿਆ, “ਮੇਰਿਆਂ ਭੇਡਾਂ ਦੀ ਰੱਖਿਆ ਕਰ।”

17 ਤੀਜੀ ਵਾਰ ਯਿਸੂ ਨੇ ਫ਼ਿਰ ਪਤਰਸ ਨੂੰ ਆਖਿਆ, “ਸ਼ਮਊਨ, ਯੂਹੰਨਾ ਦੇ ਪੁੱਤਰ, ਕੀ ਤੂੰ ਮੈਨੂੰ ਪਿਆਰ ਕਰਦਾ ਹੈਂ?”

ਪਤਰਸ ਉਦਾਸ ਹੋ ਗਿਆ ਇਸ ਲਈ ਕਿ ਯਿਸੂ ਨੇ ਤੀਜੀ ਵਾਰ ਉਸ ਨੂੰ ਪੁੱਛਿਆ ਕਿ, “ਕੀ ਤੂੰ ਮੇਰੇ ਨਾਲ ਪਿਆਰ ਕਰਦਾ ਹੈਂ।” ਪਤਰਸ ਨੇ ਕਿਹਾ, “ਪ੍ਰਭੂ ਤੂੰ ਸਭ ਕੁਝ ਜਾਣਦਾ ਹੈ ਕਿ ਮੈਂ ਤੇਰੇ ਨਾਲ ਪਿਆਰ ਕਰਦਾ ਹਾਂ।”

ਯਿਸੂ ਨੇ ਪਤਰਸ ਨੂੰ ਕਿਹਾ, “ਮੇਰੀਆਂ ਭੇਡਾਂ [h] ਚਾਰ। 18 ਮੈਂ ਤੈਨੂੰ ਸੱਚ ਆਖਦਾ ਜਦੋਂ ਤੂੰ ਜਵਾਨ ਸੀ ਤੂੰ ਲੱਕ ਦੁਆਲੇ ਪੇਟੀ ਬੰਨ੍ਹ ਕੇ ਜਿੱਥੇ ਤੇਰਾ ਜੀਅ ਕਰਦਾ ਤੂੰ ਤੁਰ ਜਾਂਦਾ ਸੀ, ਪਰ ਜਦ ਤੂੰ ਬੁੱਢਾ ਹੋਵੇਂਗਾ ਤੂੰ ਆਪਣੇ ਹੱਥ ਬਾਹਰ ਫ਼ੈਲਾਵੇਂਗਾ ਅਤੇ ਕੋਈ ਹੋਰ ਵਿਅਕਤੀ ਤੇਰੇ ਲੱਕ ਦੁਆਲੇ ਕਮਰਕਸ ਬੰਨ੍ਹੇਗਾ ਅਤੇ ਜਿੱਥੇ ਤੇਰਾ ਜੀਅ ਨਹੀਂ ਕਰੇਗਾ ਜਾਣ ਨੂੰ ਉਹ ਤੈਨੂੰ ਉੱਥੇ ਲੈ ਜਾਵੇਗਾ।” 19 (ਯਿਸੂ ਨੇ ਉਸ ਨੂੰ ਇਹ ਸੂਚਿਤ ਕਰਨ ਲਈ ਕਿਹਾ ਕਿ ਪਰਮੇਸ਼ੁਰ ਨੂੰ ਮਹਿਮਾਮਈ ਕਰਨ ਲਈ ਕਿਸ ਤਰ੍ਹਾਂ ਦੀ ਮੌਤ ਮਰੇਗਾ।) ਅਤੇ ਇਹ ਕਹਿ ਕੇ ਉਸ ਨੇ ਆਖਿਆ, “ਮੇਰਾ ਅਨੁਸਰਣ ਕਰ।”

20 ਪਤਰਸ ਆਸੇ-ਪਾਸੇ ਮੁੜਿਆ ਅਤੇ ਵੇਖਿਆ ਕਿ ਜਿਸ ਨੂੰ ਯਿਸੂ ਨੇ ਬਹੁਤ ਪਿਆਰ ਕੀਤਾ ਸੀ ਉਹ ਚੇਲਾ ਪਿੱਛੇ ਆ ਰਿਹਾ ਸੀ। (ਇਹ ਉਹ ਚੇਲਾ ਸੀ ਜਿਹੜਾ ਉਸ ਰਾਤ ਦੇ ਖਾਨੇ ਵੇਲੇ ਯਿਸੂ ਵੱਲ ਝੁਕਿਆ ਸੀ ਤੇ ਆਖਿਆ ਸੀ “ਪ੍ਰਭੂ, ਤੈਨੂੰ ਦੁਸ਼ਮਨਾਂ ਹੱਥੀਂ ਕੌਣ ਫ਼ੜਵਾਏਗਾ?”) 21 ਜਦੋਂ ਪਤਰਸ ਨੇ ਉਸ ਚੇਲੇ ਨੂੰ ਆਪਣੇ ਪਿੱਛੋਂ ਆਉਂਦਿਆਂ ਪਾਇਆ ਤਾਂ ਉਸ ਨੇ ਯਿਸੂ ਨੂੰ ਪੁੱਛਿਆ, “ਪ੍ਰਭੂ ਜੀ ਇਸਦੇ ਬਾਰੇ ਤੁਹਾਡਾ ਕੀ ਖਿਆਲ ਹੈ? ਇਸ ਨਾਲ ਕੀ ਬੀਤੇਗੀ?”

22 ਯਿਸੂ ਨੇ ਉੱਤਰ ਦਿੱਤਾ, “ਜੇ ਮੈਂ ਚਾਵ੍ਹਾਂ ਕਿ ਮੇਰੇ ਆਉਣ ਤੱਕ ਉਹ ਜੀਵੇ, ਤਾਂ ਤੈਨੂੰ ਕੀ? ਤੂੰ ਮੇਰੇ ਪਿੱਛੇ ਹੋ ਤੁਰ।”

23 ਤਾਂ ਇਹ ਕਹਾਣੀ ਚੇਲਿਆਂ ਵਿੱਚ ਫ਼ੈਲ ਗਈ। ਉਹ ਆਖ ਰਹੇ ਸਨ ਕਿ ਇਹ ਚੇਲਾ ਜਿਸ ਨੂੰ ਯਿਸੂ ਨੇ ਬਹੁਤ ਪਿਆਰ ਕੀਤਾ, ਨਹੀਂ ਮਰੇਗਾ। ਪਰ ਯਿਸੂ ਨੇ ਇਹ ਨਹੀਂ ਆਖਿਆ ਸੀ ਕਿ ਉਹ ਨਹੀਂ ਮਰੇਗਾ। ਸਗੋਂ ਅਸਲ ਵਿੱਚ ਆਖਿਆ ਸੀ, “ਜੇ ਮੈਂ ਚਾਵ੍ਹਾਂ ਮੇਰੇ ਆਉਣ ਤੱਕ ਜ਼ਰੂਰ ਜੀਵੇ ਤਾਂ ਤੁਹਾਨੂੰ ਕੀ?”

24 ਇਹ ਉਹ ਚੇਲਾ ਹੈ ਜਿਸਨੇ ਇਨ੍ਹਾਂ ਗੱਲਾਂ ਦੀ ਗਵਾਹੀ ਦਿੱਤੀ ਹੈ। ਅਤੇ ਜਿਸਨੇ ਇਹ ਗੱਲਾਂ ਲਿੱਖੀਆਂ ਅਤੇ ਅਸੀਂ ਜਾਣਦੇ ਹਾਂ ਕਿ ਉਸਦੀ ਪ੍ਰਮਾਣਕਤਾ ਸੱਚੀ ਹੈ।

25 ਯਿਸੂ ਨੇ ਹੋਰ ਵੀ ਬਹੁਤ ਗੱਲਾਂ ਕੀਤੀਆਂ। ਜੇ ਉਹ ਸਾਰੀਆਂ ਇੱਕ-ਇੱਕ ਕਰਕੇ ਲਿਖੀਆਂ ਜਾਂਦੀਆਂ ਤਾਂ ਮੈਂ ਸਮਝਦਾ ਹਾਂ ਕਿ ਸਾਰੀਆਂ ਪੁਸਤਕਾਂ ਲਿਖੇ ਜਾਣ ਲਈ ਸ਼ਾਇਦ ਸਾਰੀ ਦੁਨੀਆਂ ਵੀ ਕਾਫ਼ੀ ਨਾ ਹੁੰਦੀ।

ਲੂਕਾ ਵੱਲੋਂ ਇੱਕ ਹੋਰ ਪੋਥੀ

ਪਿਆਰੇ ਥਿਉਫ਼ਿਲੁਸ,

ਜਿਹੜੀ ਮੈਂ ਪਹਿਲੀ ਪੋਥੀ ਲਿਖੀ ਸੀ ਉਹ, ਯਿਸੂ ਨੇ ਜੋ ਕੁਝ ਕੀਤਾ ਅਤੇ ਸਿੱਖਾਇਆ ਸੀ, ਉਸ ਬਾਰੇ ਲਿਖੀ ਸੀ। ਮੈਂ ਯਿਸੂ ਦੇ ਸਾਰੇ ਜੀਵਨ ਬਾਰੇ ਸ਼ੁਰੂ ਤੋਂ ਲੈ ਕੇ ਉਸ ਦਿਨ ਤੱਕ ਲਿਖਿਆ ਹੈ, ਜਦੋਂ ਉਹ ਸੁਰਗਾਂ ਨੂੰ ਚੁੱਕਿਆ ਗਿਆ ਸੀ। ਇਸ ਘਟਨਾ ਤੋਂ ਪਹਿਲਾਂ, ਉਸ ਨੇ ਪਵਿੱਤਰ ਆਤਮਾ ਰਾਹੀਂ ਉਨ੍ਹਾਂ ਰਸੂਲਾਂ ਨੂੰ ਹਿਦਾਇਤਾਂ ਦਿੱਤੀਆਂ ਜਿਨ੍ਹਾਂ ਨੂੰ ਉਸ ਨੇ ਚੁਣਿਆ ਸੀ। ਉਸ ਉਪਰੰਤ ਉਸ ਨੇ ਰਸੂਲਾਂ ਨੂੰ ਇਹੀ ਦਰਸ਼ਾਇਆ ਕਿ ਨਬੀ ਜਿਉਂਦਾ ਸੀ। ਯਿਸੂ ਨੇ ਬਹੁਤ ਸ਼ਕਤੀਸ਼ਾਲੀ ਕਰਿਸ਼ਮੇ ਕਰਕੇ ਇਹ ਸਾਬਿਤ ਕਰ ਦਿੱਤਾ। ਉਸ ਦੇ ਮੌਤ ਤੋਂ ਪਰਤਨ ਤੋਂ ਬਾਦ, ਚਾਲੀ ਦਿਨਾਂ ਤੱਕ, ਰਸੂਲਾਂ ਨੇ ਉਸ ਨੂੰ ਬਹੁਤ ਵਾਰੀ ਵੇਖਿਆ। ਯਿਸੂ ਨੇ ਪਰਮੇਸ਼ੁਰ ਦੇ ਰਾਜ ਬਾਰੇ ਵੀ ਦੱਸਿਆ। ਇੱਕ ਵਾਰ ਜਦੋਂ ਯਿਸੂ ਉਨ੍ਹਾਂ ਨਾਲ ਭੋਜਨ ਕਰ ਰਿਹਾ ਸੀ, ਤਾਂ ਉਸ ਨੇ ਉਨ੍ਹਾਂ ਨੂੰ ਯਰੂਸ਼ਲਮ ਤੋਂ ਬਾਹਰ ਨਹੀਂ ਜਾਣ ਨੂੰ ਆਖਿਆ। ਉਸ ਨੇ ਕਿਹਾ, “ਪਰਮੇਸ਼ੁਰ ਨੇ ਤੁਹਾਨੂੰ ਕੋਈ ਵਚਨ ਦਿੱਤਾ ਸੀ ਜਿਸ ਬਾਰੇ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਹਾਂ। ਤੁਸੀ ਇੱਥੇ (ਯਰੂਸ਼ਲਮ) ਵਿੱਚ ਉਸ ਵਚਨ ਦੇ ਪੂਰਾ ਹੋਣ ਦੀ ਉਡੀਕ ਵਿੱਚ ਰਹੋ। ਯੂਹੰਨਾ ਨੇ ਲੋਕਾਂ ਨੂੰ ਪਾਣੀ ਨਾਲ ਬਪਤਿਸਮਾ ਦਿੱਤਾ, ਪਰ ਥੋੜੇ ਹੀ ਦਿਨਾਂ ਵਿੱਚ, ਤੁਹਾਨੂੰ ਪਵਿੱਤਰ ਆਤਮਾ ਨਾਲ ਬਪਤਿਸਮਾ ਦਿੱਤਾ ਜਾਵੇਗਾ।”

ਯਿਸੂ ਨੂੰ ਸੁਰਗਾਂ ਵਿੱਚ ਲਿਜਾਇਆ ਜਾਣਾ

ਜਦੋਂ ਸਾਰੇ ਰਸੂਲ ਇਕੱਠੇ ਹੋਏ ਤਾਂ ਉਨ੍ਹਾਂ ਨੇ ਯਿਸੂ ਨੂੰ ਪੁੱਛਿਆ, “ਹੇ ਪ੍ਰਭੂ, ਕੀ ਤੂੰ ਹੁਣ ਇਸਰਾਏਲ ਨੂੰ ਰਾਜ ਦੁਬਾਰਾ ਦੇਣ ਵਾਲਾ ਹੈਂ?”

ਯਿਸੂ ਨੇ ਉਨ੍ਹਾਂ ਨੂੰ ਆਖਿਆ, “ਸਿਰਫ਼ ਪਿਤਾ ਨੂੰ ਹੀ ਉਹ ਦਿਨ ਅਤੇ ਸਮਾਂ ਨਿਰਧਾਰਿਤ ਕਰਨ ਦਾ ਹੱਕ ਹੈ। ਤੁਸੀਂ ਇਨ੍ਹਾਂ ਚੀਜ਼ਾਂ ਨੂੰ ਨਹੀਂ ਜਾਣ ਸੱਕਦੇ। ਪਰ ਪਵਿੱਤਰ ਆਤਮਾ ਤੁਹਾਡੇ ਉਪਰ ਆਵੇਗਾ ਤੇ ਤੁਹਾਨੂੰ ਸ਼ਕਤੀ ਮਿਲ ਜਾਵੇਗੀ। ਅਤੇ ਤੁਸੀਂ ਮੇਰੇ ਗਵਾਹ ਹੋਵੋਂਗੇ। ਸਭ ਤੋਂ ਪਹਿਲਾਂ ਤੁਸੀਂ ਯਰੂਸ਼ਲਮ ਦੇ ਲੋਕਾਂ ਨੂੰ ਮੇਰੇ ਬਾਰੇ ਦੱਸੋਂਗੇ ਤੇ ਉਸਤੋਂ ਬਾਦ ਸਾਰੇ ਯਹੂਦਿਯਾ ਅਤੇ ਸਾਮਰਿਯਾ ਵਿੱਚ, ਅਤੇ ਹੋਰ ਸਾਰੀ ਧਰਤੀ ਦੇ ਹਿਸਿਆਂ ਵਿੱਚ ਮੇਰੇ ਬਾਰੇ ਗਵਾਹ ਹੋਵੋਂਗੇ।”

ਜਦੋਂ ਯਿਸੂ ਇਹ ਗੱਲਾਂ ਰਸੂਲਾਂ ਨੂੰ ਕਹਿ ਹਟਿਆ, ਉਹ ਸੁਰਗਾਂ ਵੱਲ ਲਿਜਾਇਆ ਗਿਆ। ਜਦੋਂ ਰਸੂਲ ਉਸ ਨੂੰ ਵੇਖ ਰਹੇ ਸਨ, ਵੇਖਦਿਆਂ ਹੀ ਵੇਖਦਿਆਂ ਯਿਸੂ ਇੱਕ ਬੱਦਲ ਵਿੱਚ ਉਨ੍ਹਾਂ ਦੀਆਂ ਅੱਖਾਂ ਤੋਂ ਓਹਲੇ ਹੋ ਗਿਆ। 10 ਯਿਸੂ ਅਲੋਪ ਹੋ ਰਿਹਾ ਸੀ ਤੇ ਰਸੂਲ ਉਸ ਨੂੰ ਅਕਾਸ਼ ਵਿੱਚ ਵੇਖ ਰਹੇ ਸਨ। ਅਚਾਨਕ ਦੋ ਜਣੇ ਸਫ਼ੇਦ ਕੱਪੜੇ ਪਾਏ ਹੋਏ ਉਨ੍ਹਾਂ ਦੇ ਨਾਲ ਆਕੇ ਖੜ੍ਹੇ ਹੋ ਗਏ। 11 ਉਨ੍ਹਾਂ ਦੋਹਾਂ ਨੇ ਰਸੂਲਾਂ ਨੂੰ ਆਖਿਆ, “ਹੇ ਗਲੀਲੀ ਦੇ ਲੋਕੋ, ਤੁਸੀਂ ਇੱਥੇ ਖੜ੍ਹੇ ਹੋਕੇ ਆਕਾਸ਼ ਵੱਲ ਕਿਉਂ ਵੇਖ ਰਹੇ ਹੋ? ਇਹ ਯਿਸੂ ਜਿਹੜਾ ਤੁਹਾਡੇ ਕੋਲੋਂ ਅਕਾਸ਼ ਉੱਪਰ ਉੱਠਾ ਲਿਆ ਗਿਆ ਹੈ, ਇਹ ਉਸੇ ਤਰ੍ਹਾਂ ਵਾਪਸ ਆਵੇਗਾ ਜਿਵੇਂ ਤੁਸੀਂ ਇਸ ਨੂੰ ਧਰਤੀ ਤੋਂ ਸਵਰਗ ਵੱਲ ਜਾਂਦਿਆਂ ਵੇਖਿਆ ਹੈ।”

ਨਵੇਂ ਰਸੂਲ ਦਾ ਚੁਣਿਆ ਜਾਣਾ

12 ਤਦ ਰਸੂਲ ਜੈਤੂਨ ਦੇ ਪਹਾੜ ਵੱਲੋਂ ਯਰੂਸ਼ਲਮ ਨੂੰ ਗਏ ਇਹ ਪਹਾੜ ਯਰੂਸ਼ਲਮ ਤੋਂ ਇੱਕ-ਅੱਧ ਮੀਲ ਦੀ ਵਾਟ ਤੇ ਹੈ। 13 ਰਸੂਲ ਸ਼ਹਿਰ ਨੂੰ ਗਏ ਅਤੇ ਉਸ ਜਗ੍ਹਾ ਤੇ ਠਹਿਰੇ ਜਿੱਥੇ ਉਹ ਪਹਿਲਾਂ ਰਹਿੰਦੇ ਸਨ। ਇੱਕ ਕਮਰਾ ਪੌੜੀਆਂ ਚੜ੍ਹ ਕੇ ਸੀ। ਉੱਥੇ ਇਹ ਰਸੂਲ ਸਨ: ਪਤਰਸ, ਯੂਹੰਨਾ, ਯਾਕੂਬ, ਅੰਦ੍ਰਿਯਾਸ, ਫ਼ਿਲਿਪੁੱਸ, ਥੋਮਾ, ਬਰਥੁਮਲਈ, ਮੱਤੀ ਅਤੇ ਯਾਕੂਬ ਹਲਫ਼ਾ ਦਾ ਪੁੱਤਰ, ਸ਼ਮਊਨ ਜੋ ਜ਼ੇਲੋਤੇਸ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਅਤੇ ਯਹੂਦਾ, ਯਾਕੂਬ ਦਾ ਪੁੱਤਰ।

14 ਸਾਰੇ ਰਸੂਲ ਇਕੱਠੇ ਰਹਿ ਰਹੇ ਸਨ ਅਤੇ ਉਹ ਉਸੇ ਮਕਸਦ ਲਈ ਅੱਡੋਲ ਪ੍ਰਾਰਥਨਾ ਕਰ ਰਹੇ ਸਨ। ਕੁਝ ਔਰਤਾਂ, ਮਰਿਯਮ, ਯਿਸੂ ਦੀ ਮਾਤਾ ਅਤੇ ਉਸ ਦੇ ਭਰਾ ਵੀ ਉੱਥੇ ਰਸੂਲਾਂ ਨਾਲ ਸਨ।

15 ਕੁਝ ਦਿਨਾਂ ਬਾਦ ਜਦੋਂ ਉੱਥੇ ਕੋਈ ਇੱਕ ਸੌ ਵੀਹ ਨਿਹਚਾਵਾਨ ਇਕੱਠੇ ਹੋਕੇ ਆਏ, ਪਤਰਸ ਉਨ੍ਹਾਂ ਵਿੱਚੋਂ ਉੱਠਿਆ ਤੇ ਉਸ ਨੇ ਆਖਿਆ, 16-17 “ਹੇ ਭਰਾਵੋ, ਜੋ ਪਵਿੱਤਰ ਆਤਮਾ ਨੇ ਪਹਿਲਾਂ ਹੀ ਪੋਥੀਆਂ ਵਿੱਚ ਦਾਊਦ ਰਾਹੀਂ ਯਹੂਦਾ ਬਾਰੇ ਆਖਿਆ ਹੈ ਉਹ ਨਿਸ਼ਚਿਤ ਹੀ ਵਾਪਰਨਾ ਚਾਹੀਦਾ ਹੈ। ਯਹੂਦਾ ਸਾਡੇ ਸਮੂਹ ਵਿੱਚੋਂ ਇੱਕ ਸੀ। ਉਸ ਨੇ ਸਾਡੇ ਨਾਲ ਇਸ ਸੇਵਾ ਵਿੱਚ ਇੱਕ ਹਿੱਸਾ ਦਿੱਤਾ ਸੀ, ਪਰ ਇਹ ਉਹੀ ਸੀ, ਜਿਸਨੇ ਉਨ੍ਹਾਂ ਲੋਕਾਂ ਦੀ ਅਗਵਾਈ ਕੀਤੀ। ਜਿਨ੍ਹਾਂ ਨੇ ਯਿਸੂ ਨੂੰ ਫ਼ੜਵਾਇਆ।”

18 (ਯਹੂਦਾ ਨੂੰ ਇਸ ਦੁਸ਼ਟ ਕਰਨੀ ਵਾਸਤੇ ਧਨ ਦਿੱਤਾ ਗਿਆ ਸੀ, ਅਤੇ ਉਸ ਨੇ ਇਸ ਧਨ ਨਾਲ ਇੱਕ ਖੇਤ ਖਰੀਦਿਆ। ਪਰ ਯਹੂਦਾ ਸਿਰ ਪਰਨੇ ਡਿੱਗਿਆ ਉਸਦਾ ਸਰੀਰ ਫ਼ਟਕੇ ਪਾਟ ਗਿਆ, ਉਸ ਦੀਆਂ ਸਾਰੀਆਂ ਆਂਤੜੀਆਂ ਬਾਹਰ ਨਿਕਲ ਆਈਆਂ। 19 ਯਰੂਸ਼ਲਮ ਦੇ ਸਾਰੇ ਲੋਕਾਂ ਨੇ ਇਸ ਬਾਰੇ ਸੁਣਿਆ। ਇਸ ਲਈ ਉਨ੍ਹਾਂ ਨੇ ਇਸ ਖੇਤ ਨਾ ਨਾਉ “ਅਕਲਦਮਾ” ਰੱਖਿਆ ਜਿਸਦਾ ਉਨ੍ਹਾਂ ਦੀ ਭਾਸ਼ਾ ਵਿੱਚ ਅਰਥ ਹੈ “ਲਹੂ ਦਾ ਖੇਤ।”)

20 ਪਤਰਸ ਨੇ ਕਿਹਾ, “ਯਹੂਦਾ ਬਾਰੇ ਜ਼ਬੂਰ ਦੀ ਪੁਸਤਕ ਵਿੱਚ ਲਿਖਿਆ ਹੋਇਆ ਹੈ:

‘ਕਾਸ਼ ਉਸਦਾ ਘਰ ਉੱਜੜ ਜਾਵੇ।
    ਉੱਥੇ ਕਿਸੇ ਨੂੰ ਵੀ ਨਹੀਂ ਰਹਿਣਾ ਚਾਹੀਦਾ।’ (N)

ਅਤੇ ਇਹ ਵੀ ਲਿਖਿਆ ਹੈ ਕਿ

‘ਉਸਦਾ ਕੰਮ ਕੋਈ ਹੋਰ ਸਾਂਭ ਲਵੇ।’ (O)

21-22 “ਇਸ ਲਈ ਹੁਣ ਸਾਡੇ ਨਾਲ ਇੱਕ ਅਜਿਹਾ ਮਨੁੱਖ ਰਲੇ ਜੋ ਯਿਸੂ ਦੇ ਪੁਨਰ ਉਥਾਂਨ ਦਾ ਗਵਾਹ ਬਣੇ। ਇਹ ਆਦਮੀ ਉਨ੍ਹਾਂ ਲੋਕਾਂ ਵਿੱਚੋਂ ਹੋਣਾ ਚਾਹੀਦਾ ਹੈ, ਜਿਹੜੇ ਉਸ ਪੂਰੇ ਸਮੇਂ ਸਾਡੇ ਸਮੂਹ ਦਾ ਇੱਕ ਹਿੱਸਾ ਹੁੰਦੇ ਸਨ, ਜਦੋਂ ਪ੍ਰਭੂ ਯਿਸੂ ਸਾਡੇ ਨਾਲ ਸੀ। ਇਹ ਮਨੁੱਖ ਉਦੋਂ ਤੋਂ ਸਾਡੇ ਸਾਥੀਆਂ ਵਿੱਚੋਂ ਇੱਕ ਜ਼ਰੂਰ ਹੋਣਾ ਚਾਹੀਦਾ ਹੈ ਜਦ ਤੋਂ ਯੂਹੰਨਾ ਨੇ ਲੋਕਾਂ ਨੂੰ ਬਪਤਿਸਮਾ ਦੇਣਾ ਸ਼ੁਰੂ ਕੀਤਾ ਸੀ, ਅਤੇ ਉਦੋਂ ਤੱਕ, ਜਦ ਤੱਕ ਕਿ ਯਿਸੂ ਨੂੰ ਸੁਰਗਾਂ ਵੱਲ ਨੂੰ ਲਿਜਾਇਆ ਗਿਆ ਸੀ।”

23 ਤਦ ਰਸੂਲਾਂ ਨੇ ਦੋਹਾਂ ਨੂੰ ਖੜ੍ਹਾ ਕੀਤਾ। ਉਨ੍ਹਾਂ ਵਿੱਚੋਂ ਇੱਕ ਯੂਸੁਫ਼ ਬਰਸੱਬਾਸ ਸੀ, ਜੋ ਯੂਸਤੁਸ ਬੁਲਾਇਆ ਜਾਂਦਾ ਸੀ ਅਤੇ ਦੂਜਾ ਵਿਅਕਤੀ ਮਥਿਯਾਸ ਸੀ।

24-25 ਉਨ੍ਹਾਂ ਨੇ ਪ੍ਰਾਰਥਨਾ ਕੀਤੀ, “ਪਰਮੇਸ਼ੁਰ, ਤੂੰ ਹਰੇਕ ਦੇ ਦਿਲ ਨੂੰ ਜਾਣਦਾ ਹੈਂ ਇਸ ਲਈ ਸਾਨੂੰ ਵਿਖਾ ਕਿ ਇਨ੍ਹਾਂ ਦੋਹਾਂ ਵਿੱਚੋਂ ਇਸ ਕੰਮ ਵਾਸਤੇ ਤੂੰ ਕਿਸ ਨੂੰ ਚੁਣਿਆ ਹੈ। ਯਹੂਦਾ ਨੇ ਇਹ ਕੰਮ ਛੱਡ ਦਿੱਤਾ ਅਤੇ ਉਸ ਥਾਵੇਂ ਚੱਲਿਆ ਗਿਆ ਜਿੱਥੇੋਂ ਦਾ ਉਹ ਸੀ। ਹੇ ਪਰਮੇਸ਼ੁਰ, ਤੂੰ ਵਿਖਾ ਕਿ ਉਸਦੀ ਰਸੂਲ ਵਾਲੀ ਜਗ਼੍ਹਾ ਕਿਸ ਨੂੰ ਲੈਣੀ ਚਾਹੀਦੀ ਹੈ।” 26 ਫ਼ੇਰ ਉਨ੍ਹਾਂ ਨੇ ਪਰਚੀਆਂ ਪਾਈਆਂ ਅਤੇ ਜਾਣ ਗਏ ਕਿ ਪ੍ਰਭੂ ਨੇ ਮਥਿਯਾਸ ਨੂੰ ਉਸ ਕਾਰਜ ਲਈ ਚੁਣਿਆ ਸੀ। ਇਸ ਲਈ ਉਹ ਬਾਕੀ ਦੇ ਗਿਆਰਾਂ ਰਸੂਲਾਂ ਨਾਲ ਜੋੜਿਆ ਗਿਆ।

ਪਵਿੱਤਰ ਆਤਮਾ ਦਾ ਆਗਮਨ

ਜਦੋਂ ਪੰਤੇਕੁਸਤ ਦਾ ਦਿਨ ਆਇਆ, ਤਾਂ ਉਹ ਸਾਰੇ ਇੱਕ ਜਗ਼੍ਹਾ ਇੱਕਤਰ ਸਨ। ਅਚਾਨਕ ਆਕਾਸ਼ ਵਿੱਚੋਂ ਇੱਕ ਅਵਾਜ਼ ਸੁਣਾਈ ਦਿੱਤੀ ਜੋ ਹਨੇਰੀ ਵਾਂਗ ਸੀ। ਇਸ ਅਵਾਜ਼ ਨੇ ਉਹ ਸਾਰੀ ਜਗ਼੍ਹਾ ਭਰ ਦਿੱਤੀ ਜਿੱਥੇ ਉਹ ਬੈਠੇ ਸਨ। ਉਨ੍ਹਾਂ ਨੇ ਕੁਝ ਬਲਦੀਆਂ ਲਾਟਾਂ ਵਰਗਾ ਵੇਖਿਆ। ਉਹ ਸਭ ਲਾਟਾਂ ਵੱਖਰੀਆਂ-ਵੱਖਰੀਆਂ ਸਨ ਤੇ ਥੱਲੇ ਆਕੇ, ਹਰੇਕ ਮਨੁੱਖ ਦੇ ਅੱਗੇ ਆਕੇ ਠਹਿਰੀਆਂ। ਵੇਖਦਿਆਂ-ਵੇਖਦਿਆਂ ਉਨ੍ਹਾਂ ਸਭਨਾਂ ਵਿੱਚ ਪਵਿੱਤਰ ਆਤਮਾ ਸਮਾ ਗਿਆ ਅਤੇ ਉਨ੍ਹਾਂ ਸਭ ਨੇ ਵੱਖ-ਵੱਖ ਬੋਲੀਆਂ ਬੋਲਣੀਆਂ ਸ਼ੁਰੂ ਕਰ ਦਿੱਤੀਆਂ। ਕਿਉਂਕਿ ਪਵਿੱਤਰ ਆਤਮਾ ਨੇ ਉਨ੍ਹਾਂ ਨੂੰ ਬੋਲਣ ਦੀ ਤਾਕਤ ਦਿੱਤੀ ਸੀ।

ਉਸ ਵਕਤ, ਯਰੂਸ਼ਲਮ ਵਿੱਚ ਬਹੁਤ ਸਾਰੇ ਧਾਰਮਿਕ ਯਹੂਦੀ ਲੋਕ ਰਹਿੰਦੇ ਸਨ। ਇਹ ਮਨੁੱਖ ਦੁਨੀਆਂ ਦੇ ਸਭ ਹਿਸਿਆਂ ਵਿੱਚੋਂ ਇੱਥੇ ਆਏ ਹੋਏ ਸਨ। ਇਨ੍ਹਾਂ ਮਨੁੱਖਾਂ ਦਾ ਇੱਕ ਵੱਡਾ ਮੰਡਲੀ ਇਕੱਠਿਆਂ ਆਇਆ ਸੀ ਕਿਉਂਕਿ ਉਨ੍ਹਾਂ ਨੇ ਇਹ ਗੂੰਜ ਸੁਣੀ ਸੀ। ਉਹ ਹੈਰਾਨ ਸਨ, ਕਿਉਂਕਿ ਹਰ ਇੱਕ ਨੇ ਰਸੂਲਾਂ ਨੂੰ ਆਪਣੀ ਖੁਦ ਦੀ ਬੋਲੀ ਵਿੱਚ ਬੋਲਦਿਆਂ ਸੁਣਿਆ।

ਉਹ ਸਾਰੇ ਯਹੂਦੀ ਇਸ ਤੋਂ ਬੜੇ ਹੈਰਾਨ ਸਨ। ਉਹ ਇਹ ਨਹੀਂ ਸਮਝ ਸੱਕੇ ਕਿ ਉਹ ਅਜਿਹਾ ਕਰਨ ਦੇ ਸਮਰਥ ਕਿਵੇਂ ਸਨ। ਉਨ੍ਹਾਂ ਕਿਹਾ, “ਵੇਖੋ ਇਹ ਸਭ ਜੋ ਬੋਲ ਰਹੇ ਹਨ ਕੀ ਉਹ ਗਲੀਲੀ ਤੋਂ ਨਹੀਂ ਹਨ? ਫ਼ਿਰ ਸਾਡੇ ਚੋਂ ਹਰ ਇੱਕ ਆਪਣੀ ਜਨਮ ਭੂਮੀ ਦੀ ਭਾਸ਼ਾ ਉਨ੍ਹਾਂ ਦੀ ਜ਼ਬਾਨੀ ਕਿਵੇਂ ਸੁਣਦਾ ਹੈ? ਇਹ ਕਿਵੇਂ ਸੰਭਵ ਹੈ? ਅਸੀਂ ਸਭ ਵਖੋ-ਵਖ ਥਾਵਾਂ ਤੋਂ ਹਾਂ। ਅਸੀਂ ਜਿਹੜੇ ਪਾਰਥੀ, ਮੇਦੀ, ਇਲਾਮੀ, ਮਸੋਪੋਤਾਮਿਯਾ, ਯਹੂਦਿਯਾ, ਕਪਦੁਕਿਯਾ, ਪੁੰਤੁਸ, ਅਸਿਯਾ, 10 ਫ਼ਰੂਗਿਯਾ, ਪੁਮਫ਼ੁਲਿਯਾ, ਮਿਸਰ ਅਤੇ ਲਿਬਿਯਾ ਦੇ ਹਿੱਸੇ ਕੁਰੇਨੋ ਦੇ ਨਜ਼ਦੀਕ ਦੇ ਰਹਿਣ ਵਾਲੇ ਹਾਂ। ਇੱਥੇ ਰੋਮੀ ਮੁਸਾਫ਼ਿਰ, ਦੋਵੇਂ ਯਹੂਦੀ ਅਤੇ ਯਹੂਦੀ ਮੁਰੀਦ। 11 ਕਰੇਤੀ ਅਤੇ ਅਰਬੀ ਹਨ, ਅਸੀਂ ਉਨ੍ਹਾਂ ਸਭਨਾਂ ਨੂੰ ਆਪੋ-ਆਪਣੀ ਭਾਸ਼ਾ ਵਿੱਚ ਪਰਮੇਸ਼ੁਰ ਦੇ ਵੱਡੇ-ਵੱਡੇ ਕੰਮਾਂ ਦਾ ਵਖਾਣ ਕਰਦਿਆਂ ਸੁਣਦੇ ਹਾਂ।”

12 ਤਾਂ ਸਭ ਲੋਕ ਹੈਰਾਨ-ਪਰੇਸ਼ਾਨ ਸਨ। ਉਨ੍ਹਾਂ ਸਭਨਾਂ ਨੇ ਇੱਕ ਦੂਜੇ ਤੋਂ ਪੁੱਛਿਆ “ਇਹ ਕੀ ਹੋ ਰਿਹਾ ਹੈ” 13 ਪਰ ਬਾਕੀ ਲੋਕ ਰਸੂਲਾਂ ਤੇ ਹੱਸੇ ਤੇ ਕਹਿਣ ਲੱਗੇ “ਉਨ੍ਹਾਂ ਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਈ ਹੈ।”

ਪਤਰਸ ਨੇ ਲੋਕਾਂ ਨੂੰ ਕਿਹਾ

14 ਤਦ ਪਤਰਸ ਉਨ੍ਹਾਂ ਗਿਆਰਾਂ ਰਸੂਲਾਂ ਦੇ ਨਾਲ ਖੜੋ ਕੇ ਉੱਚੀ ਆਵਾਜ਼ ਨਾਲ ਆਖਣ ਲੱਗਾ, “ਹੇ ਮੇਰੇ ਯਹੂਦੀ ਭਰਾਵੋ ਅਤੇ ਸਾਰੇ ਯਰੂਸ਼ਲਮ ਨਿਵਾਸੀਓ, ਮੇਰੀ ਗੱਲ ਧਿਆਨ ਨਾਲ ਸੁਣੋ ਕਿਉਂਕਿ ਮੈਂ ਤੁਹਾਨੂੰ ਉਹ ਦੱਸਾਂਗਾ ਜੋ ਤੁਹਾਨੂੰ ਜਾਨਣਾ ਚਾਹੀਦਾ ਹੈ। 15 ਇਨ੍ਹਾਂ ਲੋਕਾਂ ਨੇ ਬਹੁਤੀ ਨਹੀਂ ਪੀਤੀ ਜਿਵੇਂ ਕਿ ਤੁਸੀਂ ਸੋਚਦੇ ਹੋਂ। ਅਜੇ ਸਵੇਰ ਦੇ ਸਿਰਫ਼ ਨੌ ਵੱਜੇ ਹਨ। 16 ਪਰ ਇਹ ਉਹ ਗੱਲ ਹੈ ਜਿਸ ਬਾਰੇ ਯੋਏਲ ਨਬੀ ਨੇ ਲਿਖਿਆ ਹੈ

17 ‘ਪਰਮੇਸ਼ੁਰ ਆਖਦਾ ਹੈ
    ਅੰਤ ਦੇ ਦਿਨਾਂ ਵਿੱਚ, ਮੈਂ ਸਾਰੇ ਲੋਕਾਂ ਉੱਤੇ ਆਪਣਾ ਆਤਮਾ ਵਗਾਵਾਂਗਾ।
ਤੁਹਾਡੇ ਪੁੱਤਰ ਅਤੇ ਧੀਆਂ ਅਗੰਮੀ ਵਾਕ ਕਰਨਗੇ
    ਤੁਹਾਡੇ ਜਵਾਨ ਦਰਸ਼ਨ ਵੇਖਣਗੇ ਅਤੇ
    ਤੁਹਾਡੇ ਬਜ਼ੁਰਗਾਂ ਨੂੰ ਖਾਸ ਸੁਪਨੇ ਆਉਣਗੇ।
18 ਉਸ ਵਕਤ ਮੈਂ ਆਪਣਾ ਆਤਮਾ ਆਪਣੇ ਸੇਵਕਾਂ, ਆਦਮੀਆਂ ਤੇ ਔਰਤਾਂ’ਚ ਪਾਵਾਂਗਾ
    ਅਤੇ ਉਹ ਵੀ ਅਗੰਮੀ ਵਾਕ ਕਹਿਣਗੇ।
19 ਮੈਂ ਅਸਮਾਨ ਵਿੱਚ ਹੈਰਾਨੀਜਨਕ ਨਜ਼ਾਰੇ ਵਿਖਾਵਾਂਗਾ
    ਅਤੇ ਧਰਤੀ ਉੱਤੇ ਲਹੂ,
    ਅੱਗ ਅਤੇ ਧੂੰਏ ਦੇ ਬੱਦਲਾਂ ਨਾਲ ਸਬੂਤ ਦੇਵਾਂਗਾ।
20 ਸੂਰਜ ਘੁੱਪ ਹਨੇਰੇ ਵਿੱਚ ਬਦਲ ਜਾਵੇਗਾ ਅਤੇ ਚੰਦਰਮਾਂ,
    ਲਹੂ ਵਰਗਾ ਲਾਲ ਹੋ ਜਾਵੇਗਾ।
    ਫ਼ੇਰ ਪ੍ਰਭੂ ਦਾ ਉਹ ਮਹਾਨ ਅਤੇ ਮਹਿਮਾਮਈ ਦਿਨ ਆਵੇਗਾ।
21 ਅਤੇ ਹਰ ਉਹ ਜੋ ਪ੍ਰਭੂ ਵਿੱਚ ਵਿਸ਼ਵਾਸ ਰੱਖਦਾ ਹੈ ਬਚਾਇਆ ਜਾਵੇਗਾ।’ (P)

22 “ਮੇਰੇ ਯਹੂਦੀ ਭਰਾਵੋ; ਇਨ੍ਹਾਂ ਵਚਨਾਂ ਨੂੰ ਸੁਣੋ ਕਿ ਯਿਸੂ ਨਾਸਰੀ ਇੱਕ ਮਨੁੱਖ ਸੀ ਜਿਸਦੇ ਸੱਚਾ ਹੋਣ ਦਾ ਸਬੂਤ ਪਰਮੇਸ਼ੁਰ ਦੀ ਤਰਫ਼ੋਂ ਉਨ੍ਹਾਂ ਕਰਾਮਾਤਾਂ ਅਤੇ ਅਚੰਭਿਆਂ ਅਤੇ ਨਿਸ਼ਾਨੀਆਂ ਨਾਲ ਤੁਹਾਨੂੰ ਦਿੱਤਾ ਗਿਆ, ਜੋ ਪਰਮੇਸ਼ੁਰ ਨੇ ਉਸ ਵੱਲੋਂ ਤੁਹਾਡੇ ਵਿੱਚ ਵਿਖਲਾਈਆਂ। 23 ਤੁਹਾਡੇ ਲਈ ਯਿਸੂ ਭੇਜਿਆ ਗਿਆ ਅਤੇ ਤੁਸੀਂ ਉਸ ਨੂੰ ਜਾਨੋ ਮਾਰ ਦਿੱਤਾ। ਦੁਸ਼ਟ ਲੋਕਾਂ ਦੀ ਸਹਾਇਤਾ ਨਾਲ, ਤੁਸੀਂ ਉਸ ਨੂੰ ਸਲੀਬ ਦੇਕੇ ਮਾਰ ਦਿੱਤਾ। ਪਰ ਪਰਮੇਸ਼ੁਰ, ਪਹਿਲਾਂ ਤੋਂ ਹੀ ਇਹ ਸਭ ਜਾਣਦਾ ਸੀ ਕਿ ਅਜਿਹਾ ਹੋਵੇਗਾ। ਇਹ ਪਰਮੇਸ਼ੁਰ ਦੀ ਹੀ ਵਿਉਂਤ ਸੀ, ਜੋ ਕਿ ਉਸ ਨੇ ਬਹੁਤ ਚਿਰ ਪਹਿਲਾਂ ਸੋਚ ਲਾਈ ਸੀ। 24 ਯਿਸੂ ਨੇ ਮੌਤ ਦੀ ਪੀੜ ਸਹੀ ਪਰ ਪਰਮੇਸ਼ੁਰ ਨੇ, ਉਸ ਨੂੰ ਆਜ਼ਾਦ ਕਰ ਦਿੱਤਾ। ਪਰਮੇਸ਼ੁਰ ਨੇ ਉਸ ਨੂੰ ਬੰਧਨ ਖੋਲਕੇ ਜੀਵਤ ਕਰ ਦਿੱਤਾ। ਮੌਤ ਉਸ ਨੂੰ ਕਸ ਨਹੀਂ ਸੱਕੀ। 25 ਦਾਊਦ ਨੇ ਉਸ ਬਾਰੇ ਆਖਿਆ,

‘ਮੈਂ ਹਮੇਸ਼ਾ ਪ੍ਰਭੂ ਨੂੰ ਆਪਣੇ ਸਨਮੁੱਖ ਵੇਖਿਆ ਹੈ;
    ਉਹ ਮੇਰੇ ਸੱਜੇ ਪਾਸੇ ਹੈ। ਕੁਝ ਵੀ ਮੈਨੂੰ ਨਹੀਂ ਹਿਲਾ ਸੱਕਦਾ।
26 ਇਸ ਲਈ ਮੇਰਾ ਦਿਲ ਖੁਸ਼ ਹੈ
    ਅਤੇ ਮੇਰੀ ਜ਼ੁਬਾਨ ਹਮੇਸ਼ਾ ਖੁਸ਼ੀ ਵਿੱਚ ਬੋਲਦੀ ਹੈ।
    ਮੇਰਾ ਸਰੀਰ ਵੀ ਉਮੀਦ ਵਿੱਚ ਜੀਵੇਗਾ।
27 ਕਿਉਂਕਿ, ਤੂੰ ਮੈਨੂੰ ਮੌਤ ਦੀ ਜਗ਼੍ਹਾ ਨਹੀਂ ਛੱਡੇਗਾ।
    ਤੂੰ ਕਦੇ ਵੀ ਆਪਣੇ ਪਵਿੱਤਰ ਪੁਰੱਖ ਦੇ ਸਰੀਰ ਨੂੰ ਕਬਰ ਵਿੱਚ ਸੜਨ ਨਹੀਂ ਦੇਵੇਗਾ।
28 ਤੂੰ ਮੈਨੂੰ ਸਿੱਖਾਇਆ ਕਿ ਕਿਵੇਂ ਜਿਉਣਾ ਹੈ।
    ਸੋ ਤੂੰ ਮੇਰੇ ਕਰੀਬ ਆਵੇਂਗਾ ਅਤੇ ਮੈਨੂੰ ਅੰਤਾਂ ਦੀ ਖੁਸ਼ੀ ਦੇਵੇਂਗਾ।’ (Q)

29 “ਹੇ ਮੇਰੇ ਭਰਾਵੋ, ਨਿਰਭੈ ਹੋਕੇ, ਮੈਂ ਤੁਹਾਨੂੰ ਸਾਡੇ ਵਡੇਰੇ ਦਾਊਦ ਦੇ ਬਾਰੇ ਦੱਸ ਸੱਕਦਾ ਹਾਂ। ਉਹ ਮਰਿਆ ਅਤੇ ਦਫ਼ਨਾਇਆ ਗਿਆ। ਉਸਦੀ ਕਬਰ, ਇੱਥੇ ਅੱਜ ਦਿਨ ਤੱਕ, ਸਾਡੇ ਨਾਲ ਹੈ। 30 ਦਾਊਦ ਨਬੀ ਸੀ ਅਤੇ ਉਹ ਇਹ ਜਾਣਦਾ ਸੀ ਕਿ ਪਰਮੇਸ਼ੁਰ ਨੇ ਉਸ ਨੂੰ ਵਚਨ ਦਿੱਤਾ ਸੀ ਕਿ ਤੇਰੇ ਵੰਸ਼ ਵਿੱਚੋਂ ਇੱਕ ਨੂੰ ਮੈਂ ਤੇਰੀ ਗੱਦੀ ਉੱਤੇ ਬਿਠਾਵਾਂਗਾ। [i] 31 ਦਾਊਦ ਜਾਣਦਾ ਸੀ ਕਿ ਭਵਿੱਖ ਵਿੱਚ ਕੀ ਵਾਪਰ ਸੱਕਦਾ ਹੈ ਇਸ ਲਈ ਉਹ ਮਸੀਹ ਦੇ ਜੀ ਉੱਠਣ ਬਾਰੇ ਬੋਲਿਆ:

‘ਉਹ ਮੌਤ ਦੀ ਜਗ਼੍ਹਾ ਨਹੀਂ ਛੱਡਿਆ ਗਿਆ ਸੀ,
    ਅਤੇ ਉਸਦਾ ਸਰੀਰ ਨਹੀਂ ਸੜਿਆ।’

32 ਸੋ ਇਹ ਯਿਸੂ ਹੀ ਹੈ ਜਿਸ ਨੂੰ ਪਰਮੇਸ਼ੁਰ ਨੇ ਮੁਰਦਿਆਂ ਵਿੱਚੋਂ ਜਿਵਾਲਿਆ ਸੀ। ਅਸੀਂ ਸਭ ਇਸਦੇ ਚਸ਼ਮਦੀਦ ਗਵਾਹ ਹਾਂ। 33 ਯਿਸੂ ਮਰਨ ਉਪਰਾਂਤ ਸੁਰਗ ਵੱਲ ਲਿਜਾਇਆ ਗਿਆ। ਹੁਣ ਉਹ ਪਰਮੇਸ਼ੁਰ ਨਾਲ ਉਸ ਦੇ ਸੱਜੇ ਪਾਸੇ ਹੈ। ਪਿਤਾ ਨੇ ਹੁਣ ਯਿਸੂ ਨੂੰ ਉਹ ਪਵਿੱਤਰ ਆਤਮਾ ਦਿੱਤਾ ਹੈ ਜਿਸਦਾ ਉਸ ਨੇ ਵਾਅਦਾ ਕੀਤਾ ਸੀ ਕਿ ਉਹ ਦੇਵੇਗਾ। ਹੁਣ ਯਿਸੂ ਨੇ ਇਹ ਆਤਮਾ ਵਗਾਇਆ ਹੈ ਜਿਸ ਨੂੰ ਤੁਸੀਂ ਸੁਣਦੇ ਹੋ ਅਤੇ ਦੇਖਦੇ ਹੋ। 34 ਕਿਉਂ ਜੋ ਦਾਊਦ ਅਕਾਸ਼ ਉੱਤੇ ਉੱਠਾਇਆ ਨਾ ਗਿਆ ਸੀ, ਸਗੋਂ ਇਹ ਯਿਸੂ ਸੀ। ਜਿਸ ਬਾਰੇ ਦਾਊਦ ਨੇ ਖੁਦ ਆਖਿਆ ਸੀ,

‘ਮੇਰੇ ਪ੍ਰਭੂ ਨੇ ਮੇਰੇ ਪ੍ਰਭੂ ਨੂੰ ਆਖਿਆ
ਤੂੰ ਮੇਰੇ ਸੱਜੇ ਪਾਸੇ ਬੈਠ,
35     ਜਦ ਤੱਕ ਕਿ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰ ਰੱਖਣ ਦੀ ਚੌਂਕੀ ਨਾ ਬਣਾ ਦਿਆਂ।’ (R)

36 “ਇਸ ਲਈ ਸਾਰੇ ਯਹੂਦੀ ਲੋਕਾਂ ਨੂੰ ਇਸ ਸੱਚਾਈ ਦਾ ਪਤਾ ਹੋਣਾ ਚਾਹੀਦਾ ਹੈ। ਪਰਮੇਸ਼ੁਰ ਨੇ ਯਿਸੂ ਨੂੰ, ਪ੍ਰਭੂ ਅਤੇ ਮਸੀਹ ਬਣਾਇਆ ਹੈ ਜਿਸ ਨੂੰ ਤੁਹਾਡੇ ਦੁਆਰਾ ਸਲੀਬ ਦਿੱਤੀ ਗਈ ਸੀ।”

37 ਲੋਕਾਂ ਦੇ ਦਿਲਾਂ ਇਨ੍ਹਾਂ ਸ਼ਬਦਾਂ ਨਾਲ ਛਿੱਦ ਗਏ। ਉਨ੍ਹਾਂ ਪਤਰਸ ਅਤੇ ਬਾਕੀ ਦੇ ਰਸੂਲਾਂ ਨੂੰ ਕਿਹਾ, “ਭਰਾਵੋ, ਸਾਨੂੰ ਦੱਸੋ ਕਿ ਅਸੀਂ ਹੁਣ ਕੀ ਕਰੀਏ?”

38 ਪਤਰਸ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਸਭ ਆਪਣੇ ਦਿਲ ਅਤੇ ਜ਼ਿੰਦਗੀਆਂ ਬਦਲੋ ਅਤੇ ਯਿਸੂ ਮਸੀਹ ਦੇ ਨਾਮ ਤੇ ਬਪਤਿਸਮਾ ਲਓ। ਤਦ ਪਰਮੇਸ਼ੁਰ ਤੁਹਾਡੇ ਸਾਰੇ ਪਾਪ ਬਖਸ਼ ਦੇਵੇਗਾ ਅਤੇ ਤੁਸੀਂ ਪਵਿੱਤਰ ਆਤਮਾ ਨੂੰ ਦਾਤ ਵਾਂਗ ਪ੍ਰਾਪਤ ਕਰੋਂਗੇ। 39 ਇਹ ਵਾਅਦਾ ਤੁਹਾਡੇ ਲਈ, ਤੁਹਾਡੇ ਬੱਚਿਆ ਲਈ, ਅਤੇ ਉਨ੍ਹਾਂ ਸਭਨਾਂ ਲਈ ਹੈ ਜੋ ਇਸ ਜਗ਼੍ਹਾ ਤੋਂ ਬਹੁਤ ਦੂਰ ਹਨ, ਜਿਨ੍ਹਾਂ ਨੂੰ ਪ੍ਰਭੂ ਸਾਡਾ ਪਰਮੇਸ਼ੁਰ ਆਪਣੇ ਕੋਲ ਖੁਦ ਬੁਲਾਵੇਗਾ।”

40 ਤਦ ਪਤਰਸ ਨੇ ਉਨ੍ਹਾਂ ਨੂੰ ਹੋਰ ਵੀ ਬਹੁਤ ਸਾਰੇ ਬਚਨਾਂ ਨਾਲ ਚਿਤਾਵਨੀ ਦਿੱਤੀ ਅਤੇ ਉਨ੍ਹਾਂ ਨੂੰ ਦਿਲਾਸਾ ਦਿੱਤਾ, “ਆਪਣੇ ਆਪ ਨੂੰ ਇਸ ਦੁਸ਼ਟ ਪੀੜੀ ਦੇ ਲੋਕਾਂ ਕੋਲੋ ਬਚਾਓ।” 41 ਤਦ ਉਨ੍ਹਾਂ ਲੋਕਾਂ ਨੇ, ਜਿਨ੍ਹਾਂ ਨੇ ਪਤਰਸ ਦੇ ਉਪਦੇਸ਼ਾਂ ਨੂੰ ਸਵਿਕਾਰਿਆ ਸੀ, ਬਪਤਿਸਮਾ ਲਿਆ। ਉਸ ਦਿਨ ਤਿੰਨ ਹਜ਼ਾਰ ਦੇ ਆਸ-ਪਾਸ ਲੋਕ ਨਿਹਚਾਵਾਨਾਂ ਦੇ ਸਮੂਹ ਨਾਲ ਜੁੜੇ।

ਨਿਹਚਾਵਾਨਾਂ ਨੇ ਹਰੇਕ ਚੀਜ਼ ਨੂੰ ਵੰਡਿਆ

42 ਉਨ੍ਹਾਂ ਨੇ ਆਪਣਾ ਸਮਾਂ ਨਿਯਮਿਤ ਰੂਪ ਨਾਲ ਰਸੂਲਾਂ ਦੇ ਉਪਦੇਸ਼ ਸੁਣਨ ਲਈ ਇਸਤੇਮਾਲ ਕੀਤਾ। ਉਹ ਇੱਕ ਦੂਜੇ ਨਾਲ ਪਰਿਵਾਰ ਦੇ ਜੀਆਂ ਵਾਂਗ ਭਾਗੀਦਾਰ ਹੋਣ ਲੱਗੇ। ਉਹ ਇਕੱਠੇ ਖਾਂਦੇ ਅਤੇ ਇਕੱਠੇ ਹੀ ਪ੍ਰਾਰਥਨਾ ਕਰਦੇ। 43 ਰਸੂਲ ਬੜੀਆਂ ਹੈਰਾਨੀਜਨਕ ਅਤੇ ਤਾਕਤਵਰ ਗੱਲਾਂ ਕਰ ਰਹੇ ਸਨ। ਤਾਂ ਸਾਰੇ ਲੋਕਾਂ ਨੂੰ ਪਰਮੇਸ਼ੁਰ ਲਈ ਡਰ ਸੀ। 44 ਸਾਰੇ ਉਨ੍ਹਾਂ ਦੇ ਨਿਹਚਾਵਾਨ ਇਕੱਠੇ ਰਹਿੰਦੇ ਤੇ ਆਪਸ ਵਿੱਚ ਹਰ ਚੀਜ਼ ਵੰਡਦੇ। 45 ਨਿਹਚਾਵਾਨਾਂ ਨੇ ਆਪਣੀ ਜ਼ਮੀਨ ਅਤੇ ਜੋ ਚੀਜ਼ਾਂ ਉਨ੍ਹਾਂ ਕੋਲ ਸਨ, ਸਭ ਵੇਚ ਦਿੱਤੀਆਂ ਅਤੇ ਸਾਰਾ ਧਨ ਸਾਰਿਆਂ ਨੂੰ ਉਨ੍ਹਾਂ ਦੀ ਜ਼ਰੂਰਤ ਅਨੁਸਾਰ, ਵੰਡ ਦਿੱਤਾ। 46 ਹਰ ਰੋਜ਼ ਸਭ ਮੰਦਰ ਦੇ ਵਿਹੜੇ ਵਿੱਚ ਉਸੇ ਮਕਸਦ ਨਾਲ ਮਿਲਦੇ। ਉਹ ਆਪਣੇ ਘਰਾਂ ਵਿੱਚ ਅਨੰਦਿਤ ਦਿਲਾਂ ਨਾਲ ਮਿਲਕੇ ਭੋਜਨ ਕਰਦੇ। 47 ਨਿਹਚਾਵਾਨ ਪਰਮੇਸ਼ੁਰ ਦੀ ਉਸਤਤਿ ਕਰਦੇ ਅਤੇ ਸਾਰੇ ਲੋਕ ਉਨ੍ਹਾਂ ਨੂੰ ਬਹੁਤ ਪਸੰਦ ਕਰਦੇ। ਅਤੇ ਹਰੇਕ ਦਿਨ, ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਨਿਹਚਾਵਾਨਾਂ ਦੇ ਸਮੂਹ ਵਿੱਚ ਸ਼ਾਮਿਲ ਕਰਦਾ, ਜੋ ਬਚਾਏ ਜਾਂਦੇ ਸਨ।

ਪਤਰਸ ਦਾ ਇੱਕ ਲੰਗੜ੍ਹੇ ਨੂੰ ਠੀਕ ਕਰਨਾ

ਇੱਕ ਦਿਨ ਪਤਰਸ ਅਤੇ ਯੂਹੰਨਾ ਮੰਦਰ ਵਾਲੇ ਇਲਾਕੇ ਵੱਲ ਗਏ। ਇਹ ਦੁਪਿਹਰ ਦੇ ਤਿੰਨ ਵਜੇ ਦਾ ਵੇਲਾ ਸੀ, ਇਹ ਮੰਦਰ ਦੀ ਰੋਜ਼ਾਨਾ ਪ੍ਰਾਰਥਨਾ ਦੀ ਸੇਵਾ ਦਾ ਵੇਲਾ ਹੁੰਦਾ ਸੀ। ਜਦੋਂ ਉਹ ਮੰਦਰ ਦੇ ਵਿਹੜੇ ਅੰਦਰ ਜਾ ਰਹੇ ਸਨ, ਉਨ੍ਹਾਂ ਨੇ ਇੱਕ ਆਦਮੀ ਨੂੰ ਵੇਖਿਆ ਜੋ ਲੰਗੜਾ ਜੰਮਿਆ ਸੀ। ਉਹ ਚੱਲ ਨਹੀਂ ਸੱਕਦਾ ਸੀ, ਇਸ ਲਈ ਉਸ ਦੇ ਕੁਝ ਮਿੱਤਰਾਂ ਨੇ ਉਸ ਨੂੰ ਚੁੱਕਿਆ ਹੋਇਆ ਸੀ। ਹਰ ਰੋਜ਼ ਉਸ ਦੇ ਮਿੱਤਰ ਉਸ ਨੂੰ ਲਿਆਉਂਦੇ ਅਤੇ ਉਸ ਨੂੰ ਭੀਖ ਮੰਗਨ ਲਈ ਮੰਦਰ ਦੇ ਬੂਹੇ ਤੇ ਛੱਡ ਜਾਂਦੇ, ਜੋ ਕਿ “ਖੂਬਸੂਰਤ ਬੂਹਾ” ਅਖਵਾਉਂਦਾ ਸੀ। ਉਹ ਆਦਮੀ ਉਨ੍ਹਾਂ, ਸਾਰੇ ਲੋਕਾਂ ਤੋਂ, ਜਿਹੜੇ ਵੀ ਮੰਦਰ ਅੰਦਰ ਜਾਂਦੇ, ਭੀਖ ਮੰਗਦਾ। ਉਸ ਦਿਨ, ਉਸ ਨੇ ਪਤਰਸ ਅਤੇ ਯੂਹੰਨਾ ਨੂੰ ਮੰਦਰ ਦੇ ਵਿਹੜੇ ਅੰਦਰ ਜਾਂਦੇ ਵੇਖਿਆ ਅਤੇ ਉਨ੍ਹਾਂ ਕੋਲੋਂ ਪੈਸਿਆਂ ਦੀ ਭੀਖ ਮੰਗੀ।

ਪਤਰਸ ਅਤੇ ਯੂਹੰਨਾ ਨੇ ਉਸ ਵੱਲ ਵੇਖਿਆ ਅਤੇ ਫ਼ੇਰ ਪਤਰਸ ਨੇ ਆਖਿਆ, “ਸਾਡੇ ਵੱਲ ਵੇਖ।” ਉਸ ਆਦਮੀ ਨੇ ਉਨ੍ਹਾਂ ਵੱਲ ਵੇਖਿਆ ਤੇ ਸੋਚਿਆ ਸ਼ਾਇਦ ਉਹ ਉਸ ਨੂੰ ਭੀਖ ਦੇਣਗੇ। ਪਰ ਪਤਰਸ ਨੇ ਆਖਿਆ, “ਮੇਰੇ ਕੋਲ ਕੋਈ ਚਾਂਦੀ ਜਾਂ ਸੋਨਾ ਨਹੀਂ, ਪਰ ਜੋ ਮੇਰੇ ਕੋਲ ਹੈ ਮੈਂ ਤੈਨੂੰ ਦੇਵਾਂਗਾ। ਨਾਸਰਤ ਦੇ ਯਿਸੂ ਮਸੀਹ ਦੀ ਸ਼ਕਤੀ ਨਾਲ ਤੂੰ ਉੱਠ ਕੇ ਖੜ੍ਹਾ ਹੋ ਅਤੇ ਚੱਲ।”

ਤਦ ਪਤਰਸ ਨੇ ਉਸ ਲੰਗੜ੍ਹੇ ਦਾ ਸੱਜਾ ਹੱਥ ਫ਼ੜਿਆ ਅਤੇ ਉਸ ਨੂੰ ਉੱਠਾਇਆ, ਤੁਰੰਤ ਹੀ, ਉਸ ਲੰਗੜ੍ਹੇ ਆਦਮੀ ਦੇ ਪੈਰਾਂ ਅਤੇ ਗਿਟਿਆਂ ਵਿੱਚ ਤਾਕਤ ਆ ਗਈ। ਉਹ ਝੱਟ ਆਪਣੇ ਪੈਰਾਂ ਤੇ ਕੁਦਿਆ ਅਤੇ ਚੱਲਣ ਲੱਗ ਪਿਆ ਅਤੇ ਉਨ੍ਹਾਂ ਦੇ ਨਾਲ ਮੰਦਰ ਦੇ ਵਿਹੜੇ ਅੰਦਰ ਗਿਆ। ਉਹ ਚੱਲ ਰਿਹਾ ਸੀ, ਕੁੱਦ ਰਿਹਾ ਸੀ, ਅਤੇ ਪਰਮੇਸ਼ੁਰ ਦੀ ਉਸਤਤਿ ਕਰ ਰਿਹਾ ਸੀ। 9-10 ਸਾਰੇ ਲੋਕ ਜਿਨ੍ਹਾਂ ਨੇ ਉਸ ਨੂੰ ਵੇਖਿਆ, ਉਸ ਨੂੰ ਪਛਾਣ ਗਏ। ਕਿ ਇਹ ਉਹੀ ਹੈ ਜੋ ਮੰਦਰ ਦੇ ਖੂਬਸੂਰਤ ਫ਼ਾਟਕ ਉੱਪਰ ਬੈਠਕੇ ਭੀਖ ਮੰਗਿਆ ਕਰਦਾ ਸੀ ਤਾਂ ਜਦੋਂ ਉਨ੍ਹਾਂ ਨੇ ਉਸੇ ਮਨੁੱਖ ਨੂੰ ਚੱਲ ਕੇ ਮੰਦਰ ਵੱਲ ਆਉਂਦੇ ਪਰਮੇਸ਼ੁਰ ਦੀ ਉਸਤਤਿ ਕਰਦੇ ਵੇਖਿਆ ਤਾਂ ਉਹ ਇਹ ਸਭ ਵੇਖਕੇ ਹੈਰਾਨ ਰਹਿ ਗਏ ਤੇ ਉਨ੍ਹਾਂ ਨੂੰ ਇਹ ਸਮਝ ਨਹੀਂ ਆ ਰਹੀ ਸੀ ਕਿ ਭਾਣਾ ਕਿਵੇਂ ਵਾਪਰਿਆ ਸੀ?

ਪਤਰਸ ਦਾ ਲੋਕਾਂ ਨੂੰ ਉਪਦੇਸ਼ ਦੇਣਾ

11 ਉਸ ਆਦਮੀ ਨੇ ਪਤਰਸ ਅਤੇ ਯੂਹੰਨਾ ਨੂੰ ਫ਼ੜਿਆ ਹੋਇਆ ਸੀ ਤੇ ਲੋਕ ਉਸ ਨੂੰ ਠੀਕ ਚੱਲਦਾ ਵੇਖ ਕੇ ਹੈਰਾਨ ਸਨ ਕਿਉਂਕਿ ਹੁਣ ਉਹ ਬਿਲਕੁਲ ਠੀਕ-ਠਾਕ ਸੀ। ਤਾਂ ਲੋਕ ਵੀ ਪਤਰਸ ਅਤੇ ਯੂਹੰਨਾ ਕੋਲ ਸੁਲੇਮਾਨ ਦੇ ਦਲਾਨ ਵਿੱਚੋਂ ਦੌੜੇ ਆਏ।

12 ਇਹ ਵੇਖ ਕੇ ਪਤਰਸ ਨੇ ਲੋਕਾਂ ਨੂੰ ਆਖਿਆ, “ਮੇਰੇ ਯਹੂਦੀ ਭਰਾਵੋ, ਤੁਸੀ ਇਸ ਤੇ ਹੈਰਾਨ ਕਿਉਂ ਹੋ? ਤੁਸੀਂ ਸਾਡੇ ਵੱਲ ਇਉਂ ਕਿਉਂ ਵੇਖ ਰਹੇ ਹੋ ਜਿਵੇਂ ਅਸੀਂ ਉਸ ਨੂੰ ਆਪਣੀ ਤਾਕਤ ਅਤੇ ਚੰਗਿਆਈ ਨਾਲ ਠੀਕ ਕੀਤਾ ਹੈ? 13 ਨਹੀਂ। ਅਸੀਂ ਨਹੀਂ। ਪਰਮੇਸ਼ੁਰ ਨੇ ਇਹ ਸਭ ਕੀਤਾ ਹੈ। ਉਹ ਅਬਰਾਹਾਮ, ਇਸਹਾਕ ਅਤੇ ਯਾਕੂਬ ਦਾ ਪਰਮੇਸ਼ੁਰ ਹੈ। ਉਹ ਸਾਡੇ ਪੁਰਖਿਆਂ ਦਾ ਪਰਮੇਸ਼ੁਰ ਹੈ। ਉਸ ਨੇ ਇਹ ਸਭ ਕੁਝ ਕਰਕੇ ਆਪਣੇ ਸੇਵਕ ਯਿਸੂ ਦੀ ਮਹਿਮਾ ਕੀਤੀ ਹੈ। ਪਰ ਤੁਸੀਂ ਯਿਸੂ ਨੂੰ ਮਰਵਾਉਣ ਲਈ ਦੇ ਦਿੱਤਾ, ਪਿਲਾਤੁਸ ਨੇ ਯਿਸੂ ਨੂੰ ਛੱਡ ਦੇਣਾ ਚਾਹਿਆ ਪਰ ਤੁਸੀਂ ਆਖਿਆ ਕਿ ਤੁਹਾਨੂੰ ਯਿਸੂ ਦੀ ਆਜ਼ਾਦੀ ਨਹੀਂ ਚਾਹੀਦੀ। 14 ਯਿਸੂ ਪਵਿੱਤਰ ਅਤੇ ਧਰਮੀ ਸੀ। ਪਰ ਤੁਸੀਂ ਕਿਹਾ ਕਿ ਤੁਹਾਨੂੰ ਉਸਦੀ ਜ਼ਰੂਰਤ ਨਹੀਂ ਹੈ। ਪਰ ਤੁਸੀਂ ਪਿਲਾਤੁਸ ਨੂੰ ਯਿਸੂ ਦੀ ਜਗ਼੍ਹਾ ਇੱਕ ਖੂਨੀ ਨੂੰ ਛੱਡਣ ਦੀ ਮੰਗ ਕੀਤੀ ਹੈ। 15 ਇਸ ਤਰ੍ਹਾਂ ਤੁਸੀਂ ਉਸ ਨੂੰ ਮਾਰਿਆ ਜੋ ਜਿੰਦਗੀ ਦਿੰਦਾ ਹੈ ਪਰ ਪਰਮੇਸ਼ੁਰ ਨੇ ਉਸ ਨੂੰ ਮੁਰਦੇ ਤੋਂ ਜੀਵਨ ਵੱਲ ਉੱਠਾਇਆ। ਅਸੀਂ ਇਸਦੇ ਗਵਾਹ ਹਾਂ ਕਿਉਂ ਕਿ ਅਸੀਂ ਇਹ ਸਭ ਕੁਝ ਆਪਣੀ ਅਖੀ ਵੇਖਿਆ।

16 “ਇਹ ਯਿਸੂ ਦੀ ਸ਼ਕਤੀ ਹੀ ਸੀ ਜਿਸਨੇ ਇਸ ਲੰਗੜ੍ਹੇ ਆਦਮੀ ਨੂੰ ਚੱਲਣ ਦੀ ਸ਼ਕਤੀ ਦਿੱਤੀ। ਇਹ ਇਸ ਲਈ ਵਾਪਰਿਆ ਕਿਉਂਕਿ ਅਸੀਂ ਯਿਸੂ ਦੀ ਸ਼ਕਤੀ ਵਿੱਚ ਯਕੀਨ ਕੀਤਾ। ਤੁਸੀਂ ਇਸ ਆਦਮੀ ਨੂੰ ਵੇਖ ਸੱਕਦੇ ਹੋ ਤੇ ਤੁਸੀਂ ਇਸ ਨੂੰ ਜਾਣਦੇ ਵੀ ਹੋ। ਇਹ ਯਿਸੂ ਵਿੱਚ ਆਪਣੇ ਵਿਸ਼ਵਾਸ ਕਾਰਣ ਚੰਗਾ ਹੋਇਆ ਹੈ ਅਤੇ ਤੁਸੀਂ ਸਭਨਾ ਨੇ ਵੇਖਿਆ ਕਿ ਇਹ ਕਿਵੇਂ ਵਾਪਰਿਆ।

17 “ਮੇਰੇ ਭਰਾਵੋ। ਮੈਂ ਜਾਣਦਾ ਹਾਂ ਕਿ ਤੁਸੀਂ ਯਿਸੂ ਨਾਲ ਉਹ ਸਭ ਕੁਝ ਇਸ ਲਈ ਕੀਤਾ ਕਿਉਂਕਿ ਤੁਸੀਂ ਆਪਣੀ ਕਰਨੀ ਤੋਂ ਅਨਜਾਣ ਸੀ ਕਿ ਤੁਸੀਂ ਇਹ ਕੀ ਕਰ ਰਹੇ ਹੋ। ਤੁਹਾਡੇ ਆਗੂ ਵੀ ਅਨਜਾਣ ਸਨ। 18 ਪਰ ਉਨ੍ਹਾਂ ਗੱਲਾਂ ਦੀ ਸੂਚਨਾ ਪਰਮੇਸ਼ੁਰ ਨੇ ਆਪਣੇ ਨਬੀਆਂ ਰਾਹੀਂ ਦਿੱਤੀ Ί ਜਿਵੇਂ ਕਿ ਉਸ ਦੇ ਮਸੀਹ ਨੂੰ ਦੁੱਖ ਝੱਲਣੇ ਪੈਣਗੇ। ਇਹ ਇਵੇਂ ਹੀ ਵਾਪਰਿਆ ਜਿਵੇਂ ਮੈਂ ਤੁਹਾਨੂੰ ਕਿਹਾ ਹੈ। 19 ਇਸੇ ਲਈ ਤੁਹਾਨੂੰ ਆਪਣੇ ਦਿਲ ਅਤੇ ਜੀਵਨ ਬਦਲਣੇ ਚਹੀਦੇ ਹਨ ਅਤੇ ਪਰਮੇਸ਼ੁਰ ਵੱਲ ਮੁੜੋ ਤਾਂ ਜੋ ਉਹ ਤੁਹਾਡੇ ਪਾਪ ਬਖਸ਼ ਸੱਕੇ। 20 ਤਦ ਫ਼ਿਰ ਪ੍ਰਭੂ ਤੁਹਾਨੂੰ ਆਤਮਕ ਸੁੱਖ ਦਾ ਸਮਾਂ ਦੇਵੇਗਾ, ਉਹ ਯਿਸੂ ਨੂੰ ਭੇਜੇਗਾ ਜਿਸ ਨੂੰ ਉਸ ਨੇ ਮਸੀਹ ਹੋਣ ਲਈ ਚੁਣਿਆ ਹੈ।

21 “ਜਿੰਨਾ ਚਿਰ ਸਾਰੀਆਂ ਚੀਜ਼ਾਂ ਮੁੜ ਸੁਧਾਰੀਆਂ ਨਹੀਂ ਜਾਂਦੀਆਂ, ਯਿਸੂ ਨੇ ਸਵਰਗ ਵਿੱਚ ਹੀ ਰਹਿਣਾ ਹੈ। ਇਸ ਬਾਰੇ ਪਰਮੇਸ਼ੁਰ ਨੇ ਆਪਣੇ ਪਵਿੱਤਰ ਨਬੀਆਂ ਦੀ ਜ਼ਬਾਨੀ ਸ਼ੁਰੂ ਤੋਂ ਹੀ ਆਖਿਆ ਸੀ। 22 ਮੂਸਾ ਨੇ ਆਖਿਆ, ‘ਪ੍ਰਭੂ, ਤੁਹਾਡਾ ਪਰਮੇਸ਼ੁਰ, ਤੁਹਾਡੇ ਆਪਣੇ ਭਰਾਵਾਂ ਵਿੱਚੋਂ ਇੱਕ ਨਬੀ ਦੇਵੇਗਾ, ਜਿਹੜਾ ਮੇਰੇ ਵਰਗਾ ਹੈ। ਜੋ ਕੁਝ ਨਬੀ ਤੁਹਾਨੂੰ ਆਖੇ ਉਸ ਨੂੰ ਸੁਣੋ। 23 ਜੋ ਕੋਈ ਵੀ ਉਸ ਨਬੀ ਨੂੰ ਨਹੀਂ ਮੰਨੇ ਉਹ ਮਰ ਜਾਵੇਗਾ ਅਤੇ ਪਰਮੇਸ਼ੁਰ ਦੇ ਲੋਕਾਂ ਵਿੱਚੋਂ ਕੱਢ ਦਿੱਤਾ ਜਾਵੇਗਾ।’ [j]

24 “ਸਮੂਏਲ ਅਤੇ ਉਸਤੋਂ ਬਾਅਦ ਸਾਰੇ ਨਬੀ, ਜੋ ਪਰਮੇਸ਼ੁਰ ਲਈ ਬੋਲੇ, ਉਨ੍ਹਾਂ ਨੇ ਵਰਤਮਾਨ ਕਾਲ ਦੀਆਂ ਗੱਲਾਂ ਨਿਸ਼ਚਿਤ ਕੀਤੀਆਂ। 25 ਤੁਸੀਂ ਨਬੀਆਂ ਦੇ ਅਤੇ ਉਸ ਨੇਮ ਦੇ ਪੁੱਤਰ ਹੋ ਜਿਸ ਨੂੰ ਪਰਮੇਸ਼ੁਰ ਨੇ ਤੁਹਾਡੇ ਪਿਓ ਦਾਦਿਆਂ ਨਾਲ ਬਣਾਇਆ ਸੀ। ਜਦ ਉਹ ਅਬਰਾਹਾਮ ਨੂੰ ਆਖਿਆ ਕਿ, ‘ਧਰਤੀ ਦੇ ਸਾਰੇ ਲੋਕ ਤੇਰੀ ਅੰਸ ਰਾਹੀਂ ਧੰਨ ਹੋਣਗੇ।’ [k] 26 ਪਰਮੇਸ਼ੁਰ ਨੇ ਆਪਣੇ ਖਾਸ ਸੇਵਕ ਯਿਸੂ ਨੂੰ ਤੁਹਾਡੇ ਕੋਲ ਪਹਿਲਾਂ ਭੇਜਿਆ। ਉਹ ਤੁਹਾਡੇ ਵਿੱਚੋਂ ਹਰ ਇੱਕ ਨੂੰ ਤੁਹਾਡੇ ਬਦੀ ਦੇ ਰਸਤਿਆਂ ਤੋਂ ਹਟਾ ਕੇ ਅਸੀਸਾਂ ਦੇਣ ਲਈ ਆਇਆ।”

ਪਤਰਸ ਅਤੇ ਯੂਹੰਨਾ ਯਹੂਦੀ ਸਭਾ ਅੱਗੇ ਪੇਸ਼ ਹੋਏ

ਜਦੋਂ ਪਤਰਸ ਅਤੇ ਯੂਹੰਨਾ ਲੋਕਾਂ ਨਾਲ ਗੱਲਾਂ ਕਰ ਰਹੇ ਸਨ, ਤਾਂ ਕੁਝ ਲੋਕ ਉਨ੍ਹਾਂ ਕੋਲ ਆਏ। ਉੱਥੇ ਕੁਝ ਯਹੂਦੀ ਜਾਜਕ, ਕੁਝ ਸਿਪਾਹੀਆਂ ਦੇ ਕਪਤਾਨ ਜੋ ਮੰਦਰ ਦੀ ਦੇਖਭਾਲ ਕਰਦੇ ਸਨ ਅਤੇ ਕੁਝ ਸਦੂਕੀ ਸਨ। ਉਹ ਪਰੇਸ਼ਾਨ ਸਨ, ਕਿਉਂਕਿ ਪਤਰਸ ਅਤੇ ਯੂਹੰਨਾ ਉਪਦੇਸ਼ ਦੇ ਰਹੇ ਸਨ ਕਿ ਯਿਸੂ ਲੋਕਾਂ ਨੂੰ ਮੁਰਦਿਆਂ ਤੋਂ ਜਿਵਾਲੇਗਾ। ਯਹੂਦੀ ਆਗੂਆਂ ਨੇ ਪਤਰਸ ਅਤੇ ਯੂਹੰਨਾ ਨੂੰ ਫ਼ੜਕੇ ਕੈਦ ਕਰ ਦਿੱਤਾ। ਕਿਉਂਕਿ ਅੱਗੇ ਹੀ ਰਾਤ ਦਾ ਵਕਤ ਹੋ ਚੁੱਕਾ ਸੀ ਇਸ ਲਈ ਅਗਲੇ ਦਿਨ ਤੱਕ ਉਨ੍ਹਾਂ ਨੇ ਪਤਰਸ ਅਤੇ ਯੂਹੰਨਾ ਨੂੰ ਜੇਲ ਵਿੱਚ ਹੀ ਕੈਦ ਰਹਿਣ ਦਿੱਤਾ। ਪਰ ਉਨ੍ਹਾਂ ਵਿੱਚੋਂ, ਜਿਨ੍ਹਾਂ ਨੇ ਵਚਨ ਸੁਣਿਆ ਸੀ, ਬਹੁਤਿਆਂ ਨੇ ਉਨ੍ਹਾਂ ਤੇ ਵਿਸ਼ਵਾਸ ਕੀਤਾ। ਹੁਣ ਨਿਹਚਾਵਾਨਾਂ ਦੇ ਸਮੂਹ ਵਿੱਚ ਪੰਜ ਹਜ਼ਾਰ ਆਦਮੀ ਸਨ।

ਅਗਲੇ ਦਿਨ ਯਹੂਦੀ ਆਗੂ, ਬਜ਼ੁਰਗ ਯਹੂਦੀ ਆਗੂ ਅਤੇ ਨੇਮ ਦੇ ਉਪਦੇਸ਼ਕ ਯਰੂਸ਼ਲਮ ਵਿੱਚ ਇਕੱਠੇ ਹੋਏ। ਅੰਨਾਸ ਸਰਦਾਰ ਜਾਜਕ, ਕਯਾਫ਼ਾ ਅਤੇ ਯੂਹੰਨਾ, ਸਿਕੰਦਰ ਅਤੇ ਜਿੰਨੇ ਵੀ ਹੋਰ ਸਰਦਾਰ ਜਾਜਕਾਂ ਦੇ ਪਰਿਵਾਰ ਵਿੱਚੋਂ ਸਨ, ਉਹ ਸਭ ਉੱਥੇ ਇੱਕਤਰ ਸੀ। ਤਾਂ ਉਨ੍ਹਾਂ ਨੇ ਪਤਰਸ ਅਤੇ ਯੂਹਾਂਨਾ ਨੂੰ ਸਾਰਿਆਂ ਲੋਕਾਂ ਸਾਹਮਣੇ ਪੇਸ਼ ਕੀਤਾ ਅਤੇ ਪੁੱਛਿਆ, “ਕਿਸ ਸ਼ਕਤੀ ਜਾਂ ਕਿਸਦੇ ਨਾਂ ਤੇ ਤੁਸੀਂ ਇਹ ਕੀਤਾ?”

ਤਦ ਪਤਰਸ, ਇੱਕਦੱਮ ਪਵਿੱਤਰ ਆਤਮਾ ਨਾਲ ਭਰਿਆ, ਉਨ੍ਹਾਂ ਨੂੰ ਕਹਿਣ ਲੱਗਾ, “ਹੇ ਕੌਮ ਦੇ ਆਗੂਓ ਅਤੇ ਲੋਕਾਂ ਦੇ ਬਜ਼ੁਰਗ ਆਗੂਓ। ਕੀ ਤੁਸੀਂ ਸਾਨੂੰ ਇਸ ਲੰਗੜ੍ਹੇ ਆਦਮੀ ਤੇ ਕੀਤੇ ਇਸ ਭਲੇ ਕੰਮ ਲਈ, ਸਵਾਲ ਕਰ ਰਹੇ ਹੋ ਕਿ ਉਸ ਨੂੰ ਕਿਸ ਨੇ ਚੰਗਾ ਕੀਤਾ? 10 ਕਿਉਂਕਿ ਅਸੀਂ ਚਾਹੁੰਦੇ ਹਾ ਕਿ ਤੁਹਾਨੂੰ ਸਭ ਨੂੰ ਅਤੇ ਸਾਰੇ ਯਹੂਦੀਆਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਹ ਲੰਗੜਾ ਆਦਮੀ ਨਾਸਰਤ ਦੇ ਯਿਸੂ ਮਸੀਹ ਦੀ ਸ਼ਕਤੀ ਨਾਲ ਠੀਕ ਹੋਇਆ ਹੈ। ਉਹੀ ਯਿਸੂ ਜਿਸ ਨੂੰ ਤੁਸੀਂ ਸੂਲੀ ਚਾੜ੍ਹਿਆ ਸੀ। ਪਰਮੇਸ਼ੁਰ ਨੇ ਉਸੇ ਨੂੰ ਮੁਰਦਿਆਂ ਚੋ ਜਿਵਾਇਆ ਹੈ। ਇਹ ਆਦਮੀ ਲੰਗੜਾ ਸੀ ਪਰ ਹੁਣ ਚੱਲ ਸੱਕਦਾ ਹੈ। ਹੁਣ ਉਹ ਯਿਸੂ ਦੀ ਸ਼ਕਤੀ ਨਾਲ ਤੁਹਾਡੇ ਸਾਹਮਣੇ ਖੜ੍ਹਾ ਹੋਣ ਦੇ ਯੋਗ ਹੈ। 11 ਯਿਸੂ, ਉਹੀ

‘ਪੱਥਰ ਹੈ ਜਿਸ ਨੂੰ ਤੁਹਾਡੇ, ਰਾਜਾਂ ਦੁਆਰਾ ਰੱਦ ਕੀਤਾ ਗਿਆ ਸੀ
    ਪਰ ਉਹੀ ਪੱਥਰ ਹੁਣ ਖੂਜੇ ਦਾ ਪੱਥਰ ਹੋ ਗਿਆ ਹੈ।’ (S)

12 ਯਿਸੂ ਹੀ ਅਜਿਹਾ ਹੈ ਜੋ ਲੋਕਾਂ ਨੂੰ ਬਚਾ ਸੱਕਦਾ ਹੈ। ਉਸਦਾ ਨਾਂ ਹੀ ਪੂਰੇ ਸੰਸਾਰ ਵਿੱਚ ਇੱਕਲੀ ਸ਼ਕਤੀ ਹੈ ਜੋ ਲੋਕਾਂ ਨੂੰ ਬਚਾ ਸੱਕਦੀ ਹੈ। ਸਾਨੂੰ ਉਸ ਦੇ ਨਾਂ ਰਾਹੀਂ ਬਚਾਇਆ ਜਾਣਾ ਚਾਹੀਦਾ ਹੈ।”

13 ਯਹੂਦੀ ਆਗੂ ਸਮਝ ਗਏ ਕਿ ਪਤਰਸ ਅਤੇ ਯੂਹੰਨਾ ਕੋਲ ਕੋਈ ਵਿਸ਼ੇਸ਼ ਸਿੱਖਿਆ ਜਾਂ ਸਿਖਲਾਈ ਨਹੀਂ ਸੀ। ਪਰ ਉਹ ਇਹ ਵੀ ਜਾਣ ਗਏ ਕਿ ਉਹ ਖੁਲ੍ਹੇ ਆਮ ਬੋਲੇ ਸਨ। ਇਸ ਲਈ ਆਗੂ ਹੈਰਾਨ ਸਨ। ਉਹ ਜਾਣਦੇ ਸਨ ਕਿ ਪਤਰਸ ਅਤੇ ਯੂਹੰਨਾ ਯਿਸੂ ਦੇ ਨਾਲ ਸਨ। 14 ਉਹ ਉਸ ਮਨੁੱਖ ਦੀ ਹਾਜ਼ਰੀ ਵਿੱਚ, ਜੋ ਚੰਗਾ ਹੋਇਆ ਸੀ, ਉਨ੍ਹਾਂ ਦੋ ਰਸੂਲਾਂ ਦੇ ਖਿਲਾਫ਼ ਕੁਝ ਨਾ ਆਖ ਸੱਕੇ। ਉਹ ਉੱਥੇ ਰਸੂਲਾਂ ਦੇ ਨਾਲ ਖੜ੍ਹਾ ਸੀ। 15 ਤਾਂ ਯਹੂਦੀ ਆਗੂਆਂ ਨੇ ਉਨ੍ਹਾਂ ਨੂੰ ਸਭਾ ਚੋਂ ਬਾਹਰ ਜਾਣ ਨੂੰ ਕਿਹਾ। ਉਨ੍ਹਾਂ ਦੇ ਜਾਣ ਤੋ ਬਾਅਦ, ਇਹ ਆਗੂ ਵਿੱਚਾਰ ਕਰਨ ਲੱਗੇ। 16 ਉਹ ਕਹਿਣ ਲੱਗੇ, “ਸਾਨੂੰ ਇਨ੍ਹਾਂ ਨਾਲ ਕੀ ਕਰਨਾ ਚਾਹੀਦਾ ਹੈ? ਯਰੂਸ਼ਲਮ ਵਿੱਚ ਸਾਰੇ ਲੋਕ ਜਾਣਦੇ ਹਨ ਕਿ ਇਨ੍ਹਾਂ ਨੇ ਇੰਨਾ ਵੱਡਾ ਕਰਿਸ਼ਮਾ ਕੀਤਾ ਹੈ। ਇਹ ਗੱਲ ਤਾਂ ਬਿਲਕੁਲ ਸਾਫ਼ ਹੈ ਜਿਸ ਨੂੰ ਅਸੀਂ ਝੁਠਲਾ ਨਹੀਂ ਸੱਕਦੇ। 17 ਪਰ ਸਾਨੂੰ ਇਨ੍ਹਾਂ ਨੂੰ ਲੋਕਾਂ ਵਿੱਚ ਹੋਰ ਵੱਧੇਰੇ ਫ਼ੈਲਣ ਤੋਂ ਰੋਕਣਾ ਚਾਹੀਦਾ ਹੈ, ਇਸ ਲਈ ਆਉ ਅਸੀਂ ਉਨ੍ਹਾਂ ਨੂੰ ਧਮਕਾਈਏ। ਫ਼ੇਰ ਉਹ ਯਿਸੂ ਬਾਰੇ ਹੋਰ ਕਿਸੇ ਨੂੰ ਨਹੀਂ ਬੋਲਣਗੇ।”

18 ਤਾਂ ਯਹੂਦੀ ਆਗੂਆਂ ਨੇ ਮੁੜ ਉਨ੍ਹਾਂ ਰਸੂਲਾਂ ਨੂੰ ਅੰਦਰ ਬੁਲਵਾਇਆ। ਉਨ੍ਹਾਂ ਨੇ ਉਨ੍ਹਾਂ ਨੂੰ ਫ਼ੇਰ ਕਦੀ ਵੀ ਯਿਸੂ ਦੇ ਨਾਂ ਤੇ ਕੁਝ ਨਾ ਬੋਲਣ ਅਤੇ ਉਪਦੇਸ਼ ਨਾ ਦੇਣ ਲਈ ਕਿਹਾ। 19 ਪਰ ਪਤਰਸ ਤੇ ਯੂਹੰਨਾ ਨੇ ਉਨ੍ਹਾਂ ਆਗੂਆਂ ਨੂੰ ਜਵਾਬ ਦਿੱਤਾ, “ਤੁਹਾਡੇ ਅਨੁਸਾਰ ਕੀ ਠੀਕ ਹੈ? ਪਰਮੇਸ਼ੁਰ ਕੀ ਚਾਹੇਗਾ? ਕੀ ਅਸੀਂ ਪਰਮੇਸ਼ੁਰ ਨੂੰ ਮੰਨੀਏ ਜਾ ਤੁਹਾਨੂੰ? 20 ਅਸੀਂ ਚੁੱਪ ਨਹੀਂ ਰਹਿ ਸੱਕਦੇ। ਅਸੀਂ ਜੋ ਕੁਝ ਵੇਖਿਆ ਤੇ ਸੁਣਿਆ ਹੈ ਉਹ ਸਾਨੂੰ ਲੋਕਾਂ ਨੂੰ ਦੱਸਣਾ ਚਾਹੀਦਾ ਹੈ।”

21-22 ਯਹੂਦੀ ਆਗੂਆਂ ਨੂੰ ਰਸੂਲਾਂ ਨੂੰ ਸਜ਼ਾ ਦੇਣ ਦਾ ਕੋਈ ਰਾਹ ਨਾ ਲੱਭਿਆ, ਕਿਉਂਕਿ ਜੋ ਕੁਝ ਵਾਪਰਿਆ ਸੀ ਉਸ ਲਈ ਸਭ ਲੋਕ ਪਰਮੇਸ਼ੁਰ ਦੀ ਉਸਤਤਿ ਕਰ ਰਹੇ ਸਨ। ਇਹ ਕਰਿਸ਼ਮਾ ਪਰਮੇਸ਼ੁਰ ਵੱਲੋਂ ਇੱਕ ਸਬੂਤ ਵਜੋਂ ਦਿੱਤਾ ਗਿਆ ਸੀ। ਜਿਹੜਾ ਲੰਗੜਾ ਮਨੁੱਖ ਚੰਗਾ ਕੀਤਾ ਗਿਆ ਸੀ ਉਸਦੀ ਉਮਰ ਚਾਲੀ ਸਾਲਾਂ ਤੋਂ ਵੱਧ ਸੀ। ਇਸ ਲਈ ਯਹੂਦੀ ਆਗੂਆਂ ਨੇ ਰਸੂਲਾਂ ਨੂੰ ਧਮਕਾਇਆ ਅਤੇ ਉਨ੍ਹਾਂ ਨੂੰ ਜਾਣ ਦਿੱਤਾ।

ਪਤਰਸ ਅਤੇ ਯੂਹੰਨਾ ਨਿਹਚਾਵਾਨਾਂ ਕੋਲ ਪਰਤੇ

23 ਪਤਰਸ ਅਤੇ ਯੂਹੰਨਾ ਯਹੂਦੀ ਆਗੂਆਂ ਦੀ ਸਭਾ ਛੱਡ ਕੇ ਮੁੜ ਆਪਣੀ ਮੰਡਲੀ ਵਿੱਚ ਵਾਪਸ ਆਏ। ਉਨ੍ਹਾਂ ਨੇ ਉਹ ਸਭ ਕੁਝ ਉਨ੍ਹਾਂ ਨੂੰ ਕਿਹਾ, ਜੋ ਪ੍ਰਧਾਨ ਜਾਜਕਾਂ ਅਤੇ ਬਜ਼ੁਰਗਾਂ ਯਹੂਦੀ ਆਗੂਆਂ ਨੇ ਉਨ੍ਹਾਂ ਨੂੰ ਆਖਿਆ ਸੀ, 24 ਜਦੋਂ ਨਿਹਚਾਵਾਨਾਂ ਨੇ ਇਹ ਸਭ ਸੁਣਿਆ ਤਾਂ ਉਨ੍ਹਾਂ ਨੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ, “ਹੇ ਸੁਵਾਮੀ, ਤੂੰ ਹੀ ਹੈਂ ਜਿਸਨੇ ਅਕਾਸ਼, ਧਰਤੀ, ਸਮੁੰਦਰ ਅਤੇ ਉਨ੍ਹਾਂ ਵਿੱਚਲਾ ਸਭ ਕੁਝ ਬਣਾਇਆ ਹੈ। 25 ਸਾਡੇ ਪੂਰਵਜ, ਦਾਊਦ, ਤੇਰੇ ਸੇਵਕ ਸਨ। ਪਵਿੱਤਰ ਆਤਮਾ ਦੀ ਸ਼ਕਤੀ ਨਾਲ ਉਨ੍ਹਾਂ ਨੇ ਇਹ ਸ਼ਬਦ ਲਿਖੇ;

‘ਕੌਮਾਂ ਕਿਸ ਲਈ ਰੌਲਾ ਪਾ ਰਹੀਆਂ ਹਨ?
    ਦੁਨੀਆਂ ਦੇ ਲੋਕ ਪਰਮੇਸ਼ੁਰ ਦੇ ਵਿਰੁੱਧ ਫ਼ਿਜ਼ੂਲ ਵਿਉਂਤਾਂ ਕਿਉਂ ਕਰ ਰਹੇ ਹਨ?

26 ‘ਧਰਤੀ ਦੇ ਰਾਜਿਆਂ ਨੇ ਲੜਨ ਲਈ ਤਿਆਰੀ ਕੀਤੀ
    ਅਤੇ ਸਾਰੇ ਹਾਕਮ ਪ੍ਰਭੂ ਅਤੇ ਉਸ ਦੇ ਮਸੀਹ ਦੇ ਵਿਰੁੱਧ ਇਕੱਠੇ ਹੋਕੇ ਆਏ।’ (T)

27 ਯਿਸੂ ਤੇਰਾ ਪਵਿੱਤਰ ਸੇਵਕ ਹੈ ਤੇ ਤੂੰ ਉਸ ਨੂੰ ਮਸੀਹ ਬਣਾਇਆ। ਪਰ ਇਹ ਸਭ ਉਦੋਂ ਵਾਪਰਿਆ ਜਦੋਂ ਹੇਰੋਦੇਸ ਅਤੇ ਪੁੰਤਿਯੁਸ ਪਿਲਾਤੁਸ, ਪਰਾਈਆਂ ਕੌਮਾਂ ਅਤੇ ਇਸਰਾਏਲ ਦੇ ਸਾਰੇ ਲੋਕ ਯਿਸੂ ਦੇ ਵਿਰੁੱਧ ਯਰੂਸ਼ਲਮ ਵਿੱਚ ਇਕੱਠੇ ਹੋਏ ਸਨ। 28 ਇਨ੍ਹਾਂ ਲੋਕਾਂ ਨੇ, ਜੋ ਯਿਸੂ ਦੇ ਵਿਰੁੱਧ ਇੱਕਤਰ ਹੋਕੇ ਆਏ, ਸਾਰੀਆਂ ਗੱਲਾਂ ਨੂੰ ਵਾਪਰਨ ਦਿੱਤਾ ਜਿਨ੍ਹਾਂ ਨੂੰ ਤੇਰੀ ਸ਼ਕਤੀ ਅਤੇ ਸਿਆਣਪ ਨੇ ਪਹਿਲਾਂ ਹੀ ਵਿਉਂਤਿਆ ਹੋਇਆ ਸੀ। 29 ਅਤੇ ਹੁਣ, ਪ੍ਰਭੂ ਸੁਣ। ਉਹ ਕੀ ਆਖ ਰਹੇ ਹਨ। ਉਹ ਸਾਨੂੰ ਡ੍ਰਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਹੇ ਪ੍ਰਭੂ। ਅਸੀਂ ਤੇਰੇ ਸੇਵਕ ਹਾਂ। ਤੇਰਾ ਸੰਦੇਸ਼ ਨਿਡਰ ਹੋਕੇ ਬੋਲਣ ਵਿੱਚ ਸਾਡੀ ਮਦਦ ਕਰ। 30 ਸਾਨੂੰ ਆਪਣੀ ਸ਼ਕਤੀ ਦਿਖਾ ਕੇ, ਨਿਡਰ ਬਣਾ; ਰੋਗੀਆਂ ਨੂੰ ਚੰਗਾ ਕਰ, ਨਿਸ਼ਾਨੀਆਂ ਵਿਖਾ; ਅਤੇ ਆਪਣੇ ਪਵਿੱਤਰ ਸੇਵਕ ਯਿਸੂ ਦੀ ਸ਼ਕਤੀ ਨਾਲ ਸ਼ਕਤੀਸ਼ਾਲੀ ਕਰਿਸ਼ਮੇ ਵਿਖਾ।”

31 ਜਦੋਂ ਨਿਹਚਾਵਾਨ ਪ੍ਰਾਰਥਨਾ ਕਰ ਹਟੇ ਤਾਂ ਉਹ ਜਗ਼੍ਹਾ ਜਿੱਥੇ ਉਨ੍ਹਾਂ ਨੇ ਪ੍ਰਾਰਥਨਾ ਕੀਤੀ ਸੀ, ਕੰਬ ਗਈ ਤੇ ਉਹ ਸਾਰੇ ਇੱਕ ਦਮ ਪਵਿੱਤਰ ਆਤਮਾ ਨਾਲ ਭਰਪੂਰ ਹੋ ਗਏ। ਉਦੋਂ ਤੋਂ, ਉਹ ਨਿਡਰਤਾ ਨਾਲ ਪਰਮੇਸ਼ੁਰ ਦਾ ਸੰਦੇਸ਼ ਫ਼ੈਲਾਉਂਦੇ ਰਹੇ।

ਨਿਹਚਾਵਾਨਾਂ ਦਾ ਸਭ ਨਾਲ ਸਾਂਝਾ ਕਰਨਾ

32 ਨਿਹਚਾਵਾਨਾਂ ਦੀ ਮੰਡਲੀ, ਇੱਕ ਦਿਲ ਅਤੇ ਇੱਕ ਜਾਨ ਸਨ। ਕਿਸੇ ਨੇ ਵੀ ਜਿਹੜੀਆਂ ਚੀਜ਼ਾਂ ਉਨ੍ਹਾਂ ਕੋਲ ਸਨ, ਉਨ੍ਹਾਂ ਵਿੱਚੋਂ ਕਿਸੇ ਵੀ ਚੀਜ਼ ਨੂੰ ਆਪਣੀ ਨਹੀਂ ਆਖਿਆ ਸੀ ਸਗੋਂ ਉਹ ਸਭ ਕੁਝ ਵੰਡਕੇ ਵਰਤਦੇ ਸਨ। 33 ਅਤੇ ਰਸੂਲ ਵੱਡੀ ਸ਼ਕਤੀ ਨਾਲ ਪ੍ਰਭੂ ਯਿਸੂ ਦੇ ਮੌਤ ਤੋਂ ਪੁਨਰ ਜੀਵਤ ਹੋਣ ਬਾਰੇ ਦੱਸਦੇ ਸਨ ਅਤੇ ਉਨ੍ਹਾਂ ਸਾਰੇ ਨਿਹਚਾਵਾਨਾਂ ਉਪਰ ਪਰਮੇਸ਼ੁਰ ਦੀ ਵੱਡੀ ਅਸੀਸ ਸੀ। 34 ਜੋ ਕੁਝ ਉਨ੍ਹਾਂ ਨੂੰ ਚਾਹੀਦਾ ਸੀ ਉਨ੍ਹਾਂ ਨੂੰ ਮਿਲ ਗਿਆ। ਉਨ੍ਹਾਂ ਨੇ, ਜਿਹੜੇ ਜ਼ਮੀਨਾਂ ਅਤੇ ਘਰਾਂ ਦੇ ਮਾਲਕ ਸਨ, ਆਪਣੀਆਂ ਜਇਦਾਦਾਂ ਵੇਚ ਦਿੱਤੀਆਂ। 35 ਅਤੇ ਧਨ ਰਸੂਲਾਂ ਨੂੰ ਦੇ ਦਿੱਤਾ ਅਤੇ ਫ਼ਿਰ ਇਹ ਧਨ ਲੋਕਾਂ ਨੂੰ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਦਿੱਤਾ ਗਿਆ ਸੀ।

36 ਇੱਕ ਨਿਹਚਾਵਾਨ ਜਿਸ ਦਾ ਨਾਂ ਯੂਸੁਫ਼ ਸੀ, ਰਸੂਲਾਂ ਨੇ ਉਸ ਨੂੰ ਬਰਨਬਾਸ ਨਾਉਂ ਦਿੱਤਾ। ਭਾਵ, “ਜਿਹੜਾ ਦੂਜਿਆਂ ਦੀ ਮਦਦ ਕਰੇ।” ਉਹ ਸੈਪਰਸ ਦਾ ਜੰਮਿਆ ਸੀ, ਉਹ ਲੇਵੀ ਸੀ। 37 ਯੂਸੁਫ਼ ਕੋਲ ਕੁਝ ਜ਼ਮੀਨ ਸੀ, ਜਿਸ ਨੂੰ ਉਸ ਨੇ ਵੇਚਿਆ ਅਤੇ ਪੈਸੇ ਵੱਟਕੇ ਰਸੂਲਾਂ ਨੂੰ ਦੇ ਦਿੱਤੇ।

ਹਨਾਨਿਯਾ ਅਤੇ ਸਫ਼ੀਰਾ

ਉੱਥੇ ਹਨਾਨਿਯਾ ਨਾਂ ਦਾ ਇੱਕ ਮਨੁੱਖ ਸੀ, ਜਿਸਦੀ ਪਤਨੀ ਦਾ ਨਾਂ ਸਫ਼ੀਰਾ ਸੀ। ਹਨਾਨਿਯਾ ਕੋਲ ਜਿਸ ਜ਼ਮੀਨ ਦਾ ਕਬਜ਼ਾ ਸੀ ਉਸ ਦਾ ਇੱਕ ਹਿੱਸਾ ਉਸ ਨੇ ਵੇਚ ਦਿੱਤਾ। ਪਰ ਉਸ ਨੇ ਉਸ ਧਨ ਦਾ ਕੁਝ ਹੀ ਹਿੱਸਾ ਰਸੂਲਾਂ ਨੂੰ ਦਿੱਤਾ ਤੇ ਕੁਝ ਧਨ ਬਿਨਾ ਉਨ੍ਹਾਂ ਨੂੰ ਦੱਸਿਆਂ, ਆਪਣੇ ਵਾਸਤੇ ਰੱਖ ਲਿਆ। ਉਸਦੀ ਪਤਨੀ ਇਹ ਸਭ ਜਾਣਦੀ ਸੀ ਤੇ ਉਹ ਉਸ ਦੇ ਨਾਲ ਰਲ ਗਈ।

ਪਤਰਸ ਨੇ ਆਖਿਆ, “ਹਨਾਨਿਯਾ, ਸ਼ੈਤਾਨ ਨੂੰ ਆਪਣੇ ਦਿਲ ਉੱਪਰ ਰਾਜ ਕਰਨ ਦੇਣ ਦੀ ਕੀ ਵਜਹ ਸੀ? ਤੂੰ ਝੂਠ ਬੋਲਕੇ ਪਵਿੱਤਰ ਆਤਮਾ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਤੂੰ ਜ਼ਮੀਨ ਵੇਚਕੇ ਕਿਉਂ ਉਸ ਧਨ ਦਾ ਕੁਝ ਹਿੱਸਾ ਚੋਰੀ-ਚੋਰੀ ਆਪਣੇ ਵਾਸਤੇ ਸੰਭਾਲ ਲਿਆ ਹੈ? ਉਹ ਖੇਤ ਵੇਚਣ ਤੋਂ ਪਹਿਲਾਂ, ਇਹ ਤੇਰੇ ਨਾਲ ਸੰਬੰਧਿਤ ਸੀ। ਅਤੇ ਉਸ ਨੂੰ ਵੇਚਣ ਤੋਂ ਬਾਅਦ ਵੀ, ਤੂੰ ਆਪਣੀ ਇੱਛਾ ਅਨੁਸਾਰ ਇਸ ਧਨ ਨੂੰ ਵਰਤ ਸੱਕਦਾ ਸੀ। ਫ਼ੇਰ ਤੂੰ ਅਜਿਹਾ ਕਰਨ ਦੀ ਕਿਉਂ ਸੋਚੀ? ਤੂੰ ਲੋਕਾਂ ਨੂੰ ਨਹੀਂ ਸਗੋਂ ਪਰਮੇਸ਼ੁਰ ਨੂੰ ਝੂਠ ਬੋਲਿਆ ਹੈ।”

5-6 ਜਦੋਂ ਹਨਾਨਿਯਾ ਨੇ ਇਹ ਸੁਣਿਆ, ਤਾਂ ਉਹ ਭੁੰਜੇ ਡਿੱਗਿਆ ਅਤੇ ਮਰ ਗਿਆ। ਕੁਝ ਨੌਜਵਾਨ ਅੱਗੇ ਆਏ, ਉਸਦੀ ਲੋਥ ਨੂੰ ਲਪੇਟ ਕੇ ਲੈ ਗਏ ਅਤੇ ਜਾਕੇ ਉਸ ਨੂੰ ਦਫ਼ਨਾ ਦਿੱਤਾ। ਜਿਨ੍ਹਾਂ ਨੇ ਵੀ ਉਸ ਬਾਰੇ ਇਹ ਗੱਲ ਸੁਣੀ ਡਰ ਗਏ।

ਤਕਰੀਬਨ ਤਿੰਨ ਘੰਟੇ ਬਾਅਦ ਉਸਦੀ ਪਤਨੀ ਸਫ਼ੀਰਾ ਅੰਦਰ ਆਈ। ਉਸ ਨੂੰ ਨਹੀਂ ਪਤਾ ਸੀ ਕਿ ਉਸ ਦੇ ਪਤੀ ਨਾਲ ਕੀ ਵਾਪਰੀ ਹੈ। ਪਤਰਸ ਨੇ ਉਸ ਨੂੰ ਪੁੱਛਿਆ, “ਮੈਨੂੰ ਦੱਸ ਕਿ ਉਸ ਜਾਇਦਾਦ ਨੂੰ ਵੇਚਕੇ ਕਿੰਨਾ ਧਨ ਤੈਨੂੰ ਮਿਲਿਆ ਹੈ। ਕੀ ਤੈਨੂੰ ਇੰਨਾ ਧਨ ਮਿਲਿਆ ਹੈ।”

ਸਫ਼ੀਰਾ ਨੇ ਜਵਾਬ ਦਿੱਤਾ, “ਹਾਂ, ਖੇਤ ਵੇਚਕੇ ਸਾਨੂੰ ਇੰਨਾ ਹੀ ਮਿਲਿਆ ਸੀ।”

ਪਤਰਸ ਨੇ ਉਸ ਨੂੰ ਕਿਹਾ, “ਤੂੰ ਅਤੇ ਤੇਰਾ ਪਤੀ ਪ੍ਰਭੂ ਦੇ ਆਤਮਾ ਨੂੰ ਪਰੱਖਣ ਲਈ ਕਿਉਂ ਸਹਿਮਤ ਹੋਏ? ਸੁਣ। ਕੀ ਤੂੰ ਪੈਰਾਂ ਦੀ ਚਾਪ ਸੁਣ ਰਹੀ ਹੈਂ? ਜਿਹੜੇ ਆਦਮੀ ਤੇਰੇ ਪਤੀ ਨੂੰ ਦਫ਼ਨਾ ਕੇ ਆਏ ਹਨ ਉਹ ਦਰਵਾਜ਼ੇ ਤੇ ਖੜ੍ਹੇ ਹਨ। ਉਹ ਇਸੇ ਤਰ੍ਹਾਂ ਤੈਨੂੰ ਵੀ ਲੈ ਜਾਣਗੇ।” 10 ਉਸੇ ਘੜੀ ਸਫ਼ੀਰਾ ਉਸ ਦੇ ਪੈਰਾਂ ਕੋਲ ਹੇਠਾਂ ਡਿੱਗੀ ਅਤੇ ਮਰ ਗਈ। ਨੌਜਵਾਨ ਆਦਮੀ ਅੰਦਰ ਆਏ ਅਤੇ ਉਸ ਨੂੰ ਮਰੀ ਹੋਈ ਪਾਇਆ। ਉਹ ਉਸਦੀ ਲਾਸ਼ ਨੂੰ ਉਸ ਜਗ਼੍ਹਾ ਤੋਂ ਦੂਰ ਲੈ ਗਏ ਅਤੇ ਉਸ ਦੇ ਪਤੀ ਦੇ ਕੋਲ ਹੀ ਦਫ਼ਨਾ ਦਿੱਤਾ। 11 ਸਾਰੇ ਨਿਹਚਾਵਾਨ ਅਤੇ ਹੋਰ ਲੋਕੀ ਜਿਨ੍ਹਾਂ ਨੇ ਵੀ ਇਸ ਗੱਲ ਬਾਰੇ ਸੁਣਿਆ, ਡਰ ਗਏ।

ਪਰਮੇਸ਼ੁਰ ਵੱਲੋਂ ਨਿਸ਼ਾਨੀਆਂ

12 ਰਸੂਲਾਂ ਨੇ ਬਹੁਤ ਸਾਰੀਆਂ ਸ਼ਕਤੀਸ਼ਾਲੀ ਕਰਾਮਾਤਾਂ ਤੇ ਚਮਤਕਾਰ ਕੀਤੇ। ਸਭ ਲੋਕਾਂ ਨੇ ਇਹ ਵੇਖੀਆਂ। ਸਾਰੇ ਰਸੂਲ ਇੱਕੋ ਮਨ ਨਾਲ ਸੁਲੇਮਾਨ ਦੇ ਦਲਾਨ ਵਿੱਚ ਇਕੱਠੇ ਹੋਏ ਸਨ। 13 ਉਨ੍ਹਾਂ ਵਿੱਚੋਂ ਕਿਸੇ ਦਾ ਵੀ ਉਨ੍ਹਾਂ ਨਾਲ ਜੁੜਨ ਦਾ ਹੀਆਂ ਨਾ ਪਿਆ ਪਰ ਸਾਰੇ ਲੋਕ ਰਸੂਲਾਂ ਦੀ ਉਸਤਤਿ ਕਰ ਰਹੇ ਸਨ। 14 ਵੱਧ ਤੋਂ ਵੱਧ ਲੋਕ, ਆਦਮੀ ਤੇ ਔਰਤਾਂ ਦੋਵੇਂ ਹੀ ਪ੍ਰਭੂ ਵਿੱਚ ਨਿਹਚਾ ਰੱਖਣ ਲੱਗੇ। ਅਤੇ ਉਨ੍ਹਾਂ ਨਿਹਚਾਵਾਨਾਂ ਦੀ ਸੰਗਤ ਵਿੱਚ ਰਲਦੇ ਗਏ। 15 ਇਸ ਲਈ ਲੋਕਾਂ ਨੇ ਬਿਮਾਰਾਂ ਨੂੰ ਗਲੀਆਂ ਵਿੱਚ ਲਿਆਉਣਾ ਸ਼ੁਰੂ ਕਰ ਦਿੱਤਾ ਕਿਉਂ ਕਿ ਉਨ੍ਹਾਂ ਸੁਣਿਆ ਸੀ ਕਿ ਪਤਰਸ ਉੱਥੇ ਆ ਰਿਹਾ ਹੈ, ਤਾਂ ਲੋਕ ਬਿਮਾਰਾਂ ਨੂੰ ਮੰਜੀਆਂ ਜਾਂ ਗਧਿਆਂ ਤੇ ਪਾਕੇ ਲਿਆਉਂਦੇ, ਇਸ ਲਈ ਕਿ ਜਦ ਪਤਰਸ ਆਵੇ ਤਾਂ ਹੋਰ ਨਹੀਂ ਤਾਂ ਸ਼ਾਇਦ ਉਸ ਦਾ ਪਰਛਾਵਾਂ ਹੀ ਉਨ੍ਹਾਂ ਵਿੱਚੋਂ ਕਿਸੇ ਤੇ ਪੈ ਜਾਵੇ, ਉਨ੍ਹਾਂ ਨੂੰ ਠੀਕ ਕਰਨ ਵਾਸਤੇ ਇਹੀ ਕਾਫ਼ੀ ਹੈ। 16 ਲੋਕਾਂ ਦੀ ਭੀੜ ਯਰੂਸ਼ਲਮ ਦੇ ਆਸ-ਪਾਸ ਦੇ ਨਗਰਾਂ ਤੋਂ ਵੀ ਆ ਰਹੀ ਸੀ। ਉਹ ਬਿਮਾਰਾਂ ਨੂੰ ਆਪਣੇ ਨਾਲ ਲੈ ਕੇ ਆਉਂਦੇ ਅਤੇ ਉਨ੍ਹਾਂ ਨੂੰ ਵੀ ਜੋ ਸ਼ੈਤਾਨ ਵੱਲੋਂ ਭਰਿਸ਼ਟ ਆਤਮਾ ਦੇ ਸਤਾਏ ਹੋਏ ਹੁੰਦੇ ਸਨ। ਇਹ ਸਾਰੇ ਰੋਗੀ ਉੱਥੇ ਠੀਕ ਹੋ ਗਏ।

ਯਹੂਦੀਆਂ ਦੀਆਂ ਰਸੂਲਾਂ ਨੂੰ ਰੋਕਣ ਦੀਆਂ ਕੋਸ਼ਿਸ਼ਾਂ

17 ਸਰਦਾਰ ਜਾਜਕ ਅਤੇ ਉਸ ਦੇ ਸਾਰੇ ਮਿੱਤਰ ਇੱਕ ਪੰਥ ਨਾਲ ਜੋ ਸਦੂਕੀ ਅਖਵਾਉਂਦਾ ਸੀ, ਬਹੁਤ ਈਰਖਾ ਕਰਨ ਲੱਗੇ। 18 ਉਨ੍ਹਾਂ ਨੇ ਰਸੂਲਾਂ ਨੂੰ ਫ਼ੜਕੇ ਕੈਦ ਕਰ ਦਿੱਤਾ। 19 ਪਰ ਰਾਤ ਦੇ ਵਕਤ, ਪ੍ਰਭੂ ਦੇ ਦੂਤ ਨੇ ਜੇਲ ਦੇ ਸਾਰੇ ਦਰਵਾਜ਼ੇ ਖੋਲ੍ਹ ਦਿੱਤੇ। ਦੂਤ ਉਨ੍ਹਾਂ ਨੂੰ ਬਾਹਰ ਲੈ ਗਿਆ ਅਤੇ ਆਖਿਆ, 20 “ਜਾਓ ਅਤੇ ਮੰਦਰ ਦੇ ਵਿਹੜੇ ਵਿੱਚ ਖੜ੍ਹੇ ਹੋ ਜਾਓ। ਅਤੇ ਲੋਕਾਂ ਨੂੰ ਇਸ ਸਾਰੇ ਨਵੇਂ ਜੀਵਨ ਬਾਰੇ ਦੱਸੋ।” 21 ਜਦੋਂ ਰਸੂਲਾਂ ਨੇ ਅਜਿਹਾ ਸੁਣਿਆ, ਤਾਂ ਉਹ ਝੱਟ ਕਿਹਾ ਮੰਨ ਕੇ ਮੰਦਰ ਦੇ ਵਿੱਚ ਗਏ। ਇਹ ਅਮ੍ਰਿਤ ਵੇਲਾ ਸੀ ਜਦੋਂ ਰਸੂਲਾਂ ਨੇ ਲੋਕਾਂ ਨੂੰ ਉਪਦੇਸ਼ ਦੇਣੇ ਸ਼ੁਰੂ ਕੀਤੇ।

ਸਰਦਾਰ ਜਾਜਕ ਅਤੇ ਉਸ ਦੇ ਸਾਥੀ ਆਏ। ਉਨ੍ਹਾਂ ਨੇ ਯਹੂਦੀ ਆਗੂਆਂ ਅਤੇ ਯਹੂਦੀਆਂ ਦੇ ਮਹੱਤਵਪੂਰਣ ਬਜ਼ੁਰਗਾਂ ਨੂੰ ਸੱਦਿਆ ਅਤੇ ਇੱਕ ਸਭਾ ਕੀਤੀ। ਫ਼ੇਰ ਉਨ੍ਹਾਂ ਨੇ ਕੁਝ ਲੋਕਾਂ ਨੂੰ ਰਸੂਲਾਂ ਨੂੰ ਕੈਦ ਵਿੱਚੋਂ ਲਿਆਉਣ ਲਈ ਭੇਜਿਆ। 22 ਜਦੋਂ ਉਹ ਲੋਕ ਕੈਦਖਾਨੇ ਕੋਲ ਪਹੁੰਚੇ, ਉੱਥੇ ਉਹ ਉਨ੍ਹਾਂ ਨੂੰ ਲੱਭ ਨਾ ਸੱਕੇ। ਉਹ ਵਾਪਸ ਆਏ ਅਤੇ ਇਹ ਸਾਰੀ ਗੱਲ ਯਹੂਦੀ ਆਗੂਆਂ ਨੂੰ ਦੱਸੀ। 23 ਉਨ੍ਹਾਂ ਆਦਮੀਆਂ ਕਿਹਾ, “ਜੇਲ੍ਹ ਬੰਦ ਸੀ ਅਤੇ ਉਸ ਨੂੰ ਜਿੰਦਰਾ ਵੀ ਲੱਗਿਆ ਹੋਇਆ ਸੀ। ਅਤੇ ਦਰਵਾਜ਼ਿਆਂ ਤੇ ਦਰਬਾਨ ਵੀ ਖੜ੍ਹੇ ਹੋਏ ਸਨ, ਪਰ ਜਦ ਅਸੀਂ ਦਰਵਾਜ਼ੇ ਖੋਲ੍ਹੇ ਤਾਂ ਜੇਲ੍ਹ ਅੰਦਰੋਂ ਖਾਲੀ ਪਈ ਸੀ।” 24 ਜਦੋਂ ਮੰਦਰ ਦੇ ਪੈਹਰੇਦਾਰਾਂ ਅਤੇ ਪਰਧਾਨ ਜਾਜਕਾਂ ਨੇ ਇਹ ਸਭ ਸੁਣਿਆ ਤਾਂ ਉਹ ਪਰੇਸ਼ਾਨ ਹੋਏ ਅਤੇ ਹੈਰਾਨ ਸਨ ਕਿ ਪਤਾ ਨਹੀਂ ਇਸਦੇ ਕਾਰਣ ਕੀ ਹੋ ਜਾਵੇ। 25 ਤਦ ਇੱਕ ਹੋਰ ਆਦਮੀ ਆਇਆ ਅਤੇ ਉਸ ਨੇ ਆਕੇ ਕਿਹਾ ਕਿ, “ਸੁਣੋ। ਜਿਨ੍ਹਾਂ ਮਨੁੱਖਾਂ ਨੂੰ ਤੁਸੀਂ ਕੈਦਖਾਨੇ ਵਿੱਚ ਕੈਦ ਕੀਤਾ ਸੀ ਉਹ ਮੰਦਰ ਦੇ ਵਿਹੜੇ ਚ ਖੜੋ ਕੇ ਲੋਕਾਂ ਨੂੰ ਉਪਦੇਸ਼ ਦੇ ਰਹੇ ਹਨ।” 26 ਤਦ ਕਪਤਾਨ ਅਤੇ ਉਸ ਦੇ ਆਦਮੀ ਬਾਹਰ ਗਏ ਅਤੇ ਰਸੂਲਾਂ ਨੂੰ ਵਾਪਸ ਲਿਆਏ। ਪਰ ਉਨ੍ਹਾਂ ਨੇ ਕੋਈ ਜ਼ੋਰ ਜਬਰਦਸਤੀ ਨਾ ਕੀਤੀ ਕਿਉਂਕਿ ਉਹ ਡਰਦੇ ਸਨ ਕਿ ਸ਼ਾਇਦ ਭੀੜ ਉਨ੍ਹਾਂ ਨੂੰ ਪੱਥਰ ਮਾਰੇ।

27 ਸਿਪਾਹੀਆਂ ਨੇ ਰਸੂਲਾਂ ਨੂੰ ਯਹੂਦੀ ਆਗੂਆਂ ਦੇ ਸਾਹਮਣੇ ਯਹੂਦੀ ਸਭਾ ਵਿੱਚ ਲਿਆ ਖੜ੍ਹਾ ਕੀਤਾ। ਪ੍ਰਧਾਨ ਜਾਜਕ ਨੇ ਰਸੂਲਾਂ ਨੂੰ ਸਵਾਲ ਕੀਤਾ। 28 ਉਸ ਨੇ ਆਖਿਆ, “ਅਸੀਂ ਬੜੀ ਦ੍ਰਿੜਤਾ ਨਾਲ ਤੁਹਾਨੂੰ ਦੁਬਾਰਾ ਕਦੇ ਵੀ ਇਸ ਆਦਮੀ ਯਿਸੂ ਬਾਰੇ ਉਪਦੇਸ਼ ਨਾ ਦੇਣ ਵਾਸਤੇ ਕਿਹਾ ਸੀ। ਪਰ ਵੇਖੋ ਤੁਸੀਂ ਕੀ ਕਰ ਰਹੇ ਹੋ? ਤੁਸੀਂ ਸਾਰੇ ਯਰੂਸ਼ਲਮ ਨੂੰ ਆਪਣੇ ਉਪਦੇਸ਼ਾਂ ਨਾਲ ਭਰ ਦਿੱਤਾ ਹੈ। ਇੰਝ ਕਰਕੇ ਤੁਸੀਂ ਸਾਨੂੰ ਉਸਦੀ ਮੌਤ ਦਾ ਜਿੰਮੇਵਾਰ ਠਹਿਰਾ ਰਹੇ ਹੋ।”

29 ਪਤਰਸ ਅਤੇ ਦੂਜੇ ਰਸੂਲਾਂ ਨੇ ਜਵਾਬ ਦਿੱਤਾ, “ਮਨੁੱਖਾਂ ਦੇ ਹੁਕਮ ਨਾਲੋਂ ਸਾਨੂੰ ਪਰਮੇਸ਼ੁਰ ਦੇ ਹੁਕਮ ਦੀ ਪਾਲਣਾ ਵੱਧੇਰੇ ਕਰਨੀ ਚਾਹੀਦੀ ਹੈ। 30 ਤੁਸੀਂ ਯਿਸੂ ਨੂੰ ਮਾਰ ਦਿੱਤਾ। ਤੁਸੀਂ ਉਸ ਨੂੰ ਸੂਲੀ ਤੇ ਚਾੜ੍ਹ ਦਿੱਤਾ ਪਰ ਪਰਮੇਸ਼ੁਰ ਨੇ, ਜਿਹੜਾ ਸਾਡੇ ਪੁਰਖਿਆਂ ਦਾ ਵੀ ਪਿਤਾ ਹੈ, ਯਿਸੂ ਨੂੰ ਮੁੜ ਮੌਤ ਤੋਂ ਜੀਵਾਲਿਆ। 31 ਉਸ ਨੂੰ ਪਰਮੇਸ਼ੁਰ ਨੇ ਆਪਣੇ ਕੋਲ ਸੱਜੇ ਪਾਸੇ, ਉੱਚਾ ਚੁੱਕ ਕੇ ਸਾਡਾ ਸਰਦਾਰ ਅਤੇ ਮੁਕਤੀ ਦਾਤਾ ਠਹਿਰਾਇਆ ਹੈ। ਪਰਮੇਸ਼ੁਰ ਨੇ ਇਹ ਇਸ ਲਈ ਕੀਤਾ ਤਾਂ ਜੋ ਸਾਰੇ ਯਹੂਦੀ ਆਪਣੇ ਦਿਲ ਅਤੇ ਜੀਵਨਾਂ ਨੂੰ ਬਦਲ ਸੱਕਣ ਅਤੇ ਆਪਣੇ ਪਾਪਾਂ ਵਾਸਤੇ ਮੁਆਫ਼ੀ ਪਾ ਸੱਕਣ। 32 ਅਸੀਂ ਇਹ ਸਭ ਵਾਪਰਦਿਆਂ ਵੇਖਿਆ ਹੈ ਇਸ ਲਈ ਅਸੀਂ ਇਹ ਆਖ ਸੱਕਦੇ ਹਾਂ ਕਿ ਇਹ ਸਭ ਸੱਚ ਹੈ ਤੇ ਪਵਿੱਤਰ ਆਤਮਾ ਵੀ ਇਹ ਦਰਸ਼ਾਉਂਦਾ ਹੈ ਕਿ ਇਹ ਸਭ ਸੱਚ ਹੈ। ਇਸ ਲਈ ਪਰਮੇਸ਼ੁਰ ਨੇ ਉਨ੍ਹਾਂ ਸਭਨਾ ਨੂੰ ਜੋ ਉਸ ਨੂੰ ਮੰਨਦੇ ਹਨ ਪਵਿੱਤਰ ਆਤਮਾ ਬਖਸ਼ਿਆ ਹੈ।”

33 ਇਹ ਗੱਲਾਂ ਸੁਣਕੇ, ਯਹੂਦੀ ਆਗੂ ਬਹੁਤ ਗੁੱਸੇ ਹੋਏ ਅਤੇ ਉਨ੍ਹਾਂ ਨੇ ਰਸੂਲਾਂ ਨੂੰ ਮਾਰਨ ਦਾ ਨਿਸ਼ਚਾ ਕੀਤਾ। 34 ਸਭਾ ਵਿੱਚੋਂ ਇੱਕ ਫ਼ਰੀਸੀ ਉੱਠ ਖਲੋਇਆ। ਉਸ ਦਾ ਨਾਂ ਗਮਲੀਏਲ ਸੀ। ਉਹ ਸ਼ਰ੍ਹਾ ਪੜਾਉਣ ਵਾਲਾ ਸੀ, ਅਤੇ ਸਾਰੇ ਲੋਕ ਉਸਦੀ ਇੱਜ਼ਤ ਕਰਦੇ ਸਨ। ਉਸ ਨੇ ਰਸੂਲਾਂ ਨੂੰ ਕੁਝ ਦੇਰ ਲਈ ਸਭਾ ਵਿੱਚੋਂ ਬਾਹਰ ਲੈ ਜਾਣ ਦਾ ਆਦੇਸ਼ ਦਿੱਤਾ। 35 ਤਦ ਉਸ ਨੇ ਉਨ੍ਹਾਂ ਨੂੰ ਕਿਹਾ, “ਹੇ ਇਸਰਾਏਲ ਦੇ ਪੁਰਖੋ, ਜੋ ਤੁਸੀਂ ਇਨ੍ਹਾਂ ਲੋਕਾਂ ਨਾਲ, ਕਰਨ ਦੀ ਵਿਉਂਤ ਬਣਾ ਰਹੇ ਹੋ, ਉਸ ਬਾਰੇ ਸਾਵੱਧਾਨ ਰਹੋ। 36 ਕੁਝ ਸਮਾਂ ਪਹਿਲਾਂ ਥੇਉਦਾਸ ਆਇਆ ਅਤੇ ਦਾਵ੍ਹਾ ਕੀਤਾ ਕਿ ਉਹ ਇੱਕ ਮਹੱਤਵਪੂਰਣ ਵਿਅਕਤੀ ਸੀ। ਚਾਰ ਸੌ ਦੇ ਨੇੜੇ ਲੋਕ ਉਸ ਨਾਲ ਜੁੜੇ। ਫ਼ੇਰ ਜਦੋਂ ਉਹ ਮਾਰਿਆ ਗਿਆ, ਉਸ ਦੇ ਸਾਰੇ ਚੇਲੇ ਖਿੱਲਰ ਗਏ ਅਤੇ ਇਸ ਸਾਰੇ ਕਾਸੇ ਦਾ ਅੰਤ ਹੋ ਗਿਆ। 37 ਬਾਅਦ ਵਿੱਚ, ਮਰਦੁਮਸ਼ੁਮਾਰੀ ਦੇ ਸਮੇਂ ਗਲੀਲੀ ਤੋਂ ਯਹੂਦਾ ਆਇਆ ਅਤੇ ਉਸ ਨੇ ਬਹੁਤ ਸਾਰੇ ਲੋਕਾਂ ਨੂੰ ਆਪਣੇ ਪਿੱਛੇ ਲਾ ਲਿਆ। ਉਹ ਵੀ ਮਾਰਿਆ ਗਿਆ ਅਤੇ ਜਿੰਨੇ ਉਸ ਨੂੰ ਮੰਨਦੇ ਸਨ ਸਭ ਇੱਧਰ-ਉੱਧਰ ਖਿੱਲਰ ਗਏ। 38 ਇਸੇ ਲਈ ਹੁਣ ਮੈਂ ਤੁਹਾਨੂੰ ਆਖਦਾ ਹਾਂ; ਇਨ੍ਹਾਂ ਲੋਕਾਂ ਬਾਰੇ ਤੰਗ ਨਾ ਹੋਵੋ। ਇਨ੍ਹਾਂ ਨੂੰ ਜਾਣ ਦਿਉ। ਜੇਕਰ ਇਨ੍ਹਾਂ ਦੀਆਂ ਵਿਉਂਤਾਂ ਅਤੇ ਅਮਲ ਲੋਕਾਂ ਵੱਲੋਂ ਹਨ, ਤਾਂ ਇਹ ਅਸਫ਼ਲ ਹੋ ਜਾਣਗੀਆਂ। 39 ਪਰ ਜੇਕਰ ਇਹ ਪਰਮੇਸ਼ੁਰ ਵੱਲੋਂ ਹਨ, ਫ਼ੇਰ ਤੁਸੀਂ ਇਸ ਨੂੰ ਕਿਸੇ ਤਰ੍ਹਾਂ ਵੀ ਨਹੀਂ ਰੋਕ ਸੱਕਦੇ। ਸ਼ਾਇਦ ਤੁਸੀਂ ਅੰਤ ਵਿੱਚ ਖੁਦ ਪਰਮੇਸ਼ੁਰ ਦੇ ਖਿਲਾਫ਼ ਲੜ ਪਵੋਂ।”

ਯਹੂਦੀ ਆਗੂਆਂ ਨੇ ਉਸਦੀ ਗੱਲ ਮੰਨ ਲਈ। 40 ਫ਼ਿਰ ਉਨ੍ਹਾਂ ਰਸੂਲਾਂ ਨੂੰ ਅੰਦਰ ਸੱਦਿਆ ਤਾਂ ਮਾਰ ਕੁੱਟਕੇ ਉਨ੍ਹਾਂ ਨੂੰ ਤਗੀਦ ਕੀਤੀ ਜੋ ਯਿਸੂ ਦੇ ਨਾਮ ਦੀ ਚਰਚਾ ਨਾ ਕਰਨ। ਇਹ ਆਖਕੇ ਉਨ੍ਹਾਂ ਰਸੂਲਾਂ ਨੂੰ ਭੇਜ ਦਿੱਤਾ। 41 ਰਸੂਲ ਸਭਾ ਤੋਂ ਵਿਦਾ ਹੋ ਗਏ। ਉਹ ਖੁਸ਼ ਸਨ ਕਿਉਂਕਿ ਪਰਮੇਸ਼ੁਰ ਨੇ ਉਨ੍ਹਾਂ ਨੂੰ ਯਿਸੂ ਦੇ ਨਾਂ ਵਾਸਤੇ ਕਸ਼ਟ ਝੱਲਣ ਯੋਗ ਸਮਝਿਆ। 42 ਰਸੂਲਾਂ ਨੇ ਲੋਕਾਂ ਨੂੰ ਉਪਦੇਸ਼ ਦੇਣੇ ਬੰਦ ਨਾ ਕੀਤੇ। ਉਹ ਲੋਕਾਂ ਨੂੰ ਇਸ ਖੁਸ਼ਖਬਰੀ ਦਾ, ਕਿ ਯਿਸੂ ਹੀ ਮਸੀਹ ਹੈ, ਪ੍ਰਚਾਰ ਕਰਦੇ ਰਹੇ। ਉਨ੍ਹਾਂ ਨੇ ਇਹ ਹਰ ਰੋਜ਼ ਮੰਦਰ ਦੇ ਵਿਹੜੇ ਵਿੱਚ ਅਤੇ ਲੋਕਾਂ ਦੇ ਘਰਾਂ ਵਿੱਚ ਕੀਤਾ।

ਖਾਸ ਕੰਮ ਲਈ ਸੱਤ ਮਨੁੱਖਾਂ ਦਾ ਚੁਣੇ ਜਾਣਾ

ਉਨ੍ਹੀਂ ਦਿਨੀ, ਯਿਸੂ ਦੇ ਚੇਲਿਆਂ ਦੀ ਗਿਣਤੀ ਵੱਧਦੀ ਜਾ ਰਹੀ ਸੀ। ਇਸ ਅੰਤਰਾਲ ਵਿੱਚ, ਯੂਨਾਨੀ ਬੋਲਣ ਵਾਲੇ ਚੇਲਿਆਂ ਨੇ ਦੂਜੇ ਚੇਲਿਆਂ ਬਾਰੇ, ਜੋ ਕਿ ਇਸਰਾਏਲੀ ਸਨ, ਸ਼ਿਕਾਇਤ ਕੀਤੀ। ਉਨ੍ਹਾਂ ਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਦੀਆਂ ਵਿਧਵਾਵਾਂ ਨੂੰ ਹਰ ਰੋਜ਼ ਭੋਜਨ ਦੀ ਵੰਡ ਦਾ ਸਹੀ ਹਿੱਸਾ ਨਹੀਂ ਮਿਲ ਰਿਹਾ ਸੀ। ਤਾਂ ਬਾਰ੍ਹਾਂ ਰਸੂਲਾਂ ਨੇ ਸਾਰੇ ਚੇਲਿਆਂ ਨੂੰ ਇਕੱਠਿਆਂ ਕੀਤਾ ਅਤੇ ਕਿਹਾ, “ਇਹ ਚੰਗਾ ਨਹੀਂ ਹੈ ਕਿ ਅਸੀਂ ਪਰਮੇਸ਼ੁਰ ਦੇ ਸ਼ਬਦ ਦੀ ਸੇਵਾ ਦੀ ਥਾਂ ਤੇ ਭੋਜਨ ਵਰਤਾਉਣ ਵਿੱਚ ਆਪਣਾ ਸਮਾਂ ਬਰਬਾਦ ਕਰੀਏ। ਇਸੇ ਲਈ, ਹੇ ਭਰਾਵੋ, ਤੁਸੀਂ ਆਪਣੇ ਵਿੱਚੋਂ ਉਨ੍ਹਾਂ ਸੱਤ ਆਦਮੀਆਂ ਨੂੰ ਚੁਣੋ, ਜਿਨ੍ਹਾਂ ਦੀ ਪ੍ਰਤਿਸ਼ਠਾ ਚੰਗੀ ਹੋਵੇ। ਉਹ ਸਿਆਣਪ ਅਤੇ ਆਤਮਾ ਨਾਲ ਭਰਪੂਰ ਹੋਣੇ ਚਾਹੀਦੇ ਹਨ। ਅਸੀਂ ਉਨ੍ਹਾਂ ਨੂੰ ਇਹ ਕਾਰਜ ਸੌਂਪ ਦੇਵਾਂਗੇ। ਫ਼ੇਰ ਅਸੀਂ ਆਪਣਾ ਸਾਰਾ ਸਮਾਂ ਪ੍ਰਾਰਥਨਾ ਅਤੇ ਪਰਮੇਸ਼ੁਰ ਦੇ ਬਚਨਾਂ ਦਾ ਉਪਦੇਸ਼ ਕਰਨ ਵਿੱਚ ਬਿਤਾ ਸੱਕਾਂਗੇ।”

ਸਭ ਲੋਕਾਂ ਨੂੰ ਇਹ ਮਸ਼ਵਰਾ ਪਸੰਦ ਆਇਆ। ਫ਼ੇਰ ਉਨ੍ਹਾਂ ਨੇ ਇਸਤੀਫ਼ਾਨ ਨੂੰ ਜਿਹੜਾ ਵੱਡੀ ਨਿਹਚਾ ਅਤੇ ਪਵਿੱਤਰ ਆਤਮਾ ਨਾਲ ਭਰਪੂਰ ਸੀ, ਫ਼ਿਲਿਪੁੱਸ, ਪ੍ਰੋਖੋਰੁਸ, ਨਿਕਾਨੋਰ, ਤੀਮੋਨ, ਪਰਮਨਾਸ ਅਤੇ ਨਿਕਲਾਊਸ, ਜੋ ਕਿ ਅੰਤਾਕਿਯਾ ਤੋਂ ਸੀ ਅਤੇ ਜੋ ਕਿ ਯਹੂਦੀ ਬਣਿਆ ਸੀ ਨੂੰ ਚੁਣਿਆ। ਫ਼ੇਰ ਉਹ ਇਨ੍ਹਾਂ ਸੱਤਾਂ ਆਦਮੀਆਂ ਨੂੰ ਰਸੂਲਾਂ ਸਾਹਮਣੇ ਲਿਆਏ। ਰਸੂਲਾਂ ਨੇ ਪ੍ਰਾਰਥਨਾ ਕੀਤੀ ਅਤੇ ਉਨ੍ਹਾਂ ਉੱਤੇ ਆਪਣੇ ਹੱਥ ਰੱਖੇ।

ਪਰਮੇਸ਼ੁਰ ਦਾ ਬਚਨ ਵੱਧ ਤੋਂ ਵੱਧ ਫ਼ੈਲ ਰਿਹਾ ਸੀ, ਅਤੇ ਯਰੂਸ਼ਲਮ ਵਿੱਚ ਚੇਲਿਆਂ ਦੀ ਗਿਣਤੀ ਤੇਜ਼ ਰਫ਼ਤਾਰ ਨਾਲ ਵੱਧਦੀ ਗਈ। ਨਾਲ ਹੀ ਬਹੁਤ ਸਾਰੇ ਯਹੂਦੀ ਜਾਜਕ ਵੀ ਇਸ ਮੱਤ ਦੇ ਮੰਨਣ ਵਾਲੇ ਹੋ ਗਏ।

Punjabi Bible: Easy-to-Read Version (ERV-PA)

2010 by World Bible Translation Center