Bible in 90 Days
ਜਾਜਕਾਂ ਨੂੰ ਥਾਪਣ ਦੀ ਰਸਮ
29 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ, “ਹੁਣ ਮੈਂ ਤੈਨੂੰ ਦੱਸਾਂਗਾ ਕਿ ਹਾਰੂਨ ਅਤੇ ਉਸ ਦੇ ਪੁੱਤਰ ਜਾਜਕਾਂ ਵਜੋਂ ਖਾਸ ਢੰਗ ਨਾਲ ਮੇਰੀ ਸੇਵਾ ਕਰਦੇ ਹਨ, ਦਰਸਾਉਣ ਲਈ ਤੈਨੂੰ ਕੀ ਕਰਨਾ ਚਾਹੀਦਾ ਹੈ। ਇੱਕ ਜਵਾਨ ਵਹਿੜਕਾ ਅਤੇ ਦੋ ਜਵਾਨ ਭੇਡੂ ਲਵੀਂ ਜਿਨ੍ਹਾਂ ਵਿੱਚ ਕੋਈ ਨੁਕਸ ਨਾ ਹੋਵੇ। 2 ਫ਼ੇਰ ਖਮੀਰ ਤੋਂ ਬਿਨਾ ਰੋਟੀ ਬਨਾਉਣ ਲਈ ਮੈਦਾ ਲਵੋ। ਅਤੇ ਇਨ੍ਹਾਂ ਚੀਜ਼ਾਂ ਦੀ ਵਰਤੋਂ ਜੈਤੂਨ ਦੇ ਤੇਲ ਵਿੱਚ ਗੁਂਨ੍ਹਕੇ ਰੋਟੀਆਂ ਬਨਾਉਣ ਲਈ ਕਰੋ। ਅਤੇ ਜੈਤੂਨ ਦੇ ਤੇਲ ਨਾਲ ਚੋਪੜੀਆਂ ਹੋਈਆਂ ਛੋਟੀਆਂ, ਪਤਲੀਆਂ ਰੋਟੀਆਂ ਬਣਾਉ। 3 ਇਹ ਰੋਟੀਆਂ ਇੱਕ ਟੋਕਰੀ ਵਿੱਚ ਪਾਕੇ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਦੇ ਦੇਵੋ। ਉਸੇ ਵੇਲੇ, ਵਹਿੜਕਾ ਅਤੇ ਦੋ ਭੇਡੂ ਉਨ੍ਹਾਂ ਨੂੰ ਦੇ ਦੇਵੋ।
4 “ਫ਼ੇਰ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਮੰਡਲੀ ਵਾਲੇ ਤੰਬੂ ਦੇ ਦਰਵਾਜ਼ੇ ਉੱਤੇ ਲਿਆਉ। ਉਨ੍ਹਾਂ ਨੂੰ ਪਾਣੀ ਨਾਲ ਇਸ਼ਨਾਨ ਕਰਾਉ। 5 ਹਾਰੂਨ ਨੂੰ ਖਾਸ ਵਸਤਰ ਪਹਿਨਾਉ। ਉਸ ਨੂੰ ਉਣਿਆ ਹੋਇਆ ਚਿੱਟਾ ਚੋਲਾ ਅਤੇ ਏਫ਼ੋਦ ਨਾਲ ਪਹਿਨਣ ਵਾਲਾ ਨੀਲਾ ਚੋਲਾ ਪਹਿਨਾਉ। ਉਸ ਨੂੰ ਏਫ਼ੋਦ ਅਤੇ ਸੀਨੇ-ਬੰਦ ਪਹਿਨਾਉ। ਫ਼ੇਰ ਉਸ ਉੱਤੇ ਖੂਬਸੂਰਤ ਪੇਟੀ ਬੰਨ੍ਹ ਦਿਉ। 6 ਉਸ ਦੇ ਸਿਰ ਉੱਤੇ ਅਮਾਮਾ ਰੱਖੋ। ਅਤੇ ਅਮਾਮੇ ਦੇ ਦੁਆਲੇ ਖਾਸ ਤਾਜ ਰੱਖੋ। 7 ਮਸਹ ਕਰਨ ਦਾ ਤੇਲ ਲੈ ਕੇ ਹਾਰੂਨ ਦੇ ਸਿਰ ਤੇ ਚੋਅ। ਇਹ ਦਰਸਾਵੇਗਾ ਕਿ ਹਾਰੂਨ ਨੂੰ ਇਸ ਕਾਰਜ ਲਈ ਚੁਣਿਆ ਗਿਆ ਹੈ।
8 “ਫ਼ੇਰ ਹਾਰੂਨ ਦੇ ਪੁੱਤਰਾਂ ਨੂੰ ਉਸ ਥਾਂ ਤੇ ਲਿਆਉਣਾ। ਉਨ੍ਹਾਂ ਨੂੰ ਉਣੇ ਹੋਏ ਚਿੱਟੇ ਚੋਲੇ ਪੁਆਉਣੇ। 9 ਫ਼ੇਰ ਉਨ੍ਹਾਂ ਦੀਆਂ ਕਮਰਾਂ ਦੁਆਲੇ ਪੇਟੀਆਂ ਬੰਨ੍ਹਣੀਆਂ। ਉਨ੍ਹਾਂ ਨੂੰ ਪਹਿਨਣ ਲਈ ਖਾਸ ਟੋਪੀਆਂ ਦੇਣੀਆਂ। ਉਸ ਸਮੇਂ ਉਹ ਜਾਜਕ ਬਨਣਾ ਸ਼ੁਰੂ ਹੋ ਜਾਣਗੇ। ਉਹ ਉਸ ਖਾਸ ਨੇਮ ਦੇ ਅਧੀਨ ਜਾਜਕ ਹੋਣਗੇ ਜਿਹੜਾ ਹਮੇਸ਼ਾ ਰਹੇਗਾ। ਇਹੀ ਉਹ ਤਰੀਕਾ ਹੈ ਜਿਸ ਨਾਲ ਤੂੰ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਜਾਜਕ ਥਾਪੇਂਗਾ।
10 “ਫ਼ੇਰ ਮੰਡਲੀ ਵਾਲੇ ਤੰਬੂ ਦੇ ਸਾਹਮਣੇ ਉਸ ਥਾਂ ਤੇ ਵਹਿੜਕਾ ਲੈ ਕੇ ਆਉਣਾ। ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਚਾਹੀਦਾ ਹੈ ਕਿ ਉਹ ਵਹਿੜਕੇ ਦੇ ਸਿਰ ਉੱਤੇ ਆਪਣੇ ਹੱਥ ਰੱਖਣ। 11 ਫ਼ੇਰ ਮੰਡਲੀ ਵਾਲੇ ਤੰਬੂ ਸਾਹਮਣੇ ਉਸੇ ਥਾਂ ਤੇ ਯਹੋਵਾਹ ਅੱਗੇ ਉਸ ਵਹਿੜਕੇ ਨੂੰ ਜ਼ਿਬਾਹ ਕਰਨਾ। 12 ਫ਼ੇਰ ਵਹਿੜਕੇ ਦਾ ਥੋੜਾ ਜਿਹਾ ਖੂਨ ਲੈਣਾ ਅਤੇ ਜਗਵੇਦੀ ਵੱਲ ਜਾਣਾ। ਆਪਣੀ ਉਂਗਲੀ ਨਾਲ ਥੋੜਾ ਜਿਹਾ ਖੂਨ ਜਗਵੇਦੀ ਦੇ ਸਿੰਗਾਂ ਉੱਤੇ ਲਾਉਣਾ। ਬੱਚਿਆਂ ਹੋਇਆ ਸਾਰਾ ਖੂਨ ਜਗਵੇਦੀ ਦੇ ਹੇਠਲੇ ਪਾਸੇ ਡੋਲ੍ਹ ਦੇਣਾ। 13 ਫ਼ੇਰ ਵਹਿੜਕੇ ਦੇ ਜਿਸਮ ਦੀ ਸਾਰੀ ਚਰਬੀ ਲੈਣੀ, ਜਿਗਰ ਦਾ ਚਰਬੀ ਵਾਲਾ ਭਾਗ, ਦੋਵੇਂ ਗੁਰਦੇ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੀ ਚਰਬੀ। ਇਸ ਚਰਬੀ ਨੂੰ ਜਗਵੇਦੀ ਉੱਤੇ ਬਾਲਣਾ। 14 ਫ਼ੇਰ ਵਹਿੜਕੇ ਦਾ ਮਾਸ, ਇਸਦੀ ਚਮੜੀ, ਅਤੇ ਇਸਦੇ ਹੋਰ ਸਾਰੇ ਅੰਗ ਲੈ ਕੇ ਉਨ੍ਹਾਂ ਨੂੰ ਆਪਣੇ ਡੇਰੇ ਤੋਂ ਬਾਹਰ ਸਾੜ ਦੇਣਾ। ਇਹ ਜਾਜਕਾਂ ਦੇ ਪਾਪਾਂ ਨੂੰ ਦੂਰ ਕਰਨ ਲਈ ਪਾਪ ਦੀ ਭੇਟ ਹੈ।
15 “ਫ਼ੇਰ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਭੇਡੂਆਂ ਵਿੱਚੋਂ ਇੱਕ ਭੇਡੂ ਦੇ ਸਿਰ ਤੇ ਹੱਥ ਰੱਖਣ ਲਈ ਆਖਣਾ। 16 ਉਸ ਭੇਡੂ ਨੂੰ ਜ਼ਿਬਾਹ ਕਰ ਦੇਣਾ ਅਤੇ ਉਸਦਾ ਖੂਨ ਬਚਾ ਲੈਣਾ ਇਸ ਖੂਨ ਨੂੰ ਜਗਵੇਦੀ ਦੇ ਚਾਰੀ ਪਾਸੀਂ ਨਾਲ-ਨਾਲ ਛਿੜਕ ਦੇਣਾ। 17 ਫ਼ੇਰ ਭੇਡੂ ਦੇ ਕਈ ਟੁਕੜੇ ਕਰ ਦੇਣੇ। ਭੇਡੂ ਦੇ ਅੰਦਰਲੇ ਅੰਗਾਂ ਅਤੇ ਲੱਤਾਂ ਨੂੰ ਧੋ ਲੈਣਾ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਭੇਡੂ ਦੇ ਸਿਰ ਅਤੇ ਹੋਰ ਹਿਸਿਆਂ ਦੇ ਨਾਲ ਰੱਖ ਦੇਣਾ। 18 ਫ਼ੇਰ ਹਰ ਚੀਜ਼ ਨੂੰ ਜਗਵੇਦੀ ਉੱਤੇ ਸਾੜ ਦੇਣਾ। ਇਹ ਹੋਮ ਦੀ ਭੇਟ ਹੈ, ਅੱਗ ਦੁਆਰਾ ਚੜ੍ਹਾਈ ਗਈ ਭੇਟ, ਯਹੋਵਾਹ ਦੇ ਅੱਗੇ ਪ੍ਰਸੰਨ ਕਰਨ ਵਾਲੀ ਸੁਗੰਧ।
19 “ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਦੂਸਰੇ ਭੇਡੂ ਦੇ ਸਿਰ ਤੇ ਹੱਥ ਰੱਖਣ ਲਈ ਆਖਣਾ। 20 ਉਸ ਭੇਡੂ ਨੂੰ ਮਾਰਕੇ ਉਸਦਾ ਕੁਝ ਖੂਨ ਇਕੱਠਾ ਕਰ ਲੈਣਾ। ਇਹ ਖੂਨ ਹਾਰੂਨ ਅਤੇ ਉਸ ਦੇ ਪੁੱਤਰਾਂ ਦੇ ਸੱਜੇ ਕੰਨਾਂ ਦੇ ਹੇਠਲੇ ਹਿੱਸੇ ਉੱਤੇ ਮਲ ਦੇਣਾ। ਕੁਝ ਖੂਨ ਉਨ੍ਹਾਂ ਦੇ ਸੱਜੇ ਹੱਥਾਂ ਦੇ ਅੰਗੂਠਿਆਂ ਉੱਤੇ ਅਤੇ ਕੁਝ ਖੂਨ ਉਨ੍ਹਾਂ ਦੇ ਸੱਜੇ ਪੈਰਾਂ ਦੇ ਅੰਗੂਠਿਆਂ ਉੱਤੇ ਮਲ ਦੇਣਾ, ਫ਼ੇਰ ਖੂਨ ਨੂੰ ਜਗਵੇਦੀ ਦੇ ਚਾਰੇ ਪਾਸੇ ਛਿੜਕ ਦੇਣਾ। 21 ਫ਼ੇਰ ਜਗਵੇਦੀ ਤੋਂ ਕੁਝ ਖੂਨ ਲੈਣਾ, ਇਸ ਨੂੰ ਖਾਸ ਤੇਲ ਵਿੱਚ ਮਿਲਾ ਕੇ ਹਾਰੂਨ ਅਤੇ ਉਸ ਦੇ ਵਸਤਰਾਂ ਉੱਤੇ ਛਿੜਕ ਦੇਣਾ ਅਤੇ ਉਸ ਦੇ ਪੁੱਤਰਾਂ ਅਤੇ ਉਨ੍ਹਾਂ ਦੇ ਵਸਤਰਾਂ ਉੱਤੇ ਛਿੜਕ ਦੇਣਾ। ਇਹ ਦਰਸਾਵੇਗਾ ਕਿ ਹਾਰੂਨ ਅਤੇ ਉਸ ਦੇ ਪੁੱਤਰ ਮੇਰੀ ਖਾਸ ਤਰ੍ਹਾਂ ਨਾਲ ਸੇਵਾ ਕਰਦੇ ਹਨ ਅਤੇ ਉਨ੍ਹਾਂ ਦੇ ਵਸਤਰ ਸਿਰਫ਼ ਇਸ ਖਾਸ ਸੇਵਾ ਲਈ ਹੀ ਇਸਤੇਮਾਲ ਹੁੰਦੇ ਹਨ।
22 “ਫ਼ੇਰ ਭੇਡੂ ਦੀ ਚਰਬੀ ਲੈਣਾ। (ਇਹ ਉਹੀ ਭੇਡੂ ਹੈ ਜਿਸਦੀ ਵਰਤੋਂ ਹਾਰੂਨ ਨੂੰ ਪਰਧਾਨ ਜਾਜਕ ਬਨਾਉਣ ਦੀ ਰਸਮ ਕਰਨ ਲਈ ਕੀਤੀ ਜਾਵੇਗੀ।) ਪੂਛ ਦੇ ਆਲੇ-ਦੁਆਲੇ ਦੀ ਚਰਬੀ ਲੈਣਾ ਅਤੇ ਉਹ ਚਰਬੀ ਜਿਹੜੀ ਉਸ ਦੇ ਅੰਦਰਲੇ ਅੰਗਾਂ ਨੂੰ ਢੱਕਦੀ ਹੈ। ਫ਼ੇਰ ਉਹ ਚਰਬੀ ਲੈਣਾ ਜਿਹੜੀ ਜਿਗਰ ਨੂੰ ਢੱਕਦੀ ਹੈ ਦੋਹਾਂ ਗੁਰਦਿਆਂ ਨੂੰ ਅਤੇ ਉਨ੍ਹਾਂ ਉੱਤੇ ਲਗੀ ਚਰਬੀ ਨੂੰ ਅਤੇ ਲੱਤਾਂ ਨੂੰ ਲੈਣਾ। 23 ਫ਼ੇਰ ਰੋਟੀ ਵਾਲੀ ਉਹ ਟੋਕਰੀ ਲੈਣਾ ਜਿਹੜੀ ਤੁਸੀਂ ਖਮੀਰ ਤੋਂ ਬਿਨਾ ਬਣਾਕੇ ਯਹੋਵਾਹ ਦੇ ਅੱਗੇ ਰੱਖੀ ਸੀ। ਟੋਕਰੀ ਵਿੱਚੋਂ ਇਹ ਚੀਜ਼ਾਂ ਬਾਹਰ ਕੱਢ ਲੈਣੀਆਂ; ਇੱਕ ਡਬਲ ਰੋਟੀ, ਤੇਲ ਨਾਲ ਬਣੀ ਹੋਈ ਇੱਕ ਰੋਟੀ, ਅਤੇ ਇੱਕ ਪਤਲਾ ਕੇਕ। 24 ਇਹ ਚੀਜ਼ਾਂ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਦੇ ਦੇਣੀਆਂ। ਉਨ੍ਹਾਂ ਨੂੰ ਆਖਣਾ ਕਿ ਇਨ੍ਹਾਂ ਚੀਜ਼ਾਂ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਯਹੋਵਾਹ ਦੇ ਸਨਮੁੱਖ ਖਲੋਣ। ਇਹ ਯਹੋਵਾਹ ਲਈ ਹਿਲਾਉਣ ਦੀ ਭੇਟਾ ਹੋਵੇਗੀ। 25 ਫ਼ੇਰ ਇਹ ਚੀਜ਼ਾਂ ਹਾਰੂਨ ਅਤੇ ਉਸ ਦੇ ਪੁੱਤਰਾਂ ਪਾਸੋਂ ਲੈ ਲੈਣੀਆਂ ਅਤੇ ਉਨ੍ਹਾਂ ਨੂੰ ਭੇਡੂ ਦੇ ਸਮੇਤ ਜਗਵੇਦੀ ਉੱਤੇ ਰੱਖ ਦੇਣਾ। ਇਹ ਹੋਮ ਦੀ ਭੇਟਾ ਹੈ, ਅੱਗ ਦੁਆਰਾ ਚੜ੍ਹਾਈ ਗਈ ਭੇਟ, ਯਹੋਵਾਹ ਦੇ ਅੱਗੇ ਉਹ ਪ੍ਰਸੰਨ ਕਰਨ ਵਾਲੀ ਸੁਗੰਧੀ।
26 “ਫ਼ੇਰ ਭੇਡੂ ਦਾ ਸੀਨਾ ਲੈਣਾ। (ਇਹ ਉਹੀ ਭੇਡੂ ਹੈ ਜਿਸਦੀ ਵਰਤੋਂ ਹਾਰੂਨ ਨੂੰ ਪਰਧਾਨ ਜਾਜਕ ਬਨਾਉਣ ਦੀ ਰਸਮ ਵਿੱਚ ਕੀਤੀ ਜਾਵੇਗੀ।) ਯਹੋਵਾਹ ਦੇ ਸਾਹਮਣੇ ਭੇਡੂ ਦੇ ਸੀਨੇ ਨੂੰ ਖਾਸ ਬੇਟਾ ਵਜੋਂ ਹੱਥਾਂ ਵਿੱਚ ਫ਼ੜੋ। ਫ਼ੇਰ ਇਸ ਨੂੰ ਵਾਪਸ ਲੈ ਕੇ ਆਪਣੇ ਹਿੱਸੇ ਵਜੋਂ ਰੱਖ ਲਵੋ। 27 ਉਸ ਭੇਡੂ ਦਾ ਸੀਨਾ ਅਤੇ ਲੱਤ ਲਵੋ ਜਿਸਦੀ ਵਰਤੋਂ ਹਾਰੂਨ ਨੂੰ ਪਰਧਾਨ ਜਾਜਕ ਬਨਾਉਣ ਲਈ ਅਤੇ ਉਨ੍ਹਾਂ ਹਿਸਿਆਂ ਨੂੰ ਪਵਿੱਤਰ ਬਨਾਉਣ ਲਈ ਕੀਤੀ ਗਈ ਸੀ। ਫ਼ੇਰ ਇਹ ਖਾਸ ਹਿੱਸੇ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਦੇ ਦਿਉ। 28 ਇਸਰਾਏਲ ਦੇ ਲੋਕ ਹਾਰੂਨ ਤੇ ਉਸ ਦੇ ਪੁੱਤਰਾਂ ਨੂੰ ਹਿੱਸੇ ਹਮੇਸ਼ਾ ਦੇਣਗੇ। ਜਦੋਂ ਇਸਰਾਏਲ ਦੇ ਲੋਕ ਯਹੋਵਾਹ ਨੂੰ ਚੜ੍ਹਾਵਾ ਚੜ੍ਹਾਉਣਗੇ ਇਹ ਹਿੱਸੇ ਹਮੇਸ਼ਾ ਜਾਜਕਾਂ ਦੇ ਹੋਣਗੇ। ਜਦੋਂ ਉਹ ਇਨ੍ਹਾਂ ਹਿਸਿਆਂ ਨੂੰ ਜਾਜਕਾਂ ਨੂੰ ਦੇਣਗੇ, ਇਹ ਇਨ੍ਹਾਂ ਨੂੰ ਯਹੋਵਾਹ ਨੂੰ ਭੇਂਟ ਕਰਨ ਵਾਲੀ ਗੱਲ ਹੀ ਹੋਵੇਗੀ।
29 “ਉਨ੍ਹਾਂ ਖਾਸ ਕੱਪੜਿਆਂ ਨੂੰ ਬਚਾਕੇ ਰੱਖੋ ਜਿਹੜੇ ਹਾਰੂਨ ਲਈ ਬਣਾਏ ਗਏ ਸਨ। ਉਹ ਕੱਪੜੇ ਉਸਤੋਂ ਬਾਦ ਜਿਉਣ ਵਾਲੇ ਉਸ ਦੇ ਸਾਰੇ ਲੋਕਾਂ ਦੇ ਹੋਣਗੇ। ਜਦੋਂ ਉਨ੍ਹਾਂ ਨੂੰ ਜਾਜਕ ਚੁਣਿਆ ਜਾਵੇਗਾ ਤਾਂ ਉਹ ਇਹ ਕੱਪੜੇ ਪਹਿਨਣਗੇ। 30 ਹਾਰੂਨ ਦਾ ਪੁੱਤਰ ਉਸਤੋਂ ਮਗਰੋਂ ਅਗਲਾ ਪਰਧਾਨ ਜਾਜਕ ਬਣੇਗਾ। ਉਹ ਪੁੱਤਰ ਜਦੋਂ ਪਵਿੱਤਰ ਸਥਾਨ ਉੱਤੇ ਮੰਡਲੀ ਵਾਲੇ ਤੰਬੂ ਵਿੱਚ ਸੇਵਾ ਕਰਨ ਲਈ ਆਵੇਗਾ ਤਾਂ ਸੱਤ ਦਿਨ ਇਹ ਵਸਤਰ ਪਹਿਨੇਗਾ।
31 “ਉਸ ਭੇਡੂ ਦਾ ਮਾਸ ਪਵਿੱਤਰ ਸਥਾਨ ਤੇ ਰਿੰਨ੍ਹੋ ਜਿਸ ਨੂੰ ਹਰੂਨ ਦੇ ਪਰਧਾਨ ਜਾਜਕ ਬਨਾਉਣ ਲਈ ਵਰਤਿਆ ਗਿਆ ਸੀ। 32 ਫ਼ੇਰ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਉਹ ਮਾਸ ਮੰਡਲੀ ਵਾਲੇ ਤੰਬੂ ਦੇ ਸਾਹਮਣੇ ਦਰਵਾਜ਼ੇ ਤੇ ਖਾਣਾ ਚਾਹੀਦਾ ਹੈ। ਅਤੇ ਉਨ੍ਹਾਂ ਨੂੰ ਉਹ ਰੋਟੀ ਵੀ ਖਾਣੀ ਚਾਹੀਦੀ ਹੈ ਜਿਹੜੀ ਟੋਕਰੀ ਵਿੱਚ ਹੈ। 33 ਇਨ੍ਹਾਂ ਚੜ੍ਹਾਵਿਆਂ ਦੀ ਵਰਤੋਂ ਉਦੋਂ ਉਨ੍ਹਾਂ ਦਾ ਪਰਾਸਚਿਤ ਕਰਨ ਲਈ ਕੀਤੀ ਗਈ ਸੀ ਜਦੋਂ ਉਨ੍ਹਾਂ ਨੂੰ ਜਾਜਕ ਬਣਾਇਆ ਗਿਆ ਸੀ। ਹੁਣ ਉਨ੍ਹਾਂ ਨੂੰ ਉਹ ਭੇਟਾਂ ਖਾਣੀਆਂ ਚਾਹੀਦੀਆਂ ਹਨ। ਕਿਸੇ ਵੀ ਅਜਨਬੀ ਨੂੰ ਇਹ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ, ਕਿਉਂਕਿ ਉਹ ਪਵਿੱਤਰ ਹਨ। 34 ਜੇ ਉਸ ਭੇਡੂ ਦੇ ਮਾਸ ਵਿੱਚੋਂ ਜਾਂ ਰੋਟੀ ਦਾ ਕੋਈ ਟੁਕੜਾ ਸਵੇਰ ਲਈ ਬਚ ਜਾਵੇ ਤਾਂ ਉਸ ਨੂੰ ਸਾੜ ਦੇਣਾ ਚਾਹੀਦਾ ਹੈ। ਤੁਹਾਨੂੰ ਉਹ ਮਾਸ ਜਾਂ ਰੋਟੀ ਨਹੀਂ ਖਾਣੀ ਚਾਹੀਦੀ ਕਿਉਂਕਿ ਇਸ ਨੂੰ ਸਿਰਫ਼ ਖਾਸ ਢੰਗ ਨਾਲ ਖਾਸ ਸਮੇਂ ਹੀ ਖਾਣਾ ਚਾਹੀਦਾ ਸੀ।
35 “ਤੁਹਾਨੂੰ ਇਹ ਸਾਰੀਆਂ ਗੱਲਾਂ ਹਾਰੂਨ ਅਤੇ ਉਸ ਦੇ ਪੁੱਤਰਾਂ ਲਈ ਕਰਨੀਆਂ ਚਾਹੀਦੀਆਂ ਹਨ। ਤੁਹਾਨੂੰ ਚਾਹੀਦਾ ਹੈ ਕਿ ਇਨ੍ਹਾਂ ਨੂੰ ਬਿਲਕੁਲ ਉਵੇਂ ਹੀ ਕਰੋ ਜਿਵੇਂ ਮੈਂ ਤੁਹਾਨੂੰ ਆਖਿਆ ਸੀ। ਉਨ੍ਹਾਂ ਨੂੰ ਜਾਜਕ ਥਾਪਣ ਦੀ ਰਸਮ ਪੂਰੇ ਸੱਤ ਦਿਨ ਜਾਰੀ ਰੱਖਣੀ ਚਾਹੀਦੀ ਹੈ। 36 ਤੁਹਾਨੂੰ ਸੱਤਾਂ ਦਿਨਾਂ ਤੱਕ ਪਾਪ ਦੀ ਭੇਟ ਵਜੋਂ ਹਰ ਰੋਜ਼ ਇੱਕ ਵਹਿੜਕਾ ਮਾਰਨਾ ਚਾਹੀਦਾ ਹੈ। ਇਹ ਭੇਟ ਪਰਾਸਚਿਤ ਲਈ ਹੋਵੇਗੀ। ਤੁਸੀਂ ਇਨ੍ਹਾਂ ਬਲੀਆਂ ਨੂੰ ਜਗਵੇਦੀ ਨੂੰ ਪਵਿੱਤਰ ਬਨਾਉਣ ਲਈ ਵਰਤੋਂਗੇ। ਅਤੇ ਇਸ ਨੂੰ ਪਵਿੱਤਰ ਬਨਾਉਣ ਲਈ ਇਸ ਉੱਤੇ ਜੈਤੂਨ ਦਾ ਤੇਲ ਛਿੜਕੋਂਗੇ। 37 ਤੁਸੀਂ ਜਗਵੇਦੀ ਲਈ ਸੱਤਾਂ ਦਿਨਾਂ ਲਈ ਪਰਾਸਚਿਤ ਕਰੋਂਗੇ ਅਤੇ ਇਸ ਨੂੰ ਪਵਿੱਤਰ ਬਣਾਵੋਂਗੇ। ਉਸ ਸਮੇਂ, ਜਗਵੇਦੀ ਅੱਤ ਪਵਿੱਤਰ ਹੋ ਜਾਵੇਗੀ ਅਤੇ ਕੋਈ ਵੀ ਚੀਜ਼ ਜਿਹੜੀ ਜਗਵੇਦੀ ਨੂੰ ਛੂਹੇਗੀ, ਪਵਿੱਤਰ ਬਣ ਜਾਵੇਗੀ।
38 “ਹਰ ਰੋਜ਼ ਤੁਹਾਨੂੰ ਜਗਵੇਡੀ ਉੱਤੇ ਇੱਕ ਭੇਟ ਚੜ੍ਹਾਉਣੀ ਚਾਹੀਦੀ ਹੈ। ਤੁਹਾਨੂੰ ਇੱਕ ਸਾਲ ਦੇ ਦੋ ਲੇਲੇ ਮਾਰਨੇ ਚਾਹੀਦੇ ਹਨ। 39 ਇੱਕ ਲੇਲੇ ਨੂੰ ਸਵੇਰੇ ਅਤੇ ਦੂਸਰੇ ਨੂੰ ਸ਼ਾਮ ਵੇਲੇ ਬਲੀ ਚੜ੍ਹਾਉ। 40-41 ਜਦੋਂ ਤੁਸੀਂ ਪਹਿਲੇ ਲੇਲੇ ਨੂੰ ਚੜ੍ਹਾਵੋ, ਇਸਦੇ ਨਾਲ ਪੁਰਾਣੇ ਤੇਲ ਦੇ ਇੱਕ ਹਿਨ ਦੇ ਇੱਕ ਚੁਥਾਈ ਹਿੱਸੇ ਨਾਲ ਮਿਲੇ ਮੈਦੇ ਦੇ 8 ਕੱਪ ਅਤੇ ਮੈਅ ਦੇ ਇੱਕ ਹਿਨ ਦਾ ਇੱਕ ਕੁਆਟਰ ਮੈਅ ਦੀ ਭੇਟਾ ਵਜੋਂ ਚੜ੍ਹਾਵੋ। ਜਦੋਂ ਤੁਸੀਂ ਸ਼ਾਮ ਵੇਲੇ ਦੂਜੇ ਲੇਲੇ ਨੂੰ ਮਾਰੋਂ, ਪੁਰਾਣੇ ਤੇਲ ਦੇ ਇੱਕ ਹਿਨ ਦੇ ਇੱਕ ਚੁਥਾਈ ਹਿੱਸੇ ਨਾਲ ਮਿਲੇ ਮੈਦੇ ਦੇ 8 ਕੱਪ ਅਤੇ ਮੈਅ ਦੇ ਇੱਕ ਹਿਨ ਦਾ ਇੱਕ ਕੁਆਟਰ ਚੜ੍ਹਾਵੋ। ਇਹ ਉਵੇਂ ਹੀ ਹੈ ਜਿਵੇਂ ਤੁਸੀਂ ਸਵੇਰੇ ਕੀਤਾ ਸੀ। ਇਹ ਯਹੋਵਾਹ ਨੂੰ ਭੋਜਨ ਦੀ ਭੇਟ ਹੋਵੇਗੀ ਅਤੇ ਜਦੋਂ ਤੁਸੀਂ ਇਹ ਭੇਟ ਸਾੜੋਂਗੇ, ਇਹ ਯਹੋਵਾਹ ਅੱਗੇ ਪ੍ਰਸੰਨ ਕਰਨ ਵਾਲੀ ਸੁਗੰਧ ਹੋਵੇਗੀ।
42 “ਤੁਹਾਨੂੰ ਇਹ ਚੀਜ਼ਾਂ ਹਰ ਰੋਜ਼ ਯਹੋਵਾਹ ਨੂੰ ਪੂਰੀ ਹੋਮ ਦੀ ਭੇਟ ਵਜੋਂ ਚੜ੍ਹਾਉਣੀਆਂ ਚਾਹੀਦੀਆਂ ਹਨ। ਇਸ ਨੂੰ ਯਹੋਵਾਹ ਦੇ ਸਾਹਮਣੇ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਤੇ ਕਰੋ। ਹਰ ਸਮੇਂ ਅਜਿਹਾ ਕਰਦੇ ਰਹੋ। ਜਦੋਂ ਤੁਸੀਂ ਭੇਟ ਚੜ੍ਹਾਵੋਂਗੇ, ਮੈਂ, ਯਹੋਵਾਹ, ਤੁਹਾਨੂੰ ਉੱਥੇ ਮਿਲਾਂਗਾ ਅਤੇ ਤੁਹਾਡੇ ਨਾਲ ਗੱਲ ਕਰਾਂਗਾ। 43 ਮੈਂ ਤੁਹਾਨੂੰ ਉਸ ਥਾਂ ਇਸਰਾਏਲ ਦੇ ਲੋਕਾਂ ਨਾਲ ਮਿਲਾਂਗਾ। ਅਤੇ ਮੇਰਾ ਪਰਤਾਪ ਉਸ ਥਾਂ ਨੂੰ ਪਵਿੱਤਰ ਬਣਾ ਦੇਵੇਗਾ।
44 “ਇਸ ਤਰ੍ਹਾਂ ਮੈਂ ਮੰਡਲੀ ਵਾਲੇ ਤੰਬੂ ਨੂੰ ਪਵਿੱਤਰ ਬਣਾ ਦਿਆਂਗਾ। ਅਤੇ ਮੈਂ ਜਗਵੇਦੀ ਨੂੰ ਪਵਿੱਤਰ ਬਣਾ ਦਿਆਂਗਾ। ਅਤੇ ਮੈਂ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਪਵਿੱਤਰ ਬਣਾ ਦਿਆਂਗਾ। ਤਾਂ ਜੋ ਉਹ ਜਾਜਕਾਂ ਵਜੋਂ ਮੇਰੀ ਸੇਵਾ ਕਰ ਸੱਕਣ। 45 ਮੈਂ ਇਸਰਾਏਲ ਦੇ ਲੋਕਾਂ ਨਾਲ ਰਹਾਂਗਾ। ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ। 46 ਲੋਕ ਜਾਣ ਲੈਣਗੇ ਕਿ ਮੈਂ ਯਹੋਵਾਹ ਹਾਂ, ਉਨ੍ਹਾਂ ਦਾ ਪਰਮੇਸ਼ੁਰ ਉਹ ਜਾਣ ਲੈਣਗੇ ਕਿ ਮੈਂ ਹੀ ਉਹ ਹਾਂ ਜਿਹੜਾ ਉਨ੍ਹਾਂ ਨੂੰ ਮਿਸਰ ਵਿੱਚੋਂ ਬਾਹਰ ਲਿਆਇਆ ਸੀ ਤਾਂ ਜੋ ਮੈਂ ਉਨ੍ਹਾਂ ਦੇ ਨਾਲ ਰਹਿ ਸੱਕਾਂ। ਮੈਂ ਯਹੋਵਾਹ ਹਾਂ, ਉਨ੍ਹਾਂ ਦਾ ਪਰਮੇਸ਼ੁਰ।”
ਧੂਫ਼ ਧੁਖਾਉਣ ਲਈ ਜਗਵੇਦੀ
30 ਪਰਮੇਸ਼ੁਰ ਨੇ ਮੂਸਾ ਨੂੰ ਆਖਿਆ, “ਸ਼ਿੱਟੀਮ ਦੀ ਲੱਕੜ ਦੀ ਇੱਕ ਜਗਵੇਦੀ ਬਣਾਉ। ਤੁਸੀਂ ਇਸ ਜਗਵੇਦੀ ਨੂੰ ਧੂਫ਼ ਧੁਖਾਉਣ ਲਈ ਵਰਤੋਂਗੇ। 2 ਤੁਹਾਨੂੰ ਜਗਵੇਦੀ ਚੌਕੋਰ ਬਨਾਉਣੀ ਚਾਹੀਦੀ ਹੈ-ਇੱਕ ਹੱਥ ਲੰਮੀ ਤੇ ਇੱਕ ਹੱਥ ਚੌੜੀ। ਇਹ ਦੋ ਹੱਥ ਉੱਚੀ ਹੋਣੀ ਚਾਹੀਦੀ ਹੈ ਇਸਦੇ ਚੌਹਾਂ ਕੋਨਿਆਂ ਉੱਤੇ ਸਿੰਗ ਹੋਣੇ ਚਾਹੀਦੇ ਹਨ। ਇਨ੍ਹਾਂ ਸਿੰਗਾ ਨੂੰ ਜਗਵੇਦੀ ਨਾਲ ਇੱਕ ਮਿੱਕ ਕਰਕੇ ਬਨਾਉਣਾ ਚਾਹੀਦਾ ਹੈ। 3 ਜਗਵੇਦੀ ਦੇ ਉੱਪਰ ਪਾਸੇ ਅਤੇ ਇਸਦੇ ਸਾਰੇ ਪਾਸਿਆਂ ਉੱਪਰ ਸ਼ੁੱਧ ਸੋਨਾ ਚੜ੍ਹਾਉ। ਅਤੇ ਜਗਵੇਦੀ ਦੇ ਆਲੇ-ਦੁਆਲੇ ਸੋਨੇ ਦੀ ਕਿਨਾਰੀ ਬਣਾਉ। 4 ਇਸ ਸੁਨਿਹਰੀ ਕਿਨਾਰੀ ਦੇ ਹੇਠਾਂ ਸੋਨੇ ਦੇ ਦੋ ਕੜੇ ਅਤੇ ਜਗਵੇਦੀ ਦੇ ਹਰ ਪਾਸੇ ਸੋਨੇ ਦੇ ਦੋ ਕੜੇ ਹੋਣੇ ਚਾਹੀਦੇ ਹਨ। ਇਨ੍ਹਾਂ ਕੜਿਆਂ ਦੀ ਵਰਤੋਂ ਜਗਵੇਦੀ ਨੂੰ ਚੋਬਾਂ ਨਾਲ ਚੁੱਕਣ ਲਈ ਕੀਤੀ ਜਾਵੇਗੀ। 5 ਚੋਬਾਂ ਵੀ ਸ਼ਿੱਟੀਮ ਦੀ ਲੱਕੜ ਦੀਆਂ ਬਣਾਉ। ਚੋਬਾਂ ਉੱਪਰ ਸੋਨਾ ਚੜ੍ਹਾਉ। 6 ਜਗਵੇਦੀ ਨੂੰ ਖਾਸ ਪਰਦੇ ਦੇ ਸਾਹਮਣੇ ਰੱਖੋ। ਇਸ ਪਰਦੇ ਦੇ ਪਿੱਛੇ ਇਕਰਾਰਨਾਮੇ ਵਾਲਾ ਸੰਦੂਕ ਹੈ। ਜਗਵੇਦੀ ਉਸ ਪਰਦੇ ਦੇ ਸਾਹਮਣੇ ਹੋਵੇਗੀ ਜਿਹੜਾ ਇਕਰਾਰਨਾਮੇ ਦੇ ਉੱਪਰ ਹੈ। ਇਹੀ ਉਹ ਥਾਂ ਹੈ ਜਿੱਥੇ ਮੈਂ ਤੁਹਾਨੂੰ ਮਿਲਾਂਗਾ।
7 “ਹਾਰੂਨ ਨੂੰ ਚਾਹੀਦਾ ਹੈ ਕਿ ਹਰ ਸਵੇਰ ਜਗਵੇਦੀ ਉੱਤੇ ਸੁਗੰਧੀ ਧੂਫ਼ ਧੁਖਾਵੇ। ਅਜਿਹਾ ਉਹ ਉਸ ਵੇਲੇ ਕਰੇਗਾ ਜਦੋਂ ਉਹ ਦੀਵਿਆਂ ਦੀ ਦੇਖ ਭਾਲ ਕਰਨ ਲਈ ਆਵੇਗਾ। 8 ਸ਼ਾਮ ਵੇਲੇ ਇੱਕ ਵਾਰ ਫ਼ੇਰ, ਉਸ ਨੂੰ ਧੂਫ਼ ਧੁਖਾਉਣੀ ਚਾਹੀਦੀ ਹੈ। ਇਹ ਉਹ ਸਮਾਂ ਹੈ ਜਦੋਂ ਉਹ ਸ਼ਾਮ ਵੇਲੇ ਦੀਵਿਆਂ ਦੀ ਜਾਂਚ ਕਰੇਗਾ। ਇਸ ਤਰ੍ਹਾਂ, ਉਹ ਧੂਫ਼ ਯਹੋਵਾਹ ਦੇ ਸਾਹਮਣੇ ਤੁਹਾਡੀ ਸਾਰੀ ਪੀੜੀ ਤੀਕ ਧੁਖਦੀ ਰਹੇਗੀ। 9 ਇਸ ਜਗਵੇਦੀ ਨੂੰ ਕਿਸੇ ਹੋਰ ਤਰ੍ਹਾਂ ਦੀ ਧੂਫ਼ ਜਾਂ ਹੋਮ ਦੀ ਭੇਟ ਲਈ ਨਾ ਵਰਤਣਾ। ਇਸ ਜਗਵੇਦੀ ਦੀ ਵਰਤੋਂ ਕਿਸੇ ਤਰ੍ਹਾਂ ਦੇ ਅਨਾਜ ਦੀ ਭੇਟਾ ਜਾਂ ਪੀਣ ਦੀ ਭੇਟਾ ਲਈ ਨਹੀਂ ਕਰਨੀ।
10 “ਸਾਲ ਵਿੱਚ ਇੱਕ ਵਾਰੀ, ਹਾਰੂਨ ਨੂੰ ਯਹੋਵਾਹ ਅੱਗੇ ਖਾਸ ਬਲੀ ਚੜ੍ਹਾਉਣੀ ਚਾਹੀਦੀ ਹੈ। ਉਸ ਨੂੰ ਕਫ਼ਾਰੇ ਦੇ ਦਿਨ ਦੀ ਪਾਪ ਦੀ ਭੇਟ ਦਾ ਲਹੂ ਜਗਵੇਦੀ ਦੇ ਸਿੰਗਾਂ ਉੱਤੇ ਪਾਉਣਾ ਚਾਹੀਦਾ। ਇਸ ਤਰ੍ਹਾਂ ਸਾਲ ’ਚ ਇੱਕ ਵਾਰੀ ਹਾਰੂਨ ਤੁਹਾਡੀਆਂ ਉੱਤੇ ਸਾਰੀਆਂ ਪੀੜੀਆਂ ਲਈ ਜਗਵੇਦੀ ਲਈ ਪਰਾਸਚਿਤ ਕਰੇਗਾ ਕਿਉਂਕਿ ਇਹ ਜਗਵੇਦੀ ਯਹੋਵਾਹ ਲਈ ਅੱਤ ਪਵਿੱਤਰ ਹੈ।”
ਮੰਦਰ ਦਾ ਕਰ
11 ਯਹੋਆਹ ਨੇ ਮੂਸਾ ਨੂੰ ਆਖਿਆ, 12 “ਇਸਰਾਏਲ ਦੇ ਲੋਕਾਂ ਦੀ ਗਿਣਤੀ ਕਰ ਤਾਂ ਜੋ ਤੈਨੂੰ ਪਤਾ ਲੱਗੇ ਕਿ ਇੱਥੇ ਕਿੰਨੇ ਲੋਕ ਹਨ। ਹਰ ਵਰੀ ਜਦੋਂ ਇਹ ਕੀਤਾ ਜਾਵੇ, ਹਰ ਬੰਦੇ ਨੂੰ ਆਪਣੇ ਲਈ ਯਹੋਵਾਹ ਨੂੰ ਕੁਝ ਅਦਾਇਗੀ ਕਰਨੀ ਚਾਹੀਦੀ ਹੈ। ਜੇ ਹਰ ਬੰਦਾ ਅਜਿਹਾ ਕਰੇਗਾ ਤਾਂ ਲੋਕਾਂ ਉੱਤੇ ਕੋਈ ਵੀ ਭਿਆਨਕ ਤਬਾਹੀ ਨਹੀਂ ਆਵੇਗੀ। 13 ਹਰ ਉਸ ਬੰਦੇ ਨੂੰ, ਜਿਸਦੀ ਗਿਣਤੀ ਕੀਤੀ ਜਾਂਦੀ ਹੈ, ਡੇਢ ਸ਼ੈਕਲ ਅਦਾ ਕਰਨਾ ਚਾਹੀਦਾ ਹੈ। (ਅਰਥਾਤ ਡੇਢ ਸ਼ੈਕਲ ਸਰਕਾਰੀ ਮਾਪ ਅਨੁਸਾਰ। ਇੱਕ ਸ਼ੈਕਲ 20 ਗਿਰਾਫ਼ ਦਾ ਹੈ।) ਇਹ ਅੱਧਾ ਸ਼ੈਕਲ ਯਹੋਵਾਹ ਲਈ ਭੇਟ ਹੈ। 14 ਹਰ ਬੰਦਾ ਜਿਹੜਾ ਘੱਟੋ-ਘੱਟ 20 ਵਰ੍ਹਿਆਂ ਦਾ ਹੈ, ਉਸ ਨੂੰ ਗਿਣਿਆ ਜਾਵੇਗਾ। ਅਤੇ ਹਰ ਉਸ ਨੂੰ, ਜਿਸਦੀ ਗਿਣਤੀ ਕੀਤੀ ਜਾਂਦੀ ਹੈ, ਯਹੋਵਾਹ ਨੂੰ ਇਹ ਭੇਟ ਦੇਣੀ ਚਾਹੀਦੀ ਹੈ। 15 ਅਮੀਰ ਆਦਮੀਆਂ ਨੂੰ ਅੱਧੇ ਸ਼ੈਕਲ ਤੋਂ ਵੱਧ ਨਹੀਂ ਦੇਣਾ ਚਾਹੀਦਾ ਅਤੇ ਗਰੀਬ ਲੋਕਾਂ ਨੂੰ ਅੱਧੇ ਸ਼ੈਕਲ ਤੋਂ ਘੱਟ ਨਹੀਂ ਦੇਣਾ ਚਾਹੀਦਾ। ਸਾਰੇ ਲੋਕ ਯਹੋਵਾਹ ਨੂੰ ਇੱਕੋ ਜਿਹੀ ਭੇਟ ਦੇਣਗੇ। ਇਹ ਭੇਟ ਤੁਹਾਡੀਆਂ ਰੂਹਾਂ ਲਈ ਪਰਾਸਚਿਤ ਹੋਵੇਗੀ। 16 ਇਹ ਪੈਸਾ ਇਸਰਾਏਲ ਦੇ ਲੋਕਾਂ ਪਾਸੋਂ ਇਕੱਠਾ ਕਰੋ ਅਤੇ ਇਸ ਨੂੰ ਮੰਡਲੀ ਵਾਲੇ ਤੰਬੂ ਵਿੱਚ ਸੇਵਾ ਲਈ ਵਰਤੋਂ। ਇਹ ਭੇਟ ਯਹੋਵਾਹ ਦਾ ਆਪਣੇ ਲੋਕਾਂ ਨੂੰ ਯਾਦ ਰੱਖਣ ਦਾ ਇੱਕ ਢੰਗ ਅਤੇ ਤੁਹਾਡੀਆਂ ਰੂਹਾਂ ਲਈ ਪਰਾਸਚਿਤ ਹੋਵੇਗੀ।”
ਧੋਣ ਵਾਲਾ ਤਸਲਾ
17 ਯਹੋਵਾਹ ਨੇ ਮੂਸਾ ਨੂੰ ਆਖਿਆ, 18 “ਪਿੱਤਲ ਦਾ ਇੱਕ ਤਸਲਾ ਬਨਾਉਣ ਅਤੇ ਇਸ ਨੂੰ ਪਿੱਤਲ ਦੀ ਚੌਕੀ ਉੱਤੇ ਰੱਖੋ। ਤੁਸੀਂ ਇਸ ਨੂੰ ਧੋਣ ਲਈ ਇਸਤੇਮਾਲ ਕਰੋਂਗੇ। ਇਸ ਤਸਲੇ ਨੂੰ ਜਗਵੇਦੀ ਅਤੇ ਮੰਡਲੀ ਵਾਲੇ ਤੰਬੂ ਦੇ ਵਿੱਚਕਾਰ ਰੱਖੋ। ਇਸ ਤਸਲੇ ਨੂੰ ਪਾਣੀ ਨਾਲ ਭਰ ਦਿਉ। 19 ਹਾਰੂਨ ਅਤੇ ਉਸ ਦੇ ਪੁੱਤਰ ਇਸ ਤਸਲੇ ਦੇ ਪਾਣੀ ਨਾਲ ਆਪਣੇ ਹੱਥ ਪੈਰ ਧੋਣਗੇ। 20 ਹਰ ਵਾਰੀ ਜਦੋਂ ਉਹ ਮੰਡਲੀ ਵਾਲੇ ਤੰਬੂ ਵਿੱਚ ਦਾਖਲ ਹੋਣ ਜਾਂ ਜਗਵੇਦੀ ਦੇ ਨਜ਼ਦੀਕ ਆਉਣ ਉਨ੍ਹਾਂ ਨੂੰ ਪਾਣੀ ਨਾਲ ਹੱਥ ਪੈਰ ਧੋਣੇ ਚਾਹੀਦੇ ਹਨ। ਇਸ ਤਰ੍ਹਾਂ ਉਹ ਮਰਨਗੇ ਨਹੀਂ। 21 ਅਤੇ ਉਹ ਆਪਣੇ ਹੱਥ ਅਤੇ ਆਪਣੇ ਪੈਰ ਜ਼ਰੂਰ ਧੋਣ ਤਾਂ ਜੋ ਉਹ ਮਰਨ ਨਾ। ਇਹ ਇੱਕ ਅਜਿਹਾ ਨੇਮ ਹੋਵੇਗਾ ਜਿਹੜਾ ਹਾਰੂਨ ਅਤੇ ਉਸ ਦੇ ਲੋਕਾਂ ਲਈ ਹਮੇਸ਼ਾ ਜਾਰੀ ਰਹੇਗ਼ਾ। ਇਹ ਬਿਧੀ ਹਾਰੂਨ ਦੇ ਉਨ੍ਹਾਂ ਸਮੂਹ ਲੋਕਾਂ ਲਈ ਜਾਰੀ ਰਹੇਗੀ ਜਿਹੜੇ ਭਵਿੱਖ ਵਿੱਚ ਜਿਉਣਗੇ।”
ਮਸਹ ਵਾਲਾ ਤੇਲ
22 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, 23 “ਵੱਧੀਆ ਤੋਂ ਵੱਧੀਆ ਮਸਾਲੇ ਤਲਾਸ਼ ਕਰੋ, 12 ਪੌਂਡ ਪਤਲਾ ਮੁਰ ਲਵੀਂ, ਉਸਤੋਂ (ਅਰਥਾਤ 6 ਪੌਂਡ) ਅੱਧੀ ਸੁਗੰਧਤ ਦਾਰਚੀਨੀ, ਅਤੇ 6 ਪੌਂਡ ਸੁਗੰਧ ਵਾਲਾ ਕੁਸ਼ਾ, 24 ਅਤੇ 12 ਪੌਂਡ ਕੇਸ਼ੀਆ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਸਰਕਾਰੀ ਨਾਪ ਤੋਂਲ ਦੇ ਅਨੁਸਾਰ ਲਵੀਂ। ਇੱਕ ਗੈਲਣ ਜੈਤੂਨ ਦਾ ਤੇਲ ਵੀ ਲਵੀਂ।
25 “ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਅਤਰ ਬਨਾਉਣ ਵਾਲੇ ਮਾਹਰ ਦੀ ਕੁਸ਼ਲਤਾ ਅਨੁਸਾਰ ਖਾਸ ਕਿਸਮ ਦਾ ਸੁਗੰਧਤ ਮਸਹ ਵਾਲਾ ਤੇਲ ਬਣਾ ਲਵੀਂ। 26 ਇਸ ਤੇਲ ਨੂੰ ਮੰਡਲੀ ਵਾਲੇ ਤੰਬੂ ਅਤੇ ਇਕਰਾਰਨਾਮੇ ਵਾਲੇ ਸੰਦੂਕ ਉੱਪਰ ਮਸਹ ਕਰ ਦੇਵੀਂ। ਇਸਤੋਂ ਪਤਾ ਚੱਲੇਗਾ ਕਿ ਇਨ੍ਹਾਂ ਚੀਜ਼ਾਂ ਦਾ ਖਾਸ ਮਨੋਰਥ ਹੈ। 27 ਮੇਜ ਉੱਤੇ ਅਤੇ ਮੇਜ ਉੱਤੇ ਪਈਆਂ ਸਾਰੀਆਂ ਪਲੇਟਾਂ ਉੱਤੇ ਵੀ ਅਤੇ ਦੀਵੇ ਉੱਤੇ ਅਤੇ ਇਸਦੇ ਉੱਪਰ ਸਾਰੇ ਰੱਖੇ ਸਮਾਨ ਉੱਤੇ ਅਤੇ ਧੂਫ਼ ਦੀ ਜਗਵੇਦੀ ਉੱਤੇ ਵੀ ਤੇਲ ਮਸਹ ਕਰਨਾ। 28 ਇਹ ਤੇਲ ਪਰਮੇਸ਼ੁਰ ਲਈ ਹੋਮ ਦੀਆਂ ਭੇਟਾਂ ਵਾਲੀ ਜਗਵੇਦੀ ਉੱਪਰ ਅਤੇ ਉਸ ਜਗਵੇਦੀ ਦੀ ਹਰ ਸ਼ੈਅ ਉੱਪਰ ਅਤੇ ਤਸਲੇ ਅਤੇ ਤਸਲੇ ਹੇਠਲੀ ਚੌਂਕੀ ਉੱਪਰ ਵੀ ਮਸਹ ਕਰਨਾ। 29 ਤੁਸੀਂ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਪਵਿੱਤਰ ਬਣਾ ਦਿਉਂਗੇ। ਇਹ ਯਹੋਵਾਹ ਲਈ ਬਹੁਤ ਖਾਸ ਹੋਣਗੀਆਂ। ਕੋਈ ਵੀ ਚੀਜ਼ ਜੋ ਇਨ੍ਹਾਂ ਚੀਜ਼ਾਂ ਨੂੰ ਛੂਹੇਗੀ ਪਵਿੱਤਰ ਹੋ ਜਾਵੇਗੀ।
30 “ਹਾਰੂਨ ਅਤੇ ਉਸ ਦੇ ਪੁੱਤਰਾਂ ਉੱਪਰ ਇਹ ਤੇਲ ਮਸਹ ਕਰੀਂ। ਇਹ ਦਰਸਾਵੇਗਾ ਕਿ ਉਹ ਖਾਸ ਤਰ੍ਹਾਂ ਨਾਲ ਮੇਰੀ ਸੇਵਾ ਕਰਦੇ ਹਨ ਅਤੇ ਉਹ ਜਾਜਕਾਂ ਵਜੋਂ ਮੇਰੀ ਸੇਵਾ ਕਰ ਸੱਕਦੇ ਹਨ। 31 ਇਸਰਾਏਲ ਦੇ ਲੋਕਾਂ ਨੂੰ ਆਖਣਾ ਕਿ ਮਸਹ ਵਾਲਾ ਤੇਲ ਪਵਿਤਰ ਹੈ-ਇਸ ਨੂੰ ਹਮੇਸ਼ਾ ਸਿਰਫ਼ ਮੇਰੇ ਲਈ ਹੀ ਇਸਤੇਮਾਲ ਕੀਤਾ ਜਾਵੇ। 32 ਕਿਸੇ ਨੂੰ ਵੀ ਇਸ ਤੇਲ ਨੂੰ ਆਮ ਸੁਗੰਧ ਦੇ ਤੌਰ ਤੇ ਨਹੀਂ ਵਰਤਣਾ ਚਾਹੀਦਾ। ਇਸ ਖਾਸ ਤੇਲ ਵਾਂਗ ਕਿਸੇ ਵੀ ਸੁਗੰਧੀ ਨੂੰ ਨਹੀਂ ਬਨਾਉਣ। ਇਹ ਤੇਲ ਪਵਿੱਤਰ ਹੈ, ਅਤੇ ਇਹ ਤੁਹਾਡੇ ਲਈ ਬਹੁਤ ਖਾਸ ਹੋਣਾ ਚਾਹੀਦਾ ਹੈ। 33 ਜੇ ਕੋਈ ਇਸ ਪਵਿੱਤਰ ਤੇਲ ਵਾਂਗ ਕੋਈ ਸੁਗੰਧੀ ਬਣਾਉਂਦਾ ਹੈ, ਅਤੇ ਜੇ ਉਹ ਇਸ ਨੂੰ ਕਿਸੇ ਵਿਦੇਸ਼ੀ ਨੂੰ ਦਿੰਦਾ ਹੈ, ਤਾਂ ਉਸ ਬੰਦੇ ਨੂੰ ਆਪਣੇ ਲੋਕਾਂ ਤੋਂ ਛੇਕ ਦਿੱਤਾ ਜਾਵੇ।”
ਧੂਫ਼
34 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ, “ਇਹ ਸੁਗੰਧਤ ਮਸਾਲੇ (ਸਮਗਰੀ) ਲਿਆਵੋ, ਮੁਰ ਵਾਲਾ ਮਸਾਲਾ ਅਤੇ ਲੌਨ ਅਤੇ ਖਾਲਸ ਲੋਬਾਨ। ਧਿਆਨ ਰੱਖਣਾ ਕਿ ਤੁਹਾਡੇ ਕੋਲ ਇਹ ਮਸਾਲੇ ਇੱਕੋ ਜਿੰਨੀ ਮਿਕਦਾਰ ਦੇ ਹੋਣ। 35 ਸੁਗੰਧਤ ਧੂਫ਼ ਬਨਾਉਣ ਲਈ ਇਨ੍ਹਾਂ ਨੂੰ ਮਿਲਾਉ। ਇਹ ਕੰਮ ਉਸੇ ਤਰ੍ਹਾਂ ਕਰੋ ਜਿਵੇਂ ਸੁਗੰਧੀ ਬਨਾਉਣ ਵਾਲਾ ਕਰਦਾ ਹੈ। ਇਸ ਧੂਫ਼ ਵਿੱਚ ਲੂਣ ਵੀ ਰਲਾਉ। ਇਹ ਇਸ ਨੂੰ ਸ਼ੁੱਧ ਅਤੇ ਖਾਸ ਬਣਾ ਦੇਵੇਗਾ। 36 ਇਸ ਵਿੱਚੋਂ ਕੁਝ ਧੂਫ਼ ਨੂੰ ਪੀਸੋ, ਜਦੋਂ ਤੱਕ ਕਿ ਇੱਕ ਬਰੀਕ ਪਾਉਡਰ ਨਾ ਬਣ ਜਾਵੇ। ਇਸ ਪਾਉਡਰ ਨੂੰ ਮੰਡਲੀ ਵਾਲੇ ਤੰਬੂ ਵਿੱਚ ਇਕਰਾਰਨਾਮੇ ਦੇ ਸਾਹਮਣੇ ਰੱਖ ਦਿਉ, ਜਿੱਥੇ ਮੈਂ ਤੁਹਾਨੂੰ ਮਿਲਦਾ ਹਾਂ। ਤੁਹਾਨੂੰ ਇਹ ਧੂਫ਼ ਪਾਉਡਰ ਸਿਰਫ਼ ਇਸਦੇ ਖਾਸ ਮਨੋਰਥ ਲਈ ਹੀ ਵਰਤਣਾ ਚਾਹੀਦਾ ਹੈ। ਇਹ ਅੱਤ ਪਵਿੱਤਰ ਹੋਵੇਗਾ। 37 ਤੁਹਾਨੂੰ ਇਹ ਧੂਫ਼ ਯਹੋਵਾਹ ਲਈ ਇਸ ਖਾਸ ਢੰਗ ਨਾਲ ਹੀ ਵਰਤਣੀ ਚਾਹੀਦੀ ਹੈ। ਤੁਸੀਂ ਇਸ ਧੂਫ਼ ਨੂੰ ਖਾਸ ਢੰਗ ਨਾਲ ਬਣਾਓਂਗੇ। ਕਿਸੇ ਹੋਰ ਧੂਫ਼ ਨੂੰ ਇਸ ਢੰਗ ਨਾਲ ਨਹੀਂ ਬਨਾਉਣਾ। 38 ਹੋ ਸੱਕਦਾ ਹੈ ਕਿ ਕੋਈ ਬੰਦਾ ਇਸ ਧੂਫ਼ ਨੂੰ ਆਪਣੇ ਲਈ ਬਨਾਉਣਾ ਚਾਹੇ ਤਾਂ ਜੋ ਉਹ ਇਸਦੀ ਸੁਗੰਧ ਮਾਣ ਸੱਕੇ। ਪਰ ਜੇ ਉਹ ਅਜਿਹਾ ਕਰਦਾ ਹੈ ਤਾਂ ਉਸ ਨੂੰ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ।”
ਬਸਲਏਲ ਤੇ ਆਹਾਲੀਆਬ
31 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ, 2 “ਮੈਂ ਯਹੂਦਾਹ ਦੇ ਪਰਿਵਾਰ-ਸਮੂਹ ਵਿੱਚੋਂ ਇੱਕ ਆਦਮੀ ਨੂੰ ਆਪਣੇ ਲਈ ਕੁਝ ਖਾਸ ਕੰਮ ਕਰਨ ਲਈ ਚੁਣਿਆ ਹੈ। ਉਸਦਾ ਨਾਮ ਬਸਲਏਲ ਹੈ ਜੋ ਊਰੀ ਦਾ ਪੁੱਤਰ ਹੈ ਅਤੇ ਊਰੀ ਹੂਰ ਦਾ ਪੁੱਤਰ ਸੀ। 3 ਮੈਂ ਬਸਲਏਲ ਵਿੱਚ ਪਰਮੇਸ਼ੁਰ ਦਾ ਆਤਮਾ ਭਰ ਦਿੱਤਾ ਹੈ-ਮੈਂ ਉਸ ਨੂੰ ਹਰ ਤਰ੍ਹਾਂ ਦੀਆਂ ਗੱਲਾਂ ਕਰਨ ਦਾ ਗਿਆਨ ਅਤੇ ਯੋਗਤਾ ਦਿੱਤੀ ਹੈ। 4 ਬਸਲਏਲ ਬਹੁਤ ਚੰਗਾ ਕਾਰੀਗਰ ਹੈ। ਅਤੇ ਉਹ ਸੋਨੇ, ਚਾਂਦੀ ਅਤੇ ਪਿੱਤਲ ਦੀਆਂ ਚੀਜ਼ਾਂ ਬਣਾ ਸੱਕਦਾ ਹੈ। 5 ਬਸਲਏਲ ਖੂਬਸੂਰਤ ਪੱਥਰਾਂ ਦਾ ਅਤੇ ਲੱਕੜ ਦਾ ਕੰਮ ਕਰ ਸੱਕਦਾ ਹੈ। ਉਹ ਹਰ ਤਰ੍ਹਾਂ ਦਾ ਕੰਮ ਕਰ ਸੱਕਦਾ ਹੈ। 6 ਮੈਂ ਆਹਾਲੀਆਬ ਨੂੰ ਵੀ ਉਸ ਦੇ ਨਾਲ ਕੰਮ ਕਰਨ ਵਾਸਤੇ ਚੁਣਿਆ ਹੈ। ਆਹਾਲੀਆਬ ਦਾਨ ਦੇ ਪਰਿਵਾਰ-ਸਮੂਹ ਵਿੱਚੋਂ ਅਹੀਸਾਮਾਕ ਦਾ ਪੁੱਤਰ ਹੈ। ਅਤੇ ਮੈਂ ਹੋਰ ਸਾਰੇ ਕਾਰੀਗਰਾਂ ਨੂੰ ਵੀ ਹੁਨਰ ਦਿੱਤੇ ਹਨ। ਇਸ ਲਈ ਉਹ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਬਣਾ ਸੱਕਦੇ ਹਨ ਜਿਨ੍ਹਾਂ ਦਾ ਮੈਂ ਤੈਨੂੰ ਹੁਕਮ ਦਿੱਤਾ ਹੈ:
7 ਮੰਡਲੀ ਵਾਲਾ ਤੰਬੂ,
ਇਕਰਾਰਨਾਮੇ ਵਾਲਾ ਸੰਦੂਕ,
ਸੰਦੂਕ ਦਾ ਕੱਜਣ,
8 ਮੇਜ ਅਤੇ ਉਸ ਉਤਲੀ ਹਰ ਚੀਜ਼,
ਸ਼ੁੱਧ ਸ਼ਮਾਦਾਨ ਅਤੇ ਇਸਦੇ ਸੰਦ,
ਧੂਫ਼ ਧੁਖਾਉਣ ਲਈ ਜਗਵੇਦੀ,
9 ਹੋਮ ਦੀਆਂ ਭੇਟਾ ਵਾਲੀ ਜਗਵੇਦੀ ਅਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਜਗਵੇਦੀ ਉੱਤੇ ਇਸਤੇਮਾਲ ਹੁੰਦੀਆਂ ਹਨ।
ਤਸਲਾ ਅਤੇ ਇਸਦੇ ਹੇਠਲੀ ਚੌਂਕੀ।
10 ਹਾਰੂਨ ਜਾਜਕ ਲਈ ਖਾਸ ਵਸਤਰ,
ਹਾਰੂਨ ਦੇ ਪੁੱਤਰਾਂ ਲਈ ਖਾਸ ਵਸਤਰ ਜਦੋਂ ਉਹ ਜਾਜਕ ਵਜੋਂ ਸੇਵਾ ਕਰਨਗੇ,
11 ਸੁਗੰਧਤ ਮਸਹ ਵਾਲਾ ਤੇਲ,
ਪਵਿੱਤਰ ਸਥਾਨ ਲਈ ਸੁਗੰਧਤ ਧੂਫ਼।
ਕਾਰੀਗਰਾਂ ਨੂੰ ਇਹ ਸਾਰੀਆਂ ਚੀਜ਼ਾਂ ਉਵੇਂ ਹੀ ਬਨਾਉਣੀਆਂ ਚਾਹੀਦੀਆਂ ਹਨ ਜਿਵੇਂ ਮੈਂ ਤੁਹਾਨੂੰ ਹੁਕਮ ਦਿੱਤਾ ਹੈ।”
ਸਬਤ
12 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ, 13 “ਇਸਰਾਏਲ ਦੇ ਲੋਕਾਂ ਨੂੰ ਇਹ ਆਖੀਂ; ‘ਤੁਹਾਨੂੰ ਮੇਰੇ ਆਰਾਮ ਦੇ ਖਾਸ ਦਿਨਾਂ ਦੀਆਂ ਬਿਧੀਆਂ ਦੀ ਜ਼ਰੂਰ ਪਾਲਣਾ ਕਰਨੀ ਚਾਹੀਦੀ ਹੈ। ਤੁਹਾਨੂੰ ਇਹ ਗੱਲ ਇਸ ਲਈ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਇਹ ਤੁਹਾਡੇ ਅਤੇ ਮੇਰੇ ਵਿੱਚਕਾਰ ਸਾਰੀਆਂ ਪੀੜੀਆਂ ਲਈ ਇੱਕ ਸੰਕੇਤ ਹੋਣਗੇ। ਇਹ ਤੁਹਾਨੂੰ ਦਰਸਾਉਣਗੇ ਕਿ ਮੈਂ, ਯਹੋਵਾਹ ਨੇ, ਤੁਹਾਨੂੰ ਆਪਣੇ ਖਾਸ ਬੰਦੇ ਬਣਾਇਆ ਹੈ।
14 “‘ਸਬਤ ਨੂੰ ਇੱਕ ਖਾਸ ਦਿਹਾੜਾ ਬਣਾਉ। ਜੇ ਕੋਈ ਬੰਦਾ ਸਬਤ ਨੂੰ ਕਿਸੇ ਵੀ ਹੋਰ ਦਿਨ ਵਾਂਗ ਲੈਂਦਾ ਹੈ, ਤਾਂ ਉਸ ਬੰਦੇ ਨੂੰ ਮਾਰ ਦੇਣਾ ਚਾਹੀਦਾ ਹੈ। ਜਿਹੜਾ ਵੀ ਬੰਦਾ ਸਬਤ ਦੇ ਦਿਨ ਕੰਮ ਕਰਦਾ ਹੈ ਉਸ ਨੂੰ ਆਪਣੇ ਲੋਕਾਂ ਵਿੱਚੋਂ ਛੇਕ ਦੇਣਾ ਚਾਹੀਦਾ ਹੈ। 15 ਹਫ਼ਤੇ ਵਿੱਚ ਕੰਮ ਕਰਨ ਲਈ ਛੇ ਦਿਨ ਹੋਰ ਹਨ। ਪਰ ਸੱਤਵਾਂ ਦਿਨ ਅਰਾਮ ਦਾ ਖਾਸ ਦਿਨ ਹੈ। ਉਹ ਖਾਸ ਦਿਨ ਯਹੋਵਾਹ ਦਾ ਆਦਰ ਕਰਨ ਲਈ ਹੈ। ਜਿਹੜਾ ਵੀ ਬੰਦਾ ਸਬਤ ਦੇ ਦਿਨ ਕੰਮ ਕਰਦਾ ਹੈ ਉਸ ਨੂੰ ਮਾਰ ਦੇਣਾ ਚਾਹੀਦਾ ਹੈ। 16 ਇਸਰਾਏਲ ਦੇ ਲੋਕਾਂ ਨੂੰ ਸਬੂਤ ਨੂੰ ਅਵੱਸ਼ ਚੇਤੇ ਰੱਖਣਾ ਚਾਹੀਦਾ ਹੈ ਅਤੇ ਇਸ ਨੂੰ ਖਾਸ ਦਿਹਾੜਾ ਬਨਾਉਣਾ ਚਾਹੀਦਾ ਹੈ। ਉਨ੍ਹਾਂ ਨੂੰ ਅਜਿਹਾ ਹਮੇਸ਼ਾ ਲਈ ਕਰਦੇ ਰਹਿਣਾ ਚਾਹੀਦਾ ਹੈ। ਇਹ ਉਨ੍ਹਾਂ ਦੇ ਅਤੇ ਮੇਰੇ ਵਿੱਚਕਾਰ ਇਕਰਾਰਨਮਾ ਹੈ ਜਿਹੜਾ ਹਮੇਸ਼ਾ ਜਾਰੀ ਰਹੇਗਾ। 17 ਸਬਤ ਮੇਰੇ ਅਤੇ ਇਸਰਾਏਲ ਦੇ ਲੋਕਾਂ ਵਿੱਚਕਾਰ ਸਦਾ ਲਈ ਇੱਕ ਸੰਕੇਤ ਰਹੇਗਾ। ਯਹੋਵਾਹ ਨੇ ਛੇ ਦਿਨ ਤੱਕ ਕੰਮ ਕੀਤਾ ਅਤੇ ਅਕਾਸ਼ ਤੇ ਧਰਤੀ ਨੂੰ ਸਾਜਿਆ। ਅਤੇ ਸੱਤਵੇਂ ਦਿਨ ਉਸ ਨੇ ਛੁੱਟੀ ਕੀਤੀ ਅਤੇ ਅਰਾਮ ਕੀਤਾ।’”
18 ਇਸ ਤਰ੍ਹਾਂ ਯਹੋਵਾਹ ਨੇ ਸੀਨਈ ਪਰਬਤ ਉੱਤੇ ਮੂਸਾ ਨਾਲ ਗੱਲ ਖਤਮ ਕੀਤੀ। ਫ਼ੇਰ ਯਹੋਵਹ ਨੇ ਉਸ ਨੂੰ ਪੱਥਰ ਦੀਆਂ ਦੋ ਤਖਤੀਆਂ ਦਿੱਤੀਆਂ ਜਿਨ੍ਹਾਂ ਉੱਤੇ ਇਕਰਾਰਨਾਮਾ ਸੀ। ਪਰਮੇਸ਼ੁਰ ਨੇ ਪੱਥਰ ਉੱਤੇ ਲਿਖਣ ਲਈ ਆਪਣੀ ਉਂਗਲੀ ਦੀ ਵਰਤੋਂ ਕੀਤੀ।
ਸੋਨੇ ਦਾ ਵੱਛਾ
32 ਲੋਕਾਂ ਨੇ ਦੇਖਿਆ ਕਿ ਬਹੁਤ ਸਮਾਂ ਬੀਤ ਗਿਆ ਸੀ ਅਤੇ ਮੂਸਾ ਪਰਬਤ ਤੋਂ ਹੇਠਾਂ ਨਹੀਂ ਆਇਆ ਸੀ। ਇਸ ਲਈ ਲੋਕ ਹਾਰੂਨ ਦੇ ਦੁਆਲੇ ਇਕੱਠੇ ਹੋ ਗਏ। ਉਨ੍ਹਾਂ ਨੇ ਉਸ ਨੂੰ ਆਖਿਆ, “ਦੇਖ, ਮੂਸਾ ਨੇ ਸਾਨੂੰ ਮਿਸਰ ਦੀ ਧਰਤੀ ਤੋਂ ਬਾਹਰ ਲਿਆਂਦਾ। ਪਰ ਅਸੀਂ ਇਹ ਨਹੀਂ ਜਾਣਦੇ ਕਿ ਉਸ ਨਾਲ ਕੀ ਵਾਪਰਿਆ ਹੈ। ਇਸ ਲਈ ਸਾਡੇ ਲਈ ਕੁਝ ਦੇਵਤੇ ਬਣਾ ਜਿਹੜੇ ਸਾਡੇ ਅੱਗੇ ਤੁਰਨ ਅਤੇ ਸਾਡੀ ਅਗਵਾਈ ਕਰਨ।”
2 ਹਾਰੂਨ ਨੇ ਲੋਕਾਂ ਨੂੰ ਆਖਿਆ, “ਮੈਨੂੰ ਸੋਨੇ ਦੀਆਂ ਉਹ ਵਾਲੀਆਂ ਲਿਆਕੇ ਦੇਵੋ ਜਿਹੜੀਆਂ ਤੁਹਾਡੀਆਂ ਪਤਨੀਆਂ, ਪੁੱਤਰਾਂ ਅਤੇ ਧੀਆਂ ਦੀਆਂ ਹੋਣ।”
3 ਇਸ ਲਈ ਸਾਰੇ ਲੋਕਾਂ ਨੇ ਆਪਣੀਆਂ ਸੋਨੇ ਦੀਆਂ ਵਾਲੀਆਂ ਇਕੱਠੀਆਂ ਕੀਤੀਆਂ ਅਤੇ ਉਨ੍ਹਾਂ ਨੂੰ ਹਾਰੂਨ ਕੋਲ ਲੈ ਆਏ। 4 ਹਾਰੂਨ ਨੇ ਲੋਕਾਂ ਪਾਸੋਂ ਸੋਨਾ ਲੈ ਲਿਆ। ਫ਼ੇਰ ਉਸ ਨੇ ਇਸ ਨੂੰ ਵਰਤਕੇ ਇੱਕ ਵੱਛੇ ਦੀ ਮੂਰਤੀ ਬਣਾਈ। ਹਾਰੂਨ ਨੇ ਛੈਣੀ ਲੈ ਕੇ ਇਸ ਮੂਰਤੀ ਨੂੰ ਘੜਿਆ, ਅਤੇ ਫ਼ੇਰ ਉਸ ਨੇ ਇਸ ਉੱਤੇ ਸੋਨਾ ਚੜ੍ਹਾਇਆ।
ਤਾਂ ਲੋਕਾਂ ਨੇ ਆਖਿਆ, “ਇਸਰਾਏਲ ਦੇ ਲੋਕੋ, ਇਹ ਹਨ ਤੁਹਾਡੇ ਦੇਵਤੇ। ਇਹੀ ਉਹ ਦੇਵਤੇ ਹਨ ਜਿਹੜੇ ਤੁਹਾਨੂੰ ਮਿਸਰ ਦੀ ਧਰਤੀ ਤੋਂ ਬਾਹਰ ਲੈ ਕੇ ਆਏ।”
5 ਹਾਰੂਨ ਨੇ ਇਹ ਸਾਰੀਆਂ ਚੀਜ਼ਾਂ ਦੇਖੀਆਂ। ਇਸ ਲਈ ਉਸ ਨੇ ਵੱਛੇ ਦੇ ਸਾਹਮਣੇ ਜਗਵੇਦੀ ਬਣਾਈ। ਫ਼ੇਰ ਹਾਰੂਨ ਨੇ ਇਹ ਐਲਾਨ ਕੀਤਾ। ਉਸ ਨੇ ਆਖਿਆ, “ਕੱਲ੍ਹ ਨੂੰ ਯਹੋਵਾਹ ਦੇ ਆਦਰ ਵਿੱਚ ਖਾਸ ਦਾਅਵਤ ਹੋਵੇਗੀ।”
6 ਅਗਲੀ ਸਵੇਰ ਲੋਕ ਬਹੁਤ ਸੁਵਖਤੇ ਉੱਠ ਬੈਠੇ। ਉਨ੍ਹਾਂ ਨੇ ਜਾਨਵਰ ਜ਼ਿਬਾਹ ਕੀਤੇ ਅਤੇ ਉਨ੍ਹਾਂ ਨੂੰ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਵਜੋਂ ਭੇਟ ਕੀਤਾ। ਲੋਕ ਖਾਣ ਪੀਣ ਲਈ ਬੈਠ ਗਏ। ਫ਼ੇਰ ਉਹ ਉੱਠ ਖਲੋਏ ਅਤੇ ਜੰਗਲੀ ਦਾਅਵਤ ਕੀਤੀ।
7 ਉਸੇ ਵੇਲੇ, ਯਹੋਵਾਹ ਨੇ ਮੂਸਾ ਨੂੰ ਆਖਿਆ, “ਇਸ ਪਰਬਤ ਤੋਂ ਹੇਠਾਂ ਜਾ। ਤੇਰੇ ਲੋਕਾਂ ਨੇ, ਜਿਨ੍ਹਾਂ ਨੂੰ ਤੂੰ ਮਿਸਰ ਦੀ ਧਰਤੀ ਤੋਂ ਲੈ ਕੇ ਆਇਆ ਸੀ, ਇੱਕ ਭਿਆਨਕ ਪਾਪ ਕੀਤਾ ਹੈ। 8 ਉਹ ਬਹੁਤ ਛੇਤੀ ਉਹ ਗੱਲਾਂ ਕਰਨ ਤੋਂ ਪਿੱਛੇ ਹਟ ਗਏ ਹਨ ਜਿਨ੍ਹਾਂ ਦਾ ਮੈਂ ਉਨ੍ਹਾਂ ਨੂੰ ਹੁਕਮ ਦਿੱਤਾ ਸੀ। ਉਨ੍ਹਾਂ ਨੇ ਆਪਣੇ ਲਈ ਪਿਘਲੇ ਹੋਏ ਸੋਨੇ ਦਾ ਵੱਛਾ ਬਣਾਇਆ। ਉਸ ਵਛੇ ਦੀ ਉਪਾਸਨਾ ਕਰ ਰਹੇ ਹਨ ਅਤੇ ਉਸ ਨੂੰ ਬਲੀਆਂ ਚੜ੍ਹਾ ਰਹੇ ਹਨ। ਲੋਕਾਂ ਨੇ ਆਖਿਆ ਹੈ, ‘ਇਸਰਾਏਲ, ਇਹੀ ਉਹ ਦੇਵਤੇ ਹਨ ਜਿਹੜੇ ਤੁਹਾਨੂੰ ਮਿਸਰ ਤੋਂ ਬਾਹਰ ਲਿਆਏ।’”
9 ਯਹੋਵਾਹ ਨੇ ਮੂਸਾ ਨੂੰ ਆਖਿਆ, “ਮੈਂ ਇਨ੍ਹਾਂ ਲੋਕਾਂ ਨੂੰ ਦੇਖਿਆ ਹੈ। ਮੈਂ ਜਾਣਦਾ ਹਾਂ ਕਿ ਇਹ ਬਹੁਤ ਜ਼ਿੱਦੀ ਲੋਕ ਹਨ। ਇਹ ਹਮੇਸ਼ਾ ਮੇਰੇ ਖਿਲਾਫ਼ ਹੁੰਦੇ ਰਹਿਣਗੇ। 10 ਇਸ ਲਈ ਹੁਣ ਮੈਨੂੰ ਇਨ੍ਹਾਂ ਨੂੰ ਕਰੋਧ ਵਿੱਚ ਤਬਾਹ ਕਰ ਲੈਣ ਦੇ। ਫ਼ੇਰ ਮੈਂ ਤੇਰੇ ਵਿੱਚੋਂ ਇੱਕ ਮਹਾਨ ਕੌਮ ਬਣਾਵਾਂਗਾ।”
11 ਪਰ ਮੂਸਾ ਨੇ ਯਹੋਵਾਹ, ਆਪਣੇ ਪਰਮੇਸ਼ੁਰ ਨੂੰ ਬੇਨਤੀ ਕੀਤੀ, “ਯਹੋਵਾਹ ਆਪਣੇ ਗੁੱਸੇ ਨਾਲ ਆਪਣੇ ਲੋਕਾਂ ਨੂੰ ਤਬਾਹ ਨਾ ਕਰੋ। ਤੁਸੀਂ ਇਨ੍ਹਾਂ ਲੋਕਾਂ ਨੂੰ ਮਿਸਰ ਵਿੱਚੋਂ ਆਪਣੀ ਮਹਾਨ ਸ਼ਕਤੀ ਅਤੇ ਤਾਕਤ ਨਾਲ ਬਾਹਰ ਲਿਆਏ। 12 ਪਰ ਜੇ ਤੁਸੀਂ ਆਪਣੇ ਲੋਕਾਂ ਨੂੰ ਤਬਾਹ ਕਰ ਦਿੰਦੇ ਹੋ। ਤਾਂ ਮਿਸਰੀ ਲੋਕ ਆਖ ਸੱਕਦੇ ਹਨ, ‘ਯਹੋਵਾਹ ਨੇ ਆਪਣੇ ਲੋਕਾਂ ਨਾਮ ਮੰਦੀਆਂ ਗੱਲਾਂ ਕਰਨ ਦੀ ਵਿਉਂਤ ਬਣਾਈ। ਇਸੇ ਲਈ ਉਹ ਆਪਣੇ ਲੋਕਾਂ ਨੂੰ ਮਿਸਰ ਵਿੱਚੋਂ ਬਾਹਰ ਲੈ ਗਿਆ। ਉਹ ਉਨ੍ਹਾਂ ਨੂੰ ਪਹਾੜਾਂ ਵਿੱਚ ਲਿਜਾਕੇ ਮਾਰਨਾ ਚਾਹੁੰਦਾ ਸੀ। ਉਹ ਉਨ੍ਹਾਂ ਨੂੰ ਧਰਤੀ ਤੋਂ ਹੂੰਝ ਦੇਣ ਚਾਹੁੰਦਾ ਸੀ।’ ਇਸ ਲਈ ਆਪਣੇ ਲੋਕਾਂ ਉੱਪਰ ਕਰੋਧਵਾਨ ਨਾ ਹੋਵੋ। ਕਿਰਪਾ ਕਰਕੇ ਆਪਣਾ ਵਿੱਚਾਰ ਬਦਲ ਦਿਉ। ਆਪਣੇ ਲੋਕਾਂ ਨੂੰ ਤਬਾਹ ਨਾ ਕਰੋ। 13 ਅਬਰਾਹਾਮ, ਇਸਹਾਕ ਅਤੇ ਇਸਰਾਏਲ ਨੂੰ ਚੇਤੇ ਕਰੋ। ਉਨ੍ਹਾਂ ਲੋਕਾਂ ਨੇ ਤੁਹਾਡੀ ਸੇਵਾ ਕੀਤੀ ਸੀ। ਅਤੇ ਤੁਸੀਂ ਆਪਣਾ ਨਾਮ ਲੈ ਕੇ ਉਨ੍ਹਾਂ ਨਾਲ ਇਕਰਾਰ ਕੀਤਾ ਸੀ। ਤੁਸੀਂ ਆਖਿਆ ਸੀ; ‘ਮੈਂ ਤੁਹਾਡੇ ਲੋਕਾਂ ਨੂੰ ਇੰਨਾ ਵੱਧਾ ਦਿਆਂਗਾ ਜਿੰਨੇ ਅਕਾਸ਼ ਵਿੱਚ ਤਾਰੇ ਹਨ। ਮੈਂ ਤੁਹਾਡੇ ਲੋਕਾਂ ਨੂੰ ਇਹ ਸਾਰੀ ਧਰਤੀ ਦੇ ਦਿਆਂਗਾ, ਜਿਵੇਂ ਕਿ ਮੈਂ ਇਕਰਾਰ ਕੀਤਾ ਸੀ। ਇਹ ਧਰਤੀ ਸਦਾ ਲਈ ਉਨ੍ਹਾਂ ਦੀ ਹੋਵੇਗੀ।’”
14 ਫ਼ੇਰ ਯਹੋਵਾਹ ਨੇ ਆਪਣਾ ਮਨ ਬਦਲ ਲਿਆ ਅਤੇ ਆਪਣੇ ਲੋਕਾਂ ਨੂੰ ਕਸ਼ਟ ਨਾ ਦੇਣ ਦਾ ਫ਼ੈਸਲਾ ਕਰ ਲਿਆ।
15 ਫ਼ੇਰ ਮੂਸਾ ਪਰਬਤ ਤੋਂ ਹੇਠਾਂ ਚੱਲਾ ਗਿਆ। ਮੂਸਾ ਕੋਲ ਪੱਥਰ ਦੀਆਂ ਦੋ ਤਖਤੀਆਂ ਸਨ ਜਿਨ੍ਹਾਂ ਉੱਤੇ ਇਕਰਾਰਨਾਮਾ ਲਿਖਿਆ ਹੋਇਆ ਸੀ। ਉਹ ਹੁਕਮ ਉਨ੍ਹਾਂ ਪੱਥਰਾਂ ਦੇ ਦੋਹੀ ਪਾਸੀਂ, ਸਿਧੇ ਅਤੇ ਪੁਠੇ ਪਾਸੇ, ਲਿਖੇ ਹੋਏ ਸਨ। 16 ਪਰਮੇਸ਼ੁਰ ਨੇ ਖੁਦ ਉਹ ਤਖਤੀਆਂ ਬਣਾਈਆਂ ਸਨ ਅਤੇ ਉਸ ਨੇ ਖੁਦ, ਉਹ ਹੁਕਮ ਉਨ੍ਹਾਂ ਤਖਤੀਆਂ ਉੱਪਰ ਲਿਖੇ ਸਨ।
17 ਪਰਬਤ ਤੋਂ ਹੇਠਾਂ ਉੱਤਰਦੇ ਸਮੇਂ ਮੂਸਾ ਨੇ ਡੇਰੇ ਵਿੱਚ ਦਾਅਵਤ ਦਾ ਸ਼ੋਰ ਸੁਣਿਆ। ਯਹੋਸ਼ੁਆ ਨੇ ਮੂਸਾ ਨੂੰ ਆਖਿਆ, “ਹੇਠਾਂ ਡੇਰੇ ਵਿੱਚੋਂ ਲੜਾਈ ਦੀਆਂ ਅਵਾਜ਼ਾਂ ਆ ਰਹੀਆਂ ਲੱਗਦੀਆਂ ਹਨ।”
18 ਮੂਸਾ ਨੇ ਜਵਾਬ ਦਿੱਤਾ, “ਇਹ ਕਿਸੇ ਫ਼ੌਜ ਦੇ ਜਿੱਤ ਦੇ ਨਾਹਰਿਆਂ ਦਾ ਸ਼ੋਰ ਨਹੀਂ। ਪਰ ਇਹ ਕਿਸੇ ਫ਼ੌਜ ਦੇ ਹਾਰ ਜਾਣ ਦੀਆਂ ਚੀਕਾਂ ਦਾ ਸ਼ੋਰ ਨਹੀਂ। ਜਿਹੜਾ ਸ਼ੋਰ ਮੈਂ ਸੁਣ ਰਿਹਾ ਹਾਂ ਉਹ ਸੰਗੀਤ ਦਾ ਸ਼ੋਰ ਹੈ।”
19 ਮੂਸਾ ਡੇਰੇ ਕੋਲ ਆਇਆ। ਉਸ ਨੇ ਸੋਨੇ ਦਾ ਵਛਾ ਦੇਖਿਆ, ਅਤੇ ਉਸ ਨੇ ਲੋਕਾਂ ਨੂੰ ਨੱਚਦਿਆਂ ਦੇਖਿਆ। ਮੂਸਾ ਬਹੁਤ ਕਰੋਧ ਵਿੱਚ ਆ ਗਿਆ, ਅਤੇ ਉਸ ਨੇ ਪੱਥਰ ਦੀਆਂ ਤਖਤੀਆਂ ਜ਼ਮੀਨ ਉੱਤੇ ਸੁੱਟ ਦਿੱਤੀਆ। ਤਖਤੀਆਂ ਪਰਬਤ ਦੇ ਹੇਠਾਂ ਟੋਟੇ-ਟੋਟੇ ਹੋ ਗਈਆਂ। 20 ਫ਼ੇਰ ਮੂਸਾ ਨੇ ਉਹ ਵਛਾ ਤਬਾਹ ਕਰ ਦਿੱਤਾ ਜੋ ਲੋਕਾਂ ਨੇ ਬਣਾਇਆ ਸੀ। ਉਸ ਨੇ ਇਸ ਨੂੰ ਅੱਗ ਵਿੱਚ ਪਿਘਲਾ ਦਿੱਤਾ। ਫ਼ੇਰ ਉਸ ਨੇ ਸੋਨੇ ਨੂੰ ਪੀਹ ਕੇ ਧੂੜ ਬਣਾ ਦਿੱਤਾ। ਅਤੇ ਉਸ ਨੇ ਇਸ ਧੂੜ ਨੂੰ ਪਾਣੀ ਵਿੱਚ ਸੁੱਟ ਦਿੱਤਾ। ਉਸ ਨੇ ਇਸਰਾਏਲ ਦੇ ਲੋਕਾਂ ਨੂੰ ਇਹ ਪਾਣੀ ਪੀਣ ਜਾਣ ਲਈ ਮਜ਼ਬੂਰ ਕੀਤਾ।
21 ਮੂਸਾ ਨੇ ਹਾਰੂਨ ਨੂੰ ਆਖਿਆ, “ਇਨ੍ਹਾਂ ਲੋਕਾਂ ਨੇ ਤੇਰੇ ਨਾਲ ਕੀਤਾ ਹੈ? ਤੂੰ ਇਨ੍ਹਾ ਦੀ ਅਜਿਹਾ ਮੰਦਾ ਪਾਪ ਕਰਨ ਵਿੱਚ ਅਗਵਾਈ ਕਿਉਂ ਕੀਤੀ?”
22 ਹਾਰੂਨ ਨੇ ਜਵਾਬ ਦਿੱਤਾ, “ਨਾਰਾਜ਼ ਨਾ ਹੋਵੋ ਹਜ਼ੂਰ। ਤੁਸੀਂ ਜਾਣਦੇ ਹੋ ਇਹ ਲੋਕ ਹਮੇਸ਼ਾ ਗਲਤ ਗੱਲਾਂ ਕਰਨ ਲਈ ਤਿਆਰ ਰਹਿੰਦੇ ਹਨ। 23 ਲੋਕਾਂ ਨੇ ਮੈਨੂੰ ਆਖਿਆ ਸੀ, ‘ਮੂਸਾ ਸਾਨੂੰ ਮਿਸਰ ਵਿੱਚੋਂ ਬਾਹਰ ਲਿਆਇਆ। ਪਰ ਸਾਨੂੰ ਨਹੀਂ ਪਤਾ ਕਿ ਉਸ ਨਾਲ ਕੀ ਵਾਪਰਿਆ ਹੈ। ਇਸ ਲਈ ਸਾਡੀ ਅਗਵਾਈ ਲਈ ਕੋਈ ਦੇਵਤੇ ਬਣਾਕੇ ਦਿਉ।’ 24 ਇਸ ਲਈ ਮੈਂ ਲੋਕਾਂ ਨੂੰ ਆਖਿਆ, ‘ਜੇ ਤੁਹਾਡੇ ਪਾਸ ਸੋਨੇ ਦੀਆਂ ਵਾਲੀਆਂ ਹਨ, ਤਾਂ ਮੈਨੂੰ ਦਿਉ।’ ਲੋਕਾਂ ਨੇ ਮੈਨੂੰ ਆਪਣਾ ਸੋਨਾ ਦੇ ਦਿੱਤਾ। ਮੈਂ ਸੋਨੇ ਨੂੰ ਅੱਗ ਵਿੱਚ ਸੁੱਟ ਦਿੱਤਾ ਅਤੇ ਅੱਗ ਵਿੱਚੋਂ ਇੱਕ ਵਛਾ ਬਾਹਰ ਨਿਕਲ ਆਇਆ।”
25 ਮੂਸਾ ਨੇ ਦੇਖਿਆ ਕਿ ਹਾਰੂਨ ਨੇ ਲੋਕਾਂ ਨੂੰ ਬੇਕਾਬੂ ਹੋਣ ਦਿੱਤਾ। ਲੋਕੀ ਜੰਗਲੀ ਵਿਹਾਰ ਕਰ ਰਹੇ ਸਨ ਅਤੇ ਉਨ੍ਹਾਂ ਦੇ ਦੁਸ਼ਮਣ ਦੇਖ ਸੱਕਦੇ ਸਨ ਕਿ ਉਹ ਮੂਰੱਖਾਂ ਵਰਗਾ ਵਿਹਾਰ ਕਰ ਰਹੇ ਸਨ। 26 ਇਸ ਲਈ ਮੂਸਾ ਡੇਰੇ ਦੇ ਮੁੱਖ ਦਰਵਾਜ਼ੇ ਉੱਤੇ ਖੜ੍ਹਾ ਹੋ ਗਿਆ। ਮੂਸਾ ਨੇ ਆਖਿਆ, “ਜਿਹੜਾ ਵੀ ਬੰਦਾ ਯਹੋਆਹ ਦੇ ਪਿੱਛੇ ਲੱਗਣਾ ਚਾਹੁੰਦਾ ਹੈ ਉਹ ਮੇਰੇ ਕੋਲ ਆ ਜਾਵੇ।” ਅਤੇ ਲੇਵੀ ਦੇ ਪਰਿਵਾਰ ਦੇ ਸਾਰੇ ਲੋਕ ਮੂਸਾ ਵੱਲ ਦੌੜੇ।
27 ਫ਼ੇਰ ਮੂਸਾ ਨੇ ਉਨ੍ਹਾਂ ਨੂੰ ਆਖਿਆ, “ਮੈਂ ਤੁਹਾਨੂੰ ਦੱਸਾਂਗਾ ਕਿ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਕੀ ਆਖਦਾ ਹੈ; ‘ਹਰੇਕ ਆਦਮੀ ਨੂੰ ਆਪਣੀ ਤਲਵਾਰ ਫ਼ੜ ਲੈਣੀ ਚਾਹੀਦੀ ਹੈ ਅਤੇ ਡੇਰੇ ਦੇ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਜਾਣਾ ਚਾਹੀਦਾ ਹੈ। ਤੁਹਾਨੂੰ ਇਨ੍ਹਾਂ ਲੋਕਾਂ ਨੂੰ ਜ਼ਰੂਰ ਸਜ਼ਾ ਦੇਣੀ ਚਾਹੀਦੀ ਹੈ, ਭਾਵੇਂ ਹਰ ਬੰਦੇ ਨੂੰ ਆਪਣਾ ਭਰਾ ਆਪਣੇ ਦੋਸਤਾਂ ਅਤੇ ਗੁਆਂਢੀਆਂ ਨੂੰ ਕਤਲ ਕਰਨਾ ਪਵੇ।’”
28 ਲੇਵੀ ਦੇ ਪਰਿਵਾਰ ਦੇ ਆਦਮੀਆਂ ਨੇ ਮੂਸਾ ਦੀ ਗੱਲ ਮੰਨ ਲਈ। ਉਸ ਦਿਨ ਇਸਰਾਏਲ ਦੇ ਤਕਰੀਬਨ 3,000 ਲੋਕ ਮਾਰੇ ਗਏ। 29 ਫ਼ੇਰ ਮੂਸਾ ਨੇ ਆਖਿਆ, “ਅੱਜ ਆਪਣੇ ਆਪ ਨੂੰ ਯਹੋਵਾਹ ਦੀ ਸੇਵਾ ਲਈ ਤਿਆਰ ਕਰੋ, ਭਾਵੇਂ ਇਸਦਾ ਭਾਵ ਤੁਹਾਡੇ ਖੁਦ ਦੇ ਭਰਾ ਜਾਂ ਤੁਹਾਡੇ ਪੁੱਤਰ ਦੇ ਖਿਲਾਫ਼ ਲੜਨਾ ਹੀ ਕਿਉਂ ਨਾ ਹੋਵੇ ਤਾਂ ਜੋ ਯਹੋਵਾਹ ਅੱਜ ਤੁਹਾਨੂੰ ਅਸੀਸ ਦੇ ਸੱਕੇ।”
30 ਅਗਲੀ ਸਵੇਰ, ਉਸ ਨੇ ਲੋਕਾਂ ਨੂੰ ਆਖਿਆ, “ਤੁਸੀਂ ਇਹ ਭਿਆਨਕ ਪਾਪ ਕੀਤਾ ਹੈ। ਪਰ ਹੁਣ ਮੈਂ ਯਹੋਵਾਹ ਕੋਲ ਉੱਪਰ ਜਾਵਾਂਗਾ, ਮੇਰੇ ਲਈ ਤੁਹਾਡੇ ਪਾਪਾਂ ਖਾਤਰ ਪਰਾਸਚਿਤ ਕਰਨਾ ਸੰਭਵ ਹੋ ਸੱਕਦਾ ਹੈ।” 31 ਇਸ ਲਈ ਮੂਸਾ ਯਹੋਵਾਹ ਕੋਲ ਵਾਪਸ ਚੱਲਾ ਗਿਆ ਅਤੇ ਆਖਿਆ, “ਕਿਰਪਾ ਕਰਕੇ ਸੁਣੋ। ਇਨ੍ਹਾਂ ਲੋਕਾਂ ਨੇ ਬਹੁਤ ਵੱਡਾ ਪਾਪ ਕੀਤਾ ਸੀ ਅਤੇ ਸੋਨੇ ਦਾ ਦੇਵਤਾ ਬਣਾਇਆ। 32 ਹੁਣ, ਉਨ੍ਹਾਂ ਨੂੰ ਇਸ ਪਾਪ ਦੀ ਮਾਫ਼ੀ ਦੇ ਦਿਉ। ਜੇ ਤੁਸੀਂ ਮਾਫ਼ ਨਹੀਂ ਕਰੋਂਗੇ, ਤਾਂ ਮੇਰਾ ਨਾਮ ਉਸ ਪੁਸਤਕ ਵਿੱਚੋਂ ਮਿਟਾ ਦਿਉ ਜਿਹੜੀ ਤੁਸੀਂ ਲਿਖੀ ਹੈ।”
33 ਪਰ ਯਹੋਵਾਹ ਨੇ ਮੂਸਾ ਨੂੰ ਆਖਿਆ, “ਸਿਰਫ਼ ਉਹੀ ਲੋਕ ਜਿਨ੍ਹਾਂ ਨੂੰ ਮੈਂ ਆਪਣੀ ਪੁਸਤਕ ਵਿੱਚੋਂ ਮਿਟਾ ਦਿੰਦਾ ਹਾਂ ਉਹ ਅਜਿਹੇ ਹਨ ਜਿਹੜੇ ਮੇਰੇ ਖਿਲਾਫ਼ ਪਾਪ ਕਰਦੇ ਹਨ। 34 ਇਸ ਲਈ ਹੁਣ, ਹੇਠਾਂ ਜਾ ਅਤੇ ਲੋਕਾਂ ਦੀ ਉਧਰ ਅਗਵਾਈ ਕਰ ਜਿਧਰ ਮੈਂ ਤੈਨੂੰ ਆਖਦਾ ਹਾਂ। ਮੇਰਾ ਦੂਤ ਤੇਰੇ ਅੱਗੇ-ਅੱਗੇ ਜਾਵੇਗਾ ਅਤੇ ਤੇਰੀ ਅਗਵਾਈ ਕਰੇਗਾ ਜਦੋਂ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਣ ਦਾ ਸਮਾਂ ਆਵੇਗਾ। ਜਿਨ੍ਹਾਂ ਨੇ ਪਾਪ ਕੀਤਾ ਸੀ, ਤਾਂ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇਗੀ।” 35 ਇਸ ਤਰ੍ਹਾਂ ਯਹੋਵਾਹ ਨੇ ਲੋਕਾਂ ਵੱਲ ਇੱਕ ਭਿਆਨਕ ਬਿਮਾਰੀ ਭੇਜੀ। ਉਸ ਨੇ ਅਜਿਹਾ ਇਸ ਵਾਸਤੇ ਕੀਤਾ ਕਿਉਂਕਿ ਉਨ੍ਹਾਂ ਨੇ ਹਾਰੂਨ ਨੂੰ ਸੋਨੇ ਦਾ ਵਛਾ ਬਨਾਉਣ ਲਈ ਆਖਿਆ ਸੀ।
“ਮੈਂ ਤੁਹਾਡੇ ਨਾਲ ਨਹੀਂ ਜਾਵਾਂਗਾ”
33 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ, “ਤੈਨੂੰ ਅਤੇ ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਨੂੰ ਤੂੰ ਮਿਸਰ ਤੋਂ ਬਾਹਰ ਲਿਆਂਦਾ ਸੀ, ਇਹ ਥਾਂ ਛੱਡਣੀ ਪਵੇਗ਼ੀ। ਉਸ ਧਰਤੀ ਤੇ ਜਾਉ। ਜਿਹੜੀ ਮੈਂ ਅਬਰਾਹਾਮ, ਇਸਹਾਕ ਅਤੇ ਯਾਕੂਬ ਨੂੰ ਦੇਣ ਦਾ ਇਕਰਾਰ ਕੀਤਾ ਸੀ। ਮੈਂ ਉਨ੍ਹਾਂ ਨਾਲ ਇਕਰਾਰ ਕੀਤਾ ਸੀ ਕਿ ਮੈਂ ਉਹ ਧਰਤੀ ਉਨ੍ਹਾਂ ਦੇ ਉੱਤਰਾਧਿਕਾਰੀਆਂ ਨੂੰ ਦੇ ਦਿਆਂਗਾ। 2 ਇਸ ਲਈ ਮੈਂ ਤੁਹਾਡੇ ਅੱਗੇ ਇੱਕ ਦੂਤ ਭੇਜਾਂਗਾ ਅਤੇ ਮੈਂ ਕਨਾਨੀਆਂ, ਅਮੋਰੀਆਂ, ਹਿੱਤੀਆਂ, ਫ਼ਰਿੱਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਨੂੰ ਹਰਾ ਦਿਆਂਗਾ। ਮੈਂ ਇਨ੍ਹਾਂ ਲੋਕਾਂ ਨੂੰ ਤੁਹਾਡੀ ਧਰਤੀ ਛੱਡਣ ਲਈ ਮਜ਼ਬੂਰ ਕਰ ਦਿਆਂਗਾ। 3 ਇਸ ਲਈ ਬਹੁਤ ਸਾਰੀਆਂ ਬਰਕਤਾਂ ਨਾਲ ਭਰੀ ਹੋਈ ਧਰਤੀ ਵੱਲ ਚੱਲੇ ਜਾਉ। ਮੈਂ ਤੁਹਾਡੇ ਨਾਲ ਜਾਵਾਂਗਾ। ਤੁਸੀਂ ਲੋਕ ਬਹੁਤ ਜ਼ਿੱਦੀ ਹੋ ਅਤੇ ਤੁਸੀਂ ਮੈਨੂੰ ਬਹੁਤ ਕਰੋਧਵਾਨ ਕਰ ਦਿੰਦੇ ਹੋ। ਜੇ ਮੈਂ ਤੁਹਾਡੇ ਨਾਲ ਜਾਵਾਂਗਾ ਤਾਂ ਹੋ ਸੱਕਦਾ ਹੈ ਕਿ ਮੈਂ ਤੁਹਾਨੂੰ ਰਸਤੇ ਵਿੱਚ ਤਬਾਹ ਕਰ ਦਿਆਂ।”
4 ਲੋਕਾਂ ਨੇ ਇਹ ਬੁਰੀ ਖਬਰ ਸੁਣੀ ਅਤੇ ਉਹ ਬਹੁਤ ਉਦਾਸ ਹੋ ਗਏ। ਅਤੇ ਲੋਕਾਂ ਨੇ ਗਹਿਣੇ ਪਾਉਣੇ ਛੱਡ ਦਿੱਤੇ। 5 ਕਿਉਂ? ਕਿਉਂਕਿ ਯਹੋਵਾਹ ਨੇ ਮੂਸਾ ਨੂੰ ਆਖਿਆ, “ਇਸਰਾਏਲ ਦੇ ਲੋਕਾਂ ਨੂੰ ਆਖੋ, ‘ਤੁਸੀਂ ਜ਼ਿੱਦੀ ਲੋਕ ਹੋ। ਜੇ ਮੈਂ ਤੁਹਾਡੇ ਨਾਲ-ਨਾਲ ਸਿਰਫ਼ ਥੋੜੇ ਜਿਹੇ ਰਸਤੇ ਤੇ ਹੀ ਤੁਰਿਆ ਤਾਂ ਹੋ ਸੱਕਦਾ ਹੈ ਕਿ ਮੈਂ ਤੁਹਾਨੂੰ ਤਬਾਹ ਕਰ ਦਿਆਂ। ਇਸ ਲਈ ਓਨਾ ਚਿਰ ਲਈ ਗਹਿਣੇ ਉਤਾਰ ਦਿਉ ਜਿੰਨਾ ਚਿਰ ਮੈਂ ਇਹ ਨਿਆਂ ਕਰਦਾ ਹਾਂ ਕਿ ਤੁਹਾਡੇ ਨਾਲ ਕੀ ਸਲੂਕ ਕਰਾਂ।’” 6 ਇਸ ਲਈ ਇਸਰਾਏਲ ਦੇ ਲੋਕਾਂ ਨੇ ਹੇਰੋਬ ਪਰਬਤ ਉੱਤੇ ਆਪਣੇ ਗਹਿਣੇ ਪਾਉਣੇ ਛੱਡ ਦਿੱਤੇ।
ਮੰਡਲੀ ਵਾਲਾ ਆਰਜ਼ੀ ਤੰਬੂ
7 ਮੂਸਾ ਡੇਰੇ ਤੋਂ ਥੋੜਾ ਜਿਹਾ ਬਾਹਰ ਇਸ ਤੰਬੂ ਕੋਲ ਜਾਂਦਾ ਹੁੰਦਾ ਸੀ। ਉਹ ਇਸ ਨੂੰ “ਮੰਡਲੀ ਵਾਲਾ ਤੰਬੂ” ਬੁਲਾਉਂਦਾ ਸੀ। ਜਿਹੜਾ ਵੀ ਬੰਦਾ ਯਹੋਵਾਹ ਤੋਂ ਕੁਝ ਪੁੱਛਣਾ ਚਾਹੁੰਦਾ ਸੀ ਉਹ ਡੇਰੇ ਤੋਂ ਬਾਹਰ ਇਸ ਮੰਡਲੀ ਵਾਲੇ ਤੰਬੂ ਕੋਲ ਜਾਂਦਾ ਸੀ। 8 ਕਿਸੇ ਵੀ ਵੇਲੇ ਜਦੋਂ ਮੂਸਾ ਬਾਹਰ ਆਕੇ ਤੰਬੂ ਵਿੱਚ ਜਾਂਦਾ ਸੀ, ਸਾਰੇ ਲੋਕ ਉਸ ਨੂੰ ਦੇਖਦੇ ਸਨ। ਲੋਕ ਆਪਣੇ ਤੰਬੂਆਂ ਦੇ ਦਰਵਾਜ਼ੇ ਉੱਤੇ ਖਲੋਤੇ ਰਹਿੰਦੇ ਸਨ ਅਤੇ ਮੂਸਾ ਨੂੰ ਉਦੋਂ ਤੱਕ ਦੇਖਦੇ ਰਹਿੰਦੇ ਸਨ ਜਦੋਂ ਤੱਕ ਕਿ ਉਹ ਮੰਡਲੀ ਵਾਲੇ ਤੰਬੂ ਵਿੱਚ ਦਾਖਲ ਨਹੀਂ ਹੋ ਜਾਂਦਾ ਸੀ। 9 ਜਦੋਂ ਵੀ ਮੂਸਾ ਇਸ ਤੰਬੂ ਵਿੱਚ ਜਾਂਦਾ ਸੀ, ਇੱਕ ਲੰਮਾ ਬੱਦਲ ਹੇਠਾ ਆਉਂਦਾ ਸੀ ਅਤੇ ਤੰਬੂ ਦੇ ਦਰਵਾਜ਼ੇ ਉੱਤੇ ਰੁਕ ਜਾਂਦਾ ਸੀ। ਅਤੇ ਯਹੋਵਾਹ ਮੂਸਾ ਨਾਲ ਗੱਲ ਕਰਦਾ ਹੁੰਦਾ ਸੀ। 10 ਇਸ ਲਈ ਜਦੋਂ ਵੀ ਲੋਕ ਤੰਬੂ ਦੇ ਦਰਵਾਜ਼ੇ ਉੱਤੇ ਬੱਦਲ ਨੂੰ ਦੇਖਦੇ ਸਨ, ਉਹ ਆਪਣੇ-ਆਪਣੇ ਤੰਬੂਆਂ ਦੇ ਦਰਵਾਜ਼ਿਆਂ ਤੇ ਜਾਂਦੇ ਸਨ ਅਤੇ ਪਰਮੇਸ਼ੁਰ ਦੀ ਉਪਾਸਨਾ ਲਈ ਮੱਥਾ ਟੇਕਦੇ ਸਨ।
11 ਇਸ ਤਰ੍ਹਾਂ ਨਾਲ ਯਹੋਵਾਹ ਮੂਸਾ ਨਾਲ ਆਮ੍ਹੋ-ਸਾਹਮਣੇ ਗੱਲ ਕਰਦਾ ਸੀ। ਯਹੋਵਾਹ ਮੂਸਾ ਨਾਲ ਉਸੇ ਤਰ੍ਹਾਂ ਗੱਲ ਕਰਦਾ ਸੀ ਜਿਵੇਂ ਕੋਈ ਆਦਮੀ ਆਪਣੇ ਕਿਸੇ ਮਿੱਤਰ ਨਾਲ ਗੱਲ ਕਰਦਾ ਹੈ। ਯਹੋਵਾਹ ਨਾਲ ਗੱਲਾਂ ਕਰਨ ਤੋਂ ਮਗਰੋਂ ਮੂਸਾ ਡੇਰੇ ਅੰਦਰ ਵਾਪਸ ਆ ਜਾਂਦਾ ਸੀ। ਪਰ ਉਸਦਾ ਸਹਾਇਕ ਹਮੇਸ਼ਾ ਤੰਬੂ ਵਿੱਚ ਠਹਿਰਦਾ ਸੀ। ਇਹ ਸਹਾਇਕ ਸੀ ਨੂਨ ਦਾ ਪੁੱਤਰ ਯਹੋਸ਼ੂਆ।
ਮੂਸਾ ਯਹੋਆਹ ਦਾ ਪਰਤਾਪ ਦੇਖਦਾ ਹੈ
12 ਮੂਸਾ ਨੇ ਯਹੋਵਾਹ ਨੂੰ ਆਖਿਆ, “ਤੁਸੀਂ ਮੈਨੂੰ ਆਖਿਆ ਸੀ ਕਿ ਮੈਂ ਇਨ੍ਹਾਂ ਲੋਕਾਂ ਦੀ ਅਗਵਾਈ ਕਰਾਂ। ਪਰ ਤੁਸੀਂ ਇਹ ਨਹੀਂ ਸੀ ਦੱਸਿਆ ਕਿ ਤੁਸੀਂ ਮੇਰੇ ਨਾਲ ਕਿਸਨੂੰ ਭੇਜੋਂਗੇ। ਤੁਸੀਂ ਮੈਨੂੰ ਆਖਿਆ ਸੀ, ‘ਮੈਂ ਤੈਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ ਤੇ ਮੈਂ ਤੇਰੇ ਉੱਤੇ ਪ੍ਰਸੰਨ ਹਾਂ।’ 13 ਜੇ ਮੈਂ ਸੱਚ ਮੁੱਚ ਤੁਹਾਨੂੰ ਪ੍ਰਸੰਨ ਕੀਤਾ ਹੈ, ਤਾਂ ਮੈਨੂੰ ਆਪਣੇ ਰਾਹਾਂ ਦੀ ਸਿੱਖਿਆ ਦੇਵੋ। ਮੈਂ ਤੁਹਾਨੂੰ ਜਾਨਣਾ ਚਾਹੁੰਦਾ ਹਾਂ। ਫ਼ੇਰ ਮੈਂ ਤੁਹਾਨੂੰ ਪ੍ਰਸੰਨ ਕਰਦਾ ਰਹਿ ਸੱਕਦਾ ਹਾਂ। ਚੇਤੇ ਰੱਖੋ ਕਿ ਇਹ ਸਾਰੇ ਲੋਕ ਤੁਹਾਡੇ ਲੋਕ ਹਨ।”
14 ਯਹੋਵਾਹ ਨੇ ਜਵਾਬ ਦਿੱਤਾ, “ਮੈਂ ਖੁਦ ਤੇਰੇ ਨਾਲ ਜਾਵਾਂਗਾ। ਮੈਂ ਤੇਰੀ ਅਗਵਾਈ ਕਰਾਂਗਾ।”
15 ਫ਼ੇਰ ਮੂਸਾ ਨੇ ਯਹੋਵਾਹ ਨੂੰ ਆਖਿਆ, “ਜੇ ਤੁਸੀਂ ਸਾਡੇ ਨਾਲ ਨਹੀਂ ਜਾਵੋਂਗੇ ਤਾਂ ਸਾਨੂੰ ਇਸ ਥਾਂ ਤੋਂ ਦੂਰ ਨਾ ਭੇਜੋ। 16 ਅਤੇ ਹਾਂ, ਸਾਨੂੰ ਇਸ ਗੱਲ ਦਾ ਕਿਵੇਂ ਪਤਾ ਚੱਲੇਗਾ ਕਿ ਤੁਸੀਂ ਮੇਰੇ ਨਾਲ ਅਤੇ ਇਨ੍ਹਾਂ ਲੋਕਾਂ ਨਾਲ ਪ੍ਰਸੰਨ ਹੋ? ਜੇ ਤੁਸੀਂ ਸਾਡੇ ਨਾਲ ਨਹੀਂ ਜਾਵੋਂਗੇ, ਤਾਂ ਸਾਨੂੰ ਪੱਕਾ ਪਤਾ ਚੱਲ ਜਾਵੇਗਾ। ਜੇ ਤੁਸੀਂ ਸਾਡੇ ਨਾਲ ਨਹੀਂ ਜਾਵੋਂਗੇ, ਤਾਂ ਮੈਂ ਅਤੇ ਇਹ ਲੋਕ ਧਰਤੀ ਦੇ ਹੋਰਨਾਂ ਲੋਕਾਂ ਨਾਲੋਂ ਵਖਰੇ ਨਹੀਂ ਹੋਵਾਂਗੇ।”
17 ਤਾਂ ਯਹੋਵਾਹ ਨੇ ਮੂਸਾ ਨੂੰ ਅਖਿਆ, “ਮੈਂ ਉਹੀ ਕਰਾਂਗਾ ਜੋ ਤੂੰ ਆਖਦਾ ਹੈ। ਮੈਂ ਅਜਿਹਾ ਇਸ ਲਈ ਕਰਾਂਗਾ ਕਿਉਂਕਿ ਮੈਂ ਤੇਰੇ ਉੱਤੇ ਪ੍ਰਸੰਨ ਹਾਂ ਅਤੇ ਮੈਂ ਤੈਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ।”
18 ਤਾਂ ਮੂਸਾ ਨੇ ਆਖਿਆ, “ਹੁਣ ਕਿਰਪਾ ਕਰਕੇ ਮੈਨੂੰ ਆਪਣਾ ਪਰਤਾਪ ਦਰਸਾਉ।”
19 ਤਾਂ ਯਹੋਵਾਹ ਨੇ ਜਵਾਬ ਦਿੱਤਾ, “ਮੈਂ ਆਪਣੀ ਮੁਕੰਮਲ ਨੇਕੀ ਨੂੰ ਤੇਰੇ ਅੱਗੇ ਭੇਜਕੇ ਆਪਣਾ ਨਾਮ ਯਹੋਵਾਹ ਘੋਸ਼ਿਤ ਕਰਾਂਗਾ। ਕਿਉਂਕਿ ਮੈਂ ਆਪਣੀ ਮਿਹਰ ਅਤੇ ਆਪਣਾ ਪਿਆਰ ਕਿਸੇ ਵੀ ਬੰਦੇ, ਜਿਸ ਨੂੰ ਮੈਂ ਚੁਣਦਾਂ ਦਰਸਾ ਸੱਕਦਾ ਹਾਂ। 20 ਪਰ ਤੂੰ ਮੇਰਾ ਚਿਹਰਾ ਨਹੀਂ ਦੇਖ ਸੱਕੇਂਗਾ। ਕੋਈ ਵੀ ਬੰਦਾ ਮੈਨੂੰ ਦੇਖਕੇ ਜਿਉਂਦਾ ਨਹੀਂ ਰਹਿ ਸੱਕਦਾ।
21 “ਮੇਰੇ ਨਜ਼ਦੀਕ ਇੱਕ ਥਾਂ ਤੇ ਇੱਕ ਪੱਥਰ ਹੈ। ਤੂੰ ਉਸ ਪੱਥਰ ਤੇ ਖਲੋ ਸੱਕਦਾ ਹੈਂ। 22 ਮੇਰਾ ਪਰਤਾਪ ਉਸ ਸਥਾਨ ਤੋਂ ਗੁਜ਼ਰੇਗਾ। ਮੈਂ ਤੈਨੂੰ ਉਸ ਪੱਥਰ ਦੀ ਇੱਕ ਵੱਡੀ ਤ੍ਰੇੜ ਵਿੱਚ ਰੱਖ ਦਿਆਂਗਾ, ਅਤੇ ਜਦੋਂ ਮੈਂ ਗੁਜ਼ਰਾਂਗਾ ਤਾਂ ਮੈਂ ਤੈਨੂੰ ਆਪਣੇ ਹੱਥ ਨਾਲ ਢੱਕ ਲਵਾਂਗਾ। 23 ਫ਼ੇਰ ਮੈਂ ਆਪਣਾ ਹੱਥ ਚੁੱਕ ਲਵਾਂਗਾ, ਅਤੇ ਤੂੰ ਮੇਰੀ ਪਿੱਠ ਦੇਖ ਸੱਕੇਂਗਾ। ਪਰ ਤੂੰ ਮੇਰਾ ਚਿਹਰਾ ਨਹੀਂ ਦੇਖੇਂਗਾ।”
ਪੱਥਰ ਦੀਆਂ ਨਵੀਆਂ ਤਖਤੀਆਂ
34 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ, “ਪੱਥਰ ਦੀਆਂ ਉਨ੍ਹਾਂ ਪਹਿਲੀਆਂ ਤਖਤੀਆਂ ਵਰਗੀਆਂ ਦੋ ਹੋਰ ਤਖਤੀਆਂ ਬਣਾ ਦਿੱਤੀਆਂ ਜਿਹੜੀਆਂ ਟੁੱਟ ਗਈਆਂ ਸਨ। ਮੈਂ ਇਨ੍ਹਾਂ ਤਖਤੀਆਂ ਉੱਤੇ ਉਹੀ ਸ਼ਬਦ ਲਿਖਾਂਗਾ ਜਿਹੜੇ ਪਹਿਲੀਆਂ ਦੋਹਾਂ ਤਖਤੀਆਂ ਉੱਤੇ ਲਿਖੇ ਹੋਏ ਸਨ। 2 ਕਲ ਸਵੇਰੇ ਤਿਆਰ ਹੋ ਜਾਵੀਂ ਅਤੇ ਸੀਨਈ ਪਰਬਤ ਉੱਤੇ ਆ ਜਾਵੀਂ। ਉੱਥੇ ਪਰਬਤ ਦੀ ਚੋਟੀ ਉੱਤੇ ਮੇਰੇ ਸਨਮੁੱਖ ਖੜ੍ਹਾ ਹੋ ਜਾਵੀਂ। 3 ਕਿਸੇ ਵੀ ਬੰਦੇ ਨੂੰ ਤੇਰੇ ਨਾਲ ਆਉਣ ਦੀ ਇਜਾਜ਼ਤ ਨਹੀਂ ਹੋਵੇਗੀ। ਕੋਈ ਵੀ ਬੰਦਾ ਪਰਬਤ ਦੀ ਕਿਸੇ ਵੀ ਥਾ ਉੱਤੇ ਦੇਖਿਆ ਨਹੀਂ ਜਾਣਾ ਚਾਹੀਦਾ। ਤੁਹਾਡੇ ਜਾਨਵਰਾਂ ਦੇ ਵੱਗਾਂ ਜਾਂ ਭੇਡਾਂ ਦੇ ਇੱਜੜਾਂ ਨੂੰ ਵੀ ਪਰਬਤ ਦੇ ਹੇਠ ਘਾਹ ਚਰਨ ਦੀ ਇਜਾਜ਼ਤ ਨਹੀਂ ਹੋਵੇਗੀ।”
4 ਇਸ ਲਈ ਮੂਸਾ ਨੇ ਪਹਿਲਾਂ ਵਰਗੀਆਂ ਦੋ ਪੱਥਰ ਦੀਆਂ ਤਖਤੀਆਂ ਹੋਰ ਬਣਾਈਆਂ। ਫ਼ੇਰ ਅਗਲੀ ਸਵੇਰ ਸੁਵਖਤੇ ਹੀ ਉਹ ਸੀਨਈ ਪਰਬਤ ਉੱਤੇ ਚੜ੍ਹ ਗਿਆ। ਮੂਸਾ ਨੇ ਹਰ ਗੱਲ ਉਵੇਂ ਹੀ ਕੀਤੀ ਜਿਸਦਾ ਯਹੋਵਾਹ ਨੇ ਉਸ ਨੂੰ ਹੁਕਮ ਦਿੱਤਾ ਸੀ ਮੂਸਾ ਆਪਣੇ ਨਾਲ ਪੱਥਰ ਦੀਆਂ ਦੋ ਤਖਤੀਆਂ ਲੈ ਗਿਆ। 5 ਜਦੋਂ ਮੂਸਾ ਪਰਬਤ ਉੱਤੇ ਸੀ, ਯਹੋਵਾਹ ਉਸ ਕੋਲ ਇੱਕ ਬੱਦਲ ਵਿੱਚ ਹੇਠਾਂ ਆਇਆ। ਯਹੋਵਾਹ ਓੱਥੇ ਮੂਸਾ ਦੇ ਨਾਲ ਖਲੋ ਗਿਆ, ਅਤੇ ਉਸ (ਯਹੋਵਾਹ) ਦਾ ਨਾਮ ਪੁਕਾਰਿਆ। 6 ਯਹੋਵਾਹ ਮੂਸਾ ਦੇ ਅਗਿਓ ਲੰਘਿਆ ਅਤੇ ਆਖਿਆ, “ਯਾਹਵੇਹ, ਯਹੋਵਾਹ, ਦਿਆਲੂ ਅਤੇ ਕਿਰਪਾਲੂ ਪਰਮੇਸ਼ੁਰ ਹੈ। ਯਹੋਵਾਹ ਨੂੰ ਛੇਤੀ ਗੁੱਸਾ ਨਹੀਂ ਆਉਂਦਾ। ਯਹੋਵਾਹ ਮਹਾਨ ਪਿਆਰ ਨਾਲ ਭਰਪੂਰ ਹੈ। ਯਹੋਵਾਹ ਉੱਤੇ ਭਰੋਸਾ ਕੀਤਾ ਜਾ ਸੱਕਦਾ ਹੈ। 7 ਯਹੋਵਾਹ ਹਜ਼ਾਰਾਂ ਪੀੜੀਆਂ ਨੂੰ ਆਪਣੀ ਮਿਹਰ ਦਰਸਾਉਂਦਾ ਹੈ। ਯਹੋਵਾਹ ਲੋਕਾਂ ਦੀਆਂ ਕੀਤੀਆਂ ਗਲਤੀਆਂ ਨੂੰ ਮਾਫ਼ ਕਰ ਦਿੰਦਾ ਹੈ। ਪਰ ਯਹੋਵਾਹ ਦੋਸ਼ੀਆਂ ਨੂੰ ਸਜ਼ਾ ਦੇਣਾ ਨਹੀਂ ਭੁੱਲਦਾ। ਯਹੋਵਾਹ ਸਿਰਫ਼ ਦੋਸ਼ੀ ਲੋਕਾਂ ਨੂੰ ਹੀ ਸਜ਼ਾ ਨਹੀਂ ਦੇਵੇਗਾ, ਸਗੋਂ ਉਨ੍ਹਾਂ ਦੇ ਪੁੱਤ, ਪੋਤੇ ਅਤੇ ਪੜਪੋਤੇ ਵੀ ਉਨ੍ਹਾਂ ਦੇ ਕੀਤੇ ਮੰਦੇ ਕੰਮਾਂ ਲਈ, ਦੁੱਖ ਭੋਗਣਗੇ।”
8 ਤਾਂ ਮੂਸਾ ਨੇ ਛੇਤੀ ਨਾਲ ਧਰਤੀ ਵੱਲ ਝੁਕ ਕੇ ਮੱਥਾ ਟੇਕਿਆ ਅਤੇ ਯਹੋਵਾਹ ਦੀ ਉਪਾਸਨਾ ਕੀਤੀ। ਮੂਸਾ ਨੇ ਆਖਿਆ, 9 “ਯਹੋਵਾਹ, ਜੇ ਤੁਸੀਂ ਮੇਰੇ ਉੱਤੇ ਪ੍ਰਸੰਨ ਹੋ, ਤਾਂ ਕਿਰਪਾ ਕਰਕੇ ਸਾਡੇ ਨਾਲ ਚੱਲੋ। ਮੈਂ ਜਾਣਦਾ ਹਾਂ ਕਿ ਇਹ ਜ਼ਿੱਦੀ ਲੋਕ ਹਨ। ਪਰ ਸਾਡੇ ਕੀਤੇ ਹੋਏ ਮੰਦੇ ਕੰਮਾਂ ਲਈ ਸਾਨੂੰ ਮਾਫ਼ ਕਰ ਦਿਉ। ਸਾਨੂੰ ਆਪਣੇ ਬੰਦਿਆਂ ਵਾਂਗ ਪ੍ਰਵਾਨ ਕਰ ਲਵੋ।”
10 ਤਾਂ ਯਹੋਵਾਹ ਨੇ ਆਖਿਆ, “ਮੈਂ ਇਹ ਇਕਰਾਰਨਾਮਾ ਤੇਰੇ ਸਾਰੇ ਲੋਕਾਂ ਨਾਲ ਕਰ ਰਿਹਾ ਹਾਂ। ਮੈਂ ਅਜਿਹੀਆਂ ਹੈਰਾਨੀ ਭਰੀਆਂ ਗੱਲਾਂ ਕਰਾਂਗਾ ਜਿਹੜੀਆਂ ਧਰਤੀ ਦੀ ਕਿਸੇ ਹੋਰ ਕੌਮ ਲਈ ਕਦੇ ਵੀ ਨਹੀਂ ਕੀਤੀਆਂ ਗਈਆਂ। ਤੇਰੇ ਨਾਲ ਦੇ ਲੋਕ ਦੇਖਣਗੇ ਕਿ ਮੈਂ, ਯਹੋਵਾਹ, ਬਹੁਤ ਮਹਾਨ ਹਾਂ। ਲੋਕ ਉਨ੍ਹਾਂ ਹੈਰਾਨੀ ਭਰੇ ਕਾਰਨਾਮਿਆਂ ਨੂੰ ਦੇਖਣਗੇ ਜਿਹੜੇ ਮੈਂ ਤੁਹਾਦੇ ਲਈ ਕਰਾਂਗਾ। 11 ਉਨ੍ਹਾਂ ਗੱਲਾਂ ਨੂੰ ਮੰਨੋ ਜਿਨ੍ਹਾਂ ਦਾ ਅੱਜ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ, ਅਤੇ ਮੈਂ ਤੁਹਾਡੇ ਦੁਸ਼ਮਣਾਂ ਨੂੰ ਤੁਹਾਡੀ ਧਰਤੀ ਤੋਂ ਚੱਲੇ ਜਾਣ ਲਈ ਮਜ਼ਬੂਰ ਕਰ ਦਿਆਂਗਾ। ਮੈਂ ਅਮੋਰੀਆਂ, ਕਨਾਨੀਆਂ, ਹਿੱਤੀਆਂ, ਫ਼ਰਿੱਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਨੂੰ ਬਾਹਰ ਧੱਕ ਦਿਆਂਗਾ। 12 ਹੋਸ਼ਿਆਰ ਰਹਿਣਾ। ਉਨ੍ਹਾਂ ਨਾਲ ਕੋਈ ਇਕਰਾਰਨਾਮਾ ਨਾ ਕਰਨਾ ਜਿਹੜੇ ਉਸ ਧਰਤੀ ਉੱਤੇ ਰਹਿ ਰਹੇ ਹਨ, ਜਿੱਥੇ ਤੁਸੀਂ ਜਾ ਰਹੇ ਹੋ। ਜੇ ਤੁਸੀਂ ਅਜਿਹਾ ਕਰੋਂਗੇ, ਉਹ ਉਨ੍ਹਾਂ ਦੇ ਦੇਵਤਿਆਂ ਦੀ ਉਪਾਸਨਾ ਕਰਨ ਲਈ ਤੁਹਾਨੂੰ ਫ਼ਸਾਉਣ ਦੇ ਯੋਗ ਹੋਣਗੇ। 13 ਇਸ ਲਈ ਉਨ੍ਹਾਂ ਦੀਆਂ ਜਗਵੇਦੀਆਂ ਨੂੰ ਤਬਾਹ ਕਰ ਦਿਉ। ਉਨ੍ਹਾਂ ਪੱਥਰਾਂ ਨੂੰ ਤੋੜ ਦਿਉ ਜਿਨ੍ਹਾਂ ਦੀ ਉਹ ਉਪਾਸਨਾ ਕਰਦੇ ਹਨ। ਉਨ੍ਹਾਂ ਦੇ ਬੁੱਤਾਂ ਨੂੰ ਚੀਰ ਕੇ ਹੇਠਾਂ ਸੁੱਟ ਦਿਉ। 14 ਕਿਸੇ ਵੀ ਹੋਰ ਦੇਵਤੇ ਦੀ ਉਪਾਸਨਾ ਨਾ ਕਰੋ। ਮੈਂ ਯਾਹਵੇਹ ਕਾਨਾਹ ਹਾਂ-ਈਰਖਾਲੂ ਯਹੋਵਾਹ। ਇਹ ਮੇਰਾ ਨਾਮ ਹੈ। ਮੈਂ ਏਲ ਕਾਨਾਹ ਹਾਂ-ਈਰਖਾਲੂ ਪਰਮੇਸ਼ੁਰ।
15 “ਹੋਸ਼ਿਆਰ ਰਹਿਣਾ ਕਿ ਜਿਹੜੇ ਲੋਕ ਉਸ ਧਰਤੀ ਉੱਤੇ ਰਹਿੰਦੇ ਹਨ ਉਨ੍ਹਾਂ ਨਾਲ ਕੋਈ ਇਕਰਾਰਨਾਮੇ ਨਹੀਂ ਕਰਨਾ। ਜੇ ਤੁਸੀਂ ਅਜਿਹਾ ਕਰੋਂਗੇ ਤਾਂ ਹੋ ਸੱਕਦਾ ਹੈ ਕਿ ਤੁਸੀਂ ਉਨ੍ਹਾਂ ਨਾਲ ਉਨ੍ਹਾਂ ਦੇ ਦੇਵਤਿਆਂ ਦੀ ਉਪਾਸਨਾ ਵਿੱਚ ਵੀ ਸ਼ਾਮਿਲ ਹੋ ਜਾਵੋਂ। ਉਹ ਲੋਕ ਤੁਹਾਨੂੰ ਆਪਣੇ ਵਿੱਚ ਸ਼ਾਮਿਲ ਹੋਣ ਦੀ ਦਾਵਤ ਵੀ ਦੇਣਗੇ ਅਤੇ ਤੁਸੀਂ ਉਨ੍ਹਾਂ ਦੀਆਂ ਬਲੀਆਂ ਦਾ ਭੋਜਨ ਕਰੋਂਗੇ। 16 ਹੋ ਸੱਕਦਾ ਹੈ ਕਿ ਤੁਸੀਂ ਆਪਣੇ ਪੁੱਤਰਾਂ ਲਈ ਉਨ੍ਹਾਂ ਦੀਆਂ ਧੀਆਂ ਨੂੰ ਪਤਨੀਆਂ ਵਜੋਂ ਚੁਣ ਲਵੋਂ। ਉਹ ਧੀਆਂ ਝੂਠੇ ਦੇਵਤਿਆਂ ਦੀ ਸੇਵਾ ਕਰਦੀਆਂ ਹਨ। ਉਹ ਤੁਹਾਡੇ ਪੁੱਤਰਾਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰ ਸੱਕਦੀਆਂ ਹਨ।
17 “ਕੋਈ ਬੁੱਤ ਨਾ ਬਣਾਉ।
18 “ਪਤੀਰੀ ਰੋਟੀ ਦੇ ਪਰਬ ਦਾ ਜਸ਼ਨ ਮਨਾਉ। ਸੱਤ ਦਿਨ ਤੱਕ ਉਹੀ ਪਤੀਰੀ ਰੋਟੀ ਖਾਓ, ਜਿਹਾ ਕਿ ਮੈਂ ਤੁਹਾਨੂੰ ਪਹਿਲਾਂ ਹੁਕਮ ਦਿੱਤਾ ਸੀ। ਅਜਿਹਾ ਉਸ ਮਹੀਨੇ ਦੌਰਾਨ ਕਰੋ ਜਿਸਦੀ ਮੈਂ ਚੋਣ ਕੀਤੀ ਹੈ, ਅਬੀਬ ਦਾ ਮਹੀਨਾ। ਕਿਉਂਕਿ ਇਹੀ ਉਹ ਮਹੀਨਾ ਹੈ ਜਦੋਂ ਤੁਸੀਂ ਮਿਸਰ ਵਿੱਚੋਂ ਬਾਹਰ ਆਏ ਸੀ।
19 “ਕਿਸੇ ਵੀ ਔਰਤ ਦਾ ਪਹਿਲੋਠਾ ਨਰ ਬੱਚਾ ਮੇਰਾ ਹੈ। ਉਹ ਪਹਿਲੋਠੇ ਨਰ ਜਾਨਵਰ ਵੀ ਜਿਨ੍ਹਾਂ ਨੂੰ ਤੁਹਾਡੇ ਪਸ਼ੂ ਜਾਂ ਭੇਡਾਂ ਜਨਮ ਦਿੰਦੀਆਂ ਹਨ ਮੇਰੇ ਹਨ। 20 ਜੇ ਤੁਸੀਂ ਕਿਸੇ ਪਹਿਲੋਠੇ ਜੰਮੇ ਖੋਤੇ ਨੂੰ ਆਪਣੇ ਕੋਲ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੂੰ ਲੇਲਾ ਦੇਕੇ ਖਰੀਦ ਸੱਕਦੇ ਹੋ। ਪਰ ਜੇ ਤੁਸੀਂ ਇਸ ਖੋਤੇ ਨੂੰ ਲੇਲੇ ਨਾਲ ਨਹੀਂ ਖਰੀਦਦੇ, ਤਾਂ ਤੁਹਾਨੂੰ ਉਸ ਖੋਤੇ ਦੀ ਗਰਦਨ ਤੋੜ ਦੇਣੀ ਚਾਹੀਦੀ ਹੈ। ਤੁਹਾਨੂੰ ਚਾਹੀਦਾ ਹੈ ਕਿ ਆਪਣੇ ਸਾਰੇ ਪਹਿਲੋਠੇ ਪੁੱਤਰ ਮੇਰੇ ਪਾਸੋਂ ਵਪਸ ਖਰੀਦੋਂ। ਕੋਈ ਵੀ ਬੰਦਾ ਬਿਨਾ ਸੁਗਾਤ ਦੇ ਮੇਰੇ ਕੋਲ ਨਹੀਂ ਆਉਣਾ ਚਾਹੀਦਾ।
21 “ਤੁਸੀਂ ਛੇ ਦਿਨ ਤੱਕ ਕੰਮ ਕਰੋਂਗੇ। ਪਰ ਸੱਤਵੇਂ ਦਿਨ ਤੁਹਾਨੂੰ ਅਰਾਮ ਕਰਨਾ ਚਾਹੀਦਾ ਹੈ। ਤੁਹਾਨੂੰ ਫ਼ਸਲਾਂ ਬੀਜਣ ਅਤੇ ਵਢਣ ਦੇ ਸਮੇਂ ਦੌਰਾਨ ਵੀ ਅਰਾਮ ਕਰਨਾ ਚਾਹੀਦਾ ਹੈ।
22 “ਅੱਠਵਾਰੇ ਦੇ ਪਰਬ ਨੂੰ ਮਨਾਉ। ਇਸ ਤਿਉਹਾਰ ਲਈ ਕਣਕ ਦੀ ਫ਼ਸਲ ਦੇ ਪਹਿਲੇ ਦਾਣੇ ਵਰਤੋਂ। ਅਤੇ ਪਤਝੜ ਵਿੱਚ ਵਾਢੀ ਦਾ ਪਰਬ ਮਨਾਓ।
23 “ਤੁਹਾਡੇ ਸਾਰੇ ਆਦਮੀ ਸਾਲ ਵਿੱਚ ਤਿੰਨ ਵਾਰੀ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ, ਅਤੇ ਸੁਆਮੀ ਕੋਲ ਜ਼ਰੂਰ ਜਾਣ।
24 “ਜਦੋਂ ਤੁਸੀਂ ਆਪਣੀ ਧਰਤੀ ਤੇ ਜਾਵੋਂਗੇ, ਮੈਂ ਤੁਹਾਡੇ ਦੁਸ਼ਮਣਾਂ ਨੂੰ ਉਸ ਧਰਤੀ ਤੋਂ ਬਾਹਰ ਧੱਕ ਦਿਆਂਗਾ ਮੈਂ ਤੁਹਾਡੀਆਂ ਸਰਹੱਦਾਂ ਨੂੰ ਫ਼ੈਲਾ ਦਿਆਂਗਾ-ਤੁਹਾਨੂੰ ਹੋਰ ਧਰਤੀ ਮਿਲੇਗੀ। ਤੁਸੀਂ ਸਾਲ ਵਿੱਚ ਤਿੰਨ ਵਾਰੀ ਯਹੋਵਾਹ ਆਪਣੇ ਪਰਮੇਸ਼ੁਰ ਕੋਲ ਜਾਵੋਂਗੇ। ਉਸ ਸਮੇਂ ਕੋਈ ਵੀ ਬੰਦਾ ਤੁਹਾਡੇ ਕੋਲੋਂ ਤੁਹਾਡੀ ਧਰਤੀ ਖੋਹਣ ਦੀ ਕੋਸ਼ਿਸ਼ ਨਹੀਂ ਕਰੇਗਾ।
25 “ਜਦੋਂ ਵੀ ਤੁਸੀਂ ਮੈਨੂੰ ਬਲੀ ਦਾ ਖੂਨ ਚੜ੍ਹਾਵੋਂ ਤਾਂ ਉਸ ਵੇਲੇ ਕਦੇ ਵੀ ਖਮੀਰ ਨਾ ਚੜ੍ਹਾਓ।
“ਪਸਾਹ ਦੇ ਭੋਜਨ ਦਾ ਬੱਚਿਆਂ ਹੋਇਆ ਮਾਸ ਅਗਲੀ ਸਵੇਰ ਲਈ ਨਹੀਂ ਰੱਖਣਾ।
26 “ਆਪਣੀ ਵਾਢੀ ਦੀਆਂ ਪਹਿਲੀਆਂ ਫ਼ਸਲਾਂ ਯਹੋਵਾਹ ਨੂੰ ਦੇਵੋ। ਉਹ ਚੀਜ਼ਾ ਯਹੋਵਾਹ ਆਪਣੇ ਪਰਮੇਸ਼ੁਰ ਦੇ ਘਰ ਲੈ ਕੇ ਆਉ।
“ਕਦੇ ਵੀ ਕਿਸੇ ਬੱਕਰੀ ਦੇ ਬੱਚੇ ਨੂੰ ਉਸ ਦੇ ਮਾਂ ਦੇ ਦੁੱਧ ਵਿੱਚ ਨਾ ਪਕਾਉ।”
27 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ, “ਉਹ ਸਾਰੀਆਂ ਗੱਲਾਂ ਲਿਖ ਲੈ ਜੋ ਮੈਂ ਤੈਨੂੰ ਆਖੀਆਂ ਹਨ। ਉਹ ਗੱਲਾਂ ਉਹ ਇਕਰਾਰਨਾਮਾ ਹੈ ਜਿਹੜਾ ਮੈਂ ਤੁਹਾਡੇ ਅਤੇ ਇਸਰਾਏਲ ਦੇ ਲੋਕਾਂ ਨਾਲ ਕੀਤਾ ਹੈ।”
28 ਮੂਸਾ ਉੱਥੇ ਯਹੋਵਾਹ ਦੇ ਨਾਲ 40 ਦਿਨ ਅਤੇ 40 ਰਾਤਾਂ ਠਹਿਰਿਆ। ਮੂਸਾ ਨੇ ਨਾ ਕੋਈ ਭੋਜਨ ਖਾਧਾ ਨਾ ਕੋਈ ਪਾਣੀ ਪੀਤਾ। ਅਤੇ ਮੂਸਾ ਨੇ ਪੱਥਰ ਦੀਆਂ ਦੋ ਤਖਤੀਆਂ ਉੱਤੇ ਇਕਰਾਰਨਾਮੇ ਦੇ ਸ਼ਬਦ (ਦਸ ਹੁਕਮ) ਲਿਖੇ।
ਮੂਸਾ ਦਾ ਚਮਕਦਾ ਹੋਇਆ ਚਿਹਰਾ
29 ਫ਼ੇਰ ਮੂਸਾ ਸੀਨਈ ਪਰਬਤ ਤੋਂ ਹੇਠਾਂ ਉਤਰ ਆਇਆ। ਉਸ ਦੇ ਕੋਲ ਪੱਥਰ ਦੀਆਂ ਦੋ ਤਖਤੀਆਂ ਸਨ ਜਿਨ੍ਹਾਂ ਉੱਤੇ ਇਕਰਾਰਨਾਮਾ ਲਿਖਿਆ ਹੋਇਆ ਸੀ। ਮੂਸਾ ਦਾ ਚਿਹਰਾ ਚਮਕ ਰਿਹਾ ਸੀ ਕਿਉਂਕਿ ਉਸ ਨੇ ਯਹੋਵਾਹ ਨਾਲ ਗੱਲਾਂ ਕੀਤੀਆਂ ਸਨ। ਪਰ ਮੂਸਾ ਨੂੰ ਇਸ ਗੱਲ ਦਾ ਪਤਾ ਨਹੀਂ ਸੀ। 30 ਹਾਰੂਨ ਨੇ ਅਤੇ ਇਸਰਾਏਲ ਦੇ ਸਾਰੇ ਲੋਕਾਂ ਨੇ ਮੂਸਾ ਦਾ ਚਿਹਰਾ ਦੇਖਿਆ ਜਿਹੜਾ ਤੇਜ ਨਾਲ ਚਮਕ ਰਿਹਾ ਸੀ। ਇਸ ਲਈ ਉਹ ਉਸ ਦੇ ਕੋਲ ਜਾਣ ਤੋਂ ਡਰਦੇ ਸਨ। 31 ਪਰ ਮੂਸਾ ਨੇ ਉਨ੍ਹਾਂ ਨੂੰ ਬੁਲਾਇਆ। ਇਸ ਲਈ ਹਾਰੂਨ ਅਤੇ ਲੋਕਾਂ ਦੇ ਸਾਰੇ ਆਗੂ ਮੂਸਾ ਕੋਲ ਗਏ। ਮੂਸਾ ਨੇ ਉਨ੍ਹਾਂ ਨਾਲ ਗੱਲ ਕੀਤੀ। 32 ਇਸਤੋਂ ਮਗਰੋਂ ਇਸਰਾਏਲ ਦੇ ਸਾਰੇ ਲੋਕ ਮੂਸਾ ਦੇ ਨੇੜੇ ਆ ਗਏ। ਅਤੇ ਮੂਸਾ ਨੇ ਉਨ੍ਹਾਂ ਨੂੰ ਉਹ ਹੁਕਮ ਦਿੱਤੇ ਜਿਹੜੇ ਯਹੋਵਾਹ ਨੇ ਉਸ ਨੂੰ ਸੀਨਈ ਪਰਬਤ ਉੱਤੇ ਦਿੱਤੇ ਸਨ।
33 ਜਦੋਂ ਮੂਸਾ ਲੋਕਾਂ ਨਾਲ ਗੱਲ ਕਰ ਹਟਿਆ ਉਸ ਨੇ ਆਪਣੇ ਚਿਹਰੇ ਉੱਤੇ ਪਰਦਾ ਪਾ ਲਿਆ। 34 ਜਿਸ ਵੇਲੇ ਵੀ ਮੂਸਾ ਯਹੋਵਾਹ ਨਾਲ ਗੱਲ ਕਰਨ ਲਈ ਉਸ ਦੇ ਸਾਹਮਣੇ ਗਿਆ, ਮੂਸਾ ਨੇ ਉਹ ਪਰਦਾ ਲਾਹ ਦਿੱਤਾ। ਫ਼ੇਰ ਮੂਸਾ ਬਾਹਰ ਆਉਂਦਾ ਅਤੇ ਇਸਰਾਏਲ ਦੇ ਲੋਕਾਂ ਨੂੰ ਉਹ ਗੱਲਾਂ ਦੱਸਦਾ ਜਿਨ੍ਹਾਂ ਦਾ ਯਹੋਵਾਹ ਹੁਕਮ ਦਿੰਦਾ ਸੀ। 35 ਲੋਕ ਦੇਖਦੇ ਸਨ ਕਿ ਮੂਸਾ ਦਾ ਚਿਹਰਾ ਤੇਜ ਨਾਲ ਚਮਕਦਾ ਸੀ, ਇਸ ਲਈ ਮੂਸਾ ਆਪਣਾ ਚਿਹਰਾ ਫ਼ੇਰ ਢੱਕ ਲੈਂਦਾ ਸੀ। ਮੂਸਾ ਉਦੋਂ ਤੱਕ ਆਪਣਾ ਚਿਹਰਾ ਢੱਕੀ ਰੱਖਦਾ ਜਦੋਂ ਤੱਕ ਕਿ ਉਹ ਇੱਕ ਵਾਰੀ ਫ਼ੇਰ ਯਹੋਵਾਹ ਨਾਲ ਗੱਲ ਕਰਨ ਲਈ ਅੰਦਰ ਨਹੀਂ ਸੀ ਜਾਂਦਾ।
ਸਬਤ ਦੇ ਬਾਰੇ ਬਿਧੀਆਂ
35 ਮੂਸਾ ਨੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਇਕੱਠਿਆ ਕੀਤਾ। ਮੂਸਾ ਨੇ ਉਨ੍ਹਾਂ ਨੂੰ ਆਖਿਆ, “ਮੈਂ ਤੁਹਾਨੂੰ ਉਹ ਗੱਲਾਂ ਦੱਸਾਂਗਾ ਜਿਨ੍ਹਾਂ ਬਾਰੇ ਯਹੋਵਾਹ ਨੇ ਤੁਹਾਨੂੰ ਕਰਨ ਲਈ ਹੁਕਮ ਦਿੱਤਾ ਹੈ:
2 “ਕਂਮ ਕਰਨ ਲਈ ਛੇ ਦਿਨ ਹਨ। ਪਰ ਸੱਤਵੇ ਦਿਨ ਤੁਹਾਡੇ ਲਈ ਬਹੁਤ ਅਰਾਮ ਕਰਨ ਦਾ ਖਾਸ ਦਿਨ ਹੋਵੇਗਾ। ਤੁਸੀਂ ਉਸ ਦਿਨ ਅਰਾਮ ਕਰਕੇ ਯਹੋਵਾਹ ਨੂੰ ਆਦਰ ਦਿਉਂਗੇ। ਜਿਹੜਾ ਵੀ ਬੰਦਾ ਸੱਤਵੇਂ ਦਿਨ ਕੰਮ ਕਰਦਾ ਹੈ ਉਹ ਮਾਰਿਆ ਜਾਣਾ ਚਾਹੀਦਾ ਹੈ। 3 ਸਬਤ ਦੇ ਦਿਨ ਤੁਹਾਨੂੰ ਕਿਸੇ ਵੀ ਉਸ ਥਾਂ ਅੱਗ ਨਹੀਂ ਬਾਲਣੀ ਚਾਹੀਦੀ ਜਿੱਥੇ ਤੁਸੀਂ ਰਹਿੰਦੇ ਹੋ।”
ਪਵਿੱਤਰ ਤੰਬੂ ਲਈ ਚੀਜ਼ਾਂ
4 ਮੂਸਾ ਨੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਆਖਿਆ, “ਇਹੀ ਹੈ ਜਿਸਦਾ ਯਹੋਵਾਹ ਨੇ ਹੁਕਮ ਦਿੱਤਾ; 5 ਯਹੋਵਾਹ ਲਈ ਖਾਸ ਸੁਗਾਤਾਂ ਇਕੱਠੀਆਂ ਕਰੋ। ਤੁਹਾਡੇ ਵਿੱਚੋਂ ਹਰ ਇੱਕ ਨੂੰ ਇਹ ਨਿਆਂ ਕਰਨਾ ਚਾਹੀਦਾ ਹੈ ਕਿ ਤੁਸੀਂ ਕੀ ਦੇਵੋਂਗੇ। ਅਤੇ ਫ਼ੇਰ ਤੁਹਾਨੂੰ ਉਹ ਸੁਗਾਤ ਯਹੋਵਾਹ ਲਈ ਲੈ ਕੇ ਆਉਣੀ ਚਾਹੀਦੀ ਹੈ। ਸੋਨਾ, ਚਾਂਦੀ ਅਤੇ ਪਿੱਤਲ, 6 ਨੀਲਾ, ਬੈਂਗਣੀ ਅਤੇ ਲਾਲ ਸੂਤ ਅਤੇ ਮਹੀਨ ਲਿਨਨ, ਬੱਕਰੀ ਦੀ ਜੱਤ। 7 ਭੇਡੂ ਦੀਆਂ ਲਾਲ ਰੰਗ ਵਿੱਚ ਰੰਗੀਆਂ ਖੱਲਾਂ ਅਤੇ ਕੀਮਤੀ ਚਮੜਾ, ਸ਼ਿੱਟੀਮ ਦੀ ਲੱਕੜ; 8 ਦੀਵਿਆਂ ਲਈ ਤੇਲ, ਮਸਹ ਦੇ ਤੇਲ ਲਈ ਸਮਗਰੀ ਅਤੇ ਸੁਗੰਧਤ ਧੂਫ਼ ਦੀ ਸਮਗਰੀ ਲੈ ਕੇ ਆਉ। 9 ਅਤੇ ਏਫ਼ੋਦ ਉੱਤੇ ਅਤੇ ਸੀਨੇ-ਬੰਦ ਉੱਤੇ ਲਾਉਣ ਲਈ ਸੁਲੇਮਾਨੀ ਪੱਥਰ ਅਤੇ ਹੋਰ ਬੇਸ਼ਕੀਮਤੀ ਪੱਥਰ ਲੈ ਕੇ ਆਉ।
10 “ਤੁਹਾਡੇ ਵਿੱਚੋਂ ਜਿਹੜੇ ਕਾਰੀਗਰ ਹੋਣ ਉਨ੍ਹਾਂ ਨੂੰ ਉਹ ਸਾਰੀਆਂ ਚੀਜ਼ਾਂ ਬਨਾਉਣੀਆਂ ਚਾਹੀਦੀਆਂ ਹਨ ਜਿਨ੍ਹਾਂ ਦਾ ਯਹੋਵਾਹ ਨੇ ਹੁਕਮ ਦਿੱਤਾ ਹੈ: 11 ਪਵਿੱਤਰ ਤੰਬੂ, ਇਸਦਾ ਬਾਹਰਲਾ ਤੰਬੂ, ਅਤੇ ਇਸਦੇ ਪਰਦੇ, ਕੁੰਡੀਆਂ, ਫ਼ੱਟੀਆਂ, ਚੋਬਾਂ ਅਤੇ ਚੀਥਾਂ, 12 ਪਵਿੱਤਰ ਸੰਦੂਕ, ਇਸ ਦੀਆਂ ਚੋਬਾਂ, ਕੱਜਣ ਅਤੇ ਉਹ ਪਰਦਾ ਜਿਹੜਾ ਉਸ ਥਾਂ ਨੂੰ ਢੱਕਦਾ ਹੈ ਜਿੱਥੇ ਸੰਦੂਕ ਹੁੰਦਾ ਹੈ, 13 ਮੇਜ, ਇਸ ਦੀਆਂ ਚੋਬਾਂ, ਮੇਜ ਉਤਲੀਆਂ ਸਾਰੀਆਂ ਚੀਜ਼ਾਂ ਅਤੇ ਮੇਜ ਉੱਪਰਲੀ ਖਾਸ ਰੋਟੀ, 14 ਰੌਸ਼ਨੀ ਲਈ ਵਰਤਿਆ ਜਾਣ ਵਾਲਾ ਸ਼ਮਾਦਾਨ ਅਤੇ ਸ਼ਮਾਦਾਨ ਦੇ ਨਾਲ ਵਰਤੀਆਂ ਜਾਣ ਵਾਲੀਆਂ ਚੀਜ਼ਾਂ, ਦੀਵੇ ਅਤੇ ਰੌਸ਼ਨੀ ਲਈ ਤੇਲ, 15 ਧੂਫ਼ ਧੁਖਾਉਣ ਵਾਲੀ ਜਗਵੇਦੀ, ਅਤੇ ਇਸ ਦੀਆਂ ਚੋਬਾਂ, ਮਸਹ ਵਾਲਾ ਤੇਲ, ਸੁਗੰਧਤ ਧੂਫ਼, ਉਹ ਪਰਦਾ ਜਿਹੜਾ ਪਵਿੱਤਰ ਤੰਬੂ ਦੇ ਪ੍ਰਵੇਸ਼ ਦੁਆਰ ਨੂੰ ਕੱਜਦਾ ਹੈ, 16 ਹੋਮ ਦੀਆਂ ਭੇਟਾ ਲਈ ਜਗਵੇਦੀ ਅਤੇ ਇਸਦੀ ਪਿੱਤਲ ਦੀ ਅੰਗੀਠੀ, ਚੋਬਾਂ ਅਤੇ ਜਗਵੇਦੀ ਉੱਤੇ ਇਸਤੇਮਾਲ ਹੋਣ ਵਾਲੀਆਂ ਸਾਰੀਆਂ ਚੀਜ਼ਾਂ, ਪਿੱਤਲ ਦਾ ਤਸਲਾ ਅਤੇ ਇਸਦੀ ਚੌਂਕੀ। 17 ਵਰਾਂਡੇ ਦੇ ਆਲੇ-ਦੁਆਲੇ ਦੇ ਪਰਦੇ ਉਨ੍ਹਾਂ ਦੀਆਂ ਚੋਬਾਂ ਅਤੇ ਚੀਥਾਂ ਅਤੇ ਉਹ ਪਰਦੇ ਜਿਹੜੇ ਵਰਾਂਡੇ ਦੇ ਪ੍ਰਵੇਸ਼ ਦੁਆਰ ਨੂੰ ਕੱਜਦੇ ਹਨ, 18 ਉਹ ਕਿੱਲੀਆਂ ਜਿਹੜੀਆਂ ਤੰਬੂ ਅਤੇ ਵਿਹੜੇ ਦੇ ਆਲੇ-ਦੁਆਲੇ ਦੇ ਪਰਿਦਆਂ ਦੀ ਕੰਧ ਨੂੰ ਰੋਕਦੀਆਂ ਹਨ ਅਤੇ ਕਿੱਲੀਆਂ ਨੂੰ ਬੰਨ੍ਹਣ ਵਾਲੀਆਂ ਰੱਸੀਆਂ, 19 ਅਤੇ ਪਵਿੱਤਰ ਸਥਾਨ ਉੱਤੇ ਪਹਿਨਣ ਵਾਲੇ ਜਾਜਕ ਦੇ ਖਾਸ ਉਣੇ ਹੋਏ ਵਸਤਰ। ਇਹ ਜਾਜਕ ਹਾਰੂਨ ਅਤੇ ਉਸ ਦੇ ਪੁੱਤਰਾਂ ਦੇ ਪਹਿਨਣ ਵਾਲੇ ਖਾਸ ਵਸਤਰ ਹਨ। ਜਦੋਂ ਉਹ ਜਾਜਕ ਵਜੋਂ ਸੇਵਾ ਕਰਨਗੇ ਤਾਂ ਇਹ ਵਸਤਰ ਪਹਿਨਣਗੇ।”
ਲੋਕਾਂ ਦੀਆਂ ਮਹਾਨ ਭੇਟਾਂ
20 ਫ਼ੇਰ ਇਸਰਾਏਲ ਦੇ ਸਾਰੇ ਲੋਕ ਮੂਸਾ ਕੋਲੋਂ ਚੱਲੇ ਗਏ। 21 ਉਹ ਸਾਰੇ ਲੋਕ ਜਿਹੜੇ ਦੇਣਾ ਚਾਹੁੰਦੇ ਸਨ, ਆਏ ਅਤੇ ਯਹੋਵਾਹ ਲਈ ਭੇਟਾਂ ਲਿਆਏ। ਇਨ੍ਹਾਂ ਸੁਗਾਤਾਂ ਦੀ ਵਰਤੋਂ ਮੰਡਲੀ ਵਾਲੇ ਤੰਬੂ, ਤੰਬੂ ਵਿੱਚਲੀਆਂ ਸਾਰੀਆਂ ਚੀਜ਼ਾਂ ਅਤੇ ਖਾਸ ਵਸਤਰਾਂ ਲਈ ਕੀਤੀ। 22 ਉਹ ਸਾਰੇ ਆਦਮੀ ਤੇ ਔਰਤਾਂ ਜਿਹੜੇ ਦੇਣਾ ਚਾਹੁੰਦੇ ਸਨ, ਹਰ ਕਿਸਮ ਦੇ ਸੋਨੇ ਦੇ ਗਹਿਣੇ ਲੈ ਕੇ ਆਏ। ਉਹ ਸੂਈਆਂ, ਕੰਨਾਂ ਦੀਆਂ ਵਾਲੀਆਂ, ਅੰਗੂਠੀਆਂ ਅਤੇ ਹੋਰ ਗਹਿਣੇ ਲੈ ਕੇ ਆਏ। ਉਨ੍ਹਾਂ ਨੇ ਆਪਣੇ ਸਾਰੇ ਗਹਿਣੇ ਯਹੋਵਾਹ ਨੂੰ ਭੇਂਟ ਕਰ ਦਿੱਤੇ। ਇਹ ਯਹੋਵਾਹ ਲਈ ਖਾਸ ਭੇਟਾ ਸਨ।
23 ਪਰ ਉਹ ਬੰਦਾ ਜਿਸਦੇ ਕੋਲ ਮਹੀਨ ਲਿਨਨ ਅਤੇ ਨੀਲਾ, ਬੈਂਗਣੀ ਅਤੇ ਲਾਲ ਸੂਤ ਸੀ ਉਹ ਇਸ ਨੂੰ ਯਹੋਵਾਹ ਲਈ ਲੈ ਆਇਆ। ਜਿਸ ਕਿਸੇ ਦੇ ਕੋਲ ਬੱਕਿਆਨ ਦੇ ਵਾਲ ਸਨਜਾਂ ਭੇਡੂਆਂ ਦੀਆਂ, ਲਾਲ ਰੰਗ ਵਿੱਚ ਰੰਗੀਆਂ ਹੋਈਆਂ ਖੱਲਾਂ ਸਨਜਾਂ ਕੀਮਤੀ ਚਮੜਾ ਸੀ ਉਹ ਇਸ ਨੂੰ ਯਹੋਵਾਹ ਲਈ ਲੈ ਆਇਆ। 24 ਹਰ ਬੰਦਾ ਜਿਹੜਾ ਚਾਂਦੀ ਜਾਂ ਪਿੱਤਲ ਦੇਣਾ ਚਾਹੁੰਦਾ ਸੀ, ਉਹ ਇਸ ਨੂੰ ਯਹੋਆਹ ਲਈ ਭੇਂਟ ਵਜੋਂ ਲੈ ਕੇ ਆਇਆ। ਹਰ ਉਹ ਬੰਦਾ ਜਿਸਦੇ ਕੋਲ ਸ਼ਿੱਟੀਮ ਦੀ ਲੱਕੜੀ ਸੀ, ਆਇਆ ਅਤੇ ਇਹ ਯਹੋਵਾਹ ਲਈ ਅਰਪਨ ਕਰ ਦਿੱਤੀ। 25 ਹਰ ਸੁਘੜ-ਸਿਆਣੀ ਨੇ ਨੀਲਾ, ਬੈਂਗਣੀ ਅਤੇ ਲਾਲ ਸੂਤ ਅਤੇ ਮਹੀਨ ਲਿਨਨ ਦਾ ਧਾਗਾ ਬਣਇਆ। 26 ਅਤੇ ਉਹ ਸਾਰੀਆਂ ਔਰਤਾਂ ਜੋ ਸੁੱਘੜ ਸਨ ਅਤੇ ਸਹਾਇਤਾ ਕਰਨੀ ਚਾਹੁੰਦੀਆਂ ਸਨ ਉਨ੍ਹਾਂ ਨੇ ਬੱਕਰੀ ਦੀ ਪਸ਼ਮ ਤੋਂ ਕੱਪੜਾ ਬਣਾਇਆ।
27 ਆਗੂ ਸੁਲੇਮਾਨੀ ਪੱਥਰ ਅਤੇ ਹੋਰ ਬੇਸ਼ਕੀਮਤੀ ਪੱਥਰ ਲਿਆਏ ਜੋ ਏਫ਼ੋਦ ਉੱਤੇ ਅਤੇ ਸਿਨੇ-ਬੰਦ ਉੱਤੇ ਪਾਏ ਜਾਣ ਵਾਲੇ ਸਨ। 28 ਆਗੂ ਮਸਾਲੇ ਅਤੇ ਜੈਤੂਨ ਦਾ ਤੇਲ ਵੀ ਲੈ ਆਏ। ਇਨ੍ਹਾਂ ਚੀਜ਼ਾਂ ਦੀ ਵਰਤੋਂ ਸੁਗੰਧਤ ਧੂਫ਼, ਮਸਹ ਵਾਲੇ ਤੇਲ ਲਈ ਅਤੇ ਦੀਵਿਆਂ ਦੇ ਤੇਲ ਲਈ ਕੀਤੀ ਗਈ ਸੀ।
29 ਇਸਰਾਏਲ ਦੇ ਇਹ ਸਾਰੇ ਲੋਕ ਜਿਹੜੇ ਸਹਾਇਤਾ ਕਰਨੀ ਚਾਹੁੰਦੇ ਸਨ, ਯਹੋਵਾਹ ਲਈ ਸੁਗਾਤਾਂ ਲੈ ਕੇ ਆਏ। ਲੋਕਾਂ ਨੇ ਇਹ ਸੁਗਾਤਾਂ ਮੁਫ਼ਤ ਦਿੱਤੀਆਂ ਕਿਉਂਕਿ ਉਹ ਇਹੀ ਚਾਹੁੰਦੇ ਸਨ। ਇਨ੍ਹਾਂ ਸੁਗਾਤਾਂ ਦੀ ਵਰਤੋਂ ਉਨ੍ਹਾਂ ਸਾਰੀਆਂ ਚੀਜ਼ਾਂ ਬਨਾਉਣ ਲਈ ਕੀਤੀ ਗਈ ਜਿਸ ਬਾਰੇ ਯਹੋਵਾਹ ਨੇ ਮੂਸਾ ਅਤੇ ਲੋਕਾਂ ਨੂੰ ਬਨਾਉਣ ਲਈ ਆਖਿਆ ਸੀ।
ਬਸਲਏਲ ਅਤੇ ਆਹਾਲੀਆਬ
30 ਫ਼ੇਰ ਮੂਸਾ ਨੇ ਇਸਰਾਏਲ ਦੇ ਲੋਕਾਂ ਨੂੰ ਆਖਿਆ, “ਦੇਖੋ, ਯਹੋਵਾਹ ਨੇ ਯਹੂਦਾਹ ਦੇ ਪਰਿਵਾਰ-ਸਮੂਹ ਵਿੱਚੋਂ ਊਰੀ ਦੇ ਪੁੱਤਰ ਬਸਲੇਲ ਨੂੰ ਚੁਣਿਆ ਹੈ। (ਊਰੀ ਹੂਰ ਦਾ ਪੁੱਤਰ ਸੀ।) 31 ਯਹੋਵਾਹ ਨੇ ਬਸਲਏਲ ਦੇ ਅੰਦਰ ਪਰਮੇਸ਼ੁਰ ਦਾ ਆਤਮਾ ਭਰ ਦਿੱਤਾ। ਉਸ ਨੇ ਬਸਲਏਲ ਨੂੰ ਸਭ ਤਰ੍ਹਾਂ ਦੀਆਂ ਗੱਲਾਂ ਕਰਨ ਲਈ ਖਾਸ ਯੋਗਤਾ ਅਤੇ ਗਿਆਨ ਦਿੱਤਾ ਹੈ। 32 ਉਹ ਸੋਨੇ ਚਾਂਦੀ ਅਤੇ ਪਿੱਤਲ ਦੀਆਂ ਚੀਜ਼ਾਂ ਤਰਾਸ਼ ਸੱਕਦਾ ਹੈ ਤੇ ਬਣਾ ਸੱਕਦਾ ਹੈ। 33 ਉਹ ਕੀਮਤੀ-ਪੱਥਰ ਅਤੇ ਹੀਰੇ ਤਰਾਸ਼ ਸੱਕਦਾ ਹੈ ਅਤੇ ਉਨ੍ਹਾਂ ਨੂੰ ਜੜ ਸੱਕਦਾ ਹੈ। ਬਸਲਏਲ ਲੱਕੜ ਦਾ ਕੰਮ ਕਰ ਸੱਕਦਾ ਹੈ ਅਤੇ ਹਰ ਤਰ੍ਹਾਂ ਦੀਆਂ ਚੀਜ਼ਾਂ ਬਣਾ ਸੱਕਦਾ ਹੈ। 34 ਯਹੋਵਾਹ ਨੇ ਬਸਲਏਲ ਅਤੇ ਆਹਾਲੀਆਬ ਨੂੰ ਹੋਰਨਾਂ ਲੋਕਾਂ ਨੂੰ ਸਿੱਖਿਆ ਦੇਣ ਦੀ ਯੋਗਤਾ ਦਿੱਤੀ ਹੈ। (ਆਹਾਲੀਆਬ ਦਾਨ ਦੇ ਪਰਿਵਾਰ-ਸਮੂਹ ਵਿੱਚੋਂ ਅਹੀਸਾਮਾਕ ਦਾ ਪੁੱਤਰ ਸੀ।) 35 ਯਹੋਵਾਹ ਨੇ ਇਨ੍ਹਾਂ ਦੋਹਾਂ ਬੰਦਿਆਂ ਨੂੰ ਹਰ ਤਰ੍ਹਾਂ ਦਾ ਕੰਮ ਕਰਨ ਦੀ ਖਾਸ ਯੋਗਤਾ ਦਿੱਤੀ ਹੈ। ਉਹ ਤਰੱਖਾਣਾਂ ਅਤੇ ਠਠੇਰਿਆਂ ਦਾ ਕੰਮ ਕਰਨ ਦੇ ਯੋਗ ਹਨ। ਉਹ ਕੱਪੜਾ ਬੁਣ ਸੱਕਦੇ ਹਨ ਅਤੇ ਇਸ ਉੱਪਰ ਨੀਲੇ ਬੈਂਗਣੀ ਅਤੇ ਲਾਲ ਸੂਤ ਦੇ ਨਮੂਨੇ ਬਣਾ ਸੱਕਦੇ ਹਨ ਅਤੇ ਮਹੀਨ ਲਿਨਨ ਬੁਣ ਸੱਕਦੇ ਹਨ। ਅਤੇ ਉਹ ਉੱਨ ਦੀਆਂ ਚੀਜ਼ਾਂ ਬੁਣ ਸੱਕਦੇ ਹਨ।
36 “ਇਸ ਲਈ ਬਸਲਏਲ, ਆਹਾਲੀਆਬ ਅਤੇ ਹੋਰ ਸਾਰੇ ਕਾਰੀਗਰ ਆਦਮੀਆਂ ਨੂੰ ਉਹ ਕੰਮ ਜ਼ਰੂਰ ਕਰਨਾ ਚਾਹੀਦਾ ਹੈ ਜਿਸਦਾ ਯਹੋਵਾਹ ਨੇ ਹੁਕਮ ਦਿੱਤਾ ਹੈ। ਯਹੋਵਾਹ ਨੇ ਇਨ੍ਹਾਂ ਆਦਮੀਆਂ ਨੂੰ ਇਹ ਪਵਿੱਤਰ ਸਥਾਨ ਬਨਾਉਣ ਲਈ ਸਾਰਾ ਯੋਗਤਾ ਵਾਲਾ ਕੰਮ ਕਰਨ ਦੀ ਸੂਝ ਅਤੇ ਸਮਝ ਦਿੱਤੀ ਹੈ।”
2 ਫ਼ੇਰ ਮੂਸਾ ਨੇ ਬਸਲਏਲ ਅਤੇ ਆਹਾਲੀਆਬ ਅਤੇ ਹੋਰ ਸਾਰੇ ਯੋਗ ਲੋਕਾਂ ਨੂੰ ਬੁਲਾਇਆ ਜਿਨ੍ਹਾਂ ਨੂੰ ਯਹੋਵਾਹ ਨੇ ਖਾਸ ਯੋਗਤਾਵਾਂ ਦਿੱਤੀਆਂ ਸਨ। ਅਤੇ ਇਹ ਲੋਕ ਇਸ ਲਈ ਆਏ ਕਿਉਂਕਿ ਇਹ ਕੰਮ ਰਾਹੀਂ ਸਹਾਇਤਾ ਕਰਨਾ ਚਾਹੁੰਦੇ ਸਨ। 3 ਮੂਸਾ ਨੇ ਇਨ੍ਹਾਂ ਲੋਕਾਂ ਨੂੰ ਉਹ ਸਾਰੀਆਂ ਚੀਜ਼ਾਂ ਦੇ ਦਿੱਤੀਆਂ ਜੋ ਇਸਰਾਏਲ ਦੇ ਲੋਕ ਸੁਗਾਤਾਂ ਵਜੋਂ ਲਿਆਏ ਸਨ। ਅਤੇ ਉਨ੍ਹਾਂ ਨੇ ਇਨ੍ਹਾਂ ਚੀਜ਼ਾਂ ਨੂੰ ਪਰਮੇਸ਼ੁਰ ਦੇ ਪਵਿੱਤਰ ਸਥਾਨ ਦੀ ਉਸਾਰੀ ਲਈ ਵਰਤਿਆ। ਲੋਕ ਹਰ ਸਵੇਰ ਸੁਗਾਤਾਂ ਲਿਆਉਂਦੇ ਰਹੇ। 4 ਆਖਿਰਕਾਰ ਸਾਰੇ ਕਾਰੀਗਰਾਂ ਨੇ ਉਸ ਪਵਿੱਤਰ ਸਥਾਨ ਉੱਤੇ ਆਪਣਾ ਕੰਮ ਕਰਨਾ ਛੱਡ ਦਿੱਤਾ, ਅਤੇ ਉਹ ਮੂਸਾ ਨਾਲ ਗੱਲ ਕਰਨ ਲਈ ਗਏ। ਉਨ੍ਹਾਂ ਨੇ ਆਖਿਆ, 5 “ਲੋਕਾਂ ਨੇ ਬਹੁਤ ਜ਼ਿਆਦਾ ਲਿਆਂਦਾ ਹੈ। ਸਾਡੇ ਕੋਲ ਇਸ ਤੰਬੂ ਦਾ ਕੰਮ ਖਤਮ ਕਰਨ ਲਈ ਲੋੜ ਤੋਂ ਵੱਧ ਹੈ।”
6 ਫ਼ੇਰ ਮੂਸਾ ਨੇ ਸਾਰੇ ਡੇਰੇ ਅੰਦਰ ਇਹ ਸੰਦੇਸ਼ ਭੇਜਿਆ; “ਕਿਸੇ ਵੀ ਆਦਮੀ ਜਾਂ ਔਰਤ ਨੂੰ ਪਵਿੱਤਰ ਸਥਾਨ ਲਈ ਸੁਗਾਤ ਵਜੋਂ ਹੋਰ ਕੋਈ ਚੀਜ਼ ਨਹੀਂ ਲਿਆਉਣੀ ਚਾਹੀਦੀ।” ਇਸ ਲਈ ਲੋਕਾਂ ਨੂੰ ਹੋਰ ਸੁਗਾਤਾਂ ਦੇਣ ਤੋਂ ਜ਼ਬਰਦਸਤੀ ਰੋਕਿਆ ਗਿਆ। 7 ਲੋਕਾਂ ਨੇ ਪਰਮੇਸ਼ੁਰ ਦੇ ਪਵਿੱਤਰ ਸਥਾਨ ਦੀ ਉਸਾਰੀ ਲਈ ਲੋੜ ਤੋਂ ਵੱਧ ਲੈ ਆਂਦਾ ਸੀ।
ਪਵਿੱਤਰ ਤੰਬੂ
8 ਫ਼ੇਰ ਕਾਰੀਗਰਾਂ ਨੇ ਪਵਿੱਤਰ ਤੰਬੂ ਬਨਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਮਹੀਨ ਲਿਨਨ ਅਤੇ ਨੀਲਾ ਬੈਂਗਣੀ ਤੇ ਲਾਲ ਸੂਤ ਦੇ ਦਸ ਪਰਦੇ ਬਣਾਏ। ਅਤੇ ਉਨ੍ਹਾਂ ਨੇ ਖੰਭਾਂ ਵਾਲੇ ਕਰੂਬੀ ਫ਼ਰਿਸ਼ਤਿਆਂ ਦਿਆਂ ਤਸਵੀਰਾਂ ਉਨ੍ਹਾਂ ਉੱਤੇ ਸਿਉਂਤੀਆਂ। 9 ਹਰੇਕ ਪਰਦਾ ਇੱਕੋ ਜਿਹੇ ਅਕਾਰ ਦਾ ਸੀ—28 ਹੱਥ ਲੰਮਾ ਅਤੇ 4 ਹੱਥ ਚੌੜਾ। 10 ਕਾਰੀਗਰਾਂ ਨੇ ਪਰਦਿਆਂ ਨੂੰ ਸਿਉਂਕੇ ਪਰਦਿਆਂ ਦੇ ਦੋ ਸਮੂਹ ਬਣਾ ਲਏ। ਉਨ੍ਹਾਂ ਨੇ ਪੰਜ ਪਰਦੇ ਇਕੱਠੇ ਸਿਉਂਕੇ ਇੱਕ ਸਮੂਹ ਬਣਾਇਆ ਅਤੇ ਪੰਜ ਪਰਦੇ ਸਿਉਂਕੇ ਦੂਸਰਾ ਸਮੂਹ। 11 ਫ਼ੇਰ ਉਨ੍ਹਾਂ ਨੇ ਇੱਕ ਸਮੂਹ ਦੇ ਆਖਰੀ ਪਰਦੇ ਦੇ ਕਿਨਾਰੇ ਉੱਤੇ ਨੀਲੇ ਕੱਪੜੇ ਦੀਆਂ ਝਾਲਰਾਂ ਬਣਾਈਆਂ। ਅਤੇ ਉਨ੍ਹਾਂ ਨੇ ਦੂਸਰੇ ਸਮੂਹ ਦੇ ਆਖਰੀ ਪਰਦੇ ਉੱਤੇ ਵੀ ਇਹੋ ਕੀਤਾ। 12 ਇੱਕ ਸਮੂਹ ਦੇ ਆਖਰੀ ਪਰਦੇ ਉੱਤੇ 50 ਹੁੱਕਾਂ ਸਨ ਅਤੇ 50 ਹੁੱਕਾਂ ਦੂਸਰੇ ਸਮੂਹ ਦੇ ਆਖਰੀ ਪਰਦੇ ਉੱਤੇ ਸਨ। ਇਹ ਹੁੱਕਾਂ ਇੱਕ ਦੂਸਰੇ ਦੇ ਆਮ੍ਹੋ-ਸਾਹਮਣੇ ਸਨ। 13 ਫ਼ੇਰ ਉਨ੍ਹਾਂ ਨੇ ਦੋਹਾਂ ਪਰਦਿਆਂ ਨੂੰ ਇੱਕ ਦੂਸਰੇ ਨਾਲ ਜੋੜਨ ਲਈ 50 ਸੋਨੇ ਦੇ ਕੁੰਡਲ ਬਣਾਏ। ਇਸ ਤਰ੍ਹਾਂ ਪਵਿੱਤਰ ਤੰਬੂ ਨੂੰ ਜੋੜਕੇ ਇੱਕ ਕਰ ਦਿੱਤਾ ਗਿਆ।
14 ਫ਼ੇਰ ਕਾਰੀਗਰਾਂ ਨੇ ਪਵਿੱਤਰ ਤੰਬੂ ਨੂੰ ਢੱਕਣ ਲਈ ਇੱਕ ਹੋਰ ਤੰਬੂ ਬਣਾਇਆ। ਉਨ੍ਹਾਂ ਨੇ ਬੱਕਰੀ ਦੇ ਬਾਲਾਂ ਦੇ ਗਿਆਰਾਂ ਪਰਦੇ ਬਣਾਏ। 15 ਸਾਰੇ ਪਰਦੇ ਇੱਕੋ ਅਕਾਰ ਦੇ ਸਨ—30 ਕਿਊਬਿਟ ਲੰਮੇ ਅਤੇ 4 ਕਿਊਬਿਟ ਚੌੜੇ। 16 ਕਾਰੀਗਰਾਂ ਨੇ ਪੰਜ ਪਰਦੇ ਜੋੜਕੇ ਉਨ੍ਹਾਂ ਦਾ ਇੱਕ ਮਸੂਹ ਬਣਾਇਆ ਅਤੇ ਛੇ ਪਰਦੇ ਜੋੜਕੇ ਦੂਸਰਾ ਸਮੂਹ ਬਣਾਇਆ। 17 ਉਨ੍ਹਾਂ ਨੇ ਇੱਕ ਸਮੂਹ ਦੇ ਆਖਰੀ ਪਰਦੇ ਦੇ ਕਿਨਾਰੇ ਤੇ 50 ਹੁੱਕਾਂ ਬਣਾਈਆਂ ਅਤੇ ਉਨ੍ਹਾਂ ਨੇ ਦੂਸਰੇ ਸਮੂਹ ਦੇ ਆਖਰੀ ਪਰਦੇ ਦੇ ਕਿਨਾਰੇ ਤੇ ਵੀ ਇਵੇਂ ਹੀ ਕੀਤਾ। 18 ਕਾਰੀਗਰਾਂ ਨੇ ਪਰਦਿਆਂ ਦੇ ਦੋਹਾਂ ਸਮੂਹਾਂ ਨੂੰ ਜੋੜਕੇ ਇੱਕ ਕਰਨ ਲਈ ਪਿੱਤਲ ਦੇ 50 ਕੁੰਡਲ ਬਣਾਏ। 19 ਫ਼ੇਰ ਉਨ੍ਹਾਂ ਨੇ ਪਵਿੱਤਰ ਤੰਬੂ ਲਈ ਦੋ ਹੋਰ ਕੱਜਣ ਬਣਾਏ। ਇੱਕ ਕੱਜਣ ਭੇਡੂ ਦੀਆਂ ਲਾਲ ਰੰਗ ਦੀਆਂ ਖੱਲਾਂ ਦਾ ਬਣਾਇਆ ਗਿਆ ਸੀ। ਦੂਸਰਾ ਕੱਜਣ ਕੀਮਤੀ ਚਮੜੇ ਦਾ ਬਣਾਇਆ ਗਿਆ ਸੀ।
20 ਫ਼ੇਰ ਕਾਰੀਗਰਾਂ ਨੇ ਪਵਿੱਤਰ ਤੰਬੂ ਨੂੰ ਟੇਕ ਦੇਣ ਲਈ ਸ਼ਿੱਟੀਮ ਦੀ ਲੱਕੜ ਤੋਂ ਤਖਤੀਆਂ ਬਣਾਈਆਂ। 21 ਹਰੇਕ ਤਖਤੀ 10 ਕਿਊਬਿਟ ਲੰਬੀ ਅਤੇ ਡੇਢ ਕਿਊਬਿਟ ਚੌੜੀ ਸੀ। 22 ਹਰੇਕ ਤਖਤੀ ਦੇ ਅਖੀਰ ਤੇ ਦੋ ਥੰਮ੍ਹ ਸਨ। ਪਵਿੱਤਰ ਤੰਬੂ ਲਈ ਹਰੇਕ ਤਖਤੀ ਇੱਕੋ ਜਿਹੀ ਬਣਾਈ ਗਈ ਸੀ। 23 ਉਨ੍ਹਾਂ ਨੇ ਪਵਿੱਤਰ ਤੰਬੂ ਦੇ ਦੱਖਣੀ ਪਾਸੇ ਲਈ 20 ਤਖਤੀਆਂ ਬਣਾਈਆਂ। 24 ਫ਼ੇਰ ਉਨ੍ਹਾਂ ਨੇ ਤਖਤੀਆਂ ਲਈ ਚਾਂਦੀ ਦੀਆਂ 40 ਚੀਥੀਆਂ ਬਣਾਈਆਂ। ਹਰੇਕ ਤਖਤੀ ਲਈ ਦੋ ਚੀਥੀਆਂ ਸਨ-ਹਰੇਕ ਪਾਸੇ ਦੀ ਚੋਬ ਲਈ ਇੱਕ-ਇੱਕ ਚੀਥੀ। 25 ਉਨ੍ਹਾਂ ਨੇ ਪਵਿੱਤਰ ਤੰਬੂ ਦੇ ਦੂਸਰੇ ਪਾਸੇ (ਉੱਤਰੀ ਪਾਸੇ) ਲਈ ਵੀ 20 ਤਖਤੀਆਂ ਬਣਾਈਆਂ। 26 ਉਨ੍ਹਾਂ ਨੇ ਤਖਤੀਆਂ ਲਈ ਚਾਂਦੀ ਦੀਆਂ 40 ਚੀਥੀਆਂ ਬਣਾਈਆਂ-ਹਰੇਕ ਤਖਤੀ ਲਈ ਦੋ ਚੀਥੀਆਂ। 27 ਉਨ੍ਹਾਂ ਨੇ ਪਵਿੱਤਰ ਤੰਬੂ ਦੇ ਪਿੱਛਲੇ ਪਾਸੇ (ਪੱਛਮੀ ਪਾਸੇ) ਲਈ ਛੇ ਹੋਰ ਤਖਤੀਆਂ ਬਣਾਈਆਂ। 28 ਉਨ੍ਹਾਂ ਨੇ ਪਵਿੱਤਰ ਤੰਬੂ ਦੇ ਕੋਨਿਆਂ ਲਈ ਵੀ ਦੋ ਤਖਤੀਆਂ ਬਣਾਈਆਂ। 29 ਇਹ ਤਖਤੀਆਂ ਹੇਠਾਂ ਤੋਂ ਇੱਕ ਦੂਸਰੇ ਨਾਲ ਜੋੜਿਆਂ ਗਈਆਂ ਸਨ। ਅਤੇ ਉੱਪਰੋਂ, ਇੱਕ ਕੜਾ ਕੋਨਿਆਂ ਵਾਲੀਆਂ ਤਖਤੀਆਂ ਨੂੰ ਇੱਕ ਸਾਥ ਫ਼ੜਦਾ ਸੀ। ਉਨ੍ਹਾਂ ਨੇ ਅਜਿਹਾ ਦੋਹਾਂ ਕੋਨਿਆਂ ਲਈ ਕੀਤਾ। 30 ਪਵਿੱਤਰ ਤੰਬੂ ਦੇ ਪੱਛਮੀ ਪਾਸੇ ਲਈ ਕੁੱਲ ਅੱਠ ਤਖਤੀਆਂ ਸਨ ਅਤੇ ਚਾਂਦੀ ਦੀਆਂ 16 ਚੀਥੀਆਂ ਸਨ-ਹਰੇਕ ਫ਼ਰੇਮ ਲਈ ਦੋ ਚੀਥੀਆਂ।
31 ਫ਼ੇਰ ਕਾਰੀਗਰਾਂ ਨੇ ਤਖਤੀਆਂ ਲਈ ਬਰੇਸ਼ਾਂ ਬਨਾਉਣ ਵਾਸਤੇ ਸ਼ਿੱਟੀਮ ਦੀ ਲੱਕੜ ਦੀ ਵਰਤੋਂ ਕੀਤੀ-ਪਵਿੱਤਰ ਤੰਬੂ ਦੇ ਇੱਕ ਪਾਸੇ ਲਈ ਪੰਜ ਬਰੇਸ਼ਾ, 32 ਪੰਜ ਬਰੇਸਾ ਦੂਸਰੇ ਪਾਸੇ ਲਈ, ਅਤੇ ਪਵਿੱਤਰ ਤੰਬੂ ਦੇ ਪਿੱਛਲੇ ਪਾਸੇ (ਅਰਥਾਤ ਪੱਛਮੀ ਪਾਸੇ) ਲਈ ਪੰਜ ਬਰੇਸਾਂ। 33 ਉਨ੍ਹਾਂ ਨੇ ਇੱਕ ਵਿੱਚਕਾਰਲੀ ਬਰੇਸ ਬਣਾਈ ਜੋ ਤਖਤੀਆਂ ਵਿੱਚੋਂ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਗੁਜਰਦੀ ਸੀ। 34 ਉਨ੍ਹਾਂ ਨੇ ਇਨ੍ਹਾਂ ਤਖਤੀਆਂ ਉੱਤੇ ਸੋਨਾ ਮਢ਼ਿਆ। ਫ਼ੇਰ ਉਨ੍ਹਾਂ ਨੇ ਇਨ੍ਹਾਂ ਬਰੇਸਾਂ ਨੂੰ ਫ਼ੜਣ ਲਈ ਸੋਨੇ ਦੇ ਕੜੇ ਬਣਾਏ। ਅਤੇ ਬਰੇਸਾ ਨੂੰ ਸੋਨੇ ਨਾਲ ਢੱਕ ਦਿੱਤਾ।
35 ਉਨ੍ਹਾਂ ਨੇ ਅੱਤ ਪਵਿੱਤਰ ਸਥਾਨ ਦੇ ਪ੍ਰਵੇਸ਼ ਦੁਆਰ ਲਈ ਖਾਸ ਪਰਦਾ ਬਨਾਉਣ ਵਾਸਤੇ ਮਹੀਨ ਲਿਨਨ ਅਤੇ ਨੀਲੇ ਬੈਂਗਣੀ ਤੇ ਲਾਲ ਸੂਤ ਦੀ ਵਰਤੋਂ ਕਿਤੀ। ਅਤੇ ਉਨ੍ਹਾਂ ਨੇ ਪਰਦੇ ਉੱਤੇ ਕਰੂਬੀ ਫ਼ਰਿਸ਼ਤਿਆਂ ਦੀਆਂ ਤਸਵੀਰਾਂ ਸਿਉਂਤੀਆਂ। 36 ਉਨ੍ਹਾਂ ਨੇ ਸ਼ਿੱਟੀਮ ਦੀ ਲੱਕੜ ਦੀਆਂ ਚਾਰ ਚੋਬਾਂ ਬਣਾਈਆਂ ਅਤੇ ਉਨ੍ਹਾਂ ਨੇ ਚੋਬਾਂ ਉੱਤੇ ਸੋਨਾ ਚੜ੍ਹਾਇਆ। ਅਤੇ ਫ਼ੇਰ ਉਨ੍ਹਾਂ ਨੇ ਚੋਬਾਂ ਲਈ ਸੋਨੇ ਦੀਆਂ ਕੁੰਡੀਆਂ ਬਣਾਈਆਂ। ਅਤੇ ਉਨ੍ਹਾਂ ਨੇ ਚੋਬਾਂ ਲਈ ਚਾਂਦੀ ਦੀਆਂ ਚਾਰ ਚੀਥੀਆਂ ਬਣਾਈਆਂ। 37 ਫ਼ੇਰ ਉਨ੍ਹਾਂ ਨੇ ਨੀਲੇ, ਬੈਂਗਣੀ ਅਤੇ ਲਾਲ ਸੂਤ ਅਤੇ ਮਹੀਨ ਲਿਨਨ ਤੋਂ ਤੰਬੂ ਦੇ ਪ੍ਰਵੇਸ਼ ਦੁਆਰ ਦਾ ਕੱਜਣ ਬਣਾਇਆ। 38 ਫ਼ੇਰ ਉਨ੍ਹਾਂ ਨੇ ਪ੍ਰਵੇਸ਼ ਦੇ ਇਸ ਉੱਪਰ ਪਰਦੇ ਲਈ ਪੰਜ ਚੋਬਾਂ ਅਤੇ ਕੁੰਡੀਆਂ ਬਣਾਈਆਂ। ਉਨ੍ਹਾਂ ਨੇ ਚੋਬਾਂ ਦੇ ਉੱਪਰਲੇ ਸਿਰਿਆਂ ਨੂੰ ਅਤੇ ਪਰਦਿਆਂ ਦੀਆਂ ਡੰਡੀਆਂ ਨੂੰ ਸੋਨੇ ਨਾਲ ਮੜ੍ਹ ਦਿੱਤਾ। ਅਤੇ ਉਨ੍ਹਾਂ ਨੇ ਚੋਬਾਂ ਲਈ ਪਿੱਤਲ ਦੀਆਂ ਪੰਜ ਚੋਬਾਂ ਬਣਾਈਆਂ।
ਇਕਰਾਰਨਾਮੇ ਵਾਲਾ ਸੰਦੂਕ
37 ਬਸਲਏਲ ਨੇ ਪਵਿੱਤਰ ਸੰਦੂਕ ਸ਼ਿੱਟੀਮ ਦੀ ਲੱਕੜ ਤੋਂ ਬਣਾਇਆ। ਸੰਦੂਕ ਢਾਈ ਹੱਥ ਲੰਮਾ, ਡੇਢ ਹੱਥ ਚੌੜਾ ਅਤੇ ਡੇਢ ਹੱਥ ਉੱਚਾ ਸੀ। 2 ਉਸ ਨੇ ਸੰਦੂਕ ਦੇ ਅੰਦਰ ਤੇ ਬਾਹਰ ਨੂੰ ਸ਼ੁੱਧ ਸੋਨੇ ਨਾਲ ਢੱਕ ਦਿੱਤਾ। ਫ਼ੇਰ ਉਸ ਨੇ ਸੰਦੂਕ ਦੇ ਆਲੇ-ਦੁਆਲੇ ਸੋਨੇ ਦੀ ਕਿਨਾਰੀ ਬਣਾਈ। 3 ਉਸ ਨੇ ਸੋਨੇ ਦੇ ਚਾਰ ਕੜੇ ਬਣਾਏ ਅਤੇ ਉਨ੍ਹਾਂ ਚਾਰਾਂ ਕੋਨਿਆਂ ਉੱਤੇ ਲਾ ਦਿੱਤਾ। ਇਹ ਕੜੇ ਸੰਦੂਕ ਨੂੰ ਚੁੱਕਣ ਲਈ ਵਰਤੇ ਜਾਂਦੇ ਸਨ। ਹਰੇਕ ਪਾਸੇ ਦੋ ਕੜੇ ਸਨ। 4 ਫ਼ੇਰ ਉਸ ਨੇ ਸੰਦੂਕ ਨੂੰ ਚੁੱਕਣ ਲਈ ਚੋਬਾਂ ਬਣਾਈਆਂ। ਉਸ ਨੇ ਸ਼ਿੱਟੀਮ ਦੀ ਲੱਕੜ ਵਰਤੀ ਅਤੇ ਉਨ੍ਹਾਂ ਨੂੰ ਸ਼ੁੱਧ ਸੋਨੇ ਨਾਲ ਢੱਕ ਦਿੱਤਾ। 5 ਉਸ ਨੇ ਸੰਦੂਕ ਦੇ ਹਰੇਕ ਪਾਸੇ ਦੇ ਕੜਿਆਂ ਵਿੱਚੋਂ ਚੋਬਾਂ ਗੁਜ਼ਾਰ ਦਿੱਤੀਆਂ। 6 ਫ਼ੇਰ ਉਸ ਨੇ ਸ਼ੁੱਧ ਸੋਨੇ ਦਾ ਢੱਕਣ ਬਣਾਇਆ। ਇਹ ਢਾਈ ਹੱਥ ਲੰਮਾ ਅਤੇ ਡੇਢ ਹੱਥ ਚੌੜਾ ਸੀ। 7 ਫ਼ੇਰ ਬਸਲਏਲ ਨੇ ਸੋਨੇ ਨੂੰ ਚਂਡਕੇ ਦੋ ਕਰੂਬੀ ਫ਼ਰਿਸ਼ਤੇ ਬਣਾਏ ਅਤੇ ਢੱਕਣ ਦੇ ਹਰੇਕ ਪਾਸੇ ਉੱਤੇ ਉਨ੍ਹਾਂ ਨੂੰ ਚਿਪਕਾ ਦਿੱਤਾ। 8 ਉਸ ਨੇ ਢੱਕਣ ਦੇ ਇੱਕ ਸਿਰੇ ਉੱਤੇ ਇੱਕ ਕਰੂਬੀ ਫ਼ਰਿਸ਼ਤਾ ਚਿਪਕਾਇਆ ਅਤੇ ਦੂਸਰੇ ਨੂੰ ਦੂਸਰੇ ਸਿਰੇ ਉੱਤੇ। 9 ਦੂਤਾਂ ਦੇ ਖੰਭ ਅਕਾਸ਼ ਵੱਲ ਫ਼ੈਲੇ ਹੋਏ ਸਨ। ਦੂਤਾਂ ਨੇ ਆਪਣੇ ਖੰਭਾਂ ਨਾਲ ਸੰਦੂਕ ਨੂੰ ਢੱਕਿਆ ਹੋਇਆ ਸੀ। ਦੂਤਾਂ ਦਾ ਮੂੰਹ ਢੱਕਣ ਵੱਲ ਦੇਖਦੇ ਹੋਏ ਇੱਕ ਦੂਸਰੇ ਵੱਲ ਸੀ।
ਖਾਸ ਮੇਜ
10 ਫ਼ੇਰ ਉਸ ਨੇ ਸ਼ਿੱਟੀਮ ਦੀ ਲੱਕੜ ਦਾ ਖਾਸ ਮੇਜ ਬਣਾਇਆ। ਮੇਜ ਦੋ ਹੱਥ ਲੰਮਾ, ਇੱਕ ਹੱਥ ਚੌੜਾ ਅਤੇ ਡੇਢ ਹੱਥ ਉੱਚਾ ਸੀ। 11 ਉਸ ਨੇ ਮੇਜ ਨੂੰ ਸ਼ੁੱਧ ਸੋਨੇ ਨਾਲ ਢੱਕਿਆ। ਉਸ ਨੇ ਮੇਜ ਦੇ ਆਲੇ-ਦੁਆਲੇ ਸੋਨੇ ਦੀ ਕਿਨਾਰੀ ਬਣਾਈ। 12 ਫ਼ੇਰ ਉਸ ਨੇ ਮੇਜ ਦੇ ਆਲੇ-ਦੁਆਲੇ ਇੱਕ ਕਿਊਬਿਟ ਚੌੜਾ ਇੱਕ ਫ਼ਰੇਮ ਬਣਾਇਆ। ਉਸ ਨੇ ਫ਼ਰੇਮ ਦੇ ਦੁਆਲੇ ਸੋਨੇ ਦੀ ਕਿਨਾਰੀ ਬਣਾਈ। 13 ਫ਼ੇਰ ਉਸ ਨੇ ਸੋਨੇ ਦੇ ਚਾਰੇ ਕੜੇ ਬਣਾਏ ਅਤੇ ਉਨ੍ਹਾਂ ਚਾਰਾਂ ਲੱਤਾਂ ਵਾਲੀ ਥਾਂ ਤੇ ਚਾਰਾਂ ਕੋਨਿਆਂ ਉੱਤੇ ਰੱਖ ਦਿੱਤਾ। 14 ਉਸ ਨੇ ਕੜਿਆਂ ਨੂੰ ਮੇਜ ਦੇ ਟਾਪ ਦੇ ਚਾਰੇ ਪਾਸੇ ਤਖਤੀ ਦੇ ਨੇੜੇ ਕਰਕੇ ਰੱਖ ਦਿੱਤਾ। ਇਨ੍ਹਾਂ ਕੜਿਆਂ ਵਿੱਚ ਚੋਬਾਂ ਫ਼ਸਾਈਆਂ ਜਾਣੀਆਂ ਸਨ ਜਿਨ੍ਹਾਂ ਨੂੰ ਮੇਜ ਚੁੱਕਣ ਲਈ ਵਰਤਿਆ ਜਾਂਦਾ ਸੀ। 15 ਫ਼ੇਰ ਉਸ ਨੇ ਮੇਜ ਨੂੰ ਚੁੱਕਣ ਲਈ ਸ਼ਿੱਟੀਮ ਦੀ ਲੱਕੜ ਦੀਆਂ ਚੋਬਾਂ ਬਣਾਈਆਂ ਅਤੇ ਉਨ੍ਹਾਂ ਨੂੰ ਸ਼ੁੱਧ ਸੋਨੇ ਨਾਲ ਮੜ੍ਹ ਦਿੱਤਾ। 16 ਫ਼ੇਰ ਉਸ ਨੇ ਉਹ ਸਾਰੀਆਂ ਚੀਜ਼ਾਂ ਬਣਾਈਆਂ ਜਿਹੜੀਆਂ ਮੇਜ ਉੱਤੇ ਇਸਤੇਮਾਲ ਹੁੰਦੀਆਂ ਸਨ। ਉਸ ਨੇ ਸ਼ੁੱਧ ਸੋਨੇ ਦੀਆਂ ਪਲੇਟਾਂ, ਚਮਚੇ, ਪਿਆਲੇ ਅਤੇ ਸੁਰਾਹੀਆਂ ਬਣਾਈਆਂ। ਪਿਆਲਿਆਂ ਅਤੇ ਸੁਰਾਹੀਆਂ ਦੀ ਵਰਤੋਂ ਪੀਣ ਦੀਆਂ ਭੇਟਾਂ ਲਈ ਕੀਤੀ ਜਾਂਦੀ ਹੈ।
ਸ਼ਮਾਦਾਨ
17 ਫ਼ੇਰ ਉਸ ਨੇ ਸੋਨੇ ਦਾ ਸ਼ਮਾਦਾਨ ਬਣਾਇਆ। ਉਸ ਨੇ ਸ਼ੁੱਧ ਸੋਨੇ ਨੂੰ ਕੁੱਟ ਕੇ ਇੱਕ ਚੀਥੀ, ਇੱਕ ਡੰਡੀ ਅਤੇ ਟਹਿਣੀਆਂ ਬਣਾਈਆਂ। ਫ਼ੇਰ ਉਸ ਨੇ ਫ਼ੁੱਲ ਕਲੀਆਂ ਅਤੇ ਪੱਤੀਆਂ ਬਣਾਈਆਂ। ਉਸ ਨੇ ਇਹ ਸਭ ਕੁਝ ਸੋਨੇ ਦੇ ਉਸ ਟੁਕੜੇ ਤੋਂ ਬਣਾਇਆ। 18 ਸ਼ਮਾਦਾਨ ਦੀਆਂ ਛੇ ਸ਼ਾਖਾਵਾਂ ਸਨ-ਤਿੰਨ ਸ਼ਾਖਾਵਾਂ ਇੱਕ ਪਾਸੇ ਅਤੇ ਤਿੰਨ ਸ਼ਾਖਾਵਾਂ ਦੂਸਰੇ ਪਾਸੇ। 19 ਹਰੇਕ ਸ਼ਾਖ ਉੱਤੇ ਤਿੰਨ ਫ਼ੁੱਲ ਸਨ। ਇਨ੍ਹਾਂ ਫ਼ੁੱਲਾਂ ਨੂੰ ਬਦਾਮਾਂ ਦੇ ਫ਼ੁੱਲਾਂ ਵਾਂਗ, ਕਲੀਆਂ ਅਤੇ ਪੱਤੀਆਂ ਸਮੇਤ, ਬਣਾਇਆ ਗਿਆ ਸੀ। 20 ਸ਼ਮਾਦਾਨ ਦੀ ਡੰਡੀ ਉੱਤੇ ਚਾਰ ਹੋਰ ਫ਼ੁੱਲ ਸਨ। ਇਨ੍ਹਾਂ ਨੂੰ ਵੀ ਕਲੀਆਂ ਅਤੇ ਪੱਤੀਆਂ ਸਮੇਤ ਬਦਾਮਾਂ ਦੇ ਫ਼ੁੱਲਾਂ ਵਾਂਗ ਬਣਾਇਆ ਗਿਆ ਸੀ। 21 ਉੱਥੇ ਛੇ ਸ਼ਾਖਾਵਾਂ ਸਨ-ਹਰੇਕ ਪਾਸਿਓ ਆਉਂਦੀਆਂ ਹੋਈਆਂ ਤਿੰਨ ਸ਼ਾਖਾਵਾਂ। ਓੱਥੇ ਇਨ੍ਹਾਂ ਤਿੰਨਾਂ ਥਾਵਾਂ ਵਿੱਚ ਹਰੇਕ ਦੇ ਹੇਠਾਂ ਇੱਕ ਬਦਾਮ ਦੀ ਪੱਤੀ ਸੀ। ਜਿੱਥੇ ਟਹਿਣੀਆਂ ਡੰਡੀ ਨਾਲ ਮਿਲਦੀਆਂ ਸਨ। 22 ਸਾਰਾ ਸ਼ਮਾਦਾਨ ਫ਼ੁੱਲਾਂ ਤੇ ਟਹਿਣੀਆਂ ਸਮੇਤ, ਸ਼ੁੱਧ ਸੋਨੇ ਦਾ ਬਣਿਆ ਹੋਇਆ ਸੀ। ਇਹ ਸਾਰਾ ਕੁਝ ਕੁੱਟੇ ਹੋਏ ਸੋਨੇ ਦੇ ਇੱਕ ਟੁਕੜੇ ਤੋਂ ਬਣਾਇਆ ਗਿਆ ਸੀ। 23 ਉਸ ਨੇ ਇਸ ਸ਼ਮਾਦਾਨ ਲਈ ਸੱਤ ਦੀਵੇ ਬਣਾਏ। ਫ਼ੇਰ ਉਸ ਨੇ ਬੱਤੀ ਸੀਖਣ ਵਾਲੇ ਟ੍ਰਿਮਰ ਅਤੇ ਟ੍ਰੇਆਂ ਵੀ ਸ਼ੁੱਧ ਸੋਨੇ ਦੀਆਂ ਬਣਾਈਆਂ। 24 ਉਸ ਨੇ ਸ਼ਮਾਦਾਨ ਅਤੇ ਇਸਦੇ ਨਾਲ ਵਰਤੀਆਂ ਜਾਣ ਵਾਲੀਆਂ ਸਾਰੀਆਂ ਚੀਜ਼ਾਂ 75 ਪੌਂਡ ਦੀਆਂ ਬਣਾਈਆਂ।
ਧੂਫ਼ ਧੁਖਾਉਣ ਲਈ ਜਗਵੇਦੀ
25 ਉਸ ਨੇ ਧੂਫ਼ ਧੁਖਾਉਣ ਲਈ ਜਗਵੇਦੀ ਬਣਾਈ। ਉਸ ਨੇ ਇਹ ਸ਼ਿੱਟੀਮ ਦੀ ਲੱਕੜ ਤੋਂ ਬਣਾਈ। ਜਗਵੇਦੀ ਚੌਰਸ ਸੀ। ਇਹ ਇੱਕ ਹੱਥ ਲੰਮੀ ਇੱਕ ਹੱਥ ਚੌੜੀ ਤੇ ਦੋ ਹੱਥ ਉੱਚੀ ਸੀ। ਜਗਵੇਦੀ ਉੱਤੇ ਚਾਰ ਸਿੰਗ ਸਨ। ਹਰੇਕ ਕੋਨੇ ਉੱਤੇ ਇੱਕ ਸਿੰਗ ਸੀ। ਇਨ੍ਹਾਂ ਸਿੰਗਾਂ ਨੂੰ ਇੱਕ ਦੂਜੇ ਨਾਲ ਅਤੇ ਜਗਵੇਦੀ ਨਾਲ ਜੋੜਕੇ ਇੱਕ ਮਿੱਕ ਕਰ ਦਿੱਤਾ ਗਿਆ ਸੀ। 26 ਉਸ ਨੇ ਉੱਪਰਲਾ ਹਿੱਸਾ ਅਤੇ ਸਿੰਗਾਂ ਦੇ ਸਾਰੇ ਪਾਸੇ ਸ਼ੁੱਧ ਸੋਨੇ ਨਾਲ ਢੱਕ ਦਿੱਤੇ। ਫ਼ੇਰ ਉਸ ਨੇ ਜਗਵੇਦੀ ਦੇ ਆਲੇ-ਦੁਆਲੇ ਦੀ ਕਿਨਾਰੀ ਬਣਾਈ। 27 ਉਸ ਨੇ ਜਗਵੇਦੀ ਲਈ ਸੋਨੇ ਦੇ ਦੋ ਕੜੇ ਬਣਾਏ। ਉਸ ਨੇ ਜਗਵੇਦੀ ਦੇ ਹਰੇਕ ਪਾਸੇ ਕਿਨਾਰੀ ਦੇ ਹੇਠਾਂ ਕੜੇ ਪਾ ਦਿੱਤੇ। ਇਹ ਸੋਨੇ ਦੇ ਕੜੇ ਜਗਵੇਦੀ ਨੂੰ ਚੁੱਕਣ ਵਾਲੀਆਂ ਚੋਬਾਂ ਨੂੰ ਫ਼ੜੀ ਰੱਖਦੇ ਸਨ। 28 ਉਸ ਨੇ ਸ਼ਿੱਟੀਮ ਦੀ ਲੱਕੜ ਦੀਆਂ ਚੋਬਾਂ ਬਣਾਈਆਂ ਅਤੇ ਉਨ੍ਹਾਂ ਨੂੰ ਸੋਨੇ ਨਾਲ ਮੜ੍ਹ ਦਿੱਤਾ।
29 ਫ਼ੇਰ ਉਸ ਨੇ ਮਸਹ ਵਾਲਾ ਪਵਿੱਤਰ ਤੇਲ ਬਣਾਇਆ। ਉਸ ਨੇ ਸ਼ੁੱਧ ਸੁਗੰਧਤ ਧੂਫ਼ ਵੀ ਬਣਾਈ। ਇਹ ਚੀਜ਼ਾਂ ਉਸੇ ਤਰ੍ਹਾਂ ਬਣਾਈਆਂ ਗਈਆਂ ਸਨ ਜਿਵੇਂ ਕੋਈ ਅਤਰ ਬਨਾਉਣ ਵਾਲਾ ਉਨ੍ਹਾਂ ਨੂੰ ਬਣਾਉਂਦਾ ਹੈ।
ਹੋਮ ਦੀਆਂ ਭੇਟਾਂ ਲਈ ਜਗਵੇਦੀ
38 ਬਸਲਏਲ ਨੇ ਜਗਵੇਦੀ ਬਨਾਉਣ ਲਈ ਸ਼ਿੱਟੀਮ ਦੀ ਲੱਕੜ ਵਰਤੀ। ਇਹ ਜਗਵੇਦੀ ਹੋਮ ਦੀਆਂ ਭੇਟਾਂ ਲਈ ਇਸਤੇਮਾਲ ਹੁੰਦੀ ਸੀ। ਇਹ ਜਗਵੇਦੀ ਚੌਰਸ ਸੀ। ਇਹ ਪੰਜ ਹੱਥ ਲੰਮੀ, ਪੰਜ ਹੱਥ ਚੌੜੀ ਅਤੇ ਤਿੰਨ ਹੱਥ ਉੱਚੀ ਸੀ। 2 ਉਸ ਨੇ ਜਗਵੇਦੀ ਦੇ ਚਾਰਾਂ ਕੋਨਿਆਂ ਲਈ ਇੱਕ-ਇੱਕ ਸਿੰਗ ਬਣਾਇਆ। ਹਰੇਕ ਸਿੰਗ ਨੂੰ ਇਸਦੇ ਕੋਨੇ ਨਾਲ ਜੋੜਕੇ, ਉਸ ਨੇ ਸਾਰੇ ਕਾਸੇ ਨੂੰ ਇੱਕ ਟੁਕੜਾ ਬਣਾ ਦਿੱਤਾ ਅਤੇ ਜਗਵੇਦੀ ਨੂੰ ਕਾਂਸੇ ਨਾਲ ਢੱਕ ਦਿੱਤਾ। 3 ਫ਼ੇਰ ਉਸ ਨੇ ਜਗਵੇਦੀ ਉੱਤੇ ਇਸਤੇਮਾਲ ਹੋਣ ਵਾਲੇ ਸਾਰੇ ਸੰਦ ਪਿੱਤਲ ਦੇ ਬਣਾ ਦਿੱਤੇ। ਉਸ ਨੇ ਤਸਲੇ, ਕੜਛੇ, ਬਾਟੇ, ਤ੍ਰਿਸੂਲੀਆਂ ਅਤੇ ਅੰਗੀਠੀਆਂ ਬਣਾਈਆਂ। 4 ਫ਼ੇਰ ਉਸ ਨੇ ਜਗਵੇਦੀ ਲਈ ਪਿੱਤਲ ਦੀ ਇੱਕ ਝੰਜਰੀ ਬਣਾਈ। ਇਹ ਝੰਜਰੀ ਜਾਲ ਵਰਗੀ ਸੀ। ਝੰਜਰੀ ਜਗਵੇਦੀ ਦੇ ਕਿਂਗਰੇ ਹੇਠਾਂ ਪਾਈ ਗਈ ਸੀ। ਇਹ ਹੇਠੋਂ ਲੈ ਕੇ ਜਗਵੇਦੀ ਦੇ ਕਿਂਗਰੇ ਦੇ ਅੱਧ ਤੀਕ ਜੋੜੀ ਗਈ ਸੀ। 5 ਫ਼ੇਰ ਉਸ ਨੇ ਪਿੱਤਲ ਦੇ ਕੜੇ ਬਣਾਏ। ਇਨ੍ਹਾਂ ਕੜਿਆਂ ਦੀ ਵਰਤੋਂ ਜਗਵੇਦੀ ਨੂੰ ਚੁੱਕਣ ਲਈ ਚੋਬਾਂ ਫ਼ੜਨ ਵਾਸਤੇ ਕੀਤੀ ਜਾਂਦੀ ਸੀ। ਉਸ ਨੇ ਅੰਗੀਠੀ ਦੇ ਚਾਰਾਂ ਕੋਨਿਆਂ ਉੱਤੇ ਕੜੇ ਪਾ ਦਿੱਤੇ। 6 ਫ਼ੇਰ ਉਸ ਨੇ ਚੋਬਾਂ ਬਨਾਉਣ ਲਈ ਸ਼ਿੱਟੀਮ ਦੀ ਲੱਕੜ ਵਰਤੀ ਅਤੇ ਇਨ੍ਹਾਂ ਨੂੰ ਕਾਂਸੇ ਨਾਲ ਮਢ਼ ਦਿੱਤਾ। 7 ਉਸ ਨੇ ਜਗਵੇਦੀ ਦੇ ਆਸੇ-ਪਾਸੇ ਦੇ ਕੜਿਆਂ ਵਿੱਚ ਚੋਬਾਂ ਫ਼ਸਾ ਦਿੱਤੀਆਂ। ਇਨ੍ਹਾਂ ਚੋਬਾਂ ਦੀ ਵਰਤੋਂ ਜਗਵੇਦੀ ਨੂੰ ਚੁੱਕਣ ਲਈ ਕੀਤੀ ਜਾਂਦੀ ਸੀ। ਉਸ ਨੇ ਜਗਵੇਦੀ ਦੇ ਆਸੇ-ਪਾਸੇ ਬਨਾਉਣ ਲਈ ਫ਼ਟਿਆਂ ਦੀ ਵਰਤੋਂ ਕੀਤੀ। ਇਹ ਅੰਦਰੋਂ ਖਾਲੀ ਸੰਦੂਕ ਵਾਂਗ ਸੱਖਣੀ ਸੀ।
8 ਉਸ ਨੇ ਚੌਂਕੀ ਸਮੇਤ ਪਿੱਤਲ ਦਾ ਤਸਲਾ ਬਣਾਇਆ ਉਸ ਨੇ ਔਰਤਾਂ ਵੱਲੋਂ ਦਿੱਤੇ ਹੋਏ ਪਿੱਤਲ ਦੇ ਸ਼ੀਸ਼ਿਆਂ ਦੀ ਵਰਤੋਂ ਕੀਤੀ। ਇਹ ਉਹੀ ਔਰਤਾਂ ਸਨ ਜਿਹੜੀਆਂ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਉੱਤੇ ਸੇਵਾ ਕਰਦੀਆਂ ਸਨ।
ਪਵਿੱਤਰ ਤੰਬੂ ਦੇ ਆਲੇ-ਦੁਆਲੇ ਦਾ ਵਿਹੜਾ
9 ਫ਼ੇਰ ਉਸ ਨੇ ਪਰਦਿਆਂ ਦੀ ਕੰਧ ਦੇ ਆਲੇ-ਦੁਆਲੇ ਉਸਾਰ ਕੇ ਵਿਹੜਾ ਬਣਾਇਆ। ਦੱਖਣ ਵਾਲੇ ਪਾਸੇ ਉਸ ਨੇ 100 ਹੱਥ ਲੰਮੇ ਪਰਦਿਆਂ ਦੀ ਕੰਧ ਬਣਾਈ। ਪਰਦੇ ਮਹੀਨ ਲਿਨਨ ਦੇ ਬਣੇ ਸਨ। 10 ਦੱਖਣ ਵਾਲੇ ਪਾਸੇ ਦੇ ਪਰਦੇ 20 ਚੋਬਾਂ ਦੇ ਸਹਾਰੇ ਟਿਕੇ ਹੋਏ ਸਨ। ਇਹ ਚੋਬਾਂ ਪਿੱਤਲ ਦੀਆਂ 20 ਚੀਥਿਆਂ ਉੱਤੇ ਰੱਖੀਆਂ ਹੋਈਆਂ ਸਨ। ਚੋਬਾਂ ਅਤੇ ਪਰਦੇ ਦੀਆਂ ਛੜਾਂ ਚਾਂਦੀ ਦੀਆਂ ਬਣੀਆਂ ਹੋਈਆਂ ਸਨ। 11 ਵਿਹੜੇ ਦੇ ਉੱਤਰੀ ਪਾਸੇ 100 ਕਿਊਬਿਟ ਲੰਮੇ ਪਰਦਿਆਂ ਦੀ ਕੰਧ ਸੀ। ਉੱਥੇ 20 ਪਿੱਤਲ ਦੀਆਂ ਚੀਥਿਆਂ ਨਾਲ 20 ਚੋਬਾਂ ਸਨ। ਚੋਬਾਂ ਲਈ ਕੁੰਡਿਆਂ ਅਤੇ ਪਰਦੇ ਦੀਆਂ ਛੜਾਂ ਚਾਂਦੀ ਦੀਆਂ ਬਣੀਆਂ ਹੋਈਆਂ ਸਨ।
12 ਵਿਹੜੇ ਦੇ ਪੱਛਮ ਵਾਲੇ ਪਾਸੇ ਪਰਦਿਆਂ ਦੀ ਕੰਧ 50 ਹੱਥ ਲੰਮੀ ਸੀ। ਇੱਥੇ ਦਸ ਚੋਬਾਂ ਅਤੇ ਦਸ ਚੀਥੀਆਂ ਸਨ। ਚੋਬਾਂ ਅਤੇ ਪਰਦਿਆਂ ਦੀਆਂ ਡੰਡੀਆਂ ਦੀਆਂ ਕੁੰਡੀਆਂ ਚਾਂਦੀ ਦੀਆਂ ਬਣੀਆਂ ਹੋਈਆਂ ਸਨ।
13 ਵਿਹੜੇ ਦਾ ਪੂਰਬੀ ਪਾਸਾ 50 ਹੱਥ ਚੌੜਾ ਸੀ। ਵਿਹੜੇ ਦਾ ਪ੍ਰਵੇਸ਼ ਦੁਆਰ ਇਸੇ ਪਾਸੇ ਸੀ। 14 ਪ੍ਰਵੇਸ਼ ਦੁਆਰ ਦੇ ਇੱਕ ਪਾਸੇ ਪਰਦਿਆਂ ਦੀ ਕੰਧ 15 ਹੱਥ ਲੰਮੀ ਸੀ। ਇੱਥੇ ਇਸ ਪਾਸੇ ਤਿੰਨ ਚੋਬਾਂ ਅਤੇ ਤਿੰਨ ਚੀਥੀਆਂ ਸਨ। 15 ਪ੍ਰਵੇਸ਼ ਦੁਆਰ ਦੇ ਦੂਸਰੇ ਪਾਸੇ ਵੀ ਪਰਦਿਆਂ ਦੀ ਕੰਧ ਪੰਦਰ੍ਹਾਂ ਹੱਥ ਲੰਮੀ ਸੀ। ਇੱਥੇ ਉਸ ਪਾਸੇ ਤਿੰਨ ਚੋਬਾਂ ਤੇ ਤਿੰਨ ਚੀਥੀਆਂ ਸਨ। 16 ਵਿਹੜੇ ਦੇ ਆਲੇ-ਦੁਆਲੇ ਦੇ ਸਾਰੇ ਪਰਦੇ ਮਹੀਨ ਲਿਨਨ ਦੇ ਬਣੇ ਹੋਏ ਸਨ। 17 ਚੋਬਾਂ ਦੀਆਂ ਚੀਥੀਆਂ ਪਿੱਤਲ ਦੀਆਂ ਬਣੀਆਂ ਹੋਈਆਂ ਸਨ। ਕੁੰਡੀਆਂ ਅਤੇ ਪਰਦਿਆਂ ਦੀਆਂ ਡੰਡੀਆਂ ਚਾਂਦੀ ਦੀਆਂ ਬਣੀਆਂ ਹੋਈਆਂ ਸਨ। ਚੋਬਾਂ ਦੀਆਂ ਸਿਖਰਾਂ ਵੀ ਚਾਂਦੀ ਨਾਲ ਮੜੀਆਂ ਹੋਈਆਂ ਸਨ। ਵਿਹੜੇ ਦੀਆਂ ਸਾਰੀਆਂ ਚੋਬਾਂ ਦੀਆਂ ਪਰਦਿਆਂ ਦੀਆਂ ਡੰਡੀਆਂ ਚਾਂਦੀ ਦੀਆਂ ਸਨ।
18 ਵਿਹੜੇ ਦੇ ਪ੍ਰਵੇਸ਼ ਦੁਆਰ ਦਾ ਪਰਦਾ ਮਹੀਨ ਲਿਨਨ ਅਤੇ ਨੀਲੇ ਬੈਂਗਣੀ ਤੇ ਲਾਲ ਸੂਤ ਦਾ ਬਣਿਆ ਹੋਇਆ ਸੀ। ਉਸ ਪਰਦੇ ਵਿੱਚ ਨਮੂਨੇ ਬਣੇ ਹੋਏ ਸਨ। ਪਰਦਾ 20 ਹੱਥ ਲੰਮਾ ਅਤੇ 5 ਹੱਥ ਉੱਚਾ ਸੀ। ਇਹ ਉਨੀ ਹੀ ਉਚਾਈ ਦਾ ਸੀ ਜਿੰਨੇ ਵਿਹੜੇ ਦੇ ਆਲੇ-ਦੁਆਲੇ ਦੇ ਪਰਦੇ ਸਨ। 19 ਪਰਦਾ ਚਾਰ ਚੋਬਾਂ ਅਤੇ ਪਿੱਤਲ ਦੀਆਂ ਚਾਰ ਚੀਥੀਆਂ ਉੱਤੇ ਟਿਕਿਆ ਹੋਇਆ ਸੀ। ਚੋਬਾਂ ਦੀਆਂ ਕੁੰਡੀਆਂ ਚਾਂਦੀ ਦੀਆਂ ਬਣੀਆਂ ਹੋਈਆਂ ਸਨ। ਚੋਬਾਂ ਦੀਆਂ ਸਿਖਰਾਂ ਚਾਂਦੀ ਨਾਲ ਮੜੀਆਂ ਹੋਈਆਂ ਸਨ ਅਤੇ ਪਰਦਿਆਂ ਦੀਆਂ ਡੰਡੀਆਂ ਵੀ ਚਾਂਦੀ ਦੀਆਂ ਬਣੀਆਂ ਹੋਈਆਂ ਸਨ। 20 ਪਵਿੱਤਰ ਤੰਬੂ ਅਤੇ ਵਿਹੜੇ ਦੇ ਆਲੇ-ਦੁਆਲੇ ਦੀਆਂ ਕਿੱਲੀਆਂ ਪਿੱਤਲ ਦੀਆਂ ਬਣੀਆਂ ਹੋਈਆਂ ਸਨ।
21 ਮੂਸਾ ਨੇ ਲੇਵੀ ਲੋਕਾਂ ਨੂੰ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਲਿਖ ਲੈਣ ਦਾ ਹੁਕਮ ਦਿੱਤਾ ਜਿਹੜੀਆਂ ਪਵਿੱਤਰ ਤੰਬੂ ਨੂੰ ਅਰਥਾਤ ਇਕਰਾਰਨਾਮੇ ਵਾਲੇ ਤੰਬੂ ਨੂੰ ਬਨਾਉਣ ਲਈ ਵਰਤੀਆਂ ਗਈਆਂ ਸਨ, ਹਾਰੂਨ ਦਾ ਪੁੱਤਰ ਈਥਾਮਾਰ ਸੂਚੀ ਰੱਖਣ ਦਾ ਇੰਚਾਰਜ ਸੀ।
22 ਯਹੂਦਾਹ ਦੇ ਪਰਿਵਾਰ-ਸਮੂਹ ਤੇ ਹੂਰ ਦੇ ਪੁੱਤਰ ਊਰੀ ਦੇ ਪੁੱਤਰ ਬਸਲਏਲ ਨੇ ਉਹ ਹਰ ਚੀਜ਼ ਬਣਾਈ ਜਿਸਦਾ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ। 23 ਦਾਨ ਦੇ ਪਰਿਵਾਰ-ਸਮੂਹ ਤੋਂ ਅਹੀਸਾਮਾਕ ਦੇ ਪੁੱਤਰ ਆਹਾਲੀਆਬ ਨੇ ਵੀ ਉਸਦੀ ਸਹਾਇਤਾ ਕੀਤੀ। ਆਹਾਲੀਆਬ ਕੁਸ਼ਲ ਦਾਪਾ ਅਤੇ ਸ਼ਿਲਪਕਾਰ ਸੀ ਉਹ ਮਹੀਨ ਲਿਨਨ ਅਤੇ ਨੀਲਾ ਬੈਂਗਣੀ ਤੇ ਲਾਲ ਸੂਤ ਬੁਨਣ ਦਾ ਮਾਹਰ ਸੀ।
24 ਦੋ ਟੱਨ ਤੋਂ ਵੱਧ ਸੋਨਾ ਇਸ ਪਵਿੱਤਰ ਸਥਾਨ ਲਈ ਯਹੋਵਾਹ ਨੂੰ ਭੇਟ ਕੀਤਾ ਗਿਆ ਇਸ ਨੂੰ ਸਰਕਾਰੀ ਨਾਪ ਅਨੁਸਾਰ ਤੋਂਲਿਆ ਗਿਆ।
25 ਜਿਨ੍ਹਾਂ ਕੁੱਲ ਆਦਮੀਆਂ ਦੀ ਗਿਣਤੀ ਕੀਤੀ ਗਈ ਸੀ ਉਨ੍ਹਾਂ ਨੇ ਪੌਣੇਚਾਰ ਟੱਨ ਤੋਂ ਵੱਧ ਚਾਂਦੀ ਦਿੱਤੀ। (ਇਸ ਨੂੰ ਸਰਕਾਰੀ ਨਾਪ ਅਨੁਸਾਰ ਤੋਂਲਿਆ ਗਿਆ ਸੀ।) 26 ਵੀਹ ਸਾਲ ਜਾਂ ਇਸਤੋਂ ਵਡੇਰੀ ਉਮਰ ਦੇ ਸਾਰੇ ਆਦਮੀਆਂ ਦੀ ਗਿਣਤੀ ਕੀਤੀ ਗਈ ਸੀ ਉੱਥੇ 6,03,550 ਆਦਮੀ ਸਨ। ਅਤੇ ਹਰੇਕ ਆਦਮੀ ਨੂੰ ਚਾਂਦੀ ਦਾ ਇੱਕ ਬਕਾ ਕਰ ਵਜੋਂ ਅਦਾ ਕਰਨਾ ਪਿਆ ਸੀ। (ਸਰਕਾਰੀ ਨਾਪ ਅਨੁਸਾਰ ਇੱਕ ਬਕਾ ਅੱਧੇ ਸ਼ੈਕਲ ਦਾ ਹੈ।) 27 ਉਨ੍ਹਾਂ ਨੇ ਉਸ ਚਾਂਦੀ ਦਾ ਪੌਣੇਚਾਰ ਟੱਨ ਯਹੋਵਾਹ ਦੇ ਪਵਿੱਤਰ ਸਥਾਨ ਲਈ ਅਤੇ ਪਰਦੇ ਲਈ 100 ਚੀਥੀਆਂ ਬਨਾਉਣ ਲਈ ਵਰਤਿਆ ਸੀ। ਉਨ੍ਹਾਂ ਨੇ ਹਰੇਕ ਚੀਥੀ ਲਈ 75 ਪੌਂਡ ਚਾਂਦੀ ਇਸਤੇਮਾਲ ਕੀਤੀ ਸੀ। 28 ਦੂਸਰੀ 50 ਪੌਂਡ ਚਾਂਦੀ ਕੁੰਡੀਆਂ, ਪਰਦਿਆਂ ਦੀਆਂ ਡੰਡੀਆਂ ਅਤੇ ਚੋਬਾਂ ਲਈ ਚਾਂਦੀ ਦੇ ਕੱਜਣ ਵਜੋਂ ਵਰਤੀ ਗਈ ਸੀ।
29 ਢਾਈ ਟੱਨ ਤੋਂ ਵੱਧ ਪਿੱਤਲ ਯਹੋਵਾਹ ਨੂੰ ਚੜ੍ਹਾਇਆ ਗਿਆ ਸੀ। 30 ਪਿੱਤਲ ਦੀ ਵਰਤੋਂ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਦੀਆਂ ਚੀਥੀਆਂ ਬਨਾਉਣ ਲਈ ਕੀਤੀ ਗਈ ਸੀ। ਉਨ੍ਹਾਂ ਨੇ ਜਗਵੇਦੀ ਬਨਾਉਣ ਲਈ ਅਤੇ ਪਿੱਤਲ ਦੀ ਅੰਗੀਠੀ ਬਨਾਉਣ ਲਈ ਵੀ ਇਸਦੀ ਵਰਤੋਂ ਕੀਤੀ ਸੀ। ਅਤੇ ਪਿੱਤਲ ਦੀ ਵਰਤੋਂ ਜਗਵੇਦੀ ਦੇ ਸਾਰੇ ਸੰਦਾਂ ਅਤੇ ਪਲੇਟਾਂ ਬਨਾਉਣ ਲਈ ਕੀਤੀ ਗਈ ਸੀ। 31 ਇਸਦੀ ਵਰਤੋਂ ਵਿਹੜੇ ਦੇ ਆਲੇ-ਦੁਆਲੇ ਦੇ ਪਰਦਿਆਂ ਅਤੇ ਪ੍ਰਵੇਸ਼ ਦੁਆਰ ਦੇ ਪਰਦਿਆਂ ਦੀਆਂ ਚੀਥੀਆਂ ਬਨਾਉਣ ਲਈ ਵੀ ਕੀਤੀ ਗਈ ਸੀ। ਅਤੇ ਪਿੱਤਲ ਦੀ ਵਰਤੋਂ ਪਵਿੱਤਰ ਤੰਬੂ ਲਈ ਅਤੇ ਵਿਹੜੇ ਦੇ ਆਲੇ-ਦੁਆਲੇ ਦੇ ਪਰਦਿਆਂ ਲਈ ਕਿੱਲੀਆਂ ਬਨਾਉਣ ਵਾਸਤੇ ਕੀਤੀ ਗਈ ਸੀ।
ਜਾਜਕਾਂ ਦੇ ਖਾਸ ਵਸਤਰ
39 ਕਾਰੀਗਰਾਂ ਨੇ ਜਾਜਕਾਂ ਦੇ ਉਸ ਵੇਲੇ ਪਹਿਨਣ ਵਾਲੇ ਖਾਸ ਵਸਤਰਾਂ ਲਈ, ਨੀਲੇ ਬੈਂਗਣੀ ਅਤੇ ਲਾਲ ਸੂਤ ਦੀ ਵਰਤੋਂ ਕੀਤੀ, ਜਦੋਂ ਉਹ ਯਹੋਵਾਹ ਦੇ ਪਵਿੱਤਰ ਸਥਾਨ ਉੱਤੇ ਸੇਵਾ ਕਰਦੇ ਸਨ। ਉਨ੍ਹਾਂ ਨੇ ਹਾਰੂਨ ਦੇ ਪਹਿਨਣ ਲਈ ਵੀ ਖਾਸ ਵਸਤਰ ਤਿਆਰ ਕੀਤੇ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
ਏਫ਼ੋਦ
2 ਫ਼ੇਰ ਉਨ੍ਹਾਂ ਨੇ ਸੋਨੇ ਨੂੰ ਡੰਡੀਆਂ ਵਿੱਚ ਕੱਟਕੇ ਲੰਬਾ ਧਾਗਾ ਬਣਾਇਆ, ਮਹੀਨ ਲਿਨਨ ਅਤੇ ਨੀਲੇ ਬੈਂਗਣੀ ਤੇ ਲਾਲ ਸੂਤ ਦਾ ਏਫ਼ੋਦ ਬਣਾਇਆ। 3 (ਉਨ੍ਹਾਂ ਨੇ ਸੋਨੇ ਨੂੰ ਪਤਲੀਆਂ ਪੱਤਰੀਆਂ ਵਿੱਚ ਕੁਟਿਆ ਅਤੇ ਉਨ੍ਹਾਂ ਨੂੰ ਲੰਮੇ ਧਾਗਿਆਂ ਵਿੱਚ ਕੱਟ ਲਿਆ। ਫ਼ੇਰ ਉਨ੍ਹਾਂ ਨੇ ਸੋਨੇ ਨੂੰ ਨੀਲੇ, ਬੈਂਗਣੀ ਅਤੇ ਲਾਲ ਸੂਤ ਅਤੇ ਮਹੀਨ ਲਿਨਨ ਵਿੱਚ ਕੱਤ ਦਿੱਤਾ। ਇਹ ਬਹੁਤ ਹੀ ਮਾਹਰ ਕਾਰੀਗਰਾਂ ਦਾ ਕੰਮ ਸੀ।) 4 ਉਨ੍ਹਾਂ ਨੇ ਏਫ਼ੋਦ ਦੇ ਮੋਢਿਆਂ ਵਾਲੇ ਟੁਕੜੇ ਬਣਾਏ। ਉਨ੍ਹਾਂ ਨੇ ਇਨ੍ਹਾਂ ਮੋਢੇ ਦੇ ਟੁਕੜਿਆਂ ਨੂੰ ਏਫ਼ੋਦ ਦੇ ਦੋ ਕੋਨਿਆਂ ਨਾਲ ਬੰਨ੍ਹ ਦਿੱਤਾ। 5 ਉਨ੍ਹਾਂ ਨੇ ਪੇਟੀ ਬੁਣੀ ਅਤੇ ਇਸ ਨੂੰ ਏਫ਼ੋਦ ਉੱਤੇ ਕਸ ਦਿੱਤਾ। ਇਹ ਓਸੇ ਤਰ੍ਹਾਂ ਬਣਾਈ ਗਈ ਸੀ ਜਿਵੇਂ ਏਫ਼ੋਦ ਬਣਾਇਆ ਗਿਆ ਸੀ-ਉਨ੍ਹਾਂ ਨੇ ਸੋਨੇ ਦੀ ਤਾਰ, ਮਹੀਨ ਲਿਨਨ ਅਤੇ ਨੀਲੇ, ਬੈਂਗਣੀ ਅਤੇ ਲਾਲ ਸੂਤ ਦੀ ਵਰਤੋਂ ਕੀਤੀ, ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
6 ਕਾਰੀਗਰਾਂ ਨੇ ਏਫ਼ੋਦ ਲਈ ਸੁਲੇਮਾਨੀ ਪੱਥਰਾਂ ਨੂੰ ਸੋਨੇ ਵਿੱਚ ਜੜਿਆ। ਉਨ੍ਹਾਂ ਨੇ ਇਨ੍ਹਾਂ ਪੱਥਰਾਂ ਉੱਤੇ ਇਸਰਾਏਲ ਦੇ ਪੁੱਤਰਾਂ ਦੇ ਨਾਮ ਲਿਖ ਦਿੱਤੇ। 7 ਫ਼ੇਰ ਉਨ੍ਹਾਂ ਨੇ ਇਹ ਸੁਲੇਮਾਨੀ ਪੱਥਰ ਏਫ਼ੋਦ ਦੇ ਮੋਢਿਆਂ ਦੇ ਟੁਕੜਿਆਂ ਉੱਪਰ ਜੜ ਦਿੱਤੇ। ਇਹ ਸੁਲੇਮਾਨੀ ਪੱਥਰ ਪਰਮੇਸ਼ੁਰ ਨੂੰ ਇਸਰਾਏਲ ਦੇ ਲੋਕਾਂ ਦਾ ਚੇਤਾ ਕਰਾਉਣ ਵਿੱਚ ਸਹਾਇਤਾ ਕਰਨ ਲਈ ਸਨ। ਇਸ ਨੂੰ ਉਵੇਂ ਕੀਤਾ ਗਿਆ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
ਸੀਨੇ-ਬੰਦ
8 ਫ਼ੇਰ ਉਨ੍ਹਾਂ ਨੇ ਸੀਨੇ-ਬੰਦ ਬਣਾਇਆ। ਇਹ ਏਫ਼ੋਦ ਵਾਂਗ ਹੀ ਮਾਹਰ ਕਾਰੀਗਰਾਂ ਦਾ ਕੰਮ ਸੀ। ਇਸ ਨੂੰ ਸੋਨੇ ਦੇ ਧਾਗਿਆਂ, ਮਹੀਨ ਲਿਨਨ ਅਤੇ ਨੀਲੇ, ਬੈਂਗਣੀ ਅਤੇ ਲਾਲ ਸੂਤ ਤੋਂ ਬਣਾਇਆ ਗਿਆ ਸੀ। 9 ਸੀਨੇ-ਬੰਦ ਨੂੰ ਦੂਹਰਾ ਕਰਕੇ ਚੌਰਸ ਜੇਬ ਬਣਾ ਦਿੱਤਾ ਗਿਆ ਸੀ। ਇਹ ਇੱਕ ਗਿਠ ਲੰਮਾ ਅਤੇ ਇੱਕ ਗਿੱਠ ਚੌੜਾ ਸੀ। 10 ਫ਼ੇਰ ਕਾਰੀਗਰਾਂ ਨੇ ਸੀਨੇ-ਬੰਦ ਉੱਤੇ ਸੁੰਦਰ ਹੀਰਿਆਂ ਦੀਆਂ ਚਾਰ ਪਾਲਾਂ ਜੜੀਆਂ। ਪਹਿਲੀ ਪਾਲ ਵਿੱਚ ਲਾਲ ਅਕੀਕ ਸੁਨਹਿਲਾ ਅਤੇ ਜਬਰਜ਼ਦ ਸਨ। 11 ਦੂਸਰੀ ਪਾਲ ਵਿੱਚ ਪੰਨਾ, ਨੀਲਮ ਅਤੇ ਬਿਲੌਰ ਸਨ। 12 ਤੀਸਰੀ ਪਾਲ ਵਿੱਚ ਜਰਕਨ, ਹਰੀ ਅਕੀਕ, ਕਟਹਿਲਾ ਸਨ। 13 ਚੌਥੀ ਪਾਲ ਵਿੱਚ ਪੰਨਾ, ਸੁਲੇਮਾਨੀ ਅਤੇ ਯਸ਼ੁਬ ਸਨ। ਇਹ ਸਾਰੇ ਪੱਥਰ ਸੋਨੇ ਵਿੱਚ ਜੜੇ ਹੋਏ ਸਨ। 14 ਉੱਥੇ ਸੀਨੇ-ਬੰਦ ਉੱਤੇ ਬਾਰ੍ਹਾਂ ਪੱਥਰ ਸਨ ਇੱਕ-ਇੱਕ ਪੱਥਰ ਇਸਰਾਏਲ (ਯਾਕੂਬ) ਦੇ ਹਰੇਕ ਪੁੱਤਰ ਲਈ। ਹਰੇਕ ਪੱਥਰ ਉੱਤੇ ਇਸਰਾਏਲ ਦੇ ਪੁੱਤਰਾਂ ਵਿੱਚੋਂ ਇੱਕ ਦਾ ਨਾਮ ਮੁਹਰ ਵਾਂਗ ਉਕਰਿਆ ਹੋਇਆ ਸੀ।
15 ਕਾਰੀਗਰਾਂ ਨੇ ਸੀਨੇ-ਬੰਦ ਲਈ ਸ਼ੁੱਧ ਸੋਨੇ ਦੀਆਂ ਦੋ ਜ਼ੰਜ਼ੀਰੀਆਂ ਬਣਾਈਆਂ। ਇਹ ਜ਼ੰਜ਼ੀਰੀਆਂ ਰੱਸੀ ਵਾਂਗ ਵੱਟੀਆਂ ਹੋਈਆਂ ਸਨ। 16 ਕਾਰੀਗਰਾਂ ਨੇ ਸੋਨੇ ਦੀਆਂ ਦੋ ਮੁੰਦਰੀਆਂ ਬਣਾਈਆਂ ਅਤੇ ਇਨ੍ਹਾਂ ਨੂੰ ਸੀਨੇ-ਬੰਦ ਦੇ ਦੋਹਾਂ ਕੋਨਿਆਂ ਉੱਤੇ ਬੰਨ੍ਹ ਦਿੱਤਾ ਅਤੇ ਉਨ੍ਹਾਂ ਨੇ ਮੋਢਿਆਂ ਦੇ ਟੁਕੜਿਆਂ ਉੱਤੇ ਲਾਉਣ ਲਈ ਸੋਨੇ ਦੀਆਂ ਦੋ ਸੈਟਿਂਗਸ ਬਣਾਈਆਂ। 17 ਉਨ੍ਹਾਂ ਨੇ ਸੋਨੇ ਦੀਆਂ ਜ਼ੰਜ਼ੀਰੀਆਂ ਸੀਨੇ-ਬੰਦ ਦੇ ਕੋਨਿਆਂ ਉਤਲੀਆਂ ਮੁੰਦਰੀਆਂ ਨਾਲ ਬੰਨ੍ਹ ਦਿੱਤੀਆਂ। 18 ਉਨ੍ਹਾਂ ਨੇ ਸੋਨੇ ਦੀਆਂ ਜ਼ੰਜ਼ੀਰੀਆਂ ਦੇ ਦੂਸਰੇ ਸਿਰਿਆਂ ਨੂੰ ਮੋਢਿਆਂ ਦੇ ਟੁਕੜਿਆਂ ਉੱਤੇ ਲੱਗੀਆਂ ਹੋਈਆਂ ਸੈਟਿੰਗਜ਼ ਨਾਲ ਬੰਨ੍ਹ ਦਿੱਤਾ। ਉਨ੍ਹਾਂ ਨੇ ਇਨ੍ਹਾਂ ਨੂੰ ਏਫ਼ੋਦ ਦੇ ਸਾਹਮਣੇ ਵਾਲੇ ਪਾਸੇ ਬੰਨ੍ਹ ਦਿੱਤਾ। 19 ਫ਼ੇਰ ਉਨ੍ਹਾਂ ਨੇ ਸੋਨੇ ਦੀਆਂ ਦੋ ਹੋਰ ਮੁੰਦਰੀਆਂ ਬਣਾਈਆਂ ਅਤੇ ਉਨ੍ਹਾਂ ਨੂੰ ਸੀਨੇ-ਬੰਦ ਦੇ ਦੂਸਰੇ ਦੋ ਕੋਨਿਆਂ ਨਾਲ ਬੰਨ੍ਹ ਦਿੱਤਾ ਇਹ ਏਫ਼ੋਦ ਦੇ ਨਾਲ ਲੱਗਦੀ ਸੀਨੇ-ਬੰਦ ਦੇ ਅੰਦਰਲੇ ਕੋਨੇ ਉੱਤੇ ਸੀ। 20 ਉਨ੍ਹਾਂ ਨੇ ਸੋਨੇ ਦੀਆਂ ਦੋ ਮੁੰਦਰੀਆਂ ਏਫ਼ੋਦ ਦੇ ਸਾਹਮਣੇ ਮੋਢਿਆਂ ਵਾਲੇ ਟੁਕੜਿਆਂ ਦੇ ਹੇਠਲੇ ਸਿਰੇ ਉੱਤੇ ਵੀ ਲਗਾ ਦਿੱਤੀਆਂ। ਇਹ ਮੁੰਦਰੀਆਂ ਪੇਟੀ ਦੇ ਰਤਾ ਕੁ ਉੱਪਰ ਕਸਣ ਵਾਲੇ ਹਿੱਸੇ ਦੇ ਨੇੜੇ ਸਨ। 21 ਫ਼ੇਰ ਉਨ੍ਹਾਂ ਨੇ ਨੀਲਾ ਰਿਬਨ ਲਿਆ ਅਤੇ ਸੀਨੇ-ਬੰਦ ਦੀਆਂ ਮੁੰਦਰੀਆਂ ਨੂੰ ਏਫ਼ੋਦ ਦੀਆਂ ਮੁੰਦਰੀਆਂ ਨਾਲ ਬੰਨ੍ਹ ਦਿੱਤਾ। ਇਸ ਤਰ੍ਹਾਂ, ਸੀਨੇ-ਬੰਦ ਪੇਟੀ ਦੇ ਨਜ਼ਦੀਕ ਟਿਕਿਆ ਹੋਇਆ ਸੀ ਅਤੇ ਏਫ਼ੋਦ ਨਾਲ ਕਸਿਆ ਹੋਇਆ ਸੀ। ਉਨ੍ਹਾਂ ਨੇ ਸਭ ਕੁਝ ਓਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਹੁਕਮ ਦਿੱਤਾ ਸੀ।
ਜਾਜਕਾਂ ਲਈ ਹੋਰ ਵਸਤਰ
22 ਫ਼ੇਰ ਉਨ੍ਹਾਂ ਨੇ ਏਫ਼ੋਦ ਲਈ ਚੋਲਾ ਬਣਾਇਆ। ਇਹ ਉਨ੍ਹਾਂ ਨੇ ਨੀਲੇ ਕੱਪੜੇ ਦਾ ਬਣਾਇਆ। ਇਸ ਨੂੰ ਕੁਸ਼ਲ ਕਾਰੀਗਰ ਨੇ ਬੁਣਿਆ ਸੀ। 23 ਉਨ੍ਹਾਂ ਨੇ ਚੋਲੇ ਦੇ ਕੇਂਦਰ ਵਿੱਚ ਇੱਕ ਸੁਰਾਖ ਕੀਤਾ ਅਤੇ ਇਸ ਸੁਰਾਖ ਦੇ ਕੰਢੇ ਦੇ ਆਲੇ-ਦੁਆਲੇ ਕੱਪੜੇ ਦਾ ਟੁਕੜਾ ਸਿਉਂ ਦਿੱਤਾ। ਇਹ ਕੱਪੜਾ ਸੁਰਾਖ ਨੂੰ ਪਾਟਣ ਤੋਂ ਰੋਕਦਾ ਸੀ।
24 ਫ਼ੇਰ ਉਨ੍ਹਾਂ ਨੇ ਮਹੀਨ ਲਿਨਨ ਅਤੇ ਨੀਲਾ, ਬੈਂਗਣੀ ਅਤੇ ਲਾਲ ਸੂਤ ਲੈ ਕੇ ਕੱਪੜੇ ਦੇ ਅਨਾਰ ਬਣਾਏ। ਉਨ੍ਹਾਂ ਨੇ ਇਹ ਅਨਾਰ ਚੋਲੇ ਦੇ ਹੇਠਲੇ ਕਿਨਾਰੇ ਦੇ ਆਲੇ-ਦੁਆਲੇ ਟੰਗ ਦਿੱਤੇ। 25 ਫ਼ੇਰ ਉਨ੍ਹਾਂ ਨੇ ਸ਼ੁੱਧ ਸੋਨੇ ਦੀਆਂ ਘੰਟੀਆਂ ਬਣਾਈਆਂ। ਉਨ੍ਹਾਂ ਨੇ ਇਹ ਘੰਟੀਆਂ ਚੋਲੇ ਦੇ ਹੇਠਲੇ ਕਿਨਾਰੇ ਉੱਤੇ ਅਨਾਰਾਂ ਦੇ ਵਿੱਚਕਾਰ ਬੰਨ੍ਹ ਦਿੱਤੀਆਂ। 26 ਚੋਲੇ ਦੇ ਹੇਠਲੇ ਕਿਨਾਰੇ ਦੇ ਆਲੇ-ਦੁਆਲੇ ਘੰਟੀਆਂ ਅਤੇ ਅਨਾਰ ਸਨ। ਹਰੇਕ ਦੋ ਅਨਾਰਾਂ ਦੇ ਵਿੱਚਕਾਰ ਇੱਕ ਘੰਟੀ ਸੀ। ਇਹ ਚੋਲਾ ਜਾਜਕ ਵੱਲੋਂ ਉਦੋਂ ਪਹਿਨਿਆ ਜਾਣਾ ਸੀ ਜਦੋਂ ਉਸ ਨੇ ਯਹੋਵਾਹ ਦੀ ਸੇਵਾ ਕਰਨੀ ਸੀ, ਬਿਲਕੁਲ ਉਵੇਂ ਹੀ, ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
27 ਕੁਸ਼ਲ ਕਾਰੀਗਰਾਂ ਨੇ ਹਾਰੂਨ ਅਤੇ ਉਸ ਦੇ ਪੁੱਤਰਾਂ ਲਈ ਦੋ ਕਮੀਜ਼ਾਂ ਬੁਣੀਆਂ। ਇਹ ਕਮੀਜ਼ਾਂ ਮਹੀਨ ਲਿਨਨ ਦੀਆਂ ਬਣੀਆਂ ਹੋਈਆਂ ਸਨ। 28 ਅਤੇ ਕਾਰੀਗਰਾਂ ਨੇ ਮਹੀਨ ਲਿਨਨ ਦੀ ਇੱਕ ਪਗੜੀ (ਅਮਾਮਾ) ਬਣਾਈ। ਉਨ੍ਹਾਂ ਨੇ ਮਹੀਨ ਲਿਨਨ ਲੈ ਕੇ ਸਿਰ ਦੇ ਪਟਕੇ ਅਤੇ ਅੰਦਰਲੇ ਵਸਤਰ ਵੀ ਬਣਾਏ। 29 ਫ਼ੇਰ ਉਨ੍ਹਾਂ ਨੇ ਮਹੀਨ ਲਿਨਨ ਅਤੇ ਨੀਲੇ ਬੈਂਗਣੀ ਅਤੇ ਲਾਲ ਸੂਤ ਦੀ ਪੇਟੀ ਬਣਾਈ। ਕੱਪੜੇ ਵਿੱਚ ਨਮੂਨੇ ਕੱਢੇ ਹੋਏ ਸਨ। ਇਹ ਚੀਜ਼ਾਂ ਉਵੇਂ ਹੀ ਬਣਾਈਆਂ ਗਈਆਂ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਕੀਤਾ ਸੀ।
30 ਫ਼ੇਰ ਉਨ੍ਹਾਂ ਨੇ ਪਵਿੱਤਰ ਤਾਜ ਲਈ ਸੋਨੇ ਦੀ ਪੱਤੀ ਬਣਾਈ। ਉਨ੍ਹਾਂ ਨੇ ਇਹ ਸ਼ੁੱਧ ਸੋਨੇ ਦੀ ਬਣਾਈ। ਉਨ੍ਹਾਂ ਨੇ ਸੋਨੇ ਉੱਤੇ ਸ਼ਬਦ ਲਿਖੇ। ਉਨ੍ਹਾਂ ਨੇ ਇਹ ਸ਼ਬਦ ਲਿਖੇ: ਯਹੋਵਾਹ ਲਈ ਪਵਿੱਤਰ। 31 ਉਨ੍ਹਾਂ ਨੇ ਸੋਨੇ ਦੀ ਪੱਤੀ ਇੱਕ ਨੀਲੇ ਰਿਬਨ ਨਾਲ ਬੰਨ੍ਹ ਦਿੱਤੀ। ਫ਼ੇਰ ਉਨ੍ਹਾਂ ਨੇ ਨੀਲਾ ਰਿਬਨ ਪਗੜੀ ਦੇ ਆਲੇ-ਦੁਆਲੇ ਬੰਨ੍ਹ ਦਿੱਤਾ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਕੀਤਾ ਸੀ।
ਮੂਸਾ ਪਵਿੱਤਰ ਤੰਬੂ ਦੀ ਜਾਂਚ ਕਰਦਾ ਹੈ
32 ਇਸ ਤਰ੍ਹਾਂ ਪਵਿੱਤਰ ਤੰਬੂ ਅਰਥਾਤ ਮੰਡਲੀ ਵਾਲੇ ਤੰਬੂ ਦਾ ਸਾਰਾ ਕੰਮ ਮੁੱਕ ਗਿਆ। ਇਸਰਾਏਲ ਦੇ ਲੋਕਾਂ ਨੇ ਹਰ ਕੰਮ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ। 33 ਫ਼ੇਰ ਉਨ੍ਹਾਂ ਨੇ ਪਵਿੱਤਰ ਤੰਬੂ ਮੂਸਾ ਨੂੰ ਦਿਖਾਇਆ। ਉਨ੍ਹਾਂ ਨੇ ਉਸ ਨੂੰ ਤੰਬੂ ਅਤੇ ਉਸ ਵਿੱਚਲੀਆਂ ਸਾਰੀਆਂ ਚੀਜ਼ਾਂ; ਕੜੇ, ਤਖਤੀਆਂ, ਬਰੇਸਾਂ, ਚੋਬਾਂ ਅਤੇ ਚੀਥੀਆਂ ਦਿਖਾਇਆਂ। 34 ਉਨ੍ਹਾਂ ਨੇ ਉਸ ਨੂੰ ਤੰਬੂ ਦਾ ਕੱਜਣ ਦਿਖਾਇਆ ਜਿਹੜਾ ਲਾਲ ਰੰਗ ਵਿੱਚ ਰੰਗੀਆਂ ਭੇਡੂ ਦੀਆਂ ਖੱਲਾਂ ਨਾਲ ਬਣਇਆ ਗਿਆ ਸੀ। ਅਤੇ ਉਨ੍ਹਾਂ ਨੇ ਉਸ ਨੂੰ ਉਹ ਕੱਜਣ ਦਿਖਾਇਆ ਜਿਹੜਾ ਸੁੰਦਰ ਚਮੜੇ ਦਾ ਬਣਿਆ ਸੀ। ਅਤੇ ਉਨ੍ਹਾਂ ਨੇ ਉਸ ਨੂੰ ਉਹ ਪਰਦਾ ਦਿਖਾਇਆ ਜਿਹੜਾ ਅੱਤ ਪਵਿੱਤਰ ਸਥਾਨ ਦੇ ਪ੍ਰਵੇਸ਼ ਦੁਆਰ ਨੂੰ ਕੱਜਦਾ ਸੀ।
35 ਉਨ੍ਹਾਂ ਨੇ ਇਕਰਾਰਨਾਮੇ ਵਾਲਾ ਸੰਦੂਕ, ਉਹ ਚੋਬਾਂ ਜੋ ਸੰਦੂਕ ਨੂੰ ਚੁੱਕਣ ਲਈ ਵਰਤੀਆਂ ਜਾਂਦੀਆਂ ਸਨ ਅਤੇ ਸੰਦੂਕ ਦਾ ਢੱਕਣ ਦਿਖਾਇਆ। 36 ਉਨ੍ਹਾਂ ਨੇ ਉਸ ਨੂੰ ਮੇਜ ਅਤੇ ਉਸ ਉੱਪਰਲੀ ਹਰ ਚੀਜ਼ ਅਤੇ ਖਾਸ ਰੋਟੀ ਦਿਖਾਈ। 37 ਉਨ੍ਹਾਂ ਨੇ ਉਸ ਨੂੰ ਸ਼ੁੱਧ ਸੋਨੇ ਦਾ ਸ਼ਮਾਦਾਨ ਅਤੇ ਇਸ ਉੱਪਰ ਦੀਵੇ ਦਿਖਾਏ। ਅਤੇ ਉਨ੍ਹਾਂ ਨੇ ਉਸ ਨੂੰ ਤੇਲ ਅਤੇ ਉਹ ਸਾਰੀਆਂ ਚੀਜ਼ਾਂ ਦਿਖਾਈਆਂ ਜਿਹੜੀਆਂ ਦੀਵਿਆਂ ਦੇ ਨਾਲ ਵਰਤੀਆਂ ਜਾਂਦੀਆਂ ਸਨ। 38 ਉਨ੍ਹਾਂ ਨੇ ਮੂਸਾ ਨੂੰ ਸੁਨਿਹਰੀ ਜਗਵੇਦੀ, ਮਸਹ ਵਾਲਾ ਤੇਲ, ਸੁਗੰਧਤ ਧੂਫ਼ ਅਤੇ ਉਹ ਪਰਦਾ ਦਿਖਾਇਆ ਜਿਹੜਾ ਤੰਬੂ ਦੇ ਪ੍ਰਵੇਸ਼ ਦੁਆਰ ਨੂੰ ਕੱਜਦਾ ਸੀ। 39 ਉਨ੍ਹਾਂ ਨੇ ਉਸ ਨੂੰ ਪਿੱਤਲ ਦੀ ਜਗਵੇਦੀ ਅਤੇ ਪਿੱਤਲ ਦੀ ਝੰਜਰੀ, ਜਗਵੇਦੀ ਚੁੱਕਣ ਵਾਲੀਆਂ ਚੋਬਾਂ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਜਗਵੇਦੀ ਉੱਤੇ ਇਸਤੇਮਾਲ ਹੁੰਦੀਆਂ ਸਨ ਅਤੇ ਤਸਲਾ ਅਤੇ ਉਸ ਦੇ ਹੇਠਾਂ ਵਾਲੀ ਚੌਂਕੀ ਦਿਖਾਈ।
40 ਉਨ੍ਹਾਂ ਨੇ ਮੂਸਾ ਨੂੰ ਵਿਹੜੇ ਦੇ ਆਲੇ-ਦੁਆਲੇ ਦੀ ਪਰਦਿਆਂ ਦੀ ਕੰਧ, ਚੋਬਾਂ ਅਤੇ ਚੀਥੀਆਂ ਸਮੇਤ, ਦਿਖਾਈ। ਉਨ੍ਹਾਂ ਨੇ ਉਸ ਨੂੰ ਉਹ ਪਰਦਾ ਦਿਖਾਇਆ ਜਿਹੜਾ ਵਿਹੜੇ ਦੇ ਪ੍ਰਵੇਸ਼ ਦੁਆਰ ਨੂੰ ਕੱਜਦਾ ਸੀ। ਉਨ੍ਹਾਂ ਨੇ ਉਸ ਨੂੰ ਰਸੀਆਂ ਅਤੇ ਤੰਬੂ ਦੀਆਂ ਕਿੱਲੀਆਂ ਦਿਖਾਈਆਂ। ਉਨ੍ਹਾਂ ਨੇ ਉਸ ਨੂੰ ਪਵਿੱਤਰ ਤੰਬੂ ਅਰਥਾਤ ਮੰਡਲੀ ਵਾਲੇ ਤੰਬੂ ਵਿੱਚਲੀਆਂ ਸਾਰੀਆਂ ਚੀਜ਼ਾਂ ਦਿਖਾਈਆਂ।
41 ਫ਼ੇਰ ਉਨ੍ਹਾਂ ਨੇ ਮੂਸਾ ਨੂੰ ਉਹ ਵਸਤਰ ਦਿਖਾਏ ਜਿਹੜੇ ਪਵਿੱਤਰ ਖੇਤਰ ਵਿੱਚ ਸੇਵਾ ਕਰਨ ਵਾਲੇ ਜਾਜਕਾਂ ਲਈ ਬਣਾਏ ਗਏ ਸਨ, ਉਨ੍ਹਾਂ ਨੇ ਉਸ ਨੂੰ ਜਾਜਕ ਹਾਰੂਨ ਅਤੇ ਉਸ ਦੇ ਪੁੱਤਰਾਂ ਲਈ ਬਣਾਏ ਗਏ ਖਾਸ ਵਸਤਰ ਦਿਖਾਏ। ਇਹ ਵਸਤਰ ਉਹ ਸਨ ਜਿਹੜੇ ਉਨ੍ਹਾਂ ਨੂੰ ਜਾਜਕਾਂ ਵਜੋਂ ਸੇਵਾ ਕਰਨ ਵੇਲੇ ਪਹਿਨਣੇ ਸਨ।
42 ਇਸਰਾਏਲ ਦੇ ਲੋਕਾਂ ਨੇ ਇਹ ਸਾਰਾ ਕੰਮ ਬਿਲਕੁਲ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ। 43 ਮੂਸਾ ਨੇ ਇਸ ਸਾਰੇ ਕੰਮ ਨੂੰ ਧਿਆਨ ਨਾਲ ਦੇਖਿਆ। ਮੂਸਾ ਨੇ ਦੇਖਿਆ ਕਿ ਸਾਰਾ ਕੰਮ ਬਿਲਕੁਲ ਉਸੇ ਤਰ੍ਹਾਂ ਕੀਤਾ ਗਿਆ ਸੀ ਜਿਵੇਂ ਯਹੋਵਾਹ ਨੇ ਹੁਕਮ ਦਿੱਤਾ ਸੀ। ਇਸ ਲਈ ਮੂਸਾ ਨੇ ਉਨ੍ਹਾਂ ਨੂੰ ਅਸੀਸ ਦਿੱਤੀ।
ਮੂਸਾ ਪਵਿੱਤਰ ਤੰਬੂ ਨੂੰ ਸਥਾਪਿਤ ਕਰਦਾ ਹੈ
40 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ, 2 “ਪਹਿਲੇ ਮਹੀਨੇ ਦੇ ਪਹਿਲੇ ਦਿਨ ਪਵਿੱਤਰ ਤੰਬੂ, ਅਰਥਾਤ ਮੰਡਲੀ ਵਾਲੇ ਤੰਬੂ ਨੂੰ ਸਥਾਪਿਤ ਕਰੀਂ। 3 ਇਕਰਾਰਨਾਮੇ ਵਾਲੇ ਸੰਦੂਕ ਨੂੰ ਪਵਿੱਤਰ ਤੰਬੂ ਵਿੱਚ ਰੱਖ ਦੇਵੀਂ। ਸੰਦੂਕ ਨੂੰ ਪਰਦੇ ਨਾਲ ਢੱਕ ਦੇਵੀ। 4 ਫ਼ੇਰ ਮੇਜ ਲਿਆਵੀਂ। ਉਹ ਸਾਰੀਆਂ ਚੀਜ਼ਾਂ ਮੇਜ ਉੱਪਰ ਰੱਖ ਦੇਵੀਂ ਜਿਹੜੀਆਂ ਉੱਥੇ ਹੋਣੀਆਂ ਚਾਹੀਦੀਆਂ ਹਨ। ਫ਼ੇਰ ਸ਼ਮਾਦਾਨ ਨੂੰ ਤੰਬੂ ਵਿੱਚ ਰੱਖੀਂ। ਸ਼ਮਾਦਾਨ ਨੂੰ ਸਹੀ ਥਾਵਾਂ ਉੱਤੇ ਦੀਵੇ ਰੱਖੀਂ। 5 ਤੰਬੂ ਵਿੱਚ ਧੂਫ਼ ਧੁਖਾਉਣ ਲਈ ਇਕਰਾਰਨਾਮੇ ਵਲੇ ਸੰਦੂਕ ਦੇ ਸਾਹਮਣੇ ਸੁਨਿਹਰੀ ਜਗਵੇਦੀ ਰੱਖੀਂ। ਫ਼ੇਰ ਪਵਿੱਤਰ ਤੰਬੂ ਦੇ ਪ੍ਰਵੇਸ਼ ਦੁਆਰ ਤੇ ਪਰਦਾ ਟੰਗੀ।
6 “ਪਵਿੱਤਰ ਤੰਬੂ ਅਰਥਾਤ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਦੇ ਸਾਹਮਣੇ ਹੋਮ ਦੀਆਂ ਭੇਟਾਂ ਦੀ ਜਗਵੇਦੀ ਸਥਾਪਿਤ ਕਰੀਂ। 7 ਤਸਲੇ ਨੂੰ ਮੰਡਲੀ ਵਾਲੇ ਤੰਬੂ ਅਤੇ ਜਗਵੇਦੀ ਦੇ ਵਿੱਚਕਾਰ ਰੱਖੀਂ। ਤਸਲੇ ਵਿੱਚ ਪਾਣੀ ਰੱਖੀਂ। 8 ਵਿਹੜੇ ਦੇ ਆਲੇ-ਦੁਆਲੇ ਪਰਦਿਆਂ ਦੀ ਕੰਧ ਉਸਾਰੀ। ਫ਼ੇਰ ਵਿਹੜੇ ਦੇ ਪ੍ਰਵੇਸ਼ ਦੁਆਰ ਉੱਤੇ ਪਰਦਾ ਲਾਵੀਂ।
9 “ਮਸਹ ਵਾਲਾ ਤੇਲ ਲੈ ਕੇ ਇਸ ਨੂੰ ਪਵਿੱਤਰ ਤੰਬੂ ਦੀ ਹਰ ਸੈਅ ਉੱਪਰ ਛਿੜਕ ਦੇਵੀਂ। ਜਦੋਂ ਤੂੰ ਇਨ੍ਹਾਂ ਚੀਜ਼ਾਂ ਉੱਪਰ ਤੇਲ ਛਿੜਕੇਂਗਾ ਤਾਂ ਤੂੰ ਇਨ੍ਹਾਂ ਨੂੰ ਪਵਿੱਤਰ ਬਣਾ ਦੇਵੇਂਗਾ। 10 ਹੋਮ ਦੀਆਂ ਭੇਟਾਂ ਵਾਲੀ ਜਗਵੇਦੀ ਉੱਤੇ ਤੇਲ ਛਿੜਕੀਂ। ਜਗਵੇਦੀ ਦੀ ਹਰ ਚੀਜ਼ ਉੱਤੇ ਤੇਲ ਛਿੜਕੀਂ। ਤੂੰ ਜਗਵੇਦੀ ਨੂੰ ਪਵਿੱਤਰ ਬਣਾ ਦੇਵੇਂਗਾ। ਇਹ ਬਹੁਤ ਪਵਿੱਤਰ ਹੋਵੇਗੀ। 11 ਫ਼ੇਰ ਤੂੰ ਤਸਲੇ ਨੂੰ ਅਤੇ ਇਸਦੀ ਚੌਂਕੀ ਉੱਤੇ ਤੇਲ ਛਿੜਕੀਂ। ਇਨ੍ਹਾਂ ਚੀਜ਼ਾਂ ਨੂੰ ਪਵਿੱਤਰ ਬਨਾਉਣ ਲਈ ਅਜਿਹਾ ਕਰੀਂ।
12 “ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਕੋਲ ਲੈ ਆਵੀਂ। ਉਨ੍ਹਾਂ ਦਾ ਪਾਣੀ ਨਾਲ ਇਸਨਾਨ ਕਰਾਵੀਂ। 13 ਫ਼ੇਰ ਹਾਰੂਨ ਨੂੰ ਖਾਸ ਵਸਤਰ ਪਹਿਨਾਵੀਂ। ਉਸ ਉੱਪਰ ਤੇਲ ਛਿੜਕੀਂ ਤੇ ਉਸ ਨੂੰ ਪਵਿੱਤਰ ਬਣਾ ਦੇਵੀਂ। ਫ਼ੇਰ ਉਹ ਜਾਜਕ ਵਜੋਂ ਮੇਰੀ ਸੇਵਾ ਕਰ ਸੱਕਦਾ ਹੈ। 14 ਫ਼ੇਰ ਉਸ ਦੇ ਪੁੱਤਰਾਂ ਨੂੰ ਵਸਤਰ ਪਹਿਨਾਵੀਂ। 15 ਉਸ ਦੇ ਪੁੱਤਰਾਂ ਉੱਤੇ ਵੀ ਓਸੇ ਤਰ੍ਹਾਂ ਤੇਲ ਛਿੜਕੀਂ ਜਿਵੇਂ ਤੂੰ ਉਨ੍ਹਾਂ ਦੇ ਪਿਤਾ ਉੱਤੇ ਛਿੜਕਿਆ ਸੀ। ਫ਼ੇਰ ਉਹ ਵੀ ਜਾਜਕਾਂ ਵਜੋਂ ਮੇਰੀ ਸੇਵਾ ਕਰ ਸੱਕਣਗੇ। ਜਦੋਂ ਤੂੰ ਉਨ੍ਹਾਂ ਨੂੰ ਮਸਹ ਕਰੇਂਗਾ ਤਾਂ ਉਹ ਜਾਜਕ ਬਣ ਜਾਣਗੇ। ਉਹ ਪਰਿਵਾਰ ਸਾਰੇ ਸਮਿਆਂ ਲਈ ਜਾਜਕਾਂ ਦਾ ਬਣਿਆ ਰਹੇਗਾ।” 16 ਮੂਸਾ ਨੇ ਯਹੋਵਾਹ ਦਾ ਹੁਕਮ ਮੰਨਿਆ। ਉਸ ਨੇ ਹਰ ਉਹ ਗੱਲ ਕੀਤੀ ਜਿਸਦਾ ਯਹੋਵਾਹ ਨੇ ਉਸ ਨੂੰ ਹੁਕਮ ਦਿੱਤਾ ਸੀ।
17 ਇਸ ਲਈ ਠੀਕ ਸਮੇਂ ਪਵਿੱਤਰ ਤੰਬੂ ਸਥਾਪਿਤ ਕੀਤਾ ਗਿਆ। ਇਹ ਉਸ ਸਮੇਂ ਤੋਂ ਜਦੋਂ ਉਨ੍ਹਾਂ ਨੇ ਮਿਸਰ ਛੱਡਿਆ ਸੀ ਦੂਸਰੇ ਵਰ੍ਹੇ ਦੌਰਾਨ ਪਹਿਲੇ ਮਹੀਨੇ ਦਾ ਪਹਿਲਾ ਦਿਨ ਸੀ। 18 ਮੂਸਾ ਨੇ ਪਵਿੱਤਰ ਤੰਬੂ ਨੂੰ ਉਸੇ ਤਰ੍ਹਾਂ ਸਥਾਪਿਤ ਕੀਤਾ ਜਿਵੇਂ ਯਹੋਆਹ ਨੇ ਆਖਿਆ ਸੀ। ਸਭ ਤੋਂ ਪਹਿਲਾਂ, ਉਸ ਨੇ ਚੀਥੀਆਂ ਰੱਖੀਆਂ ਅਤੇ ਫ਼ੇਰ ਚੀਥੀਆਂ ਉੱਤੇ ਫ਼ੱਟੀਆਂ ਰੱਖੀਆਂ। ਫ਼ੇਰ ਉਸ ਨੇ ਬਰੇਸਾਂ ਲਾ ਕੇ ਚੋਬਾਂ ਲਾਈਆਂ। 19 ਇਸਤੋਂ ਮਗਰੋਂ ਪਵਿੱਤਰ ਤੰਬੂ ਉੱਤੇ ਬਾਹਰਲਾ ਤੰਬੂ ਲਾਇਆ। ਫ਼ੇਰ ਉਸ ਨੇ ਬਾਹਰਲੇ ਤੰਬੂ ਉੱਤੇ ਕੱਜਣ ਪਾਇਆ। ਉਸ ਨੇ ਇਹ ਚੀਜ਼ਾਂ ਉਸੇ ਤਰ੍ਹਾਂ ਕੀਤੀਆਂ ਜਿਵੇਂ ਯਹੋਵਾਹ ਨੇ ਹੁਕਮ ਦਿੱਤਾ ਸੀ।
20 ਮੂਸਾ ਨੇ ਇਕਰਾਰਨਮਾ ਲਿਆ ਅਤੇ ਇਸ ਨੂੰ ਪਵਿੱਤਰ ਸੰਦੂਕ ਵਿੱਚ ਰੱਖ ਦਿੱਤਾ। ਮੂਸਾ ਨੇ ਸੰਦੂਕ ਉੱਤੇ ਚੋਬਾਂ ਰੱਖੀਆਂ। ਫ਼ੇਰ ਉਸ ਨੇ ਸੰਦੂਕ ਉੱਪਰ ਕੱਜਣ ਪਾ ਦਿੱਤਾ। 21 ਫ਼ੇਰ ਮੂਸਾ ਨੇ ਪਵਿੱਤਰ ਸੰਦੂਕ ਨੂੰ ਪਵਿੱਤਰ ਤੰਬੂ ਦੇ ਅੰਦਰ ਰੱਖ ਦਿੱਤਾ। ਉਸ ਨੇ ਇਸਦੀ ਰੱਖਿਆ ਲਈ ਠੀਕ ਥਾਂ ਉੱਤੇ ਪਰਦਾ ਟੰਗ ਦਿੱਤਾ। ਇਸ ਤਰ੍ਹਾਂ ਉਸ ਨੇ ਇਕਰਾਰਨਾਮੇ ਦੇ ਸੰਦੂਕ ਨੂੰ ਪਰਦੇ ਦੇ ਪਿੱਛੇ ਸੁਰੱਖਿਅਤ ਕਰ ਦਿੱਤਾ, ਜਿਵੇਂ ਕਿ ਯਹੋਵਾਹ ਨੇ ਉਸ ਨੂੰ ਹੁਕਮ ਦਿੱਤਾ ਸੀ। 22 ਫ਼ੇਰ ਮੂਸਾ ਨੇ ਮੰਡਲੀ ਵਾਲੇ ਤੰਬੂ ਵਿੱਚ ਮੇਜ ਨੂੰ ਸਥਾਪਿਤ ਕੀਤਾ। ਉਸ ਨੇ ਇਸ ਨੂੰ ਪਵਿੱਤਰ ਤੰਬੂ ਦੇ ਉੱਤਰ ਵਾਲੇ ਪਾਸੇ ਪਵਿੱਤਰ ਸਥਾਨ ਦੇ ਅੰਦਰ ਪਰਦੇ ਦੇ ਸਾਹਮਣੇ ਰੱਖਿਆ। 23 ਫ਼ੇਰ ਉਸ ਨੇ ਯਹੋਵਾਹ ਦੇ ਸਾਹਮਣੇ ਮੇਜ ਉੱਪਰ ਰੋਟੀ ਰੱਖ ਦਿੱਤੀ ਉਸ ਨੇ ਅਜਿਹਾ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਉਸ ਨੂੰ ਹੁਕਮ ਕੀਤਾ ਸੀ। 24 ਫ਼ੇਰ ਮੂਸਾ ਨੇ ਸ਼ਮਾਦਾਨ ਨੂੰ ਮੰਡਲੀ ਵਾਲੇ ਤੰਬੂ ਦੇ ਦੱਖਣ ਵਾਲੇ ਪਾਸੇ, ਮੇਜ ਦੇ ਵਿਪਰੀਤ ਸਥਾਪਿਤ ਕੀਤਾ। 25 ਫ਼ੇਰ ਮੂਸਾ ਨੇ ਯਹੋਵਾਹ ਦੇ ਸਾਹਮਣੇ ਸ਼ਮਾਦਾਨ ਉੱਤੇ ਦੀਵੇ ਰੱਖ ਦਿੱਤੇ। ਉਸ ਨੇ ਅਜਿਹਾ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਉਸ ਨੂੰ ਹੁਕਮ ਕੀਤਾ ਸੀ।
26 ਫ਼ੇਰ ਮੂਸਾ ਨੇ ਮੰਡਲੀ ਵਾਲੇ ਤੰਬੂ ਵਿੱਚ ਸੁਨਿਹਰੀ ਜਗਵੇਦੀ ਸਥਾਪਿਤ ਕੀਤੀ। ਉਸ ਨੇ ਜਗਵੇਦੀ ਨੂੰ ਪਰਦੇ ਦੇ ਸਾਹਮਣੇ ਰੱਖ ਦਿੱਤਾ। 27 ਫ਼ੇਰ ਉਸ ਨੇ ਜਗਵੇਦੀ ਉੱਤੇ ਸੁਗੰਧਤ ਧੂਫ਼ ਧੁਖਾਈ। ਉਸ ਨੇ ਅਜਿਹਾ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਉਸ ਨੂੰ ਹੁਕਮ ਦਿੱਤਾ ਸੀ। 28 ਫ਼ੇਰ ਮੂਸਾ ਨੇ ਪਵਿੱਤਰ ਤੰਬੂ ਦੇ ਪ੍ਰਵੇਸ਼ ਦੁਆਰ ਉੱਤੇ ਪਰਦਾ ਟੰਗ ਦਿੱਤਾ।
29 ਮੂਸਾ ਨੇ ਪਵਿੱਤਰ ਤੰਬੂ ਅਰਥਾਤ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਉੱਤੇ ਹੋਮ ਦੀਆਂ ਭੇਟਾਂ ਲਈ ਜਗਵੇਦੀ ਸਥਾਪਿਤ ਕਰ ਦਿੱਤੀ। ਫ਼ੇਰ ਮੂਸਾ ਨੇ ਉਸ ਜਗਵੇਦੀ ਉੱਤੇ ਹੋਮ ਦੀ ਭੇਟ ਅਰਪਨ ਕੀਤੀ। ਉਸ ਨੇ ਯਹੋਵਾਹ ਨੂੰ ਅਨਾਜ ਦੀ ਭੇਟ ਵੀ ਚੜ੍ਹਾਈ। ਉਸ ਨੇ ਇਹ ਗੱਲਾਂ ਉਸੇ ਤਰ੍ਹਾਂ ਕੀਤੀਆਂ ਜਿਸ ਤਰ੍ਹਾਂ ਯਹੋਵਾਹ ਨੇ ਉਸ ਨੂੰ ਹੁਕਮ ਕੀਤਾ ਸੀ।
30 ਫ਼ੇਰ ਮੂਸਾ ਨੇ ਮੰਡਲੀ ਵਾਲੇ ਤੰਬੂ ਅਤੇ ਜਗਵੇਦੀ ਦੇ ਵਿੱਚਕਾਰ ਤਸਲਾ ਰੱਖ ਦਿੱਤਾ। ਮੂਸਾ ਨੇ ਤਸਲੇ ਵਿੱਚ ਹੱਥ-ਪੈਰ ਧੋਣ ਲਈ ਪਾਣੀ ਰੱਖ ਦਿੱਤਾ। 31 ਮੂਸਾ, ਹਾਰੂਨ ਅਤੇ ਹਾਰੂਨ ਦੇ ਪੁੱਤਰਾਂ ਨੇ ਇਸ ਤਸਲੇ ਨੂੰ ਆਪਣੇ ਹੱਥ ਪੈਰ ਧੋਣ ਲਈ ਵਰਤਿਆ। 32 ਹਰ ਵਾਰੀ ਜਦੋਂ ਉਹ ਮੰਡਲੀ ਵਾਲੇ ਤੰਬੂ ਵਿੱਚ ਦਾਖਲ ਹੁੰਦੇ ਸਨ, ਉਹ ਆਪਣੇ ਹੱਥ ਪੈਰ ਧੋਂਦੇ ਸਨ। ਹਰ ਵਾਰੀ ਜਦੋਂ ਉਹ ਜਗਵੇਦੀ ਦੇ ਨੇੜੇ ਜਾਂਦੇ ਸਨ ਤਾਂ ਵੀ ਉਹ ਹੱਥ ਪੈਰ ਧੋਂਦੇ ਸਨ। ਉਨ੍ਹਾਂ ਨੇ ਇਹ ਗੱਲਾਂ ਉਸੇ ਤਰ੍ਹਾਂ ਕੀਤੀਆਂ ਜਿਵੇਂ ਯਹੋਵਾਹ ਨੇ ਹੁਕਮ ਦਿੱਤਾ ਸੀ।
33 ਫ਼ੇਰ ਮੂਸਾ ਨੇ ਪਵਿੱਤਰ ਤੰਬੂ ਦੇ ਵਿਹੜੇ ਦੇ ਆਲੇ-ਦੁਆਲੇ ਪਰਦੇ ਸਥਾਪਿਤ ਕਰ ਦਿੱਤੇ। ਮੂਸਾ ਨੇ ਜਗਵੇਦੀ ਦਾ ਵਿਹੜਾ ਵੀ ਸਥਾਪਿਤ ਕੀਤਾ। ਫ਼ੇਰ ਉਸ ਨੇ ਵਿਹੜੇ ਦੇ ਪ੍ਰਵੇਸ਼ ਦੁਆਰ ਉੱਤੇ ਪਰਦਾ ਟੰਗ ਦਿੱਤਾ। ਇਸ ਤਰ੍ਹਾਂ ਮੂਸਾ ਨੇ ਇਹ ਸਾਰਾ ਕੰਮ ਮੁਕਾ ਲਿਆ ਜਿਹੜਾ ਯਹੋਵਾਹ ਨੇ ਉਸ ਨੂੰ ਕਰਨ ਲਈ ਦਿੱਤਾ ਸੀ।
ਯਹੋਵਾਹ ਦਾ ਪਰਤਾਪ
34 ਫ਼ੇਰ ਮੰਡਲੀ ਵਾਲੇ ਤੰਬੂ ਉੱਪਰ ਬੱਦਲ ਛਾ ਗਿਆ। ਅਤੇ ਯਹੋਵਾਹ ਦੇ ਪਰਤਾਪ ਨੇ ਪਵਿੱਤਰ ਤੰਬੂ ਨੂੰ ਭਰ ਦਿੱਤਾ। 35 ਮੂਸਾ ਮੰਡਲੀ ਵਾਲੇ ਤੰਬੂ ਵਿੱਚ ਨਹੀਂ ਜਾ ਸੱਕਦਾ ਸੀ ਕਿਉਂਕਿ ਇਸ ਉੱਤੇ ਬੱਦਲ ਠਹਿਰ ਗਿਆ ਸੀ ਅਤੇ ਯਹੋਵਾਹ ਦੇ ਪਰਤਾਪ ਨੇ ਪਵਿੱਤਰ ਤੰਬੂ ਨੂੰ ਭਰ ਦਿੱਤਾ ਸੀ।
36 ਇਹ ਉਹੀ ਬੱਦਲ ਸੀ ਜਿਹੜਾ ਲੋਕਾਂ ਨੂੰ ਇਹ ਦਰਸਾਉਂਦਾ ਸੀ ਕਿ ਉਨ੍ਹਾਂ ਨੇ ਕਦੋਂ ਕੂਚ ਕਰਨਾ ਹੈ। ਜਦੋਂ ਬੱਦਲ ਪਵਿੱਤਰ ਤੰਬੂ ਤੋਂ ਉੱਪਰ ਉੱਠਦਾ, ਇਸਰਾਏਲ ਦੇ ਲੋਕ ਸਫ਼ਰ ਸ਼ੁਰੂ ਕਰ ਦਿੰਦੇ। 37 ਪਰ ਜਦੋਂ ਬੱਦਲ ਪਵਿੱਤਰ ਤੰਬੂ ਉੱਪਰ ਠਹਿਰਿਆ ਹੁੰਦਾ, ਲੋਕ ਜਾਣ ਦੀ ਕੋਸ਼ਿਸ਼ ਨਾ ਕਰਦੇ। ਉਹ ਓਨੀ ਦੇਰ ਉਸੇ ਥਾਂ ਟਿਕੇ ਰਹਿੰਦੇ ਜਦੋਂ ਤੱਕ ਕਿ ਬੱਦਲ ਉੱਪਰ ਨਹੀਂ ਉੱਠ ਜਾਂਦਾ ਸੀ। 38 ਇਸ ਤਰ੍ਹਾ ਯਹੋਵਾਹ ਦਾ ਬੱਦਲ ਦਿਨ ਵੇਲੇ ਪਵਿੱਤਰ ਤੰਬੂ ਦੇ ਉੱਪਰ ਟਿਕਿਆ ਹੋਇਆ ਸੀ। ਅਤੇ ਰਾਤ ਵੇਲੇ ਬੱਦਲ ਵਿੱਚ ਅੱਗ ਹੁੰਦੀ ਸੀ। ਇਸ ਲਈ ਇਸਰਾਏਲ ਦੇ ਸਾਰੇ ਲੋਕ ਸਫ਼ਰ ਕਰਦੇ ਸਮੇਂ ਬੱਦਲ ਨੂੰ ਦੇਖ ਸੱਕਦੇ ਸਨ।
2010 by World Bible Translation Center