Print Page Options
Previous Prev Day Next DayNext

Bible in 90 Days

An intensive Bible reading plan that walks through the entire Bible in 90 days.
Duration: 88 days
Punjabi Bible: Easy-to-Read Version (ERV-PA)
Version
ਮੱਤੀ 5-15

ਪਹਾੜੀ ਦੇ ਉਪਦੇਸ਼(A)

ਭੀੜ ਨੂੰ ਵੇਖ ਕੇ ਯਿਸੂ ਪਹਾੜ ਉੱਤੇ ਚੜ੍ਹ੍ਹ ਗਿਆ ਅਤੇ ਜਦ ਬੈਠਾ ਤਾਂ ਉਸ ਦੇ ਚੇਲੇ ਉਸ ਦੇ ਆਸ-ਪਾਸ ਆਏ। ਤਦ ਯਿਸੂ ਲੋਕਾਂ ਨੂੰ ਉਪਦੇਸ਼ ਦੇਣ ਲੱਗਾ ਅਤੇ ਉਸ ਨੇ ਆਖਿਆ,

“ਉਹ ਵਡਭਾਗੇ ਹਨ ਜਿਹੜੇ ਆਤਮਾ ਵਿੱਚ ਗਰੀਬ ਹਨ
    ਕਿਉਂਕਿ ਸਵਰਗ ਦਾ ਰਾਜ ਉਨ੍ਹਾਂ ਦਾ ਹੈ।
ਉਹ ਵਡਭਾਗੇ ਹਨ ਜਿਹੜੇ ਸੋਗ ਕਰਦੇ ਹਨ
    ਕਿਉਂਕਿ ਉਹ ਸ਼ਾਂਤ ਕੀਤੇ ਜਾਣਗੇ।
ਉਹ ਵਡਭਾਗੇ ਹਨ ਜਿਹੜੇ ਦੀਨ ਹਨ
    ਕਿਉਂਕਿ ਉਹ ਵਾਅਦੇ ਦੀ ਧਰਤੀ ਦੇ ਵਾਰਸ ਹੋਣਗੇ।
ਉਹ ਵਡਭਾਗੇ ਹਨ ਜਿਹੜੇ ਧਰਮ ਦੇ ਭੁੱਖੇ ਤੇ ਤਿਹਾਏ ਹਨ
    ਕਿਉਂਕਿ ਉਹ ਰਜਾਏ ਜਾਣਗੇ।
ਉਹ ਵਡਭਾਗੇ ਹਨ ਜਿਹੜੇ ਮਿਹਰਬਾਨ ਹਨ
    ਕਿਉਂਕਿ ਉਨ੍ਹਾਂ ਤੇ ਮਿਹਰ ਕੀਤੀ ਜਾਵੇਗੀ।
ਉਹ ਵਡਭਾਗੇ ਹਨ ਜਿਹੜੇ ਦਿਲੋਂ ਸ਼ੁੱਧ ਹਨ
    ਕਿਉਂਕਿ ਉਹ ਪਰਮੇਸ਼ੁਰ ਨੂੰ ਵੇਖਣਗੇ।
ਉਹ ਵਡਭਾਗੇ ਹਨ ਜਿਹੜੇ ਸ਼ਾਂਤੀ ਲਿਆਉਂਦੇ ਹਨ
    ਕਿਉਂਕਿ ਉਹ ਪਰਮੇਸ਼ੁਰ ਦੇ ਬੱਚੇ ਅਖਵਾਉਣਗੇ।
10 ਉਹ ਵਡਭਾਗੇ ਹਨ ਜਿਹੜੇ ਸਹੀ ਕਾਰਜ ਕਰਨ ਦੇ ਕਾਰਣ ਸਤਾਏ ਜਾ ਰਹੇ ਹਨ
    ਕਿਉਂਕਿ ਸਵਰਗ ਦਾ ਰਾਜ ਉਨ੍ਹਾਂ ਦਾ ਹੋਵੇਗਾ।

11 “ਜਦੋਂ ਲੋਕ ਤੁਹਾਡੀ ਬੇਇੱਜ਼ਤੀ ਕਰਨ ਅਤੇ ਤੁਹਾਡੇ ਵਿਰੁੱਧ ਮਾੜਾ ਬੋਲਣ ਅਤੇ ਤੁਹਾਡੇ ਤੇ ਝੂਠੇ ਦੋਸ਼ ਲਾਉਣ ਕਿਉਂਕਿ ਤੁਸੀਂ ਮੇਰੇ ਚੇਲੇ ਹੋ, ਤਾਂ ਤੁਸੀਂ ਧੰਨ ਹੋ। 12 ਖੁਸ਼ ਹੋਵੋ ਅਤੇ ਅਨੰਦ ਮਾਣੋ, ਤੁਸੀਂ ਸਵਰਗ ਵਿੱਚ ਬਹੁਤ ਵੱਡਾ ਫ਼ਲ ਪਾਵੋਗੇ। ਇਸੇ ਤਰ੍ਹਾਂ ਹੀ, ਜੋ ਨਬੀ ਤੁਹਾਥੋਂ ਪਹਿਲਾਂ ਰਹੇ ਉਨ੍ਹਾਂ ਨੂੰ ਵੀ ਲੋਕਾਂ ਨੇ ਕਸ਼ਟ ਦਿੱਤੇ।

ਤੁਸੀਂ ਲੂਣ ਅਤੇ ਰੋਸ਼ਨੀ ਵਾਂਗ ਹੋ(B)

13 “ਤੁਸੀਂ ਧਰਤੀ ਦੇ ਲੂਣ ਹੋ। ਪਰ ਜੇਕਰ ਲੂਣ ਬੇਸੁਆਦ ਹੋ ਜਾਵੇ, ਤਾਂ ਇਹ ਫ਼ੇਰ ਕਿਵੇਂ ਸਲੂਣਾ ਹੋ ਸੱਕਦਾ? ਇਹ ਬੇਕਾਰ ਹੈ। ਇਹ ਬਾਹਰ ਸੁੱਟਿਆ ਜਾਵੇ ਅਤੇ ਲੋਕਾਂ ਦੁਆਰਾ ਮਿੱਧਿਆ ਜਾਵੇ।

14 “ਤੁਸੀਂ ਜਗਤ ਦੇ ਚਾਨਣ ਹੋ। ਜਿਹੜਾ ਨਗਰ ਪਹਾੜ ਤੇ ਬਣਿਆ ਹੋਇਆ ਹੈ ਉਸ ਨੂੰ ਲਕੋਇਆ ਨਹੀਂ ਜਾ ਸੱਕਦਾ। 15 ਲੋਕ ਦੀਵਾ ਜਗਾਕੇ ਕਟੋਰੇ ਹੇਠਾਂ ਨਹੀਂ ਰੱਖਦੇ ਉਹ ਇਸ ਨੂੰ ਸ਼ਮਾਦਾਨ ਉੱਤੇ ਰੱਖਦੇ ਹਨ ਤਾਂ ਜੋ ਇਹ ਘਰ ਵਿੱਚ ਰਹਿੰਦੇ ਸਭ ਲੋਕਾਂ ਨੂੰ ਚਾਨਣ ਦੇਵੇ। 16 ਇਸੇ ਤਰ੍ਹਾਂ ਹੀ, ਤੁਸੀਂ ਆਪਣਾ ਚਾਨਣ ਲੋਕਾਂ ਨੂੰ ਦੇਖਣ ਦਿਓ ਤਾਂ ਜੋ ਉਹ ਵੀ ਤੁਹਾਡੇ ਚੰਗੇ ਕੰਮ ਵੇਖ ਸੱਕਣ ਅਤੇ ਸਵਰਗ ਵਿੱਚ ਤੁਹਾਡੇ ਪਿਤਾ ਦੀ ਉਸਤਤਿ ਕਰ ਸੱਕਣ।

ਯਿਸੂ ਅਤੇ ਪੁਰਾਣੇ ਨੇਮ ਦੀਆਂ ਲਿਖਤਾਂ

17 “ਇਹ ਨਾ ਸੋਚੋ ਕਿ ਮੈਂ ਮੂਸਾ ਦੀ ਸ਼ਰ੍ਹਾ ਜਾਂ ਨਬੀਆਂ ਦੇ ਉਪਦੇਸ਼ਾਂ ਨੂੰ ਨਸ਼ਟ ਕਰਨ ਲਈ ਆਇਆ ਹਾਂ। ਮੈਂ ਉਨ੍ਹਾਂ ਦੇ ਉਪਦੇਸ਼ਾਂ ਨੂੰ ਨਸ਼ਟ ਕਰਨ ਨਹੀਂ ਸਗੋਂ ਉਨ੍ਹਾਂ ਨੂੰ ਸੰਪੂਰਣ ਕਰਨ ਲਈ ਆਇਆ ਹਾਂ। 18 ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਿੰਨਾ ਚਿਰ ਅਕਾਸ਼ ਅਤੇ ਧਰਤੀ ਟਲ ਨਾਂ ਜਾਏ ਸ਼ਰ੍ਹਾ ਵਿੱਚੋਂ ਕੁਝ ਵੀ ਅਲੋਪ ਨਹੀਂ ਹੋਵੇਗਾ। ਜਦ ਤੱਕ ਕਿ ਸਭ ਕੁਝ ਪੂਰਾ ਨਹੀਂ ਹੋਵੇਗਾ ਇੱਕ ਅਖਰ ਜਾਂ ਅਖਰ ਦੀ ਇੱਕ ਬਿੰਦੀ ਵੀ ਨਹੀਂ ਟਲੇਗੀ।

19 “ਜੇਕਰ ਕੋਈ ਵਿਅਕਤੀ ਅਣਆਗਿਆਕਾਰੀ ਹੈ ਅਤੇ ਦੂਜਿਆਂ ਨੂੰ ਵੀ ਆਗਿਆ ਨਾ ਮੰਨਣ ਦਾ ਉਪਦੇਸ਼ ਦਿੰਦਾ ਹੈ, ਤਾਂ ਉਹ ਸਵਰਗ ਦੇ ਰਾਜ ਵਿੱਚ ਸਭ ਤੋਂ ਘੱਟ ਮਹੱਤਵਪੂਰਣ ਹੋਵੇਗਾ। ਪਰ ਜਿਹੜਾ ਕੋਈ ਹੁਕਮਾਂ ਨੂੰ ਮੰਨੇਗਾ ਅਤੇ ਹੋਰਾਂ ਨੂੰ ਦੱਸੇਗਾ ਉਹ ਸਵਰਗ ਦੇ ਰਾਜ ਵਿੱਚ ਮਹਾਨ ਹੋਵੇਗਾ। 20 ਮੈਂ ਤੁਹਾਨੂੰ ਦੱਸਦਾ ਹਾਂ ਕਿ ਜੇ ਤੁਹਾਡੇ ਕੰਮ ਨੇਮ ਦੇ ਉਪਦੇਸ਼ਕਾਂ ਅਤੇ ਫ਼ਰੀਸੀਆਂ ਦੇ ਧਰਮ ਨਾਲੋਂ ਵੱਧ ਨਹੀਂ ਹੋਣਗੇ ਤਾਂ ਤੁਸੀਂ ਸਵਰਗ ਦੇ ਰਾਜ ਵਿੱਚ ਕਿਵੇਂ ਵੀ ਨਹੀਂ ਵੜ ਸੱਕੋਂਗੇ।

ਯਿਸੂ ਦਾ ਕਰੋਧ ਬਾਰੇ ਉਪਦੇਸ਼

21 “ਤੁਸੀਂ ਸੁਣਿਆ ਹੋਵੇਗਾ, ਜੋ ਬਹੁਤ ਚਿਰ ਪਹਿਲਾਂ ਸਾਡੇ ਲੋਕਾਂ ਨੂੰ ਕਿਹਾ ਗਿਆ ਸੀ। ਕਿ ‘ਕਿਸੇ ਮਨੁੱਖ ਦਾ ਖੂਨ ਨਾ ਕਰ। [a] ਜਿਹੜਾ ਵਿਅਕਤੀ ਖੂਨ ਕਰੇਗਾ, ਅਦਾਲਤ ਵਿੱਚ ਉਸਦਾ ਨਿਆਂ ਕੀਤਾ ਜਾਵੇਗਾ।’ 22 ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਹਰ ਕੋਈ ਤੁਹਾਡਾ ਭਰਾ ਹੈ। ਕਿਸੇ ਦੂਸਰੇ ਵਿਅਕਤੀ ਤੇ ਕ੍ਰੋਧ ਨਾ ਕਰੋ। ਜੇਕਰ ਤੂੰ ਦੂਸਰੇ ਵਿਅਕਤੀ ਤੇ ਕ੍ਰੋਧ ਕਰੇਂਗਾ, ਤਾਂ ਤੇਰਾ ਨਿਆਂ ਯਹੂਦੀ ਅਦਾਲਤ ਵਿੱਚ ਕੀਤਾ ਜਾਵੇਗਾ। ਜੇਕਰ ਤੂੰ ਕਿਸੇ ਨੂੰ ਗਾਲ੍ਹ ਕੱਢਦਾ ਹੈਂ, ਤਾਂ ਤੇਰਾ ਨਿਰਨਾ ਯਹੂਦੀ ਸਭਾ ਦੁਆਰਾ ਕੀਤਾ ਜਾਵੇਗਾ। ਅਤੇ ਜੇਕਰ ਤੂੰ ਦੂਸਰੇ ਵਿਅਕਤੀ ਨੂੰ ਮੂਰਖ ਕਹਿੰਦਾ ਹੈ, ਤਾਂ ਤੈਨੂੰ ਨਰਕ ਦੀ ਅੱਗ ਦੇ ਖਤਰੇ ਦਾ ਸਾਹਮਣਾ ਕਰਨਾ ਪਵੇਗਾ।

23 “ਸੋ ਜਦੋਂ ਤੂੰ ਪਰਮੇਸ਼ੁਰ ਲਈ ਜਗਵੇਦੀ ਤੇ ਆਪਣੀ ਭੇਂਟ ਚੜ੍ਹਾਉਣ ਲੱਗੇ, ਅਤੇ ਉੱਥੇ ਤੈਨੂੰ ਚੇਤੇ ਆਵੇ ਕਿ ਤੇਰੇ ਭਰਾ ਦੇ ਮਨ ਵਿੱਚ ਤੇਰੇ ਲਈ ਵਿਰੋਧ ਹੈ। 24 ਤਾਂ ਓੱਥੇ ਆਪਣੀ ਭੇਟ ਜਗਵੇਦੀ ਦੇ ਸਾਹਮਣੇ ਛੱਡ ਕੇ ਚੱਲਿਆ ਜਾ। ਅਤੇ ਪਹਿਲਾਂ ਆਪਣੇ ਭਰਾ ਨਾਲ ਮੇਲ ਕਰ ਅਤੇ ਬਾਅਦ ਵਿੱਚ ਆਕੇ ਆਪਣੀ ਭੇਂਟ ਚੜ੍ਹਾ।

25 “ਜੇ ਤੇਰਾ ਦੁਸ਼ਮਣ ਤੈਨੂੰ ਅਦਾਲਤ ਲਿਜਾ ਰਿਹਾ ਹੋਵੇ ਤਾਂ ਆਪਣੇ ਦੁਸ਼ਮਣ ਨਾਲ ਜਿੰਨੀ ਛੇਤੀ ਹੋ ਸੱਕੇ, ਮਿਲਾਪ ਕਰ ਲੈ। ਜੇਕਰ ਤੂੰ ਅਜਿਹਾ ਨਹੀਂ ਕਰੇਂਗਾ, ਹੋ ਸੱਕਦਾ ਉਹ ਤੈਨੂੰ ਮੁਨਸਫ਼ ਦੇ ਹਵਾਲੇ ਕਰ ਦੇਵੇ। ਅਤੇ ਮੁਨਸਫ਼ ਤੈਨੂੰ ਕੈਦ ਵਿੱਚ ਪਾਉਣ ਲਈ ਪਹਿਰੇਦਾਰਾਂ ਦੇ ਹਵਾਲੇ ਕਰ ਦੇਵੇ। 26 ਮੈਂ ਤੈਨੂੰ ਸੱਚ ਦੱਸਦਾ ਹਾਂ ਕਿ, ਤੈਨੂੰ ਕੈਦ ਵਿੱਚੋਂ ਓਨੇ ਚਿਰ ਤੱਕ ਮੁਕਤ ਨਹੀਂ ਕੀਤਾ ਜਾਵੇਗਾ, ਜਿੰਨਾ ਚਿਰ ਤੂੰ ਉਹ ਸਭ ਕੁਝ ਨਹੀਂ ਦੇ ਦਿੰਦਾ ਜਿਸਦਾ ਤੂੰ ਦੇਣਦਾਰ ਹੈਂ।

ਯਿਸੂ ਦਾ ਜਿਨਸੀ ਪਾਪ ਬਾਰੇ ਉਪਦੇਸ਼

27 “ਤੁਸੀਂ ਸੁਣਿਆ ਹੈ ਜੋ ਇਹ ਕਿਹਾ ਗਿਆ ਸੀ, ‘ਕਿ ਤੂੰ ਬਦਕਾਰੀ ਦਾ ਪਾਪ ਨਾ ਕਰ।’ [b] 28 ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਜੇਕਰ ਕੋਈ ਵਿਅਕਤੀ ਕਿਸੇ ਔਰਤ ਵੱਲ ਬੁਰੀ ਇੱਛਾ ਨਾਲ ਵੇਖਦਾ ਹੈ, ਤਾਂ ਉਹ ਪਹਿਲਾਂ ਹੀ ਆਪਣੇ ਦਿਲੋਂ ਉਸ ਔਰਤ ਨਾਲ ਬਦਕਾਰੀ ਦਾ ਪਾਪ ਕਰ ਚੁੱਕਿਆ ਹੈ। 29 ਜੋ ਤੇਰੀ ਸੱਜੀ ਅੱਖ ਪਾਪ ਕਰਾਵੇ ਤਾਂ ਉਸ ਨੂੰ ਆਪਣੇ ਸ਼ਰੀਰ ਵਿੱਚੋਂ ਕੱਢ ਕੇ ਸੁੱਟ ਦੇ। ਕਿਉਂ ਜੋ ਤੇਰੇ ਲਈ ਇਹੋ ਭਲਾ ਹੈ ਕਿ ਤੇਰੇ ਅੰਗਾਂ ਵਿੱਚੋਂ ਇੱਕ ਦਾ ਨਾਸ ਹੋਵੇ ਪਰ ਤੇਰਾ ਸਾਰਾ ਸ਼ਰੀਰ ਨਰਕ ਵਿੱਚ ਨਾ ਜਾਵੇ। 30 ਤੇਰਾ ਸੱਜਾ ਹੱਥ ਜਦੋਂ ਤੈਥੋਂ ਪਾਪ ਕਰਾਵੇ ਤਾਂ ਉਸ ਨੂੰ ਕੱਟਕੇ ਸੁੱਟ ਦੇ। ਕਿਉਂਕਿ ਤੇਰੇ ਲਈ ਇਹ ਭਲਾ ਹੈ ਕਿ ਤੇਰੇ ਅੰਗਾਂ ਵਿੱਚੋਂ ਇੱਕ ਦਾ ਨਾਸ਼ ਹੋਵੇ ਪਰ ਤੇਰਾ ਸਾਰਾ ਸ਼ਰੀਰ ਨਰਕ ਵਿੱਚ ਨਾ ਜਾਵੇ।

ਯਿਸੂ ਦਾ ਤਲਾਕ ਬਾਰੇ ਉਪਦੇਸ਼(C)

31 “ਇਹ ਵੀ ਆਖਿਆ ਗਿਆ ਹੈ, ‘ਜਿਹੜਾ ਵਿਅਕਤੀ ਆਪਣੀ ਪਤਨੀ ਨੂੰ ਤਲਾਕ ਦਿੰਦਾ ਹੈ ਉਹ ਉਸ ਨੂੰ ਤਲਾਕਨਾਮਾ ਲਿਖਕੇ ਦੇਵੇ।’ [c] 32 ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਕੋਈ ਵੀ ਵਿਅਕਤੀ ਜੋ ਆਪਣੀ ਪਤਨੀ ਨੂੰ ਤਲਾਕ ਦਿੰਦਾ ਹੈ, ਉਹ ਉਸ ਨੂੰ ਬਦਕਾਰੀ ਦਾ ਪਾਪ ਕਰਨ ਦਾ ਦੋਸ਼ੀ ਬਣਾਉਂਦਾ ਹੈ। ਕਿਸੇ ਵਿਅਕਤੀ ਕੋਲ ਆਪਣੀ ਪਤਨੀ ਨੂੰ ਤਲਾਕ ਦੇਣ ਦਾ ਇੱਕ ਹੀ ਕਾਰਣ ਹੈ, ਕਿ ਜੇਕਰ ਉਸਦੀ ਪਤਨੀ ਨੇ ਦੂਸਰੇ ਆਦਮੀ ਨਾਲ ਜਿਨਸੀ ਸੰਬੰਧ ਬਣਾਏ ਹੋਣ। ਅਤੇ ਕੋਈ ਵੀ ਵਿਅਕਤੀ ਜੋ ਉਸ ਤਲਾਕਸ਼ੁਦਾ ਔਰਤ ਨਾਲ ਵਿਆਹ ਕਰਵਾਉਦਾ ਹੈ, ਬਦਕਾਰੀ ਦਾ ਪਾਪ ਕਰਨ ਦਾ ਦੋਸ਼ੀ ਹੈ।

ਯਿਸੂ ਦਾ ਵਾਅਦੇ ਕਰਨ ਬਾਰੇ ਉਪਦੇਸ਼

33 “ਤੁਸੀਂ ਸੁਣਿਆ ਹੈ ਕਿ ਸਾਡੇ ਪੁਰਖਿਆਂ ਨੂੰ ਆਖਿਆ ਗਿਆ ਸੀ। ਜੇਕਰ ਤੁਸੀਂ ਵਾਅਦਾ ਕਰੋਂ ਤਾਂ ਇਸ ਨੂੰ ਨਾ ਤੋੜੋ। ਜੋ ਵਾਅਦੇ ਤੁਸੀਂ ਪ੍ਰਭੂ ਨਾਲ ਕੀਤੇ ਹਨ ਉਨ੍ਹਾਂ ਨੂੰ ਪੂਰਿਆਂ ਕਰਨਾ ਚਾਹੀਦਾ ਹੈ। [d] 34 ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ, ਕਦੇ ਵੀ ਵਾਅਦਾ ਨਾ ਕਰੋ। ਕਦੇ ਵੀ ਸੁਰਗ ਦੀ ਸੌਂਹ ਨਾ ਖਾਓ ਕਿਉਂਕਿ ਇਹ ਪਰਮੇਸ਼ੁਰ ਦਾ ਸਿੰਘਾਸਨ ਹੈ। 35 ਅਤੇ ਨਾ ਹੀ ਧਰਤੀ ਦੀ ਸੌਂਹ ਖਾਓ ਕਿਉਂਕਿ ਇਹ ਉਸ ਦੇ ਚਰਨਾਂ ਦੀ ਚੌਂਕੀ ਹੈ। ਨਾ ਹੀ ਯਰੂਸ਼ਲਮ ਦੀ ਕਿਉਂਕਿ ਇਹ ਮਹਾਨ ਰਾਜੇ ਦਾ ਸ਼ਹਿਰ ਹੈ। 36 ਅਤੇ ਨਾਹੀ ਆਪਣੇ ਸਿਰ ਦੀ ਸੌਂਹ ਖਾਓ, ਕਿਉਂਕਿ ਤੁਸੀਂ ਇੱਕ ਵਾਲ ਨੂੰ ਵੀ ਚਿੱਟਾ ਜਾਂ ਕਾਲਾ ਨਹੀਂ ਕਰ ਸੱਕਦੇ। 37 ਪਰ ਤੁਸੀਂ ਆਪਣੇ ਬੋਲਣ ਵਿੱਚ ‘ਹਾਂ’ ਦੀ ਹਾਂ, ਅਤੇ ‘ਨਾ’ ਦੀ ਨਾ, ਆਖੋ। ‘ਹਾਂ’ ਜਾਂ ‘ਨਾ’ ਤੋਂ ਵੱਧ ਆਖਣਾ ਬਦੀ ਵੱਲੋਂ ਹੈ।

ਯਿਸੂ ਦਾ ਬਦਲੇ ਬਾਰੇ ਉਪਦੇਸ਼(D)

38 “ਤੁਸੀਂ ਸੁਣਿਆ ਹੈ ਜੋ ਕਿਹਾ ਗਿਆ ਸੀ ਕਿ, ‘ਅੱਖ ਦੇ ਬਦਲੇ ਅੱਖ ਅਤੇ ਦੰਦ ਦੇ ਬਦਲੇ ਦੰਦ।’ [e] 39 ਮੈਂ ਤੁਹਾਨੂੰ ਆਖਦਾ ਹਾਂ ਕਿ, ਦੁਸ਼ਟ ਆਦਮੀ ਦੇ ਵਿਰੁੱਧ ਖੜ੍ਹੇ ਨਾ ਹੋਵੋ। ਸਗੋਂ ਜੇ ਕੋਈ ਤੁਹਾਡੀ ਸੱਜੀ ਗਲ੍ਹ ਉੱਤੇ ਚਪੇੜ ਮਾਰੇ, ਤਾਂ ਤੁਸੀਂ ਦੂਜੀ ਵੀ ਉਸ ਵੱਲ ਘੁਮਾ ਦਿਓ। 40 ਅਤੇ ਜਿਹੜਾ ਤੁਹਾਡੇ ਉੱਤੇ ਮੁਕੱਦਮਾ ਕਰੇ ਤੇ ਤੁਹਾਡਾ ਕੁੜਤਾ ਲੈਣਾ ਚਾਹੇ ਤਾਂ ਉਸ ਨੂੰ ਆਪਣਾ ਚੋਗ਼ਾ ਵੀ ਲੈ ਲੈਣ ਦਿਓ। 41 ਅਤੇ ਜੇ ਕੋਈ ਤੁਹਾਨੂੰ ਇੱਕ ਮੀਲ ਆਪਣੇ ਨਾਲ ਤੁਰਣ ਲਈ ਮਜਬੂਰ ਕਰੇ ਤਾਂ ਤੁਸੀਂ ਉਸ ਨਾਲ ਦੋ ਮੀਲ ਚੱਲੋ। 42 ਜੇਕਰ ਕੋਈ ਤੁਹਾਥੋਂ ਕੁਝ ਮੰਗਦਾ ਹੈ, ਉਹ ਉਸ ਨੂੰ ਦਿਓ ਅਤੇ ਜੇਕਰ ਕੋਈ ਤੁਹਾਥੋਂ ਉਧਾਰ ਚਾਹੁੰਦਾ ਹੈ ਤਾਂ, ਦੇਣ ਤੋਂ ਮਨ੍ਹਾ ਨਾ ਕਰੋ।

ਸਭ ਲੋਕਾਂ ਨੂੰ ਪਿਆਰ ਕਰੋ(E)

43 “ਤੁਸੀਂ ਸੁਣਿਆ ਹੈ ਜੋ ਇਹ ਕਿਹਾ ਗਿਆ ਸੀ, ‘ਤੁਸੀਂ ਆਪਣੇ ਗੁਆਂਢੀ ਨਾਲ ਵੀ ਪਿਆਰ ਕਰੋ [f] ਅਤੇ ਆਪਣੇ ਵੈਰੀ ਨਾਲ ਵੈਰ ਰੱਖੋ।’ 44 ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਆਪਣੇ ਵੈਰੀਆਂ ਨਾਲ ਵੀ ਪਿਆਰ ਕਰੋ। ਅਤੇ ਜੋ ਤੁਹਾਨੂੰ ਸਤਾਉਣ ਉਨ੍ਹਾਂ ਲਈ ਪ੍ਰਾਰਥਨਾ ਕਰੋ। 45 ਜੇਕਰ ਤੁਸੀਂ ਅਜਿਹਾ ਕਰੋਂਗੇ, ਫ਼ੇਰ ਤੁਸੀਂ ਆਪਣੇ ਪਿਤਾ ਦੇ ਜਿਹੜਾ ਸਵਰਗ ਵਿੱਚ ਹੈ, ਸੱਚੇ ਪੁੱਤਰ ਹੋਵੋਗੇ, ਕਿਉਂਕਿ ਪਿਤਾ ਆਪਣਾ ਸੂਰਜ, ਬੁਰੇ ਅਤੇ ਭਲੇ ਦੋਹਾਂ ਉੱਪਰ ਹੀ ਚੜ੍ਹਾਉਂਦਾ ਹੈ। ਤੁਹਾਡਾ ਪਿਤਾ ਧਰਮੀਆਂ ਅਤੇ ਕੁਧਰਮੀਆਂ ਉੱਪਰ ਵੀ ਮੀਂਹ ਵਰਸਾਉਂਦਾ ਹੈ। 46 ਜੇਕਰ ਤੁਸੀਂ ਉਨ੍ਹਾਂ ਨਾਲ ਹੀ ਪਿਆਰ ਕਰੋ ਜਿਹੜੇ ਤੁਹਾਡੇ ਨਾਲ ਪਿਆਰ ਕਰਦੇ ਹਨ ਤਾਂ ਤੁਹਾਨੂੰ ਕੋਈ ਫ਼ਲ ਨਹੀਂ ਮਿਲੇਗਾ। ਕੀ ਮਸੂਲੀਏ ਵੀ ਇਹੀ ਨਹੀਂ ਕਰਦੇ? 47 ਜੇਕਰ ਤੁਸੀਂ ਸਿਰਫ਼ ਆਪਣੇ ਦੋਸਤਾਂ ਨਾਲ ਚੰਗਾ ਵਰਤਾਓ ਕਰਦੇ ਹੋ ਤਾਂ ਤੁਸੀਂ ਦੂਸਰੇ ਲੋਕਾਂ ਨਾਲੋਂ ਚੰਗੇ ਨਹੀਂ ਹੋ। ਕੀ ਕੁਧਰਮੀ ਵੀ ਅਜਿਹਾ ਨਹੀਂ ਕਰਦੇ? 48 ਸੋ ਜਿਵੇਂ ਤੁਹਾਡਾ ਪਿਤਾ ਜਿਹੜਾ ਸੁਰਗ ਵਿੱਚ ਹੈ, ਸੰਪੂਰਣ ਹੈ ਤਿਵੇਂ ਤੁਸੀਂ ਵੀ ਸੰਪੂਰਣ ਹੋਵੋ।

ਯਿਸੂ ਦਾ ਦਾਨ ਕਰਨ ਬਾਰੇ ਉਪਦੇਸ਼

“ਸਾਵੱਧਾਨ ਰਹੋ, ਜਦੋਂ ਤੁਸੀਂ ਚੰਗੇ ਕੰਮ ਕਰੋ, ਲੋਕਾਂ ਦੇ ਸਾਹਮਣੇ ਨਾ ਵਿਖਾਓ ਤਾਂ ਜੋ ਉਹ ਉਸ ਵੱਲ ਧਿਆਨ ਦੇਣ। ਜੇਕਰ ਤੁਸੀਂ ਅਜਿਹਾ ਕਰਦੇ ਹੋ, ਤਾਂ ਤੁਸੀਂ ਤੁਹਾਡੇ ਪਿਤਾ ਕੋਲੋਂ ਜਿਹੜਾ ਸਵਰਗ ਵਿੱਚ ਹੈ ਕੁਝ ਫ਼ਲ ਪ੍ਰਾਪਤ ਨਹੀਂ ਕਰੋਗੇ।

“ਸੋ ਜਦ ਵੀ ਤੁਸੀਂ ਲੋੜਵੰਦ ਨੂੰ ਦਾਨ ਕਰੋ ਤਾਂ ਆਪਣੇ ਦਾਨ ਦਾ ਐਲਾਨ ਨਾ ਕਰਵਾਓ ਜਿਵੇਂ ਕਪਟੀ ਪ੍ਰਾਰਥਨਾ ਸਥਾਨਾਂ ਅਤੇ ਰਾਹਾਂ ਵਿੱਚ ਕਰਦੇ ਹਨ। ਉਹ ਲੋਕਾਂ ਤੋਂ ਉਸਤਤਿ ਕਰਾਉਣ ਲਈ ਤੁਰ੍ਹੀਆਂ ਵਜਵਾਉਂਦੇ ਹਨ। ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ, ਉਨ੍ਹਾਂ ਦਾ ਇਹੀ ਫ਼ਲ ਹੈ। ਸੋ ਜਦੋਂ ਤੁਸੀਂ ਗਰੀਬਾਂ ਵਿੱਚ ਦਾਨ ਕਰੋ ਤਾਂ ਗੁਪਤ ਦਾਨ ਕਰੋ। ਕਿਸੇ ਨੂੰ ਪਤਾ ਨਾ ਲੱਗਣ ਦਿਓ ਕਿ ਤੁਸੀਂ ਕੀ ਦੇ ਰਹੇ ਹੋ। ਤੁਹਾਡਾ ਦਾਨ ਗੁਪਤ ਹੋਣਾ ਚਾਹੀਦਾ ਹੈ। ਫ਼ਿਰ ਤੁਹਾਡਾ ਪਿਤਾ, ਜਿਹੜਾ ਵੇਖਦਾ ਹੈ ਕਿ ਗੁਪਤ ਵਿੱਚ ਕੀ ਕੀਤਾ ਗਿਆ ਹੈ, ਤੁਹਾਨੂੰ ਫ਼ਲ ਦੇਵੇਗਾ।

ਯਿਸੂ ਦਾ ਪ੍ਰਾਰਥਨਾ ਬਾਰੇ ਉਪਦੇਸ਼(F)

“ਜਦੋਂ ਤੁਸੀਂ ਪ੍ਰਾਰਥਨਾ ਕਰੋ ਤਾਂ ਕਪਟੀਆਂ ਵਾਂਗ ਨਾ ਕਰੋ ਕਿਉਂਕਿ ਉਹ ਰਾਹਾਂ ਦੇ ਖੂੰਜਿਆਂ ਅਤੇ ਪ੍ਰਾਰਥਨਾ ਸਥਾਨਾਂ ਵਿੱਚ ਖੜ੍ਹੇ ਹੋਕੇ ਪ੍ਰਾਰਥਨਾ ਕਰਨੀ ਪਸੰਦ ਕਰਦੇ ਹਨ ਤਾਂ ਕਿ ਲੋਕ ਉਨ੍ਹਾਂ ਨੂੰ ਵੇਖਣ। ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਉਹ ਆਪਣਾ ਫ਼ਲ ਪਾ ਚੁੱਕੇ ਹਨ। ਪਰ ਜਦੋਂ ਤੁਸੀਂ ਪ੍ਰਾਰਥਨਾ ਕਰੋ, ਤਾਂ ਆਪਣੇ ਕਮਰੇ ਵਿੱਚ ਜਾਓ, ਬੂਹਾ ਬੰਦ ਕਰੋ ਅਤੇ ਆਪਣੇ ਪਿਤਾ ਅੱਗੇ ਪ੍ਰਾਰਥਨਾ ਕਰੋ ਜਿਹੜਾ ਕਿ ਗੁਪਤ ਸਥਾਨ ਵਿੱਚ ਹੈ। ਜੋ ਕੰਮ ਗੁਪਤ ਕੀਤੇ ਜਾਂਦੇ ਹਨ ਤੁਹਾਡਾ ਪਿਤਾ ਉਹ ਵੇਖਣ ਦੇ ਯੋਗ ਹੈ। ਉਹ ਤੁਹਾਨੂੰ ਫ਼ਲ ਦੇਵੇਗਾ।

“ਜਦੋਂ ਤੁਸੀਂ ਪ੍ਰਾਰਥਨਾ ਕਰੋ ਤਾਂ ਤੁਸੀਂ ਉਨ੍ਹਾਂ ਲੋਕਾਂ ਵਾਂਗ ਨਾ ਕਰੋ ਜੋ ਪਰਮੇਸ਼ੁਰ ਨੂੰ ਨਹੀਂ ਜਾਣਦੇ। ਉਹ ਅਰਥਹੀਣ ਗੱਲਾਂ ਆਖਣੀਆਂ ਜਾਰੀ ਰੱਖਦੇ ਹਨ। ਉਹ ਸੋਚਦੇ ਹਨ, ਪਰਮੇਸ਼ੁਰ ਉਨ੍ਹਾਂ ਨੂੰ ਸੁਣੇਗਾ ਕਿਉਂਕਿ ਉਹ ਵੱਧ ਬੋਲਦੇ ਹਨ। ਸੋ ਤੁਸੀਂ ਉਨ੍ਹਾਂ ਵਰਗੇ ਨਾ ਹੋਵੋ ਕਿਉਂਕਿ ਤੁਹਾਡਾ ਪਿਤਾ ਤੁਹਾਡੇ ਮੰਗਣ ਤੋਂ ਪਹਿਲਾਂ ਹੀ ਜਾਣਦਾ ਹੈ ਕਿ ਤੁਹਾਨੂੰ ਕਿਸ ਵਸਤੂ ਦੀ ਲੋੜ ਹੈ। ਇਸ ਲਈ ਤੁਸੀਂ ਜਦ ਵੀ ਪ੍ਰਾਰਥਨਾ ਕਰੋ ਇਸ ਤਰੀਕੇ ਨਾਲ ਕਰੋ:

‘ਸੁਰਗ ਵਿੱਚ,
    ਸਾਡੇ ਪਿਤਾ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਤੇਰਾ ਨਾਂ ਪਵਿੱਤਰ ਮੰਨਿਆ ਜਾਵੇ।
10 ਤੇਰਾ ਰਾਜ ਆਵੇ, ਤੇਰੀ ਮਰਜ਼ੀ,
    ਜਿਹੜੀ ਸਵਰਗ ਵਿੱਚ ਪੂਰਨ ਹੈ, ਧਰਤੀ ਤੇ ਵੀ ਪੂਰਨ ਹੋਵੇ।
11 ਅੱਜ ਸਾਨੂੰ ਭੋਜਣ ਦਿਓ ਜੋ ਸਾਨੂੰ ਹਰ-ਰੋਜ਼ ਚਾਹੀਦਾ ਹੈ।
12 ਅਤੇ ਤੁਸੀਂ ਸਾਡੇ ਪਾਪ ਮਾਫ਼
    ਕਰ ਦਿਓ ਜਿਵੇਂ ਅਸੀਂ ਵੀ ਉਨ੍ਹਾਂ ਨੂੰ ਮਾਫ਼ ਕਰ ਦਿੱਤਾ ਹੈ ਜਿਨ੍ਹਾਂ ਨੇ ਸਾਡਾ ਬੁਰਾ ਕੀਤਾ।
13 ਅਤੇ ਸਾਨੂੰ ਪਰਤਾਵੇ ਵਿੱਚ ਨਾ ਪਾਵੋ,
    ਸਗੋਂ ਦੁਸ਼ਟ ਤੋਂ ਬਚਾਵੋ।’ [g]

14 ਕਿਉਂਕਿ ਜੇਕਰ ਤੁਸੀਂ ਦੂਸਰੇ ਲੋਕਾਂ ਦੀਆਂ ਗ਼ਲਤੀਆਂ ਮਾਫ ਕਰ ਦੇਵੋਂਗੇ, ਤਾਂ ਸੁਰਗ ਵਿੱਚ ਤੁਹਾਡਾ ਸੁਰਗੀ ਪਿਤਾ ਵੀ ਤੁਹਾਡੀਆਂ ਗ਼ਲਤੀਆਂ ਨੂੰ ਮਾਫ਼ ਕਰ ਦੇਵੇਗਾ। 15 ਪਰ ਜੇਕਰ ਤੁਸੀਂ ਉਨ੍ਹਾਂ ਲੋਕਾਂ ਦੀਆਂ ਗਲਤੀਆਂ ਮਾਫ਼ ਨਹੀਂ ਕਰੋਂਗੇ, ਤਾਂ ਸੁਰਗ ਵਿੱਚ ਤੁਹਾਡਾ ਪਿਤਾ ਵੀ ਤੁਹਾਡੀਆਂ ਗਲਤੀਆਂ ਮਾਫ਼ ਨਹੀਂ ਕਰੇਗਾ।

ਯਿਸੂ ਦਾ ਵਰਤ ਬਾਰੇ ਉਪਦੇਸ਼

16 “ਜਦੋਂ ਤੁਸੀਂ ਵਰਤ ਰੱਖੋ ਤਾਂ ਕਪਟੀਆਂ ਵਾਂਗ ਮੂੰਹ ਉਦਾਸ ਨਾ ਬਣਾਓ। ਉਹ ਆਪਣੇ ਮੂੰਹ ਇਸ ਲਈ ਵਿਗਾੜਦੇ ਹਨ ਤਾਂ ਜੋ ਉਹ ਲੋਕਾਂ ਨੂੰ ਵਰਤ ਰੱਖਣ ਵਾਲੇ ਲੱਗਣ। ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਉਹ ਫ਼ਲ ਪਾ ਚੁੱਕੇ ਹਨ। 17 ਪਰ ਜਦੋਂ ਤੁਸੀਂ ਵਰਤ ਰੱਖੋਂ ਤਾਂ ਆਪਣੇ ਵਾਲਾਂ ਨੂੰ ਤੇਲ ਲਾਓ ਅਤੇ ਆਪਣਾ ਮੂੰਹ ਧੋਵੋ। 18 ਤਾਂ ਜੋ ਤੁਸੀਂ ਲੋਕਾਂ ਨੂੰ ਨਹੀਂ ਦਿਖਾ ਰਹੇ ਹੋਵੋਂਗੇ ਕਿ ਤੁਸੀਂ ਵਰਤ ਰੱਖ ਰਹੇ ਹੋ, ਪਰ ਸਿਰਫ਼ ਆਪਣੇ ਪਿਤਾ ਨੂੰ ਦਿਖਾਓ ਜਿਹੜਾ ਕਿ ਗੁਪਤ ਵਿੱਚ ਹੈ। ਤੁਹਾਡਾ ਪਿਤਾ ਜਿਹੜਾ ਗੁਪਤ ਵਿੱਚ ਕੀਤੇ ਨੂੰ ਵੇਖਦਾ ਹੈ ਤੁਹਾਨੂੰ ਫਲ ਦੇਵੇਗਾ।

ਦੌਲਤ ਨਾਲੋਂ ਪਰਮੇਸ਼ੁਰ ਵੱਧੇਰੇ ਮਹੱਤਵਪੂਰਣ ਹੈ(G)

19 “ਧਰਤੀ ਉੱਤੇ ਖਜ਼ਾਨੇ ਦਾ ਭੰਡਾਰ ਨਾ ਜੋੜੋ। ਇੱਥੇ ਕੀੜੇ ਅਤੇ ਜੰਗ਼ਾਲ ਧਨ ਨੂੰ ਨਸ਼ਟ ਕਰ ਦਿੰਦਾ ਹੈ ਅਤੇ ਚੋਰ ਸੰਨ੍ਹ ਮਾਰਕੇ ਤੁਹਾਡੀ ਦੌਲਤ ਚੁਰਾ ਲੈ ਜਾਂਦੇ ਹਨ। 20 ਪਰ ਸਵਰਗ ਵਿੱਚ ਖਜ਼ਾਨੇ ਜੋੜੋ। ਸਵਰਗ ਵਿੱਚ ਨਾ ਕੋਈ ਕੀੜਾ ਅਤੇ ਨਾ ਜੰਗਾਲ ਧਨ ਨੂੰ ਨਸ਼ਟ ਕਰਦਾ ਹੈ ਅਤੇ ਨਾ ਹੀ ਚੋਰ ਸੰਨ੍ਹ ਮਾਰਦੇ ਹਨ ਅਤੇ ਚੁਰਾਉਂਦੇ ਹਨ। 21 ਕਿਉਂਕਿ ਜਿੱਥੇ ਤੁਹਾਡਾ ਖਜ਼ਾਨਾ ਹੋਵੇਗਾ ਤੁਹਾਡਾ ਦਿਲ ਵੀ ਉੱਥੇ ਹੀ ਹੋਵੇਗਾ।

22 “ਸ਼ਰੀਰ ਦਾ ਦੀਵਾ ਅੱਖ ਹੈ, ਜੇਕਰ ਤੁਹਾਡੀ ਅੱਖ ਨਿਰਮਲ ਹੈ ਤਾਂ ਤੁਹਾਡਾ ਸਾਰਾ ਸ਼ਰੀਰ ਚਾਨਣ ਨਾਲ ਭਰਪੂਰ ਹੋਵੇਗਾ। 23 ਪਰ ਜੇਕਰ ਤੁਹਾਡੀ ਅੱਖ ਮੈਲੀ ਹੈ, ਤਾਂ ਤੁਹਾਡਾ ਸਾਰਾ ਸ਼ਰੀਰ ਹਨੇਰੇ ਨਾਲ ਭਰਪੂਰ ਹੋਵੇਗਾ। ਸੋ ਜੇਕਰ ਤੁਹਾਡੇ ਅੰਦਰ ਦਾ ਚਾਨਣ ਹਨੇਰਾ ਹੈ ਤਾਂ ਫ਼ਿਰ ਉਹ ਹਨੇਰਾ ਕਿੰਨਾ ਹੋਵੇਗਾ।

24 “ਕੋਈ ਮਨੁੱਖ ਦੋ ਮਾਲਕਾਂ ਦੀ ਸੇਵਾ ਇੱਕ ਹੀ ਸਮੇਂ ਨਹੀਂ ਕਰ ਸੱਕਦਾ ਕਿਉਂਕਿ ਇੱਕ ਨਾਲ ਉਹ ਵੈਰ ਅਤੇ ਦੂਜੇ ਨਾਲ ਪ੍ਰੀਤ ਰੱਖੇਗਾ ਜਾਂ ਇੱਕ ਨਾਲ ਉਹ ਮਿਲਿਆ ਰਹੇਗਾ ਅਤੇ ਦੂਜੇ ਨੂੰ ਭੁੱਲ ਜਾਵੇਗਾ। ਇਸ ਲਈ ਤੁਸੀਂ ਪਰਮੇਸ਼ੁਰ ਅਤੇ ਦੌਲਤ ਦੀ ਸੇਵਾ ਇੱਕੋ ਵੇਲੇ ਨਹੀਂ ਕਰ ਸੱਕਦੇ।

ਪਰਮੇਸ਼ੁਰ ਦੇ ਰਾਜ ਨੂੰ ਪਹਿਲ(H)

25 “ਇਸ ਕਰਕੇ ਮੈਂ ਤੁਹਾਨੂੰ ਦੱਸਦਾ ਹਾਂ, ਕਿ ਆਪਣੀ ਜ਼ਿੰਦਗੀ ਦੀ ਚਿੰਤਾ ਨਾ ਕਰੋ, ਅਤੇ ਨਾ ਹੀ ਇਸ ਗੱਲ ਦੀ ਕਿ ਤੁਸੀਂ ਕੀ ਖਾਵੋਂਗੇ ਅਤੇ ਕੀ ਪੀਵੋਂਗੇ। ਅਤੇ ਨਾ ਹੀ ਤੁਸੀਂ ਇਸਦੀ ਚਿੰਤਾ ਕਰੋ ਕਿ ਤੁਹਾਨੂੰ ਆਪਣੇ ਸ਼ਰੀਰ ਤੇ ਪਹਿਨਣ ਲਈ ਕਿਸ ਦੀ ਲੋੜ ਹੈ। ਕੀ ਜ਼ਿੰਦਗੀ ਭੋਜਨ ਨਾਲੋਂ ਅਤੇ ਸ਼ਰੀਰ ਵਸਤਰ ਨਾਲੋਂ ਵੱਧ ਮਹੱਤਵਪੂਰਣ ਨਹੀਂ? 26 ਅਕਾਸ਼ ਦੇ ਪੰਛੀਆਂ ਵੱਲ ਧਿਆਨ ਕਰੋ। ਨਾ ਤਾਂ ਉਹ ਬੀਜਦੇ ਹਨ ਤੇ ਨਾ ਹੀ ਵੱਢਦੇ ਹਨ ਨਾ ਹੀ ਭੜੋਲਿਆਂ ਵਿੱਚ ਅਨਾਜ ਇਕੱਠਾ ਕਰਦੇ ਹਨ। ਪਰ ਤੁਹਾਡਾ ਸੁਰਗੀ ਪਿਤਾ ਉਨ੍ਹਾਂ ਦੀ ਪ੍ਰਿਤਪਾਲ ਕਰਦਾ ਹੈ। ਭਲਾ ਤੁਸੀਂ ਉਨ੍ਹਾਂ ਨਾਲੋਂ ਉੱਤਮ ਨਹੀਂ ਹੋ। 27 ਜੇ ਤੁਸੀਂ ਚਿੰਤਾ ਕਰਦੇ ਰਹੋਂਗੇ ਤਾਂ, ਤੁਸੀਂ ਆਪਣੀ ਉਮਰ ਵਿੱਚ ਇੱਕ ਵੀ ਪਲ ਦਾ ਵਾਧਾ ਨਹੀਂ ਕਰ ਸੱਕਦੇ।

28 “ਤੁਸੀਂ ਵਸਤਰਾਂ ਲਈ ਕਿਉਂ ਚਿੰਤਾ ਕਰਦੇ ਹੋ? ਤੁਸੀਂ ਖੇਤ ਵਿੱਚ ਫ਼ਲਾਂ ਨੂੰ ਵੇਖੋ। ਵੇਖੋ ਉਹ ਕਿਵੇਂ ਉੱਥੇ ਵੱਧਦੇ ਹਨ। ਉਹ ਆਪਣੇ ਲਈ ਨਾ ਮਿਹਨਤ ਕਰਦੇ ਹਨ ਨਾ ਕੱਤਦੇ ਹਨ। 29 ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਮਹਾਨ ਅਤੇ ਅਮੀਰ ਰਾਜਾ ਸੁਲੇਮਾਨ ਵੀ, ਇਨ੍ਹਾਂ ਵਿੱਚੋਂ ਇੱਕ ਫ਼ੁੱਲ ਜਿੰਨਾ ਵੀ ਨਹੀਂ ਸਜਿਆ ਹੋਇਆ ਸੀ। 30 ਪਰਮੇਸ਼ੁਰ ਜੰਗਲੀ ਘਾਹ ਨੂੰ ਵੀ ਜਿਹੜਾ ਅੱਜ ਹੈ ਅਤੇ ਭਲਕੇ ਅੱਗ ਵਿੱਚ ਝੋਕਿਆ ਜਾਵੇਗਾ ਅਜਿਹਾ ਪਹਿਨਣ ਪਹਿਨਾਉਂਦਾ ਹੈ। ਤਾਂ ਹੇ ਥੋੜੀ ਪਰਤੀਤ ਵਾਲਿਓ, ਕੀ ਭਲਾ ਪਰਮੇਸ਼ੁਰ ਤੁਹਾਨੂੰ ਉਸਤੋਂ ਵੱਧ ਨਹੀਂ ਪਹਿਨਾਵੇਗਾ?

31 “ਸੋ ਤੁਸੀਂ ਚਿੰਤਾ ਕਰਕੇ ਇਹ ਨਾ ਕਹੋ ਕਿ, ‘ਕੀ ਖਾਵਾਂਗੇ’ ਜਾਂ ‘ਕੀ ਪੀਵਾਂਗੇ’ ਜਾਂ ‘ਕੀ ਪਹਿਨਾਂਗੇ?’ 32 ਉਹ ਲੋਕ ਜੋ ਪਰਮੇਸ਼ੁਰ ਨੂੰ ਨਹੀਂ ਜਾਣਦੇ ਉਹ ਇਨ੍ਹਾਂ ਸਭਨਾਂ ਵਸਤਾਂ ਨੂੰ ਭਾਲਦੇ ਹਨ, ਪਰ ਤੁਸੀਂ ਚਿੰਤਾ ਨਾ ਕਰੋ ਕਿਉਂਕਿ ਤੁਹਾਡਾ ਸੁਰਗੀ ਪਿਤਾ ਜਾਣਦਾ ਹੈ ਕਿ ਤੁਹਾਨੂੰ ਇਨ੍ਹਾਂ ਚੀਜ਼ਾਂ ਦੀ ਲੋੜ ਹੈ। 33 ਪਰ ਸਭ ਤੋਂ ਪਹਿਲਾਂ, ਤੁਹਾਨੂੰ ਪਰਮੇਸ਼ੁਰ ਦੇ ਰਾਜ ਅਤੇ ਉਸ ਦੇ ਧਰਮ ਦੀ ਇੱਛਾ ਕਰਨੀ ਚਾਹੀਦੀ ਹੈ। ਫ਼ਿਰ ਇਹ ਸਭ ਵਸਤਾਂ ਵੀ ਤੁਹਾਨੂੰ ਦੇ ਦਿੱਤੀਆਂ ਜਾਣਗੀਆਂ। 34 ਸੋ ਤੁਸੀਂ ਭਲਕੇ ਦੇ ਲਈ ਚਿੰਤਾ ਨਾ ਕਰੋ। ਇਹ ਆਪਣੇ ਬਾਰੇ ਆਪੇ ਹੀ ਚਿੰਤਾ ਕਰੇਗਾ, ਅੱਜ ਦੇ ਲਈ ਅੱਜ ਦਾ ਦੁੱਖ ਹੀ ਬਥੇਰਾ ਹੈ।

ਯਿਸੂ ਦਾ ਅਧਿਕਾਰ ਵਾਲਾ ਉਪਦੇਸ਼(I)

“ਦੂਜੇ ਲੋਕਾਂ ਦਾ ਨਿਰਨਾ ਨਾ ਕਰੋ ਤਾਂ ਤੁਹਾਡਾ ਨਿਰਨਾ ਵੀ ਨਹੀਂ ਕੀਤਾ ਜਾਵੇਗਾ। ਜੇਕਰ ਤੁਸੀਂ ਦੂਸਰਿਆਂ ਦਾ ਨਿਰਨਾ ਕਰਦੇ ਹੋ ਤਾਂ ਉਸੇ ਤਰ੍ਹਾਂ ਹੀ ਤੁਹਾਡਾ ਵੀ ਨਿਰਨਾ ਕੀਤਾ ਜਾਵੇਗਾ। ਅਤੇ ਜਿਸ ਮਾਪ ਨਾਲ ਤੁਸੀਂ ਦੂਸਰਿਆਂ ਨੂੰ ਮਿਣਦੇ ਹੋ, ਉਸੇ ਨਾਲ ਤੁਹਾਨੂੰ ਵੀ ਮਿਣਿਆ ਜਾਵੇਗਾ।

“ਤੁਸੀਂ ਆਪਣੇ ਭਰਾ ਦੀ ਅੱਖ ਵਿੱਚ ਉਸ ਧੂੜ ਦੇ ਕਣ ਨੂੰ ਕਿਵੇਂ ਵੇਖ ਸੱਕਦੇ ਹੋਂ ਜਦੋਂ ਕਿ ਤੁਸੀਂ ਆਪਣੀ ਅੱਖ ਵਿੱਚਲੇ ਸ਼ਤੀਰ ਨੂੰ ਨਹੀਂ ਵੇਖਦੇ। ਜਾਂ ਤੁਸੀਂ ਆਪਣੇ ਭਰਾ ਨੂੰ ਕਿਵੇਂ ਆਖ ਸੱਕਦੇ ਹੋਂ, ‘ਲਿਆ ਮੈਂ ਤੇਰੀ ਅੱਖ ਵਿੱਚੋਂ ਧੂੜ ਦੇ ਕਣ ਨੂੰ ਕੱਢਾਂ’ ਜਦ ਕਿ ਹਾਲੇ ਵੀ ਤੁਹਾਡੀ ਆਪਣੀ ਅੱਖ ਵਿੱਚ ਸ਼ਤੀਰ ਹੈ? ਤੁਸੀਂ ਕਪਟੀ ਹੋ, ਪਹਿਲਾਂ ਉਸ ਸ਼ਤੀਰ ਨੂੰ ਆਪਣੀ ਅੱਖ ਵਿੱਚੋਂ ਕੱਢੋ ਤਾਂ ਹੀ ਤੁਸੀਂ ਉਸ ਕਣ ਨੂੰ ਕੱਢਣ ਵਾਸਤੇ ਸਪੱਸ਼ਟ ਤੌਰ ਤੇ ਵੇਖ ਸੱਕਦੇ ਹੋਂ।

“ਪਵਿੱਤਰ ਵਸਤਾਂ ਕੁੱਤਿਆਂ ਨੂੰ ਨਾ ਪਾਓ ਕਿਉਂਕਿ ਉਹ ਮੁੜ ਤੁਹਾਨੂੰ ਵੱਢਣਗੇ ਅਤੇ ਆਪਣੇ ਮੋਤੀ ਸੂਰਾਂ ਅੱਗੇ ਨਾ ਸੁੱਟੋ ਕਿਉਂਕਿ ਉਹ ਉਨ੍ਹਾਂ ਨੂੰ ਆਪਣੇ ਪੈਰਾਂ ਹੇਠ ਮਿਧ ਦੇਣਗੇ।

ਜੋ ਤੁਹਾਨੂੰ ਚਾਹੀਦਾ ਹੈ ਪਰਮੇਸ਼ੁਰ ਕੋਲੋਂ ਮੰਗਣਾ ਜਾਰੀ ਰੱਖੋ(J)

“ਜੇਕਰ ਤੁਸੀਂ ਮੰਗਦੇ ਰਹੋਂਗੇ ਤਾਂ, ਤੁਸੀਂ ਪ੍ਰਾਪਤ ਕਰ ਲਵੋਂਗੇ। ਲੱਭੋ, ਤਾਂ ਲੱਭੇਗਾ। ਖੜਕਾਓ, ਤਾਂ ਤੁਹਾਡੇ ਲਈ ਦਰਵਾਜ਼ਾ ਖੋਲ੍ਹਿਆ ਜਵੇਗਾ। ਕਿਉਂਕਿ ਹਰੇਕ ਮੰਗਣ ਵਾਲਾ ਪਾ ਲੈਂਦਾ ਹੈ ਅਤੇ ਢੂੰਢਣ ਵਾਲੇ ਨੂੰ ਲੱਭਦਾ ਹੈ ਅਤੇ ਖੜਕਾਉਣ ਵਾਲੇ ਲਈ ਦਰਵਾਜ਼ਾ ਖੋਲ੍ਹਿਆ ਜਾਂਦਾ ਹੈ।

“ਤੁਹਾਡੇ ਵਿੱਚੋਂ ਕਿਹੜਾ ਐਸਾ ਹੈ, ਕਿ ਜਦੋਂ ਉਸਦਾ ਪੁੱਤਰ ਉਸ ਤੋਂ ਰੋਟੀ ਮੰਗੇ ਤਾਂ ਉਹ ਉਸ ਨੂੰ ਪੱਥਰ ਦੇਵੇਗਾ? 10 ਜੇਕਰ ਉਹ ਇੱਕ ਮੱਛੀ ਮੰਗੇ, ਤਾਂ ਕੀ ਤੁਸੀਂ ਉਸ ਨੂੰ ਸੱਪ ਦੇਵੋਂਗੇ? 11 ਜੇਕਰ ਤੁਸੀਂ ਇੰਨੇ ਦੁਸ਼ਟ ਹੋਕੇ ਵੀ, ਆਪਣੇ ਬੱਚਿਆਂ ਨੂੰ ਚੰਗੀਆਂ ਦਾਤਾਂ ਦੇਣੀਆਂ ਜਾਣਦੇ ਹੋ ਤਾਂ ਤੁਹਾਡਾ ਸੁਰਗੀ ਪਿਤਾ, ਮੰਗਣ ਵਾਲਿਆਂ ਨੂੰ, ਕਿੰਨੀਆਂ ਵੱਧ ਚੰਗੀਆਂ ਦਾਤਾਂ ਦੇਵੇਗਾ?

ਸਭ ਤੋਂ ਜ਼ਰੂਰੀ ਅਸੂਲ

12 “ਇਸ ਲਈ ਜੋ ਕੁਝ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਡੇ ਨਾਲ ਕਰਨ, ਉਨ੍ਹਾਂ ਨਾਲ ਵੀ ਉਵੇਂ ਦੀਆਂ ਹੀ ਗੱਲਾਂ ਕਰੋ। ਕਿਉਂਕਿ ਮੂਸਾ ਦੀ ਸ਼ਰ੍ਹਾ ਅਤੇ ਨਬੀਆਂ ਦੀਆਂ ਲਿਖਤਾਂ ਦਾ ਇਹੋ ਨਚੋੜ ਹੈ।

ਸੁਰਗ ਦਾ ਮਾਰਗ ਅਤੇ ਨਰਕ ਦਾ ਮਾਰਗ(K)

13 “ਤੁਸੀਂ ਭੀੜੇ ਫਾਟਕ ਰਾਹੀਂ ਵੜੋ ਕਿਉਂ ਜੋ ਇਹ ਰਾਹ ਸਵਰਗ ਨੂੰ ਖੁਲ੍ਹਦਾ ਹੈ। ਨਰਕ ਦਾ ਰਾਹ ਬਹੁਤ ਖੁਲ੍ਹਾ ਹੈ ਅਤੇ ਬਹੁਤ ਸੁਖਾਲਾ ਹੈ, ਅਤੇ ਤਬਾਹੀ ਵੱਲ ਲਿਜਾਂਦਾ ਹੈ। ਉਸ ਥਾਣੀਂ ਬਹੁਤ ਲੋਕ ਅੰਦਰ ਜਾਂਦੇ ਹਨ। 14 ਪਰ ਉਹ ਫਾਟਕ ਬੜਾ ਭੀੜਾ ਹੈ ਅਤੇ ਔਖਾ ਹੈ ਜਿਹੜਾ ਸੱਚੇ ਜੀਵਨ ਵੱਲ ਨੂੰ ਜਾਂਦਾ ਹੈ। ਅਤੇ ਜਿਹੜੇ ਉਸ ਨੂੰ ਲੱਭਦੇ ਹਨ ਉਹ ਵਿਰਲੇ ਹਨ।

ਲੋਕਾਂ ਦੇ ਕੰਮਾਂ ਤੋਂ ਹੁਸ਼ਿਆਰ ਰਹੋ(L)

15 “ਝੂਠੇ ਨਬੀਆਂ ਤੋਂ ਹੁਸ਼ਿਆਰ ਰਹੋ, ਉਹ ਤੁਹਾਡੇ ਕੋਲ ਭੇਡਾਂ ਦੇ ਭੇਸ ਵਿੱਚ ਆਉਂਦੇ ਹਨ, ਪਰ ਅਸਲ ਵਿੱਚ ਉਹ ਬਹੁਤ ਖਤਰਨਾਕ ਬਘਿਆੜਾਂ ਵਰਗੇ ਹਨ। 16 ਤੁਸੀਂ ਉਨ੍ਹਾਂ ਨੂੰ ਉਨ੍ਹਾਂ ਦੇ ਫ਼ਲਾਂ ਤੋਂ ਪਛਾਣੋਂਗੇ। ਚੰਗੇ ਕੰਮ ਭੈੜੇ ਲੋਕਾਂ ਦੁਆਰਾ ਨਹੀਂ ਹੁੰਦੇ ਜਿਵੇਂ ਕੰਡਿਆਲੀਆਂ ਝਾੜੀਆਂ ਤੋਂ ਅੰਗੂਰ ਨਹੀਂ ਹੁੰਦੇ ਅਤੇ ਨਾ ਹੀ ਭਖੜ੍ਹੇ ਤੇ ਅੰਜੀਰ ਉਗਦੇ ਹਨ। 17 ਉਸੇ ਤਰ੍ਹਾਂ ਹਰੇਕ ਚੰਗਾ ਬਿਰਛ ਚੰਗਾ ਫ਼ਲ ਦਿੰਦਾ ਹੈ ਪਰ ਮਾੜਾ ਬਿਰਛ ਮਾੜਾ ਫ਼ਲ ਦਿੰਦਾ ਹੈ। 18 ਚੰਗਾ ਬਿਰਛ ਬੁਰਾ ਫ਼ਲ ਨਹੀਂ ਦੇ ਸੱਕਦਾ ਅਤੇ ਨਾ ਹੀ ਮਾੜਾ ਬਿਰਛ ਚੰਗਾ ਫ਼ਲ ਦੇ ਸੱਕਦਾ ਹੈ। 19 ਹਰੇਕ ਬਿਰਛ ਜਿਹੜਾ ਚੰਗਾ ਫ਼ਲ ਨਹੀਂ ਦਿੰਦਾ ਵੱਢਿਆ ਜਾਂਦਾ ਹੈ ਅਤੇ ਅੱਗ ਵਿੱਚ ਸੁੱਟਿਆ ਜਾਂਦਾ ਹੈ। 20 ਇਸ ਲਈ ਤੁਸੀਂ ਇਨ੍ਹਾਂ ਲੋਕਾਂ ਨੂੰ ਇਨ੍ਹਾਂ ਦੇ ਫ਼ਲਾਂ ਤੋਂ ਪਛਾਨਣ ਯੋਗ ਹੋਵੋਂਗੇ।

21 “ਉਹ ਜਿਹੜਾ ਕਿ ਮੈਨੂੰ ਪ੍ਰਭੂ, ਕਹਿੰਦਾ ਹੈ, ਸਵਰਗ ਦੇ ਰਾਜ ਵਿੱਚ ਨਹੀਂ ਵੜੇਗਾ। ਸਿਰਫ਼ ਉਹੀ ਵਿਅਕਤੀ ਜਿਹੜਾ ਮੇਰੇ ਪਿਤਾ ਦੀ ਇੱਛਾ ਅਨੁਸਾਰ ਕੰਮ ਕਰਦਾ ਹੈ, ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰ ਸੱਕਦਾ ਹੈ। 22 ਅੰਤਲੇ ਦਿਨ, ਅਨੇਕ ਲੋਕ ਮੈਨੂੰ ਆਖਣਗੇ, ‘ਤੂੰ ਸਾਡਾ ਪ੍ਰਭੂ ਹੈ। ਅਸੀਂ ਤੇਰੇ ਲਈ ਬੋਲੇ? ਅਤੇ ਕੀ ਤੇਰਾ ਨਾਂ ਲੈ ਕੇ ਭੂਤ ਨਹੀਂ ਕੱਢੇ ਅਤੇ ਕੀ ਤੇਰਾ ਨਾਮ ਲੈ ਕੇ ਬਹੁਤ ਸਾਰੀਆਂ ਕਰਾਮਾਤਾਂ ਨਹੀਂ ਕੀਤੀਆਂ?’ 23 ਤਦ ਮੈਂ ਉਨ੍ਹਾਂ ਨੂੰ ਸਾਫ਼ ਆਖਾਂਗਾ, ‘ਕਿ ਮੈਂ ਤੁਹਾਨੂੰ ਕਦੇ ਵੀ ਨਹੀਂ ਜਾਣਿਆ ਹੇ ਬੁਰਾ ਕਰਨ ਵਾਲਿਓ ਮੇਰੇ ਕੋਲੋਂ ਚੱਲੇ ਜਾਓ।’

ਸਿਆਣਾ ਮਨੁੱਖ ਅਤੇ ਮੂਰਖ ਮਨੁੱਖ(M)

24 “ਹਰੇਕ ਮਨੁੱਖ ਜੋ ਮੇਰੇ ਇਹ ਬਚਨ ਸੁਣਦਾ ਹੈ ਅਤੇ ਇਨ੍ਹਾਂ ਉੱਤੇ ਚੱਲਦਾ ਹੈ ਉਹ ਉਸ ਬੁੱਧਿਮਾਨ ਵਰਗਾ ਜਾਣਿਆ ਜਾਵੇਗਾ ਜਿਸਨੇ ਚੱਟਾਨ ਉੱਤੇ ਆਪਣਾ ਘਰ ਬਣਾਇਆ। 25 ਮੀਂਹ ਵਰ੍ਹਿਆ, ਹੜ੍ਹ ਆਏ ਅਤੇ ਹਨੇਰੀਆਂ ਵਗੀਆਂ ਅਤੇ ਉਸ ਦੇ ਘਰ ਨੂੰ ਧੱਕਾ ਮਾਰਿਆ ਪਰ ਉਹ ਨਾ ਡਿੱਗਿਆ, ਕਿਉਂਕਿ ਉਸਦੀ ਨੀਹ ਚੱਟਾਨ ਉੱਤੇ ਧਰੀ ਹੋਈ ਸੀ।

26 “ਹਰੇਕ ਉਹ ਮਨੁੱਖ ਜੋ ਮੇਰੇ ਇਹ ਬਚਨ ਸੁਣਦਾ ਹੈ ਅਤੇ ਉਨ੍ਹਾਂ ਨੂੰ ਨਹੀਂ ਮੰਨਦਾ, ਉਹ ਉਸ ਮੂਰਖ ਆਦਮੀ ਵਰਗਾ ਹੈ ਜੋ ਆਪਣਾ ਘਰ ਰੇਤ ਤੇ ਬਣਾਉਂਦਾ ਹੈ। 27 ਅਤੇ ਮੀਂਹ ਵਰ੍ਹਿਆ, ਹੜ੍ਹ ਆਏ, ਹਨੇਰੀਆਂ ਵਗੀਆਂ ਅਤੇ ਉਸ ਘਰ ਨੂੰ ਧੱਕਾ ਵੱਜਾ ਅਤੇ ਘਰ ਇੱਕ ਉੱਚੀ ਅਵਾਜ਼ ਨਾਲ ਢਹਿ ਗਿਆ।”

28 ਜਦੋਂ ਯਿਸੂ ਇਹ ਗੱਲਾਂ ਆਖ ਹਟਿਆ, ਤਾਂ ਲੋਕ ਉਸ ਦੇ ਉਪਦੇਸ਼ ਉੱਤੇ ਹੈਰਾਨ ਹੋ ਗਏ। 29 ਕਿਉਂਕਿ ਯਿਸੂ ਨੇ ਉਨ੍ਹਾਂ ਨੇਮ ਦੇ ਉਪਦੇਸ਼ਕਾਂ ਵਾਂਗ ਉਪਦੇਸ਼ ਨਾ ਦਿੱਤਾ ਸਗੋਂ ਯਿਸੂ ਨੇ ਇੱਕ ਅਜਿਹੇ ਮਨੁੱਖ ਵਾਂਗ ਉਪਦੇਸ਼ ਦਿੱਤਾ ਜਿਸ ਕੋਲ ਅਧਿਕਾਰ ਸੀ।

ਯਿਸੂ ਦਾ ਰੋਗੀ ਨੂੰ ਚੰਗਾ ਕਰਨਾ(N)

ਜਦੋਂ ਉਹ ਪਹਾੜੀ ਤੋਂ ਉੱਤਰਿਆ ਤਾਂ ਵੱਡੀ ਭੀੜ ਉਸ ਦੇ ਮਗਰ ਲੱਗ ਪਈ। ਇੱਕ ਕੋੜ੍ਹੀ ਨੇ ਯਿਸੂ ਕੋਲ ਆਕੇ ਉਸ ਅੱਗੇ ਮੱਥਾ ਟੇਕਿਆ ਅਤੇ ਕਿਹਾ, “ਪ੍ਰਭੂ ਜੀ ਜੇ ਤੁਸੀਂ ਚਾਹੋ ਤਾਂ ਮੈਨੂੰ ਠੀਕ ਕਰ ਸੱਕਦੇ ਹੋਂ।”

ਯਿਸੂ ਨੇ ਆਪਣਾ ਹੱਥ ਫ਼ੈਲਾਇਆ ਅਤੇ ਉਸ ਆਦਮੀ ਨੂੰ ਛੋਹਿਆ ਅਤੇ ਆਖਿਆ, “ਮੈਂ ਤੈਨੂੰ ਠੀਕ ਕਰਨਾ ਚਾਹੁੰਦਾ ਹਾਂ।” ਅਤੇ ਉਸੇ ਵੇਲੇ ਕੋੜ੍ਹੀ ਦਾ ਕੋੜ੍ਹ ਜਾਂਦਾ ਰਿਹਾ। ਤਾਂ ਯਿਸੂ ਨੇ ਉਸ ਨੂੰ ਆਖਿਆ, “ਹੁਣੇ ਜੋ ਕੁਝ ਵਾਪਰਿਆ ਹੈ ਜਾਕੇ ਕਿਸੇ ਨੂੰ ਨਾ ਦੱਸੀਂ, ਪਰ ਜਾਕੇ ਆਪਣੇ ਜਾਜਕ ਨੂੰ ਵਿਖਾਈਂ ਅਤੇ ਮੂਸਾ ਦੀ ਸ਼ਰ੍ਹਾ ਦੇ ਹੁਕਮ ਅਨੁਸਾਰ ਜਾਕੇ ਭੇਟਾ ਚੜ੍ਹਾ ਲੋਕਾਂ ਲਈ ਇਹ ਇੱਕ ਸਾਖੀ ਹੋਵੇਗੀ।”

ਯਿਸੂ ਦਾ ਸੂਬੇਦਾਰ ਦੇ ਨੌਕਰ ਨੂੰ ਠੀਕ ਕਰਨਾ(O)

ਜਦੋਂ ਯਿਸੂ ਕਫ਼ਰਨਾਹੂਮ ਸ਼ਹਿਰ ਵਿੱਚ ਗਿਆ, ਤਾਂ ਸੂਬੇਦਾਰ ਉਸ ਕੋਲ ਇੱਕ ਬੇਨਤੀ ਲੈ ਕੇ ਆਇਆ, “ਪ੍ਰਭੂ ਜੀ ਮੇਰਾ ਨੌਕਰ ਅਧਰੰਗ ਤੇ ਦਰਦ ਦਾ ਮਾਰਿਆ ਘਰ ਵਿੱਚ ਮੰਜੇ ਤੇ ਬਿਮਾਰ ਪਿਆ ਹੈ।”

ਫ਼ੇਰ ਉਸ ਨੇ ਸੂਬੇਦਾਰ ਨੂੰ ਆਖਿਆ, “ਮੈਂ ਆਣਕੇ ਉਸ ਨੂੰ ਚੰਗਾ ਕਰ ਦਿਆਂਗਾ।”

ਪਰ ਸੂਬੇਦਾਰ ਨੇ ਉੱਤਰ ਦਿੱਤਾ, “ਪ੍ਰਭੂ ਜੀ ਮੈਂ ਇਸ ਯੋਗ ਨਹੀਂ ਕਿ ਤੁਸੀਂ ਮੇਰੀ ਛੱਤ ਹੇਠ ਆਵੋ, ਜੇਕਰ ਤੁਸੀਂ ਸਿਰਫ਼ ਬਚਨ ਵੀ ਕਰ ਦੇਵੋ ਤਾਂ ਮੇਰਾ ਨੌਕਰ ਚੰਗਾ ਹੋ ਜਾਵੇਗਾ। ਕਿਉਂਕਿ ਮੈਂ ਵੀ ਦੂਜਿਆਂ ਦੇ ਅਧਿਕਾਰ ਹੇਠਾਂ ਇੱਕ ਮਨੁੱਖ ਹਾਂ ਅਤੇ ਸਿਪਾਹੀਆਂ ਨੂੰ ਆਪਣੇ ਅਧਿਕਾਰ ਵਿੱਚ ਰੱਖਦਾ ਹਾਂ ਅਤੇ ਜੇ ਕਿਸੇ ਨੂੰ ਆਖਦਾ ਹਾਂ, ‘ਜਾ!’ ਤਾਂ ਉਹ ਜਾਂਦਾ ਹੈ ਅਤੇ ਜਦ ਦੂਜੇ ਨੂੰ ਕਹਾਂ, ‘ਆ!’ ਤਾਂ ਉਹ ਆਉਂਦਾ ਹੈ, ਅਤੇ ਜਦ ਅਪਣੇ ਨੌਕਰ ਨੂੰ ਕਹਿੰਦਾ ਹਾਂ ਇੰਝ ਕਰ ਤਾਂ ਉਹ ਉਵੇਂ ਕਰਦਾ ਹੈ।”

10 ਯਿਸੂ ਨੇ ਇਹ ਸੁਣਕੇ ਅਚਰਜ ਮੰਨਿਆ ਅਤੇ ਉਨ੍ਹਾਂ ਨੂੰ ਜਿਹੜੇ ਮਗਰ-ਮਗਰ ਆਉਂਦੇ ਸਨ ਕਿਹਾ, “ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਇਸ ਆਦਮੀ ਵਿੱਚ ਇਸਰਾਏਲ ਦੇ ਕਿਸੇ ਵੀ ਆਦਮੀ ਨਾਲੋਂ ਵੱਧ ਵਿਸ਼ਵਾਸ ਹੈ। 11 ਮੈਂ ਤੁਹਾਨੂੰ ਆਖਦਾ ਹਾਂ ਕਿ ਬਹੁਤ ਸਾਰੇ ਲੋਕ ਪੂਰਬ ਅਤੇ ਪੱਛਮ ਵਿੱਚੋਂ ਆਉਣਗੇ। ਉਹ ਸਵਰਗ ਦੇ ਰਾਜ ਵਿੱਚ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਬੈਠਕੇ ਖਾਣਗੇ। 12 ਪਰ ਉਹ ਲੋਕ ਜਿਨ੍ਹਾਂ ਕੋਲ ਰਾਜ ਹੋਣਾ ਚਾਹੀਦਾ ਹੈ ਬਾਹਰ ਸੁੱਟੇ ਜਾਣਗੇ। ਉਹ ਬਾਹਰ ਹਨੇਰੇ ਵਿੱਚ ਸੁੱਟੇ ਜਾਣਗੇ, ਲੋਕ ਉਸ ਜਗ੍ਹਾ ਚੀਕਣਗੇ ਅਤੇ ਦਰਦ ਨਾਲ ਆਪਣੇ ਦੰਦ ਪੀਸਣਗੇ।”

13 ਤਦ ਯਿਸੂ ਨੇ ਸੂਬੇਦਾਰ ਨੂੰ ਆਖਿਆ, “ਤੂੰ ਘਰ ਜਾ, ਜਿਵੇਂ ਤੂੰ ਵਿਸ਼ਵਾਸ ਕੀਤੀ ਹੈ ਉਹ ਉਵੇਂ ਹੀ ਚੰਗਾ ਕੀਤਾ ਜਾਵੇਗਾ।” ਅਤੇ ਉਸਦਾ ਨੌਕਰ ਉਸੇ ਘੜੀ ਚੰਗਾ ਹੋ ਗਿਆ।

ਯਿਸੂ ਦਾ ਬਹੁਤ ਸਾਰੇ ਲੋਕਾਂ ਨੂੰ ਚੰਗਾ ਕਰਨਾ(P)

14 ਯਿਸੂ ਨੇ ਪਤਰਸ ਦੇ ਘਰ ਆਕੇ ਉਸਦੀ ਸੱਸ ਨੂੰ ਤਾਪ ਨਾਲ ਪਈ ਵੇਖਿਆ। 15 ਤਾਂ ਯਿਸੂ ਨੇ ਉਸਦਾ ਹੱਥ ਛੋਹਿਆ ਅਤੇ ਉਸਦਾ ਤਾਪ ਲਹਿ ਗਿਆ, ਫ਼ੇਰ ਉਸ ਨੇ ਉੱਠ ਕੇ ਉਸਦੀ ਖਾਤਿਰ ਕੀਤੀ।

16 ਜਦੋਂ ਸ਼ਾਮ ਹੋਈ ਤਾਂ ਉਸ ਕੋਲ ਬਹੁਤ ਸਾਰੇ ਅਜਿਹੇ ਲੋਕਾਂ ਨੂੰ ਲਿਆਇਆ ਗਿਆ ਜਿਨ੍ਹਾਂ ਨੂੰ ਭੂਤ ਚਿੰਬੜੇ ਹੋਏ ਸਨ ਅਤੇ ਯਿਸੂ ਨੇ ਆਪਣੇ ਬਚਨਾਂ ਨਾਲ ਭੂਤਾਂ ਨੂੰ ਕੱਢ ਦਿੱਤਾ ਅਤੇ ਯਿਸੂ ਨੇ ਉਨ੍ਹਾਂ ਸਾਰੇ ਲੋਕਾਂ ਨੂੰ ਚੰਗਿਆਂ ਕਰ ਦਿੱਤਾ ਜੋ ਬਿਮਾਰ ਸਨ। 17 ਉਸ ਨੇ ਇਹ ਨਬੀ ਯਸਾਯਾਹ ਦੇ ਬਚਨਾਂ ਨੂੰ ਪੂਰਾ ਕਰਨ ਲਈ ਕੀਤਾ:

“ਉਸਨੇ ਖੁਦ ਸਾਡੀਆਂ ਬਿਮਾਰੀਆਂ ਲੈ ਲਈਆਂ
    ਅਤੇ ਰੋਗਾਂ ਨੂੰ ਚੁੱਕ ਲਿਆ।” (Q)

ਯਿਸੂ ਦਾ ਅਨੁਸਰਣ(R)

18 ਜਦੋਂ ਯਿਸੂ ਨੇ ਆਪਣੇ ਆਲੇ-ਦੁਆਲੇ ਭੀੜ ਵੇਖੀ, ਤਾਂ ਉਸ ਨੇ ਆਪਣੇ ਚੇਲਿਆਂ ਨੂੰ ਝੀਲ ਦੇ ਪਰਲੇ ਪਾਰ ਜਾਣ ਲਈ ਕਿਹਾ। 19 ਫ਼ੇਰ ਇੱਕ ਨੇਮ ਦੇ ਉਪਦੇਸ਼ਕ ਨੇ ਯਿਸੂ ਨੂੰ ਕੋਲ ਆਕੇ ਕਿਹਾ, “ਗੁਰੂ ਜੀ ਜਿੱਥੇ ਕਿਤੇ ਵੀ ਤੂੰ ਜਾਵੇਂ ਮੈਂ ਤੇਰੇ ਪਿੱਛੇ ਚੱਲਾਂਗਾ।”

20 ਤਾਂ ਯਿਸੂ ਨੇ ਉਸ ਨੂੰ ਆਖਿਆ, “ਲੂੰਬੜੀਆਂ ਦੇ ਘੁਰਨੇ ਹਨ ਅਤੇ ਪੰਛੀਆਂ ਲਈ ਆਲ੍ਹਣੇ ਹਨ ਪਰ ਮਨੁੱਖ ਦੇ ਪੁੱਤਰ ਨੂੰ ਸਿਰ ਰੱਖ ਕੇ ਆਰਾਮ ਕਰਨ ਲਈ ਕੋਈ ਥਾਂ ਨਹੀਂ ਹੈ।”

21 ਉਸ ਦੇ ਇੱਕ ਦੂਜੇ ਚੇਲੇ ਨੇ ਉਸ ਨੂੰ ਆਖਿਆ, “ਪ੍ਰਭੂ, ਮੈਨੂੰ ਪਰਵਾਨਗੀ ਦਿਓ ਕਿ ਮੈਂ ਪਹਿਲਾਂ ਜਾਕੇ ਆਪਣੇ ਪਿਉ ਨੂੰ ਦਫ਼ਨਾਵਾਂ ਫੇਰ ਮੈਂ ਤੁਹਾਡਾ ਅਨੁਸਰਣ ਕਰਾਂਗਾ।”

22 ਪਰ ਯਿਸੂ ਨੇ ਉਸ ਨੂੰ ਕਿਹਾ, “ਤੂੰ ਮੇਰੇ ਮਗਰ ਚੱਲਿਆ ਆ ਅਤੇ ਮੁਰਦਿਆਂ ਨੂੰ ਆਪਣੇ ਮੁਰਦੇ ਖੁਦ ਦੱਬਣ ਦੇ।”

ਯਿਸੂ ਦਾ ਤੂਫਾਨ ਨੂੰ ਰੋਕਣਾ(S)

23 ਜਦੋਂ ਯਿਸੂ ਬੇੜੀ ਉੱਤੇ ਚੜ੍ਹ੍ਹਿਆ ਤਾਂ ਉਸ ਦੇ ਚੇਲੇ ਉਸ ਦੇ ਮਗਰ ਆਏ। 24 ਝੀਲ ਵਿੱਚ ਇੰਨਾ ਤੂਫਾਨ ਆਇਆ ਕਿ ਬੇੜੀ ਲਹਿਰਾਂ ਵਿੱਚ ਹੀ ਲੁੱਕਦੀ ਜਾ ਰਹੀ ਸੀ। ਪਰ ਯਿਸੂ ਸੌਂ ਰਿਹਾ ਸੀ। 25 ਚੇਲੇ ਉਸ ਕੋਲ ਆਏ ਅਤੇ ਉਸ ਨੂੰ ਜਗਾਇਆ। ਉਨ੍ਹਾਂ ਨੇ ਯਿਸੂ ਨੂੰ ਆਖਿਆ, “ਪ੍ਰਭੂ ਸਾਨੂੰ ਬਚਾਓ, ਅਸੀਂ ਡੁੱਬ ਰਹੇ ਹਾਂ।”

26 ਤਾਂ ਉਸ ਨੇ ਉਨ੍ਹਾਂ ਨੂੰ ਆਖਿਆ, “ਤੁਸੀਂ ਇੰਨਾ ਕਿਉਂ ਡਰਦੇ ਹੋ? ਤੁਹਾਨੂੰ ਪੂਰਾ ਵਿਸ਼ਵਾਸ ਨਹੀਂ ਹੈ।” ਤਦ ਉਸ ਨੇ ਉੱਠ ਕੇ ਹਵਾ ਅਤੇ ਲਹਿਰਾਂ ਨੂੰ ਦਬਕਾ ਮਾਰਿਆ। ਫਿਰ ਇੱਕਦਮ ਚੈਨ ਹੋ ਗਿਆ।

27 ਤਾਂ ਉਹ ਮਨੁੱਖ ਹੈਰਾਨ ਹੋਕੇ ਬੋਲੇ, “ਇਹ ਕਿਹੋ ਜਿਹਾ ਪੁਰੱਖ ਹੈ ਕਿ ਹਵਾ ਅਤੇ ਲਹਿਰਾਂ ਵੀ ਇਸਦੀ ਗੱਲ ਮੰਨ ਲੈਦੀਆਂ ਹਨ!”

ਯਿਸੂ ਨੇ ਦੋ ਮਨੁੱਖਾਂ ਵਿੱਚੋਂ ਭੂਤ ਕੱਢੇ(T)

28 ਜਦੋਂ ਯਿਸੂ ਝੀਲ ਦੇ ਪਾਰ ਗਦਰੀਨੀਆਂ ਦੇ ਦੇਸ਼ ਵਿੱਚ ਪਹੁੰਚਿਆ, ਤਾਂ ਦੋ ਮਨੁੱਖ ਜਿਨ੍ਹਾਂ ਨੂੰ ਭੂਤ ਚਿੰਬੜੇ ਹੋਏ ਸਨ, ਕਬਰਾਂ ਵਿੱਚੋਂ ਨਿਕਲ ਕੇ ਯਿਸੂ ਕੋਲ ਆਏ ਅਤੇ ਉਹ ਇੰਨੇ ਖਤਰਨਾਕ ਸਨ ਕਿ ਉਸ ਰਸਤੇ ਤੋਂ ਕੋਈ ਲੰਘ ਨਹੀਂ ਸੀ ਸੱਕਦਾ। 29 ਉਨ੍ਹਾਂ ਦੋ ਮਨੁੱਖਾਂ ਨੇ ਉਸ ਨੂੰ ਪੁਕਾਰ ਕੇ ਆਖਿਆ, “ਹੇ ਪਰਮੇਸ਼ੁਰ ਦੇ ਪੁੱਤਰ! ਤੇਰਾ ਸਾਡੇ ਨਾਲ ਕੀ ਕੰਮ? ਕੀ ਤੂੰ ਮਿਥੇ ਹੋਏ ਵੇਲੇ ਤੋਂ ਪਹਿਲਾਂ ਇੱਥੇ ਸਾਨੂੰ ਦੁੱਖ ਦੇਣ ਆਇਆ ਹੈ?”

30 ਉਨ੍ਹਾਂ ਤੋਂ ਕੁਝ ਦੂਰ, ਉੱਥੇ ਸੂਰਾਂ ਦਾ ਬਹੁਤ ਵੱਡਾ ਇੱਜ਼ੜ ਚਰ ਰਿਹਾ ਸੀ। 31 ਭੂਤਾਂ ਨੇ ਉਸਦੀਆਂ ਮਿੰਨਤਾਂ ਕਰਕੇ ਆਖਿਆ, “ਜੇਕਰ ਤੂੰ ਸਾਨੂੰ ਕੱਢਣਾ ਹੈ ਤਾਂ ਸਾਨੂੰ ਸੂਰਾਂ ਦੇ ਇੱਜੜ ਵਿੱਚ ਘਲ ਦੇ।”

32 ਉਸ ਨੇ ਉਨ੍ਹਾਂ ਨੂੰ ਕਿਹਾ, “ਜਾਓ” ਤਾਂ ਭੂਤ ਨਿਕਲ ਕੇ ਸੂਰਾਂ ਵਿੱਚ ਜਾ ਵੜੇ, ਉਹ ਸੂਰਾਂ ਦਾ ਇੱਜ਼ੜ ਪਹਾੜੀ ਦੀ ਢਲਾਣ ਤੋਂ ਭੱਜਿਆ ਅਤੇ ਝੀਲ ਵਿੱਚ ਡਿੱਗ ਪਿਆ ਅਤੇ ਡੁੱਬ ਗਿਆ। 33 ਤਦ ਸੂਰਾਂ ਦੇ ਇਜ਼ੜ ਦੇ ਰੱਖਵਾਲੇ ਸ਼ਹਿਰ ਅੰਦਰ ਨੂੰ ਭੱਜੇ। ਉਨ੍ਹਾਂ ਨੇ ਸੂਰਾਂ ਅਤੇ ਭੂਤਾਂ ਦੇ ਕਾਬਿਜ਼ ਲੋਕਾਂ ਨਾਲ ਵਾਪਰਨ ਵਾਲੀ ਘਟਨਾ ਦਾ ਵਰਨਣ ਕਰ ਦਿੱਤਾ। 34 ਤਦ ਸਾਰਾ ਨਗਰ ਯਿਸੂ ਨੂੰ ਮਿਲਣ ਲਈ ਆਇਆ ਅਤੇ ਉਸ ਨੂੰ ਉਨ੍ਹਾਂ ਦਾ ਇਲਾਕਾ ਛੱਡਣ ਲਈ ਬੇਨਤੀ ਕੀਤੀ।

ਯਿਸੂ ਦਾ ਇੱਕ ਲਕਵੇ ਦੇ ਮਾਰੇ ਆਦਮੀ ਨੂੰ ਠੀਕ ਕਰਨਾ(U)

ਯਿਸੂ ਬੇੜੀ ਉੱਤੇ ਚੜ੍ਹਕੇ ਪਾਰ ਲੰਘਿਆ ਅਤੇ ਆਪਣੇ ਨਗਰ ਵੱਲ ਵਾਪਿਸ ਪਰਤਿਆ। ਕੁਝ ਲੋਕ ਇੱਕ ਮੰਜੀ ਉੱਤੇ ਪਏ ਹੋਏ ਇੱਕ ਅਧਰੰਗੀ ਨੂੰ ਉਸ ਕੋਲ ਲਿਆਏ ਅਤੇ ਯਿਸੂ ਨੇ ਉਨ੍ਹਾਂ ਦੀ ਨਿਹਚਾ ਵੇਖਕੇ ਉਸ ਅਧਰੰਗੀ ਨੂੰ ਆਖਿਆ, “ਹੇ ਪੁੱਤਰ! ਹੌਂਸਲਾ ਰੱਖ, ਤੇਰੇ ਸਾਰੇ ਪਾਪ ਮਾਫ ਹੋਏ।”

ਕਈ ਨੇਮ ਦੇ ਉਪਦੇਸ਼ਕਾਂ ਨੇ ਇਹ ਗੱਲਾਂ ਸੁਣੀਆਂ ਤਾਂ ਆਪਣੇ ਮਨ ਵਿੱਚ ਕਿਹਾ ਕਿ ਇਹ ਮਨੁੱਖ ਤਾਂ ਪਰਮੇਸ਼ੁਰ ਦੀ ਤਰ੍ਹਾਂ ਬੋਲ ਰਿਹਾ ਹੈ, “ਇਹ ਮਨੁੱਖ ਕੁਫ਼ਰ ਬੋਲਦਾ ਹੈ।”

ਯਿਸੂ ਉਨ੍ਹਾਂ ਦੀਆਂ ਸੋਚਾਂ ਨੂੰ ਜਾਣਦਾ ਸੀ, ਉਸ ਨੇ ਆਖਿਆ, “ਤੁਸੀਂ ਕਾਹਨੂੰ ਆਪਣੇ ਮਨ ਵਿੱਚ ਦੁਸ਼ਟ ਵਿੱਚਾਰ ਰੱਖਦੇ ਹੈ? 5-6 ਕਿਹੜੀ ਗੱਲ ਸੁਖਾਲੀ ਹੈ? ਇਹ ਕਹਿਣਾ ਕਿ ਤੇਰੇ ਪਾਪ ਮਾਫ਼ ਹੋਏ ਜਾਂ ਇਹ ਕਹਿਣਾ ਖੜ੍ਹਾ ਹੋ ਅਤੇ ਤੁਰ? ਪਰ ਮੈਂ ਤੁਹਾਨੂੰ ਵਿਖਾਵਾਂਗਾ ਕਿ ਮਨੁੱਖ ਦੇ ਪੁੱਤਰ ਨੂੰ ਧਰਤੀ ਉੱਤੇ ਪਾਪ ਮਾਫ਼ ਕਰਨ ਦੀ ਸ਼ਕਤੀ ਹੈ।” ਤਾਂ ਯਿਸੂ ਨੇ ਅਧਰੰਗੀ ਮਨੁੱਖ ਨੂੰ ਕਿਹਾ, “ਖੜ੍ਹਾ ਹੋ, ਆਪਣਾ ਬਿਸਤਰਾ ਚੁੱਕ ਅਤੇ ਘਰ ਚੱਲਿਆ ਜਾ।”

ਤਾਂ ਉਹ ਉੱਠ ਕੇ ਆਪਣੇ ਘਰ ਨੂੰ ਤੁਰ ਗਿਆ, ਲੋਕਾਂ ਨੇ ਇਹ ਵੇਖਿਆ ਅਤੇ ਡਰ ਨਾਲ ਘਬਰਾ ਗਏ। ਉਨ੍ਹਾਂ ਨੇ ਆਦਮੀਆਂ ਨੂੰ ਅਜਿਹੀ ਸ਼ਕਤੀ ਦੇਣ ਲਈ ਪਰਮੇਸ਼ੁਰ ਦੀ ਉਸਤਤਿ ਕੀਤੀ।

ਯਿਸੂ ਦਾ ਮੱਤੀ ਨੂੰ ਚੁਨਣਾ(V)

ਜਦੋਂ ਯਿਸੂ ਉਹ ਜਗ੍ਹਾ ਛੱਡ ਰਿਹਾ ਸੀ, ਤਾਂ ਉਸ ਨੇ ਮੱਤੀ ਨਾਮ ਦੇ ਇੱਕ ਮਨੁੱਖ ਨੂੰ ਮਸੂਲ ਦੀ ਚੌਂਕੀ ਤੇ ਵੇਖਿਆ ਅਤੇ ਉਸ ਨੂੰ ਕਿਹਾ, “ਮੇਰੇ ਮਗਰ ਹੋ ਤੁਰ।” ਅਤੇ ਉਹ ਉੱਠ ਕੇ ਉਸ ਦੇ ਮਗਰ ਹੋ ਤੁਰਿਆ।

10 ਜਦੋਂ ਯਿਸੂ ਮੱਤੀ ਦੇ ਘਰ ਭੋਜਨ ਕਰ ਰਿਹਾ ਸੀ, ਤਾਂ ਬਹੁਤ ਸਾਰੇ ਮਸੂਲੀਏ ਅਤੇ ਪਾਪੀ ਲੋਕ ਆਏ ਅਤੇ ਯਿਸੂ ਅਤੇ ਉਸ ਦੇ ਚੇਲਿਆਂ ਨਾਲ ਖਾਣਾ ਖਾਧਾ। 11 ਫ਼ਰੀਸੀਆਂ ਨੇ ਇਹ ਵੇਖਕੇ ਯਿਸੂ ਦੇ ਚੇਲਿਆਂ ਨੂੰ ਆਖਿਆ, “ਤੁਹਾਡਾ ਗੁਰੂ ਮਸੂਲੀਆਂ ਅਤੇ ਪਾਪੀਆਂ ਦੇ ਨਾਲ ਕਿਉਂ ਖਾਂਦਾ ਹੈ?”

12 ਯਿਸੂ ਨੇ ਇਹ ਸੁਣਕੇ ਫ਼ਰੀਸੀਆਂ ਨੂੰ ਕਿਹਾ, “ਤੰਦਰੁਸਤਾਂ ਨੂੰ ਨਹੀਂ ਸਗੋਂ ਰੋਗੀਆਂ ਨੂੰ ਹਕੀਮ ਦੀ ਲੋੜ ਹੁੰਦੀ ਹੈ। 13 ਤੁਸੀਂ ਜਾਓ ਅਤੇ ਇਸ ਦਾ ਅਰਥ ਸਮਝੋ: ‘ਮੈਂ ਜਾਨਵਰਾਂ ਦਾ ਬਲੀਦਾਨ ਨਹੀਂ ਚਾਹੁੰਦਾ। ਮੈਂ ਲੋਕਾਂ ਵਿੱਚਕਾਰ ਮਿਹਰ ਚਾਹੁੰਦਾ ਹਾਂ।’ [h] ਮੈਂ ਚੰਗੇ ਲੋਕਾਂ ਨੂੰ ਸੱਦਾ ਦੇਣ ਨਹੀਂ ਆਇਆ। ਮੈਂ ਪਾਪੀਆਂ ਨੂੰ ਸੱਦਾ ਦੇਣ ਆਇਆ ਹਾਂ।”

ਯਿਸੂ ਬਾਕੀ ਦੇ ਧਾਰਮਿਕ ਯਹੂਦੀਆਂ ਵਰਗਾ ਨਹੀਂ(W)

14 ਤਦ ਯੂਹੰਨਾ ਦੇ ਚੇਲਿਆਂ ਨੇ ਉਸ ਦੇ ਕੋਲ ਆਣ ਕੇ ਕਿਹਾ, “ਇਸਦਾ ਕੀ ਕਾਰਣ ਹੈ ਕਿ ਅਸੀਂ ਅਤੇ ਫ਼ਰੀਸੀ ਬਹੁਤ ਵਰਤ ਰੱਖਦੇ ਹਾਂ, ਪਰ ਤੇਰੇ ਚੇਲੇ ਵਰਤ ਨਹੀਂ ਰੱਖਦੇ?”

15 ਯਿਸੂ ਨੇ ਜਵਾਬ ਦਿੱਤਾ, “ਵਿਆਹ ਵਿੱਚ ਲਾੜੇ ਦੇ ਦੋਸਤ, ਉਨ੍ਹਾਂ ਚਿਰ ਉਦਾਸ ਨਹੀਂ ਹੋ ਸੱਕਦੇ ਜਦੋਂ ਤੱਕ ਲਾੜਾ ਉਨ੍ਹਾਂ ਨਾਲ ਹੈ। ਪਰ ਉਹ ਦਿਨ ਆਉਣਗੇ ਜਦੋਂ ਲਾੜਾ ਉਨ੍ਹਾਂ ਤੋਂ ਅੱਡ ਕੀਤਾ ਜਾਵੇਗਾ, ਫ਼ੇਰ ਉਹ ਵਰਤ ਰੱਖਣਗੇ।

16 “ਕੋਈ ਵੀ ਨਵੇਂ ਕੱਪੜੇ ਦੀ ਟਾਕੀ ਪਾਟੇ ਹੋਏ ਪੁਰਾਣੇ ਕੱਪੜੇ ਤੇ ਨਹੀਂ ਲਾਉਂਦਾ, ਜੇਕਰ ਉਹ ਅਜਿਹਾ ਕਰਦਾ ਹੈ, ਤਾਂ ਟਾਕੀ ਸੁੰਗੜ ਜਾਵੇਗੀ ਅਤੇ ਕੱਪੜੇ ਤੋਂ ਪਾਟ ਜਾਵੇਗੀ ਅਤੇ ਉਹ ਛੇਕ ਹੋਰ ਵੀ ਖਰਾਬ ਦਿਸੇਗਾ। 17 ਕੋਈ ਵੀ ਨਵੀਂ ਮੈਅ ਨੂੰ ਪੁਰਾਣੀਆਂ ਮਸ਼ਕਾਂ ਵਿੱਚ ਨਹੀਂ ਭਰਦਾ। ਮੰਨ ਲਵੋ ਕਿ ਉਹ ਅਜਿਹਾ ਕਰਨ, ਤਾਂ ਪੁਰਾਣੀਆਂ ਮਸ਼ਕਾਂ ਪਾਟ ਜਾਣਗੀਆਂ, ਮੈਅ ਵਗ ਜਾਵੇਗੀ ਅਤੇ ਮਸ਼ਕਾਂ ਦਾ ਨਾਸ਼ ਹੋ ਜਾਵੇਗਾ। ਇਸ ਲਈ ਲੋਕ ਨਵੀਂ ਮੈਅ ਨਵੀਆਂ ਮਸ਼ਕਾਂ ਵਿੱਚ ਭਰਦੇ ਹਨ। ਇਸ ਤਰ੍ਹਾਂ, ਮੈਅ ਅਤੇ ਮਸ਼ਕਾਂ ਦੋਵੇ ਚੰਗੀਆਂ ਰਹਿੰਦੀਆਂ ਹਨ।”

ਯਿਸੂ ਦਾ ਮੋਈ ਕੁੜੀ ਨੂੰ ਪ੍ਰਾਣ ਦੇਣਾ ਅਤੇ ਬਿਮਾਰ ਔਰਤ ਨੂੰ ਰਾਜ਼ੀ ਕਰਨਾ(X)

18 ਜਦ ਯਿਸੂ ਉਨ੍ਹਾਂ ਨੂੰ ਇਹ ਗੱਲਾਂ ਕਹਿ ਰਿਹਾ ਸੀ ਤਾਂ ਪ੍ਰਰਥਨਾ ਸਥਾਨ ਦੇ ਇੱਕ ਆਗੂ ਨੇ ਆਣਕੇ ਉਸ ਦੇ ਅੱਗੇ ਮੱਥਾ ਟੇਕਿਆ ਅਤੇ ਆਖਿਆ, “ਮੇਰੀ ਬੇਟੀ ਹੁਣੇ ਮਰੀ ਹੈ। ਪਰ ਤੁਸੀਂ ਆਓ ਅਤੇ ਆਕੇ ਉਸ ਨੂੰ ਆਪਣੇ ਹੱਥ ਨਾਲ ਛੂਹੋ ਉਹ ਫ਼ੇਰ ਜੀ ਪਵੇਗੀ।”

19 ਫ਼ੇਰ ਯਿਸੂ ਉੱਠਿਆ ਅਤੇ ਆਪਣੇ ਚੇਲਿਆਂ ਸਣੇ ਉਸ ਦੇ ਮਗਰ ਤੁਰ ਪਿਆ।

20 ਉੱਥੇ ਇੱਕ ਔਰਤ, ਜਿਸਦੇ ਬਾਰ੍ਹਾਂ ਵਰ੍ਹਿਆਂ ਤੋਂ ਲਹੂ ਵਗ ਰਿਹਾ ਸੀ, ਉਸ ਨੇ ਪਿੱਛੋ ਦੀ ਆਣਕੇ ਯਿਸੂ ਦੇ ਚੋਗੇ ਦਾ ਪੱਲਾ ਛੋਹਿਆ। 21 ਕਿਉਂਕਿ ਉਸ ਨੇ ਸੋਚਿਆ, “ਜੇਕਰ ਮੈਂ ਸਿਰਫ਼ ਉਸ ਦੇ ਚੋਗੇ ਨੂੰ ਛੂਹ ਲਵਾਂ, ਮੈਂ ਚੰਗੀ ਹੋ ਜਾਵਾਂਗੀ।”

22 ਯਿਸੂ ਮੁੜਿਆ ਅਤੇ ਉਸ ਨੂੰ ਵੇਖਕੇ ਆਖਿਆ: “ਪਿਆਰੀ ਔਰਤ ਖੁਸ਼ ਰਹਿ। ਤੇਰੀ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ।” ਉਹ ਔਰਤ ਉਸੇ ਪਲ ਚੰਗੀ ਹੋ ਗਈ।

23 ਫ਼ੇਰ ਯਿਸੂ ਪੂਜਾ ਸਥਾਨ ਦੇ ਆਗੂ ਦੇ ਘਰ ਗਿਆ। ਅਤੇ ਯਿਸੂ ਨੇ ਵੇਖਿਆ ਕੁਝ ਲੋਕ ਜਨਾਜ਼ੇ ਵਾਸਤੇ ਸੰਗੀਤਕ ਧੁਨੀ ਪੈਦਾ ਕਰ ਰਹੇ ਸਨ ਅਤੇ ਉੱਥੇ ਕੁੜੀ ਨੂੰ ਮਰੀ ਵੇਖਕੇ ਰੋ-ਪਿਟ ਰਹੇ ਹਨ। 24 ਤਾਂ ਉਸ ਨੇ ਆਖਿਆ, “ਚਲੇ ਜਾਵੋ, ਕਿਉਂਕਿ ਕੁੜੀ ਮਰੀ ਨਹੀਂ ਸਗੋਂ ਸੁੱਤੀ ਪਈ ਹੈ,” ਪਰ ਉਹ ਉਸ ਉੱਤੇ ਹੱਸੇ। 25 ਜਦੋਂ ਲੋਕਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਗਿਆ, ਤਾਂ ਉਹ ਉਸ ਕਮਰੇ ਵਿੱਚ ਗਿਆ ਜਿੱਥੇ ਕੁੜੀ ਸੀ। ਉਸ ਨੇ ਉਸਦਾ ਹੱਥ ਫ਼ੜਿਆ, ਅਤੇ ਉਹ ਖੜ੍ਹੀ ਹੋ ਗਈ, 26 ਇਹ ਖਬਰ ਉਸ ਸਾਰੇ ਇਲਾਕੇ ਵਿੱਚ ਫ਼ੈਲ ਗਈ।

ਯਿਸੂ ਦਾ ਬਹੁਤ ਸਾਰੇ ਲੋਕਾਂ ਨੂੰ ਰਾਜੀ ਕਰਨਾ

27 ਜਦੋਂ ਯਿਸੂ ਉੱਥੋਂ ਤੁਰਿਆ, ਤਾਂ ਦੋ ਅੰਨ੍ਹੇ ਉਸ ਦੇ ਮਗਰ ਹਾਕਾਂ ਮਾਰਦੇ ਆਏ ਅਤੇ ਬੋਲੇ, “ਹੇ ਦਾਊਦ ਦੇ ਪੁੱਤਰ ਸਾਡੇ ਉੱਤੇ ਦਯਾ ਕਰ!”

28 ਜਦੋਂ ਯਿਸੂ ਘਰ ਵਿੱਚ ਗਿਆ ਤਾਂ ਉਹ ਅੰਨ੍ਹੇ ਉਸ ਕੋਲ ਆਏ ਅਤੇ ਯਿਸੂ ਨੇ ਉਨ੍ਹਾਂ ਨੂੰ ਪੁੱਛਿਆ, “ਕੀ ਤੁਹਾਨੂੰ ਵਿਸ਼ਵਾਸ ਹੈ ਕਿ ਮੈਂ ਤੁਹਾਡੇ ਲਈ ਤੁਹਾਡੀ ਦ੍ਰਿਸ਼ਟੀ ਵਾਪਸ ਲਿਆ ਸੱਕਦਾ ਹਾਂ?” ਅੰਨ੍ਹੇ ਆਦਮੀਆਂ ਨੇ ਜਵਾਬ ਦਿੱਤਾ, “ਹਾਂ ਪ੍ਰਭੂ ਸਾਨੂੰ ਵਿਸ਼ਵਾਸ ਹੈ।”

29 ਤਦ ਉਸ ਨੇ ਉਨ੍ਹਾਂ ਦੀਆਂ ਅਖੀਆਂ ਨੂੰ ਛੋਹਿਆ ਅਤੇ ਆਖਿਆ, “ਜੇ ਤੁਹਾਨੂੰ ਵਿਸ਼ਵਾਸ ਹੈ ਕਿ ਮੈਂ ਤੁਹਾਨੂੰ ਫ਼ਿਰ ਤੋਂ ਵੇਖਣ ਯੋਗ ਕਰ ਸੱਕਦਾ ਹਾਂ ਤਾਂ ਇਵੇਂ ਹੀ ਹੋਵੇ।” 30 ਅਤੇ ਅੰਨ੍ਹੇ ਆਦਮੀ ਵੇਖਣ ਦੇ ਯੋਗ ਹੋ ਗਏ, ਯਿਸੂ ਨੇ ਉਨ੍ਹਾਂ ਨੂੰ ਸਖਤ ਚੇਤਾਵਨੀ ਦਿੱਤੀ, “ਇਸ ਬਾਰੇ ਕਿਸੇ ਨੂੰ ਨਾ ਦਸਿਓ!” 31 ਪਰ ਉਨ੍ਹਾਂ ਨੇ ਬਾਹਰ ਨਿਕਲ ਕੇ ਸਾਰੇ ਇਲਾਕੇ ਵਿੱਚ ਉਸਦਾ ਜੱਸ ਫ਼ੈਲਾਇਆ।

32 ਉਨ੍ਹਾਂ ਦੋ ਅੰਨ੍ਹੇ ਆਦਮੀਆਂ ਦੇ ਬਾਹਰ ਨਿਕਲਦੇ ਹੀ ਲੋਕ ਇੱਕ ਗੂੰਗੇ ਨੂੰ ਜਿਸ ਨੂੰ ਭੂਤ ਚਿੰਬੜਿਆ ਹੋਇਆ ਸੀ ਉਸ ਦੇ ਕੋਲ ਲਿਆਏ, 33 ਜਦ ਭੂਤ ਨੇ ਆਦਮੀ ਨੂੰ ਛੱਡ ਦਿੱਤਾ, ਤਾਂ ਉਹ ਬੋਲਣ ਯੋਗ ਹੋ ਗਿਆ। ਲੋਕ ਬੜੇ ਹੈਰਾਨ ਸਨ ਅਤੇ ਆਖਿਆ, “ਅਸੀਂ ਇਸਰਾਏਲ ਵਿੱਚ ਇਸ ਤਰ੍ਹਾਂ ਕਦੀ ਵੀ ਨਹੀਂ ਵੇਖਿਆ।”

34 ਪਰ ਫ਼ਰੀਸੀਆਂ ਨੇ ਕਿਹਾ, “ਉਹ ਤਾਂ ਭੂਤਾਂ ਦੇ ਆਗੂ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹੈ।”

ਯਿਸੂ ਨੇ ਲੋਕਾਂ ਲਈ ਤਰਸ ਮਹਿਸੂਸ ਕੀਤਾ

35 ਯਿਸੂ ਨੇ ਸਾਰੇ ਪਿੰਡਾਂ ਅਤੇ ਨਗਰਾਂ ਰਾਹੀਂ ਯਾਤਰਾ ਕੀਤੀ। ਉਸ ਨੇ ਉਨ੍ਹਾਂ ਦੇ ਪ੍ਰਾਰਥਨਾ ਸਥਾਨਾਂ ਵਿੱਚ ਉਪਦੇਸ਼ ਦਿੱਤੇ ਅਤੇ ਰਾਜ ਬਾਰੇ ਲੋਕਾਂ ਵਿੱਚ ਖੁਸ਼ਖਬਰੀ ਦਾ ਪ੍ਰਚਾਰ ਕੀਤਾ। ਉਸ ਨੇ ਹਰ ਤਰ੍ਹਾਂ ਦੇ ਰੋਗਾਂ ਅਤੇ ਬਿਮਾਰੀਆਂ ਨੂੰ ਚੰਗਾ ਕੀਤਾ। 36 ਜਦੋਂ ਉਸ ਨੇ ਭੀੜਾਂ ਵੇਖੀਆਂ ਤਾਂ ਉਸ ਨੂੰ ਉਨ੍ਹਾਂ ਉੱਤੇ ਤਰਸ ਆਇਆ ਕਿਉਂਕਿ ਲੋਕ ਥੱਕੇ ਹੋਏ ਅਤੇ ਲਾਚਾਰ ਸਨ। ਉਹ ਉਨ੍ਹਾਂ ਭੇਡਾਂ ਵਾਂਗ ਸਨ ਜਿਨ੍ਹਾਂ ਦਾ ਕੋਈ ਆਜੜੀ ਨਾ ਹੋਵੇ। 37 ਫ਼ਿਰ ਯਿਸੂ ਨੇ ਆਪਣੇ ਚੇਲਿਆਂ ਨੂੰ ਆਖਿਆ, “ਖੇਤੀ ਪੱਕੀ ਹੋਈ ਹੈ ਪਰ ਵਾਢੇ ਥੋੜੇ ਹਨ। 38 ਇਸ ਲਈ ਤੁਸੀਂ ਖੇਤੀ ਦੇ ਮਾਲਕ ਅੱਗੇ ਬੇਨਤੀ ਕਰੋ ਕਿ ਉਹ ਆਪਣੀ ਖੇਤੀ ਵੱਢਣ ਲਈ ਵਾਢੇ ਘੱਲ ਦੇਵੇ।”

ਬਾਰ੍ਹਾਂ ਰਸੂਲ(Y)

10 ਯਿਸੂ ਨੇ ਆਪਣੇ ਬਾਰ੍ਹਾਂ ਚੇਲਿਆਂ ਨੂੰ ਸੱਦਿਆ। ਉਸ ਨੇ ਉਨ੍ਹਾਂ ਨੂੰ ਭ੍ਰਿਸ਼ਟ ਆਤਮਾਵਾਂ ਕੱਢਣ ਦੀ ਸ਼ਕਤੀ ਦਿੱਤੀ। ਉਸ ਨੇ ਉਨ੍ਹਾਂ ਨੂੰ ਹਰ-ਤਰ੍ਹਾਂ ਦੇ ਰੋਗ ਅਤੇ ਬਿਮਾਰੀ ਨੂੰ ਚੰਗਿਆਂ ਕਰਨ ਦੀ ਸ਼ਕਤੀ ਦਿੱਤੀ। ਬਾਰ੍ਹਾਂ ਰਸੂਲਾਂ ਦੇ ਨਾਮ ਇਉਂ ਹਨ:

ਸ਼ਮਊਨ ਜਿਹੜਾ ਪਤਰਸ ਕਹਾਉਂਦਾ ਹੈ,

ਅਤੇ ਉਸਦਾ ਭਰਾ ਅੰਦ੍ਰਿਯਾਸ;

ਜ਼ਬਦੀ ਦਾ ਪੁੱਤਰ ਯਾਕੂਬ

ਅਤੇ ਉਸਦਾ ਭਰਾ ਯੂਹੰਨਾ;

ਫ਼ਿਲਿਪੁਸ

ਅਤੇ ਬਰਤੁਲਮਈ;

ਥੋਮਾ

ਅਤੇ ਮੱਤੀ ਮਸੂਲੀਆ,

ਹਲਫਈ ਦਾ ਪੁੱਤਰ ਯਾਕੂਬ

ਅਤੇ ਥੱਦਈ;

ਸ਼ਮਊਨ ਕਨਾਨੀ [i]

ਅਤੇ ਯਹੂਦਾ ਇਸੱਕਰਿਯੋਤੀ ਜਿਸਨੇ ਉਸ ਨੂੰ ਫੜਵਾ ਵੀ ਦਿੱਤਾ।

ਯਿਸੂ ਨੇ ਬਾਰ੍ਹਾਂ ਰਸੂਲਾਂ ਨੂੰ ਇਹ ਹਿਦਾਇਤਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਭੇਜ ਦਿੱਤਾ। ਉਸ ਨੇ ਆਖਿਆ, “ਗੈਰ-ਯਹੂਦੀਆਂ ਦੇ ਇਲਾਕੇ ਨੂੰ ਨਾ ਜਾਣਾ ਅਤੇ ਸਾਮਰੀਆ ਦੇ ਕਿਸੇ ਵੀ ਨਗਰ ਵਿੱਚ ਪ੍ਰਵੇਸ਼ ਨਾ ਕਰਨਾ। ਸਗੋਂ ਇਸਰਾਏਲ ਦੇ ਘਰਾਣੇ ਦੀਆਂ ਗੁਆਚੀਆਂ ਹੋਈਆਂ ਭੇਡਾਂ ਕੋਲ ਜਾਓ। ਜਾਓ ਅਤੇ ਪ੍ਰਚਾਰ ਕਰੋ ‘ਸਵਰਗ ਦਾ ਰਾਜ ਨੇੜੇ ਆ ਰਿਹਾ ਹੈ।’ ਰੋਗੀਆਂ ਨੂੰ ਚੰਗਾ ਕਰੋ, ਮੁਰਦਿਆਂ ਨੂੰ ਜਿਉਂਦਿਆਂ ਕਰੋ, ਕੋੜ੍ਹੀਆਂ ਨੂੰ ਸ਼ੁੱਧ ਕਰੋ, ਭੂਤਾਂ ਨੂੰ ਕੱਢੋ। ਮੈਂ ਇਹ ਅਧਿਕਾਰ ਤੁਹਾਨੂੰ ਮੁਫ਼ਤ ਦਿੱਤਾ ਹੈ, ਇਸ ਲਈ ਤੁਸੀਂ ਵੀ ਹੋਰਾਂ ਲੋਕਾਂ ਦੀ ਮੁਫ਼ਤ ਮਦਦ ਕਰੋ। ਆਪਣੇ ਕਮਰ ਕਸਿਆਂ ਵਿੱਚ ਸੋਨਾ, ਚਾਂਦੀ ਨਾ ਤਾਂਬਾ ਕੁਝ ਵੀ ਨਾ ਲਿਓ। 10 ਨਾ ਹੀ ਆਪਣੇ ਨਾਲ ਕੋਈ ਝੋਲਾ ਚੁੱਕੋ। ਆਪਣੇ ਸਫ਼ਰ ਵਿੱਚ ਸਿਰਫ਼ ਉਹੀ ਕੱਪੜੇ ਅਤੇ ਉਹੀ ਜੁੱਤੀ ਲਿਓ ਜਿਹੜੀ ਤੁਸੀਂ ਪਾਈ ਹੋਈ ਹੈ। ਨਾ ਹੀ ਤੁਸੀਂ ਆਪਣੇ ਨਾਲ ਲਾਠੀ ਲੈਣੀ ਹੈ। ਇੱਕ ਕਾਮੇ ਨੂੰ ਹੱਕ ਹੈ ਕਿ ਜੋ ਉਸ ਨੂੰ ਚਾਹੀਦਾ ਲੈ ਸੱਕਦਾ ਹੈ।

11 “ਜਦ ਤੁਸੀਂ ਕਿਸੇ ਨਗਰ ਜਾਂ ਸ਼ਹਿਰ ਵਿੱਚ ਵੜੋ ਤਾਂ ਇਹ ਪੁੱਛੋ ਕਿ ਇੱਥੇ ਲਾਇੱਕ ਮਨੁੱਖ ਕੌਣ ਹੈ। ਅਤੇ ਜਿੰਨਾ ਚਿਰ ਕਿਤੇ ਹੋਰ ਨਾ ਜਾਵੋ ਉੱਥੇ ਹੀ ਠਹਿਰੇ ਰਹੋ। 12 ਅਤੇ ਉਸ ਘਰ ਵਿੱਚ ਵੜਦਿਆਂ ਹੀ ਉਸਦੀ ਸੁੱਖ ਮੰਗੋ। 13 ਜੇਕਰ ਉਸ ਘਰ ਦੇ ਲੋਕ ਤੁਹਾਡਾ ਸੁਆਗਤ ਕਰਦੇ ਹਨ, ਤਾਂ ਉਹ ਤੁਹਾਡੀ ਸ਼ਾਂਤੀ ਦੇ ਲਾਇੱਕ ਹਨ। ਜੋ ਸ਼ਾਂਤੀ ਤੁਸੀਂ ਉਨ੍ਹਾਂ ਲਈ ਚਾਹੀ ਉਹ ਉਨ੍ਹਾਂ ਦੀ ਹੋਵੇ। ਪਰ ਜੇਕਰ ਉਹ ਤੁਹਾਡਾ ਸੁਆਗਤ ਨਹੀਂ ਕਰਦੇ ਉਹ ਤੁਹਾਡੀ ਸ਼ਾਂਤੀ ਦੇ ਲਾਇੱਕ ਨਹੀਂ ਹਨ। ਤਾਂ ਜੋ ਸ਼ਾਂਤੀ ਤੁਸੀਂ ਉਨ੍ਹਾਂ ਨੂੰ ਬਖਸ਼ੀ ਉਹ ਵਾਪਸ ਲੈ ਲਵੋ। 14 ਜੇਕਰ ਕੋਈ ਘਰ ਜਾਂ ਸ਼ਹਿਰ ਤੁਹਾਡਾ ਸੁਆਗਤ ਨਾ ਕਰੇ, ਅਤੇ ਤੁਹਾਡੇ ਸ਼ਬਦਾਂ ਵੱਲ ਧਿਆਨ ਨਾ ਦੇਵੇ, ਤਾਂ ਜਦੋਂ ਤੁਸੀਂ ਉਹ ਜਗ੍ਹਾ ਛੱਡੋਂ ਤਾਂ ਆਪਣੇ ਪੈਰਾਂ ਦੀ ਧੂੜ ਝਾੜ ਸੁੱਟੋ। 15 ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਨਿਆਂ ਦੇ ਦਿਨ ਉਸ ਨਗਰ ਦਾ ਹਾਲ ਸਦੂਮ ਅਤੇ ਅਮੂਰਾਹ [j] ਦੇ ਦੇਸ਼ ਨਾਲੋਂ ਵੀ ਭਿਆਨਕ ਹੋਵੇਗਾ।

ਯਿਸੂ ਦਾ ਮੁਸ਼ਕਲਾਂ ਬਾਰੇ ਖਬਰਦਾਰ ਕਰਨਾ(Z)

16 “ਸੁਣੋ! ਮੈਂ ਤੁਹਾਨੂੰ ਭੇਡਾਂ ਵਾਂਗ ਬਘਿਆੜਾਂ ਵਿੱਚ ਭੇਜਦਾ ਹਾਂ। ਸੋ ਤੁਸੀਂ ਸਪਾਂ ਵਰਗੇ ਹੁਸ਼ਿਆਰ ਅਤੇ ਕਬੂਤਰਾਂ ਵਰਗੇ ਭੋਲੇ ਹੋਵੋ। 17 ਲੋਕਾਂ ਤੋਂ ਹੋਸ਼ਿਆਰ ਰਹੋ, ਕਿਉਂਕਿ ਉਹ ਤੁਹਾਨੂੰ ਕੈਦ ਕਰਕੇ ਤੁਹਾਡਾ ਨਿਰਨਾ ਕਰਨਗੇ ਅਤੇ ਆਪਣੇ ਪ੍ਰਾਰਥਨਾ ਸਥਾਨਾਂ ਵਿੱਚ ਤੁਹਾਨੂੰ ਕੋੜੇ ਮਾਰਨਗੇ। 18 ਤੁਸੀਂ ਮੇਰੇ ਕਾਰਣ ਰਾਜਪਾਲਾਂ ਅਤੇ ਰਾਜਿਆਂ ਦੇ ਅੱਗੇ ਪੇਸ਼ ਕੀਤੇ ਜਾਵੋਗੇ। ਤੁਸੀਂ ਮੇਰੇ ਬਾਰੇ ਉਨ੍ਹਾਂ ਰਾਜਿਆਂ, ਰਾਜਪਾਲਾਂ ਅਤੇ ਲੋਕਾਂ ਨੂੰ ਦੱਸੋਂਗੇ ਜਿਹੜੇ ਗੈਰ-ਯਹੂਦੀ ਹਨ। 19 ਪਰ ਜਦੋਂ ਲੋਕ ਤੁਹਾਨੂੰ ਗਿਰਫ਼ਤਾਰ ਕਰਨ, ਤਾਂ ਇਹ ਚਿੰਤਾ ਨਾ ਕਰੋ ਕਿ ਇਸ ਬਾਰੇ ਕੀ ਆਖੀਏ ਅਤੇ ਉਨ੍ਹਾਂ ਨੂੰ ਕਿਵੇਂ ਦੱਸੀਏ। ਕਿਉਂਕਿ ਜਿਹੜੇ ਤੁਹਾਨੂੰ ਸ਼ਬਦ ਆਖਣੇ ਚਾਹੀਦੇ ਹਨ ਉਹ ਉਸੇ ਘੜੀ ਤੁਹਾਨੂੰ ਦਿੱਤੇ ਜਾਣਗੇ। 20 ਕਿਉਂਕਿ ਬੋਲਣ ਵਾਲੇ ਤੁਸੀਂ ਨਹੀਂ ਹੋਵੋਂਗੇ, ਸਗੋਂ ਤੁਹਾਡੇ ਪਿਤਾ ਦਾ ਆਤਮਾ ਤੁਹਾਡੇ ਰਾਹੀਂ ਬੋਲ ਰਿਹਾ ਹੋਵੇਗਾ।

21 “ਭਰਾ ਆਪਣੇ ਭਰਾਵਾਂ ਦੇ ਵੈਰੀ ਬਣ ਜਾਣਗੇ ਅਤੇ ਉਨ੍ਹਾਂ ਨੂੰ ਮਰਵਾਉਣ ਵਾਸਤੇ ਗਿਰਫ਼ਤਾਰ ਕਰਾਉਣਗੇ। ਪਿਤਾ ਅਪਣੇ ਬੱਚਿਆਂ ਦੇ ਵਿਰੁੱਧ ਖੜ੍ਹੇ ਹੋ ਜਾਣਗੇ ਅਤੇ ਬੱਚੇ ਆਪਣੇ ਮਾਪਿਆਂ ਦੇ ਖਿਲਾਫ਼ ਖੜ੍ਹੇ ਹੋ ਜਾਣਗੇ ਅਤੇ ਉਹ ਉਨ੍ਹਾਂ ਨੂੰ ਮਾਰਨ ਵਾਸਤੇ ਸੌਂਪ ਦੇਣਗੇ। 22 ਮੇਰੇ ਨਾਮ ਕਾਰਣ ਸਭ ਲੋਕ ਤੁਹਾਨੂੰ ਨਫ਼ਰਤ ਕਰਨਗੇ। ਜਿਹੜਾ ਅੰਤ ਤੀਕ ਸਹੇਗਾ ਸੋ ਹੀ ਬਚਾਇਆ ਜਾਵੇਗਾ। 23 ਜੇਕਰ ਇੱਕ ਨਗਰ ਵਿੱਚ ਲੋਕ ਤੁਹਾਨੂੰ ਕਸ਼ਟ ਦੇਣ ਤਾਂ, ਦੂਸਰੇ ਨਗਰ ਵਿੱਚ ਚੱਲੇ ਜਾਓ। ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਤੁਸੀਂ ਮਨੁੱਖ ਦੇ ਪੁੱਤਰ ਦੇ ਆਉਣ ਤੋਂ ਪਹਿਲਾਂ ਇਸਰਾਏਲ ਦੇ ਸਾਰੇ ਨਗਰਾਂ ਵਿੱਚ ਨਹੀਂ ਜਾਵੋਂਗੇ।

24 “ਕੋਈ ਵੀ ਚੇਲਾ ਆਪਣੇ ਗੁਰੂ ਨਾਲੋਂ ਵੱਡਾ ਨਹੀਂ, ਅਤੇ ਕੋਈ ਨੌਕਰ ਆਪਣੇ ਮਾਲਕ ਨਾਲੋਂ ਵੱਡਾ ਨਹੀਂ 25 ਇੰਨਾ ਹੀ ਬਹੁਤ ਹੈ ਕਿ ਚੇਲਾ ਆਪਣੇ ਗੁਰੂ ਜਿਹਾ ਅਤੇ ਨੌਕਰ ਆਪਣੇ ਮਾਲਕ ਜਿਹਾ ਹੋਵੇ। ਜੇਕਰ ਘਰ ਦੇ ‘ਮਾਲਕ ਨੂੰ ਬਆਲ-ਜ਼ਬੂਲ’ (ਸ਼ੈਤਾਨ) ਆਖਿਆ ਜਾਂਦਾ, ਤਾਂ ਘਰ ਦੇ ਬਾਕੀ ਲੋਕਾਂ ਨੂੰ ਇਸਤੋਂ ਵੀ ਬੱਦਤਰ ਨਾਂ ਨਾਲ ਸੱਦਿਆ ਜਾਵੇਗਾ।

ਪਰਮੇਸ਼ੁਰ ਤੋਂ ਡਰੋ ਲੋਕਾਂ ਤੋਂ ਨਹੀਂ(AA)

26 “ਸੋ ਤੁਸੀਂ ਉਨ੍ਹਾਂ ਕੋਲੋਂ ਨਾ ਡਰੋ, ਕਿਉਂਕਿ ਕੋਈ ਚੀਜ਼ ਲੁਕੀ ਨਹੀਂ ਹੈ। ਜਿਹੜੀ ਪਰਗਟ ਨਹੀਂ ਕੀਤੀ ਜਾਵੇਗੀ, ਨਾਹੀ ਕੁਝ ਗੁਪਤ ਹੈ ਜੋ ਜਾਣਿਆ ਨਹੀਂ ਜਾਵੇਗਾ। 27 ਜੋ ਕੁਝ ਵੀ ਮੈਂ ਤੁਹਾਨੂੰ ਹਨੇਰੇ ਵਿੱਚ ਆਖ ਰਿਹਾ ਹਾਂ ਤੁਸੀਂ ਉਸ ਨੂੰ ਚਾਨਣ ਵਿੱਚ ਆਖੋ ਅਤੇ ਜੋ ਕੁਝ ਵੀ ਤੁਸੀਂ ਕੰਨਾਂ ਨਾਲ ਸੁਣਦੇ ਹੋਂ ਉਸਦਾ ਖੁੱਲੇਆਮ ਪ੍ਰਚਾਰ ਕਰੋ।

28 “ਉਨ੍ਹਾਂ ਕੋਲੋਂ ਨਾ ਡਰੋ ਜਿਹੜੇ ਦੇਹ ਨੂੰ ਤਾਂ ਮਾਰ ਸੁੱਟਦੇ ਹਨ ਪਰ ਰੂਹ ਨੂੰ ਨਹੀਂ ਮਾਰ ਸੱਕਦੇ, ਸਗੋਂ ਉਸੇ ਕੋਲੋਂ ਡਰੋ ਜਿਹੜਾ ਦੇਹ ਅਤੇ ਰੂਹ ਦੋਹਾਂ ਨੂੰ ਨਰਕ ਵਿੱਚ ਨਸ਼ਟ ਕਰ ਸੱਕਦਾ ਹੈ। 29 ਇੱਕ ਪੈਸੇ ਨੂੰ ਦੀਆਂ ਦੋ ਚਿੜੀਆਂ ਵਿਕਦੀਆਂ ਹਨ ਅਤੇ ਉਨ੍ਹਾਂ ਵਿੱਚੋਂ ਇੱਕ ਵੀ ਤੁਹਾਡੇ ਪਿਤਾ ਦੀ ਮਰਜ਼ੀ ਬਿਨਾਂ ਖਤਮ ਨਹੀਂ ਹੋ ਸੱਕਦੀ। 30 ਅਤੇ ਤੁਹਾਡੇ ਸਿਰ ਦੇ ਵਾਲ ਵੀ ਗਿਣੇ ਜਾਂਦੇ ਹਨ। 31 ਸੋ ਤੁਸੀਂ ਨਾ ਡਰੋ! ਤੁਸੀਂ ਬਹੁਤੀਆਂ ਚਿੜੀਆਂ ਨਾਲੋਂ ਵੱਧ ਉੱਤਮ ਹੋ।

ਲੋਕਾਂ ਨੂੰ ਤੁਹਾਡੇ ਵਿਸ਼ਵਾਸ ਬਾਰੇ ਦੱਸਣਾ(AB)

32 “ਜੋ ਕੋਈ ਮਨੁੱਖ ਲੋਕਾਂ ਨੂੰ ਦੱਸਦਾ ਹੈ ਕਿ ਉਹ ਮੇਰੇ ਵਿੱਚ ਵਿਸ਼ਵਾਸ ਕਰਦਾ ਹੈ, ਮੈਂ ਵੀ ਆਪਣੇ ਪਿਤਾ ਅੱਗੇ ਜਿਹੜਾ ਸਵਰਗ ਵਿੱਚ ਹੈ ਦੱਸਾਂਗਾ ਕਿ ਉਹ ਵਿਅਕਤੀ ਮੇਰੇ ਨਾਲ ਸੰਬੰਧਿਤ ਹੈ। 33 ਪਰ ਜੋ ਕੋਈ ਮਨੁੱਖ ਲੋਕਾਂ ਨੂੰ ਦੱਸਦਾ ਹੈ ਕਿ ਉਹ ਮੇਰੇ ਵਿੱਚ ਵਿਸ਼ਵਾਸ ਨਹੀਂ ਕਰਦਾ ਤਾਂ ਮੈਂ ਵੀ ਆਪਣੇ ਪਿਤਾ ਦੇ ਅੱਗੇ ਜਿਹੜਾ ਸਵਰਗ ਵਿੱਚ ਹੈ ਉਸਦਾ ਇਕਰਾਰ ਨਹੀਂ ਕਰਾਂਗਾ।

ਮੈਂ ਤੁਹਾਨੂੰ ਤਲਵਾਰ ਦੇਣ ਆਇਆ ਹਾਂ(AC)

34 “ਇਹ ਨਾ ਸੋਚੋ ਕਿ ਮੈਂ ਧਰਤੀ ਉੱਤੇ ਤੁਹਾਨੂੰ ਸ਼ਾਂਤੀ ਦੇਣ ਆਇਆ ਹਾਂ। ਮੈਂ ਸ਼ਾਂਤੀ ਦੇਣ ਨਹੀਂ, ਸਗੋਂ ਤਲਵਾਰ ਦੇਣ ਲਈ ਆਇਆ ਹਾਂ। 35-36 ਕਿਉਂਕਿ ਮੈਂ ਇਹ ਪੂਰਨ ਕਰਨ ਵਾਸਤੇ ਆਇਆ ਹਾਂ:

‘ਮਨੁੱਖ ਦੇ ਵੈਰੀ ਉਸ ਦੇ ਆਪਣੇ ਘਰ ਦੇ ਜੀਅ ਹੋਣਗੇ।
    ਪੁੱਤਰ ਆਪਣੇ ਪਿਓ ਦੇ ਵਿਰੁੱਧ ਹੋਵੇਗਾ
ਅਤੇ ਧੀ ਆਪਣੀ ਮਾਂ ਦੇ ਵਿਰੁੱਧ ਹੋਵੇਗੀ।
    ਅਤੇ ਇੱਕ ਨੂੰਹ ਆਪਣੀ ਸੱਸ ਦੇ ਵਿਰੁੱਧ ਹੋਵੇਗੀ।’ (AD)

37 “ਜੋ ਵਿਅਕਤੀ ਪਿਉ ਜਾਂ ਮਾਂ ਨੂੰ ਮੇਰੇ ਨਾਲੋਂ ਵੱਧ ਪਿਆਰ ਕਰਦਾ ਹੈ, ਉਹ ਮੇਰੇ ਮਗਰ ਚੱਲਣ ਦੇ ਲਾਇੱਕ ਨਹੀਂ ਹੈ। 38 ਜੇਕਰ ਕੋਈ ਵਿਅਕਤੀ ਆਪਣੀ ਸਲੀਬ ਨੂੰ ਕਬੂਲ ਨਹੀਂ ਕਰੇਗਾ ਉਹ ਉਸ ਨੂੰ ਤਦ ਦਿੱਤੀ ਜਾਵੇਗੀ ਜਦ ਉਹ ਮੇਰੇ ਮਗਰ ਤੁਰੇਗਾ। 39 ਜੇਕਰ ਕੋਈ ਵਿਅਕਤੀ ਆਪਣੀ ਪਤਨੀ ਨੂੰ ਮੇਰੇ ਨਾਲੋਂ ਵੱਧ ਪਿਆਰ ਕਰਦਾ ਹੈ, ਉਹ ਸੱਚਾ ਜੀਵਨ ਗੁਆ ਲਵੇਗਾ। ਜੋ ਕੋਈ ਵੀ ਮੇਰੇ ਲਈ ਆਪਣੀ ਜਾਨ ਦੇਵੇਗਾ ਸੱਚਾ ਜੀਵਨ ਲੱਭ ਲਵੇਗਾ।

ਤੁਹਾਨੂੰ ਕਬੂਲਣ ਵਾਸਤੇ ਪਰਮੇਸ਼ੁਰ ਲੋਕਾਂ ਨੂੰ ਅਸੀਸਾਂ ਦੇਵੇਗਾ(AE)

40 “ਜੋ ਕੋਈ ਤੁਹਾਨੂੰ ਕਬੂਲਦਾ ਹੈ ਉਹ ਮੈਨੂੰ ਕਬੂਲਦਾ ਹੈ, ਅਤੇ ਜੋ ਕੋਈ ਮੈਨੂੰ ਕਬੂਲਦਾ ਹੈ ਉਹ ਉਸ ਨੂੰ ਕਬੂਲ ਕਰਦਾ ਹੈ ਜਿਸਨੇ ਮੈਨੂੰ ਭੇਜਿਆ ਹੈ। 41 ਜੇਕਰ ਕੋਈ ਕਿਸੇ ਨਬੀ ਨੂੰ ਇਸ ਕਰਕੇ ਕਬੂਲਦਾ ਹੈ ਕਿ ਉਹ ਨਬੀ ਹੈ ਤਾਂ, ਉਹ ਉਸਦਾ ਫ਼ਲ ਪ੍ਰਾਪਤ ਕਰੇਗਾ ਜੋ ਇੱਕ ਨਬੀ ਦਾ ਹੁੰਦਾ ਹੈ। ਅਤੇ ਜੋ ਕੋਈ ਚੰਗੇ ਆਦਮੀ ਨੂੰ ਇਸ ਲਈ ਕਬੂਲਦਾ ਹੈ ਕਿਉਂਕਿ ਉਹ ਇੱਕ ਚੰਗਾ ਆਦਮੀ ਹੈ, ਤਾਂ ਉਹ ਉਸਦਾ ਫ਼ਲ ਪ੍ਰਾਪਤ ਕਰੇਗਾ ਜੋ ਇੱਕ ਚੰਗੇ ਆਦਮੀ ਦਾ ਹੁੰਦਾ ਹੈ। 42 ਇਹ ਛੋਟੇ ਬੱਚੇ ਮੇਰੇ ਚੇਲੇ ਹਨ। ਜੇਕਰ ਕੋਈ ਇਨ੍ਹਾਂ ਛੋਟਿਆਂ ਵਿੱਚੋਂ ਕਿਸੇ ਇੱਕ ਨੂੰ ਵੀ ਇਹ ਸੋਚਕੇ ਇੱਕ ਠੰਡੇ ਪਾਣੀ ਦਾ ਪਿਆਲਾ ਦਿੰਦਾ ਹੈ ਕਿਉਂ ਜੋ ਉਹ ਮੇਰੇ ਚੇਲੇ ਹਨ, ਤਾਂ ਸੱਚਮੁੱਚ ਮੈਂ ਤੁਹਾਨੂੰ ਦੱਸਦਾ ਹਾਂ ਕਿ, ਉਹ ਆਪਣਾ ਫ਼ਲ ਪ੍ਰਾਪਤ ਕਰੇਗਾ।”

ਯਿਸੂ ਅਤੇ ਯੂਹੰਨਾ ਬਪਤਿਸਮਾ ਦੇਣ ਵਾਲਾ(AF)

11 ਆਪਣੇ ਬਾਰ੍ਹਾਂ ਚੇਲਿਆਂ ਨੂੰ ਹਿਦਾਇਤਾਂ ਦੇਣ ਤੋਂ ਬਾਅਦ, ਯਿਸੂ ਨੇ ਉਹ ਥਾਂ ਛੱਡ ਦਿੱਤੀ ਅਤੇ ਗਲੀਲੀ ਦੇ ਨਗਰਾਂ ਵਿੱਚ ਉਪਦੇਸ਼ ਦੇਣ ਅਤੇ ਪ੍ਰਚਾਰ ਕਰਨ ਲਈ ਚੱਲਿਆ ਗਿਆ।

ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਕੈਦਖਾਨੇ ਵਿੱਚ ਮਸੀਹ ਦੇ ਕੰਮਾਂ ਬਾਰੇ ਸੁਣਕੇ ਆਪਣੇ ਕੁਝ ਚੇਲਿਆਂ ਨੂੰ ਉਸ ਵੱਲ ਭੇਜਿਆ। ਯੂਹੰਨਾ ਦੇ ਚੇਲਿਆਂ ਨੇ ਯਿਸੂ ਨੂੰ ਆਖਿਆ, “ਕੀ ਤੂੰ ਉਹੀ ਵਿਅਕਤੀ ਹੈਂ ਜਿਸ ਬਾਰੇ ਯੂਹੰਨਾ ਨੇ ਕਿਹਾ ਸੀ ਕਿ ਆਉਣ ਵਾਲਾ ਹੈ, ਜਾਂ ਫ਼ਿਰ ਸਾਨੂੰ ਕਿਸੇ ਹੋਰ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ?”

ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਜੋ ਕੁਝ ਤੁਸੀਂ ਸੁਣਦੇ ਅਤੇ ਵੇਖਦੇ ਹੋ ਜਾਕੇ ਯੂਹੰਨਾ ਨੂੰ ਆਖ ਦੇਣਾ, ਕਿ ਅੰਨ੍ਹੇ ਸੁਜਾਖੇ ਹੁੰਦੇ ਹਨ ਅਤੇ ਲੰਗੜ੍ਹੇ ਤੁਰਦੇ ਹਨ, ਕੋੜ੍ਹੀ ਸ਼ੁੱਧ ਕੀਤੇ ਜਾਂਦੇ ਹਨ, ਬੋਲੇ ਸੁਣਦੇ ਹਨ ਅਤੇ ਮੁਰਦੇ ਜਿਵਾਏ ਜਾਂਦੇ ਹਨ ਅਤੇ ਗਰੀਬਾਂ ਨੂੰ ਖੁਸ਼ਖਬਰੀ ਸੁਣਾਈ ਜਾਂਦੀ ਹੈ। ਜਿਹੜਾ ਵਿਅਕਤੀ ਮੈਨੂੰ ਕਬੂਲਦਾ ਹੈ ਉਹ ਧੰਨ ਹੈ।”

ਯਿਸੂ ਨੇ ਯੂਹੰਨਾ ਬਾਰੇ ਲੋਕਾਂ ਨਾਲ ਗੱਲ ਕਰਨੀ ਸ਼ੁਰੂ ਕੀਤੀ, “ਤੁਸੀਂ ਬਾਹਰ ਉਜਾੜ ਵਿੱਚ ਕੀ ਵੇਖਣ ਨਿਕਲੇ ਸੀ? ਇੱਕ ਕਾਨੇ ਨੂੰ ਜਿਹੜਾ ਹਵਾ ਨਾਲ ਹਿੱਲਦਾ ਹੈ? ਨਹੀਂ! ਸੱਚਮੁੱਚ ਤੁਸੀਂ ਕੀ ਵੇਖਣ ਲਈ ਬਾਹਰ ਨਿਕਲੇ ਸੀ? ਕੀ ਮਹੀਨ ਵਸਤਰ ਪਹਿਨੇ ਹੋਏ ਇੱਕ ਮਨੁੱਖ ਨੂੰ ਵੇਖਣ? ਨਹੀਂ! ਉਹ ਜਿਹੜੇ ਮਹੀਨ ਵਸਤਰ ਪਹਿਨਦੇ ਹਨ ਉਹ ਰਾਜਿਆਂ ਦੇ ਮਹਿਲਾਂ ਵਿੱਚ ਹਨ। ਫ਼ੇਰ ਤੁਸੀਂ ਬਾਹਰ ਕੀ ਵੇਖਣ ਲਈ ਨਿਕਲੇ ਸੀ? ਇੱਕ ਨਬੀ ਨੂੰ? ਹਾਂ ਮੈਂ ਤੁਹਾਨੂੰ ਦੱਸਦਾ ਹਾਂ, ਯੂਹੰਨਾ ਨਬੀ ਨਾਲੋਂ ਵੀ ਵੱਧੇਰੇ ਹੈ। 10 ਇਹ ਓਹੋ ਹੈ ਜਿਸਦੇ ਬਾਰੇ ਪੋਥੀਆਂ ਵਿੱਚ ਇਹ ਲਿਖਿਆ ਹੋਇਆ ਹੈ:

‘ਸੁਣੋ! ਮੈਂ ਤੁਹਾਡੇ ਅੱਗੇ ਆਪਣਾ ਦੂਤ ਘੱਲ ਰਿਹਾ ਹਾਂ ਜਿਹੜਾ ਕਿ
    ਤੁਹਾਡੇ ਲਈ ਤੁਹਾਡਾ ਰਾਹ ਤਿਆਰ ਕਰੇਗਾ।’ (AG)

11 “ਮੈਂ ਤੁਹਾਨੂੰ ਸੱਚ ਦੱਸਦਾ ਹਾਂ: ਸਾਰੇ ਆਦਮੀਆਂ ਵਿੱਚੋਂ, ਜਿਹੜੇ ਔਰਤਾਂ ਤੋਂ ਜੰਮੇ ਹਨ, ਕੋਈ ਵੀ ਯੂਹੰਨਾ ਬਪਤਿਸਮਾ ਦੇਣ ਵਾਲੇ ਤੋਂ ਵੱਡਾ ਨਹੀਂ ਹੈ। ਪਰ ਹਾਲੇ ਵੀ, ਜੋ ਸਵਰਗ ਦੇ ਰਾਜ ਵਿੱਚ ਛੋਟਾ ਹੈ ਉਹ ਯੂਹੰਨਾ ਤੋਂ ਵੱਡਾ ਹੈ। 12 ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਦਿਨਾਂ ਤੋਂ ਹੁਣ ਤੀਕ ਸਵਰਗ ਦੇ ਰਾਜ ਉੱਤੇ ਜੋਰ ਮਾਰਿਆ ਜਾਂਦਾ ਹੈ। ਜਿਹੜੇ ਬਲ ਦਾ ਉਪਯੋਗ ਕਰਦੇ ਹਨ ਇਸ ਨੂੰ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। 13 ਕਿਉਂ ਜੋ ਸਾਰੇ ਨਬੀ ਅਤੇ ਤੁਰੇਤ ਯੂਹੰਨਾ ਦੇ ਆਉਣ ਤੀਕ ਬੋਲੇ। 14 ਜੇਕਰ ਤੁਸੀਂ ਉਹ ਗੱਲਾਂ ਜੋ ਸ਼ਰ੍ਹਾ ਅਤੇ ਨਬੀਆਂ ਨੇ ਆਖੀਆਂ ਹਨ, ਮੰਨੋ ਤਾਂ ਤੁਸੀਂ ਵਿਸ਼ਵਾਸ ਕਰੋਂਗੇ ਕਿ ਯੂਹੰਨਾ ਉਹੀ ਏਲੀਯਾਹ ਹੈ ਜੋ ਆਉਣ ਵਾਲਾ ਸੀ। 15 ਜੇਕਰ ਤੁਸੀਂ ਮੈਨੂੰ ਸੁਣ ਸੱਕਦੇ ਹੋ, ਤਾਂ ਸੁਣੋ।

16 “ਮੈਂ ਇਸ ਪੀੜ੍ਹੀ ਦੇ ਲੋਕਾਂ ਦੀ ਤੁਲਨਾ ਕਿਸ ਨਾਲ ਕਰਾਂ? ਅੱਜ ਦੇ ਲੋਕ ਉਨ੍ਹਾਂ ਬੱਚਿਆਂ ਵਰਗੇ ਹਨ ਜੋ ਕਿ ਬੱਚਿਆਂ ਦਾ ਇੱਕ ਧੜਾ ਬਣਾਕੇ ਬਾਜ਼ਾਰ ਵਿੱਚ ਬੈਠੇ ਦੂਜੇ ਬਾਲਕਾਂ ਦੇ ਧੜੇ ਨੂੰ ਆਵਾਜ਼ ਮਾਰਕੇ ਆਖਦੇ ਹਨ,

17 ‘ਅਸੀਂ ਤੁਹਾਡੇ ਲਈ ਬੰਸਰੀ
    ਵਜਾਈ ਪਰ ਤੁਸੀਂ ਨਾ ਨੱਚੇ।
ਅਸੀਂ ਉਦਾਸ ਗੀਤ ਗਾਇਆ
    ਪਰ ਤੁਸੀਂ ਨਾ ਪਿੱਟਿਆ।’

18 ਮੈਂ ਕਿਉਂ ਕਹਿੰਦਾ ਹਾਂ ਕਿ ਲੋਕ ਇਹੋ ਜਿਹੇ ਹਨ? ਕਿਉਂਕਿ ਯੂਹੰਨਾ ਆਇਆ ਪਰ ਉਸ ਨੇ ਦੂਜੇ ਲੋਕਾਂ ਵਾਂਗ ਨਾ ਖਾਧਾ ਨਾ ਪੀਤਾ, ‘ਅਤੇ ਲੋਕਾਂ ਨੇ ਆਖਿਆ ਕਿ ਉਸ ਦੇ ਅੰਦਰ ਭੂਤ ਹੈ।’ 19 ਮਨੁੱਖ ਦਾ ਪੁੱਤਰ ਖਾਂਦਾ ਪੀਂਦਾ ਆਇਆ ਅਤੇ ਲੋਕ ਆਖਦੇ ਹਨ ਕਿ ਵੇਖੋ ਇੱਕ ਖਾਊ ਅਤੇ ਸ਼ਰਾਬੀ ਮਨੁੱਖ ਮਸੂਲੀਆਂ ਅਤੇ ਪਾਪੀਆਂ ਦਾ ਯਾਰ ਹੈ! ਪਰ ਗਿਆਨ ਖੁਦ ਦੀਆਂ ਕਰਨੀਆਂ ਤੋਂ ਧਰਮੀ ਦਿਖਾਇਆ ਜਾਂਦਾ ਹੈ।”

ਯਿਸੂ ਉਨ੍ਹਾਂ ਨੂੰ ਚੇਤਾਵਨੀ ਦਿੰਦਾ ਜੋ ਵਿਸ਼ਵਾਸ ਨਹੀਂ ਕਰਦੇ(AH)

20 ਯਿਸੂ ਨੇ ਉਨ੍ਹਾਂ ਸ਼ਹਿਰਾਂ ਦੀ ਆਲੋਚਨਾ ਕੀਤੀ ਜਿਨ੍ਹਾਂ ਵਿੱਚ ਉਸ ਨੇ ਬਹੁਤ ਸਾਰੇ ਕਰਿਸ਼ਮੇ ਕੀਤੇ। ਉੱਥੋਂ ਦੇ ਸ਼ਹਿਰਾਂ ਦੇ ਲੋਕਾਂ ਨੇ ਆਪਣੇ ਜੀਵਨ ਢੰਗ ਨਹੀਂ ਬਦਲੇ ਅਤੇ ਨਾਹੀ ਪਾਪ ਕਰਨੇ ਬੰਦ ਕੀਤੇ। 21 ਯਿਸੂ ਨੇ ਕਿਹਾ, “ਤੇਰੇ ਲਈ ਇਹ ਬੁਰਾ ਹੋਵੇਗਾ ਖੁਰਾਜ਼ੀਨ! ਤੇਰੇ ਲਈ ਇਹ ਬੁਰਾ ਹੋਵੇਗਾ ਬੈਤਸੈਦਾ! [k] ਤੁਹਾਡੇ ਵਿੱਚ ਮੈਂ ਬਹੁਤ ਕਰਿਸ਼ਮੇ ਕੀਤੇ। ਜੇਕਰ ਉਹ ਕਰਿਸ਼ਮੇ ਸੂਰ ਅਤੇ ਸੈਦਾ [l] ਵਿੱਚ ਕੀਤੇ ਜਾਂਦੇ, ਤਾਂ ਬਹੁਤ ਪਹਿਲਾਂ ਉਨ੍ਹਾਂ ਲੋਕਾਂ ਨੇ ਆਪਣੇ ਜੀਵਨ ਬਦਲ ਲਏ ਹੁੰਦੇ। 22 ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਨਿਆਂ ਦੇ ਦਿਨ ਤੁਹਾਡੇ ਨਾਲੋਂ ਸੂਰ ਅਤੇ ਸੈਦਾ ਦਾ ਹਾਲ ਪੁੱਛਣ ਜੋਗ ਹੋਵੇਗਾ।

23 “ਹੇ ਕਫ਼ਰਨਾਹੂਮ! ਕੀ ਤੂੰ ਸਵਰਗ ਤੀਕ ਉੱਚਾ ਚੁੱਕਿਆ ਜਾਵੇਂਗਾ? ਨਹੀਂ! ਤੈਨੂੰ ਥੱਲੇ ਮੌਤ ਦੀ ਥਾਵੇਂ ਸੁੱਟਿਆ ਜਾਵੇਗਾ, ਕਿਉਂਕਿ ਜਿਹੜੀਆਂ ਕਰਾਮਾਤਾਂ ਤੇਰੇ ਵਿੱਚ ਵਿਖਾਈਆਂ ਗਈਆਂ ਜੇਕਰ ਉਹੀ ਕਰਾਮਾਤਾਂ ਸਦੂਮ ਵਿੱਚ ਵਿਖਾਈਆਂ ਜਾਂਦੀਆਂ ਤਾਂ ਉਹ ਅੱਜ ਤੀਕ ਬਣਿਆ ਰਹਿੰਦਾ। 24 ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਨਿਆਂ ਦੇ ਦਿਨ ਤੁਹਾਡਾ ਹਾਲ ਸਦੂਮ ਦੇਸ਼ ਨਾਲੋਂ ਮਾੜਾ ਹੋਵੇਗਾ।”

ਯਿਸੂ ਆਪਣੇ ਲੋਕਾਂ ਨੂੰ ਵਿਸ਼ਰਾਮ ਦਿੰਦਾ(AI)

25 ਤਦ ਯਿਸੂ ਨੇ ਆਖਿਆ, “ਹੇ ਪਿਤਾ, ਸਵਰਗ ਅਤੇ ਧਰਤੀ ਦੇ ਪ੍ਰਭੂ, ਮੈਂ ਤੇਰੀ ਉਸਤਤਿ ਕਰਦਾ ਹਾਂ ਅਤੇ ਜੋ ਤੂੰ ਇਨ੍ਹਾਂ ਗੱਲਾਂ ਨੂੰ ਸਿਆਣੇ ਅਤੇ ਚੁਸਤ ਲੋਕਾਂ ਤੋਂ ਗੁਪਤ ਰੱਖਿਆ। ਪਰ ਤੂੰ ਇਹ ਗੱਲਾਂ ਆਮ ਆਦਮੀਆਂ ਨੂੰ ਪ੍ਰਗਟ ਕੀਤੀਆਂ ਹਨ। 26 ਹਾਂ, ਪਿਤਾ! ਤੂੰ ਅਜਿਹਾ ਕੀਤਾ, ਕਿਉਂਕਿ ਸੱਚਮੁੱਚ ਤੂੰ ਇਹੀ ਕਰਨਾ ਚਾਹੁੰਦਾ ਸੀ।

27 “ਸਭ ਕੁਝ ਮੇਰੇ ਪਿਤਾ ਨੇ ਮੈਨੂੰ ਸੌਂਪਿਆ ਹੋਇਆ ਹੈ। ਪਿਤਾ ਤੋਂ ਬਿਨਾ ਪੁੱਤਰ ਨੂੰ ਕੋਈ ਨਹੀਂ ਜਾਣਦਾ ਅਤੇ ਨਾ ਹੀ ਪੁੱਤਰ ਤੋਂ ਬਿਨਾ ਪਿਤਾ ਨੂੰ ਕੋਈ ਜਾਣਦਾ ਹੈ। ਜਿਨ੍ਹਾਂ ਨੂੰ ਪੁੱਤਰ ਪ੍ਰਗਟ ਕਰਨ ਲਈ ਚੁਣੇਗਾ, ਸਿਰਫ਼ ਉਹੀ ਲੋਕ ਪਿਤਾ ਨੂੰ ਜਾਨਣਗੇ।

28 “ਉਹ ਸਾਰੇ ਲੋਕ ਜੋ ਥੱਕੇ ਹੋਏ ਹਨ ਅਤੇ ਜਿਨ੍ਹਾਂ ਨੇ ਭਾਰੀ ਬੋਝ ਚੁੱਕੇ ਹੋਏ ਹਨ ਮੇਰੇ ਕੋਲ ਆਵੋ, ਮੈਂ ਤੁਹਾਨੂੰ ਆਰਾਮ ਦੇਵਾਂਗਾ। 29 ਮੇਰਾ ਜੂਲਾ ਆਪਣੇ ਉੱਤੇ ਚੁੱਕੋ ਅਤੇ ਮੈਥੋਂ ਸਿਖੋ, ਕਿਉਂਕਿ ਮੈਂ ਕੋਮਲ ਅਤੇ ਨਿਮ੍ਰ ਦਿਲ ਹਾ। ਇਉਂ, ਤੁਸੀਂ ਆਪਣੇ ਆਤਮਾ ਅੰਦਰ ਵਿਸ਼ਰਾਮ ਮਹਿਸੂਸ ਕਰੋਂਗੇ। 30 ਕਿਉਂਕਿ ਮੇਰਾ ਜੂਲਾ ਸੁਖਾਲਾ ਹੈ ਅਤੇ ਜੋ ਬੋਝ ਮੈਂ ਤੁਹਾਨੂੰ ਦਿੰਦਾ ਹਾਂ ਉਹ ਹੌਲਾ ਹੈ।”

ਕੁਝ ਯਹੂਦੀਆਂ ਵੱਲੋਂ ਯਿਸੂ ਦੀ ਨਿੰਦਿਆ(AJ)

12 ਉਸ ਵੇਲੇ, ਯਿਸੂ ਕਣਕ ਦੇ ਖੇਤਾਂ ਵਿੱਚੋਂ ਲੰਘ ਰਿਹਾ ਸੀ। ਉਸ ਦੇ ਚੇਲੇ ਉਸ ਦੇ ਨਾਲ ਸਨ ਅਤੇ ਉਹ ਭੁੱਖੇ ਸਨ ਇਸ ਲਈ ਉਨ੍ਹਾਂ ਨੇ ਸਿੱਟੇ ਤੋੜ-ਤੋੜ ਕੇ ਖਾਣੇ ਸ਼ੁਰੂ ਕਰ ਦਿੱਤੇ। ਫ਼ਰੀਸੀਆਂ ਨੇ ਇਹ ਵੇਖਿਆ ਅਤੇ ਉਸ ਨੂੰ ਆਖਿਆ, “ਵੇਖ! ਤੇਰੇ ਚੇਲੇ ਉਹ ਕਰ ਰਹੇ ਹਨ ਜੋ ਸਬਤ ਦੇ ਦਿਨ ਦੀ ਸ਼ਰ੍ਹਾ ਦੇ ਵਿਰੁੱਧ ਹੈ।”

ਯਿਸੂ ਨੇ ਉਨ੍ਹਾਂ ਨੂੰ ਕਿਹਾ, “ਭਲਾ ਤੁਸੀਂ ਇਹ ਨਹੀਂ ਪੜ੍ਹਿਆ ਕਿ ਦਾਊਦ ਨੇ ਕੀ ਕੀਤਾ ਸੀ ਜਦੋਂ ਉਹ ਅਤੇ ਉਸ ਦੇ ਸਾਥੀ ਭੁੱਖੇ ਸਨ? ਦਾਊਦ ਪਰਮੇਸ਼ੁਰ ਦੇ ਘਰ ਗਿਆ, ਉਸ ਨੇ ਅਤੇ ਉਸ ਦੇ ਸਾਥੀਆਂ ਨੇ ਉੱਥੇ ਚੜ੍ਹਾਵੇ ਦੀਆਂ ਰੋਟੀਆਂ ਖਾਧੀਆਂ, ਜਿਹੜੀਆਂ ਕਿ ਦਾਊਦ ਅਤੇ ਉਸ ਦੇ ਸਾਥੀਆਂ ਲਈ ਖਾਣੀਆਂ ਯੋਗ ਨਹੀਂ ਸਨ। ਸਿਰਫ਼ ਜਾਜਕਾਂ ਨੂੰ ਹੀ ਇਨ੍ਹਾਂ ਨੂੰ ਖਾਣ ਦੀ ਇਜਾਜ਼ਤ ਸੀ? ਕੀ ਤੁਸੀਂ ਤੁਰੇਤ ਵਿੱਚ ਇਹ ਨਹੀਂ ਪੜ੍ਹਿਆ ਕਿ ਹਰ ਸਬਤ ਦੇ ਦਿਨ ਮੰਦਰ ਵਿੱਚ ਜਾਜਕ ਹੀ ਸਬਤ ਦੇ ਦਿਨ ਦੀ ਸ਼ਰ੍ਹਾ ਨੂੰ ਤੋੜਦੇ ਹਨ, ਅਤੇ ਹਾਲੇ ਵੀ ਉਹ ਦੋਸ਼ੀ ਨਹੀਂ ਹਨ? ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਇੱਥੇ ਅਜਿਹਾ ਵੀ ਹੈ, ਜੋ ਮੰਦਰ ਨਾਲੋਂ ਵੀ ਮਹਾਨ ਹੈ। ਪਵਿੱਤਰ ਪੁਸਤਕ ਵਿੱਚ ਕਿਹਾ ਗਿਆ ਹੈ, ‘ਮੈਂ ਜੀਵ ਬਲੀਦਾਨ ਨਹੀਂ ਚਾਹੁੰਦਾ ਸਗੋਂ ਮੈਂ ਦਯਾ ਚਾਹੁੰਦਾ ਹਾਂ।’ ਜੇਕਰ ਤੁਸੀਂ ਇਸਦਾ ਅਰਥ ਜਾਣਦੇ ਹੁੰਦੇ ਤਾਂ ਤੁਸੀਂ ਉਨ੍ਹਾਂ ਲੋਕਾਂ ਦਾ ਨਿਰਨਾ ਨਾ ਕਰਦੇ ਜਿਨ੍ਹਾਂ ਨੇ ਕੁਝ ਵੀ ਗਲਤ ਨਹੀਂ ਕੀਤਾ ਹੈ।

“ਕਿਉਂ ਜੋ ਮਨੁੱਖ ਦਾ ਪੁੱਤਰ ਸਬਤ ਦੇ ਦਿਨ ਦਾ ਪ੍ਰਭੂ ਹੈ।”

ਯਿਸੂ ਦਾ ਟੁੰਡੇ ਦੇ ਹੱਥ ਨੂੰ ਠੀਕ ਕਰਨਾ(AK)

ਯਿਸੂ ਉਸ ਜਗ੍ਹਾ ਤੋਂ ਤੁਰਕੇ ਉੱਥੋਂ ਦੇ ਪ੍ਰਾਰਥਨਾ ਸਥਾਨ ਤੇ ਗਿਆ। 10 ਉੱਥੇ ਇੱਕ ਮਨੁੱਖ ਸੀ ਜਿਸਦਾ ਹੱਥ ਸੁਕਿਆ ਹੋਇਆ ਸੀ। ਉੱਥੇ ਕੁਝ ਯਹੂਦੀਆਂ ਨੇ ਯਿਸੂ ਦੇ ਜੁੰਮੇ ਇੱਕ ਦੋਸ਼ ਲਾਉਣ ਲਈ ਇਹ ਕਹਿਕੇ ਉਸ ਨੂੰ ਪੁੱਛਿਆ ਕਿ, “ਕੀ ਸਬਤ ਦੇ ਦਿਨ ਕਿਸੇ ਨੂੰ ਚੰਗਾ ਕਰਨਾ ਸ਼ਰ੍ਹਾ ਅਨੁਸਾਰ ਹੈ?”

11 ਯਿਸੂ ਨੇ ਜਵਾਬ ਦਿੱਤਾ, “ਜੇਕਰ ਤੁਹਾਡੇ ਵਿੱਚੋਂ ਕਿਸੇ ਕੋਲ ਇੱਕ ਭੇਡ ਹੋਵੇ ਅਤੇ ਜੇ ਸਬਤ ਦੇ ਦਿਨ ਉਹ ਟੇਏ ਵਿੱਚ ਡਿੱਗ ਪਵੇ, ਤਾਂ ਕੀ ਤੁਸੀਂ ਉਸ ਨੂੰ ਟੋਏ ਵਿੱਚੋਂ ਨਹੀਂ ਕੱਢੋਂਗੇ? 12 ਨਿਸ਼ਚੇ ਹੀ, ਆਦਮੀ ਭੇਡ ਨਾਲੋਂ ਕਿਤੇ ਵੱਧ ਮੁੱਲਵਾਨ ਹੈ। ਇਸ ਲਈ ਸਬਤ ਦੇ ਦਿਨ ਚੰਗਾ ਕਰਨਾ ਸ਼ਰ੍ਹਾ ਅਨੁਸਾਰ ਹੈ।”

13 ਤਦ ਯਿਸੂ ਨੇ ਉਸ ਟੁੰਡੇ ਮਨੁੱਖ ਨੂੰ ਕਿਹਾ, “ਮੈਨੂੰ ਆਪਣਾ ਹੱਥ ਵੇਖਣਦੇ?” ਜਦ ਮਨੁੱਖ ਨੇ ਆਪਣਾ ਹੱਥ ਯਿਸੂ ਅੱਗੇ ਕੀਤਾ ਤਾਂ ਉਹ ਦੂਜੇ ਹੱਥ ਵਰਗਾ ਹੀ ਚੰਗਾ ਹੋ ਗਿਆ। 14 ਪਰ ਫ਼ਰੀਸੀ ਪ੍ਰਾਰਥਨਾ ਸਥਾਨ ਤੋਂ ਵਿਦਾ ਹੋ ਗਏ ਅਤੇ ਉਨ੍ਹਾਂ ਨੇ ਯਿਸੂ ਨੂੰ ਮਾਰਨ ਦੀਆਂ ਵਿਉਂਤਾਂ ਬਣਾਈਆਂ।

ਯਿਸੂ, ਪਰਮੇਸ਼ੁਰ ਦਾ ਚੁਣਿਆ ਹੋਇਆ ਸੇਵਕ ਹੈ

15 ਯਿਸੂ ਫ਼ਰੀਸੀਆਂ ਦੀਆਂ ਵਿਉਂਤਾਂ ਜਾਣ ਗਿਆ ਅਤੇ ਉਸ ਨੇ ਉਹ ਜਗ੍ਹਾ ਛੱਡ ਦਿੱਤੀ। ਬਹੁਤ ਸਾਰੇ ਲੋਕ ਉਸ ਦੇ ਪਿੱਛੇ ਲੱਗ ਤੁਰੇ, ਅਤੇ ਉਸ ਨੇ ਉਨ੍ਹਾਂ ਸਾਰਿਆਂ ਨੂੰ ਚੰਗਾ ਕੀਤਾ। 16 ਅਤੇ ਉਨ੍ਹਾਂ ਨੂੰ ਤਾਗੀਤ ਕੀਤੀ ਕਿ ਉਹ ਉਸ ਬਾਰੇ ਹੋਰਾਂ ਨੂੰ ਨਾ ਦੱਸਣ। 17 ਯਿਸੂ ਨੇ ਇਹ ਸਭ ਨਬੀ ਯਸਾਯਾਹ ਦੇ ਇਨ੍ਹਾਂ ਸ਼ਬਦਾਂ ਨੂੰ ਪੂਰਨ ਕਰਨ ਲਈ ਕੀਤਾ।

18 “ਇਹ ਮੇਰਾ ਸੇਵਕ ਹੈ
    ਜਿਸ ਨੂੰ ਮੈਂ ਚੁਣਿਆ ਹੈ।
ਮੇਰਾ ਪਿਆਰਾ ਹੈ
    ਜਿਸਤੋਂ ਮੈਂ ਪ੍ਰਸੰਨ ਹਾਂ।
ਮੈਂ ਆਪਣਾ ਆਤਮਾ ਉਸ ਉੱਪਰ ਰੱਖਾਂਗਾ,
    ਅਤੇ ਉਹ ਕੌਮਾਂ ਵਿੱਚ ਨਿਆਂ ਦਾ ਐਲਾਨ ਕਰੇਗਾ।
19 ਉਹ ਨਾ ਝਗੜਾ ਕਰੇਗਾ ਅਤੇ ਨਾ ਹੀ ਚੀਕੇਗਾ।
    ਨਾ ਹੀ ਰਾਹਾਂ ਵਿੱਚ ਕੋਈ ਉਸਦੀ ਆਵਾਜ਼ ਸੁਣੇਗਾ।
20 ਉਹ ਲਿਤਾੜੇ ਹੋਏ ਕਾਨੇ ਨੂੰ ਨਹੀਂ ਤੋੜੇਗਾ।
    ਉਹ ਉਸ ਦੀਵੇ ਨੂੰ ਬਾਹਰ ਰੱਖੇਗਾ ਜੋ ਕਿ ਬੁਝਣ ਵਾਲਾ ਹੈ ਉਹ ਅਜਿਹਾ
ਉਦੋਂ ਤੱਕ ਕਰੇਗਾ ਜਦੋਂ ਤੱਕ ਉਹ ਨਿਰਪੱਖ ਨਿਆਂ ਦੀ ਜਿੱਤ ਸਥਾਪਿਤ ਨਾ ਕਰ ਦੇਵੇ।
21     ਅਤੇ ਕੌਮਾਂ ਉਸ ਉੱਪਰ ਆਪਣੀ ਆਸ ਰੱਖਣਗੀਆਂ।” (AL)

ਯਿਸੂ ਨੂੰ ਪਰਮੇਸ਼ੁਰ ਵੱਲੋਂ ਸ਼ਕਤੀ(AM)

22 ਫ਼ੇਰ ਲੋਕ, ਇੱਕ ਅੰਨ੍ਹੇ ਗੂੰਗੇ ਮਨੁੱਖ, ਜਿਸ ਨੂੰ ਭੂਤ ਚਿੰਬੜਿਆਂ ਹੋਇਆ ਸੀ, ਉਸ ਦੇ ਕੋਲ ਲਿਆਏ ਅਤੇ ਯਿਸੂ ਨੇ ਉਸ ਨੂੰ ਅਜਿਹਾ ਚੰਗਾ ਕੀਤਾ ਕੀ ਉਹ ਬੋਲਣ-ਵੇਖਣ ਲੱਗਾ। 23 ਸਾਰੇ ਲੋਕ ਹੈਰਾਨ ਸਨ ਅਤੇ ਆਖਿਆ, “ਕੀ ਇਹ ਆਦਮੀ ਦਾਊਦ ਦਾ ਪੁੱਤਰ ਤਾਂ ਨਹੀਂ ਜਿਸ ਨੂੰ ਪਰਮੇਸ਼ੁਰ ਨੇ ਸਾਡੇ ਲੋਕਾਂ ਵਿੱਚ ਭੇਜਣ ਦਾ ਵਾਅਦਾ ਕੀਤਾ ਸੀ।”

24 ਫ਼ਰੀਸੀਆਂ ਨੇ ਲੋਕਾਂ ਨੂੰ ਇਸ ਤਰ੍ਹਾਂ ਕਹਿੰਦਿਆਂ ਸੁਣਿਆ ਅਤੇ ਆਖਿਆ, “ਉਹ ਬਆਲ-ਜ਼ਬੂਲ ਦੇ ਸ਼ਾਸਕ ਦੀ ਸਹਾਇਤਾ ਨਾਲ ਲੋਕਾਂ ਵਿੱਚੋਂ ਭੂਤਾਂ ਨੂੰ ਕੱਢਦਾ ਹੈ।”

25 ਪਰ ਉਸ ਨੇ ਉਨ੍ਹਾਂ ਦੀ ਸੋਚ-ਵਿੱਚਾਰ ਜਾਣਕੇ ਉਨ੍ਹਾਂ ਨੂੰ ਆਖਿਆ, “ਹਰ ਉਹ ਰਾਜ, ਜੋ ਆਪਣੇ-ਆਪ ਨਾਲ ਲੜਦਾ ਹੈ,ਨਸ਼ਟ ਹੋ ਜਾਵੇਗਾ, ਅਤੇ ਉਹ ਸ਼ਹਿਰ ਜਾਂ ਪਰਿਵਾਰ, ਜੋ ਆਪਣੇ ਆਪ ਨਾਲ ਲੜਦਾ ਹੈ, ਖੜ੍ਹਾ ਨਹੀਂ ਹੋ ਸੱਕਦਾ। 26 ਅਤੇ ਜੇ ਸ਼ੈਤਾਨ ਆਪਣੇ ਹੀ ਭੂਤਾਂ ਨੂੰ ਬਾਹਰ ਧੱਕਦਾ ਹੈ, ਤਾਂ ਸ਼ੈਤਾਨ ਆਪਣੇ ਹੀ ਖਿਲਾਫ਼ ਲੜ ਰਿਹਾ ਹੈ। ਇਸ ਤਰ੍ਹਾਂ ਉਸਦਾ ਰਾਜ ਨਹੀਂ ਚੱਲ ਸੱਕਦਾ? 27 ਜੇਕਰ ਮੈਂ ਭੂਤਾਂ ਨੂੰ ਕੱਢਣ ਵਾਸਤੇ ਬਆਲ-ਜ਼ਬੂਲ ਦੀ ਸ਼ਕਤੀ ਦੀ ਵਰਤੋਂ ਕਰਦਾ ਹਾਂ, ਤਾਂ ਤੁਹਾਡੇ ਚੇਲੇ ਭੂਤ ਕੱਢਣ ਵਾਸਤੇ ਕਿਸ ਸ਼ਕਤੀ ਦੀ ਵਰਤੋਂ ਕਰਦੇ ਹਨ? ਇਸ ਲਈ ਤੁਹਾਡੇ ਆਪਣੇ ਲੋਕ ਇਹ ਸਾਬਿਤ ਕਰ ਦਿੰਦੇ ਹਨ ਕਿ ਤੁਸੀਂ ਗਲਤ ਹੋ। 28 ਪਰ ਜੇ ਮੈਂ ਪਰਮੇਸ਼ੁਰ ਦੇ ਆਤਮਾ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹਾਂ ਤਾਂ ਇਸਦਾ ਮਤਲਬ ਹੈ ਕਿ ਪਰਮੇਸ਼ੁਰ ਦਾ ਰਾਜ ਤੁਹਾਡੇ ਉੱਤੇ ਆ ਪਹੁੰਚਿਆ ਹੈ। 29 ਜੇਕਰ ਕੋਈ ਮਨੁੱਖ ਕਿਸੇ ਜ਼ੋਰਾਵਰ ਦੇ ਘਰ ਵਿੱਚ ਘੁਸ ਕੇ ਉਸਦਾ ਮਾਲ ਚੋਰੀ ਕਰਨਾ ਚਾਹੇ ਤਾਂ ਪਹਿਲਾਂ ਉਹ ਉਸ ਜੋਰਾਵਰ ਨੂੰ ਬੰਨ੍ਹੇਗਾ ਤਾਂ ਹੀ ਉਹ ਜੋਰਾਵਰ ਦੇ ਘਰੋਂ ਮਾਲ ਚੋਰੀ ਕਰ ਸੱਕਦਾ ਹੈ। 30 ਉਹ ਜੋ ਕੋਈ ਮੇਰੇ ਨਾਲ ਨਹੀਂ ਹੈ, ਮੇਰੇ ਖਿਲਾਫ਼ ਹੈ। ਉਹ ਜੋ ਕੋਈ ਮੇਰੇ ਨਾਲ ਨਾਲ ਨਹੀਂ ਜੁੜਦਾ, ਖਿੰਡ ਜਾਂਦਾ ਹੈ।

31 “ਇਸ ਲਈ ਮੈਂ ਤੁਹਾਨੂੰ ਦੱਸਦਾ ਹਾਂ ਕਿ ਹਰ ਪਾਪ ਅਤੇ ਹਰ ਕੁਫ਼ਰ ਲਈ ਮਾਫ਼ੀ ਹੈ ਜੋ ਲੋਕ ਕਰਦੇ ਅਤੇ ਕਹਿੰਦੇ ਹਨ। ਪਰ ਉਹ ਕੁਫ਼ਰ, ਜਿਹੜਾ ਪਵਿੱਤਰ ਆਤਮਾ ਦੇ ਵਿਰੁੱਧ ਹੋਵੇ, ਮਾਫ਼ ਨਹੀਂ ਕੀਤਾ ਜਾਵੇਗਾ। 32 ਅਤੇ ਜੇ ਕੋਈ ਮਨੁੱਖ ਦੇ ਪੁੱਤਰ ਵਿਰੁੱਧ ਗੱਲ ਕਰੇ ਉਸ ਨੂੰ ਮਾਫ਼ ਕੀਤਾ ਜਾਵੇਗਾ ਪਰ ਜੇ ਕੋਈ ਪਵਿੱਤਰ ਆਤਮਾ ਦੇ ਵਿਰੁੱਧ ਗੱਲ ਕਰੇ ਤਾਂ ਉਸ ਨੂੰ ਨਾ ਇਸ ਜੁੱਗ ਵਿੱਚ ਤੇ ਨਾਹੀ ਆਉਣ ਵਾਲੇ ਜੁੱਗ ਵਿੱਚ ਮਾਫ਼ ਕੀਤਾ ਜਾਵੇਗਾ।

ਤੁਹਾਡੀ ਕਰਨੀ ਦੱਸਦੀ ਹੈ ਕਿ ਤੁਸੀਂ ਕੀ ਹੋ(AN)

33 “ਜੇਕਰ ਤੁਹਾਨੂੰ ਚੰਗਾ ਫ਼ਲ ਚਾਹੀਦਾ ਹੈ ਤਾਂ, ਰੁੱਖ ਨੂੰ ਚੰਗਾ ਬਣਾਓ। ਜੇਕਰ ਤੁਹਾਡਾ ਰੁੱਖ ਬੁਰਾ ਹੈ, ਤਾਂ ਇਸਦਾ ਫ਼ਲ ਵੀ ਭੈੜਾ ਹੋਵੇਗਾ, ਕਿਉਂਕਿ ਬਿਰਛ ਆਪਣੇ ਫ਼ਲੋਂ ਹੀ ਪਛਾਣਿਆ ਜਾਂਦਾ ਹੈ। 34 ਹੇ ਸੱਪਾਂ ਦੇ ਬੱਚਿਓ! ਕੀ ਤੁਸੀਂ ਬੁਰੇ ਹੋਕੇ ਚੰਗੀਆਂ ਗੱਲਾਂ ਕਰ ਸੱਕਦੇ ਹੋਂ? ਤੁਹਾਡਾ ਦਿਲ ਜਿਸ ਨਾਲ ਭਰਿਆ ਹੈ, ਤੁਹਾਡਾ ਮੂੰਹ ਵੀ ਉਹੀ ਬੋਲਦਾ ਹੈ। 35 ਇੱਕ ਚੰਗੇ ਵਿਅਕਤੀ ਦੇ ਦਿਲ ਵਿੱਚ ਚੰਗੀਆਂ ਗੱਲਾਂ ਦੀ ਸਮਗ੍ਰੀ ਹੈ। ਇਸ ਲਈ ਉਹ ਆਪਣੇ ਦਿਲੋਂ ਚੰਗੀਆਂ ਗੱਲਾਂ ਬੋਲਦਾ ਹੈ। ਅਤੇ ਦੁਸ਼ਟ ਆਦਮੀ ਬੁਰੀਆਂ ਗੱਲਾਂ ਰੱਖਦਾ ਹੈ ਅਤੇ ਉਹ ਦਿਲੋਂ ਮੰਦਾ ਬੋਲਦਾ ਹੈ। 36 ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਹਰੇਕ ਅਕਾਰਥ ਗੱਲ ਲਈ, ਜੋ ਮਨੁੱਖ ਬੋਲਣਗੇ ਨਿਆਂ ਦੇ ਦਿਨ ਉਸਦਾ ਹਿਸਾਬ ਦੇਣਗੇ। 37 ਤੁਹਾਡੇ ਸ਼ਬਦਾਂ ਤੋਂ, ਤੁਸੀਂ ਧਰਮੀ ਮੰਨੇ ਜਾਵੋਂਗੇ। ਤੁਹਾਡੇ ਸ਼ਬਦਾਂ ਤੋਂ ਤੁਹਾਡਾ ਦੋਸ਼ੀ ਹੋਣ ਦਾ ਨਿਰਨਾ ਕੀਤਾ ਜਾਵੇਗਾ।”

ਯਹੂਦੀਆਂ ਨੇ ਯਿਸੂ ਤੋਂ ਨਿਸ਼ਾਨ ਮੰਗਿਆ(AO)

38 ਤਦ ਕੁਝ ਨੇਮ ਦੇ ਉਪਦੇਸ਼ਕਾਂ ਅਤੇ ਫ਼ਰੀਸੀਆਂ ਨੇ ਪੁੱਛਿਆ, “ਗੁਰੂ, ਅਸੀਂ ਤੈਥੋਂ ਨਿਸ਼ਾਨ ਵਜੋਂ ਕੋਈ ਕਰਿਸ਼ਮਾ ਵੇਖਣਾ ਚਾਹੁੰਦੇ ਹਾਂ।”

39 ਯਿਸੂ ਨੇ ਉੱਤਰ ਦਿੱਤਾ, “ਦੁਸ਼ਟ ਅਤੇ ਪਾਪੀ ਲੋਕ ਹੀ ਨਿਸ਼ਾਨ ਵਜੋਂ ਕਰਿਸ਼ਮਾ ਵੇਖਣਾ ਲੋਚਦੇ ਹਨ। ਪਰ ਉਨ੍ਹਾਂ ਲੋਕਾਂ ਨੂੰ ਸਬੂਤ ਵਜੋਂ ਕੋਈ ਨਿਸ਼ਾਨ ਨਹੀਂ ਦਿੱਤਾ ਜਾਵੇਗਾ, ਸਿਵਾ ਉਸ ਨਿਸ਼ਾਨ ਦੇ, ਜੋ ਨਬੀ ਯੂਨਾਹ ਨਾਲ ਵਾਪਰਿਆ। 40 ਜਿਵੇਂ ਕਿ ਯੂਨਾਹ ਤਿੰਨ ਦਿਨ ਅਤੇ ਤਿੰਨ ਰਾਤ ਵੱਡੀ ਮੱਛੀ ਦੇ ਢਿਡ ਵਿੱਚ ਰਿਹਾ, ਉਸੇ ਤਰ੍ਹਾਂ ਮਨੁੱਖ ਦਾ ਪੁੱਤਰ ਵੀ ਤਿੰਨ ਦਿਨ ਅਤੇ ਤਿੰਨ ਰਾਤ ਧਰਤੀ ਦੇ ਅੰਦਰ ਰਹੇਗਾ। 41 ਨੀਨਵਾਹ ਦੇ ਲੋਕ ਅਤੇ ਉਹ ਲੋਕ ਜੋ ਅੱਜ ਜਿਉਂਦੇ ਹਨ, ਨਿਆਂ ਦੇ ਦਿਨ ਉੱਠ ਖੜ੍ਹੇ ਹੋਣਗੇ ਅਤੇ ਇਨ੍ਹਾਂ ਨੂੰ ਦੋਸ਼ੀ ਠਹਿਰਾਉਣਗੇ ਕਿਉਂਕਿ ਯੂਨਾਹ ਦਾ ਪ੍ਰਚਾਰ ਸੁਣਕੇ ਉਨ੍ਹਾਂ ਨੇ ਆਪਣੇ ਜੀਵਨ ਬਦਲ ਲਏ। ਅਤੇ ਮੈਂ ਤੁਹਾਨੂੰ ਦੱਸਦਾ ਹਾਂ ਕਿ ਕੋਈ ਯੂਨਾਹ ਤੋਂ ਵੀ ਵੱਡਾ ਇੱਥੇ ਹੈ।

42 “ਦੱਖਣ ਦੀ ਰਾਣੀ ਵੀ ਇਸ ਪੀੜ੍ਹੀ ਦੇ ਲੋਕਾਂ ਨਾਲ ਨਿਆਂ ਦੇ ਦਿਨ ਉੱਠ ਖੜ੍ਹੀ ਹੋਵੇਗੀ ਅਤੇ ਉਹ ਦਿਖਾਵੇਗੀ ਕੋ ਤੁਸੀਂ ਗਲਤ ਹੋ। ਕਿਉਂਕਿ ਉਹ ਦੂਰ-ਦੁਰਾਡਿਉਂ ਸੁਲੇਮਾਨ ਦਾ ਉਪਦੇਸ਼ ਸੁਨਣ ਆਈ ਸੀ ਅਤੇ ਮੈਂ ਤੁਹਾਨੂੰ ਦੱਸਦਾ ਹਾਂ ਕਿ ਕੋਈ ਸੁਲੇਮਾਨ ਤੋਂ ਵੀ ਵੱਡਾ ਇੱਥੇ ਹੈ।

ਅੱਜ ਦੇ ਲੋਕ ਦੁਸ਼ਟ ਹਨ(AP)

43 “ਪਰ ਜਦੋਂ ਦੁਸ਼ਟ ਆਤਮਾ ਮਨੁੱਖ ਵਿੱਚੋਂ ਨਿਕਲ ਗਿਆ ਹੋਵੇ, ਤਾਂ ਉਹ ਖੁਸ਼ਕ ਥਾਵਾਂ ਵਿੱਚ ਆਰਾਮ ਭਾਲਦਾ ਫ਼ਿਰਦਾ ਹੈ ਪਰ ਉਸ ਨੂੰ ਕੋਈ ਆਰਾਮ ਦੀ ਜਗ੍ਹਾ ਨਹੀਂ ਲੱਭਦੀ। 44 ਤਦ ਇਹ ਆਖਦਾ ਹੈ, ‘ਮੈਂ ਆਪਣੇ ਘਰੋਂ, ਜਿੱਥੋਂ ਨਿਕਲਿਆ ਸੀ, ਉੱਥੇ ਹੀ ਮੁੜ ਜਾਵਾਂਗਾ।’ ਅਤੇ ਜਦੋਂ ਉਹ ਮੁੜ ਉਸ ਘਰ ਪਰਤਦਾ ਹੈ ਤਾਂ ਉਹ ਵੇਖਦਾ ਹੈ ਕਿ ਉਹ ਘਰ ਸੁੰਨਾ, ਝਾੜਿਆ ਅਤੇ ਸੰਵਰਿਆ ਹੋਇਆ ਹੈ। 45 ਤਦ ਉਹ ਪ੍ਰੇਤ ਆਤਮਾ ਜਾਂਦਾ ਹੈ ਅਤੇ ਆਪਣੇ ਤੋਂ ਵੀ ਵੱਧ ਭੈੜੇ ਸੱਤ ਹੋਰ ਭ੍ਰਿਸ਼ਟ ਆਤਮੇ ਨਾਲ ਲਿਆਉਂਦਾ ਹੈ। ਫ਼ਿਰ ਉਹ ਸਾਰੇ ਆਤਮੇ ਉਸ ਮਨੁੱਖ ਅੰਦਰ ਜਾ ਵੱਸਦੇ ਹਨ। ਫ਼ੇਰ ਉਸ ਮਨੁੱਖ ਦਾ ਹਾਲ ਪਹਿਲਾਂ ਨਾਲੋਂ ਵੀ ਵੱਧ ਬੁਰਾ ਹੁੰਦਾ ਹੈ। ਇਹੀ ਦੁਸ਼ਟ ਲੋਕਾਂ ਨਾਲ ਵਾਪਰੇਗਾ ਜੋ ਅੱਜ ਜਿਉਂਦੇ ਹਨ।”

ਯਿਸੂ ਦੇ ਚੇਲੇ ਹੀ ਉਸਦਾ ਪਰਿਵਾਰ(AQ)

46 ਜਦੋਂ ਯਿਸੂ ਲੋਕਾਂ ਨਾਲ ਗੱਲਾਂ ਕਰ ਰਿਹਾ ਸੀ, ਉਸਦੀ ਮਾਤਾ ਅਤੇ ਭਰਾ ਉਸ ਨਾਲ ਗੱਲ ਕਰਨ ਲਈ ਬਾਹਰ ਖੜੋਤੇ ਹੋਏ ਸਨ। 47 ਤਾਂ ਇੱਕ ਬੰਦੇ ਨੇ ਉਸ ਨੂੰ ਆਖਿਆ, “ਬਾਹਰ ਤੇਰੀ ਮਾਤਾ ਅਤੇ ਭਰਾ ਤੇਰੇ ਨਾਲ ਗੱਲ ਕਰਨੀ ਚਾਹੁੰਦੇ ਹਨ।”

48 ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਕੌਣ ਹੈ ਮੇਰੀ ਮਾਤਾ ਅਤੇ ਕੌਣ ਹਨ ਮੇਰੇ ਭਰਾ?” 49 ਅਤੇ ਉਸ ਨੇ ਆਪਣੇ ਚੇਲੇ ਵਿਖਾਏ ਅਤੇ ਆਖਿਆ, “ਵੇਖੋ ਇਹੀ ਮੇਰੀ ਮਾਤਾ ਹੈ ਅਤੇ ਇਹੀ ਮੇਰੇ ਭਰਾ ਹਨ। 50 ਕਿਉਂਕਿ ਜੋ ਕੋਈ ਵੀ ਮੇਰੇ ਸੁਰਗੀ ਪਿਤਾ ਦੀ ਇੱਛਾ ਪੂਰੀ ਕਰਦਾ ਹੈ ਉਹੀ ਮੇਰਾ ਭਰਾ, ਭੈਣ ਅਤੇ ਮਾਤਾ ਹੈ।”

ਯਿਸੂ ਦਾ ਬੀਜ ਬੀਜਣ ਬਾਰੇ ਉਪਦੇਸ਼(AR)

13 ਉਸੇ ਦਿਨ ਯਿਸੂ ਘਰੋ ਨਿਕਲ ਕੇ ਝੀਲ ਦੇ ਨੇੜੇ ਜਾ ਬੈਠਾ। ਜਦੋਂ ਬਹੁਤ ਭੀੜ ਉਸ ਦੇ ਆਸ-ਪਾਸ ਇਕੱਠੀ ਹੋ ਗਈ ਤਾਂ ਉਹ ਬੇੜੀ ਤੇ ਚੜ੍ਹ੍ਹ ਬੈਠ ਗਿਆ ਅਤੇ ਸਾਰੇ ਲੋਕ ਕੰਢੇ ਤੇ ਖੜ੍ਹੇ ਸਨ। ਫ਼ਿਰ ਯਿਸੂ ਨੇ ਦ੍ਰਿਸ਼ਟਾਂਤ ਵਿੱਚ ਬਹੁਤ ਸਾਰੀਆਂ ਗੱਲਾਂ ਸਮਝਾਈਆਂ। ਉਸ ਨੇ ਆਖਿਆ,

“ਵੇਖੋ ਇੱਕ ਕਿਸਾਨ ਆਪਣਾ ਬੀਜ ਬੀਜਣ ਲਈ ਬਾਹਰ ਗਿਆ। ਜਦੋਂ ਉਹ ਬੀਜ, ਬੀਜ ਰਿਹਾ ਸੀ ਤਾਂ ਕੁਝ ਬੀਜ ਬੀਜਦੇ ਹੋਏ ਸੜਕ ਵੱਲ ਡਿੱਗ ਪਏ, ਪੰਛੀ ਆਏ ਤੇ ਉਹ ਡਿੱਗੇ ਹੋਏ ਬੀਜ ਚੁਗ ਗਏ। ਕੁਝ ਬੀਜ ਪੱਥਰੀਲੀ ਜ਼ਮੀਨ ਤੇ ਡਿੱਗ ਪਏ ਅਤੇ ਉਨ੍ਹਾਂ ਨੂੰ ਕਾਫ਼ੀ ਖਾਦ ਨਾ ਮਿਲੀ। ਉੱਥੇ ਬੀਜ ਬਹੁਤ ਜਲਦੀ ਉੱਗੇ ਕਿਉਂਕਿ ਜ਼ਮੀਨ ਕਾਫ਼ੀ ਡੂੰਘੀ ਨਹੀਂ ਸੀ। ਪਰ ਜਦੋਂ ਸੂਰਜ ਚੜ੍ਹ੍ਹਿਆ, ਤਾਂ ਬੂਟੇ ਸੜ ਗਏ, ਉਹ ਇਸ ਲਈ ਮਰੇ ਕਿਉਂਕਿ ਉਨ੍ਹਾਂ ਦੀਆਂ ਜੜ੍ਹਾਂ ਡੂੰਘੀਆਂ ਨਹੀਂ ਸਨ। ਅਤੇ ਕੁਝ ਬੀਜ ਕੰਡਿਆਂ ਵਿੱਚ ਡਿੱਗ ਪਏ, ਕੰਡਿਆਲੀਆਂ ਝਾੜੀਆਂ ਵੱਧੀਆਂ ਅਤੇ ਉਨ੍ਹਾਂ ਨੇ ਪੌਦਿਆਂ ਨੂੰ ਦਬਾ ਲਿਆ। ਕੁਝ ਬੀਜ ਚੰਗੀ ਜ਼ਮੀਨ ਵਿੱਚ ਡਿੱਗ ਪਏ। ਉਹ ਪੌਦੇ ਬਣ ਗਏ ਅਤੇ ਅਨਾਜ ਪੈਦਾ ਕੀਤਾ। ਕੁਝ ਪੌਦਿਆਂ ਤੋਂ ਸੌ ਗੁਣਾ ਵੱਧ ਅਨਾਜ ਪੈਦਾ ਹੋਇਆ, ਕੁਝ ਤੋਂ ਸੱਠ ਗੁਣਾ ਵੱਧ ਅਤੇ ਕੁਝ ਤੋਂ ਤੀਹ ਗੁਣਾ ਵੱਧ ਅਨਾਜ ਪੈਦਾ ਹੋਇਆ। ਤੁਸੀਂ ਜੋ ਲੋਕ ਮੈਨੂੰ ਸੁਣਦੇ ਹੋ, ਸੁਣੋ।”

ਯਿਸੂ ਉਪਦੇਸ਼ ਲਈ ਦ੍ਰਿਸ਼ਟਾਂਤ ਕਿਉਂ ਵਰਤਦਾ ਸੀ(AS)

10 ਤਾਂ ਚੇਲਿਆਂ ਨੇ ਯਿਸੂ ਕੋਲ ਆਕੇ ਉਸ ਨੂੰ ਕਿਹਾ, “ਤੂੰ ਉਨ੍ਹਾਂ ਨੂੰ ਦ੍ਰਿਸ਼ਟਾਂਤ ਵਿੱਚ ਉਪਦੇਸ਼ ਕਿਉਂ ਦਿੰਦਾ ਹੈਂ?”

11 ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਸਵਰਗ ਦੇ ਰਾਜ ਦੇ ਭੇਤਾਂ ਦੀ ਸਮਝ ਤੁਹਾਨੂੰ ਦਿੱਤੀ ਗਈ ਹੈ ਪਰ ਉਨ੍ਹਾਂ ਨੂੰ ਨਹੀਂ ਦਿੱਤੀ ਗਈ ਹੈ। 12 ਕਿਉਂਕਿ ਜਿਸ ਕੋਲ ਹੈ, ਉਸ ਨੂੰ ਵੱਧ ਦਿਤਾ ਜਾਵੇਗਾ। ਉਹ ਆਪਣੀ ਜ਼ਰੂਰਤ ਤੋਂ ਵੱਧ ਪ੍ਰਾਪਤ ਕਰੇਗਾ। ਪਰ ਜਿਸ ਕਿਸੇ ਕੋਲ ਨਹੀਂ ਹੈ, ਅਤੇ ਜੋ ਥੋੜਾ ਜਿਹਾ ਉਸ ਕੋਲ ਹੈ, ਉਸ ਤੋਂ ਉਹ ਵੀ ਲੈ ਲਿਆ ਜਾਵੇਗਾ। 13 ਇਸ ਲਈ ਮੈਂ ਉਨ੍ਹਾਂ ਨਾਲ ਦ੍ਰਿਸ਼ਟਾਤਾਂ ਵਿੱਚ ਗੱਲਾਂ ਕਰਦਾ ਹਾਂ ਕਿਉਂਕਿ ਉਹ ਵੇਖਦੇ ਹੋਵੇ ਵੀ ਉਹ ਨਹੀਂ ਵੇਖਦੇ ਅਤੇ ਸੁਣਦੇ ਹੋਏ ਵੀ ਉਹ ਨਹੀਂ ਸੁਣਦੇ ਅਤੇ ਨਾ ਹੀ ਸਮਝਦੇ ਹਨ। 14 ਇਸ ਲਈ ਜੋ ਯਸਾਯਾਹ ਨੇ ਆਖਿਆ ਉਨ੍ਹਾਂ ਦੇ ਮਾਮਲੇ ਵਿੱਚ ਸੱਚ ਹੋਇਆ:

‘ਤੁਸੀਂ ਲੋਕ ਹਮੇਸ਼ਾ ਸੁਣਦੇ ਰਹੋਂਗੇ
    ਪਰ ਸਮਝੋਗੇ ਨਹੀਂ।
ਤੁਸੀਂ ਲੋਕ ਹਮੇਸ਼ਾ ਵੇਖਦੇ ਰਹੋਂਗੇ
    ਪਰ ਦੇਖੋਂਗੇ ਨਹੀਂ।
15 ਕਿਉਂਕਿ ਇਨ੍ਹਾਂ ਲੋਕਾਂ ਦੇ ਦਿਲ ਸਖਤ ਹੋ ਗਏ ਹਨ,
    ਇਨ੍ਹਾਂ ਦੇ ਕੰਨ ਬੋਲੇ ਹੋ ਗਏ ਹਨ,
    ਅਤੇ ਇਨ੍ਹਾਂ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਹਨ,
    ਤਾਂ ਜੋ ਇਹ ਆਪਣੀਆਂ ਅੱਖਾਂ ਨਾਲ ਨਾ ਵੇਖ ਸੱਕਣ
ਅਤੇ ਆਪਣੇ ਕੰਨਾਂ ਨਾਲ ਨਾ ਸੁਣ ਸੱਕਣ।
    ਅਤੇ ਮੇਰੇ ਕੋਲ ਵਾਪਸ ਆਉਣ ਤਾਂ ਜੋ ਮੈਂ ਉਨ੍ਹਾਂ ਨੂੰ ਚੰਗਾ ਕਰਾਂ।’ (AT)

16 ਪਰ ਤੁਹਾਡੀਆਂ ਅੱਖੀਆਂ ਧੰਨ ਹਨ, ਕਿਉਂ ਜੋ ਉਹ ਵੇਖਦੀਆਂ ਹਨ ਅਤੇ ਤੁਹਾਡੇ ਕੰਨ ਧੰਨ ਹਨ ਕਿਉਂ ਜੋ ਉਹ ਸੁਣਦੇ ਹਨ। 17 ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਬਹੁਤ ਸਾਰੇ ਨਬੀ ਅਤੇ ਚੰਗੇ ਲੋਕੀਂ ਉਹ ਗੱਲਾਂ ਵੇਖਣੀਆਂ ਚਾਹੁੰਦੇ ਸਨ ਜੋ ਤੁਸੀਂ ਹੁਣ ਵੇਖੀਆਂ ਹਨ। ਪਰ ਉਨ੍ਹਾਂ ਨੇ ਇਹ ਗੱਲਾਂ ਨਾ ਵੇਖੀਆਂ। ਉਹ ਗੱਲਾਂ ਸੁਨਣੀਆਂ ਚਾਹੁੰਦੇ ਸਨ ਜੋ ਹੁਣ ਤੁਸੀਂ ਸੁਣਦੇ ਹੋ ਪਰ ਉਨ੍ਹਾਂ ਨੇ ਨਾ ਸੁਣੀਆਂ।

ਯਿਸੂ ਦੀ ਬੀਜ ਬਾਰੇ ਵਿਆਖਿਆ(AU)

18 “ਇਸ ਲਈ ਬੀਜਣ ਵਾਲੇ ਦ੍ਰਿਸ਼ਟਾਂਤ ਦਾ ਅਰਥ ਸੁਣੋ।

19 “ਕੋਈ ਵਿਅਕਤੀ ਰਾਜ ਬਾਰੇ ਉਪਦੇਸ਼ ਸੁਣਦਾ ਹੈ, ਪਰ ਇਸ ਨੂੰ ਸਮਝਦਾ ਨਹੀਂ। ਤਾਂ ਦੁਸ਼ਟ ਆਉਂਦਾ ਹੈ ਅਤੇ ਜੋ ਕੁਝ ਵੀ ਉਸ ਦੇ ਦਿਲ ਵਿੱਚ ਬੀਜਿਆ ਹੋਇਆ ਪੁੱਟ ਲੈ ਜਾਂਦਾ ਹੈਂ। ਇਹ ਉਹੀ ਹੈ ਜੋ ਰਾਹ ਦੇ ਪਾਸੇ ਤੇ ਬੀਜਿਆ ਗਿਆ ਸੀ।

20 “ਅਤੇ ਜਿਹੜਾ ਬੀਜ਼ ਪੱਥਰੀਲੀ ਧਰਤੀ ਤੇ ਬੀਜਿਆ ਗਿਆ ਸੀ, ਉਹ ਉਸ ਵਿਅਕਤੀ ਵਰਗਾ ਹੈ ਜੋ ਉਪਦੇਸ਼ ਸੁਣਦਾ ਹੈ ਅਤੇ ਝੱਟ ਖੁਸ਼ੀ ਨਾਲ ਉਨ੍ਹਾਂ ਨੂੰ ਮੰਨ ਲੈਂਦਾ ਹੈ। 21 ਪਰ ਉਹ ਵਿਅਕਤੀ ਉਪਦੇਸ਼ਾਂ ਨੂੰ ਡੂੰਘਿਆਂ ਨਹੀਂ ਲੈਦਾ ਇਸ ਨਾਲ ਉਹ ਥੋੜਾ ਚਿਰ ਹੀ ਰਹਿੰਦਾ ਹੈ। ਜਦੋਂ ਇਨ੍ਹਾਂ ਉਪਦੇਸ਼ਾਂ ਕਾਰਨ ਉਸ ਨੂੰ ਦੁੱਖ ਜਾਂ ਕਸ਼ਟ ਦਾ ਸਾਹਮਣਾ ਕਰਨਾ ਪੈਂਦਾ ਹੈ ਉਹ ਝੱਟ ਆਪਣਾ ਵਿਸ਼ਵਾਸ ਛੱਡ ਦਿੰਦਾ ਹੈ।

22 “ਜਿਹੜਾ ਬੀਜ ਕੰਡਿਆਲੀਆਂ ਤੇ ਡਿੱਗਿਆ, ਉਹ ਉਸ ਵਿਅਕਤੀ ਵਰਗਾ ਹੈ ਜੋ ਉਪਦੇਸ਼ ਨੂੰ ਸੁਣਦਾ ਹੈ ਪਰ ਇਸ ਜਿੰਦਗੀ ਦੀ ਚਿੰਤਾ ਅਤੇ ਧਨ ਦਾ ਮਾਇਆ ਜਾਲ ਉਸ ਉਪਦੇਸ਼ ਦੇ ਵੱਧਣ ਵਿੱਚ ਵਿਘਨ ਪਾ ਦਿੰਦਾ ਹੈ। ਤਾਂ ਉਹ ਕੋਈ ਫ਼ਲ ਪੈਦਾ ਨਹੀਂ ਕਰ ਸੱਕਦਾ।

23 “ਪਰ ਜਿਹੜਾ ਬੀਜ ਉਪਜਾਊ ਜ਼ਮੀਨ ਤੇ ਡਿੱਗਿਆ ਉਹ ਉਸ ਵਿਅਕਤੀ ਵਰਗਾ ਹੈ ਜੋ ਉਪਦੇਸ਼ ਨੂੰ ਸੁਣਦਾ ਅਤੇ ਸਮਝਦਾ ਹੈ। ਉਹ ਜ਼ਰੂਰ ਚੰਗਾ ਫ਼ਲ ਦਿੰਦਾ ਹੈ। ਕੋਈ ਸੌ ਗੁਣਾ, ਕੋਈ ਸੱਠ ਗੁਣਾ ਅਤੇ ਕੋਈ ਤੀਹ ਗੁਣਾ ਫ਼ਲ ਦਿੰਦਾ ਹੈ।”

ਕਣਕ ਅਤੇ ਜੰਗਲੀ ਬੂਟੀ ਬਾਰੇ ਦ੍ਰਿਸ਼ਟਾਂਤ

24 ਉਸ ਨੇ ਉਨ੍ਹਾਂ ਨੂੰ ਇੱਕ ਹੋਰ ਦ੍ਰਿਸ਼ਟਾਂਤ ਦੇਕੇ ਆਖਿਆ, “ਸਵਰਗ ਦਾ ਰਾਜ ਇੱਕ ਅਜਿਹੇ ਮਨੁੱਖ ਵਰਗਾ ਹੈ ਜਿਸਨੇ ਆਪਣੇ ਖੇਤ ਵਿੱਚ ਚੰਗਾ ਬੀਜ ਬੀਜਿਆ। 25 ਪਰ ਜਦੋਂ ਸਾਰੇ ਲੋਕ ਸੁੱਤੇ ਹੋਏ ਸਨ, ਉਸਦਾ ਵੈਰੀ ਆਇਆ ਅਤੇ ਉਸਦੀ ਕਣਕ ਵਿੱਚ ਜੰਗਲੀ ਬੂਟੀ ਬੀਜਕੇ ਚੱਲਿਆ ਗਿਆ। 26 ਕਣਕ ਵੱਧੀ ਅਤੇ ਕਣਕ ਦੇ ਸਿੱਟੇ ਵੀ ਵੱਧੇ। ਅਤੇ ਉਸ ਦੇ ਨਾਲ ਜੰਗਲੀ ਬੂਟੀ ਵੀ ਵੱਧੀ। 27 ਫ਼ੇਰ ਮਾਲਕ ਦੇ ਨੋਕਰ ਉਸ ਕੋਲ ਆਏ ਅਤੇ ਆਖਿਆ, ‘ਸ਼੍ਰੀਮਾਨ ਜੀ, ਕੀ ਤੁਸੀਂ ਆਪਣੇ ਖੇਤ ਵਿੱਚ ਚੰਗੇ ਬੀਜ ਨਹੀਂ ਬੀਜੇ? ਤਾਂ ਫ਼ੇਰ ਜੰਗਲੀ ਬੂਟੀ ਕਿੱਥੋਂ ਆਈ?’

28 “ਮਨੁੱਖ ਨੇ ਜਵਾਬ ਦਿੱਤਾ, ‘ਕਿਸੇ ਵੈਰੀ ਨੇ ਅਜਿਹਾ ਕੀਤਾ ਹੈ।’

“ਨੋਕਰਾਂ ਨੇ ਪੁੱਛਿਆ, ‘ਕੀ ਸਾਨੂੰ ਜੰਗਲੀ ਬੂਟੀਆਂ ਨੂੰ ਇਕੱਠਾ ਕਰਨ ਜਾਣਾ ਚਾਹੀਦਾ ਹੈ?’

29 “ਮਨੁੱਖ ਨੇ ਜਵਾਬ ਦਿੱਤਾ, ‘ਨਹੀਂ, ਜਦੋਂ ਤੁਸੀਂ ਜੰਗਲੀ ਬੂਟੀ ਨੂੰ ਪੁੱਟੋਂਗੇ ਤਾਂ ਹੋ ਸੱਕਦਾ ਹੈ ਕਿ ਤੁਸੀਂ ਕਣਕ ਨੂੰ ਵੀ ਪੁੱਟ ਸੁੱਟੋਂ। 30 ਇਸ ਲਈ ਵਾਢੀ ਤੱਕ ਤੁਸੀਂ ਦੋਹਾਂ ਨੂੰ ਰਲੇ-ਮਿਲੇ ਵੱਧਣ ਦਿਓ ਅਤੇ ਵਾਢੀ ਦੇ ਵੇਲੇ, ਮੈਂ ਕਾਮਿਆਂ ਨੂੰ ਆਖਾਂਗਾ, ਪਹਿਲਾਂ ਜੰਗਲੀ ਬੂਟੀ ਨੂੰ ਇਕੱਠਾ ਕਰੋ ਅਤੇ ਫ਼ੂਕਣ ਲਈ ਉਸਦਾ ਪੂਲਾ ਬੰਨ੍ਹੋ। ਅਤੇ ਫ਼ੇਰ ਕਣਕ ਨੂੰ ਇਕੱਠਾ ਕਰਕੇ ਮੇਰੇ ਕੋਠੇ ਵਿੱਚ ਜਮ੍ਹਾਂ ਕਰੋ।’”

ਯਿਸੂ ਦਾ ਬਹੁਤ ਸਾਰਿਆਂ ਦ੍ਰਿਸ਼ਟਾਤਾਂ ਨਾਲ ਉਪਦੇਸ਼ ਦੇਣਾ(AV)

31 ਉਨ੍ਹਾਂ ਨੇ ਉਨ੍ਹਾਂ ਨੂੰ ਇੱਕ ਹੋਰ ਦ੍ਰਿਸ਼ਟਾਂਤ ਦੇਕੇ ਕਿਹਾ: “ਸਵਰਗ ਦਾ ਰਾਜ ਇੱਕ ਸਰ੍ਹੋਂ ਦੇ ਦਾਣੇ ਵਰਗਾ ਹੈ। ਇੱਕ ਮਨੁੱਖ ਨੇ ਇਸ ਨੂੰ ਲਿਆਂਦਾ ਅਤੇ ਆਪਣੇ ਖੇਤ ਵਿੱਚ ਬੀਜ ਦਿੱਤਾ। 32 ਇਹ ਸਭ ਚੀਜ਼ਾਂ ਤੋਂ ਛੋਟਾ ਹੈ ਪਰ ਜਦੋਂ ਬੀਜ ਉੱਗਦਾ ਹੈ, ਇਹ ਬਾਗ ਦੇ ਸਾਰਿਆਂ ਪੌਦਿਆਂ ਨਾਲੋਂ ਵੱਡਾ ਹੁੰਦਾ ਹੈ। ਅਤੇ ਇਹ ਇੱਕ ਰੁੱਖ ਬਣ ਜਾਂਦਾ ਹੈ। ਪੰਛੀ ਆਕੇ ਇਸ ਦੀਆਂ ਸ਼ਾਖਾਂ ਵਿੱਚ ਆਪਣੇ ਆਲ੍ਹਣੇ ਬਣਾਉਂਦੇ ਹਨ।”

33 ਉਸ ਨੇ ਉਨ੍ਹਾਂ ਨੂੰ ਇੱਕ ਹੋਰ ਦ੍ਰਿਸ਼ਟਾਂਤ ਦਿੱਤੀ, “ਸਵਰਗ ਦਾ ਰਾਜ ਖਮੀਰ ਵਰਗਾ ਹੈ, ਜਿਸ ਨੂੰ ਔਰਤ ਨੇ ਲੈ ਕੇ ਦਸ ਕਿੱਲੋ ਆਟੇ ਵਿੱਚ ਮਿਲਾਇਆ, ਅਤੇ ਖਮੀਰ ਸਾਰੇ ਆਟੇ ਨੂੰ ਉਫ਼ਾਨ ਦਿੰਦਾ ਹੈ।”

34 ਇਹ ਸਾਰੀਆਂ ਗੱਲਾਂ ਯਿਸੂ ਰਾਹੀਂ ਲੋਕਾਂ ਨੂੰ ਦ੍ਰਿਸ਼ਟਾਂਤ ਵਿੱਚ ਦੱਸੀਆਂ ਗਈਆਂ ਸਨ। ਉਸ ਨੇ ਦ੍ਰਿਸ਼ਟਾਂਤਾਂ ਦਾ ਇਸਤੇਮਾਲ ਕੀਤੇ ਬਿਨਾ ਲੋਕਾਂ ਨੂੰ ਕੁਝ ਨਹੀਂ ਦੱਸਿਆ। 35 ਇਹ ਉਵੇਂ ਸੀ ਜਿਹੜਾ ਬਚਨ ਨਬੀ ਨੇ ਕੀਤਾ ਸੀ ਕਿ:

“ਮੈਂ ਦ੍ਰਿਸ਼ਟਾਤਾਂ ਵਿੱਚ ਆਪਣਾ ਮੂੰਹ ਖੋਲਾਂਗਾ,
    ਮੈਂ ਉਨ੍ਹਾਂ ਗੱਲਾਂ ਨੂੰ ਉਚਾਰਾਂਗਾ, ਜਿਹੜੀਆਂ ਕਿ ਦੁਨੀਆਂ ਦੇ ਮੁੱਢ ਤੋਂ ਗੁਪਤ ਰਹੀਆਂ ਹਨ।” (AW)

ਯਿਸੂ ਕਣਕ ਅਤੇ ਜੰਗਲੀ ਬੂਟੀ ਬਾਰੇ ਦ੍ਰਿਸ਼ਟਾਂਤ ਦੀ ਵਿਆਖਿਆ ਕਰਦਾ

36 ਫ਼ਿਰ ਯਿਸੂ ਨੇ ਲੋਕਾਂ ਨੂੰ ਵਿਦਾ ਕੀਤਾ ਅਤੇ ਘਰ ਆ ਗਿਆ ਉਸ ਦੇ ਚੇਲੇ ਉਸ ਕੋਲ ਆਏ ਅਤੇ ਆਖਿਆ, “ਸਾਨੂੰ ਖੇਤ ਦੀ ਜੰਗਲੀ ਬੂਟੀ ਦੀ ਦ੍ਰਿਸ਼ਟਾਂਤ ਦੀ ਵਿਆਖਿਆ ਕਰਕੇ ਦੱਸ।”

37 ਉਸ ਨੇ ਜਵਾਬ ਦਿੱਤਾ, “ਜਿਸ ਵਿਅਕਤੀ ਨੇ ਚੰਗਾ ਬੀਜ ਬੀਜਿਆ ਉਹ ਮਨੁੱਖ ਦਾ ਪੁੱਤਰ ਹੈ। 38 ਖੇਤ ਦੁਨੀਆਂ ਹੈ ਅਤੇ ਚੰਗੇ ਬੀਜ, ਹਕੂਮਤ ਦੇ ਪੁੱਤਰ ਹਨ। ਅਤੇ ਜੰਗਲੀ ਬੂਟੀਆਂ ਦੁਸ਼ਟ ਦੇ ਪੁੱਤਰ ਹਨ। 39 ਅਤੇ ਉਹ ਵੈਰੀ ਜਿਸਨੇ ਉਨ੍ਹਾਂ ਨੂੰ ਬੀਜਿਆ ਉਹ ਸ਼ੈਤਾਨ ਹੈ। ਵਾਢੀ ਦਾ ਵੇਲਾ ਜੁਗ ਦੇ ਅੰਤ ਦਾ ਸਮਾਂ ਹੈ ਅਤੇ ਵੱਢਣ ਵਾਲੇ ਪਰਮੇਸ਼ੁਰ ਦੇ ਦੂਤ ਹਨ।

40 “ਸੋ ਜਿਸ ਪ੍ਰਕਾਰ ਜੰਗਲੀ ਬੂਟੀ ਇਕੱਠੀ ਕੀਤੀ ਜਾਂਦੀ ਹੈ ਅਤੇ ਅੱਗ ਵਿੱਚ ਫ਼ੂਕੀ ਜਾਂਦੀ ਹੈ, ਇਸੇ ਤਰ੍ਹਾਂ ਇਸ ਜੁਗ ਦੇ ਅੰਤ ਦੇ ਸਮੇਂ ਹੋਵੇਗਾ। 41 ਮਨੁੱਖ ਦਾ ਪੁੱਤਰ ਆਪਣਿਆਂ ਦੂਤਾਂ ਨੂੰ ਆਪਣੇ ਰਾਜ ਵਿੱਚੋਂ ਪਾਪ ਕਰਾਉਣ ਦੇ ਸਾਰੇ ਕਾਰਣਾ ਅਤੇ ਭੈੜੀਆਂ ਵਸਤਾਂ ਅਤੇ ਪਾਪੀਆਂ ਤੇ ਸਾਰੇ ਕੁਕਰਮੀਆਂ ਨੂੰ ਇਕੱਠਿਆਂ ਕਰਨ ਲਈ ਘੱਲੇਗਾ। 42 ਉਹ ਉਨ੍ਹਾਂ ਨੂੰ ਅੱਗ ਦੇ ਭਠੇ ਵਿੱਚ ਸੁੱਟ ਦੇਣਗੇ। ਉੱਥੇ ਉਹ ਲੋਕ ਰੋਣਗੇ ਅਤੇ ਆਪਣੇ ਦੰਦ ਪੀਸਣਗੇ। 43 ਤਦ ਧਰਮੀ ਲੋਕ ਆਪਣੇ ਪਿਤਾ ਦੇ ਰਾਜ ਵਿੱਚ ਸੂਰਜ ਵਾਂਗ ਚਮਕਣਗੇ। ਜਿਹੜੇ ਲੋਕ ਸੁਣ ਸੱਕਦੇ ਹਨ ਸੁਨਣ।

ਖਜ਼ਾਨਿਆਂ ਅਤੇ ਮੋਤੀਆਂ ਬਾਰੇ ਦ੍ਰਿਸ਼ਟਾਂਤ

44 “ਸਵਰਗ ਦਾ ਰਾਜ ਉਸ ਖਜਾਨੇ ਵਰਗਾ ਹੈ ਜਿਹੜਾ ਖੇਤ ਵਿੱਚ ਲੁਕਿਆ ਹੋਇਆ ਹੈ। ਜਦੋਂ ਇੱਕ ਮਨੁੱਖ ਨੇ ਇਸ ਨੂੰ ਲੱਭ ਲਿਆ, ਉਸ ਨੇ ਇਸ ਨੂੰ ਖੇਤ ਵਿੱਚ ਫ਼ੇਰ ਦੱਬ ਦਿੱਤਾ। ਉਹ ਬਹੁਤ ਖੁਸ਼ ਸੀ ਕਿ ਉਸ ਨੇ ਉਸ ਖੇਤ ਨੂੰ ਖਰੀਦਣ ਵਾਸਤੇ ਆਪਣਾ ਸਭ ਕੁਝ ਵੇਚ ਦਿੱਤਾ, ਜੋ ਉਸ ਕੋਲ ਸੀ।

45 “ਫ਼ੇਰ ਸਵਰਗ ਦਾ ਰਾਜ ਉਸ ਵਪਾਰੀ ਵਰਗਾ ਹੈ ਜੋ ਕਿ ਚੰਗੇ ਮੋਤੀਆਂ ਨੂੰ ਲੱਭ ਰਿਹਾ ਸੀ। 46 ਜਦ ਉਸ ਨੂੰ ਇੱਕ ਮੋਤੀ ਭਾਰੇ ਦਾਮ ਦਾ ਮਿਲਿਆ ਤਾਂ ਜਾਕੇ ਆਪਣਾ ਸਭ ਕੁਝ ਵੇਚ-ਵੱਟਕੇ ਉਸ ਨੇ ਉਹ ਮੋਤੀ ਮੁੱਲ ਲੈ ਲਿਆ।

ਮੱਛੀ ਦੇ ਜਾਲ ਬਾਰੇ ਇੱਕ ਦ੍ਰਿਸ਼ਟਾਂਤ

47 “ਸਵਰਗ ਦਾ ਰਾਜ ਇੱਕ ਜਾਲ ਵਰਗਾ ਵੀ ਹੈ, ਜਿਹੜਾ ਝੀਲ ਵਿੱਚ ਪਾਇਆ ਹੋਇਆ ਹੈ। ਉਸ ਜਾਲ ਨੇ ਵੱਖਰੀ ਪ੍ਰਕਾਰ ਦੀਆਂ ਮੱਛੀਆਂ ਫ਼ੜੀਆਂ। 48 ਜਦੋਂ ਉਹ ਭਰ ਗਿਆ ਤਾਂ ਮਛੇਰੇ ਜਾਲ ਨੂੰ ਕੰਢੇ ਉੱਤੇ ਖਿੱਚਕੇ ਲੈ ਆਏ ਅਤੇ ਬੈਠ ਕੇ ਚੰਗੀਆਂ ਮੱਛੀਆਂ ਨੂੰ ਬਾਲਟੀ ਵਿੱਚ ਜਮਾ ਕੀਤਾ ਅਤੇ ਫ਼ਿਜ਼ੂਲ ਨੂੰ ਪਰੇ ਸੁੱਟ ਦਿੱਤਾ। 49 ਸੋ ਦੁਨੀਆਂ ਦੇ ਅੰਤ ਦੇ ਸਮੇਂ ਵੀ ਅਜਿਹਾ ਹੋਵੇਗਾ। ਦੂਤ ਜਾਣਗੇ ਅਤੇ ਚੰਗੇ ਲੋਕਾਂ ਵਿੱਚੋਂ ਦੁਸ਼ਟਾਂ ਨੂੰ ਅਲੱਗ ਕਰ ਦੇਣਗੇ। 50 ਅਤੇ ਉਹ ਉਨ੍ਹਾਂ ਨੂੰ ਅੱਗ ਦੇ ਭਠੇ ਵਿੱਚ ਸੁੱਟ ਦੇਣਗੇ। ਉਸ ਜਗ੍ਹਾ ਤੇ ਲੋਕਾਂ ਨੂੰ ਰੋਣਾ ਪਵੇਗਾ ਅਤੇ ਆਪਣੇ ਦੰਦ ਪੀਸਣੇ ਪੈਣਗੇ।”

51 ਯਿਸੂ ਨੇ ਆਪਣੇ ਚੇਲਿਆਂ ਨੂੰ ਪੁੱਛਿਆ, “ਕੀ ਤੁਸੀਂ ਇਹ ਸਭ ਗੱਲਾਂ ਸਮਝਦੇ ਹੋ?”

ਚੇਲਿਆਂ ਨੇ ਜਵਾਬ ਦਿੱਤਾ, “ਹਾਂ, ਅਸੀਂ ਸਮਝਦੇ ਹਾਂ।”

52 ਤਦ ਉਸ ਨੇ ਉਨ੍ਹਾਂ ਨੂੰ ਕਿਹਾ, “ਇਸ ਲਈ ਹਰੇਕ ਨੇਮ ਦੇ ਉਪਦੇਸ਼ਕ, ਜਿਸ ਨੂੰ ਇਸ ਸਵਰਗ ਦੇ ਰਾਜ ਬਾਰੇ ਸਿੱਖਿਆ ਦਿੱਤੀ ਗਈ ਹੈ, ਉਹ ਘਰ ਦੇ ਮਾਲਕ ਵਰਗਾ ਹੈ, ਜਿਹੜਾ ਆਪਣੇ ਖਜ਼ਾਨੇ ਵਿੱਚੋਂ ਨਵੀਆਂ, ਅਤੇ ਪੁਰਾਣੀਆਂ ਚੀਜ਼ਾਂ ਬਾਹਰ ਕੱਢਦਾ ਹੈ।”

ਯਿਸੂ ਦੀ ਆਪਣੇ ਘਰ ਵੱਲ ਵਾਪਸੀ(AX)

53 ਜਦੋਂ ਯਿਸੂ ਨੇ ਇਹ ਦ੍ਰਿਸ਼ਟਾਂਤ ਪੂਰੇ ਕੀਤੇ ਤਾਂ ਉਹ ਉੱਥੋਂ ਤੁਰ ਪਿਆ। 54 ਯਿਸੂ ਉਸ ਨਗਰ ਵਿੱਚ ਗਿਆ ਜਿੱਥੇ ਉਹ ਵੱਡਾ ਹੋਇਆ ਸੀ ਅਤੇ ਉਸ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਪ੍ਰਾਰਥਨਾ ਸਥਾਨਾਂ ਵਿੱਚ ਉਪਦੇਸ਼ ਦੇਣੇ ਸ਼ੁਰੂ ਕਰ ਦਿੱਤੇ। ਤਾਂ ਉਹ ਲੋਕ ਹੈਰਾਨ ਹੋ ਗਏ ਅਤੇ ਪੁੱਛਿਆ, “ਉਸਨੇ ਕਰਿਸ਼ਮੇ ਕਰਨ ਦਾ ਇਹ ਗਿਆਨ ਅਤੇ ਸ਼ਕਤੀ ਕਿੱਥੋਂ ਪ੍ਰਾਪਤ ਕੀਤੀ ਹੈ? 55 ਭਲਾ ਇਹ ਤਰੱਖਾਣ ਦਾ ਪੁੱਤਰ ਨਹੀਂ, ਅਤੇ ਇਸਦੀ ਮਾਂ ਮਰਿਯਮ ਨਹੀਂ ਕਹਾਉਂਦੀ ਅਤੇ ਇਸਦੇ ਭਾਈ ਯਾਕੂਬ, ਯੂਸੁਫ਼, ਸ਼ਮਊਨ ਅਤੇ ਯਹੂਦਾ ਨਹੀਂ ਹਨ? 56 ਅਤੇ ਉਸ ਦੀਆਂ ਸਾਰੀਆਂ ਭੈਣਾਂ ਭਲਾ ਸਾਡੇ ਕੋਲ ਨਹੀਂ ਹਨ? ਫ਼ੇਰ ਉਸ ਨੂੰ ਇਹ ਸਭ ਕੁਝ ਕਿੱਥੋਂ ਮਿਲਿਆ?” 57 ਇੰਝ ਉਨ੍ਹਾਂ ਨੇ ਯਿਸੂ ਨੂੰ ਕਬੂਲਣ ਤੋਂ ਇਨਕਾਰ ਕਰ ਦਿੱਤਾ।

ਪਰ ਯਿਸੂ ਨੇ ਉਨ੍ਹਾਂ ਨੂੰ ਆਖਿਆ, “ਕਿਸੇ ਨਬੀ ਨੂੰ ਉਸ ਦੇ ਆਪਣੇ ਸ਼ਹਿਰ ਜਾਂ ਆਪਣੇ ਘਰ ਵਿੱਚ ਨਹੀਂ ਸਤਿਕਾਰਿਆ ਜਾਂਦਾ। ਬਾਕੀ ਲੋਕ ਉਸਦਾ ਸਤਿਕਾਰ ਕਰਦੇ ਹਨ।” 58 ਉੱਥੇ ਯਿਸੂ ਨੇ ਬਹੁਤੇ ਕਰਿਸ਼ਮੇ ਨਾ ਕੀਤੇ ਕਿਉਂਕਿ ਉਨ੍ਹਾਂ ਨੇ ਵਿਸ਼ਵਾਸ ਨਹੀਂ ਕੀਤਾ।

ਹੇਰੋਦੇਸ ਨੂੰ ਯਿਸੂ ਬਾਰੇ ਖਬਰ(AY)

14 ਉਸ ਸਮੇਂ ਰਾਜੇ ਹੇਰੋਦੇਸ, ਗਲੀਲੀ ਦੇ ਸ਼ਾਸਕ ਨੇ ਯਿਸੂ ਦੀ ਖਬਰ ਸੁਣੀ। ਉਸ ਨੇ ਆਪਣੇ ਨੋਕਰਾਂ ਨੂੰ ਆਖਿਆ, “ਇਹ ਮਨੁੱਖ ਬਪਤਿਸਮਾ ਦੇਣ ਵਾਲਾ ਯੂਹੰਨਾ ਹੈ। ਉਹ ਜ਼ਰੂਰ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ। ਇਸੇ ਲਈ ਇਸ ਵਿੱਚ ਅਜਿਹੀਆਂ ਚਮਤਕਾਰੀ ਸ਼ਕਤੀਆਂ ਕੰਮ ਕਰ ਰਹੀਆਂ ਹਨ।”

ਯੂਹੰਨਾ ਬਪਤਿਸਮਾ ਦੇਣ ਵਾਲੇ ਦੀ ਮੌਤ

ਹੇਰੋਦੇਸ ਨੇ ਆਪਣੇ ਭਰਾ ਫ਼ਿਲਿਪੁੱਸ ਦੀ ਤੀਵੀਂ ਹੇਰੋਦਿਯਾਸ ਦੇ ਕਾਰਣ ਯੂਹੰਨਾ ਨੂੰ ਫ਼ੜਕੇ ਬੰਨ੍ਹਿਆ ਅਤੇ ਕੈਦ ਵਿੱਚ ਪਾ ਦਿੱਤਾ ਸੀ। ਉਸ ਨੇ ਯੂਹੰਨਾ ਨੂੰ ਇਸ ਲਈ ਕੈਦ ਕੀਤਾ ਕਿਉਂਕਿ, ਯੂਹੰਨਾ ਨੇ ਉਸ ਨੂੰ ਆਖਿਆ, “ਹੇਰੋਦਿਯਾਸ ਨੂੰ ਰੱਖਣਾ ਤੁਹਾਨੂੰ ਯੋਗ ਨਹੀਂ।” ਉਹ ਯੂਹੰਨਾ ਨੂੰ ਮਾਰਨਾ ਚਾਹੁੰਦਾ ਸੀ, ਪਰ ਉਹ ਲੋਕਾਂ ਤੋਂ ਡਰਦਾ ਸੀ ਕਿਉਂਕਿ ਉਨ੍ਹਾਂ ਨੇ ਯੂਹੰਨਾ ਨੂੰ ਨਬੀ ਸਮਝਿਆ ਹੋਇਆ ਸੀ।

ਪਰ ਹੇਰੋਦੇਸ ਦੇ ਜਨਮਦਿਨ ਤੇ ਹੇਰੋਦਿਯਾਸ ਦੀ ਧੀ, ਹੇਰੋਦੇਸ ਅਤੇ ਉਸ ਦੇ ਮਹਿਮਾਨਾਂ ਵਾਸਤੇ ਨੱਚੀ। ਹੇਰੋਦੇਸ ਉਸਤੋਂ ਬਹੁਤ ਪ੍ਰਸੰਨ ਹੋਇਆ। ਤਾਂ ਹੇਰੋਦੇਸ ਨੇ ਸੌਂਹ ਖਾਕੇ ਉਸ ਨੂੰ, ਜੋ ਕੁਝ ਵੀ ਉਹ ਮੰਗੇ, ਦੇਣ ਦਾ ਇਕਰਾਰ ਕੀਤਾ। ਉਸਦੀ ਮਾਂ ਨੇ ਉਸ ਨੂੰ ਦੱਸਿਆ ਹੋਇਆ ਸੀ ਕਿ ਉਹ ਕੀ ਮੰਗੇ, ਤਾਂ ਉਸ ਨੇ ਆਖਿਆ, “ਹੁਣੇ ਇੱਥੇ ਥਾਲ ਤੇ ਰੱਖ ਕੇ ਮੈਨੂੰ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਦਿਉ।”

ਹੇਰੋਦੇਸ ਉਦਾਸ ਹੋ ਗਿਆ, ਪਰ ਆਪਣੀਆਂ ਸੌਹਾਂ ਦੇ ਕਾਰਣ ਅਤੇ ਉਨ੍ਹਾਂ ਲੋਕਾਂ ਦੇ ਕਾਰਣ, ਜਿਹੜੇ ਉਸ ਦੇ ਨਾਲ ਬੈਠੇ ਹੋਏ ਸਨ, ਉਸ ਨੇ ਹੁਕਮ ਦਿੱਤਾ ਕਿ ਉਸਦੀ ਬੇਨਤੀ ਤੁਰੰਤ ਪੂਰੀ ਕੀਤੀ ਜਾਵੇ। 10 ਅਤੇ ਉਸ ਨੇ ਮਨੁੱਖ ਨੂੰ ਭੇਜਕੇ ਕੈਦਖਾਨੇ ਵਿੱਚ ਯੂਹੰਨਾ ਦਾ ਸਿਰ ਵੱਢਵਾ ਸੁੱਟਿਆ। 11 ਫ਼ੇਰ ਉਸਦਾ ਸਿਰ ਥਾਲ ਵਿੱਚ ਲਿਆਂਦਾ ਗਿਆ ਅਤੇ ਉਸਦੀ ਕੁੜੀ ਨੂੰ ਦਿੱਤਾ ਗਿਆ ਅਤੇ ਉਹ ਇਹ ਸਿਰ ਆਪਣੀ ਮਾਂ ਹੇਰੋਦਿਯਾਸ ਕੋਲ ਲੈ ਗਈ। 12 ਯੂਹੰਨਾ ਦੇ ਚੇਲਿਆਂ ਨੇ ਉੱਥੇ ਜਾਕੇ ਲੋਥ ਚੁੱਕੀ ਅਤੇ ਉਸ ਨੂੰ ਦਬਿਆ ਅਤੇ ਆਕੇ ਯਿਸੂ ਨੂੰ ਖਬਰ ਦਿੱਤੀ।

ਯਿਸੂ ਦਾ ਪੰਜ ਹਜ਼ਾਰ ਨੂੰ ਭੋਜਨ ਕਰਾਉਣਾ(AZ)

13 ਜਦੋਂ ਯਿਸੂ ਨੇ ਇਹ ਸੁਣਿਆ ਤਾਂ ਉਹ ਉਸ ਥਾਂ ਤੋਂ ਇੱਕਲਾ ਬੇੜੀ ਉੱਤੇ ਬੈਠਕੇ ਇੱਕ ਇੱਕਾਂਤ ਥਾਂ ਨੂੰ ਚੱਲਾ ਗਿਆ। ਅਤੇ ਇਹ ਸੁਣਕੇ ਲੋਕ ਨਗਰਾਂ ਤੋਂ ਉਸ ਦੇ ਪਿੱਛੇ ਪੈਦਲ ਤੁਰ ਪਏ। 14 ਜਦੋਂ ਉਹ ਬੇੜੀ ਤੋਂ ਉਤਰਿਆ, ਉੱਥੇ ਉਸ ਨੇ ਬਹੁਤ ਵੱਡੀ ਭੀੜ ਵੇਖੀ। ਉਸ ਨੇ ਉਨ੍ਹਾਂ ਲਈ ਤਰਸ ਮਹਿਸੂਸ ਕੀਤਾ ਅਤੇ ਉਨ੍ਹਾਂ ਦੇ ਰੋਗੀ ਲੋਕਾਂ ਨੂੰ ਚੰਗਾ ਕੀਤਾ।

15 ਜਦੋਂ ਸ਼ਾਮ ਹੋਈ ਤਾਂ ਚੇਲਿਆਂ ਨੇ ਉਸ ਕੋਲ ਆਕੇ ਕਿਹਾ, “ਇਹ ਉਜਾੜ ਥਾਂ ਹੈ ਅਤੇ ਹੁਣ ਕੁਵੇਲਾ ਹੋ ਗਿਆ ਹੈ ਲੋਕਾਂ ਨੂੰ ਭੇਜ ਦਿਉ ਤਾਂ ਜੋ ਉਹ ਪਿੰਡਾਂ ਨੂੰ ਜਾ ਸੱਕਣ। ਅਤੇ ਆਪਣੇ ਲਈ ਖਾਣਾ-ਦਾਣਾ ਮੁੱਲ ਲੈਣ।”

16 ਪਰ ਯਿਸੂ ਨੇ ਉਨ੍ਹਾਂ ਨੂੰ ਜਵਾਬ ਦਿੱਤਾ, “ਉਨ੍ਹਾਂ ਦੇ ਜਾਣ ਦੀ ਲੋੜ ਨਹੀਂ। ਤੁਸੀਂ ਉਨ੍ਹਾਂ ਨੂੰ ਖਾਣ ਨੂੰ ਦੇਵੋ।”

17 ਚੇਲਿਆਂ ਨੇ ਕਿਹਾ, “ਪਰ ਏਥੇ ਸਾਡੇ ਕੋਲ ਸਿਰਫ਼ ਪੰਜ ਰੋਟੀਆਂ ਅਤੇ ਦੋ ਮੱਛੀਆਂ ਹਨ।”

18 ਯਿਸੂ ਨੇ ਆਖਿਆ, “ਉਹ ਰੋਟੀਆਂ ਤੇ ਮੱਛੀਆਂ ਮੇਰੇ ਕੋਲ ਲਿਆਓ।” 19 ਫ਼ੇਰ ਯਿਸੂ ਨੇ ਭੀੜ ਨੂੰ ਘਾਹ ਉੱਤੇ ਬੈਠਣ ਦਾ ਹੁਕਮ ਦਿੱਤਾ। ਉਸ ਨੇ ਪੰਜ ਰੋਟੀਆਂ ਤੇ ਦੋ ਮੱਛੀਆਂ ਲਈਆਂ: ਉਸ ਨੇ ਅਕਾਸ਼ ਵੱਲ ਵੇਖਿਆ ਅਤੇ ਭੋਜਨ ਲਈ ਪਰਮੇਸ਼ੁਰ ਦਾ ਧੰਨਵਾਦ ਕੀਤਾ। ਫ਼ਿਰ ਯਿਸੂ ਨੇ ਰੋਟੀਆਂ ਵੰਡਿਆਂ ਅਤੇ ਚੇਲਿਆਂ ਨੂੰ ਦੇ ਦਿੱਤੀਆਂ। ਅਤੇ ਚੇਲਿਆਂ ਨੇ ਉਹ ਰੋਟੀਆਂ ਲੋਕਾਂ ਵਿੱਚ ਵੰਡ ਦਿੱਤੀਆਂ। 20 ਸਭ ਲੋਕਾਂ ਨੇ ਰੱਜ ਕੇ ਖਾਧਾ, ਖਾਣ ਤੋਂ ਬਾਦ ਚੇਲਿਆਂ ਨੇ ਬਚੀਆਂ ਹੋਈਆਂ ਰੋਟੀਆਂ ਦੇ ਟੁਕੜਿਆਂ ਨਾਲ ਬਾਰ੍ਹਾਂ ਟੋਕਰੀਆਂ ਭਰੀਆਂ। 21 ਉੱਥੇ ਔਰਤਾਂ ਅਤੇ ਬੱਚੇ ਮਿਲਾਉਣ ਤੋਂ ਬਿਨਾਂ ਜਿਨ੍ਹਾਂ ਨੇ ਭੋਜਨ ਕੀਤਾ। ਕੁਲ ਪੰਜ ਹਜ਼ਾਰ ਆਦਮੀ ਸਨ।

ਯਿਸੂ ਝੀਲ ਉੱਤੇ ਚੱਲਦਾ ਹੈ(BA)

22 ਉਸਤੋਂ ਬਾਦ, ਯਿਸੂ ਨੇ ਚੇਲਿਆਂ ਨੂੰ ਬੇੜੀ ਵਿੱਚ ਬੈਠਣ ਲਈ ਕਿਹਾ ਅਤੇ ਆਖਿਆ ਕਿ ਉਹ ਝੀਲ ਪਾਰ ਲੰਘ ਜਾਣ ਅਤੇ ਉੱਥੇ ਉਸਦਾ ਇੰਤਜ਼ਾਰ ਕਰਨ। 23 ਭੀੜ ਨੂੰ ਦੂਰ ਭੇਜਣ ਤੋਂ ਬਾਦ, ਪ੍ਰਾਰਥਨਾ ਕਰਨ ਲਈ ਉਹ ਬਿਲਕੁਲ ਇੱਕਲਾ ਪਹਾੜ ਉੱਤੇ ਚੜ੍ਹ੍ਹ ਗਿਆ। ਜਦੋਂ ਸ਼ਾਮ ਹੋਈ, ਉਹ ਉੱਥੇ ਇੱਕਲਾ ਹੀ ਸੀ। 24 ਬੇੜੀ ਪਹਿਲਾਂ ਹੀ ਕੰਢੇ ਤੋਂ ਬਹੁਤ ਦੂਰ ਸੀ। ਲਹਿਰਾਂ ਦੇ ਕਾਰਣ ਬੇੜੀ ਮੁਸੀਬਤ ਵਿੱਚ ਸੀ। ਹਵਾ ਉਲਟੀ ਦਿਸ਼ਾ ਤੋਂ ਵਗ ਰਹੀ ਸੀ।

25 ਸਵੇਰ ਦੇ ਤਿੰਨ ਅਤੇ ਛੇ ਦੇ ਵਿੱਚਕਾਰ ਯਿਸੂ ਝੀਲ ਦੇ ਉੱਤੇ ਤੁਰਦਾ ਹੋਇਆ ਆਪਣੇ ਚੇਲਿਆਂ ਕੋਲ ਆਇਆ। 26 ਜਦੋਂ ਉਸ ਦੇ ਚੇਲਿਆਂ ਨੇ ਉਸ ਨੂੰ ਝੀਲ ਦੇ ਉੱਪਰ ਤੁਰਦਿਆਂ ਵੇਖਿਆ ਘਬਰਾ ਕੇ ਆਖਣ ਲੱਗੇ, “ਇਹ ਕੋਈ ਭੂਤ ਹੈ।” ਉਹ ਡਰ ਨਾਲ ਚੀਕ ਉੱਠੇ।

27 ਪਰ ਯਿਸੂ ਨੇ ਝੱਟ ਉਨ੍ਹਾਂ ਨੂੰ ਆਖਿਆ, “ਘਬਰਾਓ ਨਾ! ਇਹ ਮੈਂ ਹਾਂ, ਡਰੋ ਨਾ।”

28 ਤਦ ਪਤਰਸ ਨੇ ਜਵਾਬ ਦਿੱਤਾ, “ਪ੍ਰਭੂ ਜੀ, ਜੇਕਰ ਇਹ ਸੱਚਮੁੱਚ ਤੁਸੀਂ ਹੋ, ਤਾਂ ਮੈਨੂੰ ਪਾਣੀ ਉੱਤੇ ਤੁਰਕੇ ਆਪਣੇ ਕੋਲ ਆਉਣ ਦਾ ਆਦੇਸ਼ ਦੇਵੋ।”

29 ਯਿਸੂ ਨੇ ਕਿਹਾ, “ਪਤਰਸ, ਆ ਜਾ!”

ਤਦ ਬੇੜੀਉਂ ਉਤਰਨ ਤੋਂ ਬਾਦ ਪਤਰਸ ਪਾਣੀ ਉੱਤੇ ਯਿਸੂ ਵੱਲ ਨੂੰ ਤੁਰਿਆ। 30 ਪਰ ਜਦੋਂ ਪਤਰਸ ਪਾਣੀ ਤੇ ਤੁਰਿਆ ਤਾਂ, ਉਸ ਨੇ ਭਾਰੀ ਹਵਾ ਦਾ ਬੁੱਲਾ ਵੇਖਿਆ ਅਤੇ ਡਰ ਗਿਆ ਅਤੇ ਪਾਣੀ ਵਿੱਚ ਡੁੱਬਣ ਲੱਗਾ। ਪਤਰਸ ਚੀਕਿਆ, “ਪ੍ਰਭੂ ਜੀ, ਮੈਨੂੰ ਬਚਾਓ!”

31 ਯਿਸੂ ਨੇ ਉਸ ਨੂੰ ਆਪਣੇ ਹੱਥ ਨਾਲ ਚੁੱਕਿਆ ਅਤੇ ਆਖਿਆ, “ਤੈਨੂੰ ਘੱਟ ਵਿਸ਼ਵਾਸ ਹੈ। ਤੂੰ ਸ਼ੱਕ ਕਿਉਂ ਕੀਤਾ?”

32 ਜਦੋਂ ਉਹ ਬੇੜੀ ਤੇ ਚੜ੍ਹ੍ਹ ਗਏ ਤਾਂ ਪੌਣ ਥੰਮ ਗਈ। 33 ਫ਼ੇਰ, ਉਹ ਜਿਹੜੇ ਬੇੜੀ ਵਿੱਚ ਸਨ, ਉਨ੍ਹਾਂ ਨੇ ਉਸਦੀ ਉਪਾਸਨਾ ਕੀਤੀ ਅਤੇ ਆਖਿਆ, “ਸੱਚਮੁੱਚ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ।”

ਯਿਸੂ ਕਈ ਬਿਮਾਰ ਲੋਕਾਂ ਨੂੰ ਰਾਜ਼ੀ ਕਰਦਾ ਹੈ(BB)

34 ਉਹ ਝੀਲ ਦੇ ਪਾਰ ਲੰਘਕੇ ਗੰਨੇਸਰਤ ਦੀ ਧਰਤੀ ਉੱਤੇ ਉੱਤਰੇ। 35 ਜਦੋਂ ਉੱਥੋਂ ਦੇ ਲੋਕਾਂ ਨੇ ਉਸ ਨੂੰ ਪਛਾਣਿਆ, ਤਾਂ ਉਨ੍ਹਾਂ ਨੇ ਆਸੇ-ਪਾਸੇ ਦੇ ਇਲਾਕਿਆਂ ਵਿੱਚ ਖਬਰ ਫ਼ੈਲਾ ਦਿੱਤੀ ਤੇ ਉਨ੍ਹਾਂ ਨੇ ਆਪਣੇ ਸਾਰੇ ਬਿਮਾਰ ਲੋਕਾਂ ਨੂੰ ਉਸ ਕੋਲ ਲਿਆਂਦਾ। 36 ਉਨ੍ਹਾਂ ਨੇ ਯਿਸੂ ਨੂੰ ਬੇਨਤੀ ਕੀਤੀ ਕਿ ਉਹ ਸਿਰਫ਼ ਉਨ੍ਹਾਂ ਨੂੰ ਉਸ ਦੇ ਚੋਲੇ ਦਾ ਪੱਲਾ ਛੋਹਣ ਦੀ ਆਗਿਆ ਦੇਵੇ, ਉਨ੍ਹਾਂ ਸਭ ਨੇ, ਜਿਨ੍ਹਾਂ ਨੇ ਛੋਹਿਆ, ਚੰਗੇ ਹੋ ਗਏ।

ਪਰਮੇਸ਼ੁਰ ਦੇ ਨੇਮ ਅਤੇ ਲੋਕਾਂ ਦੀਆਂ ਰੀਤਾਂ(BC)

15 ਤਦ ਕੁਝ ਫ਼ਰੀਸੀ ਤੇ ਨੇਮ ਦੇ ਉਪਦੇਸ਼ਕ ਯਿਸੂ ਕੋਲ ਆਏ। ਉਹ ਯਰੂਸ਼ਲਮ ਤੋਂ ਉਸ ਕੋਲ ਆਏ ਤੇ ਕਿਹਾ। “ਤੇਰੇ ਚੇਲੇ ਸਾਡੇ ਵਡੇਰਿਆਂ ਦੀ ਰੀਤ ਦੀ ਉਲੰਘਣਾ ਕਿਉਂ ਕਰਦੇ ਹਨ? ਤੇਰੇ ਚੇਲੇ ਭੋਜਨ ਖਾਣ ਤੋਂ ਪਹਿਲਾਂ ਹੱਥ ਕਿਉਂ ਨਹੀਂ ਧੋਂਦੇ?”

ਪਰ ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਤੁਸੀਂ ਵੀ ਆਪਣੀ ਰੀਤ ਨਾਲ ਪਰਮੇਸ਼ੁਰ ਦੇ ਹੁਕਮ ਦੀ ਉਲੰਘਨਾ ਕਿਉਂ ਕਰਦੇ ਹੋ? ਪਰਮੇਸ਼ੁਰ ਨੇ ਫ਼ੁਰਮਾਇਆ ਹੈ ਕਿ, ‘ਤੁਸੀਂ ਆਪਣੇ ਪਿਤਾ ਅਤੇ ਮਾਤਾ ਦਾ ਆਦਰ ਕਰੋ, [m] ਅਤੇ ਪਰਮੇਸ਼ੁਰ ਨੇ ਇਹ ਵੀ ਫ਼ੁਰਮਾਇਆ ਹੈ ਕਿ ਜਿਹੜਾ ਵੀ ਮਨੁੱਖ ਪਿਤਾ ਜਾਂ ਮਾਤਾ ਨੂੰ ਮੰਦਾ ਬੋਲੇ ਉਹ ਜਾਨੋ ਮਾਰਿਆ ਜਾਵੇ।’ [n] ਪਰ ਤੁਸੀਂ ਉਪਦੇਸ਼ ਦਿੰਦੇ ਹੋ ਕਿ ਜਿਹੜਾ ਵਿਅਕਤੀ ਆਪਣੇ ਪਿਤਾ ਜਾਂ ਮਾਤਾ ਨੂੰ ਆਖ ਸੱਕਦਾ ਹੈ, ਮੇਰੇ ਕੋਲ ਕੁਝ ਹੈ ਜੋ ਮੈਂ ਤੁਹਾਡੀ ਸਹਾਇਤਾ ਲਈ ਇਸਤੇਮਾਲ ਕਰ ਸੱਕਦਾ ਹਾਂ ਪਰ ਇਹ ਮੈਂ ਤੁਹਾਡੀ ਸਹਾਇਤਾ ਕਰਨ ਲਈ ਇਸਤੇਮਾਲ ਨਹੀਂ ਕਰਾਂਗਾ। ਮੈਂ ਇਹ ਪਰਮੇਸ਼ੁਰ ਨੂੰ ਦੇਵਾਂਗਾ। ਤੁਸੀਂ ਉਸ ਬੰਦੇ ਨੂੰ ਆਪਣੇ ਪਿਤਾ ਦਾ ਸਤਿਕਾਰ ਨਾ ਕਰਨ ਦਾ ਉਪਦੇਸ਼ ਦਿੰਦੇ ਹੋ। ਇਸ ਤਰ੍ਹਾਂ, ਤੁਸੀਂ ਆਪਣੀ ਪਰੰਪਰਾ ਕਾਰਣ ਪਰਮੇਸ਼ੁਰ ਦੇ ਹੁਕਮਾਂ ਨੂੰ ਵਿਅਰਥ ਕਰ ਦਿੱਤਾ ਹੈ। ਹੇ ਕਪਟੀਓ; ਯਸਾਯਾਹ ਨੇ ਤੁਹਾਡੇ ਬਾਰੇ ਠੀਕ ਅਗੰਮ ਵਾਕ ਕੀਤਾ ਹੈ ਕਿ:

‘ਇਹ ਲੋਕ ਆਪਣੇ ਬੁਲ੍ਹਾਂ ਨਾਲ ਮੇਰਾ ਆਦਰ ਕਰਦੇ ਹਨ,
    ਪਰ ਇਨ੍ਹਾਂ ਦਾ ਦਿਲ ਮੈਥੋਂ ਦੂਰ ਹੈ।
ਉਹ ਕਿਸੇ ਚੀਜ਼ ਵਾਸਤੇ ਮੇਰੀ ਉਪਾਸਨਾ ਨਹੀਂ
    ਕਰਦੇ ਕਿਉਂਕਿ ਉਹ ਮਨੁੱਖ ਦੀਆਂ ਬਣਾਈਆਂ ਰੀਤਾਂ ਦਾ ਉਪਦੇਸ਼ ਦਿੰਦੇ ਹਨ।’” (BD)

10 ਉਸ ਨੇ ਲੋਕਾਂ ਨੂੰ ਕੋਲ ਸੱਦਕੇ ਉਨ੍ਹਾਂ ਨੂੰ ਆਖਿਆ, “ਸੁਣੋ ਅਤੇ ਸਮਝੋ! 11 ਜੋ ਕੁਝ ਵੀ ਮਨੁੱਖ ਦੇ ਮੂੰਹ ਅੰਦਰ ਜਾਂਦਾ ਹੈ ਉਹ ਉਸ ਨੂੰ ਅਸ਼ੁੱਧ ਨਹੀਂ ਬਣਾਉਂਦਾ, ਸਗੋਂ ਜੋ ਕੁਝ ਵੀ ਉਸ ਵਿਅਕਤੀ ਦੇ ਮੂਹੋਂ ਨਿਕਲਦਾ ਹੈ ਉਹ ਉਸ ਨੂੰ ਅਸ਼ੁੱਧ ਬਣਾਉਂਦਾ ਹੈ।”

12 ਤਦ ਚੇਲੇ ਯਿਸੂ ਕੋਲ ਆਏ ਅਤੇ ਪੁੱਛਿਆ, “ਕੀ ਤੁਹਾਨੂੰ ਪਤਾ ਹੈ ਕਿ ਜੋ ਕੁਝ ਤੁਸੀਂ ਆਖਿਆ ਸੀ, ਫ਼ਰੀਸੀ ਉਸ ਨੂੰ ਸੁਣਕੇ ਨਰਾਜ਼ ਹੋ ਗਏ ਸਨ।”

13 ਯਿਸੂ ਨੇ ਕਿਹਾ, “ਹਰੇਕ ਬੂਟਾ ਜੋ ਮੇਰੇ ਸੁਰਗੀ ਪਿਤਾ ਨੇ ਨਹੀਂ ਲਾਇਆ ਸੋ ਜੜੋਂ ਪੁਟਿਆ ਜਾਵੇਗਾ। 14 ਫ਼ਰੀਸੀਆਂ ਤੋਂ ਦੂਰ ਰਹੋ। ਉਨ੍ਹਾਂ ਨੂੰ ਛੱਡ ਦੇਵੋ। ਉਹ ਅੰਨ੍ਹੇ ਲੋਕਾਂ ਦੇ ਅੰਨ੍ਹੇ ਆਗੂ ਹਨ। ਅਤੇ ਜੇਕਰ ਇੱਕ ਅੰਨ੍ਹਾ ਆਦਮੀ ਦੂਸਰੇ ਅੰਨ੍ਹੇ ਦੀ ਰਾਹਨੁਮਾਈ ਕਰਦਾ ਤਾਂ ਦੋਵੇਂ ਹੀ ਟੋਏ ਵਿੱਚ ਡਿੱਗਣਗੇ।”

15 ਪਤਰਸ ਨੇ ਪੁੱਛਿਆ, “ਜੋ ਕੁਝ ਤੁਸੀਂ ਲੋਕਾਂ ਨੂੰ ਕਿਹਾ ਸਾਨੂੰ ਉਸਦਾ ਅਰਥ ਦੱਸੋ।”

16 ਉਸ ਨੇ ਕਿਹਾ, “ਦੂਜੇ ਲੋਕਾਂ ਦੀ ਤਰ੍ਹਾਂ ਕੀ ਹਾਲੇ ਵੀ ਤੁਹਾਨੂੰ ਸਮਝਣਾ ਮੁਸ਼ਕਿਲ ਹੈ। 17 ਕੀ ਤੁਸੀਂ ਇਹ ਨਹੀਂ ਜਾਣਦੇ ਕਿ ਜੋ ਕੁਝ ਮੂੰਹ ਵਿੱਚ ਪੈਂਦਾ ਹੈ ਉਹ ਢਿੱਡ ਵਿੱਚ ਜਾਂਦਾ ਹੈ, ਅਤੇ ਫ਼ੇਰ ਬਾਹਰ ਆਉਂਦਾ ਹੈ ਅਤੇ ਪੱਖਾਨੇ ਵਿੱਚ ਜਾਂਦਾ ਹੈ? 18 ਪਰ ਜਿਹੜੀਆਂ ਗੱਲਾਂ ਮੂੰਹੋਂ ਨਿਕਲਦੀਆਂ ਹਨ, ਉਹ ਦਿਲੋਂ ਆਉਂਦੀਆਂ ਹਨ, ਅਤੇ ਇਹੋ ਗੱਲਾਂ ਮਨੁੱਖ ਨੂੰ ਅਸ਼ੁੱਧ ਬਣਾ ਦਿੰਦੀਆਂ ਹਨ। 19 ਕਿਉਂਕਿ ਸਾਰੀਆਂ ਬੁਰੀਆਂ ਗੱਲਾਂ, ਜਿਵੇਂ, ਦੁਸ਼ਟ ਵਿੱਚਾਰ, ਕਤਲ, ਬਦਕਾਰੀ, ਜਿਨਸੀ ਗੁਨਾਹ, ਚੋਰੀ ਕਰਨਾ, ਝੂਠ ਬੋਲਣਾ ਅਤੇ ਭੰਡੀ ਕਰਨੀ, ਵਿਅਕਤੀ ਦੇ ਦਿਲੋਂ ਹੀ ਆਉਂਦੀਆਂ ਹਨ। 20 ਇਹੋ ਗੱਲਾਂ ਹਨ ਜਿਹੜੀਆਂ ਮਨੁੱਖ ਨੂੰ ਅਸ਼ੁੱਧ ਬਣਾਉਂਦੀਆਂ ਹਨ, ਪਰ ਬਿਨਾ ਹੱਥ ਧੋਇਆਂ ਰੋਟੀ ਖਾਣੀ, ਮਨੁੱਖ ਨੂੰ ਅਸ਼ੁੱਧ ਨਹੀਂ ਬਣਾਉਂਦੀ।”

ਯਿਸੂ ਦਾ ਇੱਕ ਗ਼ੈਰ-ਯਹੂਦੀ ਔਰਤ ਨੂੰ ਬਚਾਉਣਾ(BE)

21 ਯਿਸੂ ਉੱਥੋਂ ਚੱਲ ਕੇ ਸੂਰ ਅਤੇ ਸੈਦਾ ਦੇ ਇਲਾਕੇ ਵਿੱਚ ਗਿਆ। 22 ਉਸ ਇਲਾਕੇ ਵਿੱਚੋਂ ਇੱਕ ਕਨਾਨੀ ਔਰਤ ਆਈ ਅਤੇ ਉੱਚੀ ਅਵਾਜ਼ ਵਿੱਚ ਬੋਲੀ, “ਹੇ ਪ੍ਰਭੂ, ਦਾਊਦ ਦੇ ਪੁੱਤਰ! ਮੇਰੇ ਉੱਤੇ ਦਯਾ ਕਰੋ ਮੇਰੀ ਧੀ ਦਾ ਭੂਤ ਦੇ ਸਾਏ ਨਾਲ ਬੁਰਾ ਹਾਲ ਹੈ।”

23 ਪਰ ਯਿਸੂ ਨੇ ਜਵਾਬ ਵਿੱਚ ਉਸ ਔਰਤ ਨੂੰ ਇੱਕ ਸ਼ਬਦ ਨਾ ਆਖਿਆ। ਉਸ ਦੇ ਚੇਲੇ ਉਸ ਕੋਲ ਆਏ ਅਤੇ ਉਸ ਨੂੰ ਬੇਨਤੀ ਕੀਤੀ, “ਐਰਤ ਨੂੰ ਕਹੋ ਕਿ ਉਹ ਚਲੀ ਜਾਵੇ। ਉਹ ਸਾਡਾ ਪਿੱਛਾ ਕਰਦੀ ਹੋਈ ਰੌਲਾ ਪਾ ਰਹੀ ਹੈ।”

24 ਤਦ ਯਿਸੂ ਨੇ ਆਖਿਆ, “ਮੈਨੂੰ ਸਿਰਫ਼ ਇਸਰਾਏਲ ਦੀਆਂ ਗੁਆਚੀਆਂ ਹੋਈਆਂ ਭੇਡਾਂ ਲਈ ਘੱਲਿਆ ਗਿਆ ਹੈ।”

25 ਪਰ ਉਹ ਯਿਸੂ ਕੋਲ ਆਈ ਅਤੇ ਉਸ ਦੇ ਅੱਗੇ ਮੱਥਾ ਟੇਕ ਕੇ ਬੋਲੀ, “ਪ੍ਰਭੂ ਜੀ, ਮੇਰੀ ਸਹਾਇਤਾ ਕਰੋ।”

26 ਤਾਂ ਯਿਸੂ ਨੇ ਉੱਤਰ ਦਿੱਤਾ, “ਬਾਲਕਾਂ ਦੀ ਰੋਟੀ ਲੈ ਕੇ ਕੁੱਤਿਆਂ ਅੱਗੇ ਸੁੱਟਣੀ ਚੰਗੀ ਨਹੀਂ ਹੈ।”

27 ਉਸ ਨੇ ਆਖਿਆ, “ਹਾਂ ਪ੍ਰਭੂ ਜੀ, ਪਰ ਕੁੱਤੇ ਵੀ ਆਪਣੇ ਮਾਲਕ ਦੀ ਮੇਜ਼ ਤੋਂ ਡਿੱਗੇ ਰੋਟੀ ਦੇ ਟੁਕੜੇ ਖਾਂਦੇ ਹਨ।”

28 ਤਦ ਯਿਸੂ ਨੇ ਉੱਤਰ ਦਿੱਤਾ, “ਹੇ ਬੀਬੀ ਤੇਰੀ ਵਿਸ਼ਵਾਸ ਵੱਡੀ ਹੈ। ਜਿਵੇਂ ਤੂੰ ਚਾਹੇਂ ਉਵੇਂ ਹੀ ਹੋਵੇ।” ਇਉਂ ਉਸਦੀ ਧੀ ਉਸੇ ਵੇਲੇ ਹੀ ਚੰਗੀ ਹੋ ਗਈ।

ਯਿਸੂ ਦਾ ਬਹੁਤ ਸਾਰੇ ਲੋਕਾਂ ਨੂੰ ਠੀਕ ਕਰਨਾ

29 ਯਿਸੂ ਉੱਥੋਂ ਤੁਰਕੇ ਗਲੀਲੀ ਝੀਲ ਦੇ ਨੇੜੇ ਆਇਆ, ਅਤੇ ਪਹਾੜ ਉੱਤੇ ਚੜ੍ਹ੍ਹਕੇ ਉੱਥੇ ਬਹਿ ਗਿਆ।

30 ਬਹੁਤ ਸਾਰੇ ਲੋਕ ਉਸ ਕੋਲ ਆਏ। ਉਹ ਆਪਣੇ ਨਾਲ ਲੰਗੜੀਆਂ, ਅੰਨ੍ਹਿਆਂ, ਟੁੰਡਿਆਂ, ਗੂੰਗਿਆਂ ਅਤੇ ਹੋਰ ਬਹੁਤ ਸਾਰਿਆਂ ਨੂੰ ਲੈ ਕੇ ਆਏ। ਅਤੇ ਉਨ੍ਹਾਂ ਨੂੰ ਯਿਸੂ ਦੇ ਚਰਨੀਂ ਲਾਇਆ ਅਤੇ ਯਿਸੂ ਨੇ ਉਨ੍ਹਾਂ ਸਾਰਿਆਂ ਨੂੰ ਚੰਗਾ ਕੀਤਾ। 31 ਲੋਕਾਂ ਨੇ ਵੇਖਿਆ ਕਿ ਗੂੰਗੇ ਬੋਲ ਰਹੇ ਹਨ, ਟੁੰਡੇ ਚੰਗੇ ਹੁੰਦੇ ਹਨ, ਲੰਗੜ੍ਹੇ ਤੁਰਦੇ ਹਨ ਅਤੇ ਅੰਨ੍ਹੇ ਵੇਖਦੇ ਹਨ ਤਾਂ ਹੈਰਾਨ ਹੋਏ ਅਤੇ ਉਨ੍ਹਾਂ ਨੇ ਇਸਰਾਏਲ ਦੇ ਪਰਮੇਸ਼ੁਰ ਦੀ ਉਸਤਤਿ ਕੀਤੀ।

ਯਿਸੂ ਦਾ ਚਾਰ ਹਜ਼ਾਰ ਤੋਂ ਵੱਧ ਲੋਕਾਂ ਨੂੰ ਭੋਜਨ ਕਰਾਉਣਾ(BF)

32 ਤਦ ਯਿਸੂ ਨੇ ਆਪਣੇ ਚੇਲਿਆਂ ਨੂੰ ਕੋਲ ਸੱਦ ਕੇ ਕਿਹਾ, “ਮੈਨੂੰ ਲੋਕਾਂ ਉੱਤੇ ਤਰਸ ਆਉਂਦਾ ਹੈ, ਕਿਉਂਕਿ ਇਹ ਤਿੰਨਾਂ ਦਿਨਾਂ ਤੋਂ ਮੇਰੇ ਨਾਲ ਰਹਿ ਰਹੇ ਹਨ, ਅਤੇ ਇਨ੍ਹਾਂ ਦੇ ਕੋਲ ਖਾਣ ਨੂੰ ਕੁਝ ਨਹੀਂ ਅਤੇ ਮੈਂ ਨਹੀਂ ਚਾਹੁੰਦਾ ਕਿ ਇਨ੍ਹਾਂ ਨੂੰ ਭੁੱਖਿਆਂ ਵਿਦਾ ਕਰਾਂ, ਕਿਤੇ ਉਹ ਰਸਤੇ ਵਿੱਚ ਹੀ ਭੁੱਖ ਦੇ ਮਾਰੇ ਬੇਹੋਸ਼ ਨਾ ਹੋ ਜਾਣ।”

33 ਚੇਲਿਆਂ ਨੇ ਯਿਸੂ ਨੂੰ ਜਵਾਬ ਦਿੱਤਾ, “ਅਸੀਂ ਇਨ੍ਹਾਂ ਸਾਰੇ ਲੋਕਾਂ ਦੇ ਖਾਣ ਲਈ ਕਾਫ਼ੀ ਭੋਜਨ ਇਸ ਬੀਆਬਾਨ ਜਗ੍ਹਾ ਵਿੱਚ ਕਿੱਥੋਂ ਪ੍ਰਾਪਤ ਕਰ ਸੱਕਦੇ ਹਾਂ?”

34 ਤਦ ਯਿਸੂ ਨੇ ਉਨ੍ਹਾਂ ਨੂੰ ਪੁੱਛਿਆ, “ਤੁਹਾਡੇ ਕੋਲ ਕਿੰਨੀਆਂ ਰੋਟੀਆਂ ਹਨ?”

ਉਹ ਬੋਲੇ, “ਸੱਤ ਰੋਟੀਆਂ ਅਤੇ ਥੋੜੀਆਂ ਨਿੱਕੀਆਂ ਮੱਛੀਆਂ ਹਨ।”

35 ਤਦ ਯਿਸੂ ਨੇ ਭੀੜ ਨੂੰ ਹੇਠਾਂ ਜ਼ਮੀਨ ਤੇ ਬੈਠਣ ਨੂੰ ਕਿਹਾ। 36 ਤਦ ਉਸ ਨੇ ਸੱਤ ਰੋਟੀਆਂ ਅਤੇ ਮੱਛੀਆਂ ਲਈਆਂ ਅਤੇ ਪਰਮੇਸ਼ੁਰ ਦਾ ਸ਼ੁਕਰ ਕਰਕੇ ਤੋੜੀਆਂ ਅਤੇ ਚੇਲਿਆਂ ਨੂੰ ਦਿੱਤੀਆਂ ਅਤੇ ਚੇਲਿਆਂ ਨੇ ਲੋਕਾਂ ਵਿੱਚ ਵੰਡਿਆਂ। 37 ਸਭ ਲੋਕਾਂ ਨੇ ਰੱਜਕੇ ਖਾਧਾ, ਅਤੇ ਉਸ ਦੇ ਚੇਲਿਆਂ ਨੇ ਬਚੇ ਹੋਏ ਭੋਜਨ ਨਾਲ ਸੱਤ ਟੋਕਰੀਆਂ ਭਰੀਆਂ। 38 ਔਰਤਾਂ ਅਤੇ ਬੱਚਿਆਂ ਦੇ ਖਾਣ ਤੋਂ ਛੁੱਟ ਉੱਥੇ ਘੱਟ ਤੋਂ ਘੱਟ ਚਾਰ ਹਜ਼ਾਰ ਆਦਮੀ ਸਨ। 39 ਫ਼ਿਰ ਲੋਕਾਂ ਨੂੰ ਵਿਦਾ ਕਰਕੇ ਉਹ ਬੇੜੀ ਉੱਤੇ ਚੜ੍ਹ੍ਹ ਗਿਆ ਅਤੇ ਮਗਦਾਨ ਦੇ ਇਲਾਕੇ ਵਿੱਚ ਆਇਆ।

Punjabi Bible: Easy-to-Read Version (ERV-PA)

2010 by World Bible Translation Center