Bible in 90 Days
ਯਹੋਵਾਹ ਦਾ ਸੁਲੇਮਾਨ ਕੋਲ ਆਉਣਾ
11 ਸੁਲੇਮਾਨ ਨੇ ਯਹੋਵਾਹ ਦਾ ਮੰਦਰ ਅਤੇ ਪਾਤਸ਼ਾਹ ਦਾ ਮਹਿਲ ਸੰਪੂਰਨ ਕੀਤਾ ਅਤੇ ਉਸ ਨੇ ਮਹਿਲ ਅਤੇ ਮੰਦਰ ਜਿਵੇਂ ਬਨਵਾਉਣ ਦਾ ਸੋਚਿਆ ਸੀ ਉਸ ਵਿੱਚ ਉਹ ਸਫ਼ਲ ਹੋਇਆ 12 ਤਾਂ ਰਾਤ ਨੂੰ ਯਹੋਵਾਹ ਨੇ ਉਸ ਨੂੰ ਦਰਸ਼ਨ ਦਿੱਤੇ ਅਤੇ ਉਸ ਨੂੰ ਆਖਿਆ,
“ਸੁਲੇਮਾਨ! ਮੈਂ ਤੇਰੀ ਪ੍ਰਾਰਥਨਾ ਸੁਣ ਲਈ ਹੈ, ਤੇ ਮੈਂ ਇਸ ਜਗ੍ਹਾ ਨੂੰ ਆਪਣੇ ਲਈ, ਬਲੀ ਵਾਸਤੇ ਘਰ ਵਾਂਗ ਚੁਣ ਲਿਆ ਹੈ। 13 ਜੇ ਮੈਂ ਕਦੇ ਅਕਾਸ਼ ਨੂੰ ਬੰਦ ਕਰ ਦੇਵਾਂ ਕਿ ਬਾਰਸ਼ ਨਾ ਹੋਵੇ ਜਾਂ ਮੈਂ ਟਿੱਡੀ ਦਲ ਨੂੰ ਆਖਾਂ ਕਿ ਧਰਤੀ ਦੀ ਫ਼ਸਲ ਨਸ਼ਟ ਕਰ ਦੇਵੋ ਜਾਂ ਲੋਕਾਂ ਵਿੱਚ ਮਹਾਂਮਾਰੀ ਫ਼ੈਲਾਵਾਂ। 14 ਜੇਕਰ ਮੇਰੇ ਲੋਕ ਜੋ ਮੇਰੇ ਨਾਮ ਦੁਆਰਾ ਸਦਵਾਉਂਦੇ ਹਨ, ਨਿਮਰ ਬਣ ਜਾਣ ਅਤੇ ਪ੍ਰਾਰਥਨਾ ਕਰਨ ਅਤੇ ਮੇਰਾ ਇੰਤਜਾਰ ਕਰਨ ਅਤੇ ਆਪਣੀਆਂ ਮੰਦੀਆਂ ਕਰਨੀਆਂ ਤੋਂ ਹਟ ਜਾਣ, ਤਾਂ ਮੈਂ ਅਕਾਸ਼ ਵਿੱਚ ਉਨ੍ਹਾਂ ਨੂੰ ਸੁਣਾਂਗਾ ਅਤੇ ਮੈਂ ਉਨ੍ਹਾਂ ਦੇ ਪਾਪ ਮੁਆਫ਼ ਕਰ ਦਿਆਂਗਾ ਅਤੇ ਉਨ੍ਹਾਂ ਦੀ ਧਰਤੀ ਨੂੰ ਚੰਗਾ ਕਰ ਦਿਆਂਗਾ। 15 ਤੇ ਹੁਣ ਜਿਹੜੀ ਪ੍ਰਾਰਥਨਾ ਇਸ ਥਾਂ ਤੇ ਕੀਤੀ ਜਾਵੇਗੀ ਉਸ ਲਈ ਮੇਰੀਆਂ ਅੱਖਾਂ ਖੁਲ੍ਹੀਆਂ ਰਹਿਣਗੀਆਂ ਅਤੇ ਕੰਨ ਉਸ ਵੱਲ ਲੱਗੇ ਰਹਿਣਗੇ। 16 ਕਿਉਂ ਕਿ ਹੁਣ ਮੈਂ ਇਸ ਮੰਦਰ ਨੂੰ ਚੁਣਿਆਂ ਹੈ ਤੇ ਪਵਿੱਤਰ ਕੀਤਾ ਹੈ ਤਾਂ ਜੋ ਮੇਰਾ ਨਾਮ ਹੇਮਸ਼ਾ ਲਈ ਇੱਥੇ ਰਹੇਗਾ। ਹਾਂ, ਮੇਰਾ ਦਿਲ ਅਤੇ ਅੱਖਾਂ ਹਮੇਸ਼ਾ ਇਸ ਮੰਦਰ ਵੱਲ ਲੱਗੇ ਰਹਿਣਗੇ। 17 ਇਸ ਲਈ ਹੁਣ, ਸੁਲੇਮਾਨ ਜੇਕਰ ਤੂੰ ਵੀ ਮੇਰੇ ਅੱਗੇ ਉਸ ਤਰਾੰ ਚਲੇਂਗਾ ਜਿਵੇਂ ਤੇਰੇ ਪਿਤਾ ਦਾਊਦ ਚਲਦਾ ਰਿਹਾ, ਅਤੇ ਮੇਰੇ ਸਾਰੇ ਹੁਕਮਾਂ ਦੀ ਪਾਲਣਾ ਕਰੇਂ ਅਤੇ ਜੇਕਰ ਤੂੰ ਮੇਰੀਆਂ ਬਿਧੀਆਂ ਅਤੇ ਮੇਰੇ ਨਿਆਵਾਂ ਨੂੰ ਮੰਨੇ 18 ਤਦ ਮੈਂ ਤੈਨੂੰ ਸ਼ਕਤੀਸ਼ਾਲੀ ਪਾਤਸ਼ਾਹ ਬਣਾਵਾਂਗਾ ਅਤੇ ਤੇਰਾ ਰਾਜ ਮਹਾਨ ਹੋਵੇਗਾ। ਇਹੀ ਨੇਮ ਮੈਂ ਤੇਰੇ ਪਿਤਾ ਦਾਊਦ ਨਾਲ ਵੀ ਕੀਤਾ ਸੀ ਤੇ ਮੈਂ ਉਸ ਨੂੰ ਆਖਿਆ ਸੀ, ‘ਦਾਊਦ, ਤੇਰੇ ਘਰਾਣੇ ਵਿੱਚੋਂ ਹਮੇਸ਼ਾ ਇੱਕ ਮਨੁੱਖ ਅਜਿਹਾ ਰਹੇਗਾ ਜੋ ਇਸਰਾਏਲ ਦਾ ਪਾਤਸ਼ਾਹ ਹੋਵੇਗਾ।’
19 “ਪਰ ਜੇਕਰ ਤੂੰ ਮੇਰੀਆਂ ਬਿਧੀਆਂ ਅਤੇ ਹੁਕਮਾਂ ਨੂੰ ਤਿਆਗ ਦੇਵੇ ਜੋ ਮੈਂ ਤੈਨੂੰ ਦਿੱਤੇ ਹਨ ਤੇ ਜੇਕਰ ਝੂਠੇ ਦੇਵਤਿਆਂ ਦੀ ਸੇਵਾ ਅਤੇ ਉਪਾਸਨਾ ਕਰੇਂਗਾ ਅਤੇ ਉਨ੍ਹਾਂ ਦੇ ਅੱਗੇ ਝੁਕੇਂਗਾ, 20 ਫ਼ਿਰ ਮੈਂ ਇਸਰਾਏਲ ਦੇ ਲੋਕਾਂ ਨੂੰ ਆਪਣੀ ਭੂਮੀ ਤੋਂ ਜੋ ਮੈਂ ਉਨ੍ਹਾਂ ਨੂੰ ਦਿੱਤੀ ਜੜ ਤੋਂ ਪੁੱਟ ਸੁੱਟਾਂਗਾ ਅਤੇ ਇਸ ਮੰਦਰ ਨੂੰ ਜਿਸ ਨੂੰ ਮੈਂ ਆਪਣੇ ਨਾਂ ਲਈ ਪਵਿੱਤਰ ਕੀਤਾ ਹੈ, ਛੱਡ ਜਾਵਾਂਗਾ। ਤੇ ਇਸ ਮੰਦਰ ਨੂੰ ਅਜਿਹੇ ਰੂਪ ਵਿੱਚ ਬਦਲ ਦੇਵਾਂਗਾ ਕਿ ਲੋਕ ਇਸ ਬਾਬਤ ਬਹੁਤ ਬੁਰਾ ਜਿਹਾ ਆਖਣਗੇ। 21 ਜਿਹੜਾ ਵੀ ਇਸ ਮੰਦਰ ਅੱਗੋਂ ਗੁਜ਼ਰੇਗਾ ਤਾਂ ਹੈਰਾਨ ਹੋਕੇ ਆਖੇਗਾ ਕਿ ‘ਯਹੋਵਾਹ ਨੇ ਇਸ ਦੇਸ ਅਤੇ ਇਸ ਮੰਦਰ ਨਾਲ ਅਜਿਹਾ ਕੁਝ ਕਿਉਂ ਕੀਤਾ?’ 22 ਤਦ ਲੋਕ ਉਨ੍ਹਾਂ ਨੂੰ ਆਖਣਗੇ, ‘ਕਿਉਂ ਕਿ ਇਸਰਾਏਲ ਦੇ ਲੋਕਾਂ ਨੇ ਜਿਵੇਂ ਉਨ੍ਹਾਂ ਦੇ ਪੁਰਖੇ ਯਹੋਵਾਹ ਦਾ ਹੁਕਮ ਮੰਨਦੇ ਸਨ ਉਨ੍ਹਾਂ ਲੋਕਾਂ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਉਹ ਪਰਮੇਸ਼ੁਰ ਜਿਹੜਾ ਉਨ੍ਹਾਂ ਨੂੰ ਮਿਸਰ ਦੇਸ ਵਿੱਚੋਂ ਕੱਢ ਲਿਆਇਆ ਸੀ ਉਸ ਨੂੰ ਉਨ੍ਹਾਂ ਨੇ ਛੱਡ ਦਿੱਤਾ ਅਤੇ ਦੂਜੇ ਦੇਵਤਿਆਂ ਦੇ ਮਗਰ ਲੱਗ ਗਏ ਤੇ ਉਨ੍ਹਾਂ ਦੀ ਉਪਾਸਨਾ ਅਰਚਨਾ ਕਰਨ ਲੱਗ ਪਏ। ਇਸ ਲਈ ਯਹੋਵਾਹ ਨੇ ਇਸਰਾਏਲੀਆਂ ਉੱਪਰ ਇਹ ਭਾਣਾ ਵਰਤਾਇਆ ਹੈ।’”
ਸੁਲੇਮਾਨ ਨੇ ਜਿਹੜੇ ਸ਼ਹਿਰ ਉਸਾਰੇ
8 ਸੁਲੇਮਾਨ ਨੂੰ ਯਹੋਵਾਹ ਦਾ ਮੰਦਰ ਅਤੇ ਆਪਣਾ ਮਹਿਲ ਉਸਾਰਣ ਵਿੱਚ ਵੀਹ ਵਰ੍ਹੇ ਲੱਗੇ। 2 ਜਿਹੜੇ ਸ਼ਹਿਰ ਹੂਰਾਮ ਨੇ ਸੁਲੇਮਾਨ ਨੂੰ ਦਿੱਤੇ ਸਨ, ਸੁਲੇਮਾਨ ਉਨ੍ਹਾਂ ਸ਼ਹਿਰਾਂ ਨੂੰ ਦੁਬਾਰਾ ਬਨਾਉਣ ਲੱਗਾ ਅਤੇ ਸੁਲੇਮਾਨ ਨੇ ਇਸਰਾਏਲ ਦੇ ਕੁਝ ਲੋਕਾਂ ਨੂੰ ਉੱਥੇ ਵੱਸਣ ਦੀ ਆਗਿਆ ਦਿੱਤੀ। 3 ਇਸ ਤੋਂ ਬਾਅਦ ਸੁਲੇਮਾਨ ਹਮਾਥ-ਸੋਬਾਹ ਨੂੰ ਗਿਆ ਅਤੇ ਉਸ ਨੂੰ ਵੀ ਜਿੱਤ ਲਿਆ। 4 ਸੁਲੇਮਾਨ ਨੇ ਉਜਾੜ ਵਿੱਚ ਵੀ ਤਦਮੋਰ ਸ਼ਹਿਰ ਉਸਾਰਿਆ ਅਤੇ ਹਮਾਥ ਵਿੱਚ ਸਾਰੀਆਂ ਵਸਤਾਂ ਸੰਭਾਲਣ ਲਈ ਭੰਡਾਰ ਦੇ ਸ਼ਹਿਰ ਬਣਵਾਏ। 5 ਉਸ ਨੇ ਉਤਲੇ ਬੈਤ-ਹੋਰੋਨ ਅਤੇ ਨੀਵੇਂ ਬੈਤ-ਹੋਰੋਨ ਨੂੰ ਬਣਵਾਇਆ। ਇਹ ਸ਼ਹਿਰ ਮਜ਼ਬੂਤ ਦੀਵਾਰਾਂ, ਫ਼ਾਟਕ ਅਤੇ ਫ਼ਾਟਕਾਂ ਤੇ ਅਰਲ ਲਗਾ ਕੇ ਪੱਕੇ ਕੀਤੇ ਗਏ। 6 ਸੁਲੇਮਾਨ ਨੇ ਬਆਲਾਥ ਅਤੇ ਭੰਡਾਰ ਦੇ ਗੋਦਾਮ ਦੇ ਸਾਰੇ ਸ਼ਹਿਰ ਦੁਬਾਰਾ ਬਣਵਾਏ। ਉਸ ਨੇ ਉਹ ਸਾਰੇ ਸ਼ਹਿਰ ਜਿੱਥੇ ਰੱਥ ਰੱਖੇ ਜਾਂਦੇ ਸਨ ਅਤੇ ਘੁੜਸਵਾਰ ਰਹਿੰਦੇ ਸਨ ਉਹ ਵੀ ਬਣਵਾਏ। ਜੋ ਕੁਝ ਸੁਲੇਮਾਨ ਯਰੂਸ਼ਲਮ, ਲਬਾਨੋਨ ਅਤੇ ਆਪਣੇ ਰਾਜ ਦੇ ਸਾਰੇ ਦੇਸ ਵਿੱਚ ਚਾਹੁੰਦਾ ਸੀ ਉਹ ਕੁਝ ਉਸ ਨੇ ਬਣਵਾਇਆ।
7-8 ਜਿੱਥੇ ਇਸਰਾਏਲੀ ਰਹਿ ਰਹੇ ਸਨ, ਉੱਥੇ ਬਹੁਤ ਸਾਰੇ ਵਿਦੇਸ਼ੀ ਬਾਕੀ ਰਹਿ ਗਏ ਸਨ। ਉਹ ਹਿੱਤੀ, ਅਮੋਰੀ, ਫ਼ਰਿੱਜ਼ੀ, ਹਿੱਵੀ ਅਤੇ ਯਬੂਸੀ ਸਨ। ਸੁਲੇਮਾਨ ਨੇ ਉਨ੍ਹਾਂ ਸਾਰੇ ਵਿਦੇਸੀਆਂ ਨੂੰ ਜਬਰਦਸਤੀ ਗੁਲਾਮ ਬਣਾਲਿਆ। ਇਹ ਲੋਕ ਇਸਰਾਏਲੀ ਨਹੀਂ ਸਨ। ਉਹ ਉਨ੍ਹਾਂ ਲੋਕਾਂ ਦੇ ਉੱਤਰਾਧਿਕਾਰੀ ਸਨ ਜਿਨ੍ਹਾਂ ਨੂੰ ਇਸਰਾਏਲੀਆਂ ਨੇ ਇਕਰਾਰ ਵਾਲੀ ਧਰਤੀ ਵਿੱਚ ਦਾਖਲ ਹੋਣ ਵੇਲੇ ਨਹੀਂ ਮਾਰਿਆ ਸੀ। ਇਹ ਅੱਜ ਤੀਕ ਇੰਝ ਹੀ ਜਾਰੀ ਹੈ। 9 ਸੁਲੇਮਾਨ ਨੇ ਆਪਣੇ ਕੰਮ ਲਈ ਇਸਰਾਏਲੀਆਂ ਵਿੱਚੋਂ ਕਿਸੇ ਨੂੰ ਵੀ ਬੇਗਾਰੀ ਨਾ ਬਣਾਇਆ। ਸਗੋਂ ਇਸਰਾਏਲੀ ਲੋਕ ਉਸ ਦੇ ਯੋਧੇ ਸਨ ਅਤੇ ਉਸਦੀ ਫ਼ੌਜ ਦੇ ਅਫ਼ਸਰ ਸਨ। ਇਸਰਾਏਲੀ ਲੋਕ ਸੁਲੇਮਾਨ ਦੇ ਰੱਥਾਂ ਦੇ ਸਰਦਾਰ ਅਤੇ ਰੱਥੀ ਸਨ। 10 ਅਤੇ ਕੁਝ ਇਸਰਾਏਲੀ ਸੁਲੇਮਾਨ ਦੇ ਖਾਸ ਦਫ਼ਤਰੀ ਕੰਮ ਦੇ ਆਗੂ ਸਨ। ਅਜਿਹੇ ਨੇਤਾ 250 ਸਨ।
11 ਸੁਲੇਮਾਨ ਫ਼ਿਰਊਨ ਦੀ ਧੀ ਨੂੰ ਦਾਊਦ ਦੇ ਸ਼ਹਿਰ ਵਿੱਚੋਂ ਉਸ ਮਹਿਲ ਵਿੱਚ ਲੈ ਆਇਆ ਜੋ ਉਸ ਨੇ ਉਸ ਲਈ ਬਣਵਾਇਆ ਸੀ ਕਿਉਂ ਕਿ ਸੁਲੇਮਾਨ ਨੇ ਆਖਿਆ ਸੀ, “ਮੇਰੀ ਪਤਨੀ ਇਸਰਾਏਲ ਦੇ ਪਾਤਸ਼ਾਹ ਦਾਊਦ ਦੇ ਮਹਿਲ ਵਿੱਚ ਨਹੀਂ ਰਹੇਗੀ ਕਿਉਂ ਕਿ ਉਹ ਅਸਥਾਨ ਪਵਿੱਤਰ ਹੈ ਜਿੱਥੇ ਯਹੋਵਾਹ ਦੇ ਨੇਮ ਦਾ ਸੰਦੂਕ ਆ ਗਿਆ ਹੈ।”
12 ਤਦ ਸੁਲੇਮਾਨ ਨੇ ਯਹੋਵਾਹ ਦੀ ਜਗਵੇਦੀ ਦੇ ਅੱਗੇ ਯਹੋਵਾਹ ਨੂੰ ਹੋਮ ਦੀਆਂ ਭੇਟਾਂ ਚੜ੍ਹਾਈਆਂ। ਸੁਲੇਮਾਨ ਨੇ ਇਹ ਜਗਵੇਦੀ ਮੰਦਰ ਦੇ ਵਿਹੜੇ ਦੇ ਸਾਹਮਣੇ ਬਣਵਾਈ ਸੀ। 13 ਸੁਲੇਮਾਨ ਹਰ ਰੋਜ਼ ਦੇ ਕਰਤੱਵ ਮੁਤਾਬਕ ਜਿਵੇਂ ਕਿ ਮੂਸਾ ਨੇ ਹੁਕਮ ਦਿੱਤਾ ਸੀ ਕਿ ਸਬਤ ਦੇ ਦਿਨ, ਅਮਸਿਆ ਨੂੰ, ਅਤੇ ਸਾਲ ਵਿੱਚ ਤਿੰਨ ਮੁਕੱਰਰ ਪਰਬਾਂ ਉੱਤੇ ਭਾਵ ਪਤੀਰੀ ਰੋਟੀ ਦੇ ਪਰਬ ਉੱਤੇ ਅਤੇ ਹਫ਼ਤਿਆਂ ਦੇ ਪਰਬ ਉੱਤੇ ਅਤੇ ਡੇਰਿਆਂ ਦੇ ਪਰਬ ਉੱਪਰ ਬਲੀ ਚੜ੍ਹਾਉਂਦਾ ਸੀ। 14 ਸੁਲੇਮਾਨ ਨੇ ਆਪਣੇ ਪਿਤਾ ਦਾਊਦ ਦੀਆਂ ਹਿਦਾਇਤਾਂ ਨੂੰ ਮੰਨਿਆ। ਉਸ ਨੇ ਜਾਜਕਾਂ ਦੇ ਸਮੂਹ ਉਨ੍ਹਾਂ ਦੀ ਸੇਵਾ ਅਨੁਸਾਰ ਅਤੇ ਲੇਵੀਆਂ ਦੇ ਸਮੂਹ ਉਨ੍ਹਾਂ ਦੀਆਂ ਜੁੰਮੇਵਾਰੀਆਂ ਅਨੁਸਾਰ ਚੁਣੇ ਤਾਂ ਜੋ ਉਹ ਜਾਜਕਾਂ ਦੇ ਸਾਹਮਣੇ ਹਰ ਰੋਜ਼ ਉਸਤਤ ਅਤੇ ਸੇਵਾ ਕਰਨ ਅਤੇ ਦਰਬਾਨਾਂ ਨੂੰ ਵੀ ਉਨ੍ਹਾਂ ਦੀਆਂ ਵਾਰੀਆਂ ਮੁਤਾਬਕ ਹਰ ਫ਼ਾਟਕ ਉੱਪਰ ਰੱਖਵਾਲੀ ਲਈ ਲਾਇਆ ਕਿਉਂ ਕਿ ਇਸੇ ਢੰਗ ਨਾਲ ਪਰਮੇਸ਼ੁਰ ਦੇ ਮਨੁੱਖ ਦਾਊਦ ਨੇ ਹਿਦਾਇਤ ਕੀਤੀ ਸੀ। 15 ਇਸਰਾਏਲ ਦੇ ਲੋਕਾਂ ਨੇ ਸੁਲੇਮਾਨ ਦੀਆਂ ਹਿਦਾਇਤਾਂ ਨੂੰ ਮੰਨਿਆ। ਜਾਜਕਾਂ ਅਤੇ ਲੇਵੀਆਂ ਨੂੰ ਜੋ ਹਿਦਾਇਤਾਂ ਉਸ ਨੇ ਦਿੱਤੀਆਂ ਉਨ੍ਹਾਂ ਉਹ ਸਿਰੇ ਚੜ੍ਹਾਈਆਂ। ਉਨ੍ਹਾਂ ਨੇ ਕੋਈ ਹੁਕਮ ਦੇ ਖਿਲਾਫ਼ ਕਾਰਜ ਨਾ ਕੀਤਾ। ਜੋ ਹੁਕਮ ਉਸ ਨੇ ਲੇਵੀਆਂ ਨੂੰ ਖਜ਼ਾਨਿਆਂ ਬਾਰੇ ਦਿੱਤਾ ਉਹ ਉਸ ਤੋਂ ਵੀ ਬਾਹਰੇ ਨਾ ਹੋਏ।
16 ਸੁਲੇਮਾਨ ਦਾ ਸਾਰਾ ਕੰਮ ਯਹੋਵਾਹ ਦੇ ਮੰਦਰ ਦੀ ਨੀਂਹ ਰੱਖਣ ਤੋਂ ਲੈ ਕੇ ਉਸ ਦੇ ਤਿਆਰ ਹੋਣ ਤੱਕ ਸੁਚੱਜੀ ਵਿਉਂਤ ਨਾਲ ਤੇ ਸਹੀ ਢੰਗ ਨਾਲ ਮੁਕੰਮਲ ਹੋਇਆ ਤੇ ਹੁਣ ਯਹੋਵਾਹ ਦਾ ਮੰਦਰ ਤਿਆਰ ਸੀ।
17 ਫ਼ਿਰ ਸੁਲੇਮਾਨ ਅਸਯੋਨ-ਗ਼ਬਰ ਅਤੇ ਏਲੋਥ ਸ਼ਹਿਰਾਂ ਨੂੰ ਗਿਆ। ਇਹ ਸ਼ਹਿਰ ਅਦੋਮ ਦੇਸ ਵਿੱਚ ਸਮੁੰਦਰ ਦੇ ਕੰਢੇ ਸਨ। 18 ਹੂਰਾਮ ਨੇ ਆਪਣੇ ਬੰਦਿਆਂ ਦੇ ਹੱਥ ਜਹਾਜ਼ ਅਤੇ ਉਹ ਮੱਲਾਹ ਜੋ ਸਮੁੰਦਰ ਤੋਂ ਵਾਕਫ਼ ਸਨ ਉਸ ਕੋਲ ਭੇਜੇ ਅਤੇ ਉਹ ਸੁਲੇਮਾਨ ਦੇ ਨੌਕਰਾਂ ਦੇ ਨਾਲ ਓਫ਼ੀਰ ਵਿੱਚ ਆਏ ਅਤੇ ਉੱਥੇ 15,300 ਕਿੱਲੋ ਸੋਨਾ ਲੈ ਕੇ ਸੁਲੇਮਾਨ ਪਾਤਸ਼ਾਹ ਕੋਲ ਆਏ।
ਸ਼ਬਾ ਦੀ ਰਾਣੀ ਦਾ ਸੁਲੇਮਾਨ ਨੂੰ ਮਿਲਣਾ
9 ਸ਼ਬਾ ਦੀ ਰਾਣੀ ਨੇ ਸੁਲੇਮਾਨ ਦੀ ਕੀਰਤੀ ਬਾਰੇ ਸੁਣਿਆ ਤਾਂ ਉਹ ਯਰੂਸ਼ਲਮ ਵਿੱਚ ਉਸ ਨੂੰ ਬੁਝਾਰਤਾਂ ਨਾਲ ਪਰੱਖਣ ਲਈ ਆਈ। ਸ਼ਬਾ ਦੀ ਰਾਣੀ ਦੇ ਨਾਲ ਲੋਕਾਂ ਦਾ ਇੱਕ ਵੱਡਾ ਸਮੂਹ ਵੀ ਸੀ। ਉਹ ਊਠਾਂ ਉੱਪਰ ਢੇਰ ਸਾਰੇ ਮਸਾਲੇ, ਬੜੀ ਤਾਦਾਤ ਵਿੱਚ ਸੋਨਾ ਅਤੇ ਹੋਰ ਕੀਮਤੀ ਪੱਥਰ ਆਪਣੇ ਨਾਲ ਲੈ ਕੇ ਆਈ ਸੀ ਉਸ ਨੇ ਆਕੇ ਸੁਲੇਮਾਨ ਨਾਲ ਉਸ ਸਭ ਕਾਸੇ ਬਾਰੇ ਗੱਲ ਕੀਤੀ ਜੋ ਉਸ ਦੇ ਮਨ ਤੇ ਸਨ। 2 ਸੁਲੇਮਾਨ ਨੇ ਉਸ ਦੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ। ਸੁਲੇਮਾਨ ਲਈ ਕਿਸੇ ਵੀ ਗੱਲ ਦਾ ਜਵਾਬ ਦੇਣ ’ਚ ਔਖ ਨਾ ਆਈ। 3 ਜਦੋਂ ਸ਼ਬਾ ਦੀ ਰਾਣੀ ਨੇ ਸੁਲੇਮਾਨ ਦੀ ਸਿਆਣਪ ਅਤੇ ਉਸ ਮਹਿਲ ਨੂੰ ਵੇਖਿਆ ਜੋ ਉਸ ਨੇ ਬਣਾਇਆ ਸੀ, 4 ਉਸ ਨੇ ਮੇਜ਼ ਤੇ ਸਜੇ ਭੋਜਨ ਨੂੰ ਵੇਖਿਆ ਉਸ ਦੇ ਕਾਰਜ ਅਧਿਕਾਰੀਆਂ ਦੀ ਆਓ-ਭਗਤ ਹੁੰਦੀ ਵੇਖੀ। ਉਸ ਨੇ ਇਹ ਵੀ ਵੇਖਿਆ ਕਿ ਉਸ ਦੇ ਨੌਕਰ ਕਿਵੇਂ ਦੀ ਪੋਸ਼ਾਕ ਪਾਂਦੇ ਅਤੇ ਕਿਹੋ ਜਿਹਾ ਕੰਮ ਕਰਦੇ ਹਨ। ਉਸ ਨੇ ਸੁਲੇਮਾਨ ਦੇ ਸਾਕੀ ਅਤੇ ਉਨ੍ਹਾਂ ਦੀ ਪੋਸ਼ਾਕ ਨੂੰ ਵੀ ਵੇਖਿਆ। ਜਦ ਉਸ ਨੇ ਪਰਮੇਸੁਰ ਦੇ ਮੰਦਰ ਵੱਲ ਉਸ ਦੇ ਰਾਹ ਤੇ ਜਲੂਸ ਵੇਖਿਆ ਉਹ ਹੈਰਾਨ ਰਹਿ ਗਈ।
5 ਤਦ ਉਸ ਨੇ ਸੁਲੇਮਾਨ ਪਾਤਸ਼ਾਹ ਨੂੰ ਆਖਿਆ, “ਜੋ ਗੱਲਾਂ ਮੈਂ ਆਪਣੇ ਦੇਸ ਵਿੱਚ ਤੇਰੀ ਬੁੱਧੀ ਅਤੇ ਤੇਰੇ ਮਹਾਨ ਕੰਮਾਂ ਬਾਰੇ ਸੁਣੀਆਂ ਸਨ ਉਹ ਸੱਚ ਨਿਕਲੀਆਂ। 6 ਜਦ ਤੀਕ ਮੈਂ ਉਨ੍ਹਾਂ ਕਹਾਣੀਆਂ ਨੂੰ ਆਪਣੀ ਅੱਖੀਂ ਨਹੀਂ ਡਿੱਠਾ ਮੈਨੂੰ ਯਕੀਨ ਨਹੀਂ ਆਇਆ। ਅਤੇ ਵੇਖ! ਜਿੰਨੀ ਤੇਰੀ ਸਿਆਣਪ ਹੈ ਉਸ ਮੁਤਾਬਕ ਤਾਂ ਮੈਨੂੰ ਤੇਰੇ ਬਾਬਤ ਅੱਧਾ ਵੀ ਨਹੀਂ ਦੱਸਿਆ ਗਿਆ ਸੀ। ਉਨ੍ਹਾਂ ਦੱਸੀਆਂ ਗਈਆਂ ਕਹਾਣੀਆਂ ਤੋਂ ਤੂੰ ਕਿਤੇ ਉੱਚਾ ਹੈਂ। 7 ਤੇਰੇ ਸਾਰੇ ਆਦਮੀ ਅਤੇ ਸੇਵਕ ਸੱਚਮੁੱਚ ਕਿਸਮਤ ਵਾਲੇ ਹਨ। ਉਹ ਤੇਰੀ ਸੇਵਾ ਕਰਨ ’ਚ ਅਤੇ ਤੇਰੀਆਂ ਸਿਆਣਪ ਦੀਆਂ ਗੱਲਾਂ ਸੁਣਨ ’ਚ ਬੜੇ ਕਿਸਮਤ ਵਾਲੇ ਹਨ। 8 ਯਹੋਵਾਹ ਆਪਣੇ ਪਰਮੇਸ਼ੁਰ ਦੀ ਉਸਤਤ ਕਰ, ਜੋ ਤੇਰੇ ਉੱਤੇ ਪ੍ਰਸੰਨ ਹੈ ਤੇ ਜਿਸਨੇ ਤੈਨੂੰ ਆਪਣੇ ਸਿੰਘਾਸਣ ਉੱਪਰ ਬਿਠਾਇਆ ਹੈ, ਤਾਂ ਜੋ ਤੂੰ ਉਸ ਵੱਲੋਂ ਨਿਯੁਕਤ ਕੀਤਾ ਪਾਤਸ਼ਾਹ ਹੋਵੇਂ। ਤੇਰਾ ਪਰਮੇਸ਼ੁਰ ਇਸਰਾਏਲ ਨੂੰ ਪਿਆਰ ਕਰਦਾ ਅਤੇ ਹਮੇਸ਼ਾ ਇਸ ਦਾ ਪੱਖ ਲੈਂਦਾ ਹੈ। ਇਸੇ ਲਈ ਉਸ ਨੇ ਤੈਨੂੰ ਇਸਰਾਏਲ ਉੱਤੇ ਪਾਤਸ਼ਾਹ ਠਹਿਰਾਇਆ।”
9 ਤਦ ਸ਼ਬਾ ਦੀ ਰਾਣੀ ਨੇ ਸੁਲੇਮਾਨ ਨੂੰ 4,080 ਕਿੱਲੋ ਸੋਨਾ, ਢੇਰ ਸਾਰੇ ਮਸਾਲੇ ਅਤੇ ਕੀਮਤੀ ਪੱਥਰ ਦਿੱਤੇ। ਅਜਿਹੇ ਮਸਾਲੇ ਇਸਰਾਏਲ ਵਿੱਚ ਨਹੀਂ ਸਨ ਜੋ ਸ਼ਬਾ ਦੀ ਰਾਣੀ ਨੇ ਸੁਲੇਮਾਨ ਨੂੰ ਦਿੱਤੇ ਸਨ।
10 ਹੂਰਾਮ ਅਤੇ ਸੁਲੇਮਾਨ ਦੇ ਸੇਵਕ ਓਫ਼ੀਰ ਤੋਂ ਸੋਨਾ ਲੈ ਆਏ। ਇਹੀ ਨਹੀਂ, ਉਹ ਚੰਦਨ ਦੀ ਲੱਕੜ ਅਤੇ ਕੀਮਤੀ ਨਗਾਂ ਦੇ ਪੱਥਰ ਵੀ ਲੈ ਕੇ ਆਏ। 11 ਸੁਲੇਮਾਨ ਪਾਤਸ਼ਾਹ ਨੇ ਯਹੋਵਾਹ ਦੇ ਮੰਦਰ ਤੇ ਪਾਤਸ਼ਾਹ ਦੇ ਮਹਿਲ ਦੀਆਂ ਪੌੜੀਆਂ ਬਨਾਉਣ ਲਈ ਚੰਦਨ ਦੀ ਲੱਕੜ ਦੀ ਵਰਤੋਂ ਕੀਤੀ। ਉਸ ਨੇ ਸੰਗੀਤਕਾਰਾਂ ਦੇ ਸਾਜ਼ ਬਰਬਤਾਂ ਅਤੇ ਰਬਾਬਾਂ ਲਈ ਵੀ ਚੰਦਨ ਦੀ ਲੱਕੜ ਦੀ ਵਰਤੋਂ ਕੀਤੀ। ਇਸਤੋਂ ਪਹਿਲਾਂ ਯਹੂਦਾਹ ਦੇ ਦੇਸ਼ ਵਿੱਚ ਚੰਦਨ ਦੀ ਲੱਕੜ ਤੋਂ ਬਣਿਆ ਅਜਿਹਾ ਖੂਬਸੂਰਤ ਸਮਾਨ ਕਿਸੇ ਨੇ ਨਹੀਂ ਸੀ ਵੇਖਿਆ।
12 ਸੁਲੇਮਾਨ ਪਾਤਸ਼ਾਹ ਨੇ ਸ਼ਬਾ ਦੀ ਰਾਣੀ ਨੇ ਜਿਸ ਵਸਤ ਤੇ ਹੱਥ ਧਰਿਆ, ਉਸ ਨੂੰ ਮੂੰਹ ਮੰਗੀ ਸ਼ੈਅ ਦਿੱਤੀ। ਉਸ ਨੇ ਸ਼ਬਾ ਦੀ ਰਾਣੀ ਜੋ ਸੌਗਾਤਾਂ ਆਪਣੇ ਨਾਲ ਲਿਆਈ ਸੀ ਉਸ ਤੋਂ ਕਿਤੇ ਵੱਧ ਪਾਤਸ਼ਾਹ ਨੇ ਉਸ ਨੂੰ ਭੇਟ ਕੀਤੀਆਂ ਤਦ ਰਾਣੀ ਅਤੇ ਉਸਦਾ ਕਾਫ਼ਲਾ ਆਪਣੇ ਦੇਸ ਨੂੰ ਵਾਪਸ ਚੱਲੇ ਗਏ।
ਸੁਲੇਮਾਨ ਦਾ ਖਜ਼ਾਨਾ
13 ਜਿੰਨਾ ਸੋਨਾ ਸੁਲੇਮਾਨ ਕੋਲ ਇੱਕ ਸਾਲ ਵਿੱਚ ਆਉਂਦਾ ਸੀ, ਉਸਦਾ ਭਾਰ 22,644 ਕਿੱਲੋ ਦੇ ਕਰੀਬ ਹੁੰਦਾ ਸੀ। 14 ਇਸ ਤੋਂ ਇਲਾਵਾ ਵਪਾਰੀ ਅਤੇ ਸੌਦਾਗਰ ਵੀ ਸੁਲੇਮਾਨ ਲਈ ਸੋਨਾ ਲੈ ਕੇ ਆਉਂਦੇ ਸਨ। ਅਰਬ ਦੇ ਸਾਰੇ ਰਾਜੇ ਅਤੇ ਉਸ ਰਾਜ ਦੇ ਸ਼ਾਸਕ ਸੁਲੇਮਾਨ ਕੋਲ ਸੋਨਾ-ਚਾਂਦੀ ਲੈ ਕੇ ਆਉਂਦੇ ਸਨ।
15 ਸੁਲੇਮਾਨ ਨੇ ਕੁੱਟੇ ਹੋਏ ਸੋਨੇ ਦੀਆਂ ਦੋ ਸੌ ਵੱਡੀਆਂ ਢਾਲਾਂ ਬਣਵਾਈਆਂ! ਹਰ ਢਾਲ ਸਾਢੇ ਸੱਤ ਪੌਂਡ ਸੋਨੇ ਤੋਂ ਬਣੀ ਹੋਈ ਸੀ। 16 ਉਸ ਨੇ ਕੁੱਟੇ ਹੋਏ ਸੋਨੇ ਦੀਆਂ ਤਿੰਨ ਸੌ ਛੋਟੀਆਂ ਢਾਲਾਂ ਵੀ ਬਣਵਾਈਆਂ। ਇਨ੍ਹਾਂ ਚੋ ਹਰ ਇੱਕ ਢਾਲ ਨੂੰ ਪੌਣੇ ਚਾਰ ਪੌਂਡ ਸੋਨਾ ਲੱਗਿਆ ਹੋਇਆ ਸੀ। ਸੁਲੇਮਾਨ ਨੇ ਇਨ੍ਹਾਂ ਢਾਲਾਂ ਨੂੰ “ਲਬਾਨੋਨ ਦੇ ਜੰਗਲ ਦੇ ਮਹਿਲ” ਵਿੱਚ ਰੱਖਿਆ।
17 ਪਾਤਸ਼ਾਹ ਨੇ ਹਾਥੀ ਦੇ ਦੰਦ ਦਾ ਇੱਕ ਵੱਡਾ ਸਿੰਘਾਸਣ ਬਣਵਾਇਆ ਅਤੇ ਉਸ ਉੱਪਰ ਕੁੰਦਨੀ ਸੋਨਾ ਮੜ੍ਹਵਾਇਆ। 18 ਸਿੰਘਾਸਣ ਦੀਆਂ ਛੇ ਪੌੜੀਆਂ ਸਨ ਅਤੇ ਇੱਕ ਸੋਨੇ ਦਾ ਪਾਇਦਾਨ। ਇਹ ਸਾਰੇ ਸਿੰਘਾਸਣ ਦੇ ਨਾਲ ਜੁੜੇ ਹੋਏ ਸਨ। ਸਿੰਘਾਸਣ ਤੇ ਬੈਠਣ ਦੇ ਦੋਨੋ ਪਾਸਿਆਂ ਵੱਲ ਢਾਸਣੇ ਸਨ ਅਤੇ ਢਾਸਣਿਆਂ ਦੇ ਕੋਲ ਦੋ ਬੱਬਰ ਸ਼ੇਰਾਂ ਦੇ ਬੁੱਤ ਬਣੇ ਸਨ। 19 ਉਨ੍ਹਾਂ ਛੇ ਪੌੜੀਆਂ ਦੇ ਸੱਜੇ ਖੱਬੇ ਪਾਸੇ ਕੁੱਲ ਬਾਰ੍ਹਾਂ ਬੱਬਰ ਸ਼ੇਰ ਖੜ੍ਹੇ ਸਨ ਕਿਸੇ ਵੀ ਰਾਜ ਵਿੱਚ ਕਿਸੇ ਵੀ ਪਾਤਸ਼ਾਹ ਦਾ ਅਜਿਹਾ ਸਿੰਘਾਸਣ ਕਦੇ ਨਹੀਂ ਸੀ ਬਣਿਆ।
20 ਪਾਤਸ਼ਾਹ ਦੇ ਸਾਰੇ ਪੀਣ ਵਾਲੇ ਪਿਆਲੇ ਸੋਨੇ ਦੇ ਬਣੇ ਹੋਏ ਸਨ। ਲਬਾਨੋਨ ਦੇ ਜੰਗਲ ਮਹਿਲ ਵਿੱਚ ਘਰ ਦੀਆਂ ਜਿੰਨੀਆਂ ਵੀ ਵਸਤਾਂ ਸਨ ਸਭ ਸੋਨੇ ਦੀਆਂ ਬਣੀਆਂ ਹੋਈਆਂ ਸਨ। ਸੁਲੇਮਾਨ ਦੇ ਰਾਜ ਵਿੱਚ ਉਸਦਾ ਖਜ਼ਾਨਾ ਇੰਨਾ ਭਰਪੂਰ ਸੀ ਕਿ ਚਾਂਦੀ ਨੂੰ ਉਸ ਦੇ ਸਮੇਂ ਵਿੱਚ ਕੋਈ ਵੱਡਮੁੱਲੀ ਧਾਤ ਨਹੀਂ ਸੀ ਜਾਣਿਆਂ ਜਾਂਦਾ।
21 ਕਿਉਂ ਕਿ ਪਾਤਸ਼ਾਹ ਕੋਲ ਜਹਾਜ਼ ਸਨ ਜੋ ਹੂਰਾਮ ਦੇ ਨੌਕਰਾਂ ਨਾਲ ਤਰਸ਼ੀਸ਼ ਨੂੰ ਜਾਂਦੇ ਸਨ। ਤਰਸ਼ੀਸ਼ ਦੇ ਇਹ ਜਹਾਜ਼ ਤਿੰਨ ਸਾਲਾਂ ਬਾਅਦ ਇੱਕ ਵਾਰ ਸੋਨਾ, ਚਾਂਦੀ, ਹਾਥੀ ਦੰਦ, ਬਾਂਦਰ ਅਤੇ ਮੋਰ ਉੱਥੋਂ ਲੱਦ ਕੇ ਲਿਆਉਂਦੇ ਹੁੰਦੇ ਸਨ।
22 ਸੁਲੇਮਾਨ ਪਾਤਸ਼ਾਹ ਧਰਤੀ ਉੱਪਰ ਸਾਰੇ ਪਾਤਸ਼ਾਹਾਂ ਨਾਲੋਂ ਧਨ ਅਤੇ ਬੁੱਧੀ ਵਿੱਚ ਅਮੀਰ ਸੀ। 23 ਦੁਨੀਆਂ ਦੇ ਤਮਾਮ ਪਾਤਸ਼ਾਹ ਸੁਲੇਮਾਨ ਨੂੰ ਅਤੇ ਉਸ ਦੇ ਗਿਆਨ ਨੂੰ ਸੁਨਣ ਦੇ ਚਾਹਵਾਨ ਹੋਕੇ ਮਿਲਣ ਆਉਂਦੇ। ਜਿਹੜੀ ਬੁੱਧੀ ਪਰਮੇਸ਼ੁਰ ਨੇ ਉਸ ਨੂੰ ਬਖਸ਼ੀ ਸੀ, ਉਸਦੀ ਮਤ ਲੈਣ ਲਈ ਸਾਰੇ ਪਾਤਸ਼ਾਹ ਸੁਲੇਮਾਨ ਕੋਲ ਆਉਂਦੇ ਸਨ। 24 ਹਰ ਸਾਲ ਇਹ ਪਾਤਸ਼ਾਹ ਸੁਲੇਮਾਨ ਲਈ ਸੌਗਾਤਾਂ ਲਿਆਉਂਦੇ। ਉਹ ਉਸ ਲਈ ਸੋਨੇ-ਚਾਂਦੀ ਦੀਆਂ ਬਣੀਆਂ ਵਸਤਾਂ, ਵਸਤਰ-ਸ਼ਸਤਰ, ਗਰਮ ਮਸਾਲੇ ਘੋੜੇ ਤੇ ਖੱਚਰਾਂ ਆਦਿ ਲਿਆਉਂਦੇ।
25 ਸੁਲੇਮਾਨ ਕੋਲ ਆਪਣੇ ਘੋੜਿਆਂ ਅਤੇ ਰੱਥਾਂ ਨੂੰ ਰੱਖਣ ਲਈ 4,000 ਤਬੇਲੇ ਸਨ ਅਤੇ ਉਸ ਕੋਲ 12,000 ਰੱਥਵਾਨ ਸਨ। ਉਸ ਨੇ ਇਨ੍ਹਾਂ ਨੂੰ ਆਪਣੇ ਰੱਥਾਂ ਦੇ ਸ਼ਹਿਰਾਂ ਵਿੱਚ ਅਤੇ ਕੁਝ ਇੱਕਨਾਂ ਨੂੰ ਯਰੂਸ਼ਲਮ ਵਿੱਚ ਆਪਣੇ ਕੋਲ ਰੱਖਿਆ। 26 ਸੁਲੇਮਾਨ ਫ਼ਰਾਤ ਦਰਿਆ ਤੋਂ ਲੈ ਕੇ ਸਾਰਾ ਰਾਹ ਜਿਹੜਾ ਫ਼ਲਿਸਤੀਆਂ ਦੇ ਦੇਸ ਤੀਕ ਅਤੇ ਮਿਸਰ ਦੀ ਹੱਦ ਤੀਕ ਜਾਂਦਾ ਸੀ ਉੱਥੋਂ ਤੀਕ ਸਭ ਪਾਤਸ਼ਾਹਾਂ ਦਾ ਪਾਤਸ਼ਾਹ ਸੀ। 27 ਉਸ ਕੋਲ ਇੰਨੀ ਚਾਂਦੀ ਸੀ ਕਿ ਉਹ ਯਰੂਸ਼ਲਮ ਵਿੱਚ ਚੱਟਾਨਾਂ ਜਿੰਨੀ ਹੀ ਆਮ ਸੀ। ਉਸ ਕੋਲ ਇੰਨੀ ਦਿਆਰ ਦੀ ਲੱਕੜ ਸੀ ਕਿ ਇਹ ਪਹਾੜੀ ਦੇਸ਼ ਵਿੱਚਲੇ ਗੁੱਲਰ ਦੇ ਰੁੱਖਾਂ ਜਿੰਨੀ ਵੱਧੇਰੇ ਹੋਵੇ। 28 ਲੋਕ ਮਿਸਰ ਤੋਂ ਅਤੇ ਸਾਰੇ ਹੋਰ ਦੇਸ਼ਾਂ ਵਿੱਚੋਂ ਸੁਲੇਮਾਨ ਲਈ ਘੋੜੇ ਲਿਆਇਆ ਕਰਦੇ ਸਨ।
ਸੁਲੇਮਾਨ ਦੀ ਮੌਤ
29 ਸੁਲੇਮਾਨ ਦੇ ਬਾਕੀ ਕੰਮ ਜੋ ਉਸ ਨੇ ਕੀਤੇ ਸਨ ਉਹ ਨਾਥਾਨ ਨਬੀ ਦੀਆਂ ਲਿਖਤਾਂ ਵਿੱਚ ਅਤੇ ਸ਼ੀਲੋਨੀ ਅਹੀਯਾਹ ਦੇ ਅਗੰਮ ਵਾਕਾਂ ਵਿੱਚ ਅਤੇ ਇੱਦੋ ਨਬੀ ਦੇ ਦਰਸ਼ਨਾਂ ਵਿੱਚ ਦਰਜ ਹਨ। ਇੱਦੋ ਉਹ ਨਬੀ ਸੀ ਜਿਸਨੇ ਨਬਾਟ ਦੇ ਪੁੱਤਰ ਯਾਰਾਬੁਆਮ ਬਾਰੇ ਭਵਿੱਖ ਬਾਣੀ ਕੀਤੀ ਸੀ। 30 ਸੁਲੇਮਾਨ ਨੇ ਯਰੂਸ਼ਲਮ ਵਿੱਚ ਸਾਰੇ ਇਸਰਾਏਲ ਉੱਪਰ 40 ਵਰ੍ਹੇ ਰਾਜ ਕੀਤਾ। 31 ਉਪਰੰਤ ਸੁਲੇਮਾਨ ਆਪਣੇ ਪੁਰਖਿਆਂ ਕੋਲ ਚਲਾਣਾ ਕਰ ਗਿਆ। ਤਾਂ ਲੋਕਾਂ ਨੇ ਉਸ ਨੂੰ ਉਸ ਦੇ ਪਿਤਾ ਦਾਊਦ ਦੇ ਸ਼ਹਿਰ ਵਿੱਚ ਦਫ਼ਨਾਇਆ। ਸੁਲੇਮਾਨ ਦੀ ਥਾਵੇਂ ਹੁਣ ਉਸਦਾ ਪੁੱਤਰ ਰਹਬੁਆਮ ਰਾਜ ਕਰਨ ਲੱਗਾ।
ਰਹਬੁਆਮ ਦੀ ਨਾਸਮਝੀ ਦੇ ਕਾਰਨਾਮੇ
10 ਰਹਬੁਆਮ ਸ਼ਕਮ ਦੇਸ ਨੂੰ ਗਿਆ ਕਿਉਂ ਕਿ ਸਾਰਾ ਇਸਰਾਏਲ ਉਸ ਨੂੰ ਪਾਤਸ਼ਾਹ ਬਨਾਉਣ ਲਈ ਸ਼ਕਮ ਵਿੱਚ ਆਇਆ ਹੋਇਆ ਸੀ। 2 ਨਬਾਟ ਦਾ ਪੁੱਤਰ ਯਾਰਾਬੁਆਮ ਮਿਸਰ ਵਿੱਚ ਸੀ ਕਿਉਂ ਕਿ ਉਹ ਸੁਲੇਮਾਨ ਤੋਂ ਡਰਦਾ ਸੀ। ਪਰ ਜਦੋਂ ਉਸ ਨੇ ਸੁਣਿਆ ਕਿ ਸੁਲੇਮਾਨ ਮਰ ਚੁੱਕਿਆ ਸੀ ਅਤੇ ਰਹਬੁਆਮ ਨੂੰ ਜਲਦੀ ਹੀ ਰਾਜੇ ਦਾ ਤਾਜ ਪਹਿਨਾਇਆ ਜਾਣਾ ਸੀ, ਉਹ ਇਸਰਾਏਲ ਨੂੰ ਵਾਪਸ ਮੁੜ ਆਇਆ।
3 ਇਸਰਾਏਲ ਦੇ ਲੋਕਾਂ ਨੇ ਯਾਰਾਬੁਆਮ ਨੂੰ ਆਪਣੇ ਨਾਲ ਚੱਲਣ ਨੂੰ ਕਿਹਾ ਤਦ ਯਾਰਾਬੁਆਮ ਅਤੇ ਸਾਰੇ ਇਸਰਾਏਲੀ ਰਹਬੁਆਮ ਕੋਲ ਗਏ ਅਤੇ ਜਾ ਕੇ ਉਸ ਨੂੰ ਕਿਹਾ, “ਰਹਬੁਆਮ, 4 ਤੇਰੇ ਪਿਤਾ ਨੇ ਸਾਡਾ ਜਿਉਣਾ ਮੁਸ਼ਕਿਲ ਕੀਤਾ ਹੋਇਆ ਸੀ, ਉਸ ਦੇ ਹੁੰਦੇ ਜ਼ਿੰਦਗੀ ਬੋਝਾ ਢੋਣ ਦੇ ਬਰਾਬਰ ਸੀ ਇਸ ਲਈ ਪਹਿਲਾਂ ਸਾਡਾ ਭਾਰ ਹੌਲਾ ਕਰ ਫ਼ਿਰ ਅਸੀਂ ਤੇਰੀ ਸੇਵਾ ਕਰਾਂਗੇ।”
5 ਰਹਬੁਆਮ ਨੇ ਉਨ੍ਹਾਂ ਨੂੰ ਆਖਿਆ, “ਤੁਸੀਂ ਮੇਰੇ ਕੋਲ ਤਿੰਨ ਦਿਨ ਬਾਅਦ ਆਉਣਾ।” ਤਾਂ ਲੋਕ ਵਾਪਸ ਚੱਲੇ ਗਏ।
6 ਤਦ ਰਹਬੁਆਮ ਪਾਤਸ਼ਾਹ ਨੇ ਆਪਣੇ ਬਜ਼ੁਰਗ ਮਨੁੱਖਾਂ ਜਿਨ੍ਹਾਂ ਨੇ ਉਸ ਦੇ ਪਿਤਾ ਸੁਲੇਮਾਨ ਦੀ ਸੇਵਾ ਕੀਤੀ ਸੀ ਉਸ ਨਾਲ ਸਲਾਹ ਕੀਤੀ, “ਤੁਸੀਂ ਮੈਨੂੰ ਕੀ ਰਾਇ ਦਿੰਦੇ ਹੋ? ਤੁਹਾਡੀ ਕੀ ਰਾਇ ਹੈ ਕਿ ਮੈਂ ਉਨ੍ਹਾਂ ਨਾਲ ਕੀ ਗੱਲ ਕਰਾਂ?”
7 ਬਜ਼ੁਰਗ ਆਦਮੀਆਂ ਨੇ ਰਹਬੁਆਮ ਨੂੰ ਕਿਹਾ, “ਜੇਕਰ ਤੂੰ ਉਨ੍ਹਾਂ ਲੋਕਾਂ ਨਾਲ ਹਿੱਤ ਕਰੇਂਗਾ ਅਤੇ ਉਨ੍ਹਾਂ ਨੂੰ ਖੁਸ਼ ਕਰੇਂਗਾ ਤਦ ਉਹ ਹਮੇਸ਼ਾ ਤੇਰੀ ਚਾਕਰੀ ਕਰਦੇ ਰਹਿਣਗੇ।”
8 ਪਰ ਰਹਬੁਆਮ ਨੇ ਬਜ਼ੁਰਗਾਂ ਦੀ ਮਤ ਨੂੰ ਸਵੀਕਾਰ ਨਾ ਕੀਤਾ। ਫ਼ਿਰ ਉਸ ਨੇ ਆਪਣੀ ਉਮਰ ਦੇ ਜੁਆਨਾਂ ਨਾਲ ਮਸ਼ਵਰਾ ਕੀਤਾ ਜਿਹੜੇ ਕਿ ਉਸ ਦੇ ਨਾਲ ਹੀ ਵੱਡੇ ਹੋਏ ਸਨ ਅਤੇ ਉਸਦੀ ਚਾਕਰੀ ਕਰ ਰਹੇ ਸਨ। 9 ਰਹਬੁਆਮ ਨੇ ਉਨ੍ਹਾਂ ਨੂੰ ਪੁੱਛਿਆ, “ਤੁਸੀਂ ਮੈਨੂੰ ਕੀ ਰਾਇ ਦਿੰਦੇ ਹੋ? ਸਾਨੂੰ ਉਨ੍ਹਾਂ ਲੋਕਾਂ ਨੂੰ ਕੀ ਕਹਿਣਾ ਚਾਹੀਦਾ ਹੈ? ਉਹ ਮੈਨੂੰ ਆਪਣਾ ਬੋਝ ਹਲਕਾ ਕਰਨ ਨੂੰ ਆਖ ਰਹੇ ਹਨ ਅਤੇ ਉਹ ਇਹ ਵੀ ਆਖਦੇ ਹਨ ਕਿ ਜਿੰਨਾ ਕੰਮ ਦਾ ਭਾਰ ਤੇਰੇ ਪਿਤਾ ਨੇ ਸਾਡੇ ਉੱਪਰ ਪਾਇਆ ਹੋਇਆ ਸੀ, ਪਹਿਲਾਂ ਤੂੰ ਉਹ ਭਾਰ ਸਾਡੇ ਤੋਂ ਹਲਕਾ ਕਰ।”
10 ਤਾਂ ਉਹ ਜੁਆਨ ਜਿਹੜੇ ਉਸ ਦੇ ਹਮਜੋਲੀ ਸਨ ਉਸ ਨੂੰ ਆਖਿਆ ਕਿ ਤੂੰ ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਨੇ ਤੈਨੂੰ ਆਖਿਆ ਕਿ ਤੇਰੇ ਪਿਤਾ ਨੇ ਸਾਡਾ ਕੰਮ ਦਾ ਬੋਝ ਵੱਧਾਇਆ ਪਰ ਤੂੰ ਸਾਡੇ ਲਈ ਉਸ ਨੂੰ ਹਲਕਾ ਕਰ ਤਾਂ ਤੂੰ ਉਨ੍ਹਾਂ ਨੂੰ ਇਹ ਜਵਾਬ ਦੇ ਕਿ ਮੇਰੀ ਉਂਗਲ ਮੇਰੇ ਪਿਤਾ ਦੇ ਕਮਰ ਨਾਲੋਂ ਵੀ ਤਕੜੀ ਹੈ। 11 ਮੇਰੇ ਪਿਤਾ ਨੇ ਤਾਂ ਭਾਰਾ ਬੋਝ ਤੁਹਾਡੇ ਤੇ ਪਾਇਆ ਸੀ, ਪਰ ਮੈਂ ਉਸ ਭਾਰ ਨੂੰ ਹੋਰ ਵੀ ਵੱਧੀਕ ਕਰਾਂਗਾ। ਮੇਰੇ ਪਿਤਾ ਨੇ ਤਾਂ ਸਿਰਫ਼ ਤੁਹਾਨੂੰ ਕੋਟਲਿਆਂ ਨਾਲ ਮਾਰਿਆ ਸੀ ਪਰ ਮੈਂ ਤੁਹਾਨੂੰ ਲੋਹੇ ਦੇ ਸਿਰੇ ਵਾਲੇ ਕੋਟਲਿਆਂ ਨਾਲ ਫ਼ੰਡਾਂਗਾ।
12 ਤਿੰਨਾਂ ਦਿਨਾਂ ਉਪਰੰਤ, ਯਾਰਾਬੁਆਮ ਅਤੇ ਬਾਕੀ ਦੇ ਸਾਰੇ ਲੋਕ ਰਹਬੁਆਮ ਕੋਲ ਆਏ, ਬਿਲਕੁਲ ਜਿਵੇਂ ਕਿ ਉਸ ਨੇ ਉਨ੍ਹਾਂ ਨੂੰ ਕਿਹਾ ਸੀ। “ਮੇਰੇ ਕੋਲ ਤਿੰਨਾਂ ਦਿਨਾਂ ਵਿੱਚ ਵਾਪਸ ਆ ਜਾਵੋ।” 13 ਤਦ ਰਹਬੁਆਮ ਪਾਤਸ਼ਾਹ ਨੇ ਉਨ੍ਹਾਂ ਨਾਲ ਬੜੇ ਕਮੀਨੇਪਨ ਨਾਲ ਗੱਲ ਕੀਤੀ। ਉਸ ਨੇ ਬਜ਼ੁਰਗਾਂ ਦੀ ਗੱਲ ਦਾ ਕਹਿਣਾ ਨਾ ਮੰਨਿਆ। 14 ਸਗੋਂ ਉਸ ਨੇ ਆਪਣੇ ਹਮਜੋਲੀ ਨੌਜੁਆਨਾਂ ਦੇ ਮਗਰ ਲੱਗਕੇ ਲੋਕਾਂ ਨਾਲ ਉਸੇ ਲਹਿਜੇ ਵਿੱਚ ਗੱਲ ਕੀਤੀ ਜਿਵੇਂ ਉਨ੍ਹਾਂ ਨੇ ਪਾਤਸ਼ਾਹ ਨੂੰ ਸਿੱਖਾਇਆ ਸੀ। ਉਸ ਨੇ ਕਿਹਾ, “ਮੇਰੇ ਪਿਤਾ ਨੇ ਤੁਹਾਡਾ ਬੋਝ ਵੱਧਾਇਆ ਸੀ ਪਰ ਮੈਂ ਤੁਹਾਡਾ ਬੋਝ ਉਸਤੋਂ ਵੀ ਵੱਧੀਕ ਕਰਾਂਗਾ। ਮੇਰੇ ਪਿਤਾ ਨੇ ਤੁਹਾਨੂੰ ਕੋਟਲਿਆਂ ਨਾਲ ਫ਼ੰਡਿਆ ਪਰ ਮੈਂ ਤੁਹਾਨੂੰ ਧਾਤ ਜੜੀਆਂ ਸਿਰੀਆਂ ਵਾਲੇ ਕੋਟਲਿਆਂ ਨਾਲ ਫ਼ੰਡਾਂਗਾ।” 15 ਸੋ ਪਾਤਸ਼ਾਹ ਨੇ ਲੋਕਾਂ ਦੀ ਨਾ ਸੁਣੀ, ਕਿਉਂ ਕਿ ਗੱਲਾਂ ਦਾ ਇਹ ਫੇਰ-ਬਦਲ ਪਰਮੇਸ਼ੁਰ ਵੱਲੋਂ ਹੀ ਸੀ। ਇਹ ਵਾਪਰਿਆ ਤਾਂ ਜੋ ਯਹੋਵਾਹ ਸ਼ੀਲੋਨੀ ਅਹੀਯਾਹ ਦੇ ਰਾਹੀਂ ਨਬਾਟ ਦੇ ਪੁੱਤਰ ਯਾਰਾਬੁਆਮ ਬਾਰੇ ਬੋਲਿਆ ਸੀ, ਸੱਚ ਹੋ ਸੱਕੇ।
16 ਜਦ ਸਾਰੇ ਇਸਰਾਏਲ ਨੇ ਵੇਖਿਆ ਕਿ ਪਾਤਸ਼ਾਹ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ ਤਾਂ ਲੋਕਾਂ ਨੇ ਪਾਤਸ਼ਾਹ ਨੂੰ ਜਵਾਬ ਦਿੱਤਾ ਕਿ,
“ਦਾਊਦ ਦੇ ਨਾਲ ਸਾਡਾ ਕੀ ਰਿਸ਼ਤਾ ਅਤੇ
ਯੱਸੀ ਦੇ ਪੁੱਤਰ ਨਾਲ ਸਾਡੀ ਕੋਈ ਵੰਡ-ਵਿਹਾਰ ਨਹੀਂ ਹੈ।
ਹੇ ਇਸਰਾਏਲ, ਆਪੋ-ਆਪਣੇ ਤੰਬੂਆਂ ਵਿੱਚ ਚਲੋ!
ਹੁਣ ਹੇ ਦਾਊਦ! ਤੂੰ ਆਪਣੇ ਹੀ ਘਰਾਣੇ ਨੂੰ ਸੰਭਾਲ।”
ਤਦ ਇਸਰਾਏਲ ਦੇ ਸਾਰੇ ਲੋਕ ਆਪੋ-ਆਪਣੇ ਘਰਾਂ ਨੂੰ ਪਰਤ ਗਏ। 17 ਪਰ ਉੱਥੇ ਕੁਝ ਇਸਰਾਏਲੀ ਅਜਿਹੇ ਸਨ ਜੋ ਯਹੂਦਾਹ ਦੇ ਸ਼ਹਿਰਾਂ ਵਿੱਚ ਵਸੇ ਹੋਏ ਸਨ ਅਤੇ ਰਹਬੁਆਮ ਉਨ੍ਹਾਂ ਦਾ ਪਾਤਸ਼ਾਹ ਸੀ।
18 ਫ਼ੇਰ ਰਹਬੁਆਮ ਨੇ ਹਦੋਰਾਮ ਨੂੰ, ਜੋ ਕਿ ਮਜਬੂਰ ਮਜਦੂਰਾਂ ਦਾ ਇੰਚਾਰਜ ਸੀ, ਇਸਰਾਏਲ ਦੇ ਲੋਕਾਂ ਕੋਲ ਭੇਜਿਆ, ਪਰ ਉਨ੍ਹਾਂ ਨੇ ਉਸ ਉੱਪਰ ਪਥਰਾਵ ਕਰਕੇ ਉਸ ਨੂੰ ਮਾਰ ਸੁੱਟਿਆ। 19 ਉੱਸ ਦਿਨ ਤੋਂ ਲੈ ਕੇ ਅੱਜ ਤੀਕ ਇਸਰਾਏਲੀ ਦਾਊਦ ਦੇ ਘਰਾਣੇ ਦੇ ਵਿਰੋਧੀ ਹਨ।
11 ਜਦ ਰਹਬੁਆਮ ਯਰੂਸ਼ਲਮ ਵਿੱਚ ਆਇਆ ਤਾਂ ਉਸ ਨੇ ਇਸਰਾਏਲ ਨਾਲ ਲੜਨ ਲਈ ਯਹੂਦਾਹ ਅਤੇ ਬਿਨਯਾਮੀਨ ਦੇ ਪਰਿਵਾਰ-ਸਮੂਹਾਂ ਵਿੱਚੋਂ 1,80,000 ਸਿਪਾਹੀ ਇਕੱਠੇ ਕੀਤੇ ਤਾਂ ਜੋ ਉਹ ਰਹਬੁਆਮ ਦੇ ਲਈ ਉਹ ਰਾਜ ਮੋੜ ਲਿਆਉਣ। 2 ਪਰ ਯਹੋਵਾਹ ਤੋਂ ਸ਼ਮਆਯਾਹ ਨੂੰ ਬਚਨ ਹੋਇਆ। ਸ਼ਮਾਆਯਾਹ ਪਰਮੇਸ਼ੁਰ ਦਾ ਮਨੁੱਖ ਸੀ ਤੇ ਯਹੋਵਾਹ ਨੇ ਆਖਿਆ, 3 ਸਮਾਆਯਾਹ, ਰਹਬੁਆਮ ਸੁਲੇਮਾਨ ਦੇ ਪੁੱਤਰ ਨੂੰ ਅਤੇ ਯਹੂਦਾਹ ਦੇ ਪਾਤਸ਼ਾਹ ਅਤੇ ਸਾਰੇ ਇਸਰਾਏਲੀਆਂ ਨੂੰ, ਜੋ ਕਿ ਯਹੂਦਾਹ ਅਤੇ ਬਿਨਯਾਮੀਨ ਵਿੱਚ ਰਹਿੰਦੇ ਹਨ, ਆਖ: 4 ਯਹੋਵਾਹ ਇਉਂ ਆਖਦਾ ਹੈ, “ਤੁਸੀਂ ਆਪਣੇ ਭਰਾਵਾਂ ਨਾਲ ਲੜਾਈ ਨਾ ਕਰਨਾ। ਤੁਸੀਂ ਸਭ ਆਪੋ-ਆਪਣੇ ਘਰਾਂ ਨੂੰ ਮੁੜ ਜਾਵੋ। ਕਿਉਂ ਕਿ ਇਹ ਗੱਲ ਮੇਰੇ ਹੀ ਵੱਲੋਂ ਹੈ।” ਤਦ ਰਹਬੁਆਮ ਪਾਤਸ਼ਾਹ ਅਤੇ ਉਸਦੀ ਫ਼ੌਜ ਨੇ ਯਹੋਵਾਹ ਦੇ ਸੰਦੇਸ਼ ਨੂੰ ਮੰਨ ਲਿਆ ਤੇ ਉਨ੍ਹਾਂ ਨੇ ਯਾਰਾਬੁਆਮ ਤੇ ਚੜ੍ਹਾਈ ਨਾ ਕੀਤੀ ਸਗੋਂ ਵਾਪਸ ਮੁੜ ਗਏ।
ਰਹਬੁਆਮ ਦਾ ਯਹੂਦਾਹ ਨੂੰ ਮਜ਼ਬੂਤ ਕਰਨਾ
5 ਰਹਬੁਆਮ ਯਰੂਸ਼ਲਮ ਵਿੱਚ ਰਹਿਣ ਲੱਗ ਪਿਆ। ਉਸ ਨੇ ਯਹੂਦਾਹ ਸ਼ਹਿਰ ਨੂੰ ਦੁਸ਼ਮਣਾਂ ਤੋਂ ਬਚਾਉਣ ਲਈ ਆਪਣੇ ਸ਼ਹਿਰਾਂ ਨੂੰ ਮਜ਼ਬੂਤ ਕੀਤਾ। 6 ਉਸ ਨੇ ਬੈਤਲਹਮ, ਏਟਾਮ, ਤਕੋਆ, 7 ਬੈਤਸੂਰ, ਸੋਕੋ, ਅਦੂੱਲਾਮ, 8 ਗਥ, ਮਾਰੇਸ਼ਾਹ, ਜ਼ੀਫ਼, 9 ਅਦੋਰਇਮ, ਲਕੀਸ਼, ਅਜ਼ੇਕਾਹ, 10 ਸਾਰਆਹ, ਅੱਯਾਲੋਨ ਅਤੇ ਹਬਰੋਨ ਨੂੰ ਜੋ ਯਹੂਦਾਹ ਅਤੇ ਬਿਨਯਾਮੀਨ ਵਿੱਚ ਹਨ, ਉਨ੍ਹਾਂ ਨੂੰ ਗੜ੍ਹਾਂ ਵਾਲੇ ਸ਼ਹਿਰ ਬਣਾਇਆ। 11 ਜਦੋਂ ਉਸ ਨੇ ਇਨ੍ਹਾਂ ਸ਼ਹਿਰਾਂ ਨੂੰ ਪੱਕਾ ਕੀਤਾ ਤਾਂ ਉਨ੍ਹਾਂ ਵਿੱਚ ਸਰਦਾਰ ਮੁਕੱਰਰ ਕੀਤੇ ਅਤੇ ਉੱਥੇ ਰਸਦ, ਤੇਲ ਅਤੇ ਸ਼ਰਾਬ ਦੇ ਭੰਡਾਰ ਰੱਖੇ। 12 ਅਤੇ ਰਹਬੁਆਮ ਨੇ ਹਰ ਸ਼ਹਿਰ ਵਿੱਚ ਢਾਲਾਂ ਅਤੇ ਭਾਲੇ ਵੀ ਰੱਖਵਾ ਕੇ ਸ਼ਹਿਰ ਨੂੰ ਪੱਕਿਆਂ ਕੀਤਾ ਅਤੇ ਉਸ ਨੇ ਯਹੂਦਾਹ ਅਤੇ ਬਿਨਯਾਮੀਨ ਦੇ ਲੋਕਾਂ ਨੂੰ ਅਤੇ ਸ਼ਹਿਰਾਂ ਨੂੰ ਆਪਣੇ ਨਿਯੰਤ੍ਰਣ ਵਿੱਚ ਰੱਖਿਆ।
13 ਸਾਰੇ ਇਸਰਾਏਲ ਵਿੱਚੋਂ ਜਾਜਕ ਅਤੇ ਲੇਵੀ ਆਪੋ-ਆਪਣੀ ਸਰਹੱਦ ਤੋਂ ਉੱਠ ਕੇ ਰਹਬੁਆਮ ਨਾਲ ਮਿਲ ਗਏ। 14 ਲੇਵੀ ਆਪਣੀ ਜ਼ਮੀਨ ਅਤੇ ਖੇਤ ਮਲਕੀਅਤਾਂ ਛੱਡ ਕੇ ਯਹੂਦਾਹ ਅਤੇ ਯਰੂਸ਼ਲਮ ਵਿੱਚ ਆ ਗਏ। ਲੇਵੀਆਂ ਨੇ ਇੰਝ ਇਸ ਲਈ ਕੀਤਾ ਕਿਉਂ ਕਿ ਯਾਰਾਬੁਆਮ ਅਤੇ ਉਸ ਦੇ ਪੁੱਤਰਾਂ ਨੇ ਉਨ੍ਹਾਂ ਨੂੰ ਯਹੋਵਾਹ ਦੇ ਜਾਜਕ ਬਣਨ ਤੋਂ ਵਰਜਿਆ ਸੀ।
15 ਯਾਰਾਬੁਆਮ ਨੇ ਉੱਚੀਆਂ ਥਾਵਾਂ ਤੇ ਆਪਣੇ ਚੁਣੇ ਹੋਏ ਜਾਜਕਾਂ ਨੂੰ ਸੇਵਾ ਲਈ ਰੱਖਿਆ ਅਤੇ ਉਨ੍ਹਾਂ ਉੱਚੇ ਥਾਵਾਂ ਤੇ ਬੱਕਰਿਆਂ ਅਤੇ ਆਪਣੇ ਬਣਾਏ ਹੋਏ ਵੱਛਿਆਂ ਦੇ ਬੁੱਤਾਂ ਨੂੰ ਥਾਪਿਆ। 16 ਜਦੋਂ ਲੇਵੀਆਂ ਨੇ ਇਸਰਾਏਲ ਨੂੰ ਛੱਡਿਆ, ਉੱਨ੍ਹਾਂ ਦੇ ਪਿੱਛੇ ਇਸਰਾਏਲ ਦੇ ਸਾਰੇ ਘਰਾਣਿਆਂ ਵਿੱਚੋਂ ਅਜਿਹੇ ਲੋਕੀ ਜਿਨ੍ਹਾਂ ਨੇ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦੀ ਖੋਜ ਵਿੱਚ ਆਪਣਾ ਜੀਅ-ਜਾਨ ਲਗਾਇਆ ਸੀ, ਯਰੂਸ਼ਲਮ ਵਿੱਚ ਆਏ ਤਾਂ ਜੋ ਉਹ ਆਪਣੇ ਪੁਰਖਿਆਂ ਦੇ ਯਹੋਵਾਹ ਪਰਮੇਸ਼ੁਰ ਦੇ ਅੱਗੇ ਭੇਟ ਚੜ੍ਹਾਉਣ। 17 ਉਨ੍ਹਾਂ ਲੋਕਾਂ ਨੇ ਯਹੂਦਾਹ ਦੇ ਰਾਜ ਨੂੰ ਮਜ਼ਬੂਤ ਕੀਤਾ ਅਤੇ ਉਨ੍ਹਾਂ ਨੇ ਸੁਲੇਮਾਨ ਦੇ ਪੁੱਤਰ ਰਹਬੁਆਮ ਦੀ ਤਿੰਨ ਵਰ੍ਹੇ ਤੀਕ ਹਿਮਾਇਤ ਕੀਤੀ। ਇੰਝ ਉਨ੍ਹਾਂ ਨੇ ਇਸ ਲਈ ਕੀਤਾ ਕਿਉਂ ਕਿ ਉਸ ਵੇਲੇ ਤੀਕ ਉਹ ਦਾਊਦ ਅਤੇ ਸੁਲੇਮਾਨ ਦੇ ਜੀਵਨ ਢੰਗ ਮੁਤਾਬਕ ਚਲਦੇ ਰਹੇ।
ਰਹਬੁਆਮ ਦਾ ਪਰਿਵਾਰ
18 ਰਹਬੁਆਮ ਨੇ ਮਹਲਥ ਨਾਲ ਵਿਆਹ ਕਰਵਾ ਲਿਆ। ਅਹਾਲਥ ਦੇ ਪਿਤਾ ਯਰੀਮੋਥ ਅਤੇ ਮਾਂ ਦਾ ਨਾਂ ਅਬੀਹਇਲ ਸੀ। ਯਰੀਮੋਥ ਦਾਊਦ ਦਾ ਪੁੱਤਰ ਸੀ ਅਤੇ ਅਬੀਹਇਲ ਅਲੀਆਬ ਦੀ ਧੀ ਸੀ ਅਤੇ ਅਲੀਆਬ ਯੱਸੀ ਦਾ ਪੁੱਤਰ ਸੀ। 19 ਮਹਲਥ ਨੇ ਤਿੰਨ ਪੁੱਤਰ ਜੰਮੇ ਜਿਨ੍ਹਾਂ ਦੇ ਨਾਉਂ ਯਊਸ਼, ਸ਼ਮਰਯਾਹ ਅਤੇ ਜ਼ਾਹਮ ਸਨ। 20 ਉਸਤੋਂ ਬਾਅਦ ਰਹਬੁਆਮ ਨੇ ਅਬਸ਼ਾਲੋਮ ਦੀ ਧੀ ਮਆਕਾਹ ਨਾਲ ਵਿਆਹ ਕਰਵਾ ਲਿਆ ਜਿਸ ਵਿੱਚੋਂ ਉਸ ਦੇ ਅਬੀਯਾਹ, ਅੱਤਈ, ਜ਼ੀਜ਼ਾ ਅਤੇ ਸ਼ਲੋਮੀਥ ਪੈਦਾ ਹੋਏ। 21 ਰਹਬੁਆਮ ਅਬਸ਼ਾਲੋਮ ਦੀ ਪੋਤਰੀ ਮਆਕਾਹ ਨੂੰ ਆਪਣੀਆਂ ਸਾਰੀਆਂ ਰਾਣੀਆਂ ਅਤੇ ਦਾਸੀਆਂ ਨਾਲੋਂ ਬਹੁਤਾ ਪਿਆਰ ਕਰਦਾ ਸੀ। ਰਹਬੁਆਮ ਦੀਆਂ 18 ਪਤਨੀਆਂ ਅਤੇ 60 ਦਾਸੀਆਂ ਸਨ ਅਤੇ ਉਹ 28 ਪੁੱਤਰਾਂ ਅਤੇ 60 ਧੀਆਂ ਦਾ ਪਿਤਾ ਸੀ।
22 ਰਹਬੁਆਮ ਨੇ ਅਮਕਾਹ ਦੇ ਪੁੱਤਰ ਅਬੀਯਾਹ ਨੂੰ ਉਸ ਦੇ ਭਰਾਵਾਂ ਵਿੱਚੋਂ ਮੁਖੀਆ ਚੁਣਿਆ। ਕਿਉਂ ਜੋ ਉਹ ਅਬੀਯਾਹ ਨੂੰ ਪਾਤਸ਼ਾਹ ਬਨਾਉਣ ਦੀ ਵਿਉਂਤ ਕਰ ਰਿਹਾ ਸੀ। 23 ਰਹਬੁਆਮ ਨੇ ਬੜੀ ਬੁੱਧੀਮਤਾ ਨਾਲ ਆਪਣੇ ਸਾਰੇ ਪੁੱਤਰਾਂ ਨੂੰ ਯਹੂਦਾਹ ਅਤੇ ਬਿਨਯਾਮੀਨ ਦੇ ਹਰ ਸ਼ਹਿਰ ਵਿੱਚ ਫ਼ੈਲਾਅ ਦਿੱਤਾ ਤੇ ਇਉਂ ਆਪਣੇ ਰਾਜ ਨੂੰ ਪੱਕਿਆਂ ਕੀਤਾ। ਆਪਣੇ ਸਾਰੇ ਪੁੱਤਰਾਂ ਸਾਰੇ ਰਾਜ ਵਿੱਚ ਵੱਖ-ਵੱਖ ਕਰਕੇ ਉਨ੍ਹਾਂ ਨੂੰ ਬਹੁਤ ਸਾਰੀ ਰਸਦ ਦਿੱਤੀ ਅਤੇ ਉਨ੍ਹਾਂ ਲਈ ਵਹੁਟੀਆਂ ਵੀ ਵੇਖੀਆਂ।
ਸ਼ੀਸ਼ਕ ਰਾਜੇ ਦੀ ਯਹੂਦਾਹ ਉੱਤੇ ਚੜ੍ਹਾਈ
12 ਇਉਂ ਰਹਬੁਆਮ ਸ਼ਕਤੀਸ਼ਾਲੀ ਰਾਜਾ ਬਣਿਆ ਅਤੇ ਉਸ ਨੇ ਆਪਣੇ ਰਾਜ ਨੂੰ ਵੀ ਸ਼ਕਤੀਸ਼ਾਲੀ ਬਣਾਇਆ। ਫ਼ਿਰ ਰਹਬੁਆਮ ਅਤੇ ਯਹੂਦਾਹ ਦੇ ਪਰਿਵਾਰ-ਸਮੂਹ ਨੇ ਯਹੋਵਾਹ ਨੇ ਨੇਮਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ।
2 ਫ਼ਿਰ ਰਹਬੁਆਮ ਦੇ ਸ਼ਾਸਨ ਦੇ ਪੰਜਵੇਂ ਵਰ੍ਹੇ ਵਿੱਚ ਮਿਸਰ ਦੇ ਰਾਜੇ ਸ਼ੀਸ਼ਕ ਨੇ ਯਰੂਸ਼ਲਮ ਉੱਤੇ ਚੜ੍ਹਾਈ ਕਰ ਦਿੱਤੀ। ਇਹ ਇਸ ਲਈ ਵਾਪਰਿਆ ਕਿਉਂ ਕਿ ਰਹਬੁਆਮ ਅਤੇ ਯਹੂਦਾਹ ਦੇ ਲੋਕ ਯਹੋਵਾਹ ਨਾਲ ਵਫ਼ਾਦਾਰ ਨਹੀਂ ਸਨ। 3 ਸ਼ੀਸ਼ਕ ਦੇ ਨਾਲ 12,000 ਰੱਥ ਅਤੇ 60,000 ਅਸਵਾਰ ਸਨ ਅਤੇ ਉਸ ਨਾਲ ਮਿਸਰ ਤੋਂ ਆਏ ਲੂਬੀ, ਸੂਕੀ ਅਤੇ ਕੂਸ਼ੀ ਅਣਗਿਣਤ ਲੋਕ ਸਨ। 4 ਸ਼ੀਸ਼ਕ ਯਹੂਦਾਹ ਦੇ ਮਜ਼ਬੂਤ ਸ਼ਹਿਰਾਂ ਨੂੰ ਹਰਾਕੇ ਆਪਣੀ ਫ਼ੌਜ ਨੂੰ ਯਰੂਸ਼ਲਮ ਵਿੱਚ ਲੈ ਆਇਆ।
5 ਤਦ ਸ਼ਮਆਯਾਹ ਨਬੀ ਰਹਬੁਆਮ ਅਤੇ ਯਹੂਦਾਹ ਦੇ ਸਰਦਾਰਾਂ ਦੇ ਕੋਲ ਜਿਹੜੇ ਸ਼ੀਸ਼ਕ ਦੇ ਅੱਗੋਂ ਯਰੂਸ਼ਲਮ ਵਿੱਚ ਇਕੱਠੇ ਹੋ ਗਏ ਸਨ ਆਇਆ ਅਤੇ ਉਨ੍ਹਾਂ ਨੂੰ ਆਖਿਆ ਕਿ ਯਹੋਵਾਹ ਇਵੇਂ ਫ਼ਰਮਾਉਂਦਾ ਹੈ: “ਤੁਸੀਂ ਮੈਨੂੰ ਛੱਡ ਦਿੱਤਾ, ਇਸੇ ਲਈ ਮੈਂ ਵੀ ਤੁਹਾਨੂੰ ਸ਼ੀਸ਼ਕ ਦੇ ਹੱਥ ਵਿੱਚ ਦੇ ਦਿੱਤਾ ਹੈ।”
6 ਤਦ ਯਹੂਦਾਹ ਦੇ ਆਗੂਆਂ ਅਤੇ ਰਹਬੁਆਮ ਪਾਤਸ਼ਾਹ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ ਤੇ ਉਨ੍ਹਾਂ ਨੇ ਆਪਣੇ-ਆਪ ਨੂੰ ਨਿਮਾਣਾ ਬਣਾਕੇ ਤੇ ਆਖਿਆ, “ਯਹੋਵਾਹ ਧਰਮੀ ਹੈ।”
7 ਯਹੋਵਾਹ ਨੇ ਵੇਖਿਆ ਕਿ ਯਹੂਦਾਹ ਦੇ ਲੋਕਾਂ ਅਤੇ ਪਾਤਸ਼ਾਹ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋ ਗਿਆ ਹੈ ਤਦ ਯਹੋਵਾਹ ਵੱਲੋਂ ਸ਼ਮਆਯਾਹ ਨੂੰ ਬਚਨ ਹੋਇਆ ਅਤੇ ਯਹੋਵਾਹ ਨੇ ਉਸ ਨੂੰ ਕਿਹਾ, “ਪਾਤਸ਼ਾਹ ਅਤੇ ਉਸ ਦੇ ਲੋਕਾਂ ਨੂੰ ਸੋਝੀ ਆ ਗਈ ਹੈ, ਇਸ ਲਈ ਮੈਂ ਹੁਣ ਉਨ੍ਹਾਂ ਨੂੰ ਤਬਾਹ ਨਹੀਂ ਕਰਾਂਗਾ ਪਰ ਉਨ੍ਹਾਂ ਨੂੰ ਜਲਦੀ ਹੀ ਬਚਾਵਾਂਗਾ ਅਤੇ ਯਰੂਸ਼ਲਮ ਉੱਪਰ ਆਪਣਾ ਕਰੋਧ ਵਰਸਾਉਣ ਲਈ ਸ਼ੀਸ਼ਕ ਦਾ ਪ੍ਰਯੋਗ ਨਹੀਂ ਕਰਾਂਗਾ। 8 ਪਰ ਯਰੂਸ਼ਲਮ ਦੇ ਲੋਕ ਸ਼ੀਸ਼ਕ ਦੇ ਗੁਲਾਮ ਹੋਣਗੇ ਤਾਂ ਜੋ ਉਹ ਮੇਰੀ ਸੇਵਾ ਅਤੇ ਦੇਸ ਦੇ ਰਾਜਿਆਂ ਦੀ ਸੇਵਾ ਦਾ ਫ਼ਰਕ ਜਾਣ ਲੈਣ।”
9 ਸੋ ਸ਼ੀਸਕ ਨੇ ਯਰੂਸ਼ਲਮ ਉੱਪਰ ਹਮਲਾ ਬੋਲਿਆ ਅਤੇ ਯਹੋਵਾਹ ਦੇ ਮੰਦਰ ਦਾ ਸਾਰਾ ਖਜ਼ਾਨਾ ਲੁੱਟ ਲਿਆ। ਸ਼ੀਸਕ ਮਿਸਰ ਦਾ ਰਾਜਾ ਸੀ। ਉਸ ਨੇ ਪਾਤਸ਼ਾਹ ਦੇ ਮਹਿਲ ਦਾ ਵੀ ਸਾਰਾ ਖਜ਼ਾਨਾ ਲੁੱਟ ਲਿਆ। ਉਸ ਨੇ ਇਹ ਸਭ ਕੁਝ ਲੁੱਟ ਲਿਆ ਇਹੀ ਨਹੀਂ ਸਗੋਂ ਉਸ ਨੇ ਸੁਲੇਮਾਨ ਨੇ ਜੋ ਸੋਨੇ ਦੀਆਂ ਢਾਲਾਂ ਬਣਵਾਈਆਂ ਸੀ, ਉਹ ਵੀ ਲੈ ਲਈਆਂ। 10 ਤਦ ਰਹਬੁਆਮ ਪਾਤਸ਼ਾਹ ਨੇ ਸੋਨੇ ਦੀਆਂ ਢਾਲਾਂ ਦੇ ਬਦਲੇ ਪਿੱਤਲ ਦੀਆਂ ਢਾਲਾਂ ਬਣਾਈਆਂ ਅਤੇ ਉਨ੍ਹਾਂ ਨੂੰ ਉਨ੍ਹਾਂ ਪਾਤਸ਼ਾਹ ਦੇ ਮਹਿਲ ਦੇ ਦਰਬਾਨਾਂ ਨੂੰ ਦਿੱਤੀਆਂ ਜੋ ਪ੍ਰਵੇਸ਼ ਦੁਆਰ ਦੀ ਰਾਖੀ ਕਰਦੇ ਸਨ। 11 ਜਦੋਂ ਪਾਤਸ਼ਾਹ ਯਹੋਵਾਹ ਦੇ ਮੰਦਰ ਵਿੱਚ ਜਾਂਦਾ ਤਾਂ ਉਹ ਦਰਬਾਨ ਆਉਂਦੇ ਤਾਂ ਉਹ ਪਿੱਤਲ ਦੀਆਂ ਢਾਲਾਂ ਕੋਠੜੀ ਚੋ ਬਾਹਰ ਕੱਢ ਕੇ ਉਸ ਨਾਲ ਜਾਂਦੇ ਤੇ ਫ਼ਿਰ ਵਾਪਸੀ ਉੱਥੇ ਹੀ ਢਾਲਾਂ ਨੂੰ ਕੋਠੜੀ ਵਿੱਚ ਰੱਖ ਆਉਂਦੇ।
12 ਜਦੋਂ ਰਹਬੁਆਮ ਨੇ ਆਪਣੇ-ਆਪ ਨੂੰ ਨਿਮਾਣਾ ਬਣਾਇਆ, ਯਹੋਵਾਹ ਦਾ ਕਰੋਧ ਉਸਤੋਂ ਟਲ ਗਿਆ ਅਤੇ ਉਸ ਨੇ ਪਾਤਸ਼ਾਹ ਨੂੰ ਪੂਰੀ ਤਰ੍ਹਾਂ ਬਰਬਾਦ ਨਹੀਂ ਕੀਤਾ। ਯਹੂਦਾਹ ਵਿੱਚ ਕੁਝ ਚੰਗੀਆਂ ਚੀਜ਼ਾਂ ਸਨ।
13 ਰਹਬੁਆਮ ਨੇ ਯਰੂਸ਼ਲਮ ਵਿੱਚ ਸ਼ਾਸਨ ਕੀਤਾ ਅਤੇ ਆਪਣੇ ਰਾਜ ਨੂੰ ਮਜ਼ਬੂਤ ਬਣਾਇਆ। ਜਦੋਂ ਉਹ ਪਾਤਸ਼ਾਹ ਬਣਿਆ ਉਹ 41ਵਰ੍ਹਿਆਂ ਦਾ ਸੀ ਅਤੇ ਯਰੂਸ਼ਲਮ ਵਿੱਚ ਉਸ ਨੇ 17ਵਰ੍ਹੇ ਰਾਜ ਕੀਤਾ। ਇਸਰਾਏਲ ਦੇ ਸਾਰੇ ਪਰਿਵਾਰ-ਸਮੂਹਾਂ ਵਿੱਚੋਂ, ਯਹੋਵਾਹ ਨੇ ਆਪਣੇ ਨਾਂ ਦੀ ਸਥਾਪਨਾ ਲਈ ਯਰੂਸ਼ਲਮ ਨੂੰ ਹੀ ਚੁਣਿਆ। ਰਹਬੁਆਮ ਦੀ ਮਾਤਾ ਦਾ ਨਾਂ ਨਅਮਾਹ ਸੀ ਜੋ ਕਿ ਅੰਮੋਨੀਆਂ ਵਿੱਚੋਂ ਸੀ। 14 ਰਹਬੁਆਮ ਨੇ ਬੁਰਿਆਈ ਕੀਤੀ ਕਿਉਂ ਕਿ ਉਹ ਆਪਣੇ ਪੂਰੇ ਦਿਲੋਂ ਯਹੋਵਾਹ ਨੂੰ ਨਹੀਂ ਚਾਹਿਆ।
15 ਰਹਬੁਆਮ ਦੇ ਸਾਰੇ ਕੰਮ ਜਿਹੜੇ ਉਸ ਨੇ ਆਪਣੇ ਸ਼ਾਸਨ ਦੇ ਸ਼ੁਰੂ ਤੋਂ ਲੈ ਕੇ ਅਖੀਰ ਤੀਕ ਕੀਤੇ ਉਹ ਸ਼ਮਅਯਾਹ ਨਬੀ ਅਤੇ ਇੱਦੋ ਨਬੀ ਦੀਆਂ ਲਿਖਤਾਂ ਵਿੱਚ ਦਰਜ ਹਨ। ਉਨ੍ਹਾਂ ਨੇ ਘਰਾਣਿਆਂ ਦਾ ਇਤਹਾਸ ਲਿਖਿਆ। ਜਿੰਨੀ ਦੇਰ ਰਹਬੁਆਮ ਅਤੇ ਯਾਰਾਬੁਆਮ ਰਾਜ ਕਰਦੇ ਰਹੇ, ਉਹ ਇੱਕ ਦੂਜੇ ਦੇ ਵਿਰੁੱਧ ਲੜਦੇ ਰਹੇ। 16 ਅਖੀਰ ਰਹਬੁਆਮ ਪਿਉ-ਦਾਦਿਆਂ ਕੋਲ ਅਕਾਲ ਚਲਾਣਾ ਕਰ ਗਿਆ ਅਤੇ ਉਸ ਨੂੰ ਦਾਊਦ ਦੇ ਸ਼ਹਿਰ ਵਿੱਚ ਦਫ਼ਨਾਇਆ ਗਿਆ ਅਤੇ ਉਸ ਉਪਰੰਤ ਉਸਦਾ ਪੁੱਤਰ ਅਬੀਯਾਹ ਨਵਾਂ ਪਾਤਸ਼ਾਹ ਬਣਿਆ।
ਅਬੀਯਾਹ ਦਾ ਯਹੂਦਾਹ ਉੱਪਰ ਰਾਜ
13 ਜਦੋਂ ਯਾਰਾਬੁਆਮ ਪਾਤਸ਼ਾਹ ਦਾ ਇਸਰਾਏਲ ਉੱਪਰ ਰਾਜ ਦਾ 18ਵਰ੍ਹਾ ਸੀ ਤਦ ਅਬੀਯਾਹ ਯਹੂਦਾਹ ਦਾ ਨਵਾਂ ਪਾਤਸ਼ਾਹ ਬਣਿਆ। 2 ਅਬੀਯਾਹ ਨੇ ਯਰੂਸ਼ਲਮ ਵਿੱਚ 3ਵਰ੍ਹੇ ਰਾਜ ਕੀਤਾ। ਉਸਦੀ ਮਾਂ ਦਾ ਨਾਂ ਮੀਕਾਯਾਹ ਸੀ ਜੋ ਊਰੀਏਲ ਦੀ ਧੀ ਸੀ ਅਤੇ ਊਰੀਏਲ ਗਬਈ ਸ਼ਹਿਰ ਤੋਂ ਸੀ ਅਤੇ ਅਬੀਯਾਹ ਅਤੇ ਯਾਰਾਬੁਆਮ ਦੇ ਦਰਮਿਆਨ ਵੀ ਜੰਗ ਚਲਦੀ ਰਹੀ। 3 ਅਬੀਯਾਹ ਦੀ ਫ਼ੌਜ ਵਿੱਚ 4,00,000 ਬਹਾਦੁਰ ਸਿਪਾਹੀ ਸਨ ਜਿਨ੍ਹਾਂ ਨੂੰ ਲੈ ਕੇ ਉਹ ਲੜਾਈ ਦੇ ਮੈਦਾਨ ਵਿੱਚ ਉਤਰਿਆ। ਯਾਰਾਬੁਆਮ ਦੀ ਫ਼ੌਜ ਵਿੱਚ 8,00,000 ਬਹਾਦੁਰ ਸਿਪਾਹੀ ਸਨ ਤੇ ਉਹ ਅਬੀਯਾਹ ਨਾਲ ਯੁੱਧ ਕਰਨ ਲਈ ਤਿਆਰ ਹੋ ਗਿਆ।
4 ਤਦ ਅਬੀਯਾਹ ਸਮਾਰੀਮ ਦੀ ਚੋਟੀ ਉੱਤੇ ਜੋ ਅਫ਼ਰਾਈਮ ਦੀ ਪਹਾੜੀ ਉੱਪਰ ਹੈ ਖੜ੍ਹਾ ਹੋਇਆ ਅਤੇ ਆਖਣ ਲੱਗਾ ਕਿ, “ਹੇ ਯਾਰਾਬੁਆਮ ਅਤੇ ਸਾਰੇ ਇਸਰਾਏਲ ਦੇ ਲੋਕੋ! ਮੇਰੀ ਸੁਣੋ! 5 ਕੀ ਤੁਹਾਨੂੰ ਪਤਾ ਨਹੀਂ ਕਿ ਇਸਰਾਏਲ ਦੇ ਪਰਮੇਸ਼ੁਰ ਨੇ ਇਸਰਾਏਲ ਉੱਪਰ ਰਾਜ ਦਾਊਦ ਨੂੰ ਅਤੇ ਉਸ ਦੇ ਵੰਸ਼ ਨੂੰ ਨੂਣ ਦੇ ਇਕਰਾਰਨਾਮਾ [a] ਨਾਲ ਸਦੀਵ ਲਈ ਦਿੱਤਾ ਹੈ? 6 ਪਰ ਨਬਾਟ ਦਾ ਪੁੱਤਰ ਯਾਰਾਬੁਆਮ ਜੋ ਦਾਊਦ ਦੇ ਪੁੱਤਰ ਸੁਲੇਮਾਨ ਦਾ ਸੇਵਾਦਾਰ ਸੀ ਉੱਠ ਕੇ ਆਪਣੇ ਮਾਲਕ ਤੋਂ ਆਕੀ ਹੋ ਗਿਆ। 7 ਫੇਰ ਯਾਰਾਬੁਆਮ ਬੇਕਾਰ ਅਤੇ ਲਫੰਗਿਆ ਨਾਲ ਜੁੜ ਗਿਆ। ਬਾਅਦ ਵਿੱਚ ਇਹ ਬਦ ਲੋਕ ਰਹਬੁਆਮ ਦੇ ਖਿਲਾਫ ਹੋ ਗਏ। ਕਿਉਂ ਜੋ ਉਹ ਛੋਟਾ ਅਤੇ ਬੇਤਜੁਰਬਾਕਾਰ ਸੀ, ਉਹ ਉਨ੍ਹਾਂ ਤੇ ਕਾਬੂ ਨਾ ਪਾ ਸੱਕਿਆ।
8 “ਹੁਣ, ਤੁਸੀਂ ਲੋਕਾਂ ਨੇ ਯਹੋਵਾਹ ਦੇ ਰਾਜ ਨੂੰ ਹਰਾਉਣ ਦਾ ਨਿਸ਼ਚਾ ਕਰ ਲਿਆ ਹੈ, ਜੋ ਕਿ ਦਾਊਦ ਦੇ ਉੱਤਰਾਧਿਕਾਰੀਆਂ ਦੁਆਰਾ ਸ਼ਾਸਿਤ ਹੋ ਰਿਹਾ। ਤੇਰੇ ਕੋਲ ਤੇਰੇ ਨਾਲ ਬਹੁਤ ਲੋਕ ਹਨ ਅਤੇ ਯਾਰਾਬੁਆਮ ਦੁਆਰਾ, ਤੇਰੇ ਦੇਵਤੇ ਹੋਣ ਲਈ ਬਣਾਏ ਹੋਏ ਸੋਨੇ ਦੇ ਵੱਛਿਆਂ ਦੇ ਬੁੱਤ ਵੀ ਤੇਰੇ ਕੋਲ ਹਨ। 9 ਤੁਸੀਂ ਹਾਰੂਨ ਦੇ ਪੁੱਤਰਾਂ ਅਤੇ ਲੇਵੀਆਂ ਨੂੰ ਜੋ ਯਹੋਵਾਹ ਦੇ ਜਾਜਕ ਸਨ ਉਨ੍ਹਾਂ ਨੂੰ ਬਾਹਰ ਕੱਢ ਦਿੱਤਾ ਅਤੇ ਉਸਦੀ ਥਾਵੇਂ ਆਪਣੇ ਜਾਜਕ ਰੱਖੇ ਜਿਵੇਂ ਕਿ ਦੁਨੀਆਂ ਦੇ ਦੂਜੇ ਰਾਜੇ ਕਰਦੇ ਹਨ। ਅਤੇ ਹੁਣ ਇਹ ਮੁਕੱਰਰ ਕਰ ਦਿੱਤਾ ਕਿ ਜਿਹੜਾ ਕੋਈ ਇੱਕ ਬਛੜਾ ਅਤੇ ਸੱਤ ਭੇਡੇ ਲੈ ਕੇ ਆਵੇ ਉਹ ਉਨ੍ਹਾਂ ਦੇਵਤਿਆਂ ਦਾ ਜੋ ਕਿ ਝੂਠੇ ਹਨ ਉਨ੍ਹਾਂ ਦਾ ਜਾਜਕ ਬਣ ਸੱਕਦਾ ਹੈ।
10 “ਪਰ ਸਾਡੇ ਲਈ ਤਾਂ ਯਹੋਵਾਹ ਹੀ ਸਾਡਾ ਪਰਮੇਸ਼ੁਰ ਹੈ ਅਤੇ ਅਸੀਂ ਯਹੂਦਾਹ ਦੇ ਲੋਕ ਉਸ ਨੂੰ ਮੰਨਣ ਤੋਂ ਇਨਕਾਰੀ ਨਹੀਂ ਹਾਂ। ਅਸੀਂ ਉਸ ਨੂੰ ਛੱਡਿਆ ਨਹੀਂ। ਜਿਹੜੇ ਜਾਜਕ ਯਹੋਵਾਹ ਦੀ ਸੇਵਾ ਕਰਦੇ ਹਨ ਉਹ ਹਾਰੂਨ ਦੇ ਬੱਚੇ ਹਨ ਅਤੇ ਲੇਵੀ ਯਹੋਵਾਹ ਦੀ ਸੇਵਾ ਕਰਨ ਵਿੱਚ ਜਾਜਕਾਂ ਦੀ ਮਦਦ ਕਰਦੇ ਹਨ। 11 ਉਹ ਹਰ ਸਵੇਰ-ਸ਼ਾਮ ਯਹੋਵਾਹ ਅੱਗੇ ਹੋਮ ਦੀਆਂ ਭੇਟਾਂ ਚੜ੍ਹਾਉਂਦੇ ਹਨ ਅਤੇ ਧੂਫ ਧੁਖਾਉਂਦੇ ਹਨ। ਉਹ ਪਵਿੱਤਰ ਮੇਜ਼ ਉੱਪਰ ਚੜ੍ਹਤ ਦੀਆਂ ਰੋਟੀਆਂ ਰੱਖਦੇ ਹਨ ਅਤੇ ਹਰ ਸ਼ਾਮ ਸੁਨਿਹਰੇ ਸ਼ਮਾਦਾਨ ਉੱਪਰ ਦੀਵਿਆਂ ਨੂੰ ਜਗਾਉਂਦੇ ਹਨ। ਅਸੀਂ ਬੜੇ ਧਿਆਨ ਨਾਲ ਯਹੋਵਾਹ ਆਪਣੇ ਪਰਮੇਸ਼ੁਰ ਦੀ ਸੇਵਾ ਕਰਦੇ ਹਾਂ ਪਰ ਤੁਸੀਂ ਲੋਕਾਂ ਨੇ ਉਸ ਨੂੰ ਛੱਡ ਦਿੱਤਾ ਹੈ। 12 ਪਰਮੇਸ਼ੁਰ ਆਪ ਸਾਡੇ ਨਾਲ ਹੈ! ਉਹੀ ਸਾਡਾ ਸ਼ਾਸਕ ਹੈ ਅਤੇ ਉਸ ਦੇ ਜਾਜਕ ਸਾਡੇ ਨਾਲ ਹਨ। ਪਰਮੇਸ਼ੁਰ ਦੇ ਜਾਜਕ ਆਪਣੇ ਆਉਣ ਦੀ ਸੂਚਨਾ ਦਿੰਦੇ ਤੇ ਤੁਹਾਨੂੰ ਜਗਾਉਣ ਵਾਸਤੇ ਜੋਰ ਦੀ ਤੁਰ੍ਹੀਆਂ ਵਜਾਉਂਦੇ ਹਨ ਤੇ ਆਖਦੇ ਹਨ! ਹੇ ਇਸਰਾਏਲੀਓ, ਤੁਸੀਂ ਆਪਣੇ ਪੁਰਖਿਆਂ ਦੇ ਯਹੋਵਾਹ ਪਰਮੇਸ਼ੁਰ ਦੇ ਵਿਰੁੱਧ ਨਾ ਲੜੋ! ਕਿਉਂ ਜੋ ਤੁਸੀਂ ਸਫ਼ਲ ਨਾ ਹੋ ਪਾਵੋਂਗੇ।”
13 ਪਰ ਯਾਰਾਬੁਆਮ ਨੇ ਅਬੀਯਾਹ ਦੀ ਫ਼ੌਜ ਦੇ ਪਿੱਛੇ ਚੋਰੀ-ਛੁੱਪੇ ਸਿਪਾਹੀਆਂ ਦਾ ਇੱਕ ਟੋਲਾ ਭੇਜ ਦਿੱਤਾ, ਸੋ ਉਸਦੀ ਫ਼ੌਜ ਅਬੀਯਾਹ ਦੀ ਫ਼ੌਜ ਦੇ ਸਾਹਮਣੇ ਸੀ ਅਤੇ ਯਾਰਾਬੁਆਮ ਦੇ ਛੁੱਪੇ ਹੋਏ ਸੈਨਿਕ ਅਬੀਯਾਹ ਦੀ ਫ਼ੌਜ ਦੇ ਪਿੱਛੇ ਸਨ। 14 ਜਦੋਂ ਯਹੂਦਾਹ ਤੋਂ ਅਬੀਯਾਹ ਦੀ ਫ਼ੌਜ ਨੇ ਆਪਣੇ ਆਸੇ ਪਾਸੇ ਵੇਖਿਆ ਤਾਂ ਉਨ੍ਹਾਂ ਵੇਖਿਆ ਕਿ ਯਾਰਾਬੁਆਮ ਦੀ ਫ਼ੌਜ ਅੱਗੋਂ ਤੇ ਪਿੱਛੋਂ ਦੋਨੋ ਪਾਸੀਂ ਉਨ੍ਹਾਂ ਤੇ ਹਮਲਾ ਕਰ ਰਹੀ ਹੈ। ਤਦ ਯਹੂਦਾਹ ਦੇ ਲੋਕਾਂ ਯਹੋਵਾਹ ਨੂੰ ਉੱਚੀ ਪੁਕਾਰਿਆ ਤੇ ਜਾਜਕਾਂ ਨੇ ਤੁਰ੍ਹੀਆਂ ਵਜਾਈਆਂ। 15 ਤਦ ਅਬੀਯਾਹ ਦੀ ਫ਼ੌਜ ਨੇ ਲਲਕਾਰਿਆ। ਜਦੋਂ ਯਹੂਦਾਹ ਦੀ ਫ਼ੌਜ ਨੇ ਲਲਕਾਰਿਆਂ ਤਾਂ ਪਰਮੇਸ਼ੁਰ ਨੇ ਯਾਰਾਬੁਆਮ ਦੀ ਫ਼ੌਜ ਨੂੰ ਹਾਰ ਦਿੱਤੀ। ਇਸਰਾਏਲ ਅਤੇ ਯਾਰਾਬੁਆਮ ਦੀ ਸਾਰੀ ਫ਼ੌਜ ਨੂੰ ਅਬੀਯਾਹ ਨੇ ਯਹੂਦਾਹ ਵਿੱਚ ਹਰਾ ਦਿੱਤਾ। 16 ਯਹੂਦਾਹ ਦੀ ਸੈਨਾ ਤੋਂ ਇਸਰਾਏਲੀ ਫ਼ੌਜ ਭੱਜ ਖਲੋਤੀ ਤੇ ਪਰਮੇਸ਼ੁਰ ਨੇ ਯਹੂਦਾਹ ਦੀ ਫੌਜ ਦਾ ਇਸਰਾਏਲੀ ਸੈਨਾ ਨੂੰ ਹਰਾਉਣ ਵਿੱਚ ਸਾਥ ਦਿੱਤਾ। 17 ਇਸ ਹਾਰ ਵਿੱਚ ਇਸਰਾਏਲ ਦੀ ਫੌਜ ਦਾ 5,00,000 ਸੈਨਿਕ ਬੰਦਾ ਮਾਰਿਆ ਗਿਆ। 18 ਉਸ ਵਕਤ ਯਹੂਦਾਹ ਦੀ ਫ਼ੌਜ ਦੀ ਜਿੱਤ ਅਤੇ ਇਸਰਾਏਲ ਦੀ ਹਾਰ ਹੋਈ। ਯਹੂਦਾਹ ਦੀ ਜਿੱਤ ਇਸ ਲਈ ਹੋਈ ਕਿਉਂ ਕਿ ਉਨ੍ਹਾਂ ਨੇ ਯਹੋਵਾਹ ਆਪਣੇ ਪੁਰਖਿਆਂ ਦੇ ਪਰਮੇਸ਼ੁਰ ਤੇ ਅਧੀਨ ਹੋਕੇ ਲੜਾਈ ਕੀਤੀ।
19 ਅਬੀਯਾਹ ਨੇ ਯਾਰਾਬੁਆਮ ਦਾ ਪਿੱਛਾ ਅਤੇ ਇਨ੍ਹਾਂ ਸ਼ਹਿਰਾਂ ਬੈਤਏ0ਲ ਦੇ ਯਸ਼ਾਨਾਹ ਤੇ ਉਸ ਦੇ ਸ਼ਹਿਰ, ਅਫ਼ਰੋਨ ਅਤੇ ਉਸ ਦੇ ਸ਼ਹਿਰਾਂ ਨੂੰ ਉਸ ਕੋਲੋਂ ਖੋਹ ਲਿਆ।
20 ਜਦ ਤੀਕ ਅਬੀਯਾਹ ਦਾ ਰਾਜ ਰਿਹਾ ਯਾਰਾਬੁਆਮ ਮੁੜ ਤਾਕਤ ਵਿੱਚ ਨਾ ਆਇਆ। ਫ਼ੇਰ ਅਬੀਯਾਹ ਦੇ ਦਿਨਾਂ ਵਿੱਚ ਯਹੋਵਾਹ ਨੇ ਯਾਰਾਬੁਆਮ ਨੂੰ ਪਛਾੜਿਆ ਅਤੇ ਉਹ ਮਰ ਗਿਆ। 21 ਪਰ ਅਬੀਯਾਹ ਬੜੀ ਤਾਕਤ ਵਿੱਚ ਆ ਗਿਆ। ਉਸ ਨੇ 14 ਔਰਤਾਂ ਨਾਲ ਵਿਆਹ ਕੀਤਾ ਅਤੇ ਉਸ ਦੇ ਘਰ 22 ਪੁੱਤਰ ਅਤੇ 16 ਧੀਆਂ ਨੇ ਜਨਮ ਲਿਆ। 22 ਅਬੀਯਾਹ ਦੇ ਹੋਰ ਕਾਰਨਾਮੇ ਇੱਦੋ ਨਬੀ ਦੀ ਪੋਥੀ ਵਿੱਚ ਲਿਖੇ ਹੋਏ ਹਨ।
14 ਅਬੀਯਾਹ ਦੀ ਮੌਤ ਹੋ ਗਈ ਤਾਂ ਉਹ ਵੀ ਆਪਣੇ ਪੁਰਖਿਆਂ ’ਚ ਸ਼ਾਮਿਲ ਹੋ ਗਿਆ ਅਤੇ ਲੋਕਾਂ ਨੇ ਉਸ ਨੂੰ ਦਾਊਦ ਦੇ ਸ਼ਹਿਰ ਵਿੱਚ ਦਫ਼ਨਾਅ ਦਿੱਤਾ ਤੇ ਉਸਦੀ ਥਾਵੇਂ ਉਸਦਾ ਪੁੱਤਰ ਆਸਾ ਨਵਾਂ ਪਾਤਸ਼ਾਹ ਬਣਿਆ। ਆਸਾ ਦੇ ਰਾਜ ਵਿੱਚ ਦੇਸ ਵਿੱਚ 10 ਸਾਲ ਤੀਕ ਸ਼ਾਂਤੀ ਰਹੀ।
ਯਹੂਦਾਹ ਦਾ ਪਾਤਸ਼ਾਹ ਆਸਾ
2 ਆਸਾ ਪਾਤਸ਼ਾਹ ਨੇ ਉਹੀ ਕੀਤਾ ਜੋ ਯਹੋਵਾਹ ਆਪਣੇ ਪਰਮੇਸ਼ੁਰ ਦੀ ਨਿਗਾਹ ਵਿੱਚ ਚੰਗਾ ਸੀ। 3 ਉਸ ਨੇ ਓਪਰੇ ਦੇਵਤਿਆਂ ਦੀਆਂ ਜਗਵੇਦੀਆਂ ਨੂੰ ਅਤੇ ਉੱਚੇ ਆਸਥਾਨਾਂ ਨੂੰ ਢਾਹ ਦਿੱਤਾ ਅਤੇ ਯਾਦਗਾਰੀ ਪੱਥਰ ਨੂੰ ਭੰਨ ਸੁੱਟਿਆ ਅਤੇ ਯਾਦਗਾਰੀ ਪੱਥਰ ਨੂੰ ਚੂਰ-ਚੂਰ ਕਰ ਦਿੱਤਾ। 4 ਪਾਤਸ਼ਾਹ ਨੇ ਯਹੂਦਾਹ ਦੇ ਲੋਕਾਂ ਨੂੰ ਯਹੋਵਾਹ ਪਰਮੇਸ਼ੁਰ ਦਾ ਹੁਕਮ ਮੰਨਣ ਨੂੰ ਕਿਹਾ ਜਿਨ੍ਹਾਂ ਦੀ ਕਿ ਉਸ ਦੇ ਪੁਰਖਿਆਂ ਨੇ ਵੀ ਉਪਾਸਨਾ ਕੀਤੀ ਹੈ ਤੇ ਆਸਾ ਨੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਹੁਕਮ ਅਤੇ ਨੇਮਾਂ ਨੂੰ ਮੰਨਣ ਦਾ ਆਦੇਸ਼ ਦਿੱਤਾ। 5 ਆਸਾ ਨੇ ਸਾਰੇ ਯਹੂਦਾਹ ਸ਼ਹਿਰ ਵਿੱਚੋਂ ਉੱਚੀਆਂ ਥਾਵਾਂ, ਧੂਪਾਂ ਅਤੇ ਜਗਵੇਦੀਆਂ ਨੂੰ ਢਾਹ ਦਿੱਤਾ ਇਸ ਲਈ ਉਸ ਦੇ ਰਾਜ ਵਿੱਚ ਦੇਸ ਵਿੱਚ ਚਾਰੋਂ ਪਾਸੇ ਸ਼ਾਂਤੀ ਰਹੀ। 6 ਆਸਾ ਨੇ ਯਹੂਦਾਹ ਵਿੱਚ ਜਦੋਂ ਸ਼ਾਂਤੀ ਦਾ ਰਾਜ ਸੀ ਉਸ ਵੇਲੇ ਸ਼ਹਿਰਾਂ ਨੂੰ ਪੱਕਿਆਂ ਕੀਤਾ ਤੇ ਇਨ੍ਹਾਂ ਸਾਲਾਂ ਵਿੱਚ ਆਸਾ ਨੇ ਕੋਈ ਲੜਾਈ ਨਾ ਕੀਤੀ ਕਿਉਂ ਕਿ ਯਹੋਵਾਹ ਵੱਲੋਂ ਉਸ ਨੂੰ ਸ਼ਾਂਤੀ ਪ੍ਰਾਪਤ ਹੋਈ ਸੀ।
7 ਆਸਾ ਨੇ ਯਹੂਦਾਹ ਦੇ ਲੋਕਾਂ ਨੂੰ ਆਖਿਆ, “ਆਓ ਅਸੀਂ ਇਹ ਸ਼ਹਿਰ ਬਣਾਈੇਏ ਅਤੇ ਇਨ੍ਹਾਂ ਦੇ ਦੁਆਲੇ ਕੰਧਾਂ ਅਤੇ ਬੁਰਜ ਬਣਾਈੇਏ ਅਤੇ ਫ਼ਾਟਕ ਬਣਾ ਕੇ ਉਨ੍ਹਾਂ ਤੇ ਅਰਲ ਲਗਾਈੇਏ, ਜਦ ਤੱਕ ਇਹ ਦੇਸ ਸਾਡੇ ਕਬਜ਼ੇ ਵਿੱਚ ਹੈ। ਇਹ ਦੇਸ ਸਾਡੇ ਕਬਜ਼ੇ ਵਿੱਚ ਇਸ ਲਈ ਹੈ ਕਿਉਂ ਕਿ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਧਿਆਇਆ ਤੇ ਉਸ ਨੇ ਸਾਡੇ ਚਾਰੇ-ਪਾਸੇ ਸ਼ਾਂਤੀ ਵਰਤਾਈ ਹੈ।” ਇਉਂ ਉਨ੍ਹਾਂ ਨੇ ਇਸ ਰਾਜ ਨੂੰ ਬਣਾਇਆ ਅਤੇ ਸਫ਼ਲਤਾ ਪ੍ਰਾਪਤ ਕੀਤੀ।
8 ਆਸਾ ਪਾਤਸ਼ਾਹ ਕੋਲ ਯਹੂਦਾਹ ਘਰਾਣੇ ਵਿੱਚੋਂ 3,00,000 ਮਨੁੱਖਾਂ ਦੀ ਫ਼ੌਜ ਸੀ ਅਤੇ ਬਿਨਯਾਮੀਨ ਵਿੱਚੋਂ 2,80,000 ਯਹੂਦਾਹ ਦੇ ਸੈਨਿਕਾਂ ਦੇ ਹੱਥਾਂ ’ਚ ਢਾਲਾਂ ਅਤੇ ਬਰਛੇ ਹੁੰਦੇ ਸਨ ਅਤੇ ਬਿਨਯਾਮੀਨ ਦੇ ਸੈਨਿਕਾਂ ਦੇ ਹੱਥਾਂ ਵਿੱਚ ਛੋਟੀਆਂ ਢਾਲਾਂ ਹੁੰਦੀਆਂ ਅਤੇ ਤੀਰ ਚਲਾਉਂਦੇ ਸਨ। ਇਹ ਸਾਰੇ ਮਨੁੱਖ ਤਕੜੇ ਵੀਰ ਯੋਧੇ ਸਨ।
9 ਤਦ ਜ਼ਰਹ ਜੋ ਕੂਸ਼ੀ ਤੋਂ ਸੀ ਆਸਾ ਦੇ ਵਿਰੁੱਧ ਉੱਠਿਆ। ਉੱਸਦੀ ਫ਼ੌਜ ਵਿੱਚ ਉਸ ਕੋਲ 10,00,000 ਸੈਨਿਕ ਅਤੇ 300 ਰੱਥ ਸਨ ਅਤੇ ਉਸਦੀ ਫ਼ੌਜ ਦੂਰ ਤੱਕ ਮਾਰੇਸ਼ਾਹ ਦੇ ਸ਼ਹਿਰ ਤੀਕ ਗਈ। 10 ਆਸਾ ਵੀ ਉਸ ਦੇ ਵਿਰੁੱਧ ਲੜਿਆ ਅਤੇ ਆਸਾ ਦੀ ਫ਼ੌਜ ਨੇ ਮਾਰੇਸ਼ਾਹ ਵਿੱਚ ਸਫ਼ਾਥਾਹ ਦੀ ਵਾਦੀ ਵਿੱਚ ਲੜਾਈ ਲਈ ਤਿਆਰੀ ਕਸੀ।
11 ਆਸਾ ਨੇ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਪੁਕਾਰਿਆ, “ਹੇ ਯਹੋਵਾਹ, ਸਿਰਫ਼ ਤੂੰ ਹੀ ਬਲਵਾਨ ਲੋਕਾਂ ਅੱਗੇ ਨਿਰਬਲ ਲੋਕਾਂ ਦੀ ਮਦਦ ਕਰ ਸੱਕਦਾ ਹੈਂ ਸੋ ਇਸ ਵਾਸਤੇ ਹੇ ਯਹੋਵਾਹ, ਸਾਡੇ ਪਰਮੇਸ਼ੁਰ ਅਸੀਂ ਤੇਰੇ ਅਧੀਨ ਹਾਂ ਸਾਡੀ ਮਦਦ ਕਰ। ਅਸੀਂ ਤੇਰਾ ਨਾਂ ਲੈ ਕੇ ਇੰਨੀ ਬਲਵਾਨ ਫ਼ੌਜ ਨਾਲ ਟਾਕਰਾ ਕਰਨ ਲੱਗੇ ਹਾਂ। ਹੇ ਯਹੋਵਾਹ ਪਰਮੇਸ਼ੁਰ ਤੂੰ ਆਪਣੇ ਨਾਂ ਦੀ ਲਾਜ ਰੱਖੀਂ ਤੇ ਕਿਸੇ ਨੂੰ ਆਪਣੇ ਵਿਰੁੱਧ ਨਾ ਉੱਠਣ ਦੇਵੀਂ।”
12 ਤਦ ਯਹੋਵਾਹ ਨੇ ਆਸਾ ਅਤੇ ਯਹੂਦਾਹ ਦੇ ਸਾਹਮਣੇ ਕੂਸ਼ੀਆਂ ਨੂੰ ਮਾਰਿਆ ਤਾਂ ਕੂਸ਼ੀ ਹਾਰ ਕੇ ਭੱਜ ਗਏ। 13 ਆਸਾ ਦੀ ਫ਼ੌਜ ਨੇ ਕੂਸ਼ੀਆਂ ਦਾ ਗਰਾਰ ਤੀਕ ਪਿੱਛਾ ਕੀਤਾ। ਕਿੰਨੇ ਸਾਰੇ ਕੂਸ਼ੀ ਮਾਰੇ ਗਏ ਤੇ ਉਹ ਮੁੜ ਫ਼ੌਜ ਦੇ ਰੂਪ ’ਚ ਇਕੱਠੇ ਹੋਕੇ ਲੜਨ ਦਾ ਹੌਂਸਲਾ ਨਾ ਕਰ ਸੱਕੇ। ਉਨ੍ਹਾਂ ਨੂੰ ਯਹੋਵਾਹ ਤੇ ਉਸਦੀ ਫ਼ੌਜ ਨੇ ਭੰਨ ਸੁੱਟਿਆ ਅਤੇ ਆਸਾ ਪਾਤਸ਼ਾਹ ਤੇ ਉਸਦੀ ਫ਼ੌਜ ਨੇ ਉਨ੍ਹਾਂ ਦੀ ਕਿੰਨਾ ਕੀਮਤੀ ਸਮਾਨ ਲੁੱਟ ਲਿਆ। 14 ਆਸਾ ਅਤੇ ਉਸਦੀ ਸੈਨਾ ਨੇ ਗਰਾਰ ਤੇ ਉਸ ਦੇ ਨੇੜੇ ਦੇ ਸ਼ਹਿਰਾਂ ਨੂੰ ਹਰਾਇਆ ਅਤੇ ਉੱਥੋਂ ਦੇ ਵਾਸੀ ਯਹੋਵਾਹ ਤੋਂ ਭੈਅ ਖਾਣ ਲੱਗੇ। ਉਨ੍ਹਾਂ ਸ਼ਹਿਰਾਂ ਵਿੱਚ ਕਾਫ਼ੀ ਵੱਡਮੁੱਲਾ ਸਮਾਨ ਸੀ ਤੇ ਆਸਾ ਦੀ ਫ਼ੌਜ ਨੇ ਉਹ ਸਾਰਾ ਸਮਾਨ ਲੁੱਟ ਲਿਆ ਤੇ ਆਪਣੇ ਸ਼ਹਿਰ ਲੈ ਆਏ। 15 ਆਸਾ ਦੀ ਸੈਨਾ ਨੇ ਉਨ੍ਹਾਂ ਡੇਰਿਆਂ ਤੇ ਵੀ ਹਮਲਾ ਬੋਲਿਆ ਜਿੱਥੇ ਆਜੜੀ ਸਨ ਤੇ ਉੱਥੋਂ ਉਹ ਕਿੰਨੇ ਹੀ ਊਠ ਅਤੇ ਭੇਡਾਂ ਯਰੂਸ਼ਲਮ ਵਿੱਚ ਲੈ ਆਏ।
ਆਸਾ ਦੇ ਬਦਲਾਵ
15 ਪਰਮੇਸ਼ੁਰ ਦਾ ਆਤਮਾ ਉਦੇਦ ਦੇ ਪੁੱਤਰ ਅਜ਼ਰਯਾਹ ਉੱਪਰ ਆਇਆ। 2 ਅਜ਼ਰਯਾਹ ਆਸਾ ਨੂੰ ਮਿਲਣ ਆਇਆ ਅਤੇ ਕਹਿਣ ਲੱਗਾ, “ਹੇ ਆਸਾ! ਅਤੇ ਸਾਰੇ ਯਹੂਦਾਹ ਅਤੇ ਬਿਨਯਾਮੀਨ ਦੇ ਲੋਕੋ ਮੇਰੀ ਸੁਣੋ! ਜਦ ਤੀਕ ਤੁਸੀਂ ਯਹੋਵਾਹ ਦੇ ਨਾਲ ਹੋ ਉਹ ਤੁਹਾਡੇ ਨਾਲ ਹੈ। ਜੇਕਰ ਤੁਸੀਂ ਉਸ ਦੇ ਚਾਹਵਾਨ ਹੋ ਤਾਂ ਉਹ ਤੁਹਾਨੂੰ ਜ਼ਰੂਰ ਮਿਲੇਗਾ ਪਰ ਜੇਕਰ ਤੁਸੀਂ ਉਸ ਨੂੰ ਛੱਡ ਜਾਵੋਂਗੇ ਤਾਂ ਉਹ ਤੁਹਾਨੂੰ ਛੱਡ ਦੇਵੇਗਾ। 3 ਬਹੁਤ ਸਮੇਂ ਤੀਕ ਇਸਰਾਏਲੀ ਬਿਨਾਂ ਸੱਚੇ ਪਰਮੇਸ਼ੁਰ ਅਤੇ ਬਿਨਾਂ ਜਾਜਕਾਂ ਅਤੇ ਉਸਦੀ ਬਿਵਸਥਾ ਤੋਂ ਬਿਨਾ ਜੀਵੇ ਹਨ। 4 ਪਰ ਜਦੋਂ ਉਹ ਆਪਣੇ ਦੁੱਖ ਦੀ ਘੜੀ ਵਿੱਚ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਵੱਲ ਮੁੜੇ ਤੇ ਉਸ ਦੇ ਚਾਹਵਾਨ ਹੋਏ ਉਨ੍ਹਾਂ ਨੇ ਉਸ ਨੂੰ ਪਾ ਲਿਆ। 5 ਅਤੇ ਉਨ੍ਹਾਂ ਵੇਲਿਆਂ ਵਿੱਚ ਉਸ ਔਖੀ ਘੜੀ ਵਿੱਚ ਕੋਈ ਵੀ ਸੁਰੱਖਿਆ ਪੂਰਵਕ ਸਫ਼ਰ ਨਹੀਂ ਸੀ ਕਰ ਸੱਕਦਾ। ਸਾਰੇ ਹੀ ਰਾਜਾਂ ਵਿੱਚ ਬੜੀ ਮੁਸੀਬਤ ਪਈ ਹੋਈ ਸੀ। 6 ਹਰ ਕੌਮ ਦੂਸਰੀ ਕੌਮ ਦੇ ਖਿਲਾਫ ਸੀ, ਅਤੇ ਹਰ ਨਗਰ ਦੂਸਰੇ ਨਗਰਾਂ ਦੇ ਖਿਲਾਫ ਯੁੱਧ ਕਰ ਰਿਹਾ ਸੀ। ਇਹ ਸਭ ਇਸ ਲਈ ਵਾਪਰਿਆ ਕਿਉਂ ਕਿ ਪਰਮੇਸ਼ੁਰ ਉਨ੍ਹਾਂ ਨੂੰ ਹਰ ਤਰ੍ਹਾਂ ਦੇ ਕਸ਼ਟ ਦੇ ਰਿਹਾ ਸੀ। 7 ਪਰ ਹੇ ਆਸਾ, ਯਹੂਦਾਹ ਅਤੇ ਬਿਨਯਾਮੀਨ ਦੇ ਲੋਕੋ! ਤੁਸੀਂ ਤਕੜੇ ਹੋਵੋ। ਹਿੰਮਤ ਨਾ ਹਾਰੋ, ਕਮਜ਼ੋਰ ਨਾ ਪਵੋ ਕਿਉਂ ਕਿ ਤੁਹਾਨੂੰ ਤੁਹਾਡੀ ਨੇਕੀ ਦਾ ਫ਼ਲ ਜ਼ਰੂਰ ਮਿਲੇਗਾ।”
8 ਜਦੋਂ ਆਸਾ ਨੇ ਇਨ੍ਹਾਂ ਗੱਲਾਂ ਬਾਰੇ ਅਤੇ ਉਦੇਦ ਨਬੀ ਦੇ ਬਚਨਾਂ ਬਾਰੇ ਸੁਣਿਆ, ਉਸ ਨੂੰ ਉਤਸਾਹ ਮਿਲਿਆ, ਉਸ ਨੇ ਯਹੂਦਾਹ ਅਤੇ ਬਿਨਯਾਮੀਨ ਦੇ ਸਾਰੇ ਇਲਾਕਿਆ ਵਿੱਚੋਂ ਅਤੇ ਉਨ੍ਹਾਂ ਸਾਰੇ ਨਗਰਾਂ ਵਿੱਚੋਂ ਜਿਨ੍ਹਾਂ ਉੱਤੇ ਉਸ ਨੇ ਅਫ਼ਰਾਈਮ ਦੇ ਪਹਾੜੀ ਇਲਾਕਿਆ ਵਿੱਚੋਂ ਕਬਜਾ ਕੀਤਾ ਸੀ, ਸਾਰੇ ਘਿਰਣਾ ਯੋਗ ਬੁੱਤਾਂ ਨੂੰ ਹਟਾਇਆ ਉਸ ਨੇ ਯਹੋਵਾਹ ਦੀ ਜਗਵੇਦੀ ਦੀ ਫ਼ੇਰ ਤੋਂ ਮੁਰੰਮਤ ਕੀਤੀ, ਜੋ ਯਹੋਵਾਹ ਦੇ ਵਰਾਂਡੇ ਦੇ ਸਾਹਮਣੇ ਸੀ।
9 ਤਦ ਆਸਾ ਨੇ ਯਹੂਦਾਹ ਅਤੇ ਬਿਨਯਾਮੀਨ ਦੇ ਸਾਰੇ ਲੋਕਾਂ ਨੂੰ ਇਕੱਠਿਆਂ ਕੀਤਾ ਇਸਦੇ ਇਲਾਵਾ ਉਸ ਨੇ ਅਫ਼ਰਾਈਮ ਅਤੇ ਮਨੱਸ਼ਹ ਅਤੇ ਸ਼ਿਮਓਨ ਦੇ ਲੋਕਾਂ ਨੂੰ ਵੀ ਇਕੱਠਿਆਂ ਕੀਤਾ ਕਿਉਂ ਕਿ ਜਦੋਂ ਉਨ੍ਹਾਂ ਨੇ ਵੇਖਿਆ ਕਿ ਯਹੋਵਾਹ ਉਸਦਾ ਪਰਮੇਸ਼ੁਰ ਉਸ ਦੇ ਨਾਲ ਹੈ ਤਾਂ ਉਹ ਇਸਰਾਏਲ ਵਿੱਚੋਂ ਬਹੁਤ ਗਿਣਤੀ ਵਿੱਚ ਉਸ ਦੇ ਨਾਲ ਆਏ।
10 ਆਸਾ ਅਤੇ ਉਹ ਲੋਕ ਯਰੂਸ਼ਲਮ ਵਿੱਚ ਆਸਾ ਦੇ ਰਾਜ ਦੇ 15ਵਰ੍ਹੇ ਦੇ ਤੀਜੇ ਮਹੀਨੇ ਵਿੱਚ ਇਕੱਠੇ ਹੋਏ। 11 ਉਸ ਵੇਲੇ ਉਨ੍ਹਾਂ ਨੇ 700 ਬਲਦ ਅਤੇ 7,000 ਭੇਡਾਂ-ਬੱਕਰੀਆਂ ਯਹੋਵਾਹ ਦੇ ਅੱਗੇ ਚੜ੍ਹਾਈਆਂ। ਆਸਾ ਅਤੇ ਉਸਦੀ ਸੈਨਾ ਨੇ ਉਹ ਸਾਰੀ ਚੜ੍ਹਤ ਤੇ ਹੋਰ ਕੀਮਤੀ ਸਾਮਾਨ ਆਪਣਾ ਦੁਸ਼ਮਣਾਂ ਤੋਂ ਲੈ ਲਈਆਂ। 12 ਤਦ ਉਨ੍ਹਾਂ ਨੇ ਯਹੋਵਾਹ ਪਰਮੇਸ਼ੁਰ ਦੀ ਦਿਲੋ-ਜਾਨ ਨਾਲ ਸੇਵਾ ਕਰਨ ਦੀ ਸੌਂਹ ਖਾਧੀ। ਉਸ ਪਰਮੇਸ਼ੁਰ ਦੀ, ਜਿਸ ਦੀ ਉਨ੍ਹਾਂ ਦੇ ਪੁਰਖਿਆਂ ਨੇ ਸੇਵਾ ਕੀਤੀ ਸੀ। 13 ਜਿਹੜਾ ਕੋਈ ਵੀ ਯਹੋਵਾਹ ਪਰਮੇਸ਼ੁਰ ਦੀ ਸੇਵਾ ਤੋਂ ਇਨਕਾਰੀ ਹੋਵੇ ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇ। ਭਾਵੇਂ ਉਹ ਖਾਸ ਆਦਮੀ ਹੋਵੇ ਭਾਵੇਂ ਆਮ, ਭਾਵੇਂ ਮਰਦ ਤੇ ਭਾਵੇਂ ਔਰਤ। 14 ਤਦ ਆਸਾ ਅਤੇ ਉਸ ਦੇ ਲੋਕਾਂ ਨੇ ਯਹੋਵਾਹ ਅੱਗੇ ਸੌਂਹ ਚੁੱਕੀ ਅਤੇ ਉਹ ਜ਼ੋਰ ਦੀ ਉੱਚੀ ਆਵਾਜ਼ ਵਿੱਚ ਨਰਸਿੰਗਿਆਂ ਅਤੇ ਤੁਰ੍ਹੀਆਂ ਨਾਲ ਲਲਕਾਰੇ। 15 ਸਾਰੇ ਯਹੂਦੀ ਇਸ ਸੌਂਹ ਚੁੱਕਣ ਤੇ ਖੁਸ਼ ਸਨ ਕਿਉਂ ਕਿ ਇਹ ਸੌਂਹ ਉਨ੍ਹਾਂ ਨੇ ਆਪਣੇ ਦਿਲੋਂ ਖਾਧੀ ਸੀ ਤੇ ਉਨ੍ਹਾਂ ਨੇ ਪਰਮੇਸ਼ੁਰ ਦਾ ਹੁਕਮ ਤਹਿ ਦਿਲੋਂ ਮੰਨਿਆ। ਉਨ੍ਹਾਂ ਨੇ ਪਰਮੇਸ਼ੁਰ ਨੂੰ ਵੇਖਣ ਦੀ ਰੀਝ ਕੀਤੀ ਤੇ ਉਨ੍ਹਾਂ ਪਾਇਆ ਤਾਂ ਇਉਂ ਪਰਮੇਸ਼ੁਰ ਨੇ ਉਨ੍ਹਾਂ ਦੇ ਦੇਸ ਵਿੱਚ ਸੁੱਖ-ਸ਼ਾਂਤੀ ਵਰਤਾਈ।
16 ਆਸਾ ਪਾਤਸ਼ਾਹ ਨੇ ਆਪਣੀ ਮਾਂ ਮਅਕਾਹ ਨੂੰ ਰਾਣੀ ਦੀ ਪਦਵੀ ਤੋਂ ਵੀ ਹਟਾਅ ਦਿੱਤਾ ਕਿਉਂ ਜੋ ਉਸ ਨੇ ਅਸ਼ੇਰਾਹ ਦੇਵੀ ਦੀ ਇੱਕ ਘਿਨਾਉਣੀ ਮੂਰਤ ਬਣਾਈ ਸੀ। ਆਸਾ ਨੇ ਉਸ ਘਿਨਾਉਣੀ ਮੂਰਤ ਦੇ ਟੁਕੜੇ-ਟੁਕੜੇ ਕਰਕੇ ਚਕਨਾਚੂਰ ਕਰ ਦਿੱਤਾ। ਅਤੇ ਉਨ੍ਹਾਂ ਟੋਟਿਆਂ ਨੂੰ ਕਿਦਰੋਨ ਦੀ ਵਾਦੀ ਵਿੱਚ ਸਾੜ ਦਿੱਤਾ। 17 ਯਹੂਦਾਹ ਵਿੱਚੋਂ ਉਚਿਆਂ ਥਾਵਾਂ ਨੂੰ ਤਾਂ, ਨਾ ਹਟਾਇਆ ਗਿਆ ਪਰ ਆਸਾ ਸਾਰੀ ਉਮਰ ਯਹੋਵਾਹ ਵੱਲ ਵਫ਼ਾਦਾਰ ਰਿਹਾ।
18 ਪਰਮੇਸ਼ੁਰ ਦੇ ਮੰਦਰ ਵਿੱਚ ਉਨ੍ਹਾਂ ਚੀਜ਼ਾਂ ਨੂੰ ਜੋ ਉਸ ਦੇ ਪਿਤਾ ਨੇ ਪਵਿੱਤਰ ਠਹਿਰਾਈਆਂ ਸਨ ਅਤੇ ਉਹ ਵਸਤਾਂ ਜੋ ਉਸ ਨੇ ਆਪ ਪਵਿੱਤਰ ਠਹਿਰਾਈਆਂ ਸੀ ਉਨ੍ਹਾਂ ਨੂੰ ਅੰਦਰ ਲਿਆਇਆ ਅਤੇ ਉਹ ਵਸਤਾਂ ਸੋਨੇ ਅਤੇ ਚਾਂਦੀ ਦੀਆਂ ਬਣੀਆਂ ਹੋਈਆਂ ਸਨ। 19 ਇਉਂ ਆਸਾ ਦੇ ਰਾਜ ਦੇ 35 ਸਾਲ ਤੀਕ ਕੋਈ ਲੜਾਈ ਨਾ ਹੋਈ।
ਆਸਾ ਦੇ ਅੰਤਿਮ ਵਰ੍ਹੇ
16 ਆਸਾ ਦੇ ਰਾਜ ਦੇ 36 ਵਰ੍ਹੇ ਇਸਰਾਏਲ ਦੇ ਪਾਤਸ਼ਾਹ ਬਆਸ਼ਾ ਨੇ ਯਹੂਦਾਹ ਉੱਤੇ ਚੜ੍ਹਾਈ ਕੀਤੀ ਅਤੇ ਰਾਮਾਹ ਨੂੰ ਕਿਲਾ ਬਣਾਇਆ। ਬਆਸ਼ਾ ਨੇ ਰਾਮਾਹ ਸ਼ਹਿਰ ਨੂੰ ਕਿਲਾ ਇਸ ਲਈ ਬਣਾਇਆ ਤਾਂ ਜੋ ਲੋਕ ਯਹੂਦਾਹ ਪਾਤਸ਼ਾਹ ਜੋ ਯਹੂਦਾਹ ਦਾ ਸੀ ਕੋਲ ਨਾ ਆ ਜਾ ਸੱਕਣ। 2 ਆਸਾ ਨੇ ਯਹੋਵਾਹ ਦੇ ਮੰਦਰ ਅਤੇ ਸ਼ਾਹੀ ਮਹਿਲ ਵਿੱਚੋਂ ਉਨ੍ਹਾਂ ਖਜ਼ਾਨਿਆਂ ਚੋ ਚਾਂਦੀ ਅਤੇ ਸੋਨਾ ਕੱਢ ਕੇ ਅਰਾਮ ਦੇ ਬਾਦਸ਼ਾਹ ਬਨ-ਹਦਦ ਕੋਲ ਜੋ ਕਿ ਦੰਮਿਸਕ ਵਿੱਚ ਸੀ ਇਹ ਆਖ ਕੇ ਭੇਜਿਆ: 3 “ਉਹ ਨੇਮ ਜੋ ਤੇਰੇ ਤੇ ਮੇਰੇ ਦਰਮਿਆਨ ਹੈ ਅਤੇ ਮੇਰੇ ਅਤੇ ਤੇਰੇ ਪਿਤਾ ਦੇ ਦਰਮਿਆਨ ਸੀ, ਵੇਖ, ਉਸ ਅਨੁਸਾਰ ਮੈਂ ਤੇਰੇ ਕੋਲ ਚਾਂਦੀ ਅਤੇ ਸੋਨਾ ਭੇਜ ਰਿਹਾ ਹਾਂ। ਹੁਣ ਤੂੰ ਇਸਰਾਏਲ ਦੇ ਪਾਤਸ਼ਾਹ ਬਆਸ਼ਾ ਨਾਲ ਆਪਣਾ ਨੇਮ ਤੋੜ ਤਾਂ ਜੋ ਉਹ ਮੈਨੂੰ ਤੰਗ ਕਰਨਾ ਛੱਡੇ ਤੇ ਮੈਨੂੰ ਇੱਕਲਿਆਂ ਜਿਉੱਣ ਦੇਵੇ।”
4 ਬਨ-ਹਦਦ ਨੇ ਆਸਾ ਦੀ ਗੱਲ ਮੰਨ ਲਈ ਅਤੇ ਉਸ ਨੇ ਆਪਣੀਆਂ ਫ਼ੌਜਾਂ ਦੇ ਸਰਦਾਰਾਂ ਨੂੰ ਇਸਰਾਏਲ ਦੇ ਸ਼ਹਿਰਾਂ ਦੇ ਵਿਰੁੱਧ ਭੇਜਿਆ। ਉਨ੍ਹਾਂ ਨੇ ਈਯੋਨ, ਦਾਨ, ਅਬੇਲ-ਮਾਇਮ ਅਤੇ ਨਫ਼ਤਾਲੀ ਦੇ ਸ਼ਹਿਰਾਂ ਵਿੱਚ ਦੇ ਸਾਰੇ ਭੰਡਾਰਾਂ ਜਿੱਥੇ ਖਜ਼ਾਨੇ ਇੱਕਤਰ ਹੁੰਦੇ ਸਨ ਨੂੰ ਤਬਾਹ ਕਰ ਦਿੱਤਾ। 5 ਜਦੋਂ ਬਆਸ਼ਾ ਨੂੰ ਇਸਰਾਏਲ ਦੇ ਸ਼ਹਿਰਾਂ ਉੱਪਰ ਹਮਲੇ ਦੀ ਖਬਰ ਮਿਲੀ ਤਾਂ ਉਸ ਨੇ ਰਾਮਾਹ ਵਿੱਚ ਕਿਲਾ ਬਨਾਉਣਾ ਛੱਡ ਕੇ ਆਪਣਾ ਕੰਮ ਉੱਥੇ ਹੀ ਬੰਦ ਕਰ ਦਿੱਤਾ। 6 ਤਦ ਆਸਾ ਪਾਤਸ਼ਾਹ ਨੇ ਸਾਰੇ ਯਹੂਦੀਆਂ ਨੂੰ ਸੱਦਿਆ ਅਤੇ ਉਹ ਰਾਮਾਹ ਸ਼ਹਿਰ ਵਿੱਚ ਗਏ ਤੇ ਬਆਸ਼ਾ ਉੱਥੇ ਕਿਲਾ ਬਨਾਉਣ ਲਈ ਜੋ ਲੱਕੜ ਅਤੇ ਪੱਥਰ ਦੀ ਵਰਤੋਂ ਕਰ ਰਿਹਾ ਸੀ, ਉਹ ਸਭ ਚੁੱਕ ਲਿਆਏ। ਆਸਾ ਅਤੇ ਯਹੂਦਾਹ ਦੇ ਲੋਕਾਂ ਨੇ ਉਸ ਲੱਕੜ ਅਤੇ ਪੱਥਰ ਨਾਲ ਗ਼ਬਾ ਅਤੇ ਮਿਸਫ਼ਾਹ ਸ਼ਹਿਰ ਨੂੰ ਪੱਕਿਆ ਕੀਤਾ।
7 ਉਸ ਵਕਤ ਹਨਾਨੀ ਨਬੀ ਆਸਾ ਕੋਲ ਆਇਆ ਅਤੇ ਉਸ ਨੂੰ ਆਖਿਆ, “ਆਸਾ, ਤੂੰ ਅਰਾਮ ਦੇ ਪਾਤਸ਼ਾਹ ਉੱਪਰ ਨਿਰਭਰ ਹੋਇਆ ਤੇ ਤੂੰ ਯਹੋਵਾਹ ਆਪਣੇ ਪਰਮੇਸ਼ੁਰ ਤੇ ਨਿਰਭਰ ਨਹੀਂ ਹੋਇਆ, ਇਸੇ ਕਾਰਣ ਅਰਾਮ ਦੀ ਸੈਨਾ ਤੇਰੇ ਹੱਥੋਂ ਬਚ ਕੇ ਨਿਕਲ ਗਈ ਹੈ। 8 ਕੂਸ਼ੀਆਂ ਅਤੇ ਲੂਬੀਆਂ ਦੀ ਵੀ ਬੜੀ ਤਕੜੀ ਫ਼ੌਜ ਸੀ। ਉਨ੍ਹਾਂ ਕੋਲ ਕਈ ਰੱਥ ਅਤੇ ਰਥਵਾਨ ਸਨ। ਪਰ ਆਸਾ, ਤੂੰ ਯਹੋਵਾਹ ਉੱਪਰ ਭਰੋਸਾ ਰੱਖਿਆ ਕਿ ਉਹ ਭਾਰੀ ਫ਼ੌਜ ਨੂੰ ਹਾਰ ਦੇਵੇ ਸੋ ਯਹੋਵਾਹ ਨੇ ਉਨ੍ਹਾਂ ਨੂੰ ਤੇਰੇ ਹੱਥ ਕਰ ਦਿੱਤਾ। 9 ਯਹੋਵਾਹ ਦੀਆਂ ਅੱਖਾਂ ਤਾਂ ਸਾਰੀ ਧਰਤੀ ਉੱਤੇ ਵੇਖਦੀਆਂ ਹਨ ਤਾਂ ਕਿ ਉਹ ਉਨ੍ਹਾਂ ਦੀ ਮਦਦ ਕਰੇ ਜਿਨ੍ਹਾਂ ਦਾ ਦਿਲ ਉਸ ਉੱਪਰ ਪੂਰਾ ਨਿਹਚਾ ਰੱਖਦਾ ਹੈ। ਆਸਾ, ਤੂੰ ਮੂਰਖਤਾਈ ਕੀਤੀ ਇਸ ਲਈ ਹੁਣ ਤੇਰੇ ਅੱਗੇਰੇ ਜੀਵਨ ’ਚ ਲੜਾਈ ਹੀ ਲੜਾਈ ਹੈ।”
10 ਆਸਾ ਨੂੰ ਹਨਾਨੀ ਦੇ ਇਨ੍ਹਾਂ ਬਚਨਾ ਤੇ ਕਰੋਧ ਆਇਆ। ਉਹ ਇੰਨਾ ਕਰੋਧ ਵਿੱਚ ਆਇਆ ਕਿ ਉਸ ਨੇ ਹਨਾਨੀ ਨੂੰ ਕੈਦ ਕਰ ਦਿੱਤਾ ਇਉਂ ਆਸਾ ਨੇ ਕਈਆਂ ਲੋਕਾਂ ਨਾਲ ਵੇਲੇ ਬੜਾ ਰੁੱਖਾ ਵਿਵਹਾਰ ਵੀ ਕੀਤਾ।
11 ਆਸਾ ਦੇ ਸ਼ੁਰੂ ਤੋਂ ਲੈ ਕੇ ਅੰਤ ਤੀਕ ਦੇ ਕਾਰਨਾਮੇ ਯਹੂਦਾਹ ਅਤੇ ਇਸਰਾਏਲ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਲਿਖੇ ਹੋਏ ਹਨ। 12 ਆਸਾ ਦੀ ਪਾਤਸ਼ਾਹੀ ਦੇ 39 ਵਰ੍ਹੇ ਵਿੱਚ ਉਸ ਨੂੰ ਉਸ ਦੇ ਪੈਰ ਤੇ ਇੱਕ ਬਿਮਾਰੀ ਲੱਗ ਗਈ ਜੋ ਕਿ ਬਹੁਤ ਭਿਆਨਕ ਸੀ। ਉਸ ਨੇ ਵੈਦਾਂ ਤੋਂ ਖੁਦ ਦਾ ਇਲਾਜ ਕਰਵਾਇਆ ਅਤੇ ਯਹੋਵਾਹ ਵੱਲ ਨਾ ਪਰਤਿਆ। 13 ਆਸਾ ਆਪਣੇ ਰਾਜ ਦੇ 41ਵਰ੍ਹੇ ਮਰ ਗਿਆ ਅਤੇ ਆਪਣੇ ਪੁਰਖਿਆਂ ਵਿੱਚ ਜਾ ਮਿਲਿਆ, 14 ਤੇ ਲੋਕਾਂ ਨੇ ਉਸ ਨੂੰ ਦਾਊਦ ਦੇ ਸ਼ਹਿਰ ਵਿੱਚ ਆਸਾ ਦੇ ਆਪਣੇ ਬਣਾਏ ਮਕਬਰੇ ਵਿੱਚ ਉਸ ਨੂੰ ਦਫ਼ਨਾਅ ਦਿੱਤਾ। ਲੋਕਾਂ ਨੇ ਉਸ ਨੂੰ ਖੂਸ਼ਬੂਦਾਰ ਮਸਾਲਿਆਂ ਤੇ ਇਤਰ ਭਰੀ ਸੇਜਾਂ ਤੇ ਲਿਟਾਅ ਕੇ ਉਸ ਨੂੰ ਦਫ਼ਨਾਇਆ ਅਤੇ ਉਸ ਦੇ ਸੰਮਾਨ ਵਿੱਚ ਵੱਡੀ ਅੱਗ ਬਾਲੀ।
ਯਹੂਦਾਹ ਦਾ ਪਾਤਸ਼ਾਹ ਯਹੋਸ਼ਾਫ਼ਾਟ
17 ਯਹੂਦਾਹ ਵਿੱਚ ਆਸਾ ਦੀ ਥਾਵੇਂ ਉਸਦਾ ਪੁੱਤਰ ਯਹੋਸ਼ਾਫ਼ਾਟ ਨਵਾਂ ਪਾਤਸ਼ਾਹ ਬਣਿਆ। ਉਸ ਨੇ ਯਹੂਦਾਹ ਨੂੰ ਪੱਕਿਆਂ ਕੀਤਾ ਤਾਂ ਜੋ ਉਹ ਤਗੜਾ ਹੋ ਕੇ ਇਸਰਾਏਲ ਨੂੰ ਹਰਾ ਸੱਕੇ। 2 ਉਸ ਨੇ ਯਹੂਦਾਹ ਦੇ ਸਾਰੇ ਗੜ੍ਹਾਂ ਵਾਲੇ ਸ਼ਹਿਰਾਂ ਵਿੱਚ ਫ਼ੌਜਾਂ ਰੱਖੀਆਂ। ਉਸ ਨੇ ਯਹੂਦਾਹ ਦੇ ਦੇਸ ਵਿੱਚ ਅਤੇ ਅਫ਼ਰਾਈਮ ਦੇ ਉਨ੍ਹਾਂ ਸ਼ਹਿਰਾਂ ਵਿੱਚ ਜਿਹੜੇ ਉਸ ਦੇ ਪਿਤਾ ਆਸਾ ਨੇ ਕਬਜ਼ੇ ’ਚ ਕੀਤੇ ਸਨ ਉੱਥੇ ਗੜ੍ਹ ਬਣਾ ਦਿੱਤੇ।
3 ਯਹੋਵਾਹ ਯਹੋਸ਼ਾਫ਼ਾਟ ਦੇ ਨਾਲ ਸੀ ਕਿਉਂ ਕਿ ਉਸ ਨੇ ਆਪਣੀ ਜੁਆਨੀ ਵਿੱਚ ਆਪਣੇ ਪੁਰਖਿਆਂ ’ਚ ਜਿਵੇਂ ਦਾਊਦ ਨੇ ਚੰਗੇ ਕੰਮ ਕੀਤੇ ਸਨ ਇਸਨੇ ਵੀ ਕੀਤੇ। ਯਹੋਸ਼ਾਫ਼ਾਟ ਨੇ ਬਆਲਾਂ ਦੀ ਉਪਾਸਨਾ ਨਾ ਕੀਤੀ। 4 ਸਗੋਂ ਉਹ ਆਪਣੇ ਪਿਤਾ ਪਰਮੇਸ਼ੁਰ ਦਾ ਸ਼ਰਧਾਲੂ ਬਣਿਆ। ਅਤੇ ਉਸ ਦੇ ਹੁਕਮਾਂ ਉੱਪਰ ਚਲਦਾ ਰਿਹਾ ਅਤੇ ਉਸ ਨੇ ਇਸਰਾਏਲ ਵਰਗੇ ਕੰਮ ਨਾ ਕੀਤੇ। 5 ਯਹੋਵਾਹ ਨੇ ਉਸ ਨੂੰ ਯਹੂਦਾਹ ਦਾ ਸ਼ਕਤੀਵਾਨ ਪਾਤਸ਼ਾਹ ਬਣਾਇਆ। ਸਾਰੇ ਯਹੂਦਾਹ ਦੇ ਲੋਕ ਉਸ ਲਈ ਤੋਹਫ਼ੇ ਲਿਆਉਂਦੇ ਇਉਂ ਉਸਦੀ ਦੌਲਤ ਤੇ ਇਜ਼ਤ ਦਾ ਬਹੁਤ ਵਾਧਾ ਹੋ ਗਿਆ। 6 ਉਹ ਪ੍ਰਸੰਨਤਾ ਨਾਲ ਪਰਮੇਸ਼ੁਰ ਦੇ ਰਾਹਾਂ ਤੇ ਚੱਲਿਆ ਅਤੇ ਇਸ ਵਿੱਚ ਗਰਵ ਮਹਿਸੂਸ ਕੀਤਾ । ਉਸ ਨੇ ਦੇਸ ਵਿੱਚੋਂ ਉਚਿਆਂ ਥਾਵਾਂ ਅਤੇ ਅਸ਼ੇਰਾਹ ਦੇ ਥੰਮਾਂ ਨੂੰ ਬਾਹਰ ਕੱਢ ਸੁੱਟਿਆ।
7 ਉਸ ਨੇ ਆਪਣੇ ਆਗੂਆਂ ਨੂੰ ਯਹੂਦਾਹ ਦੇ ਸ਼ਹਿਰਾਂ ਵਿੱਚ ਸਿੱਖਿਆ ਦੇਣ ਲਈ ਭੇਜਿਆ ਇਉਂ ਉਸ ਨੇ ਆਪਣੇ ਰਾਜ ਦੇ ਤੀਜੇ ਵਰ੍ਹੇ ਕੀਤਾ। ਉਹ ਆਗੂ ਬਨਹਯਿਲ, ਓਬਦਯਾਹ, ਜ਼ਕਰਯਾਹ, ਨਥਾਨਏਲ ਅਤੇ ਮੀਕਾਯਾਹ ਸਨ। 8 ਯਹੋਸ਼ਾਫ਼ਾਟ ਨੇ ਆਗੂਆਂ ਦੇ ਨਾਲ਼ ਲੇਵੀਆਂ ਨੂੰ ਵੀ ਭੇਜਿਆ ਜਿਹੜੇ ਸ਼ਮਆਯਾਹ, ਨਥਨਯਾਹ, ਜ਼ਬਦਯਾਹ, ਅਸਾਹੇਲ, ਸ਼ਮੀਰਮੋਥ, ਯਹੋਨਾਥਾਨ, ਅਦੋਨੀਯਾਹ, ਟੋਬੀਯਾਹ ਅਤੇ ਟੋਬ-ਅਦੋਨੀਯਾਹ ਸਨ। ਇਨ੍ਹਾਂ ਦੇ ਨਾਲ ਉਸ ਨੇ ਅਲੀਸ਼ਾਮਾ ਅਤੇ ਯਹੋਰਾਮ ਜਾਜਕਾਂ ਨੂੰ ਵੀ ਭੇਜਿਆ। 9 ਉਨ੍ਹਾਂ ਆਗੂਆਂ, ਲੇਵੀਆਂ ਅਤੇ ਜਾਜਕਾਂ ਨੇ ਯਹੂਦਾਹ ਵਿੱਚ ਉਨ੍ਹਾਂ ਲੋਕਾਂ ਨੂੰ ਸਿੱਖਿਆ ਦਿੱਤੀ। ਪਰਮੇਸ਼ੁਰ ਦੇ ਨਿਆਂ ਦੀ ਪੋਥੀ ਉਨ੍ਹਾਂ ਦੇ ਕੋਲ ਹੁੰਦੀ ਤੇ ਇਉਂ ਯਹੂਦਾਹ ਦੇ ਨਗਰ-ਨਗਰ ਵਿੱਚ ਜਾਕੇ ਉਨ੍ਹਾਂ ਨੇ ਲੋਕਾਂ ਨੂੰ ਸਿੱਖਿਆ ਦਿੱਤੀ।
10 ਯਹੋਵਾਹ ਦਾ ਡਰ ਯਹੂਦਾਹ ਦੇ ਆਸ-ਪਾਸ ਦੇ ਸਾਰੇ ਰਾਜਾਂ ਵਿੱਚ ਛਾ ਗਿਆ। ਇਸ ਭੈਅ ਨਾਲ ਉਹ ਯਹੋਸ਼ਾਫ਼ਾਟ ਨਾਲ ਜੰਗ ਕਰਨ ਤੋਂ ਡਰਦੇ। 11 ਕੁਝ ਫ਼ਲਿਸਤੀ ਲੋਕ ਯਹੋਸ਼ਾਫ਼ਾਟ ਲਈ ਤੋਹਫ਼ੇ ਲਿਆਏ ਤੇ ਉਸਦੀ ਤਾਕਤ ਨੂੰ ਜਾਣਦੇ ਹੋਏ ਸਗੋਂ ਉਹ ਉਸ ਲਈ ਚਾਂਦੀ ਦੇ ਤੋਹਫ਼ੇ ਲੈ ਕੇ ਆਏ। ਅਰਬ ਦੇ ਲੋਕ ਉਸ ਕੋਲ ਨਜ਼ਰਾਨੇ ਵਿੱਚ ਇੱਜੜ ਲਿਆਏ ਜਿਸ ਵਿੱਚ 7,700 ਭੇਡਾਂ ਅਤੇ 7,700 ਬੱਕਰੀਆਂ ਸਨ।
12 ਇਉਂ ਯਹੋਸ਼ਾਫ਼ਾਟ ਦਿਨੋ-ਦਿਨ ਸ਼ਕਤੀਸ਼ਾਲੀ ਹੁੰਦਾ ਗਿਆ ਤੇ ਉਸ ਨੇ ਯਹੂਦਾਹ ਦੇਸ ਵਿੱਚ ਗੜ੍ਹ ਅਤੇ ਗੋਦਾਮ ਬਣਵਾਏ। 13 ਅਤੇ ਗੁਦਾਮਾਂ ਵਾਲੇ ਸ਼ਹਿਰਾਂ ਵਿੱਚ ਉਸ ਨੇ ਭੰਡਾਰ ਰੱਖੇ ਅਤੇ ਯਰੂਸ਼ਲਮ ਵਿੱਚ ਉਸ ਨੇ ਸੂਰਮੇ ਯੋਧੇ ਰੱਖੇ। 14 ਉਨ੍ਹਾਂ ਸਿਪਾਹੀਆਂ ਦੀ ਸੂਚੀ ਜਿਹੜੇ ਯਰੂਸ਼ਲਮ ਵਿੱਚ ਸਨ, ਉਨ੍ਹਾਂ ਦੇ ਪਰਿਵਾਰ-ਸਮੂਹਾਂ ਮੁਤਾਬਕ ਇਉਂ ਸੀ:
ਯਹੂਦਾਹ ਦੇ ਪਰਿਵਾਰ-ਸਮੂਹ ਵਿੱਚੋਂ ਜਿਹੜੇ ਸਰਦਾਰ ਸਨ, ਇਉਂ ਸਨ: ਅਦਨਾਹ 3,00,000ਸੂਰਬੀਰ ਸਿਪਾਹੀਆਂ ਦਾ ਸਰਦਾਰ ਸੀ।
15 ਦੂਜੇ ਦਰਜੇ ਤੇ ਯਹੋਹਾਨਾਨ 2,80,000 ਸਿਪਾਹੀਆਂ ਦਾ ਸਰਦਾਰ ਸੀ।
16 ਅਮਸਯਾਹ ਜੋ ਕਿ ਜ਼ਿਕਰੀ ਦਾ ਪੁੱਤਰ ਸੀ, ਉਸ ਹੇਠ 2,00,000 ਸਿਪਾਹੀ ਸਨ ਅਤੇ ਉਹ ਆਪਣੇ ਆਪ ਨੂੰ ਯਹੋਵਾਹ ਨੂੰ ਅਰਪਿਤ ਕਰਕੇ ਬੜਾ ਖੁਸ਼ ਸੀ।
17 ਬਿਨਯਾਮੀਨ ਦੇ ਪਰਿਵਾਰ-ਸਮੂਹ ਵਿੱਚੋਂ ਜਿਹੜੇ ਆਗੂ ਸਰਦਾਰ ਸਨ: ਅਲਯਾਦਾ ਕੋਲ 2,00,000 ਸਿਪਾਹੀ ਸਨ ਜਿਹੜੇ ਧਨੁੱਖ, ਤੀਰ, ਅਤੇ ਢਾਲਾਂ ਵਰਤਦੇ ਸਨ। ਅਲਯਾਦਾ ਖੁਦ ਵੀ ਇੱਕ ਬਹਾਦੁਰ ਸਿਪਾਹੀ ਸੀ।
18 ਯਹੋਜ਼ਾਬਾਦ ਕੋਲ 1,80,000 ਸਿਪਾਹੀ ਸਨ ਜਿਹੜੇ ਹਮੇਸ਼ਾ ਯੁੱਧ ਲਈ ਤਿਆਰ ਹੁੰਦੇ ਸਨ।
19 ਇਹ ਸਾਰੇ ਯੋਧੇ ਯਹੋਸ਼ਾਫ਼ਾਟ ਪਾਤਸ਼ਾਹ ਦੇ ਸੇਵਾਦਾਰ ਸਨ ਅਤੇ ਪਾਤਸ਼ਾਹ ਕੋਲ ਹੋਰ ਵੀ ਅਜਿਹੇ ਆਦਮੀ ਸਨ ਜਿਨ੍ਹਾਂ ਨੂੰ ਉਸ ਨੇ ਗੜ੍ਹ ਵਾਲੇ ਸ਼ਹਿਰਾਂ ਵਿੱਚ ਰੱਖਿਆ ਹੋਇਆ ਸੀ।
ਮੀਕਾਯਾਹ ਦੀ ਅਹਾਬ ਨੂੰ ਚੇਤਾਵਨੀ
18 ਯਹੋਸ਼ਾਫ਼ਾਟ ਕੋਲ ਧਨ ਅਤੇ ਇੱਜ਼ਤ ਬਹੁਤ ਸੀ ਅਤੇ ਉਸ ਨੇ ਇਉਂ ਅਹਾਬ ਨਾਲ ਰਿਸ਼ਤਾ ਗੰਢਿਆ। 2 ਕੁਝ ਸਾਲਾਂ ਬਾਅਦ ਯਹੋਸ਼ਾਫ਼ਾਟ ਅਹਾਬ ਕੋਲ ਸਾਮਰਿਯਾ ਨੂੰ ਗਿਆ ਤੇ ਅਹਾਬ ਨੇ ਉਸ ਲਈ ਤੇ ਉਸ ਦੇ ਸਾਥੀਆਂ ਲਈ ਬਹੁਤ ਸਾਰੀਆਂ ਭੇਡਾਂ ਅਤੇ ਗਊਆਂ ਦੀ ਬਲੀ ਦਿੱਤੀ। ਅਹਾਬ ਨੇ ਯਹੋਸ਼ਾਫ਼ਾਟ ਨੂੰ ਰਾਮੋਥ ਗਿਲਆਦ ਤੇ ਹਮਲਾ ਕਰਨ ਲਈ ਪਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ। 3 ਅਹਾਬ ਨੇ ਉਸ ਨੂੰ ਕਿਹਾ, “ਕੀ ਤੂੰ ਮੇਰੇ ਨਾਲ ਰਾਮੋਥ-ਗਿਲਆਦ ਤੇ ਲੜਾਈ ਕਰਨ ਲਈ ਚੱਲੇਂਗਾ?” ਅਹਾਬ ਉਸ ਵਕਤ ਇਸਰਾਏਲ ਦਾ ਪਾਤਸ਼ਾਹ ਸੀ ਅਤੇ ਯਹੋਸ਼ਾਫ਼ਾਟ ਯਹੂਦਾਹ ਦਾ। ਤਾਂ ਯਹੋਸ਼ਾਫ਼ਾਟ ਨੇ ਅਹਾਬ ਨੂੰ ਉੱਤਰ ਦਿੱਤਾ, “ਮੈਂ ਵੀ ਤਾਂ ਤੇਰੇ ਹੀ ਵਰਗਾ ਹਾਂ ਤੇ ਜਿਵੇਂ ਦੇ ਤੇਰੇ ਲੋਕ ਹਨ ਉਵੇਂ ਦੇ ਮੇਰੇ ਹਨ। ਸੋ ਅਸੀਂ ਲੜਾਈ ਵਿੱਚ ਤੇਰੇ ਨਾਲ ਹੋਵਾਂਗੇ।” 4 ਯਹੋਸ਼ਾਫ਼ਾਟ ਨੇ ਅਹਾਬ ਨੂੰ ਇਹ ਵੀ ਕਿਹਾ, “ਪਹਿਲਾਂ, ਸਾਨੂੰ ਯਹੋਵਾਹ ਪਾਸੋਂ ਬਚਨ ਪ੍ਰਾਪਤ ਕਰਨ ਦੇਹ।”
5 ਤਾਂ ਅਹਾਬ ਪਾਤਸ਼ਾਹ ਨੇ ਨਬੀਆਂ ਨੂੰ ਬੁਲਾਇਆ। 400 ਨਬੀ ਇੱਕਤਰ ਹੋਏ ਤਾਂ ਅਹਾਬ ਨੇ ਉਨ੍ਹਾਂ ਨੂੰ ਕਿਹਾ, “ਸਾਨੂੰ ਰਾਮੋਥ-ਗਿਲਆਦ ਦੇ ਵਿਰੁੱਧ ਯੁੱਧ ਕਰਨਾ ਚਾਹੀਦਾ ਹੈ ਕਿ ਨਹੀਂ?”
ਨਬੀਆਂ ਨੇ ਅਹਾਬ ਨੂੰ ਕਿਹਾ, “ਜਾਓ ਕਿਉਂ ਕਿ ਯਹੋਵਾਹ ਤੁਹਾਨੂੰ ਜਿੱਤ ਦੇਵੇਗਾ।”
6 ਪਰ ਯਹੋਸ਼ਾਫ਼ਾਟ ਨੇ ਆਖਿਆ, “ਇਨ੍ਹਾਂ ਨਬੀਆਂ ਤੋਂ ਇਲਾਵਾ, ਕੀ ਇੱਥੇ ਯਹੋਵਾਹ ਦਾ ਕੋਈ ਨਬੀ ਹੈ? ਅਸੀਂ ਯਹੋਵਾਹ ਪਾਸੋਂ ਉਸ ਦੇ ਕਿਸੇ ਨਬੀ ਦੁਆਰਾ ਪੁੱਛਣਾ ਚਾਹੁੰਦੇ ਹਾਂ।”
7 ਤਦ ਅਹਾਬ ਪਾਤਸ਼ਾਹ ਨੇ ਯਹੋਸ਼ਾਫ਼ਾਟ ਨੂੰ ਕਿਹਾ, “ਇੱਥੇ ਇੱਕ ਅਜਿਹਾ ਮਨੁੱਖ ਹੈ ਜਿਸ ਕੋਲੋਂ ਅਸੀਂ ਯਹੋਵਾਹ ਤੋਂ ਪੁੱਛੀਏ, ਪਰ ਮੈਂ ਉਸ ਆਦਮੀ ਨੂੰ ਨਫ਼ਰਤ ਕਰਦਾ ਹਾਂ ਕਿਉਂ ਕਿ ਉਹ ਹਮੇਸ਼ਾ ਮੇਰੇ ਲਈ ਯਹੋਵਾਹ ਵੱਲੋਂ ਬੁਰਿਆਈ ਦਾ ਅਗੰਮ ਵਾਚਦਾ ਹੈ। ਉਸ ਮਨੁੱਖ ਦਾ ਨਾਂ ਹੈ ਮੀਕਾਯਾਹ। ਉਹ ਯਿਮਲਾਹ ਦਾ ਪੁੱਤਰ ਹੈ।”
ਪਰ ਯਹੋਸ਼ਾਫ਼ਾਟ ਨੇ ਕਿਹਾ, “ਅਹਾਬ, ਇੰਝ ਨਾ ਕਹੋ!”
8 ਤਦ ਅਹਾਬ ਪਾਤਸ਼ਾਹ ਨੇ ਆਪਣੇ ਇੱਕ ਖੁਸਰੇ (ਕਰਮਚਾਰੀ) ਨੂੰ ਸੱਦ ਕੇ ਕਿਹਾ, “ਛੇਤੀ ਕਰ ਅਤੇ ਯਿਮਲਾਹ ਦੇ ਪੁੱਤਰ ਮੀਕਾਯਾਹ ਨੂੰ ਲੈ ਕੇ ਆ।”
9 ਇਸਰਾਏਲ ਦਾ ਪਾਤਸ਼ਾਹ ਅਹਾਬ ਅਤੇ ਯਹੂਦਾਹ ਦਾ ਪਾਤਸ਼ਾਹ ਯਹੋਸ਼ਾਫ਼ਾਟ ਆਪੋ-ਆਪਣੀਆਂ ਰਾਜ-ਗੱਦੀਆਂ ਉੱਤੇ ਪਾਤਸ਼ਾਹੀ ਪੋਸ਼ਾਕ ਪਾ ਕੇ ਇੱਕ ਪਿੜ ਵਿੱਚ ਜੋ ਸਾਮਰਿਯਾ ਦੇ ਫ਼ਾਟਕ ਅੱਗੇ ਬੈਠੇ ਹੋਏ ਸਨ। ਅਤੇ 400 ਨਬੀ ਉਨ੍ਹਾਂ ਦੇ ਅੱਗੇ ਅਗੰਮ ਵਾਚ ਰਹੇ ਸਨ। 10 ਕਨਾਨਾਹ ਦੇ ਪੁੱਤਰ ਸਿਦਕੀਯਾਹ ਨੇ ਆਪਣੇ ਲਈ ਲੋਹੇ ਦੇ ਸਿੰਗ ਬਣਾਏ ਅਤੇ ਕਿਹਾ, “ਯਹੋਵਾਹ ਆਖਦਾ ਹੈ, ‘ਤੂੰ ਇਨ੍ਹਾਂ ਲੋਹੇ ਦੇ ਸਿੰਗਾਂ ਨੂੰ ਅਰਾਮੀਆਂ ਨੂੰ ਮੌਤ ਦੇ ਘਾਟ ਉਤਾਰਨ ਲਈ ਵਰਤ ਸੱਕਦੇ ਹੋ।’” 11 ਸਾਰੇ ਨਬੀਆਂ ਨੇ ਇੱਕੋ ਜਿਹੀ ਹੀ ਗੱਲ ਆਖੀ। ਉਨ੍ਹਾਂ ਕਿਹਾ, “ਰਾਮੋਥ-ਗਿਲਆਦ ਦੇ ਸ਼ਹਿਰ ਜਾਵੋ ਅਤੇ ਤੁਹਾਨੂੰ ਉੱਥੇ ਜਿੱਤ ਪ੍ਰਾਪਤ ਹੋਵੇਗੀ। ਕਿਉਂ ਕਿ ਯਹੋਵਾਹ ਅਰਾਮੀ ਲੋਕਾਂ ਨੂੰ ਪਾਤਸ਼ਾਹ ਦੇ ਹੱਥ ਵਿੱਚ ਕਰ ਦੇਵੇਗਾ।”
12 ਉਹ ਹਲਕਾਰਾ ਜਿਹੜਾ ਮੀਕਾਯਾਹ ਨੂੰ ਸੱਦਣ ਗਿਆ ਸੀ, ਉਸ ਨੂੰ ਬੋਲਿਆ, “ਮੀਕਾਯਾਹ, ਸੁਣ, ਸਾਰੇ ਨਬੀ ਇੱਕ ਮੂੰਹ ਹੋਕੇ ਪਾਤਸ਼ਾਹ ਲਈ ਭਲਾਈ ਦੀਆਂ ਗੱਲਾਂ ਦੱਸਦੇ ਹਨ। ਉਹ ਆਖ ਰਹੇ ਹਨ ਕਿ ਪਾਤਸ਼ਾਹ ਨੂੰ ਜਿੱਤ ਪ੍ਰਾਪਤ ਹੋਵੇਗੀ ਤਾਂ ਤੂੰ ਵੀ ਅਜਿਹੀ ਗੱਲ ਹੀ ਕਰੀਂ। ਤੂੰ ਵੀ ਭਲਾਈ ਦੀ ਗੱਲ ਹੀ ਕਰੀਂ।”
13 ਪਰ ਮੀਕਾਯਾਹ ਨੇ ਆਖਿਆ, “ਜਿਉਂਦੇ ਯਹੋਵਾਹ ਦੀ ਸੌਂਹ, ਜੋ ਕੁਝ ਮੇਰਾ ਪਰਮੇਸ਼ੁਰ ਫ਼ਰਮਾਏਗਾ ਮੈਂ ਉਹੀ ਕੁਝ ਬੋਲਾਂਗਾ।”
14 ਤਦ ਮੀਕਾਯਾਹ ਪਾਤਸ਼ਾਹ ਕੋਲ ਆਇਆ। ਪਾਤਸ਼ਾਹ ਨੇ ਉਸ ਨੂੰ ਕਿਹਾ, “ਮੀਕਾਯਾਹ ਸਾਨੂੰ ਰਾਮੋਥ-ਗਿਲਆਦ ਵਿੱਚ ਲੜਾਈ ਕਰਨ ਜਾਣਾ ਚਾਹੀਦਾ ਹੈ ਜਾਂ ਨਹੀਂ?”
ਮੀਕਾਯਾਹ ਨੇ ਜਵਾਬ ਦਿੱਤਾ, “ਜਾਓ ਅਤੇ ਜਾ ਕੇ ਹਮਲਾ ਕਰੋ, ਤੁਸੀਂ ਜਿੱਤੋਂਗੇ ਅਤੇ ਉਨ੍ਹਾਂ ਨੂੰ ਹਾਰ ਪ੍ਰਾਪਤ ਹੋਵੇਗੀ।”
15 ਅਹਾਬ ਪਾਤਸ਼ਾਹ ਨੇ ਮੀਕਾਯਾਹ ਨੂੰ ਕਿਹਾ, “ਮੈਂ ਤੈਨੂੰ ਕਿੰਨੀ ਵਾਰ ਸੌਂਹ ਚੁਕਾਈ ਹੈ ਕਿ ਤੂੰ ਮੈਨੂੰ ਯਹੋਵਾਹ ਦੇ ਨਾਂ ਉੱਤੇ ਸੱਚਾਈ ਤੋਂ ਬਿਨਾ ਹੋਰ ਕੁਝ ਨਾ ਦੱਸੀਂ।”
16 ਤਦ ਮੀਕਾਯਾਹ ਨੇ ਕਿਹਾ, “ਮੈਂ ਇਸਰਾਏਲੀਆਂ ਨੂੰ ਉਨ੍ਹਾਂ ਭੇਡਾਂ ਵਾਂਗ ਸਾਰੇ ਪਹਾੜਾਂ ਉੱਤੇ ਖਿੰਡਿਆ ਹੋਇਆ ਵੇਖਿਆ ਜਿਨ੍ਹਾਂ ਦਾ ਕੋਈ ਅਯਾਲੀ ਨਾ ਹੋਵੇ ਅਤੇ ਯਹੋਵਾਹ ਨੇ ਆਖਿਆ, ‘ਇਨ੍ਹਾਂ ਦਾ ਕੋਈ ਮਾਲਿਕ ਨਹੀਂ। ਇਨ੍ਹਾਂ ਵਿੱਚੋਂ ਹਰ ਕੋਈ ਆਪਣੇ ਘਰ ਸ਼ਾਂਤੀ ਨਾਲ ਪਹੁੰਚ ਜਾਵੇ।’”
17 ਇਸਰਾਏਲ ਦੇ ਪਾਤਸ਼ਾਹ ਅਹਾਬ ਨੇ ਯਹੋਸ਼ਾਫ਼ਾਟ ਨੂੰ ਕਿਹਾ, “ਮੈਂ ਤੈਨੂੰ ਪਹਿਲਾਂ ਹੀ ਆਖਿਆ ਸੀ ਕਿ ਮੀਕਾਯਾਹ ਮੇਰੀ ਭਲਾਈ ਨਹੀਂ ਸਗੋਂ ਬੁਰਾਈ ਦਾ ਹੀ ਸੰਦੇਸ਼ ਦੇਵੇਗਾ।”
18 ਮੀਕਾਯਾਹ ਨੇ ਕਿਹਾ, “ਤੁਸੀਂ ਯਹੋਵਾਹ ਦਾ ਬਚਨ ਸੁਣੋ: ਮੈਂ ਯਹੋਵਾਹ ਨੂੰ ਆਪਣੇ ਸਿੰਘਾਸਣ ਤੇ ਬੈਠਾ ਵੇਖਿਆ ਅਤੇ ਸੁਰਗ ਦੀ ਸਾਰੀ ਸੈਨਾ ਉਸ ਦੇ ਸੱਜੇ-ਖੱਬੇ ਖਲੋਤੀ ਸੀ। 19 ਯਹੋਵਾਹ ਨੇ ਆਖਿਆ, ‘ਕੌਣ ਆਹਾਬ ਨੂੰ ਭਰਮਾਏਗਾ ਤਾਂ ਜੋ ਉਹ ਰਾਮੋਥ-ਗਿਲਆਦ ਤੇ ਹਮਲਾ ਕਰਨ ਲਈ ਜਾਵੇ ਅਤੇ ਮਰ ਜਾਵੇ?’ ਯਹੋਵਾਹ ਦੇ ਦੁਆਲੇ ਖਲੋਤੀਆਂ ਹੋਈਆਂ ਹਸਤੀਆਂ ਨੇ ਕਈ ਵੱਖੋ- ਵੱਖ ਮਸ਼ਵਰੇ ਦਿੱਤੇ। 20 ਤਦ ਇੱਕ ਆਤਮਾ ਨਿਕਲ ਕੇ ਯਹੋਵਾਹ ਦੇ ਅੱਗੇ ਖਲੋ ਗਿਆ ਅਤੇ ਆਖਿਆ, ‘ਮੈਂ ਅਹਾਬ ਨੂੰ ਭਰਮਾਵਾਂਗਾ।’ ਯਹੋਵਾਹ ਨੇ ਉਸ ਆਤਮੇ ਨੂੰ ਪੁੱਛਿਆ, ‘ਕਿਵੇਂ?’ 21 ਤਾਂ ਉਸ ਆਤਮੇ ਨੇ ਜਵਾਬ ਦਿੱਤਾ, ‘ਮੈਂ ਬਾਹਰ ਜਾ ਕੇ ਇੱਕ ਝੂਠ ਬੋਲਦਾ ਆਤਮਾ ਬਣਕੇ ਉਸ ਦੇ ਸਾਰੇ ਨਬੀਆਂ ਦੇ ਮੂੰਹਾਂ ਵਿੱਚ ਵੱਸ ਜਾਵਾਂਗਾ।’ ਤਾਂ ਯਹੋਵਾਹ ਨੇ ਆਖਿਆ, ‘ਤੂੰ ਆਹਾਬ ਨੂੰ ਭਰਮਾਉਣ ਵਿੱਚ ਕਾਮਯਾਬ ਹੋਵੇਂਗਾ। ਇਸ ਲਈ ਤੂੰ ਜਾਹ ਅਤੇ ਜਾ ਕੇ ਆਪਣਾ ਕਾਰਜ ਕਰ।’
22 “ਹੁਣ ਵੇਖ ਅਹਾਬ, ਯਹੋਵਾਹ ਨੇ ਤੇਰੇ ਇਨ੍ਹਾਂ ਨਬੀਆਂ ਦੇ ਮੂੰਹਾਂ ਵਿੱਚ ਤੇਰੇ ਲਈ ਇੱਕ ਝੂਠਾ ਆਤਮਾ ਪਾ ਦਿੱਤਾ ਹੈ। ਯਹੋਵਾਹ ਦਾ ਫੁਰਮਾਨ ਹੈ ਕਿ ਬਿਪਤਾ ਤੇਰੇ ਉੱਤੇ ਆਵੇਗੀ।”
23 ਤਦ ਸਿਦਕੀਯਾਹ ਮੀਕਾਯਾਹ ਦੇ ਕੋਲ ਗਿਆ ਅਤੇ ਉਸ ਦੇ ਮੂੰਹ ਤੇ ਮਾਰਿਆ। ਸਿਦਕੀਯਾਹ ਦਾ ਪਿਤਾ ਕਨਾਨਾਹ ਸੀ। ਸਿਦਕੀਯਾਹ ਨੇ ਕਿਹਾ, “ਯਹੋਵਾਹ ਦਾ ਆਤਮਾ ਕਿਸ ਰਸਤੇ ਮੀਕਾਯਾਹ, ਮੇਰੇ ਕੋਲੋਂ ਦੀ ਲੰਘ ਕੇ ਤੇਰੇ ਕੋਲ ਆਇਆ ਤੇ ਤੈਨੂੰ ਬੋਲਿਆ?”
24 ਮੀਕਾਯਾਹ ਨੇ ਆਖਿਆ, “ਸਿਦਕੀਯਾਹ ਉਸ ਦਿਨ, ਜਦੋਂ ਤੂੰ ਅੰਦਰਲੇ ਕਮਰੇ ਵਿੱਚ ਲੁਕਣ ਲਈ ਵੜੇਂਗਾ ਤਦ ਤੂੰ ਜਾਣ ਜਾਵੇਂਗਾ।”
25 ਤਦ ਅਹਾਬ ਪਾਤਸ਼ਾਹ ਨੇ ਕਿਹਾ, “ਮੀਕਾਯਾਹ ਨੂੰ ਲੈ ਕੇ ਸ਼ਹਿਰ ਦੇ ਗਵਰਨਰ ਆਮੋਨ ਕੋਲ ਅਤੇ ਪਾਤਸ਼ਾਹ ਦੇ ਪੁੱਤਰ ਯੋਆਸ਼ ਕੋਲ ਭੇਜ ਦੇ। 26 ਆਮੋਨ ਅਤੇ ਯੋਆਸ਼ ਨੂੰ ਕਹਿਣਾ, ‘ਕਿ ਪਾਤਸ਼ਾਹ ਇਉਂ ਫ਼ਰਮਾਉਂਦਾ ਹੈ ਕਿ ਮੀਕਾਯਾਹ ਨੂੰ ਕੈਦ ਕਰ ਲਵੋ ਅਤੇ ਜਦ ਤੀਕ ਮੈਂ ਲੜਾਈ ਤੋਂ ਮੁੜ ਨਾ ਆਵਾ ਇਸ ਨੂੰ ਰੋਟੀ-ਪਾਣੀ ਤੋਂ ਇਲਾਵਾ ਹੋਰ ਕੁਝ ਖਾਣ ਨੂੰ ਨਾ ਦੇਣਾ।’”
27 ਮੀਕਾਯਾਹ ਨੇ ਆਖਿਆ, “ਅਹਾਬ, ਜੇਕਰ ਤੂੰ। ਕਦੇ ਸੁੱਖ-ਸਾਂਦ ਨਾਲ ਮੁੜ ਆਵੇਂ ਤਾਂ ਜਾਣੀਂ ਯਹੋਵਾਹ ਮੇਰੇ ਮੂੰਹੋਂ ਨਹੀਂ ਬੋਲਿਆ। ਤੂੰ ਤੇ ਤੇਰੇ ਸਾਰੇ ਲੋਕ ਮੇਰੀ ਗੱਲ ਧਿਆਨ ਨਾਲ ਸੁਣ ਲਵੋ ਤੇ ਯਾਦ ਰੱਖਣਾ।”
ਅਹਾਬ ਦਾ ਰਾਮੋਥ-ਗਿਲਆਦ ਵਿਖੇ ਮਾਰਿਆ ਜਾਣਾ
28 ਤਦ ਇਸਰਾਏਲ ਦੇ ਪਾਤਸ਼ਾਹ ਅਹਾਬ ਅਤੇ ਯਹੂਦਾਹ ਦੇ ਪਾਤਸ਼ਾਹ ਯਹੋਸ਼ਾਫ਼ਾਟ ਨੇ ਰਾਮੋਥ-ਗਿਲਆਦ ਵਿੱਚ ਚੜ੍ਹਾਈ ਕਰ ਦਿੱਤੀ। 29 ਅਹਾਬ ਨੇ ਯਹੋਸ਼ਾਫ਼ਾਟ ਨੂੰ ਆਖਿਆ, “ਮੈਂ ਜੰਗ ਵਿੱਚ ਜਾਣ ਤੋਂ ਪਹਿਲਾਂ ਆਪਣਾ ਭੇਸ ਬਦਲ ਲਵਾਂਗਾ, ਪਰ ਤੂੰ ਆਪਣੀ ਪੋਸ਼ਾਕ ਪਾਈ ਰੱਖ।” ਤਾਂ ਇਸਰਾਏਲ ਦੇ ਪਾਤਸ਼ਾਹ ਅਹਾਬ ਨੇ ਆਪਣਾ ਭੇਸ ਵਟਾਅ ਲਿਆ ਅਤੇ ਦੋਨੋ ਲੜਾਈ ਲਈ ਚੱਲੇ ਗਏ।
30 ਪਰ ਅਰਾਮ ਦੇ ਪਾਤਸ਼ਾਹ ਨੇ ਰਥਾਂ ਦੇ ਸਰਦਾਰਾਂ ਨੂੰ, “ਜੋ ਉਸ ਦੇ ਨਾਲ ਸਨ, ਹੁਕਮ ਦਿੱਤਾ ਕਿ ਇਸਰਾਏਲ ਦੇ ਪਾਤਸ਼ਾਹ ਤੋਂ ਛੁੱਟ ਹੋਰ ਕਿਸੇ ਨਾਲ ਵੀ ਨਹੀਂ ਲੜਨਾ।” 31 ਜਦੋਂ ਰਥਾਂ ਦੇ ਸਰਦਾਰਾਂ ਨੇ ਯਹੋਸ਼ਾਫ਼ਾਟ ਨੂੰ ਵੇਖਿਆ ਤਾਂ ਉਨ੍ਹਾਂ ਨੇ ਸੋਚਿਆ, ਇਹ ਹੀ ਇਸਰਾਏਲ ਦਾ ਪਾਤਸ਼ਾਹ ਅਹਾਬ ਹੋਵੇਗਾ। ਤਾਂ ਉਹ ਯਹੋਸ਼ਾਫ਼ਾਟ ਵੱਲ ਲੜਨ ਲਈ ਮੁੜੇ ਪਰ ਯਹੋਸ਼ਾਫ਼ਾਟ ਨੇ ਯਹੋਵਾਹ ਨੂੰ ਪੁਕਾਰਿਆ ਤੇ ਯਹੋਵਾਹ ਨੇ ਉਸ ਨੂੰ ਬਚਾਅ ਲਿਆ। ਪਰਮੇਸ਼ੁਰ ਨੇ ਰੱਥਾਂ ਦੇ ਸਰਦਾਰਾਂ ਦਾ ਉਸ ਵੱਲੋਂ ਮੁਹਾਣਾ ਮੋੜ ਦਿੱਤਾ। 32 ਜਦੋਂ ਉਨ੍ਹਾਂ ਨੇ ਵੇਖਿਆ ਕਿ ਯਹੋਸ਼ਾਫ਼ਾਟ ਇਸਰਾਏਲ ਦਾ ਪਾਤਸ਼ਾਹ ਨਹੀਂ ਹੈ ਤਾਂ ਉਨ੍ਹਾਂ ਨੇ ਉਸਦਾ ਪਿੱਛਾ ਕਰਨਾ ਛੱਡ ਦਿੱਤਾ।
33 ਇੰਝ ਵਾਪਰਿਆ ਕਿ ਇੱਕ ਸਿਪਾਹੀ ਨੇ ਬਿਨਾਂ ਕਿਸੇ ਨਿਸ਼ਾਨੇ ਤੋਂ ਤੀਰ ਚੱਲਾ ਦਿੱਤਾ ਅਤੇ ਉਹ ਤੀਰ ਇਸਰਾਏਲ ਦੇ ਰਾਜੇ ਆਹਾਬ ਦੇ ਕਵਚ ਦੀ ਕਮਜ਼ੋਰ ਜਗ੍ਹਾ ਤੇ ਵਜਿਆ। ਤਦ ਆਹਾਬ ਨੇ ਆਪਣੇ ਸਾਰਥੀ ਨੂੰ ਆਖਿਆ, “ਵਾਪਸ ਮੁੜ ਮੈਨੂੰ ਇੱਥੋਂ ਬਾਹਰ ਕੱਢ ਕੇ ਲੈ ਜਾ, ਮੈਂ ਜ਼ਖਮੀ ਹਾਂ।”
34 ਉਸ ਦਿਨ ਦੀ ਲੜਾਈ ਹੋਰ ਖੌਫ਼ਨਾਕ ਹੋ ਗਈ ਇਸਰਾਏਲ ਦੇ ਪਾਤਸ਼ਾਹ ਨੇ ਆਪਣੇ-ਆਪ ਨੂੰ ਸ਼ਾਮ ਤੀਕ ਅਰਾਮੀਆਂ ਦੇ ਸਾਹਮਣੇ ਰੱਥ ਉੱਪਰ ਥੰਮੀ ਰੱਖਿਆ ਅਤੇ ਸੂਰਜ ਅਸਤ ਹੋਣ ਵੇਲੇ ਤੀਕ ਉਹ ਮਰ ਗਿਆ।
19 ਯਹੂਦਾਹ ਦਾ ਪਾਤਸ਼ਾਹ ਯਹੋਸ਼ਾਫ਼ਾਟ ਸਹੀ ਸਲਾਮਤ ਯਰੂਸ਼ਲਮ ਆਪਣੇ ਮਹਿਲ ਤੀਕ ਪਹੁੰਚ ਗਿਆ। 2 ਤਦ ਹਨਾਨੀ ਗੈਬਦਾਨ ਦਾ ਪੁੱਤਰ ਯੇਹੂ ਉਸ ਦੇ ਮਿਲਣ ਲਈ ਨਿਕਲਿਆ ਅਤੇ ਉਸ ਨੇ ਪਾਤਸ਼ਾਹ ਨੂੰ ਕਿਹਾ, “ਤੂੰ ਬੁਰੇ ਲੋਕਾਂ ਦੀ ਮਦਦ ਕਿਉਂ ਕਰਦਾ ਹੈਂ? ਜਿਹੜੇ ਲੋਕ ਯਹੋਵਾਹ ਨਾਲ ਘਿਰਣਾ ਕਰਦੇ ਹਨ, ਤੂੰ ਉਨ੍ਹਾਂ ਨੂੰ ਪਿਆਰ ਕਿਉਂ ਕਰਦਾ ਹੈਂ? ਇਹੀ ਕਾਰਣ ਹੈ ਕਿ ਯਹੋਵਾਹ ਤੇਰੇ ਉੱਪਰ ਕ੍ਰੋਧਿਤ ਹੈ। 3 ਪਰ ਤਦ ਵੀ, ਤੇਰੇ ਵਿੱਚ ਕੁਝ ਚੰਗੇ ਗੁਣ ਹਨ। ਤੂੰ ਦੇਸ ਵਿੱਚੋਂ ਅਸ਼ੇਰਾਹ ਥੰਮਾਂ ਨੂੰ ਹਟਾਇਆ ਅਤੇ ਤੂੰ ਆਪਣੇ ਦਿਲ ਵਿੱਚ ਪਰਮੇਸ਼ੁਰ ਦੇ ਰਾਹ ਤੇ ਚੱਲਣ ਦਾ ਨਿਰਣਾ ਕੀਤਾ।”
ਯਹੋਸ਼ਾਫ਼ਾਟ ਨੇ ਨਿਆਂਕਾਰ ਚੁਣੇ
4 ਯਹੋਸ਼ਾਫ਼ਾਟ ਯਰੂਸ਼ਲਮ ਵਿੱਚ ਰਹਿੰਦਾ ਸੀ ਅਤੇ ਉਸ ਨੇ ਫ਼ਿਰ ਬਏਰਸ਼ਬਾ ਤੋਂ ਅਫ਼ਰਾਈਮ ਦੇ ਪਹਾੜਾਂ ਤੀਕ ਲੋਕਾਂ ਦੇ ਵਿੱਚ ਫ਼ਿਰਕੇ ਉਨ੍ਹਾਂ ਨੂੰ ਉਨ੍ਹਾਂ ਦੇ ਪੁਰਖਿਆਂ ਦੇ ਯਹੋਵਾਹ ਪਰਮੇਸ਼ੁਰ ਵੱਲ ਨੂੰ ਮੋੜਿਆ। 5 ਉਸ ਨੇ ਯਹੂਦਾਹ ਵਿੱਚ ਨਿਆਂਕਾਰ ਚੁਣੇ ਅਤੇ ਉਸ ਨੇ ਯਹੂਦਾਹ ਦੇ ਸਾਰੇ ਗੜ੍ਹਾਂ ਵਾਲੇ ਸ਼ਹਿਰਾਂ ਵਿੱਚ ਨਿਆਂਕਾਰ ਮੁਕੱਰਰ ਕੀਤੇ। 6 ਯਹੋਸ਼ਾਫ਼ਾਟ ਨੇ ਉਨ੍ਹਾਂ ਨਿਆਂਕਾਰਾਂ ਨੂੰ ਆਖਿਆ, “ਜੋ ਕੁਝ ਤੁਸੀਂ ਕਰ ਰਹੇ ਹੋ ਉਸ ਵੱਲ ਸਤਰਕ ਰਹੋ ਕਿਉਂ ਕਿ ਤੁਸੀਂ ਮਨੁੱਖਾਂ ਵੱਲੋਂ ਨਹੀਂ ਸਗੋਂ ਯਹੋਵਾਹ ਵੱਲੋਂ ਨਿਆਂ ਕਰਦੇ ਹੋ ਅਤੇ ਯਹੋਵਾਹ ਨਿਆਂ ਦੀ ਗੱਲ ਵਿੱਚ ਤੁਹਾਡੇ ਨਾਲ ਹੈ। 7 ਹੁਣ ਤੁਹਾਡੇ ਵਿੱਚੋਂ ਸਭਨਾਂ ਨੂੰ ਯਹੋਵਾਹ ਦੇ ਭੈਅ ਵਿੱਚ ਰਹਿਣਾ ਚਾਹੀਦਾ ਹੈ। ਤੁਸੀਂ ਜੋ ਕੁਝ ਵੀ ਕਰਦੇ ਹੋ, ਸਾਵਧਾਨ ਹੋ ਕੇ ਕਰੋ ਕਿਉਂ ਕਿ ਯਹੋਵਾਹ ਸਾਡਾ ਪਰਮੇਸ਼ੁਰ ਨਿਆਂ ਪਸੰਦ ਹੈ। ਯਹੋਵਾਹ ਕਿਸੇ ਨਾਲ ਭਿੰਨ-ਭੇਦ ਜਾਂ ਛੋਟੇ-ਵੱਡੇ ਦਾ ਫ਼ਰਕ ਨਹੀਂ ਰੱਖਦਾ ਅਤੇ ਨਾ ਹੀ ਉਹ ਆਪਣੇ ਨਿਆਂ ਬਦਲਣ ਲਈ ਕਿਸੇ ਕੋਲੋਂ ਰਿਸ਼ਵਤ ਲੈਂਦਾ ਹੈ।”
8 ਅਤੇ ਯਰੂਸ਼ਲਮ ਵਿੱਚ ਵੀ ਯਹੋਸ਼ਾਫ਼ਾਟ ਨੇ ਲੇਵੀਆਂ ਅਤੇ ਜਾਜਕਾਂ ਅਤੇ ਇਸਰਾਏਲ ਦੇ ਪੁੱਤਰਾਂ ਦੇ ਘਰਾਣਿਆਂ ਦੇ ਮੁਖੀਆਂ ਦੇ ਵਿੱਚੋਂ ਲੋਕਾਂ ਨੂੰ ਯਹੋਵਾਹ ਦੇ ਨਿਆਵਾਂ ਅਤੇ ਝਗੜਿਆਂ ਲਈ ਮੁਕੱਰਰ ਕੀਤਾ। ਤਦ ਉਹ ਯਰੂਸ਼ਲਮ ਨੂੰ ਮੁੜੇ। 9 ਯਹੋਸ਼ਾਫ਼ਾਟ ਨੇ ਉਨ੍ਹਾਂ ਨੂੰ ਆਦੇਸ਼ ਦਿੱਤਾ ਅਤੇ ਕਿਹਾ, “ਤੁਹਾਨੂੰ ਸੱਚੇ ਦਿਲੋਂ ਵਫ਼ਾਦਾਰ ਹੋ ਕੇ ਸੇਵਾ ਕਰਨੀ ਚਾਹੀਦੀ ਹੈ ਅਤੇ ਯਹੋਵਾਹ ਦੇ ਭੈਅ ਵਿੱਚ ਰਹਿਣਾ ਚਾਹੀਦਾ ਹੈ। 10 ਜੇਕਰ ਉਨ੍ਹਾਂ ਨਗਰਾਂ ਵਿੱਚ ਰਹਿੰਦੇ ਤੇਰੇ ਭਰਾਵਾਂ ਵਿੱਚੋਂ ਕੋਈ, ਤੇਰੇ ਕੋਲ ਕੋਈ ਮੁਕੱਦਮਾ ਲਿਆਵੇ ਜੋ ਕਿ ਖੂਨ-ਖਰਾਬੇ, ਬਿਧੀ, ਹੁਕਮ, ਨਿਆਂ ਜਾਂ ਕਿਸੇ ਹੋਰ ਬਿਧੀ ਬਾਰੇ ਹੋਵੇ, ਤੈਨੂੰ ਉਨ੍ਹਾਂ ਨੂੰ ਚਿਤਾਵਨੀ ਦੇਣੀ ਚਾਹੀਦੀ ਹੈ ਕਿ ਉਨ੍ਹਾਂ ਨੂੰ ਇਨ੍ਹਾਂ ਸਾਰੇ ਮਾਮਲਿਆਂ ਵਿੱਚ ਤੇਰੀਆਂ ਹਿਦਾਇਤਾਂ ਮੰਨਣੀਆਂ ਚਾਹੀਦੀਆਂ ਹਨ, ਨਹੀਂ ਤਾਂ ਉਹ ਪਰਮੇਸ਼ੁਰ ਅੱਗੇ ਦੋਸ਼ੀ ਹੋਣਗੇ ਅਤੇ ਉਸਦੀ ਕਰੋਪੀ ਤੇਰੇ ਉੱਤੇ, ਤੇਰੇ ਭਰਾਵਾਂ ਉੱਤੇ ਆਵੇਗੀ। ਪਰ ਜੇਕਰ ਤੂੰ ਅਜਿਹਾ ਕਰੇਂਗਾਂ ਤਾਂ ਤੂੰ ਦੋਸ਼ੀ ਨਹੀਂ ਹੋਵੇਂਗਾ।
11 “ਅਮਰਯਾਹ ਪਰਧਾਨ ਜਾਜਕ ਯਹੋਵਾਹ ਬਾਬਤ ਕਿਸੇ ਵੀ ਮਾਮਲੇ ਦਾ ਆਗੂ ਹੈ। ਇਸ਼ਮਾਏਲ ਦਾ ਪੁੱਤਰ ਜ਼ਬਦਯਾਹ, ਯਹੂਦਾਹ ਦੇ ਪਰਿਵਾਰ-ਸਮੂਹ ਦਾ ਆਗੂ ਪਾਤਸ਼ਾਹ ਬਾਬਤ ਕਿਸੇ ਵੀ ਮਾਮਲੇ ਦਾ ਆਗੂ ਹੋਵੇਗਾ। ਲੇਵੀ ਤੁਹਾਡੇ ਲਈ ਲਿਖਾਰੀ ਹੋਣਗੇ। ਆਪਣੀ ਕਰਨੀ ਵਿੱਚ ਹੌਂਸਲਾ ਅਤੇ ਭਰੋਸਾ ਰੱਖੋ। ਯਹੋਵਾਹ ਉਨ੍ਹਾਂ ਦੇ ਨਾਲ ਹੋਵੇ ਜੋ ਨੇਕ ਹਨ।”
ਯਹੋਸ਼ਾਫ਼ਾਟ ਲੜਾਈ ਦਾ ਸਾਹਮਣਾ ਕਰਦਾ ਹੋਇਆ
20 ਇਸ ਤੋਂ ਬਾਅਦ ਮੋਆਬੀ, ਅਮੋਨੀ ਅਤੇ ਉਨ੍ਹਾਂ ਨਾਲ ਕਈ ਹੋਰ ਅੰਮੋਨੀਆਂ ਤੋਂ ਛੁੱਟ ਹੋਰ ਲੋਕ ਯਹੋਸ਼ਾਫ਼ਾਟ ਨਾਲ ਲੜਨ ਲਈ ਆਏ। 2 ਕੁਝ ਮਨੁੱਖਾਂ ਨੇ ਯਹੋਸ਼ਾਫ਼ਾਟ ਨੂੰ ਆ ਕੇ ਕਿਹਾ, “ਇੱਕ ਵੱਡੀ ਭਾਰੀ ਸੈਨਾ ਸਮੁੰਦਰ ਦੇ ਪਾਰ ਅਦੋਮ ਵੱਲੋਂ ਤੇਰੇ ਵਿਰੁੱਧ ਟਾਕਰੇ ਲਈ ਆ ਰਹੀ ਹੈ, ਅਤੇ ਵੇਖ ਉਹ ਹਸਸੋਨ-ਤਾਮਾਰ ਵਿੱਚ ਹਨ।” (ਹਸਸੋਨ-ਤਾਮਾਰ ਏਨ-ਗਦੀ ਵੀ ਅਖਵਾਉਂਦਾ ਹੈ।) 3 ਤਾਂ ਯਹੋਸ਼ਾਫ਼ਾਟ ਨੇ ਭੈਅ ਖਾ ਕੇ ਯਹੋਵਾਹ ਅੱਗੇ ਬੇਨਤੀ ਕੀਤੀ ਅਤੇ ਉਸ ਨੇ ਯਹੂਦਾਹ ਵਿੱਚ ਸਾਰਿਆਂ ਲਈ ਇਹ ਸਮਾਂ ਵਰਤ ਰੱਖਣ ਦੀ ਡੌਁਡੀ ਪਿਟਵਾਈ। 4 ਯਹੂਦਾਹ ਦੇ ਲੋਕ ਇੱਕਤਰ ਹੋ ਕੇ ਯਹੋਵਾਹ ਅੱਗੇ ਬੇਨਤੀ ਕਰਨ ਆਏ। ਉਹ ਯਹੂਦਾਹ ਦੇ ਸਾਰੇ ਸ਼ਹਿਰਾਂ ਚੋ ਇਕੱਠੇ ਹੋ ਕੇ ਯਹੋਵਾਹ ਦੀ ਮਦਦ ਲੈਣ ਲਈ ਬੇਨਤੀ ਕਰਨ ਆਏ। 5 ਤਦ ਯਹੋਸ਼ਾਫ਼ਾਟ ਯਹੂਦਾਹ ਅਤੇ ਯਰੂਸ਼ਲਮ ਦੀ ਸਭਾ ਦੇ ਵਿੱਚ ਨਵੇਂ ਵਿਹੜੇ ਦੇ ਅੱਗੇ ਯਹੋਵਾਹ ਦੇ ਮੰਦਰ ਵਿੱਚ ਖਲੋਤਾ ਸੀ। 6 ਉਸ ਨੇ ਕਿਹਾ,
“ਸਾਡੇ ਪੁਰਖਿਆਂ ਦੇ ਯਹੋਵਾਹ ਪਰਮੇਸ਼ੁਰ ਹੇ ਅਕਾਸ਼ਾਂ ਦੇ ਯਹੋਵਾਹ! ਤੂੰ ਸਾਰੀ ਸ਼੍ਰਿਸ਼ਟੀ ਦਾ ਪਾਤਸ਼ਾਹ! ਤੂੰ ਸਰਬ ਸ਼ਕਤੀਮਾਨ ਹੈਂ! ਕੋਈ ਮਨੁੱਖ ਤੇਰਾ ਟਾਕਰਾ ਕਰਨ ਤੋਂ ਅਸਮਰੱਥ ਹੈ। 7 ਤੂੰ ਸਾਡਾ ਪਰਮੇਸ਼ੁਰ ਹੈਂ! ਤੂੰ ਇੱਥੋਂ ਦੇ ਰਾਜ ਦੇ ਲੋਕਾਂ ਨੂੰ ਇੱਥੋਂ ਦੇ ਵਸਨੀਕਾਂ ਨੂੰ ਇਥੋਂ ਕੱਢਿਆ ਅਤੇ ਇਹ ਸਭ ਕੁਝ ਤੂੰ ਆਪਣੀ ਪਰਜਾ ਇਸਰਾਏਲੀਆਂ ਦੇ ਸਾਹਮਣੇ ਕੀਤਾ ਅਤੇ ਇਹ ਧਰਤੀ ਨੂੰ ਆਪਣੇ ਮਿੱਤਰ ਅਬਰਾਹਾਮ ਦੇ ਉੱਤਰਾਧਿਕਾਰੀਆਂ ਨੂੰ ਸਦਾ-ਸਦਾ ਲਈ ਦੇ ਦਿੱਤੀ। 8 ਅਬਰਾਹਾਮ ਦੇ ਉੱਤਰਾਧਿਕਾਰੀ ਇਸ ਧਰਤੀ ਤੇ ਰਹੇ ਤੇ ਤੇਰੇ ਨਾਂ ਦਾ ਉਨ੍ਹਾਂ ਇੱਥੇ ਮੰਦਰ ਥਾਪਿਆ। 9 ਉਨ੍ਹਾਂ ਕਿਹਾ, ‘ਜਦੋਂ ਕੋਈ ਵੀ ਮੁਸ਼ਕਿਲ ਜਾਂ ਬਦੀ ਸਾਡੇ ਤੇ ਆਵੇ ਜਿਵੇਂ ਤਲਵਾਰ ਜਾਂ ਨਿਆਂ, ਬੀਮਾਰੀ ਜਾਂ ਕਾਲ ਤਾਂ ਜੇਕਰ ਅਸੀਂ ਇਸ ਮੰਦਰ ਦੇ ਅੱਗੇ ਤੇਰੇ ਸਾਹਮਣੇ ਖੜ੍ਹੇ ਹੋਈੇਏ, ਕਿਉਂ ਕਿ ਤੇਰਾ ਨਾਉਂ ਇਸ ਮੰਦਰ ਵਿੱਚ ਹੈ, ਆਪਣੀ ਬਿਪਤਾ ਵੇਲੇ ਤੇਰੇ ਅੱਗੇ ਪ੍ਰਾਰਥਨਾ ਕਰੀਏ ਤਾਂ ਤੂੰ ਸਾਡੀ ਫ਼ਰਿਆਦ ਸੁਣ ਕੇ ਸਾਨੂੰ ਬਚਾਅ ਲਵੇਂਗਾ।’
10 “ਪਰ ਹੁਣ ਤੂੰ ਵੇਖ ਕਿ ਅੰਮੋਨੀ, ਮੋਆਬੀ ਅਤੇ ਸੇਈਰ ਪਹਾੜ ਦੇ ਲੋਕ, ਜਿਨ੍ਹਾਂ ਤੋਂ ਤੂੰ ਇਸਰਾਏਲ ਨੂੰ ਜਦ ਉਹ ਮਿਸਰ ਤੋਂ ਨਿਕਲ ਕੇ ਆ ਰਹੇ ਸੀ ਹੱਲਾ ਨਾ ਕਰਨ ਦਿੱਤਾ, ਸਗੋਂ ਉਹ ਉਨ੍ਹਾਂ ਵੱਲੋਂ ਮੁੜ ਗਏ ਤੇ ਉਨ੍ਹਾਂ ਦਾ ਨਾਸ਼ ਨਹੀਂ ਕੀਤਾ। 11 ਪਰ ਵੇਖ ਉਨ੍ਹਾਂ ਸਾਨੂੰ ਕਿਹੋ ਜਿਹਾ ਬਦਲੇ ’ਚ ਇਨਾਮ ਦਿੱਤਾ ਕਿ ਜਿਹੜਾ ਦੇਸ ਤੂੰ ਸਾਨੂੰ ਮਿਲਖ ਵਿੱਚ ਦਿੱਤਾ ਸੀ, ਉਹ ਸਾਨੂੰ ਉੱਥੋਂ ਕੱਢਣ ਲਈ ਆ ਰਹੇ ਹਨ। 12 ਹੇ ਪਰਮੇਸ਼ੁਰ, ਕੀ ਤੂੰ ਉਨ੍ਹਾਂ ਦਾ ਨਿਆਂ ਨਹੀਂ ਕਰੇਂਗਾ? ਉਹ ਜੋ ਵੱਡੀ ਫ਼ੌਜ ਸਾਡੇ ਵਿਰੋਧ ਆ ਰਹੀ ਹੈ ਅਸੀਂ ਉਸਦਾ ਸਾਹਮਣਾ ਕਰਨ ਦੇ ਸਮਰੱਥ ਨਹੀਂ ਹਾਂ! ਅਸੀਂ ਲਾਚਾਰ ਹਾਂ ਅਤੇ ਨਹੀਂ ਜਾਣਦੇ ਕਿ ਕੀ ਕਰੀਏ? ਇਸੇ ਲਈ, ਅਸੀਂ ਤੈਥੋਂ ਮਦਦ ਮੰਗ ਰਹੇ ਹਾਂ!”
13 ਸਾਰੇ ਯਹੂਦੀ ਯਹੋਵਾਹ ਦੇ ਅੱਗੇ ਆਪਣੇ ਛੋਟੇ ਬੱਚੇ, ਪਤਨੀਆਂ ਅਤੇ ਬਾਲਾਂ ਸੰਗ ਖੜ੍ਹੇ ਹੋ ਗਏ। 14 ਤਦ ਸਭਾ ਵਿੱਚੋਂ ਯਹਜ਼ੀਏਲ ਉੱਤੇ ਜੋ ਕਿ ਲੇਵੀ ਸੀ ਅਤੇ ਆਸ਼ਫ਼ ਦੇ ਉੱਤਰਾਧਿਕਾਰੀਆਂ ਵਿੱਚੋਂ ਸੀ, ਉਹ ਜ਼ਕਰਯਾਹ ਦਾ ਪੁੱਤਰ, ਬਨਾਯਾਹ ਦਾ ਪੋਤਾ ਸੀ। ਬਨਾਯਾਹ ਯੀਏਲ ਦਾ ਪੁੱਤਰ ਸੀ ਅਤੇ ਯੀਏਲ ਮਤਨਯਾਹ ਦਾ ਪੁੱਤਰ ਇਉਂ ਯਹਜ਼ੀਏਲ ਉੱਪਰ ਯਹੋਵਾਹ ਦਾ ਆਤਮਾ ਪ੍ਰਗਟ ਹੋਇਆ। 15 ਯਹਜ਼ੀਏਲ ਨੇ ਕਿਹਾ, “ਹੇ ਪਾਤਸ਼ਾਹ ਯਹੋਸ਼ਾਫ਼ਾਟ ਅਤੇ ਯਹੂਦਾਹ ਅਤੇ ਯਰੂਸ਼ਲਮ ਦੇ ਲੋਕੋ ਸੁਣੋ। ਯਹੋਵਾਹ ਤੁਹਾਨੂੰ ਇਉਂ ਆਖਦਾ ਹੈ ਕਿ: ‘ਇਸ ਵੱਡੀ ਭਾਰੀ ਫ਼ੌਜ ਦੀ ਨਾ ਚਿੰਤਾ ਕਰੋ ਤੇ ਨਾ ਹੀ ਘਬਰਾਓ, ਕਿਉਂ ਕਿ ਇਹ ਲੜਾਈ ਤੁਹਾਡੀ ਲੜਾਈ ਨਹੀਂ ਸਗੋਂ ਯਹੋਵਾਹ ਦੀ ਹੈ। 16 ਸਗੋਂ ਕੱਲ ਤੁਸੀਂ ਉਨ੍ਹਾਂ ਦਾ ਮੁਕਾਬਲਾ ਕਰਨ ਲਈ ਹੇਠਾਂ ਉਤਰਨਾ। ਉਹ ਲੋਕ ਸੀਸ ਦੀ ਚੜ੍ਹਾਈ ਵੱਲੋਂ ਆ ਰਹੇ ਹਨ ਅਤੇ ਤੁਸੀਂ ਉਨ੍ਹਾਂ ਨੂੰ ਯਰੂਏਲ ਦੀ ਉਜਾੜ ਸਾਹਮਣੇ ਵਾਦੀ ਦੇ ਸਿਰੇ ਉੱਪਰ ਪਾਵੋਂਗੇ। 17 ਤਹੁਾਨੂੰ ਇਸ ਲੜਾਈ ਵਿੱਚ ਲੜਨਾ ਨਹੀਂ ਪਵੇਗਾ ਬਸ ਤੁਸੀਂ ਆਪਣੀ-ਆਪਣੀ ਥਾਂ ਤੇ ਡਟੇ ਰਹੋ ਤੇ ਤੁਸੀਂ ਵੇਖੋਂਗੇ ਕਿ ਕਿਵੇਂ ਯਹੋਵਾਹ ਤੁਹਾਡੀ ਰੱਖਿਆ ਕਰਦਾ ਹੈ। ਹੇ ਯਹੂਦਾਹ ਤੇ ਯਰੂਸ਼ਲਮ ਤੁਸੀਂ ਘਬਰਾਓ ਨਾ ਤੇ ਨਾ ਹੀ ਚਿੰਤਾ ਕਰੋ। ਯਹੋਵਾਹ ਤੁਹਾਡੇ ਅੰਗ-ਸੰਗ ਹੈ, ਇਸ ਲਈ ਕੱਲ ਤੁਸੀਂ ਇਨ੍ਹਾਂ ਦੇ ਟਾਕਰੇ ਲਈ ਤੁਰ ਪੈਣਾ।’”
18 ਯਹੋਸ਼ਾਫ਼ਾਟ ਨੇ ਸਿਰ ਝੁਕਾਇਆ ਤੇ ਉਸਨੇ ਸ਼ੀਸ਼ ਧਰਤੀ ਤੇ ਨਿਵਾਇਆ। ਸਾਰੇ ਯਹੂਦਾਹ ਅਤੇ ਯਰੂਸਲਮ ਦੇ ਵਸਨੀਕਾਂ ਨੇ ਵੀ ਯਹੋਵਾਹ ਨੂੰ ਝੁਕ ਕੇ ਪ੍ਰਣਾਮ ਕੀਤਾ। 19 ਕਹਾਥੀਆਂ ਅਤੇ ਕੋਰਾਹੀਆਂ ਦੇ ਲੇਵੀਆਂ ਨੇ ਖੜ੍ਹੇ ਹੋ ਕੇ ਉੱਚੀ ਆਵਾਜ਼ ਵਿੱਚ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੀ ਉਸਤਤ ਕੀਤੀ।
20 ਯਹੋਸ਼ਾਫ਼ਾਟ ਦੀ ਫ਼ੌਜ ਸਵੇਰੇ ਤੜਕੇ ਉੱਠ ਕੇ ਤਕੌਅ ਦੀ ਉਜਾੜ ਵਿੱਚ ਚੱਲੇ ਗਈ। ਉਨ੍ਹਾਂ ਦੇ ਜਾਣ ਲੱਗਿਆਂ ਯਹੋਸ਼ਾਫ਼ਾਟ ਨੇ ਖਲੋਅ ਕੇ ਆਖਿਆ, “ਹੇ ਯਹੂਦਾਹ ਤੇ ਯਰੂਸ਼ਲਮ ਦੇ ਵਸਨੀਕੋ, ਸੁਣੋ! ਯਹੋਵਾਹ ਆਪਣੇ ਪਰਮੇਸ਼ੁਰ ਉੱਪਰ ਭਰੋਸਾ ਰੱਖੋ, ਤਾਂ ਤੁਸੀਂ ਕਾਇਮ ਰਹੋਂਗੇ। ਯਹੋਵਾਹ ਦੇ ਨਬੀਆਂ ਉੱਪਰ ਵਿਸ਼ਵਾਸ ਕਰੋ ਤਾਂ ਤੁਹਾਨੂੰ ਕਾਮਯਾਬੀ ਮਿਲੇਗੀ।”
21 ਯਹੋਸ਼ਾਫ਼ਾਟ ਨੇ ਆਪਣੇ ਲੋਕਾਂ ਨੂੰ ਹਿਦਾਇਤਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਉਤਸਾਹਿਤ ਕੀਤਾ। ਫਿਰ ਉਸ ਨੇ ਯਹੋਵਾਹ ਦੀ ਉਸਤਤ ਕਰਨ ਲਈ ਕਿ ਉਹ ਪਵਿੱਤਰ ਹੈ ਗੱਵਯਾਂ ਨੂੰ ਚੁਣਿਆ। ਉਹ ਫ਼ੌਜ ਦੇ ਅੱਗੇ-ਅੱਗੇ ਚੱਲਦੇ ਅਤੇ ਉਸ ਦੀ ਉਸਤਤ ’ਚ ਗੀਤ ਗਾਉਂਦੇ ਅਤੇ ਆਖਦੇ,
“ਯਹੋਵਾਹ ਦੀਆਂ ਉਸਤਤਾਂ ਗਾਓ ਜਿਵੇਂ
ਕਿ ਉਸਦਾ ਅਟੱਲ ਪਿਆਰ ਹਮੇਸ਼ਾ ਲਈ ਸਥਿਰ ਹੈ!”
22 ਜਦੋਂ ਉਹ ਯਹੋਵਾਹ ਦੀਆਂ ਉਸਤਤਾਂ ਗਾਉਣ ਲੱਗੇ, ਤਾਂ ਯਹੋਵਾਹ ਨੇ ਅੰਮੋਨੀਆਂ, ਮੋਆਬੀਆਂ ਅਤੇ ਸਈਰ ਪਰਬਤ ਦੇ ਲੋਕਾਂ ਉੱਪਰ ਜਿਹੜੇ ਯਹੂਦਾਹ ਤੇ ਹਮਲਾ ਕਰਨ ਲਈ ਆ ਰਹੇ ਸਨ, ਘਾਤ ਲਗਾ ਲਈ, ਤਾਂ ਜੋ ਸਾਰੀਆਂ ਫ਼ੌਜਾਂ ਹਾਰ ਗਈਆਂ। 23 ਕਿਉਂ ਕਿ ਅੰਮੋਨੀ ਤੇ ਮੋਆਬੀ ਸਈਰ ਦੇ ਵਸਨੀਕਾਂ ਦੇ ਟਾਕਰੇ ਵਿੱਚ ਖਲੋ ਗਏ ਤਾਂ ਕਿ ਉਨ੍ਹਾਂ ਨੂੰ ਕਤਲ ਕਰਕੇ ਖਤਮ ਕਰ ਦੇਣ। ਜਦ ਉਹ ਸਈਰ ਦੇ ਵਸਨੀਕਾਂ ਦਾ ਖਾਤਮਾ ਕਰ ਚੁੱਕੇ ਤਾਂ ਉਹ ਆਪਸ ਵਿੱਚ ਇੱਕ ਦੂਜੇ ਨੂੰ ਵੱਢਣ ਲੱਗ ਪਏ।
24 ਜਦੋਂ ਯਹੂਦਾਹ ਦੇ ਲੋਕਾਂ ਨੇ ਉਜਾੜ ਦੇ ਬੁਰਜ ਉੱਤੇ ਪਹੁੰਚ ਕੇ ਉਸ ਵੱਡੀ ਫ਼ੌਜ ਨੂੰ ਵੇਖਿਆ ਤਾਂ ਉਨ੍ਹਾਂ ਨੂੰ ਉੱਥੇ ਸਿਰਫ਼ ਲੋਥਾਂ ਨਜ਼ਰ ਆਈਆਂ, ਜੋ ਕਿ ਧਰਤੀ ਉੱਪਰ ਢੇਰੀ ਹੋਈਆਂ ਪਈਆਂ ਸਨ ਅਤੇ ਉਨ੍ਹਾਂ ਵਿੱਚੋਂ ਕੋਈ ਵੀ ਨਾ ਬਚਿਆ। 25 ਜਦੋਂ ਯਹੋਸ਼ਾਫ਼ਾਟ ਅਤੇ ਉਸ ਦੇ ਲੋਕ ਉਨ੍ਹਾਂ ਦਾ ਮਾਲ ਲੁੱਟਣ ਲਈ ਆਏ ਤਾਂ ਉਨ੍ਹਾਂ ਨੂੰ ਲੋਥਾਂ ਉੱਪਰ ਇੰਨਾ ਮਾਲ ਖਜ਼ਾਨਾ ਅਤੇ ਬਹੁਕੀਮਤੀ ਵਸਤਾਂ ਮਿਲੀਆਂ ਕਿ ਉਨ੍ਹਾਂ ਤੋਂ ਚੁੱਕ ਕੇ ਲਿਜਾਈਆਂ ਨਾ ਜਾ ਸੱਕੀਆਂ। ਲੁੱਟ ਦਾ ਮਾਲ ਇੰਨਾ ਸੀ ਕਿ ਉਹ ਤਿੰਨ ਦਿਨ ਉਸ ਨੂੰ ਲੁੱਟਦੇ ਰਹੇ। 26 ਚੌਥੇ ਦਿਨ ਬਰਾਕਾਹ ਦੀ ਵਾਦੀ ਵਿੱਚ ਉਹ ਇਕੱਠੇ ਹੋਏ ਅਤੇ ਉਸ ਥਾਵੇਂ ਉਨ੍ਹਾਂ ਨੇ ਯਹੋਵਾਹ ਦੀ ਉਸਤਤ ਕੀਤੀ। ਇਸੇ ਲਈ ਅੱਜ ਵੀ ਲੋਕ ਉਸ ਥਾਂ ਨੂੰ “ਬਰਾਕਾਹ ਦੀ ਵਾਦੀ” ਆਖਦੇ ਹਨ।
27 ਤਦ ਯਹੋਸ਼ਾਫ਼ਾਟ ਦੇ ਪਿੱਛੇ-ਪਿੱਛੇ ਸਾਰੇ ਯਹੂਦਾਹ ਅਤੇ ਯਰੂਸ਼ਲਮ ਦੇ ਲੋਕ ਆਪੋ-ਆਪਣੇ ਘਰਾਂ ਨੂੰ ਪਰਤੇ। ਯਰੂਸ਼ਲਮ ਵੱਲ ਨੂੰ ਪਰਤਦਿਆਂ ਯਹੋਵਾਹ ਨੇ ਦੁਸ਼ਮਣਾਂ ਨੂੰ ਹਾਰ ਦੇਣ ਕਾਰਣ ਆਪਣੇ ਲੋਕਾਂ ਵਿੱਚ ਜਸ਼ਨ ਮਨਾਇਆ। 28 ਇਉਂ ਉਹ ਜਸ਼ਨ ਮਨਾਉਂਦੇ ਰਬਾਬ, ਬਰਬਤਾਂ ਅਤੇ ਤੁਰ੍ਹੀਆਂ ਵਜਾਉਂਦੇ ਯਰੂਸ਼ਲਮ ਵਿੱਚ ਯਹੋਵਾਹ ਦੇ ਮੰਦਰ ਵਿੱਚ ਆਏ।
29 ਤਦ ਯਹੋਵਾਹ ਦਾ ਡਰ ਉਨ੍ਹਾਂ ਦੇਸ਼ਾਂ ਦੇ ਸਾਰੇ ਰਾਜਾਂ ਉੱਪਰ ਪੈ ਗਿਆ, ਜਦੋਂ ਉਨ੍ਹਾਂ ਇਹ ਸੁਣਿਆ ਕਿ ਇਸਰਾਏਲ ਦੇ ਵੈਰੀਆਂ ਨਾਲ ਯਹੋਵਾਹ ਨੇ ਲੜਾਈ ਕੀਤੀ ਹੈ। 30 ਇਸੇ ਕਾਰਣ ਯਹੋਸ਼ਾਫ਼ਾਟ ਦੇ ਰਾਜ ਵਿੱਚ ਅਮਨ-ਚੈਨ ਰਿਹਾ ਅਤੇ ਉਸ ਦੇ ਪਰਮੇਸ਼ੁਰ ਨੇ ਉਸ ਨੂੰ ਉਸ ਦੇ ਚਾਰੋ ਪਾਸਿਓ ਅਮਨ ਸ਼ਾਂਤੀ ਬਹਾਲ ਕੀਤੀ।
ਯਹੋਸ਼ਾਫ਼ਾਟ ਦੇ ਰਾਜ ਦਾ ਅੰਤ
31 ਯਹੋਸ਼ਾਫ਼ਾਟ ਨੇ ਯਹੂਦਾਹ ਉੱਪਰ ਰਾਜ ਕੀਤਾ। ਜਦੋਂ ਉਹ ਰਾਜ ਕਰਨ ਲੱਗਾ ਤਦ ਉਹ 35 ਸਾਲਾਂ ਦਾ ਸੀ ਅਤੇ ਉਸ ਨੇ ਯਰੂਸ਼ਲਮ ਵਿੱਚ 25 ਵਰ੍ਹੇ ਰਾਜ ਕੀਤਾ। ਉਸਦੀ ਮਾਂ ਦਾ ਨਾਂ ਅਜ਼ੂਬਾਹ ਸੀ, ਜੋ ਕਿ ਸ਼ਿਲਹੀ ਦੀ ਧੀ ਸੀ। 32 ਯਹੋਸ਼ਾਫ਼ਾਟ ਆਪਣੇ ਪਿਤਾ ਆਸਾ ਦੇ ਰਾਹ ਤੇ ਚੱਲਿਆ। ਉਹ ਆਪਣੇ ਪਿਤਾ ਦੇ ਰਾਹ ਤੋਂ ਡੋਲਿਆ ਨਹੀਂ ਅਤੇ ਉਹੀ ਕੰਮ ਕੀਤੇ ਜੋ ਯਹੋਵਾਹ ਦੀ ਨਿਗਾਹ ਵਿੱਚ ਸਹੀ ਸਨ। 33 ਪਰ ਉੱਚੀਆਂ ਥਾਵਾਂ ਨੂੰ ਹਟਾਇਆ ਨਾ ਗਿਆ, ਕਿਉਂ ਕਿ ਅਜੇ ਲੋਕਾਂ ਨੇ ਆਪਣੇ ਪੁਰਖਿਆਂ ਦੇ ਪਰਮੇਸ਼ੁਰ ਨਾਲ ਦਿਲ ਨਹੀਂ ਲਗਾਇਆ ਸੀ।
34 ਯਹੋਸ਼ਾਫ਼ਾਟ ਨੇ ਹੋਰ ਜਿਹੜੇ ਕਾਰਜ ਕੀਤੇ ਉਸ ਦੇ ਆਦਿ ਤੋਂ ਅੰਤ ਤੀਕ ਦੇ ਕੰਮ ਹਨਾਨੀ ਦੇ ਪੁੱਤਰ ਯੇਹੂ ਦੇ ਇਤਹਾਸ ਵਿੱਚ ਲਿਖੇ ਹਨ ਜੋ ਕਿ ਇਸਰਾਏਲ ਦੇ ਪਾਤਸ਼ਾਹ ਦੇ ਇਤਹਾਸ ਦੀ ਪੋਥੀ ਵਿੱਚ ਦਰਜ ਹਨ।
35 ਇਸ ਉਪਰੰਤ ਯਹੂਦਾਹ ਦੇ ਪਾਤਸ਼ਾਹ ਯਹੋਸ਼ਾਫ਼ਾਟ ਨੇ ਇਸਰਾਏਲ ਦੇ ਪਾਤਸ਼ਾਹ ਅਹਜ਼ਯਾਹ ਨਾਲ ਮੇਲ ਕੀਤਾ। ਅਹਜ਼ਯਾਹ ਨੇ ਬਹੁਤ ਬੁਰਿਆਈ ਕੀਤੀ। 36 ਯਹੋਸ਼ਾਫ਼ਾਟ ਨੇ ਅਹਜ਼ਯਾਹ ਨਾਲ ਮੇਲ ਇਸ ਲਈ ਕੀਤਾ ਕਿ ਤਰਸ਼ੀਸ਼ ਨੂੰ ਜਾਣ ਲਈ ਜਹਾਜ਼ ਬਣਾਏ ਜਾਣ। ਉਨ੍ਹਾਂ ਨੇ ਅਸਯੋਨ-ਗ਼ਬਰ ਵਿੱਚ ਜਹਾਜ਼ ਬਣਾਏ। 37 ਤਦ ਮਾਰੇਸ਼ਾਹ ਤੋਂ ਦੋਦਾਵਾਹ ਦੇ ਪੁੱਤਰ ਅਲੀਅਜ਼ਰ ਨੇ, ਯਹੋਸ਼ਾਫ਼ਾਟ ਦੇ ਵਿਰੁੱਧ ਅਗੰਮ ਵਾਕ ਕੀਤਾ ਅਤੇ ਆਖਿਆ, “ਕਿਉਂ ਕਿ ਤੂੰ ਅਹਜ਼ਯਾਹ ਨਾਲ ਜੁੜ ਗਿਆ ਇਸ ਲਈ ਯਹੋਵਾਹ ਤੇਰੇ ਬਣਾਏ ਸਭ ਕਾਸੇ ਨੂੰ ਤਬਾਹ ਕਰ ਦੇਵੇਗਾ।” ਜਹਾਜ਼ ਤਬਾਹ ਹੋ ਗਏ ਅਤੇ ਇਸ ਲਈ ਯਹੋਸ਼ਾਫ਼ਾਟ ਅਤੇ ਅਹਜ਼ਯਾਹ ਉਨ੍ਹਾਂ ਨੂੰ ਤਰਸ਼ੀਸ਼ ਨੂੰ ਨਾ ਭੇਜ ਸੱਕੇ।
21 ਤਦ ਯਹੋਸ਼ਾਫ਼ਾਟ ਦੀ ਮੌਤ ਹੋ ਗਈ ਅਤੇ ਉਹ ਆਪਣੇ ਪੁਰਖਿਆਂ ਦੇ ਕੋਲ ਹੀ ਦਫ਼ਨਾਇਆ ਗਿਆ। ਉਸ ਨੂੰ ਦਾਊਦ ਦੇ ਸ਼ਹਿਰ ਵਿੱਚ ਦਫ਼ਨਾਇਆ ਗਿਆ ਤੇ ਉਸਦੀ ਥਾਵੇਂ ਉਸਦਾ ਪੁੱਤਰ ਯਹੋਰਾਮ ਰਾਜ ਕਰਨ ਲੱਗਾ। 2 ਯਹੋਸ਼ਾਫ਼ਾਟ ਦੇ ਪੁੱਤਰ ਅਜ਼ਰਯਾਹ, ਯਹੀਏਲ, ਜ਼ਕਰਯਾਹ, ਅਜ਼ਰਯਾਹ, ਮੀਕਾਏਲ ਅਤੇ ਸਫ਼ਟਯਾਹ ਸਨ। ਇਹ ਸਾਰੇ ਇਸਰਾਏਲ ਦੇ ਪਾਤਸ਼ਾਹ ਯਹੋਸ਼ਾਫ਼ਾਟ ਦੇ ਪੁੱਤਰ ਅਤੇ ਯਹੋਰਾਮ ਦੇ ਭਰਾ ਸਨ। 3 ਯਹੋਸ਼ਾਫ਼ਾਟ ਨੇ ਆਪਣੇ ਪੁੱਤਰਾਂ ਨੂੰ ਸੋਨਾ-ਚਾਂਦੀ, ਬਹੁ-ਮੁੱਲੀਆਂ ਵਸਤਾਂ ਦੇ ਵੱਡੇ ਇਨਾਮ ਅਤੇ ਯਹੂਦਾਹ ਦੇ ਗੜ੍ਹ ਵਾਲੇ ਸ਼ਹਿਰ ਦਿੱਤੇ ਪਰ ਰਾਜ ਯਹੋਰਾਮ ਨੂੰ ਦਿੱਤਾ। ਕਿਉਂ ਕਿ ਯਹੋਰਾਮ ਉਸਦਾ ਸਭ ਤੋਂ ਵੱਡਾ ਪੁੱਤਰ ਸੀ।
ਯਹੂਦਾਹ ਦਾ ਪਾਤਸ਼ਾਹ ਯਹੋਰਾਮ
4 ਯਹੋਰਾਮ ਨੇ ਆਪਣੇ ਪਿਤਾ ਦਾ ਰਾਜ ਸੰਭਾਲ ਕੇ ਆਪਣੇ-ਆਪ ਨੂੰ ਮਜ਼ਬੂਤ ਕੀਤਾ। ਫ਼ਿਰ ਉਸ ਨੇ ਆਪਣੇ ਸਾਰੇ ਭਰਾਵਾਂ ਨੂੰ ਤਲਵਾਰ ਨਾਲ ਵੱਢ ਸੁੱਟਿਆ। ਇਹੀ ਨਹੀਂ ਉਸ ਨੇ ਇਸਰਾਏਲ ਦੇ ਕਈ ਆਗੂਆਂ ਨੂੰ ਵੀ ਵੱਢ ਸੁੱਟਿਆ। 5 ਜਦੋਂ ਯਹੋਰਾਮ ਰਾਜ ਕਰਨ ਲੱਗਾ ਉਹ 32 ਵਰ੍ਹਿਆਂ ਦਾ ਸੀ। ਉਸ ਨੇ ਯਰੂਸ਼ਲਮ ਵਿੱਚ ਅੱਠ ਸਾਲ ਰਾਜ ਕੀਤਾ। 6 ਯਹੋਰਾਮ ਅਹਾਬ ਦੇ ਘਰਾਣੇ ਵਾਂਗ ਇਸਰਾਏਲ ਦੇ ਪਾਤਸ਼ਾਹ ਦੇ ਰਾਹਾਂ ਉੱਪਰ ਹੀ ਤੁਰਿਆ ਕਿਉਂ ਕਿ ਉਹ ਅਹਾਬ ਦੀ ਧੀ ਨਾਲ ਵਿਆਹਿਆ ਸੀ ਅਤੇ ਉਸ ਨੇ ਉਹੀ ਕੁਝ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਬਦ ਸੀ। 7 ਪਰ ਯਹੋਵਾਹ ਦਾਊਦ ਦੇ ਘਰਾਣੇ ਨੂੰ ਨਸ਼ਟ ਨਹੀਂ ਕਰੇਗਾ। ਕਿਉਂ ਕਿ ਉਸ ਨੇ ਦਾਊਦ ਨਾਲ ਇਕਰਾਰਨਾਮਾ ਕੀਤਾ ਸੀ ਕਿ ਹਮੇਸ਼ਾ ਉਸ ਦੇ ਪਰਿਵਾਰ ਵਿੱਚੋਂ ਇੱਕ ਆਦਮੀ ਪਾਤਸ਼ਾਹ ਬਣੇਗਾ।
8 ਯਹੋਰਾਮ ਦੇ ਸਮੇਂ ਅਦੋਮੀ ਯਹੂਦਾਹ ਦੇ ਰਾਜ ਤੋਂ ਆਕੀ ਹੋ ਗਏ ਅਤੇ ਉਨ੍ਹਾਂ ਆਪਣਾ ਇੱਕ ਹੋਰ ਪਾਤਸ਼ਾਹ ਆਪੇ ਠਹਿਰਾ ਲਿਆ। 9 ਤਦ ਯਹੋਰਾਮ ਆਪਣੇ ਸਰਦਾਰਾਂ ਅਤੇ ਸਾਰੇ ਰਥਾਂ ਨੂੰ ਲੈ ਕੇ ਬਾਹਰ ਨਿਕਲਿਆ ਅਤੇ ਰਾਤ ਨੂੰ ਉੱਠ ਕੇ ਉਨ੍ਹਾਂ ਅਦੋਮੀਆਂ ਨੂੰ, ਜਿਨ੍ਹਾਂ ਨੇ ਉਸ ਨੂੰ ਉਸ ਦੇ ਰਥਾਂ ਨੂੰ ਅਤੇ ਸਰਦਾਰਾਂ ਨੂੰ ਘੇਰ ਲਿਆ ਸੀ, ਮਾਰ ਦਿੱਤਾ। 10 ਉਸ ਸਮੇਂ ਤੋਂ ਹੁਣ ਤੀਕ, ਅਦੋਮ ਯਹੂਦਾਹ ਦੇ ਵਿਰੁੱਧ, ਵਿਦ੍ਰੋਹੀ ਹੈ। ਲਿਬਨਾਹ ਨਗਰ ਦੇ ਲੋਕਾਂ ਨੇ ਵੀ ਯਹੋਰਾਮ ਦੇ ਵਿਰੁੱਧ ਬਗਾਵਤ ਕਰ ਦਿੱਤੀ। ਇਹ ਇਸ ਲਈ ਵਾਪਰਿਆ ਕਿਉਂ ਕਿ ਯਹੋਰਾਮ ਨੇ ਆਪਣੇ ਪੁਰਖਿਆਂ ਦੇ ਯਹੋਵਾਹ ਪਰਮੇਸ਼ੁਰ ਨੂੰ ਛੱਡ ਦਿੱਤਾ ਸੀ। 11 ਯਹੋਰਾਮ ਨੇ ਯਹੂਦਾਹ ਦੇ ਪਰਬਤਾਂ ਉੱਪਰ ਉੱਚੇ ਅਸਥਾਨ ਬਣਾਏ ਅਤੇ ਯਰੂਸ਼ਲਮ ਦੇ ਵਾਸੀਆਂ ਨੂੰ ਵਿਭਚਾਰੀ ਬਣਾਇਆ ਅਤੇ ਯਹੂਦਾਹ ਦੇ ਲੋਕਾਂ ਨੂੰ ਯਹੋਵਾਹ ਦੇ ਰਾਹ ਤੋਂ ਗੁਮਰਾਹ ਕੀਤਾ।
12 ਯਹੋਰਾਮ ਨੂੰ ਏਲੀਯਾਹ ਨਬੀ ਵੱਲੋਂ ਇੱਕ ਸੰਦੇਸ਼ ਆਇਆ ਕਿ,
“ਯਹੋਵਾਹ ਪਰਮੇਸ਼ੁਰ ਤੇਰੇ ਬਾਰੇ ਇਉਂ ਫ਼ਰਮਾਉਂਦਾ ਹੈ: ਉਹ ਯਹੋਵਾਹ ਜਿਸ ਨੂੰ ਤੇਰੇ ਪੁਰਖੇ ਦਾਊਦ ਨੇ ਮੰਨਿਆ, ਤਾਂ ਯਹੋਰਾਮ ਨਾ ਤਾਂ ਤੂੰ ਉਸ ਯਹੋਵਾਹ ਨੂੰ ਜਿਵੇਂ ਤੇਰੇ ਪਿਤਾ ਯਹੋਸ਼ਾਫ਼ਾਟ ਨੇ ਮੰਨਿਆ ਸੀ ਤੂੰ ਅਮਲ ਕੀਤਾ ਤੇ ਨਾ ਹੀ ਤੂੰ ਆਪਣੇ ਯਹੂਦਾਹ ਦੇ ਪਾਤਸ਼ਾਹ ਆਸਾ ਦੇ ਰਾਹ ਉੱਪਰ ਤੁਰਿਆ। 13 ਸਗੋਂ ਤੂੰ ਇਸਰਾਏਲ ਦੇ ਪਾਤਸ਼ਾਹਾਂ ਦੇ ਜੀਵਨ ਰਾਹ ਉੱਪਰ ਤੁਰਿਆ ਅਤੇ ਯਹੂਦਾਹ ਅਤੇ ਯਰੂਸ਼ਲਮ ਦੇ ਵਾਸੀਆਂ ਨੂੰ ਵਿਭਚਾਰੀ ਬਣਾਇਆ ਜਿਵੇਂ ਕਿ ਅਹਾਬ ਦੇ ਘਰਾਣੇ ਨੇ ਕੀਤਾ ਸੀ। ਤੇਰੇ ਭਰਾ ਤੇਰੇ ਕੋਲੋਂ ਚੰਗੇ ਸਨ ਤੇ ਤੂੰ ਉਨ੍ਹਾਂ ਨੂੰ ਵੀ ਵੱਢ ਸੁੱਟਿਆ। 14 ਇਸ ਲਈ ਹੁਣ ਇਸ ਤੋਂ ਵੱਡੀ ਸਜ਼ਾ ਯਹੋਵਾਹ ਤੇਰੇ ਲੋਕਾਂ ਨੂੰ ਦੇਵੇਗਾ। ਸੋ ਵੇਖ, ਯਹੋਵਾਹ ਤੇਰੇ ਲੋਕਾਂ ਨੂੰ, ਤੇਰੇ ਪੁੱਤਰਾਂ ਨੂੰ ਅਤੇ ਤੇਰੀਆਂ ਰਾਣੀਆਂ ਨੂੰ ਵੱਡੀ ਬਿਮਾਰੀ ਨਾਲ ਮਾਰੇਗਾ। ਅਤੇ ਸਾਰੀ ਸੰਪਤੀ ਦਾ ਨਾਸ ਕਰੇਗਾ। 15 ਤੂੰ ਆਂਤੜੀਆਂ ਦੇ ਰੋਗ ਨਾਲ ਸਖਤ ਬੀਮਾਰ ਹੋ ਜਾਵੇਂਗਾ, ਇੱਥੋਂ ਤੀਕ ਕਿ ਤੇਰੀਆਂ ਆਂਤੜੀਆਂ ਹਰ ਰੋਜ਼ ਬੀਮਾਰੀ ਕਾਰਣ ਤੇਰੇ ਸ਼ਰੀਰ ਚੋ ਬਾਹਰ ਨਿਕਲਦੀਆਂ ਜਾਣਗੀਆਂ।”
16 ਯਹੋਰਾਮ ਦੇ ਵਿਰੁੱਧ ਯਹੋਵਾਹ ਨੇ ਫ਼ਲਿਸਤੀਆਂ ਅਤੇ ਉਨ੍ਹਾਂ ਅਰਬੀਆਂ ਦੇ ਜੋ ਕੂਸ਼ੀਆਂ ਦੇ ਵੱਲ ਰਹਿੰਦੇ ਸਨ ਕ੍ਰੋਧਿਤ ਕੀਤਾ। 17 ਉਨ੍ਹਾਂ ਲੋਕਾਂ ਨੇ ਯਹੂਦਾਹ ਉੱਪਰ ਹਮਲਾ ਕੀਤਾ ਅਤੇ ਉਹ ਸਾਰਾ ਯਹੋਰਾਮ ਦਾ ਖਜ਼ਾਨਾ, ਧਨ ਦੌਲਤ ਲੁੱਟ ਕੇ ਲੈ ਗਏ। ਉਹ ਯਹੋਰਾਮ ਦੇ ਮਹਿਲ ਦਾ ਸਾਰਾ ਮਾਲ, ਪਤਨੀਆਂ ਅਤੇ ਬੱਚੇ ਸਭ ਲੁੱਟ ਕੇ ਲੈ ਗਏ। ਸਿਰਫ਼ ਯਹੋਰਾਮ ਦਾ ਸਭ ਤੋਂ ਛੋਟਾ ਲੜਕਾ ਬਚ ਗਿਆ। ਉਸ ਦੇ ਸਭ ਤੋਂ ਛੋਟੇ ਪੁੱਤਰ ਦਾ ਨਾਂ ਯਹੋਆਹਾਜ਼ ਸੀ।
18 ਇਸ ਉਪਰੰਤ ਯਹੋਵਾਹ ਨੇ ਯਹੋਰਾਮ ਨੂੰ ਆਂਤੜੀਆਂ ਦੇ ਰੋਗ ਨਾਲ ਅਜਿਹਾ ਪੀੜਿਤ ਕੀਤਾ ਕਿ ਉਹ ਮੁੜ ਕਦੇ ਵੀ ਰਾਜੀ ਨਾ ਹੋ ਸੱਕਿਆ। 19 ਇਉਂ 2 ਸਾਲਾਂ ਵਿੱਚ ਹੀ ਬਿਮਾਰੀ ਨਾਲ ਉਸ ਦੀਆਂ ਆਂਦਰਾਂ ਬਾਹਰ ਨਿਕਲ ਆਈਆਂ ਅਤੇ ਉਹ ਬੜਾ ਕਰਾਹ-ਕਰਾਹ ਕੇ ਮਰਿਆ ਅਤੇ ਲੋਕਾਂ ਨੇ ਉਸ ਦੇ ਮਰਨ ਤੇ ਅੱਗ ਨਾ ਬਾਲੀ ਜਿਵੇਂ ਕਿ ਉਹ ਉਸ ਦੇ ਵੱਡੇਰਿਆਂ ਦੇ ਮਰਨ ਤੇ ਬਾਲਦੇ ਸਨ। 20 ਯਹੋਰਾਮ ਜਦੋਂ ਸਿੰਘਾਸਣ ਤੇ ਬੈਠਾ ਤਾਂ ਉਹ 32 ਵਰ੍ਹਿਆਂ ਦਾ ਸੀ। ਉਸ ਨੇ 8 ਵਰ੍ਹੇ ਪਾਤਸ਼ਾਹੀ ਕੀਤੀ ਪਰ ਜਦੋਂ ਉਹ ਮਰਿਆ ਤਾਂ ਕੋਈ ਵੀ ਮਨੁੱਖ ਦੁੱਖੀ ਜਾਂ ਉਦਾਸ ਨਹੀਂ ਹੋਇਆ। ਲੋਕਾਂ ਨੇ ਉਸ ਨੂੰ ਦਾਊਦ ਦੇ ਸ਼ਹਿਰ ’ਚ ਦਫ਼ਨਾਇਆ ਪਰ ਉਨ੍ਹਾਂ ਨੇ ਉਸ ਨੂੰ ਵੈਸੀਆਂ ਕਬਰਾਂ ਵਿੱਚ ਨਾ ਦਫ਼ਨਾਇਆ ਜੈਸੀਆਂ ਪਾਤਸ਼ਾਹਾਂ ਦੀਆਂ ਹੁੰਦੀਆਂ ਹਨ।
ਯਹੂਦਾਹ ਦਾ ਪਾਤਸ਼ਾਹ ਅਹਜ਼ਯਾਹ
22 ਯਰੂਸ਼ਲਮ ਦੇ ਲੋਕਾਂ ਨੇ ਯਹੋਰਾਮ ਤੋਂ ਬਾਅਦ ਅਹਜ਼ਯਾਹ ਨੂੰ ਨਵਾਂ ਪਾਤਸ਼ਾਹ ਚੁਣਿਆ। ਉਹ ਯਹੋਰਾਮ ਦਾ ਸਭ ਤੋਂ ਛੋਟਾ ਪੁੱਤਰ ਸੀ। ਉਹ ਲੋਕ ਜੋ ਅਰਬੀ ਲੋਕਾਂ ਨਾਲ ਯਹੋਰਾਮ ਦੀ ਛਾਉਣੀ ਵਿੱਚ ਹਮਲਾ ਕਰਨ ਆਏ ਸਨ ਉਨ੍ਹਾਂ ਨੇ ਯਹੋਰਾਮ ਦੇ ਸਾਰੇ ਵੱਡੇ ਪੁੱਤਰਾਂ ਨੂੰ ਵੱਢ ਸੁੱਟਿਆ ਸੀ। ਸਿਰਫ਼ ਅਹਜ਼ਯਾਹ ਬੱਚਿਆਂ ਸੀ ਤਾਂ ਫ਼ਿਰ ਉਸ ਨੇ ਯਹੂਦਾਹ ਵਿੱਚ ਰਾਜ ਕਰਨਾ ਸ਼ੁਰੂ ਕਰ ਦਿੱਤਾ। 2 ਅਹਜ਼ਯਾਹ ਨੇ ਜਦੋਂ ਰਾਜ ਕਰਨਾ ਸ਼ੁਰੂ ਕੀਤਾ ਉਹ 22 ਵਰ੍ਹਿਆਂ ਦਾ ਸੀ। ਉਸ ਨੇ ਯਰੂਸ਼ਲਮ ਵਿੱਚ ਇੱਕ ਵਰ੍ਹਾ ਰਾਜ ਕੀਤਾ। ਉਸਦੀ ਮਾਤਾ ਦਾ ਨਾਉਂ ਅਥਲਯਾਹ ਸੀ ਜੋ ਆਮਰੀ ਦੀ ਧੀ ਸੀ। 3 ਅਹਜ਼ਆਹ ਵੀ ਅਹਾਬ ਦੇ ਘਰਾਣੇ ਦੇ ਰਾਹਾਂ ਤੇ ਹੀ ਤੁਰਿਆ। ਉਹ ਆਪਣੀ ਮਾਂ ਦੀ ਸ਼ੈਹ ਤੇ ਇਨ੍ਹਾਂ ਰਾਹਾਂ ਤੇ ਤੁਰਿਆ। 4 ਅਹਜ਼ਆਹ ਨੇ ਉਹ ਕੰਮ ਕੀਤੇ ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜੇ ਸਨ। ਜਿਵੇਂ ਅਹਾਬ ਦੇ ਘਰਾਣੇ ਨੇ ਮਾੜੇ ਕੰਮ ਕੀਤੇ ਉਵੇਂ ਹੀ ਉਸ ਨੇ ਵੀ ਕੀਤੇ ਕਿਉਂ ਕਿ ਅਹਜ਼ਯਾਹ ਦੇ ਪਿਤਾ ਦੇ ਮਰਨ ਉਪਰੰਤ ਅਹਾਬ ਦੇ ਘਰਾਣੇ ਨੇ ਹੀ ਉਨ੍ਹਾਂ ਨੂੰ ਸਲਾਹ ਮਸ਼ਵਰਾਂ ਦਿੱਤਾ। ਤਾਂ ਉਨ੍ਹਾਂ ਨੇ ਅਹਜਯਾਹ ਨੂੰ ਬੁਰੀ ਸਲਾਹ ਦਿੱਤੀ ਜਿਹੜੀ ਕਿ ਉਸਦੀ ਮੌਤ ਦਾ ਕਾਰਣ ਬਣੀ। 5 ਅਹਜ਼ਆਹ ਅਹਾਬ ਦੇ ਪਰਿਵਾਰ ਦੀ ਸਲਾਹ ਉੱਪਰ ਚੱਲਿਆ। ਉਸ ਨੇ ਇਸਰਾਏਲ ਦੇ ਪਾਤਸ਼ਾਹ ਅਹਾਬ ਦੇ ਪੁੱਤਰ ਯਹੋਰਾਮ ਸਮੇਤ ਅਰਾਮ ਦੇ ਪਾਤਸ਼ਾਹ ਹਜ਼ਾਏਲ ਨਾਲ ਰਾਮੋਥ-ਗਿਲਆਦ ਵਿੱਚ ਲੜਨ ਲਈ ਗਿਆ ਅਤੇ ਅਰਾਮੀਆਂ ਨੇ ਯੋਰਾਮ ਨੂੰ ਲੜਾਈ ਵਿੱਚ ਜ਼ਖਮੀ ਕੀਤਾ। 6 ਯੋਰਾਮ ਆਪਣੇ ਇਲਾਜ ਲਈ ਯਿਜ਼ਰਾਏਲ ਨੂੰ ਗਿਆ। ਕਿਉਂ ਕਿ ਉਹ ਰਾਮਾਹ ਵਿੱਚ ਅਰਾਮ ਦੇ ਪਾਤਸ਼ਾਹ ਹਜ਼ਾਏਲ ਦੇ ਵਿਰੁੱਧ ਲੜਦੇ ਸਮੇਂ ਜ਼ਖਮੀ ਹੋ ਗਿਆ ਸੀ। ਯਹੂਦਾਹ ਦਾ ਪਾਤਸ਼ਾਹ ਯਹੋਰਾਮ ਦਾ ਪੁੱਤਰ ਅਹਜ਼ਯਾਹ, ਅਹਾਬ ਦੇ ਪੁੱਤਰ ਯੋਰਾਮ ਨੂੰ ਯਿਜ਼ਰਏਲ ਵਿੱਚ ਵੇਖਣ ਲਈ ਗਿਆ ਕਿਉਂ ਕਿ ਉਹ ਜ਼ਖਮੀ ਸੀ।
7 ਪਰਮੇਸ਼ੁਰ ਨੇ ਅਹਜਯਾਹ ਨੂੰ ਮਾਰ ਦਿੱਤਾ ਜਦੋਂ ਉਹ ਯਹੋਰਾਮ ਨੂੰ ਉਸ ਦੇ ਘਰ ਮਿਲਣ ਲਈ ਗਿਆ। ਜਦੋਂ ਅਹਜਯਾਹ ਆਇਆ, ਉਹ ਯੋਰਾਮ ਨਾਲ ਨਿਮਸ਼ੀ ਦੇ ਪੁੱਤਰ ਯੇਹੂ ਕੋਲ ਗਿਆ, ਜਿਸ ਨੂੰ ਯਹੋਵਾਹ ਨੇ ਆਹਾਬ ਦੇ ਪਰਿਵਾਰ ਨੂੰ ਤਬਾਹ ਕਰਨ ਲਈ ਭੇਜਿਆ ਸੀ। 8 ਜਦੋਂ ਯੇਹੂ ਅਹਾਬ ਦੇ ਘਰਾਣੇ ਨੂੰ ਦੰਡ ਦੇ ਰਿਹਾ ਸੀ ਤਾਂ ਯੇਹੂ ਨੇ ਯਹੂਦਾਹ ਦੇ ਸਰਦਾਰਾਂ ਅਤੇ ਅਹਜ਼ਯਾਹ ਦੇ ਭਰਾਵਾਂ ਦੇ ਪੁੱਤਰਾਂ ਨੂੰ ਅਹਜ਼ਯਾਹ ਦੀ ਸੇਵਾ ਕਰਦਿਆਂ ਵੇਖਿਆ ਤਾਂ ਯੇਹੂ ਨੇ ਉਨ੍ਹਾਂ ਨੂੰ ਕਤਲ ਕਰ ਸੁੱਟਿਆ। 9 ਤਦ ਉਹ ਅਹਜ਼ਯਾਹ ਨੂੰ ਲੱਭਣ ਲੱਗਾ। ਉਸ ਦੇ ਆਦਮੀਆਂ ਨੇ ਉਸ ਨੂੰ ਸਾਮਰਿਯਾ ਸ਼ਹਿਰ ਵਿੱਚ ਲੁਕੇ ਹੋਏ ਨੂੰ ਲੱਭ ਲਿਆ। ਅਤੇ ਉਸ ਨੂੰ ਫ਼ੜ ਕੇ ਯੇਹੂ ਕੋਲ ਲੈ ਆਏ। ਉਨ੍ਹਾਂ ਨੇ ਅਹਜ਼ਯਾਹ ਨੂੰ ਵੱਢ ਕੇ ਤੇ ਦਫ਼ਨਾਅ ਦਿੱਤਾ। ਉਨ੍ਹਾਂ ਕਿਹਾ, “ਇਹ ਯਹੋਸ਼ਾਫ਼ਾਟ ਦਾ ਉੱਤਰਾਧਿਕਾਰੀ ਹੈ। ਯਹੋਸ਼ਫ਼ਾਟ ਪੂਰੇ ਦਿਲ ਨਾਲ ਯਹੋਵਾਹ ਦਾ ਚਾਹਵੰਦ ਰਿਹਾ ਹੈ।” ਅਹਜ਼ਯਾਹ ਦੇ ਪਰਿਵਾਰ ਕੋਲ ਯਹੂਦਾਹ ਦੇ ਰਾਜ ਨੂੰ ਮੁੜ ਸੰਭਾਲਣ ਦੀ ਸ਼ਕਤੀ ਨਾ ਰਹੀ।
ਅਥਲਯਾਹ ਰਾਣੀ
10 ਅਥਲਯਾਹ ਅਹਜ਼ਆਹ ਦੀ ਮਾਂ ਸੀ। ਜਦੋਂ ਉਸ ਨੇ ਆਪਣੇ ਪੁੱਤਰ ਨੂੰ ਮਰਿਆਂ ਵੇਖਿਆ ਤਾਂ ਉਸ ਨੇ ਯਹੂਦਾਹ ਘਰਾਣੇ ਦੇ ਸਾਰੇ ਵੰਸ਼ ਨੂੰ ਖਤਮ ਕਰ ਦਿੱਤਾ। 11 ਪਰ ਪਾਤਸ਼ਾਹ ਦੀ ਧੀ ਯਹੋਸ਼ਬਥ, ਅਹਜ਼ਯਾਹ ਦੇ ਪੁੱਤਰ ਯੋਆਸ਼ ਨੂੰ ਪਾਤਸ਼ਾਹ ਦੇ ਪੁੱਤਰਾਂ ਵਿੱਚੋਂ ਜੋ ਮਾਰੇ ਜਾ ਰਹੇ ਸਨ, ਚੋਰੀ ਲੈ ਗਈ ਅਤੇ ਉਸ ਨੇ ਯੋਆਸ਼ ਨੂੰ ਅਤੇ ਦਾਈ ਨੂੰ ਸੌਣ ਵਾਲੇ ਕਮਰੇ ਵਿੱਚ ਛੁਪਾ ਦਿੱਤਾ। ਸੋ ਯਹੋਰਾਮ ਪਾਤਸ਼ਾਹ ਦੀ ਧੀ ਯਹੋਯਾਦਾ ਜਾਜਕ ਦੀ ਔਰਤ ਯਹੋਸ਼ਬਥ ਨੇ ਜੋ ਅਹਜ਼ਯਾਹ ਦੀ ਭੈਣ ਸੀ ਉਸ ਨੂੰ ਅਥਲਯਾਹ ਤੋਂ ਅਜਿਹਾ ਲੁਕਾਇਆ ਕਿ ਉਹ ਉਸ ਨੂੰ ਕਤਲ ਨਾ ਕਰ ਸੱਕੀ। 12 ਯੋਆਸ਼ ਜਾਜਕਾਂ ਕੋਲ ਯਹੋਵਾਹ ਦੇ ਮੰਦਰ ਵਿੱਚ 6 ਸਾਲਾਂ ਸਮਾਂ ਤੀਕ ਲੁਕਿਆ ਰਿਹਾ ਕਿਉਂ ਕਿ ਉਸ ਵਕਤ ਤੀਕ ਉੱਥੇ ਅਥਲਯਾਹ ਦੇਸ ਉੱਪਰ ਰਾਜ ਕਰ ਰਹੀ ਸੀ।
ਯਹੋਯਾਦਾ ਜਾਜਕ ਅਤੇ ਯੋਆਸ਼ ਪਾਤਸ਼ਾਹ
23 ਸੱਤਵੇਂ ਸਾਲ ਵਿੱਚ, ਯਹੋਯਾਦਾ ਨੇ ਆਪਣੀ ਤਾਕਤ ਵਿਖਾਈ। ਉਸ ਨੇ ਕਪਤਾਨਾਂ ਨਾਲ ਇੱਕ ਇਕਰਾਰਨਾਮਾ ਕੀਤਾ। ਉਹ ਕਪਤਾਨ ਸਨ! ਯਹੋਰਾਮ ਦਾ ਪੁੱਤਰ ਅਜ਼ਰਯਾਹ, ਯਹੋਹਾਨਾਨ ਦਾ ਪੁੱਤਰ ਇਸ਼ਮਾਏਲ, ਓਬੇਦ ਦਾ ਪੁੱਤਰ ਅਜ਼ਰਯਾਹ ਤੇ ਅਦਾਯਾਹ ਦਾ ਪੁੱਤਰ ਮਅਸੇਯਾਹ ਅਤੇ ਜ਼ਿਕਰੀ ਦਾ ਪੁੱਤਰ ਅਲੀਸ਼ਾਫ਼ਾਟ। 2 ਉਹ ਸਾਰੇ ਯਹੂਦਾਹ ਸ਼ਹਿਰ ਵਿੱਚ ਫ਼ਿਰੇ ਅਤੇ ਉਸ ਦੇ ਸਾਰੇ ਸ਼ਹਿਰਾਂ ਵਿੱਚੋਂ ਲੇਵੀਆਂ ਨੂੰ ਤੇ ਇਸਰਾਏਲ ਦੇ ਘਰਾਣਿਆਂ ਦੇ ਮੁਖੀਆਂ ਨੂੰ ਇੱਕਤਰ ਕੀਤਾ। ਤਦ ਉਹ ਸਾਰੇ ਯਰੂਸ਼ਲਮ ਵਿੱਚ ਆਏ। 3 ਸਾਰੇ ਇੱਕਤਰ ਹੋਏ ਲੋਕਾਂ ਨੇ ਯਹੋਵਾਹ ਦੇ ਮੰਦਰ ਵਿੱਚ ਪਾਤਸ਼ਾਹ ਨਾਲ ਇਕਰਾਰਨਾਮਾ ਕੀਤਾ।
ਤਦ ਯਹੋਯਾਦਾ ਨੇ ਉਨ੍ਹਾਂ ਨੂੰ ਆਖਿਆ, “ਪਾਤਸ਼ਾਹ ਦਾ ਪੁੱਤਰ ਰਾਜ ਕਰੇਗਾ ਕਿਉਂ ਕਿ ਯਹੋਵਾਹ ਨੇ ਦਾਊਦ ਦੇ ਉੱਤਰਾਧਿਕਾਰੀਆਂ ਨਾਲ ਇਹੀ ਇਕਰਾਰਨਾਮਾ ਕੀਤਾ ਸੀ ਕਿ ਉਸ ਦੇ ਵੰਸ਼ਜ ਰਾਜ ਕਰਨਗੇ। 4 ਹੁਣ ਤੁਸੀਂ ਇੱਕ ਕੰਮ ਜ਼ਰੂਰ ਕਰਨਾ ਹੈ: ਜਾਜਕਾਂ ਅਤੇ ਲੇਵੀਆਂ ਵਿੱਚੋਂ ਇੱਕ ਤਿਹਾਈ ਸਬਤ ਨੂੰ ਆ ਕੇ ਫ਼ਾਟਕਾਂ ਦੇ ਦਰਬਾਨ ਬਣ ਜਾਣ। 5 ਅਤੇ ਇੱਕ ਤਿਹਾਈ ਸ਼ਾਹੀ ਮਹਿਲ ਉੱਪਰ ਹੋਣ ਅਤੇ ਇੱਕ ਤਿਹਾਈ ਨੀਂਹ ਵਾਲੇ ਫ਼ਾਟਕ ਉੱਪਰ ਜਿਹੜਾ ਬੁਨਿਆਦ ਹੈ। ਪਰ ਬਾਕੀ ਦੇ ਸਾਰੇ ਲੋਕ ਯਹੋਵਾਹ ਦੇ ਮੰਦਰ ਦੇ ਵਿਹੜਿਆਂ ਵਿੱਚ ਖੜ੍ਹੇ ਰਹਿਣ। 6 ਕਿਸੇ ਮਨੁੱਖ ਨੂੰ ਯਹੋਵਾਹ ਦੇ ਮੰਦਰ ਵਿੱਚ ਪ੍ਰਵੇਸ਼ ਨਾ ਕਰਨ ਦੇਣਾ। ਸਿਰਫ਼ ਜਾਜਕ ਅਤੇ ਲੇਵੀ ਜਿਹੜੇ ਸੇਵਾ ਕਰਦੇ ਹਨ ਉਹੀ ਯਹੋਵਾਹ ਦੇ ਮੰਦਰ ਵਿੱਚ ਪ੍ਰਵੇਸ਼ ਕਰ ਸੱਕਦੇ ਹਨ ਕਿਉਂ ਕਿ ਉਹ ਪਵਿੱਤਰ ਹਨ ਤੇ ਬਾਕੀ ਦੇ ਸਾਰੇ ਮਨੁੱਖ ਉਹੀ ਕੰਮ ਕਰਨ ਜਿਹੜੇ ਯਹੋਵਾਹ ਨੇ ਉਨ੍ਹਾਂ ਨੂੰ ਸੌਂਪੇ ਹਨ। 7 ਲੇਵੀ ਪਾਤਸ਼ਾਹ ਕੋਲ ਜ਼ਰੂਰ ਖੜ੍ਹੇ ਰਹਿਣ ਅਤੇ ਹਰ ਮਨੁੱਖ ਕੋਲ ਆਪਣੀ ਤਲਵਾਰ ਜ਼ਰੂਰ ਹੋਵੇ। ਜੇਕਰ ਕੋਈ ਮਨੁੱਖ ਮੰਦਰ ਅੰਦਰ ਵੜਨ ਦੀ ਕੋਸ਼ਿਸ਼ ਕਰੇ ਤਾਂ ਉਸ ਨੂੰ ਵੱਢ ਦਿੱਤਾ ਜਾਵੇ। ਜਿੱਥੇ ਵੀ ਪਾਤਸ਼ਾਹ ਜਾਵੇ ਤੁਸੀਂ ਉਸ ਦੇ ਮਗਰ ਜ਼ਰੂਰ ਹੋਵੋ।”
8 ਸਾਰੇ ਲੇਵੀਆਂ ਅਤੇ ਯਹੂਦੀਆਂ ਨੇ ਯਹੋਯਾਦਾ ਜਾਜਕ ਦੇ ਹੁਕਮ ਨੂੰ ਮੰਨਿਆ। ਸੋ ਉਨ੍ਹਾਂ ਨੇ ਆਪੋ-ਆਪਣੇ ਆਦਮੀਆਂ ਨੂੰ ਜਿਹੜੇ ਸਬਤ ਨੂੰ ਅੰਦਰ ਆਉਣ ਵਾਲੇ ਸਨ, ਉਨ੍ਹਾਂ ਦੇ ਨਾਲ ਜਿਹੜੇ ਸਬਤ ਨੂੰ ਬਾਹਰ ਜਾਣ ਵਾਲੇ ਸਨ ਲਿਆ ਕਿਉਂ ਕਿ ਯਹੋਯਾਦਾ ਜਾਜਕ ਨੇ ਜਿਨ੍ਹਾਂ ਦੀ ਰੱਖਵਾਲੀ ਲਈ ਵਾਰੀ ਸੀ ਉਨ੍ਹਾਂ ਨੂੰ ਜਾਣ ਨਹੀਂ ਸੀ ਦਿੱਤਾ। 9 ਯਹੋਯਾਦਾ ਜਾਜਕ ਨੇ ਉਹ ਬਰਛੀਆਂ, ਫ਼ਰੀਆਂ ਅਤੇ ਢਾਲਾਂ ਜੋ ਦਾਊਦ ਪਾਤਸ਼ਾਹ ਦੀਆਂ ਸਨ ਉਨ੍ਹਾਂ ਸਰਦਾਰਾਂ ਨੂੰ ਦਿੱਤੀਆਂ। ਇਹ ਸਾਰੇ ਹਥਿਆਰ ਯਹੋਵਾਹ ਦੇ ਮੰਦਰ ਵਿੱਚ ਪਏ ਹੋਏ ਸਨ। 10 ਫ਼ਿਰ ਉਸ ਨੇ ਉਨ੍ਹਾਂ ਨੂੰ ਕਿੱਥੇ-ਕਿੱਥੇ ਖੜ੍ਹੇ ਹੋਣਾ ਹੈ, ਦੱਸਿਆ। ਹਰ ਮਨੁੱਖ ਦੇ ਹੱਥ ਵਿੱਚ ਉਸਦਾ ਸ਼ਸਤਰ ਵਿਰਾਜਮਾਨ ਸੀ। ਸਾਰੇ ਮਨੁੱਖ ਮੰਦਰ ਦੇ ਸੱਜੇ ਖੂੰਜੇ ਤੋਂ ਲੈ ਕੇ ਖੱਬੇ ਖੂੰਜੇ ਤੀਕ ਜਗਵੇਦੀ ਤੇ ਮੰਦਰ ਦੇ ਆਸੇ-ਪਾਸੇ ਪਾਤਸ਼ਾਹ ਦੇ ਇਰਦ ਗਿਰਦ ਖੜ੍ਹਾ ਕਰ ਦਿੱਤਾ। 11 ਤਦ ਉਨ੍ਹਾਂ ਨੇ ਪਾਤਸ਼ਾਹ ਦੇ ਪੁੱਤਰ ਨੂੰ ਬਾਹਰ ਲਿਆ ਕੇ ਉਸ ਦੇ ਸਿਰ ਤੇ ਤਾਜ ਰੱਖਿਆ ਅਤੇ ਉਸ ਨੂੰ ਇਕਰਾਰਨਾਮੇ ਦੀ ਇੱਕ ਨਕਲ ਦਿੱਤੀ। ਇਉਂ ਉਨ੍ਹਾਂ ਨੇ ਯੋਆਸ਼ ਨੂੰ ਪਾਤਸ਼ਾਹ ਠਹਿਰਾਇਆ ਅਤੇ ਯਹੋਯਾਦਾ ਤੇ ਉਸ ਦੇ ਪੁੱਤਰਾਂ ਨੇ ਉਸ ਨੂੰ ਮਸਹ ਕੀਤਾ ਅਤੇ ਆਖਿਆ, “ਪਾਤਸ਼ਾਹ ਸਲਾਮਤ ਰਹੇ।”
12 ਜਦੋਂ ਅਥਲਯਾਹ ਨੇ ਲੋਕਾਂ ਦਾ ਸ਼ੋਰ ਸੁਣਿਆ ਜੋ ਦੌੜ-ਦੌੜ ਕੇ ਪਾਤਸ਼ਾਹ ਦੀ ਉਸਤਤ ਕਰ ਰਹੇ ਸਨ ਤਾਂ ਉਹ ਯਹੋਵਾਹ ਦੇ ਮੰਦਰ ਵਿੱਚੋਂ ਲੋਕਾਂ ਕੋਲ ਆਈ। 13 ਉਸ ਨੇ ਪਾਤਸ਼ਾਹ ਵੱਲ ਵੇਖਿਆ। ਪਾਤਸ਼ਾਹ ਆਪਣੇ ਥੰਮ ਦੇ ਫ਼ਾਟਕ ਕੋਲ ਖੜ੍ਹਾ ਸੀ। ਅਤੇ ਜੋ ਤੁਰ੍ਹੀਆਂ ਵਜਾ ਰਹੇ ਸਨ ਅਤੇ ਸਰਦਾਰ ਸਨ ਉਹ ਪਾਤਸ਼ਾਹ ਦੇ ਕੋਲ ਖੜ੍ਹੇ ਸਨ। ਅਤੇ ਦੇਸ ਦੇ ਸਾਰੇ ਲੋਕ ਖੁਸ਼ੀਆਂ ਮਨਾਉਂਦੇ ਅਤੇ ਤੁਰ੍ਹੀਆਂ ਵਜਾਉਂਦੇ ਸਨ। ਗਾਉਣ ਵਾਲੇ ਵਾਜਿਆਂ ਨਾਲ ਉਸਤਤ ਕਰਨ ਵਿੱਚ ਅਗਵਾਈ ਕਰ ਰਹੇ ਸਨ। ਤਦ ਅਥਲਯਾਹ ਨੇ ਆਪਣੇ ਕੱਪੜੇ ਫ਼ਾੜੇ ਅਤੇ ਉੱਚੀ ਆਵਾਜ਼ ਵਿੱਚ ਬੋਲੀ “ਗਦਰ ਗਦਰ।”
14 ਤਦ ਯਹੋਯਾਦਾ ਜਾਜਕ ਨੇ ਸੌ-ਸੌ ਦੇ ਸਰਦਾਰਾਂ ਨੂੰ ਜੋ ਫ਼ੌਜ ਦੇ ਹਾਕਮ ਸਨ ਆਗਿਆ ਦਿੱਤੀ ਕਿ ਉਸ ਨੂੰ (ਪਾਤਸ਼ਾਹ) ਕਤਾਰਾਂ ਦੇ ਵਿੱਚੋਂ ਲੈ ਜਾਵੋ। ਜੇਕਰ ਕੋਈ ਉਸ ਦੇ ਪਿੱਛੇ ਆਵੇ ਤਾਂ ਉਸ ਨੂੰ ਤਲਵਾਰ ਨਾਲ ਵੱਢ ਦਿੱਤਾ ਜਾਵੇ। ਤਦ ਜਾਜਕ ਨੇ ਸਿਪਾਹੀਆਂ ਨੂੰ ਚੇਤਾਵਨੀ ਦਿੱਤੀ, “ਅਥਲਯਾਹ ਨੂੰ ਯਹੋਵਾਹ ਦੇ ਮੰਦਰ ਵਿੱਚ ਨਾ ਵੱਢਿਆ ਜਾਵੇ।” 15 ਤਦ ਉਨ੍ਹਾਂ ਆਦਮੀਆਂ ਨੇ ਅਥਲਯਾਹ ਨੂੰ ਜਦੋਂ ਉਹ ਪਾਤਸ਼ਾਹ ਦੇ ਮਹਿਲ ਕੋਲ ਘੋੜਿਆਂ ਵਾਲੇ ਫ਼ਾਟਕ ਕੋਲ ਪਹੁੰਚੀ ਤਾਂ ਘੇਰ ਕੇ ਪਕੜ ਲਿਆ ਅਤੇ ਉਸ ਨੂੰ ਉਸੇ ਥਾਂ ਤੇ ਮਾਰ ਸੁੱਟਿਆ।
2010 by World Bible Translation Center