Bible in 90 Days
ਜਾਜਕਾਂ ਦੇ ਟੋਲੇ
24 ਹਾਰੂਨ ਦੇ ਪੁੱਤਰਾਂ ਦੇ ਸਮੂਹ ਇਉਂ ਸਨ: ਹਾਰੂਨ ਦੇ ਪੁੱਤਰ ਨਾਦਾਬ, ਅਬੀਹੂ, ਅਲਆਜ਼ਾਰ ਅਤੇ ਈਥਾਮਾਰ ਸਨ। 2 ਪਰ ਨਾਦਾਬ ਅਤੇ ਅਬੀਹੂ ਬੇਔਲਾਦੇ ਹੀ ਆਪਣੇ ਪਿਤਾ ਦੇ ਮਰਨ ਤੋਂ ਵੀ ਪਹਿਲਾਂ ਹੀ ਮਰ ਗਏ। ਇਸ ਲਈ ਅਲਆਜ਼ਾਰ ਅਤੇ ਈਥਾਮਾਰ ਨੇ ਜਾਜਕ ਦੇ ਰੂਪ ’ਚ ਕੰਮ ਕੀਤਾ। 3 ਦਾਊਦ ਨੇ ਅਲਆਜ਼ਾਰ ਅਤੇ ਈਥਾਮਾਰ ਦੇ ਪਰਿਵਾਰ-ਸਮੂਹ ਨੂੰ ਦੋ ਅਲੱਗ-ਅਲੱਗ ਸਮੂਹਾਂ ਵਿੱਚ ਵੰਡ ਦਿੱਤਾ। ਤਾਂ ਜੋ ਉਨ੍ਹਾਂ ਨੂੰ ਜੋ-ਜੋ ਕੰਮ ਸੌਂਪੇ ਗਏ ਹਨ, ਉਹ ਆਪਣੇ ਕੰਮਾਂ ਦੇ ਫ਼ਰਜ਼ ਚੰਗੀ ਤਰ੍ਹਾਂ ਸੰਭਾਲਣ ਅਤੇ ਕਰਨ। ਦਾਊਦ ਨੇ ਇਹ ਕਾਰਜ ਸਾਦੋਕ ਅਤੇ ਅਹੀਮਲਕ ਦੀ ਮਦਦ ਨਾਲ ਕੀਤਾ। ਸਾਦੋਕ ਅਲਆਜ਼ਾਰ ਦੇ ਉੱਤਰਾਧਿਕਾਰੀਆਂ ਵਿੱਚੋਂ ਸੀ ਅਤੇ ਅਹੀਮਲਕ ਈਥਾਮਾਰ ਦੇ। 4 ਅਲਆਜ਼ਾਰ ਦੇ ਘਰਾਣੇ ਵਿੱਚੋਂ ਈਥਾਮਾਰ ਦੇ ਘਰਾਣੇ ਦੀ ਬਜਾਇ ਵੱਧੇਰੇ ਸਰਦਾਰ ਆਗੂ ਸਨ। ਅਲਆਜ਼ਾਰ ਦੇ ਘਰਾਣੇ ਵਿੱਚੋਂ ਸੋਲ੍ਹਾਂ ਅਤੇ ਈਥਾਮਾਰ ਦੇ ਘਰਾਣੇ ਵਿੱਚੋਂ ਅੱਠ ਆਗੂ ਸਨ। 5 ਗੁਣਾ ਸੁੱਟ ਕੇ ਹਰੇਕ ਘਰਾਣਿਆਂ ਵਿੱਚੋਂ ਮਨੁੱਖਾਂ ਦੀ ਚੋਣ ਕੀਤੀ ਗਈ। ਉਨ੍ਹਾਂ ਵਿੱਚੋਂ ਕੁਝ ਆਦਮੀਆਂ ਨੂੰ ਪਵਿੱਤਰ ਅਸਥਾਨ ਦਾ ਮੁਖੀ ਥਾਪਿਆ ਗਿਆ ਅਤੇ ਕੁਝ ਨੂੰ ਜਾਜਕ ਦਾ ਕਾਰਜ ਸੰਭਾਲਿਆ ਗਿਆ। ਪਰ ਇਹ ਸਾਰੇ ਮਨੁੱਖ ਅਲਆਜ਼ਾਰ ਅਤੇ ਈਥਾਮਾਰ ਦੇ ਘਰਾਣੇ ਵਿੱਚੋਂ ਸਨ।
6 ਸ਼ਮਅਯਾਹ ਉਨ੍ਹਾਂ ਦਾ ਸਕੱਤਰ ਸੀ ਜੋ ਕਿ ਨਥਨਿਏਲ ਦਾ ਪੁੱਤਰ ਸੀ। ਸ਼ਮਅਯਾਹ ਲੇਵੀਆਂ ਦੇ ਪਰਿਵਾਰ-ਸਮੂਹ ਵਿੱਚੋਂ ਸੀ ਜੋ ਕਿ ਉਨ੍ਹਾਂ ਵੰਸ਼ਜਾਂ ਦੇ ਨਾਂ ਲਿਖਣ ਦਾ ਕਾਰਜ ਕਰਦਾ ਸੀ। ਉਸ ਨੇ ਉਨ੍ਹਾਂ ਦੇ ਨਾਉਂ ਦਾਊਦ ਦੀ ਹਾਜ਼ਰੀ ਵਿੱਚ ਲਿਖੇ ਅਤੇ ਇਹ ਆਗੂ ਸਨ: ਸਾਦੋਕ ਜਾਜਕ, ਅਹੀਮਲਕ ਅਤੇ ਜਾਜਕਾਂ ਅਤੇ ਲੇਵੀਆਂ ਦੇ ਘਰਾਣੇ ਦੇ ਆਗੂ ਸਨ। ਅਹੀਮਲਕ ਅਬਯਾਥਾਰ ਦਾ ਪੁੱਤਰ ਸੀ। ਹਰ ਵਾਰ ਗੁਣਾ ਸੁੱਟ ਕੇ ਮਨੁੱਖ ਦੀ ਚੋਣ ਕੀਤੀ ਜਾਂਦੀ ਅਤੇ ਸ਼ਮਅਯਾਹ ਲਿਖਾਰੀ ਉਨ੍ਹਾਂ ਦੇ ਨਾਉਂ ਲਿਖ ਦਿੰਦਾ। ਇਉਂ ਉਨ੍ਹਾਂ ਅਲਆਜ਼ਾਰ ਅਤੇ ਈਥਾਮਾਰ ਘਰਾਣਿਆਂ ਦੇ ਮਨੁੱਖਾਂ ਦੇ ਕੰਮ ਵੰਡੇ ਹੋਏ ਸਨ।
7 ਪਹਿਲਾ ਸਮੂਹ ਯਹੋਯਾਰੀਬ ਦਾ ਸੀ।
ਦੂਜਾ ਸਮੂਹ ਯਿਦਅਯਾਹ ਦਾ।
8 ਤੀਜਾ ਸਮੂਹ ਹਾਰੀਮ ਦਾ
ਚੌਥਾ ਸਓਰੀਮ ਦਾ।
9 ਪੰਜਵਾ ਸਮੂਹ ਮਲਕੀਯਾਹ
ਅਤੇ ਛੇਵਾਂ ਮੀਯਾਮੀਨ ਦਾ।
10 ਸੱਤਵਾਂ ਸਮੂਹ ਹੱਕੋਸ ਦਾ
ਅਤੇ ਅੱਠਵਾਂ ਸਮੂਹ ਅਬੀਯਾਹ ਦਾ।
11 ਨੌਵਾਂ ਯੇਸ਼ੂਆ ਦਾ ਸਮੂਹ ਤੇ
ਦਸਵਾਂ ਸ਼ਕਨਯਾਹ ਦਾ ਸਮੂਹ ਸੀ।
12 ਗਿਆਰ੍ਹਵਾਂ ਅਲਯਾਸ਼ੀਬ ਦਾ
ਅਤੇ ਬਾਰ੍ਹਵਾਂ ਸਮੂਹ ਯਾਕੀਮ ਦਾ ਸੀ।
13 ਤੇਰ੍ਹਵਾਂ ਸਮੂਹ ਹੁੱਪਾਹ ਦਾ ਤੇ
ਚੌਦਵਾਂ ਸਮੂਹ ਯਸ਼ਬਆਬ ਦਾ।
14 ਪੰਦਰਵਾਂ ਸਮੂਹ ਬਿਲਗਾਹ ਦਾ
ਸੋਲ੍ਹਵਾਂ ਇੰਮੇਰ ਦਾ।
15 ਸਤਾਰ੍ਹਵਾਂ ਹੇਜ਼ੀਰ ਦਾ ਸਮੂਹ
ਅਤੇ ਅੱਠਾਰ੍ਹਵਾਂ ਸਮੂਹ ਹੱਪੀਸੇਂਸ ਦਾ।
16 ਉਨ੍ਹੀਵਾਂ ਸਮੂਹ ਪਥਹਯਾਹ,
20ਵਾਂ ਯਹਜ਼ਕੇਲ ਦਾ ਸੀ।
17 ਇੱਕੀਵਾਂ ਸਮੂਹ ਯਾਕੀਨ ਦਾ
22ਵਾਂ ਗਾਮੂਲ ਦਾ।
18 ਤੇਈਵਾਂ ਦਲਾਯਾਹ ਦਾ ਸਮੂਹ
ਅਤੇ ਚੌਵੀਵਾਂ ਮਅਜ਼ਯਾਹ ਦਾ ਸਮੂਹ ਸੀ।
19 ਇਹ ਸਾਰੇ ਸਮੂਹ ਯਹੋਵਾਹ ਦੇ ਮੰਦਰ ਦੀ ਸੇਵਾ ਸੰਭਾਲ ਕਰਨ ਲਈ ਚੁਣੇ ਗਏ। ਇਨ੍ਹਾਂ ਨੇ ਮੰਦਰ ਦੀ ਸੇਵਾ ਲਈ ਹਾਰੂਨ ਦੇ ਹੁਕਮਾਂ ਦਾ ਪਾਲਣ ਕੀਤਾ ਜਿਹੜੇ ਕਿ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਨੇ ਹਾਰੂਨ ਨੂੰ ਦਿੱਤੇ ਸਨ।
ਦੂਜੇ ਲੇਵੀ
20 ਲੇਵੀਆਂ ਦੇ ਬਾਕੀ ਉੱਤਰਾਧਿਕਾਰੀਆਂ ਦੇ ਨਾਂ ਇਉਂ ਸਨ:
ਅਮਰਾਮ ਦੇ ਉੱਤਰਾਧਿਕਾਰੀਆਂ ਵਿੱਚੋਂ ਸ਼ੂਬਾਏਲ
ਅਤੇ ਸ਼ੂਬਾਏਲ ਦੇ ਪੁੱਤਰਾਂ ਵਿੱਚੋਂ ਜਹਦਯਾਹ।
21 ਰਹਬਯਾਹ ਵਿੱਚੋਂ ਯਿੱਸ਼ਾਯਾਹ (ਜੋ ਕਿ ਸਭ ਤੋਂ ਵੱਡਾ ਪੁੱਤਰ ਸੀ।)
22 ਯਿੱਸਹਾਰੀਆਂ ਦੇ ਘਰਾਣੇ ਵਿੱਚੋਂ ਸ਼ਲੋਮੋਥ
ਅਤੇ ਸ਼ਲੋਮੋਥ ਦੇ ਘਰਾਣੇ ਵਿੱਚੋਂ ਯਹਥ।
23 ਹਬਰੋਨ ਦੇ ਪੁੱਤਰਾਂ ਵਿੱਚੋਂ ਸਭ ਤੋਂ ਵੱਡਾ ਯਰੀਯਾਹ ਸੀ
ਅਤੇ ਅਮਰਯਾਹ ਹਬਰੋਨ ਦਾ ਦੂਜਾ ਪੁੱਤਰ ਸੀ,
ਯਹਜ਼ੀਏਲ ਤੀਜਾ ਅਤੇ ਯਕਮਆਮ ਚੌਥਾ ਸੀ।
24 ਉਜ਼ੀਏਲ ਦਾ ਪੁੱਤਰ ਮੀਕਾਹ
ਅਤੇ ਮੀਕਾਹ ਦਾ ਪੁੱਤਰ ਸ਼ਾਮੀਰ ਸੀ।
25 ਯਿੱਸ਼ੀਯਾਹ ਮੀਕਾਹ ਦਾ ਭਰਾ ਸੀ
ਅਤੇ ਯਿੱਸ਼ੀਯਾਹ ਦਾ ਪੁੱਤਰ ਜ਼ਕਰਯਾਹ।
26 ਮਰਾਰੀ ਦੇ ਉੱਤਰਾਧਿਕਾਰੀ ਮਹਲੀ ਤੇ ਮੂਸ਼ੀ ਅਤੇ ਉਸਦਾ ਪੁੱਤਰ ਯਅਜ਼ੀਯਾਹ ਸੀ।
27 ਮਰਾਰੀ ਦੇ ਪੁੱਤਰ ਯਅਜ਼ੀਯਾਹ ਦੇ ਪੁੱਤਰ ਸ਼ੋਹਮ, ਜ਼ੱਕੂਰ ਅਤੇ ਇਬਰੀ ਸਨ।
28 ਮਹਲੀ ਦਾ ਪੁੱਤਰ ਅਲਆਜ਼ਾਰ ਸੀ ਪਰ ਅਲਆਜ਼ਾਰ ਦੇ ਘਰ ਕੋਈ ਪੁੱਤਰ ਨਾ ਜੰਮਿਆ।
29 ਕੀਸ਼ ਦੇ ਪੁੱਤਰ ਦਾ ਨਾਂ ਯਰਹਮੇਲ ਸੀ।
30 ਮੂਸ਼ੀ ਦੇ ਪੁੱਤਰ ਮਹਲੀ, ਏਦਰ ਅਤੇ ਯਿਰੀਮੋਥ ਸਨ।
ਇਹ ਲੇਵੀ ਆਗੂ ਉਨ੍ਹਾਂ ਦੇ ਪਰਿਵਾਰਾਂ ਮੁਤਾਬਕ ਦਰਜ ਕੀਤੇ ਗਏ ਸਨ। 31 ਇਨ੍ਹਾਂ ਨੂੰ ਵਿਸ਼ੇਸ਼ ਕੰਮਾਂ ਲਈ ਚੁਣਿਆ ਗਿਆ ਸੀ। ਉਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ, ਜਾਜਕਾਂ ਵਾਂਗ ਗੁਣੇ ਪਾਏ। ਜਾਜਕ ਹਾਰੂਨ ਦੇ ਉੱਤਰਾਧਿਕਾਰੀ ਸਨ ਜਿਨ੍ਹਾਂ ਨੇ ਰਾਜੇ ਦਾਊਦ, ਸਾਦੋਕ, ਅਹੀਮਲਕ, ਅਤੇ ਜਾਜਕਾਂ ਦੇ ਪਰਿਵਾਰਾਂ ਦੇ ਆਗੂਆਂ ਅਤੇ ਲੇਵੀ ਪਰਿਵਾਰਾਂ ਦੇ ਸਾਹਮਣੇ ਗੁਣੇ ਪਾਏ ਸਨ। ਜਦੋਂ ਇਨ੍ਹਾਂ ਦੇ ਕੰਮ ਦੀ ਚੋਣ ਹੁੰਦੀ ਸੀ ਤਾਂ ਵੱਡੇ-ਛੋਟੇ ਘਰਾਣਿਆਂ ਨੂੰ ਬਰਾਬਰ ਦੀ ਨਿਗਾਹ ਨਾਲ ਵੇਖਿਆ ਜਾਂਦਾ ਸੀ।
ਸੰਗੀਤ ਦੇ ਸਮੂਹ
25 ਦਾਊਦ ਅਤੇ ਫ਼ੌਜ ਦੇ ਸੈਨਾਪਤੀਆਂ ਨੇ ਆਸਾਫ਼ ਦੇ ਪੁੱਤਰਾਂ ਨੂੰ ਖਾਸ ਸੇਵਾ ਲਈ ਵੱਖ ਕਰ ਦਿੱਤਾ। ਆਸਾਫ਼ ਦੇ ਪੁੱਤਰ ਹੇਮਾਨ ਅਤੇ ਯਦੂਥੂਨ ਸਨ। ਉਨ੍ਹਾਂ ਦਾ ਖਾਸ ਕੰਮ ਪਰਮੇਸ਼ੁਰ ਦੀ ਅਗੰਮੀ ਵਾਣੀ ਨੂੰ, ਉਸ ਦੇ ਸੰਦੇਸ਼ਾਂ ਨੂੰ ਬਰਬਤਾਂ, ਦਿਲਰੁਬਾ, ਛੈਣਿਆਂ ਆਦਿ ਸਾਜ਼ਾਂ ਨਾਲ ਲੋਕਾਂ ਤੀਕ ਪਹੁੰਚਾਣਾ ਸੀ। ਜਿਨ੍ਹਾਂ ਮਨੁੱਖਾਂ ਨੇ ਇਸ ਤਰੀਕੇ ਨਾਲ ਸੇਵਾ ਵਿੱਚ ਹਿੱਸਾ ਲਿਆ, ਉਨ੍ਹਾਂ ਦੀ ਸੂਚੀ ਇਸ ਤਰ੍ਹਾਂ ਹੈ:
2 ਆਸਾਫ਼ ਦੇ ਘਰਾਣੇ ਵਿੱਚੋਂ: ਜ਼ਕੂਰ, ਯੂਸੁਫ਼, ਨਥਾਨਯਾਹ ਤੇ ਅਸ਼ਰੇਲਾਹ। ਦਾਊਦ ਨੇ ਆਸਾਫ਼ ਨੂੰ ਭਵਿੱਖਬਾਣੀ ਕਰਨ ਲਈ ਚੁਣਿਆ ਤੇ ਆਸਾਫ਼ ਨੇ ਆਪਣੇ ਪੁੱਤਰਾਂ ਦੀ ਅਗਵਾਈ ਕੀਤੀ।
3 ਯਦੂਥੂਨ ਦੇ ਘਰਾਣੇ ਵਿੱਚੋਂ ਗਦਾਲਯਾਹ, ਸਰੀ, ਯਸ਼ਆਯਾਹ, ਸ਼ਿਮਈ ਹਸ਼ਬਯਾਹ ਅਤੇ ਮਤਿੱਥਯਾਹ ਸਨ। ਇਹ ਕੁਲ 6 ਸਨ ਜਿਨ੍ਹਾਂ ਨੂੰ ਯਦੂਥੂਨ ਨੇ ਇਹ ਕਾਰਜ ਸੌਂਪਿਆ। ਯਦੂਥੂਨ ਬਰਬਤ ਨਾਲ ਯਹੋਵਾਹ ਦੀ ਉਸਤਤਿ ਕਰਕੇ ਨਬੁੱਵਤ ਕਰਦਾ ਹੁੰਦਾ ਸੀ।
4 ਹੇਮਾਨ ਦੇ ਪੁੱਤਰ ਬੁੱਕੀਯਾਹ ਮਤਨਯਾਹ, ਉਜ਼ੀਏਲ, ਸ਼ਬੂਏਲ, ਯਰੀਮੋਥ, ਹਨਨਯਾਹ, ਹਨਾਨੀ, ਅਲੀਆਥਾਹ, ਗੱਦਲਤੀ, ਰੋਮਮਤੀ-ਅਜ਼ਰ, ਯਾਸ਼ਬਕਾਸ਼ਾਹ, ਮੱਲੋਥੀ, ਹੋਥੀਰ ਅਤੇ ਮਹਜ਼ੀਓਥ ਸਨ। 5 ਇਹ ਸਭ ਹੇਮਾਨ, ਦਾਊਦ ਦੇ ਨਬੀ ਦੇ ਪੁੱਤਰ ਸਨ। ਅਤੇ ਪਰਮੇਸ਼ੁਰ ਨੇ ਉਸ ਨੂੰ ਮਜ਼ਬੂਤ ਬਨਾਉਣ ਦਾ ਇਕਰਾਰ ਕੀਤਾ। ਇਸ ਲਈ ਹੇਮਾਨ ਦੇ ਬਹੁਤ ਸਾਰੇ ਪੁੱਤਰ ਹੋਏ। ਪਰਮੇਸ਼ੁਰ ਨੇ ਹੇਮਾਨ ਨੂੰ 14 ਪੁੱਤਰ ਦਿੱਤੇ, ਅਤੇ ਤਿੰਨ ਧੀਆਂ ਦਿੱਤੀਆਂ।
6 ਹੇਮਾਨ ਨੇ ਆਪਣੇ ਸਾਰੇ ਪੁੱਤਰਾਂ ਨੂੰ ਯਹੋਵਾਹ ਦੇ ਮੰਦਰ ਵਿੱਚ ਉਸਦੀ ਕੀਰਤੀ ਗਾਉਣ ਦੇ ਕੰਮ ਲਾਇਆ। ਉਸ ਦੇ ਪੁੱਤਰ ਗਾਨ ਵੇਲੇ ਛੈਣੇ, ਦਿਲਰੁਬਾ ਤੇ ਬਰਬਤਾਂ ਦੀ ਵਰਤੋਂ ਕਰਦੇ। ਪਰਮੇਸ਼ੁਰ ਦੇ ਮੰਦਰ ਵਿੱਚ ਸੇਵਾ ਕਰਨ ਦਾ ਉਨ੍ਹਾਂ ਦਾ ਇਹੀ ਤਰੀਕਾ ਸੀ। ਇਨ੍ਹਾਂ ਮਨੁੱਖਾਂ ਦੀ ਚੋਣ ਦਾਊਦ ਨੇ ਕੀਤੀ ਸੀ। 7 ਲੇਵੀਆਂ ਦੇ ਪਰਿਵਾਰ-ਸਮੂਹ ਵਿੱਚੋਂ ਇਨ੍ਹਾਂ ਆਦਮੀਆਂ ਅਤੇ ਉਨ੍ਹਾਂ ਦੇ ਸੰਬੰਧੀਆਂ ਨੂੰ ਪਵਿੱਤਰ ਗੀਤ ਗਾਉਣ ਦੀ ਸਿਖਲਾਈ ਦਿੱਤੀ ਹੋਈ ਸੀ। ਯਹੋਵਾਹ ਦੀ ਸਤੁਤੀ ਗਾਨ ਵਾਲੇ ਪ੍ਰਵੀਨ ਮਨੁੱਖਾਂ ਦੀ ਗਿਣਤੀ 288 ਸੀ। 8 ਹਰ ਇੱਕ ਦੇ ਹਿੱਸੇ ਕਿਹੜਾ ਕੰਮ ਆਵੇ, ਤੇ ਉਹ ਕੀ ਕਰੇ ਇਸ ਲਈ ਗੁਣਾ ਸੁੱਟਿਆ ਜਾਂਦਾ ਅਤੇ ਹਰ ਮਨੁੱਖ ਨਾਲ ਬਰਾਬਰ ਦਾ ਵਿਵਹਾਰ ਹੁੰਦਾ। ਵੱਡੇ-ਛੋਟੇ ਨੂੰ ਸਮਾਨ ਦਰਿਸ਼ਟੀ ਨਾਲ ਵੇਖਿਆ ਜਾਂਦਾ ਅਤੇ ਗੁਰੂ ਨੂੰ ਵੀ ਉਸੇ ਨਿਗਾਹ ਨਾਲ ਵੇਖਿਆ ਜਾਂਦਾ ਜਿਸ ਨਾਲ ਸ਼ਿਸ਼ ਨੂੰ।
9 ਪਹਿਲੇ ’ਚ ਆਸਾਫ਼ (ਯੂਸੁਫ਼) ਦੇ ਪੁੱਤਰਾਂ ਅਤੇ ਸੰਬੰਧੀਆਂ ਵਿੱਚੋਂ 12 ਆਦਮੀ ਚੁਣੇ ਗਏ ਸਨ।
ਦੂਜੇ ’ਚ ਗਦਾਲਯਾਹ ਦੇ ਪੁੱਤਰ ਅਤੇ ਸੰਬੰਧੀਆਂ ਵਿੱਚੋਂ 12 ਆਦਮੀ ਚੁਣੇ ਗਏ ਸਨ।
10 ਤੀਜੇ ’ਚ ਜ਼ਕੂਰ ਦੇ ਪੁੱਤਰਾਂ ਤੇ ਸੰਬੰਧੀਆਂ ਵਿੱਚੋਂ 12 ਆਦਮੀ ਚੁਣੇ ਗਏ ਸਨ।
11 ਚੌਥੇ ’ਚ ਯਸਰੀ ਦੇ ਪੁੱਤਰਾਂ ਤੇ ਸੰਬੰਧੀਆਂ ਵਿੱਚੋਂ 12 ਆਦਮੀ ਚੁਣੇ ਗਏ ਸਨ।
12 ਪੰਜਵੇਂ ’ਚ ਨਥਨਯਾਹ ਦੇ ਪੁੱਤਰਾਂ ਤੇ ਸੰਬੰਧੀਆਂ ਵਿੱਚੋਂ 12 ਆਦਮੀ ਚੁਣੇ ਗਏ ਸਨ।
13 ਛੇਵੇਂ ’ਚ ਬੁੱਕੀਯਾਹ ਦੇ ਪੁੱਤਰਾਂ ਤੇ ਸੰਬੰਧੀਆਂ ਵਿੱਚੋਂ 12 ਆਦਮੀ ਚੁਣੇ ਗਏ ਸਨ।
14 ਸੱਤਵੇਂ ’ਚ ਯਸ਼ਰੇਲਾਹ ਦੇ ਪੁੱਤਰਾਂ ਤੇ ਸੰਬੰਧੀਆਂ ਵਿੱਚੋਂ 12 ਆਦਮੀ ਚੁਣੇ ਗਏ ਸਨ।
15 ਅੱਠਵੇਂ ’ਚ ਯਸ਼ਆਯਾਹ ਦੇ ਪੁੱਤਰਾਂ ਤੇ ਸੰਬੰਧੀਆਂ ਵਿੱਚੋਂ 12 ਆਦਮੀ ਚੁਣੇ ਗਏ ਸਨ।
16 ਨੌਵੇਂ ਵਿੱਚ ਮੱਤਨਯਾਹ ਦੇ ਪੁੱਤਰਾਂ ਤੇ ਸੰਬੰਧੀਆਂ ਵਿੱਚੋਂ 12 ਆਦਮੀ ਚੁਣੇ ਗਏ ਸਨ।
17 ਦਸਵੇਂ ਵਿੱਚ ਸ਼ਿਮਈ ਦੇ ਪੁੱਤਰਾਂ ਤੇ ਸੰਬੰਧੀਆਂ ਵਿੱਚੋਂ 12 ਆਦਮੀ ਚੁਣੇ ਗਏ ਸਨ।
18 ਗਿਆਰ੍ਹਵੇ ’ਚ ਅਜ਼ਰੇਲ ਦੇ ਪੁੱਤਰਾਂ ਤੇ ਸੰਬੰਧੀਆਂ ਵਿੱਚੋਂ 12 ਆਦਮੀ ਚੁਣੇ ਗਏ ਸਨ।
19 ਬਾਰ੍ਹਵੇਂ ’ਚ ਹਸ਼ਬਯਾਹ ਦੇ ਪੁੱਤਰਾਂ ਤੇ ਸੰਬੰਧੀਆਂ ਵਿੱਚੋਂ 12 ਆਦਮੀ ਚੁਣੇ ਗਏ ਸਨ।
20 ਤੇਰਵੇਂ ’ਚ ਸ਼ੂਬਾਏਲ ਦੇ ਪੁੱਤਰਾਂ ਤੇ ਸੰਬੰਧੀਆਂ ਵਿੱਚੋਂ 12 ਆਦਮੀ ਚੁਣੇ ਗਏ ਸਨ।
21 ਚੌਦ੍ਹਵੇਂ ਸਮੂਹ ’ਚ ਮਤਿੱਥਯਾਹ ਦੇ ਪੁੱਤਰਾਂ ਅਤੇ ਸੰਬੰਧੀਆਂ ਵਿੱਚੋਂ 12 ਆਦਮੀ ਚੁਣੇ ਗਏ ਸਨ।
22 ਪੰਦਰ੍ਹਵੇਂ ਸਮੂਹ ’ਚ ਯਰੇਮੋਥ ਦੇ ਪੁੱਤਰਾਂ ਅਤੇ ਸੰਬੰਧੀਆਂ ਵਿੱਚੋਂ 12 ਆਦਮੀ ਚੁਣੇ ਗਏ ਸਨ।
23 ਸੋਲ੍ਹਵੇਂ ’ਚ ਹਨਨਯਾਹ ਦੇ ਪੁੱਤਰਾਂ ਤੇ ਸੰਬੰਧੀਆਂ ਵਿੱਚੋਂ 12 ਆਦਮੀ ਚੁਣੇ ਗਏ ਸਨ।
24 ਸਤਾਰ੍ਹਵੇਂ ’ਚ ਯਾਸ਼ਬਕਾਸ਼ ਦੇ ਪੁੱਤਰਾਂ ਤੇ ਸੰਬੰਧੀਆਂ ਵਿੱਚੋਂ 12 ਆਦਮੀ ਚੁਣੇ ਗਏ ਸਨ।
25 ਅੱਠਾਰ੍ਹਵੇਂ ਸਮੂਹ ’ਚ ਹਨਾਨੀ, ਉਸ ਦੇ ਪੁੱਤਰਾਂ ਅਤੇ ਸੰਬੰਧੀਆਂ ਵਿੱਚੋਂ 12 ਆਦਮੀ ਚੁਣੇ ਗਏ ਸਨ।
26 ਉਨ੍ਨੀਁਵੇਂ ’ਚ ਮੱਲੋਥੀ ਦੇ ਪੁੱਤਰਾਂ ਤੇ ਸੰਬੰਧੀਆਂ ਵਿੱਚੋਂ 12 ਆਦਮੀ ਚੁਣੇ ਗਏ ਸਨ।
27 ਵੀਹਵੇਂ ’ਚ ਅਲੀਯਾਥਾਹ ਦੇ ਪੁੱਤਰਾਂ ਤੇ ਸੰਬੰਧੀਆਂ ਵਿੱਚੋਂ 12 ਆਦਮੀ ਚੁਣੇ ਗਏ ਸਨ।
28 ਇੱਕੀਵੇਂ ’ਚ ਹੋਥੀਰ ਦੇ ਪੁੱਤਰਾਂ ਤੇ ਸੰਬੰਧੀਆਂ ਵਿੱਚੋਂ 12 ਆਦਮੀ ਚੁਣੇ ਗਏ ਸਨ।
29 ਬਾਈਵੇਂ ’ਚ ਗਿੱਦਲਤੀ ਦੇ ਪੁੱਤਰਾਂ ਤੇ ਸੰਬੰਧੀਆਂ ਵਿੱਚੋਂ 12 ਆਦਮੀ ਚੁਣੇ ਗਏ ਸਨ।
30 ਤੇਈਵੇਂ ’ਚ ਮਹੀਜ਼ਓਥ ਦੇ ਪੁੱਤਰਾਂ ਤੇ ਸੰਬੰਧੀਆਂ ਵਿੱਚੋਂ 12 ਆਦਮੀ ਚੁਣੇ ਗਏ ਸਨ।
31 ਚੌਵੀਵੇਂ ’ਚ ਰੋਮਮਤੀ-ਅਜ਼ਰ ਦੇ ਪੁੱਤਰਾਂ ਤੇ ਸੰਬੰਧੀਆਂ ਵਿੱਚੋਂ 12 ਆਦਮੀ ਚੁਣੇ ਗਏ ਸਨ।
ਦਰਬਾਨ
26 ਦਰਬਾਨਾਂ ਦੇ ਸਮੂਹ: ਜਿਹੜੇ ਦਰਬਾਨ ਕਾਰਾਹੀ ਪਰਿਵਾਰ-ਸਮੂਹ ਵਿੱਚੋਂ ਚੁਣੇ ਗਏ ਉਨ੍ਹਾਂ ਦੀ ਗਿਣਤੀ ਇਉਂ ਹੈ।
ਮਸ਼ਲਮਯਾਹ ਅਤੇ ਉਸ ਦੇ ਪੁੱਤਰ। (ਮਸ਼ਲਮਯਾਹ ਕੋਰੇ ਦਾ ਪੁੱਤਰ ਸੀ ਅਤੇ ਉਹ ਆਸਾਫ਼ ਦੇ ਘਰਾਣੇ ਵਿੱਚੋਂ ਸੀ।) 2 ਮਸ਼ਲਮਯਾਹ ਦੇ ਪੁੱਤਰਾਂ ਵਿੱਚੋਂ ਜ਼ਕਰਯਾਹ ਪਹਿਲੋਠਾ ਪੁੱਤਰ ਸੀ, ਯਦੀਅੇਲ ਦੂਜਾ, ਜ਼ਬਦਯਾਹ ਤੀਜਾ ਅਤੇ ਯਥਨੀਏਲ ਚੌਥਾ ਪੁੱਤਰ ਸੀ। 3 ਏਲਾਮ ਮਸ਼ਲਮਯਾਹ ਦਾ ਪੰਜਵਾਂ, ਯਹੋਹਾਨਾਨ ਛੇਵਾਂ ਅਤੇ ਅਲਯਹੋਏਨਈ ਸੱਤਵਾਂ ਪੁੱਤਰ ਸੀ।
4 ਓਬੇਦ-ਅਦੋਮ ਅਤੇ ਉਸ ਦੇ ਪੁੱਤਰ-ਓਬੇਦ-ਅਦੋਮ ਦੇ ਪਹਿਲੋਠੇ ਪੁੱਤਰ ਦਾ ਨਾਉਂ ਸ਼ਮਆਯਾਹ ਤੇ ਦੂਜੇ ਦਾ ਯਹੋਜ਼ਾਬਾਦ, ਯੋਆਹ ਤੀਜਾ ਸਾਕਾਰ ਚੌਥਾ ਅਤੇ ਨਥਾਨਿਏਲ ਪੰਜਵਾਂ ਸੀ। 5 ਅੰਮੀਏਲ ਉਸਦਾ ਛੇਵਾਂ ਪੁੱਤਰ, ਯਿੱਸਾਕਾਰ ਸੱਤਵਾਂ ਅਤੇ ਪਉਲਥਈ ਉਸਦਾ ਅੱਠਵਾਂ ਪੁੱਤਰ ਸੀ। ਓਬੇਦ-ਅਦੋਮ [a] ਤੇ ਪਰਮੇਸ਼ੁਰ ਦੀ ਕਿਰਪਾ ਸੀ। 6 ਸ਼ਮਆਯਾਹ ਓਬੇਦ-ਅਦੋਮ ਦਾ ਪੁੱਤਰ ਸੀ। ਸ਼ਮਆਯਾਹ ਦੇ ਵੀ ਪੁੱਤਰ ਸਨ ਜੋ ਕਿ ਆਪਣੇ ਪਿਤਾ ਦੇ ਘਰਾਣੇ ਦੇ ਆਗੂ ਸਨ ਕਿਉਂ ਕਿ ਉਹ ਵੀਰ ਬਹਾਦੁਰ ਸਨ। 7 ਸ਼ਮਆਯਾਹ ਦੇ ਪੁੱਤਰ ਸਨ: ਆਥਨੀ, ਰਫ਼ਾਏਲ, ਓਬੇਦ, ਅਲਜ਼ਾਬਾਦ, ਅਲੀਹੂ ਅਤੇ ਸਮਕਯਾਹ। ਅਲਜ਼ਾਬਾਦ ਦੇ ਰਿਸ਼ਤੇਦਾਰ ਨਿਪੁਣ ਕਾਰੀਗਰ ਸਨ। 8 ਇਹ ਸਾਰੇ ਮਨੁੱਖ ਓਬੇਦ-ਅਦੋਮ ਦੇ ਉੱਤਰਾਧਿਕਾਰੀ ਸਨ। ਇਹ ਸਾਰੇ ਮਨੁੱਖ ਅਤੇ ਉਨ੍ਹਾਂ ਦੇ ਪੁੱਤਰ ਅਤੇ ਰਿਸ਼ਤੇਦਾਰ ਸਭ ਬੜੇ ਸ਼ਕਤੀਸ਼ਾਲੀ ਸਨ। ਇਹ ਇੱਕ ਚੰਗੇ ਦਰਬਾਨ ਵੀ ਸਨ। ਓਬੇਦ-ਅਦੋਮ ਦੇ 62 ਉੱਤਰਾਧਿਕਾਰੀ ਸਨ।
9 ਮਸ਼ਲਮਯਾਹ ਦੇ ਪੁੱਤਰ ਅਤੇ ਰਿਸ਼ਤੇਦਾਰ ਬੜੇ ਸ਼ਕਤੀਸ਼ਾਲੀ ਸਨ, ਜਿਨ੍ਹਾਂ ਦੀ ਗਿਣਤੀ 18 ਸੀ।
10 ਮਰਾਰੀ ਘਰਾਣੇ ਵਿੱਚੋਂ ਦਰਬਾਨ ਇਹ ਸਨ: ਉਨ੍ਹਾਂ ਵਿੱਚ ਹੋਸਾਹ ਸੀ। ਸ਼ਿਮਰੀ ਉਸ ਦਾ ਪਹਿਲਾ ਪੁੱਤਰ ਚੁਣਿਆ ਗਿਆ। (ਭਾਵੇਂ ਸ਼ਿਮਰੀ ਉਸਦਾ ਪਹਿਲੋਠਾ ਪੁੱਤਰ ਨਹੀਂ ਸੀ ਪਰ ਉਸ ਦੇ ਪਿਤਾ ਨੇ ਉਸ ਨੂੰ ਪਹਿਲੋਠਾ ਜੰਮਿਆ ਪੁੱਤਰ ਚੁਣਿਆ।) 11 ਹਿਲਕੀਯਾਹ ਉਸਦਾ ਦੂਜਾ ਪੁੱਤਰ ਸੀ, ਟਬਲਯਾਹ ਤੀਜਾ ਤੇ ਜ਼ਕਰਯਾਹ ਚੌਥਾ। ਕੁਲ ਮਿਲਾ ਕੇ ਹੋਸਾਹ ਦੇ 13 ਪੁੱਤਰ ਅਤੇ ਸੰਬੰਧੀ ਸਨ।
12 ਇਹ ਦਰਬਾਨਾਂ ਦੇ ਸਮੂਹਾਂ ਦੇ ਆਗੂ ਸਨ। ਦਰਬਾਨਾਂ ਦਾ ਯਹੋਵਾਹ ਦੇ ਮੰਦਰ ਵਿੱਚ ਸੇਵਾ ਕਰਨ ਦਾ ਇੱਕ ਵਿਸ਼ੇਸ਼ ਢੰਗ ਹੁੰਦਾ ਸੀ, ਜਿਸ ਤਰੀਕੇ ਉਹ ਸੇਵਾ ਕਰਦੇ ਸਨ। ਇਹ ਤਰੀਕਾ ਉਹੀ ਸੀ ਜਿਵੇਂ ਉਨ੍ਹਾਂ ਦੇ ਸੰਬੰਧੀ ਕਰਦੇ ਸਨ। 13 ਹਰ ਪਰਿਵਾਰ ਕੋਲ ਰੱਖਿਆ ਕਰਨ ਲਈ ਇੱਕ ਫ਼ਾਟਕ ਅਤੇ ਫ਼ਾਟਕ ਦੀ ਚੋਣ ਗੁਣੇ ਪਾਕੇ ਹੁੰਦੀ ਸੀ। ਬੁੱਢਿਆਂ ਅਤੇ ਜਵਾਨਾਂ ਨਾਲ ਇੱਕੋ ਜਿਹਾ ਵਰਤਾਵਾ ਹੁੰਦਾ ਸੀ।
14 ਸ਼ਲਮਯਾਹ ਨੂੰ ਪੂਰਬੀ ਫ਼ਾਟਕ ਦੀ ਰੱਖਵਾਲੀ ਲਈ ਚੁਣਿਆ ਗਿਆ ਸੀ। ਫ਼ਿਰ ਸ਼ਲਮਯਾਹ ਦੇ ਪੁੱਤਰ ਜ਼ਕਰਯਾਹ ਲਈ ਗੁਣੇ ਪਾਏ ਗਏ। ਜ਼ਕਰਯਾਹ ਇੱਕ ਬੁੱਧੀਮਾਨ ਸਲਾਹਕਾਰ ਸੀ ਅਤੇ ਉਸ ਨੂੰ ਉੱਤਰੀ ਫ਼ਾਟਕ ਲਈ ਚੁਣਿਆ ਗਿਆ। 15 ਓਬੇਦ-ਅਦੋਮ ਨੂੰ ਦੱਖਣੀ ਫ਼ਾਟਕ ਦੀ ਰੱਖਵਾਲੀ ਲਈ ਚੁਣਿਆ ਗਿਆ ਅਤੇ ਉਸ ਦੇ ਪੁੱਤਰਾਂ ਨੂੰ ਘਰ ਦੀ ਰੱਖਵਾਲੀ ਲਈ ਚੁਣਿਆ ਗਿਆ ਜਿੱਥੇ ਕਿ ਬੜੀਆਂ ਵੱਡਮੁੱਲੀ ਵਸਤਾਂ ਪਈਆਂ ਸਨ। 16 ਸ਼ੱਪੀਮ ਅਤੇ ਹੋਸਾਹ ਲਈ ਪੱਛਮੀ ਫ਼ਾਟਕ ਦੀ ਰੱਖਵਾਲੀ ਦਾ ਕੰਮ ਅਤੇ ਉੱਪਰਲੀ ਸੜਕ ਦੇ ਸ਼ੱਲਕਥ ਫ਼ਾਟਕ ਦੀ ਰੱਖਵਾਲੀ ਦਾ ਕੰਮ ਸੌਂਪਿਆ ਗਿਆ।
ਦਰਬਾਨ ਬਿਲਕੁਲ ਇੱਕ ਦੂਜੇ ਦੇ ਬਰਾਬਰ ਖੜ੍ਹੇ ਹੋਕੇ ਕੇ ਪਹਿਰਾ ਦਿੰਦੇ ਸਨ। 17 ਛੇ ਲੇਵੀ ਹਰ ਰੋਜ਼ ਪੂਰਬੀ ਫ਼ਾਟਕ ਉੱਪਰ, ਚਾਰ ਉੱਤਰੀ ਫ਼ਾਟਕ ਵੱਲ, 4 ਦੱਖਣੀ ਫ਼ਾਟਕ ਉੱਪਰ ਖੜ੍ਹੇ ਹੋਕੇ ਪਹਿਰਾ ਦਿੰਦੇ ਸਨ ਅਤੇ ਦੋ ਲੇਵੀ ਦਰਬਾਨ ਘਰ ਦੇ ਕੀਮਤੀ ਅਸਬਾਬ ਦੀ ਦੇਖ ਰੇਖ ਕਰਦੇ ਸਨ। 18 ਪੱਛਮੀ ਪਰਬਾਰ ਤੇ ਹਰ ਰੋਜ਼ 4 ਪਹਿਰੇਦਾਰ ਖੜੇ ਹੁੰਦੇ ਸਨ ਅਤੇ 2 ਪਹਿਰੇਦਾਰ ਉਸ ਰਾਹ ਤੇ ਪਹਿਰਾ ਦਿੰਦੇ ਸਨ ਜੋ ਇਸ ਦਰਬਾਰ ਵੱਲ ਜਾਂਦਾ ਸੀ।
19 ਇਹ ਜੱਥੇ ਉਨ੍ਹਾਂ ਦਰਬਾਨਾਂ ਦੇ ਸਨ ਜੋ ਕਰਾਹੀਆਂ ਅਤੇ ਮਰਾਰੀਆਂ ਦੇ ਸਮੂਹਾਂ ਵਿੱਚੋਂ ਸਨ।
ਖਜ਼ਾਨਚੀ ਅਤੇ ਹੋਰ ਕਰਮਚਾਰੀ
20 ਅਹੀਯਾਹ ਲੇਵੀਆਂ ਦੇ ਪਰਿਵਾਰ-ਸਮੂਹ ਵਿੱਚੋਂ ਸੀ ਅਤੇ ਉਸਦਾ ਕੰਮ ਯਹੋਵਾਹ ਦੇ ਮੰਦਰ ਅੰਦਰਲੀਆਂ ਕੀਮਤੀ ਵਸਤਾਂ ਦੀ ਦੇਖਭਾਲ ਕਰਨਾ ਸੀ ਅਤੇ ਹੋਰ ਜਿਹੜੀਆਂ ਪਵਿੱਤਰ ਵਸਤਾਂ ਜਿਨ੍ਹਾਂ ਥਾਵਾਂ ਉੱਪਰ ਰੱਖੀਆਂ ਜਾਂਦੀਆਂ ਸਨ, ਉਨ੍ਹਾਂ ਦੀ ਸੰਭਾਲ ਦੀ ਜਿੰਮੇਵਾਰੀ ਵੀ ਅਹੀਯਾਹ ਦੀ ਹੀ ਸੀ।
21 ਲਅਦਾਨ ਗੇਰਸ਼ੋਨ ਘਰਾਣੇ ਵਿੱਚੋਂ ਸੀ। ਯਹੀਏਲੀ ਲਅਦਾਨ ਦੇ ਪਰਿਵਾਰ-ਸਮੂਹ ਦੇ ਮੁਖੀਆਂ ਵਿੱਚੋਂ ਇੱਕ ਸੀ। 22 ਯਹੀਏਲੀ ਦੇ ਪੁੱਤਰ ਜ਼ੇਥਨ ਅਤੇ ਜ਼ੇਥਨ ਦੇ ਭਰਾ ਯੋਏਲ ਸੀ। ਇਹ ਯਹੋਵਾਹ ਦੇ ਮੰਦਰ ਦੀਆਂ ਕੀਮਤੀ ਵਸਤਾਂ ਲਈ ਜਿੰਮੇਵਾਰ ਸਨ।
23 ਬਾਕੀ ਦੇ ਮੁਖੀ ਅਮਰਾਮ, ਯਿਸਹਾਰ, ਹਬਰੋਨ ਅਤੇ ਉੱਜ਼ੀਏਲ ਚੋ ਚੁਣੇ ਗਏ।
24 ਸ਼ਬੁਏਲ ਯਹੋਵਾਹ ਦੇ ਮੰਦਰ ਦੇ ਵੱਡਮੁੱਲੀ ਖਜ਼ਾਨੇ ਦੀ ਸੰਭਾਲ ਲਈ ਜਿੰਮੇਵਾਰ ਸੀ ਜੋ ਕਿ ਗੇਰਸ਼ੋਮ ਦਾ ਪੁੱਤਰ ਸੀ ਅਤੇ ਗੇਰਸ਼ੋਮ ਮੂਸਾ ਦਾ ਪੁੱਤਰ। 25 ਸ਼ਬੁਏਲ ਦੇ ਸੰਬੰਧੀ ਇਉਂ ਸਨ: ਅਲੀਅਜ਼ਰ ਤੋਂ ਰਹਬਯਾਹ, ਉਸਦਾ ਪੁੱਤਰ। ਯਸ਼ਅਯਾਹ, ਰਹਬਯਾਹ ਦਾ ਪੁੱਤਰ। ਯੋਰਾਮ ਯਸ਼ਅਯਾਹ ਦਾ ਪੁੱਤਰ। ਜ਼ਿਕਰੀ, ਯੋਰਾਮ ਦਾ ਪੁੱਤਰ। ਅਤੇ ਸ਼ਲੋਮੋਥ, ਜ਼ਿਕਰੀ ਦਾ ਪੁੱਤਰ। 26 ਸ਼ਲੋਮੋਥ ਅਤੇ ਉਸ ਦੇ ਸੰਬੰਧੀ ਉਸ ਸਾਰੇ ਸਾਮਾਨ ਲਈ ਜਿੰਮੇਵਾਰ ਸਨ ਜਿਹੜਾ ਦਾਊਦ ਨੇ ਮੰਦਰ ਲਈ ਇਕੱਠਾ ਕੀਤਾ ਸੀ।
ਫ਼ੌਜ ਦੇ ਸਰਦਾਰਾਂ ਨੇ ਵੀ ਮੰਦਰ ਦੀ ਭੇਟਾ ਲਈ ਯੋਗਦਾਨ ਦਿੱਤਾ। 27 ਕੁਝ ਸਮਾਨ ਜਿਹੜਾ ਉਹ ਯੁੱਧਾਂ ਚੋ ਜਿੱਤ ਕੇ ਲਿਆਏ ਸਨ, ਉਹ ਦਿੱਤਾ ਤਾਂ ਜੋ ਉਨ੍ਹਾਂ ਵਸਤਾਂ ਨੂੰ ਯਹੋਵਾਹ ਦੇ ਮੰਦਰ ਦੀ ਉਸਾਰੀ ਲਈ ਵਰਤੋਂ ’ਚ ਲਿਆਂਦਾ ਜਾਵੇ। 28 ਸ਼ਲੋਮੋਥ ਅਤੇ ਉਸ ਦੇ ਸੰਬੰਧੀਆਂ ਨੇ ਪਵਿੱਤਰ ਵਸਤਾਂ ਦੀ ਵੀ ਦੇਖਭਾਲ ਕੀਤੀ, ਜਿਹੜੀਆਂ ਵਸਤਾਂ ਸਮੂਏਲ ਅਗੰਮ ਗਿਆਨੀ ਨੇ, ਕੀਸ਼ ਦੇ ਪੁੱਤਰ ਸ਼ਾਊਲ, ਨੇਰ ਦੇ ਪੁੱਤਰ ਅਬਨੇਰ, ਸਰੂਯਾਹ ਦੇ ਪੁੱਤਰ ਯੋਆਬ ਨੇ ਅਰਪਣ ਕੀਤੀਆਂ ਸਨ। ਸ਼ਲੋਮੋਥ ਅਤੇ ਉਸ ਦੇ ਭਰਾ-ਭਾਈ ਸਭ ਪਵਿੱਤਰ ਵਸਤਾਂ ਜਿਹੜੀਆਂ ਲੋਕ ਯਹੋਵਾਹ ਲਈ ਭੇਟ ਕਰਦੇ, ਉਨ੍ਹਾਂ ਦੀ ਸਾਂਭ-ਸੰਭਾਲ ਕਰਦੇ ਸਨ।
29 ਕਨਨਯਾਹ ਯਿਸਹਾਰੀਆਂ ਦੇ ਘਰਾਣੇ ਵਿੱਚੋਂ ਸੀ। ਕਨਨਯਾਹ ਅਤੇ ਉਸ ਦੇ ਪੁੱਤਰਾਂ ਨੇ ਮੰਦਰ ਦੇ ਬਾਹਰ ਦਾ ਕੰਮ ਸੰਭਾਲਿਆ। ਉਨ੍ਹਾਂ ਨੇ ਇਸਰਾਏਲ ਦੇ ਵੱਖੋ-ਵੱਖ ਭਾਗਾਂ ਵਿੱਚ ਨਿਆਂਕਾਰਾਂ ਅਤੇ ਪੁਲਸੀਆਂ ਦਾ ਕੰਮ ਕੀਤਾ। 30 ਹਸ਼ਬਯਾਹ ਹਬਰੋਨ ਪਰਿਵਾਰ ਵਿੱਚੋਂ ਸੀ। ਅਤੇ ਉਸ ਦੇ ਸੰਬੰਧੀ ਪਰਮੇਸ਼ੁਰ ਦੇ ਮੰਦਰ ਵਿੱਚ ਸਾਰੇ ਕੰਮ ਅਤੇ ਯਰਦਨ ਦਰਿਆ ਦੇ ਪੱਛਮੀ ਪਾਸੇ ਵੱਲ ਇਸਰਾਏਲ ਦੇ ਰਾਜੇ ਦੇ ਸਾਰੇ ਵਿਉਪਾਰ ਲਈ ਜਿੰਮੇਵਾਰ ਸਨ ਉਸ ਦੇ ਸਮੂਹ ਵਿੱਚ 1,700 ਸ਼ਕਤੀਸ਼ਾਲੀ ਆਦਮੀ ਸਨ। 31 ਹਬਰੋਨ ਪਰਿਵਾਰ ਦੇ ਇਤਿਹਾਸ ਅਨੁਸਾਰ ਯਰੀਯਾਹ ਉਨ੍ਹਾਂ ਦਾ ਆਗੂ ਸੀ। ਦਾਊਦ ਦੇ ਸ਼ਾਸਨ ਦੇ 40 ਵਰ੍ਹੇ ਦੌਰਾਨ, ਉਸ ਨੇ ਆਪਣੇ ਲੋਕਾਂ ਨੂੰ ਪਰਿਵਾਰਿਕ ਇਤਿਹਾਸਾਂ ਰਾਹੀਂ ਬਹਾਦੁਰ ਸਿਪਾਹੀਆਂ ਮਾਹਿਰ ਅਤੇ ਆਦਮੀਆਂ ਨੂੰ ਲੱਭਣ ਦਾ ਆਦੇਸ਼ ਦਿੱਤਾ। ਉਨ੍ਹਾਂ ਵਿੱਚੋਂ ਕੁਝ ਲੋਕ ਯਅਜ਼ੇਰ ਨਗਰ ਵਿੱਚ ਗਿਲਆਦ ਤੋਂ ਹਬਰੋਨ ਪਰਿਵਾਰ ਵਿੱਚੋਂ ਲੱਭੇ। 32 ਯਰੀਯਾਹ ਦੇ 2,700 ਸੰਬੰਧੀ ਸਨ ਜੋ ਬਹੁਤ ਮਜ਼ਬੂਤ ਅਤੇ ਘਰਾਣਿਆਂ ਦੇ ਆਗੂ ਸਨ। ਦਾਊਦ ਨੇ ਉਨ੍ਹਾਂ ਨੂੰ ਰਊਬੇਨ, ਗਾਦ ਪਰਿਵਾਰ-ਸਮੂਹ ਅਤੇ ਮਨੱਸ਼ਹ ਦੇ ਅੱਧੇ ਪਰਿਵਾਰ ਸਮੂਹ ਦੀ, ਪਰਮੇਸ਼ੁਰ ਦੇ ਸਾਰੇ ਕੰਮਾਂ ਅਤੇ ਰਾਜੇ ਦੇ ਕੰਮਾਂ ਲਈ ਉਨ੍ਹਾਂ ਦੀ ਅਗਵਾਈ ਕਰਨ ਦੀ ਜਿੰਮੇਵਾਰੀ ਦਿੱਤੀ।
ਫ਼ੌਜੀ ਸਮੂਹ
27 ਇਹ ਸੂਚੀ ਉਨ੍ਹਾਂ ਇਸਰਾਏਲੀਆਂ ਦੀ ਹੈ ਜਿਨ੍ਹਾਂ ਨੇ ਫ਼ੌਜ ਵਿੱਚ ਪਾਤਸ਼ਾਹ ਦੀ ਸੇਵਾ ਕੀਤੀ। ਹਰ ਸਮੂਹ ਦੀ ਸਾਲ ਵਿੱਚ ਇੱਕ ਮਹੀਨਾ ਕੰਮ ਦੀ ਜਿੰਮੇਵਾਰੀ ਹੁੰਦੀ ਸੀ। ਪਾਤਸ਼ਾਹ ਦੀ ਸੇਵਾ ਵਿੱਚ ਉੱਥੇ ਘਰਾਣਿਆਂ ਦੇ ਸ਼ਾਸਕ, ਕਪਤਾਨ, ਸਰਦਾਰ ਅਤੇ ਪੁਲਸੀਏ ਸਨ ਜਿਹੜੇ ਉਸਦੀ ਸੇਵਾ ’ਚ ਹਾਜ਼ਿਰ ਸਨ। ਹਰੇਕ ਫ਼ੌਜੀ ਸਮੂਹ ਵਿੱਚ 24,000 ਮਨੁੱਖ ਸਨ।
2 ਯਸ਼ਾਬਆਮ ਸਾਲ ਦੇ ਪਹਿਲੇ ਮਹੀਨੇ ਲਈ ਪਹਿਲੇ ਸਮੂਹ ਦਾ ਮੁਖੀਆ ਰਿਹਾ। ਯਸ਼ਾਬਆਮ ਜ਼ਬਦੀਏਲ ਦਾ ਪੁੱਤਰ ਸੀ। ਯਸ਼ਾਬਆਮ ਦੇ ਸਮੂਹ ਵਿੱਚ 24,000 ਸਿਪਾਹੀ ਸਨ। 3 ਯਸ਼ਾਬਆਮ ਪਰਸ ਦੇ ਉੱਤਰਾਧਿਕਾਰੀਆਂ ਵਿੱਚੋਂ ਇੱਕ ਸੀ ਅਤੇ ਉਹ ਪਹਿਲੇ ਮਹੀਨੇ ਲਈ ਜਿੰਮੇਵਾਰ ਪਲਟਨ ਦੇ ਫ਼ੌਜੀ ਅਧਿਕਾਰੀਆਂ ਦਾ ਆਗੂ ਸੀ।
4 ਦੂਜੇ ਮਹੀਨੇ ਲਈ ਜਿੰਮੇਵਾਰ ਪਲਟਨ ਦਾ ਆਗੂ ਅਹੋਹ ਤੋਂ ਦੋਦਈ ਸੀ ਅਤੇ ਉਸ ਦੀ ਪਲਟਨ ਵਿੱਚ 24,000 ਸੈਨਿਕ ਵੀ ਸਨ ਮਿਕਲੋਥ ਉਸ ਦੇ ਸਮੂਹ ਦਾ ਸਰਦਾਰ ਸੀ।
5 ਬਨਾਯਾਹ ਤੀਜੇ ਮਹੀਨੇ ਲਈ ਜਿੰਮੇਵਾਰ ਪਲਟਨ ਦਾ ਪ੍ਰਧਾਨ ਸੀ ਬਨਾਯਾਹ ਯਹੋਯਾਦਾ ਦਾ ਪੁੱਤਰ ਸੀ। ਯਹੋਯਾਦਾ ਇੱਕ ਪਰਧਾਨ ਜਾਜਕ ਸੀ। ਬਨਾਯਾਹ ਦੀ ਪਲਟਨ ਵਿੱਚ ਵੀ 24,000 ਸੈਨਿਕ ਸਨ। 6 ਇਹ ਉਹੀ ਬਨਾਯਾਹ ਸੀ ਜਿਸਦਾ ਨਾਂ 30 ਨਾਇੱਕਾਂ ਵਿੱਚ ਬਹਾਦੁਰ ਸਿਪਾਹੀ ਵਜੋਂ ਜਾਣਿਆ ਜਾਂਦਾ ਹੈ। ਜਿਨ੍ਹਾਂ ਦਾ ਬਨਾਯਾਹ ਸੈਨਾਪਤੀ ਸੀ। ਬਨਾਯਾਹ ਦਾ ਪੁੱਤਰ ਬਨਾਯਾਹ ਦੇ ਸਮੂਹ ਦਾ ਮੁਖੀ ਸੀ, ਜਿਸਦਾ ਨਾਉਂ ਅੰਮੀਜ਼ਾਬਾਦ ਸੀ।
7 ਚੌਥੇ ਮਹੀਨੇ ਵਿੱਚ ਚੌਥਾ ਮੁਖੀਆ ਯੋਆਬ ਦਾ ਭਰਾ ਅਸਾਹੇਲ ਸੀ। ਉਸ ਤੋਂ ਬਾਅਦ ਅਸਾਹੇਲ ਦਾ ਪੁੱਤਰ ਜ਼ਬਦਯਾਹ ਸੈਨਾਪਤੀ ਬਣਿਆ। ਅਸਾਹੇਲ ਦੇ ਸਮੂਹ ਵਿੱਚ ਵੀ 24,000 ਮਨੁੱਖ ਸਨ।
8 ਪੰਜਵਾਂ ਸਰਦਾਰ ਸ਼ਮਹੂਥ ਇਜ਼ਰਾਹੀ ਸੀ, ਜਿਸਦੀ ਜਿੰਮੇਵਾਰੀ ਪੰਜਵੇਂ ਮਹੀਨੇ ’ਚ ਸੀ ਅਤੇ ਇਸਦੇ ਸਮੂਹ ਵਿੱਚ ਵੀ 24,000 ਸੈਨਿਕ ਸਨ।
9 ਛੇਵੇਂ ਮਹੀਨੇ ਲਈ ਸਰਦਾਰ ਈਰਾ ਸੀ ਜੋ ਕਿ ਤਕੋਆ ਦੇ ਇੱਕੇਸ਼ ਦਾ ਪੁੱਤਰ ਸੀ ਅਤੇ 24,000 ਮਨੁੱਖਾਂ ਦਾ ਸਰਦਾਰ ਸੀ।
10 ਸੱਤਵਾਂ ਸਰਦਾਰ ਹੇਲਸ ਸੀ। ਸੱਤਵੇਂ ਮਹੀਨੇ ਵਿੱਚ 24,000 ਮਨੁੱਖਾਂ ਦਾ ਨਿਰਦੇਸ਼ਣ ਹੇਲਸ ਕੋਲ ਸੀ। ਇਹ ਇਫ਼ਰਾਈਮੀਆਂ ਦੇ ਉੱਤਰਾਧਿਕਾਰੀਆਂ ਵਿੱਚੋਂ ਪੀਲੋਨੀਆਂ ਵਿੱਚੋਂ ਸੀ।
11 ਅੱਠਵੇਂ ਮਹੀਨੇ ਦਾ 24,000 ਸੈਨਿਕਾਂ ਦਾ ਅੱਠਵਾਂ ਸਰਦਾਰ ਸਿਬਕਈ ਸੀ ਜੋ ਹੱਸ਼ਾਰੀ ਤੋਂ ਜ਼ਰਹੀਆਂ ਦੇ ਉੱਤਰਾਧਿਕਾਰੀਆਂ ਵਿੱਚੋਂ ਸੀ।
12 ਨੌਵੇਂ ਮਹੀਨੇ ਦਾ ਨੌਵਾਂ ਪ੍ਰਧਾਨ ਬਿਨਯਾਮੀਨੀ ਪਰਿਵਾਰ ਵਿੱਚੋਂ ਸੀ, ਅਨਥੋਥ ਨਗਰ ਤੋਂ ਅਬੀਅਜ਼ਰ ਅਤੇ ਉਸ ਦੇ ਸਮੂਹ ਵਿੱਚ ਵੀ 24,000 ਸੈਨਿਕ ਸਨ।
13 ਦਸਵੇਂ ਮਹੀਨੇ ਲਈ 24,000 ਮਨੁੱਖਾਂ ਲਈ ਦਸਵਾਂ ਸਰਦਾਰ ਜ਼ਰਹੀਆ ਵਿੱਚੋਂ ਮਹਰਈ ਨਟੋਫ਼ਾਥੀ ਸੀ।
14 ਗਿਆਰ੍ਹਵੇਂ ਮਹੀਨੇ ਲਈ ਗਿਆਰ੍ਹਵਾਂ ਪ੍ਰਧਾਨ ਬਨਾਯਾਹ ਸੀ। ਬਨਾਯਾਹ ਫਿਰਾਥੋਨ ਤੋਂ ਸੀ ਅਤੇ ਉਹ ਇਫ਼ਰਾਈਮ ਪਰਿਵਾਰ ਤੋਂ ਸੀ। ਉਸ ਦੀ ਪਲਟਨ ਵਿੱਚ 24,000 ਆਦਮੀ ਸਨ।
15 ਬਾਰ੍ਹਵੇਂ ਮਹੀਨੇ ਲਈ ਬਾਰ੍ਹਵਾਂ ਸਰਦਾਰ ਹਲਦਈ ਸੀ। ਹਲਦਈ ਨਟੋਫ਼ਾਥ ਤੋਂ ਆਥਨੀਏਲ ਘਰਾਣੇ ਵਿੱਚੋਂ ਸੀ ਅਤੇ ਹਲਦਈ ਦੇ ਸਮੂਹ ਵਿੱਚ ਵੀ 24,000 ਮਨੁੱਖ ਸਨ।
ਘਰਾਣਿਆਂ ਦੇ ਆਗੂ
16 ਇਸਰਾਏਲੀਆਂ ਦੇ ਪਰਿਵਾਰ-ਸਮੂਹਾਂ ਦੇ ਪ੍ਰਧਾਨ ਇਸ ਪ੍ਰਕਾਰ ਸਨ:
ਰਊਬੇਨ: ਜ਼ਿਕਰੀ ਦਾ ਪੁੱਤਰ ਅਲੀਅਜ਼ਰ।
ਸ਼ਿਮੋਨ: ਮਆਕਾਹ ਦਾ ਪੁੱਤਰ ਸ਼ਫ਼ਟਯਾਹ।
17 ਲੇਵੀਆਂ ਚੋ ਕਮੂਏਲ ਦਾ ਪੁੱਤਰ ਹਸ਼ਬਯਾਹ, ਹਾਰੂਨ ਤੋਂ ਸਾਦੋਕ।
18 ਯਹੂਦਾਹ: ਅਲੀਹੂ (ਅਲੀਹੂ ਦਾਊਦ ਦੇ ਭਰਾਵਾਂ ਵਿੱਚੋਂ ਇੱਕ ਸੀ।)
ਯਿੱਸਾਕਾਰ: ਮੀਕਾਏਲ ਦਾ ਪੁੱਤਰ ਆਮਰੀ।
19 ਜ਼ਬੂਲੁਨ: ਓਬਦਯਾਹ ਦਾ ਪੁੱਤਰ ਯਿਸ਼ਮਅਯਾਹ।
ਨਫ਼ਤਾਲੀ: ਅਜ਼ਰੀਏਲ ਦਾ ਪੁੱਤਰ ਯਰੀਮੋਥ।
20 ਅਫ਼ਰਾਈਮ: ਅਜ਼ਜ਼ਯਾਹ ਦਾ ਪੁੱਤਰ ਹੋਸ਼ੇਆ।
ਪੱਛਮੀ ਮਨੱਸ਼ਹ: ਪਦਾਯਾਹ ਦਾ ਪੁੱਤਰ ਯੋਏਲ।
21 ਪੂਰਬੀ ਮਨੱਸ਼ਹ: ਜ਼ਕਰਯਾਹ ਦਾ ਪੁੱਤਰ ਯਿੱਦੋ।
ਬਿਨਯਾਮੀਨ: ਅਬਨੇਰ ਦਾ ਪੁੱਤਰ ਯਅਸੀਏਲ।
22 ਦਾਨ: ਯਰੋਹਾਮ ਦਾ ਪੁੱਤਰ ਅਜ਼ਰੇਲ।
ਇਹ ਸਾਰੇ ਇਸਰਾਏਲ ਦੇ ਘਰਾਣੇ ਦੇ ਆਗੂ ਸਨ।
ਦਾਊਦ ਦਾ ਇਸਰਾਏਲੀਆਂ ਨੂੰ ਗਿਣਨਾ
23 ਦਾਊਦ ਨੇ ਇਸਰਾਏਲ ਦੇ ਆਦਮੀਆਂ ਦੀ ਗਿਣਤੀ ਕਰਨ ਦਾ ਨਿਰਣਾ ਕੀਤਾ। ਇਸਰਾਏਲ ਦੇ ਲੋਕੀ ਅਣਗਿਣਤ ਸਨ ਕਿਉਂ ਕਿ ਪਰਮੇਸ਼ੁਰ ਨੇ ਇਕਰਾਰ ਕੀਤਾ ਸੀ ਕਿ ਉਹ ਉਨ੍ਹਾਂ ਨੂੰ ਆਕਾਸ਼ ਵਿੱਚਲੇ ਤਾਰਿਆਂ ਜਿੰਨਾ ਬਣਾ ਦੇਵੇਗਾ। ਇਸ ਲਈ ਦਾਊਦ ਨੇ ਸਿਰਫ਼ ਉਹੀ ਆਦਮੀ ਗਿਣੇ ਜਿਹੜੇ 20 ਵਰ੍ਹੇ ਅਤੇ ਇਸ ਤੋਂ ਵੱਡੇ ਸਨ। 24 ਸਰੂਯਾਹ ਦੇ ਪੁੱਤਰ ਯੋਆਬ ਨੇ ਲੋਕਾਂ ਨੂੰ ਗਿਣਨਾ ਸ਼ੁਰੂ ਕੀਤਾ ਪਰ ਉਹ ਗਿਣਤੀ ਪੂਰੀ ਨਾ ਕਰ ਸੱਕਿਆ। ਪਰਮੇਸ਼ੁਰ ਇਸਰਾਏਲੀਆਂ ਉੱਤੇ ਕਰੋਧਵਾਨ ਹੋ ਗਿਆ ਇਸੇ ਕਾਰਣ ਇਨ੍ਹਾਂ ਲੋਕਾਂ ਦੀ ਗਿਣਤੀ ਦਾਊਦ ਪਾਤਸਾਹ ਦੇ ਇਤਹਾਸ ਦੀ ਪੋਥੀ ਵਿੱਚ ਦਰਜ ਨਾ ਕੀਤੀ ਗਈ।
ਪਾਤਸ਼ਾਹ ਦੇ ਸ਼ਾਸਕ
25 ਇਹ ਉਨ੍ਹਾਂ ਲੋਕਾਂ ਦੀ ਸੂਚੀ ਹੈ ਜੋ ਪਾਤਸ਼ਾਹ ਦੀ ਮਿਲਖ ਲਈ ਜਿੰਮੇਵਾਰ ਸਨ:
ਪਾਤਸ਼ਾਹ ਦੇ ਭੰਡਾਰੇ ਦਾ ਮੁਖੀਆ ਅਦੀਏਲ ਦਾ ਪੁੱਤਰ ਅਜ਼ਮਾਵਥ ਸੀ। ਉੱਜ਼ੀਯਾਹ ਦਾ ਪੁੱਤਰ ਯਹੋਨਾਥਾਨ ਛੋਟੇ ਨਗਰਾਂ, ਪਿੰਡਾਂ, ਖੇਤਾਂ ਅਤੇ ਮੁਨਾਰਿਆਂ ਦੇ ਭੰਡਾਰਾਂ ਦਾ ਮੁਖੀਆ ਸੀ।
26 ਕਲੂਬ ਦਾ ਪੁੱਤਰ ਅਜ਼ਰੀ ਕਿਸਾਨਾਂ ਦਾ ਮੁਖੀਆ ਸੀ।
27 ਦਾਖ ਦੇ ਬਾਗ਼ਾਂ ਉੱਪਰ ਸ਼ਿਮਈ ਰਾਮਾਥੀ ਸੀ।
ਅਤੇ ਜਿਹੜਾ ਦਾਖ ਰਸ ਅੰਗੂਰਾਂ ਦੇ ਬਾਗ਼ਾਂ ਚੋ ਆਉਂਦਾ ਸੀ ਉਸ ਮੈਅ ਨੂੰ ਸੰਭਾਲਣ ਦਾ ਮੁਖੀ ਸ਼ਿਫ਼ਮ ਦਾ ਜ਼ਬਦੀ ਸੀ।
28 ਜੈਤੂਨ ਦੇ ਬਾਗਾਂ ਅਤੇ ਗੁੱਲ੍ਹਰ ਦੇ ਦਰੱਖਤਾਂ ਉੱਤੇ ਜਿਹੜੇ ਕਿ ਪੱਛਮ ਦੀਆਂ ਪਹਾੜੀ ਢਲਾਣਾਂ ਤੇ ਪੈਦਾ ਹੁੰਦੇ ਸਨ ਉਸਦਾ ਮੁਖੀਆ ਬਆਲ-ਹਨਾਨ ਸੀ ਜੋ ਗਦਰ ਤੋਂ ਸੀ।
ਯੋਆਸ਼ ਜੈਤੂਨ ਦੇ ਤੇਲ ਨੂੰ ਸਾਂਭਣ ਦਾ ਇੰਚਾਰਜ ਸੀ।
29 ਸ਼ਿਟਰਈ ਸ਼ਾਰੋਨ ਦੇ ਇਲਾਕੇ ਵਿੱਚਲੇ ਪਸ਼ੂਆਂ ਦੀ ਸੰਭਾਲ ਕਰਨ ਉੱਪਰ ਸੀ।
ਅਦਲਾਇ ਦਾ ਪੁੱਤਰ ਸ਼ਫ਼ਾਟ ਉਨ੍ਹਾਂ ਪਸ਼ੂਆਂ ਉੱਪਰ ਸੀ ਜੋ ਵਾਦੀ ਵਿੱਚ ਸਨ।
30 ਓਬੀਲ ਇਸ਼ਮਾਏਲੀ ਊਠਾਂ ਉੱਤੇ ਮੁਖੀਆ ਸੀ।
ਅਤੇ ਖੋਤਿਆਂ ਉੱਪਰ ਯਹਦੇਯਾਹ ਮੇਰੋਨੀ ਸੀ।
31 ਯਾਜ਼ੀਜ਼ ਹਗਰੀ ਭੇਡਾਂ ਦਾ ਇੰਚਾਰਜ ਸੀ।
ਇਹ ਸਾਰੇ ਆਗੂ ਦਾਊਦ ਪਾਤਸ਼ਾਹ ਦੀ ਮਿਲਖ ਦੀ ਸਾਂਭ ਸੰਭਾਲ ਕਰਦੇ ਸਨ।
32 ਯੋਨਾਥਾਨ ਬੁੱਧੀਮਾਨ ਸਲਾਹਕਾਰ ਅਤੇ ਮੁਨਸ਼ੀ ਸੀ ਅਤੇ ਇਹ ਦਾਊਦ ਦਾ ਚਾਚਾ ਸੀ। ਯਹੀਏਲ ਹਕਮੋਨੀ ਪਾਤਸ਼ਾਹ ਦੇ ਪੁੱਤਰਾਂ ਦੀ ਦੇਖਭਾਲ ਕਰਦਾ ਸੀ। 33 ਅਹੀਤੋਫ਼ਲ ਰਾਜੇ ਦਾ ਸਲਾਹ-ਕਾਰ ਸੀ। ਹੂਸ਼ਈ ਪਾਤਸ਼ਾਹ ਦਾ ਮਿੱਤਰ ਸੀ ਜੋ ਕਿ ਅਰਕੀ ਲੋਕਾਂ ਵਿੱਚੋਂ ਸੀ। 34 ਯਹੋਯਾਦਾ ਅਤੇ ਅਬਯਾਥਾਰ ਨੇ ਅਹੀਤੋਫ਼ਲ ਦੇ ਬਾਅਦ, ਰਾਜੇ ਦੇ ਸਲਾਹਕਾਰ ਦੀ ਜਗ੍ਹਾ ਲੈ ਲਈ। ਯਹੋਯਾਦਾ ਬਨਾਯਾਹ ਦਾ ਪੁੱਤਰ ਸੀ। ਯੋਆਬ ਸੈਨਾ ਦਾ ਸੈਨਾਪਤੀ ਸੀ।
ਦਾਊਦ ਦੀ ਮੰਦਰ ਲਈ ਵਿਉਂਤ
28 ਦਾਊਦ ਨੇ ਸਾਰੇ ਇਸਰਾਏਲ ਦੇ ਲੋਕਾਂ ਨੂੰ ਇਕੱਠਿਆਂ ਕੀਤਾ। ਉਸ ਨੇ ਉਨ੍ਹਾਂ ਸਾਰੇ ਆਗੂਆਂ ਨੂੰ ਯਰੂਸ਼ਲਮ ਵਿੱਚ ਇਕੱਠਿਆਂ ਹੋਣ ਦਾ ਹੁਕਮ ਦਿੱਤਾ। ਦਾਊਦ ਨੇ ਇਸਰਾਏਲ ਵਿੱਚਲੇ ਪਰਿਵਾਰ-ਸਮੂਹਾਂ ਦੇ ਸਾਰੇ ਆਗੂਆਂ, ਸੈਨਾ-ਸਮੂਹਾਂ ਦੇ ਕਮਾਂਡਰਾਂ ਨੂੰ ਜੋ ਰਾਜੇ ਦੀ ਸੇਵਾ ਕਰਦੇ ਸਨ, ਸਰਦਾਰਾਂ, ਮੁਖੀਆਂ, ਉਸ ਦੇ ਪੁੱਤਰਾਂ ਅਤੇ ਉਸ ਦੀ ਸੰਪੱਤੀ ਅਤੇ ਪਸ਼ੂਆਂ ਦੀ ਦੇਖ-ਰੇਖ ਕਰਨ ਵਾਲੇ ਕਰਮਚਾਰੀਆਂ ਅਤੇ ਉਸ ਦੇ ਖਾਸ ਮੰਤਰੀਆਂ, ਸ਼ਕਤੀਸ਼ਾਲੀ ਸੂਰਮਿਆਂ ਅਤੇ ਬਹਾਦੁਰ ਸਿਪਾਹੀਆਂ ਨੂੰ ਇਕੱਠਿਆਂ ਕੀਤਾ।
2 ਦਾਊਦ ਪਾਤਸ਼ਾਹ ਨੇ ਖੜ੍ਹੇ ਹੋ ਕੇ ਆਖਿਆ, “ਹੇ ਮੇਰੇ ਭਾਈਓ ਅਤੇ ਮੇਰੇ ਲੋਕੋ! ਮੇਰੀ ਗੱਲ ਧਿਆਨ ਨਾਲ ਸੁਣੋ! ਮੈਂ ਦਿਲੋਂ ਯਹੋਵਾਹ ਦੇ ਨੇਮ ਦੇ ਸੰਦੂਕ ਲਈ ਅਸਥਾਨ ਬਨਵਾਉਣਾ ਚਾਹੁੰਦਾ ਸੀ, ਮੈਂ ਅਜਿਹਾ ਅਸਥਾਨ ਬਨਾਉਣਾ ਚਾਹੁੰਦਾ ਸੀ ਜੋ ਪਰਮੇਸ਼ੁਰ ਦੇ ਪੈਰ ਰੱਖਣ ਲਈ ਚੌਂਕੀ ਦਾ ਅਸਥਾਨ ਵੀ ਉੱਥੇ ਬਣਾਉਂਦਾ ਅਤੇ ਮੈਂ ਅਜਿਹਾ ਪਰਮੇਸ਼ੁਰ ਲਈ ਭਵਨ ਨਿਰਮਾਣ ਕਰਨ ਦੀ ਵਿਉਂਤ ਬਣਾਈ। 3 ਪਰ ਪਰਮੇਸ਼ੁਰ ਨੇ ਮੈਨੂੰ ਆਖਿਆ, ‘ਨਹੀਂ ਦਾਊਦ! ਤੂੰ ਮੇਰੇ ਨਾਉਂ ਲਈ ਘਰ ਨਹੀਂ ਬਣਾਵੇਂਗਾ। ਤੂੰ ਅਜਿਹਾ ਨਹੀਂ ਕਰ ਸੱਕਦਾ ਕਿਉਂ ਕਿ ਤੂੰ ਇੱਕ ਸਿਪਾਹੀ ਹੈਂ ਅਤੇ ਤੂੰ ਕਈ ਆਦਮੀਆਂ ਦੀ ਹਤਿਆ ਕੀਤੀ ਹੈ।’
4 “ਪਰਮੇਸ਼ੁਰ ਨੇ ਯਹੂਦਾਹ ਪਰਿਵਾਰ-ਸਮੂਹ ਨੂੰ ਹੋਰਨਾਂ ਪਰਿਵਾਰ-ਸਮੂਹਾਂ ਤੇ ਆਗੂ ਹੋਣ ਵਜੋਂ ਚੁਣਿਆ, ਅਤੇ ਯਹੂਦਾਹ ਵਿੱਚੋਂ ਉਸ ਨੇ ਮੇਰੇ ਪਿਤਾ ਦੇ ਪਰਿਵਾਰ ਨੂੰ ਚੁਣਿਆ ਅਤੇ ਮੇਰੇ ਪਰਿਵਾਰ ਵਿੱਚੋਂ ਉਸ ਨੇ ਮੈਨੂੰ ਇਸਰਾਏਲ ਦਾ ਰਾਜਾ ਹੋਣ ਲਈ ਚੁਣਿਆ। 5 ਯਹੋਵਾਹ ਨੇ ਮੈਨੂੰ ਬਹੁਤ ਸਾਰੇ ਪੁੱਤਰਾਂ ਦੀ ਦਾਤ ਬਖਸ਼ੀ ਹੈ। ਅਤੇ ਉਨ੍ਹਾਂ ਸਾਰੇ ਪੁੱਤਰਾਂ ਵਿੱਚੋਂ ਯਹੋਵਾਹ ਨੇ ਸੁਲੇਮਾਨ ਨੂੰ ਇਸਰਾਏਲ ਦਾ ਨਵਾਂ ਪਾਤਸ਼ਾਹ ਚੁਣਿਆ ਹੈ। ਪਰ ਸੱਚਮੁੱਚ ਹੀ ਇਸਰਾਏਲ ਯਹੋਵਾਹ ਦਾ ਰਾਜ ਹੈ। 6 ਯਹੋਵਾਹ ਨੇ ਮੈਨੂੰ ਆਖਿਆ, ‘ਦਾਊਦ! ਤੇਰਾ ਪੁੱਤਰ ਸੁਲੇਮਾਨ ਮੇਰੇ ਲਈ ਮੰਦਰ ਦਾ ਨਿਰਮਾਣ ਕਰੇਗਾ ਅਤੇ ਉਸ ਦੇ ਆਸ-ਪਾਸ ਦਾ ਖੇਤਰ ਉਸਾਰੇਗਾ। ਕਿਉਂ ਕਿ ਸੁਲੇਮਾਨ ਨੂੰ ਮੈਂ ਆਪਣਾ ਪੁੱਤਰ ਚੁਣਿਆ ਹੈ ਅਤੇ ਮੈਂ ਹੀ ਉਸਦਾ ਪਿਤਾ ਹਾਂ। 7 ਹੁਣ ਸੁਲੇਮਾਨ ਮੇਰੀਆਂ ਬਿਧੀਆਂ ਅਤੇ ਨਿਆਵਾਂ ਨੂੰ ਦਿਰੜਤਾ ਨਾਲ ਮੰਨੇਗਾ। ਜੇਕਰ ਉਸ ਨੇ ਅਜਿਹਾ ਕਰਨਾ ਜਾਰੀ ਰੱਖਿਆ, ਤਾਂ ਮੈਂ ਉਸ ਦੇ ਰਾਜ ਨੂੰ ਸਦਾ ਲਈ ਤਾਕਤਵਰ ਬਣਾ ਦਿਆਂਗਾ।’”
8 ਦਾਊਦ ਨੇ ਕਿਹਾ, “ਹੁਣ, ਸਾਰੇ ਇਸਰਾਏਲ ਦੀ ਹਾਜਰੀ ਵਿੱਚ, ਅਤੇ ਜਦ ਕਿ ਯਹੋਵਾਹ ਇਹ ਸੁਣ ਰਿਹਾ ਹੈ, ਮੈਂ ਤੁਹਾਨੂੰ ਦੱਸਦਾ ਹਾਂ ਕਿ ਤੁਸੀਂ ਸਾਰੇ ਯਹੋਵਾਹ ਦੀਆਂ ਹਿਦਾਇਤਾਂ ਅਤੇ ਹੁਕਮਾਂ ਨੂੰ ਰੱਖਣ ਵਿੱਚ ਸਾਵਧਾਨ ਰਹਿਣਾ। ਫ਼ੇਰ ਤੁਹਾਡੇ ਕੋਲ ਇਸ ਚੰਗੀ ਜ਼ਮੀਨ ਨੂੰ ਰੱਖਣ ਅਤੇ ਫ਼ੇਰ ਅਗਾਂਹ ਇਸ ਨੂੰ ਤੁਹਾਡੇ ਉੱਤਰਾਧਿਕਾਰੀਆਂ ਨੂੰ ਦੇਣ ਦਾ ਹੱਕ ਹੋਵੇਗਾ।
9 “ਅਤੇ ਸੁਲੇਮਾਨ ਤੂੰ, ਮੇਰੇ ਪੁੱਤਰ ਆਪਣੇ ਪਿਤਾ ਦੇ ਪਰਮੇਸ਼ੁਰ ਨੂੰ ਜਾਣ। ਤਹਿ ਦਿਲੋਂ ਅਤੇ ਇਛਿੱਤ ਮਨ ਨਾਲ ਉਸਦੀ ਸੇਵਾ ਕਰ, ਕਿਉਂ ਕਿ ਯਹੋਵਾਹ ਸਾਰਿਆਂ ਦੇ ਹਿਰਦਿਆਂ ਦੀ ਮਨਾਂ ਦੀ ਪਰੀਖਿਆ ਲੈਂਦਾ ਹੈ ਅਤੇ ਉਹ ਸਭ ਦੇ ਮਨਾਂ ਦਾ ਜਾਣੀ ਜਾਣ ਹੈ। ਜੇਕਰ ਤੁਸੀਂ ਯਹੋਵਾਹ ਕੋਲੋਂ ਮਦਦ ਮੰਗੋਂਗੇ ਤਾਂ ਤੁਸੀਂ ਜਵਾਬ ਪਾਵੋਗੇ ਪਰ ਜੇਕਰ ਤੁਸੀਂ ਉਸਤੋਂ ਬੇਮੁਖ ਹੋਵੋਂਗੇ ਉਹ ਸਦਾ ਲਈ ਤੁਹਾਨੂੰ ਤਿਲਾਂਜਲੀ ਦੇਵੇਗਾ। 10 ਸੁਲੇਮਾਨ! ਤੂੰ ਇਹ ਯਾਦ ਰੱਖੀਂ ਹਮੇਸ਼ਾ ਵਾਸਤੇ ਕਿ ਯਹੋਵਾਹ ਨੇ ਤੈਨੂੰ ਚੁਣਿਆ ਹੈ ਤਾਂ ਜੋ ਤੂੰ ਪਵਿੱਤਰ ਅਸਥਾਨ ਦੇ ਲਈ ਇੱਕ ਮੰਦਰ ਬਣਾਵੇਂ ਸੋ ਇਸ ਲਈ ਤੂੰ ਹੁਣ ਉੱਠ, ਹਿੰਮਤ ਕਰ ਅਤੇ ਉਸ ਨੂੰ ਬਣਾ।”
11 ਉਪਰੰਤ ਦਾਊਦ ਨੇ ਸੁਲੇਮਾਨ ਨੂੰ ਮੰਦਰ ਦੇ ਨਕਸ਼ੇ ਦਿੱਤੇ। ਉਹ ਨਕਸ਼ੇ ਮੰਦਰ ਦੇ ਆਲੇ-ਦੁਆਲੇ ਦੇ ਦਾਲਾਨ, ਇਸ ਦੀਆਂ ਇਮਾਰਤਾਂ, ਇਸ ਦੇ ਕਮਰਿਆਂ, ਇਸਦੇ ਉੱਪਰ ਕਮਰਿਆਂ, ਅੰਦਰਲੇ ਕਮਰਿਆਂ, ਅੰਦਰਲੇ ਕਮਰਿਆਂ ਅਤੇ ਦਇਆ ਦੇ ਸਥਾਨ ਲਈ ਵੀ ਸਨ। 12 ਦਾਊਦ ਨੇ ਮੰਦਰ ਦੇ ਸਾਰੇ ਹਿਸਿਆਂ ਦਾ ਨਕਸ਼ੇ ਤਿਆਰ ਕੀਤੇ। ਉਸ ਨੇ ਉਹ ਨਕਸ਼ੇ ਸੁਲੇਮਾਨ ਨੂੰ ਯਹੋਵਾਹ ਦੇ ਮੰਦਰ ਦੇ ਇਰਦ-ਗਿਰਦ ਦੇ ਦਲਾਨ ਅਤੇ ਉਸ ਦੇ ਆਸ-ਪਾਸ ਦੇ ਕਮਰਿਆਂ, ਮੰਦਰ ਦੇ ਗੋਦਾਮਾਂ ਅਤੇ ਉਨ੍ਹਾਂ ਗੋਦਾਮਾਂ ਦੇ ਨਕਸ਼ੇ ਵੀ ਦਿੱਤੇ ਜਿੱਥੇ ਮੰਦਰ ਦੀਆਂ ਪਵਿੱਤਰ ਵਸਤਾਂ ਰੱਖੀਆਂ ਜਾਣੀਆਂ ਸਨ। 13 ਦਾਊਦ ਨੇ ਸੁਲੇਮਾਨ ਨੂੰ ਜਾਜਕਾਂ ਅਤੇ ਲੇਵੀਆਂ ਦੇ ਸਮੂਹਾਂ ਬਾਰੇ ਸਮਝਾਇਆ। ਦਾਊਦ ਨੇ ਉਸ ਨੂੰ ਯਹੋਵਾਹ ਦੇ ਮੰਦਰ ਵਿੱਚਲੇ ਸੇਵਾ ਕਰਨ ਦੇ ਸਾਰੇ ਕੰਮਾਂ ਬਾਰੇ ਅਤੇ ਮੰਦਰ ਦੀ ਸੇਵਾ ਕਰਨ ਵਿੱਚ ਵਰਤੀਆਂ ਜਾਣ ਵਾਲੀਆਂ ਵਸਤਾਂ ਬਾਰੇ ਵੀ ਦੱਸਿਆ। 14 ਦਾਊਦ ਨੇ ਸੁਲੇਮਾਨ ਨੂੰ ਇਹ ਵੀ ਦੱਸਿਆ ਕਿ ਮੰਦਰ ਵਿੱਚ ਵਸਤਾਂ ਬਨਾਉਣ ਵਾਸਤੇ ਕਿੰਨੇ ਕੁ ਸੋਨੇ ਅਤੇ ਚਾਂਦੀ ਦੀ ਖਪਤ ਹੋਵੇਗੀ। 15 ਸੁਨਿਹਰੀ ਦੀਵਟ ਅਤੇ ਸੁਨਿਹਰੀ ਦੀਵਿਆਂ ਦੇ ਲਈ ਅਤੇ ਚਾਂਦੀ ਦੇ ਦੀਵੇ ਅਤੇ ਦੀਵਟਾਂ ਲਈ ਵੀ ਦਾਊਦ ਨੇ ਸੁਲੇਮਾਨ ਨੂੰ ਸਮਝਾਇਆ ਕਿ ਹਰ ਇੱਕ ਦੀਵੇ ਅਤੇ ਦੀਵਟ ਲਈ ਕਿੰਨਾ-ਕਿੰਨਾ ਸੋਨਾ ਅਤੇ ਚਾਂਦੀ ਵਰਤੋਂ ਵਿੱਚ ਆਵੇਗੀ। ਅਲਗ-ਅਲਗ ਜਗ੍ਹਾ ਉੱਤੇ ਲੋੜ ਮੁਤਾਬਕ ਕਿੱਥੇ ਕਿਹੜਾ ਦੀਵਾ ਵਰਤੋਂ ਵਿੱਚ ਆਵੇਗਾ ਇਸ ਬਾਬਤ ਵੀ ਸਮਝਾਇਆ। 16 ਦਾਊਦ ਨੇ ਪਵਿੱਤਰ ਰੋਟੀ ਲਈ ਮੇਜ਼ਾਂ ਦੀ ਬਣਤਰ ਵਿੱਚ ਕਿੰਨਾ ਸੋਨਾ ਖਪਤ ਹੋਵੇਗਾ ਉਸ ਬਾਬਤ ਵੀ ਦੱਸਿਆ ਅਤੇ ਚਾਂਦੀ ਦੀਆਂ ਮੇਜ਼ਾਂ ਉੱਪਰ ਕਿੰਨੀ ਚਾਂਦੀ ਦੀ ਵਰਤੋਂ ਹੋਵੇਗੀ ਉਸ ਬਾਰੇ ਵੀ ਦੱਸਿਆ। 17 ਦਾਊਦ ਨੇ ਉਸ ਨੂੰ ਦੱਸਿਆ ਕਿ ਬਾਟਿਆਂ, ਕਟੋਰਿਆਂ, ਚਮਚਿਆਂ ਅਤੇ ਕਾਟਿਆਂ ਲਈ ਕਿੰਨਾ ਸ਼ੁੱਧ ਸੋਨਾ ਲੱਗੇਗਾ ਅਤੇ ਇਹ ਵੀ ਕਿ ਹਰ ਭਾਂਡੇ ਨੂੰ ਕਿੰਨਾ ਸੋਨਾ ਅਤੇ ਚਾਂਦੀ ਲੱਗੇਗੀ। 18 ਉਸ ਨੇ ਸੁਲੇਮਾਨ ਨੂੰ ਦੱਸਿਆ ਕਿ ਧੂਫ਼ ਦੀ ਜਗਵੇਦੀ ਲਈ ਕਿੰਨਾ ਸ਼ੁੱਧ ਸੋਨਾ ਇਸਤੇਮਾਲ ਹੋਵੇਗਾ। ਉਸ ਨੇ ਸੁਲੇਮਾਨ ਨੂੰ ਰੱਥਾਂ ਲਈ, ਪਰਮੇਸ਼ੁਰ ਦੇ ਨੇਮ ਦੇ ਸੰਦੂਕ ਤੇ ਕਰੂਬੀ ਫ਼ਰਿਸ਼ਤਿਆਂ ਦੇ ਫੈਲਾਏ ਹੋਏ ਖੰਭਾਂ ਨਾਲ ਢੱਕੇ ਹੋਏ ਦਇਆ ਦੇ ਸਥਾਨ ਦੇ ਨਕਸ਼ੇ ਬਾਰੇ ਵੀ ਦੱਸਿਆ। ਇਹ ਕਰੂਬੀ ਸੋਨੇ ਦੇ ਬਣਾਏ ਜਾਣੇ ਚਾਹੀਦੇ ਸਨ।
19 ਦਾਊਦ ਨੇ ਕਿਹਾ, “ਇਨ੍ਹਾਂ ਸਾਰੇ ਨਕਸ਼ਿਆਂ ਨੂੰ ਬਨਾਉਣ ਵਿੱਚ ਯਹੋਵਾਹ ਨੇ ਹੀ ਮੇਰੀ ਅਗਵਾਈ ਕੀਤੀ ਹੈ ਅਤੇ ਉਸ ਨੇ ਇਨ੍ਹਾਂ ਸਾਰੇ ਨਕਸ਼ਿਆਂ ਵਿੱਚਲੇ ਸਭ ਕਾਸੇ ਨੂੰ ਸਮਝਣ ਵਿੱਚ ਮੇਰੀ ਮਦਦ ਕੀਤੀ।”
20 ਦਾਊਦ ਨੇ ਆਪਣੇ ਪੁੱਤਰ ਸੁਲੇਮਾਨ ਨੂੰ ਇਹ ਵੀ ਕਿਹਾ, “ਬਹਾਦੁਰ ਹੋਕੇ ਅਤੇ ਸ਼ਕਤੀਸ਼ਾਲੀ ਹੋਕੇ ਇਸ ਕਾਰਜ ਨੂੰ ਪੂਰਾ ਕਰ। ਤੂੰ ਕਿਸੇ ਗੱਲੋ ਘਬਰਾਈ ਨਾ, ਕਿਉਂ ਕਿ ਯਹੋਵਾਹ ਪਰਮੇਸ਼ੁਰ ਮੇਰਾ ਪ੍ਰਭੂ ਤੇਰੇ ਅੰਗ-ਸੰਗ ਹੈ। ਉਹ ਕਾਰਜ ਦੇ ਪੂਰਾ ਮੁਕੰਮਲ ਹੋਣ ਤੀਕ ਤੇਰੀ ਮਦਦ ਕਰੇਗਾ। ਉਹ ਤੈਨੂੰ ਛੱਡੇਗਾ ਨਹੀਂ ਅਤੇ ਜਦ ਤੀਕ ਉਸਦਾ ਮੰਦਰ ਮੁਕੰਮਲ ਨਾ ਹੋਵੇਗਾ ਉਹ ਤੇਰੇ ਸੰਗ ਰਹੇਗਾ। 21 ਜਾਜਕਾਂ ਅਤੇ ਲੇਵੀਆਂ ਦੇ ਸਮੂਹ ਯਹੋਵਾਹ ਦੇ ਮੰਦਰ ਦੇ ਸਾਰੇ ਕਾਰਜ ਲਈ ਤਿਆਰ ਹਨ। ਹਰ ਕੁਸ਼ਲ ਵਿਅਕਤੀ ਤੇਰੀ ਮਦਦ ਲਈ ਤਿਆਰ ਹੈ ਅਤੇ ਸਾਰੇ ਅਧਿਕਾਰੀ ਅਤੇ ਸਾਰੇ ਲੋਕ ਤੈਨੂੰ ਮੰਨਣ ਲਈ ਤਿਆਰ ਹਨ।”
ਮੰਦਰ ਦੇ ਨਿਰਮਾਣ ਲਈ ਸੁਗਾਤਾਂ
29 ਸਾਰੇ ਇਸਰਾਏਲ ਦੇ ਲੋਕ ਜੋ ਇਕੱਠੇ ਹੋਏ ਸਨ ਦਾਊਦ ਪਾਤਸ਼ਾਹ ਨੇ ਉਨ੍ਹਾਂ ਦੇ ਸਾਰੇ ਇਕੱਠ ਨੂੰ ਕਿਹਾ, “ਪਰਮੇਸ਼ੁਰ ਨੇ ਮੇਰੇ ਪੁੱਤਰ ਸੁਲੇਮਾਨ ਨੂੰ ਚੁਣਿਆ ਹੈ। ਸੁਲੇਮਾਨ ਅਜੇ ਮਸੂਮ ਅਤੇ ਨਾ-ਤਜ਼ਰਬੇਕਾਰ ਹੈ ਅਤੇ ਇਹ ਕੰਮ ਬਹੁਤ ਮਹੱਤਵਪੂਰਣ ਹੈ ਅਤੇ ਉਹ ਸਭ ਕਾਸੇ ਬਾਰੇ ਨਹੀਂ ਜਾਣਦਾ ਜਿਸ ਦੀ ਇਸ ਨੂੰ ਕਰਨ ਲਈ ਜ਼ਰੂਰਤ ਹੈ। ਇਹ ਕੋਈ ਆਮ ਆਦਮੀ ਦਾ ਘਰ ਨਹੀਂ ਸਗੋਂ ਇਹ ਘਰ ਯਹੋਵਾਹ ਪਰਮੇਸ਼ੁਰ ਲਈ ਬਣਾਇਆ ਜਾਣਾ ਹੈ। 2 ਮੈਂ ਪਰਮੇਸ਼ੁਰ ਦੇ ਮੰਦਰ ਦੀ ਉਸਾਰੀ ਲਈ ਸਾਮਾਨ ਦੇਣ ਲਈ ਆਪਣੀ ਪੂਰੀ ਕੋਸ਼ਿਸ਼ ਕੀਤੀ ਹੈ ਅਤੇ ਸੋਨੇ ਦੀਆਂ ਵਸਤਾਂ ਲਈ ਸੋਨਾ ਵੀ ਦੇ ਦਿੱਤਾ ਹੈ ਅਤੇ ਚਾਂਦੀ ਦੀਆਂ ਜੋ ਵਸਤਾਂ ਬਨਾਉਣੀਆਂ ਹਨ, ਉਸ ਲਈ ਚਾਂਦੀ ਵੀ ਦੇ ਦਿੱਤੀ ਹੈ। ਤਾਂਬੇ ਦੀਆਂ ਵਸਤਾਂ ਲਈ ਤਾਂਬਾ ਅਤੇ ਲੋਹੇ ਦੀਆਂ ਵਸਤਾਂ ਲਈ ਲੋਹਾ ਵੀ ਦੇ ਦਿੱਤਾ ਹੈ। ਲੱਕੜ ਦੇ ਸਮਾਨ ਲਈ ਲੱਕੜ ਦੇ ਦਿੱਤੀ ਹੈ। ਇਸਦੇ ਇਲਾਵਾ ਬਲੌਰੀ ਪੱਥਰ, ਜੜਤ ਤੇ ਘੜਤ ਲਈ ਭਾਂਤ-ਭਾਂਤ ਦੇ ਰੰਗੀਲੇ ਪੱਥਰ, ਸਫ਼ੇਦ ਸੰਗਮਰਮਰੀ ਪੱਥਰ ਵੀ ਦੇ ਦਿੱਤੇ ਹਨ। ਮੈਂ ਅਜਿਹੀ ਬਹੁਤ ਸਾਰੀ ਸਮਗ੍ਰੀ ਯਹੋਵਾਹ ਦੇ ਮੰਦਰ ਦੀ ਉਸਾਰੀ ਲਈ ਦਿੱਤੀ ਹੈ। 3 ਮੈਂ ਪਰਮੇਸ਼ੁਰ ਦੇ ਮੰਦਰ ਵੱਲ ਆਪਣੀ ਸ਼ਰਧਾ ਕਾਰਣ ਆਪਣੇ ਖਜ਼ਾਨੇ ਵਿੱਚੋਂ ਸੋਨੇ ਅਤੇ ਚਾਂਦੀ ਦੀ ਇੱਕ ਖਾਸ ਸੁਗਾਤ ਦੇ ਰਿਹਾ ਹਾਂ। ਮੈਂ ਅਜਿਹਾ ਇਸ ਲਈ ਕਰ ਰਿਹਾ ਹਾਂ ਕਿਉਂ ਕਿ ਮੈਂ ਸੱਚਮੁੱਚ ਚਾਹੁੰਦਾ ਹਾਂ ਕਿ ਮੇਰੇ ਪਰਮੇਸ਼ੁਰ ਲਈ ਪਵਿੱਤਰ ਮੰਦਰ ਉਸਾਰਿਆ ਜਾਵੇ। 4 ਇਸ ਵਾਸਤੇ ਮੈਂ 110 ਟੱਨ ਸੋਨਾ ਮੰਗਵਾਇਆ ਅਤੇ ਸ਼ੁੱਧ ਚਾਂਦੀ ਦੇ 260 ਟੱਨ ਦਿੱਤੇ। ਇਹ ਚਾਂਦੀ ਮੰਦਰ ਦੀਆਂ ਕੰਧਾਂ ਨੂੰ ਢੱਕਣ ਲਈ ਸੀ। 5 ਇਹ ਸੋਨਾ ਚਾਂਦੀ ਮੈਂ ਮੰਦਰ ਵਿੱਚ ਸੋਨੇ-ਚਾਂਦੀ ਦੀਆਂ ਵਸਤਾਂ ਦੀ ਨਿਰਮਾਣਤਾ ਵਾਸਤੇ ਦਿੱਤੀ ਹੈ। ਇਹ ਸੋਨਾ ਚਾਂਦੀ ਮੈਂ ਇਸ ਲਈ ਵੀ ਦਿੱਤਾ ਹੈ ਤਾਂ ਜੋ ਇਸ ਕੰਮ ਵਿੱਚ ਪ੍ਰਵੀਨ ਕਾਰੀਗਰ ਇਸਤੋਂ ਭਾਂਤ-ਭਾਂਤ ਦੀਆਂ ਵਸਤਾਂ ਮੰਦਰ ਲਈ ਤਿਆਰ ਕਰ ਸੱਕਣ। ਸੋ ਉਹ ਕਿਹੜੇ ਲੋਕ ਹਨ ਜਿਹੜੇ ਅੱਜ ਸੱਚੇ ਦਿਲੋਂ ਆਪਣੇ-ਆਪ ਨੂੰ ਯਹੋਵਾਹ ਨੂੰ ਦੇਣ ਦੇ ਇਛਿੱਤ ਹਨ?”
6 ਘਰਾਣਿਆਂ ਦੇ ਸਰਦਾਰ, ਇਸਰਾਏਲ ਦੇ ਪਰਿਵਾਰ-ਸਮੂਹਾਂ ਦੇ ਸਰਦਾਰ, ਮੰਤਰੀ, ਮੁਖੀਏ, ਸੈਨਾਪਤੀ ਅਤੇ ਪ੍ਰਧਾਨ ਪਾਤਸ਼ਾਹ ਦੇ ਰਾਜ-ਕਾਜ ਲਈ ਜੋ ਜਿੰਮੇਵਾਰ ਸਨ ਉਹ ਸਭ ਆਪਣੀਆਂ ਕੀਮਤੀ ਵਸਤਾਂ ਭੇਟਾ ਕਰਨ ਲਈ ਤਿਆਰ ਹੋ ਗਏ। 7 ਪਰਮੇਸ਼ੁਰ ਦੇ ਭਵਨ ਲਈ ਜੋ ਉਨ੍ਹਾਂ ਨੇ ਆਪਣੀਆਂ ਕੀਮਤੀ ਵਸਤਾਂ ਦਿੱਤੀਆਂ ਉਹ ਇਸ ਪ੍ਰਕਾਰ ਹਨ: 190 ਟੱਨ ਸੋਨਾ, 375 ਟੱਨ ਚਾਂਦੀ, 675 ਟੱਨ ਕਾਂਸਾ ਅਤੇ 3,750 ਟੱਨ ਲੋਹਾ। 8 ਲੋਕਾਂ ਵਿੱਚੋਂ ਜਿਨ੍ਹਾਂ ਕੋਲ ਕੀਮਤੀ ਪੱਥਰ ਪਏ ਸਨ, ਉਨ੍ਹਾਂ ਨੇ ਯਹੋਵਾਹ ਦੇ ਮੰਦਰ ਲਈ ਭੇਟ ਕੀਤੇ। ਇਨ੍ਹਾਂ ਵੱਡਮੁੱਲੇ ਪੱਥਰ ਦੀ ਸੰਭਾਲ ਯਹੀਏਲ ਜੋ ਕਿ ਗੇਰਸ਼ੋਨ ਘਰਾਣੇ ਤੋਂ ਸੀ ਨੇ ਕੀਤੀ। 9 ਲੋਕ ਬੇਹੱਦ ਖੁਸ਼ ਸਨ ਕਿਉਂ ਕਿ ਉਨ੍ਹਾਂ ਦੇ ਆਗੂ ਵੀ ਖੁਸ਼ੀ-ਖੁਸ਼ੀ ਦੇ ਰਹੇ ਸਨ ਅਤੇ ਆਗੂ ਵੀ ਸੱਚੇ ਦਿਲੋਂ ਦੇ ਕੇ ਖੁਸ਼ ਹੋ ਰਹੇ ਸਨ। ਦਾਊਦ ਪਾਤਸ਼ਾਹ ਵੀ ਬੇਅੰਤ ਖੁਸ਼ ਸੀ।
ਦਾਊਦ ਦੀ ਖੂਬਸੂਰਤ ਪ੍ਰਾਰਥਨਾ
10 ਤਦ ਦਾਊਦ ਨੇ ਹਾਜ਼ਿਰ ਲੋਕਾਂ ਦੇ ਸਾਹਮਣੇ ਯਹੋਵਾਹ ਦੀ ਉਸਤਤਿ ਵਿੱਚ ਆਖਿਆ:
“ਹੇ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ
ਤੇਰੀ ਸਦਾ ਲਈ ਉਸਤਤ ਹੋਵੇ!
11 ਹੇ ਯਹੋਵਾਹ, ਪਰਮੇਸ਼ੁਰ, ਮਹਾਨਤਾ, ਸ਼ਕਤੀ, ਪਰਤਾਪ, ਜਿੱਤ ਅਤੇ ਆਦਰ ਤੇਰੇ ਹੀ ਹਨ!
ਕਿਉਂ ਕਿ ਧਰਤੀ ਅਤੇ ਆਕਾਸ਼ ਵਿੱਚਲਾ ਸਭ ਕੁਝ ਤੇਰਾ, ਇੱਕਲੇ ਦਾ ਹੀ ਹੈ: ਹੇ ਯਹੋਵਾਹ!
ਇਹ ਰਾਜ ਤੇਰਾ ਹੈ
ਤੂੰ ਹੀ ਹਰ ਸ਼ੈਅ ਦਾ ਸਰਤਾਜ ਹੈਂ।
12 ਅਮੀਰੀ ਅਤੇ ਆਦਰ ਤੈਥੋਂ ਆਉਂਦਾ ਹੈ।
ਤੂੰ ਹਰ ਜਗ੍ਹਾ ਰਾਜ ਕਰਦਾ।
ਸ਼ਕਤੀ ਅਤੇ ਜ਼ੋਰ ਸਭ ਤੇਰੇ ਹੱਥੀਂ ਹੈ।
ਕਿਸੇ ਨੂੰ ਓੁੱਚਾ ਕਰਨਾ ਜਾਂ ਵਡਿਆਉਣਾ ਤੇਰੇ ਹੀ ਹੱਥ ਹੈ!
13 ਇਸ ਲਈ ਹੁਣ ਹੇ ਸਾਡੇ ਪਰਮੇਸੁਰ ਅਸੀਂ ਤੇਰਾ ਧੰਨਵਾਦ ਕਰਦੇ ਹਾਂ
ਅਤੇ ਤੇਰੇ ਪ੍ਰਤਾਪੀ ਨਾਮ ਦੀ ਮਹਿਮਾ ਕਰਦੇ ਹਾਂ।
14 ਸੱਚਮੁੱਚ, ਇਹ ਸਭ ਸੁਗਾਤਾਂ ਮੇਰੇ ਜਾਂ ਮੇਰੇ ਲੋਕਾਂ ਦੁਆਰਾ ਨਹੀਂ ਦਿੱਤੀਆਂ ਗਈਆਂ ਸਨ।
ਇਹ ਤਾਂ ਤੇਰੀਆਂ ਦਾਤਾਂ ਤੈਨੂੰ ਹੀ ਸੌਂਪੀਆਂ ਹਨ ਜਿਨ੍ਹਾਂ ਨੂੰ ਦੇਣ ਵਾਲਾ ਵੀ ਤੂੰ ਹੀ ਹੈਂ।
15 ਅਸੀਂ ਤਾਂ ਆਪਣੇ ਪੁਰਖਿਆਂ ਵਾਂਗ ਪਰਦੇਸੀ ਅਤੇ ਅਜਨਬੀ ਇਸ ਧਰਤੀ
ਤੇ ਆਏ ਹਾਂ ਜਿਨ੍ਹਾਂ ਦੀ ਹੋਂਦ ਧਰਤੀ ਤੇ ਛਾਯਾ ਦੇ ਤੁੱਲ ਹੈ।
ਜਿਸ ਨੂੰ ਅਸੀਂ ਫੜ ਕੇ ਨਹੀਂ ਰੱਖ ਸੱਕਦੇ।
16 ਹੇ ਯਹੋਵਾਹ ਸਾਡੇ ਪਰਮੇਸ਼ੁਰ ਅਸੀਂ ਇਹ ਸਭ ਵਸਤਾਂ ਤੇਰੇ ਮੰਦਰ ਲਈ ਇਕੱਠੀਆਂ ਕੀਤੀਆਂ।
ਅਸੀਂ ਇਹ ਸਭ ਤੇਰੇ ਪਵਿੱਤਰ ਨਾਮ ਦਾ ਆਦਰ ਕਰਨ ਲਈ ਮੰਦਰ ਨੂੰ ਉਸਾਰਣ ਲਈ ਇੱਕਤ੍ਰ ਕੀਤਾ ਹੈ।
ਪਰ ਅਸਲ ’ਚ ਇਹ ਸਭ ਤੇਰਾ ਖਜ਼ਾਨਾ ਹੈ
ਤੇ ਤੂੰ ਹੀ ਦੇਵਣਹਾਰ ਹੈਂ।
17 ਮੇਰੇ ਪਰਮੇਸ਼ੁਰ, ਮੈਂ ਜਾਣਦਾ ਹਾਂ ਕਿ ਤੂੰ ਆਪਣੇ ਲੋਕਾਂ ਦੀ ਪਰੀਖਿਆ ਲੈਂਦਾ ਹੈਂ
ਜਦੋਂ ਲੋਕ ਚੰਗੇ ਕੰਮ ਕਰਨ ਤਾਂ ਤੂੰ ਖੁਸ਼ ਹੁੰਦਾ ਹੈਂ
ਮੈਂ ਸੱਚੇ ਦਿਲੋਂ, ਸੱਚੇ ਮਨੋ ਇਹ ਖਜ਼ਾਨਾ ਤੈਨੂੰ ਅਰਪਣ ਕਰਦਾ ਹਾਂ
ਅਤੇ ਮੈਂ ਵੇਖ ਰਿਹਾਂ ਕਿ ਕਿਵੇਂ ਤੇਰੇ ਲੋਕ ਪ੍ਰਸੰਨਤਾ ਨਾਲ ਇਹ ਸਾਰੀਆਂ ਚੀਜ਼ਾਂ ਤੈਨੂੰ ਅਰਪਣ ਕਰਦੇ ਹੋਏ ਇੱਥੇ ਇੱਕਤ੍ਰ ਹੋ ਰਹੇ ਹਨ।
18 ਹੇ ਯਹੋਵਾਹ, ਤੂੰ ਸਾਡੇ ਪੁਰਖਿਆਂ ਦਾ ਪਰਮੇਸ਼ੁਰ,
ਅਬਰਾਹਾਮ, ਇਸਹਾਕ ਤੇ ਇਸਰਾਏਲ ਦਾ ਪਰਮੇਸ਼ੁਰ ਹੈਂ
ਆਪਣੇ ਲੋਕਾਂ ਨੂੰ ਸਹੀ ਗੱਲਾਂ ਵਿਉਂਤਣ ’ਚ ਮਦਦ ਕਰ,
ਅਤੇ ਉਨ੍ਹਾਂ ਨੂੰ ਤੇਰੇ ਨਾਲ ਸੱਚਾ ਸੁੱਚਾ ਹੋਣ ਦਾ ਬਲ ਬਖਸ਼।
19 ਮੇਰੇ ਪੁੱਤਰ ਸੁਲੇਮਾਨ ਨੂੰ ਆਪਣੇ ਨਾਲ ਵਫ਼ਾਦਾਰ ਬਣਾਵੀ,
ਤਾਂ ਜੋ ਉਹ ਤੇਰੇ ਹੁਕਮਾਂ ਬਿਧੀਆਂ ਅਤੇ ਬਿਵਸਥਾ ਦਾ ਪਾਲਣ ਕਰੇ।
ਉਸ ਨੂੰ ਇਹ ਸਾਰੇ ਕਾਰਜ ਸੰਪੂਰਨ ਕਰਨ ‘ਚ
ਅਤੇ ਇਸ ਸ਼ਹਿਰ ਨੂੰ ਰਾਜਧਾਨੀ ਵਜੋਂ ਮੇਰੇ ਨਕਸ਼ੇ ਮੁਤਾਬਕ ਉਸਾਰਨ ’ਚ ਮਦਦ ਕਰੀਂ।”
20 ਉਪਰੰਤ ਦਾਊਦ ਨੇ ਸਾਰੇ ਇਕੱਠੇ ਹੋਏ ਲੋਕਾਂ ਨੂੰ ਉਸ ਭੀੜ ਨੂੰ ਆਖਿਆ, “ਹੁਣ ਯਹੋਵਾਹ ਆਪਣੇ ਪਰਮੇਸ਼ੁਰ ਦੀ ਉਸਤਤ ਕਰੋ।” ਤਾਂ ਸਭ ਲੋਕਾਂ ਨੇ ਯਹੋਵਾਹ ਆਪਣੇ ਪੁਰਖਿਆਂ ਦੇ ਪਰਮੇਸ਼ੁਰ ਦੀ ਉਸਤਤਿ ਕੀਤੀ। ਅਤੇ ਆਪਣੇ ਸਿਰ ਝੁਕਾਅ ਕੇ ਯਹੋਵਾਹ ਅਤੇ ਪਾਤਸ਼ਾਹ ਨੂੰ ਆਪਣਾ ਆਦਰ ਦਰਸਾਇਆ।
ਸੁਲੇਮਾਨ ਦਾ ਪਾਤਸ਼ਾਹ ਬਣਨਾ
21 ਅਗਲੇ ਦਿਨ ਲੋਕਾਂ ਨੇ ਯਹੋਵਾਹ ਲਈ ਬਲੀਆਂ ਭੇਟ ਕੀਤੀਆਂ। ਉਨ੍ਹਾਂ ਯਹੋਵਾਹ ਲਈ ਹੋਮ ਦੀਆਂ ਭੇਟਾਂ ਚੜ੍ਹਾਈਆਂ। ਉਨ੍ਹਾਂ ਨੇ 1,000 ਬਲਦ, 1,000 ਛੱਤਰੇ, 1,000 ਲੇਲੇ ਚੜ੍ਹਾਏ। ਉਨ੍ਹਾਂ ਨੇ ਇਸਰਾਏਲ ਦੇ ਸਾਰੇ ਲੋਕਾਂ ਲਈ ਹੋਰ ਵੀ ਬਹੁਤ ਸਾਰੀਆਂ ਬਲੀਆਂ ਅਤੇ ਪੀਣ ਦੀਆਂ ਭੇਟਾਂ ਚੜ੍ਹਾਈਆਂ। 22 ਉਸ ਦਿਨ ਲੋਕ ਬੜੇ ਆਨੰਦ ਵਿੱਚ ਸਨ ਕਿਉਂ ਕਿ ਉਨ੍ਹਾਂ ਨੇ ਯਹੋਵਾਹ ਦੇ ਸੰਗ ਇਕੱਠਿਆਂ ਖਾਧਾ-ਪੀਤਾ।
ਅਤੇ ਉਨ੍ਹਾਂ ਨੇ ਸੁਲੇਮਾਨ, ਦਾਊਦ ਦੇ ਪੁੱਤਰ ਨੂੰ ਦੂਸਰੀ ਵਾਰ ਰਾਜਾ ਬਣਾਇਆ। ਉਨ੍ਹਾਂ ਨੇ ਸੁਲੇਮਾਨ ਨੂੰ ਰਾਜੇ ਵਜੋਂ ਮਸਹ ਕੀਤਾ, ਅਤੇ ਉਨ੍ਹਾਂ ਨੇ ਸਾਦੋਕ ਨੂੰ ਜਾਜਕ ਵਜੋਂ ਮਸਹ ਕੀਤਾ। ਉਨ੍ਹਾਂ ਨੇ ਇਹ ਉਸੇ ਜਗ੍ਹਾ ਕੀਤਾ ਜਿੱਥੇ ਯਹੋਵਾਹ ਹਾਜ਼ਰ ਸੀ।
23 ਇਸ ਉਪਰੰਤ ਸੁਲੇਮਾਨ ਯਹੋਵਾਹ ਦੇ ਸਿੰਘਾਸਣ ਤੇ ਬੈਠਾ ਅਤੇ ਆਪਣੇ ਪਿਤਾ ਦਾਊਦ ਦੀ ਥਾਵੇਂ ਰਾਜਾ ਬਣਿਆ। ਸੁਲੇਮਾਨ ਆਪਣੇ ਕਾਰਜ ਵਿੱਚ ਬੜਾ ਸਫ਼ਲ ਸੀ ਅਤੇ ਸਾਰੇ ਇਸਰਾਏਲ ਦੇ ਲੋਕ ਉਸਦਾ ਹੁਕਮ ਮੰਨਦੇ ਸਨ। 24 ਸਾਰੇ ਆਗੂ, ਸਿਪਾਹੀ ਅਤੇ ਦਾਊਦ ਪਾਤਸ਼ਾਹ ਦੇ ਸਾਰੇ ਪੁੱਤਰਾਂ ਨੇ ਸੁਲੇਮਾਨ ਨੂੰ ਪਾਤਸ਼ਾਹ ਵਜੋਂ ਸਵੀਕਾਰ ਕੀਤਾ ਅਤੇ ਉਸਦਾ ਹੁਕਮ ਮੰਨਿਆ। 25 ਯਹੋਵਾਹ ਨੇ ਸੁਲੇਮਾਨ ਨੂੰ ਬਹੁਤ ਉੱਚਾ ਚੁੱਕਿਆ ਅਤੇ ਉਸ ਨੂੰ ਸ਼ਾਹੀ ਪਰਤਾਪ ਪ੍ਰਦਾਨ ਕੀਤਾ ਜਿਹਾ ਕਿ ਪਹਿਲਾਂ ਇਸਰਾਏਲ ਵਿੱਚ ਕਿਸੇ ਵੀ ਰਾਜੇ ਕੋਲ ਨਹੀਂ ਸੀ ਅਤੇ ਇਸਰਾਏਲ ਦੇ ਸਾਰੇ ਲੋਕਾਂ ਨੇ ਇਹ ਮਹਿਸੂਸ ਕੀਤਾ।
ਦਾਊਦ ਦੀ ਮੌਤ
26-27 ਯੱਸੀ ਦਾ ਪੁੱਤਰ ਦਾਊਦ 40 ਵਰ੍ਹੇ ਇਸਰਾਏਲ ਉੱਪਰ ਪਾਤਸ਼ਾਹ ਰਿਹਾ। 7 ਸਾਲ ਦਾਊਦ ਨੇ ਹਬਰੋਨ ਵਿੱਚ ਰਾਜ ਕੀਤਾ। ਉਪਰੰਤ 33 ਸਾਲ ਦਾਊਦ ਨੇ ਯਰੂਸ਼ਲਮ ਵਿੱਚ ਰਾਜ ਕੀਤਾ। 28 ਦਾਊਦ ਦੀ ਮੌਤ ਉਸ ਵਕਤ ਹੋਈ ਜਦੋਂ ਉਹ ਬਹੁਤ ਬਿਰਧ ਹੋ ਗਿਆ ਸੀ। ਦਾਊਦ ਨੇ ਲੰਮੀ ਸੁਖੀ ਉਮਰ ਗੁਜ਼ਾਰੀ ਅਤੇ ਉਸ ਨੂੰ ਆਪਣੇ ਜੀਵਨ ਕਾਲ ਵਿੱਚ ਬਹੁਤ ਅਮੀਰੀ, ਸ਼ਾਨ ਅਤੇ ਇੱਜ਼ਤ ਹਾਸਿਲ ਹੋਈ। ਦਾਊਦ ਉਪਰੰਤ, ਉਸ ਦਾ ਪੁੱਤਰ ਸੁਲੇਮਾਨ ਨਵਾਂ ਪਾਤਸ਼ਾਹ ਬਣਿਆ।
29 ਦਾਊਦ ਦੇ ਸ਼ੁਰੂ ਤੋਂ ਲੈ ਕੇ ਅਖੀਰ ਤੀਕ ਦੇ ਕਾਰਨਾਮਿਆਂ ਦਾ ਬਿਰਤਾਂਤ, ਨਬੀ ਸਮੂਏਲ ਦੀ ਪੋਥੀ ਵਿੱਚ, ਨਾਥਾਨ ਨਬੀ ਦੀ ਪੋਥੀ ਵਿੱਚ ਅਤੇ ਨਬੀ ਗਦ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ। 30 ਇਹ ਸਾਰੀਆਂ ਲਿਖਤਾਂ ਸਾਨੂੰ ਦਾਊਦ ਦੀਆਂ ਕਰਨੀਆਂ ਬਾਰੇ, ਜਦੋਂ ਉਹ ਇਸਰਾਏਲ ਦਾ ਰਾਜਾ ਸੀ, ਉਸਦੀ ਸ਼ਕਤੀ ਬਾਰੇ ਅਤੇ ਉਨ੍ਹਾਂ ਘਟਨਾਵਾਂ ਬਾਰੇ ਦੱਸਦੀਆਂ ਹਨ, ਜੋ ਉਸ ਨਾਲ ਵਾਪਰੀਆਂ। ਇਹ ਸਾਨੂੰ ਉਨ੍ਹਾਂ ਸਾਰੀਆਂ ਗੱਲਾਂ ਬਾਰੇ ਵੀ ਦੱਸਦੀਆਂ ਹਨ ਜੋ ਇਸਰਾਏਲ ਅਤੇ ਇਸਦੇ ਆਲੇ-ਦੁਆਲੇ ਦੀਆਂ ਕੌਮਾਂ ਨਾਲ ਵਾਪਰੀਆਂ।
ਸੁਲੇਮਾਨ ਦੀ ਬੁੱਧੀ ਲਈ ਮੰਗ
1 ਸੁਲੇਮਾਨ ਬੜਾ ਸ਼ਕਤੀਸ਼ਾਲੀ ਰਾਜਾ ਬਣ ਗਿਆ ਕਿਉਂ ਕਿ ਯਹੋਵਾਹ ਉਸਦਾ ਪਰਮੇਸ਼ੁਰ ਉਸ ਦੇ ਨਾਲ ਸੀ, ਜਿਸਨੇ ਕਿ ਉਸ ਨੂੰ ਇੰਨਾ ਮਹਾਨ ਬਣਾਇਆ।
2-3 ਸੁਲੇਮਾਨ ਨੇ ਸਾਰੇ ਇਸਰਾਏਲ ਦੇ ਲੋਕਾਂ, ਕਪਤਾਨਾਂ, ਸਰਦਾਰਾਂ, ਨਿਆਂਕਾਰਾਂ, ਉੱਥੋਂ ਦੇ ਆਗੂਆਂ ਅਤੇ ਪਰਿਵਾਰਾਂ ਦੇ ਸਾਰੇ ਵੱਡੇਰਿਆਂ ਤੇ ਮੁਖੀਆਂ ਨਾਲ ਗੱਲਾਂ ਕੀਤੀਆਂ। ਤਦ ਸੁਲੇਮਾਨ ਅਤੇ ਸਾਰੀ ਸਭਾ ਮਿਲਕੇ ਉਸ ਉੱਚੇ ਥਾਂ ਜੋ ਗਿਬਓਨ ਵਿੱਚ ਸੀ, ਗਏ ਕਿਉਂ ਕਿ ਪਰਮੇਸ਼ੁਰ ਦਾ ਮੰਡਲੀ ਦਾ ਤੰਬੂ ਉੱਥੇ ਸੀ। ਇਸ ਨੂੰ ਯਹੋਵਾਹ ਦੇ ਦਾਸ ਮੂਸਾ ਨੇ ਉਜਾੜ ਵਿੱਚ ਬਣਾਇਆ ਸੀ, ਜਦੋਂ ਉਹ ਤੇ ਇਸਰਾਏਲ ਦੇ ਲੋਕ ਉਜਾੜ ਵਿੱਚ ਸਨ। 4 ਦਾਊਦ ਪਰਮੇਸ਼ੁਰ ਦੇ ਇਕਰਾਰਨਾਮੇ ਦੇ ਸੰਦੂਕ ਨੂੰ ਕਿਰਯਥ-ਯਆਰੀਮ ਤੋਂ ਯਰੂਸ਼ਲਮ ਵਿੱਚ ਲੈ ਆਇਆ ਸੀ ਕਿਉਂ ਕਿ ਦਾਊਦ ਨੇ ਉਸ ਲਈ ਯਰੂਸ਼ਲਮ ਵਿੱਚ ਇੱਕ ਤੰਬੂ ਖੜ੍ਹਾ ਕੀਤਾ ਸੀ। ਇਸ ਲਈ ਉਹ ਉਸ ਨੂੰ ਇਸ ਥਾਂ ਤੇ ਲੈ ਆਇਆ ਸੀ। 5 ਊਰੀ ਦੇ ਪੁੱਤਰ ਬਸਲਿਏਲ ਨੇ ਪਿੱਤਲ ਦੀ ਇੱਕ ਜਗਵੇਦੀ ਬਣਾਈ ਅਤੇ ਉਹ ਪਿੱਤਲ ਦੀ ਜਗਵੇਦੀ ਗਿਬਓਨ ਵਿੱਚ ਪਵਿੱਤਰ ਤੰਬੂ ਦੇ ਸਾਹਮਣੇ ਸੀ ਇਸ ਲਈ ਸੁਲੇਮਾਨ ਅਤੇ ਬਾਕੀ ਸਾਰੇ ਲੋਕ ਯਹੋਵਾਹ ਕੋਲ ਮੱਤ ਲੈਣ ਲਈ ਗਿਬਓਨ ਵਿੱਚ ਗਏ। 6 ਸੁਲੇਮਾਨ ਉਸ ਯਹੋਵਾਹ ਦੇ ਸਾਹਮਣੇ ਵਾਲੀ ਪਿੱਤਲ ਦੀ ਜਗਵੇਦੀ ਜਿਹੜੀ ਉੱਚੇ ਥਾਂ ਸੀ ਅਤੇ ਮੰਡਲੀ ਦੇ ਤੰਬੂ ਕੋਲ ਸੀ ਉੱਥੇ ਗਿਆ। ਸੁਲੇਮਾਨ ਨੇ ਉੱਥੇ 1,000 ਹੋਮ ਦੀਆਂ ਭੇਟਾਂ ਚੜ੍ਹਾਈਆਂ।
7 ਉਸ ਰਾਤ ਪਰਮੇਸ਼ੁਰ ਨੇ ਸੁਲੇਮਾਨ ਨੂੰ ਦਰਸ਼ਨ ਦਿੱਤਾ ਅਤੇ ਕਿਹਾ, “ਸੁਲੇਮਾਨ, ਮੰਗ, ਮੈਂ ਤੈਨੂੰ ਕੀ ਦੇਵਾਂ!”
8 ਸੁਲੇਮਾਨ ਨੇ ਪਰਮੇਸ਼ੁਰ ਨੂੰ ਆਖਿਆ, “ਤੁਸੀਂ ਆਪ ਮੇਰੇ ਪਿਤਾ ਦਾਊਦ ਉੱਪਰ ਇੰਨੀ ਦਯਾ ਕੀਤੀ ਹੈ ਅਤੇ ਮੇਰੇ ਪਿਤਾ ਵਾਲੇ ਅਸਥਾਨ ਤੇ ਤੁਸੀਂ ਮੈਨੂੰ ਨਵਾਂ ਪਾਤਸ਼ਾਹ ਚੁਣਿਆ ਹੈ। 9 ਸੋ ਯਹੋਵਾਹ ਪਰਮੇਸ਼ੁਰ, ਤੂੰ ਮੇਰੇ ਪਿਤਾ ਦਾਊਦ ਨਾਲ ਕੀਤਾ ਇਕਰਾਰ ਪੂਰਾ ਕਰ ਕਿਉਂ ਕਿ ਤੂੰ ਮੈਨੂੰ ਧਰਤੀ ਦੀ ਧੂੜ ਜਿੰਨੀ ਗਿਣਤੀ ਦੇ ਲੋਕਾਂ ਦਾ ਰਾਜਾ ਬਣਾਇਆ ਹੈ। 10 ਹੁਣ ਤੁਸੀਂ ਮੈਨੂੰ ਬੁੱਧ ਅਤੇ ਗਿਆਨ ਦੇਵੋ ਤਾਂ ਜੋ ਮੈਂ ਇਨ੍ਹਾਂ ਲੋਕਾਂ ਨੂੰ ਸਹੀ ਢੰਗ ਨਾਲ ਚੱਲਾ ਸੱਕਾਂ। ਕਿਉਂ ਕਿ ਕੋਈ ਵੀ ਤੁਹਾਡੀ ਕਿਰਪਾ ਬਿਨਾ ਇਸ ਦੁਨੀਆਂ ਨੂੰ ਨਹੀਂ ਚੱਲਾ ਸੱਕਦਾ।”
11 ਪਰਮੇਸ਼ੁਰ ਨੇ ਸੁਲੇਮਾਨ ਨੂੰ ਆਖਿਆ, “ਤੂੰ ਨਿਰਪੱਖ ਬਿਨ ਸਵਾਰਥ ਦਾ ਫ਼ੈਸਲਾ ਕੀਤਾ ਹੈ। ਨਾ ਤੂੰ ਦੌਲਤ ਮੰਗੀ, ਨਾ ਅਮੀਰੀ, ਮਾਨ-ਵਡਿਆਈ ਅਤੇ ਰੁਤਬਾ। ਤੂੰ ਆਪਣੇ ਵੈਰੀਆਂ ਦਾ ਨਾਸ ਕਰਨ ਨੂੰ ਵੀ ਨਹੀਂ ਕਿਹਾ ਅਤੇ ਨਾ ਹੀ ਤੂੰ ਆਪਣੇ ਲਈ ਵੱਡੀ ਉਮਰ ਦੀ ਮੰਗ ਕੀਤੀ। ਤੂੰ ਇਹ ਸਭ ਕੁਝ ਮੰਗਣ ਦੀ ਥਾਵੇਂ ਬੁੱਧ-ਵਿਵੇਕ ਦੀ ਮੰਗ ਕੀਤੀ ਇਸ ਲਈ ਕਿ ਤੂੰ ਮੇਰੀ ਪਰਜਾ ਦਾ ਸਹੀ ਨਿਆਂ ਕਰ ਸੱਕੇਂ, ਜਿਸ ਦਾ ਮੈਂ ਤੈਨੂੰ ਪਾਤਸ਼ਾਹ ਠਹਿਰਾਇਆ ਹੈ। 12 ਇਸ ਲਈ ਮੈਂ ਤੈਨੂੰ ਬੁੱਧੀ ਅਤੇ ਗਿਆਨ ਦੇਵਾਂਗਾ ਪਰ ਇਸਦੇ ਨਾਲ ਹੀ ਮੈਂ ਤੈਨੂੰ ਧਨ, ਦੌਲਤ, ਅਮੀਰੀ, ਮਾਨ-ਵਡਿਆਈ ਇਹ ਸਭ ਕੁਝ ਵੀ ਦੇਵਾਂਗਾ ਅਤੇ ਉਹ ਵੀ ਇੰਨਾ ਕਿ ਜੋ ਤੇਰੇ ਤੋਂ ਪਹਿਲਾ ਜਾਂ ਤੇਰੇ ਤੋਂ ਬਾਅਦ ਵਿੱਚ ਆਉਣ ਵਾਲੇ ਕਿਸੇ ਵੀ ਪਾਤਸ਼ਾਹ ਨੂੰ ਨਾ ਕਦੇ ਮਿਲਿਆ ਹੋਵੇਗਾ ਅਤੇ ਨਾ ਹੀ ਭਵਿੱਖ ਵਿੱਚ ਕਿਸੇ ਨੂੰ ਇੰਨਾ ਮਿਲੇਗਾ।”
13 ਤਦ ਸੁਲੇਮਾਨ ਗਿਬਓਨ ਵਿੱਚ ਉਪਾਸਨਾ ਵਾਲੇ ਅਸਥਾਨ ਤੇ ਗਿਆ। ਫ਼ਿਰ ਉਹ ਮੰਡਲੀ ਵਾਲੇ ਤੰਬੂ ਤੋਂ ਮੁੜ ਕੇ ਯਰੂਸ਼ਲਮ ਵਿੱਚ ਵਾਪਸ ਚੱਲਾ ਗਿਆ। ਉੱਥੇ ਇਸਰਾਏਲ ਦੇ ਨਵੇਂ ਪਾਤਸ਼ਾਹ ਵਜੋਂ ਰਾਜ ਕਰਨ ਲੱਗਾ।
ਸੁਲੇਮਾਨ ਦਾ ਆਪਣੀ ਫ਼ੌਜ ਅਤੇ ਧਨ ਬਨਾਉਣਾ
14 ਸੁਲੇਮਾਨ ਨੇ ਆਪਣੀ ਸੈਨਾ ਲਈ ਘੋੜੇ ਅਤੇ ਰੱਥ ਇਕੱਠੇ ਕਰਨੇ ਸ਼ੁਰੂ ਕੀਤੇ। ਉਸ ਕੋਲ 1,400 ਰੱਥ ਅਤੇ 12,000 ਘੁੜਸਵਾਰ ਸਨ। ਸੁਲੇਮਾਨ ਨੇ ਉਨ੍ਹਾਂ ਨੂੰ ਰੱਥਾਂ ਦੇ ਸ਼ਹਿਰ ਵਿੱਚ ਰੱਖਿਆ। ਕੱਝ ਨੂੰ ਸੁਲੇਮਾਨ ਨੇ ਯਰੂਸ਼ਲਮ ਵਿੱਚ ਜਿੱਥੇ ਪਾਤਸ਼ਾਹ ਦਾ ਮਹਿਲ ਸੀ ਉੱਥੇ ਰੱਖਿਆ। 15 ਯਰੂਸ਼ਲਮ ਵਿੱਚ, ਸੁਲੇਮਾਨ ਨੇ ਇੰਨਾ ਸੋਨਾ ਅਤੇ ਚਾਂਦੀ ਇੱਕਤ੍ਰ ਕੀਤਾ ਕਿ ਇਹ ਚੱਟਾਨਾਂ ਵਾਂਗ ਆਮ ਸੀ। ਉਸ ਨੇ ਇੰਨਾ ਦਿਆਰ ਇੱਕਤਰ ਕੀਤਾ ਕਿ ਇਹ ਸ਼ੇਫ਼ਲਾਹ ਦੇ ਗੂਲਰ ਦੇ ਰੁੱਖਾਂ ਜਿੰਨਾ ਅਧਿਕ ਸੀ। 16 ਸੁਲੇਮਾਨ ਘੋੜੇ ਮਿਸਰ ਅਤੇ ਸਿਲੀਸੀਆਂ ਤੋਂ ਮੰਗਵਾਉਂਦਾ ਸੀ। 17 ਸੁਲੇਮਾਨ ਦੇ ਵਿਉਪਾਰੀ ਮਿਸਰ ਤੋਂ ਇੱਕ ਰੱਥ ਚਾਂਦੀ ਦੇ 15 ਪੌਂਡ ਦਾ ਅਤੇ ਇੱਕ ਘੋੜਾ ਚਾਂਦੀ ਦੇ 3 3/4 ਪੌਂਡ ਦਾ ਖਰੀਦਦੇ ਸਨ। ਫ਼ੇਰ ਉਨ੍ਹਾਂ ਨੇ ਇਹ ਘੋੜੇ ਅਤੇ ਰੱਥ ਹਿੱਤੀ ਲੋਕਾਂ ਦੇ ਰਾਜਿਆਂ ਅਤੇ ਆਰਾਮ ਦੇ ਰਾਜਿਆਂ ਨੂੰ ਵੇਚ ਦਿੱਤੇ।
ਸੁਲੇਮਾਨ ਦੀ ਮੰਦਰ ਅਤੇ ਮਹਿਲ ਲਈ ਵਿਉਂਤ
2 ਸੁਲੇਮਾਨ ਨੇ ਯਹੋਵਾਹ ਦੇ ਨਾਂ ਦੀ ਵਡਿਆਈ ਲਈ ਇੱਕ ਮੰਦਰ ਬਨਵਾਉਣ ਦੀ ਵਿਉਂਤ ਬਣਾਈ ਅਤੇ ਆਪਣੇ ਲਈ ਇੱਕ ਮਹਿਲ ਬਨਵਾਉਣ ਦੀ ਸੋਚੀ। 2 ਸੁਲੇਮਾਨ ਨੇ 70,000 ਮਨੁੱਖ ਭਾਰ ਢੋਣ ਲਈ, 80,000 ਮਨੁੱਖ ਪੱਥਰ ਕੱਟਣ ਲਈ ਅਤੇ 3,600 ਮਨੁੱਖ ਉਨ੍ਹਾਂ ਦੀ ਨਿਗਰਾਨੀ ਲਈ ਰੱਖੇ।
3 ਤਦ ਸੁਲੇਮਾਨ ਨੇ ਹੂਰਾਮ ਨੂੰ ਜੋ ਕਿ ਸੂਰ ਦੇਸ ਦਾ ਰਾਜਾ ਸੀ ਸੁਨੇਹਾ ਭੇਜਿਆ,
“ਮੇਰੀ ਵੀ ਉਵੇਂ ਮਦਦ ਕਰ ਜਿਵੇਂ ਤੂੰ ਮੇਰੇ ਪਿਤਾ ਦਾਊਦ ਦੀ ਕੀਤੀ ਸੀ। ਉਸ ਦੇ ਰਹਿਣ ਲਈ ਜਿਹੜਾ ਮਹਿਲ ਬਣਿਆ ਉਸ ਲਈ ਤੂੰ ਦਿਆਰ ਦੀ ਲੱਕੜ ਭੇਜੀ ਸੀ। 4 ਮੈਂ ਵੀ ਯਹੋਵਾਹ ਆਪਣੇ ਪਰਮੇਸ਼ੁਰ ਲਈ ਇੱਕ ਮੰਦਰ ਬਨਾਉਣ ਲੱਗਾ ਹਾਂ। ਉਸ ਦੇ ਸਨਮਾਨ ਲਈ ਉਸ ਦੇ ਸਾਹਵੇਂ ਉਸ ਮੰਦਰ ਵਿੱਚ ਅਸੀਂ ਧੂਪ ਧੁਖਾਵਾਂਗੇ ਅਤੇ ਉਸ ਵਿਸ਼ੇਸ਼ ਮੇਜ਼ ਉੱਪਰ ਹਮੇਸ਼ਾ ਪਵਿੱਤਰ ਰੋਟੀ ਅਰਪਣ ਕਰਾਂਗੇ। ਹਰ ਸਵੇਰ-ਸ਼ਾਮ ਅਤੇ ਹਰ ਸਬਤ ਦੇ ਦਿਨ ਅਤੇ ਅਮੱਸਿਆ ਦੇ ਪਰਬ ਤੇ ਹੋਮ ਦੀਆਂ ਭੇਟਾਂ ਚੜ੍ਹਾਵਾਂਗੇ ਅਤੇ ਹੋਰ ਵੀ ਜਿਹੜੇ ਪਰਬ ਤੇ ਤਿਉਹਾਰ ਯਹੋਵਾਹ ਸਾਡੇ ਪਰਮੇਸ਼ੁਰ ਨੇ ਸਾਨੂੰ ਮਨਾਉਣ ਦਾ ਆਦੇਸ਼ ਦਿੱਤਾ ਹੈ, ਉਨ੍ਹਾਂ ਨੂੰ ਮਨਾਵਾਂਗੇ। ਇਹ ਹੁਕਮ ਇਸਰਾਏਲ ਦੇ ਲੋਕਾਂ ਲਈ ਮੰਨਣਾ ਹਮੇਸ਼ਾ ਵਾਸਤੇ ਹੈ।
5 “ਸਾਡਾ ਪਰਮੇਸ਼ੁਰ ਸਾਰੇ ਦੇਵਤਿਆਂ ਨਾਲੋਂ ਮਹਾਨ ਹੈ, ਇਸ ਲਈ ਮੈਂ ਉਸ ਲਈ ਮਹਾਨ ਮੰਦਰ ਬਣਾਵਾਂਗਾ। 6 ਪਰ ਉਸ ਲਈ ਮੰਦਰ ਬਨਵਾਉਣ ਦੇ ਸਮਰੱਥ ਕੌਣ ਹੈ? ਜਦੋਂ ਕਿ ਅਕਾਸ਼ ਅਤੇ ਸਭ ਤੋਂ ਉੱਚੇ ਅਕਾਸ਼ ਵੀ ਉਸ ਲਈ ਕਾਫ਼ੀ ਜਗ੍ਹਾ ਨਹੀਂ ਹਨ, ਤਾਂ ਭਲਾ ਉਸ ਲਈ ਮੰਦਰ ਬਨਾਉਣ ਵਾਲਾ ਮੈਂ ਕੌਣ ਹੁੰਦਾ ਹਾਂ? ਮੈਂ ਤਾਂ ਸਿਰਫ਼ ਉਸ ਦੇ ਮਾਨ ਵਿੱਚ ਧੂਫ਼ ਧੁਖਾਉਣ ਲਈ ਇੱਕ ਜਗ੍ਹਾ ਹੀ ਬਣਾ ਸੱਕਦਾ ਹਾਂ।
7 “ਸੋ, ਹੁਣ ਮੈਂ ਚਾਹੁੰਦਾ ਹਾਂ ਕਿ ਤੂੰ ਮੇਰੇ ਕੋਲ ਅਜਿਹਾ ਮਨੁੱਖ ਭੇਜ ਜੋ ਸੋਨੇ, ਤੇ ਚਾਂਦੀ, ਪਿੱਤਲ ਅਤੇ ਲੋਹੇ ਦਾ ਕੰਮ ਕਰਨ ਵਿੱਚ ਅਤੇ ਨੀਲੇ, ਬੈਂਗਣੀ ਅਤੇ ਕਿਰਮਚੀ ਕੱਪੜੇ ਉੱਪਰ ਕੰਮ ਕਰਨ ਵਿੱਚ ਮਾਹਿਰ ਹੋਵੇ। ਇਹ ਮਾਹਰ ਯਹੂਦਾਹ ਅਤੇ ਯਰੂਸ਼ਲਮ ਵਿੱਚ ਉਨ੍ਹਾਂ ਮਾਹਰਾ ਨਾਲ ਕੰਮ ਕਰੇਗਾ ਜਿਨ੍ਹਾਂ ਨੂੰ ਮੇਰੇ ਪਿਤਾ ਦਾਊਦ ਨੇ ਚੁਣਿਆ ਸੀ। 8 ਇਸ ਦੇ ਨਾਲ ਦਿਆਰ, ਸਰੂ ਅਤੇ ਅਲਗਮ [b] ਲਬਾਨੋਨ ਵਿੱਚੋਂ ਭੇਜੀਂ। ਮੈਂ ਜਾਣਦਾ ਹਾਂ ਕਿ ਤੇਰੇ ਸੇਵਕ ਲਬਾਨੋਨ ਵਿੱਚ ਲੱਕੜਾਂ ਨੂੰ ਕੱਟਣ ’ਚ ਉਸਤਾਦ ਹਨ। ਮੇਰੇ ਆਦਮੀ ਤੇਰੇ ਆਦਮੀਆਂ ਦੀ ਮਦਦ ਕਰਨਗੇ। 9 ਜਿਹੜਾ ਮੰਦਰ ਮੈਂ ਬਨਾਉਣ ਜਾ ਰਿਹਾ ਹਾਂ ਉਹ ਬੜਾ ਵਿਸ਼ਾਲ ਅਤੇ ਖੂਬਸੂਰਤ ਹੋਵੇਗਾ, ਜਿਸ ਲਈ ਬਹੁਤ ਸਾਰੀ ਲੱਕੜ ਦੀ ਜ਼ਰੂਰਤ ਹੋਵੇਗੀ। 10 ਬਦਲੇ ’ਚ ਮੈਂ ਤੇਰੇ ਆਦਮੀਆਂ ਨੂੰ 1,50,000 ਮਣ ਕਣਕ, 1,50,000 ਮਣ ਜੌਁ, 1,15,000 ਗੈਲਨ ਮੈਅ ਅਤੇ ਉਨ੍ਹਾਂ ਦੇ ਭੋਜਨ ਲਈ 1,15,000 ਗੈਲਨ ਤੇਲ, ਤਨਖਾਹ ਵਜੋਂ ਦੇਵਾਂਗਾ।”
11 ਤਦ ਹੂਰਾਮ ਨੇ ਸੁਲੇਮਾਨ ਨੂੰ ਜਵਾਬ ਵਿੱਚ ਸੰਦੇਸ਼ ਭੇਜਿਆ:
“ਸੁਲੇਮਾਨ, ਯਹੋਵਾਹ ਨੂੰ ਆਪਣੇ ਲੋਕਾਂ ਨਾਲ ਪ੍ਰੇਮ ਹੈ, ਇਸੇ ਕਾਰਣ ਉਸ ਨੇ ਤੈਨੂੰ ਉਨ੍ਹਾਂ ਉੱਤੇ ਰਾਜਾ ਥਾਪਿਆ ਹੈ।” 12 ਹੂਰਾਮ ਨੇ ਇਹ ਵੀ ਆਖਿਆ, “ਇਸਰਾਏਲ ਦਾ ਯਹੋਵਾਹ ਪਰਮੇਸ਼ੁਰ ਜਿਸ ਨੇ ਅਕਾਸ਼ ਤੇ ਧਰਤੀ ਦੀ ਰਚਨਾ ਕੀਤੀ, ਮਹਾਨ ਹੈ। ਉਸ ਨੇ ਦਾਊਦ ਪਾਤਸ਼ਾਹ ਨੂੰ ਇੱਕ ਬਹੁਤ ਹੀ ਬੁੱਧੀਮਾਨ ਅਤੇ ਸਿਆਣਾ ਪੁੱਤਰ ਦਿੱਤਾ ਹੈ, ਤਾਂ ਜੋ ਉਹ ਯਹੋਵਾਹ ਲਈ ਇੱਕ ਮੰਦਰ ਅਤੇ ਆਪਣੇ ਲਈ ਇੱਕ ਮਹਿਲ ਬਣਾ ਸੱਕੇ। 13 ਸੋ ਮੈਂ ਹੁਣ ਇੱਕ ਕੁਸ਼ਲ ਕਾਰੀਗਰ ਜਿਸਦਾ ਨਾਂ ਹੂਰਾਮ ਅਬੀ ਹੈ ਨੂੰ ਭੇਜਾਂਗਾ। 14 ਉਸ ਦੀ ਮਾਂ ਦਾਨ ਦੇ ਪਰਿਵਾਰ ਵਿੱਚੋਂ ਸੀ ਅਤੇ ਉਸ ਦਾ ਪਿਤਾ ਸੂਰ ਦੇ ਸ਼ਹਿਰ ਤੋਂ ਸੀ। ਹੂਰਾਮ ਅਬੀ ਸੋਨੇ, ਚਾਂਦੀ, ਪਿੱਤਲ, ਲੋਹੇ, ਪੱਥਰ ਅਤੇ ਲੱਕੜ ਦਾ ਕੰਮ ਕਰਨ ਵਿੱਚ ਅਤੇ ਨੀਲੇ, ਬੈਂਗਣੀ ਅਤੇ ਨਾਲ ਕੱਪੜੇ ਉੱਪਰ ਕੰਮ ਕਰਨ ਵਿੱਚ ਵੀ ਮਾਹਿਰ ਹੈ। ਉਹ ਹਰ ਕੰਮ ਜੋ ਉਸ ਨੂੰ ਸੋਪਿਆ ਗਿਆ ਹੋਵੇ, ਕਰਨ ਵਿੱਚ ਮਾਹਰ ਹੈ। ਉਹ ਤੇਰੇ ਮਾਹਰ ਕਾਮਿਆਂ ਅਤੇ ਉਨ੍ਹਾਂ ਨਾਲ ਜੋ ਤੇਰੇ ਪਿਤਾ ਦਾਊਦ, ਮੇਰੇ ਸੁਆਮੀ ਦੇ ਨਾਲ ਸਨ, ਕੰਮ ਕਰੇਗਾ।
15 “ਸੋ ਹੁਣ ਕਣਕ ਤੇ ਜੌਂ, ਤੇਲ ਅਤੇ ਦਾਖ ਰਸ ਜਿਸਦਾ ਵੇਰਵਾ ਸ਼੍ਰੀ ਮਾਨ ਜੀ ਤੁਸੀਂ ਦਿੱਤਾ ਹੈ, ਉਹ ਮੇਰੇ ਟਹਿਲੂਆਂ ਨੂੰ ਭੇਜ ਦਿੱਤਾ ਜਾਵੇ। 16 ਅਤੇ ਤੈਨੂੰ ਜਿੰਨੀ ਲੱਕੜ ਲੋੜੀਂਦੀ ਹੈ, ਅਸੀਂ ਲਬਾਨੋਨ ਵਿੱਚੋਂ ਵੱਢਾਂਗੇ ਤੇ ਉਸ ਨੂੰ ਯਾਫ਼ਾ ਵਿੱਚ ਸਾਗਰ ਰਾਹੀਂ ਭੇਜ ਦੇਵਾਂਗੇ ਤੇ ਤੂੰ ਉਸ ਨੂੰ ਯਰੂਸ਼ਲਮ ਤੀਕ ਲੈ ਜਾਵੀਂ।”
17 ਤਦ ਸੁਲੇਮਾਨ ਨੇ ਸਾਰੇ ਪਰਦੇਸੀਆਂ ਦੀ ਗਿਣਤੀ ਕੀਤੀ ਜਿਵੇਂ ਉਸ ਦੇ ਪਿਤਾ ਦਾਊਦ ਨੇ ਉਨ੍ਹਾਂ ਨੂੰ ਗਿਣਿਆ ਸੀ, ਤਾਂ ਉਹ 1,53,600 ਗਿਣਤੀ ਵਿੱਚ ਨਿਕਲੇ। 18 ਸੁਲੇਮਾਨ ਨੇ ਉਨ੍ਹਾਂ ਵਿੱਚੋਂ 70,000 ਨੂੰ ਭਾਰ ਢੋਣ ਲਈ, 80,000 ਨੂੰ ਪਹਾੜ ਦੇ ਪੱਥਰ ਕੱਟਣ ਲਈ ਅਤੇ 3,600 ਨੂੰ ਨਿਗਰਾਨੀ ਲਈ ਤੇ ਕਾਰੀਗਰਾਂ ਦੀ ਦੇਖਭਾਲ ਲਈ ਠਹਿਰਾਇਆ।
ਸੁਲੇਮਾਨ ਦਾ ਮੰਦਰ ਉਸਾਰਨਾ
3 ਤਦ ਸੁਲੇਮਾਨ ਨੇ ਯਰੂਸ਼ਲਮ ਵਿੱਚ ਮੋਰੀਯਾਹ ਪਹਾੜ ਉੱਪਰ ਯਹੋਵਾਹ ਲਈ ਇੱਕ ਮੰਦਰ ਬਨਵਾਉਣਾ ਸ਼ੁਰੂ ਕੀਤਾ, ਜਿੱਥੇ ਆਰਨਾਨ ਯਬੂਸੀ ਦੇ ਪਿੜ ਵਿੱਚ ਉਸ ਦੇ ਪਿਤਾ ਦਾਊਦ ਦੇ ਸਾਹਮਣੇ ਯਹੋਵਾਹ ਪ੍ਰਗਟ ਹੋਇਆ ਸੀ। ਸੋ ਜਿਹੜੀ ਥਾਂ ਦਾਊਦ ਨੇ ਤਿਆਰ ਕਰਵਾਈ ਸੀ, ਸੁਲੇਮਾਨ ਨੇ ਉੱਥੇ ਮੰਦਰ ਬਣਵਾਇਆ। 2 ਸੁਲੇਮਾਨ ਨੇ ਇਹ ਕੰਮ ਆਪਣੀ ਇਸਰਾਏਲ ਦੀ ਪਾਤਸ਼ਾਹੀ ਦੇ 14 ਵੇਂ ਸਾਲ ਦੇ ਦੂਜੇ ਮਹੀਨੇ ਵਿੱਚ ਸ਼ੁਰੂ ਕੀਤਾ।
3 ਸੁਲੇਮਾਨ ਦੁਆਰਾ ਰੱਖੀ ਗਈ ਪਰਮੇਸ਼ੁਰ ਦੇ ਮੰਦਰ ਦੀ ਨੀਂਹ ਦੀ ਗਿਣਤੀ ਹੱਥਾਂ ਦੀਆਂ ਪੁਰਾਣੀਆਂ ਮਿਣਤੀਆਂ ਮੁਤਾਬਕ ਲੰਬਾਈ ਵਿੱਚ 60 ਹੱਥ ਅਤੇ ਚੁੜਾਈ ਵਿੱਚ 20 ਹੱਥ ਸੀ। 4 ਅਤੇ ਡਿਉੜੀ ਜੋ ਭਵਨ ਦੇ ਅੱਗੇ ਬਣਾਈ, ਉਸਦੀ ਲੰਬਾਈ ਮੰਦਰ ਦੀ ਚੌੜਾਈ ਦੇ ਮੁਤਾਬਕ 20 ਹੱਥ ਅਤੇ ਉਚਾਈ ਵਿੱਚ 20 ਹੱਥ ਸੀ ਅਤੇ ਸੁਲੇਮਾਨ ਨੇ ਡਿਓੜੀ ਦੇ ਅੰਦਰਵਾਰ ਸਾਰੀ ਕੁੰਦਨ ਸੋਨੇ ਦੀ ਜੜਤ ਕੀਤੀ। 5 ਸੁਲੇਮਾਨ ਨੇ ਵੱਡੇ ਹਾਲ ਕਮਰੇ ਦੀਆਂ ਦੀਵਾਰਾਂ ਉੱਪਰ ਚੀਲ ਦੀ ਲੱਕੜੀ ਜੜੀ ਅਤੇ ਉੱਪਰ ਸੋਨੇ ਦੀ ਜੜ੍ਹਤ ਕੀਤੀ ਅਤੇ ਉਸ ਮੜ੍ਹਤ ਵਿੱਚ ਕੁੰਦਨ ਸੋਨੇ ਦੀਆਂ ਜੰਜੀਰੀਆਂ ਅਤੇ ਖਜ਼ੂਰ ਦੇ ਦ੍ਰੱਖਤਾਂ ਦੀ ਨਕਾਸ਼ੀ ਕੀਤੀ। 6 ਅਤੇ ਮੰਦਰ ਦੀ ਸੁੰਦਰਤਾ ਵੱਧਾਉਣ ਵਾਸਤੇ ਉਸ ਨੂੰ ਕੀਮਤੀ ਪੱਥਰ ਨਾਲ ਸਜਾਇਆ ਅਤੇ ਉੱਥੇ ਉਸ ਨੇ ਪਰਵਾਇਮ ਦੇ ਸੋਨੇ ਦੀ ਵਰਤੋਂ ਕੀਤੀ। 7 ਸੁਲੇਮਾਨ ਨੇ ਮੰਦਰ ਦੀਆਂ ਸ਼ਤੀਰਾਂ, ਉਸਦੀ ਡਿਉੜੀ ਅਤੇ ਦੀਵਾਰਾਂ ਉੱਪਰ ਅਤੇ ਦਰਵਾਜ਼ਿਆਂ ਨੂੰ ਸੋਨੇ ਨਾਲ ਮੜ੍ਹਿਆ ਅਤੇ ਦੀਵਾਰਾਂ ਉੱਪਰ ਕਰੂਬੀ ਫ਼ਰਿਸ਼ਤਿਆਂ ਦੀ ਨਕਾਸ਼ੀ ਕੀਤੀ।
8 ਤਦ ਉਸ ਨੇ ਅੱਤ ਪਵਿੱਤਰ ਸਥਾਨ ਨੂੰ ਬਣਵਾਇਆ। ਅੱਤ ਪਵਿੱਤਰ ਸਥਾਨ ਦੀ ਚੌੜਾਈ ਮੰਦਰ ਮੁਤਾਬਕ 20 ਹੱਥ ਅਤੇ 20 ਹੱਥ ਲੰਬੀ ਸੀ, ਜੋ ਕਿ ਮੰਦਰ ਜਿੰਨਾ ਹੀ ਚੌੜਾ ਸੀ ਅਤੇ ਉਸ ਨੇ ਅੱਤ ਪਵਿੱਤਰ ਸਥਾਨ ਦੀਆਂ ਦੀਵਾਰਾਂ ਉੱਪਰ ਕੁੰਦਨ ਸੋਨੇ ਦੀ ਜੜ੍ਹਤ ਕੀਤੀ ਅਤੇ ਇਹ ਸੋਨਾ ਤੋਲ ਵਿੱਚ 20,400 ਕਿੱਲੋ ਦੇ ਕਰੀਬ ਸੀ। 9 ਉਸ ਦੀਆਂ ਇਸਤੇਮਾਲ ਕੀਤੀਆਂ ਹੋਈਆਂ ਸੋਨੇ ਦੀਆਂ ਮੇਖਾਂ ਦਾ ਭਾਰ ਲੱਗਭਗ 1 1/4 ਪੌਂਡ ਸੀ। ਸੁਲੇਮਾਨ ਨੇ ਉੱਪਰਲਿਆਂ ਕਮਰਿਆਂ ਨੂੰ ਸੋਨੇ ਨਾਲ ਮੜ੍ਹਿਆ। 10 ਸੁਲੇਮਾਨ ਨੇ ਦੋ ਕਰੂਬੀ ਫ਼ਰਿਸ਼ਤੇ ਬਣਵਾ ਕੇ ਅੱਤ ਪਵਿੱਤਰ ਅਸਥਾਨ ਉੱਪਰ ਰੱਖੇ ਅਤੇ ਕਾਰੀਗਰਾਂ ਨੇ ਉਨ੍ਹਾਂ ਕਰੂਬੀ ਫ਼ਰਿਸ਼ਤਿਆਂ ਨੂੰ ਸੋਨੇ ਨਾਲ ਜੜ੍ਹਿਆ। 11 ਕਰੂਬੀ ਫਰਿਸਤਿਆਂ ਦੇ ਇੱਕ-ਇੱਕ ਖੰਭ ਦੀ ਲੰਬਾਈ ਪੰਜ ਹੱਥ ਸੀ ਅਤੇ ਕੁੱਲ ਮਿਲਾ ਕੇ ਖੰਭਾਂ ਦੀ ਲੰਬਾਈ 20 ਹੱਥ ਸੀ। ਪਹਿਲੇ ਕਰੂਬੀ ਫ਼ਰਿਸ਼ਤੇ ਦਾ ਇੱਕ ਖੰਭ ਕਮਰੇ ਦੀ ਇੱਕ ਪਾਸੇ ਦੀ ਕੰਧ ਨੂੰ ਛੂੰਹਦਾ ਸੀ ਅਤੇ ਇੱਕ ਖੰਭ ਦੂਜੇ ਕਰੂਬੀ ਫ਼ਰਿਸ਼ਤੇ ਦੇ ਖੰਭ ਨੂੰ ਛੂੰਹਦਾ ਸੀ। 12 ਅਤੇ ਦੂਜਾ ਖੰਭ ਦੂਜੇ ਕਰੂਬੀ ਦਾ ਕਮਰੇ ਦੀ ਕੰਧ ਦੀ ਦੂਜੀ ਦਿਸ਼ਾ ਨੂੰ ਛੂੰਹਦਾ ਸੀ। 13 ਇਉਂ ਉਨ੍ਹਾਂ ਦੋ ਕਰੂਬੀ ਫ਼ਰਿਸ਼ਤਿਆਂ ਦੇ ਖੰਭਾਂ ਨੇ ਕੁੱਲ ਵੀਹ ਹੱਥ ਕੰਧ ਨੂੰ ਘੇਰਿਆ ਹੋਇਆ ਸੀ ਅਤੇ ਇਹ ਕਰੂਬੀ ਫਰਿਸ਼ਤੇ ਮੁੱਖ ਕਮਰੇ ਵੱਲ ਨੂੰ ਮੂੰਹ ਕਰਕੇ ਆਪਣੇ ਪੈਰਾਂ ਤੇ ਖਲੋਤੇ ਹੋਏ ਸਨ।
14 ਸੁਲੇਮਾਨ ਨੇ ਨੀਲੇ, ਬੈਂਗਣੀ ਅਤੇ ਕਿਰਮਚੀ ਰੰਗਾਂ ਦਾ ਮਹੀਨ ਕੱਪੜਾ ਲੈ ਕੇ ਪਰਦਾ ਬਣਵਾਇਆ ਅਤੇ ਉਸ ਪਰਦੇ ਉੱਪਰ ਕਰੂਬੀ ਫ਼ਰਿਸ਼ਤਿਆਂ ਦੀ ਕੱਢਾਈ ਕੀਤੀ।
15 ਉਸ ਨੇ ਮੰਦਰ ਦੇ ਅਗਲੇ ਹਿੱਸੇ ਲਈ 35 ਹੱਥ ਦੇ 2 ਥੰਮ ਬਣਵਾਏ ਅਤੇ ਹਰ ਇੱਕ ਦੀ ਚੋਟੀ ਉੱਪਰ ਪੰਜ-ਪੰਜ ਹੱਥ ਜਿੱਡਾ ਮੁਕਟ ਸੀ। 16 ਉਸ ਨੇ ਹਾਰ ਵਰਗੀਆਂ ਜ਼ੰਜੀਰਾਂ ਬਣਵਾਈਆਂ ਜਿਨ੍ਹਾਂ ਨੂੰ ਥੰਮਾਂ ਦੇ ਸਿਰਿਆਂ ਉੱਪਰ ਲਗਾਇਆ। ਅਤੇ 100 ਅਨਾਰ ਬਣਵਾ ਕੇ ਉਨ੍ਹਾਂ ਜੰਜੀਰਾਂ ਵਿੱਚ ਲਟਕਾ ਦਿੱਤਾ। 17 ਫ਼ਿਰ ਸੁਲੇਮਾਨ ਨੇ ਥੰਮਾਂ ਨੂੰ ਮੰਦਰ ਦੇ ਅਗਲੇ ਹਿੱਸੇ ਵਿੱਚ ਇੱਕ ਖੱਬੇ ਦੇ ਦੂਜਾ ਸੱਜੇ ਪਾਸੇ ਰੱਖ ਦਿੱਤਾ। ਉਸ ਨੇ ਸੱਜੇ ਪਾਸੇ ਵਾਲੇ ਥੰਮ ਦਾ ਨਾਂ “ਯਾਕੀਨ” ਅਤੇ ਖੱਬੇ ਪਾਸੇ ਵਾਲੇ ਥੰਮ ਦਾ ਨਾਂ “ਬੋਅਜ਼” ਰੱਖਿਆ।
ਮੰਦਰ ਲਈ ਸਮਾਨ
4 ਸੁਲੇਮਾਨ ਨੇ ਪਿੱਤਲ ਦੀ ਇੱਕ ਜਗਵੇਦੀ ਬਣਾਈ। ਉਸ ਜਗਵੇਦੀ ਦੀ ਲੰਬਾਈ 20 ਹੱਥ ਅਤੇ ਚੌੜਾਈ ਵੀ 20 ਹੱਥ ਸੀ ਤੇ ਉਸ ਦੀ ਉੱਚਾਈ 10 ਹੱਥ ਸੀ। 2 ਫ਼ਿਰ ਸੁਲੇਮਾਨ ਨੇ ਇੱਕ ਵਿਸ਼ਾਲ ਹੌਦ ਬਨਾਉਣ ਲਈ ਢਾਲਿਆ ਹੋਇਆ ਪਿੱਤਲ ਵਰਤਿਆ ਅਤੇ ਉਸ ਤਲਾਅ ਦਾ ਜੋ ਕਿ ਗੋਲ ਸੀ ਉਸਦਾ ਘੇਰਾ 10 ਹੱਥ ਸੀ। ਉਸਦੀ ਉਚਾਈ 5 ਹੱਥ ਅਤੇ ਘੇਰੇ ਦੀ ਮਿਣਤੀ 30 ਹੱਥ ਸੀ। 3 ਕਾਂਸੇ ਦੇ ਵੱਡੇ ਹੌਦ ਦੇ ਰਿੰਮ ਹੇਠਾਂ ਬਲਦਾਂ ਦੀਆਂ ਮੂਰਤਾਂ ਘੜੀਆਂ ਗਈਆਂ ਸਨ। ਜਿਨ੍ਹਾਂ ਨੂੰ ਦੋ ਕਤਾਰਾਂ ਵਿੱਚ ਰੱਖਿਆ ਗਿਆ ਸੀ ਅਤੇ ਜਿਨ੍ਹਾਂ ਨੇ ਹੌਦ ਨੂੰ ਘੇਰਿਆ ਹੋਇਆ ਸੀ। ਇਨ੍ਹਾਂ ਬਲਦਾਂ ਨੂੰ ਵੀ ਉਸੇ ਥਾਵੇਂ ਘੜਿਆ ਗਿਆ ਸੀ ਜਦੋਂ ਹੌਦ ਨੂੰ ਅਕਾਰ ਦਿੱਤਾ ਗਿਆ ਸੀ। 4 ਇਹ ਵੱਡਾ ਹੌਦ12 ਬਲਦਾਂ ਜੋ ਕਿ ਅਕਾਰ ਵਿੱਚ ਬੜੇ ਵੱਡੇ ਸਨ, ਉਨ੍ਹਾਂ ਉੱਪਰ ਰੱਖਿਆ ਗਿਆ। ਉੱਨ੍ਹਾਂ ਵਿੱਚੋਂ 3 ਬਲਦਾਂ ਦੇ ਮੂੰਹ ਉੱਤਰ ਦਿਸ਼ਾ ਵੱਲ, ਅਤੇ ਤਿੰਨਾਂ ਦੇ ਮੂੰਹ ਪੱਛਮ ਵੱਲ ਸਨ। ਤਿੰਨ ਬਲਦਾਂ ਦੇ ਮੂੰਹ ਦੱਖਣ ਦਿਸ਼ਾ ਵੱਲ ਤੇ ਬਾਕੀ ਦੇ ਤਿੰਨ ਬਲਦਾਂ ਦੇ ਮੁੱਖ ਪੂਰਬ ਵੱਲ ਨੂੰ ਸਨ। ਤੇ ਇਹ ਵੱਡਾ ਸਾਰਾ ਪਿੱਤਲ ਦਾ ਹੌਦ ਇਨ੍ਹਾਂ ਬਲਦਾਂ ਦੇ ਉੱਪਰ ਟਿਕਿਆ ਹੋਇਆ ਸੀ। ਇਨ੍ਹਾਂ ਸਾਰੇ ਬਲਦਾਂ ਦੇ ਪਿੱਛਲੇ ਅੰਗ ਅਤੇ ਹਿੱਸੇ ਅੰਦਰਲੇ ਪਾਸੇ ਸਨ। 5 ਵੱਡੇ ਹੌਦ ਦੀ ਮੋਟਾਈ ਤਿੰਨ ਇੰਚ ਸੀ ਅਤੇ ਉਸਦਾ ਕੰਢਾ ਪਿਆਲੇ ਦੇ ਕੰਢੇ ਵਰਗਾ ਸੀ, ਜੋ ਕੁਮਦਿਨੀ ਵਰਗਾ ਲੱਗਦਾ ਸੀ। ਇਸ ਵਿੱਚ 17,500 ਗੈਲਨ ਪਾਣੀ ਪਾਇਆ ਜਾ ਸੱਕਦਾ ਸੀ।
6 ਸੁਲੇਮਾਨ ਨੇ 10 ਹੌਦੀਆਂ ਬਣਵਾਈਆਂ ਜਿਹੜੀਆਂ ਕਿ ਪੰਜ-ਪੰਜ ਵੱਡੇ ਪਿੱਤਲ ਦੇ ਹੌਦ ਦੇ ਖੱਬੇ ਅਤੇ ਸੱਜੇ ਪਾਸੇ ਰੱਖੀਆਂ ਗਈਆਂ। ਇਹ 10 ਹੌਦੀਆਂ ਹੋਮ ਦੀਆਂ ਭੇਟਾਂ ਦੀਆਂ ਵਸਤਾਂ ਨੂੰ ਧੋਣ ਲਈ ਵਰਤੀਆਂ ਜਾਂਦੀਆਂ ਸਨ। ਪਰ ਵੱਡਾ ਪਿੱਤਲ ਦਾ ਤਲਾਅਨੁਮਾ ਹੌਦ ਬਲੀ ਭੇਂਟ ਤੋਂ ਪਹਿਲਾਂ ਅਸ਼ਨਾਨ ਲਈ ਵਰਤਿਆ ਜਾਂਦਾ ਸੀ।
7 ਸੁਲੇਮਾਨ ਨੇ ਦਿੱਤੇ ਗਏ ਨਿਰਦੇਸ਼ਾਂ ਅਨੁਸਾਰ ਦਸ ਸ਼ਮਾਦਾਨ ਬਣਵਾਏ ਅਤੇ ਉਸ ਨੇ ਇਨ੍ਹਾਂ ਸ਼ਮਾਦਾਨਾਂ ਨੂੰ ਮੰਦਰ ਵਿੱਚ ਰੱਖਵਾ ਦਿੱਤਾ। ਪੰਜ ਸ਼ਮਾਦਾਨ ਖੱਬੇ ਪਾਸੇ ਅਤੇ ਬਾਕੀ ਦੇ ਪੰਜ ਮੰਦਰ ਦੇ ਸੱਜੇ ਪਾਸੇ ਰੱਖੇ ਗਏ ਸਨ। 8 ਉਸ ਨੇ 10 ਮੇਜ਼ਾਂ ਬਣਵਾ ਕੇ ਵੀ ਮੰਦਰ ਅੰਦਰ ਰੱਖੀਆਂ ਜਿਹੜੀਆਂ ਕਿ ਮੰਦਰ ਦੇ ਸੱਜੇ-ਖੱਬੇ ਪੰਜ-ਪੰਜ ਰੱਖੀਆਂ ਗਈਆਂ ਅਤੇ 100 ਹੌਦੀਆਂ ਬਨਵਾਉਣ ਲਈ ਉਸ ਨੇ ਸੋਨਾ ਵਰਤਿਆ। 9 ਸੁਲੇਮਾਨ ਨੇ ਜਾਜਕਾਂ ਲਈ ਵਲਗਣ ਅਤੇ ਵਿਹੜੇ ਬਣਵਾਏ ਅਤੇ ਉਨ੍ਹਾਂ ਦੇ ਦਰਵਾਜ਼ਿਆਂ ਨੂੰ ਕਾਂਸੇ ਨਾਲ ਢੱਕ ਦਿੱਤਾ। 10 ਫ਼ਿਰ ਉਸ ਨੇ ਵੱਡੇ ਪਿੱਤਲ ਦੇ ਹੌਦ ਨੂੰ ਪੂਰਬ ਵੱਲ ਮੰਦਰ ਦੇ ਸੱਜੇ ਪਾਸੇ ਦੱਖਣ ਵਾਲੇ ਘੁਮਾ ਕੇ ਰੱਖਿਆ।
11 ਹੂਰਾਮ ਨੇ ਭਾਂਡੇ, ਬੇਲਚੇ ਅਤੇ ਹੌਦੀਆਂ ਬਣਾਈਆਂ। ਫ਼ਿਰ ਹੂਰਾਮ ਨੇ ਉਹ ਕੰਮ ਖਤਮ ਕੀਤਾ ਜੋ ਉਹ ਸੁਲੇਮਾਨ ਲਈ ਪਰਮੇਸ਼ੁਰ ਦੇ ਮੰਦਰ ਲਈ ਕਰਦਾ ਸੀ।
12 ਹੂਰਾਮ ਨੇ ਦੋ ਥੰਮ ਅਤੇ ਉਨ੍ਹਾਂ ਥੰਮਾਂ ਦੇ ਉੱਪਰ ਦੋ ਵੱਡੇ ਮੁਕਟਨੁਮਾ ਕਟੋਰੇ ਬਣਾਏ ਸਨ। ਇਹੀ ਨਹੀਂ ਸਗੋਂ ਉਸ ਨੇ ਦੋ ਸਜਾਵਟੀ ਜਾਲੀਆਂ, ਜਿਹੜੀਆਂ ਕਿ ਉਨ੍ਹਾਂ ਥੰਮਾਂ ਦੇ ਮੁਕਟਾਂ ਨੂੰ ਕੱਜਦੀਆਂ ਸਨ, ਵੀ ਬਣਾਈਆਂ। 13 ਹੂਰਾਮ ਨੇ ਉਨ੍ਹਾਂ ਦੋ ਸਜਾਵਟੀ ਜਾਲੀਆਂ ਲਈ ਵੀ 400 ਅਨਾਰ ਬਣਵਾਏ। ਹਰ ਜਾਲੀ ਲਈ ਦੋ ਕਤਾਰਾਂ ਸਨ ਜਿਨ੍ਹਾਂ ਵਿੱਚ ਅਨਾਰ ਜੜੇ ਗਏ ਸਨ ਅਤੇ ਇਹ ਜਾਲੀਆਂ ਖੰਭਿਆਂ ਦੇ ਉਪਰਲੇ ਮੁਕਟਾਂ ਨੂੰ ਕੱਜਦੀਆਂ ਸਨ। 14 ਹੂਰਾਮ ਨੇ ਬੜੇ ਅਤੇ ਉਨ੍ਹਾਂ ਉੱਪਰ ਟਿਕਾਉਣ ਵਾਲੇ ਕਟੋਰੇ ਵੀ ਬਣਾਏ। 15 ਹੂਰਾਮ ਨੇ ਇੱਕ ਵੱਡਾ ਪਿੱਤਲ ਦਾ ਹੌਦ ਵੀ ਬਣਾਇਆ ਅਤੇ ਉਸ ਦੇ ਥੱਲੇ ਟਿਕਾਅ ਲਈ 12 ਬਲਦ ਵੀ ਬਣਾਏ। 16 ਉਸ ਨੇ ਭਾਂਡੇ, ਬੇਲਚੇ, ਚਮਚੇ ਅਤੇ ਹੋਰ ਕਈ ਅਜਿਹੀਆਂ ਵਸਤਾਂ ਸੁਲੇਮਾਨ ਪਾਤਸ਼ਾਹ ਲਈ ਯਹੋਵਾਹ ਦੇ ਮੰਦਰ ਲਈ ਬਣਾਈਆਂ।
ਇਹ ਸਭ ਵਸਤਾਂ ਚਮਕਦੇ ਪਿੱਤਲ ਦੀਆਂ ਬਣਾਈਆਂ ਗਈਆਂ। 17 ਪਹਿਲਾਂ ਸੁਲੇਮਾਨ ਪਾਤਸ਼ਾਹ ਨੇ ਇਨ੍ਹਾਂ ਵਸਤਾਂ ਨੂੰ ਚੀਕਣੀ ਮਿੱਟੀ ਦੇ ਸਾਂਚਿਆਂ ’ਚ ਪਾਇਆ। ਇਹ ਸਾਂਚੇ ਯਰਦਨ ਦੀ ਵਾਦੀ ਵਿੱਚ ਤਿਆਰ ਕੀਤੇ ਗਏ ਜੋ ਕਿ ਸੁਕੋਥ ਅਤੇ ਸਰੇਦਾਥਾਹ ਦੇ ਵਿੱਚਕਾਰ ਕਰਕੇ ਹੈ। 18 ਸੁਲੇਮਾਨ ਪਾਤਸ਼ਾਹ ਨੇ ਇੰਨੀ ਤਾਦਾਤ ਵਿੱਚ ਇਹ ਸਭ ਕੁਝ ਬਣਵਾਇਆ ਕਿ ਕੋਈ ਵੀ ਮਨੁੱਖ ਇਸ ਪਿੱਤਲ ਨੂੰ ਤੋਲ ਨਹੀਂ ਸੀ ਸੱਕਦਾ।
19 ਸੁਲੇਮਾਨ ਨੇ ਪਰਮੇਸ਼ੁਰ ਦੇ ਮੰਦਰ ਲਈ ਵੀ ਬੜਾ ਕੁਝ ਬਣਵਾਇਆ। ਉਸ ਨੇ ਸੋਨੇ ਦੀ ਜਗਵੇਦੀ ਬਣਵਾਈ। ਜਿਨ੍ਹਾਂ ਮੇਜ਼ਾਂ ਉੱਪਰ ਹਜ਼ੂਰੀ ਰੋਟੀ ਹੁੰਦੀ ਸੀ, ਉਹ ਵੀ ਬਣਵਾਈਆਂ। 20 ਉਸ ਨੇ ਸ਼ੁੱਧ ਸੋਨੇ ਦੇ ਸ਼ਮਾਦਾਨ ਅਤੇ ਦੀਵੇ ਵੀ ਬਣਵਾਏ ਤਾਂ ਜੋ ਉਹ ਰੀਤ ਮੁਤਾਬਕ ਪਵਿੱਤਰ ਅਸਥਾਨ ਦੇ ਅੱਗੇ ਬਲਦੇ ਰਹਿਣ। 21 ਸੁਲੇਮਾਨ ਨੇ ਫ਼ੁੱਲ, ਦੀਵੇ ਅਤੇ ਚਿਮਟੇ ਆਦਿ ਬਨਵਾਉਣ ਲਈ ਸ਼ੁੱਧ ਸੋਨਾ ਵਰਤਿਆ। 22 ਉਸ ਨੇ ਗੁਲਤਰਾਸ਼ [c] ਅਤੇ ਪਰਾਤਾਂ, ਕਟੋਰੀਆਂ ਅਤੇ ਧੂਫ਼ਦਾਨ ਸਭ ਸ਼ੁੱਧ ਸੋਨੇ ਦੇ ਬਣਵਾਏ। ਉਸ ਨੇ ਮੰਦਰ ਦੇ ਦਰਵਾਜ਼ਿਆਂ ਉੱਪਰ, ਅੱਤ ਪਵਿੱਤਰ ਸਥਾਨ ਦੇ ਅੰਦਰਲੇ ਦਰਵਾਜਿਆਂ ਉੱਪਰ ਅਤੇ ਮੁੱਖ ਵੰਡੇ ਕਮਰੇ ਦੇ ਦਰਵਾਜਿਆਂ ਉੱਪਰ ਵੀ ਸੌਨਾ ਚੜ੍ਹਾਇਆ।
5 ਇਉਂ ਉਹ ਸਾਰਾ ਕੰਮ ਜੋ ਸੁਲੇਮਾਨ ਨੇ ਯਹੋਵਾਹ ਦੇ ਮੰਦਰ ਲਈ ਸ਼ੁਰੂ ਕੀਤਾ ਸੀ ਖਤਮ ਹੋਇਆ ਤਾਂ ਸੁਲੇਮਾਨ ਨੇ ਆਪਣੇ ਪਿਤਾ ਦਾਊਦ ਦੀਆਂ ਪਵਿੱਤਰ ਕੀਤੀਆਂ ਹੋਈਆਂ ਵਸਤਾਂ ਯਾਨੀ ਕਿ ਸੋਨਾਂ, ਚਾਂਦੀ ਅਤੇ ਸਾਰੇ ਭਾਂਡੇ, ਇਹ ਸਭ ਕੁਝ ਅੰਦਰ ਲੈ ਆਇਆ ਅਤੇ ਪਰਮੇਸ਼ੁਰ ਦੇ ਮੰਦਰ ਦੇ ਖਜਾਨੇ ਵਿੱਚ ਧਰ ਦਿੱਤਾ।
ਪਵਿੱਤਰ ਸੰਦੂਕ ਮੰਦਰ ’ਚ ਲਿਆਇਆ ਗਿਆ
2 ਸੁਲੇਮਾਨ ਨੇ ਇਸਰਾਏਲ ਦੇ ਬਜ਼ੁਰਗਾਂ ਅਤੇ ਸਾਰੀਆਂ ਗੋਤਾਂ ਦੇ ਮੁਖੀਆਂ, ਆਗੂਆਂ ਨੂੰ ਯਰੂਸ਼ਲਮ ਵਿੱਚ ਸੱਦਾ ਦਿੱਤਾ। (ਇਹ ਸਾਰੇ ਮਨੁੱਖ ਇਸਰਾਏਲ ਦੇ ਘਰਾਣਿਆਂ ਦੇ ਮੁਖੀਆ ਸਨ।) ਤਾਂ ਜੋ ਉਹ ਦਾਊਦ ਦੇ ਸ਼ਹਿਰ ਵਿੱਚੋਂ ਜੋ ਸੀਯੋਨ ਹੈ ਉੱਥੋਂ ਯਹੋਵਾਹ ਦੇ ਨੇਮ ਦੇ ਸੰਦੂਕ ਨੂੰ ਲੈ ਆਉਣ। 3 ਤਾਂ ਇਸਰਾਏਲ ਦੇ ਸਾਰੇ ਮਨੁੱਖ ਪਰਬ ਲਈ ਜੋ ਕਿ ਸੱਤਵੇਂ ਮਹੀਨੇ ਵਿੱਚ ਹੁੰਦਾ ਸੀ, ਇਕੱਠੇ ਹੋਏ।
4 ਜਦੋਂ ਇਸਰਾਏਲ ਦੇ ਸਾਰੇ ਬਜ਼ੁਰਗ ਪਹੁੰਚ ਗਏ ਤਾਂ ਲੇਵੀਆਂ ਨੇ ਨੇਮ ਦੇ ਸੰਦੂਕ ਨੂੰ ਚੁੱਕਿਆ ਹੋਇਆ ਸੀ। 5 ਤਦ ਜਾਜਕਾਂ ਅਤੇ ਲੇਵੀਆਂ ਦੇ ਨੇਮ ਦੇ ਸੰਦੂਕ ਨੂੰ ਯਰੂਸ਼ਲਮ ਵਿੱਚ ਲਿਆਂਦਾ। ਉਹ ਆਪਣੇ ਨਾਲ ਮੰਡਲੀ ਦਾ ਤੰਬੂ ਅਤੇ ਜੋ ਵੀ ਪਵਿੱਤਰ ਵਸਤਾਂ ਉੱਥੇ ਸਨ, ਉਹ ਯਰੂਸ਼ਲਮ ਵਿੱਚ ਲੈ ਆਏ। 6 ਸੁਲੇਮਾਨ ਪਾਤਸ਼ਾਹ ਅਤੇ ਸਾਰੇ ਇਸਰਾਏਲੀ ਇਕਰਾਰਨਾਮੇ ਦੇ ਸੰਦੂਕ ਦੇ ਸਾਹਮਣੇ ਮਿਲੇ ਅਤੇ ਉਨ੍ਹਾਂ ਸਭਨਾਂ ਨੇ ਭੇਡਾਂ ਅਤੇ ਬਲਦਾਂ ਦੀ ਬਲੀ ਦਿੱਤੀ। ਇਹ ਭੇਡਾਂ ਅਤੇ ਬਲਦਾਂ ਇੰਨੀ ਤਾਦਾਤ ਵਿੱਚ ਸਨ ਕਿ ਇਨ੍ਹਾਂ ਦੀ ਗਿਣਤੀ ਕਰਨੀ ਅਸੰਭਵ ਸੀ। 7 ਤਦ ਜਾਜਕਾਂ ਨੇ ਇਕਰਾਰਨਾਮੇ ਦੇ ਸੰਦੂਕ ਨੂੰ ਉਸ ਥਾਵੇਂ ਲਿਆਂਦਾ ਜਿਹੜੀ ਜਗ੍ਹਾ ਉਸ ਲਈ ਤਿਆਰ ਕੀਤੀ ਗਈ ਸੀ। ਇਹ ਜਗ੍ਹਾ ਮੰਦਰ ਵਿੱਚ ਅੱਤ ਪਵਿੱਤਰ ਸਥਾਨ ਸੀ। ਅਤੇ ਇਕਰਾਰਨਾਮੇ ਦੇ ਸੰਦੂਕ ਨੂੰ ਕਰੂਬੀ ਫ਼ਰਿਸਤਿਆਂ ਦੇ ਖੰਭਾਂ ਹੇਠਾਂ ਰੱਖਿਆ ਗਿਆ ਸੀ। 8 ਜਿੱਥੇ ਨੇਮ ਦੇ ਸੰਦੂਕ ਨੂੰ ਰੱਖਿਆ ਗਿਆ ਉੱਥੇ ਕਰੂਬੀ ਆਪਣੇ ਖੰਭ ਪਸਾਰੇ ਖੜ੍ਹੇ ਸਨ ਇਵੇਂ ਕਰੂਬੀ ਫ਼ਰਿਸ਼ਤਿਆਂ ਨੇ ਉਸ ਸੰਦੂਕ ਦੀਆਂ ਚੋਬਾਂ ਨੂੰ ਉੱਤੋਂ ਦੀ ਢੱਕਿਆ ਹੋਇਆ ਸੀ। 9 ਇਹ ਚੋਬਾਂ ਇੰਨੀਆਂ ਲੰਬੀਆਂ ਸਨ ਕਿ ਇਨ੍ਹਾਂ ਦੇ ਸਿਰੇ ਅੱਤ ਪਵਿੱਤਰ ਅਸਥਾਨ ਦੇ ਸਾਹਮਣਿਓ ਵੀ ਨਜ਼ਰ ਆਉਂਦੇ ਸਨ ਪਰ ਇਸ ਨੂੰ ਕੋਈ ਵੀ ਮਨੁੱਖ ਮੰਦਰ ਦੇ ਬਾਹਰ ਤੋਂ ਨਹੀਂ ਸੀ ਵੇਖ ਸੱਕਦਾ। ਇਹ ਚੋਬਾਂ ਅੱਜ ਵੀ ਉੱਥੇ ਬਰਕਰਾਰ ਹਨ। 10 ਉਸ ਇਕਰਾਰਨਾਮੇ ਦੇ ਸੰਦੂਕ ਵਿੱਚ ਸਿਰਫ਼ ਪੱਥਰ ਦੀਆਂ ਦੋ ਤਖਤੀਆਂ ਸਨ। ਇਹ ਤਖਤੀਆਂ ਮੂਸਾ ਨੇ ਹੋਰੇਬ ਵਿੱਚ ਉਸ ਥਾਵੇਂ ਸੰਦੂਕ ਵਿੱਚ ਰੱਖੀਆਂ ਸਨ ਜਿੱਥੇ ਯਹੋਵਾਹ ਨੇ ਇਸਰਾਏਲ ਦੇ ਲੋਕਾਂ ਨਾਲ ਇਕਰਾਰਨਾਮਾ ਕੀਤਾ ਸੀ। ਇਹ ਉਸ ਵਕਤ ਹੋਇਆ ਜਦੋਂ ਉਹ ਮਿਸਰ ਵਿੱਚੋਂ ਬਾਹਰ ਨਿਕਲੇ ਸਨ।
11 ਸਾਰੇ ਜਾਜਕ ਜੋ ਉੱਥੇ ਮੌਜੂਦ ਸਨ ਉਨ੍ਹਾਂ ਨੇ ਆਪਣੇ-ਆਪ ਨੂੰ ਪਵਿੱਤਰ ਕਰਨ ਲਈ ਇਹ ਰਸਮ ਕੀਤੀ। ਤਾਂ ਜਦੋਂ ਹੀ ਜਾਜਕ ਪਵਿੱਤਰ ਅਸਥਾਨ ਤੋਂ ਬਾਹਰ ਨਿਕਲੇ, ਤਾਂ ਉਹ ਵੱਖੋ-ਵੱਖ ਦਲ ਬਨਾਉਣ ਦੀ ਥਾਵੇਂ ਸਾਰੇ ਇਕੱਠੇ ਮਿਲ ਕੇ ਖੜ੍ਹੇ ਹੋਏ। 12 ਲੇਵੀ ਗਵਈਏ ਜਗਵੇਦੀ ਦੇ ਪੂਰਬੀ ਪਾਸੇ ਵੱਲ ਖਲੋ ਗਏ। ਗਵਈਆਂ ਦੇ ਸਾਰੇ ਸਮੂਹ, ਆਸਾਫ਼, ਹੀਮਾਨ, ਅਤੇ ਯਦੂਥੂਨ ਅਨਦ ਉਨ੍ਹਾਂ ਦੇ ਪੁੱਤਰ ਅਤੇ ਭਰਾ ਇੱਕਤ੍ਰ ਹੋਏ। ਸਾਰੇ ਲੇਵੀ ਗਵਈਆਂ ਨੇ ਚਿੱਟੇ ਸੂਤੀ ਚੋਲੇ ਪਾਏ ਹੋਏ ਸਨ। ਉਨ੍ਹਾਂ ਦੇ ਹੱਥਾਂ ਵਿੱਚ ਸਰੰਗੀਆਂ, ਚਿਮਟੇ ਅਤੇ ਸਿਤਾਰਾਂ ਸਨ। ਓੱਥੇ ਲੇਵੀ ਗਵਈਆਂ ਸਮੇਤ ਕੁੱਲ 120 ਜਾਜਕ ਸਨ। ਇਹ ਸਾਰੇ 120 ਜਾਜਕ ਤੁਰ੍ਹੀਆਂ ਵਜਾ ਰਹੇ ਸਨ ਅਤੇ ਗਵਈਏ ਇੱਕੋ ਸੁਰ ਵਿੱਚ ਗਾ ਰਹੇ ਸਨ। 13 ਜਦੋਂ ਉਨ੍ਹਾਂ ਨੇ ਯਹੋਵਾਹ ਦੀ ਉਸਤਤ ਗਾਈ ਅਤੇ ਉਸਦਾ ਧੰਨਵਾਦ ਕੀਤਾ, ਉਨ੍ਹਾਂ ਸਭ ਨੇ ਇੱਕੋ ਸੁਰ ਵਿੱਚ ਆਵਾਜ਼ ਕੀਤੀ ਅਤੇ ਉਹ ਆਪਣੇ ਸੰਗੀਤਕ ਸਾਜ਼ ਵਜਾਉਂਦੇ ਹੋਏ ਇੱਕੋ ਸੁਰ ਵਿੱਚ ਉੱਚੀ ਆਵਾਜ਼ ਵਿੱਚ ਗਾ ਰਹੇ ਸਨ। ਉਹ ਯਹੋਵਾਹ ਦੀ ਉਸਤਤ ਵਿੱਚ ਗੀਤ ਗਾ ਰਹੇ ਸਨ,
“ਉਸਦੇ ਕਿਰਪਾਲਤਾ ਅਤੇ
ਉਸ ਦੇ ਅਨਂਤ ਪਿਆਰ ਬਾਰੇ ਗਾ ਰਹੇ ਸਨ।”
ਤਦ ਹੀ ਯਹੋਵਾਹ ਦਾ ਮੰਦਰ ਬੱਦਲ ਨਾਲ ਭਰ ਗਿਆ। 14 ਇਸ ਬੱਦਲ ਕਾਰਣ ਜਾਜਕ ਸੇਵਾ ਜਾਰੀ ਨਾ ਰੱਖ ਸੱਕੇ ਕਿਉਂ ਕਿ ਪਰਮੇਸ਼ੁਰ ਦਾ ਮੰਦਰ ਉਸ ਦੇ ਪਰਤਾਪ ਨਾਲ ਭਰ ਗਿਆ ਸੀ।
6 ਤਦ ਸੁਲੇਮਾਨ ਨੇ ਆਖਿਆ, “ਯਹੋਵਾਹ ਨੇ ਆਖਿਆ ਹੈ ਕਿ ਉਹ ਘਨਾ ਬੱਦਲ ਹਨੇਰ ਵਿੱਚ ਵਸੇਗਾ। 2 ਮੈਂ ਤੇਰੇ ਲਈ ਹੇ ਯਹੋਵਾਹ ਇੱਕ ਘਰ ਬਣਾਇਆ ਹੈ ਜਿੱਥੇ ਤੂੰ ਵਸੇਂ। ਇਹ ਉੱਚਾ ਘਰ ਹੈ ਜਿੱਥੇ ਤੂੰ ਸਦੀਵ ਰਹੇਂ।”
ਸੁਲੇਮਾਨ ਦਾ ਕਥਨ
3 ਪਾਤਸ਼ਾਹ ਸੁਲੇਮਾਨ ਨੇ ਘੁੰਮ ਕੇ ਆਪਣੇ ਅੱਗੇ ਇਕੱਠੇ ਹੋਏ ਇਸਰਾਏਲ ਦੇ ਸਾਰੇ ਲੋਕਾਂ ਨੂੰ ਅਸੀਸ ਦਿੱਤੀ। 4 ਉਸ ਨੇ ਕਿਹਾ,
“ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਨੂੰ ਧੰਨਵਾਦ, ਜੋ ਇਕਰਾਰ ਉਸ ਨੇ ਆਪਣੇ ਮੂੰਹੋਂ ਮੇਰੇ ਪਿਤਾ ਦਾਊਦ ਨਾਲ ਕੀਤਾ ਸੀ, ਉਸ ਨੇ ਉਸ ਨੂੰ ਆਪਣੀ ਸ਼ਕਤੀ ਨਾਲ ਨਿਭਾਇਆ। ਇਹੀ ਹੈ ਜੋ ਯਹੋਵਾਹ ਪਰਮੇਸ਼ੁਰ ਨੇ ਆਖਿਆ: 5 ‘ਮੈਂ ਬਹੁਤ ਪਹਿਲਾਂ ਇਸਰਾਏਲ ਨੂੰ ਮਿਸਰ ਵਿੱਚੋਂ ਬਾਹਰ ਕੱਢ ਲਿਆਇਆ, ਤੇ ਉਸ ਸਾਰੇ ਸਮੇਂ ਦੌਰਾਨ ਮੈਂ ਇਸਰਾਏਲ ਦੇ ਸਾਰੇ ਪਰਿਵਾਰ-ਸਮੂਹਾਂ ਵਿੱਚੋਂ ਨਾ ਤਾਂ ਕਿਸੇ ਸ਼ਹਿਰ ਨੂੰ ਚੁਣਿਆ ਤਾਂ ਜੋ ਉਸ ਵਿੱਚ ਮੰਦਰ ਬਣਾਇਆ ਜਾਵੇ ਅਤੇ ਉੱਥੇ ਮੇਰਾ ਨਾਂ ਰਹੇ ਤੇ ਨਾ ਹੀ ਕਿਸੇ ਮਨੁੱਖ ਨੂੰ ਚੁਣਿਆ ਜੋ ਕਿ ਮੇਰੇ ਲੋਕਾਂ ਦਾ ਪ੍ਰਧਾਨ ਬਣੇ। 6 ਪਰ ਹੁਣ ਮੈਂ ਆਪਣੇ ਨਾਂ ਲਈ ਯਰੂਸ਼ਲਮ ਸਥਾਨ ਨੂੰ ਚੁਣਿਆ ਹੈ ਅਤੇ ਦਾਊਦ ਨੂੰ ਚੁਣਿਆ ਹੈ ਕਿ ਉਹ ਮੇਰੀ ਪਰਜਾ ਇਸਰਾਏਲ ਦਾ ਆਗੂ ਹੋਵੇ।’
7 “ਮੇਰਾ ਪਿਤਾ ਦਾਊਦ ਇਸਰਾਏਲ ਦੇ ਪਰਮੇਸ਼ੁਰ ਲਈ ਉਸ ਦੇ ਨਾਉਂ ਲਈ ਮੰਦਰ ਬਨਵਾਉਣਾ ਚਾਹੁੰਦਾ ਸੀ। 8 ਪਰ ਯਹੋਵਾਹ ਨੇ ਮੇਰੇ ਪਿਤਾ ਨੂੰ ਕਿਹਾ, ‘ਦਾਊਦ, ਜੇ ਤੂੰ ਮੇਰੇ ਨਾਉਂ ਉੱਪਰ ਇੱਕ ਮੰਦਰ ਬਨਵਾਉਣਾ ਚਾਹੁੰਦਾ ਸੀ, ਚੰਗੀ ਗੱਲ ਹੈ। 9 ਲੇਕਿਨ ਤੂੰ ਮੰਦਰ ਨਹੀਂ ਬਣਵਾ ਸੱਕਦਾ ਸਗੋਂ ਤੇਰਾ ਆਪਣਾ ਪੁੱਤਰ ਮੇਰੇ ਨਾਂ ਉੱਪਰ ਇੱਕ ਮੰਦਰ ਬਨਵਾਏਗਾ।’ 10 ਹੁਣ ਯਹੋਵਾਹ ਨੇ ਉਹ ਬਚਨ ਪੂਰਾ ਕੀਤਾ ਹੈ ਜੋ ਉਸ ਨੇ ਆਖਿਆ ਸੀ। ਮੈਂ ਹੁਣ ਆਪਣੇ ਪਿਤਾ ਦੀ ਥਾਵੇਂ ਨਵਾਂ ਪਾਤਸ਼ਾਹ ਚੁਣਿਆ ਗਿਆ ਹਾਂ ਕਿਉਂ ਕਿ ਦਾਊਦ ਮੇਰੇ ਪਿਤਾ ਸਨ ਤੇ ਹੁਣ ਮੈਂ ਇਸਰਾਏਲ ਦਾ ਪਾਤਸ਼ਾਹ। ਯਹੋਵਾਹ ਨੇ ਇਹੀ ਬਚਨ ਕੀਤਾ ਸੀ ਅਤੇ ਮੈਂ ਹੁਣ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦੇ ਨਾਂ ਲਈ ਇੱਕ ਮੰਦਰ ਦਾ ਨਿਰਮਾਣ ਕਰਵਾਇਆ ਹੈ। 11 ਮੈਂ ਇਕਰਾਰਨਾਮੇ ਦੇ ਸੰਦੂਕ ਨੂੰ ਇਸ ਮੰਦਰ ਅੰਦਰ ਸਥਾਪਿਤ ਕੀਤਾ ਹੈ ਜਿਸ ਵਿੱਚ ਇਸਰਾਏਲ ਦੇ ਲੋਕਾਂ ਨਾਲ ਕੀਤੇ ਯਹੋਵਾਹ ਦਾ ਇਕਰਾਰਨਾਮਾ ਰੱਖਿਆ ਹੋਇਆ ਹੈ।”
ਸੁਲੇਮਾਨ ਦੀ ਪ੍ਰਾਰਥਨਾ
12 ਸੁਲੇਮਾਨ ਯਹੋਵਾਹ ਦੀ ਜਗਵੇਦੀ ਦੇ ਸਨਮੁੱਖ ਖਲੋਤਾ ਅਤੇ ਉਹ ਇਸਰਾਏਲ ਦੇ ਸਾਰੇ ਲੋਕਾਂ ਦੇ ਸਾਹਮਣੇ ਜਿਹੜੇ ਕਿ ਇੱਕਤਰ ਹੋਏ ਸਨ, ਖੜੋਤਾ ਹੋਇਆ ਸੀ। ਤਦ ਉਸ ਨੇ ਆਪਣੇ ਹੱਥ ਅਤੇ ਬਾਹਵਾਂ ਅਕਾਸ਼ ਵੱਲ ਫ਼ੈਲਾਅ ਕੇ ਆਪਣੇ ਹੱਥ ਅੱਡੇ। 13 ਸੁਲੇਮਾਨ ਨੇ ਪੰਜ ਹੱਥ ਲੰਮਾ, ਪੰਜ ਹੱਥ ਚੌੜਾ ਅਤੇ ਤਿੰਨ ਹੱਥ ਉੱਚਾ ਪਿੱਤਲ ਦਾ ਇੱਕ ਥੜਾ ਬਣਵਾਕੇ ਵਿਹੜੇ ਵਿੱਚ ਰੱਖਵਾ ਦਿੱਤਾ ਅਤੇ ਉਸ ਉੱਪਰ ਉਹ ਖੜੋਤਾ ਹੋਇਆ ਸੀ, ਸੋ ਉਸ ਨੇ ਸਾਰੀ ਸਭਾ ਦੇ ਸਾਹਮਣੇ ਗੋਡੇ ਟੇਕ ਕੇ ਅਕਾਸ਼ ਵੱਲ ਆਪਣੇ ਹੱਥ ਫ਼ੈਲਾਏ। 14 ਸੁਲੇਮਾਨ ਨੇ ਆਖਿਆ:
“ਇਸਰਾਏਲ ਦੇ ਯਹੋਵਾਹ ਪਰਮੇਸ਼ੁਰ, ਤੇਰੇ ਵਰਗਾ ਨਾ ਅਕਾਸ਼ਾਂ ਵਿੱਚ ਨਾ ਧਰਤੀ ਉੱਪਰ ਕੋਈ ਪਰਮੇਸ਼ੁਰ ਨਹੀਂ ਹੈ ਜੋ ਆਪਣੀ ਕਿਰਪਾ ਅਤੇ ਮਿਹਰ ਦਾ ਹੱਥ ਉਨ੍ਹਾਂ ਉੱਪਰ ਕਰੇ। ਜਿਹੜੇ ਤੇਰੇ ਸੇਵਕ ਦਿਲੋਂ ਤੇਰਾ ਹੁਕਮ ਮੰਨਦੇ ਹਨ ਤੇ ਠੀਕ ਰਾਹੇ ਚਲਦੇ ਹਨ ਤੂੰ ਉਨ੍ਹਾਂ ਨਾਲ ਆਪਣਾ ਇਕਰਾਰ ਪੂਰਾ ਕਰਦਾ ਹੈਂ। 15 ਤੂੰ ਆਪਣੇ ਦਾਸ ਦਾਊਦ ਨਾਲ ਵੀ ਆਪਣਾ ਕੌਲ ਨਿਭਾਇਆ ਅਤੇ ਦਾਊਦ ਮੇਰਾ ਪਿਤਾ ਸੀ ਤੇ ਤੂੰ ਆਪਣੇ ਮੂੰਹੋਂ ਉਸ ਨਾਲ ਬਚਨ ਕੀਤਾ ਜਿਸ ਨੂੰ ਅੱਜ ਤੂੰ ਆਪਣੇ ਹੀ ਹੱਥੀਂ ਪੂਰਾ ਕੀਤਾ ਹੈ। 16 ਹੁਣ, ਹੇ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ, ਆਪਣੇ ਦਾਸ, ਮੇਰੇ ਪਿਤਾ ਦਾਊਦ ਦੇ ਨਾਲ ਕੀਤੇ ਉਸ ਇਕਰਾਰ ਨੂੰ ਵੀ ਪੂਰਾ ਕਰ: ‘ਤੇਰੇ ਵਾਰਿਸਾਂ ਵਿੱਚੋਂ ਇੱਕ ਇਸਰਾਏਲ ਦੇ ਇਸ ਸਿੰਘਾਸਣ ਉੱਤੇ ਹਮੇਸ਼ਾ ਬੈਠੇਗਾ ਪਰ ਤਾਂ ਹੀ ਜੇਕਰ ਤੇਰੇ ਪੁੱਤਰ ਆਪਣੀਆਂ ਸਾਰੀਆਂ ਕਰਨੀਆਂ ਵਿੱਚ ਮੇਰੀ ਬਿਧੀ ਅਨੁਸਾਰ ਮੇਰਾ ਪਾਲਣ ਕਰਨਗੇ। ਜਿਵੇਂ ਕਿ ਤੂੰ ਪਾਲਣ ਕੀਤਾ ਹੈ’ 17 ਸੋ ਹੁਣ, ਹੇ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ, ਆਪਣੇ ਇਕਰਾਰ ਨੂੰ ਸੱਚ ਕਰ ਜਿਹੜਾ ਕਿ ਤੂੰ ਆਪਣੇ ਦਾਸ ਦਾਊਦ ਨੂੰ ਕੀਤਾ ਸੀ।
18 “ਪਰ ਹੇ ਪਰਮੇਸ਼ੁਰ, ਅਸੀਂ ਜਾਣਦੇ ਹਾਂ ਕਿ ਤੂੰ ਧਰਤੀ ਉੱਪਰ ਆਪਣੇ ਲੋਕਾਂ ਨਾਲ ਭੌਤਿਕ ਰੂਪ ਵਿੱਚ ਨਹੀਂ ਰਹੇਂਗਾ, ਕਿਉਂ ਕਿ ਅਕਾਸ਼ਾਂ ਦੇ ਅਕਾਸ਼ ਵੀ ਤੈਨੂੰ ਨਹੀਂ ਸਮਾ ਸੱਕਦੇ। ਮੈਂ ਇਹ ਵੀ ਜਾਣਦਾ ਹਾਂ ਕਿ ਜੋ ਮੰਦਰ ਮੈਂ ਬਣਵਾਇਆ ਉਹ ਵੀ ਤੈਨੂੰ ਨਹੀਂ ਸਮਾ ਸੱਕਦਾ! 19 ਪਰ ਹੇ ਯਹੋਵਾਹ ਮੇਰੇ ਪਰਮੇਸ਼ੁਰ ਮੇਰੀ ਪ੍ਰਾਰਥਨਾ ਨੂੰ ਸੁਣ ਮੈਂ ਤੇਰੇ ਅੱਗੇ ਦਯਾ ਲਈ ਬੇਨਤੀ ਕਰਦਾ ਹਾਂ। ਸੋ ਹੇ ਕਿਰਪਾਲੂ ਮੇਰੀ ਪੁਕਾਰ ਸੁਣ ਮੇਰੀ ਪ੍ਰਾਰਥਨਾ ਸੁਣੋ। ਆਪਣੇ ਦਾਸ ਦੀ ਅਰਜੋਈ ਨੂੰ ਸੁਣ। 20 ਮੇਰੀ ਪ੍ਰਾਰਥਨਾ ਸੁਣ ਤਾਂ ਜੋ ਤੇਰੀਆਂ ਅੱਖੀਆਂ ਇਸ ਮੰਦਰ ਵੱਲ ਜਿਸਦੇ ਬਾਰੇ ਤੂੰ ਫ਼ੁਰਮਾਇਆ ਸੀ ਕਿ ਮੈਂ ਆਪਣਾ ਨਾਮ ਉੱਥੇ ਰੱਖਾਂਗਾ ਜਿੱਥੇ ਮੇਰੀਆਂ ਅੱਖਾਂ ਦਿਨ-ਰਾਤ ਖੁਲ੍ਹੀਆਂ ਰਹਿਣ ਤਾਂ ਕਿ ਤੂੰ ਉਸ ਬੇਨਤੀ ਨੂੰ ਸੁਣੇ ਜੋ ਤੇਰਾ ਸੇਵਕ ਇਸ ਅਸਥਾਨ ਉੱਪਰ ਕਰੇ। 21 ਤੂੰ ਆਪਣੇ ਸੇਵਕ ਦੀ ਪ੍ਰਾਰਥਨਾ ਅਤੇ ਆਪਣੀ ਪਰਜਾ ਇਸਰਾਏਲ ਦੀ ਬੇਨਤੀ ਨੂੰ ਜਦੋਂ ਉਹ ਇਸ ਥਾਂ ਉੱਪਰ ਪ੍ਰਾਰਥਨਾ ਕਰਨ ਤਾਂ ਸੁਣ ਲਵੀਂ। ਅਸੀਂ ਜਦੋਂ ਵੀ ਇਸ ਮੰਦਰ ਵੱਲ ਵੇਖਕੇ ਪ੍ਰਾਰਥਨਾ ਕਰੀਏ ਤਾਂ ਤੂੰ ਜਿੱਥੇ ਵੀ ਭਾਵੇਂ ਸੁਰਗਾਂ ’ਚ ਹੋਵੇਂ ਸਾਡੀ ਪ੍ਰਾਰਥਨਾ ਕਬੂਲ ਕਰੀਂ ਤੇ ਸਾਨੂੰ ਮੁਆਫ਼ ਕਰ ਦੇਵੀਂ।
22 “ਜੇਕਰ ਕੋਈ ਮਨੁੱਖ ਆਪਣੇ ਗੁਆਂਢੀ ਨਾਲ ਕੋਈ ਗ਼ਲਤ ਕੰਮ ਕਰੇ ਤਾਂ ਜੇ ਉਸ ਤੋਂ ਸੌਂਹ ਖੁਆਈ ਜਾਵੇ ਤਾਂ ਉਹ ਆ ਕੇ ਇਸ ਮੰਦਰ ਵਿੱਚ ਤੇਰੀ ਜਗਵੇਦੀ ਦੇ ਸਾਹਮਣੇ ਸੌਂਹ ਖਾਵੇ ਕਿ ਉਹ ਮਾਸੂਮ ਹੈ। 23 ਤਾਂ ਤੂੰ ਅਕਾਸ਼ ਵਿੱਚ ਉਸਦੀ ਪੁਕਾਰ ਸੁਣੀਂ ਤੇ ਆਪਣੇ ਦਾਸ ਤੇ ਮਿਹਰਬਾਨ ਹੋਵੀਂ ਅਤੇ ਉਸ ਨੂੰ ਨਿਆਂ ਦੇਵੀਂ। ਅਤੇ ਦੁਸ਼ਟ ਆਦਮੀ ਨੂੰ ਸਜ਼ਾ ਦੇਵੀਂ ਅਤੇ ਉਸ ਉੱਤੇ ਬਦੀ ਲਿਆਵੀਂ, ਕਿਉਂ ਜੋ ਉਸ ਨੇ ਹੋਰਨਾਂ ਨੂੰ ਕਸ਼ਟ ਦਿੱਤੇ ਅਤੇ ਸਾਬਤ ਕਰੀਂ ਕਿ ਜਿਸ ਆਦਮੀ ਨੇ ਚੰਗਾ ਕੀਤਾ ਬੇਗੁਨਾਹ ਹੈ ਅਤੇ ਉਸ ਨੂੰ ਉਸਦੀ ਨੇਕੀ ਅਨੁਸਾਰ ਪ੍ਰਰਸਾਕਿਰਤ ਕਰੀਂ।
24 “ਜੇਕਰ ਤੇਰੇ ਲੋਕ, ਇਸਰਾਏਲ ਆਪਣੇ ਪਾਪ ਕਾਰਣ ਆਪਣੇ ਦੁਸ਼ਮਣਾਂ ਤੋਂ ਹਾਰ ਜਾਣ, ਤੇ ਜੇਕਰ ਉਹ ਤੇਰੇ ਵੱਲ ਪਰਤ ਆਵਣ ਤੇ ਤੇਰੇ ਨਾਉਂ ਨੂੰ ਮੰਨ ਕੇ ਇਸ ਮੰਦਰ ਵਿੱਚ ਤੇਰੇ ਸਾਹਮਣੇ ਪ੍ਰਾਰਥਨਾ ਕਰਨ, 25 ਤੂੰ ਸੁਰਗ ਉੱਤੋਂ ਸੁਣ ਕੇ ਆਪਣੀ ਪਰਜਾ ਇਸਰਾਏਲ ਨੂੰ ਉਨ੍ਹਾਂ ਦੇ ਪਾਪ ਤੋਂ ਖਿਮਾਂ ਕਰੀਂ ਤੇ ਉਨ੍ਹਾਂ ਨੂੰ ਇਸ ਜ਼ਮੀਨ ਜਿਹੜੀ ਤੂੰ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪੁਰਖਿਆਂ ਨੂੰ ਦਿੱਤੀ ਸੀ, ਮੋੜ ਦੇਵੀਂ।
26 “ਜੇਕਰ ਧਰਤੀ ਤੇ ਸੋਕਾ ਪੈ ਜਾਵੇ ਅਤੇ ਬਾਰਿਸ਼ ਨਾ ਹੋਵੇ ਕਿਉਂ ਕਿ ਇਸਰਾਏਲ ਦੇ ਲੋਕਾਂ ਨੇ ਪਾਪ ਕੀਤਾ ਹੈ ਤਾਂ ਜੇਕਰ ਉਹ ਇਸ ਥਾਵੇਂ ਆਕੇ ਤੇਰੇ ਅੱਗੇ ਪ੍ਰਾਰਥਨਾ ਕਰਨ ਅਤੇ ਤੇਰੇ ਨਾਮ ਨੂੰ ਮੰਨ ਕੇ ਪਾਪ ਕਰਨੋ ਹਟ ਜਾਣ ਕਿਉਂ ਕਿ ਤੂੰ ਉਨ੍ਹਾਂ ਨੂੰ ਸਜ਼ਾ ਦਿੱਤੀ। 27 ਤਾਂ ਤੂੰ ਅਕਾਸ਼ਾਂ ਤੋਂ ਆਪਣੇ ਦਾਸਾਂ ਤੇ ਪਰਜਾ, ਇਸਰਾਏਲ ਦੇ ਪਾਪਾਂ ਨੂੰ ਖਿਮਾਂ ਕਰੀਂ। ਫ਼ਿਰ ਉਨ੍ਹਾਂ ਨੂੰ ਸਹੀ ਜੀਵਨ ਜਿਉਣ ਦੀ ਜਾਂਚ ਸਿੱਖਾਵੀਂ ਤੇ ਆਪਣੀ ਜ਼ਮੀਨ ਤੇ ਬਾਰਿਸ਼ ਭੇਜੀਂ, ਉਸ ਜ਼ਮੀਨ ਤੇ ਜੋ ਤੂੰ ਆਪਣੀ ਪਰਜਾ ਨੂੰ ਦਿੱਤੀ ਸੀ।
28 “ਜੇਕਰ ਦੇਸ਼ ਵਿੱਚ ਕਾਲ ਜਾਂ ਭਿਆਨਕ ਬਿਮਾਰੀ ਪੈ ਜਾਵੇ, ਜੇਕਰ ਫ਼ਸਲਾਂ ਨੂੰ ਕੀੜਾ ਪੈ ਜਾਵੇ। ਜਾਂ ਕੋਈ ਦੁਸ਼ਮਣ ਫੌਜ ਉਨ੍ਹਾਂ ਨੂੰ ਘੇਰ ਲਵੇ ਜਾਂ ਇਸਰਾਏਲ ’ਚ ਕੋਈ ਭਿਆਨਕ ਬਿਮਾਰੀ ਆ ਜਾਵੇ, 29 ਤਦ ਇਸਰਾਏਲ ਦੀ ਪਰਜਾ ਚੋ ਕੋਈ ਵੀ ਤੇਰੇ ਅੱਗੇ ਬੇਨਤੀ ਕਰੇ, ਪ੍ਰਾਰਥਨਾ ਕਰੇ ਜਾਂ ਕੋਈ ਵੀ ਇਸਰਾਏਲ ਦੇ ਮਨੁੱਖ ਜਾਂ ਸਾਰੇ ਜਿਸ ਵਿੱਚ ਹਰ ਕੋਈ ਆਪਣੀ ਦੁੱਖ-ਤਕਲੀਫ਼ ਨੂੰ ਜਾਣਦਾ ਹੋਇਆ ਤੇਰੇ ਅੱਗੇ ਹੱਥ ਫ਼ੈਲਾਏ, ਇਸ ਮੰਦਰ ਵੱਲ ਵੇਖਦਾ ਹੱਥ ਫ਼ੈਲਾਏ। 30 ਤਾਂ ਅਕਾਸ਼ ਉੱਤੋਂ ਉਨ੍ਹਾਂ ਦੀ ਫ਼ਰਿਆਦ ਸੁਣੀ ਤੂੰ ਆਪਣੇ ਸੁਰਗੀ ਭਵਨ ’ਚ ਬੈਠਾ ਉਨ੍ਹਾਂ ਨੂੰ ਖਿਮਾਂ ਕਰੀਂ। ਜੋ ਕੋਈ ਮਨੁੱਖ ਤੇਰੇ ਕੋਲੋਂ ਮੰਗ ਮੰਗੇ ਉਨ੍ਹਾਂ ਦੀ ਮੰਗ ਪੂਰੀ ਕਰੀਂ ਕਿਉਂ ਕਿ ਤੂੰ ਘਟ ਘਟ ਦੇ ਦਿਲਾਂ ਦੀ ਜਾਣਨ ਵਾਲਾ ਹੈਂ। 31 ਤਾਂ ਕਿ ਉਹ ਬਾਕੀ ਦਾ ਜਿਹੜਾ ਆਪਣਾ ਵਕਤ ਇਸ ਜ਼ਮੀਨ ਤੇ ਬਿਤਾਉਣ ਜਿਹੜੀ ਤੂੰ ਸਾਡੇ ਪੁਰਖਿਆਂ ਨੂੰ ਦਿੱਤੀ ਸੀ, ਉਹ ਤੇਰੇ ਮਾਰਗ ਉੱਪਰ ਤੇਰੇ ਤੋਂ ਡਰ ਕੇ ਚੱਲਣ।
32 “ਇਸਰਾਏਲ ਦੀ ਪਰਜਾ ਤੋਂ ਇਲਾਵਾ ਜਿਹੜਾ ਹੋਰ ਵੀ ਕੋਈ ਪਰਦੇਸੀ ਜਦੋਂ ਤੇਰੀ ਵੱਡੀ ਉਪਮਾ, ਨਾਉਂ ਤੇ ਸ਼ਕਤੀ ਸੁਣ ਦੂਰੋ ਦੇਸੋਂ-ਪਰਦੇਸੋਂ ਆਵੇ ਅਤੇ ਇਸ ਮੰਦਰ ਵੱਲ ਆ ਕੇ ਪ੍ਰਾਰਥਨਾ ਕਰੇ। 33 ਤਾਂ ਤੂੰ ਆਪਣੇ ਅਕਾਸ਼ੀ ਭਵਨ ’ਚ ਬੈਠਾ ਸੁਣਕੇ ਉਸ ਪਰਦੇਸੀ ਦੀ ਫ਼ਰਿਆਦ ਸੁਣ ਉਸ ਮੁਤਾਬਕ ਕਿਰਪਾ ਕਰੀਂ ਤਾਂ ਜੋ ਧਰਤੀ ਦੇ ਸਾਰੇ ਲੋਕ ਤੇਰੇ ਨਾਉਂ ਨੂੰ ਜਾਨਣ ਅਤੇ ਤੇਰੀ ਪਰਜਾ ਇਸਰਾਏਲ ਵਾਂਗ ਤੇਰਾ ਡਰ ਮੰਨਣ ਅਤੇ ਸਾਰੇ ਲੋਕ ਇਹ ਜਾਣ ਲੈਣ ਕਿ ਇਹ ਮੰਦਰ ਜੋ ਮੈਂ ਬਣਵਾਇਆ ਹੈ ਉਹ ਤੇਰੇ ਨਾਉਂ ਦਾ ਹੀ ਅਖਵਾਉਂਦਾ ਹੈ।
34 “ਜੇਕਰ ਤੇਰੀ ਪਰਜਾ ਜਿਸ ਨੂੰ ਤੂੰ ਉਨ੍ਹਾਂ ਦੇ ਵੈਰੀਆਂ ਨਾਲ ਲੜਨ ਲਈ ਭੇਜੇਂ ਤੇ ਜੇ ਉਹ ਇਸ ਸ਼ਹਿਰ ਨੂੰ ਜਿਸ ਨੂੰ ਤੂੰ ਚੁਣਿਆ ਹੈ, ਤੇ ਇਸ ਮੰਦਰ ਨੂੰ ਜਿਸ ਨੂੰ ਮੈਂ ਤੇਰੇ ਨਾਉਂ ਲਈ ਬਣਵਾਇਆ ਹੈ ਲਈ ਤੇਰੇ ਅੱਗੇ ਬੇਨਤੀ ਕਰਨ। 35 ਤਾਂ ਤੂੰ ਅਕਾਸ਼ ਉੱਤੋਂ ਉਨ੍ਹਾਂ ਦੀ ਪ੍ਰਾਰਥਨਾ ਸੁਣਕੇ ਉਨ੍ਹਾਂ ਦੀ ਮਦਦ ਕਰੀਂ।
36 “ਅਜਿਹਾ ਕੋਈ ਵੀ ਨਹੀਂ ਜਿਸਨੇ ਕਦੇ ਕੋਈ ਪਾਪ ਨਾ ਕੀਤਾ ਹੋਵੇ-ਤੇ ਜੇ ਉਹ ਤੇਰਾ ਪਾਪ ਕਰਨ ਤੇ ਤੂੰ ਉਨ੍ਹਾਂ ਤੇ ਨਰਾਜ਼ ਹੋਕੇ ਉਨ੍ਹਾਂ ਨੂੰ ਦੁਸ਼ਮਣ ਦੇ ਹਵਾਲੇ ਕਰ ਦੇਵੇਂ ਤੇ ਉਹ ਉਨ੍ਹਾਂ ਨੂੰ ਬੰਦੀ ਬਣਾਕੇ ਦੂਰ ਜਾਂ ਨੇੜੇ ਕਿਸੇ ਦੇਸ ਵਿੱਚ ਲੈ ਜਾਣ। 37 ਜਦ ਕਿ ਹਾਲੇ ਉਹ ਉਸ ਪਰਦੇਸ਼ ਵਿੱਚ ਕੈਦੀ ਹੋਣ, ਜੇਕਰ ਉਹ ਆਪਣੇ ਮਨ ਬਦਲ ਲੈਣ ਅਤੇ ਤੇਰੇ ਅੱਗੇ ਇਹ ਆਖਕੇ ਬੇਨਤੀ ਕਰਨ, ‘ਅਸੀਂ ਪਾਪ ਕੀਤਾ ਹੈ। ਅਸੀਂ ਬਦ ਕੰਮ ਕੀਤੇ ਹਨ ਅਤੇ ਦੁਸ਼ਟਤਾ ਦਾ ਵਿਖਾਵਾ ਕੀਤਾ ਹੈ।’ 38 ਤੇ ਜਦੋਂ ਉਹ ਪੂਰੇ ਤਨ-ਮਨ ਨਾਲ ਤੇਰੇ ਵੱਲ ਮੁੜਨ ਜਿੱਥੇ ਕਿ ਉਹ ਕੈਦੀ ਹਨ, ਤੇ ਜਿਹੜੀ ਜ਼ਮੀਨ ਤੂੰ ਉਨ੍ਹਾਂ ਦੇ ਪੁਰਖਿਆਂ ਨੂੰ ਦਿੱਤੀ ਸੀ ਉਸ ਦਾ ਧਿਆਨ ਚਿੱਤ ਵਿੱਚ ਰੱਖ ਕੇ ਤੇ ਜਿਹੜਾ ਸ਼ਹਿਰ ਤੂੰ ਚੁਣਿਆ ਸੀ, ਤੇ ਉਹ ਇਸ ਮੰਦਰ ਜਿਹੜਾ ਮੈਂ ਤੇਰੇ ਨਾਂ ਲਈ ਬਣਵਾਇਆ ਨੂੰ ਧਿਆਨ ਵਿੱਚ ਰੱਖ ਕੇ, ਤੇਰੇ ਅੱਗੇ ਬੇਨਤੀ ਕਰਨ 39 ਜਦੋਂ ਇਹ ਸਭ ਵਾਪਰੇ ਤਾਂ ਅਕਾਸ਼ ਵਿੱਚ ਬੈਠਾ ਤੂੰ ਉਨ੍ਹਾਂ ਦੀ ਫ਼ਰਿਆਦ ਸੁਣੀਂ ਕਿਉਂ ਜੋ ਉਹ ਤੇਰਾ ਭਵਨ ਹੈ ਸੋ ਜਦੋਂ ਉਹ ਮਦਦ ਲਈ ਪ੍ਰਾਰਥਨਾ ਕਰਨ ਉਨ੍ਹਾਂ ਦੀ ਬੇਨਤੀ ਸੁਣੀਂ ਤੇ ਕਿਰਪਾ ਕਰੀਂ। ਤੂੰ ਆਪਣੇ ਲੋਕਾਂ ਨੂੰ ਜਿਨ੍ਹਾਂ ਤੇਰੇ ਨਾਲ ਪਾਪ ਕੀਤਾ ਉਨ੍ਹਾਂ ਨੂੰ ਬਖਸ਼ ਦੇਵੀਂ। 40 ਹੁਣ, ਹੇ ਮੇਰੇ ਪਰਮੇਸ਼ੁਰ, ਹੁਣ ਇਸ ਥਾਂ ਤੇ ਜੋ ਅਸੀਂ ਬੇਨਤੀ ਕਰ ਰਹੇ ਹਾਂ ਉਸ ਪ੍ਰਾਰਥਨਾ ਨੂੰ ਅੱਖਾਂ, ਕੰਨ ਖੋਲ੍ਹਕੇ ਸੁਣ ਅਤੇ ਸਾਡੀ ਬੇਨਤੀ ਨੂੰ ਪ੍ਰਵਾਨ ਕਰ।
41 “ਹੁਣ, ਯਹੋਵਾਹ ਪਰਮੇਸ਼ੁਰ ਉੱਠ ਆਪਣੇ ਖਾਸ ਥਾਂ ਤੇ
ਆ ਇਕਰਾਰਨਾਮਾ ਦਾ ਸੰਦੂਕ ਤੇਰੀ ਸ਼ਕਤੀ ਦਰਸਾਉਂਦਾ ਹੈ।
ਤੇਰੇ ਜਾਜਕ ਮੁਕਤੀ ਨਾਲ ਸੁਸ਼ੋਭਿਤ ਹੋਣ।
ਤੇਰੇ ਸੱਚੇ ਭਗਤ ਤੇਰੀ ਚੰਗਿਆਈ ਵਿੱਚ ਆਨੰਦਿਤ ਹੋਣ।
42 ਹੇ ਯਹੋਵਾਹ ਪਰਮੇਸ਼ੁਰ, ਤੂੰ ਆਪਣੇ ਮਸਹ ਕੀਤੇ ਪਾਤਸ਼ਾਹ ਨੂੰ ਸਵੀਕਾਰ ਕਰ
ਆਪਣੇ ਦਾਸ ਦਾਊਦ ਉੱਪਰ ਆਪਣੀ ਦਯਾ ਯਾਦ ਰੱਖੀਂ।”
ਮੰਦਰ ਯਹੋਵਾਹ ਨੂੰ ਸਮਰਪਿਤ
7 ਜਦ ਸੁਲੇਮਾਨ ਪ੍ਰਾਰਥਨਾ ਕਰ ਚੁੱਕਿਆ ਤਾਂ ਅਕਾਸ਼ ਉੱਪਰੋਂ ਅੱਗ ਉੱਤਰੀ ਅਤੇ ਹੋਮ ਦੀ ਭੇਟ ਅਤੇ ਬਲੀਆਂ ਸਭ ਨੂੰ ਭਸਮ ਕਰ ਗਈ ਤੇ ਸਾਰਾ ਮੰਦਰ ਯਹੋਵਾਹ ਦੇ ਪਰਤਾਪ ਨਾਲ ਭਰ ਗਿਆ। 2 ਜਾਜਕ ਯਹੋਵਾਹ ਦੇ ਮੰਦਰ ਅੰਦਰ ਨਾ ਜਾ ਸੱਕੇ ਕਿਉਂ ਕਿ ਮੰਦਰ ਯਹੋਵਾਹ ਦੇ ਪਰਤਾਪ ਨਾਲ ਭਰਪੂਰ ਸੀ। 3 ਇਸਰਾਏਲ ਦੇ ਸਾਰੇ ਲੋਕਾਂ ਨੇ ਅਕਾਸ਼ ਤੋਂ ਅੱਗ ਹੇਠਾਂ ਉਤਰਦੀ ਵੇਖੀ ਅਤੇ ਉਨ੍ਹਾਂ ਨੇ ਮੰਦਰ ਤੇ ਯਹੋਵਾਹ ਦਾ ਪਰਤਾਪ ਵੀ ਵੇਖਿਆ। ਉਨ੍ਹਾਂ ਨੇ ਧਰਤੀ ਉੱਪਰ ਮੱਥਾ ਟੇਕਿਆ ਤੇ ਯਹੋਵਾਹ ਦੀ ਉਪਾਸਨਾ ਕੀਤੀ ਤੇ ਉਸਦਾ ਧੰਨਵਾਦ ਵੀ ਕੀਤਾ। ਉਨ੍ਹਾਂ ਨੇ ਇਹ ਭਜਨ ਗਾਇਆ ਕਿ
“ਯਹੋਵਾਹ ਮਹਾਨ ਹੈ
ਤੇ ਉਸਦੀ ਰਹਿਮਤ ਹਮੇਸ਼ਾ ਇਉਂ ਹੀ ਵਰਤਦੀ ਰਹੇੇ।”
4 ਤਦ ਸੁਲੇਮਾਨ ਪਾਤਸ਼ਾਹ ਅਤੇ ਇਸਰਾਏਲ ਦੇ ਸਾਰੇ ਲੋਕਾਂ ਨੇ ਯਹੋਵਾਹ ਦੇ ਸਾਹਮਣੇ ਬਲੀਆਂ ਚੜ੍ਹਾਈਆਂ। 5 ਤਦ ਪਾਤਸ਼ਾਹ ਨੇ 22,000 ਬਲਦ ਅਤੇ 1,20,000 ਭੇਡਾਂ ਚੜ੍ਹਾਈਆਂ। ਇਉਂ, ਪਾਤਸ਼ਾਹ ਅਤੇ ਇਸਰਾਏਲ ਦੇ ਸਾਰੇ ਲੋਕਾਂ ਨੇ ਮੰਦਰ ਨੂੰ ਸਮਰਪਿਤ ਕੀਤਾ ਤੇ ਇਸਦੀ ਵਰਤੋਂ ਸਿਰਫ਼ ਪਰਮੇਸ਼ੁਰ ਦੀ ਉਪਾਸਨਾ ਕਰਨ ਲਈ ਹੀ ਕੀਤੀ ਜਾਂਦੀ ਸੀ। 6 ਜਾਜਕ ਆਪਣੇ ਕਾਰਜ ਲਈ ਤੱਤਪਰ ਹੋ ਗਏ ਤੇ ਲੇਵੀ ਵੀ ਯਹੋਵਾਹ ਦੀ ਉਸਤਤ ਲਈ ਸਾਜ਼ ਚੁੱਕ ਕੇ ਤਿਆਰ ਹੋ ਗਏ। ਇਹ ਸਾਜ਼ ਪਰਮੇਸ਼ੁਰ ਦੇ ਧੰਨਵਾਦ ਵਜੋਂ ਦਾਊਦ ਪਾਤਸ਼ਾਹ ਨੇ ਬਣਵਾਏ ਸਨ। ਜਾਜਕ ਅਤੇ ਲੇਵੀ ਗਾ ਰਹੇ ਸਨ, ਯਹੋਵਾਹ ਦੀ ਉਸਤਤ ਕਰੋ ਤਾਂ ਜੋ ਉਸਦੀ ਕਿਰਪਾ ਹਮੇਸ਼ਾ ਵਰ੍ਹਦੀ ਰਵੇ। ਜਾਜਕ ਲੇਵੀਆਂ ਦੇ ਪਾਰ ਖੜੋਕੇ ਆਪਣੀਆਂ ਤੁਰ੍ਹੀਆਂ ਵਜਾਉਂਦੇ ਰਹੇ ਤੇ ਸਾਰੇ ਇਸਰਾਏਲੀ ਖੜ੍ਹੇ ਰਹੇ।
7 ਸੁਲੇਮਾਨ ਨੇ ਵਿਹੜੇ ਦੇ ਵਿੱਚਲੇ ਭਾਗ ਨੂੰ ਜੋ ਕਿ ਯਹੋਵਾਹ ਦੇ ਮੰਦਰ ਦੇ ਸਾਹਮਣੇ ਸੀ ਪਵਿੱਤਰ ਕੀਤਾ। ਇਹ ਉਹ ਥਾਂ ਸੀ ਜਿੱਥੇ ਸੁਲੇਮਾਨ ਨੇ ਹੋਮ ਦੀਆਂ ਭੇਟਾਂ ਤੇ ਸੁੱਖ-ਸਾਂਦ ਦੀਆਂ ਭੇਟਾਂ ਦੀ ਚਰਬੀ ਚੜ੍ਹਾਈ। ਸੁਲੇਮਾਨ ਨੇ ਵਿਹੜੇ ਦੇ ਵਿੱਚਲੀ ਜਗ੍ਹਾ ਇਸ ਲਈ ਵਰਤੋਂ ’ਚ ਲਿਆਂਦੀ ਕਿਉਂ ਕਿ ਜਿਹੜੀ ਪਿੱਤਲ ਦੀ ਜਗਵੇਦੀ ਉਸ ਨੇ ਬਣਾਈ ਸੀ ਉਸ ਵਿੱਚ ਅਨਾਜ ਦੀ ਭੇਟ, ਹੋਮ ਦੀ ਭੇਟ, ਤੇ ਚਰਬੀ ਦੀ ਭੇਟ ਲਈ ਥਾਂ ਘੱਟ ਸੀ ਤੇ ਅਜਿਹੀਆਂ ਭੇਟਾਂ ਦੀ ਤਾਦਾਤ ਵੱਧੇਰੇ ਸੀ।
8 ਸੁਲੇਮਾਨ ਅਤੇ ਹੋਰ ਸਾਰੇ ਇਸਰਾਏਲੀਆਂ ਨੇ ਇਹ ਪਰਬ ਸੱਤ ਦਿਨ ਮਨਾਇਆ। ਇਕੱਠੇ ਹੋਏ ਲੋਕਾਂ ਦਾ ਸਮੂਹ ਇੰਨਾ ਵਿਸ਼ਾਲ ਸੀ ਕਿ ਉਹ ਹਾਮਾਥ ਤੋਂ ਲੈ ਕੇ ਮਿਸਰ ਦੇ ਨਾਲੇ ਤੀਕ ਫ਼ੈਲ ਗਏ। 9 ਅੱਠਵੇਂ ਦਿਨ ਉਨ੍ਹਾਂ ਦੀ ਇੱਕ ਧਾਰਮਿਕ ਸਭਾ ਹੋਈ ਕਿਉਂ ਕਿ ਉਨ੍ਹਾਂ ਨੇ ਸੱਤ ਦਿਨ ਲਈ ਪਰਬ ਮਨਾਇਆ ਸੀ। ਉਨ੍ਹਾਂ ਨੇ ਜਗਵੇਦੀ ਨੂੰ ਸਮਰਪਿਤ ਕੀਤਾ ਜੋ ਕਿ ਸਿਰਫ਼ ਯਹੋਵਾਹ ਦੀ ਉਪਾਸਨਾ ਲਈ ਵਰਤੋਂ ’ਚ ਲਿਆਂਦੀ ਗਈ। ਅਤੇ ਉਨ੍ਹਾਂ ਨੇ ਸੱਤ ਦਿਨ ਉਤਸਵ ਮਨਾਇਆ। 10 ਸੱਤਵੇਂ ਮਹੀਨੇ ਦੇ ਤੇਈਵੇਂ ਦਿਨ ਸੁਲੇਮਾਨ ਨੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨੂੰ ਤੋਰ ਦਿੱਤਾ। ਲੋਕ ਬੜੇ ਖੁਸ਼ ਸਨ ਅਤੇ ਉਨ੍ਹਾਂ ਦੇ ਦਿਲ ਖੁਸ਼ੀ ਨਾਲ ਝੂੰਮ ਰਹੇ ਸਨ ਕਿਉਂ ਕਿ ਯਹੋਵਾਹ ਦਾਊਦ ਉੱਪਰ, ਸੁਲੇਮਾਨ ਤੇ ਇਸਰਾਏਲ ਦੀ ਪਰਜਾ ਤੇ ਮਿਹਰਬਾਨ ਸੀ।
2010 by World Bible Translation Center