Bible in 90 Days
12 ਤਾਂ ਯੂਸੁਫ਼ ਨੇ ਆਖ਼ਿਆ, “ਮੈਂ ਤੈਨੂੰ ਇਸ ਸੁਪਨੇ ਦੀ ਗੱਲ ਸਮਝਾਵਾਂਗਾ। ਤਿੰਨ ਟਹਿਣੀਆਂ ਦਾ ਅਰਥ ਹੈ ਤਿੰਨ ਦਿਨ। 13 ਤਿੰਨਾ ਦਿਨਾਂ ਤੋਂ ਪਹਿਲਾਂ ਫ਼ਿਰਊਨ ਤੈਨੂੰ ਮਾਫ਼ ਕਰ ਦੇਵੇਗਾ ਅਤੇ ਤੈਨੂੰ ਕੰਮ ਉੱਤੇ ਵਾਪਸ ਬੁਲਾ ਲਵੇਗਾ। ਤੂੰ ਫ਼ਿਰਊਨ ਲਈ ਉਹੀ ਕੰਮ ਕਰੇਂਗਾ ਜਿਹੜਾ ਪਹਿਲਾਂ ਕਰਦਾ ਹੁੰਦਾ ਸੀ। 14 ਪਰ ਜਦੋਂ ਤੂੰ ਆਜ਼ਾਦ ਹੋਵੇਂ ਤਾਂ ਮੈਨੂੰ ਚੇਤੇ ਰੱਖੀਂ। ਮੇਰੇ ਨਾਲ ਚੰਗਾ ਵਿਹਾਰ ਕਰੀਂ ਅਤੇ ਮੇਰੀ ਸਹਾਇਤਾ ਕਰੀਂ। ਫ਼ਿਰਊਨ ਨੂੰ ਮੇਰੇ ਬਾਰੇ ਦੱਸੀਂ ਤਾਂ ਜੋ ਮੈਂ ਇਸ ਕੈਦਖਾਨੇ ਵਿੱਚੋਂ ਨਿਕਲ ਸੱਕਾਂ। 15 ਮੈਨੂੰ ਆਪਣੇ ਹੀ ਘਰ ਵਿੱਚੋਂ, ਇਬਰਾਨੀਆਂ ਦੀ ਧਰਤੀ ਤੋਂ ਲਿਆਂਦਾ ਗਿਆ ਸੀ। ਮੈਂ ਕੋਈ ਵੀ ਗਲਤ ਕੰਮ ਨਹੀਂ ਕੀਤਾ। ਇਸ ਲਈ ਮੈਨੂੰ ਕੈਦਖਾਨੇ ਵਿੱਚ ਨਹੀਂ ਹੋਣਾ ਚਾਹੀਦਾ।”
ਨਾਨਬਾਈ ਦਾ ਸੁਪਨਾ
16 ਨਾਨਬਾਈ ਨੇ ਦੇਖਿਆ ਕਿ ਦੂਸਰੇ ਨੌਕਰਾਂ ਦਾ ਸੁਪਨਾ ਚੰਗਾ ਸੀ। ਇਸ ਲਈ ਨਾਨਬਾਈ ਨੇ ਯੂਸੁਫ਼ ਨੂੰ ਆਖਿਆ, “ਮੈਂ ਵੀ ਇੱਕ ਸੁਪਨਾ ਦੇਖਿਆ ਹੈ। ਮੈਨੂੰ ਸੁਪਨਾ ਆਇਆ ਕਿ ਮੇਰੇ ਸਿਰ ਉੱਤੇ ਰੋਟੀ ਦੀਆਂ ਤਿੰਨ ਟੋਕਰੀਆਂ ਸਨ। 17 ਉੱਪਰਲੀ ਟੋਕਰੀ ਵਿੱਚ ਹਰ ਤਰ੍ਹਾਂ ਦਾ ਪਕਾਇਆ ਹੋਇਆ ਭੋਜਨ ਸੀ। ਇਹ ਭੋਜਨ ਰਾਜੇ ਲਈ ਚੰਗਾ ਸੀ। ਪਰ ਇਸ ਭੋਜਨ ਨੂੰ ਪੰਛੀ ਖਾ ਰਹੇ ਸਨ।”
18 ਯੂਸੁਫ਼ ਨੇ ਜਵਾਬ ਦਿੱਤਾ, “ਮੈਂ ਤੈਨੂੰ ਦੱਸਦਾ ਹਾਂ ਕਿ ਇਸ ਸੁਪਨੇ ਦਾ ਕੀ ਅਰਥ ਹੈ। ਤਿੰਨ ਟੋਕਰੀਆਂ ਦਾ ਅਰਥ ਹੈ ਤਿੰਨ ਦਿਨ। 19 ਤਿੰਨ ਦਿਨ ਖਤਮ ਹੋਣ ਤੋਂ ਪਹਿਲਾਂ, ਰਾਜਾ ਤੈਨੂੰ ਕੈਦਖਾਨੇ ਵਿੱਚੋਂ ਛੱਡ ਦੇਵੇਗਾ। ਫ਼ੇਰ ਰਾਜਾ ਤੇਰਾ ਸਿਰ ਕਲਮ ਕਰ ਦੇਵੇਗਾ! ਉਹ ਤੇਰੇ ਸ਼ਰੀਰ ਨੂੰ ਰੁੱਖ ਉੱਤੇ ਟੰਗ ਦੇਵੇਗਾ। ਪੰਛੀ ਤੇਰੀ ਲਾਸ਼ ਵਿੱਚੋਂ ਮਾਸ ਖਾਣਗੇ।”
ਯੂਸੁਫ਼ ਨੂੰ ਭੁਲਾ ਦਿੱਤਾ ਗਿਆ
20 ਤਿੰਨਾ ਦਿਨਾਂ ਮਗਰੋਂ, ਫ਼ਿਰਊਨ ਦਾ ਜਨਮਦਿਨ ਸੀ। ਫ਼ਿਰਊਨ ਨੇ ਆਪਣੇ ਸਾਰੇ ਨੌਕਰਾਂ ਨੂੰ ਦਾਵਤ ਦਿੱਤੀ। ਦਾਵਤ ਉੱਤੇ ਫ਼ਿਰਊਨ ਨੇ ਸਾਕੀ ਨੂੰ ਅਤੇ ਨਾਨਬਾਈ ਨੂੰ ਵੀ ਕੈਦਖਾਨੇ ਤੋਂ ਛੱਡ ਦਿੱਤਾ। 21 ਫ਼ਿਰਊਨ ਨੇ ਸਾਕੀ ਨੂੰ ਰਿਹਾ ਕਰ ਦਿੱਤਾ। ਫ਼ਿਰਊਨ ਨੇ ਉਸ ਨੂੰ ਉਸਦਾ ਕੰਮ ਵਾਪਸ ਦੇ ਦਿੱਤਾ। ਅਤੇ ਸਾਕੀ ਨੇ ਮੈਅ ਦਾ ਪਿਆਲਾ ਫ਼ਿਰਊਨ ਦੇ ਹੱਥ ਫ਼ੜਾ ਦਿੱਤਾ। 22 ਪਰ ਫ਼ਿਰਊਨ ਨੇ ਨਾਨਬਾਈ ਨੂੰ ਫ਼ਾਂਸੀ ਲਟਕਾ ਦਿੱਤਾ ਅਤੇ ਹਰ ਗੱਲ ਉਸੇ ਤਰ੍ਹਾਂ ਵਾਪਰੀ ਜਿਵੇਂ ਯੂਸੁਫ਼ ਨੇ ਆਖਿਆ ਸੀ। 23 ਪਰ ਸਾਕੀ ਨੇ ਯੂਸੁਫ਼ ਦੀ ਸਹਾਇਤਾ ਕਰਨੀ ਚੇਤੇ ਨਹੀਂ ਰੱਖੀ। ਉਸ ਨੇ ਫ਼ਿਰਊਨ ਨੂੰ ਯੂਸੁਫ਼ ਬਾਰੇ ਕੁਝ ਨਹੀਂ ਦੱਸਿਆ। ਸਾਕੀ ਯੂਸੁਫ਼ ਬਾਰੇ ਸਭ ਕੁਝ ਭੁੱਲ ਗਿਆ।
ਫ਼ਿਰਊਨ ਦੇ ਸੁਪਨੇ
41 ਦੋ ਸਾਲਾਂ ਬਾਦ, ਫ਼ਿਰਊਨ ਨੂੰ ਇੱਕ ਸੁਪਨਾ ਆਇਆ। ਉਸ ਨੇ ਸੁਪਨਾ ਦੇਖਿਆ ਕਿ ਉਹ ਨੀਲ ਨਦੀ ਦੇ ਕੰਢੇ ਖੜ੍ਹਾ ਹੋਇਆ ਸੀ। 2 ਸੁਪਨੇ ਵਿੱਚ, ਨਦੀ ਵਿੱਚੋਂ ਸੱਤ ਗਊਆਂ ਨਿਕਲੀਆਂ ਅਤੇ ਉੱਥੇ ਖੜ ਕੇ ਘਾਹ ਖਾਣ ਲੱਗੀਆਂ। ਉਹ ਬੜੀਆਂ ਸਿਹਤਮੰਦ ਅਤੇ ਸੁੰਦਰ ਗਊਆਂ ਸਨ। 3 ਫ਼ੇਰ ਸੱਤ ਹੋਰ ਗਊਆਂ ਨਦੀ ਵਿੱਚੋਂ ਨਿਕਲੀਆਂ ਅਤੇ ਨਦੀ ਕੰਢੇ ਸਿਹਤਮੰਦ ਗਊਆਂ ਕੋਲ ਖੜੀਆਂ ਹੋ ਗਈਆਂ। ਪਰ ਇਹ ਗਊਆਂ ਕਮਜ਼ੋਰ ਅਤੇ ਬਿਮਾਰ ਦਿਖਾਈ ਦਿੰਦੀਆਂ ਸਨ। 4 ਸੱਤ ਬਿਮਾਰ ਗਊਆਂ ਸੱਤ ਸਿਹਤਮੰਦ ਗਊਆਂ ਨੂੰ ਖਾ ਗਈਆਂ। ਫ਼ੇਰ ਫ਼ਿਰਊਨ ਜਾਗ ਪਿਆ।
5 ਫ਼ਿਰਊਨ ਫ਼ੇਰ ਸੌਣ ਲਈ ਗਿਆ ਅਤੇ ਫ਼ੇਰ ਸੁਪਨਾ ਦੇਖਣ ਲੱਗਾ। ਇਸ ਵਾਰ ਉਸ ਨੇ ਸੁਪਨੇ ਵਿੱਚ, ਇੱਕੋ ਗੰਦਲ ਵਿੱਚੋਂ ਅਨਾਜ ਦੀਆਂ ਸੱਤ ਬੱਲੀਆਂ ਉੱਗਦੀਆਂ ਵੇਖੀਆਂ। ਉਹ ਨਰੋਈਆਂ ਅਤੇ ਭਰਪੂਰ ਬੱਲੀਆਂ ਸਨ। 6 ਅਤੇ ਫ਼ੇਰ ਉਸ ਨੇ ਅਨਾਜ ਦੀਆਂ ਹੋਰ ਸੱਤ ਬੱਲੀਆਂ ਉੱਗਦੀਆਂ ਦੇਖੀਆਂ। ਪਰ ਉਹ ਪਤਲੀਆਂ ਅਤੇ ਗਰਮ ਹਵਾ ਨਾਲ ਝੁਲਸੀਆਂ ਹੋਈਆਂ ਸਨ। 7 ਅਨਾਜ ਦੀਆਂ ਸੱਤ ਬੱਲੀਆਂ ਨੇ ਚੰਗੇ ਅਨਾਜ ਵਾਲੀਆਂ ਬੱਲੀਆਂ ਨੂੰ ਖਾ ਲਿਆ। ਫ਼ੇਰ ਫ਼ਿਰਊਨ ਦੁਬਾਰਾ ਜਾਗ ਪਿਆ ਅਤੇ ਉਸ ਨੂੰ ਪਤਾ ਲੱਗਿਆ ਕਿ ਇਹ ਤਾਂ ਸੁਪਨਾ ਹੀ ਸੀ। 8 ਅਗਲੀ ਸਵੇਰ ਫ਼ਿਰਊਨ ਇਨ੍ਹਾਂ ਸੁਪਨਿਆਂ ਬਾਰੇ ਫ਼ਿਕਰਮੰਦ ਸੀ। ਇਸ ਲਈ ਉਸ ਨੇ ਮਿਸਰ ਦੇ ਸਾਰੇ ਸਿਆਣੇ ਅਤੇ ਜਾਦੂਗਰ ਬੁਲਾ ਲਏ ਫ਼ਿਰਊਨ ਨੇ ਇਨ੍ਹਾਂ ਬੰਦਿਆਂ ਨੂੰ ਇਹ ਸੁਪਨੇ ਸੁਣਾਏ ਪਰ ਉਨ੍ਹਾਂ ਵਿੱਚੋਂ ਕੋਈ ਵੀ ਇਨ੍ਹਾਂ ਦੀ ਵਿਆਖਿਆ ਨਹੀਂ ਕਰ ਸੱਕਿਆ।
ਨੌਕਰ ਫ਼ਿਰਊਨ ਨੂੰ ਯੂਸੁਫ਼ ਬਾਰੇ ਦੱਸਦਾ ਹੈ
9 ਤਾਂ ਸਾਕੀ ਨੂੰ ਯੂਸੁਫ਼ ਦਾ ਚੇਤਾ ਆਇਆ। ਨੌਕਰ ਨੇ ਫ਼ਿਰਊਨ ਨੂੰ ਆਖਿਆ, “ਮੈਨੂੰ ਹੁਣੇ ਬੁਰਾ ਚੇਤੇ ਆਇਆ ਹੈ ਜੋ ਮੈਂ ਕੀਤਾ ਸੀ। 10 ਤੁਸੀਂ ਮੇਰੇ ਨਾਲ ਅਤੇ ਨਾਨਬਾਈ ਨਾਲ ਨਾਰਾਜ਼ ਹੋ ਗਏ ਸੀ, ਅਤੇ ਤੁਸੀਂ ਸਾਨੂੰ ਕੈਦਖਾਨੇ ਵਿੱਚ ਡੱਕ ਦਿੱਤਾ ਸੀ। 11 ਫ਼ੇਰ ਇੱਕ ਰਾਤ ਉਸ ਨੂੰ ਅਤੇ ਮੈਨੂੰ ਸੁਪਨਾ ਆਇਆ। ਹਰ ਸੁਪਨੇ ਦਾ ਅਰਥ ਵਖੋ-ਵੱਖਰਾ ਸੀ। 12 ਉੱਥੇ ਕੈਦਖਾਨੇ ਵਿੱਚ ਸਾਡੇ ਨਾਲ ਇੱਕ ਨੌਜਵਾਨ ਇਬਰਾਨੀ ਸੀ। ਉਹ ਪਹਿਰੇਦਾਰਾਂ ਦੇ ਕਮਾਂਡਰ ਦਾ ਨੌਕਰ ਸੀ। ਅਸੀਂ ਉਸ ਨੂੰ ਆਪਣੇ ਸੁਪਨੇ ਸੁਣਾਏ ਅਤੇ ਉਸ ਨੇ ਸਾਨੂੰ ਉਨ੍ਹਾਂ ਦਾ ਅਰਥ ਸਮਝਾਇਆ। ਉਸ ਨੇ ਸਾਨੂੰ ਹਰ ਸੁਪਨੇ ਦੇ ਅਰਥ ਦੀ ਵਿਆਖਿਆ ਕੀਤੀ। 13 ਅਤੇ ਜੋ ਕੁਝ ਉਸ ਨੇ ਦੱਸਿਆ ਸੀ ਉਹ ਸੱਚ ਨਿਕਲਿਆ। ਉਸ ਨੇ ਆਖਿਆ ਸੀ ਕਿ ਮੈਂ ਛੁੱਟ ਜਾਵਾਂਗਾ ਅਤੇ ਵਾਪਸ ਆਪਣੇ ਪੁਰਾਣੇ ਕੰਮ ਉੱਤੇ ਪਰਤ ਜਾਵਾਂਗਾ। ਉਸ ਨੇ ਇਹ ਵੀ ਆਖਿਆ ਕਿ ਨਾਨਬਾਈ ਮਰੇਗਾ, ਅਤੇ ਇਹ ਵੀ ਵਾਪਰ ਗਿਆ!”
ਯੂਸੁਫ਼ ਨੂੰ ਸੁਪਨਿਆਂ ਦੀ ਵਿਆਖਿਆ ਲਈ ਸੱਦਿਆ ਗਿਆ
14 ਇਸ ਲਈ ਫ਼ਿਰਊਨ ਨੇ ਯੂਸੁਫ਼ ਨੂੰ ਕੈਦਖਾਨੇ ਵਿੱਚੋਂ ਸੱਦ ਲਿਆ। ਗਾਰਦਾਂ ਨੇ ਜਲਦ ਹੀ ਯੂਸੁਫ਼ ਨੂੰ ਕੈਦਖਾਨੇ ਤੋਂ ਬਾਹਰ ਲੈ ਆਂਦਾ। ਯੂਸੁਫ਼ ਨੇ ਮੂੰਹ ਸਿਰ ਮੁਨਾਇਆ ਅਤੇ ਕੁਝ ਸਾਫ਼ ਕੱਪੜੇ ਪਹਿਨ ਲਈ। ਫ਼ੇਰ ਉਹ ਫ਼ਿਰਊਨ ਨੂੰ ਮਿਲਣ ਲਈ ਚੱਲਾ ਗਿਆ। 15 ਫ਼ਿਰਊਨ ਨੇ ਯੂਸੁਫ਼ ਨੂੰ ਆਖਿਆ, “ਮੈਨੂੰ ਇੱਕ ਸੁਪਨਾ ਆਇਆ ਹੈ। ਪਰ ਕੋਈ ਵੀ ਮੇਰੇ ਲਈ ਇਸ ਦੀ ਵਿਆਖਿਆ ਨਹੀਂ ਕਰ ਸੱਕਿਆ। ਮੈਂ ਸੁਣਿਆ ਹੈ ਕਿ ਜੇ ਕੋਈ ਤੈਨੂੰ ਆਪਣਾ ਸੁਪਨਾ ਸੁਣਾਵੇ ਤਾਂ ਤੂੰ ਉਸਦੀ ਵਿਆਖਿਆ ਕਰ ਸੱਕਦਾ ਹੈ।”
16 ਯੂਸੁਫ਼ ਨੇ ਜਵਾਬ ਦਿੱਤਾ, “ਮੈਂ ਅਜਿਹਾ ਨਹੀਂ ਕਰ ਸੱਕਦਾ। ਪਰ ਸ਼ਾਇਦ ਪਰਮੇਸ਼ੁਰ ਤੁਹਾਨੂੰ ਉਨ੍ਹਾਂ ਬਾਰੇ ਸਮਝਾ ਸੱਕੇ, ਫ਼ਿਰਊਨ।”
17 ਫ਼ੇਰ ਫ਼ਿਰਊਨ ਨੇ ਯੂਸੁਫ਼ ਨੂੰ ਆਖਿਆ, “ਮੈਂ ਆਪਣੇ ਸੁਪਨੇ ਵਿੱਚ ਦੇਖਿਆ ਕਿ ਨੀਲ ਨਦੀ ਦੇ ਕੰਢੇ ਖਲੋਤਾ ਹਾਂ। 18 ਫ਼ੇਰ ਸੱਤ ਗਊਆਂ ਨਦੀ ਵਿੱਚੋਂ ਨਿਕਲੀਆਂ ਅਤੇ ਉੱਥੇ ਖਲੋਕੇ ਘਾਹ ਖਾਣ ਲੱਗੀਆਂ। ਉਹ ਨਰੋਈਆਂ ਅਤੇ ਸੁਨਖੀਆਂ ਗਊਆਂ ਸਨ। 19 ਫ਼ੇਰ ਮੈਂ ਦੇਖਿਆ ਕਿ ਉਨ੍ਹਾਂ ਤੋਂ ਪਿੱਛੋਂ ਸੱਤ ਹੋਰ ਗਊਆਂ ਨਦੀ ਵਿੱਚੋਂ ਨਿਕਲੀਆਂ। ਪਰ ਇਹ ਗਊਆਂ ਕਮਜ਼ੋਰ ਅਤੇ ਬਿਮਾਰ ਦਿਖਾਈ ਦਿੰਦੀਆਂ ਸਨ। ਇਹ ਉਨ੍ਹਾਂ ਸਾਰੀਆਂ ਗਊਆਂ ਨਾਲੋਂ ਸਭ ਤੋਂ ਨਖਿਧ ਸਨ ਜਿਨ੍ਹਾਂ ਨੂੰ ਮਿਸਰ ਵਿੱਚ ਕਿਤੇ ਵੀ ਦੇਖਿਆ ਹੈ! 20 ਫ਼ੇਰ ਉਨ੍ਹਾਂ ਕਮਜ਼ੋਰ ਅਤੇ ਬਿਮਾਰ ਗਊਆਂ ਨੇ ਪਹਿਲੀਆਂ ਨਰੋਈਆਂ ਗਊਆਂ ਨੂੰ ਖਾ ਲਿਆ। 21 ਪਰ ਉਹ ਫ਼ੇਰ ਵੀ ਕਮਜ਼ੋਰ ਅਤੇ ਬਿਮਾਰ ਦਿਸਦੀਆਂ ਸਨ। ਤੁਸੀਂ ਇਹ ਆਖ ਵੀ ਨਹੀਂ ਸੱਕਦੇ ਕਿ ਇਨ੍ਹਾਂ ਨੇ ਨਰੋਈਆਂ ਗਊਆਂ ਨੂੰ ਖਾ ਲਿਆ ਹੈ। ਉਹ ਓਨੀਆਂ ਹੀ ਕਮਜ਼ੋਰ ਅਤੇ ਬਿਮਾਰ ਨਜ਼ਰ ਆਉਂਦੀਆਂ ਸਨ ਜਿੰਨੀਆਂ ਉਹ ਸ਼ੁਰੂ ਵਿੱਚ ਸਨ। ਫ਼ੇਰ ਮੈਨੂੰ ਜਾਗ ਆ ਗਈ।
22 “ਆਪਣੇ ਅਗਲੇ ਸੁਪਨੇ ਵਿੱਚ ਮੈਂ ਇੱਕ ਪੌਦੇ ਉੱਤੇ ਅਨਾਜ ਦੀਆਂ ਸੱਤ ਬੱਲੀਆਂ ਉੱਗਦੀਆਂ ਦੇਖੀਆਂ। ਉਹ ਨਰੋਈਆਂ ਅਤੇ ਅਨਾਜ ਨਾਲ ਭਰਪੂਰ ਸਨ। 23 ਅਤੇ ਫ਼ੇਰ ਉਨ੍ਹਾਂ ਤੋਂ ਪਿੱਛੋਂ ਅਨਾਜ ਦੀਆਂ ਸੱਤ ਹੋਰ ਬੱਲੀਆਂ ਉੱਗ ਪਈਆਂ। ਪਰ ਉਹ ਕਮਜ਼ੋਰ ਅਤੇ ਲੂ ਨਾਲ ਝੁਲਸੀਆਂ ਹੋਈਆਂ ਸਨ। 24 ਫ਼ੇਰ ਉਨ੍ਹਾਂ ਅਨਾਜ ਦੀਆਂ ਪਤਲੀਆਂ ਬੱਲੀਆਂ ਨੇ ਸੱਤਾਂ ਚੰਗੀਆਂ ਬੱਲੀਆਂ ਨੂੰ ਖਾ ਲਿਆ।
“ਮੈਂ ਆਪਣੇ ਇਹ ਸੁਪਨੇ ਆਪਣੇ ਜਾਦੂਗਰਾਂ ਨੂੰ ਸੁਣਾਏ ਹਨ। ਪਰ ਕੋਈ ਵੀ ਮੈਨੂੰ ਇਨ੍ਹਾਂ ਸੁਪਨਿਆਂ ਦੀ ਵਿਆਖਿਆ ਕਰਕੇ ਨਹੀਂ ਦੱਸ ਸੱਕਿਆ। ਇਨ੍ਹਾਂ ਦਾ ਕੀ ਅਰਥ ਹੈ?”
ਯੂਸੁਫ਼ ਸੁਪਨੇ ਦੀ ਵਿਆਖਿਆ ਕਰਦਾ ਹੈ
25 ਫ਼ੇਰ ਯੂਸੁਫ਼ ਨੇ ਫ਼ਿਰਊਨ ਨੂੰ ਆਖਿਆ, “ਇਹ ਦੋਵੇਂ ਸੁਪਨੇ ਇੱਕੋ ਗੱਲ ਬਾਰੇ ਹਨ। ਪਰਮੇਸ਼ੁਰ ਤੈਨੂੰ ਛੇਤੀ ਹੀ ਵਾਪਰਨ ਵਾਲੀ ਗੱਲ ਬਾਰੇ ਦੱਸ ਰਿਹਾ ਹੈ। 26 ਦੋਹਾਂ ਸੁਪਿਨਆਂ ਦਾ ਅਸਲ ਵਿੱਚ ਇੱਕੋ ਹੀ ਅਰਥ ਹੈ। ਸੱਤ ਚੰਗੀਆਂ ਗਊਆਂ ਅਨਾਜ ਦੀਆਂ ਸੱਤ ਚੰਗੀਆਂ ਬੱਲੀਆਂ ਸੱਤ ਚੰਗੇ ਵਰ੍ਹੇ ਹਨ। 27 ਅਤੇ ਸੱਤ ਕਮਜ਼ੋਰ ਅਤੇ ਬਿਮਾਰ ਦਿਸਣ ਵਾਲੀਆਂ ਗਊਆਂ ਅਤੇ ਅਨਾਜ ਦੀਆਂ ਪਤਲੀਆਂ ਬੱਲੀਆਂ ਦਾ ਅਰਥ ਹੈ ਕਿ ਇਸ ਇਲਾਕੇ ਵਿੱਚ ਸੱਤ ਵਰ੍ਹੇ ਅਕਾਲ ਪਵੇਗਾ। ਇਹ ਸੱਤ ਬੁਰੇ ਵਰ੍ਹੇ ਸੱਤ ਚੰਗਿਆਂ ਵਰ੍ਹਿਆਂ ਬਾਦ ਆਉਣਗੇ। 28 ਪਰਮੇਸ਼ੁਰ ਨੇ ਤੁਹਾਨੂੰ ਦਰਸਾ ਦਿੱਤਾ ਹੈ ਕਿ ਛੇਤੀ ਹੀ ਕੀ ਵਾਪਰੇਗਾ। ਅਤੇ ਪਰਮੇਸ਼ੁਰ ਦੀ ਰਜ਼ਾ ਨਾਲ ਇਹ ਇਵੇਂ ਹੀ ਵਾਪਰੇਗਾ ਜਿਵੇਂ ਮੈਂ ਤੁਹਾਨੂੰ ਦੱਸਿਆ ਹੈ। 29 ਸੱਤ ਵਰ੍ਹਿਆਂ ਤੱਕ ਮਿਸਰ ਵਿੱਚ ਚੋਖਾ ਭੋਜਨ ਹੋਵੇਗਾ। 30 ਪਰ ਫ਼ੇਰ ਸੱਤ ਵਰ੍ਹੇ ਅਕਾਲ ਦੇ ਹੋਣਗੇ। ਮਿਸਰ ਦੇ ਲੋਕ ਇਸ ਗੱਲ ਨੂੰ ਭੁੱਲ ਜਾਣਗੇ ਕਿ ਉਨ੍ਹਾਂ ਕੋਲ ਪਿੱਛਲੇ ਸਮੇਂ ਵਿੱਚ ਕਿੰਨਾ ਭੋਜਨ ਸੀ। ਇਹ ਅਕਾਲ ਦੇਸ਼ ਨੂੰ ਬਰਬਾਦ ਕਰ ਦੇਵੇਗਾ। 31 ਕਿਉਂਕਿ ਅਕਾਲ ਇੰਨਾ ਭਿਆਨਕ ਹੋਵੇਗਾ, ਲੋਕ ਇਹ ਭੁੱਲ ਜਾਣਗੇ ਕਿ ਚੋਖਾ ਭੋਜਨ ਖਾਣਾ ਕਿਹੋ ਜਿਹਾ ਸੀ।
32 “ਫ਼ਿਰਊਨ, ਤੁਹਾਨੂੰ ਇੱਕੋ ਗੱਲ ਬਾਰੇ ਦੋ ਸੁਪਨੇ ਆਏ ਹਨ। ਪਰਮੇਸ਼ੁਰ ਤੁਹਾਨੂੰ ਇਹ ਦਰਸਾਉਣਾ ਚਾਹੁੰਦਾ ਸੀ ਕਿ ਉਸਦੀ ਰਜ਼ਾ ਨਾਲ ਅਜਿਹਾ ਅਵੱਸ਼ ਵਾਪਰੇਗਾ। ਅਤੇ ਉਹ ਇਸ ਨੂੰ ਛੇਤੀ ਹੀ ਵਾਪਰਨ ਦੇਵੇਗਾ! 33 ਇਸ ਲਈ ਫ਼ਿਰਊਨ, ਤੁਹਾਨੂੰ ਕਿਸੇ ਸਿਆਣੇ ਅਤੇ ਬੁਧੀਮਾਨ ਆਦਮੀ ਦੀ ਚੋਣ ਕਰਨੀ ਚਾਹੀਦੀ ਹੈ ਅਤੇ ਉਸ ਨੂੰ ਮਿਸਰ ਦਾ ਇੰਚਾਰਜ ਬਣਾ ਦੇਣਾ ਚਾਹੀਦਾ ਹੈ। 34 ਫ਼ੇਰ ਤੁਹਾਨੂੰ ਹੋਰਨਾ ਬੰਦਿਆਂ ਦੀ ਚੋਣ ਕਰਨੀ ਚਾਹੀਦੀ ਹੈ ਜਿਹੜੇ ਲੋਕਾਂ ਪਾਸੋਂ ਭੋਜਨ ਇਕੱਠਾ ਕਰ ਸੱਕਣ। ਸੱਤ ਚੰਗੇ ਵਰ੍ਹਿਆਂ ਦੌਰਾਨ ਲੋਕਾਂ ਨੂੰ ਆਪਣੀ ਸਾਰੀ ਫ਼ਸਲ ਦਾ ਪੰਜਵਾਂ ਹਿੱਸਾਂ ਉਨ੍ਹਾਂ ਨੂੰ ਦੇਣਾ ਚਾਹੀਦਾ ਹੈ। 35 ਇਸ ਤਰ੍ਹਾਂ, ਇਹ ਆਦਮੀ ਸੱਤ ਚੰਗੇ ਵਰ੍ਹਿਆਂ ਦੌਰਾਨ ਚੋਖਾ ਭੋਜਨ ਇਕੱਠਾ ਕਰ ਸੱਕਣਗੇ ਅਤੇ ਇਸ ਨੂੰ ਲੋੜ ਪੈਣ ਤੱਕ ਸ਼ਹਿਰਾਂ ਵਿੱਚ ਜਮ੍ਹਾਂ ਕਰਨਗੇ। ਇਸ ਤਰ੍ਹਾਂ, ਫ਼ਿਰਊਨ, ਇਹ ਭੋਜਨ ਤੁਹਾਡੇ ਅਧਿਕਾਰ ਹੇਠਾਂ ਰਹੇਗਾ। 36 ਫ਼ੇਰ ਸੱਤ ਮੰਦੇ ਵਰ੍ਹਿਆਂ ਦੌਰਾਨ ਮਿਸਰ ਦੇਸ਼ ਕੋਲ ਖਾਣ ਲਈ ਅਨਾਜ ਹੋਵੇਗਾ। ਅਤੇ ਮਿਸਰ ਅਕਾਲ ਨਾਲ ਤਬਾਹ ਨਹੀਂ ਹੋਵੇਗਾ।”
37 ਫ਼ਿਰਊਨ ਨੂੰ ਇਹ ਵਿੱਚਾਰ ਬਹੁਤ ਚੰਗਾ ਲੱਗਿਆ ਅਤੇ ਉਸ ਦੇ ਸਾਰੇ ਅਧਿਕਾਰੀ ਵੀ ਮੰਨ ਗਏ। 38 ਫ਼ੇਰ ਫ਼ਿਰੂਨ ਨੇ ਉਨ੍ਹਾਂ ਨੂੰ ਆਖਿਆ, “ਮੇਰਾ ਖਿਆਲ ਹੈ ਕਿ ਅਸੀਂ ਇਸ ਕੰਮ ਲਈ ਯੂਸੁਫ਼ ਨਾਲੋਂ ਕੋਈ ਵੱਧੇਰੇ ਸਿਆਣਾ ਬੰਦਾ ਨਹੀਂ ਲੱਭ ਸੱਕਦੇ। ਪਰਮੇਸ਼ੁਰ ਦਾ ਆਤਮਾ ਉਸ ਦੇ ਅੰਦਰ ਹੈ ਜਿਹੜਾ ਉਸ ਨੂੰ ਬਹੁਤ ਸਿਆਣਾ ਬਣਾ ਰਿਹਾ ਹੈ।”
39 ਇਸ ਲਈ ਫ਼ਿਰਊਨ ਨੇ ਯੂਸੁਫ਼ ਨੂੰ ਆਖਿਆ, “ਪਰਮੇਸ਼ੁਰ ਨੇ ਤੈਨੂੰ ਇਹ ਚੀਜ਼ਾਂ ਦਿਖਾਈਆਂ, ਇਸ ਲਈ ਤੂੰ ਹੀ ਸਭ ਤੋਂ ਸਿਆਣਾ ਬੰਦਾ ਹੋਵੇਂਗਾ। 40 ਮੈਂ ਤੈਨੂੰ ਆਪਣੇ ਦੇਸ਼ ਦਾ ਮੁਖਤਾਰ ਬਣਾ ਦਿਆਂਗਾ ਅਤੇ ਲੋਕ ਤੇਰੇ ਸਾਰੇ ਆਦੇਸ਼ ਮੰਨਣਗੇ। ਸਿਰਫ਼ ਮੈਂ ਹੀ ਉਹ ਬੰਦਾ ਹੋਵਾਂਗਾ ਜਿਹੜਾ ਤੇਰੇ ਨਾਲੋਂ ਵੱਧ ਤਾਕਤਵਰ ਹੋਵਾਂਗਾ।”
41 ਫ਼ਿਰਊਨ ਨੇ ਯੂਸੁਫ਼ ਨੂੰ ਆਖਿਆ, “ਹੁਣ ਮੈਂ ਤੈਨੂੰ ਸਾਰੇ ਮਿਸਰ ਦਾ ਰਾਜਪਾਲ ਥਾਪਦਾ ਹਾਂ।” 42 ਫ਼ੇਰ ਫ਼ਿਰਊਨ ਨੇ ਆਪਣੀ ਖਾਸ ਮੁੰਦਰੀ ਯੂਸੁਫ਼ ਨੂੰ ਦਿੱਤੀ। ਇਸ ਮੁੰਦਰੀ ਉੱਤੇ ਸ਼ਾਹੀ ਮੁਹਰ ਸੀ। ਫ਼ਿਰਊਨ ਨੇ ਯੂਸੁਫ਼ ਨੂੰ ਇੱਕ ਲਿਨਨ ਦਾ ਚੋਲਾ ਵੀ ਦਿੱਤਾ ਅਤੇ ਉਸ ਦੇ ਗਲੇ ਦੁਆਲੇ ਸੁਨਿਹਰੀ ਹਾਰ ਵੀ ਪਾਇਆ। 43 ਫ਼ਿਰਊਨ ਨੇ ਯੂਸੁਫ਼ ਨੂੰ ਦੂਸਰੇ ਰੱਥ ਵਿੱਚ ਸਵਾਰ ਹੋਣ ਲਈ ਕਿਹਾ। ਯੂਸੁਫ਼ ਦੇ ਅੱਗੇ ਖਾਸ ਪਹਿਰੇਦਾਰ ਤੁਰੇ ਅਤੇ ਲੋਕਾਂ ਨੂੰ ਆਖਿਆ, “ਯੂਸੁਫ਼ ਦੇ ਅੱਗੇ ਝੁਕੋ।” ਇਸ ਲਈ ਉਹ ਸਾਰੇ ਮਿਸਰ ਦਾ ਰਾਜਪਾਲ ਬਣ ਗਿਆ।
44 ਫ਼ਿਰਊਨ ਨੇ ਉਸ ਨੂੰ ਆਖਿਆ, “ਮੈਂ ਫ਼ਿਰਊਨ ਹਾਂ, ਪਰ ਮਿਸਰ ਦਾ ਕੋਈ ਵੀ ਬੰਦਾ ਤੇਰੀ ਆਗਿਆ ਤੋਂ ਬਿਨਾ ਕੁਝ ਨਹੀਂ ਕਰ ਸੱਕਦਾ।” 45 ਫ਼ਿਰਊਨ ਨੇ ਯੂਸੁਫ਼ ਨੂੰ ਇੱਕ ਹੋਰ ਨਾਮ ਦਿੱਤਾ, ਸਾਫ਼ਨਥ ਪਾਨੇਆਹ। ਫ਼ਿਰਊਨ ਨੇ ਯੂਸੁਫ਼ ਨੂੰ ਇੱਕ ਪਤਨੀ ਵੀ ਦਿੱਤੀ ਜਿਸਦਾ ਨਾਮ ਸੀ ਆਸਨਥ। ਉਹ ਉਸ ਸ਼ਹਿਰ ਦੇ ਜਾਜਕ ਪੋਟੀਫ਼ਰ ਦੀ ਧੀ ਸੀ। ਇਸ ਤਰ੍ਹਾਂ ਯੂਸੁਫ਼ ਪੂਰੇ ਮਿਸਰ ਦੇਸ਼ ਦਾ ਰਾਜਪਾਲ ਬਣ ਗਿਆ।
46 ਜਦੋਂ ਯੂਸੁਫ਼ ਨੇ ਮਿਸਰ ਦੇਸ਼ ਦੇ ਰਾਜੇ ਦੀ ਸੇਵਾ ਸ਼ੁਰੂ ਕੀਤੀ ਉਹ 30 ਸਾਲਾਂ ਦਾ ਸੀ। ਯੂਸੁਫ਼ ਸਾਰੇ ਮਿਸਰ ਦੇਸ਼ ਵਿੱਚ ਘੁੰਮਿਆ। 47 ਸੱਤ ਚੰਗੇ ਵਰ੍ਹਿਆਂ ਦੌਰਾਨ ਮਿਸਰ ਵਿੱਚ ਫ਼ਸਲਾਂ ਬਹੁਤ ਚੰਗੀਆਂ ਹੋਈਆਂ। 48 ਅਤੇ ਯੂਸੁਫ਼ ਨੇ ਮਿਸਰ ਵਿੱਚ ਉਨ੍ਹਾਂ ਸੱਤਾਂ ਸਾਲਾਂ ਦੌਰਾਨ ਅਨਾਜ ਬਚਾਇਆ। ਯੂਸੁਫ਼ ਨੇ ਸ਼ਹਿਰਾਂ ਵਿੱਚ ਅਨਾਜ ਜਮ੍ਹਾਂ ਕਰ ਲਿਆ। ਹਰ ਸ਼ਹਿਰ ਵਿੱਚ ਯੂਸੁਫ਼ ਨੇ ਉਹ ਅਨਾਜ ਜਮ੍ਹਾਂ ਕਰ ਲਿਆ ਜਿਹੜੇ ਸ਼ਹਿਰ ਦੇ ਆਲੇ-ਦੁਆਲੇ ਦੇ ਖੇਤਾਂ ਵਿੱਚ ਪੈਦਾ ਹੁੰਦਾ ਸੀ। 49 ਯੂਸੁਫ਼ ਨੇ ਇੰਨਾ ਅਨਾਜ ਇਕੱਠਾ ਕੀਤਾ ਜਿੰਨੀ ਸਮੁੰਦਰ ਕਿਨਾਰੇ ਰੇਤ। ਉਸ ਨੇ ਇੰਨਾ ਜ਼ਿਆਦਾ ਅਨਾਜ ਜਮ੍ਹਾਂ ਕਰ ਲਿਆ ਕਿ ਉਸ ਨੂੰ ਮਾਪਣਾ ਔਖਾ ਸੀ।
50 ਯੂਸੁਫ਼ ਦੀ ਪਤਨੀ ਆਸਨਥ ਸੀ। ਉਹ ਉਸ ਸ਼ਹਿਰ ਦੇ ਜਾਜਕ ਪੋਟੀਫ਼ਰਾ ਦੀ ਧੀ ਸੀ। ਅਕਾਲ ਦਾ ਪਹਿਲਾ ਵਰ੍ਹਾ ਆਉਣ ਤੋਂ ਪਹਿਲਾਂ ਯੂਸੁਫ਼ ਅਤੇ ਆਸਨਥ ਦੇ ਦੋ ਪੁੱਤਰ ਹੋਏ। 51 ਪਹਿਲੇ ਪੁੱਤਰ ਦਾ ਨਾਮ ਮਨੱਸ਼ਹ ਰੱਖਿਆ ਗਿਆ। ਯੂਸੁਫ਼ ਨੇ ਉਸ ਨੂੰ ਇਹ ਨਾਮ ਇਸ ਵਾਸਤੇ ਦਿੱਤਾ ਕਿਉਂਕਿ ਯੂਸੁਫ਼ ਨੇ ਆਖਿਆ, “ਪਰਮੇਸ਼ੁਰ ਨੇ ਮੈਨੂੰ ਆਪਣੀਆਂ ਸਾਰੀਆਂ ਮੁਸੀਬਤਾਂ ਅਤੇ ਮੇਰੇ ਪਿਤਾ ਦੇ ਘਰ ਦੀ ਹਰ ਗੱਲ ਭੁਲਾ ਦਿੱਤੀ ਹੈ।” 52 ਯੂਸੁਫ਼ ਨੇ ਦੂਸਰੇ ਪੁੱਤਰ ਦਾ ਨਾਮ ਇਫ਼ਰਾਈਮ ਰੱਖਿਆ। ਯੂਸੁਫ਼ ਨੇ ਉਸ ਨੂੰ ਇਹ ਨਾਮ ਇਸ ਲਈ ਦਿੱਤਾ ਕਿਉਂਕਿ ਯੂਸੁਫ਼ ਨੇ ਆਖਿਆ, “ਪਰਮੇਸ਼ੁਰ ਨੇ ਮੈਨੂੰ ਉਸ ਧਰਤੀ ਉੱਤੇ ਸਫ਼ਲਤਾ ਦਿੱਤੀ ਜਿੱਥੇ ਮੈਂ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਸੀ।”
ਅਕਾਲ ਦਾ ਸਮਾਂ ਸ਼ੁਰੂ ਹੁੰਦਾ ਹੈ
53 ਸੱਤ ਸਾਲਾਂ ਤੱਕ, ਲੋਕਾਂ ਕੋਲ ਉਨ੍ਹਾਂ ਲਈ ਲੋੜੀਂਦਾ ਸਾਰਾ ਅਨਾਜ ਸੀ। ਪਰ ਫ਼ੇਰ ਉਹ ਸਾਲ ਖਤਮ ਹੋ ਗਏ। 54 ਅਤੇ ਅਕਾਲ ਦੇ ਸੱਤ ਵਰ੍ਹੇ ਸ਼ੁਰੂ ਹੋ ਗਏ, ਜਿਵੇਂ ਕਿ ਯੂਸੁਫ਼ ਨੇ ਪਹਿਲਾਂ ਹੀ ਆਖਿਆ ਸੀ। ਉਸ ਇਲਾਕੇ ਵਿੱਚਲੇ ਕਿਸੇ ਵੀ ਦੇਸ਼ ਵਿੱਚ ਕੋਈ ਅਨਾਜ ਨਹੀਂ ਪੈਦਾ ਹੋਇਆ। ਪਰ ਮਿਸਰ ਵਿੱਚ, ਲੋਕਾਂ ਕੋਲ ਖਾਣ ਲਈ ਕਾਫ਼ੀ ਸੀ! ਕਿਉਂਕਿ ਯੂਸੁਫ਼ ਨੇ ਅਨਾਜ ਜਮ੍ਹਾਂ ਕਰ ਲਿਆ ਸੀ। 55 ਕਾਲ ਦਾ ਸਮਾਂ ਸ਼ੁਰੂ ਹੋ ਗਿਆ, ਅਤੇ ਲੋਕ ਫ਼ਿਰਊਨ ਅੱਗੇ ਭੋਜਨ ਲਈ ਪੁਕਾਰ ਕਰਨ ਲੱਗੇ। ਫ਼ਿਰਊਨ ਨੇ ਮਿਸਰ ਦੇ ਲੋਕਾਂ ਨੂੰ ਆਖਿਆ, “ਯੂਸੁਫ਼ ਨੂ ਜਾਕੇ ਪੁੱਛੋ ਕਿ ਕੀ ਕਰਨਾ ਹੈ।”
56 ਹਰ ਥਾਂ ਅਕਾਲ ਪਿਆ ਹੋਇਆ ਸੀ, ਇਸ ਲਈ ਯੂਸੁਫ਼ ਨੇ ਉੱਥੋਂ ਜਿੱਥੇ ਅਨਾਜ ਰੱਖਿਆ ਹੋਇਆ ਸੀ, ਕੱਢਿਆ ਅਤੇ ਇਸ ਨੂੰ ਲੋਕਾਂ ਨੂੰ ਦੇ ਦਿੱਤਾ। ਯੂਸੁਫ਼ ਨੇ ਜਮ੍ਹਾਂ ਕੀਤਾ ਹੋਇਆ ਅਨਾਜ ਮਿਸਰ ਦੇ ਲੋਕਾਂ ਨੂੰ ਵੇਚਿਆ। ਮਿਸਰ ਵਿੱਚ ਅਕਾਲ ਸਖ਼ਤ ਸੀ। 57 ਪਰ ਅਕਾਲ ਹਰ ਥਾਂ ਸਖ਼ਤ ਸੀ। ਇਸ ਲਈ ਮਿਸਰ ਦੇ ਆਲੇ-ਦੁਆਲੇ ਦੇ ਦੇਸ਼ਾਂ ਦੇ ਲੋਕਾਂ ਨੂੰ ਯੂਸੁਫ਼ ਤੋਂ ਅਨਾਜ ਖਰੀਦਣ ਲਈ ਮਿਸਰ ਆਉਣਾ ਪੈਂਦਾ ਸੀ।
ਸੁਪਨੇ ਸੱਚ ਹੋਏ
42 ਅਕਾਲ ਕਨਾਨ ਵਿੱਚ ਵੀ ਸਖ਼ਤ ਸੀ। ਪਰ ਯਾਕੂਬ ਨੂੰ ਪਤਾ ਲੱਗਿਆ ਕਿ ਮਿਸਰ ਵਿੱਚ ਅਨਾਜ ਹੈ। ਇਸ ਲਈ ਯਾਕੂਬ ਨੇ ਆਪਣੇ ਪੁੱਤਰਾਂ ਨੂੰ ਆਖਿਆ, “ਅਸੀਂ ਇੱਥੇ ਨਿਕੰਮੇ ਕਿਉਂ ਬੈਠੇ ਹਾਂ? 2 ਮੈਂ ਸੁਣਿਆ ਹੈ ਕਿ ਮਿਸਰ ਕੋਲ ਵੇਚਣ ਲਈ ਅਨਾਜ ਹੈ। ਇਸ ਲਈ ਆਉ ਅਨਾਜ ਖਰੀਦਣ ਲਈ ਉੱਥੇ ਚੱਲੀਏ। ਫ਼ੇਰ ਅਸੀਂ ਆਪਣੇ-ਆਪ ਨੂੰ ਮਰਦਿਆਂ ਦੇਖਣ ਦੀ ਬਜਾਇ ਜਿਉਂ ਸੱਕਦੇ ਹਾਂ।”
3 ਇਸ ਲਈ ਯੂਸੁਫ਼ ਦੇ ਦਸ ਭਰਾ ਅਨਾਜ ਖਰੀਦਣ ਲਈ ਮਿਸਰ ਗਏ। 4 ਯਾਕੂਬ ਨੇ ਬਿਨਯਾਮੀਨ ਨੂੰ ਉਸ ਦੇ ਭਰਾਵਾਂ ਨਾਲ ਨਹੀਂ ਭੇਜਿਆ। (ਬਿਨਯਾਮੀਨ ਹੀ ਯੂਸੁਫ਼ ਦਾ ਇੱਕ ਸੱਕਾ ਭਰਾ ਸੀ।) ਯਾਕੂਬ ਡਰਦਾ ਸੀ ਕਿ ਬਿਨਯਾਮੀਨ ਨਾਲ ਕੁਝ ਮਾੜਾ ਨਾ ਵਾਪਰ ਜਾਵੇ।
5 ਕਨਾਨ ਵਿੱਚ ਅਕਾਲ ਬਹੁਤ ਸਖ਼ਤ ਸੀ, ਇਸ ਲਈ ਕਨਾਨ ਦੇ ਬਹੁਤ ਸਾਰੇ ਲੋਕ ਸਨ ਜਿਹੜੇ ਅਨਾਜ ਖਰੀਦਣ ਲਈ ਮਿਸਰ ਗਏ ਸਨ। ਉਨ੍ਹਾਂ ਵਿੱਚ ਇਸਰਾਏਲ ਦੇ ਪੁੱਤਰ ਵੀ ਸਨ।
6 ਉਸ ਸਮੇਂ, ਯੂਸੁਫ਼ ਮਿਸਰ ਦਾ ਰਾਜਪਾਲ ਸੀ ਅਤੇ ਯੂਸੁਫ਼ ਹੀ ਸੀ ਜਿਹੜਾ ਉਨ੍ਹਾਂ ਲੋਕਾਂ ਲਈ ਅਨਾਜ ਦੀ ਵਿਕਰੀ ਕਰਾਉਣ ਦਾ ਅਧਿਕਾਰੀ ਸੀ ਜਿਹੜੇ ਮਿਸਰ ਨੂੰ ਆਉਂਦੇ ਸਨ। ਇਸ ਲਈ ਯੂਸੁਫ਼ ਦੇ ਭਰਾ ਉਸ ਕੋਲ ਆਏ ਅਤੇ ਉਸ ਅੱਗੇ ਝੁਕ ਗਏ। 7 ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਦੇਖਿਆ। ਯੂਸੁਫ਼ ਨੇ ਉਨ੍ਹਾਂ ਨੂੰ ਪਛਾਣ ਲਿਆ ਪਰ ਉਸ ਨੇ ਇਸ ਤਰ੍ਹਾਂ ਦਾ ਵਿਹਾਰ ਕੀਤਾ ਜਿਵੇਂ ਉਨ੍ਹਾਂ ਨੂੰ ਜਾਣਦਾ ਹੀ ਨਾ ਹੋਵੇ। ਉਨ੍ਹਾ ਨਾਲ ਗੱਲ ਕਰਦਿਆਂ ਉਹ ਬੜਾ ਕੁਰੱਖਤ ਸੀ। ਉਸ ਨੇ ਆਖਿਆ, “ਤੁਸੀਂ ਕਿੱਥੋਂ ਆਏ ਹੋ?”
ਭਰਾਵਾਂ ਨੇ ਜਵਾਬ ਦਿੱਤਾ, “ਅਸੀਂ ਕਨਾਨ ਦੀ ਧਰਤੀ ਤੋਂ ਆਏ ਹਾਂ। ਅਸੀਂ ਇੱਥੇ ਅਨਾਜ ਖਰੀਦਣ ਆਏ ਹਾਂ।”
8 ਯੂਸੁਫ਼ ਜਾਣਦਾ ਸੀ ਕਿ ਇਹ ਆਦਮੀ ਉਸ ਦੇ ਭਰਾ ਹਨ। ਪਰ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਹ ਕੌਣ ਸੀ। 9 ਅਤੇ ਯੂਸੁਫ਼ ਨੂੰ ਉਹ ਸੁਪਨੇ ਚੇਤੇ ਆ ਗਏ ਜਿਹੜੇ ਉਸ ਨੇ ਆਪਣੇ ਭਰਾਵਾਂ ਬਾਰੇ ਲਈ ਸਨ।
ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਆਖਿਆ, “ਤੁਸੀਂ ਅਨਾਜ ਖਰੀਦਣ ਨਹੀਂ ਆਏ! ਤੁਸੀਂ ਜਾਸੂਸ ਹੋ। ਤੁਸੀਂ ਸਾਡੀਆਂ ਕਮਜ਼ੋਰੀਆਂ ਦਾ ਪਤਾ ਲਾਉਣ ਆਏ ਹੋ।”
10 ਪਰ ਭਰਾਵਾਂ ਨੇ ਉਸ ਨੂੰ ਆਖਿਆ, “ਨਹੀਂ ਜਨਾਬ! ਅਸੀਂ ਤਾਂ ਤੁਹਾਡੇ ਨੌਕਰ ਹਾਂ। ਅਸੀਂ ਤਾਂ ਸਿਰਫ਼ ਅਨਾਜ ਖਰੀਦਣ ਲਈ ਆਏ ਹਾਂ। 11 ਅਸੀਂ ਸਾਰੇ ਭਰਾ ਹਾਂ-ਸਾਡਾ ਸਾਰਿਆਂ ਦਾ ਇੱਕੋ ਪਿਤਾ ਹੈ। ਅਸੀਂ ਇਮਾਨਦਾਰ ਲੋਕ ਹਾਂ। ਅਸੀਂ ਜਾਸੂਸ ਨਹੀਂ ਹਾਂ।”
12 ਫ਼ੇਰ ਯੂਸੁਫ਼ ਨੇ ਉਨ੍ਹਾਂ ਨੂੰ ਆਖਿਆ: “ਨਹੀਂ! ਤੁਸੀਂ ਸਾਡੀਆਂ ਕਮਜ਼ੋਰੀਆਂ ਲੱਭਣ ਆਏ ਹੋਂ।”
13 ਅਤੇ ਭਰਾਵਾਂ ਨੇ ਆਖਿਆ, “ਨਹੀਂ! ਅਸੀਂ ਸਾਰੇ ਭਰਾ ਹਾਂ। ਸਾਡੇ ਪਰਿਵਾਰ ਵਿੱਚ 12 ਭਰਾ ਹਨ। ਸਾਡੇ ਸਾਰਿਆਂ ਦਾ ਇੱਕ ਪਿਤਾ ਹੈ। ਸਾਡਾ ਸਾਰਿਆਂ ਤੋਂ ਛੋਟਾ ਭਰਾ ਹਲੇ ਵੀ ਸਾਡੇ ਪਿਤਾ ਨਾਲ ਘਰ ਵਿੱਚ ਹੈ। ਅਤੇ ਦੂਸਰਾ ਭਰਾ ਬਹੁਤ ਸਮਾਂ ਪਹਿਲਾਂ ਮਰ ਗਿਆ ਸੀ। ਤੁਹਾਡੇ ਸਾਹਮਣੇ ਅਸੀਂ ਨੌਕਰਾਂ ਵਾਂਗ ਹਾਂ। ਅਸੀਂ ਕਨਾਨ ਦੀ ਧਰਤੀ ਤੋਂ ਹਾਂ।”
14 ਪਰ ਯੂਸੁਫ਼ ਨੇ ਉਨ੍ਹਾਂ ਨੂੰ ਆਖਿਆ, “ਨਹੀਂ! ਮੈਂ ਜਾਣਦਾ ਹਾਂ ਕਿ ਮੈਂ ਸਹੀ ਹਾਂ। ਤੁਸੀਂ ਜਾਸੂਸ ਹੋ। 15 ਪਰ ਮੈਂ ਤੁਹਾਨੂੰ ਇਹ ਸਾਬਤ ਕਰਨ ਦਾ ਮੌਕਾ ਦਿਆਂਗਾ ਕਿ ਤੁਸੀਂ ਸੱਚ ਬੋਲ ਰਹੇ ਹੋ। ਮੈਂ ਫ਼ਿਰਊਨ ਦਾ ਨਾਮ ਲੈ ਕੇ ਸੌਂਹ ਖਾਂਦਾ ਹਾਂ ਕਿ ਮੈਂ ਤੁਹਾਨੂੰ ਓਨਾ ਚਿਰ ਨਹੀਂ ਜਾਣ ਦਿਆਂਗਾ ਜਦੋਂ ਤੱਕ ਕਿ ਤੁਹਾਡਾ ਸਭ ਤੋਂ ਛੋਟਾ ਭਰਾ ਇੱਥੇ ਨਹੀਂ ਆ ਜਾਂਦਾ। 16 ਮੈਂ ਤੁਹਾਡੇ ਵਿੱਚੋਂ ਇੱਕ ਨੂੰ ਵਾਪਸ ਜਾਣ ਦੇਵਾਂਗਾ ਅਤੇ ਤੁਹਾਡੇ ਸਭ ਤੋਂ ਛੋਟੇ ਭਰਾ ਨੂੰ ਇੱਥੇ ਲਿਆਉਣ ਦਿਆਂਗਾ, ਜਦ ਕਿ ਹੋਰ ਸਾਰੇ ਕੈਦਖਾਨੇ ਵਿੱਚ ਰਹਿਣਗੇ। ਅਸੀਂ ਦੇਖਾਂਗੇ ਕਿ ਤੁਸੀਂ ਸੱਚ ਬੋਲ ਰਹੇ ਹੋ ਜਾਂ ਨਹੀਂ। ਪਰ ਜੇ ਤੁਸੀਂ ਅਜਿਹਾ ਨਹੀਂ ਕਰੋਂਗੇ, ਮੈਂ ਫ਼ਿਰਊਨ ਦੀ ਜਾਨ ਦੀ ਸੌਂਹ ਖਾਂਦਾ ਹਾਂ ਕਿ ਮੈਂ ਜਾਣ ਜਾਵਾਂਗਾ ਕਿ ਤੁਸੀਂ ਜਾਸੂਸ ਹੋ।” 17 ਫ਼ੇਰ ਯੂਸੁਫ਼ ਨੇ ਉਨ੍ਹਾਂ ਸਾਰਿਆਂ ਨੂੰ ਤਿੰਨਾ ਦਿਨਾ ਲਈ ਕੈਦਖਾਨੇ ਵਿੱਚ ਪਾ ਦਿੱਤਾ।
ਸ਼ਿਮਓਨ ਨੂੰ ਬਂਧਕ ਵਜੋਂ ਰੱਖਿਆ ਗਿਆ
18 ਤਿੰਨ ਦਿਨਾਂ ਮਗਰੋਂ ਯੂਸੁਫ਼ ਨੇ ਉਨ੍ਹਾਂ ਨੂੰ ਆਖਿਆ, “ਮੈਂ ਪਰਮੇਸ਼ੁਰ ਦਾ ਖੌਫ਼ ਰੱਖਣ ਵਾਲਾ ਆਦਮੀ ਹਾਂ! ਇਹ ਗੱਲ ਕਰੋ, ਅਤੇ ਮੈਂ ਤੁਹਾਨੂੰ ਜਿਉਣ ਦਿਆਂਗਾ। 19 ਜੇ ਤੁਸੀਂ ਸੱਚਮੁੱਚ ਸੱਚੇ ਬੰਦੇ ਹੋ, ਤਾਂ ਤੁਹਾਡੇ ਵਿੱਚੋਂ ਇੱਕ ਭਰਾ ਇੱਥੇ ਕੈਦਖਾਨੇ ਵਿੱਚ ਰਹਿ ਸੱਕਦਾ ਹੈ। ਅਤੇ ਦੂਸਰੇ ਤੁਹਾਡੇ ਲੋਕਾਂ ਕੋਲ ਅਨਾਜ ਲੈ ਕੇ ਜਾ ਸੱਕਦੇ ਹਨ। 20 ਪਰ ਫ਼ੇਰ ਤੁਹਾਨੂੰ ਆਪਣੇ ਸਭ ਤੋਂ ਛੋਟੇ ਭਰਾ ਨੂੰ ਇੱਥੇ ਮੇਰੇ ਕੋਲ ਲੈ ਕੇ ਆਉਣਾ ਪਵੇਗਾ। ਫ਼ੇਰ ਮੈਨੂੰ ਪਤਾ ਲੱਗੇਗਾ ਕਿ ਤੁਸੀਂ ਸੱਚ ਬੋਲ ਰਹੇ ਹੋ ਅਤੇ ਤੁਹਾਨੂੰ ਮਰਨ ਦੀ ਲੋੜ ਨਹੀਂ।”
ਭਰਾਵਾਂ ਨੇ ਇਹ ਗੱਲ ਮੰਨ ਲਈ। 21 ਉਨ੍ਹਾਂ ਨੇ ਇੱਕ-ਦੂਜੇ ਨੂੰ ਆਖਿਆ, “ਸਾਨੂੰ ਸਾਡੇ ਉਸ ਮੰਦੇ ਕਾਰੇ ਦੀ ਸਜ਼ਾ ਮਿਲ ਰਹੀ ਹੈ ਜਿਹੜਾ ਅਸੀਂ ਆਪਣੇ ਛੋਟੇ ਭਰਾ ਯੂਸੁਫ਼ ਨਾਲ ਕੀਤਾ ਸੀ। ਅਸੀਂ ਉਸ ਨੂੰ ਮੁਸੀਬਤ ਵਿੱਚ ਦੇਖਿਆ। ਉਸ ਨੇ ਸਾਡੇ ਕੋਲੋਂ ਆਪਣੀ ਜਾਨ ਦੀ ਭਿਖਿਆ ਮੰਗੀ। ਪਰ ਅਸੀਂ ਉਸਦੀ ਗੱਲ ਨਹੀਂ ਸੁਣੀ। ਇਸ ਲਈ ਹੁਣ ਅਸੀਂ ਮੁਸੀਬਤ ਵਿੱਚ ਹਾਂ।”
22 ਫ਼ੇਰ ਰਊਬੇਨ ਨੇ ਉਨ੍ਹਾਂ ਨੂੰ ਆਖਿਆ, “ਮੈਂ ਤੁਹਾਨੂੰ ਆਖਿਆ ਸੀ ਕਿ ਮੁੰਡੇ ਨਾਲ ਮੰਦਾ ਨਾ ਕਰੋ। ਪਰ ਤੁਸੀਂ ਮੇਰੀ ਗੱਲ ਨਹੀਂ ਸੁਣੀ। ਇਸ ਲਈ ਹੁਣ ਸਾਨੂੰ ਉਸਦੀ ਮੌਤ ਦੀ ਸਜ਼ਾ ਮਿਲ ਰਹੀ ਹੈ।”
23 ਯੂਸੁਫ਼ ਉਨ੍ਹਾਂ ਨਾਲ ਗੱਲ ਕਰਨ ਲਈ ਇੱਕ ਦੋ-ਭਾਸ਼ੀਏ ਦੀ ਵਰਤੋਂ ਕਰ ਰਿਹਾ ਸੀ। ਇਸ ਲਈ ਭਰਾਵਾਂ ਨੂੰ ਪਤਾ ਨਹੀਂ ਲੱਗਿਆ ਕਿ ਯੂਸੁਫ਼ ਉਨ੍ਹਾਂ ਦੀ ਬੋਲੀ ਸਮਝਦਾ ਸੀ। ਪਰ ਯੂਸੁਫ਼ ਨੇ ਉਨ੍ਹਾਂ ਦੀ ਆਖੀ ਹਰ ਗੱਲ ਸੁਣੀ ਅਤੇ ਸਮਝ ਲਈ। 24 ਉਨ੍ਹਾਂ ਦੇ ਸ਼ਬਦਾਂ ਨੇ ਯੂਸੁਫ਼ ਨੂੰ ਬਹੁਤ ਉਦਾਸ ਕਰ ਦਿੱਤਾ। ਇਸ ਲਈ ਯੂਸੁਫ਼ ਉਨ੍ਹਾਂ ਨੂੰ ਛੱਡ ਕੇ ਚੱਲਾ ਗਿਆ ਅਤੇ ਰੋਣ ਲੱਗਾ। ਕੁਝ ਸਮੇਂ ਬਾਦ ਯੂਸੁਫ਼ ਫ਼ੇਰ ਉਨ੍ਹਾਂ ਕੋਲ ਗਿਆ। ਉਸ ਨੇ ਉਨ੍ਹਾਂ ਵਿੱਚੋਂ ਇੱਕ ਭਰਾ, ਸਿਮਓਨ ਨੂੰ ਲਿਆ ਅਤੇ ਬੰਨ੍ਹ ਦਿੱਤਾ ਜਦੋਂ ਕਿ ਦੂਸਰੇ ਦੇਖਦੇ ਰਹੇ। 25 ਯੂਸੁਫ਼ ਨੇ ਕੁਝ ਨੌਕਰਾਂ ਨੂੰ ਉਨ੍ਹਾਂ ਦੀਆਂ ਬੋਰੀਆਂ ਵਿੱਚ ਅਨਾਜ ਭਰਨ ਲਈ ਆਖਿਆ। ਭਰਾਵਾਂ ਨੇ ਇਸ ਅਨਾਜ ਦੇ ਬਦਲੇ ਪੈਸੇ ਦਿੱਤੇ। ਪਰ ਯੂਸੁਫ਼ ਨੇ ਪੈਸੇ ਨਹੀਂ ਰੱਖੇ। ਉਸ ਨੇ ਪੈਸੇ ਉਨ੍ਹਾਂ ਦੀਆਂ ਅਨਾਜ ਦੀਆਂ ਬੋਰੀਆਂ ਵਿੱਚ ਪਾ ਦਿੱਤੇ। ਉਸ ਨੇ ਉਨ੍ਹਾਂ ਨੂੰ ਵਾਪਸ ਘਰ ਜਾਂਦੇ ਵਕਤ ਸਫ਼ਰ ਵਾਸਤੇ ਖਾਣ ਲਈ ਭੋਜਨ ਵੀ ਦਿੱਤਾ।
26 ਇਸ ਲਈ ਭਰਾਵਾਂ ਨੇ ਅਨਾਜ ਆਪਣੇ ਖੋਤਿਆਂ ਉੱਪਰ ਲੱਦਿਆ ਅਤੇ ਚੱਲੇ ਗਏ। 27 ਉਸ ਰਾਤ ਭਰਾ ਰਾਤ ਕੱਟਣ ਲਈ ਇੱਕ ਥਾਂ ਠਹਿਰ ਗਏ। ਭਰਾਵਾਂ ਵਿੱਚੋਂ ਇੱਕ ਨੇ ਆਪਣੇ ਖੋਤੇ ਨੂੰ ਕੁਝ ਅਨਾਜ ਦੇਣ ਲਈ ਆਪਣੀ ਬੋਰੀ ਦਾ ਮੂੰਹ ਖੋਲ੍ਹਿਆ। ਅਤੇ ਉੱਥੇ ਬੋਰੀ ਵਿੱਚ ਉਸ ਨੂੰ ਆਪਣਾ ਪੈਸਾ ਦਿਖਾਈ ਦਿੱਤਾ। 28 ਉਸ ਨੇ ਹੋਰਨਾਂ ਭਰਾਵਾਂ ਨੂੰ ਆਖਿਆ, “ਦੇਖੋ, ਇਹ ਉਹ ਪੈਸਾ ਹੈ ਜਿਹੜਾ ਮੈਂ ਅਨਾਜ ਬਦਲੇ ਦਿੱਤਾ ਸੀ। ਕਿਸੇ ਨੇ ਪੈਸੇ ਫ਼ੇਰ ਮੇਰੀ ਬੋਰੀ ਵਿੱਚ ਰੱਖ ਦਿੱਤੇ ਹਨ।” ਭਰਾ ਬਹੁਤ ਡਰ ਗਏ। ਉਨ੍ਹਾਂ ਨੇ ਇੱਕ ਦੂਸਰੇ ਨੂੰ ਆਖਿਆ, “ਸਾਡੇ ਨਾਲ ਪਰਮੇਸ਼ੁਰ ਕੀ ਕਰ ਰਿਹਾ ਹੈ?”
ਭਰਾਵਾਂ ਦਾ ਯਾਕੂਬ ਨੂੰ ਖ਼ਬਰ ਦੇਣਾ
29 ਭਰਾ ਆਪਣੇ ਪਿਤਾ ਯਾਕੂਬ ਕੋਲ ਕਨਾਨ ਦੀ ਧਰਤੀ ਉੱਤੇ ਵਾਪਸ ਚੱਲੇ ਗਏ। ਉਨ੍ਹਾਂ ਨੇ ਯਾਕੂਬ ਨੂੰ ਉਹ ਸਾਰਾ ਕੁਝ ਦੱਸ ਦਿੱਤਾ ਜੋ ਵਾਪਰਿਆ ਸੀ। 30 ਉਨ੍ਹਾਂ ਨੇ ਆਖਿਆ, “ਉਸ ਦੇਸ਼ ਦੇ ਰਾਜਪਾਲ ਨੇ ਸਾਨੂੰ ਬਹੁਤ ਰੁੱਖਾ ਬੋਲਿਆ। ਉਸਦਾ ਖਿਆਲ ਸੀ ਕਿ ਅਸੀਂ ਜਾਸੂਸ ਹਾਂ! 31 ਪਰ ਅਸੀਂ ਉਸ ਨੂੰ ਦੱਸਿਆ ਕਿ ਅਸੀਂ ਜਾਸੂਸ ਨਹੀਂ ਹਾਂ, ਅਸੀਂ ਇਮਾਨਦਾਰ ਆਦਮੀ ਹਾਂ! 32 ਅਸੀਂ ਉਸ ਨੂੰ ਦੱਸਿਆ ਕਿ ਅਸੀਂ 12 ਭਰਾ ਸਾਂ। ਅਸੀਂ ਉਸ ਨੂੰ ਦੱਸਿਆ ਕਿ ਸਾਡਾ ਸਭ ਦਾ ਇੱਕ ਪਿਤਾ ਹੈ। ਅਸੀਂ ਉਸ ਨੂੰ ਆਪਣੇ ਭਰਾ ਬਾਰੇ ਦੱਸਿਆ ਜੋ ਮਰ ਚੁੱਕਿਆ ਹੈ, ਅਤੇ ਅਸੀਂ ਉਸ ਨੂੰ ਆਪਣੇ ਸਭ ਤੋਂ ਛੋਟੇ ਭਰਾ ਬਾਰੇ ਵੀ ਦੱਸਿਆ, ਜੋ ਹਾਲੇ ਸਾਡੇ ਪਿਉ ਨਾਲ ਕਨਾਨ ਦੀ ਧਰਤੀ ਵਿੱਚ ਰਹਿ ਰਿਹਾ ਸੀ।
33 “ਤਾਂ ਉਸ ਦੇਸ਼ ਦੇ ਰਾਜਪਾਲ ਨੇ ਸਾਨੂੰ ਇਹ ਆਖਿਆ, ‘ਇਹ ਸਾਬਤ ਕਰਨ ਦਾ ਇੱਕ ਤਰੀਕਾ ਹੈ ਕਿ ਤੁਸੀਂ ਇਮਾਨਦਾਰ ਆਦਮੀ ਹੋ: ਆਪਣੇ ਭਰਾਵਾਂ ਵਿੱਚੋਂ ਇੱਕ ਨੂੰ ਇੱਥੇ ਮੇਰੇ ਕੋਲ ਛੱਡ ਜਾਉ। ਆਪਣਾ ਅਨਾਜ ਆਪਣੇ ਪਰਿਵਾਰ ਕੋਲ ਵਾਪਸ ਲੈ ਜਾਉ। 34 ਫ਼ੇਰ ਆਪਣੇ ਸਭ ਤੋਂ ਛੋਟੇ ਭਰਾ ਨੂੰ ਮੇਰੇ ਕੋਲ ਲੈ ਆਉ। ਫ਼ੇਰ ਮੈਨੂੰ ਪਤਾ ਲੱਗ ਜਾਵੇਗਾ ਕਿ ਤੁਸੀਂ ਇਮਾਨਦਾਰ ਆਦਮੀ ਹੋ ਜਾਂ ਜਾਸੂਸ। ਜੇ ਤੁਸੀਂ ਸੱਚ ਬੋਲ ਰਹੇ ਹੋਵੋਂਗੇ, ਮੈਂ ਤੁਹਾਨੂੰ ਤੁਹਾਡਾ ਭਰਾ ਵਾਪਸ ਕਰ ਦਿਆਂਗਾ ਅਤੇ ਤੁਸੀਂ ਸਾਡੇ ਦੇਸ਼ ਵਿੱਚੋਂ ਅਨਾਜ ਖਰੀਦ ਸੱਕੋਂਗੇ।’”
35 ਫ਼ੇਰ ਭਰਾਵਾਂ ਨੇ ਆਪੋ-ਆਪਣੀਆਂ ਬੋਰੀਆਂ ਵਿੱਚੋਂ ਅਨਾਜ ਕੱਢਣਾ ਸ਼ੁਰੂ ਕਰ ਦਿੱਤਾ। ਅਤੇ ਹਰ ਭਰਾ ਨੂੰ ਆਪਣੀ ਬੋਰੀ ਵਿੱਚ ਪੈਸਿਆਂ ਦੀ ਥੈਲੀ ਮਿਲੀ। ਭਰਾਵਾਂ ਨੇ ਅਤੇ ਪਿਤਾ ਨੇ ਪੈਸੇ ਦੇਖੇ ਅਤੇ ਉਹ ਭੈਭੀਤ ਹੋ ਗਏ।
36 ਯਾਕੂਬ ਨੇ ਉਨ੍ਹਾਂ ਨੂੰ ਆਖਿਆ, “ਕੀ ਤੁਸੀਂ ਚਾਹੁੰਦੇ ਹੋ ਕਿ ਮੈਂ ਆਪਣੇ ਸਾਰੇ ਬੱਚੇ ਗੁਆ ਲਵਾਂ? ਯੂਸੁਫ਼ ਚੱਲਾ ਗਿਆ। ਸਿਮਓਨ ਚੱਲਾ ਗਿਆ। ਅਤੇ ਹੁਣ ਤੁਸੀਂ ਬਿਨਯਾਮੀਨ ਨੂੰ ਵੀ ਲੈ ਜਾਣਾ ਚਾਹੁੰਦੇ ਹੋ?”
37 ਪਰ ਰਊਬੇਨ ਨੇ ਆਪਣੇ ਪਿਤਾ ਨੂੰ ਆਖਿਆ, “ਪਿਤਾ ਜੀ, ਜੇ ਮੈਂ ਬਿਨਯਾਮੀਨ ਨੂੰ ਤੁਹਾਡੇ ਕੋਲ ਨਾ ਲੈ ਕੇ ਆਇਆ ਤਾਂ ਤੁਸੀਂ ਭਾਵੇਂ ਮੇਰੇ ਦੋਵੇਂ ਪੁੱਤਰਾਂ ਨੂੰ ਮਾਰ ਦਿਉ। ਮੇਰੇ ਉੱਤੇ ਭਰੋਸਾ ਕਰੋ। ਮੈਂ ਬਿਨਯਾਮੀਨ ਨੂੰ ਤੁਹਾਡੇ ਕੋਲ ਵਾਪਸ ਲੈ ਕੇ ਆਵਾਂਗਾ।”
38 ਪਰ ਯਾਕੂਬ ਨੇ ਆਖਿਆ, “ਮੈਂ ਬਿਨਯਾਮੀਨ ਨੂੰ ਤੁਹਾਡੇ ਨਾਲ ਨਹੀਂ ਜਾਣ ਦਿਆਂਗਾ। ਉਸਦਾ ਭਰਾ ਮਰ ਚੁੱਕਿਆ ਹੈ ਅਤੇ ਉਹ ਮੇਰੀ ਪਤਨੀ ਦਾ ਇੱਕੋ-ਇੱਕ ਪੁੱਤਰ ਬੱਚਿਆਂ ਹੈ। ਜੇ ਉਸ ਨਾਲ ਮਿਸਰ ਦੀ ਯਾਤਰਾ ਦੌਰਾਨ ਕੁਝ ਵਾਪਰਿਆ ਤਾਂ ਮੈਂ ਮਾਰਿਆ ਜਾਵਾਂਗਾ। ਤੁਸੀਂ ਮੈਨੂੰ ਇੱਕ ਸੋਗੀ, ਬੁੱਢੇ ਬੰਦੇ ਨੂੰ ਕਬਰ ਵਿੱਚ ਸੁੱਟ ਦਿਉਂਗੇ।”
ਯਾਕੂਬ ਬਿਨਯਾਮੀਨ ਨੂੰ ਮਿਸਰ ਜਾਣ ਦਿੰਦਾ ਹੈ
43 ਉਸ ਦੇਸ਼ ਵਿੱਚ ਅਕਾਲ ਦੀ ਹਾਲਤ ਬਹੁਤ ਖਰਾਬ ਸੀ। 2 ਲੋਕਾਂ ਨੇ ਮਿਸਰ ਤੋਂ ਖਰੀਦਿਆ ਹੋਇਆ ਸਾਰਾ ਅਨਾਜ ਖਾ ਲਿਆ। ਜਦੋਂ ਉਹ ਅਨਾਜ ਮੁੱਕ ਗਿਆ, ਤਾਂ ਯਾਕੂਬ ਨੇ ਆਪਣੇ ਪੁੱਤਰਾਂ ਨੂੰ ਆਖਿਆ, “ਮਿਸਰ ਵਿੱਚ ਜਾਉ ਅਤੇ ਆਪਣੇ ਖਾਣ ਲਈ ਕੁਝ ਹੋਰ ਅਨਾਜ ਖਰੀਦ ਲਿਆਉ।”
3 ਪਰ ਯਹੂਦਾਹ ਨੇ ਯਾਕੂਬ ਨੂੰ ਆਖਿਆ, “ਪਰ ਉਸ ਦੇਸ਼ ਦੇ ਰਾਜਪਾਲ ਨੇ ਸਾਨੂੰ ਚਿਤਾਵਨੀ ਦਿੱਤੀ ਸੀ। ਉਸ ਨੇ ਆਖਿਆ, ‘ਜੇ ਤੁਸੀਂ ਆਪਣੇ ਭਰਾ ਨੂੰ ਮੇਰੇ ਕੋਲ ਨਾ ਲੈ ਕੇ ਆਏ ਤਾਂ ਤੁਹਾਡੇ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿਆਂਗਾ।’ 4 ਜੇ ਤੁਸੀਂ ਬਿਨਯਾਮੀਨ ਨੂੰ ਸਾਡੇ ਨਾਲ ਭੇਜ ਦਿਉਂਗੇ, ਫ਼ੇਰ ਅਸੀਂ ਉੱਥੇ ਜਾ ਸੱਕਦੇ ਹਾਂ ਅਤੇ ਅਨਾਜ ਖਰੀਦ ਸੱਕਦੇ ਹਾਂ। 5 ਪਰ ਜੇ ਤੁਸੀਂ ਬਿਨਯਾਮੀਨ ਨੂੰ ਭੇਜਣ ਤੋਂ ਇਨਕਾਰ ਕਰੋਂਗੇ ਤਾਂ ਫ਼ੇਰ ਅਸੀਂ ਨਹੀਂ ਜਾਵਾਂਗੇ। ਉਸ ਬੰਦੇ ਨੇ ਸਾਨੂੰ ਚਿਤਾਵਨੀ ਦਿੱਤੀ ਸੀ ਕਿ ਉਸ ਤੋਂ ਬਿਨਾ ਵਾਪਸ ਨਾ ਆਈਏ।”
6 ਯਾਕੂਬ ਨੇ ਆਖਿਆ, “ਤੁਸੀਂ ਉਸ ਨੂੰ ਇਹ ਕਿਉਂ ਦੱਸਿਆ ਕਿ ਤੁਹਾਡਾ ਕੋਈ ਹੋਰ ਭਰਾ ਸੀ? ਤੁਸੀਂ ਇਹੋ ਜਿਹੀ ਮਾੜੀ ਗੱਲ ਮੇਰੇ ਨਾਲ ਕਿਉਂ ਕੀਤੀ?”
7 ਭਰਾਵਾਂ ਨੇ ਜਵਾਬ ਦਿੱਤਾ, “ਉਸ ਬੰਦੇ ਨੇ ਬੜੇ ਸਵਾਲ ਪੁੱਛੇ ਸਨ। ਉਹ ਸਾਡੇ ਅਤੇ ਸਾਡੇ ਪਰਿਵਾਰ ਬਾਰੇ ਸਾਰਾ ਕੁਝ ਜਾਨਣਾ ਚਾਹੁੰਦਾ ਸੀ। ਉਸ ਨੇ ਸਾਨੂੰ ਪੁੱਛਿਆ, ‘ਕੀ ਤੁਹਾਡਾ ਪਿਤਾ ਹਾਲੇ ਜਿਉਂਦਾ ਹੈ? ਕੀ ਤੁਹਾਡਾ ਹੋਰ ਕੋਈ ਭਰਾ ਵੀ ਘਰ ਹੈ?’ ਅਸੀਂ ਤਾਂ ਸਿਰਫ਼ ਸਦੇ ਸਵਾਲਾਂ ਦਾ ਜਵਾਬ ਹੀ ਦਿੱਤਾ ਸੀ। ਸਾਨੂੰ ਇਹ ਨਹੀਂ ਸੀ ਪਤਾ ਕਿ ਉਹ ਸਾਨੂੰ ਆਪਣਾ ਭਰਾ ਆਪਣੇ ਕੋਲ ਲਿਆਉਣ ਲਈ ਆਖੇਗਾ!”
8 ਫ਼ੇਰ ਯਹੂਦਾਹ ਨੇ ਆਪਣੇ ਪਿਤਾ ਇਸਰਾਏਲ ਨੂੰ ਆਖਿਆ, “ਬਿਨਯਾਮੀਨ ਨੂੰ ਮੇਰੇ ਨਾਲ ਜਾਣ ਦਿਉ। ਮੈਂ ਉਸਦਾ ਧਿਆਨ ਰੱਖਾਂਗਾ। ਸਾਨੂੰ ਭੋਜਨ ਹਾਸਿਲ ਕਰਨ ਲਈ ਮਿਸਰ ਜਾਣਾ ਹੀ ਪੈਣਾ ਹੈ। ਜੇ ਅਸੀਂ ਨਹੀਂ ਜਾਂਦੇ ਤਾਂ ਅਸੀਂ ਸਾਰੇ ਹੀ, ਆਪਣੇ ਬੱਚਿਆਂ ਸਮੇਤ, ਮਾਰੇ ਜਾਵਾਂਗੇ। 9 ਮੈਂ ਇਸ ਗੱਲ ਦਾ ਖਾਸ ਖਿਆਲ ਰੱਖਾਂਗਾ ਕਿ ਉਹ ਸੁਰੱਖਿਅਤ ਰਹੇ। ਮੈਂ ਉਸ ਦੇ ਲਈ ਜ਼ਿੰਮੇਵਾਰ ਹੋਵਾਂਗਾ। ਜੇ ਮੈਂ ਉਸ ਨੂੰ ਤੁਹਾਡੇ ਕੋਲ ਵਾਪਸ ਨਹੀਂ ਲੈ ਕੇ ਆਉਂਦਾ, ਤਾਂ ਤੁਸੀਂ ਹਮੇਸ਼ਾ ਲਈ ਮੇਰੇ ਉੱਪਰ ਦੋਸ਼ ਧਰ ਸੱਕਦੇ ਹੋ। 10 ਜੇ ਤੁਸੀਂ ਸਾਨੂੰ ਪਹਿਲਾਂ ਜਾਣ ਦਿੰਦੇ ਤਾਂ ਅਸੀਂ ਹੁਣ ਤੱਕ ਅਨਾਜ ਲਈ ਦੋ ਚਕਰ ਲਾ ਆਉਣੇ ਸਨ।”
11 ਫ਼ੇਰ ਉਨ੍ਹਾਂ ਦੇ ਪਿਤਾ ਇਸਰਾਏਲ ਨੇ ਆਖਿਆ, “ਜੇ ਇਹ ਗੱਲ ਸੱਚਮੁੱਚ ਸਹੀ ਹੈ, ਤਾਂ ਬਿਨਯਾਮੀਨ ਨੂੰ ਆਪਣੇ ਨਾਲ ਲੈ ਜਾਉ। ਪਰ ਰਾਜਪਾਲ ਲਈ ਕੁਝ ਸੁਗਾਤਾਂ ਲੈਂਦੇ ਜਾਉ ਜਿਹੜੀਆਂ ਚੀਜ਼ਾਂ ਅਸੀਂ ਆਪਣੀ ਧਰਤੀ ਵਿੱਚ ਇਕੱਠੀਆਂ ਕਰ ਸੱਕੇ ਹਾਂ ਉਨ੍ਹਾਂ ਵਿੱਚੋਂ ਕੁਝ ਚੀਜ਼ਾਂ ਲੈ ਜਾਉ। ਉਸ ਲਈ ਕੁਝ ਸ਼ਹਿਦ, ਪਿਸਤਾ, ਬਦਾਮ, ਗੂੰਦ ਅਤੇ ਮੁਰ ਲੈ ਜਾਊ। 12 ਇਸ ਵਾਰ ਆਪਣੇ ਨਾਲ ਪਹਿਲਾਂ ਨਾਲੋਂ ਦੁੱਗਣੇ ਪੈਸੇ ਲੈ ਜਾਓ। ਉਹ ਪੈਸੇ ਵੀ ਲੈ ਜਾਉ ਜਿਹੜੇ ਪਿੱਛਲੀ ਵਾਰੀ ਤੁਹਾਨੂੰ ਵਾਪਸ ਮੋੜ ਦਿੱਤੇ ਗਏ ਸਨ। ਸ਼ਾਇਦ ਰਾਜਪਾਲ ਕੋਲੋਂ ਕੋਈ ਗਲਤੀ ਹੋ ਗਈ ਸੀ। 13 ਬਿਨਯਾਮੀਨ ਨੂੰ ਲੈ ਜਾਉ ਅਤੇ ਉਸ ਬੰਦੇ ਕੋਲ ਵਾਪਸ ਜਾਉ। 14 ਮੈਂ ਪ੍ਰਾਰਥਨਾ ਕਰਦਾ ਹਾਂ ਕਿ ਸਰਬ-ਸ਼ਕਤੀਮਾਨ ਪਰਮੇਸ਼ੁਰ ਉਦੋਂ ਤੁਹਾਡੀ ਸਹਾਇਤਾ ਕਰੇ, ਜਦੋਂ ਤੁਸੀਂ ਰਾਜਪਾਲ ਦੇ ਸਾਹਮਣੇ ਖੜ੍ਹੇ ਹੋਵੋਂ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਉਹ ਤੁਹਾਨੂੰ ਬਿਨਯਾਮੀਨ ਨੂੰ ਅਤੇ ਸਿਮਓਨ ਨੂੰ ਸੁਰੱਖਿਅਤ ਘਰ ਲਿਆਵੇ। ਜੇ ਨਹੀਂ, ਤਾਂ ਮੈਂ ਫ਼ੇਰ ਆਪਣੇ ਪੁੱਤਰ ਨੂੰ ਗੁਆਉਣ ਦਾ ਦੁੱਖ ਭੋਗਾਂਗਾ।”
15 ਇਸ ਲਈ ਭਰਾਵਾਂ ਨੇ ਰਾਜਪਾਲ ਨੂੰ ਦੇਣ ਲਈ ਸੁਗਾਤਾਂ ਲੈ ਲਈਆਂ ਅਤੇ ਉਨ੍ਹਾਂ ਨੇ ਆਪਣੇ ਨਾਲ ਪਿੱਛਲੀ ਵਾਰ ਨਾਲੋਂ ਦੁੱਗਣੇ ਪੈਸੇ ਲੈ ਲਏ। ਇਸ ਵਾਰ, ਬਿਨਯਾਮੀਨ ਆਪਣੇ ਭਰਾਵਾਂ ਦੇ ਨਾਲ ਮਿਸਰ ਨੂੰ ਗਿਆ। ਆਖਰਕਾਰ, ਉਹ ਪਹੁੰਚ ਗਏ ਅਤੇ ਯੂਸੁਫ਼ ਦੇ ਸਾਹਮਣੇ ਖਲੋ ਗਏ।
ਭਰਾਵਾਂ ਨੂੰ ਯੂਸੁਫ਼ ਦੇ ਘਰ ਆਉਣ ਦਾ ਸੱਦਾ
16 ਮਿਸਰ ਵਿੱਚ, ਯੂਸੁਫ਼ ਨੇ ਬਿਨਯਾਮੀਨ ਨੂੰ ਉਨ੍ਹਾਂ ਦੇ ਨਾਲ ਦੇਖਿਆ। ਯੂਸੁਫ਼ ਨੇ ਆਪਣੇ ਨੌਕਰ ਨੂੰ ਆਖਿਆ, “ਇਨ੍ਹਾਂ ਆਦਮੀਆਂ ਨੂੰ ਮੇਰੇ ਘਰ ਲੈ ਆ। ਇੱਕ ਜਾਨਵਰ ਮਾਰ ਅਤੇ ਉਸ ਨੂੰ ਰਿੰਨ੍ਹ। ਇਹ ਆਦਮੀ ਅੱਜ ਦੁਪਿਹਰ ਦਾ ਭੋਜਨ ਮੇਰੇ ਨਾਲ ਕਰਨਗੇ।” 17 ਨੌਕਰ ਨੇ ਉਵੇਂ ਹੀ ਕੀਤਾ ਜਿਵੇਂ ਉਸ ਨੂੰ ਆਖਿਆ ਗਿਆ ਸੀ। ਉਸ ਨੇ ਉਨ੍ਹਾਂ ਆਦਮੀਆਂ ਨੂੰ ਯੂਸੁਫ਼ ਦੇ ਘਰ ਲਿਆਂਦਾ।
18 ਜਦੋਂ ਉਨ੍ਹਾਂ ਨੂੰ ਯੂਸੁਫ਼ ਦੇ ਘਰ ਲਿਆਂਦਾ ਗਿਆ ਤਾਂ ਭਰਾ ਡਰੇ ਹੋਏ ਸਨ। ਉਨ੍ਹਾਂ ਆਖਿਆ, “ਸਾਨੂੰ ਇੱਥੇ ਉਸ ਪੈਸੇ ਕਾਰਣ ਲਿਆਂਦਾ ਗਿਆ ਹੈ ਜਿਹੜਾ ਪਿੱਛਲੀ ਵਾਰੀ ਸਾਡੀਆਂ ਬੋਰੀਆਂ ਵਿੱਚ ਵਾਪਿਸ ਰੱਖ ਦਿੱਤਾ ਗਿਆ ਸੀ। ਉਹ ਇਸ ਨੂੰ ਸਾਡੇ ਵਿਰੁੱਧ ਸਬੂਤ ਵਜੋਂ ਵਰਤਣਗੇ। ਅਤੇ ਉਹ ਸਾਡੇ ਖੋਤੇ ਖੋਹ ਲੈਣਗੇ ਅਤੇ ਸਾਨੂੰ ਗੁਲਾਮ ਬਣਾ ਲੈਣਗੇ।”
19 ਇਸ ਲਈ ਭਰਾ ਉਸ ਨੌਕਰ ਕੋਲ ਗਏ ਜਿਹੜਾ ਯੂਸੁਫ਼ ਦੇ ਘਰ ਦਾ ਇੰਚਾਰਜ ਸੀ। ਉਨ੍ਹਾਂ ਨੇ ਉਸ ਨਾਲ ਘਰ ਦੇ ਪ੍ਰਵੇਸ਼ ਦੁਆਰ ਕੋਲ ਗੱਲ ਕੀਤੀ। 20 ਉਨ੍ਹਾਂ ਨੇ ਆਖਿਆ “ਸ੍ਰੀਮਾਨ ਜੀ, ਅਸੀਂ ਇਕਰਾਰ ਕਰਦੇ ਹਾਂ ਕਿ ਸੱਚ ਇਹ ਹੈ: ਪਿੱਛਲੀ ਵਾਰ ਜਦੋਂ ਅਸੀਂ ਆਏ ਸੀ ਤਾਂ ਅਸੀਂ ਅਨਾਜ ਖਰੀਦਣ ਆਏ ਸੀ। 21-22 ਘਰ ਜਾਂਦੇ ਸਮੇਂ, ਅਸੀਂ ਆਪਣੀਆਂ ਬੋਰੀਆਂ ਖੋਲ੍ਹੀਆਂ ਅਤੇ ਸਾਨੂੰ ਹਰ ਬੋਰੀ ਵਿੱਚ ਆਪਣੇ ਪੈਸੇ ਮਿਲੇ। ਸਾਨੂੰ ਨਹੀਂ ਪਤਾ ਇਹ ਉੱਥੇ ਕਿਵੇਂ ਚੱਲੇ ਗਏ। ਪਰ ਅਸੀਂ ਉਹ ਪੈਸੇ ਆਪਣੇ ਨਾਲ ਲਿਆਏ ਹਾਂ ਤਾਂ ਜੋ ਤੁਹਾਨੂੰ ਵਾਪਸ ਦੇ ਸੱਕੀਏ। ਅਤੇ ਅਸੀਂ ਜਿਹੜਾ ਅਨਾਜ ਇਸ ਵਾਰੀ ਖਰੀਦਣਾ ਚਾਹੁੰਦੇ ਹਾਂ ਉਸ ਦੇ ਲਈ ਹੋਰ ਪੈਸੇ ਲਿਆਏ ਹਾਂ।”
23 ਪਰ ਨੌਕਰ ਨੇ ਜਵਾਬ ਦਿੱਤਾ, “ਸ਼ਾਂਤ ਹੋ ਜਾਵੋ, ਡਰੋ ਨਹੀਂ। ਤੁਹਾਡੇ ਪਰਮੇਸ਼ੁਰ, ਤੁਹਾਡੇ ਪਿਤਾ ਦੇ ਪਰਮੇਸ਼ੁਰ ਨੇ ਅਵੱਸ਼ ਹੀ ਉਹ ਪੈਸੇ ਸੁਗਾਤ ਵਜੋਂ ਤੁਹਾਡੇ ਬੋਰਿਆਂ ਵਿੱਚ ਰੱਖ ਦਿੱਤੇ ਹੋਣਗੇ। ਮੈਨੂੰ ਚੇਤੇ ਹੈ ਕਿ ਤੁਸੀਂ ਪਿੱਛਲੀ ਵਾਰ ਅਨਾਜ ਬਦਲੇ ਮੈਨੂੰ ਪੈਸੇ ਦੇ ਦਿੱਤੇ ਸਨ।”
ਫ਼ੇਰ ਨੌਕਰ ਸਿਮਓਨ ਨੂੰ ਕੈਦਖਾਨੇ ਤੋਂ ਬਾਹਰ ਲੈ ਆਇਆ। 24 ਨੌਕਰ ਉਨ੍ਹਾਂ ਆਦਮੀਆਂ ਨੂੰ ਯੂਸੁਫ਼ ਦੇ ਘਰ ਅੰਦਰ ਲੈ ਗਿਆ। ਉਸ ਨੇ ਉਨ੍ਹਾਂ ਨੂੰ ਪਾਣੀ ਦਿੱਤਾ ਅਤੇ ਉਨ੍ਹਾਂ ਨੇ ਆਪਣੇ ਪੈਰ ਧੋਤੇ। ਫ਼ੇਰ ਉਸ ਨੇ ਉਨ੍ਹਾਂ ਦੇ ਖੋਤਿਆਂ ਨੂੰ ਚਾਰਾ ਦਿੱਤਾ।
25 ਭਰਾਵਾਂ ਨੇ ਸੁਣਿਆ ਕਿ ਉਹ ਯੂਸੁਫ਼ ਦੇ ਨਾਲ ਭੋਜਨ ਕਰਨ ਲਈ ਜਾ ਰਹੇ ਸਨ। ਇਸ ਲਈ ਉਹ ਉਸ ਦੇ ਲਈ ਦੁਪਿਹਰ ਤੱਕ ਸੁਗਾਤਾਂ ਤਿਆਰ ਕਰਦੇ ਰਹੇ।
26 ਯੂਸੁਫ਼ ਘਰ ਆਇਆ ਅਤੇ ਭਰਾਵਾਂ ਨੇ ਉਸ ਨੂੰ ਉਹ ਸੁਗਾਤਾਂ ਦਿੱਤੀਆਂ ਜਿਹੜੀਆਂ ਉਹ ਆਪਣੇ ਨਾਲ ਲਿਆਏ ਸਨ।
27 ਯੂਸੁਫ਼ ਨੇ ਉਨ੍ਹਾਂ ਦਾ ਹਾਲ ਪੁੱਛਿਆ। ਯੂਸੁਫ਼ ਨੇ ਆਖਿਆ, “ਤੁਹਾਡੇ ਉਸ ਬਜ਼ੁਰਗ ਪਿਤਾ ਦਾ ਕੀ ਹਾਲ ਹੈ ਜਿਸ ਬਾਰੇ ਤੁਸੀਂ ਮੈਨੂੰ ਦੱਸਿਆ ਸੀ। ਕੀ ਉਹ ਹਾਲੇ ਵੀ ਜਿਉਂਦਾ ਅਤੇ ਰਾਜ਼ੀ-ਖੁਸ਼ੀ ਹੈ?”
28 ਭਰਾਵਾਂ ਨੇ ਜਵਾਬ ਦਿੱਤਾ, “ਹਾਂ, ਸਾਡਾ ਪਿਤਾ ਹਾਲੇ ਜੀਵਿਤ ਹੈ।” ਉਹ ਇੱਕ ਵਾਰੀ ਫ਼ੇਰ ਯੂਸੁਫ਼ ਦੇ ਅੱਗੇ ਝੁਕ ਗਏ।
29 ਫ਼ੇਰ ਯੂਸੁਫ਼ ਨੇ ਆਪਣੇ ਭਰਾ ਬਿਨਯਾਮੀਨ ਨੂੰ ਦੇਖਿਆ। (ਬਿਨਯਾਮੀਨ ਅਤੇ ਯੂਸੁਫ਼ ਦੀ ਮਾਂ ਇੱਕੋ ਸੀ।) ਯੂਸੁਫ਼ ਨੇ ਆਖਿਆ, “ਕੀ ਇਹ ਤੁਹਾਡਾ ਸਭ ਤੋਂ ਛੋਟਾ ਭਰਾ ਹੈ ਜਿਸ ਬਾਰੇ ਤੁਸੀਂ ਮੈਨੂੰ ਦੱਸਿਆ ਸੀ?” ਫ਼ੇਰ ਯੂਸੁਫ਼ ਨੇ ਬਿਨਯਾਮੀਨ ਨੂੰ ਆਖਿਆ “ਪਰਮੇਸ਼ੁਰ ਤੇਰਾ ਭਲਾ ਕਰੇ, ਪੁੱਤਰ!”
30 ਫ਼ੇਰ ਯੂਸੁਫ਼ ਕਮਰੇ ਵਿੱਚੋਂ ਭੱਜ ਗਿਆ। ਯੂਸੁਫ਼ ਬਹੁਤ ਚਾਹੁੰਦਾ ਸੀ ਕਿ ਉਹ ਆਪਣੇ ਭਰਾ ਬਿਨਯਾਮੀਨ ਨੂੰ ਦਰਸਾਵੇ ਕਿ ਉਹ ਉਸ ਨੂੰ ਬਹੁਤ ਪਿਆਰ ਕਰਦਾ ਸੀ। ਉਸਦਾ ਰੋਣ ਨੂੰ ਜੀ ਕੀਤਾ, ਪਰ ਉਹ ਨਹੀਂ ਸੀ ਚਾਹੁੰਦਾ ਕਿ ਉਸ ਦੇ ਭਰਾ ਉਸ ਨੂੰ ਰੋਂਦਿਆਂ ਦੇਖਣ। ਇਸ ਲਈ ਯੂਸੁਫ਼ ਆਪਣੇ ਕਮਰੇ ਵੱਲ ਭੱਜ ਗਿਆ ਅਤੇ ਉੱਥੇ ਜਾਕੇ ਰੋ ਪਿਆ। 31 ਫ਼ੇਰ ਯੂਸੁਫ਼ ਨੇ ਆਪਣਾ ਮੂੰਹ ਧੋਤਾ ਅਤੇ ਵਾਪਸ ਆ ਗਿਆ। ਉਸ ਨੇ ਆਪਣੇ-ਆਪ ਉੱਪਰ ਕਾਬੂ ਪਾ ਲਿਆ ਅਤੇ ਆਖਿਆ, “ਹੁਣ ਖਾਣ ਦਾ ਵੇਲਾ ਹੋ ਗਿਆ ਹੈ।”
32 ਨੌਕਰਾਂ ਨੇ ਯੂਸੁਫ਼ ਨੂੰ ਇੱਕ ਮੇਜ਼ ਉੱਤੇ ਇੱਕਲਿਆਂ ਬਿਠਾ ਦਿੱਤਾ। ਉਸ ਦੇ ਭਰਾ ਦੂਸਰੇ ਮੇਜ਼ ਉੱਤੇ ਇੱਕਲੇ ਸਨ ਅਤੇ ਮਿਸਰੀ ਦੂਸਰੇ ਮੇਜ਼ ਉੱਤੇ ਵਖਰੇ ਬੈਠੇ ਸਨ। ਮਿਸਰੀਆਂ ਦਾ ਵਿਸ਼ਵਾਸ ਸੀ ਕਿ ਉਨ੍ਹਾਂ ਲਈ ਇਬਰਾਨੀਆਂ ਦੇ ਨਾਲ ਬੈਠਕੇ ਭੋਜਨ ਖਾਣਾ ਗਲਤ ਹੈ। 33 ਯੂਸੁਫ਼ ਦੇ ਭਰਾ ਉਸ ਦੇ ਸਾਹਮਣੇ ਵਾਲੇ ਮੇਜ਼ ਉੱਤੇ ਬੈਠੇ ਸਨ। ਭਰਾ ਆਪਣੀ ਉਮਰ ਦੇ ਹਿਸਾਬ ਨਾਲ ਬੈਠੇ ਹੋਏ ਸਨ। ਸਾਰੇ ਭਰਾ ਇੱਕ ਦੂਸਰੇ ਵੱਲ ਹੈਰਾਨੀ ਨਾਲ ਵੇਖ ਰਹੇ ਸਨ। 34 ਨੌਕਰ ਯੂਸੁਫ਼ ਦੇ ਮੇਜ਼ ਤੋਂ ਭੋਜਨ ਲੈ ਕੇ ਉਨ੍ਹਾਂ ਕੋਲ ਲਿਆ ਰਹੇ ਸਨ। ਪਰ ਨੌਕਰਾਂ ਨੇ ਬਿਨਯਾਮੀਨ ਨੂੰ ਹੋਰਨਾਂ ਨਾਲੋਂ ਪੰਜ ਗੁਣਾ ਵੱਧੇਰੇ ਖਾਣਾ ਦਿੱਤਾ। ਭਰਾ ਓਨਾ ਚਿਰ ਤੱਕ ਯੂਸੁਫ਼ ਨਾਲ ਖਾਂਦੇ ਅਤੇ ਪੀਂਦੇ ਰਹੇ ਜਦੋਂ ਤੱਕ ਕਿ ਉਹ ਤਕਰੀਬਨ ਸ਼ਰਾਬੀ ਨਹੀਂ ਹੋ ਗਏ।
ਯੂਸੁਫ਼ ਇੱਕ ਜਾਲ ਸੁੱਟਦਾ ਹੈ
44 ਫ਼ੇਰ ਯੂਸੁਫ਼ ਨੇ ਆਪਣੇ ਨੌਕਰ ਨੂੰ ਇੱਕ ਆਦੇਸ਼ ਦਿੱਤਾ। ਯੂਸੁਫ਼ ਨੇ ਆਖਿਆ, “ਆਦਮੀਆਂ ਦੇ ਬੋਰੇ ਓਨੇ ਅਨਾਜ ਨਾਲ ਭਰ ਦਿਉ ਜਿੰਨਾ ਇਹ ਚੁੱਕ ਸੱਕਣ। ਅਤੇ ਹਰੇਕ ਆਦਮੀ ਦੇ ਪੈਸੇ ਅਨਾਜ ਦੇ ਨਾਲ ਹੀ ਉਸ ਦੇ ਬੋਰੇ ਵਿੱਚ ਰੱਖ ਦਿਉ। 2 ਸਭ ਤੋਂ ਛੋਟੇ ਭਰਾ ਦੇ ਪੈਸੇ ਵੀ ਉਸ ਦੇ ਬੋਰੇ ਵਿੱਚ ਰੱਖ ਦਿਉ। ਪਰ ਉਸ ਦੇ ਬੋਰੇ ਵਿੱਚ ਮੇਰਾ ਖਾਸ ਚਾਂਦੀ ਦਾ ਪਿਆਲਾ ਵੀ ਰੱਖ ਦਿਉ।” ਇਸ ਲਈ ਨੌਕਰ ਨੇ ਯੂਸੁਫ਼ ਦਾ ਹੁਕਮ ਮੰਨਿਆ।
3 ਅਗਲੀ ਸਵੇਰ ਸੁਵਖਤੇ ਹੀ, ਭਰਾਵਾਂ ਨੂੰ ਅਤੇ ਉਨ੍ਹਾਂ ਦੇ ਖੋਤਿਆਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਘੱਲ ਦਿੱਤਾ ਗਿਆ। 4 ਉਨ੍ਹਾਂ ਦੇ ਦੂਰ ਜਾਣ ਤੋਂ ਪਹਿਲਾਂ, ਯੂਸੁਫ਼ ਨੇ ਆਪਣੇ ਨੌਕਰ ਨੂੰ ਆਖਿਆ, “ਜਾ ਅਤੇ ਉਨ੍ਹਾਂ ਦਾ ਪਿੱਛਾ ਕਰ। ਉਨ੍ਹਾਂ ਨੂੰ ਰੋਕ ਅਤੇ ਆਖ, ‘ਅਸੀਂ ਤੁਹਾਡਾ ਭਲਾ ਕੀਤਾ! ਪਰ ਤੁਸੀਂ ਸਾਡਾ ਬੁਰਾ ਕਿਉਂ ਕੀਤਾ ਹੈ? ਤੁਸੀਂ ਮੇਰੇ ਸੁਆਮੀ ਦਾ ਚਾਂਦੀ ਦਾ ਪਿਆਲਾ ਕਿਉਂ ਚੋਰੀ ਕੀਤਾ ਹੈ? 5 ਮੇਰਾ ਸੁਆਮੀ ਉਸ ਪਿਆਲੇ ਵਿੱਚ ਮੈਅ ਪੀਂਦਾ ਹੈ ਅਤੇ ਇਸਦੀ ਵਰਤੋਂ ਗੁਪਤ ਗੱਲਾਂ ਜਾਨਣ ਲਈ ਕਰਦਾ ਹੈ। ਜੋ ਕੁਝ ਤੁਸੀਂ ਕੀਤਾ ਹੈ ਉਹ ਗਲਤ ਹੈ।’”
6 ਇਸ ਲਈ ਨੌਕਰ ਨੇ ਹੁਕਮ ਮੰਨਿਆ ਉਹ ਜਾਕੇ ਉਨ੍ਹਾਂ ਦੇ ਨਾਲ ਰਲ ਗਿਆ ਅਤੇ ਉਨ੍ਹਾਂ ਨੂੰ ਉਹ ਸਭ ਕੁਝ ਕਿਹਾ ਜੋ ਕੁਝ ਯੂਸੁਫ਼ ਨੇ ਉਸ ਨੂੰ ਆਖਣ ਲਈ ਕਿਹਾ ਸੀ।
7 ਪਰ ਭਰਾਵਾਂ ਨੇ ਨੌਕਰ ਨੂੰ ਆਖਿਆ, “ਰਾਜਪਾਲ ਇਹ ਗੱਲਾਂ ਕਿਉਂ ਆਖਦਾ ਹੈ? ਅਸੀਂ ਅਜਿਹੀ ਕੋਈ ਗੱਲ ਨਹੀਂ ਕੀਤੀ! 8 ਅਸੀਂ ਉਹ ਪੈਸੇ ਵਾਪਸ ਲੈ ਕੇ ਆਏ ਸੀ ਜਿਹੜੇ ਸਾਨੂੰ ਪਹਿਲਾਂ ਆਪਣੇ ਬੋਰਿਆਂ ਵਿੱਚੋਂ ਮਿਲੇ ਸਨ। ਇਸ ਲਈ ਅਸੀਂ ਅਵੱਸ਼ ਹੀ ਤੁਹਾਡੇ ਸੁਆਮੀ ਦੇ ਘਰ ਤੋਂ ਚਾਂਦੀ ਜਾਂ ਸੋਨਾ ਚੋਰੀ ਨਹੀਂ ਕੀਤਾ। 9 ਜੇ ਤੁਹਾਨੂੰ ਸਾਡੇ ਕਿਸੇ ਵੀ ਬੋਰੇ ਵਿੱਚੋਂ ਉਹ ਚਾਂਦੀ ਦਾ ਪਿਆਲਾ ਮਿਲ ਜਾਵੇ ਤਾਂ ਉਹ ਬੰਦਾ ਮਾਰ ਦਿੱਤਾ ਜਾਵੇ। ਤੁਸੀਂ ਉਸ ਨੂੰ ਮਾਰ ਸੱਕਦੇ ਹੋਂ, ਅਤੇ ਅਸੀਂ ਤੁਹਾਡੇ ਗੁਲਾਮ ਬਣ ਜਾਵਾਂਗੇ।”
10 ਨੌਕਰ ਨੇ ਆਖਿਆ, “ਅਸੀਂ ਉਵੇਂ ਹੀ ਕਰਾਂਗੇ ਜਿਵੇਂ ਤੁਸੀਂ ਆਖਦੇ ਹੋ। ਪਰ ਮੈਂ ਉਸ ਬੰਦੇ ਨੂੰ ਮਾਰਾਂਗਾ ਨਹੀਂ। ਜੇ ਮੈਨੂੰ ਚਾਂਦੀ ਦਾ ਪਿਆਲਾ ਮਿਲ ਗਿਆ ਤਾਂ ਉਹ ਆਦਮੀ ਮੇਰਾ ਗੁਲਾਮ ਹੋਵੇਗਾ। ਦੂਸਰੇ ਆਜ਼ਾਦ ਹੋਣਗੇ।”
ਜਾਲ ਸੁੱਟਿਆ ਜਾਂਦਾ ਹੈ; ਬਿਨਯਾਮੀਨ ਫ਼ੜਿਆ ਜਾਂਦਾ ਹੈ
11 ਫ਼ੇਰ ਹਰੇਕ ਭਰਾ ਨੇ ਛੇਤੀ ਨਾਲ ਆਪਣੀ ਬੋਰੀ ਧਰਤੀ ਉੱਤੇ ਢੇਰੀ ਕਰ ਦਿੱਤੀ। 12 ਨੌਕਰ ਨੇ ਬੋਰੀਆਂ ਦੇਖਣੀਆਂ ਸ਼ੁਰੂ ਕਰ ਦਿੱਤੀਆਂ ਉਸ ਨੇ ਸਭ ਤੋਂ ਵੱਡੇ ਭਰਾ ਤੋਂ ਤਲਾਸ਼ੀ ਸ਼ੁਰੂ ਕੀਤੀ ਅਤੇ ਸਭ ਤੋਂ ਛੋਟੇ ਅਤੇ ਖਤਮ ਕੀਤੀ। ਉਸ ਨੇ ਬਿਨਯਾਮੀਨ ਦੀ ਬੋਰੀ ਵਿੱਚ ਪਿਆਲਾ ਲੱਭ ਲਿਆ। 13 ਭਰਾ ਬਹੁਤ ਉਦਾਸ ਹੋ ਗਏ। ਉਨ੍ਹਾਂ ਨੇ ਦੁੱਖ ਨਾਲ ਆਪਣੇ ਕੱਪੜੇ ਲੀਰੋ-ਲੀਰ ਕਰ ਦਿੱਤੇ। ਉਨ੍ਹਾਂ ਨੇ ਬੋਰੀਆਂ ਵਾਪਸ ਖੋਤਿਆਂ ਉੱਤੇ ਲੱਦ ਲਈਆਂ ਅਤੇ ਸ਼ਹਿਰ ਵਾਪਸ ਚੱਲੇ ਗਏ।
14 ਯਹੂਦਾਹ ਅਤੇ ਉਸ ਦੇ ਭਰਾ ਯੂਸੁਫ਼ ਦੇ ਘਰ ਵੱਲ ਵਾਪਸ ਚੱਲੇ ਗਏ। ਯੂਸੁਫ਼ ਹਾਲੇ ਵੀ ਉੱਥੇ ਹੀ ਸੀ। ਭਰਾ ਉਸ ਦੇ ਸਾਹਮਣੇ ਧਰਤੀ ਉੱਤੇ ਡਿੱਗ ਪਏ। 15 ਯੂਸੁਫ਼ ਨੇ ਉਨ੍ਹਾਂ ਨੂੰ ਆਖਿਆ, “ਤੁਸੀਂ ਇਹ ਗੱਲ ਕਿਉਂ ਕੀਤੀ? ਕੀ ਤੁਹਾਨੂੰ ਇਸ ਗੱਲ ਦਾ ਪਤਾ ਨਹੀਂ ਕਿ ਮੇਰੇ ਕੋਲ ਗੁਪਤ ਗੱਲਾਂ ਜਾਨਣ ਦਾ ਖਾਸ ਤਰੀਕਾ ਹੈ। ਕੋਈ ਵੀ ਬੰਦਾ ਇਹ ਗੱਲ ਮੇਰੇ ਨਾਲੋਂ ਬਿਹਤਰ ਨਹੀਂ ਕਰ ਸੱਕਦਾ।”
16 ਯਹੂਦਾਹ ਨੇ ਆਖਿਆ, “ਜਨਾਬ, ਸਾਡੇ ਕਹਿਣ ਲਈ ਕੁਝ ਨਹੀਂ ਬੱਚਿਆਂ! ਇਸ ਨੂੰ ਸਮਝਾਉਣ ਦਾ ਕੋਈ ਰਸਤਾ ਨਹੀਂ। ਅਜਿਹਾ ਕੋਈ ਤਰੀਕਾ ਨਹੀਂ ਜਿਸ ਨਾਲ ਅਸੀਂ ਇਹ ਸਾਬਤ ਕਰ ਸੱਕੀਏ ਕਿ ਅਸੀਂ ਦੋਸ਼ੀ ਨਹੀਂ ਹਾਂ। ਪਰਮੇਸ਼ੁਰ ਨੇ ਸਾਡੀ ਕਿਸੇ ਹੋਰ ਕਰਨੀ ਲਈ ਸਾਡਾ ਨਿਆਂ ਕੀਤਾ ਹੈ। ਇਸ ਲਈ ਅਸੀਂ ਉਸ ਦੇ ਸਮੇਤ, ਤੁਹਾਡੇ ਗੁਲਾਮ ਹੋਵਾਂਗੇ ਜਿਸਦੇ ਬੋਰੇ ਵਿੱਚ ਤੁਹਾਡਾ ਪਿਆਲਾ ਮਿਲਿਆ ਸੀ।”
17 ਪਰ ਯੂਸੁਫ਼ ਨੇ ਆਖਿਆ, “ਮੈਂ ਤੁਹਾਨੂੰ ਬਾਕੀ ਸਾਰਿਆਂ ਨੂੰ ਗੁਲਾਮ ਨਹੀਂ ਬਣਾਵਾਂਗਾ! ਸਿਰਫ਼ ਉਹੀ ਬੰਦਾ ਜਿਸਨੇ ਮੇਰਾ ਪਿਆਲਾ ਚੁਰਾਇਆ ਸੀ, ਮੇਰਾ ਗੁਲਾਮ ਹੋਵੇਗਾ। ਤੁਸੀਂ ਬਾਕੀ ਸਾਰੇ ਜਣੇ ਸ਼ਾਂਤੀ ਨਾਲ ਆਪਣੇ ਪਿਤਾ ਕੋਲ ਜਾ ਸੱਕਦੇ ਹੋ।”
ਯਹੂਦਾਹ ਬਿਨਯਾਮੀਨ ਦੀ ਵਕਾਲਤ ਕਰਦਾ ਹੈ
18 ਫ਼ੇਰ ਯਹੂਦਾਹ ਯੂਸੁਫ਼ ਕੋਲ ਗਿਆ ਅਤੇ ਆਖਿਆ, “ਸ਼੍ਰੀਮਾਨ ਜੀ, ਕਿਰਪਾ ਕਰਕੇ ਮੈਨੂੰ ਆਪਣੇ ਨਾਲ ਸਾਫ਼-ਸਾਫ਼ ਗੱਲ ਕਰਨ ਦਿਉ। ਮੇਰੇ ਨਾਲ ਨਾਰਾਜ਼ ਨਾ ਹੋਣਾ। ਮੈਂ ਜਾਣਦਾ ਹਾਂ ਕਿ ਤੁਸੀਂ ਖੁਦ ਫ਼ਿਰਊਨ ਵਾਂਗ ਹੋ। 19 ਜਦੋਂ ਅਸੀਂ ਇੱਥੇ ਤੁਹਾਡੇ ਸਾਹਮਣੇ ਸੀ, ਤੁਸੀਂ ਸਾਨੂੰ ਪੁੱਛਿਆ ਸੀ, ‘ਕਿ ਤੁਹਾਡਾ ਪਿਤਾ ਜਾਂ ਭਰਾ ਹੈ?’ 20 ਅਤੇ ਅਸੀਂ ਤੁਹਾਨੂੰ ਜਵਾਬ ਦਿੱਤਾ ਸੀ, ‘ਸਾਡਾ ਪਿਤਾ ਹੈ-ਉਹ ਬਜ਼ੁਰਗ ਹੈ। ਅਤੇ ਸਾਡਾ ਇੱਕ ਛੋਟਾ ਭਰਾ ਵੀ ਹੈ। ਸਾਡਾ ਪਿਤਾ ਉਸ ਪੁੱਤਰ ਨੂੰ ਪਿਆਰ ਕਰਦਾ ਹੈ ਕਿਉਂਕਿ ਉਹ ਉਦੋਂ ਪੈਦਾ ਹੋਇਆ ਸੀ ਜਦੋਂ ਸਾਡਾ ਪਿਤਾ ਬੁੱਢਾ ਹੋ ਚੁੱਕਾ ਸੀ। ਅਤੇ ਉਸ ਛੋਟੇ ਪੁੱਤਰ ਦਾ ਭਰਾ ਮਰ ਚੁੱਕਿਆ ਹੈ। ਇਸ ਲਈ ਇਹ ਉਸ ਮਾਂ ਤੋਂ ਜੰਮਿਆ ਇੱਕੋ-ਇੱਕ ਪੁੱਤਰ ਹੈ ਜਿਹੜਾ ਬੱਚਿਆਂ ਹੈ। ਸਾਡਾ ਪਿਤਾ ਇਸ ਨੂੰ ਬਹੁਤ ਪਿਆਰ ਕਰਦਾ ਹੈ।’ 21 ਫ਼ੇਰ ਤੁਸੀਂ ਸਾਨੂੰ ਆਖਿਆ, ‘ਉਸ ਭਰਾ ਨੂੰ ਮੇਰੇ ਕੋਲ ਲਿਆਉ। ਮੈਂ ਉਸ ਨੂੰ ਦੇਖਣਾ ਚਾਹੁੰਦਾ ਹਾਂ।’ 22 ਅਤੇ ਅਸੀਂ ਤੁਹਾਨੂੰ ਆਖਿਆ ਸੀ, ‘ਉਹ ਛੋਟਾ ਮੁੰਡਾ ਨਹੀਂ ਆ ਸੱਕਦਾ। ਉਹ ਆਪਣੇ ਪਿਤਾ ਕੋਲੋਂ ਵੱਖ ਨਹੀਂ ਹੋ ਸੱਕਦਾ। ਜੇ ਉਸ ਦੇ ਪਿਤਾ ਨੇ ਉਸ ਨੂੰ ਗਵਾ ਲਿਆ, ਤਾਂ ਉਸਦਾ ਪਿਤਾ ਇੰਨਾ ਉਦਾਸ ਹੋ ਜਾਵੇਗਾ ਕਿ ਉਹ ਮਰ ਜਾਵੇਗਾ।’ 23 ਪਰ ਤੁਸੀਂ ਸਾਨੂੰ ਆਖਿਆ ਸੀ, ‘ਤੁਹਾਨੂੰ ਆਪਣੇ ਸਭ ਤੋਂ ਛੋਟੇ ਭਰਾ ਨੂੰ ਲਿਆਉਣਾ ਪਵੇਗਾ ਨਹੀਂ ਤਾਂ ਮੈਂ ਤੁਹਾਨੂੰ ਦੋਬਾਰਾ ਨਹੀਂ ਮਿਲਾਂਗਾ।’ 24 ਇਸ ਲਈ ਅਸੀਂ ਵਾਪਸ ਆਪਣੇ ਪਿਤਾ ਕੋਲ ਗਏ ਅਤੇ ਜੋ ਕੁਝ ਤੁਸੀਂ ਆਖਿਆ ਸੀ ਉਸ ਨੂੰ ਦੱਸਿਆ।
25 “ਬਾਦ ਵਿੱਚ ਸਾਡੇ ਪਿਤਾ ਨੇ ਆਖਿਆ, ‘ਵਾਪਸ ਜਾਓ ਅਤੇ ਸਾਡੇ ਲਈ ਹੋਰ ਅਨਾਜ ਖਰੀਦ ਕੇ ਲਿਆਉ।’ 26 ਅਸੀਂ ਆਪਣੇ ਪਿਤਾ ਨੂੰ ਆਖਿਆ, ‘ਅਸੀਂ ਆਪਣੇ ਸਭ ਤੋਂ ਛੋਟੇ ਭਰਾ ਤੋਂ ਬਗੈਰ ਨਹੀਂ ਜਾ ਸੱਕਦੇ। ਰਾਜਪਾਲ ਨੇ ਆਖਿਆ ਸੀ ਕਿ ਉਹ ਸਾਨੂੰ ਓਨਾ ਚਿਰ ਨਹੀਂ ਮਿਲੇਗਾ ਜਦੋਂ ਤੱਕ ਉਹ ਸਾਡੇ ਸਭ ਤੋਂ ਛੋਟੇ ਭਰਾ ਨੂੰ ਦੇਖ ਨਹੀਂ ਲੈਂਦਾ।’ 27 ਫ਼ੇਰ ਮੇਰੇ ਪਿਤਾ ਨੇ ਮੈਨੂੰ ਆਖਿਆ, ‘ਤੂੰ ਜਾਣਦਾ ਹੈਂ ਕਿ ਮੇਰੀ ਪਤਨੀ ਰਾਖੇਲ ਤੋਂ ਮੇਰੇ ਦੋ ਪੁੱਤਰ ਸਨ। 28 ਮੈਂ ਇੱਕ ਪੁੱਤਰ ਨੂੰ ਜਾਣ ਦਿੱਤਾ ਅਤੇ ਉਹ ਕਿਸੇ ਜੰਗਲੀ ਜਾਨਵਰ ਹੱਥੋਂ ਮਾਰਿਆ ਗਿਆ। ਅਤੇ ਮੈਂ ਉਸ ਨੂੰ ਉਸਤੋਂ ਮਗਰੋਂ ਨਹੀਂ ਦੇਖਿਆ। 29 ਜੇ ਤੁਸੀਂ ਮੇਰੇ ਦੂਸਰੇ ਪੁੱਤਰ ਨੂੰ ਵੀ ਮੇਰੇ ਕੋਲੋਂ ਲੈ ਜਾਵੋਂਗੇ, ਅਤੇ ਜੇ ਉਸ ਨੂੰ ਕੁਝ ਹੋ ਗਿਆ ਤਾਂ ਮੈਂ ਬੁੱਢਾ ਅਤੇ ਉਦਾਸ ਹੀ ਮਰ ਜਾਵਾਂਗਾ।’ 30 ਹੁਣ, ਜ਼ਰਾ ਸੋਚੋ ਕਿ ਜੇ ਅਸੀਂ ਆਪਣੇ ਸਭ ਤੋਂ ਛੋਟੇ ਭਰਾ ਤੋਂ ਬਗੈਰ ਘਰ ਜਾਂਦੇ ਹਾਂ ਤਾਂ ਕੀ ਹੋਵੇਗਾ ਇਹ ਮੁੰਡਾ ਸਾਡੇ ਪਿਤਾ ਦੀ ਜ਼ਿੰਦਗੀ ਲਈ ਸਭ ਤੋਂ ਮਹੱਤਵਪੂਰਣ ਹੈ। 31 ਸਾਡਾ ਪਿਤਾ ਇਸ ਮੁੰਡੇ ਨੂੰ ਸਾਡੇ ਨਾਲ ਨਾ ਦੇਖਕੇ ਮਰ ਜਾਵੇਗਾ, ਅਤੇ ਇਹ ਦੋਸ਼ ਸਾਡਾ ਹੋਵੇਗਾ। ਅਸੀਂ ਆਪਣੇ ਪਿਤਾ ਨੂੰ ਬਹੁਤ ਸੋਗੀ ਮਨੁੱਖ ਵਾਂਗ ਕਬਰ ਵਿੱਚ ਪਹੁੰਚਾ ਦਿਆਂਗੇ।
32 “ਮੈਂ ਇਸ ਮੁੰਡੇ ਦੀ ਜੁੰਮੇਵਾਰੀ ਚੁੱਕੀ ਸੀ। ਮੈਂ ਆਪਣੇ ਪਿਤਾ ਨੂੰ ਆਖਿਆ ਸੀ, ‘ਜੇ ਮੈਂ ਇਸ ਨੂੰ ਤੁਹਾਡੇ ਕੋਲ ਵਾਪਸ ਨਾ ਲੈ ਕੇ ਆਇਆ ਤਾਂ ਤੁਸੀਂ ਮੈਨੂੰ ਉਮਰ ਭਰ ਲਈ ਦੋਸ਼ੀ ਠਹਿਰਾ ਸੱਕਦੇ ਹੋ।’ 33 ਇਸ ਲਈ ਹੁਣ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ, ਕਿਰਪਾ ਕਰਕੇ ਇਸ ਮੁੰਡੇ ਨੂੰ ਆਪਣੇ ਭਰਾਵਾਂ ਨਾਲ ਵਾਪਸ ਜਾਣ ਦਿਉ। ਅਤੇ ਮੈਂ ਇੱਥੇ ਠਹਿਰਾਂਗਾ ਅਤੇ ਤੁਹਾਡਾ ਗੁਲਾਮ ਬਣਾਂਗਾ। 34 ਜੇ ਇਹ ਮੁੰਡਾ ਮੇਰੇ ਨਾਲ ਨਹੀਂ ਹੋਵੇਗਾ ਤਾਂ ਮੈਂ ਆਪਣੇ ਪਿਤਾ ਦਾ ਸਾਹਮਣਾ ਨਹੀਂ ਕਰ ਸੱਕਦਾ। ਮੈਂ ਇਸ ਗੱਲੋਂ ਬਹੁਤ ਭੈਭੀਤ ਹਾਂ ਕਿ ਮੇਰੇ ਪਿਤਾ ਦਾ ਕੀ ਹੋਵੇਗਾ।”
ਯੂਸੁਫ਼ ਦੱਸਦਾ ਹੈ ਕਿ ਉਹ ਕੌਣ ਹੈ
45 ਯੂਸੁਫ਼ ਹੁਣ ਆਪਣੇ-ਆਪ ਉੱਤੇ ਹੋਰ ਬਹੁਤ ਚਿਰ ਕਾਬੂ ਨਹੀਂ ਰੱਖ ਸੱਕਿਆ। ਉਹ ਉੱਥੇ ਸਾਰੇ ਲੋਕਾਂ ਦੇ ਸਾਹਮਣੇ ਰੋ ਪਿਆ। ਯੂਸੁਫ਼ ਨੇ ਆਖਿਆ, “ਹਰੇਕ ਨੂੰ ਆਖੋ ਇੱਥੋਂ ਚੱਲਿਆ ਜਾਵੇ।” ਇਸ ਲਈ ਸਭ ਲੋਕ ਚੱਲੇ ਗਏ। ਸਿਰਫ਼ ਭਰਾ ਹੀ ਯੂਸੁਫ਼ ਦੇ ਕੋਲ ਰਹਿ ਗਏ। ਫ਼ੇਰ ਯੂਸੁਫ਼ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਕੌਣ ਹੈ। 2 ਯੂਸੁਫ਼ ਰੋਂਦਾ ਰਿਹਾ ਅਤੇ ਫ਼ਿਰਊਨ ਦੇ ਘਰ ਦੇ ਸਾਰੇ ਮਿਸਰੀ ਲੋਕਾਂ ਨੇ ਇਸ ਨੂੰ ਸੁਣਿਆ। 3 ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਆਖਿਆ, “ਮੈਂ ਤੁਹਾਡਾ ਭਰਾ ਯੂਸੁਫ਼ ਹਾਂ। ਕੀ ਮੇਰਾ ਪਿਤਾ ਠੀਕ-ਠਾਕ ਹੈ?” ਪਰ ਭਰਾਵਾਂ ਨੇ ਉਸ ਨੂੰ ਜਵਾਬ ਨਹੀਂ ਦਿੱਤਾ। ਉਹ ਉਲਝਣ ਵਿੱਚ ਪਏ ਹੋਏ ਅਤੇ ਡਰੇ ਹੋਏ ਸਨ।
4 ਇਸ ਲਈ ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਇੱਕ ਵਾਰੀ ਫ਼ੇਰ ਆਖਿਆ, “ਆਓ ਮੇਰੇ ਕੋਲ ਆਓ। ਮੈਂ ਬੇਨਤੀ ਕਰਦਾ ਹਾਂ ਇੱਥੇ ਆਓ।” ਇਸ ਲਈ ਭਰਾ ਯੂਸੁਫ਼ ਦੇ ਨੇੜੇ ਹੋ ਗਏ। ਅਤੇ ਯੂਸੁਫ਼ ਨੇ ਉਨ੍ਹਾਂ ਨੂੰ ਆਖਿਆ, “ਮੈਂ ਤੁਹਾਡਾ ਭਰਾ ਯੂਸੁਫ਼ ਹਾਂ। ਮੈਂ ਹੀ ਹਾਂ ਜਿਸ ਨੂੰ ਤੁਸੀਂ ਗੁਲਾਮ ਵਜੋਂ ਮਿਸਰ ਨੂੰ ਵੇਚ ਦਿੱਤਾ ਸੀ। 5 ਹੁਣ, ਫ਼ਿਕਰ ਨਾ ਕਰੋ। ਜੋ ਕੁਝ ਤੁਸੀਂ ਕੀਤਾ ਸੀ ਉਸ ਕਾਰਣ ਆਪਣੇ-ਆਪ ਉੱਤੇ ਗੁੱਸਾ ਨਾ ਕਰੋ। ਇਹ ਮੇਰੇ ਲਈ ਪਰਮੇਸ਼ੁਰ ਦੀ ਯੋਜਨਾ ਸੀ ਕਿ ਮੈਂ ਇੱਥੇ ਆਉਂਦਾ। ਮੈਂ ਇੱਥੇ ਤੁਹਾਡੀ ਜਾਨ ਬਚਾਉਣ ਲਈ ਹਾਂ। 6 ਅਕਾਲ ਦਾ ਇਹ ਭਿਆਨਕ ਸਮਾਂ ਹੁਣ ਦੋ ਸਾਲ ਤੋਂ ਜਾਰੀ ਹੈ। ਅਤੇ ਪੰਜ ਵਰ੍ਹੇ ਹੋਰ ਫ਼ਸਲਾਂ ਦੀ ਬਿਜਾਈ ਜਾਂ ਵਾਢੀ ਤੋਂ ਬਿਨਾ ਰਹਿਣਗੇ। 7 ਇਸ ਲਈ ਪਰਮੇਸ਼ੁਰ ਨੇ ਮੈਨੂੰ ਇੱਥੇ ਤੁਹਾਡੇ ਨਾਲੋਂ ਪਹਿਲਾਂ ਭੇਜ ਦਿੱਤਾ ਸੀ ਤਾਂ ਜੋ ਮੈਂ ਇਸ ਦੇਸ਼ ਵਿੱਚ ਤੁਹਾਡੇ ਲੋਕਾਂ ਨੂੰ ਬਚਾ ਸੱਕਾਂ। 8 ਇਹ ਤੁਹਾਡਾ ਦੋਸ਼ ਨਹੀਂ ਸੀ ਕਿ ਮੈਨੂੰ ਇੱਥੇ ਭੇਜਿਆ ਗਿਆ। ਇਹ ਪਰਮੇਸ਼ੁਰ ਦੀ ਯੋਜਨਾ ਸੀ। ਪਰਮੇਸ਼ੁਰ ਨੇ ਮੈਨੂੰ ਫ਼ਿਰਊਨ ਲਈ ਪਿਤਾ ਵਾਂਗ ਬਣਾਇਆ। ਮੈਂ ਉਸ ਦੇ ਸਾਰੇ ਘਰ ਅਤੇ ਪੂਰੇ ਮਿਸਰ ਦਾ ਰਾਜਪਾਲ ਹਾਂ।”
ਇਸਰਾਏਲ ਨੂੰ ਮਿਸਰ ਆਉਣ ਦਾ ਸੱਦਾ
9 ਯੂਸੁਫ਼ ਨੇ ਆਖਿਆ, “ਛੇਤੀ ਕਰੋ ਅਤੇ ਮੇਰੇ ਪਿਤਾ ਕੋਲ ਜਾਉ। ਉਸ ਨੂੰ ਆਖੋ ਕਿ ਉਸ ਦੇ ਪੁੱਤਰ ਯੂਸੁਫ਼ ਨੇ ਇਹ ਸੰਦੇਸ਼ ਭੇਜਿਆ ਹੈ: ‘ਪਰਮੇਸ਼ੁਰ ਨੇ ਮੈਨੂੰ ਮਿਸਰ ਦਾ ਰਾਜਪਾਲ ਬਣਾਇਆ ਹੈ। ਇਸ ਲਈ ਇੱਥੇ ਮੇਰੇ ਕੋਲ ਆਉ। ਦੇਰੀ ਨਾ ਕਰੋ। ਹੁਣੇ ਆ ਜਾਉ। 10 ਤੁਸੀਂ ਮੇਰੇ ਨੇੜੇ ਗੋਸ਼ਨ ਦੀ ਧਰਤੀ ਉੱਤੇ ਰਹਿ ਸੱਕਦੇ ਹੋ। ਤੁਸੀਂ, ਤੁਹਾਡੇ ਬੱਚੇ, ਤੁਹਾਡੇ ਪੋਤਰੇ ਅਤੇ ਤੁਹਾਡੇ ਸਾਰੇ ਪਸ਼ੂ ਇੱਥੇ ਸਵਾਗਤ ਦੇ ਯੋਗ ਹਨ। 11 ਮੈਂ ਅਕਾਲ ਦੇ ਅਗਲੇ ਪੰਜ ਸਾਲ ਤੁਹਾਡੀ ਦੇਖ-ਭਾਲ ਕਰਾਂਗਾ। ਇਸ ਲਈ ਤੁਹਾਡਾ ਅਤੇ ਤੁਹਾਡੇ ਪਰਿਵਾਰ ਦਾ ਕੋਈ ਨੁਕਸਾਨ ਨਹੀਂ ਹੋਵੇਗਾ।’
12 “ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਦੱਸਿਆ, ਅਵੱਸ਼ ਹੀ ਤੁਸੀਂ ਦੇਖ ਸੱਕਦੇ ਹੋ ਕਿ ਮੈਂ ਸੱਚਮੁੱਚ ਯੂਸੁਫ਼ ਹੀ ਹਾਂ। ਮੇਰਾ ਭਰਾ ਬਿਨਯਾਮੀਨ ਵੀ ਜਾਣਦਾ ਹੈ ਕਿ ਮੈਂ ਸੱਚਮੁੱਚ ਯੂਸੁਫ਼ ਹੀ ਹਾਂ, ਤੁਹਾਡਾ ਭਰਾ, ਤੁਹਾਡੇ ਨਾਲ ਗੱਲ ਕਰ ਰਿਹਾ। 13 ਇਸ ਲਈ ਮੇਰੇ ਪਿਤਾ ਨੂੰ ਉਸ ਇੱਜ਼ਤ ਬਾਰੇ ਦੱਸੋ ਜਿਹੜੀ ਇੱਥੇ ਮੈਨੂੰ ਮਿਸਰ ਵਿੱਚ ਮਿਲੀ ਹੋਈ ਹੈ। ਉਸ ਨੂੰ ਉਹ ਸਾਰਾ ਕੁਝ ਦੱਸੋ ਜੋ ਤੁਸੀਂ ਇੱਥੇ ਦੇਖਿਆ ਹੈ। ਹੁਣ ਛੇਤੀ ਕਰੋ, ਮੇਰੇ ਪਿਤਾ ਨੂੰ ਮੇਰੇ ਕੋਲ ਵਾਪਸ ਲੈ ਕੇ ਆਉ।” 14 ਫ਼ੇਰ ਯੂਸੁਫ਼ ਨੇ ਆਪਣੇ ਭਰਾ ਬਿਨਯਾਮੀਨ ਨੂੰ ਜ਼ਫ਼ੀ ਵਿੱਚ ਲਿਆ ਅਤੇ ਉਹ ਦੋਵੇਂ ਰੋ ਪਏ। 15 ਫ਼ੇਰ ਯੂਸੁਫ਼ ਨੇ ਆਪਣੇ ਸਾਰੇ ਭਰਾਵਾਂ ਨੂੰ ਚੁੰਮਿਆ ਅਤੇ ਉਨ੍ਹਾਂ ਨਾਲ ਲੱਗ ਕੇ ਰੋਇਆ। ਇਸਤੋਂ ਮਗਰੋਂ ਭਰਾ ਉਸ ਨਾਲ ਗੱਲਾਂ ਕਰਨ ਲੱਗੇ।
16 ਫ਼ਿਰਊਨ ਨੂੰ ਪਤਾ ਲੱਗਿਆ ਕਿ ਯੂਸੁਫ਼ ਦੇ ਭਰਾ ਉਸ ਕੋਲ ਆਏ ਹਨ। ਇਹ ਖ਼ਬਰ ਫ਼ਿਰਊਨ ਦੇ ਸਾਰੇ ਘਰ ਵਿੱਚ ਫ਼ੈਲ ਗਈ। ਫ਼ਿਰਊਨ ਅਤੇ ਉਸ ਦੇ ਨੌਕਰ ਬਹੁਤ ਉੱਤੇਜ਼ਿਤ ਸਨ। 17 ਫ਼ਿਰਊਨ ਨੇ ਯੂਸੁਫ਼ ਨੂੰ ਆਖਿਆ, “ਆਪਣੇ ਭਰਾਵਾਂ ਨੂੰ ਆਖ ਕਿ ਉਹ ਸਾਰਾ ਲੋੜੀਂਦਾ ਅਨਾਜ ਕਨਾਨ ਦੀ ਧਰਤੀ ਉੱਤੇ ਲੈ ਜਾਣ। 18 ਉਨ੍ਹਾਂ ਨੂੰ ਆਖ ਕਿ ਉਹ ਤੇਰੇ ਪਿਤਾ ਨੂੰ ਆਪਣੇ ਪਰਿਵਾਰਾਂ ਨੂੰ ਇੱਥੇ ਮੇਰੇ ਕੋਲ ਵਾਪਸ ਲੈ ਕੇ ਆਉਣ। ਮੈਂ ਤੁਹਾਨੂੰ ਰਹਿਣ ਵਾਸਤੇ ਮਿਸਰ ਦੀ ਸਭ ਤੋਂ ਚੰਗੀ ਜ਼ਮੀਨ ਦੇਵਾਂਗਾ। ਅਤੇ ਤੁਹਾਡਾ ਪਰਿਵਾਰ ਇੱਥੋਂ ਦਾ ਬਿਹਤਰੀਨ ਭੋਜਨ ਖਾ ਸੱਕਦਾ ਹੈ।” 19 ਫ਼ੇਰ ਫ਼ਿਰਊਨ ਨੇ ਆਖਿਆ, “ਆਪਣੇ ਭਰਾਵਾਂ ਨੂੰ ਸਾਡੀਆਂ ਕੁਝ ਵੱਧੀਆਂ ਗੱਡੀਆਂ ਵੀ ਦਿਉ। ਉਨ੍ਹਾਂ ਨੂੰ ਆਖੋ ਕਿ ਕਨਾਨ ਜਾਣ ਅਤੇ ਤੁਹਾਡੇ ਪਿਤਾ, ਸਾਰੀਆਂ ਔਰਤਾਂ ਅਤੇ ਬੱਚਿਆਂ ਨੂੰ ਗੱਡੀਆਂ ਵਿੱਚ ਬਿਠਾਕੇ ਵਾਪਸ ਆ ਜਾਣ। 20 ਉਹ ਆਪਣੇ ਸਾਰੇ ਸਮਾਨ ਨੂੰ ਇੱਥੇ ਲਿਆਉਣ ਦੀ ਚਿੰਤਾ ਨਾ ਕਰਨ। ਅਸੀਂ ਉਨ੍ਹਾਂ ਨੂੰ ਮਿਸਰ ਦੀਆਂ ਸਭ ਤੋਂ ਵੱਧੀਆਂ ਚੀਜ਼ਾਂ ਦੇਵਾਂਗੇ।”
21 ਇਸ ਲਈ ਇਸਰਾਏਲ ਦੇ ਪੁੱਤਰਾਂ ਨੇ ਇਹੀ ਗੱਲ ਕੀਤੀ। ਯੂਸੁਫ਼ ਨੇ ਉਨ੍ਹਾਂ ਨੂੰ ਚੰਗੀਆਂ ਗੱਡੀਆਂ ਦੇ ਦਿੱਤੀਆਂ ਜਿਹਾ ਕਿ ਫ਼ਿਰਊਨ ਨੇ ਇਕਰਾਰ ਕੀਤਾ ਸੀ। ਅਤੇ ਯੂਸੁਫ਼ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਸਫ਼ਰ ਲਈ ਕਾਫ਼ੀ ਭੋਜਨ ਦੇ ਦਿੱਤਾ। 22 ਯੂਸੁਫ਼ ਨੇ ਹਰੇਕ ਭਰਾ ਨੂੰ ਚੰਗੇ ਕੱਪੜੇ ਦਾ ਸੂਟ ਦਿੱਤਾ। ਪਰ ਯੂਸੁਫ਼ ਨੇ ਬਿਨਯਾਮੀਨ ਨੂੰ ਸੁੰਦਰ ਕੱਪੜੇ ਦੇ ਪੰਜ ਸੂਟ ਦਿੱਤੇ। ਅਤੇ ਯੂਸੁਫ਼ ਨੇ ਬਿਨਯਾਮੀਨ ਨੂੰ ਚਾਂਦੀ ਦੇ 300 ਸਿੱਕੇ ਵੀ ਦਿੱਤੇ। 23 ਯੂਸੁਫ਼ ਨੇ ਆਪਣੇ ਪਿਤਾ ਨੂੰ ਵੀ ਸੁਗਾਤਾਂ ਭੇਜੀਆਂ। ਉਸ ਨੇ ਮਿਸਰ ਦੀਆਂ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਨਾਲ ਭਰੇ ਥੈਲੇ ਦਸ ਖੋਤਿਆਂ ਉੱਤੇ ਲੱਦ ਦਿੱਤੇ। ਅਤੇ ਉਸ ਨੇ ਆਪਣੇ ਪਿਤਾ ਦੇ ਵਾਪਸੀ ਸਫ਼ਰ ਲਈ ਦਸ ਖੋਤੇ ਅਨਾਜ ਰੋਟੀ ਅਤੇ ਹੋਰ ਭੋਜਨ ਨਾਲ ਲੱਦ ਹੋਏ ਵੀ ਭੇਜੇ। 24 ਫ਼ੇਰ ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਵਿਦਾ ਕਰ ਦਿੱਤਾ। ਅਤੇ ਜਦੋਂ ਉਹ ਜਾਣ ਲੱਗੇ ਤਾਂ ਯੂਸੁਫ਼ ਨੇ ਉਨ੍ਹਾਂ ਨੂੰ ਆਖਿਆ, “ਸਿੱਧੇ ਘਰ ਜਾਇਓ। ਅਤੇ ਰਸਤੇ ਵਿੱਚ ਲੜਿਓ ਨਾ।”
25 ਇਸ ਲਈ ਭਰਾ ਮਿਸਰ ਤੋਂ ਤੁਰ ਪਏ ਅਤੇ ਕਨਾਨ ਦੀ ਧਰਤੀ ਉੱਤੇ ਆਪਣੇ ਪਿਤਾ ਯਾਕੂਬ ਕੋਲ ਚੱਲੇ ਗਏ। 26 ਭਰਾਵਾਂ ਨੇ ਉਸ ਨੂੰ ਦੱਸਿਆ, “ਪਿਤਾ ਜੀ, ਯੂਸੁਫ਼ ਹਾਲੇ ਜਿਉਂਦਾ ਹੈ! ਅਤੇ ਉਹ ਸਾਰੇ ਮਿਸਰ ਦੇਸ਼ ਦਾ ਰਾਜਪਾਲ ਹੈ।”
ਉਸ ਦੇ ਪਿਤਾ ਨੂੰ ਸਮਝ ਨਾ ਆਵੇ ਕਿ ਕੀ ਸੋਚੇ। ਪਹਿਲਾਂ ਤਾਂ ਉਸ ਨੂੰ ਉਨ੍ਹਾਂ ਉੱਤੇ ਵਿਸ਼ਵਾਸ ਨਹੀਂ ਆਇਆ। 27 ਪਰ ਫ਼ੇਰ ਉਨ੍ਹਾਂ ਨੇ ਉਸ ਨੂੰ ਹਰ ਉਹ ਗੱਲ ਦੱਸੀ ਜਿਹੜੀ ਯੂਸੁਫ਼ ਨੇ ਆਖੀ ਸੀ। ਅਤੇ ਯਾਕੂਬ ਨੇ ਉਹ ਗੱਡੀਆਂ ਵੀ ਦੇਖੀਆਂ ਜਿਹੜੀਆਂ ਯੂਸੁਫ਼ ਨੇ ਉਸ ਨੂੰ ਮਿਸਰ ਵਾਪਸ ਲਿਜਾਣ ਲਈ ਭੇਜੀਆਂ ਸਨ। ਫ਼ੇਰ ਯਾਕੂਬ ਬਹੁਤ ਉੱਤੇਜਿਤ ਹੋ ਗਿਆ। ਅਤੇ ਬਹੁਤ ਖੁਸ਼ ਹੋ ਗਿਆ। 28 ਇਸਰਾਏਲ ਨੇ ਆਖਿਆ, “ਹੁਣ ਮੈਨੂੰ ਤੁਹਾਡੇ ਉਤੇ ਵਿਸ਼ਵਾਸ ਹੋ ਗਿਆ ਹੈ। ਮੇਰਾ ਪੁੱਤਰ ਯੂਸੁਫ਼ ਅਜੇ ਜਿਉਂਦਾ ਹੈ! ਮੈਂ ਉਸ ਨੂੰ ਮਰਨ ਤੋਂ ਪਹਿਲਾਂ ਦੇਖਣ ਲਈ ਜਾ ਰਿਹਾ ਹਾਂ।”
ਪਰਮੇਸ਼ੁਰ ਇਸਰਾਏਲ ਨੂੰ ਤਸੱਲੀ ਦਿੰਦਾ ਹੈ
46 ਇਸ ਲਈ ਇਸਰਾਏਲ ਨੇ ਮਿਸਰ ਵੱਲ ਆਪਣਾ ਸਫ਼ਰ ਸ਼ੁਰੂ ਕੀਤਾ। ਪਹਿਲਾਂ ਇਸਰਾਏਲ ਅਤੇ ਉਸ ਦੇ ਨਾਲ ਹਰ ਕੋਈ ਬਏਰਸਬਾ ਪਹੁੰਚਿਆ। ਉੱਥੇ ਇਸਰਾਏਲ ਨੇ ਪਰਮੇਸ਼ੁਰ, ਆਪਣੇ ਪਿਤਾ ਇਸਹਾਕ ਦੇ ਪਰਮੇਸ਼ੁਰ, ਦੀ ਉਪਾਸਨਾ ਕੀਤੀ। ਉਸ ਨੇ ਬਲੀਆਂ ਚੜ੍ਹਾਈਆਂ। 2 ਰਾਤ ਵੇਲੇ, ਪਰਮੇਸ਼ੁਰ ਨੇ ਇਸਰਾਏਲ ਨਾਲ ਸੁਪਨੇ ਵਿੱਚ ਗੱਲ ਕੀਤੀ। ਪਰਮੇਸ਼ੁਰ ਨੇ ਆਖਿਆ, “ਯਾਕੂਬ, ਯਾਕੂਬ।”
ਅਤੇ ਇਸਰਾਏਲ ਨੇ ਜਵਾਬ ਦਿੱਤਾ, “ਮੈਂ ਇੱਥੇ ਹਾਂ।”
3 ਫ਼ੇਰ ਪਰਮੇਸ਼ੁਰ ਨੇ ਆਖਿਆ, “ਮੈਂ ਪਰਮੇਸ਼ੁਰ ਹਾਂ, ਤੇਰੇ ਪਿਤਾ ਦਾ ਪਰਮੇਸ਼ੁਰ। ਮਿਸਰ ਜਾਣ ਤੋਂ ਨਾ ਡਰ। ਮਿਸਰ ਵਿੱਚ ਮੈਂ ਤੈਨੂੰ ਇੱਕ ਮਹਾਨ ਕੌਮ ਬਣਾ ਦਿਆਂਗਾ। 4 ਮੈਂ ਤੇਰੇ ਨਾਲ ਮਿਸਰ ਜਾਵਾਂਗਾ। ਅਤੇ ਮੈਂ ਤੈਨੂੰ ਮਿਸਰ ਵਿੱਚੋਂ ਇੱਕ ਵਾਰ ਫ਼ੇਰ ਬਾਹਰ ਕੱਢ ਲਿਆਵਾਂਗਾ। ਤੇਰੀ ਮੌਤ ਮਿਸਰ ਵਿੱਚ ਹੋਵੇਗੀ, ਪਰ ਯੂਸੁਫ਼ ਤੇਰੇ ਨਾਲ ਹੋਵੇਗਾ ਜਦੋਂ ਤੂੰ ਮਰੇਂਗਾ ਉਹ ਆਪਣੇ ਹੱਥਾਂ ਨਾਲ ਤੇਰੀਆਂ ਅੱਖਾਂ ਬੰਦ ਕਰੇਗਾ।”
ਇਸਰਾਏਲ ਮਿਸਰ ਨੂੰ ਜਾਂਦਾ ਹੈ
5 ਫ਼ੇਰ ਯਾਕੂਬ ਬਏਰਸਬਾ ਤੋਂ ਚੱਲ ਪਿਆ ਅਤੇ ਮਿਸਰ ਵੱਲ ਨੂੰ ਸਫ਼ਰ ਕੀਤਾ। ਇਸਰਾਏਲ ਦੇ ਪੁੱਤਰ, ਆਪਣੇ ਪਿਤਾ, ਆਪਣੀਆਂ ਪਤਨੀਆਂ ਅਤੇ ਆਪਣੇ ਸਾਰੇ ਬੱਚਿਆਂ ਨੂੰ ਮਿਸਰ ਲੈ ਆਏ। ਉਨ੍ਹਾਂ ਨੇ ਉਨ੍ਹਾਂ ਗੱਡੀਆਂ ਵਿੱਚ ਸਫ਼ਰ ਕੀਤਾ ਜਿਹੜੀਆਂ ਫ਼ਿਰਊਨ ਨੇ ਭੇਜੀਆਂ ਸਨ। 6 ਉਨ੍ਹਾਂ ਨਾਲ ਉਨ੍ਹਾਂ ਦੇ ਸਾਰੇ ਪਸ਼ੂ ਅਤੇ ਹੋਰ ਸਾਰੀਆਂ ਚੀਜ਼ਾਂ ਵੀ ਸਨ ਜਿਹੜੀਆਂ ਕਨਾਨ ਦੀ ਧਰਤੀ ਉੱਤੇ ਉਨ੍ਹਾਂ ਦੀਆਂ ਸਨ। ਇਸ ਲਈ ਇਸਰਾਏਲ ਆਪਣੇ ਸਾਰੇ ਬੱਚਿਆਂ ਅਤੇ ਆਪਣੇ ਪਰਿਵਾਰ ਨਾਲ ਮਿਸਰ ਚੱਲਾ ਗਿਆ। 7 ਉਸ ਦੇ ਨਾਲ ਉਸ ਦੇ ਪੁੱਤਰ ਅਤੇ ਪੋਤਰੇ, ਉਸ ਦੀਆਂ ਧੀਆਂ ਅਤੇ ਪੋਤਰੀਆਂ ਸਨ। ਉਸਦਾ ਸਾਰਾ ਪਰਿਵਾਰ ਉਸ ਦੇ ਨਾਲ ਮਿਸਰ ਚੱਲਾ ਗਿਆ।
ਯਾਕੂਬ ਦਾ ਪਰਿਵਾਰ
8 ਇਸਰਾਏਲ ਦੇ ਪੁੱਤਰਾਂ ਅਤੇ ਉਸ ਦੇ ਪਰਿਵਾਰ ਵਾਲੇ ਜਿਹੜੇ ਉਸ ਦੇ ਨਾਲ ਮਿਸਰ ਵਿੱਚ ਗਏ, ਉਨ੍ਹਾਂ ਦੇ ਨਾਮ ਇਹ ਹਨ:
ਰਊਬੇਨ ਯਾਕੂਬ ਦਾ ਪਹਿਲਾ ਪੁੱਤਰ ਸੀ। 9 ਰਊਬੇਨ ਦੇ ਪੁੱਤਰ ਸਨ ਹਨੋਕ, ਫ਼ੱਲੂ, ਹੇਸਰੋਨ ਅਤੇ ਕਰਮੀ।
10 ਸਿਮਓਨ ਦੇ ਪੁੱਤਰ ਸਨ ਯਮੂਏਲ, ਯਾਮੀਨ, ਓਹਦ, ਯਾਕੀਨ ਅਤੇ ਸੋਹਰ। ਉਨ੍ਹਾਂ ਵਿੱਚ ਸ਼ਾਊਲ ਵੀ ਸੀ (ਸ਼ਾਊਲ ਕਨਾਨੀ ਔਰਤ ਤੋਂ ਜੰਮਿਆ ਸੀ।)
11 ਲੇਵੀ ਦੇ ਪੁੱਤਰ ਸਨ ਗੇਰਸ਼ੋਨ, ਕਹਾਥ ਅਤੇ ਮਰਾਰੀ।
12 ਯਹੂਦਾਹ ਦੇ ਪੁੱਤਰ ਸਨ ਏਰ, ਓਨਾਨ, ਸ਼ੇਲਾਹ, ਫ਼ਰਸ ਅਤੇ ਜ਼ਾਰਹ। (ਏਰ ਅਤੇ ਓਨਾਨ ਉਦੋਂ ਹੀ ਮਰ ਗਏ ਸਨ ਜਦੋਂ ਅਜੇ ਉਹ ਕਨਾਨ ਵਿੱਚ ਹੀ ਸਨ।) ਫ਼ਰਸ ਦੇ ਪੁੱਤਰ ਸਨ ਹਸਰੋਨ ਅਤੇ ਹਾਮੂਲ।
13 ਯਿੱਸਾਕਾਰ ਦੇ ਪੁੱਤਰ ਸਨ ਤੋਂਲਾ, ਪੁੱਵਾਹ ਯੋਬ ਅਤੇ ਸਿਮਰੋਨ।
14 ਜ਼ਬੁਲੂਨ ਦੇ ਪੁੱਤਰ ਸਨ ਸਰਦ, ਏਲੋਨ ਅਤੇ ਯਹਲਏਲ।
15 ਰਊਬੇਨ, ਸਿਮਓਨ, ਲੇਵੀ, ਯਹੂਦਾਹ, ਯਿੱਸਾਕਾਰ ਅਤੇ ਜ਼ਬੁਲੂਨ ਯਾਕੂਬ ਦੇ ਉਸਦੀ ਪਤਨੀ ਲੇਆਹ ਤੋਂ, ਪੁੱਤਰ ਸਨ। ਲੇਆਹ ਨੇ ਉਨ੍ਹਾਂ ਪੁੱਤਰਾਂ ਨੂੰ ਪਦਨ ਅਰਾਮ ਵਿੱਚ ਜਨਮ ਦਿੱਤਾ ਸੀ। ਉਸਦੀ ਇੱਕ ਧੀ ਸੀ ਜਿਸਦਾ ਨਾਮ ਦੀਨਾਹ ਸੀ। ਉਸ ਦੇ ਪਰਿਵਾਰ ਵਿੱਚ 33 ਸਦੱਸ ਸਨ।
16 ਗਾਦ ਦੇ ਪੁੱਤਰ ਸਨ ਸਿਫ਼ਯੋਨ, ਹੱਗੀ, ਸ਼ੂਨੀ, ਅਸਬੋਨ, ਏਰੀ, ਅਰੋਦੀ ਅਤੇ ਅਰਏਲੀ।
17 ਆਸ਼ੇਰ ਦੇ ਪੁੱਤਰ ਯਿਮਨਾਹ, ਯਿਸ਼ਵਾਹ, ਯਿਸ਼ਵੀ, ਬਰੀਆਹ ਅਤੇ ਉਨ੍ਹਾਂ ਦੀ ਭੈਣ ਸਰਹ ਸੀ। ਬਰੀਆਹ ਦੇ ਪੁੱਤਰ ਸਨ ਹਬਰ ਅਤੇ ਮਲਕੀਏਲ।
18 ਇਹ ਸਾਰੇ ਉੱਤਰਾਧਿਕਾਰੀ ਯਾਕੂਬ ਦੇ ਉਸਦੀ ਪਤਨੀ ਦੀ ਦਾਸੀ, ਜ਼ਿਲਫ਼ਾਹ ਤੋਂ ਸਨ। (ਜ਼ਿਲਫ਼ਾਹ ਉਹ ਦਾਸੀ ਸੀ ਜੋ ਲਾਬਾਨ ਨੇ ਆਪਣੀ ਧੀ ਲੇਆਹ ਨੂੰ ਦਿੱਤੀ ਸੀ। ਇਸ ਪਰਿਵਾਰ ਵਿੱਚ 16 ਸਦੱਸ ਸਨ।)
19 ਬਿਨਯਾਮੀਨ ਵੀ ਯਾਕੂਬ ਦੇ ਨਾਲ ਸੀ। ਬਿਨਯਾਮੀਨ ਯਾਕੂਬ ਦਾ ਰਾਖੇਲ ਤੋਂ, ਪੁੱਤਰ ਸੀ (ਯੂਸੁਫ਼ ਵੀ ਰਾਖੇਲ ਦਾ ਪੁੱਤਰ ਸੀ, ਪਰ ਯੂਸੁਫ਼ ਪਹਿਲਾਂ ਹੀ ਮਿਸਰ ਵਿੱਚ ਸੀ।)
20 ਮਿਸਰ ਵਿੱਚ, ਯੂਸੁਫ਼ ਦੇ ਦੋ ਪੁੱਤਰ ਸਨ, ਮਨੱਸ਼ਹ ਅਤੇ ਇਫ਼ਰਾਈਮ। (ਯੂਸੁਫ਼ ਦੀ ਪਤਨੀ ਓਨ ਸ਼ਹਿਰ ਦੇ ਜਾਜਕ ਪੋਟੀਫ਼ਰਾ ਦੀ ਧੀ, ਆਸਨਥ ਸੀ।)
21 ਬਿਨਯਾਮੀਨ ਦੇ ਪੁੱਤਰ ਸਨ ਬਲਾ, ਬਕਰ, ਅਸ਼ਬੇਲ, ਗੇਰਾ, ਨਾਮਾ, ਏਹੀ, ਰੋਸ਼, ਮੁੱਫ਼ੀਮ, ਹੁੱਫ਼ੀਮ ਅਤੇ ਆਰਦ।
22 ਉਹ ਯਾਕੂਬ ਦੇ ਪੁੱਤਰ, ਉਸਦੀ ਪਤਨੀ ਰੱਖੇਲ ਦੀ ਕੁੱਖੋਂ, ਇਸ ਪਰਿਵਾਰ ਵਿੱਚ 14 ਸਦੱਸ ਸਨ।
23 ਦਾਨ ਦਾ ਪੁੱਤਰ ਹੁਸ਼ੀਮ ਸੀ।
24 ਨਫ਼ਤਾਲੀ ਦੇ ਪੁੱਤਰ ਸਨ ਯਹਸਏਲ, ਗੂਨੀ, ਯੇਸਰ ਅਤੇ ਸ਼ਿੱਲੇਮ।
25 ਇਹ ਯਾਕੂਬ ਅਤੇ ਬਿਲਹਾਹ ਦੇ ਪੁੱਤਰ ਸਨ। (ਬਿਲਹਾਹ ਉਹ ਦਾਸੀ ਸੀ ਜਿਸ ਨੂੰ ਲਾਬਾਨ ਨੇ ਆਪਣੀ ਧੀ ਰਾਖੇਲ ਨੂੰ ਦਿੱਤਾ ਸੀ।) ਇਸ ਪਰਿਵਾਰ ਵਿੱਚ 7 ਸਦੱਸ ਸਨ।
26 ਯਾਕੂਬ ਦੇ ਸਿੱਧੇ ਉੱਤਰਾਧਿਕਾਰੀਆਂ ਦੀ ਗਿਣਤੀ, ਜਿਹੜੇ ਉਸ ਦੇ ਨਾਮ ਮਿਸਰ ਵਿੱਚ ਗਏ ਸਨ, 66 ਸੀ। (ਯਾਕੂਬ ਦੇ ਪੁੱਤਰਾਂ ਦੀਆਂ ਪਤਨੀਆਂ ਨੂੰ ਇਸ ਗਿਣਤੀ ਵਿੱਚ ਸ਼ਾਮਿਲ ਨਹੀਂ ਸੀ ਕੀਤਾ ਗਿਆ।) 27 ਇਨ੍ਹਾਂ ਤੋਂ ਇਲਾਵਾ, ਯੂਸੁਫ਼ ਦੇ ਦੋ ਪੁੱਤਰ ਸਨ। ਉਹ ਮਿਸਰ ਵਿੱਚ ਜਨਮੇ ਸਨ। ਇਸ ਤਰ੍ਹਾਂ ਮਿਸਰ ਵਿੱਚ ਯਾਕੂਬ ਦੇ ਪਰਿਵਾਰ ਵਾਲੇ ਲੋਕਾਂ ਦੀ ਕੁਲ ਗਿਣਤੀ 70 ਸੀ।
ਇਸਰਾਏਲ ਮਿਸਰ ਵਿੱਚ ਪਹੁੰਚਦਾ ਹੈ
28 ਯਾਕੂਬ ਨੇ ਯੂਸੁਫ਼ ਨਾਲ ਮੁਲਾਕਾਤ ਕਰਨ ਲਈ ਪਹਿਲਾਂ ਯਹੂਦਾਹ ਨੂੰ ਭੇਜਿਆ। ਯਹੂਦਾਹ ਗੋਸ਼ਨ ਦੀ ਧਰਤੀ ਉੱਤੇ ਯੂਸੁਫ਼ ਕੋਲ ਗਿਆ। ਫ਼ੇਰ ਯਾਕੂਬ ਅਤੇ ਉਸ ਦੇ ਆਦਮੀ ਉਸ ਧਰਤੀ ਉੱਤੇ ਗਏ। 29 ਯੂਸੁਫ਼ ਨੂੰ ਪਤਾ ਲੱਗਿਆ ਕਿ ਉਸਦਾ ਪਿਤਾ ਆ ਰਿਹਾ ਹੈ। ਇਸ ਲਈ ਯੂਸੁਫ਼ ਨੇ ਆਪਣਾ ਰੱਥ ਤਿਆਰ ਕੀਤਾ ਅਤੇ ਆਪਣੇ ਪਿਤਾ ਇਸਰਾਏਲ ਨੂੰ ਮਿਲਣ ਲਈ ਗੋਸ਼ਨ ਚੱਲਾ ਗਿਆ। ਜਦੋਂ ਯੂਸੁਫ਼ ਨੇ ਆਪਣੇ ਪਿਤਾ ਨੂੰ ਦੇਖਿਆ ਉਹ ਉਸ ਦੇ ਗਲ ਨਾਲ ਚਿਂਬੜ ਗਿਆ ਅਤੇ ਕਾਫ਼ੀ ਚਿਰ ਰੋਂਦਾ ਰਿਹਾ।
30 ਫ਼ੇਰ ਇਸਰਾਏਲ ਨੇ ਯੂਸੁਫ਼ ਨੂੰ ਆਖਿਆ, “ਹੁਣ ਮੈਂ ਸ਼ਾਂਤੀ ਨਾਲ ਮਰ ਸੱਕਾਂਗਾ। ਮੈਂ ਤੇਰਾ ਚਿਹਰਾ ਦੇਖ ਲਿਆ ਹੈ ਅਤੇ ਮੈਂ ਜਾਣਦਾ ਹਾਂ ਕਿ ਤੂੰ ਹਾਲੇ ਜਿਉਂਦਾ ਹੈ।”
31 ਯੂਸੁਫ਼ ਨੇ ਆਪਣੇ ਭਰਾਵਾਂ ਅਤੇ ਆਪਣੇ ਪਿਤਾ ਦੇ ਹੋਰ ਸਾਰੇ ਪਰਿਵਾਰਾਂ ਨੂੰ ਆਖਿਆ, “ਮੈਂ ਫ਼ਿਰਊਨ ਨੂੰ ਜਾਕੇ ਖ਼ਬਰ ਦਿੰਦਾ ਹਾਂ ਕਿ ਤੁਸੀਂ ਇੱਥੇ ਆ ਗਏ ਹੋ। ਮੈਂ ਫ਼ਿਰਊਨ ਨੂੰ ਆਖਾਂਗਾ, ‘ਮੇਰੇ ਭਰਾਵਾਂ ਨੇ ਅਤੇ ਮੇਰੇ ਪਿਤਾ ਦੇ ਬਾਕੀ ਦੇ ਪਰਿਵਾਰਾਂ ਨੇ ਕਨਾਨ ਦੀ ਧਰਤੀ ਛੱਡ ਦਿੱਤੀ ਹੈ ਅਤੇ ਇੱਥੇ ਮੇਰੇ ਕੋਲ ਆ ਗਏ ਹਨ। 32 ਉਹ ਆਜੜੀਆਂ ਦਾ ਪਰਿਵਾਰ ਹਨ। ਉਨ੍ਹਾਂ ਨੇ ਹਮੇਸ਼ਾ ਭੇਡਾਂ ਅਤੇ ਪਸ਼ੂ ਰੱਖੇ ਹਨ। ਅਤੇ ਉਨ੍ਹਾਂ ਨੇ ਆਪਣੇ ਸਾਰੇ ਪਸ਼ੂ ਅਤੇ ਹੋਰ ਚੀਜ਼ਾਂ ਆਪਣੇ ਨਾਲ ਲੈ ਆਂਦੀਆਂ ਹਨ।’ 33 ਜਦੋਂ ਫ਼ਿਰਊਨ ਤੁਹਾਨੂੰ ਸੱਦੇਗਾ, ਉਹ ਤੁਹਾਨੂੰ ਪੁੱਛੇਗਾ, ‘ਤੁਸੀਂ ਕੀ ਕੰਮ ਕਰਦੇ ਹੋ?’ 34 ਤੁਸੀਂ ਉਸ ਨੂੰ ਦੱਸਣਾ, ‘ਅਸੀਂ ਆਜੜੀ ਹਾਂ। ਅਸੀਂ ਆਪਣੀ ਸਾਰੀ ਉਮਰ ਆਜੜੀ ਹੀ ਰਹੇ ਹਾਂ ਬਿਲਕੁਲ ਸਾਡੇ ਪੁਰਖਿਆਂ ਵਾਂਗ।’ ਫ਼ੇਰ ਫ਼ਿਰਊਨ ਤੁਹਾਨੂੰ ਗੋਸ਼ਨ ਦੀ ਧਰਤੀ ਉੱਤੇ ਰਹਿਣ ਦੀ ਆਗਿਆ ਦੇ ਦੇਵੇਗਾ। ਮਿਸਰੀ ਲੋਕ ਆਜੜੀਆਂ ਨੂੰ ਪਸੰਦ ਨਹੀਂ ਕਰਦੇ, ਇਸ ਲਈ ਬਿਹਤਰ ਹੈ ਕਿ ਤੁਸੀਂ ਗੋਸ਼ਨ ਵਿਖੇ ਰਹੋ।”
ਇਸਰਾਏਲ ਗੋਸ਼ਨ ਵਿੱਚ ਟਿਕ ਜਾਂਦਾ ਹੈ
47 ਯੂਸੂਫ਼ ਫ਼ਿਰਊਨ ਕੋਲ ਗਿਆ ਅਤੇ ਆਖਿਆ, “ਮੇਰਾ ਪਿਤਾ ਅਤੇ ਮੇਰੇ ਭਰਾ ਅਤੇ ਉਨ੍ਹਾਂ ਦੇ ਸਾਰੇ ਪਰਿਵਾਰ ਇੱਥੇ ਆ ਗਏ ਹਨ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਸਾਰੇ ਪਸ਼ੂ ਅਤੇ ਹੋਰ ਸਾਰਾ ਮਾਲ ਧਨ ਵੀ ਹੈ ਜਿਹੜਾ ਕਨਾਨ ਦੀ ਧਰਤੀ ਉੱਤੇ ਉਨ੍ਹਾਂ ਦੀ ਮਲਕੀਅਤ ਸੀ। ਉਹ ਹੁਣ ਗੋਸ਼ਨ ਦੀ ਧਰਤੀ ਉੱਤੇ ਹਨ।” 2 ਯੂਸੁਫ਼ ਨੇ ਫ਼ਿਰਊਨ ਦੇ ਸਾਹਮਣੇ ਆਪਣੇ ਭਰਾਵਾਂ ਵਿੱਚੋਂ ਪੰਜਾਂ ਦੀ ਚੋਣ ਕੀਤੀ ਕਿ ਉਹ ਉਸ ਦੇ ਨਾਲ ਰਹਿਣ।
3 ਫ਼ਿਰਊਨ ਨੇ ਭਰਾਵਾਂ ਨੂੰ ਆਖਿਆ, “ਤੁਸੀਂ ਕੀ ਕੰਮ ਕਰਦੇ ਹੋ?”
ਭਰਾਵਾਂ ਨੇ ਆਖਿਆ, “ਹਜ਼ੂਰ, ਅਸੀਂ ਆਜੜੀ ਹਾਂ। ਅਤੇ ਸਾਡੇ ਪੁਰਖੇ ਵੀ ਸਾਡੇ ਤੋਂ ਪਹਿਲਾਂ ਆਜੜੀ ਹੀ ਸਨ।” 4 ਉਨ੍ਹਾਂ ਨੇ ਫ਼ਿਰਊਨ ਨੂੰ ਆਖਿਆ, “ਅਕਾਲ ਦੀ ਹਾਲਤ ਕਨਾਣ ਵਿੱਚ ਬਹੁਤ ਭੈੜੀ ਹੈ। ਸਾਡੇ ਪਸ਼ੂਆਂ ਲਈ ਘਾਹ ਵਾਲੇ ਕੋਈ ਵੀ ਖੇਤ ਨਹੀਂ ਬਚੇ। ਇਸ ਲਈ ਅਸੀਂ ਇਸ ਧਰਤੀ ਉੱਤੇ ਰਹਿਣ ਲਈ ਆ ਗਏ ਹਾਂ। ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਸਾਨੂੰ ਗੋਸ਼ਨ ਵਿੱਚ ਰਹਿਣ ਦਿਉ।”
5 ਤਾਂ ਫ਼ਿਰਊਨ ਨੇ ਯੂਸੁਫ਼ ਨੂੰ ਆਖਿਆ, “ਤੇਰਾ ਪਿਤਾ ਅਤੇ ਤੇਰੇ ਭਰਾ ਤੇਰੇ ਕੋਲ ਆਏ ਹਨ। 6 ਤੂੰ ਉਨ੍ਹਾਂ ਲਈ ਮਿਸਰ ਵਿੱਚ ਰਹਿਣ ਵਾਲੀ ਕੋਈ ਵੀ ਥਾਂ ਚੁਣ ਸੱਕਦਾ ਹੈ। ਆਪਣੇ ਪਿਤਾ ਅਤੇ ਆਪਣੇ ਭਰਾਵਾਂ ਨੂੰ ਸਭ ਤੋਂ ਚੰਗੀ ਧਰਤੀ ਦੇ ਦੇ, ਉਨ੍ਹਾਂ ਨੂੰ ਗੋਸ਼ਨ ਦੀ ਧਰਤੀ ਉੱਤੇ ਰਹਿਣ ਦੇ, ਅਤੇ ਜੇ ਉਹ ਮਾਹਰ ਆਜੜੀ ਹਨ ਤਾਂ ਉਹ ਮੇਰੇ ਪਸ਼ੂਆਂ ਦੀ ਦੇਖ-ਭਾਲ ਵੀ ਕਰ ਸੱਕਦੇ ਹਨ।”
7 ਤਾਂ ਯੂਸਫ਼ ਨੇ ਆਪਣੇ ਪਿਤਾ ਯਾਕੂਬ ਨੂੰ ਫ਼ਿਰਊਨ ਨਾਲ ਆਕੇ ਮਿਲਣ ਲਈ ਸੱਦਿਆ। ਯਾਕੂਬ ਨੇ ਫ਼ਿਰਊਨ ਨੂੰ ਅਸੀਸ ਦਿੱਤੀ।
8 ਅਤੇ ਫ਼ਿਰਊਨ ਨੇ ਉਸ ਨੂੰ ਆਖਿਆ, “ਤੁਹਾਡੀ ਕਿੰਨੀ ਉਮਰ ਹੈ?”
9 ਯਾਕੂਬ ਨੇ ਫ਼ਿਰਊਨ ਨੂੰ ਆਖਿਆ, “ਮੇਰੀ ਜ਼ਿੰਦਗੀ ਬਹੁਤ ਛੋਟੀ ਹੈ, ਪਰ ਮੇਰੀਆਂ ਮੁਸੀਬਤਾਂ ਬਹੁਤ ਜ਼ਿਆਦਾ ਸਨ। ਮੈਂ ਸਿਰਫ਼ 130 ਵਰ੍ਹੇ ਜੀਵਿਆ ਹਾਂ। ਮੇਰਾ ਪਿਤਾ ਅਤੇ ਉਸ ਦੇ ਪੁਰਖੇ ਮੇਰੇ ਨਾਲੋਂ ਵਡੇਰੀ ਉਮਰ ਜੀਵੇ ਸਨ।”
10 ਯਾਕੂਬ ਨੇ ਫ਼ਿਰਊਨ ਨੂੰ ਅਸੀਸ ਦਿੱਤੀ। ਫ਼ੇਰ ਯਾਕੂਬ ਫ਼ਿਰਊਨ ਨਾਲ ਹੋਈ ਇਸ ਮੁਲਾਕਾਤ ਤੋਂ ਮਗਰੋਂ ਚੱਲਾ ਗਿਆ।
11 ਯੂਸੁਫ਼ ਨੇ ਉਹੀ ਕੀਤਾ ਜੋ ਫ਼ਿਰਊਨ ਨੇ ਆਖਿਆ ਸੀ ਅਤੇ ਉਸ ਨੇ ਆਪਣੇ ਪਿਤਾ ਅਤੇ ਭਰਾਵਾਂ ਨੂੰ ਮਿਸਰ ਵਿੱਚ ਜ਼ਮੀਨ ਦੇ ਦਿੱਤੀ। ਇਹ ਮਿਸਰ ਦੀ ਸਭ ਤੋਂ ਚੰਗੀ ਜ਼ਮੀਨ ਸੀ, ਦੇਸ਼ ਦੇ ਪੂਰਬੀ ਹਿੱਸੇ ਵੱਲ ਰਾਮਸੇਸ ਦੀ ਧਰਤੀ ਵਿੱਚ। 12 ਯੂਸੁਫ਼ ਨੇ ਆਪਣੇ ਪਿਤਾ, ਆਪਣੇ ਭਰਾਵਾਂ ਅਤੇ ਉਨ੍ਹਾਂ ਦੇ ਸਾਰੇ ਲੋਕਾਂ ਨੂੰ ਲੋੜੀਦਾ ਅਨਾਜ ਵੀ ਦੇ ਦਿੱਤਾ।
ਯੂਸੁਫ਼ ਫ਼ਿਰਊਨ ਲਈ ਜ਼ਮੀਨ ਖਰੀਦਦਾ ਹੈ
13 ਅਕਾਲ ਦਾ ਸਮਾਂ ਹੋਰ ਵੀ ਮਾੜਾ ਹੋ ਗਿਆ। ਦੇਸ਼ ਵਿੱਚ ਕਿਧਰੇ ਵੀ ਅਨਾਜ ਨਹੀਂ ਸੀ। ਮਿਸਰ ਅਤੇ ਕਨਾਨ ਇਸ ਮੰਦੇ ਸਮੇਂ ਕਾਰਣ ਬਹੁਤ ਗਰੀਬ ਹੋ ਗਏ। 14 ਦੇਸ਼ ਦੇ ਲੋਕਾਂ ਨੇ ਹੋਰ ਅਨਾਜ ਖਰੀਦਿਆ। ਯੂਸੁਫ਼ ਨੇ ਪੈਸਾ ਬਚਾਇਆ ਅਤੇ ਇਸ ਨੂੰ ਫ਼ਿਰਊਨ ਦੇ ਘਰ ਲੈ ਆਇਆ। 15 ਕੁਝ ਸਮੇਂ ਬਾਦ, ਮਿਸਰ ਅਤੇ ਕਨਾਨ ਦੇ ਲੋਕਾਂ ਕੋਲ ਕੋਈ ਪੈਸਾ ਨਹੀਂ ਬਚਿਆ। ਉਨ੍ਹਾਂ ਨੇ ਸਾਰਾ ਪੈਸਾ ਅਨਾਜ ਖਰੀਦਣ ਉੱਤੇ ਖਰਚ ਕਰ ਦਿੱਤਾ ਸੀ। ਇਸ ਲਈ ਮਿਸਰ ਦੇ ਲੋਕ ਯੂਸੁਫ਼ ਕੋਲ ਗਏ ਅਤੇ ਆਖਣ ਲੱਗੇ, “ਕਿਰਪਾ ਕਰਕੇ ਸਾਨੂੰ ਅਨਾਜ ਦਿਉ। ਸਾਡਾ ਪੈਸਾ ਮੁੱਕ ਗਿਆ ਹੈ। ਜੇ ਅਸੀਂ ਖਾਵਾਂਗੇ ਨਹੀਂ ਤਾਂ ਤੁਹਾਡੇ ਦੇਖਦਿਆਂ-ਦੇਖਦਿਆਂ ਅਸੀਂ ਮਰ ਜਾਵਾਂਗੇ।”
16 ਪਰ ਯੂਸੁਫ਼ ਨੇ ਆਖਿਆ, “ਮੈਨੂੰ ਆਪਣੇ ਪਸ਼ੂ ਦੇ ਦਿਉ ਅਤੇ ਮੈਂ ਤੁਹਾਨੂੰ ਅਨਾਜ ਦੇ ਦੇਵਾਂਗਾ।” 17 ਇਸ ਲਈ ਲੋਕਾਂ ਨੇ ਆਪਣੇ ਪਸ਼ੂਆਂ ਅਤੇ ਘੋੜਿਆਂ ਅਤੇ ਹੋਰ ਸਾਰੇ ਜਾਨਵਰਾਂ ਬਦਲੇ ਅਨਾਜ ਖਰੀਦ ਲਿਆ। ਅਤੇ ਉਸ ਸਾਲ, ਯੂਸੁਫ਼ ਨੇ ਉਨ੍ਹਾਂ ਦੇ ਪਸ਼ੂ ਲੈ ਲਈ ਅਤੇ ਉਨ੍ਹਾਂ ਨੂੰ ਅਨਾਜ ਦੇ ਦਿੱਤਾ।
18 ਪਰ ਅਗਲੇ ਵਰ੍ਹੇ, ਲੋਕਾਂ ਕੋਲ ਅਨਾਜ ਖਰੀਦਣ ਲਈ ਨਾ ਤਾਂ ਕੋਈ ਪਸ਼ੂ ਬੱਚਿਆਂ ਅਤੇ ਨਾ ਹੀ ਕੁਝ ਹੋਰ। ਇਸ ਲਈ ਲੋਕ ਯੂਸੁਫ਼ ਕੋਲ ਗਏ ਅਤੇ ਆਖਿਆ, “ਤੁਹਾਨੂੰ ਪਤਾ ਹੈ ਕਿ ਸਾਡੇ ਕੋਲ ਕੋਈ ਪੈਸਾ ਨਹੀਂ ਬਚਿਆ। ਅਤੇ ਸਾਡੇ ਸਾਰੇ ਪਸ਼ੂ ਵੀ ਹੁਣ ਤੁਹਾਡੇ ਹਨ। ਇਸ ਲਈ ਸਾਡੇ ਕੋਲ ਹੁਣ ਕੁਝ ਨਹੀਂ ਬੱਚਿਆਂ-ਸਿਰਫ਼ ਉਹੀ ਹੈ ਜੋ ਤੁਸੀਂ ਦੇਖਦੇ ਹੋ-ਸਾਡੇ ਸ਼ਰੀਰ ਅਤੇ ਸਾਡੀ ਜ਼ਮੀਨ। 19 ਅਵਸ਼ ਹੀ ਅਸੀਂ ਤੁਹਾਡੇ ਦੇਖਦਿਆਂ-ਦੇਖਦਿਆਂ ਮਰ ਜਾਵਾਂਗੇ। ਪਰ ਜੇ ਤੁਸੀਂ ਸਾਨੂੰ ਅਨਾਜ ਦੇ ਦੇਵੋਂਗੇ, ਤਾਂ ਅਸੀਂ ਫ਼ਿਰਊਨ ਨੂੰ ਜ਼ਮੀਨ ਦੇ ਦਿਆਂਗੇ ਅਤੇ ਅਸੀਂ ਉਸ ਦੇ ਗੁਲਾਮ ਬਣ ਜਾਵਾਂਗੇ। ਸਾਨੂੰ ਬੀਜ ਦੇਵੋ ਤਾਂ ਜੋ ਅਸੀਂ ਪੌਦੇ ਲਾ ਸੱਕੀਏ। ਫ਼ੇਰ ਅਸੀਂ ਜਿਉਂਦੇ ਰਹਾਂਗੇ, ਮਰਾਂਗੇ ਨਹੀਂ। ਅਤੇ ਅਸੀਂ ਆਪਣੇ ਲਈ ਫ਼ੇਰ ਅਨਾਜ ਉਗਾਵਾਂਗੇ।”
20 ਇਸ ਲਈ ਯੂਸੁਫ਼ ਨੇ ਫ਼ਿਰਊਨ ਲਈ ਮਿਸਰ ਦੀ ਸਾਰੀ ਜ਼ਮੀਨ ਖਰੀਦ ਲਈ। ਮਿਸਰ ਦੇ ਸਾਰੇ ਲੋਕਾਂ ਨੇ ਯੂਸੁਫ਼ ਨੂੰ ਆਪਣੇ ਸਾਰੇ ਖੇਤ ਵੇਚ ਦਿੱਤੇ। ਉਨ੍ਹਾਂ ਨੇ ਅਜਿਹਾ ਇਸ ਲਈ ਕੀਤਾ ਕਿਉਂ ਜੋ ਉਹ ਬਹੁਤ ਭੁੱਖੇ ਸਨ। 21 ਅਤੇ ਸਾਰੇ ਲੋਕ ਫ਼ਿਰਊਨ ਦੇ ਗੁਲਾਮ ਹੋ ਗਏ। ਮਿਸਰ ਵਿੱਚ ਹਰ ਥਾਂ ਲੋਕ ਫ਼ਿਰਊਨ ਦੇ ਗੁਲਾਮ ਸਨ। 22 ਸਿਰਫ਼ ਉਹੀ ਜ਼ਮੀਨ ਜਿਹੜੀ ਯੂਸੁਫ਼ ਨੇ ਨਹੀਂ ਖਰੀਦੀ ਸੀ ਉਹ ਜਾਜਕਾਂ ਦੀ ਜ਼ਮੀਨ ਸੀ। ਜਾਜਕਾਂ ਨੂੰ ਆਪਣੀ ਜ਼ਮੀਨ ਵੇਚਣ ਦੀ ਲੋੜ ਨਹੀਂ ਸੀ ਕਿਉਂਕਿ ਫ਼ਿਰਊਨ ਉਨ੍ਹਾਂ ਨੂੰ ਉਨ੍ਹਾਂ ਦੇ ਕੰਮ ਦੀ ਉਜਰਤ ਦਿੰਦਾ ਸੀ। ਇਸ ਲਈ ਉਹ ਇਸ ਪੈਸੇ ਨਾਲ ਖਾਣ ਲਈ ਅਨਾਜ ਖਰੀਦਦੇ ਸਨ।
23 ਯੂਸੁਫ਼ ਨੇ ਲੋਕਾਂ ਨੂੰ ਆਖਿਆ, “ਹੁਣ ਮੈਂ ਤੁਹਾਨੂੰ ਅਤੇ ਤੁਹਾਡੀ ਜ਼ਮੀਨ ਨੂੰ ਫ਼ਿਰਊਨ ਲਈ ਖਰੀਦ ਲਿਆ ਹੈ। ਇਸ ਲਈ ਮੈਂ ਤੁਹਾਨੂੰ ਬੀਜ਼ ਦਿਆਂਗਾ, ਅਤੇ ਤੁਸੀਂ ਆਪਣੇ ਖੇਤਾਂ ਵਿੱਚ ਬਿਜਾਈ ਕਰ ਸੱਕਦੇ ਹੋ। 24 ਵਾਢੀਆਂ ਵੇਲੇ, ਤੁਹਾਨੂੰ ਆਪਣੀਆਂ ਫ਼ਸਲਾਂ ਦਾ ਪੰਜਵਾਂ ਹਿੱਸਾ ਫ਼ਿਰਊਨ ਨੂੰ ਦੇਣਾ ਪਵੇਗਾ। ਪੰਜਾਂ ਵਿੱਚੋਂ ਚਾਰ ਹਿੱਸੇ ਤੁਸੀਂ ਆਪਣੇ ਲਈ ਰੱਖ ਸੱਕਦੇ ਹੋ। ਤੁਸੀਂ ਬੀਜਾਂ ਨੂੰ ਅਨਾਜ ਲਈ ਅਤੇ ਅਗਲੇ ਵਰ੍ਹੇ ਦੀ ਬਿਜਾਈ ਲਈ ਰੱਖ ਸੱਕਦੇ ਹੋ। ਹੁਣ ਤੁਸੀਂ ਆਪਣੇ ਪਰਿਵਾਰਾਂ ਅਤੇ ਆਪਣੇ ਬੱਚਿਆਂ ਦੀ ਪਰਵਰਿਸ਼ ਕਰ ਸੱਕਦੇ ਹੋ।”
25 ਲੋਕਾਂ ਨੇ ਆਖ਼ਿਆ, “ਤੁਸੀਂ ਸਾਡੀਆਂ ਜਾਨਾ ਬਚਾਈਆਂ ਹਨ। ਜੇਕਰ ਇਹ ਤੁਹਾਨੂੰ ਮੰਜ਼ੂਰ ਹੋਵੇ, ਅਸੀਂ ਫ਼ਿਰਊਨ ਦੇ ਗੁਲਾਮ ਰਹਾਂਗੇ।”
26 ਇਸ ਲਈ ਯੂਸੁਫ਼ ਨੇ ਦੇਸ਼ ਵਿੱਚ ਇੱਕ ਕਾਨੂੰਨ ਬਣਾ ਦਿੱਤਾ। ਅਤੇ ਉਹ ਕਾਨੂੰਨ ਅੱਜ ਵੀ ਜਾਰੀ ਹੈ। ਕਾਨੂੰਨ ਆਖਦਾ ਹੈ ਕਿ ਧਰਤੀ ਦੀ ਉਪਜ ਦਾ ਪੰਜਵਾਂ ਹਿੱਸਾ ਫ਼ਿਰਊਨ ਦਾ ਹੈ। ਸਾਰੀ ਜ਼ਮੀਨ ਫ਼ਿਰਊਨ ਦੀ ਹੈ। ਉਹੀ ਜ਼ਮੀਨ ਜਿਹੜੀ ਉਸਦੀ ਨਹੀਂ ਹੈ ਉਹ ਜਾਜਕਾਂ ਦੀ ਜ਼ਮੀਨ ਹੈ।
“ਮੈਨੂੰ ਮਿਸਰ ਵਿੱਚ ਨਾ ਦਫ਼ਨਾਉਣਾ”
27 ਇਸਰਾਏਲ ਮਿਸਰ ਵਿੱਚ ਠਹਿਰ ਗਿਆ। ਉਹ ਗੋਸ਼ਨ ਦੀ ਧਰਤੀ ਉੱਤੇ ਰਹਿ ਗਿਆ। ਉਸਦਾ ਪਰਿਵਾਰ ਵੱਧ ਫ਼ੁੱਲ ਕੇ ਬਹੁਤ ਵੱਡਾ ਹੋ ਗਿਆ। ਉਨ੍ਹਾਂ ਨੂੰ ਮਿਸਰ ਵਿੱਚ ਉਹ ਧਰਤੀ ਮਿਲੀ।
28 ਯਾਕੂਬ ਮਿਸਰ ਵਿੱਚ 17 ਵਰ੍ਹੇ ਜੀਵਿਆ। ਇਸ ਲਈ ਯਾਕੂਬ 147 ਵਰ੍ਹਿਆ ਦਾ ਸੀ। 29 ਹੁਣ ਸਮਾਂ ਆ ਗਿਆ ਜਦੋਂ ਇਸਰਾਏਲ ਜਾਣਦਾ ਸੀ ਕਿ ਛੇਤੀ ਹੀ ਉਸਦਾ ਦੇਹਾਂਤ ਹੋ ਜਾਵੇਗਾ, ਇਸ ਲਈ ਉਸ ਨੇ ਆਪਣੇ ਪੁੱਤਰ ਯੂਸੁਫ਼ ਨੂੰ ਆਪਣੇ ਕੋਲ ਸੱਦਿਆ। ਉਸ ਨੇ ਆਖਿਆ, “ਜੇ ਤੂੰ ਮੈਨੂੰ ਪਿਆਰ ਕਰਦਾ ਹੈ, ਤਾਂ ਆਪਣਾ ਹੱਥ ਮੇਰੀ ਲੱਤ ਹੇਠਾਂ ਰੱਖ ਅਤੇ ਇਕਰਾਰ ਕਰ। ਇਕਰਾਰ ਕਰ ਕਿ ਤੂੰ ਉਹੀ ਕਰੇਂਗਾ ਜੋ ਮੈਂ ਆਖਾਂਗਾ ਅਤੇ ਤੂੰ ਮੇਰੇ ਪ੍ਰਤੀ ਵਫ਼ਾਦਾਰ ਰਹੇਂਗਾ। ਜਦੋਂ ਮੈਂ ਮਰਾ, ਤਾਂ ਮੈਨੂੰ ਮਿਸਰ ਵਿੱਚ ਨਹੀਂ ਦਫ਼ਨਾਉਣਾ। 30 ਮੈਨੂੰ ਉਸੇ ਥਾਂ ਦਫ਼ਨਾਉਣਾ ਜਿੱਥੇ ਮੇਰੇ ਪੁਰਖੇ ਦਫ਼ਨ ਹਨ। ਮੈਨੂੰ ਮਿਸਰ ਤੋਂ ਬਾਹਰ ਲੈ ਜਾਵੀਂ ਅਤੇ ਮੈਨੂੰ ਪਰਿਵਾਰ ਦੇ ਕਬਰਸਤਾਨ ਵਿੱਚ ਦਫ਼ਨਾ ਦੇਵੀਂ।”
ਯੂਸੁਫ਼ ਨੇ ਜਵਾਬ ਦਿੱਤਾ, “ਮੈਂ ਇਕਰਾਰ ਕਰਦਾ ਹਾਂ ਕਿ ਜਿਵੇਂ ਤੁਸੀਂ ਆਖਦੇ ਹੋ ਉਵੇਂ ਹੀ ਕਰਾਂਗਾ।”
31 ਫ਼ੇਰ ਯਾਕੂਬ ਨੇ ਆਖਿਆ, “ਮੇਰੇ ਨਾਲ ਇਕਰਾਰ ਕਰ।” ਯੂਸੁਫ਼ ਨੇ ਉਹੀ ਕਰਨ ਦੀ ਕਸਮ ਖਾਧੀ। ਫ਼ੇਰ ਇਸਰਾਏਲ ਆਪਣੇ ਬਿਸਤਰੇ ਦੇ ਸਰਾਹਣੇ ਤੇ ਝੁਕ ਗਿਆ। [a]
ਮਨੱਸ਼ਹ ਅਤੇ ਇਫ਼ਰਾਈਮ ਲਈ ਅਸੀਸਾਂ
48 ਕੁਝ ਸਮੇਂ ਬਾਦ, ਯੂਸੁਫ਼ ਨੂੰ ਪਤਾ ਲੱਗਿਆ ਕਿ ਉਸਦਾ ਪਿਤਾ ਬਹੁਤ ਬਿਮਾਰ ਸੀ। ਇਸ ਲਈ ਯੂਸੁਫ਼ ਨੇ ਆਪਣੇ ਦੋਹਾਂ ਪੁੱਤਰਾਂ, ਮਨੱਸ਼ਹ ਅਤੇ ਇਫ਼ਰਾਈਮ ਨੂੰ ਨਾਲ ਲਿਆ ਅਤੇ ਆਪਣੇ ਪਿਤਾ ਵੱਲ ਗਿਆ। 2 ਜਦੋਂ ਯੂਸੁਫ਼ ਆਇਆ, ਕਿਸੇ ਨੇ ਯਾਕੂਬ ਨੂੰ ਆਖਿਆ “ਤੇਰਾ ਪੁੱਤਰ ਯੂਸੁਫ਼ ਤੈਨੂੰ ਮਿਲਣ ਆਇਆ ਹੈ।” ਇਸਰਾਏਲ ਉਨ੍ਹਾਂ ਨੂੰ ਵੇਖਕੇ ਬਹੁਤ ਜ਼ਿਆਦੇ ਪ੍ਰਸੰਨ ਹੋਇਆ ਅਤੇ ਬਿਸਤਰੇ ਤੋਂ ਉੱਠ ਕੇ ਬੈਠ ਗਿਆ।
3 ਫ਼ੇਰ ਇਸਰਾਏਲ ਨੇ ਯੂਸੁਫ਼ ਨੂੰ ਆਖਿਆ, “ਕਨਾਨ ਦੀ ਧਰਤੀ ਉੱਤੇ ਲੂਜ਼ ਵਿਖੇ, ਸਰਬ-ਸ਼ਕਤੀਮਾਨ ਪਰਮੇਸ਼ੁਰ ਮੈਨੂੰ ਪ੍ਰਗਟਿਆ। ਪਰਮੇਸ਼ੁਰ ਨੇ ਮੈਨੂੰ ਉੱਥੇ ਅਸੀਸ ਦਿੱਤੀ ਸੀ। 4 ਪਰਮੇਸ਼ੁਰ ਨੇ ਮੈਨੂੰ ਆਖਿਆ, ‘ਮੈਂ ਤੈਨੂੰ ਵੱਡਾ ਪਰਿਵਾਰ ਬਣਾ ਦਿਆਂਗਾ। ਮੈਂ ਤੈਨੂੰ ਬਹੁਤ ਔਲਾਦ ਦੇਵਾਂਗਾ ਅਤੇ ਤੁਸੀਂ ਮਹਾਨ ਲੋਕ ਬਣੋਂਗੇ। ਇਹ ਧਰਤੀ ਸਦਾ ਤੁਹਾਡੇ ਪਰਿਵਾਰ ਦੀ ਹੋਵੇਗੀ।’ 5 ਅਤੇ ਹੁਣ ਤੇਰੇ ਦੋ ਪੁੱਤਰ ਹਨ। ਇਨ੍ਹਾਂ ਪੁੱਤਰਾਂ ਦਾ ਜਨਮ ਮੇਰੇ ਆਉਣ ਤੋਂ ਪਹਿਲਾਂ ਇੱਥੇ ਮਿਸਰ ਦੇਸ਼ ਵਿੱਚ ਹੋਇਆ ਸੀ। ਤੇਰੇ ਦੋਵੇਂ ਪੁੱਤਰ, ਇਫ਼ਰਾਈਮ ਅਤੇ ਮਨੱਸ਼ਹ ਮੇਰੇ ਆਪਣੇ ਪੁੱਤਰਾਂ ਵਰਗੇ ਹੋਣਗੇ। ਉਹ ਮੇਰੇ ਲਈ ਰਊਬੇਨ ਅਤੇ ਸਿਮਓਨ ਵਰਗੇ ਹੋਣਗੇ। 6 ਇਸ ਲਈ ਇਹ ਦੋਵੇਂ ਮੁੰਡੇ ਮੇਰੇ ਪੁੱਤਰ ਹੋਣਗੇ। ਮੇਰੀ ਹਰ ਚੀਜ਼ ਵਿੱਚ ਇਨ੍ਹਾਂ ਦਾ ਹਿੱਸਾ ਹੋਵੇਗਾ। ਪਰ ਜੇ ਤੇਰੇ ਹੋਰ ਪੁੱਤਰ ਹੋਏ ਤਾਂ ਉਹ ਤੇਰੇ ਪੁੱਤਰ ਹੋਣਗੇ। ਪਰ ਉਹ ਇਫ਼ਰਾਈਮ ਅਤੇ ਮਨੱਸ਼ਹ ਲਈ ਪੁੱਤਰਾਂ ਵਰਗੇ ਹੋਣਗੇ-ਅਰਥਾਤ, ਭਵਿੱਖ ਵਿੱਚ ਉਹ ਇਫ਼ਰਾਈਮ ਅਤੇ ਮਨੱਸ਼ਹ ਦੀ ਸਾਰੀ ਜਾਇਦਾਦ ਦਾ ਹਿੱਸਾ ਵੰਡਾਉਣਗੇ। 7 ਪਦਨ ਅਰਾਮ ਤੋਂ ਸਫ਼ਰ ਕਰਦੇ ਹੋਏ ਰਾਖੇਲ ਦਾ ਦੇਹਾਂਤ ਹੋ ਗਿਆ ਸੀ। ਇਸਨੇ ਮੈਨੂੰ ਬਹੁਤ ਉਦਾਸ ਕੀਤਾ। ਉਹ ਕਨਾਨ ਦੀ ਧਰਤੀ ਉੱਤੇ ਮਰੀ ਸੀ। ਅਸੀਂ ਹਾਲੇ ਅਫ਼ਰਾਤ ਵੱਲ ਸਫ਼ਰ ਕਰ ਰਹੇ ਸਾਂ। ਮੈਂ ਉਸ ਨੂੰ ਉਸੇ ਅਫ਼ਰਾਤ ਦੇ ਰਸਤੇ ਉੱਤੇ ਦਫ਼ਨ ਕਰ ਦਿੱਤਾ ਸੀ।” (ਅਫ਼ਰਾਤ ਬੇਤਲਹਮ ਹੈ।)
8 ਫ਼ੇਰ ਇਸਰਾਏਲ ਨੇ ਯੂਸੁਫ਼ ਦੇ ਪੁੱਤਰਾਂ ਵੱਲ ਵੇਖਿਆ। ਇਸਰਾਏਲ ਨੇ ਆਖਿਆ, “ਇਹ ਮੁੰਡੇ ਕੌਣ ਹਨ?”
9 ਯੂਸੁਫ਼ ਨੇ ਆਪਣੇ ਪਿਤਾ ਨੂੰ ਆਖਿਆ, “ਇਹ ਮੇਰੇ ਪੁੱਤਰ ਹਨ। ਇਹ ਉਹ ਮੁੰਡੇ ਹਨ ਜਿਹੜੇ ਪਰਮੇਸ਼ੁਰ ਨੇ ਮੈਨੂੰ ਦਿੱਤੇ ਹਨ।”
ਇਸਰਾਏਲ ਨੇ ਆਖਿਆ, “ਆਪਣੇ ਪੁੱਤਰਾਂ ਨੂੰ ਮੇਰੇ ਕੋਲ ਲਿਆ। ਮੈਂ ਇਨ੍ਹਾਂ ਨੂੰ ਅਸੀਸ ਦੇਵਾਂਗਾ।”
10 ਇਸਰਾਏਲ ਬਹੁਤ ਬਿਰਧ ਸੀ ਅਤੇ ਉਸਦੀ ਨਜ਼ਰ ਕਮਜ਼ੋਰ ਸੀ। ਇਸ ਲਈ ਯੂਸੁਫ਼ ਮੁੰਡਿਆਂ ਨੂੰ ਆਪਣੇ ਪਿਤਾ ਦੇ ਬਹੁਤ ਨੇੜੇ ਲੈ ਗਿਆ। ਇਸਰਾਏਲ ਨੇ ਮੁੰਡਿਆਂ ਨੂੰ ਚੁੰਮਿਆ ਅਤੇ ਆਪਣੇ ਨਾਲ ਘੁੱਟਿਆ। 11 ਫ਼ੇਰ ਇਸਰਾਏਲ ਨੇ ਯੂਸੁਫ਼ ਨੂੰ ਆਖਿਆ, “ਮੈਂ ਕਦੇ ਨਹੀਂ ਸੀ ਸੋਚਿਆ ਕਿ ਮੈਂ ਮੁੜ ਕੇ ਤੇਰਾ ਚਿਹਰਾ ਦੇਖਾਂਗਾ। ਪਰ ਦੇਖੋ; ਪਰਮੇਸ਼ੁਰ ਨੇ ਮੈਨੂੰ ਤੂੰ ਅਤੇ ਤੇਰੇ ਬੱਚੇ ਦਿਖਾ ਦਿੱਤੇ ਹਨ।”
12 ਫ਼ੇਰ ਯੂਸੁਫ਼ ਨੇ ਮੁੰਡਿਆਂ ਨੂੰ ਇਸਰਾਏਲ ਦੀ ਗੋਦੀ ਵਿੱਚੋਂ ਚੁੱਕ ਲਿਆ ਅਤੇ ਉਹ ਉਸ ਦੇ ਪਿਤਾ ਅੱਗੇ ਧਰਤੀ ਉੱਤੇ ਝੁਕ ਗਏ। 13 ਯੂਸੁਫ਼ ਨੇ ਇਫ਼ਰਾਈਮ ਨੂੰ ਆਪਣੇ ਸੱਜੇ ਪਾਸੇ ਅਤੇ ਮਨੱਸ਼ਹ ਨੂੰ ਆਪਣੇ ਖੱਬੇ ਪਾਸੇ ਬਿਠਾਇਆ। (ਇਸ ਤਰ੍ਹਾਂ, ਇਫ਼ਰਾਈਮ ਇਸਰਾਏਲ ਦੇ ਖੱਬੇ ਪਾਸੇ ਸੀ ਅਤੇ ਮਨੱਸ਼ਹ ਇਸਰਾਏਲ ਦੇ ਸੱਜੇ ਪਾਸੇ ਸੀ।) 14 ਪਰ ਇਸਰਾਏਲ ਨੇ ਆਪਣੇ ਹੱਥ ਵੱਧਾ ਕੇ ਆਪਣਾ ਸੱਜਾ ਹੱਥ ਛੋਟੇ ਮੁੰਡੇ ਇਫ਼ਰਾਈਮ ਦੇ ਸਿਰ ਉੱਤੇ ਰੱਖਿਆ। ਫ਼ੇਰ ਇਸਰਾਏਲ ਨੇ ਆਪਣਾ ਖੱਬਾ ਹੱਥ ਵੱਡੇ ਮੁੰਡੇ ਮਨੱਸ਼ਹ ਦੇ ਸਿਰ ਉੱਤੇ ਰੱਖਿਆ। ਉਸ ਨੇ ਆਪਣਾ ਹੱਥ ਮਨੱਸ਼ਹ ਉੱਤੇ ਰੱਖਿਆ ਭਾਵੇਂ ਮਨੱਸ਼ਹ ਪਹਿਲੋਠਾ ਸੀ। 15 ਅਤੇ ਇਸਰਾਏਲ ਨੇ ਯੂਸੁਫ਼ ਨੂੰ ਅਸੀਸ ਦਿੱਤੀ ਅਤੇ ਆਖਿਆ,
“ਮੇਰੇ ਪੁਰਖਿਆਂ, ਅਬਰਾਹਾਮ ਅਤੇ ਇਸਹਾਕ ਨੇ, ਸਾਡੇ ਪਰਮੇਸ਼ੁਰ ਦੀ ਉਪਾਸਨਾ ਕੀਤੀ ਸੀ।
ਅਤੇ ਉਸ ਪਰਮੇਸ਼ੁਰ ਨੇ ਸਾਰੀ ਉਮਰ ਮੇਰੀ ਅਗਵਾਈ ਕੀਤੀ ਹੈ।
16 ਉਹ ਦੂਤ ਸੀ, ਜਿਸਨੇ ਮੈਨੂੰ ਮੇਰੀਆਂ ਸਾਰੀਆਂ ਮੁਸੀਬਤਾਂ ਤੋਂ ਬਚਾਇਆ ਸੀ।
ਅਤੇ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਇਨ੍ਹਾਂ ਮੁੰਡਿਆਂ ਨੂੰ ਅਸੀਸ ਦੇਵੇ।
ਹੁਣ ਇਨ੍ਹਾਂ ਮੁੰਡਿਆਂ ਨੂੰ ਮੇਰਾ ਅਤੇ ਸਾਡੇ ਪੁਰਖਿਆਂ ਅਬਰਾਹਾਮ ਅਤੇ ਇਸਹਾਕ ਦਾ ਨਾਮ ਮਿਲੇਗਾ।
ਮੈਂ ਪ੍ਰਾਰਥਨਾ ਕਰਦਾ ਹਾਂ ਕਿ ਇਹ ਵੱਧ ਫ਼ੁੱਲ ਕੇ ਧਰਤੀ ਦੇ ਮਹਾਨ ਪਰਿਵਾਰ ਅਤੇ ਕੌਮਾਂ ਬਨਣ।”
17 ਯੂਸੁਫ਼ ਨੇ ਦੇਖਿਆ ਕਿ ਉਸ ਦੇ ਪਿਤਾ ਨੇ ਆਪਣਾ ਸੱਜਾ ਹੱਥ ਇਫ਼ਰਾਈਮ ਦੇ ਸਿਰ ਉੱਤੇ ਰੱਖਿਆ ਸੀ। ਇਸ ਨਾਲ ਯੂਸੁਫ਼ ਨੂੰ ਖੁਸ਼ੀ ਨਹੀਂ ਹੋਈ। ਯੂਸੁਫ਼ ਨੇ ਆਪਣੇ ਪਿਤਾ ਦਾ ਹੱਥ ਫ਼ੜ ਲਿਆ। ਉਹ ਇਸ ਨੂੰ ਇਫ਼ਰਾਈਮ ਦੇ ਸਿਰ ਤੋਂ ਹਟਾਕੇ ਮਨੱਸ਼ਹ ਦੇ ਸਿਰ ਉੱਤੇ ਰੱਖਣਾ ਚਾਹੁੰਦਾ ਸੀ। 18 ਯੂਸੁਫ਼ ਨੇ ਆਪਣੇ ਪਿਤਾ ਨੂੰ ਆਖਿਆ, “ਤੁਸੀਂ ਆਪਣਾ ਸੱਜਾ ਹੱਥ ਗਲਤ ਮੁੰਡੇ ਦੇ ਸਿਰ ਉੱਤੇ ਰੱਖਿਆ ਹੈ। ਮਨੱਸ਼ਹ ਪਹਿਲੋਠਾ ਹੈ। ਆਪਣਾ ਸੱਜਾ ਹੱਥ ਉਸ ਉੱਤੇ ਰੱਖੋ।”
19 ਪਰ ਉਸ ਦੇ ਪਿਤਾ ਨੇ ਦਲੀਲ ਦਿੱਤੀ ਅਤੇ ਆਖਿਆ, “ਮੈਂ ਜਾਣਦਾ ਹਾਂ, ਪੁੱਤਰ। ਮੈਂ ਜਾਣਦਾ ਹਾਂ ਮਨੱਸ਼ਹ ਪਹਿਲੋਠਾ ਹੈ ਅਤੇ ਉਹ ਮਹਾਨ ਬਣੇਗਾ। ਉਹ ਬਹੁਤ ਸਾਰੇ ਲੋਕਾਂ ਦਾ ਪਿਤਾਮਾ ਹੋਵੇਗਾ। ਪਰ ਛੋਟਾ ਭਰਾ ਵੱਡੇ ਨਾਲੋਂ ਵੱਧੇਰੇ ਮਹਾਨ ਹੋਵੇਗਾ। ਅਤੇ ਛੋਟੇ ਭਰਾ ਦਾ ਪਰਿਵਾਰ ਬਹੁਤ ਵੱਡੇਰਾ ਹੋਵੇਗਾ।”
20 ਇਸ ਲਈ ਇਸਰਾਏਲ ਨੇ ਉਨ੍ਹਾਂ ਨੂੰ ਉਸ ਦਿਨ ਅਸੀਸ ਦਿੱਤੀ। ਉਸ ਨੇ ਆਖਿਆ,
“ਇਸਰਾਏਲ ਦੇ ਲੋਕ, ਜਦੋਂ ਵੀ ਕਿਸੇ
ਨੂੰ ਅਸੀਸ ਦੇਣਗੇ ਤੁਹਾਡਾ ਨਾਮ ਲੈਣਗੇ।
ਉਹ ਆਖਣਗੇ, ‘ਪਰਮੇਸ਼ੁਰ ਤੁਹਾਨੂੰ ਇਫ਼ਰਾਈਮ
ਅਤੇ ਮਨੱਸ਼ਹ ਵਰਗਾ ਬਣਾਵੇ।’”
ਇਸ ਤਰ੍ਹਾਂ, ਇਸਰਾਏਲ ਨੇ ਇਫ਼ਰਾਈਮ ਨੂੰ ਮਨੱਸ਼ਹ ਤੋਂ ਉੱਚਾ ਰੁਤਬਾ ਦਿੱਤਾ।
21 ਫ਼ੇਰ ਇਸਰਾਏਲ ਨੇ ਯੂਸੁਫ਼ ਨੂੰ ਆਖਿਆ, “ਦੇਖ, ਮੇਰੇ ਦੇਹਾਂਤ ਦਾ ਸਮਾਂ ਤਕਰੀਬਨ ਆ ਚੁੱਕਾ ਹੈ। ਪਰ ਪਰਮੇਸ਼ੁਰ ਹਾਲੇ ਵੀ ਤੁਹਾਡੇ ਨਾਲ ਹੋਵੇਗਾ। ਉਹ ਤੁਹਾਨੂੰ ਤੁਹਾਡੇ ਪੁਰਖਿਆਂ ਦੀ ਧਰਤੀ ਉੱਤੇ ਜਾਣ ਵਿੱਚ ਅਗਵਾਈ ਦੇਵੇਗਾ।
22 “ਮੈਂ ਤੈਨੂੰ ਤੇਰੇ ਭਰਾਵਾਂ ਨੂੰ ਦਿੱਤੇ ਨਾਲੋਂ, ਇੱਕ ਭਾਗ ਵੱਧ ਦਿੱਤਾ ਹੈ। ਮੈਂ ਤੈਨੂੰ ਉਹ ਪਰਬਤ ਦਿੱਤਾ ਜਿਹੜਾ ਮੈਂ ਅਮੋਰੀ ਲੋਕਾਂ ਤੋਂ ਮੇਰੀ ਤਲਵਾਰ ਅਤੇ ਮੇਰੇ ਧਨੁੱਖ ਨਾਲ ਲਿਆ ਸੀ। ਮੈਂ ਧਰਤੀ ਦੇ ਉਸ ਭਾਗ ਲਈ ਲੜਨ ਦੀ ਖਾਤਰ ਆਪਣੀ ਤਲਵਾਰ ਆਪਣੇ ਧਨੁਖ ਦੀ ਵਰਤੋਂ ਕੀਤੀ ਸੀ ਅਤੇ ਮੈਂ ਜਿੱਤ ਗਿਆ ਸੀ।”
ਯਾਕੂਬ ਆਪਣੇ ਪੁੱਤਰਾਂ ਨੂੰ ਅਸੀਸ ਦਿੰਦਾ ਹੈ
49 ਫ਼ੇਰ ਯਾਕੂਬ ਨੇ ਆਪਣੇ ਸਾਰੇ ਪੁੱਤਰਾਂ ਨੂੰ ਕੋਲ ਸੱਦਿਆ। ਉਸ ਨੇ ਆਖਿਆ, “ਮੇਰੇ ਸਾਰੇ ਪੁੱਤਰੋ, ਮੇਰੇ ਕੋਲ ਇੱਥੇ ਆਓ। ਮੈਂ ਤੁਹਾਨੂੰ ਦੱਸਦਾ ਹਾਂ ਕਿ ਭਵਿੱਖ ਵਿੱਚ ਕੀ ਵਾਪਰੇਗਾ।
2 “ਸਾਰੇ ਇਕੱਠੇ ਹੋਕੇ ਆਓ ਅਤੇ ਸੁਣੋ, ਯਾਕੂਬ ਦਿਉ ਪੁੱਤਰੋ।
ਆਪਣੇ ਪਿਤਾ, ਇਸਰਾਏਲ ਦੀ ਗੱਲ ਸੁਣੋ।
ਰਊਬੇਨ
3 “ਰਊਬੇਨ, ਤੂੰ ਮੇਰਾ ਪਹਿਲੋਠਾ ਪੁੱਤਰ ਹੈਂ, ਤੂੰ ਮੇਰਾ ਪਹਿਲਾ ਬੱਚਾ ਹੈ,
ਮੇਰੀ ਮਰਦਾਨਗੀ ਦਾ ਪਹਿਲਾ ਸਬੂਤ।
ਤੂੰ ਮੇਰੇ ਸਾਰੇ ਪੁੱਤਰਾਂ ਵਿੱਚੋਂ ਸਭ ਤੋਂ ਇੱਜ਼ਤਦਾਰ
ਅਤੇ ਸ਼ਕਤੀਸ਼ਾਲੀ ਸ਼ੇਰ ਸੀ।
4 ਪਰ ਤੇਰਾ ਜਜ਼ਬਾ ਹੜ੍ਹ ਵਰਗਾ ਸੀ,
ਤੇਰਾ ਇਸ ਉੱਤੇ ਕਾਬੂ ਨਹੀਂ ਸੀ।
ਇਸ ਲਈ ਤੂੰ ਮੇਰਾ ਸਭ ਤੋਂ
ਵੱਧ ਇੱਜ਼ਤਦਾਰ ਪੁੱਤਰ ਨਹੀਂ ਰਹੇਂਗਾ।
ਤੂੰ ਆਪਣੇ ਪਿਤਾ ਦੇ ਪਲੰਘ ਉੱਤੇ ਜਾ ਚੜ੍ਹਿਆ ਸੀ
ਅਤੇ ਉਸਦੀ ਇੱਕ ਪਤਨੀ ਨਾਲ ਜਾ ਸੁੱਤਾ ਸੀ।
ਤੂੰ ਮੇਰੇ ਬਿਸਤਰ ਨੂੰ ਸ਼ਰਮਸਾਰ ਕੀਤਾ
ਸੀ ਜਿਸ ਬਿਸਤਰ ਉੱਤੇ ਤੂੰ ਲੇਟਿਆ ਸੀ।
ਸਿਮਓਨ ਅਤੇ ਲੇਵੀ
5 “ਸਿਮਓਨ ਅਤੇ ਲੇਵੀ ਦੋਵੇਂ ਭਰਾ ਹਨ।
ਉਨ੍ਹਾਂ ਨੂੰ ਆਪਣੀਆਂ ਤਲਵਾਰਾਂ ਨਾਲ ਲੜਨਾ ਪਸੰਦ ਹੈ।
6 ਉਨ੍ਹਾਂ ਨੇ ਗੁਪਤ ਯੋਜਨਾਵਾਂ ਬਣਾਈਆਂ।
ਮੇਰੀ ਰੂਹ ਉਨ੍ਹਾਂ ਦੀਆਂ ਵਿਉਂਤਾਂ ਵਿੱਚ ਹਿੱਸਾ ਨਹੀਂ ਲੈਣਾ ਚਾਹੁੰਦੀ ਸੀ।
ਮੈਂ ਉਨ੍ਹਾਂ ਦੀਆਂ ਗੁਪਤ ਸਭਾਵਾਂ ਨੂੰ ਪ੍ਰਵਾਨ ਨਹੀਂ ਕਰਾਂਗਾ।
ਜਦੋਂ ਉਹ ਕਰੋਧਵਾਨ ਸਨ ਉਨ੍ਹਾਂ ਨੇ ਬੰਦੇ ਮਾਰ ਦਿੱਤੇ ਅਤੇ ਦਿਲ ਪ੍ਰਚਾਵੇ ਲਈ ਉਨ੍ਹਾਂ ਨੇ ਜਾਨਵਰਾਂ ਨੂੰ ਸਤਾਇਆ ਸੀ।
7 ਉਨ੍ਹਾਂ ਦਾ ਗੁੱਸਾ ਸਰਾਪ ਹੈ ਇਹ ਬਹੁਤ ਸਖ਼ਤ ਹੈ,
ਉਹ ਬਹੁਤ ਜ਼ਾਲਮ ਹੁੰਦੇ ਹਨ ਜਦੋਂ ਉਨ੍ਹਾਂ ਨੂੰ ਰੋਹ ਚੜ੍ਹਦਾ ਹੈ।
ਉਨ੍ਹਾਂ ਨੂੰ ਯਾਕੂਬ ਦੀ ਧਰਤੀ ਅੰਦਰ ਆਪਣੀ ਧਰਤੀ ਨਹੀਂ ਮਿਲੇਗੀ।
ਉਹ ਸਾਰੇ ਇਸਰਾਏਲ ਅੰਦਰ ਫ਼ੈਲ ਜਾਣਗੇ।
ਯਹੂਦਾਹ
8 “ਯਹੂਦਾਹ, ਤੇਰੇ ਭਰਾ ਤੇਰੀ ਉਸਤਤਿ ਕਰਨਗੇ।
ਤੂੰ ਆਪਣੇ ਦੁਸ਼ਮਣਾ ਨੂੰ ਹਰਾ ਦੇਵੇਗਾ।
ਤੇਰੇ ਭਰਾ ਤੇਰੇ ਅੱਗੇ ਝੁਕਣਗੇ।
9 ਯਹੂਦਾਹ ਤੂੰ ਬੱਬਰ ਸ਼ੇਰ ਵਰਗਾ ਹੈ।
ਮੇਰੇ ਪੁੱਤਰ, ਤੂੰ ਆਪਣੇ ਸ਼ਿਕਾਰ ਉੱਤੇ ਖਲੋਤਾ ਹੋਇਆ ਬੱਬਰ ਸ਼ੇਰ ਵਰਗਾ ਹੈ।
ਯਹੂਦਾਹ ਬੱਬਰ ਸ਼ੇਰ ਵਰਗਾ ਹੈ।
ਉਹ ਅਰਾਮ ਕਰਨ ਲਈ ਲੇਟਿਆ ਹੋਇਆ ਹੈ, ਅਤੇ ਕੋਈ ਇੰਨਾ ਬਹਾਦੁਰ ਨਹੀਂ ਕਿ ਜਿਹੜਾ ਉਸ ਨੂੰ ਤੰਗ ਕਰੇ।
10 ਯਹੂਦਾਹ ਦੇ ਪਰਿਵਾਰ ਵਿੱਚੋਂ ਆਦਮੀ ਰਾਜੇ ਹੋਣਗੇ।
ਅਸਲੀ ਰਾਜੇ ਦੇ ਆਉਣ ਤੀਕ ਸ਼ਾਹੀ ਰਾਜ-ਦੰਡ,
ਉਸ ਦੇ ਪਰਿਵਾਰ ਨੂੰ ਨਹੀਂ ਛੱਡੇਗਾ।
ਫ਼ੇਰ ਕੌਮਾਂ ਉਸਦਾ ਪਾਲਣ ਕਰਨਗੀਆਂ।
11 ਉਹ ਆਪਣੇ ਖੋਤੇ ਨੂੰ ਅੰਗੂਰਾਂ ਦੀ ਵੇਲ ਨਾਲ ਬੰਨ੍ਹੇਗਾ।
ਉਹ ਆਪਣੇ ਜਵਾਨ ਖੋਤੇ ਨੂੰ ਸਭਾ ਤੋਂ ਚੰਗੀ ਅੰਗੂਰੀ ਵੇਲ ਨਾਲ ਬੰਨ੍ਹੇਗਾ।
ਉਹ ਸਭ ਤੋਂ ਚੰਗੀ ਮੈਅ ਨੂੰ ਆਪਣੇ ਕੱਪੜੇ ਧੋਣ ਲਈ ਵਰਤੇਗਾ।
12 ਮੈਅ ਪੀਣ ਕਾਰਣ ਉਸ ਦੀਆਂ ਅੱਖਾਂ ਲਾਲ ਹਨ।
ਦੁੱਧ ਪੀਣ ਕਾਰਣ ਉਸ ਦੇ ਦੰਦ ਚਿੱਟੇ ਹਨ।
ਜ਼ਬੂਲੁਨ
13 “ਜ਼ਬੂਲੁਨ ਸਾਗਰ ਕੰਢੇ ਰਹੇਗਾ।
ਉਸਦਾ ਸਮੁੰਦਰੀ ਤੱਟ ਜਹਾਜ਼ਾਂ ਲਈ ਸੁਰੱਖਿਅਤ ਸਥਾਨ ਹੋਵੇਗਾ।
ਉਸਦੀ ਧਰਤੀ ਦੂਰ ਸੀਦੋਨ ਸ਼ਹਿਰ ਤੀਕ ਫ਼ੈਲੀ ਹੋਵੇਗੀ।
ਯਿੱਸਾਕਾਰ
14 “ਯਿੱਸਾਕਾਰ ਉਸ ਖੋਤੇ ਵਰਗਾ ਹੈ ਜਿਸਨੇ ਸਖ਼ਤ ਮਿਹਨਤ ਕੀਤੀ ਹੈ।
ਉਹ ਭਾਰਾ ਬੋਝ ਚੁੱਕਣ ਤੋਂ ਬਾਦ ਲੇਟ ਜਾਵੇਗਾ।
15 ਉਹ ਦੇਖੇਗਾ ਕਿ ਉਸਦੀ ਆਰਾਮਗਾਹ ਚੰਗੀ ਹੈ।
ਉਹ ਆਪਣੀ ਧਰਤੀ ਨੂੰ ਸੁਹਾਵਣੀ ਦੇਖੇਗਾ।
ਫ਼ੇਰ ਉਹ ਭਾਰੇ ਬੋਝ ਚੁੱਕਣ ਲਈ ਮੰਨ ਜਾਵੇਗਾ।
ਉਹ ਗੁਲਾਮ ਵਾਂਗ ਕੰਮ ਕਰਨ ਲਈ ਮੰਨ ਜਾਵੇਗਾ।
ਦਾਨ
16 “ਦਾਨ, ਇਸਰਾਏਲ ਦੇ ਹੋਰ ਪਰਿਵਾਰਾਂ ਵਾਂਗ
ਆਪਣੇ ਹੀ ਲੋਕਾਂ ਦਾ ਨਿਆਂ ਕਰੇਗਾ।
17 ਦਾਨ ਸੜਕ ਦੇ ਕੰਢੇ
ਸੱਪ ਵਰਗਾ ਹੋਵੇਗਾ।
ਉਹ ਖਤਰਨਾਕ ਸੱਪ ਵਰਗਾ ਹੋਵੇਗਾ ਜੋ
ਰਸਤੇ ਵਿੱਚ ਪਿਆ ਹੁੰਦਾ ਹੈ।
ਉਹ ਸੱਪ ਘੋੜੇ ਦਾ ਪੈਰ ਡੱਸ ਲੈਂਦਾ ਹੈ,
ਅਤੇ ਸਵਾਰ ਜ਼ਮੀਨ ਉੱਤੇ ਡਿੱਗ ਪੈਂਦਾ ਹੈ।
18 “ਯਹੋਵਾਹ, ਮੈਂ ਤੇਰੀ ਮੁਕਤੀ ਲਈ ਉਡੀਕ ਰਿਹਾ ਹਾਂ।
ਗਾਦ
19 “ਲੁਟੇਰਿਆਂ ਦਾ ਇੱਕ ਟੋਲਾ, ਗਾਦ ਉੱਤੇ ਹਮਲਾ ਕਰੇਗਾ।
ਪਰ ਉਹ ਉਨ੍ਹਾਂ ਉੱਤੇ ਬਾਦ ਵਿੱਚ ਛਾਪਾ ਮਾਰੇਗਾ।
ਆਸੇਰ
20 “ਆਸੇਰ ਦੀ ਧਰਤੀ ਬਹੁਤ ਸਾਰਾ ਚੰਗਾ ਅਨਾਜ ਉਗਾਵੇਗੀ,
ਉਸ ਕੋਲ ਉਹ ਭੋਜਨ ਹੋਵੇਗਾ ਜੋ ਰਾਜੇ ਦੇ ਲਾਈਕ ਹੋਵੇਗਾ।
ਨਫ਼ਤਾਲੀ
21 “ਨਫ਼ਤਾਲੀ ਅਜ਼ਾਦ ਭੱਜਦੇ ਹਿਰਨ ਵਰਗਾ ਹੈ,
ਜੋ ਖੂਬਸੂਰਤ ਹਿਰਨੋਟਿਆਂ ਨੂੰ ਪੈਦਾ ਕਰਦਾ ਹੈ।
ਯੂਸੁਫ਼
22 “ਯੂਸੁਫ਼ ਬਹੁਤ ਸਫ਼ਲ ਹੈ। ਯੂਸੁਫ਼ ਫ਼ਲ ਨਾਲ ਲੱਦੀ ਅੰਗੂਰੀ ਵੇਲ,
ਚਸ਼ਮੇ ਲਾਗੇ ਉੱਗ ਰਹੀ ਵੇਲ ਵਾਂਗ,
ਅਤੇ ਕੰਧ ਉੱਤੇ ਉੱਗ ਰਹੀ ਵੇਲ ਵਾਂਗ ਹੈ।
23 ਬਹੁਤ ਸਾਰੇ ਲੋਕੀਂ ਉਸ ਦੇ
ਖਿਲਾਫ਼ ਬਹੁਤ ਜ਼ਿਆਦਾ ਲੜੇ।
ਤੀਰਾਂ ਵਾਲੇ ਲੋਕ ਉਸੇ ਵੈਰੀ ਹੋ ਗਏ।
24 ਪਰ ਉਹ ਆਪਣੀ ਤਾਕਤਵਰ ਕਮਾਨ ਨਾਲ ਅਤੇ ਹੁਨਰ ਭਰੇ ਹਥਿਆਰਾਂ ਨਾਲ ਜੰਗ ਜਿੱਤ ਗਿਆ।
ਉਹ ਸ਼ਕਤੀਸ਼ਾਲੀ ਯਾਕੂਬ ਪਾਸੋਂ, ਅਯਾਲੀ ਪਾਸੋਂ, ਇਸਰਾਏਲ ਦੀ ਚੱਟਾਨ ਪਾਸੋਂ,
25 ਤੁਹਾਡੇ ਪਿਤਾ ਦੇ ਪਰਮੇਸ਼ੁਰ ਪਾਸੋਂ, ਤਾਕਤ ਹਾਸਿਲ ਕਰਦਾ ਹੈ। ਪਰਮੇਸ਼ੁਰ ਤੁਹਾਨੂੰ ਅਸੀਸ ਦਿੰਦਾ ਹੈ।
“ਸਰਬ-ਸ਼ਕਤੀਮਾਨ ਪਰਮੇਸ਼ੁਰ ਤੈਨੂੰ ਅਸੀਸ ਦੇਵੇ ਅਤੇ ਉੱਪਰੋਂ ਆਕਾਸ਼ ਤੋਂ ਅਸੀਸਾਂ ਦੇਵੇ,
ਅਤੇ ਹੇਠਾਂ ਡੂੰਘ ਵਿੱਚੋਂ ਅਸੀਸਾਂ ਦੇਵੇ।
ਉਹ ਤੈਨੂੰ ਛਾਤੀ ਅਤੇ ਕੁੱਖ ਤੋਂ ਅਸੀਸਾਂ ਦੇਵੇ।
26 ਮੇਰੇ ਮਾਪਿਆਂ ਨਾਲ ਬਹੁਤ ਹੀ ਚੰਗੀਆਂ ਗੱਲਾਂ ਵਾਪਰੀਆਂ ਸਨ।
ਅਤੇ ਮੈਂ, ਤੁਹਾਡਾ ਪਿਤਾ, ਹੋਰ ਵੀ ਸੁਭਾਗਾ ਸਾਂ।
ਤੇਰਿਆਂ ਭਰਾਵਾ ਨੇ ਤੇਰੇ ਲਈ ਕੁਝ ਵੀ ਨਹੀਂ ਛੱਡਿਆ।
ਪਰ ਹੁਣ ਮੈਂ ਤੇਰੇ ਉੱਤੇ ਆਪਣੀਆਂ ਅਸੀਸਾਂ ਇਕੱਠੀਆਂ ਕਰਦਾ ਹਾਂ ਜੋ ਪਹਾੜ ਵਾਂਗ ਉੱਚੀਆਂ ਹਨ।
ਬਿਨਯਾਮੀਨ
27 “ਬਿਨਯਾਮੀਨ ਭੁੱਖੇ ਬਘਿਆੜ ਵਾਂਗ ਹੈ।
ਉਹ ਸਵੇਰੇ-ਸਵੇਰੇ ਮਾਰਦਾ ਅਤੇ ਖਾਂਦਾ ਹੈ।
ਉਹ ਸ਼ਾਮ ਨੂੰ ਬੱਚਿਆਂ ਹੋਇਆ ਸਾਂਝਾ ਕਰਦਾ ਹੈ।”
28 ਇਹ ਇਸਰਾਏਲ ਦੇ 12 ਪਰਿਵਾਰ ਹਨ। ਅਤੇ ਇਹ ਗੱਲਾਂ ਹਨ ਜਿਹੜੀਆਂ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਆਖੀਆਂ। ਉਸ ਨੇ ਹਰੇਕ ਪੁੱਤਰ ਨੂੰ ਉਹੀ ਅਸੀਸ ਦਿੱਤੀ ਜੋ ਉਸ ਲਈ ਢੁਕਵੀਂ ਸੀ। 29 ਫ਼ੇਰ ਇਸਰਾਏਲ ਨੇ ਉਨ੍ਹਾਂ ਨੂੰ ਇੱਕ ਆਦੇਸ਼ ਦਿੱਤਾ। ਉਸ ਨੇ ਆਖਿਆ, “ਜਦੋਂ ਮੈਂ ਮਰ ਜਾਵਾਂ ਮੈਂ ਆਪਣੇ ਲੋਕਾਂ ਨਾਲ ਹੋਣਾ ਚਾਹੁੰਦਾ ਹਾਂ। ਮੈਂ ਚਾਹੁੰਦਾ ਹਾਂ ਕਿ ਮੈਨੂੰ ਆਪਣੇ ਪੁਰਖਿਆਂ ਨਾਲ ਹਿੱਤੀ ਅਫ਼ਰੋਨ ਦੇ ਖੇਤ ਦੀ ਗੁਫ਼ਾ ਵਿੱਚ ਦਫ਼ਨਾਇਆ ਜਾਵੇ। 30 ਉਹ ਗੁਫ਼ਾ ਮਮਰੇ ਦੇ ਨੇੜੇ ਮਕਫ਼ੇਲਾਹ ਦੇ ਖੇਤ ਵਿੱਚ ਹੈ। ਇਹ ਕਨਾਨ ਦੀ ਧਰਤੀ ਵਿੱਚ ਹੈ। ਅਬਰਾਹਾਮ ਨੇ ਉਹ ਖੇਤ ਅਫ਼ਰੋਨ ਤੋਂ ਇਸ ਵਾਸਤੇ ਖਰੀਦਿਆ ਸੀ ਤਾਂ ਜੋ ਉਸ ਕੋਲ ਇੱਕ ਕਬਰਸਤਾਨ ਹੋ ਜਾਵੇ। 31 ਅਬਰਾਹਾਮ ਅਤੇ ਉਸਦੀ ਪਤਨੀ ਸਾਰਾਹ ਉਸੇ ਗੁਫ਼ਾ ਵਿੱਚ ਦਫ਼ਨ ਹਨ। ਇਸਹਾਕ ਅਤੇ ਉਸਦੀ ਪਤਨੀ ਰਿਬਕਾਹ ਉਸੇ ਗੁਫ਼ਾ ਵਿੱਚ ਦਫ਼ਨ ਹਨ। ਮੈਂ ਆਪਣੀ ਪਤਨੀ ਲੇਆਹ ਨੂੰ ਉਸੇ ਕਬਰ ਵਿੱਚ ਦਫ਼ਨਾਇਆ ਸੀ। 32 ਇਹ ਗੁਫ਼ਾ ਉਸ ਖੇਤ ਵਿੱਚ ਹੈ ਜਿਹੜਾ ਹਿੱਤੀ ਲੋਕਾਂ ਪਾਸੋਂ ਖਰੀਦਿਆ ਗਿਆ ਸੀ।” 33 ਜਦੋਂ ਯਾਕੂਬ ਆਪਣੇ ਪੁੱਤਰਾਂ ਨਾਲ ਗੱਲਾਂ ਕਰ ਹਟਿਆ, ਉਹ ਲੇਟ ਗਿਆ, ਆਪਣੇ ਪੈਰ ਬਿਸਤਰ ਉੱਤੇ ਟਿਕਾ ਦਿੱਤੇ ਅਤੇ ਮਰ ਗਿਆ।
ਯਾਕੂਬ ਦਾ ਸਸੱਕਾਰ
50 ਜਦੋਂ ਇਸਰਾਏਲ ਦਾ ਦੇਹਾਂਤ ਹੋਇਆ ਤਾਂ ਯੂਸੁਫ਼ ਬਹੁਤ ਉਦਾਸ ਹੋ ਗਿਆ। ਉਹ ਆਪਣੇ ਪਿਤਾ ਨਾਲ ਚਿਂਬੜ ਗਿਆ ਅਤੇ ਉਸ ਨਾਲ ਲੱਗ ਕੇ ਰੋ ਪਿਆ ਅਤੇ ਉਸ ਨੂੰ ਚੁੰਮਣ ਲੱਗਾ। 2 ਯੂਸੁਫ਼ ਨੇ ਹਕੀਮਾਂ ਨੂੰ ਆਪਣੇ ਪਿਤਾ ਦੀ ਲਾਸ਼ ਉੱਤੇ ਦਵਾਈਆਂ ਲਾਕੇ ਸੁਰੱਖਿਅਤ ਰੱਖਣ ਦਾ ਆਦੇਸ਼ ਦਿੱਤਾ। ਇਸ ਲਈ ਉਨ੍ਹਾਂ ਨੇ ਇਸਰਾਏਲ ਦੇ ਸ਼ਰੀਰ ਨੂੰ ਸੁਰੱਖਿਅਤ ਰੱਖਣ ਲਈ ਮਿਸਰੀਆਂ ਵਾਂਗ ਖਾਸ ਤਰੀਕੇ ਨਾਲ 40 ਦਿਨਾਂ ਲਈ ਉਸ ਤੇ ਦਵਾਈਆਂ ਲਾਈਆਂ। 3 ਜਦੋਂ ਮਿਸਰੀਆਂ ਨੇ ਇਹੋ ਜਿਹੇ ਖਾਸ ਢੰਗ ਨਾਲ ਲਾਸ਼ ਨੂੰ ਤਿਆਰ ਕੀਤਾ ਤਾਂ ਉਨ੍ਹਾਂ ਨੇ ਇਸ ਨੂੰ ਦਫ਼ਨ ਕਰਨ ਤੋਂ ਪਹਿਲਾਂ 40 ਦਿਨ ਇੰਤਜ਼ਾਰ ਕੀਤਾ। ਫ਼ੇਰ ਮਿਸਰੀਆਂ ਨੇ ਯਾਕੂਬ ਦਾ ਖਾਸ ਸਮੇਂ ਤੱਕ ਸੋਗ ਮਨਾਇਆ। ਇਹ ਸਮਾਂ 70 ਦਿਨ ਦਾ ਸੀ।
4 ਸੱਤਰ ਦਿਨਾਂ ਮਗਰੋਂ, ਸੋਗ ਦਾ ਸਮਾਂ ਖਤਮ ਹੋ ਗਿਆ। ਇਸ ਲਈ ਯੂਸੁਫ਼ ਨੇ ਫ਼ਿਰਊਨ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਯੂਸੁਫ਼ ਨੇ ਆਖਿਆ, “ਕਿਰਪਾ ਕਰਕੇ ਫ਼ਿਰਊਨ ਨੂੰ ਇਹ ਦੱਸੋ: 5 ‘ਜਦੋਂ ਮੇਰਾ ਪਿਤਾ ਮਰਨ ਕਿਨਾਰੇ ਸੀ, ਮੈਂ ਉਸ ਨਾਲ ਇੱਕ ਇਕਰਾਰ ਕੀਤਾ ਸੀ। ਕਿ ਮੈਂ ਉਸ ਨੂੰ ਕਨਾਨ ਦੇਸ਼ ਦੀ ਇੱਕ ਗੁਫ਼ਾ ਵਿੱਚ ਦਫ਼ਨ ਕਰਾਂਗਾ। ਇਹ ਉਹੀ ਗੁਫ਼ਾ ਹੈ ਜਿਹੜੀ ਉਸ ਨੇ ਆਪਣੇ ਵਾਸਤੇ ਤਿਆਰ ਕੀਤੀ ਸੀ। ਇਸ ਲਈ ਕਿਰਪਾ ਕਰਕੇ ਮੈਨੂੰ ਜਾਣ ਦਿਉ ਅਤੇ ਆਪਣੇ ਪਿਤਾ ਨੂੰ ਦਫ਼ਨਾਉਣ ਦਿਉ। ਫ਼ੇਰ ਮੈਂ ਤੁਹਾਡੇ ਕੋਲ ਇੱਥੇ ਵਾਪਸ ਆ ਜਾਵਾਂਗਾ।’”
6 ਫ਼ਿਰਊਨ ਨੇ ਆਖਿਆ, “ਆਪਣਾ ਇਕਰਾਰ ਨਿਭਾ। ਜਾਹ ਅਤੇ ਜਾਕੇ ਆਪਣੇ ਪਿਤਾ ਨੂੰ ਦਫ਼ਨਾ।”
7 ਇਸ ਲਈ ਯੂਸੁਫ਼ ਆਪਣੇ ਪਿਤਾ ਨੂੰ ਦਫ਼ਨ ਕਰਨ ਲਈ ਚੱਲਾ ਗਿਆ। ਫ਼ਿਰਊਨ ਦੇ ਸਾਰੇ ਅਧਿਕਾਰੀ, ਫ਼ਿਰਊਨ ਦੇ ਬਜ਼ੁਰਗ (ਆਗੂ) ਅਤੇ ਮਿਸਰ ਦੇ ਸਾਰੇ ਬਜ਼ੁਰਗ ਯੂਸੁਫ਼ ਦੇ ਨਾਲ ਗਏ। 8 ਯੂਸੁਫ਼ ਦੇ ਪਰਿਵਾਰ ਦੇ ਸਾਰੇ ਲੋਕ, ਉਸ ਦੇ ਭਰਾ ਅਤੇ ਉਸ ਦੇ ਪਿਤਾ ਦੇ ਪਰਿਵਾਰ ਦੇ ਸਾਰੇ ਲੋਕ ਉਸ ਦੇ ਨਾਲ ਗਏ। ਸਿਰਫ਼ ਬੱਚੇ ਅਤੇ ਜਾਨਵਰ ਹੀ ਗੋਸ਼ਨ ਦੀ ਧਰਤੀ ਉੱਤੇ ਰਹੇ। 9 ਇਹ ਲੋਕਾਂ ਦਾ ਬਹੁਤ ਵੱਡਾ ਟੋਲਾ ਸੀ। ਇਨ੍ਹਾਂ ਨਾਲ ਸਿਪਾਹੀਆਂ ਦਾ ਵੀ ਇੱਕ ਟੋਲਾ ਸੀ ਜਿਹੜਾ ਰੱਥਾਂ ਅਤੇ ਘੋੜਿਆਂ ਉੱਤੇ ਸਵਾਰ ਸੀ।
10 ਉਹ ਯਰਦਨ ਨਦੀ ਦੇ ਪੂਰਬ ਵੱਲ ਗੋਰੇਨ-ਹਾ-ਆਤਾਦ [b] ਵੱਲ ਗਏ। ਇਸ ਸਥਾਨ ਉੱਤੇ, ਉਨ੍ਹਾਂ ਨੇ ਇਸਰਾਏਲ ਦੇ ਸਸੱਕਾਰ ਲਈ ਲੰਮੀਆਂ ਰੀਤਾਂ ਕੀਤੀਆਂ। ਇਹ ਸਸੱਕਾਰ ਦੀਆਂ ਰੀਤਾਂ ਸੱਤਾਂ ਦਿਨਾਂ ਤੱਕ ਜਾਰੀ ਰਹੀਆਂ। 11 ਕਨਾਨ ਵਿੱਚ ਰਹਿਣ ਵਾਲੇ ਲੋਕਾਂ ਨੇ ਗੋਰੇਨ-ਹਾ-ਆਤਾਦ ਵਿੱਚ ਹੋ ਰਹੀਆਂ ਇਨ੍ਹਾਂ ਸਸੱਕਾਰ ਦੀਆਂ ਰੀਤਾਂ ਨੂੰ ਦੇਖਿਆ। ਉਨ੍ਹਾਂ ਨੇ ਸੋਚਿਆ, “ਇਹ ਮਿਸਰੀਆਂ ਲਈ ਸੋਗ ਦਾ ਕੋਈ ਵੱਡਾ ਅਵਸਰ ਹੈ।” ਇਸ ਲਈ ਉਨ੍ਹਾਂ ਨੇ ਉਸ ਜਗ਼੍ਹਾ ਨੂੰ ਆਬੇਲ-ਮਿੱਸਰਾਈਮ ਬੁਲਾਇਆ, ਜੋ ਕਿ ਯਰਦਨ ਨਦੀ ਦੇ ਪਾਰ ਹੈ।
12 ਇਸ ਲਈ ਯਾਕੂਬ ਦੇ ਪੁੱਤਰਾਂ ਨੇ ਉਵੇਂ ਹੀ ਕੀਤਾ ਜਿਵੇਂ ਉਨ੍ਹਾਂ ਦੇ ਪਿਤਾ ਨੇ ਆਖਿਆ ਸੀ। 13 ਉਨ੍ਹਾਂ ਨੇ ਉਸ ਦੇ ਸ਼ਰੀਰ ਨੂੰ ਚੁੱਕ ਕੇ ਕਨਾਨ ਲਿਆਂਦਾ ਅਤੇ ਮਾਕਫ਼ੇਲਾਹ ਵਿਖੇ ਗੁਫ਼ਾ ਵਿੱਚ ਦਫ਼ਨਾਇਆ। ਇਹ ਉਹੀ ਗੁਫ਼ਾ ਸੀ ਜਿਹੜੀ ਮਮਰੇ ਨੇੜੇ ਦੇ ਉਸ ਖੇਤ ਵਿੱਚ ਸੀ ਜਿਸ ਨੂੰ ਅਬਰਾਹਾਮ ਨੇ ਹਿੱਤੀ ਅਫ਼ਰੋਨ ਤੋਂ ਖਰੀਦਿਆ ਸੀ। ਅਬਰਾਹਾਮ ਨੇ ਉਸ ਗੁਫ਼ਾ ਨੂੰ ਕਬਰਸਤਾਨ ਵਜੋਂ ਖਰੀਦਿਆ ਸੀ। 14 ਜਦੋਂ ਯੂਸੁਫ਼ ਨੇ ਆਪਣੇ ਪਿਤਾ ਨੂੰ ਦਫ਼ਨਾ ਦਿੱਤਾ ਤਾਂ ਉਹ ਅਤੇ ਉਸ ਦੇ ਟੋਲੇ ਦਾ ਹਰ ਕੋਈ ਉਸ ਦੇ ਨਾਲ ਵਾਪਸ ਮਿਸਰ ਨੂੰ ਚੱਲਾ ਗਿਆ।
ਭਰਾ ਹਾਲੇ ਵੀ ਯੂਸੁਫ਼ ਤੋਂ ਭੈਭੀਤ ਹਨ
15 ਜਦੋਂ ਯਾਕੂਬ ਮਰਿਆ, ਯੂਸੁਫ਼ ਦੇ ਭਰਾ ਫ਼ਿਕਰਮੰਦ ਹੋ ਗਏ। ਉਹ ਇਸ ਗੱਲੋਂ ਭੈਭੀਤ ਸਨ ਕਿ ਯੂਸੁਫ਼ ਹਾਲੇ ਵੀ ਉਨ੍ਹਾਂ ਨਾਲ, ਵਰ੍ਹਿਆਂ ਬਾਦ ਉਨ੍ਹਾਂ ਵੱਲੋਂ ਉਸ ਨਾਲ ਕੀਤੇ ਵਿਹਾਰ ਕਾਰਣ ਨਾਰਾਜ਼ ਹੋਵੇਗਾ। ਉਨ੍ਹਾਂ ਨੇ ਆਖਿਆ, “ਸ਼ਾਇਦ ਯੂਸੁਫ਼ ਹਾਲੇ ਵੀ ਸਾਨੂੰ ਉਸ ਕਾਰਣ ਨਫ਼ਰਤ ਕਰਦਾ ਹੈ ਜੋ ਅਸੀਂ ਕੀਤਾ ਸੀ।” 16 ਇਸ ਲਈ ਭਰਾਵਾਂ ਨੇ ਯੂਸੁਫ਼ ਨੂੰ ਇਹ ਸੰਦੇਸ਼ ਭੇਜਿਆ: “ਤੁਹਾਡੇ ਪਿਤਾ ਨੇ ਮਰਨ ਤੋਂ ਪਹਿਲਾਂ, ਸਾਨੂੰ ਤੈਨੂੰ ਇਹ ਸੰਦੇਸ਼ ਦੇਣ ਲਈ ਆਖਿਆ ਸੀ। 17 ਉਸ ਨੇ ਆਖਿਆ ਸੀ, ‘ਯੂਸੁਫ਼ ਨੂੰ ਆਖਣਾ ਕਿ ਮੈਂ ਉਸ ਨੂੰ ਬੇਨਤੀ ਕਰਦਾ ਹਾਂ ਕਿ ਕਿਰਪਾ ਕਰਕੇ ਆਪਣੇ ਭਰਾਵਾਂ ਨੂੰ ਉਨ੍ਹਾਂ ਦੇ ਭੈੜੇ ਕਾਰਿਆਂ ਲਈ ਮਾਫ਼ ਕਰ ਦੇਵੇ।’ ਇਸ ਲਈ ਹੁਣ ਯੂਸੁਫ਼, ਅਸੀਂ ਤੈਨੂੰ ਬੇਨਤੀ ਕਰਦੇ ਹਾਂ ਕਿਰਪਾ ਕਰਕੇ ਸਾਨੂੰ ਸਾਡੇ ਉਹਾਂ ਭੈੜੇ ਕੰਮਾਂ ਲਈ ਮਾਫ਼ ਕਰਦੇ ਜਿਹੜੇ ਅਸੀਂ ਤੇਰੇ ਨਾਲ ਕੀਤੇ ਸਨ। ਅਸੀਂ ਪਰਮੇਸ਼ੁਰ ਦੇ, ਤੇਰੇ ਪਿਤਾ ਦੇ ਪਰਮੇਸ਼ੁਰ ਦੇ ਸੇਵਕ ਹਾਂ।”
ਇਸ ਸੰਦੇਸ਼ ਨੇ ਯੂਸੁਫ਼ ਨੂੰ ਬਹੁਤ ਉਦਾਸ ਕਰ ਦਿੱਤਾ ਅਤੇ ਉਹ ਰੋ ਪਿਆ। 18 ਉਸ ਦੇ ਭਰਾ ਉਸ ਦੇ ਕੋਲ ਗਏ ਅਤੇ ਉਸ ਦੇ ਸਾਹਮਣੇ ਝੁਕ ਕੇ ਸਲਾਮ ਕੀਤਾ। ਉਨ੍ਹਾਂ ਨੇ ਆਖਿਆ, “ਅਸੀਂ ਤੁਹਾਡੇ ਨੌਕਰ ਹੋਵਾਂਗੇ।”
19 ਫ਼ੇਰ ਯੂਸੁਫ਼ ਨੇ ਉਨ੍ਹਾਂ ਨੂੰ ਆਖਿਆ, “ਭੈਭੀਤ ਨਾ ਹੋਵੋ। ਪਰਮੇਸ਼ੁਰ ਦਾ ਕਾਰਨ ਕਰਨਾ ਮੇਰੇ ਤਾਈਂ ਸੰਭਵ ਨਹੀਂ, ਕੀ ਹੈ? 20 ਇਹ ਸੱਚ ਹੈ ਕਿ ਤੁਸੀਂ ਮੇਰੇ ਨਾਲ ਕੁਝ ਬੁਰਾ ਕਰਨ ਦੀ ਵਿਉਂਤ ਬਣਾਈ ਸੀ। ਪਰ ਅਸਲ ਵਿੱਚ ਪਰਮੇਸ਼ੁਰ ਚੰਗੀਆਂ ਗੱਲਾਂ ਦੀ ਵਿਉਂਤ ਬਣਾ ਰਿਹਾ ਸੀ। ਪਰਮੇਸ਼ੁਰ ਦੀ ਵਿਉਂਤ ਮੇਰੀ ਵਰਤੋਂ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਕਰਨ ਦੀ ਸੀ। ਅਤੇ ਇਹੀ ਹੈ ਜੋ ਵਾਪਰਿਆ ਹੈ! 21 ਇਸ ਲਈ ਭੈਭੀਤ ਨਾ ਹੋਵੋ। ਮੈਂ ਤੁਹਾਨੂੰ ਅਤੇ ਤੁਹਾਡੇ ਬੱਚਿਆਂ ਨੂੰ ਸਹਾਰਾ ਦਿਆਂਗਾ।” ਜੋ ਯੂਸੁਫ਼ ਨੇ ਆਖਿਆ, ਉਸ ਨੇ ਉਸ ਦੇ ਭਰਾਵਾਂ ਨੂੰ ਸੁੱਖ ਦਿੱਤਾ।
22 ਯੂਸੁਫ਼ ਨੇ ਮਿਸਰ ਵਿੱਚ ਆਪਣੇ ਪਿਤਾ ਦੇ ਪਰਿਵਾਰ ਨਾਲ ਰਹਿਣਾ ਜਾਰੀ ਰੱਖਿਆ। ਯੂਸੁਫ਼ ਜਦੋਂ 110 ਵਰ੍ਹਿਆਂ ਦਾ ਸੀ ਤਾਂ ਉਸਦਾ ਦੇਹਾਂਤ ਹੋ ਗਿਆ। 23 ਯੂਸੁਫ਼ ਦੇ ਜੀਵਨ ਕਾਲ ਵਿੱਚ ਇਫ਼ਰਾਈਮ ਦੇ ਪੁੱਤਰ ਅਤੇ ਪੋਤਰੇ ਹੋਏ। ਅਤੇ ਉਸ ਦੇ ਪੁੱਤਰ ਮਨੱਸ਼ਹ ਦਾ ਇੱਕ ਪੁੱਤਰ ਸੀ, ਮਾਕੀਰ। ਯੂਸੁਫ਼ ਮਾਕੀਰ ਦੇ ਬੱਚਿਆਂ ਨੂੰ ਦੇਖਣ ਤੱਕ ਜੀਵਿਆ।
ਯੂਸੁਫ਼ ਦੀ ਮੌਤ
24 ਜਦੋਂ ਯੂਸੁਫ਼ ਮਰਨ ਕੰਢੇ ਸੀ, ਉਸ ਨੇ ਆਪਣੇ ਭਰਾਵਾਂ ਨੂੰ ਆਖਿਆ, “ਮੇਰੇ ਮਰਨ ਦਾ ਸਮਾਂ ਆ ਪਹੁੰਚਿਆ ਹੈ। ਪਰ ਮੈਂ ਜਾਣਦਾ ਹਾਂ ਕਿ ਪਰਮੇਸ਼ੁਰ ਤੁਹਾਡਾ ਧਿਆਨ ਰੱਖੇਗਾ ਅਤੇ ਤੁਹਾਨੂੰ ਇਸ ਦੇਸ਼ ਵਿੱਚੋਂ ਬਾਹਰ ਲੈ ਜਾਵੇਗਾ। ਪਰ ਪਰਮੇਸ਼ੁਰ ਤੁਹਾਡੀ ਉਸ ਧਰਤੀ ਉੱਤੇ ਅਗਵਾਈ ਕਰੇਗਾ ਜਿਸ ਨੂੰ ਉਸ ਨੇ, ਅਬਰਾਹਾਮ ਇਸਹਾਕ ਅਤੇ ਯਾਕੂਬ ਨੂੰ ਦੇਣ ਦਾ ਇਕਰਾਰ ਕੀਤਾ ਸੀ।”
25 ਫ਼ੇਰ ਯੂਸੁਫ਼ ਨੇ ਆਪਣੇ ਲੋਕਾਂ ਨੂੰ ਇੱਕ ਇਕਰਾਰ ਕਰਨ ਲਈ ਆਖਿਆ। ਯੂਸੁਫ਼ ਨੇ ਆਖਿਆ, “ਇਕਰਾਰ ਕਰੋ ਕਿ ਤੁਸੀਂ ਮੇਰੀਆਂ ਅਸਥੀਆਂ ਆਪਣੇ ਨਾਲ ਲੈ ਜਾਵੋਂਗੇ ਜਦੋਂ ਪਰਮੇਸ਼ੁਰ ਨਵੀਂ ਧਰਤੀ ਉੱਤੇ ਤੁਹਾਡੀ ਅਗਵਾਈ ਕਰੇਗਾ।”
26 ਯੂਸੁਫ਼ ਜਦੋਂ 110 ਵਰ੍ਹਿਆਂ ਦਾ ਸੀ, ਉਸਦਾ ਮਿਸਰ ਵਿੱਚ ਦੇਹਾਂਤ ਹੋ ਗਿਆ। ਹਕੀਮਾਂ ਨੇ ਉਸ ਦੇ ਸ਼ਰੀਰ ਨੂੰ ਦਫ਼ਨਾਏ ਜਾਣ, ਲਈ ਤਿਆਰ ਕੀਤਾ ਅਤੇ ਮਿਸਰ ਵਿੱਚ ਇੱਕ ਤਾਬੂਤ ਵਿੱਚ ਰੱਖ ਦਿੱਤਾ।
2010 by World Bible Translation Center