Bible in 90 Days
ਦੁਨੀਆਂ ਦੀ ਸ਼ੁਰੂਆਤ
1 ਪਰਮੇਸ਼ੁਰ ਨੇ ਅਕਾਸ਼ ਤੇ ਧਰਤੀ ਨੂੰ ਸਾਜਿਆ। 2 ਪਹਿਲਾਂ ਧਰਤੀ ਬਿਲਕੁਲ ਸੱਖਣੀ ਸੀ; ਧਰਤੀ ਉੱਤੇ ਕੁਝ ਵੀ ਨਹੀਂ ਸੀ। ਹਨੇਰੇ ਨੇ ਸਮੁੰਦਰ ਨੂੰ ਕੱਜਿਆ ਹੋਇਆ ਸੀ, ਅਤੇ ਪਰਮੇਸ਼ੁਰ ਦਾ ਆਤਮਾ ਪਾਣੀ ਉੱਤੇ ਚੱਲਦਾ ਸੀ।
ਪਹਿਲਾ ਦਿਨ-ਰੌਸ਼ਨੀ
3 ਫ਼ੇਰ ਪਰਮੇਸ਼ੁਰ ਨੇ ਆਖਿਆ, “ਰੌਸ਼ਨੀ ਹੋ ਜਾਵੇ!” ਅਤੇ ਰੌਸ਼ਨੀ ਚਮਕਣ ਲੱਗੀ। 4 ਪਰਮੇਸ਼ੁਰ ਨੇ ਰੋਸ਼ਨੀ ਨੂੰ ਵੇਖਿਆ, ਅਤੇ ਉਸ ਨੇ ਜਾਣਿਆ ਕਿ ਉਹ ਚੰਗੀ ਸੀ। ਫ਼ੇਰ ਪਰਮੇਸ਼ੁਰ ਨੇ ਰੋਸ਼ਨੀ ਨੂੰ ਹਨੇਰੇ ਤੋਂ ਵੱਖ ਕੀਤਾ। 5 ਪਰਮੇਸ਼ੁਰ ਨੇ ਰੋਸ਼ਨੀ ਨੂੰ “ਦਿਨ” ਦਾ ਨਾਮ ਦਿੱਤਾ, ਅਤੇ ਹਨੇਰੇ ਨੂੰ “ਰਾਤ” ਦਾ ਨਾਮ ਦਿੱਤਾ।
ਸ਼ਾਮ ਹੋਈ ਅਤੇ ਫ਼ੇਰ ਸਵੇਰ ਹੋਈ। ਇਹ ਪਹਿਲਾ ਦਿਨ ਸੀ।
ਦੂਸਰਾ ਦਿਨ-ਅਕਾਸ਼
6 ਫ਼ੇਰ ਪਰਮੇਸ਼ੁਰ ਨੇ ਆਖਿਆ, “ਪਾਣੀ ਨੂੰ ਦੋ ਹਿਸਿਆਂ ਵਿੱਚ ਵੰਡਣ ਲਈ ਵਾਯੂਮੰਡਲ ਹੋਵੇ!” 7 ਇਸ ਲਈ ਪਰਮੇਸ਼ੁਰ ਨੇ ਵਾਯੂਮੰਡਲ ਸਾਜਿਆ ਅਤੇ ਵਾਯੂਮੰਡਲ ਦੇ ਹੇਠਲੇ ਪਾਣੀ ਨੂੰ ਵਾਯੂਮੰਡਲ ਦੇ ਉੱਪਰ ਪਾਣੀ ਤੋਂ ਵੱਖ ਕੀਤਾ। ਇਹੀ ਕੁਝ ਵਾਪਰਿਆ। 8 ਪਰਮੇਸ਼ੁਰ ਨੇ ਹਵਾ ਨੂੰ “ਅਕਾਸ਼” ਦਾ ਨਾਮ ਦਿੱਤਾ। ਸ਼ਾਮ ਹੋਈ ਅਤੇ ਫ਼ੇਰ ਸਵੇਰ ਹੋਈ। ਇਹ ਦੂਸਰਾ ਦਿਨ ਸੀ।
ਤੀਸਰਾ ਦਿਨ-ਖੁਸ਼ਕ ਜ਼ਮੀਨ ਅਤੇ ਪੌਦੇ
9 ਫ਼ੇਰ ਪਰਮੇਸ਼ੁਰ ਨੇ ਆਖਿਆ, “ਅਕਾਸ਼ ਦੇ ਹੇਠਲਾ ਪਾਣੀ ਇੱਕ ਜਗ਼੍ਹਾ ਤੇ ਇਕੱਠਾ ਹੋ ਜਾਵੇ ਅਤੇ ਸੁੱਕੀ ਜ਼ਮੀਨ ਪ੍ਰਗਟ ਹੋਵੇ।” ਇਹੀ ਵਾਪਰਿਆ। 10 ਪਰਮੇਸ਼ੁਰ ਨੇ ਖੁਸ਼ਕ ਜ਼ਮੀਨ ਨੂੰ “ਧਰਤੀ” ਦਾ ਨਾਮ ਦਿੱਤਾ। ਅਤੇ ਪਰਮੇਸ਼ੁਰ ਨੇ ਇਕੱਠੇ ਹੋਏ ਪਾਣੀ ਨੂੰ “ਸਮੁੰਦਰ” ਦਾ ਨਾਮ ਦਿੱਤਾ। ਪਰਮੇਸ਼ੁਰ ਨੇ ਦੇਖਿਆ ਕਿ ਇਹ ਚੰਗਾ ਸੀ।
11 ਫ਼ੇਰ ਪਰਮੇਸ਼ੁਰ ਨੇ ਆਖਿਆ, “ਧਰਤੀ ਘਾਹ ਤੇ ਪੌਦੇ ਉਗਾਵੇ ਜਿਹੜੇ ਫ਼ਲਦਾਰ ਰੁੱਖ ਪੈਦਾ ਕਰਨ ਜਿਹੜੇ ਬੀਜਾਂ ਵਾਲੇ ਫ਼ਲ ਪੈਦਾ ਕਰਨ। ਉਹ ਧਰਤੀ ਉੱਤੇ ਉੱਗਣ ਅਤੇ ਆਪਣੀ ਕਿਸਮ ਅਨੁਸਾਰ ਬੀਜ ਪੈਦਾ ਕਰਨ। ਇਹੀ ਕੁਝ ਵਾਪਰਿਆ।” 12 ਧਰਤੀ ਨੇ ਅਨਾਜ ਪੈਦਾ ਕਰਨ ਵਾਲਾ ਘਾਹ ਅਤੇ ਪੌਦੇ ਉਗਾਏ ਅਤੇ ਇਸਨੇ ਰੁੱਖ ਉਗਾਏ ਜਿਨ੍ਹਾਂ ਤੇ ਬੀਜਾਂ ਵਾਲੇ ਫ਼ਲ ਸਨ। ਹਰ ਪੌਦੇ ਨੇ ਆਪਣੀ ਕਿਸਮ ਦੇ ਬੀਜ ਬਣਾਏ। ਅਤੇ ਪਰਮੇਸ਼ੁਰ ਨੇ ਦੇਖਿਆ ਕਿ ਇਹ ਚੰਗਾ ਸੀ।
13 ਸ਼ਾਮ ਹੋਈ ਅਤੇ ਫ਼ੇਰ ਸਵੇਰ ਹੋ ਗਈ। ਇਹ ਤੀਸਰਾ ਦਿਨ ਸੀ।
ਚੌਥਾ ਦਿਨ-ਸੂਰਜ ਚੰਨ ਅਤੇ ਤਾਰੇ
14 ਫ਼ੇਰ ਪਰਮੇਸ਼ੁਰ ਨੇ ਆਖਿਆ, “ਰਾਤਾਂ ਨੂੰ ਦਿਨਾਂ ਨਾਲੋਂ ਵੱਖ ਕਰਨ ਲਈ ਅਕਾਸ਼ ਵਿੱਚ ਰੌਸ਼ਨੀਆਂ ਹੋਣ। ਇਹ ਰੌਸ਼ਨੀਆਂ ਪਰਬਾਂ ਦੀਆਂ ਰਾਤਾਂ ਅਤੇ ਦਿਨਾਂ ਅਤੇ ਸਾਲਾਂ ਲਈ ਸੰਕੇਤ ਹੋਣ। 15 ਇਹ ਰੌਸ਼ਨੀਆਂ ਧਰਤੀ ਉੱਤੇ ਰੌਸ਼ਨੀ ਚਮਕਾਉਣ ਲਈ ਅਕਾਸ਼ ਵਿੱਚ ਹੋਣਗੀਆਂ।” ਅਤੇ ਇਹੀ ਵਾਪਰਿਆ।
16 ਇਸ ਲਈ ਪਰਮੇਸ਼ੁਰ ਨੇ ਦੋ ਵਿਸ਼ਾਲ ਰੌਸ਼ਨੀਆਂ ਸਾਜੀਆਂ। ਪਰਮੇਸ਼ੁਰ ਨੇ ਦਿਨ ਤੇ ਹਕੂਮਤ ਕਰਨ ਲਈ ਵਿਸ਼ਾਲ ਰੌਸ਼ਨੀ ਅਤੇ ਰਾਤ ਉੱਤੇ ਹਕੂਮਤ ਕਰਨ ਲਈ ਛੋਟੀ ਰੌਸ਼ਨੀ ਦੀ ਸਾਜਨਾ ਕੀਤੀ। ਉਸ ਨੇ ਤਾਰੇ ਵੀ ਸਾਜੇ। 17 ਪਰਮੇਸ਼ੁਰ ਨੇ ਇਨ੍ਹਾਂ ਰੌਸ਼ਨੀਆਂ ਨੂੰ ਧਰਤੀ ਉੱਤੇ ਚਮਕਣ ਲਈ ਅਕਾਸ਼ ਵਿੱਚ ਧਰ ਦਿੱਤਾ। 18 ਪਰਮੇਸ਼ੁਰ ਨੇ ਇਨ੍ਹਾਂ ਰੌਸ਼ਨੀਆਂ ਨੂੰ ਦਿਨ ਅਤੇ ਰਾਤ ਉੱਤੇ ਹਕੂਮਤ ਕਰਨ ਲਈ ਅਕਾਸ਼ ਵਿੱਚ ਪਾ ਦਿੱਤਾ। ਇਨ੍ਹਾਂ ਰੌਸ਼ਨੀਆਂ ਨੇ ਰੌਸ਼ਨੀ ਨੂ ਹਨੇਰੇ ਨਾਲੋਂ ਵੱਖ ਕਰ ਦਿੱਤਾ ਅਤੇ ਪਰਮੇਸ਼ੁਰ ਨੇ ਵੇਖਿਆ ਕਿ ਇਹ ਚੰਗਾ ਸੀ।
19 ਸ਼ਾਮ ਹੋ ਗਈ ਅਤੇ ਫ਼ੇਰ ਸਵੇਰ ਹੋਈ। ਇਹ ਚੌਥਾ ਦਿਨ ਸੀ।
ਪੰਜਵਾਂ ਦਿਨ-ਸਮੁੰਦਰੀ ਜੀਵ ਅਤੇ ਪੰਛੀ
20 ਪਰਮੇਸ਼ੁਰ ਨੇ ਆਖਿਆ, “ਪਾਣੀ ਬਹੁਤ ਸਾਰੇ ਜੀਵਿਤ ਪ੍ਰਾਣੀਆਂ ਨਾਲ ਭਰ ਜਾਵੇ ਅਤੇ ਅਕਾਸ਼ ਦੇ ਵਾਯੂਮੰਡਲ ਦੇ ਆਰ-ਪਾਰ ਪੰਛੀ ਉੱਡਦੇ ਰਹਿਣ।” 21 ਇਸ ਲਈ ਪਰਮੇਸ਼ੁਰ ਨੇ ਵਿਸ਼ਾਲ ਸਮੁੰਦਰੀ ਜਾਨਵਰਾਂ ਅਤੇ ਹਰ ਤਰ੍ਹਾਂ ਦੇ ਜੀਵਿਤ ਪ੍ਰਾਣੀਆਂ ਦੀ ਸਾਜਨਾ ਕੀਤੀ ਜੋ ਸਮੁੰਦਰ ਵਿੱਚ ਵਿੱਚਰਦੇ ਹਨ। ਪਰਮੇਸ਼ੁਰ ਨੇ ਅਕਾਸ਼ ਵਿੱਚ ਉੱਡਣ ਵਾਲੇ ਹਰ ਪ੍ਰਕਾਰ ਦੇ ਪੰਛੀਆਂ ਨੂੰ ਸਾਜਿਆ। ਅਤੇ ਪਰਮੇਸ਼ੁਰ ਨੇ ਵੇਖਿਆ ਕਿ ਇਹ ਚੰਗਾ ਸੀ।
22 ਪਰਮੇਸ਼ੁਰ ਨੇ ਇਨ੍ਹਾਂ ਜਾਨਵਰਾਂ ਨੂੰ ਅਸੀਸ ਦਿੱਤੀ। ਪਰਮੇਸ਼ੁਰ ਨੇ ਉਨ੍ਹਾਂ ਨੂੰ ਬਹੁਤ ਸਾਰੇ ਬੱਚੇ ਪੈਦਾ ਕਰਨ ਅਤੇ ਸਮੁੰਦਰ ਨੂੰ ਭਰ ਦੇਣ ਲਈ ਆਖਿਆ ਅਤੇ ਪਰਮੇਸ਼ੁਰ ਨੇ ਧਰਤੀ ਉਤਲੇ ਪੰਛੀਆਂ ਨੂੰ ਹੋਰ ਅਨੇਕਾਂ ਪੰਛੀ ਪੈਦਾ ਕਰਨ ਲਈ ਆਖਿਆ।
23 ਸ਼ਾਮ ਹੋ ਗਈ ਅਤੇ ਫ਼ੇਰ ਸਵੇਰ ਹੋਈ। ਇਹ ਪੰਜਵਾਂ ਦਿਨ ਸੀ।
ਛੇਵਾਂ ਦਿਨ-ਧਰਤੀ ਉਤਲੇ ਜਾਨਵਰ ਅਤੇ ਲੋਕ
24 ਫ਼ੇਰ ਪਰਮੇਸ਼ੁਰ ਨੇ ਆਖਿਆ, “ਧਰਤੀ ਹਰ ਪ੍ਰਕਾਰ ਦੇ ਜੀਵਿਤ ਪ੍ਰਾਣੀਆਂ ਨੂੰ ਪੈਦਾ ਕਰੇ। ਇੱਥੇ ਹਰ ਪ੍ਰਕਾਰ ਦੇ ਪਾਲਤੂ ਅਤੇ ਰੀਂਗਣ ਵਾਲੇ ਜਾਨਵਰ ਅਤੇ ਜੰਗਲੀ ਜਾਨਵਰ ਹੋਣ।” ਇਹੀ ਕੁਝ ਵਾਪਰਿਆ।
25 ਇਸ ਤਰ੍ਹਾਂ, ਪਰਮੇਸ਼ੁਰ ਨੇ ਹਰ ਤਰ੍ਹਾਂ ਦੇ ਜੰਗਲੀ ਜਾਨਵਰ, ਹਰ ਪ੍ਰਕਾਰ ਦੇ ਪਾਲਤੂ ਜਾਨਵਰ ਅਤੇ ਧਰਤੀ ਉੱਤੇ ਰੀਂਗਣ ਵਾਲੇ ਹਰ ਪ੍ਰਕਾਰ ਦੇ ਜਾਨਵਰਾਂ ਦੀ ਸਾਜਣਾ ਕੀਤੀ। ਪਰਮੇਸ਼ੁਰ ਨੇ ਵੇਖਿਆ ਇਹ ਚੰਗਾ ਸੀ।
26 ਫ਼ੇਰ ਪਰਮੇਸ਼ੁਰ ਨੇ ਆਖਿਆ, “ਆਓ ਹੁਣ ਆਦਮੀ ਦੀ ਸਾਜਣਾ ਕਰੀਏ। ਅਸੀਂ ਲੋਕਾਂ ਨੂੰ ਆਪਣੀ ਨਕਲ ਦੇ ਰੂਪ ਵਿੱਚ ਸਾਜਾਂਗੇ। ਲੋਕ ਸਾਡੇ ਵਰਗੇ ਹੋਣਗੇ। ਉਹ ਸਮੁੰਦਰ ਦੇ ਸਾਰੇ ਜੀਵਾਂ ਅਤੇ ਹਵਾ ਦੇ ਸਾਰੇ ਪੰਛੀਆਂ ਉੱਤੇ ਰਾਜ ਕਰਨਗੇ। ਉਹ ਸਾਰੇ ਵੱਡੇ ਜਾਨਵਰਾਂ ਅਤੇ ਧਰਤੀ ਉੱਤੇ ਰੀਂਗਣ ਵਾਲੇ ਸਾਰੇ ਛੋਟੇ ਜੀਵਾਂ ਉੱਤੇ ਰਾਜ ਕਰਨਗੇ।”
27 ਇਸ ਲਈ ਪਰਮੇਸ਼ੁਰ ਨੇ ਆਦਮੀ ਨੂੰ ਆਪਣੇ ਅਕਸ ਵਿੱਚ ਸਾਜਿਆ। ਉਸ ਨੇ ਉਸ ਨੂੰ ਆਪਣੇ ਖੁਦ ਦੇ ਚਰਿਤ੍ਰ ਮੁਤਾਬਿਕ ਸਾਜਿਆ। ਉਸ ਨੇ ਉਨ੍ਹਾਂ ਨੂੰ ਨਰ ਅਤੇ ਨਾਰੀ ਦੇ ਰੂਪ ਵਿੱਚ ਸਾਜਿਆ। 28 ਪਰਮੇਸ਼ੁਰ ਨੇ ਉਨ੍ਹਾਂ ਨੂੰ ਅਸੀਸ ਦਿੱਤੀ ਅਤੇ ਆਖਿਆ, “ਬਹੁਤ ਸਾਰੇ ਬੱਚੇ ਪੈਦਾ ਕਰੋ। ਧਰਤੀ ਨੂੰ ਭਰ ਦਿਓ ਅਤੇ ਇਸ ਨੂੰ ਆਪਣੇ ਅਧਿਕਾਰ ਵਿੱਚ ਲੈ ਲਵੋ। ਸਮੁੰਦਰੀ ਜੀਵਾਂ ਅਤੇ ਹਵਾਈ ਪੰਛੀਆਂ ਉੱਤੇ ਰਾਜ ਕਰੋ। ਧਰਤੀ ਉੱਤੇ ਤੁਰਨ ਫ਼ਿਰਨ ਵਾਲੀ ਹਰ ਸ਼ੈਅ ਉੱਤੇ ਰਾਜ ਕਰੋ।”
29 ਪਰਮੇਸ਼ੁਰ ਨੇ ਆਖਿਆ, “ਮੈਂ ਤੁਹਾਨੂੰ ਅਨਾਜ ਪੈਦਾ ਕਰਨ ਵਾਲੇ ਸਮੂਹ ਪੌਦੇ ਅਤੇ ਸਮੂਹ ਫ਼ਲਦਾਰ ਰੁੱਖ ਦੇ ਰਿਹਾ ਹਾਂ। ਉਹ ਰੁੱਖ ਬੀਜਾਂ ਵਾਲੇ ਫ਼ਲ ਪੈਦਾ ਕਰਦੇ ਹਨ। ਇਹ ਅਨਾਜ ਅਤੇ ਫ਼ਲ ਤੁਹਾਡਾ ਭੋਜਨ ਹੋਣਗੇ। 30 ਅਤੇ ਮੈਂ ਸਮੂਹ ਹਰੇ ਪੌਦੇ ਜਾਨਵਰਾਂ ਨੂੰ ਦੇ ਰਿਹਾ ਹਾਂ। ਉਹ ਹਰੇ ਪੌਦੇ ਉਨ੍ਹਾਂ ਦਾ ਭੋਜਨ ਹੋਣਗੇ। ਧਰਤੀ ਉਤਲਾ ਹਰ ਜਾਨਵਰ, ਹਵਾ ਵਿੱਚਲਾ ਹਰ ਪੰਛੀ, ਅਤੇ ਉਹ ਸਾਰੇ ਛੋਟੇ ਜੀਵ ਜਿਹੜੇ ਧਰਤੀ ਉੱਤੇ ਰੀਂਗਦੇ ਹਨ, ਉਸ ਭੋਜਨ ਨੂੰ ਖਾਣਗੇ।” ਅਤੇ ਇਹ ਸਾਰੀਂਆਂ ਗੱਲਾ ਵਾਪਰ ਗਈਆਂ।
31 ਪਰਮੇਸ਼ੁਰ ਨੇ ਉਨ੍ਹਾਂ ਸਾਰੀਆਂ ਚੀਜ਼ਾਂ ਵੱਲ ਤੱਕਿਆ ਜੋ ਉਸ ਨੇ ਸਾਜੀਆਂ ਸਨ ਅਤੇ ਉਸ ਨੇ ਵੇਖਿਆ ਕਿ ਸਭ ਕੁਝ ਬਹੁਤ ਚੰਗਾ ਸੀ।
ਸ਼ਾਮ ਹੋ ਗਈ ਅਤੇ ਫ਼ੇਰ ਸਵੇਰ ਹੋਈ। ਇਹ ਛੇਵਾਂ ਦਿਨ ਸੀ।
ਸੱਤਵਾਂ ਦਿਨ-ਅਰਾਮ
2 ਇਸ ਤਰ੍ਹਾਂ ਧਰਤੀ ਅਕਾਸ਼ ਅਤੇ ਉਨ੍ਹਾਂ ਵਿੱਚਲੀ ਹਰ ਸ਼ੈਅ ਦੀ ਸਾਜਨਾ ਸੰਪੂਰਨ ਹੋ ਗਈ। 2 ਪਰਮੇਸ਼ੁਰ ਨੇ ਆਪਣਾ ਕੰਮ, ਜੋ ਉਹ ਕਰ ਰਿਹਾ ਸੀ ਖ਼ਤਮ ਕਰ ਲਿਆ। ਇਸ ਲਈ ਪਰਮੇਸ਼ੁਰ ਨੇ ਸੱਤਵੇਂ ਦਿਨ ਅਰਾਮ ਕੀਤਾ। 3 ਪਰਮੇਸ਼ੁਰ ਨੇ ਸੱਤਵੇਂ ਦਿਨ ਨੂੰ ਅਸੀਸ ਦਿੱਤੀ ਅਤੇ ਇਸ ਨੂੰ ਪਵਿੱਤਰ ਦਿਨ ਬਣਾਇਆ, ਕਿਉਂਕਿ ਉਸ ਨੇ ਉਨ੍ਹਾਂ ਸਾਰੇ ਕੰਮਾਂ ਤੋਂ ਅਰਾਮ ਲਿਆ ਜੋ ਉਹ ਸੰਸਾਰ ਦੀ ਸਾਜਨਾ ਕਰਨ ਵੇਲੇ ਕਰ ਰਿਹਾ ਸੀ।
ਮਨੁੱਖ਼ਤਾ ਦੀ ਸ਼ੁਰੂਆਤ
4 ਇਹ ਅਕਾਸ਼ ਅਤੇ ਧਰਤੀ ਦਾ ਇਤਿਹਾਸ ਹੈ। ਇਹ ਉਨ੍ਹਾਂ ਗੱਲਾਂ ਦੀ ਕਹਾਣੀ ਹੈ ਜਿਹੜ੍ਹ੍ਹੀਆਂ ਪਰਮੇਸ਼ੁਰ ਦੇ ਧਰਤੀ ਅਤੇ ਅਕਾਸ਼ ਬਨਾਉਣ ਵੇਲੇ ਵਾਪਰੀਆਂ। 5 ਇਹ ਜ਼ਮੀਨ ਉੱਤੇ ਪੌਦੇ ਉੱਗਣ ਤੋਂ ਪਹਿਲਾਂ ਦੀ ਗੱਲ ਹੈ। ਖੇਤਾਂ ਵਿੱਚ ਕੁਝ ਵੀ ਨਹੀਂ ਉੱਗ ਰਿਹਾ ਸੀ। ਇਹ ਇਸ ਲਈ ਸੀ ਕਿਉਕਿ ਯਹੋਵਾਹ ਪਰਮੇਸ਼ੁਰ ਨੇ ਹਾਲੇ ਮੀਂਹ ਨਹੀਂ ਭੇਜਿਆ ਸੀ ਅਤੇ ਉੱਥੇ ਪੌਦਿਆਂ ਦੀ ਦੇਖ-ਭਾਲ ਕਰਨ ਲਈ ਕੋਈ ਵੀ ਮਨੁੱਖ ਨਹੀਂ ਸੀ।
6 ਇਸਦੀ ਜਗ਼੍ਹਾ, ਧਰਤੀ ਵਿੱਚੋਂ ਇੱਕ ਧੁੰਦ [a] ਆਈ ਅਤੇ ਜ਼ਮੀਨ ਨੂੰ ਗਿੱਲਾ ਕੀਤਾ। 7 ਫ਼ੇਰ ਯਹੋਵਾਹ ਪਰਮੇਸ਼ੁਰ ਨੇ ਧਰਤੀ ਤੋਂ ਮਿੱਟੀ ਲਈ ਅਤੇ ਆਦਮ ਨੂੰ ਸਾਜਿਆ। ਯਹੋਵਾਹ ਨੇ ਆਦਮ ਦੇ ਨੱਕ ਵਿੱਚ ਜੀਵਨ ਦਾ ਸਾਹ ਫ਼ੂਕਿਆ, ਅਤੇ ਆਦਮ ਜਿਉਂਦਾ ਜੀਵ ਬਣ ਗਿਆ। 8 ਫ਼ੇਰ ਯਹੋਵਾਹ ਪਰਮੇਸ਼ੁਰ ਨੇ ਪੂਰਬ ਵਿੱਚ ਅਦਨ ਨਾਮ ਦੇ ਇੱਕ ਸਥਾਨ ਉੱਤੇ ਇੱਕ ਬਾਗ਼ ਲਾਇਆ। ਯਹੋਵਾਹ ਪਰਮੇਸ਼ੁਰ ਨੇ ਆਪਣੇ ਦੁਆਰਾ ਸਾਜੇ ਹੋਏ ਆਦਮ ਨੂੰ ਉਸ ਬਾਗ਼ ਵਿੱਚ ਰੱਖ ਦਿੱਤਾ। 9 ਯਹੋਵਾਹ ਪਰਮੇਸ਼ੁਰ ਨੇ ਜ਼ਮੀਨ ਵਿੱਚੋਂ ਰੁੱਖ ਉਗਾਏ: ਹਰ ਖੂਬਸੂਰਤ ਰੁੱਖ ਅਤੇ ਹਰ ਉਹ ਰੁੱਖ ਜੋ ਭੋਜਨ ਲਈ ਚੰਗਾ ਸੀ। ਬਾਗ ਦੇ ਮੱਧ ਵਿੱਚ, ਯਹੋਵਾਹ ਪਰਮੇਸ਼ੁਰ ਨੇ ਜੀਵਨ ਦਾ ਰੁੱਖ ਲਾਇਆ ਅਤੇ ਉਹ ਰੁੱਖ ਵੀ ਲਾਇਆ ਜੋ ਗਿਆਨ ਦਿੰਦਾ ਸੀ ਕਿ, ਕੀ ਚੰਗਾ ਸੀ ਤੇ ਕੀ ਮਾੜਾ।
10 ਅਦਨ ਵਿੱਚ ਇੱਕ ਨਦੀ ਵਗਦੀ ਸੀ ਜਿਹੜੀ ਬਾਗ਼ ਨੂੰ ਸਿਂਜਦੀ ਸੀ। ਉਹ ਨਦੀ ਫ਼ੇਰ ਚਾਰ ਸ਼ਾਖਾਵਾਂ ਵਿੱਚ ਪਾਟ ਗਈ। 11 ਪਹਿਲੀ ਨਦੀ ਦਾ ਨਾਮ ਪੀਸੋਨ ਸੀ। ਇਹ ਨਦੀ ਹਵੀਲਾਹ, ਦੇ ਸਮੁੱਚੇ ਦੇਸ਼ ਦੇ ਦੁਆਲੇ ਵਗਦੀ ਸੀ ਜਿੱਥੇ ਸੋਨਾ ਹੈ। 12 (ਹਵੀਲਾਹ ਵਿੱਚਲਾ ਸੋਨਾ ਚੰਗਾ ਹੈ। ਉਸ ਦੇਸ਼ ਵਿੱਚ ਮੋਤੀ ਅਤੇ ਸੁਲੇਮਾਨੀ ਵੀ ਹਨ।) 13 ਦੂਸਰੀ ਨਦੀ ਦਾ ਨਾਮ ਗੀਹੋਨ ਸੀ। ਇਹ ਨਦੀ ਸਮੁੱਚੇ ਕੂਸ਼ ਦੇਸ਼ ਦੁਆਲੇ ਵਗਦੀ ਸੀ। 14 ਤੀਸਰੀ ਨਦੀ ਦਾ ਨਾਮ ਹਿੱਦਕਾਲ ਸੀ। ਇਹ ਨਦੀ ਅੱਸ਼ੂਰ ਦੇ ਪੂਰਬ ਵਿੱਚ ਵਗਦੀ ਸੀ। ਚੌਥੀ ਨਦੀ ਫ਼ਰਾਤ ਸੀ।
15 ਯਹੋਵਾਹ ਪਰਮੇਸ਼ੁਰ ਨੇ ਆਦਮ ਨੂੰ ਅਦਨ ਦੇ ਬਾਗ ਵਿੱਚ ਜ਼ਮੀਨ ਉੱਤੇ ਕੰਮ ਕਰਨ ਅਤੇ ਬਾਗ਼ ਦੀ ਦੇਖ-ਭਾਲ ਲਈ ਰੱਖਿਆ। 16 ਯਹੋਵਾਹ ਪਰਮੇਸ਼ੁਰ ਨੇ ਆਦਮ ਨੂੰ ਇਹ ਆਦੇਸ਼ ਦਿੱਤਾ। ਯਹੋਵਾਹ ਪਰਮੇਸ਼ੁਰ ਨੇ ਆਖਿਆ, “ਤੂੰ ਬਾਗ ਵਿੱਚਲੇ ਹਰ ਰੁੱਖ ਦਾ ਫ਼ਲ ਖਾ ਸੱਕਦਾ ਹੈਂ। 17 ਪਰ ਤੈਨੂੰ ਉਸ ਰੁੱਖ ਦਾ ਫ਼ਲ ਨਹੀਂ ਖਾਣਾ ਚਾਹੀਦਾ ਜਿਹੜਾ ਗਿਆਨ ਦਿੰਦਾ, ਕਿ ਕੀ ਚੰਗਾ ਤੇ ਕੀ ਬੁਰਾ। ਜੇ ਤੂੰ ਉਸ ਰੁੱਖ ਦਾ ਫ਼ਲ ਖਾਵੇਂਗਾ ਤਾਂ ਤੂੰ ਮਰ ਜਾਵੇਂਗਾ।”
ਪਹਿਲੀ ਔਰਤ
18 ਫ਼ੇਰ ਯਹੋਵਾਹ ਪਰਮੇਸ਼ੁਰ ਨੇ ਆਖਿਆ, “ਆਦਮ ਲਈ ਇੱਕਲਿਆਂ ਹੋਣਾ ਚੰਗੀ ਗੱਲ ਨਹੀਂ। ਮੈਂ ਉਸ ਲਈ ਇੱਕ ਸਹਾਇਕ ਸਾਜਾਂਗਾ ਜੋ ਉਸ ਵਰਗਾ ਹੋਵੇਗਾ।”
19 ਯਹੋਵਾਹ ਪਰਮੇਸ਼ੁਰ ਨੇ ਧਰਤੀ ਦੀ ਮਿੱਟੀ ਲਈ ਅਤੇ ਖੇਤਾਂ ਦੇ ਹਰ ਜਾਨਵਰ ਅਤੇ ਅਕਾਸ਼ ਦੇ ਹਰ ਪੰਛੀ ਦੀ ਸਾਜਨਾ ਕੀਤੀ। ਯਹੋਵਾਹ ਪਰਮੇਸ਼ੁਰ ਨੇ ਇਹ ਸਾਰੇ ਜਾਨਵਰ ਆਦਮੀ ਕੋਲ ਇਹ ਦੇਖਣ ਲਈ ਲਿਆਂਦੇ ਕਿ ਉਹ ਉਨ੍ਹਾਂ ਨੂੰ ਕੀ ਬੁਲਾਉਂਦਾ ਹੈ। ਆਦਮੀ ਨੇ ਹਰ ਇੱਕ ਜਾਨਵਰ ਨੂੰ ਨਾਮ ਦਿੱਤਾ। 20 ਆਦਮੀ ਨੇ ਪਾਲਤੂ ਜਾਨਵਰਾਂ, ਅਕਾਸ਼ ਦੇ ਸਾਰੇ ਪੰਛੀਆਂ ਅਤੇ ਸਾਰੇ ਜੰਗਲੀ ਜਾਨਵਰਾਂ ਦੇ ਨਾਮ ਵੀ ਧਰੇ। ਆਦਮੀ ਨੇ ਅਨੇਕਾਂ ਜਾਨਵਰ ਅਤੇ ਪੰਛੀ ਵੇਖੇ, ਪਰ ਉਸ ਨੂੰ ਕੋਈ ਵੀ ਅਜਿਹਾ ਸਹਾਇਕ ਨਹੀਂ ਲੱਭਿਆ ਜੋ ਉਸ ਲਈ ਜੱਚਦਾ ਹੋਵੇ। 21 ਇਸ ਲਈ ਯਹੋਵਾਹ ਪਰਮੇਸ਼ੁਰ ਨੇ ਆਦਮੀ ਨੂੰ ਗਹਿਰੀ ਨੀਂਦ ਵਿੱਚ ਸੁਲਾ ਦਿੱਤਾ। ਜਦੋਂ ਆਦਮੀ ਸੁੱਤਾ ਹੋਇਆ ਸੀ, ਯਹੋਵਾਹ ਪਰਮੇਸ਼ੁਰ ਨੇ ਆਦਮੀ ਦੇ ਸ਼ਰੀਰ ਦੀ ਇੱਕ ਪੱਸਲੀ ਲਈ। ਫ਼ੇਰ ਯਹੋਵਾਹ ਪਰਮੇਸ਼ੁਰ ਨੇ ਆਦਮੀ ਦੀ ਚਮੜੀ ਦੀ ਉਹ ਥਾਂ ਬੰਦ ਕਰ ਦਿੱਤੀ ਜਿੱਥੇ ਉਸ ਨੇ ਪੱਸਲੀ ਕੱਢੀ ਸੀ। 22 ਯਹੋਵਾਹ ਪਰਮੇਸ਼ੁਰ ਨੇ ਉਸ ਪੱਸਲੀ ਤੋਂ ਜੋ ਉਸ ਨੇ ਆਦਮੀ ਚੋਂ ਕੱਢੀ ਸੀ ਇੱਕ ਔਰਤ ਸਾਜੀ। ਫ਼ੇਰ ਯਹੋਵਾਹ ਪਰਮੇਸ਼ੁਰ ਔਰਤ ਨੂੰ ਆਦਮ ਕੋਲ ਲੈ ਆਇਆ। 23 ਆਦਮੀ ਨੇ ਆਖਿਆ,
“ਆਖਿਰਕਾਰ! ਮੇਰੇ ਵਰਗਾ ਇੱਕ ਇਨਸਾਨ!
ਉਸ ਦੀਆਂ ਹੱਡੀਆਂ ਮੇਰੀਂ ਹੱਡੀਆਂ ਤੋਂ ਹਨ।
ਉਸਦਾ ਸ਼ਰੀਰ ਮੇਰੇ ਸ਼ਰੀਰ ਤੋਂ ਹੈ।
ਉਸ ਨੂੰ ਆਦਮੀ ਤੋਂ ਲਿਆ ਗਿਆ ਸੀ,
ਇਸ ਲਈ ਉਹ ‘ਔਰਤ’ ਸਦਾਈ ਜਾਵੇਗੀ।”
24 ਇਹੀ ਕਾਰਣ ਹੈ ਕਿ ਆਦਮੀ ਆਪਣੇ ਪਿਤਾ ਅਤੇ ਮਾਤਾ ਨੂੰ ਛੱਡ ਕੇ ਆਪਣੀ ਪਤਨੀ ਨਾਲ ਜੁੜ ਜਾਂਦਾ ਹੈ। ਇਸ ਤਰ੍ਹਾਂ, ਦੋ ਜਣੇ ਇੱਕ ਬਣ ਜਾਂਦੇ ਹਨ।
25 ਆਦਮੀ ਅਤੇ ਉਸਦੀ ਪਤਨੀ ਨੰਗੇ ਸਨ। ਪਰ ਉਹ ਸ਼ਰਮਿੰਦਾ ਨਹੀਂ ਸਨ।
ਪਾਪ ਦੀ ਸ਼ੁਰੂਆਤ
3 ਸੱਪ ਉਨ੍ਹਾਂ ਸਾਰਿਆਂ ਜੰਗਲੀ ਜਾਨਵਰਾਂ ਵਿੱਚੋਂ ਸਭ ਤੋਂ ਚਾਲਾਕ ਸੀ ਜੋ ਯਹੋਵਾਹ ਪਰਮੇਸ਼ੁਰ ਦੁਆਰਾ ਸਾਜੇ ਗਏ ਸਨ। ਸੱਪ ਨੇ ਔਰਤ ਨਾਲ ਗੱਲ ਕੀਤੀ ਤੇ ਆਖਿਆ, “ਹੇ ਔਰਤ, ਕੀ ਪਰਮੇਸ਼ੁਰ ਨੇ ਸੱਚਮੁੱਚ ਤੈਨੂੰ ਆਖਿਆ ਸੀ ਕਿ ਤੈਨੂੰ ਬਾਗ਼ ਵਿੱਚਲੇ ਕਿਸੇ ਵੀ ਰੁੱਖ ਦਾ ਫ਼ਲ ਨਹੀਂ ਖਾਣਾ ਚਾਹੀਦਾ?”
2 ਔਰਤ ਨੇ ਸੱਪ ਨੂੰ ਜਵਾਬ ਦਿੱਤਾ, “ਅਸੀਂ ਬਾਗ ਦੇ ਰੁੱਖਾਂ ਦੇ ਫ਼ਲ ਖਾ ਸੱਕਦੇ ਹਾਂ। 3 ਪਰ ਇੱਕ ਰੁੱਖ ਹੈ ਜਿਸਦੇ ਫ਼ਲ ਸਾਨੂੰ ਨਹੀਂ ਖ਼ਾਣੇ ਚਾਹੀਦੇ। ਪਰਮੇਸ਼ੁਰ ਨੇ ਸਾਨੂੰ ਆਖਿਆ ਸੀ, ‘ਤੁਹਾਨੂੰ ਉਸ ਰੁੱਖ ਦਾ ਫ਼ਲ ਨਹੀਂ ਖਾਣਾ ਚਾਹੀਦਾ ਜਿਹੜਾ ਬਾਗ ਦੇ ਵਿੱਚਕਾਰ ਹੈ। ਤੁਹਾਨੂੰ ਉਸ ਰੁੱਖ ਨੂੰ ਹੱਥ ਵੀ ਨਹੀਂ ਲਾਉਣਾ ਚਾਹੀਦਾ, ਨਹੀਂ ਤਾਂ ਤੁਸੀਂ ਮਾਰੇ ਜਾਓਂਗੇ।’”
4 ਪਰ ਸੱਪ ਨੇ ਔਰਤ ਨੂੰ ਆਖਿਆ, “ਤੁਸੀਂ ਮਰੋਂਗੇ ਨਹੀਂ। 5 ਪਰਮੇਸ਼ੁਰ ਜਾਣਦਾ ਹੈ ਕਿ ਜੇ ਤੁਸੀਂ ਉਸ ਰੁੱਖ ਦਾ ਫ਼ਲ ਖਾ ਲਿਆ ਤੁਸੀਂ ਪਰਮੇਸ਼ੁਰ ਵਰਗੇ ਹੋ ਜਾਵੋਂਗੇ, ਕਿਉਂਕਿ ਤੁਸੀਂ ਜਾਣ ਜਾਵੋਂਗੇ ਕਿ ਕੀ ਚੰਗਾ ਹੈ ਤੇ ਕੀ ਬੁਰਾ।”
6 ਔਰਤ ਨੇ ਦੇਖਿਆ ਕਿ ਰੁੱਖ ਬੜਾ ਸੋਹਣਾ ਸੀ। ਉਸ ਨੇ ਦੇਖਿਆ ਕਿ ਫ਼ਲ ਖਾਣ ਲਈ ਚੰਗਾ ਸੀ ਅਤੇ ਇਹ ਕਿ ਰੁੱਖ ਉਸ ਨੂੰ ਸਿਆਣੀ ਬਣਾ ਸੱਕਦਾ ਸੀ। ਇਸ ਲਈ ਔਰਤ ਨੇ ਰੁੱਖ ਤੋਂ ਫ਼ਲ ਤੋੜਿਆ ਅਤੇ ਖਾ ਲਿਆ। ਉਸਦਾ ਪਤੀ ਵੀ ਉਸ ਦੇ ਨਾਲ ਸੀ, ਇਸ ਲਈ ਉਸ ਨੇ ਫ਼ਲ ਵਿੱਚੋਂ ਕੁਝ ਹਿੱਸਾ ਉਸ ਨੂੰ ਵੀ ਦਿੱਤਾ ਅਤੇ ਉਸ ਨੇ ਵੀ ਖਾਧਾ।
7 ਫ਼ੇਰ ਦੋਵੇਂ ਆਦਮੀ ਅਤੇ ਔਰਤ ਚੀਜ਼ਾਂ ਨੂੰ ਹੋਰ ਤਰ੍ਹਾਂ ਵੇਖ ਸੱਕਦੇ ਸਨ। ਉਨ੍ਹਾਂ ਨੇ ਮਹਿਸੂਸ ਕੀਤਾ ਕਿ ਉਹ ਨੰਗੇ ਸਨ। ਇਸ ਲਈ ਉਨ੍ਹਾਂ ਨੇ ਅੰਜੀਰ ਦੇ ਕੁਝ ਪੱਤੇ ਲੈ ਕੇ ਉਨ੍ਹਾਂ ਨੂੰ ਸਿਉਂ ਲਿਆ ਅਤੇ ਉਨ੍ਹਾਂ ਨੂੰ ਕੱਪੜਿਆਂ ਵਾਂਗੂ ਪਹਿਨ ਲਿਆ।
8 ਦਿਨ ਦੇ ਸੁਹਾਵਨੇ ਸਮੇਂ, ਯਹੋਵਾਹ ਪਰਮੇਸ਼ੁਰ ਬਾਗ ਵਿੱਚ ਸੈਰ ਕਰ ਰਿਹਾ ਸੀ। ਆਦਮ ਅਤੇ ਔਰਤ ਨੇ ਉਸਦੀ ਆਹਟ ਸੁਣੀ, ਅਤੇ ਬਾਗ ਦੇ ਰੁੱਖਾਂ ਵਿੱਚ ਛੁੱਪ ਗਏ। 9 ਯਹੋਵਾਹ ਪਰਮੇਸ਼ੁਰ ਨੇ ਆਦਮ ਨੂੰ ਆਵਾਜ਼ ਦਿੱਤੀ, “ਕਿੱਥੇ ਹੈਂ ਤੂੰ?”
10 ਆਦਮ ਨੇ ਆਖਿਆ, “ਮੈਂ ਤੁਹਾਡੀ ਬਾਗ਼ ਵਿੱਚ ਤੁਰਨ ਫ਼ਿਰਨ ਦੀ ਆਹਟ ਸੁਣਕੇ ਮੈਂ ਡਰ ਗਿਆ ਸੀ। ਮੈਂ ਨੰਗਾ ਸੀ ਇਸ ਲਈ ਮੈਂ ਛੁਪ ਗਿਆ।”
11 ਯਹੋਵਾਹ ਪਰਮੇਸ਼ੁਰ ਨੇ ਆਦਮੀ ਨੂੰ ਆਖਿਆ, “ਤੈਨੂੰ ਕਿਸਨੇ ਦੱਸਿਆ ਕਿ ਤੂੰ ਨੰਗਾ ਹੈਂ? ਕੀ ਤੂੰ ਉਸ ਖਾਸ ਰੁੱਖ ਦਾ ਫ਼ਲ ਖਾਧਾ? ਮੈਂ ਤੈਨੂੰ ਹੁਕਮ ਦਿੱਤਾ ਸੀ ਕਿ ਤੂੰ ਉਸ ਰੁੱਖ ਦਾ ਫ਼ਲ ਨਾ ਖਾਵੀਂ!”
12 ਆਦਮੀ ਨੇ ਆਖਿਆ, “ਜਿਹੜੀ ਔਰਤ ਤੂੰ ਮੇਰੇ ਲਈ ਸਾਜੀ ਸੀ ਉਸ ਨੇ ਮੈਨੂੰ ਉਸ ਰੁੱਖ ਦਾ ਫ਼ਲ ਦਿੱਤਾ ਸੀ। ਇਸ ਲਈ ਮੈਂ ਖਾ ਲਿਆ।”
13 ਤਾਂ ਯਹੋਵਾਹ ਪਰਮੇਸ਼ੁਰ ਨੇ ਔਰਤ ਨੂੰ ਆਖਿਆ, “ਤੂੰ ਕੀ ਕਰ ਬੈਠੀ ਹੈਂ?”
ਔਰਤ ਨੇ ਆਖਿਆ, “ਸੱਪ ਨੇ ਮੈਨੂੰ ਗੁਮਰਾਹ ਕਰ ਦਿੱਤਾ ਸੀ, ਇਸ ਲਈ ਮੈਂ ਫ਼ਲ ਖਾ ਲਿਆ।”
14 ਇਸ ਲਈ ਯਹੋਵਾਹ ਪਰਮੇਸ਼ੁਰ ਨੇ ਸੱਪ ਨੂੰ ਆਖਿਆ,
“ਤੂੰ ਇਹ ਬਹੁਤ ਮੰਦੀ ਗੱਲ ਕੀਤੀ,
ਇਸ ਲਈ ਤੇਰੇ ਨਾਲ ਮੰਦੀਆਂ ਗੱਲਾ ਵਾਪਰਨਗੀਆਂ।
ਤੇਰੇ ਨਾਲ ਹੋਰ ਕਿਸੇ ਵੀ
ਜਾਨਵਰ ਨਾਲੋਂ ਮੰਦਾ ਹੋਵੇਗਾ।
ਤੈਨੂੰ ਢਿੱਡ ਭਾਰ ਰੀਂਗਣਾ ਪਵੇਗਾ
ਅਤੇ ਤੈਨੂੰ ਜੀਵਨ ਭਰ ਲਈ ਮਿੱਟੀ ਖਾਣੀ ਪਵੇਗੀ।
15 ਮੈਂ ਤੈਨੂੰ ਅਤੇ ਔਰਤ ਨੂੰ ਇੱਕ
ਦੂਜੇ ਦੇ ਦੁਸ਼ਮਣ ਬਣਾ ਦਿਆਂਗਾ।
ਤੇਰੇ ਬੱਚੇ ਅਤੇ ਉਸ ਦੇ ਬੱਚੇ ਇੱਕ
ਦੂਜੇ ਦੇ ਦੁਸ਼ਮਣ ਹੋਣਗੇ।
ਉਸਦਾ ਪੁੱਤਰ ਤੇਰਾ ਸਿਰ ਕੁਚਲੇਗਾ,
ਅਤੇ ਤੂੰ ਉਸ ਦੇ ਪੈਰ ਨੂੰ ਡਸੇਂਗਾ।”
16 ਫ਼ੇਰ ਯਹੋਵਾਹ ਪਰਮੇਸ਼ੁਰ ਨੇ ਔਰਤ ਨੂੰ ਆਖਿਆ,
“ਮੈਂ ਤੈਨੂੰ ਬਹੁਤ ਦੁੱਖ ਦੇਵਾਂਗਾ
ਜਦੋਂ ਤੂੰ ਗਰਭਵਤੀ ਹੋਵੇਂਗੀ,
ਅਤੇ ਜਦੋਂ ਤੂੰ ਬੱਚੇ ਜਣੇਂਗੀ,
ਤੈਨੂੰ ਬਹੁਤ ਦਰਦ ਹੋਵੇਗਾ।
ਤੂੰ ਆਪਣੇ ਪਤੀ ਨੂੰ ਬਹੁਤ ਚਾਹੇਂਗੀ
ਪਰ ਉਹ ਤੇਰੇ ਉੱਤੇ ਰਾਜ ਕਰੇਗਾ।”
17 ਫ਼ੇਰ ਯਹੋਵਾਹ ਪਰਮੇਸ਼ੁਰ ਨੇ ਆਦਮੀ ਨੂੰ ਆਖਿਆ,
“ਮੈਂ ਤੈਨੂੰ ਆਦੇਸ਼ ਦਿੱਤਾ ਸੀ, ਕਿ ਓਸ ਰੁੱਖ ਦਾ ਫ਼ਲ ਨਾ ਖਾਵੀਂ।
ਪਰ ਤੂੰ ਆਪਣੀ ਪਤਨੀ ਦੀ ਗੱਲ ਸੁਣਕੇ ਓਸ ਰੁੱਖ ਦਾ ਫ਼ਲ ਖਾ ਲਿਆ।
ਇਸ ਲਈ ਤੇਰੀ ਖਾਤਰ ਮੈਂ ਧਰਤੀ ਨੂੰ ਸਰਾਪ ਦੇਵਾਂਗਾ।
ਤੈਂਨੂੰ ਧਰਤੀ ਤੋਂ ਭੋਜਨ ਲੈਣ ਲਈ ਜੀਵਨ ਭਰ ਸਖ਼ਤ ਮਿਹਨਤ ਕਰਨੀ ਪਵੇਗੀ।
18 ਧਰਤੀ ਤੇਰੇ ਲਈ ਖਰ ਪਤਵਾਰ ਤੇ ਕੰਡੇ ਉਗਾਵੇਗੀ।
ਅਤੇ ਤੈਨੂੰ ਜੰਗਲੀ ਪੌਦੇ ਖਾਣੇ ਪੈਣਗੇ ਜਿਹੜੇ ਖੇਤਾਂ ਅੰਦਰ ਉੱਗਦੇ ਹਨ। [b]
19 ਤੈਨੂੰ ਆਪਣੇ ਭੋਜਨ ਲਈ ਸਖ਼ਤ ਮਿਹਨਤ ਕਰਨੀ ਪਵੇਗੀ
ਜਦੋਂ ਤੀਕ ਕਿ ਤੇਰਾ ਚਿਹਰਾ ਮੁੜਕੇ ਨਾਲ ਭਿੱਜ ਨਹੀਂ ਜਾਂਦਾ।
ਤੈਨੂੰ ਮਰਨ ਤੀਕ ਸਖ਼ਤ ਮਿਹਨਤ ਕਰਨੀ ਪਵੇਗੀ।
ਫ਼ੇਰ ਤੂੰ ਖਾਕ ਹੋ ਜਾਵੇਂਗਾ।
ਮੈਂ ਤੈਨੂੰ ਖਾਕ ਨਾਲ ਸਾਜਿਆ ਸੀ
ਅਤੇ ਮਰਕੇ ਫ਼ਿਰ ਤੋਂ ਤੂੰ ਖਾਕ ਹੋ ਜਾਵੇਗਾ।”
20 ਆਦਮ ਨੇ ਆਪਣੀ ਪਤਨੀ ਨੂੰ ਹੱਵਾਹ ਦਾ ਨਾਮ ਦਿੱਤਾ। ਆਦਮ ਨੇ ਇਹ ਨਾਮ ਉਸ ਨੂੰ ਇਸ ਲਈ ਦਿੱਤਾ ਕਿਉਂ ਕਿ ਹੱਵਾਹ ਹਰ ਓਸ ਬੰਦੇ ਦੀ ਮਾਂ ਹੈ ਜਿਹੜਾ ਕਦੇ ਜੀਵਿਆ ਸੀ।
21 ਯਹੋਵਾਹ ਪਰਮੇਸ਼ੁਰ ਨੇ ਜਾਨਵਰਾਂ ਦੀਆਂ ਖੱਲਾਂ ਲਈਆਂ ਅਤੇ ਆਦਮੀ ਤੇ ਉਸਦੀ ਪਤਨੀ ਲਈ ਕੱਪੜੇ ਬਣਾਏ। ਫ਼ੇਰ ਉਹ ਕੱਪੜੇ ਉਸ ਨੇ ਉਨ੍ਹਾਂ ਉੱਪਰ ਪਾ ਦਿੱਤੇ।
22 ਯਹੋਵਾਹ ਪਰਮੇਸ਼ੁਰ ਨੇ ਆਖਿਆ, “ਦੇਖੋ, ਆਦਮੀ ਸਾਡੇ ਵਾਂਗ ਬਣ ਗਿਆ ਹੈ-ਅਤੇ ਉਹ ਜਾਣਦਾ ਹੈ ਕੀ ਚੰਗਾ ਹੈ ਅਤੇ ਕੀ ਮਾੜਾ ਅਤੇ ਹੁਣ ਸੰਭਵ ਹੈ ਕਿ ਆਦਮ ਜੀਵਨ ਬਿਰੱਖ ਦਾ ਫ਼ਲ ਖਾ ਲਵੇ। ਜੇ ਆਦਮੀ ਨੇ ਉਸ ਰੁੱਖ ਦਾ ਫ਼ਲ ਖਾ ਲਿਆ ਤਾਂ ਉਹ ਸਦਾ ਲਈ ਜਿਉਂਦਾ ਰਹੇਗਾ।”
23 ਇਸ ਲਈ ਯਹੋਵਾਹ ਪਰਮੇਸ਼ੁਰ ਨੇ ਆਦਮ ਨੂੰ ਅਦਨ ਦੇ ਬਾਗ਼ ਵਿੱਚੋਂ ਬਾਹਰ ਕੱਢ ਦਿੱਤਾ। ਆਦਮ ਨੂੰ ਉਸ ਧਰਤੀ ਨੂੰ ਵਾਹੁਣ ਲਈ ਮਜਬੂਰ ਕਰ ਦਿੱਤਾ ਗਿਆ ਜਿਸ ਵਿੱਚੋਂ ਉਹ ਸਾਜਿਆ ਗਿਆ ਸੀ। 24 ਯਹੋਵਾਹ ਪਰਮੇਸ਼ੁਰ ਨੇ ਆਦਮ ਨੂੰ ਬਾਗ਼ ਵਿੱਚੋਂ ਕੱਢ ਦਿੱਤਾ। ਫ਼ੇਰ ਯਹੋਵਾਹ ਨੇ ਬਾਗ਼ ਨੂੰ ਜਾਂਦੇ ਰਸਤੇ ਦੀ ਰਾਖੀ ਕਰਨ ਲਈ ਕਰੂਬੀ ਦੂਤਾਂ ਨੂੰ ਤੈਨਾਤ ਕਰ ਦਿੱਤਾ। ਯਹੋਵਾਹ ਪਰਮੇਸ਼ੁਰ ਨੇ ਉੱਥੇ ਅਗਨੀ ਦੀ ਤਲਵਾਰ ਰੱਖ ਦਿੱਤੀ। ਇਹ ਤਲਵਾਰ ਜੀਵਨ ਬਿਰੱਖ ਨੂੰ ਜਾਂਦੇ ਰਸਤੇ ਦੀ ਰਾਖੀ ਕਰਨ ਲਈ ਹਰ ਪਾਸੇ ਲਿਸ਼ਕਦੀ ਸੀ।
ਪਹਿਲਾ ਪਰਿਵਾਰ
4 ਆਦਮ ਅਤੇ ਉਸਦੀ ਪਤਨੀ ਹੱਵਾਹ ਨੇ ਜਿਨਸੀ ਸੰਬੰਧ ਬਣਾਏ ਅਤੇ ਹੱਵਾਹ ਨੇ ਇੱਕ ਬੱਚੇ ਨੂੰ ਜਨਮ ਦਿੱਤਾ। ਇਸ ਬੱਚੇ ਦਾ ਨਾਮ ਕਇਨ ਰੱਖਿਆ ਗਿਆ। ਹੱਵਾਹ ਨੇ ਆਖਿਆ, “ਯਹੋਵਾਹ ਦੀ ਸਹਾਇਤਾ ਨਾਲ, ਮੈਂ ਇੱਕ ਆਦਮੀ ਨੂੰ ਪ੍ਰਾਪਤ ਕੀਤਾ ਹੈ।”
2 ਇਸਤੋਂ ਮਗਰੋਂ ਹੱਵਾਹ ਨੇ ਇੱਕ ਹੋਰ ਬੱਚੇ ਨੂੰ ਜਨਮ ਦਿੱਤਾ। ਇਹ ਬੱਚਾ ਕਇਨ ਦਾ ਭਰਾ ਹਾਬਲ ਸੀ। ਹਾਬਲ ਇੱਕ ਆਜੜੀ ਬਣ ਗਿਆ। ਕਇਨ ਇੱਕ ਕਿਸਾਨ ਬਣ ਗਿਆ।
ਪਹਿਲਾ ਕਤਲ
3 ਵਾਢੀ ਦੇ ਸਮੇਂ, ਕਇਨ ਯਹੋਵਾਹ ਲਈ ਸੁਗਾਤ ਵਜੋਂ ਕੁਝ ਫ਼ਲ ਅਤੇ ਸਬਜ਼ੀਆਂ ਲੈ ਕੇ ਆਇਆ। ਕਇਨ ਉਸ ਭੋਜਨ ਦਾ ਕੁਝ ਹਿੱਸਾ ਲੈ ਕੇ ਆਇਆ ਜਿਹੜਾ ਉਸ ਨੇ ਧਰਤੀ ਤੇ ਉਗਾਇਆ ਸੀ। ਪਰ ਹਾਬਲ ਆਪਣੇ ਇੱਜੜ ਵਿੱਚੋਂ ਕੁਝ ਜਾਨਵਰ ਲੈ ਕੇ ਆਇਆ। 4 ਪਰ ਹਾਬਲ ਆਪਣੇ ਇੱਜੜ ਵਿੱਚੋਂ ਪਹਿਲੋਠੇ ਜਨਮੇ ਜਾਨਵਰਾਂ ਨੂੰ ਲਿਆਇਆ ਅਤੇ ਉਸ ਨੇ ਆਪਣੀਆਂ ਸਭ ਤੋਂ ਚੰਗੀਆਂ ਭੇਡਾਂ ਦਾ ਸਭ ਤੋਂ ਚੰਗਾ ਹਿੱਸਾ ਭੇਂਟ ਕੀਤਾ। [c]
ਇਸ ਲਈ ਯਹੋਵਾਹ ਨੇ ਹਾਬਲ ਅਤੇ ਉਸਦੀ ਸੁਗਾਤ ਤੇ ਕਿਰਪਾ ਦ੍ਰਿਸ਼ਟੀ ਨਾਲ ਵੇਖਿਆ। 5 ਪਰ ਯਹੋਵਾਹ ਨੇ ਕਇਨ ਅਤੇ ਉਸਦੀ ਭੇਂਟ ਨੂੰ ਪ੍ਰਵਾਨ ਨਹੀਂ ਕੀਤਾ। ਇਸ ਕਾਰਣ ਕਇਨ ਉਦਾਸ ਹੋ ਗਿਆ, ਅਤੇ ਉਹ ਬਹੁਤ ਗੁੱਸੇ ਵਿੱਚ ਆ ਗਿਆ। 6 ਯਹੋਵਾਹ ਨੇ ਕਇਨ ਨੂੰ ਪੁੱਛਿਆ, “ਤੂੰ ਗੁੱਸੇ ਵਿੱਚ ਕਿਉਂ ਹੈਂ? ਤੇਰੇ ਚਿਹਰੇ ਉੱਤੇ ਉਦਾਸੀ ਕਿਉਂ ਝਲਕਦੀ ਹੈ? 7 ਜੇ ਤੂੰ ਚੰਗੇ ਕੰਮ ਕਰੇਂਗਾ ਤਾਂ ਮੇਰੇ ਨਾਲ ਤੇਰਾ ਸੰਬੰਧ ਠੀਕ ਹੋ ਜਾਵੇਗਾ। ਫ਼ੇਰ ਮੈਂ ਤੈਨੂੰ ਪ੍ਰਵਾਨ ਕਰ ਲਵਾਂਗਾ। ਪਰ ਜੇ ਤੂੰ ਮੰਦੇ ਕੰਮ ਕੀਤੇ ਤਾਂ ਉਹ ਪਾਪ ਤੇਰੇ ਜੀਵਨ ਵਿੱਚ ਹੈ। ਤੇਰਾ ਪਾਪ ਤੇਰੇ ਉੱਤੇ ਕਾਬੂ ਪਾਉਣਾ ਚਾਹੇਗਾ ਪਰ ਤੈਨੂੰ ਆਪਣੇ ਪਾਪ ਉੱਤੇ ਕਾਬੂ ਪਾਉਣਾ ਪਵੇਗਾ।” [d]
8 ਕਇਨ ਨੇ ਆਪਣੇ ਭਰਾ ਹਾਬਲ ਨੂੰ ਆਖਿਆ, “ਆ, ਖੇਤ ਵਿੱਚ ਚੱਲੀਏ।” ਇਸ ਲਈ ਕਇਨ ਤੇ ਹਾਬਲ ਖੇਤ ਨੂੰ ਚੱਲੇ ਗਏ। ਫ਼ੇਰ ਕਇਨ ਨੇ ਆਪਣੇ ਭਰਾ ਹਾਬਲ ਉੱਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਮਾਰ ਦਿੱਤਾ।
9 ਬਾਅਦ ਵਿੱਚ, ਯਹੋਵਾਹ ਨੇ ਕਇਨ ਨੂੰ ਪੁੱਛਿਆ, “ਤੇਰਾ ਭਰਾ, ਹਾਬਲ, ਕਿੱਥੇ ਹੈ?”
ਕਇਨ ਨੇ ਜਵਾਬ ਦਿੱਤਾ, “ਮੈਨੂੰ ਨਹੀਂ ਪਤਾ। ਕੀ ਮੇਰਾ ਕੰਮ ਆਪਣੇ ਭਰਾ ਦੀ ਦੇਖ-ਭਾਲ ਕਰਨਾ ਹੈ?”
10 ਤਾਂ ਯਹੋਵਾਹ ਨੇ ਆਖਿਆ, “ਤੂੰ ਕੀ ਕਰ ਦਿੱਤਾ ਹੈ? ਤੂੰ ਆਪਣੇ ਭਰਾ ਨੂੰ ਕਤਲ ਕਰ ਦਿੱਤਾ ਹੈ! ਉਸਦਾ ਖੂਨ ਉਸ ਆਵਾਜ਼ ਵਰਗਾ ਹੈ ਜਿਹੜੀ ਧਰਤੀ ਤੋਂ ਮੈਨੂੰ ਪੁਕਾਰ ਰਹੀ ਹੈ। 11 ਤੂੰ ਆਪਣੇ ਭਰਾ ਨੂੰ ਕਤਲ ਕਰ ਦਿੱਤਾ ਅਤੇ ਧਰਤੀ ਤੇਰੇ ਹੱਥਾਂ ਵਿੱਚੋਂ ਉਸਦਾ ਖੂਨ ਲੈਣ ਲਈ ਖੁਲ੍ਹ ਗਈ। ਇਸ ਲਈ ਹੁਣ, ਮੈਂ ਉਸ ਧਰਤੀ ਉੱਤੇ ਆਫ਼ਤਾਂ ਘੱਲਾਂਗਾ। 12 ਅਤੀਤ ਵਿੱਚ, ਤੂੰ ਬੀਜਦਾ ਸੀ ਅਤੇ ਤੇਰੇ ਪੌਦੇ ਚੰਗੇ ਉਗਦੇ ਸਨ। ਪਰ ਹੁਣ ਜਦੋਂ ਤੂੰ ਬੀਜੇਂਗਾ ਧਰਤੀ ਤੇਰੇ ਪੌਦਿਆਂ ਨੂੰ ਉੱਗਣ ਵਿੱਚ ਸਹਾਇਤਾ ਨਹੀਂ ਕਰੇਗੀ। ਧਰਤੀ ਉੱਤੇ ਤੇਰਾ ਘਰ ਨਹੀਂ ਹੋਵੇਗਾ। ਤੂੰ ਥਾਂ-ਥਾਂ ਭਟਕੇਂਗਾ।”
13 ਤਾਂ ਕਇਨ ਨੇ ਆਖਿਆ, “ਇਹ ਸਜ਼ਾ ਮੇਰੇ ਸਹਿਣ ਤੋਂ ਵੱਧੇਰੇ ਹੈ! 14 ਦੇਖੋ, ਤੁਸੀਂ ਮੈਂਨੂੰ ਮੇਰੀ ਧਰਤੀ ਤੋਂ ਬਾਹਰ ਕੱਢ ਰਹੇ ਹੋਂ ਮੈਂ ਤੁਹਾਨੂੰ ਦੇਖ ਨਹੀਂ ਸੱਕਾਂਗਾ ਅਤੇ ਤੁਹਾਡੇ ਨੇੜੇ ਨਹੀਂ ਹੋ ਸੱਕਾਂਗਾ! ਮੇਰਾ ਘਰ ਨਹੀਂ ਹੋਵੇਗਾ! ਮੈਨੂੰ ਧਰਤੀ ਉੱਤੇ ਥਾਂ-ਥਾਂ ਭਟਕਣਾ ਪਵੇਗਾ ਅਤੇ ਜੋ ਕੋਈ ਵੀ ਮੈਨੂੰ ਲੱਭ ਲਵੇਗਾ, ਮੈਨੂੰ ਮਾਰ ਦੇਵੇਗਾ।”
15 ਤਾਂ ਯਹੋਵਾਹ ਨੇ ਕਇਨ ਨੂੰ ਆਖਿਆ, “ਮੈਂ ਅਜਿਹਾ ਨਹੀਂ ਹੋਣ ਦੇਵਾਂਗਾ! ਕਇਨ, ਜੇ ਕੋਈ ਤੈਨੂੰ ਮਾਰੇਗਾ, ਤਾਂ ਮੈਂ ਉਸ ਬੰਦੇ ਨੂੰ ਸਖ਼ਤ ਸਜ਼ਾ ਦੇਵਾਂਗਾ।” ਤਾਂ ਯਹੋਵਾਹ ਨੇ ਕਇਨ ਉੱਤੇ ਇੱਕ ਨਿਸ਼ਾਨ ਲਾ ਦਿੱਤਾ। ਇਹ ਨਿਸ਼ਾਨ ਦਰਸਾਉਂਦਾ ਸੀ ਕਿ ਕਿਸੇ ਬੰਦੇ ਨੂੰ ਉਸ ਨੂੰ ਨਹੀਂ ਮਾਰਨਾ ਚਾਹੀਦਾ।
ਕਇਨ ਦਾ ਪਰਿਵਾਰ
16 ਕਇਨ ਯਹੋਵਾਹ ਕੋਲੋਂ ਦੂਰ ਚੱਲਿਆ ਗਿਆ। ਕਇਨ ਨੋਦ ਦੀ ਧਰਤੀ ਉੱਤੇ ਰਹਿੰਦਾ ਸੀ।
17 ਕਇਨ ਨੇ ਆਪਣੀ ਪਤਨੀ ਨਾਲ ਜਿਨਸੀ ਰਿਸ਼ਤਾ ਜੋੜਿਆ। ਉਹ ਗਰਭਵਤੀ ਹੋ ਗਈ ਅਤੇ ਉਸ ਨੇ ਹਨੋਕ ਨਾਮ ਦੇ ਇੱਕ ਪੁੱਤਰ ਨੂੰ ਜਨਮ ਦਿੱਤਾ। ਕਇਨ ਨੇ ਇੱਕ ਸ਼ਹਿਰ ਉਸਾਰਿਆ ਅਤੇ ਉਸ ਸ਼ਹਿਰ ਨੂੰ ਆਪਣੇ ਪੁੱਤਰ ਹਨੋਕ ਦਾ ਨਾਮ ਦਿੱਤਾ।
18 ਹਨੋਕ ਦੇ ਇੱਕ ਪੁੱਤਰ ਹੋਇਆ ਜਿਸਦਾ ਨਾਮ ਈਰਾਦ ਸੀ। ਈਰਾਦ ਦੇ ਇੱਕ ਪੁੱਤਰ ਹੋਇਆ ਜਿਸਦਾ ਨਾਮ ਮਹੂਯਾਏਲ ਸੀ। ਮਹੂਯਾਏਲ ਦੇ ਇੱਕ ਪੁੱਤਰ ਹੋਇਆ ਜਿਸਦਾ ਨਾਮ ਮਹੂਯਾਏਲ ਸੀ। ਮਹੂਯਾਏਲ ਦੇ ਇੱਕ ਪੁੱਤਰ ਹੋਇਆ ਜਿਸਦਾ ਨਾਮ ਲਾਮਕ ਸੀ।
19 ਲਾਮਕ ਨੇ ਦੋ ਔਰਤਾਂ ਨਾਲ ਸ਼ਾਦੀ ਕੀਤੀ। ਉਸਦੀ ਇੱਕ ਪਤਨੀ ਦਾ ਨਾਮ ਆਦਾਹ ਅਤੇ ਦੂਸਰੀ ਪਤਨੀ ਦਾ ਨਾਮ ਜ਼ਿੱਲਾਹ ਸੀ। 20 ਆਦਾਹ ਨੇ ਯਾਬਲ ਨੂੰ ਜਨਮ ਦਿੱਤਾ। ਯਾਬਲ ਉਨ੍ਹਾਂ ਲੋਕਾਂ ਦਾ ਪਿਤਾ ਸੀ ਜਿਹੜੇ ਤੰਬੂਆਂ ਵਿੱਚ ਰਹਿੰਦੇ ਸਨ ਅਤੇ ਪਸ਼ੂ ਪਾਲਣ ਕਰਕੇ ਜੀਵਨ ਦਾ ਨਿਰਬਾਹ ਕਰਦੇ ਸਨ। 21 ਆਦਾਹ ਦਾ ਇੱਕ ਹੋਰ ਪੁੱਤਰ ਵੀ ਸੀ ਜੂਬਲ। (ਜੂਬਲ, ਯਾਬਲ ਦਾ ਭਰਾ ਸੀ) ਜੂਬਲ ਉਨ੍ਹਾਂ ਲੋਕਾਂ ਦਾ ਪਿਤਾ ਸੀ ਜਿਹੜੇ ਸਰੰਗੀ ਤੇ ਬੰਸਰੀ ਬਜਾਉਂਦੇ ਸਨ। 22 ਜ਼ਿੱਲਾਹ ਨੇ ਤੂਬਲ ਕਇਨ ਨੂੰ ਜਨਮ ਦਿੱਤਾ। ਤੂਬਲ ਕਇਨ ਉਨ੍ਹਾਂ ਲੋਕਾਂ ਦਾ ਪਿਤਾ ਸੀ। ਜਿਹੜੇ ਤਾਂਬੇ ਅਤੇ ਲੋਹੇ ਦਾ ਕੰਮ ਕਰਦੇ ਸਨ। ਤੂਬਲ ਕਇਨ ਦੀ ਭੈਣ ਦਾ ਨਾਮ ਨਾਮਾਹ ਸੀ।
23 ਲਾਮਕ ਨੇ ਆਪਣੀਆਂ ਪਤਨੀਆਂ ਨੂੰ ਆਖਿਆ:
“ਆਦਾਹ ਤੇ ਜ਼ਿੱਲਾਹ, ਮੇਰੀ ਗੱਲ ਸੁਣੋ!
ਲਾਮਕ ਦੀਓ ਪਤਨੀਓ ਮੇਰੀ ਗੱਲ ਸੁਣੋ!
ਮੈਂ ਇੱਕ ਆਦਮੀ ਨੂੰ ਮਾਰ ਦਿੱਤਾ ਜਿਸਨੇ ਮੈਨੂੰ ਜ਼ਖਮੀ ਕੀਤਾ
ਅਤੇ ਇੱਕ ਜਵਾਨ ਆਦਮੀ ਨੂੰ ਜਿਸਨੇ ਮੈਨੂੰ ਕੁਟਿਆ।
24 ਕਇਨ ਨੂੰ ਮਾਰਨ ਦੀ ਸਜ਼ਾ ਬਹੁਤ ਵੱਡੀ ਸੀ!
ਇਸ ਲਈ ਮੈਨੂੰ ਮਾਰਨ ਦੀ ਸਜ਼ਾ ਹੋਰ ਵੀ ਵਡੇਰੀ ਹੋਵੇਗੀ!”
ਆਦਮ ਤੇ ਹੱਵਾਹ ਦਾ ਇੱਕ ਹੋਰ ਪੁੱਤਰ
25 ਆਦਮ ਨੇ ਫ਼ੇਰ ਹੱਵਾਹ ਨਾਲ ਜਿਨਸੀ ਰਿਸ਼ਤਾ ਜੋੜਿਆ। ਅਤੇ ਹੱਵਾਹ ਨੇ ਇੱਕ ਹੋਰ ਪੁੱਤਰ ਨੂੰ ਜਨਮ ਦਿੱਤਾ। ਉਨ੍ਹਾਂ ਨੇ ਇਸਦਾ ਨਾਮ ਸੇਥ ਰੱਖਿਆ। ਹੱਵਾਹ ਨੇ ਆਖਿਆ, “ਪਰਮੇਸ਼ੁਰ ਨੇ ਮੈਨੂੰ ਇੱਕ ਹੋਰ ਪੁੱਤਰ ਦਿੱਤਾ ਹੈ। ਕਇਨ ਨੇ ਹਾਬਲ ਨੂੰ ਮਾਰ ਦਿੱਤਾ ਸੀ, ਪਰ ਹੁਣ ਮੇਰੇ ਕੋਲ ਸੇਥ ਹੈ।” 26 ਸੇਥ ਦੇ ਵੀ ਇੱਕ ਪੁੱਤਰ ਹੋਇਆ। ਉਸ ਨੇ ਉਸਦਾ ਨਾਮ ਅਨੋਸ਼ ਰੱਖਿਆ। ਉਸ ਵੇਲੇ, ਲੋਕ ਯਹੋਵਾਹ ਅੱਗੇ ਪ੍ਰਾਰਥਨਾ ਕਰਨ ਲੱਗੇ।
ਆਦਮ ਦੇ ਪਰਿਵਾਰ ਦਾ ਇਤਿਹਾਸ
5 ਇਹ ਆਦਮ ਦੇ ਪਰਿਵਾਰ ਬਾਰੇ ਪੁਸਤਕ ਹੈ। ਪਰਮੇਸ਼ੁਰ ਨੇ ਆਪਣੇ ਲੋਕਾਂ ਦੀ ਸਾਜਨਾ ਆਪਣੀ ਨਕਲ ਉੱਤੇ ਕੀਤੀ। [e] 2 ਪਰਮੇਸ਼ੁਰ ਨੇ ਉਨ੍ਹਾਂ ਨੂੰ ਨਰ ਤੇ ਮਾਦਾ ਬਣਾਇਆ। ਅਤੇ ਓਸੇ ਦਿਨ ਜਦੋਂ ਪਰਮੇਸ਼ੁਰ ਨੇ ਉਨ੍ਹਾਂ ਨੂੰ ਸਾਜਿਆ ਸੀ ਉਸ ਨੇ ਉਨ੍ਹਾਂ ਨੂੰ “ਆਦਮ” ਦਾ ਨਾਮ ਦਿੱਤਾ।
3 ਜਦੋਂ ਆਦਮ 130 ਵਰ੍ਹਿਆਂ ਦਾ ਸੀ, ਉਸ ਨੇ ਆਪਣੇ ਹੀ ਅਕਸ ਵਿੱਚ ਇੱਕ ਪੁੱਤਰ ਨੂੰ ਜਨਮ ਦਿੱਤਾ, ਜੋ ਸੁਭਾਅ ਵਿੱਚ ਉਸ ਵਾਂਗ ਹੀ ਸੀ। ਆਦਮ ਨੇ ਉਸਦਾ ਨਾਮ ਸੇਥ ਧਰਿਆ। 4 ਸੇਥ ਦੇ ਜਨਮ ਤੋਂ ਬਾਅਦ, ਆਦਮ 800 ਵਰ੍ਹੇ ਜੀਵਿਆ। ਉਸ ਸਮੇਂ ਦੌਰਾਨ ਆਦਮ ਦੇ ਹੋਰ ਧੀਆਂ ਪੁੱਤਰ ਹੋਏ। 5 ਇਸ ਤਰ੍ਹਾਂ ਆਦਮ ਕੁੱਲ 930 ਵਰ੍ਹੇ ਜੀਵਿਆ; ਫ਼ੇਰ ਉਸ ਦਾ ਦੇਹਾਂਤ ਹੋ ਗਿਆ।
6 ਜਦੋਂ ਸੇਥ 105 ਵਰ੍ਹੇ ਦਾ ਹੋਏਆ ਉਸ ਦੇ ਘਰ ਅਨੋਸ਼ ਨਾਮ ਦਾ ਪੁੱਤਰ ਪੈਦਾ ਹੋਇਆ। 7 ਅਨੋਸ਼ ਦੇ ਜਨਮ ਤੋਂ ਬਾਅਦ ਸੇਥ 807 ਵਰ੍ਹੇ ਜੀਵਿਆ। ਉਸ ਸਮੇਂ ਦੌਰਾਨ ਉਸ ਦੇ ਹੋਰ ਧੀਆਂ ਪੁੱਤਰ ਹੋਏ। 8 ਇਸ ਤਰ੍ਹਾਂ ਸੇਥ ਕੁੱਲ 912 ਵਰ੍ਹੇ ਜੀਵਿਆ; ਫ਼ੇਰ ਉਹ ਮਰ ਗਿਆ।
9 ਜਦੋਂ ਅਨੋਸ਼ 90 ਵਰ੍ਹਿਆਂ ਦਾ ਸੀ ਉਸ ਦੇ ਇੱਕ ਪੁੱਤਰ ਹੋਇਆ ਜਿਸਦਾ ਨਾਮ ਕੇਨਾਨ ਸੀ, 10 ਕੇਨਾਨ ਦੇ ਜੰਮਣ ਤੋਂ ਬਾਅਦ ਅਨੋਸ਼ 815 ਵਰ੍ਹੇ ਜੀਵਿਆ। ਉਸ ਸਮੇਂ ਦੌਰਾਨ ਉਸ ਦੇ ਹੋਰ ਧੀਆਂ ਪੁੱਤਰ ਹੋਏ। 11 ਇਸ ਤਰ੍ਹਾਂ ਅਨੋਸ਼ ਕੁੱਲ 905 ਵਰ੍ਹੇ ਜੀਵਿਆ; ਫ਼ੇਰ ਉਹ ਮਰ ਗਿਆ।
12 ਜਦੋਂ ਕੇਨਾਨ 70 ਵਰ੍ਹੇ ਦਾ ਸੀ ਉਸ ਦੇ ਘਰ ਮਹਲਲੇਲ ਨਾਮ ਦਾ ਪੁੱਤਰ ਪੈਦਾ ਹੋਇਆ। 13 ਮਹਲਲੇਲ ਦੇ ਜਨਮ ਤੋਂ ਮਗਰੋਂ ਕੇਨਾਨ 840 ਵਰ੍ਹੇ ਜੀਵਿਆ। ਇਸ ਸਮੇਂ ਦੌਰਾਨ ਕੇਨਾਨ ਦੇ ਘਰ ਹੋਰ ਧੀਆਂ ਪੁੱਤਰ ਹੋਏ। 14 ਇਸ ਤਰ੍ਹਾਂ ਕੇਨਾਨ ਕੁੱਲ 910 ਵਰ੍ਹੇ ਜੀਵਿਆ; ਫ਼ੇਰ ਉਹ ਮਰ ਗਿਆ।
15 ਜਦੋਂ ਮਹਲਲੇਲ 65 ਵਰ੍ਹਿਆਂ ਦਾ ਸੀ ਉਸ ਦੇ ਘਰ ਯਰਦ ਨਾਮ ਦਾ ਪੁੱਤਰ ਪੈਦਾ ਹੋਇਆ। 16 ਯਰਦ ਦੇ ਜਨਮ ਤੋਂ ਬਾਅਦ ਮਹਲਲੇਲ 830 ਵਰ੍ਹੇ ਜੀਵਿਆ। ਉਸ ਸਮੇਂ ਦੌਰਾਨ ਉਸ ਦੇ ਹੋਰ ਧੀਆਂ ਪੁੱਤਰ ਹੋਏ। 17 ਇਸ ਤਰ੍ਹਾਂ ਮਹਲਲੇਲ ਕੁੱਲ 895 ਵਰ੍ਹੇ ਜੀਵਿਆ; ਫ਼ੇਰ ਉਹ ਮਰ ਗਿਆ।
18 ਜਦੋਂ ਯਰਦ 162 ਵਰ੍ਹਿਆਂ ਦਾ ਸੀ ਉਸ ਦੇ ਘਰ ਹਨੋਕ ਨਾਮ ਦਾ ਪੁੱਤਰ ਜਨਮਿਆ। 19 ਹਨੋਕ ਦੇ ਜਨਮ ਤੋਂ ਬਾਅਦ ਯਰਦ 800 ਵਰ੍ਹਿਆਂ ਤੱਕ ਜੀਵਿਆ। ਉਸ ਸਮੇਂ ਦੌਰਾਨ, ਉਸ ਦੇ ਹੋਰ ਧੀਆਂ ਪੁੱਤਰ ਹੋਏ। 20 ਇਸ ਤਰ੍ਹਾਂ ਯਰਦ ਕੁੱਲ 962 ਵਰ੍ਹੇ ਜੀਵਿਆ; ਫ਼ੇਰ ਉਹ ਮਰ ਗਿਆ।
21 ਜਦੋਂ ਹਨੋਕ 65 ਵਰ੍ਹਿਆਂ ਦਾ ਸੀ ਉਸ ਦੇ ਘਰ ਮਥੂਸਲਹ ਨਾਮ ਦਾ ਪੁੱਤਰ ਜਨਮਿਆ। 22 ਮਥੂਸਲਹ ਦੇ ਜਨਮ ਤੋਂ ਬਾਅਦ, ਹਨੋਕ ਨੇ ਪਰਮੇਸ਼ੁਰ ਦੇ ਨਾਮ ਤੁਰਦਿਆਂ 300 ਵਰ੍ਹੇ ਹੋਰ ਬਿਤਾਏ। ਉਸ ਸਮੇਂ ਦੌਰਾਨ ਉਸ ਦੇ ਹੋਰ ਧੀਆਂ ਪੁੱਤਰ ਹੋਏ। 23 ਇਸ ਤਰ੍ਹਾਂ, ਹਨੋਕ ਕੁੱਲ 365 ਵਰ੍ਹੇ ਜੀਵਿਆ। 24 ਇੱਕ ਦਿਨ ਹਨੋਕ ਪਰਮੇਸ਼ੁਰ ਦੇ ਨਾਲ ਤੁਰ ਰਿਹਾ ਸੀ, ਅਤੇ ਹਨੋਕ ਗਾਇਬ ਹੋ ਗਿਆ। ਪਰਮੇਸ਼ੁਰ ਨੇ ਉਸ ਨੂੰ ਉੱਠਾ ਲਿਆ।
25 ਜਦੋਂ ਮਥੂਸਲਹ 187 ਵਰ੍ਹਿਆਂ ਦਾ ਸੀ, ਉਸ ਦੇ ਘਰ ਲਾਮਕ ਨਾਮ ਦਾ ਪੁੱਤਰ ਜਨਮਿਆ। 26 ਲਾਮਕ ਦੇ ਜਨਮ ਤੋਂ ਬਾਅਦ ਮਥੂਸਲਹ 782 ਵਰ੍ਹੇ ਜੀਵਿਆ। ਉਸ ਸਮੇਂ ਦੌਰਾਨ ਉਸ ਦੇ ਹੋਰ ਧੀਆਂ ਪੁੱਤਰ ਹੋਏ। 27 ਇਸ ਤਰ੍ਹਾਂ ਮਥੂਸਲਹ ਕੁੱਲ 969 ਵਰ੍ਹੇ ਜੀਵਿਆ; ਫ਼ੇਰ ਉਹ ਮਰ ਗਿਆ।
28 ਜਦੋਂ ਲਾਮਕ 182 ਵਰ੍ਹਿਆਂ ਦਾ ਸੀ, ਉਸ ਦੇ ਘਰ ਇੱਕ ਪੁੱਤਰ ਜਨਮਿਆ। 29 ਲਾਮਕ ਨੇ ਆਪਣੇ ਪੁੱਤਰ ਦਾ ਨਾਮ ਨੂਹ ਰੱਖਿਆ। ਲਾਮਕ ਨੇ ਆਖਿਆ, “ਕਿਸਾਨਾਂ ਵਾਂਗ ਕਰੜੀ ਮਿਹਨਤ ਕਰ, ਕਿਉਂਕਿ ਪਰਮੇਸ਼ੁਰ ਨੇ ਧਰਤੀ ਨੂੰ ਸਰਾਪ ਦਿੱਤਾ ਸੀ। ਪਰ ਨੂਹ ਸਾਨੂੰ ਅਰਾਮ ਦੇਵੇਗਾ।”
30 ਨੂਹ ਦੇ ਜਨਮ ਤੋਂ ਬਾਅਦ ਲਾਮਕ 595 ਵਰ੍ਹੇ ਜੀਵਿਆ। ਉਸ ਸਮੇਂ ਦੌਰਾਨ ਉਸ ਦੇ ਹੋਰ ਧੀਆਂ ਪੁੱਤਰ ਹੋਏ। 31 ਇਸ ਤਰ੍ਹਾਂ ਲਾਮਕ ਕੁੱਲ 777 ਵਰ੍ਹੇ ਜੀਵਿਆ; ਫ਼ੇਰ ਉਹ ਮਰ ਗਿਆ।
32 ਜਦੋਂ ਨੂਹ 500 ਵਰ੍ਹਿਆਂ ਦਾ ਸੀ ਉਸ ਦੇ ਘਰ ਸ਼ੇਮ, ਹਾਮ ਅਤੇ ਯਾਫ਼ਥ ਨਾਮ ਦੇ ਪੁੱਤਰ ਜਨਮੇ।
ਲੋਕ ਬੁਰੇ ਬਣੇ
6 ਧਰਤੀ ਉੱਤੇ ਲੋਕਾਂ ਦੀ ਗਿਣਤੀ ਵੱਧਦੀ ਗਈ। ਇਨ੍ਹਾਂ ਲੋਕਾਂ ਦੇ ਘਰੀਂ ਕੁੜੀਆਂ ਜੰਮੀਆਂ। 2-4 ਪਰਮੇਸ਼ੁਰ ਦੇ ਪੁੱਤਰਾਂ ਨੇ ਦੇਖਿਆ ਕਿ ਇਹ ਕੁੜੀਆਂ ਸੁੰਦਰ ਸਨ। ਇਸ ਲਈ ਪਰਮੇਸ਼ੁਰ ਦੇ ਪੁੱਤਰਾਂ ਨੇ ਆਪਣੀ ਚੁਣੀ ਹੋਈ ਕਿਸੇ ਵੀ ਕੁੜੀ ਨਾਲ ਸ਼ਾਦੀ ਕੀਤੀ।
ਇਨ੍ਹਾਂ ਔਰਤਾਂ ਨੇ ਬੱਚਿਆਂ ਨੂੰ ਜਨਮ ਦਿੱਤਾ। ਉਸ ਸਮੇਂ ਦੌਰਾਨ ਅਤੇ ਬਾਅਦ ਵਿੱਚ, ਧਰਤੀ ਉੱਤੇ ਨੇਫ਼ਿਲੀਮ ਲੋਕ ਰਹਿੰਦੇ ਸਨ। ਉਹ ਮਸ਼ਹੂਰ ਲੋਕ ਸਨ। ਉਹ ਪੁਰਾਣੇ ਵੇਲਿਆਂ ਤੋਂ ਹੀ ਨਾਇੱਕ ਸਨ। [f]
ਫ਼ੇਰ ਯਹੋਵਾਹ ਨੇ ਆਖਿਆ, “ਲੋਕ ਤਾਂ ਸਿਰਫ਼ ਇਨਸਾਨ ਹਨ; ਮੈਂ ਆਪਣੇ ਆਤਮੇ ਨੂੰ ਉਨ੍ਹਾਂ ਖਾਤਿਰ ਸਦਾ ਲਈ ਪਰੇਸ਼ਾਨ ਨਹੀਂ ਕਰਾਂਗਾ। ਮੈਂ ਉਨ੍ਹਾਂ ਨੂੰ 120 ਵਰ੍ਹਿਆਂ ਦਾ ਜੀਵਨ ਦੇਵਾਂਗਾ।”
5 ਯਹੋਵਾਹ ਨੇ ਦੇਖਿਆ ਕਿ ਧਰਤੀ ਦੇ ਲੋਕ ਬਹੁਤ ਮੰਦੇ ਸਨ। ਯਹੋਵਾਹ ਨੇ ਦੇਖਿਆ ਕਿ ਲੋਕ ਹਰ ਸਮੇਂ ਕੇਵਲ ਮੰਦੀਆਂ ਗੱਲਾਂ ਬਾਰੇ ਸੋਚਦੇ ਸਨ। 6 ਯਹੋਵਾਹ ਨੂੰ ਬਹੁਤ ਅਫ਼ਸੋਸ ਹੋਇਆ ਕਿ ਉਸ ਨੇ ਧਰਤੀ ਉੱਤੇ ਲੋਕਾਂ ਦੀ ਸਾਜਨਾ ਕੀਤੀ ਸੀ। ਇਸ ਨਾਲ ਯਹੋਵਾਹ ਦੇ ਦਿਲ ਅੰਦਰ ਬਹੁਤ ਉਦਾਸੀ ਭਰ ਗਈ। 7 ਇਸ ਲਈ ਯਹੋਵਾਹ ਨੇ ਆਖਿਆ, “ਮੈਂ ਉਨ੍ਹਾਂ ਸਮੂਹ ਲੋਕਾਂ ਨੂੰ ਤਬਾਹ ਕਰ ਦਿਆਂਗਾ ਜਿਨ੍ਹਾਂ ਨੂੰ ਮੈਂ ਧਰਤੀ ਉੱਤੇ ਸਾਜਿਆ ਹੈ। ਮੈਂ ਹਰੇਕ ਵਿਅਕਤੀ, ਹਰੇਕ ਜਾਨਵਰ ਅਤੇ ਹਰ ਓਸ ਸ਼ੈਅ ਨੂੰ ਤਬਾਹ ਕਰ ਦਿਆਂਗਾ ਜਿਹੜੀ ਧਰਤੀ ਉੱਤੇ ਰੀਂਗਦੀ ਹੈ ਅਤੇ ਮੈਂ ਅਕਾਸ਼ ਦੇ ਵਿੱਚਲੇ ਸਾਰੇ ਪੰਛੀਆਂ ਨੂੰ ਤਬਾਹ ਕਰ ਦਿਆਂਗਾ ਕਿਉਂਕਿ ਮੈਂਨੂੰ ਅਫ਼ਸੋਸ ਹੈ ਕਿ ਮੈਂ ਉਨ੍ਹਾਂ ਦੀ ਸਾਜਨਾ ਕੀਤੀ।”
8 ਪਰ ਧਰਤੀ ਦਾ ਇੱਕ ਅਜਿਹਾ ਆਦਮੀ ਸੀ ਜਿਸ ਉੱਤੇ ਯਹੋਵਾਹ ਪ੍ਰਸੰਨ ਸੀ-ਉਹ ਸੀ ਨੂਹ।
ਨੂਹ ਅਤੇ ਵੱਡਾ ਹੜ੍ਹ
9 ਇਹ ਕਹਾਣੀ ਨੂਹ ਦੇ ਪਰਿਵਾਰ ਬਾਰੇ ਹੈ। ਨੂਹ ਆਪਣੇ ਜੀਵਨ ਭਰ ਚੰਗਾ ਇਨਸਾਨ ਰਿਹਾ। ਨੂਹ ਹਮੇਸ਼ਾ ਪਰਮੇਸ਼ੁਰ ਦਾ ਪੈਰੋਕਾਰ ਰਿਹਾ। 10 ਨੂਹ ਦੇ ਤਿੰਨ ਪੁੱਤਰ ਸਨ: ਸ਼ੇਮ, ਹਾਮ ਅਤੇ ਯਾਫਥ।
11-12 ਪਰਮੇਸ਼ੁਰ ਨੇ ਧਰਤੀ ਵੱਲ ਤੱਕਿਆ ਅਤੇ ਦੇਖਿਆ ਕਿ ਲੋਕਾਂ ਨੇ ਇਸ ਨੂੰ ਬਰਬਾਦ ਕਰ ਦਿੱਤਾ ਸੀ। ਹਰ ਥਾਂ ਹਿੰਸਾ ਫ਼ੈਲੀ ਹੋਈ ਸੀ ਲੋਕੀਂ ਮੰਦੇ ਅਤੇ ਜ਼ਾਲਮ ਬਣ ਗਏ ਸਨ।
13 ਇਸ ਲਈ ਪਰਮੇਸ਼ੁਰ ਨੇ ਨੂਹ ਨੂੰ ਆਖਿਆ, “ਸਮੂਹ ਲੋਕਾਂ ਨੇ ਧਰਤੀ ਨੂੰ ਕਰੋਧ ਅਤੇ ਹਿੰਸਾ ਨਾਲ ਭਰ ਦਿੱਤਾ ਹੈ। ਇਸ ਲਈ ਮੈਂ ਸਾਰੇ ਜੀਵਾਂ ਨੂੰ ਖ਼ਤਮ ਕਰ ਦਿਆਂਗਾ। ਮੈਂ ਇਨ੍ਹਾਂ ਨੂੰ ਧਰਤੀ ਉੱਤੋਂ ਹਟਾ ਦਿਆਂਗਾ। 14 ਗੋਫਰ ਦੀ ਲੱਕੜ ਲੈ ਅਤੇ ਆਪਣੇ ਲਈ ਇੱਕ ਕਿਸ਼ਤੀ ਬਣਾ। ਕਿਸ਼ਤੀ ਵਿੱਚ ਕਮਰੇ ਬਣਾ ਅਤੇ ਇਸ ਨੂੰ ਅੰਦਰੋਂ ਅਤੇ ਬਾਹਰੋਂ ਲੁੱਕ ਨਾਲ ਢੱਕ ਦੇ।
15 “ਮੈਂ ਚਾਹੁੰਦਾ ਹਾਂ ਕਿ ਤੂੰ ਇਸ ਨਾਪ ਦੀ ਕਿਸ਼ਤੀ ਬਣਾਵੇਂ: 300 ਕਿਊਬਿਟ ਲੰਬੀ, 50 ਕਿਊਬਿਟ ਚੌੜੀ ਅਤੇ 30 ਕਿਊਬਿਟ ਉੱਚੀ। 16 ਕਿਸ਼ਤੀ ਲਈ ਇਸਦੀ ਛੱਤ ਤੋਂ 18 ਇੰਚ ਹੇਠਾਂ ਇੱਕ ਖਿੜਕੀ ਬਣਾ। ਕਿਸ਼ਤੀ ਦੇ ਇੱਕ ਪਾਸੇ ਵੱਲ ਦਰਵਾਜ਼ਾ ਰੱਖੀਂ। ਕਿਸ਼ਤੀ ਦਿਆਂ ਤਿੰਨ ਮੰਜ਼ਲਾਂ ਹੋਣ; ਉੱਪਰਲੀ ਮੰਜ਼ਿਲ, ਵਿੱਚਕਾਰਲੀ ਮੰਜ਼ਿਲ ਅਤੇ ਹੇਠਲੀ ਮੰਜ਼ਿਲ।
17 “ਜੋ ਮੈਂ ਆਖ ਰਿਹਾ ਹਾਂ ਉਸ ਨੂੰ ਸਮਝ ਲੈ। ਮੈਂ ਧਰਤੀ ਉੱਤੇ ਪਾਣੀ ਦਾ ਇੱਕ ਵੱਡਾ ਹੜ੍ਹ ਲਿਆਵਾਂਗਾ। ਮੈਂ ਉਨ੍ਹਾਂ ਸਾਰੇ ਜੀਵਾਂ ਨੂੰ ਤਬਾਹ ਕਰ ਦਿਆਂਗਾ ਜਿਹੜੇ ਅਕਾਸ਼ ਦੇ ਹੇਠਾਂ ਰਹਿੰਦੇ ਹਨ। ਧਰਤੀ ਦੀ ਹਰ ਸ਼ੈਅ ਮਰ ਜਾਵੇਗੀ। 18 ਮੈਂ ਤੇਰੇ ਨਾਲ ਇੱਕ ਖਾਸ ਇਕਰਾਰਨਾਮਾ ਕਰਾਂਗਾ। ਅਤੇ ਤੂੰ, ਤੇਰੇ ਪੁੱਤਰ, ਤੇਰੀ ਪਤਨੀ, ਅਤੇ ਤੇਰੀਆਂ ਨੂਹਾਂ ਸਾਰੇ ਹੀ ਕਿਸ਼ਤੀ ਵਿੱਚ ਚੱਲੇ ਜਾਵੋਂਗੇ। 19 ਅਤੇ ਤੈਨੂੰ ਚਾਹੀਦਾ ਹੈ ਕਿ ਧਰਤੀ ਉੱਤੇ ਜਿਉਣ ਵਾਲੀ ਹਰ ਸ਼ੈਅ ਦਾ ਇੱਕ ਜੋੜਾ ਪ੍ਰਾਪਤ ਕਰ ਲਵੇਂ। ਉਹ ਨਰ ਤੇ ਮਾਦਾ ਹੋਣ ਅਤੇ ਉਨ੍ਹਾਂ ਨੂੰ ਕਿਸ਼ਤੀ ਵਿੱਚ ਲੈ ਆਵੀਂ। ਉਨ੍ਹਾਂ ਨੂੰ ਆਪਣੇ ਨਾਲ ਜਿਉਂਦਾ ਰੱਖੀਂ। 20 ਧਰਤੀ ਤੇ ਰਹਿਣ ਵਾਲੇ ਹਰ ਤਰ੍ਹਾਂ ਦੇ ਪੰਛੀਆਂ ਦਾ ਇੱਕ ਜੋੜਾ ਅਤੇ ਧਰਤੀ ਉੱਤੇ ਰਹਿਣ ਵਾਲੇ ਹਰ ਤਰ੍ਹਾਂ ਦੇ ਜਾਨਵਰਾਂ ਦਾ ਇੱਕ ਜੋੜਾ ਜਿਉਂਦਾ ਰਹਿਣ ਲਈ ਤੇਰੇ ਕੋਲ ਆਵੇਗਾ। 21 ਅਤੇ ਧਰਤੀ ਉਤਲੇ ਹਰ ਤਰ੍ਹਾਂ ਦੇ ਭੋਜਨ ਨੂੰ ਵੀ ਕਿਸ਼ਤੀ ਵਿੱਚ ਰੱਖ ਲੈ। ਇਹ ਭੋਜਨ ਤੇਰੇ ਲਈ ਅਤੇ ਜਾਨਵਰਾਂ ਲਈ ਹੋਵੇਗਾ।”
22 ਨੂਹ ਨੇ ਇਹ ਸਾਰੀਆਂ ਗੱਲਾਂ ਕੀਤੀਆਂ। ਨੂਹ ਨੇ ਉਨ੍ਹਾਂ ਸਾਰੇ ਆਦੇਸ਼ਾਂ ਦੀ ਪਾਲਣਾ ਕੀਤੀ ਜਿਹੜੇ ਪਰਮੇਸ਼ੁਰ ਨੇ ਦਿੱਤੇ ਸਨ।
ਹੜ੍ਹ ਦਾ ਆਰੰਭ ਹੋਣਾ
7 ਫ਼ੇਰ ਯਹੋਵਾਹ ਨੇ ਨੂਹ ਨੂੰ ਆਖਿਆ, “ਮੈਂ ਦੇਖਿਆ ਹੈ ਕਿ ਤੂੰ ਚੰਗਾ ਆਦਮੀ ਹੈਂ, ਇਸ ਸਮੇਂ ਦੇ ਮੰਦੇ ਲੋਕਾਂ ਵਿੱਚ ਰਹਿੰਦਾ ਹੋਇਆ ਵੀ। ਇਸ ਲਈ ਆਪਣੇ ਸਾਰੇ ਪਰਿਵਾਰ ਨੂੰ ਇਕੱਠਿਆਂ ਕਰਕੇ ਕਿਸ਼ਤੀ ਵਿੱਚ ਲੈ ਜਾ। 2 ਸਾਰੇ ਪਾਕ ਜਾਨਵਰਾਂ ਦੇ ਸੱਤ ਜੋੜੇ (ਨਰ ਅਤੇ ਮਾਦਾ) ਜੋ ਬਲੀ ਦੇ ਲਾਇੱਕ ਹੋਣ ਅਤੇ ਹੋਰ ਸਾਰੇ ਜਾਨਵਰਾਂ ਦਾ ਇੱਕ ਜੋੜਾ (ਇੱਕ ਨਰ ਤੇ ਸੱਤ ਮਾਦਾ) ਇਸ ਤਰ੍ਹਾਂ ਇਹ ਸਾਰੇ ਜਾਨਵਰ ਜਿਉਂਦੇ ਰਹਿਣਗੇ। 3-4 ਅੱਜ ਤੋਂ ਸੱਤਾਂ ਦਿਨਾਂ ਬਾਅਦ ਮੈਂ ਧਰਤੀ ਉੱਤੇ ਭਾਰੀ ਬਾਰਿਸ਼ ਭੇਜਾਂਗਾ। ਚਾਲੀ ਦਿਨਾਂ ਅਤੇ ਚਾਲੀ ਰਾਤਾਂ ਤੱਕ ਬਾਰਿਸ਼ ਹੁੰਦੀ ਰਹੇਗੀ। ਅਤੇ ਮੈਂ ਧਰਤੀ ਦੇ ਚਿਹਰੇ ਉੱਤੋਂ ਹਰ ਸ਼ੈਅ ਨੂੰ ਪੂੰਝ ਸੁੱਟਾਂਗਾ। ਮੈਂ ਹਰ ਓਸ ਚੀਜ਼ ਨੂੰ ਤਬਾਹ ਕਰ ਦਿਆਂਗਾ ਜਿਸ ਨੂੰ ਮੈਂ ਸਾਜਿਆ ਸੀ।” 5 ਨੂਹ ਨੇ ਹਰ ਉਹ ਗੱਲ ਕੀਤੀ ਜਿਸਦਾ ਯਹੋਵਾਹ ਨੇ ਉਸ ਨੂੰ ਕਰਨ ਲਈ ਹੁਕਮ ਦਿੱਤਾ ਸੀ।
6 ਜਦੋਂ ਹੜ੍ਹ ਆਏ, ਨੂਹ 600 ਵਰ੍ਹਿਆਂ ਦਾ ਸੀ। 7 ਨੂਹ ਅਤੇ ਉਸਦਾ ਪਰਿਵਾਰ ਹੜ੍ਹ ਤੋਂ ਬਚਣ ਲਈ ਕਿਸ਼ਤੀ ਅੰਦਰ ਚੱਲਿਆ ਗਿਆ। ਨੂਹ ਦੀ ਪਤਨੀ ਅਤੇ ਉਸ ਦੇ ਪੁੱਤਰ ਅਤੇ ਨੂਹਾਂ ਉਸ ਦੇ ਨਾਲ ਕਿਸ਼ਤੀ ਵਿੱਚ ਸਨ। 8 ਸਾਰੇ ਪਾਕ ਜਾਨਵਰ, ਧਰਤੀ ਦੇ ਹੋਰ ਸਾਰੇ ਜਾਨਵਰ, ਪੰਛੀ ਅਤੇ ਧਰਤੀ ਉੱਤੇ ਰੀਂਗਣ ਵਾਲੇ ਜੀਵ, 9 ਨੂਹ ਦੇ ਨਾਲ ਹੀ ਕਿਸ਼ਤੀ ਵਿੱਚ ਚੱਲੇ ਗਏ। ਏਹ ਜਾਨਵਰ ਪਰਮੇਸ਼ੁਰ ਦੇ ਆਦੇਸ਼ ਅਨੁਸਾਰ ਜੋੜਿਆਂ, ਨਰ ਅਤੇ ਮਾਦਾ, ਦੇ ਰੂਪ ਵਿੱਚ ਗਏ ਸਨ। 10 ਸੱਤਾਂ ਦਿਨਾਂ ਬਾਅਦ ਹੜ੍ਹ ਸ਼ੁਰੂ ਹੋ ਗਿਆ। ਧਰਤੀ ਉੱਤੇ ਬਾਰਿਸ਼ ਹੋਣ ਲੱਗ ਪਈ।
11 ਨੂਹ ਦੇ 600 ਵਰ੍ਹੇ ਦੀ ਉਮਰ ਦੇ ਦੂਸਰੇ ਮਹੀਨੇ ਦੇ 17ਵੇਂ ਦਿਨ ਨੂੰ ਧਰਤੀ ਹੇਠਲੇ ਸਮੂਜ ਝਰਨੇ ਫ਼ਟ ਕੇ ਫੁੱਟ ਪਏ ਓਸੇ ਦਿਨ, ਧਰਤੀ ਉੱਤੇ ਭਾਰੀ ਬਾਰਿਸ਼ ਹੋਣ ਲੱਗ ਪਈ ਜਿਵੇਂ ਕਿ ਅਕਾਸ਼ ਦੀਆਂ ਖਿੜਕੀਆਂ ਖੁਲ੍ਹ ਗਈਆਂ ਹੋਣ। 12 ਚਾਲੀ ਦਿਨ ਤੇ ਚਾਲੀ ਰਾਤਾਂ ਭਾਰੀ ਬਾਰਿਸ਼ ਹੁੰਦੀ ਰਹੀ। 13 ਓਸੇ ਦਿਨ ਨੂਹ ਅਤੇ ਉਸਦੀ ਪਤਨੀ, ਉਸ ਦੇ ਪੁੱਤਰ-ਸ਼ੇਮ, ਹਾਮ ਅਤੇ ਯਾਫ਼ਥ-ਅਤੇ ਉਨ੍ਹਾਂ ਦੀਆਂ ਪਤਨੀਆਂ ਕਿਸ਼ਤੀ ਵਿੱਚ ਚਲੀਆਂ ਗਈਆਂ। 14 ਉਹ ਲੋਕ ਅਤੇ ਧਰਤੀ ਦੇ ਹੋਰ ਸਾਰੇ ਜਾਨਵਰ ਕਿਸ਼ਤੀ ਵਿੱਚ ਸਨ। ਹਰ ਤਰ੍ਹਾਂ ਦੇ ਪਸ਼ੂ, ਹਰ ਤਰ੍ਹਾਂ ਦੇ ਧਰਤੀ ਉੱਤੇ ਰੀਂਗਣ ਵਾਲੇ ਜਾਨਵਰ, ਅਤੇ ਹਰ ਤਰ੍ਹਾਂ ਦੇ ਪੰਛੀ ਕਿਸ਼ਤੀ ਵਿੱਚ ਸਨ। 15 ਹਰ ਤਰ੍ਹਾਂ ਦੇ ਜਿਉਣ ਵਾਲੇ ਪ੍ਰਾਣੀਆਂ ਦਾ ਇੱਕ-ਇੱਕ ਜੋੜਾ ਨੂਹ ਕੋਲ ਕਿਸ਼ਤੀ ਅੰਦਰ ਆ ਗਿਆ। 16 ਇਹ ਸਮੂਹ ਜਾਨਵਰ ਉਸੇ ਤਰ੍ਹਾਂ ਜੋੜਿਆਂ (ਨਰ ਅਤੇ ਮਾਦਾ) ਵਿੱਚ ਕਿਸ਼ਤੀ ਵਿੱਚ ਚੱਲੇ ਗਏ ਜਿਵੇਂ ਪਰਮੇਸ਼ੁਰ ਨੇ ਨੂਹ ਨੂੰ ਹੁਕਮ ਦਿੱਤਾ ਸੀ। ਫ਼ੇਰ ਯਹੋਵਾਹ ਨੇ ਨੂਹ ਦੇ ਪਿੱਛੇ ਦਰਵਾਜ਼ਾ ਬੰਦ ਕਰ ਦਿੱਤਾ।
17 ਧਰਤੀ ਉੱਤੇ ਚਾਲੀ ਦਿਨਾਂ ਤੱਕ ਹੜ੍ਹ ਫ਼ੈਲਿਆ ਰਿਹਾ। ਪਾਣੀ ਚਢ਼ਣਾ ਸ਼ੁਰੂ ਹੋ ਗਿਆ ਅਤੇ ਉਸ ਨੇ ਕਿਸ਼ਤੀ ਨੂੰ ਧਰਤੀ ਤੋਂ ਉੱਪਰ ਉੱਠਾ ਦਿੱਤਾ। 18 ਪਾਣੀ ਚੜ੍ਹਦਾ ਗਿਆ ਅਤੇ ਕਿਸ਼ਤੀ ਧਰਤੀ ਤੋਂ ਉੱਪਰ ਪਾਣੀ ਉੱਤੇ ਤੈਰਨ ਲਗੀ। 19 ਪਾਣੀ ਇੰਨਾ ਚੜ੍ਹ ਗਿਆ ਕਿ ਸਭ ਤੋਂ ਉੱਚੇ ਪਹਾੜ ਵੀ ਪਾਣੀ ਨਾਲ ਢੱਕੇ ਗਏ। 20 ਪਾਣੀ ਪਹਾੜਾਂ ਤੋਂ ਉੱਚਾ ਉੱਠਣ ਲੱਗਾ। ਪਾਣੀ ਸਭ ਤੋਂ ਉੱਚੇ ਪਹਾੜ ਤੋਂ ਵੀ 20 ਫੁੱਟ ਉੱਚਾ ਉੱਠ ਗਿਆ।
21-22 ਧਰਤੀ ਉਤਲਾ ਹਰ ਜੀਵ ਮਰ ਗਿਆ-ਹਰ ਆਦਮੀ ਤੇ ਹਰ ਔਰਤ, ਹਰ ਪੰਛੀ, ਅਤੇ ਧਰਤੀ ਦਾ ਹਰ ਤਰ੍ਹਾਂ ਦਾ ਜਾਨਵਰ ਮਰ ਗਿਆ। ਸੁੱਕੀ ਧਰਤੀ ਉੱਤੇ ਰਹਿਣ ਵਾਲੀ ਅਤੇ ਸਾਹ ਲੈਣ ਵਾਲੀ ਹਰ ਸ਼ੈਅ ਮਰ ਗਈ। 23 ਪਰਮੇਸ਼ੁਰ ਨੇ ਧਰਤੀ ਦੀ ਹਰ ਜਿਉਂਦੀ ਸ਼ੈਅ ਨੂੰ ਤਬਾਹ ਕਰ ਦਿੱਤਾ: ਹਰ ਆਦਮੀ, ਹਰ ਜਾਨਵਰ, ਹਰ ਰੀਂਗਣ ਵਾਲਾ ਜੀਵ ਅਤੇ ਹਰ ਪੰਛੀ। ਇਹ ਸਾਰੀਆਂ ਸ਼ੈਆਂ ਧਰਤੀ ਤੋਂ ਤਬਾਹ ਹੋ ਗਈਆਂ ਸਨ। ਜਿਹੜਾ ਜੀਵਨ ਬਚਾਇਆ ਗਿਆ ਉਹ ਨੂਹ ਅਤੇ ਉਸ ਦੇ ਨਾਲ ਕਿਸ਼ਤੀ ਵਿੱਚ ਸਵਾਰ ਲੋਕ ਅਤੇ ਜੀਵਿਤ ਪ੍ਰਾਣੀ ਸਨ। 24 ਪਾਣੀ 150 ਦਿਨਾਂ ਤੱਕ ਧਰਤੀ ਉੱਤੇ ਫ਼ੈਲਿਆ ਰਿਹਾ।
ਹੜਾਂ ਦੀ ਸਮਾਪਤੀ
8 ਪਰ ਪਰਮੇਸ਼ੁਰ ਨੇ ਨੂਹ ਅਤੇ ਉਸ ਦੇ ਨਾਲ ਕਿਸ਼ਤੀ ਵਿੱਚ ਸਵਾਰ ਸਮੂਹ ਜਾਨਵਰਾਂ ਨੂੰ ਚੇਤੇ ਰੱਖਿਆ। ਪਰਮੇਸ਼ੁਰ ਨੇ ਧਰਤੀ ਉੱਤੇ ਹਵਾ ਵਗਾਈ। ਇਸ ਨਾਲ ਸਾਰਾ ਪਾਣੀ ਘਟਣਾ ਸ਼ੁਰੂ ਹੋ ਗਿਆ।
2 ਅਕਾਸ਼ ਵਿੱਚੋਂ ਬਾਰਿਸ਼ ਹੋਣੀ ਬੰਦ ਹੋ ਗਈ ਅਤੇ ਧਰਤੀ ਹੇਠੋਂ ਪਾਣੀ ਵਗਣਾ ਬੰਦ ਹੋ ਗਿਆ। 3-4 ਜਿਸ ਪਾਣੀ ਨੇ ਧਰਤੀ ਨੂੰ ਕਜਿਆ ਹੋਇਆ ਸੀ, ਉਹ ਹੇਠਾਂ ਜਾਣਾ ਸ਼ੁਰੂ ਹੋ ਗਿਆ। 150 ਦਿਨਾਂ ਮਗਰੋਂ ਪਾਣੀ ਇੰਨਾ ਘਟ ਗਿਆ ਕਿ ਕਿਸ਼ਤੀ ਫ਼ੇਰ ਇੱਕ ਵਾਰੀ ਧਰਤੀ ਨੂੰ ਛੂਹਣ ਲਗੀ। ਕਿਸ਼ਤੀ ਅਰਾਰਾਤ ਦੇ ਪਰਬਤ ਦੀ ਇੱਕ ਚੋਟੀ ਉੱਤੇ ਰੁਕ ਗਈ। ਇਹ ਸੱਤਵੇਂ ਮਹੀਨੇ ਦਾ ਸਤਾਰਵਾਂ ਦਿਨ ਸੀ। 5 ਪਾਣੀ ਹੇਠਾਂ ਉੱਤਰਦਾ ਰਿਹਾ ਅਤੇ ਦਸਵੇਂ ਮਹੀਨੇ ਦੇ ਪਹਿਲੇ ਦਿਨ ਤੋਂ ਪਰਬਤਾਂ ਦੀਆਂ ਚੋਟੀਆਂ ਦਿਸਣ ਲੱਗ ਪਈਆਂ।
6 ਚਾਲੀ ਦਿਨਾਂ ਮਗਰੋਂ, ਨੂਹ ਨੇ ਉਹ ਖਿੜਕੀ ਖੋਲ੍ਹੀ, ਜਿਹੜੀ ਉਸ ਨੇ ਕਿਸ਼ਤੀ ਵਿੱਚ ਬਣਾਈ ਸੀ। 7 ਫ਼ੇਰ ਨੂਹ ਨੇ ਇੱਕ ਕਾਂ ਨੂੰ ਛੱਡਿਆ। ਪੰਛੀ ਧਰਤੀ ਦੇ ਸੁੱਕ ਜਾਣ ਅਤੇ ਪਾਣੀ ਦੇ ਚੱਲੇ ਜਾਣ ਤੀਕ ਇੱਕ ਥਾਂ ਤੋਂ ਦੂਜੀ ਥਾਂ ਤੇ ਉੱਡਦਾ ਰਿਹਾ। 8 ਨੂਹ ਨੇ ਇੱਕ ਘੁੱਗੀ ਵੀ ਛੱਡੀ। ਨੂਹ ਚਾਹੁੰਦਾ ਸੀ ਕਿ ਘੁੱਗੀ ਸੁੱਕੀ ਧਰਤੀ ਲੱਭ ਲਵੇ। ਉਹ ਜਾਨਣਾ ਚਾਹੁੰਦਾ ਸੀ ਕਿ ਕੀ ਪਾਣੀ ਅਜੇ ਵੀ ਸਾਰੀ ਧਰਤੀ ਉੱਤੇ ਫ਼ੈਲਿਆ ਹੋਇਆ ਸੀ।
9 ਘੁੱਗੀ ਨੂੰ ਟਿਕਾਣੇ ਵਾਲੀ ਕੋਈ ਥਾਂ ਨਹੀਂ ਲੱਭੀ ਕਿਉਂਕਿ ਪਾਣੀ ਨੇ ਹਾਲੇ ਵੀ ਧਰਤੀ ਨੂੰ ਢੱਕਿਆ ਹੋਇਆ ਸੀ, ਇਸ ਲਈ ਘੁੱਗੀ ਕਿਸ਼ਤੀ ਵਿੱਚ ਵਾਪਸ ਪਰਤ ਆਈ। ਨੂਹ ਨੇ ਹੱਥ ਵੱਧਾਕੇ ਘੁੱਗੀ ਨੂੰ ਫ਼ੜ ਲਿਆ ਅਤੇ ਇਸ ਨੂੰ ਕਿਸ਼ਤੀ ਵਿੱਚ ਲੈ ਆਂਦਾ।
10 ਸੱਤਾਂ ਦਿਨਾਂ ਬਾਦ, ਨੂਹ ਨੇ ਇੱਕ ਵਾਰ ਫ਼ੇਰ ਘੁੱਗੀ ਨੂੰ ਛੱਡਿਆ। 11 ਅਤੇ ਉਸ ਸ਼ਾਮ ਨੂੰ ਘੁੱਗੀ ਨੂਹ ਕੋਲ ਵਾਪਸ ਪਰਤ ਆਈ। ਘੁੱਗੀ ਦੀ ਚੁੰਜ ਵਿੱਚ ਜੈਤੂਨ ਦਾ ਇੱਕ ਤਾਜ਼ਾ ਪੱਤਾ ਸੀ। ਇਹ ਨੂਹ ਨੂੰ ਇਹ ਦਰਸਾਉਣ ਦਾ ਸੰਕੇਤ ਸੀ ਕਿ ਧਰਤੀ ਉੱਤੇ ਸੁੱਕੀ ਜ਼ਮੀਨ ਸੀ। 12 ਉਸ ਨੇ ਸੱਤਾਂ ਦਿਨਾਂ ਮਗਰੋਂ ਘੁੱਗੀ ਨੂੰ ਫ਼ੇਰ ਛੱਡਿਆ। ਪਰ ਇਸ ਵਾਰੀ ਘੁੱਗੀ ਵਾਪਸ ਨਹੀਂ ਪਰਤੀ।
13 ਇਸਤੋਂ ਮਗਰੋਂ, ਨੂਹ ਨੇ ਕਿਸ਼ਤੀ ਦਾ ਦਰਵਾਜ਼ਾ ਖੋਲ੍ਹ ਦਿੱਤਾ। ਨੂਹ ਨੇ ਨਜ਼ਰ ਮਾਰੀ ਅਤੇ ਦੇਖਿਆ ਕਿ ਧਰਤੀ ਸੁੱਕੀ ਸੀ। ਇਹ ਪਹਿਲੇ ਮਹੀਨੇ ਦਾ ਪਹਿਲਾ ਦਿਨ ਸੀ। ਨੂਹ 601 ਵਰ੍ਹਿਆਂ ਦਾ ਸੀ। 14 ਦੂਸਰੇ ਮਹੀਨੇ ਦੇ 27ਵੇਂ ਦਿਨ ਧਰਤੀ ਪੂਰੀ ਤਰ੍ਹਾਂ ਸੁੱਕੀ ਸੀ।
15 ਫ਼ੇਰ ਪਰਮੇਸ਼ੁਰ ਨੇ ਨੂਹ ਨੂੰ ਆਖਿਆ, 16 “ਕਿਸ਼ਤੀ ਵਿੱਚੋਂ ਬਾਹਰ ਆ ਜਾ। ਤੈਨੂੰ, ਤੇਰੀ ਪਤਨੀ, ਤੇਰੇ ਪੁੱਤਰਾਂ ਅਤੇ ਤੇਰੀ ਨੂਹਾਂ ਨੂੰ ਹੁਣ ਬਾਹਰ ਆ ਜਾਣਾ ਚਾਹੀਦਾ ਹੈ। 17 ਕਿਸ਼ਤੀ ਵਿੱਚਲੇ ਆਪਣੇ ਨਾਲ ਦੇ ਸਮੂਹ ਜਿਉਂਦੇ ਜਾਨਵਰਾਂ ਨੂੰ ਬਾਹਰ ਲਿਆ-ਸਮੂਹ ਪੰਛੀਆਂ, ਜਾਨਵਰਾਂ ਅਤੇ ਧਰਤੀ ਉੱਤੇ ਰੀਂਗਣ ਵਾਲੀ ਹਰ ਸ਼ੈਅ ਨੂੰ। ਉਹ ਜਾਨਵਰ ਹੋਰ ਬਹੁਤ ਸਾਰੇ ਜਾਨਵਰ ਪੈਦਾ ਕਰਨਗੇ, ਅਤੇ ਇੱਕ ਵਾਰੀ ਫ਼ੇਰ ਉਹ ਧਰਤੀ ਨੂੰ ਭਰ ਦੇਣਗੇ।”
18 ਇਸ ਲਈ ਨੂਹ ਆਪਣੇ ਪੁੱਤਰਾਂ, ਆਪਣੀ ਪਤਨੀ ਅਤੇ ਆਪਣੀਆਂ ਨੂਹਾਂ ਨਾਲ ਬਾਹਰ ਆ ਗਿਆ। 19 ਸਮੂਹ ਜਾਨਵਰ, ਰੀਂਗਣ ਵਾਲੇ ਜੀਵ ਅਤੇ ਹਰ ਪੰਛੀ ਅਤੇ ਹਰ ਜੀਵਿਤ ਪ੍ਰਾਣੀ ਜੋ ਧਰਤੀ ਉੱਤੇ ਚਲਦਾ ਕਿਸ਼ਤੀ ਵਿੱਚੋਂ ਪਰਿਵਾਰਾਂ ਨਾਲ ਬਾਹਰ ਆ ਗਏ।
20 ਫ਼ੇਰ ਨੂਹ ਨੇ ਯਹੋਵਾਹ ਦੀ ਉਪਾਸਨਾ ਲਈ ਇੱਕ ਜਗਵੇਦੀ ਉਸਾਰੀ। ਨੂਹ ਨੇ ਪਾਕ ਪੰਛੀਆਂ ਵਿੱਚੋਂ ਕੁਝ ਪੰਛੀਆਂ ਨੂੰ ਲਿਆ ਅਤੇ ਸ਼ੁੱਧ ਜਾਨਵਰਾਂ ਵਿੱਚੋਂ ਕੁਝ ਜਾਨਵਰਾਂ ਨੂੰ ਲਿਆ, ਅਤੇ ਉਨ੍ਹਾਂ ਨੂੰ ਸੁਗਾਤ ਵਜੋਂ ਪਰਮੇਸ਼ੁਰ ਨੂੰ ਚੜ੍ਹਾ ਦਿੱਤਾ।
21 ਯਹੋਵਾਹ ਨੇ ਇਨ੍ਹਾਂ ਬਲੀਆਂ ਦੀ ਸੁਗੰਧ ਲਈ ਅਤੇ ਇਸ ਨਾਲ ਪ੍ਰਸੰਨ ਹੋ ਗਿਆ। ਯਹੋਵਾਹ ਨੇ ਮਨ ਵਿੱਚ ਆਖਿਆ, “ਮੈਂ ਫ਼ੇਰ ਕਦੇ ਵੀ ਲੋਕਾਂ ਨੂੰ ਸਜ਼ਾ ਦੇਣ ਲਈ ਧਰਤੀ ਨੂੰ ਸਰਾਪ ਨਹੀਂ ਦੇਵਾਂਗਾ। ਜਵਾਨੀ ਵੇਲੇ ਤੋਂ ਲੋਕ ਮੰਦੇ ਹੁੰਦੇ ਹਨ। ਇਸ ਲਈ ਮੈਂ ਫ਼ੇਰ ਕਦੇ ਵੀ ਧਰਤੀ ਉੱਤੇ ਰਹਿਣ ਵਾਲੇ ਜੀਵਾਂ ਨੂੰ ਇਸ ਤਰ੍ਹਾਂ ਤਬਾਹ ਨਹੀਂ ਕਰਾਂਗਾ ਜਿਵੇਂ ਹੁਣੇ ਕੀਤਾ ਹੈ। 22 ਜਿੰਨਾ ਚਿਰ ਧਰਤੀ ਕਾਇਮ ਹੈ, ਇੱਥੇ ਸਦਾ ਹੀ ਬੀਜ ਬੀਜਣ ਅਤੇ ਫ਼ਸਲ ਕੱਟਣ ਦਾ ਸਮਾਂ ਰਹੇਗਾ। ਇੱਥੇ ਧਰਤੀ ਉੱਤੇ ਸਦਾ ਹੀ ਸਰਦੀ ਤੇ ਗਰਮੀ, ਗਰਮੀ ਦੀ ਰੁੱਤ ਅਤੇ ਸਰਦੀ ਦੀ ਰੁੱਤ, ਦਿਨ ਅਤੇ ਰਾਤ ਰਹਿਣਗੇ।”
ਨਵੀਂ ਸ਼ੁਰੂਆਤ
9 ਪਰਮੇਸ਼ੁਰ ਨੇ ਨੂਹ ਅਤੇ ਉਸ ਦੇ ਪੁੱਤਰਾਂ ਨੂੰ ਅਸੀਸ ਦਿੱਤੀ। ਪਰਮੇਸ਼ੁਰ ਨੇ ਉਨ੍ਹਾਂ ਨੂੰ ਆਖਿਆ, “ਬਹੁਤ ਸਾਰੇ ਬੱਚੇ ਪੈਦਾ ਕਰੋ। ਆਪਣੇ ਲੋਕਾਂ ਨਾਲ ਧਰਤੀ ਨੂੰ ਭਰ ਦਿਓ। 2 ਧਰਤੀ ਉਤਲਾ ਹਰ ਜਾਨਵਰ, ਹਵਾ ਵਿੱਚਲਾ ਹਰ ਪੰਛੀ, ਧਰਤੀ ਉੱਤੇ ਰੀਂਗਣ ਵਾਲਾ ਹਰ ਜੀਵ ਅਤੇ ਸਮੁੰਦਰ ਵਿੱਚਲਾ ਹਰ ਜੰਤੂ ਤੁਹਾਡੇ ਕੋਲੋਂ ਡਰੇਗਾ। ਉਹ ਸਾਰੇ ਹੀ ਤੁਹਾਡੇ ਕਾਬੂ ਵਿੱਚ ਹੋਣਗੇ। 3 (ਅਤੀਤ ਵਿੱਚ) ਮੈਂ ਤੁਹਾਨੂੰ ਖਾਣ ਵਾਸਤੇ ਹਰੇ ਪੌਦੇ ਦਿੱਤੇ ਸਨ। ਹੁਣ ਹਰ ਜਾਨਵਰ ਹੀ ਤੁਹਾਡਾ ਭੋਜਨ ਹੋਵੇਗਾ। ਮੈਂ ਧਰਤੀ ਉਤਲੀ ਹਰ ਸ਼ੈਅ ਤੁਹਾਨੂੰ ਦੇਵਾਂਗਾ-ਇਹ ਤੁਹਾਡੀ ਹੈ। 4 ਪਰ ਮੈਂ ਤੁਹਾਨੂੰ ਇੱਕ ਆਦੇਸ਼ ਦੇਵਾਂਗਾ। ਤੁਹਾਨੂੰ ਉਹ ਮਾਸ ਕਦੇ ਨਹੀਂ ਖਾਣਾ ਚਾਹੀਦਾ ਜਿਸ ਵਿੱਚ ਹਾਲੇ ਜਾਨ (ਖੂਨ) ਹੋਵੇ। 5 ਮੈਂ ਤੁਹਾਡੀਆਂ ਜ਼ਿੰਦਗੀਆਂ ਲਈ ਤੁਹਾਡੇ ਖੂਨ ਦੀ ਮੰਗ ਕਰਾਂਗਾ। ਮਤਲਬ ਇਹ ਕਿ, ਮੈਂ ਕਿਸੇ ਵੀ ਉਸ ਜਾਨਵਰ ਦੀ ਜਾਨ ਦੀ ਮੰਗ ਕਰਾਂਗਾ ਜਿਹੜਾ ਕਿਸੇ ਬੰਦੇ ਨੂੰ ਮਾਰੇਗਾ ਅਤੇ ਮੈਂ ਕਿਸੇ ਵੀ ਓਸ ਬੰਦੇ ਦੀ ਜਾਨ ਦੀ ਮੰਗ ਕਰਾਂਗਾ ਜਿਹੜਾ ਕਿਸੇ ਹੋਰ ਆਦਮੀ ਦੀ ਜਾਨ ਲਵੇਗਾ।
6 “ਪਰਮੇਸ਼ੁਰ ਨੇ ਲੋਕਾਂ ਨੂੰ ਆਪਣੀ ਨਕਲ ਉੱਤੇ ਸਾਜਿਆ ਸੀ।
ਇਸ ਲਈ ਜਿਹੜਾ ਬੰਦਾ ਕਿਸੇ ਹੋਰ ਬੰਦੇ ਨੂੰ ਮਾਰਦਾ ਹੈ, ਉਹ ਕਿਸੇ ਹੋਰ ਬੰਦੇ ਦੇ ਹੱਥੋਂ ਮਾਰਿਆ ਜਾਵੇਗਾ।
7 “ਨੂਹ, ਤੈਨੂੰ ਅਤੇ ਤੇਰੇ ਪੁੱਤਰਾਂ ਨੂੰ ਬਹੁਤ ਸਾਰੇ ਬੱਚੇ ਪੈਦਾ ਕਰਨੇ ਚਾਹੀਦੇ ਹਨ। ਆਪਣੇ ਲੋਕਾਂ ਨਾਲ ਧਰਤੀ ਨੂੰ ਭਰ ਦਿਓ।”
8 ਫ਼ੇਰ ਪਰਮੇਸ਼ੁਰ ਨੇ ਨੂਹ ਅਤੇ ਉਸ ਦੇ ਪੁੱਤਰਾਂ ਨੂੰ ਆਖਿਆ, 9 “ਹੁਣ ਮੈਂ ਤੁਹਾਡੇ ਨਾਲ ਅਤੇ ਤੁਹਾਡੇ ਉੱਤਰਾਧਿਕਾਰੀਆਂ ਨਾਲ ਇੱਕ ਇਕਰਾਰ ਕਰਦਾ ਹਾਂ। 10 ਮੈਂ ਸਾਰੇ ਪੰਛੀਆਂ, ਸਾਰੇ ਪਸ਼ੂਆਂ, ਅਤੇ ਉਨ੍ਹਾਂ ਸਮੂਹ ਜਾਨਵਰਾਂ ਨਾਲ ਜਿਹੜੇ ਤੁਹਾਡੇ ਨਾਲ ਕਿਸ਼ਤੀ ਵਿੱਚੋਂ ਬਾਹਰ ਆਏ ਹਨ, ਇਕਰਾਰ ਕਰਦਾ ਹਾਂ। 11 ਤੁਹਾਨੂੰ ਮੇਰਾ ਇਕਰਾਰ ਇਹ ਹੈ: ਧਰਤੀ ਉੱਤੇ ਸਾਰਾ ਜੀਵਨ ਹੜ੍ਹ ਨੇ ਤਬਾਹ ਕਰ ਦਿੱਤਾ ਸੀ। ਪਰ ਅਜਿਹਾ ਫ਼ੇਰ ਕਦੇ ਨਹੀਂ ਵਾਪਰੇਗਾ। ਹੁਣ ਕਦੇ ਵੀ ਫ਼ੇਰ ਹੜ੍ਹ ਧਰਤੀ ਦੇ ਸਾਰੇ ਜੀਵਨ ਨੂੰ ਤਬਾਹ ਨਹੀਂ ਕਰੇਗਾ।”
12 ਅਤੇ ਪਰਮੇਸ਼ੁਰ ਨੇ ਆਖਿਆ, “ਅਤੇ ਇਸ ਗੱਲ ਨੂੰ ਸਾਬਤ ਕਰਨ ਵਾਸਤੇ ਵੀ ਮੈਂ ਇਹ ਇਕਰਾਰ ਦਿੱਤਾ ਹੈ, ਮੈਂ ਤੁਹਾਨੂੰ ਕੁਝ ਦਿਆਂਗਾ। ਇਹ ਸਬੂਤ ਦਰਸਾਵੇਗਾ ਕਿ ਮੈਂ ਤੁਹਾਡੇ ਨਾਲ ਅਤੇ ਧਰਤੀ ਦੇ ਸਮੂਹ ਜੀਵਾਂ ਨਾਲ ਇੱਕ ਇਕਰਾਰਨਾਮਾ ਕੀਤਾ ਹੈ। ਇਹ ਇਕਰਾਰਨਾਮਾ ਹਮੇਸ਼ਾ ਲਈ ਹੋਵੇਗਾ। ਸਬੂਤ ਇਹ ਹੈ: 13 ਮੈਂ ਬੱਦਲਾਂ ਵਿੱਚ ਇੱਕ ਧਣੁੱਖ ਬਣਾਇਆ ਹੈ। ਇਹ ਧਣੁੱਖ ਮੇਰੇ ਅਤੇ ਧਰਤੀ ਉੱਤੇ ਰਹਿਣ ਵਾਲਿਆਂ ਵਿੱਚਕਾਰ ਇਕਰਾਰਨਾਮੇ ਦਾ ਸਬੂਤ ਹੈ। 14 ਜਦੋਂ ਵੀ ਮੈਂ ਧਰਤੀ ਉੱਤੇ ਬੱਦਲ ਲਿਆਵਾਂਗਾ, ਤੁਸੀਂ ਬੱਦਲਾਂ ਵਿੱਚ ਧਣੁਖ ਦੇਖੋਂਗੇ। 15 ਜਦੋਂ ਮੈਂ ਇਸ ਧਣੁਖ ਨੂੰ ਦੇਖਾਂਗਾ, ਮੈਂ ਉਸ ਇਕਰਾਰਨਾਮੇ ਨੂੰ ਯਾਦ ਕਰਾਂਗਾ ਜਿਹੜਾ ਮੈਂ ਤੁਹਾਡੇ ਨਾਲ ਅਤੇ ਧਰਤੀ ਤੇ ਰਹਿਣ ਵਾਲੇ ਸਾਰੇ ਜੀਵਿਤ ਪ੍ਰਾਣੀਆਂ ਨਾਲ ਕੀਤਾ ਹੈ। ਇਕਰਾਰਨਾਮਾ ਆਖਦਾ ਹੈ ਕਿ ਹੜ੍ਹ ਧਰਤੀ ਉੱਤੇ ਸਾਰੇ ਜੀਵਨ ਨੂੰ ਕਦੇ ਵੀ ਤਬਾਹ ਨਹੀਂ ਕਰਨਗੇ। 16 ਜਦੋਂ ਵੀ ਮੈਂ ਬੱਦਲਾਂ ਵੱਲ ਦੇਖਾਂਗਾ ਅਤੇ ਧਣੁਖ ਨੂੰ ਦੇਖਾਂਗਾ, ਮੈਂ ਆਪਣੇ ਅਤੇ ਧਰਤੀ ਦੀ ਹਰ ਜਿਉਂਦੀ ਸ਼ੈਅ ਵਿੱਚਲੇ ਇਸ ਸਦੀਵੀ ਇਕਰਾਰਨਾਮੇ ਨੂੰ ਯਾਦ ਕਰਾਂਗਾ।”
17 ਇਸ ਲਈ ਯਹੋਵਾਹ ਨੇ ਨੂਹ ਨੂੰ ਆਖਿਆ, “ਇਹ ਧਣੁੱਖ ਉਸ ਇਕਰਾਰਨਾਮੇ ਦਾ ਸਬੂਤ ਹੈ ਜਿਹੜਾ ਮੈਂ ਧਰਤੀ ਦੇ ਸਮੂਹ ਜੀਵਿਤ ਪ੍ਰਾਣੀਆਂ ਨਾਲ ਕੀਤਾ ਹੈ।”
ਮੁਸ਼ਕਿਲਾਂ ਫ਼ੇਰ ਸ਼ੁਰੂ ਹੁੰਦੀਆਂ ਹਨ
18 ਨੂਹ ਦੇ ਪੁੱਤਰ ਉਸ ਦੇ ਨਾਲ ਕਿਸ਼ਤੀ ਵਿੱਚੋਂ ਬਾਹਰ ਆ ਗਏ। ਉਨ੍ਹਾਂ ਦੇ ਨਾਮ ਸਨ: ਸ਼ੇਮ, ਹਾਮ ਅਤੇ ਯਾਫ਼ਥ। (ਹਾਮ ਕਨਾਨ ਦਾ ਪਿਤਾ ਸੀ।) 19 ਇਹ ਤਿੰਨੇ ਆਦਮੀ ਨੂਹ ਦੇ ਪੁੱਤਰ ਸਨ। ਅਤੇ ਧਰਤੀ ਦੇ ਸਾਰੇ ਲੋਕ ਉਨ੍ਹਾਂ ਤਿੰਨਾਂ ਪੁੱਤਰਾਂ ਦੀ ਉਲਾਦ ਸਨ।
20 ਨੂਹ ਇੱਕ ਕਿਸਾਨ ਬਣ ਗਿਆ। ਉਸ ਨੇ ਅੰਗੂਰਾਂ ਦਾ ਬਾਗ ਲਾਇਆ। 21 ਨੂਹ ਨੇ ਮੈਅ ਬਣਾਈ ਅਤੇ ਪੀਤੀ। ਉਹ ਸ਼ਰਾਬੀ ਹੋ ਗਿਆ ਅਤੇ ਆਪਣੇ ਤੰਬੂ ਵਿੱਚ ਲੇਟ ਗਿਆ। ਨੂਹ ਨੇ ਕੱਪੜੇ ਨਹੀਂ ਪਹਿਨੇ ਹੋਏ ਸਨ। 22 ਕਨਾਨ ਦੇ ਪਿਤਾ, ਹਾਮ ਨੇ ਆਪਣੇ ਨਗਨ ਪਿਤਾ ਵੱਲ ਵੇਖਿਆ। ਹਾਮ ਨੇ ਤੰਬੂ ਦੇ ਬਾਹਰ ਆਪਣੇ ਭਰਾਵਾਂ ਨੂੰ ਦੱਸਿਆ। 23 ਫ਼ੇਰ ਸ਼ੇਮ ਅਤੇ ਯਾਫ਼ਥ ਨੇ ਇੱਕ ਕੋਟ ਲਿਆਂਦਾ। ਉਹ ਕੋਟ ਨੂੰ ਆਪਣੀਆਂ ਪਿੱਠਾਂ ਉੱਤੇ ਚੁੱਕ ਕੇ ਤੰਬੂ ਵਿੱਚ ਗਏ। ਉਹ ਤੰਬੂ ਵਿੱਚ ਪਿੱਛਲੇ ਪੈਰੀਂ ਗਏ। ਇਸ ਤਰ੍ਹਾਂ ਉਨ੍ਹਾਂ ਨੇ ਆਪਣੇ ਪਿਤਾ ਦਾ ਨੰਗੇਜ਼ ਨਹੀਂ ਦੇਖਿਆ।
24 ਬਾਦ ਵਿੱਚ ਨੂਹ ਜਾਗ ਪਿਆ। (ਉਹ ਮੈਅ ਪੀਣ ਕਾਰਣ ਸੁੱਤਾ ਹੋਇਆ ਸੀ।) ਫ਼ੇਰ ਉਸ ਨੂੰ ਪਤਾ ਚੱਲਿਆ ਕਿ ਉਸ ਦੇ ਜਵਾਨ ਪੁੱਤਰ, ਹਾਮ ਨੇ ਉਸ ਨਾਲ ਕੀ ਕੀਤਾ ਸੀ। 25 ਇਸ ਲਈ ਨੂਹ ਨੇ ਆਖਿਆ,
“ਕਨਾਨ ਨੂੰ ਸਰਾਪ ਲੱਗੇ!
ਉਹ ਆਪਣੇ ਭਰਾਵਾਂ ਦਾ ਗੁਲਾਮ ਹੋ ਜਾਵੇ।”
26 ਨੂਹ ਨੇ ਇਹ ਵੀ ਆਖਿਆ,
“ਸ਼ੇਮ ਦੇ ਯਹੋਵਾਹ ਪਰਮੇਸ਼ੁਰ ਨੂੰ ਅਸੀਸ ਦਿਓ!
ਕਨਾਨ ਸ਼ੇਮ ਦਾ ਗੁਲਾਮ ਹੋ ਜਾਵੇ।
27 ਪਰਮੇਸ਼ੁਰ ਯਾਫ਼ਥ ਨੂੰ ਹੋਰ ਧਰਤੀ ਦੇਵੇ,
ਪਰਮੇਸ਼ੁਰ ਸ਼ੇਮ ਦੇ ਤੰਬੂਆਂ ਵਿੱਚ ਰਹੇ।
ਅਤੇ ਕਨਾਨ ਉਨ੍ਹਾਂ ਦਾ ਗੁਲਾਮ ਹੋਵੇ।”
28 ਹੜ੍ਹ ਮਗਰੋਂ ਨੂਹ 350 ਵਰ੍ਹੇ ਜੀਵਿਆ। 29 ਨੂਹ ਕੁੱਲ 950 ਵਰ੍ਹੇ ਜੀਵਿਆ, ਫ਼ੇਰ ਉਹ ਮਰ ਗਿਆ।
ਕੌਮਾਂ ਵੱਧਦੀਆਂ-ਫ਼ੁਲਦੀਆਂ ਹਨ
10 ਨੂਹ ਦੇ ਪੁੱਤਰ ਸਨ: ਸ਼ੇਮ, ਹਾਮ ਅਤੇ ਯਾਫ਼ਥ। ਹੜ੍ਹ ਤੋਂ ਮਗਰੋਂ ਇਨ੍ਹਾਂ ਤਿੰਨਾਂ ਆਦਮੀਆਂਂ ਨੇ ਬਹੁਤ ਸਾਰੇ ਪੁੱਤਰਾਂ ਨੂੰ ਜਨਮ ਦਿੱਤਾ। ਸ਼ੇਮ, ਹਾਮ ਅਤੇ ਯਾਫ਼ਥ ਦੇ ਪੁੱਤਰਾਂ ਦੀ ਸੂਚੀ ਇਹ ਹੈ।
ਯਾਫ਼ਥ ਦੇ ਉੱਤਰਾਧਿਕਾਰੀ
2 ਯਾਫ਼ਥ ਦੇ ਪੁੱਤਰ ਸਨ: ਗੋਮਰ, ਮਾਗੋਗ, ਮਾਦਈ, ਯਾਵਾਨ, ਤੂਬਲ, ਮਸੱਕ ਅਤੇ ਤੀਰਾਸ।
3 ਗੋਮਰ ਦੇ ਪੁੱਤਰ ਸਨ: ਅਸ਼ਕਨਜ਼, ਰੀਫਤ ਅਤੇ ਤੋਂਗਰਮਾਹ।
4 ਯਾਵਾਨ ਦੇ ਪੁੱਤਰ ਸਨ: ਅਲੀਸ਼ਾਹ, ਤਰਸ਼ੀਸ, ਕਿੱਤੀਮ ਅਤੇ ਦੋਦਾਨੀਮ।
5 ਉਹ ਸਾਰੇ ਲੋਕ ਜਿਹੜੇ ਸਮੁੰਦਰੀ ਤਟ ਦੀ ਜ਼ਮੀਨ ਦੇ ਆਲੇ-ਦੁਆਲੇ ਰਹਿੰਦੇ ਹਨ ਉਹ ਯਾਫ਼ਥ ਦੇ ਇਨ੍ਹਾਂ ਪੁੱਤਰਾਂ ਦੇ ਉੱਤਰਾਧਿਕਾਰੀ ਹੀ ਹਨ। ਹਰ ਪੁੱਤਰ ਦੀ ਖੁਦ ਦੀ ਜ਼ਮੀਨ ਸੀ। ਹਰ ਪਰਿਵਾਰ ਵੱਧ ਕੇ ਅਲੱਗ ਕੌਮ ਬਣ ਗਿਆ। ਹਰੇਕ ਕੌਮ ਦੀ ਆਪਣੀ ਭਾਸ਼ਾ ਸੀ।
ਹਾਮ ਦੇ ਉੱਤਰਾਧਿਕਾਰੀ
6 ਹਾਮ ਦੇ ਪੁੱਤਰ ਸਨ: ਕੂਸ਼, ਮਿਸਰਇਮ, ਪੂਟ ਅਤੇ ਕਨਾਨ।
7 ਕੂਸ਼ ਦੇ ਪੁੱਤਰ ਸਨ: ਸਬਾ, ਹਵੀਲਾਹ, ਸਬਤਾਹ, ਰਾਮਾਹ ਅਤੇ ਸਬਤਕਾ।
ਰਾਮਾਹ ਦੇ ਪੁੱਤਰ ਸਨ: ਸਬਾ ਅਤੇ ਦਦਾਨ।
8 ਕੂਸ਼ ਦਾ ਵੀ ਇੱਕ ਪੁੱਤਰ ਸੀ ਜਿਸਦਾ ਨਾਮ ਨਿਮਰੋਦ ਸੀ। ਨਿਮਰੋਦ ਤਾਕਤ ਵਿੱਚ ਪਲਿਆ ਅਤੇ ਧਰਤੀ ਤੇ ਇੱਕ ਮਹਾਨ ਯੋਧਾ ਬਣ ਗਿਆ। 9 ਨਿਮਰੋਦ ਯਹੋਵਾਹ ਦੀ ਨਿਗਾਹ ਵਿੱਚ ਇੱਕ ਮਹਾਨ ਸ਼ਿਕਾਰੀ ਬਣਿਆ। ਇਸੇ ਲਈ ਲੋਕ ਤੁਲਨਾ ਕਰਕੇ ਆਖਦੇ ਹਨ, “ਨਿਮਰੋਦ ਵਾਂਗ, ਜੋ ਯਹੋਵਾਹ ਦੀ ਨਿਗਾਹ ਵਿੱਚ ਇੱਕ ਮਹਾਨ ਸ਼ਿਕਾਰੀ ਸੀ।”
10 ਨਿਮਰੋਦ ਦਾ ਰਾਜ ਬਾਬਲ, ਅਰਕ, ਅੱਕਦ ਅਤੇ ਕਲਨੇਹ ਵਿੱਚੋਂ ਸ਼ੁਰੂ ਹੋਇਆ, ਜੋ ਕਿ ਸ਼ਿਨਾਰ ਦੀ ਧਰਤੀ ਵਿੱਚ ਸਨ। 11 ਨਿਮਰੋਦ ਅਸ਼ੂਰ ਵਿੱਚ ਵੀ ਗਿਆ। ਅਸ਼ੂਰ ਵਿੱਚ ਨਿਮਰੋਦ ਨੇ ਨੀਨਵਾਹ, ਰਹੋਬੋਥਈਰ, ਕਾਲਹ ਅਤੇ 12 ਰਸਨ ਦੀ ਉਸਾਰੀ ਕੀਤੀ। (ਰਸਨ ਨੀਨਵਾਹ ਅਤੇ ਕਾਲਹ ਦੇ ਵਿੱਚਕਾਰ ਇੱਕ ਵੱਡਾ ਸ਼ਹਿਰ ਹੈ।)
13 ਮਿਸ਼ਰਇਮ (ਮਿਸਰ) ਲੂਦੀ, ਅਨਾਮੀ, ਲਹਾਬੀ, ਨਫ਼ਤੂਹੀ, 14 ਪਤਰੂਸੀ, ਕੁਸਲੂਹੀ ਅਤੇ ਕਫ਼ਤੋਂਰੀ ਦੇ ਲੋਕਾਂ ਦਾ ਪਿਤਾਮਾ ਸੀ। (ਫ਼ਿਲਸਤੀ ਲੋਕ ਕੁਸਲੂਹੀ ਤੋਂ ਆਏ ਸਨ।)
15 ਕਨਾਨ, ਸੀਦੋਨ ਦਾ ਪਿਤਾ ਸੀ। ਸੀਦੋਨ, ਕਨਾਨ ਦਾ ਪਹਿਲੋਠਾ ਪੁੱਤਰ ਸੀ। ਕਨਾਨ ਹਿੱਤੀ ਲੋਕਾਂ ਹੇਥ, ਜਿਨ੍ਹਾਂ ਦਾ ਦਾ ਪਿਤਾ ਸੀ। 16 ਅਤੇ ਕਨਾਨ ਯਬੂਸੀ ਲੋਕਾਂ, ਅਮੋਰੀ ਲੋਕਾਂ, ਗਿਰਗਾਸ਼ੀ ਲੋਕਾਂ, 17 ਹਿੱਵੀ ਲੋਕਾਂ, ਅਰਕੀ ਲੋਕਾਂ, ਸੀਨੀ ਲੋਕਾਂ, 18 ਅਰਵਾਦੀ ਲੋਕਾਂ, ਸਮਾਰੀ ਲੋਕਾਂ ਅਤੇ ਹਮਾਤੀ ਦੇ ਲੋਕਾਂ ਦਾ ਪਿਤਾਮਾ ਵੀ ਸੀ।
ਕਨਾਨ ਦੇ ਪਰਿਵਾਰ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਫ਼ੈਲ ਗਏ। 19 ਕਨਾਨ ਦੇ ਲੋਕਾਂ ਦੀ ਧਰਤੀ ਉੱਤਰ ਵਿੱਚ ਸੀਦੋਨ ਤੋਂ ਲੈ ਕੇ ਦੱਖਣ ਵੱਲ ਗਰਾਰ ਤੱਕ, ਪੱਛਮ ਵਿੱਚ ਅੱਜ਼ਹ ਤੋਂ ਲੈ ਕੇ, ਪੂਰਬ ਵੱਲ ਸਦੂਮ ਅਤੇ ਅਮੂਰਾਹ ਤੱਕ, ਅਦਮਾਹ ਅਤੇ ਸਬੋਈਮ ਤੋਂ ਲੈ ਕੇ ਲਾਸ਼ਾ ਤੱਕ ਸੀ।
20 ਇਹ ਸਮੂਹ ਲੋਕ ਹਾਮ ਦੇ ਉੱਤਰਾਧਿਕਾਰੀ ਸਨ। ਇਨ੍ਹਾਂ ਸਮੂਹ ਪਰਿਵਾਰਾਂ ਦੀਆਂ ਆਪਣੀਆਂ ਭਾਸ਼ਾਵਾਂ ਸਨ। ਉਹ ਵੱਖਰੀਆਂ-ਵੱਖਰੀਆਂ ਕੌਮਾਂ ਬਣ ਗਏ।
ਸ਼ੇਮ ਦੇ ਉੱਤਰਾਧਿਕਾਰੀ
21 ਸ਼ੇਮ ਯਾਫ਼ਥ ਦਾ ਵੱਡਾ ਭਰਾ ਸੀ। ਸ਼ੇਮ ਦੇ ਉੱਤਰਾਧਿਕਾਰੀਆਂ ਵਿੱਚੋਂ ਇੱਕ ਏਬਰ ਸੀ, ਸਮੂਹ ਇਬਰਾਨੀ ਲੋਕਾਂ ਦਾ ਪਿਤਾਮਾ। [g]
22 ਸ਼ੇਮ ਦੇ ਪੁੱਤਰ ਸਨ ਏਲਾਮ, ਅਸ਼ੂਰ, ਅਰਪਕਸ਼ਦ, ਲੂਦ ਅਤੇ ਅਰਾਮ।
23 ਅਰਾਮ ਦੇ ਪੁੱਤਰ ਸਨ ਊਸ, ਹੂਲ ਗਥਰ ਅਤੇ ਮਸ਼।
24 ਅਰਪਕਸ਼ਦ ਸ਼ਾਲਹ ਦਾ ਪਿਤਾ ਸੀ।
ਸ਼ਾਲਹ ਏਬਰ ਦਾ ਪਿਤਾ ਸੀ।
25 ਏਬਰ ਦੋ ਪੁੱਤਰਾਂ ਦਾ ਪਿਤਾ ਸੀ। ਇੱਕ ਪੁੱਤਰ ਦਾ ਨਾਮ ਪਲਗ ਸੀ। ਉਸ ਨੂੰ ਇਹ ਨਾਮ ਇਸ ਲਈ ਦਿੱਤਾ ਗਿਆ ਸੀ ਕਿਉਂਕਿ ਧਰਤੀ ਉਸ ਦੇ ਜੀਵਨ ਕਾਲ ਦੌਰਾਨ ਵੰਡੀ ਗਈ ਸੀ। ਦੂਸਰੇ ਪੁੱਤਰ ਦਾ ਨਾਮ ਸੀ ਯਾਕਟਾਨ।
26 ਯਾਕਟਾਨ ਅਲਮੋਦਾਦ, ਸ਼ਾਲਫ਼, ਹਸਰਮਾਵਤ, ਯਰਾਹ, 27 ਹਦੋਰਾਮ, ਊਜ਼ਾਲ, ਦਿਕਲਾਹ, 28 ਓਬਾਲ, ਅਬੀਮਾਏਲ, ਸ਼ਬਾ, 29 ਓਫ਼ਿਰ, ਹਵੀਲਾਹ ਅਤੇ ਯੋਬਾਬ ਦਾ ਪਿਤਾ ਸੀ। ਇਹ ਸਾਰੇ ਲੋਕ ਯਾਕਟਾਨ ਦੇ ਪੁੱਤਰ ਸਨ। 30 ਇਹ ਲੋਕ ਮੇਸ਼ਾ ਅਤੇ ਪੂਰਬ ਦੇ ਪਹਾੜੀ ਪ੍ਰਦੇਸ਼ [h] ਦੇ ਇਲਾਕੇ ਵਿੱਚ ਰਹਿੰਦੇ ਸਨ। ਮੇਸ਼ਾ ਸਫ਼ਾਰ ਦੇ ਦੇਸ਼ ਵੱਲ ਸੀ।
31 ਉਹ ਲੋਕ ਸ਼ੇਮ ਦੇ ਪਰਿਵਾਰ ਵਿੱਚੋਂ ਹਨ। ਉਨ੍ਹਾਂ ਦੀ ਵੰਡ ਪਰਿਵਾਰਾਂ, ਭਾਸ਼ਾਵਾਂ, ਦੇਸ਼ਾਂ ਅਤੇ ਕੌਮਾਂ ਅਨੁਸਾਰ ਕੀਤੀ ਗਈ ਹੈ। 32 ਇਹ ਨੂਹ ਦੇ ਪੁੱਤਰਾਂ ਦੇ ਪਰਿਵਾਰ ਹਨ। ਉਹ ਆਪਣੀਆਂ ਜਾਤਾਂ ਅਨੁਸਾਰ ਸ਼ਾਮਿਲ ਕੀਤੇ ਗਏ ਸਨ। ਉਨ੍ਹਾਂ ਤੋਂ ਕੌਮਾਂ ਹੜ੍ਹ ਤੋਂ ਬਾਦ ਸਾਰੀ ਧਰਤੀ ਉੱਤੇ ਫ਼ੈਲ ਗਈਆਂ।
ਦੁਨੀਆਂ ਵੰਡੀ ਗਈ
11 ਹੜ੍ਹ ਤੋਂ ਮਗਰੋਂ ਸਾਰੀ ਦੁਨੀਆਂ ਇੱਕ ਭਾਸ਼ਾ ਬੋਲਦੀ ਸੀ। ਸਾਰੇ ਲੋਕ ਇੱਕੋ ਜਿਹੇ ਸ਼ਬਦ ਬੋਲਦੇ ਸਨ। 2 ਲੋਕ ਪੂਰਬ ਤੋਂ ਚੱਲ ਪਏ। ਉਨ੍ਹਾਂ ਨੇ ਸ਼ਿਨਾਰ ਦੇ ਦੇਸ਼ ਵਿੱਚ ਇੱਕ ਮੈਦਾਨ ਦੀ ਖੋਜ ਕੀਤੀ। ਲੋਕ ਉੱਥੇ ਰਹਿਣ ਲਈ ਟਿਕ ਗਏ। 3 ਲੋਕਾਂ ਨੇ ਆਖਿਆਂ, “ਸਾਨੂੰ ਇੱਟਾਂ ਪੱਥਣੀਆਂ ਚਾਹੀਦੀਆਂ ਹਨ। ਅਤੇ ਉਨ੍ਹਾਂ ਨੂੰ ਅੱਗ ਵਿੱਚ ਤਪਾਉਣਾ ਚਾਹੀਦਾ ਹੈ। ਤਾਂ ਜੋ ਉਹ ਬਹੁਤ ਪੱਕੀਆਂ ਹੋ ਜਾਣ।” ਇਸ ਲਈ ਲੋਕਾਂ ਨੇ ਆਪਣੇ ਘਰਾਂ ਦੀ ਉਸਾਰੀ ਲਈ ਪੱਥਰ ਨਹੀਂ ਵਰਤੇ ਸਗੋਂ ਇੱਟਾਂ ਵਰਤੀਆਂ। ਅਤੇ ਲੋਕਾਂ ਨੇ ਮੋਰਦਾਰ ਦੀ ਬਜਾਇ ਲੁੱਕ ਦੀ ਵਰਤੋਂ ਕੀਤੀ।
4 ਫ਼ੇਰ ਲੋਕਾਂ ਨੇ ਆਖਿਆ, “ਸਾਨੂੰ ਆਪਣੇ ਲਈ ਸ਼ਹਿਰ ਉਸਾਰਨਾ ਚਾਹੀਦਾ ਹੈ। ਅਤੇ ਸਾਨੂੰ ਇੱਕ ਅਜਿਹਾ ਬੁਰਜ ਉਸਾਰਨਾ ਚਾਹੀਦਾ ਹੈ ਜਿਹੜਾ ਅਕਾਸ਼ ਨੂੰ ਛੁੰਹਦਾ ਹੋਵੇ। ਅਸੀਂ ਮਸ਼ਹੂਰ ਹੋ ਜਾਵਾਂਗੇ। ਅਤੇ ਇਹ ਸਾਨੂੰ ਇਕੱਠਿਆਂ ਰੱਖੇਗਾ। ਅਸੀਂ ਸਾਰੀ ਧਰਤੀ ਉੱਤੇ ਨਹੀਂ ਖਿੱਲਰਾਂਗੇ।”
5 ਯਹੋਵਾਹ ਸ਼ਹਿਰ ਨੂੰ ਅਤੇ ਬਹੁਤ ਉੱਚੀ ਇਮਾਰਤ ਨੂੰ ਦੇਖਣ ਲਈ ਹੇਠਾਂ ਆ ਗਿਆ। ਯਹੋਵਾਹ ਨੇ ਲੋਕਾਂ ਨੂੰ ਇਹ ਚੀਜ਼ਾਂ ਉਸਾਰਦਿਆਂ ਦੇਖਿਆ। 6 ਯਹੋਵਾਹ ਨੇ ਆਖਿਆ, “ਇਹ ਲੋਕ ਸਾਰੇ ਹੀ ਇੱਕੋ ਭਾਸ਼ਾ ਬੋਲਦੇ ਹਨ। ਅਤੇ ਮੈਂ ਦੇਖ ਰਿਹਾ ਹਾਂ ਕਿ ਉਹ ਇਹ ਕੰਮ ਕਰਨ ਲਈ ਇਕੱਠੇ ਹੋ ਗਏ ਹਨ। ਇਹ ਤਾਂ ਉਸ ਗੱਲ ਦੀ ਸਿਰਫ਼ ਸ਼ੁਰੂਆਤ ਹੀ ਹੈ ਕਿ ਉਹ ਕੀ ਕਰ ਸੱਕਦੇ ਹਨ। ਛੇਤੀ ਹੀ ਉਹ ਮਨਚਾਹੀ ਹਰ ਗੱਲ ਕਰ ਸੱਕਣਗੇ। 7 ਇਸ ਲਈ ਸਾਨੂੰ ਹੇਠਾਂ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਭਾਸ਼ਾ ਨੂੰ ਉਲਝਾ ਦੇਣਾ ਚਾਹੀਦਾ ਹੈ। ਫ਼ੇਰ ਉਹ ਇੱਕ ਦੂਸਰੇ ਦੀ ਗੱਲ ਨਹੀਂ ਸਮਝ ਸੱਕਣਗੇ।”
8 ਇਸ ਲਈ, ਯਹੋਵਾਹ ਨੇ ਲੋਕਾਂ ਨੂੰ ਸਾਰੀ ਦੁਨੀਆਂ ਵਿੱਚ ਖਿੰਡਾ ਦਿੱਤਾ, ਅਤੇ ਉਨ੍ਹਾਂ ਨੇ ਆਪਣੇ ਸ਼ਹਿਰ ਦੀ ਉਸਾਰੀ ਬੰਦ ਕਰ ਦਿੱਤੀ। 9 ਇਹੀ ਉਹ ਥਾਂ ਹੈ ਜਿੱਥੇ ਯਹੋਵਾਹ ਨੇ ਦੁਨੀਆਂ ਦੀ ਭਾਸ਼ਾ ਨੂੰ ਰਲ ਗਡ ਦਿੱਤਾ। ਇਸ ਲਈ ਉਸ ਥਾਂ ਨੂੰ ਬਾਬਲ ਆਖਿਆਂ ਜਾਂਦਾ ਹੈ। ਇਸ ਲਈ ਯਹੋਵਾਹ ਨੇ ਲੋਕਾਂ ਨੂੰ ਉਸ ਥਾਂ ਤੋਂ ਖਿੰਡਾਕੇ ਧਰਤੀ ਦੀਆਂ ਹੋਰਨਾਂ ਥਾਵਾਂ ਉੱਤੇ ਫ਼ੈਲਾ ਦਿੱਤਾ।
ਸ਼ੇਮ ਦੇ ਪਰਿਵਾਰ ਦੀ ਕਹਾਣੀ
10 ਇਹ ਸ਼ੇਮ ਦੇ ਪਰਿਵਾਰ ਦੀ ਕਹਾਣੀ ਹੈ। ਹੜ੍ਹ ਤੋਂ ਦੋ ਵਰ੍ਹਿਆਂ ਬਾਦ, ਜਦੋਂ ਸ਼ੇਮ 100 ਵਰ੍ਹਿਆਂ ਦਾ ਸੀ, ਉਸਦਾ ਪੁੱਤਰ ਅਰਪਕਸਦ ਜੰਮਿਆ। 11 ਉਸਤੋਂ ਬਾਦ ਸ਼ੇਮ 500 ਵਰ੍ਹੇ ਹੋਰ ਜੀਵਿਆ। ਉਸ ਦੇ ਹੋਰ ਧੀਆਂ ਪੁੱਤਰ ਵੀ ਹੋਏ।
12 ਜਦੋਂ ਅਰਪਕਸਦ 35 ਵਰ੍ਹਿਆਂ ਦਾ ਸੀ, ਉਸਦਾ ਪੁੱਤਰ ਸ਼ਲਹ ਜੰਮਿਆ। 13 ਸ਼ਲਹ ਦੇ ਜਨਮ ਤੋਂ ਬਾਦ, ਅਰਪਕਸਦ 403 ਵਰ੍ਹੇ ਹੋਰ ਜੀਵਿਆ। ਉਸ ਸਮੇਂ ਦੌਰਾਨ ਉਸ ਦੇ ਹੋਰ ਧੀਆਂ ਪੁੱਤਰ ਹੋਏ।
14 ਜਦੋਂ ਸ਼ਲਹ 30 ਵਰ੍ਹਿਆਂ ਦਾ ਸੀ, ਉਸਦਾ ਪੁੱਤਰ ਏਬਰ ਜਨਮਿਆ। 15 ਏਬਰ ਦੇ ਜੰਮਣ ਤੋਂ ਬਾਦ, ਸ਼ਲਹ 403 ਵਰ੍ਹੇ ਹੋਰ ਜੀਵਿਆ। ਉਸ ਸਮੇਂ ਦੌਰਾਨ ਉਸ ਦੇ ਹੋਰ ਧੀਆਂ ਪੁੱਤਰ ਹੋਏ।
16 ਜਦੋਂ ਏਬਰ 34 ਵਰ੍ਹਿਆਂ ਦਾ ਸੀ, ਉਸਦਾ ਪੁੱਤਰ ਪਲਗ ਜੰਮਿਆ। 17 ਪਲਗ ਦੇ ਜੰਮਣ ਤੋਂ ਬਾਦ, ਏਬਰ 403 ਵਰ੍ਹੇ ਹੋਰ ਜੀਵਿਆ। ਉਸ ਸਮੇਂ ਦੌਰਾਨ ਉਸ ਦੇ ਹੋਰ ਧੀਆਂ ਪੁੱਤਰ ਹੋਏ।
18 ਜਦੋਂ ਪਲਗ 30 ਵਰ੍ਹਿਆਂ ਦਾ ਸੀ, ਉਸਦਾ ਪੁੱਤਰ ਰਊ ਜੰਮਿਆ। 19 ਰਊ ਦੇ ਜੰਮਣ ਤੋਂ ਬਾਦ, ਪਲਗ 209 ਵਰ੍ਹੇ ਹੋਰ ਜੀਵਿਆ। ਉਸ ਸਮੇਂ ਦੌਰਾਨ ਉਸ ਦੇ ਹੋਰ ਧੀਆਂ ਪੁੱਤਰ ਹੋਏ।
20 ਜਦੋਂ ਰਊ 32 ਵਰ੍ਹਿਆਂ ਦਾ ਸੀ, ਉਸਦਾ ਪੁੱਤਰ ਸਰੂਗ ਜੰਮਿਆ। 21 ਸਰੂਗ ਦੇ ਜੰਮਣ ਤੋਂ ਬਾਦ, ਰਊ 270 ਵਰ੍ਹੇ ਹੋਰ ਜੀਵਿਆ। ਉਸ ਸਮੇਂ ਦੌਰਾਨ ਉਸ ਦੇ ਹੋਰ ਧੀਆਂ ਪੁੱਤਰ ਹੋਏ।
22 ਜਦੋਂ ਸਰੂਗ 30 ਵਰ੍ਹਿਆਂ ਦਾ ਸੀ, ਉਸਦਾ ਪੁੱਤਰ ਨਾਹੋਰ ਜੰਮਿਆ। 23 ਨਾਹੋਰ ਦੇ ਜੰਮਣ ਤੋਂ ਬਾਦ, ਸਰੂਗ 200 ਵਰ੍ਹੇ ਹੋਰ ਜੀਵਿਆ। ਉਸ ਸਮੇਂ ਦੌਰਾਨ ਉਸ ਦੇ ਹੋਰ ਧੀਆਂ ਪੁੱਤਰ ਹੋਏ।
24 ਜਦੋਂ ਨਾਹੋਰ 29 ਵਰ੍ਹਿਆਂ ਦਾ ਸੀ, ਤਾਂ ਉਸਦਾ ਪੁੱਤਰ ਤਾਰਹ ਜੰਮਿਆ। 25 ਤਾਰਹ ਦੇ ਜੰਮਣ ਤੋਂ ਬਾਦ, ਨਾਹੋਰ 119 ਵਰ੍ਹੇ ਹੋਰ ਜੀਵਿਆ। ਉਸ ਸਮੇਂ ਦੌਰਾਨ ਉਸ ਦੇ ਹੋਰ ਧੀਆਂ ਪੁੱਤਰ ਹੋਏ।
26 ਜਦੋਂ ਤਾਰਹ 70 ਵਰ੍ਹਿਆਂ ਦਾ ਸੀ, ਉਸ ਦੇ ਪੁੱਤਰ ਅਬਰਾਮ, ਨਾਹੋਰ, ਅਤੇ ਹਾਰਾਨ ਜੰਮੇ।
ਤਾਰਹ ਦੇ ਪਰਿਵਾਰ ਦੀ ਕਹਾਣੀ
27 ਇਹ ਤਾਰਹ ਦੇ ਪਰਿਵਾਰ ਦੀ ਕਹਾਣੀ ਹੈ। ਤਾਰਹ ਅਬਰਾਮ, ਨਾਹੋਰ ਅਤੇ ਹਾਰਾਨ ਦਾ ਪਿਤਾ ਸੀ। ਹਾਰਾਨ ਲੂਤ ਦਾ ਪਿਤਾ ਸੀ। 28 ਹਾਰਾਨ ਆਪਣੇ ਜੱਦੀ ਕਸਬੇ, ਕਸਦੀਆਂ ਦੇ ਊਰ ਵਿੱਚ ਮਰਿਆ, ਜਦੋਂ ਕਿ ਉਸਦਾ ਪਿਤਾ ਤਾਰਹ ਹਾਲੇ ਜਿਉਂਦਾ ਸੀ। 29 ਅਬਰਾਮ ਅਤੇ ਨਾਹੋਰ ਦੋਹਾਂ ਨੇ ਸ਼ਾਦੀ ਕੀਤੀ। ਅਬਰਾਮ ਦੀ ਪਤਨੀ ਦਾ ਨਾਮ ਸਾਰਈ ਸੀ। ਨਾਹੋਰ ਦੀ ਪਤਨੀ ਦਾ ਨਾਮ ਮਿਲਕਾਹ ਸੀ। ਮਿਲਕਾਹ ਹਾਰਾਨ ਦੀ ਧੀ ਸੀ। ਹਾਰਾਨ ਮਿਲਕਾਹ ਅਤੇ ਯਿਸੱਕਾਹ ਦਾ ਪਿਤਾ ਸੀ। 30 ਸਾਰਈ ਦੇ ਔਲਾਦ ਨਹੀਂ ਹੋਈ ਕਿਉਂਕਿ ਉਹ ਬਾਂਝ ਸੀ।
31 ਤਾਰਹ ਆਪਣੇ ਪਰਿਵਾਰ ਨੂੰ ਲੈ ਕੇ ਕਸਦੀਮ ਦੇ ਊਰ ਨੂੰ ਛੱਡ ਗਿਆ। ਉਨ੍ਹਾਂ ਨੇ ਕਨਾਨ ਜਾਣ ਦੀ ਯੋਜਨਾ ਬਣਾਈ। ਤਾਰਹ ਆਪਣੇ ਪੁੱਤਰ ਅਬਰਾਮ, ਆਪਣੇ ਪੋਤੇ ਲੂਤ (ਹਾਰਾਨ ਦੇ ਪੁੱਤਰ) ਅਤੇ ਆਪਣੀ ਨੂੰਹ ਸਾਰਈ (ਅਬਰਾਮ ਦੀ ਪਤਨੀ) ਨੂੰ ਨਾਲ ਲੈ ਗਿਆ। ਉਨ੍ਹਾਂ ਨੇ ਹਾਰਾਨ ਸ਼ਹਿਰ ਤੱਕ ਸਫਰ ਕੀਤਾ ਅਤੇ ਓੱਥੇ ਹੀ ਟਿਕ ਜਾਣ ਦਾ ਨਿਆਂ ਕੀਤਾ। 32 ਤਾਰਹ 205 ਵਰ੍ਹੇ ਜੀਵਿਆ। ਉਹ ਹਾਰਾਨ ਵਿੱਚ ਮਰਿਆ।
ਪਰਮੇਸ਼ੁਰ ਦਾ ਅਬਰਾਮ ਨੂੰ ਸੱਦਾ
12 ਯਹੋਵਾਹ ਨੇ ਅਬਰਾਮ ਨੂੰ ਆਖਿਆ, “ਆਪਣਾ ਦੇਸ਼ ਅਤੇ ਆਪਣੇ ਲੋਕਾਂ ਨੂੰ ਛੱਡ ਦੇ। ਆਪਣੇ ਪਿਤਾ ਦਾ ਟੱਬਰ ਛੱਡ ਦੇ, ਅਤੇ ਉਸ ਧਰਤੀ ਤੇ ਜਾਹ ਜਿਹੜੀ ਮੈਂ ਤੈਨੂੰ ਦਿਖਾਵਾਂਗਾ।
2 ਮੈਂ ਤੇਰੇ ਵਿੱਚੋਂ ਇੱਕ ਮਹਾਨ ਕੌਮ ਉਸਾਰਾਂਗਾ।
ਮੈਂ ਤੈਨੂੰ ਅਸੀਸ ਦੇਵਾਂਗਾ
ਅਤੇ ਤੇਰਾ ਨਾਮ ਮਸ਼ਹੂਰ ਕਰ ਦਿਆਂਗਾ।
ਲੋਕੀਂ ਤੇਰਾ ਨਾਮ ਹੋਰਨਾਂ ਲੋਕਾਂ ਨੂੰ ਅਸੀਸ
ਦੇਣ ਲਈ ਵਰਤਣਗੇ।
3 ਮੈਂ ਉਨ੍ਹਾਂ ਲੋਕਾਂ ਨੂੰ ਅਸੀਸ ਦੇਵਾਂਗਾ ਜਿਹੜੇ ਤੈਨੂੰ ਅਸੀਸ ਦੇਣਗੇ,
ਅਤੇ ਮੈਂ ਉਨ੍ਹਾਂ ਲੋਕਾਂ ਨੂੰ ਸਰਾਪ ਦੇਵਾਂਗਾ ਜਿਹੜੇ ਤੈਨੂੰ ਸਰਾਪ ਦੇਣਗੇ।
ਮੈਂ ਧਰਤੀ ਦੇ ਸਮੂਹ ਲੋਕਾਂ ਨੂੰ ਅਸੀਸ ਦੇਣ
ਲਈ ਤੇਰੇ ਨਾਮ ਦੀ ਵਰਤੋਂ ਕਰਾਂਗਾ।”
ਅਬਰਾਮ ਕਨਾਨ ਜਾਂਦਾ ਹੈ
4 ਇਸ ਲਈ ਅਬਰਾਮ ਨੇ ਹਾਰਾਨ ਛੱਡ ਦਿੱਤਾ ਜਿਵੇਂ ਕਿ ਯਹੋਵਾਹ ਨੇ ਆਖਿਆ ਸੀ। ਅਤੇ ਲੂਤ ਉਸ ਦੇ ਨਾਲ ਚੱਲਾ ਗਿਆ। ਅਬਰਾਮ 75 ਵਰ੍ਹਿਆਂ ਦਾ ਸੀ, ਜਦੋਂ ਉਸ ਨੇ ਹਾਰਾਨ ਛੱਡਿਆ। 5 ਅਬਰਾਮ ਨੇ ਆਪਣੇ ਨਾਲ ਆਪਣੀ ਪਤਨੀ ਸਾਰਈ, ਆਪਣੇ ਭਤੀਜੇ ਲੂਤ, ਸਾਰੇ ਗੁਲਾਮਾਂ ਅਤੇ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਲੈ ਲਿਆ ਜਿਹੜੀਆਂ ਉਸ ਨੇ ਹਾਰਾਨ ਵਿੱਚ ਹਾਸਿਲ ਕੀਤੀਆਂ ਸਨ। ਫ਼ੇਰ ਅਬਰਾਮ ਅਤੇ ਉਸਦਾ ਸਮੂਹ ਕਨਾਨ ਦੀ ਧਰਤੀ ਵੱਲ ਤੁਰ ਪਿਆ। 6 ਅਬਰਾਮ ਕਨਾਨ ਦੀ ਧਰਤੀ ਵਿੱਚੋਂ ਲੰਘਦਾ ਹੋਇਆ ਸ਼ਕਮ ਦੇ ਸ਼ਹਿਰ ਤੀਕ ਚੱਲਿਆ ਗਿਆ ਅਤੇ ਫ਼ੇਰ ਮੋਹਰ ਵਿਖੇ ਵੱਡੇ ਰੁੱਖ ਕੋਲ ਚੱਲਾ ਗਿਆ। ਉਸ ਸਮੇਂ ਉਸ ਸਥਾਨ ਉੱਤੇ ਕਨਾਨੀ ਲੋਕ ਰਹਿੰਦੇ ਸਨ।
7 ਯਹੋਵਾਹ ਨੇ ਅਬਰਾਮ ਨੂੰ ਦੀਦਾਰ ਦਿੱਤਾ। ਯਹੋਵਾਹ ਨੇ ਆਖਿਆ, “ਮੈਂ ਇਹ ਧਰਤੀ ਤੇਰੇ ਉੱਤਰਾਧਿਕਾਰੀ ਨੂੰ ਦੇਵਾਂਗਾ।”
ਯਹੋਵਾਹ ਨੇ ਉਸ ਥਾਂ ਉੱਤੇ ਅਬਰਾਮ ਨੂੰ ਦੀਦਾਰ ਦਿੱਤਾ। ਇਸ ਲਈ ਅਬਰਾਮ ਨੇ ਉੱਥੇ ਯਹੋਵਾਹ ਦੀ ਉਪਾਸਨਾ ਲਈ ਜਗਵੇਦੀ ਬਣਾਈ। 8 ਫ਼ੇਰ ਅਬਰਾਮ ਉਹ ਥਾਂ ਛੱਡ ਕੇ ਬੈਤਏਲ ਦੇ ਪੂਰਬ ਵੱਲ ਪਹਾੜੀਆਂ ਨੂੰ ਚੱਲਾ ਗਿਆ। ਅਬਰਾਮ ਨੇ ਓੱਥੇ ਆਪਣਾ ਤੰਬੂ ਲਾ ਲਿਆ। ਬੈਤਏਲ ਪੱਛਮ ਵੱਲ ਅਤੇ ਆਈ ਪੂਰਬ ਵੱਲ ਸੀ। ਉਸ ਥਾਵੇਂ, ਅਬਰਾਮ ਨੇ ਯਹੋਵਾਹ ਲਈ ਇੱਕ ਹੋਰ ਜਗਵੇਦੀ ਬਣਾਈ ਅਤੇ ਅਬਰਾਮ ਨੇ ਉੱਥੇ ਯਹੋਵਾਹ ਦੀ ਉਪਾਸਨਾ ਕੀਤੀ। 9 ਇਸਤੋਂ ਮਗਰੋਂ, ਅਬਰਾਮ ਇੱਕ ਵਾਰੀ ਫ਼ੇਰ ਆਪਣੇ ਸਫ਼ਰ ਤੇ ਨਿਕਲ ਪਿਆ। ਉਹ ਨੇਜੇਵ ਵੱਲ ਚੱਲਾ ਗਿਆ।
ਅਬਰਾਮ ਮਿਸਰ ਵਿੱਚ
10 ਇਸ ਸਮੇਂ ਦੌਰਾਨ ਧਰਤੀ ਬਹੁਤ ਖੁਸ਼ਕ ਸੀ। ਬਾਰਿਸ਼ ਨਹੀਂ ਸੀ ਹੋਈ ਅਤੇ ਭੋਜਨ ਉਗਾਇਆ ਨਹੀਂ ਸੀ ਜਾ ਸੱਕਦਾ। ਇਸ ਲਈ ਅਬਰਾਮ ਮਿਸਰ ਵਿੱਚ ਰਹਿਣ ਲਈ ਚੱਲਾ ਗਿਆ। 11 ਅਬਰਾਮ ਨੇ ਦੇਖਿਆ ਕਿ ਉਸਦੀ ਪਤਨੀ ਸਾਰਈ ਕਿੰਨੀ ਖੂਬਸੂਰਤ ਸੀ। ਇਸ ਲਈ ਮਿਸਰ ਪਹੁੰਚਣ ਤੋਂ ਰਤਾ ਕੁ ਪਹਿਲਾਂ ਅਬਰਾਮ ਨੇ ਸਾਰਈ ਨੂੰ ਆਖਿਆ, “ਮੈਂ ਜਾਣਦਾ ਹਾਂ ਕਿ ਤੂੰ ਬਹੁਤ ਖੂਬਸੂਰਤ ਔਰਤ ਹੈਂ। 12 ਮਿਸਰ ਦੇ ਆਦਮੀ ਤੈਨੂੰ ਦੇਖਣਗੇ। ਉਹ ਆਖਣਗੇ, ‘ਇਹ ਔਰਤ ਇਸਦੀ ਪਤਨੀ ਹੈ।’ ਫ਼ੇਰ ਉਹ ਮੈਨੂੰ ਮਾਰ ਦੇਣਗੇ ਅਤੇ ਤੈਨੂੰ ਜਿਉਂਦੀ ਰਹਿਣ ਦੇਣਗੇ। 13 ਇਸ ਲਈ ਲੋਕਾਂ ਨੂੰ ਇਹ ਆਖੀਂ ਕਿ ਤੂੰ ਮੇਰੀ ਭੈਣ ਹੈਂ। ਫ਼ੇਰ ਉਹ ਮੈਂਨੂੰ ਨਹੀਂ ਮਾਰਨਗੇ। ਉਹ ਇਹ ਸੋਚਣਗੇ ਕਿ ਮੈਂ ਤੇਰਾ ਭਰਾ ਹਾਂ, ਅਤੇ ਉਹ ਮੇਰੇ ਨਾਲ ਚੰਗਾ ਸਲੂਕ ਕਰਨਗੇ। ਇਸ ਤਰ੍ਹਾਂ ਕਰਨ ਨਾਲ ਤੂੰ ਮੇਰੀ ਜ਼ਿੰਦਗੀ ਬਚਾ ਸੱਕੇਂਗੀ।”
14 ਇਸ ਲਈ ਅਬਰਾਮ ਮਿਸਰ ਵਿੱਚ ਚੱਲਾ ਗਿਆ। ਮਿਸਰ ਦੇ ਲੋਕਾਂ ਨੇ ਦੇਖਿਆ ਕਿ ਸਾਰਈ ਬਹੁਤ ਖੂਬਸੂਰਤ ਔਰਤ ਸੀ। 15 ਕੁਝ ਮਿਸਰੀ ਆਗੂਆਂ ਨੇ ਵੀ ਉਸ ਨੂੰ ਦੇਖ ਲਿਆ। ਉਨ੍ਹਾਂ ਨੇ ਫਿਰਊਨ ਨੂੰ ਆਖਿਆ ਕਿ ਉਹ ਬਹੁਤ ਖੂਬਸੂਰਤ ਔਰਤ ਸੀ। ਉਹ ਆਗੂ ਸਾਰਈ ਨੂੰ ਫਿਰਊਨ ਦੇ ਘਰ ਲੈ ਗਏ। 16 ਫਿਰਊਨ ਅਬਰਾਮ ਤੇ ਦਯਾਲੂ ਸੀ ਕਿਉਂ ਕਿ ਉਸਦਾ ਖਿਆਲ ਸੀ ਕਿ ਅਬਰਾਮ ਸਾਰਈ ਦਾ ਭਰਾ ਸੀ। ਫਿਰਊਨ ਨੇ ਅਬਰਾਮ ਨੂੰ ਭੇਡਾਂ, ਡੰਗਰ ਅਤੇ ਖੋਤੇ ਦਿੱਤੇ। ਅਬਰਾਮ ਨੂੰ ਦਾਸ, ਦਾਸੀਆਂ ਅਤੇ ਊਠ ਵੀ ਮਿਲੇ।
17 ਫਿਰਊਨ ਨੇ ਅਬਰਾਮ ਦੀ ਪਤਨੀ ਨੂੰ ਹਾਸਿਲ ਕਰ ਲਿਆ। ਇਸ ਲਈ ਯਹੋਵਾਹ ਨੇ ਫਿਰਊਨ ਅਤੇ ਉਸ ਦੇ ਘਰ ਦੇ ਸਾਰੇ ਲੋਕਾਂ ਵੱਲ ਬਹੁਤ ਬੁਰੀਆਂ ਬਿਮਾਰੀਆਂ ਭੇਜੀਆਂ। 18 ਇਸ ਲਈ ਫਿਰਊਨ ਨੇ ਅਬਰਾਮ ਨੂੰ ਬੁਲਾਇਆ। ਫਿਰਊਨ ਨੇ ਆਖਿਆ, “ਤੂੰ ਮੇਰੇ ਨਾਲ ਬਹੁਤ ਬੁਰਾ ਸਲੂਕ ਕੀਤਾ ਹੈ!। ਤੂੰ ਮੈਨੂੰ ਇਹ ਨਹੀਂ ਦੱਸਿਆ ਕਿ ਸਾਰਈ ਤੇਰੀ ਪਤਨੀ ਸੀ! ਕਿਉਂ? 19 ਤੂੰ ਤਾਂ ਆਖਿਆ ਸੀ, ‘ਇਹ ਮੇਰੀ ਭੈਣ ਹੈ।’ ਤੂੰ ਇਹ ਗੱਲ ਕਿਉਂ ਆਖੀ? ਮੈਂ ਉਸ ਨੂੰ ਇਸ ਲਈ ਹਾਸਿਲ ਕੀਤਾ ਤਾਂ ਜੋ ਮੇਰੀ ਪਤਨੀ ਬਣ ਸੱਕੇ। ਪਰ ਹੁਣ ਮੈਂ ਤੈਨੂੰ ਤੇਰੀ ਪਤਨੀ ਵਾਪਸ ਦਿੰਦਾ ਹਾਂ। ਇਸ ਨੂੰ ਲੈ ਕੇ ਚੱਲਾ ਜਾਹ!” 20 ਫ਼ੇਰ ਫਿਰਊਨ ਨੇ ਆਪਣੇ ਆਦਮੀਆਂਂ ਨੂੰ ਹੁਕਮ ਦਿੱਤਾ ਕਿ ਅਬਰਾਮ ਨੂੰ ਮਿਸਰ ਵਿੱਚੋਂ ਬਾਹਰ ਕੱਢ ਦੇਣ ਇਸ ਲਈ ਅਬਰਾਮ ਅਤੇ ਉਸਦੀ ਪਤਨੀ ਉਸ ਥਾਂ ਤੋਂ ਚੱਲੇ ਗਏ। ਅਤੇ ਉਹ ਆਪਣੇ ਨਾਲ ਆਪਣੀਆਂ ਚੀਜ਼ਾਂ ਵੀ ਲੈ ਗਏ।
ਅਬਰਾਮ ਦੀ ਕਨਾਨ ਵਿੱਚ ਵਾਪਸੀ
13 ਇਸ ਤਰ੍ਹਾਂ, ਅਬਰਾਮ ਨੇ ਮਿਸਰ ਛੱਡ ਦਿੱਤਾ। ਅਬਰਾਮ ਆਪਣੀ ਪਤਨੀ ਅਤੇ ਆਪਣੀ ਸਾਰੀ ਮਲਕੀਅਤ ਸਮੇਤ ਨੇਗੇਵ ਵਿੱਚੋਂ ਹੌਲੇ ਲੰਘਿਆ। ਲੂਤ ਵੀ ਉਨ੍ਹਾਂ ਦੇ ਨਾਲ ਸੀ। 2 ਇਸ ਸਮੇਂ, ਅਬਰਾਮ ਬਹੁਤ ਅਮੀਰ ਸੀ। ਉਸ ਦੇ ਪਾਸ ਬਹੁਤ ਸਾਰੇ ਪਸ਼ੂ ਅਤੇ ਸੋਨਾ-ਚਾਂਦੀ ਸੀ।
3 ਅਬਰਾਮ ਆਲੇ-ਦੁਆਲੇ ਸਫ਼ਰ ਕਰਦਾ ਰਿਹਾ। ਉਸ ਨੇ ਨੇਗੇਵ ਨੂੰ ਛੱਡ ਦਿੱਤਾ ਅਤੇ ਬੈਤ-ਏਲ ਨੂੰ ਵਾਪਸ ਚੱਲਾ ਗਿਆ। ਉਹ ਉਸ ਥਾਂ ਤੇ ਚੱਲਾ ਗਿਆ ਜਿਹੜੀ ਬੈਤ-ਏਲ ਦੇ ਸ਼ਹਿਰ ਅਤੇ ਆਈ ਸ਼ਹਿਰ ਦੇ ਵਿੱਚਕਾਰ ਸੀ। ਇਹ ਓਹੀ ਥਾਂ ਸੀ ਜਿੱਥੇ ਅਬਰਾਮ ਅਤੇ ਉਸ ਦੇ ਪਰਿਵਾਰ ਨੇ ਪਹਿਲਾਂ ਵੀ ਡੇਰਾ ਲਾਇਆ ਸੀ। 4 ਇਹ ਓਹੀ ਥਾਂ ਸੀ ਜਿੱਥੇ ਅਬਰਾਮ ਨੇ ਜਗਵੇਦੀ ਉਸਾਰੀ ਸੀ। ਇਸ ਲਈ ਅਬਰਾਮ ਨੇ ਇੱਥੇ ਯਹੋਵਾਹ ਦੀ ਉਪਾਸਨਾ ਕੀਤੀ।
ਅਬਰਾਮ ਅਤੇ ਲੂਤ ਦਾ ਵਿੱਛੜਨਾ
5 ਇਸ ਸਮੇਂ ਦੌਰਾਨ, ਲੂਤ ਵੀ ਅਬਰਾਮ ਦੇ ਨਾਲ ਸਫ਼ਰ ਕਰ ਰਿਹਾ ਸੀ। ਲੂਤ ਕੋਲ ਬਹੁਤ ਸਾਰੇ ਜਾਨਵਰ ਅਤੇ ਤੰਬੂ ਸਨ। 6 ਅਬਰਾਮ ਅਤੇ ਲੂਤ ਕੋਲ ਇੰਨੇ ਜਾਨਵਰ ਸਨ ਕਿ ਉਸ ਧਰਤੀ ਉੱਤੇ ਦੋਹਾਂ ਦਾ ਗੁਜ਼ਾਰਾ ਇਕੱਠੇ ਨਹੀਂ ਹੋ ਸੱਕਦਾ ਸੀ। 7 ਕਨਾਨੀ ਲੋਕ ਅਤੇ ਪਰਿਜ਼ੀ ਲੋਕ ਵੀ ਉਸ ਵੇਲੇ ਉਸੇ ਧਰਤੀ ਉੱਤੇ ਰਹਿ ਰਹੇ ਸਨ। ਅਬਰਾਮ ਅਤੇ ਲੂਤ ਦੇ ਅਯਾਲੀਆਂ ਵਿੱਚ ਲੜਾਈ ਝਗੜਾ ਹੋਣ ਲੱਗ ਪਿਆ।
8 ਇਸ ਲਈ ਅਬਰਾਮ ਨੇ ਲੂਤ ਨੂੰ ਆਖਿਆ, “ਤੇਰੇ ਅਤੇ ਮੇਰੇ ਦਰਮਿਆਨ ਕੋਈ ਝਗੜਾ ਨਹੀਂ ਹੋਣਾ ਚਾਹੀਦਾ। ਤੇਰੇ ਬੰਦਿਆਂ ਅਤੇ ਮੇਰੇ ਬੰਦਿਆਂ ਨੂੰ ਝਗੜਨਾ ਨਹੀਂ ਚਾਹੀਦਾ। ਤੂੰ ਅਤੇ ਮੈਂ ਭਰਾ ਹਾਂ। 9 ਸਾਨੂੰ ਵੱਖ ਹੋ ਜਾਣਾ ਚਾਹੀਦਾ ਹੈ। ਤੂੰ ਜਿਹੜੀ ਵੀ ਥਾਂ ਚਾਹੇਂ ਚੁਣ ਸੱਕਦਾ ਹੈਂ। ਜੇ ਤੂੰ ਖੱਬੇ ਪਾਸੇ ਜਾਵੇਂਗਾ ਤਾਂ ਮੈਂ ਸੱਜੇ ਪਾਸੇ ਚੱਲਿਆ ਜਾਵਾਂਗਾ। ਜੇ ਤੂੰ ਸੱਜੇ ਪਾਸੇ ਜਾਵੇਂਗਾ ਤਾਂ ਮੈਂ ਖੱਬੇ ਪਾਸੇ ਚੱਲਿਆ ਜਾਵਾਂਗਾ।”
10 ਲੂਤ ਨੇ ਆਲੇ-ਦੁਆਲੇ ਨਜ਼ਰ ਮਾਰੀ ਅਤੇ ਯਰਦਨ ਦੀ ਵਾਦੀ ਦੇਖੀ। ਲੂਤ ਨੇ ਦੇਖਿਆ ਕਿ ਓੱਥੇ ਕਾਫ਼ੀ ਪਾਣੀ ਸੀ। (ਇਹ ਗੱਲ ਯਹੋਵਾਹ ਦੇ ਸਦੂਮ ਅਤੇ ਅਮੂਰਾਹ ਨੂੰ ਤਬਾਹ ਕਰਨ ਤੋਂ ਪਹਿਲਾਂ ਦੀ ਹੈ।) ਉਸ ਸਮੇਂ ਯਰਦਨ ਵਾਦੀ ਸੋਆਰ ਤੱਕ ਯਹੋਵਾਹ ਦੇ ਬਾਗ ਵਾਂਗ ਫੈਲੀ ਹੋਈ ਸੀ। ਇਹ ਧਰਤੀ ਮਿਸਰ ਦੇ ਵਾਂਗ ਚੰਗੀ ਸੀ। 11 ਇਸ ਲਈ ਲੂਤ ਨੇ ਯਰਦਨ ਦੀ ਵਾਦੀ ਵਿੱਚ ਰਹਿਣ ਦੀ ਚੋਣ ਕੀਤੀ। ਦੋਵੇਂ ਆਦਮੀ ਵੱਖ ਹੋ ਗਏ ਅਤੇ ਲੂਤ ਪੂਰਬ ਵੱਲ ਚੱਲ ਪਿਆ। 12 ਅਬਰਾਮ ਕਨਾਨ ਦੀ ਧਰਤੀ ਉੱਤੇ ਠਹਿਰ ਗਿਆ ਅਤੇ ਲੂਤ ਵਾਦੀ ਦੇ ਸ਼ਹਿਰਾਂ ਅੰਦਰ ਰਹਿਣ ਲੱਗਾ। ਲੂਤ ਦੂਰ ਦੱਖਣ ਵੱਲ ਸਦੂਮ ਨੂੰ ਚੱਲਾ ਗਿਆ ਅਤੇ ਓੱਥੇ ਹੀ ਆਪਣਾ ਡੇਰਾ ਲਾ ਲਿਆ। 13 ਯਹੋਵਾਹ ਜਾਣਦਾ ਸੀ ਕਿ ਸਦੂਮ ਦੇ ਲੋਕ ਬਹੁਤ ਬਦ ਅਤੇ ਪਾਪੀ ਸਨ।
14 ਲੂਤ ਦੇ ਚੱਲੇ ਜਾਣ ਤੋਂ ਬਾਦ, ਯਹੋਵਾਹ ਨੇ ਅਬਰਾਮ ਨੂੰ ਆਖਿਆ, “ਆਪਣੇ ਆਲੇ-ਦੁਆਲੇ ਦੇਖ, ਉੱਤਰ ਵੱਲ ਅਤੇ ਦੱਖਣ ਵੱਲ ਦੇਖ, ਅਤੇ ਪੂਰਬ ਅਤੇ ਪੱਛਮ ਵੱਲ ਦੇਖ। 15 ਇਹ ਸਾਰੀ ਧਰਤੀ ਜਿਹੜੀ ਤੂੰ ਦੇਖ ਰਿਹਾ ਹੈਂ, ਮੈਂ ਤੈਨੂੰ ਅਤੇ ਤੇਰੇ ਉੱਤਰਾਧਿਕਾਰੀਆਂ ਨੂੰ ਦੇ ਦੇਵਾਂਗਾ। ਇਹ ਹਮੇਸ਼ਾ ਤੁਹਾਡੀ ਹੀ ਰਹੇਗੀ। 16 ਮੈਂ ਤੁਹਾਡੇ ਬੰਦਿਆਂ ਦੀ ਗਿਣਤੀ ਵਿੱਚ ਇੰਨਾ ਵਾਧਾ ਕਰ ਦਿਆਂਗਾ ਜਿੰਨੀ ਧਰਤੀ ਉੱਤੇ ਧੂੜ ਹੈ। ਜੇ ਲੋਕੀ ਸਾਰੀ ਧਰਤੀ ਦੀ ਧੂੜ ਨੂੰ ਗਿਣ ਸੱਕਦੇ ਹਨ ਤਾਂ ਉਹ ਤੇਰੇ ਲੋਕਾਂ ਦੀ ਗਿਣਤੀ ਵੀ ਕਰ ਸੱਕਣਗੇ। 17 ਇਸ ਲਈ ਜਾਓ। ਆਪਣੀ ਧਰਤੀ ਦੀ ਲੰਬਾਈ ਅਤੇ ਚੌੜਾਈ ਦੁਆਲੇ ਚੱਲੋ, ਕਿਉਂਕਿ ਮੈਂ ਇਹ ਤੁਹਾਨੂੰ ਦੇ ਦੇਵਾਂਗਾ।”
18 ਇਸ ਤਰ੍ਹਾਂ ਅਬਰਾਮ ਨੇ ਆਪਣਾ ਤੰਬੂ ਪੁੱਟ ਲਿਆ। ਉਹ ਮਮਰੇ ਦੇ ਵੱਡੇ ਰੁੱਖਾਂ ਨੇੜੇ ਜਾਕੇ ਰਹਿਣ ਲੱਗ ਪਿਆ। ਇਹ ਥਾਂ ਹਬਰੋਨ ਸ਼ਹਿਰ ਦੇ ਨੇੜੇ ਸੀ। ਉਸ ਥਾਂ ਉੱਤੇ ਵੀ ਅਬਰਾਮ ਨੇ ਯਹੋਵਾਹ ਦੀ ਉਪਾਸਨਾ ਲਈ ਇੱਕ ਜਗਵੇਦੀ ਉਸਾਰੀ।
ਲੂਤ ਫ਼ੜਿਆ ਜਾਂਦਾ ਹੈ
14 ਅਮਰਾਫਲ ਸਿਨਾਰ ਦਾ ਰਾਜਾ ਸੀ। ਅਰਯੋਕ ਅੱਲਾਸਾਰ ਦਾ ਰਾਜਾ ਸੀ। ਕਦਾਰਲਾਓਮਰ ਏਲਾਮ ਦਾ ਰਾਜਾ ਸੀ। ਅਤੇ ਤਿਦਾਲ ਗੋਈਮ ਦਾ ਰਾਜਾ ਸੀ। 2 ਇਨ੍ਹਾਂ ਸਾਰੇ ਰਾਜਿਆਂ ਨੇ ਸਦੂਮ ਦੇ ਰਾਜੇ ਬਰਾ, ਅਮੂਰਾਹ ਦੇ ਰਾਜੇ ਬਿਰਸਾ, ਅਦਮਾਹ ਦੇ ਰਾਜੇ ਸਿਨਾਬ, ਸਬੋਈਮ ਦੇ ਰਾਜੇ ਸਮੇਬਰ ਅਤੇ ਬਲਾ ਦੇ ਰਾਜੇ ਨਾਲ ਜੰਗ ਲੜੀ। (ਬਲਾ ਨੂੰ ਸੋਅਰ ਵੀ ਆਖਿਆ ਜਾਂਦਾ ਹੈ।)
3 ਇਨ੍ਹਾਂ ਸਾਰੇ ਰਾਜਿਆਂ ਨੇ ਸਿੱਦੀਮ ਦੀ ਵਾਦੀ ਵਿੱਚ ਆਪਣੀਆਂ ਫ਼ੌਜਾਂ ਇਕੱਠੀਆਂ ਕਰ ਲਈਆਂ। (ਸਿੱਦੀਮ ਦੀ ਵਾਦੀ ਅੱਜ ਕੱਲ੍ਹ ਖਾਰਾ ਸਮੁੰਦਰ ਹੈ।) 4 ਇਨ੍ਹਾਂ ਰਾਜਿਆਂ ਨੇ ਕਦਾਰਲਾਓਮਰ ਦੀ ਬਾਰ੍ਹਾਂ ਵਰ੍ਹੇ ਤੱਕ ਸੇਵਾ ਕੀਤੀ ਸੀ। ਪਰ ਤੇਰ੍ਹਵੇਂ ਵਰ੍ਹੇ ਵਿੱਚ ਇਨ੍ਹਾਂ ਸਾਰਿਆਂ ਨੇ ਉਸ ਦੇ ਵਿਰੁੱਧ ਬਗਾਵਤ ਕਰ ਦਿੱਤੀ। 5 ਇਸ ਲਈ ਚੌਦਵੇਂ ਵਰ੍ਹੇ ਵਿੱਚ ਰਾਜਾ ਕਦਾਰਲਾਓਮਰ ਅਤੇ ਉਸ ਦੇ ਨਾਲ ਦੇ ਰਾਜੇ ਉਨ੍ਹਾਂ ਨਾਲ ਲੜਨ ਲਈ ਆ ਗਏ। ਕਦਾਰਲਾਓਮਰ ਅਤੇ ਉਸ ਦੇ ਸਾਥੀ ਰਾਜਿਆਂ ਨੇ ਰਫ਼ਾਈਆਂ ਲੋਕਾਂ ਨੂੰ ਅਸਤਰੋਥ ਕਰਨਇਮ ਵਿਖੇ ਹਰਾ ਦਿੱਤਾ। ਉਨ੍ਹਾਂ ਨੇ ਜ਼ੂਜ਼ੀਆ ਲੋਕਾਂ ਨੂੰ ਵੀ ਹਾਮ ਵਿੱਚ ਹਰਾ ਦਿੱਤਾ। ਉਨ੍ਹਾਂ ਨੇ ਏਮੀਆਂ ਲੋਕਾਂ ਨੂੰ ਸਾਵੇਹ ਕਿਰਯਾਤਇਮ ਵਿਖੇ ਹਰਾ ਦਿੱਤਾ। 6 ਉਨ੍ਹਾਂ ਨੇ ਹੋਰੀ ਲੋਕਾਂ ਨੂੰ ਹਰਾ ਦਿੱਤਾ ਜਿਹੜੇ ਪਹਾੜੀ ਪ੍ਰਦੇਸ਼ ਸੇਈਰ ਤੋਂ ਲੈ ਕੇ ਏਲ-ਪਾਰਾਨ ਦੇ ਇਲਾਕੇ ਤਾਈ ਰਹਿੰਦੇ ਸਨ। (ਏਲ ਪਾਰਾਨ ਮਾਰੂਥਲ ਦੇ ਨੇੜੇ ਹੈ।) 7 ਫ਼ੇਰ ਰਾਜਾ ਕਦਾਰਲਾਓਮਰ ਵਾਪਸ ਮੁੜ ਪਿਆ ਅਤੇ ਏਲ ਮਿਸਪਾਟ (ਜਿਹੜਾ ਕਿ ਕਾਦੇਸ ਹੈ) ਵੱਲ ਚੱਲਾ ਗਿਆ ਅਤੇ ਅਮਾਲੇਕੀਆਂ ਦੇ ਇਲਾਕੇ ਨੂੰ ਜਿੱਤ ਲਿਆ। ਉਸ ਨੇ ਹਸਿਸੋਨ ਤਾਮਰ ਵਿੱਚ ਰਹਿੰਦੇ ਅਮੋਰੀ ਲੋਕਾਂ ਨੂੰ ਵੀ ਹਰਾ ਦਿੱਤਾ।
8 ਉਸ ਸਮੇਂ ਸਦੂਮ ਦਾ ਰਾਜਾ, ਅਮੂਰਾਹ ਦਾ ਰਾਜਾ, ਅਦਮਾਹ ਦਾ ਰਾਜਾ, ਸਬੋਈਮ ਦਾ ਰਾਜਾ ਅਤੇ ਬਲਾ (ਸੋਅਰ) ਦਾ ਰਾਜਾ ਸਾਰੇ ਇੱਕ ਦੂਜੇ ਨਾਲ ਰਲ ਗਏ ਅਤੇ ਆਪਣੇ ਦੁਸ਼ਮਣਾਂ ਨਾਲ ਲੜਨ ਲਈ ਗਏ। ਉਹ ਜੰਗ ਕਰਨ ਲਈ ਸਿੱਦੀਮ ਦੀ ਵਾਦੀ ਵਿੱਚ ਗਏ। 9 ਉਨ੍ਹਾਂ ਨੇ ਏਲਾਮ ਦੇ ਰਾਜੇ ਕਦਾਰਲਾਓਮਰ, ਗੋਈਮ ਦੇ ਰਾਜੇ ਤਿਦਾਲ, ਸਿਨਾਰ ਦੇ ਰਾਜੇ ਅਮਰਾਫਲ ਅਤੇ ਅੱਲਾਸਾਰ ਦੇ ਰਾਜੇ ਅਰਯੋਕ ਦੇ ਖ਼ਿਲਾਫ਼ ਜੰਗ ਕੀਤੀ। ਇਸ ਤਰ੍ਹਾਂ ਪੰਜਾਂ ਨਾਲ ਜੰਗ ਕਰਨ ਵਾਲੇ ਚਾਰ ਰਾਜੇ ਸਨ।
10 ਸਿੱਦੀਮ ਦੀ ਵਾਦੀ ਵਿੱਚ ਲੁੱਕ ਨਾਲ ਭਰੀਆਂ ਹੋਈਆਂ ਅਨੇਕਾਂ ਖੱਡਾਂ ਸਨ। ਸਦੂਮ ਅਤੇ ਅਮੂਰਾਹ ਦੇ ਰਾਜੇ ਅਤੇ ਉਨ੍ਹਾਂ ਦੀਆਂ ਫ਼ੌਜਾਂ ਭੱਜ ਗਈਆਂ। ਬਹੁਤ ਸਾਰੇ ਸਿਪਾਹੀ ਇਨ੍ਹਾਂ ਖੱਡਾਂ ਵਿੱਚ ਡਿੱਗ ਪਏ। ਪਰ ਦੂਸਰੇ ਪਹਾੜਾਂ ਵੱਲ ਨੱਸ ਗਏ।
11 ਇਸ ਤਰ੍ਹਾਂ, ਉਨ੍ਹਾਂ ਦੇ ਦੁਸ਼ਮਣਾਂ ਨੇ ਸਦੂਮ ਅਤੇ ਅਮੂਰਾਹ ਦੇ ਲੋਕਾਂ ਦੀਆਂ ਸਾਰੀਆਂ ਚੀਜ਼ਾਂ ਖੋਹ ਲਈਆਂ। ਉਨ੍ਹਾਂ ਨੇ ਉਨ੍ਹਾਂ ਦਾ ਸਾਰਾ ਭੋਜਨ ਖੋਹ ਲਿਆ ਅਤੇ ਚੱਲੇ ਗਏ। 12 ਅਬਰਾਮ ਦਾ ਭਤੀਜਾ ਲੂਤ, ਸਦੂਮ ਵਿੱਚ ਰਹਿ ਰਿਹਾ ਸੀ ਅਤੇ ਦੁਸ਼ਮਣਾਂ ਨੇ ਉਸ ਨੂੰ ਬੰਦੀ ਬਣਾ ਲਿਆ। ਦੁਸ਼ਮਣ ਨੇ ਉਸ ਦੀਆਂ ਸਾਰੀਆਂ ਚੀਜ਼ਾਂ ਲੈ ਲਈਆਂ। 13 ਉਨ੍ਹਾਂ ਵਿੱਚੋਂ ਇੱਕ ਆਦਮੀ ਜਿਹੜਾ ਫ਼ੜਿਆ ਨਹੀਂ ਗਿਆ ਸੀ, ਅਬਰਾਮ ਇਬਰਾਨੀ ਵੱਲ ਗਿਆ ਅਤੇ ਉਸ ਨੂੰ ਜਾਕੇ ਸਾਰਾ ਹਾਲ ਦੱਸਿਆ। ਅਬਰਾਮ ਦਾ ਡੇਰਾ ਉਨ੍ਹਾਂ ਰੁੱਖਾਂ ਦੇ ਲਾਗੇ ਸੀ ਜੋ ਮਮਰੇ ਅਮੋਰੀ ਦੇ ਸਨ। ਮਮਰੇ, ਅਸ਼ਕੋਲ ਅਤੇ ਆਨੇਰ ਨੇ ਅਬਰਾਮ ਨਾਲ ਇੱਕ ਦੂਸਰੇ ਦੀ ਸਹਾਇਤਾ ਕਰਨ ਦਾ ਇਕਰਾਰਨਾਮਾ ਕੀਤਾ ਹੋਇਆ ਸੀ।
ਅਬਰਾਮ ਦਾ ਲੂਤ ਨੂੰ ਛੁਡਾਉਣਾ
14 ਅਬਰਾਮ ਨੂੰ ਪਤਾ ਚੱਲਿਆ ਕਿ ਲੂਤ ਫ਼ੜਿਆ ਗਿਆ ਸੀ। ਇਸ ਲਈ ਅਬਰਾਮ ਨੇ ਆਪਣੇ ਸਾਰੇ ਪਰਿਵਾਰ ਨੂੰ ਇਕੱਠਾ ਕਰ ਲਿਆ। ਉਸ ਵਿੱਚ 318 ਸਿਖਿਅਤ ਫ਼ੌਜੀ ਸਨ। ਅਬਰਾਮ ਨੇ ਇਨ੍ਹਾਂ ਆਦਮੀਆਂਂ ਦੀ ਅਗਵਾਈ ਕੀਤੀ ਅਤੇ ਦੁਸ਼ਮਣ ਨੂੰ ਦਾਨ ਸ਼ਹਿਰ ਤੱਕ ਭਜਾ ਦਿੱਤਾ। 15 ਉਸ ਰਾਤ ਉਸ ਨੇ ਅਤੇ ਉਸ ਦੇ ਆਦਮੀਆਂ ਨੇ ਦੁਸ਼ਮਣ ਉੱਤੇ ਅਚਾਨਕ ਹਮਲਾ ਕਰ ਦਿੱਤਾ। ਉਨ੍ਹਾਂ ਨੇ ਦੁਸ਼ਮਣ ਨੂੰ ਹਰਾ ਦਿੱਤਾ ਅਤੇ ਉਸਨੂ ਹੋਬਾਹ, ਦਮਿਸੱਕ ਦੇ ਉੱਤਰ ਵੱਲ ਭਜਾ ਦਿੱਤਾ। 16 ਫ਼ੇਰ ਅਬਰਾਮ ਨੇ ਉਹ ਸਾਰੀਆਂ ਚੀਜ਼ਾਂ ਵਾਪਸ ਲਿਆਂਦੀਆਂ ਜਿਹੜੀਆਂ ਦੁਸ਼ਮਣ ਨੇ ਲੁੱਟ ਲਈਆਂ ਸਨ। ਅਬਰਾਮ ਔਰਤਾਂ, ਨੌਕਰਾਂ, ਲੂਤ ਅਤੇ ਲੂਤ ਦੀ ਹਰ ਸ਼ੈਅ ਨੂੰ ਵਾਪਸ ਲੈ ਆਇਆ।
17 ਫ਼ੇਰ ਅਬਰਾਮ ਕਦਾਰਲਾਓਮਰ ਅਤੇ ਉਸ ਦੇ ਨਾਲ ਜੁੜੇ ਰਾਜਿਆਂ ਨੂੰ ਹਰਾਉਣ ਤੋਂ ਬਾਦ ਘਰ ਪਰਤ ਆਇਆ। ਜਦੋਂ ਉਹ ਘਰ ਵਾਪਸ ਚੱਲਾ ਗਿਆ, ਸਦੂਮ ਦਾ ਰਾਜਾ ਉਸ ਨੂੰ ਸ਼ਾਵੇਹ ਦੀ ਵਾਦੀ (ਇਸ ਨੂੰ ਹੁਣ ਰਾਜੇ ਦੀ ਵਾਦੀ ਆਖਿਆ ਜਾਂਦਾ ਹੈ।) ਵਿੱਚ ਮਿਲਣ ਆਇਆ।
ਮਲਕਿ-ਸਿਦਕ
18 ਸਾਲੇਮ ਦਾ ਰਾਜਾ, ਮਲਕਿ-ਸਿਦਕ ਵੀ ਅਬਰਾਮ ਨੂੰ ਮਿਲਣ ਲਈ ਗਿਆ। ਮਲਕਿ-ਸਿਦਕ ਸਰਬ ਉੱਚ ਪਰਮੇਸ਼ੁਰ ਦਾ ਜਾਜਕ ਸੀ। ਮਲਕਿ-ਸਿਦਕ ਰੋਟੀ ਤੇ ਮੈਅ ਲੈ ਕੇ ਆਇਆ। 19 ਮਲਕਿ-ਸਿਦਕ ਨੇ ਅਬਰਾਮ ਨੂੰ ਅਸੀਸ ਦਿੱਤੀ ਅਤੇ ਆਖਿਆ,
“ਅਬਰਾਮ, ਸਰਬ ਉੱਚ ਪਰਮੇਸ਼ੁਰ ਤੈਨੂੰ ਅਸੀਸ ਦੇਵੇ।
ਪਰਮੇਸ਼ੁਰ ਨੇ ਅਕਾਸ਼ ਤੇ ਧਰਤੀ ਨੂੰ ਸਾਜਿਆ।
20 ਅਤੇ ਅਸੀਂ ਸਰਬ ਉੱਚ ਪਰਮੇਸ਼ੁਰ ਦੀ ਉਸਤਤ ਕਰਦੇ ਹਾਂ।
ਪਰਮੇਸ਼ੁਰ ਨੇ ਤੇਰੇ ਦੁਸ਼ਮਣਾਂ ਨੂੰ ਹਰਾਉਣ ਵਿੱਚ ਤੇਰੀ ਸਹਾਇਤਾ ਕੀਤੀ।”
ਫ਼ੇਰ ਅਬਰਾਮ ਨੇ ਮਲਕਿ-ਸਿਦਕ ਨੂੰ ਜੰਗ ਵਿੱਚ ਜਿੱਤੀ ਹੋਈ ਹਰ ਚੀਜ਼ ਦਾ ਦਸਵੰਧ ਕੱਢ ਕੇ ਦਿੱਤਾ। 21 ਸਦੂਮ ਦੇ ਰਾਜੇ ਨੇ ਅਬਰਾਮ ਨੂੰ ਆਖਿਆ, “ਤੂੰ ਇਹ ਸਾਰੀਂ ਚੀਜ਼ਾਂ ਆਪਣੇ ਲਈ ਰੱਖ ਸੱਕਦਾ ਹੈਂ। ਮੈਨੂੰ ਸਿਰਫ਼ ਮੇਰੇ ਉਹ ਲੋਕ ਵਾਪਸ ਕਰ ਦੇ ਜਿਨ੍ਹਾਂ ਨੂੰ ਦੁਸ਼ਮਣ ਫ਼ੜ ਕੇ ਲੈ ਗਏ ਸੀ।”
22 ਪਰ ਅਬਰਾਮ ਨੇ ਸਦੂਮ ਦੇ ਰਾਜੇ ਨੂੰ ਆਖਿਆ, “ਮੈਂ ਯਹੋਵਾਹ ਸਰਬ ਉੱਚ ਪਰਮੇਸ਼ੁਰ ਅੱਗੇ ਇਕਰਾਰ ਕਰਦਾ ਹਾਂ, ਜਿਸਨੇ ਧਰਤੀ ਤੇ ਅਕਾਸ਼ ਨੂੰ ਸਾਜਿਆ 23 ਮੈਂ ਇਕਰਾਰ ਕਰਦਾ ਹਾਂ ਕਿ ਮੈਂ ਕੋਈ ਵੀ ਉਹ ਚੀਜ਼ ਨਹੀਂ ਰੱਖਾਂਗਾ ਜਿਹੜੀ ਤੇਰੀ ਹੈ-ਕੋਈ ਧਾਗਾ ਜਾਂ ਤਸਮਾ ਵੀ ਨਹੀਂ। ਮੈਂ ਨਹੀਂ ਚਾਹੁੰਦਾ ਕਿ ਤੂੰ ਇਹ ਆਖੇਂ, ‘ਮੈਂ ਅਬਰਾਮ ਨੂੰ ਅਮੀਰ ਬਣਾਇਆ।’ 24 ਸਿਰਫ਼ ਇੱਕੋ ਚੀਜ਼ ਜਿਹੜੀ ਮੈਂ ਪ੍ਰਵਾਨ ਕਰਾਂਗਾ ਉਹ ਭੋਜਨ ਹੈ ਜਿਹੜਾ ਮੇਰੇ ਜਵਾਨਾਂ ਨੇ ਖਾਧਾ ਹੈ। ਪਰ ਤੈਨੂੰ ਚਾਹੀਦਾ ਹੈ ਕਿ ਹੋਰਨਾਂ ਆਦਮੀਆਂ ਨੂੰ ਉਨ੍ਹਾਂ ਦਾ ਹਿੱਸਾ ਦੇ ਦੇਵੇ। ਉਹ ਚੀਜ਼ਾਂ ਲੈ ਲਵੋ ਜਿਹੜੀਆਂ ਅਸੀਂ ਜੰਗ ਵਿੱਚ ਜਿੱਤੀਆਂ ਹਨ ਅਤੇ ਕੁਝ ਆਨੇਰ, ਅਸ਼ਕੋਲ ਅਤੇ ਮਮਰੇ ਨੂੰ ਦੇ ਦੇਵੋ। ਇਨ੍ਹਾਂ ਆਦਮੀਆਂ ਨੇ ਮੇਰੀ ਜੰਗ ਵਿੱਚ ਸਹਾਇਤਾ ਕੀਤੀ ਸੀ।”
ਪਰਮੇਸ਼ੁਰ ਦਾ ਅਬਰਾਮ ਨਾਲ ਇਕਰਾਰਨਾਮਾ
15 ਇਨ੍ਹਾਂ ਗੱਲਾਂ ਦੇ ਵਾਪਰਨ ਤੋਂ ਬਾਦ, ਅਬਰਾਮ ਨੂੰ ਯਹੋਵਾਹ ਦੇ ਸ਼ਬਦ ਦਾ ਦਰਸ਼ਨ ਹੋਇਆ। ਪਰਮੇਸ਼ੁਰ ਨੇ ਆਖਿਆ, “ਅਬਰਾਮ, ਡਰੀਂ ਨਾ। ਮੈਂ ਤੇਰੀ ਰੱਖਿਆ ਕਰਾਂਗਾ। ਅਤੇ ਮੈਂ ਤੈਨੂੰ ਬਹੁਤ ਵੱਡਾ ਇਨਾਮ ਦੇਵਾਂਗਾ।”
2 ਪਰ ਅਬਰਾਮ ਨੇ ਆਖਿਆ, “ਯਹੋਵਾਹ ਪਰਮੇਸ਼ੁਰ, ਇੱਥੇ ਕੋਈ ਵੀ ਅਜਿਹੀ ਸ਼ੈਅ ਨਹੀਂ ਜਿਹੜੀ ਮੈਨੂੰ ਦੇ ਸੱਕੇ ਅਤੇ ਜਿਹੜੀ ਮੈਨੂੰ ਖੁਸ਼ੀ ਦੇ ਸੱਕੇ। ਕਿਉਂਕਿ ਮੇਰਾ ਕੋਈ ਪੁੱਤਰ ਨਹੀਂ। ਇਸ ਲਈ ਮੇਰਾ ਦਮਿਸੱਕ ਵਾਲਾ ਗੁਲਾਮ, ਅਲੀਅਜ਼ਰ ਮੇਰੀ ਮੌਤ ਤੋਂ ਬਾਦ ਮੇਰੀਆਂ ਸਾਰੀਆਂ ਚੀਜ਼ਾਂ ਦਾ ਵਾਰਿਸ ਹੋਵੇਗਾ।” 3 ਅਬਰਾਮ ਨੇ ਆਖਿਆ, “ਤੂੰ ਮੈਨੂੰ ਪੁੱਤਰ ਨਹੀਂ ਦਿੱਤਾ। ਇਸ ਲਈ ਮੇਰੇ ਘਰ ਵਿੱਚ ਪੈਦਾ ਹੋਣ ਵਾਲਾ ਗੁਲਾਮ ਹੀ ਮੇਰੀ ਹਰ ਸ਼ੈਅ ਦਾ ਵਾਰਿਸ ਹੋਵੇਗਾ।”
4 ਫ਼ੇਰ ਯਹੋਵਾਹ ਨੇ ਅਬਰਾਮ ਨਾਲ ਗੱਲ ਕੀਤੀ। ਪਰਮੇਸ਼ੁਰ ਨੇ ਆਖਿਆ। “ਉਹ ਗੁਲਾਮ ਤੇਰੀਆਂ ਚੀਜ਼ਾਂ ਦਾ ਵਾਰਿਸ ਨਹੀਂ ਹੋਵੇਗਾ। ਤੇਰੇ ਘਰ ਪੁੱਤਰ ਹੋਵੇਗਾ ਅਤੇ ਤੇਰਾ ਪੁੱਤਰ ਤੇਰੀਆਂ ਸਾਰੀਆਂ ਚੀਜ਼ਾਂ ਦਾ ਵਾਰਿਸ ਹੋਵੇਗਾ।”
5 ਫ਼ੇਰ ਪਰਮੇਸ਼ੁਰ ਅਬਰਾਮ ਨੂੰ ਬਾਹਰ ਲੈ ਗਿਆ। ਪਰਮੇਸ਼ੁਰ ਨੇ ਆਖਿਆ, “ਅਕਾਸ਼ ਵੱਲ ਦੇਖ। ਬਹੁਤ ਸਾਰੇ ਤਾਰਿਆਂ ਵੱਲ ਦੇਖ। ਇਹ ਇੰਨੇ ਹਨ ਕਿ ਤੂੰ ਇਨ੍ਹਾਂ ਨੂੰ ਗਿਣ ਨਹੀਂ ਸੱਕਦਾ। ਭਵਿੱਖ ਵਿੱਚ ਤੇਰਾ ਪਰਿਵਾਰ ਵੀ ਇਸੇ ਤਰ੍ਹਾਂ ਹੋਵੇਗਾ।”
6 ਅਬਰਾਮ ਨੇ ਯਹੋਵਾਹ ਵਿੱਚ ਯਕੀਨ ਕੀਤਾ ਅਤੇ ਉਸ ਨੇ ਉਸ ਨੂੰ ਭਰੋਸਾ ਕਰਨ ਦੇ ਯੋਗ ਮੰਨਿਆ। 7 ਪਰਮੇਸ਼ੁਰ ਨੇ ਅਬਰਾਮ ਨੂੰ ਆਖਿਆ, “ਮੈਂ ਹੀ ਉਹ ਯਹੋਵਾਹ ਹਾਂ ਜਿਸਨੇ ਤੈਨੂੰ ਕਸਦੀਆਂ ਦੇ ਊਰ ਵਿੱਚੋਂ ਬਾਹਰ ਲਿਆਂਦਾ। ਅਜਿਹਾ ਮੈਂ ਇਸ ਲਈ ਕੀਤਾ ਤਾਂ ਜੋ ਤੈਨੂੰ ਇਹ ਜ਼ਮੀਨ ਦੇ ਸੱਕਾਂ-ਤੂੰ ਇਸ ਜ਼ਮੀਨ ਦਾ ਮਾਲਕ ਹੋਵੇਂਗਾ।”
8 ਪਰ ਅਬਰਾਮ ਨੇ ਆਖਿਆ, “ਯਹੋਵਾਹ ਮੇਰੇ ਸੁਆਮੀ, ਮੈਂ ਕਿਵੇਂ ਯਕੀਨ ਕਰਾਂ ਕਿ ਮੈਨੂੰ ਇਹ ਜ਼ਮੀਨ ਮਿਲੇਗੀ?”
9 ਪਰਮੇਸ਼ੁਰ ਨੇ ਅਬਰਾਮ ਨੂੰ ਆਖਿਆ, “ਅਸੀਂ ਇੱਕ ਇਕਰਾਰਨਾਮਾ ਕਰਾਂਗੇ ਮੇਰੇ ਲਈ ਤਿੰਨ ਵਰ੍ਹਿਆਂ ਦੀ ਇੱਕ ਗਾਂ, ਤਿੰਨ ਵਰ੍ਹਿਆਂ ਦੀ ਇੱਕ ਬੱਕਰੀ, ਤਿੰਨ ਵਰ੍ਹਿਆਂ ਦੀ ਇੱਕ ਭੇਡ ਅਤੇ ਇੱਕ ਘੁੱਗੀ ਅਤੇ ਕਬੂਤਰ ਵੀ ਲੈ ਕੇ ਆ।”
10 ਅਬਰਾਮ ਪਰਮੇਸ਼ੁਰ ਲਈ ਇਹ ਸਾਰੀਆਂ ਚੀਜ਼ਾਂ ਲੈ ਆਇਆ। ਅਬਰਾਮ ਨੇ ਇਨ੍ਹਾਂ ਜਾਨਵਰਾਂ ਨੂੰ ਦੋ ਟੁਕੜਿਆਂ ਵਿੱਚ ਵੱਢਿਆ। ਫ਼ੇਰ ਅਬਰਾਮ ਨੇ ਦੋਵੇਂ ਅੱਧੇ ਹਿਸਿਆਂ ਨੂੰ ਇੱਕ ਦੂਸਰੇ ਦੇ ਸਾਹਮਣੇ ਧਰ ਦਿੱਤਾ। ਅਬਰਾਮ ਨੇ ਪੰਛੀਆਂ ਦੇ ਟੋਟੇ ਨਹੀਂ ਕੀਤੇ। 11 ਬਾਦ ਵਿੱਚ ਵੱਡੇ ਪੰਛੀ ਪਸ਼ੂਆਂ ਨੂੰ ਖਾਣ ਲਈ ਹੇਠਾਂ ਉੱਤਰ ਆਏ। ਪਰ ਅਬਰਾਮ ਨੇ ਉਨ੍ਹਾਂ ਨੂੰ ਦੂਰ ਭਜਾ ਦਿੱਤਾ।
12 ਬਾਦ ਵਿੱਚ ਦਿਨ ਛਿਪਣ ਲੱਗਾ। ਅਬਰਾਮ ਨੂੰ ਬਹੁਤ ਨੀਂਦ ਆਈ ਅਤੇ ਉਹ ਸੌਂ ਗਿਆ। ਜਦੋਂ ਉਹ ਸੁੱਤਾ ਹੋਇਆ ਸੀ ਤਾਂ ਇੱਕ ਭਿਆਨਕ ਹਨੇਰਾ ਛਾ ਗਿਆ। 13 ਫ਼ੇਰ ਯਹੋਵਾਹ ਨੇ ਅਬਰਾਮ ਨੂੰ ਆਖਿਆ, “ਤੈਨੂੰ ਇਹ ਗੱਲਾਂ ਜਾਣ ਲੈਣੀਆਂ ਚਾਹੀਦੀਆਂ ਹਨ: ਤੇਰੇ ਉੱਤਰਾਧਿਕਾਰੀ ਅਜਿਹੇ ਦੇਸ਼ ਵਿੱਚ ਰਹਿਣਗੇ ਜਿਹੜਾ ਉਨ੍ਹਾਂ ਦਾ ਆਪਣਾ ਨਹੀਂ ਹੋਵੇਗਾ। ਉਹ ਉੱਥੇ ਅਜਨਬੀ ਹੋਣਗੇ। ਅਤੇ ਉੱਥੋਂ ਦੇ ਲੋਕ ਉਨ੍ਹਾਂ ਨੂੰ ਗੁਲਾਮ ਬਣਾ ਲੈਣਗੇ ਅਤੇ ਉਨ੍ਹਾਂ ਨਾਲ 400 ਵਰ੍ਹਿਆਂ ਤੱਕ ਬੁਰਾ ਸਲੂਕ ਕਰਨਗੇ। 14 ਪਰ ਫ਼ੇਰ ਮੈਂ ਉਸ ਕੌਮ ਨੂੰ ਸਜ਼ਾ ਦੇਵਾਂਗਾ ਜਿਸਨੇ ਉਨ੍ਹਾਂ ਨੂੰ ਗੁਲਾਮ ਬਣਾਇਆ ਹੋਵੇਗਾ। ਤੇਰੇ ਲੋਕ ਉਸ ਧਰਤੀ ਨੂੰ ਛੱਡ ਜਾਣਗੇ ਅਤੇ ਆਪਣੇ ਨਾਲ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਲੈ ਜਾਣਗੇ।
15 “ਤੂੰ ਖੁਦ ਬਹੁਤ ਲੰਮੀ ਉਮਰ ਭੋਗੇਂਗਾ। ਤੂੰ ਅਮਨ ਚੈਨ ਨਾਲ ਮਰੇਂਗਾ। ਅਤੇ ਤੈਨੂੰ ਤੇਰੇ ਪਰਿਵਾਰ ਨਾਲ ਦਫ਼ਨਾਇਆ ਜਾਵੇਗਾ। 16 ਚਾਰ ਪੀੜੀਆਂ ਬਾਦ ਤੇਰੇ ਲੋਕ ਇਸ ਧਰਤੀ ਉੱਤੇ ਫ਼ੇਰ ਆਉਣਗੇ। ਉਸ ਸਮੇਂ, ਤੇਰੇ ਲੋਕ ਅਮੋਰੀਆਂ ਨੂੰ ਹਰਾ ਦੇਣਗੇ। ਮੈਂ ਤੁਹਾਡੇ ਲੋਕਾਂ ਦੇ ਰਾਹੀਂ ਇੱਥੇ ਰਹਿਣ ਵਾਲੇ ਅਮੋਰੀਆਂ ਨੂੰ ਸਜ਼ਾ ਦੇਵਾਂਗਾ। ਇਹ ਗੱਲ ਭਵਿੱਖ ਵਿੱਚ ਹੋਵੇਗੀ, ਕਿਉਂਕਿ ਅਮੋਰੀ ਲੋਕ ਹਾਲੇ ਇਨੇ ਪਾਪੀ ਨਹੀਂ ਕਿ ਸਜ਼ਾ ਦੇ ਭਾਗੀ ਹੋਣ।”
17 ਸੂਰਜ ਛੁਪਣ ਤੋਂ ਬਾਦ, ਬਹੁਤ ਹਨੇਰਾ ਹੋ ਗਿਆ। ਮੁਰਦਾ ਜਾਨਵਰ ਹਾਲੇ ਵੀ ਧਰਤੀ ਉੱਤੇ ਪਏ ਸਨ-ਹਰੇਕ ਜਾਨਵਰ ਦੋ ਹਿਸਿਆਂ ਵਿੱਚ ਵੰਡਿਆ ਹੋਇਆ ਸੀ। ਉਸ ਵੇਲੇ, ਮਰੇ ਹੋਏ ਜਾਨਵਰਾਂ ਦੇ ਅੱਧੇ ਟੋਟਿਆਂ ਦੇ ਵਿੱਚਕਾਰੋਂ ਅੱਗ ਅਤੇ ਧੂੰਏਂ ਦੀ ਲਕੀਰ [i] ਨਿਕਲੀ।
18 ਇਸ ਲਈ ਉਸ ਦਿਨ, ਯਹੋਵਾਹ ਨੇ ਅਬਰਾਮ ਨਾਲ ਇਹ ਆਖਦਿਆਂ ਹੋਇਆਂ ਇਕਰਾਰ ਕੀਤਾ, “ਮੈਂ ਇਹ ਧਰਤੀ ਤੇਰੇ ਉੱਤਰਾਧਿਕਾਰੀਆਂ ਨੂੰ ਦੇਵਾਂਗਾ। ਉਨ੍ਹਾਂ ਦੀ ਧਰਤੀ ਮਿਸਰ ਵਿੱਚਲੀ ਨੀਲ ਨਦੀ ਤੋਂ ਫ਼ਰਾਤ ਨਦੀ ਤਾਈਂ ਫੈਲੇਗੀ। 19 ਇਹ ਧਰਤੀ ਕੇਨੀ ਲੋਕਾਂ, ਕਨਿਜ਼ੀ ਲੋਕਾਂ, ਕਦਮੋਨੀ ਲੋਕਾਂ, 20 ਹਿੱਤੀ ਲੋਕਾਂ, ਪਰਿਜ਼ੀ ਲੋਕਾਂ, ਰਫਾਈਮ ਲੋਕਾਂ, 21 ਅਮੋਰੀ ਲੋਕਾਂ, ਕਨਾਨੀ ਲੋਕਾਂ, ਗਿਰਗਾਸ਼ੀ ਲੋਕਾਂ ਅਤੇ ਯਬੂਸੀ ਲੋਕਾਂ ਦੀ ਹੈ।”
ਦਾਸੀ ਹਾਜਰਾ
16 ਸਾਰਈ ਅਬਰਾਮ ਦੀ ਪਤਨੀ ਸੀ। ਉਸ ਦੇ ਅਤੇ ਅਬਰਾਮ ਦੇ ਉਲਾਦ ਨਹੀਂ ਹੋਈ। ਸਾਰਈ ਦੀ ਮਿਸਰ ਦੀ ਇੱਕ ਦਾਸੀ ਸੀ। ਉਸਦਾ ਨਾਮ ਹਾਜਰਾ ਸੀ। 2 ਸਾਰਈ ਨੇ ਅਬਰਾਮ ਨੂੰ ਆਖਿਆ, “ਯਹੋਵਾਹ ਨੇ ਮੈਨੂੰ ਬੱਚੇ ਹੋਣ ਤੋਂ ਰੋਕ ਦਿੱਤਾ ਹੈ। ਇਸ ਲਈ ਮੇਰੀ ਦਾਸੀ ਹਾਜਰਾ ਨਾਲ ਸੰਭੋਗ ਕਰ। ਮੈਂ ਉਸ ਦੇ ਬੱਚੇ ਨੂੰ ਆਪਣੇ ਬੱਚੇ ਵਾਂਗ ਹੀ ਪ੍ਰਵਾਨ ਕਰਾਂਗੀ।” ਅਬਰਾਮ ਆਪਣੀ ਪਤਨੀ ਦੀ ਬੇਨਤੀ ਨਾਲ ਸਹਿਮਤ ਹੋ ਗਿਆ।
3 ਇਹ ਗੱਲ ਅਬਰਾਮ ਦੇ ਕਨਾਨ ਦੀ ਧਰਤੀ ਉੱਤੇ ਦਸ ਸਾਲ ਰਹਿ ਚੁੱਕਣ ਤੋਂ ਬਾਦ ਵਾਪਰੀ। ਸਾਰਈ ਨੇ ਹਾਜਰਾ ਨੂੰ ਆਪਣੇ ਪਤੀ ਦੀ ਪਤਨੀ ਹੋਣ ਲਈ ਸੌਂਪ ਦਿੱਤਾ। (ਹਾਜਰਾ ਉਸਦੀ ਮਿਸਰ ਦੀ ਦਾਸੀ ਸੀ।) 4 ਹਾਜਰਾ ਅਬਰਾਮ ਤੋਂ ਗਰਭਵਤੀ ਹੋ ਗਈ। ਜਦੋਂ ਹਾਜਰਾ ਨੂੰ ਇਹ ਪਤਾ ਲੱਗਾ ਤਾਂ ਉਸਦੀ ਮਾਲਕਣ ਨੂੰ ਹਾਜਰਾ ਦੀ ਨਿਗਾਹ ਵਿੱਚ ਇੰਨੀ ਇੱਜ਼ਤ ਨਹੀਂ ਮਿਲੀ। 5 ਪਰ ਸਾਰਈ ਨੇ ਅਬਰਾਮ ਨੂੰ ਆਖਿਆ, “ਮੇਰੀ ਦਾਸੀ ਹੁਣ ਮੈਨੂੰ ਨਫ਼ਰਤ ਕਰਦੀ ਹੈ। ਅਤੇ ਇਸ ਲਈ ਮੈਂ ਤੈਨੂੰ ਕਸੂਰਵਾਰ ਸਮਝਦੀ ਹਾਂ। ਮੈਂ ਉਸ ਨੂੰ ਤੈਨੂੰ ਸੌਂਪਿਆ। ਉਹ ਗਰਭਵਤੀ ਹੋਈ ਅਤੇ ਫ਼ੇਰ ਉਹ ਇਹ ਮਹਿਸੂਸ ਕਰਨ ਲੱਗ ਪਈ ਕਿ ਉਹ ਮੇਰੇ ਨਾਲੋਂ ਬਿਹਤਰ ਹੈ। ਮੈਂ ਚਾਹੁੰਦੀ ਹਾਂ ਕਿ ਯਹੋਵਾਹ ਇਸਦਾ ਨਿਆਂ ਕਰੇ ਕਿ ਸਾਡੇ ਵਿੱਚੋਂ ਕੌਣ ਸਹੀ ਹੈ।”
6 ਪਰ ਅਬਰਾਮ ਨੇ ਸਾਰਈ ਨੂੰ ਆਖਿਆ, “ਹਾਜਰਾ ਤੇਰੀ ਦਾਸੀ ਹੈ। ਤੂੰ ਉਸ ਦੇ ਨਾਲ ਜੋ ਚਾਹੇਂ ਸਲੂਕ ਕਰ ਸੱਕਦੀ ਹੈਂ।” ਇਸ ਤਰ੍ਹਾਂ ਸਾਰਈ ਆਪਣੀ ਦਾਸੀ ਨਾਲ ਬੁਰਾ ਸਲੂਕ ਕਰਨ ਲੱਗੀ ਅਤੇ ਹਾਜਰਾ ਘਰੋਂ ਭੱਜ ਗਈ।
ਹਾਜਰਾ ਦਾ ਪੁੱਤਰ ਇਸਮਾਏਲ
7 ਯਹੋਵਾਹ ਦੇ ਦੂਤ ਨੇ ਹਾਜਰਾ ਨੂੰ ਮਾਰੂਥਲ ਅੰਦਰ ਇੱਕ ਟੋਭੇ ਦੇ ਕੰਢੇ ਪਿਆ ਦੇਖਿਆ। ਟੋਭਾ ਸੂਰ ਦੇ ਰਸਤੇ ਉੱਤੇ ਸੀ। 8 ਦੂਤ ਨੇ ਆਖਿਆ, “ਹਾਜਰਾ, ਤੂੰ ਸਾਰਈ ਦੀ ਦਾਸੀਂ ਹੈਂ। ਤੂੰ ਇੱਥੇ ਕੀ ਕਰ ਰਹੀ ਹੈਂ? ਤੂੰ ਕਿਧਰ ਜਾ ਰਹੀ ਹੈਂ?”
ਹਾਜਰਾ ਨੇ ਆਖਿਆ, “ਮੈਂ ਸਾਰਈ ਤੋਂ ਦੂਰ ਭੱਜ ਰਹੀ ਹਾਂ।”
9 ਯਹੋਵਾਹ ਦੇ ਦੂਤ ਨੇ ਹਾਜਰਾ ਨੂੰ ਆਖਿਆ, “ਸਾਰਈ ਤੇਰੀ ਮਾਲਕਣ ਹੈ। ਉਸ ਕੋਲ ਘਰ ਚਲੀ ਜਾਹ ਅਤੇ ਉਸਦਾ ਹੁਕਮ ਮੰਨ।” 10 ਯਹੋਵਾਹ ਦੇ ਦੂਤ ਨੇ ਹਾਜਰਾ ਨੂੰ ਇਹ ਵੀ ਆਖਿਆ, “ਤੇਰੇ ਤੋਂ ਬਹੁਤ ਲੋਕ ਪੈਦਾ ਹੋਣਗੇ। ਉਹ ਇੰਨੇ ਹੋਣਗੇ ਕਿ ਉਨ੍ਹਾਂ ਦੀ ਗਿਣਤੀ ਨਹੀਂ ਹੋ ਸੱਕੇਗੀ।”
11 ਯਹੋਵਾਹ ਦੇ ਦੂਤ ਨੇ ਇਹ ਵੀ ਆਖਿਆ,
“ਹਾਜਰਾ, ਤੂੰ ਹੁਣ ਗਰਭਵਤੀ ਹੈਂ ਤੇ
ਤੂੰ ਇੱਕ ਪੁੱਤਰ ਨੂੰ ਜਨਮ ਦੇਵੇਂਗੀ।
ਤੂੰ ਉਸਦਾ ਨਾਮ ਇਸਮਾਏਲ ਰੱਖੀਂ।
ਕਿਉਂਕਿ ਯਹੋਵਾਹ ਨੇ ਸੁਣ ਲਿਆ ਹੈ ਕਿ ਤੇਰੇ ਨਾਲ ਬੁਰਾ ਸਲੂਕ ਹੋਇਆ ਅਤੇ ਉਹ ਤੇਰੀ ਸਹਾਇਤਾ ਕਰੇਗਾ।
12 ਇਸਮਾਏਲ ਜੰਗਲੀ ਖੋਤੇ ਵਾਂਗ ਆਵਾਰਾ
ਅਤੇ ਆਜ਼ਾਦ ਹੋਵੇਗਾ।
ਉਹ ਹਰੇਕ ਦੇ ਵਿਰੁੱਧ ਹੋਵੇਗਾ।
ਅਤੇ ਹਰ ਕੋਈ ਉਸ ਦੇ ਵਿਰੁੱਧ ਹੋਵੇਗਾ।
ਉਹ ਥਾਂ-ਥਾਂ ਘੁੰਮੇਗਾ ਅਤੇ ਆਪਣੇ ਭਰਾਵਾਂ ਲਾਗੇ ਡੇਰਾ ਲਾਵੇਗਾ;
ਪਰ ਉਹ ਉਨ੍ਹਾਂ ਦੇ ਵਿਰੁੱਧ ਹੋਵੇਗਾ।”
13 ਯਹੋਵਾਹ ਨੇ ਹਾਜਰਾ ਨਾਲ ਗੱਲ ਕੀਤੀ। ਉਸ ਨੇ ਯਹੋਵਾਹ ਨੂੰ ਜਿਸਨੇ ਉਸ ਨਾਲ ਗੱਲ ਕੀਤੀ ਇਉਂ ਬੁਲਾਇਆ, “‘ਪਰਮੇਸ਼ੁਰ ਜਿਹੜਾ ਮੇਰੇ ਵੱਲ ਧਿਆਨ ਦਿੰਦਾ।’” ਉਸ ਨੇ ਉਸਦਾ ਅਜਿਹਾ ਨਾਮ ਇਸ ਲਈ ਧਰਿਆ ਕਿਉਂਕਿ ਉਸ ਨੇ ਸੋਚਿਆ, “ਮੈਂ ਦੇਖਦੀ ਹਾਂ ਕਿ ਇੱਥੇ ਵੀ, ਪਰਮੇਸ਼ੁਰ ਮੈਨੂੰ ਦੇਖਦਾ ਹੈ ਅਤੇ ਮੇਰਾ ਧਿਆਨ ਰੱਖਦਾ ਹੈ!” 14 ਇਸ ਲਈ ਉਸ ਖੂਹ ਦਾ ਨਾਮ ਬਏਰ-ਲਹਈ-ਰੋਈ ਰੱਖਿਆ ਗਿਆ। ਉਹ ਖੂਹ ਕਾਦੇਸ ਅਤੇ ਬਰਦ ਦੇ ਵਿੱਚਕਾਰ ਹੈ।
15 ਹਾਜਰਾ ਨੇ ਅਬਰਾਮ ਦੇ ਪੁੱਤਰ ਨੂੰ ਜਨਮ ਦਿੱਤਾ ਅਤੇ ਅਬਰਾਮ ਨੇ ਪੁੱਤਰ ਦਾ ਨਾਮ ਇਸਮਾਏਲ ਰੱਖਿਆ। 16 ਅਬਰਾਮ ਉਦੋਂ 86 ਵਰ੍ਹਿਆਂ ਦਾ ਸੀ ਜਦੋਂ ਹਾਜਰਾ ਤੋਂ ਇਸਮਾਏਲ ਦਾ ਜਨਮ ਹੋਇਆ।
2010 by World Bible Translation Center