Print Page Options
Previous Prev Day Next DayNext

Bible in 90 Days

An intensive Bible reading plan that walks through the entire Bible in 90 days.
Duration: 88 days
Punjabi Bible: Easy-to-Read Version (ERV-PA)
Version
2 ਰਾਜਿਆਂ 4:38-15:26

ਅਲੀਸ਼ਾ ਅਤੇ ਜ਼ਹਰੀਲਾ ਸ਼ੋਰਬਾ

38 ਫ਼ਿਰ ਅਲੀਸ਼ਾ ਗਿਲਗਾਲ ਨੂੰ ਮੁੜਿਆ, ਉਸ ਵਕਤ ਦੇਸ਼ ਵਿੱਚ ਕਾਲ ਪਿਆ ਹੋਇਆ ਸੀ। ਉੱਥੇ ਨਬੀ ਅਤੇ ਨਬੀਆਂ ਦੇ ਪੁੱਤਰਾਂ ਦਾ ਟੋਲਾ ਉਸ ਦੇ ਸਾਹਮਣੇ ਬੈਠਿਆ ਹੋਇਆ ਸੀ। ਅਲੀਸ਼ਾ ਨੇ ਆਪਣੇ ਸੇਵਕ ਨੂੰ ਕਿਹਾ, “ਭੱਠੀ ਉੱਪਰ ਵੱਡੀ ਦੇਗ ਚੜ੍ਹਾ ਅਤੇ ਇਨ੍ਹਾਂ ਸਾਰੇ ਨਬੀਆਂ ਲਈ ਸ਼ੋਰਬਾ ਤਿਆਰ ਕਰ।”

39 ਉਨ੍ਹਾਂ ਵਿੱਚੋਂ ਇੱਕ ਆਦਮੀ ਸ਼ੋਰਬੇ ਲਈ ਖੇਤ ਵਿੱਚ ਸਬਜ਼ੀਆਂ ਲੈਣ ਗਿਆ। ਉੱਥੇ ਉਸ ਨੂੰ ਜੰਗਲੀ ਵੇਲ ਲੱਭੀ ਉਸ ਤੋਂ ਉਹ ਫ਼ਲ ਤੋੜ ਲਿਆਇਆ। ਉਸ ਨੇ ਉਹ ਫ਼ਲ ਤੋੜਕੇ ਆਪਣੇ ਝੋਲੇ ਵਿੱਚ ਭਰ ਲਏ ਤੇ ਵਾਪਸ ਆਕੇ ਉਨ੍ਹਾਂ ਦੀਆਂ ਫ਼ਾੜੀਆਂ ਕਰਕੇ ਉਨ੍ਹਾਂ ਨੂੰ ਉੱਬਲਦੀ ਦੇਗ ਵਿੱਚ ਸ਼ੋਰਬੇ ਲਈ ਪਾ ਦਿੱਤਾ। ਪਰ ਨਬੀਆਂ ਦੇ ਉਸ ਟੋਲੇ ਨੂੰ ਇਹ ਨਹੀਂ ਸੀ ਪਤਾ ਕਿ ਇਹ ਕਿਸ ਕਿਸਮ ਦੇ ਫ਼ਲ ਹਨ।

40 ਫ਼ਿਰ ਉਨ੍ਹਾਂ ਨੇ ਸਭਨਾਂ ਦੇ ਖਾਣ ਲਈ ਸ਼ੋਰਬਾ ਸਭ ਦੇ ਅੱਗੇ ਪਰੋਸਿਆ ਪਰ ਜਦੋਂ ਹੀ ਉਹ ਸ਼ੋਰਬੇ ਨੂੰ ਚਖਣ ਲੱਗੇ ਤੇ ਚਖਿਆ ਤਾਂ ਉਹ ਚੀਕ ਉੱਠੇ ਕਿ ਹੇ ਪਰਮੇਸ਼ੁਰ ਦੇ ਮਨੁੱਖ ਇਹ ਦੇਗ ਵਿੱਚ ਸ਼ੋਰਬਾ ਨਹੀਂ ਮੌਤ ਹੈ। ਕਿਉਂ ਕਿ ਇਸਦਾ ਸੁਆਦ ਬਿਲਕੁਲ ਜ਼ਹਿਰ ਵਰਗਾ ਹੈ ਤਾਂ ਉਹ ਸ਼ੋਰਬਾ ਖਾ ਨਾ ਸੱਕੇ।

41 ਪਰ ਅਲੀਸ਼ਾ ਨੇ ਕਿਹਾ, “ਕੁਝ ਆਟਾ ਲਿਆਓ।” ਤਾਂ ਉਨ੍ਹਾਂ ਨੇ ਕੁਝ ਆਟਾ ਲਿਆਕੇ ਉਸ ਨੂੰ ਦਿੱਤਾ। ਤਾਂ ਉਸ ਨੇ ਉਹ ਆਟਾ ਉਸ ਸ਼ੋਰਬੇ ਦੀ ਦੇਗ ਵਿੱਚ ਸੁੱਟ ਦਿੱਤਾ। ਤਦ ਅਲੀਸ਼ਾ ਨੇ ਆਖਿਆ, “ਹੁਣ ਤੁਸੀਂ ਲੋਕਾਂ ਨੂੰ ਇਹ ਦੇਗ ਮੁੜ ਤੋਂ ਪਰੋਸੋ। ਤਾਂ ਜੋ ਉਹ ਆਪਣਾ ਪੇਟ ਭਰ ਸੱਕਣ।”

ਅਤੇ ਹੁਣ ਉਸ ਸ਼ੋਰਬੇ ਵਿੱਚ ਕੋਈ ਕਸਰ ਨਾ ਰਹੀ।

ਅਲੀਸ਼ਾ ਦਾ ਨਬੀਆਂ ਦੇ ਟੋਲੇ ਨੂੰ ਭੋਜ ਕਰਾਉਣਾ

42 ਬਆਲ ਸ਼ਲੀਸ਼ਾਹ ਤੋਂ ਇੱਕ ਮਨੁੱਖ ਆਪਣੇ ਖੇਤ ਦੀ ਪਹਿਲੀ ਫ਼ਸਲ ਵਿੱਚੋਂ ਜੌਆਂ ਦੀਆਂ ਰੋਟੀਆਂ ਦੇ 20 ਟੁਕੜੇ ਅਤੇ ਆਪਣੇ ਝੋਲੇ ਵਿੱਚ ਅਲੀਸ਼ਾ ਲਈ ਤਾਜ਼ਾ ਅਨਾਜ ਲਿਆਇਆ। ਤਦ ਅਲੀਸ਼ਾ ਨੇ ਕਿਹਾ, “ਇਹ ਭੋਜਨ ਲੋਕਾਂ ਵਿੱਚ ਵੰਡ ਦੇ, ਤਾਂ ਜੋ ਉਹ ਖਾ ਸੱਕਣ।”

43 ਪਰ ਉਸ ਦੇ ਸੇਵਕ ਨੇ ਆਖਿਆ, “ਭਲਾ ਮੈਂ 100 ਆਦਮੀਆਂ ਦੇ ਅੱਗੇ ਇਹ ਕਿਵੇਂ ਪਰੋਸ ਸੱਕਦਾ ਹਾਂ!”

ਪਰ ਅਲੀਸ਼ਾ ਨੇ ਕਿਹਾ, “ਤੂੰ ਲੋਕਾਂ ਨੂੰ ਇਹ ਦੇ ਤਾਂ ਜੋ ਉਹ ਖਾਣ। ਯਹੋਵਾਹ ਫ਼ਰਮਾਉਂਦਾ ਹੈ ਕਿ ਜਦੋਂ ਉਹ ਖਾਣਗੇ ਤਾਂ ਬਾਕੀ ਹੀ ਛੱਡਣਗੇ ਰੋਟੀਆਂ ਥੁੜਣਗੀਆਂ ਨਹੀਂ।”

44 ਤਦ ਅਲੀਸ਼ਾ ਦੇ ਸੇਵਕ ਨੇ ਉਹ ਭੋਜਨ ਨਬੀਆਂ ਦੇ ਟੋਲੇ ਅੱਗੇ ਪਰੋਸ ਦਿੱਤਾ। ਉਨ੍ਹਾਂ ਨੇ ਜੀਅ ਭਰਕੇ ਖਾਧਾ। ਤਦ ਵੀ ਕਿੰਨਾ ਭੋਜਨ ਬਚ ਗਿਆ। ਇਹ ਸਭ ਕੁਝ ਯਹੋਵਾਹ ਦੇ ਕਹੇ ਮੁਤਾਬਕ ਉਵੇਂ ਹੀ ਹੋਇਆ।

ਨਅਮਾਨ ਦਾ ਕਸ਼ਟ

ਨਅਮਾਨ ਅਰਾਮ ਦੇ ਰਾਜ ਦੀ ਸੈਨਾ ਦਾ ਸੈਨਾਪਤੀ ਸੀ ਅਤੇ ਉਹ ਆਪਣੇ ਰਾਜਾ ਦਾ ਬੜਾ ਮਹੱਤਵਪੂਰਣ ਆਦਮੀ ਸੀ ਉਸਦਾ ਆਦਰ-ਮਾਨ ਉੱਥੇ ਬਹੁਤ ਸੀ ਕਿਉਂ ਕਿ ਉਸ ਦੇ ਰਾਹੀਂ ਯਹੋਵਾਹ ਨੇ ਅਰਾਮ ਨੂੰ ਜਿੱਤ ਦਿੱਤੀ ਸੀ। ਉਹ ਬੜਾ ਵੀਰ-ਯੋਧਾ ਮਨੁੱਖ ਸੀ ਪਰ ਉਹ ਕੋੜ੍ਹ ਦੇ ਰੋਗ ਤੋਂ ਬੜਾ ਦੁੱਖੀ ਸੀ।

ਅਰਾਮੀ ਸੈਨਾ ਨੇ ਇਸਰਾਏਲ ਵਿੱਚ ਲੜਨ ਲਈ ਬਹੁਤ ਸਾਰੇ ਟੋਲੇ ਭੇਜੇ। ਤੇ ਉਹ ਸਿਪਾਹੀ ਲੋਕਾਂ ਨੂੰ ਚੁੱਕ ਕੇ ਆਪਣੇ ਗੁਲਾਮ ਬਣਾ ਲੈਂਦੇ। ਇੱਕ ਵਾਰੀ ਉਹ ਇਸਰਾਏਲ ਤੋਂ ਇੱਕ ਨਿੱਕੀ ਜਿਹੀ ਕੁੜੀ ਚੁੱਕ ਲਿਆਏ ਜੋ ਕਿ ਨਅਮਾਨ ਦੀ ਵਹੁਟੀ ਦੀ ਗੋਲੀ ਬਣ ਗਈ। ਇਸ ਕੁੜੀ ਨੇ ਨਅਮਾਨ ਦੀ ਪਤਨੀ ਨੂੰ ਆਕੇ ਕਿਹਾ, “ਕਾਸ਼ ਮੇਰਾ ਸੁਆਮੀ (ਨਅਮਾਨ) ਉਸ ਨਬੀ ਦੇ ਕੋਲ ਹੁੰਦਾ ਜੋ ਸਾਮਰਿਯਾ ਵਿੱਚ (ਆਲੀਸ਼ਾ) ਹੈ। ਉਹ ਨਬੀ ਉਸ ਦੇ ਕੋੜ੍ਹ ਤੋਂ ਉਸ ਨੂੰ ਮੁਕਤ ਕਰ ਸੱਕਦਾ ਹੈ।”

ਨਅਮਾਨ ਆਪਣੇ ਮਾਲਕ (ਅਰਾਮ ਦੇ ਰਾਜੇ) ਕੋਲ ਗਿਆ ਅਤੇ ਉਸ ਨੂੰ ਉਹ ਦੱਸਿਆ ਜੋ ਉਸ ਇਸਰਾਏਲੀ ਕੁੜੀ ਨੇ ਆਖਿਆ ਸੀ।

ਤਦ ਅਰਾਮ ਦੇ ਰਾਜੇ ਨੇ ਆਖਿਆ, “ਹੁਣੇ ਜਾ ਅਤੇ ਮੈਂ ਇਸਰਾਏਲ ਦੇ ਪਾਤਸ਼ਾਹ ਨੂੰ ਇੱਕ ਚਿੱਠੀ ਭੇਜਦਾ ਹਾਂ।”

ਤਦ ਨਅਮਾਨ ਇਸਰਾਏਲ ਨੂੰ ਗਿਆ, ਅਤੇ ਆਪਣੇ ਨਾਲ ਕੁਝ ਸੁਗਾਤਾਂ ਵੀ ਲੈ ਗਿਆ। ਉਸ ਨੇ 340 ਕਿੱਲੋ ਚਾਂਦੀ, 6,000 ਸੋਨੇ ਦੇ ਸਿੱਕੇ ਅਤੇ ਦਸ ਜੋੜੇ ਕੱਪੜੇ ਆਪਣੇ ਨਾਲ ਲੈ ਲਏ। ਉਹ ਇਸਰਾਏਲ ਦੇ ਪਾਤਸ਼ਾਹ ਕੋਲ ਉਹ ਚਿੱਠੀ ਲਿਆਇਆ ਜਿਸ ਵਿੱਚ ਇਹ ਲਿਖਿਆ ਸੀ ਕਿ ਹੁਣ ਜਦੋਂ ਇਹ ਚਿੱਠੀ ਤੇਰੇ ਤੀਕ ਪਹੁੰਚੇ ਤਾਂ ਵੇਖ ਮੈਂ ਆਪਣੇ ਬੰਦੇ ਨਅਮਾਨ ਨੂੰ ਤੇਰੇ ਕੋਲ ਭੇਜਿਆ ਹੈ ਤਾਂ ਜੋ ਤੂੰ ਉਸ ਦੇ ਕੋੜ੍ਹ ਨੂੰ ਚੰਗਿਆਂ ਕਰ ਦੇਵੇਂ।

ਜਦੋਂ ਇਸਰਾਏਲ ਦੇ ਪਾਤਸ਼ਾਹ ਨੇ ਉਹ ਚਿੱਠੀ ਪੜ੍ਹੀ ਤਾਂ ਉਸ ਨੇ ਆਪਣੇ ਕੱਪੜੇ ਫ਼ਾੜ ਕੇ ਇਹ ਦਰਸਾਇਆ ਕਿ ਉਹ ਉਦਾਸ ਹੈ ਅਤੇ ਪਰੇਸ਼ਾਨ ਹੈ। ਇਸਰਾਏਲ ਦੇ ਪਾਤਸ਼ਾਹ ਨੇ ਆਖਿਆ, “ਕੀ ਮੈਂ ਪਰਮੇਸ਼ੁਰ ਹਾਂ? ਨਹੀਂ! ਮੇਰਾ ਜੀਵਨ ਅਤੇ ਮੌਤ ਉੱਪਰ ਕੋਈ ਅਧਿਕਾਰ ਨਹੀਂ ਤਾਂ ਫ਼ਿਰ ਭਲਾ ਮੈਂ ਇਸ ਕੋਹੜੀ ਮਨੁੱਖ ਨੂੰ ਇਸਦੇ ਕੋੜ੍ਹ ਤੋਂ ਕਿਵੇਂ ਮੁਕਤ ਕਰ ਸੱਕਦਾ ਹਾਂ। ਤਾਂ ਫ਼ਿਰ ਉਸ ਨੇ ਭਲਾ ਇਸ ਨੂੰ ਮੇਰੇ ਕੋਲ ਕਿਉਂ ਭੇਜਿਆ ਹੈ? ਜ਼ਰਾ ਧਿਆਨ ਨਾਲ ਸੋਚੋ ਤਾਂ ਪਤਾ ਚੱਲੇਗਾ ਕਿ ਇਹ ਉਸਦੀ ਚਾਲ ਹੈ। ਇਸਦਾ ਮਤਲਬ ਅਰਾਮ ਦਾ ਰਾਜਾ ਮੇਰੇ ਨਾਲ ਲੜਾਈ ਲੜਨ ਦੀ ਵਿਉਂਤ ਕਰ ਰਿਹਾ ਹੈ।”

ਜਦੋਂ ਅਲੀਸ਼ਾ ਨੂੰ ਇਹ ਖਬਰ ਮਿਲੀ ਕਿ ਇਸਰਾਏਲ ਦੇ ਪਾਤਸ਼ਾਹ ਨੇ ਆਪਣੇ ਕੱਪੜੇ ਫ਼ਾੜੇ ਹਨ ਅਤੇ ਉਹ ਉਦਾਸ ਅਤੇ ਪਰੇਸ਼ਾਨ ਹੈ ਤਾਂ ਅਲੀਸ਼ਾ ਨੇ ਪਾਤਸ਼ਾਹ ਨੂੰ ਇਹ ਸੁਨੇਹਾ ਭੇਜਿਆ, “ਤੂੰ ਆਪਣੇ ਵਸਤਰ ਕਿਉਂ ਫ਼ਾੜਦਾ ਹੈਂ? ਤੂੰ ਉਸ ਨਅਮਾਨ ਨੂੰ ਮੇਰੇ ਕੋਲ ਭੇਜਦੇ ਤਾਂ ਜੋ ਉਸ ਨੂੰ ਪਤਾ ਚੱਲੇ ਕਿ ਇਸਰਾਏਲ ਵਿੱਚ ਇੱਕ ਨਬੀ ਹੈ।”

ਤਾਂ ਨਅਮਾਨ ਆਪਣੇ ਘੋੜਿਆਂ ਅਤੇ ਰੱਥਾਂ ਸਮੇਤ ਆਇਆ ਅਤੇ ਅਲੀਸ਼ਾ ਦੇ ਘਰ ਦੇ ਦਰਵਾਜ਼ੇ ਕੋਲ ਖੜੋ ਗਿਆ। 10 ਅਲੀਸ਼ਾ ਨੇ ਇੱਕ ਸੰਦੇਸ਼ਵਾਹਕ ਨੂੰ ਇਹ ਕਹਿ ਕੇ ਉਸ ਕੋਲ ਭੇਜਿਆ ਕਿ ਜਾਹ ਅਤੇ ਜਾਕੇ ਯਰਦਨ ਨਦੀ ਵਿੱਚ ਸੱਤ ਚੁੱਬੀਆਂ ਮਾਰ ਤਾਂ ਤੇਰਾ ਕੋੜ੍ਹ ਠੀਕ ਹੋ ਜਾਵੇਗਾ ਅਤੇ ਤੂੰ ਬਿਲਕੁਲ ਪਾਕ ਪਵਿੱਤਰ ਹੋ ਜਾਵੇਂਗਾ।

11 ਨਅਮਾਨ ਬੜੇ ਕਰੋਧ ਵਿੱਚ ਉੱਥੋਂ ਮੁੜ ਆਇਆ ਅਤੇ ਉਸ ਨੇ ਕਿਹਾ, “ਵੇਖੋ! ਮੈਂ ਤਾਂ ਸੋਚਦਾ ਸੀ ਕਿ ਉਹ ਬਾਹਰ ਆਕੇ ਖੜ੍ਹਾ ਹੋਵੇਗਾ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦਾ ਨਾਉਂ ਲੈ ਕੇ ਮੇਰੇ ਕੋਹੜ ਵਾਲੀ ਥਾਂ ਤੇ ਆਪਣਾ ਹੱਥ ਫ਼ੇਰੇਗਾ ਤੇ ਮੈਨੂੰ ਕੋਹੜ ਤੋਂ ਮੁਕਤ ਕਰੇਗਾ। 12 ਅਬਨਾਹ ਅਤੇ ਫ਼ਰਪਰ ਜੋ ਕਿ ਦੰਮਿਸਕ ਦੀਆਂ ਨਦੀਆਂ ਹਨ ਇਸਰਾਏਲ ਦੇ ਸਾਰੇ ਪਾਣੀਆਂ ਨਾਲੋਂ ਚੰਗੀਆਂ ਹਨ। ਕੀ ਮੈਂ ਉਨ੍ਹਾਂ ਵਿੱਚ ਨਹਾਕੇ ਸਾਫ਼ ਨਹੀਂ ਹੋ ਸੱਕਦਾ?” ਅਤੇ ਉਹ ਜਾਣ ਲਈ ਮੁੜਿਆ।

13 ਪਰ ਤਦ ਨਅਮਾਨ ਦੇ ਸੇਵਕ ਉਸ ਕੋਲ ਆਏ ਤੇ ਉਸ ਨੂੰ ਆਖਣ ਲੱਗੇ, “ਹੇ ਮੇਰੇ ਪਿਤਾ! ਕੀ ਜੇ ਨਬੀ ਤੈਨੂੰ ਕੋਈ ਵੱਡਾ ਕੰਮ ਕਰਨ ਦੀ ਆਗਿਆ ਦਿੰਦਾ ਤਾਂ ਤੂੰ ਨਾ ਕਰਦਾ? ਤੇ ਫ਼ਿਰ ਜੇਕਰ ਉਸ ਨੇ ਤੈਨੂੰ ਇਹ ਆਖਿਆ ਹੈ ਕਿ ਯਰਦਨ ਨਦੀ ਵਿੱਚ ਨਹਾ ਲੈ ਤੇ ਸ਼ੁੱਧ ਹੋ ਜਾ, ਤਾਂ ਤੈਨੂੰ ਉਸਦੀ ਆਗਿਆ ਮੰਨ ਲੈਣੀ ਚਾਹੀਦੀ ਹੈ।”

14 ਤਦ ਨਅਮਾਨ ਨੇ ਪਰਮੇਸ਼ੁਰ ਦੇ ਮਨੁੱਖ (ਅਲੀਸ਼ਾ) ਦੇ ਕਹੇ ਅਨੁਸਾਰ ਉਵੇਂ ਹੀ ਕੀਤਾ। ਉਸ ਨੇ ਯਰਦਨ ਨਦੀ ਵਿੱਚ ਸੱਤ ਵਾਰੀ ਚੁੱਬੀ ਮਾਰੀ ਤਾਂ ਉਸ ਦਾ ਕੋੜ੍ਹ ਠੀਕ ਹੋ ਗਿਆ ਤੇ ਉਹ ਸ਼ੁੱਧ ਹੋ ਗਿਆ। ਉਸਦੀ ਚਮੜੀ ਬੱਚਿਆਂ ਦੀ ਚਮੜੀ ਵਰਗੀ ਨਰਮ ਤੇ ਨਰੋਈ ਹੋ ਗਈ।

15 ਫ਼ਿਰ ਨਅਮਾਨ ਤੇ ਉਸਦੀ ਸਾਰੀ ਟੋਲੀ ਪਰਮੇਸ਼ੁਰ ਦੇ ਮਨੁੱਖ ਕੋਲ ਫ਼ਿਰ ਮੁੜ ਆਏ ਤੇ ਉਸ ਨੇ ਅਲੀਸ਼ਾ ਦੇ ਅੱਗੇ ਖਲੋ ਕੇ ਕਿਹਾ, “ਵੇਖ! ਮੈਂ ਜਾਣਦਾ ਹਾਂ ਕਿ ਇਸਰਾਏਲ ਦੀ ਧਰਤੀ ਤੋਂ ਸਿਵਾਏ ਹੋਰ ਸਾਰੀ ਧਰਤੀ ਤੇ ਕਿਤੇ ਵੀ ਪਰਮੇਸ਼ੁਰ ਨਹੀਂ ਹੈ। ਇਸ ਲਈ ਕਿਰਪਾ ਕਰਕੇ ਮੇਰੀ ਇਹ ਭੇਂਟ ਸਵੀਕਾਰ ਕਰ।”

16 ਪਰ ਅਲੀਸ਼ਾ ਨੇ ਕਿਹਾ, “ਮੈਂ ਯਹੋਵਾਹ ਦਾ ਸੇਵਕ ਹਾਂ ਤੇ ਮੈਂ ਯਹੋਵਾਹ ਦੀ ਸੌਂਹ ਖਾਂਦਾ ਹਾਂ ਜਿਸਦੇ ਮੈਂ ਅੱਗੇ ਖਲੋਤਾ ਹਾਂ ਕਿ ਮੈਂ ਕੁਝ ਵੀ ਕਬੂਲ ਨਹੀਂ ਕਰਾਂਗਾ।”

ਨਅਮਾਨ ਨੇ ਅਲੀਸ਼ਾ ਨੂੰ ਉਹ ਸੁਗਾਤ ਕਬੂਲ ਕਰਨ ਲਈ ਬਹੁਤ ਜ਼ਿਦ ਕੀਤੀ ਪਰ ਅਲੀਸ਼ਾ ਨੇ ਇਨਕਾਰ ਕੀਤਾ। 17 ਤਦ ਨਅਮਾਨ ਨੇ ਆਖਿਆ, “ਜੇਕਰ ਤੂੰ। ਇਹ ਭੇਂਟ ਕਬੂਲ ਨਹੀਂ ਕਰਦਾ ਤਾਂ ਫ਼ਿਰ ਮੈਨੂੰ ਦੋ ਖੱਚਰਾਂ ਲੱਦ ਕੇ ਆਪਣੇ ਇਸਰਾਏਲ ਦੀ ਮਿੱਟੀ ਇੱਥੋਂ ਲੈ ਜਾਣ ਦੀ ਆਗਿਆ ਦੇਹ। ਉਹ ਇਸ ਲਈ ਕਿਉਂ ਕਿ ਅੱਜ ਤੋਂ ਬਾਅਦ ਮੈਂ ਹੁਣ ਕਦੇ ਵੀ ਯਹੋਵਾਹ ਤੋਂ ਬਿਨਾ ਹੋਰ ਕਿਸੇ ਦੇਵਤੇ ਦੇ ਅੱਗੇ ਜਾਂ ਹੋਮ ਦੀ ਭੇਟ ਨਹੀਂ ਚੜ੍ਹਾਵਾਂਗਾ। 18 ਅਤੇ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਯਹੋਵਾਹ ਮੈਨੂੰ ਇਸ ਲਈ ਖਿਮਾ ਕਰੇ ਕਿ ਭਵਿੱਖ ਵਿੱਚ, ਮੇਰਾ ਮਾਲਕ ਅਰਾਮ ਦਾ ਰਾਜਾ ਜਦੋਂ ਉਪਾਸਨਾ ਕਰਨ ਲਈ ਰਿੰਮੋਨ ਦੇ ਮੰਦਰ ਵਿੱਚ ਵੜੇ, ਉਹ ਸਹਾਰੇ ਲਈ ਮੇਰੇ ਉੱਤੇ ਢਾਸਣਾ ਲਾਉਣਾ ਚਾਹਵੇਗਾ ਅਤੇ ਮੈਨੂੰ ਰਿੰਮੋਨ ਦੇ ਮੰਦਰ ਵਿੱਚ ਆਪਣਾ ਸਿਰ ਝੁਕਾਉਣਾ ਪਵੇਗਾ। ਤਾਂ ਜਦੋਂ ਇੰਝ ਵਾਪਰੇ ਤਾਂ ਇਸ ਗੱਲ ਲਈ ਯਹੋਵਾਹ ਮੈਨੂੰ ਖਿਮਾ ਕਰੇ।”

19 ਤਦ ਅਲੀਸ਼ਾ ਨੇ ਨਅਮਾਨ ਨੂੰ ਆਖਿਆ, “ਜਾਹ ਅਤੇ ਸੁਖੀ ਰਹੁ।”

ਤਦ ਨਅਮਾਨ ਉਸ ਤੋਂ ਬੋੜੀ ਦੂਰ ਚੱਲਾ ਗਿਆ। 20 ਪਰ ਪਰਮੇਸ਼ੁਰ ਦੇ ਮਨੁੱਖ, ਅਲੀਸ਼ਾ ਦੇ ਸੇਵਕ ਗੇਹਾਜੀ ਨੇ ਆਖਿਆ, “ਵੇਖੋ, ਮੇਰੇ ਸੁਆਮੀ ਨੇ ਨਅਮਾਨ ਅਰਾਮੀ ਦੇ ਹੱਥੋਂ ਜੋ ਕੁਝ ਉਹ ਲਿਆਇਆ ਸੀ ਉਸ ਨੂੰ ਇਨਕਾਰ ਕਰਕੇ ਉਸ ਨੂੰ ਵਰਜ ਦਿੱਤਾ ਤੇ ਉਸ ਦੇ ਹੱਥੋਂ ਤੋਹਫ਼ੇ ਸਵੀਕਾਰ ਨਹੀਂ ਕੀਤੇ। ਜਿਉਂਦੇ ਯਹੋਵਾਹ ਦੀ ਸੌਂਹ ਮੈਂ ਸੱਚਮੁੱਚ ਉਸ ਦੇ ਪਿੱਛੇ ਨੱਸਾਂਗਾ ਅਤੇ ਉਸ ਕੋਲੋਂ ਕੁਝ ਲੈ ਆਵਾਂਗਾ।” 21 ਤਾਂ ਗੇਹਾਜੀ ਨਅਮਾਨ ਦੇ ਪਿੱਛੇ ਨੱਸਿਆ।

ਨਅਮਾਨ ਨੇ ਵੇਖਿਆ ਕਿ ਉਸ ਦੇ ਪਿੱਛੇ ਕੋਈ ਭੱਜਿਆ ਆ ਰਿਹਾ ਹੈ ਤਾਂ ਉਸ ਨੇ ਆਪਣਾ ਰੱਥ ਰੋਕ ਕੇ ਉਸਤੋਂ ਥੱਲੇ ਉਤਰ ਕੇ ਗੇਹਾਜੀ ਨੂੰ ਮਿਲਿਆ ਅਤੇ ਨਅਮਾਨ ਨੇ ਪੁੱਛਿਆ, “ਕੀ ਸਭ ਠੀਕ-ਠਾਕ ਤਾਂ ਹੈ?”

22 ਗੇਹਾਜੀ ਨੇ ਆਖਿਆ, “ਹਾਂ, ਸਭ ਠੀਕ-ਠਾਕ ਹੈ। ਮੇਰੇ ਸੁਆਮੀ ਅਲੀਸ਼ਾ ਨੇ ਮੈਨੂੰ ਇਹ ਆਖਣ ਲਈ ਭੇਜਿਆ ਕਿ ਨਬੀਆਂ ਦੇ ਸਮੂਹ ਵਿੱਚੋਂ ਦੋ ਨੌਜੁਆਨ ਇਫ਼ਰਾਈਮ ਦੇ ਪਹਾੜੀ ਦੇਸ਼ ਤੋਂ ਮੇਰੇ ਕੋਲ ਆ ਰਹੇ ਹਨ। ਉਨ੍ਹਾਂ ਨੂੰ 34 ਕਿੱਲੋ ਚਾਂਦੀ ਅਤੇ ਦੋ ਜੋੜੇ ਬਸਤਰ ਦੇਹ।”

23 ਨਅਮਾਨ ਨੇ ਆਖਿਆ, “ਖੁਸ਼ੀ ਨਾਲ 68 ਕਿੱਲੋ ਲੈ।” ਅਤੇ ਉਹ ਉਸ ਦੇ ਪਿੱਛੇ ਪੈ ਗਿਆ ਜ਼ਿਦ ਨਾਲ ਦੋ ਥੈਲੀਆਂ ਵਿੱਚ 68 ਕਿੱਲੋ ਚਾਂਦੀ ਦੇ ਅਤੇ ਦੋ ਜੋੜੇ ਬਸਤਰਾਂ ਦੇ ਬੰਨ੍ਹ ਦਿੱਤੇ ਅਤੇ ਉਨ੍ਹਾਂ ਨੂੰ ਆਪਣੇ ਦੋ ਸੇਵਕਾਂ ਉੱਪਰ ਲੱਦ ਦਿੱਤਾ ਅਤੇ ਉਹ ਸੇਵਕ ਉਹ ਤੋਹਫ਼ੇ ਚੁੱਕ ਕੇ ਉਸ ਦੇ ਅੱਗੇ-ਅੱਗੇ ਹੋਕੇ ਤੁਰ ਪਏ। 24 ਜਦ ਗੇਹਾਜੀ ਪਹਾੜੀ ਕੋਲ ਪਹੁੰਚਿਆ ਤਾਂ ਉਸ ਨੇ ਇਹ ਵਸਤਾਂ ਨੌਕਰਾਂ ਕੋਲੋਂ ਆਪਣੇ ਹੱਥਾਂ ਵਿੱਚ ਫ਼ੜਕੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਤੇ ਉਹ ਵਾਪਸ ਮੁੜ ਗਏ। ਉਸ ਉਪਰੰਤ ਗੇਹਾਜੀ ਨੇ ਉਹ ਵਸਤਾਂ ਆਪਣੇ ਘਰ ਵਿੱਚ ਛੁਪਾ ਲਈਆਂ।

25 ਜਦੋਂ ਗੇਹਾਜੀ ਅੰਦਰ ਆਕੇ ਆਪਣੇ ਸੁਆਮੀ ਅਲੀਸ਼ਾ ਅੱਗੇ ਖਲੋਤਾ ਤਾਂ ਅਲੀਸ਼ਾ ਨੇ ਉਸ ਨੂੰ ਕਿਹਾ, “ਗੇਹਾਜੀ! ਤੂੰ ਇੰਨੀ ਦੇਰ ਤੋਂ ਕਿੱਥੇ ਸੀ?”

ਗੇਹਾਜੀ ਨੇ ਆਖਿਆ, “ਮੈਂ ਤਾਂ ਕਿਤੇ ਵੀ ਨਹੀਂ ਸੀ ਗਿਆ ਇੱਥੇ ਹੀ ਸੀ!”

26 ਅਲੀਸ਼ਾ ਨੇ ਗੇਹਾਜੀ ਨੂੰ ਕਿਹਾ, “ਤੂੰ ਝੂਠ ਬੋਲ ਰਿਹਾ ਹੈਂ। ਜਦੋਂ ਨਅਮਾਨ ਤੈਨੂੰ ਮਿਲਣ ਲਈ ਰੱਥ ਤੋਂ ਉਤਰਿਆ ਉਸ ਵਕਤ ਕੀ ਮੇਰਾ ਦਿਲ ਭਲਾ ਤੇਰੇ ਨਾਲ ਨਹੀਂ ਸੀ? ਚਾਂਦੀ ਲੈਣ ਅਤੇ ਵਸਤਰ, ਜੈਤੂਨ ਦੇ ਬਾਗਾਂ ਅਤੇ ਅੰਗੂਰੀ ਬਾਗਾਂ, ਇੱਜੜਾਂ ਦੇ ਵੱਗਾਂ, ਸੇਵਕ ਅਤੇ ਦਾਸੀਆਂ ਨੂੰ ਲੈਣ ਲਈ ਇਹ ਵਕਤ ਠੀਕ ਨਹੀਂ। 27 ਹੁਣ ਇਸੇ ਕਾਰਣ ਨਅਮਾਨ ਦਾ ਕੋੜ੍ਹ ਤੈਨੂੰ ਤੇ ਤੇਰੀ ਅੰਸ ਨੂੰ ਹਮੇਸ਼ਾ ਤੀਕ ਲੱਗਾ ਰਹੇਗਾ।”

ਜਦੋਂ ਗੇਹਾਜੀ ਅਲੀਸ਼ਾ ਕੋਲੋਂ ਬਾਹਰ ਗਿਆ, ਉਸ ਨੂੰ ਕੋੜ੍ਹ ਹੋ ਗਿਆ ਅਤੇ ਉਸਦੀ ਚਮੜੀ ਬਰਫ਼ ਜਿੰਨੀ ਸਫ਼ੇਦ ਸੀ।

ਅਲੀਸ਼ਾ ਦੀਆਂ ਕਰਾਮਾਤਾਂ

ਨਬੀਆਂ ਦੇ ਟੋਲੇ ਨੇ ਅਲੀਸ਼ਾ ਨੂੰ ਕਿਹਾ, “ਵੇਖ! ਇਹ ਥਾਂ ਜਿੱਥੇ ਅਸੀਂ ਤੇਰੇ ਨਾਲ ਰਹਿ ਰਹੇ ਹਾਂ, ਸਾਡੇ ਲਈ ਇਹ ਬੜੀ ਤੰਗ ਹੈ। ਚੱਲ ਯਰਦਨ ਨਦੀ ਵੱਲ ਚੱਲੀਏ ਤੇ ਉੱਥੋਂ ਕੁਝ ਲੱਕੜ ਵੱਢ ਲਿਆਈੇਏ। ਅਸੀਂ ਸਭ ਇੱਕ-ਇੱਕ ਸ਼ਤੀਰ ਚੁੱਕ ਲਿਆਵਾਂਗੇ ਅਤੇ ਇੱਥੇ ਰਹਿਣ ਜੋਗੀ ਥਾਂ ਬਣਾ ਲਵਾਂਗੇ।”

ਅਲੀਸ਼ਾ ਨੇ ਆਖਿਆ, “ਠੀਕ ਹੈ, ਚਲੋ ਚੱਲਦੇ ਹਾਂ।”

ਤਾਂ ਇੱਕ ਮਨੁੱਖ ਨੇ ਆਖਿਆ, “ਕਿਰਪਾ ਕਰਕੇ ਤੂੰ ਸਾਡੇ ਨਾਲ ਚੱਲ।”

ਅਲੀਸ਼ਾ ਨੇ ਕਿਹਾ, “ਠੀਕ ਹੈ, ਮੈਂ ਤੁਹਾਡੇ ਨਾਲ ਚਲਦਾ ਹਾਂ।”

ਤਦ ਅਲੀਸ਼ਾ ਉਨ੍ਹਾਂ ਨਬੀਆਂ ਦੇ ਟੋਲੇ ਦੇ ਨਾਲ ਗਿਆ। ਜਦੋਂ ਉਹ ਯਰਦਨ ਦਰਿਆ ਤੇ ਪਹੁੰਚੇ ਤਾਂ ਉਨ੍ਹਾਂ ਲੱਕੜ ਵੱਢਣੀ ਸ਼ੁਰੂ ਕੀਤੀ। ਉਨ੍ਹਾਂ ਕੁਝ ਰੁੱਖ ਵੱਢੇ। ਪਰ ਜਿਸ ਵੇਲੇ ਇੱਕ ਮਨੁੱਖ ਰੁੱਖ ਵੱਢ ਰਿਹਾ ਸੀ ਤਾਂ ਉਸ ਦੀ ਕੁਹਾੜੀ ਦਾ ਫ਼ਲ ਪਾਣੀ ਵਿੱਚ ਡਿੱਗ ਪਿਆ। ਤਾਂ ਉਹ ਮਨੁੱਖ ਚੀਖਿਆ, “ਓ ਸੁਆਮੀ! ਮੈਂ ਤਾਂ ਇਹ ਕੁਹਾੜਾ ਮੰਗਵਾਂ ਲਿਆਂਦਾ ਸੀ।”

ਪਰਮੇਸ਼ੁਰ ਦੇ ਮਨੁੱਖ (ਅਲੀਸ਼ਾ) ਨੇ ਕਿਹਾ, “ਉਹ ਕਿੱਥੇ ਡਿੱਗਿਆ ਹੈ?”

ਉਸ ਨੇ ਅਲੀਸ਼ਾ ਨੂੰ ਉਹ ਥਾਂ ਵਿਖਾਈ ਜਿੱਥੇ ਉਸਦਾ ਕੁਹਾੜਾ ਡਿੱਗਿਆ ਸੀ। ਤਦ ਅਲੀਸ਼ਾ ਨੇ ਇੱਕ ਟਾਹਣੀ ਤੋੜੀ ਤੇ ਉਸ ਨੂੰ ਪਾਣੀ ਵਿੱਚ ਸੁੱਟ ਦਿੱਤਾ, ਟਾਹਣੀ ਨੇ ਉਸ ਮਨੁੱਖ ਦੇ ਕੁਹਾੜੇ ਨੂੰ ਪਾਣੀ ਉੱਤੇ ਤੈਰਨ ਲਾ ਦਿੱਤਾ। ਅਲੀਸ਼ਾ ਨੇ ਕਿਹਾ, “ਉਸ ਨੂੰ ਚੁੱਕ ਲੈ।” ਤਾਂ ਉਹ ਆਦਮੀ ਪਾਣੀ ਕੋਲ ਗਿਆ ਤੇ ਉਸ ਨੇ ਉਸ ਕੁਹਾੜੇ ਦੇ ਫ਼ਲ ਨੂੰ ਪਾਣੀ ਤੋਂ ਚੁੱਕ ਲਿਆ।

ਅਰਾਮ ਦੀ ਇਸਰਾਏਲ ਨੂੰ ਫ਼ਸਾਉਣ ਦੀ ਕੋਸ਼ਿਸ਼

ਅਰਾਮ ਦਾ ਪਾਤਸ਼ਾਹ ਇਸਰਾਏਲ ਦੇ ਵਿਰੁੱਧ ਲੜ ਰਿਹਾ ਸੀ। ਉਸਦੀ ਆਪਣੀ ਸੈਨਾ ਦੇ ਅਫ਼ਸਰਾਂ ਨਾਲ ਸਭਾ ਸੀ, ਅਤੇ ਆਖਿਆ, “ਇਸ ਥਾਵੇਂ ਲੁਕ ਜਾਵੋ! ਜਦੋਂ ਹੀ ਇਸਰਾਏਲੀ ਇੱਥੋਂ ਦੀ ਲੰਘਣ, ਉਨ੍ਹਾਂ ਤੇ ਹਮਲਾ ਕਰ ਦਿਓ।”

ਪਰ ਪਰਮੇਸ਼ੁਰ ਦੇ ਪੁੱਤਰ ਅਲੀਸ਼ਾ ਨੇ ਇਸਰਾਏਲ ਦੇ ਪਾਤਸ਼ਾਹ ਨੂੰ ਖਬਰ ਭੇਜੀ ਅਤੇ ਕਿਹਾ, “ਸਤਰਕ ਰਹੋ। ਉਸ ਥਾਵੇਂ ਨਾ ਜਾਣਾ ਕਿਉਂ ਕਿ ਉੱਥੇ ਅਰਾਮੀ ਸੈਨਾ ਲੁਕੀ ਹੋਈ ਹੈ।”

10 ਇਸਰਾਏਲ ਦੇ ਪਾਤਸ਼ਾਹ ਨੇ ਉਸ ਥਾਵੇਂ ਆਪਣੇ ਲੋਕਾਂ ਨੂੰ ਸੁਨੇਹਾ ਭੇਜਿਆ ਜਿੱਥੇ ਦੇ ਲਈ ਪਰਮੇਸ਼ੁਰ ਦੇ ਮਨੁੱਖ (ਅਲੀਸ਼ਾ) ਨੇ ਉਸ ਨੂੰ ਹੁਸ਼ਿਆਰ-ਖਬਰਦਾਰ ਕੀਤਾ ਸੀ। ਇਉਂ ਇਸਰਾਏਲ ਦੇ ਪਾਤਸ਼ਾਹ ਨੇ ਕਈ ਆਦਮੀਆਂ ਨੂੰ ਮਰਨ ਤੋਂ ਬਚਾਅ ਲਿਆ।

11 ਇਸ ਗੱਲੋ ਅਰਾਮ ਦਾ ਪਾਤਸ਼ਾਹ ਬੜਾ ਬੇਚੈਨ ਹੋਇਆ। ਤਾਂ ਉਸ ਨੇ ਆਪਣੀ ਸੈਨਾ ਦੇ ਅਫ਼ਸਰਾਂ ਨੂੰ ਬੁਲਾਇਆ ਅਤੇ ਆਖਿਆ, “ਮੈਨੂੰ ਦੱਸੋ ਕਿ ਇਸਰਾਏਲ ਦੇ ਪਾਤਸ਼ਾਹ ਲਈ ਭਲਾ ਤੁਹਾਡੇ ਵਿੱਚੋਂ ਜਸੂਸੀ ਕੌਣ ਕਰ ਰਿਹਾ ਹੈ?”

12 ਅਰਾਮ ਦੇ ਪਾਤਸ਼ਾਹ ਨੂੰ ਅਫ਼ਸਰਾਂ ਵਿੱਚੋਂ ਇੱਕ ਨੇ ਕਿਹਾ, “ਮੇਰੇ ਸੁਆਮੀ ਅਤੇ ਪਾਤਸ਼ਾਹ, ਸਾਡੇ ਵਿੱਚੋਂ ਕੋਈ ਉਸ ਨੂੰ ਭੇਤ ਨਹੀਂ ਦਿੰਦਾ ਸਗੋਂ ਅਲੀਸ਼ਾ ਨਬੀ ਜੋ ਇਸਰਾਏਲ ਵਿੱਚ ਹੈ, ਤੇਰੀਆਂ ਉਹ ਗੱਲਾਂ ਜੋ ਤੂੰ ਆਪਣੇ ਸੌਣ ਵਾਲੇ ਕਮਰੇ ਵਿੱਚ ਕਰਦਾ ਹੈਂ, ਉਹ ਇਸਰਾਏਲ ਦੇ ਪਾਤਸ਼ਾਹ ਨੂੰ ਦੱਸਦਾ ਹੈ।”

13 ਅਰਾਮ ਦੇ ਰਾਜੇ ਨੇ ਕਿਹਾ, “ਜਾਕੇ ਵੇਖੋ ਕਿ ਅਲੀਸ਼ਾ ਕਿੱਥੇ ਹੈ ਤਾਂ ਜੋ ਉਸ ਨੂੰ ਫ਼ੜਿਆ ਜਾਵੇ।”

ਪਾਤਸ਼ਾਹ ਨੂੰ ਉਸ ਦੇ ਸੇਵਕਾਂ ਨੇ ਆਖਿਆ, “ਇਸ ਵੇਲੇ ਉਹ ਦੋਬਾਨ ਵਿੱਚ ਹੈ।”

14 ਤਦ ਪਾਤਸ਼ਾਹ ਨੇ ਦੋਥਾਨ ਵਿੱਚ ਘੋੜੇ, ਰੱਥ ਤੇ ਆਪਣੀ ਵੱਡੀ ਫ਼ੌਜ ਭੇਜੀ। ਉਨ੍ਹਾਂ ਨੇ ਰਾਤ ਵੇਲੇ ਜਾਕੇ ਸ਼ਹਿਰ ਨੂੰ ਘੇਰ ਲਿਆ। 15 ਉਸ ਸਵੇਰ ਅਲੀਸ਼ਾ ਦੇ ਸੇਵਕ ਤੜਕਸਾਰ ਉੱਠੇ। ਇੱਕ ਸੇਵਕ ਜਦੋਂ ਬਾਹਰ ਗਿਆ ਤਾਂ ਉਸ ਨੇ ਘੋੜੇ ਰੱਥਾਂ ਤੇ ਫ਼ੌਜ ਨਾਲ ਸ਼ਹਿਰ ਨੂੰ ਘਿਰਿਆ ਵੇਖਿਆ।

ਅਲੀਸ਼ਾ ਦੇ ਸੇਵਕ ਨੇ ਉਸ ਨੂੰ ਕਿਹਾ, “ਓ ਮੇਰੇ ਸੁਆਮੀ! ਹੁਣ ਅਸੀਂ ਕੀ ਕਰੀਏ?”

16 ਅਲੀਸ਼ਾ ਨੇ ਕਿਹਾ, “ਘਬਰਾਓ ਨਹੀਂ! ਜੋ ਫ਼ੌਜ ਸਾਡੇ ਲਈ ਲੜੇਗੀ ਉਹ ਅਰਾਮ ਦੀ ਫ਼ੌਜ ਤੋਂ ਕਿਤੇ ਵੱਧੇਰੇ ਹੈ।”

17 ਤਦ ਅਲੀਸ਼ਾ ਨੇ ਪ੍ਰਾਰਥਨਾ ਕੀਤੀ ਅਤੇ ਆਖਿਆ, “ਹੇ ਯਹੋਵਾਹ! ਮੈਂ ਬੇਨਤੀ ਕਰਦਾ ਹਾਂ ਕਿ ਤੂੰ ਮੇਰੇ ਸੇਵਕ ਦੀਆਂ ਅੱਖਾਂ ਖੋਲ੍ਹ ਤਾਂ ਜੋ ਉਹ ਵੇਖ ਸੱਕੇ।”

ਯਹੋਵਾਹ ਨੇ ਉਸ ਨੌਜੁਆਨ ਦੀਆਂ ਅੱਖਾਂ ਖੋਲ੍ਹੀਆਂ ਤਾਂ ਸੇਵਕ ਨੇ ਵੇਖਿਆ ਕਿ ਅਲੀਸ਼ਾ ਦੇ ਇਰਦ ਗਿਰਦ ਤਾਂ ਪਹਾੜ ਅੱਗ ਦੇ ਘੋੜਿਆ ਤੇ ਰਥਾਂ ਨਾਲ ਭਰਿਆ ਹੋਇਆ ਹੈ।

18 ਜਦੋਂ ਅਰਾਮੀ ਹੇਠਾਂ ਅਲੀਸ਼ਾ ਵੱਲ ਆਏ, ਅਲੀਸ਼ਾ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ, “ਹੇ ਯਹੋਵਾਹ ਇਸ ਅਰਾਮੀ ਫ਼ੋਜਾ ਨੂੰ ਇੱਕ ਦਮ ਅੰਨ੍ਹੀ ਕਰ ਦੇਹ।”

ਤਾਂ ਯਹੋਵਾਹ ਨੇ ਉਨ੍ਹਾਂ ਨੂੰ ਅੰਨ੍ਹਿਆਂ ਕਰ ਦਿੱਤਾ ਜਿਵੇਂ ਕਿ ਅਲੀਸ਼ਾ ਨੇ ਪ੍ਰਾਰਥਨਾ ਕੀਤੀ ਸੀ। 19 ਅਲੀਸ਼ਾ ਨੇ ਅਰਾਮੀ ਫ਼ੌਜ ਨੂੰ ਆਖਿਆ, “ਇਹ ਸਹੀ ਸੜਕ ਨਹੀਂ ਹੈ ਤੇ ਨਾ ਹੀ ਉਹ ਸ਼ਹਿਰ ਹੈ ਜਿਸ ਲਈ ਤੁਸੀਂ ਆਏ ਹੋ। ਮੇਰੇ ਪਿੱਛੇ ਆਓ ਅਤੇ ਮੈਂ ਤੁਹਾਨੂੰ ਉਸ ਮਨੁੱਖ ਕੋਲ ਲੈ ਚੱਲਦਾ ਹਾਂ ਜਿਸ ਨੂੰ ਤੁਸੀਂ ਭਾਲ ਰਹੇ ਹੋ!” ਤਾਂ ਅਲੀਸ਼ਾ ਉਨ੍ਹਾਂ ਨੂੰ ਸਾਮਰਿਯਾ ਵੱਲ ਲੈ ਗਿਆ।

20 ਜਦੋਂ ਉਹ ਸਾਮਰਿਯਾ ਪਹੁੰਚ ਗਏ ਤਾਂ ਅਲੀਸ਼ਾ ਨੇ ਕਿਹਾ, “ਹੇ ਯਹੋਵਾਹ, ਇਨ੍ਹਾਂ ਦੀਆਂ ਅੱਖਾਂ ਖੋਲ੍ਹ ਦੇਹ ਤਾਂ ਜੋ ਇਹ ਵੇਖ ਸੱਕਣ।”

ਤਦ ਯਹੋਵਾਹ ਨੇ ਉਨ੍ਹਾਂ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਤਾਂ ਅਰਾਮੀ ਫ਼ੌਜ ਨੇ ਵੇਖਿਆ ਕਿ ਉਹ ਤਾਂ ਸਾਮਰਿਯਾ ਦੇ ਸ਼ਹਿਰ ਵਿੱਚ ਹਨ। 21 ਜਦ ਇਸਰਾਏਲ ਦੇ ਪਾਤਸ਼ਾਹ ਨੇ ਉਨ੍ਹਾਂ ਨੂੰ ਵੇਖਿਆ ਤਾਂ ਉਸ ਨੇ ਅਲੀਸ਼ਾ ਨੂੰ ਆਖਿਆ, “ਮੇਰੇ ਪਿਤਾ! ਮੈਨੂੰ ਦੱਸੋ ਕਿ ਕੀ ਮੈਂ ਉਨ੍ਹਾਂ ਨੂੰ ਮਾਰਾਂ? ਕੀ ਮੈਂ ਉਨ੍ਹਾਂ ਨੂੰ ਮਾਰ ਮੁਕਾਵਾਂ?”

22 ਅਲੀਸ਼ਾ ਨੇ ਕਿਹਾ, ਨਹੀਂ! ਉਨ੍ਹਾਂ ਨੂੰ ਮਾਰ “ਨਹੀਂ। ਜਿਨ੍ਹਾਂ ਨੂੰ ਤੂੰ ਆਪਣੀ ਤਲਵਾਰ ਅਤੇ ਧਣੁਖ ਨਾਲ ਆਪਣੇ ਬੰਧੀ ਬਣਾਇਆ ਸੀ, ਕੀ ਤੂੰ ਉਨ੍ਹਾਂ ਨੂੰ ਮਾਰ ਸੁੱਟੇਂਗਾ? ਅਰਾਮੀ ਫ਼ੌਜ ਨੂੰ ਸਗੋਂ ਥੋੜਾ ਅੰਨ-ਪਾਣੀ ਦੇਹ। ਉਨ੍ਹਾਂ ਨੂੰ ਕੁਝ ਖਾਣ-ਪੀਣ ਦੇ ਤੇ ਫ਼ਿਰ ਉਨ੍ਹਾਂ ਨੂੰ ਆਪਣੇ ਮਾਲਿਕ ਦੇ ਘਰ ਵਾਪਸ ਪਰਤਣ ਦੇਹ।”

23 ਤਾਂ ਇਸਰਾਏਲ ਦੇ ਪਾਤਸ਼ਾਹ ਨੇ ਅਰਾਮੀ ਸੈਨਾ ਲਈ ਖੁਲ੍ਹਾ ਭੋਜਨ ਤਿਆਰ ਕਰਵਾਇਆ। ਉਨ੍ਹਾਂ ਨੇ ਰੱਜ ਕੇ ਖਾਧਾ ਅਤੇ ਪੀਤਾ। ਫੇਰ ਇਸਰਾਏਲ ਦੇ ਪਾਤਸ਼ਾਹ ਨੇ ਉਨ੍ਹਾਂ ਨੂੰ ਵਾਪਸ ਆਪਣੇ ਰਾਹ ਜਾਣ ਦਿੱਤਾ। ਤੇ ਉਹ ਸੈਨਾ ਅਰਾਮ ’ਚ ਆਪਣੇ ਮਾਲਕਾਂ ਕੋਲ ਪਰਤ ਗਈ। ਉਸ ਤੋਂ ਬਾਅਦ, ਕਦੇ ਵੀ ਅਰਾਮੀ ਸਿਪਾਹੀ ਇਸਰਾਏਲ ਦੀ ਧਰਤੀ ਤੇ ਛਾਪੇ ਮਾਰਨ ਲਈ ਨਹੀਂ ਆਏ।

ਸਾਮਰਿਯਾ ਵਿੱਚ ਭਿਆਨਕ ਕਾਲ

24 ਇਸਤੋਂ ਬਾਅਦ ਅਰਾਮ ਦੇ ਰਾਜੇ ਬਨ-ਹਦਦ ਨੇ ਆਪਣੀ ਸਾਰੀ ਫ਼ੌਜ ਇਕੱਠੀ ਕੀਤੀ ਅਤੇ ਸਾਮਰਿਯਾ ਨੂੰ ਘੇਰ ਲਿਆ। 25 ਸਾਮਰਿਯਾ ਵਿੱਚ ਮਹਾਂਕਾਲ ਪੈ ਗਿਆ ਅਤੇ ਫ਼ੌਜ ਨੇ ਅੰਨ ਸ਼ਹਿਰ ਦੇ ਅੰਦਰ ਨਾ ਆਣ ਦਿੱਤਾ ਇਸ ਲਈ ਸਾਮਰਿਯਾ ਵਿੱਚ ਮਹਾਂਕਾਲ ਪੈ ਗਿਆ। ਇੱਥੋਂ ਤੱਕ ਹਾਲਤ ਬੁਰੀ ਹੋ ਗਈ ਕਿ ਇੱਕ ਖੋਤੇ ਦਾ ਸਿਰ ਵੀ ਚਾਂਦੀ ਦੇ ਅਸੀਂ ਸਿੱਕਿਆਂ ਦੇ ਤੁੱਲ ਵਿਕਦਾ ਅਤੇ ਕਬੂਤਰ (ਘੁੱਗੀ) ਦੀ ਵਿੱਠ ਦਾ ਅੱਧਾ ਸੇਰ ਚਾਂਦੀ ਦੇ ਪੰਜ ਸਿੱਕਿਆਂ ਦੀ ਵਿਕਦੀ।

26 ਇੱਕ ਦਿਨ ਜਦ ਇਸਰਾਏਲ ਦਾ ਪਾਤਸ਼ਾਹ ਸ਼ਹਿਰ ਦੀ ਕੰਧ ਉੱਪਰ ਤੁਰਿਆ ਜਾਂਦਾ ਸੀ ਤਾਂ ਇੱਕ ਔਰਤ ਨੇ ਇਹ ਕਹਿ ਕੇ ਉਸ ਦੀ ਦੁਹਾਈ ਦਿੱਤੀ ਕਿ ਹੇ ਮੇਰੇ ਮਹਾਰਾਜ ਪਾਤਸ਼ਾਹ! ਕਿਰਪਾ ਕਰਕੇ ਮੇਰੀ ਮਦਦ ਕਰ।

27 ਇਸਰਾਏਲ ਦੇ ਪਾਤਸ਼ਾਹ ਨੇ ਕਿਹਾ, “ਜੇ ਯਹੋਵਾਹ ਹੀ ਤੈਨੂੰ ਨਾ ਬਚਾਣਾ ਚਾਹੇ ਤਾਂ ਮੈਂ ਤੈਨੂੰ ਕਿਵੇਂ ਬਚਾ ਸੱਕਦਾ ਹਾਂ? ਮੇਰੇ ਕੋਲ ਤੈਨੂੰ ਦੇਣ ਲਈ ਕੁਝ ਨਹੀਂ ਹੈ, ਨਾ ਹੀ ਖਲਵਾੜੇ ਵਿੱਚ ਅਨਾਜ ਹੈ ਤੇ ਨਾ ਹੀ ਚੁਬੱਚੇ ਵਿੱਚ ਦਾਖ ਹੈ।” 28 ਫ਼ਿਰ ਇਸਰਾਏਲ ਦੇ ਪਾਤਸ਼ਾਹ ਨੇ ਉਸ ਔਰਤ ਨੂੰ ਕਿਹਾ, “ਤੈਨੂੰ ਕੀ ਦੁੱਖ ਹੈ?”

ਉਹ ਔਰਤ ਬੋਲੀ, “ਇਸ ਔਰਤ ਨੇ ਮੈਨੂੰ ਆਖਿਆ ਕਿ ‘ਤੂੰ ਮੈਨੂੰ ਆਪਣਾ ਪੁੱਤਰ ਦੇਹ ਤਾਂ ਜੋ ਅੱਜ ਅਸੀਂ ਉਸ ਨੂੰ ਵੱਢੀਏ ਤੇ ਫ਼ਿਰ ਖਾ ਲਈਏ ਤੇ ਕੱਲ ਮੈਂ ਆਪਣਾ ਪੁੱਤਰ ਵੱਢ ਕੇ ਕੱਲ ਉਸ ਨੂੰ ਖਾ ਲਵਾਂਗੇ।’ 29 ਇਉਂ ਮੈਂ ਆਪਣਾ ਪੁੱਤਰ ਵੱਢਿਆ-ਉਬਾਲਿਆ ਤੇ ਅਸੀਂ ਖਾਧਾ। ਅਗਲੇ ਦਿਨ ਮੈਂ ਆਖਿਆ ‘ਹੁਣ ਤੂੰ ਆਪਣਾ ਪੁੱਤਰ ਦੇਹ ਤਾਂ ਜੋ ਅਸੀਂ ਉਸ ਨੂੰ ਵੀ ਵੱਢਕੇ ਖਾਈਏ’ ਪਰ ਇਸਨੇ ਇਉਂ ਕਰਨ ਤੋਂ ਪਹਿਲਾਂ ਆਪਣਾ ਪੁੱਤਰ ਕਿਤੇ ਛੁਪਾਅ ਲਿਆ ਹੈ।”

30 ਜਦੋਂ ਪਾਤਸ਼ਾਹ ਨੇ ਉਸ ਔਰਤ ਦੇ ਇਹ ਬਚਨ ਸੁਣੇ ਤਾਂ ਉਸ ਨੇ ਆਪਣੀ ਬੇਚੈਨੀ ਜ਼ਾਹਿਰ ਕਰਨ ਲਈ ਆਪਣੇ ਤਨ ਦੇ ਕੱਪੜੇ ਫ਼ਾੜ ਦਿੱਤੇ ਤੇ ਜਦੋਂ ਉਹ ਦੀਵਾਰ ਤੋਂ ਲੰਘ ਰਿਹਾ ਸੀ ਤਾਂ ਲੋਕਾਂ ਨੇ ਪਾਤਸ਼ਾਹ ਨੂੰ ਫ਼ਟੇ ਕੱਪੜਿਆਂ ਅੰਦਰ ਤਨ ਤੇ ਟਾਟ ਲਪੇਟਿਆਂ ਵੇਖਿਆ ਤਾਂ ਉਹ ਜਾਣ ਗਏ ਕਿ ਰਾਜਾ ਬੜਾ ਦੁੱਖ ’ਚ ਹੈ ਤੇ ਉਦਾਸ ਬੇਚੈਨ ਹੈ।

31 ਪਾਤਸ਼ਾਹ ਨੇ ਕਿਹਾ, “ਜੇ ਅੱਜ ਸ਼ਾਫ਼ਾਤ ਦੇ ਪੁੱਤਰ ਅਲੀਸ਼ਾ ਦਾ ਸਿਰ ਉਸ ਦੇ ਤਨ ਉੱਪਰੋ ਰਹਿ ਜਾਵੇ ਤਾਂ ਪਰਮੇਸ਼ੁਰ ਮੇਰੇ ਨਾਲ ਇਸ ਵਰਗਾ ਨਹੀਂ ਸਗੋਂ ਇਸ ਤੋਂ ਵੱਧ ਬੁਰਾ ਹਸ਼ਰ ਕਰੇ।”

32 ਪਾਤਸ਼ਾਹ ਨੇ ਅਲੀਸ਼ਾ ਵੱਲ ਸੰਦੇਸ਼ਵਾਹਕ ਭੇਜਿਆ, ਉਹ ਆਪਣੇ ਘਰ ਵਿੱਚ ਬੈਠਾ ਹੋਇਆ ਸੀ ਅਤੇ ਉਸ ਨਾਲ ਬਜ਼ੁਰਗ ਬੈਠੇ ਹੋਏ ਸਨ। ਸੰਦੇਸ਼ਵਾਹਕ ਦੇ ਪਹੁੰਚਣ ਤੋਂ ਪਹਿਲਾਂ ਹੀ ਅਲੀਸ਼ਾ ਨੇ ਬਜ਼ੁਰਗਾਂ ਨੂੰ ਆਖਿਆ, “ਵੇਖੋ ਉਸ ਖੂਨੀ ਦੇ ਪੁੱਤਰ ਨੇ ਮੇਰਾ ਸਿਰ ਲੈਣ ਲਈ ਇੱਕ ਜਣੇ ਨੂੰ ਭੇਜਿਆ ਹੈ। ਵੇਖੋ ਜਦੋਂ ਉਹ ਸੰਦੇਸ਼ਵਾਹਕ ਆਵੇ ਤਾਂ ਤੁਸੀਂ ਦਰਵਾਜ਼ਾ ਬੰਦ ਕਰਕੇ ਉਸ ਨੂੰ ਧੱਕੀ ਰੱਖਣਾ। ਕਿਉਂ ਕਿ ਮੈਂ ਉਸ ਦੇ ਪਿੱਛੇ ਉਸ ਦੇ ਸੁਆਮੀ ਦੇ ਪੈਰਾਂ ਦੀ ਬਿੜਕ ਵੀ ਸੁਣ ਰਿਹਾ ਹਾਂ।”

33 ਜਦੋਂ ਅਲੀਸ਼ਾ ਅਜੇ ਆਗੂ ਬਜ਼ੁਰਗਾਂ ਨਾਲ ਗੱਲ ਕਰ ਹੀ ਰਿਹਾ ਸੀ ਤਾਂ ਸੰਦੇਸ਼ਵਾਹਕ ਉਸ ਕੋਲ ਆਇਆ ਅਤੇ ਆਖਿਆ, “ਵੇਖੋ! ਇਹ ਮੁਸੀਬਤ ਯਹੋਵਾਹ ਵੱਲੋਂ ਹੈ ਤਾਂ ਫ਼ਿਰ ਹੁਣ ਮੈਂ ਭਲਾ ਯਹੋਵਾਹ ਦੇ ਹੁਕਮ ਦੀ ਹੋਰ ਉਡੀਕ ਕਿਉਂ ਕਰਾਂ?”

ਅਲੀਸ਼ਾ ਨੇ ਆਖਿਆ, “ਯਹੋਵਾਹ ਵੱਲੋਂ ਭੇਜੇ ਸੰਦੇਸ਼ ਨੂੰ ਸੁਣੋ। ਯਹੋਵਾਹ ਆਖਦਾ ਹੈ: ‘ਕੱਲ੍ਹ ਇਸੇ ਵਕਤ ਸਾਮਰਿਯਾ ਦੇ ਸ਼ਹਿਰ ਦੇ ਫਾਟਕ ਤੇ ਅਤੇ ਮੰਡੀ ਵਿੱਚ ਆਟੇ ਦੀ ਇੱਕ ਟੋਕਰੀ ਅਤੇ ਜੌਆਂ ਦੀਆਂ ਦੋ ਬਾਲਟੀਆਂ ਇੱਕ ਸ਼ੈਕਲ ’ਚ ਉਪਲਬਧ ਹੋਣਗੀਆਂ। ਅਨਾਜ ਦਾ ਇੰਨਾ ਹੜ੍ਹ ਆਵੇਗਾ ਕਿ ਲੋਕ ਇੰਨਾ ਸਸਤਾ ਅਨਾਜ ਮੁੜ ਤੋਂ ਢੇਰ ਸਾਰਾ ਖਰੀਦਣ ਦੇ ਸਮਰੱਥ ਹੋ ਜਾਣਗੇ।”

ਤਦ ਉਹ ਅਫ਼ਸਰ ਜਿਹੜਾ ਪਾਤਸ਼ਾਹ ਦਾ ਬੜਾ ਕਰੀਬ ਦਾ ਸੀ ਨੇ ਪਰਮੇਸ਼ੁਰ ਦੇ ਮਨੁੱਖ (ਅਲੀਸ਼ਾ) ਨੂੰ ਕਿਹਾ, “ਜੇਕਰ ਯਹੋਵਾਹ ਅਕਾਸ਼ ਵਿੱਚ ਤਾਕੀਆਂ ਵੀ ਲਗਾ ਦੇਵੇ ਤਾਂ ਵੀ ਇਹ ਗੱਲ ਸੰਭਵ ਨਹੀਂ ਹੋ ਸੱਕਦੀ।”

ਅਲੀਸ਼ਾ ਨੇ ਕਿਹਾ, “ਤੂੰ ਇਹ ਘਟਨਾ ਆਪਣੀਆਂ ਅੱਖਾਂ ਸਾਹਮਣੇ ਵੇਖਣ ਵਾਲਾ ਹੈਂ, ਪਰ ਤੂੰ ਉਸ ਵਿੱਚੋਂ ਕੁਝ ਖਾ ਨਾ ਸੱਕੇਂਗਾ।”

ਕੋੜ੍ਹੀਆਂ ਨੇ ਅਰਾਮੀਆਂ ਦਾ ਤੰਬੂ ਖਾਲੀ ਡਿੱਠਾ

ਸ਼ਹਿਰ ਦੇ ਦਰਵਾਜ਼ੇ ਕੋਲ ਚਾਰ ਮਨੁੱਖ ਕੋੜ੍ਹ ਨਾਲ ਪੀੜਿਤ ਸਨ। ਉਹ ਇੱਕ ਦੂਜੇ ਨੂੰ ਆਖ ਰਹੇ ਸਨ, “ਅਸੀਂ ਭਲਾ ਇੱਥੇ ਬੈਠੇ ਮੌਤ ਦੀ ਉਡੀਕ ਕਿਉਂ ਕਰ ਰਹੇ ਹਾਂ? ਸਾਮਰਿਯਾ ਵਿੱਚ ਕਾਲ ਪਿਆ ਹੈ, ਇਸ ਨਾਲੋਂ ਤਾਂ ਚੰਗਾ ਹੋਵੇ ਜੇ ਅਸੀਂ ਸ਼ਹਿਰ ਵਿੱਚ ਜਾਕੇ ਮਰੀਏ, ਕਿਉਂ ਕਿ ਮਰਨਾ ਤਾਂ ਇੱਥੇ ਵੀ ਹੈ ਹੀ, ਸੋ ਇਸ ਤੋਂ ਚੰਗਾ ਹੈ ਕਿ ਚਲੋ ਅਰਾਮੀਆਂ ਦੇ ਤੰਬੂ ’ਚ ਚਲੀਏ। ਜੇਕਰ ਉਹ ਸਾਨੂੰ ਉੱਥੇ ਜਿਉਂਦਾ ਛੱਡਣ ਤਾਂ ਅਸੀਂ ਜਿਉਂਦੇ ਰਹਾਂਗੇ ਤੇ ਜੇਕਰ ਉਹ ਸਾਨੂੰ ਮਾਰ ਸੁੱਟਣ ਤਾਂ ਮਰਨਾ ਤਾਂ ਹੈ ਹੀ ਹੈ।”

ਤਾਂ ਉਸ ਸ਼ਾਮ ਉਹ ਚਾਰੇ ਕੋੜ੍ਹੀ ਅਰਾਮੀਆਂ ਦੇ ਡੇਰੇ ਜਾ ਪਹੁੰਚੇ। ਜਦੋਂ ਉਹ ਬਿਲਕੁਲ ਉਸ ਦੇ ਨੇੜੇ ਪਹੁੰਚੇ ਤਾਂ ਉੱਥੇ ਕੋਈ ਵੀ ਬੰਦਾ ਨਹੀਂ ਸੀ। ਉਹ ਇਸ ਲਈ ਕਿ ਯਹੋਵਾਹ ਨੇ ਅਰਾਮੀਆਂ ਦੀ ਫ਼ੌਜ ਨੂੰ ਰੱਥਾਂ ਦੀ ਅਵਾਜ਼ ਤੇ ਘੋੜਿਆਂ ਦੀ ਅਵਾਜ਼ ਤੇ ਇੱਕ ਵੱਡੇ ਲਸ਼ਕਰ ਦੀ ਆਵਾਜ਼ ਸੁਣਾਈ ਸੀ, ਤਾਂ ਅਰਾਮੀ ਫ਼ੌਜ ਆਪਸ ਵਿੱਚ ਇੱਕ-ਦੂਜੇ ਨੂੰ ਕਹਿਣ ਲੱਗੇ, “ਵੇਖੋ, ਇਸਰਾਏਲ ਦੇ ਪਾਤਸ਼ਾਹ ਨੇ ਸਾਡੇ ਵਿਰੁੱਧ ਹਿੱਤੀਆਂ ਦੇ ਰਾਜੇ ਤੇ ਮਿਸਰੀਆਂ ਦੇ ਰਾਜਿਆਂ ਨੂੰ ਸਾਡੇ ਵਿਰੁੱਧ ਖਰੀਦਿਆ ਹੈ।”

ਤਾਂ ਉਹ ਤਕਾਲੀਂ ਉੱਠ ਕੇ ਹੀ ਉੱਥੋਂ ਭੱਜ ਗਏ। ਉਹ ਸਾਰਾ ਕੁਝ ਉਵੇਂ ਹੀ ਪਿੱਛੇ ਛੱਡ ਗਏ। ਉਹ ਆਪਣੇ ਤੰਬੂ, ਘੋੜੇ, ਖੋਤੇ ਸਭ ਕੁਝ ਪਿੱਛੇ ਹੀ ਛੱਡ ਕੇ ਆਪਣੀ ਜਾਨ ਬਚਾਅ ਕੇ ਉੱਥੋਂ ਨੱਸ ਗਏ।

ਦੁਸ਼ਮਣਾਂ ਦੇ ਡੇਰੇ ’ਚ ਕੋੜ੍ਹੀ

ਜਦੋਂ ਉਹ ਕੋੜ੍ਹੀ ਡੇਰੇ ਦੀ ਬਾਹਰਲੀ ਹੱਦ ਕੋਲ ਪਹੁੰਚੇ ਤਾਂ ਉਨ੍ਹਾਂ ਨੇ ਇੱਕ ਤੰਬੂ ਵਿੱਚ ਵੜ ਕੇ ਖਾਧਾ-ਪੀਤਾ ਫ਼ਿਰ ਉਨ੍ਹਾਂ ਨੇ ਉੱਥੋਂ ਸੋਨਾ-ਚਾਂਦੀ ਅਤੇ ਕੱਪੜੇ ਆਦਿ ਚੁਰਾਏ ਅਤੇ ਉਨ੍ਹਾਂ ਨੂੰ ਲੁਕਾਅ ਲਿਆ। ਫ਼ਿਰ ਉਹ ਦੂਜੇ ਤੰਬੂ ਵਿੱਚ ਵੜੇ, ਉੱਥੋਂ ਵੀ ਉਨ੍ਹਾਂ ਨੇ ਵਸਤਾਂ ਚੁੱਕੀਆਂ ਤੇ ਫ਼ਿਰ ਉਨ੍ਹਾਂ ਨੂੰ ਵੀ ਬਾਹਰ ਜਾਕੇ ਲੁਕਾਅ ਆਏ। ਤਦ ਇਨ੍ਹਾਂ ਕੋੜ੍ਹੀਆਂ ਨੇ ਇੱਕ-ਦੂਜੇ ਨੂੰ ਆਖਿਆ, “ਅਸੀਂ ਚੰਗਾ ਕੰਮ ਨਹੀਂ ਕਰ ਰਹੇ। ਅੱਜ ਦਾ ਦਿਨ ਤਾਂ ਖੁਸ਼ਖਬਰੀ ਦਾ ਹੈ ਪਰ ਅਸੀਂ ਚੁੱਪ ਬੈਠੇ ਹਾਂ। ਜੇਕਰ ਅਸੀਂ ਸਵੇਰ ਦੀ ਪੋਹ ਫ਼ੁੱਟਣ ਤਾਈਂ ਠਹਿਰੇ ਰਹੀਏ ਤਾਂ ਸਾਡੇ ਉੱਤੇ ਕੋਈ ਬਲਾ ਆਵੇਗੀ। ਸੋ ਆਓ ਹੁਣ ਅਸੀਂ ਜਾਕੇ ਪਾਤਸ਼ਾਹ ਦੇ ਘਰਾਣੇ ਨੂੰ ਖਬਰ ਦੇਈਏ।”

ਕੋੜ੍ਹੀਆਂ ਦਾ ਖੁਸ਼ਖਬਰੀ ਸੁਨਾਉਣਾ

10 ਤਾਂ ਇਨ੍ਹਾਂ ਕੋੜ੍ਹੀਆਂ ਨੇ ਜਾਕੇ ਸ਼ਹਿਰ ਦੇ ਦਰਬਾਨ ਨੂੰ ਆਵਾਜ਼ ਦਿੱਤੀ ਅਤੇ ਉਨ੍ਹਾਂ ਨੂੰ ਜਾਕੇ ਦੱਸਿਆ ਕਿ, “ਅਸੀਂ ਅਰਾਮੀਆਂ ਦੇ ਡੇਰੇ ਵਿੱਚ ਗਏ ਅਤੇ ਉੱਥੇ ਨਾ ਆਦਮੀ ਸੀ ਨਾ ਆਦਮੀ ਦੀ ਆਵਾਜ਼ ਸਿਰਫ ਘੋੜੇ ਅਤੇ ਗਧੇ ਉੱਥੇ ਬੱਝੇ ਹੋਏ ਸਨ ਅਤੇ ਤੰਬੂ ਉਵੇਂ ਦੇ ਉਵੇਂ ਲੱਗੇ ਪਏ ਸਨ। ਪਰ ਆਦਮੀ ਸਾਰੇ ਗਇਬ ਸਨ।”

11 ਤਾਂ ਫ਼ਾਟਕ ਦੇ ਦਰਬਾਨਾਂ ਨੇ ਜ਼ੋਰ ਦੀ ਆਵਾਜ਼ ਦੇਕੇ ਪਾਤਸ਼ਾਹ ਦੇ ਘਰਾਣੇ ਨੂੰ ਅੰਦਰ ਖਬਰ ਦਿੱਤੀ। 12 ਰਾਤ ਦਾ ਵੇਲਾ ਸੀ ਪਰ ਰਾਜਾ ਬਿਸਤਰੇ ਚੋ ਉੱਠਿਆ ਅਤੇ ਆਕੇ ਆਪਣੇ ਅਫ਼ਸਰਾਂ ਨੂੰ ਕਿਹਾ, “ਮੈਂ ਤੁਹਾਨੂੰ ਦੱਸਦਾ ਹਾਂ ਕਿ ਅਰਾਮੀਆਂ ਨੇ ਸਾਡੇ ਨਾਲ ਕੀ ਕੀਤਾ ਹੈ? ਉਨ੍ਹਾਂ ਨੂੰ ਪਤਾ ਸੀ ਕਿ ਅਸੀਂ ਭੁੱਖੇ ਹਾਂ ਇਸ ਲਈ ਉਹ ਡੇਰੇ ਨੂੰ ਛੱਡ ਕੇ ਖੇਤਾਂ ਵਿੱਚ ਲੁਕ ਗਏ ਹਨ। ਉਹ ਸੋਚ ਰਹੇ ਹਨ ਕਿ ਜਦੋਂ ਇਸਰਾਏਲੀ ਸ਼ਹਿਰ ਵਿੱਚੋਂ ਬਾਹਰ ਆਉਣਗੇ ਤਾਂ ਉਹ ਸਾਨੂੰ ਜਿਉਂਦੇ ਫ਼ੜ ਲੈਣ ਤੇ ਇਉਂ ਫ਼ਿਰ ਉਹ ਸ਼ਹਿਰ ਵਿੱਚ ਆ ਵੜਣਗੇ।”

13 ਪਾਤਸ਼ਾਹ ਦੇ ਅਫ਼ਸਰਾਂ ਵਿੱਚੋਂ ਇੱਕ ਨੇ ਕਿਹਾ, “ਆਓ ਅਸੀਂ ਕੁਝ ਆਦਮੀਆਂ ਨੂੰ ਉਨ੍ਹਾਂ ਪੰਜਾਂ ਘੋੜਿਆਂ ਨੂੰ ਲਿਆਉਣ ਲਈ ਭੇਜੀਏ ਜਿਹੜੇ ਹਾਲੇ ਸ਼ਹਿਰ ਵਿੱਚ ਹੀ ਹਨ। ਕਿਉਂ ਕਿ ਜਲਦੀ ਹੀ ਇਸਰਾਏਲ ਦੇ ਲੋਕਾਂ ਵਾਂਗ, ਜੋ ਕਿ ਸ਼ਹਿਰ ਹਾਲੇ ਬਚੇ ਹੋਏ ਹਨ, ਘੋੜੇ ਵੀ ਮਰ ਜਾਣਗੇ। ਆਪਾਂ ਇਨਾਂ ਆਦਮੀਆਂ ਨੂੰ ਇਹ ਪਤਾ ਲਗਾਉਣ ਲਈ ਭੇਜੀਏ ਕਿ ਕੀ ਵਾਪਰਿਆ ਹੈ।”

14 ਤਾਂ ਕੁਝ ਆਦਮੀ ਰੱਥ ਨਾਲ ਘੋੜੇ ਬੰਨ੍ਹਕੇ ਉੱਥੇ ਗਏ। ਪਾਤਸ਼ਾਹ ਨੇ ਉਨ੍ਹਾਂ ਨੂੰ ਅਰਾਮੀਆਂ ਦੇ ਲਸ਼ਕਰ ਦੇ ਪਿੱਛੇ ਭੇਜਿਆ। ਪਾਤਸ਼ਾਹ ਨੇ ਉਨ੍ਹਾਂ ਨੂੰ ਆਖਿਆ, “ਜਾਓ ਤੇ ਵੇਖੋ ਕਿ ਕੀ ਵਾਪਰਿਆ ਹੈ?”

15 ਤਾਂ ਉਹ ਆਦਮੀ ਅਰਾਮੀ ਫ਼ੌਜ ਦੇ ਪਿੱਛੇ ਯਰਦਨ ਦਰਿਆ ਤੀਕ ਗਏ ਅਤੇ ਉਹ ਸਾਰਾ ਰਸਤਾ ਵਸਤਰਾਂ ਅਤੇ ਭਾਂਡਿਆਂ ਨਾਲ ਭਰਿਆ ਹੋਇਆ ਸੀ। ਇਨ੍ਹਾਂ ਵਸਤਰਾਂ ਨੂੰ ਅਰਾਮੀਆਂ ਨੇ ਭਾਜੜ ਵਿੱਚ ਰਾਹ ’ਚ ਹੀ ਸੁੱਟ ਦਿੱਤਾ ਸੀ। ਸੰਦੇਸ਼ਵਾਹਕ ਵਾਪਸ ਗਏ ਅਤੇ ਪਾਤਸ਼ਾਹ ਨੂੰ ਜਾਕੇ ਇਹ ਹਾਲ ਸੁਣਾਇਆ।

16 ਤਦ ਲੋਕਾਂ ਨੇ ਬਾਹਰ ਨਿਕਲ ਕੇ ਅਰਾਮੀਆਂ ਦੇ ਡੇਰੇ ਨੂੰ ਲੁੱਟ ਲਿਆ। ਉੱਥੇ ਹਰ ਇੱਕ ਲਈ ਬੇਸ਼ੁਮਾਰ ਸਮਾਨ ਸੀ। ਸੋ ਯਹੋਵਾਹ ਦੇ ਬਚਨ ਅਨੁਸਾਰ ਆਟੇ ਦੀ ਇੱਕ ਟੋਕਰੀ, ਇੱਕ ਸ਼ੇਕਲ ਤੇ ਜੌਆਂ ਦੀਆਂ ਦੋ ਟੋਕਰੀਆਂ, ਇੱਕ ਰੁਪਏ ਦੀਆਂ ਹੋਣਗੀਆਂ।

17 ਤਾਂ ਪਾਤਸ਼ਾਹ ਨੇ ਉਸੇ ਅਫ਼ਸਰ ਨੂੰ, ਜਿਸ ਤੇ ਉਹ ਬਹੁਤ ਭਰੋਸਾ ਕਰਦਾ ਸੀ, ਫ਼ਾਟਕ ਦੀ ਦੇਖਭਾਲ ਉੱਪਰ ਲਗਾ ਦਿੱਤਾ। ਪਰ ਲੋਕ ਦੁਸ਼ਮਣ ਦੇ ਡੇਰੇ ਤੋਂ ਅੰਨ ਲੁੱਟਣ ਲਈ ਨੱਸੇ ਤੇ ਉਹ ਲੋਕਾਂ ਦੀ ਭੀੜ ਵਿੱਚ ਉਨ੍ਹਾਂ ਦੇ ਪੈਰਾਂ ਹੇਠ ਹੀ ਲਿਤਾੜਿਆ ਗਿਆ ਅਤੇ ਮਰ ਗਿਆ। ਤਾਂ ਇਹ ਸਭ ਕੁਝ ਉਵੇਂ ਹੀ ਵਾਪਰਿਆ ਜਿਵੇਂ ਪਰਮੇਸ਼ੁਰ ਦੇ ਮਨੁੱਖ (ਅਲੀਸ਼ਾ) ਨੇ ਜਦੋਂ ਪਾਤਸ਼ਾਹ ਉਸ ਦੇ ਘਰ ਆਇਆ ਸੀ ਤਾਂ ਆਖਿਆ ਸੀ। 18 ਅਲੀਸ਼ਾ ਨੇ ਆਖਿਆ ਸੀ, “ਕੱਲ ਇਸੇ ਵੇਲੇ ਸਾਮਰਿਯਾ ਸ਼ਹਿਰ ਦੇ ਫ਼ਾਟਕ ਤੇ ਜੌਆਂ ਦੀਆਂ ਦੋ ਟੋਕਰੀਆਂ ਤੇ ਆਟੇ ਦੀ ਇੱਕ ਟੋਕਰੀ ਇੱਕ ਸ਼ੇਕਲ ਲਈ ਉਪਲਬਧ ਹੋਣਗੀਆਂ।” 19 ਪਰ ਅਫ਼ਸਰ ਨੇ ਅਲੀਸ਼ਾ ਨੂੰ ਇਹ ਆਖਿਆ ਸੀ ਕਿ “ਜੇਕਰ ਯਹੋਵਾਹ ਅਕਾਸ਼ ਵਿੱਚ ਵੀ ਤਾਕੀਆਂ ਲਗਾ ਦੇਵੇ ਤਾਂ ਵੀ ਅਜਿਹਾ ਨਹੀਂ ਹੋ ਸੱਕਦਾ।” ਤਾਂ ਅਲੀਸ਼ਾ ਨੇ ਉਸ ਨੂੰ ਆਖਿਆ ਸੀ, “ਤੂੰ ਆਪਣੀਆਂ ਅੱਖਾਂ ਸਾਹਮਣੇ ਇਹ ਨਜ਼ਾਰਾ ਵੇਖੇਂਗਾ ਪਰ ਤੂੰ ਉਸ ਅੰਨ ਵਿੱਚੋਂ ਕੁਝ ਖਾ ਨਹੀਂ ਸੱਕੇਂਗਾ।” 20 ਸੋ ਉਸ ਨਾਲ ਉਵੇਂ ਹੀ ਹੋਇਆ ਤੇ ਉਹ ਫ਼ਾਟਕ ਦੇ ਵਿੱਚਕਾਰ ਲੋਕਾਂ ਦੇ ਪੈਰਾਂ ਹੇਠਾਂ ਮਿੱਧ ਕੇ ਮਾਰਿਆ ਗਿਆ।

ਸ਼ੂਨੰਮੀ ਔਰਤ ਅਤੇ ਪਾਤਸ਼ਾਹ

ਅਲੀਸ਼ਾ ਨੇ ਉਸ ਔਰਤ ਨਾਲ ਗੱਲ ਕੀਤੀ ਜਿਸਦੇ ਪੁੱਤਰ ਨੂੰ ਉਸ ਨੇ ਜੀਵਤ ਕੀਤਾ ਸੀ ਅਤੇ ਆਖਿਆ, “ਉੱਠ ਤੇ ਆਪਣੇ ਪਰਿਵਾਰ ਸਮੇਤ ਇਸ ਦੇਸ਼ ਵਿੱਚੋਂ ਕਿਤੇ ਹੋਰ ਚਲੀ ਜਾ। ਕਿਉਂ ਕਿ ਯਹੋਵਾਹ ਨੇ ਇੱਥੇ ਕਾਲ ਦਾ ਹੁਕਮ ਦੇ ਦਿੱਤਾ ਹੈ ਜੋ ਕਿ ਇਸ ਦੇਸ਼ ਉੱਪਰ ਸੱਤ ਸਾਲਾਂ ਲਈ ਰਹੇਗਾ।”

ਤਾਂ ਉਸ ਔਰਤ ਨੇ ਉਵੇਂ ਹੀ ਕੀਤਾ ਜਿਵੇਂ ਪਰਮੇਸ਼ੁਰ ਦੇ ਮਨੁੱਖ ਨੇ ਕਿਹਾ। ਤਾਂ ਉਹ ਸੱਤ ਸਾਲਾਂ ਲਈ ਫ਼ਲਿਸਤੀਆਂ ਦੇ ਦੇਸ਼ ਵਿੱਚ ਆਪਣੇ ਟੱਬਰ ਨੂੰ ਲੈ ਕੇ ਚਲੀ ਗਈ। ਜਦ ਸੱਤ ਸਾਲ ਬੀਤ ਗਏ ਤਾਂ ਉਹ ਫ਼ਲਿਸਤੀਆਂ ਨੂੰ ਛੱਡ, ਮੁੜ ਆਪਣੇ ਘਰ ਲਈ ਮੁੜ ਆਈ।

ਫ਼ਲਿਸਤੀਆਂ ਤੋਂ ਵਾਪਸ ਆਕੇ ਉਹ ਪਾਤਸ਼ਾਹ ਕੋਲ ਦੁਹਾਈ ਦੇਣ ਗਈ ਕਿ ਉਸ ਨੂੰ ਉਸਦਾ ਘਰ ਤੇ ਜ਼ਮੀਨ ਵਾਪਸ ਦਿੱਤੀ ਜਾਵੇ।

ਤਦ ਪਾਤਸ਼ਾਹ, ਪਰਮੇਸ਼ੁਰ ਦੇ ਮਨੁੱਖ ਦੇ ਜਵਾਨ ਗੇਹਾਜੀ ਨਾਲ ਗੱਲਾਂ ਕਰ ਰਿਹਾ ਸੀ, “ਕਿਰਪਾ ਕਰਕੇ ਤੂੰ ਉਹ ਸਾਰੇ ਵੱਡੇ-ਵੱਡੇ ਕੰਮ ਮੈਨੂੰ ਦੱਸ ਜੋ ਅਲੀਸ਼ਾ ਨੇ ਕੀਤੇ ਹਨ।”

ਜਦ ਗੇਹਾਜੀ ਪਾਤਸ਼ਾਹ ਨੂੰ ਦੱਸ ਰਿਹਾ ਸੀ ਕਿ ਅਲੀਸ਼ਾ ਨੇ ਇੱਕ ਮਰੇ ਹੋਏ ਮਨੁੱਖ ਨੂੰ ਜੀਵਿਤ ਕੀਤਾ ਸੀ, ਉਸੇ ਵੇਲੇ ਜਿਸ ਔਰਤ ਦੇ ਬੱਚੇ ਨੂੰ ਅਲੀਸ਼ਾ ਨੇ ਜੀਵਿਤ ਕੀਤਾ ਸੀ, ਉੱਥੇ ਪਹੁੰਚ ਗਈ, ਉਹ ਪਾਤਸ਼ਾਹ ਕੋਲੋਂ ਆਪਣਾ ਖੁੱਸ ਚੁੱਕਾ ਘਰ ਤੇ ਜ਼ਮੀਨ ਵਾਪਸ ਲੈਣ ਲਈ ਮਦਦ ਮੰਗਣ ਗਈ ਸੀ। ਗੇਹਾਜੀ ਨੇ ਕਿਹਾ, “ਮੇਰੇ ਮਹਾਰਾਜ ਅਤੇ ਪਾਤਸ਼ਾਹ, ਇਹੀ ਉਹ ਔਰਤ ਹੈ ਤੇ ਇਹੀ ਉਹ ਬੱਚਾ, ਜਿਸ ਨੂੰ ਅਲੀਸ਼ਾ ਨੇ ਮਰੇ ਹੋਏ ਨੂੰ ਜਿਉਂਦਾ ਕੀਤਾ ਸੀ।”

ਪਾਤਸ਼ਾਹ ਨੇ ਉਸ ਔਰਤ ਨੂੰ ਪੁੱਛਿਆ ਕਿ ਉਹ ਕੀ ਚਾਹੁੰਦੀ ਹੈ? ਤਾਂ ਉਸ ਔਰਤ ਨੇ ਉਸ ਨੂੰ ਸਭ ਦੱਸਿਆ।

ਤਦ ਪਾਤਸ਼ਾਹ ਨੇ ਇੱਕ ਅਫ਼ਸਰ ਨੂੰ ਉਸ ਔਰਤ ਦੀ ਮਦਦ ਲਈ ਭੇਜਿਆ। ਪਾਤਸ਼ਾਹ ਨੇ ਆਖਿਆ, “ਇਸ ਔਰਤ ਨੂੰ ਇਸਦੀ ਸਾਰੀ ਜ਼ਮੀਨ ਜਾਇਦਾਦ ਤੇ ਜੋ ਇਸਦਾ ਹੱਕ ਹੈ, ਇਸ ਨੂੰ ਵਾਪਸ ਕਰ ਦਿੱਤਾ ਜਾਵੇ ਤੇ ਜਿਸ ਦਿਨ ਤੋਂ ਇਹ ਜ਼ਮੀਨ ਛੱਡ ਕੇ ਇੱਥੋਂ ਗਈ ਹੈ ਉਸ ਦਿਨ ਤੋਂ ਲੈ ਕੇ ਅੱਜ ਤੀਕ ਦੀ ਫ਼ਸਲ ਜੋ ਇਸਦਾ ਹੱਕ ਬਣਦਾ ਹੈ ਇਸ ਨੂੰ ਵਾਪਸ ਕੀਤਾ ਜਾਵੇ।”

ਬਨ-ਹਦਦ ਦਾ ਅਲੀਸ਼ਾ ਕੋਲ ਹਜ਼ਾਏਲ ਨੂੰ ਭੇਜਣਾ

ਤਾਂ ਅਲੀਸ਼ਾ ਦੰਮਿਸਕ ਵਿੱਚ ਆਇਆ। ਅਰਾਮ ਦਾ ਪਾਤਸ਼ਾਹ ਬਨ-ਹਦਦ ਤਦ ਬੀਮਾਰ ਸੀ। ਇੱਕ ਮਨੁੱਖ ਨੇ ਬਨ-ਹਦਦ ਨੂੰ ਇਹ ਦੱਸਿਆ ਕਿ ਪਰਮੇਸ਼ੁਰ ਦਾ ਮਨੁੱਖ ਇੱਥੇ ਆਇਆ ਹੈ।

ਤਦ ਬਨ-ਹਦਦ ਪਾਤਸ਼ਾਹ ਨੇ ਹਜ਼ਾਏਲ ਨੂੰ ਆਖਿਆ, “ਜਾਓ ਤੇ ਤੋਹਫ਼ਾ ਲੈ ਕੇ ਪਰਮੇਸ਼ੁਰ ਦੇ ਮਨੁੱਖ ਨੂੰ ਮਿਲਣ ਲਈ ਜਾਵੋ ਅਤੇ ਉਸ ਨੂੰ ਆਖੋ ਕਿ ਯਹੋਵਾਹ ਨੂੰ ਪੁੱਛੇ ਕਿ ਕੀ ਮੈਂ ਆਪਣੀ ਬਿਮਾਰੀ ਤੋਂ ਠੀਕ ਹੋ ਜਾਵਾਂਗਾ?”

ਤਦ ਹਜ਼ਾਏਲ ਅਲੀਸ਼ਾ ਨੂੰ ਮਿਲਣ ਲਈ ਗਿਆ ਅਤੇ ਆਪਣੇ ਨਾਲ ਤੋਹਫ਼ੇ ਵੀ ਲੈ ਗਿਆ। ਉਹ ਆਪਣੇ ਨਾਲ ਦੰਮਿਸਕ ਦੀਆਂ ਸਭ ਵਿਸ਼ੇਸ਼ ਵਸਤਾਂ ਲੈ ਕੇ ਗਿਆ। ਇਹ ਸਭ ਤੋਹਫ਼ੇ ਚੁੱਕਣ ਲਈ ਉਸ ਨੂੰ ਚਾਲੀ ਊਠ ਕਰਨੇ ਪਏ ਤੇ ਫ਼ਿਰ ਹਜ਼ਾਏਲ ਅਲੀਸ਼ਾ ਵੱਲ ਗਿਆ ਅਤੇ ਜਾਕੇ ਉਸ ਨੂੰ ਆਖਿਆ, “ਤੇਰੇ ਚੇਲੇ ਅਰਾਮ ਦੇ ਰਾਜੇ ਬਨ-ਹਦਦ ਨੇ ਇਹ ਆਖਕੇ ਮੈਨੂੰ ਤੇਰੇ ਕੋਲ ਭੇਜਿਆ ਹੈ ਕਿ ਇਹ ਪੁੱਛਾਂ ਕਿ ਕੀ ਮੈਂ ਇਸ ਰੋਗ ਤੋਂ ਚੰਗਾ ਹੋ ਜਾਵਾਂਗਾ?”

10 ਤਦ ਅਲੀਸ਼ਾ ਨੇ ਹਜ਼ਾਏਲ ਨੂੰ ਆਖਿਆ, “ਜਾਹ ਅਤੇ ਜਾਕੇ ਬਨ-ਹਦਦ ਨੂੰ ਆਖ ਕਿ ਉਹ ਅੱਛਾ ਹੋ ਜਾਵੇਗਾ ਪਰ ਯਹੋਵਾਹ ਨੇ ਮੇਰੇ ਉਪਰ ਪ੍ਰਗਟ ਕੀਤਾ ਹੈ ਕਿ ਉਹ ਜ਼ਰੂਰ ਮਰ ਜਾਵੇਗਾ।”

ਅਲੀਸ਼ਾ ਦੀ ਹਜ਼ਾਏਲ ਬਾਰੇ ਭਵਿੱਖਬਾਣੀ

11 ਅਲੀਸ਼ਾ ਹਜ਼ਾਏਲ ਵੱਲ ਟਿਕ-ਟਿਕੀ ਲਗਾ ਕੇ ਉਨੀ ਦੇਰ ਵੇਖਦਾ ਰਿਹਾ ਜਦ ਤੀਕ ਉਹ ਸ਼ਰਮਸਾਰ ਨਾ ਹੋ ਗਿਆ। ਤਦ ਪਰਮੇਸ਼ੁਰ ਦੇ ਮਨੁੱਖ ਨੇ ਰੋਣਾ ਸ਼ੁਰੂ ਕਰ ਦਿੱਤਾ। 12 ਹਜ਼ਾਏਲ ਨੇ ਪੁੱਛਿਆ, “ਸੁਆਮੀ, ਤੂੰ ਰੋ ਕਿਉਂ ਰਿਹਾ ਹੈ?”

ਅਲੀਸ਼ਾ ਨੇ ਆਖਿਆ “ਮੈਂ ਇਸ ਲਈ ਰੋ ਰਿਹਾ ਹਾਂ ਕਿਉਂ ਕਿ ਮੈਂ ਜਾਣਦਾ ਹਾਂ ਜੋ ਬਦੀ ਤੂੰ ਇਸਰਾਏਲੀਆਂ ਨਾਲ ਕਰਨ ਵਾਲਾ ਹੈਂ। ਤੂੰ ਉਨ੍ਹਾਂ ਦੇ ਮਜ਼ਬੂਤ ਸ਼ਹਿਰਾਂ ਨੂੰ ਸਾੜ ਦੇਵੇਂਗਾ ਅਤੇ ਉਨ੍ਹਾਂ ਦੇ ਨੌਜੁਆਨਾਂ ਨੂੰ ਤਲਵਾਰ ਨਾਲ ਵੱਢ ਸੁੱਟੇਗਾ। ਤੂੰ ਉਨ੍ਹਾਂ ਦੇ ਮਾਸੂਮ ਬੱਚਿਆਂ ਨੂੰ ਵੀ ਮਾਰ ਮੁਕਾਵੇਂਗਾ ਅਤੇ ਉਨ੍ਹਾਂ ਦੀਆਂ ਗਰਭਵਤੀ ਔਰਤਾਂ ਨੂੰ ਵੀ ਚੀਰ ਸੁੱਟੇਂਗਾ।”

13 ਹਜ਼ਾਏਲ ਨੇ ਆਖਿਆ, “ਮੈਂ ਇੰਨਾ ਤਾਕਤਵਰ ਮਨੁੱਖ ਨਹੀਂ ਜੋ ਇਹੋ ਜਿਹੇ ਵੱਡੇ ਕਾਰਜ ਕਰ ਸੱਕਾਂ।”

ਅਲੀਸ਼ਾ ਨੇ ਆਖਿਆ, “ਯਹੋਵਾਹ ਨੇ ਮੈਨੂੰ ਵਿਖਾਇਆ ਹੈ ਕਿ ਤੂੰ ਅਰਾਮ ਉੱਤੇ ਰਾਜਾ ਹੋਵੇਂਗਾ।”

14 ਤਦ ਹਜ਼ਾਏਲ ਉੱਥੋਂ ਮੁੜਕੇ ਪਾਤਸ਼ਾਹ ਕੋਲ ਗਿਆ। ਬਨ-ਹਦਦ ਨੇ ਹਜ਼ਾਏਲ ਨੂੰ ਪੁੱਛਿਆ, “ਅਲੀਸ਼ਾ ਨੇ ਤੈਨੂੰ ਕੀ ਆਖਿਆ ਹੈ?”

ਹਜ਼ਾਏਲ ਨੇ ਉੱਤਰ ਦਿੱਤਾ, “ਅਲੀਸ਼ਾ ਨੇ ਮੈਨੂੰ ਕਿਹਾ ਹੈ ਕਿ ਤੂੰ ਜਿਉਂਦਾ ਰਹੇਗਾ।”

ਹਜ਼ਾਏਲ ਵੱਲੋਂ ਬਨ-ਹਦਦ ਦਾ ਕਤਲ

15 ਪਰ ਅਗਲੇ ਦਿਨ, ਹਜ਼ਾਏਲ ਨੇ ਇੱਕ ਮੋਟਾ ਕੱਪੜਾ ਲਿਆ ਤੇ ਉਸ ਨੂੰ ਪਾਣੀ ਨਾਲ ਭਿਉਂ ਕੇ ਉਸ ਦੇ ਮੂੰਹ ਨੂੰ ਢੱਕ ਦਿੱਤਾ, ਇਸ ਨਾਲ ਬਨ-ਹਦਦ ਮਰ ਗਿਆ ਤੇ ਹਜ਼ਾਏਲ ਨਵਾਂ ਰਾਜਾ ਬਣ ਗਿਆ।

ਯਹੋਰਾਮ ਨੇ ਆਪਣਾ ਰਾਜ ਚਲਾਇਆ

16 ਇਸਰਾਏਲ ਦੇ ਪਾਤਸ਼ਾਹ, ਅਹਾਬ ਦੇ ਪੁੱਤਰ ਯੋਰਾਮ ਦੇ ਪੰਜਵੇਂ ਸਾਲ ਜਦੋਂ ਯਹੋਸ਼ਾਫ਼ਾਟ ਯਹੂਦਾਹ ਦਾ ਪਾਤਸ਼ਾਹ ਸੀ, ਉਸ ਵੇਲੇ ਯਹੂਦਾਹ ਦੇ ਪਾਤਸ਼ਾਹ ਯਹੋਸ਼ਾਫ਼ਾਟ ਦਾ ਪੁੱਤਰ ਯਹੋਰਾਮ ਰਾਜ ਕਰਨ ਲੱਗਾ। 17 ਯਹੋਰਾਮ ਜਦੋਂ ਰਾਜ ਕਰਨ ਲੱਗਿਆ ਤਾਂ ਉਹ 32 ਸਾਲਾਂ ਦਾ ਸੀ ਅਤੇ ਉਸ ਨੇ ਯਰੂਸ਼ਲਮ ਵਿੱਚ ਅੱਠ ਸਾਲ ਰਾਜ ਕੀਤਾ। 18 ਪਰ ਉਸ ਨੇ ਅਹਾਬ ਦੇ ਘਰਾਣੇ ਵਾਂਗ ਇਸਰਾਏਲ ਦੇ ਪਾਤਸ਼ਾਹ ਦੇ ਰਾਹ ਨੂੰ ਹੀ ਫ਼ੜਿਆ ਤੇ ਉਹ ਕੁਝ ਕੀਤਾ ਜੋ ਯਹੋਵਾਹ ਉਚਿਤ ਨਹੀਂ ਸੀ ਸਮਝਦਾ। ਕਿਉਂ ਕਿ ਅਹਾਬ ਦੀ ਧੀ ਉਸਦੀ ਰਾਣੀ ਹੋ ਗਈ ਸੀ ਇਸ ਲਈ ਉਸ ਨੇ ਵੀ ਉਹੀ ਕੁਝ ਕੀਤਾ। 19 ਫ਼ਿਰ ਵੀ ਯਹੋਵਾਹ ਨੇ ਆਪਣੇ ਇਕਰਾਰ ਕਾਰਣ ਜਿਹੜਾ ਕਿ ਉਸ ਨੇ ਦਾਊਦ ਨਾਲ ਕੀਤਾ ਸੀ ਉਸ ਨੂੰ ਨਸ਼ਟ ਨਾ ਕੀਤਾ। ਯਹੋਵਾਹ ਨੇ ਦਾਊਦ ਨਾਲ ਇਕਰਾਰ ਕੀਤਾ ਸੀ ਕਿ ਉਸਦੀ ਅੰਸ਼ ਵਿੱਚੋਂ ਕੋਈ ਨਾ ਕੋਈ ਰਾਜ ਕਰੇਗਾ।

20 ਯਹੋਰਾਮ ਦੇ ਰਾਜ ਦੇ ਦਿਨਾਂ ਵਿੱਚ ਅਦੋਮ ਯਹੂਦਾਹ ਦੀ ਅਧੀਨਗੀ ਨੂੰ ਆਕੀ ਹੋ ਗਿਆ ਅਤੇ ਅਦੋਮ ਦੇ ਲੋਕਾਂ ਨੇ ਆਪਣੇ ਲਈ ਇੱਕ ਅਲੱਗ ਰਾਜਾ ਚੁਣਿਆ।

21 ਤਦ ਯਹੋਰਾਮ ਅਤੇ ਉਸ ਦੇ ਸਾਰੇ ਰੱਥ ਸਈਰ ਨੂੰ ਗਏ ਤੇ ਅਦੋਮੀਆਂ ਦੀ ਫ਼ੌਜ ਨੇ ਉਨ੍ਹਾਂ ਨੂੰ ਘੇਰ ਲਿਆ ਤਾਂ ਯਹੋਰਾਮ ਤੇ ਉਸ ਦੇ ਅਫ਼ਸਰਾਂ ਨੇ ਉਨ੍ਹਾਂ ਦਾ ਮੁਕਾਬਲਾ ਕੀਤਾ, ਉਨ੍ਹਾਂ ਤੇ ਹਮਲਾ ਕਰਕੇ ਉਹ ਬਚਕੇ ਨਿਕਲ ਗਏ ਅਤੇ ਯਹੋਰਾਮ ਦੀ ਸਾਰੀ ਸੈਨਾ ਭੱਜ ਗਈ ਅਤੇ ਘਰਾਂ ਨੂੰ ਪਰਤ ਗਈ। 22 ਸੋ ਅਦੋਮੀ ਯਹੂਦਾਹ ਤੋਂ ਆਕੀ ਹੋ ਗਏ ਜੋ ਕਿ ਅੱਜ ਤੀਕ ਆਕੀ ਹਨ।

ਪਰ ਇਸਦੇ ਨਾਲ ਹੀ ਲਿਬਨਾਹ ਵੀ ਯਹੂਦਾਹ ਤੋਂ ਆਕੀ ਹੋ ਗਿਆ।

23 ਯਹੋਰਾਮ ਦੀ ਬਾਕੀ ਵਾਰਤਾ ਅਤੇ ਜੋ ਕਾਰਜ ਉਸ ਨੇ ਕੀਤੇ ਉਹ ਯਹੂਦਾਹ ਦੇ ਰਾਜਿਆਂ ਦੇ ਇਤਹਾਸ ਦੀ ਪੋਥੀ ਵਿੱਚ ਦਰਜ ਹਨ।

24 ਯਹੋਰਾਮ ਮਰ ਗਿਆ ਤਾਂ ਉਸ ਨੂੰ ਦਾਊਦ ਦੇ ਸ਼ਹਿਰ ਉਸ ਦੇ ਪੁਰਖਿਆਂ ਦੇ ਕੋਲ ਹੀ ਦਫ਼ਨਾਇਆ ਗਿਆ ਅਤੇ ਉਸਤੋਂ ਬਾਅਦ ਉਸਦਾ ਪੁੱਤਰ ਅਹਜ਼ਯਾਹ ਪਾਤਸ਼ਾਹ ਬਣਿਆ।

ਅਹਜ਼ਯਾਹ ਨੇ ਆਪਣਾ ਰਾਜ ਚਲਾਇਆ

25 ਇਸਰਾਏਲ ਦੇ ਪਾਤਸ਼ਾਹ ਦੇ ਪੁੱਤਰ ਯਹੋਰਾਮ ਦੇ ਬਾਰ੍ਹਵੇਂ ਸਾਲ ਤੋਂ ਯਹੂਦਾਹ ਦੇ ਪਾਤਸ਼ਾਹ ਯਹੋਰਾਮ ਦਾ ਪੁੱਤਰ ਅਹਜ਼ਯਾਹ ਰਾਜ ਕਰਨ ਲੱਗਾ। 26 ਉਸ ਵਕਤ ਅਹਜ਼ਯਾਹ 22 ਸਾਲਾਂ ਦਾ ਸੀ ਜਦੋਂ ਉਹ ਰਾਜ ਕਰਨ ਲੱਗਾ। ਉਸ ਨੇ ਇੱਕ ਸਾਲ ਯਰੂਸ਼ਲਮ ਵਿੱਚ ਰਾਜ ਕੀਤਾ। ਉਸਦੀ ਮਾਂ ਦਾ ਨਾਂ ਸੀ ਅਥਲਯਾਹ ਜੋ ਕਿ ਇਸਰਾਏਲ ਦੇ ਰਾਜੇ ਆਮਰੀ ਦੀ ਧੀ ਸੀ। 27 ਅਹਜ਼ਯਾਹ ਵੀ ਅਹਾਬ ਦੇ ਘਰਾਣੇ ਦੇ ਰਾਹੇ ਹੀ ਤੁਰਿਆ ਅਤੇ ਉਸ ਨੇ ਵੀ ਅਹਾਬ ਦੇ ਘਰਾਣੇ ਵਾਂਗ ਯਹੋਵਾਹ ਦੀ ਨਿਗਾਹ ਵਿੱਚ ਬਦੀ ਕੀਤੀ, ਕਿਉਂ ਕਿ ਉਹ ਅਹਾਬ ਦੇ ਘਰਾਣੇ ਦਾ ਹੀ ਜੁਆਈ ਸੀ।

ਜੰਗ ਵਿੱਚ ਹਜ਼ਾਏਲ ਦੇ ਖਿਲਾਫ਼ ਲੜਦਿਆਂ ਯੋਰਾਮ ਦਾ ਫ਼ੱਟੜ ਹੋਣਾ

28 ਯੋਰਾਮ ਅਹਾਬ ਦੇ ਘਰਾਣੇ ਵਿੱਚੋਂ ਸੀ। ਅਹਜ਼ਯਾਹ ਰਾਮੋਥ ਗਿਲਆਦ ਵਿੱਚ ਯੋਰਾਮ ਦੇ ਨਾਲ ਅਰਾਮ ਦੇ ਰਾਜਾ ਹਜ਼ਾਏਲ ਨਾਲ ਲੜਨ ਲਈ ਗਿਆ ਅਤੇ ਅਰਾਮੀਆਂ ਨੇ ਯੋਰਾਮ ਨੂੰ ਫ਼ੱਟੜ ਕੀਤਾ। 29 ਯੋਰਾਮ ਇਸਰਾਏਲ ਵਿੱਚ ਵਾਪਸ ਮੁੜ ਆਇਆ ਤਾਂ ਜੋ ਉਹ ਉਨ੍ਹਾਂ ਜ਼ਖਮਾਂ ਨੂੰ ਠੀਕ ਕਰ ਸੱਕੇ। ਯੋਰਾਮ ਯਿਜ਼ਰਏਲ ਖੇਤਰ ਵੱਲ ਗਿਆ। ਯਹੋਰਾਮ ਦਾ ਪੁੱਤਰ ਅਹਜ਼ਯਾਹ ਉਸ ਵਕਤ ਯਹੂਦਾਹ ਦਾ ਪਾਤਸ਼ਾਹ ਸੀ ਤਾਂ ਅਹਜ਼ਯਾਹ ਯੋਰਾਮ ਨੂੰ ਵੇਖਣ ਲਈ ਯਿਜ਼ਰਏਲ ਵੱਲ ਗਿਆ।

ਅਲੀਸ਼ਾ ਦਾ ਨੌਜੁਆਨ ਨਬੀ ਨੂੰ ਯੇਹੂ ਨੂੰ ਮਸਹ ਕਰਨ ਲਈ ਕਹਿਣਾ

ਅਲੀਸ਼ਾ ਨਬੀ ਨੇ ਨਬੀਆਂ ਦੇ ਟੋਲੇ ਵਿੱਚੋਂ ਇੱਕ ਨੂੰ ਸੱਦ ਕੇ ਉਸ ਨੂੰ ਆਖਿਆ, “ਆਪਣਾ ਆਪ ਕੱਸ ਅਤੇ ਤੇਲ ਦੀ ਇੱਕ ਕੁੱਪੀ ਆਪਣੇ ਹੱਥ ਵਿੱਚ ਲੈ ਅਤੇ ਰਾਮੋਥ-ਗਿਲਆਦ ਵਿੱਚ ਜਾਹ। ਜਦ ਤੂੰ ਉੱਥੇ ਜਾਵੇਂ ਤਾਂ ਨਿਮਸ਼ੀ ਦੇ ਪੋਤਰੇ, ਯਹੋਸ਼ਾਫ਼ਾਟ ਦੇ ਪੁੱਤਰ ਯੇਹੂ ਨੂੰ ਲੱਭੀ। ਫ਼ਿਰ ਤੂੰ ਅੰਦਰ ਜਾਕੇ ਉਸ ਨੂੰ ਉਸ ਦੇ ਭਰਾਵਾਂ ਵਿੱਚੋਂ ਉੱਠਾਕੇ ਅੰਦਰਲੀ ਕੋਠੜੀ ਵਿੱਚ ਲੈ ਜਾਵੀਂ। ਫ਼ਿਰ ਤੇਲ ਦੀ ਕੁੱਪੀ ਲੈ ਕੇ ਉਸ ਦੇ ਸਿਰ ਤੇ ਰੋੜ ਦੇਵੀਂ ਅਤੇ ਆਖੀਂ ਕਿ ਯਹੋਵਾਹ ਇਵੇਂ ਫ਼ਰਮਾਉਂਦਾ ਹੈ ਕਿ ਮੈਂ ਤੈਨੂੰ ਇਸਰਾਏਲ ਦਾ ਪਾਤਸ਼ਾਹ ਹੋਣ ਲਈ ਮਸਹ ਕੀਤਾ ਹੈ। ਫ਼ਿਰ ਤੂੰ ਬੂਹਾ ਖੋਲ੍ਹ ਕੇ ਨੱਸ ਆਵੀ, ਉੱਥੇ ਰੁਕੀ ਨਾ।”

ਸੋ ਇਹ ਜੁਆਨ ਨਬੀ ਰਾਮੋਥ-ਗਿਲਆਦ ਨੂੰ ਗਿਆ। ਜਦੋਂ ਨੌਜੁਆਨ ਉੱਥੇ ਪਹੁੰਚਿਆ ਤਾਂ ਉਸ ਨੇ ਉੱਥੇ ਸੈਨਾ ਦੇ ਕਪਤਾਨਾਂ ਨੂੰ ਬੈਠੇ ਹੋਏ ਵੇਖਿਆ। ਤਾਂ ਉਸ ਨੌਜੁਆਨ ਨੇ ਆਖਿਆ, “ਹੇ ਕਪਤਾਨ! ਮੈਂ ਤੇਰੇ ਲਈ ਇੱਕ ਸੁਨੇਹਾ ਲੈ ਕੇ ਆਇਆ ਹਾਂ।”

ਯੇਹੂ ਬੋਲਿਆ “ਅਸੀਂ ਸਾਰੇ ਹੀ ਇੱਥੇ ਬੈਠੇ ਹਾਂ, ਸਾਡੇ ਸਾਰਿਆਂ ਵਿੱਚੋਂ ਕਿਸ ਲਈ ਸੁਨੇਹਾ ਲੈ ਕੇ ਤੂੰ ਆਇਆ ਹੈਂ?”

ਉਸ ਨੌਜੁਆਨ ਨੇ ਕਿਹਾ, “ਸੰਦੇਸ਼ ਹੇ ਕਪਤਾਨ! ਤੇਰੇ ਲਈ ਹੀ ਹੈ।”

ਤਦ ਯੇਹੂ ਉੱਠ ਕੇ ਘਰ ਅੰਦਰ ਗਿਆ ਤਦ ਨੌਜੁਆਨ ਨਬੀ ਨੇ ਯੇਹੂ ਦੇ ਸਿਰ ਤੇ ਤੇਲ ਡੋਹਲ ਦਿੱਤਾ ਅਤੇ ਉਸ ਨੂੰ ਆਖਿਆ, “ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਉਂ ਫ਼ਰਮਾਉਂਦਾ ਹੈ, ‘ਮੈਂ ਤੈਨੂੰ ਯਹੋਵਾਹ ਦੇ ਲੋਕਾਂ ਇਸਰਾਏਲ ਦਾ ਪਾਤਸ਼ਾਹ ਹੋਣ ਲਈ ਮਸਹ ਕੀਤਾ ਹੈ। ਤੂੰ ਆਪਣੇ ਸੁਆਮੀ ਅਹਾਬ ਦੇ ਘਰਾਣੇ ਨੂੰ ਮਾਰ ਸੁੱਟੀ। ਇਸ ਤਰੀਕੇ ਮੈਂ ਈਜ਼ਬਲ ਤੋਂ ਆਪਣੇ ਸੇਵਕਾਂ ਦੀ ਮੌਤ, ਨਬੀਆਂ ਦੀ ਅਤੇ ਹੋਰ ਯਹੋਵਾਹ ਦੇ ਸੇਵਕਾਂ ਦੀ ਜੋ ਕਤਲ ਹੋਏ ਬਦਲਾ ਲਵਾਂਗਾ। ਇਉਂ ਅਹਾਬ ਦੇ ਸਾਰੇ ਘਰਾਣੇ ਦਾ ਨਾਸ ਹੋਵੇਗਾ। ਮੈਂ ਉਸ ਦੇ ਘਰਾਣੇ ’ਚੋ ਇੱਕ ਵੀ ਮੁੰਡੇ ਨੂੰ ਜਿਉਂਦਾ ਨਾ ਛੱਡਾਂਗਾ। ਮੈਂ ਅਹਾਬ ਦੇ ਘਰ ਨੂੰ ਨਬਾਟ ਦੇ ਪੁੱਤਰ, ਯਾਰਾਬੁਆਮ ਦੇ ਘਰ ਅਤੇ ਅਹੀਯਾਹ ਦੇ ਪੁੱਤਰ ਬਆਸ਼ਾ ਦੇ ਘਰ ਵਾਂਗ ਕਰ ਦੇਵਾਂਗਾ। 10 ਈਜ਼ਬਲ ਨੂੰ ਦਫ਼ਨਾਇਆ ਨਹੀਂ ਜਾਵੇਗਾ ਸਗੋਂ ਉਸਦੀ ਲਾਸ਼ ਨੂੰ ਯਿਜ਼ਰਏਲ ਵਿੱਚ ਕੁੱਤੇ ਖਾਣਗੇ।’”

ਫ਼ੇਰ ਉਹ ਨੌਜੁਆਨ ਨਬੀ ਦਰਵਾਜ਼ਾ ਖੋਲ੍ਹਕੇ ਭੱਜ ਗਿਆ।

ਸੇਵਕਾਂ ਨੇ ਯੇਹੂ ਨੂੰ ਪਾਤਸ਼ਾਹ ਠਹਿਰਾਇਆ

11 ਫ਼ਿਰ ਯੇਹੂ ਆਪਣੇ ਪਾਤਸ਼ਾਹ ਦੇ ਅਫ਼ਸਰਾਂ ਕੋਲ ਵਾਪਿਸ ਗਿਆ। ਉਨ੍ਹਾਂ ਵਿੱਚੋਂ ਇੱਕ ਨੇ ਯੇਹੂ ਨੂੰ ਪੁੱਛਿਆ, “ਕੀ ਸਭ ਕੁਝ ਠੀਕ-ਠਾਕ ਹੈ? ਇਹ ਕਮਲਾ ਆਦਮੀ ਤੇਰੇ ਕੋਲ ਕਿਉਂ ਆਇਆ ਸੀ?”

ਯੇਹੂ ਨੇ ਅਫ਼ਸਰਾਂ ਨੂੰ ਕਿਹਾ, “ਤੁਸੀਂ ਉਸ ਆਦਮੀ ਨੂੰ ਅਤੇ ਉਸ ਦੇ ਗੱਲ ਕਰਨ ਦੇ ਸਨਕੀ ਤਰੀਕੇ ਨੂੰ ਵੀ ਜਾਣਦੇ ਹੋ।”

12 ਅਫ਼ਸਰਾਂ ਨੇ ਕਿਹਾ, “ਨਹੀਂ! ਸਾਨੂੰ ਸੱਚ ਦੱਸ ਕਿ ਉਸ ਨੇ ਕੀ ਆਖਿਆ ਹੈ?” ਤਾਂ ਯੇਹੂ ਨੇ ਉਹ ਸਭ ਗੱਲਾਂ ਜੋ ਨੌਜੁਆਨ ਨਬੀ ਨੇ ਕਰੀਆਂ ਸਨ ਉਹ ਉਨ੍ਹਾਂ ਅਫ਼ਸਰਾਂ ਨੂੰ ਦੱਸੀਆਂ ਅਤੇ ਕਿਹਾ, “ਯਹੋਵਾਹ ਨੇ ਇਹ ਆਖਿਆ ਸੀ ਕਿ ਮੈਂ ਤੈਨੂੰ ਇਸਰਾਏਲ ਦਾ ਪਾਤਸ਼ਾਹ ਹੋਣ ਲਈ ਮਸਹ ਕੀਤਾ ਹੈ।”

13 ਤਦ ਉਨ੍ਹਾਂ ਸਭਨਾਂ ਨੇ ਛੇਤੀ ਕੀਤੀ ਅਤੇ ਹਰੇਕ ਮਨੁੱਖ ਨੇ ਆਪਣੇ ਕੱਪੜੇ ਲੈ ਕੇ ਉਸ ਦੇ ਹੇਠਾਂ ਉਨ੍ਹਾਂ ਹੀ ਪੌੜੀਆਂ ਉੱਪਰ ਵਿਛਾਏ ਅਤੇ ਤੁਰ੍ਹੀ ਵਜਾਕੇ ਇਹ ਐਲਾਨ ਕੀਤਾ ਕਿ ਯੇਹੂ ਪਾਤਸ਼ਾਹ ਹੈ।

ਯੇਹੂ ਦਾ ਯਿਜ਼ਰਏਲ ਜਾਣਾ

14 ਇਉਂ ਨਿਮਸ਼ੀ ਦੇ ਪੋਤਰੇ ਯਹੋਸ਼ਾਫ਼ਾਟ ਦੇ ਪੁੱਤਰ ਯੇਹੂ ਨੇ ਯੋਰਾਮ ਦੇ ਵਿਰੁੱਧ ਮਤਾ ਪਕਾਇਆ।

ਉਸ ਵਕਤ ਅਰਾਮ ਦੇ ਪਾਤਸ਼ਾਹ ਹਜ਼ਾਏਲ ਦੇ ਕਾਰਣ ਯੋਰਾਮ ਸਾਰੇ ਇਸਰਾਏਲ ਸਮੇਤ ਰਾਮੋਥ-ਗਿਲਆਦ ਦੀ ਦੇਖਭਾਲ ਕਰਦਾ ਸੀ। 15 ਯੋਰਾਮ ਪਾਤਸ਼ਾਹ, ਅਰਾਮ ਦੇ ਪਾਤਸ਼ਾਹ ਹਜ਼ਾਏਲ ਦੇ ਵਿਰੁੱਧ ਲੜਿਆ। ਪਰ ਅਰਾਮੀਆਂ ਨੇ ਯੋਰਾਮ ਪਾਤਸ਼ਾਹ ਨੂੰ ਫ਼ੱਟੜ ਕੀਤਾ, ਇਸ ਲਈ ਉਹ ਉਨ੍ਹਾਂ ਜ਼ਖਮਾਂ ਤੋਂ ਰਾਹਤ ਪਾਉਣ ਲਈ ਤੇ ਠੀਕ ਹੋਣ ਲਈ ਯਿਜ਼ਰਏਲ ਮੁੜ ਗਿਆ ਸੀ।

ਇਸ ਲਈ ਯੇਹੂ ਨੇ ਅਫ਼ਸਰਾਂ ਨੂੰ ਕਿਹਾ, “ਜੇਕਰ ਤੁਸੀਂ ਮੰਨਦੇ ਹੋ ਕਿ ਮੈਂ ਹੀ ਨਵਾਂ ਪਾਤਸ਼ਾਹ ਹਾਂ, ਤਾਂ ਕਿਸੇ ਨੂੰ ਵੀ ਸ਼ਹਿਰ ਵਿੱਚੋਂ ਬਾਹਰ ਜਾਕੇ ਯਿਜ਼ਰਾਏਲ ਨੂੰ ਇਹ ਖਬਰ ਨਾ ਦੇਣ ਦਿਓ।”

16 ਯੋਰਾਮ ਯਿਜ਼ਰਏਲ ਵਿੱਚ ਅਰਾਮ ਕਰ ਰਿਹਾ ਸੀ, ਤਾਂ ਯੇਹੂ ਰੱਥ ਉੱਤੇ ਚੜ੍ਹ ਕੇ ਯਿਜ਼ਰਏਲ ਨੂੰ ਗਿਆ। ਯਹੂਦਾਹ ਦਾ ਪਾਤਸ਼ਾਹ ਅਹਜ਼ਯਾਹ ਵੀ ਯੋਰਾਮ ਨੂੰ ਮਿਲਣ ਲਈ ਉੱਥੇ ਆਇਆ ਹੋਇਆ ਸੀ।

17 ਯਿਜ਼ਰਏਲ ਵਿੱਚ ਬੁਰਜ ਉੱਪਰ ਇੱਕ ਦਰਬਾਨ ਪਹਿਰੇ ਤੇ ਖੜ੍ਹਾ ਸੀ ਉਸ ਨੇ ਯੇਹੂ ਨਾਲ ਲੋਕਾਂ ਦਾ ਇੱਕ ਵੱਡਾ ਟੋਲਾ ਆਉਂਦਾ ਵੇਖਿਆਂ ਤਾਂ ਆਖਿਆ, “ਮੈਨੂੰ ਲੋਕਾਂ ਦਾ ਇੱਕ ਵੱਡਾ ਟੋਲਾ ਆਉਂਦਾ ਦਿਖਾਈ ਦੇ ਰਿਹਾ ਹੈ।”

ਯੋਰਾਮ ਨੇ ਕਿਹਾ, “ਕਿਸੇ ਨੂੰ ਘੋੜੇ ਤੇ ਉਨ੍ਹਾਂ ਨੂੰ ਮਿਲਣ ਲਈ ਅਤੇ ਪੁੱਛਣ ਲਈ ਭੇਜ ਕਿ ਜੇਕਰ ਉਹ ਸ਼ਾਂਤੀ ਲਈ ਆਏ ਹਨ?”

18 ਸੋ ਇੱਕ ਘੁੜਸਵਾਰ ਉਸ ਨੂੰ ਮਿਲਣ ਲਈ ਗਿਆ। ਸੰਦੇਸ਼ਵਾਹਕ ਨੇ ਕਿਹਾ, “ਯੋਰਾਮ ਪਾਤਸ਼ਾਹ ਪੁੱਛਦਾ ਹੈ ਸਭ ਸੁੱਖ ਤਾਂ ਹੈ?”

ਯੇਹੂ ਨੇ ਕਿਹਾ, “ਤੈਨੂੰ ਸ਼ਾਂਤੀ ਨਾਲ ਕੀ? ਮੇਰੇ ਪਿੱਛੇ ਚੱਲਦਾ ਆ।”

ਦਰਬਾਨ ਨੇ ਯੋਰਾਮ ਨੂੰ ਕਿਹਾ, “ਸੰਦੇਸ਼ਵਾਹਕ ਉਸ ਜੱਥੇ ਕੋਲ ਤਾਂ ਗਿਆ ਸੀ ਪਰ ਅਜੇ ਤੀਕ ਮੁੜਿਆ ਨਹੀਂ।”

19 ਤਦ ਯੋਰਾਮ ਨੇ ਦੂਜੇ ਸੰਦੇਸ਼ਵਾਹਕ ਨੂੰ ਘੋੜੇ ਤੇ ਭੇਜਿਆ ਅਤੇ ਇਹ ਆਦਮੀ ਯੇਹੂ ਦੇ ਜੱਥੇ ਕੋਲ ਪਹੁੰਚਿਆ ਅਤੇ ਆਖਣ ਲੱਗਾ, “ਪਾਤਸ਼ਾਹ ਯੋਰਾਮ ਪੁੱਛਦਾ ਹੈ ਕਿ ਸ਼ਾਂਤੀ ਤਾਂ ਹੈ?”

ਯੇਹੂ ਨੇ ਆਖਿਆ, “ਤੈਨੂੰ ਸ਼ਾਂਤੀ ਨਾਲ ਕੀ, ਚੱਲ ਮੇਰੇ ਪਿੱਛੇ ਚੱਲ ਪੈ।”

20 ਦਰਬਾਨ ਨੇ ਯੋਰਾਮ ਨੂੰ ਕਿਹਾ, “ਦੂਜਾ ਆਦਮੀ ਵੀ ਉਸ ਜੱਥੇ ਵੱਲ ਗਿਆ ਸੀ, ਪਰ ਅਜੇ ਤੀਕ ਮੁੜਿਆ ਨਹੀਂ। ਇੱਕ ਆਦਮੀ ਕਮਲਿਆਂ ਵਾਂਗ ਰੱਥ ਚਲਾਉਂਦਾ ਆ ਰਿਹਾ ਹੈ ਅਤੇ ਉਹ ਨਿਮਸ਼ੀ ਦੇ ਪੁੱਤਰ ਯੇਹੂ ਵਾਂਗ ਚਲਾਉਂਦਾ ਨਜ਼ਰ ਆ ਰਿਹਾ ਹੈ।”

21 ਯੋਰਾਮ ਨੇ ਆਖਿਆ, “ਮੇਰਾ ਰੱਥ ਤਿਆਰ ਕਰ!”

ਤਾਂ ਸੇਵਕ ਨੇ ਉਸਦਾ ਰੱਥ ਤਿਆਰ ਕੀਤਾ। ਤਦ ਇਸਰਾਏਲ ਦਾ ਪਾਤਸ਼ਾਹ ਯੋਰਾਮ ਅਤੇ ਯਹੂਦਾਹ ਦਾ ਪਾਤਸ਼ਾਹ ਅਹਜ਼ਯਾਹ ਆਪਣੇ-ਆਪਣੇ ਰੱਥ ਉੱਪਰ ਨਿਕਲੇ ਅਤੇ ਯੇਹੂ ਨੂੰ ਮਿਲਣ ਲਈ ਗਏ। ਉਨ੍ਹਾਂ ਨੂੰ ਯੇਹੂ ਨੂੰ ਯਿਜ਼ਰਏਲੀ ਨਬੋਥ ਦੀ ਜ਼ਮੀਨ ਉੱਪਰ ਲੱਭ ਲਿਆ।

22 ਯੋਰਾਮ ਨੇ ਯੇਹੂ ਨੂੰ ਵੇਖਿਆ ਤਾਂ ਪੁੱਛਿਆ, “ਯੇਹੂ, ਕੀ ਤੂੰ ਸੁੱਖ-ਸ਼ਾਂਤੀ ਵਿੱਚ ਆਇਆ ਹੈਂ?”

ਯੇਹੂ ਨੇ ਆਖਿਆ, “ਜਦੋਂ ਤੇਰੀ ਮਾਂ ਈਜ਼ਬਲ ਦੀਆਂ ਵੇਸ਼ਵਾਗਿਰੀ ਅਤੇ ਜਾਦੂਗਰੀਆਂ ਇੰਨੀਆਂ ਵਧੀਆਂ ਹੋਣ ਤਾਂ ਸ਼ਾਂਤੀ ਕੈਸੀ?”

23 ਤਦ ਯੋਰਾਮ ਨੇ ਉੱਥੋਂ ਭੱਜਣ ਲਈ ਆਪਣੇ ਘੋੜੇ ਦੀਆਂ ਵਾਗਾਂ ਮੋੜੀਆਂ ਅਤੇ ਅਹਜ਼ਯਾਹ ਨੂੰ ਆਖਿਆ, “ਅਹਜ਼ਯਾਹ! ਵਿਸ਼ਵਾਸ ਘਾਤ ਹੈ।”

24 ਪਰ ਯੇਹੂ ਨੇ ਆਪਣੇ ਧਨੁੱਖ ਜ਼ੋਰ ਨਾਲ ਖਿਚਿਆ ਅਤੇ ਯੋਰਾਮ ਦੇ ਮੋਢਿਆਂ ਵਿੱਚਕਾਰ ਮਾਰਿਆ। ਤੀਰ ਯੋਰਾਮ ਦੇ ਦਿਲ ਨੂੰ ਵਿੰਨ੍ਹ ਕੇ ਨਿਕਲਿਆ ਅਤੇ ਯੋਰਾਮ ਆਪਣੇ ਰੱਥ ਤੇ ਹੀ ਢਹਿ-ਢੇਰੀ ਹੋ ਗਿਆ।

25 ਯੇਹੂ ਨੇ ਆਪਣੇ ਇੱਕ ਰੱਥ ਚਾਲਕ ਬਿਦਕਰ ਨੂੰ ਆਖਿਆ, “ਯੋਰਾਮ ਦੀ ਲੋਥ ਨੂੰ ਚੁਕ ਕੇ ਨਬੋਥ ਯਿਜ਼ਰਏਲੀ ਦੇ ਖੇਤ ਵਿੱਚ ਸੁੱਟ ਦੇ। ਯਾਦ ਕਰ, ਜਦੋਂ ਆਪਾਂ ਦੋਵੇਂ ਉਸ ਦੇ ਪਿਤਾ ਅਹਾਬ ਦੇ ਪਿੱਛੇ ਸਵਾਰ ਹੋਏ ਸਾਂ ਤਾਂ ਯਹੋਵਾਹ ਨੇ ਉਸ ਦੇ ਖਿਲਾਫ਼ ਇਸੇ ਨਿਆਂ ਦਾ ਹੁਕਮ ਲਗਾਇਆ ਸੀ। 26 ਯਹੋਵਾਹ ਨੇ ਆਖਿਆ, ‘ਕੱਲ ਹੀ ਮੈਂ ਨਬੋਥ ਅਤੇ ਉਸ ਦੇ ਪੁੱਤਰ ਦਾ ਲਹੂ ਵੇਖਿਆ ਹੈ, ਇਸ ਲਈ ਮੈਂ ਅਹਾਬ ਨੂੰ ਇਸੇ ਖੇਤ ਵਿੱਚ ਦੰਡ ਦੇਵਾਂਗਾ।’ ਇਹ ਯਹੋਵਾਹ ਦੇ ਬਚਨ ਸਨ। ਇਸ ਲਈ, ਯੋਰਾਮ ਦੀ ਲਾਸ਼ ਚੁੱਕ ਅਤੇ ਯਹੋਵਾਹ ਦੇ ਕਹੇ ਅਨੁਸਾਰ ਇਸ ਨੂੰ ਉਸੇ ਖੇਤ ਵਿੱਚ ਸੁੱਟ ਦੇ!”

27 ਜਦ ਯਹੂਦਾਹ ਦੇ ਪਾਤਸ਼ਾਹ ਅਹਜ਼ਯਾਹ ਨੇ ਇਹ ਵੇਖਿਆ ਤਾਂ ਉਸ ਨੇ ਬਰਾਂਦਰੀ ਦੇ ਰਸਤੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਯੇਹੂ ਨੇ ਉਸਦਾ ਪਿੱਛਾ ਕੀਤਾ ਅਤੇ ਕਿਹਾ, “ਅਹਜ਼ਯਾਹ ਨੂੰ ਵੀ ਮਾਰ ਸੁੱਟੋ।”

ਅਹਜ਼ਯਾਹ ਵੀ ਜ਼ਖਮੀ ਹੋ ਗਿਆ ਜਦੋਂ ਉਹ ਗੂਰ ਦੇ ਰਸਤੇ ਜੋ ਯਿਬਲਾਮ ਦੇ ਨਾਲ ਹੀ ਹੈ ਵੱਲ ਨੂੰ ਵੱਧਿਆ ਸੀ। ਫ਼ਿਰ ਜਦੋਂ ਉਹ ਉੱਥੋਂ ਮਗਿੱਦੋ ਵੱਲ ਭਜਿਆ ਤਾਂ ਉੱਥੇ ਹੀ ਮਰ ਗਿਆ। 28 ਤਾਂ ਅਹਜ਼ਯਾਹ ਦੇ ਸੇਵਕਾਂ ਨੇ ਅਹਜ਼ਯਾਹ ਦੀ ਲਾਸ਼ ਨੂੰ ਰੱਥ ਵਿੱਚ ਪਾ ਕੇ ਯਰੂਸ਼ਲਮ ਨੂੰ ਲਿਆਂਦਾ ਅਤੇ ਉਸ ਨੂੰ ਉਸ ਦੇ ਪੁਰਖਿਆਂ ਦੀ ਕਬਰ ਦੇ ਨਾਲ ਦਾਊਦ ਦੇ ਸ਼ਹਿਰ ਵਿੱਚ ਹੀ ਦਫ਼ਨਾਇਆ।

29 ਅਹਜ਼ਯਾਹ, ਇਸਰਾਏਲ ਦੇ ਪਾਤਸ਼ਾਹ ਯੋਰਾਮ ਦੇ ਗਿਆਰ੍ਹਵੇਂ ਵਰ੍ਹੇ ਦੌਰਾਨ ਯਹੂਦਾਹ ਦਾ ਪਾਤਸ਼ਾਹ ਬਣ ਗਿਆ।

ਈਜ਼ਬਲ ਦੀ ਭਿਆਨਕ ਮੌਤ

30 ਜਦੋਂ ਯੇਹੂ ਯਿਜ਼ਰਏਲ ਵਿੱਚ ਗਿਆ ਤਾਂ ਈਜ਼ਬਲ ਨੇ ਜਦ ਉਸ ਦੇ ਆਉਣ ਦੀ ਖਬਰ ਸੁਣੀ ਤਾਂ ਉਸ ਨੇ ਆਪਣੀਆਂ ਅੱਖਾਂ ਕਜਲ ਪਾਇਆ ਅਤੇ ਆਪਣੇ ਵਾਲਾਂ ਨੂੰ ਸੁਆਰ ਕੇ ਬਾਰੀ ਵਿੱਚੋਂ ਝਾਕਣ ਲਗੀ। 31 ਜਦੋਂ ਯੇਹੂ ਸ਼ਹਿਰ ਵਿੱਚ ਦਾਖਲ ਹੋਇਆ ਤਾਂ ਉਸ ਨੇ ਆਖਿਆ, “ਜਿਮਰੀ [a] ਤੂੰ, ਜਿਸਨੇ ਆਪਣੇ ਹੀ ਸੁਆਮੀ ਨੂੰ ਮਾਰ ਦਿੱਤਾ, ਕੀ ਤੂੰ ਅਮਨ ਲਈ ਆਇਆ ਹੈਂ।”

32 ਯੇਹੂ ਨੇ ਬਾਰੀ ਵੱਲ ਤੱਕਿਆ ਅਤੇ ਆਖਿਆ, “ਕੌਣ ਹੈ ਮੇਰੇ ਵੱਲ? ਕੌਣ ਹੈ?”

ਤਦ ਯੇਹੂ ਵੱਲ ਬਾਰੀ ਵਿੱਚੋਂ ਦੋ-ਤਿੰਨ ਖੋਜਿਆਂ ਨੇ ਝਾਕਿਆ। 33 ਯੇਹੂ ਨੇ ਉਨ੍ਹਾਂ ਨੂੰ ਆਖਿਆ, “ਈਜ਼ਬਲ ਨੂੰ ਹੇਠਾਂ ਸੁੱਟ ਦੇਵੋ।”

ਤਦ ਖੋਜਿਆਂ ਨੇ ਉਸ ਨੂੰ ਹੇਠਾਂ ਸੁੱਟ ਦਿੱਤਾ ਅਤੇ ਉਸ ਦੇ ਖੂਨ ਦੇ ਛਿੱਟੇ ਕੰਧਾਂ ਅਤੇ ਘੋੜਿਆਂ ਉੱਪਰ ਪੈ ਗਏ। ਫ਼ੇਰ ਉਸ ਦੇ ਸ਼ਰੀਰ ਨੂੰ ਘੋੜਿਆਂ ਨੇ ਲਿਤਾੜ ਸੁੱਟਿਆ। 34 ਤ੍ਦ ਯੇਹੂ ਘਰ ਅੰਦਰ ਪ੍ਰਵੇਸ਼ ਕੀਤਾ ਤੇ ਅੰਦਰ ਜਾਕੇ ਖਾਧਾ-ਪੀਤਾ। ਫ਼ਿਰ ਉਸ ਨੇ ਕਿਹਾ, “ਵੇਖੋ ਇਸ ਸਰਾਪੀ ਔਰਤ ਵੱਲ ਅਤੇ ਇਸ ਨੂੰ ਦੱਬ ਦੇਵੋ ਕਿਉਂ ਕਿ ਇਹ ਪਾਤਸ਼ਾਹ ਦੀ ਧੀ ਹੈ।”

35 ਫ਼ਿਰ ਕੁਝ ਆਦਮੀ ਈਜ਼ਬਲ ਨੂੰ ਦਫ਼ਨਾਉਣ ਗਏ ਪਰ ਉਨ੍ਹਾਂ ਨੂੰ ਉਸਦੀ ਲਾਸ਼ ਹੀ ਨਾ ਲੱਭੀ। ਉਨ੍ਹਾਂ ਨੂੰ ਸਿਰਫ਼ ਉਸਦੀ ਖੋਪੜੀ, ਪੈਰ ਤੇ ਹੱਥਾਂ ਦੀਆਂ ਤਲੀਆਂ ਹੀ ਲੱਭੀਆਂ। 36 ਤਦ ਉਨ੍ਹਾਂ ਨੇ ਵਾਪਸ ਆਕੇ ਯੇਹੂ ਨੂੰ ਦੱਸਿਆ ਤਾਂ ਯੇਹੂ ਨੇ ਆਖਿਆ, “ਇਹ ਯਹੋਵਾਹ ਦੇ ਉਹੀ ਬਚਨ ਹਨ ਜਿਹੜੇ ਉਸ ਨੇ ਆਪਣੇ ਸੇਵਕ ਏਲੀਯਾਹ ਤਿਬਸ਼ੀ ਦੇ ਰਾਹੀਂ ਆਖੇ ਸਨ ਕਿ ਯਿਜ਼ਰਏਲ ਦੇ ਖੇਤਾਂ ਵਿੱਚ ਕੁੱਤੇ ਈਜ਼ਬਲ ਦਾ ਸ਼ਰੀਰ ਖਾਣਗੇ। 37 ਈਜ਼ਬਲ ਦੀ ਲਾਸ਼ ਯਿਜ਼ਰਏਲ ਦੇ ਖੇਤਾਂ ਵਿੱਚ ਪਈ ਇੰਝ ਖਾਦ ਬਣ ਜਾਵੇਗੀ ਕਿ ਕੋਈ ਵੀ ਇਹ ਨਾ ਪਛਾਣ ਸੱਕੇਗਾ ਕਿ ਇਹ ਉਸ ਦੀ ਲੋਥ ਹੈ।”

ਯੇਹੂ ਦਾ ਸਾਮਰਿਯਾ ਦੇ ਆਗੂਆਂ ਨੂੰ ਲਿਖਣਾ

10 ਸਾਮਰਿਯਾ ਵਿੱਚ ਅਹਾਬ ਦੇ 70 ਪੁੱਤਰ ਸਨ। ਯੇਹੂ ਨੇ ਸਾਮਰਿਯਾ ਵਿੱਚ ਯਿਜ਼ਰਏਲ ਦੇ ਸ਼ਾਸਕਾਂ ਤੇ ਆਗੂਆਂ ਨੂੰ ਚਿੱਠੀਆਂ ਲਿਖੀਆਂ। ਅਤੇ ਜੋ ਲੋਕ ਅਹਾਬ ਦੇ ਪੁੱਤਰਾਂ ਨੂੰ ਪਾਲਦੇ ਸਨ ਉਨ੍ਹਾਂ ਨੂੰ ਵੀ ਯੇਹੂ ਨੇ ਇਹ ਆਖਦਿਆਂ ਹੋਇਆਂ ਚਿੱਠੀਆਂ ਲਿਖੀਆਂ, 2-3 “ਜਦੋਂ ਹੀ ਤੁਹਾਨੂੰ ਇਹ ਪੱਤਰ ਮਿਲੇ ਤਾਂ ਤੁਸੀਂ ਆਪਣੇ ਸੁਆਮੀ ਦੇ ਪੁੱਤਰਾਂ ਵਿੱਚੋਂ ਸਾਰਿਆਂ ਨਾਲੋਂ ਚੰਗਾ ਤੇ ਜਿਹੜਾ ਸਭ ਤੋਂ ਵੱਧ ਲਾਇਕ ਹੋਵੇ ਉਸ ਨੂੰ ਚੁੱਕ ਕੇ ਉਸ ਦੇ ਪਿਤਾ ਦੀ ਗੱਦੀ ਉੱਪਰ ਬਿਠਾਵੋ! ਤੁਹਾਡੇ ਕੋਲ ਰੱਥ ਹਨ, ਘੋੜੇ ਹਨ ਅਤੇ ਤੁਸੀਂ ਇੱਕ ਮਜ਼ਬੂਤ ਸ਼ਹਿਰ ਦੇ ਕਿਲੇ ਵਿੱਚ ਰਹਿੰਦੇ ਹੋ, ਤੁਹਾਡੇ ਕੋਲ ਹਥਿਆਰ ਵੀ ਹਨ ਇਸ ਲਈ ਉਸ ਨੂੰ ਉਸ ਦੇ ਪਿਤਾ ਦੇ ਸਿੰਘਾਸਣ ਤੇ ਬਿਠਾਵੋ ਫ਼ਿਰ ਆਪਣੇ ਪਿਤਾ ਦੇ ਘਰਾਣੇ ਲਈ ਜੰਗ ਕਰੋ।”

ਪਰ ਯਿਜ਼ਰਏਲ ਦੇ ਸ਼ਾਸਕ ਅਤੇ ਆਗੂ ਬੜੇ ਡਰੇ ਹੋਏ ਸਨ। ਉਨ੍ਹਾਂ ਕਿਹਾ, “ਜੇਕਰ ਦੋ ਪਾਤਸ਼ਾਹ (ਯੋਰਾਮ ਅਤੇ ਅਹਜ਼ਯਾਹ) ਯੇਹੂ ਨੂੰ ਨਹੀਂ ਰੋਕ ਸੱਕੇ ਤਾਂ ਅਸੀਂ ਭਲਾ ਉਸ ਨੂੰ ਕਿਵੇਂ ਰੋਕ ਸੱਕਦੇ ਹਾਂ?”

ਉਹ ਮਨੁੱਖ ਜਿਹੜਾ ਅਹਾਬ ਦੇ ਘਰ ਦਾ ਮੁਖਤਿਆਰ ਸੀ, ਉਹ ਮਨੁੱਖ ਜਿਹੜਾ ਸਾਰੇ ਸ਼ਹਿਰ ਦਾ ਹਾਕਮ ਸੀ ਅਤੇ ਬਜ਼ੁਰਗਾਂ ਅਤੇ ਜਿਨ੍ਹਾਂ ਅਹਾਬ ਦੇ ਬੱਚਿਆਂ ਨੂੰ ਪਾਲਿਆ ਸੀ ਉਨ੍ਹਾਂ ਯੇਹੂ ਨੂੰ ਸੁਨੇਹਾ ਭੇਜਿਆ ਕਿ, “ਅਸੀਂ ਤਾਂ ਤੇਰੇ ਸੇਵਕ ਹਾਂ। ਜੋ ਕੁਝ ਵੀ ਤੂੰ ਕਹੇਂਗਾ ਅਸੀਂ ਕਰਨ ਨੂੰ ਤਿਆਰ ਹਾਂ। ਅਸੀਂ ਕਿਸੇ ਵੀ ਮਨੁੱਖ ਨੂੰ ਪਾਤਸ਼ਾਹ ਨਹੀਂ ਬਣਾਵਾਂਗੇ। ਜੋ ਤੈਨੂੰ ਠੀਕ ਲਗਦਾ ਹੈ ਤੂੰ ਉਹੀ ਕਰ।”

ਸਾਮਰਿਯਾ ਦੇ ਆਗੂਆਂ ਵੱਲੋਂ ਅਹਾਬ ਦੇ ਬੱਚਿਆਂ ਦੀ ਹੱਤਿਆ

ਤਦ ਯੇਹੂ ਨੇ ਦੂਜੀ ਚਿੱਠੀ ਵਿੱਚ ਉਨ੍ਹਾਂ ਨੂੰ ਇਹ ਲਿਖਿਆ, “ਜੇਕਰ ਤੁਸੀਂ ਮੇਰੀ ਆਗਿਆ ਮੰਨਦੇ ਹੋ ਅਤੇ ਮੇਰਾ ਸਾਥ ਦਿੰਦੇ ਹੋ ਤਾਂ ਤੁਸੀਂ ਆਪਣੇ ਸੁਆਮੀ ਅਹਾਬ ਦੇ ਪੁੱਤਰਾਂ ਦੇ ਸਿਰ ਵੱਢ ਸੁੱਟੋ। ਅਤੇ ਕੱਲ ਇਸੇ ਕੁ ਵੇਲੇ ਯਿਜ਼ਰਏਲ ਵਿੱਚ ਵੱਢ ਕੇ ਮੇਰੇ ਕੋਲ ਲੈ ਆਵੋ।”

ਅਹਾਬ ਦੇ 70 ਪੁੱਤਰ ਸਨ ਅਤੇ ਉਹ ਉਨ੍ਹਾਂ ਦੇ ਨਾਲ ਸਨ ਜਿਹੜੇ ਕਿ ਸ਼ਹਿਰ ਦੇ ਵਿੱਚ ਉਨ੍ਹਾਂ ਦੀ ਪਾਲਣਾ ਕਰ ਰਹੇ ਸਨ। ਜਦੋਂ ਸ਼ਹਿਰ ਦੇ ਆਗੂਆਂ ਨੂੰ ਇਹ ਚਿੱਠੀ ਮਿਲੀ, ਤਾਂ ਉਨ੍ਹਾਂ ਨੇ ਪਾਤਸ਼ਾਹ ਦੇ 70 ਪੁੱਤਰਾਂ ਨੂੰ ਇਕੱਠਿਆਂ ਕਰਕੇ ਵੱਢ ਸੁੱਟਿਆ ਅਤੇ ਫ਼ਿਰ ਉਨ੍ਹਾਂ ਨੇ ਉਨ੍ਹਾਂ ਦੇ ਸਿਰਾਂ ਨੂੰ ਟੋਕਰੀਆਂ ਵਿੱਚ ਪਾਕੇ ਯਿਜ਼ਰਏਲ ਵਿੱਚ ਯੇਹੂ ਕੋਲ ਭੇਜ ਦਿੱਤਾ। ਸੰਦੇਸ਼ਵਾਹਕ ਯੇਹੂ ਕੋਲ ਆਇਆ ਅਤੇ ਆਕੇ ਉਸ ਨੂੰ ਕਿਹਾ, “ਉਹ ਪਾਤਸ਼ਾਹ ਦੇ ਪੁੱਤਰਾਂ ਦੇ ਸਿਰ ਵੱਢ ਲਿਆਏ ਹਨ।”

ਤਦ ਯੇਹੂ ਨੇ ਆਖਿਆ, “ਉਨ੍ਹਾਂ ਨੂੰ ਕੱਲ ਸਵੇਰ ਤੀਕ ਸ਼ਹਿਰ ਦੇ ਫ਼ਾਟਕ ਤੇ ਢੇਰ ਲਗਾ ਕੇ ਰੱਖ ਛੱਡੋ।”

ਸਵੇਰ ਵੇਲੇ ਯੇਹੂ ਬਾਹਰ ਗਿਆ ਅਤੇ ਲੋਕਾਂ ਸਾਹਮਣੇ ਖੜ੍ਹਾ ਹੋਕੇ ਉਸ ਨੇ ਕਿਹਾ, “ਤੁਸੀਂ ਮਾਸੂਮ ਹੋ। ਵੇਖੋ! ਮੈਂ ਆਪਣੇ ਸੁਆਮੀ ਦੇ ਵਿਰੁੱਧ ਮਤਾ ਪਕਾਇਆ ਤੇ ਉਸ ਨੂੰ ਮਾਰ ਸੁੱਟਿਆ ਪਰ ਅਹਾਬ ਦੇ ਇਨ੍ਹਾਂ ਸਾਰੇ ਪੁੱਤਾਂ ਨੂੰ ਕਿਸ ਮਾਰਿਆ? 10 ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੋ ਗੱਲ ਯਹੋਵਾਹ ਨੇ ਅਹਾਬ ਦੇ ਘਰਾਣੇ ਬਾਰੇ ਕਹੀ ਉਹ ਅਜਾਈ ਨਹੀਂ ਜਾਵੇਗੀ। ਯਹੋਵਾਹ ਨੇ ਉਹੀ ਕੁਝ ਕੀਤਾ ਹੈ ਜੋ ਕੁਝ ਉਸ ਨੇ ਆਪਣੇ ਸੇਵਕ ਏਲੀਯਾਹ ਰਾਹੀਂ ਅਖਵਾਇਆ ਸੀ।”

11 ਤਦ ਯੇਹੂ ਨੇ ਉਨ੍ਹਾਂ ਸਾਰਿਆਂ ਨੂੰ ਮਾਰ ਦਿੱਤਾ ਜੋ ਯਿਜ਼ਰਏਲ ਵਿੱਚ ਜੋ ਅਹਾਬ ਦੇ ਘਰਾਣੇ ਵਿੱਚ ਬਾਕੀ ਰਹਿ ਗਏ ਸਨ ਉਸ ਨੇ ਸਾਰੇ ਮਹਾਂ-ਪੁਰਖਾਂ, ਨਿਕਟੀ ਮਿੱਤਰਾਂ, ਸੰਬੰਧੀਆਂ, ਜਾਜਕਾਂ ਨੂੰ ਮਾਰ ਦਿੱਤਾ। ਅਹਾਬ ਦੇ ਘਰਾਣੇ ਵਿੱਚੋਂ ਕੋਈ ਇੱਕ ਵੀ ਮਨੁੱਖ ਜਿਉਂਦਾ ਨਾ ਰਿਹਾ।

ਯੇਹੂ ਦਾ ਅਹਜ਼ਯਾਹ ਦੇ ਸੰਬੰਧੀਆਂ ਨੂੰ ਵੱਢਣਾ

12 ਯੇਹੂ ਯਿਜ਼ਰਏਲ ਨੂੰ ਛੱਡ ਸਾਮਰਿਯਾ ਵੱਲ ਚੱਲਾ ਗਿਆ। ਰਾਹ ਵਿੱਚ, ਉਹ ਉਸ ਜਗ੍ਹਾ ਰੁਕਿਆ ਜੋ ਅਯਾਲੀਆਂ ਦਾ ਡੇਰਾ ਕਹਾਉਂਦਾ ਸੀ। ਜਿੱਥੇ ਅਯਾਲੀ ਆਪਣੀਆਂ ਭੇਡਾਂ ਦੀ ਮੁਨਾਈ ਕਰਦੇ ਸਨ। 13 ਉੱਥੇ ਉਹ ਯਹੂਦਾਹ ਦੇ ਪਾਤਸ਼ਾਹ ਅਹਜ਼ਯਾਹ ਦੇ ਸੰਬੰਧੀਆਂ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਬੋਲਿਆ, “ਤੁਸੀਂ ਕੌਣ ਹੋ?”

ਉਨ੍ਹਾਂ ਕਿਹਾ, “ਅਸੀਂ ਯਹੂਦਾਹ ਦੇ ਪਾਤਸ਼ਾਹ ਅਹਜ਼ਯਾਹ ਦੇ ਸੰਬੰਧੀ ਹਾਂ ਅਸੀਂ ਪਾਤਸ਼ਾਹ ਦੇ ਪੁੱਤਰਾਂ ਤੇ ਰਾਣੀ ਦੇ ਪੁੱਤਰਾਂ ਨੂੰ ਸੁੱਖ-ਸਾਂਦ ਪੁੱਛਣ ਚੱਲੇ ਹਾਂ।”

14 ਤਦ ਯੇਹੂ ਨੇ ਆਪਣੇ ਆਦਮੀਆਂ ਨੂੰ ਕਿਹਾ, “ਇਨ੍ਹਾਂ ਨੂੰ ਜਿਉਂਦੇ ਫ਼ੜ ਲਵੋ।”

ਯੇਹੂ ਦੇ ਆਦਮੀਆਂ ਨੇ ਅਹਜ਼ਯਾਹ ਦੇ ਸੰਬੰਧੀਆਂ ਨੂੰ ਜਿਉਂਦਿਆਂ ਨੂੰ ਫ਼ੜ ਲਿਆ। ਉਹ 42 ਲੋਕ ਸਨ ਅਤੇ ਯੇਹੂ ਨੇ ਉਨ੍ਹਾਂ ਨੂੰ ਬੇਥ-ਇੱਕਦ ਦੇ ਨੇੜੇ ਖੂਹ ਦੇ ਕੋਲ ਵੱਢ ਸੁੱਟਿਆ। ਉੱਨ੍ਹਾਂ ਵਿੱਚੋਂ ਇੱਕ ਵੀ ਮਨੁੱਖ ਜਿਉਂਦਾ ਨਾ ਛੱਡਿਆ।

ਯੇਹੂ ਦਾ ਯਹੋਨਾਦਾਬ ਨੂੰ ਮਿਲਣਾ

15 ਜਦੋਂ ਯੇਹੂ ਉੱਥੋਂ ਨਿਕਲਿਆ ਤਾਂ ਫ਼ਿਰ ਉਹ ਰੇਕਾਬ ਦੇ ਪੁੱਤਰ ਯਹੋਨਾਦਾਬ ਨੂੰ ਮਿਲਿਆ। ਯਹੋਨਾਦਾਬ ਉਸ ਨੂੰ ਰਾਹ ’ਚ ਮਿਲ ਪਿਆ ਕਿਊਕਿ ਉਹ ਵੀ ਯੇਹੂ ਨੂੰ ਮਿਲਣ ਲਈ ਆ ਰਿਹਾ ਸੀ ਤਦ ਯੇਹੂ ਨੇ ਉਸ ਨੂੰ ਮਿਲਕੇ ਆਖਿਆ, “ਕੀ ਤੂੰ ਮੇਰਾ ਉਵੇਂ ਹੀ ਸੱਕਾ ਮਿੱਤਰ ਹੈਂ ਜਿਵੇਂ ਮੈਂ ਤੈਨੂੰ ਸਮਝਦਾ ਹਾਂ?”

ਯਹੋਨਾਦਾਬ ਨੇ ਆਖਿਆ, “ਹਾਂ ਮੈਂ ਤੇਰਾ ਇੱਕ ਵਫ਼ਾਦਾਰ ਦੋਸਤ ਹਾਂ।”

ਯੇਹੂ ਨੇ ਕਿਹਾ, “ਜੇਕਰ ਤੂੰ ਮੇਰਾ ਗੂੜਾ ਮਿੱਤਰ ਹੈਂ ਤਾਂ ਦੋਸਤੀ ਦਾ ਹੱਥ ਮੇਰੇ ਵੱਲ ਵੱਧਾਅ।”

ਜਦੋਂ ਉਸ ਨੇ ਆਪਣਾ ਹੱਥ ਉਸ ਵੱਲ ਵੱਧਇਆ ਤਾਂ ਯੇਹੂ ਨੇ ਉਸ ਨੂੰ ਆਪਣੇ ਰੱਥ ਤੇ ਬਿਠਾਅ ਲਿਆ।

16 ਯੇਹੂ ਨੇ ਆਖਿਆ, “ਮੇਰੇ ਨਾਲ ਚੱਲ ਅਤੇ ਯਹੋਵਾਹ ਦੇ ਨਮਿੱਤ ਮੇਰੀਆਂ ਭਾਵਨਾਵਾਂ ਨੂੰ ਵੇਖ।”

ਤਦ ਯਹੋਨਾਦਾਬ ਯੇਹੂ ਦੇ ਰੱਥ ਉੱਪਰ ਬੈਠ ਗਿਆ। 17 ਯੇਹੂ ਸਾਮਰਿਯਾ ਵੱਲ ਆਇਆ ਅਤੇ ਜੋ ਲੋਕ ਅਹਾਬ ਦੇ ਸੰਬੰਧੀ ਸਾਮਰਿਯਾ ਵਿੱਚ ਬਚ ਗਏ ਸਨ ਉਨ੍ਹਾਂ ਨੂੰ ਵੀ ਵੱਢ ਸੁੱਟਿਆ। ਯੇਹੂ ਨੇ ਉਨ੍ਹਾਂ ਸਾਰਿਆਂ ਨੂੰ ਵੱਢ ਸੁੱਟਿਆ। ਇੱਥੋਂ ਤੱਕ ਕਿ ਯੇਹੂ ਨੇ ਉਹ ਕੰਮ ਵੀ ਕੀਤੇ ਜੋ ਬਚਨ ਯਹੋਵਾਹ ਨੇ ਏਲੀਯਾਹ ਨਾਲ ਕੀਤੇ ਸਨ।

ਯੇਹੂ ਨੇ ਬਆਲ ਦੇ ਉਪਾਸਕਾਂ ਨੂੰ ਸੱਦਿਆ

18 ਤਦ ਯੇਹੂ ਨੇ ਸਾਰੇ ਲੋਕਾਂ ਨੂੰ ਇੱਕਤਰ ਕੀਤਾ ਅਤੇ ਉਨ੍ਹਾਂ ਨੂੰ ਆਖਿਆ, “ਅਹਾਬ ਨੇ ਬਆਲ ਦੀ ਥੋੜੀ ਉਪਾਸਨਾ ਕੀਤੀ ਪਰ ਯੇਹੂ ਉਸਦੀ ਬਹੁਤੀ ਉਪਾਸਨਾ ਕਰੇਗਾ। 19 ਹੁਣ ਤੁਸੀਂ ਬਆਲ ਦੇ ਸਾਰੇ ਜਾਜਕਾਂ ਅਤੇ ਨਬੀਆਂ ਨੂੰ ਇਕੱਠਾ ਕਰੋ ਅਤੇ ਸਾਰੇ ਉਨ੍ਹਾਂ ਲੋਕਾਂ ਨੂੰ ਇਕੱਠਾ ਕਰੋ ਜੋ ਬਆਲ ਦੇ ਉਪਾਸਕ ਹਨ। ਕੋਈ ਵੀ ਬਆਲ ਦਾ ਉਪਾਸਕ ਇਸ ਸਭਾ ਵਿੱਚ ਗੈਰਹਾਜ਼ਿਰ ਨਾ ਰਹੇ। ਮੈਂ ਬਆਲ ਲਈ ਵੱਡੀ ਬਲੀ ਚੜ੍ਹਾਉਣੀ ਹੈ ਅਤੇ ਜੋ ਇਸ ਸਭਾ ਵਿੱਚ ਉਸਦਾ ਉਪਾਸਕ ਗੈਰਹਾਜ਼ਿਰ ਹੋਇਆ ਮੈਂ ਉਸ ਨੂੰ ਮਾਰ ਸੁੱਟਾਂਗਾ।”

ਪਰ ਯੇਹੂ ਉਨ੍ਹਾਂ ਨਾਲ ਇਹ ਚਾਲ ਖੇਡ ਰਿਹਾ ਸੀ ਕਿਉਂ ਕਿ ਅਸਲ ਵਿੱਚ ਉਹ ਬਆਲ ਦੇ ਸਾਰੇ ਉਪਾਸਕਾਂ ਨੂੰ ਨਸ਼ਟ ਕਰਨਾ ਚਾਹੁੰਦਾ ਸੀ। 20 ਯੇਹੂ ਨੇ ਆਖਿਆ, “ਬਆਲ ਲਈ ਪਵਿੱਤਰ ਸਭਾ ਦੀ ਤਿਆਰੀ ਕਰੋ।” ਤਾਂ ਜਾਜਕਾਂ ਨੇ ਸਭਾ ਦਾ ਐਲਾਨ ਕਰ ਦਿੱਤਾ। 21 ਤਦ ਯੇਹੂ ਨੇ ਇਸਰਾਏਲ ਦੀ ਸਾਰੀ ਧਰਤੀ ਉੱਪਰ ਇਹ ਸੰਦੇਸ਼ ਪਹੁੰਚਾ ਦਿੱਤਾ ਤਾਂ ਬਆਲ ਦੇ ਸਾਰੇ ਉਪਾਸਕ ਇੱਕਤਰ ਹੋਏ। ਕੋਈ ਵੀ ਬੰਦਾ ਉਸਦਾ ਉਪਾਸਕ ਗੈਰਹਾਜ਼ਿਰ ਨਾ ਰਿਹਾ ਅਤੇ ਸਾਰੇ ਉਪਾਸਕ ਬਆਲ ਦੇ ਮੰਦਰ ਵਿੱਚ ਇੱਕਤਰ ਹੋਏ। ਤੇ ਬਆਲ ਦਾ ਮੰਦਰ ਖਚਾ-ਖਚ ਭੀੜ ਨਾਲ ਭਰ ਗਿਆ।

22 ਤਦ ਯੇਹੂ ਨੇ ਤੋਸ਼ੇਖਾਨੇ ਦੇ ਮੁਖਤਿਆਰ ਨੂੰ ਕਿਹਾ, “ਬਆਲ ਦੇ ਸਾਰੇ ਉਪਾਸਕਾਂ ਲਈ ਵਸਤਰ ਕੱਢ ਲਿਆ।” ਤਾਂ ਉਹ ਆਦਮੀ ਸਭਨਾਂ ਲਈ ਉੱਥੋਂ ਵਸਤਰ ਕੱਢ ਲਿਆਇਆ।

23 ਤਦ ਯੇਹੂ ਅਤੇ ਰੇਕਾਬ ਦਾ ਪੁੱਤਰ ਯਹੋਨਾਦਾਬ ਬਆਲ ਦੇ ਮੰਦਰ ਨੂੰ ਗਏ ਅਤੇ ਯੇਹੂ ਨੇ ਉਸ ਮੰਦਰ ਵਿੱਚ ਬਆਲ ਦੇ ਉਪਾਸਕਾਂ ਨੂੰ ਕਿਹਾ, “ਤੁਸੀਂ ਧਿਆਨ ਨਾਲ ਚਾਰੋ ਤਰਫ਼ ਵੇਖ ਲਵੋ ਕਿ ਇੱਥੇ ਕੋਈ ਤੁਹਾਡੇ ਨਾਲ ਯਹੋਵਾਹ ਦਾ ਉਪਾਸਕ ਨਾ ਹੋਵੇ, ਸਿਰਫ਼ ਬਆਲ ਦੇ ਉਪਾਸਕ ਹੀ ਹੋਣ।” 24 ਤਾਂ ਬਆਲ ਦੇ ਉਪਾਸਕ ਬਲੀਆਂ ਅਤੇ ਹੋਮ ਦੀਆਂ ਭੇਟਾਂ ਚੜ੍ਹਾਉਣ ਲਈ ਮੰਦਰ ਅੰਦਰ ਗਏ।

ਪਰ ਬਾਹਰ ਯੇਹੂ ਦੇ 80 ਆਦਮੀ ਇੰਤਜ਼ਾਰ ਕਰ ਰਹੇ ਸਨ। ਯੇਹੂ ਨੇ ਉਨ੍ਹਾਂ ਨੂੰ ਆਖਿਆ ਹੋਇਆ ਸੀ, “ਜੋ ਕੋਈ ਇਨ੍ਹਾਂ ਵਿੱਚੋਂ ਕਿਸੇ ਨੂੰ ਬਚਕੇ ਜਾਣ ਦੇਵੇਗਾ ਆਪਣੀ ਖੁਦ ਦੀ ਜਾਨ ਗੁਆ ਲਵੇਗਾ।”

25 ਜਿਉਂ ਹੀ ਯੇਹੂ ਹੋਮ ਦੀ ਭੇਟ ਚੜ੍ਹਾ ਹਟਿਆ ਉਵੇਂ ਹੀ ਯੇਹੂ ਨੇ ਪਹਿਰੇਦਾਰਾਂ ਅਤੇ ਕਪਤਾਨਾਂ ਨੂੰ ਆਖਿਆ, “ਅੰਦਰ ਜਾਓ ਅਤੇ ਜਾਕੇ ਬਆਲ ਦੇ ਜਾਜਕਾਂ ਨੂੰ ਮਾਰ ਸੁੱਟੋ। ਮੰਦਰ ਚੋ ਕੋਈ ਵੀ ਮਨੁੱਖ ਜਿਉਂਦਾ ਬਾਹਰ ਨਾ ਨਿਕਲੇ।”

ਤਾਂ ਕਪਤਾਨਾਂ ਨੇ ਬਆਲ ਦੇ ਜਾਜਕਾਂ ਨੂੰ ਤਲਵਾਰ ਦੀ ਧਾਰ ਨਾਲ ਵੱਢ ਸੁੱਟਿਆ। ਅਤੇ ਪਹਿਰੇਦਾਰਾਂ ਅਤੇ ਕਪਤਾਨਾਂ ਨੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਬਾਹਰ ਸੁੱਟ ਦਿੱਤਾ। ਤਦ ਉਹ ਮੰਦਰ ਦੇ ਅੰਦਰ ਵਾਲੇ ਕਮਰੇ ਵਿੱਚ ਪ੍ਰਵੇਸ਼ ਕੀਤੇ। 26 ਬਆਲ ਦੇ ਮੰਦਰ ਦੇ ਥੰਮਾਂ ਨੂੰ ਜਿਹੜੇ ਪੱਥਰ ਲੱਗੇ ਹੋਏ ਸਨ ਉਨ੍ਹਾਂ ਨੂੰ ਕੱਢ ਕੇ ਉਨ੍ਹਾਂ ਨੇ ਮੰਦਰ ਨੂੰ ਸਾੜ ਦਿੱਤਾ। 27 ਤੇ ਫ਼ਿਰ ਉਨ੍ਹਾਂ ਯਾਦਗਾਰੀ ਪੱਥਰ ਨੂੰ ਚੂਰਾ ਕਰ ਦਿੱਤਾ ਅਤੇ ਬਆਲ ਦੇ ਮੰਦਰ ਨੂੰ ਵੀ ਢਹਿ-ਢੇਰੀ ਕਰ ਦਿੱਤਾ ਅਤੇ ਮੰਦਰ ਦੀ ਥਾਵੇਂ ਉਸ ਨੂੰ ਬਣਾ ਦਿੱਤਾ। ਲੋਕ ਅੱਜ ਵੀ ਉਸ ਨੂੰ ਇਵੇਂ ਹੀ ਇਸਤੇਮਾਲ ਕਰਦੇ ਹਨ।

28 ਇਉਂ ਯੇਹੂ ਨੇ ਬਆਲ ਦੇ ਇਸਰਾਏਲ ਵਿੱਚੋਂ ਨਾਮੋ-ਨਿਸ਼ਾਨ ਮਿਟਾ ਦਿੱਤਾ। 29 ਪਰ ਫ਼ਿਰ ਵੀ ਯੇਹੂ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਪਾਪਾਂ ਤੋਂ, ਜਿਸਨੇ ਇਸਰਾਏਲ ਤੋਂ ਪਾਪ ਕਰਵਾਏ ਸਨ ਪੂਰੀ ਤਰ੍ਹਾਂ ਮੂੰਹ ਨਾ ਮੋੜਿਆ। ਉਹ ਸੁਨਿਹਰੀ ਵੱਛੇ ਜਿਹੜੇ ਬੈਤਏਲ ਅਤੇ ਦਾਨ ਵਿੱਚੋਂ ਸਨ ਉਨ੍ਹਾਂ ਨੂੰ ਯੇਹੂ ਨੇ ਤਬਾਹ ਨਾ ਕੀਤਾ।

ਇਸਰਾਏਲ ਉੱਪਰ ਯੇਹੂ ਦਾ ਰਾਜ

30 ਯਹੋਵਾਹ ਨੇ ਯੇਹੂ ਨੂੰ ਆਖਿਆ, “ਤੂੰ ਚੰਗਾ ਕੰਮ ਕੀਤਾ ਹੈ! ਜੋ ਕੰਮ ਮੈਂ ਚੰਗੇ ਆਖੇ, ਤੂੰ ਉਹ ਕੀਤੇ ਹਨ। ਜਿਵੇਂ ਮੈਂ ਅਹਾਬ ਦੀ ਕੁਲ ਨੂੰ ਤਬਾਹ ਕਰਨਾ ਚਾਹਿਆ ਤੂੰ ਉਵੇਂ ਹੀ ਕੀਤਾ। ਇਸ ਲਈ ਤੇਰੇ ਪੁੱਤਰ ਚੌਥੀ ਪੀੜੀ ਤੀਕ ਇਸਰਾਏਲ ਦੀ ਗੱਦੀ ਉੱਪਰ ਬੈਠਣਗੇ।”

31 ਪਰ ਯੇਹੂ ਨੇ ਇਸਰਾਏਲ ਦੇ ਪਰਮੇਸ਼ੁਰ ਦੀ ਬਿਵਸਥਾ ਉੱਪਰ ਚੱਲਣ ਲਈ ਲਾਪਰਵਾਹੀ ਵਰਤੀ ਅਤੇ ਉਸ ਨੇ ਯਾਰਾਬੁਆਮ ਦੇ ਪਾਪਾਂ ਤੋਂ ਮੂੰਹ ਨਾ ਮੋੜਿਆ। ਜਿਹੜੇ ਕਿ ਉਸ ਨੇ ਇਸਰਾਏਲ ਤੋਂ ਪਾਪ ਕਰਵਾਏ ਸਨ।

ਹਜ਼ਾਏਲ ਦਾ ਇਸਰਾਏਲ ਨੂੰ ਹਾਰ ਦੇਣਾ

32 ਉਨ੍ਹਾਂ ਦਿਨਾਂ ਵਿੱਚ ਯਹੋਵਾਹ ਇਸਰਾਏਲ ਦੇ ਭਾਗ-ਖੰਡ ਕਰ ਘਟਾਉਣ ਲੱਗਾ। ਅਰਾਮ ਦਾ ਪਾਤਸ਼ਾਹ ਹਜ਼ਾਏਲ ਇਸਰਾਏਲੀਆਂ ਨੂੰ ਇਸਰਾਏਲ ਦੇ ਹਰ ਹੱਦ ਤੋਂ ਹਰਾਉਣ ਲੱਗਾ। 33 ਯਰਦਨ ਤੋਂ ਲੈ ਕੇ ਪੂਰਬ ਵੱਲ ਗਿਲਆਦ ਦੇ ਸਾਰੇ ਦੇਸ਼ ਵਿੱਚ ਗਦੀਆਂ ਤੇ ਰਊਬੇਨੀਆਂ ਤੇ ਮਨਸੀਆਂ ਨੂੰ ਅਰੋਏਰ ਤੋਂ ਲੈ ਕੇ ਜੋ ਅਰਨੋਨ ਦੀ ਵਾਦੀ ਕੋਲ ਹੈ ਅਤੇ ਗਿਲਆਦ ਅਤੇ ਬਾਸ਼ਾਨ ਨੂੰ ਵੀ ਸਰ ਕਰ ਲਿਆ।

ਯੇਹੂ ਦੀ ਮੌਤ

34 ਯੇਹੂ ਨੇ ਹੋਰ ਜੋ ਮਹਾਨ ਕਾਰਜ ਕੀਤੇ ਉਹ ਸਭ ਇਸਰਾਏਲ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਦਰਜ ਹਨ। 35 ਯੇਹੂ ਨੂੰ ਉਸਦੀ ਮੌਤ ਉਪਰੰਤ ਉਸ ਦੇ ਪੁਰਖਿਆਂ ਕੋਲ ਹੀ ਦਫ਼ਨਾਇਆ ਗਿਆ। ਲੋਕਾਂ ਨੇ ਯੇਹੂ ਨੂੰ ਸਾਮਰਿਯਾ ਵਿੱਚ ਦਬਿਆ ਅਤੇ ਯੇਹੂ ਤੋਂ ਬਾਅਦ ਉਸਦਾ ਪੁੱਤਰ ਯਹੋਅਹਾਜ਼ ਨਵਾਂ ਪਾਤਸ਼ਾਹ ਬਣਿਆ। 36 ਯੇਹੂ ਨੇ ਸਾਮਰਿਯਾ ਵਿੱਚ ਇਸਰਾਏਲ ਉੱਤੇ 28 ਵਰ੍ਹੇ ਰਾਜ ਕੀਤਾ।

ਯਹੂਦਾਹ ’ਚ ਅਥਲਯਾਹ ਵੱਲੋਂ ਰਾਜੇ ਦੇ ਪੁੱਤਰਾਂ ਦੀ ਹੱਤਿਆ

11 ਅਥਲਯਾਹ, ਅਹਜ਼ਯਾਹ ਦੀ ਮਾਤਾ ਨੇ ਵੇਖਿਆ ਕਿ ਉਸਦਾ ਪੁੱਤਰ ਮਰ ਗਿਆ ਹੈ, ਤਾਂ ਉਹ ਉੱਠੀ ਅਤੇ ਸਾਰੇ ਸ਼ਾਹੀ ਘਰਾਣੇ ਨੂੰ ਮਾਰ ਦਿੱਤਾ।

ਪਰ ਯੋਰਾਮ ਪਾਤਸ਼ਾਹ ਦੀ ਧੀ ਯਹੋਸ਼ਬਾ ਨੇ ਜੋ ਅਹਜ਼ਯਾਹ ਦੀ ਭੈਣ ਸੀ, ਉਸ ਨੇ ਅਹਜ਼ਯਾਹ ਦੇ ਪੁੱਤਰ ਯੋਆਸ਼ ਨੂੰ ਲਿਆ ਅਤੇ ਉਸ ਨੂੰ ਪਾਤਸ਼ਾਹ ਦੇ ਪੁੱਤਰਾਂ ਵਿੱਚੋਂ ਜੋ ਵੱਢੇ ਜਾ ਰਹੇ ਸਨ ਚੁਰਾ ਲਿਆ। ਉਸ ਨੇ ਯੋਆਸ਼ ਦੀ ਦਾਈ ਸਮੇਤ ਉਸ ਨੂੰ ਸੌਣ ਵਾਲੇ ਕਮਰੇ ਵਿੱਚ ਅਬਲਯਾਹ ਦੇ ਅੱਗੋ ਅਜਿਹਾ ਛੁਪਾਇਆ ਕਿ ਉਹ ਮਾਰਿਆ ਨਾ ਗਿਆ ਅਤੇ ਬਚ ਗਿਆ।

ਯੋਆਸ਼ ਅਤੇ ਯਹੋਸ਼ਬਾ ਯਹੋਵਾਹ ਦੇ ਮੰਦਰ ਵਿੱਚ ਛੇ ਸਾਲ ਤੀਕ ਛੁੱਪੇ ਰਹੇ ਅਤੇ ਅਥਲਯਾਹ ਦੇਸ਼ ਉੱਪਰ ਰਾਜ ਕਰਦੀ ਰਹੀ।

ਸੱਤਵੇਂ ਸਾਲ ਪਰਧਾਨ ਜਾਜਕ ਯੋਹਯਾਦਾ ਨੇ ਕਰੇਬੀਆਂ ਤੇ ਪਹਿਰੇਦਾਰਾਂ ਤੇ ਸਰਦਾਰਾਂ ਨੂੰ ਸੱਦਾ ਭੇਜਿਆ ਅਤੇ ਉਨ੍ਹਾਂ ਨੂੰ ਯਹੋਵਾਹ ਦੇ ਮੰਦਰ ਵਿੱਚ ਮਿਲਣ ਲਈ ਸਦਿਅ। ਫ਼ੇਰ ਉਸ ਨੇ ਉਨ੍ਹਾਂ ਨਾਲ ਇੱਕ ਇਕਰਾਰਨਾਮਾ ਕੀਤਾ, ਉਸ ਨੇ ਉਨ੍ਹਾਂ ਨੂੰ ਯਹੋਵਾਹ ਦੇ ਮੰਦਰ ਵਿੱਚ ਸੌਂਹ ਖੁਆਈ ਫੇਰ ਉਸ ਨੇ ਉਨ੍ਹਾਂ ਨੂੰ ਰਾਜੇ ਦਾ ਪੁੱਤਰ, ਯੋਆਸ ਦਿਖਾਇਆ।

ਤਦ ਯਹੋਯਾਦਾ ਨੇ ਉਨ੍ਹਾਂ ਨੂੰ ਇਹ ਹੁਕਮ ਦਿੱਤਾ ਅਤੇ ਕਿਹਾ, “ਤੁਸੀਂ ਇਹ ਕੰਮ ਹਨ ਜੋ ਜ਼ਰੂਰੀ ਕਰਨੇ ਹਨ। ਤੁਹਾਡੇ ਵਿੱਚ ਇੱਕ ਤਿਹਾਈ ਸਬਤ ਦੇ ਦਿਨ ਨੂੰ ਆਕੇ ਪਾਤਸ਼ਾਹ ਦੇ ਮਹਿਲ ਉੱਪਰ ਪਹਿਰਾ ਦੇਣਗੇ। ਅਤੇ ਇੱਕ ਤਿਹਾਈ, ਸੂਰ ਨਾਮੀ ਫ਼ਾਟਕ ਉੱਪਰ ਪਹਿਰਾ ਦੇਣਗੇ ਅਤੇ ਬਾਕੀ ਦੇ ਇੱਕ ਤਿਹਾਈ ਪਹਿਰੇਦਾਰਾਂ ਦੇ ਪਿੱਛਵਾੜੇ ਦੇ ਫ਼ਾਟਕ ਉੱਪਰ ਪਹਿਰਾ ਦੇਣਗੇ। ਇਸ ਤਰ੍ਹਾਂ ਤੁਸੀਂ ਯੋਆਸ਼ ਨੂੰ ਬਚਾਉਣ ਲਈ ਪਹਿਰੇਦਾਰੀ ਕਰਦੇ ਇੱਕ ਦੀਵਾਰ ਵਾਂਗੂ ਕਾਰਜ ਕਰੋਂਗੇ। ਹਰ ਸਬਤ ਦੇ ਦਿਨ ਦੇ ਅੰਤ ਤੇ ਤੁਹਾਡੇ ਦੋ ਜੱਥੇ ਪਾਤਸ਼ਾਹ ਦੇ ਨੇੜੇ ਰਹਿ ਕੇ ਯਹੋਵਾਹ ਦੇ ਮੰਦਰ ਦੀ ਰੱਖਵਾਲੀ ਕਰਨਗੇ। ਇਸ ਤਰ੍ਹਾਂ ਤੁਸੀਂ ਆਪਣੇ-ਆਪਣੇ ਹਥਿਆਰ ਹੱਥ ਵਿੱਚ ਲੈ ਕੇ ਪਾਤਸ਼ਾਹ ਨੂੰ ਚਾਰ ਚੁਫ਼ੇਰਿਉਂ ਘੇਰੀ ਰੱਖਣਾ ਅਤੇ ਜੋ ਕੋਈ ਲਾਈਨਾਂ ਦੇ ਅੰਦਰ ਤੁਹਾਡੇ ਨਜ਼ਦੀਕ ਆਵੇ ਉਹ ਮਾਰਿਆ ਜਾਵੇ। ਸੋ ਤੁਸੀਂ ਪਾਤਸ਼ਾਹ ਦੇ ਅੰਦਰ-ਬਾਹਰ ਆਉਂਦੇ-ਜਾਂਦੇ ਉਸ ਦੇ ਨਾਲ ਹੀ ਰਹਿਣਾ।”

ਤਾਂ ਕਪਤਾਨਾਂ ਨੇ ਉਵੇਂ ਹੀ ਕੀਤਾ ਜਿਵੇਂ ਯਹੋਯਾਦਾ ਜਾਜਕ ਨੇ ਆਗਿਆ ਦਿੱਤੀ। ਹਰ ਕਪਤਾਨ ਨੇ ਆਪਣੇ ਆਦਮੀ ਲਏ ਅਤੇ ਇੱਕ ਜੱਥੇ ਨੇ ਪਾਤਸ਼ਾਹ ਦੀ ਸ਼ਨੀਵਾਰ ਦੇ ਦਿਨ ਰੱਖਵਾਲੀ ਕਰਨੀ ਸੀ ਅਤੇ ਦੂਜੇ ਜੱਥਿਆਂ ਨੇ ਹਫ਼ਤੇ ਦੇ ਬਾਕੀ ਦਿਨਾਂ ਵਿੱਚ ਪਾਤਸ਼ਾਹ ਦੀ ਰੱਖਵਾਲੀ ਕਰਨੀ ਸੀ। ਅਤੇ ਉਹ ਸਾਰੇ ਆਦਮੀ ਯਹੋਯਾਦਾ ਜਾਜਕ ਕੋਲ ਆਏ। 10 ਜਾਜਕ ਨੇ ਉਨ੍ਹਾਂ ਆਦਮੀਆਂ ਦੇ (ਸਰਦਾਰਾਂ) ਕਪਤਾਨਾਂ ਨੂੰ ਯਹੋਵਾਹ ਦੇ ਮੰਦਰ ਵਿੱਚੋਂ ਬਰਛੇ ਤੇ ਢਾਲਾਂ ਦਿੱਤੀਆਂ। 11 ਅਤੇ ਇਹ ਪਹਿਰੇਦਾਰ ਆਪਣੇ ਹਥਿਆਰਾਂ ਸਮੇਤ ਮੰਦਰ ਦੇ ਸੱਜੇ ਕੋਨੇ ਤੋਂ ਲੈ ਕੇ ਖੱਬੀ ਨੁਕਰ ਤੱਕ ਤੈਨਾਤ ਹੋ ਗਏ। ਉਹ ਜਗਵੇਦੀ ਅਤੇ ਮੰਦਰ ਦੇ ਆਲੇ-ਦੁਆਲੇ ਤੈਨਾਤ ਹੋਏ ਅਤੇ ਜਦ ਪਾਤਸ਼ਾਹ ਮੰਦਰ ਅੰਦਰ ਜਾਂਦਾ ਉਸ ਦੇ ਇਰਦ-ਗਿਰਦ ਹੁੰਦੇ। 12 ਤਦ ਉਨ੍ਹਾਂ ਨੇ ਪਾਤਸ਼ਾਹ ਦੇ ਪੁੱਤਰ ਨੂੰ ਬਾਹਰ ਲਿਆਕੇ ਉਸ ਦੇ ਉੱਪਰ ਮੁਕਟ ਰੱਖਿਆ ਅਤੇ ਇਕਰਾਰਨਾਮਾ ਵੀ ਦਿੱਤਾ। ਇਉਂ ਉਨ੍ਹਾਂ ਨੇ ਉਸ ਨੂੰ ਪਾਤਸ਼ਾਹ ਬਣਾਇਆ ਅਤੇ ਉਸ ਨੂੰ ਮਸਹ ਕੀਤਾ ਅਤੇ ਤਾਲੀਆਂ ਵਜਾਈਆਂ ਅਤੇ ਆਖਿਆ, “ਪਾਤਸ਼ਾਹ ਜਿਉਂਦਾ ਰਹੇ।”

13 ਰਾਣੀ ਅਥਲਯਾਹ ਨੇ ਜਦੋਂ ਪਹਿਰੇਦਾਰਾਂ ਅਤੇ ਲੋਕਾਂ ਦਾ ਰੌਲਾ ਸੁਣਿਆ ਤਾਂ ਉਹ ਲੋਕਾਂ ਕੋਲ ਯਹੋਵਾਹ ਦੇ ਮੰਦਰ ਵਿੱਚ ਆਈ। 14 ਉਸ ਨੇ ਵੇਖਿਆ ਕਿ ਪਾਤਸ਼ਾਹ ਉਸ ਥੰਮ ਕੋਲ ਖਲੋਤਾ ਸੀ। ਜਿੱਥੇ ਕਿ ਅਕਸਰ ਪਾਤਸ਼ਾਹ ਖਲੋਂਦੇ ਸਨ ਅਤੇ ਉਸ ਨੇ ਆਗੂਆਂ ਅਤੇ ਆਦਮੀਆਂ ਨੂੰ ਪਾਤਸ਼ਾਹ ਲਈ ਤੁਰ੍ਹੀਆਂ ਵਜਾਉਂਦਿਆਂ ਵੇਖਿਆ ਅਤੇ ਉਸ ਨੇ ਇਹ ਵੀ ਵੇਖਿਆ ਕਿ ਸਾਰੇ ਲੋਕ ਖੁਸ਼ੀ ਦਾ ਜਸ਼ਨ ਮਨਾ ਰਹੇ ਹਨ। ਜਦੋਂ ਉਸ ਨੇ ਇਹ ਸਭ ਵੇਖਿਆ ਅਤੇ ਤੁਰ੍ਹੀਆਂ ਵੱਜਣ ਦੀਆਂ ਆਵਾਜ਼ਾਂ ਸੁਣੀਆਂ ਤਾਂ ਅਥਲਯਾਹ ਨੇ ਆਪਣੇ ਕੱਪੜੇ ਫ਼ਾੜੇ ਤੇ ਉੱਚੀ ਆਵਾਜ਼ ਵਿੱਚ ਬੋਲੀ ਇਹ ਦਰਸਾਉਣ ਲਈ ਕਿ ਉਹ ਬਹੁਤ ਪਰੇਸ਼ਾਨ ਹੈ, “ਗ਼ਦਰ ਹੈ! ਗ਼ਦਰ ਹੈ!”

15 ਤਦ ਯਹੋਯਾਦਾ ਜਾਜਕ ਨੇ ਸੈਨਾ ਦੇ ਕਪਤਾਨਾਂ ਨੂੰ ਆਗਿਆ ਦਿੱਤੀ ਅਤੇ ਉਨ੍ਹਾਂ ਨੂੰ ਆਖਿਆ, “ਅਥਲਯਾਹ ਨੂੰ ਮੰਦਰ ਦੇ ਅਸਥਾਨ ਤੋਂ ਬਾਹਰ ਲੈ ਜਾਵੋ ਅਤੇ ਜਿਹੜਾ ਕੋਈ ਹਿਮਾਇਤੀ ਉਸ ਦੇ ਪਿੱਛੇ ਆਵੇ ਉਸ ਨੂੰ ਮਾਰ ਸੁੱਟੋ। ਪਰ ਕਿਸੇ ਨੂੰ ਵੀ ਮੰਦਰ ਦੇ ਇਲਾਕੇ ਵਿੱਚ ਨਾ ਵੱਢਿਆ ਜਾਵੇ।”

16 ਤਾਂ ਸਿਪਾਹੀਆਂ ਨੇ ਅਥਲਯਾਹ ਨੂੰ ਘੇਰ ਲਿਆ। ਜਿਉਂ ਹੀ ਉਹ ਉਸ ਰਾਹੇ ਗਈ ਜਿਸ ਥਾਵੋਂ ਘੋੜੇ ਪਾਤਸ਼ਾਹ ਦੇ ਮਹਿਲ ਨੂੰ ਜਾਂਦੇ ਹਨ ਤਾਂ ਸਿਪਾਹੀਆਂ ਨੇ ਉਸ ਨੂੰ ਉੱਥੇ ਵੱਢ ਸੁੱਟਿਆ। ਤੇਉਹ ਉੱਥੇ ਹੀ ਮਾਰੀ ਗਈ।

17 ਯਹੋਯਾਦਾ ਨੇ ਯਹੋਵਾਹ, ਪਾਤਸ਼ਾਹ ਅਤੇ ਲੋਕਾਂ ਦੇ ਵਿੱਚਕਾਰ ਇੱਕ ਨੇਮ ਬਨ੍ਹਿਆ ਕਿ ਉਹ ਯਹੋਵਾਹ ਦੀ ਪਰਜਾ ਹੋਣ ਅਤੇ ਪਾਤਸ਼ਾਹ ਅਤੇ ਲੋਕਾਂ ਦੇ ਵਿੱਚਕਾਰ ਵੀ ਨੇਮ ਬੰਨ੍ਹਿਆ। ਇਸ ਨੇਮ ਵਿੱਚ ਇਹ ਦਰਸਾਇਆ ਗਿਆ ਕਿ ਰਾਜਾ ਪਰਜਾ ਲਈ ਕੀ ਕਰੇਗਾ ਅਤੇ ਪਰਜਾ ਪਾਤਸ਼ਾਹ ਦਾ ਹੁਕਮ ਮੰਨੇਗੀ।

18 ਤਦ ਸਾਰੇ ਲੋਕ ਬਆਲ ਦੇ ਮੰਦਰ ਵਿੱਚ ਵੜ ਗਏ, ਅਤੇ ਬਆਲ ਦੇ ਬੁੱਤ ਨੂੰ ਨਸ਼ਟ ਕਰ ਦਿੱਤਾ ਅਤੇ ਉਸਦੀ ਜਗਵੇਦੀ ਦੇ ਵੀ ਟੁਕੜੇ-ਟੁਕੜੇ ਕਰ ਦਿੱਤਾ। ਉਨ੍ਹਾਂ ਬਆਲ ਦੇ ਜਾਜਕ ਮੱਤਾਨ ਨੂੰ ਜਗਵੇਦੀਆਂ ਦੇ ਅੱਗੇ ਮਾਰ ਸੁੱਟਿਆ।

ਤਦ ਯਹੋਯਾਦਾ ਜਾਜਕ ਨੇ ਯਹੋਵਾਹ ਦੇ ਮੰਦਰ ਦੀ ਦੇਖਭਾਲ ਕਰਨ ਲਈ, ਇੰਚਾਰਜ ਹੋਣ ਲਈ, ਆਦਮੀ ਚੁਣੇ। 19 ਜਾਜਕਾਂ ਨੇ ਸਭ ਲੋਕਾਂ ਦੀ ਅਗਵਾਈ ਕੀਤੀ ਅਤੇ ਉਹ ਸਭ ਯਹੋਵਾਹ ਦੇ ਮੰਦਰ ਤੋਂ ਪਾਤਸ਼ਾਹ ਦੇ ਭਵਨ ਵੱਲ ਗਏ। ਪਾਤਸ਼ਾਹ ਦੇ ਖਾਸ ਪਹਿਰੇਦਾਰ ਤੇ ਕਪਤਾਨ ਪਾਤਸ਼ਾਹ ਦੇ ਨਾਲ ਗਏ ਅਤੇ ਬਾਕੀ ਸਾਰੀ ਭੀੜ ਉਨ੍ਹਾਂ ਦੇ ਪਿੱਛੇ ਹੋ ਗਈ। ਉਹ ਪਾਤਸ਼ਾਹ ਦੇ ਮਹਿਲ ਦੇ ਪ੍ਰਵੇਸ਼ ਦੁਆਰ ਤੇ ਪਹੁੰਚੇ ਅਤੇ ਪਾਤਸ਼ਾਹ ਯੋਆਸ਼ ਸਿੰਘਾਸਣ ਤੇ ਬੈਠਾ। 20 ਸਾਰੇ ਲੋਕ ਬੜੇ ਖੁਸ਼ ਸਨ। ਸ਼ਹਿਰ ਵਿੱਚ ਅਮਨ-ਅਮਾਨ ਸੀ। ਅਤੇ ਮਹਾਰਾਣੀ ਅਥਲਯਾਹ ਨੂੰ ਪਾਤਸ਼ਾਹ ਦੇ ਮਹਿਲ ਦੇ ਕੋਲ ਤਲਵਾਰ ਨਾਲ ਉਹਨਾਂ ਵੱਢ ਸੁੱਟਿਆ।

21 ਜਦ ਯਹੋਆਸ਼ ਰਾਜ ਕਰਨ ਲੱਗਾ ਤਾਂ ਉਹ ਸਿਰਫ਼ ਸੱਤ ਸਾਲਾਂ ਦਾ ਸੀ।

ਯਹੋਆਸ ਨੇ ਆਪਣਾ ਰਾਜ ਚਲਾਇਆ

12 ਯੇਹੂ ਦੇ ਸੱਤਵੇਂ ਵਰ੍ਹੇ ਯਹੋਆਸ਼ ਰਾਜ ਕਰਨ ਲੱਗਾ ਅਤੇ ਉਸ ਨੇ ਯਰੂਸ਼ਲਮ ਵਿੱਚ ਚਾਲੀ ਸਾਲ ਰਾਜ ਕੀਤਾ। ਯਹੋਆਸ਼ ਦੀ ਮਾਂ ਦਾ ਨਾਂ ਸਿਬਯਾਹ ਸੀ ਜੋ ਕਿ ਬਏਰਸ਼ਬਾ ਦੀ ਸੀ। ਯਹੋਆਸ਼ ਨੇ ਆਪਣੀ ਸਾਰੀ ਉਮਰ, ਉਹ ਗਲਾ ਕੀਤੀਆਂ ਜੋ ਕਿ ਯਹੋਵਾਹ ਦੀ ਨਿਗਾਹ ਵਿੱਚ ਨੇਕ ਸਨ, ਬਿਲਕੁਲ ਜਿਵੇਂ ਜਾਜਕ ਯਹੋਯਾਦਾ ਨੇ ਸਿੱਖਾਇਆਂ ਸਨ। ਪਰ ਉਸ ਨੇ ਵੀ ਉੱਚੀਆਂ ਥਾਵਾਂ ਨਸ਼ਟ ਨਹੀਂ ਕੀਤੀਆਂ। ਹਾਲੇ ਵੀ ਲੋਕ ਇਨ੍ਹਾਂ ਥਾਵਾਂ ਤੇ ਬਲੀਆ ਚੜ੍ਹਾਉਂਦੇ ਅਤੇ ਧੂਫ਼ ਧੁਖਾਉਂਦੇ ਸਨ।

ਯਹੋਆਸ਼ ਨੇ ਮੰਦਰ ਦੀ ਮੁਰੰਮਤ ਲਈ ਹੁਕਮ ਦਿੱਤਾ

4-5 ਯਹੋਆਸ਼ ਨੇ ਜਾਜਕਾਂ ਨੂੰ ਆਖਿਆ, “ਯਹੋਵਾਹ ਦੇ ਮੰਦਰ ਵਿੱਚ ਬੇਅੰਤ ਖਜ਼ਾਨਾ ਹੈ। ਲੋਕਾਂ ਨੇ ਮੰਦਰ ਲਈ ਕਈ ਵਸਤਾਂ ਭੇਟ ਕੀਤੀਆਂ ਹਨ, ਅਤੇ ਜਦੋਂ ਗਿਣਤੀ ਹੋਈ ਲੋਕਾਂ ਨੇ ਜਿਹੜਾ ਮੰਦਰ ਲਈ ਟੈਕਸ ਦਿੱਤਾ, ਤੇ ਕੁਝ ਧੰਨ ਲੋਕਾਂ ਆਪਣੀ ਇੱਛਾ ਅਨੁਸਾਰ ਦਿੱਤਾ। ਜਾਜਕ ਲੋਕ ਉਸ ਧੰਨ ਨਾਲ ਯਹੋਵਾਹ ਦੇ ਮੰਦਰ ਦੀ ਮੁਰੰਮਤ ਕਰਵਾ ਲੈਣ। ਹਰ ਜਾਜਕ ਉਸ ਪੈਸੇ ਨੂੰ ਜਿਹੜਾ ਉਸ ਨੂੰ ਲੋਕਾਂ ਦੀ ਸੇਵਾ ਤੋਂ ਪ੍ਰਾਪਤ ਹੁੰਦਾ ਹੈ, ਉਹ ਮੰਦਰ ਲਈ ਲਗਾਉਣ। ਜਾਜਕਾਂ, ਨੂੰ ਉਹ ਪੈਸਾ ਯਹੋਵਾਹ ਦੇ ਮੰਦਰ ਦਾ ਜੋ ਨੁਕਸਾਨ ਹੋਇਆ ਹੈ ਉਸਦੀ ਮੁਰੰਮਤ ਲਈ ਲਗਾਉਣਾ ਚਾਹੀਦਾ ਹੈ।”

ਪਰ ਜਾਜਕਾਂ ਨੇ ਮੁਰੰਮਤ ਨਾ ਕਰਵਾਈ। ਰਾਜੇ ਯਹੋਆਸ਼ ਦੇ 23 ਵੇਂ ਵਰ੍ਹੇ ਦੇ ਰਾਜ ਤੀਕ ਵੀ, ਜਾਜਕਾਂ ਨੇ ਮੰਦਰ ਦੀ ਮੁਰੰਮਤ ਨਾ ਕਰਵਾਈ। ਤਾਂ ਯੋਆਸ਼ ਪਾਤਸ਼ਾਹ ਨੇ ਯਹੋਯਾਦਾ ਜਾਜਕ ਅਤੇ ਦੂਸਰੇ ਜਾਜਕ ਨੂੰ ਸੱਦਕੇ ਆਖਿਆ, “ਤੁਸੀਂ ਮੰਦਰ ਦੀ ਟੁੱਟ-ਭੱਜ ਦੀ ਮੁਰੰਮਤ ਕਿਉਂ ਨਹੀਂ ਕਰਾਉਂਦੇ? ਇਸ ਲਈ ਲੋਕਾਂ ਤੋਂ ਆਪਣੀਆਂ ਸੇਵਾਵਾਂ ਲਈ ਪੈਸਾ ਲੈਣਾ ਬੰਦ ਕਰ ਦੇਵੋ ਅਤੇ ਉਸ ਧੰਨ ਨੂੰ ਵਰਤਣਾ ਵੀ ਬੰਦ ਕਰ ਦੇਵੋ। ਕਿਉਂ ਕਿ ਉਹ ਪੈਸਾ ਮੰਦਰ ਦੀ ਮੁਰੰਮਤ ਲਈ ਹੀ ਲੱਗਣਾ ਚਾਹੀਦਾ ਹੈ।”

ਜਾਜਕ ਲੋਕਾਂ ਕੋਲੋਂ ਪੈਸੇ ਨਾ ਲੈਣ ਲਈ ਰਾਜੀ ਹੋ ਗਏ ਪਰ ਨਾਲ ਹੀ ਉਨ੍ਹਾਂ ਨੇ ਮੰਦਰ ਦੀ ਮੁਰੰਮਤ ਨਾ ਕਰਵਾਉਣ ਦਾ ਵੀ ਫ਼ੈਸਲਾ ਲੈ ਲਿਆ। ਤਦ ਯਹੋਯਾਦਾ ਜਾਜਕ ਨੇ ਇੱਕ ਸੰਦੂਕ ਲੈ ਕੇ ਇਸਦੇ ਢੱਕਣ ਵਿੱਚ ਇੱਕ ਮੋਰੀ ਕੀਤੀ ਅਤੇ ਉਸ ਨੂੰ ਜਗਵੇਦੀ ਦੇ ਦੱਖਣ ਵਾਲੇ ਪਾਸੇ ਮੰਦਰ ਦੇ ਪ੍ਰਵੇਸ਼ ਕੋਲ ਧਰ ਦਿੱਤਾ ਭਈ ਯਹੋਵਾਹ ਦੇ ਮੰਦਰ ਵਿੱਚ ਆਉਣ ਵਾਲੇ ਦੇ ਸਜੇ ਹਥ ਰਹੇ। ਜਿਹੜੇ ਜਾਜਕ ਮੰਦਰ ਦੇ ਪ੍ਰਵੇਸ਼ ਦੁਆਰ ਦੀ ਰੱਖਵਾਲੀ ਕਰਦੇ ਸਨ, ਉਹ ਸਾਰਾ ਪੈਸਾ ਜੋ ਯਹੋਵਾਹ ਲਈ ਲਿਆਇਆ ਜਾਂਦਾ ਸੀ ਉਸ ਸੰਦੂਕ ਵਿੱਚ ਪਾ ਦਿੰਦੇ ਸਨ।

10 ਫ਼ਿਰ ਜਦੋਂ ਵੀ ਲੋਕ ਮੰਦਰ ਵਿੱਚ ਜਾਂਦੇ ਤਾਂ ਉਹ ਪੈਸੇ ਉਹ ਸੰਦੂਕ ਵਿੱਚ ਪਾਂਦੇ, ਜਦੋਂ ਕਦੇ ਵੀ ਪਾਤਸ਼ਾਹ ਦੇ ਸਕੱਤਰ ਅਤੇ ਪ੍ਰਧਾਨ ਜਾਜਕ ਇਹ ਵੇਖਦੇ ਕਿ ਸੰਦੂਕ ਵਿੱਚ ਕਾਫ਼ੀ ਧੰਨ ਇਕੱਠਾ ਹੋ ਗਿਆ ਹੈ ਤਾਂ ਉਹ ਆਕੇ ਉਸ ਵਿੱਚੋਂ ਧੰਨ ਕੱਢ ਕੇ ਲੈ ਜਾਂਦੇ। ਫ਼ਿਰ ਉਹ ਥੈਲਿਆਂ ਵਿੱਚ ਧੰਨ ਭਰਕੇ ਉਸਦੀ ਗਿਣਤੀ ਕਰਦੇ। 11 ਫ਼ਿਰ ਜਿਹੜੇ ਕਾਮਿਆਂ ਨੇ ਯਹੋਵਾਹ ਦੇ ਮੰਦਰ ਦੀ ਮੁਰੰਮਤ ਲਈ ਕੰਮ ਕੀਤਾ, ਉਨ੍ਹਾਂ ਨੂੰ ਉਸ ਧੰਨ ਵਿੱਚੋਂ ਮਜ਼ਦੂਰੀ ਦਿੱਤੀ ਗਈ। ਫ਼ਿਰ ਉਸ ਪੈਸੇ ਵਿੱਚੋਂ ਯਹੋਵਾਹ ਦੇ ਮੰਦਰ ਉੱਪਰ ਕਾਰਜ ਕਰਨ ਵਾਲੇ ਤਰਖਾਣ, ਅਤੇ ਹੋਰ ਮਜਦੂਰਾਂ ਨੂੰ ਪੈਸੇ ਦਿੱਤੇ ਗਏ। 12 ਉਸੇ ਧੰਨ ਵਿੱਚੋਂ ਰਾਜਾਂ, ਅਤੇ ਪੱਥਰ ਕੱਟਣ ਵਾਲਿਆਂ ਨੂੰ, ਯਹੋਵਾਹ ਦੇ ਮੰਦਰ ਦੀ ਟੁੱਟ-ਭੱਜ ਦੀ ਮੁਰੰਮਤ ਲਈ ਅਤੇ ਉਸ ਸਭ ਕੁਝ ਲਈ ਜੋ ਮੰਦਰ ਦੀ ਮੁਰੰਮਤ ਲਈ ਆਉਂਦਾ ਸੀ, ਮਜਦੂਰੀ ਦਿੱਤੀ ਜਾਂਦੀ।

13-14 ਲੋਕਾਂ ਨੇ ਯਹੋਵਾਹ ਦੇ ਮੰਦਰ ਲਈ ਧੰਨ ਦੀ ਭੇਟਾ ਕੀਤੀ ਲੇਕਿਨ ਜਾਜਕ ਉਸ ਵਿੱਚੋਂ ਯਹੋਵਾਹ ਦੇ ਮੰਦਰ ਲਈ ਚਾਂਦੀ ਦੇ ਪਿਆਲੇ ਜਾਂ ਗੁਲਤਰਾਸ਼, ਬਾਟੇ ਜਾਂ ਤੁਰ੍ਹੀਆਂ ਜਾਂ ਸੋਨੇ-ਚਾਂਦੀ ਦੇ ਬਰਤਨ ਨਾ ਬਣਾ ਸੱਕਦੇ। ਉਹ ਪੈਸਾ ਸਿਰਫ਼ ਮਜਦੂਰਾਂ ਦੀ ਮਜਦੂਰੀ ਲਈ ਵਰਤਦੇ ਜੋ ਮੰਦਰ ਦੀ ਮੁਰੰਮਤ ਕਰਦੇ। 15 ਜਿਨ੍ਹਾਂ ਆਦਮੀਆਂ ਦੇ ਹੱਥ ਵਿੱਚ ਉਹ ਕਾਮਿਆਂ ਨੂੰ ਦੇਣ ਲਈ ਪੈਸੇ ਦਿੰਦੇ ਸਨ ਉਨ੍ਹਾਂ ਕੋਲੋਂ ਹਿਸਾਬ ਨਹੀਂ ਸੀ ਲਿਆ ਜਾਂਦਾ ਕਿਉਂ ਕਿ ਉਹ ਆਦਮੀ ਇਮਾਨਦਾਰੀ ਨਾਲ ਕੰਮ ਕਰਦੇ ਸਨ ਤੇ ਉਨ੍ਹਾਂ ਉੱਪਰ ਭਰੋਸਾ ਕੀਤਾ ਜਾਂਦਾ ਸੀ।

16 ਪਰ ਜਿਹੜਾ ਪੈਸਾ ਲੋਕ ਦੋਸ਼ ਦੀਆਂ ਭੇਟਾਂ ਜਾਂ ਪਾਪ ਦੀਆਂ ਭੇਟਾਂ ਲਈ ਚੜ੍ਹਾਉਂਦੇ ਸਨ, ਉਹ ਪੈਸਾ ਯਹੋਵਾਹ ਦੇ ਮੰਦਰ ਲਈ ਜਾਂ ਮਜਦੂਰੀ ਲਈ ਨਹੀਂ ਸੀ ਲਿਆ ਜਾਂਦਾ ਸਗੋਂ ਉਹ ਪੈਸਾ ਜਾਜਕਾਂ ਦਾ ਹੁੰਦਾ ਸੀ।

ਯਹੋਆਸ਼ ਦਾ ਯਰੂਸ਼ਲਮ ਨੂੰ ਹਜ਼ਾਏਲ ਤੋਂ ਬਚਾਉਣਾ

17 ਅਰਾਮ ਦੇ ਰਾਜੇ ਹਜ਼ਾਏਲ ਨੇ ਗਥ ਸ਼ਹਿਰ ਦੇ ਵਿਰੁੱਧ ਲੜਾਈ ਕਰਕੇ ਉਸ ਤੇ ਕਬਜ਼ਾ ਕਰ ਲਿਆ। ਉਸਤੋਂ ਬਾਅਦ ਉਸ ਨੇ ਯਰੂਸ਼ਲਮ ਦੇ ਉੱਪਰ ਹਮਲਾ ਕਰਨ ਦੀ ਸੋਚੀ।

18 ਯਹੂਦਾਹ ਦੇ ਪਾਤਸ਼ਾਹ ਦੇ ਯਹੋਸ਼ਾਫ਼ਾਟ, ਯਹੋਰਾਮ ਅਤੇ ਅਹਜ਼ਯਾਹ ਸਨ। ਉਹ ਯੋਆਸ਼ ਦੇ ਪੁਰਖੇ ਸਨ। ਉਨ੍ਹਾਂ ਨੇ ਕਾਫ਼ੀ ਵਸਤਾਂ ਯਹੋਵਾਹ ਨੂੰ ਭੇਟ ਕੀਤੀਆਂ ਸਨ ਜਿਹੜੀਆਂ ਕਿ ਪਵਿੱਤਰ ਕਰਕੇ ਮੰਦਰ ਵਿੱਚ ਰੱਖੀਆਂ ਗਈਆਂ ਸਨ। ਯਹੋਆਸ਼ ਨੇ ਵੀ ਕਾਫ਼ੀ ਵਸਤਾਂ ਯਹੋਵਾਹ ਨੂੰ ਭੇਟ ਕੀਤੀਆਂ ਸਨ। ਜਿੰਨਾ ਸੋਨਾ ਅਤੇ ਚੀਜ਼ਾਂ ਯਹੋਵਾਹ ਦੇ ਮੰਦਰ ਵਿੱਚ ਅਤੇ ਆਪਣੇ ਮਹਿਲ ਵਿੱਚ ਮਿਲਿਆਂ, ਉਸ ਨੇ ਉਹ ਸਭ ਇੱਕਤ੍ਰ ਕੀਤਾ ਅਤੇ ਅਰਾਮ ਦੇ ਰਾਜੇ ਹਜ਼ਾਏਲ ਨੂੰ ਭੇਜ ਦਿੱਤਾ। ਤਾਂ ਇੰਝ ਹਜ਼ਾਏਲ ਨੇ ਯਰੂਸ਼ਲਮ ਤੇ ਹਮਲਾ ਨਾ ਕੀਤਾ।

ਯਹੋਆਸ਼ ਦੀ ਮੌਤ

19 ਜੋ ਵੀ ਹੋਰ ਮਹਾਨ ਕਾਰਜ ਯੋਆਸ਼ ਪਾਤਸ਼ਾਹ ਨੇ ਕੀਤੇ ਉਹ ਸਭ ਯਹੂਦਾਹ ਦੇ ਪਾਤਸ਼ਾਹਾਂ ਦੇ ਇਤਿਹਾਸ ਦੀ ਪੋਥੀ ਵਿੱਚ ਦਰਜ ਹਨ।

20 ਫ਼ਿਰ ਯੋਆਸ਼ ਦੇ ਅਫ਼ਸਰਾਂ ਨੇ ਉਸ ਦੇ ਵਿਰੁੱਧ ਮਤਾ ਪਕਾਇਆ। ਉਨ੍ਹਾਂ ਨੇ ਉਸ ਨੂੰ ਮਿਲੋ ਦੇ ਘਰ ਵਿੱਚ ਜੋ ਸਿੱਲਾ ਦੀ ਢਾਲ ਉੱਤੇ ਹੈ, ਉੱਥੇ ਮਾਰ ਸੁੱਟਿਆ। 21 ਸਿਮਾਥ ਦੇ ਪੁੱਤਰ ਯੋਜਾਕਾਰ ਅਤੇ ਸ਼ੋਮੇਰ ਦੇ ਪੁੱਤਰ ਯਹੋਜ਼ਾਬਾਦ ਜੋ ਕਿ ਉਸ ਦੇ ਅਫ਼ਸਰ ਸਨ, ਉਨ੍ਹਾਂ ਮਿਲਕੇ ਯੋਆਸ਼ ਦੀ ਹੱਤਿਆ ਕੀਤੀ।

ਲੋਕਾਂ ਨੇ ਯੋਆਸ਼ ਨੂੰ ਉਸ ਦੇ ਪੁਰਖਿਆਂ ਕੋਲ ਦਾਊਦ ਦੇ ਸ਼ਹਿਰ ਵਿੱਚ ਦਫ਼ਨਾਇਆ। ਯੋਆਸ਼ ਤੋਂ ਬਾਅਦ ਉਸਦਾ ਪੁੱਤਰ ਅਮਸਯਾਹ ਨਵਾਂ ਰਾਜਾ ਬਣਿਆ।

ਯਹੋਆਹਾਜ਼ ਨੇ ਆਪਣਾ ਰਾਜ ਸ਼ੁਰੂ ਕੀਤਾ

13 ਯਹੂਦਾਹ ਦੇ ਪਾਤਸ਼ਾਹ ਅਹਜ਼ਯਾਹ ਦੇ ਪੁੱਤਰ ਯੋਆਸ਼ ਦੇ 23ਵਰ੍ਹੇ ਤੋਂ ਯੇਹੂ ਦਾ ਪੁੱਤਰ ਯਹੋਆਹਾਜ਼ ਸਾਮਰਿਯਾ ਉੱਪਰ ਰਾਜ ਕਰਨ ਲੱਗਾ। ਉਸ ਨੇ 17 ਸਾਲ ਰਾਜ ਕੀਤਾ।

ਯਹੋਆਹਾਜ਼ ਨੇ ਉਹ ਕੰਮ ਕੀਤੇ ਜੋ ਯਹੋਵਾਹ ਦੀ ਨਿਗਾਹ ਵਿੱਚ ਗ਼ਲਤ ਸਨ ਅਤੇ ਉਸ ਨੇ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਪਾਪਾਂ ਦੇ ਅਨੁਸਾਰ ਕੀਤਾ ਜਿਹੜੇ ਕਿ ਉਸ ਨੇ ਇਸਰਾਏਲ ਤੋਂ ਕਰਵਾਏ ਸਨ। ਅਤੇ ਉਹ ਉਨ੍ਹਾਂ ਕੰਮਾਂ ਤੋਂ ਟਲਿਆ ਨਾ। ਤਦ ਯਹੋਵਾਹ ਇਸਰਾਏਲ ਉੱਤੇ ਬੜਾ ਕ੍ਰੋਧਿਤ ਹੋਇਆ ਤਾਂ ਉਸ ਨੇ ਉਨ੍ਹਾਂ ਨੂੰ ਅਰਾਮ ਦੇ ਪਾਤਸ਼ਾਹ ਹਜ਼ਾਏਲ ਅਤੇ ਹਜ਼ਾਏਲ ਦੇ ਪੁੱਤਰ ਬਨ-ਹਦਦ ਨੂੰ ਇਹ ਸੱਤਾ ਦੇ ਦਿੱਤੀ।

ਯਹੋਵਾਹ ਦੀ ਇਸਰਾਏਲ ਦੇ ਲੋਕਾਂ ਤੇ ਦਯਾ

ਤਦ ਯਹੋਆਹਾਜ਼ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ ਤੇ ਯਹੋਵਾਹ ਨੇ ਉਸ ਨੂੰ ਸੁਣ ਲਿਆ। ਕਿਉਂ ਕਿ ਯਹੋਵਾਹ ਨੇ ਇਸਰਾਏਲ ਦੇ ਦੁੱਖਾਂ ਅਤੇ ਕਿਵੇਂ ਅਰਾਮ ਦਾ ਪਾਤਸ਼ਾਹ ਉਨ੍ਹਾਂ ਨੂੰ ਕਸ਼ਟ ਦੇ ਰਿਹਾ ਸੀ ਵੇਖ ਲਿਆ ਸੀ।

ਤਦ ਯਹੋਵਾਹ ਨੇ ਇਸਰਾਏਲ ਨੂੰ ਬਚਾਉਣ ਲਈ ਇੱਕ ਮਨੁੱਖ ਭੇਜਿਆ। ਤਦ ਉਹ ਅਰਾਮ ਦੇ ਹੱਥੋਂ ਬਚ ਨਿਕਲੇ ਅਤੇ ਇਸਰਾਏਲੀ ਮੁੜ ਅੱਗੇ ਵਾਂਗ ਆਪਣੇ ਤੰਬੂਆਂ ਵਿੱਚ ਰਹਿਣ ਲੱਗ ਪਏ।

ਫ਼ਿਰ ਵੀ ਇਸਰਾਏਲੀਆਂ ਨੇ ਯਾਰਾਬੁਆਮ ਦੇ ਘਰਾਣੇ ਦੇ ਉਨ੍ਹਾਂ ਪਾਪਾਂ ਨੂੰ ਨਾ ਛੱਡਿਆ ਜੋ ਉਸ ਨੇ ਇਸਰਾਏਲ ਤੋਂ ਕਰਵਾਏ ਸਨ, ਇਹ ਉਨ੍ਹਾਂ ਉੱਪਰ ਚੱਲਦੇ ਰਹੇ, ਬਾਜ ਨਾ ਆਏ ਸਗੋਂ ਉਨ੍ਹਾਂ ਨੇ ਸਾਮਰਿਯਾ ਵਿੱਚੋਂ ਉਹ ਅਸ਼ੈਰਾਹ ਦੇ ਟੁੰਡ ਵੀ ਨਾ ਢਾਏ, ਜਿਹੜੇ ਕਿ ਉੱਥੇ ਥੰਮਾਂ ਵਾਂਗ ਖੜ੍ਹੇ ਸਨ।

ਅਰਾਮ ਦੇ ਪਾਤਸ਼ਾਹ ਨੇ ਯਹੋਆਹਾਜ਼ ਦੇ ਘਰਾਣੇ ਨੂੰ ਹਰਾਇਆ ਅਤੇ ਉਸਦੀ ਸੈਨਾ ਦੇ ਬਹੁਤ ਸਾਰੇ ਆਦਮੀਆਂ ਨੂੰ ਮਾਰ ਦਿੱਤਾ। ਉਸ ਨੇ ਸਿਰਫ਼ 50 ਘੁੜਸਵਾਰ, 10 ਰੱਥ ਅਤੇ 10,000 ਪੈਦਲ ਸਿਪਾਹੀ ਹੀ ਛੱਡੇ। ਅਰਾਮ ਦੇ ਪਾਤਸ਼ਾਹ ਨੇ ਯਹੋਆਹਾਜ਼ ਦੀ ਸੈਨਾ ਨੂੰ ਇੰਝ ਤਬਾਹ ਕਰ ਦਿੱਤਾ ਜਿਵੇਂ ਗਾਹੁਣ ਵੇਲੇ ਤੂੜੀ ਹਵਾ ਵਿੱਚ ਉੱਡਦੀ ਹੋਵੇ।

ਯਹੋਆਹਾਜ਼ ਨੇ ਜਿਹੜੇ ਵੀ ਮਹਾਨ ਕਾਰਜ ਕੀਤੇ ਉਹ ਇਸਰਾਏਲ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਲਿਖਿਆ ਗਿਆ। ਯਹੋਆਹਾਜ਼ ਮਰਨ ਉਪਰੰਤ ਆਪਣੇ ਪੁਰਖਿਆਂ ਦੇ ਕੋਲ ਦਫ਼ਨਾਇਆ ਗਿਆ। ਲੋਕਾਂ ਨੇ ਉਸ ਨੂੰ ਸਾਮਰਿਯਾ ਵਿੱਚ ਦਫ਼ਨਾਇਆ। ਉਸ ਉਪਰੰਤ ਉਸਦਾ ਪੁੱਤਰ ਯੋਆਸ਼ ਰਾਜ ਕਰਨ ਲੱਗਾ।

ਇਸਰਾਏਲ ਉੱਪਰ ਯਹੋਆਸ਼ ਦਾ ਰਾਜ

10 ਯਹੋਆਹਾਜ਼ ਦਾ ਪੁੱਤਰ ਯਹੋਆਸ਼ ਸਾਮਰਿਯਾ ਵਿੱਚ ਇਸਰਾਏਲ ਉੱਪਰ ਨਵਾਂ ਪਾਤਸ਼ਾਹ ਬਣ ਗਿਆ। ਇਹ ਯਹੂਦਾਹ ਦੇ ਪਾਤਸ਼ਾਹ ਯੋਆਸ਼ ਦੇ ਰਾਜ ਦੇ 37 ਵਰ੍ਹੇ ’ਚ ਹੋਇਆ। ਯਹੋਆਸ਼ ਨੇ ਇਸਰਾਏਲ ਉੱਪਰ 16ਵਰ੍ਹੇ ਰਾਜ ਕੀਤਾ। 11 ਇਸਨੇ ਉਹੀ ਕੁਝ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜਾ ਸੀ। ਉਸਨੇ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਉਨ੍ਹਾਂ ਸਾਰੇ ਪਾਪਾਂ ਤੋਂ ਜੋ ਉਸ ਨੇ ਇਸਰਾਏਲ ਤੋਂ ਕਰਵਾਏ ਸਨ, ਮੂੰਹ ਨਾ ਮੋੜਿਆ। ਉਹ ਉਨ੍ਹਾਂ ਉੱਪਰ ਚੱਲਦਾ ਰਿਹਾ। 12 ਯੋਆਸ਼ ਦੀ ਬਾਕੀ ਵਾਰਤਾ ਅਤੇ ਜੋ ਕੁਝ ਬਾਕੀ ਉਸ ਨੇ ਕੀਤਾ ਅਤੇ ਉਸਦੀ ਸਮਰੱਥਾ ਜੋ ਉਹ ਯਹੂਦਾਹ ਦੇ ਪਾਤਸ਼ਾਹ ਅਮਸਯਾਹ ਦੇ ਵਿਰੁੱਧ ਲੜਿਆ ਉਹ ਸਭ ਇਸਰਾਏਲ ਦੇ ਪਾਤਸ਼ਾਹਾਂ ਦੀ ਇਤਹਾਸ ਦੀ ਪੋਥੀ ਵਿੱਚ ਦਰਜ ਹੈ। 13 ਯੋਆਸ਼ ਆਪਣੇ ਮਰਨ ਬਾਅਦ ਆਪਣੇ ਪੁਰਖਿਆਂ ਦੇ ਕੋਲ ਦਫ਼ਨਾਇਆ ਗਿਆ। ਉਸ ਉਪਰੰਤ ਯਾਰਾਬੁਆਮ ਨਵਾਂ ਪਾਤਸ਼ਾਹ ਬਣਿਆ ਅਤੇ ਉਸ ਦੇ ਸਿੰਘਾਸਣ ਤੇ ਬੈਠਾ। ਯੋਆਸ਼ ਨੂੰ ਸਾਮਰਿਯਾ ਵਿੱਚ ਇਸਰਾਏਲ ਦੇ ਪਾਤਸ਼ਾਹ ਕੋਲ ਦਫ਼ਨਾਇਆ ਗਿਆ।

ਯੋਆਸ਼ ਦਾ ਅਲੀਸ਼ਾ ਕੋਲ ਫੇਰਾ

14 ਫ਼ਿਰ ਅਲੀਸ਼ਾ ਬਿਮਾਰ ਹੋ ਗਿਆ ਜਿਸ ਬਿਮਾਰੀ ਨਾਲ ਉਹ ਮਰ ਵੀ ਸੱਕਦਾ ਸੀ। ਇਸਰਾਏਲ ਦਾ ਪਾਤਸ਼ਾਹ ਯੋਆਸ਼ ਉਸ ਨੂੰ ਮਿਲਣ ਲਈ ਗਿਆ। ਉਹ ਅਲੀਸ਼ਾ ਲਈ ਰੋਇਆ ਅਤੇ ਆਖਣ ਲੱਗਾ, “ਹੇ ਮੇਰੇ ਪਿਤਾ! ਕੀ ਇਸਰਾਏਲ ਦੇ ਰੱਥ ਤੇ ਇਸਦੇ ਘੋੜਿਆਂ ਦਾ ਇਹੀ ਵੇਲਾ ਹੈ?” [b]

15 ਅਲੀਸ਼ਾ ਨੇ ਯੋਆਸ਼ ਨੂੰ ਕਿਹਾ, “ਕੁਝ ਤੀਰ ਤੇ ਕਮਾਨ ਲੈ।”

ਯੋਆਸ਼ ਨੇ ਕਮਾਨ ਤੇ ਕੁਝ ਤੀਰ ਚੁੱਕ ਲਏ। 16 ਤਦ ਅਲੀਸ਼ਾ ਨੇ ਇਸਰਾਏਲ ਦੇ ਪਾਤਸ਼ਾਹ ਨੂੰ ਆਖਿਆ, “ਕਮਾਨ ਤੇ ਆਪਣਾ ਹੱਥ ਧਰ।” ਸੋ ਉਸ ਨੇ ਆਪਣਾ ਹੱਥ ਉਸ ਉੱਪਰ ਧਰਿਆ ਫ਼ੇਰ ਅਲੀਸ਼ਾ ਨੇ ਆਪਣੇ ਹੱਥ ਪਾਤਸ਼ਾਹ ਦੇ ਹੱਥਾਂ ਉੱਪਰ ਰੱਖੇ। 17 ਅਲੀਸ਼ਾ ਨੇ ਕਿਹਾ, “ਪੂਰਬ ਵੱਲ ਦੀ ਖਿੜਕੀ ਖੋਲ੍ਹ।” ਯੋਆਸ਼ ਨੇ ਪੂਰਬੀ ਖਿੜਕੀ ਖੋਲ੍ਹੀ। ਤਦ ਅਲੀਸ਼ਾ ਨੇ ਆਖਿਆ, “ਨਿਸ਼ਾਨਾ ਦਾਗ।”

ਤਦ ਯੋਆਸ਼ ਨੇ ਤੀਰ ਮਾਰਿਆ। ਤਦ ਅਲੀਸ਼ਾ ਬੋਲਿਆ, “ਉਹ ਯਹੋਵਾਹ ਦੀ ਫ਼ਤਹ ਦਾ ਬਾਣ ਹੈ। ਜੋ ਕਿ ਅਰਾਮ ਉੱਪਰ ਫ਼ਤਹ ਦਾ ਬਾਣ ਹੈ। ਤੂੰ ਅਰਾਮੀਆਂ ਨੂੰ ਅਫ਼ੇਕ ਵਿੱਚ ਹਾਰ ਦੇਵੇਂਗਾ ਅਤੇ ਉਨ੍ਹਾਂ ਨੂੰ ਨਸ਼ਟ ਕਰੇਂਗਾ।”

18 ਅਲੀਸ਼ਾ ਨੇ ਕਿਹਾ, “ਤੀਰਾਂ ਨੂੰ ਚੁੱਕ ਲੈ।” ਸੋ ਉਸ ਨੇ ਤੀਰ ਚੁੱਕ ਲਏ। ਤਦ ਅਲੀਸ਼ਾ ਨੇ ਇਸਰਾਏਲ ਦੇ ਪਾਤਸ਼ਾਹ ਨੂੰ ਕਿਹਾ, “ਜ਼ਮੀਨ ਤੇ ਮਾਰ।”

ਸੋ ਉਸ ਨੇ ਧਰਤੀ ਉੱਪਰ ਤਿੰਨ ਵਾਰੀ ਮਾਰਿਆ ਫ਼ਿਰ ਰੁਕ ਗਿਆ। 19 ਫ਼ਿਰ ਪਰਮੇਸ਼ੁਰ ਦਾ ਮਨੁੱਖ (ਅਲੀਸ਼ਾ) ਉਸ ਉੱਪਰ ਕਰੋਧਵਾਨ ਹੋਕੇ ਬੋਲਿਆ, “ਤੈਨੂੰ ਪੰਜ ਜਾਂ ਛੇ ਵਾਰੀ ਮਾਰਨਾ ਚਾਹੀਦਾ ਸੀ। ਤਦ ਤੂੰ ਅਰਾਮ ਨੂੰ ਇੰਨਾ ਮਾਰਦਾ ਕਿ ਉਸ ਨੂੰ ਨਾਸ਼ ਕਰ ਦਿੰਦਾ ਪਰ ਹੁਣ ਤੂੰ ਤਿੰਨ ਵਾਰੀ ਹੀ ਅਰਾਮ ਨੂੰ ਮਾਰੇਗਾ।”

ਅਲੀਸ਼ਾ ਦੀ ਕਬਰ ਤੇ ਅਦਭੁਤ ਘਟਨਾ

20 ਫ਼ਿਰ ਅਲੀਸ਼ਾ ਮਰ ਗਿਆ ਅਤੇ ਲੋਕਾਂ ਨੇ ਉਸ ਨੂੰ ਦਫ਼ਨਾਅ ਦਿੱਤਾ।

ਇੱਕ ਵਾਰੀ ਬਸੰਤ ਰੁੱਤ ਵਿੱਚ ਮੋਆਬੀਆਂ ਦੇ ਸਿਪਾਹੀ ਇਸਰਾਏਲ ਵਿੱਚ ਆ ਵੜੇ। ਉਹ ਜੰਗ ਦੀਆਂ ਵਸਤਾਂ ਚੁੱਕਣ ਲਈ ਆਏ ਸਨ। 21 ਜਦੋਂ ਉਹ ਇਸਰਾਏਲੀ ਇੱਕ ਲਾਸ਼ ਨੂੰ ਦਫ਼ਨਾਅ ਰਹੇ ਸਨ ਤਾਂ ਉਨ੍ਹਾਂ ਨੇ ਇੱਕ ਜੱਥਾ ਵੇਖਿਆ ਸੋ ਉਨ੍ਹਾਂ ਨੇ ਜਲਦੀ ’ਚ ਉਸ ਮਨੁੱਖ ਨੂੰ ਅਲੀਸ਼ਾ ਦੀ ਕਬਰ ਵਿੱਚ ਸੁੱਟ ਦਿੱਤਾ ਅਤੇ ਜਦੋਂ ਉਹ ਮਨੁੱਖ ਅਲੀਸ਼ਾ ਦੀਆਂ ਹੱਡੀਆਂ ਨੂੰ ਜਾਕੇ ਛੋਹਿਆ ਤਾਂ ਉਹ ਜਿਉਂ ਪਿਆ ਅਤੇ ਆਪਣੇ ਪੈਰਾਂ ਉੱਪਰ ਖੜ ਗਿਆ।

ਯੋਆਸ਼ ਵੱਲੋਂ ਇਸਰਾਏਲ ਦੇ ਸ਼ਹਿਰਾਂ ਨੂੰ ਮੁੜ ਜਿਤ੍ਤਣਾ

22 ਯੋਆਸ਼ ਦੇ ਸਾਰੇ ਰਾਜ ਵਿੱਚ ਅਰਾਮ ਦਾ ਰਾਜਾ ਹਜ਼ਾਏਲ ਉਸ ਨੂੰ ਸਤਾਉਂਦਾ ਰਿਹਾ। 23 ਪਰ ਯਹੋਵਾਹ ਇਸਰਾਏਲੀਆਂ ਉੱਪਰ ਮਿਹਰਬਾਨ ਸੀ ਅਤੇ ਉਨ੍ਹਾਂ ਤੇ ਤਰਸ ਮਹਿਸੂਸ ਕੀਤਾ। ਅੱਜ ਦਿਨ ਤੀਕ, ਯਹੋਵਾਹ ਨੇ ਆਪਣੇ ਅਬਰਾਹਾਮ, ਇਸਹਾਕ, ਅਤੇ ਯਾਕੂਬ ਨਾਲ ਕੀਤੇ ਆਪਣੇ ਇਕਰਾਰਨਾਮੇ ਕਾਰਣ ਨਾ ਤਾਂ ਇਸਰਾਏਲੀਆਂ ਨੂੰ ਤਬਾਹ ਕੀਤਾ ਤੇ ਨਾ ਹੀ ਆਪਣੀ ਹਾਜਰੀ ਵਿੱਚੋਂ ਫਨਾਹ ਕੀਤਾ ਹੈ।

24 ਅਰਾਮ ਦਾ ਰਾਜਾ ਹਜ਼ਾਏਲ ਮਰ ਗਿਆ ਅਤੇ ਉਸ ਉਪਰੰਤ ਬਨ-ਹਦਦ ਨਵਾਂ ਪਾਤਸ਼ਾਹ ਬਣਿਆ। 25 ਆਪਣੇ ਮਰਨ ਤੋਂ ਪਹਿਲਾਂ ਹਜ਼ਾਏਲ ਨੇ ਲੜਾਈ ਵਿੱਚ ਯੋਆਸ਼ ਦੇ ਪਿਤਾ ਯਹੋਆਹਾਜ਼ ਤੋਂ ਕਈ ਸ਼ਹਿਰ ਖੋਹ ਲਏ ਸਨ ਪਰ ਹੁਣ ਯੋਆਸ਼ ਨੇ ਹਜ਼ਾਏਲ ਦੇ ਪੁੱਤਰ ਬਨ-ਹਦਦ ਤੋਂ ਇਹ ਸ਼ਹਿਰ ਵਾਪਸ ਲੈ ਲਏ ਸਨ। ਯੋਆਸ਼ ਨੇ ਬਨ-ਹਦਦ ਨੂੰ ਤਿੰਨ ਵਾਰੀ ਹਰਾਇਆ ਅਤੇ ਇਸਰਾਏਲ ਦੇ ਸ਼ਹਿਰ ਵਾਪਸ ਲੈ ਲਏ।

ਅਮਸਯਾਹ ਦਾ ਯਹੂਦਾਹ ਵਿੱਚ ਆਪਣਾ ਰਾਜ ਸ਼ੁਰੂ ਕੀਤਾ

14 ਇਸਰਾਏਲ ਦੇ ਪਾਤਸ਼ਾਹ ਯਹੋਆਹਾਜ਼ ਦੇ ਪੁੱਤਰ ਯੋਆਸ਼ ਦੇ ਦੂਜੇ ਸਾਲ, ਯਹੂਦਾਹ ਵਿੱਚ ਪਾਤਸ਼ਾਹ ਯੋਆਸ਼ ਦਾ ਪੁੱਤਰ ਅਮਸਯਾਹ ਰਾਜ ਕਰਨ ਲੱਗਾ। ਜਦੋਂ ਉਹ ਰਾਜ ਕਰਨ ਲੱਗਾ ਤਾਂ ਉਹ 25 ਵਰ੍ਹਿਆਂ ਦਾ ਸੀ। ਅਮਸਯਾਹ ਨੇ ਯਰੂਸ਼ਲਮ ਵਿੱਚ 29 ਸਾਲ ਰਾਜ ਕੀਤਾ। ਉਸਦੀ ਮਾਂ ਦਾ ਨਾਂ ਯਹੋਅੱਦੀਨ ਸੀ, ਜੋ ਯਰੂਸ਼ਲਮ ਤੋਂ ਸੀ। ਅਮਸਯਾਹ ਨੇ ਉਹ ਕੰਮ ਕੀਤੇ ਜੋ ਯਹੋਵਾਹ ਦੀ ਨਿਗਾਹ ਵਿੱਚ ਚੰਗੇ ਸਨ ਪਰ ਉਸ ਨੇ ਆਪਣੇ ਪੁਰਖੇ ਦਾਊਦ ਵਾਂਗ ਪੂਰੀ ਤਰ੍ਹਾਂ ਯਹੋਵਾਹ ਨੇ ਮੰਨਿਆ। ਉਸ ਨੇ ਉੱਚੀਆਂ ਥਾਵਾਂ ਨੂੰ ਨਾ ਢਾਹਿਆ। ਅਜੇ ਤੀਕ ਲੋਕ ਉੱਚੀਆਂ ਥਾਵਾਂ ਤੇ ਬਲੀਆਂ ਚੜ੍ਹਾਉਂਦੇ ਅਤੇ ਧੂਪ ਧੁਖਾਉਂਦੇ ਸਨ।

ਜਦੋਂ ਅਮਸਯਾਹ ਦੇ ਹੱਥ ਰਾਜ ਪੱਕਾ ਹੋ ਗਿਆ ਤਾਂ ਉਸ ਨੇ ਉਨ੍ਹਾਂ ਸਾਰੇ ਅਫ਼ਸਰਾਂ ਨੂੰ ਮਾਰ ਛੱਡਿਆ ਜਿਨ੍ਹਾਂ ਉਸ ਦੇ ਪਿਤਾ ਨੂੰ ਮਾਰਿਆ ਸੀ। ਪਰ ਉਸ ਨੇ ਮਾਰਨ ਵਾਲਿਆਂ ਦੇ ਪੁੱਤਰਾਂ ਨੂੰ ਅੱਗੋਂ ਨਾ ਵੱਢਿਆ ਕਿਉਂ ਜੋ ਮੂਸਾ ਦੀ ਬਿਵਸਥਾ ਦੀ ਪੋਥੀ ਵਿੱਚ ਜਿਵੇਂ ਯਹੋਵਾਹ ਨੇ ਆਗਿਆ ਦਿੱਤੀ ਤੇ ਇਹ ਲਿਖਿਆ, “ਜੇਕਰ ਕੋਈ ਪੁੱਤਰ ਪਾਪ ਕਰੇ ਤਾਂ ਉਸ ਦੇ ਬਦਲੇ ਮਾਪੇ ਨਾ ਮਾਰੇ ਜਾਣ ਅਤੇ ਨਾ ਹੀ ਮਾਪਿਆਂ ਦੇ ਪਾਪ ਕਰਨ ਤੇ ਬੱਚਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਸਿਰਫ਼ ਜਿਹੜਾ ਕੋਈ ਮਨੁੱਖ ਆਪ ਗ਼ਲਤ ਕੰਮ ਕਰਦਾ ਹੈ ਉਸਦਾ ਦੰਡ ਉਸ ਨੂੰ ਹੀ ਮਿਲਣਾ ਚਾਹੀਦਾ ਹੈ।”

ਅਮਸਯਾਹ ਨੇ ਲੂਣ ਦੀ ਵਾਦੀ ਵਿੱਚ 10,000 ਅਦੋਮੀ ਮਾਰੇ ਅਤੇ ਸਲਾ ਨੂੰ ਜੰਗ ਕਰਕੇ ਜਿੱਤ ਲਿਆ ਅਤੇ ਉਸਦਾ ਨਾਂ “ਯਾਕਤੇਲ” ਰੱਖਿਆ। ਇਸ ਜਗ੍ਹਾ ਨੂੰ ਅੱਜ ਤੀਕ ਵੀ “ਯਾਕਤੇਲ” ਦੇ ਨਾਂ ਨਾਲ ਬੁਲਾਇਆ ਜਾਂਦਾ ਹੈ।

ਅਮਸਯਾਹ ਦੀ ਯਹੋਆਸ਼ ਦੇ ਵਿਰੁੱਧ ਜੰਗ ਦੀ ਖਾਹਿਸ਼

ਤਦ ਅਮਸਯਾਹ ਨੇ ਇਸਰਾਏਲ ਦੇ ਪਾਤਸ਼ਾਹ ਯਹੋਆਸ਼ ਦੇ ਕੋਲ ਜੋ ਕਿ ਯਹੋਆਹਾਜ਼, ਇਸਰਾਏਲ ਦੇ ਪਾਤਸ਼ਾਹ ਯੇਹੂ ਦੇ ਪੁੱਤਰ ਕੋਲ ਸੰਦੇਸ਼ਵਾਹਕ ਭੇਜੇ। ਉਨ੍ਹਾਂ ਸੰਦੇਸ਼ਾ ਦਿੱਤਾ, “ਆਓ, ਅਸੀਂ ਇੱਕ ਦੂਜੇ ਦੇ ਆਮ੍ਹਣੇ-ਸਾਹਮਣੇ ਹੋਕੇ ਲੜੀਏ।”

ਤਦ ਇਸਰਾਏਲ ਦੇ ਪਾਤਸ਼ਾਹ ਯਹੋਆਸ਼ ਨੇ ਯਹੂਦਾਹ ਦੇ ਪਾਤਸ਼ਾਹ ਅਮਸਯਾਹ ਨੂੰ ਜਵਾਬ ਭੇਜਿਆ ਅਤੇ ਆਖਿਆ, “ਲਬਾਨੋਨ ਦੀ ਛੋਟੀ ਜਿਹੀ ਕੰਡਿਆਲੀ ਝਾੜੀ ਨੇ ਲਬਾਨੋਨ ਦੇ ਵਿਸ਼ਾਲ ਰੁੱਖ ਨੂੰ ਸੁਨੇਹਾ ਭੇਜਿਆ: ‘ਆਪਣੀ ਧੀ ਨੂੰ ਮੇਰੇ ਪੁੱਤਰ ਨਾਲ ਵਿਆਹ ਦੇ।’ ਪਰ ਇੱਕ ਜੰਗਲੀ ਜਾਨਵਰ ਜੋ ਲਬਾਨੋਨ ਵਿੱਚ ਸੀ ਛੋਟੀ ਕੰਡਿਆਲੀ ਝਾੜੀ ਤੋਂ ਦੀ ਲੰਘਿਆ ਅਤੇ ਉਸ ਨੂੰ ਮਿੱਧ ਸੁੱਟਿਆ। 10 ਇਹ੍ ਸੱਚ ਹੈ ਤੂੰ ਅਦੋਮ ਨੂੰ ਹਰਾਇਆ ਹੈ ਪਰ ਤੂੰ ਅਦੋਮ ਨੂੰ ਜਿੱਤਣ ਤੋਂ ਬਾਅਦ ਘੁਮੰਡੀ ਹੋ ਗਿਆ ਹੈ। ਹੁਣ ਤੂੰ ਆਪਣੇ ਘਰ ਵਿੱਚ ਰਹਿ ਅਤੇ ਓੱਥੇ ਆਪਣਾ ਸਤਿਕਾਰ ਮਾਣ। ਆਪਣੇ ਆਪਨੂੰ ਮਸੀਬਤ ਵਿੱਚ ਨਾ ਪਾ। ਜੇਕਰ ਤੂੰ ਇਉਂ ਕਰੇਂਗਾ ਤੂੰ ਡਿੱਗੇਂਗਾ ਅਤੇ ਯਹੂਦਾਹ ਤੇਰੇ ਨਾਲ ਡਿੱਗੇਗਾ।”

11 ਪਰ ਅਮਸਯਾਹ ਨੇ ਯਹੋਆਸ਼ ਦੀ ਚਿਤਾਵਨੀ ਵੱਲ ਕੋਈ ਧਿਆਨ ਨਾ ਦਿੱਤਾ। ਤਦ ਇਸਰਾਏਲ ਦੇ ਪਾਤਸ਼ਾਹ ਯਹੋਆਸ਼ ਨੇ ਯਹੂਦਾਹ ਦੇ ਅਮਸਯਾਹ ਪਾਤਸ਼ਾਹ ਨੂੰ ਜੋ ਯਹੂਦਾਹ ਵਿੱਚ ਬੈਤ-ਸ਼ਮਸ਼ ਵਿੱਚ ਚੜ੍ਹਾਈ ਕੀਤੀ। 12 ਇਸਰਾਏਲ ਨੇ ਯਹੂਦਾਹ ਨੂੰ ਹਾਰ ਦਿੱਤੀ। ਯਹੂਦਾਹ ਦਾ ਹਰ ਆਦਮੀ ਉੱਥੋਂ ਘਰ ਨੂੰ ਭੱਜ ਗਿਆ। 13 ਫ਼ਿਰ ਬੈਤ-ਸ਼ਮਸ਼ ਵਿੱਚ ਇਸਰਾਏਲ ਦੇ ਪਾਤਸ਼ਾਹ ਯਹੋਆਸ਼ ਨੇ ਯਹੂਦਾਹ ਦੇ ਰਾਜੇ ਅਮਸਯਾਹ ਨੂੰ ਘੇਰ ਲਿਆ ਜੋ ਅਹਜ਼ਯਾਹ ਦਾ ਪੋਤਾ ਤੇ ਯੋਆਸ਼ ਦਾ ਪੁੱਤਰ ਸੀ। ਯਹੋਆਸ਼ ਅਮਸਯਾਹ ਨੂੰ ਯਰੂਸ਼ਲਮ ਵਿੱਚ ਲੈ ਆਇਆ। ਉਸ ਨੇ ਯਰੂਸ਼ਲਮ ਦੀ ਕੰਧ ਇਫ਼ਰਾਈਮ ਦੇ ਫ਼ਾਟਕ ਤੋਂ ਲੈ ਕੇ ਨੁਕਰ ਵਾਲੇ ਫ਼ਾਟਕ ਤੀਕ 600 ਫੁੱਟ ਢਾਹ ਦਿੱਤੀ। 14 ਤਦ ਯਹੋਆਸ਼ ਨੇ ਸਾਰਾ ਸੋਨਾ ਅਤੇ ਚਾਂਦੀ ਅਤੇ ਸਾਰੇ ਬਰਤਨ ਜੋ ਯਹੋਵਾਹ ਦੇ ਮੰਦਰ ਵਿੱਚ ਸਨ, ਤੇ ਪਾਤਸ਼ਾਹ ਦੇ ਖਜ਼ਾਨੇ ਵਿੱਚ ਸਨ ਲੈ ਲਏ। ਉਨ੍ਹਾਂ ਸਾਰੇ ਕੈਦੀਆਂ ਨੂੰ ਨਾਲ ਲਿਆ ਅਤੇ ਸਾਮਰਿਯਾ ਨੂੰ ਮੁੜਿਆ।

15 ਯਹੋਆਸ਼ ਨੇ ਜੋ ਵੀ ਕਾਰਜ ਕੀਤੇ, ਇਹ ਵੀ ਕਿ ਕਿਵੇਂ ਉਹ ਯਹੂਦਾਹ ਦੇ ਪਾਤਸ਼ਾਹ ਅਮਸਯਾਹ ਦੇ ਖਿਲਾਫ਼ ਲੜਿਆ ਇਹ ਸਭ ਕੁਝ ਇਸਰਾਏਲ ਦੇ ਰਾਜਿਆਂ ਦੇ ਇਤਹਾਸ ਦੀ ਪੋਥੀ ਵਿੱਚ ਦਰਜ ਹੈ। 16 ਯਹੋਆਸ਼ ਨੂੰ ਮਰਨ ਉਪਰੰਤ ਉਸ ਦੇ ਪੁਰਖਿਆਂ ਕੋਲ ਦਫ਼ਨਾਇਆ ਗਿਆ। ਅਤੇ ਉਸ ਦੇ ਬਾਅਦ ਉਸਦਾ ਪੁੱਤਰ ਯਾਰਾਬੁਆਮ ਪਾਤਸ਼ਾਹ ਬਣਿਆ।

ਅਮਸਯਾਹ ਦੀ ਮੌਤ

17 ਯਹੂਦਾਹ ਦੇ ਪਾਤਸ਼ਾਹ ਯੋਆਸ਼ ਦਾ ਪੁੱਤਰ ਅਮਸਯਾਹ ਇਸਰਾਏਲ ਦੇ ਪਾਤਸ਼ਾਹ ਯਹੋਆਹਾਜ਼ ਦੇ ਪੁੱਤਰ ਯਹੋਆਸ਼ ਦੇ ਮਰਨ ਪਿੱਛੋਂ 15 ਵਰ੍ਹੇ ਜਿਉਂਦਾ ਰਿਹਾ। 18 ਅਮਸਯਾਹ ਨੇ ਜੋ ਵੀ ਮਹਾਨ ਕਾਰਜ ਕੀਤੇ ਉਹ ਯਹੂਦਾਹ ਦੇ ਰਾਜਿਆਂ ਦੇ ਇਤਹਾਸ ਦੀ ਪੋਥੀ ਵਿੱਚ ਦਰਜ ਹਨ। 19 ਜਦ ਲੋਕਾਂ ਨੇ ਯਰੂਸ਼ਲਮ ਵਿੱਚ ਉਸ ਦੇ ਵਿਰੁੱਧ ਮਤਾ ਪਕਾਇਆ ਤਾਂ ਉਹ ਲਕੀਸ਼ ਵੱਲ ਭਜਿਆ ਪਰ ਲੋਕਾਂ ਨੇ ਲਕੀਸ਼ ਉਸ ਦੇ ਪਿੱਛੇ ਆਦਮੀ ਭੇਜੇ ਤੇ ਉਸ ਨੂੰ ਮਾਰ ਸੁੱਟਿਆ। 20 ਲੋਕੀਂ ਉਸਦੀ ਲੋਥ ਘੋੜਿਆਂ ਤੇ ਚੁੱਕ ਕੇ ਵਾਪਸ ਲਿਆਏ ਤੇ ਅਮਸਯਾਹ ਨੂੰ ਦਾਊਦ ਦੇ ਸ਼ਹਿਰ ਉਸ ਦੇ ਪੁਰਖਿਆਂ ਦੇ ਕੋਲ ਯਰੂਸ਼ਲਮ ਵਿੱਚ ਦਫ਼ਨਾਇਆ ਗਿਆ।

ਅਜ਼ਰਯਾਹ ਨੇ ਯਹੂਦਾਹ ਉੱਪਰ ਆਪਣਾ ਰਾਜ ਸ਼ੁਰੂ ਕੀਤਾ

21 ਤਦ ਯਹੂਦਾਹ ਦੇ ਸਾਰੇ ਲੋਕਾਂ ਨੇ ਅਜ਼ਰਯਾਹ ਨੂੰ ਨਵਾਂ ਪਾਤਸ਼ਾਹ ਬਣਾਇਆ। ਉਸ ਵਕਤ ਉਹ ਕੁੱਲ 16 ਸਾਲਾਂ ਦਾ ਸੀ। 22 ਇਉਂ ਜਦ ਪਾਤਸ਼ਾਹ ਅਮਸਯਾਹ ਮਰਿਆ ਤਾਂ ਉਹ ਆਪਣੇ ਪੁਰਖਿਆਂ ਦੇ ਕੋਲ ਦਫ਼ਨਾਇਆ ਗਿਆ। ਫ਼ੇਰ ਉਸਤੋਂ ਬਾਅਦ ਅਜ਼ਰਯਾਹ ਨੇ ਏਲਥ ਨੂੰ ਇੱਕ ਵਾਰ ਫੇਰ ਉਸਾਰਿਆ ਅਤੇ ਇਸ ਨੂੰ ਯਹੂਦਾਹ ਵਿੱਚ ਪੁਨਰ-ਸਥਾਪਿਤ ਕਰ ਦਿੱਤਾ।

ਦੂਜੇ ਯਾਰਾਬੁਆਮ ਨੇ ਇਸਰਾਏਲ ਉੱਪਰ ਆਪਣਾ ਰਾਜ ਸ਼ੁਰੂ ਕੀਤਾ

23 ਯਹੂਦਾਹ ਦੇ ਪਾਤਸ਼ਾਹ ਯੋਆਸ਼ ਦੇ ਪੁੱਤਰ ਅਮਸਯਾਹ ਦੇ 15ਵਰ੍ਹੇ ਵਿੱਚ ਇਸਰਾਏਲ ਦੇ ਪਾਤਸ਼ਾਹ ਯੋਆਸ਼ ਦਾ ਪੁੱਤਰ ਯਾਰਾਬੁਆਮ ਸਾਮਰਿਯਾ ਵਿੱਚ ਰਾਜ ਕਰਨ ਲੱਗਾ ਅਤੇ ਉਸ ਨੇ 41ਵਰ੍ਹੇ ਰਾਜ ਕੀਤਾ। 24 ਯਾਰਾਬੁਆਮ ਨੇ ਉਹ ਕੰਮ ਕੀਤੇ ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜੇ ਸਨ। ਉਸ ਨੇ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਉਨ੍ਹਾਂ ਸਾਰਿਆਂ ਪਾਪਾਂ ਵਿੱਚੋਂ ਕਿਸੇ ਤੋਂ ਵੀ ਮੂੰਹ ਨਾ ਮੜਿਆ ਜੋ ਉਸ ਨੇ ਇਸਰਾਏਲ ਤੋਂ ਕਰਵਾਏ ਸਨ। 25 ਉਸ ਨੇ ਇਸਰਾਏਲ ਦੇ ਯਹੋਵਾਹ ਦੇ ਉਸ ਬਚਨ ਮੁਤਾਬਕ ਜੋ ਉਸ ਨੇ ਅਮਿੱਤਈ ਦੇ ਪੁੱਤਰ ਆਪਣੇ ਸੇਵਕ ਯੂਨਾਹ ਨਬੀ ਦੇ ਰਾਹੀਂ ਜੋ ਗਥ ਹੇਫ਼ਰ ਦਾ ਸੀ, ਆਖਿਆ ਸੀ ਉਸ ਨੇ ਇਸਰਾਏਲ ਹੀ ਹੱਦ ਨੂੰ ਹਮਾਥ ਦੇ ਲਾਂਘੇ ਤੋਂ ਲੈ ਕੇ ਅਰਾਬਾਹ ਦੇ ਸਮੁੰਦਰ ਤੀਕ ਫ਼ਿਰ ਪਹੁੰਚਾ ਦਿੱਤਾ ਸੀ। 26 ਤਦ ਯਹੋਵਾਹ ਨੇ ਵੇਖਿਆ ਕਿ ਸੱਚਮੁੱਚ ਇਸਰਾਏਲੀ ਬੜੇ ਕਸ਼ਟ ਵਿੱਚ ਸਨ, ਦੋਵੇਂ, ਨੌਕਰ ਅਤੇ ਅਜਾਦ ਆਦਮੀ, ਅਤੇ ਉੱਥੇ ਕੋਈ ਅਜਿਹਾ ਨਹੀਂ ਸੀ ਜੋ ਇਸਰਾਏਲ ਦੀ ਮਦਦ ਕਰ ਸੱਕਦਾ। 27 ਯਹੋਵਾਹ ਨੇ ਇਹ ਵੀ ਨਹੀਂ ਆਖਿਆ ਸੀ ਕਿ ਮੈਂ ਅਕਾਸ਼ ਦੇ ਹੇਠੋਂ ਇਸਰਾਏਲ ਦਾ ਨਾਉਂ ਹੀ ਮਿਟਾ ਦੇਵਾਂਗਾ। ਇਸ ਲਈ ਉਸ ਨੇ ਉਨ੍ਹਾਂ ਨੂੰ ਯੋਆਸ਼ ਦੇ ਪੁੱਤਰ ਯਾਰਾਬੁਆਮ ਦੀ ਸ਼ਕਤੀ ਰਾਹੀਂ ਛੁਟਕਾਰਾ ਦਵਾਇਆ।

28 ਯਾਰਾਬੁਆਮ ਨੇ ਜੋ ਵੀ ਮਹਾਨ ਕਾਰਜ ਕੀਤੇ ਉਹ ਇਸਰਾਏਲੀ ਰਾਜਿਆਂ ਦੇ ਇਤਹਾਸ ਦੀ ਪੋਥੀ ਵਿੱਚ ਦਰਜ ਹਨ। ਇਸ ਵਿੱਚ ਯਾਰਾਬੁਆਮ ਨੇ ਜਦ ਇਸਰਾਏਲ ਲਈ ਦੰਮਿਸਕ ਅਤੇ ਹਮਾਥ ਨੂੰ ਜੋ ਯਹੂਦਾਹ ਦੇ ਸਨ ਜਿੱਤ ਲਿਆਂਦਾ ਇਹ ਕਹਾਣੀ ਵੀ ਉਸ ਵਿੱਚ ਸ਼ਾਮਿਲ ਹੈ। 29 ਯਾਰਾਬੁਆਮ ਜਦ ਮਰਿਆ ਤਾਂ ਉਸ ਨੂੰ ਉਸ ਦੇ ਪੁਰਖਿਆਂ ਕੋਲ ਦਫ਼ਨਾਇਆ ਗਿਆ, ਜੋ ਕਿ ਇਸਰਾਏਲ ਦੇ ਪਾਤਸ਼ਾਹ ਸਨ। ਉਸ ਉਪਰੰਤ ਉਸਦਾ ਪੁੱਤਰ ਜ਼ਕਰਯਾਹ ਉਸਦੀ ਥਾਵੇਂ ਰਾਜ ਕਰਨ ਲੱਗਾ।

ਅਜ਼ਰਯਾਹ ਦਾ ਯਹੂਦਾਹ ਤੇ ਰਾਜ

15 ਇਸਰਾਏਲ ਦੇ ਪਾਤਸ਼ਾਹ ਯਾਰਾਬੁਆਮ ਦੇ 27ਵਰ੍ਹੇ ਯਹੂਦਾਹ ਦੇ ਪਾਤਸ਼ਾਹ ਅਮਸਯਾਹ ਦਾ ਪੁੱਤਰ ਅਜ਼ਰਯਾਹ ਰਾਜ ਕਰਨ ਲੱਗਾ। ਅਜ਼ਰਯਾਹ ਨੇ ਜਦੋਂ ਰਾਜ ਸੰਭਾਲਿਆ ਤਦ ਉਹ 16ਵਰ੍ਹਿਆਂ ਦਾ ਸੀ। ਉਸ ਨੇ ਯਰੂਸ਼ਲਮ ਵਿੱਚ 52 ਵਰ੍ਹੇ ਰਾਜ ਕੀਤਾ ਉਸ ਦੀ ਮਾਂ ਦਾ ਨਾਂ ਯਕਾਲਯਾਹ ਸੀ ਜੋ ਯਰੂਸ਼ਲਮ ਦੀ ਸੀ। ਜੋ ਕੁਝ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ ਅਜ਼ਰਯਾਹ ਨੇ ਉਹੀ ਕੁਝ ਕੀਤਾ ਜਿਵੇਂ ਉਸ ਦੇ ਪਿਤਾ ਅਮਸਯਾਹ ਨੇ ਵੀ ਕੀਤਾ ਸੀ। ਅਜ਼ਰਯਾਹ ਆਪਣੇ ਪਿਤਾ ਅਮਸਯਾਹ ਦੇ ਨਕਸ਼ੇ ਕਦਮ ਤੇ ਚੱਲਿਆ। ਪਰ ਇਸਨੇ ਵੀ ਉੱਚੀਆਂ ਥਾਵਾਂ ਨੂੰ ਨਾ ਢਾਹਿਆ। ਲੋਕ ਅਜੇ ਵੀ ਉੱਚੀਆਂ ਥਾਵਾਂ ਤੇ ਬਲੀਆਂ ਚੜ੍ਹਾਉਂਦੇ ਅਤੇ ਧੂਪ ਧੁਖਾਉਂਦੇ ਸਨ।

ਯਹੋਵਾਹ ਨੇ ਅਜ਼ਰਯਾਹ ਪਾਤਸ਼ਾਹ ਨੂੰ ਅਜਿਹਾ ਮਾਰਿਆ ਕਿ ਉਹ ਆਪਣੇ ਮਰਨ ਕਾਲ ਤੀਕ ਕੋੜ੍ਹੀ ਰਿਹਾ। ਉਹ ਇੱਕ ਅਲੱਗ ਘਰ ਵਿੱਚ ਰਹਿੰਦਾ ਅਤੇ ਪਾਤਸ਼ਾਹ ਦਾ ਪੁੱਤਰ ਯੋਥਾਮ ਘਰ ਦੀ ਦੇਖਭਾਲ ਅਤੇ ਲੋਕਾਂ ਦਾ ਨਿਆਉਂ ਕਰਦਾ ਸੀ।

ਅਜ਼ਰਯਾਹ ਨੇ ਵੀ ਜੋ ਮਹਾਨ ਕਾਰਜ ਕੀਤੇ ਉਹ ਯਹੂਦਾਹ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖਿਆ ਗਿਆ। ਜਦੋਂ ਅਜ਼ਰਯਾਹ ਦੀ ਮੌਤ ਹੋਈ ਤਾਂ ਉਸ ਨੂੰ ਦਾਊਦ ਦੇ ਸ਼ਹਿਰ ਆਪਣੇ ਪੁਰਖਿਆਂ ਦੇ ਕੋਲ ਦਫ਼ਨਾਇਆ ਗਿਆ। ਅਤੇ ਉਸ ਦੇ ਮਰਨ ਉਪਰੰਤ ਉਸਦਾ ਪੁੱਤਰ ਯੋਥਾਮ ਨਵਾਂ ਪਾਤਸ਼ਾਹ ਬਣਿਆ।

ਇਸਰਾਏਲ ਉੱਪਰ ਜ਼ਕਰਯਾਹ ਦਾ ਥੋੜੀ ਦੇਰ ਰਾਜ ਕਰਨਾ

ਯਾਰਾਬੁਆਮ ਦੇ ਪੁੱਤਰ ਜ਼ਕਰਯਾਹ ਨੇ ਸਾਮਰਿਯਾ ਵਿੱਚ ਇਸਰਾਏਲ ਉੱਪਰ ਛੇ ਮਹੀਨਿਆਂ ਲਈ ਰਾਜ ਕੀਤਾ। ਉਸ ਨੇ ਅਜ਼ਰਯਾਹ ਦੇ ਯਹੂਦਾਹ ਵਿੱਚ 38ਵੇਂ ਵਰ੍ਹੇ ਵਿੱਚ ਰਾਜ ਕਰਨਾ ਸ਼ੁਰੂ ਕੀਤਾ। ਜ਼ਕਰਯਾਹ ਨੇ ਉਹ ਕੰਮ ਕੀਤੇ ਜੋ ਯਹੋਵਾਹ ਦੀ ਨਿਗਾਹ ਵਿੱਚ ਮਾੜੇ ਸਨ। ਉਸ ਨੇ ਵੀ ਆਪਣੇ ਪੁਰਖਿਆਂ ਵਾਂਗ ਗ਼ਲਤ ਕੰਮ ਕੀਤੇ। ਉਸ ਨੇ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਉਨ੍ਹਾਂ ਪਾਪਾਂ ਤੋਂ ਮੂੰਹ ਨਾ ਮੋੜਿਆ ਜੋ ਉਸ ਨੇ ਇਸਰਾਏਲ ਤੋਂ ਕਰਵਾਏ ਸਨ।

10 ਤਦ ਯਾਬੇਸ਼ ਦੇ ਪੁੱਤਰ ਸ਼ੱਲੁਮ ਨੇ ਉਸ ਦੇ ਵਿਰੁੱਧ ਮਤਾ ਪਕਾਇਆ ਉਸ ਨੇ ਉਸ ਨੂੰ ਹੇਠਾਂ ਧੱਕ ਦਿੱਤਾ ਅਤੇ ਉਸ ਨੂੰ ਖੁਲੇਆਮ ਮਾਰਕੇ ਉਸਦੀ ਥਾਵੇਂ ਖੁਦ ਰਾਜ ਕਰਨ ਲੱਗ ਪਿਆ। 11 ਜ਼ਕਰਯਾਹ ਨੇ ਹੋਰ ਜੋ ਵੀ ਕਾਰਜ ਕੀਤੇ ਉਹ ਇਸਰਾਏਲ ਦੇ ਰਾਜਿਆਂ ਦੇ ਇਤਹਾਸ ਦੀ ਪੋਥੀ ਵਿੱਚ ਦਰਜ ਹਨ 12 ਇਸ ਤਰ੍ਹਾਂ ਯਹੋਵਾਹ ਦੇ ਬਚਨ ਸੱਚ ਹੋਏ। ਯਹੋਵਾਹ ਨੇ ਯੇਹੂ ਨੂੰ ਆਖਿਆ ਸੀ ਕਿ ਉਸਦੀਆਂ ਚਾਰ ਪੀੜੀਆਂ ਇਸਰਾਏਲ ਦੀ ਰਾਜ ਗੱਦੀ ਉੱਪਰ ਬੈਠਣਗੀਆਂ।

ਇਸਰਾਏਲ ਉੱਪਰ ਸ਼ੱਲੁਮ ਦਾ ਥੋੜੀ ਦੇਰ ਰਾਜ ਕਰਨਾ

13 ਯਹੂਦਾਹ ਦੇ ਪਾਤਸ਼ਾਹ ਉਜ਼ੀਯਾਹ ਦੇ 39ਵਰ੍ਹੇ ਯਾਬੇਸ਼ ਦਾ ਪੁੱਤਰ ਸ਼ੱਲੁਮ ਰਾਜ ਕਰਨ ਲੱਗਾ ਅਤੇ ਉਸ ਨੇ ਸਾਮਰਿਯਾ ਵਿੱਚ ਇੱਕ ਮਹੀਨਾ ਰਾਜ ਕੀਤਾ।

14 ਤਦ ਗਾਦੀ ਦਾ ਪੁੱਤਰ ਮਨਹੇਮ ਤਿਰਸਾਹ ਤੋਂ ਆਇਆ ਅਤੇ ਸਾਮਰਿਯਾ ਵਿੱਚ ਵੜ ਗਿਆ। ਮਨਹੇਮ ਨੇ ਯਾਬੇਸ਼ ਦੇ ਪੁੱਤਰ ਸ਼ੱਲੁਮ ਨੂੰ ਮਾਰ ਸੁੱਟਿਆ ਅਤੇ ਉਸ ਨੂੰ ਮਾਰਨ ਬਾਅਦ ਉਹ ਆਪ ਪਾਤਸ਼ਾਹ ਬਣ ਗਿਆ।

15 ਸ਼ੱਲੁਮ ਦੀ ਬਾਕੀ ਸਾਰੀ ਵਾਰਤਾ ਅਤੇ ਜੋ ਮਤਾ ਉਸ ਨੇ ਜ਼ਕਰਯਾਹ ਦੇ ਵਿਰੁੱਧ ਬਣਾਇਆ ਉਹ ਸਭ ਇਸਰਾਏਲ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਦਰਜ ਹੈ।

ਮਨਹੇਮ ਦਾ ਇਸਰਾਏਲ ਉੱਪਰ ਰਾਜ

16 ਸ਼ੱਲੁਮ ਦੀ ਮੌਤ ਤੋਂ ਬਾਅਦ, ਮਨਹੇਮ ਨੇ ਤਿਫ਼ਸਾਹ, ਜੋ ਸ਼ਹਿਰ ਵਿੱਚ ਸਨ ਅਤੇ ਇਸਦੇ ਆਸ-ਪਾਸ ਦੇ ਖੇਤਾਂ ਉੱਤੇ ਹਮਲਾ ਕਰ ਦਿੱਤਾ, ਕਿਉਂ ਕਿ ਲੋਕਾ ਨੇ ਉਸਦੀ ਖਾਤਰ ਸ਼ਹਿਰ ਦੇ ਫ਼ਾਟਕ ਨਹੀਂ ਖੋਲ੍ਹੇ, ਉਸ ਨੇ ਉਨ੍ਹਾਂ ਨੂੰ ਹਰਾ ਦਿੱਤਾ ਅਤੇ ਤਿਫ਼ਸਾਹ ਦੀਆਂ ਸਾਰੀਆਂ ਗਰਭਵਤੀ ਔਰਤਾਂ ਚੀਰ ਦਿੱਤੀਆਂ।

17 ਯਹੂਦਾਹ ਦੇ ਪਾਤਸ਼ਾਹ ਅਜ਼ਰਯਾਹ ਦੇ 39ਵਰ੍ਹੇ ਗਾਦੀ ਦਾ ਪੁੱਤਰ ਮਨਹੇਮ ਇਸਰਾਏਲ ਉੱਪਰ ਰਾਜ ਕਰਨ ਲੱਗਾ। ਉਸ ਨੇ ਸਾਮਰਿਯਾ ਵਿੱਚ 10 ਵਰ੍ਹੇ ਰਾਜ ਕੀਤਾ। 18 ਮਨਹੇਮ ਨੇ ਉਹ ਕੰਮ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਮਾੜਾ ਸੀ। ਉਸ ਨੇ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਉਨ੍ਹਾਂ ਪਾਪਾਂ ਤੋਂ ਸਾਰੀ ਉਮਰ ਭਰ ਮੂੰਹ ਨਾ ਮੋੜਿਆ ਜਿਹੜੇ ਉਸ ਨੇ ਇਸਰਾਏਲ ਤੋਂ ਕਰਵਾਏ ਸਨ।

19 ਅੱਸ਼ੂਰ ਦਾ ਪਾਤਸ਼ਾਹ ਪੂਲ ਇਸਰਾਏਲ ਉੱਪਰ ਹਮਲਾ ਕਰਨ ਲਈ ਆਇਆ, ਤਾਂ ਮਨਹੇਮ ਨੇ ਪੂਲ ਨੂੰ 34,000 ਕਿਲੋ ਚਾਂਦੀ ਦਿੱਤੀ ਤਾਂ ਜੋ ਉਹ ਉਸਦੀ ਮਦਦ ਕਰੇ ਅਤੇ ਮਨਹੇਮ ਦਾ ਉਸ ਦੇ ਰਾਜ ਉੱਤੇ ਪਕੜ ਮਜਬੂਤ ਕਰ ਦੇਵੇ। 20 ਮਨਹੇਮ ਨੇ ਉਹ ਚਾਂਦੀ ਸਾਰੇ ਅਮੀਰ ਆਦਮੀਆਂ ਕੋਲੋਂ ਇਕੱਠੀ ਕਰ ਲਈ ਹਰ ਇੱਕ ਆਦਮੀ ਕੋਲੋਂ, ਉਸ ਨੇ 50 ਸ਼ੈਕਲ ਚਾਂਦੀ ਲਈ। ਤਾਂ ਕਿ ਉਹ ਇਹ ਪੈਸਾ ਅੱਸ਼ੂਰ ਦੇ ਪਾਤਸ਼ਾਹ ਨੂੰ ਦੇ ਸੱਕੇ। ਫੇਰ ਅੱਸ਼ੂਰ ਦਾ ਰਾਜਾ ਵਾਪਸ ਆਪਣੀ ਧਰਤੀ ਵੱਲ ਮੁੜਿਆ ਅਤੇ ਇਸਰਾਏਲ ਦੀ ਧਰਤੀ ਵਿੱਚ ਨਾ ਰਿਹਾ।

21 ਮਨਹੇਮ ਨੇ ਜੋ ਵੀ ਮਹਾਨ ਕਾਰਜ ਕੀਤੇ ਉਹ ਇਸਰਾਏਲ ਦੇ ਇਤਹਾਸ ਦੀ ਪੋਥੀ ਵਿੱਚ ਲਿਖੇ ਗਏ। 22 ਮਨਹੇਮ ਮਰ ਗਿਆ ਤਾਂ ਉਸ ਨੂੰ ਉਸ ਦੇ ਪੁਰਖਿਆਂ ਨਾਲ ਦਫ਼ਨਾਇਆ ਗਿਆ। ਉਸ ਉਪਰੰਤ ਉਸਦਾ ਪੁੱਤਰ ਪਕਹਯਾਹ ਪਾਤਸ਼ਾਹ ਬਣਿਆ।

ਪਕਹਯਾਹ ਦਾ ਇਸਰਾਏਲ ਉੱਪਰ ਰਾਜ

23 ਯਹੂਦਾਹ ਉੱਪਰ ਪਾਤਸ਼ਾਹ ਅਜ਼ਰਯਾਹ ਦੇ 50 ਵੇਂ ਵਰ੍ਹੇ ਵਿੱਚ ਮਨਹੇਮ ਦਾ ਪੁੱਤਰ ਪਕਹਯਾਹ ਸਾਮਰਿਯਾ ਤੋਂ ਇਸਰਾਏਲ ਉੱਪਰ ਰਾਜ ਕਰਨ ਲੱਗਾ ਅਤੇ ਉਸ ਨੇ ਦੋ ਸਾਲ ਰਾਜ ਕੀਤਾ। 24 ਪਕਹਯਾਹ ਨੇ ਵੀ ਉਹੀ ਕੰਮ ਕੀਤੇ ਜੋ ਯਹੋਵਾਹ ਦੀ ਨਿਗਾਹ ਵਿੱਚ ਬੁਰੇ ਸਨ। ਪਕਹਯਾਹ ਵੀ ਨਬਾਟ ਦੇ ਪੁੱਤਰ ਯਾਰਾਬੁਆਮ ਵਾਂਗ ਜਿਸਨੇ ਇਸਰਾਏਲ ਤੋਂ ਪਾਪ ਕਰਵਾਇਆ, ਵਾਂਗ ਪਾਪ ਕਰਨ ਤੋਂ ਬਾਜ ਨਾ ਆਇਆ।

25 ਰਮਲਯਾਹ ਦੇ ਪੁੱਤਰ ਪਕਹ ਨੇ ਜੋ ਉਸਦੀ ਸੈਨਾ ਦਾ ਕਮਾਂਡਰ ਸੀ, ਉਸ ਦੇ ਵਿਰੁੱਧ ਮਤਾ ਪਕਾਇਆ ਅਤੇ ਸਾਮਰਿਯਾ ਵਿੱਚ ਪਾਤਸ਼ਾਹ ਦੇ ਆਪਣੇ ਮਹਿਲ ਵਿੱਚ ਉਸ ਨੇ ਉਸ ਨੂੰ ਅਰਗੋਬ ਅਤੇ ਅਰਯੇਹ ਦੇ ਨਾਲ ਮਾਰ ਦਿੱਤਾ।ਗਿਲਆਦ ਦੇ 50 ਲੋਕ ਉਸ ਦੇ ਨਾਲ ਸਨ, ਜਦੋਂ ਉਸ ਨੇ ਰਾਜੇ ਨੂੰ ਮਾਰਿਆ ਸੀ ਅਤੇ ਰਾਜੇ ਦੀ ਥਾਵੇਂ ਖੁਦ ਰਾਜ ਕਰਨ ਲੱਗ ਪਿਆ।

26 ਪਕਹਯਾਹ ਦੇ ਬਾਕੀ ਮਹਾਨ ਕਾਰਜ ਇਸਰਾਏਲ ਦੇ ਇਤਹਾਸ ਦੀ ਪੋਥੀ ਵਿੱਚ ਲਿਖੇ ਹੋਏ ਹਨ।

Punjabi Bible: Easy-to-Read Version (ERV-PA)

2010 by World Bible Translation Center