Bible in 90 Days
8 ਯਹੋਵਾਹ ਨੇ ਮੂਸਾ ਨੂੰ ਆਖਿਆ, “ਇੱਕ ਕਾਂਸੇ ਦਾ ਸੱਪ ਬਣਾ ਅਤੇ ਇਸ ਨੂੰ ਸੋਟੀ ਉੱਤੇ ਟੰਗ ਦੇ। ਜੇ ਕਿਸੇ ਬੰਦੇ ਨੂੰ ਸੱਪ ਡਸ ਲਵੇ, ਤਾਂ ਉਸ ਬੰਦੇ ਨੂੰ ਚਾਹੀਦਾ ਹੈ ਕਿ ਉਹ ਸੋਟੇ ਉੱਤੇ ਟਂਗੇ ਸੱਪ ਵੱਲ ਦੇਖੇ। ਤਾਂ ਉਹ ਬੰਦਾ ਨਹੀਂ ਮਰੇਗਾ।” 9 ਇਸ ਲਈ ਮੂਸਾ ਨੇ ਯਹੋਵਾਹ ਦਾ ਆਦੇਸ਼ ਮੰਨਿਆ। ਉਸ ਨੇ ਕਾਂਸੇ ਦਾ ਇੱਕ ਸੱਪ ਬਣਾਇਆ ਅਤੇ ਇਸ ਨੂੰ ਸੋਟੀ ਉੱਤੇ ਟੰਗ ਦਿੱਤਾ। ਫ਼ੇਰ ਜਦੋਂ ਵੀ ਕਿਸੇ ਬੰਦੇ ਨੂੰ ਸੱਪ ਲੜਿਆ, ਉਸ ਵਿਅਕਤੀ ਨੇ ਸੋਟੀ ਉੱਤੇ ਟੰਗੇ ਸੱਪ ਵੱਲ ਦੇਖਿਆ ਅਤੇ ਜਿਉਂਦਾ ਰਿਹਾ।
ਮੋਆਬ ਦੀ ਯਾਤਰਾ
10 ਇਸਰਾਏਲ ਦੇ ਲੋਕ ਉੱਥੋਂ ਚੱਲ ਪਏ ਅਤੇ ਓਬੋਥ ਵਿਖੇ ਡੇਰਾ ਲਾ ਲਿਆ। 11 ਫ਼ੇਰ ਉਨ੍ਹਾਂ ਨੇ ਓਬੋਥ ਨੂੰ ਛੱਡ ਕੇ ਮੋਆਬ ਦੇ ਪੂਰਬ ਵੱਲ ਮਾਰੂਥਲ ਅੰਦਰ ਆਏ ਉਨ੍ਹਾਂ ਅਬਾਰੀਮ ਵਿਖੇ ਡੇਰਾ ਲਾਇਆ। 12 ਉਨ੍ਹਾਂ ਨੇ ਉਹ ਥਾਂ ਛੱਡ ਕੇ ਜ਼ਰਦ ਵਾਦੀ ਅੰਦਰ ਡੇਰਾ ਲਾਇਆ। 13 ਫ਼ੇਰ ਉਨ੍ਹਾਂ ਨੇ ਉਹ ਥਾਂ ਛੱਡ ਕੇ ਮਾਰੂਥਲ ਵਿੱਚ ਅਰਨੋਨ ਨਦੀ ਦੇ ਪਰਲੇ ਪਾਸੇ ਡੇਰਾ ਲਾਇਆ। ਇਹ ਨਦੀ ਅਮੋਰੀਆਂ ਦੀ ਸਰਹੱਦ ਤੋਂ ਸ਼ੁਰੂ ਹੁੰਦੀ ਸੀ। ਵਾਦੀ, ਮੋਆਬ ਅਤੇ ਅਮੋਰੀਆਂ ਦੀਆਂ ਸਰਹੱਦਾਂ ਦੇ ਵਿੱਚਾਲੇ ਸੀ। 14 ਇਸੇ ਲਈ ਯਹੋਆਹ ਦੇ ਯੁੱਧਾਂ ਦੀ ਪੋਥੀ ਵਿੱਚ ਨਿਮਨਲਿਖਤ ਸ਼ਬਦ ਲਿਖੇ ਹੋਏ ਹਨ:
“ਅਤੇ ਸੂਫ਼ਾਹ ਵਿੱਚਲੇ ਵਾਹੇਬ, ਅਤੇ ਅਰਨੋਨ ਦੀਆਂ ਵਾਦੀਆਂ, 15 ਅਤੇ ਉਹ ਪਹਾੜੀਆਂ ਅਤੇ ਵਾਦੀਆਂ ਜਿਹੜੀਆਂ ਆਰ ਸ਼ਹਿਰ ਵੱਲ ਜਾਂਦੀਆਂ ਹਨ। ਇਹ ਸਥਾਨ ਮੋਆਬ ਦੀ ਸਰਹੱਦ ਉੱਤੇ ਸਨ।”
16 ਇਸਰਾਏਲ ਦੇ ਲੋਕਾਂ ਨੇ ਉਹ ਥਾਂ ਛੱਡ ਦਿੱਤੀ ਅਤੇ ਬਏਰ ਵੱਲ ਚੱਲੇ ਗਏ। ਇਹ ਖੂਹ ਵਾਲੀ ਥਾਂ ਸੀ। ਇਹੀ ਉਹ ਥਾਂ ਸੀ ਜਿੱਥੇ ਮੂਸਾ ਨੂੰ ਯਹੋਵਾਹ ਨੇ ਆਖਿਆ ਸੀ, “ਲੋਕਾਂ ਨੂੰ ਇਕੱਠੇ ਕਰਕੇ ਇੱਥੇ ਲਿਆ ਅਤੇ ਮੈਂ ਉਨ੍ਹਾਂ ਨੂੰ ਪਾਣੀ ਦਿਆਂਗਾ।” 17 ਫ਼ੇਰ ਇਸਰਾਏਲ ਦੇ ਲੋਕਾਂ ਨੇ ਇਹ ਗੀਤ ਗਾਇਆ:
“ਖੂਹੀਏ, ਪਾਣੀ ਨਾਲ ਭਰ ਜਾ।
ਇਸ, ਲਈ ਗੀਤ ਗਾਵੋ!
18 ਮਹਾਨ ਆਦਮੀਆਂ ਨੇ ਆਪਣੀਆਂ ਸੋਟੀਆਂ
ਅਤੇ ਸੱਬਲਾਂ ਦੀ ਮਦਦ ਨਾਲ ਉਹ ਖੂਹ ਪੁੱਟਿਆ ਸੀ।
ਇਹ ਮਾਰੂਥਲ ਵਿੱਚ ਇੱਕ ਸੁਗਾਤ ਹੈ।
ਇਸ ਲਈ ਲੋਕਾਂ ਨੇ ਉਸ ਖੂਹ ਨੂੰ ‘ਮੱਤਾਨਾਹ’ ਬੁਲਾਇਆ।”
19 ਲੋਕ ਮੱਤਾਨਾਹ ਤੋਂ ਚੱਲ ਕੇ ਨਹਲੀਏਲ ਵੱਲ ਗਏ। ਫ਼ੇਰ ਨਹਲੀਏਲ ਤੋਂ ਚੱਲ ਕੇ ਬਾਮੋਥ ਵੱਲ ਗਏ। 20 ਲੋਕਾਂ ਨੇ ਬਾਥੋਮ ਛੱਡ ਦਿੱਤਾ ਅਤੇ ਮੋਆਬ ਦੇ ਖੇਤ੍ਰ ਵਿੱਚਲੀ ਇੱਕ ਵਾਦੀ ਵੱਲ ਗਏ। ਇਸ ਥਾਂ ਤੋਂ ਪਿਸਗਾਹ ਪਹਾੜ ਦੀ ਚੋਟੀ ਤੋਂ, ਤੁਸੀਂ ਮਾਰੂਥਲ ਵੱਲ ਵੇਖ ਸੱਕਦੇ ਹੋ।
ਸੀਹੋਨ ਅਤੇ ਓਗ
21 ਇਸਰਾਏਲ ਦੇ ਲੋਕਾਂ ਨੇ ਕੁਝ ਆਦਮੀਆਂ ਨੂੰ ਸੀਹੋਨ, ਅਮੋਰੀਆਂ ਦੇ ਰਾਜੇ ਵੱਲ ਭੇਜਿਆ। ਉਨ੍ਹਾਂ ਨੇ ਰਾਜੇ ਨੂੰ ਆਖਿਆ,
22 “ਕਿਰਪਾ ਕਰਕੇ ਸਾਨੂੰ ਆਪਣੇ ਦੇਸ਼ ਵਿੱਚੋਂ ਦੀ ਲੰਘ ਲੈਣ ਦਿਉ। ਅਸੀਂ ਕਿਸੇ ਖੇਤ ਜਾਂ ਅੰਗੂਰਾਂ ਦੇ ਬਾਗ ਵਿੱਚੋਂ ਹੋਕੇ ਨਹੀਂ ਲੰਘਾਂਗੇ ਜਾਂ ਤੁਹਾਡੇ ਕਿਸੇ ਵੀ ਖੂਹ ਦਾ ਪਾਣੀ ਨਹੀਂ ਪੀਵਾਂਗੇ। ਅਸੀਂ ਸਿਰਫ਼ ਮੁਖ ਸੜਕ ਤੋਂ ਦੀ ਲੰਘਾਂਗੇ। ਤੁਹਾਡੇ ਦੇਸ਼ ਵਿੱਚੋਂ ਲੰਘ ਜਾਣ ਤੱਕ ਅਸੀਂ ਸੜਕ ਉਤੇ ਹੀ ਰੁਕਾਂਗੇ।”
23 ਪਰ ਰਾਜੇ ਸੀਹੋਨ ਨ ਇਸਰਾਏਲ ਦੇ ਲੋਕਾਂ ਨੂੰ ਆਪਣੇ ਦੇਸ਼ ਵਿੱਚੋਂ ਨਹੀਂ ਜਾਣ ਦਿੱਤਾ। ਰਾਜੇ ਨੇ ਆਪਣੀ ਫ਼ੌਜ ਇਕੱਠੀ ਕੀਤੀ ਅਤੇ ਮਾਰੂਥਲ ਵੱਲ ਕੂਚ ਕਰ ਦਿੱਤਾ। ਉਹ ਇਸਰਾਏਲ ਦੇ ਲੋਕਾਂ ਵਿਰੁੱਧ ਲੜਨ ਲਈ ਪੇਸ਼ ਕਦਮੀ ਕਰ ਰਿਹਾ ਸੀ। ਯਹਸ ਦੇ ਸਥਾਨ ਉੱਤੇ ਰਾਜੇ ਦੀ ਫ਼ੌਜ ਨੇ ਇਸਰਾਏਲ ਦੇ ਲੋਕਾਂ ਵਿਰੁੱਧ ਲੜਾਈ ਕੀਤੀ।
24 ਪਰ ਇਸਰਾਏਲ ਦੇ ਲੋਕ ਅਮੋਰੀਆਂ ਨਾਲ ਲੜੇ ਅਤੇ ਅਰਨੋਨ ਨਦੀ ਤੋਂ ਲੈ ਕੇ ਯੱਬੋਕ ਨਦੀ ਤੱਕ, ਉਨ੍ਹਾਂ ਦੀ ਜ਼ਮੀਨ ਲੈ ਲਈ। ਉਨ੍ਹਾਂ ਨੇ ਅੰਮੋਨ ਸਰਹੱਦ ਤੱਕ ਦੀ ਜ਼ਮੀਨ ਲੈ ਲਈ। ਸਰਹੱਦ ਉੱਤੇ ਪਹੁੰਚਕੇ ਉਹ ਰੁਕ ਗਏ ਕਿਉਂ ਕਿ ਇੱਥੇ ਅੰਮੋਨੀਆ ਦਾ ਸਖਤ ਪਹਿਰਾ ਸੀ। 25 ਇਸਰਾਏਲ ਨੇ ਅਮੋਰੀਆਂ ਦੇ ਸਮੂਹ ਸ਼ਹਿਰਾਂ ਉੱਤੇ ਕਬਜ਼ਾ ਕਰ ਲਿਆ ਅਤੇ ਉੱਥੇ ਰਹਿਣ ਲੱਗੇ। ਉਨ੍ਹਾਂ ਨੇ ਹਸ਼ਬੋਨ ਸ਼ਹਿਰ ਅਤੇ ਉਸ ਦੇ ਇਰਦ-ਗਿਰਦ ਦੇ ਕਸਬਿਆਂ ਨੂੰ ਵੀ ਹਰਾ ਦਿੱਤਾ। 26 ਹਸ਼ਬੋਨ ਉਹ ਸ਼ਹਿਰ ਸੀ ਜਿੱਥੇ ਅਮੋਰੀਆਂ ਦਾ ਰਾਜਾ ਸੀਹੋਨ ਰਹਿੰਦਾ ਸੀ। ਅਤੀਤ ਵਿੱਚ, ਸੀਹੋਨ ਨੇ ਮੋਆਬ ਦੇ ਰਾਜੇ ਵਿਰੁੱਧ ਲੜਾਈ ਕੀਤੀ ਸੀ। ਸੀਹੋਨ ਨੇ ਅਰਨੋਨ ਨਦੀ ਤੱਕ ਦਾ ਇਲਾਕਾ ਜਿੱਤ ਲਿਆ ਸੀ। 27 ਇਹੀ ਕਾਰਣ ਹੈ ਕਿ ਗਾਇੱਕ, ਇਹ ਗੀਤ ਗਾਉਂਦੇ ਹਨ:
“ਜਾਉ, ਜਾਕੇ ਹਸ਼ਬੋਨ ਨੂੰ ਫ਼ੇਰ ਉਸਾਰੋ!
ਸੀਹੋਨ ਦੇ ਸ਼ਹਿਰ ਨੂੰ ਮਜ਼ਬਤ ਬਣਾਉ।
28 ਅੱਗ ਹਸ਼ਬੋਨ ਵਿੱਚ ਲਗੀ
ਅੱਗ ਉਸ ਸੀਹੋਨ ਦੇ ਸ਼ਹਿਰ ਅੰਦਰ ਲਗੀ ਅੱਗ ਨੇ ਆਰ,
ਮੋਆਬ ਨੂੰ ਤਬਾਹ ਕੀਤਾ।
ਇਸਨੇ ਅਰਨੋਨ ਨਦੀ ਦੇ ਉਤਲੀਆਂ ਪਹਾੜੀਆਂ ਸਾੜ ਦਿੱਤੀਆਂ।
29 ਤੇਰੇ ਉੱਤੇ ਹਾਏ, ਮੋਆਬ।
ਤੂੰ ਕੇਮੋਸ਼ ਦੇ ਲੋਕ ਗਵਾ ਲਏ ਹਨ।
ਉਸ ਦੇ ਪੁੱਤਰ ਭਗੌੜੇ ਹਨ।
ਉਸਦੀਆਂ ਧੀਆਂ, ਅਮੋਰੀਆਂ ਦੇ ਰਾਜੇ ਸੀਹੋਨ ਦੁਆਰਾ ਕੈਦੀ ਬਣਾ ਲਈਆਂ ਗਈਆਂ ਹਨ।
30 ਪਰ ਅਸੀਂ ਉਨ੍ਹਾਂ ਅਮੋਰੀਆਂ ਨੂੰ ਹਰਾ ਦਿੱਤਾ
ਅਤੇ ਹਸ਼ਬੋਨ ਤੋਂ ਦੀਬੋਨ ਤੱਕ, ਮੇਦਬਾ ਦੇ ਨੇੜੇ ਨਾਸ਼ੀਮ ਤੋਂ ਨੋਫ਼ਾਹ ਤੀਕ,
ਉਨ੍ਹਾਂ ਦੇ ਨਗਰਾਂ ਨੂੰ ਤਬਾਹ ਕਰ ਦਿੱਤਾ।”
31 ਇਸਰਾਏਲੀ ਅਮੋਰੀਆਂ ਦੀ ਧਰਤੀ ਅੰਦਰ ਵਸ ਗਏ।
32 ਮੂਸਾ ਨੇ ਕੁਝ ਆਦਮੀਆਂ ਨੂੰ ਯਾਜ਼ੇਰ ਦਾ ਨਗਰ ਦੇਖਣ ਲਈ ਭੇਜਿਆ। ਜਦੋਂ ਮੂਸਾ ਨੇ ਅਜਿਹਾ ਕੀਤਾ, ਇਸਰਾਏਲ ਦੇ ਲੋਕਾਂ ਨੇ ਨਗਰ ਉੱਤੇ ਕਬਜ਼ਾ ਕਰ ਲਿਆ। ਇਸਰਾਏਲ ਦੇ ਲੋਕਾਂ ਨੇ ਉੱਥੇ ਰਹਿਣ ਵਾਲੇ ਅਮੋਰੀ ਲੋਕਾਂ ਨੂੰ ਭਜਾ ਦਿੱਤਾ।
33 ਫ਼ੇਰ ਇਸਰਾਏਲੀ ਲੋਕ ਬਾਸ਼ਾਨ ਨੂੰ ਜਾਣ ਵਾਲੀ ਸੜਕ ਉੱਤੇ ਤੁਰ ਪਏ। ਬਾਸ਼ਾਨ ਦੇ ਰਾਜੇ ਓਗ ਨੇ ਆਪਣੀਆਂ ਫ਼ੌਜਾਂ ਇਸਰਾਏਲ ਦੇ ਲੋਕਾਂ ਉੱਤੇ ਚੜ੍ਹਾ ਲਿਆਂਦੀਆਂ। ਉਸ ਨੇ ਉਨ੍ਹਾਂ ਨਾਲ ਅੰਦਰਾਈ ਵਿਖੇ ਲੜਾਈ ਕੀਤੀ।
34 ਪਰ ਯਹੋਵਾਹ ਨੇ ਮੂਸਾ ਨੂੰ ਆਖਿਆ, “ਉਸ ਰਾਜੇ ਕੋਲੋਂ ਨਾ ਡਰੋ। ਉਸ ਨੂੰ ਹਰਾਉਣ ਲਈ ਮੈਂ ਉਸ ਨੂੰ ਤੁਹਾਨੂੰ ਦਿੰਦਾ ਹਾਂ। ਤੁਸੀਂ ਉਸਦੀ ਸਾਰੀ ਫ਼ੌਜ ਅਤੇ ਉਸਦੀ ਸਾਰੀ ਧਰਤੀ ਉੱਤੇ ਕਬਜ਼ਾ ਕਰ ਲਵੋਂਗੇ। ਉਸ ਨਾਲ ਉਹੀ ਸਲੂਕ ਕਰੋ ਜਿਹੜਾ ਤੁਸੀਂ ਹਸ਼ਬੋਨ ਵਿੱਚ ਅਮੋਰੀਆਂ ਦੇ ਰਾਜੇ ਸੀਹੋਨ ਨਾਲ ਕੀਤਾ ਸੀ।”
35 ਇਸ ਤਰ੍ਹਾਂ ਇਸਰਾਏਲ ਦੇ ਲੋਕਾਂ ਨੇ ਓਗ ਅਤੇ ਉਸਦੀ ਫ਼ੌਜ ਨੂੰ ਹਰਾ ਦਿੱਤਾ। ਉਨ੍ਹਾਂ ਨੇ ਉਸ ਨੂੰ ਅਤੇ ਉਸ ਦੇ ਪੁੱਤਰਾਂ ਨੂੰ ਅਤੇ ਉਸਦੀ ਸਾਰੀ ਫ਼ੌਜ ਨੂੰ ਮਾਰ ਮੁਕਾਇਆ। ਫ਼ੇਰ ਇਸਰਾਏਲ ਦੇ ਲੋਕਾਂ ਨੇ ਉਸਦੀ ਸਾਰੀ ਧਰਤੀ ਉੱਤੇ ਕਬਜ਼ਾ ਕਰ ਲਿਆ।
ਬਿਲਆਮ ਅਤੇ ਮੋਆਬ ਦਾ ਰਾਜਾ
22 ਫ਼ੇਰ ਇਸਰਾਏਲ ਦੇ ਲੋਕ ਮੋਆਬ ਵਿੱਚਲੀ ਯਰਦਨ ਵਾਦੀ ਵੱਲ ਚੱਲੇ ਗਏ। ਉਨ੍ਹਾਂ ਨੇ ਯਰੀਹੋ ਦੇ ਸਾਹਮਣੇ ਯਰਦਨ ਨਦੀ ਨੇੜੇ ਡੇਰਾ ਲਾਇਆ।
2-3 ਸਿੱਪੋਰ ਦੇ ਪੁੱਤਰ ਬਾਲਾਕ ਨੇ ਉਹ ਸਾਰੀਆਂ ਚੀਜ਼ਾਂ ਦੇਖੀਆਂ ਜਿਹੜੀਆਂ ਇਸਰਾਏਲ ਦੇ ਲੋਕਾਂ ਨੇ ਅਮੋਰੀ ਲੋਕਾਂ ਨਾਲ ਕੀਤੀਆਂ ਸਨ। ਮੋਆਬ ਦਾ ਰਾਜਾ ਬਹੁਤ ਭੈਭੀਤ ਸੀ, ਕਿਉਂਕਿ ਉੱਥੇ ਇਸਰਾਏਲ ਦੇ ਬਹੁਤ ਜ਼ਿਆਦਾ ਲੋਕ ਸਨ। ਮੋਆਬ ਸੱਚ ਮੁੱਚ ਉਨ੍ਹਾਂ ਪਾਸੋਂ ਡਰਦਾ ਸੀ।
4 ਮੋਆਬ ਦੇ ਰਾਜੇ ਨੇ ਮਿਦਯਾਨ ਦੇ ਆਗੂਆਂ ਨੂੰ ਆਖਿਆ, “ਲੋਕਾਂ ਦੀ ਏਡੀ ਵੱਡੀ ਭੀੜ, ਸਾਡੇ ਆਲੇ-ਦੁਆਲੇ ਦੀ ਹਰ ਸ਼ੈਅ ਨੂੰ ਨਸ਼ਟ ਕਰ ਦੇਵੇਗੀ, ਜਿਵੇਂ ਕੋਈ ਗਊ ਕਿਸੇ ਖੇਤ ਦੇ ਸਾਰੇ ਘਾਹ ਨੂੰ ਚਰ ਜਾਂਦੀ ਹੈ।”
ਉਸ ਸਮੇਂ ਸਿੱਪੋਰ ਦਾ ਪੁੱਤਰ ਬਾਲਾਕ ਮੋਆਬ ਦਾ ਰਾਜਾ ਸੀ। 5 ਉਸ ਨੇ ਕੁਝ ਲੋਕਾਂ ਨੂੰ ਬਓਰ ਦੇ ਪੁੱਤਰ ਬਿਲਆਮ ਨੂੰ ਸੱਦਣ ਲਈ ਭੇਜਿਆ। ਬਿਲਆਮ, ਫ਼ਰਾਤ ਨਦੀ ਦੇ ਨੇੜੇ ਪਥੋਰ ਵਿਖੇ ਸੀ। ਇੱਥੇ ਸਿਰਫ਼ ਬਿਲਆਮ ਦੇ ਲੋਕੀ ਰਹਿੰਦੇ ਸਨ। ਬਾਲਾਕ ਦਾ ਸੰਦੇਸ਼ ਇਹ ਸੀ:
“ਲੋਕਾਂ ਦਾ ਇੱਕ ਨਵਾਂ ਟੋਲਾ ਮਿਸਰ ਵਿੱਚੋਂ ਆਇਆ ਹੈ। ਉਹ ਗਿਣਤੀ ਵਿੱਚ ਇੰਨੇ ਹਨ ਕਿ ਉਨ੍ਹਾਂ ਨੇ ਸਾਰੀ ਧਰਤੀ ਨੂੰ ਕੱਜ ਲਿਆ ਹੈ। ਉਨ੍ਹਾਂ ਨੇ ਮੈਥੋਂ ਅੱਗੇ ਡੇਰਾ ਲਾਇਆ ਹੋਇਆ ਹੈ। 6 ਆਕੇ ਮੇਰੇ ਲਈ ਇਨ੍ਹਾਂ ਲੋਕਾਂ ਨੂੰ ਸਰਾਪ। ਇਹ ਲੋਕ ਮੇਰੇ ਨਾਲੋਂ ਵੱਧ ਤਾਕਤਵਰ ਹਨ। ਮੈਨੂੰ ਪਤਾ ਹੈ ਕਿ ਤੇਰੇ ਕੋਲ ਬਹੁਤ ਤਾਕਤ ਹੈ। ਜੇ ਤੂੰ ਕਿਸੇ ਵਿਅਕਤੀ ਨੂੰ ਅਸੀਸ ਦੇ ਦੇਵੇਂ ਤਾਂ ਉਸਦੀ ਕਿਸਮਤ ਖੁਲ੍ਹ ਜਾਂਦੀ ਹੈ ਅਤੇ ਜੇ ਤੂੰ ਕਿਸੇ ਨੂੰ ਸਰਾਪ ਦੇ ਦੇਵੇਂ, ਉਸ ਨਾਲ ਮੰਦੀਆਂ ਗੱਲਾਂ ਵਾਪਰਨਗੀਆਂ। ਇਸ ਲਈ ਆਕੇ ਇਨ੍ਹਾਂ ਲੋਕਾਂ ਨੂੰ ਸਰਾਪ। ਸ਼ਾਇਦ ਫ਼ੇਰ ਮੈਂ ਇਨ੍ਹਾਂ ਨੂੰ ਹਰਾ ਸੱਕਾ।”
7 ਮੋਆਬ ਅਤੇ ਮਿਦਯਾਨ ਦੇ ਆਗੂ ਬਾਲਾਮ ਨਾਲ ਗੱਲ ਕਰਨ ਲਈ ਚੱਲੇ ਗਏ। ਉਨ੍ਹਾਂ ਕੋਲ ਉਸ ਨੂੰ ਦੇਣ ਲਈ ਪੈਸੇ ਸਨ ਅਤੇ ਉਨ੍ਹਾ ਨੇ ਉਸ ਨੂੰ ਬਾਲਾਕ ਦੀ ਆਖੀ ਹੋਈ ਹਰ ਗੱਲ ਦੱਸੀ।
8 ਬਿਲਆਮ ਨੇ ਉਨ੍ਹਾਂ ਨੂੰ ਆਖਿਆ, “ਰਾਤ ਨੂੰ ਇੱਥੇ ਹੀ ਠਹਿਰੋ। ਮੈਂ ਯਹੋਵਾਹ ਨਾਲ ਗੱਲ ਕਰਾਂਗਾ ਅਤੇ ਤੁਹਾਨੂੰ ਦੱਸਾਂਗਾ ਕਿ ਉਹ ਕੀ ਆਖਦਾ ਹੈ।” ਇਸ ਲਈ ਮੋਆਬ ਦੇ ਆਗੂ ਉਸ ਰਾਤ ਬਿਲਆਮ ਦੇ ਨਾਲ ਉੱਥੇ ਹੀ ਠਹਿਰ ਗਏ।
9 ਪਰਮੇਸ਼ੁਰ ਬਿਲਆਮ ਕੋਲ ਆਇਆ ਅਤੇ ਪੁੱਛਿਆ, “ਤੇਰੇ ਨਾਲ ਇਹ ਕੌਣ ਲੋਕ ਹਨ?”
10 ਬਿਲਆਮ ਨੇ ਪਰਮੇਸ਼ੁਰ ਨੂੰ ਆਖਿਆ, “ਸਿੱਪੋਰ ਦੇ ਪੁੱਤਰ ਬਾਲਾਕ, ਮੋਆਬ ਦੇ ਰਾਜੇ ਨੇ ਇਨ੍ਹਾਂ ਨੂੰ ਮੇਰੇ ਕੋਲ ਇੱਕ ਸੁਨੇਹਾ ਦੇਕੇ ਘਲਿਆ ਹੈ। 11 ਸੁਨੇਹਾ ਇਹ ਹੈ: ਲੋਕਾਂ ਦੀ ਇੱਕ ਨਵੀਂ ਕੌਮ ਮਿਸਰ ਤੋਂ ਬਾਹਰ ਆ ਗਈ ਹੈ। ਇਹ ਲੋਕ ਇੰਨੇ ਜ਼ਿਆਦਾ ਹਨ ਕਿ ਸਾਰੀ ਧਰਤੀ ਕੱਜੀ ਹੋਈ ਹੈ। ਇਸ ਲਈ ਆਉ ਅਤੇ ਇਨ੍ਹਾਂ ਨੂੰ ਸਰਾਪ ਦੇ। ਤਾਂ ਸ਼ਾਇਦ ਮੈਂ ਇਨ੍ਹਾਂ ਨਾਲ ਲੜ ਸੱਕਾਂ ਅਤੇ ਇਨ੍ਹਾਂ ਨੂੰ ਆਪਣੇ ਦੇਸ਼ ਵਿੱਚੋਂ ਬਾਹਰ ਕੱਢ ਸੱਕਾਂ।”
12 ਪਰ ਪਰਮੇਸ਼ੁਰ ਨੇ ਬਿਲਆਮ ਨੂੰ ਆਖਿਆ, “ਉਨ੍ਹਾਂ ਦੇ ਨਾਲ ਨਾ ਜਾਵੀਂ। ਤੈਨੂੰ ਇਨ੍ਹਾਂ ਲੋਕਾਂ ਨੂੰ ਸਰਾਪ ਨਹੀਂ ਦੇਣਾ ਚਾਹੀਦਾ। ਉਹ ਮੇਰੇ ਲੋਕ ਹਨ।”
13 ਅਗਲੀ ਸਵੇਰ ਬਿਲਆਮ ਉੱਠਿਆ ਅਤੇ ਉਸ ਨੇ ਬਾਲਾਕ ਦੇ ਆਗੁਆਂ ਨੂੰ ਆਖਿਆ, “ਆਪਣੇ ਦੇਸ਼ ਵਾਪਸ ਪਰਤ ਜਾਉ। ਯਹੋਵਾਹ ਮੈਨੂੰ ਤੁਹਾਡੇ ਨਾਲ ਜਾਣ ਦੀ ਆਗਿਆ ਨਹੀਂ ਦਿੰਦਾ।”
14 ਇਸ ਲਈ ਮੋਆਬ ਦੇ ਆਗੂ ਬਾਲਾਕ ਕੋਲ ਵਾਪਸ ਚੱਲੇ ਗਏ ਅਤੇ ਉਸ ਨੂੰ ਇਹ ਗੱਲ ਦੱਸੀ। ਉਨ੍ਹਾਂ ਨੇ ਆਖਿਆ, “ਬਿਲਆਮ ਨੇ ਸਾਡੇ ਨਾਲ ਆਉਣ ਤੋਂ ਇਨਕਾਰ ਕਰ ਦਿੱਤਾ ਹੈ।”
15 ਇਸ ਲਈ ਬਾਲਾਕ ਨੇ ਹੋਰਨਾਂ ਆਗੂਆਂ ਨੂੰ ਬਿਲਆਮ ਵੱਲ ਭੇਜਿਆ। ਇਸ ਵਾਰ ਉਸ ਨੇ ਪਹਿਲਾਂ ਨਾਲੋਂ ਵੱਧੇਰੇ ਗਿਣਤੀ ਵਿੱਚ ਬੰਦੇ ਭੇਜੇ। ਅਤੇ ਇਹ ਆਗੂ ਪਹਿਲੇ ਆਗੂਆਂ ਨਾਲੋਂ ਵੱਧੇਰੇ ਮਹੱਤਵਪੂਰਣ ਸਨ। 16 ਉਹ ਬਿਲਆਮ ਕੋਲ ਗਏ ਅਤੇ ਆਖਿਆ: “ਸਿੱਪੋਰ ਦਾ ਪੁੱਤਰ ਬਾਲਾਕ ਤੁਹਾਨੂੰ ਆਖਦਾ ਹੈ: ਕਿਰਪਾ ਕਰਕੇ ਕਿਸੇ ਵੀ ਕਾਰਣ ਮੇਰੇ ਕੋਲ ਆਉਣ ਤੋਂ ਇਨਕਾਰ ਨਾ ਕਰੋ। 17 ਜੇ ਤੁਸੀਂ ਮੇਰੇ ਕਹੇ ਅਨੁਸਾਰ ਕਰੋਂਗੇ ਤਾਂ ਮੈਂ ਤੁਹਾਨੂੰ ਬਹੁਤ ਕੁਝ ਦੇਵਾਂਗਾ। ਆਉ ਅਤੇ ਮੇਰੀ ਖਾਤਿਰ ਇਨ੍ਹਾਂ ਲੋਕਾਂ ਨੂੰ ਸਰਾਪ ਦਿਉ।”
18 ਬਿਲਆਮ ਨੇ ਬਾਲਾਕ ਦੇ ਅਧਿਕਾਰੀਆਂ ਨੂੰ ਜਵਾਬ ਦਿੱਤਾ: ਉਸ ਨੇ ਆਖਿਆ, “ਮੈਨੂੰ ਯਹੋਵਾਹ ਮੇਰੇ ਪਰਮੇਸ਼ੁਰ ਦਾ ਹੁਕਮ ਮੰਨਣਾ ਪੈਂਦਾ ਹੈ। ਮੈਂ ਉਸ ਦੇ ਆਦੇਸ਼ ਦੇ ਵਿਰੁੱਧ ਕੁਝ ਵੀ ਨਹੀਂ ਕਰ ਸੱਕਦਾ। ਜਿੰਨਾ ਚਿਰ ਯਹੋਵਾਹ ਇਹ ਨਾ ਆਖੇ ਕਿ ਮੈਂ ਕਰ ਸੱਕਦਾ ਹਾਂ, ਮੈਂ ਕੁਝ ਵੀ ਨਹੀਂ ਕਰ ਸੱਕਦਾ, ਨਾ ਨਿੱਕੀ ਗੱਲ ਅਤੇ ਨਾ ਵੱਡੀ ਗੱਲ। ਭਾਵੇਂ ਰਾਜਾ ਬਾਲਾਕ ਮੈਨੂੰ ਆਪਣਾ ਸੋਨੇ ਚਾਂਦੀ ਨਾਲ ਭਰਿਆ ਹੋਇਆ ਖੂਬਸੂਰਤ ਘਰ ਹੀ ਕਿਉਂ ਨਾ ਦੇ ਦੇਵੇ, ਮੈਂ ਯਹੋਵਾਹ ਦੇ ਆਦੇਸ਼ ਦੇ ਵਿਰੁੱਧ ਕੁਝ ਵੀ ਨਹੀਂ ਕਰਾਂਗਾ। 19 ਪਰ ਤੁਸੀਂ ਰਾਤ ਇੱਥੇ ਠਹਿਰ ਸੱਕਦੇ ਹੋ ਜਿਵੇਂ ਦੂਸਰੇ ਲੋਕ ਠਹਿਰੇ ਸਨ। ਅਤੇ ਰਾਤ ਵੇਲੇ ਮੈਨੂੰ ਪਤਾ ਚੱਲ ਜਾਵੇਗਾ ਕਿ ਯਹੋਵਾਹ ਮੈਨੂੰ ਕੀ ਆਖਣਾ ਚਾਹੁੰਦਾ ਹੈ।”
20 ਉਸ ਰਾਤ, ਪਰਮੇਸ਼ੁਰ ਬਿਲਆਮ ਕੋਲ ਆਇਆ। ਪਰਮੇਸ਼ੁਰ ਨੇ ਆਖਿਆ, “ਇਹ ਲੋਕ ਤੈਨੂੰ ਆਪਣੇ ਨਾਲ ਲਿਜਾਣ ਲਈ ਫ਼ੇਰ ਆ ਗਏ ਹਨ। ਇਸ ਲਈ ਤੂੰ ਇਨ੍ਹਾਂ ਨਾਲ ਜਾ ਸੱਕਦਾ ਹੈ। ਪਰ ਸਿਰਫ਼ ਉਹੀ ਗੱਲਾਂ ਕਰਨੀਆਂ ਜਿਹੜੀਆਂ ਮੈਂ ਤੈਨੂੰ ਕਰਨ ਲਈ ਆਖਾਂ।”
ਬਿਲਆਮ ਅਤੇ ਉਸਦਾ ਖੋਤਾ
21 ਅਗਲੀ ਸਵੇਰ, ਬਿਲਆਮ ਉੱਠਿਆ ਅਤੇ ਆਪਣੇ ਖੋਤੇ ਉੱਤੇ ਕਾਠੀ ਪਾ ਲਈ। ਫ਼ੇਰ ਉਹ ਮੋਆਬ ਦੇ ਆਗੂਆਂ ਨਾਲ ਤੁਰ ਪਿਆ। 22 ਬਿਲਆਮ ਆਪਣੇ ਖੋਤੇ ਦੀ ਸਵਾਰੀ ਕਰ ਰਿਹਾ ਸੀ। ਉਸ ਦੇ ਨਾਲ ਉਸ ਦੇ ਦੋ ਸੇਵਾਦਾਰ ਵੀ ਸਨ। ਜਦੋਂ ਬਿਲਆਮ ਸਫ਼ਰ ਕਰ ਰਿਹਾ ਸੀ ਤਾਂ ਪਰਮੇਸ਼ੁਰ ਗੁੱਸੇ ਵਿੱਚ ਆ ਗਿਆ। ਇਸ ਲਈ ਯਹੋਵਾਹ ਦਾ ਦੂਤ ਬਿਲਆਮ ਦੇ ਸਾਹਮਣੇ ਸੜਕ ਉੱਤੇ ਖਲੋ ਗਿਆ। ਦੂਤ ਬਿਲਆਮ ਨੂੰ ਰੋਕਣਾ ਚਾਹੁੰਦਾ ਸੀ।
23 ਬਿਲਆਮ ਦੇ ਖੋਤੇ ਨੇ ਯਹੋਵਾਹ ਦੇ ਦੂਤ ਨੂੰ ਸੜਕ ਉੱਤੇ ਖਲੋਤਿਆ ਦੇਖਿਆ, ਦੂਤ ਦੇ ਹੱਥ ਵਿੱਚ ਤਲਵਾਰ ਸੀ। ਇਸ ਲਈ ਖੋਤਾ ਸੜਕ ਤੋਂ ਮੁੜ ਪਿਆ ਅਤੇ ਖੇਤ ਵਿੱਚ ਚੱਲਾ ਗਿਆ। ਬਿਲਆਨ ਨੂੰ ਦੂਤ ਦਿਖਾਈ ਨਹੀਂ ਦਿੱਤਾ ਇਸ ਲਈ ਉਹ ਖੋਤੇ ਉੱਤੇ ਬਹੁਤ ਕਰੋਧਵਾਨ ਹੋਇਆ ਉਸ ਨੇ ਖੋਤੇ ਨੂੰ ਕੁੱਟਿਆ ਅਤੇ ਇਸ ਨੂੰ ਸੜਕ ਉੱਤੇ ਵਾਪਸ ਜਾਣ ਲਈ ਮਜਬੂਰ ਕਰ ਦਿੱਤਾ।
24 ਬਾਦ ਵਿੱਚ, ਯਹੋਵਾਹ ਦਾ ਦੂਤ ਉਸ ਥਾਂ ਖਲੋ ਗਿਆ ਜਿੱਥੇ ਸੜਕ ਤੰਗ ਹੋ ਗਈ ਸੀ। ਇਹ ਦੋ ਅੰਗੂਰਾਂ ਦੇ ਬਾਗਾਂ ਦੇ ਵਿੱਚਕਾਰ ਸੀ। ਸੜਕ ਦੇ ਦੋਹੀ ਪਾਸੀਂ ਕੰਧਾ ਸਨ। 25 ਇੱਕ ਵਾਰੀ ਫ਼ੇਰ ਖੋਤੇ ਨੂੰ ਯਹੋਵਾਹ ਦਾ ਦੂਤ ਦਿਖਾਈ ਦਿੱਤਾ ਇਸ ਲਈ ਖੋਤਾ ਇੱਕ ਕੰਧ ਨਾਲ ਖਹਿਕੇ ਲੰਘਿਆ। ਇਸ ਨਾਲ ਬਿਲਆਮ ਦਾ ਪੈਰ ਕੰਧ ਨਾਲ ਰਗੜ ਖਾ ਗਿਆ ਇਸ ਲਈ ਬਿਲਆਮ ਨੇ ਫ਼ੇਰ ਆਪਣੇ ਖੋਤੇ ਨੂੰ ਕੁੱਟਿਆ।
26 ਬਾਦ ਵਿੱਚ ਯਹੋਵਾਹ ਦਾ ਦੂਤ ਇੱਕ ਹੋਰ ਥਾਂ ਖਲੋ ਗਿਆ। ਇਹ ਇੱਕ ਹੋਰ ਅਜਿਹੀ ਥਾਂ ਸੀ ਜਿੱਥੇ ਰਸਤਾ ਤੰਗ ਸੀ। ਖੋਤੇ ਦੇ ਇਧਰ-ਉਧਰ ਹੋਣ ਦਾ ਕੋਈ ਰਸਤਾ ਨਹੀਂ ਸੀ। ਖੋਤਾ ਨਾ ਖੱਬੇ ਮੁੜ ਸੱਕਦਾ ਸੀ ਨਾ ਸੱਜੇ। 27 ਖੋਤੇ ਨੇ ਯਹੋਵਾਹ ਦੇ ਦੂਤ ਨੂੰ ਦੇਖਿਆ। ਇਸ ਲਈ ਖੋਤਾ ਬਿਲਆਮ ਸਣੇ ਹੇਠਾਂ ਲੇਟ ਗਿਆ। ਬਿਲਆਮ ਨੂੰ ਖੋਤੇ ਉੱਤੇ ਬਹੁਤ ਗੁੱਸਾ ਆਇਆ। ਇਸ ਲਈ ਉਸ ਨੇ ਇਸ ਨੂੰ ਆਪਣੀ ਸੋਟੀ ਨਾਲ ਕੁੱਟਿਆ।
28 ਤਾਂ ਯਹੋਵਾਹ ਨੇ ਖੋਤੇ ਨੂੰ ਬੋਲਣ ਦੀ ਸ਼ਕਤੀ ਦੇ ਦਿੱਤੀ। ਖੋਤੇ ਨੇ ਬਿਲਆਮ ਨੂੰ ਆਖਿਆ, “ਤੂੰ ਮੇਰੇ ਉੱਤੇ ਕਿਉਂ ਗੁੱਸਾ ਕੱਢਦਾ ਹੈਂ? ਮੈਂ ਤੇਰਾ ਕੀ ਵਿਗਾੜਿਆ ਹੈ? ਤੂੰ ਮੈਨੂੰ ਤਿੰਨ ਵਾਰੀ ਮਾਰ ਚੁੱਕਿਆ ਹੈ!”
29 ਬਿਲਆਮ ਨੇ ਖੋਤੇ ਨੂੰ ਜਵਾਬ ਦਿੱਤਾ, “ਤੂੰ ਤਾਂ ਮੈਨੂੰ ਮੂਰਖ ਬਣਾ ਦਿੱਤਾ ਹੈ। ਜੇ ਮੇਰੇ ਕੋਲ ਤਲਵਾਰ ਹੁੰਦਾ ਤਾਂ ਮੈਂ ਤੈਨੂੰ ਹੁਣੇ ਮਾਰ ਦੇਣਾ ਸੀ!”
30 ਪਰ ਖੋਤੇ ਨੇ ਬਿਲਆਮ ਨੂੰ ਆਖਿਆ, “ਦੇਖ, ਮੈਂ ਤੇਰਾ ਆਪਣਾ ਖੋਤਾ ਹਾਂ! ਤੂੰ ਮੇਰੇ ਉੱਤੇ ਬਹੁਤ ਵਰ੍ਹੇ ਸਵਾਰੀ ਕੀਤੀ ਹੈ। ਅਤੇ ਤੂੰ ਜਾਣਦਾ ਹੈਂ ਕਿ ਮੈਂ ਤੇਰੇ ਨਾਲ ਪਹਿਲਾ ਕਦੇ ਵੀ ਅਜਿਹਾ ਨਹੀਂ ਕੀਤਾ।”
“ਇਹ ਗੱਲ ਠੀਕ ਹੈ”, ਬਿਲਆਮ ਨੇ ਆਖਿਆ।
31 ਫ਼ੇਰ ਯਹੋਵਾਹ ਨੇ ਦੂਤ ਨੂੰ ਵੇਖਣ ਲਈ ਬਿਲਆਮ ਦੀਆਂ ਅੱਖਾਂ ਖੋਲ੍ਹ ਦਿੱਤੀਆਂ। ਯਹੋਵਾਹ ਦਾ ਦੂਤ ਹੱਥ ਵਿੱਚ ਤਲਵਾਰ ਫ਼ੜਕੇ ਰਾਹ ਵਿੱਚ ਖਲੋਤਾ ਹੋਇਆ ਸੀ। ਫ਼ੇਰ ਬਿਲਆਮ ਉਸ ਦੇ ਸਾਹਮਣੇ ਧਰਤੀ ਉੱਤੇ ਝੁਕ ਗਿਆ।
32 ਤਾਂ ਯਹੋਵਾਹ ਦੇ ਦੂਤ ਨੇ ਬਿਲਆਮ ਨੂੰ ਪੁੱਛਿਆ, “ਤੂੰ ਆਪਣੇ ਖੋਤੇ ਨੂੰ ਤਿੰਨ ਵਾਰੀ ਕਿਉਂ ਮਾਰਿਆ ਹੈ? ਮੈਂ ਹੀ ਹਾਂ ਜਿਹੜਾ ਤੈਨੂੰ ਰੋਕਣ ਲਈ ਆਇਆ ਹਾਂ। ਪਰ ਠੀਕ ਸਮੇਂ ਸਿਰ 33 ਤੇਰੇ ਖੋਤੇ ਨੇ ਮੈਨੂੰ ਦੇਖ ਲਿਆ ਅਤੇ ਮੇਰੇ ਤੋਂ ਦੂਰ ਮੁੜ ਗਿਆ। ਇਹ ਗੱਲ ਤਿੰਨ ਵਾਰੀ ਹੋਈ। ਜੇ ਖੋਤਾ ਮੁੜਿਆ ਨਾ ਹੁੰਦਾ ਤਾਂ ਮੈਂ ਸ਼ਾਇਦ ਤੈਨੂੰ ਮਾਰ ਚੁੱਕਿਆ ਹੁੰਦਾ। ਅਤੇ ਮੈਂ ਤੇਰੇ ਖੋਤੇ ਨੂੰ ਜਿਉਂਦਾ ਛੱਡ ਦਿੰਦਾ।”
34 ਤਾਂ ਬਿਲਆਮ ਨੇ ਯਹੋਵਾਹ ਦੇ ਦੂਤ ਨੂੰ ਆਖਿਆ, “ਮੈਂ ਪਾਪ ਕੀਤਾ ਹੈ। ਮੈਂ ਨਹੀਂ ਦੇਖ ਸੱਕਿਆ ਕਿ ਤੁਸੀਂ ਰਸਤੇ ਵਿੱਚ ਖਲੋਤੇ ਹੋਏ ਸੀ। ਜੇ ਮੈਂ ਕੋਈ ਗਲਤੀ ਕਰ ਰਿਹਾ ਹਾਂ ਤਾਂ ਮੈਂ ਘਰ ਵਾਪਸ ਚੱਲਾ ਜਾਂਦਾ ਹਾਂ।”
35 ਤਾਂ ਯਹੋਵਾਹ ਦੇ ਦੂਤ ਨੇ ਬਿਲਆਮ ਨੂੰ ਆਖਿਆ, “ਨਹੀਂ! ਤੂੰ ਇਨ੍ਹਾਂ ਆਦਮੀਆਂ ਨਾਲ ਜਾ ਸੱਕਦਾ ਹੈ। ਪਰ ਹੁਸ਼ਿਆਰ ਰਹੀਂ। ਸਿਰਫ਼ ਉਹੀ ਸ਼ਬਦ ਬੋਲੀਂ ਜਿਹੜੇ ਮੈਂ ਤੈਨੂੰ ਬੋਲਣ ਲਈ ਆਖਾਂ।” ਇਸ ਲਈ ਬਿਲਆਮ ਉਨ੍ਹਾਂ ਆਗੂਆਂ ਨਾਲ ਚੱਲਾ ਗਿਆ ਜਿਨ੍ਹਾਂ ਨੂੰ ਬਾਲਾਕ ਨੇ ਭੇਜਿਆ ਸੀ।
36 ਬਾਲਾਕ ਨੇ ਸੁਣਿਆ ਕਿ ਬਿਲਆਮ ਆ ਰਿਹਾ ਸੀ। ਇਸ ਲਈ ਬਾਲਾਕ ਉਸ ਨੂੰ ਅਰਨੋਨ ਨਦੀ ਕੰਢੇ ਵਸੇ ਮੋਆਬੀ ਸ਼ਹਿਰ ਵਿਖੇ ਮਿਲਣ ਲਈ ਬਾਹਰ ਆ ਗਿਆ। ਇਹ ਥਾਂ ਉਸ ਦੇ ਦੇਸ਼ ਦੀ ਉੱਤਰੀ ਸੀਮਾ ਉੱਤੇ ਸੀ। 37 ਜਦੋਂ ਬਾਲਾਕ ਨੇ ਬਿਲਆਮ ਨੂੰ ਦੇਖਿਆ, ਉਸ ਨੇ ਉਸ ਨੂੰ ਆਖਿਆ, “ਮੈਂ ਪਹਿਲਾਂ ਵੀ ਤੈਨੂੰ ਆਉਣ ਲਈ ਆਖਿਆ ਸੀ। ਮੈਂ ਤੈਨੂੰ ਦੱਸਿਆ ਸੀ ਕਿ ਇਹ ਬਹੁਤ ਜ਼ਰੂਰੀ ਸੀ। ਤੂੰ ਮੇਰੇ ਕੋਲ ਕਿਉਂ ਨਹੀਂ ਆਇਆ? ਕੀ ਮੈਂ ਤੈਨੂੰ ਸਤਿਕਾਰ ਦੇਣ ਦੇ ਯੋਗ ਨਹੀਂ ਹਾਂ।”
38 ਬਿਲਆਮ ਨੇ ਜਵਾਬ ਦਿੱਤਾ, “ਪਰ ਮੈਂ ਹੁਣ ਇੱਥੇ ਹਾਂ। ਮੈਂ ਆਇਆ ਹਾਂ ਪਰ ਸ਼ਾਇਦ ਮੈਂ ਉਹ ਗੱਲ ਨਾ ਕਰ ਸੱਕਾਂ ਜੋ ਤੁਸੀਂ ਚਾਹੁੰਦੇ ਸੀ। ਮੈਂ ਸਿਰਫ਼ ਉਹੀ ਸ਼ਬਦ ਬੋਲ ਸੱਕਦਾ ਹਾਂ ਜਿਹੜੇ ਯਹੋਵਾਹ ਪਰਮੇਸ਼ੁਰ ਮੇਰੇ ਕੋਲੋਂ ਅਖਵਾਉਣਾ ਚਾਹੁੰਦਾ ਹੈ।”
39 ਫ਼ੇਰ ਬਿਲਆਮ ਬਾਲਾਕ ਨਾਲ ਕਿਰਯਥ ਹੁਸੋਥ ਨੂੰ ਚੱਲਾ ਗਿਆ। 40 ਬਾਲਾਕ ਨੇ ਕੁਝ ਪਸ਼ੂ ਅਤੇ ਕੁਝ ਭੇਡਾਂ ਬਲੀ ਦੇ ਤੌਰ ਤੇ ਜ਼ਿਬਾਹ ਕੀਤੇ। ਉਸ ਨੇ ਕੁਝ ਮਾਸ ਬਿਲਆਮ ਨੂੰ ਅਤੇ ਕੁਝ ਉਨ੍ਹਾਂ ਆਗੂਆਂ ਨੂੰ ਦਿੱਤਾ ਜੋ ਉਸ ਦੇ ਨਾਲ ਸਨ।
41 ਅਗਲੀ ਸਵੇਰ ਬਾਲਾਕ ਬਿਲਆਮ ਨੂੰ ਬਮੋਥ ਬਆਲ ਦੇ ਕਸਬੇ ਅੰਦਰ ਲੈ ਗਿਆ। ਉੱਥੋਂ ਉਹ ਇਸਰਾਏਲੀ ਡੇਰੇ ਦਾ ਕੁਝ ਹਿੱਸਾ ਦੇਖ ਸੱਕਦੇ ਸਨ।
ਬਿਲਆਮ ਦਾ ਪਹਿਲਾ ਸੰਦੇਸ਼
23 ਬਿਲਆਮ ਨੇ ਬਾਲਾਕ ਨੂੰ ਆਖਿਆ, “ਇੱਥੇ ਸੱਤ ਜਗਵੇਦੀਆਂ ਉਸਾਰ ਅਤੇ ਮੇਰੇ ਲਈ ਸੱਤ ਵਹਿੜਕੇ ਅਤੇ ਸੱਤ ਭੇਡੂ ਤਿਆਰ ਕਰਵਾ।” 2 ਬਾਲਾਕ ਨੇ ਬਿਲਆਮ ਦੇ ਆਖੇ ਅਨੁਸਾਰ ਕੀਤਾ ਅਤੇ ਉਸ ਨੇ ਅਤੇ ਬਿਲਆਮ ਨੇ ਇੱਕ-ਇੱਕ ਵਹਿੜਕਾ ਅਤੇ ਇੱਕ-ਇੱਕ ਭੇਡੂ ਦੀ ਬਲੀ ਹਰੇਕ ਜਗਵੇਦੀ ਉੱਤੇ ਚੜ੍ਹਾਈ।
3 ਫ਼ੇਰ ਬਿਲਆਮ ਨੇ ਬਾਲਾਕ ਨੂੰ ਆਖਿਆ, “ਇਸ ਜਗਵੇਦੀ ਦੇ ਨੇੜੇ, ਇੱਥੇ ਖਲੋਵੋ। ਮੈਂ ਕਿਸੇ ਦੂਸਰੇ ਸਥਾਨ ਤੇ ਜਾਵਾਂਗਾ। ਫ਼ੇਰ ਯਹੋਵਾਹ ਮੇਰੇ ਕੋਲ ਆਵੇਗਾ ਅਤੇ ਮੈਨੂੰ ਦੱਸੇਗਾ ਕਿ ਮੈਂ ਕੀ ਆਖਣਾ ਹੈ।” ਫ਼ੇਰ ਬਿਲਆਮ ਇੱਕ ਉਚੇਰੇ ਸਥਾਨ ਉੱਤੇ ਚੱਲਿਆ ਗਿਆ।
4 ਉਸ ਥਾਂ ਉੱਤੇ ਪਰਮੇਸ਼ੁਰ ਬਿਲਆਮ ਨੂੰ ਮਿਲਿਆ। ਬਿਲਆਨ ਨੇ ਆਖਿਆ, “ਮੈਂ ਸੱਤ ਜਗਵੇਦੀਆਂ ਤਿਆਰ ਕਰ ਦਿੱਤੀਆਂ ਹਨ ਅਤੇ ਮੈਂ ਹਰੇਕ ਜਗਵੇਦੀ ਉੱਤੇ ਇੱਕ-ਇੱਕ ਵਹਿੜਕਾ ਅਤੇ ਇੱਕ-ਇੱਕ ਭੇਡੂ ਬਲੀ ਚੜ੍ਹਾ ਦਿੱਤਾ ਹੈ।”
5 ਤਾਂ ਯਹੋਵਾਹ ਨੇ ਬਿਲਆਮ ਨੂੰ ਦੱਸਿਆ ਕਿ ਉਸ ਨੂੰ ਕੀ ਆਖਣਾ ਚਾਹੀਦਾ ਹੈ। ਫ਼ੇਰ ਯਹੋਵਾਹ ਨੇ ਆਖਿਆ, “ਬਾਲਾਕ ਕੋਲ ਵਾਪਸ ਜਾ ਅਤੇ ਉਸ ਨੂੰ ਇਹ ਗੱਲਾਂ ਆਖ ਜਿਹੜੀਆਂ ਮੈਂ ਤੈਨੂੰ ਆਖਣ ਲਈ ਦੱਸੀਆਂ ਹਨ।”
6 ਇਸ ਲਈ ਬਿਲਆਮ ਬਾਲਾਕ ਕੋਲ ਵਾਪਸ ਚੱਲਿਆ ਗਿਆ। ਬਾਲਾਕ ਹਾਲੇ ਵੀ ਜਗਵੇਦੀ ਦੇ ਨੇੜੇ ਖਲੋਤਾ ਸੀ। ਅਤੇ ਮੋਆਬ ਦੇ ਸਾਰੇ ਆਗੂ ਉਨ੍ਹਾਂ ਦੇ ਨਾਲ ਖਲੋਤੇ ਸਨ। 7 ਤਾਂ ਬਿਲਆਮ ਨੇ ਇਹ ਗੱਲਾਂ ਆਖੀਆਂ:
“ਮੋਆਬ ਦੇ ਰਾਜੇ ਬਾਲਾਕ ਨੇ
ਮੈਨੂੰ ਇੱਥੇ ਆਰਾਮ ਦੇ ਪੂਰਬੀ ਪਹਾੜਾਂ ਤੋਂ ਲਿਆਂਦਾ,
ਮੈਨੂੰ ਬਾਲਾਕ ਨੇ ਆਖਿਆ ਸੀ।
‘ਆ, ਮੇਰੇ ਲਈ ਯਾਕੂਬ ਨੂੰ ਸਰਾਪ ਸਰਾਪ ਦੇ,
ਆ, ਇਸਰਾਏਲ ਦੇ ਲੋਕਾਂ ਨੂੰ ਸਰਾਪ ਦੇ।’
8 ਪਰ ਪਰਮੇਸ਼ੁਰ ਉਨ੍ਹਾਂ ਲੋਕਾਂ ਦੇ ਖਿਲਾਫ਼ ਨਹੀਂ ਹੈ,
ਇਸ ਲਈ ਮੈਂ ਵੀ ਉਨ੍ਹਾਂ ਨੂੰ ਸਰਾਪ ਨਹੀਂ ਦੇ ਸੱਕਦਾ।
ਯਹੋਵਾਹ ਨੇ ਉਨ੍ਹਾਂ ਲੋਕਾਂ ਲਈ ਮੰਦੀਆਂ ਹੋਣੀਆਂ ਨਹੀਂ ਮੰਗੀਆਂ।
ਇਸ ਲਈ ਮੈਂ ਵੀ ਅਜਿਹਾ ਨਹੀਂ ਕਰ ਸੱਕਦਾ।
9 ਮੈਂ ਉਨ੍ਹਾਂ ਲੋਕਾਂ ਨੂੰ ਪਰਬਤ ਉੱਤੋਂ ਦੇਖ ਰਿਹਾ ਹਾਂ।
ਮੈਂ ਉਨ੍ਹਾਂ ਨੂੰ ਉੱਚੀਆਂ ਪਹਾੜੀਆਂ ਤੋਂ ਦੇਖਦਾ ਹਾਂ।
ਉਹ ਲੋਕ, ਇੱਕਲੇ ਰਹਿੰਦੇ ਹਨ।
ਉਹ ਕਿਸੇ ਹੋਰ ਕੌਮ ਦਾ ਹਿੱਸਾ ਨਹੀਂ ਹੈ।
10 ਕੌਣ ਯਾਕੂਬ ਦੇ ਲੋਕਾਂ ਨੂੰ ਗਿਣ ਸੱਕਦਾ ਹੈ?
ਉਹ ਰੇਤ ਦੇ ਕਿਣਕਿਆਂ ਵਾਂਗ ਅਨਗਿਣਤ ਹਨ।
ਕੋਈ ਇਸਰਾਏਲ ਦੇ ਇੱਕ ਚੁਥਾਈ ਲੋਕਾਂ ਦੀ ਵੀ ਗਿਣਤੀ ਨਹੀਂ ਕਰ ਸੱਕਦਾ।
ਮੈਨੂੰ ਇੱਕ ਨੇਕ ਇਨਸਾਨ ਵਾਂਗੂ ਮਰਨ ਦਿਉ।
ਮੇਰੀ ਜ਼ਿੰਦਗੀ ਨੂੰ ਉਨ੍ਹਾਂ ਵਾਂਗ ਖੁਸ਼ੀ ਨਾਲ ਭਰੀ ਹੋਈ ਨੂੰ ਖਤਮ ਹੋਣ ਦਿਉ।”
11 ਬਾਲਾਕ ਨੇ ਬਿਲਆਮ ਨੂੰ ਆਖਿਆ, “ਤੂੰ ਮੇਰੇ ਨਾਲ ਕੀ ਕੀਤਾ ਹੈ? ਮੈਂ ਤੈਨੂੰ ਆਪਣੇ ਦੁਸ਼ਮਣਾਂ ਨੂੰ ਸਰਾਪ ਦੇਣ ਲਈ ਸੱਦਿਆ ਸੀ। ਪਰ ਤੂੰ ਤਾਂ ਸਿਰਫ਼ ਉਨ੍ਹਾਂ ਨੂੰ ਅਸੀਸ ਦਿੱਤੀ ਹੈ।”
12 ਪਰ ਬਿਲਆਮ ਨੇ ਜਵਾਬ ਦਿੱਤਾ, “ਮੈਨੂੰ ਉਹੀ ਗੱਲਾਂ ਆਖਣੀਆਂ ਪੈਂਦੀਆਂ ਹਨ ਜਿਹੜੀਆਂ ਉਹ ਮੇਰੇ ਪਾਸੋਂ ਅਖਵਾਉਂਦਾ ਹੈ।”
13 ਫ਼ੇਰ ਬਾਲਾਕ ਨੇ ਉਸ ਨੂੰ ਆਖਿਆ, “ਇਸ ਲਈ ਮੇਰੇ ਨਾਲ ਕਿਸੇ ਹੋਰ ਥਾਂ ਉੱਤੇ ਆ। ਇਸ ਥਾਂ ਤੋਂ ਤੂੰ ਉਨ੍ਹਾਂ ਸਾਰਿਆਂ ਨੂੰ ਨਹੀਂ ਵੇਖ ਸੱਕਦਾ, ਤੂੰ ਸਿਰਫ਼ ਉਨ੍ਹਾਂ ਲੋਕਾਂ ਦੇ ਇੱਕ ਹਿੱਸੇ ਨੂੰ ਹੀ ਦੇਖ ਸੱਕਦਾ ਹੈ। ਹੋ ਸੱਕਦਾ ਹੈ ਕਿ ਉਸ ਥਾਂ ਤੋਂ ਤੂੰ ਮੇਰੇ ਲਈ ਉਨ੍ਹਾਂ ਦੇ ਵਿਰੁੱਧ ਬੋਲ ਸੱਕੇਂ।” 14 ਇਸ ਲਈ ਬਾਲਾਕ ਬਿਲਆਮ ਨੂੰ ਸੋਫ਼ੀਮ ਦੇ ਖੇਤਾਂ ਨੂੰ ਲੈ ਗਿਆ। ਇਹ ਥਾਂ ਪਿਸਗਾਹ ਪਰਬਤ ਦੀ ਚੋਟੀ ਉੱਤੇ ਸੀ। ਉਸ ਥਾਂ ਉੱਤੇ, ਬਾਲਾਕ ਨੇ ਸੱਤ ਜਗਵੇਦੀਆਂ ਬਣਾਈਆ ਅਤੇ ਫ਼ੇਰ ਤੋਂ ਹਰੇਕ ਜਗਵੇਦੀ ਉੱਤੇ ਉਸ ਨੇ ਇੱਕ-ਇੱਕ ਵਹਿੜਕਾ ਅਤੇ ਇੱਕ-ਇੱਕ ਭੇਡੂ ਬਲੀ ਚੜ੍ਹਾਇਆ।
15 ਇਸ ਲਈ ਬਿਲਆਮ ਨੇ ਬਾਲਾਕ ਨੂੰ ਆਖਿਆ, “ਆਪਣੀ ਬਲੀ ਦੇ ਕੋਲ ਖਲੋ। ਮੈਂ ਉਸ ਥਾਂ ਉੱਤੇ ਜਾਕੇ ਯਹੋਵਾਹ ਨੂੰ ਮਿਲਾਂਗਾ।”
16 ਇਸ ਤਰ੍ਹਾਂ ਯਹੋਵਾਹ ਬਿਲਆਮ ਨੂੰ ਮਿਲਣ ਲਈ ਆਇਆ ਅਤੇ ਬਿਲਆਮ ਨੂੰ ਦੱਸਿਆ ਕਿ ਉਸ ਨੇ ਕੀ ਆਖਣਾ ਹੈ। ਫ਼ੇਰ ਯਹੋਵਾਹ ਨੇ ਬਿਲਆਮ ਨੂੰ ਬਾਲਾਕ ਕੋਲ ਵਾਪਸ ਜਾਣ ਅਤੇ ਇਹ ਗੱਲਾਂ ਦੱਸਣ ਲਈ ਆਖਿਆ। 17 ਇਸ ਤਰ੍ਹਾਂ ਬਿਲਆਮ ਬਾਲਾਕ ਕੋਲ ਗਿਆ। ਬਾਲਾਕ ਹਾਲੇ ਵੀ ਜਗਵੇਦੀ ਦੇ ਨੇੜੇ ਖਲੋਤਾ ਸੀ। ਮੋਆਬ ਦੇ ਆਗੂ ਉਸ ਦੇ ਨਾਲ ਸਨ। ਅਤੇ ਬਾਲਾਕ ਨੇ ਬਿਲਆਮ ਨੂੰ ਆਉਂਦਿਆ ਦੇਖਿਆ ਅਤੇ ਆਖਿਆ, “ਯਹੋਵਾਹ ਨੇ ਕੀ ਆਖਿਆ ਹੈ?”
ਬਿਲਆਮ ਦਾ ਦੂਸਰਾ ਸੰਦੇਸ਼
18 ਫ਼ੇਰ ਬਿਲਆਮ ਨੇ ਇਹ ਗੱਲਾਂ ਆਖੀਆ:
“ਬਾਲਾਕ, ਖੜ੍ਹਾ ਹੋ ਜਾ ਅਤੇ ਜੋ ਮੈਂ ਆਖਦਾ ਹਾਂ ਸੁਣ।
ਮੇਰੀ ਗੱਲ ਸੁਣ, ਸਿੱਪੋਰ ਦੇ ਪੁੱਤਰ।
19 ਪਰਮੇਸ਼ੁਰ ਕੋਈ ਮਨੁੱਖ ਨਹੀਂ ਹੈ
ਅਤੇ ਉਹ ਝੂਠ ਨਹੀਂ ਬੋਲਦਾ।
ਪਰਮੇਸ਼ੁਰ ਕਿਸੇ ਮਨੁੱਖ ਦਾ ਪੁੱਤਰ ਨਹੀਂ ਹੈ।
ਉਸ ਦੇ ਨਿਆਂ ਕਦੇ ਵੀ ਨਹੀ ਬਦਲਣਗੇ।
ਜਦੋਂ ਯਹੋਵਾਹ ਕੁਝ ਆਖਦਾ,
ਉਹ ਇਸ ਨੂੰ ਕਰੇਗਾ।
ਜੇਕਰ ਯਹੋਵਾਹ ਕੋਈ ਇਕਰਾਰ ਕਰਦਾ,
ਉਹ ਉਹੀ ਕਰੇਗਾ ਜਿਸਦਾ ਉਸ ਨੇ ਇਕਰਾਰ ਕੀਤਾ।
20 ਯਹੋਵਾਹ ਨੇ ਮੈਨੂੰ ਉਨ੍ਹਾਂ ਲੋਕਾਂ ਨੂੰ ਅਸੀਸ ਦੇਣ ਲਈ ਆਖਿਆ ਸੀ,
ਯਹੋਵਾਹ ਨੇ ਉਨ੍ਹਾਂ ਨੂੰ ਅਸੀਸ ਦਿਤੀ, ਇਸ ਵਾਸਤੇ ਮੈਂ ਇਸ ਨੂੰ ਨਹੀਂ ਬਦਲ ਸੱਕਦਾ।
21 ਪਰਮੇਸ਼ੁਰ, ਨੂੰ ਯਾਕੂਬ ਦੇ ਲੋਕਾਂ ਅੰਦਰ ਕੁਝ ਵੀ ਗਲਤ ਨਹੀਂ ਦਿਸਿਆ।
ਪਰਮੇਸ਼ੁਰ ਨੂੰ, ਇਸਰਾਏਲ ਦੇ ਲੋਕਾਂ ਵਿੱਚ ਕੋਈ ਪਾਪ ਨਹੀਂ ਦਿਸਿਆ।
ਯਹੋਵਾਹ ਉਨ੍ਹਾਂ ਦਾ ਪਰਮੇਸ਼ੁਰ ਹੈ
ਅਤੇ ਉਹ ਉਨ੍ਹਾਂ ਦੇ ਨਾਲ ਹੈ।
ਉਹ ਉਸ ਨੂੰ ਆਪਣਾ ਰਾਜਾ ਹੋਣ ਦਾ ਐਲਾਨ ਕਰਦੇ ਹਨ!
22 ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਮਿਸਰ ਤੋਂ ਬਾਹਰ ਲਿਆਇਆ।
ਉਹ ਜੰਗਲੀ ਝੋਟੇ ਵਰਗੇ ਤਾਕਤਵਰ ਹਨ।
23 ਯਾਕੂਬ ਦੇ ਲੋਕਾਂ ਦੇ ਖਿਲਾਫ਼ ਕੋਈ ਜਾਦੂਗਰੀ ਨਹੀਂ ਹੈ।
ਅਜਿਹਾ ਕੋਈ ਜਾਦੂ ਨਹੀਂ ਜੋ ਇਸਰਾਏਲ ਦੇ ਲੋਕਾਂ ਨੂੰ ਰੋਕ ਸੱਕੇ।
ਸਹੀ ਸਮੇਂ ਤੇ, ਲੋਕ ਯਕੂਬ ਦੇ ਆਦਮੀਆਂ ਅਤੇ ਇਸਰਾਏਲ ਦੇ ਲੋਕਾਂ ਲਈ ਇਹੀ ਆਖਣਗੇ।
‘ਉਨ੍ਹਾਂ ਮਹਾਨ ਕਰਿਸ਼ਮਿਆਂ ਵੱਲ ਦੇਖੋ, ਜੋ ਪਰਮੇਸ਼ੁਰ ਨੇ ਕੀਤੇ ਹਨ!’
24 ਲੋਕ ਸ਼ੇਰ ਵਾਂਗ ਮਜ਼ਬੂਤ ਨੇ।
ਉਹ ਸ਼ੇਰ ਆਰਾਮ ਨਹੀਂ ਕਰੇਗਾ ਜਦੋਂ ਤੱਕ ਉਹ
ਆਪਣੇ ਦੁਸ਼ਮਣ ਨੂੰ ਖਾ ਨਹੀਂ ਲੈਂਦਾ।
ਅਤੇ ਜਦੋਂ ਤੱਕ ਉਹ ਆਪਣੇ ਸ਼ਿਕਾਰ ਦਾ ਖੂਨ ਨਹੀਂ ਪੀ ਲੈਂਦਾ।”
25 ਫ਼ੇਰ ਬਾਲਾਕ ਨੇ ਬਿਲਆਮ ਨੂੰ ਆਖਿਆ, “ਉਨ੍ਹਾਂ ਨੂੰ ਨਾ ਸਰਾਪੀ ਅਤੇ ਨਾ ਹੀ ਉਨ੍ਹਾ ਨੂੰ ਅਸੀਸ ਦੇਵੀ।”
26 ਬਿਲਆਮ ਨੇ ਜਵਾਬ ਦਿੱਤਾ, “ਮੈਂ ਤੈਨੂੰ ਪਹਿਲਾਂ ਹੀ ਦੱਸਿਆ ਸੀ ਕਿ ਮੈਂ ਤਾਂ ਸਿਰਫ਼ ਉਹੀ ਗੱਲਾਂ ਆਖ ਸੱਕਦਾ ਹਾਂ ਜਿਹੜੀਆਂ ਯਹੋਵਾਹ ਮੇਰੇ ਕੋਲੋਂ ਅਖਵਾਉਂਦਾ ਹੈ।”
27 ਫ਼ੇਰ ਬਾਲਾਕ ਨੇ ਬਿਲਆਮ ਨੂੰ ਆਖਿਆ, “ਤਾਂ ਮੇਰੇ ਨਾਲ ਕਿਸੇ ਹੋਰ ਥਾਂ ਆ। ਸ਼ਾਇਦ ਪਰਮੇਸ਼ੁਰ ਪ੍ਰਸੰਨ ਹੋ ਜਾਵੇ ਅਤੇ ਤੇਰੇ ਕੋਲੋਂ ਉਨ੍ਹਾਂ ਨੂੰ ਉਸ ਥਾਂ ਤੋਂ ਸਰਾਪ ਦੇ ਦੇਵੇ।” 28 ਇਸ ਲਈ ਬਾਲਾਕ ਬਿਲਆਮ ਨੂੰ ਪਓਰ ਪਰਬਤ ਦੀ ਚੋਟੀ ਉੱਤੇ ਲੈ ਗਿਆ। ਇਸ ਪਰਬਤ ਦਾ ਰੁੱਖ ਮਾਰੂਥਲ ਵੱਲ ਹੈ।
29 ਬਿਲਆਮ ਨੇ ਆਖਿਆ, “ਇੱਥੇ ਸੱਤ ਜਗਵੇਦੀਆਂ ਉਸਾਰ। ਫ਼ੇਰ ਸੱਤ ਵਹਿੜਕੇ ਅਤੇ ਸੱਤ ਭੇਡੂ ਤਿਆਰ ਕਰਵਾ।” 30 ਬਾਲਾਕ ਨੇ ਉਹੀ ਕੀਤਾ ਜੋ ਬਿਲਆਮ ਨੇ ਆਖਿਆ ਸੀ। ਬਾਲਾਕ ਨੇ ਇੱਕ ਬਲਦ ਅਤੇ ਇੱਕ ਭੇਡੂ ਹਰੇਕ ਜਗਵੇਦੀ ਉੱਤੇ ਬਲੀ ਚੜ੍ਹਾਇਆ।
ਬਿਲਆਮ ਦਾ ਤੀਸਰਾ ਸੰਦੇਸ਼
24 ਬਿਲਆਮ ਨੇ ਦੇਖਿਆ ਕਿ ਯਹੋਵਾਹ ਇਸਰਾਏਲ ਨੂੰ ਅਸੀਸ ਦੇਣਾ ਚਾਹੁੰਦਾ ਸੀ। ਇਸ ਲਈ ਬਿਲਆਮ ਨੇ ਇਸ ਨੂੰ ਕਿਸੇ ਵੀ ਤਰ੍ਹਾਂ ਕਾਲੇ ਇਲਮ ਰਾਹੀ ਬਦਲਣ ਦੀ ਕੋਸ਼ਿਸ਼ ਨਹੀਂ ਕੀਤੀ। ਪਰ ਬਿਲਆਮ ਨੇ ਆਪਣਾ ਮੂੰਹ ਮੋੜਕੇ ਮਾਰੂਥਲ ਵੱਲ ਦੇਖਿਆ। 2 ਬਿਲਆਮ ਨੇ ਮਾਰੂਥਲ ਵੱਲ ਤੱਕਿਆ ਅਤੇ ਇਸਰਾਏਲ ਦੇ ਲੋਕਾਂ ਨੂੰ ਵੇਖਿਆ। ਉਨ੍ਹਾਂ ਨੇ ਆਪਣੇ ਪਰਿਵਾਰ-ਸਮੂਹ ਨਾਲ ਵੱਖ-ਵੱਖ ਥਾਵਾਂ ਤੇ ਡੇਰਾ ਲਾਇਆ ਹੋਇਆ ਸੀ। ਫ਼ੇਰ ਪਰਮੇਸ਼ੁਰ ਦਾ ਆਤਮਾ ਬਿਲਆਮ ਕੋਲ ਆਇਆ। 3 ਬਿਲਆਮ ਨੇ ਇਹ ਸ਼ਬਦ ਆਖੇ:
“ਇਹ ਸੰਦੇਸ਼ ਬਓਰ ਦੇ ਪੁੱਤਰ ਬਿਲਆਮ ਵੱਲੋ ਹੈ।
ਮੈਂ ਉਨ੍ਹਾਂ ਗੱਲਾਂ ਬਾਰੇ ਦੱਸ ਰਿਹਾ ਹਾਂ ਜੋ ਮੈਂ ਸਾਫ਼ ਤੌਰ ਤੇ ਦੇਖੀਆਂ ਹਨ।
4 ਮੈਂ ਪਰਮੇਸ਼ੁਰ ਕੋਲੋਂ ਇਹ ਸੰਦੇਸ਼ ਸੁਣਿਆ ਸੀ।
ਮੈਂ ਉਹੀ ਦੇਖਿਆ ਜੋ ਪਰਮੇਸ਼ੁਰ ਸਰਬ-ਸ਼ਕਤੀਮਾਨ ਨੇ ਦਿਖਾਇਆ।
ਮੈਂ ਨਿਮਰਤਾ ਨਾਲ ਆਖਦਾ ਹਾਂ, ਜੋ ਮੈਂ ਸਾਫ਼ ਤੌਰ ਤੇ ਦੇਖਿਆ।
5 “ਯਾਕੂਬ ਦੇ ਲੋਕੋ, ਤੁਹਾਡੇ ਤੰਬੂ ਸੁੰਦਰ ਨੇ।
ਇਸਰਏਲ ਦੇ ਲੋਕੋ, ਤੁਹਾਡੇ ਘਰ ਸੁੰਦਰ ਨੇ।
6 ਤੁਸੀਂ ਉਨ੍ਹਾਂ ਬਾਗਾਂ ਵਰਗੇ
ਹੋ ਜਿਹੜੇ ਨਹਿਰਾਂ ਨੇ ਸਿੰਜੇ ਨੇ।
ਤੁਸੀਂ ਉਨ੍ਹਾਂ ਬਾਗਾਂ ਵਰਗੇ
ਹੋ ਜਿਹੜੇ ਨਦੀਆਂ ਕੰਢੇ ਉੱਗਦੇ ਨੇ।
ਤੁਸੀਂ ਉਨ੍ਹਾਂ ਸੁਗੰਧਿਤ ਝਾੜੀਆਂ ਵਰਗੇ
ਹੋ ਜਿਹੜੀਆਂ ਯਹੋਵਾਹ ਨੇ ਬੀਜੀਆਂ ਨੇ।
ਤੁਸੀਂ ਉਨ੍ਹਾਂ ਸੁੰਦਰ ਰੁੱਖਾਂ ਵਰਗੇ
ਹੋ ਜਿਹੜੇ ਪਾਣੀ ਕੰਢੇ ਉੱਗਦੇ ਨੇ।
7 ਤੁਹਾਨੂੰ ਹਮੇਸ਼ਾ ਹੀ ਕਾਫ਼ੀ ਪਾਣੀ ਮਿਲੇਗਾ,
ਤੁਹਾਡੇ ਬੀਜ਼ਾਂ ਲਈ ਵੀ ਕਾਫ਼ੀ ਪਾਣੀ।
ਤੁਹਾਡਾ ਰਾਜਾ ਅਗਾਗ ਰਾਜੇ ਨਾਲੋਂ ਵੀ ਵੱਧੇਰੇ ਮਹਾਨ ਹੋਵੇਗਾ।
ਤੁਹਾਡੀ ਸਲਤਨਤ ਬਹੁਤ ਮਹਾਨ ਹੋਵੇਗੀ।
8 “ਪਰਮੇਸ਼ੁਰ ਨੇ ਇਨ੍ਹਾਂ ਲੋਕਾਂ ਨੂੰ ਮਿਸਰ ਤੋਂ ਬਾਹਰ ਲਿਆਂਦਾ।
ਉਹ ਜੰਗਲੀ ਝੋਟੇ ਵਾਂਗ ਮਜ਼ਬੂਤ ਹਨ ਅਤੇ ਉਹ ਆਪਣੇ ਸਾਰੇ ਦੁਸ਼ਮਣਾ ਨੂੰ ਹਰਾ ਦੇਣਗੇ।
ਉਹ ਉਨ੍ਹਾਂ ਦੀਆਂ ਹੱਡੀਆਂ ਤੋੜ ਦੇਣਗੇ ਅਤੇ ਉਨ੍ਹਾਂ ਨੂੰ,
ਉਨ੍ਹਾਂ ਦੇ ਤੀਰਾਂ ਨਾਲ ਕੁਚਲ ਦੇਣਗੇ।
9 ਇਸਰਾਏਲ ਨਿਮ੍ਰ
ਅਤੇ ਲੰਮੇ ਪਏ ਹੋਏ ਸ਼ੇਰ ਵਾਂਗ ਹੈ।
ਹਾਂ ਉਹ ਇੱਕ ਜਵਾਨ ਸ਼ੇਰ ਵਰਗੇ ਹਨ
ਅਤੇ ਕੋਈ ਵੀ ਉਨ੍ਹਾਂ ਨੂੰ ਜਗਾਉਣਾ ਨਹੀਂ ਚਾਹੁੰਦਾ।
ਉਨ੍ਹਾਂ ਨੂੰ ਅਸੀਸ ਮਿਲੇ ਜੋ ਉਨ੍ਹਾਂ ਨੂੰ ਅਸੀਸ ਦੇਣ
ਅਤੇ ਉਹ ਸਰਾਪੇ ਜਾਣ ਜੋ ਉਨ੍ਹਾਂ ਨੂੰ ਸਰਾਪਣ।”
10 ਬਾਲਾਕ ਬਿਲਆਮ ਉੱਤੇ ਬਹੁਤ ਕਰੋਧਵਾਨ ਹੋ ਗਿਆ ਅਤੇ ਉਸ ਨੇ ਆਪਣੇ ਹੱਥ ਇਕੱਠੇ ਵਜਾਕੇ ਉਸ ਨੂੰ ਆਖਿਆ, “ਮੈਂ ਤੈਨੂੰ ਆਪਣੇ ਦੁਸ਼ਮਣਾ ਨੂੰ ਸਰਾਪਣ ਲਈ ਬੁਲਾਇਆ ਸੀ ਪਰ ਤੂੰ ਉਨ੍ਹਾਂ ਨੂੰ ਤਿੰਨ ਵਾਰੀ ਅਸੀਸ ਦੇ ਦਿੱਤੀ। 11 ਹੁਣ ਇੱਥੋਂ ਚੱਲਾ ਜਾ ਅਤੇ ਘਰ ਪਰਤ ਜਾ। ਮੈਂ ਤੈਨੂੰ ਆਖਿਆ ਸੀ ਕਿ ਮੈਂ ਤੈਨੂੰ ਬਹੁਤ ਚੰਗਾ ਇਨਾਮ ਦਿਆਂਗਾ। ਪਰ ਯਹੋਵਾਹ ਨੇ ਤੇਰੇ ਕੋਲੋਂ ਤੇਰਾ ਇਨਾਮ ਖੋਹ ਲਿਆ ਹੈ।”
12 ਬਿਲਆਮ ਨੇ ਬਾਲਾਕ ਨੂੰ ਆਖਿਆ, “ਕੀ ਮੈਂ, ਮੇਰੇ ਕੋਲ ਭੇਜੇ ਤੇਰੇ ਸੰਦੇਸ਼ਵਾਹਕਾਂ ਨੂੰ ਨਹੀਂ ਆਖਿਆ ਸੀ, 13 ‘ਭਾਵੇਂ ਜੇ ਬਾਲਾਕ ਆਪਣਾ ਖੂਬਸੂਰਤ ਮਹਿਲ ਸੋਨੇ ਅਤੇ ਚਾਂਦੀ ਨਾਲ ਭਰਕੇ ਮੈਨੂੰ ਦੇਵੇ। ਮੈਂ ਖੁਦ ਕੁਝ ਵੀ ਚੰਗਾ ਜਾਂ ਮਾੜਾ ਨਹੀਂ ਕਰ ਸੱਕਦਾ ਅਤੇ ਯਹੋਵਾਹ ਦੇ ਹੁਕਮ ਦੇ ਖਿਲਾਫ਼ ਨਹੀਂ ਜਾ ਸੱਕਦਾ।’ ਮੈਨੂੰ ਉਹੀ ਆਖਣਾ ਪੈਂਦਾ ਹੈ ਜੋ ਯਹੋਵਾਹ ਆਖਦਾ ਹੈ। 14 ਹੁਣ ਮੈਂ ਆਪਣੇ ਲੋਕਾਂ ਕੋਲ ਵਾਪਸ ਜਾ ਰਿਹਾ ਹਾਂ। ਪਰ ਮੈਂ ਤੈਨੂੰ ਇਹ ਚਿਤਾਵਨੀ ਦਿੰਦਾ ਹਾਂ। ਮੈਂ ਤੈਨੂੰ ਦੱਸਾਂਗਾ ਕਿ ਆਉਣ ਵਾਲੇ ਸਮੇਂ ਵਿੱਚ ਇਸਰਾਏਲ ਦੇ ਇਹ ਲੋਕ ਤੇਰੇ ਨਾਲ ਅਤੇ ਤੇਰੇ ਲੋਕਾਂ ਨਾਲ ਕੀ ਕਰਨਗੇ।”
ਬਿਲਆਮ ਦਾ ਆਖਰੀ ਸੰਦੇਸ਼
15 ਫ਼ੇਰ ਬਿਲਆਮ ਨੇ ਇਹ ਗੱਲਾਂ ਆਖੀਆਂ:
“ਇਹ ਸੰਦੇਸ਼ ਬਓਰ ਦੇ ਪੁੱਤਰ, ਬਿਲਆਮ ਵੱਲੋਂ ਹੈ।
ਮੈਂ ਆਖਦਾ ਹਾਂ, ਜੋ ਮੈਂ ਸਾਫ਼-ਸਾਫ਼ ਦੇਖਦਾ ਹਾਂ।
16 ਮੈਂ ਪਰਮੇਸ਼ੁਰ ਕੋਲੋਂ ਇਹ ਸੰਦੇਸ਼ ਸੁਣਿਆ।
ਮੈਂ ਉਹੀ ਸਿੱਖਿਆ ਜੋ ਮੈਨੂੰ ਪਰਮੇਸ਼ੁਰ ਸਰਬ-ਉੱਚ ਨੇ ਸਿੱਖਾਇਆ।
ਮੈਂ ਦੇਖਿਆ, ਜੋ ਵੀ ਮੈਨੂੰ ਪਰਮੇਸ਼ੁਰ ਸਰਬ-ਸ਼ਕਤੀਮਾਨ ਨੇ ਦਿਖਾਇਆ।
ਮੈਂ ਨਿਮਰ ਹੋਕੇ ਦੱਸਦਾ ਹਾਂ ਜੋ ਵੀ ਮੈਂ ਸਾਫ਼-ਸਾਫ਼ ਦੇਖਦਾ ਹਾਂ।
17 “ਮੈਂ ਯਹੋਵਾਹ ਨੂੰ ਆਉਂਦਿਆ ਦੇਖਦਾ ਹਾਂ, ਪਰ ਛੇਤੀ ਨਹੀ।
ਯਾਕੂਬ ਦੇ ਪਰਿਵਾਰ ਵਿੱਚੋਂ ਇੱਕ ਤਾਰਾ ਆਵੇਗਾ।
ਇਸਰਾਏਲ ਦੇ ਲੋਕਾਂ ਵਿੱਚੋਂ ਇੱਕ ਨਵਾਂ ਹਾਕਮ ਆਵੇਗਾ।
ਉਹ ਹਾਕਮ, ਮੋਆਬੀ ਲੋਕਾਂ ਦੇ ਸਿਰ ਭਂਨੇਗਾ।
ਉਹ ਹਾਕਮ, ਸੇਥ ਦੇ ਸਮੂਹ
ਪੁੱਤਰਾਂ ਦੇ ਸਿਰ ਭੰਨ ਦੇਵੇਗਾ।
18 ਇਸਰਾਏਲ ਮਜ਼ਬੂਤ ਹੋ ਜਾਵੇਗਾ
ਅਤੇ ਅਦੋਮ ਦੀ ਧਰਤੀ ਉੱਤੇ ਕਬਜ਼ਾ ਕਰ ਲਵੇਗਾ!
ਉਹ ਸੇਈਰ, ਆਪਣੇ ਦੁਸ਼ਮਣ ਦੀ ਧਰਤੀ ਉੱਤੇ ਕਬਜ਼ਾ ਕਰ ਲੈਣਗੇ।
19 “ਯਾਕੂਬ ਦੇ ਪਰਿਵਾਰ ਵਿੱਚੋਂ ਇੱਕ ਨਵਾਂ ਹਾਕਮ ਆਵੇਗਾ, ਉਹ ਹਾਕਮ,
ਉਸ ਸ਼ਹਿਰ ਵਿੱਚ ਜਿਉਂਦੇ ਬਚੇ ਲੋਕਾਂ ਨੂੰ ਤਬਾਹ ਕਰ ਦੇਵੇਗਾ।”
20 ਫ਼ੇਰ ਬਿਲਆਮ ਨੇ ਅਮਾਲੇਕੀ ਲੋਕਾਂ ਨੂੰ ਦੇਖਿਆ ਅਤੇ ਇਹ ਸ਼ਬਦ ਉਚਾਰੇ:
“ਅਮਾਲੇਕ ਸਮੂਹ ਕੌਮਾਂ ਨਾਲੋਂ ਤਾਕਤਵਰ ਹੈ।
ਪਰ ਅਮਾਲੇਕ ਵੀ ਤਬਾਹ ਹੋ ਜਾਏਗਾ!”
21 ਫ਼ੇਰ ਬਿਲਆਮ ਨੇ ਕੇਨੀ ਲੋਕਾਂ ਵੱਲ ਦੇਖਿਆ ਅਤੇ ਇਹ ਸ਼ਬਦ ਉੱਚਾਰੇ:
“ਤੁਹਾਨੂੰ ਵਿਸ਼ਵਾਸ ਹੈ ਕਿ ਤੁਹਾਡਾ ਦੇਸ਼ ਸੁਰੱਖਿਅਤ ਹੈ
ਜਿਵੇਂ ਪੰਛੀ ਉੱਚੇ ਪਰਬਤ ਬਣਾਏ ਆਲ੍ਹਣੇ ਅੰਦਰ ਬੈਠਾ ਹੋਵੇ।
22 ਪਰ ਤੁਸੀਂ ਕੇਨੀ ਲੋਕ ਤਬਾਹ ਕੀਤੇ ਜਾਵੋਂਗੇ
ਜਦੋਂ ਅੱਸ਼ੂਰ ਤੁਹਾਨੂੰ ਕੈਦੀ ਬਣਾਕੇ ਲੈ ਜਾਵੇਗਾ।”
23 ਫ਼ੇਰ ਬਿਲਆਮ ਨੇ ਇਹ ਸ਼ਬਦ ਆਖੇ:
“ਹਾਏ! ਕੌਣ ਜਿਉਂ ਸੱਕਦਾ ਹੈ ਜਦੋਂ ਪਰਮੇਸ਼ੁਰ ਅਜਿਹਾ ਕਰੇ?
24 ਆਉਣਗੇ ਜਹਾਜ਼ ਕਿਬਰਸ ਵਲੋ,
ਹਰਾ ਦੇਣਗੇ ਉਹ ਅਸੀਂਰੀਆ ਅਤੇ ਏਬਰ ਨੂੰ
ਪਰ ਤਬਾਹ ਹੋ ਜਾਵੇਗਾ ਉਹ ਜਹਾਜ਼ ਵੀ।”
25 ਫ਼ੇਰ ਬਿਲਆਮ ਉੱਠ ਖਲੋਇਆ ਅਤੇ ਵਾਪਸ ਘਰ ਨੂੰ ਮੁੜ ਪਿਆ। ਬਾਲਾਕ ਵੀ ਆਪਣੇ ਰਾਹ ਚੱਲਿਆ ਗਿਆ।
ਪਓਰ ਵਿਖੇ ਇਸਰਾਏਲ
25 ਇਸਰਾਏਲ ਦੇ ਲੋਕਾਂ ਨੇ ਅਕੇਸੀਆ ਦੇ ਲਾਗੇ ਡੇਰਾ ਲਾਇਆ ਹੋਇਆ ਸੀ। ਉਸ ਸਮੇਂ, ਆਦਮੀਆਂ ਨੇ ਮੋਆਬੀ ਔਰਤਾਂ ਨਾਲ ਜਿਸਨੀ ਪਾਪ ਕਰਨੇ ਸ਼ੁਰੂ ਕਰ ਦਿੱਤੇ। 2-3 ਮੋਆਬੀ ਔਰਤਾਂ ਨੇ ਆਦਮੀਆ ਨੂੰ ਆਪਣੇ ਦੇਵਤਿਆ ਅੱਗੇ ਬਲੀਆਂ ਚੜ੍ਹਾਉਣ ਵਿੱਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ। ਇਸਰਾਏਲੀਆਂ ਨੇ ਉਨ੍ਹਾ ਦੇਵਤਿਆਂ ਦੀ ਉਪਾਸਨਾ ਕੀਤੀ ਅਤੇ ਬਲੀਆ ਦਾ ਭੋਜਨ ਖਾਧਾ। ਉਹ ਦੇਵਤੇ ਪਓਰ ਬਆਲ ਦੀ ਉਪਾਸਨਾ ਕਰਨ ਲੱਗ ਪਏ। ਇਸ ਲਈ ਯਹੋਵਾਹ ਉਨ੍ਹਾਂ ਦੇ ਨਾਲ ਬਹੁਤ ਗੁੱਸੇ ਹੋ ਗਿਆ।
4 ਯਹੋਵਾਹ ਨੇ ਮੂਸਾ ਨੂੰ ਆਖਿਆ, “ਇਨ੍ਹਾਂ ਸਾਰੇ ਲੋਕਾਂ ਨੂੰ ਆਪਣੇ ਨਾਲ ਲੈ। ਫ਼ੇਰ ਉਨ੍ਹਾਂ ਨੂੰ ਧੁੱਪੇ ਯਹੋਵਾਹ ਦੇ ਸਾਹਮਣੇ ਫ਼ਾਂਸੀ ਦੇ ਦੇਵੀ ਤਾਂ ਜੋ ਹਰ ਕੋਈ ਵੇਖ ਸੱਕੇ। ਫ਼ੇਰ ਯਹੋਵਾਹ ਇਸਰਾਏਲ ਦੇ ਸਮੂਹ ਲੋਕਾਂ ਨੂੰ ਆਪਣਾ ਗੁੱਸਾ ਨਹੀਂ ਦਰਸਾਵੇਗਾ।”
5 ਇਸ ਲਈ ਮੂਸਾ ਨੇ ਇਸਰਾਏਲ ਦੇ ਨਿਆਂਕਾਰਾ ਨੂੰ ਆਖਿਆ, “ਤੁਹਾਡੇ ਵਿੱਚੋਂ ਹਰੇਕ ਨੂੰ ਆਪੋ-ਆਪਣੇ ਪਰਿਵਾਰ-ਸਮੂਹ ਵਿੱਚੋਂ ਅਜਿਹੇ ਬੰਦਿਆ ਦੀ ਤਲਾਸ਼ ਕਰਨੀ ਚਾਹੀਦੀ ਹੈ ਜਿਨ੍ਹਾਂ ਨੇ ਲੋਕਾਂ ਨੂੰ ਝੂਠੇ ਦੇਵਤੇ ਪਓਰ ਦੇ ਬਆਲ ਦੀ ਉਪਾਸਨਾ ਕਰਨ ਵਿੱਚ ਅਗਵਾਈ ਕੀਤੀ। ਫ਼ੇਰ ਤੁਹਾਨੂੰ ਉਨ੍ਹਾਂ ਸਮੂਹ ਆਦਮੀਆ ਨੂੰ ਮਾਰ ਦੇਣਾ ਚਾਹੀਦਾ ਹੈ।”
6 ਉਸ ਸਮੇਂ, ਮੂਸਾ ਅਤੇ ਇਸਰਾਏਲ ਦੇ ਸਮੂਹ ਬਜ਼ੁਰਗ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਉੱਤੇ ਇਕੱਠੇ ਹੋਏ ਸਨ। ਇੱਕ ਇਸਰਾਏਲੀ ਆਦਮੀ ਕਿਸੇ ਮਿਦਯਾਨੀ ਔਰਤ ਨੂੰ ਆਪਣੇ ਭਰਾਵਾ ਲਈ ਘਰ ਲੈ ਆਇਆ। ਉਸ ਨੇ ਅਜਿਹਾ ਉਸ ਥਾਂ ਕੀਤਾ ਜਿੱਥੇ ਮੂਸਾ ਅਤੇ ਸਮੂਹ ਆਗੂ ਦੇਖ ਸੱਕਦੇ ਸਨ। ਮੂਸਾ ਅਤੇ ਸਾਰੇ ਆਗੂ ਬਹੁਤ ਉਦਾਸ ਹੋ ਗਏ। 7 ਫ਼ੀਨਹਾਸ, ਅਲਆਜ਼ਾਰ ਦਾ ਪੁੱਤਰ ਅਤੇ ਜਾਜਕ ਹਾਰੂਨ ਦਾ ਪੋਤਰਾ ਸੀ। ਉਸ ਨੇ ਉਸ ਆਦਮੀ ਨੂੰ ਔਰਤ ਨੂੰ ਡੇਰੇ ਅੰਦਰ ਲਿਆਉਂਦਿਆ ਦੇਖ ਲਿਆ। ਇਸ ਲਈ ਉਹ ਲੋਕਾਂ ਵਿੱਚਕਾਰੋਂ ਉੱਠਿਆ ਅਤੇ ਆਪਣਾ ਬਰਛਾ ਲਿਆ। 8 ਉਸ ਨੇ ਇਸਰਾਏਲੀ ਆਦਮੀ ਦਾ ਤੰਬੂ ਤੱਕ ਪਿੱਛਾ ਕੀਤਾ। ਫ਼ੇਰ ਉਸ ਨੇ ਬਰਛੇ ਨਾਲ ਇਸਰਾਏਲੀ ਆਦਮੀ ਅਤੇ ਮਿਦਯਾਨੀ ਔਰਤ ਨੂੰ ਉਸ ਦੇ ਤੰਬੂ ਅੰਦਰ ਮਾਰ ਦਿੱਤਾ। ਉਸ ਨੇ ਬਰਛਾ ਦੋਹਾਂ ਦੇ ਸਰੀਰਾਂ ਅੰਦਰ ਖੋਭ ਦਿੱਤਾ। ਉਸ ਸਮੇਂ ਇਸਰਾਏਲੀ ਲੋਕਾਂ ਅੰਦਰ ਮਹਾਮਾਰੀ ਫ਼ੈਲੀ ਹੋਈ ਸੀ। ਪਰ ਜਦੋਂ ਫ਼ੀਨਹਾਸ ਏ ਇਨ੍ਹਾਂ ਦੋਹਾਂ ਨੂੰ ਮਾਰ ਦਿੱਤਾ, ਬਿਮਾਰੀ ਖਤਮ ਹੋ ਗਈ। 9 ਕੁੱਲ 24,000 ਬੰਦੇ ਇਸ ਮਹਾਮਾਰੀ ਨਾਲ ਮਾਰੇ ਗਏ ਸਨ।
10 ਯਹੋਵਾਹ ਨੇ ਮੂਸਾ ਨੂੰ ਆਖਿਆ, 11 “ਮੇਰੇ ਮਨ ਵਿੱਚ ਆਪਣੇ ਲੋਕਾਂ ਲਈ ਬਹੁਤ ਪਿਆਰ ਹੈ-ਮੈਂ ਚਾਹੁੰਦਾ ਹਾਂ ਕਿ ਉਹ ਸਿਰਫ਼ ਮੇਰੇ ਹੀ ਰਹਿਣ। ਅਲਆਜ਼ਾਰ ਦੇ ਪੁੱਤਰ ਫ਼ੀਨਹਾਸ, ਜਾਜਕ ਹਾਰੂਨ ਦੇ ਪੋਤਰੇ ਨੇ ਲੋਕਾਂ ਨੂੰ ਮੇਰੇ ਕਹਿਰ ਤੋਂ ਬਚਾ ਲਿਆ। ਉਸ ਨੇ ਅਜਿਹਾ ਮੇਰੇ ਲੋਕਾਂ ਵਾਸਤੇ ਇਨ੍ਹਾਂ ਭਾਵਾਂ ਦੇ ਪ੍ਰਗਟਾਵੇ ਰਾਹੀਂ ਕੀਤਾ। ਇਸ ਲਈ ਮੈਂ ਲੋਕਾਂ ਨੂੰ ਉਸ ਤਰ੍ਹਾਂ ਨਹੀਂ ਮਾਰਾਂਗਾ ਜਿਸ ਤਰ੍ਹਾਂ ਮੈਂ ਚਾਹੁੰਦਾ ਸੀ। 12 ਫ਼ੀਨਹਾਸ ਨੂੰ ਆਖ ਕਿ ਮੈਂ ਉਸ ਨੂੰ ਆਪਣੀ ਸ਼ਾਂਤੀ ਦੀ ਬਿਧੀ ਦੇ ਰਿਹਾ ਹਾਂ। 13 ਇਕਰਾਰਨਾਮਾ ਇਹ ਹੈ: ਉਹ ਅਤੇ ਉਸਤੋਂ ਬਾਦ, ਉਸਦਾ ਸਾਰਾ ਪਰਿਵਾਰ ਹਮੇਸ਼ਾ ਜਾਜਕ ਹੋਣਗੇ। ਕਿਉਂਕਿ ਉਸ ਦੇ ਦਿਲ ਵਿੱਚ ਆਪਣੇ ਪਰਮੇਸ਼ੁਰ ਲਈ ਡੂੰਘੀਆਂ ਭਾਵਨਾਵਾਂ ਸਨ। ਅਤੇ ਉਸ ਨੇ ਉਹ ਗੱਲਾਂ ਕੀਤੀਆਂ ਜਿਨ੍ਹਾਂ ਨੇ ਇਸਰਾਏਲ ਦੇ ਲੋਕਾਂ ਨੂੰ ਪਵਿੱਤਰ ਬਣਾਇਆ।”
14 ਉਸ ਇਸਰਾਏਲੀ ਆਦਮੀ ਦਾ ਨਾਮ, ਸਾਲੂ ਦਾ ਪੁੱਤਰ ਜ਼ਿਮਰੀ ਸੀ, ਜਿਹੜਾ ਮਿਦਯਾਨੀ ਔਰਤ ਨਾਲ ਮਾਰਿਆ ਗਿਆ ਸੀ। ਉਹ ਸ਼ਿਮਓਨ ਦੇ ਪਰਿਵਾਰ-ਸਮੂਹ ਦੇ ਇੱਕ ਪਰਿਵਾਰ ਦਾ ਆਗੂ ਸੀ। 15 ਅਤੇ ਜਿਹੜੀ ਮਿਦਯਾਨੀ ਔਰਤ ਮਾਰੀ ਗਈ ਸੀ ਉਸਦਾ ਨਾਮ ਕਾਜ਼ਬੀ ਸੀ। ਉਹ ਸੂਰ ਦੀ ਧੀ ਸੀ। ਸੂਰ ਇੱਕ ਮਿਦਯਾਨੀ ਪਰਿਵਾਰ-ਸਮੂਹ ਦੇ ਇੱਕ ਪਰਿਵਾਰ ਦਾ ਆਗੂ ਅਤੇ ਮੁਖੀਆ ਸੀ।
16 ਯਹੋਵਾਹ ਨੇ ਮੂਸਾ ਨੂੰ ਆਖਿਆ, 17 “ਮਿਦਯਾਨੀ ਲੋਕ ਤੁਹਾਡੇ ਦੁਸ਼ਮਣ ਹਨ। ਤੁਹਾਨੂੰ ਚਾਹੀਦਾ ਹੈ ਕਿ ਉਨ੍ਹਾਂ ਨੂੰ ਮਾਰ ਦਿਉ। 18 ਉਨ੍ਹਾਂ ਨੇ ਪਹਿਲਾਂ ਹੀ ਤੁਹਾਨੂੰ ਆਪਣਾ ਦੁਸ਼ਮਣ ਬਣਾ ਲਿਆ ਹੈ। ਉਨ੍ਹਾਂ ਨੇ ਪਓਰ ਵਿਖੇ ਤੁਹਾਨੂੰ ਧੋਖਾ ਦਿੱਤਾ ਅਤੇ ਉਨ੍ਹਾਂ ਨੇ ਤੁਹਾਨੂੰ ਕਾਜ਼ਬੀ ਨਾਮ ਦੀ ਇੱਕ ਔਰਤ ਰਾਹੀਂ ਧੋਖਾ ਦਿੱਤਾ। ਉਹ ਇੱਕ ਮਿਦਯਾਨੀ ਆਗੂ ਦੀ ਧੀ ਸੀ। ਪਰ ਉਹ ਉਦੋਂ ਮਾਰੀ ਗਈ ਸੀ ਜਦੋਂ ਪਓਰ ਵਾਲੀ ਘਟਨਾ ਕਾਰਣ ਇਸਰਾਏਲੀ ਲੋਕਾਂ ਅੰਦਰ ਮਹਾਮਾਰੀ ਫ਼ੈਲੀ ਸੀ।”
ਲੋਕਾਂ ਦੀ ਗਿਣਤੀ ਕੀਤੀ ਗਈ
26 ਮਹਾਮਾਰੀ ਤੋਂ ਮਗਰੋਂ ਯਹੋਵਾਹ ਨੇ ਮੂਸਾ ਅਤੇ ਜਾਜਕ ਹਾਰੂਨ ਦੇ ਪੁੱਤਰ ਅਲਆਜ਼ਾਰ ਨਾਲ ਗੱਲ ਕੀਤੀ। 2 ਉਸ ਨੇ ਆਖਿਆ, “ਇਸਰਾਏਲ ਦੇ ਲੋਕਾਂ ਦੀ ਗਿਣਤੀ ਕਰੋ। ਉਨ੍ਹਾਂ ਸਾਰੇ ਆਦਮੀਆਂ ਦੀ ਗਿਣਤੀ ਕਰੋ ਜਿਹੜੇ 20 ਸਾਲਾਂ ਜਾਂ ਇਸਤੋਂ ਵਡੇਰੇ ਹਨ ਅਤੇ ਉਨ੍ਹਾਂ ਦੀ ਪਰਿਵਾਰਾਂ ਸਮੇਤ ਸੂਚੀ ਬਣਾਉ। ਇਹ ਉਹ ਲੋਕ ਹਨ ਜਿਹੜੇ ਇਸਰਾਏਲ ਦੀ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਹਨ।”
3 ਇਹ ਯਰੀਹੋ ਦੇ ਸਾਹਮਣੇ ਪਾਸੇ ਯਰਦਨ ਨਦੀ ਦੇ ਨੇੜੇ ਸੀ। ਇਸ ਲਈ ਮੂਸਾ ਅਤੇ ਅਲਆਜ਼ਾਰ ਨੇ ਲੋਕਾਂ ਨਾਲ ਗੱਲ ਕੀਤੀ। ਉਨ੍ਹਾਂ ਨੇ ਆਖਿਆ, 4 “ਤੁਹਾਨੂੰ ਹਰ ਉਸ ਬੰਦੇ ਦੀ ਗਿਣਤੀ ਕਰਨੀ ਚਾਹੀਦੀ ਹੈ ਜਿਹੜਾ 20 ਸਾਲਾਂ ਜਾਂ ਇਸਤੋਂ ਵਡੇਰੀ ਉਮਰ ਦਾ ਹੈ। ਯਹੋਵਾਹ ਨੇ ਮੂਸਾ ਨੂੰ ਇਹ ਆਦੇਸ਼ ਦਿੱਤਾ ਸੀ।”
ਇਹ ਇਸਰਾਏਲ ਦੇ ਉਨ੍ਹਾਂ ਲੋਕਾਂ ਦੀ ਸੂਚੀ ਹੈ ਜਿਹੜੇ ਮਿਸਰ ਵਿੱਚੋਂ ਬਾਹਰ ਆਏ ਸਨ:
5 ਇਹ ਰਊਬੇਨ ਦੇ ਪਰਿਵਾਰ ਦੇ ਲੋਕ ਹਨ। (ਰਊਬੇਨ ਇਸਰਾਏਲ) ਦਾ ਪਹਿਲੋਠਾ ਪੁੱਤਰ ਸੀ। ਪਰਿਵਾਰ ਸਨ:
ਹਨੋਕ-ਹਨੋਕੀਆ ਪਰਿਵਾਰ।
ਪੱਲੂ-ਪੱਲੂਆ ਪਰਿਵਾਰ।
6 ਹਸਰੋਨ-ਹਸਰੋਨੀਆ ਪਰਿਵਾਰ।
ਕਰਮੀ-ਕਰਮੀਆ ਪਰਿਵਾਰ।
7 ਇਹ ਰਊਬੇਨ ਦੇ ਪਰਿਵਾਰ-ਸਮੂਹ ਦੇ ਪਰਿਵਾਰ ਸਨ। ਇਨ੍ਹਾਂ ਵਿੱਚ ਕੁੱਲ 43,730 ਆਦਮੀ ਸਨ।
8 ਪੱਲੂ ਦਾ ਪੁੱਤਰ ਸੀ ਅਲੀਆਬ। 9 ਅਲੀਆਬ ਦੇ ਤਿੰਨ ਪੁੱਤਰ ਸਨ-ਨਮੂਏਲ, ਦਾਥਾਨ ਅਤੇ ਅਬੀਰਾਮ। ਚੇਤੇ ਕਰੋ, ਦਾਥਾਨ ਅਤੇ ਅਬੀਰਾਮ ਉਹ ਦੋ ਆਗੂ ਸਨ ਜਿਹੜੇ ਮੂਸਾ ਅਤੇ ਹਾਰੂਨ ਦੇ ਵਿਰੁੱਧ ਹੋ ਗਏ ਸਨ। ਉਹ ਕੋਰਹ ਦੇ ਪਿੱਛੇ ਲੱਗੇ ਸਨ ਜਦੋਂ ਕੋਰਹ ਯਹੋਵਾਹ ਦੇ ਵਿਰੁੱਧ ਹੋ ਗਿਆ ਸੀ। 10 ਇਹ ਉਹ ਸਮਾਂ ਸੀ ਜਦੋਂ ਧਰਤੀ ਪਾਟ ਗਈ ਸੀ ਅਤੇ ਕੋਰਹ ਅਤੇ ਉਸ ਦੇ ਸਾਰੇ ਅਨੁਯਾਈਆਂ ਨੂੰ ਨਿਗਲ ਗਈ ਸੀ। ਅਤੇ 250 ਆਦਮੀ ਮਾਰੇ ਗਏ ਸਨ। ਇਹ ਇਸਰਾਏਲ ਦੇ ਸਮੂਹ ਲੋਕਾਂ ਲਈ ਇੱਕ ਚਿਤਾਵਨੀ ਸੀ। 11 ਪਰ ਕੋਰਹ ਪਰਿਵਾਰ ਦੇ ਹੋਰ ਲੋਕ ਵੀ ਸਨ ਜਿਹੜੇ ਮਾਰੇ ਨਹੀਂ ਗਏ ਸਨ।
12 ਇਹ ਸ਼ਿਮਓਨ ਦੇ ਪਰਿਵਾਰ-ਸਮੂਹ ਦੇ ਪਰਿਵਾਰ ਸਨ:
ਨਮੂਏਲ-ਨਮੂਏਲੀਆਂ ਪਰਿਵਾਰ।
ਯਮੀਨ-ਯਮੀਨੀਆ ਪਰਿਵਾਰ।
ਯਾਕੀਨ-ਯਾਕਾਨੀਆਂ ਪਰਿਵਾਰ।
13 ਜ਼ਰਹ-ਜ਼ਰਹੀਆਂ ਪਰਿਵਾਰ।
ਸ਼ਾਊਲ-ਸ਼ਾਊਲੀਆਂ ਪਰਿਵਾਰ।
14 ਇਹ ਸ਼ਿਮਓਨ ਦੇ ਪਰਿਵਾਰ-ਸਮੂਹ ਦੇ ਪਰਿਵਾਰ ਸਨ। ਇਸ ਵਿੱਚ ਕੁੱਲ 22,200 ਅਦਮੀ ਸਨ।
15 ਇਹ ਗਾਦ ਦੇ ਪਰਿਵਾਰ-ਸਮੂਹ ਦੇ ਪਰਿਵਾਰ ਸਨ:
ਸਫ਼ੋਨ-ਸਫ਼ੋਨੀਆਂ ਪਰਿਵਾਰ।
ਹੱਗੀ-ਹੱਗੀਆਂ ਪਰਿਵਾਰ।
ਸੂਨੀ-ਸੂਨੀਆਂ ਪਰਿਵਾਰ।
16 ਆਜ਼ਨੀ-ਆਜ਼ਨੀਆਂ ਪਰਿਵਾਰ।
ਏਰੀ-ਏਰੀਆਂ ਪਰਿਵਾਰ।
17 ਅਰੋਦ-ਅਰੋਦੀਆਂ ਪਰਿਵਾਰ।
ਅਰਏਲੀ-ਅਰਏਲੀਆਂ ਪਰਿਵਾਰ।
18 ਇਹ ਪਰਿਵਾਰ ਗਾਦ ਦੇ ਪਰਿਵਾਰ-ਸਮੂਹ ਵਿੱਚੋਂ ਸਨ। ਇਸ ਵਿੱਚ ਕੁੱਲ 40,500 ਆਦਮੀ ਸਨ।
19-20 ਇਹ ਯਹੂਦਾਹ ਦੇ ਪਰਿਵਾਰ-ਸਮੂਹ ਦੇ ਪਰਿਵਾਰ ਹਨ:
ਸ਼ੇਲਾਹ-ਸ਼ੇਲਾਹੀਆਂ ਪਰਿਵਾਰ।
ਪਰਸ-ਪਰਸੀਆਂ ਪਰਿਵਾਰ।
ਜ਼ਰਹ-ਜ਼ਰਹੀਆਂ ਪਰਿਵਾਰ।
(ਯਹੂਦਾਹ ਦੇ ਦੋ ਪੁੱਤਰ, ਏਰ ਅਤੇ ਓਨਾਨ ਕਨਾਨ ਵਿੱਚ ਮਾਰੇ ਗਏ ਸਨ।)
21 ਇਹ ਪਰਸ ਦੇ ਪਰਿਵਾਰ ਸਨ:
ਹਸਰੋਨ-ਹਸਰੋਨੀਆਂ ਪਰਿਵਾਰ।
ਹਮੂਲ-ਹਮੂਲੀਆਂ ਪਰਿਵਾਰ।
22 ਇਹ ਪਰਿਵਾਰ ਯਹੂਦਾਹ ਦੇ ਪਰਿਵਾਰ-ਸਮੂਹ ਵਿੱਚੋਂ ਸਨ। ਆਦਮੀਆਂ ਦੀ ਕੁੱਲ ਗਿਣਤੀ 76,500 ਸੀ।
23 ਯਿੱਸਾਕਾਰ ਦੇ ਪਰਿਵਾਰ-ਸਮੂਹ ਦੇ ਪਰਿਵਾਰ ਸਨ:
ਤੋਲਾ-ਤੋਲੀਆਂ ਪਰਿਵਾਰ।
ਪੁੱਵਾਹ-ਪੂਨੀਆਂ ਪਰਿਵਾਰ।
24 ਯਾਸੂਬ-ਯਾਸੂਬੀਆਂ ਪਰਿਵਾਰ।
ਸ਼ਿਮਰੋਨ-ਸ਼ਿਮਰੋਨੀਆਂ ਪਰਿਵਾਰ।
25 ਇਹ ਪਰਿਵਾਰ ਯਿੱਸਾਕਾਰ ਦੇ ਪਰਿਵਾਰ-ਸਮੂਹ ਵਿੱਚੋਂ ਸਨ। ਆਦਮੀਆਂ ਦੀ ਕੁੱਲ ਗਿਣਤੀ 64,300 ਸੀ।
26 ਜ਼ਬੂਲੁਨ ਦੇ ਪਰਿਵਾਰ-ਸਮੂਹ ਦੇ ਪਰਿਵਾਰ ਸਨ:
ਸਰਦ-ਸਰਦੀਆਂ ਪਰਿਵਾਰ।
ਏਲੋਨ-ਏਲੋਨੀਆਂ ਪਰਿਵਾਰ।
ਯਹਲਏਲ-ਯਹਲਏਲੀਆਂ ਪਰਿਵਾਰ।
27 ਇਹ ਜ਼ਬੂਲੁਨੀਆਂ ਦੇ ਪਰਿਵਾਰ-ਸਮੂਹ ਦੇ ਪਰਿਵਾਰ ਸਨ: ਆਦਮੀਆਂ ਦੀ ਕੁੱਲ ਗਿਣਤੀ 60,500 ਸੀ।
28 ਯੂਸੁਫ਼ ਦੇ ਦੋ ਪੁੱਤਰ ਸਨ ਮਨੱਸ਼ਹ ਅਤੇ ਅਫ਼ਰਾਈਮ ਹਰ ਪੁੱਤਰ ਆਪੋ-ਆਪਣੇ ਪਰਿਵਾਰ ਨਾਲ ਇੱਕ ਪਰਿਵਾਰ-ਸਮੂਹ ਬਣ ਗਿਆ। 29 ਮਨੱਸ਼ਹ ਦੇ ਪਰਿਵਾਰ ਸਨ:
ਮਾਕੀਰ-ਮਾਕੀਰੀਆਂ ਪਰਿਵਾਰ। (ਮਾਕੀਰ ਗਿਲਆਦ ਦਾ ਪਿਤਾ ਸੀ।)
ਗਿਲਆਦ-ਗਿਲਆਦੀਆਂ ਪਰਿਵਾਰ।
30 ਗਿਲਆਦ ਦੇ ਪਰਿਵਾਰ ਸਨ:
ਈਅਜ਼ਰ-ਈਅਜ਼ਰੀਆਂ ਪਰਿਵਾਰ।
ਹੇਲਕ-ਹੇਲਕੀਆਂ ਪਰਿਵਾਰ।
31 ਅਸਰੀਏਲ-ਅਸਰੀਏਲੀਆਂ ਪਰਿਵਾਰ।
ਸ਼ਕਮ-ਸ਼ਕਮੀਆਂ ਪਰਿਵਾਰ।
32 ਸ਼ਮੀਦਾ-ਸ਼ਮੀਦਾਈਆਂ ਪਰਿਵਾਰ।
ਹੇਫ਼ਰ-ਹੇਫ਼ਰੀਆਂ ਪਰਿਵਾਰ।
33 ਸਲਾਫ਼ਹਾਦ ਹੇਫ਼ਰ ਦਾ ਪੁੱਤਰ ਸੀ। ਪਰ ਉਸਦਾ ਕੋਈ ਪੁੱਤਰ ਨਹੀਂ ਸੀ-ਸਿਰਫ਼ ਧੀਆਂ ਸਨ। ਉਸ ਦੀਆਂ ਧੀਆਂ ਦੇ ਨਾਮ ਸਨ ਮਹਲਾਹ, ਨੋਆਹ, ਹਾਗਲਾਹ, ਮਿਲਕਾਹ ਅਤੇ ਤਿਰਸਾਹ।
34 ਉਹ ਸਾਰੇ ਮਨੱਸ਼ਹ ਦੇ ਪਰਿਵਾਰ-ਸਮੂਹਾਂ ਦੇ ਪਰਿਵਾਰ ਸਨ। ਆਦਮੀਆਂ ਦੀ ਕੁੱਲ ਗਿਣਤੀ 52,700 ਸੀ।
35 ਅਫ਼ਰਾਈਮ ਦੇ ਪਰਿਵਾਰ-ਸਮੂਹਾਂ ਦੇ ਪਰਿਵਾਰ ਸਨ:
ਸੂਥਲਹ-ਸੂਥਲਹੀਆਂ ਪਰਿਵਾਰ।
ਬਕਰ-ਬਕਰੀਆਂ ਪਰਿਵਾਰ।
ਬਹਨ-ਬਹਨੀਆਂ ਪਰਿਵਾਰ।
36 ਏਰਾਨ ਸੂਥਲਹ ਪਰਿਵਾਰ ਵਿੱਚੋਂ ਸੀ।
ਏਰਾਨ ਦਾ ਪਰਿਵਾਰ ਏਰਾਨੀਆਂ ਪਰਿਵਾਰ ਸੀ।
37 ਇਹ ਅਫ਼ਰਾਈਮ ਪਰਿਵਾਰ-ਸਮੂਹ ਦੇ ਪਰਿਵਾਰ ਸਨ। ਕੁੱਲ ਆਦਮੀਆਂ ਦੀ ਗਿਣਤੀ 32,500 ਸੀ। ਉਹ ਸਾਰੇ ਲੋਕ ਯੂਸੁਫ਼ ਦੇ ਪਰਿਵਾਰ-ਸਮੂਹ ਵਿੱਚੋਂ ਸਨ।
38 ਬਿਨਯਾਮੀਨ ਦੇ ਪਰਿਵਾਰ-ਸਮੂਹ ਦੇ ਪਰਿਵਾਰ ਸਨ:
ਬਲਾ-ਬਲੀਆਂ ਪਰਿਵਾਰ।
ਅਸ਼ਬੇਲ-ਅਸ਼ਬੇਲੀਆਂ ਪਰਿਵਾਰ।
ਅਹੀਰਾਮ-ਅਹੀਰਾਮੀਆਂ ਪਰਿਵਾਰ।
39 ਸ਼ਫ਼ੂਫ਼ਾਮ-ਸ਼ਫ਼ੂਫ਼ਾਮੀਆਂ ਪਰਿਵਾਰ
ਹੂਫ਼ਾਮ-ਹੂਫ਼ਾਮੀਆਂ ਪਰਿਵਾਰ।
40 ਬਲਾ ਦੇ ਪਰਿਵਾਰ ਸਨ:
ਅਰਦ-ਅਰਦੀਆਂ ਪਰਿਵਾਰ।
ਨਆਮਾਨ-ਨਆਮਾਨੀਆਂ ਪਰਿਵਾਰ।
41 ਇਹ ਸਾਰੇ ਪਰਿਵਾਰ ਬਿਨਯਾਮੀਨ ਦੇ ਪਰਿਵਾਰ-ਸਮੂਹ ਵਿੱਚੋਂ ਸਨ। ਆਦਮੀਆਂ ਦੀ ਕੁੱਲ ਗਿਣਤੀ 45,600 ਸੀ।
42 ਦਾਨ ਦੇ ਪਰਿਵਾਰ-ਸਮੂਹ ਦੇ ਪਰਿਵਾਰ ਸਨ:
ਸ਼ੂਹਾਮ-ਸ਼ੂਹਾਮੀਆਂ ਪਰਿਵਾਰ-ਸਮੂਹ।
ਇਹ ਦਾਨ ਦੇ ਪਰਿਵਾਰ-ਸਮੂਹ ਦਾ ਪਰਿਵਾਰ ਸੀ। 43 ਸ਼ੂਹਾਮ ਪਰਿਵਾਰ-ਸਮੂਹ ਦੇ ਬਹੁਤ ਸਾਰੇ ਪਰਿਵਾਰ ਸਨ। ਆਦਮੀਆਂ ਦੀ ਕੁੱਲ ਗਿਣਤੀ 64,400 ਸੀ।
44 ਆਸ਼ੇਰ ਦੇ ਪਰਿਵਾਰ-ਸਮੂਹ ਦੇ ਪਰਿਵਾਰ ਸਨ:
ਯਿਮਨਾਹ-ਯਿਮਨਾਹੀਆਂ ਪਰਿਵਾਰ।
ਯਿਸ਼ਵੀ-ਯਿਸ਼ਵੀਆਂ ਪਰਿਵਾਰ।
ਬਰੀਯਾਹ-ਬਰੀਈਆਂ ਪਰਿਵਾਰ।
45 ਬਰੀਯਾਹ ਦੇ ਪਰਿਵਾਰ ਸਨ:
ਹੇਬਰ-ਹੇਬਰੀਆਂ ਪਰਿਵਾਰ।
ਮਲਕੀਏਲ-ਮਲਕੀਏਲੀਆਂ ਪਰਿਵਾਰ।
46 (ਆਸ਼ੇਰ ਦੀ ਇੱਕ ਧੀ ਵੀ ਸੀ ਜਿਸਦਾ ਨਾਮ ਸਾਰਹ ਸੀ।) 47 ਇਹ ਆਸ਼ੇਰ ਦੇ ਪਰਿਵਾਰ-ਸਮੂਹ ਦੇ ਪਰਿਵਾਰ ਸਨ। ਆਦਮੀਆਂ ਦੀ ਕੁੱਲ ਗਿਣਤੀ 53,400 ਸੀ।
48 ਨਫ਼ਤਾਲੀ ਦੇ ਪਰਿਵਾਰ-ਸਮੂਹ ਦੇ ਪਰਿਵਾਰ ਸਨ:
ਯਹਸਏਲ-ਯਹਸਏਲੀਆਂ ਪਰਿਵਾਰ।
ਗੂਨੀ- ਗੂਨੀਆਂ ਪਰਿਵਾਰ।
49 ਯੇਸਰ-ਯੇਸਰੀਆਂ ਪਰਿਵਾਰ।
ਸ਼ਿਲੇਮ-ਸ਼ਿਲੇਮੀਆਂ ਪਰਿਵਾਰ।
50 ਇਹ ਨਫ਼ਤਾਲੀ ਦੇ ਪਰਿਵਾਰ-ਸਮੂਹ ਦੇ ਪਰਿਵਾਰ ਸਨ। ਆਦਮੀਆਂ ਦੀ ਕੁੱਲ ਗਿਣਤੀ 45,400 ਸੀ।
51 ਇਸ ਤਰ੍ਹਾਂ ਇਸਰਾਏਲ ਦੇ ਆਦਮੀਆਂ ਦੀ ਕੁੱਲ ਗਿਣਤੀ 6,01,730 ਸੀ।
52 ਯਹੋਵਾਹ ਨੇ ਮੂਸਾ ਨੂੰ ਆਖਿਆ, 53 “ਧਰਤੀ ਫ਼ੇਰ ਵੰਡੀ ਜਾਵੇਗੀ ਅਤੇ ਇਨ੍ਹਾਂ ਲੋਕਾਂ ਨੂੰ ਦਿੱਤੀ ਜਾਵੇਗੀ। ਹਰੇਕ ਪਰਿਵਾਰ-ਸਮੂਹ ਨੂੰ ਗਿਣਤੀ ਕੀਤੇ ਗਏ ਲੋਕਾਂ ਲਈ ਧਰਤੀ ਮਿਲੇਗੀ। 54 ਵੱਡੇ ਪਰਿਵਾਰ ਨੂੰ ਵੱਧੇਰੇ ਧਰਤੀ ਮਿਲੇਗੀ ਅਤੇ ਛੋਟੇ ਪਰਿਵਾਰ ਨੂੰ ਘੱਟ ਧਰਤੀ ਮਿਲੇਗੀ। ਉਹ ਧਰਤੀ ਜਿਹੜੀ ਉਨ੍ਹਾਂ ਨੂੰ ਮਿਲੇਗੀ ਉਹ ਗਿਣਤੀ ਕੀਤੇ ਹੋਏ ਲੋਕਾਂ ਦੇ ਬਰਾਬਰ ਹੋਵੇਗੀ। 55 ਪਰ ਤੁਹਾਨੂੰ ਗੁਣੇ ਪਾਕੇ ਨਿਆਂ ਕਰਨਾ ਚਾਹੀਦਾ ਹੈ ਕਿ ਕਿਹੜੇ ਪਰਿਵਾਰ ਨੂੰ ਧਰਤੀ ਦਾ ਕਿਹੜਾ ਭਾਗ ਮਿਲੇਗਾ। ਹਰੇਕ ਪਰਿਵਾਰ-ਸਮੂਹ ਆਪਣਾ ਹਿੱਸਾ ਪ੍ਰਾਪਤ ਕਰੇਗਾ ਅਤੇ ਇਸਤੋਂ ਬਾਦ ਉਸ ਧਰਤੀ ਨੂੰ ਨਾਮ ਦਿੱਤਾ ਜਾਵੇਗਾ। 56 ਵੱਡੀ ਜਾਂ ਛੋਟੀ ਧਰਤੀ ਹਰੇਕ ਪਰਿਵਾਰ ਨੂੰ ਦਿੱਤੀ ਜਾਵੇਗੀ। ਅਤੇ ਤੁਸੀਂ ਨਿਆਂ ਕਰਨ ਲਈ ਗੁਣੇ ਪਾਵੋਂਗੇ।”
57 ਉਨ੍ਹਾਂ ਨੇ ਲੇਵੀ ਦੇ ਪਰਿਵਾਰ-ਸਮੂਹ ਦੀ ਗਿਣਤੀ ਵੀ ਕੀਤੀ। ਲੇਵੀ ਦੇ ਪਰਿਵਾਰ-ਸਮੂਹ ਦੇ ਪਰਿਵਾਰ ਇਹ ਹਨ:
ਗੇਰਸ਼ੋਨ-ਗੇਰਸ਼ੋਨੀਆ ਪਰਿਵਾਰ।
ਕਹਾਥ-ਕਹਾਥੀਆ ਪਰਿਵਾਰ।
ਮਰਾਰੀ-ਮਰਾਰੀਆ ਪਰਿਵਾਰ।
58 ਇਹ ਪਰਿਵਾਰ ਵੀ ਲੇਵੀ ਦੇ ਪਰਿਵਾਰ-ਸਮੂਹ ਵਿੱਚੋਂ ਹਨ:
ਲਿਬਨੀ ਪਰਿਵਾਰ।
ਹਬਰੋਨੀ ਪਰਿਵਾਰ।
ਮਹਲੀ ਪਰਿਵਾਰ।
ਮੂਸ਼ੀ ਪਰਿਵਾਰ।
ਕਾਰਹੀ ਪਰਿਵਾਰ।
ਅਮਰਾਮ ਕਹਾਥ ਪਰਿਵਾਰ-ਸਮੂਹ ਵਿੱਚੋਂ ਸੀ। 59 ਅਮਰਾਮ ਦੀ ਪਤਨੀ ਦਾ ਨਾਮ ਯੋਕਬਦ ਸੀ। ਉਹ ਵੀ ਲੇਵੀ ਦੇ ਪਰਿਵਾਰ-ਸਮੂਹ ਵਿੱਚੋਂ ਸੀ। ਉਹ ਮਿਸਰ ਵਿੱਚ ਜੰਮੀ ਸੀ। ਅਮਰਾਮ ਅਤੇ ਯੋਕਬਦ ਦੇ ਦੋ ਪੁੱਤਰ ਸਨ, ਹਾਰੂਨ ਅਤੇ ਮੂਸਾ। ਉਨ੍ਹਾਂ ਦੀ ਇੱਕ ਧੀ ਵੀ ਸੀ, ਮਿਰਯਮ।
60 ਹਾਰੂਨ ਨਾਦਾਮ, ਅਬੀਹੂ, ਅਲਆਜ਼ਾਰ ਅਤੇ ਈਥਾਮਾਰ ਦਾ ਪਿਤਾ ਸੀ। 61 ਪਰ ਨਾਦਾਬ ਅਤੇ ਅਬੀਹੂ ਮਰ ਗਏ ਸਨ। ਉਹ ਇਸ ਲਈ ਮਰ ਗਏ ਸਨ ਕਿਉਂਕਿ ਉਨ੍ਹਾਂ ਨੇ ਯਹੋਵਾਹ ਨੂੰ ਅਜਿਹੀ ਹੋਮ ਦੀ ਭੇਟ ਚੜ੍ਹਾਈ ਸੀ ਜਿਸਦੀ ਆਗਿਆ ਨਹੀਂ ਸੀ।
62 ਲੇਵੀ ਦੇ ਪਰਿਵਾਰ-ਸਮੂਹ ਵਿੱਚ ਹਰ, ਇੱਕ ਮਹੀਨੇ ਅਤੇ ਇਸਤੋਂ ਵੱਧ ਉਮਰ ਵਾਲੇ ਨਰਾਂ ਦੀ ਕੁੱਲ ਗਿਣਤੀ 23,000 ਸੀ। ਪਰ ਇਨ੍ਹਾਂ ਦੀ ਗਿਣਤੀ ਇਸਰਾਏਲ ਦੇ ਹੋਰਨਾਂ ਲੋਕਾਂ ਨਾਲ ਨਹੀਂ ਕੀਤੀ ਗਈ ਸੀ। ਉਨ੍ਹਾ ਨੂੰ ਉਸ ਧਰਤੀ ਦਾ ਉਹ ਹਿੱਸਾ ਨਹੀਂ ਮਿਲਿਆ ਜਿਹੜੀ ਯਹੋਵਾਹ ਨੇ ਹੋਰਨਾਂ ਲੋਕਾਂ ਨੂੰ ਦਿੱਤੀ ਸੀ।
63 ਮੂਸਾ ਅਤੇ ਜਾਜਕ ਅਲਆਜ਼ਾਰ ਨੇ ਇਨ੍ਹਾਂ ਸਾਰੇ ਲੋਕਾਂ ਦੀ ਗਿਣਤੀ ਉਦੋਂ ਕੀਤੀ ਜਦੋਂ ਉਹ ਮੋਆਬ ਵਿੱਚ ਯਰਦਨ ਵਾਦੀ ਵਿੱਚ ਸਨ। ਇਹ ਯਰੀਹੋ ਤੋਂ ਯਰਦਨ ਨਦੀ ਦੇ ਪਾਰ ਸੀ। 64 ਬਹੁਤ ਵਰ੍ਹੇ ਪਹਿਲਾਂ, ਸੀਨਈ ਮਾਰੂਥਲ ਵਿੱਚ ਮੂਸਾ ਅਤੇ ਜਾਜਕ ਹਾਰੂਨ ਨੇ ਇਸਰਾਏਲ ਦੇ ਲੋਕਾਂ ਦੀ ਗਿਣਤੀ ਕੀਤੀ ਸੀ। ਪਰ ਉਹ ਸਾਰੇ ਲੋਕ ਮਰ ਚੁੱਕੇ ਸਨ। ਉਨ੍ਹਾਂ ਲੋਕਾਂ ਵਿੱਚੋਂ ਕੋਈ ਵੀ ਹੁਣ ਜਿਉਂਦਾ ਨਹੀਂ ਸੀ। 65 ਕਿਉਂਕਿ ਯਹੋਵਾਹ ਨੇ ਇਸਰਾਏਲ ਦੇ ਉਨ੍ਹਾਂ ਲੋਕਾਂ ਨੂੰ ਦੱਸਿਆ ਸੀ ਕਿ ਉਹ ਸਾਰੇ ਹੀ ਮਾਰੂਥਲ ਅੰਦਰ ਮਾਰੇ ਜਾਣਗੇ। ਸਿਰਫ਼ ਦੋ ਬੰਦੇ ਜਿਹੜੇ ਜਿਉਂਦੇ ਬਚ ਗਏ ਸਨ ਉਹ ਸਨ ਯਫ਼ੁੰਨਹ ਦਾ ਪੁੱਤਰ ਕਾਲੇਬ ਅਤੇ ਨੂਨ ਦਾ ਪੁੱਤਰ ਯਹੋਸ਼ੁਆ।
ਸਲਾਫ਼ਹਾਦ ਦੀਆਂ ਧੀਆਂ
27 ਸਲਾਫ਼ਹਾਦ ਹੇਫ਼ਰ ਦਾ ਪੁੱਤਰ ਸੀ। ਹੇਫ਼ਰ ਗਿਲਆਦ ਦਾ ਪੁੱਤਰ ਸੀ। ਗਿਲਆਦ ਮਾਕੀਰ ਦਾ ਪੁੱਤਰ ਸੀ। ਮਾਕੀਰ ਮਨੱਸ਼ਹ ਦਾ ਪੁੱਤਰ ਸੀ। ਮਨੱਸ਼ਹ ਯੂਸੁਫ਼ ਦਾ ਪੁੱਤਰ ਸੀ। ਸਲਾਫ਼ਹਾਦ ਦੀਆਂ ਪੰਜ ਧੀਆਂ ਸਨ। ਉਨ੍ਹਾਂ ਦੇ ਨਾਮ ਸਨ: ਮਾਹਲਾਹ, ਨੋਆਹ, ਹਾਗਲਾਹ, ਮਿਲਕਾਹ ਅਤੇ ਤਿਰਸਾਹ। 2 ਇਹ ਪੰਜੇ ਔਰਤਾਂ, ਮੰਡਲੀ ਵਾਲੇ ਤੰਬੂ ਵੱਲ ਗਈਆਂ ਅਤੇ ਮੂਸਾ, ਜਾਜਕ ਅਲਆਜ਼ਾਰ, ਆਗੂਆ ਅਤੇ ਇਸਰਾਏਲ ਦੇ ਸਮੂਹ ਲੋਕਾਂ ਸਾਹਮਣੇ ਖਲੋ ਗਈਆਂ।
ਪੰਜਾਂ ਧੀਆਂ ਨੇ ਆਖਿਆ, 3 “ਜਦੋਂ ਅਸੀਂ ਮਾਰੂਥਲ ਵਿੱਚ ਸਫ਼ਰ ਕਰ ਰਹੀਆਂ ਸਾਂ ਤਾਂ ਸਾਡੇ ਪਿਤਾ ਦਾ ਦੇਹਾਂਤ ਹੋ ਗਿਆ। ਸਾਡੇ ਪਿਤਾ ਦੀ ਮੌਤ ਕੁਦਰਤੀ ਤੌਰ ਤੇ ਹੋਈ ਸੀ। ਉਹ ਉਨ੍ਹਾਂ ਲੋਕਾਂ ਵਿੱਚੋਂ ਸੀ ਜਿਹੜੇ ਕੋਰਹ ਦੇ ਸਮੂਹ ਵਿੱਚ ਸ਼ਾਮਿਲ ਹੋ ਗਏ ਸਨ। (ਕੋਰਹ ਉਹ ਬੰਦਾ ਸੀ ਜਿਹੜਾ ਯਹੋਵਾਹ ਦੇ ਖਿਲਾਫ਼ ਹੋ ਗਿਆ ਸੀ।) ਪਰ ਸਾਡੇ ਪਿਤਾ ਦਾ ਕੋਈ ਪੁੱਤਰ ਨਹੀਂ ਸੀ। 4 ਨਤੀਜਤਨ, ਸਾਡੇ ਪਿਤਾ ਦਾ ਨਾਮ ਹਟਾ ਦਿੱਤਾ ਜਾਵੇਗਾ ਕਿਉਂਕਿ ਉਸ ਦੇ ਕੋਈ ਪੁੱਤਰ ਨਹੀਂ ਸਨ। ਇਹ ਉਚਿਤ ਨਹੀਂ ਕਿ ਸਾਡੇ ਪਿਤਾ ਦਾ ਨਾਮ ਜਾਰੀ ਨਾ ਰਹੇ। ਇਸ ਲਈ ਅਸੀਂ ਤੁਹਾਡੇ ਕੋਲੋਂ ਉਸ ਜ਼ਮੀਨ ਦਾ ਕੁਝ ਹਿੱਸਾ ਮੰਗਦੀਆਂ ਹਾਂ ਜਿਹੜੀ ਸਾਡੇ ਪਿਤਾ ਦੇ ਭਰਾਵਾਂ ਨੂੰ ਮਿਲੇਗੀ।”
5 ਇਸ ਲਈ ਮੂਸਾ ਨੇ ਯਹੋਵਾਹ ਨੂੰ ਪੁੱਛਿਆ ਕਿ ਉਸ ਨੂੰ ਕੀ ਕਰਨਾ ਚਾਹੀਦਾ ਹੈ। 6 ਯਹੋਵਾਹ ਨੇ ਉਸ ਨੂੰ ਆਖਿਆ, 7 “ਸਲਾਫ਼ਹਾਦ ਦੀਆਂ ਧੀਆਂ ਠੀਕ ਆਖਦੀਆਂ ਹਨ। ਉਨ੍ਹਾਂ ਨੂੰ ਉਨ੍ਹਾਂ ਦੇ ਪਿਤਾ ਦੇ ਭਰਾਵਾਂ ਦੀ ਜ਼ਮੀਨ ਦਾ ਹਿੱਸਾ ਮਿਲਣਾ ਚਾਹੀਦਾ ਹੈ। ਇਸ ਲਈ ਉਨ੍ਹਾਂ ਨੂੰ ਉਹ ਜ਼ਮੀਨ ਦੇ ਦਿਉ ਜਿਹੜੀ ਤੁਸੀਂ ਉਨ੍ਹਾ ਦੇ ਪਿਤਾ ਨੂੰ ਦੇਣੀ ਸੀ।”
8 “ਇਸ ਲਈ ਇਸਰਾਏਲ ਦੇ ਲੋਕਾਂ ਲਈ ਇਹ, ਬਿਧੀ ਬਣਾ ਦਿਉ, ‘ਜੇ ਕਿਸੇ ਬੰਦੇ ਦੇ ਕੋਈ ਪੁੱਤਰ ਨਾ ਹੋਵੇ ਅਤੇ ਉਹ ਮਰ ਜਾਵੇ, ਉਸਦੀ ਹਰ ਚੀਜ਼ ਉਸ ਦੀਆਂ ਧੀਆਂ ਨੂੰ ਦਿੱਤੀ ਜਾਣੀ ਚਾਹੀਦੀ ਹੈ। 9 ਜੇ ਉਸਦੀ ਕੋਈ ਧੀ ਨਾ ਹੋਵੇ ਤਾਂ ਉਸਦੀ ਹਰ ਸ਼ੈਅ ਉਸ ਦੇ ਭਰਾਵਾ ਨੂੰ ਦਿੱਤੀ ਜਾਣੀ ਚਾਹੀਦੀ ਹੈ। 10 ਜੇ ਉਸ ਦੇ ਭਰਾ ਨਾ ਹੋਣ ਤਾਂ ਉਸਦੀ ਹਰ ਸ਼ੈਅ ਉਸ ਦੇ ਪਿਤਾ ਦੇ ਭਰਾਵਾ ਨੂੰ ਦਿੱਤੀ ਜਾਣੀ ਚਾਹੀਦੀ ਹੈ। 11 ਜੇ ਉਸ ਦੇ ਪਿਤਾ ਦਾ ਕੋਈ ਭਰਾ ਨਹੀਂ ਤਾਂ ਉਸਦੀ ਹਰ ਸ਼ੈਅ ਉਸ ਦੇ ਸਭ ਤੋਂ ਨਜ਼ਦੀਕੀ ਰਿਸ਼ਤੇਦਾਰ ਨੂੰ ਦਿੱਤੀ ਜਾਣੀ ਚਾਹੀਦੀ ਹੈ। ਇਹ ਇਸਰਾਏਲ ਦੇ ਲੋਕਾਂ ਲਈ ਬਿਧੀ ਹੋਣੀ ਚਾਹੀਦੀ ਹੈ। ਯਹੋਵਾਹ, ਮੂਸਾ ਨੂੰ ਇਹ ਆਦੇਸ਼ ਦਿੰਦਾ ਹੈ।’”
ਯਹੋਸ਼ੁਆ ਨਵਾਂ ਆਗੂ ਹੈ
12 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ, “ਯਰਦਨ ਨਦੀ ਦੇ ਪੂਰਬ ਵੱਲ ਦੇ ਮਾਰੂਥਲ ਵਿੱਚਲੇ ਇੱਕ ਪਰਬਤ ਉੱਤੇ ਜਾ। ਉੱਥੇ ਤੂੰ ਉਹ ਧਰਤੀ ਦੇਖੇਂਗਾ ਜਿਹੜੀ ਮੈਂ ਇਸਰਾਏਲ ਦੇ ਲੋਕਾਂ ਨੂੰ ਦੇ ਰਿਹਾ ਹਾਂ। 13 ਜਦੋਂ ਤੂੰ ਉਹ ਧਰਤੀ ਦੇਖ ਲਵੇਂਗਾ ਤਾਂ ਤੂੰ ਵੀ ਆਪਣੇ ਭਰਾ ਹਾਰੂਨ ਵਾਂਗ ਮਰ ਜਾਵੇਂਗਾ। 14 ਚੇਤੇ ਕਰ, ਜਦੋਂ ਲੋਕ ਸੀਨਈ ਦੇ ਮਾਰੂਥਲ ਵਿੱਚ ਪਾਣੀ ਲਈ ਗੁੱਸੇ ਹੋ ਰਹੇ ਸਨ, ਹਾਰੂਨ ਅਤੇ ਤੂੰ ਦੋਵਾਂ ਨੇ ਮੇਰੇ ਆਦੇਸ਼ਾ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਤੂੰ ਮੇਰਾ ਆਦਰ ਨਹੀਂ ਕੀਤਾ ਅਤੇ ਲੋਕਾਂ ਨੂੰ ਨਹੀਂ ਦੱਸਿਆ ਕਿ ਮੈਂ ਪਵਿੱਤਰ ਹਾਂ।” (ਇਹ ਸੀਨ ਮਾਰੂਥਲ ਵਿੱਚ, ਕਾਦੇਸ਼ ਦੇ ਨੇੜੇ ਮਰੀਬਾਹ ਦੇ ਪਾਣੀ ਵਿਖੇ ਸੀ।)
15 ਮੂਸਾ ਨੇ ਯਹੋਵਾਹ ਨੂੰ ਆਖਿਆ, 16 “ਯਹੋਵਾਹ ਹੀ ਉਹ ਪਰਮੇਸ਼ੁਰ ਹੈ ਜਿਹੜਾ ਇਹ ਜਾਣਦਾ ਹੈ ਕਿ ਲੋਕ ਕੀ ਸੋਚ ਰਹੇ ਹਨ। ਯਹੋਵਾਹ, ਮੇਰੀ ਪ੍ਰਾਰਥਨਾ ਹੈ ਕਿ ਤੁਸੀਂ ਇਨ੍ਹਾਂ ਲੋਕਾਂ ਦਾ ਆਗੂ ਜ਼ਰੂਰ ਚੁਣੋਗੇ। 17 ਮੈਂ ਪ੍ਰਾਰਥਨਾ ਕਰਦਾ ਹਾਂ ਕਿ ਯਹੋਵਾਹ ਅਜਿਹਾ ਆਗੂ ਚੁਣੇ ਜਿਹੜਾ ਇਨ੍ਹਾਂ ਲੋਕਾਂ ਦੀ ਯੁੱਧ ਵਿੱਚ ਅਗਵਾਈ ਕਰੇਗਾ। ਫ਼ੇਰ ਯਹੋਵਾਹ ਦੇ ਲੋਕ ਬਿਨ ਅਯਾਲੀ ਦੀਆਂ ਭੇਡਾਂ ਵਰਗੇ ਨਹੀਂ ਹੋਣਗੇ।”
18 ਇਸ ਲਈ ਯਹੋਵਾਹ ਨੇ ਮੂਸਾ ਨੂੰ ਆਖਿਆ, “ਨੂਨ ਦਾ ਪੁੱਤਰ ਯਹੋਸ਼ੁਆ ਨਵਾਂ ਆਗੂ ਹੋਵੇਗਾ। ਉਹ ਬਹੁਤ ਸਿਆਣਾ ਹੈ। [a] ਉਸ ਨੂੰ ਨਵਾਂ ਆਗੂ ਬਣਾ ਦੇ। 19 ਉਸ ਨੂੰ ਆਖ ਕਿ ਉਹ ਜਾਜਕ ਅਲਆਜ਼ਾਰ ਅਤੇ ਹੋਰ ਸਾਰੇ ਲੋਕਾਂ ਸਾਹਮਣੇ ਖਲੋਵੋ। ਫ਼ੇਰ ਉਸ ਨੂੰ ਨਵਾਂ ਆਗੂ ਬਣਾ ਦੇਵੀ।
20 “ਲੋਕਾਂ ਨੂੰ ਇਹ ਦਰਸਾ ਕਿ ਤੂੰ ਉਸ ਨੂੰ ਆਗੂ ਥਾਪ ਰਿਹਾ ਹੈ, ਫ਼ੇਰ ਸਾਰੇ ਲੋਕ ਉਸਦਾ ਆਦੇਸ਼ ਮੰਨਣਗੇ। 21 ਜੇ ਯਹੋਸ਼ੁਆ ਨੂੰ ਕੋਈ ਨਿਆਂ ਕਰਨ ਦੀ ਲੋੜ ਪਵੇ, ਤਾਂ ਉਹ ਜਾਜਕ ਅਲਆਜ਼ਾਰ ਵੱਲ ਜਾਵੇਗਾ। ਅਲਆਜ਼ਾਰ ਊਰੀਮ ਦੀ ਵਰਤੋਂ ਕਰਕੇ ਯਹੋਵਾਹ ਦਾ ਉੱਤਰ ਜਾਣੇਗਾ। ਫ਼ੇਰ ਯਹੋਸ਼ੁਆ ਅਤੇ ਇਸਰਾਏਲ ਦੇ ਸਮੂਹ ਲੋਕ ਉਹੀ ਗੱਲ ਕਰਨਗੇ ਜੋ ਪਰਮੇਸ਼ੁਰ ਆਖਦਾ ਹੈ। ਜੇ ਉਹ ਆਖੇ, ‘ਯੁੱਧ ਕਰੋ’, ਤਾਂ ਉਹ ਯੁੱਧ ਕਰਨਗੇ। ਅਤੇ ਜੇ ਉਹ ਆਖੇ ‘ਘਰ ਜਾਉ’ ਤਾਂ ਉਹ ਘਰ ਚੱਲੇ ਜਾਣਗੇ।”
22 ਮੂਸਾ ਨੇ ਯਹੋਵਾਹ ਦਾ ਹੁਕਮ ਪ੍ਰਵਾਨ ਕਰ ਲਿਆ। ਮੂਸਾ ਨੇ ਯਹੋਸ਼ੁਆ ਨੂੰ ਜਾਜਕ ਅਲਆਜ਼ਾਰ ਅਤੇ ਇਸਰਾਏਲ ਦੇ ਸਮੂਹ ਲੋਕਾਂ ਦੇ ਸਾਹਮਣੇ ਖੜ੍ਹੇ ਹੋਣ ਲਈ ਆਖਿਆ। 23 ਫ਼ੇਰ ਮੂਸਾ ਨੇ ਇਹ ਦਰਸਾਉਣ ਲਈ ਉਸ ਉੱਤੇ ਆਪਣੇ ਹੱਥ ਰੱਖੇ, ਕਿ ਉਹੀ ਨਵਾਂ ਆਗੂ ਸੀ। ਜਿਵੇਂ ਯਹੋਵਾਹ ਚਾਹੁੰਦਾ ਸੀ ਕਿ ਉਹ ਕਰੇ।
ਰੋਜ਼ਾਨਾ ਦੀਆਂ ਭੇਟਾ
28 ਫ਼ੇਰ ਯਹੋਵਾਹ ਨੇ ਮੂਸਾ ਨਾਲ ਗੱਲ ਕੀਤੀ। ਉਸ ਨੇ ਆਖਿਆ, 2 “ਇਸਰਾਏਲ ਦੇ ਲੋਕਾਂ ਨੂੰ ਇਹ ਆਦੇਸ਼ ਦੇ। ਉਨ੍ਹਾਂ ਨੂੰ ਠੀਕ ਸਮੇਂ ਤੇ ਅਨਾਜ ਦੀਆਂ ਭੇਟਾਂ ਅਤੇ ਬਲੀਆਂ ਚੜ੍ਹਾਉਣ ਲਈ ਕਹਿ। ਉਹ ਮੇਰੇ ਲਈ ਸੁਗਾਤਾਂ ਹਨ। ਉਨ੍ਹਾਂ ਦੀ ਸੁਗੰਧੀ ਯਹੋਵਾਹ ਨੂੰ ਪ੍ਰਸੰਨ ਕਰੇਗੀ। 3 ਇਹ ਉਹ ਸੁਗਾਤਾ ਹਨ ਜਿਹੜੀਆਂ ਉਨ੍ਹਾਂ ਨੂੰ ਯਹੋਵਾਹ ਨੂੰ ਚੜ੍ਹਾਉਣੀਆਂ ਚਾਹੀਦੀਆਂ ਹਨ। ਹਰ ਰੋਜ਼, ਉਨ੍ਹਾਂ ਨੂੰ ਯਹੋਵਾਹ ਨੂੰ ਬੇਨੁਕਸ ਇੱਕ ਸਾਲ ਦੇ ਦੋ ਲੇਲੇ ਭੇਟ ਕਰਨੇ ਚਾਹੀਦੇ ਹਨ। 4 ਉਹ ਇੱਕ ਲੇਲਾ ਸਵੇਰੇ ਅਤੇ ਦੂਸਰਾ ਸ਼ਾਮ ਨੂੰ ਚੜ੍ਹਾਉਣ। 5 ਇਸ ਤੋਂ ਇਲਾਵਾ ਉਹ ਇੱਕ ਕੁਆਟਰ ਜ਼ੈਤੂਨ ਵਿੱਚ ਗੁੰਨ੍ਹੇ ਹੋਏ ਮੈਦੇ ਦੇ 8 ਕੱਪ ਵੀ, ਅਨਾਜ ਦੀਆਂ ਭੇਟ ਵਜੋਂ ਦੇਣ।” 6 (ਉਨ੍ਹਾਂ ਨੇ ਸੀਨਈ ਪਰਬਤ ਉੱਤੇ ਰੋਜ਼ਾਨਾ ਭੇਟਾ ਚੜ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ। ਇਹ ਸੁਗਾਤਾ ਸਨ ਜਿਨ੍ਹਾਂ ਦੀ ਸੁਗੰਧੀ ਨੇ ਯਹੋਵਾਹ ਨੂੰ ਪ੍ਰਸੰਨ ਕਰ ਦਿੱਤਾ।) 7 ਲੋਕਾਂ ਨੂੰ ਹੋਮ ਦੀਆਂ ਭੇਟਾ ਦੇ ਨਾਲ ਪੀਣ ਦੀਆਂ ਭੇਟਾ ਵੀ ਚੜ੍ਹਾਉਣੀਆਂ ਚਾਹੀਦੀਆਂ ਹਨ। ਉਨ੍ਹਾਂ ਨੂੰ ਚਾਹੀਦਾ ਹੈ ਕਿ ਹਰੇਕ ਲੇਲੇ ਦੇ ਨਾਲ ਇੱਕ ਕੁਆਟਰ ਮੈਅ ਜ਼ਰੂਰ ਦੇਣ। ਉਸ ਪੀਣ ਦੀ ਭੇਟ ਨੂੰ ਜਗਵੇਦੀ ਉੱਤੇ ਪਵਿੱਤਰ ਸਥਾਨ ਉੱਤੇ ਚੜ੍ਹਾਉਣ। ਇਹ ਯਹੋਵਾਹ ਵਾਸਤੇ ਸੁਗਾਤ ਹੈ। 8 ਦੂਸਰਾ ਲੇਲਾ ਸ਼ਾਮ ਨੂੰ ਚੜ੍ਹਾਇਆ ਜਾਣਾ ਚਾਹੀਦਾ। ਇਸ ਨੂੰ ਵੀ ਸਵੇਰੇ ਵਾਂਗ ਹੀ ਪੀਣ ਦੀ ਭੇਟ ਦੇ ਨਾਲ ਚੜ੍ਹਾਉਣਾ। ਇਹ ਇੱਕ ਸੁਗਾਤ ਹੋਵੇਗੀ ਅਤੇ ਇਸਦੀ ਸੁਗੰਧੀ ਯਹੋਵਾਹ ਨੂੰ ਪ੍ਰਸੰਨ ਕਰੇਗੀ।
ਸਬਤ ਦੀ ਭੇਟ
9 “ਸਬਤ ਦੇ ਦਿਨ, ਤੁਹਾਨੂੰ ਦੋ ਲੇਲੇ ਚੜ੍ਹਾਉਣੇ ਚਾਹੀਦੇ ਹਨ ਜਿਹੜੇ ਇੱਕ ਸਾਲ ਦੇ ਹੋਣ। ਉਨ੍ਹਾਂ ਵਿੱਚ ਕੋਈ ਨੁਕਸ ਨਹੀਂ ਹੋਣਾ ਚਾਹੀਦਾ। ਤੁਹਾਨੂੰ ਜੈਤੂਨ ਦੇ ਤੇਲ ਵਿੱਚ ਮਿਲਿਆ ਹੋਇਆ 16 ਕੱਪ ਮੈਦਾ ਅਨਾਜ ਦੀ ਭੇਟ ਵਜੋਂ ਇੱਕ ਪੀਣ ਦੀ ਭੇਟ ਦੇ ਨਾਲ ਚੜ੍ਹਾਉਣਾ ਚਾਹੀਦਾ ਹੈ। 10 ਇਹ ਸਬਤ ਲਈ ਖਾਸ ਭੇਟ ਹੈ। ਇਹ ਭੇਟ ਰੋਜ਼ਾਨਾ ਦੀ ਭੇਟ ਅਤੇ ਪੀਣ ਦੀ ਭੇਟ ਤੋਂ ਇਲਾਵਾ ਹੈ।
ਮਾਹਵਾਰੀ ਸਭਾਵਾਂ
11 “ਹਰੇਕ ਮਹੀਨੇ ਦੇ ਪਹਿਲੇ ਦਿਨ, ਤੁਸੀਂ ਯਹੋਵਾਹ ਨੂੰ ਖਾਸ ਹੋਮ ਦੀ ਭੇਟ ਚੜ੍ਹਾਉਂਗੇ। ਇਹ ਭੇਟ ਦੋ ਬਲਦ, ਇੱਕ ਭੇਡੂ ਅਤੇ ਇੱਕ ਸਾਲ ਦੇ ਬੇਨੁਕਸ 7 ਲੇਲੇ ਹੋਣਗੇ। 12 ਹਰੇਕ ਬਲਦ ਦੇ ਨਾਲ ਤੁਹਾਨੂੰ ਜੈਤੂਨ ਦੇ ਤੇਲ ਵਿੱਚ ਗੁੰਨ੍ਹੇ ਹੋਏ ਮੈਦੇ ਦੇ 24 ਕੱਪ ਵੀ, ਅਨਾਜ ਦੀ ਭੇਟ ਵਜੋਂ ਚੜ੍ਹਾਉਣੇ ਚਾਹੀਦੇ ਹਨ। ਅਤੇ ਭੇਡੂ ਦੇ ਨਾਲ ਤੁਹਾਨੂੰ ਜੈਤੂਨ ਦੇ ਤੇਲ ਵਿੱਚ ਗੁੰਨ੍ਹੇ ਹੋਏ ਮੈਦੇ 16 ਕੱਪ ਵੀ ਅਨਾਜ ਦੀ ਭੇਟ ਵਜੋਂ ਚੜ੍ਹਾਊਣੇ ਚਾਹੀਦੇ ਹਨ। 13 ਹਰੇਕ ਲੇਲੇ ਦੇ ਨਾਲ ਜੈਤੂਨ ਦੇ ਤੇਲ ਵਿੱਚ ਮਿਲੇ ਹੋਏ ਮੈਦੇ ਦੇ 8 ਕੱਪ ਅਨਾਜ ਦੀ ਭੇਟ ਹੋਣੀ ਚਾਹੀਦੀ ਹੈ। ਇਹ ਇੱਕ ਸੁਗਾਤ ਹੋਵੇਗੀ ਅਤੇ ਇਸਦੀ ਸੁਗੰਧੀ ਯਹੋਵਾਹ ਨੂੰ ਪ੍ਰਸੰਨ ਕਰੇਗੀ। 14 ਹਰੇਕ ਬਲਦ ਦੇ ਨਾਲ ਮੈਅ ਦੇ ਦੋ ਕੁਆਟਰ, ਹਰੇਕ ਭੇਡੂ ਦੇ ਨਾਲ 1 1/4 ਕੁਆਟਰ ਮੈਅ ਅਤੇ ਹਰੇਕ ਲੇਲੇ ਦੇ ਨਾਲ ਮੈਅ ਦਾ ਇੱਕ ਕੁਆਟਰ। 15 ਰੋਜ਼ਾਨਾ ਹੋਮ ਦੀ ਭੇਟ ਅਤੇ ਪੀਣ ਦੀ ਭੇਟ ਤੋਂ ਇਲਾਵਾ, ਤੁਹਾਨੂੰ ਪਾਪ ਦੀ ਭੇਟ ਵਜੋਂ ਯਹੋਵਾਹ ਨੂੰ ਇੱਕ ਬੱਕਰਾ ਵੀ ਚੜ੍ਹਾਉਣਾ ਚਾਹੀਦਾ ਹੈ।
ਪਸਾਹ
16 “ਯਹੋਵਾਹ ਦਾ ਪਸਾਹ, ਮਹੀਨੇ ਦੀ 14 ਤਰੀਕ ਨੂੰ ਹੋਵੇਗਾ। 17 ਪਤੀਰੀ ਰੋਟੀ ਦਾ ਪਰਬ ਉਸ ਮਹੀਨੇ ਦੀ 15 ਤਰੀਕ ਨੂੰ ਸ਼ੁਰੂ ਹੁੰਦਾ ਹੈ। ਇਹ ਛੁੱਟੀ ਸੱਤਾਂ ਦਿਨਾਂ ਦੀ ਹੁੰਦੀ ਹੈ ਜਿਹੜੀ ਰੋਟੀ ਤੁਸੀਂ ਖਾ ਸੱਕਦੇ ਹੋ ਉਹ ਸਿਰਫ਼ ਪਤੀਰੀ ਰੋਟੀ ਹੀ ਹੈ। 18 ਇਨ੍ਹਾਂ ਛੁੱਟੀਆਂ ਦੇ ਪਹਿਲੇ ਦਿਨ ਤੁਹਾਨੂੰ ਖਾਸ ਸਭਾ ਕਰਨੀ ਚਾਹੀਦੀ ਹੈ। ਉਸ ਦਿਨ ਤੁਸੀਂ ਕੋਈ ਕੰਮ ਨਹੀਂ ਕਰੋਂਗੇ। 19 ਤੁਸੀਂ ਯਹੋਵਾਹ ਨੂੰ ਹੋਮ ਦੀਆਂ ਭੇਟਾ ਚੜ੍ਹਾਵੋਂਗੇ। ਇਹ ਦੋ ਬਲਦ, ਇੱਕ ਭੇਡੂ ਅਤੇ ਇੱਕ ਸਾਲ ਦੇ ਬੇਨੁਕਸ 7 ਲੇਲੇ ਹੋਣਗੇ। 20-21 ਤੁਹਾਨੂੰ ਅਨਾਜ ਦੀ ਭੇਟ ਵਜੋਂ ਹਰੇਕ ਬਲਦ ਦੇ ਨਾਲ ਜੈਤੂਨ ਦੇ ਤੇਲ ਵਿੱਚ ਗੁੰਨ੍ਹਿਆ 24 ਕੱਪ ਮੈਦਾ, ਅਤੇ ਹਰੇਕ ਲੇਲੇ ਦੇ ਨਾਲ ਜ਼ੈਤੂਨ ਦੇ ਤੇਲ ਵਿੱਚ ਗੁੰਨ੍ਹਿਆ 8 ਕੱਪ ਮੈਦਾ ਦੇਣਾ ਚਾਹੀਦਾ ਹੈ। 22 ਤੁਹਾਨੂੰ ਖੁਦ ਦੀ ਖਾਤਰ ਪਰਾਸਚਿਤ ਕਰਨ ਲਈ, ਪਾਪ ਦੀ ਭੇਟ ਵਜੋਂ ਇੱਕ ਬੱਕਰਾ ਵੀ ਚੜ੍ਹਾਉਣਾ ਚਾਹੀਦਾ ਹੈ। 23 ਇਹ ਭੇਟਾ ਤੁਹਾਨੂੰ ਨਿਤਨੇਮ ਵਜੋਂ ਸਵੇਰੇ ਦਿੱਤੀਆਂ ਗਈਆਂ ਹੋਮ ਦੀਆਂ ਭੇਟਾ ਤੋਂ ਇਲਾਵਾ ਹੋਣਗੀਆਂ।
24 “ਇਸੇ ਤਰ੍ਹਾਂ, ਸੱਤਾਂ ਦਿਨਾਂ ਤੱਕ ਹਰ ਰੋਜ਼, ਤੁਹਾਨੂੰ ਯਹੋਵਾਹ ਨੂੰ ਅੱਗ ਦੁਆਰਾ ਚੜ੍ਹਾਈਆਂ ਭੇਟਾ ਵਜੋਂ ਅਤੇ ਉਨ੍ਹਾਂ ਦੇ ਨਾਲ ਪੀਣ ਦੀਆਂ ਭੇਟਾ ਦੇਣੀਆਂ ਚਾਹੀਦੀਆਂ ਹਨ। ਇਨ੍ਹਾਂ ਭੇਟਾ ਦੀ ਦੀ ਸੁਗੰਧ ਯਹੋਵਾਹ ਨੂੰ ਪ੍ਰਸੰਨ ਕਰੇਗੀ। ਤੁਹਾਨੂੰ ਇਹ ਭੇਟਾ ਰੋਜ਼ਾਨਾ ਦੀਆਂ ਭੇਟਾ ਤੋਂ ਇਲਾਵਾ ਦੇਣੀਆਂ ਚਾਹੀਦੀਆਂ ਹਨ।
25 “ਫ਼ੇਰ ਇਨ੍ਹਾਂ ਛੁੱਟੀਆਂ ਦੇ ਸੱਤਵੇਂ ਦਿਨ, ਤੁਹਾਨੂੰ ਇੱਕ ਹੋਰ ਖਾਸ ਸਭਾ ਬੁਲਾਉਣੀ ਚਾਹੀਦੀ ਹੈ। ਤੁਹਾਨੂੰ ਉਸ ਦਿਨ ਕੋਈ ਕੰਮ ਨਹੀਂ ਕਰਨਾ ਚਾਹੀਦਾ।
ਅੱਠਵਾਰਿਆ ਦਾ ਪਰਬ (ਪੇਂਟੇਕੋਸਟ)
26 “ਪਹਿਲੇ ਫ਼ਲਾਂ ਦੇ ਪਰਬ (ਅੱਠਵਾਰਿਆਂ ਦੇ ਪਰਬ) ਵੇਲੇ ਯਹੋਵਾਹ ਨੂੰ ਅਨਾਜ ਦੀ ਭੇਟ ਚੜ੍ਹਾਉਣ ਲਈ ਨਵੀਆਂ ਫ਼ਸਲਾਂ ਦੀ ਵਰਤੋਂ ਕਰੋ। ਉਸ ਸਮੇਂ, ਤੁਹਾਨੂੰ ਇੱਕ ਖਾਸ ਸਭਾ ਵੀ ਬੁਲਾਉਣੀ ਚਾਹੀਦੀ ਹੈ। ਤੁਹਾਨੂੰ ਉਸ ਦਿਨ ਕੋਈ ਕੰਮ ਨਹੀਂ ਕਰਨਾ ਚਾਹੀਦਾ। 27 ਤੁਹਾਨੂੰ ਇੱਕੋ ਹੋਮ ਦੀ ਭੇਟ ਦੇਣੀ ਚਾਹੀਦੀ ਹੈ ਅਤੇ ਇਸਦੀ ਸੁਗੰਧੀ ਯਹੋਵਾਹ ਨੂੰ ਪ੍ਰਸੰਨ ਕਰੇਗੀ। ਤੁਹਾਨੂੰ ਦੋ ਬਲਦ, ਇੱਕ ਭੇਡੂ ਅਤੇ ਇੱਕ ਸਾਲ ਦੇ ਸੱਤ ਬੇਨੁਕਸ ਲੇਲੇ ਭੇਟ ਕਰਨੇ ਚਾਹੀਦੇ ਹਨ। 28 ਤੁਹਾਨੂੰ ਤੇਲ ਵਿੱਚ ਗੁੰਨ੍ਹਿਆ 24 ਕੱਪ ਮੈਦਾ ਅਤੇ ਹਰੇਕ ਭੇਡੂ ਨਾਲ 16 ਕੱਪ ਮੈਦਾ ਅਤੇ 29 ਹਰੇਕ ਲੇਲੇ ਦੇ ਨਾਲ 8 ਕੱਪ ਮੈਦਾ ਅਵੱਸ਼ ਦੇਣਾ ਚਾਹੀਦਾ ਹੈ। 30 ਤੁਹਾਨੂੰ ਖੁਦੀ ਖਾਤਰ ਪਰਾਸਚਿਤ ਕਰਨ ਲਈ, ਇੱਕ ਬੱਕਰੇ ਦੀ ਬਲੀ ਦੇਣੀ ਚਾਹੀਦੀ ਹੈ। 31 ਪੀਣ ਦੀਆਂ ਇਹ ਭੇਟਾ ਰੋਜ਼ਾਨਾ ਦੀਆਂ ਭੇਟਾ ਦੇ ਨਾਲ ਚੜ੍ਹਾਈਆਂ ਜਾਣੀਆਂ ਚਾਹੀਦੀਆਂ ਹਨ। ਪਰ ਇਸ ਗੱਲ ਦਾ ਧਿਆਨ ਰੱਖਣਾ ਕਿ ਜਾਨਵਰ ਜਾਂ ਪੀਣ ਦੀਆਂ ਭੇਟਾ ਜੋ ਵੀ ਤੁਸੀਂ ਪਰਮੇਸ਼ੁਰ ਨੂੰ ਚੜ੍ਹਾਵੋਂ ਬੇਨੁਕਸ ਹੋਣੇ ਚਾਹੀਦੇ ਹਨ।
ਤੁਰ੍ਹੀਆਂ ਦਾ ਪਰਬ
29 “ਸੱਤਵੇਂ ਮਹੀਨੇ ਦੇ ਪਹਿਲੇ ਦਿਨ ਖਾਸ ਸਭਾ ਹੋਵੇਗੀ। ਤੁਹਾਨੂੰ ਉਸ ਦਿਨ ਕੋਈ ਕੰਮ ਨਹੀਂ ਕਰਨਾ ਚਾਹੀਦਾ। ਇਹ ਦਿਨ ਤੁਰ੍ਹੀ ਵਜਾਉਣ ਦਾ ਹੈ। 2 ਤੁਸੀਂ ਹੋਮ ਦੀ ਭੇਟ ਚੜ੍ਹਾਵੋਂਗੇ। ਉਨ੍ਹਾਂ ਦੀ ਸੁਗੰਧੀ ਯਹੋਵਾਹ ਨੂੰ ਪ੍ਰਸੰਨ ਕਰੇਗੀ। ਤੁਸੀਂ ਇੱਕ ਬਲਦ, ਇੱਕ ਭੇਡੂ ਅਤੇ ਇੱਕ ਸਾਲ ਦੀ ਉਮਰ ਦੇ 7 ਬੇਨੁਕਸ ਲੇਲੇ ਭੇਟ ਕਰੋਂਗੇ। 3 ਤੁਸੀਂ ਹਰੇਕ ਬਲਦ ਦੇ ਨਾਲ ਤੇਲ ਨਾਲ ਗੁੰਨ੍ਹੇ ਮੈਦੇ ਦੇ 24 ਕੱਪ, ਭੇਡੂ ਨਾਲ 16 ਕੱਪ, 4 ਅਤੇ ਹਰੇਕ ਲੇਲੇ ਨਾਲ 8 ਕੱਪ ਮੈਦੇ ਦੇ ਦੇਵੋਂਗੇ। 5 ਅਤੇ ਆਪਣੇ-ਆਪ ਨੂੰ ਪਵਿੱਤਰ ਬਨਾਉਣ ਲਈ ਇੱਕ ਬੱਕਰਾ ਪਾਪ ਦੀ ਭੇਟ ਵਜੋਂ ਦੇਵੋਂਗੇ। 6 ਇਹ ਭੇਟਾਂ ਨਵੇਂ ਚੰਨ ਦੀ ਬਲੀ ਅਤੇ ਉਸ ਦੀਆਂ ਅਨਾਜ ਦੀਆਂ ਭੇਟਾਂ ਤੋਂ ਇਲਾਵਾ ਹਨ। ਅਤੇ ਇਹ ਰੋਜ਼ਾਨਾ ਦੀਆਂ ਬਲੀਆਂ ਅਤੇ ਉਸ ਦੀਆਂ ਅਨਾ ਜ਼ ਦੀਆਂ ਭੇਟਾ ਅਤੇ ਪੀਣ ਦੀਆਂ ਭੇਟਾਂ ਤੋਂ ਵੀ ਇਲਾਵਾ ਹਨ। ਉਨ੍ਹਾਂ ਨੂੰ ਬਿਧੀਆਂ ਅਨੁਸਾਰ ਚੜ੍ਹਾਇਆ ਜਾਣਾ ਚਾਹੀਦਾ ਹੈ ਇਹ ਭੇਟਾ ਅੱਗ ਦੁਆਰਾ ਚੜ੍ਹਾਈਆਂ ਹੋਣੀਆਂ ਚਾਹੀਦੀਆਂ ਹਨ। ਇਨ੍ਹਾਂ ਦੀ ਸੁਗੰਧੀ ਯਹੋਵਾਹ ਨੂੰ ਪ੍ਰਸੰਨ ਕਰੇਗੀ।
ਪਰਾਸਚਿਤ ਦਾ ਦਿਨ
7 “ਸੱਤਵੇਂ ਮਹੀਨੇ ਦੇ 10ਵੇਂ ਦਿਨ, ਇੱਕ ਖਾਸ ਸਭਾ ਹੋਵੇਗੀ। ਉਸ ਦਿਨ ਤੁਹਾਨੂੰ ਵਰਤ ਰੱਖਣਾ ਚਾਹੀਦਾ ਹੈ ਅਤੇ ਕੋਈ ਕੰਮ ਨਹੀਂ ਕਰਨਾ ਚਾਹੀਦਾ। 8 ਤੁਸੀਂ ਹੋਮ ਦੀਆਂ ਭੇਟਾਂ ਦੇਵੋਂਗੇ। ਉਨ੍ਹਾਂ ਦੀ ਸੁਗੰਧੀ ਯਹੋਵਾਹ ਨੂੰ ਪ੍ਰਸੰਨ ਕਰੇਗੀ। ਤੁਹਾਨੂੰ ਇੱਕ ਬਲਦ, ਇੱਕ ਭੇਡੂ ਅਤੇ ਸੱਤ ਲੇਲੇ ਭੇਟ ਕਰਨੇ ਚਾਹੀਦੇ ਹਨ ਜਿਹੜੇ ਇੱਕ ਸਾਲ ਦੇ ਹੋਣ। ਉਹ ਦੋਸ਼ ਰਹਿਤ ਹੋਣੇ ਚਾਹੀਦੇ ਹਨ। 9 ਤੁਹਾਨੂੰ ਹਰੇਕ ਬਲਦ ਨਾਲ ਤੇਲ ਵਿੱਚ ਗੁੰਨ੍ਹਿਆ 24 ਕੱਪ ਮੈਦਾ ਭੇਡੂ ਨਾਲ 16 ਕੱਪ ਮੈਦਾ, 10 ਅਤੇ ਹਰੇਕ ਲੇਲੇ ਨਾਲ ਅੱਠ ਕੱਪ ਮੈਦਾ ਭੇਟ ਕਰਨਾ ਚਾਹੀਦਾ ਹੈ। 11 ਤੁਸੀਂ ਪਾਪ ਦੀ ਭੇਟ ਵਜੋਂ ਇੱਕ ਬੱਕਰਾ ਵੀ ਭੇਟ ਕਰੋਂਗੇ। ਇਹ ਪਰਾਸਚਿਤ ਦੇ ਦਿਨ ਪਾਪ ਦੀ ਭੇਟ ਤੋਂ ਇਲਾਵਾ ਹੋਵੇਗਾ। ਇਹ ਰੋਜ਼ਾਨਾ ਦੀ ਬਲੀ, ਅਨਾਜ ਦੀ ਭੇਟ ਅਤੇ ਪੀਣ ਦੀ ਭੇਟ ਤੋਂ ਵੀ ਇਲਾਵਾ ਹੋਵੇਗਾ।
ਆਸਰਿਆਂ ਦਾ ਪਰਬ
12 “ਸੱਤਵੇਂ ਮਹੀਨੇ ਦੇ 15ਵੇਂ ਦਿਨ, ਇੱਕ ਖਾਸ ਸਭਾ ਹੋਵੇਗੀ। ਇਹ ਆਸਰਿਆਂ ਦਾ ਪਰਬ ਹੋਵੇਗਾ। ਤੁਹਾਨੂੰ ਇਸ ਦਿਨ ਕੋਈ ਕੰਮ ਨਹੀਂ ਕਰਨਾ ਚਾਹੀਦਾ। ਤੁਹਾਨੂੰ ਯਹੋਵਾਹ ਲਈ ਸੱਤ ਦਿਨਾਂ ਦੀ ਖਾਸ ਛੁੱਟੀ ਮਨਾਉਣੀ ਚਾਹੀਦੀ ਹੈ। 13 ਤੁਸੀਂ ਸੁਗਾਤਾਂ ਭੇਟ ਕਰੋਂਗੇ ਅਤੇ ਇਸਦੀ ਸੁਗੰਧੀ ਯਹੋਵਾਹ ਨੂੰ ਪ੍ਰਸੰਨ ਕਰੇਗੀ। ਤੁਸੀਂ 13 ਬਲਦ, ਇੱਕ ਸਾਲ ਦੇ 14 ਲੇਲੇ ਅਤੇ ਦੋ ਭੇਡੂ ਭੇਟ ਕਰੋਂਗੇ ਜੋ ਕਿ ਬੇਨੁਕਸ ਹੋਣਗੇ। 14 ਤੁਹਾਨੂੰ ਹਰੇਕ 13 ਬਲਦਾਂ ਦੇ ਨਾਲ ਤੇਲ ਮਿਲੇ ਮੈਦੇ ਦੇ 24 ਕੱਪ, ਅਤੇ ਹਰੇਕ ਭੇਡੂ ਨਾਲ ਤੇਲ ਨਾਲ ਮਿਲੇ ਮੈਦੇ ਦੇ 16 ਕੱਪ, 15 ਹਰ ਲੇਲੇ ਨਾਲ, ਤੇਲ ਨਾਲ ਮਿਲੇ ਮੈਦੇ ਦੇ 8 ਕੱਪ ਦੇਣੇ ਚਾਹੀਦੇ ਹਨ। 16 ਤੁਸੀਂ ਪਾਪ ਦੀ ਭੇਟ ਵਜੋਂ ਇੱਕ ਬੱਕਰਾ ਵੀ ਬਲੀ ਚੜ੍ਹਾਵੋਂਗੇ। ਇਹ ਰੋਜ਼ਾਨਾ ਦੀ ਬਲੀ ਅਨਾਜ ਦੀਆਂ ਭੇਟਾ ਅਤੇ ਪੀਣ ਦੀਆਂ ਭੇਟਾ ਤੋਂ ਇਲਾਵਾ ਹੋਵੇਗਾ।
17 “ਇਸ ਛੁਟੀ ਦੇ ਦੂਸਰੇ ਦਿਨ ਤੁਹਾਨੂੰ ਬਾਰ੍ਹਾਂ ਬਲਦ, ਦੋ ਭੇਡੂ ਅਤੇ 14 ਲੇਲੇ ਇੱਕ ਸਾਲ ਦੇ ਭੇਟ ਕਰਨੇ ਚਾਹੀਦੇ ਹਨ। ਉਹ ਦੋਸ਼ ਰਹਿਤ ਹੋਣੇ ਚਾਹੀਦੇ ਹਨ। 18 ਤੁਸੀਂ ਬਲਦਾਂ, ਭੇਡੂਆਂ ਅਤੇ ਲੇਲਿਆ ਨਾਲ ਢੁਕਵਾਂ ਅਨਾਜ ਦੀ ਭੇਟ ਅਤੇ ਪੀਣ ਦੀ ਭੇਟ ਵੀ ਦਿਉਂਗੇ। 19 ਤੁਹਾਨੂੰ ਪਾਪ ਦੀ ਭੇਟ ਵਜੋਂ ਇੱਕ ਬੱਕਰਾ ਵੀ ਚੜ੍ਹਾਉਣਾ ਚਾਹੀਦਾ ਹੈ। ਇਹ ਰੋਜ਼ਾਨਾ ਦੀ ਬਲੀ, ਅਨਾਜ ਦੀਆਂ ਭੇਟਾ ਅਤੇ ਪੀਣ ਦੀਆਂ ਭੇਟਾਂ ਤੋਂ ਇਲਾਵਾ ਹੋਵੇਗਾ।
20 “ਇਸ ਛੁੱਟੀ ਦੇ ਤੀਸਰੇ ਦਿਨ ਤੁਹਾਨੂੰ 11 ਬਲਦ 2 ਭੇਡੂ ਅਤੇ 14 ਲੇਲੇ ਚੜ੍ਹਾਉਣੇ ਚਾਹੀਦੇ ਹਨ ਜਿਹੜੇ ਇੱਕ ਸਾਲ ਦੇ ਹੋਣ। ਉਹ ਦੋਸ਼ ਰਹਿਤ ਹੋਣੇ ਚਾਹੀਦੇ ਹਨ। 21 ਤੁਹਾਨੂੰ ਇਨ੍ਹਾਂ ਬਲਦਾਂ, ਭੇਡੂਆਂ ਅਤੇ ਲੇਲਿਆਂ ਦੇ ਨਾਲ ਢੁਕਵੀਂ ਮਿਕਦਾਰ ਵਿੱਚ ਅਨਾਜ ਅਤੇ ਪੀਣ ਦੀਆਂ ਭੇਟਾਂ ਵੀ ਚੜ੍ਹਾਉਣੀਆਂ ਚਾਹੀਦੀਆਂ ਹਨ। 22 ਤੁਹਾਨੂੰ ਇੱਕ ਬੱਕਰਾ ਪਾਪ ਦੀ ਭੇਟ ਵਜੋਂ ਵੀ ਦੇਣਾ ਚਾਹੀਦਾ ਹੈ। ਇਹ ਰੋਜ਼ਾਨਾ ਬਲੀ ਅਤੇ ਅਨਾਜ ਦੀਆਂ ਭੇਟਾਂ ਅਤੇ ਪੀਣ ਦੀਆਂ ਭੇਟਾਂ ਤੋਂ ਇਲਾਵਾ ਹੋਵੇਗਾ।
23 “ਇਸ ਛੁੱਟੀ ਦੇ ਚੌਥੇ ਦਿਨ, ਤੁਹਾਨੂੰ 10 ਬਲਦ, 2 ਭੇਡੂ ਅਤੇ 14 ਲੇਲੇ ਭੇਟ ਕਰਨੇ ਚਾਹੀਦੇ ਹਨ ਜਿਹੜੇ ਇੱਕ ਸਾਲ ਦੇ ਹੋਣ। ਉਹ ਦੋਸ਼ ਰਹਿਤ ਹੋਣੇ ਚਾਹੀਦੇ ਹਨ। 24 ਤੁਹਾਨੂੰ ਇਨ੍ਹਾਂ ਬਲਦਾਂ, ਭੇਡੂਆਂ ਅਤੇ ਲੇਲਿਆਂ ਦੇ ਨਾਲ ਢੁਕਵੀਂ ਮਿਕਦਾਰ ਵਿੱਚ ਅਨਾਜ ਅਤੇ ਪੀਣ ਦੀਆਂ ਭੇਟਾ ਚੜ੍ਹਾਉਣੀਆਂ ਚਾਹੀਦੀਆਂ ਹਨ। 25 ਤੁਹਾਨੂੰ ਪਾਪ ਦੀ ਭੇਟ ਵਜੋਂ ਵੀ ਇੱਕ ਬੱਕਰਾ ਭੇਟ ਕਰਨਾ ਚਾਹੀਦਾ ਹੈ। ਇਹ ਰੋਜ਼ਾਨਾ ਬਲੀ, ਅਨਾਜ ਦੀਆਂ ਭੇਟਾ ਅਤੇ ਪੀਣ ਦੀਆਂ ਭੇਟਾ ਤੋਂ ਇਲਾਵਾ ਹੋਵੇਗਾ।
26 “ਇਸ ਛੁੱਟੀ ਦੇ ਪੰਜਵੇਂ ਦਿਨ, ਤੁਹਾਨੂੰ 9 ਬਲਦ, 2 ਭੇਡੂ ਅਤੇ 14 ਲੇਲੇ ਭੇਟ ਕਰਨੇ ਚਾਹੀਦੇ ਹਨ ਜਿਹੜੇ ਇੱਕ ਸਾਲ ਦੇ ਹੋਣ। ਉਹ ਦੋਸ਼ ਰਹਿਣ ਹੋਣੇ ਚਾਹੀਦੇ ਹਨ। 27 ਤੁਹਾਨੂੰ ਇਨ੍ਹਾਂ ਬਲਦਾਂ, ਭੇਡੂਆਂ ਅਤੇ ਲੇਲਿਆਂ ਦੇ ਨਾਲ ਢੁਕਵੀਂ ਮਿਕਦਾਰ ਵਿੱਚ ਅਨਾਜ ਅਤੇ ਪੀਣ ਦੀਆਂ ਭੇਟਾ ਵੀ ਚੜ੍ਹਾਉਣੀਆਂ ਚਾਹੀਦੀਆਂ ਹਨ। 28 ਤੁਹਾਨੂੰ ਪਾਪ ਦੀ ਭੇਟ ਵਜੋਂ ਇੱਕ ਬੱਕਰਾ ਵੀ ਚੜ੍ਹਾਉਣਾ ਚਾਹੀਦਾ ਹੈ। ਇਹ ਰੋਜ਼ਾਨਾ ਬਲੀ, ਅਨਾਜ ਦੀਆਂ ਭੇਟਾ ਅਤੇ ਪੀਣ ਦੀਆਂ ਭੇਟਾ ਤੋਂ ਇਲਾਵਾ ਹੋਵੇਗਾ।
29 “ਇਸ ਛੁੱਟੀ ਦੇ ਛੇਵੇਂ ਦਿਨ, ਤੁਹਾਨੂੰ 8 ਬਲਦ, 2 ਭੇਡੂ ਅਤੇ 14 ਲੇਲੇ ਚੜ੍ਹਾਉਣੇ ਚਾਹੀਦੇ ਹਨ ਜਿਹੜੇ ਇੱਕ ਸਾਲ ਦੇ ਹੋਣ। ਇਹ ਦੋਸ਼ ਰਹਿਤ ਹੋਣੇ ਚਾਹੀਦੇ ਹਨ। 30 ਤੁਹਾਨੂੰ ਇਨ੍ਹਾਂ ਬਲਦਾਂ, ਭੇਡੂਆਂ ਅਤੇ ਲੇਲਿਆਂ ਦੇ ਨਾਲ ਢੁਕਵੀਂ ਮਿਕਦਾਰ ਵਿੱਚ ਅਨਾਜ ਅਤੇ ਪੀਣ ਦੀਆਂ ਭੇਟਾਂ ਵੀ ਚੜ੍ਹਾਉਣੀਆਂ ਚਾਹੀਦੀਆਂ ਹਨ। 31 ਤੁਹਾਨੂੰ ਪਾਪ ਦੀ ਭੇਟ ਵਜੋਂ ਇੱਕ ਬੱਕਰਾ ਵੀ ਚੜ੍ਹਾਉਣਾ ਚਾਹੀਦਾ ਹੈ। ਇਹ ਰੋਜ਼ਾਨਾ ਬਲੀ, ਅਨਾਜ ਦੀਆਂ ਭੇਟਾ ਅਤੇ ਪੀਣ ਦੀਆਂ ਭੇਟਾ ਤੋਂ ਇਲਾਵਾ ਹੋਵੇਗਾ।
32 “ਇਸ ਛੁੱਟੀ ਦੇ ਸੱਤਵੇਂ ਦਿਨ, ਤੁਹਾਨੂੰ 7 ਬਲਦ, 2 ਭੇਡੂ ਅਤੇ 14 ਲੇਲੇ ਚੜ੍ਹਾਉਣੇ ਚਾਹੀਦੇ ਹਨ ਜਿਹੜੇ ਇੱਕ ਸਾਲ ਦੇ ਹੋਣ। ਇਹ ਦੋਸ਼ ਰਹਿਣ ਹੋਣੇ ਚਾਹੀਦੇ ਹਨ। 33 ਤੁਹਾਨੂੰ ਇਨ੍ਹਾਂ ਬਲਦਾਂ, ਭੇਡੂਆਂ ਅਤੇ ਲੇਲਿਆਂ ਦੇ ਨਾਲ ਢੁਕਵੀਂ ਮਿਕਦਾਰ ਵਿੱਚ ਅਨਾਜ ਅਤੇ ਪੀਣ ਦੀਆਂ ਭੇਟਾ ਵੀ ਚੜ੍ਹਾਉਣੀਆਂ ਚਾਹੀਦੀਆਂ ਹਨ। 34 ਤੁਹਾਨੂੰ ਪਾਪ ਦੀ ਭੇਟ ਵਜੋਂ ਇੱਕ ਬੱਕਰਾ ਵੀ ਚੜ੍ਹਾਉਣਾ ਚਾਹੀਦਾ ਹੈ। ਇਹ ਰੋਜ਼ਾਨਾ ਬਲੀ, ਅਨਾਜ ਦੀਆਂ ਭੇਟਾ ਅਤੇ ਪੀਣ ਦੀਆਂ ਭੇਟਾ ਤੋਂ ਇਲਾਵਾ ਹੋਵੇਗਾ।
35 “ਇਸ ਛੁੱਟੀ ਦਾ 8ਵਾਂ ਦਿਨ ਤੁਹਾਡੇ ਲਈ ਬਹੁਤ ਖਾਸ ਸਭਾ ਵਾਲਾ ਹੈ। ਤੁਹਾਨੂੰ ਇਸ ਦਿਨ ਕੋਈ ਕੰਮ ਨਹੀਂ ਕਰਨਾ ਚਾਹੀਦਾ। 36 ਤੁਹਾਨੂੰ ਸੁਗਾਤਾਂ ਦੇਣੀਆਂ ਚਾਹੀਦੀਆਂ ਹਨ ਅਤੇ ਇਸਦੀ ਸੁਗੰਧੀ ਯਹੋਵਾਹ ਨੂੰ ਪ੍ਰਸੰਨ ਕਰੇਗੀ। ਤੁਹਾਨੂੰ ਇੱਕ ਬਲਦ, ਭੇਡੂ ਅਤੇ ਇੱਕ ਸਾਲ ਦੇ 7 ਲੇਲੇ ਭੇਟ ਕਰਨੇ ਚਾਹੀਦੇ ਹਨ ਜੋ ਬੇਨੁਕਸ ਹੋਣ। 37 ਤੁਹਾਨੂੰ ਇਨ੍ਹਾਂ ਬਲਦਾਂ, ਭੇਡੂਆਂ ਅਤੇ ਲੇਲਿਆਂ ਦੇ ਨਾਲ ਢੁਕਵੀਂ ਮਿਕਦਾਰ ਵਿੱਚ ਅਨਾਜ ਅਤੇ ਪੀਣ ਦੀਆਂ ਭੇਟਾ ਵੀ ਚੜ੍ਹਾਉਣੀਆਂ ਚਾਹੀਦੀਆਂ ਹਨ। 38 ਤੁਹਾਨੂੰ ਇੱਕ ਬੱਕਰਾ ਵੀ ਪਾਪ ਦੀ ਭੇਟ ਵਜੋਂ ਦੇਣਾ ਚਾਹੀਦਾ ਹੈ। ਇਹ ਰੋਜ਼ਾਨਾ ਬਲੀ, ਅਨਾਜ ਦੀਆਂ ਭੇਟਾ ਅਤੇ ਪੀਣ ਦੀਆਂ ਭੇਟਾ ਤੋਂ ਇਲਾਵਾ ਹੋਵੇਗਾ।
39 “ਖਾਸ ਛੁੱਟੀਆਂ ਵੇਲੇ ਤੁਹਾਨੂੰ ਹੋਮ ਦੀਆਂ ਭੇਟਾਂ, ਅਨਾਜ ਦੀਆਂ ਭੇਟਾਂ, ਪੀਣ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਲੈ ਕੇ ਆਉਣੀਆਂ ਚਾਹੀਦੀਆਂ ਹਨ। ਤੁਹਾਨੂੰ ਇਹ ਭੇਟਾਂ ਯਹੋਵਾਹ ਨੂੰ ਚੜ੍ਹਾਉਣੀਆਂ ਚਾਹੀਦੀਆਂ ਹਨ। ਇਹ ਭੇਟਾਂ ਉਸ ਖਾਸ ਸੁਗਾਤ ਤੋਂ ਇਲਾਵਾ ਹਨ ਜਿਹੜੀਆਂ ਤੁਸੀਂ ਆਪਣੇ ਕਿਸੇ ਖਾਸ ਇਕਰਾਰ ਬਦਲੇ ਦੇਣੀਆਂ ਚਾਹੁੰਦੇ ਹੋਵੋ।”
40 ਮੂਸਾ ਨੇ ਇਸਰਏਲ ਦੇ ਲੋਕਾਂ ਨੂੰ ਇਨ੍ਹਾਂ ਸਾਰੀਆਂ ਗੱਲਾਂ ਬਾਰੇ ਸਭ ਕੁਝ ਦੱਸਿਆ ਜਿਸ ਦਾ ਯਹੋਵਾਹ ਨੇ ਉਸ ਨੂੰ ਆਦੇਸ਼ ਦਿੱਤਾ ਸੀ।
ਖਾਸ ਇਕਰਾਰ
30 ਮੂਸਾ ਨੇ ਇਸਰਾਏਲ ਦੇ ਸਾਰੇ ਪਰਿਵਾਰ-ਸਮੂਹਾਂ ਦੇ ਆਗੂਆਂ ਨਾਲ ਗੱਲ ਕੀਤੀ। ਮੂਸਾ ਨੇ ਉਨ੍ਹਾਂ ਨੂੰ ਯਹੋਵਾਹ ਦੇ ਇਨ੍ਹਾਂ ਆਦੇਸ਼ਾਂ ਬਾਰੇ ਦੱਸਿਆ:
2 “ਜੇ ਕੋਈ ਬੰਦਾ ਪਰਮੇਸ਼ੁਰ ਨਾਲ ਖਾਸ ਇਕਰਾਰ ਕਰਨਾ ਚਾਹੁੰਦਾ ਹੈ ਜਾਂ ਜੇ ਕੋਈ ਬੰਦਾ ਪਰਮੇਸ਼ੁਰ ਨੂੰ ਕੋਈ ਖਾਸ ਚੀਜ਼ ਦੇਣ ਦਾ ਇਕਰਾਰ ਕਰਦਾ ਹੈ, ਤਾਂ ਉਸ ਨੂੰ ਅਜਿਹਾ ਕਰਨ ਦਿਉ ਪਰ ਉਸ ਬੰਦੇ ਨੂੰ ਬਿਲਕੁਲ ਉਵੇਂ ਹੀ ਕਰਨਾ ਚਾਹੀਦਾ ਹੈ ਜਿਵੇਂ ਉਸ ਨੇ ਇਕਰਾਰ ਕੀਤਾ ਸੀ!
3 “ਕੋਈ ਜਵਾਨ ਔਰਤ ਸ਼ਾਇਦ ਹਾਲੇ ਆਪਣੇ ਪਿਤਾ ਦੇ ਘਰ ਵਿੱਚ ਰਹਿ ਰਹੀ ਹੋਵੇ। ਅਤੇ ਉਹ ਜਵਾਨ ਔਰਤ ਸ਼ਾਇਦ ਯਹੋਵਾਹ ਨੂੰ ਕੋਈ ਖਾਸ ਚੀਜ਼ ਭੇਟ ਕਰਨ ਦਾ ਇਕਰਾਰ ਕਰੇ। 4 ਜੇ ਉਸਦਾ ਪਿਤਾ ਉਨ੍ਹਾਂ ਇਕਰਾਰ ਬਾਰੇ ਸੁਣਦਾ ਹੈ ਅਤੇ ਮੰਨ ਜਾਂਦਾ ਹੈ, ਤਾਂ ਉਸ ਜਵਾਨ ਔਰਤ ਨੂੰ ਉਹੀ ਕਰਨਾ ਚਾਹੀਦਾ ਹੈ ਜਿਵੇਂ ਉਸ ਨੇ ਇਕਰਾਰ ਕੀਤਾ ਸੀ। 5 ਪਰ ਜੇ ਉਸਦਾ ਪਿਤਾ ਇਸ ਇਕਰਾਰ ਬਾਰੇ ਸੁਣਦਾ ਹੈ ਅਤੇ ਇਸ ਨੂੰ ਪ੍ਰਵਾਨ ਨਹੀਂ ਕਰਦਾ, ਤਾਂ ਉਹ ਆਪਣੇ ਇਕਰਾਰ ਵੱਲੋਂ ਆਜ਼ਾਦ ਹੈ। ਉਸ ਨੂੰ ਉਹ ਕੁਝ ਕਰਨ ਦੀ ਲੋੜ ਨਹੀਂ ਜਿਸਦਾ ਉਸ ਨੇ ਇਕਰਾਰ ਕੀਤਾ ਸੀ। ਉਸ ਦੇ ਪਿਤਾ ਨੇ ਉਸ ਨੂੰ ਰੋਕ ਦਿੱਤਾ ਸੀ, ਇਸ ਲਈ ਯਹੋਵਾਹ ਉਸ ਨੂੰ ਮਾਫ਼ ਕਰ ਦੇਵੇਗਾ।
6 “ਕੋਈ ਔਰਤ ਸ਼ਾਇਦ ਯਹੋਵਾਹ ਨੂੰ ਕੁਝ ਖਾਸ ਦੇਣ ਦਾ ਇਕਰਾਰ ਕਰੇ, ਅਤੇ ਸ਼ਾਇਦ ਉਸਤੋਂ ਬਾਦ ਉਸਦਾ ਵਿਆਹ ਹੋ ਜਾਵੇ। 7 ਜੇ ਪਤੀ ਉਸ ਇਕਰਾਰ ਬਾਰੇ ਸੁਣਦਾ ਹੈ ਅਤੇ ਇਸਦਾ ਵਿਰੋਧ ਨਹੀਂ ਕਰਦਾ, ਤਾਂ ਉਸ ਔਰਤ ਨੂੰ ਉਹ ਗੱਲ ਜ਼ਰੂਰ ਕਰਨੀ ਚਾਹੀਦੀ ਹੈ ਜਿਸਦਾ ਉਸ ਨੇ ਇਕਰਾਰ ਕੀਤਾ ਸੀ। 8 ਪਰ ਜੇ ਪਤੀ ਉਸ ਦੇ ਇਕਰਾਰ ਬਾਰੇ ਸੁਣਦਾ ਹੈ ਅਤੇ ਉਸ ਨੂੰ ਆਪਣਾ ਇਕਰਾਰ ਪੂਰਾ ਕਰਨ ਬਾਰੇ ਇਨਕਾਰ ਕਰ ਦਿੰਦਾ ਹੈ ਤਾਂ ਪਤਨੀ ਨੂੰ ਉਹ ਗੱਲ ਕਰਨ ਦੀ ਲੋੜ ਨਹੀਂ ਜਿਸਦਾ ਉਸ ਨੇ ਇਕਰਾਰ ਕੀਤਾ ਸੀ। ਉਸ ਦੇ ਪਤੀ ਨੇ ਇਕਰਾਰ ਨੂੰ ਤੋੜਿਆ-ਉਸ ਨੇ ਉਸ ਨੂੰ ਉਹ ਗੱਲ ਨਹੀਂ ਕਰਨ ਦਿੱਤੀ ਜਿਸਦਾ ਉਸ ਨੇ ਇਕਰਾਰ ਕੀਤਾ ਸੀ। ਇਸ ਲਈ ਯਹੋਵਾਹ ਉਸ ਨੂੰ ਮਾਫ਼ ਕਰ ਦੇਵੇਗਾ।
9 “ਕੋਈ ਵਿਧਵਾ ਜਾਂ ਕੋਈ ਤਲਾਕਸ਼ੁਦਾ ਔਰਤ ਸ਼ਾਇਦ ਕੋਈ ਖਾਸ ਇਕਰਾਰ ਕਰੇ। ਜੇ ਉਹ ਅਜਿਹਾ ਕਰਦੀ ਹੈ ਤਾਂ ਉਸ ਨੂੰ ਬਿਲਕੁਲ ਉਵੇਂ ਹੀ ਕਰਨਾ ਚਾਹੀਦਾ ਹੈ ਜਿਸਦਾ ਉਸ ਨੇ ਇਕਰਾਰ ਕੀਤਾ ਸੀ। 10 ਕੋਈ ਵਿਆਹੁਤਾ ਔਰਤ ਸ਼ਾਇਦ ਯਹੋਵਾਹ ਨੂੰ ਕੁਝ ਦੇਣ ਦਾ ਇਕਰਾਰ ਕਰੇ। 11 ਜੇ ਉਸਦਾ ਪਤੀ ਇਸ ਇਕਰਾਰ ਬਾਰੇ ਸੁਣਦਾ ਹੈ ਅਤੇ ਉਸ ਨੂੰ ਇਕਰਾਰ ਪੂਰਾ ਕਰਨ ਦਿੰਦਾ ਹੈ, ਤਾਂ ਉਸ ਨੂੰ ਬਿਲਕੁਲ ਉਵੇਂ ਹੀ ਕਰਨਾ ਚਾਹੀਦਾ ਹੈ ਜਿਵੇਂ ਉਸ ਨੇ ਇਕਰਾਰ ਕੀਤਾ ਸੀ। ਉਸ ਨੂੰ ਹਰ ਉਹ ਚੀਜ਼ ਦੇਣੀ ਚਾਹੀਦੀ ਹੈ ਜਿਸ ਬਾਰੇ ਉਸ ਨੇ ਇਕਰਾਰ ਕੀਤਾ ਸੀ। 12 ਪਰ ਜੇ ਉਸਦਾ ਪਤੀ ਇਸ ਇਕਰਾਰ ਬਾਰੇ ਸੁਣਦਾ ਹੈ ਅਤੇ ਉਸ ਨੂੰ ਇਕਰਾਰ ਪੂਰਾ ਕਰਨ ਨਹੀਂ ਦਿੰਦਾ, ਤਾਂ ਉਸ ਨੂੰ ਅਜਿਹਾ ਕਰਨ ਦੀ ਲੋੜ ਨਹੀਂ ਜਿਸਦਾ ਉਸ ਨੇ ਇਕਰਾਰ ਕੀਤਾ ਸੀ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਸ ਨੇ ਕੀ ਇਕਰਾਰ ਕੀਤਾ ਸੀ, ਉਸਦਾ ਪਤੀ ਇਕਰਾਰ ਨੂੰ ਤੋੜ ਸੱਕਦਾ ਹੈ। ਜੇ ਉਸਦਾ ਪਤੀ ਇਕਰਾਰ ਨੂੰ ਤੋੜਦਾ ਹੈ, ਤਾਂ ਯਹੋਵਾਹ ਉਸ ਨੂੰ ਮਾਫ਼ ਕਰ ਦੇਵੇਗਾ। 13 ਕੋਈ ਵਿਆਹੁਤਾ ਔਰਤ ਸ਼ਾਇਦ ਯਹੋਵਾਹ ਨੂੰ ਕੁਝ ਦੇਣ ਦਾ ਇਕਰਾਰ ਕਰੇ, ਜਾਂ ਉਹ ਕਿਸੇ ਚੀਜ਼ ਤੋਂ ਬਿਨਾ ਗੁਜ਼ਾਰਾ ਕਰਨ ਦਾ ਇਕਰਾਰ ਕਰੇ ਜਾਂ ਉਹ ਪਰਮੇਸ਼ੁਰ ਨੂੰ ਕੋਈ ਹੋਰ ਖਾਸ ਚੀਜ਼ ਦੇਣ ਦਾ ਇਕਰਾਰ ਕਰੇ। ਪਤੀ ਇਨ੍ਹਾਂ ਵਿੱਚੋਂ ਕਿਸੇ ਵੀ ਇਕਰਾਰ ਨੂੰ ਰੋਕ ਸੱਕਦਾ ਹੈ, ਅਤੇ ਪਤੀ ਉਸ ਦੇ ਕਿਸੇ ਇਕਰਾਰ ਨੂੰ ਪੂਰਾ ਕਰਨ ਦੀ ਇਜਾਜ਼ਤ ਦੇ ਸੱਕਦਾ ਹੈ। 14 ਪਤੀ ਆਪਣੀ ਪਤਨੀ ਨੂੰ ਆਪਣਾ ਇਕਰਾਰ ਪੂਰਾ ਕਰਨ ਦੀ ਇਜਾਜ਼ਤ ਕਿਵੇਂ ਦਿੰਦਾ ਹੈ? ਜੇ ਉਹ ਇਕਰਾਰਾਂ ਬਾਰੇ ਸੁਣਦਾ ਹੈ ਅਤੇ ਉਨ੍ਹਾਂ ਨੂੰ ਰੋਕਦਾ ਨਹੀਂ, ਤਾਂ ਔਰਤ ਨੂੰ ਉਵੇਂ ਹੀ ਕਰਨਾ ਚਾਹੀਦਾ ਹੈ ਜਿਵੇਂ ਉਸ ਨੇ ਇਕਰਾਰ ਕੀਤਾ ਸੀ। 15 ਪਰ ਜੇ ਉਸਦਾ ਪਤੀ ਇਕਰਾਰਾਂ ਬਾਰੇ ਸੁਣਦਾ ਹੈ ਅਤੇ ਉਨ੍ਹਾਂ ਨੂੰ ਰੋਕ ਦਿੰਦਾ ਹੈ, ਤਾਂ ਉਹੀ ਉਸ ਦੇ ਇਕਰਾਰਾਂ ਨੂੰ ਤੋੜਨ ਦਾ ਜ਼ਿੰਮੇਵਾਰ ਹੈ।”
16 ਇਹੀ ਉਹ ਆਦੇਸ਼ ਹਨ ਜਿਹੜੇ ਯਹੋਵਾਹ ਨੇ ਮੂਸਾ ਨੂੰ ਦਿੱਤੇ। ਉਹੀ ਆਦੇਸ਼ ਹਨ ਪਤੀ ਅਤੇ ਪਤਨੀ ਬਾਰੇ, ਅਤੇ ਪਿਤਾ ਅਤੇ ਧੀ ਬਾਰੇ ਜਿਹੜੀ ਹਾਲੇ ਜਵਾਨ ਹੈ ਅਤੇ ਆਪਣੇ ਮਾਪਿਆਂ ਦੇ ਘਰ ਵਿੱਚ ਰਹਿ ਰਹੀ ਹੈ।
ਇਸਰਾਏਲ ਦੀ ਮਿਦਯਾਨ ਦੇ ਵਿਰੁੱਧ ਦੁਬਾਰਾ ਜੰਗ
31 ਯਹੋਵਾਹ ਨੇ ਮੂਸਾ ਨਾਲ ਗੱਲ ਕੀਤੀ। ਉਸ ਨੇ ਆਖਿਆ, 2 “ਮੈਂ ਇਸਰਾਏਲ ਦੇ ਲੋਕਾਂ ਦੀ ਮਿਦਯਾਨੀਆਂ ਨਾਲ ਆਮ੍ਹਣੇ-ਸਾਹਮਣੇ ਹੋਣ ਵਿੱਚ ਸਹਾਇਤਾ ਕਰਾਂਗਾ। ਉਸਦੋਂ ਮਗਰੋਂ, ਮੂਸਾ ਤੇਰਾ ਦੇਹਾਂਤ ਹੋ ਜਾਵੇਗਾ।”
3 ਇਸ ਲਈ ਮੂਸਾ ਨੇ ਲੋਕਾਂ ਨਾਲ ਗੱਲ ਕੀਤੀ। ਉਸ ਨੇ ਆਖਿਆ, “ਆਪਣੇ ਵਿੱਚੋਂ ਕੁਝ ਬੰਦਿਆਂ ਦੀ ਫ਼ੌਜੀਆਂ ਦੇ ਤੌਰ ਤੇ ਚੋਣ ਕਰੋ। ਯਹੋਵਾਹ ਉਨ੍ਹਾਂ ਆਦਮੀਆਂ ਦੀ ਵਰਤੋਂ ਮਿਦਯਾਨੀਆਂ ਨਾਲ ਆਮ੍ਹਣੇ-ਸਾਹਮਣੇ ਹੋਣ ਲਈ ਕਰੇਗਾ। 4 ਇਸਰਾਏਲ ਦੇ ਹਰੇਕ ਪਰਿਵਾਰ-ਸਮੂਹ ਵਿੱਚ 1,000 ਆਦਮੀਆਂ ਨੂੰ ਚੁਣੋ। 5 ਇੱਥੇ ਕੁੱਲ 12,000 ਫ਼ੌਜੀ ਇਸਰਾਏਲ ਦੇ ਪਰਿਵਾਰ-ਸਮੂਹਾਂ ਵਿੱਚੋਂ ਹੋਣਗੇ।”
6 ਮੂਸਾ ਨੇ ਉਨ੍ਹਾਂ 12,000 ਆਦਮੀਆਂ ਨੂੰ ਜੰਗ ਲਈ ਭੇਜਿਆ। ਉਸ ਨੇ ਜਾਜਕ ਅਲਆਜ਼ਾਰ ਦੇ ਪੁੱਤਰ ਫ਼ੀਨਹਾਸ ਨੂੰ ਉਨ੍ਹਾਂ ਦੇ ਨਾਲ ਭੇਜਿਆ। ਫ਼ੀਨਹਾਸ ਨੇ ਪਵਿੱਤਰ ਵਸਤਾਂ, ਅਤੇ ਤੁਰ੍ਹੀਆਂ ਆਪਣੇ ਹੱਥਾਂ ਵਿੱਚ ਲੈ ਲਈਆਂ। 7 ਇਸਰਾਏਲ ਦੇ ਲੋਕ ਮਿਦਯਾਨੀਆਂ ਨਾਲ ਉਸੇ ਤਰ੍ਹਾਂ ਲੜੇ ਜਿਵੇਂ ਯਹੋਵਾਹ ਨੇ ਆਦੇਸ਼ ਦਿੱਤਾ ਸੀ। ਉਸ ਨੇ ਮਿਦਯਾਨੀਆਂ ਦੇ ਸਾਰੇ ਆਦਮੀ ਮਾਰ ਦਿੱਤੇ। 8 ਉਨ੍ਹਾਂ ਲੋਕਾਂ ਵਿੱਚੋਂ, ਜਿਨ੍ਹਾਂ ਨੂੰ ਉਨ੍ਹਾਂ ਨੇ ਮਾਰਿਆ ਸੀ, ਅਵ੍ਵੀ, ਰਕਮ, ਸੂਰ, ਹੂਰ ਅਤੇ ਰਬਾ ਪੰਜ ਮਿਦਯਾਨੀ ਰਾਜੇ ਸਨ। ਉਨ੍ਹਾਂ ਨੇ ਬਓਰ ਦੇ ਪੁੱਤਰ ਬਿਲਆਮ ਨੂੰ ਵੀ ਤਲਵਾਰ ਨਾਲ ਮਾਰ ਦਿੱਤਾ।
9 ਇਸਰਾਏਲ ਦੇ ਲੋਕਾਂ ਨੇ ਮਿਦਯਾਨੀਆਂ ਦੀਆਂ ਔਰਤਾਂ ਅਤੇ ਬੱਚਿਆਂ ਨੂੰ ਬੰਦੀ ਬਣਾ ਲਿਆ। ਉਨ੍ਹਾਂ ਨੇ ਉਨ੍ਹਾਂ ਦੀਆਂ ਸਮੂਹ ਭੇਡਾਂ, ਗਾਵਾਂ ਅਤੇ ਹੋਰ ਚੀਜ਼ਾਂ ਵੀ ਸਾਂਭ ਲਈਆਂ। 10 ਫ਼ੇਰ ਉਨ੍ਹਾਂ ਨੇ ਉਨ੍ਹਾਂ ਦੇ ਸਾਰੇ ਨਗਰ ਅਤੇ ਉਨ੍ਹਾਂ ਦੇ ਮਹਿਲ ਸਾੜ ਦਿੱਤੇ। 11 ਉਨ੍ਹਾਂ ਨੇ ਸਾਰੇ ਆਦਮੀਆਂ ਅਤੇ ਜਾਨਵਰਾਂ ਉੱਤੇ ਕਬਜ਼ਾ ਕਰ ਲਿਆ। 12 ਅਤੇ ਮੂਸਾ, ਜਾਜਕ ਅਲਆਜ਼ਾਰ ਅਤੇ ਇਸਰਾਏਲ ਦੇ ਹੋਰ ਸਾਰੇ ਲੋਕਾਂ ਕੋਲ ਲੈ ਆਏ। ਉਹ ਜੰਗ ਵਿੱਚ ਹਾਸਿਲ ਕੀਤੀਆਂ ਸਮੂਹ ਚੀਜ਼ਾਂ ਨੂੰ ਇਸਰਾਏਲੀਆਂ ਦੇ ਡੇਰੇ ਵਿੱਚ ਲੈ ਆਏ। ਇਸਰਾਏਲ ਦੇ ਲੋਕਾਂ ਨੇ ਮੋਆਬ ਵਿਖੇ ਯਰਦਨ ਵਾਦੀ ਵਿੱਚ ਡੇਰਾ ਲਾਇਆ ਹੋਇਆ ਸੀ। ਇਹ ਥਾਂ ਯਰੀਹੋ ਦੇ ਸਾਹਮਣੇ ਯਰਦਨ ਨਦੀ ਦੇ ਪੂਰਬ ਵਾਲੇ ਪਾਸੇ ਸੀ। 13 ਫ਼ੇਰ ਮੂਸਾ, ਜਾਜਕ ਅਲਆਜ਼ਾਰ ਅਤੇ ਲੋਕਾਂ ਦੇ ਆਗੂ, ਫ਼ੌਜੀਆਂ ਦੇ ਸਵਾਗਤ ਲਈ ਡੇਰੇ ਤੋਂ ਬਾਹਰ ਆਏ।
14 ਮੂਸਾ ਫ਼ੌਜ ਦੇ ਆਗੂਆਂ, 1,000 ਆਦਮੀਆਂ ਦੇ ਕਮਾਂਡਰਾਂ ਅਤੇ 100 ਆਦਮੀਆਂ ਦੇ ਕਮਾਂਡਰਾ ਨਾਲ ਬਹੁਤ ਨਾਰਾਜ਼ ਸੀ ਜਿਹੜੇ ਯੁੱਧ ਵਿੱਚੋਂ ਵਾਪਸ ਆ ਗਏ ਸਨ। 15 ਮੂਸਾ ਨੇ ਉਨ੍ਹਾਂ ਨੂੰ ਆਖਿਆ, “ਤੁਸੀਂ ਔਰਤਾਂ ਨੂੰ ਕਿਉਂ ਜਿਉਂਦਿਆਂ ਛੱਡ ਦਿੱਤਾ। 16 ਇਹੀ ਉਹ ਔਰਤਾਂ ਸਨ ਜਿਨ੍ਹਾਂ ਨੇ ਇਸਰਾਏਲ ਦੇ ਆਦਮੀਆਂ ਨੂੰ ਪਓਰ ਵਿਖੇ ਬਿਲਆਮ ਦੀ ਘਟਨਾ ਤੋਂ ਬਾਦ ਯਹੋਵਾਹ ਤੋਂ ਮੂੰਹ ਮੋੜਨ ਲਈ ਪ੍ਰੇਰਿਆ ਸੀ। ਅਤੇ ਉੱਥੇ ਇਸਰਾਏਲੀਆਂ ਦਰਮਿਆਨ ਬਿਮਾਰੀ ਫ਼ੈਲ ਗਈ ਸੀ। 17 ਹੁਣ ਸਾਰੇ ਮਿਦਯਾਨੀ ਮੁੰਡਿਆ ਨੂੰ ਮਾਰ ਦਿਉ। ਅਤੇ ਉਨ੍ਹਾਂ ਸਾਰੀਆਂ ਮਿਦਯਾਨੀ ਔਰਤਾਂ ਨੂੰ ਮਾਰ ਦਿਉ। ਜਿਹੜੀਆਂ ਕਿਸੇ ਆਦਮੀ ਨਾਲ ਵਾਸ ਕਰ ਚੁੱਕੀਆਂ ਹਨ। ਉਨ੍ਹਾਂ ਸਾਰੀਆਂ ਮਿਦਯਾਨੀ ਔਰਤਾਂ ਨੂੰ ਵੀ ਮਾਰ ਦਿਉ ਜਿਨ੍ਹਾਂ ਨੇ ਕਿਸੇ ਆਦਮੀ ਨਾਲ ਜਿਨਸੀ ਸੰਬੰਧ ਰੱਖੇ ਹਨ। 18 ਤੁਸੀਂ ਉਨ੍ਹਾਂ ਸਾਰੀਆਂ ਜਵਾਨ ਔਰਤਾਂ ਨੂੰ ਜਿਉਂਦਿਆਂ ਛੱਡ ਸੱਕਦੇ ਹੋ-ਪਰ ਸਿਰਫ਼ ਤਾਂ ਹੀ ਜੇ ਉਨ੍ਹਾਂ ਨੇ ਕਦੇ ਵੀ ਕਿਸੇ ਮਰਦ ਨਾਲ ਜਿਨਸੀ ਸੰਬੰਧ ਨਾ ਰੱਖੇ ਹੋਣ। 19 ਅਤੇ ਫ਼ੇਰ, ਤੁਹਾਡੇ ਵਿੱਚੋਂ ਉਨ੍ਹਾਂ ਸਾਰੇ ਆਦਮੀਆਂ ਨੂੰ ਜਿਨ੍ਹਾਂ ਨੇ ਹੋਰਨਾਂ ਆਦਮੀਆਂ ਨੂੰ ਮਾਰਿਆ ਹੈ, ਸੱਤਾਂ ਦਿਨਾਂ ਤੱਕ ਡੇਰੇ ਤੋਂ ਦੂਰ ਰਹਿਣਾ ਚਾਹੀਦਾ ਹੈ। ਜੇ ਤੁਸੀਂ ਕਿਸੇ ਮੁਰਦਾ ਸ਼ਰੀਰ ਨੂੰ ਛੂਹਿਆ ਵੀ ਹੈ ਤਾਂ ਵੀ ਤੁਹਾਨੂੰ ਡੇਰੇ ਤੋਂ ਬਾਹਰ ਰਹਿਣਾ ਚਹੀਦਾ ਹੈ। ਤੀਸਰੇ ਦਿਨ ਤੁਸੀਂ ਅਤੇ ਤੁਹਾਡੇ ਬੰਦੀਵਾਲ ਆਪਣੇ-ਆਪ ਨੂੰ ਜ਼ਰੂਰ ਪਵਿੱਤਰ ਬਨਾਉਣ। ਤੁਹਾਨੂੰ ਇਹੀ ਗੱਲ ਇੱਕ ਵਾਰ ਫ਼ੇਰ ਸੱਤਵੇਂ ਦਿਨ ਕਰਨੀ ਚਾਹੀਦੀ ਹੈ। 20 ਤੁਹਾਨੂੰ ਆਪਣੇ ਸਾਰੇ ਵਸਤਰ ਧੋ ਲੈਣੇ ਚਾਹੀਦੇ ਹਨ ਤੁਹਾਨੂੰ ਹਰ ਉਹ ਚੀਜ਼ ਧੋ ਲੈਣੀ ਚਾਹੀਦੀ ਹੈ ਜਿਹੜੀ ਚਮੜੇ, ਉੱਨ ਜਾਂ ਲੱਕੜੀ ਦੀ ਬਣੀ ਹੋਈ ਹੈ। ਤੁਹਾਨੂੰ ਪਵਿੱਤਰ ਹੋਣਾ ਚਾਹੀਦਾ ਹੈ।”
21 ਫ਼ੇਰ ਜਾਜਕ ਅਲਆਜ਼ਾਰ ਨੇ ਸਿਪਾਹੀਆਂ ਨਾਲ ਗੱਲ ਕੀਤੀ ਅਤੇ ਆਖਿਆ, “ਇਹ ਉਹ ਬਿਧੀਆਂ ਹਨ ਜਿਹੜੀਆਂ ਯਹੋਵਾਹ ਨੇ ਮੂਸਾ ਨੂੰ ਯੁੱਧ ਵਿੱਚੋਂ ਵਾਪਸ ਆਉਣ ਵਾਲੇ ਸਿਪਾਹੀਆਂ ਬਾਰੇ ਦਿੱਤੀਆਂ ਸਨ। 22-23 ਪਰ ਉਨ੍ਹਾਂ ਵਸਤਾਂ ਲਈ ਬਿਧੀਆਂ ਵਖਰੀਆਂ ਹਨ ਜਿਨ੍ਹਾਂ ਨੂੰ ਅੱਗ ਵਿੱਚ ਰੱਖਿਆ ਜਾ ਸੱਕਦਾ ਹੈ। ਤੁਹਾਨੂੰ ਸੋਨੇ, ਚਾਂਦੀ, ਕਾਂਸੀ, ਲੋਹੇ, ਟੀਨ ਜਾਂ ਸਿੱਕੇ ਨੂੰ ਅੱਗ ਵਿੱਚ ਰੱਖਣਾ ਚਾਹੀਦਾ ਹੈ। ਅਤੇ ਫ਼ੇਰ ਉਨ੍ਹਾਂ ਚੀਜ਼ਾਂ ਨੂੰ ਪਾਣੀ ਨਾਲ ਧੋ ਲੈਣਾ ਚਾਹੀਦਾ ਹੈ ਅਤੇ ਉਹ ਪਵਿੱਤਰ ਹੋ ਜਾਣਗੀਆਂ। ਜੇ ਉਨ੍ਹਾਂ ਚੀਜ਼ਾਂ ਨੂੰ ਅੱਗ ਵਿੱਚ ਨਹੀਂ ਰੱਖਿਆ ਜਾ ਸੱਕਦਾ ਤਾਂ ਵੀ ਤੁਹਾਨੂੰ ਉਨ੍ਹਾਂ ਨੂੰ ਪਾਣੀ ਨਾਲ ਧੋ ਲੈਣਾ ਚਾਹੀਦਾ ਹੈ। 24 ਸੱਤਵੇਂ ਦਿਨ ਤੁਹਾਨੂੰ ਆਪਣੇ ਸਾਰੇ ਕੱਪੜੇ ਧੋ ਲੈਣੇ ਚਾਹੀਦੇ ਹਨ। ਫ਼ੇਰ ਤੁਸੀਂ ਪਵਿੱਤਰ ਹੋ ਜਾਵੋਂਗੇ। ਇਸਤੋਂ ਮਗਰੋਂ ਤੁਸੀਂ ਡੇਰੇ ਵਿੱਚ ਆ ਸੱਕਦੇ ਹੋਂ।”
25 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ, 26 “ਜਾਜਕ ਅਲਆਜ਼ਾਰ ਤੈਨੂੰ ਅਤੇ ਹੋਰ ਸਾਰੇ ਆਗੂਆਂ ਨੂੰ ਲੋਕਾਂ ਅਤੇ ਜਾਨਵਰਾਂ ਦੀ ਸਾਰੀ ਲੁੱਟ ਦੀ ਗਿਣਤੀ ਕਰਨੀ ਚਾਹੀਦੀ ਹੈ ਜੋ ਸਿਪਾਹੀ ਯੁੱਧ ਵਿੱਚੋਂ ਵਾਪਸ ਲਿਆਏ ਸਨ। 27 ਫ਼ੇਰ ਉਨ੍ਹਾਂ ਚੀਜ਼ਾਂ ਨੂੰ ਜੰਗ ਵਿੱਚ ਜਾਣ ਵਾਲੇ ਸਿਪਾਹੀਆਂ ਅਤੇ ਇਸਰਾਏਲ ਦੇ ਹੋਰਨਾਂ ਲੋਕਾਂ ਵਿੱਚਕਾਰ ਵੰਡ ਦਿਉ। 28 ਜੰਗ ਨੂੰ ਜਾਣ ਵਾਲੇ ਸਿਪਾਹੀਆਂ ਕੋਲੋਂ ਉਨ੍ਹਾਂ ਚੀਜ਼ਾਂ ਦਾ ਇੱਕ ਹਿੱਸਾ ਲੈ ਲਵੋ ਉਹ ਹਿੱਸਾ ਯਹੋਵਾਹ ਦਾ ਹੈ। ਯਹੋਵਾਹ ਦਾ ਹਿੱਸਾ ਹਰ 500 ਚੀਜ਼ਾਂ ਪਿੱਛੇ ਇੱਕ ਚੀਜ਼ ਹੈ। ਇਸ ਵਿੱਚ ਲੋਕ, ਗਾਵਾਂ, ਖੋਤੇ ਅਤੇ ਭੇਡਾਂ ਸ਼ਾਮਲ ਹਨ। 29 ਉਨ੍ਹਾਂ ਚੀਜ਼ਾਂ ਨੂੰ ਸਿਪਾਹੀਆਂ ਦੇ ਅੱਧੇ ਹਿੱਸੇ ਵਿੱਚੋਂ ਲੈ ਲਵੋ ਜਿਹੜੇ ਜੰਗ ਨੂੰ ਗਏ ਸਨ। ਫ਼ੇਰ ਉਹ ਚੀਜ਼ਾਂ ਜਾਜਕ ਅਲਆਜ਼ਾਰ ਨੂੰ ਦੇ ਦਿਉ। ਉਹ ਹਿੱਸਾ ਯਹੋਵਾਹ ਦਾ ਹੈ। 30 ਅਤੇ ਫ਼ੇਰ ਲੋਕਾਂ ਦੇ ਅੱਧੇ ਹਿੱਸੇ ਵਿੱਚੋਂ ਹਰ 50 ਚੀਜ਼ਾਂ ਪਿੱਛੇ ਇੱਕ ਚੀਜ਼ ਰੱਖ ਲਵੋ। ਇਸ ਵਿੱਚ ਲੋਕ, ਗਾਵਾਂ, ਖੋਤੇ, ਭੇਡਾਂ ਜਾਂ ਕੋਈ ਹੋਰ ਪਸ਼ੂ ਸ਼ਾਮਲ ਹਨ। ਇਹ ਹਿੱਸਾ ਲੇਵੀਆਂ ਨੂੰ ਦੇ ਦੇਵੋ। ਕਿਉਂਕਿ ਲੇਵੀਆਂ ਨੇ ਯਹੋਵਾਹ ਦੇ ਪਵਿੱਤਰ ਤੰਬੂ ਦੀ ਦੇਖ-ਭਾਲ ਕੀਤੀ ਸੀ।”
31 ਇਸ ਤਰ੍ਹਾਂ ਮੂਸਾ ਅਤੇ ਅਲਆਜ਼ਾਰ ਨੇ ਉਹੋ ਕੁਝ ਕੀਤਾ ਜਿਸਦਾ ਯਹੋਵਾਹ ਨੇ ਮੂਸਾ ਨੂੰ ਆਦੇਸ਼ ਦਿੱਤਾ ਸੀ। 32 ਸਿਪਾਹੀਆਂ ਨੇ 6,75,000 ਭੇਡਾਂ, 33 72,000 ਗਾਵਾਂ, 34 61,000 ਖੋਤੇ, 35 ਅਤੇ 32,000 ਔਰਤਾਂ ਲਿਆਂਦੀਆਂ ਸਨ। (ਇਨ੍ਹਾਂ ਵਿੱਚੋਂ ਸਿਰਫ਼ ਉਹੀ ਔਰਤਾਂ ਸ਼ਾਮਲ ਹਨ ਜਿਨ੍ਹਾਂ ਨੇ ਕਿਸੇ ਮਰਦ ਨਾਲ ਜਿਨਸੀ ਸੰਬੰਧ ਨਹੀਂ ਰੱਖੇ ਸਨ।) 36 ਜਿਹੜੇ ਸਿਪਾਹੀ ਜੰਗ ਵਿੱਚ ਗਏ ਸਨ ਉਨ੍ਹਾਂ ਨੂੰ 3,37,500 ਭੇਡਾਂ ਮਿਲੀਆਂ। 37 ਉਨ੍ਹਾਂ ਨੇ 675 ਭੇਡਾਂ ਯਹੋਵਾਹ ਨੂੰ ਅਰਪਨ ਕਰ ਦਿੱਤੀਆਂ। 38 ਸਿਪਾਹੀਆਂ ਨੂੰ 36,000 ਗਾਵਾਂ ਮਿਲੀਆਂ। ਉਨ੍ਹਾਂ ਨੇ 72 ਗਾਵਾਂ ਯਹੋਵਾਹ ਨੂੰ ਦੇ ਦਿੱਤੀਆਂ। 39 ਸਿਪਾਹੀਆਂ ਨੂੰ 30,500 ਖੋਤੇ ਮਿਲੇ। ਉਨ੍ਹਾਂ ਨੇ 61 ਖੋਤੇ ਯਹੋਵਾਹ ਨੂੰ ਦਿੱਤੇ। 40 ਸਿਪਾਹੀਆਂ ਨੂੰ 16,000 ਔਰਤਾਂ ਮਿਲੀਆਂ। ਉਨ੍ਹਾਂ ਨੇ 32 ਔਰਤਾਂ ਯਹੋਵਾਹ ਨੂੰ ਦੇ ਦਿੱਤੀਆਂ। 41 ਮੂਸਾ ਨੇ ਯਹੋਵਾਹ ਨੂੰ ਮਿਲਣ ਵਾਲੀਆਂ ਉਹ ਸਾਰੀਆਂ ਸੁਗਾਤਾਂ ਜਾਜਕ ਅਲਆਜ਼ਾਰ ਨੂੰ ਦੇ ਦਿੱਤੀਆਂ, ਜਿਹਾ ਕਿ ਯਹੋਵਾਹ ਨੇ ਉਸ ਨੂੰ ਆਦੇਸ਼ ਦਿੱਤਾ ਸੀ।
42 ਫ਼ੇਰ ਮੂਸਾ ਨੇ ਲੋਕਾਂ ਦੇ ਅੱਧੇ ਹਿੱਸੇ ਦੀ ਗਿਣਤੀ ਕੀਤੀ ਇਹ ਉਹ ਹਿੱਸਾ ਸੀ ਜਿਹੜਾ ਮੂਸਾ ਨੇ ਉਨ੍ਹਾਂ ਸਿਪਾਹੀਆਂ ਕੋਲੋਂ ਹਾਸਿਲ ਕੀਤੀ ਸੀ ਜਿਹੜੇ ਜੰਗ ਕਰਨ ਗਏ ਸਨ। 43 ਲੋਕਾਂ ਨੂੰ 3,37,500 ਭੇਡਾਂ, 44 36,000 ਗਾਵਾਂ, 45 30,500 ਖੋਤੇ, 46 ਅਤੇ 16,000 ਔਰਤਾਂ ਮਿਲੀਆਂ। 47 ਹਰ 50 ਚੀਜ਼ਾਂ ਵਿੱਚੋਂ, ਇਸਰਾਏਲ ਦੇ ਲੋਕਾਂ ਦੀ ਅੱਧੀ ਲੁੱਟ ਵਿੱਚੋਂ ਮੂਸਾ ਨੇ ਇੱਕ ਚੀਜ਼ ਯਹੋਵਾਹ ਲਈ ਲੈ ਲਈ। ਇਨ੍ਹਾਂ ਵਿੱਚ ਆਦਮੀਆਂ ਦੀਆਂ ਚੀਜ਼ਾਂ ਅਤੇ ਜਾਨਵਰ ਸ਼ਾਮਿਲ ਸਨ। ਅਤੇ ਉਸ ਨੇ ਇਹ ਚੀਜ਼ਾਂ ਲੇਵੀਆਂ ਨੂੰ ਦੇ ਦਿੱਤੀਆਂ। ਕਿਉਂਕਿ ਉਹ ਯਹੋਵਾਹ ਦੇ ਪਵਿੱਤਰ ਤੰਬੂ ਦੀ ਸੰਭਾਲ ਕਰਦੇ ਸਨ। ਮੂਸਾ ਨੇ ਅਜਿਹਾ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਉਸ ਨੂੰ ਕਰਨ ਲਈ ਕਿਹਾ ਸੀ।
48 ਫ਼ੇਰ ਸੈਨਾ ਦੇ ਆਗੂ (1,000 ਆਦਮੀਆਂ ਦੇ ਆਗੂ ਅਤੇ 100 ਆਦਮੀਆਂ ਦੇ ਆਗੂ) ਮੂਸਾ ਕੋਲ ਆਏ। 49 ਉਨ੍ਹਾਂ ਨੇ ਮੂਸਾ ਨੂੰ ਆਖਿਆ, “ਅਸੀਂ ਤੇਰੇ ਸੇਵਕ ਨੇ, ਸਾਡੇ ਸਿਪਾਹੀਆਂ ਦੀ ਗਿਣਤੀ ਕਰ ਲਈ ਹੈ ਉਨ੍ਹਾਂ ਵਿੱਚੋਂ ਕੋਈ ਵੀ ਨਹੀਂ ਘਟ ਰਿਹਾ। 50 ਇਸ ਲਈ ਅਸੀਂ ਹਰ ਸਿਪਾਹੀ ਕੋਲੋਂ ਯਹੋਵਾਹ ਦੀ ਸੁਗਾਤ ਲੈ ਕੇ ਆ ਰਹੇ ਹਾਂ। ਅਸੀਂ ਉਹ ਚੀਜ਼ਾਂ ਵੀ ਲਿਆ ਰਹੇ ਹਾਂ ਜਿਹੜੀਆਂ ਸੋਨੇ ਦੀਆਂ ਬਣੀਆਂ ਹਨ-ਬਾਜੂ ਬੰਦ, ਹਾਰ, ਮੁੰਦਰੀਆਂ ਵਾਲੀਆਂ ਅਤੇ ਗਲੇ ਦੇ ਹਾਰ। ਇਹ ਸੁਗਾਤ ਯਹੋਵਾਹ ਲਈ ਹਨ ਤਾਂ ਜੋ ਅਸੀਂ ਪਵਿੱਤਰ ਹੋ ਸੱਕੀਏ।”
51 ਇਸ ਲਈ ਮੂਸਾ ਅਤੇ ਜਾਜਕ ਅਲਆਜ਼ਾਰ ਨੇ ਸੋਨੇ ਦੀਆਂ ਇਹ ਸਾਰੀਂ ਚੀਜ਼ਾਂ ਲੈ ਲਈਆਂ। 52 ਜਿਹੜਾ ਸੋਨੇ 1,000 ਆਦਮੀਆਂ ਦੇ ਕਮਾਂਡਰਾਂ ਅਤੇ 100 ਆਦਮੀਆਂ ਦੇ ਕਮਾਂਡਰਾਂ ਨੇ ਯਹੋਵਾਹ ਨੂੰ ਦਿੱਤਾ 420 ਪੌਂਡ ਵਜਨ ਦਾ ਸੀ। 53 ਸਿਪਾਹੀਆਂ ਨੇ ਜੰਗ ਵਿੱਚ ਹਾਸਿਲ ਕੀਤੀਆਂ ਹੋਰਨਾਂ ਚੀਜ਼ਾਂ ਦਾ ਬਾਕੀ ਹਿੱਸਾ ਰੱਖ ਲਿਆ। 54 ਮੂਸਾ ਅਤੇ ਜਾਜਕ ਅਲਆਜ਼ਾਰ 1,000 ਆਦਮੀਆਂ ਅਤੇ 100 ਆਦਮੀਆਂ ਦੇ ਆਗੂਆਂ ਪਾਸੋਂ ਸੋਨਾ ਲੈ ਲਿਆ। ਫ਼ੇਰ ਉਨ੍ਹਾਂ ਨੇ ਉਹ ਸੋਨਾ ਮੰਡਲੀ ਵਾਲੇ ਤੰਬੂ ਵਿੱਚ ਰੱਖ ਦਿੱਤਾ। ਇਹ ਤੋਹਫ਼ਾ ਯਹੋਵਾਹ ਦੇ ਲਈ ਇਸਰਾਏਲ ਦੇ ਲੋਕਾਂ ਦੀ ਯਾਦਗਾਰ ਸੀ।
ਯਰਦਨ ਨਦੀ ਦੇ ਪੂਰਬ ਦੇ ਪਰਿਵਾਰ-ਸਮੂਹ
32 ਰਊਬੇਨ ਅਤੇ ਗਾਦ ਦੇ ਪਰਿਵਾਰ-ਸਮੂਹਾਂ ਕੋਲ ਬਹੁਤ ਸਾਰੀਆਂ ਗਾਵਾਂ ਸਨ। ਉਨ੍ਹਾਂ ਲੋਕਾਂ ਨੇ ਯਾਜ਼ੇਰ ਅਤੇ ਗਿਲਆਦ ਦੇ ਨੇੜੇ ਦੀ ਜ਼ਮੀਨ ਵੱਲ ਦੇਖਿਆ। ਉਨ੍ਹਾਂ ਨੇ ਦੇਖਿਆ ਕਿ ਇਹ ਧਰਤੀ ਉਨ੍ਹਾਂ ਦੀਆਂ ਗਾਵਾਂ ਲਈ ਚੰਗੀ ਸੀ। 2 ਇਸ ਲਈ ਰਊਬੇਨ ਅਤੇ ਗਾਦ ਦੇ ਪਰਿਵਾਰ-ਸਮੂਹ ਦੇ ਲੋਕ ਮੂਸਾ ਕੋਲ ਆਏ। ਉਨ੍ਹਾਂ ਨੇ ਮੂਸਾ, ਜਾਜਕ ਅਲਆਜ਼ਾਰ ਅਤੇ ਲੋਕਾਂ ਦੇ ਆਗੂਆਂ ਨਾਲ ਗੱਲ ਕੀਤੀ, 3-4 ਉਨ੍ਹਾਂ ਨੇ ਆਖਿਆ, “ਸਾਡੇ, ਤੁਹਾਡੇ ਸੇਵਕਾਂ ਕੋਲ, ਬਹੁਤ ਸਾਰੀਆਂ ਗਊਆਂ ਹਨ। ਅਤੇ ਉਹ ਜ਼ਮੀਨ ਜਿਸ ਲਈ ਅਸੀਂ ਲੜਾਈ ਕੀਤੀ ਉਹ ਸਾਡੇ ਲਈ ਚੰਗੀ ਹੈ। ਇਸ ਜ਼ਮੀਨ ਵਿੱਚ ਅਟਾਰੋਥ, ਦੀਬੋਨ, ਯਾਜ਼ੇਰ, ਨਿਮਰਾਹ, ਹਸ਼ਬੋਨ, ਅਲਾਲੇਹ, ਸਬਾਮ, ਨਬੋ ਅਤੇ ਬਓਨ ਦਾ ਇਲਾਕਾ ਸ਼ਾਮਿਲ ਹੈ। 5 ਜੇ ਇਸ ਵਿੱਚ ਤੁਹਾਡੀ ਖੁਸ਼ੀ ਹੋਵੇ ਤਾਂ ਅਸੀਂ ਚਾਹੁੰਦੇ ਹਾਂ ਕਿ ਇਹ ਜ਼ਮੀਨ ਸਾਨੂੰ ਦਿੱਤੀ ਜਾਵੇ। ਸਾਨੂੰ ਯਰਦਨ ਨਦੀ ਦੇ ਪਰਲੇ ਪਾਸੇ ਨਾ ਲਿਜਾਉ।”
6 ਮੂਸਾ ਨੇ ਰਊਬੇਨ ਅਤੇ ਗਾਦ ਪਰਿਵਾਰ-ਸਮੂਹਾਂ ਦੇ ਲੋਕਾਂ ਨੂੰ ਆਖਿਆ, “ਕੀ ਤੁਸੀਂ ਆਪਣੇ ਭਰਾਵਾਂ ਨੂੰ ਜਾਕੇ ਲੜਨ ਦੇਵੋਂਗੇ ਜਦੋਂ ਕਿ ਤੁਸੀਂ ਇੱਥੇ ਟਿਕੇ ਰਹੋ? 7 ਤੁਸੀਂ ਇਸਰਾਏਲ ਦੇ ਲੋਕਾਂ ਦਾ ਹੌਂਸਲਾ ਢਾਹੁਣ ਦੀ ਕੋਸ਼ਿਸ਼ ਕਿਉਂ ਕਰ ਰਹੇ ਹੋ? ਤੁਸੀਂ ਉਨ੍ਹਾਂ ਦੀ ਨਦੀ ਪਾਰ ਕਰਨ ਦੀ ਇੱਛਾ ਵਿੱਚ ਰੋਕ ਪਾ ਦਿਉਂਗੇ ਅਤੇ ਉਸ ਜ਼ਮੀਨ ਨੂੰ ਹਾਸਿਲ ਕਰਨ ਵਿੱਚ ਰੁਕਾਵਟ ਬਣੋਂਗੇ ਜਿਹੜੀ ਯਹੋਵਾਹ ਨੇ ਉਨ੍ਹਾਂ ਨੂੰ ਦਿੱਤੀ ਹੈ। 8 ਤੁਹਾਡੇ ਪੁਰਖਿਆਂ ਨੇ ਮੇਰੇ ਨਾਲ ਵੀ ਅਜਿਹਾ ਹੀ ਕੀਤਾ ਸੀ। ਕਾਦੇਸ਼ ਬਰਨੇਆ ਵਿੱਚ ਮੈਂ ਧਰਤੀ ਦੇਖਣ ਲਈ ਜਾਸੂਸ ਭੇਜੇ। 9 ਉਹ ਲੋਕ ਅਸ਼ਕੋਲ ਵਾਦੀ ਤੀਕ ਗਏ। ਉਨ੍ਹਾਂ ਨੇ ਜ਼ਮੀਨ ਦੇਖੀ ਅਤੇ ਇਸਰਾਏਲ ਦੇ ਲੋਕਾਂ ਦਾ ਹੌਂਸਲਾ ਤੋੜ ਦਿੱਤਾ। ਉਨ੍ਹਾਂ ਨੇ ਉਸ ਧਰਤੀ ਉਤੇ ਜਾਣ ਦੀ ਉਨ੍ਹਾਂ ਦੀ ਇੱਛਾ ਵਿੱਚ ਰੁਕਾਵਟ ਪਾ ਦਿੱਤੀ, ਜਿਹੜੀ ਯਹੋਵਾਹ ਨੇ ਉਨ੍ਹਾਂ ਨੂੰ ਦਿੱਤੀ ਸੀ। 10 ਯਹੋਵਾਹ ਉਨ੍ਹਾਂ ਲੋਕਾਂ ਨਾਲ ਬਹੁਤ ਨਾਰਾਜ਼ ਹੋ ਗਿਆ ਯਹੋਵਾਹ ਨੇ ਇਹ ਇਕਰਾਰ ਕੀਤੇ: 11 ‘ਲੋਕਾਂ ਦਰਮਿਆਨ ਆਦਮੀਆਂ ਵਿੱਚੋਂ, ਕਿਸੇ ਨੂੰ ਵੀ, ਜੋ 20 ਸਾਲ ਜਾਂ ਇਸ ਨਾਲੋਂ ਵਡੇਰੇ ਹਨ ਇਸ ਧਰਤੀ ਨੂੰ ਦੇਖਣ ਦੀ ਆਗਿਆ ਨਹੀਂ ਮਿਲੇਗੀ। ਮੈਂ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਇਕਰਾਰ ਕੀਤਾ ਸੀ ਕਿ ਮੈਂ ਇਹ ਜ਼ਮੀਨ ਇਨ੍ਹਾਂ ਲੋਕਾਂ ਨੂੰ ਦੇਵਾਂਗਾ ਪਰ ਉਹ ਮੇਰੇ ਸੱਚੇ ਅਨੁਯਾਈ ਨਹੀਂ ਬਣੇ। 12 ਸਿਰਫ਼ ਕਨਿਜ਼ੀਆ ਦੇ ਯਫ਼ੁੰਨਹ ਦਾ ਪੁੱਤਰ ਕਾਲੇਬ, ਅਤੇ ਨੂਨ ਦਾ ਪੁੱਤਰ ਯਹੋਸ਼ੁਆ ਹੀ ਯਹੋਵਾਹ ਦੇ ਸੱਚੇ ਅਨੁਯਾਈ ਬਣੇ।’
13 “ਯਹੋਵਾਹ ਇਸਰਾਏਲ ਦੇ ਲੋਕਾਂ ਨਾਲ ਬਹੁਤ ਨਾਰਾਜ਼ ਸੀ। ਇਸ ਲਈ ਯਹੋਵਾਹ ਨੇ ਲੋਕਾਂ ਨੂੰ 40 ਵਰ੍ਹੇ ਤੀਕ ਮਾਰੂਥਲ ਵਿੱਚ ਰਹਿਣ ਲਈ ਮਜ਼ਬੂਰ ਕੀਤਾ, ਜਦੋਂ ਤੱਕ ਕਿ ਉਹ ਸਾਰੇ ਲੋਕ ਮਰ ਨਹੀਂ ਗਏ ਜਿਨ੍ਹਾਂ ਨੇ ਯਹੋਵਾਹ ਦੇ ਖਿਲਾਫ਼ ਪਾਪ ਕੀਤਾ ਸੀ। 14 ਹੁਣ ਤੁਸੀਂ ਵੀ ਉਹੀ ਕੁਝ ਕਰ ਰਹੇ ਹੋ ਜੋ ਤੁਹਾਡੇ ਪੁਰਖਿਆਂ ਨੇ ਕੀਤਾ ਸੀ। ਤੁਸੀਂ ਪਾਪੀ ਲੋਕ, ਇਸਰਾਏਲ ਦੇ ਖਿਲਾਫ਼ ਯਹੋਵਾਹ ਦੇ ਗੁੱਸੇ ਨੂੰ ਭੜਕਾ ਰਹੇ ਹੋ। 15 ਜੇ ਤੁਸੀਂ ਯਹੋਵਾਹ ਦੇ ਅਨੁਯਾਈ ਬਨਣਾ ਛੱਡ ਦਿਉਂਗੇ, ਤਾਂ ਯਹੋਵਾਹ ਇਸਰਾਏਲ ਨੂੰ ਹੋਰ ਵੀ ਵੱਧੇਰੇ ਸਮਾਂ ਮਾਰੂਥਲ ਵਿੱਚ ਰੱਖੇਗਾ। ਫ਼ੇਰ ਤੁਸੀਂ ਇਨ੍ਹਾਂ ਲੋਕਾਂ ਨੂੰ ਤਬਾਹ ਕਰ ਦਿਉਂਗੇ।”
16 ਪਰ ਰਊਬੇਨ ਅਤੇ ਗਾਦ ਦੇ ਪਰਿਵਾਰ-ਸਮੂਹਾਂ ਦੇ ਲੋਕ, ਮੂਸਾ ਕੋਲ ਗਏ। ਉਨ੍ਹਾਂ ਨੇ ਆਖਿਆ, “ਅਸੀਂ ਆਪਣੇ ਬੱਚਿਆਂ ਲਈ ਇੱਥੇ ਸ਼ਹਿਰ ਉਸਾਰਾਂਗੇ ਅਤੇ ਆਪਣੇ ਪਸ਼ੂਆਂ ਲਈ ਵਾੜੇ। 17 ਤਾਂ ਸਾਡੇ ਬੱਚੇ ਉਨ੍ਹਾਂ ਲੋਕਾਂ ਤੋਂ ਸੁਰੱਖਿਅਤ ਹੋ ਜਾਣਗੇ ਜਿਹੜੇ ਇਸ ਧਰਤੀ ਉੱਤੇ ਰਹਿੰਦੇ ਹਨ। ਪਰ ਅਸੀਂ ਖੁਸ਼ੀ ਨਾਲ ਇਸਰਾਏਲ ਦੇ ਹੋਰਨਾਂ ਲੋਕਾਂ ਦੀ ਆਕੇ ਸਹਾਇਤਾ ਕਰਾਂਗੇ। ਅਸੀਂ ਉਨ੍ਹਾਂ ਨੂੰ ਉਨ੍ਹਾਂ ਦੀ ਧਰਤੀ ਉੱਤੇ ਲੈ ਜਾਵਾਂਗੇ। 18 ਅਸੀਂ ਉਦੋਂ ਤੀਕ ਘਰ ਵਾਪਸ ਨਹੀਂ ਆਵਾਂਗੇ ਜਦੋਂ ਤੀਕ ਕਿ ਇਸਰਾਏਲ ਦੇ ਹਰ ਬੰਦੇ ਨੂੰ ਉਸਦੀ ਜ਼ਮੀਨ ਨਹੀਂ ਮਿਲ ਜਾਂਦੀ। 19 ਅਸੀਂ ਯਰਦਨ ਨਦੀ ਪੱਛਮ ਵੱਲ ਕੋਈ ਜ਼ਮੀਨ ਨਹੀਂ ਲਵਾਂਗੇ। ਨਹੀਂ! ਸਾਡੇ ਹਿੱਸੇ ਦੀ ਜ਼ਮੀਨ ਯਰਦਨ ਨਦੀ ਦੇ ਪੂਰਬ ਵਾਲੇ ਪਾਸੇ ਹੀ ਹੈ।”
2010 by World Bible Translation Center