Print Page Options
Previous Prev Day Next DayNext

Bible in 90 Days

An intensive Bible reading plan that walks through the entire Bible in 90 days.
Duration: 88 days
Punjabi Bible: Easy-to-Read Version (ERV-PA)
Version
ਉਤਪਤ 28:20-40:11

20 ਫ਼ੇਰ ਯਾਕੂਬ ਨੇ ਇੱਕ ਇਕਰਾਰ ਕੀਤਾ। ਉਸ ਨੇ ਆਖ਼ਿਆ, “ਜੇ ਪਰਮੇਸ਼ੁਰ ਮੇਰੇ ਨਾਲ ਹੈ, ਅਤੇ ਜੇ ਪਰਮੇਸ਼ੁਰ ਮੇਰੀ ਇਸ ਯਾਤਰਾ ਉੱਤੇ ਰੱਖਿਆ ਕਰੇਗਾ, ਅਤੇ ਜੇ ਪਰਮੇਸ਼ੁਰ ਮੈਨੂੰ ਖਾਣ-ਪੀਣ ਅਤੇ ਪਹਿਨਣ ਲਈ ਦਿੰਦਾ ਹੈ, 21 ਅਤੇ ਜੇ ਮੈਂ ਸ਼ਾਂਤੀ ਨਾਲ ਆਪਣੇ ਪਿਤਾ ਦੇ ਘਰ ਆ ਜਾਂਦਾ ਹਾਂ, ਤਾਂ ਯਹੋਵਾਹ ਮੇਰਾ ਪਰਮੇਸ਼ੁਰ ਹੋਵੇਗਾ। 22 ਮੈਂ ਇਸ ਪੱਥਰ ਨੂੰ ਇੱਕ ਯਾਦਗਾਰ ਪੱਥਰ ਵਜੋਂ ਸਥਾਪਿਤ ਕਰ ਰਿਹਾ ਹਾਂ। ਇਹ ਦਰਸਾਵੇਗਾ ਕਿ ਇਹ ਪਰਮੇਸ਼ੁਰ ਲਈ ਪਵਿੱਤਰ ਸਥਾਨ ਹੈ। ਅਤੇ ਮੈਂ ਪਰਮੇਸ਼ੁਰ ਨੂੰ ਉਸ ਸਾਰੇ ਕੁਝ ਦਾ ਦਸਵੰਧ ਦੇਵਾਂਗਾ ਜੋ ਕੁਝ ਵੀ ਉਹ ਮੈਨੂੰ ਦੇਵੇਗਾ।”

ਯਾਕੂਬ ਰਾਖੇਲ ਨੂੰ ਮਿਲਦਾ ਹੈ

29 ਫ਼ੇਰ ਯਾਕੂਬ ਨੇ ਆਪਣਾ ਸਫ਼ਰ ਜਾਰੀ ਰੱਖਿਆ। ਉਹ ਪੂਰਬ ਦੇ ਦੇਸ਼ ਵਿੱਚ ਗਿਆ। ਯਾਕੂਬ ਨੇ ਝਾਤੀ ਮਾਰੀ ਅਤੇ ਉਸ ਨੂੰ ਖੇਤਾਂ ਅੰਦਰ ਇੱਕ ਖੂਹ ਨਜ਼ਰ ਆਇਆ। ਖੂਹ ਦੇ ਨੇੜੇ ਭੇਡਾਂ ਦੇ ਤਿੰਨ ਇੱਜੜ ਲੇਟੇ ਸਨ। ਇਹੀ ਉਹ ਖੂਹ ਸੀ ਜਿੱਥੇ ਇਹ ਭੇਡਾਂ ਪਾਣੀ ਪੀਂਦੀਆਂ ਸਨ। ਉੱਥੇ ਇੱਕ ਵੱਡਾ ਪੱਥਰ ਸੀ, ਜਿਸ ਨਾਲ ਖੂਹ ਦਾ ਮੂੰਹ ਕੱਜਿਆ ਹੋਇਆ ਸੀ। ਜਦੋਂ ਸਾਰੇ ਇੱਜੜ ਉੱਥੇ ਇਕੱਠੇ ਹੋ ਜਾਂਦੇ ਸਨ ਅਯਾਲੀ ਪੱਥਰ ਨੂੰ ਖੂਹ ਤੋਂ ਹਟਾ ਦਿੰਦੇ ਸਨ। ਫ਼ੇਰ ਸਾਰੀਆਂ ਭੇਡਾਂ ਪਾਣੀ ਪੀ ਸੱਕਦੀਆਂ ਸਨ। ਜਦੋਂ ਭੇਡਾਂ ਦੀ ਪਿਆਸ ਬੁਝ ਜਾਂਦੀ ਤਾਂ ਅਯਾਲੀ ਪੱਥਰ ਨੂੰ ਮੁੜਕੇ ਪਹਿਲੀ ਥਾਂ ਖਿਸੱਕਾ ਦਿੰਦੇ ਸਨ।

ਯਾਕੂਬ ਨੇ ਉੱਥੋਂ ਦੇ ਅਯਾਲੀਆਂ ਨੂੰ ਆਖਿਆ, “ਭਰਾਵੋ, ਤੁਸੀਂ ਕਿੱਥੋਂ ਦੇ ਹੋ?”

ਉਨ੍ਹਾਂ ਨੇ ਜਵਾਬ ਦਿੱਤਾ, “ਅਸੀਂ ਹਾਰਾਨ ਤੋਂ ਹਾਂ।”

ਫ਼ੇਰ ਯਾਕੂਬ ਨੇ ਆਖਿਆ, “ਕੀ ਤੁਸੀਂ ਨਾਹੋਰ ਦੇ ਪੋਤਰੇ ਲਾਬਾਨ ਨੂੰ ਜਾਣਦੇ ਹੋ?”

ਅਯਾਲੀਆਂ ਨੇ ਜਵਾਬ ਦਿੱਤਾ, “ਅਸੀਂ ਉਸ ਨੂੰ ਜਾਣਦੇ ਹਾਂ।”

ਫ਼ੇਰ ਯਾਕੂਬ ਨੇ ਆਖਿਆ, “ਉਸਦਾ ਕੀ ਹਾਲ ਹੈ?”

ਉਨ੍ਹਾਂ ਨੇ ਜਵਾਬ ਦਿੱਤਾ, “ਉਹ ਰਾਜੀ-ਖੁਸ਼ੀ ਹੈ। ਹਰ ਚੀਜ਼ ਠੀਕ ਹੈ। ਦੇਖੋ ਉਹ ਉਸ ਦੀ ਧੀ ਰਾਖੇਲ ਉਸ ਦੀਆਂ ਭੇਡਾਂ ਦੇ ਨਾਲ ਤੁਰੀ ਆਉਂਦੀ ਹੈ।”

ਯਾਕੂਬ ਨੇ ਆਖਿਆ, “ਦੇਖੋ, ਹਾਲੇ ਤਾਂ ਦਿਨ ਖੜ੍ਹਾ ਹੈ ਸੂਰਜ ਛਿਪਣ ਵਿੱਚ ਹਾਲੇ ਦੇਰ ਹੈ। ਹਾਲੇ ਜਾਨਵਰਾਂ ਦੇ ਰਾਤ ਲਈ ਇਕੱਠੇ ਕਰਨ ਦਾ ਵੇਲਾ ਨਹੀਂ ਹੋਇਆ। ਇਸ ਲਈ ਇਨ੍ਹਾਂ ਨੂੰ ਪਾਣੀ ਪਿਲਾਉ ਅਤੇ ਖੇਤਾਂ ਵਿੱਚ ਵਾਪਸ ਜਾਣ ਦਿਉ।”

ਪਰ ਉਸ ਅਯਾਲੀ ਨੇ ਆਖਿਆ, “ਅਸੀਂ ਉਦੋਂ ਤੱਕ ਅਜਿਹਾ ਨਹੀਂ ਕਰ ਸੱਕਦੇ ਜਿੰਨਾ ਚਿਰ ਸਾਰੇ ਇੱਜੜ ਇਕੱਠੇ ਨਹੀਂ ਹੋ ਜਾਂਦੇ। ਫ਼ੇਰ ਅਸੀਂ ਖੂਹ ਤੋਂ ਪੱਥਰ ਖਿਸੱਕਾ ਦੇਵਾਂਗੇ ਅਤੇ ਸਾਰੀਆਂ ਭੇਡਾਂ ਪਾਣੀ ਪੀਣਗੀਆਂ।”

ਜਦੋਂ ਯਾਕੂਬ ਅਯਾਲੀਆਂ ਨਾਲ ਗੱਲ ਕਰ ਰਿਹਾ ਸੀ ਤਾਂ ਰਾਖੇਲ ਆਪਣੇ ਪਿਤਾ ਦੀਆਂ ਭੇਡਾਂ ਦੇ ਨਾਲ ਆ ਗਈ। (ਰਾਖੇਲ ਦਾ ਕੰਮ ਭੇਡਾਂ ਦੀ ਦੇਖ-ਭਾਲ ਕਰਨਾ ਸੀ।) 10 ਰਾਖੇਲ ਲਾਬਾਨ ਦੀ ਧੀ ਸੀ। ਲਾਬਾਨ ਯਕੂਬ ਦੀ ਮਾਂ ਰਿਬਕਾਹ ਦਾ ਭਰਾ ਸੀ। ਜਦੋਂ ਯਾਕੂਬ ਨੇ ਰਾਖੇਲ ਨੂੰ ਦੇਖਿਆ, ਉਸ ਨੇ ਜਾਕੇ ਪੱਥਰ ਖਿਸੱਕਾਇਆ ਅਤੇ ਫ਼ੇਰ ਭੇਡਾਂ ਨੂੰ ਪਾਣੀ ਦਿੱਤਾ। 11 ਫ਼ੇਰ ਯਾਕੂਬ ਨੇ ਰਾਖੇਲ ਨੂੰ ਚੁੰਮਿਆ ਅਤੇ ਰੋ ਪਿਆ। 12 ਯਾਕੂਬ ਨੇ ਰਾਖੇਲ ਨੂੰ ਦੱਸਿਆ ਕਿ ਉਹ ਉਸ ਦੇ ਪਿਤਾ ਦੇ ਪਰਿਵਾਰ ਵਿੱਚੋਂ ਸੀ। ਉਸ ਨੇ ਰਾਖੇਲ ਨੂੰ ਦੱਸਿਆ ਕਿ ਉਹ ਰਿਬਕਾਹ ਦਾ ਪੁੱਤਰ ਸੀ। ਇਸ ਲਈ ਰਾਖੇਲ ਘਰ ਦੌੜ ਗਈ ਅਤੇ ਆਪਣੇ ਪਿਤਾ ਨੂੰ ਇਸ ਬਾਰੇ ਦੱਸਿਆ।

13 ਲਾਬਾਨ ਨੇ ਆਪਣੀ ਭੈਣ ਦੇ ਪੁੱਤਰ ਯਾਕੂਬ ਬਾਰੇ ਸੁਣਿਆ। ਇਸ ਲਈ ਲਾਬਾਨ ਉਸ ਨੂੰ ਮਿਲਣ ਲਈ ਦੌੜਿਆ। ਲਾਬਾਨ ਨੇ ਉਸ ਨੂੰ ਜਫ਼ੀ ਪਾ ਲਈ ਅਤੇ ਚੁੰਮਿਆ ਅਤੇ ਆਪਣੇ ਘਰ ਲੈ ਆਇਆ। ਯਾਕੂਬ ਨੇ ਜੋ ਕੁਝ ਵਾਪਰਿਆ ਸੀ ਸਭ ਦੱਸ ਦਿੱਤਾ।

14 ਫ਼ੇਰ ਲਾਬਾਨ ਨੇ ਆਖਿਆ, “ਇਹ ਤਾਂ ਬਹੁਤ ਸ਼ਾਨਦਾਰ ਗੱਲ ਹੈ। ਤੂੰ ਮੇਰੇ ਆਪਣੇ ਪਰਿਵਾਰ ਵਿੱਚੋਂ ਹੈ।” ਇਸ ਲਈ ਯਾਕੂਬ ਲਾਬਾਨ ਕੋਲ ਇੱਕ ਮਹੀਨੇ ਲਈ ਠਹਿਰ ਗਿਆ।

ਲਾਬਾਨ ਦਾ ਯਾਕੂਬ ਨਾਲ ਧੋਖਾ ਕਰਨਾ

15 ਇੱਕ ਦਿਨ ਲਾਬਾਨ ਨੇ ਯਾਕੂਬ ਨੂੰ ਆਖਿਆ, “ਤੇਰੇ ਲਈ ਮੇਰੇ ਵਾਸਤੇ ਬਿਨਾ ਤਨਖਾਹ ਤੋਂ ਕੰਮ ਕਰਨਾ ਸਹੀ ਨਹੀਂ। ਤੂੰ ਇੱਕ ਰਿਸ਼ਤੇਦਾਰ ਹੈਂ, ਕੋਈ ਗੁਲਾਮ ਨਹੀਂ ਮੈਂ ਤੈਨੂੰ ਕੀ ਦੇਵਾਂ?”

16 ਲਾਬਾਨ ਦੀਆਂ ਦੋ ਧੀਆਂ ਸਨ। ਵੱਡੀ ਲੇਆਹ ਸੀ ਅਤੇ ਛੋਟੀ ਰਾਖੇਲ ਸੀ।

17 ਲੇਆਹ ਜ਼ਿਆਦੇ ਖੂਬਸੂਰਤ ਨਹੀਂ ਸੀ, ਪਰ ਰਾਖੇਲ ਇੱਕ ਬਹੁਤ ਹੀ ਖੂਬਸੂਰਤ ਮੁਟਿਆਰ ਸੀ। 18 ਯਾਕੂਬ ਰਾਖੇਲ ਨੂੰ ਪਿਆਰ ਕਰਦਾ ਸੀ, ਯਾਕੂਬ ਨੇ ਲਾਬਾਨ ਨੂੰ ਆਖਿਆ, “ਮੈਂ ਤੇਰੇ ਲਈ ਸੱਤ ਸਾਲ ਗੁਲਾਮੀ ਕਰਾਂਗਾ ਜੇ ਤੂੰ ਮੇਰੇ ਨਾਲ ਆਪਣੀ ਧੀ ਰਾਖੇਲ ਦਾ ਵਿਆਹ ਕਰ ਦੇਵੇਂ।”

19 ਲਾਬਾਨ ਨੇ ਆਖਿਆ, “ਉਸਦੇ ਲਈ ਵੀ ਤੇਰੇ ਨਾਲ ਸ਼ਾਦੀ ਕਰਨਾ ਹੋਰ ਕਿਸੇ ਨਾਲ ਸ਼ਾਦੀ ਕਰਨ ਨਾਲੋਂ ਬਿਹਤਰ ਹੋਵੇਗਾ। ਇਸ ਲਈ ਮੇਰੇ ਕੋਲ ਠਹਿਰ ਜਾ।”

20 ਇਸ ਲਈ ਯਾਕੂਬ ਠਹਿਰ ਗਿਆ ਅਤੇ ਸੱਤ ਵਰ੍ਹੇ ਲਾਬਾਨ ਲਈ ਕੰਮ ਕਰਦਾ ਰਿਹਾ। ਪਰ ਇਹ ਕੁਝ ਦਿਨਾਂ ਵਾਂਗ ਹੀ ਲੱਗਿਆ ਕਿਉਂਕਿ ਉਹ ਰਾਖੇਲ ਨੂੰ ਪਿਆਰ ਕਰਦਾ ਸੀ।

21 ਸੱਤ ਵਰ੍ਹਿਆਂ ਬਾਦ ਯਾਕੂਬ ਨੇ ਲਾਬਾਨ ਨੂੰ ਆਖਿਆ, “ਮੈਨੂੰ ਰਾਖੇਲ ਦਾ ਹੱਥ ਫ਼ੜਾ ਦੇ ਤਾਂ ਜੋ ਮੈਂ ਉਸ ਨਾਲ ਸ਼ਾਦੀ ਕਰ ਸੱਕਾਂ। ਮੇਰਾ ਤੇਰੇ ਲਈ ਕੰਮ ਕਰਨ ਦਾ ਸਮਾਂ ਮੁੱਕ ਗਿਆ ਹੈ।”

22 ਇਸ ਲਈ ਲਾਬਾਨ ਨੇ ਉਸ ਥਾਂ ਦੇ ਸਾਰੇ ਲੋਕਾਂ ਨੂੰ ਦਾਵਤ ਦਿੱਤੀ। 23 ਉਸ ਰਾਤ ਲਾਬਾਨ ਆਪਣੀ ਧੀ ਲੇਆਹ ਨੂੰ ਯਾਕੂਬ ਕੋਲ ਲੈ ਆਇਆ। ਯਾਕੂਬ ਅਤੇ ਲੇਆਹ ਨੇ ਸੰਭੋਗ ਕੀਤਾ। 24 (ਲਾਬਾਨ ਨੇ ਆਪਣੀ ਨੌਕਰਾਣੀ ਜ਼ਿਲਫ਼ਾਹ ਨੂੰ ਆਪਣੀ ਧੀ ਦੀ ਸੇਵਕਾ ਬਣਾ ਦਿੱਤਾ।) 25 ਸਵੇਰ ਨੂੰ ਯਾਕੂਬ ਨੇ ਦੇਖਿਆ ਕਿ ਉਹ ਤਾਂ ਲੇਆਹ ਨਾਲ ਸੁੱਤਾ ਸੀ। ਯਾਕੂਬ ਨੇ ਲਾਬਾਨ ਨੂੰ ਆਖਿਆ, “ਤੂੰ ਮੇਰੇ ਨਾਲ ਧੋਖਾ ਕੀਤਾ ਹੈ। ਮੈਂ ਤੇਰੇ ਲਈ ਸਖ਼ਤ ਮਿਹਨਤ ਕੀਤੀ ਤਾਂ ਜੋ ਰਾਖੇਲ ਨਾਲ ਸ਼ਾਦੀ ਕਰ ਸੱਕਾਂ। ਤੂੰ ਮੈਨੂੰ ਧੋਖਾ ਕਿਉਂ ਦਿੱਤਾ?”

26 ਲਾਬਾਨ ਨੇ ਆਖਿਆ, “ਸਾਡੇ ਦੇਸ਼ ਵਿੱਚ ਅਸੀਂ ਵੱਡੀ ਧੀ ਤੋਂ ਪਹਿਲਾਂ ਛੋਟੀ ਦਾ ਵਿਆਹ ਨਹੀਂ ਕਰਦੇ। 27 ਪਰ ਤੂੰ ਪੂਰਾ ਹਫ਼ਤਾ ਸ਼ਾਦੀ ਦੀਆਂ ਰਸਮਾਂ ਵਿੱਚ ਸ਼ਾਮਿਲ ਰਹਿ, ਅਤੇ ਮੈਂ ਰਾਖੇਲ ਦਾ ਵੀ ਤੇਰੇ ਨਾਲ ਵਿਆਹ ਕਰ ਦਿਆਂਗਾ। ਪਰ ਤੈਨੂੰ ਮੇਰੇ ਲਈ ਸੱਤ ਵਰ੍ਹੇ ਹੋਰ ਕੰਮ ਕਰਨਾ ਪਵੇਗਾ।”

28 ਇਸ ਲਈ ਯਾਕੂਬ ਨੇ ਇਵੇਂ ਹੀ ਕੀਤਾ ਅਤੇ ਹਫ਼ਤਾ ਖਤਮ ਹੋ ਗਿਆ। ਫ਼ੇਰ ਲਾਬਾਨ ਨੇ ਆਪਣੀ ਧੀ ਰਾਖੇਲ ਦਾ ਵਿਆਹ ਵੀ ਉਸ ਨਾਲ ਕਰ ਦਿੱਤਾ। 29 (ਲਾਬਾਨ ਨੇ ਆਪਣੀ ਸੇਵਕਾ ਬਿਲਹਾਹ ਨੂੰ ਆਪਣੀ ਧੀ ਰਾਖੇਲ ਦੀ ਸੇਵਕਾ ਬਣਾ ਦਿੱਤਾ।) 30 ਇਸ ਲਈ ਯਾਕੂਬ ਨੇ ਰਾਖੇਲ ਨਾਲ ਵੀ ਸੰਭੋਗ ਕੀਤਾ ਅਤੇ ਯਾਕੂਬ ਰਾਖੇਲ ਨੂੰ ਲੇਆਹ ਨਾਲੋਂ ਵੱਧ ਪਿਆਰ ਕਰਦਾ ਸੀ। ਯਾਕੂਬ ਸੱਤ ਵਰ੍ਹੇ ਹੋਰ ਲਾਬਾਨ ਲਈ ਕੰਮ ਕਰਦਾ ਰਿਹਾ।

ਯਾਕੂਬ ਦਾ ਪਰਿਵਾਰ ਵੱਧਦਾ ਹੈ

31 ਯਹੋਵਾਹ ਨੇ ਦੇਖਿਆ ਕਿ ਲੇਆਹ ਦੀ ਅਣਗਹਿਲੀ ਹੁੰਦੀ ਸੀ। ਇਸ ਲਈ ਯਹੋਵਾਹ ਨੇ ਲੇਆਹ ਨੂੰ ਬੱਚੇ ਪੈਦਾ ਕਰਨ ਦਿੱਤੇ। ਪਰ ਰਾਖੇਲ ਦੇ ਬੱਚੇ ਪੈਦਾ ਨਾ ਹੋਏ।

32 ਲੇਆਹ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ। ਉਸ ਨੇ ਇਸਦਾ ਨਾਮ ਰਊਬੇਨ ਰੱਖਿਆ। ਲੇਆਹ ਨੇ ਇਸਦਾ ਇਹ ਨਾਮ ਇਸ ਲਈ ਰੱਖਿਆ ਕਿਉਂਕਿ ਉਸ ਨੇ ਆਖਿਆ, “ਯਹੋਵਾਹ ਨੇ ਮੇਰੀਆਂ ਮੁਸ਼ਕਿਲਾਂ ਦੇਖ ਲਈਆਂ ਹਨ। ਮੇਰਾ ਪਤੀ ਮੈਨੂੰ ਪਿਆਰ ਨਹੀਂ ਕਰਦਾ। ਇਸ ਲਈ ਸ਼ਾਇਦ ਹੁਣ ਮੇਰਾ ਪਤੀ ਮੈਨੂੰ ਪਿਆਰ ਕਰੇ।”

33 ਲੇਆਹ ਫ਼ੇਰ ਤੋਂ ਗਰਭਵਤੀ ਹੋ ਗਈ ਅਤੇ ਇੱਕ ਹੋਰ ਪੁੱਤਰ ਨੂੰ ਜਨਮ ਦਿੱਤਾ। ਉਸ ਨੇ ਉਸਦਾ ਨਾਮ ਸ਼ਿਮਓਨ [a] ਰੱਖਿਆ। ਲੇਆਹ ਨੇ ਆਖਿਆ, “ਯਹੋਵਾਹ ਜਾਣਦਾ ਕਿ ਮੇਰਾ ਪਤੀ ਮੇਰੀ ਅਣਗਹਿਲੀ ਕਰਦਾ ਹੈ, ਇਸ ਲਈ ਉਸ ਨੇ ਮੈਨੂੰ ਇਹ ਪੁੱਤਰ ਦਿੱਤਾ ਹੈ।”

34 ਲੇਆਹ ਇੱਕ ਵਾਰ ਫ਼ੇਰ ਗਰਭਵਤੀ ਹੋ ਗਈ ਅਤੇ ਇੱਕ ਹੋਰ ਪੁੱਤਰ ਨੂੰ ਜਨਮ ਦਿੱਤਾ। ਉਸ ਨੇ ਇਸ ਪੁੱਤਰ ਦਾ ਨਾਮ ਲੇਵੀ ਰੱਖਿਆ। ਲੇਆਹ ਨੇ ਆਖਿਆ, “ਹੁਣ ਅਵੱਸ਼ ਹੀ ਮੇਰਾ ਪਤੀ ਮੇਰੇ ਨਾਲ ਜੁੜ ਜਾਵੇਗਾ। ਮੈਂ ਉਸ ਨੂੰ ਤਿੰਨ ਪੁੱਤਰ ਦਿੱਤੇ ਹਨ।”

35 ਫ਼ੇਰ ਲੇਆਹ ਨੇ ਇੱਕ ਹੋਰ ਪੁੱਤਰ ਨੂੰ ਜਨਮ ਦਿੱਤਾ ਉਸ ਨੇ ਉਸਦਾ ਨਾਮ ਯਹੂਦਾਹ ਰੱਖਿਆ। ਲੇਆਹ ਨੇ ਉਸਦਾ ਇਹ ਨਾਮ ਇਸ ਲਈ ਰੱਖਿਆ ਕਿਉਂਕਿ ਉਸ ਨੇ ਆਖਿਆ, “ਹੁਣ ਮੈਂ ਯਹੋਵਾਹ ਦੀ ਉਸਤਤਿ ਕਰਾਂਗੀ।” ਫ਼ੇਰ ਲੇਆਹ ਨੇ ਸੰਤਾਨ ਪੈਦਾ ਕਰਨੀ ਬੰਦ ਕਰ ਦਿੱਤੀ।

30 ਰਾਖੇਲ ਨੇ ਦੇਖਿਆ ਕਿ ਉਹ ਯਾਕੂਬ ਨੂੰ ਕੋਈ ਸੰਤਾਨ ਨਹੀਂ ਦੇ ਰਹੀ ਸੀ। ਰਾਖੇਲ ਆਪਣੀ ਭੈਣ ਲੇਆਹ ਨਾਲ ਈਰਖਾ ਕਰਨ ਲਗੀ। ਇਸ ਲਈ ਰਾਖੇਲ ਨੇ ਯਾਕੂਬ ਨੂੰ ਆਖਿਆ, “ਮੈਨੂੰ ਬੱਚੇ ਦਿਉ ਨਹੀਂ ਤਾਂ ਮੈਂ ਮਰ ਜਾਵਾਂਗੀ!”

ਯਾਕੂਬ ਰਾਖੇਲ ਨਾਲ ਨਾਰਾਜ਼ ਹੋ ਗਿਆ। ਉਸ ਨੇ ਆਖਿਆ, “ਮੈਂ ਪਰਮੇਸ਼ੁਰ ਨਹੀਂ ਹਾਂ। ਇਹ ਪਰਮੇਸ਼ੁਰ ਹੀ ਹੈ ਜਿਸ ਨੇ ਤੈਨੂੰ ਬੱਚਿਆਂ ਦੀ ਦਾਤ ਨਹੀਂ ਦਿੱਤੀ।”

ਫ਼ੇਰ ਰਾਖੇਲ ਨੇ ਆਖਿਆ, “ਤੂੰ ਮੇਰੀ ਦਾਸੀ ਬਿਲਹਾਹ ਨਾਲ ਸੰਬੰਧ ਬਣਾ ਸੱਕਦਾ ਹੈਂ। ਉਸ ਨਾਲ ਸੌਂ ਅਤੇ ਉਹ ਮੇਰੇ ਲਈ ਬੱਚਾ ਪੈਦਾ ਕਰੇਗੀ। ਫ਼ੇਰ ਮੈਂ ਉਸ ਦੇ ਕਾਰਣ ਮਾਂ ਬਣ ਜਾਵਾਂਗੀ।”

ਇਸ ਲਈ ਰਾਖੇਲ ਨੇ ਬਿਲਹਾਹ ਨੂੰ ਆਪਣੇ ਪਤੀ, ਯਾਕੂਬ ਨੂੰ ਉਸਦੀ ਪਤਨੀ ਹੋਣ ਲਈ ਦੇ ਦਿੱਤਾ। ਯਾਕੂਬ ਨੇ ਬਿਲਹਾਹ ਨਾਲ ਜਿਸਨੀ ਸੰਬੰਧ ਬਣਾਏ। ਬਿਲਹਾਹ ਗਰਭਵਤੀ ਹੋ ਗਈ ਅਤੇ ਯਾਕੂਬ ਨੂੰ ਇੱਕ ਪੁੱਤਰ ਦਿੱਤਾ।

ਰਾਖੇਲ ਨੇ ਆਖਿਆ, “ਪਰਮੇਸ਼ੁਰ ਨੇ ਮੇਰੀ ਪ੍ਰਾਰਥਨਾ ਸੁਣ ਲਈ ਹੈ। ਉਸ ਨੇ ਮੈਨੂੰ ਪੁੱਤਰ ਦੇਣ ਦਾ ਨਿਆਂ ਕੀਤਾ ਹੈ।” ਇਸ ਲਈ ਰਾਖੇਲ ਨੇ ਇਸ ਪੁੱਤਰ ਦਾ ਨਾਮ ਦਾਨ ਰੱਖਿਆ।

ਬਿਲਹਾਹ ਇੱਕ ਵਾਰੀ ਫ਼ੇਰ ਗਰਭਵਤੀ ਹੋ ਗਈ ਅਤੇ ਯਾਕੂਬ ਨੂੰ ਦੂਸਰਾ ਪੁੱਤਰ ਦਿੱਤਾ। ਰਾਖੇਲ ਨੇ ਆਖਿਆ, “ਮੈਂ ਆਪਣੀ ਭੈਣ ਨਾਲ ਕੜਾ ਸੰਘਰਸ਼ ਕੀਤਾ ਹੈ। ਅਤੇ ਮੈਂ ਜਿੱਤ ਗਈ ਹਾਂ।” ਇਸ ਲਈ ਉਸ ਨੇ ਉਸ ਪੁੱਤਰ ਦਾ ਨਾਮ ਨਫ਼ਤਾਲੀ ਰੱਖਿਆ।

ਲੇਆਹ ਨੇ ਦੇਖਿਆ ਕਿ ਉਹ ਬੱਚੇ ਪੈਦਾ ਕਰਨੋ ਹਟ ਗਈ ਸੀ। ਇਸ ਲਈ ਉਸ ਨੇ ਆਪਣੀ ਦਾਸੀ ਜ਼ਿਲਫ਼ਾਹ ਯਾਕੂਬ ਦੇ ਹਵਾਲੇ ਕਰ ਦਿੱਤੀ। 10 ਤਾਂ ਜ਼ਿਲਫ਼ਾਹ ਨੇ ਪੁੱਤਰ ਨੂੰ ਜਨਮ ਦਿੱਤਾ। 11 ਲੇਆਹ ਨੇ ਆਖਿਆ, “ਮੈਂ ਖੁਸ਼ਕਿਸਮਤ ਹਾਂ।” ਇਸ ਲਈ ਉਸ ਨੇ ਪੁੱਤਰ ਦਾ ਨਾਮ ਗਾਦ ਰੱਖਿਆ। 12 ਜ਼ਿਲਫ਼ਾਹ ਨੇ ਇੱਕ ਹੋਰ ਪੁੱਤਰ ਨੂੰ ਜਨਮ ਦਿੱਤਾ। 13 ਲੇਆਹ ਨੇ ਆਖਿਆ, “ਮੈਂ ਬਹੁਤ ਖੁਸ਼ ਹਾਂ! ਹੁਣ ਔਰਤਾਂ ਮੈਨੂੰ ਖੁਸ਼ਕਿਸਮਤ ਆਖਣਗੀਆਂ।” ਇਸ ਲਈ ਉਸ ਨੇ ਉਸ ਪੁੱਤਰ ਦਾ ਨਾਮ ਆਸ਼ੇਰ ਰੱਖਿਆ।

14 ਕਣਕ ਦੀ ਵਾਢੀ ਸਮੇਂ, ਰਊਬੇਨ ਖੇਤਾਂ ਵਿੱਚ ਗਿਆ ਅਤੇ ਉਸ ਨੂੰ ਕੁਝ ਖਾਸ ਕਿਸਮ ਦੇ ਫ਼ੁੱਲ ਮਿਲੇ। ਰਊਬੇਨ ਇਹ ਫ਼ੁੱਲ ਆਪਣੀ ਮਾਂ ਲੇਆਹ ਕੋਲ ਲੈ ਆਇਆ। ਪਰ ਰਾਖੇਲ ਨੇ ਲੇਆਹ ਨੂੰ ਆਖਿਆ, “ਮਿਹਰਬਾਨੀ ਕਰਕੇ ਆਪਣੇ ਪੁੱਤਰ ਦੇ ਲਿਆਂਦੇ ਫ਼ੁੱਲ ਮੈਨੂੰ ਵੀ ਦੇ।”

15 ਲੇਆਹ ਨੇ ਜਵਾਬ ਦਿੱਤਾ, “ਤੂੰ ਤਾਂ ਪਹਿਲਾਂ ਹੀ ਮੇਰਾ ਪਤੀ ਮੇਰੇ ਕੋਲੋਂ ਖੋਹ ਲਿਆ ਹੈ। ਹੁਣ ਤੂੰ ਮੇਰੇ ਪੁੱਤਰ ਦੇ ਫ਼ੁੱਲ ਵੀ ਲੈਣਾ ਚਾਹੁੰਦੀ ਹੈਂ।”

ਪਰ ਰਾਖੇਲ ਨੇ ਜਵਾਬ ਦਿੱਤਾ, “ਜੇ ਤੂੰ ਆਪਣੇ ਪੁੱਤਰ ਦੇ ਫ਼ੁੱਲ ਮੈਨੂੰ ਦੇ ਦੇਵੇਂਗੀ ਤਾਂ ਤੂੰ ਅੱਜ ਦੀ ਰਾਤ ਯਾਕੂਬ ਨਾਲ ਸੌਂ ਸੱਕਦੀ ਹੈਂ।”

16 ਯਾਕੂਬ ਉਸ ਸਮੇਂ ਖੇਤਾਂ ਵਿੱਚੋਂ ਆਇਆ। ਲੇਆਹ ਨੇ ਉਸ ਨੂੰ ਦੇਖਿਆ ਅਤੇ ਉਸ ਨੂੰ ਮਿਲਣ ਲਈ ਬਾਹਰ ਗਈ। ਉਸ ਨੇ ਆਖਿਆ, “ਤੂੰ ਅੱਜ ਮੇਰੇ ਨਾਲ ਸੌਵੇਂਗਾ। ਮੈਂ ਆਪਣੇ ਪੁੱਤਰ ਦੇ ਫ਼ੁੱਲਾਂ ਨਾਲ ਤੇਰੀ ਕੀਮਤ ਅਦਾ ਕਰ ਦਿੱਤੀ ਹੈ।” ਇਸ ਲਈ ਯਾਕੂਬ ਉਸ ਰਾਤ ਲੇਆਹ ਨਾਲ ਸੁੱਤਾ।

17 ਪਰਮੇਸ਼ੁਰ ਦੀ ਰਜ਼ਾ ਨਾਲ ਲੇਆਹ ਇੱਕ ਵਾਰ ਫ਼ੇਰ ਗਰਭਵਤੀ ਹੋਈ। ਉਸ ਨੇ ਪੰਜਵੇਂ ਪੁੱਤਰ ਨੂੰ ਜਨਮ ਦਿੱਤਾ। 18 ਲੇਆਹ ਨੇ ਆਖਿਆ, “ਪਰਮੇਸ਼ੁਰ ਨੇ ਮੈਨੂੰ ਇਨਾਮ ਦਿੱਤਾ ਹੈ ਕਿਉਂਕਿ ਮੈਂ ਆਪਣੀ ਦਾਸੀ ਆਪਣੇ ਪਤੀ ਨੂੰ ਅਰਪਣ ਕਰ ਦਿੱਤੀ ਸੀ।” ਇਸ ਲਈ ਲੇਆਹ ਨੇ ਆਪਣੇ ਪੁੱਤਰ ਦਾ ਨਾਮ ਯਿੱਸਾਕਾਰ ਰੱਖਿਆ।

19 ਲੇਆਹ ਇੱਕ ਵਾਰ ਫ਼ੇਰ ਗਰਭਵਤੀ ਹੋਈ ਅਤੇ ਛੇਵੇਂ ਪੁੱਤਰ ਨੂੰ ਜਨਮ ਦਿੱਤਾ। 20 ਲੇਆਹ ਨੇ ਆਖਿਆ, “ਪਰਮੇਸ਼ੁਰ ਨੇ ਮੈਨੂੰ ਬਹੁਤ ਸੁੰਦਰ ਤੋਹਫ਼ਾ ਦਿੱਤਾ। ਹੈ। ਹੁਣ ਜ਼ਰੂਰ ਯਾਕੂਬ ਮੇਰੇ ਬਾਰੇ ਚੰਗਾ ਸੋਚੇਗਾ ਕਿਉਂਕਿ ਮੈਂ ਉਸ ਨੂੰ ਛੇ ਪੁੱਤਰ ਦਿੱਤੇ ਹਨ।” ਇਸ ਲਈ ਲੇਆਹ ਨੇ ਆਪਣੇ ਪੁੱਤਰ ਦਾ ਨਾਮ ਜ਼ਬੂਲੁਨ ਧਰਿਆ।

21 ਬਾਦ ਵਿੱਚ ਲੇਆਹ ਨੇ ਇੱਕ ਧੀ ਜੰਮੀ। ਉਸ ਨੇ ਉਸ ਧੀ ਦਾ ਨਾਮ ਦੀਨਾਹ ਰੱਖਿਆ।

22 ਫ਼ੇਰ ਪਰਮੇਸ਼ੁਰ ਨੇ ਰਾਖੇਲ ਦੀ ਪ੍ਰਾਰਥਨਾ ਸੁਣ ਲਈ ਪਰਮੇਸ਼ੁਰ ਨੇ ਰਾਖੇਲ ਨੂੰ ਸੰਤਾਨ ਪੈਦਾ ਕਰਨ ਦੇ ਯੋਗ ਬਣਾ ਦਿੱਤਾ। 23-24 ਰਾਖੇਲ ਫ਼ਿਰ ਗਰਭਵਤੀ ਹੋਈ ਅਤੇ ਉਸ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ। ਰਾਖੇਲ ਨੇ ਆਖਿਆ, “ਪਰਮੇਸ਼ੁਰ ਨੇ ਮੇਰੀ ਸ਼ਰਮ ਦੂਰ ਕਰ ਦਿੱਤੀ ਹੈ ਅਤੇ ਮੈਨੂੰ ਪੁੱਤਰ ਦੀ ਦਾਤ ਬਖਸ਼ੀ ਹੈ।” ਇਸ ਲਈ ਰਾਖੇਲ ਨੇ ਪੁੱਤਰ ਦਾ ਨਾਮ ਯੂਸੁਫ਼ ਰੱਖਿਆ।

ਯਾਕੂਬ ਦਾ ਲਾਬਾਨ ਨਾਲ ਧੋਖਾ ਕਰਨਾ

25 ਰਾਖੇਲ ਦੇ ਯੂਸੁਫ਼ ਨੂੰ ਜਨਮ ਤੋਂ ਬਾਦ, ਯਾਕੂਬ ਨੇ ਲਾਬਾਨ ਨੂੰ ਆਖਿਆ, “ਹੁਣ ਮੈਨੂੰ ਆਪਣੇ ਘਰ ਜਾਣ ਦੇ। 26 ਮੈਨੂੰ ਮੇਰੀਆਂ ਪਤਨੀਆਂ ਅਤੇ ਮੇਰੇ ਬੱਚੇ ਦੇ ਦਿਉ। ਮੈਂ 14 ਸਾਲ ਤੇਰੇ ਲਈ ਕੰਮ ਕਰਕੇ ਉਨ੍ਹਾਂ ਨੂੰ ਰੱਖਣ ਦਾ ਹੱਕ ਪ੍ਰਾਪਤ ਕਰ ਲਿਆ ਹੈ। ਤੂੰ ਜਾਣਦਾ ਹੈਂ ਕਿ ਮੈਂ ਤੇਰੀ ਚੰਗੀ ਤਰ੍ਹਾਂ ਸੇਵਾ ਕੀਤੀ ਹੈ।”

27 ਲਾਬਾਨ ਨੇ ਉਸ ਨੂੰ ਆਖਿਆ, “ਮੈਨੂੰ ਕੁਝ ਕਹਿਣ ਦੇ! ਮੈਂ ਭਵਿੱਖ ਕਥਨ ਤੋਂ ਸਿੱਖਿਆ ਹੈ ਕਿ ਯਹੋਵਾਹ ਨੇ ਤੇਰੇ ਸਦਕਾ ਮੈਨੂੰ ਅਸੀਸ ਦਿੱਤੀ ਹੈ। 28 ਮੈਨੂੰ ਦੱਸ ਕਿ ਤੈਨੂੰ ਕੀ ਦੇਵਾਂ ਮੈਂ ਉਹ ਚੀਜ਼ ਤੈਨੂੰ ਦੇ ਦੇਵਾਂਗਾ।”

29 ਯਾਕੂਬ ਨੇ ਜਵਾਬ ਦਿੱਤਾ, “ਤੂੰ ਜਾਣਦਾ ਹੈਂ ਕਿ ਮੈਂ ਤੇਰੇ ਵਾਸਤੇ ਸਖ਼ਤ ਮਿਹਨਤ ਕੀਤੀ ਹੈ। ਤੇਰੇ ਇੱਜੜ ਵੱਧੇ ਫ਼ੁੱਲੇ ਹਨ, ਜਦੋਂ ਤੋਂ ਮੈਂ ਉਨ੍ਹਾਂ ਦੀ ਦੇਖ-ਭਾਲ ਕੀਤੀ ਹੈ। 30 ਜਦੋਂ ਮੈਂ ਆਇਆ ਸਾਂ, ਤੇਰੇ ਕੋਲ ਬਹੁਤ ਥੋੜਾ ਸੀ। ਹੁਣ ਤੇਰੇ ਕੋਲ ਬਹੁਤ ਕੁਝ ਹੈ। ਜਦੋਂ ਵੀ ਮੈਂ ਤੇਰੇ ਲਈ ਕੁਝ ਕੀਤਾ ਪਰਮੇਸ਼ੁਰ ਨੇ ਤੈਨੂੰ ਅਸੀਸ ਦਿੱਤੀ। ਹੁਣ ਮੇਰੇ ਲਈ ਆਪਣਾ ਕੰਮ ਕਰਨ ਦਾ ਸਮਾਂ ਆ ਗਿਆ ਹੈ-ਇਹ ਸਮਾਂ ਮੇਰਾ ਆਪਣਾ ਘਰ ਬਨਾਉਣ ਦਾ ਹੈ।”

31 ਲਾਬਾਨ ਨੇ ਪੁੱਛਿਆ, “ਤਾਂ ਮੈਂ ਤੈਨੂੰ ਕੀ ਦੇਵਾਂ?”

ਯਾਕੂਬ ਨੇ ਜਵਾਬ ਦਿੱਤਾ, “ਮੈਂ ਨਹੀਂ ਚਾਹੁੰਦਾ ਕਿ ਤੂੰ ਮੈਨੂੰ ਕੁਝ ਵੀ ਦੇਵੇਂ। ਮੈਂ ਸਿਰਫ਼ ਇਹੀ ਚਾਹੁੰਦਾ ਹਾਂ ਕਿ ਤੂੰ ਸਿਰਫ਼ ਮੇਰੀ ਮਿਹਨਤ ਦਾ ਮੁੱਲ ਦੇਵੇਂ ਮੇਰੇ ਲਈ ਸਿਰਫ਼ ਇੰਨੀ ਗੱਲ ਕਰ: ਮੈਂ ਵਾਪਸ ਜਾਵਾਂਗਾ ਅਤੇ ਤੇਰੀ ਭੇਡਾਂ ਦੀ ਦੇਖ-ਭਾਲ ਕਰਾਂਗਾ। 32 ਪਰ ਅੱਜ ਮੈਨੂੰ ਤੇਰੇ ਸਾਰੇ ਇੱਜੜਾਂ ਵਿੱਚ ਗੇੜਾ ਮਾਰਨ ਦੇ ਅਤੇ ਹਰ ਉਸ ਲੇਲੇ ਨੂੰ ਲੈ ਲੈਣ ਦੇ ਜਿਸਦੇ ਉੱਤੇ ਧੱਬੇ ਜਾਂ ਲਕੀਰਾਂ ਹਨ। ਇਹੀ ਮੇਰੀ ਤਨਖਾਹ ਹੋਵੇਗੀ। 33 ਭਵਿੱਖ ਵਿੱਚ, ਤੂੰ ਆਸਾਨੀ ਨਾਲ ਦੇਖ ਸੱਕੇਂਗਾ ਕਿ ਮੈਂ ਇਮਾਨਦਾਰ ਹਾਂ ਜਾਂ ਨਹੀਂ। ਤੂੰ ਮੇਰੇ ਇੱਜੜ ਵੱਲ ਝਾਤੀ ਮਾਰਨ ਆ ਸੱਕਦਾ ਹੈ। ਜੇ ਮੇਰੇ ਕੋਲ ਕੋਈ ਅਜਿਹੀ ਬੱਕਰੀ ਹੋਵੇ ਜਿਸਦੇ ਉੱਤੇ ਧੱਬੇ ਨਹੀਂ ਹਨ ਜਾਂ ਕੋਈ ਅਜਿਹੀ ਭੇਡ ਹੋਵੇ ਜੋ ਕਾਲੀ ਨਹੀਂ ਹੈ ਤਾਂ ਤੈਨੂੰ ਪਤਾ ਲੱਗ ਜਾਵੇਗਾ ਕਿ ਉਸ ਨੂੰ ਮੈਂ ਚੋਰੀ ਕੀਤਾ ਸੀ।”

34 ਲਾਬਾਨ ਨੇ ਜਵਾਬ ਦਿੱਤਾ, “ਮੈਂ ਇਸ ਨਾਲ ਸਹਿਮਤ ਹਾਂ। ਅਸੀਂ ਉਹੀ ਕਰਾਂਗੇ ਜੋ ਤੂੰ ਕਹਿੰਦਾ ਹੈ।” 35 ਤਾਂ ਉਸ ਦਿਨ ਲਾਬਾਨ ਨੇ ਆਪਣੇ ਇੱਜੜ ਵਿੱਚੋਂ ਉਹ ਸਾਰੀਆਂ ਬੱਕਰੀਆਂ ਜਿਨ੍ਹਾਂ ਉੱਤੇ ਧੱਬੇ ਜਾਂ ਧਾਰੀਆਂ ਸਨ ਅਤੇ ਸਾਰਿਆਂ ਕਾਲੀਆਂ ਭੇਡਾਂ ਵੀ ਅਲੱਗ ਕਰ ਦਿੱਤੀਆਂ। ਲਾਬਾਨ ਨੇ ਆਪਣੇ ਪੁੱਤਰ ਨੂੰ ਇਨ੍ਹਾਂ ਭੇਡਾਂ ਦਾ ਧਿਆਨ ਰੱਖਣ ਲਈ ਆਖਿਆ। 36 ਇਸ ਲਈ ਪੁੱਤਰਾਂ ਨੇ ਸਾਰੇ ਧੱਬੇ ਵਾਲੇ ਜਾਨਵਰ ਲੈ ਗਏ ਅਤੇ ਉਨ੍ਹਾਂ ਨੂੰ ਲੈ ਕੇ ਕਿਧਰੇ ਹੋਰ ਚੱਲੇ ਗਏ। ਉਹ ਤਿੰਨ ਦਿਨਾਂ ਤੱਕ ਸਫ਼ਰ ਕਰਦੇ ਰਹੇ। ਯਾਕੂਬ ਰੁਕ ਗਿਆ ਅਤੇ ਉਸ ਨੇ ਉਨ੍ਹਾਂ ਸਾਰੇ ਜਾਨਵਰਾਂ ਦਾ ਧਿਆਨ ਰੱਖਿਆ ਜਿਹੜੇ ਬਚ ਗਏ ਸਨ। ਪਰ ਉੱਥੇ ਕੋਈ ਵੀ ਅਜਿਹਾ ਜਾਨਵਰ ਨਹੀਂ ਸੀ ਜਿਸ ਦੇ ਉੱਤੇ ਧੱਬੇ ਸਨ ਜਾਂ ਉਹ ਕਾਲੇ ਸੀ।

37 ਇਸ ਲਈ ਯਾਕੂਬ ਨੇ ਪੋਪਲਰ ਅਤੇ ਬਾਦਾਮ ਅਤੇ ਸਾਫ਼ ਰੁੱਖਾਂ ਦੀਆਂ ਹਰੀਆਂ ਟਹਿਣੀਆਂ ਤੋੜੀਆਂ। ਯਾਕੂਬ ਨੇ ਸੱਕਾਂ ਨੂੰ ਛਿੱਲ ਦਿੱਤਾ ਤਾਂ ਜੋ ਟਹਿਣੀਆਂ ਦੇ ਉੱਤੇ ਚਿੱਟੀਆਂ ਧਾਰੀਆਂ ਬਣ ਜਾਣ। 38 ਯਾਕੂਬ ਨੇ ਉਹ ਟਹਿਣੀਆਂ ਜੋ ਉਸ ਨੇ ਛਿੱਲੀਆਂ ਸਨ ਉਨ੍ਹਾਂ ਇੱਜੜਾਂ ਦੇ ਸਾਹਮਣੇ ਸੁੱਟ ਦਿੱਤੀਆਂ ਜਿਹੜੇ ਪਾਣੀ ਪੀਣ ਵਾਲੀ ਥਾਂ ਉੱਤੇ ਸਨ। ਜਦੋਂ ਜਾਨਵਰ ਪਾਣੀ ਪੀਣ ਲਈ ਆਏ ਉਨ੍ਹਾਂ ਉਸ ਥਾਵੇਂ ਸੰਭੋਗ ਵੀ ਕੀਤਾ। 39 ਫ਼ੇਰ ਜਦੋਂ ਬੱਕਰੇ ਬੱਕਰੀਆਂ ਨੇ ਟਹਿਣੀਆਂ ਦੇ ਸਾਹਮਣੇ ਮੇਲ ਕੀਤਾ ਤਾਂ ਜਿਹੜੇ ਬੱਚੇ ਜੰਮੇ ਉਨ੍ਹਾਂ ਉੱਤੇ ਧੱਬੇ ਸਨ ਜਾਂ ਧਾਰੀਆਂ ਸਨ।

40 ਯਾਕੂਬ ਨੇ ਚਿਤਕਬਰੇ ਅਤੇ ਕਾਲੇ ਜਾਨਵਰਾਂ ਨੂੰ ਇੱਜੜ ਦੇ ਹੋਰਨਾਂ ਜਾਨਵਰਾਂ ਤੋਂ ਵੱਖ ਕਰ ਲਿਆ। ਯਾਕੂਬ ਨੇ ਇਨ੍ਹਾਂ ਜਾਨਵਰਾਂ ਨੂੰ ਲਾਬਾਨ ਦੇ ਜਾਨਵਰਾਂ ਤੋਂ ਵੱਖ ਰੱਖਿਆ। 41 ਜਦੋਂ ਵੀ ਇੱਜੜ ਦੇ ਤਕੜੇ ਜਾਨਵਰ ਮਿਲਾਪ ਕਰ ਰਹੇ ਹੁੰਦੇ, ਯਾਕੂਬ ਉਨ੍ਹਾਂ ਦੀਆਂ ਅੱਖਾਂ ਅੱਗੇ ਟਹਿਣੀਆਂ ਰੱਖ ਦਿੰਦਾ। ਜਾਨਵਰ ਉਨ੍ਹਾਂ ਟਹਿਣੀਆਂ ਨੇੜੇ ਮਿਲਾਪ ਕਰਦੇ। 42 ਪਰ ਜਦੋਂ ਕਮਜ਼ੋਰ ਜਾਨਵਰ ਮਿਲਾਪ ਕਰਦੇ ਯਾਕੂਬ ਉੱਥੇ ਟਹਿਣੀਆਂ ਨਹੀਂ ਰੱਖਦਾ ਸੀ। ਇਸ ਲਈ ਕਮਜ਼ੋਰ ਜੋੜਿਆਂ ਦੇ ਮਿਲਾਪ ਵਿੱਚੋਂ ਜੰਮੇ ਜਾਨਵਰ ਲਾਬਾਨ ਦੇ ਸਨ। ਅਤੇ ਤਕੜੇ ਜੋੜਿਆਂ ਦੇ ਮਿਲਾਪ ਵਿੱਚੋਂ ਜੰਮੇ ਜਾਨਵਰ ਯਾਕੂਬ ਦੇ ਸਨ। 43 ਇਸ ਤਰ੍ਹਾਂ ਨਾਲ, ਯਾਕੂਬ ਬਹੁਤ ਅਮੀਰ ਹੋ ਗਿਆ। ਉਸ ਦੇ ਕੋਲ ਵੱਡੇ ਇੱਜੜ ਸਨ, ਬਹੁਤ ਸਾਰੇ ਨੌਕਰ-ਚਾਕਰ, ਊਠ ਅਤੇ ਖੋਤੇ ਸਨ।

ਜਾਣ ਦਾ ਸਮਾਂ-ਯਾਕੂਬ ਭੱਜ ਜਾਂਦਾ

31 ਇੱਕ ਦਿਨ, ਯਾਕੂਬ ਨੇ ਲਾਬਾਨ ਦੇ ਪੁੱਤਰਾਂ ਨੂੰ ਗੱਲਾਂ ਕਰਦਿਆਂ ਸੁਣ ਲਿਆ। ਉਨ੍ਹਾਂ ਆਖਿਆ, “ਯਾਕੂਬ ਨੇ ਸਾਡੇ ਪਿਤਾ ਦੀ ਹਰ ਸ਼ੈਅ ਹਥਿਆ ਲਈ ਹੈ। ਯਾਕੂਬ ਅਮੀਰ ਹੋ ਗਿਆ ਹੈ, ਅਤੇ ਉਸ ਨੇ ਇਹ ਸਾਰੀ ਦੌਲਤ ਸਾਡੇ ਪਿਉ ਕੋਲੋਂ ਹਥਿਆਈ ਹੈ।” ਫ਼ੇਰ ਯਾਕੂਬ ਨੇ ਦੇਖਿਆ ਕਿ ਲਾਬਾਨ ਦਾ ਵਿਵਹਾਰ ਵੀ ਹੁਣ ਪਹਿਲਾਂ ਵਾਂਗ ਦੋਸਤਾਨਾ ਨਹੀਂ ਸੀ। ਯਹੋਵਾਹ ਨੇ ਯਾਕੂਬ ਨੂੰ ਆਖਿਆ, “ਆਪਣੀ ਧਰਤੀ ਉੱਤੇ ਵਾਪਸ ਚੱਲਿਆ ਜਾ ਜਿੱਥੇ ਤੇਰੇ ਪੁਰਖੇ ਰਹਿੰਦੇ ਸਨ। ਮੈਂ ਤੇਰੇ ਨਾਲ ਹੋਵਾਂਗਾ।”

ਇਸ ਲਈ ਯਾਕੂਬ ਨੇ ਰਾਖੇਲ ਅਤੇ ਲੇਆਹ ਨੂੰ ਆਖਿਆ ਕਿ ਉਹ ਉਸ ਨੂੰ ਖੇਤਾਂ ਵਿੱਚ ਆਕੇ ਮਿਲਣ ਜਿੱਥੇ ਉਹ ਆਪਣੀਆਂ ਬੱਕਰੀਆਂ ਅਤੇ ਭੇਡਾਂ ਦੇ ਇੱਜੜ ਰੱਖਦਾ ਸੀ। ਯਾਕੂਬ ਨੇ ਰਾਖੇਲ ਅਤੇ ਲੇਆਹ ਨੂੰ ਆਖਿਆ, “ਮੈਂ ਦੇਖ ਲਿਆ ਹੈ ਕਿ ਤੁਹਾਡਾ ਪਿਤਾ ਮੇਰੇ ਨਾਲ ਨਾਰਾਜ਼ ਹੈ। ਪਹਿਲਾਂ ਉਹ ਮੇਰੇ ਨਾਲ ਹਮੇਸ਼ਾ ਦੋਸਤਾਨਾ ਰਿਹਾ ਹੈ, ਪਰ ਹੁਣ ਅਜਿਹਾ ਨਹੀਂ ਹੈ। ਪਰ ਮੇਰੇ ਪਿਤਾ ਦਾ ਪਰਮੇਸ਼ੁਰ ਮੇਰੇ ਨਾਲ ਹੈ। ਤੁਸੀਂ ਦੋਵੇਂ ਜਾਣਦੀਆਂ ਹੋ ਕਿ ਮੈਂ ਜਿੰਨਾ ਹੋ ਸੱਕਿਆ ਹੈ ਤੁਹਾਡੇ ਪਿਤਾ ਲਈ ਸਖ਼ਤ ਮਿਹਨਤ ਕੀਤੀ ਹੈ। ਪਰ ਤੁਹਾਡੇ ਪਿਤਾ ਨੇ ਮੈਨੂੰ ਧੋਖਾ ਦਿੱਤਾ। ਤੁਹਾਡੇ ਪਿਤਾ ਨੇ ਦਸ ਵਾਰੀ ਮੇਰੀ ਤਨਖਾਹ ਬਦਲੀ ਹੈ। ਪਰ ਇਸ ਸਾਰੇ ਸਮੇਂ ਦੌਰਾਨ ਪਰਮੇਸ਼ੁਰ ਨੇ ਮੈਨੂੰ ਲਾਬਾਨ ਦੀਆਂ ਸਾਰੀਆਂ ਚਾਲਾਕੀਆਂ ਤੋਂ ਬਚਾਈ ਰੱਖਿਆ ਹੈ।

“ਜੇਕਰ ਲਾਬਾਨ ਨੇ ਆਖਿਆ, ‘ਤੂੰ ਆਪਣੀ ਤਨਖਾਹ ਵਜੋਂ ਧਾਰੀਆਂ ਵਾਲੀਆਂ ਸਾਰੀਆਂ ਬੱਕਰੀਆਂ ਰੱਖ ਸੱਕਦੈਂ,’ ਤਾਂ ਸਾਰੇ ਜਾਨਵਰਾਂ ਦੇ ਬੱਚੇ ਧਾਰੀਆਂ ਵਾਲੇ ਸਨ। ਇਸ ਲਈ ਪਰਮੇਸ਼ੁਰ ਨੇ ਤੁਹਾਡੇ ਪਿਤਾ ਕੋਲੋਂ ਜਾਨਵਰ ਖੋਹ ਕੇ ਮੈਨੂੰ ਦੇ ਦਿੱਤੇ ਹਨ।

10 “ਜਦੋਂ ਜਾਨਵਰ ਮਿਲਾਪ ਕਰ ਰਹੇ ਸਨ ਤਾਂ ਮੈਨੂੰ ਇੱਕ ਸੁਪਨਾ ਆਇਆ ਕਿ ਮਿਲਾਪ ਕਰਨ ਵਾਲੇ ਬੱਕਰੇ ਸਿਰਫ਼ ਉਹੀ ਸਨ ਜਿਨ੍ਹਾਂ ਦੇ ਧੱਬੇ ਜਾਂ ਧਾਰੀਆਂ ਸਨ। 11 ਪਰਮੇਸ਼ੁਰ ਦੇ ਦੂਤ ਨੇ ਉਸ ਸੁਪਨੇ ਵਿੱਚ ਮੇਰੇ ਨਾਲ ਗੱਲ ਕੀਤੀ। ਦੂਤ ਨੇ ਆਖਿਆ, ‘ਯਾਕੂਬ!’

“ਮੈਂ ਜਵਾਬ ਦਿੱਤਾ, ‘ਹਾਂ ਜੀ!’

12 “ਦੂਤ ਨੇ ਆਖਿਆ, ‘ਦੇਖ, ਸਿਰਫ਼ ਧਾਰੀਆਂ ਅਤੇ ਧੱਬਿਆਂ ਵਾਲੇ ਬੱਕਰੇ ਹੀ ਮਿਲਾਪ ਕਰ ਰਹੇ ਹਨ। ਇਹ ਮੇਰੇ ਕਾਰਣ ਹੋ ਰਿਹਾ ਹੈ। ਮੈਂ ਉਹ ਸਾਰੀਆਂ ਮੰਦੀਆਂ ਗੱਲਾਂ ਦੇਖ ਲਈਆਂ ਹਨ ਜਿਹੜੀਆਂ ਲਾਬਾਨ ਤੇਰੇ ਨਾਲ ਕਰ ਰਿਹਾ ਹੈ। ਮੈਂ ਅਜਿਹਾ ਇਸ ਵਾਸਤੇ ਕਰ ਰਿਹਾ ਹਾਂ ਤਾਂ ਜੋ ਬੱਕਰੀਆਂ ਦੇ ਸਾਰੇ ਨਵੇਂ ਜਨਮੇ ਬੱਚੇ ਤੂੰ ਰੱਖ ਸੱਕੇਂ। 13 ਮੈਂ ਉਹੀ ਪਰਮੇਸ਼ੁਰ ਹਾਂ ਜਿਹੜਾ ਤੈਨੂੰ ਬੈਤਏਲ ਵਿਖੇ ਮਿਲਿਆ ਸੀ। ਉਸ ਥਾਂ ਉੱਤੇ ਤੂੰ ਇੱਕ ਯਾਦਗਾਰੀ ਪੱਥਰ ਧਰਿਆ ਸੀ। ਤੂੰ ਯਾਦਗਾਰੀ ਪੱਥਰ ਉੱਤੇ ਜੈਤੂਨ ਦਾ ਤੇਲ ਚੋਇਆ ਸੀ ਅਤੇ ਮੇਰੇ ਨਾਲ ਇੱਕ ਇਕਰਾਰ ਕੀਤਾ ਸੀ। ਹੁਣ ਮੈਂ ਚਾਹੁੰਦਾ ਹਾਂ ਕਿ ਤੂੰ ਉਸ ਦੇਸ਼ ਵਿੱਚ ਜਾਣ ਲਈ ਤਿਆਰ ਹੋ ਜਾਵੇਂ ਜਿੱਥੇ ਤੂੰ ਜਨਮਿਆ ਸੀ।’”

14 ਰਾਖੇਲ ਅਤੇ ਲੇਆਹ ਨੇ ਯਾਕੂਬ ਨੂੰ ਜਵਾਬ ਦਿੱਤਾ, “ਜਦੋਂ ਸਾਡਾ ਪਿਉ ਮਰੇਗਾ, ਤਾਂ ਉਸ ਦੇ ਕੋਲ ਸਾਨੂੰ ਦੇਣ ਲਈ ਕੁਝ ਵੀ ਨਹੀਂ ਹੋਵੇਗਾ। 15 ਉਸ ਨੇ ਸਾਡੇ ਨਾਲ ਓਪਰਿਆਂ ਵਰਗਾ ਵਿਆਰ ਕੀਤਾ ਹੈ। ਉਸ ਨੇ ਸਾਨੂੰ ਤੈਨੂੰ ਵੇਚ ਦਿੱਤਾ, ਅਤੇ ਫ਼ੇਰ ਉਸ ਨੇ ਉਹ ਸਾਰਾ ਪੈਸਾ ਖਰਚ ਲਿਆ ਜਿਹੜਾ ਸਾਡਾ ਹੋਣਾ ਸੀ! 16 ਪਰਮੇਸ਼ੁਰ ਨੇ ਸਾਡੇ ਪਿਤਾ ਦੀ ਸਾਰੀ ਦੌਲਤ ਖੋਹ ਲਈ ਹੈ ਅਤੇ ਹੁਣ ਇਹ ਸਾਡੀ ਅਤੇ ਸਾਡੇ ਬੱਚਿਆਂ ਦੀ ਹੈ। ਇਸ ਲਈ ਤੈਨੂੰ ਉਹੀ ਕਰਨਾ ਚਾਹੀਦਾ ਹੈ ਜੋ ਤੈਨੂੰ ਪਰਮੇਸ਼ੁਰ ਨੇ ਆਖਿਆ ਹੈ।”

17 ਇਸ ਤਰ੍ਹਾਂ ਯਾਕੂਬ ਨੇ ਆਪਣੇ ਸਫ਼ਰ ਦੀ ਤਿਆਰੀ ਕੀਤੀ। ਉਸ ਨੇ ਆਪਣੇ ਬੱਚਿਆਂ ਅਤੇ ਪਤਨੀਆਂ ਨੂੰ ਊਠਾਂ ਉੱਤੇ ਬਿਠਾਇਆ। 18 ਫ਼ੇਰ ਉਹ ਕਨਾਨ ਦੀ ਉਸ ਧਰਤੀ ਵੱਲ ਵਾਪਸ ਸਫ਼ਰ ਕਰਨ ਲੱਗੇ ਜਿੱਥੇ ਉਸਦਾ ਪਿਤਾ ਇਸਹਾਕ ਰਿਹਾ ਸੀ। ਜਾਨਵਰਾਂ ਦੇ ਸਾਰੇ ਇੱਜੜ ਜਿਹੜੇ ਯਾਕੂਬ ਦੇ ਸਨ, ਉਨ੍ਹਾਂ ਦੇ ਅੱਗੇ-ਅੱਗੇ ਚੱਲ ਰਹੇ ਸਨ। ਉਸ ਨੇ ਹਰ ਉਹ ਚੀਜ਼ ਚੁੱਕ ਲਈ ਜਿਹੜੀ ਉਸ ਨੇ ਉਦੋਂ ਹਾਸਿਲ ਕੀਤੀ ਸੀ ਜਦੋਂ ਉਹ ਪਦਨ ਅਰਾਮ ਵਿੱਚ ਰਹਿੰਦਾ ਸੀ।

19 ਇਸ ਸਮੇਂ, ਲਾਬਾਨ ਆਪਣੀਆਂ ਭੇਡਾਂ ਤੋਂ ਉੱਨ ਲਾਹੁਣ ਗਿਆ ਹੋਇਆ ਸੀ। ਜਦੋਂ ਉਹ ਚੱਲਿਆ ਗਿਆ, ਰਾਖੇਲ ਉਸ ਦੇ ਘਰ ਅੰਦਰ ਗਈ ਅਤੇ ਉਨ੍ਹਾਂ ਦੇਵਤਿਆਂ ਦੀਆਂ ਮੂਰਤਾਂ ਨੂੰ ਚੁਰਾ ਲਿਆ ਜਿਹੜੀਆਂ ਉਸ ਦੇ ਪਿਤਾ ਦੀਆਂ ਸਨ।

20 ਯਾਕੂਬ ਨੇ ਲਾਬਾਨ ਅਰਾਮੀ ਨੂੰ ਧੋਖਾ ਦਿੱਤਾ। ਉਸ ਨੇ ਲਾਬਾਨ ਨੂੰ ਇਹ ਨਹੀਂ ਦੱਸਿਆ ਕਿ ਉਹ ਜਾ ਰਿਹਾ ਸੀ। 21 ਯਾਕੂਬ ਨੇ ਆਪਣਾ ਪਰਿਵਾਰ ਅਤੇ ਆਪਣੀਆਂ ਸਾਰੀਆਂ ਚੀਜ਼ਾਂ ਲਈਆਂ ਅਤੇ ਕਾਹਲੀ ਨਾਲ ਤੁਰ ਪਿਆ। ਉਨ੍ਹਾਂ ਨੇ ਫ਼ਰਾਤ ਦਰਿਆ ਪਾਰ ਕੀਤਾ ਅਤੇ ਗਿਲਆਦ ਦੇ ਪਹਾੜੀ ਇਲਾਕੇ ਵੱਲ ਸਫ਼ਰ ਕਰਨ ਲੱਗੇ।

22 ਤਿੰਨਾਂ ਦਿਨਾਂ ਮਗਰੋਂ ਲਾਬਾਨ ਨੂੰ ਪਤਾ ਲੱਗਿਆ ਕਿ ਯਾਕੂਬ ਭੱਜ ਗਿਆ ਸੀ। 23 ਇਸ ਲਈ ਲਾਬਾਨ ਨੇ ਆਪਣੇ ਆਦਮੀ ਇਕੱਠੇ ਕੀਤੇ ਅਤੇ ਯਾਕੂਬ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਸੱਤਾਂ ਦਿਨਾਂ ਮਗਰੋਂ ਲਾਬਾਨ ਨੂੰ ਯਾਕੂਬ ਗਿਲਆਦ ਦੇ ਪਹਾੜੀ ਇਲਾਕੇ ਵਿੱਚ ਮਿਲ ਗਿਆ। 24 ਉਸ ਰਾਤ, ਪਰਮੇਸ਼ੁਰ ਲਾਬਾਨ ਨੂੰ ਸੁਪਨੇ ਵਿੱਚ ਦਿਖਾਈ ਦਿੱਤਾ। ਪਰਮੇਸ਼ੁਰ ਨੇ ਆਖਿਆ, “ਹੋਸ਼ਿਆਰ ਰਹੀ! ਯਾਕੂਬ ਨੂੰ ਉਸਦਾ ਮਨ ਬਦਲਣ ਲਈ ਮਨਾਉਣ ਦੀ ਕੋਸ਼ਿਸ਼ ਨਾ ਕਰੀਂ।”

ਚੋਰੀ ਕੀਤੇ ਦੇਵਤਿਆਂ ਦੀ ਤਲਾਸ਼

25 ਅਗਲੀ ਸਵੇਰ ਲਾਬਾਨ ਨੇ ਯਾਕੂਬ ਨੂੰ ਫ਼ੜ ਲਿਆ। ਯਾਕੂਬ ਨੇ ਪਹਾੜ ਉੱਤੇ ਆਪਣਾ ਡੇਰਾ ਲਾਇਆ ਹੋਇਆ ਸੀ। ਇਸ ਲਈ ਲਾਬਾਨ ਅਤੇ ਉਸ ਦੇ ਸਾਰੇ ਆਦਮੀਆਂ ਨੇ ਵੀ ਗਿਲਆਦ ਦੇ ਪਹਾੜੀ ਇਲਾਕੇ ਵਿੱਚ ਡੇਰਾ ਲਾ ਲਿਆ।

26 ਲਾਬਾਨ ਨੇ ਯਾਕੂਬ ਨੂੰ ਆਖਿਆ, “ਤੂੰ ਮੇਰੇ ਨਾਲ ਧੋਖਾ ਕਿਉਂ ਕੀਤਾ ਹੈ? ਤੂੰ ਮੇਰੀਆਂ ਧੀਆਂ ਨੂੰ ਇਸ ਤਰ੍ਹਾਂ ਕਿਉਂ ਲੈ ਆਇਆ ਹੈਂ ਜਿਵੇਂ ਤੂੰ ਉਨ੍ਹਾਂ ਨੂੰ ਜੰਗ ਵਿੱਚ ਜਿੱਤਿਆ ਹੋਵੇ। 27 ਤੂੰ ਮੈਨੂੰ ਦੱਸੇ ਬਿਨਾ ਕਿਉਂ ਭੱਜ ਆਇਆ ਹੈਂ? ਜੇ ਤੂੰ ਮੈਨੂੰ ਦੱਸਿਆ ਹੁੰਦਾ ਮੈਂ ਤੈਨੂੰ ਦਾਵਤ ਦਿੰਦਾ। ਗੀਤ ਸੰਗੀਤ ਅਤੇ ਨਾਚ-ਗਾਣੇ ਦੀ ਮਹਿਫ਼ਿਲ ਲੱਗਦੀ। 28 ਤੂੰ ਤਾਂ ਮੈਨੂੰ ਮੇਰੀਆਂ ਧੀਆਂ ਅਤੇ ਦੋਹਤੇ-ਦੋਹਤੀਆਂ ਨੂੰ ਅਲਵਿਦਾਈ ਚੁੰਮਣ ਦੇਣ ਦਾ ਮੌਕਾ ਵੀ ਨਹੀਂ ਦਿੱਤਾ। 29 ਮੇਰੇ ਕੋਲ ਤੈਨੂੰ ਨੁਕਸਾਨ ਪਹੁੰਚਾਉਣ ਦੀ ਸੱਚਮੁੱਚ ਤਾਕਤ ਹੈ। ਪਰ ਕੱਹ ਰਾਤ ਤੇਰੇ ਪਿਤਾ ਦਾ ਪਰਮੇਸ਼ੁਰ ਮੈਨੂੰ ਸੁਪਨੇ ਵਿੱਚ ਦਿਖਾਈ ਦਿੱਤਾ। ਉਸ ਨੇ ਮੈਨੂੰ ਚਿਤਾਵਨੀ ਦਿੱਤੀ ਹੈ ਕਿ ਮੈਂ ਤੈਨੂੰ ਕਿਸੇ ਤਰ੍ਹਾਂ ਦਾ ਵੀ ਨੁਕਸਾਨ ਨਾ ਪਹੁੰਚਾਵਾ। 30 ਮੈਂ ਜਾਣਦਾ ਹਾਂ ਕਿ ਤੂੰ ਆਪਣੇ ਘਰ ਵਾਪਸ ਜਾਣਾ ਚਾਹੁੰਦਾ ਹੈ। ਇਸੇ ਲਈ ਤੂੰ ਤੁਰ ਆਇਆ ਹੈਂ। ਪਰ ਤੂੰ ਮੇਰੇ ਘਰੋਂ ਦੇਵਤੇ ਕਿਉਂ ਚੁਰਾਏ?”

31 ਯਾਕੂਬ ਨੇ ਜਵਾਬ ਦਿੱਤਾ, “ਮੈਂ ਇਸ ਲਈ ਤੈਨੂੰ ਬਿਨਾ ਦੱਸੇ ਤੁਰ ਆਇਆ ਕਿਉਂਕਿ ਮੈਂ ਤੇਰੇ ਕੋਲੋਂ ਡਰਦਾ ਸਾਂ! ਮੇਰਾ ਖਿਆਲ ਸੀ ਕਿ ਤੂੰ ਮੇਰੇ ਕੋਲੋਂ ਆਪਣੀਆਂ ਧੀਆਂ ਖੋਹ ਲਵੇਂਗਾ। 32 ਪਰ ਮੈਂ ਤੇਰੇ ਦੇਵਤੇ ਨਹੀਂ ਚੁਰਾਏ। ਜੇ ਤੈਨੂੰ ਤੇਰੇ ਦੇਵਤੇ ਇੱਥੇ ਲੱਭ ਜਾਣ, ਜਿਸ ਕਿਸੇ ਕੋਲ ਵੀ ਉਹ ਹੋਣ ਮਾਰਿਆ ਜਾਵੇ। ਤੇਰੇ ਆਦਮੀ ਮੇਰੇ ਗਵਾਹ ਹੋਣਗੇ। ਤੂੰ ਆਪਣੀ ਕਿਸੇ ਵੀ ਚੀਜ਼ ਦੀ ਤਲਾਸ਼ ਕਰ ਸੱਕਦਾ ਹੈਂ। ਜਿਹੜੀ ਚੀਜ਼ ਤੇਰੀ ਹੈ ਉਹ ਲੈ ਜਾ।” (ਯਾਕੂਬ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਰਾਖੇਲ ਨੇ ਲਾਬਾਨ ਦੇ ਦੇਵਤੇ ਚੁਰਾਏ ਸਨ।)

33 ਇਸ ਲਈ ਲਾਬਾਨ ਨੇ ਜਾਕੇ ਯਾਕੂਬ ਦੇ ਡੇਰੇ ਦੀ ਤਲਾਸ਼ੀ ਲਈ। ਉਸ ਨੇ ਯਾਕੂਬ ਦੇ ਤੰਬੂ ਵਿੱਚ ਦੇਖਿਆ ਅਤੇ ਫ਼ੇਰ ਲੇਆਹ ਦੇ ਤੰਬੂ ਵਿੱਚ। ਫ਼ੇਰ ਉਸ ਨੇ ਉਸ ਤੰਬੂ ਦੀ ਤਲਾਸ਼ੀ ਲਈ ਜਿੱਥੇ ਦੋਵੇਂ ਦਾਸੀਆਂ ਠਹਿਰੀਆਂ ਹੋਈਆਂ ਸਨ। ਪਰ ਉਸ ਨੂੰ ਆਪਣੇ ਦੇਵਤੇ ਨਹੀਂ ਮਿਲੇ। ਫ਼ੇਰ ਲਾਬਾਨ ਰਾਖੇਲ ਦੇ ਤੰਬੂ ਵਿੱਚ ਗਿਆ। 34 ਰਾਖੇਲ ਨੇ ਦੇਵਤਿਆਂ ਨੂੰ ਆਪਣੇ ਊਠ ਦੀ ਗੱਦੀ ਹੇਠਾਂ ਛੁਪਾਇਆ ਹੋਇਆ ਸੀ ਅਤੇ ਉਹ ਉਨ੍ਹਾਂ ਉੱਤੇ ਬੈਠੀ ਹੋਈ ਸੀ। ਲਾਬਾਨ ਨੇ ਸਾਰਾ ਤੰਬੂ ਫ਼ਰੋਲ ਦਿੱਤਾ ਪਰ ਉਸ ਨੂੰ ਦੇਵਤੇ ਨਹੀਂ ਮਿਲੇ।

35 ਅਤੇ ਰਾਖੇਲ ਨੇ ਆਪਣੇ ਪਿਤਾ ਨੂੰ ਆਖਿਆ, “ਪਿਤਾ ਜੀ, ਮੇਰੇ ਨਾਲ ਨਾਰਾਜ਼ ਨਾ ਹੋਣਾ। ਮੈਂ ਤੁਹਾਡੇ ਸਾਹਮਣੇ ਖਲੋ ਨਹੀਂ ਸੱਕਦੀ। ਮੈਨੂੰ ਮਾਹਵਾਰੀ ਆਈ ਹੋਈ ਹੈ।” ਇਸ ਲਈ ਲਾਬਾਨ ਨੇ ਡੇਰੇ ਦੀ ਤਲਾਸ਼ੀ ਲਈ ਪਰ ਉਸ ਨੂੰ ਆਪਣੇ ਕੁਲ ਦੇਵਤੇ ਨਹੀਂ ਮਿਲੇ।

36 ਫ਼ੇਰ ਯਾਕੂਬ ਬਹੁਤ ਗੁੱਸੇ ਹੋ ਗਿਆ ਅਤੇ ਲਾਬਾਨ ਨਾਲ ਦਲੀਲਬਾਜ਼ੀ ਕੀਤੀ। ਯਾਕੂਬ ਨੇ ਆਖਿਆ, “ਮੈਂ ਕੀ ਕਸੂਰ ਕੀਤਾ ਹੈ? ਮੈਂ ਕਿਹੜੀ ਬਿਧੀ ਤੋੜੀ ਹੈ? ਤੈਨੂੰ ਮੇਰਾ ਪਿੱਛਾ ਕਰਨ ਅਤੇ ਰੋਕਣ ਦਾ ਹੱਕ ਕਿਸਨੇ ਦਿੱਤਾ? 37 ਤੂੰ ਮੇਰੇ ਸਾਰੇ ਸਮਾਨ ਦੀ ਤਲਾਸ਼ੀ ਲੈ ਲਈ ਹੈ। ਤੈਨੂੰ ਆਪਣੀ ਕੋਈ ਵੀ ਚੀਜ਼ ਨਹੀਂ ਮਿਲੀ। ਜੇ ਤੈਨੂੰ ਕੋਈ ਚੀਜ਼ ਮਿਲੀ ਹੈ ਤਾਂ ਦਿਖਾ। ਇਸ ਨੂੰ ਇੱਥੇ ਰੱਖ ਤਾਂ ਜੋ ਸਾਡੇ ਬੰਦੇ ਇਸ ਨੂੰ ਦੇਖ ਸੱਕਣ। ਸਾਡੇ ਬੰਦਿਆਂ ਨੂੰ ਇਹ ਨਿਆਂ ਕਰਨ ਦੇ ਕਿ ਸਾਡੇ ਵਿੱਚੋਂ ਕਿਹੜਾ ਠੀਕ ਹੈ। 38 ਮੈਂ ਤੇਰੇ ਲਾਈ 20 ਵਰ੍ਹੇ ਕੰਮ ਕੀਤਾ ਹੈ। ਇਸ ਸਮੇਂ ਦੌਰਾਨ ਕੋਈ ਵੀ ਭੇਡ ਜਾਂ ਬੱਕਰੀ ਦਾ ਬੱਚਾ ਜਨਮ ਸਮੇਂ ਨਹੀਂ ਮਰਿਆ। ਅਤੇ ਮੈਂ ਤੇਰੇ ਇੱਜੜ ਦੇ ਕਿਸੇ ਭੇਡੂ ਨੂੰ ਨਹੀਂ ਖਾਧਾ। 39 ਜਦੋਂ ਵੀ ਕੋਈ ਭੇਡ ਜੰਗਲੀ ਜਾਨਵਰਾਂ ਵੱਲੋਂ ਮਾਰੀ ਗਈ ਤਾਂ ਮੈਂ ਹਮੇਸ਼ਾ ਹੀ ਉਸਦੀ ਕੀਮਤ ਦਿੱਤੀ। ਮੈਂ ਕਦੇ ਵੀ ਮੁਰਦਾ ਜਾਨਵਰ ਨੂੰ ਤੇਰੇ ਕੋਲ ਲੈ ਕੇ ਨਹੀਂ ਆਇਆ ਅਤੇ ਇਹ ਨਹੀਂ ਆਖਿਆ ਕਿ ਇਸ ਵਿੱਚ ਮੇਰਾ ਕੋਈ ਕਸੂਰ ਨਹੀਂ। ਪਰ ਮੈਨੂੰ ਦਿਨ-ਰਾਤ ਲੁੱਟਿਆ ਗਿਆ। 40 ਦਿਨ ਵੇਲੇ, ਸੂਰਜ ਮੇਰੀ ਸ਼ਕਤੀ ਨੂੰ ਨਸ਼ਟ ਕਰ ਦਿੰਦਾ ਸੀ ਅਤੇ ਰਾਤ ਵੇਲੇ ਠਂਡ ਨਾਮ ਮੇਰੀ ਨੀਂਦ ਉੱਡ ਜਾਂਦੀ ਸੀ। 41 ਮੈਂ 20 ਵਰ੍ਹੇ ਇੱਕ ਗੁਲਾਮ ਵਾਂਗ ਤੇਰੀ ਚਾਕਰੀ ਕੀਤੀ। ਪਹਿਲੇ 14 ਵਰ੍ਹੇ ਮੈਂ ਤੇਰੀਆਂ ਧੀਆਂ ਨੂੰ ਜਿੱਤਣ ਲਈ ਚਾਕਰੀ ਕੀਤੀ। ਆਖਰੀ ਛੇ ਸਾਲ ਮੈਂ ਤੇਰੇ ਜਾਨਵਰਾਂ ਨੂੰ ਪ੍ਰਾਪਤ ਕਰਨ ਲਈ ਕੰਮ ਕੀਤਾ। ਅਤੇ ਇਸ ਸਮੇਂ ਦੌਰਾਨ ਤੂੰ ਦਸ ਵਾਰੀ ਮੇਰੀ ਤਨਖਾਹ ਵਿੱਚ ਅਦਲਾ-ਬਲਦੀ ਕੀਤੀ। 42 ਪਰ ਮੇਰੇ ਪੁਰਖਿਆਂ ਦਾ ਪਰਮੇਸ਼ੁਰ, ਅਬਰਾਹਾਮ ਦਾ ਪਰਮੇਸ਼ੁਰ ਅਤੇ ਇਸਹਾਕ ਦਾ ਭੈ [b] ਮੇਰੇ ਨਾਲ ਸੀ। ਜੇ ਪਰਮੇਸ਼ੁਰ ਮੇਰੇ ਨਾਲ ਨਾ ਹੁੰਦਾ, ਤੂੰ ਮੈਨੂੰ ਖਾਲੀ ਹੱਥ ਭੇਜ ਦਿੱਤਾ ਹੋਣਾ ਸੀ। ਪਰ ਪਰਮੇਸ਼ੁਰ ਨੇ ਮੇਰੀਆਂ ਮੁਸ਼ਕਿਲਾਂ ਅਤੇ ਮੇਰਾ ਕੰਮ ਦੇਖਿਆ, ਅਤੇ ਕੱਲ੍ਹ ਰਾਤ ਪਰਮੇਸ਼ੁਰ ਨੇ ਸਾਬਤ ਕਰ ਦਿੱਤਾ ਕਿ ਮੈਂ ਠੀਕ ਹਾਂ।”

ਯਾਕੂਬ ਅਤੇ ਲਾਬਾਨ ਦਾ ਸਮਝੌਤਾ

43 ਲਾਬਾਨ ਨੇ ਯਾਕੂਬ ਨੂੰ ਆਖਿਆ, “ਇਹ ਔਰਤਾਂ ਮੇਰੀਆਂ ਧੀਆਂ ਹਨ। ਅਤੇ ਇਹ ਬੱਚੇ ਮੇਰੇ ਹਨ। ਅਤੇ ਇਹ ਜਾਨਵਰ ਮੇਰੇ ਹਨ। ਜੋ ਵੀ ਚੀਜ਼ ਤੈਨੂੰ ਇੱਥੇ ਨਜ਼ਰ ਆਉਂਦੀ ਹੈ ਮੇਰੀ ਹੈ। ਪਰ ਮੈਂ ਆਪਣੀਆਂ ਧੀਆਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਕੋਲ ਰੱਖਣ ਲਈ ਕੁਝ ਨਹੀਂ ਕਰ ਸੱਕਦਾ। 44 ਇਸ ਲਈ ਮੈਂ ਤੇਰੇ ਨਾਲ ਇਕਰਾਰਨਾਮਾ ਕਰਨ ਲਈ ਤਿਆਰ ਹਾਂ। ਇਹ ਇਕਰਾਰਨਾਮਾ ਸਾਨੂੰ ਚੇਤੇ ਕਰਾਵੇਗਾ ਕਿ ਅਸੀਂ ਇੱਕ-ਦੂਜੇ ਨਾਲ ਕਿੰਝ ਵਿਹਾਰ ਕਰਨ ਦਾ ਫ਼ੈਸਲਾ ਕੀਤਾ ਹੈ।”

45 ਇਸ ਲਈ ਯਾਕੂਬ ਨੇ ਇੱਕ ਵੱਡਾ ਪੱਥਰ ਲੱਭਿਆ ਅਤੇ ਇਸ ਨੂੰ ਯਾਦਗਾਰੀ ਪੱਥਰ ਵਜੋਂ ਰੱਖ ਦਿੱਤਾ। 46 ਉਸ ਨੇ ਆਪਣੇ ਆਦਮੀਆਂ ਨੂੰ ਕੁਝ ਹੋਰ ਪੱਥਰ ਜਮ੍ਹਾਂ ਕਰਕੇ ਅਤੇ ਉਨ੍ਹਾਂ ਦੀ ਢੇਰੀ ਲਾਉਣ ਲਈ ਆਖਿਆ। ਫ਼ੇਰ ਉਨ੍ਹਾਂ ਨੇ ਪੱਥਰਾਂ ਦੀ ਢੇਰੀ ਕੋਲ ਭੋਜਨ ਕੀਤਾ। 47 ਲਾਬਾਨ ਨੇ ਉਸ ਥਾਂ ਦਾ ਨਾਮ ਯਗਰ ਸਾਹਦੂਥਾ ਰੱਖਿਆ। ਪਰ ਯਾਕੂਬ ਨੇ ਉਸ ਥਾਂ ਦਾ ਨਾਂ ਗਲੇਦ ਰੱਖਿਆ।

48 ਲਾਬਾਨ ਨੇ ਯਾਕੂਬ ਨੂੰ ਆਖਿਆ, “ਇਹ ਪੱਥਰਾਂ ਦੀ ਢੇਰੀ ਸਾਨੂੰ ਆਪਣੇ ਇਕਰਾਰਨਾਮੇ ਦੀ ਯਾਦ ਕਰਾਵੇਗੀ।” ਇਹੀ ਕਾਰਣ ਹੈ ਯਾਕੂਬ ਨੇ ਉਸ ਥਾਂ ਦਾ ਨਾਂ ਗਲੇਦ ਆਖਿਆ।

49 ਫ਼ੇਰ ਲਾਬਾਨ ਨੇ ਆਖਿਆ, “ਜਦੋਂ ਅਸੀਂ ਵਿੱਛੜੀਏ ਤਾਂ ਯਹੋਵਾਹ ਸਾਡੇ ਅੰਗ਼-ਸੰਗ ਰਹੇ।” ਇਸ ਲਈ ਉਸ ਥਾਂ ਦਾ ਨਾਮ ਮਿਸਪਾਹ ਵੀ ਸੀ।

50 ਫ਼ੇਰ ਲਾਬਾਨ ਨੇ ਆਖਿਆ, “ਜੇ ਤੂੰ ਮੇਰੀਆਂ ਧੀਆਂ ਨੂੰ ਦੁੱਖ ਦਿੱਤਾ ਤਾਂ ਚੇਤੇ ਰੱਖੀਂ ਕਿ ਪਰਮੇਸ਼ੁਰ ਤੈਨੂੰ ਸਜ਼ਾ ਦੇਵੇਗਾ। ਜੇ ਤੂੰ ਕਿਸੇ ਹੋਰ ਔਰਤ ਨਾਲ ਸ਼ਾਦੀ ਕੀਤੀ ਤਾਂ ਯਾਦ ਰੱਖੀਂ ਕਿ ਪਰਮੇਸ਼ੁਰ ਤੈਨੂੰ ਦੇਖ ਰਿਹਾ ਹੈ। 51 ਇਹ ਉਹ ਪੱਥਰ ਸਨ ਜਿਹੜੇ ਮੈਂ ਤੇਰੇ ਅਤੇ ਮੇਰੇ ਦਰਮਿਆਨ ਰੱਖ ਦਿੱਤੇ ਹਨ। ਅਤੇ ਇਹ ਖਾਸ ਪੱਥਰ ਇਹ ਦਰਸਾਉਣ ਲਈ ਹੈ ਕਿ ਅਸੀਂ ਇੱਕ ਇਕਰਾਰਨਾਮਾ ਕੀਤਾ ਹੈ। 52 ਪਥਰਾਂ ਦੀ ਇਹ ਢੇਰੀ ਅਤੇ ਇਹ ਖਾਸ ਪੱਥਰ ਸਾਨੂੰ ਆਪਣੇ ਇਕਰਾਰਨਾਮੇ ਦੀ ਯਾਦ ਕਰਾਵੇਗਾ। ਮੈਂ ਕਦੇ ਵੀ ਇਨ੍ਹਾਂ ਪੱਥਰਾਂ ਤੋਂ ਪਾਰ ਆਕੇ ਤੈਨੂੰ ਨੁਕਸਾਨ ਨਹੀਂ ਪਹੁੰਚਾਵਾਂਗਾ। ਤੈਨੂੰ ਵੀ ਮੈਨੂੰ ਨੁਕਸਾਨ ਪਹੁੰਚਾਉਣ ਲਈ ਪੱਥਰਾਂ ਦੇ ਇਸ ਪਾਸੇ ਨਹੀਂ ਆਉਣਾ ਚਾਹੀਦਾ। 53 ਅਬਰਾਹਾਮ ਦਾ ਪਰਮੇਸ਼ੁਰ, ਨਾਹੋਰ ਦਾ ਪਰਮੇਸ਼ੁਰ ਅਤੇ ਉਨ੍ਹਾਂ ਦੇ ਪੁਰਖਿਆਂ ਦਾ ਪਰਮੇਸ਼ੁਰ ਸਾਡੇ ਦੋਸ਼ੀ ਹੋਣ ਦਾ ਨਿਆਂ ਕਰੇ ਜੇ ਕਦੇ ਅਸੀਂ ਇਸ ਇਕਰਾਰਨਾਮੇ ਨੂੰ ਤੋੜੀਏ।”

ਯਾਕੂਬ ਦਾ ਪਿਤਾ ਇਸਹਾਕ ਪਰਮੇਸ਼ੁਰ ਨੂੰ “ਭੈ” ਬੁਲਾਉਂਦਾ ਸੀ। ਇਸ ਲਈ ਯਾਕੂਬ ਨੇ ਵਚਨ ਦੇਣ ਲਈ ਉਹੀ ਨਾਮ ਵਰਤਿਆ। 54 ਫ਼ੇਰ ਯਾਕੂਬ ਨੇ ਇੱਕ ਜਾਨਵਰ ਮਾਰਿਆ ਅਤੇ ਇਸ ਨੂੰ ਪਰਬਤ ਉੱਤੇ ਬਲੀ ਵਜੋਂ ਚੜ੍ਹਾਇਆ। ਅਤੇ ਉਸ ਨੇ ਆਪਣੇ ਆਦਮੀਆਂ ਨੂੰ ਭੋਜਨ ਸਾਂਝਾ ਕਰਨ ਦਾ ਸੱਦਾ ਦਿੱਤਾ। ਜਦੋਂ ਉਹ ਭੋਜਨ ਕਰ ਹਟੇ ਤਾਂ ਉਨ੍ਹਾਂ ਨੇ ਆਪਣੇ ਦੋਹਤਿਆਂ 55 ਅਤੇ ਆਪਣੀਆਂ ਧੀਆਂ ਨੂੰ ਵਿਦਾਈ ਦਾ ਚੁੰਮਣ ਦਿੱਤਾ। ਉਸ ਨੇ ਉਨ੍ਹਾਂ ਨੂੰ ਅਸੀਸ ਦਿੱਤੀ ਅਤੇ ਘਰ ਵਾਪਸ ਚੱਲਾ ਗਿਆ।

ਏਸਾਓ ਨਾਲ ਪੁਨਰ ਮਿਲਾਪ

32 ਯਾਕੂਬ ਵੀ ਉਸ ਥਾਂ ਤੋਂ ਚੱਲਾ ਗਿਆ। ਜਦੋਂ ਉਸ ਸਫ਼ਰ ਕਰ ਰਿਹਾ ਸੀ ਪਰਮੇਸ਼ੁਰ ਦੇ ਦੂਤ ਉਸ ਨੂੰ ਮਿਲੇ। ਯਾਕੂਬ ਨੇ ਉਨ੍ਹਾਂ ਨੂੰ ਦੇਖਿਆ ਤਾਂ ਉਸ ਨੇ ਆਖਿਆ, “ਇਹ ਪਰਮੇਸ਼ੁਰ ਦਾ ਡੇਰਾ ਹੈ।” ਇਸ ਲਈ ਯਾਕੂਬ ਨੇ ਉਸ ਥਾਂ ਦਾ ਨਾਂ ਮਹਨਾਯਿਮ ਰੱਖਿਆ।

ਯਾਕੂਬ ਦਾ ਭਰਾ ਸੇਈਰ ਨਾਮ ਦੇ ਇਲਾਕੇ ਵਿੱਚ ਰਹਿੰਦਾ ਸੀ। ਇਸ ਇਲਾਕੇ ਨੂੰ ਅਦੋਮ ਦਾ ਪਹਾੜੀ ਇਲਾਕਾ ਆਖਿਆ ਜਾਂਦਾ ਸੀ। ਯਾਕੂਬ ਨੇ ਏਸਾਓ ਵੱਲ ਸੰਦੇਸ਼ਵਾਹਕ ਭੇਜੇ। ਯਾਕੂਬ ਨੇ ਸੰਦੇਸ਼ਵਾਹਕਾਂ ਨੂੰ ਆਖਿਆ, “ਮੇਰੇ ਮਾਲਕ ਏਸਾਓ ਨੂੰ ਇਹ ਗੱਲਾਂ ਆਖਿਉ: ‘ਤੁਹਾਡਾ ਸੇਵਕ ਯਾਕੂਬ ਆਖਦਾ ਹੈ, ਮੈਂ ਇਹ ਸਾਰੇ ਵਰ੍ਹੇ ਲਾਬਾਨ ਨਾਲ ਰਿਹਾ ਹਾਂ। ਮੇਰੇ ਕੋਲ ਬਹੁਤ ਸਾਰੀਆਂ ਗਊਆਂ, ਖੋਤੇ, ਇੱਜੜ ਅਤੇ ਦਾਸ-ਦਾਸੀਆਂ ਹਨ। ਸ਼੍ਰੀਮਾਨ ਜੀ, ਮੈਂ ਇਹ ਸੰਦੇਸ਼ ਤੁਹਾਨੂੰ ਇਹ ਆਖਣ ਲਈ ਭੇਜ ਰਿਹਾ ਹਾਂ ਕਿ ਸਾਨੂੰ ਪ੍ਰਵਾਨ ਕਰ ਲਵੋ।’”

ਸੰਦੇਸ਼ਵਾਹਕ ਯਾਕੂਬ ਕੋਲ ਵਾਪਸ ਆ ਗਏ ਅਤੇ ਕਹਿਣ ਲੱਗੇ, “ਅਸੀਂ ਤੁਹਾਡੇ ਭਰਾ ਏਸਾਓ ਵੱਲ ਗਏ ਸਾਂ। ਉਹ ਤੁਹਾਨੂੰ ਮਿਲਣ ਲਈ ਆ ਰਿਹਾ ਹੈ। ਉਸ ਦੇ ਨਾਲ ਚਾਰ ਸੌ ਆਦਮੀ ਹਨ।”

ਇਸ ਸੰਦੇਸ਼ ਨੇ ਯਾਕੂਬ ਨੂੰ ਭੈਭੀਤ ਕਰ ਦਿੱਤਾ। ਉਸ ਨੇ ਆਪਣੇ ਨਾਲ ਦੇ ਆਦਮੀਆਂ ਨੂੰ ਦੋ ਹਿਸਿਆਂ ਵਿੱਚ ਵੰਡ ਦਿੱਤਾ ਉਸ ਨੇ ਸਾਰੇ ਇੱਜੜਾਂ ਅਤੇ ਵੱਗਾਂ ਅਤੇ ਊਠਾਂ ਨੂੰ ਦੋ ਹਿਸਿਆਂ ਵਿੱਚ ਵੰਡ ਦਿੱਤਾ। ਯਾਕੂਬ ਨੇ ਸੋਚਿਆ, “ਜੇ ਏਸਾਓ ਆਉਂਦਾ ਹੈ ਅਤੇ ਇੱਕ ਹਿੱਸੇ ਨੂੰ ਤਬਾਹ ਕਰ ਦਿੰਦਾ ਹੈ ਤਾਂ ਦੂਸਰਾ ਹਿੱਸਾ ਭੱਜ ਕੇ ਜਾਨ ਬਚਾ ਲਵੇਗਾ।”

ਯਾਕੂਬ ਨੇ ਆਖਿਆ “ਹੇ ਮੇਰੇ ਪਿਤਾ, ਅਬਰਾਹਾਮ ਦੇ ਪਰਮੇਸ਼ੁਰ! ਮੇਰੇ ਪਿਤਾ ਇਸਹਾਕ ਦੇ ਪਰਮੇਸ਼ੁਰ! ਯਹੋਵਾਹ, ਤੂੰ ਮੈਨੂੰ ਮੇਰੇ ਦੇਸ਼ ਅਤੇ ਆਪਣੇ ਜਨਮ ਸਥਾਨ ਤੇ ਵਾਪਸ ਆਉਣ ਲਈ ਕਿਹਾ ਸੀ। ਤੂੰ ਆਖਿਆ ਸੀ ਕਿ ਤੂੰ ਮੇਰਾ ਭਲਾ ਕਰੇਂਗਾ। 10 ਮੈਂ ਪਿਆਰ ਦੇ ਸਾਰੇ ਵਿਖਾਵਿਆਂ ਅਤੇ ਵਫ਼ਾਦਾਰੀ ਦੇ ਯੋਗ ਨਹੀਂ ਹਾਂ ਜੋ ਤੂੰ ਮੇਰੇ ਲਈ ਕੀਤੀ ਹੈ। ਜਦੋਂ ਮੈਂ ਪਹਿਲੀ ਵਾਰੀ ਯਰਦਨ ਨਦੀ ਪਾਰ ਕਰਕੇ ਆਇਆ ਸੀ, ਮੇਰੇ ਕੋਲ ਆਪਣੀ ਤੁਰਨ ਵਾਲੀ ਛੜੀ ਤੋਂ ਇਲਾਵਾ ਕੁਝ ਵੀ ਨਹੀਂ ਸੀ। ਪਰ ਹੁਣ ਮੇਰੇ ਕੋਲ ਇੰਨਾ ਜ਼ਿਆਦਾ ਹੈ ਕਿ ਅਸੀਂ ਪੂਰੇ ਦੋ ਡੇਰੇ ਬਣਾ ਸੱਕਦੇ ਹਾਂ। 11 ਮੈਂ ਤੁਹਾਡੇ ਪਾਸੋਂ ਇਹੀ ਮਂਗਦਾ ਹਾਂ ਕਿ ਮਿਹਰ ਕਰਕੇ ਮੈਨੂੰ ਮੇਰੇ ਭਰਾ ਕੋਲੋਂ ਬਚਾ ਲਵੋ। ਮੈਨੂੰ ਏਸਾਓ ਕੋਲੋਂ ਬਚਾ ਲਵੋ। ਮੈਂ ਉਸ ਕੋਲੋਂ ਡਰਦਾ ਹਾਂ। ਮੈਨੂੰ ਡਰ ਹੈ ਕਿ ਉਹ ਆਵੇਗਾ ਅਤੇ ਸਾਨੂੰ ਸਾਰਿਆਂ ਨੂੰ ਮਾਰ ਦੇਵੇਗਾ, ਮਾਵਾਂ ਅਤੇ ਬੱਚਿਆਂ ਨੂੰ ਵੀ। 12 ਯਹੋਵਾਹ, ਤੂੰ ਮੈਨੂੰ ਆਖਿਆ ਸੀ, ‘ਮੈਂ ਤੇਰੇ ਉੱਤੇ ਨੇਕੀ ਕਰਾਂਗਾ। ਮੈਂ ਤੇਰੇ ਪਰਿਵਾਰ ਵਿੱਚ ਵਾਧਾ ਕਰਾਂਗਾ ਅਤੇ ਤੇਰੀ ਸੰਤਾਨ ਨੂੰ ਸਮੁੰਦਰ ਦੇ ਕੰਢੇ ਦੀ ਰੇਤ ਦੇ ਕਿਣਕਿਆਂ ਜਿੰਨਾ ਕਰ ਦਿਆਂਗਾ। ਉਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸੱਕੇਗੀ।’”

13 ਯਾਕੂਬ ਉਸ ਥਾਂ ਰਾਤ ਲਈ ਠਹਿਰ ਗਿਆ। ਯਾਕੂਬ ਨੇ ਏਸਾਓ ਨੂੰ ਸੁਗਾਤ ਵਜੋਂ ਦੇਣ ਲਈ ਕੁਝ ਚੀਜ਼ਾਂ ਤਿਆਰ ਕੀਤੀਆਂ। 14 ਯਾਕੂਬ ਨੇ 200 ਬੱਕਰੀਆਂ ਅਤੇ 20 ਬੱਕਰੇ, 200 ਭੇਡਾਂ ਅਤੇ 20 ਭੇਡੂ ਚੁਣੇ। 15 ਯਾਕੂਬ ਨੇ 30 ਊਠ ਅਤੇ ਉਨ੍ਹਾਂ ਦੇ ਬਛੜੇ, 40 ਗਊਆਂ ਅਤੇ 10 ਸੰਢੇ, 20 ਖੋਤੀਆਂ ਅਤੇ 10 ਖੋਤੇ ਚੁਣੇ। 16 ਯਾਕੂਬ ਨੇ ਜਾਨਵਰਾਂ ਦਾ ਹਰ ਇੱਜੜ ਆਪਣੇ ਨੌਕਰਾਂ ਨੂੰ ਦੇ ਦਿੱਤਾ। ਫ਼ੇਰ ਯਾਕੂਬ ਨੇ ਆਪਣੇ ਨੌਕਰਾਂ ਨੂੰ ਆਖਿਆ, “ਜਾਨਵਰਾਂ ਦੇ ਹਰ ਇੱਜੜ ਵਿੱਚਕਾਰ ਇੱਕ ਨਿਸ਼ਚਿੰਤ ਜਗ਼੍ਹਾ ਛੱਡੋ। ਮੇਰੇ ਅੱਗੇ-ਅੱਗੇ ਚੱਲੋ ਅਤੇ ਹਰੇਕ ਇੱਜੜ ਦੇ ਵਿੱਚਕਾਰ ਵਿੱਥ ਬਣਾਕੇ ਰੱਖੋ।” 17 ਯਾਕੂਬ ਨੇ ਉਨ੍ਹਾਂ ਨੂੰ ਹੁਕਮ ਦਿੱਤਾ। ਜਾਨਵਰਾਂ ਦੇ ਪਹਿਲੇ ਸਮੂਹ ਦੇ ਨੌਕਰ ਨੂੰ ਯਾਕੂਬ ਨੇ ਆਖਿਆ, “ਜਦੋਂ ਮੇਰਾ ਭਰਾ ਏਸਾਓ ਤੇਰੇ ਕੋਲ ਆਵੇ ਅਤੇ ਤੈਨੂੰ ਪੁੱਛੇ, ‘ਇਹ ਕਿਸਦੇ ਜਾਨਵਰ ਹਨ? ਤੂੰ ਕਿਧਰ ਜਾ ਰਿਹਾ ਹੈ? ਤੂੰ ਕਿਸਦਾ ਨੌਕਰ ਹੈ?’ 18 ਤਾਂ ਤੈਨੂੰ ਜਵਾਬ ਦੇਣਾ ਚਾਹੀਦਾ ਹੈ, ‘ਇਹ ਜਾਨਵਰ ਤੁਹਾਡੇ ਸੇਵਕ ਯਾਕੂਬ ਦੇ ਹਨ। ਯਾਕੂਬ ਨੇ ਇਨ੍ਹਾਂ ਨੂੰ ਤੁਹਾਡੇ ਆਪਣੇ ਸੁਆਮੀ, ਏਸਾਓ ਨੂੰ ਘੱਲਿਆ ਹੈ। ਅਤੇ ਯਾਕੂਬ ਵੀ ਸਾਡੇ ਪਿੱਛੇ-ਪਿੱਛੇ ਆ ਰਿਹਾ ਹੈ।’”

19 ਯਾਕੂਬ ਨੇ ਦੂਸਰੇ ਨੌਕਰ ਨੂੰ, ਤੀਜੇ ਨੌਕਰ ਅਤੇ ਹੋਰ ਸਾਰੇ ਨੌਕਰਾਂ ਨੂੰ ਇਹੀ ਗੱਲ ਕਰਨ ਦਾ ਹੁਕਮ ਦਿੱਤਾ। ਉਸ ਨੇ ਆਖਿਆ, “ਤੁਸੀਂ ਇਹੀ ਗੱਲ ਏਸਾਓ ਨਾਲ ਕਰੋਂਗੇ ਜਦੋਂ ਤੁਸੀਂ ਉਸ ਨੂੰ ਮਿਲੋ। 20 ਤੁਸੀਂ ਆਖੋਂਗੇ, ‘ਇਹ ਤੁਹਾਡੇ ਵਾਸਤੇ ਸੁਗਾਤ ਹੈ ਅਤੇ ਤੁਹਾਡਾ ਸੇਵਕ ਯਾਕੂਬ ਸਾਡੇ ਪਿੱਛੇ ਆ ਰਿਹਾ ਹੈ।’”

ਯਾਕੂਬ ਨੇ ਸੋਚਿਆ, “ਜੇ ਮੈਂ ਇਨ੍ਹਾਂ ਆਦਮੀਆਂ ਨੂੰ ਸੁਗਾਤਾਂ ਦੇਕੇ ਅੱਗੇ-ਅੱਗੇ ਭੇਜਾਂ ਤਾਂ ਹੋ ਸੱਕਦਾ ਹੈ ਕਿ ਏਸਾਓ ਮੈਨੂੰ ਮਾਫ਼ ਕਰ ਦੇਵੇ ਅਤੇ ਮੈਨੂੰ ਪ੍ਰਵਾਨ ਕਰ ਲਵੇ।” 21 ਇਸ ਲਈ ਯਾਕੂਬ ਨੇ ਏਸਾਓ ਨੂੰ ਸੁਗਾਤਾਂ ਘੱਲੀਆਂ। ਪਰ ਯਾਕੂਬ ਉਸ ਰਾਤ ਡੇਰੇ ਵਿੱਚ ਹੀ ਰਿਹਾ।

22 ਉਸ ਰਾਤ, ਬਾਦ ਵਿੱਚ, ਯਾਕੂਬ ਉੱਠਿਆ ਅਤੇ ਉੱਥੋਂ ਚੱਲਿਆ ਗਿਆ। ਯਾਕੂਬ ਨੇ ਆਪਣੀਆਂ ਦੋਵੇਂ ਪਤਨੀਆਂ ਅਤੇ ਆਪਣੀਆਂ ਦੋਵੇਂ ਦਾਸੀਆਂ ਅਤੇ ਆਪਣੇ 11 ਪੁੱਤਰਾਂ ਨੂੰ ਨਾਲ ਲਿਆ ਅਤੇ ਯੱਬੋਕ ਨਦੀ ਨੂੰ ਚੌਰਾਹੇ ਨੂੰ ਪਾਰ ਕੀਤਾ। 23 ਯਾਕੂਬ ਨੇ ਆਪਣੇ ਪਰਿਵਾਰ ਨੂੰ ਨਦੀਓ ਪਾਰ ਭੇਜ ਦਿੱਤਾ ਫ਼ੇਰ ਯਾਕੂਬ ਨੇ ਆਪਣੀ ਹਰ ਸ਼ੈਅ ਨਦੀ ਦੇ ਪਾਰ ਭੇਜ ਦਿੱਤੀ।

ਪਰਮੇਸ਼ੁਰ ਨਾਲ ਯੁੱਧ

24 ਯਾਕੂਬ ਉਹ ਆਦਮੀ ਸੀ ਜਿਸਨੇ ਅਖੀਰ ਵਿੱਚ ਨਦੀ ਪਾਰ ਕੀਤੀ। ਪਰ ਇਸਤੋਂ ਪਹਿਲਾਂ ਕਿ ਉਹ ਨਦੀ ਪਾਰ ਕਰ ਸੱਕੇ, ਜਦੋਂ ਉਹ ਹਾਲੇ ਇੱਕਲਾ ਹੀ ਸੀ, ਤਾਂ ਇੱਕ ਆਦਮੀ ਉਸ ਨਾਲ ਘੁਲਣ ਲੱਗਾ। ਉਹ ਆਦਮੀ ਸੂਰਜ ਨਿਕਲਣ ਤੱਕ ਉਸ ਨਾਲ ਲੜਦਾ ਰਿਹਾ। 25 ਆਦਮੀ ਨੇ ਦੇਖਿਆ ਕਿ ਉਹ ਯਾਕੂਬ ਨੂੰ ਨਹੀਂ ਹਰਾ ਸੱਕਦਾ ਸੀ, ਉਸ ਨੇ ਯਾਕੂਬ ਦੀ ਲੱਤ ਛੋਹੀ। ਇਸ ਲਈ ਯਾਕੂਬ ਦੀ ਲੱਤ ਦਾ ਜੋੜ ਹਿੱਲ ਗਿਆ ਕਿਉਂ ਜੋ ਉਸ ਨੇ ਉਸ ਨਾਲ ਘੋਲ ਕੀਤਾ ਸੀ।

26 ਫ਼ੇਰ ਆਦਮੀ ਨੇ ਯਾਕੂਬ ਨੂੰ ਆਖਿਆ, “ਮੈਨੂੰ ਜਾਣਦੇ। ਸੂਰਜ ਨਿਕਲ ਰਿਹਾ ਹੈ।”

ਪਰ ਯਾਕੂਬ ਨੇ ਆਖਿਆ, “ਮੈਂ ਤੈਨੂੰ ਨਹੀਂ ਜਾਣ ਦਿਆਂਗਾ। ਤੂੰ ਮੈਨੂੰ ਅਸੀਸ ਦੇ।”

27 ਅਤੇ ਉਸ ਆਦਮੀ ਨੇ ਉਸ ਨੂੰ ਆਖਿਆ, “ਤੇਰਾ ਨਾਮ ਕੀ ਹੈ?”

ਅਤੇ ਯਾਕੂਬ ਨੇ ਆਖਿਆ, “ਮੇਰਾ ਨਾਮ ਯਾਕੂਬ ਹੈ।”

28 ਫ਼ੇਰ ਉਸ ਆਦਮੀ ਨੇ ਆਖਿਆ, “ਤੇਰਾ ਨਾਮ ਯਾਕੂਬ ਨਹੀਂ ਰਹੇਗਾ। ਤੇਰਾ ਨਾਂ ਹੁਣ ਤੋਂ ਇਸਰਾਏਲ ਹੋਵੇਗਾ। ਮੈਂ ਤੈਨੂੰ ਇਹ ਨਾਮ ਇਸ ਲਈ ਦਿੰਦਾ ਹਾਂ ਕਿਉਂਕਿ ਤੂੰ ਪਰਮੇਸ਼ੁਰ ਨਾਲ ਵੀ ਲੜਿਆ ਹੈਂ ਅਤੇ ਬੰਦਿਆਂ ਨਾਲ ਵੀ ਪਰ ਤੈਨੂੰ ਹਰਾਇਆ ਨਹੀਂ ਜਾ ਸੱਕਿਆ।”

29 ਫ਼ੇਰ ਯਾਕੂਬ ਨੇ ਉਸ ਨੂੰ ਪੁੱਛਿਆ, “ਕਿਰਪਾ ਕਰਕੇ ਮੈਨੂੰ ਆਪਣਾ ਨਾਮ ਦੱਸੋ।”

ਪਰ ਉਸ ਆਦਮੀ ਨੇ ਆਖਿਆ, “ਤੂੰ ਮੇਰਾ ਨਾਮ ਕਿਉਂ ਪੁੱਛਦਾ ਹੈਂ?” ਉਸ ਸਮੇਂ ਉਸ ਆਦਮੀ ਨੇ ਯਾਕੂਬ ਨੂੰ ਅਸੀਸ ਦਿੱਤੀ।

30 ਇਸੇ ਲਈ ਯਾਕੂਬ ਨੇ ਉਸ ਥਾਂ ਦਾ ਨਾਮ ਪੇਨੀਏਲ ਰੱਖਿਆ। ਯਾਕੂਬ ਨੇ ਆਖਿਆ, “ਇਸ ਥਾਂ ਉੱਤੇ ਮੈਂ ਪਰਮੇਸ਼ੁਰ ਨੂੰ ਆਮ੍ਹੋ-ਸਾਹਮਣੇ ਵੇਖਿਆ ਅਤੇ ਮੇਰੀ ਜਾਨ ਬਖਸ਼ੀ ਗਈ।” 31 ਫ਼ੇਰ ਸੂਰਜ ਚੜ੍ਹ ਆਇਆ ਜਦੋਂ ਉਹ ਪੇਨੀਏਲ ਕੋਲੋਂ ਹੋਕੇ ਲੰਘਿਆ। ਯਾਕੂਬ ਆਪਣੀ ਲੱਤ ਕਾਰਣ ਲੰਗੜਾਕੇ ਤੁਰ ਰਿਹਾ ਸੀ। 32 ਇਸ ਲਈ ਅੱਜ ਵੀ ਇਸਰਾਏਲ ਦੇ ਲੋਕ ਪੱਟ ਦੇ ਜੋੜ ਵਾਲੇ ਪਠੇ ਦਾ ਮਾਸ ਨਹੀਂ ਖਾਂਦੇ ਕਿਉਂਕਿ ਇਹੀ ਉਹ ਪੱਠਾ ਹੈ ਜਿੱਥੇ ਯਾਕੂਬ ਜ਼ਖਮੀ ਹੋਇਆ ਸੀ।

ਯਾਕੂਬ ਬਹਾਦਰੀ ਦਿਖਾਉਂਦਾ

33 ਯਾਕੂਬ ਨੇ ਤੱਕਿਆ ਅਤੇ ਏਸਾਓ ਨੂੰ ਆਉਂਦਿਆ ਵੇਖਿਆ। ਏਸਾਓ 400 ਆਦਮੀਆਂ ਨਾਲ ਆ ਰਿਹਾ ਸੀ। ਯਾਕੂਬ ਨੇ ਆਪਣੇ ਬੱਚਿਆਂ ਨੂੰ ਲੇਆਹ, ਰਾਖੇਲ ਅਤੇ ਆਪਣੀਆਂ ਦੋ ਦਾਸੀਆਂ ਵਿੱਚਕਾਰ ਵੰਡ ਦਿੱਤਾ। ਯਾਕੂਬ ਨੇ ਸਭ ਤੋਂ ਪਹਿਲਾਂ ਦਾਸੀਆਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਰੱਖਿਆ। ਫ਼ੇਰ ਯਾਕੂਬ ਨੇ ਲੇਆਹ ਅਤੇ ਉਸ ਦੇ ਬੱਚਿਆਂ ਨੂੰ ਉਨ੍ਹਾਂ ਦੇ ਪਿੱਛੇ ਰੱਖਿਆ। ਅਤੇ ਯਾਕੂਬ ਨੇ ਰਾਖੇਲ ਅਤੇ ਯਾਕੂਬ ਨੂੰ ਸਭ ਤੋਂ ਅਖੀਰ ਵਿੱਚ ਰੱਖਿਆ।

ਯਾਕੂਬ ਖੁਦ ਏਸਾਓ ਵੱਲ ਨੂੰ ਬਾਹਰ ਗਿਆ। ਇਸ ਲਈ ਉਹ ਏਸਾਓ ਦੇ ਸਾਹਮਣੇ ਆਉਣ ਵਾਲਾ ਪਹਿਲਾ ਬੰਦਾ ਸੀ। ਯਾਕੂਬ ਨੇ ਆਪਣੇ ਭਰਾ ਵੱਲ ਆਉਂਦਿਆਂ ਹੋਇਆ ਸੱਤ ਵਾਰੀ ਧਰਤੀ ਵੱਲ ਝੁਕ ਕੇ ਸਿਜਦਾ ਕੀਤਾ।

ਜਦੋਂ ਏਸਾਓ ਨੇ ਯਾਕੂਬ ਨੂੰ ਵੇਖਿਆ ਤਾਂ ਉਹ ਉਸ ਨੂੰ ਮਿਲਣ ਲਈ ਦੌੜ ਪਿਆ। ਏਸਾਓ ਨੇ ਯਾਕੂਬ ਦੁਆਲੇ ਬਾਹਾਂ ਵਲ ਲਈਆਂ ਅਤੇ ਉਸ ਨੂੰ ਜੱਫ਼ੀ ਪਾ ਲਈ ਅਤੇ ਉਸ ਨੂੰ ਚੁੰਮਿਆ। ਫ਼ੇਰ ਉਹ ਦੋਵੇਂ ਰੋ ਪਏ। ਏਸਾਓ ਨੇ ਉੱਪਰ ਵੱਲ ਤੱਕਿਆ ਅਤੇ ਔਰਤਾਂ ਅਤੇ ਬੱਚਿਆਂ ਨੂੰ ਦੇਖਿਆ। ਉਸ ਨੇ ਆਖਿਆ, “ਤੇਰੇ ਨਾਲ ਇਹ ਸਾਰੇ ਲੋਕ ਕੌਣ ਹਨ?”

ਯਾਕੂਬ ਨੇ ਜਵਾਬ ਦਿੱਤਾ, “ਇਹ ਉਹ ਬੱਚੇ ਹਨ ਜਿਹੜੇ ਪਰਮੇਸ਼ੁਰ ਨੇ ਮੈਨੂੰ ਦਿੱਤੇ ਹਨ। ਪਰਮੇਸ਼ੁਰ ਮੇਰੇ ਉੱਤੇ ਮਿਹਰਬਾਨ ਰਿਹਾ ਹੈ।”

ਫ਼ੇਰ ਦੋ ਦਾਸੀਆਂ ਬੱਚਿਆਂ ਸਮੇਤ ਏਸਾਓ ਕੋਲ ਗਈਆਂ। ਉਨ੍ਹਾਂ ਨੇ ਉਸ ਦੇ ਸਾਹਮਣੇ ਝੁਕ ਕੇ ਸਿਜਦਾ ਕੀਤਾ। ਲੇਆਹ ਅਤੇ ਉਸ ਦੇ ਬੱਚੇ ਏਸਾਓ ਕੋਲ ਗਏ ਅਤੇ ਉਸ ਦੇ ਸਾਹਮਣੇ ਝੁਕ ਗਏ ਅਤੇ ਫ਼ੇਰ ਰਾਖੇਲ ਅਤੇ ਯੂਸੁਫ਼ ਏਸਾਓ ਕੋਲ ਗਏ ਅਤੇ ਉਸ ਅੱਗੇ ਝੁਕ ਗਏ।

ਏਸਾਓ ਨੇ ਆਖਿਆ, “ਇਹ ਸਾਰੇ ਲੋਕ ਕੌਨ ਹਨ ਜਿਨ੍ਹਾਂ ਨੂੰ ਇੱਥੇ ਆਉਣ ਸਮੇਂ ਦੇਖਿਆ ਸੀ? ਅਤੇ ਇਹ ਸਾਰੇ ਜਾਨਵਰ ਕਾਹਦੇ ਲਈ ਹਨ?”

ਯਾਕੂਬ ਨੇ ਜਵਾਬ ਦਿੱਤਾ, “ਇਹ ਸਾਰੇ ਮੇਰੇ ਵੱਲੋਂ ਤੁਹਾਡੇ ਲਈ ਸੁਗਾਤ ਹਨ ਤਾਂ ਜੋ ਤੁਸੀਂ ਮੈਨੂੰ ਪ੍ਰਵਾਨ ਕਰ ਸੱਕੋਂ।”

ਪਰ ਏਸਾਓ ਨੇ ਆਖਿਆ, “ਭਰਾਵਾ, ਮੇਰੇ ਕੋਲ ਅਪਾਰ ਹੈ। ਜੋ ਤੇਰੇ ਕੋਲ ਹੈ ਉਸ ਨੂੰ ਰੱਖ।”

10 ਯਾਕੂਬ ਨੇ ਆਖਿਆ, “ਨਹੀਂ! ਮੈਂ ਤੁਹਾਨੂੰ ਬੇਨਤੀ ਕਰਦਾ ਹਾਂ। ਜੇ ਤੁਸੀਂ ਸੱਚਮੁੱਚ ਮੈਨੂੰ ਪ੍ਰਵਾਨ ਕਰਦੇ ਹੋ ਤਾਂ ਇਹ ਸਾਰੀਆਂ ਸੁਗਾਤਾਂ ਮੇਰੇ ਵੱਲੋਂ ਕਬੂਲ ਕਰੋ। ਮੈਨੂੰ ਇੱਕ ਵਾਰੀ ਫ਼ੇਰ ਤੁਹਾਡਾ ਚਿਹਰਾ ਵੇਖਕੇ ਬਹੁਤ ਖੁਸ਼ੀ ਹੋਈ ਹੈ। ਇਹ ਪਰਮੇਸ਼ੁਰ ਦਾ ਚਿਹਰਾ ਦੇਖਣ ਵਰਗੀ ਗੱਲ ਹੈ। ਮੈਨੂੰ ਇਹ ਦੇਖਕੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਤੁਸੀਂ ਮੈਨੂੰ ਪ੍ਰਵਾਨ ਕਰਦੇ ਹੋ। 11 ਇਸ ਲਈ ਮੈਂ ਬੇਨਤੀ ਕਰਦਾ ਹਾਂ ਕਿ ਤੁਸੀਂ ਮੇਰੀਆਂ ਇਹ ਸੁਗਾਤਾਂ ਵੀ ਪ੍ਰਵਾਨ ਕਰੋ। ਪਰਮੇਸ਼ੁਰ ਦੀ ਮੇਰੇ ਉੱਤੇ ਅਪਾਰ ਕਿਰਪਾ ਹੈ। ਮੇਰੇ ਕੋਲ ਮੇਰੀਆਂ ਲੋੜਾਂ ਨਾਲੋਂ ਵੱਧੇਰੇ ਹੈ।” ਇਸ ਤਰ੍ਹਾਂ ਯਾਕੂਬ ਨੇ ਏਸਾਓ ਨੂੰ ਸੁਗਾਤਾਂ ਲੈਣ ਲਈ ਬੇਨਤੀ ਕੀਤੀ। ਇਸ ਲਈ ਏਸਾਓ ਨੇ ਸੁਗਾਤਾਂ ਪ੍ਰਵਾਨ ਕਰ ਲਈਆਂ।

12 ਫ਼ੇਰ ਏਸਾਓ ਨੇ ਆਖਿਆ, “ਹੁਣ ਤੁਸੀਂ ਆਪਣਾ ਸਫ਼ਰ ਜਾਰੀ ਰੱਖ ਸੱਕਦੇ ਹੋਂ। ਮੈਂ ਤੁਹਾਡੇ ਨਾਲ ਜਾਵਾਂਗਾ।”

13 ਪਰ ਯਾਕੂਬ ਨੇ ਉਸ ਨੂੰ ਆਖਿਆ, “ਤੁਸੀਂ ਜਾਣਦੇ ਹੋ ਕਿ ਮੇਰੇ ਬੱਚੇ ਕਮਜ਼ੋਰ ਹਨ। ਅਤੇ ਮੈਨੂੰ ਆਪਣੇ ਇੱਜੜਾਂ ਅਤੇ ਉਨ੍ਹਾਂ ਦੇ ਜਵਾਨ ਪਸ਼ੂਆਂ ਦਾ ਬਹੁਤ ਧਿਆਨ ਰੱਖਣਾ ਪਵੇਗਾ। ਜੇ ਮੈਂ ਉਨ੍ਹਾਂ ਨੂੰ ਇੱਕ ਦਿਨ ਵਿੱਚ ਬਹੁਤ ਦੂਰ ਤੁਰਨ ਲਈ ਮਜ਼ਬੂਰ ਕਰਦਾ ਹਾਂ ਤਾਂ ਸਾਰੇ ਪਸ਼ੂ ਮਰ ਜਾਣਗੇ। 14 ਇਸ ਲਈ ਤੁਸੀਂ ਅੱਗੇ ਚੱਲੋ। ਮੈਂ ਹੌਲੀ-ਹੌਲੀ ਤੁਹਾਡੇ ਪਿੱਛੇ ਆਵਾਂਗਾ। ਮੈਂ ਆਪਣੇ ਪਸ਼ੂਆਂ ਅਤੇ ਹੋਰ ਜਾਨਵਰਾਂ ਕਾਰਣ ਕਾਫ਼ੀ ਹੌਲੀ ਚੱਲਾਂਗਾ ਤਾਂ ਜੋ ਉਹ ਸੁਰੱਖਿਅਤ ਰਹਿਣ ਅਤੇ ਮੇਰੇ ਬੱਚੇ ਬਹੁਤ ਜ਼ਿਆਦਾ ਨਾ ਥੱਕ ਜਾਣ। ਮੈਂ ਤੁਹਾਨੂੰ ਸੇਈਰ ਵਿੱਚ ਮਿਲਾਂਗਾ।”

15 ਇਸ ਲਈ ਏਸਾਓ ਨੇ ਆਖਿਆ, “ਤਾਂ ਫ਼ੇਰ ਮੈਂ ਆਪਣੇ ਕੁਝ ਬੰਦੇ ਤੁਹਾਡੀ ਸਹਾਇਤਾ ਲਈ ਛੱਡ ਦਿਆਂਗਾ।”

ਪਰ ਯਾਕੂਬ ਨੇ ਆਖਿਆ, “ਇਹ ਤਾਂ ਤੁਹਾਡੀ ਬਹੁਤ ਮਿਹਰਬਾਨੀ ਹੈ। ਪਰ ਇਸਦੀ ਕੋਈ ਲੋੜ ਨਹੀਂ।” 16 ਇਸ ਲਈ ਉਸ ਦਿਨ, ਏਸਾਓ ਨੇ ਆਪਣੇ ਨਗਰ ਵੱਲ ਵਾਪਸ ਆਪਣਾ ਸਫ਼ਰ ਸ਼ੁਰੂ ਕਰ ਦਿੱਤਾ। 17 ਪਰ ਯਾਕੂਬ ਸੁੱਕੋਥ ਨੂੰ ਚੱਲਾ ਗਿਆ। ਉਸ ਥਾਂ ਉਸ ਨੇ ਆਪਣੇ ਰਹਿਣ ਲਈ ਇੱਕ ਘਰ ਬਣਾਇਆ ਅਤੇ ਆਪਣੇ ਪਸ਼ੂਆਂ ਲਈ ਛੋਟੇ ਬਾੜੇ। ਇਸੇ ਲਈ ਉਸ ਥਾਂ ਦਾ ਨਾਮ ਸੁੱਕੋਥ ਰੱਖਿਆ ਗਿਆ।

18 ਯਾਕੂਬ ਨੇ ਪਦਮ ਅਰਾਮ ਤੋਂ ਆਪਣਾ ਸਫ਼ਰ ਸਫ਼ਲਤਾ ਨਾਲ ਪੂਰਾ ਕੀਤਾ ਜਦੋਂ ਉਹ ਕਨਾਨ ਦੇ ਸ਼ਹਿਰ ਸ਼ਕਮ ਪਹੁੰਚ ਗਿਆ ਯਾਕੂਬ ਨੇ ਸ਼ਹਿਰ ਦੇ ਨੇੜੇ ਇੱਕ ਮੈਦਾਨ ਵਿੱਚ ਆਪਣਾ ਡੇਰਾ ਲਾ ਲਿਆ। 19 ਜਿਸ ਮੈਦਾਨ ਵਿੱਚ ਯਾਕੂਬ ਨੇ ਡੇਰਾ ਲਾਇਆ ਸੀ ਉਹ ਉਸ ਨੇ ਸ਼ਕਮ ਦੇ ਪਿਤਾ ਹਮੋਰ ਦੇ ਪਰਿਵਾਰ ਤੋਂ ਖਰੀਦਿਆ ਹੋਇਆ ਸੀ। ਯਾਕੂਬ ਨੇ ਇਸ ਲਈ 100 ਚਾਂਦੀ ਦੇ ਸਿੱਕੇ ਦਿੱਤੇ ਸਨ। 20 ਯਾਕੂਬ ਨੇ ਉੱਥੇ ਪਰਮੇਸ਼ੁਰ ਦੀ ਉਪਾਸਨਾ ਲਈ ਇੱਕ ਜਗਵੇਦੀ ਉਸਾਰੀ। ਯਾਕੂਬ ਨੇ ਉਸ ਥਾਂ ਦਾ ਨਾਮ “ਏਲ, ਇਸਰਾਏਲ ਦਾ ਪਰਮੇਸ਼ੁਰ,” ਧਰਿਆ।

ਦੀਨਾਹ ਦਾ ਬਲਾਤਕਾਰ

34 ਦੀਨਾਹ ਲੇਆਹ ਅਤੇ ਯਾਕੂਬ ਦੀ ਧੀ ਸੀ। ਇੱਕ ਦਿਨ ਦੀਨਾਹ ਉਸ ਥਾਂ ਦੀਆਂ ਔਰਤਾਂ ਨੂੰ ਮਿਲਣ ਗਈ। ਉਸ ਧਰਤੀ ਦਾ ਰਾਜਾ ਹਮੋਰ ਸੀ। ਉਸ ਦੇ ਪੁੱਤਰ ਸ਼ਕਮ ਨੇ ਦੀਨਾਹ ਨੂੰ ਦੇਖਿਆ। ਸ਼ਕਮ ਨੇ ਉਸ ਨੂੰ ਅਗਵਾ ਕਰ ਲਿਆ ਅਤੇ ਉਸਦਾ ਬਲਾਤਕਾਰ ਕੀਤਾ। ਫ਼ੇਰ ਸ਼ਕਮ ਦਾ ਦੀਨਾਹ ਨਾਲ ਪਿਆਰ ਪੈ ਗਿਆ ਅਤੇ ਉਸ ਨਾਲ ਨਮਰਤਾ ਨਾਲ ਗੱਲ ਕੀਤੀ। ਸ਼ਕਮ ਨੇ ਆਪਣੇ ਪਿਤਾ ਨੂੰ ਆਖਿਆ, “ਮਿਹਰਬਾਨੀ ਕਰਕੇ ਮੇਰੇ ਲਈ ਇਹ ਕੁੜੀ ਲੈ ਆਉ ਤਾਂ ਜੋ ਮੈਂ ਇਸ ਨਾਲ ਸ਼ਾਦੀ ਕਰ ਸੱਕਾਂ।”

ਯਾਕੂਬ ਨੂੰ ਪਤਾ ਲੱਗਿਆ ਕਿ ਮੁੰਡੇ ਨੇ ਉਸਦੀ ਧੀ ਨੂੰ ਕਲੰਕਤ ਕਰ ਦਿੱਤਾ ਸੀ। ਪਰ ਯਾਕੂਬ ਦੇ ਸਾਰੇ ਪੁੱਤਰ ਖੇਤਾਂ ਵਿੱਚ ਆਪਣੇ ਜਾਨਵਰ ਚਾਰਨ ਲਈ ਗਏ ਹੋਏ ਸਨ। ਇਸ ਲਈ ਉਨ੍ਹਾਂ ਦੇ ਵਾਪਸ ਆਉਣ ਤੋਂ ਪਹਿਲਾਂ ਯਾਕੂਬ ਨੇ ਕੁਝ ਨਹੀਂ ਕੀਤਾ। ਉਸ ਸਮੇਂ ਸ਼ਕਮ ਦਾ ਪਿਤਾ ਹਮੋਰ ਯਾਕੂਬ ਨਾਲ ਗੱਲ ਕਰਨ ਲਈ ਗਿਆ।

ਜਿਉਂ ਹੀ ਯਾਕੂਬ ਦੇ ਪੁੱਤਰਾਂ ਨੇ ਇਸ ਬਾਰੇ ਸੁਣਿਆ, ਉਹ ਖੇਤਾਂ ਵਿੱਚੋਂ ਆ ਗਏ। ਉਹ ਇਸ ਭਿਆਨਕ ਹਾਦਸੇ ਕਾਰਣ ਗੁੱਸੇ ਨਾਲ ਭਰ ਗਏ ਜੋ ਸ਼ਕਮ ਨੇ ਯਕੂਬ ਦੀ ਧੀ ਨਾਲ ਜਿਨਸੀ ਸੰਬੰਧ ਬਣਾ ਕੇ ਕੀਤਾ ਸੀ। ਇਸਰਾਏਲੀਆਂ ਦਰਮਿਆਨ ਅਜਿਹਾ ਅਮਲ ਮੰਜ਼ੂਰ ਨਹੀਂ ਹੈ।

ਪਰ ਹਮੋਰ ਨੇ ਭਰਾਵਾਂ ਨਾਲ ਗੱਲ ਕੀਤੀ। ਉਸ ਨੇ ਆਖਿਆ, “ਮੇਰਾ ਪੁੱਤਰ ਸ਼ਕਮ ਦੀਨਾਹ ਨੂੰ ਬਹੁਤ ਚਾਹੁੰਦਾ ਹੈ। ਕਿਰਪਾ ਕਰਕੇ ਉਸ ਨੂੰ ਉਸ ਦੇ ਨਾਲ ਵਿਆਹ ਕਰ ਲੈਣ ਦਿਉ। ਇਸ ਸ਼ਾਦੀ ਤੋਂ ਇਹ ਲੱਗੇ ਕਿ ਸਾਡਾ ਖਾਸ ਇਕਰਾਰਨਾਮਾ ਹੈ। ਫ਼ੇਰ ਸਾਡੇ ਆਦਮੀ ਤੁਹਾਡੀਆਂ ਔਰਤਾਂ ਨਾਲ ਸ਼ਾਦੀ ਕਰ ਸੱਕਣਗੇ, ਅਤੇ ਤੁਹਾਡੇ ਆਦਮੀ ਸਾਡੀਆਂ ਔਰਤਾਂ ਨਾਲ ਸ਼ਾਦੀ ਕਰ ਸੱਕਣਗੇ। 10 ਤੁਸੀਂ ਇੱਕੋ ਧਰਤੀ ਉੱਤੇ ਸਾਡੇ ਨਾਲ ਰਹਿ ਸੱਕੋਂਗੇ। ਤੁਸੀਂ ਜ਼ਮੀਨ ਰੱਖਣ ਵਿੱਚ ਅਤੇ ਇੱਥੇ ਵਪਾਰ ਕਰਨ ਵਿੱਚ ਆਜ਼ਾਦ ਹੋਵੋਂਗ਼ੇ।”

11 ਸ਼ਕਮ ਨੇ ਵੀ ਯਾਕੂਬ ਅਤੇ ਭਰਾਵਾਂ ਨਾਲ ਗੱਲ ਕੀਤੀ। ਸ਼ਕਮ ਨੇ ਆਖਿਆ, “ਕਿਰਪਾ ਕਰਕੇ ਮੈਨੂੰ ਪ੍ਰਵਾਨ ਕਰੋ। ਮੈਂ ਹਰ ਉਹ ਗੱਲ ਕਰਾਗਾ ਜਿਹੜੀ ਤੁਸੀਂ ਮੈਨੂੰ ਕਰਨ ਲਈ ਆਖੋਂਗੇ। 12 ਮੈਂ ਤੁਹਾਨੂੰ ਕੋਈ ਵੀ ਸੁਗਾਤ ਦੇ ਦੇਵਾਂਗਾ ਜਿਹੜੀ ਤੁਸੀਂ ਚਾਹੁੰਦੇ ਹੋ, ਜੇ ਤੁਸੀਂ ਸਿਰਫ਼ ਮੈਨੂੰ ਦੀਨਾਹ ਨਾਲ ਸ਼ਾਦੀ ਕਰਨ ਦਿਉ। ਤੁਸੀਂ ਜੋ ਮਂਗੋਗੇ, ਮੈਂ ਦੇਵਾਂਗਾ, ਪਰ ਮੈਨੂੰ ਦੀਨਾਹ ਨਾਲ ਸ਼ਾਦੀ ਕਰਨ ਦਿਉ।”

13 ਯਾਕੂਬ ਦੇ ਪੁੱਤਰਾਂ ਨੇ ਸ਼ਕਮ, ਜਿਸਨੇ ਉਨ੍ਹਾਂ ਦੀ ਭੈਣ ਨੂੰ ਕਲੰਕਤ ਕੀਤਾ ਸੀ ਅਤੇ ਉਸ ਦੇ ਪਿਤਾ ਹਮੋਰੇ ਨੂੰ ਗੁਮਰਾਹ ਕਰਨ ਦਾ ਫ਼ੈਸਲਾ ਕੀਤਾ। 14 ਇਸ ਲਈ ਭਰਾਵਾਂ ਨੇ ਉਸ ਨੂੰ ਆਖਿਆ, “ਅਸੀਂ ਤੈਨੂੰ ਆਪਣੀ ਭੈਣ ਨਾਲ ਸ਼ਾਦੀ ਕਰਨ ਦੀ ਇਜਾਜ਼ਤ ਨਹੀਂ ਦੇ ਸੱਕਦੇ ਕਿਉਂਕਿ ਹਾਲੇ ਤੀਕ ਤੇਰੀ ਸੁੰਨਤ ਨਹੀਂ ਹੋਈ। ਸਾਡੀ ਭੈਣ ਦਾ ਤੇਰੇ ਨਾਲ ਸ਼ਾਦੀ ਕਰਨਾ ਗਲਤ ਗੱਲ ਹੋਵੇਗੀ। 15 ਪਰ ਅਸੀਂ ਤੈਨੂੰ ਉਸ ਨਾਲ ਸ਼ਾਦੀ ਕਰਨ ਦੀ ਇਜਾਜ਼ਤ ਦੇ ਸੱਕਦੇ ਹਾਂ ਜੇ ਤੂੰ ਇੱਕ ਗੱਲ ਕਰੇਂ: ਤੇਰੇ ਕਸਬੇ ਦੇ ਹਰ ਆਦਮੀ ਦੀ ਸਾਡੇ ਵਾਂਗ ਸੁੰਨਤ ਹੋਣੀ ਚਾਹੀਦੀ ਹੈ। 16 ਫ਼ੇਰ ਤੁਹਾਡੇ ਆਦਮੀ ਸਾਡੀਆਂ ਔਰਤਾਂ ਨਾਲ ਸ਼ਾਦੀ ਕਰਨਗੇ, ਅਤੇ ਸਾਡੇ ਆਦਮੀ ਤੁਹਾਡੀਆਂ ਔਰਤਾਂ ਨਾਲ ਸ਼ਾਦੀ ਕਰ ਸੱਕਣਗੇ। ਫ਼ੇਰ ਅਸੀਂ ਇੱਕੋ ਜਿਹੇ ਲੋਕ ਹੋ ਜਾਵਾਂਗੇ। 17 ਜੇ ਤੂੰ ਸੁੰਨਤ ਕਰਨ ਤੋਂ ਇਨਕਾਰ ਕਰੇਂਗਾ ਤਾਂ ਅਸੀਂ ਦੀਨਾਹ ਨੂੰ ਦੂਰ ਲੈ ਜਾਵਾਂਗੇ।”

18 ਇਸ ਇਕਰਾਰਨਾਮੇ ਨਾਲ ਹਮੋਰੇ ਅਤੇ ਸ਼ਕਮ ਨੂੰ ਬਹੁਤ ਖੁਸ਼ੀ ਹੋਈ। 19 ਸ਼ਕਮ ਦੀਨਾਹ ਦੇ ਭਰਾਵਾਂ ਦੇ ਆਖੇ ਅਨੁਸਾਰ ਕਰਨ ਲਈ ਬੜੀ ਜਲਦੀ ਵਿੱਚ ਸੀ, ਕਿਉਂਕਿ ਉਹ ਉਸ ਨਾਲ ਪਿਆਰ ਕਰਦਾ ਸੀ।

ਸ਼ਕਮ ਆਪਣੇ ਪਰਿਵਾਰ ਦਾ ਸਭ ਤੋਂ ਇੱਜ਼ਤਦਾਰ ਆਦਮੀ ਸੀ। 20 ਹਮੋਰੇ ਅਤੇ ਸ਼ਕਮ ਆਪਣੇ ਸ਼ਹਿਰ ਦੀ ਸਭਾ ਵਾਲੀ ਥਾਂ ਉੱਤੇ ਗਏ। ਉਨ੍ਹਾਂ ਨੇ ਸ਼ਹਿਰ ਦੇ ਆਦਮੀਆਂ ਨਾਲ ਗੱਲ ਕੀਤੀ ਅਤੇ ਆਖਿਆ, 21 “ਇਸਰਾਏਲ ਦੇ ਇਹ ਲੋਕ ਸਾਡੇ ਨਾਲ ਦੋਸਤੀ ਪਾਉਣਾ ਚਾਹੁੰਦੇ ਹਨ। ਅਸੀਂ ਉਨ੍ਹਾਂ ਨੂੰ ਆਪਣੀ ਧਰਤੀ ਉੱਤੇ ਰਹਿਣ ਦੇਣਾ ਚਾਹੁੰਦੇ ਹਾਂ ਅਤੇ ਉਨ੍ਹਾਂ ਨਾਲ ਸ਼ਾਂਤੀ ਕਾਇਮ ਕਰਨਾ ਚਾਹੁੰਦੇ ਹਾਂ। ਸਾਡੇ ਕੋਲ ਸਾਰਿਆ ਲਈ ਕਾਫ਼ੀ ਥਾਂ ਹੈ। ਅਸੀਂ ਉਨ੍ਹਾਂ ਦੀਆਂ ਔਰਤਾਂ ਨਾਲ ਸ਼ਾਦੀ ਕਰਨ ਲਈ ਸੁਤੰਤਰ ਹਾਂ। ਅਤੇ ਅਸੀਂ ਉਨ੍ਹਾਂ ਨਾਲ ਆਪਣੀਆਂ ਔਰਤਾਂ ਦੀ ਸ਼ਾਦੀ ਕਰਨ ਵਿੱਚ ਖੁਸ਼ੀ ਹਾਸਿਲ ਕਰਾਂਗੇ। 22 ਪਰ ਉਹ ਸਾਡੇ ਨਾਲ ਰਹਿਣ ਅਤੇ ਇੱਕ ਹੋਣ ਲਈ ਤਾਂ ਹੀ ਰਾਜ਼ੀ ਹੋਣਗੇ ਜੇ ਸਾਡੇ ਆਦਮੀ ਉਨ੍ਹਾਂ ਵਾਂਗ ਸੁੰਨਤ ਕਰਾਉਣ ਲਈ ਰਾਜ਼ੀ ਹੋ ਜਾਣ। 23 ਜੇ ਅਸੀਂ ਅਜਿਹਾ ਕਰਾਂਗੇ, ਤਾਂ ਅਸੀਂ ਉਨ੍ਹਾਂ ਦੇ ਸਾਰੇ ਪਸ਼ੂਆਂ ਅਤੇ ਜਾਨਵਰਾਂ ਨਾਲ ਮਾਲਾਮਾਲ ਹੋ ਜਾਵਾਂਗੇ। ਇਸ ਲਈ ਸਾਨੂੰ ਉਨ੍ਹਾਂ ਨਾਲ ਇਹ ਇਕਰਾਰਨਾਮਾ ਕਰ ਲੈਣਾ ਚਾਹੀਦਾ ਹੈ ਅਤੇ ਉਹ ਇੱਥੇ ਸਾਡੇ ਨਾਲ ਰਹਿ ਪੈਣਗੇ।” 24 ਇਸ ਸਭਾ ਸਥਾਨ ਉੱਤੇ ਹਾਜ਼ਰ ਜਿਨ੍ਹਾਂ ਲੋਕਾਂ ਨੇ ਇਹ ਗੱਲ ਸੁਣੀ ਉਹ ਹਮੋਰ ਅਤੇ ਸ਼ਕਮ ਨਾਲ ਸਹਿਮਤ ਹੋਏ। ਅਤੇ ਉਸੇ ਵੇਲੇ ਹਰ ਆਦਮੀ ਨੇ ਸੁੰਨਤ ਕਰਾ ਲਈ।

25 ਤਿੰਨਾ ਦਿਨਾ ਮਗਰੋਂ, ਜਿਨ੍ਹਾਂ ਆਦਮੀਆਂ ਦੀ ਸੁੰਨਤ ਕੀਤੀ ਗਈ ਸੀ ਜਦੋਂ ਹਾਲੇ ਉਹ ਦਰਦ ਵਿੱਚ ਸਨ, ਯਾਕੂਬ ਦੇ ਪੁੱਤਰਾਂ, ਸ਼ਿਮਓਨ, ਅਤੇ ਲੇਵੀ ਨੂੰ ਪਤਾ ਸੀ ਕਿ ਇਸ ਵੇਲੇ ਆਦਮੀ ਕਮਜ਼ੋਰ ਹੋਣਗੇ। ਇਸ ਲਈ ਉਨ੍ਹਾ ਨੇ ਆਪਣੀਆਂ ਤਲਵਾਰਾਂ ਲਈਆਂ ਅਤੇ ਅਚਾਨਕ ਹੀ ਨਗਰ ਵਿੱਚ ਆ ਵੜੇ ਅਤੇ ਉੱਥੋਂ ਦੇ ਸਾਰੇ ਆਦਮੀਆਂ ਨੂੰ ਮਾਰ ਦਿੱਤਾ। 26 ਦੀਨਾਹ ਦੇ ਭਰਾਵਾਂ, ਸ਼ਿਮਓਨ ਅਤੇ ਲੇਵੀ ਨੇ ਹਮੋਰੇ ਅਤੇ ਉਸ ਦੇ ਪੁੱਤਰ ਸ਼ਕਮ ਨੂੰ ਮਾਰ ਦਿੱਤਾ। ਉਨ੍ਹਾਂ ਨੇ ਦੀਨਾਹ ਨੂੰ ਸ਼ਕਮ ਦੇ ਘਰੋਂ ਬਾਹਰ ਲਿਆਂਦਾ ਅਤੇ ਚੱਲੇ ਗਏ। 27 ਯਾਕੂਬ ਦੇ ਪੁੱਤਰ ਨਗਰ ਵਿੱਚ ਗਏ ਅਤੇ ਉੱਥੋਂ ਦੀ ਹਰ ਸ਼ੈਅ ਲੁੱਟ ਲਈ। ਉਹ ਹਾਲੇ ਵੀ ਗੁੱਸੇ ਵਿੱਚ ਸਨ ਕਿਉਂਕਿ ਸ਼ਕਮ ਨੇ ਉਨ੍ਹਾਂ ਦੀ ਭੈਣ ਨੂੰ ਕਲੰਕਤ ਕੀਤਾ ਸੀ। 28 ਇਸ ਲਈ ਭਰਾਵਾਂ ਨੇ ਉਨ੍ਹਾਂ ਦੇ ਸਾਰੇ ਜਾਨਵਰਾਂ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ। ਉਨ੍ਹਾਂ ਨੇ ਉਨ੍ਹਾਂ ਦੇ ਸਾਰੇ ਖੋਤੇ ਅਤੇ ਸ਼ਹਿਰ ਦੇ ਖੇਤਾਂ ਦੀ ਹਰ ਸ਼ੈਅ ਲੁੱਟ ਲਈ। 29 ਭਰਾਵਾਂ ਨੇ ਉਨ੍ਹਾਂ ਲੋਕਾਂ ਦੀਆਂ ਔਰਤਾਂ ਅਤੇ ਬੱਚਿਆਂ ਨੂੰ ਆਪਣੇ ਕਾਬੂ ਵਿੱਚ ਲੈ ਲਿਆ।

30 ਪਰ ਯਾਕੂਬ ਨੇ ਸ਼ਿਮਓਨ ਅਤੇ ਲੇਵੀ ਨੂੰ ਆਖਿਆ, “ਤੁਸੀਂ ਮੇਰੇ ਲਈ ਕਈ ਦੁੱਖਾਂ ਦੇ ਕਾਰਣ ਬਣੇ ਹੋ ਇਸ ਥਾਂ ਦੇ ਸਾਰੇ ਲੋਕ ਮੈਨੂੰ ਨਫ਼ਰਤ ਕਰਨਗੇ। ਸਾਰੇ ਕਨਾਨੀ ਲੋਕ ਅਤੇ ਪਰਿਜ਼ੀ ਲੋਕ ਮੇਰੇ ਵਿਰੁੱਧ ਹੋ ਜਾਣਗੇ। ਅਸੀਂ ਗਿਣਤੀ ਵਿੱਚ ਬਹੁਤ ਘੱਟ ਹਾਂ। ਜੇ ਇਸ ਥਾਂ ਦੇ ਸਾਰੇ ਲੋਕ ਇਕੱਠੇ ਹੋਕੇ ਸਾਡੇ ਨਾਲ ਲੜਾਈ ਕਰਨ ਲਈ ਆ ਗਏ, ਮੈਂ ਤਬਾਹ ਹੋ ਜਾਵਾਂਗਾ, ਅਤੇ ਮੇਰੇ ਨਾਲ ਮੇਰੇ ਸਾਰੇ ਲੋਕ ਵੀ ਤਬਾਹ ਹੋ ਜਾਣਗੇ।”

31 ਪਰ ਭਰਾਵਾਂ ਨੇ ਆਖਿਆ, “ਕੀ ਸਾਨੂੰ ਉਨ੍ਹਾਂ ਲੋਕਾਂ ਨੂੰ ਆਪਣੀ ਭੈਣ ਨਾਲ ਵੇਸਵਾ ਵਰਗਾ ਵਿਹਾਰ ਕਰਨ ਦੇਣਾ ਚਾਹੀਦਾ ਹੈ? ਨਹੀਂ!”

ਯਾਕੂਬ ਬੈਤਏਲ ਵਿੱਚ

35 ਪਰਮੇਸ਼ੁਰ ਨੇ ਯਾਕੂਬ ਨੂੰ ਆਖਿਆ, “ਬੈਤਏਲ ਸ਼ਹਿਰ ਚੱਲਾ ਜਾਹ। ਉੱਥੇ ਰਹਿ ਅਤੇ ਉਪਾਸਨਾ ਲਈ ਇੱਕ ਜਗਵੇਦੀ ਉਸਾਰ। ਏਲ ਨੂੰ ਯਾਦ ਕਰ, ਉਹ ਪਰਮੇਸ਼ੁਰ ਜਿਹੜਾ ਤੈਨੂੰ ਉਦੋਂ ਦਿਖਾਈ ਦਿੱਤਾ ਸੀ ਜਦੋਂ ਤੂੰ ਆਪਣੇ ਭਰਾ ਏਸਾਓ ਕੋਲੋਂ ਭੱਜ ਰਿਹਾ ਸੀ। ਉਸ ਪਰਮੇਸ਼ੁਰ ਦੀ ਉਪਾਸਨਾ ਲਈ ਉੱਥੇ ਜਗਵੇਦੀ ਉਸਾਰ।”

ਇਸ ਲਈ ਯਾਕੂਬ ਨੇ ਆਪਣੇ ਪਰਿਵਾਰ ਅਤੇ ਆਪਣੇ ਸਾਰੇ ਨੌਕਰਾਂ ਨੂੰ ਆਖਿਆ, “ਉਨ੍ਹਾਂ ਲੱਕੜ ਅਤੇ ਧਾਤ ਦੇ ਬਣੇ ਹੋਏ ਸਾਰੇ ਵਿਦੇਸ਼ੀ ਦੇਵਤਿਆਂ ਨੂੰ ਤਬਾਹ ਕਰ ਦਿਉ ਜਿਹੜੇ ਤੁਹਾਡੇ ਕੋਲ ਹਨ। ਆਪਣੇ-ਆਪ ਨੂੰ ਪਵਿੱਤਰ ਬਣਾਉ ਅਤੇ ਸਾਫ਼ ਵਸਤਰ ਪਹਿਨੋ। ਅਸੀਂ ਇਹ ਥਾਂ ਛੱਡ ਦਿਆਂਗੇ ਅਤੇ ਬੈਤਏਲ ਨੂੰ ਚੱਲੇ ਜਾਵਾਂਗੇ। ਉਸ ਥਾਂ ਮੈਂ ਉਸ ਪਰਮੇਸ਼ੁਰ ਲਈ ਜਗਵੇਦੀ ਉਸਾਰਾਂਗਾ ਜਿਸਨੇ ਮੁਸ਼ਕਿਲ ਵੇਲੇ ਮੇਰੀ ਸਹਾਇਤਾ ਕੀਤੀ ਸੀ। ਅਤੇ ਜਿੱਥੇ ਵੀ ਮੈਂ ਗਿਆ ਹਾਂ ਉਹ ਪਰਮੇਸ਼ੁਰ ਹਮੇਸ਼ਾ ਮੇਰੇ ਅੰਗ-ਸੰਗ ਰਿਹਾ ਹੈ।”

ਇਸ ਲਈ ਲੋਕਾਂ ਨੇ ਆਪਣੇ ਕੋਲ ਰੱਖੇ ਹੋਏ ਸਾਰੇ ਵਿਦੇਸ਼ੀ ਦੇਵਤੇ ਯਾਕੂਬ ਦੇ ਹਵਾਲੇ ਕਰ ਦਿੱਤੇ। ਅਤੇ ਉਨ੍ਹਾਂ ਨੇ ਆਪਣੇ ਕੰਨਾਂ ਵਿੱਚ ਪਾਈਆਂ ਹੋਈਆਂ ਸਾਰੀਆਂ ਮੁੰਦਰਾਂ ਵੀ ਦੇ ਦਿੱਤੀਆਂ। ਯਾਕੂਬ ਨੇ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਸ਼ਕਮ ਨਾਮ ਦੇ ਕਸਬੇ ਦੇ ਨੇੜੇ ਇੱਕ ਓਕ ਦੇ ਰੁੱਖ ਹੇਠਾਂ ਦੱਬ ਦਿੱਤਾ।

ਯਾਕੂਬ ਅਤੇ ਉਸ ਦੇ ਪੁੱਤਰ ਉਸ ਥਾਂ ਤੋਂ ਚੱਲੇ ਗਏ। ਉਸ ਇਲਾਕੇ ਦੇ ਲੋਕ ਉਨ੍ਹਾਂ ਦਾ ਪਿੱਛਾ ਕਰਨ ਅਤੇ ਉਨ੍ਹਾਂ ਨੂੰ ਮਾਰ ਦੇਣ ਚਾਹੁੰਦੇ ਸਨ। ਪਰ ਉਹ ਬਹੁਤ ਡਰ ਗਏ ਅਤੇ ਉਨ੍ਹਾਂ ਨੇ ਯਾਕੂਬ ਦਾ ਪਿੱਛਾ ਨਹੀਂ ਕੀਤਾ। ਇਸ ਲਈ ਯਾਕੂਬ ਅਤੇ ਉਸ ਦੇ ਬੰਦੇ ਲੂਜ਼ ਵਿਖੇ ਚੱਲੇ ਗਏ। ਲੂਜ਼ ਦਾ ਨਾਮ ਹੁਣ ਬੈਤਏਲ ਹੈ। ਇਹ ਕਨਾਨ ਦੀ ਧਰਤੀ ਉੱਤੇ ਹੈ। ਯਾਕੂਬ ਨੇ ਉੱਥੇ ਇੱਕ ਜਗਵੇਦੀ ਉਸਾਰੀ। ਯਾਕੂਬ ਨੇ ਉਸ ਥਾਂ ਦਾ ਨਾਮ “ਏਲ ਬੈਤਏਲ” ਰੱਖਿਆ। ਯਾਕੂਬ ਨੇ ਇਹ ਨਾਮ ਇਸ ਲਈ ਚੁਣਿਆ ਕਿਉਂਕਿ ਇਹੀ ਉਹ ਥਾਂ ਸੀ ਜਿੱਥੇ ਉਸ ਨੂੰ ਪਰਮੇਸ਼ੁਰ ਉਸ ਵੇਲੇ ਦਿਖਾਈ ਦਿੱਤਾ ਸੀ ਜਦੋਂ ਉਹ ਆਪਣੇ ਭਰਾ ਕੋਲੋਂ ਭੱਜ ਰਿਹਾ ਸੀ।

ਦੋਬਰਾਹ, ਰਿਬਕਾਹ ਦੀ ਦਾਸੀ, ਉੱਥੇ ਹੀ ਮਰੀ। ਉਨ੍ਹਾਂ ਨੇ ਉਸ ਨੂੰ ਉੱਥੇ ਬੈਤਏਲ ਵਿਖੇ ਇੱਕ ਓਕ ਦੇ ਰੁੱਖ ਹੇਠਾਂ ਦਫ਼ਨਾ ਦਿੱਤਾ। ਉਨ੍ਹਾਂ ਨੇ ਇਸ ਥਾਂ ਦਾ ਨਾਮ ਅੱਲੋਨ ਬਾਕੂਥ ਰੱਖਿਆ।

ਯਾਕੂਬ ਦਾ ਨਵਾਂ ਨਾਮ

ਜਦੋਂ ਯਾਕੂਬ ਪਦਨ ਆਰਾਮ ਤੋਂ ਵਾਪਸ ਆਇਆ ਤਾਂ ਇੱਕ ਵਾਰ ਫ਼ੇਰ ਉਸ ਨੂੰ ਪਰਮੇਸ਼ੁਰ ਦਿਖਾਈ ਦਿੱਤਾ। ਅਤੇ ਪਰਮੇਸ਼ੁਰ ਨੇ ਯਾਕੂਬ ਨੂੰ ਅਸੀਸ ਦਿੱਤੀ। 10 ਪਰਮੇਸ਼ੁਰ ਨੇ ਯਾਕੂਬ ਨੂੰ ਆਖਿਆ, “ਤੇਰਾ ਨਾਮ ਯਾਕੂਬ ਹੈ। ਪਰ ਮੈਂ ਇਸ ਨਾਮ ਨੂੰ ਬਦਲ ਦਿਆਂਗਾ। ਹੁਣ ਤੇਰਾ ਨਾਮ ਯਾਕੂਬ ਨਹੀਂ ਹੋਵੇਗਾ। ਤੇਰਾ ਨਵਾਂ ਨਾਮ ਇਸਰਾਏਲ ਹੋਵੇਗਾ।” ਇਸ ਲਈ ਪਰਮੇਸ਼ੁਰ ਨੇ ਉਸ ਦਾ ਨਵਾਂ ਨਾਮ ਇਸਰਾਏਲ ਰੱਖ ਦਿੱਤਾ।

11 ਪਰਮੇਸ਼ੁਰ ਨੇ ਉਸ ਨੂੰ ਆਖਿਆ, “ਮੈਂ ਸਰਬ ਸ਼ਕਤੀਮਾਨ ਪਰਮੇਸ਼ੁਰ। ਹਾਂ। ਅਤੇ ਮੈਂ ਤੈਨੂੰ ਇਹ ਅਸੀਸ ਦਿੰਦਾ ਹਾਂ: ਬਹੁਤ ਔਲਾਦ ਪੈਦਾ ਕਰ ਅਤੇ ਮਹਾਨ ਕੌਮ ਦੀ ਸਾਜਨਾ ਕਰ। ਹੋਰ ਕੌਮਾਂ ਅਤੇ ਹੋਰ ਰਾਜੇ ਤੇਰੇ ਤੋਂ ਪੈਦਾ ਹੋਣਗੇ। 12 ਮੈਂ ਅਬਰਾਹਾਮ ਅਤੇ ਇਸਹਾਕ ਨੂੰ ਕੁਝ ਖਾਸ ਧਰਤੀ ਦਿੱਤੀ ਸੀ। ਹੁਣ ਮੈਂ ਉਹ ਧਰਤੀ ਤੈਨੂੰ ਦਿੰਦਾ ਹਾਂ। ਅਤੇ ਮੈਂ ਉਹ ਧਰਤੀ ਤੇਰੇ ਉਨ੍ਹਾਂ ਸਮੂਹ ਲੋਕਾਂ ਨੂੰ ਵੀ ਦਿੰਦਾ ਹਾਂ ਜਿਹੜੇ ਤੇਰੇ ਮਗਰੋਂ ਜਿਉਂਦੇ ਹੋਣਗੇ।” 13 ਫ਼ੇਰ ਪਰਮੇਸ਼ੁਰ ਉਸ ਥਾਂ ਤੋਂ ਚੱਲਿਆ ਗਿਆ। 14-15 ਯਾਕੂਬ ਨੇ ਉਸ ਥਾਂ ਉੱਤੇ ਯਾਦਗਾਰੀ ਪੱਥਰ ਸਥਾਪਿਤ ਕੀਤਾ। ਯਾਕੂਬ ਨੇ ਪੱਥਰ ਨੂੰ ਮੈਅ ਅਤੇ ਤੇਲ ਛਿੜਕ ਕੇ ਪਵਿੱਤਰ ਬਣਾਇਆ। ਇਹ ਥਾਂ ਇਸ ਲਈ ਖਾਸ ਹੈ ਕਿਉਂਕਿ ਇੱਥੇ ਪਰਮੇਸ਼ੁਰ ਨੇ ਯਾਕੂਬ ਨਾਲ ਗੱਲ ਕੀਤੀ ਸੀ। ਯਾਕੂਬ ਨੇ ਉਸ ਥਾਂ ਦਾ ਨਾਮ ਬੈਤਏਲ ਰੱਖਿਆ।

ਜਨਮ ਦੇਣ ਤੋਂ ਬਾਦ ਰਾਖੇਲ ਦੀ ਮੌਤ

16 ਯਾਕੂਬ ਅਤੇ ਉਸ ਦੇ ਟੋਲੇ ਨੇ ਬੈਤਏਲ ਛੱਡ ਦਿੱਤਾ। ਜਦੋਂ ਹਾਲੇ ਉਹ ਅਫ਼ਰਾਥ (ਬੈਤਲਹਮ) ਤੋਂ ਥੋੜੀ ਜਿਹੀ ਦੂਰੀ ਤੇ ਹੀ ਸਨ, ਰਾਖੇਲ ਨੇ ਜਨਮ ਦੇਣਾ ਸ਼ੁਰੂ ਕਰ ਦਿੱਤਾ ਅਤੇ ਉਸ ਨੂੰ ਸਖ਼ਤ ਗਰਭ ਪੀੜਾਂ ਹੋਣ ਲੱਗ ਪਈਆਂ। 17 ਜਦੋਂ ਰਾਖੇਲ ਨੂੰ ਇਹ ਬੱਚਾ ਜਨਣ ਵਿੱਚ ਇੰਨੀ ਤਕਲੀਫ਼ ਹੋ ਰਹੀ ਸੀ ਦਾਈ ਨੇ ਇਹ ਵੇਖਕੇ ਆਖਿਆ, “ਰਾਖੇਲ ਡਰ ਨਹੀਂ। ਤੂੰ ਇੱਕ ਹੋਰ ਪੁੱਤਰ ਨੂੰ ਜਨਮ ਦੇ ਰਹੀਂ ਹੈਂ।”

18 ਪੁੱਤਰ ਨੂੰ ਜਨਮ ਦਿੰਦਿਆਂ ਰਾਖੇਲ ਦੀ ਮੌਤ ਹੋ ਗਈ। ਮਰਨ ਤੋਂ ਪਹਿਲਾਂ, ਰਾਖੇਲ ਨੇ ਲੜਕੇ ਦਾ ਨਾਮ ਬਨ-ਓਨੀ ਰੱਖਿਆ। ਪਰ ਯਾਕੂਬ ਨੇ ਉਸ ਨੂੰ ਬਿਨਯਾਮੀਨ ਨਾਮ ਦਿੱਤਾ।

19 ਅਫ਼ਰਾਥ ਦੇ ਰਸਤੇ ਉੱਤੇ ਰਾਖੇਲ ਨੂੰ ਦਫ਼ਨਾ ਦਿੱਤਾ ਗਿਆ। (ਅਫ਼ਰਾਥ ਬੈਤਲਹਮ ਹੈ।) 20 ਅਤੇ ਯਾਕੂਬ ਨੇ ਰਾਖੇਲ ਦੀ ਕਬਰ ਦਾ ਆਦਰ ਕਰਦਿਆਂ ਉੱਥੇ ਖਾਸ ਪੱਥਰ ਰੱਖ ਦਿੱਤਾ। ਇਹ ਖਾਸ ਪੱਥਰ ਅੱਜ ਵੀ ਉੱਥੇ ਹੈ। 21 ਫ਼ੇਰ ਇਸਰਾਏਲ (ਯਾਕੂਬ) ਨੇ ਆਪਣਾ ਸਫ਼ਰ ਜਾਰੀ ਰੱਖਿਆ। ਉਸ ਨੇ ਏਦਰ ਮੀਨਾਰ ਦੇ ਦੱਖਣ ਵੱਲ ਡੇਰਾ ਲਾ ਲਿਆ।

22 ਜਦੋਂ ਇਸਰਾਏਲ ਉੱਥੇ ਰਹਿ ਰਿਹਾ ਸੀ, ਤਾਂ ਰਊਬੇਨ ਇਸਰਾਏਲ ਦੀ ਦਾਸੀ ਬਿਲਹਾਹ ਨਾਲ ਸੁੱਤਾ। ਇਸਰਾਏਲ ਨੇ ਇਸ ਬਾਰੇ ਸੁਣਿਆ।

ਇਸਰਾਏਲ ਦਾ ਪਰਿਵਾਰ

ਯਾਕੂਬ ਦੇ 12 ਪੁੱਤਰ ਸਨ।

23 ਯਾਕੂਬ ਅਤੇ ਲੇਆਹ ਦੇ ਪੁੱਤਰ ਸਨ: ਯਾਕੂਬ ਦਾ ਪਹਿਲੋਠਾ ਪੁੱਤਰ ਰਊਬੇਨ, ਸ਼ਿਮਓਨ, ਲੇਵੀ, ਯਹੂਦਾਹ, ਯਿੱਸਾਕਾਰ ਅਤੇ ਜ਼ਬੂਲੁਨ।

24 ਯਾਕੂਬ ਅਤੇ ਰਾਖੇਲ ਦੇ ਪੁੱਤਰ ਸਨ ਯੂਸੁਫ਼ ਅਤੇ ਬਿਨਯਾਮੀਨ।

25 ਬਿਲਹਾਹ ਰਾਖੇਲ ਦੀ ਦਾਸੀ ਸੀ। ਯਾਕੂਬ ਅਤੇ ਬਿਲਹਾਹ ਦੇ ਪੁੱਤਰ ਸਨ ਦਾਨ ਅਤੇ ਨਫ਼ਤਾਲੀ।

26 ਜ਼ਿਲਪਾਹ ਲੇਆਹ ਦੀ ਦਾਸੀ ਸੀ। ਯਾਕੂਬ ਅਤੇ ਜ਼ਲਪਾਹ ਦੇ ਪੁੱਤਰ ਸਨ ਗਾਦ ਅਤੇ ਆਸ਼ੇਰ।

ਇਹ ਯਾਕੂਬ ਦੇ ਪੁੱਤਰ ਸਨ ਜਿਹੜੇ ਪਦਨ ਅਰਾਮ ਵਿਖੇ ਜਨਮੇ ਸਨ।

27 ਯਾਕੂਬ ਕਿਰਿਯਥ ਅਰਬਾ (ਹਬਰੋਨ) ਵਿੱਚ ਆਪਣੇ ਪਿਤਾ ਇਸਹਾਕ ਕੋਲ ਮਮਰੇ ਵਿਖੇ ਚੱਲਾ ਗਿਆ। ਇਹੀ ਉਹ ਥਾਂ ਹੈ ਜਿੱਥੇ ਅਬਰਾਹਾਮ ਅਤੇ ਇਸਹਾਕ ਰਹਿ ਚੁੱਕੇ ਸਨ। 28 ਇਸਹਾਕ 180 ਵਰ੍ਹੇ ਜੀਵਿਆ। 29 ਫ਼ੇਰ ਇਸਹਾਕ ਕਮਜ਼ੋਰ ਹੋ ਗਿਆ ਅਤੇ ਉਸਦੀ ਮੌਤ ਹੋ ਗਈ। ਇਸਹਾਕ ਨੇ ਲੰਮੀ ਭਰਪੂਰ ਜ਼ਿੰਦਗੀ ਜੀਵੀ ਸੀ। ਉਸ ਦੇ ਪੁੱਤਰਾਂ ਏਸਾਓ ਅਤੇ ਯਾਕੂਬ ਨੇ ਉਸ ਨੂੰ ਉਸ ਦੇ ਪਿਤਾ ਵਾਲੀ ਥਾਵੇਂ ਹੀ ਦਫ਼ਨਾ ਦਿੱਤਾ।

ਏਸਾਓ ਦਾ ਪਰਿਵਾਰ

36 ਏਸਾਓ (ਅਦੋਮ) ਦੇ ਪਰਿਵਾਰ ਦਾ ਇਤਿਹਾਸ। ਏਸਾਓ ਨੇ ਕਨਾਨ ਦੀ ਧਰਤੀ ਦੀਆਂ ਔਰਤਾਂ ਨਾਲ ਸ਼ਾਦੀ ਕੀਤੀ। ਏਸਾਓ ਦੀਆਂ ਪਤਨੀਆਂ ਸਨ: ਆਦਾਹ, ਜੋ ਹਿੱਤੀ ਏਲੋਨ ਦੀ ਧੀ ਸੀ, ਅਤੇ ਆਹਾਲੀਬਾਮਾਹ, ਜੋ ਹਿੱਤੀ ਸਿਬਓਨ ਦੇ ਪੁੱਤਰ ਅਨਾਹ ਦੀ ਧੀ ਸੀ। ਬਾਸਮਾਥ, ਨਬਾਯੋਥ ਦੀ ਭੈਣ, ਇਸਮਾਏਲ ਦੀ ਧੀ। ਏਸਾਓ ਅਤੇ ਆਦਾਹ ਦਾ ਇੱਕ ਪੁੱਤਰ ਸੀ ਅਲੀਫ਼ਾਜ਼। ਬਾਸਮਥ ਦਾ ਪੁੱਤਰ ਸੀ ਰਊਏਲ। ਅਤੇ ਆਹਾਲੀਬਮਾਹ ਦੇ ਤਿੰਨ ਪੁੱਤਰ ਸਨ: ਯਊਸ਼, ਯਾਲਾਮ ਅਤੇ ਕੋਰਹ। ਇਹ ਏਸਾਓ ਦੇ ਪੁੱਤਰ ਸਨ ਜਿਨ੍ਹਾਂ ਦਾ ਜਨਮ ਕਨਾਨ ਦੀ ਧਰਤੀ ਉੱਤੇ ਹੋਇਆ ਸੀ।

6-8 ਯਾਕੂਬ ਅਤੇ ਏਸਾਓ ਦੇ ਪਰਿਵਾਰ ਇੰਨੇ ਵੱਧ ਗਏ ਕਿ ਕਨਾਨ ਦੀ ਧਰਤੀ ਉੱਤੇ ਉਨ੍ਹਾਂ ਦਾ ਗੁਜ਼ਾਰਾ ਨਹੀਂ ਸੀ ਹੋ ਸੱਕਦਾ। ਇਸ ਲਈ ਏਸਾਓ ਨੇ ਕਨਾਨ ਛੱਡ ਦਿੱਤਾ ਅਤੇ ਆਪਣੇ ਭਰਾ ਯਾਕੂਬ ਤੋਂ ਦੂਰ ਚੱਲਾ ਗਿਆ। ਏਸਾਓ ਨੇ ਆਪਣੀਆਂ ਪਤਨੀਆਂ ਆਪਣੇ ਪੁੱਤਰਾਂ-ਧੀਆਂ ਅਤੇ ਆਪਣੇ ਸਾਰੇ ਗੁਲਾਮਾਂ, ਗਊਆਂ ਅਤੇ ਹੋਰ ਪਸ਼ੂਆਂ ਅਤੇ ਆਪਣੀ ਕਨਾਨ ਵਿੱਚ ਜਮ੍ਹਾਂ ਕੀਤੀ ਹਰ ਸ਼ੈਅ ਨਾਲ ਲਈ ਅਤੇ ਸੇਈਰ ਦੇ ਪਹਾੜੀ ਪ੍ਰਦੇਸ਼ ਵੱਲ ਚੱਲਾ ਗਿਆ। (ਏਸਾਓ ਦਾ ਨਾਮ ਅਦੋਮ ਵੀ ਹੈ-ਅਤੇ ਇਹੀ ਸੇਈਰ ਦੇਸ਼ ਦਾ ਦੂਸਰਾ ਨਾਮ ਵੀ ਹੈ।)

ਏਸਾਓ, ਅਦੋਮ ਦੇ ਲੋਕਾਂ ਦਾ ਪਿਤਾਮਾ ਹੈ। ਸੇਈਰ (ਅਦੋਮ) ਦੇ ਪਹਾੜੀ ਪ੍ਰਦੇਸ਼ ਵਿੱਚ ਰਹਿਣ ਵਾਲੇ ਏਸਾਓ ਦੇ ਪਰਿਵਾਰ ਦੇ ਨਾਮ ਇਹ ਹਨ:

10 ਇਹ ਨਾਮ ਏਸਾਓ ਦੇ ਉੱਤਰਾਧਿਕਾਰੀਆਂ ਦੇ ਸਨ: ਏਸਾਓ ਅਤੇ ਆਦਾਹ ਦਾ ਪੁੱਤਰ ਸੀ ਅਲੀਫ਼ਾਜ਼। ਏਸਾਓ ਅਤੇ ਬਾਸਮਥ ਦਾ ਪੁੱਤਰ ਸੀ ਰਊਏਲ।

11 ਅਲੀਫ਼ਾਜ਼ ਦੇ ਪੁੱਤਰ ਸਨ: ਤੇਮਾਨ, ਓਮਾਰ, ਸਫ਼ੋ, ਗਾਤਾਮ ਅਤੇ ਕਨਜ਼।

12 ਏਸਾਓ ਦੇ ਪੁੱਤਰ ਅਲੀਫ਼ਾਜ਼ ਦੀ ਇੱਕ ਤਿਮਨਾ ਨਾਮ ਦੀ ਦਾਸੀ ਸੀ। ਤਿਮਨਾ ਅਤੇ ਅਲੀਫ਼ਾਜ਼ ਦਾ ਪੁੱਤਰ ਅਮਾਲੇਕ ਸੀ। ਇਹ ਏਸਾਓ ਦੀ ਪਤਨੀ ਆਦਾਹ ਦੇ ਉੱਤਰਾਧਿਕਾਰੀ ਸਨ।

13 ਰਊਏਲ ਦੇ ਪੁੱਤਰ ਸਨ: ਨਹਥ, ਜ਼ਰਹ, ਸ਼ੰਮਾਹ ਅਤੇ ਮਿਜ਼ਾਹ੍ਹ।

ਇਹ ਏਸਾਓ ਅਤੇ ਉਸ ਦੀ ਪਤਨੀ ਬਾਸਮਥ ਦੇ ਪੋਤੇ ਸਨ।

14 ਏਸਾਓ ਦੀ ਹੋਰ ਪਤਨੀ ਅਨਾਹ ਦੀ ਧੀ, ਆਹਾਲੀਬਾਮਾਹ ਸੀ। ਅਨਾਹ ਸਿਬਾਓਨ ਦਾ ਪੁੱਤਰ ਸੀ। ਏਸਾਓ ਅਤੇ ਆਹਾਲੀਬਾਮਾਹ ਦੇ ਬੱਚੇ ਸਨ: ਯਊਸ, ਯਾਲਾਮ ਅਤੇ ਕੋਰਹ।

15 ਇਹ ਉਹ ਪਰਿਵਾਰ-ਸਮੂਹ ਹਨ ਜੋ ਏਸਾਓ (ਅਦੋਮ) ਤੋਂ ਜਨਮੇ ਸਨ:

ਏਸਾਓ ਦਾ ਪਹਿਲੋਠਾ ਪੁੱਤਰ ਸੀ ਅਲੀਫ਼ਾਜ਼। ਅਲੀਫ਼ਾਜ਼ ਤੋਂ ਜਨਮੇ ਸਨ: ਤੇਮਾਨ, ਓਮਾਰ, ਸਫ਼ੋ ਕਨਜ਼, 16 ਕੋਰਹ, ਗਾਤਾਮ ਅਤੇ ਅਮਾਲੇਕ। ਅਦੋਮ ਦੀ ਧਰਤੀ ਵਿੱਚ ਇਹ ਅਲੀਫ਼ਾਜ਼ ਦੇ ਉੱਤਰਾਧਿਕਾਰੀ ਸਨ।

ਅਦੋਮ ਦੀ ਧਰਤੀ ਵਿੱਚ ਇਹ ਸਾਰੇ ਪਰਿਵਾਰ ਏਸਾਓ ਦੀ ਪਤਨੀ ਆਦਾਹ ਤੋਂ ਆਏ।

17 ਏਸਾਓ ਦੇ ਪੁੱਤਰ ਰਊਏਲ ਇਨ੍ਹਾਂ ਪਰਿਵਾਰਾਂ ਦਾ ਪੁਰੱਖਾ ਸੀ: ਨਹਥ, ਜ਼ਰਹ, ਸ਼ੰਮਾਹ ਅਤੇ ਮਿਜ਼ਾਹ।

ਇਹ ਸਾਰੇ ਪਰਿਵਾਰ ਏਸਾਓ ਦੀ ਪਤਨੀ ਬਾਸਮਥ ਤੋਂ ਜਨਮੇ ਸਨ।

18 ਏਸਾਓ ਦੀ ਪਤਨੀ ਆਹਾਲੀਬਾਮਾਹ, ਅਨਾਹ ਦੀ ਧੀ, ਨੇ ਯਊਸ, ਯਲਾਮ ਅਤੇ ਕੋਰਹ ਨੂੰ ਜਨਮ ਦਿੱਤਾ। ਇਹ ਤਿੰਨੇ ਆਦਮੀ ਆਪਣੇ ਪਰਿਵਾਰਾਂ ਦੇ ਪਿਤਾਮਾ ਸਨ।

19 ਇਹ ਸਾਰੇ ਆਦਮੀ ਏਸਾਓ (ਅਦੋਮ) ਤੋਂ ਪੈਦਾ ਹੋਏ ਪਰਿਵਾਰਕ ਆਗੂ ਸਨ।

20 ਏਸਾਓ ਤੋਂ ਪਹਿਲਾਂ ਅਦੋਮ ਵਿੱਚ ਇੱਕ ਹੋਰੀ ਆਦਮੀ ਸੇਈਰ ਵਿੱਚ ਰਹਿੰਦਾ ਸੀ। ਸੇਈਰ ਦੇ ਪੁੱਤਰ ਇਹ ਸਨ:

ਲੋਟਾਨ, ਸ਼ੋਬਾਲ, ਸਿਬਉਨ, ਅਨਾਹ, 21 ਦਿਸ਼ੋਨ, ਏਸਰ, ਦੀਸ਼ਾਨ। ਇਹ ਸਾਰੇ ਪੁੱਤਰ ਅਦੋਮ ਦੀ ਧਰਤੀ ਵਿੱਚ ਸੇਈਰ ਤੋਂ ਹੋਰੀ ਪਰਿਵਾਰਾਂ ਦੇ ਆਗੂ ਸਨ।

22 ਲੋਟਾਨ ਹੋਰੀ ਅਤੇ ਹੇਮਾਮ ਦਾ ਪਿਤਾ ਸੀ। (ਤਿਮਨਾ ਲੋਟਾਨ ਦੀ ਭੈਣ ਸੀ।)

23 ਸੋਬਾਨ ਅਲਵਾਨ, ਮਾਨਹਥ, ਏਬਾਲ ਸ਼ਫ਼ੋ ਅਤੇ ਓਨਾਮ ਦਾ ਪਿਤਾ ਸੀ।

24 ਸਿਬਓਨ ਦੇ ਦੋ ਪੁੱਤਰ ਸਨ ਅੱਯਾਹ ਅਤੇ ਅਨਾਹ। (ਅਨਾਹ ਉਹ ਆਦਮੀ ਹੈ ਜਿਸਨੇ ਪਹਾੜਾਂ ਵਿੱਚ ਗਰਮ ਪਾਣੀ ਦੇ ਚਸ਼ਮਿਆਂ ਦੀ ਖੋਜ਼ ਕੀਤੀ ਸੀ, ਜਦੋਂ ਉਹ ਆਪਣੇ ਪਿਤਾ ਦੇ ਗਧਿਆਂ ਦੀ ਦੇਖ-ਭਾਲ ਕਰ ਰਿਰਾ ਸੀ।)

25 ਦਿਸ਼ੋਨ ਅਨਾਹ ਦਾ ਪੁੱਤਰ ਸੀ, ਅਤੇ ਆਹਾਲੀਬਾਮਾਹ ਅਨਾਹ ਦੀ ਧੀ ਸੀ।

26 ਦੀਸ਼ਾਨ ਦੇ ਪੁੱਤਰ ਸਨ: ਹਮਦਾਨ, ਅਸੁਬਾਨ, ਯਿਤਰਾਨ ਅਤੇ ਕਰਾਨ।

27 ਏਸਰੇ ਦੇ ਪੁੱਤਰ ਸਨ: ਬਿਲਹਾਨ, ਜ਼ਾਵਾਨ ਅਤੇ ਅਕਾਨ।

28 ਦੀਸ਼ਾਨ ਦੇ ਪੁੱਤਰ ਸਨ: ਊਸ ਅਤੇ ਅਰਾਨ।

29 ਹੋਰੀ ਪਰਿਵਾਰਾਂ ਦੇ ਆਗੂਆਂ ਦੇ ਨਾਮ ਇਹ ਹਨ: ਲੋਟਾਨ, ਸੋਬਾਲ, ਸਿਬਓਨ, ਅਨਾਹ, 30 ਦਿਸ਼ੋਨ, ਏਸਰ ਅਤੇ ਦੀਸ਼ਾਨ। ਇਹ ਆਦਮੀ ਆਪਣੇ ਪਰਿਵਾਰਾਂ ਦੇ ਹੋਰੀ ਆਗੂ ਸਨ ਜਿਹੜੇ ਸੇਈਰ (ਅਦੋਮ) ਦੇਸ਼ ਵਿੱਚ ਰਹਿੰਦੇ ਸਨ।

31 ਉਸ ਸਮੇਂ, ਅਦੋਮ ਵਿੱਚ ਕਈ ਰਾਜੇ ਸਨ। ਅਦੋਮ ਵਿੱਚ ਇਸਰਾਏਲ ਤੋਂ ਬਹੁਤ ਪਹਿਲਾਂ ਰਾਜੇ ਸਨ।

32 ਬਓਰ ਦਾ ਪੁੱਤਰ ਬਲਾ ਉਹ ਰਾਜਾ ਸੀ ਜਿਹੜਾ ਅਦੋਮ ਵਿੱਚ ਰਾਜ ਕਰਦਾ ਸੀ। ਉਹ ਦਿਨਹਾਬਾਹ ਸ਼ਹਿਰ ਉੱਤੇ ਰਾਜ ਕਰਦਾ ਸੀ।

33 ਜਦੋਂ ਬਲਾ ਮਰਿਆ, ਯੋਬਾਬ ਰਾਜਾ ਬਣ ਗਿਆ। ਯੋਬਾਬ ਜ਼ਰਹ ਦਾ ਪੁੱਤਰ ਸੀ। ਉਸ ਨੇ ਬਸਰੇ ਦੇ ਸ਼ਹਿਰ ਵਿੱਚ ਸ਼ਾਸਨ ਕੀਤਾ।

34 ਜਦੋਂ ਯੋਬਾਬ ਮਰਿਆ, ਹੁਸਾਮ ਰਾਜਾ ਬਣ ਗਿਆ। ਹੁਸਾਮ ਤੇਮਾਨ ਲੋਕਾਂ ਦੀ ਧਰਤੀ ਵਿੱਚੋਂ ਸੀ।

35 ਹੁਸਾਮ ਦੀ ਮੌਤ ਤੋਂ ਬਾਦ, ਹਦਦ ਰਾਜਾ ਬਣ ਗਿਆ। ਹਦਦ ਬਦਦ ਦਾ ਪੁੱਤਰ ਸੀ। (ਹਦਦ ਉਹ ਆਦਮੀ ਸੀ ਜਿਸਨੇ ਮੋਆਬ ਦੇ ਦੇਸ਼ ਮਿਦਯਾਨ ਨੂੰ ਹਰਾਇਆ ਸੀ।) ਹਦਦ ਅਵੀਤ ਨਗਰ ਤੋਂ ਸੀ।

36 ਜਦੋਂ ਹਦਦ ਮਰਿਆ ਤਾਂ ਸਮਲਾਹ ਨੇ ਉਸ ਦੇਸ਼ ਉੱਤੇ ਰਾਜ ਕੀਤਾ। ਸਮਲਾਹ ਮਸਰੇਕਾਹ ਦਾ ਰਹਿਣ ਵਾਲਾ ਸੀ।

37 ਜਦੋਂ ਸਮਲਾਹ ਮਰਿਆ ਤਾਂ ਸਾਊਲ ਨੇ ਉਸ ਇਲਾਕੇ ਉੱਤੇ ਰਾਜ ਕੀਤਾ। ਸਾਊਲ ਫ਼ਰਾਤ ਨਦੀ ਉੱਤੇ ਵਸੇ ਰਹੋਬੋਥ ਦਾ ਰਹਿਣ ਵਾਲਾ ਸੀ।

38 ਜਦੋਂ ਸਾਊਲ ਮਰਿਆ, ਤਾਂ ਉਸ ਦੇਸ਼ ਉੱਤੇ ਬਆਲ ਹਾਨਾਨ ਨੇ ਰਾਜ ਕੀਤਾ। ਬਆਲ ਹਾਨਾਨ ਅਕਬੋਰ ਦਾ ਪੁੱਤਰ ਸੀ।

39 ਜਦੋਂ ਬਆਲ ਹਨਾਨ, ਅਕਬੋਰ ਦਾ ਪੁੱਤਰ ਮਰਿਆ, ਹਦਰ [c] ਰਾਜਾ ਬਣ ਗਿਆ। ਹਦਦ ਪਾਊ ਨਗਰ ਤੋਂ ਸੀ। ਹਦਦ ਦੀ ਪਤਨੀ ਦਾ ਨਾਮ ਮਹੇਟਬਏਲ ਸੀ ਜੋ ਮਟਰੇਦ ਦੀ ਧੀ ਸੀ। (ਮੇਜ਼ਾਹਾਬ ਮਟਰੇਦ ਦਾ ਪਿਤਾ ਸੀ।)

40-43 ਏਸਾਓ ਇਨ੍ਹਾਂ ਅਦੋਮੀ ਪਰਿਵਾਰਾਂ ਦਾ ਪਿਤਾਮਾ ਸੀ:

ਤਿਮਨਾ, ਅਲਵਾਹ, ਯਥੇਥ, ਆਹਾਲੀਬਾਮਾਹ, ਏਲਾਹ, ਫ਼ੀਨੋਨ, ਕਨਜ਼, ਤੇਮਾਨ, ਮਿਬਸਾਰ, ਮਗਦੀਏਲ ਅਤੇ ਈਰਾਮ। ਇਨ੍ਹਾਂ ਵਿੱਚੋਂ ਹਰ ਪਰਿਵਾਰ ਜਿਸ ਇਲਾਕੇ ਵਿੱਚ ਰਹਿੰਦਾ ਸੀ ਉਹੋ ਹੀ ਉਨ੍ਹਾਂ ਦੇ ਪਰਿਵਾਰ ਦਾ ਨਾਮ ਸੀ।

ਸੁਪਨੇਬਾਜ਼ ਯੂਸੁਫ਼

37 ਯਾਕੂਬ ਕਨਾਨ ਦੀ ਧਰਤੀ ਵਿੱਚ ਠਹਿਰ ਗਿਆ ਅਤੇ ਰਹਿਣ ਲੱਗਾ। ਇਹ ਓਹੀ ਧਰਤੀ ਹੈ ਜਿੱਥੇ ਉਸਦਾ ਪਿਤਾ ਰਹਿੰਦਾ ਸੀ। ਯਾਕੂਬ ਦੇ ਪਰਿਵਾਰ ਦੀ ਕਹਾਣੀ ਇਸ ਪ੍ਰਕਾਰ ਹੈ।

ਯੂਸੁਫ਼ 17 ਵਰ੍ਹਿਆਂ ਦਾ ਨੌਜਵਾਨ ਸੀ। ਉਸਦਾ ਕਿੱਤਾ ਭੇਡਾਂ ਅਤੇ ਬੱਕਰੀਆਂ ਚਾਰਨਾ ਸੀ। ਯੂਸੁਫ਼ ਨੇ ਇਹ ਕੰਮ ਆਪਣੇ ਭਰਾਵਾਂ ਨਾਲ ਮਿਲਕੇ ਕੀਤਾ; ਜਿਹੜੇ ਬਿਲਹਾਹ ਅਤੇ ਜ਼ਿਲਪਾਹ ਦੇ ਪੁੱਤਰ ਸਨ। (ਬਿਲਹਾਹ ਅਤੇ ਜ਼ਿਲਪਾਹ ਉਸ ਦੇ ਪਿਤਾ ਦੀਆਂ ਪਤਨੀਆਂ ਸਨ।) ਯੂਸੁਫ਼ ਨੇ ਆਪਣੇ ਪਿਤਾ ਨੂੰ ਆਪਣੇ ਭਰਾਵਾਂ ਬਾਰੇ ਮਾੜੀਆਂ ਗੱਲਾਂ ਕਹੀਆਂ। ਯੂਸੁਫ਼ ਉਸ ਵੇਲੇ ਜੰਮਿਆ ਸੀ ਜਦੋਂ ਉਸਦਾ ਪਿਤਾ ਯਾਕੂਬ ਬਹੁਤ ਬਿਰਧ ਹੋ ਚੁੱਕਾ ਸੀ। ਇਸ ਲਈ ਯਾਕੂਬ ਯੂਸੁਫ਼ ਨੂੰ ਆਪਣੇ ਹੋਰਨਾਂ ਪੁੱਤਰਾਂ ਨਾਲੋਂ ਵੱਧੇਰੇ ਪਿਆਰ ਕਰਦਾ ਸੀ। ਯਾਕੂਬ ਨੇ ਆਪਣੇ ਪੁੱਤਰ ਨੂੰ ਇੱਕ ਖਾਸ ਕੋਟ ਦਿੱਤਾ। ਇਹ ਕੋਟ ਲੰਮਾ ਸੀ ਅਤੇ ਬਹੁਤ ਖੂਬਸੂਰਤ ਸੀ। ਯੂਸੁਫ਼ ਦੇ ਭਰਾਵਾਂ ਨੇ ਦੇਖਿਆ ਕਿ ਉਨ੍ਹਾਂ ਦਾ ਪਿਤਾ ਯੂਸੁਫ਼ ਨੂੰ ਉਨ੍ਹਾਂ ਨਾਲੋਂ ਵੱਧੇਰੇ ਪਿਆਰ ਕਰਦਾ ਸੀ, ਉਹ ਆਪਣੇ ਭਰਾ ਨਾਲ ਇੰਨੀ ਨਫ਼ਰਤ ਕਰਦੇ ਸਨ ਉਹ ਉਸ ਨੂੰ ਨਮਸੱਕਾਰ ਵੀ ਨਹੀਂ ਬੁਲਾਉਂਦੇ ਸਨ।

ਇੱਕ ਸਮੇਂ ਯੂਸੁਫ਼ ਨੂੰ ਇੱਕ ਖਾਸ ਸੁਪਨਾ ਆਇਆ। ਬਾਦ ਵਿੱਚ ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਇਸ ਸੁਪਨੇ ਬਾਰੇ ਦੱਸਿਆ। ਇਸਤੋਂ ਮਗਰੋਂ ਉਸ ਦੇ ਭਰਾ ਉਸ ਨੂੰ ਹੋਰ ਵੀ ਵੱਧੇਰੇ ਨਫ਼ਰਤ ਕਰਨ ਲੱਗੇ।

ਯੂਸੁਫ਼ ਨੇ ਆਖਿਆ, “ਉਸ ਸੁਪਨੇ ਨੂੰ ਸੁਣੋ ਜੋ ਮੈਨੂੰ ਆਇਆ। ਅਸੀਂ ਸਾਰੇ ਖੇਤਾਂ ਵਿੱਚ ਕੰਮ ਕਰ ਰਹੇ ਸੀ। ਅਸੀਂ ਕਣਕ ਦੀਆਂ ਭਰੀਆਂ ਬੰਨ੍ਹ ਰਹੇ ਸੀ। ਫ਼ੇਰ ਮੇਰੀ ਭਰੀ ਉੱਠ ਖਲੋਤੀ। ਇਹ ਖਲੋਤੀ ਸੀ ਜਦੋਂ ਕਿ ਹੋਰ ਸਾਰੀਆਂ ਮੇਰੇ ਵਾਲੀ ਦੇ ਆਲੇ-ਦੁਆਲੇ ਚੱਕਰ ਲਾ ਰਹੀਆਂ ਸਨ। ਫ਼ੇਰ ਤੁਹਾਡੀਆਂ ਸਾਰੀਆਂ ਕਣਕ ਦੀਆਂ ਭਰੀਆਂ ਨੇ ਮੇਰੀ ਭਰੀ ਵੱਲ ਸਿਰ ਝੁਕਾਇਆ।”

ਉਸ ਦੇ ਭਰਾਵਾਂ ਨੇ ਆਖਿਆ, “ਕੀ ਤੂੰ ਸੋਚਦਾ ਹੈਂ ਕਿ ਇਸ ਦਾ ਅਰਥ ਇਹ ਹੈ ਕਿ ਤੂੰ ਰਾਜਾ ਬਣੇਂਗਾ ਅਤੇ ਸਾਡੇ ਉੱਤੇ ਰਾਜ ਕਰੇਂਗਾ?” ਉਸ ਦੇ ਭਰਾ ਯੂਸੁਫ਼ ਨੂੰ ਹੁਣ ਹੋਰ ਵੀ ਨਫ਼ਰਤ ਕਰਦੇ ਸਨ ਕਿਉਂਕਿ ਉਹ ਉਨ੍ਹਾਂ ਬਾਰੇ ਇਹੋ ਜਿਹੇ ਸੁਪਨੇ ਲੈਂਦਾ ਸੀ।

ਫ਼ੇਰ ਯੂਸੁਫ਼ ਨੂੰ ਇੱਕ ਹੋਰ ਸੁਪਨਾ ਆਇਆ। ਯੂਸੁਫ਼ ਨੇ ਇਸ ਸੁਪਨੇ ਬਾਰੇ ਆਪਣੇ ਭਰਾਵਾ ਨੂੰ ਦੱਸਿਆ। ਯੂਸੁਫ਼ ਨੇ ਆਖਿਆ, “ਮੈਨੂੰ ਇੱਕ ਹੋਰ ਸੁਪਨਾ ਆਇਆ ਹੈ। ਮੈਂ ਸੂਰਜ, ਚੰਨ ਅਤੇ 11 ਤਾਰਿਆਂ ਨੂੰ ਮੇਰੇ ਅੱਗੇ ਝੁਕਦਿਆਂ ਵੇਖਿਆ।”

10 ਜਦੋਂ ਯੂਸੁਫ਼ ਨੇ ਇਹ ਸੁਪਨਾ ਆਪਣੇ ਪਿਤਾ ਅਤੇ ਆਪਣੇ ਭਰਾਵਾਂ ਨੂੰ ਸੁਣਾਇਆ, ਉਸ ਦੇ ਪਿਤਾ ਨੇ ਉਸ ਨੂੰ ਝਿੜਕਿਆ, “ਇਹ ਕਿਹੋ ਜਿਹਾ ਸੁਪਨਾ ਹੈ? ਕੀ ਤੇਰੀ ਮਾਂ, ਤੇਰੇ ਭਰਾ ਅਤੇ ਮੈਂ ਤੇਰੇ ਅੱਗੇ ਧਰਤੀ ਉੱਤੇ ਝੁਕਾਂਗੇ?” 11 ਯੂਸੁਫ਼ ਦੇ ਭਰਾ ਉਸ ਨਾਲ ਈਰਖਾ ਕਰਦੇ ਰਹੇ। ਪਰ ਯੂਸੁਫ਼ ਦੇ ਪਿਤਾ ਨੇ ਇਨ੍ਹਾਂ ਗੱਲਾਂ ਬਾਰੇ ਬਹੁਤ ਸੋਚ ਵਿੱਚਾਰ ਕੀਤੀ ਅਤੇ ਇਹ ਸੋਚਕੇ ਹੈਰਾਨ ਹੋਣ ਲੱਗਾ ਕਿ ਇਸਦਾ ਕੀ ਅਰਥ ਹੋ ਸੱਕਦਾ।

12 ਇੱਕ ਦਿਨ ਯੂਸੁਫ਼ ਦੇ ਭਰਾ ਆਪਣੇ ਪਿਤਾ ਦੀਆਂ ਭੇਡਾਂ ਚਾਰਨ ਸ਼ਕਮ ਵੱਲ ਚੱਲੇ ਗਏ। 13 ਇਸਰਾਏਲ ਨੇ ਯੂਸੁਫ਼ ਨੂੰ ਆਖਿਆ, “ਸ਼ਕਮ ਨੂੰ ਚੱਲਾ ਜਾਹ। ਉੱਥੇ ਤੇਰੇ ਭਰਾ ਮੇਰੀਆਂ ਭੇਡਾਂ ਸਾਂਭ ਰਹੇ ਹਨ।”

ਯੂਸੁਫ਼ ਨੇ ਜਵਾਬ ਦਿੱਤਾ, “ਮੈਂ ਚੱਲਾ ਜਾਵਾਂਗਾ।”

14 ਯੂਸੁਫ਼ ਦੇ ਪਿਤਾ ਨੇ ਆਖਿਆ, “ਜਾਹ ਜਾਕੇ ਦੇਖ ਤੇਰੇ ਭਰਾ ਸੁਰੱਖਿਅਤ ਤਾਂ ਹਨ। ਆਕੇ ਮੈਨੂੰ ਇਹ ਦੱਸੀਂ ਕਿ ਮੇਰੀਆਂ ਭੇਡਾਂ ਠੀਕ-ਠਾਕ ਹਨ ਜਾਂ ਨਹੀਂ।” ਇਸ ਲਈ ਯੂਸੁਫ਼ ਦੇ ਪਿਤਾ ਨੇ ਉਸ ਨੂੰ ਹਬਰੋਨ ਦੀ ਵਾਦੀ ਤੋਂ ਸ਼ਕਮ ਭੇਜ ਦਿੱਤਾ।

15 ਸ਼ਕਮ ਜਾਕੇ ਯੂਸੁਫ਼ ਰਾਹ ਭੁੱਲ ਗਿਆ। ਇੱਕ ਆਦਮੀ ਨੇ ਉਸ ਨੂੰ ਖੇਤਾਂ ਵਿੱਚ ਭਟਕਦਿਆਂ ਹੋਇਆ ਦੇਖਿਆ। ਉਸ ਆਦਮੀ ਨੇ ਆਖਿਆ, “ਤੂੰ ਕੀ ਭਾਲ ਰਿਹਾ ਹੈਂ?”

16 ਯੂਸੁਫ਼ ਨੇ ਜਵਾਬ ਦਿੱਤਾ, “ਮੈਂ ਆਪਣੇ ਭਰਾਵਾਂ ਨੂੰ ਲੱਭ ਰਿਹਾ ਹਾਂ। ਕੀ ਤੂੰ ਮੈਨੂੰ ਦੱਸ ਸੱਕਦਾ ਹੈਂ ਕਿ ਉਹ ਆਪਣੀਆਂ ਭੇਡਾਂ ਨਾਲ ਕਿੱਥੇ ਹਨ?”

17 ਉਸ ਆਦਮੀ ਨੇ ਆਖਿਆ, “ਉਹ ਤਾਂ ਪਹਿਲਾਂ ਹੀ ਦੂਰ ਜਾ ਚੁੱਕੇ ਹਨ। ਮੈਂ ਉਨ੍ਹਾਂ ਨੂੰ ਆਖਦਿਆਂ ਸੁਣਿਆ ਸੀ ਕਿ ਉਹ ਦੋਥਾਨ ਜਾ ਰਹੇ ਹਨ।” ਇਸ ਲਈ ਯੂਸੁਫ਼ ਨੇ ਆਪਣੇ ਭਰਾਵਾਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਨੂੰ ਦੋਥਾਨ ਵਿੱਚ ਜਾ ਮਿਲਿਆ।

ਯੂਸੁਫ਼ ਦਾ ਗੁਲਾਮੀ ਲਈ ਵੇਚਿਆ ਜਾਣਾ

18 ਯੂਸੁਫ਼ ਦੇ ਭਰਾਵਾਂ ਨੇ ਉਸ ਨੂੰ ਦੂਰੋਂ ਆਉਂਦਿਆਂ ਦੇਖਿਆ। ਉਨ੍ਹਾਂ ਨੇ ਉਸ ਨੂੰ ਮਾਰ ਦੇਣ ਦੀ ਵਿਉਂਤ ਘੜੀ। 19 ਭਰਾਵਾਂ ਨੇ ਇੱਕ ਦੂਸਰੇ ਨੂੰ ਆਖਿਆ, “ਉਹ ਆਉਂਦਾ ਹੈ ਯੂਸੁਫ਼, ਸੁਪਨੇ ਲੈਣ ਵਾਲਾ। 20 ਸਾਨੂੰ ਜੇ ਹੋ ਸੱਕੇ ਤਾਂ ਹੁਣੇ ਹੀ ਮਾਰ ਦੇਣਾ ਚਾਹੀਦਾ ਹੈ। ਅਸੀਂ ਉਸਦੀ ਲਾਸ਼ ਕਿਸੇ ਸਖਣੇ ਖੂਹ ਵਿੱਚ ਸੁੱਟ ਦਿਆਂਗੇ। ਅਸੀਂ ਆਪਣੇ ਪਿਤਾ ਨੂੰ ਜਾਕੇ ਆਖ ਸੱਕਦੇ ਹਾਂ ਕਿ ਉਸ ਨੂੰ ਕਿਸੇ ਜੰਗਲੀ ਜਾਨਵਰ ਨੇ ਮਾਰ ਦਿੱਤਾ। ਫ਼ੇਰ ਅਸੀਂ ਸਿਧ ਕਰ ਦਿਆਂਗੇ ਕਿ ਉਸ ਦੇ ਸੁਪਨੇ ਝੂਠੇ ਹਨ।”

21 ਪਰ ਰਊਬੇਨ ਯੂਸੁਫ਼ ਨੂੰ ਬਚਾਉਣ ਚਾਹੁੰਦਾ ਸੀ। ਰਊਬੇਨ ਨੇ ਆਖਿਆ, “ਅਸੀਂ ਉਸ ਨੂੰ ਮਾਰੀਏ ਨਾ।” ਰਊਬੇਨ ਨੇ ਯੂਸੁਫ਼ ਨੂੰ ਬਚਾਉਣ ਅਤੇ ਉਸ ਨੂੰ ਆਪਣੇ ਪਿਤਾ ਕੋਲ ਭੇਜਣ ਦੀ ਵਿਉਂਤ ਬਣਾਈ ਸੀ। 22-23 ਯੂਸੁਫ਼ ਆਪਣੇ ਭਰਾਵਾਂ ਕੋਲ ਗਿਆ। ਉਨ੍ਹਾਂ ਨੇ ਉਸ ਉੱਤੇ ਹਮਲਾ ਕਰ ਦਿੱਤਾ ਅਤੇ ਉਸਦਾ ਲੰਮਾ ਖੂਬਸੂਰਤ ਕੋਟ ਪਾੜ ਦਿੱਤਾ। 24 ਫ਼ੇਰ ਉਨ੍ਹਾਂ ਨੇ ਉਸ ਨੂੰ ਫ਼ੜਕੇ ਇੱਕ ਸੁੱਕੇ ਖੂਹ ਵਿੱਚ ਸੁੱਟ ਦਿੱਤਾ।

25 ਜਦੋਂ ਯੂਸੁਫ਼ ਖੂਹ ਵਿੱਚ ਸੀ ਤਾਂ ਭਰਾ ਰੋਟੀ ਖਾਣ ਬੈਠ ਗਏ। ਫ਼ੇਰ ਉਨ੍ਹਾਂ ਨੇ ਦੇਖਿਆ ਕਿ ਵਪਾਰੀਆਂ ਦਾ ਇੱਕ ਟੋਲਾ ਗਿਲਆਦ ਤੋਂ ਮਿਸਰ ਵੱਲ ਜਾ ਰਿਹਾ ਸੀ। ਉਨ੍ਹਾਂ ਦੇ ਊਠਾਂ ਉੱਤੇ ਬਹੁਤ ਤਰ੍ਹਾਂ ਦੇ ਮਸਾਲੇ ਅਤੇ ਦੌਲਤਾਂ ਲੱਦੀਆਂ ਹੋਈਆਂ ਸਨ। 26 ਇਸ ਲਈ ਯਹੂਦਾਹ ਨੇ ਆਪਣੇ ਭਰਾਵਾਂ ਨੂੰ ਆਖਿਆ, “ਜੇ ਅਸੀਂ ਆਪਣੇ ਭਰਾ ਨੂੰ ਮਾਰ ਦਿਆਂਗੇ ਅਤੇ ਉਸਦੀ ਮੌਤ ਉੱਤੇ ਪਰਦਾ ਪਾ ਦਿਆਂਗੇ ਤਾਂ ਸਾਨੂੰ ਕੀ ਲਾਭ ਮਿਲੇਗਾ? 27 ਜੇ ਅਸੀਂ ਉਸ ਨੂੰ ਇਨ੍ਹਾਂ ਵਪਾਰੀਆਂ ਹੱਥ ਵੇਚ ਦੇਈਏ ਤਾਂ ਸਾਨੂੰ ਵੱਧੇਰੇ ਲਾਭ ਹੋਵੇਗਾ। ਫ਼ੇਰ ਸਾਨੂੰ ਆਪਣੇ ਭਰਾ ਨੂੰ ਮਾਰਨ ਦਾ ਪਾਪ ਵੀ ਨਹੀਂ ਲੱਗੇਗਾ।” ਦੂਸਰੇ ਭਰਾ ਮੰਨ ਗਏ। 28 ਜਦੋਂ ਮਿਦਿਯਾਨੀ ਵਪਾਰੀ ਨੇੜੇ ਆਏ, ਭਰਾਵਾਂ ਨੇ ਯੂਸੁਫ਼ ਨੂੰ ਖੂਹ ਵਿੱਚੋਂ ਕੱਢ ਲਿਆਂਦਾ। ਉਨ੍ਹਾਂ ਨੇ ਉਸ ਨੂੰ ਚਾਂਦੀ ਦੇ 20 ਸਿੱਕਿਆਂ ਬਦਲੇ ਵਪਾਰੀਆਂ ਦੇ ਹੱਥ ਵੇਚ ਦਿੱਤਾ। ਵਪਾਰੀ ਉਸ ਨੂੰ ਮਿਸਰ ਲੈ ਗਏ।

29 ਇਸ ਸਾਰੇ ਸਮੇਂ ਦੌਰਾਨ ਰਊਬੇਨ ਆਪਣੇ ਭਰਾਵਾਂ ਦੇ ਨਾਲ ਨਹੀਂ ਸੀ। ਉਸ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਉਨ੍ਹਾਂ ਨੇ ਯੂਸੁਫ਼ ਨੂੰ ਵੇਚ ਦਿੱਤਾ ਹੈ। ਜਦੋਂ ਰਊਬੇਨ ਖੂਹ ਉੱਤੇ ਵਾਪਸ ਆਇਆ, ਉਸ ਨੇ ਦੇਖਿਆ ਕਿ ਯੂਸੁਫ਼ ਉੱਥੇ ਨਹੀਂ ਸੀ। ਰਊਬੇਨ ਨੇ ਗਮ ਦਾ ਪ੍ਰਗਟਾਵਾ ਕਰਨ ਲਈ ਆਪਣੇ ਕੱਪੜੇ ਪਾੜ ਦਿੱਤੇ। 30 ਰਊਬੇਨ ਭਰਾਵਾਂ ਕੋਲ ਗਿਆ ਅਤੇ ਆਖਿਆ, “ਮੁੰਡਾ ਤਾਂ ਖੂਹ ਵਿੱਚ ਨਹੀਂ ਹੈ! ਹੁਣ ਮੈਂ ਕੀ ਕਰਾਂ?” 31 ਭਰਾਵਾਂ ਨੇ ਇੱਕ ਬੱਕਰੇ ਨੂੰ ਮਾਰਿਆ ਅਤੇ ਯੂਸੁਫ਼ ਦੇ ਖੂਬਸੂਰਤ ਕੋਟ ਉੱਤੇ ਬੱਕਰੇ ਦਾ ਖੂਨ ਮਲ ਦਿੱਤਾ। 32 ਫ਼ੇਰ ਉਨ੍ਹਾਂ ਭਰਾਵਾਂ ਨੇ ਉਸ ਕੋਟ ਨੂੰ ਸੰਦੇਸ਼ ਦੇ ਨਾਲ ਆਪਣੇ ਪਿਤਾ ਕੋਲ ਵਾਪਸ ਭੇਜ ਦਿੱਤਾ, “ਸਾਨੂੰ ਇੱਕ ਕੋਟ ਲੱਭਿਆ ਹੈ। ਕੀ ਇਹ ਯੂਸੁਫ਼ ਦਾ ਕੋਟ ਹੈ?”

33 ਪਿਤਾ ਨੇ ਕੋਟ ਵੇਖਿਆ ਅਤੇ ਉਸ ਨੂੰ ਪਤਾ ਲੱਗ ਗਿਆ ਕਿ ਇਹ ਯੂਸੁਫ਼ ਦਾ ਹੀ ਸੀ। ਪਿਤਾ ਨੇ ਆਖਿਆ, “ਹਾਂ, ਇਹ ਉਸੇ ਦਾ ਹੀ ਹੈ! ਸ਼ਾਇਦ ਕਿਸੇ ਜੰਗਲੀ ਜਾਨਵਰ ਨੇ ਉਸ ਨੂੰ ਮਾਰ ਦਿੱਤਾ ਹੈ। ਮੇਰੇ ਪੁੱਤਰ ਨੂੰ ਕੋਈ ਜੰਗਲੀ ਜਾਨਵਰ ਖਾ ਗਿਆ!” 34 ਯਾਕੂਬ ਨੂੰ ਆਪਣੇ ਪੁੱਤਰ ਦਾ ਇੰਨਾ ਅਫ਼ਸੋਸ ਹੋਇਆ ਕਿ ਉਸ ਨੇ ਆਪਣੇ ਕੱਪੜੇ ਲੀਰੋ-ਲੀਰ ਕਰ ਦਿੱਤੇ। ਫ਼ੇਰ ਯਾਕੂਬ ਨੇ ਸੋਗ ਦੇ ਖਾਸ ਬਸਤਰ ਪਹਿਨ ਲਏ। ਯਾਕੂਬ ਆਪਣੇ ਪੁੱਤਰ ਦਾ ਕਾਫ਼ੀ ਲੰਮਾ ਸਮਾਂ ਸੋਗ ਮਨਾਉਂਦਾ ਰਿਹਾ। 35 ਯਾਕੂਬ ਦੇ ਸਾਰੇ ਪੁੱਤਰਾਂ, ਧੀਆਂ ਨੇ ਉਸ ਨੂੰ ਹੌਂਸਲਾ ਦੇਣ ਦੀ ਕੋਸ਼ਿਸ਼ ਕੀਤੀ। ਪਰ ਯਾਕੂਬ ਨੇ ਦਿਲ ਨਾ ਧਰਿਆ। ਯਾਕੂਬ ਨੇ ਆਖਿਆ, “ਮੈਂ ਆਪਣੇ ਪੁੱਤਰ ਦਾ ਉਸ ਦਿਨ ਤੱਕ ਸੋਗ ਮਨਾਉਂਦਾ ਰਹਾਂਗਾ ਜਦੋਂ ਤੱਕ ਕਿ ਮੈਂ ਮਰ ਨਹੀਂ ਜਾਂਦਾ।” [d] ਇਸ ਲਈ ਯਾਕੂਬ ਆਪਣੇ ਪੁੱਤਰ ਯੂਸੁਫ਼ ਦਾ ਸੋਗ ਮਨਾਉਂਦਾ ਰਿਹਾ।

36 ਮਿਦਿਯਾਨੀ ਵਪਾਰੀਆਂ ਨੇ ਬਾਦ ਵਿੱਚ ਯੂਸੁਫ਼ ਨੂੰ ਮਿਸਰ ਵਿੱਚ ਵੇਚ ਦਿੱਤਾ। ਉਨ੍ਹਾਂ ਨੇ ਉਸ ਨੂੰ ਫ਼ਿਰਊਨ ਦੇ ਸੁਰੱਖਿਆ ਗਾਰਦਾਂ ਦੇ ਕਪਤਾਨ ਪੋਟੀਫ਼ਰ ਨੂੰ ਵੇਚ ਦਿੱਤਾ।

ਯਹੂਦਾਹ ਅਤੇ ਤਾਮਾਰ

38 ਤਕਰੀਬਨ ਉਸੇ ਵੇਲੇ, ਯਹੂਦਾਹ ਆਪਣੇ ਭਰਾਵਾਂ ਨੂੰ ਛੱਡ ਗਿਆ ਅਤੇ ਹੀਰਾਹ ਨਾਮ ਦੇ ਇੱਕ ਆਦਮੀ ਦੇ ਕੋਲ ਰਹਿਣ ਲਈ ਚੱਲਾ ਗਿਆ। ਹੀਰਾਹ ਅਦੂਲਾਮ ਕਸਬੇ ਦਾ ਸੀ। ਯਹੂਦਾਹ ਨੂੰ ਉੱਥੇ ਇੱਕ ਕਨਾਨੀ ਕੁੜੀ ਮਿਲ ਪਈ ਅਤੇ ਉਸ ਨੇ ਉਸ ਨਾਲ ਸ਼ਾਦੀ ਕਰ ਲਈ। ਕੁੜੀ ਦੇ ਪਿਤਾ ਦਾ ਨਾਮ ਸ਼ੂਆ ਸੀ। ਕਨਾਨੀ ਕੁੜੀ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ। ਉਸ ਨੇ ਉਸਦਾ ਨਾਮ ਏਰ ਰੱਖਿਆ। ਬਾਦ ਵਿੱਚ ਉਸ ਨੇ ਇੱਕ ਹੋਰ ਪੁੱਤਰ ਨੂੰ ਜਨਮ ਦਿੱਤਾ ਉਸਦਾ ਨਾਮ ਉਸ ਨੇ ਓਨਾਨ ਰੱਖਿਆ। ਬਾਦ ਵਿੱਚ ਉਸਦਾ ਇੱਕ ਹੋਰ ਪੁੱਤਰ ਹੋਇਆ ਜਿਸਦਾ ਨਾਮ ਸ਼ੇਲਾਹ ਸੀ। ਜਦੋਂ ਇਸ ਤੀਸਰੇ ਪੁੱਤਰ ਦਾ ਜਨਮ ਹੋਇਆ ਤਾਂ ਯਹੂਦਾਹ ਕਜ਼ੀਬ ਵਿੱਚ ਰਹਿੰਦਾ ਸੀ।

ਯਹੂਦਾਹ ਨੇ ਆਪਣੇ ਪਹਿਲੇ ਪੁੱਤਰ ਏਰ ਲਈ ਇੱਕ ਵਹੁਟੀ ਲੱਭੀ। ਔਰਤ ਦਾ ਨਾਮ ਤਾਮਾਰ ਸੀ। ਪਰ ਏਰ ਨੇ ਬਹੁਤ ਸਾਰੇ ਮੰਦੇ ਕੰਮ ਕੀਤੇ। ਯਹੋਵਾਹ ਉਸ ਉੱਪਰ ਪ੍ਰਸੰਨ ਨਹੀਂ ਸੀ। ਇਸ ਲਈ ਯਹੋਵਾਹ ਨੇ ਉਸ ਨੂੰ ਮਾਰ ਦਿੱਤਾ। ਫ਼ੇਰ ਯਹੂਦਾਹ ਨੇ ਓਨਾਨ ਨੂੰ ਆਖਿਆ, “ਆਪਣੇ ਮ੍ਰਿਤਕ ਭਰਾ ਦੀ ਪਤਨੀ ਕੋਲ ਜਾਹ ਅਤੇ ਆਪਣੇ ਭਰਾ ਦੇ ਪਰਿਵਾਰ ਦੀ ਪੰਗਤ ਨੂੰ ਜਿਉਂਦਿਆਂ ਰੱਖਣ ਲਈ, ਉਸ ਨਾਲ ਆਪਣਾ ਫ਼ਰਜ਼ ਪੂਰਾ ਕਰ।”

ਓਨਾਨ ਜਾਣਦਾ ਸੀ ਕਿ ਇਸ ਸੰਭੋਗ ਵਿੱਚੋਂ ਪੈਦਾ ਹੋਇਆ ਬੱਚਾ ਉਸਦਾ ਨਹੀਂ ਅਖਵਾਏਗਾ। ਓਨਾਨ ਨੇ ਤਾਮਾਰ ਨਾਲ ਜਿਨਸੀ ਰਿਸ਼ਤਾ ਜੋੜਿਆ ਪਰ ਉਸ ਨੇ ਆਪਣਾ ਵੀਰਜ ਜ਼ਮੀਨ ਉੱਤੇ ਵਗਾ ਦਿੱਤਾ। ਉਸ ਨੇ ਅਜਿਹਾ ਆਪਣੇ ਭਰਾ ਨੂੰ ਉੱਤਰਾਧਿਕਾਰੀ ਨਾ ਦੇਣ ਦੀ ਤਵਜੋ ਨਾਲ ਕੀਤਾ। 10 ਇਸ ਨਾਲ ਯਹੋਵਾਹ ਨੂੰ ਗੁੱਸਾ ਆ ਗਿਆ। ਇਸ ਲਈ ਯਹੋਵਾਹ ਨੇ ਓਨਾਨ ਨੂੰ ਵੀ ਮਾਰ ਦਿੱਤਾ। 11 ਫ਼ੇਰ ਯਹੂਦਾਹ ਨੇ ਆਪਣੀ ਨੂੰਹ ਤਾਮਾਰ ਨੂੰ ਆਖਿਆ, “ਆਪਣੇ ਪਿਤਾ ਦੇ ਘਰ ਵਾਪਸ ਚਲੀ ਜਾਹ। ਉੱਥੇ ਠਹਿਰ ਅਤੇ ਓਨਾ ਚਿਰ ਸ਼ਾਦੀ ਨਾ ਕਰੀਂ ਜਦੋਂ ਤੱਕ ਕਿ ਮੇਰਾ ਛੋਟਾ ਪੁੱਤਰ ਸ਼ੇਲਾਹ ਜਵਾਨ ਨਹੀਂ ਹੋ ਜਾਂਦਾ।” ਯਹੂਦਾਹ ਨੂੰ ਡਰ ਸੀ ਕਿ ਸ਼ੇਲਾਹ ਵੀ ਆਪਣੇ ਭਰਾਵਾਂ ਵਾਂਗ ਨਾ ਮਾਰਿਆ ਜਾਵੇ। ਤਾਮਾਰ ਆਪਣੇ ਪਿਤਾ ਦੇ ਘਰ ਵਾਪਸ ਚਲੀ ਗਈ।

12 ਬਾਦ ਵਿੱਚ, ਯਹੂਦਾਹ ਦੀ ਪਤਨੀ, ਸ਼ੂਆ ਦੀ ਧੀ, ਮਰ ਗਈ। ਸੋਗ ਦੇ ਦਿਨਾਂ ਤੋਂ ਮਗਰੋਂ ਯਹੂਦਾਹ ਉਸ ਅਦੂਲਾਮੀ ਦੇ ਆਪਣੇ ਮਿੱਤਰ ਹੀਰਾਹ ਨਾਲ ਤਿਮਨਾਥ ਕੋਲ ਚੱਲਾ ਗਿਆ। ਯਹੂਦਾਹ ਤਿਮਨਾਥ ਨੂੰ ਆਪਣੀਆਂ ਭੇਡਾਂ ਦੀ ਉੱਨ ਲਾਹੁਣ ਗਿਆ ਸੀ। 13 ਤਾਮਾਰ ਨੂੰ ਪਤਾ ਲੱਗਿਆ ਕਿ ਉਸਦਾ ਸੌਹਰਾ ਆਪਣੀਆਂ ਭੇਡਾਂ ਦੀ ਉੱਨ ਲਾਹੁਣ ਲਈ ਤਿਮਨਾਥ ਜਾ ਰਿਹਾ ਸੀ। 14 ਤਾਮਾਰ ਹਮੇਸ਼ਾ ਅਜਿਹੇ ਕੱਪੜੇ ਪਾਉਂਦੀ ਸੀ ਜਿਸਤੋਂ ਨਜ਼ਰ ਆਵੇ ਕਿ ਉਹ ਵਿਧਵਾ ਸੀ। ਇਸ ਲਈ ਉਸ ਨੇ ਕੁਝ ਵਖਰੇ ਵਸਤਰ ਪਹਿਨੇ ਅਤੇ ਆਪਣੇ ਚਿਹਰੇ ਨੂੰ ਘੁੰਡ ਨਾਲ ਢੱਕ ਲਿਆ। ਫ਼ੇਰ ਉਹ ਏਨਿਯਮ ਫ਼ਾਟਕ ਕੋਲ ਬੈਠ ਗਈ ਜੋ ਤਿਮਨਾਥ ਦੇ ਰਸਤੇ ਉੱਤੇ ਹੈ। ਤਾਮਾਰ ਜਾਣਦੀ ਸੀ ਕਿ ਯਹੂਦਾਹ ਦਾ ਸਭ ਤੋਂ ਛੋਟਾ ਪੁੱਤਰ ਸ਼ੇਲਾਹ ਹੁਣ ਜਵਾਨ ਹੋ ਚੁੱਕਿਆ ਸੀ। ਪਰ ਯਹੂਦਾਹ ਉਸ ਨੂੰ ਉਸ ਨਾਲ ਵਿਆਹੁਣ ਦੀਆਂ ਵਿਉਂਤਾ ਨਹੀਂ ਬਣਾਵੇਗਾ।

15 ਯਹੂਦਾਹ ਉਸ ਸੜਕ ਉੱਤੇ ਸਫ਼ਰ ਕਰ ਰਿਹਾ ਸੀ। ਉਸ ਨੇ ਉਸ ਨੂੰ ਦੇਖਿਆ ਪਰ ਇਹ ਸੋਚਿਆ ਕਿ ਸ਼ਾਇਦ ਇਹ ਵੇਸਵਾ ਹੈ। (ਉਸਦਾ ਚਿਹਰਾ ਵੇਸਵਾ ਵਾਂਗ ਨਕਾਬ ਨਾਲ ਕਜਿਆ ਹੋਇਆ ਸੀ।) 16 ਇਸ ਲਈ ਯਹੂਦਾਹ ਉਸ ਕੋਲ ਗਿਆ ਅਤੇ ਆਖਿਆ, “ਕੀ ਮੈਂ ਤੇਰੇ ਨਾਲ ਜਿਨਸੀ ਸੰਬੰਧ ਜੋੜ ਸੱਕਦਾ ਹਾਂ।” (ਯਹੂਦਾਹ ਨੂੰ ਇਹ ਨਹੀਂ ਸੀ ਪਤਾ ਕਿ ਉਸਦੀ ਨੂੰਹ ਤਾਮਾਰ ਸੀ।)

ਉਸ ਨੇ ਆਖਿਆ, “ਇਸ ਬਦਲੇ ਤੂੰ ਮੈਨੂੰ ਕੀ ਦੇਵੇਂਗਾ?”

17 ਯਹੂਦਾਹ ਨੇ ਜਵਾਬ ਦਿੱਤਾ, “ਮੈਂ ਤੈਨੂੰ ਆਪਣੇ ਇੱਜੜ ਵਿੱਚੋਂ ਇੱਕ ਜਵਾਨ ਬੱਕਰਾ ਦੇਵਾਂਗਾ।” ਉਸ ਨੇ ਜਵਾਬ ਦਿੱਤਾ, “ਮੈਨੂੰ ਇਹ ਮੰਜ਼ੂਰ ਹੈ। ਪਰ ਇਸਤੋਂ ਪਹਿਲਾਂ ਕਿ ਤੂੰ ਮੈਨੂੰ ਬੱਕਰਾਂ ਭੇਜੇ ਤੂੰ ਮੈਨੂੰ ਰੱਖਣ ਵਾਸਤੇ ਕੋਈ ਚੀਜ਼ ਦੇ।”

18 ਯਹੂਦਾਹ ਨੇ ਪੁੱਛਿਆ, “ਤੂੰ ਮੇਰੇ ਪਾਸੋਂ ਇਸ ਗੱਲ ਦੇ ਸਬੂਤ ਵਜੋਂ ਕੀ ਚਾਹੁੰਦੀ ਹੈ ਕਿ ਮੈਂ ਤੈਨੂੰ ਬੱਕਰਾਂ ਭੇਜਾਂਗਾ?”

ਤਾਮਾਰ ਨੇ ਜਵਾਬ ਦਿੱਤਾ, “ਮੈਨੂੰ ਆਪਣੀ ਮੋਹਰ ਅਤੇ ਇਸਦੀ ਰਸੀ ਦੇ ਜਿਹੜੀ ਤੂੰ ਆਪਣੀਆਂ ਚਿਠੀਆਂ ਉੱਤੇ ਇਸਤੇਮਾਲ ਕਰਦਾ ਹੈਂ ਅਤੇ ਮੈਨੂੰ ਆਪਣੀ ਚੱਲਣ ਵਾਲੀ ਸੋਟੀ ਦੇ ਦੇ।” ਯਹੂਦਾਹ ਨੇ ਉਸ ਨੂੰ ਇਹ ਚੀਜ਼ਾਂ ਦੇ ਦਿੱਤੀਆਂ। ਫ਼ੇਰ ਯਹੂਦਾਹ ਅਤੇ ਤਾਮਾਰ ਨੇ ਸੰਭੋਗ ਕੀਤਾ ਅਤੇ ਤਾਮਾਰ ਗਰਭਵਤੀ ਹੋ ਗਈ। 19 ਤਾਮਾਰ ਘਰ ਗਈ ਅਤੇ ਆਪਣੇ ਚਿਹਰੇ ਤੋਂ ਨਕਾਬ ਉਤਾਰ ਦਿੱਤਾ। ਫ਼ੇਰ ਉਸ ਨੇ ਉਹੀ ਕੱਪੜੇ ਦੁਬਾਰਾ ਪਹਿਨ ਲਈ ਜਿਹੜੇ ਉਸ ਨੂੰ ਵਿਧਵਾ ਦਰਸ਼ਾਉਂਦੇ ਸਨ।

20 ਬਾਦ ਵਿੱਚ ਯਹੂਦਾਹ ਨੇ ਆਪਣੇ ਮਿੱਤਰ ਹੀਰਾਹ ਨੂੰ ਏਨਯਿਮ ਘਲਿਆ ਤਾਂ ਜੋ ਉਹ ਵੇਸਵਾ ਨੂੰ ਇਕਰਾਰ ਕੀਤਾ ਹੋਇਆ ਬੱਕਰਾ ਦੇ ਆਵੇ। ਯਹੂਦਾਹ ਨੇ ਹੀਰਾਹ ਨੂੰ ਇਹ ਵੀ ਆਖਿਆ ਕਿ ਉਸ ਪਾਸੋਂ ਖਾਸ ਮੋਹਰ ਅਤੇ ਸੋਟੀ ਵੀ ਲੈਂਦਾ ਆਵੇ। ਪਰ ਹੀਰਾਹ ਉਸ ਨੂੰ ਨਾ ਲੱਭ ਸੱਕਿਆ। 21 ਹੀਰਾਹ ਨੇ ਏਨਯਿਮ ਜਿਲ੍ਹੇ ਦੇ ਕੁਝ ਲੋਕਾਂ ਨੂੰ ਪੁੱਛਿਆ, “ਉਹ ਮੰਦਰ ਦੀ ਵੇਸਵਾ ਕਿੱਥੇ ਹੈ ਜਿਹੜੀ ਸੜਕ ਕੰਢੇ ਬੈਠੀ ਹੋਈ ਸੀ?”

ਆਦਮੀਆਂ ਨੇ ਜਵਾਬ ਦਿੱਤਾ, “ਇੱਥੇ ਕਦੇ ਕੋਈ ਵੇਸਵਾ ਨਹੀਂ ਰਹੀ ਹੈ।”

22 ਇਸ ਲਈ ਯਹੂਦਾਹ ਦਾ ਮਿੱਤਰ ਯਹੂਦਾਹ ਕੋਲ ਵਾਪਸ ਚੱਲਾ ਗਿਆ ਅਤੇ ਕਹਿਣ ਲੱਗਾ, “ਮੈਨੂੰ ਤਾਂ ਉਹ ਔਰਤ ਲੱਭੀ ਨਹੀਂ। ਉਸ ਥਾਂ ਰਹਿਣ ਵਾਲੇ ਆਦਮੀਆਂ ਨੇ ਆਖਿਆ ਹੈ ਕਿ ਇੱਥੇ ਤਾਂ ਕੋਈ ਵੇਸਵਾ ਹੈ ਹੀ ਨਹੀਂ ਸੀ।”

23 ਇਸ ਲਈ ਯਹੂਦਾਹ ਨੇ ਆਖਿਆ, “ਉਸ ਨੂੰ ਚੀਜ਼ਾਂ ਰੱਖ ਲੈਣ ਦਿਉ। ਮੈਂ ਨਹੀਂ ਚਾਹੁੰਦਾ ਕਿ ਲੋਕ ਸਾਡੇ ਉੱਪਰ ਹੱਸਣ। ਮੈਂ ਉਸ ਨੂੰ ਬੱਕਰਾ ਦੇਣ ਦੀ ਕੋਸ਼ਿਸ਼ ਕੀਤੀ ਸੀ, ਪਰ ਅਸੀਂ ਉਸ ਨੂੰ ਲੱਭ ਨਹੀਂ ਸੱਕੇ, ਇੰਨੀ ਗੱਲ ਕਾਫ਼ੀ ਹੈ।”

ਤਾਮਾਰ ਗਰਭਵਤੀ ਹੈ

24 ਤਕਰੀਬਨ ਤਿੰਨ ਮਹੀਨੇ ਮਗਰੋਂ, ਕਿਸੇ ਨੇ ਯਹੂਦਾਹ ਨੂੰ ਦੱਸਿਆ, “ਤੇਰੀ ਨੂੰਹ ਤਾਮਾਰ ਨੇ ਇੱਕ ਵੇਸਵਾ ਵਰਗਾ ਪਾਪ ਕੀਤਾ ਹੈ, ਅਤੇ ਹੁਣ ਉਹ ਗਰਭਵਤੀ ਹੈ।”

ਤਾਂ ਯਹੂਦਾਹ ਨੇ ਆਖਿਆ, “ਉਸ ਨੂੰ ਬਾਹਰ ਕੱਢੋ ਅਤੇ ਜਲਾ ਦਿਉ।”

25 ਫ਼ੇਰ ਆਦਮੀ ਤਾਮਾਰ ਨੂੰ ਮਾਰਨ ਲਈ ਉਸ ਵੱਲ ਗਏ। ਪਰ ਉਸ ਨੇ ਆਪਣੇ ਸੌਹਰੇ ਵੱਲ ਇੱਕ ਸੰਦੇਸ਼ ਭੇਜਿਆ। ਤਾਮਾਰ ਨੇ ਆਖਿਆ, “ਜਿਸ ਆਦਮੀ ਨੇ ਮੈਨੂੰ ਗਰਭਵਤੀ ਕੀਤਾ ਹੈ। ਉਹ ਉਹੀ ਹੈ ਜਿਸ ਦੀਆਂ ਇਹ ਚੀਜ਼ਾਂ ਹਨ। ਇਨ੍ਹਾਂ ਚੀਜ਼ਾਂ ਵੱਲ ਵੇਖ ਲਵੋ। ਇਹ ਕਿਸ ਦੀਆਂ ਹਨ? ਇਹ ਖਾਸ ਮੋਹਰ ਅਤੇ ਰੱਸੀ ਕਿਸਦੀ ਹੈ? ਇਹ ਚੱਲਣ ਵਾਲੀ ਸੋਟੀ ਕਿਸਦੀ ਹੈ?”

26 ਯਹੂਦਾਹ ਨੇ ਇਹ ਚੀਜ਼ਾਂ ਪਛਾਣ ਲਈਆਂ ਅਤੇ ਆਖਿਆ, “ਉਹ ਠੀਕ ਹੈ। ਮੈਂ ਗਲਤ ਸਾਂ। ਮੈਂ ਉਸ ਨੂੰ ਆਪਣੇ ਪੁੱਤਰ ਸ਼ੇਲਾਹ ਨਾਲ ਨਹੀਂ ਵਿਆਹਿਆ ਜਿਹਾ ਕਿ ਮੈਂ ਇਕਰਾਰ ਕੀਤਾ ਸੀ।” ਅਤੇ ਯਹੂਦਾਹ ਫ਼ੇਰ ਦੋਬਾਰਾ ਉਸ ਨਾਲ ਨਹੀਂ ਸੁੱਤਾ।

27 ਤਾਮਾਰ ਦੇ ਬੱਚਾ ਜਨਣ ਦਾ ਸਮਾਂ ਆ ਗਿਆ। ਉਨ੍ਹਾਂ ਨੇ ਦੇਖਿਆ ਕਿ ਉਹ ਜੌੜੇ ਬੱਚੇ ਜਨਣ ਜਾ ਰਹੀ ਸੀ। 28 ਜਦੋਂ ਉਹ ਬਚੇ ਜਣ ਰਹੀ ਸੀ, ਇੱਕ ਬੱਚੇ ਨੇ ਆਪਣਾ ਹੱਥ ਬਾਹਰ ਕੱਢਿਆ, ਦਾਈ ਨੇ ਹੱਥ ਉੱਤੇ ਲਾਲ ਧਾਗਾ ਬੰਨ੍ਹ ਦਿੱਤਾ ਅਤੇ ਆਖਿਆ, “ਇਹ ਬੱਚਾ ਪਹਿਲਾਂ ਜੰਮਿਆ ਸੀ।” 29 ਪਰ ਫ਼ੇਰ ਉਸ ਬੱਚੇ ਨੇ ਆਪਣਾ ਹੱਥ ਵਾਪਸ ਅੰਦਰ ਖਿੱਚ ਲਿਆ। ਫ਼ੇਰ ਦੂਸਰਾ ਬੱਚਾ ਪਹਿਲਾਂ ਬਾਹਰ ਆਇਆ। ਇਸ ਲਈ ਦਾਈ ਨੇ ਆਖਿਆ, “ਤੂੰ ਆਪਣਾ ਰਸਤਾ ਜ਼ਬਰਦਸਤੀ ਬਣਾਇਆ।” ਇਸ ਲਈ ਉਨ੍ਹਾਂ ਨੇ ਉਸਦਾ ਨਾਮ ਪਾਰਸ ਧਰਇਆ। 30 ਇਸਤੋਂ ਮਗਰੋਂ ਦੂਸਰਾ ਬੱਚਾ ਜਨਮਿਆ। ਇਸ ਬੱਚਾ ਉਹੀ ਸੀ ਜਿਸਦੇ ਹੱਥ ਉੱਤੇ ਲਾਲ ਧਾਗਾ ਬੰਨ੍ਹਿਆ ਹੋਇਆ ਸੀ। ਉਨ੍ਹਾਂ ਨੇ ਉਸਦਾ ਨਾਮ ਜ਼ਰਾਹ ਰੱਖ ਦਿੱਤਾ।

ਯੂਸੁਫ਼ ਮਿਸਰ ਵਿੱਚ ਪੋਟੀਫ਼ਰ ਨੂੰ ਵੇਚਿਆ ਗਿਆ

39 ਜਿਨ੍ਹਾਂ ਵਪਾਰੀਆਂ ਨੇ ਯੂਸੁਫ਼ ਨੂੰ ਖਰੀਦਿਆ ਸੀ ਉਹ ਉਸ ਨੂੰ ਮਿਸਰ ਲੈ ਗਏ। ਉਨ੍ਹਾਂ ਨੇ ਉਸ ਨੂੰ ਫ਼ਿਰਊਨ ਦੀ ਸੁਰੱਖਿਆ ਗਾਰਦ ਦੇ ਕਪਤਾਨ ਪੋਟੀਫ਼ਰ ਹੱਥ ਵੇਚ ਦਿੱਤਾ। ਪਰ ਯਹੋਵਾਹ ਨੇ ਯੂਸੁਫ਼ ਦੀ ਸਹਾਇਤਾ ਕੀਤੀ। ਯੂਸੁਫ਼ ਇੱਕ ਸਫ਼ਲ ਆਦਮੀ ਬਣ ਗਿਆ। ਯੂਸੁਫ਼ ਆਪਣੇ ਮਾਲਕ, ਮਿਸਰੀ ਪੋਟੀਫ਼ਰ ਦੇ ਘਰ ਰਹਿੰਦਾ ਸੀ।

ਪੋਟੀਫ਼ਰ ਨੇ ਦੇਖਿਆ ਕਿ ਯਹੋਵਾਹ ਯੂਸੁਫ਼ ਦੇ ਨਾਲ ਸੀ। ਪੋਟੀਫ਼ਰ ਨੇ ਦੇਖਿਆ ਕਿ ਯਹੋਵਾਹ ਯੂਸੁਫ਼ ਨੂੰ ਉਸ ਦੇ ਹਰ ਕੰਮ ਵਿੱਚ ਕਾਮਯਾਬੀ ਦਿੰਦਾ ਸੀ! ਇਸ ਲਈ ਪੋਟੀਫ਼ਰ ਯੂਸੁਫ਼ ਉੱਤੇ ਬਹੁਤ ਪ੍ਰਸੰਨ ਸੀ। ਪੋਟੀਫ਼ਰ ਨੇ ਯੂਸੁਫ਼ ਨੂੰ ਉਸ ਦੇ ਲਈ ਕੰਮ ਕਰਨ ਅਤੇ ਘਰ ਦਾ ਪ੍ਰਬੰਧ ਚਲਾਉਣ ਵਿੱਚ ਸਹਾਇਤਾ ਦੇਣ ਦੀ ਇਜਾਜ਼ਤ ਦੇ ਦਿੱਤੀ। ਪੋਟੀਫ਼ਰ ਦਾ ਜੋ ਕੁਝ ਵੀ ਸੀ ਯੂਸੁਫ਼ ਉਸਦਾ ਮੁਖਤਾਰ ਸੀ। ਜਦੋਂ ਯੂਸੁਫ਼ ਨੂੰ ਘਰ ਦਾ ਮੁਖਤਾਰ ਬਣਾਇਆ ਗਿਆ ਯਹੋਵਾਹ ਨੇ ਘਰ ਨੂੰ ਅਤੇ ਪੋਟੀਫ਼ਰ ਦੀ ਹਰ ਸ਼ੈਅ ਨੂੰ ਅਸੀਸ ਦਿੱਤੀ। ਯਹੋਵਾਹ ਨੇ ਇਹ ਸਭ ਯੂਸੁਫ਼ ਕਾਰਣ ਕੀਤਾ। ਅਤੇ ਯਹੋਵਾਹ ਨੇ ਪੋਟੀਫ਼ਰ ਦੇ ਖੇਤਾਂ ਵਿੱਚ ਪੈਦਾ ਹੋਣ ਵਾਲੀ ਹਰ ਸ਼ੈਅ ਨੂੰ ਅਸੀਸ ਦਿੱਤੀ। ਇਸ ਲਈ ਪੋਟੀਫ਼ਰ ਨੇ ਯੂਸੁਫ਼ ਨੂੰ ਘਰ ਦੀ ਹਰ ਸ਼ੈਅ ਦੀ ਜ਼ਿਂਮੇਦਾਰੀ ਸੌਂਪ ਦਿੱਤੀ। ਪੋਟੀਫ਼ਰ ਨੂੰ ਕਿਸੇ ਚੀਜ਼ ਦਾ ਫ਼ਿਕਰ ਨਹੀਂ ਸੀ ਉਹ ਸਿਰਫ਼ ਆਪਣੇ ਭੋਜਨ ਦਾ ਹੀ ਧਿਆਨ ਕਰਦਾ ਸੀ।

ਯੂਸੁਫ਼ ਦਾ ਪੋਟੀਫ਼ਰ ਦੀ ਪਤਨੀ ਨੂੰ ਇਨਕਾਰ

ਯੂਸੁਫ਼ ਬਹੁਤ ਸੋਹਣਾ ਸੁਨਖਾ ਆਦਮੀ ਸੀ। ਕੁਝ ਸਮੇਂ ਬਾਦ, ਯੂਸੁਫ਼ ਦੇ ਸੁਆਮੀ ਦੀ ਪਤਨੀ ਯੂਸੁਫ਼ ਨੂੰ ਪਸੰਦ ਕਰਨ ਲਗੀ। ਇੱਕ ਦਿਨ ਉਸ ਨੂੰ ਆਖਿਆ, “ਮੇਰੇ ਕੋਲ ਸੌਂ।”

ਪਰ ਯੂਸੁਫ਼ ਨੇ ਇਨਕਾਰ ਕਰ ਦਿੱਤਾ। ਉਸ ਨੇ ਆਖਿਆ, “ਮੇਰਾ ਸੁਆਮੀ ਇਸ ਘਰ ਵਿੱਚ ਹਰ ਗੱਲ ਵਿੱਚ ਮੇਰੇ ਉੱਤੇ ਭਰੋਸਾ ਕਰਦਾ ਹੈ। ਉਸ ਨੇ ਮੈਨੂੰ ਇੱਥੋਂ ਦੀ ਹਰ ਸ਼ੈਅ ਦੀ ਜ਼ਿਂਮੇਦਾਰੀ ਦਿੱਤੀ ਹੋਈ ਹੈ। ਮੇਰੇ ਸੁਆਮੀ ਨੇ ਇਸ ਘਰ ਵਿੱਚ ਮੈਨੂੰ ਤਕਰੀਬਨ ਆਪਣੇ ਬਰਾਬਰ ਦਾ ਦਰਜ਼ਾ ਦਿੱਤਾ ਹੋਇਆ ਹੈ। ਮੈਨੂੰ ਉਸ ਦੀ ਪਤਨੀ ਨਾਲ ਨਹੀਂ ਸੌਣਾ ਚਾਹੀਦਾ। ਇਹ ਗਲਤ ਗੱਲ ਹੈ! ਇਹ ਪਰਮੇਸ਼ੁਰ ਦੇ ਵਿਰੁੱਧ ਪਾਪ ਹੈ।”

10 ਔਰਤ ਨੇ ਯੂਸੁਫ਼ ਨਾਲ ਹਰ ਰੋਜ਼ ਗੱਲ ਕੀਤੀ ਪਰ ਯੂਸੁਫ਼ ਨੇ ਉਸ ਨਾਲ ਸੌਣ ਤੋਂ ਇਨਕਾਰ ਕਰ ਦਿੱਤਾ। 11 ਇੱਕ ਦਿਨ ਯੂਸੁਫ਼ ਘਰ ਵਿੱਚ ਆਪਣਾ ਕੰਮ ਕਰਨ ਲਈ ਗਿਆ। ਉਸ ਵਕਤ ਘਰ ਵਿੱਚ ਬਾਕੀ ਨੌਕਰ ਨਹੀਂ ਸਨ। 12 ਉਸ ਦੇ ਸੁਆਮੀ ਦੀ ਪਨਤੀ ਨੇ ਉਸਦਾ ਕੋਟ ਫ਼ੜ ਲਿਆ ਅਤੇ ਉਸ ਨੂੰ ਆਖਿਆ, “ਆ ਮੇਰੇ ਨਾਲ ਬਿਸਤਰੇ ਉੱਤੇ ਚੱਲ।” ਪਰ ਯੂਸੁਫ਼ ਘਰ ਤੋਂ ਇੰਨੀ ਤੇਜ਼ੀ ਨਾਲ ਬਾਹਰ ਭਜਿਆ ਕਿ ਉਸਦਾ ਕੋਟ ਉਸ ਦੇ ਮਾਲਕ ਦੀ ਪਤਨੀ ਦੇ ਹੱਥ ਵਿੱਚ ਹੀ ਰਹਿ ਗਿਆ।

13 ਔਰਤ ਨੇ ਦੇਖਿਆ ਕਿ ਯੂਸੁਫ਼ ਨੇ ਆਪਣਾ ਕੋਟ ਉਸ ਦੇ ਹੱਥਾਂ ਵਿੱਚ ਹੀ ਛੱਡ ਦਿੱਤਾ ਸੀ ਅਤੇ ਘਰ ਤੋਂ ਬਾਹਰ ਦੌੜ ਗਿਆ ਸੀ। ਇਸ ਲਈ ਉਸ ਨੇ ਜੋ ਕੁਝ ਵਾਪਰਿਆ ਸੀ ਉਸ ਦੇ ਬਾਰੇ ਝੂਠ ਬੋਲਣ ਦਾ ਨਿਆਂ ਕਰ ਲਿਆ। 14 ਉਸ ਨੇ ਬਾਹਰ ਬੰਦਿਆਂ ਨੂੰ ਬੁਲਾਇਆ। ਉਸ ਨੇ ਆਖਿਆ, “ਦੇਖੋ, ਇਸ ਇਬਰਾਨੀ ਗੁਲਾਮ ਨੂੰ ਇੱਥੇ ਸਾਡਾ ਮਜ਼ਾਕ ਉਡਾਉਣ ਲਈ ਲਿਆਂਦਾ ਗਿਆ ਸੀ। ਉਹ ਅੰਦਰ ਆਇਆ ਅਤੇ ਮੇਰੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਮੈਂ ਚੀਕਾਂ ਮਾਰੀਆਂ। 15 ਮੇਰੀਆਂ ਚੀਕਾਂ ਨੇ ਉਸ ਨੂੰ ਭੈਭੀਤ ਕਰ ਦਿੱਤਾ ਅਤੇ ਉਹ ਭੱਜ ਗਿਆ। ਪਰ ਉਹ ਆਪਣਾ ਕੋਟ ਮੇਰੇ ਕੋਲ ਛੱਡ ਗਿਆ।” 16 ਫ਼ੇਰ ਉਸ ਨੇ ਕੋਟ ਨੂੰ ਉਸ ਦੇ ਪਤੀ, ਯੂਸੁਫ਼ ਦੇ ਸੁਆਮੀ ਦੇ ਘਰ ਵਾਪਸ ਆ ਜਾਣ ਤੀਕ ਰੱਖਿਆ। 17 ਉਸ ਨੇ ਆਪਣੇ ਪਤੀ ਨੂੰ ਵੀ ਉਹੀ ਕਹਾਣੀ ਦੱਸੀ ਅਤੇ ਆਖਿਆ, “ਇਸ ਇਬਰਾਨੀ ਗੁਲਾਮ ਨੇ ਜਿਹੜਾ ਤੁਸੀਂ ਲਿਆਂਦਾ ਹੈ, ਮੇਰੇ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ। 18 ਪਰ ਜਦੋਂ ਉਹ ਮੇਰੇ ਕੋਲ ਆਇਆ ਤਾਂ ਮੈਂ ਚੀਕਾਂ ਮਾਰੀਆਂ। ਉਹ ਭੱਜ ਗਿਆ, ਪਰ ਉਹ ਆਪਣਾ ਕੋਟ ਛੱਡ ਗਿਆ।”

19 ਯੂਸੁਫ਼ ਦੇ ਸੁਆਮੀ ਨੇ ਆਪਣੀ ਪਤਨੀ ਦੀ ਗੱਲ ਸੁਣੀ। ਅਤੇ ਉਹ ਬਹੁਤ ਗੁੱਸੇ ਵਿੱਚ ਆ ਗਿਆ। 20 ਉੱਥੇ ਇੱਕ ਕੈਦਖਾਨਾ ਸੀ ਜਿੱਥੇ ਰਾਜੇ ਦੇ ਦੁਸ਼ਮਣਾ ਨੂੰ ਰੱਖਿਆ ਜਾਂਦਾ ਸੀ। ਇਸ ਲਈ ਪੋਟੀਫ਼ਰ ਨੇ ਯੂਸੁਫ਼ ਨੂੰ ਉਸ ਕੈਦਖਾਨੇ ਵਿੱਚ ਕੈਦ ਕਰ ਦਿੱਤਾ। ਅਤੇ ਯੂਸੁਫ਼ ਉੱਥੇ ਹੀ ਰਿਹਾ।

ਯੂਸੁਫ਼ ਕੈਦ ਵਿੱਚ

21 ਪਰ ਯਹੋਵਾਹ ਯੂਸੁਫ਼ ਦੇ ਨਾਲ ਸੀ। ਯਹੋਵਾਹ ਨੇ ਯੂਸੁਫ਼ ਉੱਤੇ ਮਿਹਰ ਕਰਨੀ ਜਾਰੀ ਰੱਖੀ। ਕੁਝ ਸਮੇਂ ਬਾਦ, ਕੈਦਖਾਨੇ ਦੀ ਗਾਰਦ ਦੇ ਕਮਾਂਡਰ ਨੇ ਯੂਸੁਫ਼ ਨੂੰ ਪਸੰਦ ਕਰਨਾ ਸ਼ੁਰੂ ਕਰ ਦਿੱਤਾ। 22 ਗਾਰਦ ਦੇ ਕਮਾਂਡਰ ਨੇ ਯੂਸੁਫ਼ ਨੂੰ ਸਾਰੇ ਕੈਦੀਆਂ ਦਾ ਇੰਚਾਰਜ ਬਣਾ ਦਿੱਤਾ। ਯੂਸੁਫ਼ ਉਨ੍ਹਾਂ ਦਾ ਆਗੂ ਸੀ, ਪਰ ਤਾਂ ਵੀ ਉਹ ਉਹੀ ਕੰਮ ਕਰਦਾ ਸੀ ਜਿਹੜਾ ਉਹ ਕਰਦੇ ਸਨ। 23 ਪਹਿਰੇਦਾਰਾਂ ਦੇ ਕਮਾਂਡਰ ਨੂੰ ਯੂਸੁਫ਼ ਦੇ ਇੰਚਾਰਜ ਹੁੰਦਿਆਂ ਹੋਇਆ ਕੈਦਖਾਨੇ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਸੀ। ਇਹ ਇਸ ਲਈ ਵਾਪਰਿਆ ਕਿਉਂਕਿ ਯਹੋਵਾਹ ਯੂਸੁਫ਼ ਦੇ ਨਾਲ ਸੀ। ਯਹੋਵਾਹ ਨੇ ਯੂਸੁਫ਼ ਦੇ ਕੀਤੇ ਹਰ ਕੰਮ ਵਿੱਚ ਸਫ਼ਲ ਹੋਣ ਲਈ ਉਸਦੀ ਸਹਾਇਤਾ ਕੀਤੀ।

ਯੂਸੁਫ਼ ਦੋ ਸੁਪਨਿਆਂ ਦੀ ਵਿਆਖਿਆ ਕਰਦਾ ਹੈ

40 ਬਾਦ ਵਿੱਚ ਫ਼ਿਰਊਨ ਦੇ ਦੋ ਨੌਕਰਾਂ ਨੇ ਫ਼ਿਰਊਨ ਨਾਲ ਕੁਝ ਮੰਦਾ ਕੀਤਾ। ਇਹ ਦੋ ਨੌਕਰ ਸਨ ਨਾਨਬਾਈ ਅਤੇ ਉਹ ਬੰਦਾ ਜਿਹੜਾ ਫ਼ਿਰਊਨ ਨੂੰ ਮੈਅ ਵਰਤਾਉਂਦਾ ਸੀ। ਫ਼ਿਰਊਨ ਆਪਣੇ ਨਾਨਬਾਈ ਅਤੇ ਸਾਕੀ ਨਾਲ ਬਹੁਤ ਨਾਰਾਜ਼ ਹੋ ਗਿਆ। ਇਸ ਲਈ ਉਸ ਨੇ ਉਨ੍ਹਾਂ ਨੂੰ ਉਸੇ ਕੈਦਖਾਨੇ ਵਿੱਚ ਬੰਦ ਕਰ ਦਿੱਤਾ ਜਿੱਥੇ ਯੂਸੁਫ਼ ਸੀ। ਫ਼ਿਰਊਨ ਦਾ ਗਾਰਦ ਵੀ ਕਮਾਂਡਰ ਪੋਟੀਫ਼ਰ, ਇਸ ਕੈਦਖਾਨੇ ਦਾ ਇੰਚਾਰਜ ਸੀ। ਕਮਾਂਡਰ ਨੇ ਦੋਹਾਂ ਕੈਦੀਆਂ ਨੂੰ ਯੂਸੁਫ਼ ਦੀ ਨਿਗਰਾਨੀ ਹੇਠਾਂ ਰੱਖ ਦਿੱਤਾ। ਦੋਵੇਂ ਕੈਦੀ ਕੁਝ ਸਮੇਂ ਤੱਕ ਕੈਦਖਾਨੇ ਵਿੱਚ ਹੀ ਰਹੇ। ਇੱਕ ਰਾਤ, ਦੋਹਾਂ ਕੈਦੀਆਂ ਨੂੰ ਇੱਕ ਸੁਪਨਾ ਆਇਆ। ਇਹ ਦੋ ਕੈਦੀ ਨਾਨਬਾਈ ਅਤੇ ਸਾਕੀ ਮਿਸਰ ਦੇ ਰਾਜੇ ਦੇ ਨੌਕਰ ਸਨ। ਹਰ ਕੈਦੀ ਨੂੰ ਆਪੋ-ਆਪਣਾ ਸੁਪਣਾ ਆਇਆ ਅਤੇ ਹਰ ਸੁਪਨੇ ਦਾ ਆਪੋ-ਆਪਣਾ ਅਰਥ ਸੀ। ਯੂਸੁਫ਼ ਅਗਲੀ ਸਵੇਰ ਉਨ੍ਹਾਂ ਕੋਲ ਗਿਆ। ਯੂਸੁਫ਼ ਨੇ ਦੇਖਿਆ ਕਿ ਇਹ ਦੋਵੇਂ ਆਦਮੀ ਫ਼ਿਕਰਮੰਦ ਸਨ। ਯੂਸੁਫ਼ ਨੇ ਉਨ੍ਹਾਂ ਨੂੰ ਪੁੱਛਿਆ, “ਅੱਜ ਤੁਸੀਂ ਇੰਨੇ ਫ਼ਿਕਰਮੰਦ ਕਿਉਂ ਲੱਗ ਰਹੇ ਹੋਂ?”

ਦੋਹਾਂ ਆਦਮੀਆਂ ਨੇ ਜਵਾਬ ਦਿੱਤਾ, “ਸਾਨੂੰ ਰਾਤੀ ਸੁਪਨਾ ਆਇਆ ਹੈ, ਪਰ ਸਾਨੂੰ ਇਸ ਗੱਲ ਦੀ ਸਮਝ ਨਹੀਂ ਕਿ ਇਸਦਾ ਕੀ ਅਰਥ ਹੈ। ਇੱਥੇ ਕੋਈ ਵੀ ਅਜਿਹਾ ਨਹੀਂ ਜਿਹੜਾ ਸਾਨੂੰ ਸੁਪਨਿਆਂ ਦੀ ਗੱਲ ਸਮਝਾਵੇ ਅਤੇ ਉਨ੍ਹਾਂ ਦੀ ਵਿਆਖਿਆ ਕਰੇ।”

ਯੂਸੁਫ਼ ਨੇ ਉਨ੍ਹਾਂ ਨੂੰ ਆਖਿਆ, “ਪਰਮੇਸ਼ੁਰ ਹੀ ਹੈ ਜਿਹੜਾ ਸੁਪਨਿਆਂ ਨੂੰ ਸਮਝਦਾ ਹੈ ਅਤੇ ਸਮਝਾ ਸੱਕਦਾ ਹੈ। ਇਸ ਲਈ ਮੈਂ ਬੇਨਤੀ ਕਰਦਾ ਹਾਂ ਕਿ ਤੁਸੀਂ ਮੈਨੂੰ ਆਪਣੇ ਸੁਪਨੇ ਦੱਸੋ।”

ਸਾਕੀ ਦਾ ਸੁਪਨਾ

ਇਸ ਲਈ ਸਾਕੀ ਨੇ ਆਪਣਾ ਸੁਪਨਾ ਯੂਸੁਫ਼ ਨੂੰ ਸੁਣਾਇਆ। ਸਾਕੀ ਨੇ ਆਖਿਆ, “ਮੈਨੂੰ ਸੁਪਨਾ ਆਇਆ ਕਿ ਮੈਂ ਇੱਕ ਵੇਲ ਦੇਖੀ ਹੈ। 10 ਵੇਲ ਉੱਤੇ ਤਿੰਨ ਟਹਿਣੀਆਂ ਸਨ। ਮੈਂ ਉਨ੍ਹਾਂ ਟਹਿਣੀਆਂ ਨੂੰ ਵੱਧਦਿਆਂ ਅਤੇ ਫ਼ੁੱਲ ਉੱਗਦਿਆਂ ਦੇਖਿਆ ਅਤੇ ਫ਼ੇਰ ਅੰਗੂਰ ਬਣਦਿਆਂ ਦੇਖਿਆ। 11 ਮੈਂ ਫ਼ਿਰਊਨ ਦਾ ਪਿਆਲਾ ਫ਼ੜਿਆ ਹੋਇਆ ਸੀ। ਇਸ ਲਈ ਮੈਂ ਅੰਗੂਰ ਤੋਂੜੇ ਅਤੇ ਉਨ੍ਹਾਂ ਦਾ ਰਸ ਨਿਚੋੜਕੇ ਪਿਆਲੇ ਵਿੱਚ ਪਾ ਦਿੱਤਾ। ਫ਼ੇਰ ਮੈਂ ਪਿਆਲਾ ਫ਼ਿਰਊਨ ਨੂੰ ਦੇ ਦਿੱਤਾ।”

Punjabi Bible: Easy-to-Read Version (ERV-PA)

2010 by World Bible Translation Center