Bible in 90 Days
ਪਰਮੇਸ਼ੁਰ ਦਾ ਇਸਰਾਏਲ ਦੀ ਅਗਵਾਈ ਕਰਨ ਲਈ ਯਹੋਸ਼ੁਆ ਨੂੰ ਚੁਨਣਾ
1 ਮੂਸਾ ਯਹੋਵਾਹ ਦਾ ਸੇਵਕ ਸੀ। ਨੂਨ ਦਾ ਪੁੱਤਰ ਯਹੋਸ਼ੁਆ ਮੂਸਾ ਦਾ ਸਹਾਇਕ ਸੀ। ਮੂਸਾ ਦੀ ਮੌਤ ਤੋਂ ਬਾਦ ਯਹੋਵਾਹ ਨੇ ਯਹੋਸ਼ੁਆ ਨਾਲ ਗੱਲ ਕੀਤੀ। ਯਹੋਵਾਹ ਨੇ ਆਖਿਆ, 2 “ਮੇਰਾ ਸੇਵਕ ਮੂਸਾ ਗੁਜ਼ਰ ਗਿਆ ਹੈ। ਹੁਣ ਤੈਨੂੰ ਅਤੇ ਇਨ੍ਹਾਂ ਲੋਕਾਂ ਨੂੰ ਯਰਦਨ ਨਦੀ ਦੇ ਪਾਰ ਜ਼ਰੂਰ ਜਾਣਾ ਚਾਹੀਦਾ ਹੈ। ਤੁਹਾਨੂੰ, ਇਸਰਾਏਲ ਦੇ ਲੋਕਾਂ ਨੂੰ ਉਸ ਧਰਤੀ ਉੱਤੇ ਜਾਣਾ ਚਾਹੀਦਾ ਹੈ ਜਿਹੜੀ ਮੈਂ ਤੁਹਾਨੂੰ ਦੇ ਰਿਹਾ ਹਾਂ। 3 ਮੈਂ ਮੂਸਾ ਨਾਲ ਇਕਰਾਰ ਕੀਤਾ ਸੀ ਕਿ ਮੈਂ ਤੁਹਾਨੂੰ ਇਹ ਧਰਤੀ ਦੇਵਾਂਗਾ। ਇਸ ਲਈ, ਜਿੱਥੇ ਵੀ ਤੁਸੀਂ ਜਾਵੋਂਗੇ ਮੈਂ ਤੁਹਾਨੂੰ ਉਹ ਧਰਤੀ ਦੇਵਾਂਗਾ। 4 ਹਿੱਤੀ ਲੋਕਾਂ ਦੀ ਸਾਰੀ ਧਰਤੀ, ਮਾਰੂਥਲ ਅਤੇ ਲਬਾਨੋਨ ਤੋਂ ਲੈ ਕੇ ਵੱਡੀ ਨਦੀ (ਅਰਥਾਤ ਫ਼ਰਾਤ ਨਦੀ) ਤੱਕ, ਤੁਹਾਡੀ ਹੋਵੇਗੀ। ਇੱਥੋਂ ਲੈ ਕੇ ਪੱਛਮ ਵਿੱਚ ਭੂਮੱਧ ਸਾਗਰ ਤੱਕ (ਅਰਥਾਤ ਉਹ ਥਾਂ ਜਿੱਥੇ ਸੂਰਜ ਛੁਪਦਾ ਹੈ) ਦੀ ਸਾਰੀ ਧਰਤੀ ਤੁਹਾਡੀਆਂ ਸਰਹੱਦਾਂ ਵਿੱਚ ਹੋਵੇਗੀ। 5 ਮੈਂ ਤੁਹਾਡੇ ਨਾਲ ਹੋਵਾਂਗਾ ਉਵੇਂ ਹੀ ਜਿਵੇਂ ਮੈਂ ਮੂਸਾ ਦੇ ਨਾਲ ਸਾਂ। ਜ਼ਿੰਦਗੀ ਭਰ ਕੋਈ ਬੰਦਾ ਤੁਹਾਨੂੰ ਰੋਕ ਨਹੀਂ ਸੱਕੇਗਾ। ਮੈਂ ਤੁਹਾਡਾ ਸਾਥ ਨਹੀਂ ਛੱਡਾਂਗਾ। ਮੈਂ ਤੁਹਾਨੂੰ ਕਦੇ ਨਹੀਂ ਛੱਡਾਂਗਾ।
6 “ਯਹੋਸ਼ੁਆ, ਤੈਨੂੰ ਤਾਕਤਵਰ ਅਤੇ ਬਹਾਦਰ ਹੋਣਾ ਚਾਹੀਦਾ ਹੈ! ਤੈਨੂੰ ਇਨ੍ਹਾਂ ਲੋਕਾਂ ਦੀ ਅਗਵਾਈ ਕਰਨੀ ਚਾਹੀਦੀ ਹੈ ਤਾਂ ਜੋ ਇਹ ਆਪਣੀ ਧਰਤੀ ਲੈ ਸੱਕਣ। ਮੈਂ ਇਨ੍ਹਾਂ ਦੇ ਪੁਰਖਿਆਂ ਨਾਲ ਇਕਰਾਰ ਕੀਤਾ ਸੀ ਕਿ ਮੈਂ ਉਨ੍ਹਾਂ ਨੂੰ ਇਹ ਧਰਤੀ ਦੇਵਾਂਗਾ। 7 ਪਰ ਤੈਨੂੰ ਇੱਕ ਹੋਰ ਗੱਲ ਬਾਰੇ ਵੀ ਤਾਕਤਵਰ ਅਤੇ ਬਹਾਦਰ ਹੋਣਾ ਚਾਹੀਦਾ ਹੈ। ਤੈਨੂੰ ਇਹ ਪੱਕ ਕਰਨਾ ਚਾਹੀਦਾ ਹੈ ਕਿ ਤੂੰ ਉਨ੍ਹਾਂ ਆਦੇਸ਼ਾਂ ਦਾ ਪਾਲਣ ਕਰੇ ਜਿਹੜੇ ਤੈਨੂੰ ਮੇਰੇ ਸੇਵਕ ਮੂਸਾ ਨੇ ਦਿੱਤੇ ਸਨ। ਜੇ ਤੂੰ ਪੂਰੀ ਤਰ੍ਹਾਂ ਇਸ ਬਿਵਸਥਾ ਉੱਤੇ ਅਮਲ ਕਰੇਂਗਾ ਤਾਂ ਤੂੰ ਆਪਣੀ ਹਰ ਗੱਲ ਵਿੱਚ ਸਫ਼ਲ ਹੋ ਜਾਵੇਂਗਾ। 8 ਹਮੇਸ਼ਾ ਉਨ੍ਹਾਂ ਗੱਲਾਂ ਨੂੰ ਚੇਤੇ ਰੱਖਣਾ ਜਿਹੜੀਆਂ ਬਿਵਸਥਾ ਦੀ ਪੋਥੀ ਵਿੱਚ ਲਿਖੀਆਂ ਹੋਈਆਂ ਹਨ। ਉਸ ਪੁਸਤਕ ਦਾ ਅਧਿਐਨ ਦਿਨ-ਰਾਤ ਕਰਨਾ। ਫ਼ੇਰ ਤੂੰ ਉਨ੍ਹਾਂ ਗੱਲਾਂ ਨੂੰ ਮੰਨਣ ਬਾਰੇ ਯਕੀਨ ਕਰ ਸੱਕਦਾ ਹੈਂ ਜਿਹੜੀਆਂ ਉੱਥੇ ਲਿਖੀਆਂ ਹੋਈਆਂ ਹਨ। ਜੇ ਤੂੰ ਅਜਿਹਾ ਕਰੇਂਗਾ, ਤਾਂ ਤੂੰ ਜੋ ਕੁਝ ਵੀ ਕਰੇਂਗਾ ਉਸ ਬਾਰੇ ਸਿਆਣਪ ਅਤੇ ਸਫ਼ਲਤਾ ਹਾਸਿਲ ਕਰ ਸੱਕੇਂਗਾ। 9 ਯਾਦ ਰੱਖੀਂ, ਮੈਂ ਤੈਨੂੰ ਤਾਕਤਵਰ ਅਤੇ ਬਹਾਦਰ ਬਣਨ ਦਾ ਆਦੇਸ਼ ਦਿੰਦਾ ਹਾਂ। ਇਸ ਲਈ ਭੈਭੀਤ ਨਾ ਹੋ, ਕਿਉਂਕਿ ਜਿੱਥੇ ਵੀ ਤੂੰ ਜਾਵੇਂਗਾ ਯਹੋਵਾਹ ਤੇਰਾ ਪਰਮੇਸ਼ੁਰ ਤੇਰੇ ਨਾਲ ਹੋਵੇਗਾ।”
ਯਹੋਸ਼ੁਆ ਹੁਕਮ ਲੈਂਦਾ ਹੈ
10 ਇਸ ਲਈ ਯਹੋਸ਼ੁਆ ਨੇ ਲੋਕਾਂ ਦੇ ਆਗੂਆਂ ਨੂੰ ਹੁਕਮ ਦਿੱਤਾ। ਉਸ ਨੇ ਆਖਿਆ, 11 “ਖੈਮਿਆਂ ਵਿੱਚ ਜਾਉ ਅਤੇ ਲੋਕਾਂ ਨੂੰ ਤਿਆਰ ਹੋ ਜਾਣ ਲਈ ਆਖੋ। ਲੋਕਾਂ ਨੂੰ ਆਖੋ, ‘ਕੁਝ ਭੋਜਨ ਦਾ ਪ੍ਰਬੰਧ ਕਰੋ। ਹੁਣ ਤੋਂ ਤਿੰਨ ਦਿਨ ਬਾਦ ਅਸੀਂ ਯਰਦਨ ਨਦੀ ਦੇ ਪਾਰ ਜਾਵਾਂਗੇ। ਅਸੀਂ ਜਾਵਾਂਗੇ ਅਤੇ ਉਹ ਧਰਤੀ ਲੈ ਲਵਾਂਗੇ ਜਿਹੜੀ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇ ਰਿਹਾ ਹੈ।’”
12 ਫ਼ੇਰ ਯਹੋਸ਼ੁਆ ਨੇ ਰਊਬੇਨ, ਗਾਦ ਦੇ ਪਰਿਵਾਰ-ਸਮੂਹਾਂ ਅਤੇ ਮਨੱਸ਼ਹ ਦੇ ਅੱਧੇ ਪਰਿਵਾਰ-ਸਮੂਹ ਨਾਲ ਗੱਲ ਕੀਤੀ। ਯਹੋਸ਼ੁਆ ਨੇ ਆਖਿਆ, 13 “ਯਾਦ ਕਰੋ ਯਹੋਵਾਹ ਦੇ ਸੇਵਕ ਮੂਸਾ ਨੇ ਤੁਹਾਨੂੰ ਕੀ ਆਖਿਆ ਸੀ। ਉਸ ਨੇ ਆਖਿਆ ਸੀ ਕਿ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਆਰਾਮ ਕਰਨ ਲਈ ਇੱਕ ਥਾਂ ਦੇਵੇਗਾ। ਯਹੋਵਾਹ ਤੁਹਾਨੂੰ ਉਹ ਧਰਤੀ ਦੇਵੇਗਾ। 14 ਅਸਲ ਵਿੱਚ, ਯਹੋਵਾਹ ਨੇ ਤੁਹਾਨੂੰ ਇਹ ਧਰਤੀ ਯਰਦਨ ਨਦੀ ਦੇ ਪੂਰਬ ਵੱਲ ਦੇ ਦਿੱਤੀ ਹੈ। ਤੁਹਾਡੀਆਂ ਪਤਨੀਆਂ ਅਤੇ ਬੱਚੇ ਇਸ ਧਰਤੀ ਉੱਤੇ ਤੁਹਾਡੇ ਪਸ਼ੂਆਂ ਸਮੇਤ ਰਹਿ ਸੱਕਦੇ ਹਨ। ਪਰ ਤੁਹਾਡੇ ਲੜਾਕੂ ਬੰਦੇ ਯਰਦਨ ਨਦੀ ਨੂੰ ਤੁਹਾਡੇ ਭਰਾਵਾਂ ਸਮੇਤ ਜ਼ਰੂਰ ਪਾਰ ਕਰਨ। ਤੁਹਾਨੂੰ ਜੰਗ ਲਈ ਤਿਆਰ ਰਹਿਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਧਰਤੀ ਲੈਣ ਵਿੱਚ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ। 15 ਯਹੋਵਾਹ ਤੁਹਾਨੂੰ ਅਰਾਮ ਕਰਨ ਲਈ ਇੱਕ ਥਾਂ ਦੇਵੇਗਾ ਅਤੇ ਉਹ ਤੁਹਾਡੇ ਭਰਾਵਾਂ ਨੂੰ ਵੀ ਸਥਾਨ ਦੇਵੇਗਾ। ਪਰ ਤੁਹਾਨੂੰ ਉਦੋਂ ਤੱਕ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ ਜਦੋਂ ਤੱਕ ਕਿ ਉਹ ਉਸ ਧਰਤੀ ਨੂੰ ਹਾਸਿਲ ਕਰ ਲੈਣ ਜਿਹੜੀ ਯਹੋਵਾਹ ਤੁਹਾਡਾ ਪਰਮੇਸ਼ੁਰ ਉਨ੍ਹਾਂ ਨੂੰ ਦੇ ਰਿਹਾ ਹੈ। ਫ਼ੇਰ ਤੁਸੀਂ ਯਰਦਨ ਨਦੀ ਦੇ ਪੂਰਬ ਵਾਲੇ ਪਾਸੇ, ਆਪਣੀ ਧਰਤੀ ਉੱਤੇ ਵਾਪਸ ਆ ਸੱਕਦੇ ਹੋ ਜਿਹੜੀ ਮੂਸਾ, ਯਹੋਵਾਹ ਦੇ ਸੇਵਕ ਨੇ ਤੁਹਾਨੂੰ ਦਿੱਤੀ ਸੀ।”
16 ਫ਼ੇਰ ਲੋਕਾਂ ਨੇ ਯਹੋਸ਼ੁਆ ਨੂੰ ਜਵਾਬ ਦਿੱਤਾ, “ਅਸੀਂ ਉਹੀ ਗੱਲ ਕਰਾਂਗੇ ਜਿਸਦਾ ਤੂੰ ਸਾਨੂੰ ਆਦੇਸ਼ ਦੇਵੇਂਗਾ! ਅਸੀਂ ਉੱਥੇ ਹੀ ਜਾਵਾਂਗੇ ਜਿੱਥੇ ਤੂੰ ਸਾਨੂੰ ਜਾਣ ਲਈ ਆਖੇਂਗਾ। 17 ਤੂੰ ਜੋ ਵੀ ਆਖੇਂਗਾ ਅਸੀਂ ਮੰਨਾਗੇ, ਉਵੇਂ ਹੀ ਜਿਵੇਂ ਅਸੀਂ ਮੂਸਾ ਦੀ ਗੱਲ ਮੰਨੀ ਸੀ। ਅਸੀਂ ਯਹੋਵਾਹ ਪਾਸੋਂ ਸਿਰਫ਼ ਇੱਕ ਚੀਜ਼ ਮੰਗਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਤੇਰਾ ਪਰਮੇਸ਼ੁਰ ਉਸੇ ਤਰ੍ਹਾਂ ਤੇਰੇ ਨਾਲ ਹੋਵੇ ਜਿਵੇਂ ਉਹ ਮੂਸਾ ਦੇ ਨਾਲ ਸੀ। 18 ਫ਼ੇਰ, ਜੇ ਕੋਈ ਬੰਦਾ ਤੇਰੇ ਆਦੇਸ਼ਾ ਨੂੰ ਮੰਨਣ ਤੋਂ ਇਨਕਾਰ ਕਰੇਗਾ ਜਾਂ ਜੋ ਕੋਈ ਬੰਦਾ ਤੇਰੇ ਖਿਲਾਫ਼ ਹੋਵੇਗਾ, ਤਾਂ ਉਹ ਬੰਦਾ ਮਾਰ ਦਿੱਤਾ ਜਾਵੇਗਾ। ਬਸ ਤਾਕਤਵਰ ਅਤੇ ਬਹਾਦਰ ਬਣ!”
ਯਰੀਹੋ ਵਿੱਚ ਜਾਸੂਸ
2 ਯਹੋਸ਼ੁਆ, ਨੂਨ ਦਾ ਪੁੱਤਰ ਅਤੇ ਹੋਰ ਸਾਰੇ ਆਦਮੀਆਂ ਨੇ ਅਕਾਸੀਆ ਵਿਖੇ ਡੇਰਾ ਲਾਇਆ ਹੋਇਆ ਸੀ। ਯਹੋਸ਼ੁਆ ਨੇ ਦੋ ਬੰਦਿਆ ਨੂੰ ਜਸੂਸਾਂ ਵਜੋਂ ਉਸ ਧਰਤੀ ਉੱਤੇ ਘੱਲਿਆ। ਇਨ੍ਹਾਂ ਬੰਦਿਆਂ ਨੇ ਧਰਤੀ ਦੀ, ਖਾਸੱਕਰ ਯਰੀਹੋ ਸ਼ਹਿਰ ਦੀ ਜਸੂਸੀ ਕਰਨੀ ਸੀ।
ਇਹ ਦੋਵੇਂ ਬੰਦੇ ਰਾਹਾਬ ਨਾਮ ਦੀ ਵੇਸਵਾ ਦੇ ਘਰੇ ਠਹਿਰੇ।
2 ਕਿਸੇ ਨੇ ਯਰੀਹੋ ਦੇ ਰਾਜੇ ਨੂੰ ਆਖਿਆ, “ਪਿੱਛਲੀ ਰਾਤ ਇਸਰਾਏਲ ਦੇ ਕੁਝ ਆਦਮੀ ਸਾਡੇ ਦੇਸ਼ ਦੀਆਂ ਕਮਜ਼ੋਰੀਆਂ ਦੇਖਣ ਆਏ।”
3 ਇਸ ਲਈ ਯਰੀਹੋ ਦੇ ਰਾਜੇ ਨੇ ਰਾਹਾਬ ਨੂੰ ਇਹ ਸੰਦੇਸ਼ ਭੇਜਿਆ: “ਉਨ੍ਹਾਂ ਬੰਦਿਆਂ ਨੂੰ ਨਾ ਛੁਪਾ ਜਿਹੜੇ ਆਏ ਸਨ ਅਤੇ ਤੇਰੇ ਘਰ ਠਹਿਰੇ ਸਨ। ਉਨ੍ਹਾਂ ਨੂੰ ਬਾਹਰ ਲਿਆ। ਉਹ ਸਾਡੇ ਦੇਸ਼ ਦੀ ਜਸੂਸੀ ਕਰਨ ਆਏ ਹਨ।”
4 ਰਾਹਾਬ ਨੇ ਦੋ ਬੰਦਿਆ ਨੂੰ ਛੁਪਾਇਆ ਹੋਇਆ ਸੀ। ਪਰ ਰਾਹਾਬ ਨੇ ਆਖਿਆ, “ਉਹ ਦੋ ਆਦਮੀ ਇੱਥੇ ਆਏ ਜ਼ਰੂਰ ਸਨ, ਪਰ ਮੈਨੂੰ ਨਹੀਂ ਪਤਾ ਉਹ ਕਿੱਥੋਂ ਆਏ ਸਨ। 5 ਸ਼ਾਮ ਵੇਲੇ ਜਦੋਂ ਸ਼ਹਿਰ ਦਾ ਦਰਵਾਜ਼ਾ ਬੰਦ ਕਰਨ ਦਾ ਵੇਲਾ ਸੀ, ਉਹ ਆਦਮੀ ਚੱਲੇ ਗਏ। ਮੈਨੂੰ ਨਹੀਂ ਪਤਾ ਉਹ ਕਿਧਰ ਚੱਲੇ ਗਏ। ਪਰ ਜੇ ਤੁਸੀਂ ਛੇਤੀ ਜਾਉ, ਤਾਂ ਸ਼ਾਇਦ ਤੁਸੀਂ ਉਨ੍ਹਾਂ ਨੂੰ ਫ਼ੜ ਸੱਕੋ।” 6 (ਰਾਹਾਬ ਨੇ ਇਹ ਗੱਲਾਂ ਆਖੀਆਂ, ਪਰ ਅਸਲ ਵਿੱਚ ਉਹ ਔਰਤ ਉਨ੍ਹਾਂ ਆਦਮੀਆਂ ਨੂੰ ਛੱਤ ਉੱਤੇ ਲੈ ਗਈ ਸੀ, ਅਤੇ ਉਸ ਨੇ ਉਨ੍ਹਾਂ ਨੂੰ ਉੱਥੇ ਉੱਪਰ ਇਕੱਠੇ ਕੀਤੇ ਹੋਏ ਘਾਹ ਵਿੱਚ ਛੁਪਾਇਆ ਹੋਇਆ ਸੀ।)
7 ਇਸ ਲਈ ਰਾਜੇ ਦੇ ਬੰਦੇ ਸ਼ਹਿਰ ਤੋਂ ਬਾਹਰ ਚੱਲੇ ਗਏ, ਅਤੇ ਲੋਕਾਂ ਨੇ ਸ਼ਹਿਰ ਦੇ ਦਰਵਾਜ਼ੇ ਬੰਦ ਕਰ ਦਿੱਤੇ। ਰਾਜੇ ਦੇ ਆਦਮੀ ਇਸਰਾਏਲ ਦੇ ਉਨ੍ਹਾਂ ਦੋਹਾਂ ਬੰਦਿਆਂ ਦੀ ਭਾਲ ਵਿੱਚ ਗਏ। ਉਹ ਯਰਦਨ ਨਦੀ ਉੱਤੇ ਗਏ ਅਤੇ ਉਨ੍ਹਾਂ ਨੇ ਉਹ ਸਾਰੀਆਂ ਥਾਵਾਂ ਦੇਖੀਆਂ ਜਿੱਥੇ ਲੋਕ ਨਦੀ ਪਾਰ ਕਰਦੇ ਹਨ।
8 ਦੋਵੇਂ ਬੰਦੇ ਰਾਤ ਵੇਲੇ ਸੌਣ ਲਈ ਤਿਆਰ ਸਨ। ਪਰ ਰਾਹਾਬ ਛੱਤ ਉੱਤੇ ਗਈ ਅਤੇ ਉਨ੍ਹਾਂ ਨਾਲ ਗੱਲ ਕੀਤੀ। 9 ਰਾਹਾਬ ਨੇ ਆਖਿਆ, “ਮੈਂ ਜਾਣਦੀ ਹਾਂ ਕਿ ਯਹੋਵਾਹ ਨੇ ਇਹ ਧਰਤੀ ਤੁਹਾਡੇ ਲੋਕਾਂ ਨੂੰ ਦੇ ਦਿੱਤੀ ਹੈ। ਤੁਸੀਂ ਸਾਨੂੰ ਭੈਭੀਤ ਕਰਦੇ ਹੋ। ਇਸ ਦੇਸ਼ ਵਿੱਚ ਰਹਿਣ ਵਾਲੇ ਸਾਰੇ ਲੋਕ ਤੁਹਾਡੇ ਕੋਲੋਂ ਭੈਭੀਤ ਹਨ। 10 ਅਸੀਂ ਇਸ ਲਈ ਭੈਭੀਤ ਹਾਂ ਕਿਉਂਕਿ ਅਸੀਂ ਉਨ੍ਹਾਂ ਢੰਗਾ ਬਾਰੇ ਸੁਣ ਲਿਆ ਹੈ ਜਿਨ੍ਹਾਂ ਰਾਹੀਂ ਯਹੋਵਾਹ ਨੇ ਤੁਹਾਡੀ ਮਦਦ ਕੀਤੀ ਹੈ। ਅਸੀਂ ਸੁਣਿਆ ਹੈ ਕਿ ਉਸ ਨੇ ਲਾਲ ਸਾਗਰ ਦੇ ਪਾਣੀ ਨੂੰ ਸੁਕਾ ਦਿੱਤਾ ਸੀ ਜਦੋਂ ਤੁਸੀਂ ਮਿਸਰ ਵਿੱਚੋਂ ਆਏ ਸੀ। ਅਸੀਂ ਇਹ ਵੀ ਸੁਣਿਆ ਸੀ ਕਿ ਤੁਸੀਂ ਅਮੋਰੀਆਂ ਦੇ ਦੋ ਰਾਜਿਆਂ ਸੀਹੋਨ ਅਤੇ ਓਗ ਨਾਲ ਕੀ ਕੀਤਾ ਸੀ। ਅਸੀਂ ਸੁਣਿਆ ਸੀ ਕਿ ਕਿਵੇਂ ਤੁਸੀਂ ਯਰਦਨ ਨਦੀ ਦੇ ਪੂਰਬ ਵੱਲ ਰਹਿਣ ਵਾਲੇ ਉਨ੍ਹਾਂ ਰਾਜਿਆਂ ਨੂੰ ਤਬਾਹ ਕੀਤਾ ਸੀ। 11 ਅਸੀਂ ਉਨ੍ਹਾਂ ਗੱਲਾਂ ਬਾਰੇ ਸੁਣਿਆ ਸੀ ਅਤੇ ਅਸੀਂ ਬਹੁਤ ਭੈਭੀਤ ਹੋ ਗਏ ਸਾਂ। ਅਤੇ ਹੁਣ ਸਾਡੇ ਵਿੱਚੋਂ ਕੋਈ ਵੀ ਬੰਦਾ ਇੰਨਾ ਬਹਾਦਰ ਨਹੀਂ ਕਿ ਤੁਹਾਡੇ ਨਾਲ ਲੜ ਸੱਕੇ। ਕਿਉਂਕਿ ਯਹੋਵਾਹ ਤੁਹਾਡਾ ਪਰਮੇਸ਼ੁਰ, ਉਪਰ ਆਕਾਸ਼ ਵਿੱਚ ਅਤੇ ਹੇਠਾਂ ਧਰਤੀ ਉੱਤੇ ਹਕੂਮਤ ਕਰਦਾ ਹੈ! 12 ਇਸ ਲਈ ਹੁਣ, ਯਹੋਵਾਹ ਅੱਗੇ ਮੇਰੇ ਨਾਲ ਇਕਰਾਰ ਕਰੋ ਕਿ ਜਿਵੇਂ ਮੈਂ ਤੁਹਾਡੇ ਲਈ ਚੰਗੀ ਸੀ ਅਤੇ ਤੁਹਾਡੀ ਸਹਾਇਤਾ ਕੀਤੀ ਤੁਸੀਂ ਮੇਰੇ ਪਰਿਵਾਰ ਲਈ ਚੰਗੇ ਹੋਵੋਂਗੇ। ਕਿਰਪਾ ਕਰਕੇ ਮੈਨੂੰ ਯਕੀਨ ਕਰਵਾਉ ਕਿ ਤੁਸੀਂ ਅਜਿਹਾ ਹੀ ਕਰੋਂਗੇ। 13 ਮੈਨੂੰ ਦੱਸੋ ਕਿ ਤੁਸੀਂ ਮੇਰੇ ਪਰਿਵਾਰ ਨੂੰ ਜਿਉਣ ਦੀ ਇਜਾਜ਼ਤ ਦਿਉਂਗੇ-ਮੇਰੇ ਪਿਤਾ, ਮਾਤਾ, ਭਰਾਵਾ, ਭੈਣਾ ਅਤੇ ਉਨ੍ਹਾਂ ਦੇ ਸਾਰੇ ਪਰਿਵਾਰ ਨੂੰ ਵੀ। ਇਕਰਾਰ ਕਰੋ ਕਿ ਤੁਸੀਂ ਸਾਨੂੰ ਮੌਤ ਤੋਂ ਬਚਾਵੋਂਗੇ।”
14 ਉਨ੍ਹਾਂ ਆਦਮੀਆਂ ਨੇ ਉਸ ਨੂੰ ਯਕੀਨ ਦਿਵਾਇਆ, “ਅਸੀਂ ਤੁਹਾਡੀਆਂ ਜ਼ਿੰਦਗੀਆਂ ਖਾਤਰ ਆਪਣੀਆਂ ਜ਼ਿੰਦਗੀਆਂ ਦੇ ਦੇਵਾਂਗੇ ਜੇਕਰ ਤੂੰ ਕਿਸੇ ਨੂੰ ਨਾ ਦੱਸੇ ਕਿ ਅਸੀਂ ਕੀ ਕਰ ਰਹੇ ਹਾਂ। ਫ਼ੇਰ, ਜਦੋਂ ਯਹੋਵਾਹ ਸਾਨੂੰ ਸਾਡੀ ਧਰਤੀ ਦੇਵੇਗਾ, ਅਸੀਂ ਤੁਹਾਡੇ ਲਈ ਚੰਗੇ ਹੋਵਾਂਗੇ। ਤੂੰ ਸਾਡੇ ਉੱਤੇ ਭਰੋਸਾ ਕਰ ਸੱਕਦੀ ਹੈ।”
15 ਰਾਹਾਬ ਦਾ ਘਰ ਸ਼ਹਿਰ ਦੀ ਦੀਵਾਰ ਦੇ ਨਾਲ ਬਣਿਆ ਹੋਇਆ ਸੀ। ਇਹ ਦੀਵਾਰ ਦਾ ਹਿੱਸਾ ਸੀ। ਇਸ ਲਈ ਰਾਹਾਬ ਨੇ ਆਦਮੀਆਂ ਨੂੰ ਰਸੇ ਰਾਹੀਂ ਖਿੜਕੀ ਵਿੱਚੋਂ ਹੇਠਾ ਉਤਾਰ ਦਿੱਤਾ। 16 ਫ਼ੇਰ ਰਾਹਾਬ ਨੇ ਉਨ੍ਹਾਂ ਨੂੰ ਆਖਿਆ, “ਪੱਛਮ ਵੱਲ ਪਹਾੜਾ ਨੂੰ ਚੱਲੇ ਜਾਉ ਤਾਂ ਜੋ ਭੁੱਲ-ਭੁਲੇਖੇ ਰਾਜੇ ਦੇ ਬੰਦੇ ਤੁਹਾਨੂੰ ਲੱਭ ਨਾ ਲੈਣ। ਉੱਥੇ ਤਿੰਨ ਦਿਨਾ ਤੱਕ ਛੁੱਪੇ ਰਹੋ। ਜਦੋਂ ਰਾਜੇ ਦੇ ਆਦਮੀ ਵਾਪਸ ਆ ਜਾਣ ਤਾਂ ਤੁਸੀਂ ਆਪਣੇ ਰਾਹ ਜਾ ਸੱਕੋਂਗੇ।”
17 ਆਦਮੀਆਂ ਨੇ ਆਖਿਆ, “ਅਸੀਂ ਤੁਹਾਡੇ ਨਾਲ ਇਕਰਾਰ ਕੀਤਾ ਸੀ। ਪਰ ਤੁਹਾਨੂੰ ਇੱਕ ਗੱਲ ਜ਼ਰੂਰ ਕਰਨੀ ਚਾਹੀਦੀ ਹੈ ਨਹੀਂ ਤਾਂ ਅਸੀਂ ਆਪਣੇ ਇਕਰਾਰ ਲਈ ਜ਼ਿੰਮੇਵਾਰ ਨਹੀਂ ਹੋਵਾਂਗੇ। 18 ਤੁਸੀਂ ਇਹ ਲਾਲ ਰੱਸਾ ਸਾਡੇ ਬਚ ਨਿਕਲਣ ਵਿੱਚ ਸਹਾਇਤਾ ਕਰਨ ਲਈ ਵਰਤ ਰਹੇ ਹੋ। ਅਸੀਂ ਇਸ ਧਰਤੀ ਉੱਤੇ ਵਾਪਸ ਆਵਾਂਗੇ। ਉਸ ਵੇਲੇ ਤੁਸੀਂ ਇਹ ਲਾਲ ਰੱਸਾ ਆਪਣੀ ਖਿੜਕੀ ਨਾਲ ਜ਼ਰੂਰ ਬੰਨ੍ਹ ਦੇਣਾ। ਤੁਸੀਂ ਆਪਣੇ ਪਿਤਾ, ਆਪਣੀ ਮਾਤਾ, ਆਪਣੇ ਭਰਾਵਾਂ ਅਤੇ ਆਪਣੇ ਪਰਿਵਾਰ ਦੇ ਸਾਰੇ ਮੈਂਬਰਾ ਨੂੰ ਆਪਣੇ ਘਰ ਵਿੱਚ ਜ਼ਰੂਰ ਨਾਲ ਲੈ ਆਉਣਾ। 19 ਅਸੀਂ ਹਰ ਉਸ ਬੰਦੇ ਦੀ ਰੱਖਿਆ ਕਰਾਂਗੇ ਜਿਹੜਾ ਇਸ ਘਰ ਵਿੱਚ ਠਹਿਰੇਗਾ। ਜੇ ਤੁਹਾਡੇ ਘਰ ਦੇ ਕਿਸੇ ਵੀ ਬੰਦੇ ਦਾ ਨੁਕਸਾਨ ਹੋਵੇਗਾ ਤਾਂ ਫ਼ੇਰ ਅਸੀਂ ਜ਼ਿੰਮੇਵਾਰ ਹੋਵਾਂਗੇ। ਪਰ ਜੇ ਕੋਈ ਬੰਦਾ ਤੁਹਾਡੇ ਘਰ ਵਿੱਚੋਂ ਬਾਹਰ ਜਾਵੇਗਾ ਤਾਂ ਹੋ ਸੱਕਦਾ ਹੈ ਕਿ ਉਹ ਬੰਦਾ ਮਾਰਿਆ ਜਾਵੇ। ਅਸੀਂ ਉਸ ਬੰਦੇ ਲਈ ਜ਼ਿੰਮੇਵਾਰ ਨਹੀਂ ਹੋਵਾਂਗੇ। ਇਸ ਵਿੱਚ ਉਸਦਾ ਹੀ ਕਸੂਰ ਹੋਵੇਗਾ। 20 ਅਸੀਂ ਇਹ ਇਕਰਾਰਨਾਮਾ ਤੁਹਾਡੇ ਨਾਲ ਕਰ ਰਹੇ ਹਾਂ। ਪਰ ਜੇ ਤੁਸੀਂ ਕਿਸੇ ਨੂੰ ਇਸ ਬਾਰੇ ਦੱਸ ਦਿਉਂਗੇ ਕਿ ਅਸੀਂ ਕੀ ਕਰ ਰਹੇ ਹਾਂ ਤਾਂ ਅਸੀਂ ਇਸ ਇਕਰਾਰਨਾਮੇ ਤੋਂ ਮੁਕਤ ਹੋਵਾਂਗੇ।”
21 ਰਾਹਾਬ ਨੇ ਜਵਾਬ ਦਿੱਤਾ, “ਮੈਂ ਬਿਲਕੁਲ ਉਵੇਂ ਹੀ ਕਰਾਂਗੀ ਜਿਵੇਂ ਤੁਸੀਂ ਆਖਿਆ ਹੈ।” ਰਾਹਾਬ ਨੇ ਉਨ੍ਹਾਂ ਨੂੰ ਵਿਦਾ ਕਰ ਦਿੱਤਾ ਅਤੇ ਆਦਮੀ ਉਸ ਦੇ ਘਰ ਤੋਂ ਚੱਲੇ ਗਏ। ਫ਼ੇਰ ਰਾਹਾਬ ਨੇ ਖਿੜਕੀ ਵਿੱਚ ਲਾਲ ਰੱਸਾ ਬੰਨ੍ਹ ਦਿੱਤਾ।
22 ਆਦਮੀ ਉਸ ਦੇ ਘਰੋ ਚੱਲੇ ਗਏ ਅਤੇ ਪਹਾੜਾ ਵਿੱਚ ਚੱਲੇ ਗਏ। ਉਹ ਉੱਥੇ ਤਿੰਨ ਦਿਨ ਠਹਿਰੇ। ਰਾਜੇ ਦੇ ਆਦਮੀਆਂ ਨੇ ਸਾਰੇ ਰਾਹ ਉੱਤੇ ਨਜ਼ਰ ਮਾਰੀ। ਤਿੰਨ ਦਿਨਾ ਮਗਰੋਂ, ਰਾਜੇ ਦੇ ਆਦਮੀਆ ਨੇ ਤਲਾਸ਼ ਛੱਡ ਦਿੱਤੀ ਅਤੇ ਸ਼ਹਿਰ ਵਾਪਸ ਚੱਲੇ ਗਏ। 23 ਫ਼ੇਰ ਦੋਵੇਂ ਆਦਮੀ ਯਹੋਸ਼ੁਆ ਕੋਲ ਵਾਪਸ ਚੱਲੇ ਗਏ। ਆਦਮੀ ਪਹਾੜਾ ਵਿੱਚੋਂ ਬਾਹਰ ਆ ਗਏ ਅਤੇ ਨਦੀ ਨੂੰ ਪਾਰ ਕਰ ਗਏ। ਉਹ ਨੂਨ ਦੇ ਪੁੱਤਰ ਯਹੋਸ਼ੁਆ ਕੋਲ ਗਏ। ਉਨ੍ਹਾਂ ਨੇ ਜੋ ਕੁਝ ਵੀ ਜਾਣਿਆ ਸੀ ਯਹੋਸ਼ੁਆ ਨੂੰ ਦੱਸ ਦਿੱਤਾ। 24 ਉਨ੍ਹਾਂ ਨੇ ਯਹੋਸ਼ੁਆ ਨੂੰ ਆਖਿਆ, “ਯਹੋਵਾਹ ਨੇ ਸੱਚ ਮੁੱਚ ਹੀ ਸਾਡੀ ਧਰਤੀ ਸਾਨੂੰ ਦੇ ਦਿੱਤੀ ਹੈ। ਉਸ ਦੇਸ਼ ਦੇ ਸਾਰੇ ਹੀ ਲੋਕ ਸਾਡੇ ਕੋਲੋਂ ਭੈਭੀਤ ਹਨ।”
ਯਰਦਨ ਨਦੀ ਵਿਖੇ ਚਮਤਕਾਰ
3 ਦੂਸਰੇ ਦਿਨ ਬਹੁਤ ਸਵੇਰੇ, ਯਹੋਸ਼ੁਆ ਅਤੇ ਇਸਰਾਏਲ ਦੇ ਸਾਰੇ ਲੋਕ ਉੱਠੇ ਅਤੇ ਅਕਾਸ਼ੀਆ ਨੂੰ ਛੱਡ ਗਏ। ਉਹ ਯਰਦਨ ਨਦੀ ਵੱਲ ਗਏ ਅਤੇ ਉਨ੍ਹਾਂ ਨੇ ਪਾਰ ਜਾਣ ਤੋਂ ਪਹਿਲਾ ਉੱਥੇ ਡੇਰਾ ਲਾ ਲਿਆ। 2 ਤਿੰਨ ਦਿਨਾ ਮਗਰੋਂ, ਆਗੂ ਡੇਰੇ ਵਿੱਚ ਗਏ। 3 ਆਗੂਆਂ ਨੇ ਲੋਕਾਂ ਨੂੰ ਹੁਕਮ ਦਿੱਤਾ। ਉਨ੍ਹਾਂ ਨੇ ਆਖਿਆ, “ਤੁਸੀਂ, ਜਾਜਕਾਂ ਅਤੇ ਲੇਵੀਆਂ ਨੂੰ ਯਹੋਵਾਹ, ਤੁਹਾਡੇ ਪਰਮੇਸ਼ੁਰ ਦੇ ਇਕਰਾਰਨਾਮੇ ਵਾਲੇ ਸੰਦੂਕ ਨੂੰ ਲਿਜਾਂਦਿਆ ਦੇਖੋਂਗੇ। ਉਸ ਵੇਲੇ ਤੁਹਾਨੂੰ ਉਨ੍ਹਾਂ ਦੇ ਪਿੱਛੇ ਜ਼ਰੂਰ ਲੱਗਣਾ ਚਾਹੀਦਾ ਹੈ। 4 ਪਰ ਬਹੁਤ ਨੇੜੇ ਹੋਕੇ ਉਨ੍ਹਾਂ ਦਾ ਪਿੱਛਾ ਨਹੀਂ ਕਰਨਾ। ਉਨ੍ਹਾਂ ਕੋਲੋਂ ਤਕਰੀਬਨ 1,000 ਗਜ ਪਿੱਛੇ ਰਹਿਣਾ। ਤੁਸੀਂ ਉੱਥੇ ਪਹਿਲਾਂ ਕਦੇ ਨਹੀਂ ਗਏ। ਪਰ ਜੇ ਤੁਸੀਂ ਉਨ੍ਹਾਂ ਦਾ ਪਿੱਛਾ ਕਰੋਂਗੇ ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਕਿਧਰ ਜਾਣਾ ਹੈ।”
5 ਫ਼ੇਰ ਯਹੋਸ਼ੁਆ ਨੇ ਲੋਕਾਂ ਨੂੰ ਕਿਹਾ, “ਆਪਣੇ ਆਪ ਨੂੰ ਪਵਿੱਤਰ ਬਣਾ ਲਵੋ। ਕੱਲ ਨੂੰ ਯਹੋਵਾਹ ਤੁਹਾਡੇ ਦਰਮਿਆਨ ਇੱਕ ਮਹਾਨ ਕਰਿਸ਼ਮਾ ਕਰੇਗਾ।”
6 ਫ਼ੇਰ ਯਹੋਸ਼ੁਆ ਨੇ ਜਾਜਕਾਂ ਨੂੰ ਆਖਿਆ, “ਇਕਰਾਰਨਾਮੇ ਦਾ ਸੰਦੂਕ ਚੁੱਕ ਲਵੋ ਅਤੇ ਲੋਕਾਂ ਦੇ ਸਾਹਮਣੇ ਨਦੀ ਦੇ ਪਾਰ ਜਾਵੋ।” ਇਸ ਲਈ ਜਾਜਕਾਂ ਨੇ ਸੰਦੂਕ ਚੁੱਕ ਲਿਆ ਅਤੇ ਇਸ ਨੂੰ ਲੋਕਾਂ ਦੇ ਸਾਹਮਣੇ ਲੈ ਗਏ।
7 ਫ਼ੇਰ ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, “ਅੱਜ ਮੈਂ ਤੈਨੂੰ ਇਸਰਾਏਲ ਦੇ ਸਾਰੇ ਲੋਕਾਂ ਦੀ ਨਜ਼ਰ ਵਿੱਚ ਮਹਾਨ ਬੰਦਾ ਬਨਾਉਣਾ ਸ਼ੁਰੂ ਕਰ ਦਿਆਂਗਾ। ਫ਼ੇਰ ਲੋਕਾਂ ਨੂੰ ਪਤਾ ਚੱਲ ਜਾਵੇਗਾ ਕਿ ਮੈਂ ਤੇਰੇ ਨਾਲ ਵੀ ਉਵੇਂ ਹੀ ਹਾਂ ਜਿਵੇਂ ਮੈਂ ਮੂਸਾ ਦੇ ਨਾਲ ਸੀ। 8 ਜਾਜਕ ਇਕਰਾਰਨਾਮੇ ਦਾ ਸੰਦੂਕ ਲੈ ਜਾਣਗੇ, ਜਾਜਕਾਂ ਨੂੰ ਇਹ ਆਖ, ‘ਯਰਦਨ ਨਦੀ ਦੇ ਕੰਢੇ ਤੱਕ ਤੁਰਕੇ ਜਾਣ ਅਤੇ ਪਾਣੀ ਵਿੱਚ ਪੈਰ ਪਾਉਣ ਤੋਂ ਰਤਾ ਕੁ ਪਹਿਲਾ ਠਹਿਰ ਜਾਣ।’”
9 ਫ਼ੇਰ ਯਹੋਸ਼ੁਆ ਨੇ ਇਸਰਾਏਲ ਦੇ ਲੋਕਾਂ ਨੂੰ ਆਖਿਆ, “ਆਉ ਅਤੇ ਯਹੋਵਾਹ, ਆਪਣੇ ਪਰਮੇਸ਼ੁਰ, ਦੇ ਸ਼ਬਦਾ ਨੂੰ ਧਿਆਨ ਨਾਲ ਸੁਣੋ। 10 ਇਹ ਇੱਕ ਸਬੂਤ ਹੈ ਕਿ ਜਿਉਂਦਾ ਪਰਮੇਸ਼ੁਰ ਸੱਚਮੁੱਚ ਤੁਹਾਡੇ ਨਾਲ ਹੈ ਅਤੇ ਉਹ ਤੁਹਾਡੇ ਦੁਸ਼ਮਣਾ ਨੂੰ ਹਰਾਉਣ ਵਿੱਚ ਅਸਫ਼ਲ ਨਹੀਂ ਹੋਵੇਗਾ। ਉਹ ਕਨਾਨੀਆਂ, ਹਿੱਤੀਆਂ, ਹਿੱਵੀਆਂ, ਫ਼ਰਿੱਜ਼ੀਆਂ, ਗਿਰਗਾਸੀਆਂ, ਅਮੋਰੀਆਂ ਅਤੇ ਯਬੂਸੀਆਂ ਨੂੰ ਹਰਾ ਦੇਵੇਗਾ ਅਤੇ ਉਨ੍ਹਾਂ ਨੂੰ ਧਰਤੀ ਛੱਡ ਜਾਣ ਲਈ ਮਜ਼ਬੂਰ ਕਰ ਦੇਵੇਗਾ। 11 ਇਹੀ ਇੱਕ ਸਬੂਤ ਹੈ। ਸਾਰੀ ਦੁਨੀਆਂ ਦੇ ਪ੍ਰਭੂ ਦਾ ਇਕਰਾਰਨਾਮੇ ਦਾ ਸੰਦੂਕ ਤੁਹਾਡੇ ਅੱਗੇ ਜਾਵੇਗਾ ਜਦੋਂ ਤੁਸੀਂ ਯਰਦਨ ਨਦੀ ਨੂੰ ਪਾਰ ਕਰੋਂਗੇ। 12 ਹੁਣ ਬਾਰਾਂ ਆਦਮੀ ਚੁਣੋ। ਇਸਰਾਏਲ ਦੇ ਹਰ ਇੱਕ ਪਰਿਵਾਰ ਸਮੂਹ ਵਿੱਚੋਂ ਇੱਕ-ਇੱਕ ਆਦਮੀ ਚੁਣੋ। 13 ਜਾਜਕ, ਯਹੋਵਾਹ ਦਾ ਸੰਦੂਕ ਲੈ ਕੇ ਜਾਣਗੇ ਯਹੋਵਾਹ ਸਾਰੀ ਦੁਨੀਆ ਦਾ ਪ੍ਰਭੂ ਹੈ। ਉਹ ਪਵਿੱਤਰ ਸੰਦੂਕ ਨੂੰ ਤੁਹਾਡੇ ਸਾਹਮਣੇ ਯਰਦਨ ਨਦੀ ਵਿੱਚ ਲੈ ਕੇ ਜਾਣਗੇ ਜਦੋਂ ਉਹ ਪਾਣੀ ਵਿੱਚ ਦਾਖਲ ਹੋਣਗੇ ਯਰਦਨ ਨਦੀ ਦਾ ਪਾਣੀ ਵਗਣੋ ਹਟ ਜਾਵੇਗਾ ਪਾਣੀ ਠਹਿਰ ਜਾਵੇਗਾ। ਅਤੇ ਉਸ ਸਥਾਨ ਦੇ ਪਿੱਛੇ ਬੰਨ੍ਹ ਵਾਂਗ ਭਰ ਜਾਵੇਗਾ।”
14 ਜਾਜਕਾਂ ਨੇ ਇਕਰਾਰਨਾਮੇ ਦਾ ਸੰਦੂਕ ਚੁੱਕ ਲਿਆ ਅਤੇ ਲੋਕਾਂ ਨੇ ਆਪਣੇ ਡੇਰੇ ਵਾਲੀ ਥਾਂ ਛੱਡ ਦਿੱਤੀ ਲੋਕ ਯਰਦਨ ਨਦੀ ਦੇ ਪਾਰ ਜਾਣੇ ਸ਼ੁਰੂ ਹੋ ਗਏ। 15 ਫ਼ਸਲ ਦੀ ਵਾਢੀ ਵੇਲੇ ਯਰਦਨ ਨਦੀ ਦੇ ਕੰਢਿਆਂ ਤੀਕ ਵਗਦੀ ਹੈ ਇਸ ਲਈ ਨਦੀ ਪੂਰੀ ਭਰੀ ਹੋਈ ਸੀ ਜਿਨ੍ਹਾਂ ਜਾਜਕਾਂ ਨੇ ਸੰਦੂਕ ਚੁੱਕਿਆ ਹੋਇਆ ਸੀ ਉਹ ਨਦੀ ਦੇ ਕੰਢੇ ਆ ਗਏ। ਉਨ੍ਹਾਂ ਨੇ ਨਦੀ ਵਿੱਚ ਪੈਰ ਪਾ ਦਿੱਤੇ। 16 ਅਤੇ ਫ਼ੌਰਨ ਹੀ, ਪਾਣੀ ਵਗਣੋ ਰੁਕ ਗਿਆ। ਪਾਣੀ ਉਸ ਥਾਂ ਦੇ ਪਿੱਛੇ ਬੰਨ੍ਹ ਵਾਂਗ ਭਰਿਆ ਹੋਇਆ ਸੀ। ਪਾਣੀ ਨਦੀ ਦੇ ਉੱਪਰ ਵੱਲ ਦੂਰ ਤੀਕ ਉੱਚਾ ਉੱਠਿਆ ਹੋਇਆ ਸੀ-(ਸਾਰਥਾਨ ਦੇ ਕਸਬੇ) ਆਦਮ ਤੀਕ। ਲੋਕਾਂ ਨੇ ਯਰੀਹੋ ਦੇ ਨਜ਼ਦੀਕ ਨਦੀ ਪਾਰ ਕੀਤੀ। 17 ਉਸ ਥਾਂ ਜ਼ਮੀਨ ਖੁਸ਼ਕ ਹੋ ਗਈ ਅਤੇ ਜਾਜਕ ਯਹੋਵਾਹ ਦੇ ਇਕਰਾਰਨਾਮੇ ਦਾ ਸੰਦੂਕ ਚੁੱਕ ਕੇ ਨਦੀ ਦੇ ਅੱਧ ਵਿੱਚਕਾਰ ਲੈ ਗਏ ਅਤੇ ਰੁਕ ਗਏ। ਜਾਜਕ ਉੱਥੇ ਖਲੋ ਕੇ ਉਡੀਕਣ ਲੱਗੇ ਜਦੋਂ ਕਿ ਇਸਰਾਏਲ ਦੇ ਸਾਰੇ ਲੋਕ ਯਰਦਨ ਨਦੀ ਦੀ ਖੁਸ਼ਕ ਥਾਂ ਤੋਂ ਤੁਰ ਕੇ ਪਾਰ ਹੋ ਗਏ।
ਲੋਕਾਂ ਨੂੰ ਚੇਤੇ ਕਰਾਉਣ ਵਾਲੀਆਂ ਚੱਟਾਨਾ
4 ਜਦੋਂ ਸਾਰੇ ਲੋਕ ਨਦੀ ਪਾਰ ਕਰ ਗਏ ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, 2 “ਬਾਰਾਂ ਆਦਮੀ ਚੁਣੋ। ਹਰ ਪਰਿਵਾਰ-ਸਮੂਹ ਵਿੱਚੋਂ ਇੱਕ-ਇੱਕ ਆਦਮੀ ਚੁਣੋ। 3 ਉਨ੍ਹਾਂ ਨੂੰ ਆਖੋ ਕਿ ਨਦੀ ਵਿੱਚ ਉਸ ਥਾਂ ਦੇਖਣ ਜਿੱਥੇ ਜਾਜਕ ਖਲੋਤੇ ਹੋਏ ਸਨ। ਉਨ੍ਹਾਂ ਨੂੰ ਆਖੋ ਕਿ ਉਸ ਥਾਂ ਉੱਤੇ ਬਾਰਾਂ ਪੱਥਰ ਤਲਾਸ਼ ਕਰਨ। ਉਨ੍ਹਾਂ ਬਾਰਾਂ ਪੱਥਰਾਂ ਨੂੰ ਆਪਣੇ ਨਾਲ ਲੈ ਜਾਣਾ। ਬਾਰਾਂ ਪਥਰਾਂ ਨੂੰ ਉੱਥੇ ਰੱਖ ਦੇਣਾ ਜਿੱਥੇ ਤੁਸੀਂ ਰਾਤ ਕੱਟੋ।”
4 ਇਸ ਲਈ, ਯਹੋਸ਼ੁਆ ਨੇ ਹਰ ਪਰਿਵਾਰ-ਸਮੂਹ ਵਿੱਚੋਂ ਇੱਕ-ਇੱਕ ਬੰਦਾ ਚੁਣਿਆ। ਫ਼ੇਰ ਉਸ ਨੇ ਬਾਰਾਂ ਆਦਮੀਆਂ ਨੂੰ ਇਕੱਠੇ ਹੋਣ ਲਈ ਆਖਿਆ। 5 ਯਹੋਸ਼ੁਆ ਨੇ ਆਦਮੀਆਂ ਨੂੰ ਆਖਿਆ, “ਨਦੀ ਵਿੱਚ ਉੱਥੇ ਜਾਵੋ ਜਿੱਥੇ ਯਹੋਵਾਹ ਤੁਹਾਡੇ ਪਰਮੇਸ਼ੁਰ ਦਾ ਪਵਿੱਤਰ ਸੰਦੂਕ ਹੈ। ਤੁਹਾਡੇ ਵਿੱਚੋਂ ਹਰੇਕ ਨੂੰ ਇੱਕ-ਇੱਕ ਪੱਥਰ ਤਲਾਸ਼ ਕਰਨਾ ਚਾਹੀਦਾ ਹੈ। ਇਸਰਾਏਲ ਦੇ ਬਾਰਾਂ ਪਰਿਵਾਰ-ਸਮੂਹਾਂ ਵਿੱਚੋਂ ਹਰੇਕ ਪਾਸ ਇੱਕ-ਇੱਕ ਪੱਥਰ ਹੋਵੇਗਾ। ਉਸ ਪੱਥਰ ਨੂੰ ਆਪਣੇ ਮੋਢਿਆਂ ਉੱਤੇ ਚੁੱਕੋ। 6 ਇਹ ਪੱਥਰ ਤੁਹਾਡੇ ਲਈ ਨਿਸ਼ਾਨ ਹੋਣਗੇ। ਭਵਿੱਖ ਵਿੱਚ, ਤੁਹਾਡੇ ਬੱਚੇ ਤੁਹਾਨੂੰ ਪੁੱਛਣਗੇ, ‘ਇਨ੍ਹਾਂ ਪਥਰਾਂ ਦਾ ਕੀ ਅਰਥ ਹੈ?’ 7 ਤੁਸੀਂ ਬੱਚਿਆਂ ਨੂੰ ਦੱਸੋਂਗੇ ਕਿ ਯਹੋਵਾਹ ਨੇ ਯਰਦਨ ਨਦੀ ਦੇ ਪਾਣੀ ਨੂੰ ਵਗਣ ਤੋਂ ਰੋਕ ਦਿੱਤਾ ਸੀ। ਜਦੋਂ ਯਹੋਵਾਹ ਨੇ ਇਕਰਾਰਨਾਮੇ ਵਾਲਾ ਪਵਿੱਤਰ ਸੰਦੂਕ ਨਦੀ ਪਾਰ ਕਰ ਰਿਹਾ ਸੀ, ਪਾਣੀ ਵਗਣੋ ਹਟ ਗਿਆ ਸੀ। ਉਹ ਪੱਥਰ ਇਸਰਾਏਲ ਦੇ ਲੋਕਾਂ ਨੂੰ ਇਹ ਗੱਲ ਹਮੇਸ਼ਾ ਯਾਦ ਰੱਖਣ ਵਿੱਚ ਸਹਾਇਤਾ ਕਰਨਗੇ।”
8 ਇਸ ਲਈ ਇਸਰਾਏਲ ਦੇ ਲੋਕਾਂ ਨੇ ਯਹੋਸ਼ੁਆ ਦੀ ਗੱਲ ਮੰਨ ਲਈ। ਉਹ ਯਰਦਨ ਨਦੀ ਦੇ ਅੱਧ ਵਿੱਚਕਾਰੋਂ ਬਾਰਾਂ ਪੱਥਰ ਚੁੱਕ ਲਿਆਏ। ਇਸਰਾਏਲ ਦੇ ਹਰ ਬਾਰਾਂ ਪਰਿਵਾਰ-ਸਮੂਹਾਂ ਲਈ ਇੱਕ-ਇੱਕ ਪੱਥਰ ਸੀ। ਉਨ੍ਹਾਂ ਨੇ ਅਜਿਹਾ ਉਵੇਂ ਹੀ ਕੀਤਾ ਜਿਵੇਂ ਯਹੋਵਾਹ ਨੇ ਯਹੋਸ਼ੁਆ ਨੂੰ ਆਦੇਸ਼ ਦਿੱਤਾ ਸੀ। ਲੋਕਾਂ ਨੇ ਪੱਥਰ ਆਪਣੇ ਨਾਲ ਲੈ ਲਏ। ਫ਼ੇਰ ਉਨ੍ਹਾਂ ਨੇ ਉਹ ਪੱਥਰ ਉੱਥੇ ਰੱਖ ਦਿੱਤੇ ਜਿੱਥੇ ਉਨ੍ਹਾਂ ਨੇ ਆਪਣਾ ਡੇਰਾ ਲਾਇਆ। 9 (ਯਹੋਸ਼ੁਆ ਨੇ ਯਰਦਨ ਨਦੀ ਦੇ ਅੱਧ ਵਿੱਚਕਾਰ ਵੀ ਬਾਰਾਂ ਪੱਥਰ ਰੱਖ ਦਿੱਤੇ। ਉਸ ਨੇ ਇਨ੍ਹਾਂ ਨੂੰ ਉਸ ਥਾਂ ਰੱਖ ਦਿੱਤਾ ਜਿੱਥੇ ਜਾਜਕ ਉਦੋਂ ਖਲੋਤੇ ਸਨ ਜਦੋਂ ਉਨ੍ਹਾਂ ਨੇ ਯਹੋਵਾਹ ਦਾ ਪਵਿੱਤਰ ਸੰਦੂਕ ਚੁੱਕਿਆ ਹੋਇਆ ਸੀ। ਇਹ ਪੱਥਰ ਅੱਜ ਵੀ ਉਸੇ ਥਾਂ ਹਨ।)
10 ਯਹੋਵਾਹ ਨੇ ਯਹੋਸ਼ੁਆ ਨੂੰ ਆਦੇਸ਼ ਦੇ ਦਿੱਤਾ ਸੀ ਕਿ ਉਹ ਲੋਕਾਂ ਨੂੰ ਦੱਸ ਦੇਵੇ ਕਿ ਉਨ੍ਹਾਂ ਨੇ ਕੀ ਕਰਨਾ ਹੈ। ਇਹ ਉਹੀ ਗੱਲਾਂ ਸਨ ਜਿਹੜੀਆਂ ਮੂਸਾ ਨੇ ਯਹੋਸ਼ੁਆ ਨੂੰ ਜ਼ਰੂਰ ਕਰਨ ਲਈ ਆਖੀਆਂ ਸਨ। ਇਸ ਲਈ ਜਿਹੜੇ ਜਾਜਕ ਪਵਿੱਤਰ ਸੰਦੂਕ ਨੂੰ, ਲਈ ਖਲੋਤੇ ਸਨ ਉਦੋਂ ਤੀਕ ਨਦੀ ਦੇ ਅੱਧ ਵਿੱਚਕਾਰ ਖਲੋਤੇ ਰਹੇ ਜਦੋਂ ਤੱਕ ਕਿ ਉਹ ਸਾਰੀਆਂ ਗੱਲਾਂ ਕਰ ਨਹੀਂ ਲਈਆਂ ਗਈਆਂ। ਲੋਕ ਕਾਹਲੀ ਨਾਲ ਨਦੀ ਦੇ ਪਾਰ ਹੋ ਗਏ। 11 ਲੋਕਾਂ ਨੇ ਨਦੀ ਪਾਰ ਕਰ ਲਈ। ਉਸਤੋਂ ਮਗਰੋਂ ਜਾਜਕ, ਯਹੋਵਾਹ ਦੇ ਸੰਦੂਕ ਨੂੰ ਲੋਕਾਂ ਦੇ ਸਾਹਮਣੇ ਲੈ ਆਏ।
12 ਰਊਬੇਨ, ਗਾਦ ਦੇ ਪਰਿਵਾਰ-ਸਮੂਹਾਂ ਅਤੇ ਮਨੱਸ਼ਹ ਦੇ ਅੱਧੇ ਪਰਿਵਾਰ-ਸਮੂਹ ਨੇ ਮੂਸਾ ਦੀ ਗੱਲ ਮੰਨੀ। ਇਨ੍ਹਾਂ ਆਦਮੀਆਂ ਨੇ ਹੋਰਨਾਂ ਲੋਕਾਂ ਦੇ ਸਾਹਮਣੇ ਨਦੀ ਪਾਰ ਕੀਤੀ। ਇਹ ਆਦਮੀ ਲੜਾਈ ਲਈ ਤਿਆਰ ਸਨ। ਉਹ ਇਸਰਾਏਲ ਦੇ ਬਾਕੀ ਦੇ ਲੋਕਾਂ ਦੀ ਧਰਤੀ ਨੂੰ ਹਾਸਿਲ ਕਰਨ ਵਿੱਚ ਸਹਾਇਤਾ ਕਰਨ ਜਾ ਰਹੇ ਸਨ ਜਿਹੜੀ ਪਰਮੇਸ਼ੁਰ ਨੇ ਉਨ੍ਹਾਂ ਨੂੰ ਦੇਣ ਦਾ ਇਕਰਾਰ ਕੀਤਾ ਸੀ। 13 ਤਕਰੀਬਨ 40,000 ਸਿਪਾਹੀ, ਲੜਾਈ ਲਈ ਤਿਆਰ ਹੋਏ, ਯਹੋਵਾਹ ਦੇ ਸਾਹਮਣਿਉ ਲੰਘੇ। ਉਹ ਯਰੀਹੋ ਦੇ ਮੈਦਾਨਾ ਵੱਲ ਕੂਚ ਕਰ ਰਹੇ ਸਨ।
14 ਉਸ ਦਿਨ ਯਹੋਵਾਹ ਨੇ ਯਹੋਸ਼ੁਆ ਨੂੰ ਇਸਰਾਏਲ ਦੇ ਸਾਰੇ ਲੋਕਾਂ ਲਈ, ਮਹਾਨ ਇਨਸਾਨ ਬਣਾ ਦਿੱਤਾ। ਉਸ ਸਮੇਂ ਤੋਂ ਬਾਦ ਲੋਕਾਂ ਨੇ ਯਹੋਸ਼ੁਆ ਦਾ ਆਦਰ ਕੀਤਾ। ਉਨ੍ਹਾਂ ਨੇ ਯਹੋਸ਼ੁਆ ਦਾ ਉਸਦੀ ਸਾਰੀ ਜ਼ਿੰਦਗੀ ਉਸੇ ਤਰ੍ਹਾਂ ਆਦਰ ਕੀਤਾ ਜਿਸ ਤਰ੍ਹਾਂ ਉਨ੍ਹਾਂ ਨੇ ਮੂਸਾ ਦਾ ਕੀਤਾ ਸੀ।
15 ਜਦੋਂ ਹਾਲੇ ਸੰਦੂਕ ਚੁੱਕਣ ਵਾਲੇ ਜਾਜਕ ਨਦੀ ਵਿੱਚ ਹੀ ਖਲੋਤੇ ਸਨ, ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, 16 “ਜਾਜਕਾਂ ਨੂੰ ਨਦੀ ਵਿੱਚੋਂ ਬਾਹਰ ਆਉਣ ਦਾ ਆਦੇਸ਼ ਦਿਉ।”
17 ਇਸ ਲਈ ਯਹੋਸ਼ੁਆ ਨੇ ਜਾਜਕਾਂ ਨੂੰ ਆਦੇਸ਼ ਦਿੱਤਾ। ਉਸ ਨੇ ਆਖਿਆ, “ਯਰਦਨ ਨਦੀ ਵਿੱਚੋਂ ਬਾਹਰ ਆ ਜਾਵੋ।”
18 ਜਾਜਕਾ ਨੇ ਯਹੋਸ਼ੁਆ ਦੀ ਗੱਲ ਮੰਨ ਲਈ। ਉਨ੍ਹਾਂ ਨੇ ਆਪਣੇ ਨਾਲ ਪੇਟੀ ਚੁੱਕ ਲਈ ਅਤੇ ਨਦੀ ਵਿੱਚੋਂ ਬਾਹਰ ਆ ਗਏ। ਜਦੋਂ ਜਾਜਕਾਂ ਦੇ ਪੈਰ ਨਦੀ ਦੇ ਦੂਸਰੇ ਕੰਢੇ ਧਰਤੀ ਨੂੰ ਛੂਹੇ, ਨਦੀ ਦਾ ਪਾਣੀ ਫ਼ੇਰ ਵਗਣ ਲੱਗ ਪਿਆ। ਪਾਣੀ ਉਸੇ ਤਰ੍ਹਾਂ ਕੰਢਿਆਂ ਤੋਂ ਬਾਹਰ ਵਗਣ ਲੱਗਿਆ ਜਿਵੇਂ ਲੋਕਾਂ ਦੇ ਇਸ ਨੂੰ ਪਾਰ ਕਰਨ ਤੋਂ ਪਹਿਲਾ ਵਗਦਾ ਸੀ।
19 ਲੋਕਾਂ ਨੇ ਯਰਦਨ ਨਦੀ ਨੂੰ ਪਹਿਲੇ ਮਹੀਨੇ ਦੇ ਦਸਵੇਂ ਦਿਨ ਪਾਰ ਕੀਤਾ। ਲੋਕਾਂ ਨੇ ਯਰੀਹੋ ਦੇ ਪੂਰਬ ਵੱਲ ਗਿਲਗਾਲ ਵਿਖੇ ਡੇਰਾ ਲਾ ਲਿਆ। 20 ਲੋਕਾਂ ਨੇ ਉਹ ਬਾਰਾਂ ਪੱਥਰ ਨਾਲ ਲਿਆਂਦੇ ਜਿਹੜੇ ਉਨ੍ਹਾਂ ਨੇ ਯਰਦਨ ਨਦੀ ਵਿੱਚੋਂ ਚੁੱਕੇ ਸਨ। ਅਤੇ ਯਹੋਸ਼ੁਆ ਨੇ ਉਨ੍ਹਾਂ ਪੱਥਰਾਂ ਨੂੰ ਗਿਲਗਾਲ ਵਿਖੇ ਸਥਾਪਿਤ ਕਰ ਦਿੱਤਾ। 21 ਫ਼ੇਰ ਯਹੋਸ਼ੁਆ ਨੇ ਲੋਕਾਂ ਨੂੰ ਆਖਿਆ, “ਭਵਿੱਖ ਵਿੱਚ ਤੁਹਾਡੇ ਬੱਚੇ ਆਪਣੇ ਮਾਪਿਆਂ ਨੂੰ ਪੁੱਛਣਗੇ, ‘ਇਨ੍ਹਾਂ ਪਥਰਾਂ ਦਾ ਕੀ ਅਰਥ ਹੈ?’ 22 ਤੁਸੀਂ ਬੱਚਿਆਂ ਨੂੰ ਦੱਸੋਂਗੇ, ‘ਇਹ ਪੱਥਰ ਸਾਨੂੰ ਇਹ ਗੱਲ ਚੇਤੇ ਰੱਖਣ ਵਿੱਚ ਸਹਾਇਤਾ ਕਰਦੇ ਹਨ ਕਿ ਕਿਵੇਂ ਇਸਰਾਏਲ ਦੇ ਲੋਕਾਂ ਨੇ ਯਰਦਨ ਨਦੀ ਨੂੰ ਸੁੱਕੀ ਥਾਂ ਤੋਂ ਪਾਰ ਕੀਤਾ ਸੀ। 23 ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਯਰਦਨ ਨਦੀ ਦੇ ਪਾਣੀ ਨੂੰ ਵਗਣੋ ਰੋਕ ਦਿੱਤਾ ਸੀ ਤਾਂ ਜੋ ਤੁਸੀਂ ਇਸ ਨੂੰ ਸੁੱਕੀ ਥਾਂ ਤੋਂ ਪਾਰ ਕਰ ਸੱਕੋ-ਉਸੇ ਤਰ੍ਹਾਂ ਜਿਵੇਂ ਯਹੋਵਾਹ ਨੇ ਲਾਲ ਸਾਗਰ ਦੇ ਪਾਣੀ ਨੂੰ ਰੋਕ ਦਿੱਤਾ ਸੀ ਤਾਂ ਜੋ ਅਸੀਂ ਇਸ ਨੂੰ ਸੁੱਕੀ ਥਾਂ ਤੋਂ ਪਾਰ ਕਰ ਸੱਕੀਏ।’ 24 ਯਹੋਵਾਹ ਨੇ ਅਜਿਹਾ ਇਸ ਲਈ ਕੀਤਾ ਤਾਂ ਜੋ ਇਸ ਧਰਤੀ ਦੇ ਸਾਰੇ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਯਹੋਵਾਹ ਬਹੁਤ ਸ਼ਕਤੀਸ਼ਾਲੀ ਹੈ ਅਤੇ ਤੁਸੀਂ ਹਮੇਸ਼ਾ ਉਸ ਤੋਂ ਡਰੋ।”
5 ਜਦੋਂ ਯਰਦਨ ਨਦੀ ਦੇ ਪੱਛਮੀ ਪਾਸੇ ਵਾਲੇ ਅਮੋਰੀਆ ਦੇ ਰਾਜਿਆ ਅਤੇ ਭੂਮੱਧ ਸਾਗਰ ਦੇ ਕੰਢੇ ਰਹਿਣ ਵਾਲੇ ਕਨਾਨੀ ਰਾਜਿਆਂ ਨੇ ਇਸ ਬਾਰੇ ਸੁਣਿਆ, ਉਹ ਬਹੁਤ ਭੈਭੀਤ ਹੋ ਗਏ। ਉਸਤੋਂ ਮਗਰੋਂ ਉਹ ਇਸਰਾਏਲ ਦੇ ਲੋਕਾਂ ਦੇ ਵਿਰੁੱਧ ਲੜਨ ਲਈ ਇੰਨੇ ਬਹਾਦਰ ਨਾ ਰਹੇ।
ਇਸਰਾਏਲੀਆਂ ਦੀ ਸੁੰਨਤ ਕੀਤੀ ਗਈ
2 ਉਸ ਵੇਲੇ, ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, “ਲੋਹੇ ਦੇ ਪੱਥਰਾਂ ਤੋਂ ਛੁਰੀਆਂ ਬਣਾਉ ਅਤੇ ਇਸਰਾਏਲ ਦੇ ਆਦਮੀਆਂ ਦੀ ਸੁੰਨਤ ਕਰੋ।”
3 ਇਸ ਲਈ ਯਹੋਸ਼ੁਆ ਨੇ ਲੋਹੇ ਦੇ ਪੱਥਰਾਂ ਤੋਂ ਛੁਰੀਆਂ ਬਣਾਈਆਂ। ਫ਼ੇਰ ਉਸ ਨੇ ਗਿਬੀਥ ਹਾਰਲੋਥ ਵਿਖੇ ਇਸਰਾਏਲ ਦੇ ਲੋਕਾਂ ਦੀ ਸੁੰਨਤ ਕੀਤੀ।
4-7 ਯਹੋਸ਼ੁਆ ਦਾ ਆਦਮੀਆ ਦੀ ਸੁੰਨਤ ਕਰਨ ਦਾ ਕਾਰਣ ਇਹ ਸੀ: ਜਦੋਂ ਇਸਰਾਏਲ ਦੇ ਲੋਕਾਂ ਨੇ ਮਿਸਰ ਛੱਡਿਆ, ਉੱਨ੍ਹਾਂ ਸਾਰੇ ਆਦਮੀਆਂ ਦੀ, ਜਿਹੜੇ ਫ਼ੌਜ ਵਿੱਚ ਹੋਣ ਦੇ ਯੋਗ ਸਨ, ਸੁੰਨਤ ਕੀਤੀ ਗਈ ਸੀ। ਮਾਰੂਥਲ ਅੰਦਰ ਬਹੁਤ ਸਾਰੇ ਲੜਨ ਵਾਲੇ ਆਦਮੀਆਂ ਨੇ ਯਹੋਵਾਹ ਦੀ ਗੱਲ ਵੱਲ ਧਿਆਨ ਨਹੀਂ ਦਿੱਤਾ। ਇਸ ਲਈ ਯਹੋਵਾਹ ਨੇ ਇਕਰਾਰ ਕੀਤਾ ਕਿ ਉਹ ਬੰਦੇ “ਉਸ ਧਰਤੀ ਨੂੰ ਨਹੀਂ ਦੇਖਣਗੇ ਜਿੱਥੇ ਬਹੁਤ ਫ਼ਸਲ ਹੁੰਦੀ ਹੈ” ਯਹੋਵਾਹ ਨੇ ਸਾਡੇ ਪੁਰਖਿਆਂ ਨਾਲ ਇਕਰਾਰ ਕੀਤਾ ਕਿ ਉਹ ਸਾਨੂੰ ਉਹ ਧਰਤੀ ਦੇਵੇਗਾ ਪਰ ਉਨ੍ਹਾਂ ਆਦਮੀਆਂ ਕਾਰਣ ਪਰਮੇਸ਼ੁਰ ਨੇ ਲੋਕਾਂ ਨੂੰ 40 ਵਰ੍ਹਿਆਂ ਤੱਕ ਮਾਰੂਥਲ ਅੰਦਰ ਭਟਕਣ ਲਈ ਮਜ਼ਬੂਰ ਕੀਤਾ-ਉਸ ਤਰ੍ਹਾਂ ਉਹ ਸਾਰੇ ਲੜਨ ਵਾਲੇ ਆਦਮੀ ਮਰਨਗੇ। ਉਹ ਸਾਰੇ ਲੜਾਕੂ ਮਰ ਗਏ, ਅਤੇ ਉਨ੍ਹਾਂ ਦੇ ਪੁੱਤਰਾਂ ਨੇ ਉਨ੍ਹਾਂ ਦੀ ਥਾਂ ਲੈ ਲਈ। ਪਰ ਉਨ੍ਹਾਂ ਮੁੰਡਿਆਂ ਵਿੱਚੋਂ ਜਿਹੜੇ ਮਿਸਰ ਤੋਂ ਕੀਤੇ ਸਫ਼ਰ ਵੇਲੇ ਮਾਰੂਥਲ ਅੰਦਰ ਜਨਮੇ ਸਨ, ਕਿਸੇ ਦੀ ਵੀ ਸੁੰਨਤ ਨਹੀਂ ਸੀ ਹੋਈ। ਇਸ ਲਈ ਯਹੋਸ਼ੁਆ ਨੇ ਉਨ੍ਹਾਂ ਦੀ ਸੁੰਨਤ ਕੀਤੀ।
8 ਯਹੋਸ਼ੁਆ ਨੇ ਸਾਰੇ ਆਦਮੀਆਂ ਦੀ ਸੁੰਨਤ ਦਾ ਕੰਮ ਮੁਕਾ ਲਿਆ। ਸਾਰੇ ਆਦਮੀਆਂ ਦੇ ਰਾਜ਼ੀ ਹੋਣ ਤੱਕ ਲੋਕਾਂ ਨੇ ਉੱਥੇ ਹੀ ਡੇਰਾ ਲਾਈ ਰੱਖਿਆ।
ਕਨਾਨ ਵਿੱਚ ਪਹਿਲਾ ਪਸਾਹ
9 ਉਸ ਵੇਲੇ, ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, “ਤੁਸੀਂ ਮਿਸਰ ਵਿੱਚ ਗੁਲਾਮ ਸੀ। ਅਤੇ ਇਸ ਨਾਲ ਤੁਹਾਨੂੰ ਸ਼ਰਮਸਾਰੀ ਹੁੰਦੀ ਸੀ। ਪਰ ਅੱਜ ਮੈਂ ਉਸ ਸ਼ਰਮਸਾਰੀ ਨੂੰ ਦੂਰ ਕਰ ਦਿੱਤਾ ਹੈ।” ਇਸ ਲਈ ਯਹੋਸ਼ੁਆ ਨੇ ਉਸ ਥਾਂ ਦਾ ਨਾਮ ਗਿਲਗਾਲ ਰੱਖ ਦਿੱਤਾ। ਅਤੇ ਅੱਜ ਵੀ ਉਸ ਥਾਂ ਦਾ ਨਾਮ ਗਿਲਗਾਲ ਹੀ ਹੈ।
10 ਇਸਰਾਏਲ ਦੇ ਲੋਕਾਂ ਨੇ ਪਸਾਹ ਦਾ ਜਸ਼ਨ ਉਦੋਂ ਮਨਾਇਆ ਜਦੋਂ ਉਹ ਯਰੀਹੋ ਦੇ ਮੈਦਾਨਾ ਅੰਦਰ ਗਿਲਗਾਲ ਵਿਖੇ ਡੇਰਾ ਲਾਈ ਬੈਠੇ ਸਨ। ਇਹ ਗੱਲ ਮਹੀਨੇ ਦੇ 14ਵੇਂ ਦਿਨ ਦੀ ਸ਼ਾਮ ਦੀ ਸੀ। 11 ਪਸਾਹ ਤੋਂ ਅਗਲੇ ਦਿਨ ਲੋਕਾਂ ਨੇ ਉਹ ਭੋਜਨ ਖਾਧਾ ਜਿਹੜਾ ਉਸ ਧਰਤੀ ਉੱਤੇ ਉੱਗਿਆ ਸੀ। ਉਨ੍ਹਾਂ ਨੇ ਬਿਨਾ ਖਮੀਰ ਵਾਲੀ ਰੋਟੀ ਅਤੇ ਭੁੱਜਿਆ ਅਨਾਜ ਖਾਧਾ। 12 ਅਗਲੀ ਸਵੇਰ, ਅਕਾਸ਼ ਵਿੱਚੋਂ ਆਉਣ ਵਾਲਾ ਖਾਸ ਮੰਨਾ ਬੰਦ ਹੋ ਗਿਆ। ਇਹ ਗੱਲ ਉਸ ਦਿਨ ਤੋਂ ਮਗਰੋਂ ਵਾਪਰੀ ਜਦੋਂ ਲੋਕਾਂ ਨੇ ਕਨਾਨ ਦੀ ਧਰਤੀ ਉੱਤੇ ਉਗਾਇਆ ਭੋਜਨ ਖਾਧਾ। ਉਸ ਸਮੇਂ ਤੋਂ ਬਾਦ ਇਸਰਾਏਲ ਦੇ ਲੋਕਾਂ ਨੂੰ ਅਕਾਸ਼ ਦਾ ਖਾਸ ਮੰਨਾ ਪ੍ਰਾਪਤ ਨਹੀਂ ਹੋਇਆ।
ਯਹੋਵਾਹ ਦੀ ਫ਼ੌਜ ਦਾ ਕਮਾਂਡਰ
13 ਜਦੋਂ ਯਹੋਸ਼ੁਆ ਯਰੀਹੋ ਦੇ ਨੇੜੇ ਸੀ ਤਾਂ ਉਸ ਨੇ ਉੱਪਰ ਵੱਲ ਨਜ਼ਰ ਮਾਰੀ ਅਤੇ ਆਪਣੇ ਸਾਹਮਣੇ ਇੱਕ ਆਦਮੀ ਨੂੰ ਖਲੋਤਿਆ ਵੇਖਿਆ। ਆਦਮੀ ਦੇ ਹੱਥ ਵਿੱਚ ਤਲਵਾਰ ਸੀ। ਯਹੋਸ਼ੁਆ ਉਸ ਆਦਮੀ ਕੋਲ ਗਿਆ ਅਤੇ ਪੁੱਛਿਆ, “ਕੀ ਤੂੰ ਸਾਡੇ ਲੋਕਾਂ ਦਾ ਮਿੱਤਰ ਹੈ ਜਾਂ ਸਾਡੇ ਦੁਸ਼ਮਣਾ ਵਿੱਚੋਂ ਹੈ?”
14 ਆਦਮੀ ਨੇ ਜਵਾਬ ਦਿੱਤਾ, “ਮੈਂ ਦੁਸ਼ਮਣ ਨਹੀਂ ਹਾਂ। ਮੈਂ ਯਹੋਵਾਹ ਦੀ ਫ਼ੌਜ ਦਾ ਕਮਾਂਡਰ ਹਾਂ। ਮੈਂ ਹੁਣੇ ਹੀ ਤੁਹਾਡੇ ਕੋਲ ਆਇਆ ਹਾਂ।”
ਫ਼ੇਰ ਯਹੋਸ਼ੁਆ ਨੇ ਧਰਤੀ ਵੱਲ ਝੁਕ ਕੇ ਪ੍ਰਣਾਮ ਕੀਤਾ। ਉਸ ਨੇ ਅਜਿਹਾ ਆਦਰ ਪ੍ਰਗਟ ਕਰਨ ਲਈ ਕੀਤਾ ਉਸ ਨੇ ਪੁੱਛਿਆ, “ਮੈਂ ਤੁਹਾਡਾ ਸੇਵਕ ਹਾਂ। ਕੀ ਮੇਰੇ ਸੁਆਮੀ ਵੱਲੋਂ ਮੇਰੇ ਲਈ ਕੋਈ ਆਦੇਸ਼ ਹੈ?”
15 ਯਹੋਵਾਹ ਦੀ ਫ਼ੌਜ ਦੇ ਕਮਾਂਡਰ ਨੇ ਜਵਾਬ ਦਿੱਤਾ, “ਆਪਣੀਆਂ ਜੁੱਤੀਆਂ ਉਤਾਰ ਲਵੋ। ਜਿਸ ਥਾਂ ਉੱਤੇ ਤੁਸੀਂ ਹੁਣ ਖਲੋਤੇ ਹੋਏ ਹੋ, ਉਹ ਪਵਿੱਤਰ ਹੈ।” ਇਸ ਲਈ ਯਹੋਸ਼ੁਆ ਨੇ ਉਸਦਾ ਹੁਕਮ ਮੰਨਿਆ।
ਯਰੀਹੋ ਉੱਤੇ ਕਬਜ਼ਾ
6 ਯਰੀਹੋ ਸ਼ਹਿਰ ਬੰਦ ਸੀ। ਸ਼ਹਿਰ ਦੇ ਲੋਕ ਭੈਭੀਤ ਸਨ ਕਿਉਂਕਿ ਇਸਰਾਏਲ ਦੇ ਲੋਕ ਨੇੜੇ ਸਨ। ਕੋਈ ਵੀ ਸ਼ਹਿਰ ਦੇ ਅੰਦਰ ਨਹੀਂ ਸੀ ਜਾਂਦਾ ਅਤੇ ਨਾ ਹੀ ਬਾਹਰ ਜਾਂਦਾ ਸੀ।
2 ਫ਼ੇਰ ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, “ਦੇਖੋ, ਮੈਂ ਤੁਹਾਨੂੰ ਯਰੀਹੋ ਸ਼ਹਿਰ ਨੂੰ ਹਰਾਉਣ ਦੀ ਇਜਾਜ਼ਤ ਦਿਆਂਗਾ। ਤੁਸੀਂ ਸ਼ਹਿਰ ਦੇ ਰਾਜੇ ਅਤੇ ਸਾਰੇ ਲੜਾਕੂਆਂ ਨੂੰ ਹਰਾ ਦੇਵੋਂਗੇ। 3 ਹਰ ਰੋਜ਼ ਇੱਕ ਵਾਰੀ ਸ਼ਹਿਰ ਦੇ ਆਲੇ-ਦੁਆਲੇ ਆਪਣੀ ਫ਼ੌਜ ਨਾਲ ਮਾਰਚ ਕਰੋ। ਛੇ ਦਿਨਾ ਤੱਕ ਇਵੇਂ ਹੀ ਕਰੋ। 4 ਜਾਜਕਾਂ ਨੂੰ ਪਵਿੱਤਰ ਸੰਦੂਕ ਚੁੱਕਣ ਲਈ ਆਖੋ ਜਾਜਕਾਂ ਵਿੱਚੋਂ ਸੱਤ ਜਣਿਆ ਨੂੰ ਭੇਡੂਆਂ ਦੇ ਸਿੰਗਾ ਤੋਂ ਬਣੀਆਂ ਤੁਰ੍ਹੀਆਂ ਲਿਆਉਣ ਲਈ ਆਖੋ ਅਤੇ ਉਹ ਪਵਿੱਤਰ ਸੰਦੂਕ ਦੇ ਸਾਹਮਣੇ ਮਾਰਚ ਕਰਨ। ਸੱਤਵੇਂ ਦਿਨ ਸ਼ਹਿਰ ਦੇ ਗਿਰਦ ਸੱਤ ਵਾਰੀ ਮਾਰਚ ਕਰੋ। ਸੱਤਵੇਂ ਦਿਨ ਜਾਜਕਾਂ ਨੂੰ ਉਦੋਂ ਤੁਰ੍ਹੀਆਂ ਵਜਾਉਣ ਲਈ ਆਖੋ ਜਦੋਂ ਉਹ ਮਾਰਚ ਕਰ ਰਹੇ ਹੋਣ। 5 ਜਾਜਕ ਤੁਰ੍ਹੀਆਂ ਨਾਲ ਬਹੁਤ ਉੱਚਾ ਸ਼ੋਰ ਪੈਦਾ ਕਰਨਗੇ। ਜਦੋਂ ਤੁਸੀਂ ਉਹ ਸ਼ੋਰ ਸੁਣੋ ਤਾਂ ਸਾਰੇ ਲੋਕਾਂ ਨੂੰ ਸ਼ੋਰ ਮਚਾਉਣਾ ਸ਼ੁਰੂ ਕਰਨ ਲਈ ਆਖੋ। ਜਦੋਂ ਤੁਸੀਂ ਇਵੇਂ ਕਰੋਂਗੇ, ਤਾਂ ਸ਼ਹਿਰ ਦੀਆਂ ਕੰਧਾਂ ਢਹਿ ਜਾਣਗੀਆਂ ਅਤੇ ਤੁਹਾਡੇ ਲੋਕ ਸ਼ਹਿਰ ਵਿੱਚ ਸਿਧੇ ਹੀ ਪ੍ਰਵੇਸ਼ ਕਰਨ ਦੇ ਯੋਗ ਹੋ ਜਾਣਗੇ।”
ਯਰੀਹੋ ਦੇ ਖਿਲਾਫ ਲੜਾਈ
6 ਇਸ ਲਈ ਨੂਨ ਦੇ ਪੁੱਤਰ ਯਹੋਸ਼ੁਆ ਨੇ ਜਾਜਕਾਂ ਨੂੰ ਇਕੱਠਿਆ ਕੀਤਾ। ਯਹੋਸ਼ੁਆ ਨੇ ਉਨ੍ਹਾਂ ਨੂੰ ਆਖਿਆ, “ਯਹੋਵਾਹ ਦਾ ਪਵਿੱਤਰ ਸੰਦੂਕ ਚੁੱਕੋ। ਅਤੇ ਸੱਤ ਜਾਜਕਾਂ ਨੂੰ ਤੁਰ੍ਹੀਆਂ ਚੁੱਕ ਕੇ ਅਤੇ ਸੰਦੂਕ ਦੇ ਅੱਗੇ ਮਾਰਚ ਕਰਨ ਲਈ ਆਖੋ।”
7 ਫ਼ੇਰ ਯਹੋਸ਼ੁਆ ਨੇ ਲੋਕਾਂ ਨੂੰ ਹੁਕਮ ਦਿੱਤਾ, “ਹੁਣ, ਜਾਓ! ਸ਼ਹਿਰ ਦੇ ਇਰਦ-ਗਿਰਦ ਮਾਰਚ ਕਰੋ। ਹਥਿਆਰ ਬੰਦ ਸਿਪਾਹੀ ਯਹੋਵਾਹ ਦੇ ਪਵਿੱਤਰ ਸੰਦੂਕ ਦੇ ਅੱਗੇ ਮਾਰਚ ਕਰਨਗੇ।”
8 ਜਦੋਂ ਯਹੋਸ਼ੁਆ ਨੇ ਉਨ੍ਹਾਂ ਨੂੰ ਇਹ ਸਭ ਕੁਝ ਦੱਸਿਆ, ਸੱਤ ਜਾਜਕ ਭੇਡੂ ਦੇ ਸਿੰਗ ਵਜਾਉਂਦੇ ਹੋਏ ਯਹੋਵਾਹ ਦੇ ਪਵਿੱਤਰ ਸੰਦੂਕ ਦੇ ਅੱਗੇ ਮਾਰਚ ਕਰਨ ਲੱਗ ਪਏ। ਯਹੋਵਾਹ ਦਾ ਪਵਿੱਤਰ ਸੰਦੂਕ ਚੁੱਕਣ ਵਾਲੇ ਜਾਜਕ ਉਨ੍ਹਾਂ ਦੇ ਪਿੱਛੇ ਗਏ। 9 ਹਥਿਆਰ ਬੰਦ ਸਿਪਾਹੀ ਜਿਹੜੇ ਜਾਜਕਾਂ ਦੇ ਅੱਗੇ ਮਾਰਚ ਕਰ ਰਹੇ ਸਨ ਤੁਰ੍ਹੀਆਂ ਵਜਾ ਰਹੇ ਸਨ ਅਤੇ ਬਾਕੀ ਦੇ ਆਦਮੀ ਪਵਿੱਤਰ ਸੰਦੂਕ ਦੇ ਪਿੱਛੇ ਤੁਰ ਪਏ। ਇਸ ਤਰ੍ਹਾਂ, ਉਹ ਮਾਰਚ ਕਰਦੇ ਅਤੇ ਭੇਡੂ ਦੇ ਸਿੰਗ ਵਜਾਉਂਦੇ ਹੋਏ ਸ਼ਹਿਰ ਦੇ ਗਿਰਦ ਘੁੰਮੇ। 10 ਯਹੋਸ਼ੁਆ ਨੇ ਲੋਕਾਂ ਨੂੰ ਜੰਗ ਦਾ ਨਾਹਰਾ ਨਾ ਮਾਰਨ ਲਈ ਆਖਿਆ ਹੋਇਆ ਸੀ। ਉਸ ਨੇ ਆਖਿਆ, “ਸ਼ੋਰ ਨਾ ਮਚਾਉ। ਉਦੋਂ ਤੱਕ ਇੱਕ ਸ਼ਬਦ ਨਹੀਂ ਬੋਲਣਾ ਜਦੋਂ ਤੱਕ ਮੈਂ ਆਖਦਾ ਨਹੀਂ। ਫ਼ੇਰ ਤੁਸੀਂ ਸ਼ੋਰ ਮਚਾ ਸੱਕੋਂਗੇ!”
11 ਇਸ ਲਈ ਯਹੋਸ਼ੁਆ ਨੇ ਜਾਜਕਾਂ ਕੋਲੋਂ ਯਹੋਵਾਹ ਦੇ ਪਵਿੱਤਰ ਸੰਦੂਕ ਨੂੰ ਇੱਕ ਵਾਰੀ ਸ਼ਹਿਰ ਦੇ ਗਿਰਦ ਘੁਮਾਇਆ ਫ਼ੇਰ ਉਸ ਡੇਰੇ ਤੇ ਵਾਪਸ ਚੱਲੇ ਗਏ ਅਤੇ ਰਾਤ ਉੱਥੇ ਹੀ ਬਿਤਾਈ।
12 ਅਗਲੀ ਸਵੇਰ, ਸੁਵਖਤੇ ਹੀ ਯਹੋਸ਼ੁਆ ਉੱਠ ਖੜ੍ਹਾ ਹੋਇਆ। ਜਾਜਕਾਂ ਨੇ ਯਹੋਵਾਹ ਦਾ ਪਵਿੱਤਰ ਸੰਦੂਕ ਫ਼ੇਰ ਚੁੱਕ ਲਿਆ। 13 ਅਤੇ ਸੱਤ ਜਾਜਕਾਂ ਨੇ ਸੱਤ ਤੁਰ੍ਹੀਆਂ ਚੁੱਕ ਲਈਆਂ। ਉਹ ਯਹੋਵਾਹ ਦੇ ਪਵਿੱਤਰ ਸੰਦੂਕ ਦੇ ਅੱਗੇ ਮਾਰਚ ਕਰਦੇ ਹੋਏ ਅਤੇ ਤੁਰ੍ਹੀਆਂ ਵਜਾਉਂਦੇ ਹੋਏ ਤੁਰ ਰਹੇ ਸਨ। ਹਥਿਆਰ ਬੰਦ ਸਿਪਾਹੀ ਉਨ੍ਹਾਂ ਦੇ ਅੱਗੇ ਮਾਰਚ ਕਰ ਰਹੇ ਸਨ। ਬਾਕੀ ਦੇ ਲੋਕ ਯਹੋਵਾਹ ਦੇ ਪਵਿੱਤਰ ਸੰਦੂਕ ਦੇ ਪਿੱਛੇ ਮਾਰਚ ਕਰ ਰਹੇ ਸਨ। ਉਹ ਮਾਰਚ ਕਰਦੇ ਹੋਏ ਅਤੇ ਤੁਰ੍ਹੀਆਂ ਵਜਾਉਂਦੇ ਹੋਏ ਸ਼ਹਿਰ ਦੇ ਆਲੇ-ਦੁਆਲੇ ਗਏ। 14 ਇਸ ਲਈ ਦੂਸਰੇ ਦਿਨ ਵੀ ਉਨ੍ਹਾਂ ਸਾਰਿਆਂ ਨੇ ਇੱਕ ਵਾਰੀ ਸ਼ਹਿਰ ਦੇ ਆਲੇ-ਦੁਆਲੇ ਮਾਰਚ ਕੀਤੀ। ਅਤੇ ਫ਼ੇਰ ਉਹ ਡੇਰੇ ਵੱਲ ਵਾਪਸ ਚੱਲੇ ਗਏ। ਉਨ੍ਹਾਂ ਨੇ ਛੇ ਦਿਨਾ ਤੱਕ ਹਰ ਰੋਜ਼ ਇਹੀ ਕੁਝ ਕਰਨਾ ਜਾਰੀ ਰੱਖਿਆ।
15 ਸੱਤਵੇਂ ਦਿਨ ਉਹ ਸਰਘੀ ਵੇਲੇ ਉੱਠ ਖਲੋਤੇ। ਅਤੇ ਉਨ੍ਹਾਂ ਨੇ ਸ਼ਹਿਰ ਦੇ ਆਲੇ-ਦੁਆਲੇ ਸੱਤ ਵਾਰੀ ਮਾਰਚ ਕੀਤੀ। ਉਨ੍ਹਾਂ ਨੇ ਉਸੇ ਤਰ੍ਹਾਂ ਨਾਲ ਮਾਰਚ ਕੀਤੀ ਜਿਵੇਂ ਇਸ ਤੋਂ ਪਹਿਲਾਂ ਦੇ ਦਿਨਾਂ ਵਿੱਚ ਕੀਤਾ ਸੀ, ਪਰ ਉਸ ਦਿਨ ਉਨ੍ਹਾਂ ਨੇ ਸ਼ਹਿਰ ਦੇ ਦੁਆਲੇ ਸੱਤ ਵਾਰੀ ਮਾਰਚ ਕੀਤੀ। 16 ਜਦੋਂ ਉਨ੍ਹਾਂ ਨੇ ਸ਼ਹਿਰ ਦਾ ਸੱਤਵਾਂ ਚੱਕਰ ਕੱਢਿਆ ਤਾਂ ਜਾਜਕਾਂ ਨੇ ਆਪਣੀਆਂ ਤੁਰ੍ਹੀਆਂ ਵਜਾਈਆਂ। ਉਸ ਵੇਲੇ ਯਹੋਸ਼ੁਆ ਨੇ ਆਦੇਸ਼ ਦਿੱਤਾ: “ਹੁਣ, ਸ਼ੋਰ ਮਚਾਉ! ਯਹੋਵਾਹ ਤੁਹਾਨੂੰ ਇਹ ਸ਼ਹਿਰ ਦੇ ਰਿਹਾ ਹੈ! 17 ਇਹ ਸ਼ਹਿਰ ਅਤੇ ਇਸਦੀ ਹਰ ਸ਼ੈਅ ਯਹੋਵਾਹ ਦੀ ਹੈ। [a] ਸਿਰਫ਼ ਵੇਸਵਾ ਰਾਹਾਬ ਅਤੇ ਉਸ ਦੇ ਘਰ ਦੇ ਸਾਰੇ ਆਦਮੀ ਜਿਉਂਦੇ ਬਚਣਗੇ। ਇਨ੍ਹਾਂ ਲੋਕਾਂ ਨੂੰ ਬਿਲਕੁਲ ਨਾ ਮਾਰਿਆ ਜਾਵੇ ਕਿਉਂਕਿ ਰਾਹਾਬ ਨੇ ਦੋ ਜਸੂਸਾਂ ਦੀ ਸਹਾਇਤਾ ਕੀਤੀ ਸੀ। 18 ਅਤੇ ਇਹ ਵੀ ਯਾਦ ਰੱਖੋ ਸਾਨੂੰ ਹੋਰ ਹਰ ਚੀਜ਼ ਜ਼ਰੂਰ ਤਬਾਹ ਕਰ ਦੇਣੀ ਚਾਹੀਦੀ ਹੈ। ਉਹ ਚੀਜ਼ਾਂ ਨਹੀਂ ਚੁੱਕਣੀਆਂ। ਜੇ ਤੁਸੀਂ ਉਹ ਚੀਜ਼ਾਂ ਚੁੱਕ ਲਵੋਂਗੇ ਅਤੇ ਉਨ੍ਹਾਂ ਨੂੰ ਡੇਰੇ ਵਿੱਚ ਲੈ ਆਵੋਂਗੇ ਤਾਂ ਤੁਹਾਨੂੰ ਖੁਦ ਨੂੰ ਵੀ ਤਬਾਹ ਕਰ ਦਿੱਤਾ ਜਾਵੇਗਾ। ਅਤੇ ਤੁਸੀਂ ਇਸਰਾਏਲ ਦੇ ਸਮੂਹ ਲੋਕਾਂ ਲਈ ਮੁਸੀਬਤ ਦਾ ਕਾਰਣ ਬਣੋਗੇ। 19 ਸਾਰੀਆਂ ਚਾਂਦੀ ਅਤੇ ਸੋਨੇ ਅਤੇ ਪਿੱਤਲ ਅਤੇ ਲੋਹੇ ਦੀਆਂ ਚੀਜ਼ਾਂ ਯਹੋਵਾਹ ਦੀਆਂ ਹਨ। ਉਨ੍ਹਾਂ ਚੀਜ਼ਾਂ ਨੂੰ ਅਵੱਸ਼ ਯਹੋਵਾਹ ਦੇ ਤੋਸ਼ੇਖਾਨੇ ਵਿੱਚ ਰੱਖਿਆ ਜਾਣਾ ਚਾਹੀਦਾ ਹੈ।”
20 ਜਾਜਕਾਂ ਨੇ ਤੁਰ੍ਹੀਆਂ ਵਜਾਈਆਂ। ਲੋਕਾਂ ਨੇ ਤੁਰ੍ਹੀਆਂ ਦੀ ਆਵਾਜ਼ ਸੁਣੀ ਅਤੇ ਸ਼ੋਰ ਮਚਾਉਣ ਲੱਗੇ। ਕੰਧਾਂ ਢਹਿ ਗਈਆਂ ਅਤੇ ਲੋਕ ਸਿਧੇ ਸ਼ਹਿਰ ਵੱਲ ਦੌੜੇ। ਇਸ ਤਰ੍ਹਾਂ ਇਸਰਾਏਲ ਦੇ ਲੋਕਾਂ ਨੇ ਉਸ ਸ਼ਹਿਰ ਨੂੰ ਹਰਾ ਦਿੱਤਾ। 21 ਲੋਕਾਂ ਨੇ ਸ਼ਹਿਰ ਦੀ ਹਰ ਚੀਜ਼ ਨੂੰ ਤਬਾਹ ਕਰ ਦਿੱਤਾ। ਉਨ੍ਹਾਂ ਨੇ ਉੱਥੋਂ ਦੀ ਹਰ ਜਾਨਦਾਰ ਸ਼ੈਅ ਤਬਾਹ ਕਰ ਦਿੱਤੀ। ਉਨ੍ਹਾਂ ਨੇ ਜਵਾਨ ਆਦਮੀਆਂ ਅਤੇ ਬੁੱਢਿਆਂ ਨੂੰ ਜਵਾਨ ਔਰਤਾ ਅਤੇ ਬੁੱਢੀਆਂ ਔਰਤਾਂ ਨੂੰ, ਜਾਨਵਰਾ, ਭੇਡਾਂ ਅਤੇ ਗਧਿਆ ਨੂੰ ਮਾਰ ਮੁਕਾਇਆ।
22 ਯਹੋਸ਼ੁਆ ਨੇ ਦੋਹਾਂ ਜਸੂਸਾਂ ਨਾਲ ਗੱਲ ਕੀਤੀ। ਯਹੋਸ਼ੁਆ ਨੇ ਆਖਿਆ, “ਵੇਸਵਾ ਦੇ ਘਰ ਜਾਉ। ਉਸ ਨੂੰ ਬਾਹਰ ਲਿਆਉ। ਅਤੇ ਉਨ੍ਹਾਂ ਸਾਰੇ ਲੋਕਾਂ ਨੂੰ ਵੀ ਲਿਆਉ ਜਿਹੜੇ ਉਸ ਦੇ ਨਾਲ ਹਨ। ਅਜਿਹਾ ਇਸ ਵਾਸਤੇ ਕਰੋ ਕਿਉਂਕਿ ਤੁਸੀਂ ਉਸ ਨਾਲ ਇਕਰਾਰ ਕੀਤਾ ਸੀ।”
23 ਇਸ ਲਈ ਉਹ ਦੋਵੇਂ ਉਸ ਦੇ ਘਰ ਵਿੱਚ ਗਏ ਅਤੇ ਰਾਹਾਬ ਨੂੰ ਬਾਹਰ ਲੈ ਆਏ। ਉਨ੍ਹਾਂ ਨੇ ਉਸ ਦੇ ਪਿਤਾ, ਮਾਤਾ, ਭਰਾਵਾ ਉਸ ਦੇ ਸਾਰੇ ਪਰਿਵਾਰ ਅਤੇ ਹੋਰ ਸਾਰੇ ਲੋਕਾਂ ਨੂੰ ਜੋ ਉਸ ਦੇ ਨਾਲ ਸਨ, ਬਾਹਰ ਲਿਆਂਦਾ। ਉਨ੍ਹਾਂ ਨੇ ਸਾਰੇ ਲੋਕਾਂ ਨੂੰ ਇਸਰਾਏਲ ਦੇ ਡੇਰੇ ਤੋਂ ਬਾਹਰ ਸੁਰੱਖਿਅਤ ਥਾਂ ਉੱਤੇ ਬਿਠਾ ਦਿੱਤਾ।
24 ਫ਼ੇਰ ਇਸਰਾਏਲ ਦੇ ਲੋਕਾਂ ਨੇ ਸਾਰਾ ਸ਼ਹਿਰ ਸਾੜ ਦਿੱਤਾ। ਉਨ੍ਹਾਂ ਨੇ ਚਾਂਦੀ, ਸੋਨੇ, ਪਿੱਤਲ ਅਤੇ ਲੋਹੇ ਦੀਆਂ ਬਣੀਆਂ ਹੋਈਆਂ ਚੀਜ਼ਾਂ ਤੋਂ ਇਲਾਵਾ ਹੋਰ ਹਰ ਸ਼ੈਅ ਸਾੜ ਦਿੱਤੀ। ਉਨ੍ਹਾਂ ਨੇ ਇਹ ਚੀਜ਼ਾਂ ਯਹੋਵਾਹ ਦੇ ਤੋਸ਼ੇਖਾਨੇ ਵਿੱਚ ਰੱਖ ਦਿੱਤੀਆਂ। 25 ਯਹੋਸ਼ੁਆ ਨੇ ਵੇਸਵਾ ਰਾਹਾਬ ਨੂੰ, ਉਸ ਦੇ ਪਰਿਵਾਰ ਅਤੇ ਉਨ੍ਹਾਂ ਹੋਰ ਸਾਰੇ ਲੋਕਾਂ ਨੂੰ ਬਚਾ ਲਿਆ ਜਿਹੜੇ ਉਸ ਦੇ ਨਾਲ ਸਨ। ਯਹੋਸ਼ੁਆ ਨੇ ਉਨ੍ਹਾਂ ਨੂੰ ਜਿਉਣ ਦਿੱਤਾ ਕਿਉਂਕਿ ਰਾਹਾਬ ਨੇ ਉਨ੍ਹਾਂ ਜਸੂਸਾਂ ਦੀ ਸਹਾਇਤਾ ਕੀਤੀ ਸੀ। ਜਿਨ੍ਹਾਂ ਨੂੰ ਯਹੋਸ਼ੁਆ ਨੇ ਯਰੀਹੋ ਵਿੱਚ ਭੇਜਿਆ ਸੀ ਰਾਹਾਬ ਅੱਜ ਵੀ ਇਸਰਾਏਲ ਦੇ ਲੋਕਾਂ ਨਾਲ ਰਹਿੰਦੀ ਹੈ।
26 ਉਸ ਵੇਲੇ, ਯਹੋਸ਼ੁਆ ਨੇ ਇਹ ਮਹੱਤਵਪੂਰਣ ਇਕਰਾਰ ਕੀਤਾ,
“ਯਹੋਵਾਹ ਉਸ ਆਦਮੀ ਨੂੰ ਸਰਾਪੇਗਾ
ਜੋ ਯਰੀਹੋ ਸ਼ਹਿਰ ਨੂੰ ਫ਼ਿਰ ਤੋਂ ਉਸਾਰੇਗਾ।
ਉਹ ਜੋ ਉਸ ਸ਼ਹਿਰ ਦੀ ਬੁਨਿਆਦ ਰੱਖੇਗਾ
ਆਪਣਾ ਸਭ ਤੋਂ ਵੱਡਾ ਪੁੱਤਰ ਗਵਾ ਲਵੇਗਾ।
ਜੋ ਵੀ ਕੋਈ ਆਦਮੀ ਫ਼ਾਟਕ ਖੜ੍ਹਾ ਕਰੇਗਾ
ਆਪਣੇ ਸਭ ਤੋਂ ਛੋਟੇ ਪੁੱਤਰ ਨੂੰ ਗਵਾ ਲਵੇਗਾ।” [b]
27 ਇਸ ਲਈ ਯਹੋਵਾਹ ਯਹੋਸ਼ੁਆ ਦੇ ਨਾਲ ਸੀ। ਅਤੇ ਯਹੋਸ਼ੁਆ ਸਾਰੇ ਦੇਸ਼ ਵਿੱਚ ਪ੍ਰਸਿੱਧ ਹੋ ਗਿਆ।
ਆਕਾਨ ਦਾ ਪਾਪ
7 ਪਰ ਇਸਰਾਏਲ ਦੇ ਲੋਕਾਂ ਨੇ ਪਰਮੇਸ਼ੁਰ ਦਾ ਹੁਕਮ ਨਹੀਂ ਮੰਨਿਆ। ਉੱਥੇ ਯਹੂਦਾਹ ਦੇ ਪਰਿਵਾਰ-ਸਮੂਹ ਵਿੱਚੋਂ ਇੱਕ ਆਦਮੀ ਸੀ ਜਿਸਦਾ ਨਾਮ ਸੀ ਆਕਾਨ ਵਲਦ ਕਰਮੀ ਜਿਹੜਾ ਜ਼ਬਦੀ ਦਾ ਪੋਤਾ ਸੀ। ਆਕਾਨ ਨੇ ਕੁਝ ਉਹ ਚੀਜ਼ਾਂ ਰੱਖ ਲਈਆਂ ਜਿਨ੍ਹਾਂ ਨੂੰ ਤਬਾਹ ਕਰ ਦਿੱਤਾ ਜਾਣਾ ਚਾਹੀਦਾ ਸੀ। ਇਸ ਲਈ ਯਹੋਵਾਹ ਇਸਰਾਏਲ ਦੇ ਲੋਕਾਂ ਉੱਤੇ ਬਹੁਤ ਕਰੋਧਵਾਨ ਹੋ ਗਿਆ।
2 ਜਦੋਂ ਉਨ੍ਹਾਂ ਨੇ ਯਰੀਹੋ ਨੂੰ ਹਰਾ ਦਿੱਤਾ ਤਾਂ ਯਹੋਸ਼ੁਆ ਨੇ ਕੁਝ ਬੰਦਿਆਂ ਨੂੰ ਅਈ ਵਿਖੇ ਭੇਜਿਆ। ਅਈ ਬੈਤਏਲ ਦੇ ਪੂਰਬ ਵੱਲ ਬੈਤ-ਆਵਾਨ ਦੇ ਨੇੜੇ ਸੀ। ਯਹੋਸ਼ੁਆ ਨੇ ਉਨ੍ਹਾਂ ਨੂੰ ਆਖਿਆ, “ਅਈ ਵਲ ਜਾਉ ਅਤੇ ਉਸ ਇਲਾਕੇ ਦੀਆਂ ਕਮਜ਼ੋਰੀਆਂ ਦਾ ਪਤਾ ਲਾਉ।” ਇਸ ਲਈ ਉਹ ਆਦਮੀ ਉਸ ਧਰਤੀ ਦੀ ਜਸੂਸੀ ਕਰਨ ਲਈ ਗਏ।
3 ਬਾਦ ਵਿੱਚ ਉਹ ਆਦਮੀ ਯਹੋਸ਼ੁਆ ਵੱਲ ਵਾਪਸ ਆ ਗਏ। ਉਨ੍ਹਾਂ ਨੇ ਆਖਿਆ, “ਅਈ ਇੱਕ ਕਮਜ਼ੋਰ ਇਲਾਕਾ ਹੈ। ਇਸ ਥਾਂ ਨੂੰ ਹਰਾਉਣ ਲਈ ਸਾਨੂੰ ਆਪਣੇ ਸਾਰੇ ਬੰਦਿਆਂ ਦੀ ਲੋੜ ਨਹੀਂ ਪਵੇਗੀ। ਦੋ ਜਾਂ ਤਿੰਨ ਹਜ਼ਾਰ ਬੰਦੇ ਉੱਥੇ ਲੜਨ ਲਈ ਭੇਜ ਦਿਉ। ਸਾਰੀ ਫ਼ੌਜ ਨੂੰ ਵਰਤਨ ਦੀ ਕੋਈ ਲੋੜ ਨਹੀਂ। ਉੱਥੇ ਸਾਡੇ ਵਿਰੁੱਧ ਲੜਨ ਵਾਲੇ ਕੁਝ ਹੀ ਆਦਮੀ ਹਨ।”
4-5 ਇਸ ਲਈ ਤਕਰੀਬਨ 3,000 ਆਦਮੀ ਅਈ ਨੂੰ ਗਏ। ਪਰ ਅਈ ਦੇ ਲੋਕਾਂ ਨੇ ਇਸਰਾਏਲ ਦੇ ਤਕਰੀਬਨ 36 ਆਦਮੀਆਂ ਨੂੰ ਮਾਰ ਦਿੱਤਾ। ਇਸ ਲਈ ਇਸਰਾਏਲ ਦੇ ਲੋਕ ਭੱਜ ਗਏ ਅਤੇ ਅਈ ਦੇ ਲੋਕਾਂ ਨੇ ਉਨ੍ਹਾਂ ਨੂੰ ਸ਼ਹਿਰ ਦੇ ਫ਼ਾਟਕਾਂ ਤੋਂ ਲੈ ਕੇ ਖਦਾਨਾ ਤੀਕ ਭਜਾਇਆ। ਅਈ ਦੇ ਲੋਕਾਂ ਨੇ ਢਲਾਣ ਉੱਤੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ ਸੀ।
ਜਦੋਂ ਇਸਰਾਏਲ ਦੇ ਲੋਕਾਂ ਨੇ ਇਹ ਦੇਖਿਆ, ਉਹ ਬਹੁਤ ਭੈਭੀਤ ਹੋ ਗਏ ਅਤੇ ਆਪਣਾ ਹੌਂਸਲਾ ਗੁਆ ਬੈਠੇ। 6 ਜਦੋਂ ਯਹੋਸ਼ੁਆ ਨੇ ਇਸ ਬਾਰੇ ਸੁਣਿਆ, ਉਸ ਨੇ ਆਪਣਾ ਗਮ ਪ੍ਰਗਟਾਉਣ ਲਈ ਕੱਪੜੇ ਪਾੜ ਲਏ। ਉਹ ਪਵਿੱਤਰ ਸੰਦੂਕ ਅੱਗੇ ਧਰਤੀ ਉੱਤੇ ਝੁਕ ਗਿਆ। ਯਹੋਸ਼ੁਆ ਸ਼ਾਮ ਤੀਕ ਉੱਥੇ ਹੀ ਰਿਹਾ। ਇਸਰਾਏਲ ਦੇ ਆਗੂਆਂ ਨੇ ਵੀ ਅਜਿਹਾ ਹੀ ਕੀਤਾ। ਉਨ੍ਹਾਂ ਨੇ ਆਪਣੇ ਸਿਰਾਂ ਵਿੱਚ ਘੱਟਾ ਪਾ ਲਿਆ। ਆਪਣਾ ਗਮ ਪ੍ਰਗਟ ਕਰਨ ਲਈ।
7 ਯਹੋਸ਼ੁਆ ਨੇ ਆਖਿਆ, “ਯਹੋਵਾਹ ਮੇਰੇ ਪ੍ਰਭੂ! ਤੁਸੀਂ ਸਾਡੇ ਲੋਕਾਂ ਨੂੰ ਯਰਦਨ ਨਦੀ ਦੇ ਪਾਰ ਲਿਆਂਦਾ। ਤੁਸੀਂ ਸਾਨੂੰ ਇੰਨੀ ਦੂਰ ਤੀਕ ਕਿਉਂ ਲਿਆਂਦਾ ਅਤੇ ਫ਼ੇਰ ਅਮੋਰੀ ਲੋਕਾਂ ਨੂੰ ਇਜਾਜ਼ਤ ਦਿੱਤੀ ਕਿ ਉਹ ਸਾਨੂੰ ਤਬਾਹ ਕਰ ਸੱਕਣ? ਸਾਨੂੰ ਯਰਦਨ ਨਦੀ ਦੇ ਦੂਸਰੇ ਕੰਢੇ ਰਹਿ ਕੇ ਹੀ ਸੰਤੁਸ਼ਟ ਹੋ ਜਾਣਾ ਚਾਹੀਦਾ ਸੀ। 8 ਮੈਂ ਆਪਣੀ ਜਾਨ ਦੀ ਕਸਮ ਖਾਂਦਾ ਹਾਂ, ਯਹੋਵਾਹ! ਇੱਥੇ ਹੁਣ ਮੇਰੇ ਆਖਣ ਲਈ ਹੋਰ ਕੁਝ ਵੀ ਨਹੀਂ ਹੈ। ਇਸਰਾਏਲ ਨੇ ਦੁਸ਼ਮਣ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ। 9 ਕਨਾਨੀ ਲੋਕ ਅਤੇ ਇਸ ਦੇਸ਼ ਦੇ ਹੋਰ ਸਾਰੇ ਲੋਕ ਇਸ ਘਟਨਾ ਬਾਰੇ ਸੁਣਨਗੇ। ਫ਼ੇਰ ਉਹ ਸਾਡੇ ਉੱਤੇ ਹਮਲਾ ਕਰ ਦੇਣਗੇ ਅਤੇ ਸਾਨੂੰ ਸਾਰਿਆਂ ਨੂੰ ਮਾਰ ਦੇਣਗੇ! ਫ਼ੇਰ ਤੁਸੀਂ ਮਹਾਨ ਨਾਮ ਦੀ ਰੱਖਿਆ ਕਰਨ ਲਈ ਕੀ ਕਰੋਂਗੇ?”
10 ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, “ਤੂੰ ਆਪਣਾ ਮੂੰਹ ਧਰਤੀ ਵੱਲ ਸੁੱਟ ਕੇ ਉਦਾਸ ਕਿਉਂ ਹੈ? ਉੱਠ ਖਲੋ! 11 ਇਸਰਾਏਲ ਦੇ ਲੋਕਾਂ ਨੇ ਮੇਰੇ ਵਿਰੁੱਧ ਗੁਨਾਹ ਕੀਤਾ। ਉਨ੍ਹਾਂ ਨੇ ਮੇਰਾ ਉਹ ਇਕਰਾਰਨਾਮਾ ਤੋੜਿਆ ਜਿਸ ਨੂੰ ਮੰਨਣ ਦਾ ਮੈਂ ਆਦੇਸ਼ ਦਿੱਤਾ ਸੀ। ਉਨ੍ਹਾਂ ਨੇ ਕੁਝ ਉਹ ਚੀਜ਼ਾਂ ਚੁੱਕੇ ਰੱਖ ਲਈਆਂ ਜਿਨ੍ਹਾਂ ਨੂੰ ਮੈਂ ਤਬਾਹ ਕਰਨ ਦਾ ਆਦੇਸ਼ ਦਿੱਤਾ ਸੀ। ਉਨ੍ਹਾਂ ਨੇ ਮੇਰੀ ਚੋਰੀ ਕੀਤੀ ਹੈ। ਉਨ੍ਹਾਂ ਨੇ ਝੂਠ ਬੋਲਿਆ ਹੈ। ਉਨ੍ਹਾਂ ਨੇ ਉਹ ਚੀਜ਼ਾਂ ਆਪਣੇ ਵਾਸਤੇ ਰੱਖ ਲਈਆਂ ਹਨ। 12 ਇਹੀ ਕਾਰਣ ਹੈ ਕਿ ਇਸਰਾਏਲ ਦੀ ਫ਼ੌਜ ਆਪਣੀ ਪਿੱਠ ਦਿਖਾਕੇ ਭੱਜ ਗਈ। ਕਿਉਂਕਿ ਉਨ੍ਹਾਂ ਨੇ ਪਾਪ ਕੀਤਾ ਸੀ ਇਸ ਲਈ ਉਨ੍ਹਾਂ ਨੂੰ ਤਬਾਹ ਕੀਤਾ ਜਾਣਾ ਚਾਹੀਦਾ। ਮੈਂ ਹੋਰ ਵੱਧੇਰੇ ਤੁਹਾਡੇ ਸੰਗ ਨਹੀਂ ਹੋਵਾਂਗਾ ਜਦੋਂ ਤੀਕ ਕਿ ਤੁਸੀਂ ਉਹ ਸਾਰੀਆਂ ਚੀਜ਼ਾਂ ਤਬਾਹ ਨਹੀਂ ਕਰ ਦਿੰਦੇ ਜਿਨ੍ਹਾਂ ਨੂੰ ਮੈਂ ਤੁਹਾਨੂੰ ਤਬਾਹ ਕਰਨ ਦਾ ਹੁਕਮ ਦਿੱਤਾ ਹੈ।
13 “ਹੁਣ ਜਾਉ ਅਤੇ ਲੋਕਾਂ ਨੂੰ ਪਵਿੱਤਰ ਬਣਾਉ। ਲੋਕਾਂ ਨੂੰ ਆਖੋ, ‘ਆਪਣੇ-ਆਪ ਨੂੰ ਪਵਿੱਤਰ ਬਣਾਉ। ਕੱਲ੍ਹ ਦੀ ਤਿਆਰੀ ਕਰੋ। ਇਸਰਾਏਲ ਦਾ ਯਹੋਵਾਹ ਪਰਮੇਸ਼ੁਰ ਆਖਦਾ ਹੈ ਕਿ ਕੁਝ ਲੋਕਾਂ ਨੇ ਉਹ ਚੀਜ਼ਾਂ ਰੱਖ ਲਈਆਂ ਹਨ ਜਿਨ੍ਹਾਂ ਨੂੰ ਤਬਾਹ ਕਰਨ ਦਾ ਉਸ ਨੇ ਆਦੇਸ਼ ਦਿੱਤਾ ਸੀ। ਤੁਸੀਂ ਕਦੇ ਵੀ ਆਪਣੇ ਦੁਸ਼ਮਣਾ ਨੂੰ ਹਰਾ ਨਹੀਂ ਸੱਕੋਂਗੇ ਜਦੋਂ ਤੀਕ ਕਿ ਤੁਸੀਂ ਉਨ੍ਹਾਂ ਚੀਜ਼ਾਂ ਨੂੰ ਸੁੱਟ ਨਹੀਂ ਦਿੰਦੇ।
14 “‘ਕੱਲ੍ਹ ਸਵੇਰੇ ਤੁਹਾਨੂੰ ਸਾਰਿਆਂ ਨੂੰ ਆਪਣੇ ਪਰਿਵਾਰ-ਸਮੂਹਾਂ ਅਨੁਸਾਰ ਯਹੋਵਾਹ ਦੇ ਸਾਹਮਣੇ ਖਲੋਣਾ ਚਾਹੀਦਾ ਹੈ। ਫ਼ੇਰ ਯਹੋਵਾਹ ਤੁਹਾਡੇ ਵਿੱਚੋਂ ਇੱਕ ਪਰਿਵਾਰ-ਸਮੂਹ ਨੂੰ ਕੱਢੇਗਾ। ਯਹੋਵਾਹ ਦੁਆਰਾ ਕੱਢੇ ਹੋਏ ਪਰਿਵਾਰ-ਸਮੂਹ ਨੂੰ ਵੰਸ਼ ਦਰ ਵੰਸ਼ ਅੱਗੇ ਆਉਣਾ ਚਾਹੀਦਾ। ਜਿਸ ਵੰਸ਼ ਨੂੰ ਯਹੋਵਾਹ ਕੱਢੇਗਾ, ਪਰਿਵਾਰ ਦਰ ਪਰਿਵਾਰ ਅੱਗੇ ਆਵੇਗਾ। ਜਿਸ ਪਰਿਵਾਰ ਨੂੰ ਯਹੋਵਾਹ ਕੱਢੇਗਾ ਆਦਮੀ ਦਰ ਆਦਮੀ ਅੱਗੇ ਆਵੇਗਾ। 15 ਜਿਹੜਾ ਆਦਮੀ ਉਨ੍ਹਾਂ ਚੀਜ਼ਾਂ ਨੂੰ ਰੱਖੇਗਾ, ਜਿਨ੍ਹਾਂ ਨੂੰ ਤਬਾਹ ਕਰ ਦਿੱਤਾ ਜਾਣਾ ਚਾਹੀਦਾ ਸੀ, ਫ਼ੜਿਆ ਜਾਵੇਗਾ। ਫ਼ੇਰ ਉਸ ਨੂੰ ਸਾੜਕੇ ਮਾਰ ਦਿੱਤਾ ਜਾਵੇਗਾ ਅਤੇ ਉਸਦੀ ਹਰ ਸ਼ੈਅ ਉਸ ਦੇ ਨਾਲ ਹੀ ਤਬਾਹ ਕਰ ਦਿੱਤੀ ਜਾਵੇਗੀ। ਉਸ ਨੇ ਯਹੋਵਾਹ ਦੇ ਇਕਰਾਰਨਾਮੇ ਨੂੰ ਤੋੜਿਆ ਸੀ ਅਤੇ ਉਸ ਨੇ ਇਸਰਾਏਲ ਦੇ ਲੋਕਾਂ ਦਰਮਿਆਨ ਬਹੁਤ ਭਿਆਨਕ ਪਾਪ ਕੀਤਾ ਹੈ!’”
16 ਅਗਲੀ ਸਵੇਰ ਸੁਵਖਤੇ ਹੀ, ਯਹੋਸ਼ੁਆ ਨੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਯਹੋਵਾਹ ਦੇ ਸਾਹਮਣੇ ਇਕੱਠਾ ਕੀਤਾ। ਸਾਰੇ ਪਰਿਵਾਰ-ਸਮੂਹ ਯਹੋਵਾਹ ਦੇ ਸਾਹਮਣੇ ਖਲੋ ਗਏ। ਯਹੋਵਾਹ ਨੇ ਯਹੂਦਾਹ ਦੇ ਪਰਿਵਾਰ-ਸਮੂਹ ਦੀ ਚੋਣ ਕੀਤੀ। 17 ਇਸ ਲਈ ਯਹੂਦਾਹ ਦੇ ਸਾਰੇ ਵੰਸ਼ ਯਹੋਵਾਹ ਦੇ ਸਾਹਮਣੇ ਖਲੋ ਗਏ ਯਹੋਵਾਹ ਨੇ ਜ਼ਰਾਹ ਵੰਸ਼ ਦੀ ਚੋਣ ਕੀਤੀ। ਫ਼ੇਰ ਜ਼ਰਾਹ ਵੰਸ਼ ਦੇ ਸਾਰੇ ਪਰਿਵਾਰ-ਸਮੂਹ ਯਹੋਵਾਹ ਦੇ ਅੱਗੇ ਖਲੋ ਗਏ। ਜ਼ਬਦੀ ਦੇ ਪਰਿਵਾਰ ਦੀ ਚੋਣ ਕੀਤੀ ਗਈ। 18 ਯਹੋਵਾਹ ਨੇ ਕਰਮੀ ਦੇ ਪੁੱਤਰ ਆਕਾਨ ਦੀ ਚੋਣ ਕੀਤੀ। ਕਰਮੀ ਜ਼ਬਦੀ ਦਾ ਪੁੱਤਰ ਸੀ। ਅਤੇ ਜ਼ਬਦੀ ਜ਼ਰਾਹ ਦਾ ਪੁੱਤਰ ਸੀ।
19 ਫ਼ੇਰ ਯਹੋਸ਼ੁਆ ਨੇ ਆਕਾਨ ਨੂੰ ਆਖਿਆ, “ਪੁੱਤਰ, ਆਪਣੀ ਪ੍ਰਾਰਥਨਾ ਕਰ ਲੈ ਤੈਨੂੰ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦਾ ਆਦਰ ਕਰਨਾ ਚਾਹੀਦਾ ਹੈ ਅਤੇ ਉਸ ਦੇ ਸਾਹਮਣੇ ਆਪਣੇ ਪਾਪਾ ਦਾ ਇਕਰਾਰ ਕਰਨਾ ਚਾਹੀਦਾ ਹੈ। ਮੈਨੂੰ ਦੱਸ ਕਿ ਤੂੰ ਕੀ ਕੀਤਾ ਸੀ, ਅਤੇ ਕੋਈ ਵੀ ਗੱਲ ਮੇਰੇ ਕੋਲੋਂ ਛੁਪਾਉਣ ਦੀ ਕੋਸ਼ਿਸ਼ ਨਾ ਕਰ!”
20 ਆਕਾਨ ਨੇ ਜਵਾਬ ਦਿੱਤਾ, “ਇਹ ਠੀਕ ਹੈ! ਮੈਂ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦੇ ਵਿਰੁੱਧ ਪਾਪ ਕੀਤਾ ਹੈ। ਇਹੀ ਹੈ ਜੋ ਮੈਂ ਕੀਤਾ ਸੀ: 21 ਅਸੀਂ ਯਰੀਹੋ ਦੇ ਸ਼ਹਿਰ ਉੱਤੇ ਕਬਜ਼ਾ ਕਰ ਲਿਆ ਸੀ ਅਤੇ ਉਸ ਦੇ ਨਾਲ ਸਾਰੀਆਂ ਚੀਜ਼ਾਂ ਉੱਤੇ ਵੀ ਮੈਂ ਬੇਬੀਲੋਨ ਦਾ ਇੱਕ ਖੂਬਸੂਰਤ ਕੋਟ ਤਕਰੀਬਨ 15 ਪੌਂਡ ਚਾਂਦੀ, ਅਤੇ ਸੋਨੇ ਦਾ ਇੱਕ ਪੌਂਡ ਦੇਖਿਆ। ਮੈਂ ਇਹ ਚੀਜ਼ਾਂ ਆਪਣੇ ਵਾਸਤੇ ਚਾਹੁੰਦਾ ਸੀ। ਇਸ ਲਈ ਮੈਂ ਇਹ ਚੁੱਕ ਲਈਆਂ। ਤੁਹਾਨੂੰ ਉਹ ਚੀਜ਼ਾਂ ਮੇਰੇ ਤੰਬੂ ਦੀ ਜ਼ਮੀਨ ਹੇਠਾਂ ਦੱਬੀਆਂ ਹੋਈਆਂ ਮਿਲਣਗੀਆਂ। ਚਾਂਦੀ ਕੋਟ ਦੇ ਹੇਠਾਂ ਹੈ।”
22 ਇਸ ਲਈ ਯਹੋਸ਼ੁਆ ਨੇ ਕੁਝ ਆਦਮੀਆਂ ਨੂੰ ਤੰਬੂ ਵੱਲ ਭੇਜਿਆ। ਉਹ ਤੰਬੂ ਵੱਲ ਦੌੜ ਗਏ ਅਤੇ ਤੰਬੂ ਵਿੱਚ ਛੁਪੀਆਂ ਹੋਈਆਂ ਉਨ੍ਹਾਂ ਚੀਜ਼ਾਂ ਨੂੰ ਲੱਭ ਲਿਆ। ਚਾਂਦੀ ਕੋਟ ਦੇ ਹੇਠਾਂ ਸੀ। 23 ਆਦਮੀਆਂ ਨੇ ਤੰਬੂ ਵਿੱਚੋਂ ਚੀਜ਼ਾਂ ਬਾਹਰ ਲਿਆਂਦੀਆਂ। ਉਹ ਉਨ੍ਹਾਂ ਚੀਜ਼ਾਂ ਨੂੰ ਯਹੋਸ਼ੁਆ ਅਤੇ ਇਸਰਾਏਲ ਦੇ ਸਾਰੇ ਲੋਕਾਂ ਦੇ ਕੋਲ ਲੈ ਗਏ। ਉਨ੍ਹਾਂ ਨੇ ਉਨ੍ਹਾਂ ਨੂੰ ਯਹੋਵਾਹ ਦੇ ਸਾਹਮਣੇ ਧਰਤੀ ਉੱਤੇ ਸੁੱਟ ਦਿੱਤਾ।
24 ਫ਼ੇਰ ਯਹੋਸ਼ੁਆ ਅਤੇ ਇਸਰਾਏਲ ਦੇ ਸਾਰੇ ਲੋਕ ਆਕਾਨ ਵਲਦ ਜ਼ਰਹ ਨੂੰ ਆਕੋਰ ਦੀ ਵਾਦੀ ਵਿੱਚ ਲੈ ਗਏ। ਉਨ੍ਹਾਂ ਨੇ ਚਾਂਦੀ, ਕੋਟ, ਸੋਨਾ, ਆਕਾਨ ਦੇ ਧੀਆਂ, ਪੁੱਤਰਾਂ ਉਸ ਦੇ ਪਸ਼ੂਆਂ ਉਸ ਦੇ ਗਧਿਆਂ ਉਸ ਦੀਆਂ ਭੇਡਾਂ ਉਸ ਦੇ ਤੰਬੂ ਅਤੇ ਉਸਦੀ ਹਰ ਸ਼ੈਅ ਨੂੰ ਵੀ ਨਾਲ ਲੈ ਲਿਆ। ਉਹ ਇਹ ਸਾਰੀਆਂ ਚੀਜ਼ਾਂ ਆਕਾਨ ਦੇ ਨਾਲ ਹੀ ਆਕੋਰ ਦੀ ਵਾਦੀ ਵਿੱਚ ਲੈ ਗਏ। 25 ਫ਼ੇਰ ਯਹੋਸ਼ੁਆ ਨੇ ਆਖਿਆ, “ਤੂੰ ਸਾਡੇ ਲਈ ਬਹੁਤ ਮੁਸੀਬਤ ਪੈਦਾ ਕੀਤੀ! ਪਰ ਹੁਣ ਯਹੋਵਾਹ ਤੈਨੂੰ ਮੁਸੀਬਤ ਵਿੱਚ ਪਾਏਗਾ!” ਫ਼ੇਰ ਸਾਰੇ ਲੋਕਾਂ ਨੇ ਉਦੋਂ ਤੀਕ ਆਕਾਨ ਅਤੇ ਉਸ ਦੇ ਪਰਿਵਾਰ ਉੱਤੇ ਪੱਥਰ ਸੁੱਟੇ ਜਦੋਂ ਤੀਕ ਕਿ ਉਹ ਮਰ ਨਹੀਂ ਗਏ। ਫ਼ੇਰ ਲੋਕਾਂ ਨੇ ਉਨ੍ਹਾਂ ਨੂੰ ਅਤੇ ਉਸਦੀ ਹਰ ਸ਼ੈਅ ਨੂੰ ਸਾੜ ਦਿੱਤਾ। 26 ਜਦੋਂ ਉਨ੍ਹਾਂ ਨੇ ਆਕਾਨ ਨੂੰ ਸਾੜ ਦਿੱਤਾ ਤਾਂ ਉਨ੍ਹਾਂ ਨੇ ਉਸ ਦੇ ਸ਼ਰੀਰ ਉੱਤੇ ਬਹੁਤ ਸਾਰੇ ਪੱਥਰ ਰੱਖ ਦਿੱਤੇ। ਉਹ ਪੱਥਰ ਅੱਜ ਤੱਕ ਉੱਥੇ ਹੀ ਹਨ। ਇਸ ਲਈ ਪਰਮੇਸ਼ੁਰ ਨੇ ਆਕਾਨ ਲਈ ਮੁਸੀਬਤ ਲਿਆਂਦੀ। ਇਹੀ ਕਾਰਣ ਹੈ ਕਿ ਉਸ ਥਾਂ ਨੂੰ ਆਕੋਰ ਦੀ ਵਾਦੀ ਆਖਿਆ ਜਾਂਦਾ ਹੈ। ਇਸ ਤੋਂ ਮਗਰੋਂ ਯਹੋਵਾਹ ਲੋਕਾਂ ਨਾਲ ਕਰੋਧਵਾਨ ਨਹੀਂ ਸੀ।
ਅਈ ਤਬਾਹ ਹੋ ਗਿਆ
8 ਫ਼ੇਰ ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, “ਭੈਭੀਤ ਨਾ ਹੋ। ਹੌਂਸਲਾ ਨਾ ਛੱਡ। ਆਪਣੇ ਸਾਰੇ ਲੜਾਕੂਆਂ ਨੂੰ ਅਈ ਵਿਖੇ ਲੈ ਜਾ। ਮੈਂ ਅਈ ਦੇ ਰਾਜੇ ਨੂੰ ਹਰਾਉਣ ਵਿੱਚ ਤੁਹਾਡੀ ਸਹਾਇਤਾ ਕਰਾਂਗਾ। ਮੈਂ ਤੁਹਾਨੂੰ ਉਸ ਦੇ ਲੋਕ, ਉਸਦਾ ਸ਼ਹਿਰ ਅਤੇ ਉਸਦੀ ਧਰਤੀ ਦੇ ਰਿਹਾ ਹਾਂ। 2 ਤੁਸੀਂ ਅਈ ਅਤੇ ਉਸ ਦੇ ਰਾਜੇ ਨਾਲ ਉਹੀ ਸਲੂਕ ਕਰੋਂਗੇ ਜਿਹੜਾ ਤੁਸੀਂ ਯਰੀਹੋ ਅਤੇ ਉਸ ਦੇ ਰਾਜੇ ਨਾਲ ਕੀਤਾ ਸੀ। ਸਿਰਫ਼ ਇਸ ਵਾਰੀ ਤੁਸੀਂ ਸਾਰੀ ਦੌਲਤ ਨੂੰ ਅਤੇ ਸਾਰੇ ਪਸ਼ੂਆਂ ਨੂੰ ਆਪਣੇ ਲਈ ਰੱਖ ਸੱਕਦੇ ਹੋ। ਤੁਸੀਂ ਦੌਲਤ ਨੂੰ ਆਪਣੇ ਲੋਕਾਂ ਵਿੱਚ ਵੰਡ ਦਿਉਂਗੇ। ਹੁਣ, ਆਪਣੇ ਕੁਝ ਸਿਪਾਹੀਆਂ ਨੂੰ ਸ਼ਹਿਰ ਦੇ ਪਿੱਛੇ ਛੁਪ ਜਾਣ ਲਈ ਆਖੋ।”
3 ਇਸ ਲਈ ਯਹੋਸ਼ੁਆ ਆਪਣੀ ਸਾਰੀ ਫ਼ੌਜ ਅਈ ਵੱਲ ਲੈ ਗਿਆ। ਫ਼ੇਰ ਯਹੋਸ਼ੁਆ ਨੇ ਆਪਣੇ ਬਿਹਤਰੀਨ ਲੜਾਕੂਆਂ ਵਿੱਚੋਂ 3,000 ਦੀ ਚੋਣ ਕੀਤੀ। ਉਸ ਨੇ ਇਨ੍ਹਾਂ ਆਦਮੀਆਂ ਨੂੰ ਰਾਤ ਵੇਲੇ ਬਾਹਰ ਭੇਜ ਦਿੱਤਾ। 4 ਯਹੋਸ਼ੁਆ ਨੇ ਉਨ੍ਹਾਂ ਨੂੰ ਇਹ ਆਦੇਸ਼ ਦਿੱਤਾ: “ਧਿਆਨ ਨਾਲ ਸੁਣੋ ਮੈਂ ਆਖਦਾ ਹਾਂ। ਤੁਹਾਨੂੰ ਸ਼ਹਿਰ ਦੇ ਪਿੱਛਲੇ ਪਾਸੇ ਵੱਲ ਛੁਪ ਜਾਣਾ ਚਾਹੀਦਾ ਹੈ। ਹਮਲੇ ਦੇ ਵਕਤ ਦਾ ਇੰਤਜ਼ਾਰ ਕਰੋ। ਸ਼ਹਿਰ ਤੋਂ ਬਹੁਤਾ ਦੂਰ ਨਾ ਜਾਣਾ। ਨਿਗਰਾਨੀ ਜਾਰੀ ਰੱਖਣਾ ਅਤੇ ਤਿਆਰ ਰਹਿਣਾ। 5 ਮੈਂ ਆਪਣੇ ਨਾਲ ਆਦਮੀ ਲੈ ਕੇ ਸ਼ਹਿਰ ਵੱਲ ਮਾਰਚ ਕਰਾਂਗਾ। ਸ਼ਹਿਰ ਦੇ ਲੋਕ ਸਾਡੇ ਨਾਲ ਲੜਨ ਲਈ ਬਾਹਰ ਆਉਣਗੇ। ਅਸੀਂ ਮੁੜ ਪਵਾਂਗੇ ਅਤੇ ਉਨ੍ਹਾਂ ਕੋਲੋਂ ਭੱਜ ਪਵਾਂਗੇ, ਜਿਵੇਂ ਅਸੀਂ ਪਹਿਲਾਂ ਕੀਤਾ ਸੀ। 6 ਉਹ ਆਦਮੀ ਸ਼ਹਿਰ ਤੋਂ ਦੂਰ ਤੱਕ ਸਾਡਾ ਪਿੱਛਾ ਕਰਨਗੇ। ਉਹ ਸੋਚਣਗੇ ਕਿ ਅਸੀਂ ਪਹਿਲਾਂ ਵਾਂਗ ਹੀ ਉਨ੍ਹਾਂ ਕੋਲੋਂ ਭੱਜ ਰਹੇ ਹਾਂ। ਇਸ ਲਈ ਅਸੀਂ ਦੂਰ ਭੱਜ ਜਾਵਾਂਗੇ। 7 ਫ਼ੇਰ ਤੁਹਾਨੂੰ ਆਪਣੀ ਛੁਪਣਗਾਹ ਤੋਂ ਬਾਹਰ ਆ ਜਾਣਾ ਚਾਹੀਦਾ ਹੈ ਅਤੇ ਸ਼ਹਿਰ ਉੱਤੇ ਕਬਜ਼ਾ ਕਰ ਲੈਣਾ ਚਾਹੀਦਾ ਹੈ। ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਜਿੱਤਣ ਦੀ ਸ਼ਕਤੀ ਦੇਵੇਗਾ।
8 “ਤੁਹਾਨੂੰ ਉਹੀ ਕਰਨਾ ਚਾਹੀਦਾ ਹੈ ਜੋ ਯਹੋਵਾਹ ਆਖਦਾ ਹੈ। ਮੇਰੇ ਵੱਲ ਦੇਖਣਾ ਅਤੇ ਮੈਂ ਤੁਹਾਨੂੰ ਸ਼ਹਿਰ ਉੱਤੇ ਹਮਲਾ ਕਰਨ ਦਾ ਆਦੇਸ਼ ਦੇਵਾਂਗਾ। ਸ਼ਹਿਰ ਉੱਤੇ ਕਬਜ਼ਾ ਕਰ ਲੈਣਾ ਅਤੇ ਫ਼ੇਰ ਇਸ ਨੂੰ ਸਾੜ ਦੇਣਾ।”
9 ਫ਼ੇਰ ਯਹੋਸ਼ੁਆ ਨੇ ਉਨ੍ਹਾਂ ਆਦਮੀਆਂ ਨੂੰ ਉਨ੍ਹਾਂ ਦੀ ਛੁਪਣਗਾਹ ਵੱਲ ਭੇਜ ਦਿੱਤਾ ਅਤੇ ਇੰਤਜ਼ਾਰ ਕਰਨ ਲੱਗਾ। ਉਹ ਬੈਤਏਲ ਅਤੇ ਅਈ ਦੇ ਵਿੱਚਕਾਰ ਦੀ ਥਾਂ ਉੱਤੇ ਚੱਲੇ ਗਏ। ਇਹ ਅਈ ਦੇ ਪੱਛਮ ਵੱਲ ਸੀ। ਅਤੇ ਯਹੋਸ਼ੁਆ ਆਪਣੇ ਲੋਕਾਂ ਨਾਲ ਰਾਤ ਭਰ ਠਹਿਰਿਆ।
10 ਅਗਲੀ ਸਵੇਰ ਸੁਵਖਤੇ ਹੀ ਯਹੋਸ਼ੁਆ ਨੇ ਆਦਮੀਆਂ ਨੂੰ ਇਕੱਠਿਆ ਕੀਤਾ। ਫ਼ੇਰ ਯਹੋਸ਼ੁਆ ਅਤੇ ਇਸਰਾਏਲ ਦੇ ਆਗੂ ਆਦਮੀਆਂ ਨੂੰ ਅਈ ਵੱਲ ਲੈ ਗਏ। 11 ਉਨ੍ਹਾਂ ਸਾਰੇ ਸਿਪਾਹੀਆਂ ਨੇ, ਜਿਹੜੇ ਯਹੋਸ਼ੁਆ ਦੇ ਨਾਲ ਸਨ, ਅਈ ਵੱਲ ਮਾਰਚ ਕਰ ਦਿੱਤਾ। ਉਹ ਸ਼ਹਿਰ ਦੇ ਸਾਹਮਣੇ ਜਾਕੇ ਰੁਕ ਗਏ। ਫ਼ੌਜ ਨੇ ਸ਼ਹਿਰ ਦੇ ਉੱਤਰ ਵੱਲ ਆਪਣਾ ਡੇਰਾ ਲਾ ਲਿਆ। ਫ਼ੌਜ ਅਤੇ ਅਈ ਦੇ ਵਿੱਚਕਾਰ ਇੱਕ ਵਾਦੀ ਸੀ।
12 ਫ਼ੇਰ ਯਹੋਸ਼ੁਆ ਨੇ ਤਕਰੀਬਨ 5,000 ਆਦਮੀ ਚੁਣੇ। ਯਹੋਸ਼ੁਆ ਨੇ ਇਨ੍ਹਾਂ ਆਦਮੀਆਂ ਨੂੰ ਸ਼ਹਿਰ ਦੇ ਪੱਛਮ ਵਾਲੇ ਪਾਸੇ ਬੈਤਏਲ ਅਤੇ ਅਈ ਦੇ ਵਿੱਚਕਾਰ ਜਾਕੇ ਛੁਪ ਜਾਣ ਲਈ ਭੇਜ ਦਿੱਤਾ। 13 ਇਸ ਲਈ ਯਹੋਸ਼ੁਆ ਨੇ ਆਪਣੇ ਆਦਮੀਆਂ ਨੂੰ ਲੜਾਈ ਲਈ ਤਿਆਰ ਕੀਤਾ। ਮੁਖ ਡੇਰਾ ਸ਼ਹਿਰ ਦੇ ਉੱਤਰ ਵੱਲ ਸੀ। ਦੂਸਰੇ ਆਦਮੀ ਪੱਛਮ ਵੱਲ ਛੁੱਪੇ ਹੋਏ ਸਨ। ਉਸ ਰਾਤ ਯਹੋਸ਼ੁਆ ਵਾਦੀ ਵਿੱਚ ਹੇਠਾਂ ਗਿਆ।
14 ਬਾਦ ਵਿੱਚ, ਅਈ ਦੇ ਰਾਜੇ ਨੇ ਇਸਰਾਏਲ ਦੀ ਫ਼ੌਜ ਨੂੰ ਦੇਖਿਆ। ਰਾਜਾ ਅਤੇ ਉਸ ਦੇ ਬੰਦੇ ਇਸਰਾਏਲ ਦੀ ਫ਼ੌਜ ਨਾਲ ਲੜਨ ਲਈ ਕਾਹਲੀ ਨਾਲ ਬਾਹਰ ਆਏ। ਅਈ ਦਾ ਰਾਜਾ ਸ਼ਹਿਰ ਦੇ ਪੂਰਬ ਵਾਲੇ ਪਾਸੇ ਯਰਦਨ ਵਾਦੀ ਵੱਲ ਗਿਆ, ਇਸ ਲਈ ਉਸ ਨੇ ਸ਼ਹਿਰ ਦੇ ਪਿੱਛੇ ਛੁੱਪੇ ਹੋਏ ਸਿਪਾਹੀਆਂ ਨੂੰ ਨਹੀਂ ਦੇਖਿਆ।
15 ਯਹੋਸ਼ੁਆ ਅਤੇ ਇਸਰਾਏਲ ਦੇ ਸਾਰੇ ਆਦਮੀਆਂ ਨੇ ਅਈ ਦੀ ਫ਼ੌਜ ਨੂੰ ਉਨ੍ਹਾਂ ਨੂੰ ਪਿੱਛਾਂਹ ਵੱਲ ਧੱਕਣ ਦਿੱਤਾ। ਯਹੋਸ਼ੁਆ ਅਤੇ ਉਸ ਦੇ ਆਦਮੀ ਪੂਰਬ ਵਾਲੇ ਪਾਸੇ ਮਾਰੂਥਲ ਵੱਲ ਭੱਜਣ ਲੱਗੇ। 16 ਸ਼ਹਿਰ ਦੇ ਲੋਕਾਂ ਨੇ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ ਅਤੇ ਯਹੋਸ਼ੁਆ ਅਤੇ ਉਸ ਦੇ ਬੰਦਿਆਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਸਾਰੇ ਲੋਕਾਂ ਨੇ ਸ਼ਹਿਰ ਛੱਡ ਦਿੱਤਾ। 17 ਅਈ ਅਤੇ ਬੈਤਏਲ ਦੇ ਸਾਰੇ ਲੋਕਾਂ ਨੇ ਇਸਰਾਏਲ ਦੀ ਫ਼ੌਜ ਦਾ ਪਿੱਛਾ ਕੀਤਾ। ਸ਼ਹਿਰ ਖੁਲ੍ਹਾ ਰਹਿ ਗਿਆ-ਕੋਈ ਵੀ ਸ਼ਹਿਰ ਦੀ ਰਾਖੀ ਲਈ ਨਹੀਂ ਠਹਿਰਿਆ।
18 ਫ਼ੇਰ ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, “ਆਪਣੇ ਬਰਛੇ ਨੂੰ ਅਈ ਦੇ ਸ਼ਹਿਰ ਵੱਲ ਸੇਧ ਲੈ। ਮੈਂ ਤੈਨੂੰ ਇਹ ਸ਼ਹਿਰ ਦੇ ਦੇਵਾਂਗਾ।” ਇਸ ਲਈ ਯਹੋਸ਼ੁਆ ਨੇ ਆਪਣਾ ਬਰਛਾ ਅਈ ਸ਼ਹਿਰ ਵੱਲ ਸੇਧਿਆ। 19 ਜਿਹੜੇ ਇਸਰਾਏਲ ਦੇ ਆਦਮੀ ਛੁੱਪੇ ਹੋਏ ਸਨ ਉਨ੍ਹਾਂ ਨੇ ਇਸ ਨੂੰ ਦੇਖ ਲਿਆ। ਉਹ ਕਾਹਲੀ ਨਾਲ ਆਪਣੀ ਛੁਪਣਗਾਹ ਵਿੱਚੋਂ ਬਾਹਰ ਨਿਕਲ ਆਏ ਅਤੇ ਸ਼ਹਿਰ ਵੱਲ ਭੱਜੇ। ਉਹ ਸ਼ਹਿਰ ਵਿੱਚ ਦਾਖਲ ਹੋ ਗਏ ਅਤੇ ਇਸ ਉੱਤੇ ਕਾਬੂ ਪਾ ਲਿਆ। ਫ਼ੇਰ ਸਿਪਾਹੀਆਂ ਨੇ ਸ਼ਹਿਰ ਨੂੰ ਅੱਗ ਲਾਕੇ ਸਾੜਨਾ ਸ਼ੁਰੂ ਕਰ ਦਿੱਤਾ।
20 ਅਈ ਦੇ ਆਦਮੀਆਂ ਨੇ ਪਿੱਛੇ ਮੁੜਕੇ ਦੇਖਿਆ ਅਤੇ ਸ਼ਹਿਰ ਨੂੰ ਸੜਦਿਆਂ ਦੇਖਿਆ। ਉਨ੍ਹਾਂ ਨੇ ਆਕਾਸ਼ ਤੱਕ ਧੂੰਆ ਉੱਠਦਿਆਂ ਦੇਖਿਆ। ਇਸ ਲਈ ਉਨ੍ਹਾਂ ਦੀ ਸ਼ਕਤੀ ਅਤੇ ਹੌਂਸਲਾ ਟੁੱਟ ਗਿਆ। ਉਨ੍ਹਾਂ ਨੇ ਇਸਰਾਏਲ ਦੇ ਆਦਮੀਆਂ ਦਾ ਪਿੱਛਾ ਕਰਨਾ ਛੱਡ ਦਿੱਤਾ। ਇਸਰਾਏਲ ਦੇ ਆਦਮੀ ਭੱਜਣ ਤੋਂ ਰੁਕ ਗਏ। ਉਹ ਮੁੜ ਪਏ ਅਤੇ ਅਈ ਦੇ ਆਦਮੀਆਂ ਨਾਲ ਲੜਨ ਲਈ ਗਏ। ਅਈ ਦੇ ਆਦਮੀਆਂ ਲਈ ਭੱਜਣ ਦੀ ਕੋਈ ਸੁਰੱਖਿਅਤ ਥਾਂ ਨਹੀਂ ਸੀ। 21 ਯਹੋਸ਼ੁਆ ਅਤੇ ਉਸ ਦੇ ਆਦਮੀਆਂ ਨੇ ਦੇਖਿਆ ਕਿ ਉਸਦੀ ਫ਼ੌਜ ਨੇ ਸ਼ਹਿਰ ਉੱਤੇ ਕਬਜ਼ਾ ਕਰ ਲਿਆ ਸੀ। ਉਨ੍ਹਾਂ ਨੇ ਸ਼ਹਿਰ ਵਿੱਚੋਂ ਧੂੰਆਂ ਉੱਠਦਿਆਂ ਦੇਖਿਆ। ਇਹ ਉਹੀ ਸਮਾਂ ਸੀ ਜਦੋਂ ਉਨ੍ਹਾਂ ਨੇ ਭੱਜਣਾ ਛੱਡ ਦਿੱਤਾ ਸੀ, ਅਤੇ ਮੁੜ ਪਏ ਸਨ ਅਤੇ ਅਈ ਦੇ ਬੰਦਿਆਂ ਨਾਲ ਲੜਨ ਲਈ ਦੌੜ ਪਏ ਸਨ। 22 ਫ਼ੇਰ ਜਿਹੜੇ ਆਦਮੀ ਛੁਪ ਗਏ ਸਨ ਸ਼ਹਿਰ ਤੋਂ ਬਾਹਰ ਲੜਾਈ ਵਿੱਚ ਸਹਾਇਤਾ ਕਰਨ ਲਈ ਆ ਗਏ। ਇਸਰਾਏਲ ਦੀ ਫ਼ੌਜ ਅਈ ਦੇ ਬੰਦਿਆਂ ਦੇ ਦੋਹੀ ਪਾਸੀਂ ਸੀ-ਅਈ ਦੇ ਬੰਦੇ ਫ਼ਸ ਗਏ। ਇਸਰਾਏਲ ਨੇ ਉਨ੍ਹਾਂ ਨੂੰ ਹਰਾ ਦਿੱਤਾ। ਉਹ ਉਦੋਂ ਤੀਕ ਲੜਦੇ ਰਹੇ ਜਦੋਂ ਤੀਕ ਕਿ ਅਈ ਦਾ ਕੋਈ ਵੀ ਬੰਦਾ ਬੱਚਿਆਂ ਨਹੀਂ ਰਿਹਾ-ਦੁਸ਼ਮਣ ਦਾ ਕੋਈ ਵੀ ਬੰਦਾ ਬੱਚਿਆਂ ਨਹੀਂ ਰਿਹਾ-ਦੁਸ਼ਮਣ ਦਾ ਕੋਈ ਵੀ ਬੰਦਾ ਬਚ ਨਹੀਂ ਸੱਕਿਆ। 23 ਪਰ ਅਈ ਦਾ ਰਾਜਾ ਜਿਉਂਦਾ ਰਹਿ ਗਿਆ। ਯਹੋਸ਼ੁਆ ਦੇ ਆਦਮੀ ਉਸ ਨੂੰ ਯਹੋਸ਼ੁਆ ਕੋਲ ਲੈ ਗਏ।
ਲੜਾਈ ਦਾ ਵੇਰਵਾ
24 ਲੜਾਈ ਸਮੇਂ, ਇਸਰਾਏਲ ਦੀ ਫ਼ੌਜ ਨੇ ਅਈ ਦੇ ਆਦਮੀਆਂ ਦਾ ਖੇਤਾਂ ਅਤੇ ਮਾਰੂਥਲ ਵਿੱਚ ਪਿੱਛਾ ਕੀਤਾ। ਇਸ ਲਈ ਇਸਰਾਏਲ ਦੀ ਫ਼ੌਜ ਨੇ ਅਈ ਦੇ ਸਾਰੇ ਆਦਮੀਆਂ ਨੂੰ ਖੇਤਾਂ ਅਤੇ ਮਾਰੂਥਲ ਅੰਦਰ ਮਾਰ ਮੁਕਾਇਆ। ਫ਼ੇਰ ਇਸਰਾਏਲ ਦੇ ਆਦਮੀ ਅਈ ਵਾਪਸ ਪਰਤ ਆਏ ਅਤੇ ਉਨ੍ਹਾਂ ਸਾਰੇ ਲੋਕਾਂ ਨੂੰ ਮਾਰ ਦਿੱਤਾ ਜਿਹੜੇ ਹਾਲੇ ਵੀ ਸ਼ਹਿਰ ਵਿੱਚ ਜਿਉਂਦੇ ਰਹਿ ਗਏ ਸਨ। 25 ਅਈ ਦੇ ਸਾਰੇ ਲੋਕ ਉਸ ਦਿਨ ਮਾਰੇ ਗਏ। ਉੱਥੇ 12,000 ਆਦਮੀ ਅਤੇ ਔਰਤਾਂ ਸਨ। 26 ਯਹੋਸ਼ੁਆ ਨੇ ਆਪਣਾ ਬਰਛਾ ਅਈ ਵੱਲ ਸੇਧਿਆ। ਇਹ ਉਸ ਦੇ ਲੋਕਾਂ ਨੂੰ ਸ਼ਹਿਰ ਤਬਾਹ ਕਰ ਦੇਣ ਦਾ ਸੰਕੇਤ ਸੀ। ਅਤੇ ਯਹੋਸ਼ੁਆ ਉਦੋਂ ਤੀਕ ਰੁਕਿਆ ਜਦੋਂ ਤੱਕ ਕਿ ਅਈ ਦੇ ਸਾਰੇ ਲੋਕ ਤਬਾਹ ਨਹੀਂ ਹੋ ਗਏ। 27 ਇਸਰਾਏਲ ਦੇ ਲੋਕਾਂ ਨੇ ਸ਼ਹਿਰ ਦੇ ਪਸ਼ੂਆਂ ਅਤੇ ਹਰੇਕ ਚੀਜ਼ ਨੂੰ ਆਪਣੇ ਲਈ ਰੱਖ ਲਿਆ। ਉਹੀ ਗੱਲ ਸੀ ਜਿਹੜੀ ਯਹੋਵਾਹ ਨੇ ਆਖੀ ਸੀ ਕਿ ਉਹ ਕਰ ਸੱਕਦੇ ਹਨ। ਜਦੋਂ ਉਸ ਨੇ ਯਹੋਸ਼ੁਆ ਨੂੰ ਆਦੇਸ਼ ਦਿੱਤੇ ਸਨ।
28 ਫ਼ਿਰ ਯਹੋਸ਼ੁਆ ਨੇ ਅਈ ਦੇ ਸ਼ਹਿਰ ਨੂੰ ਸਾੜ ਦਿੱਤਾ। ਉਹ ਸ਼ਹਿਰ ਮਲਬੇ ਦਾ ਢੇਰ ਬਣ ਗਿਆ ਇਹ ਅੱਜ ਵੀ ਉਸੇ ਤਰ੍ਹਾਂ ਹੈ। 29 ਯਹੋਸ਼ੁਆ ਨੇ ਅਈ ਦੇ ਰਾਜੇ ਨੂੰ ਇੱਕ ਰੁੱਖ ਉੱਤੇ ਫ਼ਾਂਸੀ ਦੇ ਦਿੱਤੀ। ਉਸ ਨੇ ਉਸ ਨੂੰ ਸ਼ਾਮ ਤੱਕ ਰੁੱਖ ਉੱਤੇ ਲਟਕੇ ਰਹਿਣ ਦਿੱਤਾ। ਸੂਰਜ ਛੁਪਣ ਵੇਲੇ ਯਹੋਸ਼ੁਆ ਨੇ ਆਪਣੇ ਆਦਮੀਆਂ ਨੂੰ ਰਾਜੇ ਦੀ ਲੋਥ ਨੂੰ ਰੁੱਖ ਤੋਂ ਉਤਾਰਨ ਲਈ ਆਖਿਆ। ਉਨ੍ਹਾਂ ਨੇ ਉਸਦੀ ਲੋਥ ਸ਼ਹਿਰ ਦੇ ਦਰਵਾਜ਼ੇ ਉੱਤੇ ਸੁੱਟ ਦਿੱਤੀ। ਫ਼ਿਰ ਉਨ੍ਹਾਂ ਨੇ ਲੋਥ ਨੂੰ ਬਹੁਤ ਸਾਰੇ ਪੱਥਰਾਂ ਨਾਲ ਢੱਕ ਦਿੱਤਾ। ਉਹ ਪਥਰਾਂ ਦਾ ਢੇਰ ਅੱਜ ਵੀ ਉੱਥੇ ਹੀ ਹੈ।
ਅਸੀਸਾਂ ਅਤੇ ਸਰਾਪਾ ਨੂੰ ਪੜ੍ਹਨਾ
30 ਫ਼ਿਰ ਯਹੋਸ਼ੁਆ ਨੇ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਲਈ ਇੱਕ ਜਗਵੇਦੀ ਉਸਾਰੀ। ਉਸ ਨੇ ਉਹ ਜਗਵੇਦੀ ਏਬਾਲ ਪਹਾੜੀ ਉੱਤੇ ਉਸਾਰੀ। 31 ਯਹੋਵਾਹ ਦੇ ਸੇਵਕ ਮੂਸਾ ਨੇ ਇਸਰਾਏਲ ਦੇ ਲੋਕਾਂ ਨੂੰ ਦੱਸਿਆ ਸੀ ਕਿ ਜਗਵੇਦੀਆਂ ਕਿਵੇਂ ਬਨਾਉਣੀਆਂ ਹਨ। ਇਸ ਲਈ ਯਹੋਸ਼ੁਆ ਨੇ ਜਗਵੇਦੀ ਉਸੇ ਤਰ੍ਹਾਂ ਬਣਾਈ ਜਿਸ ਤਰ੍ਹਾਂ ਇਸ ਬਾਰੇ ਮੂਸਾ ਦੀ ਬਿਵਸਥਾ ਦੀ ਪੋਥੀ ਵਿੱਚ ਲਿਖਿਆ ਹੋਇਆ ਸੀ। ਜਗਵੇਦੀ ਅਨਘੜ ਪੱਥਰਾਂ ਦੀ ਬਣੀ ਹੋਈ ਸੀ। ਉਨ੍ਹਾਂ ਪੱਥਰਾਂ ਉੱਤੇ ਕਦੇ ਵੀ ਕਿਸੇ ਔਜ਼ਾਰ ਦੀ ਵਰਤੋਂ ਨਹੀਂ ਕੀਤੀ ਗਈ ਸੀ। ਉਹ ਉਸ ਜਗਵੇਦੀ ਉੱਤੇ ਯਹੋਵਾਹ ਨੂੰ ਹੋਮ ਦੀਆਂ ਭੇਟਾ ਚੜ੍ਹਾਉਂਦੇ ਸਨ। ਉਹ ਸੁੱਖ-ਸਾਂਦ ਦੀਆਂ ਭੇਟਾਂ ਵੀ ਚੜ੍ਹਾਉਂਦੇ ਸਨ।
32 ਉਸੇ ਥਾਂ, ਯਹੋਸ਼ੁਆ ਨੇ ਮੂਸਾ ਦੀ ਬਿਵਸਥਾ ਪੱਥਰਾਂ ਉੱਤੇ ਲਿਖੀ। ਉਸ ਨੇ ਅਜਿਹਾ ਉਦੋਂ ਕੀਤਾ ਜਦ ਸਾਰੇ ਇਸਰਾਏਲੀ ਵੇਖ ਰਹੇ ਸਨ। 33 ਬਜ਼ੁਰਗ, ਅਧਿਕਾਰੀ, ਜੱਜ ਅਤੇ ਇਸਰਾਏਲ ਦੇ ਸਾਰੇ ਲੋਕ ਪਵਿੱਤਰ ਸੰਦੂਕ ਦੇ ਆਲੇ-ਦੁਆਲੇ ਖੜ੍ਹੇ ਸਨ। ਉਹ ਉਨ੍ਹਾਂ ਲੇਵੀ ਜਾਜਕਾਂ ਦੇ ਸਾਹਮਣੇ ਖੜ੍ਹੇ ਸਨ ਜਿਹੜੇ ਯਹੋਵਾਹ ਦੇ ਇਕਰਾਰਨਾਮੇ ਵਾਲਾ ਪਵਿੱਤਰ ਸੰਦੂਕ ਚੁੱਕ ਕੇ ਲਿਆਏ ਸਨ। ਇਸਰਾਏਲ ਦੇ ਲੋਕ ਅਤੇ ਉਨ੍ਹਾਂ ਦੇ ਨਾਲ ਦੇ ਹੋਰ ਲੋਕ ਉੱਥੇ ਖੜੋਤੇ ਸਨ। ਅੱਧੇ ਲੋਕ ਏਬਾਲ ਪਹਾੜ ਦੇ ਸਾਹਮਣੇ ਖੜੋਤੇ ਸਨ ਅਤੇ ਦੂਸਰੇ ਅੱਧੇ ਲੋਕ ਗਰਿਜ਼ੀਮ ਪਹਾੜ ਦੇ ਸਾਹਮਣੇ ਖੜੋਤੇ ਸਨ। ਯਹੋਵਾਹ ਦੇ ਸੇਵਕ ਮੂਸਾ ਨੇ ਲੋਕਾਂ ਨੂੰ ਅਜਿਹਾ ਕਰਨ ਲਈ ਆਖਿਆ ਸੀ। ਮੂਸਾ ਨੇ ਉਨ੍ਹਾਂ ਨੂੰ ਅਜਿਹਾ ਉਹ ਅਸੀਸ ਲੈਣ ਲਈ ਕਰਨ ਨੂੰ ਆਖਿਆ ਸੀ।
34 ਫ਼ੇਰ ਯਹੋਸ਼ੁਆ ਨੇ ਨੇਮ ਦੇ ਸਾਰੇ ਸ਼ਬਦ ਪੜ੍ਹੇ। ਯਹੋਸ਼ੁਆ ਨੇ ਅਸੀਸਾ ਅਤੇ ਸਰਾਪਾ ਬਾਰੇ ਪੜ੍ਹਿਆ। ਉਸ ਨੇ ਹਰ ਗੱਲ ਉਸੇ ਤਰ੍ਹਾਂ ਪੜ੍ਹੀ ਜਿਵੇਂ ਬਿਵਸਥਾ ਦੀ ਪੋਥੀ ਵਿੱਚ ਲਿਖੀ ਹੋਈ ਸੀ। 35 ਇਸਰਾਏਲ ਦੇ ਸਾਰੇ ਲੋਕ ਉੱਥੇ ਇਕੱਠੇ ਹੋਏ ਸਨ। ਇਸਰਾਏਲ ਦੇ ਲੋਕਾਂ ਨਾਲ ਰਹਿਣ ਵਾਲੇ ਸਾਰੇ ਵਿਦੇਸ਼ੀ, ਔਰਤਾਂ ਅਤੇ ਬੱਚੇ ਉੱਥੇ ਸਨ। ਅਤੇ ਯਹੋਸ਼ੁਆ ਨੇ ਉਹ ਹਰ ਆਦੇਸ਼ ਪੜ੍ਹਿਆ ਜਿਹੜਾ ਮੂਸਾ ਨੇ ਦਿੱਤਾ ਸੀ।
ਗਿਬਓਨੀਆਂ ਦੀ ਯਹੋਸ਼ੁਆ ਨਾਲ ਚਲਾਕੀ
9 ਯਰਦਨ ਨਦੀ ਦੇ ਪੱਛਮ ਵੱਲ ਦੇ ਸਾਰੇ ਰਾਜਿਆਂ ਨੇ ਇਨ੍ਹਾਂ ਗੱਲਾਂ ਬਾਰੇ ਸੁਣਿਆ। ਰਾਜੇ ਹਿੱਤੀ ਲੋਕਾਂ, ਅਮੋਰੀ ਲੋਕਾਂ, ਕਨਾਨੀ ਲੋਕਾਂ, ਫ਼ਰਿੱਜ਼ੀਆਂ ਲੋਕਾਂ, ਹਿੱਵੀ ਲੋਕਾਂ ਅਤੇ ਯਬੂਸੀ ਲੋਕਾਂ ਦੇ ਸਨ। ਉਹ ਪਹਾੜੀ ਇਲਾਕੇ ਅਤੇ ਮੈਦਾਨਾ ਵਿੱਚ ਰਹਿੰਦੇ ਸਨ। ਉਹ ਭੂਮੱਧ ਸਾਗਰ ਦੇ ਕੰਢੇ ਦੇ ਨਾਲ-ਨਾਲ ਲਬਾਨੋਨ ਤੱਕ ਰਹਿੰਦੇ ਸਨ। 2 ਉਹ ਸਾਰੇ ਰਾਜੇ ਇਕੱਠੇ ਹੋ ਗਏ। ਉਨ੍ਹਾਂ ਨੇ ਯਹੋਸ਼ੁਆ ਅਤੇ ਇਸਰਾਏਲ ਦੇ ਲੋਕਾਂ ਵਿਰੁੱਧ ਲੜਨ ਦੀਆਂ ਵਿਉਂਤਾ ਬਣਾਈਆਂ।
3 ਗਿਬਓਨ ਦੇ ਲੋਕਾਂ ਨੇ ਇਹ ਗੱਲ ਸੁਣੀ ਕਿ ਯਹੋਸ਼ੁਆ ਨੇ ਯਰੀਹੋ ਅਤੇ ਅਈ ਨੂੰ ਕਿਵੇਂ ਹਰਾਇਆ ਸੀ। 4 ਇਸ ਲਈ ਉਨ੍ਹਾਂ ਲੋਕਾਂ ਨੇ ਇਸਰਾਏਲ ਦੇ ਲੋਕਾਂ ਨਾਲ ਚਲਾਕੀ ਖੇਡਣ ਦੀ ਵਿਉਂਤ ਬਣਾਈ। ਉਨ੍ਹਾਂ ਦੀ ਵਿਉਂਤ ਇਹ ਸੀ: ਉਨ੍ਹਾਂ ਨੇ ਮੈਅ ਦੀਆਂ ਪੁਰਾਣੀਆਂ ਮਸ਼ਕਾ ਇਕੱਠੀਆਂ ਕੀਤੀਆਂ ਜਿਹੜੀਆਂ ਫ਼ਟੀਆਂ ਅਤੇ ਸੁਧਾਰੀਆਂ ਹੋਈਆਂ ਸਨ ਅਤੇ ਉਹ ਆਪਣੇ ਪਸ਼ੂਆਂ ਦੀਆਂ ਪਿੱਠਾਂ ਉੱਤੇ ਪਾ ਦਿੱਤੀਆਂ। ਉਨ੍ਹਾਂ ਨੇ ਆਪਣੇ ਪਸ਼ੂਆਂ ਉੱਤੇ ਪੁਰਾਣੀਆਂ ਪਾਟੀਆਂ ਹੋਈਆਂ ਬੋਰੀਆਂ ਵੀ ਪਾ ਦਿੱਤੀਆਂ ਜਿਸ ਤੋਂ ਲੱਗੇ ਕਿ ਉਨ੍ਹਾਂ ਨੇ ਬਹੁਤ ਲੰਬਾ ਸਫ਼ਰ ਕੀਤਾ ਹੈ। 5 ਆਦਮੀਆਂ ਨੇ ਆਪਣੇ ਪੈਰਾਂ ਵਿੱਚ ਪੁਰਾਣੀਆਂ ਜੁੱਤੀਆਂ ਪਾ ਲਈਆਂ। ਆਦਮੀਆਂ ਨੇ ਪੁਰਾਣੇ ਕੱਪੜੇ ਪਾ ਲਏ। ਉਨ੍ਹਾਂ ਆਦਮੀਆਂ ਨੇ ਕੁਝ ਬੇਹੀ ਰੋਟੀ ਲੱਭੀ ਜਿਹੜੀ ਸੁੱਕੀ ਅਤੇ ਉੱਲੀ ਵਾਲੀ ਸੀ। ਇਸ ਤਰ੍ਹਾਂ ਉਹ ਲੋਕ ਇਉਂ ਜਾਪਦੇ ਸਨ ਜਿਵੇਂ ਬਹੁਤ ਦੂਰੋਂ ਸਫ਼ਰ ਕਰਕੇ ਆਏ ਸਨ। 6 ਫ਼ਿਰ ਉਹ ਆਦਮੀ ਇਸਰਾਏਲ ਦੇ ਲੋਕਾਂ ਦੇ ਡੇਰੇ ਵਿੱਚ ਗਏ। ਡੇਰਾ ਗਿਲਗਾਲ ਦੇ ਨੇੜੇ ਸੀ।
ਆਦਮੀ ਯਹੋਸ਼ੁਆ ਕੋਲ ਗਏ ਅਤੇ ਉਸ ਨੂੰ ਆਖਿਆ, “ਅਸੀਂ ਬਹੁਤ ਦੂਰ ਦੇਸ਼ੋਂ ਸਫ਼ਰ ਕਰਕੇ ਆਏ ਹਾਂ, ਅਸੀਂ ਤੁਹਾਡੇ ਨਾਲ ਇੱਕ ਸ਼ਾਂਤੀ ਦਾ ਇਕਰਾਰਨਾਮਾ ਕਰਨਾ ਚਾਹੁੰਦੇ ਹਾਂ।”
7 ਇਸਰਾਏਲ ਦੇ ਲੋਕਾਂ ਨੇ (ਗਿਬਓਨ ਦੇ ਆਦਮੀਆਂ) ਹਿੱਵੀਆਂ ਨੂੰ ਆਖਿਆ, “ਸ਼ਾਇਦ ਤੁਸੀਂ ਸਾਡੇ ਨਾਲ ਚਲਾਕੀ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਸ਼ਾਇਦ ਤੁਸੀਂ ਸਾਡੇ ਬਹੁਤ ਹੀ ਨੇੜੇ ਰਹਿੰਦੇ ਹੋ। ਅਸੀਂ ਤੁਹਾਡੇ ਨਾਲ ਉਦੋਂ ਤੱਕ ਸ਼ਾਂਤੀ ਦਾ ਇਕਰਾਰਨਾਮਾ ਨਹੀਂ ਕਰਾਂਗੇ ਜਿੰਨੀ ਦੇਰ ਤੱਕ ਅਸੀਂ ਇਹ ਨਾ ਜਾਣ ਲਈਏ ਕਿ ਤੁਸੀਂ ਕਿੱਥੋਂ ਆਏ।”
8 ਇਨ੍ਹਾਂ ਹਿੱਵੀ ਆਦਮੀਆਂ ਨੇ ਯਹੋਸ਼ੁਆ ਨੂੰ ਆਖਿਆ, “ਅਸੀਂ ਤੁਹਾਡੇ ਸੇਵਕ ਹਾਂ”
ਪਰ ਯਹੋਸ਼ੁਆ ਨੇ ਆਖਿਆ, “ਤੁਸੀਂ ਕੌਣ ਹੋ? ਤੁਸੀਂ ਕਿੱਥੋਂ ਆਏ ਹੋ?”
9 ਆਦਮੀਆਂ ਨੇ ਜਵਾਬ ਦਿੱਤਾ, “ਅਸੀਂ ਤੁਹਾਡੇ ਸੇਵਕ ਹਾਂ। ਅਸੀਂ ਬਹੁਤ ਦੂਰ ਦੇਸ਼ ਤੋਂ ਆਏ ਹਾਂ। ਅਸੀਂ ਇਸ ਲਈ ਆਏ ਹਾਂ ਕਿਉਂਕਿ ਅਸੀਂ ਯਹੋਵਾਹ, ਤੁਹਾਡੇ ਪਰਮੇਸ਼ੁਰ, ਦੀ ਮਹਾਨ ਸ਼ਕਤੀ ਬਾਰੇ ਸੁਣਿਆ ਹੈ। ਅਸੀਂ ਉਨ੍ਹਾਂ ਗੱਲਾਂ ਬਾਰੇ ਸੁਣਿਆ ਹੈ ਜਿਹੜੀਆਂ ਉਸ ਨੇ ਕੀਤੀਆਂ ਹਨ। ਅਸੀਂ ਮਿਸਰ ਵਿੱਚ ਉਸ ਵੱਲੋਂ ਕੀਤੀ ਹਰ ਗੱਲ ਬਾਰੇ ਸੁਣਿਆ। 10 ਅਤੇ ਅਸੀਂ ਇਹ ਵੀ ਸੁਣਿਆ ਹੈ ਕਿ ਉਸ ਨੇ ਯਰਦਨ ਨਦੀ ਦੇ ਪੂਰਬ ਵੱਲ ਅਮੋਰੀ ਲੋਕਾਂ ਦੇ ਦੋ ਰਾਜਿਆਂ ਨੂੰ ਹਰਾ ਦਿੱਤਾ ਹੈ। ਇਹ ਅਸ਼ਤਾਰੋਥ ਦੀ ਧਰਤੀ ਉੱਤੇ ਹਸ਼ਬੋਨ ਦਾ ਰਾਜਾ ਸੀਹੋਨ ਸੀ ਅਤੇ ਬਾਸ਼ਾਨ ਦਾ ਰਾਜਾ ਓਗ ਸੀ। 11 ਇਸ ਲਈ ਸਾਡੇ ਬਜ਼ੁਰਗਾਂ ਅਤੇ ਸਾਡੇ ਲੋਕਾਂ ਨੇ ਸਾਨੂੰ ਆਖਿਆ, ‘ਆਪਣੇ ਸਫ਼ਰ ਲਈ ਕਾਫ਼ੀ ਭੋਜਨ ਲੈ ਲਓ। ਜਾਓ ਅਤੇ ਇਸਰਾਏਲ ਦੇ ਲੋਕਾਂ ਨੂੰ ਮਿਲੋ।’ ਉਨ੍ਹਾਂ ਨੂੰ ਆਖੋ, ‘ਅਸੀਂ ਤੁਹਾਡੇ ਸੇਵਕ ਹਾਂ। ਸਾਡੇ ਨਾਲ ਸ਼ਾਂਤੀ ਦਾ ਇਕਰਾਰਨਾਮਾ ਕਰ ਲਵੋ।’
12 “ਸਾਡੀ ਰੋਟੀ ਵੱਲ ਦੇਖੋ! ਜਦੋਂ ਅਸੀਂ ਘਰੋਂ ਚੱਲੇ ਸਾਂ ਇਹ ਗਰਮ ਅਤੇ ਤਾਜੀ ਸੀ। ਪਰ ਹੁਣ ਤੁਸੀਂ ਦੇਖ ਸੱਕਦੇ ਹੋ ਕਿ ਇਹ ਸੁੱਕੀ ਅਤੇ ਬੇਹੀ ਹੈ। 13 ਸਾਡੀਆਂ ਮੈਅ ਦੀਆਂ ਮਸ਼ਕਾ ਦੇਖੋ! ਜਦੋਂ ਅਸੀਂ ਘਰੋਂ ਚੱਲੇ ਸਾਂ ਇਹ ਨਵੀਆਂ ਸਨ ਅਤੇ ਮੈਅ ਨਾਲ ਭਰੀਆਂ ਹੋਈਆਂ ਸਨ। ਹੁਣ ਤੁਸੀਂ ਦੇਖ ਸੱਕਦੇ ਹੋ ਕਿ ਇਹ ਫ਼ਟੀਆਂ ਪੁਰਾਣੀਆਂ ਹੋ ਗਈਆਂ ਹਨ। ਸਾਡੇ ਕੱਪੜਿਆਂ ਅਤੇ ਜੁੱਤੀਆਂ ਵੱਲ ਦੇਖੋ। ਤੁਸੀਂ ਦੇਖ ਸੱਕਦੇ ਹੋ ਕਿ ਲੰਮੇ ਸਫ਼ਰ ਨੇ ਇਨ੍ਹਾਂ ਪਹਿਨਣ ਵਾਲੀਆਂ ਚੀਜ਼ਾਂ ਨੂੰ ਤਕਰੀਬਨ ਬਰਬਾਦ ਕਰ ਦਿੱਤਾ ਹੈ।”
14 ਇਸਰਾਏਲ ਦੇ ਆਦਮੀ ਇਹ ਜਾਨਣਾ ਚਾਹੁੰਦੇ ਸਨ ਕਿ ਕੀ ਇਹ ਲੋਕ ਸੱਚ ਆਖ ਰਹੇ ਸਨ। ਇਸ ਲਈ ਉਨ੍ਹਾਂ ਨੇ ਰੋਟੀ ਦਾ ਸਵਾਦ ਚੱਖਿਆ-ਪਰ ਉਨ੍ਹਾਂ ਨੇ ਯਹੋਵਾਹ ਨੂੰ ਨਹੀਂ ਪੁੱਛਿਆ ਕਿ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ। 15 ਯਹੋਸ਼ੁਆ ਉਨ੍ਹਾਂ ਨਾਲ ਸ਼ਾਂਤੀ ਦਾ ਇਕਰਾਰਨਾਮਾ ਕਰਨ ਲਈ ਰਾਜ਼ੀ ਹੋ ਗਿਆ। ਉਹ ਉਨ੍ਹਾਂ ਨੂੰ ਜਿਉਂਦੇ ਛੱਡਣ ਲਈ ਮੰਨ ਗਿਆ। ਇਸਰਾਏਲ ਦੇ ਲੋਕ ਵੀ ਯਹੋਸ਼ੁਆ ਦੇ ਇਸ ਇਕਰਾਰ ਨਾਲ ਸਹਿਮਤ ਹੋ ਗਏ।
16 ਤਿੰਨ ਦਿਨਾ ਮਗਰੋਂ, ਇਸਰਾਏਲ ਦੇ ਲੋਕਾਂ ਨੂੰ ਪਤਾ ਲੱਗਿਆ ਕਿ ਉਹ ਲੋਕ ਉਨ੍ਹਾਂ ਦੇ ਡੇਰੇ ਦੇ ਬਹੁਤ ਨੇੜੇ ਹੀ ਰਹਿੰਦੇ ਸਨ। 17 ਇਸ ਲਈ ਇਸਰਾਏਲ ਦੇ ਲੋਕ ਉਸ ਥਾਂ ਗਏ ਜਿੱਥੇ ਉਹ ਰਹਿੰਦੇ ਸਨ। ਤੀਸਰੇ ਦਿਨ ਇਸਰਾਏਲ ਦੇ ਲੋਕ ਗਿਬਓਨ, ਕਫ਼ੀਰਾਹ, ਬਏਰੋਥ ਅਤੇ ਕਿਰਯਥ-ਯਾਰੀਮ ਸ਼ਹਿਰ ਵਿੱਚ ਆਏ। 18 ਪਰ ਇਸਰਾਏਲ ਦੀ ਫ਼ੌਜ ਨੇ ਉਨ੍ਹਾਂ ਸ਼ਹਿਰਾਂ ਦੇ ਵਿਰੁੱਧ ਲੜਨ ਦੀ ਕੋਸ਼ਿਸ਼ ਨਹੀਂ ਕੀਤੀ। ਉਨ੍ਹਾਂ ਨੇ ਉਨ੍ਹਾਂ ਲੋਕਾਂ ਨਾਲ ਸ਼ਾਂਤੀ ਦਾ ਇਕਰਾਰਨਾਮਾ ਕਰ ਲਿਆ ਸੀ। ਉਨ੍ਹਾਂ ਨੇ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਦੇ ਸਾਹਮਣੇ ਇਨ੍ਹਾਂ ਲੋਕਾਂ ਨਾਲ ਇਕਰਾਰ ਕੀਤਾ ਸੀ।
ਸਾਰੇ ਲੋਕਾਂ ਨੇ ਉਨ੍ਹਾਂ ਆਗੂਆਂ ਦੇ ਵਿਰੁੱਧ ਸ਼ਿਕਾਇਤ ਕੀਤੀ ਜਿਨ੍ਹਾਂ ਨੇ ਇਕਰਾਰਨਾਮਾ ਕੀਤਾ ਸੀ। 19 ਪਰ ਆਗੂਆਂ ਨੇ ਜਵਾਬ ਦਿੱਤਾ, “ਅਸੀਂ ਆਪਣਾ ਇਕਰਾਰ ਦੇ ਦਿੱਤਾ ਹੈ। ਅਸੀਂ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦੇ ਸਾਹਮਣੇ ਇਕਰਾਰ ਕੀਤਾ ਹੈ। ਹੁਣ ਅਸੀਂ ਉਨ੍ਹਾਂ ਦੇ ਖਿਲਾਫ਼ ਨਹੀਂ ਲੜ ਸੱਕਦੇ। 20 ਸਾਨੂੰ ਹੁਣ ਇਹ ਜ਼ਰੂਰ ਕਰਨਾ ਚਾਹੀਦਾ ਹੈ। ਸਾਨੂੰ ਉਨ੍ਹਾਂ ਨੂੰ ਜਿਉਂਦੇ ਰਹਿਣ ਦੇਣਾ ਚਾਹੀਦਾ ਹੈ। ਅਸੀਂ ਉਨ੍ਹਾਂ ਨੂੰ ਨੁਕਸਾਨ ਨਹੀਂ ਪਹੁਚਾ ਸੱਕਦੇ, ਨਹੀਂ ਤਾਂ ਪਰਮੇਸ਼ੁਰ ਸਾਡੇ ਨਾਲ ਇਸ ਕਰਕੇ ਨਾਰਾਜ਼ ਹੋ ਜਾਵੇਗਾ ਕਿਉਂਕਿ ਅਸੀਂ ਉਨ੍ਹਾਂ ਨਾਲ ਕੀਤਾ ਹੋਇਆ ਇਕਰਾਰ ਤੋੜਿਆ। 21 ਇਸ ਲਈ ਉਨ੍ਹਾਂ ਨੂੰ ਜਿਉਣ ਦਿਉ। ਪਰ ਉਹ ਸਾਡੇ ਸੇਵਕ ਹੋਣਗੇ ਉਹ ਸਾਡੇ ਲਈ ਲੱਕੜੀਆਂ ਕੱਟਣਗੇ ਅਤੇ ਸਾਡੇ ਲੋਕਾਂ ਦਾ ਪਾਣੀ ਢੋਣਗੇ।” ਇਸ ਲਈ ਆਗੂਆਂ ਨੇ ਉਨ੍ਹਾਂ ਲੋਕਾਂ ਨਾਲ ਕੀਤੇ ਸ਼ਾਂਤੀ ਦੇ ਇਕਰਾਰ ਨੂੰ ਨਹੀਂ ਤੋੜਿਆ।
22 ਯਹੋਸ਼ੁਆ ਨੇ ਗਿਬਓਨੀ ਲੋਕਾਂ ਨੂੰ ਸੱਦਿਆ। ਉਸ ਨੇ ਆਖਿਆ, “ਤੁਸੀਂ ਸਾਡੇ ਨਾਲ ਝੂਠ ਕਿਉਂ ਬੋਲਿਆ? ਤੁਹਾਡੀ ਜ਼ਮੀਨ ਸਾਡੇ ਡੇਰੇ ਦੇ ਕੋਲ ਸੀ। ਪਰ ਤੁਸੀਂ ਸਾਨੂੰ ਆਖਿਆ ਸੀ ਕਿ ਤੁਸੀਂ ਕਿਸੇ ਦੂਰ ਦੇਸ਼ ਤੋਂ ਆਏ ਹੋ। 23 ਹੁਣ ਤੁਹਾਡੇ ਲੋਕਾਂ ਨੂੰ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਵੇਗਾ। ਤੁਹਾਡੇ ਵਿੱਚੋਂ ਕੁਝ ਲੋਕ ਹਮੇਸ਼ਾ ਲਈ ਗੁਲਾਮ ਹੋਣਗੇ। ਉਨ੍ਹਾਂ ਨੂੰ ਪਰਮੇਸ਼ੁਰ ਦੇ ਘਰ ਲਈ ਲੱਕੜਾਂ ਕੱਟਣੀਆਂ ਪੈਣਗੀਆਂ ਅਤੇ ਪਾਣੀ ਭਰਨਾ ਪਵੇਗਾ।”
24 ਗਿਬਓਨੀ ਲੋਕਾਂ ਨੇ ਜਵਾਬ ਦਿੱਤਾ, “ਅਸੀਂ ਤੁਹਾਡੇ ਨਾਲ ਇਸ ਲਈ ਝੂਠ ਬੋਲਿਆ ਕਿਉਂਕਿ ਅਸੀਂ ਡਰਦੇ ਸਾਂ ਕਿ ਤੁਸੀਂ ਸਾਨੂੰ ਮਾਰ ਦਿਉਂਗੇ। ਅਸੀਂ ਸੁਣਿਆ ਸੀ ਕਿ ਪਰਮੇਸ਼ੁਰ ਨੇ ਆਪਣੇ ਸੇਵਕ ਮੂਸਾ ਨੂੰ ਇਹ ਸਾਰੀ ਧਰਤੀ ਦੇਣ ਦਾ ਆਦੇਸ਼ ਦਿੱਤਾ ਸੀ। ਅਤੇ ਪਰਮੇਸ਼ੁਰ ਨੇ ਤੁਹਾਨੂੰ ਆਖਿਆ ਸੀ ਕਿ ਇਸ ਧਰਤੀ ਉੱਤੇ ਰਹਿਣ ਵਾਲੇ ਸਾਰੇ ਲੋਕਾਂ ਨੂੰ ਮਾਰ ਦਿੱਤਾ ਜਾਵੇ। ਇਸੇ ਲਈ ਅਸੀਂ ਤੁਹਾਨੂੰ ਝੂਠ ਆਖਿਆ। 25 ਹੁਣ ਅਸੀਂ ਤੁਹਾਡੇ ਸੇਵਕ ਹਾਂ। ਤੁਸੀਂ ਜੋ ਠੀਕ ਸਮਝੋ ਕਰ ਸੱਕਦੇ ਹੋ।”
26 ਇਸ ਲਈ ਗਿਬਓਨ ਦੇ ਲੋਕ ਗੁਲਾਮ ਬਣ ਗਏ। ਪਰ ਯਹੋਸ਼ੁਆ ਨੇ ਉਨ੍ਹਾਂ ਨੂੰ ਜਿਉਣ ਦਿੱਤਾ। ਯਹੋਸ਼ੁਆ ਨੇ ਇਸਰਾਏਲ ਦੇ ਲੋਕਾਂ ਨੂੰ ਉਨ੍ਹਾਂ ਨੂੰ ਮਾਰਨ ਦੀ ਇਜਾਜ਼ਤ ਨਹੀਂ ਦਿੱਤੀ। 27 ਯਹੋਸ਼ੁਆ ਨੇ ਗਿਬਓਨ ਦੇ ਲੋਕਾਂ ਨੂੰ ਇਸਰਾਏਲ ਦੇ ਲੋਕਾਂ ਦੇ ਗੁਲਾਮ ਬਣ ਜਾਣ ਦਿੱਤਾ। ਉਨ੍ਹਾਂ ਨੇ ਇਸਰਾਏਲ ਦੇ ਲੋਕਾਂ ਲਈ ਅਤੇ ਯਹੋਵਾਹ ਦੀ ਜਗਵੇਦੀ ਲਈ ਲੱਕੜਾ ਕੱਟੀਆਂ ਅਤੇ ਪਾਣੀ ਭਰਿਆ-ਜਿੱਥੇ ਵੀ ਯਹੋਵਾਹ ਨੇ ਇਸ ਗੱਲ ਦੀ ਚੋਣ ਕੀਤੀ। ਉਹ ਲੋਕ ਅੱਜ ਵੀ ਗੁਲਾਮ ਹਨ।
ਉਹ ਦਿਨ ਜਦੋਂ ਸੂਰਜ ਠਹਿਰ ਗਿਆ
10 ਇਸ ਵੇਲੇ ਅਦੋਨੀ ਸਦਕ ਯਰੂਸ਼ਲਮ ਦਾ ਰਾਜਾ ਸੀ। ਇਸ ਰਾਜੇ ਨੇ ਸੁਣਿਆ ਕਿ ਯਹੋਸ਼ੁਆ ਨੇ ਅਈ ਨੂੰ ਹਰਾ ਦਿੱਤਾ ਸੀ ਅਤੇ ਇਸ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਸੀ। ਰਾਜੇ ਨੇ ਸੁਣਿਆ ਕਿ ਯਹੋਸ਼ੁਆ ਨੇ ਯਰੀਹੋ ਅਤੇ ਉਸ ਦੇ ਰਾਜੇ ਨਾਲ ਵੀ ਅਜਿਹਾ ਹੀ ਕੀਤਾ ਸੀ। ਰਾਜੇ ਨੂੰ ਇਹ ਵੀ ਪਤਾ ਲੱਗਿਆ ਕਿ ਗਿਬਓਨ ਦੇ ਲੋਕਾਂ ਨੇ ਇਸਰਾਏਲ ਦੇ ਲੋਕਾਂ ਨਾਲ ਸ਼ਾਂਤੀ ਦਾ ਇਕਰਾਰਨਾਮਾ ਕੀਤਾ ਸੀ। ਅਤੇ ਉਹ ਲੋਕ ਯਰੂਸ਼ਲਮ ਦੇ ਬਹੁਤ ਨਜ਼ਦੀਕ ਰਹਿੰਦੇ ਸਨ। 2 ਇਸ ਲਈ ਅਦੋਨੀ ਸਦਕ ਅਤੇ ਉਸ ਦੇ ਲੋਕ ਬਹੁਤ ਭੈਭੀਤ ਹੋ ਗਏ। ਗਿਬਓਨ ਅਈ ਵਾਂਗ ਛੋਟਾ ਕਸਬਾ ਨਹੀਂ ਸੀ। ਗਿਬਓਨ ਬਹੁਤ ਵੱਡਾ ਸ਼ਹਿਰ ਸੀ-ਇਹ ਰਾਜਧਾਨੀ ਜਿੰਨਾ ਵੱਡਾ ਸੀ। ਅਤੇ ਉਸ ਸ਼ਹਿਰ ਦੇ ਸਾਰੇ ਆਦਮੀ ਚੰਗੇ ਲੜਾਕੂ ਸਨ। ਇਸ ਲਈ ਰਾਜਾ ਭੈਭੀਤ ਸੀ। 3 ਯਰੂਸ਼ਲਮ ਦੇ ਰਾਜੇ ਅਦੋਨੀ ਸਦਕ ਨੇ ਹਬਰੋਨ ਦੇ ਰਾਜੇ ਹੋਹਾਮ ਨਾਲ ਗੱਲ ਕੀਤੀ। ਉਸ ਨੇ ਯਰਮੂਥ ਦੇ ਰਾਜੇ ਫ਼ਿਰਾਮ, ਲਾਕੀਸ਼ ਦੇ ਰਾਜੇ ਯਾਫ਼ੀਆ ਅਤੇ ਅਗਲੋਨ ਦੇ ਰਾਜੇ ਦਬੀਰ ਨਾਲ ਵੀ ਗੱਲ ਕੀਤੀ। ਯਰੂਸ਼ਲਮ ਦੇ ਰਾਜੇ ਨੇ ਇਨ੍ਹਾਂ ਆਦਮੀਆਂ ਨੂੰ ਬੇਨਤੀ ਕੀਤੀ, 4 “ਮੇਰੇ ਨਾਲ ਆਉ ਅਤੇ ਗਿਬਓਨ ਉੱਤੇ ਹਮਲਾ ਕਰਨ ਵਿੱਚ ਸਹਾਇਤਾ ਕਰੋ। ਗਿਬਓਨ ਨੇ ਯਹੋਸ਼ੁਆ ਅਤੇ ਇਸਰਾਏਲ ਦੇ ਲੋਕਾਂ ਨਾਲ ਸ਼ਾਂਤੀ ਦਾ ਇਕਰਾਰਨਾਮਾ ਕੀਤਾ ਹੈ।”
5 ਇਸ ਲਈ ਇਨ੍ਹਾਂ ਪੰਜ ਅਮੋਰੀ ਰਾਜਿਆਂ ਨੇ ਫ਼ੌਜਾਂ ਇਕੱਠੀਆਂ ਕਰ ਲਈਆਂ। (ਪੰਜ ਰਾਜੇ ਸਨ, ਯਰੂਸ਼ਲਮ ਦਾ ਰਾਜਾ, ਹਬਰੋਨ ਦਾ ਰਾਜਾ, ਯਰਮੂਥ ਦਾ ਰਾਜਾ, ਲਾਕੀਸ਼ ਦਾ ਰਾਜਾ ਅਤੇ ਅਗਲੋਨ ਦਾ ਰਾਜਾ।) ਉਹ ਫ਼ੌਜਾਂ ਗਿਬਓਨ ਵੱਲ ਗਈਆਂ। ਫ਼ੌਜਾਂ ਨੇ ਗਿਬਓਨ ਨੂੰ ਘੇਰਾ ਪਾ ਲਿਆ ਅਤੇ ਉਸ ਦੇ ਵਿਰੁੱਧ ਲੜਨ ਲੱਗੀਆਂ।
6 ਗਿਬਓਨ ਸ਼ਹਿਰ ਦੇ ਲੋਕਾਂ ਨੇ ਯਹੋਸ਼ੁਆ ਨੂੰ ਉਸ ਦੇ ਗਿਲਗਾਲ ਦੇ ਡੇਰੇ ਵਿਖੇ ਸੰਦੇਸ਼ ਭੇਜਿਆ। ਸੰਦੇਸ਼ ਵਿੱਚ ਆਖਿਆ ਸੀ: “ਅਸੀਂ ਤੁਹਾਡੇ ਸੇਵਕ ਹਾਂ! ਸਾਨੂੰ ਇਕੱਲਿਆਂ ਨਾ ਛੱਡੋ। ਆਉ ਅਤੇ ਸਾਡੀ ਸਹਾਇਤਾ ਕਰੋ! ਛੇਤੀ ਕਰੋ! ਸਾਨੂੰ ਬਚਾਉ! ਪਹਾੜੀ ਇਲਾਕੇ ਦੇ ਸਾਰੇ ਅਮੋਰੀ ਰਾਜਿਆਂ ਨੇ ਸਾਡੇ ਨਾਲ ਲੜਨ ਲਈ ਫ਼ੌਜਾਂ ਇਕੱਠੀਆਂ ਕਰਕੇ ਲੈ ਆਂਦੀਆਂ ਹਨ।”
7 ਇਸ ਲਈ ਯਹੋਸ਼ੁਆ ਨੇ ਆਪਣੀ ਪੂਰੀ ਫ਼ੌਜ ਸਮੇਤ ਗਿਲਗਾਲ ਤੋਂ ਕੂਚ ਕਰ ਦਿੱਤਾ। ਯਹੋਸ਼ੁਆ ਦੇ ਬਿਹਤਰੀਨ ਜੰਗਾਜ਼ੂ ਆਦਮੀ ਉਸ ਦੇ ਨਾਲ ਸਨ। 8 ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, “ਉਨ੍ਹਾਂ ਫ਼ੌਜਾਂ ਕੋਲੋਂ ਭੈਭੀਤ ਨਾ ਹੋਣਾ। ਮੈਂ ਤੁਹਾਨੂੰ ਉਨ੍ਹਾਂ ਨੂੰ ਹਰਾਉਣ ਦੀ ਇਜਾਜ਼ਤ ਦੇਵਾਂਗਾ। ਉਨ੍ਹਾਂ ਫ਼ੌਜਾਂ ਵਿੱਚੋਂ ਕੋਈ ਵੀ ਤੁਹਾਨੂੰ ਨਹੀਂ ਹਰਾ ਸੱਕੇਗੀ।”
9 ਯਹੋਸ਼ੁਆ ਅਤੇ ਉਸਦੀ ਫ਼ੌਜ ਨੇ ਸਾਰੀ ਰਾਤ ਗਿਬਓਨ ਵੱਲ ਨੂੰ ਮਾਰਚ ਕੀਤਾ। ਦੁਸ਼ਮਣ ਨੂੰ ਕੋਈ ਪਤਾ ਨਹੀਂ ਸੀ ਕਿ ਯਹੋਸ਼ੁਆ ਆ ਰਿਹਾ ਹੈ। ਇਸ ਲਈ ਜਦੋਂ ਉਸ ਨੇ ਉਨ੍ਹਾਂ ਉੱਤੇ ਹਮਲਾ ਕੀਤਾ ਤਾਂ ਉਹ ਪੂਰੀ ਤਰ੍ਹਾਂ ਹੈਰਾਨ ਹੋ ਗਏ।
10 ਯਹੋਵਾਹ ਨੇ ਉਨ੍ਹਾਂ ਫ਼ੌਜਾਂ ਨੂੰ ਬਹੁਤ ਉਲਝਣ ਵਿੱਚ ਪਾ ਦਿੱਤਾ ਜਦੋਂ ਇਸਰਾਏਲ ਨੇ ਹਮਲਾ ਕੀਤਾ। ਇਸ ਲਈ ਇਸਰਾਏਲ ਨੇ ਉਨ੍ਹਾਂ ਨੂੰ ਹਰਾ ਦਿੱਤਾ ਅਤੇ ਸ਼ਾਨਦਾਰ ਜਿੱਤ ਹਾਸਿਲ ਕੀਤੀ। ਇਸਰਾਏਲ ਨੇ ਦੁਸ਼ਮਣ ਦਾ ਗਿਬਓਨ ਤੋਂ ਬੈਤ ਹੋਰੋਨ ਵੱਲ ਜਾਂਦੀ ਸੜਕ ਉੱਤੇ ਪਿੱਛਾ ਕੀਤਾ। ਇਸਰਾਏਲ ਦੀ ਫ਼ੌਜ ਨੇ ਅਜ਼ੇਕਾਹ ਅਤੇ ਮੱਕੇਦਾਹ ਦੇ ਸਾਰੇ ਰਸਤੇ ਆਦਮੀਆਂ ਨੂੰ ਮਾਰ ਮੁਕਾਇਆ। 11 ਫ਼ੇਰ ਇਸਰਾਏਲ ਦੀ ਫ਼ੌਜ ਨੇ ਦੁਸ਼ਮਣ ਦੀ ਫ਼ੌਜ ਨੂੰ ਬੈਤ ਹੋਰੋਨ ਤੋਂ ਅਜ਼ੇਕਾਹ ਵੱਲ ਜਾਂਦੀ ਸੜਕ ਵੱਲ ਭਜਾ ਦਿੱਤਾ। ਜਦੋਂ ਉਹ ਦੁਸ਼ਮਣ ਦਾ ਪਿੱਛਾ ਕਰ ਰਹੇ ਸਨ, ਯਹੋਵਾਹ ਨੇ ਆਕਾਸ਼ ਤੋਂ ਵੱਡੇ-ਵੱਡੇ ਗੜ੍ਹਿਆਂ ਦਾ ਮੀਂਹ ਵਰ੍ਹਾਇਆ। ਬਹੁਤ ਸਾਰੇ ਦੁਸ਼ਮਣ ਇਨ੍ਹਾਂ ਵੱਡੇ ਗੜ੍ਹਿਆਂ ਨਾਲ ਮਾਰੇ ਗਏ। ਇਸਰਾਏਲ ਦੇ ਸਿਪਾਹਿਆਂ ਦੀਆਂ ਤਲਵਾਰਾਂ ਨਾਲੋਂ ਗੜ੍ਹਿਆਂ ਨਾਲ ਵੱਧੇਰੇ ਆਦਮੀ ਮਰੇ।
12 ਉਸ ਦਿਨ ਯਹੋਵਾਹ ਨੇ ਇਸਰਾਏਲ ਨੂੰ ਅਮੋਰੀ ਲੋਕਾਂ ਨੂੰ ਹਰਾਉਣ ਦੀ ਇਜਾਜ਼ਤ ਦਿੱਤੀ। ਅਤੇ ਉਸ ਦਿਨ ਯਹੋਸ਼ੁਆ ਇਸਰਾਏਲ ਦੇ ਸਾਰੇ ਲੋਕਾਂ ਸਾਹਮਣੇ ਖਲੋ ਗਿਆ ਅਤੇ ਯਹੋਵਾਹ ਨੂੰ ਆਖਿਆ:
“ਸੂਰਜ, ਰੁਕ ਜਾ ਗਿਬਓਨ ਉੱਤੇ।
ਚੰਦਰਮਾ ਖਲੋ ਜਾ ਚੁੱਪ ਕਰਕੇ ਅੱਯਾਲੋਨ ਦੀ ਵਾਦੀ ਉੱਤੇ।”
13 ਇਸ ਲਈ ਸੂਰਜ ਹਿਲਿਆ ਨਹੀਂ ਅਤੇ ਚੰਦਰਮਾ ਓਨੀ ਦੇਰ ਤੱਕ ਰੁਕਿਆ ਰਿਹਾ ਜਦੋਂ ਤੀਕ ਕਿ ਲੋਕਾਂ ਨੇ ਆਪਣੇ ਦੁਸ਼ਮਣਾ ਨੂੰ ਹਰਾ ਨਹੀਂ ਦਿੱਤਾ। ਇਹ ਕਹਾਣੀ ਯਾਸ਼ਰ ਦੀ ਪੁਸਤਕ ਵਿੱਚ ਲਿਖੀ ਹੋਈ ਹੈ। ਸੂਰਜ ਆਕਾਸ਼ ਦੇ ਅੱਧ ਵਿੱਚਕਾਰ ਖਲੋ ਗਿਆ। ਇਹ ਪੂਰੇ ਦਿਨ ਭਰ ਨਹੀਂ ਹਿਲਿਆ। 14 ਅਜਿਹਾ ਪਹਿਲਾਂ ਕਦੇ ਨਹੀਂ ਸੀ ਵਾਪਰਿਆ। ਅਤੇ ਅਜਿਹਾ ਫ਼ੇਰ ਕਦੇ ਵੀ ਨਹੀਂ ਵਾਪਰੇਗਾ! ਇਹੀ ਉਹ ਗੱਲ ਸੀ ਜਦੋਂ ਯਹੋਵਾਹ ਨੇ ਆਦਮੀ ਦੀ ਗੱਲ ਮੰਨੀ। ਯਹੋਵਾਹ ਸੱਚ ਮੁੱਚ ਇਸਰਾਏਲ ਲਈ ਲੜ ਰਿਹਾ ਸੀ।
15 ਇਸ ਤੋਂ ਮਗਰੋਂ, ਯਹੋਸ਼ੁਆ ਅਤੇ ਉਸਦੀ ਫ਼ੌਜ ਗਿਲਗਾਲ ਦੇ ਡੇਰੇ ਵੱਲ ਵਾਪਸ ਪਰਤ ਗਏ। 16 ਪਰ ਲੜਾਈ ਦੇ ਦੌਰਾਨ ਪੰਜ ਰਾਜੇ ਭੱਜ ਗਏ। ਉਹ ਮੱਕੇਦਾਹ ਦੇ ਨੇੜੇ ਇੱਕ ਗੁਫ਼ਾ ਵਿੱਚ ਛੁਪ ਗਏ। 17 ਪਰ ਕਿਸੇ ਨੇ ਉਨ੍ਹਾਂ ਨੂੰ ਉਸ ਗੁਫ਼ਾ ਵਿੱਚ ਛੁੱਪੇ ਹੋਇਆ ਲੱਭ ਲਿਆ। ਯਹੋਸ਼ੁਆ ਨੂੰ ਇਸਦਾ ਪਤਾ ਲੱਗਿਆ। 18 ਯਹੋਸ਼ੁਆ ਨੇ ਆਖਿਆ, “ਗੁਫ਼ਾ ਦੇ ਪ੍ਰਵੇਸ਼ ਵੱਡੇ-ਵੱਡੇ ਪਥਰਾਂ ਨਾਲ ਬੰਦ ਕਰ ਦਿਉ। ਕੁਝ ਆਦਮੀਆਂ ਨੂੰ ਗੁਫ਼ਾ ਦੀ ਰਾਖੀ ਲਈ ਪਹਿਰੇ ਤੇ ਬਿਠਾ ਦਿਉ। 19 ਪਰ ਖੁਦ ਉੱਥੇ ਨਹੀਂ ਠਹਿਰਨਾ ਦੁਸ਼ਮਣ ਦਾ ਪਿੱਛਾ ਕਰਨਾ ਜਾਰੀ ਰੱਖੋ। ਉਨ੍ਹਾਂ ਉੱਤੇ ਪਿੱਛਿਓ ਦੀ ਵਾਰ ਕਰਨਾ ਜਾਰੀ ਰੱਖੋ। ਦੁਸ਼ਮਣ ਨੂੰ ਆਪਣੇ ਸ਼ਹਿਰਾਂ ਵਿੱਚ ਵਾਪਸ ਨਾ ਆਉਣ ਦਿਉ। ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਉਨ੍ਹਾਂ ਉੱਪਰ ਜਿੱਤ ਦਿੱਤੀ ਹੈ।”
20 ਇਸ ਲਈ ਯਹੋਸ਼ੁਆ ਅਤੇ ਇਸਰਾਏਲ ਦੇ ਲੋਕਾਂ ਨੇ ਦੁਸ਼ਮਣ ਨੂੰ ਮਾਰ ਮੁਕਾਇਆ। ਪਰ ਦੁਸ਼ਮਣਾ ਵਿੱਚੋਂ ਕੁਝ ਬੰਦੇ ਆਪਣੇ ਸ਼ਹਿਰਾਂ ਵਿੱਚ ਜਾਣ ਅਤੇ ਛੁਪ ਜਾਣ ਵਿੱਚ ਸਫ਼ਲ ਹੋ ਗਏ ਜਿਨ੍ਹਾਂ ਦੇ ਆਲੇ-ਦੁਆਲੇ ਕੰਧਾਂ ਸਨ। ਇਹ ਆਦਮੀ ਨਹੀਂ ਮਰੇ। 21 ਲੜਾਈ ਤੋਂ ਮਗਰੋਂ, ਯਹੋਸ਼ੁਆ ਦੇ ਬੰਦੇ ਉਸ ਕੋਲ ਮੱਕੇਦਾਹ ਵਿਖੇ ਆਏ। ਉਸ ਦੇਸ਼ ਦੇ ਲੋਕਾਂ ਵਿੱਚੋਂ ਕੋਈ ਵੀ ਇੰਨਾ ਬਹਾਦਰ ਨਹੀਂ ਸੀ ਕਿ ਉਹ ਇਸਰਾਏਲ ਦੇ ਲੋਕਾਂ ਦੇ ਵਿਰੁੱਧ ਕੁਝ ਆਖ ਸੱਕੇ।
22 ਯਹੋਸ਼ੁਆ ਨੇ ਆਖਿਆ, “ਉਨ੍ਹਾਂ ਪੱਥਰਾਂ ਨੂੰ ਹਟਾ ਦਿਉ ਜਿਨ੍ਹਾਂ ਨੇ ਗੁਫ਼ਾ ਦੇ ਦਾਖਲੇ ਨੂੰ ਬੰਦ ਕੀਤਾ ਹੋਇਆ ਹੈ। ਉਨ੍ਹਾਂ ਪੰਜਾ ਰਾਜਿਆਂ ਨੂੰ ਮੇਰੇ ਕੋਲ ਲਿਆਉ।” 23 ਇਸ ਲਈ ਯਹੋਸ਼ੁਆ ਦੇ ਆਦਮੀ ਪੰਜਾ ਰਾਜਿਆਂ ਨੂੰ ਗੁਫ਼ਾ ਵਿੱਚੋਂ ਬਾਹਰ ਲੈ ਆਏ। ਉਹ ਯਰੂਸ਼ਲਮ, ਹਬਰੋਨ, ਯਰਮੂਥ, ਲਾਕੀਸ਼ ਅਤੇ ਅਗਲੋਨ ਦੇ ਰਾਜੇ ਸਨ। 24 ਉਹ ਪੰਜਾ ਰਾਜਿਆਂ ਨੂੰ ਯਹੋਸ਼ੁਆ ਕੋਲ ਲੈ ਆਏ। ਯਹੋਸ਼ੁਆ ਨੇ ਆਪਣੇ ਆਦਮੀਆਂ ਨੂੰ ਉਸ ਥਾਂ ਬੁਲਾਇਆ। ਯਹੋਸ਼ੁਆ ਨੇ ਆਪਣੀ ਫ਼ੌਜ ਦੇ ਅਧਿਕਾਰੀਆਂ ਨੂੰ ਆਖਿਆ, “ਇੱਥੇ ਆਉ! ਆਪਣੇ ਪੈਰ ਇਨ੍ਹਾਂ ਰਾਜਿਆਂ ਦੀ ਗਰਦਨਾ ਉੱਤੇ ਰੱਖ ਦਿਉ।” ਇਸ ਲਈ ਯਹੋਸ਼ੁਆ ਦੀ ਫ਼ੌਜ ਦੇ ਅਫ਼ਸਰ ਨੇੜੇ ਆ ਗਏ। ਉਨ੍ਹਾਂ ਨੇ ਆਪਣੇ ਪੈਰਾਂ ਨੂੰ ਰਾਜਿਆਂ ਦੀਆਂ ਗਰਦਨ ਉੱਤੇ ਰੱਖ ਦਿੱਤਾ।
25 ਫ਼ੇਰ ਯਹੋਸ਼ੁਆ ਨੇ ਆਪਣੇ ਆਦਮੀਆਂ ਨੂੰ ਆਖਿਆ, “ਤਕੜੇ ਹੋਵੋ ਅਤੇ ਬਹਾਦਰ ਬਣੋ! ਭੈਭੀਤ ਨਾ ਹੋਵੋ। ਮੈ ਤੁਹਾਨੂੰ ਦਰਸਾਉਂਦਾ ਹਾਂ ਕਿ ਯਹੋਵਾਹ ਉਨ੍ਹਾਂ ਸਾਰੇ ਦੁਸ਼ਮਣਾ ਨਾਲ ਕੀ ਕਰੇਗਾ ਜਿਨ੍ਹਾਂ ਨਾਲ ਤੁਸੀਂ ਭਵਿੱਖ ਵਿੱਚ ਲੜੋਂਗੇ।”
26 ਫ਼ੇਰ ਯਹੋਸ਼ੁਆ ਨੇ ਪੰਜਾ ਰਾਜਿਆਂ ਨੂੰ ਕਤਲ ਕਰ ਦਿੱਤਾ। ਉਸ ਨੇ ਉਨ੍ਹਾਂ ਦੀਆਂ ਲੋਥਾਂ ਨੂੰ ਪੰਜਾਂ ਰੁੱਖਾਂ ਉੱਤੇ ਲਟਕਾ ਦਿੱਤਾ। ਯਹੋਸ਼ੁਆ ਨੇ ਉਨ੍ਹਾਂ ਨੂੰ ਸ਼ਾਮ ਤੱਕ ਰੁੱਖਾਂ ਉੱਤੇ ਲਟਕੇ ਰਹਿਣ ਦਿੱਤਾ। 27 ਸੂਰਜ ਛੁਪਣ ਵੇਲੇ ਯਹੋਸ਼ੁਆ ਨੇ ਆਪਣੇ ਆਦਮੀਆਂ ਨੂੰ ਲੋਥਾਂ ਰੁੱਖਾਂ ਉੱਤੋਂ ਉਤਾਰਨ ਲਈ ਆਖਿਆ। ਇਸ ਲਈ ਉਨ੍ਹਾਂ ਨੇ ਲੋਥਾਂ ਉਸੇ ਗੁਫ਼ਾ ਵਿੱਚ ਸੁੱਟ ਦਿੱਤੀਆਂ ਜਿੱਥੇ ਰਾਜੇ ਛੁੱਪੇ ਹੋਏ ਸਨ ਅਤੇ ਗੁਫ਼ਾ ਦੇ ਪ੍ਰਵੇਸ਼ ਨੂੰ ਵੱਡੇ ਪਥਰਾਂ ਨਾਲ ਢੱਕ ਦਿੱਤਾ। ਉਹ ਲੋਥਾਂ ਅੱਜ ਵੀ ਉਸੇ ਗੁਫ਼ਾ ਵਿੱਚ ਹਨ।
28 ਉਸ ਦਿਨ ਯਹੋਸ਼ੁਆ ਨੇ ਮੱਕੇਦਾਹ ਨੂੰ ਹਰਾਇਆ। ਯਹੋਸ਼ੁਆ ਨੇ ਉਸ ਸ਼ਹਿਰ ਦੇ ਰਾਜੇ ਅਤੇ ਲੋਕਾਂ ਨੂੰ ਮਾਰ ਦਿੱਤਾ। ਉੱਥੇ ਕੋਈ ਵੀ ਜਿਉਂਦਾ ਨਹੀਂ ਬਚਿਆ। ਯਹੋਸ਼ੁਆ ਨੇ ਮੱਕੇਦਾਹ ਦੇ ਰਾਜੇ ਨਾਲ ਵੀ ਉਹੀ ਕੁਝ ਕੀਤਾ ਜਿਹੜਾ ਉਸ ਨੇ ਯਰੀਹੋ ਦੇ ਰਾਜੇ ਨਾਲ ਕੀਤਾ ਸੀ।
ਦੱਖਣੀ ਸ਼ਹਿਰਾਂ ਉੱਤੇ ਕਬਜ਼ਾ
29 ਫ਼ੇਰ ਯਹੋਸ਼ੁਆ ਅਤੇ ਇਸਰਾਏਲ ਦੇ ਲੋਕ ਮੱਕੇਦਾਹ ਤੋਂ ਤੁਰ ਪਏ। ਉਹ ਲਿਬਨਾਹ ਵੱਲ ਗਏ ਅਤੇ ਸ਼ਹਿਰ ਉੱਤੇ ਹਮਲਾ ਕਰ ਦਿੱਤਾ। 30 ਯਹੋਵਾਹ ਨੇ ਇਸਰਾਏਲ ਦੇ ਲੋਕਾਂ ਨੂੰ ਉਸ ਸ਼ਹਿਰ ਅਤੇ ਉਸ ਦੇ ਰਾਜੇ ਨੂੰ ਹਰਾਉਣ ਦੀ ਇਜਾਜ਼ਤ ਦੇ ਦਿੱਤੀ। ਇਸਰਾਏਲ ਦੇ ਲੋਕਾਂ ਨੇ ਉਸ ਸ਼ਹਿਰ ਦੇ ਹਰ ਬੰਦੇ ਨੂੰ ਮਾਰ ਦਿੱਤਾ। ਕੋਈ ਵੀ ਬੰਦਾ ਜਿਉਂਦਾ ਨਹੀਂ ਬਚਿਆ। ਅਤੇ ਲੋਕਾਂ ਨੇ ਰਾਜੇ ਨਾਲ ਵੀ ਉਹੀ ਸਲੂਕ ਕੀਤਾ ਜਿਹੜਾ ਉਨ੍ਹਾਂ ਨੇ ਯਰੀਹੋ ਦੇ ਰਾਜੇ ਨਾਲ ਕੀਤਾ ਸੀ।
31 ਫ਼ੇਰ ਯਹੋਸ਼ੁਆ ਅਤੇ ਇਸਰਾਏਲ ਦੇ ਲੋਕਾਂ ਨੇ ਲਿਬਨਾਹ ਛੱਡ ਦਿੱਤਾ ਅਤੇ ਲਾਕੀਸ਼ ਨੂੰ ਚੱਲੇ ਗਏ। ਯਹੋਸ਼ੁਆ ਅਤੇ ਉਸਦੀ ਫ਼ੌਜ ਨੇ ਉਸ ਸ਼ਹਿਰ ਦੇ ਦੁਆਲੇ ਘੇਰਾ ਪਾ ਲਿਆ ਅਤੇ ਉਸ ਉੱਤੇ ਹਮਲਾ ਕਰ ਦਿੱਤਾ। 32 ਯਹੋਵਾਹ ਨੇ ਉਨ੍ਹਾਂ ਨੂੰ ਲਾਕੀਸ਼ ਦੇ ਸ਼ਹਿਰ ਨੂੰ ਹਰਾਉਣ ਦੀ ਇਜਾਜ਼ਤ ਦੇ ਦਿੱਤੀ। ਉਨ੍ਹਾਂ ਨੇ ਦੂਸਰੇ ਦਿਨ ਸ਼ਹਿਰ ਨੂੰ ਹਰਾ ਦਿੱਤਾ। ਇਸਰਾਏਲ ਦੇ ਲੋਕਾਂ ਨੇ ਉਸ ਸ਼ਹਿਰ ਦੇ ਹਰ ਬੰਦੇ ਨੂੰ ਉਸੇ ਤਰ੍ਹਾਂ ਮਾਰ ਦਿੱਤਾ ਜਿਵੇਂ ਉਨ੍ਹਾਂ ਨੇ ਲਿਬਨਾਹ ਵਿੱਚ ਕੀਤਾ ਸੀ। 33 ਗਜ਼ਰ ਦਾ ਰਾਜਾ ਹੋਰਾਮ ਲਾਕੀਸ਼ ਦੀ ਸਹਾਇਤਾ ਲਈ ਆਇਆ ਪਰ ਯਹੋਸ਼ੁਆ ਨੇ ਉਸ ਨੂੰ ਅਤੇ ਉਸਦੀ ਫ਼ੌਜ ਨੂੰ ਵੀ ਹਰਾ ਦਿੱਤਾ। ਉਨ੍ਹਾਂ ਵਿੱਚੋਂ ਇੱਕ ਵੀ ਜਿਉਂਦਾ ਨਹੀਂ ਬਚਿਆ।
34 ਫ਼ੇਰ ਯਹੋਸ਼ੁਆ ਅਤੇ ਇਸਰਾਏਲ ਦੇ ਸਾਰੇ ਲੋਕ ਲਾਕੀਸ਼ ਤੋਂ ਸਫ਼ਰ ਕਰਕੇ ਅਗਲੋਨ ਪਹੁੰਚੇ। ਉਨ੍ਹਾਂ ਨੇ ਏਹਲੋਮ ਦੇ ਗਿਰਦ ਘੇਰਾ ਪਾ ਲਿਆ ਅਤੇ ਇਸ ਉੱਤੇ ਹਮਲਾ ਕਰ ਦਿੱਤਾ। 35 ਉਸ ਦਿਨ ਉਨ੍ਹਾਂ ਨੇ ਸ਼ਹਿਰ ਉੱਤੇ ਕਬਜ਼ਾ ਕਰ ਲਿਆ ਅਤੇ ਸ਼ਹਿਰ ਦੇ ਸਾਰੇ ਬੰਦਿਆਂ ਨੂੰ ਮਾਰ ਦਿੱਤਾ। ਇਹ ਉਵੇਂ ਹੀ ਸੀ ਜਿਵੇਂ ਉਨ੍ਹਾਂ ਨੇ ਲਾਕੀਸ਼ ਵਿੱਚ ਕੀਤਾ ਸੀ।
36 ਫ਼ੇਰ ਯਹੋਸ਼ੁਆ ਅਤੇ ਇਸਰਾਏਲ ਦੇ ਸਾਰੇ ਲੋਕ ਅਗਓਨ ਤੋਂ ਸਫ਼ਰ ਕਰਕੇ ਹਬਰੋਨ ਚੱਲੇ ਗਏ। ਫ਼ੇਰ ਉਨ੍ਹਾਂ ਨੇ ਹਬਰੋਨ ਉੱਤੇ ਹਮਲਾ ਕਰ ਦਿੱਤਾ। 37 ਉਨ੍ਹਾਂ ਨੇ ਹਬਰੋਨ ਦੇ ਦੁਆਲੇ ਦੇ ਸਾਰੇ ਛੋਟੇ ਨਗਰਾਂ ਅਤੇ ਸ਼ਹਿਰ ਉੱਤੇ ਕਬਜ਼ਾ ਕਰ ਲਿਆ। ਇਸਰਾਏਲੀਆਂ ਨੇ ਸ਼ਹਿਰ ਵਿੱਚ ਹਰ ਕਿਸੇ ਨੂੰ ਮਾਰ ਦਿੱਤਾ। ਇੱਕ ਇੱਕਲਾ ਵਿਅਕਤੀ ਵੀ ਜਿਉਂਦਾ ਨਹੀਂ ਛੱਡਿਆ ਜਿਵੇਂ ਕਿ ਉਨ੍ਹਾਂ ਨੇ ਅਗਲੋਨ ਵਿੱਚ ਕੀਤਾ ਸੀ। ਉਨ੍ਹਾਂ ਨੇ ਉਸ ਸ਼ਹਿਰ ਨੂੰ ਤਬਾਹ ਕਰ ਦਿੱਤਾ ਅਤੇ ਹਰ ਕਿਸੇ ਨੂੰ ਮਾਰ ਦਿੱਤਾ।
38 ਫ਼ੇਰ ਯਹੋਸ਼ੁਆ ਅਤੇ ਇਸਰਾਏਲ ਦੇ ਸਾਰੇ ਲੋਕ ਦਬਿਰ ਨੂੰ ਵਾਪਸ ਚੱਲੇ ਗਏ ਅਤੇ ਉਸ ਸ਼ਹਿਰ ਉੱਤੇ ਹਮਲਾ ਕਰ ਦਿੱਤਾ। 39 ਉਨ੍ਹਾਂ ਨੇ ਸ਼ਹਿਰ ਉੱਤੇ ਕਬਜ਼ਾ ਕਰ ਲਿਆ, ਇਸਦੇ ਰਾਜੇ ਅਤੇ ਦਬਿਰ ਨੇੜੇ ਦੇ ਸਾਰੇ ਛੋਟੇ ਕਸਬਿਆਂ ਨੂੰ ਕਬਜ਼ੇ ਵਿੱਚ ਲੈ ਲਿਆ। ਉਨ੍ਹਾਂ ਨੇ ਉਸ ਸ਼ਹਿਰ ਦੇ ਹਰ ਬੰਦੇ ਨੂੰ ਕਤਲ ਕਰ ਦਿੱਤਾ। ਉੱਥੇ ਕੋਈ ਵੀ ਬੰਦਾ ਜਿਉਂਦਾ ਨਹੀਂ ਬੱਚਿਆ। ਇਸਰਾਏਲ ਦੇ ਲੋਕਾਂ ਨੇ ਦਬਿਰ ਅਤੇ ਉਸ ਦੇ ਰਾਜੇ ਨਾਲ ਵੀ ਉਹੀ ਸਲੂਕ ਕੀਤਾ ਜਿਹੜਾ ਉਨ੍ਹਾਂ ਨੇ ਹਬਰੋਨ ਅਤੇ ਉਸ ਦੇ ਰਾਜੇ ਨਾਲ ਕੀਤਾ ਸੀ।
40 ਇੰਝ ਯਹੋਸ਼ੁਆ ਨੇ ਨੇਗੇਵ ਦੇ ਪਹਾੜੀ ਦੇਸ਼, ਪੂਰਬੀ ਅਤੇ ਪੱਛਮੀ ਪਹਾੜੀਆਂ ਅਤੇ ਉਨ੍ਹਾਂ ਦੇ ਸਾਰੇ ਰਾਜਿਆਂ ਨੂੰ ਹਰਾ ਦਿੱਤਾ। ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਨੇ ਯਹੋਸ਼ੁਆ ਨੂੰ ਲੋਕਾਂ ਨੂੰ ਕਤਲ ਕਰਨ ਦਾ ਹੁਕਮ ਦਿੱਤਾ ਸੀ ਇਸ ਲਈ ਉਸ ਨੇ ਉੱਥੇ ਕਿਸੇ ਨੂੰ ਵੀ ਜਿਉਂਦਾ ਨਹੀਂ ਛੱਡਿਆ।
41 ਯਹੋਸ਼ੁਆ ਨੇ ਕਾਦੇਸ਼ ਬਰਨੇਆ ਤੋਂ ਲੈ ਕੇ ਅੱਜ਼ਾਹ ਤੀਕ ਸਾਰੇ ਸ਼ਹਿਰਾਂ ਉੱਤੇ ਕਬਜ਼ਾ ਕਰ ਲਿਆ। ਉਸ ਨੇ (ਮਿਸਰ ਦੀ) ਗੋਸ਼ਨ ਦੀ ਧਰਤੀ ਤੋਂ ਲੈ ਕੇ ਗਿਬਓਨ ਤੱਕ ਸਾਰੇ ਸ਼ਹਿਰਾਂ ਉੱਤੇ ਕਬਜ਼ਾ ਕਰ ਲਿਆ। 42 ਯਹੋਸ਼ੁਆ ਨੇ ਉਨ੍ਹਾਂ ਸ਼ਹਿਰਾ ਅਤੇ ਉਨ੍ਹਾਂ ਦੇ ਰਾਜਿਆਂ ਨੂੰ ਇੱਕੋ ਹੱਲੇ ਵਿੱਚ ਕਬਜ਼ੇ ਹੇਠ ਲੈ ਲਿਆ। ਯਹੋਸ਼ੁਆ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਇਸਰਾਏਲ ਦਾ ਯਹੋਵਾਹ ਪਰਮੇਸ਼ੁਰ ਇਸਰਾਏਲ ਲਈ ਲੜ ਰਿਹਾ ਸੀ। 43 ਫ਼ੇਰ ਯਹੋਸ਼ੁਆ ਅਤੇ ਇਸਰਾਏਲ ਦੇ ਸਾਰੇ ਲੋਕ ਆਪਣੇ ਡੇਰੇ ਗਿਲਗਾਲ ਵਾਪਸ ਆ ਗਏ।
ਉੱਤਰੀ ਸ਼ਹਿਰਾਂ ਦੀ ਹਾਰ
11 ਹਾਸੋਰ ਦੇ ਰਾਜੇ ਯਬੀਨ ਨੇ ਇਨ੍ਹਾਂ ਗੱਲਾਂ ਦੇ ਵਾਪਰਨ ਬਾਰੇ ਸਾਰਾ ਕੁਝ ਸੁਣਿਆ। ਇਸ ਲਈ ਉਸ ਨੇ ਕਈ ਰਾਜਿਆਂ ਦੀਆਂ ਫ਼ੌਜਾਂ ਨੂੰ ਇੱਕਮੁੱਠ ਕਰਨ ਦਾ ਨਿਆਂ ਕੀਤਾ। ਯਬੀਨ ਨੇ ਮਾਦੋਨ ਦੇ ਰਾਜੇ ਯੋਬਾਬ, ਸ਼ਿਮਰੋਨ ਦੇ ਰਾਜੇ ਅਤੇ ਆਕਸ਼ਾਫ਼ ਦੇ ਰਾਜੇ ਨੂੰ 2 ਅਤੇ ਪਹਾੜੀ ਇਲਾਕੇ ਅਤੇ ਮਾਰੂਥਲ ਦੇ ਉੱਤਰ ਦੇ ਰਾਜਿਆਂ ਨੂੰ ਸੰਦੇਸ਼ ਭੇਜਿਆ।ਯਾਬੀਨ ਨੇ ਪਛਮ ਦੇ ਰਾਜੇ ਨਾਫੋਥ ਦੋਰ ਨੂੰ ਵੀ ਸੰਦੇਸ਼ ਭੇਜਿਆ। ਯਬੀਨ ਨੇ ਕਿੰਨਰੋਥ, ਨੇਗੇਵ ਅਤੇ ਪੱਛਮੀ ਤਰਾਈ ਦੇ ਰਾਜਿਆਂ ਨੂੰ ਸੰਦੇਸ਼ ਭੇਜਿਆ। 3 ਯਬੀਨ ਨੇ ਪੂਰਬ ਅਤੇ ਪੱਛਮ ਦੇ ਕਨਾਨੀ ਲੋਕਾਂ ਦੇ ਰਾਜਿਆਂ ਨੂੰ ਸੰਦੇਸ਼ ਭੇਜਿਆ। ਉਸ ਨੇ ਅਮੋਰੀ ਲੋਕਾਂ ਨੂੰ, ਹਿੱਤੀ ਲੋਕਾਂ, ਫ਼ਰਿੱਜ਼ੀ ਲੋਕਾਂ ਅਤੇ ਪਹਾੜੀ ਇਲਾਕੇ ਵਿੱਚ ਰਹਿਣ ਵਾਲੇ ਯਬੂਸੀ ਲੋਕਾਂ ਨੂੰ ਸੰਦੇਸ਼ ਭੇਜਿਆ। ਉਸ ਨੇ ਮਿਸਫ਼ਾਹ ਦੇ ਨੇੜੇ ਹਰਮੋਨ ਪਹਾੜੀ ਦੇ ਹੇਠਾਂ ਰਹਿਣ ਵਾਲੇ ਹਿੱਵੀ ਲੋਕਾਂ ਨੂੰ ਵੀ ਸੰਦੇਸ਼ ਭੇਜਿਆ। 4 ਇਸ ਲਈ ਇਨ੍ਹਾਂ ਰਾਜਿਆਂ ਦੀਆਂ ਫ਼ੌਜਾਂ ਇਕੱਠੀਆਂ ਹੋ ਗਈਆਂ। ਉਨ੍ਹਾਂ ਕੋਲ ਬਹੁਤ ਸਾਰੇ ਲੜਾਕੂ ਯੋਧੇ ਅਤੇ ਬਹੁਤ ਸਾਰੇ ਘੋੜੇ ਅਤੇ ਰੱਥ ਸਨ। ਇਹ ਬਹੁਤ ਵੱਡੀ ਫ਼ੌਜ ਸੀ-ਇਸ ਤਰ੍ਹਾਂ ਲੱਗਦਾ ਸੀ ਜਿਵੇਂ ਇਸ ਵਿੱਚ ਇੰਨੇ ਬੰਦੇ ਹੋਣ ਜਿੰਨੇ ਸਮੁੰਦਰੀ ਕੰਢੇ ਉੱਤੇ ਰੇਤ ਦੇ ਕਿਣਕੇ ਹੁੰਦੇ ਹਨ।
5 ਇਹ ਸਾਰੇ ਰਾਜੇ ਮੇਰੋਮ ਦੀ ਛੋਟੀ ਨਦੀ ਕੰਢੇ ਇਕੱਠੇ ਹੋ ਗਏ। ਉਨ੍ਹਾਂ ਨੇ ਆਪਣੀਆਂ ਫ਼ੌਜਾਂ ਇੱਕ ਡੇਰੇ ਵਿੱਚ ਇਕੱਠੀਆਂ ਕਰ ਲਈਆਂ ਅਤੇ ਇਸਰਾਏਲ ਦੇ ਵਿਰੁੱਧ ਲੜਨ ਦੀਆਂ ਵਿਉਂਤਾਂ ਬਣਾਈਆਂ।
6 ਫ਼ੇਰ ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, “ਉਸ ਫ਼ੌਜ ਕੋਲੋਂ ਭੈਭੀਤ ਨਹੀਂ ਹੋਣਾ। ਮੈਂ ਤੁਹਾਨੂੰ ਉਨ੍ਹਾਂ ਨੂੰ ਹਰਾਉਣ ਦੀ ਇਜਾਜ਼ਤ ਦਿਆਂਗਾ। ਕੱਲ੍ਹ ਇਸ ਵੇਲੇ ਹੀ ਤੁਸੀਂ ਉਨ੍ਹਾਂ ਸਾਰਿਆਂ ਨੂੰ ਮਾਰ ਚੁੱਕੇ ਹੋਵੋਂਗੇ। ਤੁਸੀਂ ਘੋੜਿਆਂ ਦੀਆਂ ਲੱਤਾਂ ਵੱਢ ਦਿਉਂਗੇ ਅਤੇ ਉਨ੍ਹਾਂ ਦੇ ਸਾਰੇ ਰੱਥਾਂ ਨੂੰ ਸਾੜ ਦਿਉਂਗੇ।”
7 ਯਹੋਸ਼ੁਆ ਅਤੇ ਉਸਦੀ ਪੂਰੀ ਫ਼ੌਜ ਨੇ ਦੁਸ਼ਮਣ ਉੱਤੇ ਅਚਾਨਕ ਹੱਲਾ ਬੋਲ ਦਿੱਤਾ। ਉਨ੍ਹਾਂ ਨੇ ਦੁਸ਼ਮਣ ਉੱਤੇ ਮੋਰੇਮ ਨਦੀ ਕੰਢੇ ਹਮਲਾ ਕਰ ਦਿੱਤਾ। 8 ਯਹੋਵਾਹ ਨੇ ਇਸਰਾਏਲ ਨੂੰ ਇਜਾਜ਼ਤ ਦਿੱਤੀ ਕਿ ਉਹ ਉਨ੍ਹਾਂ ਨੂੰ ਹਰਾ ਦੇਵੇ। ਇਸਰਾਏਲ ਦੀ ਫ਼ੌਜ ਨੇ ਉਨ੍ਹਾਂ ਨੂੰ ਹਰਾ ਦਿੱਤਾ ਅਤੇ ਉਨ੍ਹਾਂ ਨੂੰ ਵਡੇਰੇ ਸੀਦੋਨ, ਮਿਸਰਫ਼ੋਥ ਮਇਮ ਅਤੇ ਪੂਰਬ ਵਿੱਚ ਮਿਸਫ਼ਾਹ ਦੀ ਵਾਦੀ ਅੰਦਰ ਭਜਾ ਦਿੱਤਾ। ਇਸਰਾਏਲ ਦੀ ਫ਼ੌਜ ਓਨਾ ਚਿਰ ਲੜਦੀ ਰਹੀ ਜਿੰਨਾ ਚਿਰ ਦੁਸ਼ਮਣ ਦਾ ਇੱਕ ਵੀ ਆਦਮੀ ਜਿਉਂਦਾ ਰਿਹਾ। 9 ਯਹੋਸ਼ੁਆ ਨੇ ਉਹੀ ਕੁਝ ਕੀਤਾ ਜੋ ਯਹੋਵਾਹ ਨੇ ਉਸ ਨੂੰ ਕਰਨ ਵਾਸਤੇ ਆਖਿਆ ਸੀ-ਯਹੋਸ਼ੁਆ ਨੇ ਉਨ੍ਹਾਂ ਦੇ ਘੋੜਿਆਂ ਦੀਆਂ ਲੱਤਾਂ ਵੱਢ ਦਿੱਤੀਆਂ ਅਤੇ ਰੱਥ ਸਾੜ ਦਿੱਤੇ।
10 ਫ਼ੇਰ ਯਹੋਸ਼ੁਆ ਵਾਪਸ ਪਰਤਿਆ ਅਤੇ ਹਾਸੋਰ ਸ਼ਹਿਰ ਉੱਤੇ ਕਬਜ਼ਾ ਕਰ ਲਿਆ। (ਹਾਸੋਰ ਉਨ੍ਹਾਂ ਸਾਰੇ ਰਾਜਾਂ ਦਾ ਆਗੂ ਸੀ ਜਿਹੜੇ ਇਸਰਾਏਲ ਦੇ ਵਿਰੁੱਧ ਲੜੇ ਸਨ।) 11 ਇਸਰਾਏਲ ਦੀ ਫ਼ੌਜ ਨੇ ਉਸ ਸ਼ਹਿਰ ਦੇ ਹਰ ਬੰਦੇ ਨੂੰ ਕਤਲ ਕਰ ਦਿੱਤਾ। ਉਨ੍ਹਾਂ ਨੇ ਸਾਰੇ ਬੰਦਿਆਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਉੱਥੇ ਕੋਈ ਵੀ ਜੀਵਿਤ ਨਹੀਂ ਬਚਿਆ। ਫ਼ੇਰ ਉਨ੍ਹਾਂ ਨੇ ਸ਼ਹਿਰ ਨੂੰ ਸਾੜ ਦਿੱਤਾ।
12 ਯਹੋਸ਼ੁਆ ਨੇ ਇਨ੍ਹਾਂ ਸਾਰੇ ਸ਼ਹਿਰਾਂ ਉੱਤੇ ਕਬਜ਼ਾ ਕਰ ਲਿਆ। ਉਸ ਨੇ ਉਨ੍ਹਾਂ ਦੇ ਸਾਰੇ ਰਾਜਿਆਂ ਨੂੰ ਮਾਰ ਦਿੱਤਾ। ਯਹੋਸ਼ੁਆ ਨੇ ਉਨ੍ਹਾਂ ਸ਼ਹਿਰਾਂ ਦੀ ਹਰ ਚੀਜ਼ ਪੂਰੀ ਤਰ੍ਹਾਂ ਤਬਾਹ ਕਰ ਦਿੱਤੀ। ਉਸ ਨੇ ਅਜਿਹਾ ਉਵੇਂ ਹੀ ਕੀਤਾ ਜਿਵੇਂ ਯਹੋਵਾਹ ਦੇ ਸੇਵਕ ਮੂਸਾ ਨੇ ਆਦੇਸ਼ ਦਿੱਤਾ ਸੀ। 13 ਪਰ ਇਸਰਾਏਲ ਦੀ ਫ਼ੌਜ ਨੇ ਪਹਾੜਾ ਉੱਤੇ ਵਸੇ ਸ਼ਹਿਰਾਂ ਵਿੱਚੋਂ ਕਿਸੇ ਨੂੰ ਨਹੀਂ ਸਾੜਿਆ। ਪਹਾੜੀ ਉੱਤੇ ਵਸੇ ਹੋਏ ਜਿਸ ਇੱਕੋ-ਇੱਕ ਸ਼ਹਿਰ ਨੂੰ ਸਾੜਿਆ ਗਿਆ ਸੀ ਉਹ ਹਾਸੋਰ ਸੀ। ਇਹੀ ਸ਼ਹਿਰ ਸੀ ਜਿਸ ਨੂੰ ਯਹੋਸ਼ੁਆ ਨੇ ਸਾੜਿਆ ਸੀ। 14 ਇਸਰਾਏਲ ਦੇ ਲੋਕਾਂ ਨੇ ਉਹ ਸਾਰੀਆਂ ਚੀਜ਼ਾਂ ਆਪਣੇ ਲਈ ਰੱਖ ਲਈਆਂ ਜਿਹੜੀਆਂ ਉਨ੍ਹਾਂ ਨੂੰ ਸ਼ਹਿਰ ਵਿੱਚੋਂ ਮਿਲੀਆਂ। ਪਰ ਉਨ੍ਹਾਂ ਨੇ ਉੱਥੋਂ ਦੇ ਸਾਰੇ ਲੋਕਾਂ ਨੂੰ ਮਾਰ ਦਿੱਤਾ। ਉਨ੍ਹਾਂ ਨੇ ਕਿਸੇ ਵੀ ਬੰਦੇ ਨੂੰ ਜਿਉਂਦੇ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ। 15 ਬਹੁਤ ਪਹਿਲਾਂ ਯਹੋਵਾਹ ਨੇ ਆਪਣੇ ਸੇਵਕ ਮੂਸਾ ਨੂੰ ਅਜਿਹਾ ਕਰਨ ਦਾ ਆਦੇਸ਼ ਦਿੱਤਾ ਸੀ। ਫ਼ੇਰ ਮੂਸਾ ਨੇ ਯਹੋਸ਼ੁਆ ਨੂੰ ਅਜਿਹਾ ਕਰਨ ਦਾ ਆਦੇਸ਼ ਦਿੱਤਾ। ਇਸ ਲਈ ਯਹੋਸ਼ੁਆ ਨੇ ਪਰਮੇਸ਼ੁਰ ਦਾ ਹੁਕਮ ਮੰਨਿਆ। ਯਹੋਸ਼ੁਆ ਨੇ ਉਹ ਹਰ ਗੱਲ ਕੀਤੀ ਜਿਸਦਾ ਯਹੋਵਾਹ ਨੇ ਮੂਸਾ ਨੂੰ ਆਦੇਸ਼ ਦਿੱਤਾ ਸੀ।
16 ਇਸ ਲਈ ਯਹੋਸ਼ੁਆ ਨੇ ਉਸ ਪੂਰੇ ਦੇਸ਼ ਦੇ ਸਾਰੇ ਲੋਕਾਂ ਨੂੰ ਹਰਾ ਦਿੱਤਾ। ਉਸਦਾ ਪਹਾੜੀ ਪ੍ਰਦੇਸ਼ ਨੇਗੇਵ, ਗੋਸ਼ਨ ਦੇ ਸਾਰੇ ਇਲਾਕੇ, ਪੱਛਮੀ ਤਰਾਈ ਦੇ ਇਲਾਕੇ, ਯਰਦਨ ਵਾਦੀ ਅਤੇ ਇਸਰਾਏਲ ਦੇ ਪਹਾੜਾਂ ਅਤੇ ਉਨ੍ਹਾਂ ਦੇ ਨੇੜੇ ਦੀਆਂ ਸਾਰੀਆਂ ਪਹਾੜੀਆਂ ਉੱਤੇ ਕਾਬੂ ਸੀ। 17 ਯਹੋਸ਼ੁਆ ਦਾ ਸੇਈਰ ਦੇ ਨਜ਼ਦੀਕ ਹਾਲਾਕ ਪਰਬਤ ਦੀ ਸਾਰੀ ਧਰਤੀ ਤੋਂ ਲੈ ਕੇ ਹਰਮੋਨ ਪਰਬਤ ਹੇਠਾਂ ਲਬਾਨੋਨ ਦੀ ਵਾਦੀ ਦੀ ਵਿੱਚਲੇ ਬਆਲ ਗਾਦ ਤੀਕ ਅਧਿਕਾਰੀ ਸੀ। ਯਹੋਸ਼ੁਆ ਨੇ ਉਸ ਧਰਤੀ ਦੇ ਸਾਰੇ ਰਾਜਿਆਂ ਨੂੰ ਫ਼ੜ ਲਿਆ ਅਤੇ ਮਾਰ ਦਿੱਤਾ। 18 ਯਹੋਸ਼ੁਆ ਬਹੁਤ ਵਰ੍ਹਿਆਂ ਤੱਕ ਉਨ੍ਹਾਂ ਰਾਜਿਆਂ ਨਾਲ ਲੜਿਆ। 19 ਇਸ ਸਾਰੀ ਧਰਤੀ ਉੱਤੇ ਸਿਰਫ਼ ਇੱਕ ਸ਼ਹਿਰ ਨੇ ਇਸਰਾਏਲ ਨਾਲ ਸ਼ਾਂਤੀ ਦਾ ਇਕਰਾਰਨਾਮਾ ਕੀਤਾ ਸੀ। ਇਹ ਸੀ ਹਿੱਵੀ ਸ਼ਹਿਰ ਗਿਬਓਨ। ਹੋਰ ਸਾਰੇ ਸ਼ਹਿਰ ਲੜਾਈ ਵਿੱਚ ਹਾਰ ਗਏ। 20 ਯਹੋਵਾਹ ਨੇ ਕਨਾਨੀਆਂ ਨੂੰ ਜ਼ਿੱਦੀ ਬਣਾਇਆ ਅਤੇ ਇਸਰਾਏਲ ਦੇ ਖਿਲਾਫ਼ ਲੜਨ ਦਾ ਨਿਸ਼ਚਾ ਕਰਵਾਇਆ। ਉਸ ਨੇ ਅਜਿਹਾ ਇਸ ਲਈ ਕੀਤਾ ਤਾਂ ਜੋ ਕਨਾਨੀ ਬਿਨਾ ਤਰਸ਼ ਪੂਰਨ ਤੌਰ ਤੇ ਤਬਾਹ ਹੋ ਜਾਣ ਜਿਵੇਂ ਕਿ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
21 ਅਨਾਕੀ ਲੋਕ ਹਬਰੋਨ, ਦਬਿਰ, ਅਨਾਬ ਅਤੇ ਯਹੂਦਾਹ ਦੇ ਇਲਾਕੇ ਵਿੱਚ ਪਹਾੜੀ ਪ੍ਰਦੇਸ਼ ਵਿੱਚ ਰਹਿੰਦੇ ਸਨ। ਯਹੋਸ਼ੁਆ ਨੇ ਉਨ੍ਹਾਂ ਨਾਲ ਲੜਾਈ ਕੀਤੀ ਅਤੇ ਉਨ੍ਹਾਂ ਸਾਰੇ ਲੋਕਾਂ ਅਤੇ ਉਨ੍ਹਾਂ ਦੇ ਕਸਬਿਆਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। 22 ਇਸਰਾਏਲ ਦੀ ਧਰਤੀ ਉੱਤੇ ਅਨਾਕੀ ਲੋਕ ਜਿਉਂਦੇ ਨਹੀਂ ਬਚੇ। ਸਿਰਫ਼ ਉਹੀ ਅਨਾਕੀ ਲੋਕ ਜਿਉਂਦੇ ਰਹੇ ਜਿਹੜੇ ਅੱਜ਼ਾਹ, ਗਥ ਅਤੇ ਅਸ਼ਦੋਦ ਵਿੱਚ ਰਹਿੰਦੇ ਸਨ। 23 ਯਹੋਸ਼ੁਆ ਨੇ ਇਸਰਾਏਲ ਦੀ ਸਾਰੀ ਧਰਤੀ ਉੱਤੇ ਉਸੇ ਤਰ੍ਹਾਂ ਕਬਜ਼ਾ ਕਰ ਲਿਆ ਜਿਵੇਂ ਕਿ ਯਹੋਵਾਹ ਨੇ ਬਹੁਤ ਪਹਿਲਾਂ ਮੂਸਾ ਨੂੰ ਆਖਿਆ ਸੀ। ਯਹੋਵਾਹ ਨੇ ਉਹ ਧਰਤੀ ਇਸਰਾਏਲ ਨੂੰ ਉਵੇਂ ਹੀ ਦੇ ਦਿੱਤੀ ਜਿਵੇਂ ਉਸ ਨੇ ਇਕਰਾਰ ਕੀਤਾ ਸੀ। ਅਤੇ ਯਹੋਸ਼ੁਆ ਨੇ ਧਰਤੀ ਨੂੰ ਇਸਰਾਏਲ ਦੇ ਪਰਿਵਾਰ-ਸਮੂਹਾਂ ਵਿੱਚਕਾਰ ਵੰਡ ਦਿੱਤਾ। ਆਖਰਕਾਰ ਲੜਾਈ ਖਤਮ ਹੋ ਗਈ ਅਤੇ ਧਰਤੀ ਉੱਤੇ ਸ਼ਾਂਤੀ ਸਥਾਪਿਤ ਹੋ ਗਈ।
ਇਸਰਾਏਲ ਵੱਲੋਂ ਹਰਾਏ ਗਏ ਰਾਜੇ
12 ਇਸਰਾਏਲ ਦੇ ਲੋਕਾਂ ਨੇ ਯਰਦਨ ਨਦੀ ਦੇ ਪੂਰਬ ਵੱਲ ਦੀ ਧਰਤੀ ਉੱਤੇ ਕਬਜ਼ਾ ਕਰ ਲਿਆ ਸੀ। ਉਨ੍ਹਾਂ ਕੋਲ ਅਰਨੋਨ ਦੀ ਵਾਦੀ ਤੋਂ ਹਰਮੋਨ ਪਰਬਤ ਤੱਕ ਅਤੇ ਯਰਦਨ ਵਾਦੀ ਦੇ ਪੂਰਬੀ ਪਾਸੇ ਦੀ ਸਾਰੀ ਧਰਤੀ ਸੀ। ਉਹ ਸਾਰੇ ਰਾਜੇ, ਜਿਨ੍ਹਾਂ ਨੂੰ ਇਸਰਾਏਲ ਦੇ ਲੋਕਾਂ ਨੇ, ਇਹ ਧਰਤੀ ਹਾਸਿਲ ਕਰਨ ਲਈ ਹਰਾਇਆ ਸੀ:
2 ਉਨ੍ਹਾਂ ਨੇ ਹਸ਼ਬੋਨ ਸ਼ਹਿਰ ਵਿੱਚ ਰਹਿਣ ਵਾਲੇ ਅਮੋਰੀ ਲੋਕਾਂ ਦੇ ਰਾਜੇ ਸੀਹੋਨ, ਨੂੰ ਹਰਾਇਆ। ਉਹ ਅਰਨੋਨ ਘਾਟੀ ਵਿੱਚ ਅਰੋਏਰ ਤੋਂ ਲੈ ਕੇ ਯਬੋਕ ਨਦੀ ਤੱਕ ਦੀ ਧਰਤੀ ਉੱਤੇ ਹਕੂਮਤ ਕਰਦਾ ਸੀ। ਉਸਦੀ ਜ਼ਮੀਨ ਘਾਟੀ ਦੇ ਐਨ ਵਿੱਚਕਾਰੋਂ ਸ਼ੁਰੂ ਹੁੰਦੀ ਸੀ। ਇਹ ਅੰਮੋਨੀ ਲੋਕਾਂ ਨਾਲ ਲੱਗਦੀ ਉਨ੍ਹਾਂ ਦੀ ਸਰਹੱਦ ਸੀ। ਸੀਹੋਨ ਦੀ ਗਿਲਆਦ ਦੀ ਅੱਧੀ ਧਰਤੀ ਉੱਤੇ ਹਕੂਮਤ ਸੀ। 3 ਉਹ ਯਰਦਨ ਨਦੀ ਦੇ ਪੂਰਬੀ ਪਾਸੇ ਵੱਲ ਗਲੀਲੀ ਝੀਲ ਤੋਂ ਲੈ ਕੇ ਖਾਰੇ ਸਾਗਰ ਤੱਕ ਵੀ ਹਕੂਮਤ ਕਰਦਾ ਸੀ। ਅਤੇ ਉਹ ਬੈਤ ਯਸ਼ਿਮੋਨ ਤੋਂ ਲੈ ਕੇ ਦੱਖਣ ਵੱਲ ਪਿਸਗਾਹ ਦੀਆਂ ਪਹਾੜੀਆਂ ਤੱਕ ਹਕੂਮਤ ਕਰਦਾ ਸੀ।
4 ਉਨ੍ਹਾਂ ਨੇ ਬਾਸ਼ਾਨ ਦੇ ਰਾਜੇ ਓਗ ਨੂੰ ਵੀ ਹਰਾਇਆ। ਓਗ ਰਫ਼ਾਈ ਲੋਕਾਂ ਵਿੱਚੋਂ ਸੀ। ਉਸਦੀ ਹਕੂਮਤ ਅਸ਼ਤਾਰੋਥ ਅਤੇ ਅੰਦਰਈ ਵਿੱਚ ਸੀ। 5 ਓਗ ਹਰਮੋਨ ਪਰਬਤ, ਸਾਲਕਾਹ ਅਤੇ ਬਾਸ਼ਾਨ ਦੇ ਸਾਰੇ ਇਲਾਕੇ ਉੱਤੇ ਹਕੂਮਤ ਕਰਦਾ ਸੀ। ਉਸਦੀ ਧਰਤੀ ਦੀ ਹੱਦ ਓਥੋਂ ਤੀਕ ਸੀ ਜਿੱਥੇ ਗਸ਼ੂਰ ਅਤੇ ਮਆਕਾਤ ਦੇ ਲੋਕ ਰਹਿੰਦੇ ਸਨ। ਓਗ ਗਿਲਆਦ ਦੀ ਅੱਧੀ ਧਰਤੀ ਉੱਤੇ ਵੀ ਹਕੂਮਤ ਕਰਦਾ ਸੀ। ਇਸ ਧਰਤੀ ਦੀ ਹੱਦ ਹਸ਼ਬੋਨ ਦੇ ਰਾਜੇ ਸੀਹੋਨ ਦੀ ਧਰਤੀ ਦੇ ਨਾਲ ਲੱਗਦੀ ਸੀ।
6 ਯਹੋਵਾਹ ਦੇ ਸੇਵਕ ਮੂਸਾ ਅਤੇ ਇਸਰਾਏਲ ਦੇ ਲੋਕਾਂ ਨੇ ਇਨ੍ਹਾਂ ਸਾਰੇ ਰਾਜਿਆਂ ਨੂੰ ਹਰਾ ਦਿੱਤਾ। ਅਤੇ ਮੂਸਾ ਨੇ ਇਹ ਧਰਤੀ ਰਊਬੇਨ ਦੇ ਪਰਿਵਾਰ-ਸਮੂਹ, ਗਾਦ ਦੇ ਪਰਿਵਾਰ-ਸਮੂਹ ਅਤੇ ਮਨੱਸ਼ਹ ਦੇ ਅੱਧੇ ਪਰਿਵਾਰ-ਸਮੂਹ ਨੂੰ ਦੇ ਦਿੱਤੀ। ਮੂਸਾ ਨੇ ਉਨ੍ਹਾਂ ਨੂੰ ਇਹ ਧਰਤੀ ਆਪਣੀ ਬਨਾਉਣ ਲਈ ਦੇ ਦਿੱਤੀ।
7 ਇਸਰਾਏਲ ਦੇ ਲੋਕਾਂ ਨੇ ਉਸ ਧਰਤੀ ਉੱਤਲੇ ਰਾਜਿਆਂ ਨੂੰ ਵੀ ਹਰਾ ਦਿੱਤਾ ਜਿਹੜੀ ਯਰਦਨ ਨਦੀ ਦੀ ਪੱਛਮ ਵੱਲ ਸੀ। ਯਹੋਸ਼ੁਆ ਨੇ ਇਸ ਧਰਤੀ ਵਿੱਚ ਲੋਕਾਂ ਦੀ ਅਗਵਾਈ ਕੀਤੀ। ਯਹੋਸ਼ੁਆ ਨੂੰ ਇਹ ਧਰਤੀ ਲੋਕਾਂ ਨੂੰ ਦਿੱਤੀ ਅਤੇ ਇਸ ਨੂੰ 12 ਪਰਿਵਾਰ-ਸਮੂਹਾਂ ਵਿੱਚ ਵੰਡ ਦਿੱਤਾ। ਇਹ ਉਹੀ ਧਰਤੀ ਸੀ ਜਿਸ ਨੂੰ ਦੇਣ ਦਾ ਪਰਮੇਸ਼ੁਰ ਨੇ ਉਨ੍ਹਾਂ ਨਾਲ ਇਕਰਾਰ ਕੀਤਾ ਸੀ। ਇਹ ਧਰਤੀ ਲਬਾਨੋਨ ਦੀ ਵਾਦੀ ਵਿੱਚਲੇ ਬਆਲ ਗਾਦ ਅਤੇ ਸੇਈਰ ਦੇ ਨਜ਼ਦੀਕ ਹਾਲਾਕ ਪਰਬਤ ਵਿੱਚਕਾਰ ਸੀ। 8 ਇਸ ਵਿੱਚ ਪਹਾੜੀ ਪ੍ਰਦੇਸ਼, ਪੱਛਮੀ ਤਰਾਈ, ਯਰਦਨ ਵਾਦੀ, ਪੂਰਬੀ ਪਰਬਤ, ਮਾਰੂਥਲ ਅਤੇ ਨੇਗੇਵ ਸ਼ਾਮਿਲ ਸੀ। ਇਹੀ ਧਰਤੀ ਸੀ ਜਿੱਥੇ, ਹਿੱਤੀ ਲੋਕ, ਅਮੋਰੀ ਲੋਕ, ਕਨਾਨੀ ਲੋਕ, ਫ਼ਰਿੱਜ਼ੀ ਲੋਕ, ਹਿੱਵੀ ਲੋਕ ਅਤੇ ਯਬੂਸੀ ਲੋਕ ਰਹਿੰਦੇ ਸਨ। ਇਸਰਾਏਲ ਵੱਲੋਂ ਹਰਾਏ ਰਾਜਿਆਂ ਦੀ ਸੂਚੀ ਇਹ ਹੈ:
9 ਯਰੀਹੋ ਦਾ ਰਾਜਾ 1
ਬੈਤਏਲ ਨੇੜੇ ਅਈ ਦਾ ਰਾਜਾ1
10 ਯਰੂਸ਼ਲਮ ਦਾ ਰਾਜਾ1
ਹਬਰੋਨ ਦਾ ਰਾਜਾ 1
11 ਯਰਮੂਥ ਦਾ ਰਾਜਾ1
ਲਾਕੀਸ਼ ਦਾ ਰਾਜਾ1
12 ਅਗਲੋਨ ਦਾ ਰਾਜਾ1
ਗਜ਼ਰ ਦਾ ਰਾਜਾ1
13 ਦਬਿਰ ਦਾ ਰਾਜਾ1
ਗਦਰ ਦਾ ਰਾਜਾ1
14 ਹਾਰਮਾਹ ਦਾ ਰਾਜਾ1
ਅਗਦ ਦਾ ਰਾਜਾ1
15 ਲਿਬਨਾਹ ਦਾ ਰਾਜਾ1
ਅਦੁੱਲਾਮ ਦਾ ਰਾਜਾ1
16 ਮੱਕੇਦਾਹ ਦਾ ਰਾਜਾ1
ਬੈਤਏਲ ਦਾ ਰਾਜਾ1
17 ਤੱਪੂਆਹ ਦਾ ਰਾਜਾ1
ਹੇਫ਼ਰ ਦਾ ਰਜਾ1
18 ਅਫ਼ੇਕ ਦਾ ਰਾਜਾ1
ਲੱਸ਼ਾਰੋਨ ਦਾ ਰਾਜਾ1
19 ਮਾਦੋਨ ਦਾ ਰਾਜਾ1
ਹਾਸੋਰ ਦਾ ਰਾਜਾ1
20 ਸ਼ਿਮਰੋਨ ਮਰੋਨ ਦਾ ਰਾਜਾ1
ਅਕਸ਼ਾਫ਼ ਦਾ ਰਾਜਾ1
21 ਤਿਆਨਾਕ ਦਾ ਰਾਜਾ1
ਮਗਿੱਦੋ ਦਾ ਰਾਜਾ1
22 ਕਦਸ਼ ਦਾ ਰਾਜਾ1
ਕਰਮਲ ਵਿੱਚਲੇ ਯਾਕਨਆਮ ਦਾ ਰਾਜਾ1
23 ਦੋਰ ਪਰਬਤ ਉੱਤੇ ਦੋਰ ਦਾ ਰਾਜਾ1
ਗਿਲਗਾਲ ਵਿਖੇ ਗੋਯਿਮ ਦਾ ਰਾਜਾ1
24 ਤਿਰਸਾਹ ਦਾ ਰਾਜਾ1
ਰਾਜਿਆਂ ਦੀ ਕੁੱਲ ਗਿਣਤੀ 31
ਉਹ ਧਰਤੀ ਜਿਸ ਉੱਤੇ ਹਾਲੇ ਕਬਜ਼ਾ ਨਹੀਂ ਹੋਇਆ
13 ਜਦੋਂ ਯਹੋਸ਼ੁਆ ਬਹੁਤ ਬਿਰਧ ਹੋ ਗਿਆ ਤਾਂ ਯਹੋਵਾਹ ਨੇ ਆਖਿਆ, “ਯਹੋਸ਼ੁਆ ਤੂੰ ਬਿਰਧ ਹੋ ਗਿਆ ਹੈ ਪਰ ਹਾਲੇ ਵੀ ਕਾਫ਼ੀ ਅਜਿਹੀ ਧਰਤੀ ਹੈ ਜਿਸ ਉੱਤੇ ਤੂੰ ਕਬਜ਼ਾ ਕਰ ਸੱਕਦਾ ਹੈਂ। 2 ਤੂੰ ਹਾਲੇ ਤੀਕ ਗਸ਼ੂਰ ਜਾਂ ਫ਼ਲਿਸਤੀਆਂ ਦੀ ਧਰਤੀ ਹਾਸਿਲ ਨਹੀਂ ਕੀਤੀ। 3 ਤੂੰ ਹਾਲੇ ਤੱਕ ਮਿਸਰ ਵਿੱਚਲੀ ਸ਼ੀਹੋਰ ਨਦੀ ਤੋਂ ਲੈ ਕੇ ਅਕਰੋਨ ਦੀ ਸਰਹੱਦ ਅਤੇ ਉੱਤਰ ਵੱਲ ਹੋਰ ਅਗਲੇਰੀ ਧਰਤੀ ਨੂੰ ਪ੍ਰਾਪਤ ਨਹੀਂ ਕੀਤਾ। ਇਹ ਧਰਤੀ ਹਾਲੇ ਵੀ ਕਨਾਨੀ ਲੋਕਾਂ ਦੀ ਹੈ। ਤੈਨੂੰ ਹਾਲੇ ਰਾਜਾ, ਅਸ਼ਦੋਦ, ਅਸ਼ਕਲੋਨ, ਗਿੱਤੀ ਅਤੇ ਅਕਰੋਨ ਦੇ ਪੰਜਾ ਫ਼ਲਿਸਤੀ ਆਗੂਆਂ ਨੂੰ ਹਰਾਉਣਾ ਚਾਹੀਦਾ ਹੈ। ਤੈਨੂੰ ਚਾਹੀਦਾ ਹੈ ਕਿ ਉਨ੍ਹਾਂ ਅੱਵੀ ਲੋਕਾਂ ਨੂੰ ਹਰਾਵੇ। 4 ਕਨਾਨੀਆਂ ਦੀ ਸਾਰੀ ਧਰਤੀ ਦੇ ਦੱਖਣ ਅਤੇ ਅਫ਼ੇਕਾਹ ਤੋਂ ਸਿਦੋਨੀਆਂ ਦੀ ਗੁਫ਼ਾ ਤੋਂ ਅਮੋਰੀਆਂ ਦੀ ਸੀਮਾ ਤਾਈਂ। 5 ਤੂੰ ਅਜੇ ਤੱਕ ਗਿਬਲੀਆਂ ਦੇ ਇਲਾਕੇ ਨੂੰ ਵੀ ਨਹੀਂ ਹਰਾਇਆ। ਅਤੇ ਹਰਮੋਨ ਪਰਬਤ ਦੇ ਹੇਠਾਂ ਬਆਲ ਗਾਦ ਦੇ ਪੂਰਬ ਤੋਂ ਲੈ ਕੇ ਲੇਬੋ ਹਾਮਥ ਤੱਕ ਲਬਾਨੋਨ ਦਾ ਇਲਾਕਾ ਵੀ ਹੈ।
6 “ਸੀਦੋਨ ਦੇ ਲੋਕ ਲਬਾਨੋਨ ਦੇ ਪਹਾੜੀ ਇਲਾਕੇ ਤੋਂ ਲੈ ਕੇ ਮਿਸਰਫ਼ੋਥ ਮਯਿਮ ਤੱਕ ਰਹਿ ਰਹੇ ਹਨ। ਪਰ ਮੈਂ ਇਨ੍ਹਾਂ ਸਾਰੇ ਲੋਕਾਂ ਨੂੰ ਇਸਰਾਏਲ ਦੇ ਲੋਕਾਂ ਲਈ ਬਾਹਰ ਨਿਕਲਣ ਉਤੇ ਮਜ਼ਬੂਰ ਕਰ ਦਿਆਂਗਾ। ਜਦੋਂ ਤੁਸੀਂ ਇਸਰਾਏਲ ਦੇ ਲੋਕਾਂ ਵਿੱਚਕਾਰ ਧਰਤੀ ਵੰਡੇ ਤਾਂ ਇਸ ਧਰਤੀ ਨੂੰ ਵੀ ਜ਼ਰੂਰ ਯਾਦ ਰੱਖਣਾ। ਇਵੇਂ ਹੀ ਕਰੋ ਜਿਵੇਂ ਮੈਂ ਤੁਹਾਨੂੰ ਆਖਿਆ ਹੈ। 7 ਹੁਣ ਧਰਤੀ ਨੂੰ ਨੌ ਪਰਿਵਾਰ-ਸਮੂਹਾਂ ਅਤੇ ਮਨੱਸ਼ਹ ਦੇ ਅੱਧੇ ਪਰਿਵਾਰ-ਸਮੂਹ ਵਿੱਚਕਾਰ ਵੰਡੇ।”
ਧਰਤੀ ਦੀ ਵੰਡ
8 ਰਊਬੇਨ, ਗਾਦ ਅਤੇ ਮਨੱਸ਼ਹ ਦੇ ਦੂਸਰੇ ਅੱਧੇ ਪਰਿਵਰ-ਸਮੂਹ ਪਹਿਲਾਂ ਹੀ ਆਪਣੀ ਸਾਰੀ ਧਰਤੀ ਲੈ ਚੁੱਕੇ ਹਨ। ਯਹੋਵਾਹ ਦੇ ਸੇਵਕ ਮੂਸਾ ਨੇ ਉਨ੍ਹਾਂ ਨੂੰ ਯਰਦਨ ਨਦੀ ਦੇ ਪੂਰਬ ਵੱਲ ਦੀ ਧਰਤੀ ਦਿੱਤੀ ਸੀ। 9 ਉਨ੍ਹਾਂ ਦੀ ਧਰਤੀ ਅਰਨੋਨ ਘਾਟੀ ਦੇ ਕੋਲ ਅਰੋਏਰ ਤੋਂ ਸ਼ੁਰੂ ਹੁੰਦੀ ਸੀ ਅਤੇ ਘਾਟੀ ਦੇ ਅੱਧ ਵਿੱਚਾਲੇ ਸ਼ਹਿਰ ਤੱਕ ਜਾਂਦੀ ਸੀ। ਅਤੇ ਇਸ ਵਿੱਚ ਮੇਦਬਾ ਤੋਂ ਦੀਬੋਨ ਤੱਕ ਦਾ ਸਾਰਾ ਮੈਦਾਨ ਸ਼ਾਮਿਲ ਸੀ। 10 ਉਹ ਸਾਰੇ ਕਸਬੇ ਜਿੱਥੇ ਅਮੋਰੀ ਲੋਕਾਂ ਦਾ ਰਾਜਾ, ਸੀਹੋਨ, ਹਕੂਮਤ ਕਰਦਾ ਸੀ, ਉਸੇ ਧਰਤੀ ਉੱਤੇ ਸਨ। ਉਹ ਰਾਜਾ ਹਸ਼ਬੋਨ ਸ਼ਹਿਰ ਵਿੱਚ ਰਾਜ ਕਰਦਾ ਸੀ। ਧਰਤੀ ਉੱਥੋਂ ਤੱਕ ਦੇ ਇਲਾਕੇ ਤੱਕ ਸੀ ਜਿੱਥੇ ਅੰਮੋਨੀ ਲੋਕ ਰਹਿੰਦੇ ਸਨ। 11 ਗਿਲਆਦ ਸ਼ਹਿਰ ਵੀ ਉਸੇ ਧਰਤੀ ਉੱਤੇ ਹੀ ਸੀ। ਅਤੇ ਉਹ ਇਲਾਕਾ ਜਿੱਥੇ ਗਸ਼ੂਰ ਅਤੇ ਮਆਕਾਹ ਦੇ ਲੋਕ ਰਹਿੰਦੇ ਸਨ ਵੀ ਉਸੇ ਧਰਤੀ ਉੱਤੇ ਸੀ। ਹਰਮੋਨ ਪਰਬਤ ਸਾਰਾ ਅਤੇ ਸਲਕਾਹ ਤੱਕ ਦਾ ਸਾਰਾ ਬਾਸ਼ਾਨ ਉਸੇ ਧਰਤੀ ਉੱਤੇ ਸੀ। 12 ਰਾਜੇ ਓਗ ਦੀ ਸਾਰੀ ਰਿਆਸਤ ਉਸੇ ਧਰਤੀ ਉੱਤੇ ਸੀ। ਰਾਜਾ ਓਗ ਬਾਸ਼ਾਨ ਵਿੱਚ ਰਾਜ ਕਰਦਾ ਸੀ। ਅਤੀਤ ਵਿੱਚ ਉਹ ਅਸ਼ਤਾਰੋਥ ਅਤੇ ਅੰਦਰਈ ਵਿਖੇ ਰਾਜ ਕਰਦਾ ਸੀ। ਓਗ ਰਫ਼ਾਈ ਲੋਕਾਂ ਵਿੱਚੋਂ ਸੀ। ਅਤੀਤ ਕਾਲ ਵਿੱਚ ਮੂਸਾ ਨੇ ਉਨ੍ਹਾਂ ਲੋਕਾਂ ਨੂੰ ਹਰਾ ਦਿੱਤਾ ਸੀ ਅਤੇ ਉਨ੍ਹਾਂ ਦੀ ਧਰਤੀ ਲੈ ਲਈ ਸੀ। 13 ਇਸਰਾਏਲ ਦੇ ਲੋਕਾਂ ਨੇ ਗਸ਼ੂਰ ਅਤੇ ਮਆਕਾਹ ਦੇ ਲੋਕਾਂ ਨੂੰ ਜਬਰਨ ਨਹੀਂ ਸੀ ਕੱਢਿਆ। ਉਹ ਲੋਕ ਅੱਜ ਤੱਕ ਵੀ ਇਸਰਾਏਲ ਦੇ ਲੋਕਾਂ ਨਾਲ ਰਹਿੰਦੇ ਹਨ।
14 ਇੱਕ ਲੇਵੀ ਦਾ ਪਰਿਵਾਰ-ਸਮੂਹ ਹੀ ਅਜਿਹਾ ਪਰਿਵਾਰ-ਸਮੂਹ ਹੈ ਜਿਸ ਨੂੰ ਕੋਈ ਜ਼ਮੀਨ ਨਹੀਂ ਮਿਲੀ। ਇਸਦੀ ਬਜਾਇ ਲੇਵੀ ਦੇ ਲੋਕ ਉਨ੍ਹਾਂ ਜਾਨਵਰਾਂ ਨੂੰ ਹੀ ਹਾਸਿਲ ਕਰਦੇ ਹਨ ਜਿਨ੍ਹਾਂ ਨੂੰ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਨੂੰ ਹੋਮ ਚੜ੍ਹਾਵੇ ਵਜੋਂ ਪੇਸ਼ ਕੀਤਾ ਜਾਂਦਾ ਹੈ। ਇਹੀ ਸੀ ਜਿਸਦਾ ਯਹੋਵਾਹ ਨੇ ਉਨ੍ਹਾਂ ਨਾਲ ਇਕਰਾਰ ਕੀਤਾ ਸੀ।
15 ਮੂਸਾ ਨੇ ਰਊਬੇਨ ਦੇ ਪਰਿਵਾਰ-ਸਮੂਹ ਵਿੱਚੋਂ ਹਰ ਪਰਿਵਾਰ ਨੂੰ ਕੁਝ ਜ਼ਮੀਨ ਦਿੱਤੀ ਸੀ। ਉਨ੍ਹਾਂ ਨੇ ਇਹ ਧਰਤੀ ਹਾਸਿਲ ਕੀਤੀ ਸੀ: 16 ਇਹ ਅਰਨੋਨ ਘਾਟੀ ਦੇ ਨੇੜੇ ਅਰੋਏਰ ਤੋਂ ਲੈ ਕੇ ਮੇਦਬਾ ਦੇ ਕਸਬੇ ਤੱਕ ਦੀ ਧਰਤੀ ਸੀ। ਇਸ ਵਿੱਚ ਘਾਟੀ ਦੇ ਅੱਧ ਵਿੱਚਾਲੇ ਸਾਰਾ ਮੈਦਾਨ ਅਤੇ ਕਸਬਾ ਸ਼ਾਮਿਲ ਸੀ। 17 ਧਰਤੀ ਹਸ਼ਬੋਨ ਤੱਕ ਜਾਂਦੀ ਸੀ। ਇਸ ਵਿੱਚ ਸਾਰੇ ਮੈਦਾਨੀ ਕਸਬੇ ਸ਼ਾਮਿਲ ਸਨ। ਉਹ ਕਸਬੇ ਸਨ: ਦੀਬੋਨ, ਬਾਮੋਥ, ਬਆਲ, ਬੈਤ ਬਆਲ ਮਓਨ, 18 ਯਹਸਾਹ ਕਦੇਮੋਥ, ਮੇਫ਼ਆਥ, 19 ਕਿਰਯਾਥਇਮ, ਸਿਬਮਾਹ, ਸਰਬ ਸ਼ਹਿਰ ਜਿਹੜੇ ਵਾਦੀ ਵਿੱਚ ਪਹਾੜੀ ਉੱਤੇ ਸਨ। 20 ਬੈਤ ਪਓਰ, ਪਿਸਗਾਹ ਦੀਆਂ ਪਹਾੜੀਆਂ ਅਤੇ ਯਸ਼ਿਮੋਥ। 21 ਇਸ ਲਈ ਉਸ ਧਰਤੀ ਵਿੱਚ ਸਾਰੇ ਮੈਦਾਨੀ ਕਸਬੇ ਸ਼ਾਮਿਲ ਸਨ ਅਤੇ ਉਹ ਸਾਰਾ ਇਲਾਕਾ ਵੀ ਜਿੱਥੇ ਅਮੋਰੀ ਲੋਕਾਂ ਦਾ ਰਾਜਾ ਸੀਹੋਨ ਰਾਜ ਕਰਦਾ ਸੀ। ਉਹ ਰਾਜਾ ਹਸ਼ਬੋਨ ਸ਼ਹਿਰ ਉੱਤੇ ਰਾਜ ਕਰਦਾ ਸੀ। ਪਰ ਮੂਸਾ ਨੇ ਉਸ ਨੂੰ ਅਤੇ ਮਿਦਯਾਨੀ ਲੋਕਾਂ ਦੇ ਆਗੂਆਂ ਨੂੰ ਹਰਾ ਦਿੱਤਾ ਸੀ। ਉਹ ਆਗੂ ਸਨ: ਅੱਵੀ, ਰਕਮ, ਸ਼ੂਰ, ਹੂਰ ਅਤੇ ਰਬਾ। (ਇਹ ਸਾਰੇ ਆਗੂ ਸੀਹੋਨ ਨਾਲ ਰਲਕੇ ਲੜੇ ਸਨ।) ਇਹ ਸਾਰੇ ਆਗੂ ਉਸ ਦੇਸ਼ ਵਿੱਚ ਰਹਿੰਦੇ ਸਨ। 22 ਇਸਰਾਏਲ ਦੇ ਲੋਕਾਂ ਨੇ ਬਓਰ ਦੇ ਪੁੱਤਰ ਬਿਲਆਮ ਨੂੰ ਹਰਾ ਦਿੱਤਾ। (ਬਿਲਆਮ ਭਵਿੱਖ ਦੱਸਣ ਲਈ ਜਾਦੂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰਦਾ ਸੀ।) ਇਸਰਾਏਲ ਦੇ ਲੋਕਾਂ ਨੇ ਲੜਾਈ ਦੌਰਾਨ ਬਹੁਤ ਸਾਰੇ ਲੋਕਾਂ ਨੂੰ ਮਾਰ ਦਿੱਤਾ। 23 ਜਿਹੜੀ ਧਰਤੀ ਰਊਬੇਨ ਨੂੰ ਦਿੱਤੀ ਗਈ ਸੀ ਉਹ ਯਰਦਨ ਨਦੀ ਦੇ ਕੰਢੇ ਜਾਕੇ ਖਤਮ ਹੁੰਦੀ ਸੀ। ਇਸ ਲਈ ਜਿਹੜੀ ਧਰਤੀ ਰਊਬੇਨ ਦੇ ਪਰਿਵਾਰ-ਸਮੂਹਾਂ ਨੂੰ ਦਿੱਤੀ ਗਈ ਸੀ ਉਸ ਵਿੱਚ ਇਹ ਸਾਰੇ ਕਸਬੇ ਅਤੇ ਉਨ੍ਹਾਂ ਦੇ ਖੇਤ ਸ਼ਾਮਿਲ ਸਨ ਜਿਹੜੇ ਸੂਚੀ ਵਿੱਚ ਦਰਜ ਸਨ।
24 ਇਹ ਧਰਤੀ ਹੈ ਜਿਹੜੀ ਮੂਸਾ ਨੇ ਗਾਦ ਦੇ ਪਰਿਵਾਰ-ਸਮੂਹ ਨੂੰ ਦਿੱਤੀ ਸੀ। ਮੂਸਾ ਨੇ ਇਹ ਧਰਤੀ ਹਰ ਪਰਿਵਾਰ-ਸਮੂਹ ਨੂੰ ਦਿੱਤੀ:
25 ਯਜ਼ੇਰ ਦੀ ਧਰਤੀ ਅਤੇ ਗਿਲਆਦ ਦੇ ਸਾਰੇ ਕਸਬਿਆਂ ਦੀ ਧਰਤੀ। ਮੂਸਾ ਨੇ ਉਨ੍ਹਾਂ ਨੂੰ ਰੱਬਾਹ ਦੇ ਨਜ਼ਦੀਕ ਅਰੋਏਰ ਤੱਕ ਦੀ ਅੰਮੋਰੀ ਲੋਕਾਂ ਦੀ ਅੱਧੀ ਧਰਤੀ ਵੀ ਦੇ ਦਿੱਤੀ। 26 ਉਸ ਧਰਤੀ ਵਿੱਚ ਹਸ਼ਬੋਨ ਤੋਂ ਗਮਥ ਮਿਸਪਹ ਅਤੇ ਬਟੋਨੀਮ ਤੱਕ ਦਾ ਇਲਾਕਾ ਸ਼ਾਮਿਲ ਸੀ। ਉਸ ਧਰਤੀ ਵਿੱਚ ਮਹਨਇਮ ਤੋਂ ਦਬਿਰ ਦੀ ਧਰਤੀ ਤੱਕ ਦਾ ਇਲਾਕਾ ਸ਼ਾਮਿਲ ਸੀ। 27 ਉਸ ਧਰਤੀ ਵਿੱਚ ਬੈਤ-ਹਾਰਾਮ, ਬੈਤ ਨਿਮਰਾਹ, ਸੁੱਕੋਥ ਅਤੇ ਸਾਫ਼ੋਨ ਦੀ ਵਾਦੀ ਵੀ ਸ਼ਾਮਿਲ ਸੀ। ਹੋਰ ਸਾਰੀ ਉਹ ਧਰਤੀ ਜਿੱਥੇ ਹਸ਼ਬੋਨ ਦੇ ਰਾਜੇ ਸੀਹੋਨ ਦੀ ਹਕੂਮਤ ਸੀ ਇਸ ਧਰਤੀ ਵਿੱਚ ਸ਼ਾਮਿਲ ਸੀ। ਇਹ ਧਰਤੀ ਉਹ ਹੈ ਜਿਹੜੀ ਯਰਦਨ ਨਦੀ ਦੇ ਪੂਰਬ ਵਾਲੇ ਪਾਸੇ ਹੈ। ਧਰਤੀ ਗਲੀਲੀ ਝੀਲ ਦੇ ਅੰਤ ਤੀਕ ਜਾਂਦੀ ਸੀ। 28 ਇਹ ਸਾਰੀ ਧਰਤੀ ਉਹ ਧਰਤੀ ਹੈ ਜਿਹੜੀ ਮੂਸਾ ਨੇ ਗਾਦ ਦੇ ਪਰਿਵਾਰ-ਸਮੂਹ ਨੂੰ ਦਿੱਤੀ ਸੀ। ਉਸ ਧਰਤੀ ਵਿੱਚ ਉਹ ਸਾਰੇ ਕਸਬੇ ਸ਼ਾਮਿਲ ਹਨ ਜਿਹੜੇ ਸੂਚੀ ਵਿੱਚ ਦਰਜ਼ ਸਨ। ਮੂਸਾ ਨੇ ਉਹ ਧਰਤੀ ਹਰ ਪਰਿਵਾਰ-ਸਮੂਹ ਨੂੰ ਦਿੱਤੀ।
29 ਇਹੀ ਉਹ ਧਰਤੀ ਹੈ ਜਿਹੜੀ ਮੂਸਾ ਨੇ ਮਨੱਸ਼ਹ ਦੇ ਅੱਧੇ ਪਰਿਵਾਰ-ਸਮੂਹ ਨੂੰ ਦਿੱਤੀ ਸੀ। ਮਨੱਸ਼ਹ ਦੇ ਪਰਿਵਾਰ-ਸਮੂਹ ਵਿੱਚੋਂ ਅੱਧੇ ਪਰਿਵਾਰਾਂ ਨੂੰ ਇਹ ਧਰਤੀ ਮਿਲੀ:
30 ਇਹ ਧਰਤੀ ਮਹਨਇਮ ਤੋਂ ਸ਼ੁਰੂ ਹੁੰਦੀ ਸੀ। ਇਸ ਧਰਤੀ ਵਿੱਚ ਸਾਰਾ ਬਾਸ਼ਾਨ, ਬਾਸ਼ਾਨ ਦੇ ਰਾਜੇ ਓਗ ਦੇ ਰਾਜ ਦੀ ਸਾਰੀ ਧਰਤੀ, ਬਾਸ਼ਾਨ ਵਿੱਚ ਯਾਈਰ ਦੇ ਸਾਰੇ ਕਸਬੇ ਸ਼ਾਮਿਲ ਸਨ। (ਕੁੱਲ ਮਿਲਾ ਕੇ ਇਹ ਸਠ ਸ਼ਹਿਰ ਸਨ।) 31 ਇਸ ਧਰਤੀ ਵਿੱਚ ਗਿਲਆਦ, ਅਸ਼ਤਾਰੋਥ ਅਤੇ ਅਰਦਈ ਦਾ ਅੱਧਾ ਹਿੱਸਾ ਵੀ ਸ਼ਾਮਿਲ ਸੀ। (ਗਿਲਆਦ, ਅਸ਼ਤਾਰੋਥ ਅਤੇ ਅੰਦਰਈ ਉਹ ਸ਼ਹਿਰ ਸਨ ਜਿੱਥੇ ਰਾਜਾ ਓਗ ਰਹਿ ਚੁੱਕਾ ਸੀ।) ਇਹ ਸਾਰੀ ਧਰਤੀ ਮਨੱਸ਼ਹ ਦੇ ਪੁੱਤਰ ਮਾਕੀਰ ਦੇ ਪਰਿਵਾਰ ਨੂੰ ਦਿੱਤੀ ਗਈ। ਉਨ੍ਹਾਂ ਸਾਰੇ ਪੁੱਤਰਾਂ ਵਿੱਚੋਂ ਅੱਧਿਆਂ ਨੇ ਇਹ ਧਰਤੀ ਹਾਸਿਲ ਕੀਤੀ।
32 ਮੂਸਾ ਨੇ ਇਹ ਸਾਰੀ ਧਰਤੀ ਇਨ੍ਹਾਂ ਪਰਿਵਾਰ-ਸਮੂਹਾਂ ਨੂੰ ਦਿੱਤੀ। ਮੂਸਾ ਨੇ ਅਜਿਹਾ ਉਦੋਂ ਕੀਤਾ ਸੀ ਜਦੋਂ ਲੋਕ ਮੋਆਬ ਦੇ ਮੈਦਾਨਾ ਉੱਤੇ ਡੇਰਾ ਲਾਈ ਬੈਠੇ ਸਨ। ਇਹ ਯਰੀਹੋ ਦੇ ਪੂਰਬ ਵੱਲ ਯਰਦਨ ਨਦੀ ਦੇ ਪਾਰ ਸੀ। 33 ਮੂਸਾ ਨੇ ਲੇਵੀ ਦੇ ਪਰਿਵਾਰ-ਸਮੂਹ ਨੂੰ ਕੋਈ ਧਰਤੀ ਨਹੀਂ ਦਿੱਤੀ। ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਨੇ ਇਕਰਾਰ ਕੀਤਾ ਸੀ ਕਿ ਉਹ ਖੁਦ ਲੇਵੀ ਦੇ ਪਰਿਵਾਰ-ਸਮੂਹ ਲਈ ਇੱਕ ਸੌਗਾਤ ਹੋਵੇਗਾ।
14 ਜਾਜਕ ਅਲਆਜ਼ਾਰ, ਨੂਨ ਦੇ ਪੁੱਤਰ ਯਹੋਸ਼ੁਆ ਅਤੇ ਇਸਰਾਏਲ ਦੇ ਸਾਰੇ ਪਰਿਵਾਰ-ਸਮੂਹਾਂ ਦੇ ਆਗੂਆਂ ਨੇ ਨਿਆਂ ਕੀਤਾ। ਕਿ ਕਿਹੜੀ ਧਰਤੀ ਲੋਕਾਂ ਨੂੰ ਦੇਣੀ ਹੈ। 2 ਯਹੋਵਾਹ ਨੇ ਬਹੁਤ ਪਹਿਲਾ ਮੂਸਾ ਨੂੰ ਇਹ ਆਦੇਸ਼ ਦਿੱਤਾ ਸੀ ਕਿ ਉਹ ਚਾਹੁੰਦਾ ਸੀ ਕਿ ਲੋਕ ਆਪਣੀ ਧਰਤੀ ਦੀ ਚੋਣ ਕਰਨ। ਸਾਢੇ ਨੌ ਪਰਿਵਾਰ-ਸਮੂਹਾਂ ਦੇ ਲੋਕਾਂ ਨੇ ਨਰਦਾਂ ਸੁੱਟ ਕੇ ਨਿਆਂ ਕਰ ਲਿਆ ਕਿ ਧਰਤੀ ਕਿ ਕਿਹੜੀ ਧਰਤੀ ਉਨ੍ਹਾਂ ਨੂੰ ਮਿਲਣੀ ਸੀ। 3 ਮੂਸਾ ਨੇ ਪਹਿਲਾ ਹੀ ਢਾਈ ਪਰਿਵਾਰ-ਸਮੂਹਾਂ ਨੂੰ ਉਨ੍ਹਾਂ ਦੀ ਧਰਤੀ ਯਰਦਨ ਨਦੀ ਦੇ ਪੂਰਬ ਵੱਲ ਦੇ ਦਿੱਤੀ ਸੀ। ਪਰ ਲੇਵੀ ਪਰਿਵਾਰ-ਸਮੂਹ ਨੂੰ ਹੋਰਨਾਂ ਲੋਕਾਂ ਵਾਂਗ ਕੋਈ ਧਰਤੀ ਨਹੀਂ ਮਿਲੀ। 4 ਬਾਰਾਂ ਪਰਿਵਾਰ-ਸਮੂਹਾਂ ਨੂੰ ਆਪੋ-ਆਪਣੀ ਧਰਤੀ ਦੇ ਦਿੱਤੀ ਗਈ ਸੀ। ਯੂਸੁਫ਼ ਦੇ ਪੁੱਤਰ ਦੋ ਪਰਿਵਾਰ-ਸਮੂਹਾਂ ਵਿੱਚ ਵੰਡੇ ਗਏ ਸਨ-ਮਨੱਸ਼ਹ ਅਤੇ ਅਫ਼ਰਾਈਮ। ਅਤੇ ਹਰ ਪਰਿਵਾਰ-ਸਮੂਹ ਨੂੰ ਕੁਝ ਧਰਤੀ ਮਿਲੀ। ਪਰ ਲੇਵੀ ਦੇ ਪਰਿਵਾਰ-ਸਮੂਹ ਦੇ ਲੋਕਾਂ ਨੂੰ ਕੋਈ ਧਰਤੀ ਨਹੀਂ ਮਿਲੀ। ਉਨ੍ਹਾਂ ਨੂੰ ਰਹਿਣ ਲਈ ਸਿਰਫ਼ ਕੁਝ ਕਸਬੇ ਦਿੱਤੇ ਗਏ। ਅਤੇ ਇਹ ਕਸਬੇ ਹਰੇਕ ਪਰਿਵਾਰ-ਸਮੂਹ ਦੀ ਧਰਤੀ ਉੱਤੇ ਸਨ। ਉਨ੍ਹਾਂ ਨੂੰ ਆਪਣੇ ਪਸ਼ੂਆਂ ਲਈ ਖੇਤ ਵੀ ਦਿੱਤੇ ਗਏ। 5 ਯਹੋਵਾਹ ਨੇ ਮੂਸਾ ਨੂੰ ਦੱਸ ਦਿੱਤਾ ਸੀ ਕਿ ਇਸਰਾਏਲ ਦੇ ਪਰਿਵਾਰ-ਸਮੂਹਾਂ ਵਿੱਚਕਾਰ ਧਰਤੀ ਕਿਵੇਂ ਵੰਡਣੀ ਹੈ। ਇਸਰਾਏਲ ਦੇ ਲੋਕਾਂ ਨੇ ਧਰਤੀ ਨੂੰ ਓਸੇ ਤਰ੍ਹਾਂ ਵੰਡਿਆਂ ਜਿਵੇਂ ਯਹੋਵਾਹ ਦਾ ਆਦੇਸ਼ ਸੀ।
ਕਾਲੇਬ ਨੂੰ ਆਪਣੀ ਧਰਤੀ ਮਿਲੀ
6 ਇੱਕ ਦਿਨ ਯਹੂਦਾਹ ਦੇ ਪਰਿਵਾਰ-ਸਮੂਹ ਦੇ ਕੁਝ ਲੋਕ ਗਿਲਗਾਲ ਵਿਖੇ ਯਹੋਸ਼ੁਆ ਕੋਲ ਗਏ। ਇਨ੍ਹਾਂ ਲੋਕਾਂ ਵਿੱਚੋਂ ਇੱਕ ਕਨਿੱਜ਼ੀ ਯਫ਼ੁੰਨਾਹ ਦਾ ਪੁੱਤਰ ਕਾਲੇਬ ਸੀ। ਕਾਲੇਬ ਨੇ ਯਹੋਸ਼ੁਆ ਨੂੰ ਆਖਿਆ, “ਤੁਹਾਨੂੰ ਉਹ ਗੱਲਾਂ ਯਾਦ ਹਨ ਜਿਹੜੀਆਂ ਯਹੋਵਾਹ ਨੇ ਕਾਦੇਸ਼ ਬਰਨੇਆ ਵਿਖੇ ਆਖੀਆਂ। ਯਹੋਵਾਹ ਆਪਣੇ ਸੇਵਕ [c] ਮੂਸਾ ਨਾਲ ਗੱਲ ਕਰ ਰਿਹਾ ਸੀ। ਯਹੋਵਾਹ ਤੁਹਾਡੇ ਅਤੇ ਮੇਰੇ ਬਾਰੇ ਗੱਲ ਕਰ ਰਿਹਾ ਸੀ। 7 ਯਹੋਵਾਹ ਦੇ ਸੇਵਕ ਮੂਸਾ ਨੇ ਮੈਨੂੰ ਉਹ ਧਰਤੀ ਦੇਖਣ ਲਈ ਭੇਜਿਆ ਜਿੱਥੇ ਅਸੀਂ ਜਾ ਰਹੇ ਸਾਂ। ਮੈਂ ਉਸ ਵੇਲੇ 40 ਸਾਲਾਂ ਦਾ ਸਾਂ। ਜਦੋਂ ਮੈਂ ਵਾਪਸ ਆਇਆ ਮੈਂ ਮੂਸਾ ਨੂੰ ਧਰਤੀ ਬਾਰੇ ਉਹੀ ਦੱਸਿਆ ਜੋ ਮੈਂ ਸੋਚਦਾ ਸਾਂ। 8 ਹੋਰਨਾ ਆਦਮੀਆਂ ਨੇ, ਜਿਹੜੇ ਮੇਰੇ ਨਾਲ ਗਏ ਸਨ, ਲੋਕਾਂ ਨੇ ਅਜਿਹੀਆਂ ਗੱਲਾਂ ਦੱਸੀਆਂ ਜਿਨ੍ਹਾਂ ਨੇ ਉਨ੍ਹਾ ਨੂੰ ਭੈਭੀਤ ਕਰ ਦਿੱਤਾ। ਪਰ ਮੈਂ ਸੱਚ ਮੁੱਚ ਵਿਸ਼ਵਾਸ ਕਰਦਾ ਹਾਂ ਕਿ ਯਹੋਵਾਹ ਸਾਨੂੰ ਉਸ ਧਰਤੀ ਨੂੰ ਪ੍ਰਾਪਤ ਕਰਨ ਦੀ ਇਜਾਜ਼ਤ ਦੇ ਦੇਵੇਗਾ। 9 ਇਸ ਲਈ ਉਸ ਦਿਨ ਮੂਸਾ ਨੇ ਮੇਰੇ ਨਾਲ ਇੱਕ ਇਕਰਾਰ ਕੀਤਾ ਉਸ ਨੇ ਆਖਿਆ, ‘ਉਹ ਧਰਤੀ, ਜਿੱਥੇ ਤੂੰ ਗਿਆ ਸੀ, ਤੇਰੀ ਹੋ ਜਾਵੇਗੀ। ਤੇਰੇ ਬੱਚੇ ਹਮੇਸ਼ਾ ਉਸ ਦੇ ਮਾਲਿਕ ਰਹਿਣਗੇ। ਉਹ ਧਰਤੀ ਮੈਂ, ਤੈਨੂੰ ਇਸ ਲਈ ਦੇਵਾਂਗਾ ਕਿਉਂਕਿ ਤੂੰ ਯਹੋਵਾਹ ਮੇਰੇ ਪਰਮੇਸ਼ੁਰ ਵਿੱਚ ਸੱਚ ਮੁੱਚ ਯਕੀਨ ਕੀਤਾ।’
10 “ਹੁਣ, ਯਹੋਵਾਹ ਨੇ ਮੈਨੂੰ 45 ਵਰ੍ਹੇ ਜਿਉਂਦਾ ਰੱਖਿਆ ਹੈ-ਜਿਵੇਂ ਕਿ ਉਸ ਨੇ ਕਰਨ ਲਈ ਆਖਿਆ ਸੀ। ਉਸ ਸਮੇਂ ਦੌਰਾਨ ਅਸੀਂ ਸਾਰੇ ਮਾਰੂਥਲ ਅੰਦਰ ਭਟਕਦੇ ਰਹੇ। ਹੁਣ ਮੈਂ ਇੱਥੇ ਹਾਂ, 85 ਵਰ੍ਹਿਆਂ ਦਾ। 11 ਮੈਂ ਅੱਜ ਵੀ ਓਨਾ ਹੀ ਮਜ਼ਬੂਤ ਹਾਂ ਜਿੰਨਾ ਉਸ ਦਿਨ ਸਾਂ ਜਦੋਂ ਮੈਨੂੰ ਮੂਸਾ ਨੇ ਬਾਹਰ ਭੇਜਿਆ ਸੀ। ਮੈਂ ਅੱਜ ਵੀ ਲੜਨ ਲਈ ਓਨਾ ਹੀ ਤਿਆਰ ਹਾਂ ਜਿੰਨਾ ਉਦੋਂ ਸਾਂ। 12 ਇਸ ਲਈ ਹੁਣ ਮੈਨੂੰ ਉਹ ਪਹਾੜੀ ਇਲਾਕਾ ਦੇ ਦੇਵੋ ਜਿਸ ਬਾਰੇ ਯਹੋਵਾਹ ਨੇ ਉਸ ਦਿਨ ਬਹੁਤ ਪਹਿਲਾਂ ਮੈਨੂੰ ਦੇਣ ਦਾ ਇਕਰਾਰ ਕੀਤਾ ਸੀ। ਉਸ ਸਮੇਂ, ਤੁਸੀਂ ਸੁਣਿਆ ਹੋਵੇਗਾ ਕਿ ਉੱਥੇ ਤਾਕਤਵਰ ਅਨਾਕੀ ਲੋਕ ਰਹਿੰਦੇ ਸਨ, ਅਤੇ ਸ਼ਹਿਰ ਬਹੁਤ ਵੱਡੇ ਅਤੇ ਬਹੁਤ ਸੁਰੱਖਿਅਤ ਸਨ। ਪਰ ਹੁਣ, ਸ਼ਾਇਦ ਯਹੋਵਾਹ ਮੇਰੇ ਨਾਲ ਹੋਵੇ ਅਤੇ ਮੈਂ ਉਸ ਧਰਤੀ ਨੂੰ ਹਾਸਿਲ ਕਰ ਲਵਾ ਜਿਹਾ ਕਿ ਯਹੋਵਾਹ ਨੇ ਆਖਿਆ ਸੀ।”
13 ਯਹੋਸ਼ੁਆ ਨੇ ਯਫ਼ੁੰਨਹ ਦੇ ਪੁੱਤਰ, ਕਾਲੇਬ ਨੂੰ ਅਸੀਸ ਦਿੱਤੀ। ਯਹੋਸ਼ੁਆ ਨੇ ਉਸ ਨੂੰ ਹਬਰੋਨ ਦਾ ਸ਼ਹਿਰ ਆਪਣੇ ਲਈ ਰੱਖਣ ਵਾਸਤੇ ਦੇ ਦਿੱਤਾ। 14 ਅਤੇ ਉਹ ਸ਼ਹਿਰ ਅੱਜ ਵੀ ਕਨਿੱਜ਼ੀ ਯਫ਼ੁੰਨਾਹ ਦੇ ਪੁੱਤਰ ਕਾਲੇਬ ਦੀ ਮਲਕੀਅਤ ਹੈ। ਉਹ ਸ਼ਹਿਰ ਹਾਲੇ ਵੀ ਉਸ ਦੇ ਲੋਕਾਂ ਦਾ ਹੈ ਕਿਉਂਕਿ ਉਸ ਨੇ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਦਾ ਹੁਕਮ ਮੰਨਿਆ ਅਤੇ ਉਸ ਵਿੱਚ ਭਰੋਸਾ ਕੀਤਾ। 15 ਅਤੀਤ ਕਾਲ ਵਿੱਚ ਉਸ ਸ਼ਹਿਰ ਦਾ ਨਾਮ ਕਿਰਯਥ ਅਰਬਾ ਸੀ। ਉਸ ਸ਼ਹਿਰ ਦਾ ਨਾਮ ਅਨਾਕੀ ਲੋਕਾਂ ਦੇ ਸਭ ਤੋਂ ਮਹਾਨ ਆਦਮੀ-ਅਰਬਾ ਨਾਮ ਦੇ ਆਦਮੀ-ਦੇ ਨਾਲ ਉੱਤੇ ਰੱਖਿਆ ਗਿਆ ਸੀ।
ਇਸਤੋਂ ਮਗਰੋਂ ਉਸ ਧਰਤੀ ਉੱਤੇ ਸ਼ਾਂਤੀ ਹੋ ਗਈ।
2010 by World Bible Translation Center