Print Page Options
Previous Prev Day Next DayNext

Bible in 90 Days

An intensive Bible reading plan that walks through the entire Bible in 90 days.
Duration: 88 days
Punjabi Bible: Easy-to-Read Version (ERV-PA)
Version
1 ਰਾਜਿਆਂ 7:38-16:20

38 ਹੀਰਾਮ ਨੇ ਕਾਂਸੇ ਦੇ ਦਸ ਕਟੋਰੇ ਬਣਾਏ। ਹਰ ਕਟੋਰਾ ਵਿਆਸ ਵਿੱਚ 4 ਹੱਥ ਸੀ ਅਤੇ 230 ਗੇਲਿਨਾਂ ਦੀ ਸਮਰੱਥਾ ਸੀ। 39 ਹੀਰਾਮ ਨੇ ਪੰਜ ਗੱਡੇ ਮੰਦਰ ਦੇ ਦੱਖਣੀ ਪਾਸੇ ਵੱਲ ਰੱਖੇ ਅਤੇ ਦੂਜੇ ਪੰਜ ਗੱਡੇ ਮੰਦਰ ਦੀ ਉੱਤਰ ਦਿਸ਼ਾ ਵੱਲ। ਉਸ ਨੇ ਵੱਡਾ ਤਲਾਅ ਮੰਦਰ ਦੇ ਦੱਖਣੀ ਪੂਰਬੀ ਕੰਢੇ ਵੱਲ ਰੱਖਿਆ। 40-45 ਇਸ ਦੇ ਇਲਾਵਾ ਹੀਰਾਮ ਨੇ ਹੌਦੀਆਂ, ਬਾਟੀਆਂ ਅਤੇ ਕੜਛੇ ਬਣਾਏ ਅਤੇ ਹੀਰਾਮ ਨੇ ਉਹ ਸਾਰਾ ਕੰਮ ਕੀਤਾ ਜਿਹੜਾ ਉਸ ਨੇ ਯਹੋਵਾਹ ਦੇ ਭਵਨ ਉੱਤੇ ਸੁਲੇਮਾਨ ਪਾਤਸ਼ਾਹ ਲਈ ਬਣਾਇਆ ਸੀ ਸੰਪੂਰਨ ਕੀਤਾ।

ਥੰਮਾਂ ਦੇ ਉੱਪਰ ਰੱਖਣ ਲਈ

ਕੌਲਿਆਂ ਦੇ ਅਕਾਰ ਦੇ ਦੋ ਗੁੰਬਦ ਅਤੇ ਦੋ ਥੰਮ,

ਗੁੰਬਦਾਂ ਦੇ ਦੁਆਲੇ ਪਾਉਣ ਲਈ ਦੋ ਜਾਲੀਆਂ।

ਦੋ ਜਾਲੀਆਂ ਲਈ 400 ਅਨਾਰ।

ਥੰਮਾਂ ਦੇ ਉੱਪਰ ਗੁੰਬਦਾਂ ਲਈ ਦੋ ਕੌਲਿਆਂ ਨੂੰ ਢੱਕਣ ਲਈ ਉੱਥੇ ਅਨਾਰਾਂ ਦੀਆਂ ਦੋ ਕਤਾਰਾਂ ਸਨ।

ਦਸ ਗੱਡੇ ਅਤੇ ਹਰ ਗੱਡੇ ਦੇ ਉੱਪਰ ਪਾਸੇ ਇੱਕ ਹੌਦ।

ਇੱਕ ਵੱਡਾ ਤਲਾਅ ਅਤੇ ਉਸ ਦੇ ਥੱਲੇ 12 ਬਲਦ।

ਭਾਂਡੇ, ਛੋਟੇ ਕੜਛੇ, ਛੋਟੇ ਕੌਲੇ ਅਤੇ ਯਹੋਵਾਹ ਦੇ ਮੰਦਰ ਲਈ ਬਾਕੀ ਸਾਰੇ ਭਾਂਡੇ।

ਇਹ ਸਾਰੇ ਮਾਂਜੇ ਹੋਏ ਕਾਂਸੇ ਤੋਂ ਬਣੇ ਸਨ। 46-47 ਸੁਲੇਮਾਨ ਨੇ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਬਨਾਉਣ ਲਈ ਵਰਤੇ ਗਏ ਕਾਂਸੇ ਦਾ ਵਜਨ ਨਾ ਕੀਤਾ ਕਿਉਂ ਕਿ ਇਹ ਇੰਨੀ ਵੱਡੀ ਮਾਤਰਾ ਵਿੱਚ ਸੀ ਕਿ ਇਸਦਾ ਵਜਨ ਕਰਨਾ ਅਸੰਭਵ ਸੀ। ਇਸ ਲਈ ਇਹ ਕਦੇ ਨਾ ਪਤਾ ਲੱਗ ਸੱਕਿਆ ਕਿ ਕਿੰਨਾਂ ਕਾਂਸਾ ਇਸਤੇਮਾਲ ਕੀਤਾ ਗਿਆ ਸੀ। ਰਾਜੇ ਨੇ ਇਨ੍ਹਾਂ ਚੀਜ਼ਾਂ ਨੂੰ ਕਿਤੇ ਸੁੱਕੋਥ ਅਤੇ ਸਾਰਥਾਨ ਦੇ ਮੱਧ ਵਿੱਚ ਯਰਦਨ ਦਰਿਆ ਦੇ ਨੇੜੇ ਬਨਾਉਣ ਦਾ ਆਦੇਸ਼ ਦਿੱਤਾ ਸੀ। ਇਹ ਸਾਰੀਆਂ ਚੀਜ਼ਾਂ ਕਾਂਸੇ ਨੂੰ ਢਾਲ ਕੇ ਮਿੱਟੀ ਦੇ ਸਾਂਚਿਆਂ ਵਿੱਚ ਪਾਕੇ ਬਣਾਈਆਂ ਗਈਆਂ ਸਨ।

48-50 ਸੁਲੇਮਾਨ ਨੇ ਮੰਦਰ ਲਈ ਵੀ ਬਹੁਤ ਸਾਰੀਆਂ ਚੀਜ਼ਾ ਸੋਨੇ ਤੋਂ ਬਣਾਏ ਜਾਣ ਦਾ ਆਦੇਸ਼ ਦਿੱਤਾ। ਉਹ ਸਨ:

ਸੁਨਿਹਰੀ ਜਗਵੇਦੀ,

ਸੁਨਿਹਰੀ ਮੇਜ਼, (ਇਸ ਮੇਜ਼ ਉੱਪਰ ਪਰਮੇਸ਼ੁਰ ਨੂੰ ਭੇਟ ਕੀਤੀ ਰੋਟੀ ਰੱਖੀ ਜਾਂਦੀ ਸੀ।)

ਸ਼ੁੱਧ ਸੋਨੇ ਦੇ ਸ਼ਮਾਦਾਨ (ਇਹ ਸ਼ਮਾਦਾਨ ਅੱਤ ਪਵਿੱਤਰ ਸਥਾਨ ਵਿੱਚ ਰੱਖੇ ਗਏ, ਪੰਜ ਦੱਖਣੀ ਪਾਸੇ ਵੱਲ ਅਤੇ ਪੰਜ ਉੱਤਰੀ ਪਾਸੇ ਵੱਲ।)

ਸੁਨਿਹਰੀ ਫ਼ੁੱਲ, ਦੀਵੇ ਅਤੇ ਚਿਮਟੇ, ਭਾਂਡੇ,

ਸ਼ੁੱਧ ਸੋਨੇ ਦੇ ਕਟੋਰੇ, ਗੁਲ ਤਰਾਸ਼, ਛੋਟੀਆਂ ਕੌਲੀਆਂ, ਕੜ੍ਹਾਹੀਆਂ,

ਅਤੇ ਕੋਲੇ ਚੁੱਕਣ ਲਈ ਭਾਂਡੇ, ਅੰਦਰਲੇ ਕਮਰੇ (ਅੱਤ ਪਵਿੱਤਰ ਸਥਾਨ) ਦੇ ਦਰਵਾਜ਼ਿਆਂ

ਅਤੇ ਮੰਦਰ ਦੇ ਵੱਡੇ ਕਮਰੇ ਦੇ ਦਰਵਾਜ਼ਿਆਂ ਲਈ ਕਬਜ਼ੇ।

51 ਇਉਂ ਯਹੋਵਾਹ ਦੇ ਮੰਦਰ ਦਾ ਸਾਰਾ ਕੰਮ ਜਿਹੜਾ ਸੁਲੇਮਾਨ ਪਾਤਸ਼ਾਹ ਨੇ ਬਣਵਾਇਆ ਮੁਕੰਮਲ ਹੋਇਆ ਤਾਂ ਸੁਲੇਮਾਨ ਆਪਣੇ ਪਿਤਾ ਦਾਊਦ ਦੀਆਂ ਪਵਿੱਤਰ ਵਸਤਾਂ ਅੰਦਰ ਲਿਆਇਆ ਜਿਹੜੀਆਂ ਕਿ ਉਸ ਨੇ ਇੱਕ ਖਾਸ ਮੌਕੇ ਲਈ ਇਕੱਠੀਆਂ ਕੀਤੀਆਂ ਹੋਈਆਂ ਸੀ। ਉਸ ਨੇ ਉਨ੍ਹਾਂ ਨੂੰ ਯਹੋਵਾਹ ਦੇ ਮੰਦਰ ਦੇ ਖਜ਼ਾਨਿਆਂ ਵਿੱਚ ਰੱਖ ਦਿੱਤਾ।

ਮੰਦਰ ਵਿੱਚ ਨੇਮ ਦਾ ਸੰਦੂਕ

ਤਦ ਸੁਲੇਮਾਨ ਨੇ ਇਸਰਾਏਲ ਦੇ ਬਜ਼ੁਰਗਾਂ ਨੂੰ, ਪਰਿਵਾਰ-ਸਮੂਹਾਂ ਦੇ ਸਾਰੇ ਮੁਖੀਆਂ ਨੂੰ ਜੋ ਇਸਰਾਏਲੀਆਂ ਦੇ ਪੁਰਖਿਆਂ ਦੇ ਪਰਧਾਨ ਸਨ, ਆਪਣੇ ਕੋਲ ਯਰੂਸ਼ਲਮ ਵਿੱਚ ਇਕੱਠੇ ਕੀਤਾ ਤਾਂ ਜੋ ਉਹ ਯਹੋਵਾਹ ਦੇ ਨੇਮ ਦੇ ਸੰਦੂਕ ਨੂੰ ਦਾਊਦ ਦੇ ਸ਼ਹਿਰ ਤੋਂ ਜਿਹੜਾ ਸੀਯੋਨ ਹੈ ਉੱਥੋਂ ਇੱਥੇ ਲੈ ਆਉਣ। ਤਾਂ ਇਸਰਾਏਲ ਦੇ ਸਾਰੇ ਲੋਕ ਡੇਰਿਆਂ ਦੇ ਪਰਬ ਦੌਰਾਨ ਸੁਲੇਮਾਨ ਪਾਤਸ਼ਾਹ ਦੇ ਕੋਲ ਆਏ ਜਿਹੜਾ ਕਿ ਏਥਾਨੀਮ ਦੇ ਮਹੀਨੇ, (ਸਾਲ ਦੇ ਸੱਤਵੇਂ ਮਹੀਨੇ) ਵਿੱਚ ਸਨ।

ਇਸਰਾਏਲ ਦੇ ਸਾਰੇ ਬਜ਼ੁਰਗ ਆਏ ਤਦ ਜਾਜਕਾਂ ਨੇ ਪਵਿੱਤਰ ਸੰਦੂਕ ਨੂੰ ਚੁੱਕਿਆ। ਉਸ ਪਵਿੱਤਰ ਸੰਦੂਕ ਦੇ ਨਾਲ ਮੰਡਲੀ ਦੇ ਤੰਬੂ ਅਤੇ ਸਾਰੇ ਪਵਿੱਤਰ ਭਾਂਡਿਆਂ ਨੂੰ ਜਿਹੜੇ ਕਿ ਤੰਬੂ ਵਿੱਚ ਸਨ ਉਨ੍ਹਾਂ ਨੂੰ ਵੀ ਚੁੱਕ ਕੇ ਨਾਲ ਲਿਆਏ। ਇਉਂ ਲੇਵੀਆਂ ਨੇ ਇਨ੍ਹਾਂ ਵਸਤਾਂ ਨੂੰ ਚੁਕਾਉਣ ਵਿੱਚ ਜਾਜਕਾਂ ਦੀ ਮਦਦ ਕੀਤੀ। ਸੁਲੇਮਾਨ ਪਾਤਸ਼ਾਹ ਅਤੇ ਇਸਰਾਏਲ ਦੇ ਸਾਰੇ ਲੋਕ, ਜੋ ਉਸ ਦੇ ਨਾਲ ਆਏ ਸਨ, ਪਵਿੱਤਰ ਸੰਦੂਕ ਦੇ ਅੱਗੇ ਖਲੋ ਗਏ। ਉਨ੍ਹਾਂ ਨੇ ਇੰਨੀਆਂ ਭੇਡਾਂ ਤੇ ਪਸ਼ੂ ਬਲੀ ਚੜ੍ਹਾਏ ਕਿ ਉਨ੍ਹਾਂ ਨੂੰ ਗਿਣਨਾ ਸੰਭਵ ਨਹੀਂ ਸੀ। ਫ਼ੇਰ ਜਾਜਕਾਂ ਨੇ ਯਹੋਵਾਹ ਦੇ ਇੱਕਰਾਨਾਮੇ ਵਾਲੇ ਸੰਦੂਕ ਨੂੰ ਇਸਦੀ ਥਾਵੇਂ, ਮੰਦਰ ਦੇ ਅੱਤ ਪਵਿੱਤਰ ਸਥਾਨ ਵਿੱਚ ਧਰ ਦਿੱਤਾ। ਇਹ ਕਰੂਬੀ ਫ਼ਰਿਸ਼ਤਿਆਂ ਦੇ ਖੰਭਾਂ ਹੇਠਾਂ ਰੱਖਿਆ ਗਿਆ ਸੀ। ਕਰੂਬੀ ਫ਼ਰਿਸ਼ਤਿਆਂ ਦੇ ਖੰਭ ਪਵਿੱਤਰ ਸੰਦੂਕ ਦੇ ਉੱਪਰ ਫ਼ੈਲੇ ਹੋਏ ਸਨ। ਤਾਂ ਜੋ ਉਹ ਪਵਿੱਤਰ ਸੰਦੂਕ ਅਤੇ ਇਸ ਨੂੰ ਚੁੱਕਣ ਲਈ ਵਰਤੀਆਂ ਜਾਣ ਵਾਲੀਆਂ ਚੋਬਾਂ ਨੂੰ ਢੱਕ ਲੈਣ। ਉਨ੍ਹਾਂ ਨੇ ਚੋਬਾਂ ਨੂੰ ਐਨਾ ਲੰਮਾ ਕੀਤਾ ਕਿ ਚੋਬਾਂ ਦੇ ਸਿਰੇ ਵਿੱਚਲੀ ਕੋਠੜੀ ਅੱਗੇ ਪਵਿੱਤਰ ਅਸਥਾਨ ਤੋਂ ਨਜ਼ਰ ਆਉਂਦੇ ਸਨ ਪਰ ਬਾਹਰੋ ਨਹੀਂ ਸਨ ਦਿੱਸਦੇ ਅਤੇ ਉਹ ਅੱਜ ਦਿਨ ਤੀਕ ਉੱਥੇ ਹੀ ਹਨ। ਪਵਿੱਤਰ ਸੰਦੂਕ ਵਿੱਚ ਉਨ੍ਹਾਂ ਦੋਨਾਂ ਪੱਥਰ ਦੀਆਂ ਪੱਟੀਆਂ ਤੋਂ ਇਲਾਵਾ ਹੋਰ ਕੁਝ ਨਹੀਂ ਸੀ ਜਿਹੜੀਆਂ ਮੂਸਾ ਨੇ ਹੋਰੇਬ ਵਿੱਚ ਪਵਿੱਤਰ ਸੰਦੂਕ ਵਿੱਚ ਪਾਈਆਂ ਸਨ। ਹੋਰੇਬ ਉਹੀ ਜਗ੍ਹਾ ਸੀ ਜਿੱਥੇ ਯਹੋਵਾਹ ਨੇ ਇਸਰਾਏਲੀਆਂ ਨਾਲ ਆਪਣਾ ਇਕਰਾਰਨਾਮਾ ਕੀਤਾ ਸੀ ਜਦੋਂ ਉਹ ਮਿਸਰ ਵਿੱਚੋਂ ਨਿਕਲੇ ਸਨ।

10 ਜਦੋਂ ਜਾਜਕਾਂ ਨੇ ਪਵਿੱਤਰ ਸੰਦੂਕ ਨੂੰ ਅੱਤ ਪਵਿੱਤਰ ਸਥਾਨ ਤੇ ਰੱਖਿਆ ਅਤੇ ਇਸ ਵਿੱਚੋਂ ਬਾਹਰ ਆਏ ਬੱਦਲ [a] ਨੇ ਯਹੋਵਾਹ ਦੇ ਮੰਦਰ ਨੂੰ ਭਰ ਦਿੱਤਾ। 11 ਜਾਜਕਾਂ ਨੂੰ ਆਪਣਾ ਕੰਮ ਰੋਕਣਾ ਪਿਆ ਕਿਉਂ ਕਿ ਮੰਦਰ ਇੱਕਦਮ ਪਰਮੇਸ਼ੁਰ ਦੇ ਪਰਤਾਪ ਨਾਲ ਭਰ ਗਿਆ। 12 ਤਦ ਸੁਲੇਮਾਨ ਨੇ ਆਖਿਆ:

“ਯਹੋਵਾਹ ਨੇ ਫ਼ੁਰਮਾਇਆ ਸੀ ਕਿ ਉਹ ਘੁੱਪ ਹਨੇਰੇ ਵਿੱਚ ਵੱਸੇਗਾ [b]
    ਅਤੇ ਯਹੋਵਾਹ ਅਸਮਾਨ ਤੇ ਸੂਰਜ ਨੂੰ ਚਮਕਾਵੇਗਾ।
13 ਮੈਂ ਤੇਰੇ ਲਈ ਇੱਕ ਅਦਭੁਤ ਮੰਦਰ ਬਣਾਇਆ,
    ਜਿੱਥੇ ਤੂੰ ਸਦਾ ਲਈ ਰਹਿ ਸੱਕੇ।”

14 ਇਸਰਾਏਲ ਦੇ ਸਾਰੇ ਲੋਕ ਉੱਥੇ ਖੜ੍ਹੇ ਸਨ, ਤਾਂ ਸੁਲੇਮਾਨ ਪਾਤਸ਼ਾਹ ਉਨ੍ਹਾਂ ਵੱਲ ਮੁੜਿਆ ਅਤੇ ਉਨ੍ਹਾਂ ਨੂੰ ਅਸੀਸ ਦਿੱਤੀ। 15 ਫ਼ਿਰ ਸੁਲੇਮਾਨ ਪਾਤਸ਼ਾਹ ਨੇ ਇਹ ਲੰਬੀ ਪ੍ਰਾਰਥਨਾ ਕੀਤੀ:

“ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਨੂੰ ਉਸਤਤ। ਜੋ ਵੀ ਇਕਰਾਰ ਉਸ ਨੇ ਮੇਰੇ ਪਿਤਾ ਦਾਊਦ ਨਾਲ ਕੀਤਾ ਸੀ, ਉਸ ਨੇ ਪੂਰਾ ਕੀਤਾ। ਯਹੋਵਾਹ ਨੇ ਮੇਰੇ ਪਿਤਾ ਨੂੰ ਕਿਹਾ, 16 ‘ਮੈਂ ਆਪਣੇ ਲੋਕਾਂ ਇਸਰਾਏਲ ਨੂੰ ਮਿਸਰ ਵਿੱਚੋਂ ਬਾਹਰ ਲਿਆਇਆ। ਪਰ ਹੁਣ ਤੀਕ ਮੈਂ ਇਸਰਾਏਲ ਦੇ ਕਿਸੇ ਵੀ ਪਰਿਵਾਰ-ਸਮੂਹ ਵਿੱਚੋਂ ਕੋਈ ਸ਼ਹਿਰ ਨਹੀਂ ਚੁਣਿਆ ਸੀ ਕਿ ਕੌਣ ਮੇਰੇ ਨਾਮ ਲਈ ਮੰਦਰ ਉਸਾਰੇਗਾ। ਪਰ ਹੁਣ ਮੈਂ ਯਰੂਸ਼ਲਮ ਨੂੰ ਚੁਣਿਆ ਹੈ ਜਿੱਥੇ ਹਮੇਸ਼ਾ ਮੇਰਾ ਆਦਰ ਹੋਵੇਗਾ। ਅਤੇ ਮੈਂ ਦਾਊਦ ਨੂੰ ਮੇਰੇ ਲੋਕਾਂ, ਇਸਰਾਏਲ ਤੇ ਸ਼ਾਸਨ ਕਰਨ ਲਈ ਚੁਣਿਆ ਹੈ।’

17 “ਮੇਰੇ ਪਿਤਾ ਦਾਊਦ ਦੀ ਇੱਛਾ ਸੀ ਕਿ ਮੈਂ ਇਸਰਾਏਲ ਦਾ ਪਰਮੇਸ਼ੁਰ ਯਹੋਵਾਹ ਦੇ ਨਾਮ ਲਈ ਇੱਕ ਮੰਦਰ ਬਣਾਵਾਂ। 18 ਪਰ ਯਹੋਵਾਹ ਨੇ ਮੇਰੇ ਪਿਤਾ ਦਾਊਦ ਨੂੰ ਆਖਿਆ, “ਮੈਂ ਜਾਣਦਾ ਹਾਂ ਕਿ ਤੂੰ ਮੇਰੇ ਸੰਮਾਨ ਵਿੱਚ ਇੱਕ ਮੰਦਰ ਬਣਾਉਣਾ ਚਾਹੁੰਦਾ ਹੈਂ ਅਤੇ ਇਹੀ ਚੰਗੀ ਗੱਲ ਵੀ ਹੈ ਕਿ ਤੂੰ ਅਜਿਹੀ ਭਾਵਨਾ ਰੱਖਦਾ ਹੈਂ। 19 ਪਰ ਜਿਸ ਨੂੰ ਮੈਂ ਮੰਦਰ ਬਨਾਉਣ ਲਈ ਚੁਣਿਆ ਹੋਇਆ ਹੈ ਉਹ ਤੂੰ ਨਹੀਂ ਹੈਂ ਸਗੋਂ ਉਹ ਤੇਰਾ ਪੁੱਤਰ ਹੋਵੇਗਾ ਜੋ ਕਿ ਮੇਰੇ ਲਈ ਮੰਦਰ ਬਣਾਵੇਗਾ।’

20 “ਸੋ ਯਹੋਵਾਹ ਨੇ ਕੀਤੇ ਹੋਏ ਇਕਰਾਰ ਨੂੰ ਨਿਭਾਇਆ। ਹੁਣ ਮੈਂ ਆਪਣੇ ਪਿਤਾ ਦਾਊਦ ਦੀ ਥਾਵੇਂ ਪਾਤਸ਼ਾਹ ਬਣਿਆ ਹਾਂ। ਹੁਣ ਮੈਂ ਯਹੋਵਾਹ ਦੇ ਇਕਰਾਰ ਮੁਤਾਬਿਕ ਇਸਰਾਏਲ ਉੱਪਰ ਹਕੂਮਤ ਕਰ ਰਿਹਾ ਹਾਂ ਅਤੇ ਮੈਂ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਲਈ ਮੰਦਰ ਉਸਾਰਿਆ ਹੈ। 21 ਮੈਂ ਮੰਦਰ ਦੇ ਅੰਦਰ, ਪਵਿੱਤਰ ਸੰਦੂਕ ਵਾਸਤੇ, ਇੱਕ ਖਾਸ ਥਾਂ ਬਣਾਇਆ ਹੈ ਅਤੇ ਉਸ ਪਵਿੱਤਰ ਸੰਦੂਕ ਦੇ ਅੰਦਰ ਉਹ ਨੇਮ ਪਿਆ ਹੈ ਜੋ ਯਹੋਵਾਹ ਨੇ ਸਾਡੇ ਪੁਰਖਿਆਂ ਨਾਲ ਕੀਤਾ ਸੀ। ਇਹ ਨੇਮ ਯਹੋਵਾਹ ਨੇ ਉਸ ਵਕਤ ਕੀਤਾ ਸੀ ਜਦੋਂ ਉਸ ਮਿਸਰ ਵਿੱਚੋਂ ਸਾਡੇ ਪੁਰਖਿਆਂ ਨੂੰ ਕੱਢ ਕੇ ਲਿਆਂਦਾ ਸੀ।”

22 ਫ਼ਿਰ ਸੁਲੇਮਾਨ ਯਹੋਵਾਹ ਦੀ ਜਗਵੇਦੀ ਅੱਗੇ ਖੜ੍ਹਾ ਹੋ ਗਿਆ, ਅਤੇ ਸਾਰੇ ਲੋਕ ਉਸ ਦੇ ਸਾਹਮਣੇ ਖੜ੍ਹੇ ਹੋ ਗਏ। ਉਸ ਨੇ ਆਪਣੇ ਹੱਥ ਅਕਾਸ਼ ਵੱਲ 23 ਫ਼ੈਲਾਕੇ ਆਖਿਆ,

“ਹੇ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ, ਉੱਪਰ ਅਕਾਸ਼ਾਂ ਵਿੱਚ ਜਾਂ ਹੇਠਾਂ ਧਰਤੀ ਤੇ ਤੇਰੇ ਵਰਗਾ ਕੋਈ ਪਰਮੇਸ਼ੁਰ ਨਹੀਂ ਹੈ। ਤੂੰ ਆਪਣਾ ਇਕਰਾਰਨਾਮਾ ਰੱਖਦਾ ਅਤੇ ਤੂੰ ਆਪਣੇ ਲੋਕਾਂ ਨਾਲ ਵਫ਼ਾਦਾਰ ਰਹਿੰਦਾ ਹੈ, ਜੋ ਆਪਣੇ ਤਹਿ ਦਿਲੋਂ ਤੇਰਾ ਅਨੁਸਰਣ ਕਰਦੇ ਹਨ। 24 ਤੂੰ ਮੇਰੇ ਪਿਤਾ ਦਾਊਦ, ਆਪਣੇ ਸੇਵਕ, ਨਾਲ ਇੱਕ ਇਕਰਾਰ ਕੀਤਾ ਅਤੇ ਤੂੰ ਇਸ ਇਕਰਾਰ ਨੂੰ ਪੂਰਾ ਕੀਤਾ। ਤੂੰ ਆਪਣੇ ਮੂੰਹੋਂ ਇਕਰਾਰ ਕੀਤਾ ਸੀ ਅਤੇ ਅੱਜ ਆਪਣੀ ਮਹਾਨ ਸ਼ਕਤੀ ਨਾਲ ਉਸ ਇਕਰਾਰ ਨੂੰ ਪੂਰਾ ਕੀਤਾ। 25 ਸੋ ਹੁਣ, ਹੇ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ, ਮੇਰੇ ਪਿਤਾ ਦਾਊਦ, ਆਪਣੇ ਸੇਵਕ ਨਾਲ ਕੀਤੇ ਬਾਕੀ ਇਕਰਾਰਾਂ ਨੂੰ ਪੂਰਿਆਂ ਕਰ। ਤੂੰ ਆਖਿਆ ਸੀ, ‘ਦਾਊਦ, ਤੇਰੇ ਪੁੱਤਰਾਂ ਨੂੰ ਵੀ ਮੇਰੇ ਹੁਕਮਾਂ ਨੂੰ ਧਿਆਨ ਨਾਲ ਮੰਨਣਾ ਚਾਹੀਦਾ ਹੈ ਜਿਵੇਂ ਤੂੰ ਕੀਤਾ ਹੈ। ਜੇਕਰ ਉਹ ਇਵੇਂ ਕਰਨਗੇ, ਫ਼ੇਰ ਤੇਰੇ ਪਰਿਵਾਰ ਵਿੱਚੋਂ ਹੀ ਕੋਈ ਹਮੇਸ਼ਾ ਇਸਰਾਏਲ ਦੇ ਲੋਕਾਂ ਉੱਤੇ ਸ਼ਾਸਨ ਕਰੇਗਾ।’ 26 ਅਤੇ ਫ਼ਿਰ ਦੁਬਾਰਾ, ਯਹੋਵਾਹ ਹੇ ਇਸਰਾਏਲ ਦੇ ਪਰਮੇਸ਼ੁਰ, ਮੈਂ ਤੇਰੇ ਅੱਗੇ ਪ੍ਰਾਰਥਨਾ ਕਰਦਾ ਹਾਂ ਕਿ ਕਿਰਪਾ ਕਰਕੇ ਉਹ ਇਕਰਾਰ ਨਿਭਾਂਦਾ ਰਹੀਂ ਜਿਹੜਾ ਤੂੰ ਮੇਰੇ ਪਿਤਾ ਨਾਲ ਕੀਤਾ ਸੀ।

27 “ਪਰ ਪਰਮੇਸ਼ੁਰ, ਕੀ ਤੂੰ ਸੱਚਮੁੱਚ ਇਸ ਧਰਤੀ ਤੇ ਰਹੇਂਗਾ? ਜਦੋਂ ਕਿ ਅਕਾਸ਼ ਅਤੇ ਉਨ੍ਹਾਂ ਦਿਆਂ ਅੱਤ ਉੱਚੀਆਂ ਥਾਵਾਂ ਵੀ ਤੈਨੂੰ ਨਹੀਂ ਸਮਾ ਸੱਕਦੀਆਂ, ਤਾਂ ਅਵੱਸ਼ ਹੀ ਇਹ ਮੰਦਰ ਜਿਹੜਾ ਮੈਂ ਤੇਰੇ ਲਈ ਬਣਾਇਆ, ਤੈਨੂੰ ਨਹੀਂ ਸਮਾ ਸੱਕਦਾ। 28 ਪਰ ਕਿਰਪਾ ਕਰਕੇ ਮੇਰੀ ਅਰਜੋਈ ਸੁਣ! ਮੈਂ ਤੇਰਾ ਸੇਵਕ ਹਾਂ ਅਤੇ ਤੂੰ ਮੇਰੇ ਯਹੋਵਾਹ, ਮੇਰਾ ਪਰਮੇਸ਼ੁਰ ਹੈਂ। ਸੋ ਮੈਂ ਅੱਜ ਅਰਜੋਈ ਕਰ ਰਿਹਾ ਹਾਂ ਮੇਰੀ ਇਸ ਪ੍ਰਾਰਥਨਾ ਨੂੰ ਸੁਣ ਅਤੇ ਕਬੂਲ ਕਰ। 29 ਪਹਿਲਾਂ ਤੂੰ ਆਖਿਆ ਸੀ, ‘ਮੈਂ ਇੱਥੇ ਸਤਿਕਾਰਿਆ ਜਾਵਾਂਗਾ’, ਇਸ ਮੰਦਰ ਵੱਲ ਤੇਰੀਆਂ ਅੱਖਾਂ ਦਿਨ-ਰਾਤ ਖੁਲ੍ਹੀਆਂ ਰਹਿਣ। ਕਿਰਪਾ ਕਰਕੇ ਮੇਰੀ ਪ੍ਰਾਰਥਨਾ ਨੂੰ ਸੁਣ ਜੋ ਮੈਂ ਇਸ ਮੰਦਰ ਵਿੱਚੋਂ ਕਰ ਰਿਹਾ ਹਾਂ। 30 ਹੇ ਯਹੋਵਾਹ, ਮੈਂ ਸੁਲੇਮਾਨ, ਤੇਰਾ ਸੇਵਕ ਅਤੇ ਤੇਰੇ ਲੋਕ, ਇਸਰਾਏਲੀ ਮੰਦਰ ਨੂੰ ਆਕੇ ਅਤੇ ਇੱਥੇ ਪ੍ਰਾਰਥਨਾ ਕਰਾਂਗੇ। ਕਿਰਪਾ ਕਰਕੇ ਸਾਡੀਆਂ ਪ੍ਰਾਰਥਨਾਵਾਂ ਨੂੰ ਸੁਣੀ। ਅਸੀਂ ਜਾਣਦੇ ਹਾਂ ਕਿ ਤੂੰ ਅਕਾਸ਼ਾਂ ਵਿੱਚ ਰਹਿੰਦਾ ਹੈਂ। ਅਸੀਂ ਤੈਨੂੰ ਬੇਨਤੀ ਕਰਦੇ ਹਾਂ ਕਿ ਤੂੰ ਓਥੋਂ ਸਾਡੀਆਂ ਪ੍ਰਾਰਥਾਨਾਵਾਂ ਸੁਣੇ, ਅਤੇ ਸਾਨੂੰ ਖਿਮਾ ਕਰ ਦੇਵੇਂ।

31 “ਜੇਕਰ ਕੋਈ ਮਨੁੱਖ ਕਿਸੇ ਦੂਜੇ ਮਨੁੱਖ ਨਾਲ ਗ਼ਲਤ ਕੰਮ ਕਰੇ ਤਾਂ ਉਸ ਨੂੰ ਇਸ ਜਗਵੇਦੀ ਉੱਪਰ ਲਿਆਇਆ ਜਾਵੇ। ਜੇਕਰ ਉਹ ਮਨੁੱਖ ਬੇਕਸੂਰ ਹੋਵੇ ਤਾਂ ਉਹ ਇੱਥੇ ਇਕਰਾਰ ਕਰੇ ਕਿ ਉਹ ਬੇਕਸੂਰ ਹੈ। 32 ਉਸ ਵਕਤ, ਤੈਨੂੰ ਉਸ ਨੂੰ ਅਕਾਸ਼ਾਂ ਵਿੱਚ ਸੁਣਨਾ ਚਾਹੀਦਾ ਅਤੇ ਆਪਣਾ ਨਿਆਂ ਦੇਣਾ ਚਾਹੀਦਾ। ਜੇਕਰ ਆਦਮੀ ਨੇ ਕੁਝ ਗ਼ਲਤ ਕੀਤਾ ਹੋਵੇ, ਉਸ ਨੂੰ ਉਸ ਦੀਆਂ ਕਰਨੀਆਂ ਅਨੁਸਾਰ ਸਜ਼ਾ ਦੇਵੀਂ ਅਤੇ ਜੇਕਰ ਉਹ ਬੇਕਸੂਰ ਹੈ, ਤਾਂ ਉਸ ਨੂੰ ਉਸ ਦੀਆਂ ਚੰਗੀਆਂ ਕਰਨੀਆਂ ਅਨੁਸਾਰ ਇਨਾਮ ਦੇਵੀਂ।

33 “ਕਈ ਵਾਰੀ ਤੇਰੇ ਲੋਕ, ਇਸਰਾਏਲ, ਤੇਰੇ ਵਿਰੁੱਧ ਪਾਪ ਕਰ ਸੱਕਦੇ ਹਨ ਅਤੇ ਹੋ ਸੱਕਦਾ ਉਨ੍ਹਾਂ ਦੇ ਦੁਸ਼ਮਣ ਉਨ੍ਹਾਂ ਨੂੰ ਹਰਾ ਦੇਣ। ਫ਼ੇਰ ਲੋਕ ਤੇਰੇ ਕੋਲ ਵਾਪਸ ਆ ਕੇ ਅਤੇ ਤੇਰੀ ਉਸਤਤ ਕਰਨ। ਉਹ ਇਸ ਮੰਦਰ ਵਿੱਚ ਆਉਣ ਅਤੇ ਤੇਰੇ ਅੱਗੇ ਪ੍ਰਾਰਥਨਾ ਕਰਨ। 34 ਤੂੰ ਅਕਾਸ਼ ਵਿੱਚ ਸੁਣਕੇ ਆਪਣੇ ਲੋਕਾਂ, ਇਸਰਾਏਲ ਦੇ ਪਾਪਾਂ ਨੂੰ ਬਖਸ਼ ਦੇਵੀਂ ਅਤੇ ਉਨ੍ਹਾਂ ਨੂੰ ਉਸ ਦੇਸ਼ ਵਿੱਚ ਜੋ ਤੂੰ ਉਨ੍ਹਾਂ ਦੇ ਪੁਰਖਿਆਂ ਨੂੰ ਦਿੱਤਾ ਸੀ ਮੋੜ ਲਿਆਵੀਁ।

35 “ਕਈ ਵਾਰੀ ਹੋ ਸੱਕਦਾ ਉਹ ਤੇਰੇ ਵਿਰੁੱਧ ਪਾਪ ਕਰਨ ਅਤੇ ਤੂੰ ਉਨ੍ਹਾਂ ਦੀ ਧਰਤੀ ਤੇ ਮੀਂਹ ਨਾ ਪੈਣ ਦੇਵੇਂ। ਫ਼ੇਰ ਉਹ ਇਸ ਜਗ੍ਹਾ ਵੱਲ ਪਰਤਨ ਅਤੇ ਤੇਰੇ ਨਾਮ ਦੀ ਉਸਤਤ ਕਰਨ। ਉਹ ਆਪਣੇ ਪਾਪਾਂ ਦਾ ਪ੍ਰਾਸਚਿਤ ਕਰਨਗੇ ਕਿਉਂ ਕਿ ਤੂੰ ਉਨ੍ਹਾਂ ਨੂੰ ਉਨ੍ਹਾਂ ਦੇ ਪਾਪਾਂ ਲਈ ਤਸੀਹੇ ਦਿੱਤੇ। 36 ਇਸ ਲਈ ਕਿਰਪਾ ਕਰਕੇ ਅਕਾਸ਼ ਵਿੱਚ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਸੁਣੀ ਅਤੇ ਉਨ੍ਹਾਂ ਦੇ ਪਾਪਾਂ ਨੂੰ ਖਿਮਾ ਕਰ ਦੇਵੀਂ। ਉਨ੍ਹਾਂ ਨੂੰ ਜਿਉਣ ਦਾ ਸਹੀ ਢੰਗ ਸਿੱਖਾ। ਹੇ ਯਹੋਵਾਹ, ਕਿਰਪਾ ਕਰਕੇ ਇਸ ਧਰਤੀ ਤੇ ਮੀਂਹ ਪਾਵੀ, ਜਿਹੜੀ ਧਰਤੀ ਤੂੰ ਉਨ੍ਹਾਂ ਨੂੰ ਉਨ੍ਹਾਂ ਦੇ ਵਿਰਸੇ ਵਜੋਂ ਦਿੱਤੀ ਸੀ।

37 “ਜੇ ਦੇਸ਼ ਵਿੱਚ ਕਾਲ ਜਾਂ ਸੋਕਾ ਪੈ ਜਾਵੇ ਜਾਂ ਲੋਕਾਂ ਵਿੱਚ ਮਹਾਂ ਬਵਾ ਪੈ ਜਾਵੇ ਜਾਂ ਔੜ-ਸੁੰਡੀ ਪੈ ਜਾਵੇ ਤੇ ਸਾਰਾ ਅੰਨ ਨਸ਼ਟ ਹੋ ਜਾਵੇ ਜਾਂ ਉਨ੍ਹਾਂ ਦੇ ਦੁਸ਼ਮਣ ਉਨ੍ਹਾਂ ਨੂੰ ਜਾਂ ਉਨ੍ਹਾਂ ਦੇ ਦੇਸ਼ ਜਾਂ ਫ਼ਾਟਕਾਂ ਨੂੰ ਘੇਰ ਲੈਣ ਜਾਂ ਕੋਈ ਕਸ਼ਟ, ਰੋਗ ਜਾਂ ਮੁਸੀਬਤ ਆ ਪਵੇ। 38 ਤਾਂ ਜੋ ਬੇਨਤੀ, ਪ੍ਰਾਰਥਨਾ ਤੇਰੀ ਸਾਰੀ ਪਰਜਾ, ਇਸਰਾਏਲ ਦੇ ਕਿਸੇ ਮਨੁੱਖ ਤੋਂ ਵੀ ਕੀਤੀ ਜਾਵੇ ਜੋ ਆਪਣੇ ਹੀ ਮਨ ਦੀ ਵਿਥਿਆ ਜਾਣੇ ਅਤੇ ਆਪਣੇ ਹੱਥ ਇਸ ਮੰਦਰ ਵੱਲ ਫ਼ੈਲਾਵੇ 39 ਤਾਂ ਕਿਰਪਾ ਕਰਕੇ ਅਕਾਸ਼ ’ਚ ਹੁੰਦਿਆਂ ਹੋਇਆਂ ਉਸਦੀਆਂ ਪ੍ਰਾਰਥਨਾ ਨੂੰ ਸੁਣੀ ਅਤੇ ਉਨ੍ਹਾਂ ਨੂੰ ਮਾਫ਼ ਕਰ ਦੇਵੀਂ ਉਨ੍ਹਾਂ ਦੀ ਮਦਦ ਕਰੀਂ ਜਿਵੇਂ ਕਿ ਤੂੰ ਜਾਣਦਾ ਹੈਂ ਕਿ ਉਨ੍ਹਾਂ ਦੇ ਮਨਾਂ ਵਿੱਚ ਕੀ ਹੈ। 40 ਏਹ ਕਰੀਂ ਤਾਂ ਜੋ ਉਹ ਜਿੰਨੇ ਦਿਨ ਉਸ ਧਰਤੀ ਤੇ ਰਹਿਣ ਜੋ ਤੂੰ ਸਾਡੇ ਪੁਰਖਿਆਂ ਨੂੰ ਦਿੱਤੀ ਸੀ, ਤੈਥੋਂ ਡਰਨ।

41-42 “ਦੂਰ-ਦੁਰਾਡੀਆਂ ਜਗ੍ਹਾ ਤੋਂ ਲੋਕ ਤੇਰਾ ਜੱਸ ਸੁਣਕੇ ਆਉਣ ਤੇਰੀ ਸ਼ਕਤੀ ਤੇ ਮਹਿਮਾ ਵੇਖਕੇ ਇਸ ਮੰਦਰ ਤੇ ਆਕੇ ਤੇਰਾ ਜੱਸ ਗਾਣ। 43 ਕਿਰਪਾ ਕਰਕੇ ਅਕਾਸ਼ ਵਿੱਚ ਆਪਣੇ ਘਰੋ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਸੁਣ ਅਤੇ ਉਹ ਕਰ ਜੋ ਉਹ ਤੈਥੋਂ ਮੰਗਣ। ਫ਼ੇਰ ਧਰਤੀ ਦੇ ਸਾਰੇ ਲੋਕ ਜਾਣ ਲੈਣਗੇ ਅਤੇ ਤੇਰੀ ਇੱਜ਼ਤ ਕਰਨਗੇ ਜਿਵੇਂ ਇਸਰਾਏਲ ਦੇ ਲੋਕ ਕਰਦੇ ਹਨ। ਫ਼ੇਰ ਉਹ ਲੋਕ ਜਾਣ ਲੈਣਗੇ ਕਿ ਮੈਂ ਇਹ ਮੰਦਰ ਤੇਰੇ ਆਦਰ ਵਿੱਚ ਬਣਾਇਆ ਹੈ।

44 “ਕਿਸੇ ਵਕਤ ਤੂੰ ਆਪਣੇ ਲੋਕਾਂ ਨੂੰ ਇਹ ਹੁਕਮ ਦੇਵੀਂ ਕਿ ਉਹ ਆਪਣੇ ਵੈਰੀਆਂ ਵਿਰੁੱਧ ਲੜਨ ਤਦ ਤੇਰੇ ਲੋਕ ਇਸ ਸ਼ਹਿਰ ਵੱਲ ਮੁੜਨ ਜਿਹੜਾ ਕਿ ਤੂੰ ਚੁਣਿਆ ਅਤੇ ਜਿੱਥੇ ਮੈਂ ਤੇਰੀ ਉਸਤਤ ਵਿੱਚ ਇਹ ਮੰਦਰ ਬਣਵਾਇਆ। ਅਤੇ ਜਦ ਉਹ ਤੇਰੇ ਅੱਗੇ ਪ੍ਰਾਰਥਨਾ ਕਰਨ। 45 ਫ਼ੇਰ ਅਕਾਸ਼ ਵਿੱਚ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਸੁਣੀ ਅਤੇ ਉਨ੍ਹਾਂ ਦਾ ਨਿਆਂ ਕਰੀਂ।

46 “ਜੇਕਰ ਉਹ ਪਾਪ ਕਰਨ ਕਿਉਂ ਕਿ ਕੋਈ ਅਜਿਹਾ ਮਨੁੱਖ ਨਹੀਂ ਜੋ ਪਾਪ ਨਾ ਕਰੇ, ਤਾਂ ਤੂੰ ਆਪਣੇ ਲੋਕਾਂ ਨਾਲ ਕਰੋਧ ਕਰੇਂ ਤਾਂ ਉਹ ਆਪਣੇ ਦੁਸ਼ਮਣ ਹੱਥੋਂ ਹਾਰਨ, ਉਨ੍ਹਾਂ ਦੇ ਵੈਰੀ ਉਨ੍ਹਾਂ ਨੂੰ ਬੰਦੀ ਬਣਾਕੇ ਕਿਸੀ ਦੂਰ-ਦੁਰਾਡੇ ਉਜਾੜ ’ਚ ਲੈ ਜਾਣ। 47 ਉਸ ਦੂਰ-ਦੁਰਾਡੀ ਥਾਵੇਂ ਜਾਕੇ ਤੇਰੇ ਲੋਕ ਹੋਸ਼ ਵਿੱਚ ਆਉਣ ਕਿ ਉਨ੍ਹਾਂ ਕੀ ਪਾਪ ਕੀਤਾ ਤੇ ਆਪਣੇ ਕੀਤੇ ਤੇ ਪਛਤਾਉਣ ਤੇ ਤੇਰੇ ਅੱਗੇ ਪ੍ਰਾਰਥਨਾ ਕਰਨ ਅਤੇ ਆਖਣ, ‘ਅਸੀਂ ਪਾਪ ਕੀਤਾ ਅਤੇ ਬਹੁਤ ਗ਼ਲਤ ਕੰਮ ਕੀਤਾ ਹੈ’, 48 ਇਉਂ ਆਪਣੇ ਵੈਰੀਆਂ ਦੇ ਦੇਸ਼ ਜਿਨ੍ਹਾਂ ਨੇ ਉਨ੍ਹਾਂ ਨੂੰ ਬੰਦੀ ਬਣਾਇਆ ਉਹ ਤੇਰੇ ਵੱਲ ਆਪਣੇ ਸਾਰੇ ਮਨ ਤੇ ਜਾਨ ਨਾਲ ਮੁੜਨ ਅਤੇ ਅੱਗੋਂ ਆਪਣੇ ਦੇਸ਼ ਮੁੜਨ ਲਈ ਅਰਜੋਈ ਕਰਨ ਜਿਹੜਾ ਤੂੰ ਉਨ੍ਹਾਂ ਦੇ ਪੁਰਖਿਆਂ ਨੂੰ ਦਿੱਤਾ, ਅਤੇ ਇਸ ਸ਼ਹਿਰ ਵੱਲ ਜਿਸ ਨੂੰ ਕਿ ਤੂੰ ਆਪ ਚੁਣਿਆ ਅਤੇ ਇਸ ਮੰਦਰ ਨੂੰ ਜਿਸ ਨੂੰ ਮੈਂ ਤੇਰੇ ਨਾਉਂ ਲਈ ਬਣਾਇਆ, 49 ਤਾਂ ਤੂੰ ਆਪਣੇ ਸੁਰਗੀ ਭਵਨ ਤੋਂ ਉਨ੍ਹਾਂ ਦੀ ਅਰਜੋਈ ਸੁਣ ਲਈਁ ਅਤੇ ਉਨ੍ਹਾਂ ਦੇ ਹੱਕ ਦਾ ਨਿਆਂ ਕਰੀਂ। 50 ਅਤੇ ਆਪਣੇ ਲੋਕਾਂ ਨੂੰ ਜਿਨ੍ਹਾਂ ਨੇ ਤੇਰੇ ਨਾਲ ਪਾਪ ਕੀਤਾ ਉਨ੍ਹਾਂ ਦੇ ਸਾਰੇ ਪਾਪਾਂ ਨੂੰ ਜਿਨ੍ਹਾਂ ਨਾਲ ਉਨ੍ਹਾਂ ਤੇਰੀ ਉਲੰਘਣਾ ਕੀਤੀ ਮਾਫ਼ ਕਰ ਦੇਵੀਂ ਅਤੇ ਜਿਨ੍ਹਾਂ ਉਨ੍ਹਾਂ ਨੂੰ ਬੰਦੀ ਬਣਾਇਆ, ਉਨ੍ਹਾਂ ਤੋਂ ਉਹ ਦਯਾ ਪ੍ਰਾਪਤ ਕਰਨ ਤਾਂ ਜੋ ਉਹ ਉਨ੍ਹਾਂ ਤੇ ਰਹਿਮ ਕਰਨ। 51 ਕਿਉਂ ਕਿ ਉਹ ਤੇਰੇ ਆਪਣੇ ਹੀ ਲੋਕ ਹਨ, ਅਤੇ ਤੇਰਾ ਵਿਰਸਾ ਹੀ ਹਨ ਜਿਨ੍ਹਾਂ ਨੂੰ ਤੂੰ ਮਿਸਰ ਵਿੱਚੋਂ, ਲੋਹੇ ਦੀ ਭਠ੍ਠੀ ਵਿੱਚਕਾਰੋ ਬਾਹਰ ਕੱਢ ਲਿਆਇਆ ਸੀ।

52 “ਹੇ ਯਹੋਵਾਹ ਪਰਮੇਸ਼ੁਰ, ਕਿਰਪਾ ਕਰਕੇ ਮੇਰੀਆਂ ਪ੍ਰਾਰਥਨਾਵਾਂ ਅਤੇ ਆਪਣੇ ਲੋਕਾਂ, ਇਸਰਾਏਲੀਆਂ ਦੀਆਂ ਪ੍ਰਾਰਥਨਾਵਾਂ ਸੁਣ। ਜਦੋਂ ਵੀ ਉਹ ਤੈਨੂੰ ਬੁਲਾਉਣ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਨੂੰ ਸੁਣੀਁ। 53 ਤੂੰ ਉਨ੍ਹਾਂ ਨੂੰ ਧਰਤੀ ਦੇ ਸਾਰੇ ਲੋਕਾਂ ਤੋਂ ਆਪਣੇ ਖਾਸ ਲੋਕਾਂ ਵਜੋਂ ਵੱਖ ਕਰ ਦਿੱਤਾ ਹੈ। ਹੇ ਯਹੋਵਾਹ, ਤੂੰ ਇਹ ਆਪਣੇ ਸੇਵਕ ਮੂਸਾ ਦੇ ਰਾਹੀਂ ਸਾਡੇ ਲਈ ਇਹ ਸਭ ਕਰਨ ਦਾ ਇਕਰਾਰ ਕੀਤਾ ਸੀ ਜਦੋਂ ਤੂੰ ਸਾਡੇ ਪੁਰਖਿਆਂ ਨੂੰ ਮਿਸਰ ਵਿੱਚੋਂ ਕੱਢਿਆ ਸੀ।”

54 ਸੁਲੇਮਾਨ ਨੇ ਇਹ ਪ੍ਰਾਰਥਨਾ ਪਰਮੇਸ਼ੁਰ ਦੇ ਅੱਗੇ ਕੀਤੀ ਤਾਂ ਉਹ ਜਗਵੇਦੀ ਦੇ ਅੱਗੇ ਗੋਡਿਆਂ ਭਰਨੇ ਸੀ ਅਤੇ ਆਪਣੇ ਹੱਥ ਆਕਾਸ਼ ਵੱਲ ਉਤਾਂਹ ਫ਼ੈਲਾਅ ਕੇ ਪ੍ਰਾਰਥਨਾ ਕਰ ਰਿਹਾ ਸੀ। ਜਦ ਉਸ ਨੇ ਆਪਣੀ ਪ੍ਰਾਰਥਨਾ ਪੂਰੀ ਕੀਤੀ ਤਾਂ ਉਹ ਖੜੋ ਗਿਆ। 55 ਫ਼ੇਰ, ਉਹ ਖੜ੍ਹਾ ਹੋਇਆ ਅਤੇ ਉੱਚੀ ਆਵਾਜ਼ ਵਿੱਚ ਇਸਰਾਏਲੀਆਂ ਦੇ ਸਾਰੇ ਇਕੱਠ ਨੂੰ ਅਸੀਸ ਦਿੱਤੀ।

56 “ਯਹੋਵਾਹ ਮੁਬਾਰਕ ਹੋਵੇ ਜਿਸ ਨੇ ਆਪਣੀ ਪਰਜਾ ਇਸਰਾਏਲ ਨੂੰ ਸੁੱਖ ਦਿੱਤਾ ਜਿਵੇਂ ਕਿ ਉਸ ਨੇ ਇਕਰਾਰ ਕੀਤਾ ਸੀ। ਉਸ ਸਾਰੇ ਚੰਗੇ ਵਚਨ ਤੋਂ ਜਿਹੜਾ ਉਸ ਨੇ ਆਪਣੇ ਦਾਸ ਮੂਸਾ ਦੇ ਰਾਹੀਂ ਕੀਤਾ, ਉਸਦੀ ਇੱਕ ਵੀ ਗੱਲ ਖਾਲੀ ਨਾ ਗਈ। 57 ਮੈਂ ਪ੍ਰਾਰਥਨਾ ਕਰਦਾ ਹਾਂ ਕਿ ਯਹੋਵਾਹ ਸਾਡਾ ਪਰਮੇਸ਼ੁਰ ਸਾਡੇ ਅੰਗ ਸੰਗ ਹੋਵੇ ਜਿਵੇਂ ਉਹ ਸਾਡੇ ਪੁਰਖਿਆਂ ਦੇ ਨਾਲ ਸੀ, ਤੇ ਨਾ ਹੀ ਉਹ ਸਾਨੂੰ ਛੱਡੇ। 58 ਉਹ ਸਾਡੇ ਮਨਾਂ ਨੂੰ ਆਪਣੇ ਵੱਲ ਮੋੜੇ ਤਾਂ ਜੋ ਅਸੀਂ ਸਾਰੇ ਉਸ ਦੇ ਦੱਸੇ ਮਾਰਗ ਤੇ ਚੱਲੀਏ ਅਤੇ ਉਸ ਦੇ ਹੁਕਮ, ਵਿਧੀਆਂ ਅਤੇ ਨਿਆਵਾਂ ਨੂੰ ਮੰਨੀਏ, ਜਿਨ੍ਹਾਂ ਦਾ ਉਸ ਨੇ ਸਾਡੇ ਪੁਰਖਿਆਂ ਨੂੰ ਹੁਕਮ ਦਿੱਤਾ ਸੀ। 59 ਯਹੋਵਾਹ ਸਾਡਾ ਪਰਮੇਸੁਰ ਮੇਰੀ ਇਹ ਪ੍ਰਾਰਥਨਾ ਹਮੇਸ਼ਾ ਯਾਦ ਰੱਖੇ ਅਤੇ ਉਹ ਮੇਰੀਆਂ ਮੰਗੀਆਂ ਗੱਲਾਂ ਪੂਰੀਆਂ ਕਰੇ। ਪ੍ਰਾਰਥਨਾ ਦੇ ਇਹ ਸ਼ਬਦ ਯਹੋਵਾਹ ਸਾਡੇ ਪਰਮੇਸ਼ੁਰ ਦੇ ਨੇੜੇ ਦਿਨ ਅਤੇ ਰਾਤ ਰਹਿਣ, ਤਾਂ ਜੋ ਉਹ ਹਰ ਰੋਜ਼ ਆਪਣਾ ਨਿਆਂ ਆਪਣੇ ਸੇਵਕ, ਪਾਤਸ਼ਾਹ ਦੇ ਪੱਖ ਵਿੱਚ ਅਤੇ ਉਸ ਦੇ ਲੋਕਾਂ, ਇਸਰਾਏਲੀਆਂ ਦੇ ਪੱਖ ਵਿੱਚ ਦੇ ਸੱਕੇ। 60 ਜੇਕਰ ਯਹੋਵਾਹ ਅਜਿਹਾ ਕਰੇ, ਤਾਂ ਦੁਨੀਆਂ ਦੀਆਂ ਸਾਰੀਆਂ ਕੌਮਾਂ ਜਾਣ ਲੈਣਗੀਆਂ ਕਿ ਯਹੋਵਾਹ ਹੀ ਇੱਕੋ ਸੱਚਾ ਪਰਮੇਸ਼ੁਰ ਹੈ। 61 ਤੁਹਾਡਾ ਮਨ ਯਹੋਵਾਹ ਸਾਡੇ ਪਰਮੇਸ਼ੁਰ ਲਈ ਸੰਪੂਰਨ ਹੋਵੇ ਕਿ ਤੁਸੀਂ ਉਸ ਦੀਆਂ ਵਿਧੀਆਂ ਉੱਪਰ ਚੱਲੋਂ ਅਤੇ ਉਸ ਦੇ ਹੁਕਮਾਂ ਦੀ ਪਾਲਨਾ ਕਰੋ ਜਿਵੇਂ ਅੱਜ ਦੇ ਦਿਨ ਹੁੰਦਾ ਹੈ ਇੰਝ ਹੀ ਭਵਿੱਖ ਵਿੱਚ ਵੀ ਕਰੋ।”

62 ਤਾਂ ਪਾਤਸ਼ਾਹ ਨੇ ਸਾਰੇ ਇਸਰਾਏਲ ਦੇ ਨਾਲ ਯਹੋਵਾਹ ਦੇ ਅੱਗੇ ਬਲੀਆਂ ਚੜ੍ਹਾਈਆਂ। 63 ਸੁਲੇਮਾਨ ਨੇ 22,000 ਹਜ਼ਾਰ ਪਸੂ ਅਤੇ 1,20,000 ਭੇਡਾਂ ਨੂੰ ਜਿਬਾਹ ਕੀਤਾ ਅਤੇ ਉਨ੍ਹਾਂ ਯਹੋਵਾਹ ਨੂੰ ਸੁੱਖ-ਸਾਂਦ ਦੀਆਂ ਭੇਟ ਵਜੋਂ ਚੜ੍ਹਾ ਦਿੱਤਾ। ਇਉਂ, ਸੁਲੇਮਾਨ ਅਤੇ ਇਸਰਾਏਲ ਦੇ ਸਾਰੇ ਲੋਕਾਂ ਨੇ ਯਹੋਵਾਹ ਦੇ ਮੰਦਰ ਨੂੰ ਸਮਰਪਿਤ ਕਰ ਦਿੱਤਾ।

64 ਉਸ ਦਿਨ, ਸੁਲੇਮਾਨ ਨੇ ਵਿਹੜੇ ਦੇ ਮੱਧ ਨੂੰ ਸਮਰਪਿਤ ਕੀਤਾ ਜਿਹੜਾ ਕਿ ਯਹੋਵਾਹ ਦੇ ਮੰਦਰ ਦੇ ਸਾਹਮਣੇ ਸੀ। ਉਸ ਨੇ ਹੋਮ ਦੀਆਂ ਭੇਟਾਂ, ਅਨਾਜ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਦੀ ਚਰਬੀ ਚੜ੍ਹਾਈ ਕਿਉਂ ਕਿ ਕਾਂਸੀ ਦੀ ਜਗਵੇਦੀ ਜਿਹੜੀ ਕਿ ਯਹੋਵਾਹ ਦੇ ਸਾਹਮਣੇ ਸੀ ਉਨ੍ਹਾਂ ਸਾਰਿਆਂ ਨੂੰ ਸਮਾ ਸੱਕਣ ਲਈ ਕਾਫ਼ੀ ਨਹੀਂ ਸੀ।

65 ਇਉਂ ਸੁਲੇਮਾਨ ਨੇ ਉਸ ਵਕਤ ਸਾਰੇ ਇਸਰਾਏਲ ਸਮੇਤ ਜੋ ਕਿ ਇੱਕ ਬਹੁਤ ਵੱਡੀ ਸਭਾ ਸੀ ਉੱਤਰ ਵਿੱਚ ਹਮਾਥ ਦੇ ਰਸਤੇ ਤੋਂ ਦੱਖਣ ਵਿੱਚ ਮਿਸਰ ਦੀ ਨਦੀ ਤੀਕ ਯਹੋਵਾਹ ਪਰਮੇਸ਼ੁਰ ਦੇ ਅੱਗੇ ਉਸ ਪੁਰਬ [c] ਨੂੰ ਮਨਾਇਆ। ਉੱਥੇ ਬਹੁਤ ਵੱਡੀ ਭੀੜ ਇੱਕਤਰ ਹੋਈ ਅਤੇ ਉਨ੍ਹਾਂ ਸੱਤ ਦਿਨ ਯਹੋਵਾਹ ਦੇ ਨਾਲ ਇਕੱਠਿਆਂ ਖੂਬ ਖਾਧਾ, ਪੀਤਾ ਤੇ ਰੱਜ ਕੇ ਮੌਜ ਮਨਾਈ। ਫ਼ਿਰ ਉਹ ਸੱਤਾਂ ਦਿਨਾਂ ਲਈ ਉੱਥੇ ਹੋਰ ਠਹਿਰੇ। ਇਉਂ ਕੁਲ ਮਿਲਾ ਕੇ ਉਨ੍ਹਾਂ ਨੇ 14 ਦਿਨ ਉਤਸਵ ਮਨਾਇਆ। 66 ਅਗਲੇ ਦਿਨ ਸੁਲੇਮਾਨ ਨੇ ਸਭ ਨੂੰ ਘਰੀਂ ਪਰਤਨ ਲਈ ਆਖਿਆ ਤਾਂ ਸਾਰੇ ਲੋਕਾਂ ਨੇ ਪਾਤਸ਼ਾਹ ਦਾ ਧੰਨਵਾਦ ਕੀਤਾ ਅਤੇ ਅਲਵਿਦਾ ਆਖਕੇ ਆਪਣੇ ਘਰਾਂ ਨੂੰ ਪਰਤ ਗਏ। ਅਤੇ ਆਪਣੇ ਤੰਬੂਆਂ ਨੂੰ ਉਸ ਸਾਰੀ ਭਲਾਈ ਦੇ ਕਾਰਨ ਜਿਹੜੀ ਯਹੋਵਾਹ ਨੇ ਆਪਣੀ ਪਰਜਾ ਇਸਰਾਏਲ ਦੇ ਨਾਲ ਕੀਤੀ ਸੀ ਉਹ ਖੁਸ਼ੀ ਤੇ ਮਨ ਦੀ ਅਨੰਦਤਾ ਨਾਲ ਚੱਲੇ ਗਏ।

ਪਰਮੇਸ਼ੁਰ ਦਾ ਸੁਲੇਮਾਨ ਕੋਲ ਦੁਬਾਰਾ ਆਉਣਾ

ਇਉਂ ਸੁਲੇਮਾਨ ਨੇ ਯਹੋਵਾਹ ਦਾ ਮੰਦਰ ਅਤੇ ਆਪਣਾ ਸ਼ਾਹੀ ਮਹਿਲ ਬਣਾਕੇ ਮੁਕੰਮਲ ਕੀਤਾ। ਉਸ ਨੇ ਉਹ ਸਭ ਕੁਝ ਬਣਾਇਆ ਜੋ ਕੁਝ ਉਹ ਬਨਾਉਣਾ ਚਾਹੁੰਦਾ ਸੀ।

ਫ਼ੇਰ ਯਹੋਵਾਹ ਸੁਲੇਮਾਨ ਅੱਗੇ ਫਿਰ ਤੋਂ ਪ੍ਰਗਟਿਆ ਜਿਵੇਂ ਕਿ ਉਸ ਨੇ ਗਿਬਿਓਨ ਵਿੱਚ ਕੀਤਾ ਸੀ। ਯਹੋਵਾਹ ਨੇ ਉਸ ਨੂੰ ਕਿਹਾ,

“ਮੈਂ ਤੇਰੀ ਪ੍ਰਾਰਥਨਾ ਸੁਣੀ ਹੈ ਅਤੇ ਉਹ ਸਭ ਕੁਝ ਸੁਣਿਆ ਹੈ ਜਿਸ ਲਈ ਤੂੰ ਮੇਰੇ ਅੱਗੇ ਪ੍ਰਾਰਥਨਾ ਕੀਤੀ ਅਤੇ ਕਰਨ ਲਈ ਕਿਹਾ। ਤੂੰ ਇਹ ਮੰਦਰ ਬਣਾਇਆ ਅਤੇ ਮੈਂ ਇਸ ਨੂੰ ਪਵਿੱਤਰ ਅਸਥਾਨ ਘੋਸ਼ਿਤ ਕਰ ਦਿੱਤਾ ਹੈ। ਇਸ ਲਈ ਮੈਂ ਇੱਥੇ ਹਮੇਸ਼ਾ ਸਤਿਕਾਰਿਆ ਜਾਵਾਂਗਾ, ਅਤੇ ਮੈਂ ਇਸ ਉੱਤੇ ਹਮੇਸ਼ਾ ਨਿਗਾਹ ਰੱਖਾਂਗਾ। ਤੈਨੂੰ ਮੇਰੀ ਸੇਵਾ ਓਸੇ ਤਰ੍ਹਾਂ ਕਰਨੀ ਚਾਹੀਦੀ ਹੈ ਜਿਵੇਂ ਤੇਰੇ ਪਿਤਾ ਦਾਊਦ ਨੇ ਮੇਰੀ ਸੇਵਾ ਕੀਤੀ। ਉਹ ਇੱਕ ਨਿਆਂਈ ਅਤੇ ਵਫ਼ਾਦਾਰ ਆਦਮੀ ਸੀ। ਤੈਨੂੰ, ਮੇਰੇ ਕਨੂੰਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਉਹੀ ਕਰਨਾ ਚਾਹੀਦਾ ਜਿਸਦਾ ਮੈਂ ਤੈਨੂੰ ਹੁਕਮ ਦੇਵਾਂ। ਜੇਕਰ ਤੂੰ ਮੇਰੇ ਆਖੇ ਅਨੁਸਾਰ ਕਰੇਂ, ਮੈਂ ਤੇਰੇ ਘਰਾਣੇ ਵਿੱਚੋਂ ਹਮੇਸ਼ਾ ਇਸਰਾਏਲ ਉੱਪਰ ਕਿਸੇ ਨੂੰ ਰਾਜੇ ਵਜੋਂ ਰੱਖਾਂਗਾ। ਮੈਂ ਤੇਰੇ ਪਿਤਾ ਨਾਲ ਇਕਰਾਰ ਕੀਤਾ ਸੀ। ਉਸ ਦੇ ਉਤਰਾਧਿਕਾਰੀ ਵਿੱਚੋਂ ਕੋਈ ਇਸਰਾਏਲ ਉੱਪਰ ਹਮੇਸ਼ਾ ਰਾਜ ਕਰੇਗਾ।

6-7 “ਪਰ ਜੇਕਰ ਤੂੰ ਜਾਂ ਤੇਰੇ ਬੱਚਿਆਂ ਨੇ ਮੇਰਾ ਅਨੁਸਰਣ ਕਰਨਾ ਬੰਦ ਕਰ ਦਿੱਤਾ ਅਤੇ ਮੇਰੇ ਕਨੂੰਨਾਂ ਅਤੇ ਹੁਕਮਾਂ ਦੀ ਉਲੰਘਣਾ ਕੀਤੀ ਅਤੇ ਹੋਰਨਾਂ ਦੇਵਤਿਆਂ ਦੀ ਉਪਾਸਨਾ ਕਰਨੀ ਸ਼ੁਰੂ ਕਰ ਦਿੱਤੀ। ਤਾਂ ਮੈਂ ਇਸਰਾਏਲ ਤੋਂ ਉਸ ਨੂੰ ਦਿੱਤੀ ਹੋਈ ਜ਼ਮੀਨ ਖੋਹ ਲਵਾਂਗਾ। ਫ਼ੇਰ ਇਸਰਾਏਲ ਇੱਕ ਉਦਾਹਰਣ ਹੋਵੇਗਾ ਅਤੇ ਕੌਮਾਂ ਦਰਮਿਆਨ ਮਖੌਲ ਦਾ ਕਾਰਣ ਬਣ ਜਾਵੇਗਾ। ਮੈਂ ਮੰਦਰ ਨੂੰ ਪਵਿੱਤਰ ਕੀਤਾ ਹੈ। ਇਹ ਉਹ ਥਾਂ ਹੈ ਜਿੱਥੇ ਲੋਕ ਮੇਰਾ ਸਤਿਕਾਰ ਕਰਦੇ ਹਨ। ਪਰ ਜੇਕਰ ਤੁਸੀਂ ਲੋਕ ਮੈਨੂੰ ਨਹੀਂ ਮੰਨੋਗੇ,ਤਾਂ ਮੈਂ ਇਸ ਨੂੰ ਢਾਹ ਦੇਵਾਂਗਾ। ਇਹ ਮੰਦਰ ਨਸ਼ਟ ਹੋ ਜਾਵੇਗਾ ਤੇ ਹਰ ਲੰਘਣ ਵਾਲਾ ਇਸ ਨੂੰ ਵੇਖਕੇ ਹੈਰਾਨ ਹੋਵੇਗਾ ਅਤੇ ਉਹ ਆਖਣਗੇ ਕਿ ਯਹੋਵਾਹ ਨੇ ਇਸ ਧਰਤੀ ਨਾਲ ਤੇ ਇਸ ਮੰਦਰ ਨਾਲ ਅਜਿਹਾ ਕਿਉਂ ਕੀਤਾ? ਤਾਂ ਬਾਕੀ ਆਖਣਗੇ, ‘ਇਉਂ ਇਸ ਲਈ ਹੋਇਆ ਕਿਉਂ ਕਿ ਇੱਥੋਂ ਦੇ ਲੋਕਾਂ ਨੇ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਛੱਡ ਦਿੱਤਾ। ਯਹੋਵਾਹ ਉਨ੍ਹਾਂ ਦੇ ਪੁਰਖਿਆਂ ਨੂੰ ਮਿਸਰ ਵਿੱਚੋਂ ਕੱਢ ਕੇ ਲਿਆਇਆ ਸੀ, ਪਰ ਉਹ ਹੋਰਨਾਂ ਦੇਵਤਿਆਂ ਦੀ ਸੇਵਾ ਅਤੇ ਉਪਾਸਨਾ ਕਰਨ ਲੱਗ ਪਏ। ਇਸ ਲਈ, ਇਸੇ ਕਾਰਣ, ਯਹੋਵਾਹ ਨੇ ਇਹ ਸਭ ਮੰਦੀਆਂ ਗੱਲਾਂ ਉਨ੍ਹਾਂ ਨਾਲ ਵਾਪਰਨ ਦਿੱਤੀਆਂ।’”

10 ਸੁਲੇਮਾਨ ਪਾਤਸ਼ਾਹ ਨੂੰ ਯਹੋਵਾਹ ਦਾ ਮੰਦਰ ਅਤੇ ਸ਼ਾਹੀ ਮਹਿਲ ਬਨਾਉਣ ਵਿੱਚ 20 ਵਰ੍ਹੇ ਲੱਗੇ। 11 ਅਤੇ 20 ਸਾਲਾਂ ਬਾਅਦ ਸੁਲੇਮਾਨ ਪਾਤਸ਼ਾਹ ਨੇ ਹੀਰਾਮ ਨੂੰ ਗਲੀਲ ਦੇ ਦੇਸ਼ ਵਿੱਚ 20 ਨਗਰ ਦਿੱਤੇ ਕਿਉਂ ਕਿ ਸੂਰ ਦੇ ਰਾਜਾ ਹੀਰਾਮ ਨੇ ਸੁਲੇਮਾਨ ਨੂੰ ਦਿਆਰ ਦੇ ਰੁੱਖ, ਚੀਲ ਦੇ ਰੁੱਖ ਅਤੇ ਸੋਨਾ ਜਿੰਨਾ ਉਹਨੂੰ ਲੋੜੀਦਾ ਸੀ, ਦਿੱਤਾ ਸੀ। 12 ਤਦ ਹੀਰਾਮ ਸੂਰ ਤੋਂ ਉਨ੍ਹਾਂ ਨਗਰਾਂ ਨੂੰ ਜੋ ਸੁਲੇਮਾਨ ਨੇ ਉਸ ਨੂੰ ਦਿੱਤੇ ਸਨ ਵੇਖਣ ਲਈ ਆਇਆ ਤਾਂ ਉਹ ਉਸ ਨੂੰ ਚੰਗੇ ਨਾ ਲੱਗੇ, 13 ਤਾਂ ਹੀਰਾਮ ਰਾਜੇ ਨੇ ਆਖਿਆ, “ਹੇ ਮੇਰੇ ਭਾਈ! ਇਹ ਕਿਹੋ ਜਿਹੇ ਨਗਰ ਹਨ ਜੋ ਤੂੰ ਮੈਨੂੰ ਦਿੱਤੇ ਹਨ?” ਸੋ ਉਸ ਇਲਾਕੇ ਨੂੰ ਹੀਰਾਮ ਨੇ ਕਾਬੂਲ ਆਖਿਆ ਅਤੇ ਅੱਜ ਵੀ ਉਸ ਇਲਾਕੇ ਨੂੰ ਕਾਬੂਲ ਹੀ ਆਖਿਆ ਜਾਂਦਾ ਹੈ। 14 ਹੀਰਾਮ ਨੇ ਮੰਦਰ ਲਈ ਸੁਲੇਮਾਨ ਨੂੰ 4,080 ਕਿਲੋ ਸੋਨਾ ਭੇਜਿਆ ਸੀ।

15 ਸੁਲੇਮਾਨ ਪਾਤਸ਼ਾਹ ਨੇ ਇਹ ਮੰਦਰ ਅਤੇ ਸ਼ਾਹੀ ਮਹਿਲ ਦਾਸਾਂ ਉੱਪਰ ਜ਼ੋਰ-ਜ਼ਬਰ ਕਰਕੇ ਬਣਵਾਇਆ ਅਤੇ ਫ਼ਿਰ ਇਨ੍ਹਾਂ ਦਾਸਾਂ ਤੋਂ ਹੋਰ ਵੀ ਬੜੇ ਕੰਮ ਕਰਵਾਏ, ਤੇ ਬਹੁਤ ਕੁਝ ਬਣਵਾਇਆ ਉਸ ਨੇ ਮਿੱਲੋ ਬਣਵਾਇਆ ਤੇ ਯਰੂਸ਼ਲਮ ਦੀ ਸਫੀਲ ਦੇ ਹਾਸ਼ੋਰ ਤੇ ਮਗਿੱਦੇ ਅਤੇ ਗਜਰ ਵੀ ਉਨ੍ਹਾਂ ਤੋਂ ਬਣਵਾਏ।

16 ਪਿੱਛਲੇ ਸਮੇਂ ਵਿੱਚ ਮਿਸਰ ਦਾ ਰਾਜਾ ਫ਼ਿਰਊਨ ਚੜ੍ਹ ਆਇਆ ਅਤੇ ਉਸ ਨੇ ਗਜਰ ਸ਼ਹਿਰ ਨੂੰ ਅੱਗ ਨਾਲ ਸਾੜ ਦਿੱਤਾ ਅਤੇ ਉਨ੍ਹਾਂ ਕਨਾਨੀਆਂ ਨੂੰ ਜੋ ਸ਼ਹਿਰ ਵਿੱਚ ਵੱਸਦੇ ਸਨ, ਵੱਢ ਸੁੱਟਿਆ ਅਤੇ ਫ਼ਿਰ ਆਪਣੀ ਧੀ ਨੂੰ ਜਿਹੜੀ ਕਿ ਸੁਲੇਮਾਨ ਦੀ ਰਾਣੀ ਸੀ ਉਸ ਨੂੰ ਇਹ ਦਾਜ ਵਿੱਚ ਦੇ ਦਿੱਤਾ। 17 ਸੁਲੇਮਾਨ ਨੇ ਉਸਰ ਸ਼ਹਿਰ ਨੂੰ ਦੁਬਾਰਾ ਬਣਾਇਆ ਅਤੇ ਇਸਦੇ ਇਲਾਵਾ ਹੇਠਲਾ ਬੈਤ ਹੋਰੋਨ ਵੀ ਬਣਾਇਆ। 18 ਸੁਲੇਮਾਨ ਪਾਤਸ਼ਾਹ ਨੇ ਬਆਲਾਬ ਅਤੇ ਤਦਮੋਰ ਜੋ ਉਸ ਦੇਸ਼ ਦੀ ਉਜਾੜ ਵਿੱਚ ਸਨ ਵੀ ਬਣਾਏ। 19 ਸੁਲੇਮਾਨ ਪਾਤਸ਼ਾਹ ਨੇ ਅਜਿਹੇ ਨਗਰ ਵੀ ਬਣਾਏ ਜਿੱਥੇ ਉਹ ਦਾਣੇ ਜਮ੍ਹਾਂ ਕਰ ਸੱਕੇ ਅਤੇ ਉਸ ਨੇ ਰੱਥਾਂ ਅਤੇ ਘੋੜਿਆਂ ਲਈ ਵੀ ਥਾਵਾਂ ਬਣਾਈਆਂ। ਸੁਲੇਮਾਨ ਪਾਤਸ਼ਾਹ ਨੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਬਣਾਈਆਂ ਜਿਹੜੀਆਂ ਕਿ ਉਹ ਯਰੂਸ਼ਲਮ ਅਤੇ ਲਬਾਨੋਨ ਵਿੱਚ ਅਤੇ ਹੋਰ ਜਿੱਥੇ-ਜਿੱਥੇ ਵੀ ਉਸ ਨੇ ਰਾਜ ਕੀਤਾ, ਬਣਵਾਉਣਾ ਚਾਹੁੰਦਾ ਸੀ।

20 ਉਸ ਜ਼ਮੀਨ ਤੇ ਅਜਿਹੇ ਲੋਕ ਵੀ ਸਨ ਜਿਹੜੇ ਇਸਰਾਏਲੀ ਨਹੀਂ ਸਨ। ਇਹ ਲੋਕ ਅਮੋਰੀਆਂ, ਹਿੱਤੀਆਂ, ਫ਼ਰਿੱਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਵਿੱਚੋਂ ਸਨ। 21 ਇਸਰਾਏਲੀ ਉਨ੍ਹਾਂ ਲੋਕਾਂ ਨੂੰ ਤਬਾਹ ਕਰਨ ਵਿੱਚ ਸਫ਼ਲ ਨਾ ਹੋ ਸੱਕੇ ਪਰ ਸੁਲੇਮਾਨ ਨੇ ਉਨ੍ਹਾਂ ਨੂੰ ਆਪਣਾ ਦਾਸ ਬਣਾ ਕੇ ਉਨ੍ਹਾਂ ਤੋਂ ਜ਼ੋਰ ਜ਼ਬਰ ਨਾਲ ਕੰਮ ਲਿਆ, ਜੋ ਕਿ ਅੱਜ ਦਿਨ ਤੱਕ ਵੀ ਗੁਲਾਮ ਬਣਕੇ ਰਹਿੰਦੇ ਹਨ। 22 ਸੁਲੇਮਾਨ ਨੇ ਕਿਸੇ ਇਸਰਾਏਲੀ ਨੂੰ ਜ਼ਬਰ ਨਾਲ ਆਪਣਾ ਗੁਲਾਮ ਨਹੀਂ ਬਣਾਇਆ ਸਗੋਂ ਇਸਰਾਏਲ ਦੇ ਲੋਕ, ਸਿਪਾਹੀਆਂ, ਸਰਕਾਰੀ ਮੁਲਾਜ਼ਮਾਂ, ਕਪਤਾਨਾਂ, ਚਾਲਕਾਂ ਅਤੇ ਰੱਥ ਵਾਹਨਾਂ ਦੇ ਅਹੁਦੇ ਉੱਪਰ ਸਨ। 23 ਸੁਲੇਮਾਨ ਦੀ ਯੋਜਨਾ ਉੱਪਰ 550 ਮੁਖੀਏ ਸਨ ਜੋ ਕਿ ਕੰਮ ਕਰਨ ਵਾਲਿਆਂ ਦੇ ਉੱਪਰ ਨਿਗਰਾਨੀ ਰੱਖਦੇ ਸਨ।

24 ਫ਼ਿਰਊਨ ਦੀ ਧੀ ਦਾਊਦ ਦੇ ਸ਼ਹਿਰ ਤੋਂ, ਉਸ ਮਹਿਲ ਨੂੰ ਆਈ ਜਿਹੜਾ ਸੁਲੇਮਾਨ ਨੇ ਉਸ ਲਈ ਬਣਵਾਇਆ ਸੀ, ਫ਼ੇਰ ਸੁਲੇਮਾਨ ਨੇ ਮਿੱਲੋ ਬਣਵਾਇਆ।

25 ਸਾਲ ਵਿੱਚ ਤਿੰਨ ਵਾਰੀ ਸੁਲੇਮਾਨ ਹੋਮ ਦੀਆਂ ਭੇਟਾਂ ਅਤੇ ਸੁੱਖ ਸਾਂਦ ਦੀਆਂ ਭੇਟਾਂ ਉਸ ਜਗਵੇਦੀ ਉੱਤੇ ਜਿਹੜੀ ਉਸ ਨੇ ਯਹੋਵਾਹ ਲਈ ਬਣਾਈ, ਚੜ੍ਹਾਉਂਦਾ ਹੁੰਦਾ ਸੀ ਅਤੇ ਉਸ ਦੇ ਨਾਲ ਉਸ ਜਗਵੇਦੀ ਉੱਤੇ ਜਿਹੜੀ ਯਹੋਵਾਹ ਦੇ ਅੱਗੇ ਸੀ, ਧੂਪ ਧੁਖਾਉਂਦਾ ਹੁੰਦਾ ਸੀ। ਸੋ ਉਸ ਨੇ ਮੰਦਰ ਨੂੰ ਮੁਕੰਮਲ ਕੀਤਾ।

26 ਰਾਜੇ ਸੁਲੇਮਾਨ ਨੇ ਅਸਿਓਨ ਗਬਰ ਵਿੱਚ ਵੀ ਜਹਾਜ਼ ਬਣਵਾਏ। ਇਹ ਨਗਰ ਅਦੋਮ ਜਿਲ੍ਹੇ ਵਿੱਚ ਏਲੋਥ ਦੇ ਨੇੜੇ ਲਾਲ ਸਾਗਰ ਦੇ ਕੰਢੇ ਤੇ ਸੀ। 27 ਅਤੇ ਹੀਰਾਮ ਨੇ ਬੇੜੇ ਵਿੱਚ ਆਪਣੇ ਸਿਆਣੇ ਬੰਦੇ ਜੋ ਸਮੁੰਦਰ ਦੇ ਸਿਆਣੇ ਮੱਲਾਹ ਸਨ, ਸੁਲੇਮਾਨ ਦੇ ਬੰਦਿਆਂ ਨਾਲ ਭੇਜੇ। 28 ਸੁਲੇਮਾਨ ਦੇ ਜਹਾਜ਼ ਓਫ਼ੀਰ ਵੱਲ ਗਏ ਅਤੇ ਉੱਥੋਂ 14,280 ਕਿਲੋ ਸੋਨਾ ਸੁਲੇਮਾਨ ਲਈ ਲਿਆਏ।

ਸ਼ਬਾ ਦੀ ਰਾਣੀ ਦਾ ਸੁਲੇਮਾਨ ਕੋਲ ਫੇਰਾ

10 ਜਦੋਂ ਸ਼ਬਾ ਦੀ ਰਾਣੀ ਨੇ ਸੁਲੇਮਾਨ ਦੀ ਕੀਰਤੀ ਬਾਰੇ ਸੁਣਿਆ, ਉਹ ਉਸ ਨੂੰ ਔਖੇ ਸਵਾਲਾਂ ਨਾਲ ਪਰਖਣ ਲਈ ਆਈ। ਉਹ ਬਹੁਤ ਸਾਰੇ ਸੇਵਕਾਂ, ਬਹੁਤ ਸਾਰੇ ਮਸਾਲਿਆਂ, ਸੋਨੇ ਅਤੇ ਕੀਮਤੀ ਪੱਥਰਾਂ ਨਾਲ ਲੱਦੇ ਹੋਏ ਊਠਾਂ ਨਾਲ ਯਰੂਸ਼ਲਮ ਨੂੰ ਆਈ। ਜਦ ਉਹ ਸੁਲੇਮਾਨ ਨੂੰ ਮਿਲੀ ਉਸ ਨੇ ਆਪਣੇ ਮਨ ਵਿੱਚਲੇ ਸਾਰੇ ਸਵਾਲ ਉਸ ਨੂੰ ਪੁੱਛੇ। ਸੁਲੇਮਾਨ ਨੇ ਉਸਦੀਆਂ ਸਾਰੀਆਂ ਗੱਲਾਂ ਦਾ ਉਸ ਨੂੰ ਉੱਤਰ ਦਿੱਤਾ ਅਤੇ ਪਾਤਸ਼ਾਹ ਤੋਂ ਕੋਈ ਵੀ ਗੱਲ ਗੁੱਝੀ ਨਹੀਂ ਸੀ ਜਿਸ ਦਾ ਉਸ ਨੇ ਜਵਾਬ ਨਾ ਦਿੱਤਾ ਹੋਵੇ। ਸ਼ਬਾ ਦੀ ਰਾਣੀ ਨੇ ਵੇਖਿਆ ਕਿ ਸੁਲੇਮਾਨ ਪਾਤਸ਼ਾਹ ਬਹੁਤ ਸਿਆਣਾ ਸੀ ਅਤੇ ਉਸ ਨੇ ਉਸ ਮਹਿਲ ਨੂੰ ਜਿਹੜਾ ਉਸ ਨੇ ਬਣਾਇਆ ਸੀ ਵੇਖਿਆ। ਉਸ ਨੇ ਉਸ ਦੇ ਮੇਜ਼ ਤੇ ਪਰੋਸਿਆ ਭੋਜਨ, ਉਸ ਦੇ ਅਫ਼ਸਰਾਂ ਦੀ ਸਭਾ, ਮਹਿਲ ਦੇ ਨੌਕਰਾਂ ਅਤੇ ਉਨ੍ਹਾਂ ਦੇ ਕੱਪੜਿਆਂ, ਮੰਦਰ ਵਿੱਚ ਉਸਦੀਆਂ ਭੇਟ ਕੀਤੀਆਂ ਬਲੀਆਂ ਅਤੇ ਉਸ ਦੀਆਂ ਦਿੱਤੀਆਂ ਦਾਅਵਤਾਂ ਨੂੰ ਵੇਖਿਆ। “ਇਨ੍ਹਾਂ ਸਭਨਾਂ ਚੀਜ਼ਾਂ ਨੇ ਉਸ ਦੇ ਹੋਸ਼ ਉਡਾ ਦਿੱਤੇ।”

ਤਾਂ ਰਾਣੀ ਨੇ ਪਾਤਸ਼ਾਹ ਨੂੰ ਆਖਿਆ, “ਜੋ ਮੈਂ ਤੇਰੀਆਂ ਕਰਨੀਆਂ ਬਾਰੇ ਅਤੇ ਤੇਰੀ ਸਿਆਣਪ ਬਾਰੇ ਸੁਣਿਆ ਸੀ ਸੱਚ ਹੈ। ਜਿੰਨਾ ਚਿਰ ਮੈਂ ਇੱਥੇ ਆਕੇ ਇਹ ਸਭ ਕੁਝ ਆਪਣੀਆਂ ਅੱਖਾਂ ਨਾਲ ਨਹੀਂ ਵੇਖ ਲਿਆ, ਮੈਂ ਇਸ ਸਭ ਕਾਸੇ ਨੂੰ ਨਹੀਂ ਮੰਨਿਆ। ਜੋ ਮੈਂ ਆਪਣੀ ਅੱਖੀਂ ਵੇਖਿਆ ਉਹ ਉਸ ਤੋਂ ਵੱਧੇਰੇ ਹੈ ਜੋ ਸੁਣਿਆ ਸੀ ਤੇਰੀ ਸ਼ਹੁਰਤ ਅਤੇ ਸਿਆਣਪ ਲੋਕਾਂ ਦੇ ਕਹਿਣ ਤੋਂ ਕਿਤੇ ਮਹਾਨ ਹੈ। ਤੇਰੀਆਂ ਪਤਨੀਆਂ ਅਤੇ ਅਧਿਕਾਰੀ ਕਿੰਨੇ ਸੁਭਾਗੇ ਹਨ ਜੋ ਹਮੇਸ਼ਾ ਤੇਰੇ ਸਾਹਮਣੇ ਹੁੰਦੇ ਹਨ ਅਤੇ ਤੇਰੀ ਸਿਆਣਪ ਨੂੰ ਸੁਣ ਸੱਕਦੇ ਹਨ! ਯਹੋਵਾਹ, ਤੁਹਾਡੇ ਪਰਮੇਸ਼ੁਰ, ਦੀ ਉਸਤਤ ਹੋਵੇ ਜਿਹੜਾ ਤੇਰੇ ਨਾਲ ਪ੍ਰਸੰਨ ਹੈ ਅਤੇ ਜਿਸਨੇ ਤੈਨੂੰ ਇਸਰਾਏਲ ਦੇ ਸਿੰਘਾਸਣ ਤੇ ਬਿਠਾਇਆ ਹੈ! ਯਹੋਵਾਹ ਪਰਮੇਸ਼ੁਰ ਹਮੇਸ਼ਾ ਇਸਰਾਏਲ ਨੂੰ ਪਿਆਰ ਕਰਦਾ, ਇਸ ਲਈ ਉਸ ਨੇ ਸਹੀ ਨਿਆਂ ਅਤੇ ਇਨਸਾਫ਼ ਨੂੰ ਕਾਇਮ ਰੱਖਣ ਲਈ ਤੈਨੂੰ ਇਸਰਾਏਲ ਦਾ ਰਾਜਾ ਬਣਾਇਆ।”

10 ਤਾਂ ਸ਼ਬਾ ਦੀ ਰਾਣੀ ਨੇ 4,080 ਕਿਲੋ ਸੋਨਾ ਅਤੇ ਢੇਰ ਸਾਰੇ ਮਸਾਲੇ ਅਤੇ ਬਹੁਮੁੱਲੇ ਪੱਥਰ ਦਿੱਤੇ। ਜਿੰਨੀ ਤਦਾਦ ਵਿੱਚ ਮਸਾਲੇ ਸ਼ਬਾ ਦੀ ਰਾਣੀ ਨੇ ਸੁਲੇਮਾਨ ਪਾਤਸ਼ਾਹ ਨੂੰ ਦਿੱਤੇ, ਕਿ ਉਹ ਕਿਸੇ ਵੀ ਹੋਰ ਵਿਅਕਤੀ ਦੁਆਰਾ ਇਸਰਾਏਲ ਵਿੱਚ ਲਿਆਂਦੇ ਜਾਣ ਨਾਲੋਂ ਵੱਧੇਰੇ ਸਨ।

11 ਹੀਰਾਮ ਦੇ ਜਹਾਜ਼ ਓਫੀਰ ਤੋਂ ਸੋਨਾ ਅਤੇ ਖਾਸ ਲੱਕੜ [d] ਅਤੇ ਬਹੁਮੁੱਲੇ ਪੱਥਰ ਵੀ ਲਿਆਏ। 12 ਰਾਜੇ ਸੁਲੇਮਾਨ ਨੇ ਮੰਦਰ ਵਿੱਚ ਥੰਮਾਂ ਲਈ ਅਤੇ ਮਹਿਲ ਲਈ ਇਹ ਖਾਸ ਲੱਕੜ ਇਸਤੇਮਾਲ ਕੀਤੀ। ਉਸ ਨੇ ਇਹ ਲੱਕੜ ਰਾਗੀਆਂ ਲਈ ਬਰਬਤਾਂ ਅਤੇ ਸਿਤਾਰਾਂ ਬਨਾਉਣ ਲਈ ਵੀ ਇਸਤੇਮਾਲ ਕੀਤੀ। ਕਿਸੇ ਨੇ ਕਦੇ ਵੀ ਇਹ ਖਾਸ ਲੱਕੜੀ ਇੰਨੀ ਜਿਆਦੇ ਨਹੀਂ ਲਿਆਂਦੀ ਸੀ ਅਤੇ ਇਹ ਦੋਬਾਰਾ ਨਹੀਂ ਵੇਖੀ ਗਈ।

13 ਉਸ ਤੋਂ ਬਾਅਦ ਸੁਲੇਮਾਨ ਪਾਤਸ਼ਾਹ ਨੇ ਸ਼ਬਾ ਦੀ ਰਾਣੀ ਨੂੰ ਉਸਦੀ ਇੱਛਾ ਮੁਤਾਬਕ ਜੋ ਉਸ ਨੇ ਮੰਗਿਆ ਸੋ ਦਿੱਤਾ ਉਸ ਤੋਂ ਇਲਾਵਾ ਜੋ ਇੱਕ ਰਾਜਾ ਦੂਸਰੇ ਦੇਸ਼ ਦੇ ਸ਼ਾਸਕ ਨੂੰ ਦਿੰਦਾ। ਫ਼ੇਰ ਰਾਣੀ ਅਤੇ ਉਸ ਦੇ ਸੇਵਕ ਉਸ ਦੇ ਦੇਸ ਨੂੰ ਪਰਤ ਗਏ।

Solomon’s Great Wealth

14 ਹਰ ਸਾਲ 22,644 ਕਿਲੋ ਸੋਨਾ ਸੁਲੇਮਾਨ ਨੂੰ ਮਿਲਿਆ। 15 ਇਸ ਸਭ ਕਾਸੇ ਤੋਂ ਇਲਾਵਾ, ਉਸ ਨੂੰ ਵਿਉਪਾਰੀਆਂ, ਸੌਦਾਗਰਾਂ, ਅਰਬ ਦੇ ਰਾਜਿਆਂ ਅਤੇ ਦੇਸ਼ ਦੇ ਰਾਜਪਾਲਾਂ ਕੋਲੋਂ ਵੀ ਸੋਨਾ ਮਿਲਿਆ।

16 ਸੁਲੇਮਾਨ ਪਾਤਸ਼ਾਹ ਨੇ ਕੁੱਟੇ ਹੋਏ ਸੋਨੇ ਤੋਂ 200 ਵੱਡੀਆਂ ਢਾਲਾਂ ਬਣਾਈਆਂ ਅਤੇ ਇੱਕ-ਇੱਕ ਢਾਲ ਨੂੰ 6.9 ਕਿਲੋ ਸੋਨਾ ਲੱਗਾ ਹੋਇਆ ਸੀ। 17 ਉਸ ਨੇ ਕੁੱਟੇ ਹੋਏ ਸੋਨੇ ਦੀਆਂ 300 ਛੋਟੀਆਂ ਢਾਲਾਂ ਬਣਾਈਆਂ, ਅਤੇ ਹਰ ਇੱਕ ਢਾਲ ਨੂੰ 1.8 ਕਿਲੋ ਸੋਨਾ ਲੱਗਾ ਹੋਇਆ ਸੀ। ਉਸ ਨੇ ਉਨ੍ਹਾਂ ਨੂੰ “ਲਬਾਨੋਨ ਦਾ ਜੰਗਲ” ਕਹਿਲਾਉਂਦੇ ਮਹਿਲ ਵਿੱਚ ਰੱਖਿਆ।

18 ਪਾਤਸ਼ਾਹ ਨੇ ਹਾਥੀ ਦੰਦ ਦੀ ਇੱਕ ਵੱਡੀ ਰਾਜ ਗੱਦੀ ਬਣਵਾਈ ਅਤੇ ਉਸ ਉੱਪਰ ਕੁੰਦਨ ਸੋਨਾ ਚੜ੍ਹਾਇਆ। 19 ਉਸ ਰਾਜ ਗੱਦੀ ਤੇ ਬੈਠਣ ਲਈ ਛੇ ਕਦਮਾਂ ਦੀ ਪੌੜੀ ਸੀ ਅਤੇ ਪਿੱਛਲੇ ਪਾਸਿਓ ਉਸ ਸਿੰਘਾਸਣ ਦੀ ਚੋਟੀ ਗੋਲ ਅਕਾਰ ਦੀ ਸੀ ਅਤੇ ਉਸ ਰਾਜ ਕੁਰਸੀ ਦੇ ਦੋਨੋ ਪਾਸੇ ਬਾਹੀਆਂ ਅਰਾਮ ਨਾਲ ਬੈਠਣ ਵਾਸਤੇ ਬਣੀਆਂ ਹੋਈਆਂ ਸਨ ਅਤੇ ਉਸ ਰਾਜ ਕੁਰਸੀ ਦੀਆਂ ਬਾਹੀਆਂ ਦੇ ਥੱਲੇ ਦੋ ਸ਼ੇਰਾਂ ਦੀਆਂ ਤਸਵੀਰਾਂ ਸਨ। 20 ਅਤੇ ਛੇ ਪੌੜੀਆਂ ਉੱਤੇ ਬਾਰ੍ਹਾਂ ਸ਼ੇਰ ਖੜ੍ਹੇ ਹੋਏ ਸਨ, ਹਰ ਪਾਸੇ ਛੇ। ਹੋਰ ਕਿਸੇ ਰਾਜੇ ਕੋਲ ਇਹੋ ਜਿਹਾ ਸਿੰਘਾਸਣ ਨਹੀਂ ਸੀ।

21 ਸੁਲੇਮਾਨ ਪਾਤਸ਼ਾਹ ਦੇ ਗਲਾਸ ਅਤੇ ਪਿਆਲੇ ਸੋਨੇ ਦੇ ਬਣੇ ਹੋਏ ਸਨ “ਲਬਾਨੋਨ ਦਾ ਜੰਗਲ” ਕਹਾਉਂਦੇ ਮਹਿਲ ਦੇ ਸਾਰੇ ਭਾਂਡੇ ਸ਼ੁੱਧ ਸੋਨੇ ਦੇ ਬਣੇ ਹੋਏ ਸਨ। ਸੁਲੇਮਾਨ ਦੇ ਦਿਨਾਂ ਵਿੱਚ, ਚਾਂਦੀ ਇੰਨੀ ਕੀਮਤੀ ਨਹੀਂ ਸੀ।

22 ਸੁਲੇਮਾਨ ਪਾਤਸ਼ਾਹ ਦੇ ਸਮੁੰਦਰ ਵਿੱਚ ਜਹਾਜ ਸਨ ਜਿਹੜੇ ਹੀਰਾਮ ਦੇ ਜਹਾਜਾਂ ਦੇ ਨਾਲ ਹੀ ਚਲਦੇ ਸਨ। ਹਰ ਤਿੰਨੀ ਸਾਲੀਂ ਇਹ ਜਹਾਜ਼ ਸੋਨਾ, ਚਾਂਦੀ, ਹਾਥੀ ਦੰਦ ਅਤੇ ਜਾਨਵਰ ਲਿਆਉਂਦੇ ਸਨ।

23 ਸੁਲੇਮਾਨ ਪਾਤਸ਼ਾਹ ਧਰਤੀ ਤੇ ਸਾਰਿਆਂ ਰਾਜਿਆਂ ਨਾਲੋਂ ਧੰਨ ਅਤੇ ਬੁੱਧ ਵਿੱਚ ਬਹੁਤ ਵੱਡਾ ਸੀ। 24 ਸਾਰੀ ਧਰਤੀ ਦੇ ਲੋਕ ਸੁਲੇਮਾਨ ਦੇ ਮੂੰਹ ਵੱਲ ਵੇਖਦੇ ਹੁੰਦੇ ਸਨ ਇਸ ਲਈ ਕਿ ਉਸ ਨੂੰ ਪਰਮੇਸ਼ੁਰ ਨੇ ਕਿਹੀ ਬੁੱਧ ਅਤੇ ਸਿਆਣਪ ਬਖਸ਼ੀ ਹੋਈ ਸੀ। 25 ਅਤੇ ਉਹ ਉਸ ਲਈ ਤਰ੍ਹਾਂ-ਤਰ੍ਹਾਂ ਦੀਆਂ ਸੋਨੇ-ਚਾਂਦੀ ਦੀਆਂ ਵਸਤਾਂ, ਕੱਪੜੇ, ਹਥਿਆਰ, ਮਸਾਲੇ ਘੋੜੇ ਅਤੇ ਖੱਚਰਾਂ ਆਦਿ ਲਿਆਉਂਦੇ ਹੁੰਦੇ ਸਨ। ਹਰ ਸਾਲ ਉਹ ਅਜਿਹੀਆਂ ਭੇਟਾਂ ਉਸ ਲਈ ਲੈ ਕੇ ਉਸ ਨੂੰ ਮਿਲਣ-ਵੇਖਣ ਲਈ ਆਉਂਦੇ।

26 ਇਉਂ ਸੁਲੇਮਾਨ ਕੋਲ ਬਹੁਤ ਸਾਰੇ ਘੋੜੇ ਅਤੇ ਰੱਥ ਸਨ। ਉਸ ਕੋਲ 1,400 ਰੱਥ ਅਤੇ 12,000 ਘੋੜੇ ਸਨ। ਤੇ ਉਸ ਨੇ ਖਾਸ ਸ਼ਹਿਰ ਬਣਵਾਏ ਅਤੇ ਇਨ੍ਹਾਂ ਰੱਥਾਂ ਨੂੰ ਓੱਥੇ ਰੱਖਿਆ ਗਿਆ। ਕੱਝ ਰੱਥ ਸੁਲੇਮਾਨ ਨੇ ਆਪਣੇ ਕੋਲ ਯਰੂਸ਼ਲਮ ਵਿੱਚ ਵੀ ਰੱਖੇ। 27 ਪਾਤਸ਼ਾਹ ਨੇ ਇਸਰਾਏਲ ਨੂੰ ਬੜਾ ਅਮੀਰ ਬਣਾ ਦਿੱਤਾ। ਯਰੂਸ਼ਲਮ ਦੇ ਮੰਦਰ ਵਿੱਚ, ਚਾਂਦੀ ਪੱਥਰਾਂ ਵਾਂਗ ਆਮ ਰੁਲਦੀ, ਅਤੇ ਦਿਆਰ ਦੇ ਬਿਰਛਾਂ ਦੀ ਇੰਨੀ ਭਰਮਾਰ ਸੀ ਜਿਵੇਂ ਪਹਾੜੀ ਇਲਾਕਿਆਂ ਵਿੱਚ ਉੱਗੇ ਅੰਜੀਰ ਦੇ ਬਿਰਛ। 28 ਸੁਲੇਮਾਨ ਨੇ ਮਿਸਰ ਅਤੇ ਕਿਊ ਤੋਂ ਘੋੜੇ ਮੰਗਵਾਏ। ਉਸ ਦੇ ਵਿਉਪਾਰੀਆਂ ਨੇ ਇਨ੍ਹਾਂ ਨੂੰ ਕਿਊ ਤੋਂ ਖਰੀਦਿਆ ਅਤੇ ਇਨ੍ਹਾਂ ਨੂੰ ਇਸਰਾਏਲ ਨੂੰ ਲਿਆਂਦਾ। 29 ਮਿਸਰ ਤੋਂ ਹਰੇਕ ਰੱਥ 6.9 ਕਿਲੋ ਚਾਂਦੀ ਦੇਕੇ ਲਿਆਂਦਾ ਗਿਆ ਸੀ ਅਤੇ ਇੱਕ ਘੋੜਾ 1.75 ਕਿਲੋ ਚਾਂਦੀ ਦੇਕੇ। ਸੁਲੇਮਾਨ ਨੇ ਇਨ੍ਹਾਂ ਨੂੰ ਹਿੱਤੀਆਂ ਅਤੇ ਅਰਾਮੀਆਂ ਦੇ ਰਾਜਿਆਂ ਨੂੰ ਵੇਚ ਦਿੱਤਾ।

ਸੁਲੇਮਾਨ ਅਤੇ ਉਸ ਦੀਆਂ ਅਨੇਕਾਂ ਪਤਨੀਆਂ

11 ਸੁਲੇਮਾਨ ਪਾਤਸ਼ਾਹ ਨੂੰ ਔਰਤਾਂ ਨਾਲ ਬਹੁਤ ਪਿਆਰ ਸੀ। ਉਸ ਨੇ ਬਹੁਤ ਸਾਰੀਆਂ ਵਿਦੇਸ਼ੀ ਔਰਤਾਂ ਨੂੰ ਪਿਆਰ ਕੀਤਾ, ਜਿਨ੍ਹਾਂ ਵਿੱਚ ਫ਼ਿਰਊਨ ਦੀ ਧੀ, ਮੋਆਬ ਦੀਆਂ ਔਰਤਾਂ, ਅੰਮੋਨ, ਅਦੋਮ, ਸਿਦੋਨ ਅਤੇ ਹਿੱਤੀ ਔਰਤਾਂ ਸ਼ਾਮਿਲ ਸਨ। ਇਹ ਉਨ੍ਹਾਂ ਕੌਮਾਂ ਤੋਂ ਸਨ ਜਿਨ੍ਹਾਂ ਬਾਰੇ ਯਹੋਵਾਹ ਨੇ ਇਸਰਾਏਲੀਆਂ ਨੂੰ ਆਖਿਆ ਸੀ ਕਿ ਉਨ੍ਹਾਂ ਦੇ ਨਾਲ ਨਹੀਂ ਮਿਲਣਾ। “ਜੇ ਤੁਸੀਂ ਅਜਿਹਾ ਕਰੋਂਗੇ, ਤਾਂ ਇਹ ਕੌਮਾਂ ਤੁਹਾਨੂੰ ਆਪਣੇ ਦੇਵਤਿਆਂ ਨੂੰ ਮੰਨਣ ਲਈ ਪ੍ਰਭਾਵ ਪਾਉਣਗੀਆਂ।” ਪਰ ਰਾਜਾ ਸੁਲੇਮਾਨ ਇਨ੍ਹਾਂ ਔਰਤਾਂ ਨੂੰ ਪਿਆਰ ਕਰਦਾ ਸੀ। ਸੁਲੇਮਾਨ ਦੀਆਂ 700 ਸੌ ਪਤਨੀਆਂ ਸਨ। (ਇਹ ਸਾਰੀਆਂ ਦੂਸਰੇ ਰਾਜਿਆਂ ਦੀਆਂ ਧੀਆਂ ਸਨ।) ਉਸ ਦੀਆਂ 300 ਰਖੈਲਾਂ ਸਨ ਅਤੇ ਉਸ ਦੀਆਂ ਪਤਨੀਆਂ ਨੇ ਉਸ ਦਾ ਦਿਲ (ਉਸ ਦੇ ਪਰਮੇਸ਼ੁਰ ਤੋਂ) ਫ਼ੇਰਨ ਲਈ ਪ੍ਰਭਾਵ ਪਾਇਆ। ਜਦੋਂ ਸੁਲੇਮਾਨ ਬੁੱਢਾ ਸੀ, ਉਸ ਦੀਆਂ ਪਤਨੀਆਂ ਨੇ ਉਸ ਉੱਤੇ ਹੋਰਨਾਂ ਦੇਵਤਿਆਂ ਨੂੰ ਮੰਨਣ ਲਈ ਪ੍ਰਭਾਵ ਪਾਇਆ। ਉਹ ਪੂਰੀ ਤਰ੍ਹਾਂ ਯਹੋਵਾਹ ਵੱਲ ਸ਼ਰਧਾਵਾਨ ਨਹੀਂ ਸੀ, ਜਿਵੇਂ ਕਿ ਉਸ ਦਾ ਪਿਤਾ ਦਾਊਦ ਸੀ। ਸੁਲੇਮਾਨ ਸੀਦੋਨੀਆਂ ਦੀ ਦੇਵੀ ਅਸ਼ਤਾਰੋਥ ਅਤੇ ਅੰਮੋਨੀਆਂ ਦੇ ਘਿਨਾਉਣੇ ਬੁੱਤ ਮਿਲਕੋਮ ਦੇ ਪਿੱਛੇ ਲੱਗ ਤੁਰਿਆ। ਇਉਂ ਸੁਲੇਮਾਨ ਨੇ ਯਹੋਵਾਹ ਦੀ ਨਿਗਾਹ ਵਿੱਚ ਬਦੀ ਕੀਤੀ ਅਤੇ ਯਹੋਵਾਹ ਦੇ ਪਿੱਛੇ ਪੂਰੀ ਤਰ੍ਹਾਂ ਨਾ ਚੱਲਿਆ, ਜਿਵੇਂ ਉਸ ਦੇ ਪਿਤਾ ਦਾਊਦ ਨੇ ਕੀਤਾ।

ਸੁਲੇਮਾਨ ਨੇ ਇੱਕ ਪਹਾੜੀ ਉੱਤੇ, ਮੋਆਬੀਆਂ ਦੇ ਘ੍ਰਿਣਾਯੋਗ ਦੇਵਤੇ, ਕਮੋਸ਼ ਲਈ ਅਤੇ ਅੰਮੋਨੀਆਂ ਦੇ ਘ੍ਰਿਣਾਯੋਗ ਬੁੱਤ, ਮੋਲਕ ਲਈ ਇੱਕ ਉਪਾਸਨਾ ਦਾ ਸਥਾਨ ਬਣਵਾਇਆ, ਜੋ ਕਿ ਯਰੂਸ਼ਲਮ ਤੋਂ ਅਗਾਂਹ ਸੀ। ਇਸੇ ਤਰ੍ਹਾਂ ਉਸ ਨੇ ਆਪਣੀਆਂ ਸਾਰੀਆਂ ਓਪਰੀਆਂ ਔਰਤਾਂ ਲਈ ਵੀ ਕੀਤਾ ਜਿਹੜੀਆਂ ਕਿ ਆਪੋ-ਆਪਣੇ ਦੇਵਤਿਆਂ ਲਈ ਧੂਪ ਧੁਖਾਉਂਦੀਆਂ ਅਤੇ ਬਲੀ ਚੜ੍ਹਾਉਂਦੀਆਂ ਸਨ।

ਤਦ ਯਹੋਵਾਹ ਸੁਲੇਮਾਨ ਨਾਲ ਕ੍ਰੋਧਵਾਨ ਹੋਇਆ, ਕਿਉਂ ਜੋ ਉਸਦਾ ਮਨ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਤੋਂ ਫ਼ਿਰ ਗਿਆ, ਜਿਸ ਉਸ ਨੂੰ ਦੋ ਵਾਰ ਦਰਸ਼ਨ ਦਿੱਤੇ ਸਨ ਅਤੇ ਉਸ ਨੇ ਇਸ ਨੂੰ ਗੱਲ ਦਾ ਹੁਕਮ ਦਿੱਤਾ ਸੀ 10 ਕਿ ਉਹ ਦੂਜੇ ਦੇਵਤਿਆਂ ਦੇ ਪਿੱਛੇ ਨਾ ਚੱਲੇ, ਪਰ ਉਸ ਨੇ ਯਹੋਵਾਹ ਦਾ ਹੁਕਮ ਨਾ ਮੰਨਿਆ। 11 ਤਦ ਯਹੋਵਾਹ ਨੇ ਸੁਲੇਮਾਨ ਨੂੰ ਆਖਿਆ, “ਤੂੰ ਮੇਰੇ ਨਾਲ ਆਪਣਾ ਕੀਤਾ ਨੇਮ ਤੋੜਿਆ ਹੈ ਅਤੇ ਤੂੰ ਮੇਰੇ ਹੁਕਮ ਨੂੰ ਨਹੀਂ ਮੰਨਿਆ ਇਸ ਲਈ ਮੈਂ ਹੁਣ ਤੇਰੇ ਨਾਲ ਇਹ ਇਕਰਾਰ ਕਰਦਾ ਹਾਂ ਕਿ ਇਹ ਰਾਜ ਮੈਂ ਤੇਰੇ ਕੋਲੋਂ ਖੋਹ ਲਵਾਂਗਾ ਅਤੇ ਤੇਰੇ ਕਿਸੇ ਟਹਿਲੂਏ ਨੂੰ ਦੇ ਦੇਵਾਂਗਾ। 12 ਪਰ ਤੇਰੇ ਪਿਤਾ ਦਾਊਦ ਕਾਰਣ, ਮੈਂ ਤੇਰੇ ਜਿਉਂਦੇ ਜੀਅ ਇਹ ਰਾਜ ਤੇਰੇ ਕੋਲੋਂ ਨਹੀਂ ਲਵਾਂਗਾ ਪਰ ਮੈਂ ਇਹ ਰਾਜ ਤੇਰੇ ਪੁੱਤਰ ਤੋਂ ਲੈ ਲਵਾਂਗਾ। 13 ਫ਼ਿਰ ਵੀ, ਮੈਂ ਤੇਰੇ ਪੁੱਤਰ ਕੋਲੋਂ ਸਾਰਾ ਰਾਜ ਨਹੀਂ ਲਵਾਂਗਾ, ਮੈਂ ਉਸ ਨੂੰ ਇੱਕ ਪਰਿਵਾਰ-ਸਮੂਹ ਉੱਤੇ ਹਕੂਮਤ ਕਰਨ ਦੇਵਾਂਗਾ। ਅਜਿਹਾ ਮੈਂ ਸਿਰਫ ਦਾਊਦ ਸਦਕਾ ਕਰਾਂਗਾ-ਕਿਉਂ ਕਿ ਉਹ ਮੇਰਾ ਚੰਗਾ ਸੇਵਕ ਸੀ ਅਤੇ ਇਹ ਸਭ ਕੁਝ ਮੈਂ ਯਰੂਸ਼ਲਮ ਲਈ ਕਰਾਂਗਾ ਕਿਉਂ ਕਿ ਇਹ ਸ਼ਹਿਰ ਮੈਂ ਚੁਣਿਆ ਸੀ।”

ਸੁਲੇਮਾਨ ਦੇ ਵੈਰੀ

14 ਤਾਂ ਯਹੋਵਾਹ ਨੇ ਸੁਲੇਮਾਨ ਦੇ ਵਿਰੁੱਧ ਇੱਕ ਦੁਸ਼ਮਣ ਨੂੰ ਖੜ੍ਹਾ ਕਰ ਦਿੱਤਾ। ਜਿਸ ਦਾ ਨਾਉਂ ਹਦਦ ਸੀ ਜੋ ਕਿ ਅਦੋਮ ਦੇ ਰਾਜੇ ਦੇ ਘਰਾਣੇ ਵਿੱਚੋਂ ਸੀ। 15 ਇਉਂ ਹੋਇਆ: ਜਦੋਂ ਦਾਊਦ ਅਦੋਮ ਵਿੱਚ ਸੀ, ਜਿਸ ਵੇਲੇ ਯੋਆਬ ਸੈਨਾਪਤੀ ਵੱਢਿਆਂ ਹੋਇਆਂ ਦੇ ਦੱਬਣ ਲਈ ਉਪਰ ਆਇਆ ਤਾਂ ਅਦੋਮ ਦੇ ਹਰ ਬੰਦੇ ਨੂੰ ਜੋ ਜੀਉਂਦਾ ਸੀ ਯੋਆਬ ਨੇ ਵੱਢ ਸੁੱਟਿਆ। 16 ਯੋਆਬ ਸਾਰੇ ਇਸਰਾਏਲੀਆਂ ਸਮੇਤ ਛੇ ਮਹੀਨੇ ਅਦੋਮ ਵਿੱਚ ਰਿਹਾ ਅਤੇ ਉਸ ਸਮੇਂ ਦੌਰਾਨ ਉਨ੍ਹਾਂ ਨੇ ਅਦੋਮ ਵਿੱਚਲੇ ਸਾਰੇ ਆਦਮੀਆਂ ਨੂੰ ਮਾਰ ਦਿੱਤਾ। 17 ਪਰ ਉਸ ਵਕਤ ਹਦਦ ਅਜੇ ਇੱਕ ਛੋਟਾ ਜਿਹਾ ਬਾਲ ਹੀ ਸੀ, ਇਸ ਲਈ ਹਦਦ ਭੱਜ ਕੇ ਮਿਸਰ ’ਚ ਆ ਗਿਆ। ਉਸ ਦੇ ਨਾਲ ਉਸ ਦੇ ਪਿਉ ਦੇ ਕੁਝ ਸੇਵਕ ਵੀ ਚੱਲੇ ਗਏ ਸਨ। 18 ਉਹ ਮਿਦਿਆਨ ਤੋਂ ਉੱਠ ਕੇ ਪਾਰਾਨ ਨੂੰ ਆਏ ਅਤੇ ਪਾਰਾਨ ਵਿੱਚ ਕੁਝ ਲੋਕ ਉਨ੍ਹਾਂ ਨਾਲ ਰਲ ਗਏ ਤਾਂ ਇਹ ਸਾਰਾ ਦਲ ਮਿਸਰ ਵੱਲ ਨੂੰ ਗਿਆ। ਉੱਥੇ ਉਹ ਮਿਸਰ ਦੇ ਰਾਜਾ ਫ਼ਿਰਊਨ ਕੋਲ ਗਏ ਅਤੇ ਉਸ ਨੇ ਉਸ ਨੂੰ ਇੱਕ ਘਰ ਦੇ ਦਿੱਤਾ ਅਤੇ ਉਸ ਲਈ ਖਾਣ ਦਾ ਪ੍ਰਬੰਧ ਕਰਵਾਇਆ ਅਤੇ ਉਸ ਨੂੰ ਜ਼ਮੀਨ ਵੀ ਦਿੱਤੀ।

19 ਫ਼ਿਰਊਨ ਹਦਦ ਨੂੰ ਬਹੁਤ ਪਸੰਦ ਕਰਦਾ ਸੀ, ਅਤੇ ਉਸ ਨੂੰ ਇੱਕ ਪਤਨੀ ਦਿੱਤੀ। ਇਹ ਔਰਤ ਉਸ ਦੀ ਪਤਨੀ ਦੀ ਭੈਣ ਸੀ। (ਫ਼ਿਰਊਨ ਦੀ ਪਤਨੀ ਰਾਣੀ ਤਹਪਨੇਸ ਸੀ।) 20 ਇਉਂ ਤਹਪਸੇਨ ਦੀ ਭੈਣ ਦਾ ਵਿਆਹ ਹਦਦ ਨਾਲ ਹੋਇਆ। ਉਨ੍ਹਾਂ ਦੇ ਘਰ ਗਨੂਬਥ ਨਾਂ ਦਾ ਪੁੱਤਰ ਪੈਦਾ ਹੋਇਆ। ਤਹਪਨੇਸ ਨੇ ਗਨੂਬਥ ਨੂੰ ਮਹਿਲ ਵਿੱਚ ਫ਼ਿਰਊਨ ਦੇ ਪੁੱਤਰਾਂ ਨਾਲ ਪਲਣ ਦਾ ਆਦੇਸ਼ ਦਿੱਤਾ।

21 ਮਿਸਰ ਵਿੱਚ, ਜਦ ਹਦਦ ਨੇ ਸੁਣਿਆ ਕਿ ਦਾਊਦ ਮਰ ਗਿਆ ਹੈ। ਉਸ ਨੇ ਇਹ ਵੀ ਸੁਣਿਆ ਕਿ ਯੋਆਬ ਸੈਨਾ ਦਾ ਕਮਾਂਡਰ ਵੀ ਮਰ ਗਿਆ ਹੈ ਤਾਂ ਹਦਦ ਨੇ ਫ਼ਿਰਊਨ ਨੂੰ ਆਖਿਆ, “ਮੈਨੂੰ ਹੁਣ ਆਪਣੇ ਦੇਸ ਜਾਣ ਦੀ ਆਗਿਆ ਦੇਵੋ!”

22 ਪਰ ਫ਼ਿਰਊਨ ਨੇ ਕਿਹਾ, “ਇੱਥੇ ਤੈਨੂੰ ਕਿਸ ਚੀਜ਼ ਦੀ ਕਮੀ ਹੈ ਕਿ ਵਾਪਿਸ ਆਪਣੇ ਦੇਸ਼ ਜਾਣਾ ਚਹੁੰਦਾ ਹੈਂ?”

ਹਦਦ ਨੇ ਆਖਿਆ, “ਕੁਝ ਨਹੀਂ, ਪਰ ਮੈਨੂੰ ਮੇਰੇ ਘਰ ਵਾਪਸ ਜਾਣ ਦੇ।”

23 ਫ਼ੇਰ ਪਰਮੇਸ਼ੁਰ ਨੇ ਸੁਲੇਮਾਨ ਦੇ ਵਿਰੁੱਧ ਇੱਕ ਹੋਰ ਦੁਸ਼ਮਣ ਨੂੰ ਖੜ੍ਹਾ ਕੀਤਾ। ਇਹ ਵਿਅਕਤੀ ਰਜ਼ੋਨ, ਅਲਯਾਦਾ ਦਾ ਪੁੱਤਰ ਸੀ ਜੋ ਆਪਣੇ ਸੁਆਮੀ ਸੋਬਾਹ ਦੇ ਰਾਜਾ ਹਦਦ ਅਜ਼ਰ ਤੋਂ ਫ਼ਰਾਰ ਹੋ ਗਿਆ ਸੀ। 24 ਜਦੋਂ ਦਾਊਦ ਨੇ ਸੋਬਹ ਦੀ ਫੌਜ਼ ਨੂੰ ਹਰਾਇਆ ਸੀ, ਰਜ਼ੋਨ ਨੇ ਕੁਝ ਲੋਕਾਂ ਨੂੰ ਇਕੱਠਿਆਂ ਕੀਤਾ ਅਤੇ ਉਨ੍ਹਾਂ ਦਾ ਸਰਦਾਰ ਬਣ ਗਿਆ। ਉਹ ਦੰਮਿਸ਼ਕ ਨੂੰ ਜਾਕੇ ਵਸ ਗਿਆ ਅਤੇ ਰਾਜਾ ਬਣ ਗਿਆ। 25 ਰਜ਼ੋਨ ਨੇ ਅਰਾਮ ਵਿੱਚ ਰਾਜ ਕੀਤਾ। ਰਜ਼ੋਨ ਇਸਰਾਏਲ ਨੂੰ ਨਫ਼ਰਤ ਕਰਦਾ ਸੀ ਇਸ ਲਈ ਜਿੰਨੀ ਦੇਰ ਸੁਲੇਮਾਨ ਜਿਉਂਦਾ ਰਿਹਾ ਰਜ਼ੋਨ ਇਸਰਾਏਲ ਦਾ ਵੈਰੀ ਰਿਹਾ। ਰਜ਼ੋਨ ਅਤੇ ਹਦਦ ਇਸਰਾਏਲ ਲਈ ਮੁਸੀਬਤ ਦਾ ਕਾਰਣ ਬਣੇ ਰਹੇ।

26 ਨਬਾਟ ਦਾ ਪੁੱਤਰ, ਯਾਰਾਬੁਆਮ ਸੁਲੇਮਾਨ ਦਾ ਨੋਕਰ ਸੀ, ਅਤੇ ਉਹ ਇਫ਼ਰਾਈਮ ਦੇ ਪਰਿਵਾਰ-ਸਮੂਹ ਅਤੇ ਸਰੇਦਾਹ ਨਗਰ ਤੋਂ ਸੀ। ਉਸ ਦੀ ਮਾਂ ਦਾ ਨਾਉਂ ਸਰੂਆਹ ਸੀ ਅਤੇ ਉਹ ਵਿਧਵਾ ਸੀ। ਉਹ ਰਾਜੇ ਦਾ ਵੈਰੀ ਬਣ ਗਿਆ।

27 ਇਹੀ ਕਹਾਣੀ ਸੀ ਕਿ ਯਾਰਾਬੁਆਮ, ਰਾਜੇ ਦੇ ਵਿਰੁੱਧ ਹੋਇਆ। ਉਸ ਦਾ ਕਾਰਣ ਇਹ ਸੀ ਕਿ ਸੁਲੇਮਾਨ ਨੇ ਮਿੱਲੋ ਬਣਾਇਆ ਅਤੇ ਆਪਣੇ ਪਿਤਾ ਦਾਊਦ ਦੇ ਸ਼ਹਿਰ ਦੀਆਂ ਤਰੇੜਾਂ ਦੀ ਮੁਰੰਮਤ ਕੀਤੀ। 28 ਯਾਰਾਬੁਆਮ ਇੱਕ ਤਕੜਾ ਆਦਮੀ ਸੀ ਅਤੇ ਜਦੋਂ ਸੁਲੇਮਾਨ ਨੇ ਵੇਖਿਆ ਕਿ ਇਹ ਜਵਾਨ ਮਿਹਨਤੀ ਸੀ ਉਸ ਨੇ ਉਸ ਨੂੰ ਯੂਸੁਫ਼ ਦੇ ਪਰਿਵਾਰ-ਸਮੂਹ ਵਿੱਚਲੇ ਸਾਰੇ ਕਾਮਿਆਂ ਉੱਤੇ ਨਿਗਰਾਨ ਠਹਿਰਾ ਦਿੱਤਾ। 29 ਇੱਕ ਦਿਨ ਇਉਂ ਹੋਇਆ ਕਿ ਉਸ ਵੇਲੇ ਜਦੋਂ ਯਾਰਾਬੁਆਮ ਯਰੂਸ਼ਲਮ ਤੋਂ ਬਾਹਰ ਨਿਕਲਿਆ ਤਦ ਅਹੀਯਾਹ ਨਬੀ ਸ਼ੀਲੋਨੀ ਉਸ ਨੂੰ ਰਸਤੇ ਵਿੱਚ ਮਿਲ ਪਿਆ, ਉਸ ਨੇ ਇੱਕ ਨਵੀਂ ਚਾਦਰ ਲਈ ਹੋਈ ਸੀ ਅਤੇ ਦੋਨੋ ਉੱਥੇ ਉਸ ਜਗ੍ਹਾ ਇੱਕਲੇ ਸਨ।

30 ਤਾਂ ਅਹੀਯਾਹ ਨੇ ਉਸਦੀ ਨਵੀਂ ਚਾਦਰ ਨੂੰ ਜੋ ਉਸ ਨੇ ਆਪਣੇ ਉਪਰ ਲਈ ਹੋਈ ਸੀ ਫ਼ੜ ਕੇ 12 ਟੁਕੜਿਆਂ ਵਿੱਚ ਫ਼ਾੜ ਸੁੱਟਿਆ। 31 ਤਦ ਅਹੀਯਾਹ ਨੇ ਯਾਰਾਬੁਆਮ ਨੂੰ ਆਖਿਆ, “ਇਸ ਲਬਾਦੇ ਦੇ ਦਸ ਟੁਕੜੇ ਤੂੰ ਆਪਣੇ ਲਈ ਰੱਖ ਲੈ ਕਿਉਂ ਕਿ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ ਇਉਂ ਫ਼ੁਰਮਾਉਂਦਾ ਹੈ, ‘ਮੈਂ ਸੁਲੇਮਾਨ ਕੋਲੋਂ ਰਾਜ ਖੋਹ ਲਵਾਂਗਾ ਅਤੇ ਤੈਨੂੰ 10 ਪਰਿਵਾਰ-ਸਮੂਹ ਦੇ ਦੇਵਾਂਗਾ। 32 ਪਰ ਮੇਰੇ ਸੇਵਕ ਦਾਊਦ ਅਤੇ ਯਰੂਸ਼ਲਮ ਦੇ ਕਾਰਣ ਜਿਸ ਸ਼ਹਿਰ ਨੂੰ ਮੈਂ ਇਸਰਾਏਲ ਦੇ ਸਾਰੇ ਪਰਿਵਾਰ-ਸਮੂਹਾਂ ਵਿੱਚੋਂ ਚੁਣਿਆ ਹੈ, ਇੱਕ ਪਰਿਵਾਰ-ਸਮੂਹ ਉਸ ਦਾ ਰਹੇਗਾ। 33 ਮੈਂ ਸੁਲੇਮਾਨ ਤੋਂ ਰਾਜ ਇਸ ਲਈ ਖੋਹ ਲਵਾਂਗਾ ਕਿਉਂ ਕਿ ਉਸ ਨੇ ਮੈਨੂੰ ਮੰਨਣਾ ਛੱਡ ਦਿੱਤਾ ਅਤੇ ਸੀਦੋਨ ਦੀ ਦੇਵੀ ਅਸ਼ਤਾਰੋਥ ਅਤੇ ਮੋਆਬ ਦੇ ਝੂਠੇ ਦੇਵਤੇ ਕਮੋਸ਼ ਤੇ ਅੰਮੋਨੀਆਂ ਦੇ ਝੂਠੇ ਦੇਵਤੇ ਮਿਲਕੋਮ ਦੀ ਉਪਾਸਨਾ ਕਰ ਰਿਹਾ ਹੈ। ਸੁਲੇਮਾਨ ਮੇਰੇ ਰਾਹਾਂ ਤੇ ਨਹੀਂ ਚੱਲਿਆਂ, ਉਸ ਨੇ ਮੇਰੇ ਕਨੂੰਨਾਂ ਅਤੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ, ਅਤੇ ਆਪਣੇ ਪਿਤਾ ਦਾਊਦ ਵਾਂਗ ਸਹੀ ਆਚਰਣ ਨਹੀਂ ਕੀਤਾ। 34 ਇਸ ਲਈ ਮੈਂ ਇਹ ਸਾਰਾ ਰਾਜ ਸੁਲੇਮਾਨ ਦੇ ਪਰਿਵਾਰ ਤੋਂ ਲਵਾਂਗਾ ਪਰ ਸੁਲੇਮਾਨ ਨੂੰ ਉਸਦੀ ਬਾਕੀ ਜ਼ਿੰਦਗੀ ਲਈ ਉਨ੍ਹਾਂ ਦਾ ਸ਼ਾਸਕ ਰਹਿਣ ਦੇਵਾਂਗਾ। ਇਹ ਸਭ ਮੈਂ ਆਪਣੇ ਦਾਸ ਦਾਊਦ ਕਾਰਣ ਕਰਾਂਗਾ। ਮੈਂ ਦਾਊਦ ਨੂੰ ਇਸ ਲਈ ਚੁਣਿਆ ਕਿਉਂ ਕਿ ਉਸ ਨੇ ਮੇਰੇ ਸਾਰੇ ਨੇਮਾਂ ਤੇ ਹੁਕਮਾਂ ਨੂੰ ਮੰਨਿਆ। 35 ਪਰ ਹੁਣ ਮੈਂ ਇਹ ਰਾਜ ਉਸ ਦੇ ਪੁੱਤਰ ਕੋਲੋਂ ਖੋਹ ਲਵਾਂਗਾ। ਯਾਰਾਬੁਆਮ, ਮੈਂ ਤੈਨੂੰ ਦਸ ਘਰਾਣਿਆਂ ਉੱਤੇ ਸ਼ਾਸਨ ਕਰਨ ਦੇਵਾਂਗਾ। 36 ਮੈਂ ਸੁਲੇਮਾਨ ਦੇ ਪੁੱਤਰ ਨੂੰ ਇੱਕ ਪਰਿਵਾਰ ਸਮੂਹ ਉੱਪਰ ਰਾਜ ਕਰਨ ਦੇਵਾਂਗਾ। ਮੈਂ ਅਜਿਹਾ ਇਸ ਲਈ ਕਰਾਂਗਾ ਤਾਂ ਜੋ ਮੇਰੇ ਸੇਵਕ ਦਾਊਦ ਦਾ ਇੱਕ ਉਤਰਾਧਿਕਾਰੀ ਹਮੇਸ਼ਾ ਮੇਰੇ ਸਾਹਮਣੇ ਯਰੂਸ਼ਲਮ ਵਿੱਚ ਰਾਜ ਕਰੇ, ਜਿਸ ਸ਼ਹਿਰ ਨੂੰ ਮੈਂ ਆਪਣੇ ਲਈ ਚੁਣਿਆ ਹੈ। 37 ਪਰ ਤੂੰ ਮੇਰੇ ਦੁਆਰਾ ਚੁਣਿਆ ਗਿਆ ਹੈਂ, ਆਪਣੀ ਇੱਛਾ ਅਨੁਸਾਰ ਹਰ ਚੀਜ਼ ਤੇ ਰਾਜ ਕਰ। ਤੂੰ ਸਾਰੇ ਇਸਰਾਏਲ ਉੱਪਰ ਰਾਜ ਕਰੇਂਗਾ। 38 ਇਹ ਸਭ ਕੁਝ ਮੈਂ ਤਾਂ ਹੀ ਕਰਾਂਗਾ ਜੇਕਰ ਤੂੰ ਮੇਰੀ ਨਿਗਾਹ ਵਿੱਚ ਧਰਮੀ ਰਹੇਂਗਾ ਅਤੇ ਮੇਰੇ ਹੁਕਮਾਂ ਨੂੰ ਮੰਨੇਗਾ। ਜੇਕਰ ਤੂੰ ਦਾਊਦ ਵਾਂਗ ਮੇਰੇ ਹੁਕਮਾਂ ਅਤੇ ਕਨੂੰਨਾਂ ਦੀ ਪਾਲਣਾ ਕਰੇਂਗਾ, ਤਾਂ ਮੈਂ ਤੇਰੇ ਅੰਗ-ਸੰਗ ਹੋਵਾਂਗਾ, ਅਤੇ ਮੈਂ ਤੈਨੂੰ ਇੱਕ ਕਦੇ ਨਾ ਖਤਮ ਹੋਣ ਵਾਲਾ ਖਾਨਦਾਨ ਦੇਵਾਂਗਾ ਜਿਵੇਂ ਕਿ ਮੈਂ ਦਾਊਦ ਲਈ ਕੀਤਾ ਸੀ। ਮੈਂ ਇਸਰਾਏਲ ਤੈਨੂੰ ਸੌਂਪ ਦੇਵਾਂਗਾ। 39 ਸੁਲੇਮਾਨ ਦੀਆਂ ਕਰਨੀਆਂ ਕਾਰਣ, ਮੈਂ ਦਾਊਦ ਦੇ ਉਤਰਾਧਿਕਾਰੀਆਂ ਨੂੰ ਸਜ਼ਾ ਦੇਵਾਂਗਾ, ਪਰ ਮੈਂ ਹਮੇਸ਼ਾ ਲਈ ਉਨ੍ਹਾਂ ਨੂੰ ਸਜ਼ਾ ਨਹੀਂ ਦੇਵਾਂਗਾ।’”

ਸੁਲੇਮਾਨ ਦੀ ਮੌਤ

40 ਸੁਲੇਮਾਨ ਨੇ ਯਾਰਾਬੁਆਮ ਨੂੰ ਮਾਰਨਾ ਚਾਹਿਆ, ਪਰ ਯਾਰਾਬੁਆਮ ਮਿਸਰ ਦੇ ਰਾਜੇ ਸ਼ੀਸ਼ਕ ਕੋਲ ਭੱਜ ਗਿਆ ਅਤੇ ਸੁਲੇਮਾਨ ਦੀ ਮੌਤ ਤੀਕ ਓੱਥੇ ਹੀ ਰਿਹਾ।

41 ਸੁਲੇਮਾਨ ਨੇ ਆਪਣੇ ਰਾਜ ਕਾਲ ਵਿੱਚ ਬਹੁਤ ਮਹਾਨ ਅਤੇ ਬੁੱਧ ਮਾਨ ਕਾਰਜ ਕੀਤੇ ਇਹ ਸਾਰੀ ਮਹਾਨਤਾ ਉਸਦੀ ਸੁਲੇਮਾਨ ਦਾ ਇਤਹਾਸ ਨਾਮਕ ਪੋਥੀ ਵਿੱਚ ਦਰਜ ਹੈ। 42 ਸੁਲੇਮਾਨ ਨੇ ਯਰੂਸ਼ਲਮ ਵਿੱਚ ਸਾਰੇ ਇਸਰਾਏਲ ਉੱਪਰ 40 ਵਰ੍ਹੇ ਰਾਜ ਕੀਤਾ। 43 ਫ਼ਿਰ ਸੁਲੇਮਾਨ ਦੀ ਮੌਤ ਹੋ ਗਈ ਅਤੇ ਉਸ ਨੂੰ ਉਸ ਦੇ ਪੁਰਖਿਆਂ ਨਾਲ ਦਫ਼ਨਾਇਆ ਗਿਆ। ਉਸ ਨੂੰ ਉਸ ਦੇ ਪਿਤਾ, ਦਾਊਦ ਦੇ ਸ਼ਹਿਰ ਵਿੱਚ ਦਫ਼ਨਾਇਆ ਗਿਆ। ਫ਼ਿਰ ਉਸਤੋਂ ਬਾਅਦ, ਉਸਦਾ ਪੁੱਤਰ ਰਹਬੁਆਮ ਰਾਜਾ ਬਣ ਗਿਆ।

ਰਾਜਸੀ ਫੁੱਟ

12 ਨਾਬਾਟ ਦਾ ਪੁੱਤਰ ਯਾਰਾਬੁਆਮ ਅਜੇ ਵੀ ਮਿਸਰ ਵਿੱਚ ਹੀ ਸੀ ਜਦੋਂ ਦਾ ਉਹ ਸੁਲੇਮਾਨ ਕੋਲੋਂ ਭੱਜਕੇ ਆਇਆ ਸੀ। ਜਦੋਂ ਉਸ ਨੂੰ ਸੁਲੇਮਾਨ ਦੀ ਮੌਤ ਦੀ ਖਬਰ ਮਿਲੀ, ਉਹ ਇਫ਼ਰਾਮ ਦੀਆਂ ਪਹਾੜੀਆਂ ਵਿੱਚ ਆਪਣੇ ਸ਼ਹਿਰ ਯਹਰਦਾਹ ਵਿੱਚ ਵਾਪਸ ਮੁੜਿਆ। ਪਾਤਸ਼ਾਹ ਸੁਲੇਮਾਨ ਮਰ ਗਿਆ ਅਤੇ ਆਪਣੇ ਪੁਰਖਿਆਂ ਦੇ ਪਾਸੇ ਤੇ ਦਫ਼ਨਾਇਆ ਗਿਆ। ਉਸਤੋਂ ਬਾਅਦ ਉਸਦਾ ਪੁੱਤਰ ਰਹਬੁਆਮ ਨਵਾਂ ਰਾਜਾ ਬਣਿਆ।

ਇਸਰਾਏਲ ਦੇ ਸਾਰੇ ਲੋਕ ਸ਼ਕਮ ਨੂੰ ਗਏ, ਉੱਥੇ ਉਹ ਰਹਬੁਆਮ ਨੂੰ ਰਾਜਾ ਬਨਾਉਣ ਲਈ ਗਏ ਅਤੇ ਰਹਬੁਆਮ ਖੁਦ ਵੀ ਉੱਥੇ ਪਾਤਸ਼ਾਹ ਬਣਨ ਲਈ ਗਿਆ ਤਾਂ ਲੋਕਾਂ ਨੇ ਰਹਬੁਆਮ ਨੂੰ ਕਿਹਾ, “ਤੇਰੇ ਪਿਉ ਨੇ ਸਾਡੇ ਤੋਂ ਬੜਾ ਸਖਤ ਕੰਮ ਲਿਆ ਹੁਣ ਤੂੰ ਸਾਡੇ ਲਈ ਸੌਖਾ ਕਰ। ਜਿਹੜਾ ਤੇਰਾ ਪਿਤਾ ਸਾਡੇ ਤੋਂ ਸਖਤ ਕੰਮ ਲੈਂਦਾ ਸੀ ਤੇ ਭਾਰੇ ਕੰਮਾਂ ਲਈ ਮਜ਼ਬੂਰ ਕਰਦਾ ਸੀ ਹੁਣ ਤੂੰ ਉਹ ਬੰਦ ਕਰ। ਤਦ ਅਸੀਂ ਤੇਰੀ ਸੇਵਾ ਕਰਾਂਗੇ।”

ਰਹਬੁਆਮ ਨੇ ਆਖਿਆ, “ਤੁਸੀਂ ਮੇਰੇ ਕੋਲ ਤਿੰਨ ਦਿਨਾਂ ਤੱਕ ਆਉਣਾ ਤਾਂ ਮੈਂ ਇਸ ਗੱਲ ਦਾ ਜਵਾਬ ਦੇਵਾਂਗਾ।” ਇਸ ਲਈ ਲੋਕ ਉੱਥੋਂ ਵਾਪਸ ਪਰਤ ਗਏ।

ਉੱਥੇ ਕੁਝ ਬਜ਼ੁਰਗ ਸਨ ਜਿਨ੍ਹਾਂ ਨਾਲ ਸੁਲੇਮਾਨ ਜਦੋਂ ਜਿਉਂਦਾ ਸੀ ਤਾਂ ਉਸ ਦੇ ਮਦਦਗਾਰ ਸਨ ਤਾਂ ਰਹਬੁਆਮ ਨੇ ਉਨ੍ਹਾਂ ਨਾਲ ਸਲਾਹ ਕੀਤੀ ਕਿ ਉਸ ਨੂੰ ਹੁਣ ਕਿਵੇਂ ਕਰਨਾ ਚਾਹੀਦਾ ਹੈ। ਉਸ ਨੇ ਕਿਹਾ, “ਤੁਸੀਂ ਕਿਵੇਂ ਸੋਚਦੇ ਹੋਂ ਕਿ ਮੈਨੂੰ ਲੋਕਾਂ ਨੂੰ ਕੀ ਜਵਾਬ ਦੇਣਾ ਚਾਹੀਦਾ ਹੈ?”

ਬਜ਼ੁਰਗਾਂ ਨੇ ਆਖਿਆ, “ਜੇਕਰ ਅੱਜ ਦੇ ਦਿਨ ਤੂੰ ਇਨ੍ਹਾਂ ਲੋਕਾਂ ਦਾ ਸੇਵਕ ਬਣੇਗਾ, ਅਤੇ ਉਨ੍ਹਾਂ ਦੀ ਸੇਵਾ ਕਰੇਂਗਾ ਅਤੇ ਉਨ੍ਹਾਂ ਨੂੰ ਮਿੱਠੇ ਬੋਲਾਂ ਨਾਲ ਉੱਤਰ ਦੇਵੇਂਗਾ ਤਾਂ ਉਹ ਹਮੇਸ਼ਾ ਤੇਰੀ ਸੇਵਾ ਕਰਨਗੇ।”

ਪਰ ਰਹਬੁਆਮ ਨੇ ਉਨ੍ਹਾਂ ਦੀ ਸਲਾਹ ਨਾ ਮੰਨੀ ਅਤੇ ਜਿਹੜੇ ਉਸ ਦੇ ਜੁਆਨ ਮਿੱਤਰ ਸਨ ਉਨ੍ਹਾਂ ਕੋਲੋਂ ਸਲਾਹ ਲਿਤੀ। ਰਹਬੁਆਮ ਨੇ ਕਿਹਾ, “ਲੋਕ ਮੈਨੂੰ ਆਖਦੇ ਹਨ, ‘ਤੇਰੇ ਪਿਤਾ ਦਾ ਪਾਇਆ ਹੋਇਆ ਬੋਝ ਸਾਡੇ ਤੋਂ ਹੌਲਾ ਕਰ।’ ਤੁਸੀਂ ਕੀ ਸੋਚਦੇ ਹੋ ਕਿ ਮੈਨੂੰ ਉਨ੍ਹਾਂ ਨੂੰ ਕੀ ਜਵਾਬ ਦੇਣਾ ਚਾਹੀਦਾ ਹੈ?”

10 ਪਾਤਸ਼ਾਹ ਦੇ ਜਵਾਨ ਮਿੱਤਰਾਂ ਨੇ ਆਖਿਆ, “ਉਹ ਲੋਕ ਜਿਹੜੇ ਤੈਨੂੰ ਇਉਂ ਕਹਿੰਦੇ ਹਨ ਕਿ ਤੁਹਾਡੇ ਪਿਤਾ ਨੇ ਸਾਡੇ ਸ਼ਰੀਰ ਤੋਂ ਭਾਰੀ ਕਾਰਜ ਲਿਆ ਤੇ ਤੂੰ ਸਾਡੇ ਉੱਪਰ ਉਸ ਕੰਮ ਨੂੰ ਹੌਲਾ ਕਰ ਤਾਂ ਤੂੰ ਉਨ੍ਹਾਂ ਨੂੰ ਇਉਂ ਆਖ ਕਿ ਮੇਰੀ ਛੋਟੀ ਉਂਗਲ ਮੇਰੇ ਪਿਤਾ ਦੇ ਸਾਰੇ ਸ਼ਰੀਰ ਨਾਲੋਂ ਬਲਵਾਨ ਹੈ। ਮੇਰੇ ਪਿਤਾ ਨੇ ਤੁਹਾਨੂੰ ਭਾਰਾ ਕੰਮ ਕਰਨ ਲਈ ਮਜ਼ਬੂਰ ਕੀਤਾ ਪਰ ਮੈਂ ਤੁਹਾਡੇ ਕੋਲੋਂ ਉਸ ਤੋਂ ਵੀ ਸਖਤ ਕੰਮ ਲਵਾਂਗਾ। 11 ਮੇਰੇ ਪਿਤਾ ਨੇ ਤੁਹਾਨੂੰ ਕੋਟਲਿਆਂ ਨਾਲ ਫ਼ੰਡਿਆ ਸੀ ਮੈਂ ਤੁਹਾਨੂੰ ਬਿਛੂਆਂ ਵਾਲੇ ਕੋਟਲਿਆਂ ਨਾਲ ਫ਼ੰਡਾਂਗਾ।”

12 ਸੋ ਯਾਰਾਬੁਆਮ ਅਤੇ ਸਾਰੇ ਲੋਕ ਤੀਜੇ ਦਿਨ ਰਹਬੁਆਮ ਕੋਲ ਆਏ ਜਿਵੇਂ ਪਾਤਸ਼ਾਹ ਨੇ ਉਨ੍ਹਾਂ ਨਾਲ ਗੱਲ ਕੀਤੀ ਸੀ ਕਿ ਤੁਸੀਂ ਤੀਜੇ ਦਿਨ ਮੇਰੇ ਕੋਲ ਆਉਣਾ। 13 ਤਾਂ ਪਾਤਸ਼ਾਹ ਨੇ ਉਨ੍ਹਾਂ ਲੋਕਾਂ ਨੂੰ ਕੌੜਾ ਜਿਹਾ ਉੱਤਰ ਦਿੱਤਾ ਅਤੇ ਉਨ੍ਹਾਂ ਬਜ਼ੁਰਗਾਂ ਦੀ ਸਲਾਹ ਨੂੰ ਜਿਹੜੀ ਉਨ੍ਹਾਂ ਉਸ ਨੂੰ ਦਿੱਤੀ ਨਾ ਮੰਨਿਆ। 14 ਅਤੇ ਜਵਾਨ ਮਿੱਤਰਾਂ ਦੀ ਸਲਾਹ ਨਾਲ ਉਹ ਉਨ੍ਹਾਂ ਨੂੰ ਬੋਲਿਆ ਕਿ ਮੇਰੇ ਪਿਤਾ ਨੇ ਤਾਂ ਤੁਹਾਡੇ ਸ਼ਰੀਰ ਤੋਂ ਭਾਰਾ ਕੰਮ ਲਿਆ ਪਰ ਮੈਂ ਤੁਹਾਡੇ ਸ਼ਰੀਰ ਤੋਂ ਹੋਰ ਭਾਰੀ ਕੰਮ ਲਵਾਂਗਾ। ਮੇਰੇ ਪਿਤਾ ਨੇ ਤੁਹਾਨੂੰ ਕੋਟਲਿਆਂ ਨਾਲ ਫ਼ੰਡਿਆ ਪਰ ਮੈਂ ਤੁਹਾਨੂੰ ਬਿਛੂਆਂ ਵਾਲੇ ਕੋਟਲਿਆਂ ਨਾਲ ਫ਼ੰਡਾਂਗਾ। 15 ਇਉਂ ਪਾਤਸ਼ਾਹ ਨੇ ਲੋਕਾਂ ਦੀ ਨਾਂ ਸੁਣੀ ਕਿਉਂ ਜੋ ਇਹ ਯਹੋਵਾਹ ਵੱਲੋਂ ਸੀ ਕਿ ਉਹ ਆਪਣੇ ਉਸ ਬਚਨ ਨੂੰ ਜਿਹੜਾ ਯਹੋਵਾਹ ਨੇ ਸ਼ੀਲੋਨੀ ਜਾਜਕ ਅਹੀਯਾਹ ਦੇ ਰਾਹੀਂ ਨਬਾਟ ਦੇ ਪੁੱਤਰ ਯਾਰਾਬੁਆਮ ਨੂੰ ਆਖਿਆ ਸੀ ਪੂਰਾ ਕਰੇ।

16 ਸਾਰੇ ਇਸਰਾਏਲ ਦੇ ਲੋਕਾਂ ਨੇ ਵੇਖਿਆ ਕਿ ਪਾਤਸ਼ਾਹ ਨੇ ਉਨ੍ਹਾਂ ਦੀ ਸੁਣਾਈ ਤੋਂ ਇਨਕਾਰ ਕੀਤਾ ਹੈ ਤਾਂ ਉਨ੍ਹਾਂ ਨੇ ਪਾਤਸ਼ਾਹ ਨੂੰ ਕਿਹਾ,

“ਅਸੀਂ ਦਾਊਦ ਦੇ ਘਰਾਣੇ ਦਾ ਹਿੱਸਾ ਨਹੀਂ ਹਾਂ!
    ਸਾਡੀ ਯੱਸੀ ਦੇ ਪੁੱਤਰ ਨਾਲ ਕੋਈ ਵੰਡ ਨਹੀਂ!
ਹੇ ਇਸਰਾਏਲੀਓ, ਆਪਣੇ ਤੰਬੂਆਂ ਵਿੱਚ ਵਾਪਸ ਚੱਲੇ ਜਾਓ।
    ਹੇ ਦਾਊਦ ਦੇ ਪਰਿਵਾਰ, ਆਪਣੇ ਖੁਦ ਦੇ ਘਰ ਦਾ ਖਿਆਲ ਰੱਖ!”

17 ਪਰ ਰਹਬੁਆਮ ਨੇ ਇਸਰਾਏਲੀਆਂ ਤੇ ਸ਼ਾਸਨ ਕਰਨਾ ਜਾਰੀ ਰੱਖਿਆ ਜੋ ਯਹੂਦਾਹ ਦੇ ਨਗਰਾਂ ਵਿੱਚ ਰਹਿੰਦੇ ਸਨ।

18 ਫ਼ਿਰ ਰਹਬੁਆਮ ਪਾਤਸ਼ਾਹ ਨੇ ਅਦੋਰਾਮ ਨੂੰ ਭੇਜਿਆ ਜਿਹੜਾ ਬੇਗਾਰੀਆਂ ਉੱਪਰ ਸੀ ਤਾਂ ਸਾਰੇ ਇਸਰਾਏਲੀਆਂ ਨੇ ਉਸ ਉੱਪਰ ਪਥਰਾਓ ਕੀਤਾ ਅਤੇ ਉਹ ਉੱਥੇ ਹੀ ਮਰ ਗਿਆ ਤਾਂ ਰਹਬੁਆਮ ਪਾਤਸ਼ਾਹ ਨੇ ਛੇਤੀ ਕੀਤੀ ਅਤੇ ਰੱਥ ਉੱਪਰ ਚੜ੍ਹ ਕੇ ਯਰੂਸ਼ਲਮ ਨੂੰ ਨੱਸ ਗਿਆ। 19 ਇਉਂ, ਇਸਰਾਏਲ ਨੇ ਦਾਊਦ ਦੇ ਪਰਿਵਾਰ ਦੇ ਖਿਲਾਫ਼ ਵਿਦ੍ਰੋਹ ਕਰ ਦਿੱਤਾ, ਅਤੇ ਉਹ ਅੱਜ ਤੀਕ ਵਿਰੁੱਧ ਹਨ।

20 ਜਦੋਂ ਇਸਰਾਏਲ ਦੇ ਲੋਕਾਂ ਨੇ ਸੁਣਿਆ ਕਿ ਯਾਰਾਬੁਆਮ ਮੁੜ ਆਇਆ ਸੀ, ਉਨ੍ਹਾਂ ਨੇ ਉਸ ਕੋਲ ਸੰਦੇਸ਼ ਭਜਕੇ ਉਸ ਨੂੰ ਸਭਾ ਵਿੱਚ ਬੁਲਾਇਆ ਅਤੇ ਉਸ ਨੂੰ ਸਾਰੇ ਇਸਰਾਏਲ ਦਾ ਰਾਜਾ ਬਣਾ ਦਿੱਤਾ। ਯਹੂਦਾਹ ਦੇ ਪਰਿਵਾਰ-ਸਮੂਹ ਤੋਂ ਇਲਾਵਾ, ਹੋਰ ਕੋਈ ਵੀ ਦਾਊਦ ਦੇ ਘਰਾਣੇ ਮਗਰ ਨਾ ਲੱਗਾ।

21 ਜਦ ਰਹਬੁਆਮ ਯਰੂਸ਼ਲਮ ਵਿੱਚ ਮੁੜਿਆ ਤਾਂ ਉਸ ਨੇ ਯਹੂਦਾਹ ਦੇ ਸਾਰੇ ਪਰਿਵਾਰ-ਸਮੂਹ ਅਤੇ ਬਿਨਯਾਮੀਨ ਦੇ ਘਰਾਣੇ ਸਮੇਤ ਸਭ ਨੂੰ ਇਕੱਠਾ ਕੀਤਾ। ਇਹ 1,80,000 ਹਜ਼ਾਰ ਯੁੱਧ ਦੇ ਚੁਣਵੇਂ ਸੂਰਮੇ ਸਨ। ਰਹਬੁਆਮ ਇਸਰਾਏਲੀਆਂ ਦੇ ਵਿਰੁੱਧ ਜੰਗ ਕਰਨਾ ਚਾਹੁੰਦਾ ਸੀ ਅਤੇ ਯੁੱਧ ਕਰਕੇ ਆਪਣਾ ਰਾਜ ਵਾਪਸ ਲੈਣਾ ਚਾਹੁੰਦਾ ਸੀ। 22 ਪਰ ਯਹੋਵਾਹ ਨੇ ਪਰਮੇਸ਼ੁਰ ਦੇ ਇੱਕ ਆਦਮੀ ਜਿਸ ਦਾ ਨਾਂ ਸ਼ਮਾਯਾਹ ਸੀ ਨੂੰ ਆਖਿਆ, 23 “ਯਹੂਦਾਹ ਦੇ ਪਾਤਸ਼ਾਹ, ਸੁਲੇਮਾਨ ਦੇ ਪੁੱਤਰ ਰਹਬੁਆਮ ਨੂੰ ਅਤੇ ਯਹੂਦਾਹ ਅਤੇ ਬਿਨਯਾਮੀਨ ਦੇ ਸਾਰੇ ਘਰਾਣੇ ਨੂੰ ਅਤੇ ਉੱਥੋਂ ਦੇ ਸਾਰੇ ਲੋਕਾਂ ਨਾਲ ਗੱਲ ਕਰ 24 ਉਨ੍ਹਾਂ ਨੂੰ ਦੱਸ, ਯਹੋਵਾਹ ਇਉਂ ਆਖਦਾ ਹੈ ਕਿ ਤੁਹਾਨੂੰ ਆਪਣੇ ਇਸਰਾਏਲੀ ਭਾਈਆਂ ਦੇ ਖਿਲਾਫ ਨਹੀਂ ਲੜਨਾ ਚਾਹੀਦਾ। ਤੁਹਾਨੂੰ ਸਭਨਾਂ ਨੂੰ ਘਰ ਪਰਤ ਜਾਣਾ ਚਾਹੀਦਾ ਹੈ ਕਿਉਂ ਕਿ ਮੈਂ ਸਭ ਕੁਝ ਵਾਪਰਨ ਦਿੱਤਾ!” ਜਦੋਂ ਉਨ੍ਹਾਂ ਨੇ ਯਹੋਵਾਹ ਦਾ ਹੁਕਮ ਸੁਣਿਆ, ਉਨ੍ਹਾਂ ਨੇ ਇਸ ਨੂੰ ਮੰਨਿਆ ਅਤੇ ਘਰਾਂ ਨੂੰ ਵਾਪਸ ਚੱਲੇ ਗਏ।

25 ਯਾਰਾਬੁਆਮ ਨੇ ਅਫ਼ਰਾਈਮ ਪਹਾੜ ਵਿੱਚ ਸ਼ਕਮ ਨੂੰ ਬੜਾ ਮਜ਼ਬੂਤ ਸ਼ਹਿਰ ਬਣਾਇਆ ਅਤੇ ਆਪ ਉਸ ਵਿੱਚ ਵਸਿਆ। ਬਾਅਦ ਵਿੱਚ ਉਹ ਪਨੂਏਲ ਵਿੱਚ ਜਾਕੇ ਵਸਿਆ ਅਤੇ ਉਸ ਨੂੰ ਵੀ ਬੜਾ ਮਜ਼ਬੂਤ ਬਣਾਇਆ।

26-27 ਤਾਂ ਯਾਰਾਬੁਆਮ ਨੇ ਆਪਣੇ ਆਪ ’ਚ ਸੋਚਿਆ, “ਹੁਣ ਹੋ ਸੱਕਦਾ ਹੈ ਇਹ ਰਾਜ ਵਾਪਸ ਦਾਊਦ ਦੇ ਪਰਿਵਾਰ ਵੱਲ ਮੁੜ ਜਾਵੇ। ਜੇਕਰ ਇਹ ਲੋਕ ਲਗਾਤਾਰ ਯਰੂਸ਼ਲਮ ਨੂੰ ਜਾ ਕੇ ਯਹੋਵਾਹ ਦੇ ਮੰਦਰ ਵਿੱਚ ਭੇਟਾਂ ਚੜ੍ਹਾਉਣ ਲਈ ਜਾਂਦੇ ਰਹੇ ਤਾਂ ਉਹ ਰਹਬੁਆਮ, ਯਹੂਦਾਹ ਦੇ ਪਾਤਸ਼ਾਹ ਵੱਲ ਮੁੜ ਜਾਣਗੇ ਅਤੇ ਮੈਨੂੰ ਮਾਰ ਸੁੱਟਣਗੇ।” 28 ਤਾਂ ਪਾਤਸ਼ਾਹ ਨੇ ਆਪਣੇ ਸਲਾਹਕਾਰਾਂ ਕੋਲੋਂ ਸਲਾਹ ਲਿੱਤੀ ਕਿ ਉਸ ਨੂੰ ਕੀ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਉਸ ਨੂੰ ਆਪਣੇ ਵਿੱਚਾਰ ਪ੍ਰਗਟ ਕੀਤੇ। ਤਾਂ ਪਾਤਸ਼ਾਹ ਨੇ ਸੋਨੇ ਦੇ ਦੋ ਵੱਛੇ ਬਣਾਏ। ਪਾਤਸ਼ਾਹ ਯਾਰਾਬੁਆਮ ਨੇ ਲੋਕਾਂ ਨੂੰ ਕਿਹਾ, “ਤੁਹਾਨੂੰ ਯਰੂਸ਼ਲਮ ਵਿੱਚ ਉਪਾਸਨਾ ਕਰਨ ਜਾਣ ਦੀ ਲੋੜ ਨਹੀਂ। ਵੇਖੋ, ਹੇ ਇਸਰਾਏਲ, ਆਪਣੇ ਦੇਵਤੇ ਜਿਹੜੇ ਤੈਨੂੰ ਮਿਸਰ ਦੇਸ ਤੋਂ ਕੱਢ ਲਿਆਏ!” [e] 29 ਯਾਰਾਬੁਆਮ ਪਾਤਸ਼ਾਹ ਨੇ ਇੱਕ ਸੋਨੇ ਦਾ ਵੱਛਾ ਬੈਤਏਲ ਵਿੱਚ ਟਿਕਾਇਆ ਅਤੇ ਦੂਜਾ ਦਾਨ ਸ਼ਹਿਰ ਵਿੱਚ ਟਿਕਾਅ ਦਿੱਤਾ। 30 ਪਰ ਇਹ ਬਹੁਤ ਵੱਡਾ ਪਾਪ ਸੀ ਕਿਉਂ ਕਿ ਇਸਰਾਏਲ ਦੇ ਲੋਕ ਵੱਛਿਆਂ ਦੀ ਉਪਾਸਨਾ ਕਰਨ ਲਈ ਦਾਨ ਅਤੇ ਬੈਤਏਲ ਦੇ ਨਗਰਾਂ ਨੂੰ ਗਏ।

31 ਯਾਰਾਬੁਆਮ ਨੇ ਹੋਰ ਉੱਚੀਆਂ ਥਾਵਾਂ ਤੇ ਵੀ ਮੰਦਰ ਬਣਵਾਏ ਅਤੇ ਇਸਰਾਏਲ ਦੇ ਪਰਿਵਾਰ-ਸਮੂਹ ਵਿੱਚੋਂ ਅਲਗ-ਅਲਗ ਪਰਿਵਾਰਾਂ ਵਿੱਚੋਂ ਜਾਜਕ ਚੁਣੇ। (ਲੋਕਾਂ ਵਿੱਚੋਂ ਜੋ ਵੀ ਲੇਵੀ ਦੇ ਪਰਿਵਾਰ-ਸਮੂਹ ਵਿੱਚੋਂ ਨਹੀਂ ਸਨ ਜਾਜਕ ਬਣਾਏ ਗਏ। 32 ਯਾਰਾਬੁਆਮ ਪਾਤਸ਼ਾਹ ਨੇ ਇੱਕ ਨਵੀਂ ਛੁੱਟੀ ਸ਼ੁਰੂ ਕੀਤੀ)। ਇਹ ਛੁੱਟੀ ਯਹੂਦਾਹ ਵਿੱਚਲੇ ਪਸਾਹ ਵਾਂਗ ਸੀ। ਪਰ ਇਹ ਛੁੱਟੀ ਅੱਠਵੇਂ ਮਹੀਨੇ ਦੀ ਪੰਦਰ੍ਹਵੀ ਤਾਰੀਖ ਨੂੰ ਸੀ। ਉਸ ਸਮੇਂ ਦੌਰਾਨ ਪਾਤਸ਼ਾਹ ਨੇ ਬੈਤਏਲ ਸ਼ਹਿਰ ਵਿੱਚ ਜਗਵੇਦੀ ਉੱਤੇ ਬਲੀਆਂ ਚੜ੍ਹਾਈਆਂ ਅਤੇ ਉਸ ਨੇ ਆਪਣੇ ਬਣਾਏ ਹੋਏ ਵੱਛਿਆਂ ਨੂੰ ਬਲੀਆਂ ਚੜ੍ਹਾਈਆਂ। ਯਾਰਾਬੁਆਮ ਪਾਤਸ਼ਾਹ ਨੇ ਆਪਣੀਆਂ ਬਣਾਈਆਂ ਉੱਚੀਆਂ ਥਾਵਾਂ ਤੇ ਸੇਵਾ ਕਰਨ ਲਈ ਜਾਜਕ ਵੀ ਚੁਣੇ। 33 ਇਸ ਲਈ ਰਾਜੇ ਯਾਰਾਬੁਆਮ ਨੇ ਇਸਰਾਏਲੀਆਂ ਲਈ ਇੱਕ ਪਰਬ ਦੀ ਤਰੀਕ ਨਿਸ਼ਚਿਤ ਕੀਤੀ। ਇਹ ਅੱਠਵੇਂ ਮਹੀਨੇ ਦੇ ਪੰਦਰਵਾਂ ਦਿਨ ਸੀ। ਉਹ ਉਸ ਦਿਨ ਉਸ ਜਗਵੇਦੀ ਕੋਲ ਗਿਆ ਜਿਹੜੀ ਉਸ ਨੇ ਬੈਤਏਲ ਵਿੱਚ ਉਸਾਰੀ ਸੀ ਅਤੇ ਇਸ ਉੱਤੇ ਧੂਪ ਧੁਖਾਈ।

ਪਰਮੇਸ਼ੁਰ ਦਾ ਬੈਤਏਲ ਵਿਰੁੱਧ ਬੋਲਣਾ

13 ਫ਼ੇਰ ਪਰਮੇਸ਼ੁਰ ਦਾ ਇੱਕ ਬੰਦਾ, ਯਹੋਵਾਹ ਦੇ ਹੁਕਮ ਦਾ ਅਨੁਸਰਣ ਕਰਦਾ ਹੋਇਆ, ਯਹੂਦਾਹ ਤੋਂ ਬੈਤਏਲ ਨੂੰ ਆਇਆ। ਜਦੋਂ ਉਹ ਓੱਥੇ ਪਹੁੰਚਿਆ, ਯਾਰਾਬੁਆਮ ਧੂਪ ਧੁਖਾਉਣ ਲਈ ਜਗਵੇਦੀ ਦੇ ਅੱਗੇ ਖਲੋਤਾ ਹੋਇਆ ਸੀ। ਯਹੋਵਾਹ ਦੇ ਹੁਕਮ ਨਾਲ, ਉਹ ਆਦਮੀ ਜਗਵੇਦੀ ਦੇ ਖਿਲਾਫ਼ ਉੱਚੀ ਆਵਾਜ਼ ਵਿੱਚ ਬੋਲਿਆ,

“ਹੇ ਜਗਵੇਦੀ! ਯਹੋਵਾਹ ਇਉਂ ਫ਼ਰਮਾਉਂਦਾ ਹੈ, ‘ਦਾਊਦ ਦੇ ਘਰਾਣੇ ਵਿੱਚੋਂ ਯੋਸੀਯਾਹ ਨਾਂ ਦਾ ਇੱਕ ਮੁੰਡਾ ਜਨਮੇਗਾ ਹੁਣ ਜਾਜਕ ਉੱਚੀਆਂ ਥਾਵਾਂ ਤੇ ਉਪਾਸਨਾ ਕਰ ਰਹੇ ਹਨ। ਪਰ ਹੇ ਜਗਵੇਦੀ, ਯੋਸੀਯਾਹ ਉਨ੍ਹਾਂ ਨੂੰ ਤੇਰੇ ਉੱਪਰ ਪਾਕੇ ਮਾਰ ਦੇਵੇਗਾ ਅਤੇ ਉਹ ਤੇਰੇ ਉੱਪਰ ਮਨੁੱਖਾਂ ਦੀਆਂ ਹੱਡੀਆਂ ਵੀ ਸਾੜੇਗਾ। ਫ਼ਿਰ ਤੇਰੀ ਦੁਬਾਰਾ ਵਰਤੋਂ ਨਹੀਂ ਹੋ ਸੱਕੇਗੀ।’”

ਪਰਮੇਸ਼ੁਰ ਦੇ ਮਨੁੱਖ ਨੇ ਲੋਕਾਂ ਨੂੰ ਨਿਸ਼ਾਨੀ ਦੇ ਦਿੱਤੀ ਕਿ ਇਹ ਸਭ ਕੁਝ ਵਾਪਰੇਗਾ ਅਤੇ ਕਿਹਾ, “ਇਹੀ ਸਬੂਤ ਹੈ ਜਿਸ ਬਾਰੇ ਯਹੋਵਾਹ ਨੇ ਮੈਨੂੰ ਕਿਹਾ ਸੀ। ਉਸ ਨੇ ਆਖਿਆ, ‘ਇਹ ਜਗਵੇਦੀ ਟੁੱਟ ਜਾਵੇਗੀ ਅਤੇ ਇਸ ਉੱਪਰਲੀ ਸੁਆਹ ਜ਼ਮੀਨ ਉੱਪਰ ਖਿੰਡ ਜਾਵੇਗੀ।’”

ਜਦੋਂ ਪਾਤਸ਼ਾਹ ਨੇ ਯਹੋਵਾਹ ਦੇ ਮਨੁੱਖ ਦਾ ਸੰਦੇਸ਼ ਸੁਣਿਆ ਜੋ ਉਸ ਨੇ ਬੈਤਏਲ ਵਿੱਚ ਜਗਵੇਦੀ ਦੇ ਵਿਰੁੱਧ ਉੱਚੀ ਆਵਾਜ਼ ਵਿੱਚ ਆਖਿਆ ਸੀ ਤਾਂ ਯਾਰਾਬੁਆਮ ਨੇ ਜਗਵੇਦੀ ਤੋਂ ਆਪਣੀ ਬਾਂਹ ਲੰਮੀ ਕਰਕੇ ਆਖਿਆ, “ਇਸ ਆਦਮੀ ਨੂੰ ਫ਼ੜ ਲਵੋ!” ਪਰ ਜਦੋਂ ਪਾਤਸ਼ਾਹ ਨੇ ਇਹ ਆਖਿਆ ਤਾਂ ਉਸਦੀ ਬਾਂਹ ਸੁੱਕ ਗਈ, ਉਹ ਉਸ ਨੂੰ ਹਿਲਾ ਨਾ ਸੱਕਿਆ। ਤੇ ਜਗਵੇਦੀ ਦੇ ਵੀ ਟੁਕੜੇ-ਟੁਕੜੇ ਹੋ ਗਏ ਤੇ ਉਸਦੀ ਸਾਰੀ ਸੁਆਹ ਧਰਤੀ ਉੱਪਰ ਬਿਖਰ ਗਈ। ਇਹ ਨਿਸ਼ਾਨੀ ਸੀ ਕਿ ਜੋ ਕੁਝ ਵੀ ਪਰਮੇਸ਼ੁਰ ਦੇ ਮਨੁੱਖ ਨੇ ਕਿਹਾ ਸੀ ਉਹ ਪਰਮੇਸ਼ੁਰ ਵੱਲੋਂ ਹੀ ਸੀ। ਤਦ ਰਾਜੇ ਯਾਰਾਬੁਆਮ ਨੇ ਪਰਮੇਸ਼ੁਰ ਦੇ ਮਨੁੱਖ ਨੂੰ ਆਖਿਆ, “ਕਿਰਪਾ ਕਰਕੇ ਯਹੋਵਾਹ ਆਪਣੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰ ਤਾਂ ਜੋ ਮੈਂ ਆਪਣੀ ਬਾਂਹ ਹਿਲਾਉਣ ਯੋਗ ਹੋ ਸੱਕਾਂ।”

ਤਾਂ ਪਰਮੇਸ਼ੁਰ ਦੇ ਬੰਦੇ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ ਅਤੇ ਰਾਜਾ ਆਪਣੀ ਬਾਂਹ ਹਿਲਾਉਣ ਦੇ ਯੋਗ ਸੀ। ਇਹ ਫ਼ਿਰ ਤੋਂ ਓਵੇਂ ਦੀ ਹੋ ਗਈ ਜਿਵੇਂ ਦੀ ਇਹ ਪਹਿਲਾਂ ਸੀ। ਤਦ ਪਾਤਸ਼ਾਹ ਨੇ ਪਰਮੇਸ਼ੁਰ ਦੇ ਬੰਦੇ ਨੂੰ ਆਖਿਆ, “ਕਿਰਪਾ ਕਰਕੇ ਮੇਰੇ ਘਰ ਚੱਲ ਕੇ ਮੇਰੇ ਨਾਲ ਭੋਜਨ ਕਰ, ਮੈਂ ਤੈਨੂੰ ਇੱਕ ਤੋਹਫ਼ਾ ਦਿਆਂਗਾ।”

ਪਰ ਪਰਮੇਸ਼ੁਰ ਦੇ ਬੰਦੇ ਨੇ ਪਾਤਸ਼ਾਹ ਨੂੰ ਕਿਹਾ, “ਮੈਂ ਤੇਰੇ ਨਾਲ ਘਰ ਨਹੀਂ ਜਾਵਾਂਗਾ ਭਾਵੇਂ ਤੂੰ ਮੈਨੂੰ ਆਪਣਾ ਅੱਧਾ ਰਾਜ ਵੀ ਦੇ ਦੇਵੇਂ ਤਦ ਵੀ ਨਹੀਂ ਜਾਵਾਂਗਾ। ਮੈਂ ਇਸ ਥਾਂ ਦਾ ਅਨਜਲ ਨਹੀਂ ਛਕਾਂਗਾ। ਯਹੋਵਾਹ ਦਾ ਇਹ ਹੁਕਮ ਸੀ ਕਿ ਇੱਥੋਂ ਕੁਝ ਨਹੀਂ ਖਾਣਾ-ਪੀਣਾ ਤੇ ਮੈਨੂੰ ਯਹੋਵਾਹ ਨੇ ਇਹ ਵੀ ਹੁਕਮ ਦਿੱਤਾ ਸੀ ਕਿ ਜਿਸ ਰਾਹ ਤੋਂ ਇੱਥੇ ਪਹੁੰਚੇ ਉਸ ਰਾਹ ਤੋਂ ਵਾਪਿਸ ਵੀ ਨਹੀਂ ਜਾਣਾ।” 10 ਤਾਂ ਉਹ ਫ਼ਿਰ ਵੱਖਰੇ ਰਸਤੇ ਤੋਂ ਸਫ਼ਰ ਨੂੰ ਵਾਪਸ ਮੁੜਿਆ। ਉਹ ਉਸ ਰਸਤੇ ਤੋਂ ਵਾਪਸ ਨਾ ਮੁੜਿਆ ਜਿਸ ਰਾਹ ਤੋਂ ਉਹ ਬੈਤਏਲ ਲਈ ਆਇਆ।

11 ਓੱਥੇ ਬੈਤਏਲ ਵਿੱਚ ਇੱਕ ਬੁੱਢਾ ਨਬੀ ਰਹਿੰਦਾ ਸੀ। ਉਸ ਦੇ ਪੁੱਤਰਾਂ ਨੇ ਉਸ ਨੂੰ ਉਹ ਸਾਰੀਆਂ ਗੱਲਾਂ ਦੱਸੀਆਂ ਜਿਹੜੀਆਂ ਪਰਮੇਸ਼ੁਰ ਦੇ ਬੰਦੇ ਨੇ ਉਸ ਦਿਨ ਬੈਤਏਲ ਵਿੱਚ ਕੀਤੀਆਂ ਸਨ, ਅਤੇ ਉਹ ਵੀ ਜੋ ਪਰਮੇਸ਼ੁਰ ਦੇ ਮਨੁੱਖ ਨੇ ਪਾਤਸ਼ਾਹ ਨੂੰ ਆਖਿਆ ਸੀ। 12 ਬੁੱਢੇ ਨਬੀ ਨੇ ਪੁੱਛਿਆ, “ਜਦੋਂ ਉਹ ਇੱਥੋਂ ਗਿਆ ਤਾਂ ਉਸ ਨੇ ਕਿਹੜਾ ਰਾਹ ਫ਼ੜਿਆ?” ਤਾਂ ਉਸ ਦੇ ਪੁੱਤਰਾਂ ਨੇ ਉਸ ਨੂੰ ਉਹ ਰਾਹ ਵਿਖਾਇਆ ਜਿਹੜਾ ਪਰਮੇਸ਼ੁਰ ਦੇ ਬੰਦੇ ਨੇ ਯਹੂਦਾਹ ਤੋਂ ਫ਼ੜਿਆ ਸੀ। 13 ਬੁੱਢੇ ਨਬੀ ਨੇ ਆਪਣੇ ਪੁੱਤਰਾਂ ਨੂੰ ਖੋਤੇ ਤੇ ਕਾਠੀ ਪਾਉਣ ਲਈ ਆਖਿਆ। ਉਨ੍ਹਾਂ ਨੇ ਖੋਤੇ ਤੇ ਕਾਠੀ ਪਾ ਦਿੱਤੀ, ਅਤੇ ਨਬੀ ਸਵਾਰ ਹੋਕੇ ਚੱਲਾ ਗਿਆ।

14 ਬੁੱਢਾ ਨਬੀ ਪਰਮੇਸ਼ੁਰ ਦੇ ਬੰਦੇ ਦੇ ਪਿੱਛੇ ਚੱਲ ਪਿਆ ਤੇ ਉਸ ਨੂੰ ਇੱਕ ਬਲੂਤ ਦੇ ਰੁੱਖ ਹੇਠਾਂ ਬੈਠਿਆਂ ਵੇਖਿਆ। ਫੇਰ ਬੁੱਢੇ ਨਬੀ ਨੇ ਪੁੱਛਿਆ, “ਕੀ ਤੂੰ ਪਰਮੇਸ਼ੁਰ ਦਾ ਬੰਦਾ ਹੈਂ ਜੋ ਯਹੂਦਾਹ ਤੋਂ ਆਇਆ?”

ਪਰਮੇਸ਼ੁਰ ਦੇ ਮਨੁੱਖ ਨੇ ਜਵਾਬ ਦਿੱਤਾ, “ਹਾਂ, ਮੈਂ ਹੀ ਹਾਂ।”

15 ਤਾਂ ਬੁੱਢੇ ਨਬੀ ਨੇ ਆਖਿਆ, “ਮਿਹਰਬਾਨੀ ਕਰਕੇ ਮੇਰੇ ਘਰ ਚਲਕੇ ਮੇਰੇ ਨਾਲ ਭੋਜਨ ਕਰੋ।”

16 ਪਰ ਉਸ ਪਰਮੇਸ਼ੁਰ ਦੇ ਮਨੁੱਖ ਨੇ ਜਵਾਬ ਦਿੱਤਾ, “ਮੈਂ ਤੇਰੇ ਨਾਲ ਘਰ ਨਹੀਂ ਚੱਲ ਸੱਕਦਾ ਤੇ ਨਾ ਹੀ ਇਸ ਥਾਵੇਂ ਮੈਂ ਤੇਰੇ ਨਾਲ ਜਲਪਾਨ ਕਰ ਸੱਕਦਾ ਹਾਂ। 17 ਯਹੋਵਾਹ ਨੇ ਮੈਨੂੰ ਆਖਿਆ ਸੀ, ‘ਕਿ ਤੂੰ ਉਸ ਥਾਵੇਂ ਕੁਝ ਵੀ ਖਾਣਾ-ਪੀਣਾ ਨਹੀਂ ਤੇ ਨਾ ਹੀ ਉਸ ਰਾਹ ਤੋਂ ਵਾਪਸ ਮੁੜਨਾ ਹੈ ਜਿਸ ਰਾਹ ਤੋਂ ਤੂੰ ਗਿਆ ਸੀ।’”

18 ਤਦ ਬੁੱਢੇ ਨਬੀ ਨੇ ਆਖਿਆ, “ਮੈਂ ਵੀ ਤੇਰੇ ਵਾਂਗ ਨਬੀ ਹੀ ਹਾਂ।” ਤਦ ਬੁੱਢੇ ਨਬੀ ਨੇ ਝੂਠ ਬੋਲਿਆ ਤੇ ਆਖਿਆ, “ਯਹੋਵਾਹ ਵੱਲੋਂ ਇੱਕ ਦੂਤ ਮੇਰੇ ਕੋਲ ਆਇਆ ਸੀ ਤੇ ਉਸ ਦੂਤ ਨੇ ਮੈਨੂੰ ਕਿਹਾ ਕਿ ਉਸ ਨੂੰ ਆਪਣੇ ਘਰ ਲੈ ਜਾਕੇ ਅੰਨ-ਪਾਣੀ ਛਕਾਅ।”

19 ਤਦ ਪਰਮੇਸ਼ੁਰ ਦਾ ਮਨੁੱਖ ਉਸ ਬੁੱਢੇ ਨਬੀ ਦੇ ਘਰ ਉਸ ਨਾਲ ਚੱਲਾ ਗਿਆ ਅਤੇ ਜਾਕੇ ਖਾਧਾ-ਪੀਤਾ ਵੀ। 20 ਜਦੋਂ ਉਹ ਮੇਜ਼ ਉੱਤੇ ਬੈਠੇ ਹੋਏ ਸਨ, ਯਹੋਵਾਹ ਨੇ ਬੁੱਢੇ ਨਬੀ ਨਾਲ ਗੱਲ ਕੀਤੀ, ਜੋ ਉਸ ਨੂੰ ਵਾਪਿਸ ਲਿਆਇਆ ਸੀ। 21 ਤਾਂ ਬੁੱਢੇ ਨਬੀ ਨੇ ਪਰਮੇਸੁਰ ਦੇ ਬੰਦੇ ਨੂੰ ਕਿਹਾ ਜੋ ਕਿ ਯਹੂਦਾਹ ਤੋਂ ਆਇਆ ਸੀ, “ਯਹੋਵਾਹ ਨੇ ਆਖਿਆ ਕਿ ਤੂੰ ਉਸ ਦੇ ਬਚਨ ਨੂੰ ਕਲੰਕਤ ਕੀਤਾ ਹੈ ਅਤੇ ਤੂੰ ਉਸ ਦੇ ਹੁਕਮ ਦਾ ਪਾਲਣ ਨਹੀਂ ਕੀਤਾ। 22 ਯਹੋਵਾਹ ਨੇ ਤੈਨੂੰ ਹੁਕਮ ਦਿੱਤਾ ਸੀ ਕਿ ਇਸ ਥਾਂ ਤੋਂ ਕੁਝ ਨਹੀਂ ਖਾਣਾ-ਪੀਣਾ ਪਰ ਤੂੰ ਇੱਥੇ ਵਾਪਸ ਆਕੇ ਖਾਧਾ-ਪੀਤਾ ਹੈ ਇਸ ਲ਼ਈ ਹੁਣ ਤੇਰੀ ਦੇਹ ਨੂੰ ਤੇਰੇ ਘਰਾਣੇ ਦੀ ਕਬਰ ਵਿੱਚ ਨਹੀਂ ਦਫ਼ਨਾਇਆ ਜਾਵੇਗਾ।”

23 ਜਦ ਪਰਮੇਸ਼ੁਰ ਦਾ ਮਨੁੱਖ ਖਾ-ਪੀ ਹਟਿਆ, ਤਾਂ ਬੁੱਢੇ ਨਬੀ ਨੇ ਉਸ ਲਈ ਖੋਤੇ ਤੇ ਕਾਠੀ ਪਾਈ ਤੇ ਉਸ ਨੂੰ ਭੇਜ ਦਿੱਤਾ। 24 ਘਰ ਵੱਲ ਪਰਤਦੇ ਹੋਏ ਸਫ਼ਰ ਵਿੱਚ ਇੱਕ ਸ਼ੇਰ ਨੇ ਪਰਮੇਸ਼ੁਰ ਦੇ ਮਨੁੱਖ ਉੱਪਰ ਵਾਰ ਕੀਤਾ ਅਤੇ ਉਸ ਨੂੰ ਜਾਨੋ ਮਾਰ ਸੁੱਟਿਆ। ਨਬੀ ਦੀ ਲੋਥ ਰਾਹ ਵਿੱਚ ਪਈ ਹੋਈ ਸੀ ਅਤੇ ਖੋਤਾ ਅਤੇ ਸ਼ੇਰ ਲੋਥ ਦੇ ਕੋਲ ਖੜ੍ਹੇ ਸਨ। 25 ਸੜਕ ਤੇ ਸਫ਼ਰ ਕਰ ਰਹੇ ਕੁਝ ਲੋਕਾਂ ਨੇ ਓੱਥੇ ਪਈ ਲੋਥ ਅਤੇ ਇਸਦੇ ਕੋਲ ਖੜ੍ਹੇ ਸ਼ੇਰ ਨੂੰ ਵੇਖਿਆ। ਉਹ ਉਸ ਨਗਰ ਨੂੰ ਆਏ, ਜਿੱਥੇ ਉਹ ਬੁੱਢਾ ਨਬੀ ਰਹਿੰਦਾ ਸੀ, ਅਤੇ ਸਭ ਕਾਸੇ ਦਾ ਵਰਣਨ ਕਰ ਦਿੱਤਾ।

26 ਉਸ ਬੁੱਢੇ ਨਬੀ ਨੇ ਜਿਹੜਾ ਪਰਮੇਸ਼ੁਰ ਦੇ ਆਦਮੀ ਨੂੰ ਵਾਪਿਸ ਲਿਆਇਆ ਸੀ, ਇਸ ਨੂੰ ਸੁਣਿਆ ਅਤੇ ਆਖਿਆ, “ਉਹ ਪਰਮੇਸ਼ੁਰ ਦਾ ਮਨੁੱਖ ਸੀ ਜਿਸਨੇ ਯਹੋਵਾਹ ਦੇ ਹੁਕਮ ਦੀ ਉਲੰਘਣਾ ਕੀਤੀ ਸੀ। ਇਸੇ ਲਈ ਯਹੋਵਾਹ ਨੇ ਉਸ ਨੂੰ ਮਾਰਨ ਲਈ ਸ਼ੇਰ ਘਲਿਆ। ਯਹੋਵਾਹ ਨੇ ਆਖਿਆ ਸੀ ਕਿ ਉਹ ਅਜਿਹਾ ਕਰ ਸੱਕਦਾ।” 27 ਤਦ ਉਸ ਨਬੀ ਨੇ ਆਪਣੇ ਪੁੱਤਰਾਂ ਨੂੰ ਕਿਹਾ, “ਮੇਰੇ ਖੋਤੇ ਤੇ ਕਾਠੀ ਚੜ੍ਹਾਓ।” ਤਾਂ ਉਸ ਦੇ ਪੁੱਤਰਾਂ ਨੇ ਉਸ ਦੇ ਖੋਤੇ ਤੇ ਕਾਠੀ ਚੜ੍ਹਾਈ। 28 ਫ਼ੇਰ ਉਹ ਉਸ ਜਗ੍ਹਾ ਗਿਆ ਤੇ ਰਸਤੇ ਤੇ ਪਈ ਉਸ ਦੀ ਲਾਸ਼ ਨੂੰ ਵੇਖਿਆ ਅਤੇ ਉਸ ਨੇ ਵੇਖਿਆ ਕਿ ਖੋਤਾ ਤੇ ਸ਼ੇਰ ਉਸ ਲਾਸ਼ ਦੇ ਪਾਸੇ ਖੜੋਤੇ ਹੋਏ ਸਨ। ਸ਼ੇਰ ਨੇ ਸਰੀਰ ਨੂੰ ਨਹੀਂ ਖਾਧਾ ਸੀ ਤੇ ਨਾ ਹੀ ਖੋਤੇ ਨੂੰ ਨੁਕਸਾਨ ਪਹੁੰਚਾਇਆ ਸੀ।

29 ਬੁੱਢੇ ਨਬੀ ਨੇ ਉਸਦੀ ਲਾਸ਼ ਨੂੰ ਆਪਣੇ ਖੋਤੇ ਉੱਪਰ ਰੱਖਿਆ ਤੇ ਉਹ ਉਸਦੀ ਲੋਥ ਵਾਪਸ ਸ਼ਹਿਰ ਵਿੱਚ ਲਿਆਇਆ ਤਾਂ ਕਿ ਉਸ ਲਈ ਰੋਇਆ-ਪਿਟਿਆ ਜਾਵੇ ਅਤੇ ਉਸ ਨੂੰ ਦਫ਼ਨਾਇਆ ਜਾਵੇ। 30 ਬੁੱਢੇ ਨਬੀ ਨੇ ਉਸ ਮਨੁੱਖ ਨੂੰ ਆਪਣੇ ਘਰਾਣੇ ਦੀ ਕਬਰ ਵਿੱਚ ਦਫ਼ਨਾਇਆ ਅਤੇ ਕਿਹਾ, “ਹਾਏ ਓ ਮੇਰੇ ਭਰਾਵਾ! ਮੈਨੂੰ ਤੇਰੇ ਮਰਨ ਦਾ ਬੜਾ ਅਫ਼ਸੋਸ ਹੋਇਆ।” 31 ਇਉਂ ਬੁੱਢੇ ਨਬੀ ਨੇ ਲਾਸ਼ ਨੂੰ ਦਫ਼ਨਾ ਦਿੱਤਾ। ਫ਼ਿਰ ਉਸ ਨੇ ਆਪਣੇ ਪੁੱਤਰਾਂ ਨੂੰ ਕਿਹਾ, “ਜਦੋਂ ਮੈਂ ਮਰਾਂ, ਮੇਰੇ ਸ਼ਰੀਰ ਨੂੰ ਵੀ ਇਸ ਕਬਰ ਵਿੱਚ ਦਫ਼ਨਾ ਦਿਓ ਅਤੇ ਮੇਰੀਆਂ ਹੱਡੀਆਂ ਉਸ ਦੀਆਂ ਹੱਡੀਆਂ ਤੋਂ ਅੱਗੇ ਪਾ ਦਿਓ। 32 ਜਿਹੜੇ ਬਚਨ ਯਹੋਵਾਹ ਨੇ ਉਸ ਦੇ ਮੂੰਹੋਂ ਬੁਲਵਾਏ ਸਨ ਉਹ ਜ਼ਰੂਰ ਸੱਚੇ ਅਤੇ ਪੂਰੇ ਹੋਣਗੇ। ਯਹੋਵਾਹ ਨੇ ਉਸ ਨੂੰ ਜਗਵੇਦੀ ਜੋ ਬੈਤਏਲ ਵਿੱਚ ਹੈ ਉਸ ਦੇ ਵਿਰੁੱਧ ਬੁਲਵਾਇਆ ਅਤੇ ਉਸ ਦੇ ਹੀ ਮੂੰਹੋ ਸਾਮਰਿਯਾ ਦੀਆਂ ਉੱਚੀਆਂ ਥਾਵਾਂ ਜੋ ਦੂਜਿਆਂ ਸ਼ਹਿਰਾਂ ਵਿੱਚ ਹੈ ਉਨ੍ਹਾਂ ਦੇ ਵਿਰੁੱਧ ਬੁਲਵਾਇਆ।”

33 ਇਸ ਗੱਲ ਦੇ ਬਾਵਜੂਦ ਵੀ ਯਾਰਾਬੁਆਮ ਆਪਣੇ ਬੁਰੇ ਰਾਹ ਤੋਂ ਨਾ ਟਲਿਆ। ਉਹ ਅਲਗ-ਅਲਗ ਪਰਿਵਾਰ-ਸਮੂਹਾਂ ਵਿੱਚੋਂ ਸਗੋਂ ਇੰਝ ਹੀ ਜਾਜਕ ਚੁਣਦਾ ਰਿਹਾ। ਤੇ ਉਹ ਜਾਜਕ ਉੱਚੀਆਂ ਥਾਵਾਂ ਦੀ ਸੇਵਾ ਸੰਭਾਲ ਕਰਦੇ। ਜੋ ਕੋਈ ਮਨੁੱਖ ਵੀ ਜਾਜਕ ਬਨਣਾ ਚਾਹੁੰਦਾ ਉਸ ਨੂੰ ਬਨਣ ਦੀ ਇਜਾਜ਼ਤ ਦੇ ਦਿੱਤੀ ਜਾਂਦੀ। 34 ਇਹ ਅਮਲ ਯਾਰਾਬੁਆਮ ਦੇ ਪਰਿਵਾਰ ਦਾ ਪਾਪ ਸੀ ਅਤੇ ਇਹ ਉਸ ਦੀ ਤਬਾਹੀ ਅਤੇ ਧਰਤੀ ਤੋਂ ਉਸ ਦੇ ਅਲੋਪ ਹੋਣ ਦਾ ਕਾਰਣ ਬਣਿਆ।

ਯਾਰਾਬੁਆਮ ਦੇ ਪੁੱਤਰ ਦੀ ਮੌਤ

14 ਉਸ ਵੇਲੇ ਯਾਰਾਬੁਆਮ ਦਾ ਪੁੱਤਰ ਅਬੀਯਾਹ ਬਹੁਤ ਬਿਮਾਰ ਪੈ ਗਿਆ। ਯਾਰਾਬੁਆਮ ਨੇ ਆਪਣੀ ਪਤਨੀ ਨੂੰ ਕਿਹਾ, “ਤੂੰ ਸ਼ੀਲੋਹ ਨੂੰ ਜਾ। ਅਤੇ ਵੇਖ ਉੱਥੇ ਅਹੀਯਾਹ ਨਾਂ ਦਾ ਇੱਕ ਨਬੀ ਹੈ ਜਿਸਨੇ ਮੈਨੂੰ ਆਖਿਆ ਸੀ ਕਿ ਤੂੰ ਇਸਰਾਏਲ ਦਾ ਪਾਤਸ਼ਾਹ ਹੋਵੇਂਗਾ। ਤੇ ਤੂੰ ਇੰਝ ਆਪਣਾ ਭੇਸ ਬਦਲ ਕੇ ਜਾਵੀਂ ਤਾਂ ਜੋ ਕੋਈ ਇਹ ਨਾ ਪਛਾਣੇ ਕਿ ਤੂੰ ਪਾਤਸ਼ਾਹ ਦੀ ਰਾਣੀ ਹੈਂ। ਜਾਕੇ ਨਬੀ ਨੂੰ ਦਸ ਰੋਟੀਆਂ, ਕੁਝ ਕੇਕ ਤੇ ਸ਼ਹਿਦ ਦਾ ਇੱਕ ਮਰਤਬਾਨ ਭੇਟ ਕਰੀਂ ਤੇ ਉਸ ਨੂੰ ਜਾਕੇ ਆਪਣੇ ਮੁੰਡੇ ਬਾਰੇ ਪੁੱਛੀ ਤਾਂ ਉਹ ਦੱਸੇਗਾ ਕਿ ਇਸਦਾ ਕੀ ਬਣੇਗਾ!”

ਇਉਂ ਪਾਤਸ਼ਾਹ ਦੀ ਰਾਣੀ ਨੇ ਉਹੀ ਕੀਤਾ ਜਿਵੇਂ ਉਸ ਨੇ ਕਿਹਾ। ਉਹ ਸ਼ੀਲੋਹ ਨੂੰ ਗਈ। ਉੱਥੇ ਅਹੀਯਾਹ ਨਬੀ ਦੇ ਘਰ ਗਈ। ਅਹੀਯਾਹ ਬਹੁਤ ਬੁੱਢਾ ਹੋ ਚੁੱਕਾ ਸੀ ਤੇ ਉਸ ਨੂੰ ਦਿਖਾਈ ਵੀ ਹੁਣ ਕੁਝ ਨਹੀਂ ਸੀ ਦਿੰਦਾ। ਪਰ ਯਹੋਵਾਹ ਨੇ ਉਸ ਨੂੰ ਕਿਹਾ, “ਯਾਰਾਬੁਆਮ ਦੀ ਰਾਣੀ ਤੇਰੇ ਕੋਲ ਆਪਣੇ ਮੁੰਡੇ ਬਾਰੇ ਪੁੱਛਣ ਲਈ ਆ ਰਹੀ ਹੈ ਜੋ ਕਿ ਬੜਾ ਬੀਮਾਰ ਹੈ।” ਤੇ ਯਹੋਵਾਹ ਨੇ ਉਸ ਨੂੰ ਕੀ ਆਖਣਾ ਚਾਹੀਦਾ ਹੈ ਇਹ ਵੀ ਅਹੀਯਾਹ ਨੂੰ ਦੱਸ ਦਿੱਤਾ ਸੀ।

ਯਾਰਾਬੁਆਮ ਦੀ ਰਾਣੀ ਅਹੀਯਾਹ ਦੇ ਘਰ ਪਹੁੰਚੀ। ਉਸ ਨੇ ਪੂਰੀ ਕੋਸ਼ਿਸ਼ ਕੀਤੀ ਕਿ ਲੋਕਾਂ ਨੂੰ ਇਹ ਪਤਾ ਨਾ ਲੱਗੇ ਕਿ ਉਹ ਕੌਣ ਹੈ। ਅਹੀਯਾਹ ਨੇ ਦਰਵਾਜ਼ੇ ਤੇ ਉਸ ਦੇ ਪੈਰਾਂ ਦਾ ਖੜ੍ਹਾਕ ਸੁਣਿਆ ਅਤੇ ਆਖਿਆ, “ਯਾਰਾਬੁਆਮ ਦੀ ਪਤਨੀ, ਅੰਦਰ ਲੰਘ ਆ! ਤੂੰ ਆਪਣਾ ਭੇਸ ਕਿਉਂ ਵਟਾਇਆ ਹੋਇਆ ਹੈ? ਮੇਰੇ ਕੋਲ ਤੇਰੇ ਲਈ ਇੱਕ ਕਠੋਰ ਸੰਦੇਸ਼ ਹੈ। ਜਾ ਵਾਪਸ ਜਾਕੇ ਯਾਰਾਬੁਆਮ ਨੂੰ ਕਹਿ ਦੇ ਕਿ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਨੇ ਇਹ ਆਖਿਆ ਹੈ, ‘ਹੇ ਯਾਰਾਬੁਆਮ, ਤੈਨੂੰ ਮੈਂ ਸਾਰੇ ਇਸਰਾਏਲ ਦੇ ਲੋਕਾਂ ਵਿੱਚੋਂ ਚੁਣਿਆ, ਅਤੇ ਤੈਨੂੰ ਆਪਣੇ, ਇਸਰਾਏਲ ਦੇ ਲੋਕਾਂ ਉੱਤੇ ਸ਼ਾਸਕ ਬਣਾਇਆ। ਇਸਤੋਂ ਪਹਿਲਾਂ ਦਾਊਦ ਦਾ ਘਰਾਣਾ ਇਸਰਾਏਲ ਉੱਪਰ ਰਾਜ ਕਰਦਾ ਸੀ ਪਰ ਮੈਂ ਉਨ੍ਹਾਂ ਕੋਲੋਂ ਰਾਜ ਖੋਹ ਕੇ ਤੈਨੂੰ ਸੌਂਪਿਆ ਸੀ ਪਰ ਤੂੰ ਮੇਰੇ ਸੇਵਕ ਦਾਊਦ ਵਰਗਾ ਨਹੀਂ ਨਿਕਲਿਆ ਉਸ ਨੇ ਹਮੇਸ਼ਾ ਮੇਰੇ ਹੁਕਮ ਦੀ ਪਾਲਣਾ ਕੀਤੀ ਤੇ ਪੂਰੇ ਤਹਿ ਦਿਲੋਂ ਮੇਰੀ ਆਗਿਆ ਮੰਨੀ ਤੇ ਹਮੇਸ਼ਾ ਉਹੀ ਕੰਮ ਕੀਤੇ ਜਿਨ੍ਹਾਂ ਦੀ ਮੈਂ ਸਵੀਕ੍ਰੀਤੀ ਦਿੱਤੀ। ਪਰ ਤੂੰ ਅਨੇਕਾਂ ਭਿਆਨਕ ਪਾਪ ਕੀਤੇ ਹਨ ਅਤੇ ਪਰ ਤੂੰ ਉਨ੍ਹਾਂ ਸਾਰਿਆਂ ਨਾਲੋਂ ਵੱਧੇਰੇ ਮਾੜਾ ਵਿਹਾਰ ਕੀਤਾ ਹੈ ਜਿਹੜੇ ਤੈਥੋਂ ਪਹਿਲਾਂ ਸਨ। ਤੂੰ ਮੇਰਾ ਕਹਿਣਾ ਮੰਨਣਾ ਛੱਡ ਦਿੱਤਾ। ਅਤੇ ਮੈਨੂੰ ਤੰਗ ਕਰਨ ਲਈ ਆਪਣੀ ਖਾਤਿਰ ਹੋਰ ਦੇਵਤੇ ਅਤੇ ਬੁੱਤ ਬਣਾਉਣੇ ਸ਼ੁਰੂ ਕਰ ਦਿੱਤੇ। 10 ਇਸ ਲਈ, ਯਾਰਾਬੁਆਮ, ਮੈਂ ਤੇਰੇ ਪਰਿਵਾਰ ਉੱਤੇ ਸੰਕਟ ਲਿਆਵਾਂਗਾ ਅਤੇ ਤੇਰੇ ਪਰਿਵਾਰ ਦੇ ਸਾਰੇ ਆਦਮੀਆਂ ਨੂੰ ਮਾਰ ਸੁੱਟਾਂਗਾ। ਮੈਂ ਪੂਰੀ ਤਰ੍ਹਾਂ ਤੇਰਾ ਪਰਿਵਾਰ ਨਸ਼ਟ ਕਰ ਦੇਵਾਂਗਾ ਜਿਵੇਂ ਅੱਗ ਵਿੱਚ ਗੋਹਾ ਸੜਦਾ ਹੈ। 11 ਜੇਕਰ ਤੇਰੇ ਘਰਾਣੇ ਦਾ ਕੋਈ ਵੀ ਸਦੱਸ ਸ਼ਹਿਰ ਵਿੱਚ ਮਰੇਗਾ ਕੁੱਤੇ ਉਸਦੀ ਲਾਸ਼ ਨੂੰ ਖਾਣਗੇ। ਅਤੇ ਜੇ ਕੋਈ ਉਨ੍ਹਾਂ ਵਿੱਚੋਂ ਖੇਤਾਂ ਵਿੱਚ ਮਰੇਗਾ ਆਕਾਸ਼ ਦੇ ਪੰਛੀ ਉਸ ਦੇ ਸਰੀਰ ਨੂੰ ਖਾਣਗੇ। ਇਹ ਯਹੋਵਾਹ ਦਾ ਕਹਿਣਾ ਹੈ।’”

12 ਫ਼ਿਰ ਅਹੀਯਾਹ ਨਬੀ ਲਗਾਤਾਰ ਯਾਰਾਬੁਆਮ ਦੀ ਰਾਣੀ ਨੂੰ ਇੰਝ ਬੋਲਦਾ ਗਿਆ ਅਤੇ ਆਖਿਆ, “ਹੁਣ ਘਰ ਚਲੀ ਜਾ। ਜਦ ਹੀ ਤੂੰ ਆਪਣੇ ਸ਼ਹਿਰ ’ਚ ਪ੍ਰਵੇਸ਼ ਕਰੇਗੀ, ਤੇਰਾ ਪੁੱਤਰ ਮਰ ਜਾਵੇਗਾ। 13 ਸਾਰਾ ਇਸਰਾਏਲ ਉਸ ਦੀ ਮੌਤ ਤੇ ਵਿਰਲਾਪ ਕਰੇਗਾ ਅਤੇ ਉਸ ਨੂੰ ਦਫ਼ਨਾ ਦੇਵੇਗਾ। ਸਿਰਫ਼ ਇੱਕ ਤੇਰਾ ਪੁੱਤਰ ਹੀ ਹੈ ਦਫ਼ਨਾਇਆ ਜਾਵੇਗਾ ਕਿਉਂ ਕਿ ਯਾਰਾਬੁਆਮ ਦੇ ਪਰਿਵਾਰ ਵਿੱਚ, ਸਿਰਫ਼ ਉਹੀ ਇੱਕ ਸੀ, ਜਿਸ ਵਿੱਚ ਇਸਰਾਏਲ ਦਾ ਯਹੋਵਾਹ ਪਰਮੇਸ਼ੁਰ, ਕੁਝ ਚੰਗਾ ਲੱਭ ਸੱਕਦਾ ਸੀ। 14 ਯਹੋਵਾਹ ਇਸਰਾਏਲ ਉੱਪਰ ਨਵਾਂ ਪਾਤਸ਼ਾਹ ਥਾਪੇਗਾ ਅਤੇ ਉਹ ਨਵਾਂ ਪਾਤਸ਼ਾਹ ਯਾਰਾਬੁਆਮ ਦੇ ਘਰਾਣੇ ਨੂੰ ਤਬਾਹ ਕਰ ਦੇਵੇਗਾ। ਇਹ ਸਭ ਕੁਝ ਬਹੁਤ ਜਲਦੀ ਵਾਪਰਨ ਵਾਲਾ ਹੈ। 15 ਯਹੋਵਾਹ ਇਸਰਾਏਲ ਨੂੰ ਮਾਰੇਗਾ ਅਤੇ ਇਹ ਪਾਣੀ ਵਿੱਚ ਝੂਲਦੀ ਲੰਬੀ ਘਾਹ ਵਾਂਗ ਹੋਵੇਗਾ। ਉਹ ਇਸਰਾਏਲ ਨੂੰ ਚੰਗੀ ਜ਼ਮੀਨ ਵਿੱਚੋਂ ਉਖਾੜ ਦੇਵੇਗਾ ਜਿਹੜੀ ਉਸ ਨੇ ਉਨ੍ਹਾਂ ਦੇ ਪੁਰਖਿਆਂ ਨੂੰ ਦਿੱਤੀ ਸੀ। ਅਤੇ ਉਨ੍ਹਾਂ ਨੂੰ ਫ਼ਰਾਤ ਦਰਿਆ ਦੇ ਪਾਰ ਬਿਖੇਰ ਦੇਵੇਗਾ ਕਿਉਂ ਕਿ ਉਨ੍ਹਾਂ ਨੇ ਅਸ਼ੇਰਾਹ ਲਈ ਥੰਮ੍ਹ ਬਣਾਕੇ ਯਹੋਵਾਹ ਨੂੰ ਨਾਰਾਜ਼ ਕਰ ਦਿੱਤਾ। 16 ਯਾਰਾਬੁਆਮ ਨੇ ਪਾਪ ਕੀਤੇ ਤੇ ਫ਼ਿਰ ਉਸ ਨੇ ਆਪਣੇ ਪਾਪਾਂ ਦੇ ਕਾਰਣ ਇਸਰਾਏਲ ਨੂੰ ਪਾਪੀ ਬਣਾਇਆ। ਇਸ ਲਈ ਯਹੋਵਾਹ ਇਸਰਾਏਲ ਦੇ ਲੋਕਾਂ ਨੂੰ ਹਾਰ ਦੇ ਦੇਵੇਗਾ।”

17 ਤਦ ਯਾਰਾਬੁਆਮ ਦੀ ਪਤਨੀ ਉੱਠੀ ਅਤੇ ਤਿਰਜ਼ਾਹ ਨੂੰ ਵਾਪਸ ਚਲੀ ਗਈ। ਜਦੋਂ ਹੀ ਘਰ ਅੰਦਰ ਦਾਖਲ ਹੋਈ ਉਸਦਾ ਪੁੱਤਰ ਮਰ ਗਿਆ। 18 ਸਾਰੇ ਇਸਰਾਏਲੀ ਉਸ ਲਈ ਕੁਰਲਾਏ ਅਤੇ ਉਸ ਨੂੰ ਦਫ਼ਨਾਅ ਆਏ। ਇਹ ਸਭ ਕੁਝ ਉਵੇਂ ਹੀ ਹੋਇਆ ਜਿਵੇਂ ਯਹੋਵਾਹ ਨੇ ਫ਼ੁਰਮਾਇਆ ਸੀ। ਯਹੋਵਾਹ ਨੇ ਆਪਣੇ ਸੇਵਕ ਨਬੀ ਅਹੀਯਾਹ ਦੇ ਮੂੰਹੋਂ ਇਹ ਬਚਨ ਬੁਲਵਾਏ ਸਨ।

19 ਰਾਜਾ ਯਾਰਾਬੁਆਮ ਨੇ ਹੋਰ ਵੀ ਅਜਿਹਾ ਬਹੁਤ ਕੁਝ ਕੀਤਾ ਸੀ। ਉਸ ਨੇ ਜੰਗਾਂ ਲੜੀਆਂ ਅਤੇ ਲਗਾਤਾਰ ਲੋਕਾਂ ਤੇ ਰਾਜ ਕਰਦਾ ਰਿਹਾ। ਉਸ ਦੇ ਕਾਰਨਾਮੇ ਇਸਰਾਏਲੀ ਪਾਤਸ਼ਾਹਾਂ ਦੇ ਇਤਹਾਸ ਦੀ ਪੁਸਤਕ ਵਿੱਚ ਲਿਖੇ ਹੋਏ ਹਨ। 20 ਯਾਰਾਬੁਆਮ ਨੇ ਪਾਤਸ਼ਾਹ ਦੇ ਤੌਰ ਤੇ 22 ਵਰ੍ਹੇ ਰਾਜ ਕੀਤਾ ਉਸ ਤੋਂ ਉਪਰੰਤ ਉਸਦੀ ਮੌਤ ਹੋ ਗਈ ਅਤੇ ਉਹ ਆਪਣੇ ਪੁਰਖਿਆਂ ਕੋਲ ਦਫ਼ਨਾਇਆ ਗਿਆ। ਉਸਤੋਂ ਬਾਅਦ ਉਸਦਾ ਪੁੱਤਰ ਨਾਦਾਬ ਰਾਜਾ ਬਣਿਆ।

ਯਹੂਦਾਹ ਦਾ ਪਾਤਸ਼ਾਹ, ਰਹਬੁਆਮ

21 ਸੁਲੇਮਾਨ ਦਾ ਪੁੱਤਰ ਰਹਬੁਆਮ ਯਹੂਦਾਹ ਵਿੱਚ ਪਾਤਸ਼ਾਹ ਸੀ। ਜਦੋਂ ਉਹ 41 ਸਾਲਾਂ ਦਾ ਸੀ ਉਸ ਨੇ ਰਾਜ ਕਰਨਾ ਸ਼ੁਰੂ ਕੀਤਾ ਅਤੇ 17 ਸਾਲ ਯਰੂਸ਼ਲਮ ਵਿੱਚ ਰਾਜ ਕੀਤਾ, ਜਿਸ ਸਹਿਰ ਨੂੰ ਯਹੋਵਾਹ ਨੇ ਆਪਣਾ ਨਾਮ ਰੱਖਣ ਲਈ ਇਸਰਾਏਲ ਦੇ ਸਾਰੇ ਘਰਾਣਿਆਂ ਵਿੱਚੋਂ ਚੁਣਿਆ ਸੀ। ਉਸਦੀ ਮਾਂ ਦਾ ਨਾਂ ਨਆਮਾਹ ਸੀ ਜੋ ਅੰਮੋਨਣ ਸੀ।

22 ਯਹੂਦਾਹ ਦੇ ਲੋਕਾਂ ਨੇ ਉਹ ਕੁਝ ਕੀਤਾ ਜੋ ਯਹੋਵਾਹ ਦੀ ਨਜ਼ਰ ਵਿੱਚ ਬੁਰਾ ਸੀ ਇਹੀ ਨਹੀਂ ਸਗੋਂ ਉਨ੍ਹਾਂ ਨੇ ਯਹੋਵਾਹ ਨੂੰ ਭੜਕਾਉਣ ਲਈ ਹੋਰ ਵੀ ਇਸ ਤੋਂ ਵੱਧ ਬੁਰੇ ਕੰਮ ਕੀਤੇ। ਇਹ ਲੋਕ ਆਪਣੇ ਪੁਰਖਿਆਂ ਤੋਂ ਵੀ ਵੱਧ ਭੈੜੇ ਸਨ। 23 ਲੋਕਾਂ ਨੇ ਆਪਣੇ ਲਈ ਉੱਚਿਆਂ ਥਾਵਾਂ ਨੂੰ ਬਣਾਇਆ ਅਤੇ ਹਰ ਉੱਚੇ ਪਹਾੜ ਉੱਤੇ ਹਰ ਬਿਰਛ ਦੇ ਹੇਠਾਂ ਉੱਚੇ ਥਾਵਾਂ ਨੂੰ ਅਤੇ ਯਾਦਗਾਰੀ ਬੁੱਤ ਅਤੇ ਝੂਠੇ ਪੂਜਨੀਕ ਥੰਮ ਖੜ੍ਹੇ ਕੀਤੇ। 24 ਓੱਥੇ ਕੁਝ ਅਜਿਹੇ ਆਦਮੀ ਵੀ ਸਨ ਜਿਨ੍ਹਾਂ ਨੇ ਆਪਣੇ ਸਰੀਰ ਕਾਮ ਵਾਸਨਾ ਲਈ ਵੇਚ ਕੇ ਦੂਸਰੇ ਦੇਵਤਿਆਂ ਦੀ ਸੇਵਾ ਕੀਤੀ। ਸੋ ਯਹੂਦਾਹ ਦੇ ਲੋਕਾਂ ਨੇ ਅਨੇਕਾਂ ਬੁਰੇ ਕੰਮ ਕੀਤੇ। ਜਿਹੜੇ ਲੋਕ ਪਹਿਲਾਂ ਇਸ ਧਰਤੀ ਤੇ ਰਹਿ ਚੁੱਕੇ ਸਨ, ਉਨ੍ਹਾਂ ਨੇ ਵੀ ਅਜਿਹੇ ਹੀ ਕੁਕਰਮ ਕੀਤੇ ਸਨ, ਇਸ ਲਈ ਪਰਮੇਸ਼ੁਰ ਨੇ ਉਨ੍ਹਾਂ ਕੋਲੋਂ ਉਨ੍ਹਾਂ ਦੀ ਜ਼ਮੀਨ ਖੋਹਕੇ ਇਸਰਾਏਲੀਆਂ ਨੂੰ ਦੇ ਦਿੱਤੀ।

25 ਰਹਬੁਆਮ ਦੇ ਰਾਜ ਦੇ ਪੰਜ ਸਾਲ ਮਿਸਰ ਦੇ ਪਾਤਸ਼ਾਹ ਸ਼ੀਸਕ ਨੇ ਯਰੂਸ਼ਲਮ ਉੱਪਰ ਹਮਲਾ ਕਰ ਦਿੱਤਾ। 26 ਉਸ ਨੇ ਯਹੋਵਾਹ ਦੇ ਮੰਦਰ ਅਤੇ ਪਾਤਸ਼ਾਹ ਦੇ ਮਹਿਲ ਦਾ ਖਜ਼ਾਨਾ ਲੁੱਟ ਲਿਆ। ਉਸ ਨੇ ਸੁਲੇਮਾਨ ਦੀਆਂ ਬਣਵਾਈਆਂ ਸੋਨੇ ਦੀਆਂ ਢਾਲਾਂ ਵੀ ਲੈ ਲਈਆਂ। 27 ਤਾਂ ਰਹਬੁਆਮ ਪਾਤਸ਼ਾਹ ਨੇ ਉਸ ਥਾਂ ਤੇ ਹੋਰ ਨਵੀਆਂ ਢਾਲਾਂ ਬਣਵਾ ਕੇ ਰੱਖੀਆਂ ਪਰ ਹੁਣ ਇਹ ਢਾਲਾਂ ਤਾਂਬੇ ਦੀਆਂ ਬਣਵਾਈਆਂ ਗਈਆਂ ਸਨ ਨਾ ਕਿ ਸੋਨੇ ਦੀਆਂ। ਉਸ ਨੇ ਇਹ ਢਾਲਾਂ ਉਨ੍ਹਾਂ ਦਰਬਾਨਾਂ ਨੂੰ ਦਿੱਤੀਆਂ ਜਿਹੜੇ ਕਿ ਮਹਿਲ ਦੇ ਦਰਵਾਜ਼ਿਆਂ ਦੀ ਰੱਖਿਆ ਕਰਦੇ ਸਨ। 28 ਜਦ ਵੀ ਪਾਤਸ਼ਾਹ ਯਹੋਵਾਹ ਦੇ ਮੰਦਰ ਨੂੰ ਜਾਂਦਾ ਦਰਬਾਨ ਉਸ ਦੇ ਨਾਲ ਜਾਂਦੇ ਅਤੇ ਉਨ੍ਹਾਂ ਦੇ ਹੱਥਾਂ ਵਿੱਚ ਢਾਲਾਂ ਹੁੰਦੀਆਂ। ਤੇ ਜਦੋਂ ਵਾਪਸ ਪਰਤਦੇ ਤਾਂ ਉਨ੍ਹਾਂ ਢਾਲਾਂ ਨੂੰ ਫ਼ਿਰ ਨਿਗਾਹਬਾਨਾਂ ਦੀ ਕੋਠੜੀ ਵਿੱਚ ਰੱਖ ਦਿੰਦੇ ਸਨ।

29 ਇਹ ਸਭ ਕਾਰਨਾਮੇ ਜੋ ਰਹਬੁਆਮ ਪਾਤਸ਼ਾਹ ਨੇ ਕੀਤੇ। ਯਹੂਦਾਹ ਦੇ ਰਾਜਿਆਂ ਦੇ ਇਤਹਾਸ ਦੀ ਪੋਥੀ ਵਿੱਚ ਲਿਖੇ ਹੋਏ ਹਨ। 30 ਰਹਬੁਆਮ ਅਤੇ ਯਾਰਾਬੁਆਮ ਸਾਰੀ ਉਮਰ ਇੱਕ ਦੂਜੇ ਨਾਲ ਲੜਾਈ ਲੜਦੇ ਰਹੇ।

31 ਰਹਬੁਆਮ ਦੇ ਮਰਨ ਤੋਂ ਬਾਅਦ ਉਸ ਨੂੰ ਉਸ ਦੇ ਪੁਰਖਿਆਂ ਕੋਲ ਦਫ਼ਨਾਇਆ ਗਿਆ। ਉਸ ਨੂੰ ਆਪਣੇ ਪੁਰਖਿਆਂ ਦੇ ਸ਼ਹਿਰ “ਦਾਊਦ ਦੇ ਸ਼ਹਿਰ” ਵਿੱਚ ਦਫ਼ਨਾਇਆ ਗਿਆ। (ਉਸਦੀ ਮਾਂ ਨਾਅਮਾਹ ਸੀ ਜੋ ਕਿ ਅੰਮੋਨਣ ਸੀ) ਰਹਬੁਆਮ ਦਾ ਪੁੱਤਰ ਅਬੀਯਾਮ ਉਸ ਦੇ ਉਪਰੰਤ ਪਾਤਸ਼ਾਹ ਬਣਿਆ।

ਯਹੂਦਾਹ ਦਾ ਪਾਤਸ਼ਾਹ, ਅਬੀਯਾਮ

15 ਅਬੀਯਾਮ ਯਾਰਾਬੁਆਮ ਦੇ ਪੁੱਤਰ ਨਾਬਾਟ ਦੇ ਇਸਰਾਏਲ ਉਪਰ ਸਾਸਨ ਦੇ ਅਠਾਰਵੇਂ ਵਰ੍ਹੇ ਦੌਰਾਨ ਯਹੂਦਾਹ ਦਾ ਨਵਾਂ ਪਾਤਸਾਹ ਬਣਿਆ। ਉਸ ਨੇ ਯਰੂਸ਼ਲਮ ਵਿੱਚ ਤਿੰਨ ਸਾਲ ਰਾਜ ਕੀਤਾ। ਉਸਦੀ ਮਾਂ ਦਾ ਨਾਉਂ ਮਆਕਾਹ ਸੀ ਜੋ ਕਿ ਅਬਸ਼ਾਲੋਮ ਦੀ ਧੀ ਸੀ।

ਅਬੀਯਾਮ ਨੇ ਉਹ ਸਭ ਪਾਪ ਕੀਤੇ ਜਿਹੜੇ ਉਸਤੋਂ ਪਹਿਲਾਂ ਉਸ ਦੇ ਪਿਤਾ ਨੇ ਕੀਤੇ ਸਨ। ਉਹ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਵਫ਼ਾਦਾਰ ਨਹੀਂ ਸੀ। ਇੰਝ ਉਹ ਆਪਣੇ ਦਾਦੇ ਦਾਊਦ ਵਰਗਾ ਨਾ ਨਿਕਲਿਆ। ਯਹੋਵਾਹ ਦਾਊਦ ਨੂੰ ਪਿਆਰ ਕਰਦਾ ਸੀ ਇਸ ਲਈ ਉਸ ਦੇ ਕਾਰਣ ਯਹੋਵਾਹ ਨੇ ਯਰੂਸ਼ਲਮ ਵਿੱਚ ਅਬੀਯਾਮ ਨੂੰ ਰਾਜ ਦਿੱਤਾ ਅਤੇ ਯਹੋਵਾਹ ਨੇ ਉਸ ਨੂੰ ਇੱਕ ਪੁੱਤਰ ਦੀ ਬਖਸ਼ੀਸ਼ ਦਿੱਤੀ ਤਾਂ ਜੋ ਯਰੂਸ਼ਲਮ ’ਚ ਚਰਾਗ ਜਗਦਾ ਰਹੇ ਅਤੇ ਇਹ ਸ਼ਹਿਰ ਸੁਰੱਖਿਅਤ ਰਹੇ। ਇਹ ਸਭ ਉਸ ਨੇ ਦਾਊਦ ਲਈ ਕੀਤਾ। ਦਾਊਦ ਨੇ ਹਮੇਸ਼ਾ ਉਹੀ ਕੁਝ ਕੀਤਾ ਜੋ ਯਹੋਵਾਹ ਨੇ ਚਾਹਿਆ। ਉਸ ਨੇ ਹਮੇਸ਼ਾ ਯਹੋਵਾਹ ਦਾ ਹੁਕਮ ਮੰਨਿਆ ਸਿਰਫ਼ ਇੱਕ ਹੀ ਵਾਰ ਸੀ ਜਦੋਂ ਦਾਊਦ ਨੇ ਯਹੋਵਾਹ ਦੀ ਮਰਜ਼ੀ ਤੋਂ ਬਿਨਾ ਊਰੀਯਾਹ ਹਿੱਤੀ ਦੇ ਵਿਰੁੱਧ ਪਾਪ ਕੀਤਾ ਸੀ।

ਰਹਬੁਆਮ ਅਤੇ ਯਾਰਾਬੁਆਮ ਹਮੇਸ਼ਾ ਇੱਕ-ਦੂਸਰੇ ਦੇ ਖਿਲਾਫ਼ ਜੰਗ ਲੜਦੇ ਰਹਿੰਦੇ ਸਨ। ਹੋਰ ਵੀ ਜੋ ਕੁਝ ਅਬੀਯਾਮ ਨੇ ਕੀਤਾ ਸਭ ਯਹੂਦਾਹ ਦੇ ਰਾਜਿਆਂ ਦੇ ਇਤਹਾਸ ਦੀ ਪੋਥੀ ਵਿੱਚ ਦਰਜ ਹੈ।

ਅਬੀਯਾਮ ਅਤੇ ਯਾਰਾਬੁਆਮ ਦੇ ਦਰਮਿਆਨ ਹਰ ਸਮੇਂ ਲੜਾਈ ਬਣੀ ਰਹੀ ਜਦ ਤੱਕ ਅਬੀਯਾਮ ਨੇ ਰਾਜ ਕੀਤਾ। ਜਦੋਂ ਅਬੀਯਾਮ ਦੀ ਮੌਤ ਹੋਈ ਤਾਂ ਉਸ ਨੂੰ ਦਾਊਦ ਦੇ ਸ਼ਹਿਰ ਵਿੱਚ ਦਫ਼ਨਾਇਆ ਗਿਆ। ਅਬੀਯਾਮ ਦਾ ਪੁੱਤਰ ਆਸਾ ਉਸਤੋਂ ਬਾਅਦ ਪਾਤਸ਼ਾਹ ਬਣਿਆ।

ਯਹੂਦਾਹ ਦਾ ਪਤਸ਼ਾਹ, ਆਸਾ

ਯਾਰਾਬੁਆਮ ਦੇ ਇਸਰਾਏਲ ਉੱਪਰ ਰਾਜ ਕਰਨ ਦੇ 20ਵੇਂ ਵਰ੍ਹੇ, ਆਸਾ ਯਹੂਦਾਹ ਦਾ ਪਾਤਸ਼ਾਹ ਬਣਿਆ। 10 ਆਸਾ ਨੇ ਯਰੂਸ਼ਲਮ ਵਿੱਚ 41ਵਰ੍ਹੇ ਰਾਜ ਕੀਤਾ। ਉਸਦੀ ਦਾਦੀ ਦਾ ਨਾਂ ਮਆਕਾਹ ਸੀ ਜੋ ਕਿ ਅਬਸ਼ਾਲੋਮ ਦੀ ਧੀ ਸੀ।

11-12 ਆਸਾ ਨੇ ਉਹ ਕੁਝ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ, ਜਿਵੇਂ ਕਿ ਉਸ ਦੇ ਪੁਰਖੇ ਦਾਊਦ ਨੇ ਕੀਤਾ ਸੀ। ਉਸ ਨੇ ਦੇਸ਼ ਵਿੱਚੋਂ ਉਨ੍ਹਾਂ ਆਦਮੀਆਂ ਨੂੰ ਕੱਢ ਦਿੱਤਾ ਜਿਹੜੇ ਕਾਮ ਵਾਸਨਾ ਲਈ ਆਪਣੇ ਸ਼ਰੀਰ ਵੇਚਦੇ ਸਨ ਅਤੇ ਉਨ੍ਹਾਂ ਬੁੱਤਾਂ ਨੂੰ ਵੀ ਬਾਹਰ ਕੱਢ ਦਿੱਤਾ ਜਿਹੜੇ ਉਸ ਦੇ ਪੁਰਖਿਆਂ ਨੇ ਬਣਾਏ ਸਨ। 13 ਆਸਾ ਨੇ ਆਪਣੀ ਦਾਦੀ ਮਆਕਾਹ ਨੂੰ ਵੀ ਰਾਣੀ ਦੇ ਰੁਤਬੇ ਤੋਂ ਹਟਾ ਦਿੱਤਾ ਕਿਉਂ ਕਿ ਮਆਕਾਹ ਨੇ ਵੀ ਦੇਵੀ ਅਸ਼ੇਰਾਹ ਦੇ ਭਿਆਨਕ ਬਿੰਬ ਨੂੰ ਘੜਿਆ ਸੀ। ਆਸਾ ਨੇ ਉਸ ਮੂਰਤ ਨੂੰ ਢਹਿ-ਢੇਰੀ ਕਰ ਦਿੱਤਾ ਉਸ ਨੇ ਉਸਦੀ ਮੂਰਤ ਨੂੰ ਕਿਦਰੋਨ ਦੀ ਵਾਦੀ ਵਿੱਚ ਸਾੜ ਦਿੱਤਾ। 14 ਆਸਾ ਨੇ ਉੱਚਿਆਂ ਥਾਵਾਂ ਨੂੰ ਨਸ਼ਟ ਨਾ ਕੀਤਾ ਪਰ ਉਹ ਯਹੋਵਾਹ ਨਾਲ ਹਮੇਸ਼ਾ ਵਫ਼ਾਦਾਰ ਰਿਹਾ। 15 ਆਸਾ ਅਤੇ ਉਸ ਦੇ ਪਿਤਾ ਨੇ ਪਰਮੇਸ਼ੁਰ ਅੱਗੇ ਕੁਝ ਚੀਜ਼ਾਂ ਅਰਪਣ ਕੀਤੀਆਂ ਜਿਸ ਵਿੱਚ ਸੋਨੇ, ਚਾਂਦੀ ਅਤੇ ਹੋਰ ਵਸਤਾਂ ਵੀ ਸਨ। ਆਸਾ ਨੇ ਉਹ ਸਭ ਚੀਜ਼ਾਂ ਮੰਦਰ ਵਿੱਚ ਰੱਖੀਆਂ।

16 ਆਸਾ ਅਤੇ ਇਸਰਾਏਲ ਦੇ ਪਾਤਸ਼ਾਹ ਬਆਸ਼ਾ ਵਿੱਚ ਜਦ ਤੱਕ ਆਸਾ ਯਹੂਦਾਹ ਦਾ ਰਾਜਾ ਰਿਹਾ, ਲੜਾਈ ਛਿੜੀ ਰਹੀ। 17 ਬਆਸ਼ਾ ਯਹੂਦਾਹ ਦੇ ਵਿਰੁੱਧ ਲੜਿਆ ਕਿਉਂ ਕਿ ਬਆਸ਼ਾ ਆਸਾ ਦੇ ਯਹੂਦਾਹ ਦੇਸ ਵਿੱਚੋਂ ਲੋਕਾਂ ਨੂੰ ਆਣ-ਜਾਣ ਨਹੀਂ ਸੀ ਦੇਣਾ ਚਾਹੁੰਦਾ, ਇਸ ਲਈ ਉਸ ਨੇ ਰਾਮਾਹ ਦੇਸ ਨੂੰ ਬੜਾ ਮਜ਼ਬੂਤ ਕਰ ਲਿਆ। 18 ਇਸ ਲਈ ਆਸਾ ਨੇ ਯਹੋਵਾਹ ਦੇ ਮੰਦਰ ਵਿੱਚੋਂ ਸਾਰਾ ਸੋਨਾ-ਚਾਂਦੀ ਅਤੇ ਖਜ਼ਾਨਾ ਕੱਢ ਲਿਆ ਅਤੇ ਇੰਝ ਹੀ ਸਾਰਾ ਖਜ਼ਾਨਾ ਪਾਤਸ਼ਾਹ ਦੇ ਮਹਿਲ ਵਿੱਚੋਂ ਕੱਢ ਲਿਆਂਦਾ। ਉਸ ਨੇ ਇਹ ਸੋਨਾ-ਚਾਂਦੀ ਆਪਣੇ ਸੇਵਕਾਂ ਨੂੰ ਦੇਕੇ ਉਨ੍ਹਾਂ ਨੂੰ ਅਰਾਮ ਦੇ ਪਾਤਸ਼ਾਹ ਬਨ-ਹਦਦ ਕੋਲ ਜੋ ਹਜ਼ਯੋਨ ਦਾ ਪੋਤਾ ਅਤੇ ਟਬਰਿੰਮੋਨ ਦਾ ਪੁੱਤਰ ਸੀ ਅਤੇ ਦੰਮਿਸਕ ਵਿੱਚ ਵੱਸਦਾ ਸੀ, ਉੱਥੇ ਭੇਜ ਦਿੱਤਾ। 19 ਆਸਾ ਨੇ ਇਹ ਸੰਦੇਸ਼ ਭੇਜਿਆ, “ਮੇਰੇ ਪਿਤਾ ਅਤੇ ਤੇਰੇ ਪਿਤਾ ਵਿੱਚਕਾਰ ਇੱਕ ਸ਼ਾਂਤੀ ਦਾ ਇਕਰਾਰਨਾਮਾ ਸੀ। ਹੁਣ ਆਪਾਂ ਆਪਣੇ ਵਿੱਚਕਾਰ ਸ਼ਾਂਤੀ ਦਾ ਇਕਰਾਰਨਾਮਾ ਬਣਾਈੇਏ। ਮੈਂ ਤੈਨੂੰ ਸੋਨੇ ਚਾਂਦੀ ਤੇ ਤੋਹਫ਼ੇ ਭੇਜ ਰਿਹਾ ਹਾਂ, ਇਸ ਲਈ ਆਪਣਾ ਇਕਰਾਰਨਾਮਾ ਇਸਰਾਏਲ ਦੇ ਪਾਤਸ਼ਾਹ ਬਆਸ਼ਾ ਨਾਲ ਤੋੜ ਲੈ ਤਾਂ ਜੋ ਉਹ ਮੇਰੇ ਦੇਸ਼ ਕੋਲੋਂ ਦੂਰ ਚੱਲਿਆ ਜਾਵੇਗਾ ਅਤੇ ਸਾਨੂੰ ਇਕੱਲਿਆਂ ਛੱਡ ਦੇਵੇ।”

20 ਤਦ ਬਨ-ਹਦਦ ਨੇ ਆਸਾ ਪਾਤਸ਼ਾਹ ਦਾ ਸੰਦੇਸ਼ ਸੁਣਿਆ ਤੇ ਆਪਣਿਆਂ ਫੌਜੀ ਅਫ਼ਸਰਾਂ ਨੂੰ ਇਸਰਾਏਲ ਦੇ ਨਗਰਾਂ ਈਯੋਨ, ਦਾਨ, ਆਬੇਲ-ਬੈਤ, ਮਆਕਾਹ ਅਤੇ ਗਲੀਲ ਝੀਲ ਦੇ ਆਸੇ-ਪਾਸੇ ਦੇ ਨਗਰਾਂ ਦੇ ਵਿਰੁੱਧ ਲੜਨ ਲਈ ਭੇਜਿਆ। ਉਸ ਨੇ ਨਫਤਾਲੀ ਦੇ ਸਾਰੇ ਇਲਾਕਿਆਂ ਨੂੰ ਹਰਾ ਦਿੱਤਾ। 21 ਬਆਸ਼ਾ ਨੂੰ ਇਨ੍ਹਾਂ ਹਮਲਿਆਂ ਦੀ ਖਬਰ ਮਿਲੀ ਤਾਂ ਉਹ ਰਾਮਾਹ ਨੂੰ ਮਜ਼ਬੂਤ ਬਨਾਉਣ ਤੋਂ ਰੁਕ ਗਿਆ। ਉਸ ਨੇ ਉਹ ਸ਼ਹਿਰ ਛੱਡ ਦਿੱਤਾ ਅਤੇ ਤਿਰਸਾਹ ਵਿੱਚ ਜਾ ਵਸਿਆ। 22 ਫ਼ਿਰ ਆਸਾ ਪਾਤਸ਼ਾਹ ਨੇ ਸਾਰੇ ਯਹੂਦਾਹ ਨੂੰ ਇਹ ਹੁਕਮ ਦਿੱਤਾ। ਸਭ ਲੋਕਾਂ ਨੂੰ ਸੁਣਾਇਆ ਕੋਈ ਬਾਕੀ ਨਾ ਰਿਹਾ ਤਾਂ ਉਹ ਰਾਮਾਹ ਨੂੰ ਸਾਰੇ ਪੱਥਰ ਤੇ ਲੱਕੜਾਂ ਲੈ ਕੇ ਤੁਰ ਪਏ ਜਿਸ ਨਾਲ ਬਆਸ਼ਾ ਉਸ ਸ਼ਹਿਰ ਨੂੰ ਮਜ਼ਬੂਤ ਬਣਾ ਰਿਹਾ ਸੀ। ਉਹ ਸਾਰਾ ਸਮਾਨ ਬਿਨਯਾਮੀਨ ਵਿੱਚ ਗ਼ਬਾ ਅਤੇ ਮਿਸਫ਼ਾਹ ਵਿੱਚ ਲੈ ਆਏ। ਤਦ ਆਸਾ ਪਾਤਸ਼ਾਹ ਨੇ ਉਨ੍ਹਾਂ ਦੋ ਸ਼ਹਿਰਾਂ ਨੂੰ ਮਜ਼ਬੂਤ ਬਣਾਇਆ।

23 ਆਸਾ ਦੀਆਂ ਹੋਰ ਕਰਨੀਆਂ, ਉਸ ਦੀਆਂ ਸਫ਼ਲਤਾਵਾਂ, ਅਤੇ ਜੋ ਨਗਰ ਉਸ ਨੇ ਉਸਾਰੇ ਇਹ ਸਭ ਯਹੂਦਾਹ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ। ਜਦੋਂ ਆਸਾ ਬੁੱਢਾ ਹੋ ਗਿਆ, ਉਸ ਦੇ ਪੈਰ ਤੇ ਕੋਈ ਰੋਗ ਹੋ ਗਿਆ। 24 ਆਸਾ ਦੀ ਮੌਤ ਹੋ ਗਈ ਅਤੇ ਉਸ ਨੂੰ ਉਸ ਦੇ ਪੁਰਖਿਆਂ ਕੋਲ ਦਾਊਦ ਦੇ ਸ਼ਹਿਰ ਵਿੱਚ ਦਫ਼ਨਾਇਆ ਗਿਆ। ਆਸਾ ਤੋਂ ਬਾਦ ਉਸਦਾ ਪੁੱਤਰ ਯਹੋਸ਼ਾਫ਼ਾਟ ਨਵਾਂ ਪਾਤਸ਼ਾਹ ਬਣਿਆ।

ਇਸਰਾਏਲ ਦਾ ਪਾਤਸ਼ਾਹ, ਨਾਦਾਬ

25 ਯਾਰਾਬੁਆਮ ਦਾ ਪੁੱਤਰ ਨਾਦਾਬ ਯਹੂਦਾਹ ਦੇ ਪਾਤਸ਼ਾਹ ਆਸਾ ਦੇ ਰਾਜ ਦੇ ਦੂਜੇ ਸਾਲ ਇਸਰਾਏਲ ਉੱਪਰ ਰਾਜ ਕਰਨ ਲੱਗਾ ਅਤੇ ਉਸ ਨੇ ਦੋ ਸਾਲ ਇਸਰਾਏਲ ਉੱਪਰ ਰਾਜ ਕੀਤਾ। 26 ਪਰ ਉਸ ਨੇ ਉਹ ਕਰਨੀਆਂ ਕੀਤੀਆਂ ਜੋ ਯਹੋਵਾਹ ਦੀ ਨਿਗਾਹ ਵਿੱਚ ਗ਼ਲਤ ਸਨ। ਉਸ ਨੇ ਵੀ ਆਪਣੇ ਪਿਤਾ ਯਾਰਾਬੁਆਮ ਵਾਂਗ ਹੀ ਪਾਪ ਕੀਤੇ ਅਤੇ ਇਸਰਾਏਲ ਦੇ ਲੋਕਾਂ ਤੋਂ ਪਾਪ ਕਰਵਾਏ।

27 ਬਆਸ਼ਾ ਅਹੀਯਾਹ ਦਾ ਪੁੱਤਰ ਸੀ। ਇਹ ਯਿੱਸਾਕਾਰ ਦੇ ਪਰਿਵਾਰ-ਸਮੂਹ ਵਿੱਚੋਂ ਸੀ। ਬਆਸ਼ਾ ਨੇ ਨਾਦਾਬ ਪਾਤਸ਼ਾਹ ਨੂੰ ਵੱਢਣ ਦੀ ਵਿਉਂਤ ਬਣਾਈ। ਇਹ ਉਹ ਸਮਾਂ ਸੀ ਜਦੋਂ ਨਾਦਾਬ ਅਤੇ ਸਾਰੇ ਇਸਰਾਏਲੀ ਗਿਬਥੋਨ ਸ਼ਹਿਰ ਦੇ ਵਿਰੁੱਧ ਲੜ ਰਹੇ ਸਨ। ਇਹ ਫ਼ਲਿਸਤੀ ਸ਼ਹਿਰ ਸੀ। ਇਸ ਥਾਵੇਂ ਬਆਸ਼ਾ ਨੇ ਨਾਦਾਬ ਪਾਤਸ਼ਾਹ ਦੀ ਹਤਿਆ ਕੀਤੀ। 28 ਯਹੂਦਾਹ ਦੇ ਰਾਜੇ ਆਸਾ ਦੇ ਰਾਜ ਦੇ ਤੀਜੇ ਵਰ੍ਹੇ ਬਆਸ਼ਾ ਨੇ ਉਸ ਨੂੰ ਮਾਰ ਦਿੱਤਾ ਅਤੇ ਉਸਦੀ ਥਾਵੇਂ ਰਾਜ ਕਰਨ ਲੱਗ ਪਿਆ।

ਇਸਰਾਏਲ ਦਾ ਪਾਤਸ਼ਾਹ, ਬਆਸ਼ਾ

29 ਜਦੋਂ ਬਆਸ਼ਾ ਨਵਾਂ ਪਾਤਸ਼ਾਹ ਬਣਿਆ ਤਾਂ ਉਸ ਨੇ ਯਾਰਾਬੁਆਮ ਦੇ ਸਾਰੇ ਘਰਾਣੇ ਨੂੰ ਵੱਢ ਸੁੱਟਿਆ ਅਤੇ ਯਾਰਾਬੁਆਮ ਦਾ ਇੱਕ ਵੀ ਜੀਅ ਜਿਉਂਦਾ ਨਾ ਛੱਡਿਆ। ਇਹ ਸਭ ਕੁਝ ਉਵੇਂ ਹੀ ਹੋਇਆ ਜਿਵੇਂ ਯਹੋਵਾਹ ਦਾ ਹੁਕਮ ਸੀ ਯਹੋਵਾਹ ਆਪਣੇ ਸੇਵਕ ਅਹੀਯਾਹ ਜੋ ਸ਼ੀਲੋਨੀ ਤੋਂ ਸੀ ਬੋਲਿਆ ਸੀ। 30 ਇਹ ਸਭ ਕੁਝ ਇਸ ਲਈ ਵਾਪਰਿਆ ਕਿਉਂ ਕਿ ਯਾਰਾਬੁਆਮ ਨੇ ਅਨੇਕਾਂ ਪਾਪ ਕੀਤੇ ਸਨ ਅਤੇ ਉਸ ਨੇ ਇਸਰਾਏਲ ਦੇ ਲੋਕਾਂ ਤੋਂ ਪਾਪ ਕਰਵਾਏ। ਯਾਰਾਬੁਆਮ ਨੇ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਨੂੰ ਬਹੁਤ ਕ੍ਰੋਧਿਤ ਕੀਤਾ ਸੀ!

31 ਹੋਰ ਜੋ ਕੰਮ ਨਾਦਾਬ ਨੇ ਕੀਤੇ ਉਹ ਇਸਰਾਏਲ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਲਿਖੇ ਹੋਏ ਹਨ। 32 ਸਾਰਾ ਸਮਾਂ ਇਸਰਾਏਲ ਉੱਪਰ ਜਦ ਤੱਕ ਬਆਸ਼ਾ ਨੇ ਰਾਜ ਕੀਤਾ ਵਿੱਚ ਸਾਰਾ ਸਮਾਂ, ਉਹ ਯਹੂਦਾਹ ਦੇ ਪਾਤਸ਼ਾਹ ਆਸਾ ਦੇ ਵਿਰੁੱਧ ਲੜਦਾ ਰਿਹਾ।

33 ਯਹੂਦਾਹ ਦੇ ਪਾਤਸ਼ਾਹ ਆਸਾ ਦੇ ਰਾਜ ਦੇ ਤੀਸਰੇ ਸਾਲ ਅਹੀਯਾਹ ਦਾ ਪੁੱਤਰ ਬਆਸ਼ਾ ਤਿਰਸਾਹ ਵਿੱਚ ਸਾਰੇ ਇਸਰਾਏਲ ਉੱਪਰ ਰਾਜ ਕਰਨ ਲੱਗਾ ਅਤੇ ਉਸ ਨੇ 24 ਵਰ੍ਹੇ ਰਾਜ ਕੀਤਾ। 34 ਉਸ ਨੇ ਯਹੋਵਾਹ ਦੇ ਅੱਗੇ ਬੁਰੇ ਕੰਮ ਕੀਤੇ ਅਤੇ ਯਾਰਾਬੁਆਮ ਆਪਣੇ ਪਿਤਾ ਦੇ ਬੁਰੇ ਰਾਹਾਂ ਤੇ ਹੀ ਚੱਲਿਆ ਅਤੇ ਉਸ ਦੇ ਪਾਪ ਵਿੱਚ ਜਿਸ ਨਾਲ ਉਸ ਦੇ ਇਸਰਾਏਲ ਨੂੰ ਪਾਪੀ ਬਣਾਇਆ, ਬਸ ਇਨ੍ਹਾਂ ਕੰਮਾਂ ਵਿੱਚ ਹੀ ਲੱਗਾ ਰਿਹਾ।

16 ਤਦ ਯਹੋਵਾਹ ਦਾ ਬਚਨ ਹਨਾਨੀ ਦੇ ਪੁੱਤਰ ਯੇਹੂ ਕੋਲ ਆਇਆ। ਇਹ ਬਚਨ ਬਆਸ਼ਾ ਦੇ ਵਿਰੁੱਧ ਸੀ ਕਿ, “ਮੈਂ ਤੈਨੂੰ ਹੇਠੋਂ ਧੂੜ ਵਿੱਚੋਂ ਚੁੱਕਿਆ ਅਤੇ ਤੈਨੂੰ ਮੇਰੇ ਲੋਕਾਂ, ਇਸਰਾਏਲੀਆਂ ਉੱਪਰ ਸ਼ਾਸਕ ਬਣਾਇਆ, ਪਰ ਤੂੰ ਯਾਰਾਬੁਆਮ ਦੇ ਨਕਸ਼ੇ ਕਦਮ ਤੇ ਤੁਰਿਆ ਅਤੇ ਮੇਰੇ ਲੋਕਾਂ ਇਸਰਾਏਲੀਆਂ ਤੋਂ ਪਾਪ ਕਰਵਾਇਆ। ਇਉਂ ਉਨ੍ਹਾਂ ਨੇ ਮੈਨੂੰ ਕ੍ਰੋਧਿਤ ਕੀਤਾ। ਇਸ ਲਈ ਮੈਂ ਹੁਣ ਬਆਸ਼ਾ ਅਤੇ ਉਸ ਦੇ ਘਰਾਣੇ ਨੂੰ ਨਾਸ਼ ਕਰ ਦਿਆਂਗਾ। ਮੈਂ ਹੁਣ ਤੇਰੇ ਘਰਾਣੇ ਨੂੰ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਘਰਾਣੇ ਵਾਂਗ ਨਾਸ ਕਰ ਦਿਆਂਗਾ। ਤੇਰੇ ਪਰਿਵਾਰ ਵਿੱਚ, ਜੇਕਰ ਕੋਈ ਨਗਰ ਵਿੱਚ ਮਰ ਜਾਵੇ, ਉਸਦਾ ਸ਼ਰੀਰ ਕੁਤਿਆਂ ਦੁਆਰਾ ਖਾਧਾ ਜਾਵੇਗਾ ਅਤੇ ਜੇਕਰ ਕੋਈ ਖੇਤਾਂ ਵਿੱਚ ਮਰੇ, ਉਸਦਾ ਸਰੀਰ ਪੰਛੀਆਂ ਦੁਆਰਾ ਖਾਧਾ ਜਾਵੇਗਾ।”

ਬਆਸ਼ਾ ਦੇ ਕੀਤੇ ਹੋਰ ਮਹਾਨ ਕਾਰਜ ਅਤੇ ਉਸ ਦੀਆਂ ਸਫ਼ਲਤਾਵਾਂ ਬਾਰੇ ਇਸਰਾਏਲ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ। ਬਆਸ਼ਾ ਮਰਿਆ ਤਾਂ ਤਿਰਸਾਹ ਵਿੱਚ ਦਬਿਆ ਗਿਆ ਅਤੇ ਉਸ ਬਾਦ ਉਸਦਾ ਪੁੱਤਰ ਏਲਾਹ ਰਾਜ ਕਰਨ ਲੱਗਾ।

ਤਾਂ ਯਹੋਵਾਹ ਨੇ ਯੇਹੂ ਨਬੀ ਨੂੰ ਕਰਕੇ ਸੰਦੇਸ਼ ਦਿੱਤਾ। ਇਹ ਸੰਦੇਸ਼ ਬਆਸ਼ਾ ਅਤੇ ਉਸ ਦੇ ਘਰਾਣੇ ਵਿਰੁੱਧ ਸੀ। ਬਆਸ਼ਾ ਨੇ ਯਹੋਵਾਹ ਦੇ ਖਿਲਾਫ਼ ਬਹੁਤ ਬਦੀ ਕੀਤੀ ਸੀ ਜਿਸ ਨਾਲ ਯਹੋਵਾਹ ਬਹੁਤ ਕ੍ਰੋਧਿਤ ਸੀ। ਬਆਸ਼ਾ ਨੇ ਵੀ ਉਹੀ ਕੁਝ ਕੀਤਾ ਜੋ ਕੁਝ ਉਸਤੋਂ ਪਹਿਲਾਂ ਯਾਰਾਬੁਆਮ ਦੇ ਘਰਾਣੇ ਨੇ ਕੀਤਾ ਸੀ। ਯਹੋਵਾਹ ਇਸ ਲਈ ਵੀ ਕ੍ਰੋਧਿਤ ਸੀ ਕਿਉਂ ਕਿ ਬਆਸ਼ਾ ਨੇ ਯਾਰਾਬੁਆਮ ਦੇ ਸਾਰੇ ਪਰਿਵਾਰ ਨੂੰ ਮਾਰ ਸੁੱਟਿਆ ਸੀ।

ਇਸਰਾਏਲ ਦਾ ਪਾਤਸ਼ਾਹ, ਏਲਾਹ

ਆਸਾ ਦੇ ਯਹੂਦਾਹ ਵਿੱਚ 26 ਵੇਂ ਵਰ੍ਹੇ ਦੌਰਾਨ, ਏਲਾਹ ਇਸਰਾਏਲ ਦਾ ਪਾਤਸ਼ਾਹ ਬਣਿਆ। ਏਲਾਹ ਬਆਸ਼ਾ ਦਾ ਪੁੱਤਰ ਸੀ ਅਤੇ ਉਸ ਨੇ ਤਿਰਸਾਹ ਵਿੱਚ ਦੋ ਸਾਲ ਸ਼ਾਸਨ ਕੀਤਾ।

ਜ਼ਿਮਰੀ ਏਲਾਹ ਪਾਤਸ਼ਾਹ ਦੇ ਅਫ਼ਸਰਾਂ ਵਿੱਚੋਂ ਇੱਕ ਸੀ ਅਤੇ ਪਾਤਸ਼ਾਹ ਦੇ ਅੱਧੇ ਰੱਥਾਂ ਉੱਪਰ ਹੁਕਮ ਕਰਦਾ ਸੀ, ਪਰ ਜ਼ਿਮਰੀ ਨੇ ਏਲਾਹ ਦੇ ਵਿਰੁੱਧ ਵਿਉਂਤ ਬਨਾਉਣੀ ਸ਼ੁਰੂ ਕੀਤੀ। ਏਲਾਹ ਪਾਤਸ਼ਾਹ ਤਿਰਸਾਹ ਵਿਖੇ ਅਰਸਾ ਦੇ ਘਰ ਵਿੱਚ ਸੀ, ਪੀਕੇ ਸ਼ਰਾਬੀ ਹੋ ਰਿਹਾ ਸੀ ਤੇ ਅਰਸਾ ਤਿਰਸਾਹ ਵਿੱਚ ਉਸ ਦੇ ਮਹਿਲ ਦਾ ਇੰਚਾਰਜ ਸੀ। 10 ਜ਼ਿਮਰੀ ਉਸ ਘਰ ਵਿੱਚ ਗਿਆ ਅਤੇ ਜਾਕੇ ਏਲਾਹ ਪਾਤਸ਼ਾਹ ਦੀ ਹਤਿਆ ਕਰ ਦਿੱਤੀ। ਇਹ ਯਹੂਦਾਹ ਦੇ ਪਾਤਸ਼ਾਹ ਆਸਾ ਦੇ 27 ਵੇਂ ਵਰ੍ਹੇ ਵਿੱਚ ਹੋਇਆ ਅਤੇ ਇਉਂ ਏਲਾਹ ਤੋਂ ਬਾਅਦ ਜ਼ਿਮਰੀ ਰਾਜ ਕਰਨ ਲੱਗ ਪਿਆ।

ਇਸਰਾਏਲ ਦਾ ਪਾਤਸ਼ਾਹ, ਜ਼ਿਮਰੀ

11 ਜਦੋਂ ਜ਼ਿਮਰੀ ਰਾਜ ਕਰਨ ਲੱਗ ਪਿਆ ਤਾਂ ਉਸ ਨੇ ਬਆਸ਼ਾ ਦੇ ਸਾਰੇ ਘਰਾਣੇ ਦੀ ਹਤਿਆ ਕਰ ਦਿੱਤੀ। ਉਸ ਨੇ ਬਆਸ਼ਾ ਦੇ ਪਰਿਵਾਰ ਦਾ ਇੱਕ ਵੀ ਬੰਦਾ ਜਿਉਂਦਾ ਨਾ ਛੱਡਿਆ। ਜ਼ਿਮਰੀ ਨੇ ਬਆਸ਼ਾ ਦੇ ਦੋਸਤਾਂ-ਮਿੱਤਰਾਂ ਨੂੰ ਵੀ ਵੱਢ ਸੁੱਟਿਆ। 12 ਇਉਂ ਜ਼ਿਮਰੀ ਨੇ ਬਆਸ਼ਾ ਦੇ ਪਰਿਵਾਰ ਨੂੰ ਖਤਮ ਕਰ ਦਿੱਤਾ। ਇਹ ਸਭ ਕੁਝ ਉਵੇਂ ਹੀ ਵਾਪਰਿਆ ਜਿਵੇਂ ਯਹੋਵਾਹ ਨੇ ਯੇਹੂ ਨਬੀ ਨੂੰ ਆਖਿਆ ਸੀ, ਜੋ ਬਆਸ਼ਾ ਦੇ ਖਿਲਾਫ਼ ਬੋਲਿਆ ਸੀ। 13 ਇਹ ਸਭ ਕੁਝ ਬਆਸ਼ਾ ਅਤੇ ਏਲਾਹ ਦੇ ਪਾਪਾਂ ਕਾਰਣ ਹੋਇਆ। ਉਨ੍ਹਾਂ ਨੇ ਖੁਦ ਹੀ ਪਾਪ ਨਹੀਂ ਕੀਤੇ ਸਗੋਂ ਇਸਰਾਏਲ ਤੋਂ ਵੀ ਪਾਪ ਕਰਵਾਏ। ਯਹੋਵਾਹ ਉਨ੍ਹਾਂ ਦੇ ਬੁੱਤਾਂ ਕਾਰਣ ਕ੍ਰੋਧਿਤ ਹੋ ਗਿਆ।

14 ਹੋਰ ਜੋ ਕੰਮ ਏਲਾਹ ਨੇ ਕੀਤੇ ਉਹ ਇਸਰਾਏਲ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਦਰਜ ਹਨ।

15 ਯਹੂਦਾਹ ਦੇ ਪਾਤਸ਼ਾਹ ਆਸਾ ਦੇ 27ਵੇਂ ਵਰ੍ਹੇ ਵਿੱਚ ਜ਼ਿਮਰੀ ਨੇ ਤਿਰਸਾਹ ਵਿੱਚ ਸੱਤ ਦਿਨ ਰਾਜ ਕੀਤਾ ਤੇ ਉਸ ਦੌਰਾਨ ਇਹ ਕੁਝ ਵਾਪਰਿਆ: ਲੋਕਾਂ ਨੇ ਫ਼ਲਿਸਤੀਆਂ ਦੇ ਸ਼ਹਿਰ ਗਿਬਥੋਨ ਵਿਰੁੱਧ ਡੇਰੇ ਲਾਏ ਹੋਏ ਸਨ। ਉਹ ਜੰਗ ਲਈ ਤਿਆਰ ਸਨ। 16 ਡੇਰੇ ਵਿੱਚ ਲੋਕਾਂ ਨੂੰ ਖਬਰ ਮਿਲੀ ਕਿ ਜ਼ਿਮਰੀ ਨੇ ਰਾਜੇ ਦੇ ਖਿਲਾਫ਼ ਸਾਜ਼ਿਸ਼ ਕਰਕੇ ਉਸ ਨੂੰ ਮਾਰ ਦਿੱਤਾ। ਤਾਂ ਸਾਰੇ ਇਸਰਾਏਲ ਨੇ ਫੌਜ ਦੇ ਸਿਪਹਸਾਲਾਰ ਆਮਾਰੀ ਨੂੰ ਇਸਰਾਏਲ ਦੇ ਰਾਜੇ ਵਜੋਂ ਚੁਣ ਲਿਆ। 17 ਤਦ ਆਮਰੀ ਨੇ ਸਾਰੇ ਇਸਰਾਏਲ ਸਮੇਤ ਗਿਬਥੋਨ ਤੋਂ ਚੜ੍ਹ ਕੇ ਤਿਰਸਾਹ ਨੂੰ ਘੇਰ ਲਿਆ। 18 ਜਦ ਜ਼ਿਮਰੀ ਨੇ ਵੇਖਿਆ ਕਿ ਸ਼ਹਿਰ ਤੇ ਉਨ੍ਹਾਂ ਕਬਜ਼ਾ ਕਰ ਲਿਆ ਹੈ ਤਾਂ ਉਸ ਨੇ ਪਾਤਸ਼ਾਹ ਦੇ ਮਹਿਲ ਦੇ ਕਿਲੇ ਵਿੱਚ ਜਾਕੇ, ਮਹਿਲ ਨੂੰ ਅੱਗ ਲਾਕੇ ਆਪਣੇ ਆਪ ਨੂੰ ਸਾੜ ਲਿਆ। 19 ਇਹ ਸਭ ਜ਼ਿਮਰੀ ਦੇ ਪਾਪਾਂ ਕਾਰਣ ਹੋਇਆ ਜੋ ਉਸ ਨੇ ਕੀਤੇ। ਜੋ ਯਹੋਵਾਹ ਦੇ ਹੁਕਮ ਦੇ ਵਿੁਰੱਧ ਉਸ ਨੇ ਪਾਪ ਕੀਤੇ। ਉਸ ਨੇ ਵੀ ਉਵੇਂ ਹੀ ਬਦੀ ਕੀਤੀ ਜਿਵੇਂ ਯਾਰਾਬੁਆਮ ਨੇ ਅਤੇ ਯਾਰਾਬੁਆਮ ਨੇ ਇਸਰਾਏਲ ਦੇ ਲੋਕਾਂ ਤੋਂ ਵੀ ਪਾਪ ਕਰਵਾਏ।

20 ਜ਼ਿਮਰੀ ਦੀਆਂ ਬਾਕੀ ਗੱਲਾਂ ਜੋ ਉਸ ਨੇ ਕੀਤੀਆਂ ਅਤੇ ਉਸਦੀਆਂ ਗੁਪਤ ਵਿਉਂਤਾ, ਇਸਰਾਏਲ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਦਰਜ ਹਨ। ਪੋਥੀ ਵਿੱਚ, ਜ਼ਿਮਰੀ ਦੇ ਪਾਤਸ਼ਾਹ ਏਲਾਹ ਦੇ ਵਿਰੁੱਧ ਵਿਉਂਤ ਅਤੇ ਜੋ ਉਸ ਸਮੇਂ ਦੌਰਾਨ ਵਾਪਰਿਆ, ਇਸਦਾ ਵੀ ਵਿਵਰਣ ਹੈ।

Punjabi Bible: Easy-to-Read Version (ERV-PA)

2010 by World Bible Translation Center