Bible in 90 Days
ਮਿਸਰ ਵਿੱਚ ਯਾਕੂਬ ਦਾ ਪਰਿਵਾਰ
1 ਯਾਕੂਬ ਆਪਣੇ ਪੁੱਤਰਾਂ ਨਾਲ ਮਿਸਰ ਵਿੱਚ ਚੱਲਿਆ ਗਿਆ। ਉਸ ਦੇ ਹਰੇਕ ਪੁੱਤਰ ਨਾਲ ਉਸਦਾ ਆਪਣਾ ਪਰਿਵਾਰ ਸੀ। ਇਸਰਾਏਲ ਦੇ ਪੁੱਤਰਾਂ ਦੇ ਨਾਮ ਇਹ ਹਨ; 2 ਰਊਬੇਨ, ਸਿਮਓਨ, ਲੇਵੀ, ਯਹੂਦਾਹ, 3 ਯਿੱਸਾਕਾਰ, ਜ਼ਬੂਲੁਨ, ਬਿਨਯਾਮੀਨ, 4 ਦਾਨ, ਨਫ਼ਤਾਲੀ, ਗਾਦ, ਆਸ਼ੇਰ। 5 ਕੁੱਲ 70 ਲੋਕ ਸਨ, ਜਿਹੜੇ ਯਾਕੂਬ ਦੇ ਉਤਰਾਧਿਕਾਰੀਆਂ ਵਿੱਚੋਂ ਸਨ। (ਯੂਸੁਫ਼ ਵੀ 12 ਪੁੱਤਰਾਂ ਵਿੱਚੋਂ ਇੱਕ ਸੀ, ਪਰ ਉਹ ਪਹਿਲਾਂ ਹੀ ਮਿਸਰ ਵਿੱਚ ਸੀ।)
6 ਬਾਦ ਵਿੱਚ ਯੂਸੁਫ਼, ਉਸ ਦੇ ਭਰਾਵਾਂ ਅਤੇ ਉਸਦੀ ਪੀੜੀ ਦੇ ਸਾਰੇ ਲੋਕਾਂ ਦਾ ਦੇਹਾਂਤ ਹੋ ਗਿਆ। 7 ਪਰ ਇਸਰਾਏਲ ਦੇ ਲੋਕਾਂ ਦੀ ਔਲਾਦ ਬਹੁਤ ਸੀ ਅਤੇ ਉਨ੍ਹਾਂ ਦੀ ਗਿਣਤੀ ਵੱਧਦੀ ਗਈ। ਇਸਰਾਏਲ ਦੇ ਲੋਕ ਤਾਕਤਵਰ ਬਣ ਗਏ, ਅਤੇ ਮਿਸਰ ਦਾ ਦੇਸ਼ ਇਸਰਾਏਲੀਆਂ ਨਾਲ ਭਰ ਗਿਆ।
ਇਸਰਾਏਲ ਦੇ ਲੋਕਾਂ ਲਈ ਮੁਸੀਬਤਾਂ
8 ਫ਼ੇਰ ਇੱਕ ਨਵਾਂ ਰਾਜਾ ਮਿਸਰ ਵਿੱਚ ਰਾਜ ਕਰਨ ਲੱਗਾ। ਇਹ ਰਾਜਾ ਯੂਸੁਫ਼ ਨੂੰ ਨਹੀਂ ਜਾਣਦਾ ਸੀ। 9 ਉਸ ਨੇ ਆਪਣੇ ਲੋਕਾਂ ਨੂੰ ਆਖਿਆ, “ਵੇਖੋ, ਇਸਰਾਏਲ ਦੇ ਲੋਕ ਬਹੁਤ ਸਾਰੇ ਹਨ। ਅਤੇ ਉਹ ਸਾਡੇ ਨਾਲੋਂ ਵੱਧੇਰੇ ਤਾਕਤਵਰ ਹਨ। 10 ਸਾਨੂੰ ਇਸਰਾਏਲੀਆਂ ਨੂੰ ਤਾਕਤਵਰ ਹੋਣ ਤੋਂ ਰੋਕਣ ਦੀਆਂ ਵਿਉਂਤਾਂ ਜ਼ਰੂਰ ਬਨਾਉਣੀਆਂ ਚਾਹੀਦੀਆਂ ਹਨ। ਜੇ ਲੜਾਈ ਹੋਈ, ਤਾਂ ਹੋ ਸੱਕਦਾ ਹੈ ਕਿ ਇਸਰਾਏਲ ਦੇ ਲੋਕ ਸਾਡੇ ਦੁਸ਼ਮਨਾਂ ਨਾਲ ਰਲ ਜਾਣ। ਤਾਂ ਹੋ ਸੱਕਦਾ ਹੈ ਕਿ ਉਹ ਸਾਨੂੰ ਹਰਾ ਦੇਣ ਅਤੇ ਸਾਡੇ ਕੋਲੋਂ ਬਚ ਕੇ ਨਿਕਲ ਜਾਣ।”
11 ਇਸ ਲਈ ਮਿਸਰੀਆਂ ਨੇ ਉਨ੍ਹਾਂ ਨੂੰ ਗੁਲਾਮਾਂ ਵਾਂਗ ਕੰਮ ਕਰਨ ਲਈ ਮਜਬੂਰ ਕੀਤਾ। ਉਨ੍ਹਾਂ ਨੇ ਇਸਰਾਏਲੀਆਂ ਨੂੰ ਸਤਾਉਣ ਲਈ ਉਨ੍ਹਾਂ ਉੱਪਰ ਕੰਮ ਨਿਰੀਖਕ ਨਿਯੁਕਤ ਕਰ ਦਿੱਤੇ। ਜਦੋਂ ਉਹ ਫ਼ਿਰਊਨ ਲਈ ਭੰਡਾਰ ਰੱਖਣ ਵਾਲੇ ਸ਼ਹਿਰ ਫ਼ਿਤੋਮ ਤੇ ਰਾਮਸੇਸ ਉਸਾਰ ਰਹੇ ਸਨ।
12 ਮਿਸਰੀਆਂ ਨੇ ਇਸਰਾਏਲੀਆਂ ਨੂੰ ਔਖੇ ਤੋਂ ਔਖੇ ਕੰਮ ਕਰਨ ਲਈ ਮਜਬੂਰ ਕੀਤਾ। ਪਰ ਇਸਰਾਏਲ ਦੇ ਲੋਕਾਂ ਨੂੰ ਜਿੰਨਾ ਵੱਧੇਰੇ ਕੰਮ ਕਰਨ ਲਈ ਮਜਬੂਰ ਕੀਤਾ ਗਿਆ ਉਹ ਓਨਾ ਹੀ ਵੱਧੇਰੇ ਵੱਧੇ ਫ਼ੁੱਲੇ ਤੇ ਫ਼ੈਲੇ। ਅਤੇ ਮਿਸਰੀ ਲੋਕ ਇਸਰਾਏਲ ਦੇ ਲੋਕਾਂ ਤੋਂ ਹੋਰ ਵੱਧੇਰੇ ਡਰ ਗਏ। 13 ਤਾਂ ਮਿਸਰੀਆਂ ਨੇ ਇਸਰਾਏਲ ਦੇ ਲੋਕਾਂ ਨੂੰ ਹੋਰ ਵੀ ਵੱਧੇਰੇ ਸਖਤੀ ਨਾਲ ਕੰਮ ਕਰਨ ਲਈ ਮਜ਼ਬੂਰ ਕੀਤਾ।
14 ਮਿਸਰੀਆਂ ਨੇ ਇਸਰਾਏਲੀਆਂ ਲਈ ਜਿਉਣਾ ਮੁਸ਼ਕਿਲ ਕਰ ਦਿੱਤਾ। ਉਨ੍ਹਾਂ ਨੇ ਇਸਰਾਏਲੀਆਂ ਨੂੰ ਇੱਟਾਂ ਗਾਰੇ ਦਾ ਔਖਾ ਕੰਮ ਕਰਨ ਲਈ ਮਜ਼ਬੂਰ ਕੀਤਾ। ਉਨ੍ਹਾਂ ਨੇ ਉਨ੍ਹਾਂ ਨੂੰ ਖੇਤਾਂ ਵਿੱਚ ਵੀ ਔਖੇ ਕੰਮ ਕਰਨ ਲਈ ਮਜ਼ਬੂਰ ਕੀਤਾ। ਉਨ੍ਹਾਂ ਨੇ ਉਨ੍ਹਾਂ ਦੇ ਹਰ ਕੰਮ ਵਿੱਚ ਸਖਤ ਮਿਹਨਤ ਨਾਲ ਕੰਮ ਕਰਨ ਲਈ ਮਜ਼ਬੂਰ ਕੀਤਾ।
ਉਹ ਦਾਈਆਂ ਜਿਹੜੀਆਂ ਪਰਮੇਸ਼ੁਰ ਦੇ ਰਾਹ ਤੁਰੀਆਂ
15 ਦੋ ਦਾਈਆਂ ਸਨ ਜਿਹੜੀਆਂ ਇਸਰਾਏਲੀ ਔਰਤਾਂ ਨੂੰ ਬੱਚੇ ਜੰਮਣ ਵਿੱਚ ਸਹਾਇਤਾ ਕਰਦੀਆਂ ਸਨ। ਉਨ੍ਹਾਂ ਦੇ ਨਾਮ ਸਨ ਸਿਫ਼ਰਾਹ ਤੇ ਫ਼ੂਆਹ। ਮਿਸਰ ਦੇ ਰਾਜੇ ਨੇ ਦਾਈਆਂ ਨਾਲ ਗੱਲ ਕੀਤੀ। 16 ਰਾਜੇ ਨੇ ਆਖਿਆ, “ਤੁਸੀਂ ਇਬਰਾਨੀ ਔਰਤਾਂ ਦੀ ਬੱਚੇ ਜੰਮਣ ਵਿੱਚ ਸਹਾਇਤਾ ਕਰਦੀਆਂ ਰਹੋਂਗੀਆਂ। ਜੇ ਕੁੜੀ ਜੰਮੇ ਤਾਂ ਉਸ ਨੂੰ ਜਿਉਣ ਦਿਓ ਪਰ ਜੇ ਮੁੰਡਾ ਜੰਮੇ ਤਾਂ ਤੁਸੀਂ ਉਸ ਨੂੰ ਜ਼ਰੂਰ ਮਾਰ ਦਿਓ।”
17 ਪਰ ਦਾਈਆਂ ਨੇ ਪਰਮੇਸ਼ੁਰ ਤੇ ਭਰੋਸਾ ਰੱਖਿਆ ਅਤੇ ਉਹ ਨਹੀਂ ਕੀਤਾ ਜੋ ਮਿਸਰ ਦੇ ਰਾਜੇ ਨੇ ਉਨ੍ਹਾਂ ਨੂੰ ਕਰਨ ਲਈ ਕਿਹਾ ਸੀ। ਉਨ੍ਹਾਂ ਨੇ ਮੁੰਡਿਆਂ ਨੂੰ ਜਿਉਣ ਦਿੱਤਾ।
18 ਮਿਸਰ ਦੇ ਰਾਜੇ ਨੇ ਦਾਈਆਂ ਨੂੰ ਸੱਦਿਆ ਅਤੇ ਉਨ੍ਹਾਂ ਨੂੰ ਆਖਿਆ, “ਤੁਸੀਂ ਅਜਿਹਾ ਕਿਉਂ ਕੀਤਾ? ਤੁਸੀਂ ਮੁੰਡਿਆਂ ਨੂੰ ਕਿਉਂ ਜਿਉਂਦਿਆਂ ਛੱਡ ਦਿੱਤਾ?”
19 ਦਾਈਆਂ ਨੇ ਫ਼ਿਰਊਨ ਨੂੰ ਆਖਿਆ, “ਇਬਰਾਨੀ ਔਰਤਾਂ ਮਿਸਰੀ ਔਰਤਾਂ ਨਾਲੋਂ ਵੱਧ ਤਾਕਤਵਰ ਹਨ। ਉਹ ਸਾਡੇ ਉੱਥੇ ਪਹੁੰਚ ਕੇ ਉਨ੍ਹਾਂ ਦੀ ਮਦਦ ਕਰਨ ਤੋਂ ਪਹਿਲਾਂ ਹੀ ਆਪਣੇ ਬੱਚਿਆਂ ਨੂੰ ਜਨਮ ਦੇ ਦਿੰਦੀਆਂ ਹਨ।” 20-21 ਇਸ ਲਈ ਪਰਮੇਸ਼ੁਰ ਨੇ ਦਾਈਆਂ ਦਾ ਭਲਾ ਕੀਤਾ, ਅਤੇ ਉਨ੍ਹਾਂ ਨੂੰ ਆਪਣੇ ਪਰਿਵਾਰ ਦਿੱਤੇ ਕਿਉਂਕਿ ਉਨ੍ਹਾਂ ਨੇ ਪਰਮੇਸ਼ੁਰ ਨੂੰ ਸਨਮਾਨ ਦਿੱਤਾ ਅਤੇ ਉਸ ਤੋਂ ਭੈ ਖਾਧਾ।
ਇਬਰਾਨੀਆਂ ਦੇ ਬੱਚਿਆਂ ਨੇ ਜਨਮ ਲੈਣਾ ਜਾਰੀ ਰੱਖਿਆ ਅਤੇ ਉਨ੍ਹਾਂ ਦੀ ਗਿਣਤੀ ਵੱਧਦੀ ਗਈ ਅਤੇ ਉਹ ਬਹੁਤ ਸ਼ਕਤੀਸ਼ਾਲੀ ਬਣ ਗਏ। 22 ਇਸ ਲਈ ਫ਼ਿਰਊਨ ਨੇ ਆਪਣੇ ਸਾਰੇ ਲੋਕਾਂ ਨੂੰ ਇਹ ਹੁਕਮ ਦਿੱਤਾ; “ਸਾਰੀਆਂ ਕੁੜੀਆਂ ਨੂੰ ਜਿਉਂਦਿਆਂ ਰਹਿਣ ਦਿਓ। ਪਰ ਜਦੋਂ ਵੀ ਕੋਈ ਮੁੰਡਾ ਜਨਮੇ ਉਸ ਨੂੰ ਅਵੱਸ਼ ਹੀ ਨੀਲ ਨਦੀ ਵਿੱਚ ਸੁੱਟ ਦਿਓ।”
ਮੂਸਾ ਦਾ ਜਨਮ
2 ਲੇਵੀ ਦੇ ਪਰਿਵਾਰ ਵਿੱਚੋਂ ਇੱਕ ਆਦਮੀ ਸੀ। ਉਸ ਨੇ ਇੱਕ ਔਰਤ ਨਾਲ ਸ਼ਾਦੀ ਕੀਤੀ ਸੀ ਜੋ ਲੇਵੀ ਦੇ ਪਰਿਵਾਰ ਵਿੱਚੋਂ ਹੀ ਸੀ। 2 ਔਰਤ ਗਰਭਵਤੀ ਹੋਈ, ਅਤੇ ਉਸ ਨੇ ਇੱਕ ਮੁੰਡੇ ਨੂੰ ਜਨਮ ਦਿੱਤਾ। ਮਾਂ ਨੇ ਦੇਖਿਆ ਕਿ ਬੱਚਾ ਬਹੁਤ ਸੁਹਣਾ ਸੀ, ਅਤੇ ਉਸ ਨੇ ਉਸ ਨੂੰ ਤਿੰਨ ਮਹੀਨੇ ਤੱਕ ਲੁਕਾਈ ਰੱਖਿਆ। 3 ਮਾਂ ਡਰਦੀ ਸੀ ਕਿ ਬੱਚੇ ਦਾ ਜ਼ਰੂਰ ਪਤਾ ਚੱਲ ਜਾਵੇਗਾ ਅਤੇ ਉਸ ਨੂੰ ਮਾਰ ਦਿੱਤਾ ਜਾਵੇਗਾ ਕਿਉਂਕਿ ਉਹ ਮੁੰਡਾ ਸੀ। ਤਿੰਨਾ ਮਹੀਨਿਆਂ ਮਗਰੋਂ ਉਸ ਨੇ ਇੱਕ ਟੋਕਰਾ ਬਣਾਇਆ ਅਤੇ ਉਸ ਉੱਪਰ ਇੱਕ ਲੇਪ ਲਗਾਇਆ ਤਾਂ ਕਿ ਉਹ ਪਾਣੀ ਵਿੱਚ ਤਰ ਸੱਕੇ। ਉਸ ਨੇ ਬੱਚੇ ਨੂੰ ਟੋਕਰੇ ਵਿੱਚ ਰੱਖ ਦਿੱਤਾ। ਫ਼ੇਰ ਉਸ ਨੇ ਟੋਕਰੇ ਨੂੰ ਨਦੀ ਵਿੱਚਲੀ ਕਾਹੀ ਦੇ ਅੰਦਰ ਰੱਖ ਦਿੱਤਾ। 4 ਬੱਚੇ ਦੀ ਭੈਣ ਇਹ ਵੇਖਣ ਲਈ ਉੱਥੇ ਥੋੜੀ ਦੂਰ ਤੇ ਹੀ ਖੜੀ ਹੋ ਗਈ ਕਿ ਬੱਚੇ ਨਾਲ ਕੀ ਵਾਪਰੇਗਾ।
5 ਓਸੇ ਵੇਲੇ, ਫ਼ਿਰਊਨ ਦੀ ਧੀ ਨਦੀ ਉੱਤੇ ਨਹਾਉਣ ਲਈ ਆਈ। ਉਸ ਨੇ ਕਾਹੀ ਅੰਦਰ ਟੋਕਰਾ ਦੇਖਿਆ। ਉਸ ਦੀਆਂ ਦਾਸੀਆਂ ਨਦੀ ਕੰਢੇ ਤੁਰ ਰਹੀਆਂ ਸਨ। ਇਸ ਲਈ ਉਸ ਨੇ ਉਨ੍ਹਾਂ ਵਿੱਚੋਂ ਇੱਕ ਨੂੰ ਆਖਿਆ ਕਿ ਟੋਕਰਾ ਲੈ ਕੇ ਆ। 6 ਉਸ ਨੇ ਟੋਕਰਾ ਖੋਲ੍ਹਿਆ ਅਤੇ ਬੱਚੇ ਨੂੰ ਦੇਖਿਆ, ਜੋ ਕਿ ਰੋ ਰਿਹਾ ਸੀ। ਉਸ ਨੂੰ ਉਸ ਉੱਤੇ ਤਰਸ ਆ ਗਿਆ। ਉਸ ਨੇ ਆਖਿਆ; ਇਹ ਇਬਰਾਨੀ ਬੱਚਿਆਂ ਵਿੱਚੋਂ ਇੱਕ ਹੈ।
7 ਬੱਚੇ ਦੀ ਭੈਣ ਨੇ ਖਢ਼ੀ ਹੋਕੇ ਫ਼ਿਰਊਨ ਦੀ ਧੀ ਨੂੰ ਪੁੱਛਿਆ, “ਕੀ ਤੂੰ ਚਾਹੁੰਦੀ ਹੈਂ ਕਿ ਮੈਂ ਕਿਸੇ ਇਬਰਾਨੀ ਔਰਤ ਨੂੰ ਲੱਭਕੇ ਲਿਆਵਾਂ ਜਿਹੜੀ ਬੱਚੇ ਨੂੰ ਦੁੱਧ ਚੁਂਘਾ ਸੱਕੇ ਅਤੇ ਇਸਦੀ ਦੇਖ-ਭਾਲ ਕਰਨ ਵਿੱਚ ਤੇਰੀ ਸਹਾਇਤਾ ਕਰ ਸੱਕੇ?”
8 ਰਾਜੇ ਦੀ ਧੀ ਨੇ ਆਖਿਆ, “ਹਾਂ, ਮਿਹਰਬਾਨੀ ਕਰਕੇ।”
ਇਸ ਲਈ ਕੁੜੀ ਗਈ ਅਤੇ ਬੱਚੇ ਦੀ ਆਪਣੀ ਮਾਂ ਨੂੰ ਲੈ ਆਈ।
9 ਰਾਜੇ ਦੀ ਧੀ ਨੇ ਮਾਂ ਨੂੰ ਆਖਿਆ, “ਇਸ ਬੱਚੇ ਨੂੰ ਚੁੱਕ ਲੈ ਅਤੇ ਮੇਰੀ ਖਾਤਰ ਇਸ ਨੂੰ ਦੁੱਧ ਚੁੰਘਾ। ਮੈਂ ਇਸਦੀ ਦੇਖ-ਭਾਲ ਕਰਨ ਲਈ ਤੈਨੂੰ ਮਜ਼ਦੂਰੀ ਦੇਵਾਂਗੀ।”
ਇਸ ਲਈ ਔਰਤ ਨੇ ਆਪਣਾ ਬੱਚਾ ਚੁੱਕ ਲਿਆ ਅਤੇ ਉਸਦੀ ਦੇਖ-ਭਾਲ ਕੀਤੀ। 10 ਬੱਚਾ ਵੱਡਾ ਹੋ ਗਿਆ, ਅਤੇ ਕੁਝ ਸਮੇਂ ਬਾਦ, ਔਰਤ ਨੇ ਬੱਚਾ ਰਾਜੇ ਦੀ ਧੀ ਨੂੰ ਦੇ ਦਿੱਤਾ। ਰਾਜੇ ਧੀ ਨੇ ਬੱਚੇ ਨੂੰ ਆਪਣੇ ਪੁੱਤਰ ਵਜੋਂ ਪ੍ਰਵਾਨ ਕਰ ਲਿਆ। ਉਸ ਨੇ ਉਸਦਾ ਨਾਮ ਮੂਸਾ ਰੱਖਿਆ, ਕਿਉਂਕਿ ਉਸ ਨੇ ਉਸ ਨੂੰ ਪਾਣੀ ਵਿੱਚੋਂ ਕੱਢਿਆ ਸੀ।
ਮੂਸਾ ਆਪਣੇ ਲੋਕਾਂ ਦੀ ਸਹਾਇਤਾ ਕਰਦਾ
11 ਮੂਸਾ ਵੱਡਾ ਹੋਇਆ। ਇੱਕ ਦਿਨ ਉਹ ਆਪਣੇ ਇਬਰਾਨੀ ਲੋਕਾਂ ਕੋਲ ਗਿਆ ਅਤੇ ਵੇਖਿਆ ਕਿਵੇਂ ਉਨ੍ਹਾਂ ਨੂੰ ਸਖਤ ਕੰਮ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਸੀ। ਉਸੇ ਸਮੇਂ, ਉਸ ਨੇ ਇੱਕ ਮਿਸਰੀ ਆਦਮੀ ਨੂੰ ਇਬਰਾਨੀ ਬੰਦੇ ਨੂੰ ਕੁੱਟਦਿਆਂ ਵੇਖਿਆ। 12 ਮੂਸਾ ਨੇ ਆਲੇ-ਦੁਆਲੇ ਦੇਖਿਆ ਅਤੇ ਉਸ ਨੇ ਦੇਖਿਆ ਕਿ ਕੋਈ ਵੀ ਨਹੀਂ ਦੇਖ ਰਿਹਾ ਸੀ। ਫ਼ੇਰ ਮੂਸਾ ਨੇ ਮਿਸਰੀ ਨੂੰ ਮਾਰ ਦਿੱਤਾ ਅਤੇ ਉਸ ਨੂੰ ਰੇਤੇ ਵਿੱਚ ਦਫ਼ਨਾ ਦਿੱਤਾ।
13 ਅਗਲੇ ਦਿਨ ਮੂਸਾ ਨੇ ਦੋ ਇਬਰਾਨੀ ਬੰਦਿਆਂ ਨੂੰ ਦੇਖਿਆ ਜੋ ਆਪਸ ਵਿੱਚ ਲੜ ਰਹੇ ਸਨ। ਮੂਸਾ ਨੇ ਦੇਖਿਆ ਕਿ ਇੱਕ ਆਦਮੀ ਗਲਤ ਸੀ। ਮੂਸਾ ਨੇ ਉਸ ਆਦਮੀ ਨੂੰ ਆਖਿਆ, “ਤੂੰ ਆਪਣੇ ਗੁਆਂਢੀ ਨੂੰ ਕਿਉਂ ਦੁੱਖ ਦੇ ਰਿਹਾ ਹੈਂ?”
14 ਆਦਮੀ ਨੇ ਜਵਾਬ ਦਿੱਤਾ, “ਕੀ ਤੈਨੂੰ ਕਿਸੇ ਨੇ ਆਖਿਆ ਹੈ ਕਿ ਤੂੰ ਸਾਡਾ ਨਿਆਂਕਾਰ ਹੋਵੇਂ? ਨਹੀਂ। ਮੈਨੂੰ ਦੱਸ, ਕੀ ਤੂੰ ਮੈਨੂੰ ਉਸੇ ਤਰ੍ਹਾਂ ਮਾਰ ਦੇਵੇਂਗਾ ਜਿਵੇਂ ਕੱਲ ਤੂੰ ਮਿਸਰੀ ਨੂੰ ਮਾਰਿਆ ਸੀ?”
ਤਾਂ ਮੂਸਾ ਡਰ ਗਿਆ। ਮੂਸਾ ਨੇ ਦਿਲ ਵਿੱਚ ਸੋਚਿਆ, “ਹੁਣ ਤਾਂ ਹਰ ਕੋਈ ਜਾਣਦਾ ਹੈ ਕਿ ਮੈਂ ਕੀ ਕੀਤਾ ਹੈ।”
15 ਜਦੋਂ ਫ਼ਿਰਊਨ ਨੇ ਮੂਸਾ ਦੀ ਇਸ ਹਰਕਤ ਬਾਰੇ ਸੁਣਿਆ, ਉਸ ਨੇ ਉਸ ਨੂੰ ਮਾਰ ਦੇਣ ਦਾ ਨਿਆਂ ਕਰ ਲਿਆ। ਪਰ ਮੂਸਾ ਫ਼ਿਰਊਨ ਤੋਂ ਦੂਰ ਨੱਸ ਗਿਆ ਅਤੇ ਮਿਦਯਾਨ ਦੀ ਧਰਤੀ ਤੇ ਠਹਿਰ ਗਿਆ। ਉਹ ਇੱਕ ਖੂਹ ਦੇ ਨੇੜੇ ਬੈਠ ਗਿਆ।
ਮੂਸਾ ਮਿਦਯਾਨ ਵਿੱਚ
ਮੂਸਾ ਮਿਦਯਾਨ ਵਿੱਚ ਇੱਕ ਖੂਹ ਤੇ ਜਾਕੇ ਰੁਕ ਗਿਆ। 16 ਮਿਦਯਾਨ ਵਿੱਚ ਇੱਕ ਜਾਜਕ ਸੀ ਜਿਸਦੀਆਂ ਸੱਤ ਧੀਆਂ ਸਨ। ਉਹ ਕੁੜੀਆਂ ਆਪਣੇ ਪਿਤਾ ਦੀਆਂ ਭੇਡਾਂ ਲਈ ਪਾਣੀ ਭਰਨ ਵਾਸਤੇ ਉਸ ਖੂਹ ਤੇ ਆਈਆਂ। ਉਹ ਚੁਬੱਚੇ ਵਿੱਚ ਪਾਣੀ ਭਰਨ ਦੀ ਕੋਸ਼ਿਸ਼ ਕਰ ਰਹੀਆਂ ਸਨ। 17 ਪਰ ਉੱਥੇ ਕੁਝ ਅਯਾਲੀ ਸਨ ਜਿਨ੍ਹਾਂ ਨੇ ਕੁੜੀਆਂ ਨੂੰ ਦੂਰ ਭਜਾ ਦਿੱਤਾ ਅਤੇ ਉਨ੍ਹਾਂ ਨੂੰ ਪਾਣੀ ਨਹੀਂ ਭਰਨ ਦਿੱਤਾ। ਇਸ ਲਈ ਮੂਸਾ ਨੇ ਕੁੜੀਆਂ ਦੀ ਸਹਾਇਤਾ ਕੀਤੀ ਅਤੇ ਉਨ੍ਹਾਂ ਦੇ ਪਸ਼ੂਆਂ ਨੂੰ ਪਾਣੀ ਦਿੱਤਾ।
18 ਤਾਂ ਉਹ ਆਪਣੇ ਪਿਤਾ, ਰਊਏਲ ਕੋਲ ਵਾਪਸ ਚਲੀਆਂ ਗਈਆਂ। ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਆਖਿਆ, “ਅੱਜ ਤੁਸੀਂ ਛੇਤੀ ਘਰ ਆ ਗਈਆਂ ਹੋ।”
19 ਕੁੜੀਆਂ ਨੇ ਜਵਾਬ ਦਿੱਤਾ, “ਹਾਂ ਜੀ, ਅਯਾਲੀਆਂ ਨੇ ਸਾਨੂੰ ਦੂਰ ਭਜਾਉਣ ਦੀ ਕੋਸ਼ਿਸ਼ ਕੀਤੀ। ਪਰ ਇੱਕ ਮਿਸਰੀ ਆਦਮੀ ਨੇ ਸਾਡੀ ਮਦਦ ਕੀਤੀ। ਉਸ ਨੇ ਸਾਡੇ ਲਈ ਪਾਣੀ ਲਿਆਂਦਾ ਅਤੇ ਸਾਡੇ ਪਸ਼ੂਆਂ ਨੂੰ ਵੀ ਪਿਲਾਇਆ।”
20 ਇਸ ਲਈ ਰਊਏਲ ਨੇ ਆਪਣੀਆਂ ਧੀਆਂ ਨੂੰ ਆਖਿਆ, “ਕਿੱਥੇ ਹੈ ਉਹ ਆਦਮੀ? ਤੁਸੀਂ ਉਸ ਨੂੰ ਛੱਡ ਕੇ ਕਿਉਂ ਆ ਗਈਆਂ? ਉਸ ਨੂੰ ਇੱਥੋਂ ਸੱਦੋ ਅਤੇ ਉਸ ਨੂੰ ਸਾਡੇ ਨਾਲ ਖਾਣਾ ਖੁਆਓ।”
21 ਮੂਸਾ ਉਸ ਆਦਮੀ ਕੋਲ ਠਹਿਰ ਕੇ ਖੁਸ਼ ਸੀ। ਰਊਏਲ ਨੇ ਮੂਸਾ ਨੂੰ ਆਪਣੀ ਧੀ ਸਿੱਪੋਰਾ ਵਿਆਹ ਦਿੱਤੀ। 22 ਸਿੱਪੋਰਾ ਗਰਭਵਤੀ ਹੋਈ ਅਤੇ ਇੱਕ ਪੁੱਤਰ ਨੂੰ ਜਨਮ ਦਿੱਤਾ। ਅਤੇ ਮੂਸਾ ਨੇ ਉਸਦਾ ਨਾਮ ਗੇਰਸ਼ੋਮ ਰੱਖਿਆ। ਮੂਸਾ ਨੇ ਆਪਣੇ ਪੁੱਤਰ ਨੂੰ ਇਹ ਨਾਮ ਇਸ ਲਈ ਦਿੱਤਾ ਕਿ ਉਹ ਇੱਕ ਪਰਾਈ ਧਰਤੀ ਉੱਤੇ ਅਜਨਬੀ ਸੀ।
ਪਰਮੇਸ਼ੁਰ ਇਸਰਾਏਲ ਦੀ ਸਹਾਇਤਾ ਕਰਨ ਦਾ ਨਿਆਂ ਕਰਦਾ ਹੈ
23 ਬਹੁਤ ਸਮਾਂ ਬੀਤ ਗਿਆ ਅਤੇ ਮਿਸਰ ਦਾ ਰਾਜਾ ਮਰ ਗਿਆ। ਪਰ ਇਸਰਾਏਲ ਦੇ ਲੋਕਾਂ ਨੂੰ ਹਾਲੇ ਵੀ ਸਖਤ ਮਿਹਨਤ ਦਾ ਕੰਮ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਸੀ। ਉਨ੍ਹਾਂ ਨੇ ਸਹਾਇਤਾ ਲਈ ਪੁਕਾਰ ਕੀਤੀ ਅਤੇ ਪਰਮੇਸ਼ੁਰ ਨੇ ਉਨ੍ਹਾਂ ਦੀ ਪੁਕਾਰ ਸੁਣ ਲਈ। 24 ਪਰਮੇਸ਼ੁਰ ਨੇ ਉਨ੍ਹਾਂ ਦੀਆਂ ਕਰਾਹਾਂ ਸੁਣੀਆਂ ਅਤੇ ਉਸ ਨੇ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਕੀਤੇ ਆਪਣੇ ਇਕਰਾਰਨਾਮੇ ਨੂੰ ਚੇਤੇ ਕੀਤਾ। 25 ਪਰਮੇਸ਼ੁਰ ਨੇ ਇਸਰਾਏਲ ਦੇ ਲੋਕਾਂ ਦੀਆਂ ਮੁਸੀਬਤਾਂ ਦੇਖਿਆਂ, ਅਤੇ ਉਹ ਜਾਣਦਾ ਸੀ ਕਿ ਉਸ ਨੂੰ ਕੀ ਕਰਨਾ ਚਾਹੀਦਾ।
ਬਲਦੀ ਹੋਈ ਝਾੜੀ
3 ਮੂਸਾ ਦੇ ਸੌਹਰੇ ਦਾ ਨਾ ਯਿਥਰੋ ਸੀ। (ਯਿਥਰੋ ਮਿਦਯਾਨ ਦਾ ਜਾਜਕ ਸੀ।) ਮੂਸਾ ਯਿਥਰੋ ਦੀਆਂ ਭੇਡਾਂ ਦੀ ਰੱਖਵਾਲੀ ਕਰਦਾ ਸੀ। ਇੱਕ ਦਿਨ ਮੂਸਾ ਭੇਡਾਂ ਨੂੰ ਮਾਰੂਥਲ ਦੇ ਪੱਛਮ ਵਾਲੇ ਪਾਸੇ ਲੈ ਗਿਆ। ਮੂਸਾ ਹੋਰੇਬ (ਸਿਨਈ) ਨਾਂ ਦੇ ਪਰਬਤ ਉੱਪਰ ਗਿਆ, ਜਿਹੜਾ ਪਰਮੇਸ਼ੁਰ ਦਾ ਪਰਬਤ ਸੀ। 2 ਉਸ ਪਰਬਤ ਉੱਤੇ, ਮੂਸਾ ਨੇ ਯਹੋਵਾਹ ਦੇ ਦੂਤ ਨੂੰ ਬਲਦੀ ਹੋਈ ਝਾੜੀ ਵਿੱਚ ਦੇਖਿਆ। ਇਹ ਇਉਂ ਵਾਪਰਿਆ।
ਮੂਸਾ ਨੇ ਇੱਕ ਝਾੜੀ ਦੇਖੀ ਜਿਹੜੀ ਭਸਮ ਹੋਣ ਤੋਂ ਬਿਨਾ ਬਲ ਰਹੀ ਸੀ। 3 ਇਸ ਲਈ ਮੂਸਾ ਨੇ ਝਾੜੀ ਦੇ ਨੇੜੇ ਜਾਣ ਤੇ ਇਹ ਦੇਖਣ ਦਾ ਨਿਆਂ ਕੀਤਾ ਕਿ ਕੋਈ ਝਾੜੀ ਭਸਮ ਹੋਣ ਤੋਂ ਬਿਨਾ ਬਲਦੀ ਕਿਵੇਂ ਰਹਿ ਸੱਕਦੀ ਹੈ।
4 ਯਹੋਵਾਹ ਨੇ ਦੇਖਿਆ ਕਿ ਮੂਸਾ ਝਾੜੀ ਵੱਲ ਦੇਖਣ ਲਈ ਆ ਰਿਹਾ ਸੀ। ਇਸ ਲਈ ਪਰਮੇਸ਼ੁਰ ਨੇ ਮੂਸਾ ਨੂੰ ਝਾੜੀ ਵਿੱਚੋਂ ਅਵਾਜ਼ ਦਿੱਤੀ। ਪਰਮੇਸ਼ੁਰ ਨੇ ਆਖਿਆ, “ਮੂਸਾ, ਮੂਸਾ।”
ਅਤੇ ਮੂਸਾ ਨੇ ਆਖਿਆ, “ਹਾਂ ਯਹੋਵਾਹ।”
5 ਤਾਂ ਯਹੋਵਾਹ ਨੇ ਆਖਿਆ, “ਹੋਰ ਨੇੜੇ ਨਾ ਆਵੀਂ। ਆਪਣੀਆਂ ਜੁੱਤੀਆਂ ਲਾਹ ਲੈ। ਜਿਸ ਥਾਂ ਉੱਤੇ ਤੂੰ ਖਲੋਤਾ ਹੈਂ, ਉਹ ਮੇਰੇ ਇਸ ਥਾਂ ਤੇ ਹੋਣ ਕਾਰਣ ਪਵਿੱਤਰ ਹੈ। 6 ਮੈਂ ਤੇਰੇ ਪੁਰਖਿਆਂ ਦਾ ਪਰਮੇਸ਼ੁਰ ਹਾਂ। ਮੈਂ ਅਬਰਾਹਾਮ ਦਾ ਪਰਮੇਸ਼ੁਰ, ਇਸਹਾਕ ਦਾ ਪਰਮੇਸ਼ੁਰ ਤੇ ਯਾਕੂਬ ਦਾ ਪਰਮੇਸ਼ੁਰ ਹਾਂ।”
ਮੂਸਾ ਨੇ ਆਪਣਾ ਚਿਹਰਾ ਕੱਜ ਲਿਆ ਕਿਉਂਕਿ ਉਹ ਪਰਮੇਸ਼ੁਰ ਵੱਲ ਦੇਖਣ ਤੋਂ ਡਰਦਾ ਸੀ।
7 ਤਾਂ ਯਹੋਵਾਹ ਨੇ ਆਖਿਆ, “ਮੈਂ ਆਪਣੇ ਲੋਕਾਂ ਦੀਆਂ ਉਹ ਮੁਸੀਬਤਾਂ ਦੇਖੀਆਂ ਹਨ ਜੋ ਉਨ੍ਹਾਂ ਨੇ ਮਿਸਰ ਵਿੱਚ ਝੱਲੀਆਂ ਹਨ। ਅਤੇ ਜਦੋਂ ਮਿਸਰੀਆਂ ਨੇ ਉਨ੍ਹਾਂ ਨੂੰ ਦੁੱਖ ਦਿੱਤੇ ਮੈਂ ਉਨ੍ਹਾਂ ਦੀ ਪੁਕਾਰ ਸੁਣ ਲਈ ਹੈ। ਮੈਨੂੰ ਉਨ੍ਹਾਂ ਦੇ ਦੁੱਖ ਦਾ ਪਤਾ ਹੈ। 8 ਹੁਣ ਮੈਂ ਹੇਠਾਂ ਜਾਵਾਂਗਾ ਅਤੇ ਆਪਣੇ ਲੋਕਾਂ ਨੂੰ ਮਿਸਰੀਆਂ ਤੋਂ ਬਚਾਵਾਂਗਾ। ਮੈਂ ਉਨ੍ਹਾਂ ਨੂੰ ਇਸ ਧਰਤੀ ਤੋਂ ਕੱਢ ਕੇ ਉਸ ਧਰਤੀ ਤੇ ਲੈ ਜਾਵਾਂਗਾ ਜੋ ਚੰਗੀ ਅਤੇ ਵਿਸ਼ਾਲ ਹੈ ਅਤੇ ਦੁੱਧ ਅਤੇ ਸ਼ਹਿਦ ਜਿਹੀਆਂ ਚੰਗੀਆਂ ਚੀਜ਼ਾਂ ਨਾਲ ਭਰਪੂਰ ਹੈ। ਭਿੰਨ-ਭਿੰਨ ਕੌਮਾਂ ਦੇ ਲੋਕ ਉੱਥੇ ਰਹਿੰਦੇ ਹਨ, ਉਹ ਹਨ; ਕਨਾਨੀ, ਹਿੱਤੀ, ਅਮੋਰੀ, ਫ਼ਰਿੱਜ਼ੀ, ਹਿੱਵੀ ਅਤੇ ਯਬੂਸੀ। 9 ਮੈਂ ਇਸਰਾਏਲ ਦੇ ਲੋਕਾਂ ਦੀ ਪੁਕਾਰ ਸੁਣ ਲਈ ਹੈ। ਮੈਂ ਦੇਖ ਲਿਆ ਹੈ ਕਿ ਮਿਸਰੀਆਂ ਨੇ ਕਿਵੇਂ ਉਨ੍ਹਾਂ ਦਾ ਜਿਉਣਾ ਹਰਾਮ ਕਰ ਦਿੱਤਾ ਹੈ। 10 ਇਸ ਲਈ ਹੁਣ ਮੈਂ ਤੈਨੂੰ ਫ਼ਿਰਊਨ ਵੱਲ ਭੇਜ ਰਿਹਾ ਹਾਂ। ਜਾਹ, ਮੇਰੇ ਬੰਦਿਆਂ, ਇਸਰਾਏਲ ਦੇ ਲੋਕਾਂ ਦੀ ਮਿਸਰ ਤੋਂ ਬਾਹਰ ਜਾਣ ਵਿੱਚ ਅਗਵਾਈ ਕਰ।”
11 ਪਰ ਮੂਸਾ ਨੇ ਪਰਮੇਸ਼ੁਰ ਨੂੰ ਆਖਿਆ, “ਮੈਂ ਕੋਈ ਵੱਡਾ ਆਦਮੀ ਨਹੀਂ ਹਾਂ। ਫ਼ਿਰਊਨ ਕੋਲ ਜਾਣ ਵਾਲਾ ਅਤੇ ਇਸਰਾਏਲ ਦੇ ਲੋਕਾਂ ਦੀ ਮਿਸਰ ਤੋਂ ਬਾਹਰ ਅਗਵਾਈ ਕਰਨ ਵਾਲਾ ਬੰਦਾ ਮੈਂ ਕਿਵੇਂ ਹੋ ਸੱਕਦਾ ਹਾਂ?”
12 ਪਰਮੇਸ਼ੁਰ ਨੇ ਆਖ਼ਿਆ, “ਤੂੰ ਅਜਿਹਾ ਕਰ ਸੱਕਦਾ ਹੈਂ ਕਿਉਂਕਿ ਮੈਂ ਤੇਰੇ ਅੰਗ-ਸੰਗ ਹੋਵਾਂਗਾ। ਇਹ ਸਬੂਤ ਹੋਵੇਗਾ ਕਿ ਮੈਂ ਤੈਨੂੰ ਭੇਜ ਰਿਹਾ ਹਾਂ; ਜਦੋਂ ਤੂੰ ਲੋਕਾਂ ਨੂੰ ਮਿਸਰ ਤੋਂ ਬਾਹਰ ਲਿਆਵੇਂਗਾ, ਤੂੰ ਆਕੇ ਇਸ ਪਰਬਤ ਤੇ ਮੇਰੀ ਉਪਾਸਨਾ ਕਰੇਂਗਾ।”
13 ਤਾਂ ਮੂਸਾ ਨੇ ਪਰਮੇਸ਼ੁਰ ਨੂੰ ਆਖਿਆ, “ਪਰ ਜੇ ਮੈਂ ਇਸਰਾਏਲ ਦੇ ਲੋਕਾਂ ਕੋਲ ਜਾਵਾਂ ਤੇ ਉਨ੍ਹਾਂ ਨੂੰ ਆਖਾਂ, ‘ਤੁਹਾਡੇ ਪੁਰਖਿਆਂ ਦੇ ਪਰਮੇਸ਼ੁਰ ਨੇ ਮੈਨੂੰ ਭੇਜਿਆ ਹੈ।’ ਤਾਂ ਲੋਕ ਪੁੱਛਣਗੇ, ‘ਉਸਦਾ ਕੀ ਨਾਮ ਹੈ?’ ਮੈਂ ਉਨ੍ਹਾਂ ਨੂੰ ਕੀ ਦੱਸਾਂ?”
14 ਤਾਂ ਪਰਮੇਸ਼ੁਰ ਨੇ ਮੂਸਾ ਨੂੰ ਆਖਿਆ, “ਉਨ੍ਹਾਂ ਨੂੰ ਦੱਸੀ ‘ਮੈਂ ਹਾ ਜੋ ਮੈਂ ਹਾਂ’ ਜਦੋਂ ਤੂੰ ਇਸਰਾਏਲ ਦੇ ਲੋਕਾਂ ਕੋਲ ਜਾਵੇ ਤਾਂ ਉਨ੍ਹਾਂ ਨੂੰ ਆਖੀਂ ‘ਮੈਂ ਹਾਂ’ ਨੇ ਮੈਨੂੰ ਤੁਹਾਡੇ ਵੱਲ ਭੇਜਿਆ ਹੈ।” 15 ਤਾਂ ਪਰਮੇਸ਼ੁਰ ਨੇ ਮੂਸਾ ਨੂੰ ਆਖਿਆ, “ਤੈਨੂੰ ਲੋਕਾਂ ਨੂੰ ਇਹ ਆਖਣਾ ਚਾਹੀਦਾ ਹੈ; ‘ਯਹੋਵਾਹ ਤੁਹਾਡੇ ਪੁਰਖਿਆਂ ਦਾ ਪਰਮੇਸ਼ੁਰ ਅਬਰਾਹਾਮ ਦਾ ਪਰਮੇਸ਼ੁਰ, ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ ਹੈ। ਮੇਰਾ ਨਾਮ ਹਮੇਸ਼ਾ ਯਾਹਵੇਹ ਹੋਵੇਗਾ। ਇਸੇ ਤਰ੍ਹਾਂ ਲੋਕ ਪੀੜੀਆਂ ਦਰ ਪੀੜੀਆਂ ਤੱਕ ਮੈਨੂੰ ਜਾਨਣਗੇ।’ ਲੋਕਾਂ ਨੂੰ ਦੱਸ, ‘ਯਹੋਵਾਹ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ।’”
16 ਯਹੋਵਾਹ ਨੇ ਇਹ ਵੀ ਆਖਿਆ, “ਜਾਹ ਅਤੇ ਲੋਕਾਂ ਦੇ ਬਜ਼ੁਰਗਾਂ ਨੂੰ ਇੱਕਸਾਥ ਇਕੱਠਿਆਂ ਕਰ ਅਤੇ ਉਨ੍ਹਾਂ ਨੂੰ ਦੱਸ, ‘ਯਾਹਵੇਹ, ਤੁਹਾਡੇ ਪੁਰਖਿਆਂ ਦਾ ਪਰਮੇਸ਼ੁਰ, ਅਬਰਾਹਾਮ, ਇਸਹਾਕ ਅਤੇ ਯਾਕੂਬ ਦਾ ਪਰਮੇਸ਼ੁਰ ਮੈਨੂੰ ਪ੍ਰਗਟ ਹੋਇਆ ਅਤੇ ਉਸ ਨੇ ਆਖਿਆ; ਮੈਂ ਤੁਹਾਡੇ ਅਤੇ ਉਨ੍ਹਾਂ ਗੱਲਾਂ ਵੱਲ ਧਿਆਨ ਦਿੱਤਾ ਹੈ ਜੋ ਤੁਹਾਡੇ ਨਾਲ ਮਿਸਰ ਵਿੱਚ ਵਾਪਰ ਰਹੀਆਂ ਹਨ। 17 ਅਤੇ ਮੈਂ ਨਿਆਂ ਕੀਤਾ ਹੈ ਕਿ ਮੈਂ ਤੁਹਾਨੂੰ ਉਨ੍ਹਾਂ ਮੁਸੀਬਤਾਂ ਵਿੱਚੋਂ ਕੱਢ ਲਵਾਂ ਜਿਹੜੀਆਂ ਤੁਸੀਂ ਮਿਸਰ ਵਿੱਚ ਸਹਾਰ ਰਹੇ ਹੋ। ਮੈਂ ਤੁਹਾਨੂੰ ਉਸ ਧਰਤੀ ਤੇ ਲੈ ਜਾਵਾਂਗਾ ਜਿਹੜੀ ਹੁਣ ਬਹੁਤ ਸਾਰੇ ਲੋਕਾਂ; ਕਨਾਨੀਆਂ, ਹਿੱਤੀਆਂ, ਅਮੋਰੀਆਂ, ਫ਼ਰਿੱਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਦੀ ਹੈ। ਮੈਂ ਤੁਹਾਨੂੰ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਨਾਲ ਭਰੀ ਹੋਈ ਧਰਤੀ ਤੇ ਲੈ ਜਾਵਾਂਗਾ।’
18 “ਬਜ਼ੁਰਗ ਤੇਰੀ ਗੱਲ ਸੁਣਨਗੇ। ਤੂੰ ਤੇ ਬਜ਼ੁਰਗ ਵੀ ਮਿਸਰ ਦੇ ਰਾਜੇ ਕੋਲ ਜਾਵੋਂਗੇ ਅਤੇ ਉਸ ਨੂੰ ਦੱਸੋਂਗੇ, ‘ਯਹੋਵਾਹ ਇਬਰਾਨੀ ਲੋਕਾਂ ਦਾ ਪਰਮੇਸ਼ੁਰ ਸਾਡੇ ਕੋਲ ਆਇਆ ਅਤੇ ਸਾਨੂੰ ਤਿੰਨ ਦਿਨ ਮਾਰੂਥਲ ਵਿੱਚ ਸਫ਼ਰ ਕਰਨ ਲਈ ਆਖਿਆ। ਓੱਥੇ ਸਾਨੂੰ ਯਾਹਵੇਹ, ਸਾਡੇ ਪਰਮੇਸ਼ੁਰ ਨੂੰ ਬਲੀਆਂ ਜ਼ਰੂਰ ਚੜ੍ਹਾਉਣੀਆਂ ਚਾਹੀਦੀਆਂ ਹਨ।’
19 “ਪਰ ਮੈਂ ਜਾਣਦਾ ਹਾਂ ਕਿ ਮਿਸਰ ਦਾ ਰਾਜਾ ਤੁਹਾਨੂੰ ਜਾਣ ਨਹੀਂ ਦੇਵੇਗਾ। ਸਿਰਫ਼ ਕੋਈ ਮਹਾਨ ਸ਼ਕਤੀ ਹੀ ਉਸ ਨੂੰ ਮਜਬੂਰ ਕਰੇਗੀ ਤਾਂ ਕਿ ਉਹ ਤੁਹਾਨੂੰ ਜਾਣ ਦੇਵੇ। 20 ਇਸ ਲਈ ਮੈਂ ਆਪਣੀ ਮਹਾਨ ਸ਼ਕਤੀ ਮਿਸਰ ਦੇ ਖਿਲਾਫ਼ ਵਰਤਾਂਗਾ। ਮੈਂ ਉਸ ਧਰਤੀ ਉੱਤੇ ਹੈਰਾਨੀ ਭਰੀਆਂ ਗੱਲਾਂ ਕਰਾਂਗਾ। ਜਦੋਂ ਮੈਂ ਅਜਿਹਾ ਕਰਾਂਗਾ ਤਾਂ ਉਹ ਤੁਹਾਨੂੰ ਜਾਣ ਦੇਵੇਗਾ। 21 ਅਤੇ ਮੈਂ ਮਿਸਰੀ ਲੋਕਾਂ ਨੂੰ ਇਸਰਾਏਲ ਦੇ ਲੋਕਾਂ ਲਈ ਮਿਹਰਬਾਨ ਬਣਾ ਦਿਆਂਗਾ। ਜਦੋਂ ਤੁਹਾਡੇ ਲੋਕ ਮਿਸਰ ਤੋਂ ਜਾਣਗੇ ਮਿਸਰੀ ਲੋਕ ਉਨ੍ਹਾਂ ਨੂੰ ਬਹੁਤ ਸਾਰੀਆਂ ਸੁਗਾਤਾਂ ਦੇਣਗੇ।
22 “ਸਾਰੀਆਂ ਇਬਰਾਨੀ ਔਰਤਾਂ ਨੂੰ ਆਪਣੇ ਮਿਸਰੀ ਗੁਆਂਢੀਆਂ ਅਤੇ ਆਪਣੇ ਘਰਾਂ ਵਿੱਚ ਰਹਿੰਦੀਆਂ ਮਿਸਰੀ ਔਰਤਾਂ ਪਾਸੋਂ ਚਾਂਦੀ ਸੋਨਾ ਅਤੇ ਵੱਧੀਆ ਕੱਪੜੇ ਮੰਗਣੇ ਚਾਹੀਦੇ ਹਨ। ਜਦੋਂ ਤੁਸੀਂ ਮਿਸਰ ਛੱਡੋਂ, ਉਨ੍ਹਾਂ ਸੁਗਾਤਾਂ ਨੂੰ ਆਪਣੇ ਬੱਚਿਆਂ ਉੱਪਰ ਪਾ ਦਿਓ। ਇਸ ਤਰ੍ਹਾਂ ਤੁਸੀਂ ਮਿਸਰੀਆਂ ਦੀ ਦੌਲਤ ਆਪਣੇ ਨਾਲ ਲੈ ਜਾਵੋਂਗੇ।”
ਮੂਸਾ ਲਈ ਸਬੂਤ
4 ਤਾਂ ਮੂਸਾ ਨੇ ਪਰਮੇਸ਼ੁਰ ਨੂੰ ਆਖਿਆ, “ਪਰ ਜਦੋਂ ਮੈਂ ਇਸਰਾਏਲ ਦੇ ਲੋਕਾਂ ਨੂੰ ਦੱਸਾਂਗਾ ਕਿ ਤੂੰ ਮੈਨੂੰ ਭੇਜਿਆ ਹੈ ਤਾਂ ਉਹ ਮੇਰੇ ਉੱਤੇ ਵਿਸ਼ਵਾਸ ਨਹੀਂ ਕਰਨਗੇ। ਉਹ ਆਖਣਗੇ, ‘ਯਹੋਵਾਹ ਤੇਰੇ ਅੱਗੇ ਪ੍ਰਗਟ ਨਹੀਂ ਹੋਇਆ।’”
2 ਪਰ ਪਰਮੇਸ਼ੁਰ ਨੇ ਮੂਸਾ ਨੂੰ ਆਖਿਆ, “ਇਹ ਕੀ ਚੀਜ਼ ਹੈ ਜੋ ਤੇਰੇ ਹੱਥ ਵਿੱਚ ਹੈ?”
ਮੂਸਾ ਨੇ ਜਵਾਬ ਦਿੱਤਾ, “ਇਹ ਮੇਰੀ ਤੁਰਨ ਵਾਲੀ ਸੋਟੀ ਹੈ।”
3 ਤਾਂ ਪਰਮੇਸ਼ੁਰ ਨੇ ਆਖਿਆ, “ਆਪਣੀ ਸੋਟੀ ਧਰਤੀ ਤੇ ਸੁੱਟ।”
ਇਸ ਲਈ ਮੂਸਾ ਨੇ ਆਪਣੀ ਸੋਟੀ ਧਰਤੀ ਤੇ ਸੁੱਟ ਦਿੱਤੀ। ਅਤੇ ਸੋਟੀ ਸੱਪ ਬਣ ਗਈ। ਮੂਸਾ ਡਰ ਗਿਆ ਅਤੇ ਇਸਤੋਂ ਦੂਰ ਭਜਿਆ। 4 ਪਰ ਯਹੋਵਾਹ ਨੇ ਮੂਸਾ ਨੂੰ ਆਖਿਆ, “ਅੱਗੇ ਵੱਧਕੇ ਸੱਪ ਨੂੰ ਇਸਦੀ ਪੂੰਛ ਤੋਂ ਫ਼ੜ ਲੈ।”
ਤਾਂ ਮੂਸਾ ਅੱਗੇ ਵੱਧਿਆ ਤੇ ਸੱਪ ਦੀ ਪੂੰਛ ਫ਼ੜ ਲਈ। ਜਦੋਂ ਮੂਸਾ ਨੇ ਅਜਿਹਾ ਕੀਤਾ, ਤਾਂ ਸੱਪ ਇੱਕ ਵਾਰੀ ਫ਼ੇਰ ਸੋਟੀ ਬਣ ਗਿਆ। 5 ਤਾਂ ਪਰਮੇਸ਼ੁਰ ਨੇ ਆਖਿਆ, “ਆਪਣੀ ਸੋਟੀ ਨੂੰ ਇਸੇ ਤਰ੍ਹਾਂ ਵਰਤੀਂ ਅਤੇ ਲੋਕ ਵਿਸ਼ਵਾਸ ਕਰ ਲੈਣਗੇ ਕਿ ਤੂੰ ਯਹੋਵਾਹ, ਆਪਣੇ ਪੁਰਖਿਆਂ ਦੇ ਪਰਮੇਸ਼ੁਰ, ਅਬਰਾਹਾਮ ਦੇ ਪਰਮੇਸ਼ੁਰ, ਇਸਹਾਕ ਦੇ ਪਰਮੇਸ਼ੁਰ ਅਤੇ ਯਾਕੂਬ ਦੇ ਪਰਮੇਸ਼ੁਰ ਨੂੰ ਦੇਖਿਆ ਹੈ।”
6 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, “ਮੈਂ ਤੈਨੂੰ ਇੱਕ ਹੋਰ ਸਬੂਤ ਦੇਵਾਂਗਾ। ਆਪਣਾ ਹੱਥ ਆਪਣੇ ਚੋਲੇ ਅੰਦਰ ਪਾ।”
ਤਾਂ ਮੂਸਾ ਨੇ ਆਪਣਾ ਹੱਥ ਆਪਣੇ ਚੋਲੇ ਅੰਦਰ ਪਾਇਆ। ਫ਼ੇਰ ਜਦੋਂ ਉਸ ਨੇ ਚੋਲੇ ਵਿੱਚੋਂ ਆਪਣਾ ਹੱਥ ਬਾਹਰ ਕੱਢਿਆ, ਇਸ ਨੂੰ ਬਿਮਾਰੀ ਲੱਗ ਗਈ ਸੀ ਅਤੇ ਇਹ ਬਰਫ਼ ਵਾਂਗ ਸਫ਼ੇਦ ਹੋ ਗਿਆ ਸੀ।
7 ਤਾਂ ਪਰਮੇਸ਼ੁਰ ਨੇ ਆਖਿਆ, “ਹੁਣ ਆਪਣਾ ਹੱਥ ਇੱਕ ਵਾਰੀ ਫ਼ੇਰ ਆਪਣੇ ਚੋਲੇ ਅੰਦਰ ਕਰ।” ਤਾਂ ਮੂਸਾ ਨੇ ਇੱਕ ਵਾਰੀ ਫ਼ੇਰ ਆਪਣਾ ਹੱਥ ਚੋਲੇ ਅੰਦਰ ਕਰ ਲਿਆ। ਫ਼ੇਰ ਮੂਸਾ ਨੇ ਆਪਣਾ ਹੱਥ ਬਾਹਰ ਕੱਢਿਆ, ਅਤੇ ਉਸਦਾ ਹੱਥ ਬਦਲ ਗਿਆ ਸੀ। ਹੁਣ ਉਸਦਾ ਹੱਥ ਪਹਿਲਾਂ ਵਾਂਗ ਹੀ ਇੱਕ ਵਾਰੀ ਫ਼ੇਰ ਠੀਕ ਹੋ ਗਿਆ ਸੀ।
8 ਤਾਂ ਪਰਮੇਸ਼ੁਰ ਨੇ ਆਖਿਆ, “ਜਦ ਤੂੰ ਆਪਣੀ ਸੋਟੀ ਦੀ ਵਰਤੋਂ ਕਰੇਂ ਪਰ ਲੋਕ ਤੇਰਾ ਵਿਸ਼ਵਾਸ ਨਾ ਕਰਨ ਤਾਂ ਤੂੰ ਇਹ ਨਿਸ਼ਾਨ ਉਨ੍ਹਾਂ ਨੂੰ ਦਿਖਾਵੀਂ, ਉਹ ਤੇਰੇ ਉੱਤੇ ਜ਼ਰੂਰ ਵਿਸ਼ਵਾਸ ਕਰ ਲੈਣਗੇ। 9 ਜੇ ਉਹ ਹਾਲੇ ਵੀ ਵਿਸ਼ਵਾਸ ਨਹੀਂ ਕਰਦੇ ਜਦ ਕਿ ਤੂੰ ਉਨ੍ਹਾਂ ਨੂੰ ਇਹ ਦੋਵੇਂ ਚੀਜ਼ਾਂ ਦਿਖਾ ਦਿੱਤੀਆਂ ਹੋਣ, ਤਾਂ ਨੀਲ ਨਦੀ ਵਿੱਚੋਂ ਕੁਝ ਪਾਣੀ ਲਵੀਂ। ਪਾਣੀ ਨੂੰ ਧਰਤੀ ਤੇ ਡੋਲ੍ਹ ਦੇਵੀਂ, ਅਤੇ ਜਿਵੇਂ ਹੀ ਇਹ ਧਰਤੀ ਨੂੰ ਛੂਹੇਗਾ ਇਹ ਖੂਨ ਬਣ ਜਾਵੇਗਾ।”
10 ਪਰ ਮੂਸਾ ਨੇ ਯਹੋਵਾਹ ਨੂੰ ਆਖਿਆ, “ਯਹੋਵਾਹ, ਮੈਂ ਤੈਨੂੰ ਸੱਚ ਦੱਸ ਰਿਹਾ ਹਾਂ, ਮੈਂ ਕੋਈ ਚੰਗਾ ਬੁਲਾਰਾ ਨਹੀਂ ਹਾਂ। ਮੈਂ ਕਦੇ ਵੀ ਠੀਕ ਤਰ੍ਹਾਂ ਬੋਲਣ ਦੇ ਕਾਬਿਲ ਨਹੀਂ ਰਿਹਾ ਹਾਂ। ਹੁਣ, ਤੇਰੇ ਨਾਲ ਗੱਲਾਂ ਕਰਨ ਤੋਂ ਮਗਰੋਂ ਵੀ, ਮੈਂ ਚੰਗਾ ਬੁਲਾਰਾ ਨਹੀਂ ਹਾਂ ਤੂੰ ਜਾਣਦਾ ਹੈਂ ਕਿ ਮੈਂ ਹੌਲੀ ਅਤੇ ਬੇਢਂਗਾ ਬੋਲਦਾ ਹਾਂ।”
11 ਤਾਂ ਯਹੋਵਾਹ ਨੇ ਉਸ ਨੂੰ ਆਖਿਆ, “ਆਦਮੀ ਦਾ ਮੂੰਹ ਕਿਸਨੇ ਬਣਾਇਆ ਹੈ? ਅਤੇ ਕੌਣ ਕਿਸੇ ਆਦਮੀ ਨੂੰ ਬੋਲਾ ਜਾਂ ਗੂਂਗਾ ਬਣਾ ਸੱਕਦਾ ਹੈ? ਕੌਣ ਕਿਸੇ ਆਦਮੀ ਨੂੰ ਅੰਨ੍ਹਾ ਬਣਾ ਸੱਕਦਾ ਹੈ? ਕੌਣ ਕਿਸੇ ਆਦਮੀ ਨੂੰ ਦੇਖਣ ਦੇ ਯੋਗ ਬਣਾ ਸੱਕਦਾ ਹੈ? ਮੈਂ ਹੀ ਹਾਂ ਉਹ ਜਿਹੜਾ ਇਹ ਸਾਰੀਆਂ ਗੱਲਾਂ ਕਰ ਸੱਕਦਾ ਹੈ-ਮੈਂ ਯਾਹਵੇਹ ਹਾਂ। 12 ਇਸ ਲਈ ਜਾਹ। ਜਦੋਂ ਤੂੰ ਬੋਲੇਂਗਾ, ਮੈਂ ਤੇਰੇ ਅੰਗ-ਸੰਗ ਹੋਵਾਂਗਾ। ਮੈਂ ਤੈਨੂੰ ਆਖਣ ਲਈ ਸ਼ਬਦ ਦੇਵਾਂਗਾ।”
13 ਪਰ ਮੂਸਾ ਨੇ ਆਖਿਆ, “ਮੇਰੇ ਯਹੋਵਾਹ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਮੈਨੂੰ ਨਹੀਂ, ਕਿਸੇ ਹੋਰ ਬੰਦੇ ਨੂੰ ਭੇਜੋ।”
14 ਤਾਂ ਯਹੋਵਾਹ ਮੂਸਾ ਉੱਪਰ ਬਹੁਤ ਕਰੋਧਵਾਨ ਹੋ ਗਿਆ ਅਤੇ ਆਖਿਆ, “ਠੀਕ ਹੈ। ਮੈਂ ਤੇਰੀ ਸਹਾਇਤਾ ਲਈ ਤੈਨੂੰ ਕੋਈ ਬੰਦਾ ਦੇਵਾਂਗਾ। ਮੈਂ ਲੇਵੀ ਦੇ ਪਰਿਵਾਰ ਵਿੱਚੋਂ, ਤੇਰੇ ਭਰਾ, ਹਾਰੂਨ ਦੀ ਵਰਤੋਂ ਕਰਾਂਗਾ ਉਹ ਚੰਗਾ ਬੁਲਾਰਾ ਹੈ ਹਾਰੂਨ ਪਹਿਲਾਂ ਹੀ ਤੈਨੂੰ ਮਿਲਣ ਲਈ ਆ ਰਿਹਾ ਹੈ ਉਹ ਤੈਨੂੰ ਮਿਲਕੇ ਪ੍ਰਸੰਨ ਹੋਵੇਗਾ। 15 ਉਹ ਤੇਰੇ ਨਾਲ ਫ਼ਿਰਊਨ ਕੋਲ ਜਾਵੇਗਾ ਮੈਂ ਤੈਨੂੰ ਦੱਸਾਂਗਾ ਕਿ ਤੂੰ ਕੀ ਬੋਲਣਾ ਹੈ। ਫ਼ੇਰ ਤੂੰ ਹਾਰੂਨ ਨੂੰ ਦੱਸੇਂਗਾ ਅਤੇ ਮੈਂ ਪ੍ਰਪੱਕ ਕਰਾਂਗਾ ਕਿ ਤੇਰਾ ਮੂੰਹ ਅਤੇ ਉਸਦਾ ਮੂੰਹ ਸਹੀ ਗੱਲਾਂ ਆਖਣ। 16 ਹਾਰੂਨ ਤੇਰੀ ਖਾਤਰ ਲੋਕਾਂ ਨਾਲ ਵੀ ਗੱਲ ਕਰੇਗਾ। ਤੂੰ ਉਸ ਲਈ ਪਰਮੇਸ਼ੁਰ ਵਾਂਗ ਹੋਵੇਂਗਾ, ਅਤੇ ਉਹ ਤੇਰਾ ਦਫ਼ਤਰੀ ਬੁਲਾਰਾ ਹੋਵੇਗਾ। [a] 17 ਇਸ ਲਈ ਜਾਹ ਇਹ ਸੋਟੀ ਆਪਣੇ ਨਾਲ ਲੈ, ਜਿਸ ਨਾਲ ਤੂੰ ਲੋਕਾਂ ਨੂੰ ਵਿਖਾਉਣ ਲਈ ਕਿ ਮੈਂ ਤੇਰੇ ਨਾਲ ਹਾਂ, ਕਰਿਸ਼ਮੇ ਕਰ ਸੱਕਦਾ ਹੈਂ।”
ਮੂਸਾ ਮਿਸਰ ਪਰਤਦਾ ਹੈ
18 ਤਾਂ ਮੂਸਾ ਆਪਣੇ ਸੌਹਰੇ ਯਿਥਰੋ ਵੱਲ ਵਾਪਸ ਚੱਲਾ ਗਿਆ। ਮੂਸਾ ਨੇ ਯਿਥਰੋ ਨੂੰ ਆਖਿਆ, “ਮਿਹਰਬਾਨੀ ਕਰਕੇ ਮੈਨੂੰ ਮਿਸਰ ਵਾਪਸ ਜਾਣ ਦਿਓ। ਮੈਂ ਦੇਖਣਾ ਚਾਹੁੰਦਾ ਹਾਂ ਕਿ ਕੀ ਮੇਰੇ ਲੋਕ ਹਾਲੇ ਵੀ ਜਿਉਂਦੇ ਹਨ।”
ਯਿਥਰੋ ਨੇ ਮੂਸਾ ਨੂੰ ਆਖਿਆ, “ਜ਼ਰੂਰ। ਅਤੇ ਤੂੰ ਸ਼ਾਂਤੀ ਨਾਲ ਜਾ ਸੱਕਦਾ ਹੈਂ।”
19 ਤਾਂ ਜਦੋਂ ਮੂਸਾ ਹਾਲੇ ਮਿਦਯਾਨ ਵਿੱਚ ਹੀ ਸੀ, ਪਰਮੇਸ਼ੁਰ ਨੇ ਉਸ ਨੂੰ ਆਖਿਆ, “ਤੇਰੇ ਲਈ ਹੁਣ ਮਿਸਰ ਵਾਪਸ ਜਾਣਾ ਸੁਰੱਖਿਅਤ ਹੈ। ਜਿਹੜੇ ਆਦਮੀ ਤੈਨੂੰ ਮਾਰਨਾ ਚਾਹੁੰਦੇ ਸਨ, ਉਹ ਮਰ ਚੁੱਕੇ ਹਨ।”
20 ਇਸ ਲਈ ਮੂਸਾ ਨੇ ਆਪਣੀ ਪਤਨੀ ਅਤੇ ਬੱਚਿਆਂ ਨੂੰ ਗਧੇ ਉੱਤੇ ਬਿਠਾਇਆ ਅਤੇ ਮਿਸਰ ਪਰਤ ਆਇਆ। ਮੂਸਾ ਨੇ ਆਪਣੇ ਨਾਲ ਆਪਣੀ ਸੋਟੀ ਵੀ ਲੈ ਲਈ-ਪਰਮੇਸ਼ੁਰ ਦੀ ਸ਼ਕਤੀ ਵਾਲੀ, ਤੁਰਨ ਵਾਲੀ ਸੋਟੀ।
21 ਜਦੋਂ ਮੂਸਾ ਮਿਸਰ ਵੱਲ ਵਾਪਸ ਜਾ ਰਿਹਾ ਸੀ, ਪਰਮੇਸ਼ੁਰ ਨੇ ਉਸ ਦੇ ਨਾਲ ਗੱਲ ਕੀਤੀ। ਪਰਮੇਸ਼ੁਰ ਨੇ ਆਖਿਆ, “ਜਦੋਂ ਤੂੰ ਫ਼ਿਰਊਨ ਨਾਲ ਗੱਲ ਕਰੇਂ ਤਾਂ ਉਹ ਸਾਰੇ ਕਰਿਸ਼ਮੇ ਦਿਖਾਉਣੇ ਚੇਤੇ ਰੱਖੀਂ ਜਿਨ੍ਹਾਂ ਨੂੰ ਕਰਨ ਦੀ ਤਾਕਤ ਮੈਂ ਤੈਨੂੰ ਦਿੱਤੀ ਹੈ। ਪਰ ਮੈਂ ਫ਼ਿਰਊਨ ਨੂੰ ਬਹੁਤ ਜ਼ਿੱਦੀ ਬਣਾ ਦਿਆਂਗਾ। ਉਹ ਲੋਕਾਂ ਨੂੰ ਜਾਣ ਨਹੀਂ ਦੇਵੇਗਾ। 22 ਤਾਂ ਤੈਨੂੰ ਫ਼ਿਰਊਨ ਨੂੰ ਆਖਣਾ ਚਾਹੀਦਾ; 23 ਯਹੋਵਾਹ ਆਖਦਾ ਹੈ, ‘ਇਸਰਾਏਲ ਮੇਰਾ ਪਹਿਲੋਠਾ ਪੁੱਤਰ ਹੈ। ਅਤੇ ਮੈਂ ਤੈਨੂੰ ਆਖ ਰਿਹਾ ਹਾਂ ਕਿ ਮੇਰੇ ਪੁੱਤਰ ਨੂੰ ਜਾਣ ਦੇ ਅਤੇ ਮੇਰੀ ਉਪਾਸਨਾ ਕਰਨ ਦੇ। ਜੇ ਤੂੰ ਇਸਰਾਏਲ ਨੂੰ ਨਹੀਂ ਜਾਣ ਦੇਵੇਂਗਾ, ਤਾਂ ਮੈਂ ਤੇਰੇ ਪਹਿਲੋਠੇ ਪੁੱਤਰ ਨੂੰ ਮਾਰ ਦਿਆਂਗਾ।’”
ਮੂਸਾ ਦੇ ਪੁੱਤਰ ਦੀ ਸੁੰਨਤ
24 ਮਿਸਰ ਦੇ ਰਸਤੇ ਉੱਤੇ ਮੂਸਾ ਇੱਕ ਥਾਂ ਰਾਤ ਬਿਤਾਉਣ ਲਈ ਠਹਿਰ ਗਿਆ। ਯਹੋਵਾਹ ਮੂਸਾ ਨੂੰ ਉਸ ਥਾਂ ਮਿਲਿਆ ਅਤੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। [b] 25 ਪਰ ਸਿੱਪੋਰਾਹ ਨੇ ਇੱਕ ਫ਼ੌਲਾਦੀ ਛੁਰੀ ਲਈ ਅਤੇ ਆਪਣੇ ਪੁੱਤਰ ਦੀ ਸੁੰਨਤ ਕਰ ਦਿੱਤੀ। ਉਸ ਨੇ ਚਮੜੀ ਲਈ ਅਤੇ ਉਸ ਦੇ ਪੈਰੀਂ ਹੱਥ ਲਾਇਆ। ਫ਼ੇਰ ਉਸ ਨੇ ਮੂਸਾ ਨੂੰ ਆਖਿਆ, “ਤੂੰ ਮੇਰੇ ਲਈ ਖੂਨ ਦਾ ਲਾੜਾ ਹੈਂ।” 26 ਸਿੱਪੋਰਾਹ ਨੇ ਇਹ ਇਸ ਵਾਸਤੇ ਆਖਿਆ ਕਿਉਂਕਿ ਉਸ ਨੂੰ ਆਪਣੇ ਪੁੱਤਰ ਦੀ ਸੁੰਨਤ ਕਰਨੀ ਪਈ ਸੀ। ਇਸ ਲਈ ਪਰਮੇਸ਼ੁਰ ਨੇ ਮੂਸਾ ਨੂੰ ਬਖਸ਼ ਦਿੱਤਾ ਅਤੇ ਉਸ ਨੂੰ ਨਹੀਂ ਮਾਰਿਆ।
ਮੂਸਾ ਤੇ ਹਾਰੂਨ ਪਰਮੇਸ਼ੁਰ ਸਾਹਮਣੇ
27 ਯਹੋਵਾਹ ਨੇ ਹਾਰੂਨ ਨਾਲ ਗੱਲ ਕੀਤੀ। ਯਹੋਵਾਹ ਨੇ ਉਸ ਨੂੰ ਆਖਿਆ ਸੀ, “ਮਾਰੂਥਲ ਵਿੱਚ ਜਾਹ ਤੇ ਮੂਸਾ ਨੂੰ ਮਿਲ।” ਇਸ ਲਈ ਹਾਰੂਨ ਚੱਲਾ ਗਿਆ ਅਤੇ ਮੂਸਾ ਨੂੰ ਪਰਮੇਸ਼ੁਰ ਦੇ ਪਰਬਤ ਉੱਤੇ ਜਾ ਮਿਲਿਆ। ਹਾਰੂਨ ਨੇ ਮੂਸਾ ਨੂੰ ਦੇਖਿਆ ਅਤੇ ਉਸ ਨੂੰ ਚੁੰਮਿਆ। 28 ਮੂਸਾ ਨੇ ਹਾਰੂਨ ਨੂੰ ਦੱਸਿਆ ਕਿ ਯਹੋਵਾਹ ਨੇ ਉਸ ਨੂੰ ਕਿਉਂ ਭੇਜਿਆ ਸੀ। ਅਤੇ ਮੂਸਾ ਨੇ ਹਾਰੂਨ ਨੂੰ ਉਨ੍ਹਾਂ ਸਾਰੇ ਕਰਿਸ਼ਮਿਆਂ ਅਤੇ ਹੋਰ ਗੱਲਾਂ ਬਾਰੇ ਵੀ ਦੱਸਿਆ ਜੋ ਉਸ ਨੇ ਇਹ ਸਾਬਤ ਕਰਨ ਲਈ ਕਰਨੀਆਂ ਸਨ ਕਿ ਪਰਮੇਸ਼ੁਰ ਨੇ ਉਸ ਨੂੰ ਭੇਜਿਆ ਸੀ। ਮੂਸਾ ਨੇ ਹਾਰੂਨ ਨੂੰ ਉਹ ਹਰ ਗੱਲ ਦੱਸ ਦਿੱਤੀ ਜਿਹੜੀ ਯਹੋਵਾਹ ਨੇ ਆਖੀ ਸੀ।
29 ਤਾਂ ਮੂਸਾ ਅਤੇ ਹਾਰੂਨ ਗਏ ਅਤੇ ਇਸਰਾਏਲ ਦੇ ਲੋਕਾਂ ਦੇ ਸਾਰੇ ਬਜ਼ੁਰਗਾਂ ਨੂੰ ਇਕੱਠਿਆਂ ਕੀਤਾ। 30 ਤਾਂ ਹਾਰੂਨ ਨੇ ਲੋਕਾਂ ਨਾਲ ਗੱਲ ਕੀਤੀ। ਉਸ ਨੇ ਉਨ੍ਹਾਂ ਨੂੰ ਉਹ ਸਾਰੀਆਂ ਗੱਲਾਂ ਦੱਸੀਆਂ ਜਿਹੜੀਆਂ ਯਹੋਵਾਹ ਨੇ ਮੂਸਾ ਨੂੰ ਆਖੀਆਂ ਸਨ। ਫ਼ੇਰ ਮੂਸਾ ਨੇ ਸਾਰੇ ਲੋਕਾਂ ਦੇ ਦੇਖਣ ਲਈ ਸਬੂਤ ਪੇਸ਼ ਕੀਤੇ। 31 ਲੋਕਾਂ ਨੇ ਵਿਸ਼ਵਾਸ ਕਰ ਲਿਆ ਕਿ ਪਰਮੇਸ਼ੁਰ ਨੇ ਹੀ ਮੂਸਾ ਨੂੰ ਭੇਜਿਆ ਸੀ। ਇਸਰਾਏਲ ਦੇ ਲੋਕ ਜਾਣਦੇ ਸਨ ਕਿ ਪਰਮੇਸ਼ੁਰ ਨੇ ਉਨ੍ਹਾਂ ਦੀਆਂ ਮੁਸੀਬਤਾਂ ਦੇਖ ਲਈਆਂ ਸਨ ਅਤੇ ਉਹ ਉਨ੍ਹਾਂ ਦੀ ਮਦਦ ਕਰਨ ਲਈ ਆ ਗਿਆ ਸੀ। ਇਸ ਲਈ ਉਨ੍ਹਾਂ ਨੇ ਮੱਥਾ ਟੇਕਿਆ ਅਤੇ ਪਰਮੇਸ਼ੁਰ ਦੀ ਉਪਾਸਨਾ ਕੀਤੀ।
ਮੂਸਾ ਅਤੇ ਹਾਰੂਨ ਫ਼ਿਰਊਨ ਦੇ ਸਾਹਮਣੇ
5 ਜਦੋਂ ਮੂਸਾ ਅਤੇ ਹਾਰੂਨ ਲੋਕਾਂ ਨਾਲ ਗੱਲ ਕਰ ਹਟੇ, ਉਹ ਫ਼ਿਰਊਨ ਵੱਲ ਚੱਲੇ ਗਏ। ਉਨ੍ਹਾਂ ਨੇ ਆਖਿਆ, “ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ ਆਖਦਾ ਹੈ, ‘ਮੇਰੇ ਲੋਕਾਂ ਨੂੰ ਮਾਰੂਥਲ ਵਿੱਚ ਜਾਣ ਦਿਓ ਤਾਂ ਜੋ ਉਹ ਮੇਰੇ ਸਨਮਾਨ ਵਿੱਚ ਦਾਵਤ ਕਰ ਸੱਕਣ।’”
2 ਪਰ ਫ਼ਿਰਊਨ ਨੇ ਆਖਿਆ, “ਕੌਣ ਹੈ ਇਹ ਯਹੋਵਾਹ? ਮੈਂ ਉਸਦਾ ਹੁਕਮ ਕਿਉਂ ਮੰਨਾਂ? ਮੈਂ ਇਸਰਾਏਲ ਨੂੰ ਕਿਉਂ ਜਾਣ ਦੇਵਾਂ? ਮੈਂ ਤਾਂ ਇਹ ਜਾਣਦਾ ਵੀ ਨਹੀਂ ਕਿ ਉਹ ਕੌਣ ਹੈ ਜਿਸ ਨੂੰ ਤੁਸੀਂ ਯਹੋਵਾਹ ਕਹਿੰਦੇ ਹੋ, ਇਸ ਲਈ ਇਸਰਾਏਲੀਆਂ ਦੇ ਚੱਲੇ ਜਾਣ ਤੋਂ ਇਨਕਾਰ ਕਰਦਾ ਹਾਂ।”
3 ਤਾਂ ਹਾਰੂਨ ਤੇ ਮੂਸਾ ਨੇ ਆਖਿਆ, “ਇਬਰਾਨੀ ਲੋਕਾਂ ਦੇ ਪਰਮੇਸ਼ੁਰ ਨੇ ਸਾਡੇ ਨਾਲ ਗੱਲ ਕੀਤੀ ਹੈ। ਇਸ ਲਈ ਅਸੀਂ ਤੈਨੂੰ ਬੇਨਤੀ ਕਰਦੇ ਹਾਂ ਕਿ ਸਾਨੂੰ ਯਹੋਵਾਹ, ਆਪਣੇ ਪਰਮੇਸ਼ੁਰ, ਨੂੰ ਬਲੀਆਂ ਚੜ੍ਹਾਉਣ ਲਈ ਤਿੰਨਾਂ ਦਿਨਾਂ ਲਈ ਮਾਰੂਥਲ ਅੰਦਰ ਸਫ਼ਰ ਕਰਨ ਦੇ। ਜੇ ਅਸੀਂ ਅਜਿਹਾ ਨਹੀਂ ਕਰਾਂਗੇ, ਤਾਂ ਉਹ ਗੁੱਸੇ ਹੋ ਸੱਕਦਾ ਤੇ ਸਾਨੂੰ ਬਿਮਾਰੀ ਜਾਂ ਤਲਵਾਰ ਨਾਲ ਮਾਰ ਦੇਵੇਗਾ।”
4 ਪਰ ਫ਼ਿਰਊਨ ਨੇ ਉਨ੍ਹਾਂ ਨੂੰ ਆਖਿਆ, “ਮੂਸਾ ਤੇ ਹਾਰੂਨ, ਤੁਸੀਂ ਕਾਮਿਆਂ ਨੂੰ ਕੰਮ ਤੋਂ ਰੋਕ ਰਹੇ ਹੋ। ਉਨ੍ਹਾਂ ਨੂੰ ਆਪਣਾ ਕੰਮ ਕਰਨ ਦਿਓ। ਜਾਓ, ਆਪਣਾ ਕੰਮ ਕਰੋ। 5 ਇੱਥੇ ਬਹੁਤ ਸਾਰੇ ਕਾਮੇ ਹਨ, ਅਤੇ ਤੁਸੀਂ ਉਨ੍ਹਾਂ ਨੂੰ ਆਪਣਾ ਕੰਮ ਕਰਨ ਤੋਂ ਰੋਕ ਰਹੇ ਹੋ।”
ਫ਼ਿਰਊਨ ਲੋਕਾਂ ਨੂੰ ਸਜ਼ਾ ਦਿੰਦਾ ਹੈ
6 ਓਸੇ ਦਿਨ ਫ਼ਿਰਊਨ ਨੇ ਇਸਰਾਏਲ ਦੇ ਲੋਕਾਂ ਲਈ ਕੰਮ ਨੂੰ ਹੋਰ ਵੱਧੇਰੇ ਸਖਤ ਕਰਨ ਦਾ ਹੁਕਮ ਦੇ ਦਿੱਤਾ। ਫ਼ਿਰਊਨ ਨੇ ਦਾਸਾਂ ਦੇ ਸੁਆਮੀਆਂ ਅਤੇ ਇਬਰਾਨੀ ਆਗੂਆਂ ਨੂੰ ਆਖਿਆ, 7 “ਤੁਸੀਂ ਹਮੇਸ਼ਾ ਲੋਕਾਂ ਨੂੰ ਤੂੜੀ ਦਿੱਤੀ ਹੈ ਅਤੇ ਉਹ ਇਸ ਨੂੰ ਇੱਟਾਂ ਬਨਾਉਣ ਲਈ ਵਰਤਦੇ ਹਨ। ਪਰ ਹੁਣ, ਉਨ੍ਹਾਂ ਨੂੰ ਆਖੋ ਕਿ ਉਨ੍ਹਾਂ ਨੂੰ ਇੱਟਾਂ ਬਨਾਉਣ ਲਈ ਆਪਣੀ ਤੂੜੀ, ਖੁਦ ਜਾਕੇ ਲੱਭਣੀ ਪਵੇਗੀ। 8 ਪਰ ਤਾਂ ਵੀ ਉਨ੍ਹਾਂ ਨੂੰ ਪਹਿਲਾਂ ਜਿੰਨੀ ਗਿਣਤੀ ਦੀਆਂ ਇੱਟਾਂ ਬਨਾਉਣੀਆਂ ਪੈਣਗੀਆਂ। ਉਹ ਸੁਸਤ ਹੋ ਗਏ ਹਨ। ਇਹੀ ਕਾਰਣ ਹੈ ਕਿ ਉਹ ਮੇਰੇ ਕੋਲੋਂ ਜਾਣ ਦੀ ਇਜਾਜ਼ਤ ਮੰਗ ਰਹੇ ਹਨ। ਉਨ੍ਹਾਂ ਕੋਲ ਕਰਨ ਲਈ ਕਾਫ਼ੀ ਕੰਮ ਨਹੀਂ ਹੈ। ਇਸੇ ਲਈ ਉਹ ਮੈਨੂੰ ਆਖਦੇ ਹਨ ਕਿ ਮੈਂ ਉਨ੍ਹਾਂ ਨੂੰ ਆਪਣੇ ਪਰਮੇਸ਼ੁਰ ਅੱਗੇ ਬਲੀਆਂ ਚੜ੍ਹਾਉਣ ਦਿਆਂ। 9 ਇਸ ਲਈ ਇਨ੍ਹਾਂ ਲੋਕਾਂ ਕੋਲੋਂ ਹੋਰ ਵੱਧੇਰੇ ਸਖਤ ਕੰਮ ਕਰਾਓ। ਉਨ੍ਹਾਂ ਨੂੰ ਰੁਝਾਈ ਰੱਖੋ। ਫ਼ੇਰ ਉਨ੍ਹਾਂ ਕੋਲ ਮੂਸਾ ਦੀਆਂ ਝੂਠੀਆਂ ਗੱਲਾਂ ਸੁਣਨ ਦੀ ਵਿਹਲ ਨਹੀਂ ਹੋਵੇਗੀ।”
10 ਇਸ ਲਈ ਮਿਸਰੀ ਸੁਆਮੀ ਅਤੇ ਇਬਰਾਨੀ ਆਗੂ (ਫ਼ੋਰਮੈਨ) ਇਸਰਾਏਲ ਦੇ ਲੋਕਾਂ ਕੋਲ ਗਏ ਅਤੇ ਆਖਣ ਲੱਗੇ, “ਫ਼ਿਰਊਨ ਨੇ ਫ਼ੈਸਲਾ ਕੀਤਾ ਹੈ ਕਿ ਉਹ ਤੁਹਾਨੂੰ ਤੁਹਾਡੀਆਂ ਇੱਟਾਂ ਲਈ ਤੂੜੀ ਨਹੀਂ ਦੇਵੇਗਾ। 11 ਤੁਹਾਨੂੰ ਖੁਦ ਜਾਕੇ ਤੂੜੀ ਲੱਭਣੀ ਪਵੇਗੀ। ਪਰ ਤਾਂ ਵੀ ਤੁਹਾਨੂੰ ਪਹਿਲਾਂ ਜਿੰਨੀਆਂ ਹੀ ਇੱਟਾਂ ਬਨਾਉਣੀਆਂ ਪੈਣਗੀਆਂ।”
12 ਇਸ ਲਈ ਲੋਕ ਮਿਸਰ ਵਿੱਚ ਹਰ ਥਾਂ ਤੂੜੀ ਦੀ ਤਲਾਸ਼ ਵਿੱਚ ਗਏ। 13 ਦਾਸਾਂ ਦੇ ਸੁਆਮੀਆਂ ਨੇ ਲੋਕਾਂ ਨੂੰ ਹੋਰ ਵੀ ਵੱਧੇਰੇ ਸਖਤ ਕੰਮ ਕਰਨ ਲਈ ਮਜ਼ਬੂਰ ਕੀਤਾ। ਉਨ੍ਹਾਂ ਨੇ ਲੋਕਾਂ ਨੂੰ ਪਹਿਲਾਂ ਜਿੰਨੀਆਂ ਇੱਟਾਂ ਬਨਾਉਣ ਲਈ ਮਜ਼ਬੂਰ ਕਰ ਦਿੱਤਾ। 14 ਮਿਸਰੀ ਸੁਆਮੀਆਂ ਨੇ ਇਬਰਾਨੀ ਆਗੂਆਂ ਨੂੰ ਚੁਣਿਆ ਹੋਇਆ ਸੀ ਅਤੇ ਉਨ੍ਹਾਂ ਨੂੰ ਲੋਕਾਂ ਦੇ ਕੰਮ ਲਈ ਜ਼ਿੰਮੇਵਾਰ ਬਣਾਇਆ ਹੋਇਆ ਸੀ। ਮਿਸਰੀ ਸੁਆਮੀਆਂ ਨੇ ਇਨ੍ਹਾਂ ਆਗੂਆਂ ਨੂੰ ਕੁੱਟਿਆ ਅਤੇ ਆਖਿਆ, “ਤੁਸੀਂ ਓਨੀਆਂ ਹੀ ਇੱਟਾਂ ਕਿਉਂ ਨਹੀਂ ਬਣਾ ਰਹੇ ਜਿੰਨੀਆਂ ਪਹਿਲਾਂ ਬਣਾਉਂਦੇ ਸੀ? ਜੇ ਤੁਸੀਂ ਪਹਿਲਾਂ ਅਜਿਹਾ ਕਰ ਸੱਕਦੇ ਸੀ ਤਾਂ ਤੁਸੀਂ ਹੁਣ ਵੀ ਕਰ ਸੱਕਦੇ ਹੋ।”
15 ਤਾਂ ਇਬਰਾਨੀ ਆਗੂ ਫ਼ਿਰਊਨ ਕੋਲ ਗਏ। ਉਨ੍ਹਾਂ ਨੇ ਸ਼ਿਕਾਇਤ ਕੀਤੀ ਅਤੇ ਆਖਿਆ, “ਅਸੀਂ ਤੁਹਾਡੇ ਨੌਕਰ ਹਾਂ। ਤੁਸੀਂ ਸਾਡੇ ਨਾਲ ਇਸ ਤਰ੍ਹਾਂ ਦਾ ਵਰਤਾਓ ਕਿਉਂ ਕਰ ਰਹੇ ਹੋ? 16 ਤੁਸੀਂ ਸਾਨੂੰ ਕੋਈ ਤੂੜੀ ਨਹੀਂ ਦਿੰਦੇ, ਪਰ ਸਾਨੂੰ ਆਖਦੇ ਹੋ ਕਿ ਅਸੀਂ ਪਹਿਲਾਂ ਜਿੰਨੀਆਂ ਹੀ ਇੱਟਾਂ ਬਣਾਈਏ। ਅਤੇ ਹੁਣ ਸਾਡੇ ਸੁਆਮੀ ਸਾਨੂੰ ਕੁੱਟ ਰਹੇ ਹਨ। ਤੁਹਾਡੇ ਲੋਕ ਅਜਿਹਾ ਕਰਨ ਵਿੱਚ ਗਲਤ ਹਨ।”
17 ਫ਼ਿਰਊਨ ਨੇ ਜਵਾਬ ਦਿੱਤਾ, “ਤੁਸੀਂ ਸੁਸਤ ਹੋ। ਤੁਸੀਂ ਕੰਮ ਨਹੀਂ ਕਰਨਾ ਚਾਹੁੰਦੇ। ਇਸੇ ਲਈ ਤੁਸੀਂ ਆਖਦੇ ਹੋ ਕਿ ਮੈਂ ਤੁਹਾਨੂੰ ਜਾਣ ਦੇਵਾਂ। ਅਤੇ ਇਹੀ ਕਾਰਣ ਹੈ ਕਿ ਤੁਸੀਂ ਇੱਥੋਂ ਜਾਣਾ ਚਾਹੁੰਦੇ ਹੋ ਅਤੇ ਯਹੋਵਾਹ ਅੱਗੇ ਬਲੀਆਂ ਚੜ੍ਹਾਉਣਾ ਚਾਹੁੰਦੇ ਹੋ। 18 ਹੁਣ ਕੰਮ ਤੇ ਵਾਪਸ ਜਾਓ। ਅਸੀਂ ਤੁਹਾਨੂੰ ਕੋਈ ਤੂੜੀ ਨਹੀਂ ਦਿਆਂਗੇ। ਅਤੇ ਤੁਹਾਨੂੰ ਪਹਿਲਾਂ ਜਿੰਨੀਆਂ ਹੀ ਇੱਟਾਂ ਬਨਾਉਣੀਆਂ ਪੈਣਗੀਆਂ।”
19 ਇਬਰਾਨੀ ਆਗੂਆਂ ਨੂੰ ਪਤਾ ਸੀ ਕਿ ਉਹ ਮੁਸੀਬਤ ਵਿੱਚ ਸਨ। ਆਗੂ ਜਾਣਦੇ ਸਨ ਕਿ ਉਹ ਪਹਿਲਾਂ ਜਿੰਨੀਆਂ ਇੱਟਾਂ ਨਹੀਂ ਬਣਾ ਸੱਕਦੇ ਸਨ।
20 ਜਦੋਂ ਉਹ ਫ਼ਿਰਊਨ ਨਾਲ ਮੁਲਾਕਾਤ ਕਰਕੇ ਜਾ ਰਹੇ ਸਨ, ਉਹ ਮੂਸਾ ਅਤੇ ਹਾਰੂਨ ਕੋਲੋਂ ਲੰਘੇ। ਮੂਸਾ ਅਤੇ ਹਾਰੂਨ ਉਨ੍ਹਾਂ ਨੂੰ ਉਡੀਕ ਰਹੇ ਸਨ। 21 ਇਸ ਲਈ ਉਨ੍ਹਾਂ ਨੇ ਮੂਸਾ ਤੇ ਹਾਰੂਨ ਨੂੰ ਆਖਿਆ, “ਜਦੋਂ ਤੁਸੀਂ ਫ਼ਿਰਊਨ ਨੂੰ ਆਖਿਆ ਸੀ ਕਿ ਸਾਨੂੰ ਜਾਣ ਦੇਵੇ ਤਾਂ ਤੁਸੀਂ ਅਸਲ ਵਿੱਚ ਗਲਤੀ ਕੀਤੀ ਸੀ। ਯਹੋਵਾਹ ਤੁਹਾਨੂੰ ਸਜ਼ਾ ਦੇਵੇ, ਕਿਉਂਕਿ ਤੁਸੀਂ ਫ਼ਿਰਊਨ ਅਤੇ ਉਸ ਦੇ ਹਾਕਮਾਂ ਨੂੰ ਸਾਨੂੰ ਨਫ਼ਰਤ ਕਰਨ ਲਾਇਆ। ਤੁਸੀਂ ਉਨ੍ਹਾਂ ਨੂੰ ਸਾਨੂੰ ਮਾਰਨ ਦਾ ਬਹਾਨਾ ਦੇ ਦਿੱਤਾ ਹੈ।”
ਮੂਸਾ ਪਰਮੇਸ਼ੁਰ ਅੱਗੇ ਸ਼ਿਕਾਇਤ ਕਰਦਾ ਹੈ
22 ਤਾਂ ਮੂਸਾ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ ਅਤੇ ਆਖਿਆ, “ਹੇ ਸੁਆਮੀ, ਤੁਸੀਂ ਆਪਣੇ ਬੰਦਿਆਂ ਲਈ ਇਹ ਭਿਆਨਕ ਗੱਲ ਕਿਉਂ ਕੀਤੀ ਹੈ? ਤੁਸੀਂ ਮੈਨੂੰ ਇੱਥੇ ਕਿਉਂ ਭੇਜਿਆ ਹੈ? 23 ਮੈਂ ਫ਼ਿਰਊਨ ਕੋਲ ਗਿਆ ਅਤੇ ਉਹੀ ਗੱਲਾਂ ਆਖੀਆਂ ਜਿਹੜੀਆਂ ਤੁਸੀਂ ਆਖਣ ਲਈ ਕਹੀਆਂ ਸਨ। ਪਰ ਉਸੇ ਵੇਲੇ ਤੋਂ ਉਹ ਲੋਕਾਂ ਲਈ ਕਮੀਨਾ ਬਣ ਗਿਆ ਹੈ। ਅਤੇ ਤੁਸੀਂ ਉਨ੍ਹਾਂ ਦੀ ਸਹਾਇਤਾ ਲਈ ਕੁਝ ਵੀ ਨਹੀਂ ਕੀਤਾ।”
6 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, “ਹੁਣ ਤੂੰ ਦੇਖੇਂਗਾ ਕਿ ਮੈਂ ਫ਼ਿਰਊਨ ਨਾਲ ਕੀ ਕਰਦਾ ਹਾਂ। ਮੈਂ ਉਸ ਦੇ ਖਿਲਾਫ਼ ਆਪਣੀ ਮਹਾਨ ਸ਼ਕਤੀ ਵਰਤਾਂਗਾ, ਅਤੇ ਉਹ ਮੇਰੇ ਬੰਦਿਆਂ ਨੂੰ ਜਾਣ ਦੇਵੇਗਾ। ਉਹ ਉਨ੍ਹਾਂ ਦੇ ਜਾਣ ਲਈ ਇੰਨਾ ਤਿਆਰ ਹੋਵੇਗਾ ਕਿ ਉਹ ਉਨ੍ਹਾਂ ਨੂੰ ਜਾਣ ਲਈ ਮਜ਼ਬੂਰ ਕਰ ਦੇਵੇਗਾ।”
2 ਤਾਂ ਪਰਮੇਸ਼ੁਰ ਨੇ ਮੂਸਾ ਨੂੰ ਆਖਿਆ, “ਮੈਂ ਯਹੋਵਾਹ ਹਾਂ। 3 ਮੈਂ ਅਬਰਾਹਾਮ, ਇਸਹਾਕ ਅਤੇ ਯਾਕੂਬ ਨੂੰ ਪ੍ਰਗਟ ਹੋਇਆ। ਉਨ੍ਹਾਂ ਨੇ ਮੈਨੂੰ ਅਲ ਸ਼ੱਦਾਈ ਬੁਲਾਇਆ, ਪਰ ਮੈਂ ਆਪਣੇ ਨਾਮ, ਯਾਹਵੇਹ ਤੋਂ ਉਨ੍ਹਾਂ ਨੂੰ ਜਾਣੂ ਨਹੀਂ ਕਰਵਾਇਆ। 4 ਮੈਂ ਉਨ੍ਹਾਂ ਨਾਲ ਇੱਕ ਇਕਰਾਰਨਾਮਾ ਕੀਤਾ। ਮੈਂ ਉਨ੍ਹਾਂ ਨੂੰ ਕਨਾਨ ਦੀ ਧਰਤੀ ਦੇਣ ਦਾ ਇਕਰਾਰ ਕੀਤਾ। ਉਹ ਇਸ ਧਰਤੀ ਤੇ ਰਹਿੰਦੇ ਸਨ ਪਰ ਇਹ ਉਨ੍ਹਾਂ ਦੀ ਧਰਤੀ ਨਹੀਂ ਸੀ। 5 ਹੁਣ, ਮੈਂ ਇਸਰਾਏਲ ਦੇ ਲੋਕਾਂ ਦੀਆਂ ਚੀਕਾਂ ਸੁਣ ਲਈਆਂ ਹਨ ਕਿਉਂਕਿ ਮਿਸਰੀਆਂ ਨੇ ਉਨ੍ਹਾਂ ਨੂੰ ਗੁਲਾਮ ਬਣਾ ਲਿਆ ਹੈ ਅਤੇ ਮੈਨੂੰ ਹਾਲੇ ਆਪਣਾ ਇਕਰਾਰਨਾਮਾ ਚੇਤੇ ਹੈ। 6 ਇਸ ਲਈ ਇਸਰਾਏਲ ਦੇ ਲੋਕਾਂ ਨੂੰ ਦੱਸੋ ਕਿ ਮੈਂ ਉਨ੍ਹਾਂ ਨੂੰ ਆਖਦਾ ਹਾਂ, ‘ਮੈਂ ਯਹੋਵਾਹ ਹਾਂ। ਮੈਂ ਤੁਹਾਨੂੰ ਉਨ੍ਹਾਂ ਕਸ਼ਟਾਂ ਤੋਂ ਬਚਾਵਾਂਗਾ ਜੋ ਮਿਸਰੀਆਂ ਨੇ ਤੁਹਾਡੇ ਉੱਪਰ ਪਾਏ ਹਨ। ਮੈਂ ਤੁਹਾਨੂੰ ਅਜ਼ਾਦ ਕਰਾਂਗਾ। ਤੁਸੀਂ ਹੁਣ ਮਿਸਰੀਆਂ ਦੇ ਗੁਲਾਮ ਨਹੀਂ ਰਹੋਂਗੇ। ਮੈਂ ਆਪਣੀ ਮਹਾਨ ਸ਼ਕਤੀ ਵਰਤਾਂਗਾ ਅਤੇ ਮਿਸਰੀਆਂ ਨੂੰ ਭਿਆਨਕ ਸਜ਼ਾ ਦੇਵਾਂਗਾ। ਫ਼ੇਰ ਮੈਂ ਤੁਹਾਨੂੰ ਬਚਾਵਾਂਗਾ। 7 ਤੁਸੀਂ ਮੇਰੇ ਲੋਕ ਹੋਵੋਂਗੇ ਅਤੇ ਮੈਂ ਤੁਹਾਡਾ ਪਰਮੇਸ਼ੁਰ ਹੋਵਾਂਗਾ। ਫ਼ੇਰ ਤੁਸੀਂ ਜਾਣ ਜਾਵੋਂਗੇ ਕਿ ਮੈਂ ਤੁਹਾਡਾ ਯਹੋਵਾਹ ਪਰਮੇਸ਼ੁਰ ਹਾਂ, ਜਿਸਨੇ ਤੁਹਾਨੂੰ ਮਿਸਰ ਦੇ ਕਸ਼ਟਾਂ ਤੋਂ ਅਜ਼ਾਦ ਕਰਵਾਇਆ। 8 ਮੈਂ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਮਹਾਨ ਇਕਰਾਰ ਕੀਤਾ ਸੀ। ਮੈਂ ਉਨ੍ਹਾਂ ਨੂੰ ਇੱਕ ਖਾਸ ਧਰਤੀ ਦੇਣ ਦਾ ਇਕਰਾਰ ਕੀਤਾ ਸੀ। ਇਸ ਲਈ ਮੈਂ ਉਸ ਧਰਤੀ ਵੱਲ ਤੁਹਾਡੀ ਅਗਵਾਈ ਕਰਾਂਗਾ। ਮੈਂ ਤੁਹਾਨੂੰ ਉਹ ਧਰਤੀ ਦੇ ਦੇਵਾਂਗਾ। ਇਹ ਤੁਹਾਡੀ ਹੋਵੇਗੀ। ਮੈਂ ਯਹੋਵਾਹ ਹਾਂ।’”
9 ਇਸ ਲਈ ਮੂਸਾ ਨੇ ਇਸਰਾਏਲ ਦੇ ਲੋਕਾਂ ਨੂੰ ਇਹ ਆਖਿਆ, ਪਰ ਉਨ੍ਹਾਂ ਕੋਲ ਮੂਸਾ ਦੇ ਇਕਰਾਰਾਂ ਨੂੰ ਸੁਣਨ ਦਾ ਸਬਰ ਨਹੀਂ ਸੀ ਕਿਉਂਕਿ ਉਨ੍ਹਾਂ ਨੇ ਬੜੀ ਮਿਹਨਤ ਨਾਲ ਕੰਮ ਕੀਤਾ ਸੀ।
10 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, 11 “ਜਾਹ, ਜਾਕੇ ਫ਼ਿਰਊਨ ਨੂੰ ਆਖ ਕਿ ਉਹ ਇਸਰਾਏਲ ਦੇ ਲੋਕਾਂ ਨੂੰ ਉਸਦੀ ਧਰਤੀ ਛੱਡ ਜਾਣ ਦੇਵੇ।”
12 ਪਰ ਮੂਸਾ ਨੇ ਜਵਾਬ ਦਿੱਤਾ, “ਇਸਰਾਏਲ ਦੇ ਲੋਕ ਮੇਰੀ ਗੱਲ ਸੁਣਨ ਤੋਂ ਇਨਕਾਰ ਕਰਦੇ ਹਨ। ਇਸ ਲਈ ਪੱਕੀ ਗੱਲ ਹੈ ਕਿ ਫ਼ਿਰਊਨ ਵੀ ਮੇਰੀ ਗੱਲ ਨਹੀਂ ਸੁਣੇਗਾ। ਮੇਰੇ ਕਥਨ ਵਿੱਚ ਰੁਕਾਵਟ ਹੁੰਦੀ ਹੈ ਅਤੇ ਇਹ ਅਸਪੱਸ਼ਟ ਹੁੰਦਾ ਹੈ।”
13 ਪਰ ਯਹੋਵਾਹ ਨੇ ਮੂਸਾ ਤੇ ਹਾਰੂਨ ਨਾਲ ਗੱਲ ਕੀਤੀ। ਪਰਮੇਸ਼ੁਰ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਜਾਕੇ ਇਸਰਾਏਲ ਦੇ ਲੋਕਾਂ ਨਾਲ ਗੱਲ ਕਰਨ। ਉਸ ਨੇ ਉਨ੍ਹਾਂ ਨੂੰ ਫ਼ਿਰਊਨ ਕੋਲ ਜਾਕੇ ਵੀ ਗੱਲ ਕਰਨ ਦਾ ਹੁਕਮ ਦਿੱਤਾ। ਪਰਮੇਸ਼ੁਰ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਉਹ ਇਸਰਾਏਲ ਦੇ ਲੋਕਾਂ ਦੀ, ਮਿਸਰ ਦੀ ਧਰਤੀ ਤੋਂ ਬਾਹਰ ਜਾਣ ਵਿੱਚ, ਅਗਵਾਈ ਕਰਨ।
ਇਸਰਾਏਲ ਦੇ ਕੁਝ ਪਰਿਵਾਰ
14 ਇਸਰਾਏਲ ਦੇ ਪਰਿਵਾਰਾਂ ਦੇ ਆਗੂਆਂ ਦੇ ਨਾਮ ਇਹ ਹਨ:
ਇਸਰਾਏਲ ਦੇ ਪਹਿਲੇ ਪੁੱਤਰ, ਰਊਬੇਨ ਦੇ ਚਾਰ ਪੁੱਤਰ ਸਨ। ਉਹ ਸਨ, ਹਨੋਕ, ਫ਼ਲੂ, ਹਸਰੋਨ, ਅਤੇ ਕਰਮੀ।
15 ਸ਼ਿਮਓਨ ਦੇ ਪੁੱਤਰ ਸਨ, ਯਮੂਏਲ, ਯਾਮੀਨ, ਓਹਦ, ਯਾਕੀਨ, ਸੋਹਰ ਅਤੇ ਸ਼ਾਊਲ। (ਸ਼ਾਊਲ ਕਨਾਨੀ ਔਰਤ ਦਾ ਪੁੱਤਰ ਸੀ।)
16 ਲੇਵੀ 137 ਵਰ੍ਹੇ ਜੀਵਿਆ। ਲੇਵੀ ਦੇ ਪੁੱਤਰ ਸਨ, ਗੇਰਸ਼ੋਨ, ਕਹਾਥ ਅਤੇ ਮਰਾਰੀ।
17 ਗੇਰਸ਼ੋਨ ਦੇ ਦੋ ਪੁੱਤਰ ਸਨ, ਲਿਬਨੀ ਅਤੇ ਸ਼ਮਈ।
18 ਕਹਾਥ 133 ਵਰ੍ਹੇ ਜੀਵਿਆ। ਕਹਾਥ ਦੇ ਪੁੱਤਰ ਸਨ ਅਮਰਾਮ, ਯਿਸਹਾਰ, ਹਬਰੋਨ ਅਤੇ ਉਜ਼ੀਏਲ।
19 ਮਰਾਰੀ ਦੇ ਪੁੱਤਰ ਸਨ ਮਹਲੀ ਅਤੇ ਮੂਸ਼ੀ।
ਇਹ ਸਾਰੇ ਪਰਿਵਾਰ ਇਸਰਾਏਲ ਦੇ ਪੁੱਤਰ ਲੇਵੀ ਤੋਂ ਸਨ।
20 ਅਮਰਾਮ 137 ਵਰ੍ਹੇ ਜੀਵਿਆ। ਅਮਰਾਮ ਨੇ ਆਪਣੇ ਪਿਤਾ ਦੀ ਭੈਣ ਯੋਕਬਦ ਨਾਲ ਵਿਆਹ ਕਰਾਇਆ। ਅਮਰਾਮ ਅਤੇ ਯੋਕਬਦ ਨੇ ਹਾਰੂਨ ਦੇ ਅਤੇ ਮੂਸਾ ਨੂੰ ਜਨਮ ਦਿੱਤਾ।
21 ਯਿਸਹਾਰ ਦੇ ਪੁੱਤਰ ਸਨ ਕੋਰਹ, ਨਫ਼ਗ ਅਤੇ ਜ਼ਿਕਰੀ।
22 ਉਜ਼ੀਏਲ ਦੇ ਪੁੱਤਰ ਸਨ ਮੀਸ਼ਾਏਲ, ਅਲਸਾਫ਼ਾਨ ਅਤੇ ਸਿਤਰੀ।
23 ਹਾਰੂਨ ਨੇ ਅਲੀਸਬਾ ਨਾਲ ਵਿਆਹ ਕਰਾਇਆ। (ਅਲੀਸ਼ਬਾ ਅਮੀਨਾਦਾਬ ਦੀ ਧੀ ਸੀ, ਅਤੇ ਨਹਸੋਨ ਦੀ ਭੈਣ ਸੀ।) ਹਾਰੂਨ ਅਤੇ ਅਲੀਸ਼ਬਾ ਨੇ ਨਾਦਾਬ ਅਬੀਹੂ, ਅਲਆਜ਼ਾਰ ਅਤੇ ਈਥਾਮਾਰ ਨੂੰ ਜਨਮ ਦਿੱਤਾ।
24 ਕੋਰਹ ਦੇ ਪੁੱਤਰ, ਕੋਰਾਹੀਆਂ ਦੇ ਪੁਰਖੇ ਸਨ; ਅੱਸੀਰ, ਅਲਕਾਨਾਹ ਅਤੇ ਅਬੀਅਸਾਫ਼।
25 ਹਾਰੂਨ ਦੇ ਪੁੱਤਰ ਅਲਆਜ਼ਾਰ ਨੇ ਫ਼ੂਟੀਏਲ ਦੀ ਧੀ ਨਾਲ ਵਿਆਹ ਕਰਾਇਆ। ਅਤੇ ਉਸ ਨੇ ਫ਼ੀਨਹਾਸ ਨੂੰ ਜਨਮ ਦਿੱਤਾ।
ਇਹ ਸਾਰੇ ਲੋਕ ਇਸਰਾਏਲ ਦੇ ਪੁੱਤਰ, ਲੇਵੀ ਤੋਂ ਸਨ।
26 ਇਹ ਉਹੀ ਹਾਰੂਨ ਅਤੇ ਮੂਸਾ ਸਨ ਜਿਨ੍ਹਾਂ ਨਾਲ ਪਰਮੇਸ਼ੁਰ ਨੇ ਗੱਲ ਕਰਕੇ ਆਖਿਆ, “ਮੇਰੇ ਲੋਕਾਂ ਨੂੰ ਉਨ੍ਹਾਂ ਦੇ ਟੋਲਿਆਂ ਵਿੱਚ ਮਿਸਰ ਤੋਂ ਬਾਹਰ ਲੈ ਚੱਲੋ।” 27 ਹਾਰੂਨ ਅਤੇ ਮੂਸਾ ਹੀ ਉਹ ਆਦਮੀ ਸਨ ਜਿਨ੍ਹਾਂ ਨੇ ਮਿਸਰ ਦੇ ਰਾਜੇ ਫ਼ਿਰਊਨ ਨਾਲ ਗੱਲ ਕੀਤੀ। ਉਨ੍ਹਾਂ ਨੇ ਫ਼ਿਰਊਨ ਨੂੰ ਆਖਿਆ ਕਿ ਉਹ ਇਸਰਾਏਲ ਨੂੰ ਮਿਸਰ ਛੱਡ ਜਾਣ ਦੇਵੇ।
ਪਰਮੇਸ਼ੁਰ ਮੂਸਾ ਨੂੰ ਆਪਣੀ ਗੱਲ ਦੁਹਰਾਉਂਦਾ ਹੈ
28 ਮਿਸਰ ਦੀ ਧਰਤੀ ਉੱਤੇ ਪਰਮੇਸ਼ੁਰ ਨੇ ਮੂਸਾ ਨਾਲ ਗੱਲ ਕੀਤੀ। 29 ਉਸ ਨੇ ਆਖਿਆ, “ਮੈਂ ਯਹੋਵਾਹ ਹਾਂ। ਮਿਸਰ ਦੇ ਰਾਜੇ ਨੂੰ ਉਹ ਹਰ ਗੱਲ ਆਖੀ ਜੋ ਮੈਂ ਤੈਨੂੰ ਆਖਦਾ ਹਾਂ।”
30 ਪਰ ਮੂਸਾ ਨੇ ਜਵਾਬ ਦਿੱਤਾ, “ਮੈਂ ਬਿਨ ਅੜਕਿਆਂ ਨਹੀਂ ਬੋਲ ਸੱਕਦਾ। ਫ਼ਿਰਊਨ ਮੇਰੀ ਗੱਲ ਨੂੰ ਨਹੀਂ ਸੁਣੇਗਾ।”
7 ਯਹੋਵਾਹ ਨੇ ਮੂਸਾ ਨੂੰ ਆਖਿਆ, “ਮੈਂ ਤੈਨੂੰ ਫ਼ਿਰਊਨ ਲਈ ਪਰਮੇਸ਼ੁਰ ਦੇ ਰਾਜਦੂਤ ਵਰਗਾ ਬਣਾ ਦੇਵਾਂਗਾ। ਹਾਰੂਨ ਤੇਰਾ ਨਬੀ ਹੋਵੇਗਾ। 2 ਹਾਰੂਨ ਨੂੰ ਹਰ ਉਹ ਗੱਲ ਦੱਸੀ ਜਿਸਦਾ ਮੈਂ ਤੈਨੂੰ ਹੁਕਮ ਦੇਵਾਂ। ਫ਼ੇਰ ਉਹ ਰਾਜੇ ਨੂੰ ਉਹ ਗੱਲਾਂ ਆਖੇਗਾ ਜੋ ਮੈਂ ਆਖਾਂਗਾ। ਅਤੇ ਫ਼ਿਰਊਨ ਇਸਰਾਏਲ ਦੇ ਲੋਕਾਂ ਨੂੰ ਇਹ ਦੇਸ਼ ਛੱਡ ਦੇਣ ਦੀ ਇਜਾਜ਼ਤ ਦੇ ਦੇਵੇਗਾ। 3 ਪਰ ਮੈਂ ਫ਼ਿਰਊਨ ਨੂੰ ਜ਼ਿੱਦੀ ਬਣਾ ਦੇਵਾਂਗਾ ਜਿਹੜੀਆਂ ਗੱਲਾਂ ਤੂੰ ਆਖੇਂਗਾ ਉਹ ਉਨ੍ਹਾਂ ਨੂੰ ਨਹੀਂ ਮਂਨੇਗਾ। ਫ਼ੇਰ ਮੈਂ ਮਿਸਰ ਵਿੱਚ ਬਹੁਤ ਸਾਰੇ ਕਰਿਸ਼ਮੇ ਕਰਾਂਗਾ, ਇਹ ਸਾਬਤ ਕਰਨ ਲਈ ਕਿ ਮੈਂ ਕੌਣ ਹਾਂ। ਪਰ ਉਹ ਹਾਲੇ ਵੀ ਗੱਲ ਨਹੀਂ ਸੁਣੇਗਾ। 4 ਇਸ ਲਈ ਫ਼ੇਰ ਮੈਂ ਮਿਸਰ ਨੂੰ ਬਹੁਤ ਸਜ਼ਾ ਦੇਵਾਂਗਾ ਅਤੇ ਮੈਂ ਲੋਕਾਂ ਨੂੰ ਉਸ ਧਰਤੀ ਤੋਂ ਬਾਹਰ ਲੈ ਜਾਵਾਂਗਾ। 5 ਤਾਂ ਫ਼ੇਰ ਮਿਸਰ ਦੇ ਲੋਕਾਂ ਨੂੰ ਪਤਾ ਚੱਲੇਗਾ ਕਿ ਮੈਂ ਯਹੋਵਾਹ ਹਾਂ। ਮੈਂ ਉਨ੍ਹਾਂ ਦੇ ਖਿਲਾਫ਼ ਹੋਵਾਂਗਾ। ਅਤੇ ਉਹ ਜਾਣ ਲੈਣਗੇ ਕਿ ਮੈਂ ਯਹੋਵਾਹ ਹਾਂ। ਫ਼ੇਰ ਮੈਂ ਆਪਣੇ ਲੋਕਾਂ ਨੂੰ ਉਨ੍ਹਾਂ ਦੇ ਦੇਸ਼ ਵਿੱਚੋਂ ਬਾਹਰ ਲੈ ਜਾਵਾਂਗਾ।”
6 ਮੂਸਾ ਅਤੇ ਹਾਰੂਨ ਨੇ ਇਹ ਗੱਲਾਂ ਮੰਨ ਲਈਆਂ, ਜੋ ਯਹੋਵਾਹ ਨੇ ਉਨ੍ਹਾਂ ਨੂੰ ਆਖੀਆਂ ਸਨ। 7 ਮੂਸਾ ਉਸ ਵੇਲੇ 80 ਵਰ੍ਹਿਆਂ ਦਾ, ਅਤੇ ਹਾਰੂਨ 83 ਵਰ੍ਹਿਆਂ ਦਾ ਸੀ।
ਮੂਸਾ ਦੀ ਤੁਰਨ ਵਾਲੀ ਸੋਟੀ ਸੱਪ ਬਣ ਜਾਂਦੀ ਹੈ
8 ਯਹੋਵਾਹ ਨੇ ਮੂਸਾ ਤੇ ਹਾਰੂਨ ਨੂੰ ਆਖਿਆ, 9 “ਫ਼ਿਰਊਨ ਤੁਹਾਡੇ ਪਾਸੋਂ ਤੁਹਾਡੀ ਸ਼ਕਤੀ ਦਾ ਸਬੂਤ ਮਂਗੇਗਾ। ਉਹ ਤੁਹਾਡੇ ਕੋਲੋਂ ਕਰਿਸ਼ਮੇ ਕਰਨ ਦੀ ਮੰਗ ਕਰੇਗਾ। ਹਾਰੂਨ ਨੂੰ ਆਖੀਂ ਕਿ ਉਹ ਆਪਣੀ ਸੋਟੀ ਧਰਤੀ ਤੇ ਸੁੱਟੇ। ਜਦੋਂ ਫ਼ਿਰਊਨ ਦੇਖ ਰਿਹਾ ਹੋਵੇਗਾ, ਸੋਟੀ ਸੱਪ ਬਣ ਜਾਵੇਗੀ।”
10 ਇਸ ਲਈ ਮੂਸਾ ਤੇ ਹਾਰੂਨ ਫ਼ਿਰਊਨ ਕੋਲ ਗਏ ਅਤੇ ਯਹੋਵਾਹ ਦਾ ਹੁਕਮ ਮੰਨਿਆ। ਹਾਰੂਨ ਨੇ ਆਪਣੀ ਸੋਟੀ ਧਰਤੀ ਤੇ ਸੁੱਟੀ। ਜਦੋਂ ਫ਼ਿਰਊਨ ਅਤੇ ਉਸ ਦੇ ਅਧਿਕਾਰੀ ਦੇਖ ਰਹੇ ਸਨ, ਸੋਟੀ ਸੱਪ ਬਣ ਗਈ।
11 ਇਸ ਲਈ ਰਾਜੇ ਨੇ ਆਪਣੇ ਸਿਆਣਿਆਂ ਅਤੇ ਜਾਦੂਗਰਾਂ ਨੂੰ ਬੁਲਾਇਆ। ਇਨ੍ਹਾਂ ਬੰਦਿਆਂ ਨੇ ਵੀ ਆਪਣੀਆਂ ਚੁਸਤੀਆਂ ਵਰਤੀਆਂ ਅਤੇ ਹਾਰੂਨ ਵਰਗੀ ਗੱਲ ਕਰਨ ਵਿੱਚ ਕਾਮਯਾਬ ਹੋ ਗਏ। 12 ਉਨ੍ਹਾਂ ਨੇ ਆਪਣੀਆਂ ਸੋਟੀਆਂ ਧਰਤੀ ਤੇ ਸੁੱਟੀਆਂ ਅਤੇ ਉਨ੍ਹਾਂ ਦੀਆਂ ਸੋਟੀਆਂ ਸੱਪ ਬਣ ਗਈਆਂ। ਪਰ ਫ਼ੇਰ ਹਾਰੂਨ ਦੀ ਸੋਟੀ ਨੇ ਉਨ੍ਹਾਂ ਦੀਆਂ ਸੋਟੀਆਂ ਖਾ ਲਈਆਂ। 13 ਫ਼ਿਰਊਨ ਨੇ ਹਾਲੇ ਵੀ ਲੋਕਾਂ ਨੂੰ ਚੱਲੇ ਜਾਣ ਨਾ ਦਿੱਤਾ। ਇਹ ਓਵੇਂ ਹੀ ਵਾਪਰਿਆ ਜਿਵੇਂ ਯਹੋਵਾਹ ਨੇ ਆਖਿਆ ਸੀ ਕਿ ਵਾਪਰੇਗਾ। ਫ਼ਿਰਊਨ ਨੇ ਮੂਸਾ ਤੇ ਹਾਰੂਨ ਦੀ ਗੱਲ ਸੁਣਨ ਤੋਂ ਇਨਕਾਰ ਕਰ ਦਿੱਤਾ।
ਪਾਣੀ ਖੂਨ ਬਣਿਆ
14 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ, “ਫ਼ਿਰਊਨ ਜ਼ਿੱਦੀ ਬਣ ਰਿਹਾ ਹੈ। ਫ਼ਿਰਊਨ ਲੋਕਾਂ ਨੂੰ ਜਾਣ ਨਹੀਂ ਦਿੰਦਾ। 15 ਸਵੇਰ ਵੇਲੇ, ਫ਼ਿਰਊਨ ਨਦੀ ਤੇ ਜਾਵੇਗਾ। ਉਸ ਦੇ ਕੋਲ ਨੀਲ ਨਦੀ ਦੇ ਕੰਢੇ ਜਾਵੀਂ। ਉਹ ਸੋਟੀ ਨਾਲ ਲਵੀਂ ਜਿਹੜੀ ਸੱਪ ਬਣ ਗਈ ਸੀ। 16 ਉਸ ਨੂੰ ਇਹ ਆਖੀਂ; ‘ਇਬਰਾਨੀ ਲੋਕਾਂ ਦੇ ਯਹੋਵਾਹ ਪਰਮੇਸ਼ੁਰ ਨੇ ਮੈਨੂੰ ਤੇਰੇ ਕੋਲ ਘੱਲਿਆ ਹੈ। ਯਹੋਵਾਹ ਨੇ ਮੈਨੂੰ ਆਖਿਆ ਸੀ ਕਿ ਤੈਨੂੰ ਆਖਾਂ ਕਿ ਉਸ ਦੇ ਲੋਕਾਂ ਨੂੰ ਮਾਰੂਥਲ ਵਿੱਚ ਜਾਕੇ ਉਸਦੀ ਉਪਾਸਨਾ ਕਰਨ ਦੇਵੇ। ਹੁਣ ਤੱਕ ਤੂੰ ਯਹੋਵਾਹ ਦੀ ਗੱਲ ਨਹੀਂ ਸੁਣੀਂ। 17 ਇਸ ਲਈ ਯਹੋਵਾਹ ਆਖਦਾ ਹੈ ਕਿ ਉਹ ਤੈਨੂੰ ਦਿਖਾਉਣ ਲਈ ਕੁਝ ਕਰੇਗਾ ਕਿ ਉਹ ਯਹੋਵਾਹ ਹੈ। ਮੈਂ ਨੀਲ ਨਦੀ ਉੱਤੇ ਆਪਣੇ ਹੱਥ ਵਾਲੀ ਇਹ ਸੋਟੀ ਮਾਰਾਂਗਾ, ਅਤੇ ਨਦੀ ਖੂਨ ਵਿੱਚ ਬਦਲ ਜਾਵੇਗੀ। 18 ਨਦੀ ਦੀਆਂ ਮਛੀਆਂ ਮਰ ਜਾਣਗੀਆਂ, ਅਤੇ ਨਦੀ ਸਢ਼ਾਂਦ ਮਾਰਨ ਲੱਗ ਪਵੇਗੀ। ਫ਼ੇਰ ਮਿਸਰੀ ਨਦੀ ਦਾ ਪਾਣੀ ਨਹੀਂ ਪੀ ਸੱਕਣਗੇ।’”
19 ਯਹੋਵਾਹ ਨੇ ਮੂਸਾ ਨੂੰ ਆਖਿਆ, “ਹਾਰੂਨ ਨੂੰ ਆਪਣੀ ਸੋਟੀ ਫ਼ੜਕੇ ਨਦੀਆਂ, ਨਹਿਰਾਂ, ਝੀਲਾਂ ਅਤੇ ਹਰ ਓਸ ਥਾਂ ਉੱਤੇ ਫ਼ੈਲਾਉਣ ਲਈ ਆਖ ਜਿੱਥੇ ਉਹ ਪਾਣੀ ਜਮ੍ਹਾਂ ਕਰਦੇ ਹਨ। ਜਦੋਂ ਉਹ ਅਜਿਹਾ ਕਰੇਗਾ, ਸਾਰਾ ਪਾਣੀ ਭਾਵੇਂ ਉਹ ਲੱਕੜ ਦੇ ਜਾਂ ਪੱਥਰ ਦੇ ਗਮਲਿਆਂ ਵਿੱਚ ਵੀ ਭਰਿਆ ਹੋਵੇ, ਖੂਨ ਵਿੱਚ ਬਦਲ ਜਾਵੇਗਾ।”
20 ਤਾਂ ਹਾਰੂਨ ਨੇ ਉਵੇਂ ਹੀ ਕੀਤਾ ਜਿਵੇਂ ਯਹੋਵਾਹ ਨੇ ਹੁਕਮ ਕੀਤਾ ਸੀ। ਹਾਰੂਨ ਨੇ ਸੋਟੀ ਚੁੱਕੀ ਤੇ ਨੀਲ ਨਦੀ ਪਾਣੀ ਉੱਤੇ ਮਾਰੀ। ਉਸ ਨੇ ਅਜਿਹਾ ਫ਼ਿਰਊਨ ਅਤੇ ਉਸ ਦੇ ਅਧਿਕਾਰੀਆਂ ਦੇ ਸਾਹਮਣੇ ਕੀਤਾ। ਇਸ ਤਰ੍ਹਾਂ ਨਦੀ ਦਾ ਸਾਰਾ ਪਾਣੀ ਖੂਨ ਵਿੱਚ ਬਦਲ ਗਿਆ। 21 ਨਦੀ ਦੀਆਂ ਮੱਛੀਆਂ ਮਰ ਗਈਆਂ, ਅਤੇ ਨਦੀ ਚੋਂ ਸੜਿਆਂਦ ਮਾਰਨ ਲੱਗ ਪਈ। ਇਸ ਲਈ ਮਿਸਰੀ ਨਦੀ ਦਾ ਪਾਣੀ ਨਹੀਂ ਪੀ ਸੱਕਦੇ ਸਨ। ਮਿਸਰ ਵਿੱਚ ਹਰ ਥਾਂ ਖੂਨ ਹੀ ਖੂਨ ਸੀ।
22 ਮਿਸਰੀ ਜਾਦੂਗਰਾਂ ਨੇ ਆਪਣੀਆਂ ਜਾਦੂਗਰੀਆਂ ਵਰਤੀਆਂ ਅਤੇ ਓਹੀ ਗੱਲ ਕੀਤੀ। ਇਸ ਲਈ ਫ਼ਿਰਊਨ ਨੇ ਮੂਸਾ ਤੇ ਹਾਰੂਨ ਦੀ ਗੱਲ ਨਹੀਂ ਸੁਣੀ, ਬਿਲਕੁਲ ਜਿਵੇਂ ਯਹੋਵਾਹ ਨੇ ਆਖਿਆ ਸੀ। 23 ਉਹ, ਜੋ ਮੂਸਾ ਤੇ ਹਾਰੂਨ ਨੇ ਕੀਤਾ ਸੀ ਤੋਂ ਪਰੇਸ਼ਾਨ ਨਾ ਹੋਇਆ ਅਤੇ ਆਪਣੀ ਪਿੱਠ ਮੋੜਕੇ ਆਪਣੇ ਘਰ ਅੰਦਰ ਚੱਲਾ ਗਿਆ।
24 ਮਿਸਰੀ ਨਦੀ ਦਾ ਪਾਣੀ ਨਹੀਂ ਪੀ ਸੱਕਦੇ ਸਨ। ਇਸ ਲਈ ਉਨ੍ਹਾਂ ਨੇ ਨਦੀ ਦੇ ਆਲੇ-ਦੁਆਲੇ ਪਾਣੀ ਪੀਣ ਲਈ ਖੂਹ ਪੁੱਟੇ।
ਡੱਡੂ
25 ਯਹੋਵਾਹ ਨੇ ਨੀਲ ਨਦੀ ਨੂੰ ਬਦਲਿਆਂ ਸੱਤ ਦਿਨ ਬੀਤ ਗਏ।
8 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, “ਫ਼ਿਰਊਨ ਕੋਲ ਜਾਹ ਅਤੇ ਉਸ ਨੂੰ ਆਖ ਕਿ ਯਹੋਵਾਹ ਆਖਦਾ ਹੈ, ‘ਮੇਰੇ ਲੋਕਾਂ ਨੂੰ ਮੇਰੀ ਉਪਾਸਨਾ ਕਰਨ ਲਈ ਚੱਲੇ ਜਾਣ ਦੇ। 2 ਜੇ ਤੂੰ ਮੇਰੇ ਲੋਕਾਂ ਨੂੰ ਨਹੀਂ ਜਾਣ ਦੇਵੇਂਗਾ, ਤਾਂ ਮੈਂ ਸਾਰੇ ਮਿਸਰ ਨੂੰ ਡੱਡੂਆਂ ਨਾਲ ਭਰ ਦਿਆਂਗਾ। 3 ਉਹ ਨਦੀ ਵਿੱਚੋਂ ਆਉਣਗੇ ਅਤੇ ਤੁਹਾਡੇ ਘਰਾਂ ਵਿੱਚ ਦਾਖਲ ਹੋ ਜਾਣਗੇ। ਉਹ ਤੁਹਾਡੇ ਸੌਣ ਵਾਲੇ ਕਮਰਿਆਂ ਅਤੇ ਤੁਹਾਡੇ ਬਿਸਤਰਿਆਂ ਵਿੱਚ ਹੋਣਗੇ। ਡੱਡੂ ਤੇਰੇ ਅਧਿਕਾਰੀਆਂ ਦੇ ਘਰਾਂ ਵਿੱਚ, ਅਤੇ ਤੁਹਾਡੇ ਚੁਲ੍ਹਿਆਂ ਅਤੇ ਪਾਣੀ ਦੇ ਬਰਤਨਾਂ ਵਿੱਚ ਹੋਣਗੇ। 4 ਡੱਡੂ ਤੇਰੇ, ਤੇਰੇ ਲੋਕਾਂ ਅਤੇ ਤੇਰੇ ਅਧਿਕਾਰੀਆਂ ਦੇ ਹਰ ਪਾਸੇ ਹੋਣਗੇ।’”
5 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ, “ਹਾਰੂਨ ਨੂੰ ਆਖ ਕਿ ਉਹ ਆਪਣੀ ਸੋਟੀ ਫ਼ੜੇ ਅਤੇ ਨਹਿਰਾਂ, ਨਦੀਆਂ ਅਤੇ ਝੀਲਾਂ ਦੇ ਉੱਤੇ ਰੱਖੇ। ਤਾਂ ਡੱਡੂ ਨਿਕਲ ਆਉਣਗੇ ਅਤੇ ਮਿਸਰ ਦੀ ਧਰਤੀ ਤੇ ਫ਼ੈਲ ਜਾਣਗੇ।”
6 ਇਸ ਤਰ੍ਹਾਂ ਹਾਰੂਨ ਨੇ ਆਪਣਾ ਹੱਥ ਮਿਸਰ ਦੇ ਪਾਣੀਆਂ ਉੱਪਰ ਉੱਠਾਇਆ, ਅਤੇ ਡੱਡੂ ਪਾਣੀ ਵਿੱਚੋਂ ਨਿਕਲਣ ਲੱਗੇ ਅਤੇ ਉਨ੍ਹਾਂ ਨੇ ਮਿਸਰ ਦੀ ਧਰਤੀ ਨੂੰ ਭਰ ਦਿੱਤਾ।
7 ਮਿਸਰੀ ਜਾਦੂਗਰਾਂ ਨੇ ਆਪਣੀਆਂ ਜਾਦੂਗਰੀਆਂ ਵਰਤੀਆਂ ਅਤੇ ਉਨ੍ਹਾਂ ਨੇ ਵੀ ਹੋਰ ਵੱਧੇਰੇ ਡੱਡੂ ਬਾਹਰ ਕੱਢੇ ਅਤੇ ਮਿਸਰ ਦੀ ਧਰਤੀ ਤੇ ਫ਼ੈਲਾ ਦਿੱਤੇ।
8 ਫ਼ਿਰਊਨ ਨੇ ਮੂਸਾ ਤੇ ਹਾਰੂਨ ਨੂੰ ਸੱਦਿਆ ਤੇ ਆਖਿਆ, “ਯਹੋਵਾਹ ਨੂੰ ਆਖੋ ਕਿ ਮੇਰੇ ਅਤੇ ਮੇਰੇ ਲੋਕਾਂ ਤੋਂ ਡੱਡੂਆਂ ਨੂੰ ਹਟਾ ਦੇਵੇ। ਮੈਂ ਲੋਕਾਂ ਨੂੰ ਜਾਣ ਦੇਵਾਂਗਾ ਅਤੇ ਯਹੋਵਾਹ ਨੂੰ ਬਲੀਆਂ ਚੜ੍ਹਾਉਣ ਦੇਵਾਂਗਾ।”
9 ਮੂਸਾ ਨੇ ਫ਼ਿਰਊਨ ਨੂੰ ਆਖਿਆ, “ਮੈਨੂੰ ਇਹ ਦੱਸੋ ਕਿ ਤੁਸੀਂ ਡੱਡੂਆਂ ਨੂੰ ਕਦੋਂ ਦੂਰ ਕਰਨਾ ਚਾਹੁੰਦੇ ਹੋ। ਮੈਂ ਤੁਹਾਡੇ ਲਈ, ਤੁਹਾਡੇ ਲੋਕਾਂ ਲਈ ਅਤੇ ਤੁਹਾਡੇ ਅਧਿਕਾਰੀਆਂ ਲਈ ਪ੍ਰਾਰਥਨਾ ਕਰਾਂਗਾ। ਫ਼ੇਰ ਡੱਡੂ ਤੁਹਾਨੂੰ ਅਤੇ ਤੁਹਾਡੇ ਘਰਾਂ ਨੂੰ ਛੱਡ ਜਾਣਗੇ। ਡੱਡੂ ਸਿਰਫ਼ ਨਦੀ ਵਿੱਚ ਰਹਿਣਗੇ। ਤੁਸੀਂ ਕਦੋਂ ਚਾਹੁੰਦੇ ਹੋ ਕਿ ਡੱਡੂ ਇੱਥੋਂ ਚੱਲੇ ਜਾਣ?”
10 ਫ਼ਿਰਊਨ ਨੇ ਆਖਿਆ, “ਕੱਲ ਨੂੰ।”
ਮੂਸਾ ਨੇ ਆਖਿਆ, “ਇਵੇਂ ਹੀ ਹੋਵੇਗਾ ਜਿਵੇਂ ਤੁਸੀਂ ਕਹਿੰਦੇ ਹੋ। ਇਸ ਤਰ੍ਹਾਂ ਤੁਸੀਂ ਜਾਣ ਜਾਵੋਂਗੇ ਕਿ ਯਹੋਵਾਹ ਸਾਡੇ ਪਰਮੇਸ਼ੁਰ ਵਰਗਾ ਕੋਈ ਹੋਰ ਦੇਵਤਾ ਨਹੀਂ ਹੈ। 11 ਡੱਡੂ ਤੁਹਾਨੂੰ, ਤੁਹਾਡੇ ਘਰਾਂ ਨੂੰ, ਤੁਹਾਡੇ ਅਧਿਕਾਰੀਆਂ ਅਤੇ ਤੁਹਾਡੇ ਲੋਕਾਂ ਨੂੰ ਛੱਡ ਜਾਣਗੇ। ਡੱਡੂ ਸਿਰਫ਼ ਨਦੀ ਵਿੱਚ ਰਹਿਣਗੇ।”
12 ਮੂਸਾ ਤੇ ਹਾਰੂਨ ਦੇ ਫ਼ਿਰਊਨ ਕੋਲੋਂ ਚੱਲੇ ਜਾਣ ਤੋਂ ਬਾਦ, ਮੂਸਾ ਨੇ ਯਹੋਵਾਹ ਅੱਗੇ ਉਨ੍ਹਾਂ ਡੱਡੂਆਂ ਬਾਰੇ ਪੁਕਾਰ ਕੀਤੀ ਜਿਹੜੇ ਉਸ ਨੇ ਫ਼ਿਰਊਨ ਖਿਲਾਫ਼ ਭੇਜੇ ਸਨ। 13 ਅਤੇ ਯਹੋਵਾਹ ਨੇ ਉਵੇਂ ਹੀ ਕੀਤਾ ਜਿਵੇਂ ਮੂਸਾ ਨੇ ਮੰਗ ਕੀਤੀ ਸੀ। ਘਰਾਂ ਵਿੱਚਲੇ, ਵਿਹੜਿਆਂ ਵਿੱਚਲੇ ਅਤੇ ਖੇਤਾਂ ਵਿੱਚਲੇ ਡੱਡੂ ਮਰ ਗਏ। 14 ਉਨ੍ਹਾਂ ਨੇ ਵੱਡੀ ਸੰਖਿਆ ਵਿੱਚ ਉਨ੍ਹਾਂ ਦੇ ਢੇਰ ਲਾ ਦਿੱਤੇ ਅਤੇ ਉਹ ਸੜਨ ਲੱਗੇ, ਇਸ ਲਈ ਸਾਰਾ ਦੇਸ਼ ਸੜਿਆਂਦ ਮਾਰਨ ਲੱਗ ਪਿਆ। 15 ਫ਼ਿਰਊਨ ਨੇ ਦੇਖਿਆ ਕਿ ਉਹ ਡੱਡੂਆਂ ਤੋਂ ਮੁਕਤ ਹੋ ਗਏ ਸਨ, ਅਤੇ ਉਹ ਫ਼ੇਰ ਜ਼ਿੱਦੀ ਬਣ ਗਿਆ। ਫ਼ਿਰਊਨ ਨੇ ਉਹ ਕੁਝ ਨਾ ਕੀਤਾ ਜਿਸਦੀ ਮੂਸਾ ਨੇ ਹਾਰੂਨ ਨੇ ਉਸਤੋਂ ਮੰਗ ਕੀਤੀ ਸੀ। ਇਹ ਉਸੇ ਤਰ੍ਹਾਂ ਵਾਪਰਿਆ ਜਿਵੇਂ ਯਹੋਵਾਹ ਨੇ ਆਖਿਆ ਸੀ।
ਜੂਆਂ
16 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, “ਹਾਰੂਨ ਤੂੰ ਆਪਣੀ ਸੋਟੀ ਚੁੱਕ ਤੇ ਧਰਤੀ ਦੀ ਧੂੜ ਉੱਤੇ ਮਾਰਨ ਲਈ ਆਖ, ਅਤੇ ਮਿਸਰ ਦੀ ਹਰ ਥਾਂ ਦੀ ਧੂੜ ਜੂਆਂ ਬਣ ਜਾਵੇਗੀ।”
17 ਉਨ੍ਹਾਂ ਨੇ ਇਹੀ ਕੀਤਾ। ਹਾਰੂਨ ਨੇ ਆਪਣੇ ਹੱਥ ਵਿੱਚ ਆਪਣੀ ਸੋਟੀ ਚੁੱਕੀ ਅਤੇ ਧਰਤੀ ਦੀ ਧੂੜ ਉੱਤੇ ਮਾਰੀ, ਅਤੇ ਮਿਸਰ ਦੀ ਹਰ ਥਾਂ ਦੀ ਧੂੜ ਜੂਆਂ ਬਣ ਗਈ ਅਤੇ ਜਾਨਵਰਾਂ ਅਤੇ ਲੋਕਾਂ ਨੂੰ ਚੁਂਬੜ ਗਈਆਂ।
18 ਜਾਦੂਗਰਾਂ ਨੇ ਆਪਣੇ ਕਰਤਬ ਵਰਤੇ ਅਤੇ ਉਹੋ ਕੁਝ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਧੂੜ ਵਿੱਚੋਂ ਜੂਆਂ ਨਾ ਬਣਾ ਸੱਕੇ। ਜੂਆਂ ਜਾਨਵਰਾਂ ਅਤੇ ਲੋਕਾਂ ਨੂੰ ਚੁੰਬੜ ਗਈਆਂ। 19 ਇਸ ਲਈ ਜਾਦੂਗਰਾਂ ਨੇ ਫ਼ਿਰਊਨ ਨੂੰ ਦੱਸਿਆ ਕਿ ਪਰਮੇਸ਼ੁਰ ਦੀ ਸ਼ਕਤੀ ਨੇ ਅਜਿਹਾ ਕੀਤਾ ਸੀ। ਪਰ ਫ਼ਿਰਊਨ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ। ਉਹ ਉਵੇਂ ਹੀ ਵਾਪਰਿਆ ਜਿਵੇਂ ਯਹੋਵਾਹ ਨੇ ਆਖਿਆ ਸੀ।
ਮੱਖੀਆਂ
20 ਯਹੋਵਾਹ ਨੇ ਮੂਸਾ ਨੂੰ ਆਖਿਆ, “ਸਵੇਰੇ ਉੱਠ ਕੇ ਫ਼ਿਰਊਨ ਕੋਲ ਜਾਵੀਂ। ਫ਼ਿਰਊਨ ਨਦੀ ਵੱਲ ਜਾਵੇਗਾ। ਉਸ ਨੂੰ ਆਖੀਂ ਕਿ ਯਹੋਵਾਹ ਆਖਦਾ ਹੈ, ‘ਮੇਰੇ ਲੋਕਾਂ ਨੂੰ ਜਾਣ ਦੇ ਅਤੇ ਮੇਰੀ ਉਪਾਸਨਾ ਕਰਨ ਦੇ। 21 ਜੇ ਤੂੰ ਮੇਰੇ ਲੋਕਾਂ ਨੂੰ ਨਹੀਂ ਜਾਣ ਦੇਵੇਂਗਾ, ਤਾਂ ਮੱਖੀਆਂ ਤੁਹਾਡੇ ਘਰਾਂ ਅੰਦਰ ਆ ਜਾਣਗੀਆਂ। ਮੱਖੀਆਂ ਤੁਹਾਡੇ ਅਤੇ ਤੁਹਾਡੇ ਅਧਿਕਾਰੀਆਂ ਉੱਪਰ ਹੋਣਗੀਆਂ। ਮਿਸਰ ਦੇ ਘਰ ਮੱਖੀਆਂ ਨਾਲ ਭਰ ਜਾਣਗੇ। ਮੱਖੀਆਂ ਸਾਰੇ ਪਾਸੇ ਹੋਣਗੀਆਂ, ਧਰਤੀ ਉੱਤੇ ਵੀ। 22 ਪਰ ਮੈਂ ਇਸਰਾਏਲ ਦੇ ਲੋਕਾਂ ਨਾਲ ਮਿਸਰੀ ਲੋਕਾਂ ਵਰਗਾ ਵਰਤਾਉ ਨਹੀਂ ਕਰਾਂਗਾ ਗੋਸ਼ਨ ਵਿੱਚ ਮੱਖੀਆਂ ਨਹੀਂ ਹੋਣਗੀਆਂ, ਜਿੱਥੇ ਮੇਰੇ ਲੋਕ ਰਹਿੰਦੇ ਹਨ। ਇਸ ਤਰ੍ਹਾਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਮੈਂ, ਯਹੋਵਾਹ, ਇਸ ਧਰਤੀ ਤੇ ਹਾਂ। 23 ਇਸ ਲਈ ਕਲ ਨੂੰ ਮੈਂ ਆਪਣੇ ਲੋਕਾਂ ਨਾਲ ਤੁਹਾਡੇ ਲੋਕਾਂ ਨਾਲੋਂ ਵੱਖਰਾ ਸਲੂਕ ਕਰਾਂਗਾ। ਇਹ ਮੇਰਾ ਸਬੂਤ ਹੋਵੇਗਾ।’”
24 ਇਸ ਤਰ੍ਹਾਂ ਯਹੋਵਾਹ ਨੇ ਉਹੀ ਕੀਤਾ ਜੋ ਉਸ ਨੇ ਆਖਿਆ ਸੀ। ਮਿਸਰ ਵਿੱਚ ਬਹੁਤ ਸਾਰੀਆਂ ਮੱਖੀਆਂ ਆ ਗਈਆਂ। ਮੱਖੀਆਂ ਫ਼ਿਰਊਨ ਦੇ ਘਰ ਵਿੱਚ ਸਨ, ਅਤੇ ਇਹ ਉਸ ਦੇ ਸਾਰੇ ਅਧਿਕਾਰੀਆਂ ਦੇ ਘਰਾਂ ਵਿੱਚ ਸਨ। ਮੱਖੀਆਂ ਮਿਸਰ ਵਿੱਚ ਹਰ ਪਾਸੇ ਸਨ। ਮੱਖੀਆਂ ਦੇਸ਼ ਨੂੰ ਤਬਾਹ ਕਰ ਰਹੀਆਂ ਸਨ। 25 ਇਸ ਲਈ ਫ਼ਿਰਊਨ ਨੇ ਮੂਸਾ ਤੇ ਹਾਰੂਨ ਨੂੰ ਸੱਦਿਆ। ਫ਼ਿਰਊਨ ਨੇ ਉਨ੍ਹਾਂ ਨੂੰ ਆਖਿਆ, “ਇਸ ਦੇਸ਼ ਵਿੱਚ ਆਪਣੇ ਪਰਮੇਸ਼ੁਰ ਲਈ ਬਲੀਆਂ ਚੜ੍ਹਾਵੋ।”
26 ਪਰ ਮੂਸਾ ਨੇ ਆਖਿਆ, “ਅਜਿਹਾ ਕਰਨਾ ਠੀਕ ਨਹੀਂ ਹੋਵੇਗਾ। ਮਿਸਰੀ ਸੋਚਦੇ ਹਨ ਕਿ ਯਹੋਵਾਹ ਸਾਡੇ ਪਰਮੇਸ਼ੁਰ ਲਈ ਜਾਨਵਰਾਂ ਨੂੰ ਮਾਰਕੇ ਬਲੀਆਂ ਚੜ੍ਹਾਉਣਾ ਭਿਆਨਕ ਗੱਲ ਹੈ। ਜੇ ਅਸੀਂ ਇੱਥੇ ਅਜਿਹਾ ਕਰਾਂਗੇ ਤਾਂ ਮਿਸਰੀ ਸਾਨੂੰ ਦੇਖਣਗੇ, ਅਤੇ ਉਹ ਸਾਡੇ ਉੱਤੇ ਪੱਥਰ ਸੁੱਟਣਗੇ ਅਤੇ ਸਾਨੂੰ ਮਾਰ ਦੇਣਗੇ। 27 ਸਾਨੂੰ ਤਿੰਨਾ ਦਿਨਾਂ ਲਈ ਮਾਰੂਥਲ ਅੰਦਰ ਜਾਣ ਦਿਉ ਅਤੇ ਯਹੋਵਾਹ ਸਾਡੇ ਪਰਮੇਸ਼ੁਰ ਲਈ ਬਲੀਆਂ ਚੜ੍ਹਾਉਣ ਦਿਉ। ਇਹੀ ਹੈ ਜੋ ਸਾਡੇ ਯਹੋਵਾਹ ਨੇ ਸਾਨੂੰ ਕਰਨ ਵਾਸਤੇ ਆਖਿਆ ਸੀ।”
28 ਇਸ ਲਈ ਫ਼ਿਰਊਨ ਨੇ ਆਖਿਆ, “ਮੈਂ ਤੁਹਾਨੂੰ ਜਾਣ ਦੇਵਾਂਗਾ ਅਤੇ ਮਾਰੂਥਲ ਵਿੱਚ ਜਾਕੇ ਆਪਣੇ ਯਹੋਵਾਹ ਪਰਮੇਸ਼ੁਰ ਨੂੰ ਬਲੀਆਂ ਚੜ੍ਹਾਉਣ ਦੇਵਾਂਗਾ। ਪਰ ਤੁਹਾਨੂੰ ਬਹੁਤੀ ਦੂਰ ਨਹੀਂ ਜਾਣਾ ਚਾਹੀਦਾ। ਹੁਣ, ਜਾਓ ਅਤੇ ਮੇਰੇ ਵਾਸਤੇ ਪ੍ਰਾਰਥਨਾ ਕਰੋ।”
29 ਮੂਸਾ ਨੇ ਆਖਿਆ, “ਦੇਖੋ, ਮੈਂ ਜਾਵਾਂਗਾ ਅਤੇ ਯਹੋਵਾਹ ਅੱਗੇ ਪ੍ਰਾਰਥਨਾ ਕਰਾਂਗਾ ਅਤੇ ਮੱਖੀਆਂ ਤੈਨੂੰ, ਤੇਰੇ ਲੋਕਾਂ ਨੂੰ ਅਤੇ ਤੇਰੇ ਅਧਿਕਾਰੀਆਂ ਨੂੰ ਕਲ ਨੂੰ ਛੱਡ ਦੇਣਗੀਆਂ। ਪਰ ਤੈਨੂੰ ਫ਼ਿਰ ਸਾਨੂੰ ਸਾਡੇ ਯਹੋਵਾਹ ਨੂੰ ਬਲੀਆਂ ਨਾ ਚੜ੍ਹਾਉਣ ਦੀ ਆਗਿਆ ਦੇਕੇ ਗੁਮਰਾਹ ਨਹੀਂ ਕਰਨ ਚਾਹੀਦਾ।”
30 ਇਸ ਤਰ੍ਹਾਂ ਮੂਸਾ ਫ਼ਿਰਊਨ ਕੋਲੋਂ ਚੱਲਿਆ ਗਿਆ ਅਤੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ। 31 ਅਤੇ ਯਹੋਵਾਹ ਨੇ ਓਹੀ ਕੀਤਾ ਜੋ ਮੂਸਾ ਨੇ ਮੰਗਿਆ ਸੀ। ਯਹੋਵਾਹ ਨੇ ਫ਼ਿਰਊਨ, ਉਸ ਦੇ ਅਧਿਕਾਰੀਆਂ ਅਤੇ ਉਸਦੀ ਪਰਜਾ ਤੋਂ ਮੱਖੀਆਂ ਨੂੰ ਦੂਰ ਕਰ ਦਿੱਤਾ। ਕੋਈ ਮੱਖੀ ਨਹੀਂ ਬਚੀ। 32 ਪਰ ਉਸ ਨੇ ਫ਼ੇਰ ਜ਼ਿਦ ਫ਼ੜ ਲਈ ਅਤੇ ਲੋਕਾਂ ਨੂੰ ਨਹੀਂ ਜਾਣ ਦਿੱਤਾ।
ਪਸ਼ੂਆਂ ਦੀਆਂ ਬਿਮਾਰੀਆਂ
9 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ ਕਿ ਉਹ ਫ਼ਿਰਊਨ ਕੋਲ ਜਾਵੇ ਤਾਂ ਆਖੇ: “ਇਬਰਾਨੀ ਲੋਕਾਂ ਦਾ ਪਰਮੇਸ਼ੁਰ, ਯਹੋਵਾਹ ਆਖਦਾ ਹੈ, ‘ਮੇਰੇ ਲੋਕਾਂ ਨੂੰ ਮੇਰੀ ਉਪਾਸਨਾ ਕਰਨ ਲਈ ਜਾਣ ਦੇ।’ 2 ਜੇ ਤੂੰ ਉਨ੍ਹਾਂ ਨੂੰ ਰੋਕੀ ਰੱਖੇਂਗਾ ਅਤੇ ਜਾਣ ਨਹੀਂ ਦੇਵੇਂਗਾ, 3 ਤਾਂ ਯਹੋਵਾਹ ਆਪਣੀ ਸ਼ਕਤੀ ਖੇਤਾਂ ਵਿੱਚਲੇ ਤੁਹਾਡੇ ਪਸ਼ੂਆਂ ਦੇ ਖਿਲਾਫ਼ ਵਰਤੇਗਾ। ਯਹੋਵਾਹ ਤੁਹਾਡੇ ਘੋੜਿਆਂ, ਖੋਤਿਆਂ, ਊਠਾਂ, ਪਸ਼ੂਆਂ ਅਤੇ ਭੇਡਾਂ ਵਿੱਚ ਭਿਆਨਕ ਬਿਮਾਰੀ ਫ਼ੈਲਾ ਦੇਵੇਗਾ। 4 ਯਹੋਵਾਹ ਇਸਰਾਏਲ ਦੇ ਜਾਨਵਰਾਂ ਨਾਲ ਮਿਸਰ ਦੇ ਜਾਨਵਰਾਂ ਨਾਲੋਂ ਵੱਖਰਾ ਸਲੂਕ ਕਰੇਗਾ। ਇਸਰਾਏਲ ਦੇ ਲੋਕਾਂ ਦਾ ਕੋਈ ਵੀ ਜਾਨਵਰ ਨਹੀਂ ਮਰੇਗਾ। 5 ਯਹੋਵਾਹ ਨੇ ਅਜਿਹਾ ਵਾਪਰਨ ਲਈ ਸਮਾਂ ਨਿਸ਼ਚਿੰਤ ਕਰ ਦਿੱਤਾ ਹੈ। ਕਲ ਨੂੰ ਇਸ ਦੇਸ਼ ਵਿੱਚ ਯਹੋਵਾਹ ਦੀ ਰਜ਼ਾ ਕਾਰਣ ਅਜਿਹਾ ਹੀ ਵਾਪਰੇਗਾ।”
6 ਅਗਲੀ ਸਵੇਰ, ਮਿਸਰ ਦੇ ਸਾਰੇ ਪਾਲਤੂ ਪਸ਼ੂ ਮਰ ਗਏ। ਪਰ ਇਸਰਾਏਲ ਦੇ ਲੋਕਾਂ ਦਾ ਕੋਈ ਵੀ ਪਸ਼ੂ ਨਹੀਂ ਮਰਿਆ। 7 ਫ਼ਿਰਊਨ ਨੇ ਲੋਕਾਂ ਨੂੰ ਦੇਖਣ ਲਈ ਭੇਜਿਆ ਕਿ ਕੀ ਇਸਰਾਏਲੀਆਂ ਦਾ ਕੋਈ ਪਸ਼ੂ ਮਰਿਆ ਅਤੇ ਉਸ ਨੇ ਸੁਣਿਆ ਕਿ ਇਸਰਾਏਲੀਆਂ ਦਾ ਇੱਕ ਵੀ ਪਸ਼ੂ ਨਹੀਂ ਮਰਿਆ ਸੀ। ਪਰ ਫ਼ਿਰਊਨ ਜ਼ਿੱਦੀ ਹੀ ਰਿਹਾ। ਅਤੇ ਉਸ ਨੇ ਲੋਕਾਂ ਨੂੰ ਜਾਣ ਨਹੀਂ ਦਿੱਤਾ।
ਫ਼ੋੜੇ
8 ਯਹੋਵਾਹ ਨੇ ਮੂਸਾ ਤੇ ਹਾਰੂਨ ਨੂੰ ਆਖਿਆ, “ਕਿਸੇ ਚੁਲ੍ਹੇ ਵਿੱਚੋਂ ਰਾਖ ਲੈ ਕੇ ਆਪਣੇ ਹੱਥਾਂ ਵਿੱਚ ਭਰੋ। ਮੂਸਾ ਨੇ, ਫ਼ਿਰਊਨ ਦੇ ਸਾਹਮਣੇ ਉਹ ਰਾਖ ਹਵਾ ਵਿੱਚ ਸੁੱਟੀ। 9 ਇਹ ਅਜਿਹੀ ਰਾਖ ਬਣ ਜਾਵੇਗੀ ਜਿਹੜੀ ਮਿਸਰ ਦੀ ਸਾਰੀ ਧਰਤੀ ਤੇ ਫ਼ੈਲ ਜਾਵੇਗੀ। ਜਦੋਂ ਵੀ ਰਾਖ ਮਿਸਰ ਦੇ ਕਿਸੇ ਬੰਦੇ ਜਾਂ ਜਾਨਵਰ ਨੂੰ ਛੂਹੇਗੀ, ਚਮੜੀ ਉੱਤੇ ਫ਼ੋੜੇ ਨਿਕਲ ਆਉਣਗੇ।”
10 ਤਾਂ ਮੂਸਾ ਤੇ ਹਾਰੂਨ ਨੇ ਭੱਠੀ ਵਿੱਚੋਂ ਰਾਖ ਲਈ। ਫ਼ੇਰ ਉਹ ਜਾਕੇ ਫ਼ਿਰਊਨ ਦੇ ਸਾਹਮਣੇ ਖਲੋ ਗਏ। ਉਨ੍ਹਾਂ ਨੇ ਰਾਖ ਹਵਾ ਵਿੱਚ ਉਡਾ ਦਿੱਤੀ, ਅਤੇ ਲੋਕਾਂ ਅਤੇ ਪਸ਼ੂਆਂ ਉੱਤੇ ਫ਼ੋੜੇ ਨਿਕਲਣੇ ਸ਼ੁਰੂ ਹੋ ਗਏ। 11 ਜਾਦੂਗਰ ਮੂਸਾ ਨੂੰ ਅਜਿਹਾ ਕਰਨ ਤੋਂ ਨਹੀਂ ਰੋਕ ਸੱਕੇ, ਜਾਦੂਗਰਾਂ ਦੇ ਵੀ ਫ਼ੋੜੇ ਨਿਕਲ ਆਏ। ਇਹ ਮਿਸਰ ਵਿੱਚ ਹਰ ਥਾਂ ਵਾਪਰਿਆ। 12 ਪਰ ਯਹੋਵਾਹ ਨੇ ਫ਼ਿਰਊਨ ਨੂੰ ਜ਼ਿੱਦੀ ਬਣਾ ਦਿੱਤਾ। ਇਸ ਲਈ ਫ਼ਿਰਊਨ ਨੇ ਮੂਸਾ ਤੇ ਹਾਰੂਨ ਦੀ ਗੱਲ ਨਹੀਂ ਸੁਣੀ। ਅਜਿਹਾ ਉਵੇਂ ਹੀ ਵਾਪਰਿਆ ਜਿਵੇਂ ਯਹੋਵਾਹ ਨੇ ਆਖਿਆ ਸੀ।
ਗੜ੍ਹੇ
13 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, “ਸਵੇਰੇ ਉੱਠੀ ਅਤੇ ਫ਼ਿਰਊਨ ਵੱਲ ਜਾਵੀਂ। ਉਸ ਨੂੰ ਆਖੀਂ ਕਿ ਇਬਰਾਨੀ ਲੋਕਾਂ ਦਾ ਯਹੋਵਾਹ ਪਰਮੇਸ਼ੁਰ ਆਖਦਾ ਹੈ, ‘ਮੇਰੇ ਲੋਕਾਂ ਨੂੰ ਮੇਰੀ ਉਪਾਸਨਾ ਕਰਨ ਲਈ ਜਾਣ ਦੇ। 14 ਜੇ ਤੂੰ ਅਜਿਹਾ ਨਹੀਂ ਕਰੇਂਗਾ, ਤਾਂ ਮੈਂ ਆਪਣੀ ਸਾਰੀ ਸ਼ਕਤੀ ਤੇਰੇ, ਤੇਰੇ ਅਧਿਕਾਰੀਆਂ ਅਤੇ ਤੇਰੇ ਲੋਕਾਂ ਦੇ ਵਿਰੁੱਧ ਵਰਤਾਂਗਾ। ਫ਼ੇਰ ਤੁਹਾਨੂੰ ਪਤਾ ਚੱਲੇਗਾ ਕਿ ਦੁਨੀਆਂ ਵਿੱਚ ਮੇਰੇ ਵਰਗਾ ਕੋਈ ਦੇਵਤਾ ਨਹੀਂ ਹੈ। 15 ਮੈਂ ਆਪਣੀ ਸ਼ਕਤੀ ਵਰਤ ਸੱਕਦਾ ਸਾਂ ਅਤੇ ਅਜਿਹੀ ਬਿਮਾਰੀ ਫ਼ੈਲਾ ਸੱਕਦਾ ਸਾਂ ਜਿਹੜੀ ਤੈਨੂੰ ਤੇ ਤੇਰੇ ਲੋਕਾਂ ਦਾ ਧਰਤੀ ਉੱਤੋਂ ਨਾਮੋ ਨਿਸ਼ਾਨ ਮਿਟਾ ਦੇਵੇਗੀ। 16 ਪਰ ਮੈਂ ਤੈਨੂੰ ਇੱਥੇ ਕਿਸੇ ਕਾਰਣ ਰੱਖਿਆ ਹੈ। ਮੈਂ ਤੈਨੂੰ ਇੱਥੇ ਇਸ ਲਈ ਰੱਖਿਆ ਹੈ ਤਾਂ ਜੋ ਮੈਂ ਤੈਨੂੰ ਆਪਣੀ ਸ਼ਕਤੀ ਦਿਖਾ ਸੱਕਾਂ। ਫ਼ੇਰ ਸਾਰੀ ਦੁਨੀਆਂ ਦੇ ਲੋਕ ਮੇਰੇ ਬਾਰੇ ਜਾਣ ਲੈਣਗੇ। 17 ਤੂੰ ਫ਼ੇਰ ਵੀ ਮੇਰੇ ਲੋਕਾਂ ਦੇ ਵਿਰੁੱਧ ਹੈ। ਤੂੰ ਉਨ੍ਹਾਂ ਨੂੰ ਅਜ਼ਾਦ ਹੋਕੇ ਜਾਣ ਨਹੀਂ ਦੇ ਰਿਹਾ। 18 ਇਸ ਲਈ ਕਲ ਇਸੇ ਵੇਲੇ, ਮੈਂ ਭਿਆਨਕ ਗੜ੍ਹੇਮਾਰ ਕਰਾਂਗਾ। ਇਸ ਤਰ੍ਹਾਂ ਦੀ ਗੜ੍ਹੇਮਾਰ ਮਿਸਰ ਵਿੱਚ ਕਦੇ ਵੀ ਨਹੀਂ ਹੋਈ, ਉਦੋਂ ਤੋਂ ਲੈ ਕੇ ਵੀ ਨਹੀਂ ਜਦੋਂ ਦਾ ਮਿਸਰ ਇੱਕ ਕੌਮ ਬਣਿਆ ਹੈ। 19 ਹੁਣ ਤੈਨੂੰ ਚਾਹੀਦਾ ਹੈ ਕਿ ਤੂੰ ਆਪਣੇ ਜਾਨਵਰਾਂ ਨੂੰ ਕਿਸੇ ਸੁਰੱਖਿਅਤ ਥਾਂ ਤੇ ਰੱਖੇਂ। ਤੂੰ ਆਪਣੀ ਹਰ ਸ਼ੈਅ ਨੂੰ ਜਿਹੜੀ ਹੁਣ ਖੇਤਾਂ ਵਿੱਚ ਹੈ, ਕਿਸੇ ਸੁਰੱਖਿਅਤ ਥਾਂ ਰੱਖੀਂ। ਕਿਉਂਕਿ ਜਿਹੜਾ ਵੀ ਬੰਦਾ ਜਾਂ ਜਾਨਵਰ ਖੇਤਾਂ ਵਿੱਚ ਹੋਵੇਗਾ, ਮਾਰਿਆ ਜਾਵੇਗਾ। ਗੜ੍ਹੇ ਹਰ ਉਸ ਚੀਜ਼ ਉੱਤੇ ਵਰ੍ਹਣਗੇ ਜਿਹੜੀ ਤੁਹਾਡੇ ਘਰਾਂ ਵਿੱਚ ਜਮ੍ਹਾ ਨਹੀਂ ਕੀਤੀ ਗਈ।’”
20 ਫ਼ਿਰਊਨ ਦੇ ਕੁਝ ਅਧਿਕਾਰੀਆਂ ਨੇ ਯਹੋਵਾਹ ਦੇ ਸੰਦੇਸ਼ ਵੱਲ ਧਿਆਨ ਦਿੱਤਾ। ਉਨ੍ਹਾਂ ਆਦਮੀਆਂ ਨੇ ਕਾਹਲੀ ਨਾਲ ਆਪਣੇ ਸਾਰੇ ਜਾਨਵਰਾਂ ਅਤੇ ਗੁਲਾਮਾਂ ਨੂੰ ਘਰਾਂ ਅੰਦਰ ਲੈ ਆਂਦਾ। 21 ਪਰ ਬਾਕੀ ਲੋਕ ਜਿਨ੍ਹਾਂ ਨੇ ਯਹੋਵਾਹ ਦੇ ਸੰਦੇਸ਼ ਵੱਲ ਧਿਆਨ ਨਾ ਦਿੱਤਾ ਆਪਣੇ ਸਾਰੇ ਜਾਨਵਰ ਅਤੇ ਗੁਲਾਮਾਂ ਨੂੰ, ਖੇਤਾਂ ਵਿੱਚ ਛੱਡ ਗਏ।
22 ਯਹੋਵਾਹ ਨੇ ਮੂਸਾ ਨੂੰ ਆਖਿਆ, “ਆਪਣੀਆਂ ਬਾਹਾਂ ਹਵਾ ਵਿੱਚ ਉੱਠਾ ਅਤੇ ਮਿਸਰ ਵਿੱਚ ਹਰ ਥਾਂ ਗੜ੍ਹੇਮਾਰ ਹੋਣੀ ਸ਼ੁਰੂ ਹੋ ਜਾਵੇਗੀ। ਗੜ੍ਹੇ ਮਿਸਰ ਦੇ ਖੇਤਾਂ ਵਿੱਚ ਸਾਰੇ ਲੋਕਾਂ, ਜਾਨਵਰਾਂ ਅਤੇ ਪੌਦਿਆਂ ਉੱਤੇ ਵਰ੍ਹਣਗੇ।”
23 ਤਾਂ ਮੂਸਾ ਨੇ ਆਪਣੀ ਸੋਟੀ ਹਵਾ ਵਿੱਚ ਹਿਲਾਈ ਅਤੇ ਯਹੋਵਾਹ ਨੇ ਧਰਤੀ ਉੱਤੇ ਗਰਜ, ਚਮਕ ਅਤੇ ਗੜ੍ਹੇ ਵਰ੍ਹਾ ਦਿੱਤੇ। ਗੜ੍ਹੇ ਸਾਰੇ ਮਿਸਰ ਉੱਤੇ ਵਰ੍ਹੇ। 24 ਗੜ੍ਹੇ ਵਰ੍ਹ ਰਹੇ ਸਨ ਅਤੇ ਇਸੇ ਦੌਰਾਨ ਬਿਜਲੀ ਲਿਸ਼ਕ ਰਹੀ ਸੀ। ਜਦੋਂ ਦਾ ਮਿਸਰ ਇੱਕ ਕੌਮ ਬਣਿਆ ਸੀ, ਇਹ ਸਭ ਤੋਂ ਭਿਆਨਕ ਗੜ੍ਹੇਮਾਰ ਸੀ। 25 ਤੂਫ਼ਾਨ ਨੇ ਮਿਸਰ ਦੇ ਖੇਤਾਂ ਦੀ ਹਰ ਸ਼ੈਅ ਤਬਾਹ ਕਰ ਦਿੱਤੀ। ਗੜਿਆਂ ਨੇ ਲੋਕਾਂ, ਜਾਨਵਰਾਂ ਅਤੇ ਪੌਦਿਆਂ ਨੂੰ ਤਬਾਹ ਕਰ ਦਿੱਤਾ। ਗੜਿਆਂ ਨੇ ਖੇਤਾਂ ਦੇ ਸਾਰੇ ਰੁੱਖ ਵੀ ਝੰਬ ਦਿੱਤੇ। 26 ਸਿਰਫ਼ ਇੱਕ ਥਾਂ ਜਿੱਥੇ ਗੜ੍ਹੇਮਾਰ ਨਹੀਂ ਹੋਈ ਉਹ ਗੋਸ਼ਨ ਦੀ ਧਰਤੀ ਸੀ ਜਿੱਥੇ ਇਸਰਾਏਲ ਦੇ ਲੋਕ ਰਹਿੰਦੇ ਸਨ।
27 ਫ਼ਿਰਊਨ ਨੇ ਮੂਸਾ ਤੇ ਹਾਰੂਨ ਨੂੰ ਸੱਦਿਆ। ਫ਼ਿਰਊਨ ਨੇ ਉਨ੍ਹਾਂ ਨੂੰ ਆਖਿਆ, “ਇਸ ਵਾਰੀ ਮੈਂ ਪਾਪ ਕੀਤਾ ਹੈ। ਯਹੋਵਾਹ ਠੀਕ ਹੈ, ਅਤੇ ਮੈਂ ਤੇ ਮੇਰੇ ਲੋਕ ਗਲਤ ਹਨ। 28 ਪਰਮੇਸ਼ੁਰ ਵੱਲੋਂ ਗਰਜ ਅਤੇ ਗੜ੍ਹੇਮਾਰ ਬਹੁਤ ਜ਼ਿਆਦਾ ਹੋਈ ਹੈ। ਪਰਮੇਸ਼ੁਰ ਨੂੰ ਆਖੋ ਕਿ ਤੂਫ਼ਾਨ ਨੂੰ ਰੋਕੇ ਅਤੇ ਮੈਂ ਤੁਹਾਨੂੰ ਜਾਣ ਦੇਵਾਂਗਾ। ਤੁਹਾਨੂੰ ਇੱਥੇ ਰਹਿਣ ਦੀ ਕੋਈ ਲੋੜ ਨਹੀਂ।”
29 ਮੂਸਾ ਨੇ ਫ਼ਿਰਊਨ ਨੂੰ ਆਖਿਆ, “ਮੇਰੇ ਸ਼ਹਿਰ ਛੱਡਣ ਤੋਂ ਬਾਦ, ਮੈਂ ਯਹੋਵਾਹ ਅੱਗੇ ਆਪਣੀਆਂ ਬਾਹਾਂ ਪ੍ਰਾਰਥਨਾ ਵਿੱਚ ਉੱਠਾਵਾਂਗਾ। ਤੁਰੰਤ ਹੀ ਗਰਜਨਾ ਅਤੇ ਗੜ੍ਹੇ ਰੁਕ ਜਾਣਗੇ। ਫ਼ੇਰ ਤੈਨੂੰ ਪਤਾ ਲੱਗ ਜਾਵੇਗਾ ਕਿ ਧਰਤੀ ਯਹੋਵਾਹ ਦੀ ਹੈ। 30 ਪਰ ਮੈਂ ਜਾਣਦਾ ਹਾਂ ਕਿ ਤੂੰ ਅਤੇ ਤੇਰੇ ਅਧਿਕਾਰੀ ਅਜੇ ਤੱਕ ਅਸਲ ਵਿੱਚ ਯਹੋਵਾਹ ਤੋਂ ਡਰਦੇ ਤੇ ਉਸਦਾ ਆਦਰ ਨਹੀਂ ਕਰਦੇ।”
31 ਸਣ ਦੇ ਬੀਜ ਪੁੰਗਰ ਚੁੱਕੇ ਸਨ। ਅਤੇ ਜੌ ਪਹਿਲਾਂ ਹੀ ਪਲਰ ਰਹੇ ਸਨ। ਇਸ ਲਈ ਇਹ ਪੌਦੇ ਤਬਾਹ ਹੋ ਗਏ। 32 ਪਰ ਕਣਕ ਦੂਜਿਆਂ ਅਨਾਜਾਂ ਤੋਂ ਪਛੇਤੀ ਪਕਦੀ ਹੈ ਇਸ ਲਈ ਉਸ ਦੇ ਪੌਦੇ ਤਬਾਹ ਨਹੀਂ ਹੋਏ।
33 ਮੂਸਾ ਫ਼ਿਰਊਨ ਨੂੰ ਛੱਡ ਕੇ ਸ਼ਹਿਰ ਦੇ ਬਾਹਰ ਚੱਲਾ ਗਿਆ। ਉਸ ਨੇ ਯਹੋਵਾਹ ਅੱਗੇ ਪ੍ਰਾਰਥਨਾ ਵਿੱਚ ਹੱਥ ਚੁੱਕੇ। ਅਤੇ ਗਰਜ ਅਤੇ ਗੜ੍ਹੇਮਾਰ ਰੁਕ ਗਈ ਅਤੇ ਫ਼ੇਰ ਬਾਰਿਸ਼ ਵੀ ਹਟ ਗਈ।
34 ਜਦੋਂ ਫ਼ਿਰਊਨ ਨੇ ਦੇਖਿਆ ਕਿ ਮੀਂਹ, ਗੜ੍ਹੇਮਾਰ ਅਤੇ ਗਰਜ ਰੁਕ ਗਈ ਹੈ, ਉਸ ਨੇ ਫ਼ੇਰ ਗਲਤੀ ਕੀਤੀ। ਉਸ ਨੇ ਤੇ ਉਸ ਦੇ ਅਧਿਕਾਰੀਆਂ ਨੇ ਫ਼ੇਰ ਜ਼ਿਦ ਫ਼ੜ ਲਈ। 35 ਫ਼ਿਰਊਨ ਨੇ ਇਸਰਾਏਲ ਦੇ ਲੋਕਾਂ ਨੂੰ ਅਜ਼ਾਦੀ ਨਾਲ ਜਾਣ ਨਹੀਂ ਦਿੱਤਾ। ਇਹ ਉਵੇਂ ਹੀ ਵਾਪਰਿਆ ਜਿਵੇਂ ਯਹੋਵਾਹ ਨੇ ਮੂਸਾ ਦੇ ਰਾਹੀਂ ਆਖਿਆ ਸੀ।
ਟਿੱਡੀ ਦਲ
10 ਯਹੋਵਾਹ ਨੇ ਮੂਸਾ ਨੂੰ ਆਖਿਆ, “ਫ਼ਿਰਊਨ ਕੋਲ ਜਾਹ। ਮੈਂ ਉਸ ਨੂੰ ਅਤੇ ਉਸ ਦੇ ਅਧਿਕਾਰੀਆਂ ਨੂੰ ਜ਼ਿੱਦੀ ਬਣਾਇਆ ਹੈ। ਮੈਂ ਅਜਿਹਾ ਇਸ ਲਈ ਕੀਤਾ ਤਾਂ ਜੋ ਮੈਂ ਉਨ੍ਹਾਂ ਨੂੰ ਆਪਣੇ ਤਾਕਤਵਰ ਕਰਿਸ਼ਮੇ ਦਿਖਾ ਸੱਕਾਂ। 2 ਅਜਿਹਾ ਮੈਂ ਇਸ ਲਈ ਵੀ ਕੀਤਾ ਤਾਂ ਜੋ ਤੁਸੀਂ ਆਪਣੇ ਪੁੱਤਾਂ-ਪੋਤਿਆਂ ਨੂੰ ਉਨ੍ਹਾਂ ਕਰਿਸ਼ਮਿਆਂ ਅਤੇ ਕਾਰਨਾਮਿਆਂ ਬਾਰੇ ਦੱਸ ਸੱਕੋਂ ਜੋ ਮੈਂ ਮਿਸਰ ਵਿੱਚ ਕੀਤੇ ਹਨ। ਫ਼ੇਰ ਤੁਸੀਂ ਸਾਰੇ ਜਾਣ ਜਾਵੋਂਗੇ ਕਿ ਮੈਂ ਯਹੋਵਾਹ ਹਾਂ।”
3 ਇਸ ਲਈ ਮੂਸਾ ਤੇ ਹਾਰੂਨ ਫ਼ਿਰਊਨ ਵੱਲ ਗਏ। ਉਨ੍ਹਾਂ ਨੇ ਉਸ ਨੂੰ ਆਖਿਆ, “ਇਬਰਾਨੀ ਲੋਕਾਂ ਦਾ ਯਹੋਵਾਹ ਪਰਮੇਸ਼ੁਰ ਆਖਦਾ ਹੈ, ‘ਕਿੰਨਾ ਚਿਰ ਤੱਕ ਤੁਸੀਂ ਮੇਰਾ ਹੁਕਮ ਮੰਨਣ ਤੋਂ ਇਨਕਾਰ ਕਰੋਂਗੇ? ਮੇਰੇ ਲੋਕਾਂ ਨੂੰ ਮੇਰੀ ਉਪਾਸਨਾ ਕਰਨ ਲਈ ਜਾਣ ਦਿਉ। 4 ਜੇ ਤੁਸੀਂ ਮੇਰੇ ਲੋਕਾਂ ਨੂੰ ਨਹੀਂ ਜਾਣ ਦਿਉਂਗੇ ਤਾਂ ਮੈਂ ਕਲ ਨੂੰ ਤੁਹਾਡੇ ਦੇਸ਼ ਉੱਤੇ ਟਿੱਡੀ ਦਲ ਛੱਡਾਂਗਾ। 5 ਟਿੱਡੀਆਂ ਸਾਰੀ ਧਰਤੀ ਤੇ ਫ਼ੈਲ ਜਾਣਗੀਆਂ। ਟਿੱਡੀਆਂ ਇੰਨੀਆਂ ਹੋਣਗੀਆਂ ਕਿ ਤੁਹਾਨੂੰ ਜ਼ਮੀਨ ਨਜ਼ਰ ਨਹੀਂ ਆਵੇਗੀ। ਜੋ ਕੁਝ ਵੀ ਗੜ੍ਹੇਮਾਰ ਤੋਂ ਬਚ ਗਿਆ ਸੀ ਉਸ ਨੂੰ ਟਿੱਡੀਆਂ ਖਾ ਜਾਣਗੀਆਂ। ਟਿੱਡੀਆਂ ਖੇਤਾਂ ਵਿੱਚਲੇ ਹਰ ਰੁੱਖ ਦੇ ਪੱਤੇ ਖਾ ਜਾਣਗੀਆਂ। 6 ਟਿੱਡੀਆਂ ਤੁਹਾਡੇ ਘਰਾਂ, ਤੁਹਾਡੇ ਅਧਿਕਾਰੀਆਂ ਦੇ ਘਰਾਂ, ਅਤੇ ਮਿਸਰ ਦੇ ਸਾਰੇ ਘਰਾਂ ਵਿੱਚ ਹੋਣਗੀਆਂ। ਉਹ ਇੰਨੀਆਂ ਜ਼ਿਆਦਾ ਹੋਣਗੀਆਂ ਕਿ ਤੁਹਾਡੇ ਪਿਉ-ਦਾਦਿਆਂ ਨੇ ਕਦੇ ਵੀ ਟਿੱਡੀਆਂ ਦੀ ਇੰਨੀ ਵੱਡੀ ਤੌਣ ਨਹੀਂ ਵੇਖੀ ਹੋਵੇਗੀ ਜਦੋਂ ਤੋਂ ਕਿ ਮਿਸਰੀ ਇੱਥੇ ਵਸੇ ਹਨ।’” ਫ਼ੇਰ ਮੂਸਾ ਫ਼ਿਰਊਨ ਤੋਂ ਪਰ੍ਹਾਂ ਮੁੜਿਆ ਅਤੇ ਚੱਲਾ ਗਿਆ।
7 ਤਾਂ ਅਧਿਕਾਰੀਆਂ ਨੇ ਫ਼ਿਰਊਨ ਨੂੰ ਪੁੱਛਿਆ, “ਕਿੰਨਾ ਕੁ ਚਿਰ ਤੱਕ ਅਸੀਂ ਇਨ੍ਹਾਂ ਲੋਕਾਂ ਦੇ ਜਾਲ ਵਿੱਚ ਫ਼ਸੇ ਰਹਾਂਗੇ। ਇਨ੍ਹਾਂ ਆਦਮੀਆਂ ਨੂੰ ਜਾਕੇ ਯਹੋਵਾਹ ਆਪਣੇ ਪਰਮੇਸ਼ੁਰ ਦੀ ਉਪਾਸਨਾ ਕਰਨ ਦਿਓ। ਜੇ ਤੁਸੀਂ ਉਨ੍ਹਾਂ ਨੂੰ ਨਹੀਂ ਜਾਣ ਦਿਉਂਗੇ ਤਾਂ ਤੁਹਾਨੂੰ ਪਤਾ ਲੱਗਣ ਤੋਂ ਪਹਿਲਾਂ ਹੀ ਮਿਸਰ ਤਬਾਹ ਹੋ ਜਾਵੇਗਾ।”
8 ਇਸ ਲਈ ਫ਼ਿਰਊਨ ਨੇ ਆਪਣੇ ਅਧਿਕਾਰੀਆਂ ਨੂੰ ਮੂਸਾ ਤੇ ਹਾਰੂਨ ਨੂੰ ਆਪਣੇ ਕੋਲ ਵਾਪਸ ਲਿਆਉਣ ਲਈ ਆਖਿਆ। ਫ਼ਿਰਊਨ ਨੇ ਉਨ੍ਹਾਂ ਨੂੰ ਆਖਿਆ, “ਜਾਓ ਜਾਕੇ ਯਹੋਵਾਹ ਆਪਣੇ ਪਰਮੇਸ਼ੁਰ ਦੀ ਉਪਾਸਨਾ ਕਰੋ। ਪਰ ਮੈਨੂੰ ਇਹ ਦੱਸੋ ਕਿ ਕੌਣ-ਕੌਣ ਜਾ ਰਿਹਾ ਹੈ?”
9 ਮੂਸਾ ਨੇ ਜਵਾਬ ਦਿੱਤਾ, “ਸਾਡੇ ਸਾਰੇ ਲੋਕ, ਜੁਆਨ ਤੇ ਬੁੱਢੇ, ਜਾਣਗੇ। ਅਤੇ ਆਪਣੇ ਪੁੱਤਾਂ-ਧੀਆਂ ਅਤੇ ਆਪਣੀਆਂ ਭੇਡਾਂ ਤੇ ਪਸ਼ੂਆਂ ਨੂੰ ਨਾਲ ਲੈ ਜਾਣਗੇ। ਅਸੀਂ ਸਾਰੇ ਹੀ ਜਾਵਾਂਗੇ ਕਿਉਂਕਿ ਯਹੋਵਾਹ ਦੀ ਦਾਵਤ ਸਾਡੇ ਸਾਰਿਆਂ ਵਾਸਤੇ ਹੈ।”
10 ਫ਼ਿਰਊਨ ਨੇ ਉਨ੍ਹਾਂ ਨੂੰ ਆਖਿਆ, “ਯਹੋਵਾਹ ਨੂੰ ਸੱਚਮੁੱਚ ਤੁਹਾਡੇ ਅੰਗ-ਸੰਗ ਹੋਣਾ ਪਵੇਗਾ, ਇਸਤੋਂ ਪਹਿਲਾਂ ਕਿ ਮੈਂ ਤੁਹਾਨੂੰ ਅਤੇ ਤੁਹਾਡੇ ਬੱਚਿਆਂ ਨੂੰ ਮਿਸਰ ਛੱਡ ਜਾਣ ਦੀ ਇਜਾਜ਼ਤ ਦਿਆਂ। ਤੁਸੀਂ ਕਿਸੇ ਦੁਸ਼ਟ ਗੱਲ ਦੀ ਯੋਜਨਾ ਬਣਾ ਰਹੇ ਲੱਗਦੇ ਹੋ। 11 ਆਦਮੀ ਜਾਕੇ ਯਹੋਵਾਹ ਦੀ ਉਪਾਸਨਾ ਕਰ ਸੱਕਦੇ ਹਨ। ਇਹੀ ਸੀ ਜੋ ਤੁਸੀਂ ਸ਼ੁਰੂ ਵਿੱਚ ਮੰਗਿਆ ਸੀ। ਪਰ ਤੁਹਾਡੇ ਸਾਰੇ ਲੋਕ ਨਹੀਂ ਜਾ ਸੱਕਦੇ।” ਫ਼ੇਰ ਫ਼ਿਰਊਨ ਨੇ ਮੂਸਾ ਤੇ ਹਾਰੂਨ ਨੂੰ ਵਾਪਸ ਤੋਰ ਦਿੱਤਾ।
12 ਯਹੋਵਾਹ ਨੇ ਮੂਸਾ ਨੂੰ ਆਖਿਆ, “ਮਿਸਰ ਦੀ ਧਰਤੀ ਉੱਪਰ ਆਪਣਾ ਹੱਥ ਉੱਠਾ ਅਤੇ ਟਿੱਡੀ ਦਲ ਆ ਜਾਵੇਗਾ। ਟਿੱਡੀਆਂ ਮਿਸਰ ਦੀ ਧਰਤੀ ਉੱਤੇ ਫ਼ੈਲ ਜਾਣਗੀਆਂ। ਟਿੱਡੀਆਂ ਉਹ ਸਾਰੇ ਪੌਦੇ ਖਾ ਜਾਣਗੀਆਂ ਜਿਹੜੇ ਗੜਿਆਂ ਨੇ ਤਬਾਹ ਕੀਤੇ ਸਨ।”
13 ਇਸ ਲਈ ਮੂਸਾ ਨੇ ਆਪਣੀ ਸੋਟੀ ਮਿਸਰ ਦੀ ਧਰਤੀ ਉੱਪਰ ਉੱਠਾਈ ਅਤੇ ਯਹੋਵਾਹ ਨੇ ਪੂਰਬ ਵੱਲੋਂ ਤੇਜ਼ ਹਵਾ ਵਗਾਈ। ਹਵਾ ਸਾਰਾ ਦਿਨ ਤੇ ਸਾਰੀ ਰਾਤ ਵਗਦੀ ਰਹੀ। ਜਦੋਂ ਸਵੇਰ ਹੋਈ ਹਵਾ ਮਿਸਰ ਦੀ ਧਰਤੀ ਉੱਪਰ ਟਿੱਡੀਆਂ ਲੈ ਆਈ। 14 ਟਿੱਡੀਆਂ ਉੱਡਕੇ ਮਿਸਰ ਦੇ ਦੇਸ਼ ਵਿੱਚ ਆ ਗਈਆਂ ਅਤੇ ਧਰਤੀ ਤੇ ਬੈਠ ਗਈਆਂ। ਇੰਨੀਆਂ ਟਿੱਡੀਆਂ ਮਿਸਰ ਵਿੱਚ ਕਦੇ ਨਹੀਂ ਦੇਖੀਆਂ ਗਈਆਂ ਸਨ। ਅਤੇ ਇੰਨੀਆਂ ਟਿੱਡੀਆਂ ਫ਼ੇਰ ਕਦੇ ਵੀ ਨਹੀਂ ਹੋਣਗੀਆਂ। 15 ਟਿੱਡੀਆਂ ਨੇ ਸਾਰੀ ਜ਼ਮੀਨ ਢੱਕ ਦਿੱਤੀ ਅਤੇ ਸਾਰੇ ਦੇਸ਼ ਅੰਦਰ ਹਨੇਰਾ ਛਾ ਗਿਆ। ਟਿੱਡੀਆਂ ਨੇ ਧਰਤੀ ਦਾ ਹਰ ਪੌਦਾ ਅਤੇ ਰੁੱਖਾਂ ਦਾ ਹਰ ਉਹ ਫ਼ਲ ਖਾ ਲਿਆ ਜਿਹੜਾ ਗੜਿਆਂ ਨੇ ਤਬਾਹ ਨਹੀਂ ਕੀਤਾ ਸੀ। ਮਿਸਰ ਵਿੱਚ ਕਿੱਧਰੇ ਵੀ ਰੁੱਖਾਂ ਜਾਂ ਪੌਦਿਆਂ ਉੱਤੇ ਪੱਤੇ ਨਹੀਂ ਬਚੇ।
16 ਫ਼ਿਰਊਨ ਨੇ ਛੇਤੀ ਨਾਲ ਮੂਸਾ ਅਤੇ ਹਾਰੂਨ ਨੂੰ ਬੁਲਾਇਆ। ਫ਼ਿਰਊਨ ਨੇ ਆਖਿਆ, “ਮੈਂ ਯਹੋਵਾਹ ਤੁਹਾਡੇ ਪਰਮੇਸ਼ੁਰ ਅਤੇ ਤੁਹਾਡੇ ਖਿਲਾਫ਼ ਪਾਪ ਕੀਤਾ ਹੈ। 17 ਹੁਣ ਇਸ ਵਾਰੀ ਮੈਨੂੰ ਮੇਰੇ ਪਾਪਾਂ ਲਈ ਮਾਫ਼ੀ ਦਿਓ। ਯਹੋਵਾਹ ਨੂੰ ਆਖੋ ਕਿ ਇਸ ਮੌਤ (ਟਿੱਡੀ ਦਲ) ਨੂੰ ਮੇਰੇ ਕੋਲੋਂ ਦੂਰ ਕਰ ਦੇਵੇ।”
18 ਮੂਸਾ ਫ਼ਿਰਊਨ ਕੋਲੋਂ ਚੱਲਾ ਗਿਆ ਅਤੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ। 19 ਇਸ ਲਈ ਯਹੋਵਾਹ ਨੇ ਹਵਾ ਦਾ ਰੁੱਖ ਮੋੜ ਦਿੱਤਾ। ਯਹੋਵਾਹ ਨੇ ਪੱਛਮ ਵੱਲੋਂ ਬਹੁਤ ਤੇਜ਼ ਹਵਾ ਵਗਾਈ ਅਤੇ ਇਹ ਟਿੱਡੀਆਂ ਨੂੰ ਮਿਸਰ ਤੋਂ ਉਡਾਕੇ ਲਾਲ ਸਾਗਰ ਵਿੱਚ ਲੈ ਗਈ। ਮਿਸਰ ਵਿੱਚ ਇੱਕ ਵੀ ਟਿੱਡੀ ਨਹੀਂ ਬਚੀ। 20 ਪਰ ਯਹੋਵਾਹ ਨੇ ਫ਼ਿਰਊਨ ਨੂੰ ਫ਼ੇਰ ਜ਼ਿੱਦੀ ਬਣਾ ਦਿੱਤਾ। ਅਤੇ ਫ਼ਿਰਊਨ ਨੇ ਇਸਰਾਏਲ ਦੇ ਲੋਕਾਂ ਨੂੰ ਜਾਣ ਨਹੀਂ ਦਿੱਤਾ।
ਹਨੇਰਾ
21 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ, “ਆਪਣਾ ਹੱਥ ਹਵਾ ਵਿੱਚ ਉੱਠਾ ਅਤੇ ਮਿਸਰ ਵਿੱਚ ਹਨੇਰਾ ਛਾ ਜਾਵੇਗਾ। ਇਹ ਇੰਨਾ ਘੁੱਪ ਹਨੇਰਾ ਹੋਵੇਗਾ ਕਿ ਤੁਸੀਂ ਇਸ ਨੂੰ ਮਹਿਸੂਸ ਕਰ ਸੱਕੋਂਗੇ।”
22 ਇਸ ਲਈ ਮੂਸਾ ਨੇ ਹਵਾ ਵਿੱਚ ਆਪਣਾ ਹੱਥ ਉੱਠਾਇਆ ਅਤੇ ਹਨੇਰੇ ਦੇ ਇੱਕ ਬੱਦਲ ਨੇ ਮਿਸਰ ਨੂੰ ਢੱਕ ਲਿਆ। ਹਨੇਰਾ ਮਿਸਰ ਵਿੱਚ ਤਿੰਨ ਦਿਨ ਰਿਹਾ। 23 ਕੋਈ ਵੀ ਬੰਦਾ ਇੱਕ ਦੂਜੇ ਨੂੰ ਨਹੀਂ ਦੇਖ ਸੱਕਦਾ ਸੀ। ਅਤੇ ਕੋਈ ਵੀ ਤਿੰਨ ਦਿਨਾਂ ਤੱਕ ਉੱਠ ਕੇ ਕਿਸੇ ਥਾਂ ਨਹੀਂ ਗਿਆ। ਪਰ ਜਿਨ੍ਹਾਂ ਥਾਵਾਂ ਉੱਤੇ ਇਸਰਾਏਲ ਦੇ ਲੋਕ ਰਹਿੰਦੇ ਸਨ ਓੱਥੇ ਰੌਸ਼ਨੀ ਸੀ।
24 ਫ਼ਿਰਊਨ ਨੇ ਮੂਸਾ ਨੂੰ ਫ਼ੇਰ ਬੁਲਾਇਆ। ਫ਼ਿਰਊਨ ਨੇ ਆਖਿਆ, “ਜਾਓ ਅਤੇ ਆਪਣੇ ਯਹੋਵਾਹ ਦੀ ਉਪਾਸਨਾ ਕਰੋ। ਤੁਸੀਂ ਆਪਣੇ ਬੱਚੇ ਆਪਣੇ ਨਾਲ ਲਿਜਾ ਸੱਕਦੇ ਹੋ। ਪਰ ਤੁਹਾਨੂੰ ਆਪਣੀਆਂ ਭੇਡਾਂ ਤੇ ਪਸ਼ੂ ਇੱਥੇ ਹੀ ਛੱਡਣੇ ਪੈਣਗੇ।”
25 ਮੂਸਾ ਨੇ ਆਖਿਆ, “ਨਾ ਸਿਰਫ਼ ਅਸੀਂ ਆਪਣੀਆਂ ਭੇਡਾਂ ਅਤੇ ਪਸ਼ੂ ਹੀ ਆਪਣੇ ਨਾਲ ਲੈ ਜਾਵਾਂਗੇ, ਸਗੋਂ ਜਦੋਂ ਅਸੀਂ ਜਾਵਾਂਗੇ, ਤੁਸੀਂ ਸਾਨੂੰ ਭੇਟਾ ਤੇ ਬਲੀਆਂ ਵੀ ਦੇਵੋਂਗੇ। 26 ਹਾਂ, ਅਸੀਂ ਆਪਣੇ ਯਹੋਵਾਹ ਦੀ ਉਪਾਸਨਾ ਲਈ ਆਪਣੇ ਪਸ਼ੂ ਆਪਣੇ ਨਾਲ ਲੈ ਜਾਵਾਂਗੇ। ਕੋਈ ਖੁਰ ਵੀ ਪਿੱਛੇ ਨਹੀਂ ਛੱਡਿਆ ਜਾਵੇਗਾ। ਹਾਲੇ ਤੱਕ ਸਾਨੂੰ ਪੱਕਾ ਪਤਾ ਨਹੀਂ ਕਿ ਯਹੋਵਾਹ ਦੀ ਉਪਾਸਨਾ ਲਈ ਸਾਨੂੰ ਕੀ ਕੁਝ ਚਾਹੀਦਾ ਹੋਵੇਗਾ। ਇਸਦਾ ਸਾਨੂੰ ਉਦੋਂ ਹੀ ਪਤਾ ਚੱਲੇਗਾ ਜਦੋਂ ਅਸੀਂ ਉੱਥੇ ਜਾਵਾਂਗੇ ਜਿੱਥੇ ਅਸੀਂ ਜਾ ਰਹੇ ਹਾਂ। ਇਸ ਲਈ ਸਾਨੂੰ ਇਹ ਸਾਰੀਆਂ ਚੀਜ਼ਾਂ ਆਪਣੇ ਲਈ ਲਿਜਾਣੀਆਂ ਪੈਣਗੀਆਂ।”
27 ਯਹੋਵਾਹ ਨੇ ਫ਼ਿਰਊਨ ਨੂੰ ਫ਼ੇਰ ਜ਼ਿੱਦੀ ਬਣਾ ਦਿੱਤਾ। ਇਸ ਲਈ ਫ਼ਿਰਊਨ ਨੇ ਉਨ੍ਹਾਂ ਨੂੰ ਜਾਣ ਨਹੀਂ ਦਿੱਤਾ। 28 ਤਾਂ ਫ਼ਿਰਊਨ ਨੇ ਮੂਸਾ ਨੂੰ ਆਖਿਆ, “ਇੱਥੋਂ ਚੱਲਿਆ ਜਾਹ। ਮੈਂ ਨਹੀਂ ਚਾਹੁੰਦਾ ਕਿ ਤੂੰ ਫ਼ੇਰ ਇੱਥੇ ਆਵੇਂ। ਅਗਲੀ ਵਾਰ ਜਦੋਂ ਤੂੰ ਮਿਲਣ ਆਵੇਂਗਾ, ਤੂੰ ਮਾਰਿਆ ਜਾਵੇਂਗਾ।”
29 ਤਾਂ ਮੂਸਾ ਨੇ ਫ਼ਿਰਊਨ ਨੂੰ ਆਖਿਆ, “ਤੂੰ ਇੱਕ ਗੱਲ ਬਾਰੇ ਬਿਲਕੁਲ ਠੀਕ ਹੈਂ। ਮੈਂ ਦੋਬਾਰਾ ਤੈਨੂੰ ਮਿਲਣ ਨਹੀਂ ਆਵਾਂਗਾ।”
ਪਲੋਠਿਆਂ ਦੀ ਮੌਤ
11 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, “ਮੇਰੇ ਕੋਲ ਫ਼ਿਰਊਨ ਅਤੇ ਮਿਸਰ ਉੱਪਰ ਲਿਆਉਣ ਲਈ ਇੱਕ ਹੋਰ ਸੰਕਟ ਹੈ। ਇਸਤੋਂ ਬਾਦ ਉਹ ਤੁਹਾਨੂੰ ਮਿਸਰ ਤੋਂ ਬਾਹਰ ਭੇਜ ਦੇਵੇਗਾ। ਅਸਲ ਵਿੱਚ ਉਹ ਤੁਹਾਨੂੰ ਇਹ ਦੇਸ਼ ਛੱਡਣ ਲਈ ਮਜ਼ਬੂਰ ਕਰੇਗਾ। 2 ਤੁਹਾਨੂੰ ਚਾਹੀਦਾ ਹੈ ਕਿ ਇਸਰਾਏਲ ਦੇ ਲੋਕਾਂ ਨੂੰ ਇਹ ਸੰਦੇਸ਼ ਦੇਵੋ; ‘ਆਦਮੀਓ ਅਤੇ ਔਰਤੋਂ, ਤੁਹਾਨੂੰ ਚਾਹੀਦਾ ਹੈ ਕਿ ਆਪਣੇ ਗੁਆਂਢੀਆਂ ਪਾਸੋਂ ਸੋਨਾ ਚਾਂਦੀ ਦੀਆਂ ਬਣੀਆਂ ਚੀਜ਼ਾਂ ਮੰਗੋ। 3 ਯਹੋਵਾਹ ਮਿਸਰੀਆਂ ਨੂੰ ਤੁਹਾਡੇ ਵੱਲ ਮਿਹਰਬਾਨ ਬਣਾ ਦੇਵੇਗਾ। ਮਿਸਰੀ, ਫ਼ਿਰਊਨ ਦੇ ਅਧਿਕਾਰੀ ਵੀ ਮੂਸਾ ਨੂੰ ਮਹਾਨ ਆਦਮੀ ਸਮਝਦੇ ਹਨ।’”
4 ਮੂਸਾ ਨੇ ਲੋਕਾਂ ਨੂੰ ਆਖਿਆ, “ਯਹੋਵਾਹ ਆਖਦਾ ਹੈ, ‘ਅੱਜ ਅੱਧੀ ਰਾਤ ਨੂੰ, ਮੈਂ ਮਿਸਰ ਵਿੱਚੋਂ ਲੰਘਾਂਗਾ, 5 ਅਤੇ ਮਿਸਰ ਵਿੱਚ ਜਨਮਿਆ ਹਰ ਪਹਿਲੋਠਾ ਪੁੱਤ, ਮਿਸਰ ਦੇ ਹਾਕਮ, ਫ਼ਿਰਊਨ ਦੇ ਪਹਿਲੋਠੇ ਪੁੱਤਰ ਤੋਂ ਲੈ ਕੇ, ਅਨਾਜ ਪੀਹਣ ਵਾਲੀ ਗੁਲਾਮ ਔਰਤ ਦੇ ਪਹਿਲੋਠੇ ਪੁੱਤਰ ਤੱਕ, ਮਰ ਜਾਣਗੇ। 6 ਮਿਸਰ ਵਿੱਚ ਪੈਣ ਵਾਲੇ ਵੈਣ ਇਨੇ ਭੈੜੇ ਹੋਣਗੇ ਕਿ ਪਹਿਲਾਂ ਕਦੇ ਨਹੀਂ ਪਏ ਹੋਣਗੇ। ਅਤੇ ਇਹ ਭਵਿੱਖ ਵਿੱਚ ਪੈਣ ਵਾਲੇ ਵੈਣਾਂ ਤੋਂ ਵੀ ਭੈੜੇ ਹੋਣਗੇ। 7 ਪਰ ਇਸਰਾਏਲ ਦੇ ਲੋਕਾਂ ਵਿੱਚੋਂ ਕਿਸੇ ਨੂੰ ਵੀ ਕੋਈ ਨੁਕਸਾਨ ਨਹੀਂ ਹੋਵੇਗਾ-ਉਨ੍ਹਾਂ ਉੱਤੇ ਕੋਈ ਕੁੱਤਾ ਵੀ ਨਹੀਂ ਭੌਕੇਗਾ।’ ਇਸਰਾਏਲ ਦੇ ਕਿਸੇ ਬੰਦੇ ਜਾਂ ਉਨ੍ਹਾਂ ਦੇ ਕਿਸੇ ਜਾਨਵਰ ਦਾ ਕੋਈ ਨੁਕਸਾਨ ਨਹੀਂ ਹੋਵੇਗਾ। ਇਸ ਤਰ੍ਹਾਂ ਤੁਸੀਂ ਜਾਣ ਜਾਵੋਂਗੇ ਕਿ ਮੈਂ ਇਸਰਾਏਲ ਨਾਲ ਮਿਸਰ ਨਾਲੋਂ ਵੱਖਰਾ ਵਰਤਾਉ ਕੀਤਾ ਹੈ। 8 ਤੇਰੇ ਇਹ ਸਾਰੇ ਗੁਲਾਮ (ਮਿਸਰੀ), ਥੱਲੇ ਝੁਕ ਕੇ ਮੇਰੀ ਉਪਾਸਨਾ ਕਰਨਗੇ। ਉਹ ਆਖਣਗੇ, ‘ਜਾ, ਅਤੇ ਆਪਣੇ ਸਾਰੇ ਲੋਕਾਂ ਨੂੰ ਆਪਣੇ ਨਾਲ ਲੈ ਜਾ।’ ਇਸਤੋਂ ਮਗਰੋਂ ਮੈਂ ਬਾਹਰ ਜਾਵਾਂਗਾ।” ਫ਼ੇਰ ਮੂਸਾ ਬਹੁਤ ਜ਼ਿਆਦਾ ਗੁੱਸੇ ਵਿੱਚ ਫ਼ਿਰਊਨ ਕੋਲੋਂ ਚੱਲਿਆ ਗਿਆ।
9 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, “ਫ਼ਿਰਊਨ ਨੇ ਤੇਰੀ ਗੱਲ ਨਹੀਂ ਸੁਣੀ। ਤਾਂ ਜੋ ਮੈਂ ਆਪਣੀ ਮਹਾਨ ਸ਼ਕਤੀ ਮਿਸਰ ਵਿੱਚ ਦਰਸ਼ਾ ਸੱਕਾਂ।” 10 ਇਹੀ ਕਾਰਣ ਹੈ ਕਿ ਮੂਸਾ ਅਤੇ ਹਾਰੂਨ ਨੇ ਫ਼ਿਰਊਨ ਦੇ ਸਾਹਮਣੇ ਇਹ ਸਾਰੇ ਮਹਾਨ ਕਰਿਸ਼ਮੇ ਕੀਤੇ। ਅਤੇ ਇਹੀ ਕਾਰਣ ਹੈ ਕਿ ਯਹੋਵਾਹ ਨੇ ਫ਼ਿਰਊਨ ਨੂੰ ਇੰਨਾ ਜ਼ਿੱਦੀ ਬਣਾਇਆ ਕਿ ਉਹ ਇਸਰਾਏਲ ਦੇ ਲੋਕਾਂ ਨੂੰ ਆਪਣਾ ਦੇਸ਼ ਛੱਡਣ ਨਹੀਂ ਸੀ ਦਿੰਦਾ।
ਪਸਾਹ
12 ਜਦੋਂ ਹਾਲੇ ਮੂਸਾ ਤੇ ਹਾਰੂਨ ਮਿਸਰ ਵਿੱਚ ਹੀ ਸਨ, ਯਹੋਵਾਹ ਨੇ ਉਨ੍ਹਾਂ ਨਾਲ ਗੱਲ ਕੀਤੀ। ਯਹੋਵਾਹ ਨੇ ਆਖਿਆ, 2 “ਇਹ ਮਹੀਨਾ ਤੁਹਾਡੇ ਲਈ ਸਾਲ ਦਾ ਪਹਿਲਾ ਮਹੀਨਾ ਹੋਵੇਗਾ। 3 ਇਸਰਾਏਲ ਦੇ ਸਾਰੇ ਬਾਈਚਾਰੇ ਨੂੰ ਦੱਸ; ਇਸ ਮਹੀਨੇ ਦੇ ਦਸਵੇਂ ਦਿਨ, ਹਰੇਕ ਵਿਅਕਤੀ ਨੂੰ ਆਪਣੇ ਪਰਿਵਾਰ ਲਈ ਇੱਕ ਲੇਲਾ ਲਿਆਉਣ ਪਵੇਗਾ, ਘਰ ਦੇ ਹਰ ਜਣੇ ਲਈ ਇੱਕ ਲੇਲਾ। 4 ਜੇ ਉਸ ਦੇ ਘਰ ਵਿੱਚ ਪੂਰਾ ਲੇਲਾ ਖਾ ਸੱਕਣ ਵਾਲੇ ਕਾਫ਼ੀ ਬੰਦੇ ਨਹੀਂ ਹਨ ਤਾਂ ਉਸ ਨੂੰ ਭੋਜਨ ਸਾਂਝਾ ਕਰਨ ਲਈ ਕੁਝ ਗੁਆਂਢੀਆਂ ਨੂੰ ਸੱਦਾ ਦੇਣਾ ਚਾਹੀਦਾ ਹੈ। ਹਰੇਕ ਦੇ ਖਾਣ ਲਈ ਲੇਲਾ ਕਾਫ਼ੀ ਹੋਣਾ ਚਾਹੀਦਾ ਹੈ। 5 ਲੇਲਾ ਇੱਕ ਸਾਲ ਦਾ ਹੋਣਾ ਚਾਹੀਦਾ ਹੈ ਇਸ ਨੂੰ ਪੂਰਾ ਸਿਹਤਮੰਦ ਹੋਣਾ ਚਾਹੀਦਾ ਹੈ। ਇਹ ਜਾਨਵਰ ਜੁਆਨ ਭੇਡੂ ਜਾਂ ਜੁਆਨ ਬੱਕਰਾ ਹੋ ਸੱਕਦਾ ਹੈ। 6 ਤੁਹਾਨੂੰ ਮਹੀਨੇ ਦੇ ਚੌਦਵੇਂ ਦਿਨ ਤੱਕ ਜਾਨਵਰ ਦੀ ਦੇਖ ਭਾਲ ਕਰਨੀ ਚਾਹੀਦੀ ਹੈ। ਉਸ ਦਿਨ, ਇਸਰਾਏਲ ਦੇ ਭਾਈਚਾਰੇ ਦੇ ਸਮੂਹ ਲੋਕਾਂ ਨੂੰ ਇਨ੍ਹਾਂ ਜਾਨਵਰਾਂ ਨੂੰ ਉਦੋਂ ਮਾਰਨਾ ਚਾਹੀਦਾ ਜਦੋਂ ਸੂਰਜ ਛੁਪ ਰਿਹਾ ਹੋਵੇ। 7 ਤੁਹਾਨੂੰ ਚਾਹੀਦਾ ਹੈ ਕਿ ਇਨ੍ਹਾਂ ਜਾਨਵਰਾਂ ਦਾ ਖੂਨ ਇਕੱਠਾ ਕਰੋ। ਇਸ ਖੂਨ ਨੂੰ ਉਨ੍ਹਾਂ ਘਰਾਂ ਦੀਆਂ ਚੁਗਾਠਾਂ ਦੇ ਉੱਪਰਲੇ ਅਤੇ ਪਾਸਿਆਂ ਉੱਤੇ ਮਲਣਾ ਚਾਹੀਦਾ ਹੈ, ਜਿੱਥੇ ਲੋਕ ਇਹ ਭੋਜਣ ਖਾਣ।
8 “ਇਸ ਰਾਤ ਨੂੰ ਤੁਹਾਨੂੰ ਚਾਹੀਦਾ ਹੈ ਕਿ ਲੇਲੇ ਨੂੰ ਭੁੰਨੋ ਅਤੇ ਸਾਰਾ ਮਾਸ ਖਾ ਲਵੋ। ਤੁਹਾਨੂੰ ਕੌੜੀਆਂ ਬੂਟੀਆਂ ਅਤੇ ਪਤੀਰੀ ਰੋਟੀ ਵੀ ਖਾਣੀ ਚਾਹੀਦੀ ਹੈ। 9 ਤੁਹਾਨੂੰ ਚਾਹੀਦਾ ਹੈ ਕਿ ਲੇਲੇ ਨੂੰ ਪਾਣੀ ਵਿੱਚ ਨਾ ਉਬਾਲੋ। ਪੂਰੇ ਲੇਲੇ ਨੂੰ ਅੱਗ ਉੱਤੇ ਭੁਂਨੋ। ਹਾਲੇ ਤੱਕ ਲੇਲੇ ਦੀ ਸਿਰੀ, ਲੱਤਾਂ ਅਤੇ ਅੰਦਰਲੇ ਹਿੱਸੇ ਪੂਰੇ ਹੋਣੇ ਚਾਹੀਦੇ ਹਨ। 10 ਤੁਹਾਨੂੰ ਉਹ ਸਾਰਾ ਮਾਸ ਉਸੇ ਰਾਤ ਖਾਣਾ ਚਾਹੀਦਾ ਹੈ। ਜੇ ਕੁਝ ਮਾਸ ਸਵੇਰ ਲਈ ਬਚ ਜਾਵੇ ਤਾਂ ਉਸ ਨੂੰ ਅੱਗ ਵਿੱਚ ਸਾੜ ਦੇਣਾ ਚਾਹੀਦਾ ਹੈ।
11 “ਜਦੋਂ ਤੁਸੀਂ ਭੋਜਨ ਕਰੋ, ਤਾਂ ਤੁਹਾਨੂੰ ਪੂਰੀ ਤਰ੍ਹਾਂ ਤਿਆਰ ਹੋਣਾ ਚਾਹੀਦਾ ਹੈ ਜਿਵੇਂ ਤੁਸੀਂ ਸਫ਼ਰ ਤੇ ਜਾ ਰਹੇ ਹੋਵੋਂ। ਤੁਹਾਡੇ ਪੈਰੀਂ ਜੁੱਤੀ ਹੋਣੀ ਚਾਹੀਦੀ ਹੈ ਅਤੇ ਹੱਥ ਵਿੱਚ ਸੋਟੀ ਹੋਣੀ ਚਾਹੀਦੀ ਹੈ। ਤੁਹਾਨੂੰ ਕਾਹਲੀ ਨਾਲ ਭੋਜਨ ਕਰਨਾ ਚਾਹੀਦਾ ਹੈ। ਕਿਉਂ ਕਿ ਇਹ ਯਹੋਵਾਹ ਦੇ ਪਸਾਹ ਦਾ ਭੋਜਨ ਹੈ-ਉਸ ਵੇਲੇ ਦਾ ਜਦੋਂ ਯਹੋਵਾਹ ਨੇ ਆਪਣੇ ਲੋਕਾਂ ਦੀ ਰੱਖਿਆ ਕੀਤੀ ਅਤੇ ਛੇਤੀ ਨਾਲ ਉਨ੍ਹਾਂ ਨੂੰ ਮਿਸਰ ਵਿੱਚੋਂ ਬਾਹਰ ਲੈ ਗਿਆ।
12 “ਅੱਜ ਰਾਤ ਨੂੰ ਮੈਂ ਮਿਸਰ ਵਿੱਚੋਂ ਲੰਘਾਂਗਾ ਅਤੇ ਮਿਸਰ ਦੇ ਹਰ ਆਦਮੀ ਅਤੇ ਪਸ਼ੂ ਦੀ ਪਲੋਠੀ ਸੰਤਾਨ ਨੂੰ ਮਾਰ ਦਿਆਂਗਾ। ਇਸ ਤਰ੍ਹਾਂ ਨਾਲ ਮੈਂ ਮਿਸਰ ਦੇ ਸਾਰੇ ਦੇਵਤਿਆਂ ਦਾ ਨਿਆਂ ਕਰਾਂਗਾ। ਮੈਂ ਦਰਸਾ ਦਿਆਂਗਾ ਕਿ ਮੈਂ ਯਹੋਵਾਹ ਹਾਂ। 13 ਪਰ ਤੁਹਾਡੇ ਘਰਾਂ ਉੱਤੇ ਖੂਨ, ਖਾਸ ਨਿਸ਼ਾਨ ਹੋਵੇਗਾ। ਜਦੋਂ ਮੈਂ ਖੂਨ ਨੂੰ ਦੇਖਾਂਗਾ ਤਾਂ ਮੈਂ ਤੁਹਾਡੇ ਘਰ ਨੂੰ ਲੰਘ ਜਾਵਾਂਗਾ। ਮੈਂ ਮਿਸਰ ਦੇ ਲੋਕਾਂ ਉਤੇ ਮੁਸੀਬਤਾਂ ਸੁੱਟਾਂਗਾ। ਪਰ ਉਨ੍ਹਾਂ ਵਿੱਚੋਂ ਕੋਈ ਵੀ ਭੈੜੀ ਬਿਮਾਰੀ ਤੁਹਾਨੂੰ ਨਹੀਂ ਲੱਗੇਗੀ।
14 “ਇਸ ਲਈ ਤੁਸੀਂ ਹਮੇਸ਼ਾ ਅੱਜ ਦੀ ਰਾਤ ਨੂੰ ਚੇਤੇ ਰੱਖੋਂਗੇ-ਇਹ ਤੁਹਾਡੇ ਲਈ ਛੁੱਟੀ ਦਾ ਖਾਸ ਦਿਨ ਹੋਵੇਗਾ। ਤੁਹਾਡੇ ਉੱਤਰਾਧਿਕਾਰੀ ਇਸ ਛੁੱਟੀ ਨਾਲ ਯਹੋਵਾਹ ਦਾ ਹਮੇਸ਼ਾ ਆਦਰ ਕਰਨਗੇ। 15 ਇਸ ਛੁੱਟੀ ਤੇ, ਤੁਸੀਂ ਸੱਤਾਂ ਦਿਨਾਂ ਲਈ ਪਤੀਰੀ ਰੋਟੀ ਖਾਵੋਂਗ਼ੇ। ਇਸ ਛੁੱਟੀ ਦੇ ਪਹਿਲੇ ਦਿਨ, ਤੁਸੀਂ ਆਪਣੇ ਘਰਾਂ ਵਿੱਚੋਂ ਸਾਰਾ ਖਮੀਰ ਬਾਹਰ ਕੱਢ ਦਿਉਂਗੇ। ਜੇ ਕੋਈ ਪਹਿਲੇ ਅਤੇ ਸੱਤਵੇਂ ਦਿਨ ਦੇ ਵਿੱਚਕਾਰ ਖਮੀਰ ਖਾਂਦਾ ਹੈ ਤਾਂ ਉਸ ਨੂੰ ਬਾਕੀ ਦੇ ਇਸਰਾਏਲ ਤੋਂ ਅੱਡ ਕਰ ਦਿੱਤਾ ਜਾਣਾ ਚਾਹੀਦਾ ਹੈ। 16 ਛੁੱਟੀਆਂ ਦੇ ਪਹਿਲੇ ਤੇ ਆਖਰੀ ਦਿਨ ਪਵਿੱਤਰ ਸਭਾਵਾਂ ਹੋਣਗੀਆਂ ਇਨ੍ਹਾਂ ਦਿਨਾਂ ਤੇ ਤੁਹਾਨੂੰ ਕੋਈ ਕੰਮ ਨਹੀਂ ਕਰਨਾ ਚਾਹੀਦਾ। ਸਿਰਫ਼ ਇੱਕੋ ਕੰਮ ਜਿਹੜਾ ਤੁਸੀਂ ਇਨ੍ਹਾਂ ਦਿਨਾਂ ਵਿੱਚ ਕਰ ਸੱਕਦੇ ਹੋ ਉਹ ਹੈ ਆਪਣੇ ਲਈ ਭੋਜਨ ਤਿਆਰ ਕਰਨਾ। 17 ਤੁਹਾਨੂੰ ਪਤੀਰੀ ਰੋਟੀ ਦੇ ਪਰਬ ਨੂੰ ਚੇਤੇ ਰੱਖਣਾ ਚਾਹੀਦਾ ਹੈ। ਕਿਉਂਕਿ ਇਸ ਦਿਨ ਮੈਂ ਤੁਹਾਡੇ ਸਮੂਹ ਲੋਕਾਂ ਨੂੰ ਟੋਲਿਆਂ ਵਿੱਚ ਮਿਸਰ ਤੋਂ ਬਾਹਰ ਲੈ ਗਿਆ ਸਾਂ। ਇਸ ਲਈ ਤੁਹਾਡੇ ਸਮੂਹ ਉੱਤਰਾਧਿਕਾਰੀਆਂ ਨੂੰ ਇਹ ਦਿਨ ਚੇਤੇ ਰੱਖਣਾ ਚਾਹੀਦਾ ਹੈ। ਇਹ ਉਹ ਨੇਮ ਹੈ ਜਿਹੜਾ ਸਦਾ ਰਹੇਗਾ। 18 ਇਸ ਲਈ, ਪਹਿਲੇ ਮਹੀਨੇ ਦੇ 14ਵੇਂ ਦਿਨ ਦੀ, ਸ਼ਾਮ ਨੂੰ ਤੁਸੀਂ ਪਤੀਰੀ ਰੋਟੀ ਖਾਣੀ ਸ਼ੁਰੂ ਕਰਕੇ ਉਸੇ ਮਹੀਨੇ ਦੇ 21ਵੇਂ ਦਿਨ ਦੀ ਸ਼ਾਮ ਤੱਕ ਖਾਵੋਂਗੇ। 19 ਸੱਤਾਂ ਦਿਨਾਂ ਤੱਕ ਤੁਹਾਡੇ ਘਰਾਂ ਵਿੱਚ ਕੋਈ ਖਮੀਰ ਨਹੀਂ ਹੋਣਾ ਚਾਹੀਦਾ। ਕੋਈ ਵੀ ਵਿਅਕਤੀ, ਇਸਰਾਏਲ ਦਾ ਨਾਗਰਿਕ ਜਾਂ ਵਿਦੇਸ਼ੀ ਜਨਮਿਆ ਵਾਸੀ, ਜਿਹੜਾ ਇਸ ਮੌਕੇ ਤੇ ਖਮੀਰ ਖਾਵੇ, ਉਸ ਨੂੰ ਬਾਕੀ ਦੇ ਇਸਰਾਏਲ ਤੋਂ ਅੱਡ ਕਰ ਦਿੱਤਾ ਜਾਵੇਗਾ। 20 ਇਸ ਮੌਕੇ ਤੇ ਤੁਸੀਂ ਖਮੀਰ ਨਹੀਂ ਖਾਵੋਂਗੇ। ਜਿੱਥੇ ਵੀ ਤੁਸੀਂ ਰਹਿੰਦੇ ਹੋਵੋਂ ਤੁਸੀਂ ਪਤੀਰੀ ਰੋਟੀ ਖਾਵੋਂਗੇ।”
21 ਇਸ ਲਈ ਮੂਸਾ ਨੇ ਸਾਰੇ ਬਜ਼ੁਰਗਾਂ ਨੂੰ ਇਕੱਠਿਆਂ ਕੀਤਾ। ਮੂਸਾ ਨੇ ਉਨ੍ਹਾਂ ਨੂੰ ਆਖਿਆ, “ਆਪਣੇ ਪਰਿਵਾਰਾਂ ਲਈ ਲੇਲੇ ਲਿਆਵੋ। ਪਸਾਹ ਲਈ ਲੇਲੇ ਜ਼ਿਬਾਹ ਕਰੋ। 22 ਜ਼ੂਫ਼ੇ ਦੀਆਂ ਟਾਹਣੀਆਂ ਲੈ ਕੇ ਉਨ੍ਹਾਂ ਨੂੰ ਖੂਨ ਨਾਲ ਭਰੇ ਹੋਏ ਪਿਆਲਿਆਂ ਵਿੱਚ ਡੋਬੋ। ਖੂਨ ਨੂੰ ਆਪਣੇ ਦਰਵਾਜ਼ਿਆਂ ਦੀਆਂ ਸਰਦਲਾਂ ਦੇ ਪਾਸੇ ਤੇ ਅਤੇ ਉੱਪਰ ਮਲੋ। ਸਵੇਰ ਤੀਕ ਕਿਸੇ ਨੂੰ ਵੀ ਉਸ ਦੇ ਘਰ ਦੇ ਦਰਵਾਜ਼ੇ ਤੋਂ ਬਾਹਰ ਨਹੀਂ ਜਾਣਾ ਚਾਹੀਦਾ। 23 ਉਸ ਵੇਲੇ ਜਦੋਂ ਯਹੋਵਾਹ ਮਿਸਰ ਵਿੱਚੋਂ ਪਲੋਠੀ ਸੰਤਾਨ ਨੂੰ ਮਾਰਨ ਲਈ ਲੰਘੇਗਾ, ਤਾਂ ਯਹੋਵਾਹ ਤੁਹਾਡੇ ਦਰਵਾਜ਼ਿਆਂ ਦੀਆਂ ਚੁਗਾਠਾਂ ਦੇ ਉੱਪਰਲੇ ਪਾਸੇ ਅਤੇ ਪਾਸਿਆਂ ਉੱਤੇ ਖੂਨ ਦੇਖ ਲਵੇਗਾ। ਫ਼ੇਰ ਯਹੋਵਾਹ ਉਸ ਘਰ ਨੂੰ ਬਚਾਵੇਗਾ। ਯਹੋਵਾਹ ਤਬਾਹ ਕਰਨ ਵਾਲੇ ਨੂੰ ਤੁਹਾਡੇ ਘਰਾਂ ਵਿੱਚ ਆਉਣ ਅਤੇ ਤੁਹਾਨੂੰ ਨੁਕਸਾਨ ਪਹੁੰਚਾਉਣ ਨਹੀਂ ਦੇਵੇਗਾ। 24 ਤੁਹਾਨੂੰ ਇਹ ਹੁਕਮ ਯਾਦ ਰੱਖਣਾ ਚਾਹੀਦਾ ਹੈ। ਇਹ ਕਾਨੂਨ ਤੁਹਾਡੇ ਲਈ ਅਤੇ ਤੁਹਾਡੇ ਉੱਤਰਾਧਿਕਾਰੀਆਂ ਲਈ ਹਮੇਸ਼ਾ ਵਾਸਤੇ ਹੈ। 25 ਤੁਹਾਨੂੰ ਇਸ ਨੂੰ ਉਦੋਂ ਵੀ ਚੇਤੇ ਰੱਖਣਾ ਚਾਹੀਦਾ ਹੈ ਜਦੋਂ ਤੁਸੀਂ ਉਸ ਧਰਤੀ ਤੇ ਜਾਵੋਂ ਜਿਹੜੀ ਯਹੋਵਾਹ ਤੁਹਾਨੂੰ ਦੇਣ ਜਾ ਰਿਹਾ ਹੈ। 26 ਜਦੋਂ ਤੁਹਾਡੇ ਬੱਚੇ ਤੁਹਾਨੂੰ ਪੁੱਛਣ, ‘ਅਸੀਂ ਇਹ ਰਸਮ ਕਿਉਂ ਕਰ ਰਹੇ ਹਾਂ?’ 27 ਤਾਂ ਤੁਸੀਂ ਆਖੋਂਗੇ, ‘ਇਹ ਪਸਾਹ ਯਹੋਵਾਹ ਦੇ ਆਦਰ ਲਈ ਹੈ। ਕਿਉਂਕਿ ਜਦੋਂ ਅਸੀਂ ਮਿਸਰ ਵਿੱਚ ਸਾਂ, ਯਹੋਵਾਹ ਇਸਰਾਏਲ ਦੇ ਘਰਾਂ ਨੂੰ ਲੰਘ ਰਿਹਾ ਸੀ। ਯਹੋਵਾਹ ਨੇ ਮਿਸਰੀਆਂ ਨੂੰ ਮਾਰ ਦਿੱਤਾ, ਪਰ ਉਸ ਨੇ ਸਾਡੇ ਘਰਾਂ ਦੇ ਲੋਕਾਂ ਨੂੰ ਬਚਾ ਲਿਆ।’”
ਇਸ ਲਈ ਹੁਣ ਲੋਕ ਯਹੋਵਾਹ ਨੂੰ ਮੱਥਾ ਟੇਕਦੇ ਹਨ ਤੇ ਉਪਾਸਨਾ ਕਰਦੇ ਹਨ। 28 ਯਹੋਵਾਹ ਨੇ ਇਹ ਹੁਕਮ ਮੂਸਾ ਅਤੇ ਹਾਰੂਨ ਨੂੰ ਦਿੱਤਾ ਇਸ ਲਈ ਇਸਰਾਏਲ ਦੇ ਲੋਕਾਂ ਨੇ ਓਹੀ ਕੀਤਾ ਜਿਸਦਾ ਯਹੋਵਾਹ ਨੇ ਹੁਕਮ ਦਿੱਤਾ ਸੀ।
29 ਅੱਧੀ ਰਾਤ ਵੇਲੇ, ਯਹੋਵਾਹ ਨੇ ਮਿਸਰ ਵਿੱਚ ਸਾਰੇ ਪਹਿਲੋਠੇ ਪੁੱਤਰਾਂ ਨੂੰ ਮਾਰ ਦਿੱਤਾ, ਫ਼ਿਰਊਨ ਨੇ ਪਹਿਲੋਠੇ ਤੋਂ ਲੈ ਕੇ ਕੈਦਖਾਨੇ ਵਿੱਚ ਬੈਠੇ ਕੈਦੀ ਦੇ ਪਹਿਲੋਠੇ ਪੁੱਤਰ ਤੱਕ। ਸਾਰੇ ਪਹਿਲੋਠੇ ਜਾਨਵਰ ਵੀ ਮਰ ਗਏ। 30 ਉਸ ਰਾਤ ਮਿਸਰ ਦੇ ਹਰ ਘਰ ਵਿੱਚ ਕੋਈ ਨਾ ਕੋਈ ਮਰ ਗਿਆ। ਫ਼ਿਰਊਨ, ਉਸ ਦੇ ਅਧਿਕਾਰੀਆਂ ਅਤੇ ਮਿਸਰ ਦੇ ਸਾਰੇ ਲੋਕਾਂ ਨੇ ਉੱਚੀ-ਉੱਚੀ ਵਿਰਲਾਪ ਕਰਨਾ ਸ਼ੁਰੂ ਕਰ ਦਿੱਤਾ।
ਇਸਰਾਏਲ ਦਾ ਮਿਸਰ ਨੂੰ ਛੱਡ ਜਾਣਾ
31 ਇਸ ਲਈ ਉਸ ਰਾਤ, ਫ਼ਿਰਊਨ ਨੇ ਮੂਸਾ ਅਤੇ ਹਾਰੂਨ ਨੂੰ ਸੱਦਿਆ। ਫ਼ਿਰਊਨ ਨੇ ਉਨ੍ਹਾਂ ਨੂੰ ਆਖਿਆ, “ਉੱਠੋ ਅਤੇ ਮੇਰੇ ਲੋਕਾਂ ਨੂੰ ਛੱਡ ਦਿਉ। ਤੁਸੀਂ ਅਤੇ ਤੁਹਾਡੇ ਲੋਕ ਜੋ ਕਹਿੰਦੇ ਹੋ ਕਰ ਸੱਕਦੇ ਹੋ। ਜਾਓ ਅਤੇ ਯਹੋਵਾਹ ਦੀ ਉਪਾਸਨਾ ਕਰੋ। 32 ਅਤੇ ਤੁਸੀਂ ਆਪਣੇ ਨਾਲ ਆਪਣੀਆਂ ਸਾਰੀਆਂ ਭੇਡਾਂ ਅਤੇ ਪਸ਼ੂ ਲੈ ਜਾ ਸੱਕਦੇ ਹੋ ਜਿਹਾ ਕਿ ਤੁਸੀਂ ਆਖਿਆ ਸੀ ਕਿ ਤੁਸੀਂ ਕਰੋਂਗੇ। ਜਾਓ। ਅਤੇ ਮੈਨੂੰ ਵੀ ਅਸੀਸ ਦਿਉ।” 33 ਮਿਸਰ ਦੇ ਲੋਕਾਂ ਨੇ ਵੀ ਉਨ੍ਹਾਂ ਨੂੰ ਛੇਤੀ ਚੱਲੇ ਜਾਣ ਲਈ ਆਖਿਆ। ਕਿਉਂਕਿ ਉਨ੍ਹਾਂ ਨੇ ਆਖਿਆ, “ਜੇ ਤੁਸੀਂ ਨਾ ਗਏ, ਅਸੀਂ ਸਾਰੇ ਮਾਰੇ ਜਾਵਾਂਗੇ।”
34 ਇਸਰਾਏਲ ਦੇ ਲੋਕਾਂ ਕੋਲ ਆਪਣੀ ਰੋਟੀ ਵਿੱਚ ਖਮੀਰ ਪਾਉਣ ਦਾ ਵੀ ਸਮਾਂ ਨਹੀਂ ਸੀ। ਉਨ੍ਹਾਂ ਨੇ ਆਟੇ ਦੀਆਂ ਤੌਣਾਂ ਕੱਪੜੇ ਵਿੱਚ ਬੰਨ੍ਹੀਆਂ ਅਤੇ ਉਨ੍ਹਾਂ ਨੂੰ ਮੋਢਿਆਂ ਉੱਤੇ ਚੁੱਕ ਲਿਆ। 35 ਫ਼ੇਰ ਇਸਰਾਏਲ ਦੇ ਲੋਕਾਂ ਨੇ ਓਹੀ ਕੀਤਾ ਜੋ ਮੂਸਾ ਨੇ ਉਨ੍ਹਾਂ ਨੂੰ ਕਰਨ ਲਈ ਆਖਿਆ ਸੀ। ਉਹ ਆਪਣੇ ਮਿਸਰੀ ਗੁਆਂਢੀਆਂ ਕੋਲ ਗਏ ਅਤੇ ਕੱਪੜੇ ਅਤੇ ਸੋਨੇ ਚਾਂਦੀ ਦੇ ਗਹਿਣੇ ਮੰਗੇ। 36 ਯਹੋਵਾਹ ਨੇ ਮਿਸਰੀਆਂ ਨੂੰ ਇਸਰਾਏਲੀਆਂ ਵੱਲ ਮਿਹਰਬਾਨ ਬਣਾ ਦਿੱਤਾ ਅਤੇ ਜੋ ਵੀ ਉਨ੍ਹਾਂ ਨੂੰ ਚਾਹੀਦਾ ਸੀ, ਦਿੱਤਾ। ਇੰਝ ਇਸਰਾਏਲ ਦੇ ਲੋਕਾਂ ਨੇ ਮਿਸਰੀਆਂ ਤੋਂ ਸਾਰੀਆਂ ਕੀਮਤੀ ਮਲਕੀਅਤਾਂ ਲੈ ਲਈਆਂ।
37 ਇਸਰਾਏਲ ਦੇ ਲੋਕਾਂ ਨੇ ਰਾਮਸੇਸ ਤੋਂ ਸੁੱਕੋਥ ਤੱਕ ਸਫ਼ਰ ਕੀਤਾ। ਬੱਚਿਆਂ ਤੋਂ ਬਿਨਾ ਉੱਥੇ ਤਕਰੀਬਨ 6,00,000 ਆਦਮੀ ਸਨ। 38 ਉੱਥੇ ਬਹੁਤ ਸਾਰੀਆਂ ਭੇਡਾਂ ਅਤੇ ਪਸ਼ੂ ਅਤੇ ਹੋਰ ਚੀਜ਼ਾਂ ਸਨ। ਉਨ੍ਹਾਂ ਦੇ ਨਾਲ ਸਫ਼ਰ ਕਰਨ ਵਾਲੇ ਵੱਖ-ਵੱਖ ਤਰ੍ਹਾਂ ਦੇ ਲੋਕ ਵੀ ਸਨ-ਇਹ ਲੋਕ ਇਸਰਾਏਲੀ ਨਹੀਂ ਸਨ ਪਰ ਇਨ੍ਹਾਂ ਨੇ ਇਸਰਾਏਲ ਦੇ ਲੋਕਾਂ ਨਾਲ ਹੀ ਮਿਸਰ ਛੱਡ ਦਿੱਤਾ ਸੀ। 39 ਨਾ ਤਾਂ ਲੋਕਾਂ ਕੋਲ ਆਪਣੇ ਆਟੇ ਵਿੱਚ ਖਮੀਰ ਪਾਉਣ ਦਾ ਸਮਾਂ ਸੀ ਨਾ ਹੀ ਆਪਣੇ ਸਫ਼ਰ ਲਈ ਰੋਟੀ ਪਕਾਉਣ ਦਾ ਕਿਉਂਕਿ ਉਹ ਮਿਸਰ ਵਿੱਚੋਂ ਕੱਢ ਦਿੱਤੇ ਗਏ ਸਨ। ਇਸ ਲਈ ਰਸਤੇ ਵਿੱਚ ਜਦੋਂ ਉਹ ਖਾਣ ਲਈ ਰੁਕੇ, ਉਨ੍ਹਾਂ ਨੇ ਬਿਨਾ ਖਮੀਰ ਤੋਂ ਆਪਣੀਆਂ ਰੋਟੀਆਂ ਸੇਕੀਆਂ।
40 ਇਸਰਾਏਲ ਦੇ ਲੋਕ ਮਿਸਰ ਵਿੱਚ 430 ਵਰ੍ਹਿਆਂ ਲਈ ਰਹੇ। 41 ਚਾਰ ਸੌ ਤੀਹਵੇਂ ਵਰ੍ਹੇ ਦੇ ਅਖੀਰਲੇ ਦਿਨ, ਯਹੋਵਾਹ ਦੀਆਂ ਸਾਰੀਂ ਫ਼ੌਜ਼ਾਂ [c] ਨੇ ਮਿਸਰ ਛੱਡ ਦਿੱਤਾ। 42 ਇਸ ਲਈ ਇਹ ਬਹੁਤ ਖਾਸ ਰਾਤ ਹੈ ਜਦੋਂ ਲੋਕ ਯਹੋਵਾਹ ਦੀ ਕਰਨੀ ਨੂੰ ਚੇਤੇ ਕਰਦੇ ਹਨ। ਇਸਰਾਏਲ ਦੇ ਸਮੂਹ ਲੋਕ ਹਮੇਸ਼ਾ ਵਾਸਤੇ ਉਸ ਰਾਤ ਨੂੰ ਚੇਤੇ ਰੱਖਣਗੇ।
43 ਯਹੋਵਾਹ ਨੇ ਮੂਸਾ ਤੇ ਹਾਰੂਨ ਨੂੰ ਆਖਿਆ, “ਪਸਾਹ ਲਈ ਇਹ ਨੇਮ ਹਨ; ਕਿਸੇ ਵੀ ਵਿਦੇਸ਼ੀ ਨੇ ਪਸਾਹ ਦਾ ਭੋਜਨ ਨਹੀਂ ਕਰਨਾ। 44 ਪਰ ਜੇ ਕੋਈ ਬੰਦਾ ਕੋਈ ਗੁਲਾਮ ਖਰੀਦਦਾ ਹੈ ਅਤੇ ਉਸਦੀ ਸੁੰਨਤ ਕਰਾਉਂਦਾ ਹੈ ਤਾਂ ਉਹ ਗੁਲਾਮ ਪਸਾਹ ਦਾ ਭੋਜਨ ਖਾ ਸੱਕਦਾ ਹੈ। 45 ਪਰ ਜੇ ਕੋਈ ਬੰਦਾ ਸਿਰਫ਼ ਤੁਹਾਡੇ ਦੇਸ਼ ਅੰਦਰ ਰਹਿੰਦਾ ਹੈ, ਜਾਂ ਜੇ ਕੋਈ ਬੰਦਾ ਸਿਰਫ਼ ਤੁਹਾਦੇ ਕੰਮ ਵਾਸਤੇ ਰੱਖਿਆ ਹੋਇਆ ਹੈ, ਤਾਂ ਉਹ ਬੰਦਾ ਪਸਾਹ ਦਾ ਭੋਜਨ ਨਾ ਖਾਵੇ। ਪਸਾਹ ਇਸਰਾਏਲ ਦੇ ਲੋਕਾਂ ਲਈ ਹੈ।
46 “ਹਰੇਕ ਪਰਿਵਾਰ ਇੱਕੋ ਘਰ ਵਿੱਚ ਭੋਜਨ ਖਾਵੇ। ਘਰ ਤੋਂ ਬਾਹਰ ਕੋਈ ਭੋਜਨ ਨਾ ਖਾਧਾ ਜਾਵੇ। ਲੇਲੇ ਦੀ ਕੋਈ ਵੀ ਹੱਡੀ ਨਾ ਤੋੜੋ। 47 ਇਸਰਾਏਲ ਦੇ ਸਮੂਹ ਭਾਈਚਾਰੇ ਨੂੰ ਇਹ ਰੀਤ ਜ਼ਰੂਰ ਕਰਨੀ ਚਾਹੀਦੀ ਹੈ। 48 ਜੇ ਤੁਹਾਡੇ ਦਰਮਿਆਨ ਕੋਈ ਗੈਰ-ਇਸਰਾਏਲੀ ਰਹਿੰਦਾ ਹੈ ਅਤੇ ਜੇ ਉਹ ਯਹੋਵਾਹ ਦੇ ਪਸਾਹ ਵਿੱਚ ਸ਼ਾਮਿਲ ਹੋਣਾ ਚਾਹੁੰਦਾ ਹੈ, ਤਾਂ ਉਸਦੀ ਸੁੰਨਤ ਅਵੱਸ਼ ਹੋਣੀ ਚਾਹੀਦੀ ਹੈ। ਫ਼ੇਰ ਉਹ ਇਸਰਾਏਲ ਦੇ ਕਿਸੇ ਵੀ ਹੋਰ ਸ਼ਹਿਰੀ ਵਰਗਾ ਹੋਵੇਗਾ, ਇਸ ਲਈ ਉਹ ਭੋਜਨ ਸਾਂਝਾ ਕਰ ਸੱਕਦਾ ਹੈ। ਪਰ ਜੇ ਕਿਸੇ ਬੰਦੇ ਦੀ ਸੁੰਨਤ ਨਹੀਂ ਹੋਈ ਤਾਂ ਉਹ ਪਸਾਹ ਦਾ ਭੋਜਨ ਨਹੀਂ ਖਾ ਸੱਕਦਾ। 49 ਇਹੀ ਬਿਵਸਥਾ ਹਰ ਕਿਸੇ ਲਈ ਹੈ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਕੋਈ ਬੰਦਾ ਸ਼ਹਿਰੀ ਹੈ ਜਾਂ ਤੁਹਾਡੇ ਦੇਸ਼ ਵਿੱਚ ਰਹਿਣ ਵਾਲਾ ਗੈਰ ਇਸਰਾਏਲੀ ਹੈ-ਬਿਵਸਥਾ ਸਾਰਿਆਂ ਲਈ ਇੱਕੋ ਜਿਹੀ ਹੈ।”
50 ਇਸ ਲਈ ਇਸਰਾਏਲ ਦੇ ਲੋਕਾਂ ਨੇ ਉਹ ਹੁਕਮ ਮੰਨੇ ਜਿਹੜੇ ਯਹੋਵਾਹ ਨੇ ਮੂਸਾ ਤੇ ਹਾਰੂਨ ਨੂੰ ਦਿੱਤੇ ਸਨ। 51 ਇਸ ਲਈ ਉਸੇ ਦਿਨ, ਯਹੋਵਾਹ ਇਸਰਾਏਲ ਦੇ ਸਮੂਹ ਲੋਕਾਂ ਨੂੰ ਮਿਸਰ ਦੇ ਦੇਸ਼ ਤੋਂ ਬਾਹਰ ਲੈ ਗਿਆ। ਲੋਕ ਟੋਲਿਆਂ ਵਿੱਚ ਚੱਲੇ ਗਏ।
13 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ, 2 “ਤੂੰ ਮੈਨੂੰ ਇਸਰਾਏਲ ਦਾ ਹਰੇਕ ਉਹ ਨਰ ਦੇ ਜਿਹੜਾ ਆਪਣੀ ਮਾਂ ਦੀ ਪਹਿਲੀ ਸੰਤਾਨ ਹੈ। ਇਸਦਾ ਅਰਥ ਹੈ ਕਿ ਹਰ ਪਹਿਲੋਠਾ ਨਰ ਬੱਚਾ ਅਤੇ ਹਰ ਪਹਿਲੋਠਾ ਨਰ ਜਾਨਵਰ ਮੇਰਾ ਹੋਵੇਗਾ।”
3 ਮੂਸਾ ਨੇ ਲੋਕਾਂ ਨੂੰ ਆਖਿਆ, “ਇਸ ਦਿਨ ਨੂੰ ਚੇਤੇ ਰੱਖਿਓ। ਮਿਸਰ ਵਿੱਚ ਤੁਸੀਂ ਗੁਲਾਮ ਸੀ। ਪਰ ਇਸ ਦਿਨ ਯਹੋਵਾਹ ਨੇ ਆਪਣੀ ਮਹਾਨ ਸ਼ਕਤੀ ਵਰਤੀ ਤੇ ਤੁਹਾਨੂੰ ਅਜ਼ਾਦ ਕਰਾਇਆ। ਤੁਹਾਨੂੰ ਖਮੀਰ ਵਾਲੀ ਰੋਟੀ ਨਹੀਂ ਖਾਣੀ ਚਾਹੀਦੀ। 4 ਅੱਜ ਹਬੀਬ ਦੇ ਮਹੀਨੇ, ਤੁਸੀਂ ਮਿਸਰ ਛੱਡ ਕੇ ਜਾ ਰਹੇ ਹੋ। 5 ਜਦੋਂ ਯਹੋਵਾਹ ਤੁਹਾਨੂੰ ਕਨਾਨੀਆਂ, ਹਿੱਤੀਆਂ, ਅਮੋਰੀਆਂ, ਹਿੱਵੀਆਂ ਅਤੇ ਯਬੂਸੀਆਂ ਦੀ ਧਰਤੀ ਵਿੱਚ ਲੈ ਕੇ ਜਾਵੇ, ਜਿਸ ਧਰਤੀ ਦਾ ਯਹੋਵਾਹ ਨੇ ਤੁਹਾਨੂੰ ਦੇਣ ਦਾ ਇਕਰਾਰ ਤੁਹਾਡੇ ਪੁਰਖਿਆਂ ਨਾਲ ਕੀਤਾ ਸੀ। ਜਿਹੜੀ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਨਾਲ ਭਰੀ ਹੋਈ ਹੈ ਤੁਹਾਨੂੰ ਇਹ ਦਿਨ ਚੇਤੇ ਰੱਖਣਾ ਚਾਹੀਦਾ ਹੈ, ਹਰ ਵਰ੍ਹੇ ਦੇ ਪਹਿਲੇ ਮਹੀਨੇ ਦੇ ਇਸ ਦਿਨ ਤੁਹਾਨੂੰ ਉਪਾਸਨਾ ਦੀ ਇਹ ਵਿਸ਼ੇਸ਼ ਸੇਵਾ ਕਰਨੀ ਚਾਹੀਦੀ ਹੈ।
6 “ਸੱਤਾਂ ਦਿਨਾਂ ਤੱਕ ਤੁਹਾਨੂੰ ਪਤੀਰੀ ਰੋਟੀ ਖਾਣੀ ਚਾਹੀਦੀ ਹੈ। ਸੱਤਵੇਂ ਦਿਨ ਮਹਾਂ ਭੋਜ ਹੋਵੇਗਾ। ਇਹ ਭੋਜ ਯਹੋਵਾਹ ਲਈ ਆਦਰ ਦਰਸਾਵੇਗਾ। 7 ਇਸ ਲਈ ਤੁਹਾਨੂੰ ਸੱਤ ਦਿਨ ਖਮੀਰ ਵਾਲੀ ਰੋਟੀ ਨਹੀਂ ਖਾਣੀ ਚਾਹੀਦੀ। ਤੁਹਾਡੀ ਧਰਤੀ ਉੱਤੇ ਕਿਸੇ ਥਾਂ ਵੀ ਖਮੀਰ ਵਾਲੀ ਰੋਟੀ ਨਹੀਂ ਹੋਣੀ ਚਾਹੀਦੀ। 8 ਇਸ ਦਿਨ ਤੁਹਾਨੂੰ ਆਪਣੇ ਬੱਚਿਆਂ ਨੂੰ ਦੱਸਣਾ ਚਾਹੀਦਾ ਹੈ, ‘ਅਸੀਂ ਇਹ ਭੋਜਨ ਇਸ ਵਾਸਤੇ ਕਰ ਰਹੇ ਹਾਂ ਕਿ ਯਹੋਵਾਹ ਸਾਨੂੰ ਮਿਸਰ ਵਿੱਚੋਂ ਬਾਹਰ ਕੱਢ ਕੇ ਲਿਆਇਆ ਸੀ।’
9 “ਇਹ ਤੁਹਾਡੇ ਹੱਥ ਉੱਤੇ ਬੰਨ੍ਹੇ ਨਿਸ਼ਾਨ ਵਾਂਗ ਅਤੇ ਤੁਹਾਡੀਆਂ ਅੱਖਾਂ ਸਾਹਮਣੇ ਯਾਦਗਾਰੀ ਵਾਂਗ ਹੋਵੇਗਾ [d] ਤਾਕਿ ਯਹੋਵਾਹ ਦੀ ਬਿਵਸਥਾ ਤੁਹਾਡੇ ਬੁਲ੍ਹਾਂ ਉੱਤੇ ਹਮੇਸ਼ਾ ਰਹੇ। ਇਹ ਤੁਹਾਨੂੰ ਯਾਦ ਰੱਖਣ ਵਿੱਚ ਸਹਾਈ ਹੋਵੇਗੀ ਕਿ ਯਹੋਵਾਹ ਨੇ ਤੁਹਾਨੂੰ ਮਿਸਰ ਵਿੱਚੋਂ ਬਾਹਰ ਲਿਆਉਣ ਲਈ ਆਪਣੀ ਮਹਾਨ ਸ਼ਕਤੀ ਵਰਤੀ ਸੀ। 10 ਇਸ ਲਈ ਇਸ ਛੁੱਟੀ ਨੂੰ ਹਰ ਵਰ੍ਹੇ ਦੇ ਢੁਕਵੇਂ ਸਮੇਂ ਚੇਤੇ ਰੱਖੋ।
11 “ਯਹੋਵਾਹ ਤੁਹਾਨੂੰ ਉਸ ਧਰਤੀ ਤੇ ਲੈ ਜਾਵੇਗਾ ਜਿਸਦਾ ਉਸ ਨੇ ਤੁਹਾਡੇ ਨਾਲ ਇਕਰਾਰ ਕੀਤਾ ਸੀ। ਹੁਣ ਉੱਥੇ ਕਨਾਨੀ ਲੋਕ ਰਹਿੰਦੇ ਹਨ। ਪਰ ਪਰਮੇਸ਼ੁਰ ਨੇ ਤੁਹਾਡੇ ਪੁਰਖਿਆਂ ਨਾਲ ਇਕਰਾਰ ਕੀਤਾ ਸੀ ਕਿ ਉਹ ਤੁਹਾਨੂੰ ਇਹ ਧਰਤੀ ਦੇਵੇਗਾ, 12 ਤੁਹਾਨੂੰ ਚਾਹੀਦਾ ਹੈ ਕਿ ਆਪਣਾ ਹਰ ਪਹਿਲੋਠਾ ਮੁੰਡਾ ਉਸ ਨੂੰ ਅਰਪਨ ਕਰਨਾ ਚੇਤੇ ਰੱਖੋ। ਅਤੇ ਹਰ ਉਹ ਨਰ ਪਸ਼ੂ ਜਿਹੜਾ ਪਹਿਲੋਠਾ ਜੰਮਿਆ ਯਹੋਵਾਹ ਨੂੰ ਅਰਪਨ ਕੀਤਾ ਜਾਵੇਗਾ। 13 ਹਰੇਕ ਪਹਿਲੋਠੇ ਖੋਤੇ ਨੂੰ ਯਹੋਵਾਹ ਤੋਂ ਇਸ ਵਾਸਤੇ ਇੱਕ ਲੇਲੇ ਦੀ ਬਲੀ ਚੜ੍ਹਾਕੇ ਵਾਪਸ ਖਰੀਦਿਆ ਜਾ ਸੱਕਦਾ ਹੈ। ਜੇਕਰ ਤੁਸੀਂ ਯਹੋਵਾਹ ਕੋਲੋਂ ਖੋਤਾ ਖਰੀਦਣਾ ਨਹੀਂ ਚਾਹੁੰਦੇ ਹੋ, ਤੁਹਾਨੂੰ ਇਸਦੀ ਗਿੱਚੀ ਤੋੜ ਦੇਣੀ ਚਾਹੀਦੀ ਹੈ। ਪਰ ਹਰੇਕ ਪਹਿਲੋਠਾ ਪੁੱਤਰ ਯਹੋਵਾਹ ਤੋਂ ਵਾਪਸ ਖਰੀਦਿਆ ਜਾਣਾ ਚਾਹੀਦਾ ਹੈ।
14 “ਭਵਿੱਖ ਵਿੱਚ, ਤੁਹਾਡੇ ਬੱਚੇ ਤੁਹਾਨੂੰ ਪੁੱਛਣਗੇ ਕਿ ਤੁਸੀਂ ਅਜਿਹਾ ਕਿਉਂ ਕਰਦੇ ਹੋ। ਉਹ ਆਖਣਗੇ, ‘ਇਸ ਸਾਰੇ ਕੁਝ ਦਾ ਕੀ ਮਤਲਬ ਹੈ?’ ਅਤੇ ਤੁਸੀਂ ਜਵਾਬ ਦਿਉਂਗੇ, ‘ਯਹੋਵਾਹ ਨੇ ਸਾਨੂੰ ਮਿਸਰ ਤੋਂ ਬਚਾਉਣ ਲਈ ਆਪਣੀ ਮਹਾਨ ਸ਼ਕਤੀ ਦੀ ਵਰਤੋਂ ਕੀਤੀ। ਅਸੀਂ ਉਸ ਥਾਂ ਗੁਲਾਮ ਸਾਂ। ਪਰ ਯਹੋਵਾਹ ਨੇ ਸਾਨੂੰ ਬਾਹਰ ਕੱਢਿਆ ਅਤੇ ਇੱਥੇ ਲਿਆਇਆ। 15 ਮਿਸਰ ਵਿੱਚ, ਫ਼ਿਰਊਨ ਜ਼ਿੱਦੀ ਸੀ। ਉਹ ਸਾਨੂੰ ਜਾਣ ਨਹੀਂ ਸੀ ਦਿੰਦਾ। ਇਸ ਲਈ ਯਹੋਵਾਹ ਨੇ ਉਸ ਧਰਤੀ ਦੀ ਹਰ ਪਲੋਠੀ ਸੰਤਾਨ ਨੂੰ ਮਾਰ ਦਿੱਤਾ। (ਯਹੋਵਾਹ ਨੇ ਪਹਿਲੋਠੇ ਜਾਨਵਰਾਂ ਅਤੇ ਪਹਿਲੋਠੇ ਪੁੱਤਰਾਂ ਨੂੰ ਮਾਰ ਦਿੱਤਾ।) ਇਹੀ ਕਾਰਣ ਹੈ ਕਿ ਮੈਂ ਹਰੇਕ ਪਹਿਲੋਠਾ ਨਰ ਜਾਨਵਰ ਯਹੋਵਾਹ ਨੂੰ ਅਰਪਨ ਕਰਦਾ ਹਾਂ। ਅਤੇ ਇਹੀ ਕਾਰਣ ਹੈ ਕਿ ਮੈਂ ਆਪਣੇ ਹਰੇਕ ਪਹਿਲੋਠੇ ਪੁੱਤਰ ਨੂੰ ਯਹੋਵਾਹ ਤੋਂ ਵਾਪਸ ਖਰੀਦਦਾ ਹਾਂ।’ 16 ਇਹ ਤੁਹਾਡੇ ਹੱਥ ਉੱਤੇ ਬੰਨ੍ਹੇ ਹੋਏ ਧਾਗੇ ਵਾਂਗ ਹੈ। ਅਤੇ ਇਹ ਤੁਹਾਡੀਆਂ ਅੱਖਾਂ ਸਾਹਮਣੇ ਨਿਸ਼ਾਨ ਵਾਂਗ ਹੈ। ਇਹ ਤੁਹਾਨੂੰ ਇਹ ਚੇਤੇ ਰੱਖਣ ਵਿੱਚ ਮਦਦ ਕਰਦਾ ਹੈ ਕਿ ਯਹੋਵਾਹ ਸਾਨੂੰ ਆਪਣੀ ਮਹਾਨ ਸ਼ਕਤੀ ਨਾਲ ਮਿਸਰ ਤੋਂ ਬਾਹਰ ਲਿਆਇਆ।”
ਮਿਸਰ ਤੋਂ ਬਾਹਰ ਦੀ ਯਾਤਰਾ
17 ਜਦੋਂ ਫ਼ਿਰਊਨ ਨੇ ਲੋਕਾਂ ਨੂੰ ਮਿਸਰ ਛੱਡ ਜਾਣ ਲਈ ਮਜ਼ਬੂਰ ਕਰ ਦਿੱਤਾ, ਯਹੋਵਾਹ ਨੇ ਲੋਕਾਂ ਦੀ ਅਗਵਾਈ ਫ਼ਿਲੀਸਤੀਆਂ ਦੀ ਧਰਤੀ ਵੱਲ ਜਾਂਦੀ ਸੜਕ ਵੱਲ ਨਹੀਂ ਕੀਤੀ ਜਦ ਕਿ ਨਵੀਂ ਧਰਤੀ ਨੂੰ ਇਹ ਸਭ ਤੋਂ ਛੋਟਾ ਰਾਹ ਸੀ। ਯਹੋਵਾਹ ਨੇ ਆਖਿਆ, “ਜੇ ਲੋਕ ਉਸ ਰਾਸਤੇ ਜਾਣਗੇ, ਉਨ੍ਹਾਂ ਨੂੰ ਲੜਨਾ ਪਵੇਗਾ। ਫ਼ੇਰ ਸ਼ਾਇਦ ਉਹ ਆਪਣੇ ਮਨ ਬਦਲ ਕੇ ਮਿਸਰ ਨੂੰ ਵਾਪਸ ਪਰਤ ਜਾਣ।” 18 ਇਸ ਲਈ ਯਹੋਵਾਹ ਨੇ ਉਨ੍ਹਾਂ ਦੀ ਅਗਵਾਈ ਹੋਰ ਰਸਤੇ ਤੋਂ ਦੀ ਮਾਰੂਥਲ ਵਿੱਚ ਦੀ ਲਾਲ ਸਾਗਰ ਵੱਲ ਦੀ ਕੀਤੀ। ਜਦੋਂ ਇਸਰਾਏਲ ਦੇ ਲੋਕਾਂ ਨੇ ਮਿਸਰ ਛੱਡਿਆ, ਉਹ ਜੰਗ ਲਈ ਤਿਆਰ-ਬਰ-ਤਿਆਰ ਸਨ।
ਯੂਸੁਫ਼ ਘਰ ਜਾਂਦਾ ਹੈ
19 ਮੂਸਾ ਨੇ ਯੂਸੁਫ਼ ਦੀਆਂ ਅਸਥੀਆਂ ਆਪਣੇ ਨਾਲ ਲਈਆਂ। (ਮਰਨ ਤੋਂ ਪਹਿਲਾਂ ਯੂਸੁਫ਼ ਨੇ ਇਸਰਾਏਲ ਦੇ ਪੁੱਤਰਾਂ ਕੋਲੋਂ ਉਸ ਦੇ ਲਈ ਅਜਿਹਾ ਕਰਨ ਦਾ ਇਕਰਾਰ ਲਿਆ ਸੀ। ਯੂਸੁਫ਼ ਨੇ ਆਖਿਆ, “ਜਦੋਂ ਪਰਮੇਸ਼ੁਰ ਤੁਹਾਡੀ ਰੱਖਿਆ ਕਰੇ, ਮੇਰੀ ਅਸਥੀਆਂ ਆਪਣੇ ਨਾਲ ਮਿਸਰ ਤੋਂ ਬਾਹਰ ਲੈ ਜਾਣੀਆਂ ਚੇਤੇ ਰੱਖਣਾ।”)
ਯਹੋਵਾਹ ਲੋਕਾਂ ਦੀ ਅਗਵਾਈ ਕਰਦਾ ਹੈ
20 ਇਸਰਾਏਲ ਦੇ ਲੋਕਾਂ ਨੇ ਸੁੱਕੋਥ ਛੱਡ ਦਿੱਤਾ ਅਤੇ ਏਥਾਮ ਵਿਖੇ ਡੇਰਾ ਲਾਇਆ। ਏਥਾਮ ਮਾਰੂਥਲ ਦੇ ਨੇੜੇ ਸੀ। 21 ਯਹੋਵਾਹ ਨੇ ਰਸਤਾ ਦਿਖਾਇਆ। ਦਿਨ ਵੇਲੇ ਯਹੋਵਾਹ ਨੇ ਇੱਕ ਲੰਮੇ ਬੱਦਲ ਨੂੰ ਲੋਕਾਂ ਦੀ ਅਗਵਾਈ ਲਈ ਵਰਤਿਆ ਅਤੇ ਰਾਤ ਵੇਲੇ ਯਹੋਵਾਹ ਨੇ ਅੱਗ ਦੀ ਇੱਕ ਲੰਮੀ ਲਾਟ ਨੂੰ ਰਸਤਾ ਦਿਖਾਉਣ ਲਈ ਵਰਤਿਆ। ਇਹ ਅੱਗ ਉਨ੍ਹਾਂ ਨੂੰ ਰੌਸ਼ਨੀ ਦਿੰਦੀ ਸੀ ਤਾਂ ਜੋ ਉਹ ਰਾਤ ਵੇਲੇ ਵੀ ਸਫ਼ਰ ਕਰ ਸੱਕਣ। 22 ਲੰਮਾ ਬੱਦਲ ਦਿਨ ਵੇਲੇ ਹਮੇਸ਼ਾ ਉਨ੍ਹਾਂ ਦੇ ਨਾਲ ਰਹਿੰਦਾ ਸੀ ਅਤੇ ਅੱਗ ਦੀ ਲਾਟ ਰਾਤ ਵੇਲੇ ਹਮੇਸ਼ਾ ਉਨ੍ਹਾਂ ਦੇ ਨਾਲ ਹੁੰਦੀ ਸੀ।
14 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, 2 “ਲੋਕਾਂ ਨੂੰ ਆਖ ਕਿ ਉਹ ਪੀ-ਹਹੀਰੋਥ ਨੂੰ ਵਾਪਸ ਜਾਣ। ਉਨ੍ਹਾਂ ਨੂੰ ਆਖ ਕਿ ਉਹ ਮਿਗਦੋਲ ਅਤੇ ਲਾਲ ਸਾਗਰ ਦੇ ਵਿੱਚਕਾਰ ਬਆਲ-ਸਫ਼ੋਨ ਦੇ ਨੇੜੇ ਰਾਤ ਗੁਜ਼ਾਰਨ। 3 ਫ਼ਿਰਊਨ ਸੋਚੇਗਾ ਕਿ ਇਸਰਾਏਲ ਦੇ ਲੋਕ ਮਾਰੂਥਲ ਵਿੱਚ ਭਟਕ ਰਹੇ ਹਨ। ਅਤੇ ਉਹ ਸੋਚੇਗਾ ਕਿ ਲੋਕਾਂ ਕੋਲ ਜਾਣ ਦੀ ਕੋਈ ਥਾਂ ਨਹੀਂ। 4 ਮੈਂ ਫ਼ਿਰਊਨ ਨੂੰ ਜ਼ਿੱਦੀ ਬਣਾਵਾਂਗਾ ਅਤੇ ਉਹ ਤੁਹਾਡਾ ਪਿੱਛਾ ਕਰੇਗਾ। ਮੈਂ ਫ਼ਿਰਊਨ ਅਤੇ ਉਸਦੀ ਫ਼ੌਜ ਨੂੰ ਹਰਾ ਦੇਵਾਂਗਾ ਅਤੇ ਇਹ ਮੇਰੇ ਲਈ ਸਤਿਕਾਰ ਲਿਆਵੇਗਾ। ਫ਼ੇਰ ਮਿਸਰ ਦੇ ਲੋਕਾਂ ਨੂੰ ਪਤਾ ਚੱਲੇਗਾ ਕਿ ਮੈਂ ਯਹੋਵਾਹ ਹਾਂ।” ਇਸਰਾਏਲ ਦੇ ਲੋਕਾਂ ਨੇ ਪਰਮੇਸ਼ੁਰ ਦਾ ਆਦੇਸ਼ ਮੰਨਿਆ-ਉਨ੍ਹਾਂ ਨੇ ਉਹੀ ਕੀਤਾ ਜੋ ਉਸ ਨੇ ਆਖਿਆ ਸੀ।
ਫ਼ਿਰਊਨ ਇਸਰਾਏਲੀਆਂ ਦਾ ਪਿੱਛਾ ਕਰਦਾ ਹੈ
5 ਫ਼ਿਰਊਨ ਨੂੰ ਸੂਹ ਮਿਲੀ ਕਿ ਇਸਰਾਏਲ ਦੇ ਲੋਕ ਬਚ ਨਿਕਲੇ ਹਨ। ਜਦੋਂ ਉਸ ਨੇ ਇਹ ਗੱਲ ਸੁਣੀ, ਉਸ ਨੇ ਅਤੇ ਉਸ ਦੇ ਅਧਿਕਾਰੀਆਂ ਨੇ ਆਪਣੇ ਪਹਿਲਾਂ ਕੀਤੇ ਨਿਆਂ ਬਾਰੇ ਮਨ ਬਦਲ ਲਿਆ। ਫ਼ਿਰਊਨ ਨੇ ਆਖਿਆ, “ਅਸੀਂ ਇਸਰਾਏਲ ਦੇ ਲੋਕਾਂ ਨੂੰ ਜਾਣ ਕਿਉਂ ਦਿੱਤਾ? ਅਸੀਂ ਉਨ੍ਹਾਂ ਨੂੰ ਭੱਜਣ ਕਿਉਂ ਦਿੱਤਾ? ਹੁਣ ਅਸੀਂ ਆਪਣੇ ਗੁਲਾਮ ਗੁਆ ਲਏ ਹਨ।”
6 ਇਸ ਲਈ ਫ਼ਿਰਊਨ ਨੇ ਆਪਣਾ ਰੱਥ ਤਿਆਰ ਕੀਤਾ ਅਤੇ ਆਪਣੇ ਨਾਲ ਆਪਣੇ ਬੰਦੇ ਲਏ। 7 ਫ਼ਿਰਊਨ ਨੇ ਆਪਣੇ 600 ਸਭ ਤੋਂ ਵੱਧੀਆ ਬੰਦੇ ਅਤੇ ਆਪਣੇ ਸਾਰੇ ਰੱਥ ਨਾਲ ਲਈ। ਹਰ ਰੱਥ ਵਿੱਚ ਇੱਕ ਅਧਿਕਾਰੀ ਸੀ। 8 ਯਹੋਵਾਹ ਨੇ ਮਿਸਰ ਦੇ ਰਾਜੇ, ਫ਼ਿਰਊਨ ਨੂੰ ਜ਼ਿੱਦੀ ਬਣਾ ਦਿੱਤਾ ਇਸ ਲਈ ਉਸ ਨੇ ਇਸਰਾਏਲ ਦੇ ਲੋਕਾਂ ਦਾ ਪਿੱਛਾ ਕੀਤਾ।
9 ਮਿਸਰੀ ਫ਼ੌਜ ਕੋਲ ਬਹੁਤ ਸਾਰੇ ਘੋੜਸਵਾਰ ਫ਼ੌਜੀ ਅਤੇ ਰੱਥ ਸਨ। ਉਨ੍ਹਾਂ ਨੇ ਇਸਰਾਏਲ ਦੇ ਲੋਕਾਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਨੂੰ ਜਾ ਘੇਰਿਆ, ਜਦੋਂ ਉਨ੍ਹਾਂ ਨੇ ਲਾਲ ਸਾਗਰ ਕੰਢੇ ਬਆਲ-ਸਫ਼ੋਨ ਦੇ ਪੂਰਬ ਵੱਲ ਪੀ-ਹਹੀਰੋਥ ਵਿਖੇ ਡੇਰਾ ਲਾਇਆ ਹੋਇਆ ਸੀ।
10 ਇਸਰਾਏਲ ਦੇ ਲੋਕਾਂ ਨੇ ਫ਼ਿਰਊਨ ਅਤੇ ਉਸਦੀ ਫ਼ੌਜ ਨੂੰ ਉਨ੍ਹਾਂ ਵੱਲ ਆਉਂਦਿਆਂ ਵੇਖਿਆ। ਲੋਕ ਬਹੁਤ ਘਬਰਾ ਗਏ। ਉਨ੍ਹਾਂ ਨੇ ਯਹੋਵਾਹ ਅੱਗੇ, ਸਹਾਇਤਾ ਲਈ, ਪੁਕਾਰ ਕੀਤੀ। 11 ਉਨ੍ਹਾਂ ਨੇ ਮੂਸਾ ਨੂੰ ਆਖਿਆ, “ਤੂੰ ਸਾਨੂੰ ਮਿਸਰ ਵਿੱਚੋਂ ਕਿਉਂ ਬਾਹਰ ਲਿਆਂਦਾ? ਤੂੰ ਸਾਨੂੰ ਇੱਥੇ ਮਾਰੂਥਲ ਵਿੱਚ ਮਾਰਨ ਲਈ ਕਿਉਂ ਲਿਆਂਦਾ ਹੈ? ਅਸੀਂ ਮਿਸਰ ਵਿੱਚ ਸ਼ਾਂਤੀ ਨਾਲ ਮਰ ਸੱਕਦੇ ਸਾਂ-ਮਿਸਰ ਵਿੱਚ ਬਹੁਤ ਕਬਰਾਂ ਸਨ। 12 ਅਸੀਂ ਤੈਨੂੰ ਆਖਿਆ ਸੀ ਕਿ ਇਹ ਗੱਲ ਵਾਪਰੇਗੀ। ਮਿਸਰ ਵਿੱਚ ਅਸੀਂ ਆਖਿਆ ਸੀ, ‘ਮਿਹਰਬਾਨੀ ਕਰਕੇ ਸਾਨੂੰ ਪਰੇਸ਼ਾਨ ਨਾ ਕਰ। ਸਾਨੂੰ ਇੱਥੇ ਰਹਿਣ ਦੇ ਅਤੇ ਮਿਸਰੀਆਂ ਦੀ ਗੁਲਾਮੀ ਕਰਨ ਦੇ।’ ਸਾਡੇ ਲਈ, ਇੱਥੇ ਆਕੇ ਮਾਰੂਥਲ ਵਿੱਚ ਮਰਨ ਨਾਲੋਂ ਓੱਥੇ ਗੁਲਾਮ ਬਣਕੇ ਰਹਿਣਾ ਵੱਧੇਰੇ ਚੰਗਾ ਹੁੰਦਾ।”
13 ਪਰ ਮੂਸਾ ਨੇ ਜਵਾਬ ਦਿੱਤਾ, “ਡਰੋ ਨਾ। ਜਿੱਥੇ ਤੁਸੀਂ ਹੋ ਦ੍ਰਿੜਤਾ ਨਾਲ ਖਲੋਵੋ ਅਤੇ ਯਹੋਵਾਹ ਨੂੰ ਤੁਹਾਡੀ ਰੱਖਿਆ ਕਰਦਿਆਂ ਦੇਖੋ। ਅੱਜ ਵੇਖ ਲਵੋ ਤੁਸੀਂ ਫ਼ੇਰ ਇਨ੍ਹਾਂ ਮਿਸਰੀਆਂ ਨੂੰ ਕਦੇ ਨਹੀਂ ਵੇਖੋਂਗੇ। 14 ਅਤੇ ਤੁਹਾਨੂੰ ਹੋਰ ਕੁਝ ਨਹੀਂ ਕਰਨਾ ਪਵੇਗਾ ਸਗੋਂ ਸ਼ਾਂਤ ਰਹੋ। ਯਹੋਵਾਹ ਤੁਹਾਡੇ ਲਈ ਯੁੱਧ ਕਰੇਗਾ।”
15 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, “ਤੁਸੀਂ ਹਾਲੇ ਤੱਕ ਮੈਨੂੰ ਕਿਉਂ ਪੁਕਾਰ ਰਹੇ ਹੋ। ਇਸਰਾਏਲ ਦੇ ਲੋਕਾਂ ਨੂੰ ਤੁਰ ਪੈਣ ਲਈ ਆਖੋ। 16 ਆਪਣੇ ਹੱਥ ਵਿੱਚ ਸੋਟੀ ਲੈ ਕੇ ਉਸ ਨੂੰ ਲਾਲ ਸਾਗਰ ਉੱਪਰ ਉੱਠਾ, ਅਤੇ ਲਾਲ ਸਾਗਰ ਪਾਟ ਜਾਵੇਗਾ। ਫ਼ੇਰ ਲੋਕ ਖੁਸ਼ਕ ਧਰਤੀ ਰਾਹੀਂ ਰਾਹੀਂ ਪਾਰ ਲੰਘ ਸੱਕਣਗੇ। 17 ਮੈਂ ਮਿਸਰੀਆਂ ਨੂੰ ਇਸ ਲਈ ਜ਼ਿੱਦੀ ਬਣਾਇਆ ਹੈ ਤਾਂ ਜੋ ਉਹ ਤੁਹਾਡਾ ਪਿੱਛਾ ਕਰਨ। ਪਰ ਮੈਂ ਫ਼ਿਰਊਨ ਤੋਂ ਅਤੇ ਉਸਦੀ ਸਾਰੀ ਫ਼ੌਜ, ਉਸ ਦੇ ਘੋੜਿਆਂ ਅਤੇ ਉਸ ਦੇ ਰੱਥਾਂ ਤੋਂ ਪਰਤਾਪਮਈ ਹੋਵਾਂਗਾ। 18 ਫ਼ੇਰ ਮਿਸਰ ਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ। ਉਹ ਮੇਰਾ ਉਦੋਂ ਆਦਰ ਕਰਨਗੇ ਜਦੋਂ ਮੈਂ ਫ਼ਿਰਊਨ ਅਤੇ ਉਸ ਦੇ ਘੋੜਸਵਾਰ ਫ਼ੌਜੀਆਂ ਅਤੇ ਰੱਥਾਂ ਨੂੰ ਹਰਾ ਦਿਆਂਗਾ।”
ਯਹੋਵਾਹ ਮਿਸਰੀ ਫ਼ੌਜ ਨੂੰ ਹਰਾਉਂਦਾ ਹੈ
19 ਤਾਂ ਯਹੋਵਾਹ ਦਾ ਦੂਤ ਲੋਕਾਂ ਦੇ ਪਿੱਛੇ ਆ ਗਿਆ। (ਯਹੋਵਾਹ ਦਾ ਦੂਤ ਆਮ ਤੌਰ ਤੇ ਲੋਕਾਂ ਦੀ ਅਗਵਾਈ ਲਈ ਉਨ੍ਹਾਂ ਦੇ ਅੱਗੇ ਹੁੰਦਾ ਸੀ।) ਇਸ ਅਲੀ ਲੰਮਾ ਬੱਦਲ ਲੋਕਾਂ ਦੇ ਸਾਹਮਣੇ ਵਾਲੇ ਪਾਸੇ ਤੋਂ ਹਟਕੇ ਲੋਕਾਂ ਦੇ ਪਿੱਛੇ ਚੱਲਾ ਗਿਆ। 20 ਇਸ ਤਰ੍ਹਾਂ ਬੱਦਲ ਮਿਸਰੀਆਂ ਅਤੇ ਇਸਰਾਏਲ ਦੇ ਲੋਕਾਂ ਦੇ ਵਿੱਚਕਾਰ ਖੜ੍ਹਾ ਹੋ ਗਿਆ। ਇਸਰਾਏਲ ਦੇ ਲੋਕਾਂ ਲਈ ਰੌਸ਼ਨੀ ਸੀ। ਪਰ ਮਿਸਰੀਆਂ ਲਈ ਹਨੇਰਾ ਸੀ। ਇਸ ਲਈ ਮਿਸਰੀ ਉਸ ਰਾਤ ਇਸਰਾਏਲ ਦੇ ਲੋਕਾਂ ਦੇ ਹੋਰ ਨੇੜੇ ਨਹੀਂ ਆਏ।
21 ਮੂਸਾ ਨੇ ਆਪਣਾ ਹੱਥ ਲਾਲ ਸਾਗਰ ਉੱਪਰ ਉੱਠਾਇਆ ਅਤੇ ਯਹੋਵਾਹ ਨੇ ਪੂਰਬ ਵੱਲੋਂ ਤੇਜ਼ ਹਵਾ ਵਗਾਈ। ਹਵਾ ਰਾਤ ਭਰ ਚਲਦੀ ਰਹੀ। ਸਮੁੰਦਰ ਪਾਟ ਗਿਆ ਅਤੇ ਹਵਾ ਨੇ ਧਰਤੀ ਸੁਕਾ ਦਿੱਤੀ। 22 ਇਸਰਾਏਲ ਦੇ ਲੋਕ ਸਮੁੰਦਰ ਵਿੱਚੋਂ ਸੁੱਕੀ ਥਾਂ ਤੋਂ ਲੰਘ ਗਏ। ਉਨ੍ਹਾਂ ਦੇ ਸੱਜੇ ਅਤੇ ਖੱਬੇ ਪਾਸੇ ਪਾਣੀ ਇੱਕ ਕੰਧ ਵਾਂਗ ਸੀ। 23 ਫ਼ੇਰ ਫ਼ਿਰਊਨ ਦੇ ਸਾਰੇ ਰੱਥਾਂ ਅਤੇ ਘੋੜਸਵਾਰ ਫ਼ੌਜੀਆਂ ਨੇ ਉਨ੍ਹਾਂ ਦਾ ਸਮੁੰਦਰ ਵਿੱਚ ਪਿੱਛਾ ਕੀਤਾ। 24 ਸੁਵਖਤੇ ਹੀ ਯਹੋਵਾਹ ਨੇ ਲੰਮੇ ਬੱਦਲ ਅਤੇ ਅੱਗ ਦੇ ਥੰਮ੍ਹ ਰਾਹੀਂ ਮਿਸਰੀ ਫ਼ੌਜ ਵੱਲ ਤੱਕਿਆ। ਫ਼ੇਰ ਯਹੋਵਾਹ ਨੇ ਮਿਸਰੀਆਂ ਦੇ ਤੰਬੂਆਂ ਵਿੱਚ ਮੁਸੀਬਤ ਪਾ ਦਿੱਤੀ ਅਤੇ ਉਨ੍ਹਾਂ ਨੂੰ ਸ਼ੰਸ਼ੋਪੰਚ ਵਿੱਚ ਪਾ ਦਿੱਤਾ। 25 ਫ਼ੇਰ ਉਸ ਨੇ ਰੱਥਾਂ ਦੇ ਪਹੀਆਂ ਨੂੰ ਕੱਟ ਦਿੱਤਾ ਅਤੇ ਰੱਥਾਂ ਤੇ ਕਾਬੂ ਰੱਖਣਾ ਮੁਸ਼ਕਿਲ ਕਰ ਦਿੱਤਾ। ਮਿਸਰੀ ਚੀਕੇ, “ਆਓ ਆਪਾਂ ਇੱਥੋਂ ਨਿਕਲ ਚੱਲੀਏ। ਇਸਰਾਏਲ ਦੇ ਲੋਕਾਂ ਲਈ ਯਹੋਵਾਹ ਸਾਡੇ ਖਿਲਾਫ਼ ਲੜ ਰਿਹਾ ਹੈ।”
26 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ, “ਆਪਣਾ ਹੱਥ ਸਮੁੰਦਰ ਉੱਪਰ ਉੱਠਾ। ਪਾਣੀ ਡਿੱਗ ਪਵੇਗਾ ਅਤੇ ਮਿਸਰੀ ਰੱਥਾਂ ਅਤੇ ਘੋੜਸਵਾਰ ਫ਼ੌਜੀਆਂ ਨੂੰ ਡੋਬ ਦੇਵੇਗਾ।”
27 ਇਸ ਲਈ ਪ੍ਰਭਾਤ ਵੇਲੇ, ਮੂਸਾ ਨੇ ਆਪਣਾ ਹੱਥ ਸਮੁੰਦਰ ਦੇ ਉੱਪਰ ਫ਼ੈਲਾਇਆ ਅਤੇ ਪਾਣੀ ਆਪਣੀ ਪਹਿਲਾਂ ਵਾਲੀ ਪੱਧਰ ਵੱਲ ਵਾਪਸ ਦੌੜਿਆ। ਮਿਸਰੀ ਆਪਣੀ ਪੂਰੀ ਵਾਹ ਲਾਕੇ ਪਾਣੀ ਵਿੱਚੋਂ ਭੱਜ ਰਹੇ ਸਨ, ਪਰ ਯਹੋਵਾਹ ਨੇ ਉਨ੍ਹਾਂ ਨੂੰ ਸਮੁੰਦਰ ਦੇ ਨਾਲ ਹੀ ਰੋੜ੍ਹ ਦਿੱਤਾ। 28 ਪਾਣੀ ਆਪਣੀ ਪਹਿਲਾਂ ਵਾਰੀ ਪੱਧਰ ਉੱਤੇ ਆ ਗਿਆ ਅਤੇ ਰੱਥਾਂ ਤੇ ਘੋੜਸਵਾਰ ਫ਼ੌਜੀਆਂ ਨੂੰ ਡੋਬ ਦਿੱਤਾ। ਫ਼ਿਰਊਨ ਦੀ ਫ਼ੌਜ ਇਸਰਾਏਲ ਦੇ ਲੋਕਾਂ ਦਾ ਪਿੱਛਾ ਕਰ ਰਹੀ ਸੀ ਪਰ ਉਹ ਫ਼ੌਜ ਤਬਾਹ ਹੋ ਗਈ। ਉਨ੍ਹਾਂ ਵਿੱਚੋਂ ਕੋਈ ਨਹੀਂ ਬਚਿਆ।
29 ਪਰ ਇਸਰਾਏਲ ਦੇ ਲੋਕ ਸਮੁੰਦਰ ਰਾਹੀਂ ਸੁੱਕੀ ਧਰਤੀ ਤੇ ਲੰਘ ਗਏ। ਪਾਣੀ ਸੱਜੇ ਪਾਸੇ ਅਤੇ ਖੱਬੇ ਪਾਸੇ ਕੰਧਾਂ ਵਾਂਗ ਖਲੋਤਾ ਰਿਹਾ। 30 ਇਸ ਲਈ ਉਸ ਦਿਨ, ਯਹੋਵਾਹ ਨੇ ਇਸਰਾਏਲ ਦੇ ਲੋਕਾਂ ਨੂੰ ਮਿਸਰੀਆਂ ਤੋਂ ਬਚਾਇਆ। ਅਤੇ ਬਾਦ ਵਿੱਚ ਇਸਰਾਏਲ ਦੇ ਲੋਕਾਂ ਨੇ ਲਾਲ ਸਾਗਰ ਦੇ ਕੰਢੇ ਮਿਸਰੀ ਫ਼ੌਜੀਆਂ ਦੀਆਂ ਲਾਸ਼ਾਂ ਦੇਖੀਆਂ। 31 ਇਸਰਾਏਲ ਦੇ ਲੋਕਾਂ ਨੇ ਯਹੋਵਾਹ ਦੀ ਮਹਾਨ ਸ਼ਕਤੀ ਉਦੋਂ ਦੇਖੀ ਜਦੋਂ ਉਸ ਨੇ ਮਿਸਰੀਆਂ ਨੂੰ ਹਰਾਇਆ। ਇਸ ਲਈ ਲੋਕ ਯਹੋਵਾਹ ਤੋਂ ਡਰਦੇ ਅਤੇ ਉਸਦਾ ਆਦਰ ਕਰਦੇ ਸਨ। ਉਨ੍ਹਾਂ ਨੇ ਯਹੋਵਾਹ ਅਤੇ ਉਸ ਦੇ ਸੇਵਕ ਮੂਸਾ ਵਿੱਚ ਭਰੋਸਾ ਕਰਨਾ ਸ਼ੁਰੂ ਕਰ ਦਿੱਤਾ।
ਮੂਸਾ ਦਾ ਗੀਤ
15 ਤਾਂ ਮੂਸਾ ਅਤੇ ਇਸਰਾਏਲ ਦੇ ਲੋਕਾਂ ਨੇ ਯਹੋਵਾਹ ਲਈ ਇਹ ਗੀਤ ਗਾਉਣਾ ਸ਼ੁਰੂ ਕੀਤਾ:
ਮੈਂ ਯਹੋਵਾਹ ਵਾਸਤੇ ਗਾਵਾਂਗਾ।
ਉਸ ਨੇ ਮਹਾਨ ਕਾਰਨਾਮੇ ਕੀਤੇ ਹਨ।
ਉਸ ਨੇ ਘੋੜੇ ਅਤੇ ਸਵਾਰਾਂ ਨੂੰ ਸਮੁੰਦਰ ਵਿੱਚ ਸੁੱਟ ਦਿੱਤਾ।
2 ਯਹੋਵਾਹ ਮੇਰੀ ਤਾਕਤ
ਅਤੇ ਮੇਰੀ ਮੁਕਤੀ ਹੈ।
ਮੈਂ ਉਸ ਲਈ ਉਸਤਤਿ ਦੇ ਗੀਤ ਗਾਉਂਦਾ ਹਾਂ।
ਇਹ ਮੇਰਾ ਪਰਮੇਸ਼ੁਰ ਹੈ,
ਅਤੇ ਮੈਂ ਉਸਦੀ ਉਸਤਤਿ ਕਰਦਾ ਹਾਂ।
ਯਹੋਵਾਹ ਮੇਰੇ ਪੁਰਖਿਆਂ ਦਾ ਪਰਮੇਸ਼ੁਰ ਹੈ,
ਅਤੇ ਮੈਂ ਉਸਦਾ ਆਦਰ ਕਰਦਾ ਹਾਂ।
3 ਯਹੋਵਾਹ ਇੱਕ ਮਹਾਨ ਯੋਧਾ ਹੈ।
ਯਹੋਵਾਹ ਉਸਦਾ ਨਾਮ ਹੈ।
4 ਉਸ ਨੇ ਫ਼ਿਰਊਨ ਦੇ ਰੱਥਾਂ
ਅਤੇ ਫ਼ੌਜੀਆਂ ਨੂੰ ਸਮੁੰਦਰ ਵਿੱਚ ਸੁੱਟ ਦਿੱਤਾ।
ਫ਼ਿਰਊਨ ਦੇ ਸਭ ਤੋਂ ਚੰਗੇ ਫ਼ੌਜੀ
ਲਾਲ ਸਾਗਰ ਵਿੱਚ ਡੁੱਬ ਗਏ।
5 ਡੂੰਘੇ ਪਾਣੀਆਂ ਨੇ ਉਨ੍ਹਾਂ ਨੂੰ ਕੱਜ ਲਿਆ
ਅਤੇ ਉਹ ਪੱਥਰਾਂ ਵਾਂਗ ਹੇਠਾਂ ਡੁੱਬ ਗਏ।
6 “ਤੇਰਾ ਸੱਜਾ ਹੱਥ ਕਮਾਲ ਦੀ ਤਾਕਤ ਰੱਖਦਾ ਹੈ।
ਯਹੋਵਾਹ, ਤੇਰੇ ਸੱਜੇ ਹੱਥ ਨੇ ਦੁਸ਼ਮਣ ਨੂੰ ਭੰਨ ਦਿੱਤਾ।
7 ਆਪਣੇ ਮਹਾਨ ਪਰਤਾਪ ਨਾਲ ਤੂੰ ਆਪਣੇ ਦੁਸ਼ਮਣਾਂ
ਨੂੰ ਤਬਾਹ ਕਰ ਦਿੱਤਾ ਜਿਹੜੇ ਤੇਰੇ ਖਿਲਾਫ਼ ਖੜ੍ਹੇ ਹੋਏ ਸਨ।
ਤੇਰੇ ਕਰੋਧ ਨੇ ਉਨ੍ਹਾਂ ਨੂੰ ਤਬਾਹ ਕਰ ਦਿੱਤਾ,
ਜਿਵੇਂ ਅੱਗ ਕੱਖਾਂ ਨੂੰ ਸਾੜ ਦਿੰਦੀ ਹੈ।
8 ਜਿਹੜਾ ਸਾਹ ਤੂੰ ਆਪਣੀਆਂ ਨਾਸਾਂ ਵਿੱਚੋਂ
ਛੱਡਿਆ ਉਸ ਨੇ ਪਾਣੀ ਨੂੰ ਉੱਚਾ ਚੁੱਕ ਦਿੱਤਾ।
ਵਗਦਾ ਪਾਣੀ ਕੰਧ ਬਣ ਗਿਆ।
ਸਮੁੰਦਰ ਆਪਣੀਆਂ ਗਹਿਰਾਈਆਂ ਤਾਈਂ ਠੋਸ ਬਣ ਗਿਆ।
9 “ਦੁਸ਼ਮਣ ਨੇ ਆਖਿਆ,
‘ਮੈਂ ਉਨ੍ਹਾਂ ਦਾ ਪਿੱਛਾ ਕਰਾਂਗਾ ਤੇ ਉਨ੍ਹਾਂ ਨੂੰ ਫ਼ੜ ਲਵਾਂਗਾ।
ਮੈਂ ਉਨ੍ਹਾਂ ਦੀ ਦੌਲਤ ਵੰਡ ਲਵਾਂਗਾ।
ਮੈਂ ਇਹ ਸਭ ਕੁਝ ਆਪਣੀ ਤਲਵਾਰ ਨਾਲ ਖੋਹ ਲਵਾਂਗਾ।
ਮੇਰੀ ਖੁਦ ਦੀ ਸ਼ਕਤੀ ਉਨ੍ਹਾਂ ਨੂੰ ਤਬਾਹ ਕਰੇਗੀ।’
10 ਪਰ ਤੂੰ ਫ਼ੂਕ ਮਾਰੀ
ਅਤੇ ਉਨ੍ਹਾਂ ਨੂੰ ਸਮੁੰਦਰ ਨਾਲ ਢੱਕ ਦਿੱਤਾ।
ਉਹ ਸਿੱਕੇ ਵਾਂਗ ਡੂੰਘੇ
ਸਮੁੰਦਰ ਵਿੱਚ ਡੁੱਬ ਗਏ।
11 “ਕੀ ਯਹੋਵਾਹ ਵਰਗੇ ਕੋਈ ਦੇਵਤੇ ਹਨ?
ਨਹੀਂ। ਤੇਰੇ ਵਰਗੇ ਕੋਈ ਦੇਵਤੇ ਨਹੀਂ
ਤੂੰ ਅਦਭੁਤ ਪਵਿੱਤਰ ਹੈਂ
ਤੂੰ ਅਦਭੁਤ ਤਾਕਤਵਰ ਹੈਂ।
ਤੂੰ ਮਹਾਨ ਕਰਿਸ਼ਮੇ ਕਰਦਾ ਹੈਂ।
12 ਤੂੰ ਆਪਣਾ ਸੱਜਾ ਹੱਥ ਬਾਹਰ ਕੱਢਿਆ,
ਇਸ ਲਈ ਧਰਤੀ ਉਨ੍ਹਾਂ ਨੂੰ ਨਿਗਲ ਗਈ।
13 ਪਰ ਆਪਣੀ ਕਿਰਪਾ ਨਾਲ
ਤੂੰ ਲੋਕਾਂ ਦੀ ਅਗਵਾਈ ਕੀਤੀ ਜਿਨ੍ਹਾਂ ਨੂੰ ਤੂੰ ਬਚਾਇਆ।
ਅਤੇ ਆਪਣੀ ਤਾਕਤ ਨਾਲ
ਤੂੰ ਉਨ੍ਹਾਂ ਦੀ ਅਗਵਾਈ ਆਪਣੀ ਪਵਿੱਤਰ ਅਤੇ ਪ੍ਰਸੰਨ ਧਰਤੀ ਵੱਲ ਕੀਤੀ।
14 “ਦੂਸਰੀਆਂ ਕੌਮਾਂ ਇਸ ਕਹਾਣੀ ਨੂੰ ਸੁਣਨਗੀਆਂ
ਅਤੇ ਉਹ ਡਰ ਜਾਣਗੀਆਂ।
ਫ਼ਲਿਸਤੀ ਲੋਕ ਡਰ ਨਾਲ ਕੰਬਣਗੇ।
15 ਅਦੋਮ ਦੇ ਆਗੂ ਕੰਬਣਗੇ।
ਮੋਆਬ ਦੇ ਆਗੂ ਡਰ ਨਾਲ ਕੰਬਣਗੇ।
ਕਨਾਨ ਦੇ ਲੋਕਾਂ ਦਾ ਹੌਂਸਲਾ ਟੁੱਟ ਜਾਵੇਗਾ।
16 ਉਹ ਲੋਕ ਡਰ ਨਾਲ ਭਰ ਜਾਣਗੇ ਜਦੋਂ
ਉਹ ਤੇਰੀ ਤਾਕਤ ਦੇਖਣਗੇ।
ਉਹ ਯਹੋਵਾਹ ਦੇ ਲੋਕਾਂ,
ਤੇਰੇ ਚੁਣੇ ਹੋਏ ਲੋਕਾਂ ਦੇ ਲੰਘ ਜਾਣ ਤੀਕ ਚੱਟਾਨ ਵਾਂਗ ਖਾਮੋਸ਼ ਰਹਿਣਗੇ।
17 ਯਹੋਵਾਹ, ਤੂੰ ਆਪਣੇ ਲੋਕਾਂ ਦੀ
ਆਪਣੇ ਪਰਬਤ ਉੱਪਰ ਅਗਵਾਈ ਕਰੇਂਗਾ।
ਤੂੰ ਉਨ੍ਹਾਂ ਨੂੰ ਉਸ ਥਾਂ ਤੇ ਰਹਿਣ ਦੇਵੇਂਗਾ।
ਜਿਹੜੀ ਤੂੰ ਆਪਣੇ ਤਖਤ ਲਈ ਬਣਾਈ ਹੈ।
ਸੁਆਮੀ, ਤੂੰ ਆਪਣਾ ਮੰਦਰ ਬਣਾਵੇਂਗਾ।
18 “ਯਹੋਵਾਹ ਸਦਾ-ਸਦਾ ਲਈ ਰਾਜ ਕਰੇਗਾ।”
2010 by World Bible Translation Center