Print Page Options
Previous Prev Day Next DayNext

Bible in 90 Days

An intensive Bible reading plan that walks through the entire Bible in 90 days.
Duration: 88 days
Punjabi Bible: Easy-to-Read Version (ERV-PA)
Version
ਨਿਆਂਈਆਂ ਦੀ ਪੋਥੀ 15:13 - 1 ਸਮੂਏਲ 2:29

13 ਫ਼ੇਰ ਯਹੂਦਾਹ ਦੇ ਬੰਦਿਆਂ ਨੇ ਆਖਿਆ, “ਸਾਨੂੰ ਮਨਜ਼ੂਰ ਹੈ। ਅਸੀਂ ਬਸ ਤੈਨੂੰ ਬੰਨ੍ਹਾਂਗੇ ਅਤੇ ਤੈਨੂੰ ਫ਼ਲਿਸਤੀ ਲੋਕਾਂ ਦੇ ਹਵਾਲੇ ਕਰ ਦਿਆਂਗੇ। ਅਸੀਂ ਇਕਰਾਰ ਕਰਦੇ ਹਾਂ ਕਿ ਅਸੀਂ ਤੈਨੂੰ ਨਹੀਂ ਮਾਰਾਂਗੇ।” ਇਸ ਲਈ ਉਨ੍ਹਾਂ ਨੇ ਸਮਸੂਨ ਨੂੰ ਦੋ ਨਵੇਂ ਰੱਸਿਆਂ ਨਾਲ ਬੰਨ੍ਹ ਦਿੱਤਾ। ਉਹ ਉਸ ਨੂੰ ਗੁਫ਼ਾ ਵਿੱਚੋਂ ਬਾਹਰ ਲੈ ਆਏ।

14 ਜਦੋਂ ਸਮਸੂਨ ਲਹੀ ਨਾਮ ਦੇ ਸਥਾਨ ਉੱਤੇ ਅੱਪੜਿਆ, ਫ਼ਲਿਸਤੀ ਲੋਕ ਉਸ ਨੂੰ ਮਿਲਣ ਲਈ ਆਏ। ਉਹ ਖੁਸ਼ੀ ਨਾਲ ਚੀਕਾਂ ਮਾਰ ਰਹੇ ਸਨ। ਫ਼ੇਰ ਯਹੋਵਾਹ ਆਤਮਾ ਵੱਡੀ ਤਾਕਤ ਨਾਲ ਸਮਸੂਨ ਵਿੱਚ ਆ ਗਿਆ। ਸਮਸੂਨ ਨੇ ਰੱਸੇ ਤੋੜ ਦਿੱਤੇ। ਰੱਸੇ ਸੜੀਆਂ ਹੋਈਆਂ ਕਮਜ਼ੋਰ ਰਸੀਆਂ ਵਰਗੇ ਜਾਪਦੇ ਸਨ। ਰੱਸੇ ਉਸ ਦੇ ਬਾਜੂਆਂ ਤੋਂ ਇਸ ਤਰ੍ਹਾਂ ਡਿੱਗ ਪਏ ਜਿਵੇਂ ਉਹ ਪਿਘਲ ਗਏ ਹੋਣ। 15 ਸਮਸੂਨ ਨੂੰ ਇੱਕ ਮਰੇ ਹੋਏ ਖੋਤੇ ਦਾ ਜਬੜਾ ਮਿਲ ਗਿਆ। ਉਸ ਨੇ ਜਬੜੇ ਦੀ ਹੱਡੀ ਫ਼ੜੀ ਅਤੇ 1,000 ਫ਼ਲਿਸਤੀ ਲੋਕਾਂ ਨੂੰ ਇਸਦੇ ਨਾਲ ਮਾਰ ਦਿੱਤਾ।

16 ਫ਼ੇਰ ਸਮਸੂਨ ਨੇ ਆਖਿਆ,

“ਇੱਕ ਖੋਤੇ ਦੇ ਜਬੜੇ ਦੀ ਹੱਡੀ ਨਾਲ
    ਮੈਂ 1,000 ਬੰਦਿਆਂ ਨੂੰ ਮਾਰ ਦਿੱਤਾ,
ਇੱਕ ਖੋਤੇ ਦੇ ਜਬੜੇ ਦੀ ਹੱਡੀ ਨਾਲ
    ਮੈਂ ਉਨ੍ਹਾਂ ਦੀ ਇੱਕ ਵੱਡੀ ਢੇਰੀ ਲਾ ਦਿੱਤੀ ਹੈ।”

17 ਜਦੋਂ ਸਮਸੂਨ ਬੋਲ ਹਟਿਆ, ਉਸ ਨੇ ਜਬੜੇ ਦੀ ਹੱਡੀ ਹੇਠਾਂ ਸੁੱਟ ਦਿੱਤੀ। ਇਸ ਲਈ ਉਸਦਾ ਨਾਮ ਰਾਮਥ ਲਹੀ ਰੱਖਿਆ ਗਿਆ।

18 ਸਮਸੂਨ ਬਹੁਤ ਪਿਆਸਾ ਸੀ। ਇਸ ਲਈ ਉਸ ਨੇ ਯਹੋਵਾਹ ਅੱਗੇ ਪ੍ਰਾਰਥਨਾ ਕਿਤੀ। ਉਸ ਨੇ ਆਖਿਆ, “ਮੈਂ ਤੁਹਾਡਾ ਸੇਵਕ ਹਾਂ। ਤੁਸੀਂ ਮੈਨੂੰ ਇਹ ਮਹਾਨ ਜਿੱਤ ਬਖਸ਼ੀ ਹੈ। ਮਿਹਰ ਕਰਕੇ ਹੁਣ ਮੈਨੂੰ ਪਿਆਸਾ ਨਾ ਮਰਨ ਦਿਉ। ਮਿਹਰ ਕਰਕੇ ਮੈਨੂੰ ਉਨ੍ਹਾਂ ਲੋਕਾਂ ਦੇ ਹੱਥ ਨਾ ਪੈਣ ਦਿਉ ਜਿਨ੍ਹਾਂ ਦੀ ਸੁੰਨਤ ਵੀ ਨਹੀਂ ਹੋਈ!”

19 ਲਹੀ ਵਿਖੇ ਧਰਤੀ ਵਿੱਚ ਇੱਕ ਸੁਰਾਖ ਹੈ। ਪਰਮੇਸ਼ੁਰ ਨੇ ਉਸ ਸੁਰਾਖ ਨੂੰ ਪਾੜਕੇ ਖੋਲ੍ਹ ਦਿੱਤਾ, ਅਤੇ ਪਾਣੀ ਬਾਹਰ ਨਿਕਲ ਆਇਆ। ਸਮਸੂਨ ਨੇ ਪਾਣੀ ਪੀਤਾ ਅਤੇ ਬਿਹਤਰ ਮਹਿਸੂਸ ਕੀਤਾ। ਉਸ ਨੇ ਆਪਣੇ-ਆਪ ਨੂੰ ਫ਼ੇਰ ਸ਼ਕਤੀਸ਼ਾਲੀ ਮਹਿਸੂਸ ਕੀਤਾ। ਇਸ ਲਈ ਉਸ ਨੇ ਪਾਣੀ ਦੇ ਉਸ ਚਸ਼ਮੇ ਨੂੰ ਏਨ ਹੱਕੋਰੇ ਨਾਮ ਦਿੱਤਾ। ਉਹ ਹਾਲੇ ਵੀ ਲਹੀ ਦੇ ਸ਼ਹਿਰ ਵਿੱਚ ਹੈ।

20 ਇਸ ਲਈ ਸਮਸੂਨ ਇਸਰਾਏਲ ਦੇ ਲੋਕਾਂ ਦਾ 20 ਸਾਲ ਤੱਕ ਨਿਆਂਕਾਰ ਰਿਹਾ। ਇਹ ਗੱਲ ਫ਼ਲਿਸਤੀਨ ਲੋਕਾਂ ਦੇ ਵੇਲੇ ਦੀ ਹੈ।

ਸਮਸੂਨ ਅੱਜ਼ਾਹ ਸ਼ਹਿਰ ਨੂੰ ਜਾਂਦਾ ਹੈ

16 ਇੱਕ ਦਿਨ ਸਮਸੂਨ ਅੱਜ਼ਾਹ ਸ਼ਹਿਰ ਵਿੱਚ ਗਿਆ। ਉਸ ਨੇ ਉੱਥੇ ਇੱਕ ਵੇਸਵਾ ਦੇਖੀ। ਉਹ ਰਾਤ ਉਸ ਕੋਲ ਠਹਿਰਨ ਲਈ ਚੱਲਾ ਗਿਆ। ਕੁਝ ਲੋਕਾਂ ਨੇ ਅੱਜ਼ਾਹ ਦੇ ਲੋਕਾਂ ਨੂੰ ਦੱਸਿਆ, “ਸਮਸੂਨ ਇੱਥੇ ਆਇਆ ਹੈ”, ਉਹ ਸਮਸੂਨ ਨੂੰ ਮਾਰ ਦੇਣਾ ਚਾਹੁੰਦੇ ਸਨ ਇਸ ਲਈ ਉਨ੍ਹਾਂ ਨੇ ਸ਼ਹਿਰ ਨੂੰ ਘੇਰਾ ਪਾ ਲਿਆ। ਉਹ ਸ਼ਹਿਰ ਦੇ ਦਰਵਾਜ਼ੇ ਨੇੜੇ ਛੁਪ ਗਏ ਅਤੇ ਸਾਰੀ ਰਾਤ ਸਮਸੂਨ ਨੂੰ ਉਡੀਕਦੇ ਰਹੇ। ਉਹ ਸਾਰੀ ਰਾਤ ਬਹੁਤ ਖਾਮੋਸ਼ ਰਹੇ। ਉਨ੍ਹਾਂ ਨੇ ਇੱਕ ਦੂਸਰੇ ਨੂੰ ਆਖਿਆ, “ਜਦੋਂ ਸਵੇਰ ਹੋਵੇਗੀ ਅਸੀਂ ਸਮਸੂਨ ਨੂੰ ਮਾਰ ਦਿਆਂਗੇ।”

ਪਰ ਸਮਸੂਨ ਸਿਰਫ਼ ਅੱਧੀ ਰਾਤ ਤੱਕ ਹੀ ਵੇਸਵਾ ਕੋਲ ਠਹਿਰਿਆ। ਸਮਸੂਨ ਨੇ ਅੱਧੀ ਰਾਤ ਨੂੰ ਉੱਠ ਕੇ ਸ਼ਹਿਰ ਦੇ ਦਰਵਾਜ਼ਿਆਂ ਨੂੰ ਹੱਥਾਂ ਵਿੱਚ ਫ਼ੜਿਆ ਅਤੇ ਉਨ੍ਹਾਂ ਨੂੰ ਦਰਵਾਜ਼ੇ ਦੇ ਢਾਂਚੇ, ਦਰਵਾਜ਼ੇ ਉੱਤੇ ਤਾਲਾ ਲਾਉਣ ਵਾਲੀ ਛੜ ਸਮੇਤ ਕੰਧਾਂ ਵਿੱਚੋਂ ਬਾਹਰ ਖਿੱਚ ਲਿਆ। ਸਮਸੂਨ ਉਨ੍ਹਾਂ ਚੀਜ਼ਾਂ ਨੂੰ ਆਪਣੇ ਮੋਢਿਆਂ ਉੱਤੇ ਚੁੱਕ ਕੇ ਹਬਰੋਨ ਸ਼ਹਿਰ ਦੇ ਨੇੜੇ ਦੀ ਪਹਾੜੀ ਦੀ ਚੋਟੀ ਉੱਤੇ ਲੈ ਗਿਆ।

ਸਮਸੂਨ ਅਤੇ ਦਲੀਲਾਹ

ਬਾਦ ਵਿੱਚ ਸਮਸੂਨ ਇੱਕ ਦਲੀਲਾਹ ਨਾਮ ਦੀ ਔਰਤ ਨੂੰ ਪਿਆਰ ਕਰਨ ਲੱਗ ਪਿਆ। ਉਹ ਸੋਰੇਕ ਦੀ ਵਾਦੀ ਤੋਂ ਸੀ।

ਫ਼ਲਿਸਤੀ ਹਾਕਮਾਂ ਨੇ ਦਲੀਲਾਹ ਕੋਲ ਜਾਕੇ ਆਖਿਆ, “ਅਸੀਂ ਜਾਨਣਾ ਚਾਹੁੰਦੇ ਹਾਂ ਕਿ ਸਮਸੂਨ ਨੂੰ ਇੰਨੀ ਤਾਕਤ ਕਿੱਥੋਂ ਮਿਲਦੀ ਹੈ। ਉਸ ਨੂੰ ਫ਼ਸਾ ਅਤੇ ਉਸਦੀ ਮਹਾਨ ਸ਼ਕਤੀ ਦੇ ਰਾਜ ਦਾ ਪਤਾ ਲੱਗਾ। ਅਤੇ ਪਤਾ ਕਰ ਕਿ ਅਸੀਂ ਕਿਵੇਂ ਉਸ ਉੱਤੇ ਕਾਬੂ ਪਾ ਸੱਕਦੇ ਹਾਂ ਤਾਂ ਜੋ ਅਸੀਂ ਉਸ ਨੂੰ ਫ਼ੜਕੇ ਬੰਨ੍ਹ ਸੱਕੀਏ। ਜੇ ਤੂੰ ਅਜਿਹਾ ਕਰੇਂਗੀ ਤਾਂ ਸਾਡੇ ਵਿੱਚੋਂ ਹਰੇਕ ਜਣਾ ਤੈਨੂੰ 28 ਪੌਂਡ ਚਾਂਦੀ ਦੇਵੇਗਾ।”

ਇਸ ਲਈ ਦਲੀਲਾਹ ਨੇ ਸਮਸੂਨ ਨੂੰ ਆਖਿਆ, “ਮੈਨੂੰ ਇਹ ਦੱਸ ਕਿ ਤੂੰ ਇਤਨਾ ਤਾਕਤਵਰ ਕਿਉਂ ਹੈਂ। ਕੋਈ ਤੈਨੂੰ ਕਿਵੇਂ ਬੰਨ੍ਹ ਸੱਕਦਾ ਹੈ ਅਤੇ ਮਜ਼ਬੂਰ ਕਰਦਾ ਹੈਂ?”

ਸਮਸੂਨ ਨੇ ਜਵਾਬ ਦਿੱਤਾ, “ਕਿਸੇ ਬੰਦੇ ਨੂੰ ਮੈਨੂੰ ਸੱਤ ਤਾਜ਼ੇ, ਨਵੇਂ ਕਮਾਣ ਦੇ ਧਾਗਿਆਂ ਨਾਲ ਬੰਨ੍ਹਣਾ ਪਵੇਗਾ। ਜੇ ਕਿਸੇ ਨੇ ਅਜਿਹਾ ਕਰ ਦਿੱਤਾ ਤਾਂ ਮੈਂ ਹਰ ਕਿਸੇ ਵਾਂਗ ਕਮਜ਼ੋਰ ਹੋਵਾਂਗਾ।”

ਫ਼ੇਰ ਫ਼ਲਿਸਤੀ ਲੋਕਾਂ ਦੇ ਹਾਕਮਾਂ ਨੇ ਸੱਤ ਤਾਜੇ ਨਵੇਂ ਕਮਾਣ ਦੇ ਧਾਗੇ ਲਿਆਕੇ ਦਲੀਲਾਹ ਨੂੰ ਦਿੱਤੇ। ਦਲੀਲਾਹ ਨੇ ਸਮਸੂਨ ਨੂੰ ਕਮਾਣ ਦੇ ਧਾਗਿਆਂ ਨਾਲ ਬੰਨ੍ਹ ਦਿੱਤਾ। ਕੁਝ ਲੋਕ ਦੂਸਰੇ ਕਮਰੇ ਵਿੱਚ ਛੁੱਪੇ ਹੋਏ ਸਨ। ਦਲੀਲਾਹ ਨੇ ਸਮਸੂਨ ਨੂੰ ਆਖਿਆ, “ਸਮਸੂਨ ਫ਼ਲਿਸਤੀ ਲੋਕ ਤੈਨੂੰ ਫ਼ੜਨ ਵਾਲੇ ਹਨ!” ਪਰ ਸਮਸੂਨ ਨੇ ਆਸਾਨੀ ਨਾਲ ਧਾਗਿਆਂ ਨੂੰ ਤੋੜ ਦਿੱਤਾ। ਉਹ ਉਸ ਧਾਗੇ ਵਾਂਗ ਟੁੱਟ ਗਏ ਜਿਹੜਾ ਲਾਟ ਦੇ ਬਹੁਤ ਨੇੜੇ ਆ ਜਾਂਦਾ ਹੈ। ਇਸ ਲਈ ਫ਼ਲਿਸਤੀ ਲੋਕਾਂ ਨੇ ਸਮਸੂਨ ਦੀ ਤਾਕਤ ਦਾ ਭੇਤ ਨਹੀਂ ਪਾਇਆ।

10 ਫ਼ੇਰ ਦਲੀਲਾਹ ਨੇ ਸਮਸੂਨ ਨੂੰ ਆਖਿਆ, “ਤੂੰ ਮੇਰੇ ਨਾਲ ਝੂਠ ਬੋਲਿਆ! ਤੂੰ ਮੈਨੂੰ ਮੂਰਖ ਬਣਾਇਆ। ਮਿਹਰਬਾਨੀ ਕਰਕੇ ਮੈਨੂੰ ਸੱਚ ਦੱਸ ਕਿ ਤੈਨੂੰ ਕੋਈ ਜਣਾ ਕਿਵੇਂ ਬੰਨ੍ਹ ਸੱਕਦਾ ਹੈ?”

11 ਸਮਸੂਨ ਨੇ ਆਖਿਆ, “ਕਿਸੇ ਨੂੰ ਮੈਨੂੰ ਨਵੇਂ ਰੱਸਿਆਂ ਨਾਲ ਬੰਨ੍ਹਣਾ ਪਵੇਗਾ। ਉਨ੍ਹਾਂ ਨੂੰ ਮੈਨੂੰ ਉਨ੍ਹਾਂ ਰੱਸਿਆ ਨਾਲ ਬੰਨ੍ਹਣਾ ਪਵੇਗਾ ਜਿਨ੍ਹਾਂ ਨੂੰ ਪਹਿਲਾਂ ਕਦੇ ਨਾ ਵਰਤਿਆ ਗਿਆ ਹੋਵੇ। ਜੇ ਕਿਸੇ ਨੇ ਅਜਿਹਾ ਕਰ ਦਿੱਤਾ ਤਾਂ ਮੈਂ ਹੋਰ ਕਿਸੇ ਵੀ ਬੰਦੇ ਵਾਂਗ ਕਮਜ਼ੋਰ ਹੋ ਜਾਵਾਂਗਾ।”

12 ਇਸ ਲਈ ਦਲੀਲਾਹ ਨੇ ਕੁਝ ਨਵੇਂ ਰੱਸੇ ਲਈ ਅਤੇ ਸਮਸੂਨ ਨੂੰ ਬੰਨ੍ਹ ਦਿੱਤਾ। ਕੁਝ ਲੋਕ ਦੂਸਰੇ ਕਮਰੇ ਵਿੱਚ ਛੁੱਪੇ ਹੋਏ ਸਨ। ਤਾਂ ਦਲੀਲਾਹ ਨੇ ਉਸ ਨੂੰ ਆਵਾਜ਼ ਦਿੱਤੀ, “ਸਮਸੂਨ, ਫ਼ਲਿਸਤੀ ਲੋਕ ਤੈਨੂੰ ਫ਼ੜਨ ਵਾਲੇ ਹਨ!” ਪਰ ਉਸ ਨੇ ਆਸਾਨੀ ਨਾਲ ਰੱਸਿਆਂ ਨੂੰ ਤੋੜ ਦਿੱਤਾ। ਉਸ ਨੇ ਉਨ੍ਹਾਂ ਨੂੰ ਧਾਗਿਆਂ ਵਾਂਗ ਤੋੜ ਦਿੱਤਾ।

13 ਫ਼ੇਰ ਦਲੀਲਾਹ ਨੇ ਸਮਸੂਨ ਨੂੰ ਆਖਿਆ, “ਤੂੰ ਫ਼ੇਰ ਮੇਰੇ ਨਾਲ ਝੂਠ ਬੋਲਿਆ! ਤੂੰ ਮੈਨੂੰ ਮੂਰਖ ਬਣਾਇਆ। ਹੁਣ, ਮੈਨੂੰ ਦੱਸ ਕਿ ਕੋਈ ਤੈਨੂੰ ਕਿਵੇਂ ਬੰਨ੍ਹ ਸੱਕਦਾ ਹੈ?”

ਸਮਸੂਨ ਨੇ ਆਖਿਆ, “ਜੇ ਤੂੰ ਖੱਡੀ ਉੱਤੇ ਕੱਪੜੇ ਨਾਲ ਮੇਰੇ ਸਿਰ ਦੀਆਂ ਸੱਤ ਲਿਟਾਂ ਨੂੰ ਬੁਣੇ ਅਤੇ ਉਨ੍ਹਾਂ ਨੂੰ ਸੂਈ ਨਾਲ ਬੰਨ੍ਹ ਦੇਵੋ ਤਾਂ ਮੈਂ ਕਿਸੇ ਵੀ ਦੂਸਰੇ ਬੰਦੇ ਵਾਂਗ ਕਮਜ਼ੋਰ ਹੋ ਜਾਵਾਂਗਾ।”

14 ਬਾਦ ਵਿੱਚ ਸਮਸੂਨ ਸੌਂ ਗਿਆ। ਇਸ ਲਈ ਦਲੀਲਾਹ ਨੇ ਉਸ ਦੇ ਸਿਰ ਦੀਆਂ ਸੱਤ ਲਿਟਾਂ ਨੂੰ ਬੁਣਿਆ। ਫ਼ੇਰ ਦਲੀਲਾਹ ਨੇ ਤੰਬੂ ਦੇ ਕਿੱਲੇ ਨੂੰ ਧਰਤੀ ਵਿੱਚ ਗੱਡ ਦਿੱਤਾ ਅਤੇ ਉਸ ਨਾਲ ਉਸ ਦੇ ਵਾਲ ਬੰਨ੍ਹ ਦਿੱਤੇ। ਇੱਕ ਵਾਰੀ ਫ਼ੇਰ ਉਸ ਨੇ ਉਸ ਨੂੰ ਆਵਾਜ਼ ਦਿੱਤੀ, “ਸਮਸੂਨ, ਫ਼ਲਿਸਤੀ ਬੰਦੇ ਤੈਨੂੰ ਫ਼ੜਨ ਵਾਲੇ ਹਨ!” ਸਮਸੂਨ ਆਪਣੀ ਨੀਂਦ ਵਿੱਚੋਂ ਜਾਗਿਆ ਅਤੇ ਧਰਤੀ ਵਿੱਚੋਂ ਕਿੱਲੇ ਨੂੰ ਖੱਡੀ ਅਤੇ ਫ਼ਿਰਕੀ ਸਮੇਤ ਪੁੱਟ ਲਿਆ।

15 ਫ਼ੇਰ ਦਲੀਲਾਹ ਨੇ ਸਮਸੂਨ ਨੂੰ ਆਖਿਆ, “ਤੂੰ ਇਹ ਕਿਵੇਂ ਆਖ ਸੱਕਦਾ ਹੈਂ, ‘ਮੈਂ ਤੈਨੂੰ ਪਿਆਰ ਕਰਦਾ ਹਾਂ।’ ਜਦੋਂ ਕਿ ਤੂੰ ਮੇਰੇ ਉੱਤੇ ਵੀ ਭਰੋਸਾ ਨਹੀਂ ਕਰਦਾ? ਤੂੰ ਮੈਨੂੰ ਆਪਣਾ ਭੇਤ ਦੱਸਣ ਤੋਂ ਇਨਕਾਰ ਕਰਦਾ ਹੈ। ਇਹ ਤੀਜੀ ਵਾਰੀ ਹੈ ਕਿ ਤੂੰ ਮੈਨੂੰ ਮੂਰਖ ਬਣਾਇਆ ਹੈ। ਤੂੰ ਮੈਨੂੰ ਆਪਣੀ ਮਹਾਨ ਸ਼ਕਤੀ ਦਾ ਭੇਤ ਨਹੀਂ ਦੱਸਿਆ।” 16 ਉਹ੍ਹ ਸਮਸੂਨ ਨੂੰ ਹਰ ਰੋਜ਼ ਤੰਗ ਕਰਦੀ ਰਹੀ। ਉਹ ਆਪਣੇ ਭੇਤ ਬਾਰੇ ਉਸ ਦੇ ਪੁੱਛਣ ਤੋਂ ਇੰਨਾ ਥੱਕ ਗਿਆ ਕਿ ਉਸ ਨੂੰ ਮਹਿਸੂਸ ਹੋਣ ਲੱਗਾ ਜਿਵੇਂ ਉਹ ਮਰਨ ਵਾਲਾ ਹੈ। 17 ਆਖਰਕਾਰ ਸਮਸੂਨ ਨੇ ਦਲੀਲਾਹ ਨੂੰ ਸਭ ਕੁਝ ਦੱਸ ਦਿੱਤਾ। ਉਸ ਨੇ ਆਖਿਆ, “ਮੈਂ ਕਦੇ ਵੀ ਆਪਣੇ ਵਾਲ ਨਹੀਂ ਕੱਟੇ। ਮੈਂ ਆਪਣੇ ਜਨਮ ਤੋਂ ਪਹਿਲਾਂ ਹੀ ਪਰਮੇਸ਼ੁਰ ਨੂੰ ਸਮਰਪਿਤ ਹੋ ਚੁੱਕਾ ਸਾਂ। ਜੇ ਕੋਈ ਮੇਰਾ ਸਿਰ ਮੁੰਨ ਦੇਵੇ ਤਾਂ ਮੇਰੀ ਤਾਕਤ ਖਤਮ ਹੋ ਜਾਵੇਗੀ। ਫ਼ੇਰ ਮੈਂ ਕਿਸੇ ਵੀ ਹੋਰ ਬੰਦੇ ਵਰਗਾ ਕਮਜ਼ੋਰ ਹੋ ਜਾਵਾਂਗਾ।”

18 ਦਲੀਲਾਹ ਨੇ ਦੇਖਿਆ ਕਿ ਸਮਸੂਨ ਨੇ ਉਸ ਨੂੰ ਆਪਣਾ ਭੇਤ ਦੱਸ ਦਿੱਤਾ ਹੈ। ਉਸ ਨੇ ਫ਼ਲਿਸਤੀ ਲੋਕਾਂ ਦੇ ਹਾਕਮਾਂ ਨੂੰ ਸੰਦੇਸ਼ ਭੇਜ ਦਿੱਤਾ। ਉਸ ਨੇ ਆਖਿਆ, “ਇੱਕ ਵਾਰੀ ਫ਼ੇਰ ਵਾਪਸ ਆ ਜਾਓ। ਸਮਸੂਨ ਨੇ ਮੈਨੂੰ ਸਭ ਕੁਝ ਦੱਸ ਦਿੱਤਾ ਹੈ।” ਇਸ ਲਈ ਫ਼ਲਿਸਤੀ ਲੋਕਾਂ ਦੇ ਹਾਕਮ ਦਲੀਲਾਹ ਕੋਲ ਵਾਪਸ ਆ ਗਏ। ਉਹ ਆਪਣੇ ਨਾਲ ਉਹ ਪੈਸਾ ਵੀ ਲੈ ਆਏ ਜਿਸਦਾ ਉਨ੍ਹਾਂ ਨੇ ਉਸ ਨੂੰ ਦੇਣ ਲਈ ਇਕਰਾਰ ਕੀਤਾ ਸੀ।

19 ਦਲੀਲਾਹ ਨੇ ਸਮਸੂਨ ਨੂੰ, ਜਦੋਂ ਉਹ ਉਸਦੀ ਗੋਦੀ ਵਿੱਚ ਲੇਟਿਆ ਸੀ, ਸੁਲਾ ਦਿੱਤਾ। ਫ਼ੇਰ ਉਸ ਨੇ ਇੱਕ ਬੰਦੇ ਨੂੰ ਸਮਸੂਨ ਦੇ ਵਾਲਾਂ ਦੀਆਂ ਸੱਤ ਲਿਟਾਂ ਮੁੰਨਣ ਲਈ ਸੱਦਿਆ। ਇਸ ਤਰ੍ਹਾਂ ਉਸ ਨੇ ਸਮਸੂਨ ਨੂੰ ਕਮਜ਼ੋਰ ਬਣਾ ਦਿੱਤਾ। ਸਮਸੂਨ ਦੀ ਤਾਕਤ ਉਸ ਪਾਸੋਂ ਚਲੀ ਗਈ। 20 ਫ਼ੇਰ ਦਲੀਲਾਹ ਨੇ ਉਸ ਨੂੰ ਪੁਕਾਰਿਆ, “ਸਮਸੂਨ, ਫ਼ਲਿਸਤੀ ਬੰਦੇ ਤੈਨੂੰ ਫ਼ੜਨ ਵਾਲੇ ਹਨ।” ਉਹ ਜਾਗ ਪਿਆ ਅਤੇ ਉਸ ਨੇ ਸੋਚਿਆ, “ਮੈਂ ਪਹਿਲਾਂ ਵਾਂਗ ਹੀ ਆਪਣੇ-ਆਪ ਨੂੰ ਛੁਡਾ ਲਵਾਂਗਾ।” ਪਰ ਸਮਸੂਨ ਨੂੰ ਨਹੀਂ ਸੀ ਪਤਾ ਕਿ ਯਹੋਵਾਹ ਨੇ ਉਸ ਨੂੰ ਛੱਡ ਦਿੱਤਾ ਸੀ।

21 ਫ਼ਲਿਸਤੀ ਆਦਮੀਆਂ ਨੇ ਸਮਸੂਨ ਨੂੰ ਫ਼ੜ ਲਿਆ। ਉਨ੍ਹਾਂ ਨੇ ਉਸ ਦੀਆਂ ਅੱਖਾਂ ਕੱਢ ਦਿੱਤੀਆਂ ਅਤੇ ਉਸ ਨੂੰ ਅੱਜ਼ਾਹ ਸ਼ਹਿਰ ਵਿੱਚ ਲੈ ਗਏ। ਫ਼ੇਰ ਉਨ੍ਹਾਂ ਨੇ ਉਸ ਨੂੰ ਜੰਜ਼ੀਰਾਂ ਨਾਲ ਬੰਨ੍ਹ ਦਿੱਤਾ ਤਾਂ ਜੋ ਭੱਜ ਨਾ ਸੱਕੇ। ਉਨ੍ਹਾਂ ਨੇ ਸਮਸੂਨ ਨੂੰ ਕੈਦ ਵਿੱਚ ਡੱਕ ਦਿੱਤਾ ਅਤੇ ਉਸ ਨੂੰ ਅਨਾਜ ਪੀਸਣ ਦਾ ਕੰਮ ਦੇ ਦਿੱਤਾ। 22 ਪਰ ਸਮਸੂਨ ਦੇ ਵਾਲ ਫ਼ੇਰ ਉੱਗਣੇ ਸ਼ੁਰੂ ਹੋ ਗਏ।

23 ਫ਼ਲਿਸਤੀ ਲੋਕਾਂ ਦੇ ਹਾਕਮ ਜਸ਼ਨ ਮਨਾਉਣ ਲਈ ਇਕੱਠੇ ਹੋਕੇ ਆ ਗਏ। ਉਹ ਆਪਣੇ ਦੇਵਤੇ ਦਾਗੋਨ ਅੱਗੇ ਇੱਕ ਵੱਡੀ ਬਲੀ ਚੜ੍ਹਾਉਣ ਜਾ ਰਹੇ ਸਨ। ਉਨ੍ਹਾਂ ਨੇ ਆਖਿਆ, “ਸਾਡੇ ਦੇਵਤੇ ਨੇ ਸਾਡੇ ਦੁਸ਼ਮਣ ਸਮਸੂਨ ਨੂੰ ਹਰਾਉਣ ਵਿੱਚ ਸਾਡੀ ਸਹਾਇਤਾ ਕੀਤੀ ਹੈ।” 24 ਜਦੋਂ ਫ਼ਲਿਸਤੀ ਲੋਕਾਂ ਨੇ ਸਮਸੂਨ ਨੂੰ ਦੇਖਿਆ ਤਾਂ ਉਨ੍ਹਾਂ ਨੇ ਆਪਣੇ ਦੇਵਤੇ ਦੀ ਉਸਤਤਿ ਕੀਤੀ। ਉਨ੍ਹਾਂ ਨੇ ਆਖਿਆ,

“ਇਸ ਆਦਮੀ ਨੇ ਸਾਡੇ ਲੋਕਾਂ ਨੂੰ ਤਬਾਹ ਕੀਤਾ ਸੀ
    ਇਸ ਆਦਮੀ ਨੇ ਸਾਡੇ ਬਹੁਤ ਸਾਰੇ ਬੰਦਿਆਂ ਨੂੰ ਮਾਰ ਦਿੱਤਾ ਸੀ
ਪਰ ਸਾਡੇ ਦੇਵਤੇ ਨੇ ਆਪਨੇ ਦੁਸ਼ਮਣਾਂ ਨੂੰ
    ਫ਼ੜਨ ਵਿੱਚ ਮਦਦ ਕੀਤੀ!”

25 ਲੋਕ ਜਸ਼ਨ ਵੇਲੇ ਮੌਜ ਮਸਤੀ ਕਰ ਰਹੇ ਸਨ। ਇਸ ਲਈ ਉਨ੍ਹਾਂ ਨੇ ਆਖਿਆ, “ਸਮਸੂਨ ਨੂੰ ਬਾਹਰ ਲਿਆਓ। ਅਸੀਂ ਉਸਦਾ ਮਜ਼ਾਕ ਉਡਾਉਣਾ ਚਾਹੁੰਦੇ ਹਾਂ।” ਇਸ ਲਈ ਉਨ੍ਹਾਂ ਨੇ ਸਮਸੂਨ ਨੂੰ ਕੈਦ ਵਿੱਚੋਂ ਬਾਹਰ ਲੈ ਆਂਦਾ ਅਤੇ ਉਸਦਾ ਮਜ਼ਾਕ ਉਡਾਇਆ। ਉਨ੍ਹਾਂ ਨੇ ਸਮਸੂਨ ਨੂੰ ਦਾਗੋਨ ਦੇਵਤੇ ਦੇ ਮੰਦਰ ਦੇ ਥੰਮਾਂ ਦੇ ਵਿੱਚਕਾਰ ਖੜ੍ਹਾ ਹੋਣ ਲਈ ਮਜ਼ਬੂਰ ਕੀਤਾ। 26 ਇੱਕ ਨੌਕਰ ਨੇ ਸਮਸੂਨ ਦਾ ਹੱਥ ਫ਼ੜਿਆ ਹੋਇਆ ਸੀ। ਸਮਸੂਨ ਨੇ ਉਸ ਨੂੰ ਆਖਿਆ, “ਮੈਨੂੰ ਉਸ ਥਾਂ ਉੱਤੇ ਖੜ੍ਹਾ ਕਰਦੇ ਜਿੱਥੇ ਮੈਂ ਉਨ੍ਹਾਂ ਥੰਮਾਂ ਨੂੰ ਮਹਿਸੂਸ ਕਰ ਸੱਕਾਂ ਜਿਨ੍ਹਾਂ ਨੇ ਇਸ ਮੰਦਰ ਨੂੰ ਚੁੱਕਿਆ ਹੋਇਆ ਹੈ। ਮੈਂ ਉਨ੍ਹਾਂ ਉੱਤੇ ਝੁਕਣਾ ਚਾਹੁੰਦਾ ਹਾਂ।”

27 ਮੰਦਰ ਵਿੱਚ ਆਦਮੀਆਂ ਅਤੇ ਔਰਤਾਂ ਦੀ ਭੀੜ ਜੁੜੀ ਸੀ। ਫ਼ਲਿਸਤੀ ਲੋਕਾਂ ਦੇ ਸਾਰੇ ਹਾਕਮ ਉੱਥੇ ਹੀ ਸਨ। ਤਕਰੀਬਨ 3,000 ਆਦਮੀ ਅਤੇ ਔਰਤਾਂ ਮੰਦਰ ਦੀ ਛੱਤ ਉੱਤੇ ਸਨ। ਉਹ ਹੱਸ ਰਹੇ ਸਨ ਅਤੇ ਸਮਸੂਨ ਦਾ ਮਜ਼ਾਕ ਉਡਾ ਰਹੇ ਸਨ। 28 ਫ਼ੇਰ ਸਮਸੂਨ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ। ਉਸ ਨੇ ਆਖਿਆ, “ਹੇ ਸਰਬਸ਼ਕਤੀਮਾਨ ਯਹੋਵਾਹ, ਮੈਨੂੰ ਯਾਦ ਕਰੋ। ਜੇ ਪਰਮੇਸ਼ੁਰ, ਮੈਨੂੰ ਇੱਕ ਵਾਰੀ ਫ਼ੇਰ ਸ਼ਕਤੀ ਦਿਉ। ਮੈਨੂੰ ਇਨ੍ਹਾਂ ਫ਼ਲਿਸਤੀਆਂ ਨੂੰ, ਮੇਰੀਆਂ ਦੇਵੋ ਅੱਖਾਂ ਕੱਢਣ ਲਈ, ਇੱਕ ਵਾਰੀ ਸਜ਼ਾ ਦੇ ਲੈਣ ਦਿਉ!” 29 ਫ਼ੇਰ ਸਮਸੂਨ ਨੇ ਮੰਦਰ ਦੇ ਵਿੱਚਕਾਰਲੇ ਦੋ ਥੰਮਾਂ ਨੂੰ ਫ਼ੜ ਲਿਆ। ਇਨ੍ਹਾਂ ਦੋਹਾਂ ਥੰਮਾਂ ਨੇ ਸਾਰੇ ਮੰਦਰ ਨੂੰ ਟਿਕਾਇਆ ਹੋਇਆ ਸੀ। ਉਸ ਨੇ ਆਪਣੇ-ਆਪ ਨੂੰ ਦੋਹਾਂ ਥੰਮਾਂ ਦੇ ਵਿੱਚਕਾਰ ਕਸ ਲਿਆ। ਇੱਕ ਥੰਮ ਉਸ ਦੇ ਸੱਜੇ ਪਾਸੇ ਸੀ ਅਤੇ ਇੱਕ ਉਸ ਦੇ ਖੱਬੇ ਪਾਸੇ। 30 ਸਮਸੂਨ ਨੇ ਆਖਿਆ, “ਮੈਨੂੰ ਇਨ੍ਹਾਂ ਫ਼ਲਿਸਤੀਆਂ ਦੇ ਨਾਲ ਹੀ ਮਰਨ ਦਿਉ!” ਫ਼ੇਰ ਉਸ ਨੇ ਆਪਣੀ ਪੂਰੀ ਤਾਕਤ ਨਾਲ ਧੱਕਾ ਲਾਇਆ। ਅਤੇ ਮੰਦਰ ਹਾਕਮਾਂ ਅਤੇ ਇਸ ਵਿੱਚਲੇ ਸਾਰੇ ਲੋਕਾਂ ਉੱਪਰ ਡਿੱਗ ਪਿਆ। ਇਸ ਤਰ੍ਹਾਂ ਨਾਲ, ਸਮਸੂਨ ਨੇ ਆਪਣੇ ਜਿਉਂਦੇ ਸਮੇਂ ਨਾਲੋਂ ਆਪਣੀ ਮੌਤ ਦੇ ਸਮੇਂ ਵੱਧੇਰੇ ਫ਼ਲਿਸਤੀ ਲੋਕਾਂ ਨੂੰ ਮਾਰਿਆ।

31 ਸਮਸੂਨ ਦੇ ਭਰਾ ਅਤੇ ਉਸ ਦੇ ਪਿਤਾ ਦੇ ਪਰਿਵਾਰ ਦੇ ਸਾਰੇ ਲੋਕ ਉਸਦੀ ਲਾਸ਼ ਲੈਣ ਲਈ ਗਏ। ਉਨ੍ਹਾਂ ਨੇ ਉਸ ਨੂੰ ਵਾਪਸ ਲਿਆਂਦਾ ਅਤੇ ਉਸ ਦੇ ਪਿਤਾ ਦੇ ਮਕਬਰੇ ਵਿੱਚ ਉਸ ਨੂੰ ਦਫ਼ਨ ਕਰ ਦਿੱਤਾ। ਇਹ ਮਕਬਰਾ ਸਾਰਾਹ ਅਤੇ ਅਸ਼ਤਾਓਲ ਸ਼ਹਿਰਾਂ ਦੇ ਵਿੱਚਕਾਰ ਹੈ। ਸਮਸੂਨ ਇਸਰਾਏਲ ਦੇ ਲੋਕਾਂ ਲਈ 20 ਸਾਲ ਤੱਕ ਨਿਆਂਕਾਰ ਰਿਹਾ।

ਮੀਕਾਹ ਦੇ ਬੁੱਤ

17 ਇੱਕ ਆਦਮੀ ਸੀ ਜਿਸਦਾ ਨਾਮ ਸੀ ਮੀਕਾਹ ਜਿਹੜਾ ਇਫ਼ਰਾਈਮ ਦੇ ਪਹਾੜੀ ਪ੍ਰਦੇਸ਼ ਵਿੱਚ ਰਹਿੰਦਾ ਸੀ। ਮੀਕਾਹ ਨੇ ਆਪਣੀ ਮਾਂ ਨੂੰ ਆਖਿਆ, “ਕੀ ਤੈਨੂੰ ਚੇਤੇ ਹੈ ਕਿ ਕਿਸੇ ਨੇ ਤੇਰੀ 28 ਪੌਂਡ ਚਾਂਦੀ ਚੁਰਾ ਲਈ ਸੀ। ਮੈਂ ਉਸ ਬਾਰੇ ਤੈਨੂੰ ਇੱਕ ਸਰਾਪ ਦਿੰਦਿਆਂ ਸੁਣਿਆ ਸੀ। ਅੱਛਾ, ਮੇਰੇ ਕੋਲ ਉਹ ਚਾਂਦੀ ਹੈ। ਇਹ ਮੈਂ ਚੁਰਾਈ ਸੀ।”

ਉਸਦੀ ਮਾਂ ਨੇ ਆਖਿਆ, “ਯਹੋਵਾਹ ਤੇਰਾ ਭਲਾ ਕਰੇ, ਮੇਰੇ ਪੁੱਤਰ।”

ਮੀਕਾਹ ਨੇ ਆਪਣੀ ਮਾਂ ਨੂੰ ਉਹ 28 ਪੌਂਡ ਚਾਂਦੀ ਵਾਪਸ ਕਰ ਦਿੱਤੀ। ਫ਼ੇਰ ਉਸ ਨੇ ਆਖਿਆ, “ਮੈਂ ਇਹ ਚਾਂਦੀ ਯਹੋਵਾਹ ਨੂੰ ਖਾਸ ਸੁਗਾਤ ਵਜੋਂ ਭੇਟ ਕਰਾਂਗੀ। ਮੈਂ ਇਹ ਆਪਨੇ ਪੁੱਤਰ ਨੂੰ ਦੇ ਦਿਆਂਗੀ ਤਾਂ ਜੋ ਉਹ ਇੱਕ ਬੁੱਤ ਬਣਾ ਸੱਕੇ ਅਤੇ ਇਸ ਚਾਂਦੀ ਨਾਲ ਉਸ ਨੂੰ ਢੱਕ ਸੱਕੇ। ਇਸ ਲਈ ਪੁੱਤਰ, ਹੁਣ ਮੈਂ ਇਹ ਚਾਂਦੀ ਤੈਨੂੰ ਵਾਪਸ ਦਿੰਦੀ ਹਾਂ।”

ਪਰ ਮੀਕਾਹ ਨੇ ਉਹ ਚਾਂਦੀ ਆਪਣੀ ਮਾਂ ਨੂੰ ਵਾਪਸ ਕਰ ਦਿੱਤੀ। ਇਸ ਲਈ ਉਸ ਨੇ ਤਕਰੀਬਨ 5 ਪੌਂਡ ਚਾਂਦੀ ਲੈ ਕੇ ਇੱਕ ਚਾਂਦੀ ਦੇ ਗਹਿਣੇ ਬਨਾਉਣ ਵਾਲੇ ਨੂੰ ਦੇ ਦਿੱਤੀ। ਚਾਂਦੀ ਦੇ ਗਹਿਣੇ ਬਨਾਉਣ ਵਾਲੇ ਨੇ ਇੱਕ ਮੂਰਤੀ ਬਣਾਕੇ ਇਸ ਨੂੰ ਚਾਂਦੀ ਨਾਲ ਢੱਕ ਦਿੱਤਾ। ਫ਼ੇਰ ਮੀਕਾਹ ਦੀ ਮਾਂ ਨੇ ਇਸ ਨੂੰ ਮੀਕਾਹ ਦੇ ਘਰ ਰੱਖ ਦਿੱਤਾ ਗਿਆ। ਮੀਕਾਹ ਦੇ ਘਰ ਬੁੱਤਾਂ ਦੀ ਉਪਾਸਨਾ ਕਰਨ ਵਾਲਾ ਇੱਕ ਮੰਦਰ ਸੀ। ਉਸ ਨੇ ਇੱਕ ਏਫ਼ੋਦ ਅਤੇ ਕੁਝ ਘਰੋਗੀ ਬੁੱਤ ਬਣਾਏ। ਫ਼ੇਰ ਮੀਕਾਹ ਨੇ ਆਪਣੇ ਪੁੱਤਰਾਂ ਵਿੱਚੋਂ ਇੱਕ ਨੂੰ ਆਪਣਾ ਜਾਜਕ ਬਣਾਇਆ। (ਉਸ ਸਮੇਂ ਇਸਰਾਏਲ ਦੇ ਲੋਕਾਂ ਦਾ ਕੋਈ ਰਾਜਾ ਨਹੀਂ ਸੀ ਹੁੰਦਾ। ਇਸ ਲਈ ਹਰ ਬੰਦਾ ਉਹੀ ਕਰਦਾ ਸੀ ਜਿਸ ਨੂੰ ਉਹ ਠੀਕ ਸਮਝਦਾ ਸੀ।)

ਇੱਕ ਜਵਾਨ ਆਦਮੀ ਸੀ ਜਿਹੜਾ ਕਿ ਲੇਵੀ ਸੀ। ਉਹ ਯਹੂਦਾਹ ਦੇ ਬੈਤਲਹਮ ਸ਼ਹਿਰ ਦਾ ਵਾਸੀ ਸੀ। ਉਹ ਯਹੂਦਾਹ ਦੇ ਪਰਿਵਾਰ-ਸਮੂਹ ਦਰਮਿਆਨ ਰਹਿੰਦਾ ਰਿਹਾ ਸੀ। ਉਸ ਜਵਾਨ ਆਦਮੀ ਨੇ ਬੈਤਲਹਮ, ਯਹੂਦਾਹ ਛੱਡ ਦਿੱਤਾ। ਉਹ ਰਹਿਣ ਲਈ ਕਿਸੇ ਹੋਰ ਸਥਾਨ ਦੀ ਤਲਾਸ ਵਿੱਚ ਸੀ। ਜਦੋਂ ਉਹ ਸਫ਼ਰ ਕਰ ਰਿਹਾ ਸੀ ਤਾਂ ਉਹ ਮੀਕਾਹ ਦੇ ਘਰ ਆਇਆ। ਮੀਕਾਹ ਦਾ ਘਰ ਇਫ਼ਰਾਈਮ ਦੀ ਧਰਤੀ ਉੱਤੇ ਪਹਾੜੀ ਪ੍ਰਦੇਸ਼ ਵਿੱਚ ਸੀ। ਮੀਕਾਹ ਨੇ ਉਸ ਨੂੰ ਪੁੱਛਿਆ, “ਤੂੰ ਕਿੱਥੋਂ ਆਇਆ ਹੈਂ?”

ਜਵਾਨ ਆਦਮੀ ਨੇ ਜਵਾਬ ਦਿੱਤਾ, “ਮੈਂ ਲੇਵੀ ਹਾਂ ਅਤੇ ਯਹੂਦਾਹ ਦੇ ਬੈਤਲਹਮ ਸ਼ਹਿਰ ਤੋਂ ਹਾਂ। ਮੈਂ ਰਹਿਣ ਵਾਸਤੇ ਕੋਈ ਥਾਂ ਲੱਭ ਰਿਹਾ ਹਾਂ।”

10 ਫ਼ੇਰ ਮੀਕਾਹ ਨੇ ਉਸ ਨੂੰ ਆਖਿਆ, “ਮੇਰੇ ਨਾਲ ਰਹਿ ਲੈ। ਮੇਰਾ ਪਿਤਾ ਅਤੇ ਮੇਰਾ ਜਾਜਕ ਬਣ ਜਾ। ਮੈਂ ਤੈਨੂੰ ਹਰ ਸਾਲ 4 ਔਂਸ ਚਾਂਦੀ ਦਿਆਂ ਕਰਾਂਗਾ। ਮੈਂ ਤੈਨੂੰ ਕੱਪੜੇ ਅਤੇ ਭੋਜਨ ਵੀ ਦਿਆਂਗਾ।”

ਲੇਵੀ ਨੇ ਉਹੀ ਕੀਤਾ ਜੋ ਮੀਕਾਹ ਨੇ ਆਖਿਆ ਸੀ। 11 ਉਹ ਜਵਾਨ ਲੇਵੀ ਮੀਕਾਹ ਦੇ ਨਾਲ ਰਹਿਣ ਲਈ ਮੰਨ ਗਿਆ। ਉਹ ਜਵਾਨ ਆਦਮੀ ਮੀਕਾਹ ਦੇ ਆਪਣੇ ਪੁੱਤਰਾਂ ਵਰਗਾ ਬਣ ਗਿਆ। 12 ਮੀਕਾਹ ਨੇ ਉਸ ਨੂੰ ਆਪਣਾ ਜਾਜਕ ਬਣਾ ਲਿਆ। ਇਸ ਲਈ ਉਹ ਜਵਾਨ ਆਦਮੀ ਜਾਜਕ ਬਣ ਗਿਆ ਅਤੇ ਮੀਕਾਹ ਦੇ ਘਰ ਰਹਿਣ ਲੱਗਾ। 13 ਅਤੇ ਮੀਕਾਹ ਨੇ ਆਖਿਆ, “ਹੁਣ ਮੈਂ ਜਾਣਦਾ ਹਾਂ ਕਿ ਯਹੋਵਾਹ ਮੇਰੇ ਉੱਤੇ ਮਿਹਰ ਕਰੇਗਾ। ਮੈਂ ਇਹ ਗੱਲ ਜਾਣਦਾ ਹਾਂ ਕਿਉਂਕਿ ਮੇਰੇ ਕੋਲ ਲੇਵੀ ਪਰਿਵਾਰ-ਸਮੂਹ ਦਾ ਇੱਕ ਬੰਦਾ ਮੇਰਾ ਜਾਜਕ ਬਣਿਆ ਹੋਇਆ ਹੈ।”

ਦਾਨ ਦਾ ਲਾਇਸ਼ ਦੇ ਸ਼ਹਿਰ ਉੱਤੇ ਕਬਜ਼ਾ

18 ਉਸ ਸਮੇਂ ਇਸਰਾਏਲ ਦੇ ਲੋਕਾਂ ਦਾ ਕੋਈ ਰਾਜਾ ਨਹੀਂ ਸੀ ਹੁੰਦਾ। ਅਤੇ ਉਸੇ ਵੇਲੇ ਦਾਨ ਦਾ ਪਰਿਵਾਰ-ਸਮੂਹ ਹਾਲੇ ਤੱਕ ਰਹਿਣ ਦੀ ਥਾਂ ਲੱਭ ਰਿਹਾ ਸੀ। ਉਨ੍ਹਾਂ ਕੋਲ ਹਾਲੇ ਆਪਣੀ ਧਰਤੀ ਨਹੀਂ ਸੀ। ਇਸਰਾਏਲ ਦੇ ਹੋਰਨਾਂ ਪਰਿਵਾਰ-ਸਮੂਹਾਂ ਕੋਲ ਪਹਿਲਾਂ ਹੀ ਆਪੋ-ਆਪਣੀ ਧਰਤੀ ਸੀ। ਪਰ ਦਾਨ ਦੇ ਪਰਿਵਾਰ-ਸਮੂਹ ਨੇ ਆਪਣੀ ਧਰਤੀ ਹਾਸਿਲ ਨਹੀਂ ਸੀ ਕੀਤੀ।

ਇਸ ਲਈ ਦਾਨ ਦੇ ਪਰਿਵਾਰ-ਸਮੂਹ ਨੇ ਪੰਜ ਸਿਪਾਹੀਆਂ ਨੂੰ ਕੁਝ ਧਰਤੀ ਲੱਭਣ ਲਈ ਭੇਜਿਆ। ਉਹ ਰਹਿਣ ਵਾਲੀ ਕਿਸੇ ਚੰਗੀ ਥਾਂ ਦੀ ਤਲਾਸ਼ ਕਰਨ ਨਿਕਲੇ। ਉਹ ਪੰਜੇ ਆਦਮੀ ਸਾਰਾਹ ਅਤੇ ਅਸ਼ਤਾਓਲ ਸ਼ਹਿਰਾਂ ਦੇ ਸਨ। ਉਨ੍ਹਾਂ ਨੂੰ ਇਸ ਲਈ ਚੁਣਿਆ ਗਿਆ ਸੀ ਕਿਉਂਕਿ ਦਾਨ ਦੇ ਸਾਰੇ ਪਰਿਵਾਰਾਂ ਵਿੱਚੋਂ ਸਨ। ਉਨ੍ਹਾਂ ਨੂੰ ਆਖਿਆ ਗਿਆ ਸੀ, “ਜਾਓ ਕੁਝ ਧਰਤੀ ਤਲਾਸ਼ ਕਰੋ।”

ਪੰਜੇ ਆਦਮੀ ਇਫ਼ਰਾਈਮ ਦੇ ਪਹਾੜੀ ਪ੍ਰਦੇਸ਼ ਵਿੱਚ ਆ ਗਏ। ਉਹ ਮੀਕਾਹ ਦੇ ਘਰ ਆਏ ਅਤੇ ਉੱਥੇ ਰਾਤ ਕੱਟੀ। ਜਦੋਂ ਉਹ ਪੰਜ ਆਦਮੀ ਮੀਕਾਹ ਦੇ ਘਰ ਦੇ ਨੇੜੇ ਪੁੱਜੇ ਉਨ੍ਹਾਂ ਨੇ ਜਵਾਨ ਲੇਵੀ ਬੰਦੇ ਦੀ ਆਵਾਜ਼ ਸੁਣੀ। ਉਨ੍ਹਾਂ ਨੇ ਉਸਦੀ ਆਵਾਜ਼ ਪਛਾਣ ਲਈ, ਇਸ ਲਈ ਉਹ ਮੀਕਾਹ ਦੇ ਘਰ ਕੋਲ ਆਕੇ ਰੁਕ ਗਏ। ਉਨ੍ਹਾਂ ਨੇ ਜਵਾਨ ਆਦਮੀ ਨੂੰ ਪੁੱਛਿਆ, “ਤੈਨੂੰ ਇਸ ਥਾਂ ਕੌਣ ਲੈ ਕੇ ਆਇਆ? ਤੂੰ ਇੱਥੇ ਕੀ ਕਰ ਰਿਹਾ ਹੈਂ? ਇੱਥੇ ਤੇਰਾ ਕੀ ਕੰਮ ਹੈ?”

ਉਸ ਜਵਾਨ ਆਦਮੀ ਨੇ ਉਹ ਸਾਰੀਆਂ ਗੱਲਾਂ ਦੱਸ ਦਿੱਤੀਆਂ ਜਿਹੜੀਆਂ ਮੀਕਾਹ ਨੇ ਉਸ ਲਈ ਕੀਤੀਆਂ ਸਨ। “ਮੀਕਾਹ ਨੇ ਮੈਨੂੰ ਕੰਮ ਉੱਤੇ ਰੱਖਿਆ ਹੈ”, ਜਵਾਨ ਆਦਮੀ ਨੇ ਆਖਿਆ, “ਮੈਂ ਉਸਦਾ ਜਾਜਕ ਹਾਂ।”

ਇਸ ਲਈ ਉਨ੍ਹਾਂ ਨੇ ਉਸ ਨੂੰ ਆਖਿਆ, “ਕਿਰਪਾ ਕਰਕੇ ਪਰਮੇਸ਼ੁਰ ਪਾਸੋਂ ਸਾਡੇ ਲਈ ਕੁਝ ਮੰਗ। ਅਸੀਂ ਕੁਝ ਜਾਨਣਾ ਚਾਹੁੰਦੇ ਹਾਂ: ਕੀ ਸਾਡੀ ਰਹਿਣ ਵਾਲੀ ਥਾਂ ਦੀ ਤਲਾਸ਼ ਸਫ਼ਲ ਹੋਵੇਗੀ?”

ਜਾਜਕ ਨੇ ਪੰਜਾਂ ਆਦਮੀਆਂ ਨੂੰ ਆਖਿਆ, “ਹਾਂ, ਸ਼ਾਂਤੀ ਨਾਲ ਜਾਓ। ਯਹੋਵਾਹ ਤੁਹਾਡੀ ਅਗਵਾਈ ਕਰੇਗਾ।”

ਇਸ ਲਈ ਉਹ ਪੰਜ ਬੰਦੇ ਚੱਲੇ ਗਏ। ਜਦੋਂ ਉਹ ਲਾਇਸ਼ ਸ਼ਹਿਰ ਨੂੰ ਆਏ ਉਨ੍ਹਾਂ ਨੇ ਦੇਖਿਆ ਕਿ ਉਸ ਸ਼ਹਿਰ ਦੇ ਲੋਕ ਸੁਰੱਖਿਅਤ ਹੋਕੇ ਰਹਿੰਦੇ ਸਨ। ਉਹ ਸੀਦੋਨ ਦੇ ਲੋਕਾਂ ਦੀ ਸ਼ੈਲੀ ਅਨੁਸਾਰ ਰਹਿ ਰਹੇ ਸੀ। ਹਰ ਗੱਲ ਅਮਨ ਭਰਪੂਰ ਅਤੇ ਸ਼ਾਂਤ ਸੀ ਅਤੇ ਲੋਕਾਂ ਕੋਲ ਕਿਸੇ ਵੀ ਚੀਜ਼ ਦੀ ਕਮੀ ਨਹੀਂ ਸੀ। ਉਨ੍ਹਾਂ ਦੇ ਨੇੜੇ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਵਾਲਾ ਕੋਈ ਦੁਸ਼ਮਣ ਨਹੀਂ ਸੀ। ਉਹ ਸੀਦੋਨ ਸ਼ਹਿਰ ਤੋਂ ਕਾਫ਼ੀ ਦੂਰ ਰਹਿੰਦੇ ਸਨ ਅਤੇ ਉਨ੍ਹਾਂ ਦਾ ਕਿਸੇ ਨਾਲ ਕੋਈ ਲੈਣ-ਦੇਣ ਨਹੀਂ ਸੀ।

ਪੰਜੇ ਆਦਮੀ ਸਾਰਾਹ ਅਤੇ ਅਸ਼ਤਾਓਲ ਦੇ ਸ਼ਹਿਰਾਂ ਨੂੰ ਵਾਪਸ ਚੱਲੇ ਗਏ। ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਉਨ੍ਹਾਂ ਨੂੰ ਪੁੱਛਿਆ, “ਤੁਸੀਂ ਕੀ ਪਤਾ ਕਰਕੇ ਆਏ ਹੋਂ?”

ਪੰਜਾਂ ਆਦਮੀਆਂ ਨੇ ਜਵਾਬ ਦਿੱਤਾ, “ਅਸੀਂ ਕੁਝ ਧਰਤੀ ਲੱਭੀ ਹੈ, ਅਤੇ ਇਹ ਬਹੁਤ ਚੰਗੀ ਹੈ ਕੀ ਤੂੰ ਕੁਝ ਨਹੀਂ ਕਰੇਂਗਾ। ਸਾਨੂੰ ਉਸ ਧਰਤੀ ਉੱਤੇ ਹਮਲਾ ਕਰ ਇਸ ਉੱਤੇ ਅਧਿਕਾਰ ਕਰ ਲੈਣਾ ਚਾਹੀਦਾ, ਸਾਨੂੰ ਇੰਤਜ਼ਾਰ ਨਹੀਂ ਕਰਨਾ ਚਾਹੀਦਾ! ਆਓ ਚੱਲੀਏ ਅਤੇ ਉਸ ਧਰਤੀ ਨੂੰ ਹਾਸਿਲ ਕਰੀਏ! 10 ਜਦੋਂ ਤੁਸੀਂ ਉਸ ਥਾਂ ਉੱਤੇ ਆਉਂਗੇ ਤਾਂ, ਤੁਸੀਂ ਦੇਖੋਂਗੇ ਕਿ ਉੱਥੇ ਚੋਖੀ ਜ਼ਮੀਨ ਹੈ। ਉੱਥੇ ਹਰ ਚੀਜ਼ ਚੋਖੀ ਹੈ। ਤੁਸੀਂ ਇਹ ਵੀ ਵੇਖੋਂਗੇ ਕਿ ਉਹ ਲੋਕ ਕਿਸੇ ਹਮਲੇ ਦੀ ਆਸ ਨਹੀਂ ਰੱਖਦੇ। ਅਵੱਸ਼ ਹੀ ਪਰਮੇਸ਼ੁਰ ਨੇ ਇਹ ਧਰਤੀ ਸਾਨੂੰ ਦਿੱਤੀ ਹੈ।”

11 ਇਸ ਲਈ ਦਾਨ ਦੇ ਪਰਿਵਾਰ-ਸਮੂਹ ਦੇ 600 ਆਦਮੀ ਸਾਰਾਹ ਅਤੇ ਅਸ਼ਤਾਓਲ ਸ਼ਹਿਰਾਂ ਵਿੱਚੋਂ ਤੁਰ ਪਏ। ਉਹ ਜੰਗ ਲਈ ਤਿਆਰ ਸਨ। 12 ਲਾਇਸ਼ ਸ਼ਹਿਰ ਵੱਲ ਨੂੰ ਜਾਂਦੇ ਹੋਏ ਰਸਤੇ, ਵਿੱਚ ਉਹ ਯਹੂਦਾਹ ਦੀ ਧਰਤੀ ਉੱਤੇ ਕਿਰਯਥ ਯਾਰੀਮ ਸ਼ਹਿਰ ਦੇ ਨੇੜੇ ਰੁਕ ਗਏ ਅਤੇ ਉੱਥੇ ਆਪਣੇ ਡੇਰੇ ਲਾ ਲਏ। ਇਹੀ ਕਾਰਣ ਹੈ ਕਿ ਕਿਰਯਥ ਯਾਰੀਮ ਸ਼ਹਿਰ ਤੋਂ ਅੱਗੇ ਦੀ ਜ਼ਮੀਨ ਅੱਜ ਤੀਕ ਵੀ ਮਨੱਸ਼ਹ ਦਾਨ ਅਖਵਾਉਂਦੀ ਹੈ। 13 ਉਸ ਥਾਂ ਤੋਂ 600 ਆਦਮੀ ਇਫ਼ਰਾਈਮ ਦੇ ਪਹਾੜੀ ਪ੍ਰਦੇਸ਼ ਵੱਲ ਗਏ। ਫ਼ੇਰ ਉਹ ਮੀਕਾਹ ਦੇ ਘਰ ਪਹੁੰਚ ਗਏ।

14 ਇਸ ਲਈ ਉਨ੍ਹਾਂ ਪੰਜਾਂ ਆਦਮੀਆਂ ਨੇ, ਜਿਨ੍ਹਾਂ ਨੇ ਲਾਇਸ਼ ਦੇ ਦੁਆਲੇ ਦੀ ਧਰਤੀ ਦੀ ਖੋਜ ਕੀਤੀ ਸੀ, ਗੱਲ ਕੀਤੀ। ਉਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਆਖਿਆ, “ਇਨ੍ਹਾਂ ਵਿੱਚੋਂ ਇੱਕ ਘਰ ਵਿੱਚ ਏਫ਼ੋਦ ਹੈ। ਅਤੇ ਉੱਥੇ ਅਰੋਗੀ ਦੇਵਤੇ, ਇੱਕ ਘੜੀ ਹੋਈ ਮੂਰਤੀ ਅਤੇ ਚਾਂਦੀ ਦਾ ਬੁੱਤ ਵੀ ਹੈ। ਤੁਸੀਂ ਜਾਣਦੇ ਹੀ ਹੋ ਕਿ ਕੀ ਕਰਨਾ ਹੈ-ਜਾਓ ਉਨ੍ਹਾਂ ਨੂੰ ਲੈ ਆਓ।” 15 ਇਸ ਲਈ ਉਹ ਮੀਕਾਹ ਦੇ ਘਰ ਠਹਿਰ ਗਏ, ਜਿੱਥੇ ਜਵਾਨ ਲੇਵੀ ਰਹਿੰਦਾ ਸੀ। ਉਨ੍ਹਾਂ ਨੇ ਜਵਾਨ ਆਦਮੀ ਦਾ ਹਾਲ-ਚਲ ਪੁੱਛਿਆ 16 ਦਾਨ ਦੇ ਪਰਿਵਾਰ-ਸਮੂਹ ਦੇ 600 ਆਦਮੀ ਪ੍ਰਵੇਸ਼ ਦੁਆਰ ਉੱਤੇ ਖਲੋਤੇ ਸਨ। ਉਨ੍ਹਾਂ ਸਾਰਿਆਂ ਕੋਲ ਹਥਿਆਰ ਸਨ ਅਤੇ ਉਹ ਲੜਨ ਲਈ ਤਿਆਰ ਸਨ। 17-18 ਪੰਜ ਜਾਸੂਸ ਘਰ ਦੇ ਅੰਦਰ ਗਏ। ਪੁਜਾਰੀ ਬਸ ਦਰਵਾਜ਼ੇ ਦੇ ਬਾਹਰ ਉਨ੍ਹਾਂ 600 ਆਦਮੀਆਂ ਨਾਲ ਖਲੋਤਾ ਹੋਇਆ ਸੀ ਜਿਹੜੇ ਲੜਨ ਲਈ ਤਿਆਰ ਸਨ। ਆਦਮੀਆਂ ਨੇ ਘੜਿਆ ਹੋਇਆ ਬੁੱਤ, ਏਫ਼ੋਦ, ਘਰੋਗੀ ਬੁੱਤ ਅਤੇ ਚਾਂਦੀ ਦਾ ਬੁੱਤ ਚੁੱਕ ਲਿਆ। ਜਵਾਨ ਲੇਵੀ ਜਾਜਕ ਨੇ ਆਖਿਆ, “ਤੁਸੀਂ ਕੀ ਕਰ ਰਹੇ ਹੋ?”

19 ਪੰਜਾਂ ਆਦਮੀਆਂ ਨੇ ਜਵਾਬ ਦਿੱਤਾ, “ਸ਼ਾਂਤ ਹੋ ਜਾਓ! ਇੱਕ ਲਫ਼ਜ਼ ਨਹੀਂ ਬੋਲਣਾ। ਸਾਡੇ ਨਾਲ ਆਓ। ਸਾਡੇ ਪਿਤਾ ਅਤੇ ਜਾਜਕ ਬਣੋ। ਤੁਹਾਨੂੰ ਇਹ ਚੋਣ ਕਰਨੀ ਹੀ ਪਵੇਗੀ। ਕੀ ਤੇਰੇ ਲਈ ਸਿਰਫ਼ ਇੱਕ ਆਦਮੀ ਦਾ ਜਾਜਕ ਬਨਣਾ ਬਿਹਤਰ ਹੈ? ਜਾਂ ਕਿ ਤੇਰੇ ਲਈ ਇਸਰਾਏਲੀ ਲੋਕਾਂ ਦੇ ਪੂਰੇ ਪਰਿਵਾਰ-ਸਮੂਹ ਦਾ ਜਾਜਕ ਬਣਨਾ ਬਿਹਤਰ ਹੈ?”

20 ਇਹ ਸੁਣਕੇ ਲੇਵੀ ਬੰਦਾ ਪ੍ਰਸੰਨ ਹੋ ਗਿਆ। ਇਸ ਲਈ ਉਸ ਨੇ ਏਫ਼ੋਦ, ਘਰੋਗੀ ਬੁੱਤ ਅਤੇ ਬੁੱਤ ਫ਼ੜ ਲਏ। ਉਹ ਦਾਨ ਦੇ ਪਰਿਵਾਰ-ਸਮੂਹ ਦੇ ਉਨ੍ਹਾਂ ਬੰਦਿਆਂ ਨਾਲ ਤੁਰ ਪਿਆ।

21 ਫ਼ੇਰ ਦਾਨ ਦੇ ਪਰਿਵਾਰ-ਸਮੂਹ ਦੇ 600 ਬੰਦੇ ਲੇਵੀ ਜਾਜਕ ਨਾਲ ਮੁੜ ਪਏ ਅਤੇ ਮੀਕਾਹ ਦੇ ਘਰੋਂ ਤੁਰ ਪਏ। ਉਨ੍ਹਾਂ ਨੇ ਆਪਣੇ ਛੋਟੇ ਬੱਚੇ, ਆਪਣੇ ਜਾਨਵਰ ਅਤੇ ਆਪਣੀਆਂ ਸਾਰੀਆਂ ਚੀਜ਼ਾਂ ਅੱਗੇ ਵੱਲ ਕਰ ਦਿੱਤੀਆਂ।

22 ਦਾਨ ਦੇ ਪਰਿਵਾਰ-ਸਮੂਹ ਦੇ ਬੰਦੇ ਉਸ ਥਾਂ ਤੋਂ ਕਾਫ਼ੀ ਦੂਰ ਚੱਲੇ ਗਏ। ਪਰ ਮੀਕਾਹ ਦੇ ਨੇੜੇ ਰਹਿਣ ਵਾਲੇ ਲੋਕ ਇਕੱਠੇ ਹੋ ਗਏ ਫ਼ੇਰ ਉਨ੍ਹਾਂ ਨੇ ਦਾਨ ਦੇ ਲੋਕਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਕੋਲ ਪਹੁੰਚ ਗਏ। 23 ਮੀਕਾਹ ਦੇ ਨਾਲ ਦੇ ਬੰਦੇ ਦਾਨ ਦੇ ਬੰਦਿਆਂ ਉੱਤੇ ਗੁੱਸੇ ਹੋ ਰਹੇ ਸਨ। ਦਾਨ ਦੇ ਆਦਮੀ ਪਿੱਛੇ ਮੁੜੇ। ਅਤੇ ਮੀਕਾਹ ਨੂੰ ਆਖਿਆ, “ਤੈਨੂੰ ਕੀ ਤਕਲੀਫ਼ ਹੈ? ਤੁਸੀਂ ਜੰਗ ਕਰਨ ਲਈ ਇੱਕਤਰ ਕਿਉਂ ਹੋਏ ਹੋ?”

24 ਮੀਕਾਹ ਨੇ ਜਵਾਬ ਦਿੱਤਾ, “ਤੁਸੀਂ, ਦਾਨ ਦੇ ਬੰਦਿਆਂ ਨੇ ਮੇਰੇ ਬੁੱਤ ਚੁੱਕ ਲਈ ਹਨ। ਮੈਂ ਇਹ ਬੁੱਤ ਆਪਣੇ ਲਈ ਬਣਾਏ ਸਨ। ਤੁਸੀਂ ਮੇਰਾ ਜਾਜਕ ਵੀ ਨਾਲ ਲੈ ਲਿਆ ਹੈ। ਹੁਣ ਮੇਰੇ ਕੋਲ ਕੀ ਬੱਚਿਆਂ ਹੈ? ਤੁਸੀਂ ਮੈਨੂੰ ਇਹ ਕਿਵੇਂ ਆਖ ਸੱਕਦੇ ਹੋ, ‘ਤੈਨੂੰ ਕੀ ਤਕਲੀਫ਼ ਹੈ?’”

25 ਦਾਨ ਦੇ ਪਰਿਵਾਰ-ਸਮੂਹ ਦੇ ਬੰਦਿਆਂ ਨੇ ਜਵਾਬ ਦਿੱਤਾ, “ਚੰਗਾ ਹੁੰਦਾ ਕਿ ਤੂੰ ਸਾਡੇ ਨਾਲ ਝਗੜਾ ਨਾ ਕਰਦਾ। ਸਾਡੇ ਵਿੱਚੋਂ ਕਈ ਆਦਮੀ ਗਰਮ ਸੁਭਾ ਦੇ ਹਨ। ਜੇ ਤੂੰ ਸਾਡੇ ਉੱਪਰ ਚਿੱਲਾਏਂਗਾ ਤਾਂ ਉਹ ਆਦਮੀ ਸ਼ਾਇਦ ਤੇਰੇ ਉੱਤੇ ਹਮਲਾ ਕਰ ਦੇਣ। ਹੋ ਸੱਕਦਾ ਹੈ ਕਿ ਤੁਸੀਂ ਅਤੇ ਤੁਹਾਡੇ ਪਰਿਵਾਰ ਮਾਰੇ ਜਾਣ।”

26 ਫ਼ੇਰ ਦਾਨ ਦੇ ਪਰਿਵਾਰ-ਸਮੂਹ ਦੇ ਆਦਮੀ ਪਿੱਛੇ ਮੁੜੇ ਅਤੇ ਆਪਨੇ ਰਾਹ ਤੁਰ ਪਏ। ਮੀਕਾਹ ਜਾਣਦਾ ਸੀ ਕਿ ਉਹ ਆਦਮੀ ਉਸ ਨਾਲੋਂ ਵੱਧੇਰੇ ਤਾਕਤਵਰ ਸਨ। ਇਸ ਲਈ ਉਹ ਵਾਪਸ ਘਰ ਮੁੜ ਆਇਆ।

27 ਇਸ ਤਰ੍ਹਾਂ ਦਾਨ ਦੇ ਲੋਕਾਂ ਨੇ ਉਹ ਬੁੱਤ ਚੁੱਕ ਲਏ ਜਿਹੜੇ ਮੀਕਾਹ ਨੇ ਬਣਾਏ ਸਨ। ਉਨ੍ਹਾਂ ਨੇ ਉਹ ਜਾਜਕ ਵੀ ਫ਼ੜ ਲਿਆ ਜਿਹੜਾ ਮੀਕਾਹ ਦੇ ਨਾਲ ਸੀ। ਫ਼ੇਰ ਉਹ ਲਾਇਸ਼ ਵਿਖੇ ਆ ਗਏ। ਉਨ੍ਹਾਂ ਨੇ ਲਾਇਸ਼ ਵਿੱਚ ਰਹਿਣ ਵਾਲੇ ਲੋਕਾਂ ਉੱਤੇ ਹਮਲਾ ਕਰ ਦਿੱਤਾ। ਉਹ ਲੋਕ ਸ਼ਾਂਤੀ ਨਾਲ ਰਹਿੰਦੇ ਸਨ। ਉਨ੍ਹਾਂ ਨੂੰ ਹਮਲੇ ਦੀ ਆਸ ਨਹੀਂ ਸੀ। ਦਾਨ ਦੇ ਲੋਕਾਂ ਨੇ ਉਨ੍ਹਾਂ ਨੂੰ ਤਲਵਾਰਾਂ ਨਾਲ ਮਾਰ ਦਿੱਤਾ। ਫ਼ੇਰ ਉਨ੍ਹਾਂ ਨੇ ਸ਼ਹਿਰ ਨੂੰ ਅੱਗ ਲਾ ਦਿੱਤੀ। 28 ਲਾਇਸ਼ ਵਿੱਚ ਰਹਿਣ ਵਾਲੇ ਲੋਕਾਂ ਨੂੰ ਬਚਾਉਣ ਵਾਲਾ ਕੋਈ ਨਹੀਂ ਸੀ। ਉਹ ਸੈਦੋਨ ਤੋਂ ਇੰਨੀ ਦੂਰ ਸਨ ਕਿ ਉਹ ਲੋਕ ਉਨ੍ਹਾਂ ਦੀ ਮਦਦ ਨਹੀਂ ਕਰ ਸੱਕਦੇ ਸਨ ਅਤੇ ਲਾਇਸ਼ ਦੇ ਲੋਕਾਂ ਦਾ ਕਿਸੇ ਆਦਮੀ ਨਾਲ ਵੀ ਕੋਈ ਇਕਰਾਰਨਾਮਾ ਨਹੀਂ ਸੀ-ਇਸ ਲਈ ਉਨ੍ਹਾਂ ਦੀ ਮਦਦ ਲਈ ਕੋਈ ਨਹੀਂ ਆ ਸੱਕਿਆ। ਲਾਇਸ਼ ਦਾ ਸ਼ਹਿਰ ਉਸ ਵਾਦੀ ਵਿੱਚ ਸੀ ਜਿਹੜੀ ਬੈਤਰਹੋਬ ਦੇ ਅਧੀਨ ਸੀ। ਦਾਨ ਦੇ ਲੋਕਾਂ ਨੇ ਇੱਕ ਨਵਾਂ ਸ਼ਹਿਰ ਉਸਾਰਿਆ। ਅਤੇ ਉੱਥੇ ਰਹਿਣ ਲੱਗ ਪਏ। 29 ਦਾਨ ਦੇ ਲੋਕਾਂ ਨੇ ਉਸ ਸ਼ਹਿਰ ਨੂੰ ਇੱਕ ਨਾਮ ਦਿੱਤਾ। ਉਹ ਸ਼ਹਿਰ ਲਾਇਸ਼ ਅਖਵਾਉਂਦਾ ਸੀ ਪਰ ਉਨ੍ਹਾਂ ਨੇ ਨਾਮ ਬਦਲ ਕੇ ਦਾਨ ਰੱਖ ਦਿੱਤਾ ਉਨ੍ਹਾਂ ਨੇ ਸ਼ਹਿਰ ਦਾ ਨਾਮ ਆਪਣੇ ਪੁਰਖੇ ਦਾਨ ਦੇ ਨਾਮ ਉੱਤੇ ਰੱਖਿਆ ਜਿਹੜਾ ਇਸਰਾਏਲ ਦੇ ਪੁੱਤਰਾਂ ਵਿੱਚੋਂ ਇੱਕ ਸੀ।

30 ਦਾਨ ਦੇ ਪਰਿਵਾਰ-ਸਮੂਹ ਦੇ ਲੋਕਾਂ ਨੇ ਬੁੱਤ ਨੂੰ ਸ਼ਹਿਰ ਵਿੱਚ ਪਾ ਦਿੱਤਾ। ਉਨ੍ਹਾਂ ਨੇ ਗੇਰਸ਼ੋਮ ਦੇ ਪੁੱਤਰ ਯੋਨਾਥਾਨ ਨੂੰ ਆਪਣ ਜਾਜਕ ਬਣਾਇਆ। ਗੇਰਸ਼ੋਮ ਮਨੱਸ਼ਹ ਦਾ ਪੁੱਤਰ ਸੀ। ਯੋਨਾਥਾਨ ਅਤੇ ਉਸ ਦੇ ਪੁੱਤਰ ਦਾਨ ਦੇ ਪਰਿਵਾਰ-ਸਮੂਹ ਦੇ ਉਦੋਂ ਤੀਕ ਜਾਜਕ ਰਹੇ ਜਦੋਂ ਇਸਰਾਏਲੀ ਲੋਕਾਂ ਨੂੰ ਗੁਲਾਮ ਹੋਣਾ ਪਿਆ। 31 ਦਾਨ ਦੇ ਲੋਕਾਂ ਨੇ ਆਪਣੇ ਲਈ ਉਹੀ ਬੁੱਤ ਸਥਾਪਿਤ ਕੀਤਾ ਜਿਹੜਾ ਮੀਕਾਹ ਨੇ ਬਣਾਇਆ ਸੀ। ਉਹ ਬੁੱਤ ਦਾਨ ਸ਼ਹਿਰ ਵਿੱਚ ਉਸ ਪੂਰੇ ਸਮੇਂ ਦੌਰਾਨ ਉੱਥੇ ਹੀ ਸੀ ਜਦੋਂ ਪਰਮੇਸ਼ੁਰ ਦਾ ਘਰ ਸ਼ੀਲੋਹ ਵਿਖੇ ਸੀ।

ਇੱਕ ਲੇਵੀ ਆਦਮੀ ਅਤੇ ਉਸਦੀ ਦਾਸੀ

19 ਉਸ ਸਮੇਂ ਇਸਰਾਏਲੀ ਲੋਕਾਂ ਦਾ ਕੋਈ ਰਾਜਾ ਨਹੀਂ ਸੀ।

ਉੱਥੇ ਇੱਕ ਲੇਵੀ ਅਦਮੀ ਸੀ ਜਿਹੜਾ ਦੂਰ ਸਾਰੇ ਇਫ਼ਰਾਈਮ ਦੇ ਪਹਾੜੀ ਪ੍ਰਦੇਸ਼ ਵਿੱਚ ਰਹਿੰਦਾ ਸੀ, ਉਸ ਆਦਮੀ ਦੀ ਇੱਕ ਨੌਕਰਾਣੀ ਸੀ ਜਿਹੜੀ ਉਸ ਲਈ ਪਤਨੀ ਵਰਗੀ ਹੀ ਸੀ। ਉਹ ਦਾਸੀ ਯਹੂਦਾਹ ਦੇਸ਼ ਦੇ ਬੈਤਲਹਮ ਸ਼ਹਿਰ ਦੀ ਸੀ। ਪਰ ਉਸਦੀ ਦਾਸੀ ਦਾ ਲੇਵੀ ਆਦਮੀ ਨਾਲ ਝਗੜਾ ਹੋ ਗਿਆ। ਉਹ ਉਸ ਨੂੰ ਛੱਡ ਕੇ ਵਾਪਸ ਆਪਣੇ ਪਿਤਾ ਦੇ ਘਰ ਬੈਤਲਹਮ ਯਹੂਦਾਹ ਚਲੀ ਗਈ। ਉਹ ਉੱਥੇ ਚਾਰ ਮਹੀਨੇ ਠਹਿਰੀ। ਫ਼ੇਰ ਉਸਦਾ ਪਤੀ ਉਸ ਦੇ ਪਿੱਛੇ ਗਿਆ। ਉਹ ਉਸ ਨਾਲ ਨਰਮਾਈ ਨਾਲ ਗੱਲ ਕਰਨਾ ਚਾਹੁੰਦਾ ਸੀ ਤਾਂ ਜੋ ਉਹ ਉਸ ਦੇ ਕੋਲ ਵਾਪਸ ਆ ਜਾਵੇ। ਉਹ ਆਪਣੇ ਨਾਲ ਦੋ ਨੌਕਰ ਅਤੇ ਦੋ ਖੋਤੇ ਲੈ ਗਿਆ। ਲੇਵੀ ਆਦਮੀ ਉਸ ਦੇ ਪਿਤਾ ਦੇ ਘਰ ਗਿਆ। ਉਸ ਦੇ ਪਿਤਾ ਨੇ ਲੇਵੀ ਬੰਦੇ ਨੂੰ ਦੇਖਿਆ ਅਤੇ ਉਸ ਦੇ ਸਵਾਗਤ ਲਈ ਬਾਹਰ ਆਇਆ। ਪਿਤਾ ਬਹੁਤ ਖੁਸ਼ ਸੀ। ਔਰਤ ਦਾ ਪਿਤਾ ਲੇਵੀ ਨੂੰ ਆਪਣੇ ਘਰ ਅੰਦਰ ਲੈ ਗਿਆ। ਲੇਵੀ ਦੇ ਸੌਹਰੇ ਨੇ ਉਸ ਨੂੰ ਠਹਿਰਨ ਲਈ ਆਖਿਆ। ਇਸ ਲਈ ਉਹ ਲੇਵੀ ਬੰਦਾ ਤਿੰਨ ਦਿਨ ਠਹਿਰਿਆ ਰਿਹਾ। ਉਹ ਆਪਣੇ ਸੌਹਰੇ ਦੇ ਘਰ ਹੀ ਖਾਂਦਾ-ਪੀਂਦਾ ਅਤੇ ਸੌਁਦਾ ਰਿਹਾ।

ਚੌਥੇ ਦਿਨ ਉਹ ਸੁਵਖਤੇ ਉੱਠਿਆ। ਲੇਵੀ ਬੰਦਾ ਜਾਣ ਦੀ ਤਿਆਰੀ ਕਰ ਰਿਹਾ ਸੀ। ਪਰ ਉਸ ਜਵਾਨ ਔਰਤ ਦੇ ਪਿਤਾ ਨੇ ਆਪਣੇ ਜਵਾਈ ਨੂੰ ਆਖਿਆ, “ਪਹਿਲਾਂ ਕੁਝ ਖਾ ਲਵੋ। ਖਾਣਾ ਖਾਣ ਤੋਂ ਬਾਦ ਹੀ ਤੁਸੀਂ ਜਾ ਸੱਕਦੇ ਹੋ।” ਇਸ ਲਈ ਲੇਵੀ ਬੰਦਾ ਅਤੇ ਉਸਦਾ ਸੌਹਰਾ ਇਕੱਠੇ ਖਾਣ ਪੀਣ ਲਈ ਬੈਠ ਗਏ। ਉਸਤੋਂ ਬਾਦ ਜਵਾਨ ਔਰਤ ਦੇ ਪਿਤਾ ਨੇ ਲੇਵੀ ਬੰਦੇ ਨੂੰ ਆਖਿਆ, “ਕਿਰਪਾ ਕਰਕੇ ਅੱਜ ਰਾਤ ਠਹਿਰ ਜਾਓ। ਆਰਾਮ ਕਰੋ ਅਤੇ ਆਨੰਦ ਮਾਣੋ। ਅੱਜ ਸ਼ਾਮ ਤੱਕ ਰੁਕ ਕੇ ਚੱਲੇ ਜਾਣਾ।” ਇਸ ਲਈ ਦੋਹਾਂ ਨੇ ਰਲ ਕੇ ਭੋਜਨ ਕੀਤਾ। ਲੇਵੀ ਜਾਣ ਲਈ ਉੱਠ ਖਲੋਤਾ ਪਰ ਉਸ ਦੇ ਸੌਹਰੇ ਨੇ ਇੱਕ ਹੋਰ ਰਾਤ ਰੁਕਣ ਲਈ ਉਸ ਉੱਤੇ ਭਾਰ ਪਾਇਆ।

ਫ਼ੇਰ ਪੰਜਵੇਂ ਦਿਨ ਲੇਵੀ ਬੰਦਾ ਸਵੇਰੇ ਜਲਦੀ ਉੱਠ ਪਿਆ। ਉਹ ਜਾਣ ਲਈ ਤਿਆਰ ਸੀ। ਪਰ ਔਰਤ ਦੇ ਪਿਤਾ ਨੇ ਆਪਣੇ ਜਵਾਈ ਨੂੰ ਆਖਿਆ, “ਪਹਿਲਾਂ ਖਾਣਾ ਖਾ ਲਵੋ। ਆਰਾਮ ਕਰੋ ਅਤੇ ਅੱਜ ਸ਼ਾਮ ਤੱਕ ਰੁਕ ਜਾਓ।” ਇਸ ਲਈ ਉਨ੍ਹਾਂ ਦੋਹਾਂ ਨੇ ਫ਼ੇਰ ਰਲਕੇ ਭੋਜਨ ਕੀਤਾ।

ਫ਼ੇਰ ਲੇਵੀ ਬੰਦਾ, ਉਸਦੀ ਨੌਕਰਾਣੀ ਅਤੇ ਉਸਦਾ ਨੌਕਰ ਜਾਣ ਲਈ ਉੱਠੇ। ਪਰ ਜਵਾਨ ਔਰਤ ਦੇ ਪਿਤਾ ਨੇ ਆਖਿਆ, “ਹਨੇਰਾ ਹੋਣ ਵਾਲਾ ਹੈ। ਦਿਨ ਛੁਪ ਚੱਲਿਆ ਹੈ। ਇਸ ਲਈ ਰਾਤ ਠਹਿਰੋ ਅਤੇ ਆਨੰਦ ਮਾਣੋ। ਕੱਲ ਸਵੇਰੇ-ਸਵੇਰੇ ਉੱਠ ਕੇ ਤੁਸੀਂ ਚੱਲੇ ਜਾਣਾ।”

10 ਪਰ ਲੇਵੀ ਬੰਦਾ ਇੱਕ ਹੋਰ ਰਾਤ ਨਹੀਂ ਰੁਕਣਾ ਚਾਹੁੰਦਾ ਸੀ। ਉਸ ਨੇ ਆਪਣੇ ਦੋਵੇਂ ਖੋਤਿਆਂ ਉੱਤੇ ਕਾਠੀਆਂ ਪਾਈਆਂ ਅਤੇ ਆਪਣੀ ਨੌਕਰਾਣੀ ਨੂੰ ਨਾਲ ਲਿਆ ਅਤੇ ਯਬੂਸ ਦੇ ਸ਼ਹਿਰ ਤੱਕ ਦਾ ਸਫ਼ਰ ਕੀਤ। ਯਬੂਸ ਯਰੂਸ਼ਲਮ ਦਾ ਦੂਜਾ ਨਾਮ ਹੈ। 11 ਦਿਨ ਤਕਰੀਬਨ ਛੁਪ ਚੱਲਿਆ ਸੀ। ਉਹ ਯਬੂਸ ਸ਼ਹਿਰ ਦੇ ਨੇੜੇ ਸਨ। ਇਸ ਲਈ ਨੌਕਰ ਨੇ ਆਪਣੇ ਸੁਆਮੀ ਲੇਵੀ ਬੰਦੇ ਨੂੰ ਆਖਿਆ, “ਆਓ ਇਸ ਯਬੂਸੀ ਸ਼ਹਿਰ ਵਿੱਚ ਠਹਿਰ ਜਾਈਏ। ਇੱਥੇ ਰਾਤ ਕੱਟੀਏ।”

12 ਪਰ ਉਸ ਦੇ ਸੁਆਮੀ, ਲੇਵੀ ਬੰਦੇ ਨੇ ਆਖਿਆ, “ਨਹੀਂ, ਅਸੀਂ ਇਸ ਬਿਗਾਨੇ ਸ਼ਹਿਰ ਅੰਦਰ ਨਹੀਂ ਜਾਵਾਂਗੇ। ਇਹ ਲੋਕ ਇਸਰਾਏਲੀ ਨਹੀਂ ਹਨ। ਅਸੀਂ ਗਿਬਆਹ ਸ਼ਹਿਰ ਵਿੱਚ ਜਾਵਾਂਗੇ।” 13 ਲੇਵੀ ਬੰਦੇ ਨੇ ਆਖਿਆ, “ਚੱਲੋ, ਚੱਲੋ। ਅਸੀਂ ਗਿਬਆਹ ਜਾਂ ਰਾਮਾਹ ਪਹੁੰਚਣ ਦੀ ਕੋਸ਼ਿਸ਼ ਕਰੀਏ। ਅਸੀਂ ਉਨ੍ਹਾਂ ਦੋਹਾਂ ਵਿੱਚੋਂ ਕਿਸੇ ਸ਼ਹਿਰ ਵਿੱਚ ਰਾਤ ਕੱਟ ਸੱਕਦੇ ਹਾਂ।”

14 ਇਸ ਲਈ ਲੇਵੀ ਬੰਦਾ ਅਤੇ ਉਸ ਦੇ ਨਾਲ ਦੇ ਲੋਕ ਤੁਰਦੇ ਗਏ। ਜਦੋਂ ਉਹ ਗਿਬਆਹ ਸ਼ਹਿਰ ਪੁੱਜੇ ਸੂਰਜ ਛਿਪ ਰਿਹਾ ਸੀ। ਗਿਬਆਹ ਉਹ ਇਲਾਕਾ ਹੈ ਜਿਹੜਾ ਬਿਨਯਾਮੀਨ ਦੇ ਪਰਿਵਾਰ-ਸਮੂਹ ਦੇ ਅਧੀਨ ਹੈ। 15 ਇਸ ਲਈ ਉਹ ਗਿਬਆਹ ਵਿਖੇ ਰੁਕ ਗਏ। ਅਤੇ ਉੱਥੇ ਹੀ ਰਾਤ ਗੁਜਾਰਨ ਦਾ ਫ਼ੈਸਲਾ ਕੀਤਾ। ਉਹ ਸ਼ਹਿਰ ਦੇ ਚੌਁਕ ਕੋਲ ਆਏ ਅਤੇ ਉੱਥੇ ਬੈਠ ਗਏ। ਪਰ ਕਿਸੇ ਨੇ ਵੀ ਉਨ੍ਹਾਂ ਨੂੰ ਆਪਣੇ ਘਰ ਰਾਤ ਕੱਟਣ ਲਈ ਸੱਦਾ ਨਹੀਂ ਦਿੱਤਾ।

16 ਉਸੇ ਸ਼ਾਮ ਇੱਕ ਬਜ਼ੁਰਗ ਆਦਮੀ ਖੇਤਾਂ ਵਿੱਚੋਂ ਸ਼ਹਿਰ ਨੂੰ ਆਇਆ। ਉਸਦਾ ਨਗਰ ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚ ਸੀ। ਪਰ ਹੁਣ ਉਹ ਗਿਬਆਹ ਸ਼ਹਿਰ ਵਿੱਚ ਰਹਿ ਰਿਹਾ ਸੀ। ਗਿਬਆਹ ਦੇ ਬੰਦੇ ਬਿਨਯਾਮੀਨ ਦੇ ਪਰਿਵਾਰ-ਸਮੂਹ ਵਿੱਚੋਂ ਸਨ। 17 ਬਜ਼ੁਰਗ ਆਦਮੀ ਨੇ ਲੇਵੀ ਬੰਦੇ ਨੂੰ ਚੌਁਕ ਵਿੱਚ ਬੈਠਿਆਂ ਵੇਖਿਆ ਅਤੇ ਪੁੱਛਿਆ, “ਤੁਸੀਂ ਕਿੱਥੇ ਜਾ ਰਹੇ ਹੋ? ਤੁਸੀਂ ਕਿੱਥੋਂ ਆਏ ਹੋ?”

18 ਲੇਵੀ ਬੰਦੇ ਨੇ ਜਵਾਬ ਦਿੱਤਾ, “ਅਸੀਂ ਯਹੂਦਾਹ ਦੇ ਬੈਤਲਹਮ ਸ਼ਹਿਰ ਤੋਂ ਆਏ ਹਾਂ। ਅਸੀਂ ਘਰ ਜਾ ਰਹੇ ਹਾਂ। ਮੈਂ ਬਹੁਤ ਦੂਰੋਂ, ਇਫ਼ਰਾਈਮ ਦੇ ਪਹਾੜੀ ਪ੍ਰਦੇਸ਼ ਤੋਂ ਹਾਂ। ਮੈਂ ਯਹੂਦਾਹ, ਬੈਤਲਹਮ ਗਿਆ ਸੀ। ਅਤੇ ਹੁਣ ਮੈਂ ਆਪਣੇ ਘਰ ਜਾ ਰਿਹਾ ਹਾਂ। 19 ਸਾਡੇ ਕੋਲ ਖੋਤਿਆਂ ਲਈ ਪੱਠਾ-ਦਥਾ ਹੈ। ਮੇਰੇ ਆਪਣੇ ਲਈ, ਜਵਾਨ ਔਰਤ ਲਈ ਅਤੇ ਮੇਰੇ ਨੌਕਰ ਲਈ ਰੋਟੀ ਅਤੇ ਮੈਅ ਹੈ। ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ।”

20 ਬਜ਼ੁਰਗ ਆਦਮੀ ਨੇ ਆਖਿਆ, “ਤੁਸੀਂ ਮੇਰੇ ਘਰ ਆਕੇ ਠਹਿਰ ਸੱਕਦੇ ਹੋ। ਮੈਂ ਤੁਹਾਨੂੰ ਹਰ ਲੋੜੀਂਦੀ ਚੀਜ਼ ਦੇਵਾਂਗਾ। ਕਿਰਪਾ ਕਰਕੇ, ਸ਼ਹਿਰ ਦੇ ਚੌਁਕ ਵਿੱਚ ਰਾਤ ਨਾ ਗੁਜ਼ਾਰੋ।” 21 ਫ਼ੇਰ ਉਹ ਬਜ਼ੁਰਗ ਆਦਮੀ ਲੇਵੀ ਬੰਦੇ ਅਤੇ ਉਸ ਦੇ ਸਾਥੀਆਂ ਨੂੰ ਆਪਣੇ ਘਰ ਲੈ ਗਿਆ। ਉਸ ਨੇ ਉਨ੍ਹਾਂ ਦੇ ਖੋਤਿਆਂ ਨੂੰ ਪੱਠੇ ਪਾਏ। ਉਨ੍ਹਾਂ ਨੇ ਆਪਣੇ ਪੈਰ ਧੋਤੇ ਅਤੇ ਫ਼ੇਰ ਕੁਝ ਖਾਧਾ-ਪੀਤਾ।

22 ਜਦੋਂ ਲੇਵੀ ਬੰਦਾ ਅਤੇ ਉਸ ਦੇ ਨਾਲ ਦੇ ਲੋਕ ਆਨੰਦ ਮਾਣ ਰਹੇ ਸਨ, ਸ਼ਹਿਰ ਦੇ ਕੁਝ ਬਹੁਤ ਹੀ ਬੁਰੇ ਲੋਕਾਂ ਨੇ ਘਰ ਨੂੰ ਘੇਰਾ ਪਾ ਲਿਆ। ਉਹ ਬਹੁਤ ਬੁਰੇ ਆਦਮੀ ਸਨ। ਉਨ੍ਹਾਂ ਨੇ ਦਰਵਾਜ਼ਾ ਭੰਨਣਾ ਸ਼ੁਰੂ ਕਰ ਦਿੱਤਾ ਅਤੇ ਬੁੱਢੇ ਆਦਮੀ, ਘਰ ਦੇ ਮਾਲਕ ਨੂੰ ਦਬਕਾ ਮਾਰਕੇ ਆਖਿਆ, “ਉਸ ਆਦਮੀ ਨੂੰ ਬਾਹਰ ਕੱਢ ਜਿਹੜਾ ਤੇਰੇ ਘਰ ਆਇਆ ਹੈ। ਅਸੀਂ ਉਸ ਦੇ ਨਾਲ ਸੰਭੋਗ ਕਰਨਾ ਚਾਹੁੰਦੇ ਹਾਂ।”

23 ਬਜ਼ੁਰਗ ਆਦਮੀ ਬਾਹਰ ਗਿਆ ਅਤੇ ਉਸ ਨੇ ਉਨ੍ਹਾਂ ਬਦਮਾਸ਼ਾਂ ਨਾਲ ਗੱਲ ਕੀਤੀ। ਉਸ ਨੇ ਆਖਿਆ, “ਨਹੀਂ, ਮੇਰੇ ਦੋਸਤੋਂ, ਇਹੋ ਜਿਹੇ ਕੁਕਰਮ ਨਾ ਕਰੋ! ਉਹ ਬੰਦਾ ਮੇਰੇ ਘਰ ਮਹਿਮਾਨ ਹੈ। ਇਹੋ ਜਿਹਾ ਭਿਆਨਕ ਪਾਪ ਨਾ ਕਰਿਓ। 24 ਦੇਖੋ, ਇਹ ਮੇਰੀ ਧੀ ਹੈ। ਇਸਨੇ ਹਾਲੇ ਤੱਕ ਕਿਸੇ ਨਾਲ ਵੀ ਜਿਨਸੀ ਸੰਬੰਧ ਨਹੀਂ ਬਣਾਏ। ਮੈਂ ਉਸ ਨੂੰ ਅਤੇ ਇਸਦੀ ਰੱਖੈਲ ਨੂੰ ਤੁਹਾਡੇ ਕੋਲ ਲਿਆਉਂਦਾ ਹਾਂ। ਤੁਸੀਂ ਉਨ੍ਹਾਂ ਨਾਲ ਜੋ ਚਾਹੋਂ ਕਰ ਸੱਕਦੇ ਹੋ। ਪਰ ਇਸ ਆਦਮੀ ਨਾਲ ਇਹੋ ਜਿਹਾ ਭਿਆਨਕ ਪਾਪ ਨਾ ਕਰੋ।”

25 ਪਰ ਉਨ੍ਹਾਂ ਬਦਮਾਸ਼ਾਂ ਨੇ ਉਸ ਬਜ਼ੁਰਗ ਬੰਦੇ ਦੀ ਗੱਲ ਨਹੀਂ ਸੁਣੀ। ਇਸ ਲਈ ਲੇਵੀ ਬੰਦੇ ਨੇ ਆਪਣੀ ਦਾਸੀ ਨੂੰ ਬਾਹਰ ਲਿਜਾਕੇ ਉਨ੍ਹਾਂ ਬਦਮਾਸ਼ਾਂ ਦੇ ਹਵਾਲੇ ਕਰ ਦਿੱਤਾ। ਉਨ੍ਹਾਂ ਬਦਮਾਸ਼ਾਂ ਨੇ ਸਾਰੀ ਰਾਤ ਉਸ ਨਾਲ ਬਲਾਤਕਾਰ ਕੀਤਾ। ਫ਼ੇਰ, ਸਵੇਰੇ ਉਨ੍ਹਾਂ ਨੇ ਉਸ ਨੂੰ ਛੱਡ ਦਿੱਤਾ। 26 ਸਵੇਰ ਵੇਲੇ ਉਹ ਔਰਤ ਉਸ ਘਰ ਵਿੱਚ ਆਈ ਜਿੱਥੇ ਉਸਦਾ ਸੁਆਮੀ ਠਹਿਰਿਆ ਹੋਇਆ ਸੀ। ਉਹ ਬਾਹਰਲੇ ਦਰਵਾਜ਼ੇ ਉੱਤੇ ਡਿੱਗ ਪਈ। ਉਹ ਦਿਨ ਚਢ਼ਨ ਤੱਕ ਉੱਥੇ ਹੀ ਡਿੱਗੀ ਪਈ ਰਹੀ।

27 ਅਗਲੀ ਸਵੇਰੇ ਲੇਵੀ ਬੰਦਾ ਜਲਦੀ ਉੱਠਿਆ। ਉਹ ਘਰ ਜਾਣਾ ਚਾਹੁੰਦਾ ਸੀ। ਉਸ ਨੇ ਬਾਹਰ ਜਾਣ ਲਈ ਦਰਵਾਜ਼ਾ ਖੋਲ੍ਹਿਆ ਤਾਂ ਉਸਦੀ ਰੱਖੈਲ ਉੱਥੇ ਪਈ ਹੋਈ ਸੀ। ਉਹ ਆਪਣੇ ਹੱਥ ਡਿਉਢੀ ਉੱਤੇ ਰੱਖਕੇ ਦਰਵਾਜ਼ੇ ਉੱਤੇ ਡਿੱਗੀ ਹੋਈ ਸੀ। 28 ਲੇਵੀ ਬੰਦੇ ਨੇ ਉਸ ਨੂੰ ਆਖਿਆ, “ਉੱਠ, ਚੱਲੀਏ!” ਪਰ ਉਸ ਨੇ ਕੋਈ ਜਵਾਬ ਨਹੀਂ ਦਿੱਤਾ-ਉਹ ਮਰ ਚੁੱਕੀ ਸੀ।

ਲੇਵੀ ਬੰਦੇ ਨੇ ਆਪਣੀ ਦਾਸੀ ਦੀ ਲੋਥ ਨੂੰ ਖੋਤੇ ਉੱਤੇ ਲਦਿਆ ਅਤੇ ਘਰ ਚੱਲਿਆ ਗਿਆ। 29 ਜਦੋਂ ਉਹ ਘਰ ਆਇਆ ਤਾਂ ਉਸ ਨੇ ਇੱਕ ਛੁਰੀ ਲੈ ਕੇ ਆਪਣੀ ਦਾਸੀ ਦੀ ਲਾਸ਼ ਦੇ 12 ਟੋਟੇ ਕਰ ਦਿੱਤੇ। ਫ਼ੇਰ ਉਸ ਨੇ 12 ਟੋਟਿਆਂ ਨੂੰ ਉਨ੍ਹਾਂ ਸਾਰੇ ਇਲਾਕਿਆਂ ਵਿੱਚ ਭੇਜ ਦਿੱਤਾ ਜਿੱਥੇ ਇਸਰਾਏਲੀ ਲੋਕ ਰਹਿੰਦੇ ਸਨ। 30 ਜਿਸ ਕਿਸੇ ਨੇ ਵੀ ਇਸ ਨੂੰ ਦੇਖਿਆ ਉਸ ਨੇ ਆਖਿਆ, “ਇਹੋ ਜਿਹਾ ਪਹਿਲਾਂ ਕਦੇ ਵੀ ਇਸਰਾਏਲ ਵਿੱਚ ਨਹੀਂ ਵਾਪਰਿਆ। ਜਦੋਂ ਤੋਂ ਅਸੀਂ ਮਿਸਰ ਵਿੱਚੋਂ ਆਏ ਹਾਂ ਅਸੀਂ ਇਹੋ ਜਿਹੀ ਗੱਲ ਕਦੇ ਨਹੀਂ ਦੇਖੀ। ਇਸ ਬਾਰੇ ਵਿੱਚਾਰ ਕਰੋ ਅਤੇ ਸਾਨੂੰ ਦੱਸੋ ਕਿ ਕੀ ਕਰਨਾ ਚਾਹੀਦਾ ਹੈ।”

ਇਸਰਾਏਲ ਅਤੇ ਬਿਨਯਾਮੀਨ ਵਿੱਚਕਾਰ ਲੜਾਈ

20 ਇਸ ਲਈ ਇਸਰਾਏਲ ਦੇ ਸਾਰੇ ਲੋਕ ਇਕੱਠੇ ਹੋ ਗਏ। ਉਹ ਮਸਫ਼ਾਹ ਸ਼ਹਿਰ ਵਿਖੇ ਆਕੇ ਯਹੋਵਾਹ ਦੇ ਸਨਮੁੱਖ ਖਲੋ ਗਏ। ਲੋਕ ਦਾਨ ਤੋਂ ਲੈ ਕੇ ਬਏਰਸ਼ਬਾ (ਇਸਰਾਏਲ ਦੇ ਸਾਰੇ ਭਾਗਾਂ ਤੋਂ) ਆਏ। ਗਿਲਆਦ ਦੇ ਇਸਰਾਏਲੀ ਲੋਕ ਵੀ ਉੱਥੇ ਸਨ। ਇਸਰਾਏਲ ਦੇ ਸਾਰੇ ਪਰਿਵਾਰ-ਸਮੂਹਾਂ ਦੇ ਆਗੂ ਉੱਥੇ ਆਏ। ਉਨ੍ਹਾਂ ਨੇ ਪਰਮੇਸ਼ੁਰ ਦੇ ਲੋਕਾਂ ਦੀ ਆਮ ਸਭਾ ਵਿੱਚੋਂ ਆਪੋ-ਆਪਣੀ ਥਾਂ ਗ੍ਰਹਿਣ ਕਰ ਲਈ। ਉੱਥੇ 4,00,000 ਤਲਵਾਰਧਾਰੀ ਸਿਪਾਹੀ ਸਨ। ਬਿਨਯਾਮੀਨ ਦੇ ਪਰਿਵਾਰ-ਸਮੂਹ ਦੇ ਲੋਕਾਂ ਨੇ ਸੁਣਿਆ ਕਿ ਇਸਰਾਏਲ ਦੇ ਲੋਕ ਮਿਸਫ਼ਾਹ ਵਿਖੇ ਇਕੱਠੇ ਹੋ ਰਹੇ ਹਨ। ਇਸਰਾਏਲ ਦੇ ਲੋਕਾਂ ਨੇ ਆਖਿਆ, “ਸਾਨੂੰ ਇਹ ਦੱਸੋ ਕਿ ਇਹ ਭਿਆਨਕ ਗੱਲ ਵਾਪਰੀ ਕਿਵੇਂ।”

ਇਸ ਲਈ ਉਸ ਔਰਤ ਦੇ ਪਤੀ ਨੇ, ਜਿਸਦੀ ਔਰਤ ਨੂੰ ਕਤਲ ਕਰ ਦਿੱਤਾ ਗਿਆ ਸੀ, ਉਨ੍ਹਾਂ ਨੂੰ ਸਾਰੀ ਵਾਰਤਾ ਸੁਣਾਈ। ਉਸ ਨੇ ਆਖਿਆ, “ਮੈਂ ਅਤੇ ਮੇਰੀ ਦਾਸੀ ਬਿਨਯਾਮੀਨ ਇਲਾਕੇ ਦੇ ਗਿਬਆਹ ਸ਼ਹਿਰ ਵਿੱਚ ਆਏ। ਅਸੀਂ ਉੱਥੇ ਰਾਤ ਕੱਟੀ। ਪਰ ਰਾਤ ਵੇਲੇ ਗਿਬਆਹ ਸ਼ਹਿਰ ਦੇ ਆਗੂ ਉਸ ਘਰ ਵਿੱਚ ਆਏ ਜਿੱਥੇ ਮੈਂ ਠਹਿਰਿਆ ਹੋਇਆ ਸਾਂ। ਉਨ੍ਹਾਂ ਨੇ ਘਰ ਨੂੰ ਘੇਰਾ ਪਾ ਲਿਆ ਅਤੇ ਉਹ ਮੈਨੂੰ ਮਾਰਨਾ ਚਾਹੁੰਦੇ ਸਨ। ਉਨ੍ਹਾਂ ਨੇ ਮੇਰੀ ਦਾਸੀ ਨਾਲ ਬਲਾਤਕਾਰ ਕੀਤਾ ਅਤੇ ਉਹ ਮਰ ਗਈ। ਇਸ ਲਈ ਮੈਂ ਆਪਣੀ ਦਾਸੀ ਨੂੰ ਲੈ ਆਇਆ ਅਤੇ ਉਸ ਦੇ ਟੁਕੜੇ ਕੀਤੇ। ਫ਼ੇਰ ਮੈਂ ਇੱਕ-ਇੱਕ ਟੁਕੜਾ ਇਸਰਾਏਲ ਦੇ ਪਰਿਵਾਰ-ਸਮੂਹਾਂ ਨੂੰ ਭੇਜ ਦਿੱਤਾ। ਮੈਂ 12 ਟੁਕੜੇ ਉਨ੍ਹਾਂ ਧਰਤੀਆਂ ਨੂੰ ਭੇਜੇ ਜਿਨ੍ਹਾਂ ਨੂੰ ਅਸੀਂ ਹਾਸਿਲ ਕੀਤਾ ਹੈ। ਮੈਂ ਅਜਿਹਾ ਇਸ ਲਈ ਕੀਤਾ ਕਿਉਂਕਿ ਬਿਨਯਾਮੀਨ ਦੇ ਲੋਕਾਂ ਨੇ ਇਸਰਾਏਲ ਵਿੱਚ ਇਹ ਭਿਆਨਕ ਕਾਰਾ ਕੀਤਾ ਹੈ। ਹੁਣ, ਤੁਸੀਂ ਇਸਰਾਏਲ ਦੇ ਸਾਰੇ ਲੋਕੋ, ਗੱਲ ਕਰੋ। ਆਪਣਾ ਨਿਆਂ ਦਿਉ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ।”

ਫ਼ੇਰ ਸਾਰੇ ਲੋਕ ਇੱਕੋ ਵਾਰੀ ਉੱਠ ਕੇ ਖੜ੍ਹੇ ਹੋ ਗਏ। ਉਨ੍ਹਾਂ ਨੇ ਮਿਲਕੇ ਆਖਿਆ, “ਸਾਡੇ ਵਿੱਚੋਂ ਕੋਈ ਵੀ ਬੰਦਾ ਆਪਣੇ ਘਰ ਨਹੀਂ ਜਾਵੇਗਾ। ਨਹੀਂ, ਸਾਡੇ ਵਿੱਚੋਂ ਕੋਈ ਵੀ ਆਪਣੇ ਘਰ ਨਹੀਂ ਜਾਵੇਗਾ। ਹੁਣ ਅਸੀਂ ਗਿਬਆਹ ਸ਼ਹਿਰ ਨਾਲ ਇਹ ਸਲੂਕ ਕਰਾਂਗੇ: ਅਸੀਂ ਪਰਚੀਆਂ ਪਾਵਾਂਗੇ ਅਤੇ ਪਰਮੇਸ਼ੁਰ ਉੱਤੇ ਨਿਆਂ ਛੱਡ ਦਿਆਂਗੇ ਕਿ ਉਨ੍ਹਾਂ ਲੋਕਾਂ ਨਾਲ ਕੀ ਕਰਨਾ ਹੈ। 10 ਅਸੀਂ ਇਸਰਾਏਲ ਦੇ ਸਾਰੇ ਪਰਿਵਾਰ-ਸਮੂਹਾਂ ਦੇ 100 ਬੰਦਿਆਂ ਵਿੱਚੋਂ ਹਰੇਕ ਵਿੱਚੋਂ ਦਸ ਆਦਮੀ ਚੁਣਾਂਗੇ। ਅਤੇ ਅਸੀਂ ਹਰੇਕ 1,000 ਬੰਦਿਆਂ ਵਿੱਚੋਂ 100 ਬੰਦੇ ਚੁਣਾਂਗੇ ਅਸੀਂ ਹਰੇਕ 10,000 ਬੰਦਿਆਂ ਵਿੱਚੋਂ 1,000 ਬੰਦੇ ਚੁਣਾਂਗੇ। ਉਹ ਬੰਦੇ ਜਿਨ੍ਹਾਂ ਨੂੰ ਅਸੀਂ ਚੁਣਾਂਗੇ, ਫ਼ੌਜ ਲਈ ਰਸਦ ਲਿਆਉਣਗੇ। ਫ਼ੇਰ ਫ਼ੌਜ ਬਿਨਯਾਮੀਨ ਦੇ ਇਲਾਕੇ ਵਿੱਚ ਗਿਬਆਹ ਸ਼ਹਿਰ ਵਿਖੇ ਜਾਵੇਗੀ। ਫ਼ੌਜ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਵੇਗੀ। ਜਿਨ੍ਹਾਂ ਨੇ ਇਸਰਾਏਲ ਦੇ ਲੋਕਾਂ ਨਾਲ ਅਜਿਹਾ ਕੁਕਰਮ ਕੀਤਾ।”

11 ਇਸ ਲਈ ਇਸਰਾਏਲ ਦੇ ਸਾਰੇ ਆਦਮੀ ਗਿਬਆਹ ਸ਼ਹਿਰ ਵਿਖੇ ਇਕੱਠੇ ਹੋ ਗਏ। ਉਹ ਸਾਰੇ ਇਸ ਗੱਲੋਂ ਸਹਿਮਤ ਸਨ ਕਿ ਉਹ ਕੀ ਕਰਨ ਜਾ ਰਹੇ ਸਨ। 12-13 ਇਸਰਾਏਲ ਦੇ ਪਰਿਵਾਰ-ਸਮੂਹਾਂ ਨੇ ਬਿਨਯਾਮੀਨ ਦੇ ਪਰਿਵਾਰ-ਸਮੂਹ ਕੋਲ ਕੁਝ ਆਦਮੀ ਸੰਦੇਸ਼ ਦੇਣ ਲਈ ਭੇਜੇ। ਸੰਦੇਸ਼ ਸੀ: “ਇਹ ਕਿਹੋਂ ਜਿਹੀ ਬਦੀ ਤੁਹਾਡੇ ਦਰਮਿਆਨ ਹੋਈ ਸੀ? ਗਿਬਆਹ ਦੇ ਉਨ੍ਹਾਂ ਬਦਮਾਸ਼ਾਂ ਨੂੰ ਸਾਡੇ ਹਵਾਲੇ ਕਰ ਦਿਉ। ਤਾਂ ਜੇ ਅਸੀਂ ਉਨ੍ਹਾਂ ਨੂੰ ਮੌਤ ਦੀ ਸਜ਼ਾ ਦੇ ਸੱਕੀਏ। ਅਸੀਂ ਇਸ ਦੁਸ਼ਟਾਤਾ ਨੂੰ ਇਸਰਾਏਲ ਦੇ ਲੋਕਾਂ ਦਰਮਿਆਨੋ ਪੁੱਟ ਸੁੱਟਾਂਗੇ।”

ਪਰ ਬਿਨਯਾਮੀਨ ਦੇ ਪਰਿਵਾਰ-ਸਮੂਹ ਦੇ ਲੋਕਾਂ ਸੰਦੇਸ਼ਵਾਹਕਾਂ ਦੀ ਗੱਲ ਨਹੀਂ ਸੁਣੀ, ਜੋ ਕਿ ਇਸਰਾਏਲ ਦੇ ਹੋਰਨਾਂ ਪਰਿਵਾਰ-ਸਮੂਹਾਂ ਨਾਲ ਸੰਬੰਧਿਤ ਸਨ। 14 ਬਿਨਯਾਮੀਨ ਦੇ ਪਰਿਵਾਰ-ਸਮੁਹਾਂ ਦੇ ਲੋਕ ਆਪਣੇ ਸ਼ਹਿਰ ਛੱਡ ਕੇ ਗਿਬਆਹ ਸ਼ਹਿਰ ਚੱਲੇ ਗਏ। ਉਹ ਗਿਬਆਹ ਵਿਖੇ ਇਸਰਾਏਲ ਦੇ ਹੋਰਨਾਂ ਪਰਿਵਾਰ-ਸਮੂਹਾਂ ਨਾਲ ਲੜਨ ਲਈ ਗਏ। 15 ਬਿਨਯਾਮੀਨ ਦੇ ਪਰਿਵਾਰ-ਸਮੂਹ ਦੇ ਲੋਕਾਂ ਨੇ 26,000 ਸਿਪਾਹੀ ਇਕੱਠੇ ਕਰ ਲਏ। ਉਨ੍ਹਾਂ ਸਾਰੇ ਸਿਪਾਹਿਆਂ ਨੂੰ ਜੰਗ ਦੀ ਸਿਖਲਾਈ ਦਿੱਤੀ ਗਈ ਸੀ। ਉਨ੍ਹਾਂ ਕੋਲ ਗਿਬਆਹ ਸ਼ਹਿਰ ਦੇ ਵੀ 700 ਸਿਖਲਾਈ ਪ੍ਰਾਪਤ ਸਿਪਾਹੀ ਸਨ। 16 ਉਨ੍ਹਾਂ ਕੋਲ 700 ਸਿਪਾਹੀ ਅਜਿਹੇ ਵੀ ਸਨ ਜਿਨ੍ਹਾਂ ਨੂੰ ਖੱਬੇ ਹੱਥ ਨਾਲ ਲੜਨ ਦੀ ਸਿਖਲਾਈ ਦਿੱਤੀ ਗਈ ਸੀ। ਉਨ੍ਹਾਂ ਵਿੱਚੋਂ ਹਰ ਕੋਈ ਗੁਲੇਲ ਨੂੰ ਬੜੀ ਕੁਸ਼ਲਤਾ ਨਾਲ ਵਰਤ ਸੱਕਦਾ ਸੀ। ਉਹ ਬਿਨਾ ਚੂਕਿਆਂ ਇੱਕ ਵਾਲ ਉੱਤੇ ਵੀ ਅਚੂਕ ਨਿਸ਼ਾਨਾ ਲਾ ਸੱਕਦੇ ਸਨ।

17 ਬਿਨਯਾਮੀਨ ਤੋਂ ਬਿਨਾ ਇਸਰਾਏਲ ਦੇ ਸਾਰੇ ਪਰਿਵਾਰ-ਸਮੂਹਾਂ ਨੇ ਲੜਨ ਵਾਲੇ 4,00,000 ਆਦਮੀ ਇਕੱਠੇ ਕਰ ਲਏ। ਉਨ੍ਹਾਂ 4,00,000 ਆਦਮੀਆਂ ਕੋਲ ਤਲਵਾਰਾਂ ਸਨ। ਹਰੇਕ ਬੰਦਾ ਸਿਖਲਾਈ ਪ੍ਰਾਪਤ ਸਿਪਾਹੀ ਸੀ। 18 ਇਸਰਾਏਲ ਦੇ ਲੋਕ ਬੈਤੇਲ ਸ਼ਹਿਰ ਤੱਕ ਗਏ। ਬੈਤੇਲ ਸ਼ਹਿਰ ਵਿਖੇ ਉਨ੍ਹਾਂ ਨੇ ਪਰਮੇਸ਼ੁਰ ਪਾਸੋਂ ਪੁੱਛਿਆ, “ਬਿਨਯਾਮੀਨ ਦੇ ਪਰਿਵਾਰ-ਸਮੂਹ ਉੱਤੇ ਕਿਹੜਾ ਪਰਿਵਾਰ-ਸਮੂਹ ਪਹਿਲਾਂ ਹਮਲਾ ਕਰੇਗਾ?”

ਯਹੋਵਾਹ ਨੇ ਜਵਾਬ ਦਿੱਤਾ, “ਯਹੂਦਾਹ ਦਾ ਪਰਿਵਾਰ ਪਹਿਲ ਕਰੇਗਾ।”

19 ਅਗਲੀ ਸਵੇਰ ਇਸਰਾਏਲ ਦੇ ਲੋਕ ਉੱਠੇ। ਉਨ੍ਹਾਂ ਨੇ ਗਿਬਆਹ ਸ਼ਹਿਰ ਦੇ ਨੇੜੇ ਡੇਰਾ ਲਾ ਲਿਆ। 20 ਫ਼ੇਰ ਇਸਰਾਏਲ ਦੀ ਫ਼ੌਜ ਬਿਨਯਾਮੀਨ ਦੀ ਫ਼ੌਜ ਨਾਲ ਲੜਨ ਲਈ ਗਈ। ਇਸਰਾਏਲ ਦੀ ਫ਼ੌਜ ਨੇ ਗਿਬਆਹ ਸ਼ਹਿਰ ਵਿਖੇ ਬਿਨਯਾਮੀਨ ਦੀ ਫ਼ੌਜ ਨਾਲ ਲੜਨ ਦੀ ਤਿਆਰੀ ਕਰ ਲਈ। 21 ਫ਼ੇਰ ਬਿਨਯਾਮੀਨ ਦੀ ਫ਼ੌਜ ਗਿਬਆਹ ਸ਼ਹਿਰ ਵਿੱਚੋਂ ਬਾਹਰ ਆਈ। ਉਸ ਦਿਨ ਦੀ ਲੜਾਈ ਵਿੱਚ ਬਿਨਯਾਮੀਨ ਦੀ ਫ਼ੌਜ ਨੇ ਇਸਰਾਏਲ ਦੀ ਫ਼ੌਜ ਦੇ 22,000 ਆਦਮੀ ਮਾਰ ਦਿੱਤੇ।

22-23 ਇਸਰਾਏਲ ਦੇ ਲੋਕ ਯਹੋਵਾਹ ਵੱਲ ਗਏ। ਉਹ ਸ਼ਾਮ ਤੱਕ ਰੋਂਦੇ ਰਹੇ। ਉਨ੍ਹਾਂ ਨੇ ਯਹੋਵਾਹ ਨੂੰ ਪੁੱਛਿਆ, “ਕੀ ਸਾਨੂੰ ਬਿਨਯਾਮੀਨ ਦੇ ਲੋਕਾਂ ਨਾਲ ਲੜਨ ਲਈ ਫ਼ੇਰ ਜਾਣਾ ਚਾਹੀਦਾ ਹੈ? ਉਹ ਲੋਕ ਸਾਡੇ ਸੱਕੇ ਸੰਬੰਧੀ ਹਨ।”

ਯਹੋਵਾਹ ਨੇ ਜਵਾਬ ਦਿੱਤਾ, “ਜਾਓ ਉਨ੍ਹਾਂ ਨਾਲ ਜਾਕੇ ਜੰਗ ਕਰੋ।” ਇਸਰਾਏਲ ਦੇ ਲੋਕਾਂ ਨੇ ਇੱਕ ਦੂਸਰੇ ਨੂੰ ਹੱਲਾ ਸ਼ੇਰੀ ਦਿੱਤੀ। ਫ਼ੇਰ ਉਹ ਪਹਿਲੇ ਦਿਨ ਵਾਂਗ ਦੋਬਾਰਾ ਲੜਨ ਲਈ ਗਏ।

24 ਫ਼ੇਰ ਇਸਰਾਏਲ ਦੀ ਫ਼ੌਜ ਬਿਨਯਾਮੀਨ ਦੀ ਫ਼ੌਜ ਦੇ ਨੇੜੇ ਪਹੁੰਚ ਗਈ। ਇਹ ਜੰਗ ਦਾ ਦੂਸਰਾ ਦਿਨ ਸੀ। 25 ਬਿਨਯਾਮੀਨ ਦੀ ਫ਼ੌਜ ਦੂਸਰੇ ਦਿਨ ਵੀ ਇਸਰਾਏਲ ਦੀ ਫ਼ੌਜ ਉੱਤੇ ਹਮਲਾ ਕਰਨ ਲਈ ਗਿਬਆਹ ਸ਼ਹਿਰ ਤੋਂ ਬਾਹਰ ਆਈ। ਇਸ ਵਾਰੀ, ਬਿਨਯਾਮੀਨ ਦੀ ਫ਼ੌਜ ਨੇ ਇਸਰਾਏਲ ਦੀ ਫ਼ੌਜ ਦੇ ਹੋਰ 18,000 ਬੰਦੇ ਮਾਰ ਦਿੱਤੇ। ਇਸਰਾਏਲ ਦੀ ਫ਼ੌਜ ਦੇ ਇਹ ਸਾਰੇ ਹੀ ਬੰਦੇ ਸਿਖਲਾਈ ਯਾਫ਼ਤਾ ਸਿਪਾਹੀ ਸਨ।

26 ਫ਼ੇਰ ਇਸਰਾਏਲ ਦੇ ਸਾਰੇ ਲੋਕ ਬੈਤੇਲ ਸ਼ਹਿਰ ਗਏ। ਉਸ ਸਥਾਨ ਉੱਤੇ ਉਹ ਬੈਠ ਗਏ ਅਤੇ ਯਹੋਵਾਹ ਦੇ ਸਾਹਮਣੇ ਰੋਏ। ਉਨ੍ਹਾਂ ਨੇ ਸ਼ਾਮ ਤੱਕ ਕੁਝ ਨਹੀਂ ਖਾਧਾ। ਉਨ੍ਹਾਂ ਨੇ ਯਹੋਵਾਹ ਅੱਗੇ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਈਆਂ। 27 ਇਸਰਾਏਲ ਦੇ ਬੰਦਿਆਂ ਨੇ ਯਹੋਵਾਹ ਨੂੰ ਇੱਕ ਸਵਾਲ ਪੁੱਛਿਆ, (ਉਨ੍ਹਾਂ ਦਿਨਾਂ ਵਿੱਚ ਪਰਮੇਸ਼ੁਰ ਦੇ ਨੇਮ ਦਾ ਸੰਦੂਕ ਬੈਤੇਲ ਵਿਖੇ ਸੀ। 28 ਫ਼ੀਨਹਾਸ ਉੱਥੇ ਜਾਜਕ ਸੀ ਜਿਹੜਾ ਪਰਮੇਸ਼ੁਰ ਦੀ ਸੇਵਾ ਕਰਦਾ ਸੀ। ਫ਼ੀਨਿਹਾਸ ਅਲਆਜ਼ਾਰ ਦਾ ਪੁੱਤਰ ਸੀ। ਅਲਆਜ਼ਾਰ ਹਾਰੂਨ ਦਾ ਪੁੱਤਰ ਸੀ।) ਇਸਰਾਏਲ ਦੇ ਲੋਕਾਂ ਨੇ ਪੁੱਛਿਆ, “ਬਿਨਯਾਮੀਨ ਦੇ ਲੋਕ ਸਾਡੇ ਸਾਕ ਸੰਬੰਧੀ ਹਨ। ਕੀ ਸਾਨੂੰ ਉਨ੍ਹਾਂ ਦੇ ਖਿਲਾਫ਼ ਫ਼ੇਰ ਲੜਨ ਲਈ ਜਾਣਾ ਚਾਹੀਦਾ ਹੈ? ਜਾਂ ਕੀ ਸਾਨੂੰ ਲੜਾਈ ਬੰਦ ਕਰ ਦੇਣੀ ਚਾਹੀਦੀ ਹੈ?”

ਯਹੋਵਾਹ ਨੇ ਜਵਾਬ ਦਿੱਤਾ, “ਜਾਓ। ਕੱਲ੍ਹ ਮੈਂ ਤੁਹਾਡੀ, ਉਨ੍ਹਾਂ ਨੂੰ ਹਰਾਉਣ ਵਿੱਚ ਸਹਾਇਤਾ ਕਰਾਂਗਾ।”

29 ਫ਼ੇਰ ਇਸੜਏਲ ਦੀ ਫ਼ੌਜ ਨੇ ਕੁਝ ਆਦਮੀ ਗਿਬਆਹ ਸ਼ਹਿਰ ਦੇ ਦੁਆਲੇ ਛੁਪਾ ਦਿੱਤੇ। 30 ਇਸਰਾਏਲ ਦੀ ਫ਼ੌਜ ਤੀਸਰੇ ਦਿਨ ਗਿਬਆਹ ਸ਼ਹਿਰ ਦੇ ਵਿਰੁੱਧ ਲੜਨ ਲਈ ਗਈ। ਉਨ੍ਹਾਂ ਨੇ ਜੰਗ ਲਈ ਤਿਆਰੀ ਕੀਤੀ ਜਿਵੇਂ ਕਿ ਉਨ੍ਹਾਂ ਨੇ ਪਿੱਛਲੇ ਦਿਨਾਂ ਉੱਤੇ ਕੀਤੀ ਸੀ। 31 ਬਿਨਯਾਮੀਨ ਦੀ ਫ਼ੌਜ ਇਸਰਾਏਲ ਦੀ ਫ਼ੌਜ ਨਾਲ ਲੜਨ ਲਈ ਗਿਬਆਹ ਸ਼ਹਿਰ ਤੋਂ ਬਹਰ ਆਈ। ਇਸਰਾਏਲ ਦੀ ਫ਼ੌਜ ਪਿੱਛੇ ਹਟ ਗਈ ਅਤੇ ਉਸ ਨੇ ਬਿਨਯਾਮੀਨ ਦੀ ਫ਼ੌਜ ਨੂੰ ਆਪਣੇ ਪਿੱਛੇ ਆਉਣ ਦਿੱਤਾ। ਇਸ ਤਰੀਕੇ ਨਾਲ ਬਿਨਯਾਮੀਨ ਦੀ ਫ਼ੌਜ ਨਾਲ ਸ਼ਹਿਰਾਂ ਨੂੰ ਆਪਣੇ ਬਹੁਤ ਪਿੱਛੇ ਛੱਡਣ ਦੀ ਚਾਲ ਖੇਡੀ ਗਈ।

ਬਿਨਯਾਮੀਨ ਦੀ ਫ਼ੌਜ ਨੇ ਇਸਰਾਏਲ ਦੀ ਫ਼ੌਜ ਦੇ ਕੁਝ ਬੰਦਿਆਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਜਿਵੇਂ ਕਿ ਉਨ੍ਹਾਂ ਨੇ ਪਹਿਲਾਂ ਕੀਤਾ ਸੀ। ਉਨ੍ਹਾਂ ਨੇ ਇਸਰਾਏਲ ਦੇ ਤਕਰੀਬਨ 30 ਬੰਦੇ ਮਾਰ ਦਿੱਤੇ। ਉਨ੍ਹਾਂ ਨੇ ਉਨ੍ਹਾਂ ਵਿੱਚੋਂ ਕੁਝ ਬੰਦੇ ਖੇਤਾਂ ਵਿੱਚ ਮਾਰੇ ਅਤੇ ਕੁਝ ਬੰਦੇ ਸੜਕਾਂ ਉੱਤੇ ਮਾਰੇ। ਇੱਕ ਸੜਕ ਬੈਤੇਲ ਸ਼ਹਿਰ ਵੱਲ ਜਾਂਦੀ ਸੀ। ਦੂਸਰੀ ਸੜਕ ਗਿਬਆਹ ਸ਼ਹਿਰ ਨੂੰ ਜਾਂਦੀ ਸੀ। 32 ਬਿਨਯਾਮੀਨ ਦੇ ਬੰਦਿਆਂ ਨੇ ਆਖਿਆ, “ਅਸੀਂ ਪਹਿਲਾਂ ਵਾਂਗ ਹੀ ਜਿੱਤ ਰਹੇ ਹਾਂ!”

ਇਸਰਾਏਲ ਦੇ ਬੰਦੇ ਭੱਜ ਰਹੇ ਸਨ, ਪਰ ਇਹ ਚਲਾਕੀ ਸੀ। ਉਹ ਬਿਨਯਾਮੀਨ ਦੇ ਬੰਦਿਆਂ ਨੂੰ ਉਨ੍ਹਾਂ ਦੇ ਸ਼ਹਿਰ ਤੋਂ ਦੂਰ ਸੜਕਾਂ ਉੱਤੇ ਲੈ ਜਾਣਾ ਚਾਹੁੰਦੇ ਸਨ। 33 ਇਸ ਲਈ ਇਸਰਾਏਲ ਦੇ ਸਾਰੇ ਆਦਮੀ ਆਪਣੀਆਂ ਜਗ਼੍ਹਾਵਾਂ ਤੋਂ ਉੱਠ ਕੇ ਬਆਲ ਤਾਮਾਰ ਨਾਮ ਦੇ ਸਥਾਨ ਉੱਤੇ ਯੁੱਧ ਲਈ ਖੜ੍ਹੇ ਹੋ ਗਏ। ਅਤੇ ਇਸਰਾਏਲੀ ਆਦਮੀ ਜੋ ਗੇਬਾ ਦੇ ਮੈਦਾਨਾਂ ਵਿੱਚ ਛੁੱਪੇ ਹੋਏ ਸਨ ਬਾਹਰ ਆਏ ਅਤੇ ਗਿਬਆਹ ਉੱਤੇ ਹਮਲਾ ਕਰ ਦਿੱਤਾ। 34 ਇਸਰਾਏਲ ਦੇ 10,000 ਸਭ ਤੋਂ ਚੰਗੇ ਸਿਖਲਾਈ ਪ੍ਰਾਪਤ ਸਿਪਾਹੀਆਂ ਨੇ ਗਿਬਆਹ ਉੱਤੇ ਹਮਲਾ ਕਰ ਦਿੱਤਾ। ਲੜਾਈ ਬਹੁਤ ਭਾਰੀ ਸੀ। ਪਰ ਬਿਨਯਾਮੀਨ ਦੀ ਫ਼ੌਜ ਨੂੰ ਪਤਾ ਨਹੀਂ ਸੀ ਕਿ ਕਿੰਨੀ ਭਿਆਨਕ ਗੱਲ ਉਨ੍ਹਾਂ ਨਾਲ ਵਾਪਰਨ ਵਾਲੀ ਸੀ।

35 ਯਹੋਵਾਹ ਨੇ ਇਸਰਾਏਲ ਦੀ ਫ਼ੌਜ ਦੀ ਵਰਤੋਂ ਕੀਤੀ ਅਤੇ ਬਿਨਯਾਮੀਨ ਦੀ ਫ਼ੌਜ ਨੂੰ ਹਰਾ ਦਿੱਤਾ। ਉਸ ਦਿਨ ਇਸਰਾਏਲ ਦੀ ਫ਼ੌਜ ਨੇ ਬਿਨਯਾਮੀਨ ਦੇ 25,100 ਸਿਪਾਹੀ ਮਾਰ ਦਿੱਤੇ। ਉਨ੍ਹਾਂ ਸਾਰੇ ਸਿਪਾਹੀਆਂ ਨੇ ਜੰਗ ਲਈ ਸਿਖਲਾਈ ਪ੍ਰਾਪਤ ਕੀਤੀ ਹੋਈ ਸੀ। 36 ਇਸ ਲਈ ਬਿਨਯਾਮੀਨ ਦੇ ਲੋਕਾਂ ਨੇ ਦੇਖਿਆ ਕਿ ਉਹ ਹਾਰ ਰਹੇ ਸਨ।

ਇਸਰਾਏਲੀ ਫ਼ੌਜ ਪਿੱਛੇ ਹਟੀ ਅਤੇ ਬਿਨਯਾਮੀਨ ਦੇ ਲੋਕਾਂ ਨੂੰ ਕੁਝ ਥਾਂ ਦਿੱਤੀ। ਉਹ ਆਪਣੇ ਆਦਮੀਆਂ ਉੱਤੇ ਨਿਰਭਰ ਕਰ ਰਹੇ ਸਨ ਜੋ ਬਿਨਯਾਮੀਨੀਆਂ ਉੱਤੇ ਘਾਤ ਲਾਉਣ ਦਾ ਇੰਤਜ਼ਾਰ ਕਰ ਰਹੇ ਸਨ। 37 ਜਿਹੜੇ ਬੰਦੇ ਛੁੱਪੇ ਹੋਏ ਸਨ ਉਹ ਗਿਬਆਹ ਸ਼ਹਿਰ ਦੇ ਅੰਦਰ ਭੱਜ ਗਏ। ਉਹ ਫ਼ੈਲ ਗਏ ਅਤੇ ਉਨ੍ਹਾਂ ਨੇ ਆਪਣੀਆਂ ਤਲਵਾਰਾਂ ਨਾਲ ਸ਼ਹਿਰ ਵਿੱਚ ਹਰ ਇੱਕ ਨੂੰ ਮਾਰ ਦਿੱਤਾ। 38 ਹੁਣ ਇਸਰਾਏਲ ਦੇ ਬੰਦਿਆਂ ਨੇ ਉਨ੍ਹਾਂ ਬੰਦਿਆਂ ਨਾਲ, ਜਿਹੜੇ ਛੁੱਪੇ ਹੋਏ ਸਨ, ਇੱਕ ਵਿਉਂਤ ਬਣਾਈ ਹੋਈ ਸੀ। ਛੁੱਪੇ ਹੋਏ ਬੰਦਿਆਂ ਵੱਲੋਂ ਖਾਸ ਇਸ਼ਾਰਾ ਭੇਜਿਆ ਜਾਣਾ ਸੀ। ਇਨ੍ਹਾਂ ਬੰਦਿਆਂ ਨੇ ਧੂੰਏ ਦਾ ਇੱਕ ਵੱਡਾ ਬੱਦਲ ਬਨਾਉਣਾ ਸੀ।

39-41 ਬਿਨਯਾਮੀਨ ਦੀ ਫ਼ੌਜ ਨੇ ਤਕਰੀਬਨ 30 ਇਸਰਾਏਲੀ ਸਿਪਾਹੀ ਮਾਰ ਦਿੱਤੇ ਸਨ, ਇਸ ਲਈ ਬਿਨਯਾਮੀਨ ਦੇ ਬੰਦੇ ਆਖ ਰਹੇ ਸਨ, “ਅਸੀਂ ਜਿੱਤ ਰਹੇ ਹਾਂ, ਪਹਿਲਾਂ ਵਾਂਗ ਹੀ।” ਪਰ ਫ਼ੇਰ ਸ਼ਹਿਰ ਤੋਂ ਧੂੰਏ ਦਾ ਇੱਕ ਵੱਡਾ ਬੱਦਲ ਉੱਠਣ ਲੱਗਿਆ। ਬਿਨਯਾਮੀਨ ਦੇ ਬੰਦਿਆਂ ਨੇ ਪਿੱਛੇ ਮੁੜ ਕੇ ਧੂੰਏ ਵੱਲ ਦੇਖਿਆ। ਸਾਰੇ ਸ਼ਹਿਰਾਂ ਨੂੰ ਅੱਗ ਲਗੀ ਹੋਈ ਸੀ। ਫ਼ੇਰ ਇਸਰਾਏਲ ਦੀ ਫ਼ੌਜ ਭੱਜਣ ਤੋਂ ਹਟ ਗਈ। ਉਹ ਪਿੱਛੇ ਮੁੜਕੇ ਲੜਨ ਲੱਗ ਪਏ। ਬਿਨਯਾਮੀਨ ਦੇ ਬੰਦੇ ਭੈਭੀਤ ਹੋ ਗਏ। ਹੁਣ ਉਨ੍ਹਾਂ ਨੂੰ ਪਤਾ ਚੱਲਿਆ ਕਿ ਉੱਨ੍ਹਾਂ ਨਾਲ ਭਿਆਨਕ ਗੱਲ ਵਾਪਰ ਗਈ ਹੈ।

42 ਇਸ ਲਈ ਬਿਨਯਾਮੀਨ ਦੀ ਫ਼ੌਜ ਇਸਰਾਏਲ ਦੀ ਫ਼ੌਜ ਤੋਂ ਦੂਰ ਭੱਜ ਗਈ। ਉਹ ਮਾਰੂਥਲ ਵੱਲ ਭੱਜ ਗਈ। ਪਰ ਉਹ ਲੜਾਈ ਤੋਂ ਨਹੀਂ ਬਚ ਸੱਕੇ। ਅਤੇ ਇਸਰਾਏਲ ਦੇ ਬੰਦੇ ਸ਼ਹਿਰਾਂ ਵਿੱਚੋਂ ਨਿਕਲ ਆਏ ਅਤੇ ਉਨ੍ਹਾਂ ਨੂੰ ਮਾਰ ਮੁਕਾਇਆ। 43 ਇਸਰਾਏਲ ਦੇ ਲੋਕਾਂ ਨੇ ਬਿਨਯਾਮੀਨ ਦੇ ਲੋਕਾਂ ਨੂੰ ਘੇਰ ਲਿਆ ਅਤੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਉਨ੍ਹਾਂ ਨੂੰ ਅਰਾਮ ਨਹੀਂ ਕਰਨ ਦਿੱਤਾ। ਅਤੇ ਉਨ੍ਹਾਂ ਨੂੰ ਗਿਬਆਹ ਦੇ ਪੂਰਬ ਵਾਲੇ ਪਾਸੇ ਵੱਲ ਹਰਾ ਦਿੱਤਾ। 44 ਇਸ ਤਰ੍ਹਾਂ ਬਿਨਯਾਮੀਨ ਦੀ ਫ਼ੌਜ ਦੇ 18,000 ਬਹਾਦੁਰ ਅਤੇ ਤਾਕਤਵਰ ਲੜਾਕੇ ਮਾਰੇ ਗਏ।

45 ਬਿਯਾਮੀਨ ਦੀ ਫ਼ੌਜ ਪਿੱਛੇ ਮੁੜ ਪਈ ਅਤੇ ਮਾਰੂਥਲ ਵੱਲ ਭੱਜੀ। ਉਹ ਰਿਮੋਨ ਦੀ ਚੱਟਾਨ ਨਾਮ ਦੇ ਸਥਾਨ ਵੱਲ ਭੱਜੇ। ਪਰ ਇਸਰਾਏਲ ਦੀ ਫ਼ੌਜ ਨੇ ਸੜਕਾਂ ਉੱਤੇ ਬਿਨਯਮੀਨ ਦੇ 5,000 ਸਿਪਾਹੀ ਮਾਰ ਦਿੱਤੇ। ਉਨ੍ਹਾਂ ਨੇ ਬਿਨਯਾਮੀਨ ਦੇ ਬੰਦਿਆਂ ਦਾ ਪਿੱਛਾ ਕਰਨਾ ਜਾਰੀ ਰੱਖਿਆ। ਉਨ੍ਹਾਂ ਨੇ ਉਨ੍ਹਾਂ ਦਾ ਪਿੱਛਾ ਦੂਰ ਗਿਦੋਮ ਨਾਮ ਦੇ ਸਥਾਨ ਤੱਕ ਕੀਤਾ। ਇਸਰਾਏਲ ਦੀ ਫ਼ੌਜ ਨੇ ਉਸ ਥਾਂ ਉੱਤੇ ਬਿਨਯਾਮੀਨ ਦੇ ਹੋਰ 2,000 ਬੰਦੇ ਮਾਰ ਦਿੱਤੇ।

46 ਉਸ ਦਿਨ ਬਿਨਯਾਮੀਨ ਦੀ ਫ਼ੌਜ ਦੇ 25,000 ਬੰਦੇ ਮਾਰੇ ਗਏ। ਉਹ ਸਾਰੇ ਹੀ ਬੰਦੇ ਬਹਾਦੁਰੀ ਨਾਲ ਆਪਣੀਆਂ ਤਲਵਾਰਾਂ ਸੰਗ ਲੜੇ। 47 ਪਰ ਬਿਨਯਾਮੀਨ ਦੇ 600 ਬੰਦੇ ਮਾਰੂਥਲ ਵਿੱਚ ਭੱਜ ਗਏ। ਉਹ ਰਿੰਮੋਨ ਦੀ ਚੱਟਾਨ ਨਾਮ ਦੇ ਸਥਾਨ ਉੱਤੇ ਗਏ ਅਤੇ ਉੱਥੇ ਚਾਰ ਮਹੀਨੇ ਠਹਿਰੇ ਰਹੇ। 48 ਇਸਰਾਏਲ ਦੇ ਬੰਦੇ ਬਿਨਯਾਮੀਨ ਦੀ ਧਰਤੀ ਉੱਤੇ ਵਾਪਸ ਚੱਲੇ ਗਏ। ਉਨ੍ਹਾਂ ਨੇ, ਹਰ ਸ਼ਹਿਰ ਵਿੱਚ ਜਿੱਥੇ ਵੀ ਉਹ ਗਏ, ਲੋਕਾਂ ਨੂੰ ਮਾਰ ਦਿੱਤਾ। ਉਨ੍ਹਾਂ ਨੇ ਸਾਰੇ ਜਾਨਵਰ ਵੀ ਮਾਰ ਦਿੱਤੇ। ਜਿੱਥੇ ਵੀ ਉਹ ਗਏ ਉਨ੍ਹਾਂ ਨੇ ਹਰੇਕ ਸ਼ਹਿਰ ਸਾੜ ਦਿੱਤਾ।

ਬਿਨਯਾਮੀਨ ਦੇ ਆਦਮੀਆਂ ਲਈ ਪਤਨੀਆਂ

21 ਮਿਸਫ਼ਾਹ ਵਿਖੇ ਸਰਾਏਲ ਦੇ ਲੋਕਾਂ ਨੇ ਇੱਕ ਇਕਰਾਰ ਕੀਤਾ। ਉਨ੍ਹਾਂ ਦਾ ਇਕਰਾਰ ਇਹ ਸੀ: “ਸਾਡੇ ਵਿੱਚੋਂ ਕੋਈ ਵੀ ਬੰਦਾ ਆਪਣੀ ਧੀ ਦਾ ਰਿਸ਼ਤਾ ਬਿਨਯਾਮੀਨ ਦੇ ਪਰਿਵਾਰ-ਸਮੂਹ ਨਾਲ ਨਹੀਂ ਕਰੇਗਾ।”

ਇਸਰਾਏਲ ਦੇ ਲੋਕ ਬੈਤੇਲ ਸ਼ਹਿਰ ਵਿੱਚ ਗਏ। ਉੱਥੇ ਉਹ ਸ਼ਾਮ ਤੱਕ ਪਰਮੇਸ਼ੁਰ ਦੇ ਅੱਗੇ ਬੈਠ ਰਹੇ। ਉਨ੍ਹਾਂ ਨੇ ਉੱਚੀਆਂ ਆਵਾਜ਼ਾਂ ਵਿੱਚ ਪੁਕਾਰ ਕੀਤੀ ਅਤੇ ਜ਼ਾਰੋ-ਜ਼ਾਰ ਰੋਏ। ਉਨ੍ਹਾਂ ਨੇ ਪਰਮੇਸ਼ੁਰ ਨੂੰ ਆਖਿਆ, “ਯਹੋਵਾਹ ਤੂੰ ਇਸਰਾਏਲ ਦਾ ਪਰਮੇਸ਼ੁਰ ਹੈਂ। ਸਾਡੇ ਨਾਲ ਇਹ ਭਿਆਨਕ ਘਟਨਾ ਕਿਉਂ ਵਾਪਰੀ? ਇਸਰਾਏਲ ਤੋਂ ਇੱਕ ਪਰਿਵਾਰ-ਸਮੂਹ ਅੱਡ ਕਿਉਂ ਹੋਵੇ?”

ਦੂਸਰੇ ਦਿਨ ਸੁਵਖਤੇ ਹੀ, ਇਸਰਾਏਲ ਦੇ ਲੋਕਾਂ ਨੇ ਇੱਕ ਜਗਵੇਦੀ ਉਸਾਰੀ। ਉਨ੍ਹਾਂ ਨੇ ਉਸ ਜਗਵੇਦੀ ਉੱਤੇ ਪਰਮੇਸ਼ੁਰ ਅੱਗੇ ਹੋਮ ਦੀਆਂ ਭੇਟਾ ਅਤੇ ਸੁੱਖ-ਸਾਂਦ ਦੀਆਂ ਭੇਟਾ ਚੜ੍ਹਾਈਆਂ। ਫ਼ੇਰ ਇਸਰਾਏਲ ਦੇ ਲੋਕਾਂ ਨੇ ਆਖਿਆ, “ਕੀ ਇਸਰਾਏਲ ਦਾ ਕੋਈ ਹੋਰ ਵੀ ਪਰਿਵਾਰ-ਸਮੂਹ ਹੈ ਜੋ ਯਹੋਵਾਹ ਦੇ ਸਾਹਮਣੇ ਇੱਕਤਰ ਹੋਣ ਲਈ ਨਹੀਂ ਆਇਆ?” ਉਨ੍ਹਾਂ ਨੇ ਇਹ ਸਵਾਲ ਇਸ ਲਈ ਪੁੱਛਿਆ ਕਿਉਂਕਿ ਉਨ੍ਹਾਂ ਨੇ ਇੱਕ ਬੜਾ ਗੰਭੀਰ ਇਕਰਾਰ ਕੀਤਾ ਸੀ। ਕਿ ਜਿਹੜਾ ਵੀ ਕੋਈ ਹੋਰਨਾ ਪਰਿਵਾਰ-ਸਮੂਹਾਂ ਦਾ ਸੰਗ ਮਿਸਫ਼ਾਹ ਵਿਖੇ ਨਹੀਂ ਆਏਗਾ ਉਸ ਨੂੰ ਮਾਰ ਦਿੱਤਾ ਜਾਵੇਗਾ।

ਫ਼ੇਰ ਇਸਰਾਏਲ ਦੇ ਲੋਕਾਂ ਨੇ ਬਿਨਯਾਮੀਨ ਦੇ ਲੋਕਾਂ, ਆਪਣੇ ਰਿਸ਼ਤੇਦਾਰਾਂ ਲਈ ਅਫ਼ਸੋਸ ਮਨਾਇਆ। ਅਤੇ ਆਖਿਆ, “ਅੱਜ ਇਸਰਾਏਲ ਤੋਂ ਇੱਕ ਪਰਿਵਾਰ-ਸਮੂਹ ਵੱਖ ਹੋ ਗਿਆ ਹੈ। ਅਸੀਂ ਯਹੋਵਾਹ ਅੱਗੇ ਇਕਰਾਰ ਕੀਤਾ ਹੈ। ਅਸੀਂ ਇਕਰਾਰ ਕਰਦੇ ਹਾਂ ਕਿ ਆਪਣੀਆਂ ਧੀਆਂ ਨੂੰ ਬਿਨਯਾਮੀਨ ਦੇ ਆਦਮੀਆਂ ਨਾਲ ਵਿਆਹ ਨਹੀਂ ਕਰਨ ਦਿਆਂਗੇ। ਅਸੀਂ ਇਸ ਗੱਲ ਦਾ ਪੱਕ ਕਿਵੇਂ ਕਰਾਂਗੇ ਕਿ ਬਿਨਯਾਮੀਨ ਦੇ ਆਦਮੀਆਂ ਨੂੰ ਪਤਨੀਆਂ ਮਿਲਣ?”

ਤਾਂ ਇਸਰਾਏਲ ਦੇ ਲੋਕਾਂ ਨੇ ਪੁੱਛਿਆ, “ਇਸਰਾਏਲ ਦੇ ਪਰਿਵਾਰ-ਸਮੂਹਾਂ ਵਿੱਚੋਂ ਕਿਹੜਾ ਪਰਿਵਾਰ ਇੱਥੇ ਮਿਸਫ਼ਾਹ ਵਿਖੇ ਨਹੀਂ ਆਇਆ? ਅਸੀਂ ਸਾਰੇ ਹੀ ਯਹੋਵਾਹ ਅੱਗੇ ਇਕੱਠੇ ਹੋਕੇ ਆਏ ਹਾਂ। ਅਵੱਸ਼ ਹੀ ਇੱਕ ਪਰਿਵਾਰ ਇੱਥੇ ਨਹੀਂ ਸੀ!” ਫ਼ੇਰ ਉਨ੍ਹਾਂ ਨੂੰ ਪਤਾ ਚੱਲਿਆ ਕਿ ਯਾਬੇਸ਼ ਗਿਲਆਦ ਦੇ ਸ਼ਹਿਰ ਤੋਂ ਕੋਈ ਵੀ ਇਸਰਾਏਲ ਦੇ ਹੋਰਨਾਂ ਲੋਕਾਂ ਦੇ ਇਕੱਠ ਵਿੱਚ ਆਕੇ ਨਹੀਂ ਰਲਿਆ ਸੀ। ਇਸਰਾਏਲ ਦੇ ਲੋਕਾਂ ਨੇ ਗਿਣਤੀ ਕੀਤੀ ਕਿ ਕਿਹੜਾ ਉੱਥੇ ਸੀ ਅਤੇ ਕਿਹੜਾ ਨਹੀਂ ਸੀ। ਉਨ੍ਹਾਂ ਨੂੰ ਪਤਾ ਚੱਲਿਆ ਕਿ ਯਾਬੇਸ਼ ਗਿਲਆਦ ਦਾ ਉੱਥੇ ਕੋਈ ਵੀ ਬੰਦਾ ਨਹੀਂ ਸੀ। 10 ਇਸ ਲਈ ਇਸਰਾਏਲ ਦੇ ਲੋਕਾਂ ਨੇ ਯਾਬੇਸ਼ ਗਿਲਆਦ ਸ਼ਹਿਰ ਵੱਲ 12,000 ਸਿਪਾਹੀ ਭੇਜੇ। ਉਨ੍ਹਾਂ ਨੇ ਉਨ੍ਹਾਂ ਸਿਪਾਹੀਆਂ ਨੂੰ ਆਖਿਆ, “ਯਾਬੇਸ਼ ਗਿਲਆਦ ਨੂੰ ਜਾਓ ਅਤੇ ਆਪਣੀਆਂ ਤਲਵਾਰਾਂ ਨਾਲ ਉੱਥੇ ਰਹਿਣ ਵਾਲੇ ਹਰ ਬੰਦੇ ਨੂੰ ਮਾਰ ਦਿਉ, ਔਰਤਾਂ ਅਤੇ ਬੱਚਿਆਂ ਨੂੰ ਵੀ। 11 ਤੁਹਾਨੂੰ ਇਹ ਅਵੱਸ਼ ਕਰਨਾ ਚਾਹੀਦਾ ਹੈ! ਤੁਹਾਨੂੰ ਯਾਬੇਸ਼ ਗਿਲਆਦ ਦੇ ਹਰ ਆਦਮੀ ਨੂੰ ਮਾਰ ਦੇਣਾ ਚਾਹੀਦਾ ਹੈ। ਹਰ ਉਸ ਔਰਤ ਨੂੰ ਮਾਰ ਦੇਣਾ ਚਾਹੀਦਾ ਹੈ ਜਿਸਨੇ ਕਿਸੇ ਆਦਮੀ ਨਾਲ ਜਿਨਸੀ ਸੰਬੰਧ ਰੱਖੇ ਹੋਣ। ਪਰ ਕਿਸੇ ਉਸ ਔਰਤ ਨੂੰ ਨਾ ਮਾਰਨਾ ਜਿਸਨੇ ਕਦੇ ਵੀ ਕਿਸੇ ਆਦਮੀ ਨਾਲ ਜਿਨਸੀ ਸੰਬੰਧ ਨਾ ਰੱਖੇ ਹੋਣ।” ਇਸ ਲਈ ਸਿਪਾਹੀਆਂ ਨੇ ਇਵੇਂ ਹੀ ਕੀਤਾ। 12 ਉਨ੍ਹਾਂ 12,000 ਸਿਪਾਹੀਆਂ ਨੂੰ ਯਾਬੇਸ਼ ਗਿਲਆਦ ਨੂੰ ਸ਼ਹਿਰ ਵਿੱਚ 400 ਮੁਟਿਆਰਾਂ ਅਜਿਹੀਆਂ ਮਿਲੀਆਂ ਜਿਨ੍ਹਾਂ ਨੇ ਕਦੇ ਵੀ ਕਿਸੇ ਆਦਮੀ ਨਾਲ ਸੰਭੋਗ ਨਹੀਂ ਸੀ ਕੀਤਾ। ਸਿਪਾਹੀਆਂ ਨੇ ਇਨ੍ਹਾਂ ਔਰਤਾਂ ਨੂੰ ਸ਼ੀਲੋਹ ਦੇ ਡੇਰੇ ਵਿਖੇ ਲਿਆਂਦਾ। ਸ਼ੀਲੋਹ ਕਨਾਨ ਦੀ ਧਰਤੀ ਉੱਤੇ ਹੈ।

13 ਫ਼ੇਰ ਇਸਰਾਏਲ ਦੇ ਲੋਕਾਂ ਨੇ ਬਿਨਯਾਮੀਨ ਦੇ ਲੋਕਾਂ ਨੂੰ ਇੱਕ ਸੁਨੇਹਾ ਘਲਿਆ। ਉੱਨ੍ਹਾਂ ਨੇ ਬਿਨਯਾਮੀਨ ਦੇ ਬੰਦਿਆਂ ਨਾਲ ਅਮਨ ਦੀ ਪੇਸ਼ਕਸ਼ ਕੀਤੀ। ਬਿਨਯਾਮੀਨ ਦੇ ਆਦਮੀ ਰਿੰਮੋਨ ਦੀ ਚੱਟਾਨ ਦੇ ਸਥਾਨ ਉੱਤੇ ਸਨ। 14 ਇਸ ਲਈ ਬਿਨਯਾਮੀਨ ਦੇ ਆਦਮੀ ਇਸਰਾਏਲ ਵਾਪਸ ਆ ਗਏ। ਇਸਰਾਏਲ ਦੇ ਲੋਕਾਂ ਨੇ ਉਨ੍ਹਾਂ ਨੂੰ ਯਾਬੇਸ਼ ਗਿਲਆਦ ਦੀਆਂ ਉਹ ਔਰਤਾਂ ਦੇ ਦਿੱਤੀਆਂ ਜਿਨ੍ਹਾਂ ਨੂੰ ਉਨ੍ਹਾਂ ਨੇ ਮਾਰਿਆ ਨਹੀਂ ਸੀ। ਪਰ ਬਿਨਯਾਮੀਨ ਦੇ ਸਾਰੇ ਆਦਮੀਆਂ ਲਈ ਇਹ ਔਰਤਾਂ ਕਾਫ਼ੀ ਨਹੀਂ ਸਨ।

15 ਇਸਰਾਏਲ ਦੇ ਲੋਕਾਂ ਨੂੰ ਬਿਨਯਾਮੀਨ ਦੇ ਲੋਕਾਂ ਉੱਤੇ ਅਫ਼ਸੋਸ ਹੋਇਆ। ਕਿਉਂਕਿ ਯਹੋਵਾਹ ਨੇ ਇਸਰਾਏਲ ਦੇ ਪਰਿਵਾਰ-ਸਮੂਹਾਂ ਦਰਮਿਆਨ ਵਿਥ ਬਣਾ ਦਿੱਤੀ ਸੀ। 16 ਇਸਰਾਏਲ ਦੇ ਬਜ਼ੁਰਗਾਂ ਨੇ ਆਖਿਆ, “ਬਿਨਯਾਮੀਨ ਦੇ ਪਰਿਵਾਰ-ਸਮੂਹ ਦੀਆਂ ਔਰਤਾਂ ਮਾਰੀਆਂ ਜਾ ਚੁੱਕੀਆਂ ਹਨ। ਅਸੀਂ ਬਿਨਯਾਮੀਨ ਦੇ ਉਨ੍ਹਾਂ ਆਦਮੀਆਂ ਲਈ, ਜਿਹੜੇ ਹਾਲੇ ਜਿਉਂਦੇ ਹਨ, ਔਰਤਾਂ ਕਿੱਥੋਂ ਲਿਆ ਸੱਕਦੇ ਹਾਂ? 17 ਬਿਨਯਾਮੀਨ ਦੇ ਉਨ੍ਹਾਂ ਆਦਮੀਆਂ ਨੂੰ ਜਿਹੜੇ ਹਾਲੇ ਜਿਉਂਦੇ ਹਨ, ਆਪਣੇ ਪਰਿਵਾਰਾਂ ਦੀ ਲੀਹ ਤੋਂਰਨ ਲਈ ਬੱਚਿਆਂ ਦੀ ਲੋੜ ਹੈ। ਅਜਿਹਾ ਅਵੱਸ਼ ਹੋਣਾ ਚਾਹੀਦਾ ਹੈ ਤਾਂ ਜੋ ਇਸਰਾਏਲ ਦਾ ਇੱਕ ਪਰਿਵਾਰ-ਸਮੂਹ ਮਰੇ ਨਾ! 18 ਪਰ ਅਸੀਂ ਆਪਣੀਆਂ ਧੀਆਂ ਨੂੰ ਬਿਨਯਾਮੀਨ ਦੇ ਆਦਮੀਆਂ ਨਾਲ ਸ਼ਾਦੀ ਕਰਨ ਦੀ ਇਜਾਜ਼ਤ ਨਹੀਂ ਦੇ ਸੱਕਦੇ। ਅਸੀਂ ਇਸ ਗੱਲ ਦਾ ਇਕਰਾਰ ਕੀਤਾ ਹੈ ਉਸ ਬੰਦੇ ਦਾ ਬੁਰਾ ਹੋਵੇਗਾ ਜਿਹੜਾ ਕਿਸੇ ਬਿਨਯਾਮੀਨ ਦੇ ਆਦਮੀ ਨੂੰ ਪਤਨੀ ਦੇਵੇਗਾ। 19 ਸਾਨੂੰ ਇੱਕ ਵਿੱਚਾਰ ਸੁਝਿਆ ਹੈ! ਸ਼ੀਲੋਹ ਦੇ ਸ਼ਹਿਰ ਵਿਖੇ ਇਹ ਸਮਾਂ ਯਹੋਵਾਹ ਦੇ ਪਰਬ ਦਾ ਹੈ। ਇਹ ਪਰਬ ਉੱਥੇ ਹਰ ਸਾਲ ਮਨਾਇਆ ਜਾਂਦਾ ਹੈ।” ਸ਼ੀਲੋਹ ਦਾ ਸ਼ਹਿਰ ਬੈਤੇਲ ਸ਼ਹਿਰ ਦੇ ਉੱਤਰ ਵੱਲ ਹੈ, ਅਤੇ ਉਸ ਸੜਕ ਦੇ ਪੂਰਬ ਵੱਲ ਹੈ ਜਿਹੜੀ ਬੈਤੇਲ ਤੋਂ ਸ਼ਕਮ ਨੂੰ ਅਤੇ ਲਬੋਨਾਹ ਦੇ ਦੱਖਣ ਵੱਲ ਜਾਂਦੀ ਹੈ।

20 ਇਸ ਲਈ ਬਜ਼ੁਰਗਾਂ ਨੇ ਬਿਨਯਾਮੀਨ ਦੇ ਆਦਮੀਆਂ ਨੂੰ ਆਪਣੇ ਵਿੱਚਾਰ ਬਾਰੇ ਦੱਸਿਆ। ਉੱਨ੍ਹਾਂ ਨੇ ਆਖਿਆ, “ਜਾਓ ਅਤੇ ਅੰਗੂਰਾਂ ਦੇ ਬਾਗ ਵਿੱਚ ਜਾਕੇ ਛੁਪ ਜਾਵੋ। 21 ਉਸ ਸਮੇਂ ਦਾ ਧਿਆਨ ਰੱਖੋ ਜਦੋਂ ਉਤਸਵ ਵੇਲੇ ਮੁਟਿਆਰਾਂ ਨਾਚ ਵਿੱਚ ਹਿੱਸਾ ਲੈਣ ਲਈ ਸ਼ੀਲੋਹ ਤੋਂ ਬਾਹਰ ਆਉਂਦੀਆਂ ਹਨ। ਫ਼ੇਰ ਅੰਗੂਰਾਂ ਦੇ ਬਾਗਾਂ ਵਿੱਚੋਂ, ਜਿੱਥੇ ਤੁਸੀਂ ਛੁੱਪੇ ਹੋਏ ਹੋ, ਬਾਹਰ ਭੱਜ ਆਓ। ਤੁਹਾਡੇ ਵਿੱਚੋਂ ਹਰੇਕ ਜਣੇ ਨੂੰ ਸ਼ੀਲੋਹ ਦੇ ਸ਼ਹਿਰ ਦੀ ਇੱਕ ਮੁਟਿਆਰ ਫ਼ੜ ਲੈਣੀ ਚਾਹੀਦੀ ਹੈ। ਉਨ੍ਹਾਂ ਮੁਟਿਆਰਾਂ ਨੂੰ ਬਿਨਯਾਮੀਨ ਦੀ ਧਰਤੀ ਉੱਤੇ ਲੈ ਜਾਇਓ ਅਤੇ ਉਨ੍ਹਾਂ ਨਾਲ ਵਿਆਹ ਕਰ ਲਿਉ। 22 ਉਨ੍ਹਾਂ ਮੁਟਿਆਰਾਂ ਦੇ ਪਿਤਾ ਜਾਂ ਭਰਾ ਸਾਡੇ ਕੋਲ ਸ਼ਿਕਾਇਤ ਲੈ ਕੇ ਆਉਣਗੇ। ਪਰ ਅਸੀਂ ਆਖਾਂਗੇ, ‘ਬਿਨਯਾਮੀਨ ਦੇ ਆਦਮੀਆਂ ਉੱਤੇ ਮਿਹਰਬਾਨੀ ਕਰੋ। ਉਨ੍ਹਾਂ ਨੂੰ ਉਨ੍ਹਾਂ ਮੁਟਿਆਰਾਂ ਨਾਲ ਸ਼ਾਦੀ ਕਰ ਲੈਣ ਦਿਉ। ਉਨ੍ਹਾਂ ਨੇ ਤੁਹਾਡੀਆਂ ਔਰਤਾਂ ਉੱਠਾ ਲਈਆਂ ਹਨ ਪਰ ਉਨ੍ਹਾਂ ਨੇ ਤੁਹਾਡੇ ਨਾਲ ਲੜਾਈ ਤਾਂ ਨਹੀਂ ਕੀਤੀ। ਉਨ੍ਹਾਂ ਨੇ ਔਰਤਾਂ ਇਸ ਲਈ ਉੱਠਾ ਲਈਆਂ ਹਨ ਤਾਂ ਜੋ ਤੁਹਾਡਾ ਪਰਮੇਸ਼ੁਰ ਨਾਲ ਕੀਤਾ ਇਕਰਾਰ ਨਾ ਟੁੱਟੇ। ਤੁਸੀਂ ਇਕਰਾਰ ਕੀਤਾ ਸੀ ਕਿ ਤੁਸੀਂ ਉਨ੍ਹਾਂ ਨੂੰ ਸ਼ਾਦੀ ਕਰਨ ਲਈ ਔਰਤਾਂ ਨਹੀਂ ਦੇਵੋਂਗੇ-ਤੁਸੀਂ ਬਿਨਯਾਮੀਨ ਦੇ ਆਦਮੀਆਂ ਨੂੰ ਔਰਤਾਂ ਦਿੱਤੀਆਂ ਨਹੀਂ ਹਨ, ਉਨ੍ਹਾਂ ਨੇ ਤੁਹਾਡੇ ਕੋਲੋਂ ਔਰਤਾਂ ਖੋਹੀਆਂ ਹਨ! ਇਸ ਲਈ ਤੁਹਾਡਾ ਇਕਰਾਰ ਨਹੀਂ ਟੁੱਟਿਆ।’”

23 ਇਸ ਲਈ ਇਹੀ ਗੱਲ ਸੀ ਜਿਹੜੀ ਬਿਨਯਾਮੀਨ ਨੇ ਪਰਿਵਾਰ-ਸਮੂਹ ਨੇ ਕੀਤੀ। ਜਦੋਂ ਮੁਟਿਆਰਾਂ ਨੱਚ ਰਹੀਆਂ ਸਨ ਹਰੇਕ ਆਦਮੀ ਨੇ ਉਨ੍ਹਾਂ ਵਿੱਚੋਂ ਇੱਕ ਨੂੰ ਫ਼ੜ ਲਿਆ। ਉਹ ਉਨ੍ਹਾਂ ਮੁਟਿਆਰਾਂ ਨੂੰ ਲੈ ਗਏ ਅਤੇ ਉਨ੍ਹਾਂ ਨਾਲ ਸ਼ਾਦੀ ਕਰ ਲਈ। ਉਹ ਆਪਣੀ ਧਰਤੀ ਨੂੰ ਵਾਪਸ ਚੱਲੇ ਗਏ। ਬਿਨਯਾਮੀਨ ਦੇ ਆਦਮੀਆਂ ਨੇ ਉਸ ਧਰਤੀ ਵਿੱਚ ਆਪਣੇ ਸ਼ਹਿਰ ਮੁੜ ਵਸਾਏ, ਅਤੇ ਸ਼ਹਿਰਾਂ ਵਿੱਚ ਰਹਿਣ ਲੱਗੇ। 24 ਫ਼ੇਰ ਇਸਰਾਏਲ ਦੇ ਲੋਕ ਘਰਾਂ ਨੂੰ, ਆਪਣੀ ਖੁਦ ਦੀ ਧਰਤੀ ਅਤੇ ਆਪਣੇ ਖੁਦ ਦੇ ਪਰਿਵਾਰ-ਸਮੂਹ, ਅਤੇ ਆਪਣੇ ਖੁਦ ਦੇ ਨਿਵਾਸ ਨੂੰ ਵਾਪਸ ਚੱਲੇ ਗਏ।

25 ਉਨ੍ਹਾਂ ਦਿਨਾਂ ਵਿੱਚ ਇਸਰਾਏਲ ਦੇ ਲੋਕਾਂ ਦਾ ਕੋਈ ਰਾਜਾ ਨਹੀਂ ਸੀ। ਇਸ ਲਈ ਹਰ ਕੋਈ ਉਹੀ ਕਰਦਾ ਸੀ ਜਿਸ ਨੂੰ ਉਹ ਠੀਕ ਸਮਝਦਾ ਸੀ।

ਯਹੂਦਾਹ ਵਿੱਚ ਅਕਾਲ

ਬਹੁਤ ਸਮਾਂ ਪਹਿਲਾਂ, ਨਿਆਂਕਾਰਾਂ ਦੇ ਸਮੇਂ ਵਿੱਚ, ਇੱਕ ਅਜਿਹਾ ਸਮਾਂ ਆਇਆ ਜਦੋਂ ਧਰਤੀ ਉੱਤੇ ਅਕਾਲ ਪੈ ਗਿਆ। ਇੱਕ ਆਦਮੀ ਯਹੂਦਾਹ ਵਿੱਚੋਂ ਬੈਤਲਹਮ ਤੋਂ ਆਪਣੀ ਪਤਨੀ ਅਤੇ ਦੋ ਪੁੱਤਰਾਂ ਸਮੇਤ ਮੋਆਬ ਦੀ ਧਰਤੀ ਉੱਤੇ ਰਹਿਣ ਲਈ ਗਿਆ। ਆਦਮੀ ਦਾ ਨਾਮ ਅਲੀਮਲਕ ਸੀ। ਉਸਦੀ ਪਤਨੀ ਦਾ ਨਾਮ ਨਾਓਮੀ ਸੀ ਅਤੇ ਉਸ ਦੇ ਪੁੱਤਰਾਂ ਦੇ ਨਾਮ ਮਹਿਲੋਨ ਅਤੇ ਕਿਲਉਨ ਸਨ। ਉਹ ਯਹੂਦਾਹ ਵਿੱਚ ਬੈਤਲਹਮ ਤੋਂ ਇਫ਼ਰਾਥੀ ਦੇ ਪਰਿਵਾਰ ਵਿੱਚੋਂ ਸਨ। ਉਹ ਮੋਆਬ ਦੀ ਧਰਤੀ ਵਿੱਚ ਜਾਕੇ ਵੱਸ ਗਏ।

ਬਾਦ ਵਿੱਚ ਨਾਓਮੀ ਦਾ ਪਤੀ ਅਲੀਮਲਕ ਮਰ ਗਿਆ। ਇਸ ਲਈ ਸਿਰਫ਼ ਨਾਓਮੀ ਅਤੇ ਉਸ ਦੇ ਦੋ ਪੁੱਤਰ ਪਿੱਛੇ ਰਹਿ ਗਏ। ਉਸ ਦੇ ਪੁੱਤਰਾਂ ਨੇ ਮੋਆਬ ਦੇ ਦੇਸ਼ ਦੀਆਂ ਔਰਤਾਂ ਨਾਲ ਸ਼ਾਦੀ ਕਰ ਲਈ। ਇੱਕ ਪਤਨੀ ਦਾ ਨਾਮ ਆਰਪਾਹ ਸੀ ਅਤੇ ਦੂਸਰੀ ਪਤਨੀ ਦਾ ਨਾਮ ਰੂਥ ਸੀ। ਉਹ ਮੋਆਬ ਵਿੱਚ 10 ਵਰ੍ਹੇ ਰਹੇ, ਤਕਰੀਬਨ ਅਤੇ ਮਹਿਲੋਨ ਅਤੇ ਕਿਲਉਨ ਵੀ ਮਰ ਗਏ। ਇਸ ਲਈ ਨਾਓਮੀ ਆਪਣੇ ਪਤੀ ਅਤੇ ਦੋ ਪੁੱਤਰਾਂ ਤੋਂ ਬਿਨਾ ਇਕੱਲੀ ਰਹਿ ਗਈ।

ਨਾਓਮੀ ਘਰ ਜਾਂਦੀ ਹੈ

ਜਦੋਂ ਨਾਓਮੀ ਮੋਆਬ ਦੀ ਧਰਤੀ ਵਿੱਚ ਸੀ, ਉਸ ਨੇ ਸੁਣਿਆ ਕਿ ਯਹੋਵਾਹ ਨੇ ਆਪਣੇ ਲੋਕਾਂ ਦੀ ਸਹਾਇਤਾ ਕੀਤੀ ਸੀ ਅਤੇ ਉਨ੍ਹਾਂ ਨੂੰ ਯਹੂਦਾਹ ਵਿੱਚ ਭੋਜਨ ਦਿੱਤਾ ਸੀ। ਇਸ ਲਈ ਨਾਓਮੀ ਨੇ ਮੋਆਬ ਨੂੰ ਛੱਡ ਕੇ ਯਹੂਦਾਹ ਵਿੱਚ ਖੁਦ ਦੇ ਘਰ ਵਾਪਸ ਜਾਣ ਦਾ ਫ਼ੈਸਲਾ ਕੀਤਾ। ਉਸ ਦੀਆਂ ਨੂਹਾਂ ਨੇ ਵੀ ਉਸ ਦੇ ਨਾਲ ਹੀ ਜਾਣ ਦਾ ਫ਼ੈਸਲਾ ਕੀਤਾ। ਉਨ੍ਹਾਂ ਨੇ ਉਹ ਥਾਂ ਛੱਡ ਦਿੱਤੀ ਜਿੱਥੇ ਉਹ ਰਹਿ ਰਹੇ ਸਨ, ਅਤੇ ਯਹੂਦਾਹ ਦੀ ਧਰਤੀ ਉੱਤੇ ਪੈਦਲ ਵਾਪਸ ਜਾਣਾ ਸ਼ੁਰੂ ਕਰ ਦਿੱਤਾ।

ਫ਼ੇਰ ਨਾਓਮੀ ਨੇ ਆਪਣੀਆਂ ਨੂਹਾਂ ਨੂੰ ਆਖਿਆ, “ਤੁਹਾਡੇ ਵਿੱਚੋਂ ਹਰੇਕ ਨੂੰ ਆਪਣੀ ਮਾਂ ਦੇ ਘਰ ਆਪਸ ਜਾਣਾ ਚਾਹੀਦਾ ਹੈ। ਤੁਸੀਂ ਮੇਰੇ ਅਤੇ ਮੇਰੇ ਸਵਰਗਵਾਸੀ ਪੁੱਤਰਾਂ ਨਾਲ ਬਹੁਤ ਚੰਗੀਆਂ ਰਹੀਆਂ ਹੋ। ਇਸ ਲਈ ਮੈਂ ਪ੍ਰਾਰਥਨਾ ਕਰਦੀ ਹਾਂ ਕਿ ਯਹੋਵਾਹ ਤੁਹਾਡੇ ਨਾਲ ਇਨਸਾਫ਼ ਕਰੇਗਾ ਅਤੇ ਤੁਹਾਡੇ ਉੱਤੇ ਮਿਹਰ ਕਰੇਗਾ। ਮੈਂ ਪ੍ਰਾਰਥਨਾ ਕਰਦੀ ਹਾਂ ਕਿ ਉਹ ਤੁਹਾਨੂੰ ਇੱਕ ਚੰਗੇ ਪਤੀ ਨਾਲ ਇੱਕ ਘਰ ਵਿੱਚ ਅਰਾਮ ਲੱਭਣ ਵਿੱਚ ਮਦਦ ਕਰੇ।” ਨਾਓਮੀ ਨੇ ਆਪਣੀਆਂ ਨੂਹਾਂ ਨੂੰ ਚੁੰਮਿਆ ਅਤੇ ਉਹ ਸਾਰੀਆਂ ਰੋਣ ਲੱਗ ਪਈਆਂ।

10 ਫ਼ੇਰ ਨੂਹਾਂ ਨੇ ਆਖਿਆ, “ਪਰ ਅਸੀਂ ਤਾਂ ਤੁਹਾਡੇ ਨਾਲ ਆਉਣਾ ਚਾਹੁੰਦੀਆਂ ਹਾਂ ਅਤੇ ਤੁਹਾਡੇ ਪਰਿਵਾਰ ਵਿੱਚ ਜਾਣਾ ਚਾਹੁੰਦੀਆਂ ਹਾਂ।”

11 ਪਰ ਨਾਓਮੀ ਨੇ ਆਖਿਆ, “ਨਹੀਂ, ਧੀਓ, ਆਪੋ-ਆਪਣੇ ਘਰਾਂ ਨੂੰ ਵਾਪਸ ਜਾਓ। ਮੇਰੇ ਨਾਲ ਤੁਸੀਂ ਕਿਉਂ ਜਾਂਦੀਆਂ ਹੋ? ਮੈਂ ਤੁਹਾਡੀ ਸਹਾਇਤਾ ਨਹੀਂ ਕਰ ਸੱਕਦੀ। ਮੇਰੇ ਅੰਦਰ ਹੋਰ ਕੋਈ ਪੁੱਤਰ ਨਹੀਂ ਹਨ ਜਿਹੜੇ ਤੁਹਾਡੇ ਪਤੀ ਬਣ ਸੱਕਣ। 12 ਮੇਰੀਓ ਧੀਓ, ਘਰ ਵਾਪਸ ਚਲੀਆਂ ਜਾਵੋ! ਮੈਂ ਇੰਨੀ ਬੁੱਢੀ ਹਾਂ ਕਿ ਹੋਰ ਨਵਾਂ ਪਤੀ ਨਹੀਂ ਕਰ ਸੱਕਦੀ। ਜੇ ਮੈਂ ਦੋਬਰਾ ਸ਼ਾਦੀ ਕਰਾਉਣ ਦੀ ਵੀ ਸੋਚਾਂ, ਤਾਂ ਵੀ ਮੈਂ ਤੁਹਾਡੀ ਕੋਈ ਮਦਦ ਨਹੀਂ ਕਰ ਸੱਕਦੀ। ਜੇ ਮੈਂ ਅੱਜ ਰਾਤ ਨੂੰ ਹੀ ਗਰਭਵਤੀ ਹੋ ਜਾਵਾਂ ਅਤੇ ਦੋ ਪੁੱਤਰ ਜਣਾ ਇਸ ਨਾਲ ਤੁਹਾਡੀ ਕੋਈ ਸਹਾਇਤਾ ਨਹੀਂ ਹੋਵੇਗੀ। 13 ਕੀ ਤੁਸੀਂ ਉਨ੍ਹਾਂ ਦੇ ਵੱਡੇ ਹੋਣ ਤੱਕ ਲੰਮੇ ਸਮੇਂ ਲਈ ਇੰਤਜ਼ਾਰ ਕਰੋਂਗੀਆਂ? ਕੀ ਤੁਸੀਂ ਉਨ੍ਹਾਂ ਦੇ ਇੰਤਜ਼ਾਰ ਵਿੱਚ ਅਣਵਿਆਹੀਆਂ ਰਹੋਂਗੀਆਂ? ਨਹੀਂ, ਮੇਰੀਓ ਧੀਓ, ਇਹ ਮੈਨੂੰ ਤੁਹਾਡੇ ਹੋਣ ਨਾਲੋਂ ਵੀ ਵੱਧੇਰੇ ਉਦਾਸ ਕਰ ਦੇਵੇਗਾ। ਯਹੋਵਾਹ ਮੇਰੇ ਖਿਲਾਫ਼ ਪਰਤ ਗਿਆ ਹੈ।”

14 ਇਸ ਲਈ ਉਹ ਔਰਤਾਂ ਫ਼ੇਰ ਬਹੁਤ ਰੋਈਆਂ। ਫ਼ੇਰ ਆਰਪਾਹ ਨੇ ਨਾਓਮੀ ਨੂੰ ਚੁੰਮਿਆ ਅਤੇ ਚਲੀ ਗਈ। ਪਰ ਰੂਥ ਨੇ ਉਸ ਨੂੰ ਜਫ਼ੀ ਪਾ ਲਈ ਅਤੇ ਠਹਿਰ ਗਈ।

15 ਨਾਓਮੀ ਨੇ ਆਖਿਆ, “ਦੇਖ ਤੇਰੀ ਜਿਠਾਣੀ ਆਪਣੇ ਲੋਕਾਂ ਅਤੇ ਆਪਣੇ ਦੇਵਤਿਆਂ ਕੋਲ ਵਾਪਸ ਚਲੀ ਗਈ ਹੈ। ਇਸ ਲਈ ਤੈਨੂੰ ਵੀ ਇਵੇਂ ਹੀ ਕਰਨਾ ਚਾਹੀਦਾ ਹੈ।”

16 ਪਰ ਰੂਥ ਨੇ ਆਖਿਆ, “ਮੈਨੂੰ ਤੈਨੂੰ ਛੱਡ ਕੇ ਜਾਣ ਲਈ ਮਜ਼ਬੂਰ ਨਾ ਕਰ! ਮੈਨੂੰ ਆਪਣੇ ਲੋਕਾਂ ਕੋਲ ਵਾਪਸ ਜਾਣ ਲਈ ਮਜ਼ਬੂਰ ਨਾ ਕਰੀਂ। ਮੈਨੂੰ ਆਪਣੇ ਨਾਲ ਆਉਣ ਦੇ। ਜਿੱਥੇ ਤੂੰ ਜਾਵੇਂਗੀ ਮੈਂ ਵੀ ਉੱਥੇ ਹੀਜਾਵਾਂਗੀ। ਜਿੱਥੇ ਤੂੰ ਰਹੇਂਗੀ ਮੈਂ ਵੀ ਉੱਥੇ ਹੀ ਰਹਾਂਗੀ। ਤੇਰੇ ਲੋਕ ਮੇਰੇ ਲੋਕ ਹੋਣਗੇ ਅਤੇ ਤੇਰਾ ਪਰਮੇਸ਼ੁਰ, ਮੇਰਾ ਪਰਮੇਸ਼ੁਰ ਹੋਵੇਗਾ। 17 ਜਿੱਥੇ ਤੁਸੀਂ ਮਰੋਂਗੇ ਉੱਥੇ ਹੀ ਮੈਂ ਮਰਾਂਗੀ। ਅਤੇ ਉੱਥੇ ਹੀ ਮੈਨੂੰ ਦਫ਼ਨਾਇਆ ਜਾਵੇਗਾ। ਮੈਂ ਯਹੋਵਾਹ ਪਾਸੋਂ ਇਹ ਮੰਗ ਕਰਦੀ ਹਾਂ ਕਿ ਮੈਂ ਇਸ ਇਕਰਾਰ ਨੂੰ ਨਾ ਨਿਭਾਵਾਂ ਤਾਂ ਉਹ ਮੈਨੂੰ ਸਜ਼ਾ ਦੇਵੇ: ਸਿਰਫ਼ ਮੌਤ ਹੀ ਸਾਨੂੰ ਵੱਖ ਕਰੇਗੀ।” [a]

ਘਰ ਵਾਪਸੀ

18 ਨਾਓਮੀ ਨੇ ਦੇਖਿਆ ਕਿ ਰੂਥ ਉਸ ਦੇ ਨਾਲ ਜਾਣਾ ਬਹੁਤ ਚਾਹੁੰਦੀ ਸੀ। ਇਸ ਲਈ ਨਾਓਮੀ ਨੇ ਉਸ ਦੇ ਨਾਲ ਦਲੀਲਬਾਜ਼ੀ ਕਰਨੀ ਛੱਡ ਦਿੱਤੀ। 19 ਨਾਓਮੀ ਅਤੇ ਰੂਥ ਸਫ਼ਰ ਕਰਦੀਆਂ ਰਹੀਆਂ ਜਦੋਂ ਤੱਕ ਕਿ ਉਹ ਬੈਤਲਹਮ ਦੇ ਕਸਬੇ ਵਿੱਚ ਨਹੀਂ ਪਹੁੰਚ ਗਈਆਂ। ਜਦੋਂ ਦੋਹਾਂ ਔਰਤਾਂ ਨੇ ਬੈਤਲਹਮ ਵਿੱਚ ਪ੍ਰਵੇਸ਼ ਕੀਤਾ ਸਾਰੇ ਲੋਕ ਬਹੁਤ ਉਤਸੁਕ ਸਨ। ਉਨ੍ਹਾਂ ਆਖਿਆ, “ਇਹ ਤਾਂ ਨਾਓਮੀ ਹੈ?”

20 ਪਰ ਨਾਓਮੀ ਨੇ ਲੋਕਾਂ ਨੂੰ ਆਖਿਆ, “ਮੈਨੂੰ ਨਾਓਮੀ ਨਾ ਬੁਲਾਓ, ਮੈਨੂੰ ਮਾਰਾ ਬੁਲਾਓ। ਇਸੇ ਨਾਮ ਦੀ ਵਰਤੋਂ ਕਰੋ, ਕਿਉਂਕਿ ਪਰਮੇਸ਼ੁਰ ਸਰਬ-ਸ਼ਕਤੀਮਾਨ ਨੇ ਮੇਰੀ ਜ਼ਿੰਦਗੀ ਨੂੰ ਬਹੁਤ ਉਦਾਸ ਬਣਾ ਦਿੱਤਾ ਹੈ। 21 ਜਦੋਂ ਮੈਂ ਗਈ ਸੀ ਮੇਰੇ ਕੋਲ ਲੋੜੀਂਦੀਆਂ ਸਾਰੀਆਂ ਚੀਜ਼ਾਂ ਸਨ। ਪਰ ਹੁਣ, ਯਹੋਵਾਹ ਮੈਨੂੰ ਖਾਲੀ ਹਥੀ ਘਰ ਵਾਪਸ ਲਿਆਇਆ ਹੈ। ਉਸ ਨੇ ਮੈਨੂੰ ਉਦਾਸੀ ਦਿੱਤੀ ਹੈ, ਤਾਂ ਤੁਸੀਂ ਮੈਨੂੰ ‘ਖੁਸ਼’ ਕਿਉਂ ਬੁਲਾਉਂਦੇ ਹੋ? ਪਰਮੇਸ਼ੁਰ ਸਰਬ-ਸ਼ਕਤੀਮਾਨ ਨੇ ਮੈਨੂੰ ਬਹੁਤ ਸਾਰੀਆਂ ਮੁਸੀਬਤਾਂ ਦਿੱਤੀਆਂ ਹਨ।”

22 ਇਸ ਤਰ੍ਹਾਂ ਨਾਓਮੀ ਅਤੇ ਉਸਦੀ ਨੂੰਹ ਰੂਥ, ਮੋਆਬੀ ਔਰਤ, ਮੋਆਬ ਦੀ ਧਰਤੀ ਤੋਂ ਯਹੁਦਾਹ ਵਿੱਚ ਬੈਤਲਹਮ ਨੂੰ ਜੌਆਂ ਦੀ ਵਾਢੀ ਦੇ ਸ਼ੁਰੂ ਵਿੱਚ ਵਾਪਸ ਆ ਗਈਆਂ।

ਰੂਥ ਬੋਅਜ਼ ਨੂੰ ਮਿਲਦੀ ਹੈ

ਬੈਤਲਹਮ ਵਿੱਚ ਇੱਕ ਅਮੀਰ ਆਦਮੀ ਰਹਿੰਦਾ ਸੀ। ਉਸਦਾ ਨਾਮ ਬੋਅਜ਼ ਸੀ। ਬੋਅਜ਼ ਅਲੀਮਲਕ ਦੇ ਪਰਿਵਾਰ ਵਿੱਚੋਂ ਨਾਓਮੀ ਦੇ ਨਜ਼ਦੀਕੀ ਰਿਸ਼ਤੇਦਾਰਾਂ ਵਿੱਚੋਂ ਸੀ।

ਇੱਕ ਦਿਨ (ਮੋਆਬ ਦੀ ਔਰਤ) ਰੂਥ ਨੇ ਨਾਓਮੀ ਨੂੰ ਆਖਿਆ, “ਮੇਰਾ ਖਿਆਲ ਹੈ ਕਿ ਮੈਨੂੰ ਖੇਤਾ ਵਿੱਚ ਜਾਣਾ ਚਾਹੀਦਾ ਹੈ। ਸ਼ਾਇਦ ਮੈਨੂੰ ਕੋਈ ਅਜਿਹਾ ਬੰਦਾ ਮਿਲ ਜਾਵੇ ਜਿਹੜਾ ਮੇਰੇ ਉੱਤੇ ਮਿਹਰਬਾਨ ਹੋਵੇ ਅਤੇ ਮੈਨੂੰ ਆਪਣੇ ਖੇਤਾਂ ਵਿੱਚੋਂ ਬਚੇ ਹੋਏ ਅਨਾਜ ਨੂੰ ਇਕੱਠਾ ਕਰਨ ਦੇਵੇ।”

ਨਾਓਮੀ ਨੇ ਆਖਿਆ, “ਚੰਗੀ ਗੱਲ ਹੈ ਧੀਏ ਜਾ।”

ਇਸ ਲਈ ਰੂਥ ਖੇਤਾਂ ਵੱਲ ਗਈ। ਉਸ ਨੇ ਉਨ੍ਹਾਂ ਕਾਮਿਆਂ ਦਾ ਪਿੱਛਾ ਕੀਤਾ ਜਿਹੜੇ ਅਨਾਜ ਕੱਟ ਰਹੇ ਸਨ ਅਤੇ ਉਸ ਨੇ ਬੱਚਿਆਂ ਹੋਇਆ ਅਨਾਜ ਇਕੱਠਾ ਕਰ ਲਿਆ। [b] ਗੱਲ ਇਸ ਤਰ੍ਹਾਂ ਹੋਈ ਕਿ ਉਸ ਖੇਤ ਦਾ ਇੱਕ ਹਿੱਸਾ ਅਲੀਮਲਕ ਦੇ ਪਰਿਵਾਰ ਦੇ ਇੱਕ ਬੰਦੇ ਬੋਅਜ਼ ਦਾ ਸੀ।

ਬਾਦ ਵਿੱਚ ਬੋਅਜ਼ ਬੈਤਲਹਮ ਵਿੱਚੋਂ ਖੇਤ ਵੱਲ ਆਇਆ। ਬੋਅਜ਼ ਨੇ ਆਪਣੇ ਕਾਮਿਆਂ ਨਾਲ ਦੁਆ ਸਲਾਮ ਕੀਤੀ। ਉਸ ਨੇ ਆਖਿਆ, “ਯਹੋਵਾਹ ਤੁਹਾਡੇ ਅੰਗ-ਸੰਗ ਰਹੇ!”

ਅਤੇ ਕਾਮਿਆਂ ਨੇ ਜਵਾਬ ਦਿੱਤਾ, “ਅਤੇ ਯਹੋਵਾਹ ਤੈਨੂੰ ਅਸੀਸ ਦੇਵੇ।”

ਫ਼ੇਰ ਬੋਅਜ਼ ਨੇ ਆਪਣੇ ਉਸ ਨੌਕਰ ਨਾਲ ਗੱਲ ਕੀਤੀ ਜਿਹੜਾ ਕਾਮਿਆਂ ਦਾ ਨਿਗਰਾਨ ਸੀ। ਉਸ ਨੇ ਪੁੱਛਿਆ, “ਉਹ ਕਿਸਦੀ ਕੁੜੀ ਹੈ?”

ਨੌਕਰ ਨੇ ਜਵਾਬ ਦਿੱਤਾ, “ਉਹ ਮੋਆਬੀ ਔਰਤ ਹੈ ਜਿਹੜੀ ਨਾਓਮੀ ਦੇ ਨਾਲ ਮੋਆਬ ਦੀ ਧਰਤੀ ਤੋਂ ਆਈ ਹੈ। ਉਹ ਮੇਰੇ ਕੋਲ ਆਈ ਅਤੇ ਪੁੱਛਿਆ ਕੀ ਉਹ ਕਾਮਿਆਂ ਦੁਆਰਾ ਛੱਡਿਆ ਹੋਇਆ ਅਨਾਜ ਇਕੱਠਾ ਕਰ ਸੱਕਦੀ ਹੈ, ਉਸ ਨੇ, ਸ਼ਰਣ-ਸਥਾਨ ਵਿੱਚ ਥੋੜਾ ਜਿਹਾ ਅਰਾਮ ਕਰਨ ਤੋਂ ਇਲਾਵਾ, ਸਵੇਰੇ ਤੋਂ ਲੈ ਕੇ ਹੁਣ ਤਾਈਂ ਕੰਮ ਕੀਤਾ ਹੈ।”

ਤਾਂ ਬੋਅਜ਼ ਨੇ ਰੂਥ ਨੂੰ ਆਖਿਆ, “ਸੁਣ, ਮੇਰੀਏ ਧੀਏ। ਆਪਣੇ ਲਈ ਅਨਾਜ ਇਕੱਠਾ ਕਰਨ ਵਾਸਤੇ ਇੱਥੇ ਮੇਰੇ ਖੇਤ ਵਿੱਚ ਠਹਿਰ ਜਾ। ਤੈਨੂੰ ਕਿਸੇ ਹੋਰ ਵਿਅਕਤੀ ਦੇ ਖੇਤ ਵਿੱਚ ਜਾਣ ਦੀ ਲੋੜ ਨਹੀਂ। ਮੇਰੀਆਂ ਕਾਮੀਆਂ ਦੇ ਮਗਰ-ਮਗਰ ਚੱਲਦੀ ਜਾ। ਇਹ ਦੇਖ ਕਿ ਉਹ ਕਿਹੜੇ ਖੇਤ ਵੱਲ ਜਾਂਦੀਆਂ ਹਨ ਅਤੇ ਉਨ੍ਹਾਂ ਦੇ ਪਿੱਛੇ ਜਾ। ਮੈਂ ਨੌਜਵਾਨਾਂ ਨੂੰ ਚਿਤਾਵਨੀ ਦੇ ਦਿੱਤੀ ਹੈ ਕਿ ਤੈਨੂੰ ਤੰਗ ਨਾ ਕਰਨ। ਜਦੋਂ ਤੈਨੂੰ ਪਿਆਸ ਲੱਗੇ ਤਾਂ ਉਸ ਘੜੇ ਵਿੱਚੋਂ ਪਾਣੀ ਪੀ ਲਵੀ ਜਿਸ ਵਿੱਚੋਂ ਮੇਰੇ ਆਦਮੀ ਪੀਂਦੇ ਹਨ।”

10 ਫ਼ੇਰ ਰੂਥ ਨੇ ਝੁਕ ਕੇ ਪ੍ਰਣਾਮ ਕੀਤਾ। ਉਸ ਨੇ ਬੋਅਜ਼ ਨੂੰ ਆਖਿਆ, “ਮੈਨੂੰ ਹੈਰਾਨੀ ਹੈ ਕਿ ਤੁਸੀਂ ਮੇਰੇ ਵੱਲ ਧਿਆਨ ਕਰ ਲਿਆ! ਮੈਂ ਤਾਂ ਅਜਨਬੀ ਹਾਂ ਪਰ ਤੁਸੀਂ ਮੇਰੇ ਉੱਪਰ ਬਹੁਤ ਮਿਹਰਬਾਨੀ ਕੀਤੀ ਹੈ।”

11 ਬੋਅਜ਼ ਨੇ ਉਸ ਨੂੰ ਜਵਾਬ ਦਿੱਤਾ, “ਮੈਨੂੰ ਉਸ ਸਾਰੀ ਸਹਾਇਤਾ ਬਾਰੇ ਪਤਾ ਹੈ ਜਿਹੜੀ ਤੂੰ ਆਪਣੀ ਸੱਸ ਨਾਓਮੀ ਨੂੰ ਦਿੱਤੀ ਹੈ। ਮੈਂ ਜਾਣਦਾ ਹਾਂ ਕਿ ਤੂੰ ਉਦੋਂ ਵੀ ਉਸਦੀ ਸਹਾਇਤਾ ਕੀਤੀ ਜਦੋਂ ਤੇਰੇ ਪਤੀ ਦਾ ਦੇਹਾਂਤ ਹੋ ਗਿਆ। ਅਤੇ ਮੈਂ ਜਾਣਦਾ ਹਾਂ ਕਿ ਤੂੰ ਆਪਣੇ ਮਾਤਾ-ਪਿਤਾ ਅਤੇ ਆਪਨੇ ਦੇਸ਼ ਨੂੰ ਛੱਡ ਕੇ ਇਸ ਦੇਸ਼ ਵਿੱਚ ਆ ਗਈ ਹੈਂ। ਤੂੰ ਇਸ ਦੇਸ਼ ਦੇ ਕਿਸੇ ਹੋਰ ਬੰਦੇ ਨੂੰ ਨਹੀਂ ਜਾਣਦੀ ਸੀ ਪਰ ਤੂੰ ਨਾਓਮੀ ਦੇ ਨਾਲ ਇੱਥੇ ਆ ਗਈ। 12 ਯਹੋਵਾਹ ਤੈਨੂੰ ਇਨ੍ਹਾਂ ਸਾਰੇ ਨੇਕ ਕੰਮਾਂ ਦਾ ਫ਼ਲ ਦੇਵੇਗਾ ਜੋ ਤੂੰ ਕੀਤੇ ਹਨ। ਤੈਨੂੰ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ ਪੂਰਾ ਇਵਜ਼ਾਨਾ ਦੇਵੇਗਾ। ਤੂੰ ਉਸ ਕੋਲ ਸ਼ਰਣ ਲਈ ਹੈ। ਅਤੇ ਉਹ ਤੇਰੀ ਰੱਖਿਆ ਕਰੇਗਾ।”

13 ਤਾਂ ਰੂਥ ਨੇ ਆਖਿਆ, “ਸ਼੍ਰੀਮਾਨ ਜੀ ਤੁਸੀਂ ਮੇਰੇ ਉੱਪਰ ਬਹੁਤ ਮਿਹਰਬਾਨ ਹੋ। ਮੈਂ ਤਾਂ ਸਿਰਫ਼ ਇੱਕ ਨੌਕਰ ਹਾਂ। ਮੈਂ ਤੁਹਾਡੇ ਕਿਸੇ ਇੱਕ ਨੌਕਰ ਦੇ ਵੀ ਬਰਾਬਰ ਨਹੀਂ ਹਾਂ। ਪਰ ਤੁਸੀਂ ਮੈਨੂੰ ਮਿਹਰ ਭਰੇ ਸ਼ਬਦ ਆਖੇ ਹਨ ਅਤੇ ਮੈਨੂੰ ਹੌਸਲਾ ਦਿੱਤਾ ਹੈ।”

14 ਦੁਪਿਹਰ ਦੀ ਰੋਟੀ ਸਮੇਂ ਬੋਅਜ਼ ਨੇ ਰੂਥ ਨੂੰ ਆਖਿਆ, “ਇੱਥੇ ਆ ਜਾ! ਸਾਡੀ ਰੋਟੀ ਵਿੱਚੋਂ ਕੁਝ ਖਾ ਲੈ। ਇੱਥੇ ਆਪਣੀ ਰੋਟੀ ਸਾਡੇ ਸਿਰਕੇ ਵਿੱਚ ਡੁਬੋ ਲੈ।”

ਇਸ ਲਈ ਰੂਥ ਕਾਮਿਆਂ ਦੇ ਨਾਲ ਹੀ ਬੈਠ ਗਈ। ਬੋਅਜ਼ ਨੇ ਉਸ ਨੂੰ ਕੁਝ ਭੁਜਿਆ ਹੋਇਆ ਅਨਾਜ ਦਿੱਤਾ। ਰੂਥ ਨੇ ਪੇਟ ਭਰਕੇ ਖਾਧਾ ਅਤੇ ਕੁਝ ਭੋਜਨ ਬਚ ਗਿਆ। 15 ਫ਼ੇਰ ਰੂਥ ਉੱਠ ਖਲੋਤੀ ਅਤੇ ਕੰਮ ਉੱਤੇ ਵਾਪਸ ਚਲੀ ਗਈ।

ਫ਼ੇਰ ਬੋਅਜ਼ ਨੇ ਆਪਣੇ ਨੌਕਰਾਂ ਨੂੰ ਆਖਿਆ, “ਰੂਥ ਨੂੰ ਅਨਾਜ ਦੀਆਂ ਢੇਰੀਆਂ ਦੇ ਲਾਗਿਉ ਵੀ ਇਕੱਠਾ ਕਰਨ ਦਿਉ। ਉਸ ਨੂੰ ਰੋਕਿਓ ਨਾ। 16 ਜ਼ਮੀਨ ਉੱਤੇ ਕੁਝ ਅਨਾਜ ਨਾਲ ਭਰੇ ਸਿੱਟੇ ਸੁੱਟ ਕੇ ਉਸਦਾ ਕੰਮ ਆਸਾਨ ਕਰ ਦਿਉ। ਉਸ ਨੂੰ ਇਹ ਅਨਾਜ ਇਕੱਠਾ ਕਰ ਲੈਣ ਦਿਉ ਅਤੇ ਉਸ ਨੂੰ ਤੰਗ ਨਾ ਕਰਿਉ।”

ਨਾਓਮੀ ਬੋਅਜ਼ ਬਾਰੇ ਸੁਣਦੀ ਹੈ

17 ਰੂਥ ਨੇ ਸ਼ਾਮ ਤੱਕ ਖੇਤਾਂ ਵਿੱਚ ਕੰਮ ਕੀਤਾ। ਫ਼ੇਰ ਉਸ ਨੇ ਅਨਾਜ ਨੂੰ ਤੂੜੀ ਨਾਲੋਂ ਵੱਖ ਕੀਤਾ। ਉਸ ਦੇ ਕੋਲ ਲਗਭਗ 10 ਕਿੱਲੋ ਜੌਁ ਸਨ। 18 ਰੂਥ ਉਹ ਅਨਾਜ ਚੁੱਕੇ ਸ਼ਹਿਰ ਲੈ ਗਈ ਆਪਣੀ ਸੱਸ ਨੂੰ ਇਹ ਦਿਖਾਉਣ ਲਈ ਕਿ ਉਸ ਨੇ ਕੀ ਇਕੱਠਾ ਕੀਤਾ ਹੈ। ਉਸ ਨੇ ਉਸ ਨੂੰ ਕੁਝ ਭੋਜਨ ਵੀ ਦਿੱਤਾ ਜਿਹੜਾ ਦੁਪਿਹਰ ਦੇ ਭੋਜਨ ਵਿੱਚੋਂ ਬਚ ਗਿਆ ਸੀ।

19 ਉਸਦੀ ਸੱਸ ਨੇ ਉਸ ਨੂੰ ਪੁੱਛਿਆ, “ਇਹ ਸਾਰਾ ਅਨਾਜ ਤੂੰ ਕਿੱਥੋਂ ਇਕੱਠਾ ਕੀਤਾ ਹੈ? ਤੂੰ ਕਿੱਥੇ ਕੰਮ ਕੀਤਾ? ਉਸ ਆਦਮੀ ਨੂੰ ਅਸੀਸ ਦੇ ਜਿਸਨੇ ਤੇਰੇ ਵੱਲ ਧਿਆਨ ਦਿੱਤਾ।”

ਫ਼ੇਰ ਰੂਥ ਨੇ ਉਸ ਨੂੰ ਦੱਸਿਆ ਕਿ ਉਸ ਨੇ ਕਿਸਦੇ ਨਾਲ ਕੰਮ ਕੀਤਾ ਸੀ। ਉਸ ਨੇ ਆਖਿਆ, “ਅੱਜ ਮੈਂ ਜਿਸ ਬੰਦੇ ਨਾਲ ਕੰਮ ਕੀਤਾ ਹੈ ਉਸਦਾ ਨਾਮ ਬੋਅਜ਼ ਹੈ।”

20 ਨਾਓਮੀ ਨੇ ਆਪਣੀ ਨੂਹ ਨੂੰ ਆਖਿਆ, “ਯਹੋਵਾਹ ਉਸਦਾ ਭਲਾ ਕਰੇ! ਉਸ ਨੇ ਜਿਉਂਦਿਆਂ ਅਤੇ ਮੁਰਦਿਆਂ ਦੋਹਾਂ ਉੱਤੇ ਮਿਹਰ ਕੀਤੀ ਹੈ।” ਫ਼ੇਰ ਨਾਓਮੀ ਨੇ ਆਪਣੀ ਨੂਹ ਨੂੰ ਆਖਿਆ, “ਬੋਅਜ਼ ਸਾਡੇ ਰਿਸ਼ਤੇਦਾਰਾਂ ਵਿੱਚੋਂ ਹੈ। ਬੋਅਜ਼ ਸਾਡੇ ਰੱਖਿਅਕਾਂ [c] ਵਿੱਚੋਂ ਹੈ।”

21 ਫ਼ੇਰ ਰੂਥ ਨੇ ਆਖਿਆ, “ ਬੋਅਜ਼ ਨੇ ਮੈਨੂੰ ਇਹ ਵੀ ਆਖਿਆ ਸੀ ਕਿ ਮੈਂ ਫ਼ੇਰ ਆਵਾਂ ਅਤੇ ਕੰਮ ਕਰਦੀ ਰਹਾਂ। ਬੋਅਜ਼ ਨੇ ਆਖਿਆ ਸੀ ਕਿ ਮੈਂ ਫ਼ਸਲ ਦੀ ਪੂਰੀ ਵਾਢੀ ਹੋਣ ਤੀਕ ਉਸ ਦੇ ਨੌਕਰਾਂ ਨਾਲ ਨੇੜੇ ਰਹਿ ਕੇ ਕੰਮ ਕਰਾਂ।”

22 ਫ਼ੇਰ ਨਾਓਮੀ ਨੇ ਆਪਣੀ ਨੂੰਹ ਰੂਥ ਨੂੰ ਆਖਿਆ, “ਤੇਰੇ ਲਈ ਉਸ ਦੀਆਂ ਕਾਮੀਆਂ ਨਾਲ ਕੰਮ ਕਰਦੇ ਰਹਿਣਾ ਚੰਗੀ ਗੱਲ ਹੈ। ਜੇ ਤੂੰ ਕਿਸੇ ਹੋਰ ਦੇ ਖੇਤ ਵਿੱਚ ਕੰਮ ਕਰੇਗੀ ਤਾਂ ਕੋਈ ਬੰਦਾ ਤੈਨੂੰ ਨੁਕਸਾਨ ਵੀ ਪਹੁੰਚਾ ਸੱਕਦਾ ਹੈ।” 23 ਇਸ ਤਰ੍ਹਾਂ ਰੂਥ ਨੇ ਬੋਅਜ਼ ਦੀਆਂ ਕਾਮੀਆਂ ਨਾਲ ਨੇੜੇ ਹੋਕੇ ਕੰਮ ਕਰਨਾ ਜਾਰੀ ਰੱਖਿਆ। ਉਸ ਨੇ ਜੌਆਂ ਦੀ ਫ਼ਸਲ ਦੀ ਵਾਢੀ ਹੋਣ ਤੱਕ ਅਨਾਜ ਇਕੱਠਾ ਕੀਤਾ। ਉਸ ਨੇ ਕਣਕ ਦੀ ਵਾਢੀ ਦੇ ਅੰਤ ਤੱਕ ਵੀ ਉੱਥੇ ਕੰਮ ਕੀਤਾ। ਰੂਥ ਆਪਣੀ ਸੱਸ ਨਾਓਮੀ ਦੇ ਨਾਲ ਰਹਿੰਦੀ ਰਹੀ।

ਖਲਵਾੜਾ

ਫ਼ੇਰ ਰੂਥ ਦੀ ਸੱਸ ਨਾਓਮੀ ਨੇ ਉਸ ਨੂੰ ਆਖਿਆ, “ਮੇਰੀਏ ਧੀਏ, ਮੈਨੂੰ ਤੇਰੇ ਲਈ ਇੱਕ ਚੰਗਾ ਪਤੀ ਲੱਭਣ ਦੇ ਜੋ ਤੇਰੇ ਲਈ ਪ੍ਰਬੰਧ ਕਰੇਗਾ, ਤਾਂ ਜੋ ਤੈਨੂੰ ਸ਼ਾਂਤੀ ਅਤੇ ਅਰਾਮ ਮਿਲ ਸੱਕੇ। ਹੋ ਸੱਕਦਾ ਬੋਅਜ਼ ਹੀ ਢੁਕਵਾਂ ਆਦਮੀ ਹੋਵੇ। ਬੋਅਜ਼ ਸਾਡਾ ਨਜ਼ਦੀਕੀ ਰਿਸ਼ਤੇਦਾਰ ਹੈ ਅਤੇ ਤੂੰ ਉਸ ਦੀਆਂ ਕਾਮੀਆਂ ਨਾਲ ਕੰਮ ਕੀਤਾ ਹੈ। ਅੱਜ, ਉਹ ਆਪਣੇ ਖਲਵਾੜੇ ਵਿੱਚ ਜੌਂ ਨੂੰ ਫ਼ਟਕ ਰਿਹਾ ਹੋਵੇਗਾ। ਜਾ ਅਤੇ ਨਹਾ ਕੇ ਅਤਰ ਛਿੜਕ ਲੈ ਚੰਗੇ ਕੱਪੜੇ ਪਾ ਅਤੇ ਖਲਵਾੜੇ ਵੱਲ ਚਲੀ ਜਾ, ਪਰ ਤੂੰ ਓਨੀ ਦੇਰ ਬੋਅਜ਼ ਨੂੰ ਨਜ਼ਰ ਨਾ ਆਵੀਂ ਜਦੋਂ ਤੱਕ ਉਹ ਰਾਤ ਦਾ ਖਾਣਾ ਖਤਮ ਨਾ ਕਰ ਲਵੇ। ਖਾਣ ਤੋਂ ਬਾਦ ਉਹ ਅਰਾਮ ਕਰਨ ਲਈ ਲੇਟ ਜਾਵੇਗਾ ਉੱਥੇ ਜਾਵੀਂ ਅਤੇ ਉਸ ਦਿਆਂ ਪੈਰਾਂ ਤੋਂ ਵਸਤਰ ਹਟਾ ਦੇਵੀਂ। ਫ਼ਿਰ ਬੋਅਜ਼ ਨਾਲ ਲੇਟ ਜਾਵੀਂ। ਫ਼ੇਰ ਉਹ ਤੈਨੂੰ ਦੱਸੇਗਾ ਕਿ ਕੀ ਕਰਨਾ ਹੈ।”

ਰੂਥ ਨੇ ਜਵਾਬ ਦਿੱਤਾ, “ਜੋ ਤੁਸੀਂ ਆਖਿਆ ਹੈ ਮੈਂ ਉਵੇਂ ਹੀ ਕਰਾਂਗੀ।”

ਇਸ ਲਈ ਰੂਥ ਖਲਵਾੜੇ ਵੱਲ ਗਈ। ਰੂਥ ਨੇ ਉਹ ਸਭ ਕੁਝ ਕੀਤਾ ਜੋ ਉਸਦੀ ਸੱਸ ਨੇ ਕਰਨ ਲਈ ਆਖਿਆ ਸੀ। ਖਾਣ-ਪੀਣ ਤੋਂ ਬਾਦ ਬੋਅਜ਼ ਬਹੁਤ ਸੰਤੁਸ਼ਟ ਹੋ ਗਿਆ। ਬੋਅਜ਼ ਅਨਾਜ ਦੇ ਢੇਰ ਨੇੜੇ ਲੇਟ ਗਿਆ। ਫ਼ੇਰ ਰੂਥ ਬਹੁਤ ਚੁੱਪ-ਚਾਪ ਉਸ ਦੇ ਕੋਲ ਗਈ ਅਤੇ ਉਸ ਦੇ ਪੈਰਾਂ ਤੋਂ ਵਸਤਰ ਹਟਾ ਦਿੱਤਾ। ਰੂਥ ਉਸ ਦੇ ਪੈਰਾਂ ਕੋਲ ਲੇਟ ਗਈ।

ਅੱਧੀ ਰਾਤ ਵੇਲੇ ਬੋਅਜ਼ ਨੇ ਪਾਸਾ ਪਰਤਿਆ ਆਪਣੀ ਨੀਂਦ ਵਿੱਚ ਅਤੇ ਉੱਠ ਖੜ੍ਹਾ ਹੋਇਆ। ਉਹ ਬਹੁਤ ਹੈਰਾਨ ਹੋ ਗਿਆ। ਉਸ ਦੇ ਪੈਰਾਂ ਨੇੜੇ ਇੱਕ ਔਰਤ ਲੇਟੀ ਹੋਈ ਸੀ। ਬੋਅਜ਼ ਨੇ ਆਖਿਆ, “ਤੂੰ ਕੌਣ ਹੈ?”

ਉਸ ਨੇ ਆਖਿਆ, “ਮੈਂ ਤੁਹਾਡੀ ਨੌਕਰਾਨੀ ਰੂਥ ਹਾਂ ਮੇਰੇ ਉੱਪਰ ਆਪਣੀ ਚਾਦਰ ਪਾ ਦਿਉ ਤੁਸੀਂ ਮੇਰੇ ਰਾਖੇ ਹੋ।”

10 ਤਾਂ ਬੋਅਜ਼ ਨੇ ਆਖਿਆ, “ਮੁਟਿਆਰੇ ਯਹੋਵਾਹ ਤੇਰਾ ਭਲਾ ਕਰੇ। ਤੂੰ ਮੇਰੇ ਉੱਤੇ ਮਿਹਰਬਾਨ ਰਹੀਂ ਹੈ ਮੇਰੇ ਲਈ ਤੇਰੀ ਮਿਹਰਬਾਨੀ ਉਸ ਮਿਹਰਬਾਨੀ ਨਾਲੋਂ ਵਡੇਰੀ ਹੈ ਜਿਹੜੀ ਤੂੰ ਸ਼ੁਰੂ ਵਿੱਚ ਨਾਓਮੀ ਉੱਤੇ ਕੀਤੀ ਸੀ। ਤੂੰ ਸ਼ਾਦੀ ਲਈ ਕਿਸੇ ਅਮੀਰ ਜਾਂ ਗਰੀਬ ਜਵਾਨ ਆਦਮੀ ਨੂੰ ਵੀ ਚੁਣ ਸੱਕਦੀ ਸੀ ਪਰ ਤੂੰ ਅਜਿਹਾ ਨਹੀਂ ਕੀਤਾ। 11 ਹੁਣ, ਮੁਟਿਆਰੇ ਭੈਭੀਤ ਨਾ ਹੋ ਜੋ ਤੂੰ ਆਖੇਗੀ ਮੈਂ ਉਹੀ ਕਰਾਂਗਾ। ਸਾਡੇ ਕਸਬੇ ਦੇ ਸਾਰੇ ਲੋਕ ਜਾਣਦੇ ਹਨ ਕਿ ਤੂੰ ਬਹੁਤ ਚੰਗੀ ਔਰਤ ਹੈ। 12 ਅਤੇ ਇਹ ਸੱਚ ਹੈ ਕਿ ਮੈਂ ਨਜ਼ਦੀਕੀ ਰਿਸ਼ਤੇਦਾਰ ਹਾਂ। ਪਰ ਇੱਥੇ ਇੱਕ ਆਦਮੀ ਹੈ ਜਿਹੜਾ ਮੇਰੇ ਨਾਲੋਂ ਵੱਧੇਰੇ ਤੇਰਾ ਨਜ਼ਦੀਕੀ ਰਿਸ਼ਤੇਦਾਰ ਹੈ। 13 ਰਾਤ ਇੱਥੇ ਰੁਕ ਜਾ ਸਵੇਰੇ ਅਸੀਂ ਦੇਖਾਂਗੇ ਕਿ ਕੀ ਉਹ ਤੇਰੀ ਮਦਦ ਕਰੇਗਾ। ਜੇ ਉਹ ਤੇਰੀ ਮਦਦ ਕਰਨ ਦਾ ਫ਼ੈਸਲਾ ਕਰਦਾ ਹੈ ਤਾਂ ਬਹੁਤ ਚੰਗੀ ਗੱਲ ਹੈ। ਜੇ ਉਹ ਮਦਦ ਕਰਨ ਤੋਂ ਇਨਕਾਰ ਕਰਦਾ ਹੈ ਤਾਂ ਮੈਂ ਯਹੋਵਾਹ ਨੂੰ ਹਾਜਰ-ਨਾਜਰ ਸਮਝਕੇ ਇਕਰਾਰ ਕਰਦਾ ਹਾਂ ਕਿ ਮੈਂ ਤੇਰੇ ਨਾਲ ਸ਼ਾਦੀ ਕਰ ਲਵਾਂਗਾ ਅਤੇ ਤੇਰੇ ਲਈ ਅਲੀਮਲਕ ਦੀ ਧਰਤੀ ਵਾਪਸ ਖਰੀਦ ਦੇਵਾਂਗਾ। ਇਸ ਲਈ ਸਵੇਰ ਹੋਣ ਤੱਕ ਇੱਥੇ ਲੇਟੀ ਰਹਿ।”

14 ਇਸ ਲਈ ਰੂਥ ਬੋਅਜ਼ ਦੇ ਪੈਰਾਂ ਨੇੜੇ ਸਵੇਰ ਤੱਕ ਲੇਟੀ ਰਹੀ। ਹਾਲੇ ਹਨੇਰਾ ਹੀ ਸੀ ਜਦੋਂ ਉਹ ਉੱਠ ਖਲੋਤੀ। ਇਸਤੋਂ ਪਹਿਲਾਂ ਕਿ ਇੰਨਾ ਚਾਨਣ ਹੋ ਜਾਵੇ ਕਿ ਲੋਕ ਇੱਕ ਦੂਜੇ ਨੂੰ ਪਛਾਣ ਲੈਣ।

ਬੋਅਜ਼ ਨੇ ਉਸ ਨੂੰ ਆਖਿਆ, “ਅਸੀਂ ਇਸ ਗੱਲ ਨੂੰ ਗੁਪਤ ਰੱਖਾਂਗੇ ਕਿ ਤੂੰ ਪਿੱਛਲੀ ਰਾਤ ਮੇਰੇ ਕੋਲ ਆਈ ਸੀ।” 15 ਫ਼ੇਰ ਬੋਅਜ਼ ਨੇ ਆਖਿਆ, “ਆਪਣਾ ਸ਼ੌਲ ਲਿਆ ਅਤੇ ਇਸ ਨੂੰ ਖੋਲ੍ਹ।”

ਇਸ ਲਈ ਰੂਥ ਨੇ ਆਪਣੇ ਸ਼ੌਲ ਨੂੰ ਖੋਲ੍ਹਿਆ ਅਤੇ ਬੋਅਜ਼ ਨੇ ਜੌਆਂ ਦੇ ਛੇ ਤੋਂਲ ਲਈ ਅਤੇ ਉਸਦੀ ਸੱਸ ਨਾਓਮੀ ਨੂੰ ਸੁਗਾਤ ਵਜੋਂ ਦੇ ਦਿੱਤੇ। ਫ਼ੇਰ ਉਸ ਨੇ ਇਸ ਨੂੰ ਰੂਥ ਦੇ ਸ਼ੌਲ ਵਿੱਚ ਲਪੇਟ ਕੇ ਅਤੇ ਉਸ ਦੇ ਸਿਰ ਉੱਤੇ ਰੱਖ ਦਿੱਤਾ ਫ਼ੇਰ ਉਹ ਸ਼ਹਿਰ ਨੂੰ ਵਪਸ ਚੱਲਾ ਗਿਆ।

16 ਰੂਥ ਆਪਣੀ ਸੱਸ ਨਾਓਮੀ ਦੇ ਘਰ ਚਲੀ ਗਈ। ਨਾਓਮੀ ਦਰਵਾਜ਼ੇ ਵੱਲ ਗਈ ਅਤੇ ਪੁੱਛਿਆ, “ਕੌਣ ਹੈ?”

ਰੂਥ ਘਰ ਚਲੀ ਗਈ। ਨਾਓਮੀ ਨੂੰ ਉਹ ਸਾਰੀ ਗੱਲ ਦੱਸੱਦਿਆਂ ਹੋਇਆ ਜਿਹੜੀ ਬੋਅਜ਼ ਨੇ ਉਸ ਨਾਲ ਕੀਤੀ ਸੀ। 17 ਉਸ ਨੇ ਆਖਿਆ, “ਬੋਅਜ਼ ਨੇ ਮੈਨੂੰ ਇਹ ਜੌਂ ਤੁਹਾਡੇ ਲਈ ਸੁਗਾਤ ਵਜੋਂ ਦਿੱਤੇ ਹਨ ਬੋਅਜ਼ ਨੇ ਆਖਿਆ ਸੀ ਕਿ ਮੈਂ ਤੁਹਾਡੇ ਲਈ ਸੁਗਾਤ ਲਈ ਬਿਨਾ ਘਰ ਨਾ ਜਾਵਾਂ।”

18 ਨਾਓਮੀ ਨੇ ਆਖਿਆ, “ਧੀਏ ਓਨੀ ਦੇਰ ਤੱਕ ਹੌਂਸਲਾ ਰੱਖ ਜਿੰਨੀ ਦੇਰ ਤੱਕ ਅਸੀਂ ਕੁਝ ਵਾਪਰਨ ਬਾਰੇ ਨਹੀਂ ਸੁਣਦੇ ਬੋਅਜ਼ ਨੂੰ ਓਨੀ ਦੇਰ ਤੱਕ ਚੈਨ ਨਹੀਂ ਆਵੇਗਾ ਜਦੋਂ ਤੱਕ ਕਿ ਉਹ ਗੱਲ ਨਹੀਂ ਕਰ ਲੈਂਦਾ ਜਿਹੜੀ ਉਸ ਨੂੰ ਕਰਨੀ ਚਾਹੀਦੀ ਹੈ। ਅਸੀਂ ਦਿਨ ਮੁੱਕਣ ਤੋਂ ਪਹਿਲਾਂ ਹੀ ਜਾਣ ਲਵਾਂਗੇ ਕਿ ਕੀ ਵਾਪਰੇਗਾ।”

ਬੋਅਜ਼ ਅਤੇ ਦੂਸਰਾ ਰਿਸ਼ਤੇਦਾੜ

ਬੋਅਜ਼ ਉੱਥੇ ਚੱਲਾ ਗਿਆ ਜਿੱਥੇ ਲੋਕ ਸ਼ਹਿਰ ਦੇ ਦਰਵਾਜ਼ੇ ਨੇੜੇ ਇਕੱਠੇ ਹੁੰਦੇ ਹਨ। ਬੋਅਜ਼ ਓਨਾ ਚਿਰ ਉੱਥੇ ਬੈਠਾ ਰਿਹਾ ਜਦੋਂ ਤੱਕ ਕਿ ਉਹ ਨਜ਼ਦੀਕੀ ਰਿਸ਼ਤੇਦਾਰ ਜਿਸਦਾ ਜ਼ਿਕਰ ਬੋਅਜ਼ ਨੇ ਕੀਤਾ ਸੀ ਉੱਥੋਂ ਨਹੀਂ ਗੁਜ਼ਰਿਆ। ਬੋਅਜ਼ ਨੇ ਉਸ ਨੂੰ ਅਵਾਜ਼ ਦਿੱਤੀ, “ਇਧਰ ਆਉ ਦੋਸਤ! ਇੱਥੇ ਬੈਠੋ!”

ਬੋਅਜ਼ ਨੇ ਸ਼ਹਿਰ ਦੇ ਦਸ ਬਜ਼ੁਰਗਾਂ ਨੂੰ ਇਕੱਠਿਆ ਕੀਤਾ ਅਤੇ ਉਨ੍ਹਾਂ ਨੂੰ ਆਖਿਆ, “ਇੱਥੇ ਬੈਠੋ!” ਤਾਂ ਉਹ ਹੇਠਾਂ ਬੈਠ ਗਏ।

ਫ਼ੇਰ ਬੋਅਜ਼ ਨੇ ਨਜ਼ਦੀਕੀ ਰਿਸ਼ਤੇਦਾਰ ਨਾਲ ਗੱਲ ਕੀਤੀ। ਉਸ ਨੇ ਆਖਿਆ, “ਨਾਓਮੀ ਮੋਆਬ ਦੇ ਪਹਾੜੀ ਪ੍ਰਦੇਸ਼ ਤੋਂ ਵਾਪਸ ਮੁੜ ਆਈ ਹੈ। ਉਹ ਜ਼ਮੀਨ ਵੇਚ ਰਹੀ ਹੈ [d] ਜਿਹੜੀ ਸਾਡੇ ਰਿਸ਼ਤੇਦਾਰ ਅਲੀਮਲਕ ਦੀ ਸੀ। ਮੈਂ ਇਹ ਗੱਲ ਇੱਥੇ ਰਹਿਣ ਵਾਲੇ ਲੋਕਾਂ ਦੇ ਸਾਹਮਣੇ ਅਤੇ ਆਪਣੇ ਬਜ਼ੁਰਗਾਂ ਦੇ ਸਾਹਮਣੇ ਤੈਨੂੰ ਆਖਣ ਦਾ ਨਿਆਂ ਕੀਤਾ ਹੈ। ਜੋ ਤੂੰ ਜ਼ਮੀਨ ਖਰੀਦਣਾ ਚਾਹੁੰਦਾ ਹੈ ਤਾਂ ਖਰੀਦ ਲੈ। ਜੇ ਤੂੰ ਜ਼ਮੀਨ ਨੂੰ ਛੁਡਾਉਣ ਨਹੀਂ ਚਾਹੁੰਦਾ ਤਾਂ ਮੈਨੂੰ ਦੱਸ ਮੈਂ ਜਾਣਦਾ ਹਾਂ ਕਿ ਤੇਰੇ ਤੋਂ ਮਗਰੋਂ ਮੈਂ ਹੀ ਉਹ ਅਗਲਾ ਬੰਦਾ ਹਾਂ ਜਿਹੜਾ ਜ਼ਮੀਨ ਛੁਡਾ ਸੱਕਦਾ ਹੈ। ਜੇ ਤੂੰ ਜ਼ਮੀਨ ਵਾਪਸ ਨਹੀਂ ਖਰੀਦੇਗਾ ਤਾਂ ਮੈਂ ਖਰੀਦ ਲਵਾਂਗਾ।”

ਫ਼ੇਰ ਬੋਅਜ਼ ਨੇ ਆਖਿਆ, “ਜੇ ਤੂੰ ਨਾਓਮੀ ਤੋਂ ਜ਼ਮੀਨ ਖਰੀਦੇਂਗਾ ਤਾਂ ਤੂੰ ਉਸ ਸਵਰਗਵਾਸੀ ਬੰਦੇ ਦੀ ਪਤਨੀ ਮੋਆਬੀ ਔਰਤ ਰੂਥ ਨੂੰ ਵੀ ਹਸਿਲ ਕਰ ਲਵੇਂਗਾ। ਜਦੋਂ ਰੂਥ ਦੇ ਬੱਚਾ ਹੋਵੇਗਾ ਤਾਂ ਜ਼ਮੀਨ ਬੱਚੇ ਨੂੰ ਮਿਲੇਗੀ। ਇਸ ਤਰ੍ਹਾਂ ਜ਼ਮੀਨ ਸਵਰਗਵਾਸੀ ਬੰਦੇ ਦੇ ਪਰਿਵਾਰ ਵਿੱਚ ਰਹੇਗੀ।”

ਨਜ਼ਦੀਕੀ ਰਿਸ਼ਤੇਦਾਰ ਨੇ ਜਵਾਬ ਦਿੱਤਾ, “ਮੈਂ ਜ਼ਮੀਨ ਵਾਪਸ ਨਹੀਂ ਖਰੀਦ ਸੱਕਦਾ। ਉਹ ਜ਼ਮੀਨ ਮੇਰੀ ਹੋਣੀ ਚਾਹੀਦੀ ਹੈ ਪਰ ਮੈਂ ਇਸ ਨੂੰ ਖਰੀਦ ਨਹੀਂ ਸੱਕਦਾ। ਜੇ ਮੈਂ ਅਜਿਹਾ ਕਰਦਾ ਹਾਂ ਤਾਂ ਸ਼ਾਇਦ ਮੈਂ ਆਪਣੀ ਜ਼ਮੀਨ ਵੀ ਗਵਾ ਲਵਾਂਗਾ। ਇਸ ਲਈ ਤੁਸੀਂ ਜ਼ਮੀਨ ਖਰੀਦ ਸੱਕਦੇ ਹੋ।” ਬਹੁਤ ਚਿਰ ਪਹਿਲਾਂ ਇਸਰਾਏਲ ਵਿੱਚ, ਜਦੋਂ ਲੋਕ ਜ਼ਾਇਦਾਦ ਨੂੰ ਖਰੀਦਦੇ ਜਾਂ ਛੁਡਵਾਉਂਦੇ ਸੀ ਤਾਂ ਇੱਕ ਬੰਦਾ ਆਪਣੀ ਜੁੱਤੀ ਉਤਾਰਕੇ ਦੂਸਰੇ ਨੂੰ ਦੇ ਦਿੰਦਾ ਸੀ। ਇਹ ਖਰੀਦਾਰੀ ਦਾ ਸਬੂਤ ਹੁੰਦਾ ਸੀ। ਇਸ ਲਈ ਨਜ਼ਦੀਕੀ ਰਿਸ਼ਤੇਦਾਰ ਨੇ ਆਖਿਆ, “ਜ਼ਮੀਨ ਖਰੀਦ ਲਵੋ” ਅਤੇ ਫ਼ੇਰ ਨਜ਼ਦੀਕੀ ਰਿਸ਼ਤੇਦਾਰ ਨੇ ਆਪਣੀ ਜੁੱਤੀ ਉਤਾਰੀ ਅਤੇ ਬੋਅਜ਼ ਨੂੰ ਦੇ ਦਿੱਤੀ।

ਫ਼ੇਰ ਬੋਅਜ਼ ਨੇ ਬਜ਼ੁਰਗਾਂ ਅਤੇ ਸਾਰੇ ਲੋਕਾਂ ਨੂੰ ਆਖਿਆ, “ਅੱਜ ਤੁਸੀਂ ਸਾਰੇ ਗਵਾਹ ਹੋ ਕਿ ਮੈਂ ਨਾਓਮੀ ਕੋਲੋਂ ਉਹ ਹਰ ਚੀਜ਼ ਖਰੀਦ ਰਿਹਾ ਹਾਂ ਜਿਹੜੀ ਅਲੀਮਲਕ ਕਿਲਉਨ ਅਤੇ ਮਹਿਲੋਮ ਦੀ ਸੀ। 10 ਮੈਂ ਰੂਥ ਨੂੰ ਵੀ ਆਪਣੀ ਪਤਨੀ ਵਜੋਂ ਖਰੀਦ ਰਿਹਾ ਹਾਂ ਅਜਿਹਾ ਮੈਂ ਇਸ ਲਈ ਕਰ ਰਿਹਾ ਹਾਂ ਕਿ ਸਵਰਗਵਾਸੀ ਬੰਦੇ ਦੀ ਜਾਇਦਾਦ ਉਸ ਦੇ ਪਰਿਵਾਰ ਵਿੱਚ ਹੀ ਰਹੇ। ਇਸ ਤਰ੍ਹਾਂ ਸਵਰਗਵਾਸੀ ਬੰਦੇ ਦਾ ਨਾਮ ਉਸ ਦੇ ਪਰਿਵਾਰ ਅਤੇ ਉਸਦੀ ਜ਼ਮੀਨ ਤੋਂ ਵੱਖ ਨਹੀਂ ਹੋਵੇਗਾ। ਅੱਜ ਦੇ ਦਿਨ ਤੁਸੀਂ ਗਵਾਹ ਹੋ।”

11 ਇਸ ਲਈ ਉਹ ਸਾਰੇ ਲੋਕ ਅਤੇ ਬਜ਼ੁਰਗ ਜਿਹੜੇ ਸ਼ਹਿਰ ਦੇ ਦਰਵਾਜ਼ਿਆਂ ਨੇੜੇ ਸਨ ਗਵਾਹ ਬਣ ਗਏ। ਉਸ ਨੇ ਆਖਿਆ, “ਯਹੋਵਾਹ ਇਸ ਔਰਤ ਨੂੰ, ਜਿਹੜੀ ਆ ਰਹੀ ਹੈ ਤੇਰੇ ਘਰ ਅੰਦਰ, ਰਾਖੇਲ ਅਤੇ ਲੇਆਹ ਵਾਂਗ ਬਣਾਵੇ, ਜਿਨ੍ਹਾਂ ਨੇ ਇਸਰਾਏਲ ਦਾ ਘਰ ਉਸਾਰਿਆ ਸੀ। ਇਫ਼ਰਾਥਾਹ ਅੰਦਰ ਬਣ ਜਾ ਸ਼ਕਤੀਸ਼ਾਲੀ। ਬੈਤਲਹਮ ਵਿੱਚ ਮਸ਼ਹੂਰ ਹੋ ਜਾ। 12 ਤਾਮਾਰ ਨੇ ਯਹੂਦਾਹ ਦੇ ਪੁੱਤਰ ਫ਼ਾਰਸ ਨੂੰ ਜਨਮ ਦਿੱਤਾ ਸੀ। ਅਤੇ ਉਸਦਾ ਪਰਿਵਾਰ ਮਹਾਨ ਹੋ ਗਿਆ ਸੀ, ਇਸੇ ਤਰ੍ਹਾਂ ਹੀ ਯਹੋਵਾਹ ਤੈਨੂੰ, ਰੂਥ ਦੇ ਰਾਹੀਂ ਬਹੁਤ ਸਾਰੇ ਬੱਚਿਆਂ ਦੀ ਦਾਤ ਦੇਵੇ ਅਤੇ ਰੱਥ ਕਰੇ ਤੇਰਾ ਪਰਿਵਾਰ ਵੀ ਉਸੇ ਜਿਹਾ ਮਹਾਨ ਹੋਵੇ।”

13 ਇਸ ਲਈ ਬੋਅਜ਼ ਨੇ ਰੂਥ ਨਾਲ ਸ਼ਾਦੀ ਕਰ ਲਈ ਯਹੋਵਾਹ ਦੀ ਰਜ਼ਾ ਨਾਲ ਰੂਥ ਗਰਭਵਤੀ ਹੋ ਗਈ ਅਤੇ ਉਸ ਨੇ ਇੱਕ ਪੁੱਤਰ ਜਨਮਿਆ। 14 ਨਗਰ ਦੀਆਂ ਔਰਤਾਂ ਨੇ ਨਾਓਮੀ ਨੂੰ ਆਖਿਆ, “ਯਹੋਵਾਹ ਦੀ ਉਸਤਤਿ ਹੋਵੇ ਜਿਸਨੇ ਤੈਨੂੰ ਇੱਕ ਛੁਟਕਾਰਾ ਦਿਵਾਉਣ ਵਾਲੇ ਤੋਂ ਬਿਨਾ ਨਹੀਂ ਛੱਡਿਆ। ਉਹ ਇਸਰਾਏਲ ਵਿੱਚ ਪ੍ਰਸਿਧ ਹੋਵੇ ਅਤੇ ਸਤਿਕਾਰਿਆ ਜਾਵੇ। 15 ਇਹ ਤੈਨੂੰ ਫ਼ੇਰ ਜਿਉਂਦਾ ਕਰੇਗਾ ਅਤੇ ਬੁੱਢਾਪੇ ਵੇਲੇ ਤੇਰੀ ਦੇਖ-ਭਾਲ ਕਰੇਗਾ। ਤੇਰੀ ਨੂੰਹ ਨੇ ਇਸ ਨੂੰ ਸੰਭਵ ਕੀਤਾ, ਉਸ ਨੇ ਇਹ ਬੱਚਾ ਤੇਰੇ ਲਈ ਪੈਦਾ ਕੀਤਾ ਹੈ ਉਹ ਤੈਨੂੰ ਪਿਆਰ ਕਰਦੀ ਹੈ ਅਤੇ ਉਹ ਤੇਰੇ ਲਈ ਸੱਤਾਂ ਪੁੱਤਰਾਂ ਨਾਲੋਂ ਵੀ ਬਿਹਤਰ ਹੈ।”

16 ਨਾਓਮੀ ਨੇ ਬੱਚਾ ਚੁੱਕਿਆ ਆੱਪਣੇ ਹੱਥਾਂ ਵਿੱਚ ਲਿਆ ਅਤੇ ਉਸਦੀ ਦੇਖ-ਭਾਲ ਕੀਤੀ। 17 ਗੁਆਂਢੀਆਂ ਨੇ ਬੱਚੇ ਦਾ ਨਾਮ ਰੱਖ ਦਿੱਤਾ। ਇਸ ਨੂੰ ਔਰਤਾਂ ਨੇ ਆਖਿਆ, “ਨਾਓਮੀ ਕੋਲ ਹੁਣ ਇੱਕ ਪੁੱਤਰ ਹੈ।” ਅਤੇ ਉਨ੍ਹਾਂ ਨੇ ਉਸਦਾ ਨਾਮ ਓਬੇਦ ਰੱਖਿਆ। ਉਬੇਦ ਯੱਸੀ ਦਾ ਪਿਤਾ ਸੀ। ਅਤੇ ਯੱਸੀ ਰਾਜੇ ਦਾਊਦ ਦਾ ਪਿਤਾ ਸੀ।

ਰੂਥ ਅਤੇ ਬੋਅਜ਼ ਦਾ ਪਰਿਵਾਰ

18 ਫ਼ਾਰਸ, ਦੇ ਪਰਿਵਾਰ ਦਾ ਇਤਿਹਾਸ ਇਹ ਹੈ:

ਫ਼ਾਰਸ, ਹਸਰੋਨ ਦਾ ਪਿਤਾ ਸੀ।

19 ਹਸਰੋਨ, ਰਾਮ ਦਾ ਪਿਤਾ ਸੀ।

ਰਾਮ, ਅਮਿਨਦਾਬ ਦਾ ਪਿਤਾ ਸੀ।

20 ਅਮਿਨਦਾਬ, ਨਹਿਸ਼ੋਨ ਦਾ ਪਿਤਾ ਸੀ।

ਨਹਿਸ਼ੋਨ, ਸ਼ਲਮੋਨ ਦਾ ਪਿਤਾ ਸੀ।

21 ਸ਼ਲਮੋਨ, ਬੋਅਜ਼ ਦਾ ਪਿਤਾ ਸੀ।

ਬੋਅਜ਼, ਓਬੇਦ ਦਾ ਪਿਤਾ ਸੀ।

22 ਓਬੇਦ, ਯੱਸੀ ਦਾ ਪਿਤਾ ਸੀ।

ਯੱਸੀ, ਦਾਊਦ ਦਾ ਪਿਤਾ ਸੀ।

ਅਲਕਾਨਾਹ ਅਤੇ ਉਸ ਦੇ ਪਰਿਵਾਰ ਦਾ ਸ਼ੀਲੋਹ ਵਿੱਚ ਉਪਾਸਨਾ ਕਰਨਾ

ਇਫ਼ਰਾਈਮ ਦੇ ਪਹਾੜੀ ਇਲਾਕੇ ਵਿੱਚ ਰਾਮਾਤੈਮ ਤੋਂ ਇੱਕ ਮਨੁੱਖ ਸੀ ਜਿਸਦਾ ਨਾਮ ਅਲਕਾਨਾਹ ਸੀ। ਉਹ ਸੂਫ਼ ਪਰਿਵਾਰ ਤੋਂ ਸੀ ਅਤੇ ਯਰੋਹਾਮ ਦਾ ਪੁੱਤਰ ਸੀ। ਯਰੋਹਾਮ ਅਲੀਹੂ ਦਾ ਪੁੱਤਰ ਸੀ ਅਤੇ ਅਲੀਹੂ ਤੋਹੁ ਦਾ ਪੁੱਤਰ ਸੀ। ਅਤੇ ਤੋਂਹੁ ਸੂਫ਼ ਦਾ ਪੁੱਤਰ ਸੀ ਜੋ ਕਿ ਇਫ਼ਰਾਈਮ ਪਰਿਵਾਰ ਵਿੱਚੋਂ ਸੀ।

ਅਲਕਾਨਾਹ ਦੀਆਂ ਦੋ ਬੀਵੀਆਂ ਸਨ। ਇੱਕ ਦਾ ਨਾਮ ਹੰਨਾਹ ਅਤੇ ਦੂਜੀ ਦਾ ਨਾਮ ਪਨਿੰਨਾਹ ਸੀ। ਪਨਿੰਨਾਹ ਦੇ ਘਰ ਉਲਾਦ ਸੀ ਪਰ ਹੰਨਾਹ ਦੇ ਘਰ ਕੋਈ ਸੰਤਾਨ ਨਹੀਂ ਸੀ।

ਹਰ ਸਾਲ ਅਲਕਾਨਾਹ ਆਪਣਾ ਰਾਮਾਹ ਸ਼ਹਿਰ ਛੱਡ ਕੇ ਸ਼ੀਲੋਹ ਵੱਲ ਜਾਂਦਾ ਹੁੰਦਾ ਸੀ। ਅਲਕਾਨਾਹ ਸ਼ੀਲੋਹ ਵਿੱਚ ਸਰਬਸ਼ਕਤੀਮਾਨ ਯਹੋਵਾਹ ਦੀ ਉਪਾਸਨਾ ਕਰਨ ਅਤੇ ਬਲੀਆਂ ਚੜ੍ਹਾਉਣ ਜਾਂਦਾ ਸੀ। ਇਹ ਥਾਂ ਸ਼ੀਲੋਹ ਉੱਤੇ ਸੀ ਜਿੱਥੇ ਹਾਫ਼ਨੀ ਅਤੇ ਫ਼ੀਨਹਾਸ ਜੋ ਕਿ ਏਲੀ ਦੇ ਪੁੱਤਰ ਸਨ ਉੱਥੇ ਜਾਜਕ ਵਜੋਂ ਸੇਵਾ ਕਰਦੇ ਸਨ। ਹਰ ਵਾਰ ਅਲਕਾਨਾਹ ਜੋ ਵੀ ਬਲੀਆਂ ਚੜ੍ਹਾਉਂਦਾ, ਉਸ ਭੋਜਨ ਵਿੱਚੋਂ ਇੱਕ ਹਿੱਸਾ ਉਹ ਆਪਣੀ ਪਤਨੀ ਪਨਿੰਨਾਹ ਨੂੰ ਦਿੰਦਾ ਅਤੇ ਕੁਝ ਹਿੱਸਾ ਉਸ ਵਿੱਚੋਂ ਪਨਿੰਨਾਹ ਦੇ ਬੱਚਿਆਂ ਨੂੰ ਵੀ ਦਿੰਦਾ। ਅਲਕਾਨਾਹ ਹੰਨਾਹ ਨੂੰ ਵੀ ਭੋਜਨ ਦਾ ਬਰਾਬਰ ਦਾ ਹਿੱਸਾ ਦਿੰਦਾ। ਭਾਵੇਂ ਹੰਨਾਹ ਦੇ ਕੋਈ ਸੰਤਾਨ ਨਹੀਂ ਸੀ ਪਰ ਉਹ ਬਰਾਬਰ ਦਾ ਉਨ੍ਹਾਂ ਦਾ ਹਿੱਸਾ ਵੀ ਹੰਨਾਹ ਨੂੰ ਦਿੰਦਾ, ਇਹ ਉਹ ਇਸ ਲਈ ਕਰਦਾ ਕਿਉਂਕਿ ਉਹ ਸੱਚਮੁੱਚ ਆਪਣੀ ਪਤਨੀ ਹੰਨਾਹ ਨਾਲ ਪਿਆਰ ਕਰਦਾ ਸੀ।

ਪਨਿੰਨਾਹ ਦਾ ਹੰਨਾਹ ਨੂੰ ਬੇਚੈਨ ਕਰਨਾ

ਪਨਿੰਨਾਹ ਆਪਣੀ ਸੌਁਕਣ ਨੂੰ ਸਤਾਉਣ ਲਈ ਉਸ ਨੂੰ ਬੜਾ ਤੰਗ ਕਰਦੀ ਅਤੇ ਹਮੇਸ਼ਾ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕਰਦੀ ਕਿਉਂਕਿ ਹੰਨਾਹ ਬੈਔਲਾਦੀ ਸੀ। ਹਰ ਸਾਲ ਇੰਝ ਹੀ ਹੁੰਦਾ। ਹਰ ਸਾਲ ਜਦੋਂ ਉਨ੍ਹਾਂ ਦਾ ਪਰਿਵਾਰ ਸ਼ੀਲੋਹ ਵਿੱਚ ਯਹੋਵਾਹ ਦੇ ਘਰ ਜਾਂਦਾ ਹੁੰਦਾ ਸੀ, ਪਨਿੰਨਾਹ, ਹੰਨਾਹ ਨੂੰ ਉਦੋਂ ਤੱਕ ਖਿਜਾਉਂਦੀ ਜਦੋਂ ਤੱਕ ਉਹ ਉਦਾਸ ਨਾ ਹੋ ਜਾਂਦੀ। ਇੱਕ ਦਿਨ ਜਦੋਂ ਅਲਕਾਨਾਹ ਬਲੀਆਂ ਚੜ੍ਹਾ ਰਿਹਾ ਸੀ, ਹੰਨਾਹ ਬਹੁਤ ਦੁੱਖੀ ਸੀ ਅਤੇ ਉਸ ਨੇ ਰੋਣਾ ਸ਼ੁਰੂ ਕਰ ਦਿੱਤਾ। ਉਸ ਨੇ ਕੁਝ ਵੀ ਖਾਣ ਤੋਂ ਇਨਕਾਰ ਕਰ ਦਿੱਤਾ। ਉਸ ਦੇ ਪਤੀ ਅਲਕਾਨਾਹ ਨੇ ਉਸ ਨੂੰ ਕਿਹਾ, “ਹੰਨਾਹ, ਤੂੰ ਰੋ ਕਿਉਂ ਰਹੀ ਹੈ? ਤੂੰ ਭੋਜਨ ਕਿਉਂ ਨਹੀਂ ਖਾਂਦੀ? ਤੂੰ ਉਦਾਸ ਕਿਉਂ ਹੈ? ਮੈਂ ਤੇਰਾ ਪਤੀ ਹਾਂ। ਮੈਂ ਤੇਰਾ ਹਾਂ। ਕੀ ਤੂੰ ਇਹ ਨਹੀਂ ਸੋਚਦੀ ਕਿ ਮੇਰੇ ਜਿਹਾ ਪਤੀ ਹੋਣਾ ਦਸ ਪੁੱਤਰ ਹੋਣ ਨਾਲੋਂ ਵੱਧੇਰੇ ਬਿਹਤਰ ਹੈ।”

ਹੰਨਾਹ ਦੀ ਪ੍ਰਾਰਥਨਾ

ਖਾਣ-ਪੀਣ ਤੋਂ ਬਾਦ ਹੰਨਾਹ ਚੁੱਪ ਕਰਕੇ ਉੱਠੀ ਅਤੇ ਯਹੋਵਾਹ ਅੱਗੇ ਪ੍ਰਾਰਥਨਾ ਕਰਨ ਚਲੀ ਗਈ। ਉਸ ਵਕਤ ਏਲੀ ਨਾਮ ਦਾ ਜਾਜਕ ਯਹੋਵਾਹ ਦੀ ਪਵਿੱਤਰ ਇਮਾਰਤ ਦੇ ਦਰਵਾਜ਼ੇ ਕੋਲ ਕੁਰਸੀ ਉੱਤੇ ਬੈਠਾ ਹੋਇਆ ਸੀ। 10 ਹੰਨਾਹ ਬੜੀ ਉਦਾਸ ਸੀ। ਜਦੋਂ ਉਹ ਯਹੋਵਾਹ ਅੱਗੇ ਪ੍ਰਾਰਥਨਾ ਕਰ ਰਹੀ ਸੀ ਤਾਂ ਉਹ ਹਟਕੋਰੇ ਭਰ-ਭਰ ਰੋ ਰਹੀ ਸੀ। 11 ਉਸ ਨੇ ਪਰਮੇਸ਼ੁਰ ਨੂੰ ਖਾਸ ਬਚਨ ਦਿੱਤਾ ਅਤੇ ਕਿਹਾ, “ਹੇ ਸਰਬ ਸ਼ਕਤੀਮਾਨ ਯਹੋਵਾਹ! ਵੇਖ ਮੈਂ ਕਿੰਨੀ ਉਦਾਸ ਹਾਂ? ਮੈਨੂੰ ਚੇਤੇ ਰੱਖੀਂ! ਮੈਨੂੰ ਭੁੱਲ ਨਾ ਜਾਵੀਂ! ਜੇਕਰ ਤੂੰ ਮੇਰੇ ਘਰ ਪੁੱਤਰ ਬਖਸ਼ੀਸ਼ ਕਰੇ ਤਾਂ ਉਸ ਨੂੰ ਮੈਂ ਤੇਰੇ ਹਵਾਲੇ ਕਰ ਦੇਵਾਂਗੀ। ਉਹ ਨਜ਼ੀਰੀ ਹੋਵੇਗਾ। ਉਹ ਸੋਮਰਸ ਜਾਂ ਤੇਜ਼ ਸ਼ਰਾਬ ਵੀ ਨਹੀਂ ਪੀਵੇਗਾ ਅਤੇ ਨਾ ਹੀ ਕੋਈ ਸਿਰ ਦੇ ਵਾਲ ਮੁੰਨੇਗਾ।” [e]

12 ਹੰਨਾਹ ਲੰਬੇ ਸਮੇਂ ਤਾਈਂ ਪ੍ਰਾਰਥਨਾ ਕਰਦੀ ਰਹੀ। ਜਦੋਂ ਉਹ ਪ੍ਰਾਰਥਨਾ ਕਰ ਰਹੀ ਸੀ, ਏਲੀ ਉਸਦਾ ਮੂੰਹ ਵੇਖ ਰਿਹਾ ਸੀ। 13 ਹੰਨਾਹ ਆਪਣੇ ਮਨ ਵਿੱਚ ਪ੍ਰਾਰਥਨਾ ਕਰ ਰਹੀ ਸੀ। ਉਸ ਦੇ ਬੁਲ੍ਹ ਫ਼ੜਫ਼ੜਾ ਰਹੇ ਸਨ ਪਰ ਉਸ ਦੇ ਮੂੰਹ ਵਿੱਚੋਂ ਕੋਈ ਆਵਾਜ਼ ਨਹੀਂ ਆ ਰਹੀ ਸੀ। ਇਸ ਲਈ ਏਲੀ ਨੇ ਸੋਚਿਆ ਕਿ ਉਹ ਸ਼ਰਾਬਣ ਸੀ। 14 ਉਸ ਨੇ ਹੰਨਾਹ ਨੂੰ ਕਿਹਾ, “ਤੈਨੂੰ ਪੀਣ ਲਈ ਬਹੁਤ ਜ਼ਿਆਦੇ ਮਿਲ ਗਈ, ਇਹ ਮੈਅ ਨੂੰ ਦੂਰ ਰੱਖਣ ਦਾ ਸਮਾਂ ਹੈ।”

15 ਹੰਨਾਹ ਨੇ ਆਖਿਆ, “ਹੇ ਸੁਆਮੀ! ਨਾ ਮੈਂ ਕੋਈ ਨਸ਼ਾ ਕੀਤਾ ਹੈ ਨਾ ਮੈਅ ਪੀਤੀ ਹੈ। ਮੈਂ ਤਾਂ ਬੜੀ ਮੁਸੀਬਤ ਵਿੱਚ ਹਾਂ। ਮੈਂ ਤਾਂ ਯਹੋਵਾਹ ਨੂੰ ਆਪਣੀਆਂ ਦੁੱਖਾਂ ਤਕਲੀਫ਼ਾਂ ਬਾਰੇ ਦੱਸ ਰਹੀ ਸੀ। 16 ਮੈਨੂੰ ਬੁਰੀ ਔਰਤ ਨਾ ਸਮਝ। ਮੈਂ ਇੰਨੀ ਲੰਬੀ ਪ੍ਰਾਰਥਨਾ ਇਸ ਲਈ ਕਰ ਰਹੀ ਸਾਂ ਕਿਉਂਕਿ ਮੈਂ ਬੜੀ ਉਦਾਸ ਹਾਂ ਅਤੇ ਮੇਰੇ ਦੁੱਖਾਂ ਦੀ ਕਹਾਣੀ ਬੜੀ ਲੰਬੀ ਹੈ।”

17 ਏਲੀ ਨੇ ਕਿਹਾ, “ਜਾ! ਹੁਣ ਤੂੰ ਸੁੱਖ-ਸ਼ਾਂਤੀ ਨਾਲ ਘਰ ਜਾ। ਇਸਰਾਏਲ ਦਾ ਪਰਮੇਸ਼ੁਰ ਤੇਰੀ ਅਰਜ਼ੋਈ ਪੂਰੀ ਕਰੇ ਜੋ ਤੂੰ ਉਸ ਤੋਂ ਮੰਗੀ ਹੈ।”

18 ਹੰਨਾਹ ਨੇ ਕਿਹਾ, “ਮੈਨੂੰ ਉਮੀਦ ਹੈ ਤੂੰ ਮੇਰੇ ਉੱਪਰ ਮਿਹਰਬਾਨੀ ਨਾਲ ਵੇਖੇਂਗਾ।” ਫ਼ੇਰ ਉਹ ਚੱਲੀ ਗਈ ਅਤੇ ਕੁਝ ਖਾਧਾ। ਉਹ ਹੋਰ ਵੱਧੇਰੇ ਉਦਾਸ ਨਹੀਂ ਸੀ।

19 ਅਗਲੀ ਸਵੇਰ ਅਲਕਾਨਾਹ ਦਾ ਪਰਿਵਾਰ ਉੱਠਿਆ। ਉਨ੍ਹਾਂ ਨੇ ਯਹੋਵਾਹ ਦੀ ਉਪਾਸਨਾ ਕੀਤੀ ਅਤੇ ਰਾਮਾਹ ਵੱਲ ਨੂੰ ਮੁੜ ਗਏ।

ਸਮੂਏਲ ਦਾ ਜਨਮ

ਘਰ ਆਕੇ ਅਲਕਾਨਾਹ ਨੇ ਹੰਨਾਹ ਨਾਲ ਸੰਭੋਗ ਕੀਤਾ ਸੋ ਯਹੋਵਾਹ ਨੇ ਉਸ ਨੂੰ ਚੇਤੇ ਕੀਤਾ। 20 ਤਾਂ ਇੰਝ ਹੋਇਆ ਕਿ ਹੰਨਾਹ ਗਰਭਵਤੀ ਹੋ ਗਈ ਅਤੇ ਉਸੇ ਸਾਲ ਉਸ ਦੇ ਘਰ ਇੱਕ ਪੁੱਤਰ ਪੈਦਾ ਹੋਇਆ ਅਤੇ ਹੰਨਾਹ ਨੇ ਉਸਦਾ ਨਾਂ ਸਮੂਏਲ ਰੱਖਿਆ। ਉਸ ਨੇ ਕਿਹਾ, “ਮੈਂ ਇਸਦਾ ਨਾਮ ਸਮੂਏਲ ਇਸ ਲਈ ਰੱਖਿਆ ਹੈ ਕਿਉਂਕਿ ਇਸ ਨੂੰ ਮੈਂ ਯਹੋਵਾਹ ਤੋਂ ਮੰਗਕੇ ਲਿਆ ਹੈ।”

21 ਉਸ ਵਰ੍ਹੇ ਜਦੋਂ ਅਲਕਾਨਾਹ ਸਾਲਾਨਾ ਬਲੀਆਂ ਅਤੇ ਪਰਮੇਸ਼ੁਰ ਨਾਲ ਕੀਤੇ ਇਕਰਾਰ ਨੂੰ ਪੂਰਾ ਕਰਨ ਲਈ ਸ਼ੀਲੋਹ ਨੂੰ ਗਿਆ। ਉਹ ਆਪਣੇ ਪਰਿਵਾਰ ਨੂੰ ਵੀ ਆਪਣੇ ਨਾਲ ਲੈ ਗਿਆ। 22 ਪਰ ਹੰਨਾਹ ਨਾ ਗਈ। ਉਸ ਨੇ ਅਲਕਾਨਾਹ ਨੂੰ ਕਿਹਾ, “ਜਦੋਂ ਬੱਚਾ ਕੁਝ ਪਦਾਰਥ ਖਾਣ ਯੋਗ ਹੋ ਜਾਵੇਗਾ ਤਾਂ ਮੈਂ ਇਸ ਨੂੰ ਸ਼ੀਲੋਹ ਲੈ ਜਾਵਾਂਗੀ ਅਜੇ ਇਹ ਦੁੱਧ ਪੀਂਦਾ ਬਾਲ ਹੈ। ਫ਼ਿਰ ਮੈਂ ਇਸ ਨੂੰ ਯਹੋਵਾਹ ਨੂੰ ਅਰਪਨ ਕਰ ਦੇਵਾਂਗੀ। ਇਹ ਫ਼ਿਰ ਨਜ਼ੀਰੀ ਹੋਵੇਗਾ ਅਤੇ ਹਮੇਸ਼ਾ ਸ਼ੀਲੋਹ ਵਿੱਚ ਹੀ ਰਹੇਗਾ।”

23 ਹੰਨਾਹ ਦੇ ਪਤੀ ਅਲਕਾਨਾਹ ਨੇ ਉਸ ਨੂੰ ਕਿਹਾ, “ਤੈਨੂੰ ਜਿਵੇਂ ਠੀਕ ਲੱਗਦਾ ਹੈ ਉਵੇਂ ਹੀ ਕਰ। ਜਦ ਤੱਕ ਤੇਰਾ ਪੁੱਤਰ ਠੋਸ ਭੋਜਨ ਖਾਣਾ ਸ਼ੁਰੂ ਨਹੀਂ ਕਰਦਾ ਤੂੰ ਘਰੇ ਰਹਿ ਸੱਕਦੀ ਹੈ। ਯਹੋਵਾਹ ਆਪਣਾ ਬਚਨ ਪੂਰਾ ਕਰੇ।”2 ਇਸ ਲਈ ਉਹ ਓਨੀ ਦੇਰ ਘਰੇ ਹੀ ਰਹੀ ਜਦ ਤੱਕ ਉਸ ਦੇ ਪੁੱਤਰ ਨੇ ਠੋਸ ਭੋਜਨ ਖਾਣਾ ਸ਼ੁਰੂ ਨਾ ਕੀਤਾ।

ਹੰਨਾਹ ਦਾ ਸਮੂਏਲ ਨੂੰ ਏਲੀ ਕੋਲ ਸ਼ੀਲੋਹ ਲੈ ਕੇ ਜਾਣਾ

24 ਜਦੋਂ ਬੱਚਾ ਠੋਸ ਭੋਜਨ ਖਾਣ ਲਈ ਕਾਫ਼ੀ ਵੱਡਾ ਹੋ ਗਿਆ ਹੰਨਾਹ ਉਸ ਨੂੰ ਸ਼ੀਲੋਹ ਵਿੱਚ ਯਹੋਵਾਹ ਦੇ ਘਰ ਲੈ ਗਈ। ਹੰਨਾਹ ਆਪਣੇ ਨਾਲ ਤਿੰਨ ਬਲਦ 20 ਪਾਉਂਡ ਆਟਾ ਅਤੇ ਇੱਕ ਦਾਖ ਦੀ ਬੋਤਲ ਵੀ ਲੈ ਕੇ ਗਈ।

25 ਜਦੋਂ ਉਹ ਯਹੋਵਾਹ ਦੇ ਅੱਗੇ ਹਾਜਰ ਹੋਏ ਤਾਂ ਅਲਕਾਨਾਹ ਨੇ ਯਹੋਵਾਹ ਅੱਗੇ ਬਲੀ ਦੇਣ ਲਈ ਵੱਛੇ ਨੂੰ ਮਾਰਿਆ ਜਿਵੇਂ ਕਿ ਉਹ ਹਰ ਸਾਲ ਕਰਦਾ ਸੀ। ਫ਼ਿਰ ਹੰਨਾਹ ਨੇ ਉਸ ਬਾਲਕ ਨੂੰ ਏਲੀ ਦੇ ਹਵਾਲੇ ਕੀਤਾ। 26 ਹੰਨਾਹ ਨੇ ਏਲੀ ਨੂੰ ਕਿਹਾ, “ਖਿਮਾ ਕਰਨਾ ਸੁਆਮੀ। ਮੈਂ ਉਹੀ ਔਰਤ ਹਾਂ ਜੋ ਤੇਰੇ ਸਾਹਮਣੇ ਉਸ ਦਿਨ ਯਹੋਵਾਹ ਅੱਗੇ ਪ੍ਰਾਰਥਨਾ ਕਰ ਰਹੀ ਸੀ। ਮੈਂ ਕਸਮ ਖਾਦੀ ਹਾਂ ਕਿ ਮੈਂ ਸੱਚ ਆਖ ਰਹੀ ਹਾਂ। 27 ਮੈਂ ਇਸ ਬੱਚੇ ਲਈ ਪ੍ਰਾਰਥਨਾ ਕੀਤੀ ਸੀ ਅਤੇ ਯਹੋਵਾਹ ਨੇ ਮੇਰੀ ਅਰਜ਼ ਸੁਣੀ ਅਤੇ ਪੂਰੀ ਕੀਤੀ ਅਤੇ ਯਹੋਵਾਹ ਨੇ ਮੈਨੂੰ ਇਸ ਬਾਲਕ ਦੀ ਦਾਤ ਬਖਸ਼ੀ। 28 ਅਤੇ ਹੁਣ ਮੈਂ ਇਹ ਬੱਚਾ ਯਹੋਵਾਹ ਨੂੰ ਸੌਂਪਣ ਆਈ ਹਾਂ। ਇਹ ਸਾਰੀ ਉਮਰ ਆਪਣੇ ਯਹੋਵਾਹ ਦੀ ਸੇਵਾ ਕਰੇਗਾ।”

ਤਦ ਹੰਨਾਹ ਦੇ ਬਾਲਕ ਨੂੰ ਉੱਥੇ ਛੱਡਿਆ ਅਤੇ ਯਹੋਵਾਹ ਦੀ ਉਪਾਸਨਾ ਕਰਨ ਲੱਗੀ।

ਹੰਨਾਹ ਦਾ ਧੰਨਵਾਦ ਦਾ ਗੀਤ

ਹੰਨਾਹ ਨੇ ਆਖਿਆ:

“ਮੇਰਾ ਦਿਲ ਯਹੋਵਾਹ ਤੋਂ ਬਹੁਤ ਪ੍ਰਸੰਨ ਹੈ!
    ਮੈਂ ਯਹੋਵਾਹ ਵਿੱਚ ਬਹੁਤ ਤਕੜਾ ਮਹਿਸੂਸ ਕਰਦੀ ਹਾਂ।
ਮੈਂ ਬਹੁਤ ਖੁਸ਼ ਹਾਂ ਕਿਉਂਕਿ ਤੂੰ ਮੇਰੀ ਮਦਦ ਕੀਤੀ
    ਅਤੇ ਮੈਂ ਆਪਣੇ ਦੁਸ਼ਮਣਾ ਉੱਤੇ ਹੱਸਦੀ ਹਾਂ! [f]

ਯਹੋਵਾਹ ਵਰਗਾ ਪਵਿੱਤਰ ਹੋਰ ਕੋਈ ਨਹੀਂ ਹੈ,
    ਤੇਰੇ ਸਿਵਾਏ ਹੋਰ ਕੋਈ ਦੂਜਾ ਪਰਮੇਸ਼ੁਰ ਨਹੀਂ ਹੈ!
    ਸਾਡੇ ਪਰਮੇਸ਼ੁਰ ਵਰਗੀ ਕੋਈ ਚੱਟਾਨ ਹੋਰ ਨਹੀਂ।

ਏਡੇ ਹੰਕਾਰ ਦੀਆਂ ਗੱਲਾਂ ਨਾ ਆਖ!
    ਏਡੇ ਆਕੜ ਦੀ ਗੱਲ ਮੂੰਹੋਂ ਨਾ ਕੱਢ!
ਕਿਉਂਕਿ ਯਹੋਵਾਹ ਪਰਮੇਸ਼ੁਰ ਜਾਨੀ-ਜਾਨ ਹੈ।
    ਉਹ ਸਭ ਕਰਤਾ ਅਤੇ ਚਾਲਕ ਸਭ ਦਾ ਨਿਆਂ ਕਰਦਾ ਹੈ।
ਤਾਕਤਵਰ ਯੋਧਿਆਂ ਦੇ ਧਨੁੱਖ ਟੁੱਟ ਗਏ ਹਨ
    ਅਤੇ ਕਮਜ਼ੋਰ ਲੋਕ ਬਲਵਾਨ ਹੋ ਗਏ ਹਨ।
ਜਿਨ੍ਹਾਂ ਲੋਕਾਂ ਕੋਲ ਅਤੀਤ ਵਿੱਚ ਢੇਰ ਸਾਰਾ ਭੋਜਨ ਸੀ,
    ਹੁਣ ਉਨ੍ਹਾਂ ਨੂੰ ਆਪਣੇ ਭੋਜਨ ਲਈ ਕੰਮ ਕਰਨਾ ਪਵੇਗਾ।
ਪਰ ਜਿਨ੍ਹਾਂ ਨੇ ਅਤੀਤ ਵਿੱਚ ਭੁੱਖ ਕੱਟੀ ਹੈ ਹੁਣ ਪੂਰਨ ਭੋਜਨ ਖਾ ਰਹੇ ਹਨ।
    ਜਿਹੜੀ ਔਰਤ ਬੱਚੇ ਨਾ ਜਣ ਸੱਕੀ ਹੁਣ ਉਸ ਕੋਲ ਸੱਤ ਬੱਚੇ ਹਨ,
ਪਰ ਜਿਸ ਔਰਤ ਕੋਲ ਅਨੇਕਾਂ ਬੱਚੇ
    ਸਨ ਹੁਣ ਉਦਾਸ ਅਤੇ ਦੁੱਖੀ ਹੈ।

ਯਹੋਵਾਹ ਲੋਕਾਂ ਲਈ ਮੌਤ ਲਿਆਉਂਦਾ
    ਅਤੇ ਉਹ ਉਨ੍ਹਾਂ ਨੂੰ ਜਿਉਣ ਦਿੰਦਾ।
ਯਹੋਵਾਹ ਹੀ ਲੋਕਾਂ ਨੂੰ ਕਬਰ ਵਿੱਚ ਭੇਜਦਾ
    ਅਤੇ ਫ਼ੇਰ ਤੋਂ ਜੀਵਨ ਵੱਲ ਉਭਾਰਦਾ ਹੈ।
ਯਹੋਵਾਹ ਕੁਝ ਲੋਕਾਂ ਨੂੰ ਗਰੀਬ ਬਨਾਉਂਦਾ
    ਅਤੇ ਉਹ ਕਈਆਂ ਨੂੰ ਅਮੀਰ ਬਣਾਉਂਦਾ ਹੈ।
ਉਹ ਕੁਝ ਲੋਕਾਂ ਨੂੰ ਨੀਵਾਂ ਕਰਦਾ ਹੈ
    ਅਤੇ ਕੁਝ ਲੋਕਾਂ ਨੂੰ ਆਪਣੇ ਸਮੇਂ ਵਿੱਚ ਉੱਚਾ ਚੁੱਕਦਾ ਹੈ।
ਗਰੀਬਾਂ ਨੂੰ ਯਹੋਵਾਹ ਜ਼ਮੀਨ ਤੋਂ ਚੁੱਕਦਾ ਹੈ।
    ਉਹ ਗਰੀਬ ਲੋਕਾਂ ਨੂੰ ਸੁਆਹ ਦੀ ਢੇਰੀ ਤੋਂ ਚੁੱਕਦਾ ਹੈ।
ਉਹ ਗਰੀਬਾਂ ਨੂੰ ਸ਼ਹਿਜ਼ਾਦਿਆਂ ਨਾਲ
    ਅਤੇ ਇੱਜ਼ਤਦਾਰ ਜਗ਼੍ਹਾਵਾਂ ਉੱਤੇ ਬਿਠਾਉਂਦਾ ਹੈ।
ਯਹੋਵਾਹ ਨੇ ਸਾਰੀ ਦੁਨੀਆਂ ਨੂੰ ਸਾਜਿਆ!
    ਸਾਰੀ ਦੁਨਿਆਂ ਉਸਦੀ ਹੈ।

ਯਹੋਵਾਹ ਆਪਣੇ ਪਵਿੱਤਰ ਲੋਕਾਂ ਦੀ ਰੱਖਿਆ ਕਰਦਾ ਹੈ
    ਉਹ ਉਨ੍ਹਾਂ ਨੂੰ ਲੜਖੜ੍ਹਾਉਣ ਤੋਂ ਬਚਾਉਂਦਾ ਹੈ
ਪਰ ਦੁਸ਼ਟ ਮਾਰੇ ਜਾਣਗੇ ਉਹ ਹਨੇਰੇ
    ਵਿੱਚ ਸੁੱਟੇ ਜਾਣਗੇ ਉਨ੍ਹਾਂ ਦੀ ਤਾਕਤ ਉਨ੍ਹਾਂ ਨੂੰ ਜੇਤੂ ਨਾ ਕਰ ਸੱਕੇਗੀ।
10 ਯਹੋਵਾਹ ਆਪਣੇ ਵੈਰਿਆਂ ਦਾ ਨਾਸ਼ ਕਰਦਾ ਹੈ,
    ਅੱਤ ਉੱਚ ਪਰਮੇਸ਼ੁਰ ਆਕਾਸ਼ ਵੱਲੋਂ ਉਨ੍ਹਾਂ ਉੱਤੇ ਗਰਜੇਗਾ।
ਯਹੋਵਾਹ ਧਰਤੀ ਦੀਆਂ ਹੱਦਾਂ ਦਾ ਨਿਆਉਂ ਕਰੇਗਾ ਉਹ ਆਪਣੇ ਪਾਤਸ਼ਾਹ ਨੂੰ ਜ਼ੋਰ ਦੇਵੇਗਾ
    ਉਹ ਆਪਣੇ ਪਾਤਸ਼ਾਹ ਨੂੰ ਜ਼ੋਰ ਦੇਵੇਗਾ
    ਉਹ ਆਪਣੇ ਪਾਤਸ਼ਾਹ ਨੂੰ ਖਾਸ ਮਸੀਹ ਦੀ ਤਾਕਤ ਉੱਤੇ ਜ਼ੋਰ ਨੂੰ ਖਾਸਾ ਉੱਚਾ ਕਰੇਗਾ।”

11 ਅਲਕਾਨਾਹ ਅਤੇ ਉਸਦਾ ਪਰਿਵਾਰ ਆਪਣੇ ਘਰ ਰਾਮਾਹ ਨੂੰ ਪਰਤ ਗਏ। ਉਹ ਬਾਲਕ ਸ਼ੀਲੋਹ ਵਿੱਚ ਹੀ ਰਿਹਾ ਅਤੇ ਏਲੀ ਜਾਜਕ ਦੇ ਥੱਲੇ ਯਹੋਵਾਹ ਦੀ ਟਹਿਲ ਕਰਦਾ ਰਿਹਾ।

ਏਲੀ ਦੇ ਦੁਸ਼ਟ ਪੁੱਤਰ

12 ਏਲੀ ਦੇ ਪੁੱਤਰ ਦੁਸ਼ਟ ਆਦਮੀ ਸਨ। ਉਨ੍ਹਾਂ ਨੇ ਲਾਪਰਵਾਹੀ ਅਤੇ ਯਹੋਵਾਹ ਵੱਲ ਅਤੇ ਉਸ ਦੀਆਂ ਬਿਧੀਆਂ ਵੱਲ ਅਨਾਦਰ ਦਾ ਵਿਖਾਵਾ ਕੀਤਾ। 13 ਉਹ ਇਹ ਵੀ ਪਰਵਾਹ ਨਹੀਂ ਸੀ ਕਰਦੇ ਕਿ ਜਾਜਕਾਂ ਨੂੰ ਲੋਕਾਂ ਨਾਲ ਕਿਵੇਂ ਦਾ ਵਿਵਹਾਰ ਕਰਨਾ ਚਾਹੀਦਾ ਹੈ। ਜਦ ਕਿ ਜਾਜਕਾਂ ਦੀ ਇਹ ਰੀਤ ਹੈ ਕਿ ਉਹ ਲੋਕਾਂ ਨਾਲ ਕਿਵੇਂ ਦਾ ਵਤੀਰਾ ਕਰਨ: ਹਰ ਵਾਰ ਜਦੋਂ ਕੋਈ ਮਨੁੱਖ ਬਲੀ ਲਿਆਉਂਦਾ ਹੈ, ਤਾਂ ਜਾਜਕ ਦਾ ਇਹ ਕੰਮ ਹੈ ਕਿ ਉਹ ਮਾਸ ਨੂੰ ਉੱਬਲਦੇ ਪਾਣੀ ਦੀ ਦੇਗ ਵਿੱਚ ਪਾਵੇ ਅਤੇ ਫ਼ਿਰ ਜਾਜਕ ਦੇ ਟਹਿਲੂਏ ਇੱਕ ਖਾਸ ਕਿਸਮ ਦਾ ਕਾਂਟਾ, ਤ੍ਰਿਸ਼ੂਲ ਵਰਗਾ, ਲੈ ਕੇ ਆਉਣ, 14 ਅਤੇ ਉਹ ਉਸ ਤ੍ਰਿਸ਼ੂਲ ਨੁਮਾ ਕਾਂਟੇ ਨਾਲ ਕੁਝ ਮਾਸ ਉਸ ਦੇਗ ਵਿੱਚੋਂ ਕੱਢਣ ਅਤੇ ਜਾਜਕ ਸਿਰਫ਼ ਉਹੀ ਮਾਸ ਲਵੇ ਜਿਹੜਾ ਟਹਿਲੂਆਂ ਨੇ ਉਸ ਕਾਂਟੇ ਵਿੱਚ ਕੱਢਿਆ ਜਾਂ ਲਾਹਿਆ ਹੋਵੇ। ਉਹ ਸ਼ੀਲੋਹ ਵਿੱਚ ਸਭਨਾ ਇਸਰਾਏਲੀਆਂ ਨਾਲ ਜੋ ਉੱਥੇ ਜਾਂਦੇ ਸਨ ਬਲੀ ਭੇਟ ਕਰਨ ਲਈ ਉਨ੍ਹਾਂ ਨਾਲ ਜਾਜਕ ਅਜਿਹਾ ਕਰਦੇ ਸਨ। 15 ਪਰ ਏਲੀ ਦੇ ਪੁੱਤਰਾਂ ਨੇ ਅਜਿਹਾ ਨਾ ਕੀਤਾ। ਅਜਿਹਾ ਵੀ ਹੁੰਦਾ ਸੀ ਕਿ ਉਨ੍ਹਾਂ ਦੀ ਜਗਵੇਦੀ ਉੱਤੇ ਚਰਬੀ ਸੜਨ ਤੋਂ ਪਹਿਲਾਂ ਜਾਜਕ ਜਾਂ ਸੇਵਕ ਆਉਂਦਾ ਸੀ, ਅਤੇ ਜਿਸਨੇ ਭੇਟ ਚੜ੍ਹਾਈ ਹੋਵੇ, ਉਸ ਮਨੁੱਖ ਨੂੰ ਆਖਦਾ ਸੀ ਕਿ ਜਾਜਕ ਨੂੰ ਭੁੰਨਣ ਲਈ ਮਾਸ ਦੇ ਕਿਉਂਕਿ ਉਹ ਤੇਰੇ ਕੋਲੋਂ ਰਿੱਝਿਆ ਹੋਇਆ ਮਾਸ ਨਹੀਂ ਸਗੋਂ ਕੱਚਾ ਮਾਸ ਲੈਂਦੇ ਹਨ।

16 ਅਤੇ ਜੇਕਰ ਕੋਈ ਆਦਮੀ ਬਲੀ ਭੇਟ ਕਰਨ ਵਾਲਾ ਇਹ ਆਖੇ ਕਿ, “ਪਹਿਲਾਂ ਚਰਬੀ ਸਾੜ [g] ਫ਼ਿਰ ਤੂੰ ਜੋ ਚਾਹੇ ਲੈ।” ਤਾਂ ਜਾਜਕ ਦੇ ਸੇਵਕ ਆਖਦੇ, “ਨਹੀਂ! ਪਹਿਲਾਂ ਸਾਨੂੰ ਮਾਸ ਦੇ। ਜੇਕਰ ਤੂੰ ਮੈਨੂੰ ਨਹੀਂ ਦੇਵੇਗਾ ਤਾਂ ਮੈਂ ਤੇਰੇ ਕੋਲੋਂ ਖੋਹਕੇ ਲੈ ਲਵਾਂਗਾ।”

17 ਇਸ ਤਰ੍ਹਾਂ ਹਾਫ਼ਨੀ ਅਤੇ ਫ਼ਿਨੀਹਾਸ ਨੇ ਯਹੋਵਾਹ ਅੱਗੇ ਆਈ ਭੇਟ ਵਿੱਚ ਆਪਣੀ ਕੋਈ ਰੁਚੀ ਨਾ ਵਿਖਾਈ ਨਾ ਸਤਿਕਾਰ ਵਿਖਾਇਆ ਅਤੇ ਇਹ ਯਹੋਵਾਹ ਦੇ ਵਿਰੋਧ ਵਿੱਚ ਬਹੁਤ ਵੱਡਾ ਪਾਪ ਸੀ।

18 ਪਰ ਸਮੂਏਲ ਨੇ ਯਹੋਵਾਹ ਦੀ ਪੂਰੀ ਟਹਿਲ ਸੇਵਾ ਕੀਤੀ। ਉਹ ਲਿਨਨ ਦਾ ਏਫ਼ੋਦ ਪਾਕੇ ਸੇਵਾ ਕਰਦਾ ਹੁੰਦਾ ਸੀ। ਹਰ ਸਾਲ ਸਮੂਏਲ ਦੀ ਮਾਂ ਉਸ ਲਈ ਛੋਟਾ ਜਿਹਾ ਇੱਕ ਚੋਗਾ ਬਣਾਕੇ ਲਿਆਉਂਦੀ। 19 ਹਰ ਸਾਲ ਜਦੋਂ ਉਹ ਆਪਣੇ ਪਤੀ ਨਾਲ ਸ਼ੀਲੋਹ ਬਲੀ ਦੀ ਭੇਟ ਕਰਨ ਜਾਂਦੀ ਤਾਂ ਸਮੂਏਲ ਲਈ ਕੱਪੜੇ ਦਾ ਇੱਕ ਚੋਗਾ ਬਣਾਕੇ ਲੈ ਕੇ ਜਾਂਦੀ।

20 ਏਲੀ ਅਲਕਾਨਾਹ ਅਤੇ ਉਸਦੀ ਪਤਨੀ ਨੂੰ ਆਸ਼ੀਰਵਾਦ ਦੇਕੇ ਇਹ ਕਹਿੰਦਾ, “ਯਹੋਵਾਹ ਤੈਨੂੰ ਹੰਨਾਹ ਤੋਂ ਜੁਆਕਾਂ ਨਾਲ ਪੁਰਸੱਕਰਿਤ ਕਰੇ। ਇਹ ਬੱਚੇ ਉਸ ਪੁੱਤਰ ਦੀ ਜਗ਼੍ਹਾ ਪਾਉਣ ਜਿਸ ਲਈ ਹੰਨਾਹ ਨੇ ਪ੍ਰਾਰਥਨਾ ਕੀਤੀ ਹੈ ਅਤੇ ਯਹੋਵਾਹ ਨੂੰ ਦੇ ਦਿੱਤਾ।”

ਫ਼ੇਰ ਅਲਕਾਨਾਹ ਅਤੇ ਹੰਨਾਹ ਵਾਪਸ ਘਰ ਨੂੰ ਮੁੜ ਆਉਂਦੇ। 21 ਯਹੋਵਾਹ ਹੰਨਾਹ ਉੱਤੇ ਦਿਆਲ ਸੀ। ਫ਼ਿਰ ਉਸ ਦੇ ਘਰ ਤਿੰਨ ਪੁੱਤਰ ਅਤੇ ਦੋ ਧੀਆਂ ਨੇ ਜਨਮ ਲਿਆ ਅਤੇ ਸਮੂਏਲ ਯਹੋਵਾਹ ਦੇ ਕੋਲ ਪਵਿੱਤਰ ਅਸਥਾਨ ਉੱਪਰ ਹੀ ਵੱਡਾ ਹੋਇਆ।

ਏਲੀ ਆਪਣੇ ਬਦ ਬੱਚਿਆਂ ਉੱਤੇ ਕਾਬੂ ਨਾ ਪਾ ਸੱਕਿਆ

22 ਏਲੀ ਬਹੁਤ ਬੁੱਢਾ ਹੋ ਗਿਆ ਸੀ ਅਤੇ ਸ਼ਿਲੋਹ ਵਿੱਚ ਇਸਰਾਏਲੀਆਂ ਬਾਰੇ ਆਪਣੇ ਪੁੱਤਰਾਂ ਦੀਆਂ ਬਦ ਕਰਨੀਆਂ ਬਾਰੇ ਸੁਣਦਾ ਰਹਿੰਦਾ। ਉਸ ਨੂੰ ਇਹ ਵੀ ਖਬਰ ਮਿਲੀ ਕਿ ਉਹ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ ਦੁਆਰ ਉੱਤੇ ਉਨ੍ਹਾਂ ਔਰਤਾਂ ਨਾਲ ਵੀ ਸੌਁਦੇ ਸਨ ਜਿਹੜੀਆਂ ਯਹੋਵਾਹ ਲਈ ਭੇਟਾ ਲਿਆਉਣ ਲਈ ਇਕੱਠੀਆਂ ਹੁੰਦੀਆਂ ਸਨ।

23 ਏਲੀ ਨੇ ਆਪਣੇ ਪੁੱਤਰ ਨੂੰ ਕਿਹਾ, “ਤੁਸੀਂ ਜੋ ਕੁਝ ਕਰਤੂਤਾਂ ਕਰਦੇ ਹੋ ਲੋਕਾਂ ਨੇ ਮੈਨੂੰ ਸਭਨਾ ਬਾਰੇ ਦੱਸਿਆ ਹੈ। ਤੁਸੀਂ ਅਜਿਹੇ ਕੁਕਰਮ ਭਲਾ ਕਿਉਂ ਕਰਦੇ ਹੋ? 24 ਪੁੱਤਰੋ! ਤੁਹਾਨੂੰ ਅਜਿਹੇ ਕੁਕਰਮ ਨਹੀਂ ਕਰਨੇ ਚਾਹੀਦੇ। ਪਰਮੇਸ਼ੁਰ ਦੇ ਭਗਤ ਤੁਹਾਡੇ ਬਾਰੇ ਬਹੁਤ ਬੁਰਾ ਆਖ ਰਹੇ ਹਨ। 25 ਜੇਕਰ ਕੋਈ ਇੱਕ ਮਨੁੱਖ ਦੂਜੇ ਨਾਲ ਬੁਰਾ ਕਰੇ, ਪਰਮੇਸ਼ੁਰ ਭਾਵੇਂ ਉਸਦੀ ਮਦਦ ਕਰ ਦੇਵੇ ਪਰ ਜੇਕਰ ਕੋਈ ਮਨੁੱਖ ਯਹੋਵਾਹ ਨਾਲ ਹੀ ਵੈਰ ਕਮਾਏ ਤਾਂ ਉਸ ਮਨੁੱਖ ਨੂੰ ਕੌਣ ਬਚਾਵੇ?”

ਪਰ ਏਲੀ ਦੇ ਪੁੱਤਰਾਂ ਨੇ ਉਸਦੀ ਕੁਝ ਨਾ ਸੁਣੀ, ਨਾ ਮੰਨੀ। ਇਸ ਲਈ ਯਹੋਵਾਹ ਨੇ ਏਲੀ ਦੇ ਪੁੱਤਰਾਂ ਨੂੰ ਮਾਰਨ ਦਾ ਨਿਸ਼ਚਾ ਕੀਤਾ।

26 ਸਮੂਏਲ ਵੱਡਾ ਹੁੰਦਾ ਗਿਆ ਅਤੇ ਉਹ ਪਰਮੇਸ਼ੁਰ ਤੋਂ ਅਤੇ ਲੋਕਾਂ ਤੋਂ ਇੱਜ਼ਤ ਪ੍ਰਾਪਤ ਕਰ ਰਿਹਾ ਸੀ।

ਏਲੀ ਦੇ ਪਰਿਵਾਰ ਲਈ ਭਿਅੰਕਰ ਭਵਿੱਖਬਾਣੀ

27 ਪਰਮੇਸ਼ੁਰ ਦੇ ਇੱਕ ਨਬੀ ਨੇ ਏਲੀ ਕੋਲ ਆਕੇ ਆਖਿਆ, “ਯਹੋਵਾਹ ਤੈਨੂੰ ਇਹ ਆਖਦਾ ਹੈ, ‘ਤੇਰੇ ਪੁਰਖੇ ਮਿਸਰ ਵਿੱਚ ਗੁਲਾਮ ਸਨ, ਪਰ ਮੈਂ ਉਨ੍ਹਾਂ ਨੂੰ ਆਪਣਾ-ਆਪ ਪ੍ਰਕਾਸ਼ਿਤ ਕੀਤਾ ਜਦੋਂ ਉਹ ਫ਼ਿਰਊਨ ਦੇ ਗੁਲਾਮ ਸਨ। 28 ਮੈਂ ਸਾਰੇ ਇਸਰਾਏਲੀ ਪਰਿਵਾਰਾਂ ਵਿੱਚੋਂ ਤੇਰੇ ਪਰਿਵਾਰ ਦੇ ਕੁਟੁੰਬ ਨੂੰ ਚੁਣਿਆ। ਮੈਂ ਤੇਰੇ ਪਰਿਵਾਰ ਦੇ ਬੰਦਿਆਂ ਨੂੰ ਆਪਣੇ ਜਾਜਕਾਂ ਵਜੋਂ ਚੁਣਿਆ ਅਤੇ ਮੈਂ ਆਪਣੀ ਜਗਵੇਦੀ ਉੱਤੇ ਬਲੀ ਭੇਟ ਕਰਨ ਲਈ ਉਨ੍ਹਾਂ ਨੂੰ ਚੁਣਿਆ। ਮੈਂ ਉਨ੍ਹਾਂ ਨੂੰ ਧੂਫ਼ ਜਗਾਉਣ ਅਤੇ ਏਫ਼ੋਦ ਪਾਉਣ ਲਈ ਚੁਣਿਆ। ਅਤੇ ਇਸਰਾਏਲੀ ਲੋਕ ਜਿਹੜੀਆਂ ਬਲੀਆਂ ਚੜ੍ਹਾਉਂਦੇ ਸਨ ਉਨ੍ਹਾਂ ਵਿੱਚੋਂ ਮੈਂ ਤੇਰੇ ਪਰਿਵਾਰ ਦੇ ਲੋਕਾਂ ਨੂੰ ਮਾਸ ਛਕਣ ਦਾ ਹੱਕ ਦਿੱਤਾ। 29 ਤਾਂ ਫ਼ਿਰ ਤੂੰ ਬਲੀਆਂ ਅਤੇ ਸੁਗਾਤਾਂ ਦਾ ਸਂਮਾਨ ਕਿਉਂ ਨਾ ਕੀਤਾ? ਤੂੰ ਆਪਣੇ ਪੁੱਤਰਾਂ ਨੂੰ ਮੇਰੇ ਤੋਂ ਵੱਧ ਸੰਮਾਨ ਦਿੰਦਾ ਹੈ ਅਤੇ ਉਸ ਮਾਸ ਦੇ ਸਭ ਤੋਂ ਵੱਧੀਆਂ ਹਿੱਸੇ ਖਾਕੇ ਮੋਟਾ ਹੋ ਗਿਆ ਹੈਂ ਜੋ ਇਸਰਾਏਲੀ ਮੇਰੇ ਕੋਲ ਲਿਆਉਂਦੇ ਹਨ।’

Punjabi Bible: Easy-to-Read Version (ERV-PA)

2010 by World Bible Translation Center