Bible in 90 Days
27 “ਜੇ ਤੁਸੀਂ ਫ਼ੇਰ ਵੀ ਮੇਰੀ ਗੱਲ ਵੱਲ ਧਿਆਨ ਨਹੀਂ ਦਿਉਂਗੇ ਅਤੇ ਜੇ ਤੁਸੀਂ ਮੇਰੇ ਖਿਲਾਫ਼ ਹੋ ਜਾਵੋਂਗੇ, 28 ਤਾਂ ਮੈਂ ਸੱਚਮੁੱਚ ਆਪਣਾ ਕਰੋਧ ਦਰਸਾਵਾਂਗਾ। ਮੈਂ-ਮੈਂ ਯਹੋਵਾਹ ਹਾਂ-ਤੁਹਾਨੂੰ ਤੁਹਾਡੇ ਪਾਪਾਂ ਲਈ ਸੱਤ ਗੁਣਾ ਸਜ਼ਾ ਦਿਆਂਗਾ। 29 ਤੁਸੀਂ ਇੰਨੇ ਭੁੱਖੇ ਹੋ ਜਾਉਂਗੇ ਕਿ ਤੁਸੀਂ ਆਪਣੇ ਪੁੱਤਰਾਂ, ਧੀਆਂ ਦੇ ਸਰੀਰਾਂ ਨੂੰ ਖਾ ਜਾਉਂਗੇ। 30 ਮੈਂ ਤੁਹਾਡੀਆਂ ਉੱਚੀਆਂ ਥਾਵਾਂ ਨਸ਼ਟ ਕਰ ਦਿਆਂਗਾ ਅਤੇ ਤੁਹਾਡੀਆਂ ਧੂਪ ਦੀਆਂ ਜਗਵੇਦੀਆਂ ਚੀਰ ਸੁੱਟਾਂਗਾ। ਮੈਂ ਤੁਹਾਡੀਆਂ ਲਾਸ਼ਾਂ ਨੂੰ ਤੁਹਾਡੇ ਬੁੱਤਾਂ ਦੀਆਂ ਲਾਸ਼ਾਂ ਉੱਤੇ ਸੁੱਟ ਦਿਆਂਗਾ। ਤੁਸੀਂ ਮੇਰੇ ਲਈ ਬਹੁਤ ਘਿਰਣਾਯੋਗ ਹੋਵੋਂਗੇ। 31 ਮੈਂ ਤੁਹਾਡੇ ਸ਼ਹਿਰ ਤਬਾਹ ਕਰ ਦਿਆਂਗਾ। ਮੈਂ ਤੁਹਾਡੇ ਪਵਿੱਤਰ ਸਥਾਨਾਂ ਨੂੰ ਸਖਣੇ ਕਰ ਦਿਆਂਗਾ। ਮੈਂ ਤੁਹਾਡੀ ਭੇਟ ਦੀ ਸੁਗੰਧੀ ਲੈਣੀ ਬੰਦ ਕਰ ਦਿਆਂਗਾ। 32 ਮੈਂ ਤੁਹਾਡੀ ਧਰਤੀ ਖਾਲੀ ਕਰ ਦਿਆਂਗਾ ਅਤੇ ਤੁਹਾਡੇ ਦੁਸ਼ਮਣ ਉੱਥੇ ਆਕੇ ਰਹਿਣਗੇ, ਉਹ ਹੈਰਾਨ ਹੋ ਜਾਣਗੇ। 33 ਮੈਂ ਤੁਹਾਨੂੰ ਕੌਮਾਂ ਦਰਮਿਆਨ ਖਿੰਡਾ ਦਿਆਂਗਾ। ਮੈਂ ਆਪਣੀ ਤਲਵਾਰ ਨੂੰ ਮਿਆਨੋ ਖਿੱਚਾਂਗਾ ਅਤੇ ਤੁਹਾਨੂੰ ਨਸ਼ਟ ਕਰ ਦਿਆਂਗਾ। ਤੁਹਾਡੀ ਧਰਤੀ ਖਾਲੀ ਹੋ ਜਾਵੇਗੀ ਅਤੇ ਤੁਹਾਡੇ ਸ਼ਹਿਰ ਬਰਬਾਦ ਹੋ ਜਾਣਗੇ।
34 “ਤੁਹਾਨੂੰ ਤੁਹਾਡੇ ਦੁਸ਼ਮਣ ਦੇ ਦੇਸ਼ ਲਿਜਾਇਆ ਜਾਵੇਗਾ। ਤੁਹਾਡਾ ਦੇਸ਼ ਸੱਖਣਾ ਹੋ ਜਾਵੇਗਾ। ਇਸ ਤਰ੍ਹਾਂ ਤੁਹਾਡੀ ਧਰਤੀ ਆਖਰਕਾਰ ਆਪਣਾ ਆਰਾਮ ਹਾਸਲ ਕਰੇਗੀ। ਧਰਤੀ ਆਪਣੇ ਆਰਾਮ ਦੇ ਸਮੇਂ ਨੂੰ ਮਾਣੇਗੀ। 35 ਉਸ ਸਮੇਂ ਦੌਰਾਨ, ਜਦੋਂ ਧਰਤੀ ਖਾਲੀ ਹੋਵੇਗੀ, ਇਸ ਨੂੰ ਆਪਣੇ ਅਰਾਮ ਦਾ ਸਮਾਂ ਮਿਲੇਗਾ ਜਿਹੜੀ ਤੁਸੀਂ ਉੱਥੇ ਰਹਿੰਦਿਆਂ ਹੋਇਆਂ ਇਸ ਨੂੰ ਨਹੀਂ ਦਿੱਤਾ ਸੀ। 36 ਬਚੇ ਹੋਏ ਲੋਕ ਆਪਣੇ ਦੁਸ਼ਮਣਾਂ ਦੀ ਧਰਤੀ ਤੇ ਆਪਣੀ ਆਤਮ ਵਿਸ਼ਵਾਸ ਹਾਰ ਜਾਣਗੇ ਅਤੇ ਉਹ ਹਰ ਚੀਜ਼ ਤੋਂ ਡਰਨਗੇ। ਹਵਾ ਦੁਆਰਾ ਉਡਾਏ ਹੋਏ ਪੱਤੇ ਦੀ ਅਵਾਜ਼ ਵੀ ਉਨ੍ਹਾਂ ਨੂੰ ਡਰਾ ਦੇਵੇਗੀ। ਉਹ ਭੱਜਣਗੇ ਅਤੇ ਡਿੱਗ ਪੈਣਗੇ ਜਿਵੇਂ ਕੋਈ ਤਲਵਾਰ ਲੈ ਕੇ ਉਨ੍ਹਾਂ ਦੇ ਪਿੱਛੇ ਪਿਆ ਹੋਵੇ ਭਾਵੇਂ ਕੋਈ ਵੀ ਉਨ੍ਹਾਂ ਨੂੰ ਨਹੀਂ ਭਜਾ ਰਿਹਾ ਹੋਵੇਗਾ। 37 ਉਹ ਇੱਕ ਦੂਜੇ ਉੱਤੇ ਡਿੱਗਣਗੇ ਜਿਵੇਂ ਕਿ ਤਲਵਾਰ ਤੋਂ ਬਚ ਰਹੇ ਹੋਣ-ਭਾਵੇਂ ਕੋਈ ਵੀ ਉਨ੍ਹਾਂ ਨੂੰ ਨਹੀਂ ਭਜਾ ਰਿਹਾ ਹੋਵੇਗਾ।
“ਤੁਸੀਂ ਆਪਣੇ ਦੁਸ਼ਮਣਾਂ ਦੇ ਵਿਰੁੱਧ ਖਲੋ ਸੱਕਣ ਜਿੰਨੇ ਵੀ ਤਾਕਤਵਰ ਨਹੀਂ ਹੋਵੋਂਗੇ। 38 ਤੁਸੀਂ ਦੂਸਰੀਆਂ ਕੌਮਾਂ ਵਿੱਚ ਗੁਆਚ ਜਾਵੋਂਗੇ। ਤੁਸੀਂ ਆਪਣੇ ਦੁਸ਼ਮਣਾਂ ਦੀ ਧਰਤੀ ਅੰਦਰ ਗਾਇਬ ਹੋ ਜਾਵੋਂਗੇ। 39 ਬਚੇ ਹੋਏ ਲੋਕ ਆਪਣੇ ਦੁਸ਼ਮਣਾਂ ਦੇ ਦੇਸ਼ਾਂ ਅੰਦਰ ਆਪਣੇ ਪਾਪਾਂ ਕਾਰਣ ਸੜ ਜਾਣਗੇ। ਉਹ ਆਪਣੇ ਪੁਰਖਿਆਂ ਦੇ ਪਾਪਾਂ ਕਾਰਣ ਸੜ ਜਾਣਗੇ। [a]
ਉਮੀਦ ਹਮੇਸ਼ਾ ਰਹਿੰਦੀ ਹੈ
40 “ਪਰ ਹੋ ਸੱਕਦਾ ਹੈ ਕਿ ਲੋਕ ਆਪਣੇ ਪਾਪਾਂ ਦਾ ਇਕਰਾਰ ਕਰ ਲੈਣ। ਅਤੇ ਹੋ ਸੱਕਦਾ ਹੈ ਕਿ ਉਹ ਆਪਣੇ ਪੁਰਖਿਆਂ ਦੇ ਪਾਪਾਂ ਨੂੰ ਵੀ ਕਬੂਲ ਲੈਣ ਕਿ ਉਹ ਮੇਰੇ ਵੱਲ ਬੇਵਫ਼ਾ ਸਨ ਅਤੇ ਹੋ ਸੱਕਦਾ ਹੈ ਕਿ ਉਹ ਮੰਨ ਲੈਣ ਕਿ ਉਹ ਮੇਰੇ ਖਿਲਾਫ਼ ਸਨ। 41 ਹੋ ਸੱਕਦਾ ਹੈ ਕਿ ਉਹ ਮੰਨ ਲੈਣ ਕਿ ਮੈਂ ਉਨ੍ਹਾਂ ਦੇ ਵਿਰੁੱਧ ਹੋ ਗਿਆ ਸਾਂ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਦੁਸ਼ਮਣਾਂ ਦੀ ਧਰਤੀ ਅੰਦਰ ਲੈ ਆਇਆ ਸਾਂ। ਪਰ ਹੋ ਸੱਕਦਾ ਹੈ ਕਿ ਉਹ ਨਿਮਾਣੇ ਬਣ ਜਾਣ ਅਤੇ ਆਪਣੇ ਪਾਪਾਂ ਦੀ ਸਜ਼ਾ ਨੂੰ ਪ੍ਰਵਾਨ ਕਰ ਲੈਣ। 42 ਜੇ ਉਹ ਅਜਿਹਾ ਕਰਨਗੇ, ਮੈਂ ਯਾਕੂਬ ਨਾਲ ਕੀਤੇ ਆਪਣੇ ਇਕਰਾਰਨਾਮੇ ਨੂੰ, ਇਸਹਾਕ ਨਾਲ ਕੀਤੇ ਆਪਣੇ ਇਕਰਾਰਨਾਮੇ ਨੂੰ ਅਤੇ ਅਬਰਾਹਾਮ ਨਾਲ ਕੀਤੇ ਆਪਣੇ ਇਕਰਾਰਨਾਮੇ ਨੂੰ ਚੇਤੇ ਕਰਾਂਗਾ। ਅਤੇ ਮੈਂ ਧਰਤੀ ਨੂੰ ਚੇਤੇ ਕਰਾਂਗਾ।
43 “ਧਰਤੀ ਉਨ੍ਹਾਂ (ਲੋਕਾਂ) ਤੋਂ ਖਾਲੀ ਹੋਵੇਗੀ ਅਤੇ ਧਰਤੀ ਆਪਣੇ ਆਰਾਮ ਦੇ ਸਮੇਂ ਨੂੰ ਮਾਣੇਗੀ। ਫ਼ੇਰ ਬਚੇ ਹੋਏ ਲੋਕ ਆਪਣੇ ਪਾਪਾਂ ਦੀ ਸਜ਼ਾ ਪ੍ਰਵਾਨ ਕਰ ਲੈਣਗੇ। ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਉਨ੍ਹਾਂ ਨੂੰ ਇਸ ਲਈ ਸਜ਼ਾ ਮਿਲੀ ਸੀ ਕਿਉਂਕਿ ਉਨ੍ਹਾਂ ਨੇ ਮੇਰੇ ਕਨੂੰਨਾਂ ਨੂੰ ਨਫ਼ਰਤ ਕੀਤੀ ਸੀ ਅਤੇ ਮੇਰੀਆਂ ਬਿਧੀਆਂ ਨੂੰ ਮੰਨਣ ਤੋਂ ਇਨਕਾਰ ਕੀਤਾ ਸੀ। 44 ਪਰ ਉਨ੍ਹਾਂ ਨੇ ਇਹ ਸਭ ਕਰਨ ਤੋਂ ਬਾਦ ਵੀ, ਜਦੋਂ ਉਹ ਆਪਣੇ ਦੁਸ਼ਮਣ ਦੀ ਧਰਤੀ ਵਿੱਚ ਹੋਣਗੇ, ਮੈਂ ਉਨ੍ਹਾਂ ਨੂੰ ਨਾਮਂਜ਼ੂਰ ਨਹੀਂ ਕਰਾਂਗਾ। ਮੈਂ ਉਨ੍ਹਾਂ ਨੂੰ ਨਫ਼ਰਤ ਨਹੀਂ ਕਰਾਂਗਾ ਅਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਸ਼ਟ ਨਹੀਂ ਕਰਾਂਗਾ। ਮੈਂ ਉਨ੍ਹਾਂ ਨਾਲ ਆਪਣਾ ਇਕਰਾਰਨਾਮਾ ਨਹੀਂ ਤੋੜਾਂਗਾ। ਕਿਉਂਕਿ ਮੈਂ ਯਹੋਵਾਹ ਉਨ੍ਹਾਂ ਦਾ ਪਰਮੇਸ਼ੁਰ ਹਾਂ। 45 ਉਨ੍ਹਾਂ ਲਈ, ਮੈਂ ਉਨ੍ਹਾਂ ਦੇ ਪੁਰਖਿਆਂ ਨਾਲ ਕੀਤਾ ਇਕਰਾਰਨਾਮਾ ਚੇਤੇ ਕਰਾਂਗਾ। ਮੈਂ ਉਨ੍ਹਾਂ ਦੇ ਪੁਰਖਿਆਂ ਨੂੰ ਮਿਸਰ ਤੋਂ ਬਾਹਰ ਲੈ ਕੇ ਆਇਆ ਤਾਂ ਜੋ ਉਨ੍ਹਾਂ ਦਾ ਪਰਮੇਸ਼ੁਰ ਬਣ ਸੱਕਾਂ। ਹੋਰਨਾਂ ਕੌਮਾਂ ਨੇ ਇਹ ਚੀਜ਼ਾਂ ਦੇਖੀਆਂ। ਮੈਂ ਯਹੋਵਾਹ ਹਾਂ।”
46 ਇਹ ਉਹ ਬਿਧੀਆਂ, ਨਿਆਵਾਂ ਅਤੇ ਬਿਵਸਥਾ ਹਨ ਜਿਹੜੀਆਂ ਯਹੋਵਾਹ ਨੇ ਆਪਣੇ ਅਤੇ ਇਸਰਾਏਲ ਦੇ ਲੋਕਾਂ ਦਰਮਿਆਨ ਸਥਾਪਿਤ ਕੀਤੀਆਂ। ਯਹੋਵਾਹ ਨੇ ਇਹ ਬਿਧੀਆਂ ਮੂਸਾ ਨੂੰ ਸੀਨਈ ਪਰਬਤ ਉੱਤੇ ਦਿੱਤੀਆਂ ਅਤੇ ਮੂਸਾ ਨੇ ਇਨ੍ਹਾਂ ਨੂੰ ਲੋਕਾਂ ਨੂੰ ਦਿੱਤਾ।
ਇਕਰਾਰ ਜ਼ਰੂਰੀ ਹਨ
27 ਯਹੋਵਾਹ ਨੇ ਮੂਸਾ ਨੂੰ ਆਖਿਆ, 2 “ਇਸਰਾਲਏਲ ਦੇ ਲੋਕਾਂ ਨੂੰ ਆਖ; ਜੇਕਰ ਕੋਈ ਵਿਅਕਤੀ ਯਹੋਵਾਹ ਨੂੰ ਇੱਕ ਵਿਅਕਤੀ ਨੂੰ ਅਰਪਨ ਕਰਨ ਦੀ ਖਾਸ ਸੌਂਹ ਖਾਂਦਾ ਹੈ, ਤਾਂ ਜਾਜਕ ਨੂੰ ਉਸ ਵਿਅਕਤੀ ਦੀ ਕੀਮਤ ਨਿਰਧਾਰਿਤ ਕਰਨੀ ਚਾਹੀਦੀ ਹੈ। 3 ਵੀਹ ਤੋਂ ਸੱਠ ਸਾਲ ਦੀ ਉਮਰ ਦੇ ਆਦਮੀ ਦੀ ਕੀਮਤ ਚਾਂਦੀ ਦੇ 50 ਸ਼ੈਕਲ ਹਨ। (ਤੁਹਾਨੂੰ ਚਾਂਦੀ ਲਈ ਸਰਕਾਰੀ ਮਾਪ ਦੀ ਵਰਤੋਂ ਕਰਨੀ ਚਾਹੀਦੀ ਹੈ।) 4 ਔਰਤ ਦੀ ਕੀਮਤ ਜਿਹੜੀ 20 ਤੋਂ 60 ਸਾਲ ਦੀ ਹੈ ਤੀਹ ਸ਼ੈਕਲ ਹੈ। 5 ਪੰਜ ਤੋਂ 30 ਸਾਲ ਦੀ ਉਮਰ ਦੇ ਆਦਮੀ ਦੀ ਕੀਮਤ 20 ਸ਼ੈਕਲ ਹੈ। 5 ਤੋਂ 20 ਸਾਲ ਦੀ ਉਮਰ ਦੀ ਔਰਤ ਦੀ ਕੀਮਤ 10 ਸ਼ੈਕਲ ਹੈ। 6 ਇੱਕ ਮਹੀਨੇ ਤੋਂ ਲੈ ਕੇ 5 ਸਾਲ ਦੇ ਮੁੰਡੇ ਦੀ ਕੀਮਤ 5 ਸ਼ੈਕਲ ਹੈ। ਇੱਕ ਮਹੀਨੇ ਤੋਂ ਲੈ ਕੇ 5 ਸਾਲਾਂ ਦੀ ਕੁੜੀ ਦੀ ਕੀਮਤ 3 ਸ਼ੈਕਲ ਹੈ। 7 ਉਸ ਆਦਮੀ ਦੀ ਕੀਮਤ ਜਿਹੜਾ 60 ਸਾਲ ਜਾਂ ਇਸਤੋਂ ਵਡੇਰੀ ਉਮਰ ਦਾ ਹੈ, 15 ਸ਼ੈਕਲ ਹੈ। ਔਰਤ ਦੀ ਕੀਮਤ 10 ਸ਼ੈਕਲ ਹੈ।
8 “ਜੇ ਕੋਈ ਬੰਦਾ ਗਰੀਬੀ ਕਾਰਣ ਕੀਮਤ ਨਹੀਂ ਦੇ ਸੱਕਦਾ, ਉਹ (ਜਿਸ ਵਿਅਕਤੀ ਨੇ ਇਕਰਾਰ ਕੀਤਾ ਸੀ) ਉਸ ਵਿਅਕਤੀ ਨੂੰ ਜਾਜਕ ਕੋਲ ਲੈ ਕੇ ਆਵੇ ਜਿਸ ਨੂੰ ਉਸ ਨੇ ਯਹੋਵਾਹ ਲਈ ਸਮਰਪਿਤ ਕੀਤਾ ਸੀ। ਜਾਜਕ ਨਿਆਂ ਕਰੇਗਾ ਕਿ ਉਸ ਬੰਦੇ ਨੂੰ ਕਿੰਨੇ ਪੈਸੇ ਦੇਣੇ ਚਾਹੀਦੇ ਹਨ।
ਯਹੋਵਾਹ ਲਈ ਸੁਗਾਤਾਂ
9 “ਜੇ ਕੋਈ ਵਿਅਕਤੀ ਇੱਕ ਜਾਨਵਰ ਨੂੰ ਯਹੋਵਾਹ ਨੂੰ ਦੇਣ ਦਾ ਇਕਰਾਰ ਕਰਦਾ ਹੈ, ਕੋਈ ਵੀ ਜਾਨਵਰ ਜੋ ਉਹ ਵਿਅਕਤੀ ਦੇਵੇਗਾ ਪਵਿੱਤਰ ਹੋ ਜਾਵੇਗਾ। 10 ਉਸ ਨੂੰ ਕੋਈ ਹੋਰ ਜਾਨਵਰ ਚੜ੍ਹਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਉਸ ਨੂੰ ਕਿਸੇ ਬੁਰੇ ਜਾਨਵਰ ਨੂੰ ਚੰਗੇ ਜਾਨਵਰ ਨਾਲ ਬਦਲਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਜੇ ਉਹ ਜਾਨਵਰਾਂ ਨੂੰ ਬਦਲਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਦੋਵੇਂ ਜਾਨਵਰ ਪਵਿੱਤਰ ਹੋ ਜਾਣਗੇ।
11 “ਕੁਝ ਜਾਨਵਰਾਂ ਨੂੰ ਯਹੋਵਾਹ ਨੂੰ ਬਲੀ ਵਜੋਂ ਨਹੀਂ ਚੜ੍ਹਾਇਆ ਜਾ ਸੱਕਦਾ। ਜੇ ਕੋਈ ਬੰਦਾ ਅਜਿਹੇ ਪਲੀਤ ਜਾਨਵਰ ਨੂੰ ਯਹੋਵਾਹ ਨੂੰ ਦਿੰਦਾ ਹੈ, ਉਸ ਜਾਨਵਰ ਨੂੰ ਜਾਜਕ ਕੋਲ ਲਿਆਂਦਾ ਜਾਣਾ ਚਾਹੀਦਾ ਹੈ। 12 ਜਾਜਕ ਉਸ ਜਾਨਵਰ ਦੀ ਕੀਮਤ ਨਿਰਧਾਰਿਤ ਕਰੇਗਾ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਜਾਨਵਰ ਚੰਗਾ ਹੈ ਜਾਂ ਬੁਰਾ। ਜਦੋਂ ਜਾਜਕ ਕੀਮਤ ਨਿਰਧਾਰਿਤ ਕਰ ਦੇਵੇ, ਇਹ ਉਸ ਜਾਨਵਰ ਦੀ ਕੀਮਤ ਹੋਵੇਗੀ, 13 ਜੇ ਉਹ ਬੰਦਾ ਜਾਨਵਰ ਨੂੰ ਵਾਪਸ ਖਰੀਦਣਾ ਚਾਹੁੰਦਾ ਹੈ ਤਾਂ ਕੀਮਤ ਦਾ ਪੰਜਵਾਂ ਹਿੱਸਾ ਹੋਰ ਜੋੜਨਾ ਚਾਹੀਦਾ ਹੈ।
ਮਕਾਨ ਦੀ ਕੀਮਤ
14 “ਹੁਣ ਜੇ ਕੋਈ ਬੰਦਾ ਆਪਣੇ ਮਕਾਨ ਨੂੰ ਪਵਿੱਤਰ ਜਾਣ ਕੇ ਯਹੋਵਾਹ ਲਈ ਸਮਰਪਿਤ ਕਰਦਾ ਹੈ, ਜਾਜਕ ਨੂੰ ਇਸਦੀ ਕੀਮਤ ਨਿਰਧਾਰਿਤ ਕਰਨੀ ਚਾਹੀਦੀ ਹੈ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਮਕਾਨ ਚੰਗਾ ਹੈ ਜਾਂ ਮਾੜਾ। ਜਦੋਂ ਜਾਜਕ ਕੀਮਤ ਨਿਰਧਾਰਿਤ ਕਰ ਦੇਵੇ, ਤਾਂ ਇਹ ਮਕਾਨ ਦੀ ਕੀਮਤ ਹੋਵੇਗੀ। 15 ਪਰ ਜੇ ਕੋਈ ਬੰਦਾ ਜਿਹੜਾ ਮਕਾਨ ਦਿੰਦਾ ਹੈ ਇਸ ਨੂੰ ਵਾਪਸ ਚਾਹੁੰਦਾ ਹੈ, ਤਾਂ ਉਸ ਨੂੰ ਇਸਦੀ ਕੀਮਤ ਵਿੱਚ ਪੰਜਵਾਂ ਹਿੱਸਾ ਹੋਰ ਜੋੜਨਾ ਚਾਹੀਦਾ ਹੈ। ਫ਼ੇਰ ਉਹ ਮਕਾਨ ਉਸ ਬੰਦੇ ਦਾ ਹੋਵੇਗਾ।
ਜੈਦਾਦ ਕੀ ਕੀਮਤ
16 “ਜੇ ਕੋਈ ਬੰਦਾ ਆਪਣੇ ਖੇਤਾਂ ਦਾ ਹਿੱਸਾ ਪਵਿੱਤਰ ਜਾਣਕੇ ਯਹੋਵਾਹ ਨੂੰ ਸਮਰਪਿਤ ਕਰਦਾ ਹੈ, ਇਸਦੀ ਕੀਮਤ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਇਸ ਨੂੰ ਬੀਜਣ ਲਈ ਕਿੰਨਾ ਬੀਜ ਲੋੜੀਂਦਾ ਹੈ। ਚਾਂਦੀ ਦੇ 50 ਸ਼ੈਕਲ ਜੌਆਂ ਦੇ ਬੀਜਾਂ ਦੇ ਹਰੇਕ ਹੋਮਰ ਲਈ ਲੋੜੀਂਦੇ ਹੋਣਗੇ। 17 ਜੇ ਉਹ ਬੰਦਾ ਆਪਣਾ ਖੇਤ ਪਰਮੇਸ਼ੁਰ ਨੂੰ ਜੁਬਲੀ ਵਰ੍ਹੇ ਵਿੱਚ ਦਾਨ ਕਰ ਦਿੰਦਾ ਹੈ, ਇਸਦੀ ਕੀਮਤ ਉਹੀ ਹੋਵੇਗੀ ਜੋ ਜਾਜਕ ਨਿਰਧਾਰਿਤ ਕਰੇਗਾ। 18 ਪਰ ਜੇ ਉਹ ਆਪਣਾ ਖੇਤ ਪਵਿੱਤਰ ਜਾਣਕੇ ਜੁਬਲੀ ਵਰ੍ਹੇ ਤੋਂ ਮਗਰੋਂ ਦਾਨ ਕਰਦਾ ਹੈ, ਜਾਜਕ ਨੂੰ ਇਸਦੀ ਕੀਮਤ ਨਿਰਧਾਰਿਤ ਕਰਨੀ ਚਾਹੀਦੀ ਹੈ। ਉਸ ਨੂੰ ਅਗਲੇ ਜੁਬਲੀ ਵਰ੍ਹੇ ਤੱਕ ਦੇ ਸਾਲ ਗਿਨਣੇ ਚਾਹੀਦੇ ਹਨ ਕੀਮਤ ਦਾ ਹਿਸਾਬ ਲਾਉਣ ਲਈ ਉਸ ਗਿਣਤੀ ਦੀ ਵਰਤੋਂ ਕਰਨੀ ਚਾਹੀਦੀ ਹੈ। 19 ਜੇਕਰ ਉਹ ਵਿਅਕਤੀ, ਜਿਸਨੇ ਖੇਤ ਦਾਨ ਕੀਤਾ ਹੈ, ਇਸ ਨੂੰ ਵਾਪਸ ਖਰੀਦਣਾ ਚਾਹੁੰਦਾ ਹੈ, ਉਸ ਨੂੰ ਇਸ ਕੀਮਤ ਵਿੱਚ ਪੰਜਵਾਂ ਹਿੱਸਾ ਹੋਰ ਜੋੜਨਾ ਚਾਹੀਦਾ ਹੈ, ਤਾਂ ਉਹ ਖੇਤ ਫ਼ੇਰ ਉਸੇ ਦਾ ਹੋ ਜਾਵੇਗਾ। 20 ਜੇ ਉਹ ਖੇਤ ਨੂੰ ਵਾਪਸ ਨਹੀਂ ਖਰੀਦਦਾ ਪਰ ਇਸ ਨੂੰ ਕਿਸੇ ਹੋਰ ਆਦਮੀ ਨੂੰ ਵੇਚ ਦਿੰਦਾ ਹੈ, ਤਾਂ ਇਸਦਾ ਅਸਲੀ ਮਾਲਕ ਇਸ ਨੂੰ ਵਾਪਸ ਨਹੀਂ ਖਰੀਦ ਸੱਕਦਾ। 21 ਜਦੋਂ ਜੁਬਲੀ ਵਰ੍ਹਾ ਆਵੇਗਾ, ਉਹ ਖੇਤ ਯਹੋਵਾਹ ਲਈ ਪਵਿੱਤਰ ਹੋ ਜਾਵੇਗਾ-ਇਹ ਜਾਜਕ ਦਾ ਹੋਵੇਗਾ। ਇਹ ਯਹੋਵਾਹ ਨੂੰ ਸਮਰਪਿਤ ਕੀਤੀ ਜ਼ਮੀਨ ਵਾਂਗ ਹੈ।
22 “ਜੇ ਕੋਈ ਬੰਦਾ ਯਹੋਵਾਹ ਨੂੰ ਕੋਈ ਅਜਿਹਾ ਖੇਤ ਸਮਰਪਿਤ ਕਰਦਾ ਹੈ ਜਿਹੜਾ ਉਸ ਨੇ ਖਰੀਦਿਆ ਸੀ, ਅਤੇ ਇਹ ਉਸਦੀ ਪਰਿਵਾਰਿਕ ਜਾਇਦਾਦ ਦਾ ਹਿੱਸਾ ਨਹੀਂ ਸੀ, 23 ਤਾਂ ਜਾਜਕ ਨੂੰ ਜੁਬਲੀ ਵਰ੍ਹੇ ਤੱਕ ਦੇ ਸਾਲ ਗਿਨਣੇ ਚਾਹੀਦੇ ਹਨ ਅਤੇ ਜ਼ਮੀਨ ਦੀ ਕੀਮਤ ਨਿਰਧਾਰਿਤ ਕਰਨੀ ਚਾਹੀਦੀ ਹੈ। ਫ਼ੇਰ ਉਸ ਵਿਅਕਤੀ ਨੂੰ ਪੈਸਿਆਂ ਦੀ ਉਹ ਰਕਮ ਉਸ ਦਿਨ ਦੇਣੀ ਚਾਹੀਦੀ ਹੈ। ਉਹ ਪੈਸੇ ਯਹੋਵਾਹ ਲਈ ਪਵਿੱਤਰ ਹੋਣਗੇ। 24 ਜੁਬਲੀ ਵਰ੍ਹੇ ਉੱਤੇ ਜ਼ਮੀਨ ਮੁੱਢਲੇ ਮਾਲਕ ਕੋਲ ਚਲੀ ਜਾਵੇਗੀ। ਇਹ ਉਸ ਪਰਿਵਾਰ ਕੋਲ ਵਾਪਸ ਚਲੀ ਜਾਵੇਗੀ ਜਿਹੜਾ ਜ਼ਮੀਨ ਦਾ ਮਾਲਕ ਹੈ।
25 “ਤੁਹਾਨੂੰ ਕੀਮਤ ਅਦਾ ਕਰਨ ਲਈ ਸਰਕਾਰੀ ਮਾਪ ਦੀ ਵਰਤੋਂ ਕਰਨੀ ਚਾਹੀਦੀ ਹੈ। ਉਸ ਨਾਪ ਅਨੁਸਾਰ ਇੱਕ ਸ਼ੈਕਲ ਦਾ ਵਜ਼ਨ ਵੀਹ ਗੇਰਾਹ ਹੈ।
ਜਾਨਵਰਾਂ ਦੀ ਕੀਮਤ
26 “ਲੋਕ ਗ਼ਾਵਾਂ ਅਤੇ ਭੇਡਾਂ ਨੂੰ ਖਾਸ ਸੁਗਾਤਾਂ ਵਜੋਂ ਯਹੋਵਾਹ ਨੂੰ ਦੇ ਸੱਕਦੇ ਹਨ। ਪਰ ਜੇ ਜਾਨਵਰ ਪਹਿਲੋਠਾ ਹੈ ਤਾਂ ਜਾਨਵਰ ਪਹਿਲਾਂ ਹੀ ਯਹੋਵਾਹ ਦਾ ਹੈ। ਇਸ ਲਈ ਲੋਕ ਇਨ੍ਹਾਂ ਜਾਨਵਰਾਂ ਨੂੰ ਖਾਸ ਸੁਗਾਤ ਦੇ ਤੌਰ ਤੇ ਨਹੀਂ ਦੇ ਸੱਕਦੇ। 27 ਲੋਕ ਪਲੀਤ ਜਾਨਵਰਾਂ ਦੇ ਪਲੋਠਿਆਂ ਨੂੰ ਯਹੋਵਾਹ ਨੂੰ ਭੇਟ ਕਰਨ। ਜੇ ਉਹ ਉਸ ਜਾਨਵਰ ਨੂੰ ਵਾਪਸ ਖਰੀਦਣਾ ਚਾਹੁੰਦਾ ਹੈ, ਉਸ ਨੂੰ ਕੀਮਤ ਅਦਾ ਕਰਨੀ ਚਾਹੀਦੀ ਹੈ ਅਤੇ ਇਸ ਵਿੱਚ ਪੰਜਵਾਂ ਹਿੱਸਾ ਹੋਰ ਜੋੜਨਾ ਚਾਹੀਦਾ ਹੈ। ਜੇ ਉਹ ਉਸ ਜਾਨਵਰ ਨੂੰ ਵਾਪਸ ਨਹੀਂ ਖਰੀਦਦਾ, ਜਾਜਕ ਉਸ ਜਾਨਵਰ ਨੂੰ ਉਸਦੀ ਨਿਰਧਾਇਰ ਕੀਮਤ ਤੇ ਵੇਚ ਸੱਕੇਗਾ।
ਖਾਸ ਸੁਗਾਤਾਂ
28 “ਇੱਕ ਖਾਸ ਕਿਸਮ ਦੀ ਸੁਗਾਤ ਹੈ ਜਿਹੜੀ ਲੋਕ ਪੂਰੀ ਤਰ੍ਹਾਂ ਯਹੋਵਾਹ ਨੂੰ ਦਿੰਦੇ ਹਨ। ਇਸ ਸੁਗਾਤ ਨੂੰ ਵਾਪਸ ਖਰੀਦਿਆ ਜਾਂ ਵੇਚਿਆ ਨਹੀਂ ਜਾ ਸੱਕਦਾ। ਇਸ ਤਰ੍ਹਾਂ ਦੀ ਸੁਗਾਤ ਯਹੋਵਾਹ ਦੀ ਹੈ। ਇਹ ਅੱਤ ਪਵਿੱਤਰ ਹੈ। ਇਸ ਤਰ੍ਹਾਂ ਦੀ ਸੁਗਾਤ ਵਿੱਚ ਲੋਕੀ,ਜਾਨਵਰ ਅਤੇ ਪਰਿਵਾਰਿਕ ਜੈਦਾਦ ਦੇ ਖੇਤ ਸ਼ਾਮਿਲ ਹਨ। 29 ਜੇ ਯਹੋਵਾਹ ਲਈ ਉਸ ਖਾਸ ਕਿਸਮ ਦੀ ਸੁਗਾਤ ਕੋਈ ਬੰਦਾ ਹੈ ਤਾਂ ਉਸ ਬੰਦੇ ਨੂੰ ਵਾਪਸ ਨਹੀਂ ਖਰੀਦਿਆ ਜਾ ਸੱਕਦਾ। ਉਸ ਬੰਦੇ ਨੂੰ ਮਾਰ ਦਿੱਤਾ ਜਾਣਾ ਚਾਹੀਦਾ ਹੈ।
30 “ਸਾਰੀਆਂ ਫ਼ਸਲਾਂ ਦਾ ਅਤੇ ਰੁੱਖਾਂ ਦੇ ਫ਼ਲਾਂ ਦਾ ਦਸਵਾਂ ਹਿੱਸਾ ਯਹੋਵਾਹ ਦਾ ਹੈ। ਇਹ ਯਹੋਵਾਹ ਲਈ ਪਵਿੱਤਰ ਹੈ। 31 ਇਸ ਲਈ ਜੇ ਕੋਈ ਬੰਦਾ ਆਪਣਾ ਦਸਵੰਧ ਵਾਪਸ ਲੈਣਾ ਚਾਹੁੰਦਾ ਹੈ ਤਾਂ ਉਸ ਨੂੰ ਇਸਦੀ ਕੀਮਤ ਵਿੱਚ ਪੰਜਵਾਂ ਹਿੱਸਾ ਹੋਰ ਜੋੜਨਾ ਚਾਹੀਦਾ ਹੈ। ਅਤੇ ਫ਼ੇਰ ਇਸ ਨੂੰ ਵਾਪਸ ਖਰੀਦਣਾ ਚਾਹੀਦਾ ਹੈ।
32 “ਵੱਗ ਅਤੇ ਇੱਜੜ ਦਾ ਦਸਵੰਧ, ਅਯਾਲੀ ਦੁਆਰਾ ਰੱਖਿਆ ਹੋਇਆ ਕੋਈ ਜਾਨਵਰ ਯਹੋਵਾਹ ਲਈ ਪਵਿੱਤਰ ਹੋਵੇਗਾ। 33 ਮਾਲਕ ਨੂੰ ਚਿੰਤਾ ਨਹੀਂ ਕਰਨੀ ਚਾਹੀਦੀ ਕਿ ਚੁਣਿਆ ਹੋਇਆ ਜਾਨਵਰ ਚੰਗਾ ਹੈ ਜਾਂ ਮਾੜਾ। ਉਸ ਨੂੰ ਇਸ ਨੂੰ ਕਿਸੇ ਹੋਰ ਜਾਨਵਰ ਨਾਲ ਨਹੀਂ ਬਦਲਣਾ ਚਾਹੀਦਾ। ਜੇ ਉਹ ਇਸ ਨੂੰ ਕਿਸੇ ਹੋਰ ਜਾਨਵਰ ਨਾਲ ਬਦਲਣ ਦਾ ਨਿਆਂ ਕਰਦਾ ਹੈ ਤਾਂ ਦੋਵੇਂ ਜਾਨਵਰ ਪਵਿੱਤਰ ਹੋਣਗੇ। ਉਹ ਜਾਨਵਰ ਵਾਪਸ ਨਹੀਂ ਖਰੀਦਿਆ ਜਾ ਸੱਕਦਾ।”
34 ਇਹ ਉਹ ਹੁਕਮ ਹਨ ਜਿਹੜੇ ਯਹੋਵਾਹ ਨੇ ਮੂਸਾ ਨੂੰ ਸੀਨਾ ਪਰਬਤ ਉੱਤੇ ਇਸਰਾਏਲ ਦੇ ਲੋਕਾਂ ਲਈ ਦਿੱਤੇ।
ਮੂਸਾ ਇਸਰਾਏਲ ਦੇ ਲੋਕਾਂ ਦੀ ਗਿਣਤੀ ਕਰਦਾ ਹੈ
1 ਯਹੋਵਾਹ ਨੇ ਮੰਡਲੀ ਵਾਲੇ ਤੰਬੂ ਵਿੱਚ ਮੂਸਾ ਨਾਲ ਗੱਲ ਕੀਤੀ। ਇਹ ਸੀਨਈ ਦੇ ਮਰੂਥਲ ਵਿੱਚ ਸੀ। ਇਹ ਇਸਰਾਏਲ ਦੇ ਲੋਕਾਂ ਦੇ ਮਿਸਰ ਛੱਡਣ ਤੋਂ ਮਗਰੋਂ ਦੂਸਰੇ ਸਾਲ ਦੇ ਦੂਸਰੇ ਮਹੀਨੇ ਦੇ ਪਹਿਲੇ ਦਿਨ ਦੀ ਗੱਲ ਹੈ। ਯਹੋਵਾਹ ਨੇ ਮੂਸਾ ਨੂੰ ਆਖਿਆ: 2 “ਇਸਰਾਏਲ ਦੇ ਸਾਰੇ ਲੋਕਾਂ ਦੀ ਗਿਣਤੀ ਕਰ ਲੈ। ਹਰ ਬੰਦੇ ਦੀ ਉਸ ਦੇ ਪਰਿਵਾਰ ਅਤੇ ਪਰਿਵਾਰ-ਸਮੂਹ ਸਮੇਤ ਸੂਚੀ ਬਣਾ। 3 ਤੈਨੂੰ ਅਤੇ ਹਾਰੂਨ ਨੂੰ ਇਸਰਾਏਲ ਦੇ ਉਨ੍ਹਾਂ ਸਾਰੇ ਆਦਮੀਆ ਦੀ ਗਿਣਤੀ ਕਰਨੀ ਚਾਹੀਦੀ ਹੈ ਜਿਹੜੇ 20 ਸਾਲ ਅਤੇ ਉਸਤੋਂ ਵਡੇਰੀ ਉਮਰ ਦੇ ਹਨ। (ਉਹ ਉਹੀ ਆਦਮੀ ਹਨ ਜਿਹੜੇ ਇਸਰਾਏਲ ਦੀ ਫ਼ੌਜ ਵਿੱਚ ਸੇਵਾਕਰਨ ਦੇ ਯੋਗ ਹਨ।) ਉਨ੍ਹਾਂ ਦੇ ਸਮੂਹਾ ਅਨੁਸਾਰ ਉਨ੍ਹਾਂ ਦੀ ਸੂਚੀ ਬਣਾਉ। 4 ਹਰੇਕ ਪਰਿਵਾਰ-ਸਮੂਹ ਦਾ ਇੱਕ ਆਦਮੀ ਤੁਹਾਡੀ ਸਹਾਇਤਾ ਕਰੇਗਾ। ਇਹ ਆਦਮੀ ਆਪਣੇ ਪਰਿਵਾਰ-ਸਮੂਹ ਦਾ ਆਗੂ ਹੋਵੇਗਾ। 5 ਜਿਹੜੇ ਆਦਮੀ ਤੁਹਾਡਾ ਸਾਥ ਦੇਣਗੇ ਅਤੇ ਤੁਹਾਡੀ ਸਹਾਇਤਾ ਕਰਨਗੇ ਉਨ੍ਹਾਂ ਦੇ ਨਾਮ ਇਹ ਹਨ:
ਰਊਬੇਨ ਦੇ ਪਰਿਵਾਰ-ਸਮੂਹ ਵਿੱਚੋਂ ਸ਼ਦੇਊਰ ਦਾ ਪੁੱਤਰ ਅਲੀਸੂਰ:
6 ਸ਼ਿਮਓਨ ਦੇ ਪਰਿਵਾਰ-ਸਮੂਹ ਵਿੱਚੋਂ ਸੂਰੀਸ਼ਦਾਈ ਦਾ ਪੁੱਤਰ ਸ਼ਲੁਮੀਏਲ;
7 ਯਹੂਦਾਹ ਦੇ ਪਰਿਵਾਰ-ਸਮੂਹ ਵਿੱਚੋਂ ਅੰਮੀਨਾਦਾਬ ਦਾ ਪੁੱਤਰ ਨਹਸ਼ੋਨ;
8 ਯਿੱਸਾਕਾਰ ਦੇ ਪਰਿਵਾਰ-ਸਮੂਹ ਵਿੱਚੋਂ ਸੂਆਰ ਦਾ ਪੁੱਤਰ ਨਥਨਿਏਲ;
9 ਜ਼ਬੂਲੁਨ ਦੇ ਪਰਿਵਾਰ-ਸਮੂਹ ਵਿੱਚੋਂ ਹੇਲੋਨ ਦਾ ਪੁੱਤਰ ਅਲੀਆਬ;
10 ਅਫ਼ਰਾਈਮ ਦੇ ਪਰਿਵਾਰ-ਸਮੂਹ ਵਿੱਚੋਂ ਯੂਸੁਫ਼ ਦੀ ਸੰਤਾਨ ਵਿੱਚੋਂ ਅੰਮੀਹੂਦ ਦਾ ਪੁੱਤਰ ਅਲੀਸ਼ਾਮਾ;
ਮਨੱਸ਼ਹ ਦੇ ਪਰਿਵਾਰ-ਸਮੂਹ ਵਿੱਚੋਂ ਪਦਾਹਸ਼ੂਰ ਦਾ ਪੁੱਤਰ ਗਮਲੀਏਲ;
11 ਬਿਨਯਾਮੀਨ ਦੇ ਪਰਿਵਾਰ-ਸਮੂਹ ਵਿੱਚੋਂ ਗਿਦਓਨੀ ਦਾ ਪੁੱਤਰ ਅਬੀਦਾਨ;
12 ਦਾਨ ਦੇ ਪਰਿਵਾਰ-ਸਮੂਹ ਵਿੱਚੋਂ; ਅੰਮੀਸ਼ਦਾਈ ਦਾ ਪੁੱਤਰ ਅਹੀਅਜ਼ਰ;
13 ਆਸ਼ੇਰ ਦੇ ਪਰਿਵਾਰ-ਸਮੂਹ ਵਿੱਚੋਂ; ਆਕਰਾਨ ਦਾ ਪੁੱਤਰ ਪਗੀਏਲ;
14 ਗਾਦ ਦੇ ਪਰਿਵਾਰ-ਸਮੂਹ ਵਿੱਚੋਂ; ਦਊਏਲ ਦਾ ਪੁੱਤਰ ਅਲਯਾਸਾਫ਼;
15 ਨਫ਼ਤਾਲੀ ਦੇ ਪਰਿਵਾਰ-ਸਮੂਹ ਵਿੱਚੋਂ; ਏਨਾਨ ਦਾ ਪੁੱਤਰ ਅਹੀਰਾ।”
16 ਇਹ ਸਾਰੇ ਆਦਮੀ ਆਪਣੇ ਪਰਿਵਾਰਾਂ ਦੇ ਆਗੂ ਸਨ। ਉਹ ਆਪਣੇ ਪਰਿਵਾਰ-ਸਮੂਹ ਦੇ ਚੁਣੇ ਹੋਏ ਆਗੂ ਅਤੇ ਇਸਰਾਏਲੀ ਫ਼ੌਜ ਦੇ ਭਾਗਾ ਦੇ ਸਰਦਾਰ ਸਨ। 17 ਮੂਸਾ ਅਤੇ ਹਾਰੂਨ ਨੇ ਇਨ੍ਹਾਂ ਆਦਮੀਆ ਨੂੰ ਨਾਲ ਲਿਆ, ਜਿਨ੍ਹਾਂ ਨੂੰ ਨਾਮਾ ਦੁਆਰਾ ਆਗੂ ਚੁਣਿਆ ਗਿਆ ਸੀ। 18 ਮੂਸਾ ਅਤੇ ਹਾਰੂਨ ਨੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਦੂਜੇ ਮਹੀਨੇ ਦੇ ਪਹਿਲੇ ਦਿਨ ਇਕੱਠਿਆ ਕੀਤਾ। ਫ਼ੇਰ ਸਾਰੇ ਲੋਕਾਂ ਦੀ ਉਨ੍ਹਾਂ ਦੇ ਪਰਿਵਾਰ-ਸਮੂਹਾ ਦੇ ਨਾਮਾ ਸਮੇਤ ਗਿਣਤੀ ਕਰਕੇ ਸੂਚੀ ਬਣਾਈ ਗਈ ਸੀ। 20 ਸਾਲ ਜਾਂ ਉਸਤੋਂ ਵਡੇਰੀ ਉਮਰ ਦੇ ਸਾਰੇ ਆਦਮੀਆ ਦੀ ਸੂਚੀ ਬਣਾਈ ਗਈ ਸੀ। 19 ਮੂਸਾ ਨੇ ਬਿਲਕੁਲ ਉਵੇਂ ਹੀ ਕੀਤਾ ਜਿਵੇਂ ਯਹੋਵਾਹ ਨੇ ਆਦੇਸ਼ ਦਿੱਤਾ ਸੀ ਮੂਸਾ ਨੇ ਉਨ੍ਹਾਂ ਲੋਕਾਂ ਦੀ ਗਿਣਤੀ ਕੀਤੀ ਜਦੋਂ ਉਹ ਸੀਨਈ ਮਾਰੂਥਲ ਅੰਦਰ ਹੀ ਸਨ।
20 ਉਨ੍ਹਾਂ ਨੇ ਰਊਬੇਨ ਦੇ ਪਰਿਵਾਰ-ਸਮੂਹ ਦੀ ਗਿਣਤੀ ਕੀਤੀ (ਰਊਬੇਨ ਇਸਰਾਏਲ ਦਾ ਪਹਿਲੋਠਾ ਪੁੱਤਰ ਸੀ।) ਉਨ੍ਹਾਂ ਸਾਰੇ ਆਦਮੀਆਂ ਦੇ ਨਾਮਾਂ ਦੀ ਸੂਚੀ ਬਣਾਈ ਗਈ ਜਿਹੜੇ 11 ਸਾਲ ਜਾਂ ਉਸਤੋਂ ਵਡੇਰੀ ਉਮਰ ਦੇ ਸਨ ਅਤੇ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ। ਉਨ੍ਹਾਂ ਦੀ ਆਪਣੇ ਪਰਿਵਾਰਾਂ ਅਤੇ ਪਰਿਵਾਰ-ਸਮੂਹਾ ਸਮੇਤ ਸੂਚੀ ਬਣਾਈ ਗਈ। 21 ਰਊਬੇਨ ਦੇ ਪਰਿਵਾਰ ਵਿੱਚੋਂ ਗਿਣੇ ਗਏ ਆਦਮੀਆ ਦੀ ਗਿਣਤੀ 46,500 ਸੀ।
22 ਉਨ੍ਹਾਂ ਨੇ ਸ਼ਿਮਓਨ ਦੇ ਪਰਿਵਾਰ-ਸਮੂਹ ਦੀ ਗਿਣਤੀ ਕੀਤੀ। ਉਨ੍ਹਾਂ ਸਾਰੇ ਆਦਮੀਆ ਦੇ ਨਾਮਾ ਦੀ ਸੂਚੀ ਬਣਾਈ ਗਈ ਜਿਹੜੇ 20 ਸਾਲ ਜਾਂ ਉਸਤੋਂ ਵਡੇਰੀ ਉਮਰ ਦੇ ਸਨ ਅਤੇ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ ਉਨ੍ਹਾਂ ਦੀ ਉਨ੍ਹਾਂ ਦੇ ਪਰਿਵਾਰਾਂ ਅਤੇ ਪਰਿਵਾਰ-ਸਮੂਹਾ ਸਮੇਤ ਸੂਚੀ ਬਣਾਈ ਗਈ। 23 ਸ਼ਿਮਓਨ ਦੇ ਪਰਿਵਾਰ-ਸਮੂਹ ਵਿੱਚੋਂ ਗਿਣਤੀ ਕੀਤੇ ਗਏ ਕੁਲ ਆਦਮੀ 59,300 ਸਨ।
24 ਉਨ੍ਹਾਂ ਨੇ ਗਾਦ ਦੇ ਪਰਿਵਾਰ-ਸਮੂਹ ਦੇ ਲੋਕਾਂ ਦੀ ਗਿਣਤੀ ਕੀਤੀ। ਉਨ੍ਹਾਂ ਸਾਰਿਆ ਆਦਮੀਆਂ ਦੀ ਸੂਚੀ ਤਿਆਰ ਕੀਤੀ ਗਈ ਜਿਹੜੇ 20 ਸਾਲ ਦੀ ਉਮਰ ਦੇ ਜਾਂ ਉਸਤੋਂ ਵਡੇਰੇ ਸਨ ਅਤੇ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ। ਉਹ ਉਨ੍ਹਾਂ ਦੇ ਪਰਿਵਾਰਾਂ ਅਤੇ ਪਰਿਵਾਰ-ਸਮੂਹਾਂ ਦੇ ਸਦੱਸਾਂ ਸਮੇਤ ਦਰਜ ਕੀਤੇ ਗਏ ਸਨ। 25 ਗਾਦ ਦੇ ਪਰਿਵਾਰ-ਸਮੂਹ ਵਿੱਚਲੇ ਆਦਮੀਆ ਦੀ ਕੁੱਲ ਗਿਣਤੀ 45,650 ਸੀ।
26 ਉਨ੍ਹਾਂ ਨੇ ਯਹੂਦਾਹ ਦੇ ਪਰਿਵਾਰ-ਸਮੂਹ ਦੀ ਗਿਣਤੀ ਕੀਤੀ। ਉਨ੍ਹਾਂ ਸਾਰਿਆ ਆਦਮੀਆਂ ਦੇ ਨਾਮਾ ਦੀ ਸੂਚੀ ਬਣਾਈ ਗਈ ਜਿਹੜੇ 20 ਸਾਲ ਦੀ ਉਮਰ ਦੇ ਜਾਂ ਇਸਤੋਂ ਵਡੇਰੇ ਸਨ ਅਤੇ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ। ਉਨ੍ਹਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾਂ ਅਤੇ ਪਰਿਵਾਰ-ਸਮੂਹਾਂ ਸਮੇਤ ਬਣਾਈ ਗਈ। 27 ਯਹੂਦਾਹ ਦੇ ਪਰਿਵਾਰ-ਸਮੂਹ ਦੇ ਆਦਮੀਆ ਦੀ ਕੁੱਲ ਗਿਣਤੀ 74,600 ਸੀ।
28 ਉਨ੍ਹਾਂ ਨੇ ਯਿੱਸੱਕਾਰ ਦੇ ਪਰਿਵਾਰ-ਸਮੂਹ ਦੀ ਗਿਣਤੀ ਕੀਤੀ। ਉਨ੍ਹਾਂ ਸਾਰਿਆ ਆਦਮੀਆ ਦੇ ਨਾਮਾ ਦੀ ਸੂਚੀ ਬਣਾਈ ਗਈ ਜਿਹੜੇ 20 ਸਾਲ ਜਾਂ ਇਸਤੋਂ ਵਡੇਰੀ ਉਮਰ ਦੇ ਸਨ ਅਤੇ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ। ਉਨ੍ਹਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾਂ ਅਤੇ ਪਰਿਵਾਰ-ਸਮੂਹਾਂ ਸਮੇਤ ਬਣਾਈ ਗਈ। 29 ਯਿੱਸਾਕਾਰ ਦੇ ਪਰਿਵਾਰ-ਸਮੂਹ ਦੇ ਕੁਝ ਆਦਮੀਆਂ ਦੀ ਕੁੱਲ ਗਿਣਤੀ 54,400 ਸੀ।
30 ਉਨ੍ਹਾਂ ਨੇ ਜ਼ਬੂਲੁਨ ਦੇ ਪਰਿਵਾਰ-ਸਮੂਹ ਦੀ ਗਿਣਤੀ ਕੀਤੀ ਉਨ੍ਹਾਂ ਸਾਰਿਆਂ ਆਦਮੀਆ ਦੇ ਨਾਮਾ ਦੀ ਸੂਚੀ ਤਿਆਰ ਕੀਤੀ ਗਈ ਜਿਹੜੇ 20 ਸਾਲ ਜਾਂ ਇਸਤੋਂ ਵਡੇਰੀ ਉਮਰ ਦੇ ਸਨ ਅਤੇ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ। ਉਨ੍ਹਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾਂ ਅਤੇ ਪਰਿਵਾਰ-ਸਮੂਹਾਂ ਸਮੇਤ ਬਣਾਈ ਗਈ। 31 ਜ਼ਬੂਲੁਨ ਦੇ ਪਰਿਵਾਰ-ਸਮੂਹ ਦੇ ਆਦਮੀਆ ਦੀ ਕੁੱਲ ਗਿਣਤੀ 57,400 ਸੀ।
32 ਉਨ੍ਹਾਂ ਨੇ ਅਫ਼ਰਾਈਮ ਦੇ ਪਰਿਵਾਰ-ਸਮੂਹ ਦੀ ਗਿਣਤੀ ਕੀਤੀ। (ਅਫ਼ਰਾਈਮ ਯੂਸੁਫ਼ ਦਾ ਪੁੱਤਰ ਸੀ।) ਉਨ੍ਹਾਂ ਸਾਰਿਆ ਆਦਮੀਆਂ ਦੇ ਨਾਮਾਂ ਦੀ ਸੂਚੀ ਬਣਾਈ ਗਈ, ਜਿਹੜੇ 20 ਸਾਲ ਜਾਂ ਇਸਤੋਂ ਵਡੇਰੀ ਉਮਰ ਦੇ ਸਨ ਅਤੇ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ। ਉਨ੍ਹਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾਂ ਅਤੇ ਪਰਿਵਾਰ-ਸਮੂਹਾਂ ਸਮੇਤ ਬਣਾਈ ਗਈ। 33 ਅਫ਼ਰਾਈਮ ਦੇ ਪਰਿਵਾਰ-ਸਮੂਹ ਦੇ ਆਦਮੀਆ ਦੀ ਕੁੱਲ ਗਿਣਤੀ 40,500 ਸੀ।
34 ਉਨ੍ਹਾਂ ਨੇ ਮਨੱਸ਼ਹ ਦੇ ਪਰਿਵਾਰ-ਸਮੂਹ ਦੀ ਗਿਣਤੀ ਕੀਤੀ। ਮਨੱਸ਼ਹ ਯੂਸੁਫ਼ ਦਾ ਪੁੱਤਰ ਸੀ ਉਨ੍ਹਾਂ ਸਾਰਿਆ ਆਦਮੀਆਂ ਦੇ ਨਾਮਾਂ ਦੀ ਸੂਚੀ ਬਣਾਈ ਗਈ, ਜਿਹੜੇ 20 ਸਾਲ ਜਾਂ ਇਸਤੋਂ ਵਡੇਰੀ ਉਮਰ ਦੇ ਸਨ ਅਤੇ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ। ਉਨ੍ਹਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾਂ ਅਤੇ ਪਰਿਵਾਰ-ਸਮੂਹਾਂ ਸਮੇਤ ਬਣਾਈ ਗਈ। 35 ਮਨੱਸ਼ਹ ਦੇ ਪਰਿਵਾਰ-ਸਮੂਹ ਦੇ ਆਦਮੀਆ ਦੀ ਕੁੱਲ ਗਿਣਤੀ 32,200 ਸੀ।
36 ਉਨ੍ਹਾਂ ਨੇ ਬਿਨਯਾਮੀਨ ਦੇ ਪਰਿਵਾਰ ਦੇ ਮਸੂਹ ਦੀ ਗਿਣਤੀ ਕੀਤੀ ਉਨ੍ਹਾਂ ਸਾਰਿਆ ਆਦਮੀਆਂ ਦੇ ਨਾਮਾਂ ਦੀ ਸੂਚੀ ਬਣਾਈ ਗਈ, ਜਿਹੜੇ 20 ਸਾਲ ਜਾਂ ਇਸਤੋਂ ਵਡੇਰੀ ਉਮਰ ਦੇ ਸਨ ਅਤੇ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ। ਉਨ੍ਹਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾਂ ਅਤੇ ਪਰਿਵਾਰ-ਸਮੂਹਾਂ ਸਮੇਤ ਬਣਾਈ ਗਈ। 37 ਬਿਨਯਾਮੀਨ ਪਰਿਵਾਰ-ਸਮੂਹ ਦੇ ਆਦਮੀਆ ਦੀ ਕੁੱਲ ਗਿਣਤੀ 35,400 ਸੀ।
38 ਉਨ੍ਹਾਂ ਨੇ ਦਾਨ ਦੇ ਪਰਿਵਾਰ-ਸਮੂਹ ਦੀ ਗਿਣਤੀ ਕੀਤੀ। ਉਨ੍ਹਾਂ ਸਾਰਿਆ ਆਦਮੀਆਂ ਦੇ ਨਾਮਾਂ ਦੀ ਸੂਚੀ ਬਣਾਈ ਗਈ, ਜਿਹੜੇ 20 ਸਾਲ ਜਾਂ ਇਸਤੋਂ ਵਡੇਰੀ ਉਮਰ ਦੇ ਸਨ ਅਤੇ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ। ਉਨ੍ਹਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾਂ ਅਤੇ ਪਰਿਵਾਰ-ਸਮੂਹਾਂ ਸਮੇਤ ਬਣਾਈ ਗਈ। 39 ਦਾਨ ਦੇ ਪਰਿਵਾਰ-ਸਮੂਹ ਦੇ ਆਦਮੀਆ ਦੀ ਕੁੱਲ ਗਿਣਤੀ 62,700 ਸੀ।
40 ਉਨ੍ਹਾਂ ਨੇ ਆਸ਼ੇਰ ਦੇ ਪਰਿਵਾਰ-ਸਮੂਹ ਦੀ ਗਿਣਤੀ ਕੀਤੀ। ਉਨ੍ਹਾਂ ਸਾਰਿਆ ਆਦਮੀਆਂ ਦੇ ਨਾਮਾਂ ਦੀ ਸੂਚੀ ਬਣਾਈ ਗਈ, ਜਿਹੜੇ 20 ਸਾਲ ਜਾਂ ਇਸਤੋਂ ਵਡੇਰੀ ਉਮਰ ਦੇ ਸਨ ਅਤੇ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ। ਉਨ੍ਹਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾਂ ਅਤੇ ਪਰਿਵਾਰ-ਸਮੂਹਾਂ ਸਮੇਤ ਬਣਾਈ ਗਈ। 41 ਆਸ਼ੇਰ ਦੇ ਪਰਿਵਾਰ-ਸਮੂਹ ਦੇ ਆਦਮੀਆ ਦੀ ਕੁੱਲ ਗਿਣਤੀ 41,500 ਸੀ।
42 ਉਨ੍ਹਾਂ ਨੇ ਨਫ਼ਤਾਲੀ ਦੇ ਪਰਿਵਾਰ-ਸਮੂਹ ਦੀ ਗਿਣਤੀ ਕੀਤੀ। ਉਨ੍ਹਾਂ ਸਾਰਿਆ ਆਦਮੀਆਂ ਦੇ ਨਾਮਾਂ ਦੀ ਸੂਚੀ ਬਣਾਈ ਗਈ, ਜਿਹੜੇ 20 ਸਾਲ ਜਾਂ ਇਸਤੋਂ ਵਡੇਰੀ ਉਮਰ ਦੇ ਸਨ ਅਤੇ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ। 43 ਉਨ੍ਹਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾਂ ਅਤੇ ਪਰਿਵਾਰ-ਸਮੂਹਾਂ ਸਮੇਤ ਬਣਾਈ ਗਈ। ਨਫ਼ਤਾਲੀ ਦੇ ਪਰਿਵਾਰ-ਸਮੂਹ ਦੇ ਆਦਮੀਆ ਦੀ ਕੁੱਲ ਗਿਣਤੀ 53,400 ਸੀ।
44 ਮੂਸਾ ਹਾਰੂਨ ਅਤੇ ਇਸਰਾਏਲ ਦੇ 12 ਆਗੂਆ ਨੇ ਇਨ੍ਹਾਂ ਆਦਮੀਆ ਦੀ ਗਿਣਤੀ ਕੀਤੀ। (ਹਰੇਕ ਪਰਿਵਾਰ-ਸਮੂਹ ਵਿੱਚੋਂ ਇੱਕ-ਇੱਕ ਆਗੂ ਸੀ।) 45 ਉਨ੍ਹਾਂ ਨੇ ਹਰ ਉਸ ਆਦਮੀ ਦੀ ਗਿਣਤੀ ਕੀਤੀ। ਜਿਹੜਾ 20 ਸਾਲ ਜਾਂ ਇਸਤੋਂ ਵਡੇਰੀ ਉਮਰ ਦਾ ਸੀ ਅਤੇ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸੀ। ਹਰੇਕ ਆਦਮੀ, ਉਸ ਦੇ ਪਰਿਵਾਰ-ਸਮੂਹ ਦੇ ਨਾਲ ਦਰਜ਼ ਕੀਤਾ ਗਿਆ। 46 ਗਿਣੇ ਹੋਏ ਸਾਰਿਆ ਦੀ ਕੁੱਲ ਗਿਣਤੀ 6,03,550 ਸੀ।
47 ਲੇਵੀ ਦੇ ਪਰਿਵਾਰ-ਸਮੂਹ ਵਿੱਚਲੇ ਪਰਿਵਾਰਾਂ ਦੀ ਗਿਣਤੀ ਇਸਰਾਏਲ ਦੇ ਹੋਰਨਾਂ ਲੋਕਾਂ ਨਾਲ ਨਹੀਂ ਕੀਤੀ ਗਈ। 48 ਯਹੋਵਾਹ ਨੇ ਮੂਸਾ ਨੂੰ ਆਖ ਦਿੱਤਾ ਸੀ: 49 “ਲੇਵੀ ਦੇ ਪਰਿਵਾਰ-ਸਮੂਹ ਦੇ ਆਦਮੀਆ ਦੀ ਗਿਣਤੀ ਨਹੀਂ ਕਰਨੀ ਅਤੇ ਉਨ੍ਹਾਂ ਨੂੰ ਇਸਰਾਏਲ ਦੇ ਹੋਰਨਾ ਲੋਕਾਂ ਨਾਲ ਸ਼ਾਮਿਲ ਨਹੀਂ ਕਰਨਾ। 50 ਲੇਵੀ ਦੇ ਲੋਕਾਂ ਨੂੰ ਆਖਣਾ ਕਿ ਉਹ ਇਕਰਾਰਨਾਮੇ ਵਾਲੇ ਪਵਿੱਤਰ ਤੰਬੂ ਲਈ ਜ਼ਿੰਮੇਵਾਰ ਹਨ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਤੰਬੂ ਅਤੇ ਉਸ ਵਿੱਚਲੀਆਂ ਸਾਰੀਆਂ ਚੀਜ਼ਾਂ ਦੀ ਸੰਭਾਲ ਕਰਨ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਪਵਿੱਤਰ ਤੰਬੂ ਅਤੇ ਉਸ ਵਿੱਚਲੀਆਂ ਸਭ ਚੀਜ਼ਾਂ ਨੂੰ ਚੁੱਕਣ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਡੇਰੇ ਇਸਦੇ ਆਲੇ-ਦੁਆਲੇ ਲਾਉਣ ਅਤੇ ਇਸਦੀ ਦੇਖ-ਭਾਲ ਕਰਨ। 51 ਜਦੋਂ ਕਦੇ ਵੀ ਪਵਿੱਤਰ ਤੰਬੂ ਨੂੰ ਕਿਤੇ ਲਿਜਾਣਾ ਪਵੇ ਤਾਂ ਇਹ ਗੱਲ ਲੇਵੀ ਦੇ ਆਦਮੀਆਂ ਨੂੰ ਕਰਨੀ ਚਾਹੀਦੀ ਹੈ। ਉਹੀ ਉਹ ਲੋਕ ਹਨ ਜਿਹੜੇ ਪਵਿੱਤਰ ਤੰਬੂ ਦੀ ਦੇਖ-ਭਾਲ ਕਰਨਗੇ। ਜੇ ਕੋਈ ਅਜਿਹਾ ਆਦਮੀ ਜਿਹੜਾ ਲੇਵੀ ਦੇ ਪਰਿਵਾਰ ਵਿੱਚੋਂ ਨਹੀਂ ਹੈ ਅਤੇ ਤੰਬੂ ਦੀ ਦੇਖ-ਭਾਲ ਕਰਨ ਦੀ ਕੋਸ਼ਿਸ਼ ਕਰਦਾ ਹੈ। ਤਾਂ ਉਸ ਨੂੰ ਅਵੱਸ਼ ਹੀ ਮਾਰ ਦੇਣਾ ਚਾਹੀਦਾ ਹੈ। 52 ਇਸਰਾਏਲ ਦੇ ਲੋਕ ਵੱਖ-ਵੱਖ ਸਮੂਹਾ ਵਿੱਚ ਆਪਣੇ ਡੇਰੇ ਲਾਉਣਗੇ। ਹਰੇਕ ਬੰਦੇ ਨੂੰ ਆਪਣੇ ਪਰਿਵਾਰ ਦੇ ਝੰਡੇ ਦੇ ਨੇੜੇ ਡੇਰਾ ਲਾਉਣਾ ਚਾਹੀਦਾ ਹੈ। 53 ਪਰ ਲੇਵੀ ਦੇ ਆਦਮੀਆ ਨੂੰ ਆਪਣੇ ਡੇਰੇ ਪਵਿੱਤਰ ਤੰਬੂ ਦੇ ਆਲੇ-ਦੁਆਲੇ ਲਾਉਣੇ ਚਾਹੀਦੇ ਹਨ। ਲੇਵੀ ਦੇ ਆਦਮੀ ਇਕਰਾਰਨਾਮੇ ਵਾਲੇ ਪਵਿੱਤਰ ਤੰਬੂ ਦੀ ਰੱਖਵਾਲੀ ਕਰਨ। ਉਹ ਇਕਰਾਰਨਾਮੇ ਵਾਲੇ ਪਵਿੱਤਰ ਤੰਬੂ ਦੀ ਰੱਖਵਾਲੀ ਕਰਨਗੇ ਤਾਂ ਜੋ ਇਸਰਾਏਲ ਦੇ ਲੋਕਾਂ ਨਾਲ ਕੋਈ ਮੰਦੀ ਗੱਲ ਨਾ ਵਾਪਰੇ।”
54 ਇਸ ਤਰ੍ਹਾਂ ਇਸਰਾਏਲ ਦੇ ਲੋਕਾਂ ਨੇ ਉਨ੍ਹਾਂ ਸਾਰੀਆਂ ਗੱਲਾਂ ਨੂੰ ਮੰਨ ਲਿਆ ਜਿਨ੍ਹਾਂ ਦਾ ਯਹੋਵਾਹ ਨੇ ਮੂਸਾ ਨੂੰ ਆਦੇਸ਼ ਦਿੱਤਾ ਸੀ।
ਡੇਰੇ ਦੀ ਬਿਵਸਥਾ
2 ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਆਖਿਆ: 2 “ਇਸਰਾਏਲ ਦੇ ਲੋਕਾਂ ਨੂੰ ਆਪਣੇ ਡੇਰੇ, ਮੰਡਲੀ ਵਾਲੇ ਤੰਬੂ ਦੇ ਆਲੇ-ਦੁਆਲੇ ਲਾਉਣੇ ਚਾਹੀਦੇ ਹਨ। ਹਰ ਸਮੂਹ ਦਾ ਖਾਸ ਝੰਡਾ ਹੋਵੇਗਾ, ਅਤੇ ਹਰੇਕ ਬੰਦਾ ਆਪਣੇ ਸਮੂਹ ਦੇ ਝੰਡੇ ਨੇੜੇ ਡੇਰਾ ਲਾਵੇਗਾ।
3 “ਯਹੂਦਾਹ ਦੇ ਡੇਰੇ ਦਾ ਝੰਡਾ ਪੂਰਬ ਵਾਲੇ ਪਾਸੇ ਹੋਵੇਗਾ ਜਿਧਰੋ ਸੂਰਜ ਚੜ੍ਹਦਾ ਹੈ। ਯਹੂਦਾਹ ਦੇ ਲੋਕ ਆਪਣੇ ਝੰਡੇ ਦੇ ਨੇੜੇ ਡੇਰਾ ਲਾਉਣਗੇ। ਯਹੂਦਾਹ ਦੇ ਲੋਕਾਂ ਦਾ ਆਗੂ ਅੰਮੀਨਾਦਾਬ ਦਾ ਪੁੱਤਰ ਨਹਸ਼ੋਨ ਹੈ। 4 ਉਸ ਦੇ ਸਮੂਹ ਵਿੱਚ 74,600 ਆਦਮੀ ਹਨ।
5 “ਯਿੱਸਾਕਾਰ ਦਾ ਪਰਿਵਾਰ-ਸਮੂਹ ਯਹੂਦਾਹ ਦੇ ਪਰਿਵਾਰ-ਸਮੂਹ ਤੋਂ ਅਗੇਰੇ ਡੇਰਾ ਲਾਵੇਗਾ। ਯਿੱਸਾਕਾਰ ਦੇ ਲੋਕਾਂ ਦਾ ਆਗੂ ਸੁਆਰ ਦਾ ਪੁੱਤਰ ਨਥਨਿਏਲ ਹੈ। 6 ਉਸ ਦੇ ਸਮੂਹ ਵਿੱਚ 54,400 ਆਦਮੀ ਹਨ।
7 “ਜ਼ਬੂਲੁਨ ਦਾ ਪਰਿਵਾਰ-ਸਮੂਹ ਦੀ ਯਹੂਦਾਹ ਦੇ ਪਰਿਵਾਰ-ਸਮੂਹ ਦੇ ਨੇੜੇ ਡੇਰਾ ਲਾਵੇਗਾ। ਜ਼ਬੂਲੁਨ ਦੇ ਲੋਕਾਂ ਦਾ ਆਗੂ ਹੇਲੋਨ ਦਾ ਪੁੱਤਰ ਅਲੀਆਬ ਹੈ। 8 ਉਸ ਦੇ ਸਮੂਹ ਵਿੱਚ 57,400 ਆਦਮੀ ਹਨ।
9 “ਯਹੂਦਾਹ ਦੇ ਡੇਰੇ ਅੰਦਰ ਲੋਕਾਂ ਦੀ ਕੁੱਲ ਗਿਣਤੀ 1,86,400 ਹੈ। ਇਹ ਸਾਰੇ ਆਦਮੀ ਆਪਣੇ ਭਿੰਨ-ਭਿੰਨ ਪਰਿਵਾਰ-ਸਮੂਹਾ ਵਿੱਚ ਵੰਡੇ ਹੋਏ ਹਨ। ਜਦੋਂ ਲੋਕ ਇੱਕ ਥਾਂ ਤੋਂ ਦੂਸਰੀ ਥਾਂ ਤੇ ਜਾਣਗੇ ਤਾਂ ਯਹੂਦਾਹ ਦਾ ਪਰਿਵਾਰ ਜਾਣ ਦੀ ਪਹਿਲ ਕਰੇਗਾ।
10 “ਰਊਬੇਨ ਦੇ ਡੇਰੇ ਦਾ ਝੰਡਾ ਪਵਿੱਤਰ ਤੰਬੂ ਦੇ ਦੱਖਣ ਵੱਲ ਹੋਵੇਗਾ। ਹਰ ਪਰਿਵਾਰ-ਸਮੂਹ ਆਪਣੇ ਝੰਡੇ ਦੇ ਨੇੜੇ ਡੇਰਾ ਲਾਵੇਗਾ। ਰਊਬੇਨ ਦੇ ਲੋਕਾਂ ਦਾ ਆਗੂ ਸ਼ਦੇਊਰ ਦਾ ਪੁੱਤਰ ਅਲੀਸੂਰ ਹੈ। 11 ਉਸ ਦੇ ਪਰਿਵਾਰ-ਸਮੂਹ ਵਿੱਚ 46,500 ਆਦਮੀ ਹਨ।
12 “ਰਊਬੇਨ ਦੇ ਪਰਿਵਾਰ-ਸਮੂਹ ਤੋਂ ਅੱਗੇ ਸ਼ਿਮਓਨ ਦਾ ਪਰਿਵਾਰ-ਸਮੂਹ ਡੇਰਾ ਲਾਵੇਗਾ। ਸ਼ਿਮਓਨ ਦਾ ਲੋਕਾਂ ਦਾ ਆਗੂ ਸੂਰੀਸ਼ੁਦਾਈ ਦਾ ਪੁੱਤਰ ਸ਼ਲੁਮੀਏਲ ਹੈ। 13 ਉਸ ਦੇ ਟੋਲੇ ਵਿੱਚ 59,300 ਆਦਮੀ ਸਨ।
14 “ਗਾਦ ਦੇ ਪਰਿਵਾਰ ਦਾ ਡੇਰਾ ਵੀ ਰਊਬੇਨ ਲੋਕਾਂ ਤੋਂ ਅੱਗੇ ਹੋਵੇਗਾ। ਗਾਦ ਦੇ ਪਰਿਵਾਰ ਦਾ ਆਗੂ ਰਊਏਲ (ਦਊਏਲ) ਦਾ ਪੁੱਤਰ ਅਲਯਾਸਾਫ਼ ਹੈ। 15 ਉਸ ਦੇ ਸਮੂਹ ਵਿੱਚ 45,650 ਆਦਮੀ ਹਨ।
16 “ਰਊਬੇਨ ਦੇ ਡੇਰੇ ਦੇ ਸਾਰੇ ਸਮੂਹਾ ਅੰਦਰ 1,51,450 ਆਦਮੀ ਹਨ। ਜਦੋਂ ਲੋਕ ਇੱਕ ਥਾਂ ਤੋਂ ਦੂਜੀ ਥਾਂ ਜਾਣਗੇ ਤਾਂ ਰਊਬੇਨ ਦਾ ਸਮੂਹ ਦੂਜੇ ਨੰਬਰ ਉੱਤੇ ਚੱਲੇਗਾ।
17 “ਜਦੋਂ ਲੋਕ ਸਫ਼ਰ ਕਰਨਗੇ, ਲੇਵੀ ਦਾ ਸਮੂਹ ਜਾਣ ਲਈ ਅੱਗੇ ਹੋਵੇਗਾ। ਮੰਡਲੀ ਦਾ ਤੰਬੂ ਸਾਰੇ ਡੇਰਿਆ ਦੇ ਵਿੱਚਕਾਰ ਉਨ੍ਹਾਂ ਦੇ ਨਾਲ ਹੋਵੇਗਾ। ਲੋਕ ਉਸੇ ਤਰਤੀਬ ਵਿੱਚ ਡੇਰੇ ਲਾਉਣਗੇ ਜਿਵੇਂ ਉਹ ਜਾਣਗੇ ਅਤੇ ਹਰੇਕ ਵਿਅਕਤੀ ਆਪਣੇ ਪਰਿਵਾਰਿਕ ਝੰਡੇ ਦੇ ਨਾਲ ਹੋਵੇਗਾ।
18 “ਅਫ਼ਰਾਈਮ ਦੇ ਡੇਰੇ ਦਾ ਝੰਡਾ ਪੱਛਮ ਵਾਲੇ ਪਾਸੇ ਹੋਵੇਗਾ। ਅਫ਼ਰਾਈਮ ਦੇ ਪਰਿਵਾਰ-ਸਮੂਹ ਉੱਥੇ ਡੇਰੇ ਲਾਉਣਗੇ। ਅਫ਼ਰਾਈਮ ਦੇ ਲੋਕਾਂ ਦਾ ਆਗੂ ਅੰਮੀਹੂਦ ਦਾ ਪੁੱਤਰ ਅਲੀਸ਼ਾਮਾ ਹੈ। 19 ਉਸ ਦੇ ਪਰਿਵਾਰ-ਸਮੂਹ ਵਿੱਚ 40,500 ਆਦਮੀ ਹਨ।
20 “ਮਨੱਸ਼ਹ ਦਾ ਪਰਿਵਾਰ-ਸਮੂਹ, ਅਫ਼ਰਾਈਮ ਦੇ ਪਰਿਵਾਰ ਦੇ ਨੇੜੇ ਡੇਰਾ ਲਾਵੇਗਾ। ਮਨੱਸ਼ਹ ਦੇ ਲੋਕਾਂ ਦਾ ਆਗੂ ਪਦਾਹਸੂਰ ਦਾ ਪੁੱਤਰ ਗਮਲੀਏਲ ਹੈ। 21 ਉਸ ਦੇ ਸਮੂਹ ਵਿੱਚ 32,200 ਆਦਮੀ ਹਨ।
22 “ਬਿਨਯਾਮੀਨ ਦਾ ਪਰਿਵਾਰ-ਸਮੂਹ ਵੀ ਅਫ਼ਰਾਈਮ ਦੇ ਪਰਿਵਾਰ ਤੋਂ ਅੱਗੇ ਡੇਰਾ ਲਾਵੇਗਾ। ਬਿਨਯਾਮੀਨ ਦੇ ਲੋਕਾਂ ਦਾ ਆਗੂ ਗਿਦਓਨੀ ਦਾ ਪੁੱਤਰ ਅਬੀਦਾਨ ਹੈ। 23 ਉਸ ਦੇ ਸਮੂਹ ਵਿੱਚ 35,400 ਆਦਮੀ ਹਨ।
24 “ਅਫ਼ਰਾਈਮ ਦੇ ਡੇਰੇ ਅੰਦਰ 1,08,100 ਆਦਮੀ ਹਨ। ਜਦੋਂ ਇਹ ਲੋਕ ਇੱਕ ਥਾਂ ਤੋਂ ਦੂਜੀ ਥਾਂ ਜਾਣਗੇ ਤਾਂ ਉਨ੍ਹਾਂ ਦੇ ਪਰਿਵਾਰ ਦਾ ਤੀਜਾ ਨੰਬਰ ਹੋਵੇਗਾ।
25 “ਦਾਨ ਦੇ ਡੇਰੇ ਦਾ ਝੰਡਾ ਉੱਤਰ ਵਾਲੇ ਪਾਸੇ ਹੋਵੇਗਾ। ਦਾਨ ਦੇ ਪਰਿਵਾਰ-ਸਮੂਹ ਉੱਥੇ ਡੇਰਾ ਲਾਉਣਗੇ। ਦਾਨ ਦੇ ਲੋਕਾਂ ਦਾ ਆਗੂ ਅੰਮੀਸ਼ੱਦਾਈ ਦਾ ਪੁੱਤਰ ਅਹੀਅਜ਼ਰ ਹੈ। 26 ਉਸ ਦੇ ਪਰਿਵਾਰ-ਸਮੂਹ ਵਿੱਚ 62,700 ਆਦਮੀ ਹਨ।
27 “ਆਸ਼ੇਰ ਦੇ ਪਰਿਵਾਰ-ਸਮੂਹ ਦੇ ਲੋਕ ਦਾਨ ਦੇ ਪਰਿਵਾਰ-ਸਮੂਹ ਅਗੇਰੇ ਡੇਰਾ ਲਾਉਣਗੇ। ਆਸ਼ੇਰ ਦੇ ਲੋਕਾਂ ਦਾ ਆਗੂ ਆਕਰਾਨ ਦਾ ਪੁੱਤਰ ਪਗੀਏਲ ਹੈ। 28 ਉਸ ਦੇ ਸਮੂਹ ਅੰਦਰ 41,500 ਆਦਮੀ ਹਨ।
29 “ਨਫ਼ਤਾਲੀ ਦਾ ਪਰਿਵਾਰ-ਸਮੂਹ ਵੀ ਦਾਨ ਦੇ ਪਰਿਵਾਰ-ਸਮੂਹ ਦੇ ਨਾਲ ਡੇਰਾ ਲਾਵੇਗਾ। ਨਫ਼ਤਾਲੀ ਦੇ ਲੋਕਾਂ ਦਾ ਆਗੂ ਏਨਾਨ ਦਾ ਪੁੱਤਰ ਅਹੀਰਾ ਹੈ। 30 ਇਸ ਸਮੂਹ ਵਿੱਚ 53,400 ਆਦਮੀ ਹਨ।
31 “ਦਾਨ ਦੇ ਡੇਰੇ ਅੰਦਰ 1,57,600 ਆਦਮੀ ਹਨ। ਜਦੋਂ ਲੋਕ ਇੱਕ ਥਾਂ ਤੋਂ ਦੂਜੀ ਥਾਂ ਜਾਣਗੇ ਤਾਂ ਉਨ੍ਹਾਂ ਦਾ ਪਰਿਵਾਰ ਸਭ ਤੋਂ ਅਖੀਰ ਉੱਤੇ ਤੁਰੇਗਾ। ਹਰੇਕ ਆਦਮੀ ਆਪਣੇ ਪਰਿਵਾਰ ਦੇ ਝੰਡੇ ਨਾਲ ਹੋਵੇਗਾ।”
32 ਇਸ ਤਰ੍ਹਾਂ ਉਹ ਇਸਰਾਏਲ ਦੇ ਲੋਕ ਸਨ। ਉਨ੍ਹਾਂ ਦੀ ਗਿਣਤੀ ਪਰਿਵਾਰਾਂ ਦੇ ਰੂਪ ਵਿੱਚ ਕੀਤੀ ਗਈ। ਸਮੂਹਾ ਦੇ ਤੌਰ ਤੇ ਗਿਣੇ ਗਏ ਇਸਰਾਏਲੀ ਲੋਕਾਂ ਦੀ ਕੁੱਲ ਗਿਣਤੀ 6,03,550 ਹੈ। 33 ਮੂਸਾ ਨੇ ਯਹੋਵਾਹ ਦਾ ਹੁਕਮ ਮੰਨਿਆ ਅਤੇ ਲੇਵੀ ਦੇ ਲੋਕਾਂ ਦੀ ਗਿਣਤੀ ਇਸਰਾਏਲ ਦੇ ਹੋਰਨਾ ਲੋਕਾਂ ਦੇ ਨਾਲ ਨਹੀਂ ਕੀਤੀ।
34 ਇਸ ਤਰ੍ਹਾਂ ਇਸਰਾਏਲ ਦੇ ਲੋਕਾਂ ਨੇ ਉਹ ਸਾਰਾ ਕੁਝ ਕੀਤਾ ਜੋ ਯਹੋਵਾਹ ਨੇ ਮੂਸਾ ਨੂੰ ਆਖਿਆ ਸੀ। ਹਰੇਕ ਸਮੂਹ ਨੇ ਆਪਣੇ ਝੰਡੇ ਹੇਠਾ ਡੇਰਾ ਲਾਇਆ। ਹਰੇਕ ਬੰਦਾ ਆਪਣੇ ਪਰਿਵਾਰ ਅਤੇ ਪਰਿਵਾਰ-ਸਮੂਹ ਦੇ ਨਾਲ ਰਿਹਾ।
ਹਾਰੂਨ ਦਾ ਜਾਜਕ ਪਰਿਵਾਰ
3 ਇਹ ਹਾਰੂਨ ਅਤੇ ਮੂਸਾ ਦੇ ਪਰਿਵਾਰ ਦੇ ਉਸ ਵੇਲੇ ਦਾ ਇਤਿਹਾਸ ਹੈ ਜਦੋਂ ਯਹੋਵਾਹ ਨੇ ਮੂਸਾ ਨਾਲ ਸੀਨਈ ਪਰਬਤ ਉੱਤੇ ਗੱਲ ਕੀਤੀ ਸੀ।
2 ਹਾਰੂਨ ਦੇ ਚਾਰ ਪੁੱਤਰ ਸਨ। ਪਹਿਲੋਠਾ ਪੁੱਤਰ ਨਾਦਾਬ ਸੀ। ਫ਼ੇਰ ਅਬੀਹੂ, ਅਲਆਜ਼ਾਰ ਅਤੇ ਈਥਾਮਾਰ ਸਨ। 3 ਇਹ ਪੁੱਤਰ ਚੁਣੇ ਹੋਏ ਜਾਜਕ ਸਨ। ਇਨ੍ਹਾਂ ਪੁੱਤਰਾਂ ਨੂੰ ਯਹੋਵਾਹ ਦੀ ਜਾਜਕਾਂ ਵਜੋਂ ਸੇਵਾ ਕਰਨ ਦਾ ਖਾਸ ਕੰਮ ਦਿੱਤਾ ਗਿਆ ਸੀ। 4 ਪਰ ਨਾਦਾਬ ਅਤੇ ਅਬੀਹੂ ਦਾ ਯਹੋਵਾਹ ਦੀ ਸੇਵਾ ਕਰਦਿਆ ਦੇਹਾਂਤ ਹੋ ਗਿਆ ਕਿਉਂਕਿ ਉਨ੍ਹਾਂ ਨੇ ਵਰਜਿਤ ਅੱਗ ਨਾਲ ਭੇਟ ਚੜ੍ਹਾਈ ਸੀ। ਉਨ੍ਹਾਂ ਦੇ ਕੋਈ ਪੁੱਤਰ ਨਹੀਂ ਸਨ, ਇਸ ਲਈ ਅਲਆਜ਼ਾਰ ਅਤੇ ਈਥਾਮਾਰ ਨੇ ਉਨ੍ਹਾਂ ਦੀ ਥਾਂ ਲੈ ਲਈ ਅਤੇ ਜਾਜਕਾਂ ਵਜੋਂ ਯਹੋਵਾਹ ਦੀ ਸੇਵਾ ਕੀਤੀ। ਇਹ ਗੱਲ ਉਦੋਂ ਵਾਪਰੀ ਜਦੋਂ ਉਨ੍ਹਾਂ ਦਾ ਪਿਤਾ ਹਾਰੂਨ, ਹਾਲੇ ਜਿਉਂਦਾ ਸੀ।
ਜਾਜਕਾਂ ਦੇ ਸਹਾਇਕ-ਲੇਵੀ
5 ਯਹੋਵਾਹ ਨੇ ਮੂਸਾ ਨੂੰ ਆਖਿਆ, 6 “ਲੇਵੀ ਦੇ ਘਰਾਣੇ ਵਿੱਚੋਂ ਸਾਰੇ ਲੋਕਾਂ ਨੂੰ ਲੈ ਕੇ ਆ, ਉਨ੍ਹਾਂ ਨੂੰ ਜਾਜਕ ਹਾਰੂਨ ਕੋਲ ਲੈ ਕੇ ਆ। ਉਹ ਲੋਕ ਹਾਰੂਨ ਦੇ ਸਹਾਇਕ ਹੋਣਗੇ। 7 ਲੇਵੀ ਉਦੋਂ ਹਾਰੂਨ ਦੀ ਸਹਾਇਤਾ ਕਰਨਗੇ ਜਦੋਂ ਉਹ ਮੰਡਲੀ ਵਾਲੇ ਤੰਬੂ ਵਿੱਚ ਸੇਵਾ ਕਰੇਗਾ। ਅਤੇ ਲੇਵੀ ਇਸਰਾਏਲ ਦੇ ਸਾਰੇ ਲੋਕਾਂ ਦੀ ਸਹਾਇਤਾ ਕਰਨਗੇ ਜਦੋਂ ਉਹ ਪਵਿੱਤਰ ਤੰਬੂ ਵਿਖੇ ਉਪਾਸਨਾ ਕਰਨ ਲਈ ਆਉਣਗੇ। 8 ਉਨ੍ਹਾਂ ਨੂੰ ਮੰਡਲੀ ਦੇ ਤੰਬੂ ਵਿੱਚਲੀਆ ਸਾਰੀਆਂ ਵਸਤਾਂ ਦੀ ਰਾਖੀ ਕਰਨੀ ਚਾਹੀਦੀ ਹੈ; ਇਹ ਉਨ੍ਹਾਂ ਦਾ ਫ਼ਰਜ਼ ਹੈ। ਪਰ ਲੇਵੀ ਇਨ੍ਹਾ ਚੀਜ਼ਾਂ ਦੀ ਦੇਖ-ਭਾਲ ਕਰਕੇ ਇਸਰਾਏਲ ਦੇ ਲੋਕਾਂ ਦੀ ਸੇਵਾ ਕਰਨਗੇ। ਉਹ ਪਵਿੱਤਰ ਤੰਬੂ ਵਿੱਚ ਸੇਵਾ ਕਰਨਗੇ।
9 “ਤੂੰ ਲੇਵੀਆ ਨੂੰ ਹਾਰੂਨ ਅਤੇ ਉਸ ਦੇ ਪੁੱਤਰਾ ਦੇ ਹਵਾਲੇ ਕਰ ਦੇਵੇਗਾ। ਲੇਵੀਆ ਨੂੰ, ਇਸਰਾਏਲ ਦੇ ਸਮੂਹ ਲੋਕਾਂ ਵਿੱਚੋਂ ਹਾਰੂਨ ਅਤੇ ਉਸ ਦੇ ਪੁੱਤਰਾਂ ਦੀ ਸਹਾਇਤਾ ਕਰਨ ਲਈ ਚੁਣਿਆ ਗਿਆ ਸੀ।
10 “ਹਾਰੂਨ ਅਤੇ ਉਸ ਦੇ ਪੁੱਤਰ ਨੂੰ ਜਾਜਕ ਥਾਪੋ। ਉਨ੍ਹਾਂ ਨੂੰ ਆਪਣਾ ਫ਼ਰਜ਼ ਅਵੱਸ਼ ਪੂਰਾ ਕਰਨਾ ਚਾਹੀਦਾ ਹੈ ਅਤੇ ਜਾਜਕਾਂ ਵਜੋਂ ਸੇਵਾ ਕਰਨੀ ਚਾਹੀਦੀ ਹੈ। ਹੋਰ ਜਿਹੜਾ ਵੀ ਬੰਦਾ ਪਵਿੱਤਰ ਵਸਤਾਂ ਦੇ ਨੇੜੇ ਆਉਣ ਦੀ ਕੋਸ਼ਿਸ਼ ਕਰੇਗਾ ਉਸ ਨੂੰ ਅਵੱਸ਼ ਹੀ ਮਾਰ ਦਿੱਤਾ ਜਾਵੇਗਾ।”
11 ਯਹੋਵਾਹ ਨੇ ਮੂਸਾ ਨੂੰ ਆਖਿਆ: 12 “ਮੈਂ ਤੁਹਾਨੂੰ ਆਖਿਆ ਸੀ ਕਿ ਇਸਰਾਏਲ ਦੇ ਹਰ ਪਰਿਵਾਰ ਨੂੰ, ਆਪਣਾ ਪਹਿਲੋਠਾ ਪੁੱਤਰ ਮੈਨੂੰ ਭੇਟ ਚੜ੍ਹਾਉਣਾ ਚਾਹੀਦਾ ਹੈ। ਪਰ ਹੁਣ ਮੈਂ ਲੇਵੀਆਂ ਦੀ ਚੋਣ ਆਪਣੀ ਸੇਵਾ ਕਰਨ ਲਈ ਕਰ ਰਿਹਾ ਹਾਂ। ਉਹ ਮੇਰੇ ਹੋਣਗੇ। ਇਸ ਲਈ ਇਸਰਾਏਲ ਦੇ ਹੋਰਨਾਂ ਲੋਕਾਂ ਨੂੰ ਆਪਣੇ ਪਹਿਲੋਠੇ ਪੁੱਤਰ ਮੈਨੂੰ ਭੇਟ ਨਹੀਂ ਕਰਨੇ ਪੈਣਗੇ। 13 ਜਦੋਂ ਤੁਸੀਂ ਮਿਸਰ ਵਿੱਚ ਸੀ, ਮੈਂ ਮਿਸਰੀ ਲੋਕਾਂ ਦੇ ਸਾਰੇ ਪਹਿਲੋਠੇ ਪੁੱਤਰਾਂ ਨੂੰ ਮਾਰ ਦਿੱਤਾ ਸੀ। ਉਸ ਸਮੇਂ ਮੈਂ ਇਸਰਾਏਲ ਦੇ ਸਾਰੇ ਪਹਿਲੋਠੇ ਪੁੱਤਰਾਂ ਨੂੰ ਅਪਨਾ ਲਿਆ ਸੀ। ਸਾਰੇ ਹੀ ਪਹਿਲੋਠੇ ਬੱਚੇ ਅਤੇ ਪਹਿਲੋਠੇ ਜਾਨਵਰ ਮੇਰੇ ਸਨ ਪਰ ਹੁਣ ਮੈਂ ਪਹਿਲੋਠੇ ਬੱਚਿਆ ਨੂੰ ਤੁਹਾਨੂੰ ਵਾਪਸ ਕਰ ਰਿਹਾ ਹਾਂ, ਅਤੇ ਮੈਂ ਲੇਵੀਆ ਨੂੰ ਆਪਣਾ ਬਣਾ ਰਿਹਾ ਹਾਂ। ਮੈਂ ਯਹੋਵਾਹ ਹਾਂ।”
14 ਯਹੋਵਾਹ ਨੇ ਮੂਸਾ ਨਾਲ ਇੱਕ ਵਾਰ ਫ਼ੇਰ ਸੀਨਈ ਦੇ ਮਾਰੂਥਲ ਵਿੱਚ ਗੱਲ ਕੀਤੀ, ਯਹੋਵਾਹ ਨੇ ਆਖਿਆ, 15 “ਲੇਵੀ ਦੇ ਪਰਿਵਾਰ-ਸਮੂਹ ਦੇ ਸਾਰੇ ਪਰਿਵਾਰਾਂ ਅਤੇ ਪਰਿਵਾਰ-ਸਮੂਹਾ ਦੀ ਗਿਣਤੀ ਕਰ। ਹਰੇਕ ਆਦਮੀ ਜਾਂ ਬੱਚੇ ਦੀ ਗਿਣਤੀ ਕਰ ਜਿਹੜਾ ਇੱਕ ਮਹੀਨੇ ਦਾ ਜਾਂ ਇਸਤੋਂ ਵੱਡੇਰਾ ਹੈ।” 16 ਇਸ ਲਈ ਮੂਸਾ ਨੇ ਯਹੋਵਾਹ ਦਾ ਹੁਕਮ ਮੰਨਿਆ। ਉਸ ਨੇ ਉਨ੍ਹਾਂ ਸਾਰਿਆ ਦੀ ਗਿਣਤੀ ਕੀਤੀ।
17 ਲੇਵੀ ਦੇ ਤਿੰਨ ਪੁੱਤਰ ਸਨ। ਉਨ੍ਹਾਂ ਦੇ ਨਾਮ ਸਨ: ਗੇਰਸ਼ੋਨ, ਕਾਹਥ, ਅਤੇ ਮਰਾਰੀ।
18 ਹਰੇਕ ਪੁੱਤਰ ਕਈ ਪਰਿਵਾਰ-ਸਮੂਹਾ ਦਾ ਆਗੂ ਸੀ।
ਗੇਰਸ਼ੋਨ ਪਰਿਵਾਰ ਦੇ ਸਮੂਹ ਸਨ: ਲਿਬਨੀ ਅਤੇ ਸ਼ਿਮਈ।
19 ਕਹਾਥ ਪਰਿਵਾਰ ਦੇ ਸਮੂਹ ਸਨ: ਅਮਰਾਮ, ਯਿਸਹਾਰ, ਹਬਰੋਨ ਅਤੇ ਉੱਜ਼ੀਏਲ।
20 ਮਰਾਰੀ ਪਰਿਵਾਰ-ਸਮੂਹ ਸਨ: ਮਹਲੀ ਅਤੇ ਮੂਸ਼ੀ।
ਇਹ ਪਰਿਵਾਰ ਹਨ ਜਿਹੜੇ ਲੇਵੀ ਦੇ ਪਰਿਵਾਰ-ਸਮੂਹ ਦੇ ਸਨ।
21 ਲਿਬਨੀ ਅਤੇ ਸ਼ਿਮਈ ਦੇ ਪਰਿਵਾਰ ਗੇਰਸ਼ੋਨ ਦੇ ਪਰਿਵਾਰਾਂ ਨਾਲ ਸੰਬੰਧਿਤ ਸਨ। ਉਹ ਗੇਰਸ਼ੋਨ ਪਰਿਵਾਰ ਦੇ ਸਮੂਹ ਸਨ। 22 ਉਨ੍ਹਾਂ ਦੋਹਾਂ ਪਰਿਵਾਰ-ਸਮੂਹਾ ਵਿੱਚ 7,500 ਆਦਮੀ ਅਤੇ ਮੁੰਡੇ ਸਨ ਜਿਹੜੇ ਇੱਕ ਮਹੀਨੇ ਜਾਂ ਇਸਤੋਂ ਵੱਡੀ ਉਮਰ ਦੇ ਸਨ। 23 ਗੇਰਸ਼ੋਨੀ ਪਰਿਵਾਰ-ਸਮੂਹਾ ਨੂੰ ਪੱਛਮ ਵੱਲ ਡੇਰਾ ਲਾਉਣ ਲਈ ਆਖਿਆ ਗਿਆ। ਉਨ੍ਹਾਂ ਨੇ ਆਪਣਾ ਡੇਰਾ ਪਵਿੱਤਰ ਤੰਬੂ ਦੇ ਪਿੱਛੇ ਲਾਇਆ। 24 ਗੇਰਸ਼ੋਨੀ ਲੋਕਾਂ ਦੇ ਪਰਿਵਾਰ-ਸਮੂਹਾ ਦਾ ਆਗੂ ਲਾਏਲ ਦਾ ਪੁੱਤਰ ਅਲਯਾਸਾਫ਼ ਸੀ। 25 ਮੰਡਲੀ ਵਾਲੇ ਤੰਬੂ ਵਿੱਚ, ਗੇਰਸ਼ੋਨੀ ਲੋਕਾਂ ਦਾ ਕੰਮ, ਪਵਿੱਤਰ ਤੰਬੂ, ਬਾਹਰਲੇ ਤੰਬੂ ਅਤੇ ਉੱਪਰ ਪਰਦੇ ਦੀ ਦੇਖ-ਭਾਲ ਕਰਨਾ ਸੀ। ਉਹ ਮੰਡਲੀ ਦੇ ਤੰਬੂ ਦੇ ਪ੍ਰਵੇਸ਼ ਵਾਲੇ ਪਰਦੇ ਦੀ ਦੇਖ-ਭਾਲ ਵੀ ਕਰਦੇ ਸਨ। 26 ਉਹ ਵਿਹੜੇ ਦੇ ਪਰਦੇ ਦੀ ਦੇਖ-ਭਾਲ ਕਰਦੇ ਸਨ। ਅਤੇ ਉਹ ਵਿਹੜੇ ਦੇ ਪ੍ਰਵੇਸ਼ ਵਾਲੇ ਪਰਦੇ ਦੀ ਦੇਖ-ਭਾਲ ਕਰਦੇ ਸਨ। ਇਹ ਵਿਹੜਾ ਪਵਿੱਤਰ ਤੰਬੂ ਅਤੇ ਜਗਵੇਦੀ ਦੇ ਆਲੇ-ਦੁਆਲੇ ਸੀ। ਅਤੇ ਉਹ ਉਨ੍ਹਾਂ ਸਾਰੇ ਰਸਿਆ ਅਤੇ ਹਰ ਉਸ ਚੀਜ਼ ਦੀ ਦੇਖ-ਭਾਲ ਕਰਦੇ ਸਨ ਜਿਹੜੀ ਪਰਦਿਆ ਨਾਲ ਵਰਤੀ ਜਾਂਦੀ ਸੀ।
27 ਅਮਰਾਮ, ਯਿਸਾਹਾਰ, ਹਬਰੋਨ ਅਤੇ ਉੱਜ਼ੀਏਲ ਦੇ ਪਰਿਵਾਰ ਕਹਾਥ ਦੇ ਪਰਿਵਾਰ ਨਾਲ ਸੰਬੰਧਿਤ ਸਨ। ਉਹ ਕਹਾਥੀ ਪਰਿਵਰ-ਸਮੂਹ ਵਿੱਚੋਂ ਸਨ। 28 ਇਸ ਪਰਿਵਾਰ ਸਮੂਹ ਵਿੱਚ 8,300 [b] ਇੱਕ ਸਾਲ ਜਾਂ ਇਸਤੋਂ ਵਡੇਰੀ ਉਮਰ ਦੇ ਬੱਚੇ ਅਤੇ ਆਦਮੀ ਸਨ। ਕਹਾਥੀ ਲੋਕਾਂ ਨੂੰ ਪਵਿੱਤਰ ਸਥਾਨ ਦੀਆਂ ਇਨ੍ਹਾਂ ਚੀਜ਼ਾਂ ਦੀ ਸਾਂਭ-ਸੰਭਾਲ ਦਾ ਕੰਮ ਸੌਂਪਿਆ ਗਿਆ ਸੀ। 29 ਕਹਾਥੀ ਲੋਕ ਪਵਿੱਤਰ ਤੰਬੂ ਦੇ ਦੱਖਣ ਵਾਲੇ ਪਾਸੇ ਡੇਰਾ ਲਾਉਣ ਵਾਲੇ ਸਨ। 30 ਕਹਾਥੀ ਪਰਿਵਾਰ-ਸਮੂਹਾਂ ਦਾ ਆਗੂ ਉੱਜ਼ੀਏਲ ਦਾ ਪੁੱਤਰ ਅਲੀਸਾਫ਼ਾਨ ਸੀ। 31 ਉਨ੍ਹਾਂ ਦਾ ਕੰਮ ਪਵਿੱਤਰ ਸੰਦੂਕ, ਮੇਜ਼, ਸ਼ਮਾਦਾਨ, ਜਗਵੇਦੀਆ ਅਤੇ ਪਵਿੱਤਰ ਸਥਾਨ ਦੀਆ ਪਲੇਟਾਂ ਦੀ ਸਾਂਭ-ਸੰਭਾਲ ਕਰਨਾ ਸੀ। ਉਹ ਪਰਦਿਆ ਅਤੇ ਉਨ੍ਹਾਂ ਵਿੱਚ ਵਰਤੀਆ ਜਾਣ ਵਾਲੀਆਂ ਸਾਰੀਆਂ ਚੀਜ਼ਾਂ ਦੀ ਸਾਂਭ-ਸੰਭਾਲ ਵੀ ਕਰਦੇ ਸਨ।
32 ਲੇਵੀ ਲੋਕਾਂ ਦੇ ਆਗੂਆ ਦਾ ਆਗੂ ਜਾਜਕ ਹਾਰੂਨ ਦਾ ਪੁੱਤਰ ਅਲਆਜ਼ਾਰ ਸੀ। ਅਲਆਜ਼ਾਰ ਉਨ੍ਹਾਂ ਸਾਰੇ ਲੋਕਾਂ ਦਾ ਮੁਖੀਆ ਸੀ ਜਿਹੜੇ ਪਵਿੱਤਰ ਚੀਜ਼ਾ ਦੀ ਸਾਂਭ-ਸੰਭਾਲ ਕਰਦੇ ਸਨ।
33-34 ਮਹਲੀ ਅਤੇ ਮੂਸ਼ੀ ਦੇ ਪਰਿਵਾਰ-ਸਮੂਹ ਮਰਾਰੀ ਪਰਿਵਾਰ ਨਾਲ ਸੰਬੰਧਿਤ ਸਨ। ਮਹਲੀ ਪਰਿਵਾਰ-ਸਮੂਹ ਵਿੱਚ 6,200 ਆਦਮੀ ਅਤੇ ਇੱਕ ਮਹੀਨੇ ਜਾਂ ਵਡੇਰੀ ਉਮਰ ਦੇ ਮੁੰਡੇ ਸਨ। 35 ਮਰਾਰੀ ਪਰਿਵਾਰ-ਸਮੂਹ ਦਾ ਆਗੂ ਅਬੀਹਾਯਿਲ ਦਾ ਪੁੱਤਰ ਸੂਰੀਏਲ ਸੀ। ਇਹ ਪਰਿਵਾਰ-ਸਮੂਹ ਪਵਿੱਤਰ ਤੰਬੂ ਦੇ ਉੱਤਰ ਵਾਲੇ ਪਾਸੇ ਡੇਰਾ ਲਾਉਣ ਵਾਲਾ ਸੀ। 36 ਮਰਾਰੀ ਪਰਿਵਾਰ ਦੇ ਲੋਕਾਂ ਨੂੰ ਪਵਿੱਤਰ ਤੰਬੂ ਦੇ ਫ਼ਰੇਮਾ ਦੀ ਸਾਂਭ-ਸੰਭਾਲ ਦਾ ਕੰਮ ਦਿੱਤਾ ਗਿਆ ਸੀ। ਉਹ ਸਾਰੀਆਂ ਬਰੇਸਾ, ਥੜਿਆ ਥੰਮੀਆ ਅਤੇ ਉਸ ਹਰ ਚੀਜ਼ ਦੀ ਸਾਂਭ-ਸੰਭਾਲ ਕਰਦੇ ਸਨ ਜਿਹੜੀ ਪਵਿੱਤਰ ਤੰਬੂ ਦੇ ਫ਼ਰੇਮਾ ਨਾਲ ਵਰਤੀ ਜਾਂਦੀ ਸੀ। 37 ਉਹ ਪਵਿੱਤਰ ਤੰਬੂ ਦੇ ਆਲੇ-ਦੁਆਲੇ ਦੇ ਵਿਹੜੇ ਵਿੱਚਲੀਆਂ ਥੰਮੀਆ ਦੀ ਦੇਖ-ਭਾਲ ਵੀ ਕਰਦੇ ਸਨ, ਇਸ ਵਿੱਚ ਸਾਰੇ ਥੜੇ, ਤੰਬੂ ਦੀਆਂ ਕਿੱਲੀਆਂ ਅਤੇ ਰੱਸੇ ਸ਼ਾਮਿਲ ਸਨ।
38 ਮੂਸਾ, ਹਾਰੂਨ ਅਤੇ ਉਸ ਦੇ ਪੁੱਤਰਾ ਨੇ ਮੰਡਲੀ ਵਾਲੇ ਤੰਬੂ ਦੇ ਸਾਹਮਣੇ ਪਵਿੱਤਰ ਤੰਬੂ ਦੇ ਪੂਰਬ ਵੱਲ ਡੇਰਾ ਲਾਇਆ। ਉਨ੍ਹਾਂ ਨੂੰ ਪਵਿੱਤਰ ਸਥਾਨ ਦੀ ਸਾਂਭ-ਸੰਭਾਲ ਦਾ ਕੰਮ ਸੌਂਪਿਆ ਗਿਆ ਸੀ। ਉਨ੍ਹਾਂ ਨੇ ਇਹ ਕੰਮ ਇਸਰਾਏਲ ਦੇ ਸਾਰੇ ਲੋਕਾਂ ਲਈ ਕੀਤਾ। ਹੋਰ ਜਿਹੜਾ ਵੀ ਪਵਿੱਤਰ ਸਥਾਨ ਦੇ ਨੇੜੇ ਆਉਂਦਾ ਉਸ ਨੇ ਮਾਰਿਆ ਜਾਣਾ ਸੀ।
39 ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਆਦੇਸ਼ ਦਿੱਤਾ ਕਿ ਉਹ ਲੇਵੀ ਦੇ ਪਰਿਵਾਰ-ਸਮੂਹ ਦੇ ਸਾਰੇ ਆਦਮੀਆਂ ਅਤੇ ਇੱਕ ਮਹੀਨੇ ਜਾਂ ਇਸਤੋਂ ਵਡੇਰੇ ਮੁੰਡਿਆ ਦੀ ਗਿਣਤੀ ਕਰਨ। ਕੁੱਲ ਗਿਣਤੀ 22,000 ਸੀ।
ਲੇਵੀ ਪਹਿਲੋਠੇ ਪੁੱਤਰਾ ਦਾ ਸਥਾਨ ਲੈਂਦੇ ਹਨ
40 ਯਹੋਵਾਹ ਨੇ ਮੂਸਾ ਨੂੰ ਆਖਿਆ, “ਇਸਰਾਏਲ ਦੇ ਸਾਰੇ ਪਹਿਲੋਠੇ ਆਦਮੀਆ ਅਤੇ ਉਨ੍ਹਾਂ ਮੁੰਡਿਆ ਦੀ ਗਿਣਤੀ ਕਰ ਜਿਹੜੇ ਘੱਟੋ-ਘੱਟ ਇੱਕ ਮਹੀਨੇ ਦੇ ਹਨ ਉਨ੍ਹਾਂ ਦੇ ਨਾਮ ਇੱਕ ਸੂਚੀ ਵਿੱਚ ਲਿਖ। 41 ਇਸਰਾਏਲ ਦੇ ਪਹਿਲੋਠੇ ਪੁੱਤਰਾ ਅਤੇ ਮੁੰਡਿਆ ਨੂੰ ਲੈਣ ਦੀ ਬਜਾਇ, ਮੈ ਯਹੋਵਾਹ, ਲੇਵੀਆਂ ਨੂੰ ਲਵਾਂਗਾ। ਮੈਂ ਹੋਰਨਾਂ ਲੋਕਾਂ ਦੇ ਪਹਿਲੋਠੇ ਜਾਨਵਰਾਂ ਨੂੰ ਲੈਣ ਦੀ ਬਜਾਇ ਲੇਵੀਆ ਦੇ ਪਹਿਲੋਠੇ ਜਾਨਵਰਾ ਨੂੰ ਲਵਾਗਾ।”
42 ਇਸ ਲਈ ਮੂਸਾ ਨੇ ਉਵੇਂ ਹੀ ਕੀਤਾ ਜਿਵੇਂ ਯਹੋਵਾਹ ਨੇ ਆਖਿਆ ਸੀ। ਮੂਸਾ ਨੇ ਇਸਆਏਲ ਦੇ ਲੋਕਾ ਦੇ ਸਾਰੇ ਪਹਿਲੋਠੇ ਬੱਚਿਆਂ ਦੀ ਗਿਣਤੀ ਕੀਤੀ। 43 ਮੂਸਾ ਨੇ ਸਾਰੇ ਪਹਿਲੋਠੇ ਆਦਮੀਆ ਅਤੇ ਇੱਕ ਸਾਲ ਜਾਂ ਇਸਤੋਂ ਵਡੇਰੀ ਉਮਰ ਦੇ ਮੁੰਡਿਆ ਦੀ ਸੂਚੀ ਬਣਾਈ। ਇਸ ਸੂਚੀ ਵਿੱਚ 22,273 ਨਾਮ ਸਨ।
44 ਯਹੋਵਾਹ ਨੇ ਮੂਸਾ ਨੂੰ ਇਹ ਵੀ ਆਖਿਆ, 45 “ਮੈਂ, ਯਹੋਵਾਹ, ਇਹ ਆਦੇਸ਼ ਦਿੰਦਾ ਹਾਂ: ‘ਇਸਰਾਏਲ ਦੇ ਹੋਰਨਾ ਪਰਿਵਾਰਾਂ ਦੇ ਪਹਿਲੋਠੇ ਆਦਮੀਆ ਦੀ ਬਜਾਇ ਲੇਵੀਆ ਨੂੰ ਲੈ। ਅਤੇ ਮੈਂ ਹੋਰਨਾ ਲੋਕਾਂ ਦੇ ਜਾਨਵਰਾ ਦੀ ਬਜਾਇ ਲੇਵੀਆ ਦੇ ਜਾਨਵਰਾ ਨੂੰ ਲਵਾਗਾ। ਲੇਵੀ ਮੇਰੇ ਹਨ। 46 ਲੇਵੀ 22,000 ਹਨ, ਪਰ ਹੋਰਨਾ ਪਰਿਵਾਰਾਂ ਦੇ ਪਹਿਲੋਠੇ ਪੁੱਤਰ 22,273 ਹਨ। ਇਸ ਨਾਲ ਲੇਵੀਆ ਨਾਲੋਂ 273 ਪਹਿਲੋਠੇ ਪੁੱਤਰ ਵੱਧੇਰੇ ਬੱਚਦੇ ਹਨ। 47 ਸਰਕਾਰੀ ਮਾਪ ਦੇ ਅਨੁਸਾਰ, ਵਾਧੂ 273 ਲੋਕਾਂ ਲਈ ਚਾਂਦੀ ਦੇ 5 ਸ਼ੈਕਲ (ਇੱਕ ਸ਼ੈਕਲ 20 ਗੇਰਾਹ ਦੇ ਬਰਾਬਰ ਹੈ) ਜਮ੍ਹਾ ਕਰ। ਇਸਰਾਏਲ ਦੇ ਲੋਕਾਂ ਕੋਲੋਂ ਉਹ ਚਾਂਦੀ ਇਕੱਠੀ ਕਰ। 48 ਉਹ ਚਾਂਦੀ ਹਾਰੂਨ ਅਤੇ ਉਸ ਦੇ ਪੁੱਤਰ ਨੂੰ ਦੇ। ਇਹ ਇਸਰਾਏਲ ਦੇ 273 ਲੋਕਾਂ ਲਈ ਅਦਾਇਗੀ ਕਰ।’”
49 ਉੱਥੇ ਹੋਰਨਾਂ ਪਰਿਵਾਰ-ਸਮੂਹਾ ਦੇ 273 ਆਦਮੀਆ ਦੀ ਥਾਂ ਲੈਣ ਵਾਲੇ ਕਾਫ਼ੀ ਲੇਵੀ ਨਹੀਂ ਸਨ। ਇਸ ਲਈ ਮੂਸਾ ਨੇ ਇਨ੍ਹਾਂ 273 ਆਦਮੀਆ ਲਈ ਚਾਂਦੀ ਇਕੱਠੀ ਕੀਤੀ। 50 ਮੂਸਾ ਨੇ ਇਸਰਾਏਲ ਦੇ ਪਹਿਲੋਠੇ ਆਦਮੀਆਂ ਕੋਲੋਂ ਚਾਂਦੀ ਇਕੱਠੀ ਕੀਤੀ। ਉਸ ਨੇ ਸਰਕਾਰੀ ਮਾਪ ਅਨੁਸਾਰ 1,365 ਸ਼ੈਕਲ ਚਾਂਦੀ ਇਕੱਠੀ ਕੀਤੀ। 51 ਮੂਸਾ ਨੇ ਯਹੋਵਾਹ ਦਾ ਹੁਕਮ ਮੰਨਿਆ। ਮੂਸਾ ਨੇ ਯਹੋਵਾਹ ਦੇ ਆਦੇਸ਼ ਅਨੁਸਾਰ ਚਾਂਦੀ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਦੇ ਦਿੱਤੀ।
ਕਹਾਥ ਪਰਿਵਾਰ ਦੇ ਕੰਮ
4 ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਆਖਿਆ, 2 “ਕਹਾਥ ਦੇ ਪਰਿਵਾਰ-ਸਮੂਹ ਦੇ ਪਰਿਵਾਰਾਂ ਦੇ ਆਦਮੀਆ ਦੀ ਗਿਣਤੀ ਕਰੋ। (ਕਹਾਥ ਪਰਿਵਾਰ-ਸਮੂਹ ਲੇਵੀ ਦੇ ਪਰਿਵਾਰ-ਸਮੂਹ ਦਾ ਅੰਗ ਹੈ।) 3 ਤੀਹ ਅਤੇ ਪੰਜਾਹ ਸਾਲਾਂ ਦੀ ਉਮਰ ਦੇ ਵਿੱਚਕਾਰਲੇ ਆਦਮੀਆ ਦੀ ਗਿਣਤੀ ਕਰੋ ਜੋ ਸੇਵਾ ਕਰਨ ਦੇ ਯੋਗ ਹਨ। ਇਹ ਆਦਮੀ ਮੰਡਲੀ ਵਾਲੇ ਤੰਬੂ ਵਿੱਚ ਕੰਮ ਕਰਨਗੇ 4 ਕਹਾਥੀ ਪਰਿਵਾਰ ਦਾ ਕੰਮ ਮੰਡਲੀ ਵਾਲੇ ਤੰਬੂ ਵਿੱਚਲੀਆ ਸਭ ਤੋਂ ਪਵਿੱਤਰ ਚੀਜ਼ਾ ਦੀ ਸਾਂਭ-ਸੰਭਾਲ ਕਰਨਾ ਹੋਵੇਗਾ।
5 “ਜਦੋਂ ਇਸਰਾਏਲ ਦੇ ਲੋਕ ਕਿਸੇ ਨਵੀ ਥਾਂ ਨੂੰ ਜਾਣ, ਹਾਰੂਨ ਅਤੇ ਉਸ ਦੇ ਪੁੱਤਰਾ ਨੂੰ ਪਰਦੇ ਨੂੰ ਉਤਾਰ ਲੈਣਾ ਚਾਹੀਦਾ ਹੈ ਅਤੇ ਇਕਰਾਰਨਾਮੇ ਦੇ ਪਵਿੱਤਰ ਸੰਦੂਕ ਨੂੰ ਇਸ ਨਾਲ ਢੱਕ ਦੇਣਾ ਚਾਹੀਦਾ ਹੈ। 6 ਫ਼ੇਰ ਉਨ੍ਹਾਂ ਨੂੰ ਇਸ ਸਾਰੇ ਕੁਝ ਨੂੰ ਨਰਮ ਚਮੜੇ ਦੇ ਕੱਜਣ ਨਾਲ ਢੱਕ ਦੇਣਾ ਚਾਹੀਦਾ ਹੈ। ਫ਼ੇਰ ਉਨ੍ਹਾਂ ਨੂੰ ਚਮੜੇ ਉੱਤੇ ਗੂੜੇ ਨੀਲੇ ਰੰਗ ਦਾ ਕੱਪੜਾ ਪਾ ਦੇਣਾ ਚਾਹੀਦਾ ਹੈ ਅਤੇ ਪਵਿੱਤਰ ਸੰਦੂਕ ਦੇ ਕੜਿਆਂ ਵਿੱਚ ਲੱਠਾਂ ਅੜਾ ਦੇਣੀਆ ਚਾਹੀਦੀਆਂ ਹਨ।
7 “ਫ਼ੇਰ ਉਨ੍ਹਾਂ ਨੂੰ ਚਾਹੀਦਾ ਹੈ ਕਿ ਪਵਿੱਤਰ ਮੇਜ਼ ਉੱਤੇ ਨੀਲਾ ਕੱਪੜਾ ਵਿਛਾ ਦੇਣ। ਉਨ੍ਹਾਂ ਨੂੰ ਚਾਹੀਦਾ ਹੈ ਕਿ ਮੇਜ਼ ਉੱਤੇ ਪਲੇਟਾਂ ਚਮਚੇ ਅਤੇ ਕੌਲੀਆ ਅਤੇ ਪੀਣ ਦੀਆਂ ਭੇਟਾ ਵਾਲੇ ਜੱਗ ਰੱਖ ਦੇਣ। ਅਤੇ ਮੇਜ਼ ਉੱਤੇ ਰੋਟੀ ਰੱਖ ਦੇਣ। 8 ਫ਼ੇਰ ਤੁਹਾਨੂੰ ਚਾਹੀਦਾ ਹੈ ਕਿ ਇਨ੍ਹਾਂ ਸਾਰੀਆਂ ਚੀਜ਼ਾਂ ਉੱਪਰ ਲਾਲ ਕੱਪੜਾ ਪਾ ਦਿਉ। ਫ਼ੇਰ ਹਰ ਚੀਜ਼ ਨੂੰ ਨਰਮ ਚਮੜੇ ਨਾਲ ਕੱਜ ਦਿਉ। ਫ਼ੇਰ ਮੇਜ਼ ਦੇ ਰਿੰਗ ਵਿੱਚ ਲਠਾ ਪਾ ਦਿਉ।
9 “ਫ਼ੇਰ ਉਨ੍ਹਾਂ ਨੂੰ ਚਾਹੀਦਾ ਹੈ ਕਿ ਸ਼ਮਾਦਾਨ ਅਤੇ ਉਸ ਦੇ ਦੀਵਿਆਂ ਨੂੰ ਨੀਲੇ ਕੱਪੜੇ ਨਾਲ ਢੱਕ ਦੇਣ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਜਿਹੜੀਆਂ ਦੀਵਿਆ ਨੂੰ ਬਲਦਾ ਰੱਖਦੀਆ ਹਨ ਅਤੇ ਦੀਵਿਆ ਵਿੱਚ ਵਰਤੇ ਜਾਣ ਵਾਲੇ ਤੇਲ ਦੇ ਬਰਤਨਾਂ ਨੂੰ ਢੱਕ ਦੇਣ। 10 ਫ਼ੇਰ ਸਭ ਕੁਝ ਨੂੰ ਨਰਮ ਚਮੜੇ ਵਿੱਚ ਲਪੇਟ ਦੇਣ। ਫ਼ੇਰ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੁੱਕਣ ਵਾਲੀਆਂ ਲੱਠਾਂ ਉੱਤੇ ਰੱਖ ਦੇਣ।
11 “ਉਨ੍ਹਾਂ ਨੂੰ ਚਾਹੀਦਾ ਹੈ ਕਿ ਸੁਨਿਹਰੀ ਜਗਵੇਦੀ ਉੱਤੇ ਨੀਲਾ ਕੱਪੜਾ ਪਾ ਦੇਣ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਸ ਨੂੰ ਨਰਮ ਚਮੜੇ ਨਾਲ ਲਪੇਟ ਦੇਣ। ਫ਼ੇਰ ਉਨ੍ਹਾਂ ਨੂੰ ਚਾਹੀਦਾ ਹੈ ਕਿ ਇਸ ਨੂੰ ਲਿਜਾਣ ਲਈ ਜਗਵੇਦੀ ਦੇ ਕੱਪੜਿਆ ਵਿੱਚ ਲੱਠਾ ਫ਼ਸਾ ਦੇਣ।
12 “ਫ਼ੇਰ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਨ੍ਹਾਂ ਸਾਰੀਆਂ ਖਾਸ ਚੀਜ਼ਾਂ ਨੂੰ ਇੱਕਤਰ ਕਰਨ ਜਿਹੜੀਆਂ ਪਵਿੱਤਰ ਸਥਾਨ ਵਿੱਚ ਉਪਾਸਨਾ ਲਈ ਵਰਤੀਆਂ ਜਾਂਦੀਆਂ ਹਨ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਨ੍ਹਾਂ ਨੂੰ ਇਕੱਠੀਆਂ ਕਰ ਲੈਣ ਅਤੇ ਨੀਲੇ ਕੱਪੜੇ ਵਿੱਚ ਲਪੇਟ ਦੇਣ। ਫ਼ੇਰ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਨ੍ਹਾਂ ਨੂੰ ਨਰਮ ਚਮੜੇ ਨਾਲ ਢੱਕ ਦੇਣ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਨ੍ਹਾਂ ਚੀਜ਼ਾਂ ਨੂੰ ਚੁੱਕਣ ਵਾਲੇ ਫ਼ਰੇਮ ਉੱਤੇ ਰੱਖ ਦੇਣ।
13 “ਉਨ੍ਹਾਂ ਨੂੰ ਚਾਹੀਦਾ ਹੈ ਕਿ ਕਾਂਸੀ ਦੀ ਜਗਵੇਦੀ ਵਿੱਚੋਂ ਰਾਖ ਝਾੜ ਦੇਣ ਅਤੇ ਇਸ ਉੱਤੇ ਬੈਂਗਨੀ ਕੱਪੜਾ ਪਾ ਦੇਣ। 14 ਫ਼ੇਰ ਉਨ੍ਹਾਂ ਨੂੰ ਇਹ ਸਾਰੀਆਂ ਚੀਜ਼ਾਂ ਇਕੱਠੀਆਂ ਕਰ ਲੈਣੀਆਂ ਚਾਹੀਦੀਆਂ ਹਨ ਜਿਹੜੀਆਂ ਜਗਵੇਦੀ ਉੱਤੇ ਉਪਾਸਨਾ ਕਰਨ ਲਈ ਵਰਤੀਆਂ ਜਾਂਦੀਆਂ ਹਨ। ਇਹ ਅੱਗ ਵਾਲੇ ਭਾਂਡੇ ਹਨ, ਕਾਂਟੇ, ਕੜਛੇ ਅਤੇ ਕੌਲੇ ਉਨ੍ਹਾਂ ਨੂੰ ਇਹ ਚੀਜ਼ਾਂ ਕਾਂਸੀ ਦੀ ਜਗਵੇਦੀ ਉੱਤੇ ਰੱਖ ਦੇਣੀਆ ਚਾਹੀਦੀਆਂ ਹਨ। ਉਨ੍ਹਾਂ ਨੂੰ ਇਹ ਚੀਜ਼ਾਂ ਨਰਮ ਚਮੜੇ ਦੇ ਟੁਕੜੇ ਵਿੱਚ ਲਪੇਟ ਦੇਣੀਆ ਚਾਹੀਦੀਆਂ ਹਨ। ਫ਼ੇਰ ਉਨ੍ਹਾਂ ਨੂੰ ਜਗਵੇਦੀ ਦੇ ਕੜਿਆ ਵਿੱਚ ਇਸ ਨੂੰ ਚੁੱਕਣ ਲਈ ਛੜਾ ਪਾਉਣੀਆਂ ਚਾਹੀਦੀਆਂ ਹਨ।
15 “ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਪਵਿੱਤਰ ਸਥਾਨ ਦੀਆ ਸਾਰੀਆਂ ਪਵਿੱਤਰ ਚੀਜ਼ਾ ਨੂੰ ਢੱਕਣ ਦਾ ਕੰਮ ਮੁਕਾ ਲੈਣਾ ਚਾਹੀਦਾ ਹੈ। ਫ਼ੇਰ ਕਹਾਥ ਪਰਿਵਾਰ ਦੇ ਆਦਮੀ ਅੰਦਰ ਜਾ ਸੱਕਦੇ ਹਨ ਅਤੇ ਇਨ੍ਹਾਂ ਚੀਜ਼ਾ ਨੂੰ ਚੁੱਕਣਾ ਸ਼ੁਰੂ ਕਰ ਸੱਕਦੇ ਹਨ ਇਸ ਤਰ੍ਹਾਂ ਉਹ ਪਵਿੱਤਰ ਸਥਾਨ ਨੂੰ ਨਹੀਂ ਛੂਹਣਗੇ ਅਤੇ ਮਰਨਗੇ ਨਹੀਂ।
16 “ਜਾਜਕ ਹਾਰੂਨ ਦਾ ਪੁੱਤਰ ਅਲਆਜ਼ਾਰ ਪਵਿੱਤਰ ਤੰਬੂ ਲਈ ਜ਼ਿੰਮੇਵਾਰ ਹੋਵੇਗਾ। ਉਹ ਪਵਿੱਤਰ ਸਥਾਨ ਲਈ ਅਤੇ ਉਸ ਵਿੱਚਲੀ ਹਰ ਚੀਜ਼ਾ ਲਈ ਜ਼ਿੰਮੇਵਾਰ ਹੋਵੇਗਾ। ਉਹ ਦੀਵਿਆਂ ਦੇ ਤੇਲ, ਸੁਗੰਧੀ, ਧੂਫ਼, ਹਰ ਰੋਜ਼ ਦੀ ਭੇਟ ਅਤੇ ਛਿੜਕਣ ਵਾਲੇ ਤੇਲ ਲਈ ਜ਼ਿੰਮੇਵਾਰ ਹੋਵੇਗਾ।”
17 ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਆਖਿਆ, 18 “ਹੋਸ਼ਿਆਰ ਰਹਿਣਾ! ਇਨ੍ਹਾਂ ਕਹਾਥੀ ਆਦਮੀਆ ਨੂੰ ਲੇਵੀ ਦੇ ਪਰਿਵਾਰ ਤੋਂ ਹਟਣ ਨਾ ਦੇਣਾ। 19 ਤੁਹਾਨੂੰ ਚਾਹੀਦਾ ਹੈ ਕਿ ਇਹ ਗੱਲਾਂ ਕਰੋ ਤਾਂ ਜੋ ਕਹਾਥੀ ਆਦਮੀ ਅੱਤ ਪਵਿੱਤਰ ਸਥਾਨ ਉੱਤੇ ਜਾ ਸੱਕਣ ਅਤੇ ਮਰਨ ਨਾ। ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਅੰਦਰ ਜਾਣਾ ਚਾਹੀਦਾ ਹੈ ਅਤੇ ਹਰ ਕਹਾਥੀ ਬੰਦੇ ਨੂੰ ਦੱਸਣਾ ਚਾਹੀਦਾ ਹੈ ਕਿ ਉਸ ਨੇ ਕੀ ਕਰਨਾ ਹੈ। ਉਨ੍ਹਾਂ ਨੂੰ ਚਾਹੀਦਾ ਹੈ ਕਿ ਹਰੇਕ ਆਦਮੀ ਨੂੰ ਉਹ ਚੀਜ਼ਾ ਦੇਣ ਜਿਨ੍ਹਾਂ ਦੀ ਉਸ ਨੂੰ ਚੁੱਕਣ ਲਈ ਜ਼ਰੂਰਤ ਹੈ। 20 ਜੇ ਤੁਸੀਂ ਅਜਿਹਾ ਨਹੀਂ ਕਰੋਂਗੇ ਤਾਂ ਹੋ ਸੱਕਦਾ ਹੈ ਕਿ ਕਹਾਥੀ ਆਦਮੀ ਅੰਦਰ ਚੱਲੇ ਜਾਣ ਅਤੇ ਪਵਿੱਤਰ ਚੀਜ਼ਾਂ ਵੱਲ ਤੱਕ ਲੈਣ। ਜੇ ਉਹ ਇੱਕ ਪਲ ਲਈ ਵੀ ਇਨ੍ਹਾਂ ਚੀਜ਼ਾ ਵੱਲ ਦੇਖ ਲੈਣਗੇ ਤਾਂ ਉਹ ਮਰ ਜਾਣਗੇ।”
ਗੇਰਸ਼ੋਨ ਪਰਿਵਾਰ ਦੇ ਕੰਮ
21 ਯਹੋਵਾਹ ਨੇ ਮੂਸਾ ਨੂੰ ਆਖਿਆ, 22 “ਗੇਰਸ਼ੋਨ ਪਰਿਵਾਰ ਦੇ ਸਾਰੇ ਬੰਦਿਆ ਦੀ ਗਿਣਤੀ ਕਰ। ਉਨ੍ਹਾਂ ਦੇ ਪਰਿਵਾਰ ਅਤੇ ਪਰਿਵਾਰ-ਸਮੂਹ ਅਨੁਸਾਰ ਸੂਚੀ ਬਣਾ। 23 ਉਨ੍ਹਾਂ ਦੇ ਸਾਰੇ ਆਦਮੀਆ ਦੀ ਗਿਣਤੀ ਕਰ ਜਿਹੜੇ 30 ਤੋਂ 50 ਸਾਲ ਦੇ ਵਿੱਚਕਾਰ ਹਨ ਜੋ ਸੇਵਾ ਕਰਨ ਦੇ ਯੋਗ ਹਨ। ਇਹ ਆਦਮੀ ਮੰਡਲੀ ਦੇ ਤੰਬੂ ਵਿੱਚ ਸੇਵਾ ਕਰਨਗੇ।
24 “ਇਹ ਕੰਮ ਹੈ ਜਿਹੜਾ ਗੇਰਸ਼ੋਨ ਪਰਿਵਾਰ ਨੂੰ ਕਰਨਾ ਚਾਹੀਦਾ ਹੈ ਅਤੇ ਇਹ ਉਹ ਗੱਲਾਂ ਹਨ ਜਿਹੜੀਆਂ ਉਨ੍ਹਾਂ ਨੂੰ ਕਰਨੀਆ ਚਾਹੀਦੀਆਂ ਹਨ। 25 ਉਨ੍ਹਾਂ ਨੂੰ ਪਵਿੱਤਰ ਤੰਬੂ, ਮੰਡਲੀ ਵਾਲੇ ਤੰਬੂ, ਇਸਦੇ ਕੱਜਣ ਅਤੇ ਨਰਮ ਚਮੜੇ ਦੇ ਬਣੇ ਹੋਏ ਕੱਜਣ ਨੂੰ ਚੁੱਕਣਾ ਚਾਹੀਦਾ ਹੈ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੇ ਪਰਦੇ ਨੂੰ ਵੀ ਚੁੱਕਣ। 26 ਉਨ੍ਹਾਂ ਨੂੰ ਪਵਿੱਤਰ ਤੰਬੂ ਅਤੇ ਜਗਵੇਦੀ ਦੇ ਆਲੇ-ਦੁਆਲੇ ਦੇ ਵਿਹੜੇ ਦੇ ਪਰਦਿਆ ਨੂੰ ਵੀ ਚੁੱਕਣਾ ਚਾਹੀਦਾ ਹੈ। ਅਤੇ ਉਨ੍ਹਾਂ ਨੂੰ ਵਿਹੜੇ ਦੇ ਪ੍ਰਵੇਸ਼ ਦੇ ਪਰਦੇ ਨੂੰ ਵੀ ਚੁੱਕਣਾ ਚਾਹੀਦਾ ਹੈ। ਉਨ੍ਹਾਂ ਨੂੰ ਪਰਦਿਆ ਲਈ ਵਰਤਿਆ ਜਾਣ ਵਾਲੀਆ ਸਾਰੀਆ ਚੀਜ਼ਾਂ, ਅਤੇ ਸਾਰੇ ਰਸਿਆ ਨੂੰ ਚੁੱਕਣਾ ਚਾਹੀਦਾ ਹੈ। ਗੇਰਸ਼ੋਨੀ ਆਦਮੀ ਉਸ ਹਰ ਗੱਲ ਲਈ ਜ਼ਿੰਮੇਵਾਰ ਹੋਣਗੇ ਜਿਹੜੀ ਇਨ੍ਹਾਂ ਚੀਜ਼ਾਂ ਨਾਲ ਸੰਬੰਧਿਤ ਹੈ ਅਤੇ ਕੀਤੀ ਜਾਣੀ ਚਾਹੀਦੀ ਹੈ। 27 ਹਾਰੂਨ ਅਤੇ ਉਸ ਦੇ ਪੁੱਤਰ ਇਸ ਕੀਤੇ ਜਾਣ ਵਾਲੇ ਸਾਰੇ ਕੰਮ ਦੀ ਦੇਖ-ਰੇਖ ਕਰਨਗੇ। ਹਰ ਉਹ ਚੀਜ਼ ਜਿਹੜੀ ਗੇਰਸ਼ੋਨੀਆ ਵੱਲੋਂ ਕੀਤੀ ਜਾਵੇਗੀ ਅਤੇ ਹੋਰ ਦੂਸਰਾ ਕੰਮ ਜਿਹੜਾ ਕਰਨਗੇ, ਹਾਰੂਨ ਅਤੇ ਉਸ ਦੇ ਪੁੱਤਰ ਦੀ ਨਿਗਰਾਨੀ ਵਿੱਚ ਹੋਵੇਗਾ। ਤੁਹਾਨੂੰ ਚਾਹੀਦਾ ਹੈ ਕਿ ਉਨ੍ਹਾਂ ਨੂੰ ਉਹ ਸਾਰੀਆਂ ਗੱਲਾਂ ਦੱਸੋ ਜਿਨ੍ਹਾਂ ਦੇ ਕਰਨ ਲਈ ਉਹ ਜ਼ਿੰਮੇਵਾਰ ਹਨ। 28 ਇਹ ਉਹ ਕੰਮ ਹੈ ਜਿਹੜਾ ਗੇਰਸ਼ੋਨ ਪਰਿਵਾਰ-ਸਮੂਹ ਦੇ ਆਦਮੀਆ ਨੂੰ ਮੰਡਲੀ ਦੇ ਤੰਬੂ ਲਈ ਕਰਨਾ ਪਵੇਗਾ। ਜਾਜਕ ਹਾਰੂਨ ਦਾ ਪੁੱਤਰ, ਈਥਾਮਾਰ, ਉਨ੍ਹਾਂ ਦਾ ਨੇਤ੍ਰਤਵ ਕਰੇਗਾ।”
ਮਰਾਰੀ ਪਰਿਵਾਰ ਦੇ ਕੰਮ
29 “ਮਰਾਰੀ ਪਰਿਵਾਰ-ਸਮੂਹ ਦੇ ਪਰਿਵਾਰਾਂ ਅਤੇ ਪਰਿਵਾਰ-ਸਮੂਹਾ ਦੇ ਸਾਰੇ ਆਦਮੀਆ ਦੀ ਗਿਣਤੀ ਕਰ। 30 ਉਨ੍ਹਾਂ ਸਾਰੇ ਆਦਮੀਆ ਦੀ ਗਿਣਤੀ ਕਰ ਜਿਹੜੇ 30 ਤੋਂ 50 ਸਾਲ ਦੇ ਵਿੱਚਕਾਰ ਹਨ ਜੋ ਸੇਵਾ ਕਰਨ ਦੇ ਯੋਗ ਹਨ। ਇਹ ਆਦਮੀ ਮੰਡਲੀ ਦੇ ਤੰਬੂ ਦਾ ਖਾਸ ਕੰਮ ਕਰਨਗੇ। 31 ਜਦੋਂ ਤੁਸੀਂ ਸਫ਼ਰ ਕਰੋਂਗੇ ਇਹ ਉਨ੍ਹਾਂ ਦਾ ਕੰਮ ਹੋਵੇਗਾ ਕਿ ਉਹ ਮੰਡਲੀ ਵਾਲੇ ਤੰਬੂ ਦੇ ਫ਼ਰੇਮਾ ਨੂੰ ਚੁੱਕਣ। ਉਨ੍ਹਾਂ ਨੂੰ ਬਰੇਸ, ਪੋਸਟ ਅਤੇ ਥੜੇ ਵੀ ਚੁੱਕਣੇ ਚਾਹੀਦੇ ਹਨ। 32 ਉਨ੍ਹਾਂ ਨੂੰ ਉਹ ਟੇਕਾਂ ਵੀ ਚੁੱਕਣੀਆ ਚਾਹੀਦੀਆਂ ਹਨ ਜਿਹੜੀਆ ਵਿਹੜੇ ਦੇ ਆਲੇ-ਦੁਆਲੇ ਹਨ। ਉਨ੍ਹਾਂ ਨੂੰ ਥੜੇ, ਤੰਬੂ ਦੀਆਂ ਕਿੱਲੀਆ, ਰੱਸੇ ਅਤੇ ਹਰ ਉਹ ਚੀਜ਼ ਚੁੱਕਣੀ ਚਾਹੀਦੀ ਹੈ ਜਿਹੜੀ ਵਿਹੜੇ ਦੇ ਇਰਦ-ਗਿਰਦ ਥਮਲਿਆ ਲਈ ਵਰਤੀ ਜਾਂਦੀ ਹੈ। ਨਾਮਾ ਦੀ ਸੂਚੀ ਬਣਾਉ ਅਤੇ ਹਰੇਕ ਆਦਮੀ ਨੂੰ ਦੱਸੋ ਕਿ ਉਸ ਨੇ ਕੀ ਕਰਨਾ ਹੈ। 33 ਇਹ ਗੱਲਾਂ ਹਨ ਜਿਹੜੀਆਂ ਮਰਾਰੀ ਪਰਿਵਾਰ ਦੇ ਲੋਕ, ਮੰਡਲੀ ਵਾਲੇ ਤੰਬੂ ਦੇ ਕੰਮ ਲਈ, ਸੇਵਾ ਵਜੋਂ ਕਰਨਗੇ। ਜਾਜਕ ਹਾਰੂਨ ਦਾ ਪੁੱਤਰ ਈਥਾਮਾਰ ਉਨ੍ਹਾਂ ਦੇ ਕੰਮ ਲਈ ਜ਼ਿੰਮੇਵਾਰ ਹੋਵੇਗਾ।”
ਲੇਵੀ ਪਰਿਵਾਰ
34 ਮੂਸਾ, ਹਾਰੂਨ ਅਤੇ ਇਸਰਾਏਲ ਦੇ ਲੋਕਾਂ ਦੇ ਆਗੂਆ ਨੇ ਕਹਾਥੀ ਲੋਕਾਂ ਦੀ ਗਿਣਤੀ ਕੀਤੀ, ਉਨ੍ਹਾਂ ਨੇ ਉਨ੍ਹਾਂ ਦੀ ਪਰਿਵਾਰਾਂ ਅਤੇ ਪਰਿਵਾਰ-ਸਮੂਹਾਂ ਅਨੁਸਾਰ ਗਿਣਤੀ ਕੀਤੀ, 35 ਉਨ੍ਹਾਂ ਨੇ 30 ਤੋਂ 50 ਸਾਲ ਦੀ ਉਮਰ ਦੇ ਵਿੱਚਕਾਰ ਦੇ ਸਾਰੇ ਆਦਮੀਆ ਦੀ ਗਿਣਤੀ ਕੀਤੀ ਜਿਹੜੇ ਸੇਵਾ ਕਰਨ ਦੇ ਯੋਗ ਸਨ। ਇਨ੍ਹਾਂ ਆਦਮੀਆ ਨੂੰ ਮੰਡਲੀ ਵਾਲੇ ਤੰਬੂ ਦਾ ਖਾਸ ਕੰਮ ਕਰਨ ਲਈ ਦਿੱਤਾ ਗਿਆ ਸੀ।
36 ਕਹਾਥ ਪਰਿਵਾਰ ਦੇ 2,750 ਆਦਮੀ ਅਜਿਹੇ ਸਨ ਜਿਹੜੇ ਇਹ ਕੰਮ ਕਰਨ ਦੇ ਯੋਗ ਸਨ। 37 ਇਸ ਲਈ ਕਹਾਥ ਪਰਿਵਾਰ ਦੇ ਇਨ੍ਹਾਂ ਆਦਮੀਆ ਨੂੰ ਮੰਡਲੀ ਵਾਲੇ ਤੰਬੂ ਦਾ ਉਨ੍ਹਾਂ ਦਾ ਖਾਸ ਕੰਮ ਸੌਂਪਿਆ ਗਿਆ। ਮੂਸਾ ਅਤੇ ਹਾਰੂਨ ਨੇ ਇਹ ਉਸੇ ਤਰ੍ਹਾਂ ਕੀਤਾ ਜਿਸ ਤਰ੍ਹਾਂ ਯਹੋਵਾਹ ਨੇ ਮੂਸਾ ਨੂੰ ਕਰਨ ਲਈ ਆਖਿਆ ਸੀ।
38 ਗੇਰਸ਼ੋਨ ਦੇ ਪਰਿਵਾਰ-ਸਮੂਹ ਦੀ ਵੀ ਗਿਣਤੀ ਕੀਤੀ ਗਈ। 39 ਤੀਹ ਤੋਂ ਪੰਜਾਹ ਸਾਲ ਦੀ ਉਮਰ ਦੇ ਉਨ੍ਹਾਂ ਸਾਰੇ ਆਦਮੀਆ ਦੀ ਗਿਣਤੀ ਕੀਤੀ ਗਈ, ਜਿਹੜੇ ਸੇਵਾ ਕਰਨ ਦੇ ਯੋਗ ਸਨ। ਇਨ੍ਹਾਂ ਆਦਮੀਆ ਨੂੰ ਮੰਡਲੀ ਦੇ ਤੰਬੂ ਲਈ ਕਰਨ ਵਾਲਾ ਖਾਸ ਕੰਮ ਦਿੱਤਾ ਗਿਆ ਸੀ। 40 ਗੇਰਸ਼ੋਨ ਪਰਿਵਾਰ-ਸਮੂਹ ਵਿੱਚ 2,630 ਆਦਮੀ ਅਜਿਹੇ ਸਨ ਜਿਹੜੇ ਇਸ ਯੋਗ ਸਨ। 41 ਇਸ ਲਈ ਗੇਰਸ਼ੋਨ ਦੇ ਪਰਿਵਾਰ-ਸਮੂਹ ਦੇ ਇਨ੍ਹਾਂ ਲੋਕਾਂ ਨੂੰ ਮੰਡਲੀ ਵਾਲੇ ਤੰਬੂ ਲਈ ਕਰਨ ਵਾਲਾ ਉਨ੍ਹਾਂ ਦਾ ਖਾਸ ਕੰਮ ਸੌਂਪਿਆ ਗਿਆ। ਮੂਸਾ ਅਤੇ ਹਾਰੂਨ ਨੇ ਇਹ ਉਸੇ ਤਰ੍ਹਾਂ ਹੀ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਨੂੰ ਕਰਨ ਲਈ ਆਖਿਆ ਸੀ।
42 ਇਸਤੋਂ ਇਲਾਵਾ ਮਰਾਰੀ ਪਰਿਵਾਰ ਦੇ ਪਰਿਵਾਰਾਂ ਅਤੇ ਪਰਿਵਾਰ-ਸਮੂਹਾ ਦੀ ਗਿਣਤੀ ਵੀ ਕੀਤੀ ਗਈ। 43 ਤੀਹ ਤੋਂ ਪੰਜਾਹ ਸਾਲ ਦੀ ਉਮਰ ਦੇ ਉਨ੍ਹਾਂ ਸਾਰੇ ਆਦਮੀਆ ਦੀ ਗਿਣਤੀ ਕੀਤੀ ਜਾ ਚੁੱਕੀ ਸੀ ਜਿਹੜੇ ਸੇਵਾ ਕਰਨ ਦੇ ਯੋਗ ਸਨ। ਇਨ੍ਹਾਂ ਆਦਮੀਆ ਨੂੰ ਮੰਡਲੀ ਦੇ ਤੰਬੂ ਦਾ ਖਾਸ ਕੰਮ ਦਿੱਤਾ ਗਿਆ ਸੀ। 44 ਮਰਾਰੀ ਪਰਿਵਾਰ ਵਿੱਚ ਇਸ ਕੰਮ ਨੂੰ ਕਰਨ ਦੇ ਯੋਗ 3,250 45 ਇਸ ਲਈ ਮਰਾਰੀ ਪਰਿਵਾਰ-ਸਮੂਹ ਦੇ ਇਨ੍ਹਾਂ ਆਦਮੀਆ ਨੂੰ ਉਨ੍ਹਾਂ ਦਾ ਖਾਸ ਕੰਮ ਦਿੱਤਾ ਗਿਆ। ਮੂਸਾ ਅਤੇ ਹਾਰੂਨ ਨੇ ਅਜਿਹਾ ਉਸੇ ਤਰ੍ਹਾਂ ਕੀਤਾ ਜਿਸ ਤਰ੍ਹਾਂ ਯਹੋਵਾਹ ਨੇ ਮੂਸਾ ਨੂੰ ਕਰਨ ਲਈ ਆਖਿਆ ਸੀ।
46 ਇਸ ਲਈ ਮੂਸਾ, ਹਾਰੂਨ ਅਤੇ ਇਸਰਾਏਲ ਦੇ ਲੋਕਾਂ ਦੇ ਆਗੂਆ ਨੇ ਲੇਵੀ ਦੇ ਪਰਿਵਾਰ-ਸਮੂਹ ਦੇ ਸਾਰੇ ਲੋਕਾਂ ਦੀ ਗਿਣਤੀ ਕੀਤੀ। ਉਨ੍ਹਾਂ ਨੇ ਹਰੇਕ ਪਰਿਵਾਰ ਅਤੇ ਹਰੇਕ ਪਰਿਵਾਰ-ਸਮੂਹ ਦੀ ਗਿਣਤੀ ਕੀਤੀ। 47 ਤੀਹ ਤੋਂ ਪੰਜਾਹ ਸਾਲ ਦੀ ਉਮਰ ਦੇ ਵਿੱਚਕਾਰ ਦੇ ਸਾਰੇ ਆਦਮੀਆ ਦੀ ਗਿਣਤੀ ਕੀਤੀ ਗਈ ਜਿਹੜੇ ਸੇਵਾ ਕਰਨ ਦੇ ਯੋਗ ਸਨ। ਇਨ੍ਹਾਂ ਆਦਮੀਆ ਨੂੰ ਮੰਡਲੀ ਵਾਲੇ ਤੰਬੂ ਦਾ ਖਾਸ ਕੰਮ ਦਿੱਤਾ ਗਿਆ ਸੀ। ਉਨ੍ਹਾਂ ਦਾ ਕੰਮ ਸਫ਼ਰ ਦੌਰਾਨ ਮੰਡਲੀ ਵਾਲੇ ਤੰਬੂ ਨੂੰ ਚੁੱਕਣਾ ਸੀ। 48 ਕੁੱਲ ਗਿਣਤੀ 8,580 ਸੀ। 49 ਇਸ ਤਰ੍ਹਾਂ, ਜਿਵੇਂ ਯਹੋਵਾਹ ਨੇ ਮੂਸਾ ਨੂੰ ਕਿਹਾ ਸੀ, ਸਾਰੇ ਆਦਮੀਆ ਦੀ ਗਿਣਤੀ ਕੀਤੀ ਜਾ ਚੁੱਕੀ ਸੀ। ਹਰੇਕ ਆਦਮੀ ਨੂੰ ਉਸਦਾ ਕੰਮ ਦਿੱਤਾ ਗਿਆ ਅਤੇ ਦੱਸਿਆ ਗਿਆ ਕਿ ਉਸ ਨੇ ਕੀ ਕਰਨਾ ਸੀ। ਇਹ ਉਸੇ ਤਰ੍ਹਾਂ ਕੀਤਾ ਗਿਆ, ਜਿਵੇਂ ਯਹੋਵਾਹ ਨੇ ਮੂਸਾ ਰਾਹੀਂ ਆਦੇਸ਼ ਦਿੱਤਾ ਸੀ।
ਸਫ਼ਾਈ ਬਾਰੇ ਬਿਧੀਆਂ
5 ਯਹੋਵਾਹ ਨੇ ਮੂਸਾ ਨੂੰ ਆਖਿਆ, 2 “ਮੈਂ ਇਸਰਾਏਲ ਦੇ ਲੋਕਾਂ ਨੂੰ ਆਦੇਸ਼ ਦਿੰਦਾ ਹਾਂ ਕਿ ਉਹ ਆਪਣੇ ਡੇਰਿਆ ਨੂੰ ਬਿਮਾਰੀ ਤੋਂ ਮੁਕਤ ਰੱਖਣ। ਲੋਕਾਂ ਨੂੰ ਆਖ ਕਿ ਉਹ ਉਸ ਬੰਦੇ ਨੂੰ ਡੇਰੇ ਤੋਂ ਦੂਰ ਭੇਜ ਦੇਣ ਜਿਸ ਨੂੰ ਚਮੜੀ ਦਾ ਰੋਗ ਹੋਵੇ ਜਾਂ ਜਿਸਦੇ ਜਿਸਮ ਵਿੱਚੋਂ ਅਸਾਧਾਰਣ ਦ੍ਰਵ ਰਿਸਦਾ ਹੋਵੇ ਅਤੇ ਉਨ੍ਹਾਂ ਨੂੰ ਉਸ ਬੰਦੇ ਨੂੰ ਵੀ ਦੂਰ ਰੱਖਣ ਲਈ ਆਖ ਜੋ ਕਿ ਕਿਸੇ ਲਾਸ਼ ਕਾਰਣ ਨਾਪਾਕ ਹੋ ਗਿਆ ਹੋਵੇ। 3 ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਬੰਦਾ ਆਦਮੀ ਹੈ ਜਾਂ ਔਰਤ, ਉਨ੍ਹਾਂ ਨੂੰ ਆਪਣੇ ਡੇਰੇ ਵਿੱਚੋਂ ਬਾਹਰ ਕੱਢ ਦਿਉ। ਉਨ੍ਹਾਂ ਨੂੰ ਇਸ ਲਈ ਦੂਰ ਕਰ ਦਿਉ ਤਾਂ ਜੋ ਉਹ ਰੋਗੀ ਬਿਮਾਰੀ ਨਾ ਫ਼ੈਲਾ ਸੱਕਣ। ਮੈਂ ਤੁਹਾਡੇ ਡੇਰੇ ਵਿੱਚ ਤੁਹਾਡੇ ਅੰਗ-ਸੰਗ ਹਾਂ।”
4 ਇਸ ਲਈ ਇਸਰਾਏਲ ਦੇ ਲੋਕਾਂ ਨੇ ਪਰਮੇਸ਼ੁਰ ਦਾ ਆਦੇਸ਼ ਮੰਨਿਆ। ਉਨ੍ਹਾਂ ਨੇ ਉਨ੍ਹਾਂ ਲੋਕਾਂ ਨੂੰ ਡੇਰੇ ਤੋਂ ਬਾਹਰ ਭੇਜ ਦਿੱਤਾ। ਉਨ੍ਹਾਂ ਨੇ ਉਹੀ ਕੀਤਾ ਜੋ ਯਹੋਵਾਹ ਨੇ ਮੂਸਾ ਨੂੰ ਆਦੇਸ਼ ਦਿੱਤਾ ਸੀ।
ਗਲਤ ਕਰਨ ਦੀ ਅਦਾਇਗੀ
5 ਯਹੋਵਾਹ ਨੇ ਮੂਸਾ ਨੂੰ ਆਖਿਆ, 6 “ਇਸਰਾਏਲ ਦੇ ਲੋਕਾਂ ਨੂੰ ਇਹ ਆਖ ਹੋ ਸੱਕਦਾ ਹੈ ਕਿ ਕੋਈ ਬੰਦਾ ਕਿਸੇ ਦੂਸਰੇ ਦਾ ਬੁਰਾ ਕਰੇ (ਜਦੋਂ ਕੋਈ ਹੋਰਨਾ ਲੋਕਾਂ ਦਾ ਬੁਰਾ ਕਰਦਾ ਹੈ ਤਾਂ ਅਸਲ ਵਿੱਚ ਉਹ ਪਰਮੇਸ਼ੁਰ ਦੇ ਖਿਲਾਫ਼ ਪਾਪ ਕਰ ਰਿਹਾ ਹੈ।) ਉਹ ਬੰਦਾ ਦੋਸ਼ੀ ਹੈ। 7 ਇਸ ਲਈ ਉਸ ਵਿਅਕਤੀ ਨੂੰ ਆਪਣੀ ਗਲਤੀ ਨੂੰ ਕਬੂਲ ਕਰ ਲੈਣਾ ਚਾਹੀਦਾ ਹੈ। ਫ਼ੇਰ ਉਸ ਨੂੰ ਆਪਣੇ ਬੁਰੇ ਕੰਮ ਦਾ ਪੂਰਾ ਇਵਜ਼ਾਨਾ ਦੇਣਾ ਚਾਹੀਦਾ ਹੈ। ਉਹ ਉਸ ਰਕਮ ਵਿੱਚ ਪੰਜਵਾ ਹਿੱਸਾ ਹੋਰ ਜਮ੍ਹਾ ਕਰਕੇ ਉਸ ਬੰਦੇ ਨੂੰ ਸਾਰੀ ਰਕਮ ਦੇ ਦੇਵੇ ਜਿਸਦਾ ਉਸ ਨੇ ਬੁਰਾ ਕੀਤਾ ਹੈ। 8 ਪਰ ਹੋ ਸੱਕਦਾ ਹੈ ਕਿ ਉਸ ਨੇ ਜਿਸ ਬੰਦੇ ਦਾ ਬੁਰਾ ਕੀਤਾ ਸੀ ਉਹ ਮਰ ਚੁੱਕਿਆ ਹੋਵੇ। ਅਤੇ ਸ਼ਾਇਦ ਉਸ ਮਰੇ ਹੋਏ ਬੰਦੇ ਦਾ ਕੋਈ ਨਜ਼ਦੀਕੀ ਰਿਸ਼ਤੇਦਾਰ ਵੀ ਰਕਮ ਲੈਣ ਵਾਲਾ ਨਾ ਹੋਵੇ। ਇਸ ਹਾਲਤ ਵਿੱਚ ਉਹ ਬੰਦਾ ਜਿਸਨੇ ਬੁਰਾ ਕੀਤਾ ਸੀ ਯਹੋਵਾਹ ਨੂੰ ਦੇਵੇਗਾ। ਉਹ ਬੰਦਾ ਜਾਜਕ ਨੂੰ ਪੂਰਾ ਇਵਜ਼ਾਨਾ ਦੇਵੇਗਾ। ਜਾਜਕ ਨੂੰ ਚਾਹੀਦਾ ਹੈ ਕਿ ਉਹ ਉਸ ਭੇਡ ਦੀ ਬਲੀ ਚੜ੍ਹਾਵੇ ਜਿਹੜੀ ਲੋਕਾਂ ਨੂੰ ਪਵਿੱਤਰ ਕਰਦੀ ਹੈ। ਇਸ ਭੇਡ ਦੀ ਬਲੀ ਬੁਰਾ ਕਰਨ ਵਾਲੇ ਦੇ ਪਾਪਾਂ ਨੂੰ ਢੱਕਣ ਲਈ ਚੜ੍ਹਾਉਂਣੀ ਚਾਹੀਦੀ ਹੈ। ਪਰ ਬਾਕੀ ਦੀ ਰਕਮ ਜਾਜਕ ਖੁਦ ਰੱਖ ਸੱਕਦਾ ਹੈ।
9 “ਜੇ ਇਸਰਾਏਲ ਦੇ ਲੋਕਾਂ ਵਿੱਚੋਂ ਕੋਈ ਜਣਾ ਪਰਮੇਸ਼ੁਰ ਨੂੰ ਖਾਸ ਸੁਗਾਤ ਭੇਟ ਕਰਦਾ ਹੈ ਤਾਂ ਉਹ ਜਾਜਕ ਜਿਹੜਾ ਉਸ ਸੁਗਾਤ ਨੂੰ ਪ੍ਰਵਾਨ ਕਰਦਾ ਹੈ ਉਹ ਉਸ ਨੂੰ ਰੱਖ ਸੱਕਦਾ ਹੈ। ਇਹ ਉਸੇ ਦੀ ਹੈ। 10 ਕਿਸੇ ਬੰਦੇ ਲਈ ਇਹ ਖਾਸ ਸੁਗਾਤਾ ਦੇਣੀਆਂ ਜ਼ਰੂਰੀ ਨਹੀਂ। ਪਰ ਜੇ ਉਹ ਦਿੰਦਾ ਹੈ ਤਾਂ ਸੁਗਾਤਾ ਜਾਜਕ ਦੀਆਂ ਹਨ।”
ਸ਼ੱਕੀ ਸੁਭਾ ਵਾਲੇ ਪਤੀ
11 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ, 12 “ਇਸਰਾਏਲ ਦੇ ਲੋਕਾਂ ਨੂੰ ਇਹ ਗੱਲਾਂ ਆਖ: ਹੋ ਸੱਕਦਾ ਹੈ ਕਿਸੇ ਬੰਦੇ ਦੀ ਪਤਨੀ ਉਸ ਨਾਲ ਬੇਵਫ਼ਾਈ ਕਰੇ। 13 ਹੋ ਸੱਕਦਾ ਹੈ ਕਿ ਉਸ ਦੇ ਕਿਸੇ ਦੂਸਰੇ ਆਦਮੀ ਨਾਲ ਜਿਸਨੀ ਸੰਬੰਧ ਹੋਣ ਅਤੇ ਇਸ ਨੂੰ ਉਹ ਆਪਣੇ ਪਤੀ ਕੋਲੋਂ ਛੁਪਾਵੇ। ਅਤੇ ਹੋ ਸੱਕਦਾ ਹੈ ਕਿ ਉਸ ਨੂੰ ਇਹ ਦੱਸਣ ਵਾਲਾ ਕੋਈ ਨਾ ਹੋਵੇ ਕਿ ਉਸ ਨੇ ਇਹ ਪਾਪ ਕੀਤਾ ਹੈ। ਉਸਦਾ ਪਤੀ ਸ਼ਾਇਦ ਕਦੇ ਵੀ ਉਸ ਦੇ ਕੀਤੇ ਹੋਏ ਬੁਰੇ ਕੰਮ ਬਾਰੇ ਨਾ ਜਾਣੇ। ਅਤੇ ਹੋ ਸੱਕਦਾ ਹੈ ਕਿ ਉਹ ਔਰਤ ਆਪਣੇ ਪਤੀ ਨੂੰ ਆਪਣੇ ਪਾਪ ਬਾਰੇ ਨਾ ਦੱਸੇ। 14 ਪਰ ਹੋ ਸੱਕਦਾ ਹੈ ਕਿ ਪਤੀ ਇਸ ਬਾਰੇ ਸ਼ੱਕ ਕਰਨ ਲੱਗ ਪਾਵੇ ਕਿ ਉਸਦੀ ਪਤਨੀ ਨੇ ਉਸ ਦੇ ਖਿਲਾਫ਼ ਪਾਪ ਕੀਤਾ ਹੈ। ਉਹ ਸ਼ਾਇਦ ਈਰਖਾ ਕਰਨ ਲੱਗ ਜਾਵੇ। ਸ਼ਾਇਦ ਉਹ ਵਿਸ਼ਵਾਸ ਕਰਨ ਲੱਗ ਜਾਵੇ ਕਿ ਉਹ ਪਵਿੱਤਰ ਨਹੀਂ ਹੈ ਅਤੇ ਉਸ ਨਾਲ ਸੱਚੀ ਨਹੀਂ ਹੈ। 15 ਜੇ ਅਜਿਹਾ ਹੋ ਜਾਵੇ, ਤਾਂ ਉਸ ਨੂੰ ਚਾਹੀਦਾ ਹੈ ਕਿ ਆਪਣੀ ਪਤਨੀ ਨੂੰ ਜਾਜਕ ਕੋਲ ਲੈ ਜਾਵੇ। ਪਤੀ ਨੂੰ ਵੀ ਜੌਂਆ ਦੇ ਆਟੇ ਦੇ 8 ਕੱਪ ਭੇਟ ਵਜੋਂ ਲੈ ਜਾਣੇ ਚਾਹੀਦੇ ਹਨ। ਉਹ ਜੌਆਂ ਦੇ ਆਟੇ ਉੱਤੇ ਤੇਲ ਜਾਂ ਧੂਫ਼ ਨਾ ਪਾਵੇ। ਇਹ ਜੌਂਆ ਦਾ ਆਟਾ ਯਹੋਵਾਹ ਲਈ ਅਨਾਜ ਦੀ ਭੇਟ ਹੈ। ਇਹ ਇਸ ਲਈ ਦਿੱਤਾ ਗਿਆ ਹੈ ਕਿ ਪਤੀ ਈਰਖਾਲੂ ਹੈ। ਇਹ ਭੇਟ ਇਹ ਦਰਸਾਵੇਗੀ ਕਿ ਇਸ ਨੂੰ ਇਹ ਵਿਸ਼ਵਾਸ ਹੈ ਕਿ ਉਸਦੀ ਪਤਨੀ ਨੇ ਉਸ ਨਾਲ ਬੇਵਫ਼ਾਈ ਕੀਤੀ ਹੈ।
16 “ਜਾਜਕ ਔਰਤ ਨੂੰ ਯਹੋਵਾਹ ਦੇ ਸਨਮੁੱਖ ਲੈ ਜਾਵੇਗਾ ਅਤੇ ਉਸ ਨੂੰ ਉੱਥੇ ਯਹੋਵਾਹ ਦੇ ਸਾਹਮਣੇ ਖੜੀ ਕਰੇਗਾ। 17 ਫ਼ੇਰ ਜਾਜਕ ਕੁਝ ਖਾਸ ਪਾਣੀ ਲਵੇਗਾ ਅਤੇ ਇਸ ਨੂੰ ਮਿੱਟੀ ਦੇ ਭਾਂਡੇ ਵਿੱਚ ਪਾਵੇਗਾ। ਜਾਜਕ ਪਵਿੱਤਰ ਤੰਬੂ ਦੇ ਫ਼ਰਸ਼ ਦੀ ਥੋੜੀ ਜਿਹੀ ਮਿੱਟੀ ਪਾਣੀ ਵਿੱਚ ਪਾ ਦੇਵੇਗਾ। 18 ਜਾਜਕ ਔਰਤ ਨੂੰ ਯਹੋਵਾਹ ਦੇ ਸਾਹਮਣੇ ਖੜ੍ਹਾ ਹੋਣ ਲਈ ਮਜ਼ਬੂਰ ਕਰੇਗਾ। ਫ਼ੇਰ ਉਹ ਉਸ ਦੇ ਵਾਲ ਖੋਲ੍ਹ ਦੇਵੇਗਾ ਅਤੇ ਅਨਾਜ ਦੀ ਭੇਟ ਉਸ ਦੇ ਹੱਥ ਉੱਤੇ ਪਾ ਦੇਵੇਗਾ। ਇਹ ਉਹੀ ਜੌਂਆ ਦਾ ਆਟਾ ਹੈ ਜਿਹੜਾ ਉਸ ਦੇ ਪਤੀ ਨੇ ਦਿੱਤਾ ਸੀ ਕਿਉਂਕਿ ਉਹ ਈਰਖਾਲੂ ਹੋ ਗਿਆ ਸੀ। ਉਸ ਵਕਤ ਉਹ ਕੌੜੇ ਪਾਣੀ ਵਾਲਾ ਭਾਂਡਾ ਫ਼ੜੇਗਾ, ਜੋ ਸਰਾਪ ਲਿਆਉਂਦਾ ਹੈ।
19 “ਫ਼ੇਰ ਜਾਜਕ ਔਰਤ ਨੂੰ ਆਖੇਗਾ ਕਿ ਉਸ ਨੂੰ ਝੂਠ ਨਹੀਂ ਬੋਲਣਾ ਚਾਹੀਦਾ ਉਸ ਨੂੰ ਸੱਚ ਬੋਲਣ ਦਾ ਇਕਰਾਰ ਕਰਨਾ ਚਾਹੀਦਾ ਹੈ। ਜਾਜਕ ਉਸ ਨੂੰ ਆਖੇਗਾ: ‘ਜੇ ਤੂੰ ਕਿਸੇ ਹੋਰ ਆਦਮੀ ਨਾਲ ਨਹੀਂ ਸੁੱਤੀ, ਅਤੇ ਜੇ ਤੂੰ ਆਪਣੇ ਵਿਆਹੁਤਾ ਜੀਵਨ ਵਿੱਚ ਆਪਣੇ ਪਤੀ ਨਾਲ ਬੇਵਫ਼ਾਈ ਨਹੀਂ ਕੀਤੀ, ਤਾਂ ਇਹ ਪਾਣੀ ਜਿਹੜਾ ਮੁਸੀਬਤ ਪੈਦਾ ਕਰਦਾ ਹੈ, ਤੈਨੂੰ ਨੁਕਸਾਨ ਨਹੀਂ ਪਹੁੰਚਾਏਗਾ। 20 ਪਰ ਜੇ ਤੂੰ ਆਪਣੇ ਪਤੀ ਦੇ ਖਿਲਾਫ਼ ਪਾਪ ਕੀਤਾ ਹੈ ਜੇ ਤੂੰ ਉਸ ਆਦਮੀ ਨਾਲ ਜਿਨਸੀ ਸੰਬੰਧ ਰੱਖੇ ਹਨ ਜਿਹੜਾ ਤੇਰਾ ਪਤੀ ਨਹੀਂ ਹੈ ਫ਼ੇਰ ਤੂੰ ਪਵਿੱਤਰ ਨਹੀਂ ਹੈ। 21 ਜੇ ਇਹ ਗੱਲ ਸੱਚ ਹੈ, ਫ਼ੇਰ ਤੂੰ ਬਹੁਤ ਦੁੱਖ ਭੋਗੇਗੀ ਜਦੋਂ ਤੂੰ ਇਹ ਖਾਸ ਪਾਣੀ ਪੀਵੇਂਗੀ। ਤੂੰ ਕੋਈ ਔਲਾਦ ਪੈਦਾ ਨਹੀਂ ਕਰ ਸੱਕੇਂਗੀ। ਅਤੇ ਜੇ ਤੂੰ ਹੁਣ ਗਰਭਵਤੀ ਹੈ ਤਾਂ ਤੇਰਾ ਬੱਚਾ ਗਿਰ ਜਾਵੇਗਾ। ਤਾਂ ਤੇਰੇ ਲੋਕ ਤੈਨੂੰ ਛੱਡ ਦੇਣਗੇ ਅਤੇ ਤੇਰੇ ਬਾਰੇ ਮੰਦਾ ਬੋਲਣਗੇ।’
“ਫ਼ੇਰ ਜਾਜਕ ਨੂੰ ਉਸ ਔਰਤ ਨੂੰ ਯਹੋਵਾਹ ਅੱਗੇ ਇੱਕ ਖਾਸ ਇਕਰਾਰ ਕਰਨ ਲਈ ਆਖਣਾ ਚਾਹੀਦਾ ਹੈ। ਔਰਤ ਇਸ ਬਾਰੇ ਸਹਿਮਤ ਹੋਣੀ ਚਾਹੀਦੀ ਹੈ ਕਿ ਜੇ ਉਹ ਝੂਠ ਬੋਲੇ ਤਾਂ ਇਹ ਬੁਰੀਆਂ ਗੱਲਾਂ ਉਸ ਨਾਲ ਵਾਪਰਨਗੀਆਂ। 22 ਜਾਜਕ ਨੂੰ ਆਖਣਾ ਚਾਹੀਦਾ ਹੈ, ‘ਤੈਨੂੰ ਇਹ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ ਜਿਹੜਾ ਮੁਸੀਬਤ ਦਿੰਦਾ ਹੈ। ਜੇ ਤੂੰ ਪਾਪ ਕੀਤਾ ਹੈ ਤਾਂ ਤੂੰ ਬੱਚੇ ਪੈਦਾ ਕਰਨ ਦੇ ਯੋਗ ਨਹੀਂ ਰਹੇਂਗੀ ਅਤੇ ਜਿਹੜਾ ਬੱਚਾ ਤੇਰੇ ਗਰਭ ਵਿੱਚ ਹੈ ਉਹ ਜੰਮਣ ਤੋਂ ਪਹਿਲਾ ਹੀ ਮਰ ਜਾਵੇਗਾ।’ ਅਤੇ ਔਰਤ ਨੂੰ ਆਖਣਾ ਚਾਹੀਦਾ ਹੈ: ‘ਜੋ ਤੁਸੀਂ ਆਖਦੇ ਹੋ ਮੈਂ ਕਰਨ ਲਈ ਸਹਿਮਤ ਹਾਂ।’
23 “ਜਾਜਕ ਨੂੰ ਇਹ ਚਿਤਾਵਨੀਆਂ ਸੂਚੀ ਉੱਤੇ ਲਿਖ ਦੇਣੀਆ ਚਾਹੀਦੀਆਂ ਹਨ। ਫ਼ੇਰ ਉਸ ਨੂੰ ਇਨ੍ਹਾਂ ਸ਼ਬਦਾ ਨੂੰ ਪਾਣੀ ਵਿੱਚ ਘੋਲ ਦੇਣਾ ਚਾਹੀਦਾ ਹੈ। 24 ਫ਼ੇਰ ਉਸ ਔਰਤ ਨੂੰ ਉਹ ਪਾਣੀ ਪੀਣਾ ਚਾਹੀਦਾ ਹੈ ਜਿਹੜਾ ਮੁਸੀਬਤ ਲਿਆਉਂਦਾ ਹੈ। ਇਹ ਪਾਣੀ ਉਸ ਵਿੱਚ ਦਾਖਲ ਹੋ ਜਾਵੇਗਾ, ਅਤੇ ਜੇ ਉਹ ਦੋਸ਼ੀ ਹੈ, ਤਾਂ ਇਹ ਉਸ ਨੂੰ ਬਹੁਤ ਦੁੱਖ ਦੇਵੇਗਾ।
25 “ਫ਼ੇਰ ਜਾਜਕ ਉਸ ਕੋਲੋਂ ਅਨਾਜ ਦੀ ਭੇਟ (ਈਰਖਾ ਦੀ ਭੇਟ) ਲੈ ਲਵੇਗਾ ਅਤੇ ਇਸ ਨੂੰ ਯਹੋਵਾਹ ਅੱਗੇ ਉੱਚਾ ਚੁੱਕੇਗਾ ਅਤੇ ਇਸ ਨੂੰ ਜਗਵੇਦੀ ਕੋਲ ਲਿਆਵੇਗਾ। 26 ਜਾਜਕ ਆਪਣੇ ਹੱਥਾਂ ਵਿੱਚ ਕੁਝ ਅਨਾਜ ਲਵੇਗਾ ਅਤੇ ਇਸ ਨੂੰ ਜਗਵੇਦੀ ਉੱਤੇ ਰੱਖ ਦੇਵੇਗਾ ਅਤੇ ਇਸ ਨੂੰ ਸਾੜ ਦੇਵੇਗਾ। ਇਸਤੋਂ ਮਗਰੋਂ ਉਹ ਔਰਤ ਨੂੰ ਪਾਣੀ ਪੀਣ ਲਈ ਆਖੇਗਾ। 27 ਜੇ ਉਸ ਔਰਤ ਨੇ ਆਪਣੇ ਪਤੀ ਦੇ ਖਿਲਾਫ਼ ਪਾਪ ਕੀਤਾ ਹੈ। ਤਾਂ ਪਾਣੀ ਉਸ ਨੂੰ ਮੁਸੀਬਤ ਵਿੱਚ ਪਾਵੇਗਾ। ਪਾਣੀ ਉਸ ਦੇ ਸ਼ਰੀਰ ਵਿੱਚ ਜਾਵੇਗਾ ਅਤੇ ਬਹੁਤ ਦੁੱਖ ਦੇਵੇਗਾ। ਜਿਹੜਾ ਵੀ ਬੱਚਾ ਉਸ ਦੇ ਗਰਭ ਵਿੱਚ ਹੋਵੇਗਾ ਉਹ ਜੰਮਣ ਤੋਂ ਪਹਿਲਾਂ ਹੀ ਮਰ ਜਾਵੇਗਾ ਅਤੇ ਉਹ ਫ਼ੇਰ ਕਦੇ ਵੀ ਬੱਚੇ ਪੈਦਾ ਨਹੀਂ ਕਰ ਸੱਕੇਗੀ। ਸਾਰੇ ਲੋਕ ਉਸ ਦੇ ਵਿਰੁੱਧ ਹੋ ਜਾਣਗੇ। 28 ਪਰ ਜੇ ਉਸ ਔਰਤ ਨੇ ਆਪਣੇ ਪਤੀ ਦੇ ਖਿਲਾਫ਼ ਕੋਈ ਪਾਪ ਨਹੀਂ ਕੀਤਾ ਅਤੇ ਉਹ ਪਵਿੱਤਰ ਹੈ, ਤਾਂ ਜਾਜਕ ਆਖੇਗਾ ਕਿ ਉਹ ਦੋਸ਼ੀ ਨਹੀਂ ਹੈ। ਫ਼ੇਰ ਉਹ ਸਾਧਾਰਣ ਹੋ ਜਾਵੇਗੀ ਅਤੇ ਬੱਚੇ ਪੈਦਾ ਕਰਨ ਦੇ ਯੋਗ ਹੋਵੇਗੀ।
29 “ਇਸ ਲਈ ਈਰਖਾ ਦੇ ਬਾਰੇ ਇਹ ਬਿਧੀ ਹੈ। ਇਹੀ ਹੈ ਜੋ ਤੁਹਾਨੂੰ ਉਦੋਂ ਕਰਨਾ ਚਾਹੀਦਾ ਹੈ ਜਦੋਂ ਕੋਈ ਔਰਤ ਆਪਣੇ ਵਿਆਹੁਤਾ ਜੀਵਨ ਵਿੱਚ ਪਤੀ ਦੇ ਖਿਲਾਫ਼ ਪਾਪ ਕਰਦੀ ਹੈ। 30 ਜੇਕਰ ਆਦਮੀ ਈਰਖਾਲੂ ਹੈ ਅਤੇ ਸ਼ੱਕ ਕਰਦਾ ਹੈ ਕਿ ਉਸਦੀ ਪਤਨੀ ਉਸ ਨਾਲ ਵਫ਼ਾਦਾਰ ਨਹੀਂ ਰਹੀ ਤਾਂ ਇਹੀ ਹੈ ਜੋ ਪਤੀ ਨੂੰ ਕਰਨਾ ਚਾਹੀਦਾ ਹੈ। ਜਾਜਕ ਔਰਤ ਨੂੰ ਯਹੋਵਾਹ ਦੇ ਸਨਮੁੱਖ ਖੜ੍ਹਾ ਹੋਣ ਲਈ ਆਖੇ ਅਤੇ ਇਹ ਸਾਰੀਆਂ ਗੱਲਾਂ ਕਰੇ ਇਹ ਬਿਧੀ ਹੈ। 31 ਪਤੀ ਕਿਸੇ ਗਲਤੀ ਦਾ ਦੋਸ਼ੀ ਨਹੀਂ ਹੋਵੇਗਾ। ਪਰ ਔਰਤ ਨੇ ਜੇ ਪਾਪ ਕੀਤਾ ਹੈ ਤਾਂ ਦੁੱਖ ਭੋਗੇਗੀ।”
ਨਜ਼ੀਰ
6 ਯਹੋਵਾਹ ਨੇ ਮੂਸਾ ਨੂੰ ਆਖਿਆ, 2 “ਇਸਰਾਏਲ ਦੇ ਲੋਕਾਂ ਨੂੰ ਇਹ ਗੱਲਾਂ ਆਖ: ਕੋਈ ਆਦਮੀ ਜਾਂ ਔਰਤ ਸ਼ਾਇਦ ਕੁਝ ਸਮੇਂ ਲਈ ਹੋਰਨਾਂ ਲੋਕਾਂ ਤੋਂ ਵੱਖ ਹੋਣਾ ਚਾਹੇ। ਵੱਖ ਹੋਣ ਦਾ ਇਹ ਖਾਸ ਸਮਾਂ ਉਸ ਬੰਦੇ ਨੂੰ ਕੁਝ ਸਮੇਂ ਲਈ ਪੂਰੀ ਤਰ੍ਹਾਂ ਯਹੋਵਾਹ ਦੇ ਲਈ ਸਮਰਪਿਤ ਹੋਣ ਦੀ ਇਜਾਜ਼ਤ ਦਿੰਦਾ ਹੈ। ਉਹ ਬੰਦਾ ਨਜ਼ੀਰ ਸੱਦਿਆ ਜਾਵੇਗਾ। 3 ਉਸ ਸਮੇਂ ਦੌਰਾਨ, ਉਸ ਬੰਦੇ ਨੂੰ ਮੈਅ ਜਾਂ ਇਹੋ ਜਿਹੀ ਹੋਰ ਮੈਅ ਨਹੀਂ ਪੀਣੀ ਚਾਹੀਦੀ ਉਸ ਬੰਦੇ ਨੂੰ ਸਿਰਕਾ ਵੀ ਨਹੀਂ ਪੀਣਾ ਚਾਹੀਦਾ ਜਿਹੜਾ ਮੈਅ ਜਾਂ ਕਿਸੇ ਇਹੋ ਜਿਹੀ ਹੋਰ ਚੀਜ਼ ਤੋਂ ਤਿਆਰ ਕੀਤਾ ਜਾਂਦਾ ਹੈ। ਉਸ ਬੰਦੇ ਨੂੰ ਅੰਗੂਰਾ ਦਾ ਰਸ ਨਹੀਂ ਪੀਣਾ ਚਾਹੀਦਾ। ਅੰਗੂਰ ਜਾਂ ਸੌਗੀ ਨਹੀਂ ਖਾਣੀ ਚਾਹੀਦੀ। 4 ਉਸ ਬੰਦੇ ਨੂੰ ਵੱਖ ਹੋਣ ਦੇ ਇਸ ਖਾਸ ਸਮੇਂ ਦੌਰਾਨ ਕੋਈ ਵੀ ਅਜਿਹੀ ਚੀਜ਼ ਨਹੀਂ ਖਾਣੀ ਚਾਹੀਦੀ ਜਿਹੜੀ ਅੰਗੂਰਾ ਤੋਂ ਤਿਆਰ ਹੁੰਦੀ ਹੈ। ਉਸ ਬੰਦੇ ਨੂੰ ਅੰਗੂਰਾ ਦੇ ਬੀਜ ਜਾਂ ਉਨ੍ਹਾਂ ਦਾ ਛਿਲਕਾ ਵੀ ਨਹੀਂ ਖਾਣਾ ਚਾਹੀਦਾ।
5 “ਵੱਖ ਹੋਣ ਦੇ ਇਸ ਸਮੇਂ ਦੌਰਾਨ, ਉਸ ਬੰਦੇ ਦੇ ਸਿਰ ਨੂੰ ਉਸਤਰਾ ਨਹੀਂ ਲੱਗਣਾ ਚਾਹੀਦਾ। ਵੱਖ ਹੋਣ ਦਾ ਇਹ ਸਮਾਂ ਖਤਮ ਹੋਣ ਤੀਕ ਉਸ ਨੂੰ ਆਪਣੇ ਇਕਰਾਰ ਨੂੰ ਸਮਰਪਿਤ ਰਹਿਣਾ ਚਾਹੀਦਾ ਹੈ। ਉਸ ਨੂੰ ਆਪਣੇ ਵਾਲ ਵੱਧਾਉਣੇ ਚਾਹੀਦੇ ਹਨ। ਉਸ ਦੇ ਵਾਲ ਪਰਮੇਸ਼ੁਰ ਨਾਲ ਉਸ ਦੇ ਇਕਰਾਰ ਦਾ ਖਾਸ ਹਿੱਸਾ ਹਨ। ਉਸ ਨੂੰ ਆਪਣੇ ਵਾਲਾਂ ਨੂੰ ਪਰਮੇਸ਼ੁਰ ਅੱਗੇ ਸੁਗਾਤ ਵਜੋਂ ਭੇਟ ਕਰਨਾ ਚਾਹੀਦਾ।
6 “ਇੱਕ ਨਜ਼ੀਰ ਨੂੰ ਵੱਖ ਹੋਣ ਦੇ ਖਾਸ ਸਮੇਂ ਦੌਰਾਨ ਕਦੇ ਵੀ ਮੁਰਦਾ ਜਿਸਮ ਦੇ ਨੇੜੇ ਨਹੀਂ ਜਾਣਾ ਚਾਹੀਦਾ। ਕਿਉਂਕਿ ਉਸ ਬੰਦੇ ਨੇ ਆਪਣੇ-ਆਪ ਨੂੰ ਪੂਰੀ ਤਰ੍ਹਾਂ ਯਹੋਵਾਹ ਨੂੰ ਸੌਂਪਿਆ ਹੋਇਆ ਹੈ। 7 ਜੇ ਭਾਵੇਂ ਉਸਦਾ ਆਪਣਾ ਪਿਤਾ, ਮਾਂ ਭਰਾ ਜਾਂ ਭੈਣ ਵੀ ਮਰ ਜਾਵੇ, ਉਸ ਨੂੰ ਉਨ੍ਹਾਂ ਨੂੰ ਨਹੀਂ ਛੂਹਣਾ ਚਾਹੀਦਾ। ਇਸ ਨਾਲ ਉਹ ਅਪਵਿੱਤਰ ਹੋ ਜਾਵੇਗਾ। ਉਸ ਨੂੰ ਇਹ ਜ਼ਰੂਰ ਦਰਸਾਉਣਾ ਚਾਹੀਦਾ ਹੈ ਕਿ ਉਹ ਵੱਖ ਹੋ ਗਿਆ ਹੈ ਅਤੇ ਉਸ ਨੇ ਆਪਣੇ-ਆਪ ਨੂੰ ਪੂਰੀ ਤਰ੍ਹਾਂ ਪਰਮੇਸ਼ੁਰ ਨੂੰ ਸੌਂਪ ਦਿੱਤਾ ਹੈ। 8 ਉਸ ਦੇ ਵੱਖ ਹੋਣ ਦੇ ਪੂਰੇ ਸਮੇਂ ਦੌਰਾਨ ਉਹ ਆਪਣੇ-ਆਪ ਨੂੰ ਪੂਰੀ ਤਰ੍ਹਾਂ ਯਹੋਵਾਹ ਨੂੰ ਸੌਂਪ ਰਿਹਾ ਹੁੰਦਾ ਹੈ। 9 ਹੋ ਸੱਕਦਾ ਹੈ ਕਿ ਨਜ਼ੀਰ ਕਿਸੇ ਅਜਿਹੇ ਬੰਦੇ ਦੇ ਨਾਲ ਹੈ ਜਿਹੜਾ ਅਚਾਨਕ ਮਰ ਜਾਂਦਾ ਹੈ। ਜੇ ਉਹ ਨਜ਼ੀਰ ਉਸ ਮੁਰਦਾ ਬੰਦੇ ਨੂੰ ਛੂੰਹਦਾ ਹੈ ਤਾਂ ਉਹ ਅਪਵਿੱਤਰ ਹੋ ਜਾਵੇਗਾ। ਜੇ ਅਜਿਹਾ ਹੁੰਦਾ ਹੈ ਤਾਂ ਨਜ਼ੀਰ ਨੂੰ ਆਪਣਾ ਸਿਰ ਮੁਨਾ ਲੈਣਾ ਚਾਹੀਦਾ ਹੈ। (ਉਹ ਵਾਲ ਉਸ ਦੇ ਖਾਸ ਇਕਰਾਰ ਦਾ ਹਿੱਸਾ ਸਨ।) ਉਸ ਨੂੰ ਆਪਣੇ ਵਾਲ ਸੱਤਵੇਂ ਦਿਨ ਮੁਨਾ ਲੈਣੇ ਚਾਹੀਦੇ ਹਨ, ਕਿਉਂਕਿ ਉਸ ਦਿਨ ਉਹ ਪਵਿੱਤਰ ਬਣਾਇਆ ਜਾਵੇਗਾ। 10 ਫ਼ੇਰ 8ਵੇਂ ਦਿਨ ਉਸ ਨਜ਼ੀਰ ਨੂੰ ਦੋ ਕਬੂਤਰੀਆ ਅਤੇ ਦੋ ਜਵਾਨ ਕਬੂਤਰ ਜਾਜਕ ਕੋਲ ਲੈ ਕੇ ਆਉਣਾ ਚਾਹੀਦਾ ਹੈ। ਉਸ ਨੂੰ ਇਹ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਉੱਤੇ ਜਾਜਕ ਨੂੰ ਦੇ ਦੇਣੇ ਚਾਹੀਦੇ ਹਨ। 11 ਫ਼ੇਰ ਜਾਜਕ ਇੱਕ ਨੂੰ ਪਾਪ ਦੀ ਭੇਟ ਵਜੋਂ ਭੇਟ ਕਰੇਗਾ। ਉਹ ਦੂਸਰੇ ਨੂੰ ਹੋਮ ਦੀ ਭਟ ਵਜੋਂ ਭੇਟ ਕਰੇਗਾ। ਹੋਮ ਦੀ ਭੇਟ ਨਜ਼ੀਰ ਦੇ ਪਾਪ ਦਾ ਇਵਜ਼ਾਨਾ ਹੋਵੇਗਾ। (ਉਸ ਨੇ ਪਾਪ ਕੀਤਾ ਸੀ ਕਿਉਂਕਿ ਉਹ ਇੱਕ ਮੁਰਦਾ ਬੰਦੇ ਦੇ ਨੇੜੇ ਸੀ।) ਉਸ ਸਮੇਂ, ਉਹ ਵਿਅਕਤੀ ਇੱਕ ਵਾਰ ਫ਼ੇਰ ਆਪਣੇ ਸਿਰ ਦੇ ਵਾਲਾ ਨੂੰ ਪਰਮੇਸ਼ੁਰ ਅੱਗੇ ਸੁਗਾਤ ਵਜੋਂ ਭੇਟ ਕਰਨ ਦਾ ਇਕਰਾਰ ਕਰੇਗਾ। 12 ਇਸਦਾ ਮਤਲਬ ਇਹ ਹੈ ਕਿ ਉਹ ਬੰਦਾ ਯਹੋਵਾਹ ਦੀ ਸੇਵਾ ਵਿੱਚ ਇੱਕ ਵਾਰ ਲਈ ਫ਼ੇਰ ਆਪਣੇ ਵੱਖ ਹੋਣ ਦੇ ਸਮੇਂ ਦਾ ਪਾਲਣ ਕਰੇਗਾ। ਉਸ ਨੂੰ ਇੱਕ ਸਾਲ ਦਾ ਲੇਲਾ ਲਿਆਕੇ ਇਸ ਨੂੰ ਆਪਣੇ ਪਾਪ ਲਈ ਬਲੀ ਵਜੋਂ ਚੜ੍ਹਾਉਣਾ ਚਾਹੀਦਾ। ਉਹ ਸਾਰੇ ਦਿਨ ਜਦੋਂ ਉਹ ਵੱਖ ਕੀਤਾ ਗਿਆ ਸੀ ਭੁਲਾ ਦਿੱਤੇ ਜਾਣਗੇ। ਉਸ ਨੂੰ ਆਪਣਾ ਵੱਖ ਹੋਣ ਦਾ ਸਮਾਂ ਇੱਕ ਵਾਰੇ ਫ਼ੇਰ ਸ਼ੁਰੂ ਕਰਨਾ ਚਾਹੀਦਾ ਹੈ।
13 “ਜਦੋਂ ਵੱਖ ਹੋਣ ਦਾ ਇਹ ਸਮਾਂ ਖਤਮ ਹੋਵੇ, ਨਜ਼ੀਰ ਨੂੰ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਉੱਤੇ ਇੱਕ ਭੇਟ ਲਿਆਉਣੀ ਚਾਹੀਦੀ ਹੈ। 14 ਉਸ ਨੂੰ ਆਪਣੀਆਂ ਸੁਗਾਤਾ ਯਹੋਵਾਹ ਨੂੰ ਭੇਟ ਕਰਨੀਆਂ ਚਾਹੀਦੀਆਂ ਹਨ:
ਹੋਮ ਦੀ ਭੇਟ ਵਜੋਂ ਨੁਕਸ ਰਹਿਤ ਇੱਕ ਸਾਲ ਦਾ ਲੇਲਾ;
ਪਾਪ ਦੀ ਭੇਟ ਵਜੋਂ ਨੁਕਸ ਰਹਿਤ ਇੱਕ ਸਾਲ ਦੀ ਲੇਵੀ
ਅਤੇ ਸੁੱਖ-ਸਾਂਦ ਦੀ ਭੇਟ ਲਈ ਨੁਕਸ ਰਹਿਤ ਇੱਕ ਭੇਡੂ।
15 ਪਤੀਰੀ ਰੋਟੀ ਦੀ ਇੱਕ ਟੋਕਰੀ (ਤੇਲ ਮਿਲੇ ਬਰੀਕ ਆਟੇ ਦੀਆਂ ਰੋਟੀਆਂ।) ਇਨ੍ਹਾਂ ਰੋਟੀਆਂ ਉੱਤੇ ਤੇਲ ਜ਼ਰੂਰ ਲਾਇਆ ਜਾਵੇਗਾ।
ਅਨਾਜ ਦੀਆਂ ਭੇਟਾ ਅਤੇ ਪੀਣ ਦੀਆਂ ਭੇਟਾਂ ਜਿਹੜੀਆਂ ਇਨ੍ਹਾਂ ਸੁਗਾਤਾ ਦਾ ਹਿੱਸਾ ਹਨ।
16 “ਜਾਜਕ ਇਹ ਚੀਜ਼ਾ ਯਹੋਵਾਹ ਨੂੰ ਅਰਪਨ ਕਰੇਗਾ। ਅਤੇ ਫ਼ੇਰ ਜਾਜਕ ਪਾਪ ਦੀ ਭੇਟ ਅਤੇ ਹੋਮ ਦੀ ਭੇਟ ਤਿਆਰ ਕਰੇਗਾ। 17 ਜਾਜਕ ਪਤੀਰੀ ਰੋਟੀ ਦੀ ਟੋਕਰੀ ਯਹੋਵਾਹ ਨੂੰ ਭੇਟ ਕਰੇਗਾ। ਫ਼ੇਰ ਉਹ ਸੁੱਖ-ਸਾਂਦ ਦੀ ਭੇਟ ਵਜੋਂ ਭੇਡੂ ਨੂੰ ਜ਼ਿਬਾਹ ਕਰੇਗਾ ਅਤੇ ਇਸ ਨੂੰ ਅਨਾਜ ਦੀ ਭੇਟ ਅਤੇ ਪੀਣ ਦੀ ਭੇਟ ਸਮੇਤ ਚੜ੍ਹਾਵੇਗਾ।
18 “ਨਜ਼ੀਰ ਨੂੰ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਵੱਲ ਜਾਣਾ ਚਾਹੀਦਾ ਹੈ। ਉੱਥੇ ਉਸ ਨੂੰ ਆਪਣੇ ਵਾਲ ਜ਼ਰੂਰ ਮਨਾਉਣੇ ਚਾਹੀਦੇ ਹਨ ਜਿਹੜੇ ਉਸ ਨੇ ਯਹੋਵਾਹ ਲਈ ਵੱਧਾਏ ਸਨ। ਉਹ ਵਾਲ ਉਸ ਅੱਗ ਵਿੱਚ ਸੁੱਟੇ ਜਾਣਗੇ ਜਿਹੜੀ ਸੁੱਖ-ਸਾਂਦ ਦੀ ਭੇਟ ਦੇ ਹੇਠਾ ਬਲ ਰਹੀ ਹੋਵੇਗੀ।
19 “ਜਦੋਂ ਨਜ਼ੀਰ ਆਪਣੇ ਵਾਲ ਮੁਨਾ ਲਵੇ, ਤਾਂ ਜਾਜਕ ਉਸ ਨੂੰ ਭੇਡੂ ਦਾ ਉਬਾਲਿਆ ਹੋਇਆ ਕੰਧਾ ਦੇਵੇਗਾ ਅਤੇ ਟੋਕਰੀ ਵਿੱਚੋਂ ਇੱਕ ਛੋਟਾ ਅਤੇ ਵੱਡਾ ਟੁਕੜਾ ਦੇਵੇਗਾ। ਇਹ ਦੋਵੇਂ ਟੁਕੜੇ ਖਮੀਰ ਤੋਂ ਬਿਨਾ ਬਣੇ ਹਨ। 20 ਫ਼ੇਰ ਜਾਜਕ ਇਨ੍ਹਾਂ ਚੀਜ਼ਾਂ ਨੂੰ ਯਹੋਵਾਹ ਅੱਗੇ ਹਿਲਾਵੇਗਾ ਇਹ ਹਿਲਾਉਣ ਦੀ ਭੇਟ ਹੈ ਇਹ ਚੀਜ਼ਾਂ ਪਵਿੱਤਰ ਹਨ ਅਤੇ ਜਾਜਕ ਦੀਆਂ ਹਨ। ਅਤੇ ਭੇਡੂ ਦਾ ਸੀਨਾ ਅਤੇ ਪੱਟ ਯਹੋਵਾਹ ਅੱਗੇ ਹਿਲਾਏ ਜਾਣਗੇ। ਇਹ ਚੀਜ਼ਾਂ ਯਾਜਕ ਦੀਆਂ ਹਨ। ਇਸਤੋਂ ਬਾਦ ਨਜ਼ੀਰ ਮੈਅ ਪੀ ਸੱਕਦਾ ਹੈ।
21 “ਇਹ ਬਿਧੀਆਂ ਉਸ ਬੰਦੇ ਲਈ ਹਨ ਜਿਹੜਾ ਨਜ਼ੀਰ ਦਾ ਇਕਰਾਰ ਕਰਨ ਦਾ ਨਿਆਂ ਕਰਦਾ ਹੈ ਉਸ ਬੰਦੇ ਨੂੰ ਯਹੋਵਾਹ ਨੂੰ ਉਹ ਸਾਰੀਆਂ ਸੁਗਾਤਾ ਦੇਣੀਆਂ ਚਾਹੀਦੀਆਂ ਹਨ। ਪਰ ਹੋ ਸੱਕਦਾ ਹੈ ਕਿ ਕੋਈ ਬੰਦਾ ਇਸ ਨਾਲੋਂ ਬਹੁਤ ਵੱਧ ਯਹੋਵਾਹ ਨੂੰ ਦੇ ਸੱਕਦਾ ਹੋਵੇ। ਜੇ ਕੋਈ ਬੰਦਾ ਵੱਧੇਰੇ ਕਰਨ ਦਾ ਇਕਰਾਰ ਕਰਦਾ ਹੈ ਤਾਂ ਉਸ ਨੂੰ ਆਪਣਾ ਇਕਰਾਰ ਪੂਰਾ ਕਰਨਾ ਚਾਹੀਦਾ ਹੈ। ਪਰ ਉਸ ਨੂੰ ਚਾਹੀਦਾ ਹੈ ਕਿ ਘੱਟੋ-ਘੱਟ ਉਹ ਚੀਜ਼ਾਂ ਜ਼ਰੂਰ ਦੇਵੇ ਜਿਹੜੀਆਂ ਨਜ਼ੀਰ ਦੇ ਇਕਰਾਰ ਦੀਆਂ ਬਿਧੀਆਂ ਦੀ ਸੂਚੀ ਵਿੱਚ ਦਰਜ ਹਨ।”
ਜਾਜਕਾਂ ਦੀਆਂ ਅਸੀਸਾਂ
22 ਯਹੋਵਾਹ ਨੇ ਮੂਸਾ ਨੂੰ ਆਖਿਆ, 23 “ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਆਖ ਕਿ ਇਹ ਤਰੀਕਾ ਹੈ ਜਿਸਦੇ ਅਨੁਸਾਰ ਉਨ੍ਹਾਂ ਨੂੰ ਇਸਰਾਏਲ ਦੇ ਲੋਕਾਂ ਨੂੰ ਅਸੀਸ ਦੇਣੀ ਚਾਹੀਦੀ ਹੈ। ਉਨ੍ਹਾਂ ਨੂੰ ਆਖਣਾ ਚਾਹੀਦਾ ਹੈ:
24 ‘ਯਹੋਵਾਹ ਤੁਹਾਨੂੰ ਅਸੀਸ,
ਦੇਵੇ ਅਤੇ ਤੁਹਾਨੂੰ ਰੱਖੇ।
25 ਯਹੋਵਾਹ ਤੁਹਾਡੇ ਉੱਪਰ ਮਿਹਰਬਾਨ ਹੋਵੇ
ਅਤੇ ਆਪਣੀ ਮਿਹਰ ਦਰਸਾਵੇ।
26 ਯਹੋਵਾਹ ਤੁਹਾਡੇ ਉੱਤੇ ਕਿਰਪਾ ਦ੍ਰਿਸ਼ਟੀ ਨਾਲ ਵੇਖੇ
ਅਤੇ ਤੁਹਾਨੂੰ ਸ਼ਾਂਤੀ ਦੇਵੇ।’”
27 ਫ਼ੇਰ ਯਹੋਵਾਹ ਨੇ ਆਖਿਆ, “ਇਸ ਤਰ੍ਹਾਂ, ਹਾਰੂਨ ਅਤੇ ਉਸ ਦੇ ਪੁੱਤਰ ਇਸਰਾਏਲ ਦੇ ਲੋਕਾਂ ਨੂੰ ਅਸੀਸਾਂ ਦੇਣ ਲਈ ਮੇਰੇ ਨਾਮ ਦੀ ਵਰਤੋਂ ਕਰਨਗੇ। ਅਤੇ ਮੈਂ ਉਨ੍ਹਾਂ ਨੂੰ ਅਸੀਸ ਦੇਵਾਂਗਾ।”
ਪਵਿੱਤਰ ਤੰਬੂ ਨੂੰ ਸਮਰਪਨ ਕਰਨਾ
7 ਮੂਸਾ ਨੇ ਪਵਿੱਤਰ ਤੰਬੂ ਨੂੰ ਸਥਾਪਿਤ ਕਰਨ ਦਾ ਕੰਮ ਮੁਕਾ ਲਿਆ। ਉਸ ਦਿਨ ਉਸ ਨੇ ਇਸ ਨੂੰ ਯਹੋਵਾਹ ਨੂੰ ਸਮਰਪਿਤ ਕੀਤਾ। ਮੂਸਾ ਨੇ ਤੰਬੂ ਅਤੇ ਉਸ ਦੇ ਨਾਲ ਵਰਤੀਆਂ ਜਾਂਦੀਆਂ ਸਾਰੀਆਂ ਚੀਜ਼ਾਂ ਨੂੰ ਮਸਹ ਕੀਤਾ। ਮੂਸਾ ਨੇ ਜਗਵੇਦੀ ਅਤੇ ਉਸ ਦੇ ਨਾਲ ਵਰਤੀਆ ਜਾਂਦੀਆਂ ਸਾਰੀਆਂ ਚੀਜ਼ਾਂ ਨੂੰ ਵੀ ਮਸਹ ਕੀਤਾ। ਇਹ ਗੱਲ ਦਰਸਾਉਂਦੀ ਸੀ ਕਿ ਉਨ੍ਹਾਂ ਸਾਰੀਆਂ ਚੀਜ਼ਾਂ ਦੀ ਵਰਤੋਂ ਸਿਰਫ਼ ਯਹੋਵਾਹ ਦੀ ਉਪਾਸਨਾ ਲਈ ਕੀਤੀ ਜਾਵੇਗੀ।
2 ਫ਼ੇਰ ਇਸਰਾਏਲ ਦੇ ਲੋਕਾਂ ਨੇ ਯਹੋਵਾਹ ਨੂੰ ਭੇਟਾ ਚੜ੍ਹਾਈਆਂ। ਇਹ ਆਦਮੀ ਆਪੋ-ਆਪਣੇ ਪਰਿਵਾਰਾਂ ਅਤੇ ਪਰਿਵਾਰ-ਸਮੂਹਾਂ ਦੇ ਆਗੂ ਸਨ। ਇਹ ਉਹੀ ਆਦਮੀ ਸਨ ਜਿਹੜੇ ਲੋਕਾਂ ਦੀ ਗਿਣਤੀ ਕਰਨ ਦੇ ਮੁਖੀਆ ਸਨ। 3 ਇਨ੍ਹਾਂ ਆਗੂਆਂ ਨੇ ਯਹੋਵਾਹ ਲਈ ਸੁਗਾਤਾਂ ਲਿਆਂਦੀਆਂ। ਇਹ ਛੇ ਢੱਕੀਆ ਹੋਈਆਂ ਗੱਡੀਆਂ ਲੈ ਕੇ ਆਏ। ਅਤੇ ਗੱਡੀਆਂ ਨੂੰ ਖਿੱਚਣ ਵਾਲੀਆ 12 ਗਊਆਂ ਲੈ ਕੇ ਆਏ (ਇੱਕ ਗਊ ਹਰੇਕ ਆਗੂ ਵੱਲੋਂ ਦਿੱਤੀ ਗਈ ਅਤੇ ਹਰੇਕ ਆਗੂ ਨੇ ਦੂਸਰੇ ਆਗੂ ਨਾਲ ਰਲਕੇ ਇੱਕ ਗੱਡੀ ਦਿੱਤੀ।) ਇਨ੍ਹਾਂ ਆਗੂਆਂ ਨੇ ਇਹ ਚੀਜ਼ਾਂ ਪਵਿੱਤਰ ਤੰਬੂ ਉੱਤੇ ਯਹੋਵਾਹ ਨੂੰ ਦਿੱਤੀਆਂ।
4 ਯਹੋਵਾਹ ਨੇ ਮੂਸਾ ਨੂੰ ਆਖਿਆ, 5 “ਆਗੂਆਂ ਪਾਸੋਂ ਇਹ ਸੁਗਾਤਾਂ ਲੈ। ਇਨ੍ਹਾਂ ਸੁਗਾਤਾ ਨੂੰ ਮੰਡਲੀ ਵਾਲੇ ਤੰਬੂ ਦੀ ਸੇਵਾ ਲਈ ਵਰਤਿਆ ਜਾ ਸੱਕਦਾ ਹੈ। ਇਹ ਸੁਗਾਤਾ ਲੇਵੀ ਦੇ ਆਦਮੀਆ ਨੂੰ ਦੇ। ਇਨ੍ਹਾਂ ਨਾਲ ਉਨ੍ਹਾਂ ਦੇ ਕੰਮ ਵਿੱਚ ਸਹਾਇਤਾ ਮਿਲੇਗੀ।”
6 ਇਸ ਲਈ ਮੂਸਾ ਨੇ ਗੱਡੀਆਂ ਅਤੇ ਗਾਵਾਂ ਪ੍ਰਵਾਨ ਕਰ ਲਈਆਂ। ਉਸ ਨੇ ਇਹ ਚੀਜ਼ਾਂ ਲੇਵੀ ਨੂੰ ਦੇ ਦਿੱਤੀਆਂ। 7 ਉਸ ਨੇ ਦੋ ਗੱਡੀਆਂ ਅਤੇ ਚਾਰ ਗਊਆਂ ਗੇਰਸ਼ੋਨ ਦੇ ਸਮੂਹ ਦੇ ਆਦਮੀਆਂ ਨੂੰ ਦੇ ਦਿੱਤੀਆਂ। ਉਨ੍ਹਾਂ ਨੂੰ ਆਪਣੇ ਕੰਮ ਲਈ ਗੱਡੀਆਂ ਅਤੇ ਗਊਆਂ ਦੀ ਲੋੜ ਸੀ। 8 ਫ਼ੇਰ ਮੂਸਾ ਨੇ ਚਾਰ ਗੱਡੀਆਂ ਅਤੇ ਅੱਠ ਗਾਵਾਂ ਮਰਾਰੀ ਦੇ ਪਰਿਵਾਰ ਦੇ ਲੋਕਾਂ ਨੂੰ ਦੇ ਦਿੱਤੀਆਂ। ਕਿਉਂ ਜੋ ਉਨ੍ਹਾ ਨੂੰ ਇਹ ਆਪਣੇ ਕੰਮ ਲਈ ਲੋੜੀਦੀਆਂ ਸਨ। ਜਾਜਕ ਹਾਰੂਨ ਦਾ ਪੁੱਤਰ ਈਥਾਮਾਰ ਇਨ੍ਹਾਂ ਸਾਰੇ ਆਦਮੀਆਂ ਦੇ ਕੰਮ ਲਈ ਜ਼ਿੰਮੇਵਾਰ ਸੀ। 9 ਮੂਸਾ ਨੇ ਕਹਾਥ ਸਮੂਹ ਦੇ ਆਦਮੀਆਂ ਨੂੰ ਕੋਈ ਗੱਡੀਆਂ ਜਾਂ ਗਊਆ ਨਹੀਂ ਦਿੱਤੀਆਂ। ਕਿਉਂਕਿ ਉਨ੍ਹਾਂ ਦਾ ਕੰਮ ਪਵਿੱਤਰ ਚੀਜ਼ਾਂ ਨੂੰ ਮੋਢਿਆਂ ਉੱਤੇ ਚੁੱਕੇ ਲਿਜਾਣਾ ਸੀ।
10 ਮੂਸਾ ਨੇ ਜਗਵੇਦੀ ਉੱਤੇ ਪਵਿੱਤਰ ਤੇਲ ਛਿੜਕਿਆ। ਉਸੇ ਦਿਨ, ਆਗੂ ਯਹੋਵਾਹ ਲਈ ਜਗਵੇਦੀ ਉੱਤੇ ਸਮਰਪਿਤ ਕਰਨ ਲਈ ਆਪਣੇ ਚੜ੍ਹਾਵੇ ਲਿਆਏ। 11 ਯਹੋਵਾਹ ਨੇ ਮੂਸਾ ਨੂੰ ਆਖਿਆ, “ਹਰ ਰੋਜ਼ ਇੱਕ ਆਗੂ ਨੂੰ ਜਗਵੇਦੀ ਦੇ ਸਮਰਪਣ ਉੱਤੇ ਚੜ੍ਹਾਉਣ ਲਈ ਆਪਣੀ ਸੁਗਾਤ ਲਿਆਉਣੀ ਚਾਹੀਦੀ ਹੈ, ਹਰ ਦਿਨ ਇੱਕ ਆਗੂ।”
12-83 [c] ਬਾਰ੍ਹਾਂ ਆਗੂਆਂ ਵਿੱਚੋਂ ਹਰੇਕ ਆਗੂ ਆਪਣੀਆਂ-ਆਪਣੀਆਂ ਸੁਗਾਤਾ ਲਿਆਇਆ। ਸੁਗਾਤਾਂ ਇਹ ਸਨ:
ਹਰੇਕ ਆਗੂ 3 1/4 ਪੌਂਡ ਭਾਰੀ ਇੱਕ ਚਾਂਦੀ ਦੀ ਪਲੇਟ, ਅਤੇ 3 1/4 ਪੌਂਡ ਭਾਰ ਦਾ ਇੱਕ ਚਾਂਦੀ ਦਾ ਕੌਲਾ ਲਿਆਇਆ। ਇਨ੍ਹਾਂ ਦੋਹਾ ਸੁਗਾਤਾਂ ਨੂੰ ਸਰਕਾਰੀ ਨਾਪ ਅਨੁਸਾਰ ਮਾਪਿਆ ਗਿਆ ਸੀ। ਕੌਲਿਆਂ ਅਤੇ ਪਲੇਟਾ ਦੋਹਾ ਨੂੰ ਤੇਲ ਮਿਲੇ ਮੈਦੇ ਨਾਲ ਭਰਿਆ ਗਿਆ ਸੀ। ਅਤੇ ਅਨਾਜ ਦੀ ਭੇਟ ਵਜੋਂ ਵਰਤਿਆ ਗਿਆ ਸੀ। ਹਰ ਆਗੂ ਨੇ ਧੂਫ਼ ਨਾਲ ਭਰੀ ਹੋਈ ਸੋਨੇ ਦੀ ਇੱਕ ਵੱਡੀ ਕੜਾਹੀ ਵੀ ਲਿਆਂਦੀ ਜਿਸਦਾ ਵਜ਼ਨ ਚਾਰ ਔਂਸ ਸੀ।
ਹਰੇਕ ਆਗੂ ਇੱਕ ਜਵਾਨ ਵਹਿੜਕਾ, ਇੱਕ ਭੇਡੂ ਅਤੇ ਇੱਕ ਸਾਲ ਦੀ ਉਮਰ ਦਾ ਲੇਲਾ ਵੀ ਲੈ ਕੇ ਆਇਆ। ਇਹ ਜਾਨਵਰ ਹੋਮ ਦੀ ਭੇਟ ਲਈ ਸਨ। ਹਰੇਕ ਆਗੂ ਪਾਪ ਦੀ ਭੇਟ ਵਜੋਂ ਇੱਕ ਬੱਕਰਾ ਵੀ ਲਿਆਇਆ। ਹਰ ਆਗੂ ਦੋ ਬਲਦ, 5 ਭੇਡੂ, 5 ਬੱਕਰੇ ਅਤੇ ਇੱਕ ਸਾਲ ਦੀ ਉਮਰ ਦੇ 5 ਲੇਲਿਆਂ ਨੂੰ ਸੁੱਖ-ਸਾਂਦ ਦੀ ਭੇਟ ਵਜੋਂ ਬਲੀ ਚੜ੍ਹਾਉਣ ਲਈ ਵੀ ਲੈ ਕੇ ਆਇਆ।
ਪਹਿਲੇ ਦਿਨ, ਯਹੂਦਾਹ ਦੇ ਪਰਿਵਾਰ-ਸਮੂਹ ਦਾ ਆਗੂ ਅੰਮੀਨਾਦਾਬ ਦਾ ਪੁੱਤਰ ਨਹਸ਼ੋਨ ਆਪਣੀ ਸੁਗਾਤਾ ਲੈ ਕੇ ਆਇਆ। ਦੂਸਰੇ ਦਿਨ, ਯਿੱਸਾਕਾਰ ਦਾ ਆਗੂ। ਸੂਆਰ ਦਾ ਪੁੱਤਰ ਨਥਨਿਏਲ ਆਪਣੀਆਂ ਸੁਗਾਤਾ ਲੈ ਕੇ ਆਇਆ।
ਤੀਸਰੇ ਦਿਨ, ਜ਼ਬੂਲੁਨ ਦੇ ਲੋਕਾਂ ਦਾ ਆਗੂ, ਹੇਲੋਨ ਦਾ ਪੁੱਤਰ ਅਲੀਆਬ ਆਪਣੀਆਂ ਸੁਗਾਤਾ ਲੈ ਕੇ ਆਇਆ।
ਚੌਥੇ ਦਿਨ, ਰਊਬੇਨ ਦੇ ਲੋਕਾਂ ਦਾ ਆਗੂ, ਸ਼ਦੇਉਰ ਦਾ ਪੁੱਤਰ ਅਲੀਸੂਰ ਆਪਣੀਆ ਸੁਗਾਤਾ ਲੈ ਕੇ ਆਇਆ।
ਪੰਜਵੇਂ ਦਿਨ, ਸ਼ਿਮਓਨ ਦੇ ਲੋਕਾਂ ਦਾ ਆਗੂ, ਸੂਰੀਸ਼ੁਦਾਈ ਦਾ ਪੁੱਤਰ ਸ਼ਲੁਮੀਏਲ ਆਪਣੀਆਂ ਸੁਗਾਤਾ ਲੈ ਕੇ ਆਇਆ।
ਛੇਵੇਂ ਦਿਨ, ਗਾਦ ਦੇ ਲੋਕਾਂ ਦਾ ਆਗੂ, ਦਊਏਲ ਦਾ ਪੁੱਤਰ ਅਲ੍ਯਾਸਾਫ਼ ਆਪਣੀਆਂ ਸੁਗਾਤਾ ਲੈ ਕੇ ਆਇਆ।
ਸੱਤਵੇਂ ਦਿਨ, ਅਫ਼ਰਾਈਮ ਦੇ ਲੋਕਾਂ ਦਾ ਆਗੂ, ਅੰਮੀਹੂਦ ਦਾ ਪੁੱਤਰ ਅਲੀਸ਼ਾਮਾ ਆਪਣੀਆਂ ਸੁਗਾਤਾ ਲੈ ਕੇ ਆਇਆ।
ਅੱਠਵੇਂ ਦਿਨ, ਮਨੱਸ਼ਹ ਦੇ ਲੋਕਾਂ ਦਾ ਆਗੂ, ਪਦਾਹਸੂਰ ਦਾ ਪੁੱਤਰ ਗਮਲੀਏਲ ਆਪਣੀਆਂ ਸੁਗਾਤਾ ਲੈ ਕੇ ਆਇਆ।
ਨੌਵੇਂ ਦਿਨ, ਬਿਨਯਾਮੀਨ ਦੇ ਲੋਕਾਂ ਦਾ ਆਗੂ, ਗਿਦੋਨੀ ਦਾ ਪੁੱਤਰ ਅਬੀਦਾਨ ਆਪਣੀਆਂ ਸੁਗਾਤਾ ਲੈ ਕੇ ਆਇਆ।
ਦਸਵੇਂ ਦਿਨ, ਦਾਨ ਦੇ ਲੋਕਾਂ ਦਾ ਆਗੂ, ਅੰਮੀਸ਼ੁਦਾਈ ਦਾ ਪੁੱਤਰ ਅਹੀਅਜ਼ਰ ਆਪਣੀਆਂ ਸੁਗਾਤਾ ਲੈ ਕੇ ਆਇਆ।
ਗਿਆਰ੍ਹਵੇਂ ਦਿਨ, ਆਸ਼ੇਰ ਦੇ ਲੋਕਾਂ ਦਾ ਆਗੂ, ਆਕਰਾਨ ਦਾ ਪੁੱਤਰ ਪਗੀਏਲ ਆਪਣੀਆਂ ਸੁਗਾਤਾ ਲੈ ਕੇ ਆਇਆ।
ਬਾਰ੍ਹਵੇਂ ਦਿਨ, ਨਫ਼ਤਾਲੀ ਦੇ ਲੋਕਾਂ ਦਾ ਆਗੂ, ਏਨਾਨ ਦਾ ਪੁੱਤਰ ਅਹੀਰਾ ਆਪਣੀਆਂ ਸੁਗਾਤਾ ਲੈ ਕੇ ਆਇਆ।
84 ਇਸ ਤਰ੍ਹਾਂ ਇਹ ਸਾਰੀਆਂ ਚੀਜ਼ਾਂ ਇਸਰਾਏਲ ਦੇ ਲੋਕਾਂ ਦੇ ਆਗੂਆਂ ਵੱਲੋਂ ਦਿੱਤੀਆਂ ਗਈਆਂ ਸੁਗਾਤਾਂ ਸਨ। ਉਨ੍ਹਾਂ ਨੇ ਇਹ ਚੀਜ਼ਾਂ ਉਸ ਸਮੇਂ ਲਿਆਂਦੀਆਂ ਜਦੋਂ ਮੂਸਾ ਨੇ ਜਗਵੇਦੀ ਨੂੰ ਮਸਹ ਕਰਕੇ ਸਮਰਪਿਤ ਕੀਤਾ। ਉਨ੍ਹਾਂ ਨੇ 12 ਚਾਂਦੀ ਦੀਆਂ ਪਲੇਟਾਂ, 12 ਚਾਂਦੀ ਦੇ ਕੌਲੇ ਅਤੇ 12 ਸੋਨੇ ਦੀਆਂ ਕੜਾਈਆਂ ਲਿਆਂਦਿਆਂ। 85 ਹਰੇਕ ਪਲੇਟ ਦਾ ਵਜ਼ਨ ਤਕਰੀਬਨ 3 1/2 ਪੌਂਡ ਸੀ। ਅਤੇ ਹਰੇਕ ਕੌਲੇ ਦਾ ਵਜ਼ਨ 1 3/4 ਪੌਂਡ ਸੀ। ਚਾਂਦੀ ਦੀਆਂ ਪਲੇਟਾਂ ਅਤੇ ਚਾਂਦੀ ਦੇ ਕੌਲਿਆਂ ਦਾ ਕੁੱਲ ਵਜ਼ਨ ਸਰਕਾਰੀ ਮਾਪ ਅਨੁਸਾਰ ਤਕਰੀਬਨ 60 ਪੌਂਡ ਸੀ। 86 ਧੂਫ਼ ਨਾਲ ਭਰੀ ਹੋਈ ਹਰ ਕੜਾਈ ਸੋਨੇ ਦੀ ਸੀ ਅਤੇ ਸਰਕਾਰੀ ਮਾਪ ਅਨੁਸਾਰ 4 ਔਂਸ ਦੀ ਸੀ ਕੁੱਲ ਮਿਲਾ ਕੇ ਸੋਨੇ ਦੀਆਂ 12 ਕੜਾਈਆਂ ਦਾ ਵਜ਼ਨ 3 ਪੌਂਡ ਸੀ।
87 ਹੋਮ ਦੀ ਭੇਟ ਦੇ ਜਾਨਵਰਾਂ ਦੀ ਕੁੱਲ ਗਿਣਤੀ 12 ਵਹਿੜਕੇ, 12 ਭੇਡੂ ਅਤੇ 12 ਇੱਕ ਸਾਲ ਦੀ ਉਮਰ ਵਲੇ ਲੇਲੇ ਸਨ। ਉੱਥੇ ਅਨਾਜ ਦੀਆਂ ਭੇਟਾਂ ਵੀ ਸਨ ਜਿਨ੍ਹਾਂ ਨੂੰ ਅਵੱਸ਼ ਦਿੱਤਾ ਜਾਣਾ ਸੀ ਅਤੇ ਉੱਥੇ 12 ਬੱਕਰੇ ਵੀ ਸਨ ਜਿਨ੍ਹਾਂ ਦੀ ਵਰਤੋਂ ਯਹੋਵਾਹ ਲਈ ਪਾਪ ਦੀ ਭੇਟ ਵਜੋਂ ਕੀਤੀ ਗਈ। 88 ਆਗੂਆਂ ਨੇ ਸੁੱਖ-ਸਾਂਦ ਦੀਆਂ ਭੇਟਾ ਲਈ ਜ਼ਿਬਾਹ ਕੀਤੇ ਜਾਣ ਵਾਲੇ ਜਾਨਵਰ ਵੀ ਦਿੱਤੇ ਇਨ੍ਹਾਂ ਜਾਨਵਰਾਂ ਦੀ ਕੁੱਲ ਗਿਣਤੀ ਸੀ 24 ਵਹਿੜਕੇ, 60 ਭੇਡੂ, 60 ਬੱਕਰੇ ਅਤੇ 60 ਇੱਕ ਸਾਲ ਦੇ ਉਮਰ ਵਾਲੇ ਲੇਲੇ। ਇਸ ਤਰ੍ਹਾਂ ਉਨ੍ਹਾਂ ਨੇ ਜਗਵੇਦੀ ਨੂੰ, ਮੂਸਾ ਦੇ ਇਸ ਨੂੰ ਪਵਿੱਤਰ ਬਣਾਏ ਜਾਣ ਤੋਂ ਬਾਦ, ਸਮਰਪਣ ਕੀਤਾ।
89 ਮੂਸਾ ਯਹੋਵਾਹ ਨਾਲ ਗੱਲ ਕਰਨ ਲਈ ਮੰਡਲੀ ਵਾਲੇ ਤੰਬੂ ਕੋਲ ਗਿਆ। ਉਸ ਸਮੇਂ, ਉਸ ਨੇ ਆਪਣੇ ਨਾਲ ਗੱਲਾਂ ਕਰਦੀ ਯਹੋਵਾਹ ਦੀ ਅਵਾਜ਼ ਸੁਣੀ। ਇਹ ਅਵਾਜ਼ ਇਕਰਾਰਨਾਮੇ ਵਾਲੇ ਸੰਦੂਕ ਦੇ ਖਾਸ ਕੱਜਣ ਦੇ ਉੱਪਰੋਂ, ਕਰੂਬੀ ਫ਼ਰਿਸ਼ਤਿਆ ਵਿੱਚਕਾਰਲੇ ਇਲਾਕੇ ਵਿੱਚੋਂ ਆ ਰਹੀ ਸੀ। ਇਹੀ ਤਰੀਕਾ ਸੀ ਜਿਵੇਂ ਪਰਮੇਸ਼ੁਰ ਨੇ ਮੂਸਾ ਨਾਲ ਗੱਲ ਕੀਤੀ।
ਸ਼ਮਾਦਾਨ
8 ਯਹੋਵਾਹ ਨੇ ਮੂਸਾ ਨੂੰ ਆਖਿਆ, 2 “ਹਾਰੂਨ ਨੂੰ ਆਖ ਕਿ ਉਹ ਸੱਤ ਦੀਵਿਆਂ ਨੂੰ ਉਸ ਥਾਂ ਰੱਖੇ ਜਿਹੜੀ ਮੈਂ ਤੈਨੂੰ ਦਿਖਾਈ ਸੀ। ਇਹ ਦੀਵੇ ਸ਼ਮਾਦਾਨ ਦੇ ਸਾਹਮਣੇ ਦੇ ਖੇਤਰ ਨੂੰ ਰੌਸ਼ਨ ਕਰਨਗੇ।”
3 ਹਾਰੂਨ ਨੇ ਇਵੇਂ ਹੀ ਕੀਤਾ। ਹਾਰੂਨ ਨੇ ਦੀਵਿਆਂ, ਨੂੰ ਸਹੀ ਥਾਂ ਰੱਖਿਆ ਅਤੇ ਉਨ੍ਹਾਂ ਦਾ ਰੁੱਖ ਇਸ ਤਰ੍ਹਾਂ ਕਰ ਦਿੱਤਾ ਕਿ ਉਹ ਸ਼ਮਾਦਾਨ ਦੇ ਸਾਹਮਣੇ ਵਾਲੇ ਪਾਸੇ ਨੂੰ ਰੌਸ਼ਨ ਕਰਦੇ ਸਨ। ਉਸ ਨੇ ਉਸ ਆਦੇਸ਼ ਨੂੰ ਪੂਰਾ ਕੀਤਾ ਜਿਹੜਾ ਯਹੋਵਾਹ ਨੇ ਮੂਸਾ ਨੂੰ ਦਿੱਤਾ ਸੀ। 4 ਸ਼ਮਾਦਾਨ ਇਸ ਤਰ੍ਹਾਂ ਬਣਾਇਆ ਗਿਆ ਸੀ: ਇਹ ਹੇਠਾਂ ਸੁਨਿਹਰੀ ਆਧਾਰ ਤੋਂ ਲੈ ਕੇ ਉੱਪਰ ਸੁਨਿਹਰੀ ਫ਼ੁੱਲਾਂ ਤੱਕ ਸੋਨੇ ਦੇ ਪੱਤਰੇ ਨਾਲ ਬਣਾਇਆ ਗਿਆ ਸੀ। ਇਹ ਉਸੇ ਨਮੂਨੇ ਦਾ ਸੀ ਜਿਸ ਤਰ੍ਹਾਂ ਦਾ ਯਹੋਵਾਹ ਨੇ ਮੂਸਾ ਨੂੰ ਦਿਖਾਇਆ ਸੀ।
ਲੇਵੀਆਂ ਦਾ ਸਮਰਪਨ
5 ਯਹੋਵਾਹ ਨੇ ਮੂਸਾ ਨੂੰ ਆਖਿਆ, 6 “ਲੇਵੀਆਂ ਨੂੰ ਇਸਰਾਏਲ ਦੇ ਹੋਰਨਾਂ ਲੋਕਾਂ ਤੋਂ ਵੱਖ ਕਰ ਲਵੋ। ਉਨ੍ਹਾਂ ਲੇਵੀਆਂ ਨੂੰ ਪਵਿੱਤਰ ਬਣਾ ਦਿਉ। 7 ਉਨ੍ਹਾਂ ਨੂੰ ਪਵਿੱਤਰ ਬਨਾਉਣ ਲਈ ਤੁਹਾਨੂੰ ਇਹ ਕੁਝ ਕਰਨਾ ਚਾਹੀਦਾ ਹੈ। ਉਨ੍ਹਾਂ ਉੱਤੇ ਪਾਪ ਦੀ ਭੇਟ ਦਾ ਖਾਸ ਪਾਣੀ ਛਿੜਕੋ। ਇਹ ਪਾਣੀ ਉਨ੍ਹਾਂ ਨੂੰ ਪਵਿੱਤਰ ਬਣਾ ਦੇਵੇਗਾ। ਫ਼ੇਰ ਉਨ੍ਹਾਂ ਨੂੰ ਆਪਣੇ ਸ਼ਰੀਰ ਦੇ ਵਾਲ ਮੁੰਨਣੇ ਚਾਹੀਦੇ ਹਨ ਅਤੇ ਕੱਪੜੇ ਧੋਣੇ ਚਾਹੀਦੇ ਹਨ। ਇਸ ਨਾਲ ਉਨ੍ਹਾਂ ਦੇ ਸ਼ਰੀਰ ਪਵਿੱਤਰ ਹੋ ਜਾਣਗੇ।
8 “ਲੇਵੀ ਆਦਮੀਆਂ ਨੂੰ ਤੇਲ ਨਾਲ ਮਿਲੇ ਮੈਦੇ ਦੀ ਅਨਾਜ ਦੀ ਭੇਟ ਦੇ ਨਾਲ ਵਹਿੜਕਾ ਲੈਣਾ ਚਾਹੀਦਾ ਹੈ। ਫ਼ੇਰ ਤੁਹਾਨੂੰ ਪਾਪ ਦੀ ਭੇਟ ਵਜੋਂ ਇੱਕ ਹੋਰ ਜਵਾਨ ਬਲਦ ਲੈਣਾ ਚਾਹੀਦਾ ਹੈ। 9 ਲੇਵੀ ਲੋਕਾਂ ਨੂੰ ਮੰਡਲੀ ਵਾਲੇ ਤੰਬੂ ਦੇ ਸਾਹਮਣੇ ਵਾਲੇ ਪਾਸੇ ਲਿਆਉ। ਫ਼ੇਰ ਇਸਰਾਏਲ ਦੇ ਸਮੂਹ ਲੋਕਾਂ ਨੂੰ ਉੱਥੇ ਇਕੱਠਾ ਕਰੋ। 10 ਲੇਵੀ ਲੋਕਾਂ ਨੂੰ ਯਹੋਵਾਹ ਦੇ ਸਮੂਹ ਦੇ ਸਾਹਮਣੇ ਲਿਆਉ। ਇਸਰਾਏਲ ਦੇ ਲੋਕ ਉਨ੍ਹਾਂ ਉੱਤੇ ਆਪਣੇ ਹੱਥ ਧਰਨਗੇ। 11 ਫ਼ੇਰ ਹਾਰੂਨ ਲੇਵੀਆਂ ਨੂੰ ਯਹੋਵਾਹ ਨੂੰ ਸਮਰਪਿਤ ਕਰੇਗਾ। ਉਹ ਇਸਰਾਏਲ ਦੇ ਲੋਕਾਂ ਵੱਲੋਂ ਪਰਮੇਸ਼ੁਰ ਲਈ ਭੇਟ ਵਾਂਗ ਹੋਣਗੇ। ਇਸ ਤਰ੍ਹਾਂ, ਲੇਵੀ ਯਹੋਵਾਹ ਲਈ ਆਪਣਾ ਖਾਸ ਕੰਮ ਕਰਨ ਲਈ ਤਿਆਰ ਹੋਣਗੇ।
12 “ਲੇਵੀਆਂ ਨੂੰ ਆਖਣਾ ਕਿ ਉਹ ਵਹਿੜਕਿਆਂ ਦੇ ਸਿਰਾਂ ਉੱਤੇ ਆਪਣੇ ਹੱਥ ਰੱਖਣ। ਇੱਕ ਵਹਿੜਕਾ ਯਹੋਵਾਹ ਲਈ ਪਾਪ ਦੀ ਭੇਟ ਹੋਵੇਗਾ ਅਤੇ ਦੂਸਰੇ ਵਹਿੜਕੇ ਨੂੰ ਹੋਮ ਦੀ ਭੇਟ ਵਜੋਂ ਇਸਤੇਮਾਲ ਕੀਤਾ ਜਾਵੇਗਾ। ਇਹ ਭੇਟਾ ਲੇਵੀਆਂ ਲਈ ਪਰਾਸਚਿਤ ਕਰਨਗੀਆਂ। 13 ਲੇਵੀ ਲੋਕਾਂ ਨੂੰ ਆਖਣਾ ਕਿ ਉਹ ਹਾਰੂਨ ਅਤੇ ਉਸ ਦੇ ਪੁੱਤਰਾਂ ਦੇ ਸਾਹਮਣੇ ਖੜ੍ਹੇ ਹੋ ਜਾਣ। ਫ਼ੇਰ ਲੇਵੀ ਆਦਮੀਆਂ ਨੂੰ ਯਹੋਵਾਹ ਨੂੰ ਸਮਰਪਿਤ ਕਰ ਦੇਣਾ। ਉਹ ਇੱਕ ਹਿਲਾਉਣ ਦੀ ਭੇਟ ਵਾਂਗ ਹੋਣਗੇ। 14 ਇਸ ਨਾਲ ਲੇਵੀ ਲੋਕ ਪਵਿੱਤਰ ਬਣ ਜਾਣਗੇ। ਇਹ ਗੱਲ ਇਹ ਦਰਸਾਵੇਗੀ ਕਿ ਉਨ੍ਹਾਂ ਦੀ ਪਰਮੇਸ਼ੁਰ ਲਈ ਖਾਸ ਢੰਗ ਨਾਲ ਵਰਤੋਂ ਕੀਤੀ ਜਾ ਸੱਕਦੀ ਹੈ। ਉਹ ਇਸਰਾਏਲ ਦੇ ਹੋਰਨਾਂ ਲੋਕਾਂ ਕੋਲੋਂ ਵੱਖਰੇ ਹੋਣਗੇ। ਲੇਵੀ ਲੋਕ ਮੇਰੇ ਹੋਣਗੇ।
2010 by World Bible Translation Center