Bible in 90 Days
15 “ਇਸ ਲਈ ਲੇਵੀ ਲੋਕਾਂ ਨੂੰ ਪਵਿੱਤਰ ਬਣਾਉ। ਅਤੇ ਉਨ੍ਹਾਂ ਨੂੰ ਯਹੋਵਾਹ ਅੱਗੇ ਸਮਰਪਿਤ ਕਰੋ। ਉਹ ਇੱਕ ਹਿਲਾਉਣ ਦੀ ਭੇਟ ਵਾਂਗ ਹੋਣਗੇ। ਜਦੋਂ ਤੁਸੀਂ ਇਹ ਕਰ ਚੁੱਕੋਂਗੇ ਤਾਂ ਉਹ ਆ ਸੱਕਦੇ ਹਨ ਅਤੇ ਮੰਡਲੀ ਵਾਲੇ ਤੰਬੂ ਵਿਖੇ ਆਪਣਾ ਕੰਮ ਕਰ ਸੱਕਦੇ ਹਨ। 16 ਇਸਰਾਏਲੀ ਲੋਕ ਮੇਰੇ ਲਈ ਲੇਵੀਆਂ ਨੂੰ ਸਮਰਪਿਤ ਕਰਨਗੇ। ਉਹ ਮੇਰੇ ਹੋਣਗੇ ਅਤੀਤ ਵਿੱਚ ਮੈਂ ਹਰੇਕ ਇਸਰਾਏਲ ਪਰਿਵਾਰ ਨੂੰ ਆਖਿਆ ਸੀ ਕਿ ਉਹ ਆਪਣਾ ਪਹਿਲੋਠਾ ਪੁੱਤਰ ਮੈਨੂੰ ਭੇਟ ਕਰਨ। ਪਰ ਹੁਣ ਮੈਂ ਇਸਰਾਏਲ ਦੇ ਹੋਰਨਾਂ ਪਰਿਵਾਰਾਂ ਦੇ ਪਹਿਲੋਠੇ ਪੁੱਤਰਾਂ ਬਦਲੇ ਲੇਵੀ ਲੋਕਾਂ ਨੂੰ ਲੈ ਰਿਹਾ ਹਾਂ। 17 ਇਸਰਾਏਲ ਦਾ ਹਰ ਪਹਿਲੋਠਾ ਨਰ ਮੇਰਾ ਹੈ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਆਦਮੀ ਹੈ ਜਾਂ ਜਾਨਵਰ, ਇਹ ਫ਼ੇਰ ਵੀ ਮੇਰਾ ਹੈ। ਕਿਉਂਕਿ ਮੈਂ ਮਿਸਰ ਦੇ ਸਮੂਹ ਪਹਿਲੋਠੇ ਬੱਚਿਆਂ ਅਤੇ ਜਾਨਵਰਾ ਨੂੰ ਮਾਰ ਦਿੱਤਾ ਸੀ ਅਤੇ ਮੈਂ ਪਹਿਲੋਠੇ ਪੁੱਤਰਾਂ ਨੂੰ ਆਪਣਾ ਬਨਾਉਣ ਦੀ ਚੋਣ ਕੀਤੀ ਸੀ। 18 ਪਰ ਹੁਣ ਮੈਂ ਉਨ੍ਹਾਂ ਦੀ ਥਾਵੇਂ ਲੇਵੀ ਲੋਕਾਂ ਨੂੰ ਲੈ ਲਵਾਂਗਾ। ਮੈਂ ਇਸਰਾਏਲ ਦੇ ਹੋਰਨਾਂ ਪਰਿਵਾਰਾਂ ਦੇ ਪਹਿਲੋਠੇ ਪੁੱਤਰਾਂ ਦੀ ਥਾਵੇ ਲੇਵੀ ਲੋਕਾਂ ਨੂੰ ਲੈ ਲਵਾਂਗਾ। 19 ਮੈਂ ਇਸਰਾਏਲ ਦੇ ਸਾਰੇ ਲੋਕਾਂ ਵਿੱਚੋਂ ਲੇਵੀ ਲੋਕਾਂ ਦੀ ਚੋਣ ਕੀਤੀ ਸੀ। ਅਤੇ ਮੈਂ ਉਨ੍ਹਾਂ ਨੂੰ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਸੁਗਾਤ ਵਜੋਂ ਦੇ ਦੇਵਾਂਗਾ। ਮੈਂ ਚਾਹੁੰਦਾ ਹਾਂ ਕਿ ਉਹ ਮੰਡਲੀ ਵਾਲੇ ਤੰਬੂ ਵਿੱਚ ਕੰਮ ਕਰਨ। ਉਹ ਇਸਰਾਏਲ ਦੇ ਸਮੂਹ ਲੋਕਾਂ ਲਈ ਸੇਵਾ ਕਰਨਗੇ। ਉਹ ਅਜਿਹੀਆਂ ਬਲੀਆਂ ਦੇਣ ਵਿੱਚ ਸਹਾਇਤਾ ਕਰਨਗੇ ਜਿਹੜੀਆਂ ਇਸਰਾਏਲ ਦੇ ਲੋਕਾਂ ਨੂੰ ਪਵਿੱਤਰ ਬਨਾਉਣਗੀਆਂ। ਫ਼ੇਰ ਇਸਰਾਏਲ ਦੇ ਲੋਕਾਂ ਨੂੰ ਸਹਾਇਤਾ ਜਾਂ ਬਿਪਤਾ ਨਹੀਂ ਪਵੇਗੀ ਜਦੋਂ ਉਹ ਪਵਿੱਤਰ ਸਥਾਨ ਦੇ ਨੇੜੇ ਆਉਣਗੇ।”
20 ਇਸ ਲਈ, ਮੂਸਾ, ਹਾਰੂਨ ਅਤੇ ਇਸਰਾਏਲ ਦੇ ਸਮੂਹ ਲੋਕਾਂ ਨੇ ਯਹੋਵਾਹ ਦਾ ਹੁਕਮ ਮੰਨਿਆ। ਉਨ੍ਹਾਂ ਨੇ ਲੇਵੀ ਲੋਕਾਂ ਲਈ ਉਹ ਸਾਰਾ ਕੁਝ ਕੀਤਾ ਜਿਸਦਾ ਯਹੋਵਾਹ ਨੇ ਮੂਸਾ ਨੂੰ ਆਦੇਸ਼ ਦਿੱਤਾ ਸੀ। 21 ਲੇਵੀਆਂ ਨੇ ਇਸਨਾਨ ਕੀਤਾ ਅਤੇ ਕੱਪੜੇ ਧੋਤੇ। ਫ਼ੇਰ ਹਾਰੂਨ ਨੇ ਉਨ੍ਹਾਂ ਨੂੰ ਯਹੋਵਾਹ ਅੱਗੇ ਹਿਲਾਉਣ ਦੀ ਭੇਟ ਵਜੋਂ ਅਰਪਿਤ ਕਰ ਹਾਰੂਨ ਨੂੰ ਉਹ ਚੜ੍ਹਾਵੇ ਦਿੱਤੇ ਜਿਨ੍ਹਾਂ ਨੇ ਉਨ੍ਹਾਂ ਦੇ ਪਾਪ ਢੱਕ ਲਏ ਅਤੇ ਉਨ੍ਹਾਂ ਨੂੰ ਪਵਿੱਤਰ ਬਣਾ ਦਿੱਤਾ। 22 ਇਸਤੋਂ ਮਗਰੋਂ, ਲੇਵੀ ਲੋਕ ਆਪਣਾ ਕੰਮ ਕਰਨ ਲਈ ਮੰਡਲੀ ਵਾਲੇ ਤੰਬੂ ਵੱਲ ਆਏ। ਹਾਰੂਨ ਅਤੇ ਉਸ ਦੇ ਪੁੱਤਰਾਂ ਨੇ ਉਨ੍ਹਾਂ ਦੀ ਨਿਗਰਾਨੀ ਕੀਤੀ। ਉਹ ਇਨ੍ਹਾਂ ਲੇਵੀ ਲੋਕਾਂ ਦੇ ਕੰਮ ਲਈ ਜ਼ਿੰਮੇਵਾਰ ਸਨ। ਹਾਰੂਨ ਅਤੇ ਉਸ ਦੇ ਪੁੱਤਰਾਂ ਨੇ ਉਹੀ ਕੀਤਾ ਜਿਸਦਾ ਯਹੋਵਾਹ ਨੇ ਮੂਸਾ ਨੂੰ ਆਦੇਸ਼ ਦਿੱਤਾ ਸੀ।
23 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ, 24 “ਲੇਵੀ ਲੋਕਾਂ ਲਈ ਇਹ ਖਾਸ ਆਦੇਸ਼ ਹੈ: ਹਰੇਕ ਲੇਵੀ ਬੰਦਾ ਜਿਹੜਾ 25 ਵਰ੍ਹਿਆ ਦਾ ਜਾਂ ਇਸਤੋਂ ਵੱਡਾ ਹੈ। ਮੰਡਲੀ ਵਾਲੇ ਤੰਬੂ ਦੇ ਕੰਮ ਵਿੱਚ ਹਿੱਸਾ ਲੈਣ ਲਈ ਜ਼ਰੂਰ ਆਵੇ। 25 ਪਰ ਜਦੋਂ ਕੋਈ ਆਦਮੀ 50 ਸਾਲ ਦਾ ਹੋ ਜਾਵੇ ਤਾਂ ਉਸ ਨੂੰ ਆਪਣੇ ਕੰਮ ਤੋਂ ਸੇਵਾ ਮੁਕਤ ਹੋ ਜਾਣਾ ਚਾਹੀਦਾ ਹੈ। ਉਸ ਨੂੰ ਫ਼ੇਰ ਕੰਮ ਕਰਨ ਦੀ ਲੋੜ ਨਹੀਂ ਹੋਵੇਗੀ। 26 ਉਹ ਆਦਮੀ ਜਿਹੜੇ 50 ਸਾਲ ਜਾਂ ਇਸਤੋਂ ਵਡੇਰੀ ਉਮਰ ਦੇ ਹਨ ਆਪਣੇ ਭਰਾਵਾਂ ਦੀ ਮੰਡਲੀ ਵਾਲੇ ਤੰਬੂ ਵਿੱਚ ਕੰਮ ਕਰਨ ਵਿੱਚ ਸਹਾਇਤਾ ਕਰ ਸੱਕਦੇ ਹਨ। ਪਰ ਉਨ੍ਹਾਂ ਨੂੰ ਖੁਦ ਕੰਮ ਨਹੀਂ ਕਰਨਾ ਚਾਹੀਦਾ। ਇੰਝ ਤੁਹਾਨੂੰ ਲੇਵੀਆਂ ਨਾਲ ਉਨ੍ਹਾਂ ਦੇ ਕੰਮ ਬਾਰੇ ਪੇਸ਼ ਆਉਣਾ ਚਾਹੀਦਾ ਹੈ।”
ਪਸਾਹ
9 ਯਹੋਵਾਹ ਨੇ ਮੂਸਾ ਨਾਲ ਸੀਨਈ ਦੇ ਮਾਰੂਥਲ ਵਿੱਚ ਗੱਲ ਕੀਤੀ। ਇਹ ਇਸਰਾਏਲ ਦੇ ਲੋਕਾਂ ਦੇ ਮਿਸਰ ਵਿੱਚੋਂ ਬਾਹਰ ਆਉਣ ਦੇ ਦੂਸਰੇ ਵਰ੍ਹੇ ਦੇ ਪਹਿਲੇ ਮਹੀਨੇ ਦੇ ਦੌਰਾਨ ਦੀ ਗੱਲ ਹੈ। ਯਹੋਵਾਹ ਨੇ ਮੂਸਾ ਨੂੰ ਆਖਿਆ, 2 “ਇਸਰਾਏਲ ਦੇ ਲੋਕਾਂ ਨੂੰ ਆਖੋ ਕਿ ਉਹ ਪਸਾਹ ਦਾ ਚੁਣੇ ਹੋਏ ਸਮੇਂ ਜਸ਼ਨ ਮਨਾਉਣ। 3 ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਇਸ ਮਹੀਨੇ ਦੀ 14 ਤਰੀਕ ਨੂੰ ਸ਼ਾਮ ਵੇਲੇ ਪਸਾਹ ਦੀ ਦਾਵਤ ਖਾਣ, ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਅਜਿਹਾ ਚੁਣੇ ਹੋਏ ਸਮੇਂ ਕਰਨ, ਅਤੇ ਉਹ ਪਸਾਹ ਦੇ ਸਾਰੇ ਨੇਮਾਂ ਦੀ ਪਾਲਣਾ ਅਵੱਸ਼ ਕਰਨ।”
4 ਇਸ ਲਈ ਮੂਸਾ ਨੇ ਇਸਰਾਏਲ ਦੇ ਲੋਕਾਂ ਨੂੰ ਪਸਾਹ ਦਾ ਜਸ਼ਨ ਮਨਾਉਣ ਲਈ ਆਖਿਆ। 5 ਲੋਕਾਂ ਨੇ ਅਜਿਹਾ ਸੀਨਈ ਦੇ ਮਾਰੂਥਲ ਵਿਖੇ ਪਹਿਲੇ ਮਹੀਨੇ ਦੀ 14ਵੀਂ ਤਰੀਕ ਨੂੰ ਕੀਤਾ। ਇਸਰਾਏਲੀਆਂ ਨੇ ਸਾਰਾ ਕੁਝ ਉਵੇਂ ਹੀ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਨੂੰ ਆਦੇਸ਼ ਦਿੱਤਾ ਸੀ।
6 ਪਰ ਕੁਝ ਲੋਕ ਪਸਾਹ ਦਾ ਜਸ਼ਨ ਉਸ ਦਿਨ ਨਹੀਂ ਮਨਾ ਸੱਕੇ। ਉਹ ਅਪਵਿੱਤਰ ਸਨ ਕਿਉਂਕਿ ਉਨ੍ਹਾਂ ਨੇ ਮੁਰਦਾ ਜਿਸਮ ਨੂੰ ਛੂਹ ਲਿਆ ਸੀ। ਇਸ ਲਈ ਉਹ ਉਸ ਦਿਨ ਮੂਸਾ ਅਤੇ ਹਾਰੂਨ ਕੋਲ ਗਏ। 7 ਉਨ੍ਹਾਂ ਲੋਕਾਂ ਨੇ ਮੂਸਾ ਨੂੰ ਆਖਿਆ, “ਅਸੀਂ ਇੱਕ ਮੁਰਦਾ ਜਿਸਮ ਨੂੰ ਛੂਹ ਲਿਆ ਹੈ ਅਤੇ ਅਪਵਿੱਤਰ ਹੋ ਗਏ ਸਾਂ। ਜਾਜਕਾਂ ਨੇ ਸਾਨੂੰ ਚੁਣੇ ਹੋਏ ਸਮੇਂ ਯਹੋਵਾਹ ਨੂੰ ਸੁਗਾਤਾ ਦੇਣ ਤੋਂ ਰੋਕਿਆ। ਇਸ ਲਈ ਅਸੀਂ ਇਸਰਾਏਲ ਦੇ ਹੋਰਨਾਂ ਲੋਕਾਂ ਨਾਲ ਪਸਾਹ ਦਾ ਜਸ਼ਨ ਨਹੀਂ ਮਨਾ ਸੱਕਦੇ! ਸਾਨੂੰ ਕੀ ਕਰਨਾ ਚਾਹੀਦਾ ਹੈ?”
8 ਮੂਸਾ ਨੇ ਉਨ੍ਹਾਂ ਨੂੰ ਆਖਿਆ, “ਇੱਥੇ ਠਹਿਰੋ ਅਤੇ ਮੈਂ ਯਹੋਵਾਹ ਨੂੰ ਪੁੱਛ ਕੇ ਵੇਖਦਾ ਹਾਂ ਕਿ ਉਹ ਇਸ ਬਾਰੇ ਕੀ ਆਖਣਾ ਚਾਹੁੰਦਾ।”
9 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, 10 “ਇਸਰਾਏਲ ਦੇ ਲੋਕਾਂ ਨੂੰ ਇਹ ਗੱਲਾਂ ਆਖ: ਇਹ ਬਿਧੀ ਤੁਹਾਡੇ ਲਈ ਅਤੇ ਤੁਹਾਡੇ ਉੱਤਰਾਧਿਕਾਰੀਆਂ ਲਈ ਹੋਵੇਗੀ। ਸ਼ਾਇਦ ਕੋਈ ਬੰਦਾ ਸਹੀ ਸਮੇਂ ਪਸਾਹ ਦਾ ਜਸ਼ਨ ਮਨਾਉਣ ਦੇ ਯੋਗ ਨਾ ਹੋਵੇ। ਸ਼ਾਇਦ ਉਹ ਬੰਦਾ ਇਸ ਲਈ ਅਪਵਿੱਤਰ ਹੈ ਕਿਉਂਕਿ ਉਸ ਨੇ ਮੁਰਦਾ ਜਿਸਮ ਛੂਹ ਲਿਆ ਹੈ ਜਾਂ ਸ਼ਾਇਦ ਉਹ ਬੰਦਾ ਦੂਰ ਕਿਸੇ ਸਫ਼ਰ ਉੱਤੇ ਸੀ। 11 ਉਹ ਬੰਦਾ ਫ਼ੇਰ ਵੀ ਕਿਸੇ ਹੋਰ ਸਮੇਂ ਪਸਾਹ ਦਾ ਜਸ਼ਨ ਮਨਾਉਣ ਦੇ ਯੋਗ ਹੋਵੇਗਾ। ਉਸ ਬੰਦੇ ਨੂੰ ਦੂਸਰੇ ਮਹੀਨੇ ਦੀ 14ਵੀ ਤਰੀਕ ਨੂੰ ਸ਼ਾਮ ਵੇਲੇ ਪਸਾਹ ਦਾ ਜਸ਼ਨ ਮਨਾਉਣਾ ਚਾਹੀਦਾ ਹੈ। ਉਸ ਸਮੇਂ ਉਸ ਨੂੰ ਲੇਲਾ, ਪਤੀਰੀ ਰੋਟੀ ਅਤੇ ਕੌੜੀਆਂ ਬੂਟੀਆਂ ਖਾਣੀਆਂ ਚਾਹੀਦੀਆਂ ਹਨ। 12 ਉਸ ਬੰਦੇ ਨੂੰ ਚਾਹੀਦਾ ਹੈ ਕਿ ਉਹ ਉਸ ਭੋਜਨ ਵਿੱਚੋਂ ਕੁਝ ਵੀ ਅਗਲੀ ਸਵੇਰ ਲਈ ਨਾ ਛੱਡੇ ਅਤੇ ਉਸ ਬੰਦੇ ਨੂੰ ਲੇਲੇ ਦੀ ਕੋਈ ਵੀ ਹੱਡੀ ਤੋਂੜਨੀ ਨਹੀਂ ਚਾਹੀਦੀ ਪਸਾਹ ਬਾਰੇ ਸਾਰੀਆਂ ਬਿਧੀਆਂ ਦਾ ਪਾਲਣ ਕਰਨਾ ਚਾਹੀਦਾ ਹੈ। 13 ਪਰ ਕੋਈ ਵੀ ਬੰਦਾ ਜਿਹੜਾ ਸਹੀ ਸਮੇਂ ਪਸਾਹ ਦਾ ਜਸ਼ਨ ਮਨਾ ਸੱਕਦਾ ਹੈ ਉਸ ਨੂੰ ਅਜਿਹਾ ਅਵੱਸ਼ ਕਰਨਾ ਚਾਹੀਦਾ ਹੈ। ਜੇ ਉਹ ਪਵਿੱਤਰ ਹੈ ਅਤੇ ਸਫ਼ਰ ਉੱਤੇ ਨਹੀਂ ਹੈ। ਤਾਂ ਉਸ ਲਈ ਕੋਈ ਬਹਾਨਾ ਨਹੀਂ ਹੈ ਜੇ ਉਹ ਬੰਦਾ ਸਹੀ ਸਮੇਂ ਪਸਾਹ ਦਾ ਜਸ਼ਨ ਨਹੀਂ ਮਨਾਉਂਦਾ ਤਾਂ ਉਸ ਨੂੰ ਉਸ ਦੇ ਲੋਕਾਂ ਨਾਲੋਂ ਅਵੱਸ਼ ਹੀ ਵੱਖ ਕਰ ਦੇਣਾ ਚਾਹੀਦਾ ਹੈ। ਉਹ ਦੋਸ਼ੀ ਹੈ। ਅਤੇ ਉਸ ਨੂੰ ਅਵੱਸ਼ ਸਜ਼ਾ ਮਿਲਣੀ ਚਾਹੀਦੀ ਹੈ! ਕਿਉਂਕਿ ਉਸ ਨੇ ਯਹੋਵਾਹ ਨੂੰ ਆਪਣੀ ਸੁਗਾਤ ਸਹੀ ਸਮੇਂ ਨਹੀਂ ਦਿੱਤੀ।
14 “ਹੋ ਸੱਕਦਾ ਹੈ ਕਿ ਤੁਹਾਡੇ ਦਰਮਿਆਨ ਰਹਿਣ ਵਾਲਾ ਕੋਈ ਵਿਦੇਸ਼ੀ ਤੁਹਾਡੇ ਨਾਲ ਯਹੋਵਾਹ ਦੇ ਪਸਾਹ ਦੇ ਜਸ਼ਨ ਵਿੱਚ ਸ਼ਾਮਿਲ ਹੋਣਾ ਚਾਹੁੰਦਾ ਹੋਵੇ। ਇਸਦੀ ਇਜਾਜ਼ਤ ਹੈ। ਪਰ ਉਸ ਬੰਦੇ ਨੂੰ ਪਸਾਹ ਦੀਆਂ ਸਾਰੀਆਂ ਬਿਧੀਆ ਦਾ ਪਾਲਣ ਕਰਨਾ ਚਾਹੀਦਾ ਹੈ। ਹਰ ਕਿਸੇ ਲਈ ਉਹੀ ਬਿਧੀਆਂ ਹਨ।”
ਬੱਦਲ ਅਤੇ ਅੱਗ
15 ਉਸ ਦਿਨ ਪਵਿੱਤਰ ਤੰਬੂ, ਇਕਰਾਰਨਾਮੇ ਵਾਲਾ ਤੰਬੂ ਸਥਾਪਿਤ ਕੀਤਾ ਗਿਆ। ਯਹੋਵਾਹ ਦੇ ਬੱਦਲ ਨੇ ਇਸ ਨੂੰ ਕੱਜ ਲਿਆ। ਰਾਤ ਵੇਲੇ ਪਵਿੱਤਰ ਤੰਬੂ ਉੱਪਰਲਾ ਬੱਦਲ ਅੱਗ ਵਾਂਗ ਦਿਸਦਾ ਸੀ। 16 ਸਾਰਾ ਸਮਾਂ ਬੱਦਲ ਪਵਿੱਤਰ ਤੰਬੂ ਉੱਤੇ ਟਿਕਿਆ ਰਿਹਾ। ਅਤੇ ਰਾਤ ਵੇਲੇ ਬੱਦਲ ਅੱਗ ਵਾਂਗ ਨਜ਼ਰ ਆਇਆ। 17 ਜਦੋਂ ਬੱਦਲ ਪਵਿੱਤਰ ਤੰਬੂ ਉੱਤੋਂ ਆਪਣੀ ਥਾਂ ਤੋਂ ਹਿਲਿਆ, ਇਸਰਾਏਲੀਆਂ ਨੇ ਇਸਦਾ ਪਿੱਛਾ ਕੀਤਾ। ਜਦੋਂ ਬੱਦਲ ਠਹਿਰ ਗਿਆ, ਉਹੀ ਥਾਂ ਸੀ ਜਿੱਥੇ ਇਸਰਾਏਲੀਆਂ ਨੇ ਡੇਰਾ ਲਾਇਆ। 18 ਇਹੀ ਉਹ ਤਰੀਕਾ ਸੀ ਜਿਸ ਰਾਹੀਂ ਯਹੋਵਾਹ ਨੇ ਇਸਰਾਏਲ ਦੇ ਲੋਕਾਂ ਨੂੰ ਇਹ ਦਰਸਾਇਆ ਕਿ ਕਦੋਂ ਹਿੱਲਣਾ ਹੈ ਅਤੇ ਕਦੋਂ ਰੁਕਣਾ ਹੈ ਅਤੇ ਕਦੋਂ ਡੇਰਾ ਲਾਉਣਾ ਹੈ। ਜਦੋਂ ਬੱਦਲ ਪਵਿੱਤਰ ਤੰਬੂ ਉੱਤੇ ਰੁਕਿਆ ਹੋਇਆ ਸੀ ਲੋਕਾਂ ਨੇ ਉਸੇ ਥਾਂ ਉੱਤੇ ਡੇਰਾ ਲਾਈ ਰੱਖਿਆ। 19 ਕਦੇ ਬੱਦਲ ਪਵਿੱਤਰ ਤੰਬੂ ਉੱਤੇ ਦੇਰ ਤੱਕ ਰੁਕਿਆ ਰਹਿੰਦਾ ਸੀ। ਇਸਰਾਏਲੀਆਂ ਨੇ ਯਹੋਵਾਹ ਦਾ ਹੁਕਮ ਮੰਨਿਆ ਅਤੇ ਹਿੱਲੇ ਨਹੀਂ। 20 ਕਦੇ-ਕਦੇ ਬੱਦਲ ਪਵਿੱਤਰ ਤੰਬੂ ਉੱਤੇ ਸਿਰਫ਼ ਕੁਝ ਦਿਨਾ ਲਈ ਹੀ ਰੁਕਿਆ। ਇਸ ਲਈ ਲੋਕਾਂ ਨੇ ਯਹੋਵਾਹ ਦਾ ਆਦੇਸ਼ ਮੰਨਿਆ, ਉਨ੍ਹਾਂ ਨੇ ਉਦੋਂ ਬੱਦਲ ਦਾ ਪਿੱਛਾ ਕੀਤਾ ਜਦੋਂ ਇਹ ਹਿੱਲਿਆ। 21 ਕਦੇ-ਕਦੇ ਬੱਦਲ ਸਿਰਫ਼ ਰਾਤ ਦੌਰਾਨ ਰੁਕਿਆ ਅਗਲੀ ਸਵੇਰ ਬੱਦਲ ਹਿੱਲ ਗਿਆ। ਇਸ ਲਈ ਲੋਕਾਂ ਨੇ ਆਪਣੀਆਂ ਚੀਜ਼ਾਂ ਇਕੱਠੀਆਂ ਕੀਤੀਆਂ ਅਤੇ ਇਸਦਾ ਪਿੱਛਾ ਕੀਤਾ। ਜੇ ਬੱਦਲ ਦਿਨ ਵੇਲੇ ਜਾਂ ਰਾਤ ਵੇਲੇ ਹਿਲਿਆ, ਤਾਂ ਲੋਕਾਂ ਨੇ ਇਸਦਾ ਪਿੱਛਾ ਕੀਤਾ। 22 ਜੇ ਬੱਦਲ ਪਵਿੱਤਰ ਤੰਬੂ ਉੱਤੇ ਦੋ ਦਿਨ ਜਾਂ ਇੱਕ ਮਹੀਨਾ ਜਾਂ ਇੱਕ ਸਾਲ ਰੁਕਿਆ, ਲੋਕਾਂ ਨੇ ਯਹੋਵਾਹ ਦਾ ਹੁਕਮ ਮੰਨਣਾ ਜਾਰੀ ਰੱਖਿਆ। ਉਹ ਉਸ ਥਾਂ ਰੁਕੇ ਰਹੇ ਅਤੇ ਉਦੋਂ ਤੀਕ ਨਹੀਂ ਹਿੱਲੇ ਜਦੋਂ ਤੀਕ ਕਿ ਬੱਦਲ ਨਹੀਂ ਹਿਲਿਆ। ਫ਼ੇਰ ਜਦੋਂ ਬੱਦਲ ਆਪਣੀ ਥਾਂ ਤੋਂ ਉੱਠਿਆ ਅਤੇ ਹਿਲਿਆ, ਲੋਕ ਵੀ ਹਿੱਲੇ। 23 ਇਸ ਲਈ ਲੋਕਾਂ ਨੇ ਯਹੋਵਾਹ ਦੇ ਆਦੇਸ਼ਾਂ ਨੂੰ ਮੰਨਿਆ। ਉਹ ਰੁਕੇ ਰਹੇ ਜਦੋਂ ਯਹੋਵਾਹ ਨੇ ਉਨ੍ਹਾਂ ਨੂੰ ਅਜਿਹਾ ਕਰਨ ਲਈ ਆਖਿਆ। ਅਤੇ ਉਹ ਹਿੱਲ ਪਏ ਜਦੋਂ ਯਹੋਵਾਹ ਨੇ ਉਨ੍ਹਾਂ ਨੂੰ ਅਜਿਹਾ ਕਰਨ ਲਈ ਆਖਿਆ। ਲੋਕਾਂ ਨੇ ਬਹੁਤ ਗੌਰ ਨਾਲ ਦੇਖਿਆ ਅਤੇ ਯਹੋਵਾਹ ਵੱਲੋਂ ਮੂਸਾ ਨੂੰ ਦਿੱਤੇ ਆਦੇਸ਼ਾਂ ਨੂੰ ਮੰਨਿਆ।
ਚਾਂਦੀ ਦੀਆਂ ਤੁਰ੍ਹੀਆਂ
10 ਯਹੋਵਾਹ ਨੇ ਮੂਸਾ ਨੂੰ ਆਖਿਆ, 2 “ਚਾਂਦੀ ਦੀ ਵਰਤੋਂ ਕਰੋ ਇਸ ਨੂੰ ਹਥੌੜਿਆਂ ਨਾਲ ਚੰਡਕੇ ਦੋ ਤੁਰ੍ਹੀਆਂ ਬਣਾਉ। ਇਹ ਤੁਰ੍ਹੀਆਂ ਲੋਕਾਂ ਨੂੰ ਇਕੱਠਿਆਂ ਕਰਨ ਲਈ ਹੋਣਗੀਆਂ ਅਤੇ ਉਨ੍ਹਾਂ ਨੂੰ ਇਹ ਦੱਸਣ ਲਈ ਹੋਣਗਿਆਂ ਕਿ ਕੂਚ ਦਾ ਸਮਾਂ ਆ ਚੁੱਕਿਆ ਹੈ। 3 ਜੇ ਤੁਸੀਂ ਇਨ੍ਹਾਂ ਤੁਰ੍ਹੀਆਂ ਨੂੰ ਲੰਮੀ ਧੁਨ ਵਿੱਚ ਵਜਾਵੋਂਗੇ ਤਾਂ ਸਮੂਹ ਲੋਕਾਂ ਨੂੰ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਉੱਤੇ ਇਕੱਠੇ ਹੋ ਜਾਣਾ ਚਾਹੀਦਾ ਹੈ। 4 ਜਦੋਂ ਤੁਸੀਂ ਲੰਮੀ ਧੁਨ ਵਿੱਚ ਸਿਰਫ਼ ਇੱਕ ਤੁਰ੍ਹੀ ਨੂੰ ਵਜਾਵੋਂ, ਤਾਂ ਹੀ ਆਗੂਆਂ ਨੂੰ ਤੁਹਾਨੂੰ ਮਿਲਣ ਲਈ ਆਉਣਾ ਚਾਹੀਦਾ ਹੈ। (ਇਹ ਆਗੂ ਇਸਰਾਏਲ ਦੇ 12 ਪਰਿਵਾਰ-ਸਮੂਹਾਂ ਵਿੱਚੋਂ ਹਨ।)
5 “ਤੁਰ੍ਹੀ ਨਾਲ ਪੈਦਾ ਕੀਤੀਆਂ ਗਈਆਂ ਛੋਟੀਆਂ ਧੁਨਾਂ ਲੋਕਾਂ ਨੂੰ ਡੇਰਾ ਉੱਠਾ ਲੈਣ ਦੀ ਸੂਚਨਾ ਹੋਵੇਗੀ। ਤੁਸੀਂ ਪਹਿਲੀ ਵਾਰ ਤੁਰ੍ਹੀਆਂ ਉੱਤੇ ਛੋਟੀ ਧੁਨ ਪੈਦਾ ਕਰੋਂਗੇ ਤਾਂ ਮੰਡਲੀ ਵਾਲੇ ਤੰਬੂ ਦੇ ਪੂਰਬ ਵਾਲੇ ਪਾਸੇ ਦੇ ਪਰਿਵਾਰ-ਸਮੂਹ ਡੇਰੇ ਤੋਂ ਚੱਲਣਾ ਸ਼ੁਰੂ ਕਰ ਦੇਣਗੇ। 6 ਦੂਜੀ ਵਾਰੀ ਤੁਸੀਂ ਤੁਰ੍ਹੀਆਂ ਤੇ ਛੋਟੀ ਜਿਹੀ ਧੁਨ ਪੈਦਾ ਕਰੋਂਗੇ, ਮੰਡਲੀ ਵਾਲੇ ਤੰਬੂ ਦੇ ਦੱਖਣੀ ਪਾਸੇ ਵਾਲੇ ਪਰਿਵਾਰ-ਸਮੂਹ ਅੱਗੇ ਵੱਧਣਾ ਸ਼ੁਰੂ ਕਰਨਗੇ। 7 ਪਰ ਜੇ ਤੁਸੀਂ ਲੋਕਾਂ ਨੂੰ ਖਾਸ ਮੰਡਲੀ ਵਿੱਚ ਇਕੱਠਿਆ ਕਰਨਾ ਚਾਹੁੰਦੇ ਹੋ ਤਾਂ ਤੁਰ੍ਹੀਆਂ ਨੂੰ ਵਖਰੇ ਢੰਗ ਨਾਲ ਵਜਾਉ, ਤੁਰ੍ਹੀ ਉੱਤੇ ਇੱਕ ਲੰਮੀ ਸਥਿਰ ਧੁਨ ਪੈਦਾ ਕਰੋ। 8 ਸਿਰਫ਼ ਹਾਰੂਨ ਦੇ ਪੁੱਤਰਾਂ, ਜਾਜਕਾਂ ਨੂੰ ਹੀ ਤੁਰ੍ਹੀਆਂ ਵਜਾਉਣੀਆ ਚਾਹੀਦੀਆਂ ਹਨ। ਇਹ ਤੁਹਾਡੇ ਲਈ ਅਜਿਹੀ ਬਿਧੀ ਹੈ ਜਿਹੜਾ ਸਦਾ ਜਾਰੀ ਰਹੇਗਾ, ਆਉਣ ਵਾਲੀਆਂ ਪੀੜੀਆਂ ਤੀਕ।
9 “ਜੇ ਤੁਸੀਂ ਆਪਣੀ ਜ਼ਮੀਨ ਉੱਤੇ ਦੁਸ਼ਮਣ ਨਾਲ ਲੜ ਰਹੇ ਹੋ, ਤਾਂ ਉਨ੍ਹਾਂ ਨਾਲ ਜਾਕੇ ਲੜਨ ਤੋਂ ਪਹਿਲਾਂ ਉੱਚੀ ਅਵਾਜ਼ ਵਿੱਚ ਤੁਰ੍ਹੀ ਵਜਾਉ। ਤੁਹਾਡਾ ਯਹੋਵਾਹ ਪਰਮੇਸ਼ੁਰ ਆਵਾਜ਼ ਸੁਣੇਗਾ ਅਤੇ ਦੁਸ਼ਮਣਾ ਤੋਂ ਤੁਹਾਡੀ ਰੱਖਿਆ ਕਰੇਗਾ। 10 ਤੁਹਾਨੂੰ ਇਨ੍ਹਾਂ ਤੁਰ੍ਹੀਆਂ ਨੂੰ ਆਪਣੀਆਂ ਸਾਰੀਆਂ ਖਾਸ ਸਭਾਵਾਂ, ਮਹੀਨੇ ਦੇ ਪਹਿਲੇ ਦਿਨਾ ਉੱਤੇ ਅਤੇ ਤੁਹਾਡੀ ਖੁਸ਼ੀ ਦੇ ਸਰਿਆਂ ਮੌਕਿਆਂ ਉੱਤੇ ਵਜਾਉਣਾ ਚਾਹੀਦਾ ਹੈ। ਜਦੋਂ ਤੁਸੀਂ ਹੋਮ ਦੀਆਂ ਭੇਟਾ ਅਤੇ ਸੁੱਖ-ਸਾਂਦ ਦੀਆਂ ਭੇਟਾ ਚੜ੍ਹਾਵੋਂ ਤਾਂ ਤੁਰ੍ਹੀਆਂ ਵਜਾਉ। ਇਹ ਤੁਹਾਡੇ ਯਹੋਵਾਹ ਲਈ ਤੁਹਾਡੇ ਨਾਲ ਉਸ ਦੇ ਇਕਰਾਰਨਾਮੇ ਚੇਤੇ ਕਰਾਉਣ ਦਾ ਖਾਸ ਢੰਗ ਹੋਵੇਗਾ। ਮੈਂ ਤੁਹਾਨੂੰ ਅਜਿਹਾ ਕਰਨ ਦਾ ਆਦੇਸ਼ ਦਿੰਦਾ ਹਾਂ, ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।”
ਇਸਰਾਏਲ ਦੇ ਲੋਕ ਆਪਣਾ ਡੇਰਾ ਅੱਗੇ ਵੱਧਾਉਂਦੇ ਹਨ
11 ਇਸਰਾਏਲ ਦੇ ਲੋਕਾਂ ਦੇ ਮਿਸਰ ਛੱਡਣ ਤੋਂ ਮਗਰੋਂ ਦੂਸਰੇ ਵਰ੍ਹੇ ਦੇ ਦੂਸਰੇ ਮਹੀਨੇ ਦੇ 20ਵੇਂ ਦਿਨ, ਇਕਰਾਰਨਾਮੇ ਵਾਲੇ ਤੰਬੂ ਤੋਂ ਬੱਦਲ ਉੱਠਿਆ। 12 ਇਸ ਲਈ ਇਸਰਾਏਲ ਦੇ ਲੋਕਾਂ ਨੇ ਆਪਣਾ ਸਫ਼ਰ ਸ਼ੁਰੂ ਕੀਤਾ ਉਨ੍ਹਾਂ ਨੇ ਸੀਨਈ ਦਾ ਮਾਰੂਥਲ ਛੱਡ ਦਿੱਤਾ ਅਤੇ ਉਦੋਂ ਤੱਕ ਸਫ਼ਰ ਕਰਦੇ ਰਹੇ ਜਦੋਂ ਤੱਕ ਕਿ ਬੱਦਲ ਪਾਰਾਨ ਦੇ ਮਾਰੂਥਲ ਵਿੱਚ ਠਹਿਰ ਨਹੀਂ ਗਿਆ। 13 ਇਹ ਪਹਿਲੀ ਵਾਰ ਸੀ ਜਦੋਂ ਲੋਕਾਂ ਨੇ ਆਪਣਾ ਡੇਰਾ ਅੱਗੇ ਤੋਂਰਿਆ। ਉਨ੍ਹਾਂ ਨੇ ਇਸ ਨੂੰ ਉਸੇ ਤਰ੍ਹਾਂ ਅੱਗੇ ਤੋਰਿਆ ਜਿਵੇਂ ਮੂਸਾ ਨੇ ਯਹੋਵਾਹ ਨੂੰ ਆਦੇਸ਼ ਦਿੱਤਾ ਸੀ।
14 ਯਹੂਦਾਹ ਦੇ ਡੇਰੇ ਦੇ ਤਿੰਨ ਟੋਲੇ ਪਹਿਲਾਂ ਗਏ। ਉਨ੍ਹਾਂ ਨੇ ਆਪਣੇ ਝੰਡੇ ਹੇਠਾਂ ਸਫ਼ਰ ਕੀਤਾ। ਪਹਿਲਾ ਟੋਲਾ ਯਹੂਦਾਹ ਦਾ ਪਰਿਵਾਰ-ਸਮੂਹ ਸੀ। ਅੰਮੀਨਾਦਾਬ ਦਾ ਪੁੱਤਰ ਨਹਸ਼ੋਨ ਉਸ ਟੋਲੇ ਦਾ ਆਗੂ ਸੀ। 15 ਉਸਤੋਂ ਮਗਰੋਂ ਯਿੱਸਾਕਾਰ ਦਾ ਪਰਿਵਾਰ-ਸਮੂਹ ਆਇਆ। ਸੂਆਰ ਦਾ ਪੁੱਤਰ ਨਥਨਿਏਲ ਉਸ ਟੋਲੇ ਦਾ ਆਗੂ ਸੀ। 16 ਅਤੇ ਫ਼ੇਰ ਜ਼ਬੂਲੁਨ ਦੇ ਪਰਿਵਾਰ-ਸਮੂਹ ਦੀ ਵਾਰੀ ਆਈ। ਹੇਲੋਨ ਦਾ ਪੁੱਤਰ ਅਲੀਆਬ ਉਸ ਟੋਲੇ ਦਾ ਆਗੂ ਸੀ।
17 ਫ਼ੇਰ ਪਵਿੱਤਰ ਤੰਬੂ ਉਤਾਰਿਆ ਗਿਆ। ਅਤੇ ਗੇਰਸ਼ੋਨ ਅਤੇ ਮਰਾਰੀ ਪਰਿਵਾਰਾਂ ਦੇ ਆਦਮੀਆਂ ਨੇ ਪਵਿੱਤਰ ਤੰਬੂ ਨੂੰ ਚੁੱਕਿਆ। ਇਸ ਲਈ ਇਨ੍ਹਾਂ ਪਰਿਵਾਰਾਂ ਦੇ ਲੋਕ ਅਗਲੀ ਕਤਾਰ ਵਿੱਚ ਸਨ।
18 ਫ਼ੇਰ ਰਊਬੇਨ ਦੇ ਡੇਰੇ ਦੇ ਤਿੰਨ ਟੋਲੇ ਆਏ। ਉਨ੍ਹਾਂ ਨੇ ਆਪਣੇ ਝੰਡੇ ਹੇਠਾ ਸਫ਼ਰ ਕੀਤਾ। ਪਹਿਲਾ ਟੋਲਾ ਰਊਬੇਨ ਦਾ ਪਰਿਵਾਰ-ਸਮੂਹ ਸੀ। ਸ਼ਦੇਊਰ ਦਾ ਪੁੱਤਰ ਅਲੀਸੂਰ ਉਸ ਟੋਲੇ ਦਾ ਆਗੂ ਸੀ। 19 ਫ਼ੇਰ ਸ਼ਿਮੋਨ ਦੇ ਪਰਿਵਾਰ-ਸਮੂਹ ਦੀ ਵਾਰੀ ਸੀ। ਸੂਰੀਸ਼ੱਦਾਈ ਦਾ ਪੁੱਤਰ ਸ਼ਲੁਮੀਏਲ ਉਸ ਟੋਲੇ ਦਾ ਆਗੂ ਸੀ। 20 ਅਤੇ ਫ਼ੇਰ ਗਾਦ ਦਾ ਪਰਿਵਾਰ-ਸਮੂਹ ਆਇਆ। ਦਊਏਲ ਦਾ ਪੁੱਤਰ ਅਲਯਾਸਾਫ਼ ਉਸ ਟੋਲੇ ਦਾ ਆਗੂ ਸੀ। 21 ਫ਼ੇਰ ਕਹਾਥ ਪਰਿਵਾਰ ਸਮੂਹ ਆਇਆ। ਉਨ੍ਹਾਂ ਨੇ ਪਵਿੱਤਰ ਸਥਾਨ ਤੋਂ ਪਵਿੱਤਰ ਚੀਜ਼ਾਂ ਚੁੱਕੀਆਂ। ਉਹ ਇਸ ਸਮੇਂ ਇਸ ਲਈ ਆਏ ਤਾਂ ਜੋ ਬਾਕੀ ਲੋਕ ਪਵਿੱਤਰ ਤੰਬੂ ਨੂੰ ਨਵੇਂ ਸਥਾਨ ਉੱਤੇ ਸਥਾਪਿਤ ਕਰ ਸੱਕਣ ਅਤੇ ਉਨ੍ਹਾਂ ਦੇ ਉੱਥੇ ਆਉਣ ਤੋਂ ਪਹਿਲਾਂ ਇਸ ਨੂੰ ਤਿਆਰ ਕਰ ਸੱਕਣ।
22 ਇਸਤੋਂ ਅੱਗੇ ਅਫ਼ਰਾਈਮ ਦੇ ਡੇਰੇ ਵਿੱਚੋਂ ਤਿੰਨ ਟੋਲੇ ਆਏ। ਉਨ੍ਹਾਂ ਨੇ ਆਪਣੇ ਝੰਡੇ ਹੇਠਾਂ ਸਫ਼ਰ ਕੀਤਾ। ਪਹਿਲਾ ਟੋਲਾ ਅਫ਼ਰਾਈਮ ਦੇ ਪਰਿਵਾਰ ਵਿੱਚੋਂ ਸੀ। ਅੰਮੀਹੂਦ ਦਾ ਪੁੱਤਰ ਅਲੀਸ਼ਾਮਾ ਇਸ ਟੋਲੇ ਦਾ ਆਗੂ ਸੀ। 23 ਫ਼ੇਰ ਮਨੱਸ਼ਹ ਦਾ ਪਰਿਵਾਰ-ਸਮੂਹ ਆਇਆ। ਪਦਾਹਸੂਰ ਦਾ ਪੁੱਤਰ ਗਮਲੀਏਲ ਉਸ ਸਮੂਹ ਦਾ ਆਗੂ ਸੀ। 24 ਫ਼ੇਰ ਬਿਨਯਾਮੀਨ ਦਾ ਪਰਿਵਾਰ-ਸਮੂਹ ਆਇਆ। ਗਿਦਓਨੀ ਦਾ ਪੁੱਤਰ ਅਬੀਦਾਨ ਇਸ ਟੋਲੇ ਦਾ ਆਗੂ ਸੀ।
25 ਅਗਲੀ ਕਤਾਰ ਵਿੱਚਲੇ ਤਿੰਨ ਆਖਰੀ ਪਰਿਵਾਰ-ਸਮੂਹ ਹੋਰ ਸਾਰੇ ਪਰਿਵਾਰ-ਸਮੂਹਾਂ ਪਿੱਛਲੇ ਦਸਤੇ ਵਿੱਚ ਸਨ। ਇਹ ਸਮੂਹ ਦਾਨ ਦੇ ਪਰਿਵਾਰ-ਸਮੂਹ ਦੇ ਡੇਰੇ ਵਿੱਚੋਂ ਸਨ। ਉਨ੍ਹਾਂ ਨੇ ਆਪਣੇ ਝੰਡੇ ਹੇਠਾਂ ਸਫ਼ਰ ਕੀਤਾ। ਪਹਿਲਾ ਸਮੂਹ ਦਾਨ ਦਾ ਪਰਿਵਾਰ-ਸਮੂਹ ਸੀ। ਅੰਮੀਸ਼ਦਾਈ ਦਾ ਪੁੱਤਰ ਅਹੀਅਜ਼ਰ ਉਨ੍ਹਾਂ ਦਾ ਆਗੂ ਸੀ। 26 ਫ਼ੇਰ ਆਸ਼ੇਰ ਦਾ ਪਰਿਵਾਰ-ਸਮੂਹ ਆਇਆ। ਆਕਰਾਨ ਦਾ ਪੁੱਤਰ ਪਗੀਏਲ ਉਸ ਟੋਲੇ ਦਾ ਆਗੂ ਸੀ। 27 ਫ਼ੇਰ ਨਫ਼ਤਾਲੀ ਦਾ ਪਰਿਵਾਰ-ਸਮੂਹ ਆਇਆ। ਏਨਾਨ ਦਾ ਪੁੱਤਰ ਅਹੀਰਾ ਉਸ ਟੋਲੇ ਦਾ ਆਗੂ ਸੀ। 28 ਇਹੀ ਉਹ ਢੰਗ ਸੀ ਜਦੋਂ ਇਸਰਾਏਲ ਦੇ ਲੋਕ ਇੱਕ ਥਾਂ ਤੋਂ ਦੂਸਰੀ ਥਾ ਜਾਣ ਬਾਰੇ ਪੇਸ਼ ਕਦਮੀ ਕਰਦੇ ਸਨ।
29 ਹੋਬਾਬ ਰਊਏਲ ਦਾ ਪੁੱਤਰ ਸੀ ਜਿਹੜਾ ਮਿਦਯਾਨੀ ਸੀ। (ਰਊਏਲ ਮੂਸਾ ਦਾ ਸੌਹਰਾ ਸੀ।) ਮੂਸਾ ਨੇ ਹੋਬਾਬ ਨੂੰ ਆਖਿਆ, “ਅਸੀਂ ਉਸ ਧਰਤੀ ਵੱਲ ਸਫ਼ਰ ਕਰ ਰਹੇ ਹਾਂ ਜਿਹੜੀ ਪਰਮੇਸ਼ੁਰ ਨੇ ਸਾਨੂੰ ਦੇਣ ਦਾ ਇਕਰਾਰ ਕੀਤਾ ਸੀ। ਸਾਡੇ ਨਾਲ ਆ ਜਾਉ ਅਤੇ ਅਸੀਂ ਤੁਹਾਡੇ ਨਾਲ ਚੰਗਾ ਸਲੂਕ ਕਰਾਂਗੇ। ਯਹੋਵਾਹ ਨੇ ਇਸਰਾਏਲ ਦੇ ਲੋਕਾਂ ਨੂੰ ਚੰਗੀਆਂ ਚੀਜ਼ਾਂ ਦੇਣ ਦਾ ਇਕਰਾਰ ਕੀਤਾ ਹੈ।”
30 ਪਰ ਹੋਬਾਬ ਨੇ ਜਵਾਬ ਦਿੱਤਾ, “ਨਹੀਂ ਮੈਂ ਤੇਰੇ ਨਾਲ ਨਹੀਂ ਜਾਵਾਂਗਾ। ਮੈਂ ਆਪਣੀ ਮਾਤ੍ਰ ਭੂਮੀ ਵੱਲ ਜਾਵਾਂਗਾ ਅਤੇ ਆਪਣੇ ਲੋਕਾਂ ਕੋਲ ਜਾਵਾਂਗਾ।”
31 ਮੂਸਾ ਨੇ ਆਖਿਆ, “ਕਿਰਪਾ ਕਰਕੇ ਸਾਨੂੰ ਛੱਡ ਕੇ ਨਾ ਜਾਉ। ਤੁਸੀਂ ਮਾਰੂਥਲ ਬਾਰੇ ਸਾਡੇ ਨਾਲੋਂ ਜ਼ਿਆਦਾ ਜਾਣਦੇ ਹੋ। ਤੁਸੀਂ ਸਾਡੇ ਰਾਹ ਬਰ ਹੋ ਸੱਕਦੇ ਹੋ। 32 ਜੇ ਤੁਸੀਂ ਸਾਡੇ ਨਾਲ ਆਵੋਂਗੇ, ਤਾਂ ਅਸੀਂ ਤੁਹਾਡੇ ਨਾਲ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਸਾਂਝਿਆ ਕਰਾਂਗੇ, ਜਿਹੜੀਆਂ ਯਹੋਵਾਹ ਸਾਨੂੰ ਦੇਵੇਗਾ।”
33 ਇਸ ਲਈ ਹੋਬਾਬ ਮੰਨ ਗਿਆ ਅਤੇ ਉਨ੍ਹਾਂ ਨੇ ਯਹੋਵਾਹ ਦੇ ਪਹਾੜ ਤੋਂ ਆਪਣੀ ਯਾਤਰਾ ਅਰਂਭ ਕੀਤੀ। ਜਾਜਕਾਂ ਨੇ ਯਹੋਵਾਹ ਦੇ ਇਕਰਾਰਨਾਮੇ ਦਾ ਸੰਦੂਕ ਚੁੱਕਿਆ ਅਤੇ ਲੋਕਾਂ ਦੇ ਅੱਗੇ-ਅੱਗੇ ਤੁਰ ਪਏ। ਉਨ੍ਹਾਂ ਨੇ ਡੇਰਾ ਸਥਾਪਿਤ ਕਰਨ ਵਾਲੀ ਥਾਂ ਨੂੰ ਲੱਭਦਿਆਂ ਸੰਦੂਕ ਨੂੰ ਤਿੰਨਾ ਦਿਨਾਂ ਤੱਕ ਚੁੱਕੀ ਰੱਖਿਆ। 34 ਯਹੋਵਾਹ ਦਾ ਬੱਦਲ ਉਨ੍ਹਾਂ ਦੇ ਉੱਪਰ ਹਰ ਰੋਜ਼ ਸੀ। ਅਤੇ ਜਦੋਂ ਉਨ੍ਹਾਂ ਨੇ ਹਰ ਸਵੇਰੇ ਆਪਣਾ ਡੇਰਾ ਛੱਡਿਆ, ਬੱਦਲ ਉਨ੍ਹਾਂ ਦੀ ਅਗਵਾਈ ਲਈ ਉੱਥੇ ਹੀ ਸੀ।
35 ਜਦੋਂ ਲੋਕਾਂ ਨੇ ਪਵਿੱਤਰ ਸੰਦੂਕ ਨੂੰ ਡੇਰਾ ਚੁੱਕਣ ਲਈ ਉੱਠਾਇਆ, ਮੂਸਾ ਨੇ ਹਮੇਸ਼ਾ ਆਖਿਆ,
“ਉੱਠੋ ਯਹੋਵਾਹ ਜੀ!
ਸਾਰੇ ਤੁਹਾਡੇ ਦੁਸ਼ਮਣ ਖਿੰਡ ਜਾਣ।
ਸਾਰੇ ਤੁਹਾਡੇ ਦੁਸ਼ਮਣ ਤੁਹਾਡੇ ਕੋਲੋਂ ਦੂਰ ਭੱਜ ਜਾਣ।”
36 ਅਤੇ ਜਦੋਂ ਪਵਿੱਤਰ ਸੰਦੂਕ ਨੂੰ ਉਸਦੀ ਥਾਵੇਂ ਰੱਖਿਆ ਗਿਆ ਮੂਸਾ ਨੇ ਹਮੇਸ਼ਾ ਆਖਿਆ,
“ਵਾਪਸ ਆ ਜਾਉ, ਯਹੋਵਾਹ,
ਇਸਰਾਏਲ ਦੇ ਲਖਾਂ ਲੋਕਾਂ ਕੋਲ।”
ਲੋਕ ਫ਼ੇਰ ਸ਼ਿਕਾਇਤ ਕਰਦੇ ਹਨ
11 ਲੋਕਾਂ ਨੇ ਆਪਣੀ ਸਮੱਸਿਆਵਾਂ ਬਾਰੇ ਸ਼ਿਕਾਇਤਾ ਕਰਨੀਆਂ ਸ਼ੁਰੂ ਕਰ ਦਿੱਤੀਆਂ, ਯਹੋਵਾਹ ਨੇ ਉਨ੍ਹਾਂ ਦੀਆਂ ਸ਼ਿਕਾਇਤਾ ਸੁਣੀਆ ਅਤੇ ਬਹੁਤ ਕਰੋਧਵਾਨ ਹੋ ਗਿਆ। ਯਹੋਵਾਹ ਦੀ ਅੱਗ ਲੋਕਾਂ ਦਰਮਿਆਨ ਅਤੇ ਡੇਰੇ ਦੀ ਨੁੱਕਰ ਤੇ ਵੀ ਬਲ ਉੱਠੀ। 2 ਇਸ ਲਈ ਲੋਕਾਂ ਨੇ ਮੂਸਾ ਅੱਗੇ ਸਹਾਇਤਾ ਲਈ ਪੁਕਾਰ ਕੀਤੀ। ਮੂਸਾ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ ਅਤੇ ਅੱਗ ਬਲਣੋ ਹਟ ਗਈ। 3 ਇਸ ਲਈ ਉਸ ਥਾਂ ਨੂੰ ਤਬਏਰਾਹ ਬੁਲਾਇਆ ਗਿਆ। ਲੋਕਾਂ ਨੇ ਉਸ ਥਾਂ ਨੂੰ ਇਹ ਨਾਮ ਦਿੱਤਾ ਕਿਉਂਕਿ ਯਹੋਵਾਹ ਨੇ ਉਨ੍ਹਾਂ ਦੇ ਡੇਰੇ ਨੂੰ ਸਾੜਨ ਲਈ ਅੱਗ ਲਾਈ।
70 ਵਡੇਰੇ ਆਗੂ
4 ਉਹ ਵਿਦੇਸ਼ੀ ਜਿਹੜੇ ਇਸਰਾਏਲ ਦੇ ਲੋਕਾਂ ਨਾਲ ਰਲ ਗਏ ਸਨ, ਉਨ੍ਹਾਂ ਨੇ ਖਾਣ ਲਈ ਹੋਰਨਾਂ ਚੀਜ਼ਾਂ ਦੀ ਆਪਣੀ ਇੱਛਾ ਦਰਸਾਈ। ਛੇਤੀ ਹੀ ਇਸਰਾਏਲ ਦੇ ਸਮੂਹ ਲੋਕ ਫ਼ੇਰ ਸ਼ਿਕਾਇਤ ਕਰਨ ਲੱਗੇ ਅਤੇ ਆਖਿਆ, “ਸਾਨੂੰ ਖਾਣ ਲਈ ਮਾਸ ਕੌਣ ਦੇਵੇਗਾ? 5 ਸਾਨੂੰ ਉਹ ਮੱਛੀ ਚੇਤੇ ਆਉਂਦੀ ਹੈ ਜਿਹੜੀ ਅਸੀਂ ਮਿਸਰ ਵਿੱਚ ਖਾਧੀ ਸੀ। ਇਸਦੀ ਸਾਡੇ ਲਈ ਕੋਈ ਕੀਮਤ ਨਹੀਂ ਸੀ, ਅਤੇ ਸਾਡੇ ਕੋਲ ਕੁਝ ਚੰਗੀਆਂ ਸਬਜ਼ੀਆਂ ਜਿਵੇਂ ਕੱਕੜੀਆਂ, ਖਰਬੂਜੇ, ਲੀਕਸ, ਪਿਆਜ਼ ਅਤੇ ਲਸਣ ਸਨ। 6 ਪਰ ਹੁਣ ਸਾਡੀ ਤਾਕਤ ਖਤਮ ਹੋ ਗਈ ਹੈ। ਅਸੀਂ ਇਸ ਮੰਨ ਤੋਂ ਇਲਾਵਾ ਕਦੇ ਵੀ ਹੋਰ ਕੁਝ ਨਹੀਂ ਖਾਂਦੇ!” 7 (ਮੰਨ ਧਨੀਏ ਦੇ ਛੋਟੇ ਬੀਜ਼ਾਂ ਵਰਗਾ ਸੀ। ਅਤੇ ਇਹ ਕਿਸੇ ਰੁੱਖ ਦੀ ਗੂੰਦ ਵਰਗਾ ਦਿਸਦਾ ਸੀ। 8 ਲੋਕ ਮੰਨ ਇਕੱਠਾ ਕਰਦੇ ਸਨ। ਫ਼ੇਰ ਉਹ ਪੱਥਰਾਂ ਨਾਲ ਇਸ ਨੂੰ ਭੁਨਦੇ ਸਨ ਅਤੇ ਇੱਕ ਬਰਤਨ ਵਿੱਚ ਰਿੰਨ੍ਹਦੇ ਸਨ। ਜਾਂ ਉਹ ਇਸ ਨੂੰ ਪੀਹਕੇ ਆਟਾ ਬਣਾ ਲੈਂਦੇ ਸਨ ਅਤੇ ਇਸ ਦੀਆਂ ਪਤਲੀਆਂ ਰੋਟੀਆਂ ਬਣਾ ਲੈਂਦੇ ਸਨ। ਇਹ ਰੋਟੀਆਂ ਜੈਤੂਨ ਦੇ ਤੇਲ ਵਿੱਚ ਪਕਾਈਆਂ ਮਿਠੀਆਂ ਰੋਟੀਆਂ ਵਰਗਾ ਸੁਆਦ ਦਿੰਦੀਆਂ ਸਨ। 9 ਮੰਨ ਹਰ ਰਾਤ ਤੇਲ ਭਿੱਜੀ ਧਰਤੀ ਉੱਤੇ ਡਿੱਗਦਾ ਸੀ।)
10 ਮੂਸਾ ਨੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ। ਹਰ ਪਰਿਵਾਰ ਦੇ ਲੋਕ ਆਪਣੇ ਤੰਬੂਆਂ ਕੋਲ ਬੈਠੇ ਸ਼ਿਕਾਇਤਾ ਕਰ ਰਹੇ ਸਨ। ਯਹੋਵਾਹ ਬਹੁਤ ਕ੍ਰੋਧਵਾਨ ਹੋ ਗਿਆ, ਅਤੇ ਇਸਨੇ ਮੂਸਾ ਨੂੰ ਬਹੁਤ ਬੇਚੈਨ ਕਰ ਦਿੱਤਾ। 11 ਮੂਸਾ ਨੇ ਯਹੋਵਾਹ ਨੂੰ ਪੁੱਛਿਆ, “ਯਹੋਵਾਹ ਜੀ ਤੁਸੀਂ ਮੇਰੇ ਉੱਤੇ ਇਹ ਮੁਸੀਬਤ ਕਿਉਂ ਪਾ ਦਿੱਤੀ ਹੈ? ਮੈਂ ਤੁਹਾਡਾ ਸੇਵਕ ਹਾਂ। ਮੈਂ ਕੀ ਕਸੂਰ ਕੀਤਾ ਹੈ? ਮੈਂ ਤੁਹਾਨੂੰ ਬੇਚੈਨ ਕਰਨ ਵਾਲੀ ਕਿਹੜੀ ਗੱਲ ਕੀਤੀ ਹੈ? ਤੁਸੀਂ ਮੈਨੂੰ ਇਨ੍ਹਾਂ ਸਾਰੇ ਲੋਕਾਂ ਦੀ ਜ਼ਿੰਮੇਵਾਰੀ ਕਿਉਂ ਸੌਂਪੀ ਹੈ? 12 ਤੁਸੀਂ ਜਾਣਦੇ ਹੋ ਕਿ ਮੈਂ ਇਨ੍ਹਾਂ ਸਮੂਹ ਲੋਕਾਂ ਦਾ ਪਿਤਾ ਨਹੀਂ ਹਾਂ। ਤੁਸੀਂ ਜਾਣਦੇ ਹੋ ਕਿ ਮੈਂ ਇਨ੍ਹਾਂ ਨੂੰ ਜਨਮ ਨਹੀਂ ਦਿੱਤਾ। ਪਰ ਮੈਨੂੰ ਇਨ੍ਹਾਂ ਦੀ ਦੇਖ-ਭਾਲ ਕਰਨੀ ਪੈਂਦੀ ਹੈ ਜਿਵੇਂ ਕੋਈ ਦਾਈ ਬੱਚੇ ਨੂੰ ਆਪਣੀਆਂ ਬਾਹਾਂ ਵਿੱਚ ਚੁੱਕਦੀ ਹੈ। ਤੁਸੀਂ ਮੈਨੂੰ ਅਜਿਹਾ ਕਰਨ ਲਈ ਕਿਉਂ ਮਜ਼ਬੂਰ ਕਰਦੇ ਹੋ? ਤੁਸੀਂ ਮੈਨੂੰ ਇਨ੍ਹਾਂ ਨੂੰ ਉਸ ਧਰਤੀ ਉੱਤੇ ਲੈ ਜਾਣ ਲਈ ਕਿਉਂ ਮਜ਼ਬੂਰ ਕਰਦੇ ਹੋ ਜਿਸਦਾ ਤੁਸੀਂ ਸਾਡੇ ਪੁਰਖਿਆਂ ਨਾਲ ਇਕਰਾਰ ਕੀਤਾ ਸੀ? 13 ਮੇਰੇ ਕੋਲ ਇਨ੍ਹਾਂ ਲੋਕਾਂ ਲਈ ਕਾਫ਼ੀ ਮਾਸ ਨਹੀਂ ਹੈ। ਅਤੇ ਇਹ ਮੇਰੇ ਕੋਲ ਸ਼ਿਕਾਇਤਾਂ ਕਰੀ ਜਾ ਰਹੇ ਹਨ। ਇਹ ਆਖਦੇ ਹਨ, ਸਾਨੂੰ ਖਾਣ ਵਾਸਤੇ ਮਾਸ ਦਿਉ। 14 ਮੈਂ ਇੱਕਲਾ ਇਨ੍ਹਾਂ ਸਾਰੇ ਲੋਕਾਂ ਦਾ ਧਿਆਨ ਨਹੀਂ ਰੱਖ ਸੱਕਦਾ। ਇਹ ਭਾਰ ਮੇਰੇ ਲਈ ਬਹੁਤ ਜ਼ਿਆਦਾ ਹੈ। 15 ਜੇ ਤੁਸੀਂ ਮੈਨੂੰ ਮੁਸੀਬਤਾਂ ਦਿੰਦੇ ਰਹਿਣ ਦੀ ਯੋਜਨਾ ਬਣਾਈ ਹੈ, ਤਾਂ ਮੈਨੂੰ ਹੁਣੇ ਮਰ ਜਾਣ ਦਿਉ। ਜੇ ਤੁਸੀਂ ਮੈਨੂੰ ਆਪਣਾ ਸੇਵਕ ਪ੍ਰਵਾਨ ਕਰਦੇ ਹੋ, ਮੈਨੂੰ ਹੁਣੇ ਮਾਰ ਦਿਓ। ਮੈਨੂੰ ਮੇਰੀ ਬਦਕਿਸਮਤੀ ਨੂੰ ਨਾ ਵੇਖਣ ਦਿਉ।”
16 ਯਹੋਵਾਹ ਨੇ ਮੂਸਾ ਨੂੰ ਆਖਿਆ, “ਮੇਰੇ ਕੋਲ ਇਸਰਾਏਲ ਦੇ 70 ਬਜ਼ੁਰਗਾਂ ਨੂੰ ਲਿਆ। ਇਹ ਆਦਮੀ ਲੋਕਾਂ ਦੇ ਆਗੂ ਹਨ। ਉਨ੍ਹਾਂ ਨੂੰ ਮੰਡਲੀ ਵਾਲੇ ਤੰਬੂ ਕੋਲ ਲਿਆ। ਉਨ੍ਹਾਂ ਨੂੰ ਆਪਣੇ ਨਾਲ ਉੱਥੇ ਖੜ੍ਹੇ ਕਰੋ। 17 ਫ਼ੇਰ ਮੈਂ ਹੇਠਾ ਆਵਾਂਗਾ ਅਤੇ ਉੱਥੇ ਤੇਰੇ ਨਾਲ ਗੱਲ ਕਰਾਂਗਾ। ਆਤਮਾ ਹੁਣ ਤੇਰੇ ਉੱਪਰ ਹੈ ਪਰ ਮੈਂ ਉਸ ਆਤਮੇ ਦਾ ਕੁਝ ਹਿੱਸਾ ਉਨ੍ਹਾਂ ਲੋਕਾਂ ਨੂੰ ਵੀ ਦੇਵਾਂਗਾ। ਫ਼ੇਰ ਉਹ ਲੋਕਾਂ ਦੀ ਦੇਖ-ਭਾਲ ਕਰਨ ਵਿੱਚ ਤੇਰੀ ਸਹਾਇਤਾ ਕਰਨਗੇ ਅਤੇ ਤੈਨੂੰ ਇੱਕਲੇ ਨੂੰ ਸਾਰੇ ਲੋਕਾਂ ਦੀ ਦੇਖ-ਭਾਲ ਦੀ ਜ਼ਿੰਮੇਵਾਰੀ ਨਹੀਂ ਚੁੱਕਣੀ ਪਵੇਗੀ।
18 “ਇਹ ਗੱਲਾਂ ਲੋਕਾਂ ਨੂੰ ਦੱਸੋ: ਆਪਣੇ-ਆਪ ਨੂੰ ਕੱਲ੍ਹ ਵਾਸਤੇ ਤਿਆਰ ਕਰੋ। ਕੱਲ੍ਹ ਨੂੰ ਤੁਸੀਂ ਮਾਸ ਖਾਵੋਂਗੇ। ਯਹੋਵਾਹ ਨੇ ਤੁਹਾਡੀ ਪੁਕਾਰ ਸੁਣ ਲਏ ਹੈ। ਯਹੋਵਾਹ ਨੇ ਤੁਹਾਡੇ ਸ਼ਬਦ ਸੁਣ ਲਈ ਹਨ ਜਦੋਂ ਤੁਸੀਂ ਆਖਿਆ ਸੀ, ‘ਸਾਨੂੰ ਖਾਣ ਵਾਸਤੇ ਮਾਸ ਚਾਹੀਦਾ ਹੈ! ਅਸੀਂ ਮਿਸਰ ਵਿੱਚ ਚੰਗੇ ਸਾਂ!’ ਇਸ ਲਈ ਹੁਣ ਯਹੋਵਾਹ ਤੁਹਾਨੂੰ ਮਾਸ ਦੇਵੇਗਾ। ਅਤੇ ਤੁਸੀਂ ਇਸ ਨੂੰ ਖਾਵੋਂਗੇ। 19 ਤੁਸੀਂ ਇਸ ਨੂੰ ਇੱਕ ਜਾਂ ਦੋ, ਪੰਜ ਜਾਂ ਦਸ, ਜਾਂ 20 ਦਿਨਾਂ ਤੱਕ ਵੀ ਖਾਵੋਂਗੇ! 20 ਤੁਸੀਂ ਉਸ ਮਾਸ ਨੂੰ ਪੂਰੇ ਇੱਕ ਮਹੀਨੇ ਤੱਕ ਖਾਂਦੇ ਰਹੋਂਗੇ। ਤੁਸੀਂ ਉਦੋਂ ਤੱਕ ਮਾਸ ਖਾਂਦੇ ਰਹੋਂਗੇ ਜਦੋਂ ਤੱਕ ਕਿ ਤੁਸੀਂ ਇਸਤੋਂ ਅੱਕ ਨਹੀਂ ਜਾਂਦੇ ਤੁਹਾਡੇ ਨਾਲ ਇਵੇਂ ਵਾਪਰੇਗਾ ਕਿਉਂਕਿ ਤੁਸੀਂ ਯਹੋਵਾਹ ਦੇ ਖਿਲਾਫ਼ ਸ਼ਿਕਾਇਤ ਕੀਤੀ ਸੀ। ਯਹੋਵਾਹ ਤੁਹਾਡੇ ਅੰਗ-ਸੰਗ ਰਹਿੰਦਾ ਹੈ ਅਤੇ ਜਾਣਦਾ ਹੈ ਕਿ ਤੁਹਾਨੂੰ ਕਿਸ ਚੀਜ਼ ਦੀ ਲੋੜ ਹੈ। ਪਰ ਤੁਸੀਂ ਰੋ-ਰੋਕੇ ਉਸ ਨੂੰ ਸ਼ਿਕਾਇਤ ਕੀਤੀ ਹੈ! ਤੁਸੀਂ ਆਖਿਆ ਸੀ। ‘ਅਸੀਂ ਮਿਸਰ ਛੱਡਿਆ ਹ੍ਹੀ ਕਿਉਂ?’”
21 ਮੂਸਾ ਨੇ ਆਖਿਆ, “ਯਹੋਵਾਹ ਇੱਥੇ ਆਲੇ-ਦੁਆਲੇ ਫ਼ਿਰਦੇ 6,00,000 ਆਦਮੀ ਹਨ। ਅਤੇ ਤੁਸੀਂ ਆਖਦੇ ਹੋ, ‘ਮੈਂ ਇਨ੍ਹਾਂ ਨੂੰ ਮਹੀਨੇ ਭਰ ਲਈ ਖਾਣ ਵਾਸਤੇ ਮਾਸ ਦੇਵਾਂਗਾ।’ 22 ਜੇ ਸਾਨੂੰ ਸਾਰੀਆਂ ਭੇਡਾਂ ਅਤੇ ਜਾਨਵਰਾ ਨੂੰ ਵੀ ਜ਼ਿਬਾਹ ਕਰਨਾ ਪਵੇ। ਤਾਂ ਉਹ ਵੀ ਇੰਨੇ ਸਾਰੇ ਲੋਕਾਂ ਨੂੰ ਮਹੀਨਾ ਭਰ ਭੋਜਨ ਕਰਨ ਲਈ ਕਾਫ਼ੀ ਨਹੀਂ ਹੋਵੇਗਾ। ਅਤੇ ਜੇ ਅਸੀਂ ਸਮੁੰਦਰ ਦੀਆਂ ਸਾਰਿਆਂ ਮੱਛੀਆਂ ਨੂੰ ਵੀ ਫ਼ੜ ਲਈਏ ਤਾਂ ਉਹ ਵੀ ਇਨ੍ਹਾਂ ਲਈ ਕਾਫ਼ੀ ਨਹੀਂ ਹੋਣਗੀਆਂ!”
23 ਪਰ ਯਹੋਵਾਹ ਨੇ ਮੂਸਾ ਨੂੰ ਆਖਿਆ, “ਕੀ ਯਹੋਵਾਹ ਨੂੰ ਤਾਕਤ ਦੀ ਕਮੀ ਹੈ? ਹੁਣ ਤੁਸੀਂ ਦੇਖੋਂਗੇ ਕਿ ਮੈਂ ਉਹ ਸਾਰੀਆਂ ਗੱਲਾਂ ਕਰ ਸੱਕਦਾ ਹਾਂ ਜੋ ਮੈਂ ਆਖਦਾ ਹਾਂ।”
24 ਇਸ ਲਈ ਮੂਸਾ ਲੋਕਾਂ ਨਾਲ ਗੱਲ ਕਰਨ ਲਈ ਗਿਆ। ਮੂਸਾ ਨੇ ਉਨ੍ਹਾਂ ਨੂੰ ਦੱਸਿਆ ਕਿ ਯਹੋਵਾਹ ਨੇ ਕੀ ਆਖਿਆ ਸੀ। ਫ਼ੇਰ ਮੂਸਾ ਨੇ 70 ਬਜ਼ੁਰਗਾਂ ਨੂੰ ਇਕੱਠਿਆ ਕੀਤਾ। ਮੂਸਾ ਨੇ ਉਨ੍ਹਾਂ ਨੂੰ ਤੰਬੂ ਦੇ ਆਲੇ-ਦੁਆਲੇ ਖੜ੍ਹਾ ਹੋਣ ਲਈ ਆਖਿਆ। 25 ਫ਼ੇਰ ਯਹੋਵਾਹ ਬੱਦਲ ਵਿੱਚੋਂ ਹੇਠਾਂ ਉਤਰਿਆ ਅਤੇ ਮੂਸਾ ਨਾਲ ਗੱਲ ਕੀਤੀ। ਆਤਮਾ ਮੂਸਾ ਦੇ ਉੱਪਰ ਸੀ। ਯਹੋਵਾਹ ਨੇ ਉਹੀ ਆਤਮਾ 70 ਬਜ਼ੁਰਗਾਂ ਦੇ ਉੱਪਰ ਰੱਖ ਦਿੱਤਾ ਜਦੋਂ ਆਤਮਾ ਉਨ੍ਹਾਂ ਦੇ ਉੱਪਰ ਉਤਰਿਆ, ਉਨ੍ਹਾਂ ਨੇ ਭਵਿੱਖਬਾਣੀ ਕਰਨੀ ਸ਼ੁਰੂ ਕਰ ਦਿੱਤੀ। ਪਰ ਇਹੀ ਇੱਕ ਮੌਕਾ ਸੀ ਜਦੋਂ ਇਨ੍ਹਾਂ ਲੋਕਾਂ ਨੇ ਅਜਿਹਾ ਕੀਤਾ।
26 ਬਜ਼ੁਰਗਾਂ ਵਿੱਚੋਂ ਦੋ ਅਲਦਾਦ ਅਤੇ ਮੇਦਾਦ ਤੰਬੂ ਕੋਲ ਨਹੀਂ ਗਏ ਉਨ੍ਹਾਂ ਦੇ ਨਾਮ ਬਜ਼ੁਰਗਾ ਦੀ ਸੂਚੀ ਵਿੱਚ ਸਨ। ਪਰ ਉਹ ਡੇਰੇ ਵਿੱਚ ਹੀ ਰੁਕੇ ਰਹੇ ਪਰ ਆਤਮਾ ਉਨ੍ਹਾਂ ਉੱਤੇ ਵੀ ਉਤਰਿਆ ਅਤੇ ਉਨ੍ਹਾਂ ਨੇ ਡੇਰੇ ਵਿੱਚ ਭਵਿੱਖਬਾਣੀ ਕਰਨੀ ਸ਼ੁਰੂ ਕਰ ਦਿੱਤੀ। 27 ਇੱਕ ਨੌਜਵਾਨ ਭੱਜਕੇ ਮੂਸਾ ਕੋਲ ਗਿਆ ਅਤੇ ਉਸ ਨੂੰ ਦੱਸਿਆ, “ਅਲਦਾਦ ਅਤੇ ਮੇਦਾਦ ਡੇਰੇ ਵਿੱਚ ਭਵਿੱਖਬਾਣੀ ਕਰ ਰਹੇ ਹਨ।”
28 ਨੂਨ ਦੇ ਪੁੱਤਰ ਯਹੋਸ਼ੁਆ ਨੇ ਮੂਸਾ ਨੂੰ ਆਖਿਆ, “ਸ੍ਰੀਮਾਨ ਮੂਸਾ ਜੀ ਤੁਹਾਨੂੰ ਉਨ੍ਹਾਂ ਨੂੰ ਰੋਕਣਾ ਚਾਹੀਦਾ ਹੈ!” (ਯਹੋਸ਼ੁਆ ਉਦੋਂ ਤੋਂ ਹੀ ਮੂਸਾ ਦਾ ਸਹਾਇਕ ਸੀ। ਜਦੋਂ ਉਹ ਹਾਲੇ ਮੁੰਡਾ ਹੀ ਸੀ।)
29 ਪਰ ਮੂਸਾ ਨੇ ਜਵਾਬ ਦਿੱਤਾ, “ਕੀ ਤੂੰ ਇਸ ਗੱਲੋਂ ਡਰਦਾ ਹੈਂ ਕਿ ਲੋਕ ਸੋਚਣਗੇ ਕਿ ਹੁਣ ਮੈਂ ਆਗੂ ਨਹੀਂ ਹਾਂ? ਮੈਂ ਚਾਹੁੰਦਾ ਹਾਂ ਕਿ ਯਹੋਵਾਹ ਦੇ ਸਾਰੇ ਲੋਕ ਭਵਿੱਖਬਾਣੀ ਕਰਨ ਦੇ ਯੋਗ ਹੋਣ। ਮੈਂ ਚਾਹੁੰਦਾ ਹਾਂ ਕਿ ਯਹੋਵਾਹ ਉਨ੍ਹਾਂ ਸਾਰਿਆਂ ਉੱਪਰ ਆਪਣਾ ਆਤਮਾ ਪਾਵੇ!” 30 ਫ਼ੇਰ ਮੂਸਾ ਅਤੇ ਇਸਰਾਏਲ ਦੇ ਆਗੂ ਡੇਰੇ ਵੱਲ ਵਾਪਸ ਚੱਲੇ ਗਏ।
ਬਟੇਰ ਆਉਂਦੇ ਹਨ
31 ਫ਼ੇਰ ਯਹੋਵਾਹ ਨੇ ਸਮੁੰਦਰ ਵੱਲੋਂ ਤੇਜ਼ ਹਵਾ ਵਗਾਈ। ਹਵਾ ਨੇ ਬਟੇਰਾਂ ਨੂੰ ਉਸ ਇਲਾਕੇ ਵੱਲ ਵਹਾ ਦਿੱਤਾ ਬਟੇਰਾ ਨੇ ਡੇਰੇ ਦੇ ਸਾਰੇ ਪਾਸੇ ਉਡਾਰੀ ਲਾਈ ਉੱਥੇ ਇੰਨੇ ਬਟੇਰ ਸਨ ਕਿ ਧਰਤੀ ਕੱਜੀ ਗਈ। ਬਟੇਰ ਤਕਰੀਬਨ ਤਿੰਨ ਫੁੱਟ ਗਹਿਰੇ ਧਰਤੀ ਉੱਤੇ ਸਨ। ਉੱਥੇ ਹਰ ਦਿਸ਼ਾ ਵਿੱਚ ਬਟੇਰ ਹੀ ਬਟੇਰ ਸਨ ਜਿੱਥੇ ਤੱਕ ਕਿ ਬੰਦਾ ਇੱਕ ਦਿਨ ਵਿੱਚ ਚੱਲ ਸੱਕਦਾ ਸੀ। 32 ਲੋਕ ਭੂਸਰ ਗਏ! ਉਹ ਬਾਹਰ ਗਏ ਅਤੇ ਉਸ ਸਾਰੇ ਦਿਨ ਅਤੇ ਉਸ ਸਾਰੀ ਰਾਤ ਬਟੇਰ ਇਕੱਠੇ ਕਰਦੇ ਰਹੇ। ਅਤੇ ਉਨ੍ਹਾਂ ਨੇ ਅਗਲੇ ਦਿਨ ਵੀ ਬਟੇਰ ਇਕੱਠੇ ਕੀਤੇ। ਛੋਟੀ ਤੋਂ ਛੋਟੀ ਮਿਕਦਾਰ ਜਿਹੜੀ ਕੋਈ ਬੰਦਾ ਇਕੱਠੀ ਕਰ ਸੱਕਿਆ ਉਹ 60 ਬੁਸ਼ਲ ਸੀ। ਫ਼ੇਰ ਲੋਕਾਂ ਨੇ ਡੇਰੇ ਦੇ ਸਾਰੇ ਪਾਸੇ ਬਟੇਰ ਦੇ ਮਾਸ ਨੂੰ ਧੁੱਪ ਵਿੱਚ ਸੁੱਕਣਾ ਪਾ ਦਿੱਤਾ।
33 ਲੋਕਾਂ ਨੇ ਮਾਸ ਖਾਣਾ ਸ਼ੁਰੂ ਕਰ ਦਿੱਤਾ, ਪਰ ਯਹੋਵਾਹ ਬਹੁਤ ਕ੍ਰੋਧਵਾਨ ਹੋ ਗਿਆ। ਜਦੋਂ ਹਾਲੇ ਮਾਸ ਉਨ੍ਹਾਂ ਦੇ ਮੂੰਹ ਵਿੱਚ ਹੀ ਸੀ। ਇਸਤੋਂ ਪਹਿਲਾ ਕਿ ਲੋਕ ਇਸ ਨੂੰ ਮੁਕਾ ਸੱਕਣ, ਯਹੋਵਾਹ ਨੇ ਲੋਕਾਂ ਨੂੰ ਬਹੁਤ ਬਿਮਾਰ ਕਰ ਦਿੱਤਾ। ਬਹੁਤ ਸਾਰੇ ਲੋਕ ਮਰ ਗਏ ਅਤੇ ਉਨ੍ਹਾਂ ਨੂੰ ਉਸੇ ਥਾਂ ਦਫ਼ਨਾ ਦਿੱਤਾ ਗਿਆ। 34 ਇਸ ਲਈ ਲੋਕਾਂ ਨੇ ਉਸ ਥਾਂ ਦਾ ਨਾਮ ਕਿਬਰੋਥ ਹੱਤਵਾਹ ਰੱਖ ਦਿੱਤਾ। ਉਨ੍ਹਾਂ ਨੇ ਉਸ ਥਾਂ ਨੂੰ ਇਹ ਨਾਮ ਇਸ ਲਈ ਦਿੱਤਾ ਕਿਉਂਕਿ ਇਹੀ ਥਾਂ ਸੀ ਜਿੱਥੇ ਉਨ੍ਹਾਂ ਨੇ ਉਨ੍ਹਾਂ ਲੋਕਾਂ ਨੂੰ ਦਫ਼ਨਾਇਆ ਜਿਨ੍ਹਾਂ ਨੂੰ ਮਾਸ ਖਾਣ ਦੀ ਤੀਬਰ ਇੱਛਾ ਸੀ।
35 ਲੋਕਾਂ ਨੇ ਕਿਬਰੋਥ ਹੱਤਾਵਾਹ ਤੋਂ ਆਪਣੀ ਯਾਤਰਾ ਸ਼ੁਰੂ ਕੀਤੀ ਅਤੇ ਹਸੇਰੋਥ ਪਹੁੰਚਕੇ ਉੱਥੇ ਠਹਿਰ ਗਏ।
ਮਿਰਯਮ ਅਤੇ ਹਾਰੂਨ ਮੂਸਾ ਬਾਰੇ ਸ਼ਿਕਾਇਤ ਕਰਦੇ ਹਨ
12 ਮਿਰਯਮ ਅਤੇ ਹਾਰੂਨ ਨੇ ਮੂਸਾ ਦੇ ਖਿਲਾਫ਼ ਬੋਲਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਉਸਦੀ ਆਲੋਚਨਾ ਕੀਤੀ ਕਿਉਂਕਿ ਉਸ ਨੇ ਇੱਕ ਇੱਥੋਂ ਕੁਸ਼ੀ ਔਰਤ ਨਾਲ ਸ਼ਾਦੀ ਕੀਤੀ ਸੀ। ਉਨ੍ਹਾਂ ਦਾ ਵਿੱਚਾਰ ਸੀ ਕਿ ਮੂਸਾ ਲਈ ਇਹ ਸਹੀ ਨਹੀਂ ਸੀ ਕਿ ਉਹ ਕਿਸੇ ਇੱਥੋਂ ਕੂਸ਼ੀ ਔਰਤ ਨਾਲ ਸ਼ਾਦੀ ਕਰੇ। 2 ਉਨ੍ਹਾਂ ਨੇ ਆਪਣੇ-ਆਪ’ਚ ਸੋਚਿਆ, “ਕੀ ਯਹੋਵਾਹ ਨੇ ਲੋਕਾਂ ਨਾਲ ਗੱਲ ਕਰਨ ਲਈ ਸਿਰਫ਼ ਮੂਸਾ ਨੂੰ ਹੀ ਇਸਤੇਮਾਲ ਕੀਤਾ ਹੈ? ਕੀ ਉਹ ਸਾਡੇ ਰਾਹੀਂ ਵੀ ਨਹੀਂ ਬੋਲਿਆ?”
ਪਰ ਯਹੋਵਾਹ ਨੇ ਉਨ੍ਹਾਂ ਨੂੰ ਸੁਣ ਲਿਆ। 3 (ਮੂਸਾ ਬਹੁਤ ਨਿਰਮਲ ਬੰਦਾ ਸੀ ਉਹ ਕਦੇ ਵੀ ਪਾਪ ਨਹੀਂ ਕਰਦਾ ਸੀ ਅਤੇ ਨਾ ਹੀ ਫ਼ਢ਼ਾਂ ਮਾਰਦਾ ਸੀ। ਉਹ ਧਰਤੀ ਉਤਲੇ ਕਿਸੇ ਵੀ ਮਨੁੱਖ ਨਾਲੋ ਵੱਧੇਰੇ ਨਿਮਾਣਾ ਸੀ।) 4 ਇਸ ਲਈ, ਅਚਾਨਕ ਯਹੋਵਾਹ ਆ ਗਿਆ ਅਤੇ ਮੂਸਾ, ਹਾਰੂਨ ਅਤੇ ਮਿਰਯਮ ਨਾਲ ਗੱਲ ਕੀਤੀ ਯਹੋਵਾਹ ਨੇ ਆਖਿਆ, “ਤੁਸੀਂ ਤਿੰਨੇ ਜਣੇ, ਹੁਣੇ ਮੰਡਲੀ ਵਾਲੇ ਤੰਬੂ ਕੋਲ ਆਉ।”
ਇਸ ਲਈ ਮੂਸਾ, ਹਾਰੂਨ ਅਤੇ ਮਿਰਯਮ ਤੰਬੂ ਕੋਲ ਚੱਲੇ ਗਏ। 5 ਯਹੋਵਾਹ ਲੰਮੇ ਬੱਦਲ ਵਿੱਚੋਂ ਉਤਰਿਆ ਅਤੇ ਤੰਬੂ ਦੇ ਪ੍ਰਵੇਸ਼ ਉੱਤੇ ਖਲੋ ਗਿਆ। ਯਹੋਵਾਹ ਨੇ ਅਵਾਜ਼ ਦਿੱਤੀ, “ਹਾਰੂਨ ਅਤੇ ਮਿਰਯਮ!” ਹਾਰੂਨ ਅਤੇ ਮਿਰਯਮ ਉਸ ਕੋਲ ਚੱਲੇ ਗਏ। 6 ਪਰਮੇਸ਼ੁਰ ਨੇ ਆਖਿਆ, “ਮੇਰੀ ਗੱਲ ਸੁਣੋ! ਜੇਕਰ ਤੁਹਾਡੇ ਦਰਮਿਆਨ ਕੋਈ ਵੀ ਨਬੀ ਹੈ, ਮੈਂ, ਯਹੋਵਾਹ, ਉਸ ਨੂੰ ਦਰਸ਼ਨ ਵਿੱਚ ਆਪਣੇ-ਆਪ ਨੂੰ ਦਿਖਾਵਾਂਗਾ। ਮੈਂ ਉਸ ਨਾਲ ਸੁਪਨਿਆਂ ਵਿੱਚ ਗੱਲਾਂ ਕਰਾਂਗਾ। 7 ਪਰ ਮੂਸਾ ਉਸ ਤਰ੍ਹਾਂ ਦਾ ਨਹੀਂ ਹੈ। ਮੂਸਾ ਮੇਰਾ ਵਫ਼ਾਦਾਰ ਸੇਵਕ ਹੈ। ਮੈਂ ਆਪਣੇ ਪੂਰੇ ਘਰ ਨਾਲ ਉਸ ਉੱਤੇ ਭਰੋਸਾ ਕਰਦਾ ਹਾਂ। 8 ਜਦੋਂ ਮੈਂ ਉਸ ਦੇ ਨਾਲ ਗੱਲ ਕਰਦਾ ਹਾਂ। ਮੈਂ ਉਸ ਦੇ ਨਾਲ ਆਮ੍ਹੋ-ਸਾਹਮਣੇ ਗੱਲ ਕਰਦਾ ਹਾਂ। ਮੈਂ ਗੁਝੇ ਅਰੱਥਾਂ ਵਾਲੀਆਂ ਕਹਾਣੀਆ ਦੀ ਵਰਤੋਂ ਨਹੀਂ ਕਰਦਾ ਮੈਂ ਉਹ ਗੱਲਾਂ ਉਸ ਨੂੰ ਸਾਫ਼-ਸਾਫ਼ ਦਿਖਾ ਦਿੰਦਾ ਹਾਂ ਜਿਹੜੀਆਂ ਮੈਂ ਚਾਹੁੰਦਾ ਹਾਂ ਕਿ ਉਹ ਜਾਣੇ। ਮੂਸਾ ਯਹੋਵਾਹ ਦੇ ਬਿੰਬ ਵੱਲ ਝਾਕ ਸੱਕਦਾ ਹੈ। ਇਸ ਲਈ ਤੁਸੀਂ ਮੇਰੇ ਸੇਵਕ ਮੂਸਾ ਦੇ ਖਿਲਾਫ਼ ਬੋਲਣ ਲੱਗੇ ਕਿਉਂ ਨਹੀਂ ਡਰੇ?”
9 ਯਹੋਵਾਹ ਉਨ੍ਹਾਂ ਉੱਤੇ ਬਹੁਤ ਖਫ਼ਾ ਸੀ। ਯਹੋਵਾਹ ਉਨ੍ਹਾਂ ਨੂੰ ਛੱਡ ਗਿਆ। 10 ਤੰਬੂ ਤੋਂ ਬੱਦਲ ਉੱਪਰ ਉੱਠਿਆ ਹਾਰੂਨ ਨੇ ਆਸੇ-ਪਾਸੇ ਮੁੜਕੇ ਮਿਰਯਮ ਵੱਲ ਦੇਖਿਆ। ਉਸਦਾ ਰੰਗ ਬਰਫ਼ ਵਰਗਾ ਸਫ਼ੇਦ ਸੀ ਉਸ ਨੂੰ ਚਮੜੀ ਦੀ ਭਿਆਨਕ ਬਿਮਾਰੀ ਸੀ।
11 ਫ਼ੇਰ ਹਾਰੂਨ ਨੇ ਮੂਸਾ ਨੂੰ ਆਖਿਆ, “ਸ੍ਰੀਮਾਨ ਜੀ ਕਿਰਪਾ ਕਰਕੇ ਸਾਨੂੰ ਸਾਡੇ ਮੂਰੱਖਤਾ ਭਰੇ ਪਾਪ ਲਈ ਮਾਫ਼ ਕਰ ਦਿਉ। 12 ਉਸ ਦੇ ਮਾਸ ਨੂੰ ਮੁਰਦਾ ਜਨਮੇ ਬੱਚੇ ਦੇ ਮਾਸ ਵਾਂਗ ਨਾ ਝੜਨ ਦਿਉ।” (ਕਈ ਵਾਰੀ ਕੋਈ ਬੱਚਾ ਇਸੇ ਤਰ੍ਹਾਂ ਅੱਧੇ ਖਾਧੇ ਹੋਏ ਮਾਸ ਨਾਲ ਪੈਦਾ ਹੁੰਦਾ ਹੈ।)
13 ਇਸ ਲਈ ਮੂਸਾ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ, “ਪਰਮੇਸ਼ੁਰ ਕਿਰਪਾ ਕਰਕੇ ਇਸ ਨੂੰ ਇਸ ਬਿਮਾਰੀ ਤੋਂ ਛੁਟਕਾਰਾ ਦਿਵਾਉ।”
14 ਯਹੋਵਾਹ ਨੇ ਮੂਸਾ ਨੂੰ ਜਵਾਬ ਦਿੱਤਾ, “ਜੇ ਉਸਦਾ ਪਿਤਾ ਉਸ ਦੇ ਚਿਹਰੇ ਉੱਤੇ ਥੁੱਕੇ, ਕੀ ਉਹ ਸੱਤਾਂ ਦਿਨਾਂ ਤੀਕ ਸ਼ਰਮਿੰਦਾ ਹੀ ਬੈਠੀ ਰਹੇਗੀ। ਇਸ ਲਈ ਉਸ ਨੂੰ ਸੱਤਾਂ ਦਿਨਾਂ ਲਈ ਡੇਰੇ ਤੋਂ ਬਾਹਰ ਜਾਣ ਦਿਉ। ਫ਼ੇਰ ਬਿਮਾਰੀ ਠੀਕ ਹੋ ਜਾਵੇਗੀ ਅਤੇ ਉਹ ਡੇਰੇ ਵਿੱਚ ਵਾਪਸ ਆ ਸੱਕੇਗੀ।”
15 ਇਸ ਲਈ ਉਨ੍ਹਾਂ ਨੇ ਮਿਰਯਮ ਨੂੰ ਸੱਤ ਦਿਨਾਂ ਲਈ ਡੇਰੇ ਤੋਂ ਬਾਹਰ ਕੱਢ ਦਿੱਤਾ। ਅਤੇ ਲੋਕ ਉਸ ਥਾਂ ਤੋਂ ਉਦੋਂ ਤੱਕ ਨਹੀਂ ਹਿੱਲੇ। ਜਦੋਂ ਤੱਕ ਕਿ ਉਸ ਨੂੰ ਵਾਪਿਸ ਨਹੀਂ ਲਿਆਂਦਾ ਗਿਆ। 16 ਇਸਤੋਂ ਮਗਰੋਂ ਲੋਕ ਹਸੇਰੋਥ ਛੱਡ ਕੇ ਪਾਰਾਨ ਦੇ ਮਾਰੂਥਲ ਨੂੰ ਚੱਲੇ ਗਏ। ਲੋਕਾਂ ਨੇ ਪਾਰਾਨ ਮਾਰੂਥਲ ਵਿੱਚ ਡੇਰਾ ਲਾ ਲਿਆ।
ਜਾਸੂਸ ਕਨਾਨ ਨੂੰ ਜਾਂਦੇ ਹਨ
13 ਯਹੋਵਾਹ ਨੇ ਮੂਸਾ ਨੂੰ ਆਖਿਆ, 2 “ਕੁਝ ਲੋਕਾਂ ਨੂੰ ਕਨਾਨ ਦੀ ਧਰਤੀ ਦੀ ਪੜਤਾਲ ਕਰਨ ਲਈ ਭੇਜੋ। ਇਹੀ ਉਹ ਧਰਤੀ ਹੈ ਜਿਹੜੀ ਮੈਂ ਇਸਰਾਏਲ ਦੇ ਲੋਕਾਂ ਨੂੰ ਦੇਵਾਂਗਾ। ਬਾਰ੍ਹਾਂ ਪਰਿਵਾਰ-ਸਮੂਹਾਂ, ਹਰੇਕ ਵਿੱਚੋਂ ਇੱਕ ਆਗੂ ਨੂੰ ਭੇਜੋ।”
3 ਇਸ ਲਈ ਮੂਸਾ ਨੇ ਯਹੋਵਾਹ ਦਾ ਆਦੇਸ਼ ਮੰਨਿਆ। ਉਸ ਨੇ ਇਨ੍ਹਾਂ ਆਗੂਆਂ ਨੂੰ ਭੇਜ ਦਿੱਤਾ ਜਦੋਂ ਕਿ ਲੋਕਾਂ ਨੇ ਪਾਰਾਨ ਦੇ ਮਾਰੂਥਲ ਵਿੱਚ ਡੇਰਾ ਲਾਇਆ ਹੋਇਆ ਸੀ। ਇਹ ਇਸਰਾਏਲ ਦੇ ਲੋਕਾਂ ਦੇ ਆਗੂ ਸਨ। 4 ਇਨ੍ਹਾਂ ਆਗੂਆਂ ਦੇ ਨਾਮ ਸਨ:
ਰਊਬੇਨ ਦੇ ਪਰਿਵਾਰ-ਸਮੂਹ ਵਿੱਚੋਂ, ਸ਼ੰਮੂਆ, ਜ਼ਕੂਰ ਦਾ ਪੁੱਤਰ;
5 ਸ਼ਿਮਓਨ ਦੇ ਪਰਿਵਾਰ-ਸਮੂਹ ਵਿੱਚੋਂ, ਸ਼ਾਫ਼ਾਟ ਹੋਰੀ ਦਾ ਪੁੱਤਰ;
6 ਯਹੂਦਾਹ ਦੇ ਪਰਿਵਾਰ-ਸਮੂਹ ਵਿੱਚੋਂ, ਕਾਲੇਬ, ਯਫ਼ੁੰਨਾਹ ਦਾ ਪੁੱਤਰ;
7 ਯਿੱਸਾਕਾਰ ਦੇ ਪਰਿਵਾਰ-ਸਮੂਹ ਵਿੱਚੋਂ, ਯੂਸੁਫ਼ ਦਾ ਪੁੱਤਰ ਯਿਗਾਲ;
8 ਅਫ਼ਰਾਈਮ ਦੇ ਪਰਿਵਾਰ-ਸਮੂਹ ਵਿੱਚੋਂ, ਨੂਨ ਦਾ ਪੁੱਤਰ ਹੋਸ਼ੇਆ; [a]
9 (ਯਹੋਸ਼ੂਆ) ਬਿਨਯਾਮੀਨ ਦੇ ਪਰਿਵਾਰ-ਸਮੂਹ ਵਿੱਚੋਂ, ਰਾਫ਼ੂ ਦਾ ਪੁੱਤਰ ਪਲਟੀ;
10 ਜ਼ਬੂਲੁਨ ਦੇ ਪਰਿਵਾਰ-ਸਮੂਹ ਵਿੱਚੋਂ, ਸੋਦੀ ਦਾ ਪੁੱਤਰ ਗੱਦੀਏਲ;
11 (ਮਨੱਸ਼ਹ) ਯੂਸਫ਼ ਦੇ ਪਰਿਵਾਰ-ਸਮੂਹ ਵਿੱਚੋਂ, ਸੂਸੀ ਦਾ ਪੁੱਤਰ ਗੱਦੀ;
12 ਦਾਨ ਦੇ ਪਰਿਵਾਰ-ਸਮੂਹ ਵਿੱਚੋਂ, ਗਮਲੀ ਦਾ ਪੁੱਤਰ ਅੰਮੀਏਲ;
13 ਆਸ਼ੇਰ ਦੇ ਪਰਿਵਾਰ-ਸਮੂਹ ਵਿੱਚੋਂ, ਮੀਕਾਏਲ ਦਾ ਪੁੱਤਰ ਸਥੂਰ;
14 ਨਫ਼ਤਾਲੀ ਦੇ ਪਰਿਵਾਰ-ਸਮੂਹ ਵਿੱਚੋਂ, ਵਾਫ਼ਸੀ ਦਾ ਪੁੱਤਰ ਨਹਬੀ;
15 ਗਾਦ ਦੇ ਪਰਿਵਾਰ-ਸਮੂਹ ਵਿੱਚੋਂ, ਮਾਕੀ ਦਾ ਪੁੱਤਰ ਗਊਏਲ;
16 ਇਹ ਉਨ੍ਹਾਂ ਆਦਮੀਆਂ ਦੇ ਨਾਮ ਹਨ ਜੋ ਮੂਸਾ ਦੁਆਰਾ ਉਸ ਧਰਤੀ ਦੀ ਪਰੱਖ ਕਰਨ ਲਈ ਘੱਲੇ ਗਏ ਸਨ। (ਮੂਸਾ ਨੇ ਨੂਨ ਦੇ ਪੁੱਤਰ ਹੋਸ਼ੇਆ ਨੂੰ ਯਹੋਸ਼ੁਆ ਬੁਲਾਇਆ ਕਰਦਾ ਸੀ।)
17 ਜਦੋਂ ਮੂਸਾ ਇਨ੍ਹਾਂ ਆਦਮੀਆਂ ਨੂੰ ਕਨਾਨ ਦੀ ਪਰੱਖ ਪੜਤਾਨ ਲਈ ਭੇਜ ਰਿਹਾ ਸੀ ਤਾਂ ਉਸ ਨੇ ਆਖਿਆ, “ਨੇਗੇਵ ਵਿੱਚੋਂ ਲੰਘਕੇ ਪਹਾੜੀ ਪ੍ਰਦੇਸ਼ ਵਿੱਚ ਜਾਉ। 18 ਇਹ ਦੇਖੋ ਕਿ ਧਰਤੀ ਕਿਹੋ ਜਿਹੀ ਲੱਗਦੀ ਹੈ। ਉੱਥੇ ਰਹਿਣ ਵਾਲੇ ਲੋਕਾਂ ਦੀ ਜਾਣਕਾਰੀ ਹਾਸਿਲ ਕਰੋ। ਕੀ ਉਹ ਤਾਕਤਵਰ ਹਨ ਜਾਂ ਕਮਜ਼ੋਰ ਹਨ? ਕੀ ਉਹ ਬਹੁਤ ਸਾਰੇ ਹਨ। ਜਾਂ ਥੋੜੀ ਗਿਣਤੀ ਵਿੱਚ ਹਨ? 19 ਉਸ ਧਰਤੀ ਬਾਰੇ ਜਾਣਕਾਰੀ ਹਾਸਿਲ ਕਰੋ ਜਿੱਥੇ ਉਹ ਰਹਿੰਦੇ ਹਨ। ਕੀ ਉਹ ਚੰਗੀ ਧਰਤੀ ਉੱਤੇ ਰਹਿੰਦੇ ਹਨ ਜਾਂ ਬੁਰੀ ਉੱਤੇ? ਉਹ ਕਿਹੋ ਜਿਹੇ ਨਗਰਾਂ ਵਿੱਚ ਰਹਿੰਦੇ ਹਨ? ਕੀ ਉਨ੍ਹਾਂ ਨਗਰਾਂ ਦੀ ਰਾਖੀ ਕਰਨ ਲਈ ਕੰਧਾਂ ਹਨ? ਕੀ ਉਹ ਨਗਰ ਮਜ਼ਬੂਤੀ ਨਾਲ ਸੁਰੱਖਿਅਤ ਕੀਤੇ ਗਏ ਹਨ? 20 ਅਤੇ ਉਸ ਧਰਤੀ ਦੀਆਂ ਹੋਰਨਾਂ ਗੱਲਾਂ ਬਾਰੇ ਵੀ ਜਾਣਕਾਰੀ ਹਾਸਿਲ ਕਰੋ। ਕੀ ਇਹ ਮਿੱਟੀ, ਪੌਦੇ ਉਗਾਉਣ ਵਾਸਤੇ ਚੰਗੀ ਉਪਜਾਊ ਹੈ। ਜਾਂ ਕੀ ਇਹ ਘੱਟ ਉਪਜਾਊ ਹੈ। ਕੀ ਇਸ ਧਰਤੀ ਉੱਤੇ ਰੁੱਖ ਹਨ? ਅਤੇ, ਉਸ ਧਰਤੀ ਤੋਂ ਕੁਝ ਫ਼ਲ ਵੀ ਲੈ ਕੇ ਆਉ।” (ਇਹ ਉਹ ਸਮਾਂ ਸੀ ਜਦੋਂ ਅੰਗੂਰਾਂ ਦੀ ਅਗੇਤੀ ਫ਼ਸਲ ਪੱਕ ਗਈ ਹੋਵੇਗੀ।)
21 ਇਸ ਲਈ ਉਹ ਉਸ ਪ੍ਰਦੇਸ਼ ਦੀ ਪਰੱਖ ਪੜਤਾਲ ਕਰਨ ਲਈ ਚੱਲੇ ਗਏ। ਉਨ੍ਹਾਂ ਨੇ ਸੀਨ ਦੇ ਮਾਰੂਥਲ ਤੋਂ ਰੇਹੋਬ ਅਤੇ ਲੇਬੋ ਹਾਮਾਥ ਤੱਕ ਦੇ ਇਲਾਕੇ ਦੀ ਪਰੱਖ ਪੜਤਾਲ ਕੀਤੀ। 22 ਉਹ ਨੇਗੇਵ ਰਾਹੀਂ ਉਸ ਇਲਾਕੇ ਵਿੱਚ ਦਾਖਲ ਹੋਏ ਅਤੇ ਹਬਰੋਨ ਵੱਲ ਚੱਲੇ ਗਏ। (ਹਬਰੋਨ ਦਾ ਨਗਰ ਮਿਸਰ ਦੇ ਸੋਆਨ ਨਗਰ ਤੋਂ ਸੱਤ ਸਾਲ ਪਹਿਲਾਂ ਉਸਾਰਿਆ ਗਿਆ ਸੀ।) ਅਹਿਮਾਨ ਸ਼ੇਸ਼ਈ ਅਤੇ ਤਲਮਈ ਉੱਥੇ ਰਹਿੰਦੇ ਸਨ। ਇਹ ਆਦਮੀ ਅਨਾਕ ਦੇ ਉੱਤਰਾਧਿਕਾਰੀ ਸਨ। 23 ਫ਼ੇਰ ਉਹ ਆਦਮੀ ਅਸ਼ਕੋਲ ਵਾਦੀ ਵੱਲ ਚੱਲੇ ਗਏ। ਉੱਥੇ ਇਨ੍ਹਾਂ ਆਦਮੀਆਂ ਨੇ ਅੰਗੂਰਾਂ ਦੀ ਵੇਲ ਤੋਂ ਇੱਕ ਟਹਿਣੀ ਤੋੜ ਲਈ। ਟਹਿਣੀ ਉੱਤੇ ਅੰਗੂਰਾਂ ਦੇ ਗੁਛੇ ਲੱਗੇ ਹੋਏ ਸਨ। ਉਨ੍ਹਾਂ ਨੇ ਟਹਿਣੀ ਨੂੰ ਇੱਕ ਡੰਡੇ ਉੱਤੇ ਟੰਗ ਲਿਆ। ਅਤੇ ਦੋ ਆਦਮੀ ਇਸ ਨੂੰ ਚੁੱਕੇ ਤੁਰਨ ਲੱਗੇ ਉਨ੍ਹਾਂ ਨੇ ਕੁਝ ਅਨਾਰ ਅਤੇ ਅੰਜੀਰ ਵੀ ਚੁੱਕ ਲਈ। 24 ਇਸ ਥਾਂ ਨੂੰ ਅਸ਼ਕੋਲ ਵਾਦੀ ਸੱਦਿਆ ਜਾਂਦਾ ਸੀ। ਕਿਉਂਕਿ ਇਹੀ ਉਹ ਥਾਂ ਸੀ ਜਿੱਥੇ ਇਸਰਾਏਲ ਦੇ ਆਦਮੀਆਂ ਨੇ ਅੰਗੂਰਾ ਦਾ ਗੁਛਾ ਤੋੜਿਆ ਸੀ।
25 ਉਨ੍ਹਾਂ ਆਦਮੀਆਂ ਨੇ ਉਸ ਪ੍ਰਦੇਸ਼ ਦੀ 40 ਦਿਨ ਤੱਕ ਪੜਤਾਲ ਕੀਤੀ। ਫ਼ੇਰ ਉਹ ਡੇਰੇ ਨੂੰ ਵਾਪਸ ਚੱਲੇ ਗਏ। 26 ਇਸਰਾਏਲ ਦੇ ਲੋਕਾਂ ਨੇ ਪਾਰਾਨ ਦੇ ਮਾਰੂਥਲ ਅੰਦਰ ਕਾਦੇਸ਼ ਦੇ ਨੇੜੇ ਡੇਰਾ ਲਾਇਆ ਹੋਇਆ ਸੀ। ਆਦਮੀ ਮੂਸਾ ਅਤੇ ਹਾਰੂਨ ਅਤੇ ਹੋਰ ਸਾਰੇ ਇਸਰਾਏਲੀ ਲੋਕਾਂ ਕੋਲ ਗਏ। ਆਦਮੀਆਂ ਨੇ ਮੂਸਾ ਨੂੰ, ਹਾਰੂਨ ਨੂੰ, ਅਤੇ ਸਾਰੇ ਲੋਕਾਂ ਨੂੰ ਉਨ੍ਹਾਂ ਗੱਲਾਂ ਬਾਰੇ ਦੱਸਿਆ ਜਿਹੜੀਆਂ ਉਨ੍ਹਾਂ ਨੇ ਦੇਖੀਆਂ ਸਨ। ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਉਸ ਧਰਤੀ ਦੇ ਫ਼ਲ ਵੀ ਦਿਖਾਏ। 27 ਆਦਮੀਆਂ ਨੇ ਮੂਸਾ ਨੂੰ ਦੱਸਿਆ, “ਅਸੀਂ ਉਸ ਧਰਤੀ ਵੱਲ ਗਏ ਸਾਂ ਜਿੱਥੇ ਤੁਸੀਂ ਸਾਨੂੰ ਭੇਜਿਆ ਸੀ। ਉਹ ਧਰਤੀ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਨਾਲ ਭਰੀ ਹੋਈ ਹੈ। ਇਹ ਕੁਝ ਫ਼ਲ ਹਨ ਜਿਹੜੇ ਉੱਥੇ ਉੱਗਦੇ ਹਨ। 28 ਪਰ ਉੱਥੇ ਰਹਿਣੇ ਵਾਲੇ ਲੋਕ ਬਹੁਤ ਤਾਕਤਵਰ ਹਨ। ਸ਼ਹਿਰ ਬੜੇ ਵੱਡੇ ਹਨ। ਸ਼ਹਿਰ ਮਜ਼ਬੂਤੀ ਨਾਲ ਸੁਰੱਖਿਅਤ ਕੀਤੇ ਹੋਏ ਹਨ। ਅਸੀਂ ਉੱਥੇ ਰਹਿਣ ਵਾਲੇ ਕੁਝ ਅਨਾਕੀ ਲੋਕਾਂ ਨੂੰ ਵੀ ਦੇਖਿਆ। 29 ਮਾਲੇਕੀ ਲੋਕ ਨੇਗੇਵ ਵਿੱਚ ਰਹਿੰਦੇ ਹਨ। ਹਿੱਤੀ, ਯਬੂਸੀ ਅਤੇ ਅਮੋਰੀ ਪਹਾੜੀ ਪ੍ਰਦੇਸ਼ ਵਿੱਚ ਰਹਿੰਦੇ ਹਨ। ਕਨਾਨੀ ਯਰਦਨ ਨਦੀ ਅਤੇ ਸਮੁੰਦਰ ਦੇ ਨੇੜੇ ਰਹਿੰਦੇ ਹਨ।”
30 ਕਾਲੇਬ ਨੇ ਮੂਸਾ ਦੇ ਨੇੜੇ ਬੈਠੇ ਲੋਕਾਂ ਨੂੰ ਸ਼ਾਂਤ ਹੋ ਜਾਣ ਲਈ ਆਖਿਆ, ਫ਼ੇਰ ਕਾਲੇਬ ਨੇ ਆਖਿਆ, “ਸਾਨੂੰ ਉੱਥੇ ਜਾਣਾ ਚਾਹੀਦਾ ਹੈ ਅਤੇ ਉਸ ਧਰਤੀ ਉੱਤੇ ਕਬਜ਼ਾ ਕਰ ਲੈਣਾ ਚਾਹੀਦਾ ਹੈ। ਅਸੀਂ ਬੜੀ ਆਸਾਨੀ ਨਾਲ ਉਸ ਧਰਤੀ ਉੱਤੇ ਕਬਜ਼ਾ ਕਰ ਸੱਕਦੇ ਹਾਂ।”
31 ਪਰ ਉਨ੍ਹਾਂ ਆਦਮੀਆਂ ਨੇ, ਜਿਹੜੇ ਉਸ ਦੇ ਨਾਲ ਗਏ ਸਨ, ਆਖਿਆ, “ਅਸੀਂ ਉਨ੍ਹਾਂ ਲੋਕਾਂ ਨਾਲ ਨਹੀਂ ਲੜ ਸੱਕਦੇ! ਉਹ ਸਾਡੇ ਨਾਲੋਂ ਬਹੁਤ ਤਾਕਤਵਰ ਹਨ।” 32 ਅਤੇ ਉਨ੍ਹਾਂ ਲੋਕਾਂ ਨੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਦੱਸਿਆ ਕਿ ਉਹ ਉਸ ਧਰਤੀ ਦੇ ਲੋਕਾਂ ਨੂੰ ਹਰਾਉਣ ਦੇ ਸਮਰਥ ਨਹੀਂ ਸਨ। ਉਨ੍ਹਾਂ ਨੇ ਆਖਿਆ, ਉਹ ਧਰਤੀ ਜਿਹੜੀ ਅਸੀਂ ਦੇਖੀ ਹੈ, “ਤਾਕਤਵਰ ਲੋਕਾਂ ਨਾਲ ਭਰੀ ਪਈ ਹੈ। ਉਹ ਲੋਕ ਇੰਨੇ ਤਾਕਤਵਰ ਹਨ ਕਿ ਬੜੀ ਆਸਾਨੀ ਨਾਲ ਹਰ ਉਸ ਬੰਦੇ ਨੂੰ ਹਰਾ ਸੱਕਦੇ ਹਨ ਜਿਹੜਾ ਉੱਥੇ ਜਾਵੇਗਾ। 33 ਅਸੀਂ ਉੱਥੇ ਦਿਓ-ਕਦ ਨਫ਼ੀਲੀਮ ਲੋਕਾਂ ਨੂੰ ਦੇਖਿਆ! (ਅਨਾਕ ਦੇ ਉੱਤਰਾਧਿਕਾਰੀ ਨਫ਼ੀਲੀਮ ਲੋਕਾਂ ਵਿੱਚੋਂ ਹਨ।) ਉਨ੍ਹਾ ਨੇ ਸਾਡੇ ਵੱਲ ਇਸ ਤਰ੍ਹਾਂ ਦੇਖਿਆ ਜਿਵੇਂ ਅਸੀਂ ਛੋਟੇ-ਛੋਟੇ ਟਿੱਡੇ ਹੋਈਏ। ਹਾਂ, ਅਸੀਂ ਉਨ੍ਹਾਂ ਦੇ ਸਾਹਮਣੇ ਟਿੱਡੀਆਂ ਵਰਗੇ ਹੀ ਸਾਂ!”
ਲੋਕ ਫ਼ੇਰ ਸ਼ਿਕਾਇਤ ਕਰਦੇ ਹਨ
14 ਉਸ ਰਾਤ ਡੇਰੇ ਦੇ ਸਾਰੇ ਲੋਕ ਉੱਚੀ-ਉੱਚੀ ਚੀਕਣ ਲੱਗੇ। 2 ਇਸਰਾਏਲ ਦੇ ਲੋਕ ਮੂਸਾ ਅਤੇ ਹਾਰੂਨ ਦੇ ਵਿਰੁੱਧ ਬੋਲਣ ਲੱਗੇ। ਸਾਰੇ ਲੋਕ ਇਕੱਠੇ ਹੋਕੇ ਆਏ ਅਤੇ ਮੂਸਾ ਅਤੇ ਹਾਰੂਨ ਨੂੰ ਕਹਿਣ ਲੱਗੇ, “ਸਾਨੂੰ ਮਿਸਰ ਵਿੱਚ ਜਾਂ ਮਾਰੂਥਲ ਅੰਦਰ ਮਰ ਜਾਣਾ ਚਾਹੀਦਾ ਸੀ। ਇਹ ਗੱਲ ਇਸ ਨਵੀਂ ਧਰਤੀ ਵਿੱਚ ਮਾਰੇ ਜਾਣ ਨਾਲੋਂ ਬਿਹਤਰ ਹੋਣੀ ਸੀ। 3 ਕੀ ਸਾਨੂੰ ਯਹੋਵਾਹ ਨੇ ਇਸ ਨਵੀਂ ਧਰਤੀ ਉੱਤੇ ਜੰਗ ਵਿੱਚ ਮਾਰੇ ਜਾਣ ਲਈ ਲਿਆਂਦਾ ਸੀ? ਦੁਸ਼ਮਣ ਸਾਨੂੰ ਮਾਰ ਦੇਵੇਗਾ ਅਤੇ ਸਾਡੀਆਂ ਪਤਨੀਆਂ ਅਤੇ ਬੱਚਿਆਂ ਨੂੰ ਖੋਹ ਲਵੇਗਾ। ਸਾਡੇ ਲਈ ਮਿਸਰ ਵਾਪਸ ਜਾਣਾ ਵੱਧੇਰੇ ਚੰਗਾ ਹੋਵੇਗਾ।”
4 ਫ਼ੇਰ ਲੋਕਾਂ ਨੇ ਇੱਕ ਦੂਜੇ ਨੂੰ ਆਖਿਆ, “ਆਉ ਆਪਾਂ ਕੋਈ ਹੋਰ ਆਗੂ ਚੁਣੀਏ ਅਤੇ ਮਿਸਰ ਨੂੰ ਵਾਪਸ ਚੱਲੇ ਜਾਈਏ।”
5 ਮੂਸਾ ਅਤੇ ਹਾਰੂਨ ਉੱਥੇ ਜਮ੍ਹਾ ਹੋਏ ਸਾਰੇ ਲੋਕਾਂ ਸਾਹਮਣੇ ਧਰਤੀ ਉੱਤੇ ਝੁਕ ਗਏ। 6 ਯਹੋਸ਼ੁਆ ਅਤੇ ਕਾਲੇਬ ਨੇ ਆਪਣੇ ਕੱਪੜੇ ਪਾੜ ਲਈ। (ਨੂਨ ਦਾ ਪੁੱਤਰ ਯਹੋਸ਼ੁਆ ਅਤੇ ਯਫ਼ੁੰਨਹ ਦਾ ਪੁੱਤਰ ਕਾਲੇਬ ਆਦਮੀਆਂ ਵਿੱਚੋਂ ਦੋ ਅਜਿਹੇ ਸਨ ਜਿਨ੍ਹਾਂ ਨੇ ਉਸ ਧਰਤੀ ਦੀ ਖੋਜ-ਪੜਤਾਲ ਕੀਤੀ ਸੀ।) 7 ਇਨ੍ਹਾਂ ਦੋਹਾਂ ਆਦਮੀਆਂ ਨੇ ਉੱਥੇ ਜਮ੍ਹਾਂ ਹੋਏ ਸਮੂਹ ਲੋਕਾਂ ਨੂੰ ਆਖਿਆ, “ਜਿਹੜੀ ਧਰਤੀ ਅਸੀਂ ਦੇਖੀ ਸੀ ਉਹ ਬਹੁਤ ਚੰਗੀ ਹੈ। 8-9 ਇਹ ਧਰਤੀ ਬਹੁਤ ਸਾਰੀਆਂ ਚੰਗਿਆਂ ਚੀਜ਼ਾਂ ਨਾਲ ਭਰੀ ਹੋਈ ਹੈ। ਜੇ ਯਹੋਵਾਹ ਸਾਡੇ ਉੱਤੇ ਪ੍ਰਸੰਨ ਹੈ, ਉਹ ਸਾਡੀ ਉਸ ਧਰਤੀ ਉੱਤੇ ਅਗਵਾਈ ਕਰੇਗਾ ਅਤੇ ਇਸ ਨੂੰ ਸਾਨੂੰ ਦੇ ਦੇਵੇਗਾ! ਯਹੋਵਾਹ ਦੇ ਖਿਲਾਫ਼ ਵਿਦਰੋਹ ਨਾ ਕਰੋ ਅਤੇ ਉਸ ਧਰਤੀ ਦੇ ਲੋਕਾਂ ਕੋਲੋਂ ਭੈਭੀਤ ਨਾ ਹੋਵੋ। ਅਸੀਂ ਉਨ੍ਹਾਂ ਨੂੰ ਹਰਾ ਸੱਕਦੇ ਹਾਂ। ਉਨ੍ਹਾਂ ਦੀ ਸੁਰੱਖਿਆ ਚਲੀ ਗਈ ਹੈ, ਕਿਉਂਕਿ ਯਹੋਵਾਹ ਸਾਡੇ ਨਾਲ ਹੈ। ਇਸ ਲਈ ਉਨ੍ਹਾਂ ਤੋਂ ਭੈਭੀਤ ਨਾ ਹੋਵੋ!”
10 ਸਾਰੇ ਲੋਕੀ ਯਹੋਸ਼ੁਆ ਅਤੇ ਕਾਲੇਬ ਨੂੰ ਪੱਥਰਾਂ ਨਾਲ ਮਾਰ ਮੁਕਾਉਣ ਦੀਆਂ ਗੱਲਾਂ ਕਰਨ ਲੱਗੇ। ਪਰ ਯਹੋਵਾਹ ਦਾ ਪਰਤਾਪ ਮੰਡਲੀ ਵਾਲੇ ਤੰਬੂ ਉੱਪਰ ਦਿਖਾਈ ਦਿੱਤਾ, ਜਿੱਥੇ ਸਮੂਹ ਲੋਕ ਉਸ ਨੂੰ ਦੇਖ ਸੱਕਦੇ ਸਨ। 11 ਯਹੋਵਾਹ ਨੇ ਮੂਸਾ ਨਾਲ ਗੱਲ ਕੀਤੀ। ਉਸ ਨੇ ਆਖਿਆ, “ਕਿੰਨਾ ਚਿਰ ਇਹ ਲੋਕ ਮੇਰੇ ਵਿਰੁੱਧ ਰਹਿਣਗੇ? ਉਹ ਦਰਸ਼ਾਉਂਦੇ ਹਨ ਕਿ ਉਨ੍ਹਾਂ ਨੂੰ ਮੇਰੇ ਉੱਤੇ ਕੋਈ ਭਰੋਸਾ ਨਹੀਂ ਹੈ। ਕਿੰਨਾ ਚਿਰ ਉਹ ਮੇਰੇ ਭੈ ਵਿਸ਼ਵਾਸ ਕਰਨ ਤੋਂ ਇਨਕਾਰੀ ਹੋਣਗੇ ਜਦ ਕਿ ਮੈਂ ਉਨ੍ਹਾਂ ਨੂੰ ਕੁਝ ਸ਼ਕਤੀਸ਼ਾਲੀ ਨਿਸ਼ਾਨ ਦਿਖਾ ਦਿੱਤੇ ਹਨ। 12 ਮੈਂ ਉਨ੍ਹਾਂ ਸਾਰਿਆਂ ਨੂੰ ਭਿਆਨਕ ਬਿਮਾਰੀ ਨਾਲ ਮਾਰ ਸੁੱਟਾਂਗਾ। ਮੈਂ ਉਨ੍ਹਾਂ ਨੂੰ ਤਬਾਹ ਕਰ ਦਿਆਂਗਾ, ਅਤੇ ਮੈਂ ਇੱਕ ਹੋਰ ਕੌਮ ਉਸਾਰਨ ਲਈ ਤੇਰੀ ਵਰਤੋਂ ਕਰਾਂਗਾ। ਅਤੇ ਤੇਰੀ ਕੌਮ ਇਨ੍ਹਾਂ ਲੋਕਾਂ ਨਾਲੋਂ ਵੱਧੇਰੇ ਤਾਕਤਵਰ ਅਤੇ ਮਹਾਨ ਹੋਵੇਗੀ।”
13 ਫ਼ੇਰ ਮੂਸਾ ਨੇ ਯਹੋਵਾਹ ਨੂੰ ਆਖਿਆ, “ਜੇ ਤੂ ਅਜਿਹਾ ਕਰੋਂਗੇ, ਮਿਸਰੀ ਇਸ ਬਾਰੇ ਸੁਣਨਗੇ ਅਤੇ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਤੂੰ ਆਪਣੇ ਲੋਕਾਂ ਨੂੰ ਮਿਸਰ ਵਿੱਚੋਂ ਬਾਹਰ ਲਿਆਉਣ ਲਈ ਆਪਣੀ ਮਹਾਨ ਸ਼ਕਤੀ ਦੀ ਵਰਤੋਂ ਕੀਤੀ। 14 ਮਿਸਰ ਦੇ ਲੋਕਾਂ ਨੇ ਕਨਾਨ ਦੇ ਲੋਕਾਂ ਨੂੰ ਇਸ ਬਾਰੇ ਦੱਸਿਆ ਸੀ। ਉਹ ਪਹਿਲਾਂ ਹੀ ਜਾਣਦੇ ਹਨ ਕਿ ਤੂੰ ਯਹੋਵਾਹ ਹੈ ਅਤੇ ਤੂੰ ਆਪਣੇ ਲੋਕਾਂ ਦੇ ਨਾਲ ਹੈ। ਉਹ ਜਾਣਦੇ ਹਨ ਕਿ ਲੋਕਾਂ ਨੇ ਤੈਨੂੰ ਦੇਖਿਆ ਹੈ। ਉਹ ਵਿਸ਼ੇਸ਼ ਬੱਦਲ ਬਾਰੇ ਜਾਣਦੇ ਹਨ। ਉਹ ਜਾਣਦੇ ਹਨ ਕਿ ਤੂੰ ਦਿਨ ਵਿੱਚ ਆਪਣੇ ਲੋਕਾਂ ਦੀ ਅਗਵਾਈ ਕਰਨ ਲਈ ਬੱਦਲ ਦੀ ਵਰਤੋਂ ਕਰਦਾ ਹੈ ਅਤੇ ਇਹ ਕਿ ਬੱਦਲ ਰਾਤ ਵੇਲੇ ਉਨ੍ਹਾਂ ਦੀ ਅਗਵਾਈ ਕਰਨ ਲਈ ਅੱਗ ਬਣ ਜਾਂਦਾ ਹੈ। 15 ਇਸ ਲਈ ਤੈਨੂੰ ਇਨ੍ਹਾਂ ਲੋਕਾਂ ਨੂੰ ਹੁਣ ਨਹੀਂ ਮਾਰਨਾ ਚਾਹੀਦਾ। ਜੇ ਤੂੰ ਇਨ੍ਹਾਂ ਨੂੰ ਮਾਰ ਦੇਵੇਗਾ ਤਾਂ ਉਹ ਸਾਰੇ ਲੋਕ ਜਿਨ੍ਹਾਂ ਨੇ ਤੇਰੀ ਸ਼ਕਤੀ ਬਾਰੇ ਸੁਣਿਆ ਹੈ, ਆਖਣਗੇ, 16 ‘ਯਹੋਵਾਹ ਇਨ੍ਹਾਂ ਲੋਕਾਂ ਨੂੰ ਉਸ ਧਰਤੀ ਉੱਤੇ ਲੈ ਜਾਣ ਵਿੱਚ ਸਫ਼ਲ ਨਹੀਂ ਹੋ ਸੱਕਿਆ ਜਿਸਦਾ ਉਸ ਨੇ ਇਨ੍ਹਾਂ ਨਾਲ ਇਕਰਾਰ ਕੀਤਾ ਸੀ। ਇਸ ਲਈ ਯਹੋਵਾਹ ਨੇ ਇਨ੍ਹਾਂ ਨੂੰ ਮਾਰੂਥਲ ਵਿੱਚ ਮਾਰ ਮੁਕਾਇਆ।’
17 “ਇਸ ਲਈ ਹੁਣ ਮਾਲਕ ਆਪਣੀ ਸ਼ਕਤੀ ਦਰਸਾ! ਇਸ ਨੂੰ ਉਸੇ ਤਰ੍ਹਾਂ ਦਰਸਾ ਜਿਵੇਂ ਤੂੰ ਆਖਿਆ ਸੀ! 18 ਤੂੰ ਆਖਿਆ ਸੀ, ‘ਯਹੋਵਾਹ ਗੁੱਸਾ ਕਰਨ ਵਿੱਚ ਦੇਰ ਲਾਉਂਦਾ ਹੈ। ਯਹੋਵਾਹ ਮਹਾਨ ਪਿਆਰ ਨਾਲ ਭਰਿਆ ਹੋਇਆ ਹੈ। ਯਹੋਵਾਹ ਉਨ੍ਹਾਂ ਲੋਕਾਂ ਨੂੰ ਮਾਫ਼ ਕਰ ਦਿੰਦਾ ਹੈ ਜਿਹੜੇ ਦੋਸ਼ੀ ਹੁੰਦੇ ਹਨ ਅਤੇ ਬਿਧੀਆਂ ਨੂੰ ਤੋਂੜਦੇ ਹਨ। ਪਰ ਯਹੋਵਾਹ ਉਨ੍ਹਾਂ ਲੋਕਾਂ ਨੂੰ ਹਮੇਸ਼ਾ ਸਜ਼ਾ ਦਿੰਦਾ ਹੈ ਜਿਹੜੇ ਗੁਨਾਹਗਾਰ ਹੁੰਦੇ ਹਨ। ਯਹੋਵਾਹ ਉਨ੍ਹਾਂ ਲੋਕਾਂ ਨੂੰ ਸਜ਼ਾ ਦਿੰਦਾ ਹੈ, ਅਤੇ ਉਹ ਉਨ੍ਹਾਂ ਦੇ ਬੱਚਿਆਂ ਨੂੰ ਵੀ ਸਜ਼ਾ ਦਿੰਦਾ ਹੈ, ਉਨ੍ਹਾਂ ਦੇ ਪੋਤਿਆਂ-ਪੜਪੋਤਿਆਂ ਨੂੰ ਵੀ ਉਨ੍ਹਾਂ ਮੰਦੀਆਂ ਗੱਲਾਂ ਲਈ ਸਜ਼ਾ ਦਿੰਦਾ ਹੈ!’ 19 ਹੁਣ, ਆਪਣੇ ਮਹਾਨ ਪਿਆਰ ਕਾਰਣ, ਕਿਰਪਾ ਕਰਕੇ ਇਨ੍ਹਾਂ ਲੋਕਾਂ ਦੇ ਪਾਪ ਮੁਆਫ਼ ਕਰ ਦੇ। ਇਨ੍ਹਾਂ ਨੂੰ ਉਸੇ ਤਰ੍ਹਾਂ ਮਾਫ਼ ਕਰਦੇ ਜਿਵੇਂ ਤੂੰ ਮਿਸਰ ਛੱਡਣ ਤੋਂ ਲੈ ਕੇ ਹੁਣ ਤੱਕ ਕਰਦਾ ਆਇਆ ਹੈ।”
20 ਯਹੋਵਾਹ ਨੇ ਜਵਾਬ ਦਿੱਤਾ, “ਹਾਂ ਜਿਵੇਂ ਤੂੰ ਆਖਿਆ ਹੈ, ਮੈਂ ਇਨ੍ਹਾਂ ਲੋਕਾਂ ਨੂੰ ਮਾਫ਼ ਕਰ ਦਿਆਂਗਾ। 21 ਪਰ ਮੈਂ ਤੈਨੂੰ ਸੱਚ ਦੱਸਦਾ ਹਾਂ, ਯਹੋਵਾਹ ਦਾ ਪਰਤਾਪ ਧਰਤੀ ਨੂੰ ਭਰ ਦੇਵੇਗਾ। 22 ਉਨ੍ਹਾਂ ਲੋਕਾਂ ਵਿੱਚੋਂ, ਜਿਨ੍ਹਾਂ ਨੂੰ ਮੈਂ ਮਿਸਰ ਵਿੱਚੋਂ ਲਿਆਂਦਾ ਸੀ, ਕੋਈ ਵੀ ਕਦੇ ਕਨਾਨ ਦੀ ਧਰਤੀ ਨੂੰ ਨਹੀਂ ਦੇਖ ਸੱਕੇਗਾ। ਉਨ੍ਹਾਂ ਲੋਕਾਂ ਨੇ ਮੇਰਾ ਪਰਤਾਪ ਦੇਖਿਆ ਸੀ ਅਤੇ ਉਹ ਸਾਰੇ ਮਹਾਨ ਸੰਕੇਤ ਦੇਖੇ ਸਨ ਜਿਹੜੇ ਮੈਂ ਮਿਸਰ ਵਿੱਚ ਦਰਸ਼ਾਏ ਸਨ। ਅਤੇ ਉਨ੍ਹਾਂ ਨੇ ਉਹ ਸਾਰੀਆਂ ਮਹਾਨ ਗੱਲਾਂ ਵੀ ਦੇਖੀਆਂ ਸਨ ਜਿਹੜੀਆਂ ਮੈਂ ਮਾਰੂਥਲ ਵਿੱਚ ਕੀਤੀਆਂ ਸਨ। ਪਰ ਉਨ੍ਹਾਂ ਨੇ ਮੇਰੀ ਹੁਕਮ ਅਦੂਲੀ ਕੀਤੀ ਅਤੇ ਮੈਨੂੰ 10 ਵਾਰੀ ਪਰੱਖਿਆ। 23 ਉਹ ਉਸ ਧਰਤੀ ਨੂੰ ਨਹੀਂ ਵੇਖਣਗੇ ਜਿਸਦਾ ਮੈਂ ਉਨ੍ਹਾਂ ਦੇ ਪੁਰਖਿਆਂ ਨਾਲ ਇਕਰਾਰ ਕੀਤਾ ਸੀ। ਉਨ੍ਹਾਂ ਲੋਕਾਂ ਵਿੱਚੋਂ ਕੋਈ ਵੀ, ਜਿਹੜੇ ਮੇਰੇ ਵਿਰੁੱਧ ਹੋ ਗਏ ਸਨ, ਕਦੇ ਵੀ ਉਸ ਧਰਤੀ ਵਿੱਚ ਦਾਖਲ ਹੋਣ ਦੇ ਕਾਬਲ ਨਹੀਂ ਹੋਵੇਗਾ। 24 ਪਰ ਮੇਰਾ ਸੇਵਕ ਕਾਲੇਬ ਵੱਖਰਾ ਸੀ। ਉਹ ਪੂਰੀ ਤਰ੍ਹਾਂ ਮੇਰਾ ਅਨੁਯਾਈ ਹੈ। ਇਸ ਲਈ ਮੈਂ ਉਸ ਨੂੰ ਉਸ ਧਰਤੀ ਉੱਤੇ ਲੈ ਜਾਵਾਂਗਾ, ਜਿਹੜੀ ਉਸ ਨੇ ਪਹਿਲਾਂ ਹੀ ਦੇਖ ਲਈ ਹੈ। ਅਤੇ ਉਸ ਦੇ ਲੋਕ ਉਹ ਧਰਤੀ ਹਾਸਿਲ ਕਰ ਲੈਣਗੇ। 25 ਉਸ ਵਾਦੀ ਵਿੱਚ ਅਮਾਲੇਕੀ ਅਤੇ ਕਨਾਨੀ ਲੋਕ ਰਹਿੰਦੇ ਹਨ। ਇਸ ਲਈ ਕੱਲ੍ਹ ਨੂੰ ਤੂੰ ਇਹ ਥਾਂ ਛੱਡ ਕੇ ਲਾਲ ਸਾਗਰ ਨੂੰ ਜਾਣ ਵਾਲੀ ਸੜਕ ਉੱਤੇ ਵਾਪਸ ਮਾਰੂਥਲ ਵੱਲ ਚੱਲਿਆ ਜਾ।”
ਯਹੋਵਾਹ ਲੋਕਾਂ ਨੂੰ ਸਜ਼ਾ ਦਿੰਦਾ ਹੈ
26 ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਆਖਿਆ, 27 “ਹੋਰ ਕਿੰਨਾ ਚਿਰ ਇਹ ਮੰਦੇ ਲੋਕ ਮੇਰੇ ਵਿਰੁੱਧ ਸ਼ਿਕਾਇਤਾਂ ਕਰਨਗੇ? ਮੈਂ ਉਨ੍ਹਾਂ ਦੀਆਂ ਸ਼ਿਕਾਇਤਾ ਸੁਣ ਲਈਆਂ ਹਨ। 28 ਇਸ ਲਈ ਉਨ੍ਹਾਂ ਨੂੰ ਆਖ, ‘ਯਹੋਵਾਹ ਆਖਦਾ ਹੈ ਕਿ ਯਹੋਵਾਹ ਅਵੱਸ਼ ਹੀ ਉਹ ਸਾਰੀਆਂ ਗੱਲਾਂ ਤੁਹਾਡੇ ਨਾਲ ਕਰੇਗਾ ਜਿਨ੍ਹਾਂ ਬਾਰੇ ਤੁਸੀਂ ਸ਼ਿਕਾਇਤ ਕੀਤੀ ਹੈ। ਤੁਹਾਡੇ ਨਾਲ ਇਹ ਕੁਝ ਵਾਪਰੇਗਾ: 29 ਤੁਸੀਂ ਇਸ ਮਾਰੂਥਲ ਅੰਦਰ ਮਾਰੇ ਜਾਵੋਂਗੇ। ਹਰ ਵਿਅਕਤੀ, ਜਿਹੜਾ 20 ਸਾਲ ਜਾਂ ਇਸਤੋਂ ਵੱਡਾ ਹੈ ਅਤੇ ਮੇਰੇ ਬੰਦਿਆ ਵਿੱਚ ਗਿਣਿਆ ਗਿਆ, ਮਾਰਿਆ ਜਾਵੇਗਾ ਕਿਉਂਕਿ ਤੁਸੀਂ ਮੇਰੇ ਖਿਲਾਫ਼ ਸ਼ਿਕਾਇਤ ਕੀਤੀ। 30 ਇਸ ਲਈ ਤੁਸੀਂ ਕਦੇ ਵੀ ਉਸ ਧਰਤੀ ਵਿੱਚ ਦਾਖਲ ਨਹੀਂ ਹੋਵੋਂਗੇ ਜਿਸਦਾ ਮੈਂ ਤੁਹਾਡੇ ਨਾਲ ਇਕਰਾਰ ਕੀਤਾ ਸੀ। ਸਿਰਫ਼ ਯਫ਼ੁੰਨਹ ਦਾ ਪੁੱਤਰ ਕਾਲੇਬ ਅਤੇ ਨੂਨ ਦਾ ਪੁੱਤਰ ਯਹੋਸ਼ੁਆ ਉਸ ਧਰਤੀ ਵਿੱਚ ਦਾਖਲ ਹੋਣਗੇ। 31 ਤੁਸੀਂ ਡਰਦੇ ਸੀ ਅਤੇ ਸ਼ਿਕਾਇਤ ਕੀਤੀ ਕਿ ਉਹ ਧਰਤੀ ਦੇ ਤੁਹਾਡੇ ਦੁਸ਼ਮਣ ਕੋਲੋਂ ਤੁਹਾਡੇ ਬੱਚੇ ਖੋਹ ਲੈਣਗੇ। ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਮੈਂ ਉਨ੍ਹਾਂ ਬੱਚਿਆਂ ਨੂੰ ਉਸ ਧਰਤੀ ਉੱਤੇ ਲਿਜਾਵਾਂਗਾ। ਉਹ ਉਸ ਧਰਤੀ ਨੂੰ ਮਾਨਣਗੇ ਜਿਸ ਨੂੰ ਤੁਸੀਂ ਕਬੂਲਣ ਤੋਂ ਇਨਕਾਰ ਕਰ ਦਿੱਤਾ ਸੀ। 32 ਜਿੱਥੇ ਤੀਕ ਤੁਸਾਂ ਲੋਕਾਂ ਦੀ ਗੱਲ ਹੈ, ਤੁਸੀਂ ਇਸ ਮਾਰੂਥਲ ਅੰਦਰ ਮਾਰੇ ਜਾਵੋਂਗੇ।
33 “‘ਤੁਹਾਡੇ ਬੱਚੇ ਇਸ ਮਾਰੂਥਲ ਵਿੱਚ 40 ਸਾਲਾਂ ਤੀਕ ਅਯਾਲੀ ਰਹਿਣਗੇ। ਉਹ ਇਸ ਵਾਸਤੇ ਦੁੱਖ ਝੱਲਣਗੇ ਕਿਉਂਕਿ ਤੁਸੀਂ ਮੇਰੇ ਨਾਲ ਵਫ਼ਾ ਨਹੀਂ ਕੀਤੀ। ਉਨ੍ਹਾਂ ਨੂੰ ਉਦੋਂ ਤੱਕ ਦੁੱਖ ਝੱਲਣਾ ਪਵੇਗਾ ਜਦੋਂ ਤੀਕ ਕਿ ਤੁਸੀਂ ਸਾਰੇ ਮਾਰੂਥਲ ਵਿੱਚ ਮਰਕੇ ਦਫ਼ਨ ਨਹੀਂ ਹੋ ਜਾਂਦੇ। 34 ਚਾਲੀ ਸਾਲਾਂ ਤੀਕ ਤੁਸੀਂ ਆਪਣੇ ਪਾਪਾਂ ਕਾਰਣ ਦੁੱਖ ਭੋਗੋਂਗੇ। (ਮਤਲਬ ਇਹ ਕਿ ਉਨ੍ਹਾਂ 40 ਦਿਨਾਂ ਦੇ ਹਰੇਕ ਦਿਨ ਬਦਲੇ ਇੱਕ ਸਾਲ, ਜਦੋਂ ਆਦਮੀਆਂ ਨੇ ਉਸ ਧਰਤੀ ਦੀ ਖੋਜ ਪੜਤਾਲ ਕੀਤੀ ਸੀ।) ਤੁਸੀਂ ਜਾਣ ਜਾਵੋਂਗੇ ਕਿ ਮੇਰੇ ਲਈ ਤੁਹਾਡੇ ਵਿਰੁੱਧ ਹੋਣਾ ਕਿੰਨੀ ਭਿਆਨਕ ਗੱਲ ਹੈ।’
35 “ਮੈਂ ਯਹੋਵਾਹ ਹਾਂ, ਅਤੇ ਮੈਂ ਆਖ ਦਿੱਤਾ ਹੈ। ਅਤੇ ਮੈਂ ਇਕਰਾਰ ਕਰਦਾ ਹਾਂ ਕਿ ਮੈਂ ਇਨ੍ਹਾਂ ਮੰਦੇ ਲੋਕਾਂ ਲਈ ਇਹ ਸਾਰੀਆਂ ਗੱਲਾਂ ਕਰਾਂਗਾ। ਇਹ ਲੋਕ ਮੇਰੇ ਵਿਰੁੱਧ ਇਕੱਠੇ ਹੋਕੇ ਆਏ ਹਨ। ਇਸ ਲਈ ਇਹ ਸਾਰੇ ਇਸ ਮਾਰੂਥਲ ਅੰਦਰ ਮਰਨਗੇ।”
36 ਉਹ ਆਦਮੀ ਜਿਨ੍ਹਾਂ ਨੂੰ ਮੂਸਾ ਨੇ ਨਵੀਂ ਧਰਤੀ ਦੀ ਖੋਜ ਲਈ ਭੇਜਿਆ ਸੀ ਉਹੋ ਹੀ ਸਨ ਜਿਨ੍ਹਾਂ ਨੇ ਵਾਪਸ ਆਕੇ ਸਾਰੇ ਇਸਰਾਏਲੀ ਲੋਕਾਂ ਅੰਦਰ ਸ਼ਿਕਾਇਤਾਂ ਫ਼ੈਲਾਈਆਂ ਸਨ। ਉਨ੍ਹਾਂ ਆਦਮੀਆਂ ਨੇ ਆਖਿਆ ਸੀ ਕਿ ਲੋਕ ਉਸ ਧਰਤੀ ਅੰਦਰ ਦਾਖਲ ਹੋਣ ਦੇ ਸਮਰਥ ਨਹੀਂ ਸਨ। 37 ਉਹ ਆਦਮੀ ਇਸਰਾਏਲੀ ਲੋਕਾਂ ਅੰਦਰ ਮੁਸ਼ਕਿਲਾਂ ਖੜੀਆਂ ਕਰਨ ਲਈ ਜ਼ਿੰਮੇਵਾਰ ਸਨ। ਇਸ ਲਈ ਯਹੋਵਾਹ ਨੇ ਉਨ੍ਹਾਂ ਸਮੂਹ ਲੋਕਾਂ ਨੂੰ ਮਾਰਨ ਲਈ ਬਿਮਾਰੀ ਭੇਜੀ। 38 ਪਰ ਨੂਨ ਦਾ ਪੁੱਤਰ ਯਹੋਸ਼ੁਆ ਅਤੇ ਯਫ਼ੁੰਨਹ ਦਾ ਪੁੱਤਰ ਕਾਲੇਬ ਉਨ੍ਹਾਂ ਲੋਕਾਂ ਵਿੱਚੋਂ ਸਨ ਜਿਨ੍ਹਾਂ ਨੂੰ ਉਸ ਧਰਤੀ ਦੀ ਖੋਜ ਲਈ ਭੇਜਿਆ ਗਿਆ ਸੀ। ਅਤੇ ਯਹੋਵਾਹ ਨੇ ਉਨ੍ਹਾਂ ਦੋਹਾਂ ਆਦਮੀਆਂ ਨੂੰ ਬਚਾ ਲਿਆ। ਉਨ੍ਹਾਂ ਨੂੰ ਉਹ ਬਿਮਾਰੀ ਨਹੀਂ ਲਗੀ ਜਿਸਨੇ ਹੋਰਨਾ ਦਸਾਂ ਆਦਮੀਆਂ ਨੂੰ ਮਾਰ ਦਿੱਤਾ ਸੀ।
ਲੋਕ ਕਨਾਨ ਅੰਦਰ ਜਾਣ ਦੀ ਕੋਸ਼ਿਸ਼ ਕਰਦੇ ਹਨ
39 ਮੂਸਾ ਨੇ ਇਸਰਾਏਲੀ ਲੋਕਾਂ ਨੂੰ ਇਹ ਸਾਰੀਆਂ ਗੱਲਾਂ ਆਖੀਆਂ। ਲੋਕ ਬਹੁਤ ਉਦਾਸ ਹੋ ਗਏ। 40 ਦੂਸਰੇ ਦਿਨ ਸਵੇਰੇ-ਸਵੇਰੇ ਲੋਕਾਂ ਨੇ ਪਹਾੜੀ ਪ੍ਰਦੇਸ਼ ਵੱਲ ਜਾਣ ਲਈ ਚਾਲੇ ਪਾ ਦਿੱਤੇ। ਲੋਕਾਂ ਨੇ ਆਖਿਆ, “ਅਸੀਂ ਪਾਪ ਕੀਤਾ ਹੈ। ਸਾਨੂੰ ਅਫ਼ਸੋਸ ਹੈ ਕਿ ਅਸੀਂ ਯਹੋਵਾਹ ਉੱਤੇ ਭਰੋਸਾ ਨਹੀਂ ਕੀਤਾ। ਅਸੀਂ ਉਸ ਥਾਂ ਜਾਵਾਂਗੇ ਜਿਸਦਾ ਯਹੋਵਾਹ ਨੇ ਸਾਡੇ ਲਈ ਇਕਰਾਰ ਕੀਤਾ ਹੈ।”
41 ਪਰ ਮੂਸਾ ਨੇ ਆਖਿਆ, “ਤੁਸੀਂ ਯਹੋਵਾਹ ਦਾ ਆਦੇਸ਼ ਕਿਉਂ ਨਹੀਂ ਮੰਨ ਰਹੇ? ਤੁਸੀਂ ਸਫ਼ਲ ਨਹੀਂ ਹੋਵੋਂਗੇ! 42 ਉਸ ਧਰਤੀ ਉੱਤੇ ਨਾ ਜਾਵੋ। ਯਹੋਵਾਹ ਤੁਹਾਡੇ ਨਾਲ ਨਹੀਂ ਹੈ ਇਸ ਲਈ ਤੁਹਾਡੇ ਦੁਸ਼ਮਣ ਤੁਹਾਨੂੰ ਆਸਾਨੀ ਨਾਲ ਹਰਾ ਦੇਣਗੇ। 43 ਉੱਥੇ ਅਮਾਲੇਕੀ ਅਤੇ ਕਨਾਨੀ ਤੁਹਾਡੇ ਵਿਰੁੱਧ ਲੜਨਗੇ। ਤੁਸੀਂ ਯਹੋਵਾਹ ਤੋਂ ਆਪਣਾ ਮੂੰਹ ਫ਼ੇਰ ਲਿਆ ਹੈ। ਇਸ ਲਈ ਜਦੋਂ ਤੁਸੀਂ ਉਨ੍ਹਾਂ ਨਾਲ ਲੜੋਂਗੇ, ਉਹ ਤੁਹਾਡੇ ਨਾਲ ਨਹੀਂ ਹੋਵੇਗਾ।”
44 ਪਰ ਲੋਕਾਂ ਨੇ ਮੂਸਾ ਦੀ ਗੱਲ ਵਿੱਚ ਵਿਸ਼ਵਾਸ ਨਹੀਂ ਕੀਤਾ। ਇਸ ਲਈ ਉਹ ਪਹਾੜੀ ਪ੍ਰਦੇਸ਼ ਵੱਲ ਚੱਲੇ ਗਏ। ਪਰ ਮੂਸਾ ਅਤੇ ਯਹੋਵਾਹ ਦੇ ਇਕਰਾਰਨਾਮੇ ਵਾਲਾ ਸੰਦੂਕ ਲੋਕਾਂ ਦੇ ਨਾਲ ਨਹੀਂ ਗਏ। 45 ਪਹਾੜੀ ਪ੍ਰਦੇਸ਼ ਵਿੱਚ ਰਹਿਣ ਵਾਲੇ ਅਮਾਲੇਕੀ ਲੋਕ ਅਤੇ ਕਨਾਨੀ ਲੋਕ ਹੇਠਾ ਉਤਰ ਆਏ ਅਤੇ ਉਨ੍ਹਾਂ ਨੇ ਇਸਰਾਏਲ ਦੇ ਲੋਕਾਂ ਉੱਤੇ ਹਮਲਾ ਕਰ ਦਿੱਤਾ। ਅਮਾਲੇਕੀਆਂ ਅਤੇ ਕਨਾਨੀਆਂ ਨੇ ਉਨ੍ਹਾਂ ਨੂੰ ਆਸਾਨੀ ਨਾਲ ਹਰਾ ਦਿੱਤਾ ਅਤੇ ਉਨ੍ਹਾਂ ਨੂੰ ਹਾਰਮਾਹ ਤੱਕ ਭਜਾ ਦਿੱਤਾ।
ਬਲੀਆਂ ਬਾਰੇ ਬਿਧੀਆਂ
15 ਯਹੋਵਾਹ ਨੇ ਮੂਸਾ ਨੂੰ ਆਖਿਆ, 2 “ਇਸਰਾਏਲ ਦੇ ਲੋਕਾਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਆਖ: ਮੈਂ ਤੁਹਾਨੂੰ ਇੱਕ ਧਰਤੀ ਦੇ ਰਿਹਾ ਹਾਂ ਜਿਹੜੀ ਤੁਹਾਡਾ ਘਰ ਹੋਵੇਗੀ, ਜਦੋਂ ਤੁਸੀਂ ਉਸ ਧਰਤੀ ਅੰਦਰ ਦਾਖਲ ਹੋਵੋਂ, 3 ਤੁਹਾਨੂੰ ਅਵੱਸ਼ ਹੀ ਯਹੋਵਾਹ ਨੂੰ ਅੱਗ ਦੁਆਰਾ ਭੇਟਾ ਚੜ੍ਹਾਉਣੀਆਂ ਚਾਹੀਦੀਆਂ ਹਨ। ਉਨ੍ਹਾਂ ਦੀ ਸੁਗੰਧੀ ਯਹੋਵਾਹ ਨੂੰ ਪ੍ਰਸੰਨ ਕਰੇਗੀ। ਤੁਸੀਂ ਹੋਮ ਦੀਆਂ ਭੇਟਾ, ਸੁੱਖ-ਸਾਂਦ ਦੀਆਂ ਭੇਟਾ, ਖਾਸ ਇਕਰਾਰਾ, ਖਾਸ ਸੁਗਾਤਾ, ਅਤੇ ਆਪਣੇ ਪਰਬਾ ਵਾਲੇ ਦਿਨਾ ਦੀਆਂ ਬਲੀਆਂ ਲਈ ਆਪਣੀਆਂ ਗਊਆਂ, ਭੇਡਾਂ ਅਤੇ ਬੱਕਰੀਆਂ ਦੀ ਵਰਤੋਂ ਕਰੋਂਗੇ।
4 “ਜਦੋਂ ਵੀ ਕੋਈ ਬੰਦਾ ਆਪਣੀ ਭੇਟ ਲੈ ਕੇ ਆਵੇ ਉਸ ਨੂੰ ਯਹੋਵਾਹ ਅੱਗੇ ਅਨਾਜ ਦੀ ਭੇਟ ਵੀ ਚੜ੍ਹਾਉਣੀ ਚਾਹੀਦੀ ਹੈ। ਅਨਾਜ ਦੀ ਭੇਟ ਜ਼ੈਤੂਨ ਦੇ ਤੇਲ ਦੇ ਇੱਕ ਕੁਆਟਰ ਨਾਲ ਗੁੰਨ੍ਹੇ ਹੋਏ 8 ਕੱਪ ਮੈਦੇ ਦੇ ਰੂਪ ਵਿੱਚ ਹੋਵੇਗੀ। 5 ਹਰ ਵਾਰੀ ਜਦੋਂ ਤੁਸੀਂ ਹੋਮ ਦੀ ਭੇਟ ਵਜੋਂ ਲੇਲਾ ਚੜ੍ਹਾਵੋਂ ਤਾ ਤੁਹਾਨੂੰ ਪੀਣ ਦੀ ਭੇਟ ਵਜੋਂ ਇੱਕ ਕੁਆਟਰ ਮੈਅ ਵੀ ਤਿਆਰ ਕਰਨੀ ਚਾਹੀਦੀ ਹੈ।
6 “ਜੇ ਤੁਸੀਂ ਭੇਡ ਦੇ ਰਹੇ ਹੋਵੋ ਤਾਂ ਤੁਹਾਨੂੰ ਇੱਕ ਤਿਆਰ ਅਨਾਜ ਦੀ ਭੇਟ ਵੀ ਲਿਆਉਣੀ ਚਾਹੀਦੀ ਹੈ। ਇਹ ਅਨਾਜ ਦੀ ਭੇਟ 1 1/4 ਜ਼ੈਤੂਨ ਦੇ ਤੇਲ ਵਿੱਚ ਮਿਲੇ ਹੋਏ ਮੈਦੇ ਦੇ 16 ਕੱਪਾਂ ਦੇ ਰੂਪ ਵਿੱਚ ਹੋਣੀ ਚਾਹੀਦੀ ਹੈ। 7 ਤੁਹਾਨੂੰ ਪੀਣ ਦੀ ਭੇਟ ਵਜੋਂ 1 1/4 ਕੁਆਟਰ ਮੈਅ ਵੀ ਦੇਣੀ ਚਾਹੀਦੀ ਹੈ। ਇਸਦੀ ਸੁਗੰਧੀ ਯਹੋਵਾਹ ਨੂੰ ਪ੍ਰਸੰਨ ਕਰੇਗੀ।
8 “ਤੁਸੀਂ ਹੋਮ ਦੀ ਭੇਟ ਵਜੋਂ ਜਾਂ ਬਲੀ ਲਈ ਜਾਂ ਸੁੱਖ-ਸਾਂਦ ਦੀ ਭੇਟ ਲਈ ਜਾਂ ਯਹੋਵਾਹ ਨਾਲ ਕੀਤੇ ਖਾਸ ਇਕਰਾਰ ਲਈ ਇੱਕ ਜਵਾਨ ਬਲਦ ਲਿਆ ਸੱਕਦੇ ਹੋ। 9 ਉਸ ਵੇਲੇ, ਤੁਹਾਨੂੰ ਬਲਦ ਦੇ ਨਾਲ ਇੱਕ ਅਨਾਜ ਦੀ ਭੇਟ ਵੀ ਦੇਣੀ ਚਾਹੀਦੀ ਹੈ। ਇਹ ਅਨਾਜ ਦੀ ਭੇਟ ਦੋ ਕੁਆਟਰ ਜ਼ੈਤੂਨ ਦੇ ਤੇਲ ਵਿੱਚ ਮਿਲੇ ਹੋਏ 24 ਕੱਪ ਮੈਦੇ ਦੇ ਰੂਪ ਵਿੱਚ ਹੋਣੀ ਚਾਹੀਦੀ ਹੈ। 10 ਅਤੇ ਇਸਦੇ ਨਾਲ ਹੀ ਦੋ ਕੁਆਟਰ ਮੈਅ ਵੀ ਪੀਣ ਦੀ ਭੇਟ ਵਜੋਂ ਲੈ ਕੇ ਆਵੋ। ਇਹ ਭੇਟ ਹੋਮ ਦੇ ਰੂਪ ਵਿੱਚ ਹੋਵੇਗੀ। ਇਸਦੀ ਸੁਗੰਧ ਯਹੋਵਾਹ ਨੂੰ ਪ੍ਰਸੰਨ ਕਰੇਗੀ। 11 ਹਰੇਕ ਬਲਦ, ਭੇਡ, ਜਾਂ ਬੱਕਰੀ, ਜਿਸ ਨੂੰ ਤੁਸੀਂ ਸੁਗਾਤ ਵਜੋਂ ਯਹੋਵਾਹ ਨੂੰ ਭੇਟ ਕਰੋ, ਇੰਝ ਤਿਆਰ ਕੀਤਾ ਜਾਣਾ ਚਾਹੀਦਾ ਹੈ। 12 ਇਨ੍ਹਾਂ ਵਿੱਚੋਂ ਹਰੇਕ ਜਾਨਵਰ ਜਿਹੜਾ ਤੁਸੀਂ ਭੇਟ ਕਰੋ ਇਸੇ ਢੰਗ ਨਾਲ ਹੋਣਾ ਚਾਹੀਦਾ ਹੈ।
13 “ਇਹੀ ਉਹ ਢੰਗ ਹੈ ਜਿਹੜਾ ਹਰ ਇਸਰਾਏਲੀ ਨਾਗਰਿਕ ਨੂੰ ਯਹੋਵਾਹ ਨੂੰ ਪ੍ਰਸੰਨ ਕਰਨ ਲਈ ਹੋਮ ਦੀ ਭੇਟ ਵਜੋਂ ਕਰਨਾ ਚਾਹੀਦਾ ਹੈ। 14 ਤੁਹਾਡੇ ਦਰਮਿਆਨ ਵਿਦੇਸ਼ੀ ਵੀ ਰਹਿਣਗੇ। ਜੇ ਉਹ ਲੋਕ ਯਹੋਵਾਹ ਨੂੰ ਪ੍ਰਸੰਨ ਕਰਨ ਲਈ ਹੋਮ ਦੀ ਭੇਟ ਦਿੰਦੇ ਹਨ ਤਾਂ ਉਨ੍ਹਾਂ ਨੂੰ ਵੀ ਇਸੇ ਤਰ੍ਹਾਂ ਕਰਨਾ ਚਾਹੀਦਾ ਹੈ। 15 ਹਰ ਕਿਸੇ ਲਈ ਇੱਕੋ ਜਿਹੀਆਂ ਬਿਧੀਆਂ ਹੋਣਗੀਆਂ-ਇਸਰਾਏਲ ਦੇ ਲੋਕਾਂ ਲਈ ਵੀ ਅਤੇ ਤੁਹਾਡੇ ਦੇਸ਼ ਵਿੱਚ ਰਹਿੰਦੇ ਵਿਦੇਸ਼ੀਆ ਲਈ ਵੀ। ਇਹ ਬਿਧੀ ਹਮੇਸ਼ਾ ਜਾਰੀ ਰਹੇਗੀ। ਤੁਸੀਂ ਅਤੇ ਤੁਹਾਡੇ ਵਿੱਚਕਾਰ ਰਹਿਣ ਵਾਲੇ ਲੋਕ ਯਹੋਵਾਹ ਦੇ ਸਾਹਮਣੇ ਇੱਕੋ ਜਿਹੇ ਹੋਣਗੇ। 16 ਇਸਦਾ ਅਰਥ ਇਹ ਹੈ ਕਿ ਤੁਹਾਨੂੰ ਉਨ੍ਹਾਂ ਹੀ ਕਾਨੂੰਨਾ ਅਤੇ ਉਨ੍ਹਾਂ ਹੀ ਬਿਧੀਆਂ ਉੱਤੇ ਚੱਲਣਾ ਚਾਹੀਦਾ ਹੈ। ਉਹੀ ਕਾਨੂੰਨ ਅਤੇ ਉਹੀ ਬਿਧੀਆਂ ਤੁਹਾਡੇ ਇਸਰਾਏਲ ਦੇ ਲੋਕਾਂ ਲਈ ਅਤੇ ਤੁਹਾਡੇ ਵਿੱਚਕਾਰ ਰਹਿੰਦੇ ਹੋਰਨਾਂ ਲੋਕਾਂ ਲਈ ਵੀ ਹਨ।”
17 ਯਹੋਵਾਹ ਨੇ ਮੂਸਾ ਨੂੰ ਆਖਿਆ, 18 “ਇਸਰਾਏਲ ਦੇ ਲੋਕਾਂ ਨੂੰ ਇਹ ਗੱਲਾਂ ਦੱਸ: ਜਦੋਂ ਤੁਸੀਂ ਉਸ ਧਰਤੀ ਵਿੱਚ ਦਾਖਲ ਹੋਵੋਂ ਜਿੱਥੇ ਮੈਂ ਤੁਹਾਨੂੰ ਲਿਜਾ ਰਿਹਾ ਹਾਂ, 19 ਅਤੇ ਉਹ ਅਨਾਜ ਖਾਵੋ ਜੋ ਉਸ ਧਰਤੀ ਉਤੇ ਉੱਗਦਾ ਤੁਹਾਨੂੰ ਉਸ ਭੋਜਨ ਦਾ ਇੱਕ ਹਿੱਸਾ ਯਹੋਵਾਹ ਨੂੰ ਭੇਟ ਵਜੋਂ ਚੜ੍ਹਾਉਣਾ ਚਾਹੀਦਾ ਹੈ। 20 ਤੁਸੀਂ ਅਨਾਜ ਇਕੱਠਾ ਕਰੋਂਗੇ ਅਤੇ ਉਸ ਨੂੰ ਪੀਹਕੇ ਰੋਟੀ ਲਈ ਆਟੇ ਦੀ ਤੌਣ ਤਿਆਰ ਕਰੋਂਗੇ। ਤੁਹਾਨੂੰ ਉਸਦੀ ਪਹਿਲੀ ਤੌਣ ਯਹੋਵਾਹ ਅੱਗੇ ਸੁਗਾਤ ਵਜੋਂ ਭੇਟ ਕਰਨੀ ਚਾਹੀਦੀ ਹੈ ਇਹ ਖਲਵਾੜੇ ਵਿੱਚੋਂ ਨਿਕਲਣ ਵਾਲੇ ਅਨਾਜ ਵਰਗੀ ਹੋਵੇਗੀ। 2 ਇਹ ਬਿਧੀ ਹਮੇਸ਼ਾ ਲਈ ਹੋਵਗੀ ਤੁਸੀਂ ਪਲੋਠੀ ਦੀ ਤੌਣ ਯਹੋਵਾਹ ਅੱਗੇ ਸੁਗਾਤ ਵਜੋਂ ਭੇਟ ਕਰੋਂਗੇ। 21-22 ਹੁਣ ਤੁਹਾਨੂੰ ਉਸ ਹਾਲਤ ਵਿੱਚ ਕੀ ਕਰਨਾ ਚਾਹੀਦਾ ਹੈ ਜਦੋਂ ਤੁਸੀਂ ਕੋਈ ਗਲਤੀ ਕਰ ਬੈਠੋ ਜਾਂ ਉਨ੍ਹਾਂ ਆਦੇਸ਼ਾ ਦੀ ਪਾਲਣਾ ਕਰਨੀ ਭੁੱਲ ਜਾਵੋਂ ਜਿਹੜੇ ਯਹੋਵਾਹ ਨੇ ਮੂਸਾ ਨੂੰ ਦਿੱਤੇ ਸਨ? 23 ਯਹੋਵਾਹ ਨੇ ਇਹ ਆਦੇਸ਼ ਮੂਸਾ ਦੇ ਰਾਹੀਂ ਤੁਹਾਨੂੰ ਦਿੱਤੇ ਸਨ। ਅਤੇ ਆਦੇਸ਼ ਸਦਾ ਲਈ ਹੋਣਗੇ। 24 ਇਸ ਲਈ, ਜੇਕਰ ਕੋਈ ਅਨਜਾਣੇ ਹੀ ਗਲਤੀ ਕਰਦਾ ਹੈ ਜਾਂ ਇਨ੍ਹਾਂ ਸਾਰੀਆਂ ਬਿਧੀਆਂ ਦੀ ਪਾਲਣਾ ਕਰਨੀ ਭੁੱਲ ਜਾਂਦਾ, ਉਸ ਨੂੰ ਕੀ ਕਰਨਾ ਚਾਹੀਦਾ ਹੈ? ਜੇ ਇਸਰਾਏਲ ਦੇ ਸਾਰੇ ਲੋਕਾਂ ਨੇ ਇਹ ਗਲਤੀ ਕੀਤੀ ਹੈ, ਤਾਂ ਉਨ੍ਹਾਂ ਸਾਰਿਆਂ ਨੂੰ ਇਕੱਠੇ ਹੋਕੇ ਯਹੋਵਾਹ ਨੂੰ ਹੋਮ ਦੀ ਭੇਟ ਵਜੋਂ ਇੱਕ ਵਹਿੜਕਾ ਚੜ੍ਹਾਉਣਾ ਚਾਹੀਦਾ ਹੈ। ਇਸਦੀ ਸੁਗੰਧੀ ਯਹੋਵਾਹ ਨੂੰ ਪ੍ਰਸੰਨ ਕਰੇਗੀ। ਇਹ ਵੀ ਚੇਤੇ ਰੱਖੋ ਕਿ ਬਲਦ ਦੀ ਭੇਟ ਦੇ ਨਾਲ ਅਨਾਜ ਅਤੇ ਪੀਣ ਦੀ ਭੇਟ ਅਤੇ ਪਾਪ ਦੀ ਭੇਟ ਵਜੋਂ ਇੱਕ ਬੱਕਰਾ ਵੀ ਦੇਣਾ ਹੈ।
25 “ਇਸ ਲਈ ਜਾਜਕ ਨੂੰ ਉਹ ਗੱਲਾਂ ਕਰਨੀਆਂ ਚਾਹੀਦੀਆਂ ਹਨ ਜਿਹੜੀਆਂ ਲੋਕਾਂ ਨੂੰ ਪਵਿੱਤਰ ਬਨਾਉਣ। ਉਸ ਨੂੰ ਇਹ ਗੱਲਾਂ ਇਸਰਾਏਲ ਦੇ ਸਮੂਹ ਲੋਕਾਂ ਲਈ ਕਰਨੀਆਂ ਚਾਹੀਦੀਆਂ ਹਨ। ਲੋਕਾਂ ਨੂੰ ਇਸ ਗੱਲ ਦਾ ਗਿਆਨ ਨਹੀਂ ਸੀ ਕਿ ਉਹ ਪਾਪ ਕਰ ਰਹੇ ਸਨ। ਪਰ ਜਦੋਂ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਿਆ ਉਹ ਯਹੋਵਾਹ ਲਈ ਸੁਗਾਤ ਲੈ ਕੇ ਆ ਗਏ। ਉਨ੍ਹਾਂ ਨੇ ਹੋਮ ਦੀ ਭੇਟ ਅਤੇ ਪਾਪ ਦੀ ਭੇਟ ਲਿਆਂਦੀ। ਇਸ ਲਈ ਲੋਕ ਬਖਸ਼ੇ ਜਾਣਗੇ। 26 ਇਸਰਾਏਲ ਦੇ ਸਮੂਹ ਲੋਕ ਅਤੇ ਹੋਰ ਸਾਰੇ ਲੋਕ ਜਿਹੜੇ ਉਨ੍ਹਾਂ ਦੇ ਦਰਮਿਆਨ ਰਹਿੰਦੇ ਹਨ, ਬਖਸ਼ੇ ਜਾਣਗੇ। ਉਹ ਇਸ ਲਈ ਬਖਸ਼ੇ ਜਾਣਗੇ ਕਿਉਂਕਿ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਉਹ ਪਾਪ ਕਰ ਰਹੇ ਸਨ।
27 “ਪਰ ਜੇ ਸਿਰਫ਼ ਇੱਕ ਬੰਦਾ ਗਲਤੀ ਕਰਦਾ ਹੈ ਅਤੇ ਪਾਪ ਕਰਦਾ ਹੈ, ਤਾਂ ਉਸ ਨੂੰ ਇੱਕ ਸਾਲ ਦੀ ਬੱਕਰੀ ਲੈ ਕੇ ਆਉਣੀ ਚਾਹੀਦੀ ਹੈ। ਇਹ ਬੱਕਰੀ ਪਾਪ ਦੀ ਭੇਟ ਹੋਵੇਗੀ। 28 ਜਾਜਕ ਨੂੰ ਉਹ ਗੱਲਾਂ ਕਰਨੀਆਂ ਚਾਹੀਦੀਆਂ ਹਨ, ਜਿਹੜੀਆਂ ਉਸ ਬੰਦੇ ਨੂੰ ਪਵਿੱਤਰ ਬਨਾਉਣ। ਉਸ ਬੰਦੇ ਨੇ ਗਲਤੀ ਕੀਤੀ ਅਤੇ ਯਹੋਵਾਹ ਅੱਗੇ ਪਾਪ ਕੀਤਾ। ਪਰ ਜਾਜਕ ਨੇ ਉਸ ਨੂੰ ਪਵਿੱਤਰ ਬਣਾ ਦਿੱਤਾ, ਅਤੇ ਉਹ ਬਖਸ਼ਿਆ ਜਾਵੇਗਾ। 29 ਇਹ ਬਿਧੀ ਹਰ ਉਸ ਬੰਦੇ ਲਈ ਸੀ, ਜਿਹੜਾ ਅਚਨਚੇਤ ਹੀ ਗਲਤੀ ਕਰਦਾ ਹੈ ਅਤੇ ਪਾਪ ਕਰਦਾ ਹੈ। ਇਸ ਬਿਧੀ ਉਨ੍ਹਾਂ ਲੋਕਾਂ ਲਈ ਹੈ ਜਿਹੜੇ ਇਸਰਾਏਲੀ ਦੇ ਪਰਿਵਾਰ ਵਿੱਚ ਜਨਮੇ ਹਨ ਅਤੇ ਉਨ੍ਹਾਂ ਵਿਦੇਸ਼ੀਆਂ ਲਈ ਵੀ ਜਿਹੜੇ ਉਨ੍ਹਾਂ ਦਰਮਿਆਨ ਰਹਿੰਦੇ ਹਨ।
30 “ਪਰ ਜੇ ਕੋਈ ਬੰਦਾ ਪਾਪ ਕਰਦਾ ਹੈ ਅਤੇ ਇਹ ਵੀ ਜਾਣਦਾ ਹੈ ਕਿ ਉਹ ਗਲਤ ਕੰਮ ਕਰ ਰਿਹਾ ਹੈ, ਤਾਂ ਉਹ ਬੰਦਾ ਯਹੋਵਾਹ ਦੇ ਵਿਰੁੱਧ ਹੈ। ਉਸ ਬੰਦੇ ਨੂੰ ਉਸ ਦੇ ਲੋਕਾਂ ਨਾਲੋਂ ਵੱਖ ਕਰ ਦੇਣਾ ਚਾਹੀਦਾ ਹੈ। ਇਹ ਗੱਲ ਇਸਰਾਏਲ ਦੇ ਪਰਿਵਾਰ ਵਿੱਚ ਜੰਮੇ ਬੰਦੇ ਲਈ ਜਾਂ ਤੁਹਾਡੇ ਦਰਮਿਆਨ ਰਹਿਣ ਵਾਲੇ ਵਿਦੇਸ਼ੀ ਲਈ ਇੱਕੋ ਜਿਹੀ ਹੈ। 31 ਉਸ ਬੰਦੇ ਨੇ ਇਹ ਨਹੀਂ ਸੋਚਿਆ ਕਿ ਯਹੋਵਾਹ ਦਾ ਸ਼ਬਦ ਮਹੱਤਵਪੂਰਣ ਹੈ। ਉਸ ਨੇ ਯਹੋਵਾਹ ਦੇ ਆਦੇਸ਼ਾਂ ਨੂੰ ਤੋੜਿਆ ਹੈ। ਉਸ ਬੰਦੇ ਨੂੰ ਤੁਹਾਡੇ ਸਮੂਹ ਵਿੱਚੋਂ ਜ਼ਰੂਰ ਹੀ ਵੱਖ ਕਰ ਦੇਣਾ ਚਾਹੀਦਾ ਹੈ। ਉਹ ਬੰਦਾ ਦੋਸ਼ੀ ਹੈ ਅਤੇ ਉਸ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ।”
ਇੱਕ ਬੰਦਾ ਛੁੱਟੀ ਵਾਲੇ ਦਿਨ ਕੰਮ ਕਰਦਾ ਹੈ
32 ਇਸ ਸਮੇਂ ਇਸਰਾਏਲ ਦੇ ਲੋਕ ਹਾਲੇ ਵੀ ਮਾਰੂਥਲ ਅੰਦਰ ਸਨ। ਇਸ ਤਰ੍ਹਾਂ ਹੋਇਆ ਕਿ ਇੱਕ ਆਦਮੀ ਨੇ ਬਾਲਣ ਲਈ ਕੁਝ ਲੱਕੜ ਲੱਭੀ। ਇਸ ਤਰ੍ਹਾਂ ਉਹ ਆਦਮੀ ਲੱਕੜਾਂ ਇਕੱਠੀਆਂ ਕਰ ਰਿਹਾ ਸੀ ਜਦੋਂ ਕਿ ਇਹ ਦਿਨ ਸਬਤ ਦਾ ਸੀ। ਕੁਝ ਹੋਰਨਾਂ ਲੋਕਾਂ ਨੇ ਉਸ ਨੂੰ ਅਜਿਹਾ ਕਰਦਿਆਂ ਦੇਖਿਆ। 33 ਜਿਹੜੇ ਲੋਕਾਂ ਨੇ ਉਸ ਨੂੰ ਲੱਕੜਾਂ ਇਕੱਠੀਆਂ ਕਰਦਿਆ ਦੇਖਿਆ ਸੀ ਉਹ ਉਸ ਨੂੰ ਮੂਸਾ ਅਤੇ ਹਾਰੂਨ ਕੋਲ ਲੈ ਆਏ। ਅਤੇ ਸਾਰੇ ਲੋਕ ਆਲੇ-ਦੁਆਲੇ ਇਕੱਠੇ ਹੋ ਗਏ। 34 ਉਨ੍ਹਾਂ ਨੇ ਉਸ ਆਦਮੀ ਨੂੰ ਉੱਥੇ ਰੋਕ ਲਿਆ ਕਿਉਂਕਿ ਉਨ੍ਹਾਂ ਨੂੰ ਪਤਾ ਨਹੀਂ ਲੱਗ ਰਿਹਾ ਸੀ, ਕਿ ਉਹ ਉਸ ਨੂੰ ਸਜ਼ਾ ਕਿਵੇਂ ਦੇਣ।
35 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, “ਉਸ ਆਦਮੀ ਨੂੰ ਮਰਨਾ ਚਾਹੀਦਾ ਹੈ। ਡੇਰੇ ਦੇ ਸਾਰਿਆਂ ਲੋਕਾਂ ਨੂੰ ਡੇਰੇ ਤੋਂ ਬਾਹਰ ਉਸ ਉੱਤੇ ਪੱਥਰ ਸੁੱਟਣੇ ਚਾਹੀਦੇ ਹਨ।” 36 ਇਸ ਲਈ ਲੋਕ ਉਸ ਨੂੰ ਡੇਰੇ ਤੋਂ ਬਾਹਰ ਲੈ ਆਏ ਅਤੇ ਪੱਥਰਾਂ ਨਾਲ ਉਸ ਨੂੰ ਮਾਰ ਦਿੱਤਾ। ਉਨ੍ਹਾਂ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਨੂੰ ਆਦੇਸ਼ ਦਿੱਤਾ ਸੀ।
ਪਰਮੇਸ਼ੁਰ ਆਪਣੇ ਲੋਕਾਂ ਨੂੰ ਬਿਧੀਆਂ ਚੇਤੇ ਰੱਖਣ ਵਿੱਚ ਸਹਾਇਤਾ ਕਰਦਾ ਹੈ
37 ਯਹੋਵਾਹ ਨੇ ਮੂਸਾ ਨੂੰ ਆਖਿਆ, 38 “ਇਸਰਾਏਲ ਦੇ ਲੋਕਾਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਦੱਸ: ਮੈਂ ਤੁਹਾਨੂੰ ਆਪਣੀਆਂ ਬਿਧੀਆਂ ਨੂੰ ਚੇਤੇ ਰੱਖਣ ਲਈ ਕੁਝ ਦੇਵਾਂਗਾ। ਕੁਝ ਧਾਗਿਆਂ ਨੂੰ ਇਕੱਠਿਆਂ ਬੰਨ੍ਹੋ ਅਤੇ ਇਸ ਨੂੰ ਆਪਣੇ ਵਸਤਰਾਂ ਦੀਆਂ ਨੁਕਰਾਂ ਨਾਲ ਬੰਨ੍ਹ ਲਵੋ। ਇਨ੍ਹਾਂ ਵਿੱਚੋਂ ਹਰੇਕ ਝਾਲਰ ਉੱਤੇ ਇੱਕ ਨੀਲਾ ਧਾਗਾ ਬੰਨ੍ਹੋ। ਤੁਹਾਨੂੰ ਉਹ ਚੀਜ਼ਾਂ ਹੁਣੇ ਤੋਂ ਪਹਿਨਣੀਆਂ ਚਾਹੀਦੀਆਂ ਹਨ। 39 ਤੁਸੀਂ ਇਨ੍ਹਾਂ ਝਾਲਰਾਂ ਵੱਲ ਵੇਖਕੇ ਉਨ੍ਹਾਂ ਸਮੂਹ ਬਿਧੀਆਂ ਨੂੰ ਚੇਤੇ ਕਰੋਂਗੇ ਜਿਹੜੀਆਂ ਯਹੋਵਾਹ ਨੇ ਤੁਹਾਨੂੰ ਦਿੱਤੀਆਂ ਹਨ। ਤੁਸੀਂ ਉਨ੍ਹਾਂ ਬਿਧੀਆਂ ਦੀ ਪਾਲਣਾ ਕਰੋਂਗੇ। ਅਤੇ ਤੁਸੀਂ ਆਪਣੇ ਦਿਲ ਜਾਂ ਆਪਣੀਆਂ ਅੱਖਾਂ ਨੂੰ ਮੰਨਕੇ ਭਟਕੋਂਗੇ ਨਹੀਂ, ਜੋ ਤੁਹਾਥੋਂ ਬੇਵਫ਼ਾਈ ਦਾ ਵਿਖਾਵਾ ਕਰਵਾਉਂਦੇ ਹਨ। 40 ਤੁਸੀਂ ਮੇਰੀਆਂ ਸਾਰੀਆਂ ਬਿਧੀਆਂ ਨੂੰ ਮੰਨਣਾ ਚੇਤੇ ਰੱਖੋਂਗੇ, ਫ਼ੇਰ ਤੁਸੀਂ ਪਰਮੇਸ਼ੁਰ ਵਾਸਤੇ ਪਵਿੱਤਰ ਬਣ ਜਾਵੋਂਗੇ। 41 ਮੈਂ ਯਹੋਵਾਹ, ਤੁਹਾਡਾ ਪਰਮੇਸ਼ੁਰ, ਹਾਂ। ਮੈਂ ਹੀ ਹਾਂ, ਜਿਹੜਾ ਤੁਹਾਨੂੰ ਮਿਸਰ ਵਿੱਚੋਂ ਬਾਹਰ ਲੈ ਕੇ ਆਇਆ ਸੀ। ਮੈਂ ਅਜਿਹਾ ਤੁਹਾਡਾ ਪਰਮੇਸ਼ੁਰ ਬਨਣ ਵਾਸਤੇ ਕੀਤਾ ਸੀ। ਮੈਂ ਯਹੋਵਾਹ, ਤੁਹਾਡਾ ਪਰਮੇਸ਼ੁਰ, ਹਾਂ।”
ਕੁਝ ਆਗੂ ਮੂਸਾ ਦੇ ਖਿਲਾਫ਼ ਹੋ ਜਾਂਦੇ ਹਨ
16 ਕੋਰਹ, ਦਾਥਾਨ, ਅਬੀਰਾਮ ਅਤੇ ਓਨ ਮੂਸਾ ਦੇ ਵਿਰੁੱਧ ਹੋ ਗਏ। (ਕੋਰਹ ਯਿਸਹਾਰ ਦਾ ਪੁੱਤਰ ਸੀ। ਯਿਸਹਾਰ ਕਹਾਥ ਦਾ ਪੁੱਤਰ ਸੀ। ਅਤੇ ਕਹਾਥ ਲੇਵੀ ਦਾ ਪੁੱਤਰ ਸੀ। ਦਾਥਾਨ ਅਤੇ ਅਬੀਰਾਮ, ਅਲੀਆਬ ਦੇ ਪੁੱਤਰ ਭਰਾ ਸਨ। ਅਤੇ ਓਨ, ਪਲਤ ਦਾ ਪੁੱਤਰ ਸੀ। ਦਾਥਾਨ, ਅਬੀਰਾਮ ਅਤੇ ਓਨ ਰਊਬੇਨ ਦੇ ਉੱਤਰਾਧਿਕਾਰੀ ਸਨ।) 2 ਉਨ੍ਹਾਂ ਚਹੁੰਆਂ ਆਦਮੀਆਂ ਨੇ ਇਸਰਾਏਲ ਦੇ 250 ਹੋਰ ਆਦਮੀ ਇਕੱਠੇ ਕਰ ਲਏ ਅਤੇ ਮੂਸਾ ਦੇ ਵਿਰੁੱਧ ਹੋਕੇ ਆ ਗਏ। ਉਹ ਲੋਕਾਂ ਵੱਲੋਂ ਚੁਣੇ ਹੋਏ ਆਗੂ ਸਨ। ਸਾਰੇ ਲੋਕ ਉਨ੍ਹਾਂ ਨੂੰ ਜਾਣਦੇ ਸਨ। 3 ਉਹ ਮੂਸਾ ਅਤੇ ਹਾਰੂਨ ਦੇ ਵਿਰੁੱਧ ਬੋਲਣ ਲਈ ਇੱਕ ਟੋਲੇ ਵਿੱਚ ਆਏ ਅਤੇ ਉਨ੍ਹਾਂ ਨੂੰ ਆਖਿਆ, “ਤੁਸੀਂ ਬਹੁਤ ਦੂਰ ਚੱਲੇ ਗਏ ਹੋ! ਇਸਰਾਏਲ ਦੇ ਸਾਰੇ ਲੋਕ ਪਵਿੱਤਰ ਹਨ ਅਤੇ ਯਹੋਵਾਹ ਉਨ੍ਹਾਂ ਦੇ ਦਰਮਿਆਨ ਹੈ! ਤੁਸੀਂ ਆਪਣੇ-ਆਪ ਨੂੰ ਯਹੋਵਾਹ ਦੇ ਹੋਰਨਾਂ ਲੋਕਾਂ ਨਾਲੋਂ ਵੱਧੇਰੇ ਮਹੱਤਵਪੂਰਣ ਬਣਾ ਰਹੇ ਹੋ।”
4 ਜਦੋਂ ਮੂਸਾ ਨੇ ਇਹ ਗੱਲਾਂ ਸੁਣੀਆ, ਉਸ ਨੇ ਆਪਣਾ ਸਿਰ ਧਰਤੀ ਵੱਲ ਝੁਕਾ ਦਿੱਤਾ, ਇਹ ਦਰਸਾਉਣ ਲਈ ਕਿ ਉਹ ਗੁਮਾਨੀ ਨਹੀਂ ਸੀ। 5 ਫ਼ੇਰ ਮੂਸਾ ਨੇ ਕੋਰਹ ਅਤੇ ਉਸ ਦੇ ਸਾਰੇ ਅਨੁਯਾਈਆਂ ਨੂੰ ਆਖਿਆ, “ਕੱਲ੍ਹ ਸਵੇਰੇ ਯਹੋਵਾਹ ਦਰਸਾ ਦੇਵੇਗਾ ਕਿ ਕਿਹੜਾ ਬੰਦਾ ਸੱਚ ਮੁੱਚ ਉਸਦਾ ਹੈ। ਯਹੋਵਾਹ ਦਰਸਾ ਦੇਵੇਗਾ ਕਿ ਕਿਹੜਾ ਬੰਦਾ ਸੱਚ ਮੁੱਚ ਪਵਿੱਤਰ ਹੈ। ਅਤੇ ਯਹੋਵਾਹ ਉਸ ਬੰਦੇ ਨੂੰ ਆਪਣੇ ਨੇੜੇ ਲੈ ਆਵੇਗਾ। ਯਹੋਵਾਹ ਉਸ ਬੰਦੇ ਨੂੰ ਚੁਣ ਲਵੇਗਾ, ਅਤੇ ਯਹੋਆਹ ਉਸ ਬੰਦੇ ਨੂੰ ਆਪਣੇ ਨੇੜੇ ਲੈ ਆਵੇਗਾ। 6 ਇਸ ਲਈ ਕੋਰਹ, ਤੁਹਾਨੂੰ ਅਤੇ ਤੁਹਾਡੇ ਸਾਰੇ ਅਨੁਯਾਈਆਂ ਨੂੰ ਇਹ ਗੱਲ ਕਰਨੀ ਚਾਹੀਦੀ ਹੈ: 7 ਕੁਝ ਖਾਸ ਭਾਂਡਿਆਂ ਵਿੱਚ ਧੂਫ਼ ਅਤੇ ਅੱਗ ਪਾਉ ਅਤੇ ਉਨ੍ਹਾਂ ਨੂੰ ਯਹੋਵਾਹ ਦੇ ਸਾਹਮਣੇ ਲਿਆਉ। ਯਹੋਵਾਹ ਉਸ ਬੰਦੇ ਦੀ ਚੋਣ ਕਰ ਲਵੇਗਾ ਜਿਹੜਾ ਸੱਚ ਮੁੱਚ ਹੀ ਪਵਿੱਤਰ ਹੈ। ਤੁਸੀਂ ਲੇਵੀ ਲੋਕ ਬਹੁਤ ਦੂਰ ਜਾ ਚੁੱਕੇ ਹੋ।”
8 ਮੂਸਾ ਨੇ ਕੋਰਹ ਨੂੰ ਇਹ ਵੀ ਆਖਿਆ, “ਲੇਵੀਓ, ਤੁਸੀਂ ਮੇਰੀ ਗੱਲ ਸੁਣੋ। 9 ਤੁਹਾਨੂੰ ਖੁਸ਼ ਹੋਣਾ ਚਾਹੀਦਾ ਹੈ ਕਿ ਇਸਰਾਏਲ ਦੇ ਪਰਮੇਸ਼ੁਰ ਨੇ ਤੁਹਾਨੂੰ ਚੁਣਿਆ ਅਤੇ ਤੁਹਾਨੂੰ ਇਸਰਾਏਲ ਦੇ ਹੋਰਨਾ ਲੋਕਾਂ ਨਾਲੋਂ ਵੱਖ ਰੱਖਿਆ। ਯਹੋਵਾਹ, ਤੁਹਾਨੂੰ ਆਪਣੇ ਕੋਲ, ਆਪਣੇ ਪਵਿੱਤਰ ਤੰਬੂ ਵਿੱਚ ਕੰਮ ਕਰਾਉਣ ਲਈ ਅਤੇ ਇਸਰਾਏਲ ਦੇ ਲੋਕਾਂ ਦੀ, ਉਸਦੀ ਉਪਾਸਨਾ ਕਰਨ ਵਿੱਚ ਮਦਦ ਕਰਨ ਲਈ ਲੈ ਕੇ ਆਇਆ। 10 ਯਹੋਵਾਹ ਨੇ ਤੁਹਾਨੂੰ ਲੇਵੀਆਂ ਨੂੰ, ਆਪਣੇ ਨੇੜੇ ਲਿਆਂਦਾ ਜਾਜਕਾਂ ਦੀ ਸਹਾਇਤਾ ਲਈ। ਪਰ ਹੁਣ ਤੁਸੀਂ ਜਾਜਕ ਬਨਣ ਦੀ ਕੋਸ਼ਿਸ਼ ਵੀ ਕਰ ਰਹੇ ਹੋ। 11 ਤੁਸੀਂ ਅਤੇ ਤੁਹਾਡੇ ਅਨੁਯਾਈ ਯਹੋਵਾਹ ਦੇ ਵਿਰੁੱਧ ਇਕੱਠੇ ਹੋ ਗਏ ਹੋ! ਕੀ ਹਾਰੂਨ ਨੇ ਕੋਈ ਗਲਤ ਗੱਲ ਕੀਤੀ ਹੈ? ਨਹੀਂ! ਇਸ ਲਈ ਤੁਸੀਂ ਹਾਰੂਨ ਦੇ ਵਿਰੁੱਧ ਸ਼ਿਕਾਇਤ ਕਿਉਂ ਕਰ ਰਹੇ ਹੋ।”
12 ਫ਼ੇਰ ਮੂਸਾ ਨੇ ਅਲੀਆਬ ਦੇ ਪੁੱਤਰਾਂ, ਦਾਥਾਨ ਅਤੇ ਅਬੀਰਾਮ ਨੂੰ ਸੱਦਿਆ। ਪਰ ਉਨ੍ਹਾਂ ਦੋਹਾ ਆਦਮੀਆਂ ਨੇ ਆਖਿਆ, “ਅਸੀਂ ਨਹੀਂ ਆਵਾਂਗੇ! 13 ਤੂੰ ਸਾਨੂੰ ਬਹੁਤ ਚੰਗੀਆਂ ਚੀਜ਼ਾਂ ਨਾਲ ਭਰੀ ਹੋਈ ਧਰਤੀ ਤੋਂ ਬਾਹਰ ਲੈ ਕੇ ਆਇਆ। ਤੂੰ ਸਾਨੂੰ ਮਾਰਨ ਲਈ ਮਾਰੂਥਲ ਵਿੱਚ ਲੈ ਆਂਦਾ ਹੈ। ਅਤੇ ਹੁਣ ਤੂੰ ਇਹ ਦਰਸਾਉਣਾ ਚਾਹੁੰਦਾ ਹੈ ਕਿ ਤੇਰੇ ਕੋਲ ਸਾਨੂੰ ਕਾਬੂ ਕਰਨ ਲਈ ਵੱਧੇਰੇ ਤਾਕਤ ਹੈ। 14 ਅਸੀਂ ਕਿਉਂ ਤੇਰੇ ਪਿੱਛੇ ਲੱਗੀਏ? ਤੂੰ ਸਾਨੂੰ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਨਾਲ ਭਰੀ ਹੋਈ ਧਰਤੀ ਉੱਤੇ ਨਹੀਂ ਲਿਆਂਦਾ। ਤੂੰ ਸਾਨੂੰ ਉਹ ਧਰਤੀ ਨਹੀਂ ਦਿੱਤੀ ਜਿਸਦਾ ਪਰਮੇਸ਼ੁਰ ਨੇ ਇਕਰਾਰ ਕੀਤਾ ਸੀ। ਤੂੰ ਸਾਨੂੰ ਖੇਤ ਜਾਂ ਅੰਗੂਰਾਂ ਦੇ ਬਗੀਚੇ ਨਹੀਂ ਦਿੱਤੇ। ਕੀ ਤੂੰ ਇਨ੍ਹਾਂ ਆਦਮੀਆ ਨੂੰ ਆਪਣੇ ਗੁਲਾਮ ਬਣਾ ਲਵੇਗਾ ਨਹੀਂ, ਅਸੀਂ ਨਹੀਂ ਆਵਾਂਗੇ।”
15 ਇਸ ਲਈ ਮੂਸਾ ਬਹੁਤ ਕਰੋਧਵਾਨ ਹੋ ਗਿਆ। ਉਸ ਨੇ ਯਹੋਵਾਹ ਨੂੰ ਆਖਿਆ, “ਮੈਂ ਇਨ੍ਹਾਂ ਲੋਕਾਂ ਨਾਲ ਕੋਈ ਬੁਰਾ ਨਹੀਂ ਕੀਤਾ। ਮੈਂ ਕਦੇ ਵੀ ਇਨ੍ਹਾਂ ਪਾਸੋਂ ਕੁਝ ਨਹੀਂ ਲਿਆ-ਇੱਕ ਖੋਤਾ ਵੀ ਨਹੀਂ! ਯਹੋਵਾਹ, ਇਨ੍ਹਾਂ ਦੀਆਂ ਸੁਗਾਤਾਂ ਪ੍ਰਵਾਨ ਨਾ ਕਰ।”
16 ਫ਼ੇਰ ਮੂਸਾ ਨੇ ਕੋਰਹ ਨੂੰ ਆਖਿਆ, “ਤੂੰ ਅਤੇ ਤੇਰੇ ਸਾਰੇ ਅਨੁਯਾਈ ਕੱਲ੍ਹ ਨੂੰ ਯਹੋਵਾਹ ਅੱਗੇ ਖੜ੍ਹੇ ਹੋਵੋਂਗੇ। ਉੱਥੇ ਹਾਰੂਨ ਅਤੇ ਤੂੰ ਅਤੇ ਤੇਰੇ ਅਨੁਯਾਈ ਹੋਣਗੇ। 17 ਤੁਹਾਡੇ ਵਿੱਚੋਂ ਹਰੇਕ ਨੂੰ ਇੱਕ ਭਾਂਡਾ ਲਿਆਉਣਾ ਚਾਹੀਦਾ ਹੈ, ਇਸ ਵਿੱਚ ਧੂਫ਼ ਪਾਕੇ ਯਹੋਵਾਹ ਨੂੰ ਚੜ੍ਹਾਵੋ। ਇੱਥੇ ਆਗੂਆਂ ਲਈ 250 ਭਾਂਡੇ ਹੋਣਗੇ ਅਤੇ ਇੱਕ ਭਾਂਡਾ ਤੁਹਾਡੇ ਲਈ ਅਤੇ ਇੱਕ ਭਾਂਡਾ ਹਾਰੂਨ ਲਈ।”
18 ਇਸ ਲਈ ਹਰੇਕ ਆਦਮੀ ਇੱਕ-ਇੱਕ ਭਾਂਡਾ ਲਿਆਇਆ ਅਤੇ ਇਸ ਵਿੱਚ ਧੂਫ਼ ਧੁਖਦੀ ਰੱਖੀ। ਫ਼ੇਰ ਉਹ ਜਾਕੇ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਉੱਤੇ ਖਲੋ ਗਏ। ਮੂਸਾ ਅਤੇ ਹਾਰੂਨ ਵੀ ਉੱਥੇ ਖਲੋਤੇ ਸਨ। 19 ਕੋਰਹ ਨੇ ਸਾਰੇ ਲੋਕਾਂ ਨੂੰ ਵੀ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਉੱਤੇ ਇਕੱਠਾ ਕਰ ਲਿਆ। ਫ਼ੇਰ ਉੱਥੋਂ ਦੇ ਹਰ ਬੰਦੇ ਨੂੰ ਪਰਮੇਸ਼ੁਰ ਦਾ ਪਰਤਾਪ ਦਿਖਾਈ ਦਿੱਤਾ।
20 ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਆਖਿਆ, 21 “ਇਨ੍ਹਾਂ ਲੋਕਾਂ ਪਾਸੋਂ ਦੂਰ ਚੱਲੇ ਜਾਵੋ! ਮੈਂ ਇਨ੍ਹਾਂ ਨੂੰ ਹੁਣੇ ਤਬਾਹ ਕਰਨਾ ਚਾਹੁੰਦਾ ਹਾਂ।”
22 ਪਰ ਮੂਸਾ ਅਤੇ ਹਾਰੂਨ ਨੇ ਝੁਕ ਕੇ ਸਿਜਦਾ ਕੀਤਾ ਅਤੇ ਉੱਚੀ ਆਵਾਜ਼ ਵਿੱਚ ਆਖਿਆ, “ਪਰਮੇਸ਼ੁਰ, ਤੂੰ ਜਾਣਦਾ ਹੈ ਕਿ ਲੋਕ ਕੀ ਸੋਚ ਰਹੇ ਹਨ [b] ਕਿਰਪਾ ਕਰਕੇ ਇਨ੍ਹਾਂ ਸਾਰੇ ਲੋਕਾਂ ਉੱਤੇ ਕਰੋਧਵਾਨ ਨਾ ਹੋ। ਅਸਲ ਵਿੱਚ ਸਿਰਫ਼ ਇੱਕ ਆਦਮੀ ਨੇ ਹੀ ਪਾਪ ਕੀਤਾ ਹੈ।”
23 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ, 24 “ਲੋਕਾਂ ਨੂੰ ਆਖ ਕਿ ਉਹ ਕੋਰਹ, ਦਾਥਾਨ ਅਤੇ ਅਬੀਰਾਮ ਦੇ ਤੰਬੂਆਂ ਤੋਂ ਦੂਰ ਹੋ ਜਾਣ।”
25 ਮੂਸਾ ਖੜ੍ਹਾ ਹੋ ਗਿਆ ਅਤੇ ਦਾਥਾਨ ਅਤੇ ਅਬੀਰਾਮ ਕੋਲ ਚੱਲਾ ਗਿਆ। ਇਸਰਏਲ ਦੇ ਸਾਰੇ ਬਜ਼ੁਰਗ ਉਸ ਦੇ ਪਿੱਛੇ ਚੱਲੇ ਗਏ। 26 ਮੂਸਾ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ, “ਇਨ੍ਹਾਂ ਬੁਰੇ ਆਦਮੀਆਂ ਦੇ ਤੰਬੂਆਂ ਤੋਂ ਦੂਰ ਹਟ ਜਾਵੋ। ਇਨ੍ਹਾਂ ਦੀ ਕਿਸੇ ਚੀਜ਼ ਨੂੰ ਨਾ ਛੂਹੋ। ਜੇ ਤੁਸੀਂ ਅਜਿਹਾ ਕਰੋਂਗੇ, ਤਾਂ ਤੁਸੀਂ ਇਨ੍ਹਾਂ ਦੇ ਪਾਪਾਂ ਕਰਕੇ ਤਬਾਹ ਹੋ ਜਾਵੋਂਗੇ।”
27 ਇਸ ਲਈ ਲੋਕ ਕੋਰਹ, ਦਾਥਾਨ ਅਤੇ ਅਬੀਰਾਮ ਦੇ ਤੰਬੂਆਂ ਤੋਂ ਦੂਰ ਹਟ ਗਏ। ਦਾਥਾਨ ਅਤੇ ਅਬੀਰਾਮ ਆਪਣੇ ਤੰਬੂਆਂ ਵੱਲ ਚੱਲੇ ਗਏ। ਉਹ ਆਪਣੀਆਂ ਪਤਨੀਆਂ, ਬੱਚਿਆਂ ਅਤੇ ਛੋਟੇ ਨਿਆਣੀਆਂ ਸਮੇਤ ਆਪਣੇ ਤੰਬੂਆਂ ਦੇ ਬਾਹਰ ਖੜ੍ਹੇ ਹੋ ਗਏ।
28 ਫ਼ੇਰ ਮੂਸਾ ਨੇ ਆਖਿਆ, “ਮੈਂ ਤੁਹਾਨੂੰ ਸਬੂਤ ਦਿਆਂਗਾ ਕਿ ਯਹੋਵਾਹ ਨੇ ਮੈਨੂੰ ਇਹ ਸਾਰੀਆਂ ਗੱਲਾਂ, ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਹਨ, ਕਰਨ ਲਈ ਭੇਜਿਆ ਹੈ। ਮੈਂ ਤੁਹਾਨੂੰ ਦਰਸਾ ਦਿਆਂਗਾ ਕਿ ਇਹ ਸਾਰੀਆਂ ਗੱਲਾਂ ਸਿਰਫ਼ ਮੇਰਾ ਵਿੱਚਾਰ ਨਹੀਂ ਸਨ। 29 ਇੱਥੇ ਇਹ ਆਦਮੀ ਮਾਰੇ ਜਾਣਗੇ। ਪਰ ਜੇ ਇਹ ਆਮ ਢੰਗ ਨਾਲ ਮਾਰੇ ਜਾਂਦੇ ਹਨ-ਜਿਵੇਂ ਸਾਰੇ ਆਦਮੀ ਮਰਦੇ ਹਨ-ਤਾਂ ਇਸ ਤੋਂ ਪਤਾ ਚੱਲੇਗਾ ਕਿ ਯਹੋਵਾਹ ਨੇ ਸੱਚ ਮੁੱਚ ਵਿੱਚ ਮੈਨੂੰ ਨਹੀਂ ਸੀ ਭੇਜਿਆ। 30 ਪਰ ਜੇ ਯਹੋਵਾਹ ਇਨ੍ਹਾਂ ਨੂੰ ਵਖਰੇ ਢੰਗ ਨਾਲ ਮਾਰ ਦਿੰਦਾ ਹੈ-ਕਿਸੇ ਨਵੇਂ ਢੰਗ ਨਾਲ-ਤਾਂ ਤੁਹਾਨੂੰ ਪਤਾ ਚੱਲ ਜਾਵੇਗਾ ਕਿ ਇਨ੍ਹਾਂ ਲੋਕਾਂ ਨੇ ਸੱਚ ਮੁੱਚ ਯਹੋਵਾਹ ਦੇ ਵਿਰੁੱਧ ਪਾਪ ਕੀਤਾ ਹੈ। ਇਹੀ ਸਬੂਤ ਹੈ: ਧਰਤੀ ਪਾਟ ਜਾਵੇਗੀ ਅਤੇ ਇਨ੍ਹਾਂ ਆਦਮੀਆਂ ਨੂੰ ਨਿਗਲ ਜਾਵੇਗੀ। ਉਹ ਜਿਉਂਦੇ ਜੀਅ ਆਪਣੀਆਂ ਕਬਰਾਂ ਵਿੱਚ ਪੈ ਜਾਣਗੇ। ਅਤੇ ਇਨ੍ਹਾਂ ਦੀ ਹਰ ਸ਼ੈਅ ਇਨ੍ਹਾਂ ਦੇ ਨਾਲ ਹੀ ਹੀ ਚਲੀ ਜਾਵੇਗੀ।”
31 ਜਦੋਂ ਮੂਸਾ ਇਹ ਗੱਲਾਂ ਆਖਕੇ ਹਟਿਆ ਉਨ੍ਹਾਂ ਆਦਮੀਆਂ ਦੇ ਪੈਰਾਂ ਹੇਠਾਂ ਧਰਤੀ ਪਾਟ ਗਈ। 32 ਲਗਦਾ ਸੀ ਜਿਵੇਂ ਧਰਤੀ ਨੇ ਆਪਣਾ ਮੂੰਹ ਖੋਲ੍ਹਕੇ ਉਨ੍ਹਾਂ ਨੂੰ ਨਿਗਲ ਲਿਆ ਹੋਵੇ। ਕੋਰਹ ਦੇ ਸਾਰੇ ਬੰਦੇ, ਉਨ੍ਹਾਂ ਦੇ ਪਰਿਵਾਰ ਅਤੇ ਉਨ੍ਹਾਂ ਦੀ ਹਰ ਸ਼ੈਅ ਧਰਤੀ ਅੰਦਰ ਸਮਾ ਗਈ। 33 ਇਹ ਲੋਕ ਜਿਉਂਦੇ ਜੀਅ ਆਪਣੀਆਂ ਕਬਰਾਂ ਨੂੰ ਅੰਦਰ ਚੱਲੇ ਗਏ। ਉਨ੍ਹਾਂ ਦੀਆਂ ਸਾਰੀਆਂ ਚੀਜ਼ਾਂ ਉਨ੍ਹਾਂ ਦੇ ਨਾਲ ਗਈਆਂ। ਫ਼ੇਰ ਧਰਤੀ ਨੇ ਉਨ੍ਹਾਂ ਨੂੰ ਢੱਕ ਲਿਆ। ਉਹ ਆਪਣੇ ਡੇਰਿਆਂ ਵਿੱਚੋਂ ਫ਼ਨਾਹ ਹੋ ਗਏ ਸਨ।
34 ਇਸਰਾਏਲ ਦੇ ਲੋਕਾਂ ਨੇ ਉਨ੍ਹਾਂ ਲੋਕਾਂ ਦੇ ਤਬਾਹ ਹੋਣ ਦੀਆਂ ਚੀਕਾਂ ਸੁਣੀਆਂ ਇਸ ਲਈ ਉਹ ਸਾਰੇ ਇਹ ਆਖਦਿਆਂ ਹੋਇਆ ਸ਼ਰਣ ਲਈ ਭੱਜੇ, “ਧਰਤੀ ਸਾਨੂੰ ਵੀ ਨਿਗਲ ਜਾਵੇਗੀ।”
35 ਫ਼ੇਰ ਯਹੋਵਾਹ ਵੱਲੋਂ ਇੱਕ ਅੱਗ ਆਈ ਅਤੇ ਉਸ ਨੇ ਧੂਫ਼ ਚੜ੍ਹਾਉਣ ਵਾਲੇ 250 ਆਦਮੀਆਂ ਨੂੰ ਤਬਾਹ ਕਰ ਦਿੱਤਾ।
36 ਯਹੋਵਾਹ ਨੇ ਮੂਸਾ ਨੂੰ ਆਖਿਆ, 37-38 “ਜਾਜਕ ਹਾਰੂਨ ਦੇ ਪੁੱਤਰ ਅਲਾਜ਼ਾਰ ਨੂੰ ਅੱਗ ਵਿੱਚੋਂ ਸਾਰੇ ਧੂਫ਼ਦਾਨ ਲਿਆਉਣ ਅਤੇ ਕੋਲਿਆਂ ਅਤੇ ਰਾਖ ਨੂੰ ਖਿੰਡਾਉਣ ਲਈ ਆਖ। ਉਨ੍ਹਾਂ ਲੋਕਾਂ ਨੇ ਮੇਰੇ ਵਿਰੁੱਧ ਪਾਪ ਕੀਤਾ ਹੈ, ਅਤੇ ਉਨ੍ਹਾਂ ਦੇ ਪਾਪ ਨੇ ਉਨ੍ਹਾਂ ਦੀਆਂ ਜਾਨਾ ਲੈ ਲਈਆਂ। ਪਰ ਧੂਫ਼ਦਾਨ ਹਾਲੇ ਵੀ ਪਵਿੱਤਰ ਹਨ ਕਿਉਂਕਿ ਇਹ ਉਨ੍ਹਾਂ ਨੇ ਯਹੋਵਾਹ ਨੂੰ ਦਿੱਤੇ ਸਨ। ਧੂਫ਼ਦਾਨਾ ਨੂੰ ਚੰਡ ਕੇ ਪੱਧਰ ਬਣਾ ਲੈ। ਇਨ੍ਹਾਂ ਧਾਤ ਦੀਆਂ ਚਾਦਰਾਂ ਨੂੰ ਜਗਵੇਦੀ ਨੂੰ ਢੱਕਣ ਲਈ ਵਰਤ। ਇਹ ਇਸਰਾਏਲ ਦੇ ਸਮੂਹ ਲੋਕਾਂ ਲਈ ਇੱਕ ਚਿਤਾਵਨੀ ਹੋਵੇਗੀ।”
39 ਇਸ ਲਈ ਜਾਜਕ ਅਲਆਜ਼ਾਰ ਨੇ ਤਾਂਬੇ ਦੇ ਸਾਰੇ ਧੂਫ਼ਦਾਨ ਇਕੱਠੇ ਕੀਤੇ ਜਿਹੜੇ ਉਨ੍ਹਾਂ ਆਦਮੀਆਂ ਨੇ ਲਿਆਂਦੇ ਸਨ। ਉਹ ਸਾਰੇ ਆਦਮੀ ਸੜ ਚੁੱਕੇ ਸਨ ਪਰ ਧੂਫ਼ਦਾਨ ਬਚ ਗਏ ਸਨ। ਫ਼ੇਰ ਅਲਆਜ਼ਾਰ ਨੇ ਕੁਝ ਆਦਮੀਆਂ ਨੂੰ ਆਖਿਆ ਕਿ ਇਨ੍ਹਾਂ ਧੂਫ਼ਦਾਨਾ ਨੂੰ ਚੰਡ ਕੇ ਚਪਟਾ ਕਰ ਦੇਣ। ਫ਼ੇਰ ਉਸ ਨੇ ਉਹ ਧਾਤ ਦੇ ਪੱਤਰੇ ਜਗਵੇਦੀ ਉੱਤੇ ਰੱਖ ਦਿੱਤੇ। 40 ਉਸ ਨੇ ਅਜਿਹਾ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਰਾਹੀਂ ਉਸ ਨੂੰ ਆਦੇਸ਼ ਦਿੱਤਾ ਸੀ। ਇਹ ਇਸਰਾਏਲ ਦੇ ਲੋਕਾਂ ਨੂੰ ਚੇਤੇ ਰੱਖਣ ਵਿੱਚ ਸਹਾਇਤਾ ਕਰਨ ਵਾਲਾ ਸੰਕੇਤ ਸੀ ਕਿ ਸਿਰਫ਼ ਹਾਰੂਨ ਦੇ ਪਰਿਵਾਰ ਦੇ ਬੰਦਿਆਂ ਨੂੰ ਹੀ ਯਹੋਵਾਹ ਅੱਗੇ ਧੂਫ਼ ਧੁਖਾਉਣੀ ਚਾਹੀਦੀ ਸੀ। ਹੋਰ ਹਰ ਉਹ ਆਦਮੀ ਜਿਹੜਾ ਯਹੋਵਾਹ ਅੱਗੇ ਧੂਫ਼ ਧੁਖਾਵੇਗਾ ਉਹ ਕੋਰਹ ਅਤੇ ਉਸ ਦੇ ਅਨੁਯਾਈਆਂ ਵਾਂਗ ਮਾਰਿਆ ਜਾਵੇਗਾ।
ਹਾਰੂਨ ਲੋਕਾਂ ਦੀ ਰੱਖਿਆ ਕਰਦਾ ਹੈ
41 ਅਗਲੇ ਦਿਨ ਇਸਰਾਏਲ ਦੇ ਸਮੂਹ ਲੋਕਾਂ ਨੇ ਮੂਸਾ ਅਤੇ ਹਾਰੂਨ ਦੇ ਵਿਰੁੱਧ ਸ਼ਿਕਾਇਤ ਕੀਤੀ। ਉਨ੍ਹਾਂ ਨੇ ਆਖਿਆ, “ਤੁਸੀਂ ਯਹੋਵਾਹ ਦੇ ਬੰਦਿਆਂ ਨੂੰ ਮਾਰ ਦਿੱਤਾ ਹੈ।”
42 ਮੂਸਾ ਅਤੇ ਹਾਰੂਨ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਉੱਤੇ ਖਲੋਤੇ ਹੋਏ ਸਨ। ਲੋਕ ਉੱਥੇ ਉਨ੍ਹਾਂ ਦੇ ਵਿਰੁੱਧ ਸ਼ਿਕਾਇਤ ਕਰਨ ਲਈ ਜਮ੍ਹਾ ਹੋ ਗਏ। ਪਰ ਜਦੋਂ ਉਨ੍ਹਾਂ ਨੇ ਤੰਬੂ ਵੱਲ ਦੇਖਿਆ, ਇਸ ਨੂੰ ਬੱਦਲ ਨੇ ਕਜਿਆ ਹੋਇਆ ਸੀ ਅਤੇ ਉਨ੍ਹਾਂ ਨੇ ਉੱਥੇ ਯਹੋਵਾਹ ਦੇ ਪਰਤਾਪ ਦੀ ਮਜੂਦਗੀ ਵੇਖੀ। 43 ਫ਼ੇਰ ਮੂਸਾ ਅਤੇ ਹਾਰੂਨ ਮੰਡਲੀ ਵਾਲੇ ਤੰਬੂ ਦੇ ਸਾਹਮਣੇ ਚੱਲੇ ਗਏ।
44 ਯਹੋਵਾਹ ਨੇ ਮੂਸਾ ਨੂੰ ਆਖਿਆ, 45 “ਉਨ੍ਹਾਂ ਲੋਕਾਂ ਕੋਲੋਂ ਦੂਰ ਹਟ ਜਾ ਤਾਂ ਜੋ ਮੈਂ ਉਨ੍ਹਾਂ ਨੂੰ ਹੁਣ ਤਬਾਹ ਕਰ ਸੱਕਾਂ।” ਇਸ ਲਈ ਮੂਸਾ ਅਤੇ ਹਾਰੂਨ ਨੇ ਧਰਤੀ ਵੱਲ ਝੁਕ ਕੇ ਸਿਜਦਾ ਕੀਤਾ।
46 ਫ਼ੇਰ ਮੂਸਾ ਨੇ ਹਾਰੂਨ ਨੂੰ ਆਖਿਆ, “ਜਗਵੇਦੀ ਤੋਂ ਆਪਣਾ ਕਾਂਸੇ ਦਾ ਧੂਫ਼ਦਾਨ ਅਤੇ ਕੁਝ ਅੱਗ ਵੀ ਲੈ ਕੇ ਆ। ਫ਼ੇਰ ਇਸ ਵਿੱਚ ਧੂਫ਼ ਪਾ। ਜਲਦੀ ਲੋਕਾਂ ਦੇ ਇਕੱਠ ਵੱਲ ਜਾਹ ਅਤੇ ਉਨ੍ਹਾਂ ਲਈ ਪਰਾਸਚਿਤ ਕਰਨ ਵਾਲੀਆਂ ਗੱਲਾਂ ਕਰ। ਯਹੋਵਾਹ ਉਨ੍ਹਾਂ ਉੱਤੇ ਕਰੋਧਵਾਨ ਹੈ ਅਤੇ ਬਿਮਾਰੀ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ।”
47-48 ਇਸ ਲਈ ਹਾਰੂਨ ਨੇ ਉਹੀ ਕੀਤਾ ਜੋ ਮੂਸਾ ਨੇ ਆਖਿਆ ਸੀ। ਹਾਰੂਨ ਨੇ ਧੂਫ਼ ਅਤੇ ਅੱਗ ਲਿਆਂਦੀ ਅਤੇ ਲੋਕਾਂ ਦੇ ਵਿੱਚਕਾਰ ਭੱਜਕੇ ਚੱਲਾ ਗਿਆ। ਪਰ ਲੋਕਾਂ ਅੰਦਰ ਬਿਮਾਰੀ ਪਹਿਲਾਂ ਹੀ ਫ਼ੈਲ ਚੁੱਕੀ ਸੀ। ਇਸ ਲਈ ਹਾਰੂਨ ਜਿਉਂਦਿਆਂ ਅਤੇ ਮੁਰਦਿਆਂ ਵਿੱਚਕਾਰ ਖਲੋ ਗਿਆ। ਹਾਰੂਨ ਨੇ ਲੋਕਾਂ ਨੂੰ ਪਵਿੱਤਰ ਬਨਾਉਣ ਵਾਲੀਆਂ ਗੱਲਾਂ ਆਖੀਆਂ ਅਤੇ ਬਿਮਾਰੀ ਉੱਥੇ ਹੀ ਰੁਕ ਗਈ। 49 ਪਰ ਉਸ ਬਿਮਾਰੀ ਨਾਲ 14,700 ਆਦਮੀ ਮਾਰੇ ਗਏ-ਇਨ੍ਹਾਂ ਵਿੱਚ ਉਨ੍ਹਾਂ ਆਦਮੀਆਂ ਦੀ ਗਿਣਤੀ ਸ਼ਾਮਿਲ ਨਹੀਂ ਜਿਹੜੇ ਕੋਰਹ ਦੇ ਕਾਰਣ ਮਰੇ। 50 ਇਸ ਲਈ ਭਿਆਨਕ ਬਿਮਾਰੀ ਨੂੰ ਰੋਕ ਲਿਆ ਗਿਆ ਅਤੇ ਹਾਰੂਨ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਉੱਤੇ ਮੂਸਾ ਵੱਲ ਚੱਲਾ ਗਿਆ।
ਪਰਮੇਸ਼ੁਰ ਦਾ ਸਿਧ ਕਰਨਾ ਕਿ ਹਾਰੂਨ ਪਰਧਾਨ ਜਾਜਕ ਹੈ
17 ਯਹੋਵਾਹ ਨੇ ਮੂਸਾ ਨੂੰ ਆਖਿਆ, 2 “ਇਸਰਾਏਲ ਦੇ ਲੋਕਾਂ ਨਾਲ ਗੱਲ ਕਰ। ਉਨ੍ਹਾਂ ਪਾਸੋਂ ਲੱਕੜ ਦੀਆਂ ਬਾਰ੍ਹਾਂ ਸੋਟੀਆਂ ਲੈ ਕੇ ਆ। ਬਾਰ੍ਹਾਂ ਪਰਿਵਾਰ-ਸਮੂਹਾਂ ਵਿੱਚੋਂ ਹਰੇਕ ਆਗੂ ਪਾਸੋਂ ਇੱਕ-ਇੱਕ ਲੈ। ਹਰੇਕ ਆਦਮੀ ਦੀ ਸੋਟੀ ਉੱਤੇ ਉਸਦਾ ਨਾਮ ਲਿਖਦੇ। 3 ਲੇਵੀ ਦੀ ਸੋਟੀ ਉੱਤੇ ਹਾਰੂਨ ਦਾ ਨਾਮ ਲਿਖ। ਬਾਰ੍ਹਾਂ ਪਰਿਵਾਰਾਂ ਦੇ ਮੁਖੀਆਂ ਵਿੱਚੋਂ ਹਰੇਕ ਦੀ ਇੱਕ ਸੋਟੀ ਹੋਣੀ ਚਾਹੀਦੀ ਹੈ। 4 ਇਨ੍ਹਾਂ ਸੋਟੀਆਂ ਨੂੰ ਇਕਰਾਰਨਾਮੇ ਦੇ ਸੰਦੂਕ ਦੇ ਸਾਹਮਣੇ ਮੰਡਲੀ ਵਾਲੇ ਤੰਬੂ ਵਿੱਚ ਰੱਖ ਦਿਉ। ਇਹੀ ਉਹ ਥਾਂ ਹੈ ਜਿੱਥੇ ਮੈਂ ਤੁਹਾਨੂੰ ਮਿਲਦਾ ਹਾਂ। 5 ਮੈਂ ਇੱਕ ਆਦਮੀ ਨੂੰ ਸੱਚੇ ਜਾਜਕ ਵਜੋਂ ਚੁਣਾਂਗਾ। ਤੁਹਾਨੂੰ ਪਤਾ ਲੱਗ ਜਾਵੇਗਾ ਕਿ ਮੈਂ ਕਿਸ ਆਦਮੀ ਦੀ ਚੋਣ ਕੀਤੀ ਹੈ ਕਿਉਂਕਿ ਉਸਦੀ ਸੋਟੀ ਉੱਤੇ ਨਵੇਂ ਪੱਤੇ ਪੁੰਗਰਨ ਲੱਗ ਪੈਣਗੇ। ਇਸ ਤਰ੍ਹਾਂ, ਮੈਂ ਲੋਕਾਂ ਨੂੰ ਤੁਹਾਡੇ ਵਿਰੁੱਧ ਸ਼ਿਕਾਇਤਾਂ ਕਰਨੋ ਰੋਕ ਦਿਆਂਗਾ।”
6 ਇਸ ਤਰ੍ਹਾਂ ਮੂਸਾ ਨੇ ਇਸਰਾਏਲ ਦੇ ਲੋਕਾਂ ਨਾਲ ਗੱਲ ਕੀਤੀ। ਹਰੇਕ ਆਗੂ ਨੇ ਉਸ ਨੂੰ ਆਪਣੀ ਚੱਲਣ ਵਾਲੀ ਸੋਟੀ ਦੇ ਦਿੱਤੀ। ਉੱਥੇ ਬਾਰ੍ਹਾਂ ਸੋਟੀਆਂ ਸਨ। ਹਰੇਕ ਪਰਿਵਾਰ-ਸਮੂਹ ਦੇ ਆਗੂ ਦੀ ਇੱਕ ਸੋਟੀ। ਇਨ੍ਹਾਂ ਸੋਟੀਆਂ ਵਿੱਚ ਇੱਕ ਸੋਟੀ ਹਾਰੂਨ ਦੀ ਵੀ ਸੀ। 7 ਮੂਸਾ ਨੇ ਇਹ ਸੋਟੀਆਂ ਇਕਰਾਰਨਾਮੇ ਵਲੇ ਤੰਬੂ ਵਿੱਚ ਯਹੋਵਾਹ ਦੇ ਸਾਹਮਣੇ ਧਰ ਦਿੱਤੀਆਂ।
8 ਅਗਲੇ ਦਿਨ, ਮੂਸਾ ਮੰਡਲੀ ਵਾਲੇ ਤੰਬੂ ਵਿੱਚ ਦਾਖਲ ਹੋਇਆ। ਉਸ ਨੇ ਦੇਖਿਆ ਕਿ ਲੇਵੀ ਦੇ ਪਰਿਵਾਰ ਦੀ ਸੋਟੀ, ਹਾਰੂਨ ਦੀ ਸੋਟੀ, ਹੀ ਸੀ ਜਿਸ ਉੱਤੇ ਨਵੇਂ ਪੱਤੇ ਪੁੰਗਰ ਆਏ ਸਨ। ਇਸ ਉੱਤੇ ਟਹਿਣੀਆਂ ਉੱਗ ਆਈਆਂ ਸਨ ਅਤੇ ਬਦਾਮ ਵੀ ਪੈਦਾ ਹੋ ਗਏ ਸਨ। 9 ਇਸ ਲਈ ਮੂਸਾ ਨੇ ਯਹੋਵਾਹ ਦੇ ਸਥਾਨ ਤੋਂ ਸਾਰੀਆਂ ਸੋਟੀਆਂ ਲੈ ਆਦੀਆਂ। ਮੂਸਾ ਨੇ ਇਹ ਸੋਟੀਆਂ ਇਸਰਾਏਲ ਦੇ ਲੋਕਾਂ ਨੂੰ ਦਿਖਾਈਆਂ। ਉਨ੍ਹਾ ਸਾਰਿਆਂ ਨੇ ਸੋਟੀਆਂ ਵੱਲ ਦੇਖਿਆ ਅਤੇ ਹਰੇਕ ਆਦਮੀ ਨੇ ਆਪੋ-ਆਪਣੀ ਸੋਟੀ ਲੈ ਲਈ।
10 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, “ਹਾਰੂਨ ਦੀ ਸੋਟੀ ਇਕਰਾਰਨਾਮੇ ਦੇ ਸਾਹਮਣੇ ਵਾਲੇ ਤੰਬੂ ਵਿੱਚ ਵਾਪਸ ਰੱਖ ਦੇ। ਇਹ ਇਨ੍ਹਾਂ ਸਮੂਹ ਲੋਕਾਂ ਲਈ ਚਿਤਾਵਨੀ ਹੋਵੇਗੀ ਜਿਹੜੇ ਹਮੇਸ਼ਾ ਮੇਰੇ ਵਿਰੁੱਧ ਹੁੰਦੇ ਰਹਿੰਦੇ ਹਨ। ਇਹ ਇਨ੍ਹਾਂ ਨੂੰ ਮੇਰੇ ਵਿਰੁੱਧ ਸ਼ਿਕਾਇਤਾਂ ਕਰਨ ਤੋਂ ਰੋਕ ਦੇਵੇਗੀ ਤਾਂ ਜੋ ਮੈਂ ਇਨ੍ਹਾਂ ਨੂੰ ਤਬਾਹ ਨਾ ਕਰਾ।” 11 ਇਸ ਤਰ੍ਹਾਂ ਮੂਸਾ ਨੇ ਉਹੀ ਕੁਝ ਕੀਤਾ ਜਿਸਦਾ ਯਹੋਵਾਹ ਨੇ ਉਸ ਨੂੰ ਆਦੇਸ਼ ਦਿੱਤਾ ਸੀ।
12 ਇਸਰਾਏਲ ਦੇ ਲੋਕਾਂ ਨੇ ਮੂਸਾ ਨੂੰ ਆਖਿਆ, “ਅਸੀਂ ਜਾਣਦੇ ਹਾਂ ਕਿ ਅਸੀਂ ਮਾਰੇ ਜਾਵਾਂਗੇ! ਅਸੀਂ ਬਰਬਾਦ ਹੋਣ ਵਾਲੇ ਹਾਂ! ਅਸੀਂ ਸਾਰੇ ਹੀ ਤਬਾਹ ਹੋ ਜਾਵਾਂਗੇ। 13 ਕੋਈ ਵੀ ਬੰਦਾ ਜਿਹੜਾ ਯਹੋਵਾਹ ਦੇ ਪਵਿੱਤਰ ਸਥਾਨ ਦੇ ਨੇੜੇ ਆਵੇਗਾ, ਮਾਰਿਆ ਜਾਵੇਗਾ। ਕੀ ਇਹ ਸੱਚ ਹੈ ਕਿ ਅਸੀਂ ਸਾਰੇ ਹੀ ਮਾਰੇ ਜਾਵਾਂਗੇ?”
ਜਾਜਕਾਂ ਅਤੇ ਲੇਵੀਆਂ ਦਾ ਕਾਰਜ
18 ਯਹੋਵਾਹ ਨੇ ਹਾਰੂਨ ਨੂੰ ਆਖਿਆ, “ਤੂੰ, ਮੇਰੇ ਪੁੱਤਰ, ਅਤੇ ਤੇਰੇ ਪਿਤਾ ਦੇ ਪਰਿਵਾਰ ਦੇ ਸਮੂਹ ਦੇ ਬੰਦੇ, ਹੁਣ ਕਿਸੇ ਵੀ ਉਨ੍ਹਾਂ ਗਲਤ ਕਂਮਾ ਲਈ ਜ਼ਿੰਮੇਵਾਰ ਹੋ, ਜਿਹੜੇ ਪਵਿੱਤਰ ਸਥਾਨ ਦੇ ਵਿਰੁੱਧ ਕੀਤੇ ਜਾਂਦੇ ਹਨ। 2 ਆਪਣੇ ਪਰਿਵਾਰ-ਸਮੂਹ ਵਿੱਚੋਂ ਹੋਰਨਾ ਲੇਵੀਆਂ, ਆਪਣੇ ਭਰਾਵਾਂ ਨੂੰ ਵੀ ਆਪਣੇ ਨਾਲ ਸ਼ਾਮਿਲ ਕਰ ਲੈ। ਉਹ ਮੰਡਲੀ ਵਾਲੇ ਤੰਬੂ ਵਿੱਚ ਤੇਰੇ ਅਤੇ ਤੇਰੇ ਪੁੱਤਰਾਂ ਦੇ ਕੰਮ ਵਿੱਚ ਸਹਾਇਤਾ ਕਰਨਗੇ। 3 ਲੇਵੀ ਦੇ ਪਰਿਵਾਰ ਦੇ ਉਹ ਲੋਕ ਤੇਰੇ ਸਪੁਰਦ ਹਨ। ਉਹ ਤੰਬੂ ਵਿੱਚ ਕੀਤੇ ਜਾਣ ਵਾਲੇ ਸਮੂਹ ਕਂਮਾ ਨੂੰ ਕਰਨਗੇ। ਪਰ ਉਨ੍ਹਾਂ ਨੂੰ ਪਵਿੱਤਰ ਸਥਾਨ ਦੀਆਂ ਵਸਤਾਂ ਜਾਂ ਜਗਵੇਦੀ ਦੇ ਨੇੜੇ ਨਹੀਂ ਜਾਣਾ ਚਾਹੀਦਾ। ਜੇ ਉਹ ਜਾਣਗੇ ਤਾਂ ਮਾਰੇ ਜਾਣਗੇ-ਅਸੀਂ ਤੁਸੀਂ ਵੀ ਮਾਰੇ ਜਾਵਾਂਗੇ। 4 ਉਹ ਤੁਹਾਡੇ ਵਿੱਚ ਸ਼ਾਮਿਲ ਹੋਣਗੇ ਅਤੇ ਤੁਹਾਡੇ ਨਾਲ ਕੰਮ ਕਰਨਗੇ। ਉਹ ਮੰਡਲੀ ਵਾਲੇ ਤੰਬੂ ਦੀ ਸਾਂਭ-ਸੰਭਾਲ ਲਈ ਜ਼ਿੰਮੇਵਾਰ ਹੋਣਗੇ। ਜਿਹੜਾ ਵੀ ਕੰਮ ਤੰਬੂ ਵਿੱਚ ਕਰਨ ਵਾਲਾ ਹੋਵੇਗਾ ਉਹ ਉਨ੍ਹਾਂ ਰਾਹੀ ਹੀ ਕੀਤਾ ਜਾਵੇਗਾ। ਹੋਰ ਕੋਈ ਵੀ ਉੱਥੇ ਨਾ ਆਵੇ ਜਿੱਥੇ ਤੁਸੀਂ ਹੋ।
5 “ਤੁਸੀਂ ਪਵਿੱਤਰ ਸਥਾਨ ਅਤੇ ਜਗਵੇਦੀ ਦੀ ਸੇਵਾ ਸੰਭਾਲ ਲਈ ਜ਼ਿੰਮੇਵਾਰ ਹੋ। ਮੈਂ ਇਸਰਾਏਲ ਦੇ ਲੋਕਾਂ ਨਾਲ ਫ਼ੇਰ ਕਰੋਧਵਾਨ ਨਹੀਂ ਹੋਣਾ ਚਾਹੁੰਦਾ। 6 ਮੈਂ ਖੁਦ ਲੇਵੀਆਂ ਨੂੰ ਇਸਰਾਏਲੀਆਂ ਦਰਮਿਆਨੋ ਚੁਣਿਆ ਸੀ। ਮੈਂ ਉਨ੍ਹਾਂ ਨੂੰ ਯਹੋਵਾਹ ਦੀ ਸੇਵਾ ਕਰਨ ਅਤੇ ਮੰਡਲੀ ਵਾਲੇ ਤੰਬੂ ਵਿੱਚ ਕੰਮ ਕਰਨ ਵਾਸਤੇ ਤੁਹਾਨੂੰ ਦਿੱਤਾ ਹੈ। 7 ਪਰ, ਹਾਰੂਨ ਸਿਰਫ਼ ਤੂੰ ਅਤੇ ਤੇਰੇ ਪੁੱਤਰ ਹੀ ਜਾਜਕ ਵਜੋਂ ਸੇਵਾ ਕਰਨ। ਸਿਰਫ਼ ਤੁਸੀਂ ਹੀ ਹੋ ਜਿਹੜੇ ਜਗਵੇਦੀ ਦੇ ਨੇੜੇ ਜਾ ਸੱਕਦੇ ਹੋ। ਸਿਰਫ਼ ਤੁਸੀਂ ਹੀ ਹੋ ਜਿਹੜੇ ਪਰਦੇ ਅੰਦਰ ਅੱਤ ਪਾਵਨ ਸਥਾਨ ਵਿੱਚ ਜਾ ਸੱਕਦੇ ਹੋ। ਮੈਂ ਤੁਹਾਨੂੰ ਇੱਕ ਸੁਗਾਤ ਦੇ ਰਿਹਾ ਹਾਂ-ਤੁਹਾਡੀ ਜਾਜਕ ਵਜੋਂ ਸੇਵਾ ਨੂੰ। ਹੋਰ ਕੋਈ ਵੀ ਜਿਹੜਾ ਮੇਰੇ ਪਵਿੱਤਰ ਸਥਾਨ ਦੇ ਨੇੜੇ ਆਵੇਗਾ, ਅਵੱਸ਼ ਮਾਰਿਆ ਜਾਏਗਾ।”
8 ਫ਼ੇਰ ਯਹੋਵਾਹ ਨੇ ਹਾਰੂਨ ਨੂੰ ਆਖਿਆ, “ਮੈਂ ਖੁਦ ਉਨ੍ਹਾਂ ਖਾਸ ਸੁਗਾਤਾਂ ਦੀ ਜ਼ਿੰਮੇਵਾਰੀ ਤੈਨੂੰ ਦਿੱਤੀ ਸੀ ਜਿਹੜੀਆਂ ਲੋਕ ਮੈਨੂੰ ਦਿੰਦੇ ਹਨ। ਉਹ ਸਾਰੀਆਂ ਪਵਿੱਤਰ ਸੁਗਾਤਾ ਜਿਹੜੀਆਂ ਇਸਰਾਏਲ ਦੇ ਲੋਕ ਮੈਨੂੰ ਦਿੰਦੇ ਹਨ, ਮੈਂ ਤੈਨੂੰ ਦਿੰਦਾ ਹਾਂ। ਤੂੰ ਅਤੇ ਤੇਰੇ ਪੁੱਤਰ ਇਨ੍ਹਾਂ ਸੁਗਾਤਾਂ ਵਿੱਚੋਂ ਹਿੱਸਾ ਲੈ ਸੱਕਦੇ ਹੋ। ਉਹ ਹਮੇਸ਼ਾ ਤੁਹਾਡੀਆਂ ਹੀ ਰਹਿਣਗੀਆਂ। 9 ਲੋਕੀ ਬਲੀਆਂ, ਅਨਾਜ ਦੀਆਂ ਭੇਟਾ, ਪਾਪ ਦੀਆਂ ਭੇਟਾ ਅਤੇ ਦੋਸ਼ ਦੀਆਂ ਭੇਟਾ ਲੈ ਕੇ ਆਉਣਗੇ। ਇਹ ਭੇਟਾ ਅੱਤ ਪਵਿੱਤਰ ਹਨ। ਇਨ੍ਹਾਂ ਸਾਰੀਆਂ ਪਵਿੱਤਰ ਭੇਟਾ ਵਿੱਚੋਂ ਤੁਹਾਡਾ ਹਿੱਸਾ ਅੱਗ ਵਿੱਚ ਨਾ ਪਾਏ ਹੋਏ ਹਿੱਸੇ ਹੋਣਗੇ। ਇਹ ਸਾਰੀਆਂ ਵਸਤਾਂ ਤੇਰੇ ਅਤੇ ਤੇਰੇ ਪੁੱਤਰਾਂ ਲਈ ਹੋਣਗੀਆਂ। 10 ਅੱਤ ਪਵਿੱਤਰ ਸਥਾਨ ਉੱਤੇ ਸਿਰਫ਼ ਉਹੀ ਚੀਜ਼ਾਂ ਛਕਣੀਆਂ। ਤੁਹਾਡੇ ਪਰਿਵਾਰ ਦਾ ਹਰ ਮਰਦ ਉਨ੍ਹਾਂ ਨੂੰ ਛਕੇਗਾ ਪਰ ਤੁਹਾਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਉਹ ਭੇਟਾ ਪਵਿੱਤਰ ਹਨ।
11 “ਅਤੇ ਉਸ ਸਾਰੀਆਂ ਸੁਗਾਤਾਂ ਜਿਹੜੀਆਂ ਇਸਰਾਏਲ ਦੇ ਲੋਕ, ਹਿਲਾਉਣ ਦੀ ਭੇਟ ਵਜੋਂ ਦਿੰਦੇ ਹਨ, ਉਹ ਵੀ ਤੁਹਾਡੀਆਂ ਹੋਣਗੀਆਂ। ਇਹ ਮੈਂ ਤੈਨੂੰ ਤੇਰੇ ਧੀਆਂ-ਪੁੱਤਰਾਂ ਨੂੰ ਦਿੰਦਾ ਹਾਂ। ਇਹ ਤੁਹਾਡਾ ਹਿੱਸਾ ਹੈ। ਤੁਹਾਡੇ ਪਰਿਵਾਰ ਦਾ ਹਰ ਉਹ ਜੀਅ ਜਿਹੜਾ ਸਾਫ਼-ਸੁਥਰਾ ਹੈ, ਇਸ ਨੂੰ ਖਾ ਸੱਕੇਗਾ।
12 “ਅਤੇ ਮੈਂ ਤੁਹਾਨੂੰ ਸਭ ਤੋਂ ਉੱਤਮ ਜੈਤੂਨ ਦਾ ਤੇਲ ਅਤੇ ਸਭ ਤੋਂ ਚੰਗੀ ਨਵੀਂ ਮੈਅ ਅਤੇ ਅਨਾਜ ਤੁਹਾਨੂੰ ਦਿੰਦਾ ਹਾਂ। ਇਹ ਉਹ ਚੀਜ਼ਾਂ ਹਨ ਜਿਹੜੀਆਂ ਇਸਰਾਏਲ ਲੋਕ ਮੈਨੂੰ, ਯਹੋਵਾਹ ਨੂੰ ਦਿੰਦੇ ਹਨ। ਇਹ ਉਨ੍ਹਾਂ ਦੀ ਫ਼ਸਲ ਦੀਆਂ ਸਭ ਤੋਂ ਪਹਿਲੀਆਂ ਚੀਜ਼ਾਂ ਹਨ। 13 ਜਦੋਂ ਵੀ ਲੋਕ ਆਪਣੀ ਫ਼ਸਲ ਵਢਦੇ ਹਨ, ਉਹ ਪਹਿਲੀਆਂ ਚੀਜ਼ਾਂ ਯਹੋਵਾਹ ਨੂੰ ਚੜ੍ਹਾਉਂਦੇ ਹਨ। ਇਸ ਲਈ ਇਹ ਚੀਜ਼ਾਂ ਮੈਂ ਤੁਹਾਨੂੰ ਦੇਵਾਂਗਾ। ਤੁਹਾਡੇ ਪਰਿਵਾਰ ਦਾ ਹਰ ਸਦੱਸ ਜਿਹੜਾ ਪਵਿੱਤਰ ਹੈ, ਇਸ ਨੂੰ ਖਾ ਸੱਕਦਾ ਹੈ।
14 “ਇਸਰਾਏਲ ਦੀ ਹਰ ਉਹ ਚੀਜ਼ ਜਿਹੜੀ ਯਹੋਵਾਹ ਨੂੰ ਚੜ੍ਹਾਈ ਜਾਵੇਗੀ ਉਹ ਤੁਹਾਡੀ ਹੋਵੇਗੀ।
15 “ਯਹੋਵਾਹ ਨੂੰ ਦਿੱਤਾ ਹੋਇਆ ਕਿਸੇ ਔਰਤ ਅਤੇ ਕਿਸੇ ਜਾਨਵਰ ਦਾ ਪਹਿਲੋਠਾ ਤੁਹਾਡਾ ਹੈ। ਜੇਕਰ ਪਹਿਲੋਠਾ ਪਸ਼ੂ ਨਾਪਾਕ ਹੈ, ਤਾਂ ਇਸ ਨੂੰ ਛੁਡਾਕੇ ਵਾਪਸ ਲਿਆ ਜਾਣਾ ਚਾਹੀਦਾ ਹੈ। ਜੇਕਰ ਪਹਿਲੋਠਾ ਮਨੁੱਖ ਦਾ ਬੱਚਾ ਹੈ, ਇਸ ਨੂੰ ਛੁਡਾਕੇ ਵਾਪਸ ਲਿਆ ਜਾਣਾ ਚਾਹੀਦਾ ਹੈ। 16 ਜਦੋਂ ਬੱਚਾ ਇੱਕ ਮਹੀਨੇ ਦਾ ਹੋਵੇ, ਉਨ੍ਹਾਂ ਨੂੰ ਮੁੱਲ ਜ਼ਰੂਰ ਤਾਰਨਾ ਚਾਹੀਦਾ ਹੈ। ਮੁੱਲ, ਦੋ ਔਂਸ ਚਾਂਦੀ ਹੋਵੇਗੀ ਅਤੇ ਇਹ ਤੁਹਾਡੇ ਦੁਆਰਾ ਸਰਕਾਰੀ ਨਾਪ ਅਨੁਸਾਰ ਤੋਂਲੀ ਜਾਣੀ ਚਾਹੀਦੀ ਹੈ। ਸਰਕਾਰੀ ਨਾਪ ਅਨੁਸਾਰ, ਇੱਕ ਸ਼ੈਕਲ 20 ਗੇਰਾਹ ਦਾ ਹੁੰਦਾ ਹੈ।
17 “ਪਰ ਤੁਹਾਨੂੰ ਪਲੋਠੀ ਦੀ ਗਊ, ਭੇਡ ਜਾਂ ਬੱਕਰੀ ਲਈ ਕੀਮਤ ਅਦਾ ਨਹੀਂ ਕਰਨੀ ਚਾਹੀਦੀ। ਇਹ ਜਾਨਵਰ ਪਵਿੱਤਰ ਹਨ। ਉਨ੍ਹਾਂ ਦਾ ਖੂਨ ਜਗਵੇਦੀ ਉੱਤੇ ਛਿੜਕੋ ਅਤੇ ਉਨ੍ਹਾਂ ਦੀ ਚਰਬੀ ਨੂੰ ਸਾੜੋ ਇਹ ਹੋਮ ਦੀ ਭੇਟ ਹੈ। ਇਸਦੀ ਸੁਗੰਧੀ ਯਹੋਵਾਹ ਨੂੰ ਪ੍ਰਸੰਨ ਕਰਦੀ ਹੈ। 18 ਪਰ ਇਨ੍ਹਾਂ ਜਾਨਵਰਾ ਦਾ ਮਾਸ ਤੁਹਾਡਾ ਹੋਵੇਗਾ। ਅਤੇ ਹਿਲਾਉਣ ਦੇ ਭੇਟ ਦਾ ਸੀਨਾ ਤੁਹਾਡਾ ਹੋਵੇਗਾ। ਅਤੇ ਹੋਰਨਾ ਭੇਟਾ ਵਿੱਚੋਂ ਸੱਜਾ ਪੱਟ ਤੁਹਾਡਾ ਹੋਵੇਗਾ। 19 ਉਹ ਸਾਰੀਆਂ ਚੀਜ਼ਾਂ ਜਿਹੜੀਆਂ ਲੋਕ ਪਵਿੱਤਰ ਭੇਟਾ ਵਜੋਂ ਚੜ੍ਹਾਉਂਦੇ ਹਨ, ਮੈਂ, ਯਹੋਵਾਹ, ਉਹ ਤੁਹਾਨੂੰ, ਤੁਹਾਡੇ ਪੁੱਤਰਾਂ ਅਤੇ ਤੁਹਾਡੀਆਂ ਧੀਆਂ ਨੂੰ ਦਿੰਦਾ ਹਾਂ। ਇਹ ਤੁਹਾਡਾ ਹਿੱਸਾ ਹੈ। ਇਹ ਬਿਧੀ ਸਦਾ ਜਾਰੀ ਰਹੇਗੀ। ਇਹ ਯਹੋਵਾਹ ਨਾਲ ਕੀਤਾ ਹੋਇਆ ਇਕਰਾਰਨਾਮਾ ਹੈ ਜਿਹੜਾ ਤੋੜਿਆ ਨਹੀਂ ਜਾ ਸੱਕਦਾ। ਇਹ ਇਕਰਾਰ ਮੈਂ ਤੇਰੇ ਅਤੇ ਤੇਰੇ ਉੱਤਰਾਧਿਕਾਰੀਆਂ ਨਾਲ ਕਰਦਾ ਹਾਂ।”
20 ਯਹੋਵਾਹ ਨੇ ਹਾਰੂਨ ਨੂੰ ਇਹ ਵੀ ਆਖਿਆ, “ਤੁਹਾਨੂੰ ਕੋਈ ਜ਼ਮੀਨ ਨਹੀਂ ਮਿਲੇਗੀ। ਅਤੇ ਕੋਈ ਵੀ ਚੀਜ਼ ਜਿਹੜੀ ਲੋਕਾਂ ਦੀ ਮਲਕੀਅਤ ਹੈ ਉਹ ਤੁਹਾਡੀ ਮਲਕੀਅਤ ਨਹੀਂ ਹੋਵੇਗੀ। ਮੈਂ, ਯਹੋਵਾਹ, ਤੁਹਾਡਾ ਹੋਵਾਂਗਾ। ਇਸਰਾਏਲ ਦੇ ਲੋਕਾਂ ਨੂੰ ਉਹ ਜ਼ਮੀਨ ਮਿਲੇਗੀ ਜਿਸਦਾ ਮੈਂ ਇਕਰਾਰ ਕੀਤਾ ਹੈ। ਪਰ ਤੁਹਾਡੇ ਲਈ ਮੈਂ, ਖੁਦ ਹੀ ਇੱਕ ਸੁਗਾਤ ਹਾਂ।
21 “ਇਸਰਾਏਲ ਦੇ ਲੋਕ ਆਪਣੇ ਹਰੇਕ ਧਨ ਦਾ ਦਸਵੰਧ ਦੇਣਗੇ। ਇਸ ਲਈ ਉਹ ਦਸਵੰਧ ਮੈਂ ਲੇਵੀ ਦੇ ਸਮੂਹ ਉੱਤਰਾਧਿਕਾਰੀਆਂ ਨੂੰ ਦਿੰਦਾ ਹਾਂ। ਇਹ ਉਨ੍ਹਾਂ ਦੇ ਮੰਡਲੀ ਵਾਲੇ ਤੰਬੂ ਵਿੱਚ ਕੀਤੇ ਕੰਮ ਦੀ ਤਨਖਾਹ ਹੈ। 22 ਪਰ ਇਸਰਾਏਲ ਦੇ ਹੋਰਨਾਂ ਲੋਕਾਂ ਵਿੱਚੋਂ ਕਿਸੇ ਨੂੰ ਵੀ ਮੰਡਲੀ ਵਾਲੇ ਤੰਬੂ ਦੇ ਨੇੜੇ ਨਹੀਂ ਜਾਣਾ ਚਾਹੀਦਾ। ਜੇ ਉਹ ਜਾਣਗੇ, ਤਾਂ ਉਨ੍ਹਾਂ ਨੂੰ ਅਵੱਸ਼ ਹੀ ਮਾਰ ਦਿੱਤਾ ਜਾਵੇ! 23 ਉਹ ਲੇਵੀ ਜਿਹੜੇ ਮੰਡਲੀ ਵਾਲੇ ਤੰਬੂ ਵਿੱਚ ਕੰਮ ਕਰਦੇ ਹਨ, ਉਨ੍ਹਾਂ ਨੂੰ ਇਸਦੇ ਵਿਰੁੱਧ ਕੀਤੇ ਗਏ ਕਿਸੇ ਵੀ ਪਾਪ ਦੀ ਸਜ਼ਾ ਭੁਗਤਣੀ ਚਾਹੀਦੀ ਹੈ। ਇਹ ਉਹ ਬਿਧੀ ਹੈ ਜਿਹੜੀ ਹਮੇਸ਼ਾ ਲਈ ਜਾਰੀ ਰਹੇਗੀ। ਲੇਵੀਆਂ ਨੂੰ ਕੋਈ ਜ਼ਮੀਨ ਨਹੀਂ ਮਿਲੇਗੀ ਜਿਸਦਾ ਮੈਂ ਇਸਰਾਏਲ ਦੇ ਹੋਰਨਾਂ ਲੋਕਾਂ ਨਾਲ ਇਕਰਾਰ ਕੀਤਾ ਸੀ। 24 ਪਰ ਇਸਰਾਏਲ ਦੇ ਲੋਕ ਆਪਣੀ ਹਰ ਚੀਜ਼ ਵਿੱਚੋਂ ਦਸਵੰਧ ਕੱਢ ਕੇ ਮੈਨੂੰ ਦੇਣਗੇ। ਅਤੇ ਮੈਂ ਉਹ ਦਸਵੰਧ ਲੇਵੀਆਂ ਨੂੰ ਦੇ ਦੇਵਾਂਗਾ। ਇਹੀ ਕਾਰਣ ਹੈ ਕਿ ਮੈਂ ਲੇਵੀਆਂ ਬਾਰੇ ਇਹ ਸ਼ਬਦ ਆਖੇ ਹਨ: ਉਨ੍ਹਾਂ ਲੋਕਾਂ ਨੂੰ ਉਸ ਧਰਤੀ ਦਾ ਕੋਈ ਹਿੱਸਾ ਨਹੀਂ ਮਿਲੇਗਾ ਜਿਸਦਾ ਮੈਂ ਇਸਰਾਏਲ ਦੇ ਲੋਕਾਂ ਨਾਲ ਇਕਰਾਰ ਕੀਤਾ ਸੀ।”
25 ਯਹੋਵਾਹ ਨੇ ਮੂਸਾ ਨੂੰ ਆਖਿਆ, 26 “ਲੇਵੀ ਲੋਕਾਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਦੱਸ: ਇਸਰਾਏਲ ਦੇ ਲੋਕ ਆਪਣੀ ਹਰ ਚੀਜ਼ ਵਿੱਚੋਂ ਦਸਵੰਧ ਕੱਢ ਕੇ ਯਹੋਵਾਹ ਨੂੰ ਦੇਣਗੇ। ਉਹ ਦਸਵੰਧ ਲੇਵੀ ਲੋਕਾਂ ਦਾ ਹੋਵੇਗਾ। ਪਰ ਤੁਹਾਨੂੰ ਉਸਦਾ ਦਸਵਾ ਹਿੱਸਾ ਯਹੋਵਾਹ ਨੂੰ ਭੇਟ ਵਜੋਂ ਦੇਣਾ ਚਾਹੀਦਾ। 27 ਜਦੋਂ ਫ਼ਸਲਾਂ ਦੀ ਵਾਢੀ ਹੋਵੇਗੀ, ਤੁਹਾਨੂੰ ਪੀਸੇ ਹੋਏ ਦਾਣਿਆ ਤੋਂ ਅਨਾਜ ਅਤੇ ਕੋਲੂ ਤੋਂ ਨਵੀਂ ਮੈਅ ਵੀ ਮਿਲੇਗੀ। ਫ਼ੇਰ ਇਹ ਵੀ ਤੁਹਾਡੀ ਯਹੋਵਾਹ ਨੂੰ ਭੇਟ ਹੋਵੇਗੀ। 28 ਇਸ ਤਰ੍ਹਾਂ ਤੁਸੀਂ ਵੀ ਇਸਰਾਏਲ ਦੇ ਹੋਰਨਾਂ ਲੋਕਾਂ ਵਾਂਗ ਯਹੋਵਾਹ ਨੂੰ ਭੇਟ ਚੜ੍ਹਾਉਗੇ। ਤੁਸੀਂ ਇਸਰਾਏਲ ਦੇ ਲੋਕਾਂ ਵੱਲੋਂ ਯਹੋਵਾਹ ਨੂੰ ਦਿੱਤੇ ਦਸਵੰਧ ਨੂੰ ਪ੍ਰਾਪਤ ਕਰੋਂਗੇ। ਫ਼ੇਰ ਤੁਸੀਂ ਉਸਦਾ ਦਸਵਾਂ ਹਿੱਸਾ ਜਾਜਕ ਹਾਰੂਨ ਨੂੰ ਦੇਵੋਂਗੇ। 29 ਜਦੋਂ ਤੁਹਾਨੂੰ ਇਸਰਾਏਲ ਦੇ ਲੋਕ ਆਪਣੀ ਹਰ ਚੀਜ਼ ਵਿੱਚੋਂ ਦਸਵੰਧ ਕੱਢ ਕੇ ਦੇਣ, ਤਾਂ ਤੁਹਾਨੂੰ ਉਨ੍ਹਾਂ ਚੀਜ਼ਾਂ ਵਿੱਚੋਂ ਸਭ ਤੋਂ ਉੱਤਮ ਅਤੇ ਪਵਿੱਤਰ ਹਿੱਸੇ ਦੀ ਚੋਣ ਕਰਨੀ ਚਾਹੀਦੀ ਹੈ। ਇਹ ਉਹ ਦਸਵੰਧ ਹੈ ਜਿਹੜਾ ਤੁਸੀਂ ਯਹੋਵਾਹ ਨੂੰ ਦਿੰਦੇ ਹੋ।
30 “ਮੂਸਾ, ਲੇਵੀ ਲੋਕਾਂ ਨੂੰ ਆਖ; ਇਸਰਾਏਲ ਦੇ ਲੋਕ ਤੁਹਾਨੂੰ ਆਪਣੀ ਫ਼ਸਲ ਅਤੇ ਆਪਣੀ ਮੈਅ ਵਿੱਚੋਂ ਦਸਵੰਧ ਕੱਢ ਕੇ ਦੇਣਗੇ। ਫ਼ੇਰ ਤੁਸੀਂ ਉਸਦਾ ਸਭ ਤੋਂ ਚੰਗਾ ਹਿੱਸਾ ਯਹੋਵਾਹ ਨੂੰ ਦੇਵੋਂਗੇ। 31 ਬਾਕੀ ਜੋ ਵੀ ਬਚੇ ਤੁਸੀਂ ਅਤੇ ਤੁਹਾਡੇ ਪਰਿਵਾਰ ਖਾ ਸੱਕਦੇ ਹਨ। ਇਹ ਤੁਹਾਡੀ ਮੰਡਲੀ ਵਾਲੇ ਤੰਬੂ ਵਿੱਚ ਕੀਤੀ ਸੇਵਾ ਦਾ ਫ਼ਲ ਹੈ। 32 ਤੇ ਜੇ ਤੁਸੀਂ ਹਮੇਸ਼ਾ ਇਸਦਾ ਸਭ ਤੋਂ ਚੰਗਾ ਹਿੱਸਾ ਯਹੋਵਾਹ ਨੂੰ ਭੇਟ ਕਰੋਂਗੇ ਤਾਂ ਤੁਸੀਂ ਕਦੇ ਵੀ ਦੋਸ਼ੀ ਨਹੀਂ ਹੋ ਸੱਕਦੇ। ਤੁਸੀਂ ਹਮੇਸ਼ਾ ਚੇਤੇ ਰੱਖੋਂਗੇ ਕਿ ਇਹ ਸੁਗਾਤਾਂ ਇਸਰਾਏਲ ਦੇ ਲੋਕਾਂ ਵੱਲੋਂ ਪਵਿੱਤਰ ਭੇਟਾ ਹਨ। ਅਤੇ ਤੁਸੀਂ ਮਾਰੇ ਨਹੀਂ ਜਾਵੋਂਗੇ।”
ਲਾਲ ਗਊ ਦੀ ਰਾਖ
19 ਯਹੋਵਾਹ ਨੇ ਮੂਸਾ ਅਤੇ ਹਾਰੂਨ ਨਾਲ ਗੱਲ ਕੀਤੀ। ਉਸ ਨੇ ਆਖਿਆ, 2 “ਇਹ ਬਿਧੀ ਉਨ੍ਹਾਂ ਬਿਵਸਥਾਵਾਂ ਵਿੱਚੋਂ ਹਨ ਜਿਹੜੀਆਂ ਯਹੋਵਾਹ ਨੇ ਇਸਰਾਏਲ ਦੇ ਲੋਕਾਂ ਨੂੰ ਦਿੱਤੀਆਂ ਸਨ। ਇੱਕ ਲਾਲ ਰੰਗ ਦੀ ਗਊ ਲਵੋ ਜਿਹੜੀ ਦੋਸ਼ ਰਹਿਤ ਹੋਵੇ। ਉਸ ਗਊ ਦੇ ਕੋਈ ਝਰੀਟਾ ਨਹੀਂ ਹੋਣੀਆਂ ਚਾਹੀਦੀਆਂ। ਅਤੇ ਉਸ ਗਊ ਉੱਤੇ ਕਦੇ ਵੀ ਪੰਜਾਲੀ ਨਹੀਂ ਪਾਈ ਹੋਣੀ ਚਾਹੀਦੀ। 3 ਉਹ ਗਊ ਜਾਜਕ ਅਲਆਜ਼ਾਰ ਨੂੰ ਦੇ ਦੇਵੋ। ਅਲਆਜ਼ਾਰ ਉਸ ਗਊ ਨੂੰ ਡੇਰੇ ਤੋਂ ਬਾਹਰ ਲੈ ਜਾਵੇਗਾ ਅਤੇ ਉੱਥੇ ਉਸ ਨੂੰ ਜ਼ਿਬਾਹ ਕਰ ਦੇਵੇਗਾ। 4 ਫ਼ੇਰ ਅਲਆਜ਼ਾਰ, ਜਾਜਕ ਨੂੰ ਇਸਦਾ ਕੁਝ ਖੂਨ ਆਪਣੀ ਉਂਗਲੀ ਉੱਤੇ ਲਾਉਣਾ ਚਾਹੀਦਾ ਹੈ ਅਤੇ ਇਸ ਨੂੰ ਮੰਡਲੀ ਵਾਲੇ ਤੰਬੂ ਵੱਲ ਛਿੜਕਣਾ ਚਾਹੀਦਾ ਹੈ। ਉਸ ਨੂੰ ਇਹ ਸੱਤ ਵਾਰੀ ਕਰਨਾ ਚਾਹੀਦਾ ਹੈ। 5 ਫ਼ੇਰ ਉਸ ਪੂਰੀ ਦੀ ਪੂਰੀ ਗਊ ਨੂੰ ਉਸ ਦੇ ਸਾਹਮਣੇ ਸਾੜ ਦੇਣਾ ਚਾਹੀਦਾ ਹੈ। ਚਮੜੀ, ਮਾਸ, ਖੂਨ ਅਤੇ ਅੰਤੜੀਆਂ ਸਭ ਸੜ ਜਾਣੀਆਂ ਚਾਹੀਦੀਆਂ ਹਨ। 6 ਫ਼ੇਰ ਜਾਜਕ ਨੂੰ ਇੱਕ ਦਿਆਰ ਦੇ ਰੁੱਖ ਦੀ ਸੋਟੀ, ਇੱਕ ਜ਼ੂਫ਼ੇ ਦੀ ਟਹਿਣੀ ਅਤੇ ਕੁਝ ਲਾਲ ਧਾਗਾ ਲੈਣਾ ਚਾਹੀਦਾ ਹੈ। ਜਾਜਕ ਨੂੰ ਚਾਹੀਦਾ ਹੈ ਕਿ ਜਦੋਂ ਗਊ ਸੜ ਰਹੀ ਹੋਵੇ ਤਾਂ ਇਨ੍ਹਾਂ ਚੀਜ਼ਾਂ ਨੂੰ ਅੱਗ ਵਿੱਚ ਸੁੱਟ ਦੇਵੇ। 7 ਫ਼ੇਰ ਜਾਜਕ ਨੂੰ ਆਪਣੇ ਸ਼ਰੀਰ ਨੂੰ ਪਾਣੀ ਨਾਲ ਧੋਣਾ ਚਾਹੀਦਾ ਹੈ, ਆਪਣੇ ਵਸਤਰ ਧੋ ਲੈਣੇ ਚਾਹੀਦੇ ਹਨ, ਅਤੇ ਆਪਣੇ ਡੇਰੇ ਅੰਦਰ ਵਾਪਸ ਆ ਜਾਣਾ ਚਾਹੀਦਾ ਹੈ। ਉਹ ਸ਼ਾਮ ਤੱਕ ਨਾਪਾਕ ਰਹੇਗਾ। 8 ਜਿਹੜਾ ਬੰਦਾ ਉਸ ਗਊ ਨੂੰ ਸਾੜਦਾ ਹੈ ਉਸ ਨੂੰ ਵੀ ਪਾਣੀ ਨਾਲ ਇਸ਼ਨਾਨ ਕਰ ਲੈਣਾ ਚਾਹੀਦਾ ਹੈ ਅਤੇ ਆਪਣੇ ਕੱਪੜੇ ਧੋ ਲੈਣੇ ਚਾਹੀਦੇ ਹਨ। ਉਹ ਵੀ ਸ਼ਾਮ ਤੱਕ ਅਪਵਿੱਤਰ ਰਹੇਗਾ।
9 “ਫ਼ੇਰ ਉਹ ਆਦਮੀ ਜਿਹੜਾ ਪਵਿੱਤਰ ਹੈ, ਗਊ ਦੀ ਰਾਖ ਇਕੱਠੀ ਕਰੇਗਾ। ਉਹ ਇਸ ਰਾਖ ਨੂੰ ਡੇਰੇ ਤੋਂ ਬਾਹਰ ਕਿਸੇ ਸਾਫ਼ ਥਾਂ ਉੱਤੇ ਰੱਖ ਦੇਵੇਗਾ। ਇਸ ਰਾਖ ਦੀ ਵਰਤੋਂ ਉਦੋਂ ਕੀਤੀ ਜਾਵੇਗੀ ਜਦੋਂ ਲੋਕਾਂ ਨੂੰ ਪਵਿੱਤਰ ਹੋਣ ਲਈ ਖਾਸ ਰਸਮ ਕਰਨ ਦੀ ਲੋੜ ਪਵੇਗੀ। ਇਸ ਰਾਖ ਦੀ ਵਰਤੋਂ ਕਿਸੇ ਬੰਦੇ ਦੇ ਪਾਪ ਦੂਰ ਕਰਨ ਲਈ ਵੀ ਕੀਤੀ ਜਾਵੇਗੀ।
10 “ਜਿਸ ਬੰਦੇ ਨੇ ਗਊ ਦੀ ਰਾਖ ਇਕੱਠੀ ਕੀਤੀ ਸੀ ਉਸ ਨੂੰ ਆਪਣੇ ਕੱਪੜੇ ਜ਼ਰੂਰ ਧੋ ਲੈਣੇ ਚਾਹੀਦੇ ਹਨ। ਉਹ ਸ਼ਾਮ ਤੱਕ ਅਪਵਿੱਤਰ ਰਹੇਗਾ।
“ਇਹ ਬਿਧੀ ਹਮੇਸ਼ਾ ਜਾਰੀ ਰਹੇਗੀ ਇਹ ਬਿਧੀ ਇਸਰਾਏਲ ਦੇ ਨਾਗਰਿਕਾਂ ਲਈ ਹੈ। ਅਤੇ ਇਹ ਬਿਧੀ ਤੁਹਾਡੇ ਵਿੱਚਕਾਰ ਰਹਿਣ ਵਾਲੇ ਵਿਦੇਸ਼ੀਆਂ ਲਈ ਵੀ ਹੈ। 11 ਜੇ ਕੋਈ ਬੰਦਾ ਕਿਸੇ ਲਾਸ਼ ਨੂੰ ਛੂਹ ਲੈਂਦਾ ਹੈ ਤਾਂ ਉਹ ਸੱਤਾਂ ਦਿਨਾਂ ਤੱਕ ਅਪਵਿੱਤਰ ਰਹੇਗਾ। 12 ਉਸ ਨੂੰ ਖਾਸ ਪਾਣੀ ਨਾਲ ਤੀਜੇ ਦਿਨ ਇਸ਼ਨਾਨ ਕਰਨਾ ਚਾਹੀਦਾ ਹੈ ਅਤੇ ਫ਼ੇਰ ਸੱਤਵੇਂ ਦਿਨ ਵੀ। ਜੇ ਉਹ ਅਜਿਹਾ ਨਹੀਂ ਕਰਦਾ ਤਾਂ ਉਹ ਅਪਵਿੱਤਰ ਰਹੇਗਾ। 13 ਜੇ ਕੋਈ ਬੰਦਾ ਕਿਸੇ ਮੁਰਦਾ ਸ਼ਰੀਰ ਨੂੰ ਛੂਹ ਲੈਂਦਾ ਹੈ ਤਾਂ ਉਹ ਬੰਦਾ ਅਪਵਿੱਤਰ ਹੋ ਜਾਂਦਾ ਹੈ। ਜੇ ਉਹ ਬੰਦਾ ਅਪਵਿੱਤਰ ਬਣਿਆ ਰਹਿੰਦਾ ਹੈ ਅਤੇ ਫ਼ੇਰ ਪਵਿੱਤਰ ਤੰਬੂ ਵਿੱਚ ਚੱਲਿਆ ਜਾਂਦਾ ਹੈ ਤਾਂ ਪਵਿੱਤਰ ਤੰਬੂ ਵੀ ਅਪਵਿੱਤਰ ਹੋ ਜਾਂਦਾ ਹੈ। ਇਸ ਲਈ ਉਸ ਬੰਦੇ ਨੂੰ ਇਸਰਾਏਲ ਦੇ ਲੋਕਾਂ ਨਾਲੋਂ ਵੱਖ ਕਰ ਦੇਣਾ ਚਾਹੀਦਾ ਹੈ। ਜੇ ਕਿਸੇ ਅਪਵਿੱਤਰ ਬੰਦੇ ਉੱਤੇ ਖਾਸ ਜਲ ਨਹੀਂ ਛਿੜਕਿਆ ਜਾਂਦਾ ਤਾਂ ਉਹ ਬੰਦਾ ਅਪਵਿੱਤਰ ਹੀ ਰਹੇਗਾ।
14 “ਇਹ ਬਿਧੀ ਉਨ੍ਹਾਂ ਲੋਕਾਂ ਲਈ ਹੈ ਜਿਹੜੇ ਆਪਣੇ ਤੰਬੂਆਂ ਅੰਦਰ ਮਾਰੇ ਜਾਂਦੇ ਹਨ। ਜੇ ਕੋਈ ਬੰਦਾ ਆਪਣੇ ਤੰਬੂ ਅੰਦਰ ਮਰ ਜਾਂਦਾ ਹੈ, ਤਾਂ ਉਸ ਤੰਬੂ ਦਾ ਹਰ ਬੰਦਾ ਅਪਵਿੱਤਰ ਹੋ ਜਾਵੇਗਾ। ਉਹ ਸੱਤਾਂ ਦਿਨਾ ਤੱਕ ਅਪਵਿੱਤਰ ਰਹਿਣਗੇ। 15 ਅਤੇ ਹਰ ਢੱਕਣ ਰਹਿਤ ਭਾਂਡਾ ਅਪਵਿੱਤਰ ਹੋ ਜਾਵੇਗਾ। 16 ਜੇ ਕੋਈ ਬੰਦਾ ਮੁਰਦਾ ਸ਼ਰੀਰ ਨੂੰ ਛੂਹ ਲੈਂਦਾ ਹੈ ਤਾਂ ਉਹ ਬੰਦਾ ਸੱਤਾਂ ਦਿਨਾਂ ਤੱਕ ਅਪਵਿੱਤਰ ਰਹੇਗਾ। ਇਹ ਬਿਧੀ ਲਾਗੂ ਹੋਵੇਗੀ ਜੇ ਮੁਰਦਾ ਸ਼ਰੀਰ ਬਾਹਰ ਖੇਤ ਵਿੱਚ ਪਿਆ ਹੋਇਆ ਹੈ ਜਾਂ ਜੇ ਉਹ ਬੰਦਾ ਜੰਗ ਵਿੱਚ ਮਰਿਆ ਹੈ। ਇਹ ਵੀ ਕਿ ਜੇ ਕੋਈ ਕਿਸੇ ਮੁਰਦੇ ਦੀਆਂ ਹੱਡੀਆਂ ਨੂੰ ਹੱਥ ਲਾਉਂਦਾ ਹੈ ਤਾਂ ਉਹ ਬੰਦਾ ਅਪਵਿੱਤਰ ਹੋ ਜਾਂਦਾ ਹੈ।
17 “ਇਸ ਲਈ ਤੁਹਾਨੂੰ ਸੜੀ ਹੋਈ ਗਊ ਦੀ ਰਾਖ ਵਰਤਕੇ ਉਸ ਬੰਦੇ ਨੂੰ ਫ਼ੇਰ ਤੋਂ ਪਵਿੱਤਰ ਕਰਨਾ ਚਾਹੀਦਾ ਹੈ। ਕਿਸੇ ਮਰਤਬਾਨ ਵਿੱਚ ਰਾਖ ਪਾਕੇ ਉਸ ਉੱਤੇ ਤਾਜ਼ਾ ਪਾਣੀ ਛਿੜਕੋ। 18 ਕਿਸੇ ਪਵਿੱਤਰ ਬੰਦੇ ਨੂੰ ਜ਼ੂਫ਼ੇ ਦੀ ਟਹਿਣੀ ਪਾਣੀ ਵਿੱਚ ਡੁਬੋਣੀ ਚਾਹੀਦੀ ਹੈ। ਫ਼ੇਰ ਉਸ ਨੂੰ ਇਸ ਰਾਹੀਂ ਤੰਬੂ, ਪਲੇਟਾਂ ਅਤੇ ਉਨ੍ਹਾਂ ਬੰਦਿਆਂ ਉੱਤੇ ਪਾਣੀ ਛਿੜਕਣਾ ਚਾਹੀਦਾ ਹੈ ਜਿਹੜੇ ਤੰਬੂ ਵਿੱਚ ਸਨ। ਤੁਹਾਨੂੰ ਅਜਿਹਾ ਹਰ ਕਿਸੇ ਉਸ ਬੰਦੇ ਨਾਲ ਵੀ ਕਰਨਾ ਚਾਹੀਦਾ ਹੈ ਜਿਹੜਾ ਕਿਸੇ ਮੁਰਦਾ ਸ਼ਰੀਰ ਨੂੰ ਛੂਹ ਲੈਂਦਾ ਹੈ। ਤੁਹਾਨੂੰ ਅਜਿਹਾ ਉਸ ਬੰਦੇ ਨਾਲ ਵੀ ਕਰਨਾ ਚਾਹੀਦਾ ਹੈ ਜਿਹੜਾ ਕਿਸੇ ਜੰਗ ਵਿੱਚ ਮਰੇ ਹੋਏ ਬੰਦੇ ਨੂੰ ਛੂੰਹਦਾ ਹੈ ਅਤੇ ਉਸ ਨਾਲ ਵੀ, ਜਿਹੜਾ ਕਿਸੇ ਕਬਰ ਜਾਂ ਮੁਰਦਾ ਸ਼ਰੀਰ ਦੀਆਂ ਹੱਡੀਆਂ ਨੂੰ ਛੂੰਹਦਾ ਹੈ।
19 “ਫ਼ੇਰ ਕਿਸੇ ਪਵਿੱਤਰ ਬੰਦੇ ਨੂੰ ਇਹ ਪਾਣੀ, ਉਸ ਅਪਵਿੱਤਰ ਬੰਦੇ ਉੱਤੇ, ਤੀਸਰੇ ਦਿਨ ਅਤੇ ਫ਼ੇਰ ਸੱਤਵੇਂ ਦਿਨ ਜ਼ਰੂਰ ਛਿੜਕਨਾ ਚਾਹੀਦਾ ਹੈ। ਸੱਤਵੇਂ ਦਿਨ ਉਹ ਬੰਦਾ ਪਵਿੱਤਰ ਹੋ ਜਾਵੇਗਾ। ਉਸ ਨੂੰ ਆਪਣੇ ਵਸਤਰ ਪਾਣੀ ਨਾਲ ਧੋਣੇ ਚਾਹੀਦੇ ਹਨ। ਉਹ ਸ਼ਾਮ ਨੂੰ ਪਵਿੱਤਰ ਹੋ ਜਾਣਗੇ।
20 “ਜੇ ਕੋਈ ਬੰਦਾ ਅਪਵਿੱਤਰ ਹੋ ਜਾਂਦਾ ਹੈ ਅਤੇ ਪਵਿੱਤਰ ਨਹੀਂ ਕੀਤਾ ਜਾਂਦਾ, ਤਾਂ ਉਸ ਬੰਦੇ ਨੂੰ ਇਸਰਾਏਲ ਦੇ ਲੋਕਾਂ ਨਾਲੋਂ ਵੱਖ ਕਰ ਦੇਣਾ ਚਾਹੀਦਾ ਹੈ। ਉਸ ਬੰਦੇ ਉੱਤੇ ਖਾਸ ਜਲ ਨਹੀਂ ਛਿੜਕਿਆ ਗਿਆ ਸੀ। ਉਹ ਪਵਿੱਤਰ ਨਹੀਂ ਹੋਇਆ ਸੀ। ਇਸ ਲਈ ਹੋ ਸੱਕਦਾ ਹੈ ਕਿ ਉਹ ਪਵਿੱਤਰ ਤੰਬੂ ਨੂੰ ਹੀ ਅਪਵਿੱਤਰ ਕਰ ਦੇਵੇ। 21 ਇਹ ਬਿਧੀ ਤੁਹਾਡੇ ਲਈ ਸਦਾ ਵਾਸਤੇ ਹੋਵੇਗੀ। ਜੇ ਕਿਸੇ ਬੰਦੇ ਉੱਤੇ ਖਾਸ ਜਲ ਛਿੜਕਿਆ ਜਾਂਦਾ ਹੈ ਤਾਂ ਉਸ ਨੂੰ ਆਪਣੇ ਵਸਤਰ ਵੀ ਧੋ ਲੈਣੇ ਚਾਹੀਦੇ ਹਨ। ਜਿਹੜਾ ਵੀ ਕੋਈ ਬੰਦਾ ਖਾਸ ਜਲ ਨੂੰ ਛੂੰਹਦਾ ਹੈ ਉਹ ਸ਼ਾਮ ਤੱਕ ਅਪਵਿੱਤਰ ਰਹੇਗਾ। 22 ਜੇ ਕੋਈ ਅਪਵਿੱਤਰ ਬੰਦਾ ਕਿਸੇ ਪਵਿੱਤਰ ਬੰਦੇ ਨੂੰ ਛੂਹ ਲੈਂਦਾ ਹੈ ਤਾਂ ਉਹ ਦੂਸਰਾ ਬੰਦਾ ਵੀ ਅਪਵਿੱਤਰ ਹੋ ਜਾਂਦਾ ਹੈ। ਉਹ ਬੰਦਾ ਸ਼ਾਮ ਤੱਕ ਅਪਵਿੱਤਰ ਰਹੇਗਾ।”
ਮਿਰਯਮ ਦੀ ਮੌਤ
20 ਪਹਿਲੇ ਮਹੀਨੇ ਵਿੱਚ ਇਸਰਾਏਲ ਦੇ ਸਾਰੇ ਲੋਕ ਸੀਨਈ ਮਾਰੂਥਲ ਪਹੁੰਚ ਗਏ। ਉਹ ਕਾਦੇਸ਼ ਵਿੱਚ ਠਹਿਰੇ। ਮਿਰਯਮ ਮਰ ਗਈ ਅਤੇ ਉੱਥੇ ਦਫ਼ਨਾਈ ਗਈ।
ਮੂਸਾ ਇੱਕ ਗਲਤੀ ਕਰਦਾ ਹੈ
2 ਉਸ ਥਾਂ ਲੋਕਾਂ ਲਈ ਪੀਣ ਵਾਸਤੇ ਕਾਫ਼ੀ ਪਾਣੀ ਨਹੀਂ ਸੀ। ਇਸ ਲਈ ਲੋਕ ਇਕੱਠੇ ਹੋਕੇ ਮੂਸਾ ਅਤੇ ਹਾਰੂਨ ਕੋਲ ਸ਼ਿਕਾਇਤਾ ਲੈ ਕੇ ਆ ਗਏ। 3 ਲੋਕਾਂ ਨੇ ਮੂਸਾ ਨਾਲ ਝਗੜਾ ਕੀਤਾ। ਉਨ੍ਹਾਂ ਨੇ ਆਖਿਆ, “ਸ਼ਾਇਦ ਸਾਨੂੰ ਵੀ ਆਪਣੇ ਹੋਰਨਾ ਭਰਾਵਾਂ ਵਾਂਗ ਯਹੋਵਾਹ ਦੇ ਸਾਹਮਣੇ ਮਰ ਜਾਣਾ ਚਾਹੀਦਾ ਹੈ। 4 ਤੁਸੀਂ ਯਹੋਵਾਹ ਦੇ ਬੰਦਿਆਂ ਨੂੰ ਇਸ ਮਾਰੂਥਲ ਅੰਦਰ ਕਿਉਂ ਲੈ ਕੇ ਆਏ ਹੋ? ਕੀ ਤੁਸੀਂ ਚਾਹੁੰਦੇ ਹੋ ਕਿ ਅਸੀਂ ਅਤੇ ਸਾਡੇ ਪਸ਼ੂ ਇੱਥੇ ਮਰ ਜਾਈਏ? 5 ਤੁਸੀਂ ਸਾਨੂੰ ਮਿਸਰ ਵਿੱਚੋਂ ਕਿਉਂ ਲੈ ਕੇ ਆਏ? ਤੁਸੀਂ ਸਾਨੂੰ ਇੱਥੇ ਭੈੜੀ ਥਾਂ ਉੱਤੇ ਕਿਉਂ ਲੈ ਕੇ ਆਏ। ਇੱਥੇ ਕੋਈ ਅਨਾਜ ਨਹੀਂ। ਇੱਥੇ ਕੋਈ ਅੰਜੀਰ ਨਹੀਂ ਅਤੇ ਨਾ ਕੋਈ ਅੰਗੂਰ ਜਾਂ ਅਨਾਰ ਹਨ। ਅਤੇ ਇੱਥੇ ਪੀਣ ਲਈ ਪਾਣੀ ਵੀ ਨਹੀਂ।”
6 ਇਸ ਲਈ ਮੂਸਾ ਅਤੇ ਹਾਰੂਨ ਲੋਕਾਂ ਦੀ ਭੀੜ ਨੂੰ ਛੱਡ ਕੇ ਮੰਡਲੀ ਵਾਲੇ ਤੰਬੂ ਵੱਲ ਚੱਲੇ ਗਏ। ਉਹ ਆਪਣੇ ਮੂੰਹ ਹੇਠਾਂ ਜ਼ਮੀਨ ਵੱਲ ਕਰਕੇ ਝੁਕ ਗਏ ਅਤੇ ਉਨ੍ਹਾਂ ਨੇ ਯਹੋਵਾਹ ਦਾ ਪਰਤਾਪ ਵੇਖਿਆ।
7 ਯਹੋਵਾਹ ਨੇ ਮੂਸਾ ਨਾਲ ਗੱਲ ਕੀਤੀ। ਉਸ ਨੇ ਆਖਿਆ, 8 “ਚੱਲਣ ਵਾਲੀ ਖਾਸ ਰੋਟੀ ਲੈ ਆ। ਆਪਣੇ ਭਰਾ ਹਾਰੂਨ ਨੂੰ ਅਤੇ ਲੋਕਾਂ ਦੀ ਭੀੜ ਨੂੰ ਨਾਲ ਲੈ ਕੇ ਉਸ ਚੱਟਾਨ ਵੱਲ ਜਾ। ਲੋਕਾਂ ਦੇ ਸਾਹਮਣੇ ਚੱਟਾਨ ਨਾਲ ਗੱਲ ਕਰ, ਫ਼ੇਰ ਇਸ ਵਿੱਚੋਂ ਪਾਣੀ ਵਗ ਤੁਰੇਗਾ। ਤੂੰ ਉਹ ਪਾਣੀ ਲੋਕਾਂ ਨੂੰ ਅਤੇ ਉਨ੍ਹਾਂ ਦੇ ਪਸ਼ੂਆਂ ਨੂੰ ਦੇ ਸੱਕਦਾ ਹੈ।”
9 ਚੱਲਣ ਵਾਲੀ ਸੋਟੀ ਯਹੋਵਾਹ ਦੇ ਸਾਹਮਣੇ ਪਵਿੱਤਰ ਤੰਬੂ ਵਿੱਚ ਸੀ। ਮੂਸਾ ਨੇ ਯਹੋਵਾਹ ਦੇ ਕਹੇ ਅਨੁਸਾਰ ਸੋਟੀ ਚੁੱਕ ਲਈ। 10 ਮੂਸਾ ਅਤੇ ਹਾਰੂਨ ਨੇ ਲੋਕਾਂ ਨੂੰ ਚੱਟਾਨ ਦੇ ਸਾਹਮਣੇ ਇਕੱਠੇ ਹੋਣ ਲਈ ਆਖਿਆ। ਫ਼ੇਰ ਮੂਸਾ ਨੇ ਆਖਿਆ, “ਤੁਸੀਂ ਲੋਕ ਹਮੇਸ਼ਾ ਸ਼ਿਕਾਇਤਾਂ ਕਰਦੇ ਰਹਿੰਦੇ ਹੋ। ਹੁਣ ਮੇਰੀ ਗੱਲ ਸੁਣੋ। ਮੈਂ ਇਸ ਚੱਟਾਨ ਅੰਦਰੋਂ ਪਾਣੀ ਵਗਾਵਾਂਗਾ।” 11 ਮੂਸਾ ਨੇ ਆਪਣੀ ਬਾਂਹ ਚੁੱਕੀ ਅਤੇ ਦੋ ਵਾਰ ਚੱਟਾਨ ਉੱਤੇ ਚੋਟ ਕੀਤੀ। ਚੱਟਾਨ ਵਿੱਚੋਂ ਪਾਣੀ ਵਗਣ ਲੱਗ ਪਿਆ। ਅਤੇ ਲੋਕਾਂ ਨੇ ਅਤੇ ਲੋਕਾਂ ਦੇ ਪਸ਼ੂਆਂ ਨੇ ਉਹ ਪਾਣੀ ਪੀਤਾ।
12 ਪਰ ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਆਖਿਆ, “ਸਾਰੇ ਇਸਰਾਏਲ ਦੇ ਲੋਕ ਜਮ੍ਹਾ ਸਨ। ਪਰ ਤੁਸੀਂ ਮੇਰੇ ਲਈ ਆਦਰ ਨਹੀਂ ਪ੍ਰਗਟ ਕੀਤਾ। ਤੁਸੀਂ ਇਸਰਾਏਲ ਦੇ ਲੋਕਾਂ ਨੂੰ ਇਹ ਨਹੀਂ ਦਰਸਾਇਆ ਕਿ ਪਾਣੀ ਪੈਦਾ ਕਰਨ ਦੀ ਸ਼ਕਤੀ ਮੇਰੇ ਅੰਦਰ ਸੀ। ਤੁਸੀਂ ਲੋਕਾਂ ਨੂੰ ਇਹ ਨਹੀਂ ਦਰਸਾਇਆ ਕਿ ਤੁਹਾਨੂੰ ਮੇਰੇ ਉੱਤੇ ਭਰੋਸਾ ਸੀ। ਮੈਂ ਉਨ੍ਹਾਂ ਲੋਕਾਂ ਨੂੰ ਇਹ ਨਹੀਂ ਦਰਸਾਇਆ ਕਿ ਤੁਹਾਨੂੰ ਤੇਰੇ ਉੱਤੇ ਭਰੋਸਾ ਸੀ। ਮੈਂ ਉਨ੍ਹਾਂ ਲੋਕਾਂ ਨੂੰ ਉਹ ਧਰਤੀ ਦੇਵਾਂਗਾ ਜਿਸਦਾ ਮੈਂ ਉਨ੍ਹਾਂ ਨਾਲ ਇਕਰਾਰ ਕੀਤਾ ਸੀ। ਪਰ ਤੁਸੀਂ ਉਨ੍ਹਾਂ ਦੀ ਉਸ ਧਰਤੀ ਉੱਤੇ ਅਗਵਾਈ ਨਹੀਂ ਕਰੋਂਗੇ।”
13 ਇਸ ਸਥਾਨ ਦਾ ਨਾਮ ਮਰੀਬਾਹ ਦੇ ਪਾਣੀ ਸੀ। ਇਹੀ ਉਹ ਥਾਂ ਸੀ ਜਿੱਥੇ ਇਸਰਾਏਲ ਦੇ ਲੋਕਾਂ ਨੇ ਯਹੋਵਾਹ ਨਾਲ ਝਗੜਾ ਕੀਤਾ ਸੀ। ਅਤੇ ਇਹੀ ਉਹ ਥਾਂ ਸੀ ਜਿੱਥੇ ਯਹੋਵਾਹ ਨੇ ਉਨ੍ਹਾਂ ਨੂੰ ਦਰਸਾ ਦਿੱਤਾ ਸੀ ਕਿ ਉਹ ਪਵਿੱਤਰ ਸੀ।
ਅਦੋਮ ਇਸਰਾਏਲ ਨੂੰ ਲੰਘਣ ਨਹੀਂ ਦਿੰਦਾ
14 ਜਦੋਂ ਮੂਸਾ ਕਾਦੇਸ਼ ਵਿੱਚ ਸੀ ਉਸ ਨੇ ਕੁਝ ਆਦਮੀਆਂ ਨੂੰ ਸੰਦੇਸ਼ ਦੇਕੇ ਅਦੋਮ ਦੇ ਰਾਜੇ ਵੱਲ ਭੇਜਿਆ। ਸੰਦੇਸ਼ ਵਿੱਚ ਆਖਿਆ ਗਿਆ ਸੀ:
“ਤੁਹਾਡੇ ਭਰਾ, ਇਸਰਾਏਲ ਦੇ ਲੋਕ ਤੁਹਾਨੂੰ ਆਖਦੇ ਹਨ: ਤੁਸੀਂ ਜਾਣਦੇ ਹੋ ਕਿ ਅਸੀਂ ਕੀ-ਕੀ ਮੁਸੀਬਤਾਂ ਝੱਲੀਆਂ ਹਨ। 15 ਬਹੁਤ ਵਰ੍ਹੇ ਪਹਿਲਾਂ, ਸਾਡੇ ਪੁਰਖੇ ਮਿਸਰ ਨੂੰ ਗਏ ਸਨ ਅਤੇ ਅਸੀਂ ਉੱਥੇ ਕਾਫ਼ੀ ਵਰ੍ਹੇ ਰਹੇ। ਮਿਸਰੀ ਸਾਡੇ ਨਾਲ ਅਤੇ ਸਾਡੇ ਪੁਰਖਿਆਂ ਨਾਲ ਬੁਰਾ ਵਿਹਾਰ ਕਰ ਰਹੇ ਸਨ। 16 ਪਰ ਅਸੀਂ ਯਹੋਵਾਹ ਪਾਸੋਂ ਸਹਾਇਤਾ ਮੰਗੀ ਯਹੋਵਾਹ ਨੇ ਸਾਡੀ ਫ਼ਰਿਆਦ ਸੁਣੀ ਅਤੇ ਸਾਡੀ ਸਹਾਇਤਾ ਲਈ ਇੱਕ ਦੂਤ ਨੂੰ ਭੇਜਿਆ। ਯਹੋਵਾਹ ਸਾਨੂੰ ਮਿਸਰ ਵਿੱਚੋਂ ਬਾਹਰ ਲੈ ਆਇਆ ਹੈ।
“ਹੁਣ ਅਸੀਂ ਕਾਦੇਸ਼ ਵਿੱਚ ਹਾਂ ਜਿੱਥੇ ਤੁਹਾਡੀ ਧਰਤੀ ਸ਼ੁਰੂ ਹੁੰਦੀ ਹੈ। 17 ਕਿਰਪਾ ਕਰਕੇ ਸਾਨੂੰ ਆਪਣੀ ਧਰਤੀ ਵਿੱਚੋਂ ਲੰਘ ਲੈਣ ਦਿਉ। ਅਸੀਂ ਖੇਤਾਂ ਜਾਂ ਅੰਗੂਰਾਂ ਦੇ ਬਗੀਚਿਆਂ ਵਿੱਚੋਂ ਨਹੀਂ ਲੰਘਾਂਗੇ। ਅਸੀਂ ਤੁਹਾਡੇ ਕਿਸੇ ਵੀ ਖੂਹ ਦਾ ਪਾਣੀ ਨਹੀਂ ਪੀਵਾਂਗੇ। ਅਸੀਂ ਸਿਰਫ਼ ਸ਼ਾਹੀ ਸੜਕ ਉੱਤੋਂ ਦੀ ਲੰਘਾਗੇ। ਅਸੀਂ ਇਹ ਸੜਕ ਛੱਡ ਕੇ ਸੱਜੇ ਜਾਂ ਖੱਬੇ ਨਹੀਂ ਹੋਵਾਂਗੇ। ਤੁਹਾਡੇ ਦੇਸ਼ ਵਿੱਚੋਂ ਗੁਜ਼ਰਦੇ ਹੋਏ ਇਸ ਨੂੰ ਪਾਰ ਕਰ ਜਾਣ ਤੀਕ ਸੜਕ ਉੱਤੇ ਹੀ ਚੱਲਾਂਗੇ।”
18 ਪਰ ਅਦੋਮ ਦੇ ਰਾਜੇ ਨੇ ਜਵਾਬ ਦਿੱਤਾ, “ਤੁਸੀਂ ਸਾਡੇ ਦੇਸ਼ ਵਿੱਚੋਂ ਨਾ ਲੰਘੇ। ਜੇ ਤੁਸੀਂ ਸਾਡੇ ਦੇਸ਼ ਵਿੱਚੋਂ ਹੋਕੇ ਗੁਜਰੋਂਗੇ, ਤਾਂ ਅਸੀਂ ਆਕੇ ਤੁਹਾਡੇ ਨਾਲ ਤਲਵਾਰਾ ਨਾਲ ਜੰਗ ਕਰਾਂਗੇ।”
19 ਇਸਰਾਏਲ ਦੇ ਲੋਕਾਂ ਨੇ ਜਵਾਬ ਦਿੱਤਾ, “ਅਸੀਂ ਮੁੱਖ ਸੜਕ ਉੱਤੋਂ ਦੀ ਲੰਘਾਗੇ। ਜੇਕਰ ਅਸੀਂ ਜਾਂ ਸਾਡੇ ਪਸ਼ੂ ਤੁਹਾਡਾ ਪਾਣੀ ਪੀਣਗੇ ਤਾਂ ਅਸੀਂ ਇਸਦਾ ਮੁੱਲ ਤਾਰਾਂਗੇ। ਅਸੀਂ ਸਿਰਫ਼ ਤੁਹਾਡੇ ਦੇਸ਼ ਵਿੱਚੋਂ ਲੰਘਣਾ ਚਾਹੁੰਦੇ ਹਾਂ ਅਤੇ ਇਸ ਨੂੰ ਆਪਣੇ ਲਈ ਜਿੱਤਣਾ ਨਹੀਂ ਚਾਹੁੰਦੇ।”
20 ਪਰ ਅਦੋਮ ਨੇ ਫ਼ੇਰ ਜਵਾਬ ਦਿੱਤਾ, “ਅਸੀਂ ਤੁਹਾਨੂੰ ਆਪਣੇ ਦੇਸ਼ ਵਿੱਚ ਨਹੀਂ ਵੜਨ ਦਿਆਂਗੇ।”
ਫ਼ੇਰ ਅਦੋਮ ਦੇ ਰਾਜੇ ਨੇ ਬਹੁਤ ਸ਼ਕਤੀਸ਼ਾਲੀ ਫ਼ੌਜ ਇਕੱਠੀ ਕੀਤੀ ਅਤੇ ਇਸਰਾਏਲ ਦੇ ਲੋਕਾਂ ਨਾਲ ਲੜਨ ਲਈ ਚੱਲਾ ਗਿਆ। 21 ਅਦੋਮ ਦੇ ਰਾਜੇ ਨੇ ਇਸਰਾਏਲ ਦੇ ਲੋਕਾਂ ਨੂੰ ਆਪਣੇ ਦੇਸ਼ ਵਿੱਚੋਂ ਲੰਘਣ ਤੋਂ ਇਨਕਾਰ ਕਰ ਦਿੱਤਾ। ਅਤੇ ਇਸਰਾਏਲ ਦੇ ਲੋਕ ਹੋਰ ਪਾਸੇ ਮੁੜ ਪਏ ਅਤੇ ਹੋਰ ਰਾਹ ਚੱਲੇ ਗਏ।
ਹਾਰੂਨ ਦੀ ਮੌਤ
22 ਇਸਰਾਏਲ ਦੇ ਸਾਰੇ ਲੋਕ ਕਾਦੇਸ਼ ਤੋਂ ਚੱਲ ਕੇ “ਹੋਰ ਪਹਾੜੀ” ਵੱਲ ਚੱਲੇ ਗਏ। 23 “ਹੋਰ ਪਹਾੜੀ” ਅਦੋਮ ਦੀ ਸੀਮਾ ਲਾਗੇ ਸੀ। ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਆਖਿਆ, 24 “ਹੁਣ ਹਾਰੂਨ ਦੇ ਦੇਹਾਂਤ ਦਾ ਸਮਾਂ ਆ ਗਿਆ ਹੈ ਅਤੇ ਉਸ ਦੇ ਪੁਰਖਿਆਂ ਕੋਲ ਪਹੁੰਚਣ ਦਾ ਵੇਲਾ ਆ ਗਿਆ ਹੈ। ਹਾਰੂਨ ਉਸ ਧਰਤੀ ਵਿੱਚ ਦਾਖਲ ਨਹੀਂ ਹੋਵੇਗਾ ਜਿਸਦਾ ਮੈਂ ਇਸਰਾਏਲ ਦੇ ਲੋਕਾਂ ਨਾਲ ਇਕਰਾਰ ਕੀਤਾ ਹੈ। ਮੂਸਾ, ਇਹ ਗੱਲ ਮੈਂ ਤੈਨੂੰ ਆਖਦਾ ਹਾਂ ਕਿਉਂਕਿ ਤੂੰ ਅਤੇ ਹਾਰੂਨ ਦੋਹਾਂ ਨੇ ਮੇਰੇ ਉਸ ਆਦੇਸ਼ ਦੀ ਪੂਰੀ ਤਰ੍ਹਾਂ ਪਾਲਣਾ ਨਹੀਂ ਕੀਤੀ ਸੀ ਜਿਹੜਾ ਮੈਂ ਤੁਹਾਨੂੰ ਮਰੀਬਾਹ ਦੇ ਪਾਣੀਆਂ ਕੰਢੇ ਦਿੱਤਾ ਸੀ।
25 “ਹੁਣ, ਹਾਰੂਨ ਅਤੇ ਉਸ ਦੇ ਪੁੱਤਰ ਅਲਆਜ਼ਾਰ ਨੂੰ ‘ਹੋਰ ਪਹਾੜੀ’ ਉੱਪਰ ਲੈ ਆ। 26 ਹਾਰੂਨ ਦੇ ਖਾਸ ਵਸਤਰ ਉਸ ਕੋਲੋਂ ਲੈ ਅਤੇ ਇਨ੍ਹਾਂ ਨੂੰ ਉਸ ਦੇ ਪੁੱਤਰ ਅਲਆਜ਼ਾਰ ਨੂੰ ਪਹਿਨਾ ਦੇ, ਹਾਰੂਨ ਉੱਥੇ ਪਹਾੜੀ ਉੱਤੇ ਮਰ ਜਾਵੇਗਾ। ਅਤੇ ਉਹ ਆਪਣੇ ਪੁਰਖਿਆਂ ਕੋਲ ਚੱਲਾ ਜਾਵੇਗਾ।”
27 ਮੂਸਾ ਨੇ ਯਹੋਵਾਹ ਦਾ ਆਦੇਸ਼ ਮੰਨ ਲਿਆ। ਮੂਸਾ, ਹਾਰੂਨ ਅਤੇ ਅਲਆਜ਼ਾਰ ਹੋਰ ਪਹਾੜੀ ਉੱਪਰ ਚੱਲੇ ਗਏ। ਇਸਰਾਏਲ ਦੇ ਸਮੂਹ ਲੋਕਾਂ ਨੇ ਉਨ੍ਹਾਂ ਨੂੰ ਜਾਂਦਿਆ ਦੇਖਿਆ। 28 ਮੂਸਾ ਨੇ ਹਾਰੂਨ ਦੇ ਖਾਸ ਵਸਤਰ ਉਤਾਰ ਲਈ ਅਤੇ ਇਹ ਵਸਤਰ ਹਾਰੂਨ ਦੇ ਪੁੱਤਰ ਅਲਆਜ਼ਾਰ ਨੂੰ ਪਹਿਨਾ ਦਿੱਤੇ। ਫ਼ੇਰ ਹਾਰੂਨ ਪਹਾੜੀ ਦੀ ਚੋਟੀ ਉੱਤੇ ਜਾਕੇ ਮਰ ਗਿਆ। ਮੂਸਾ ਅਤੇ ਅਲਆਜ਼ਾਰ ਪਹਾੜੀ ਤੋਂ ਹੇਠਾਂ ਉੱਤਰ ਆਏ। 29 ਇਸਰਾਏਲ ਦੇ ਸਮੂਹ ਲੋਕਾਂ ਨੂੰ ਪਤਾ ਲੱਗ ਗਿਆ ਕਿ ਹਾਰੂਨ ਮਰ ਚੁੱਕਿਆ। ਇਸ ਲਈ ਇਸਰਾਏਲ ਦੇ ਹਰ ਬੰਦੇ ਨੇ 30 ਦਿਨਾਂ ਦਾ ਸੋਗ ਮਨਾਇਆ।
ਕਨਾਨੀਆਂ ਨਾਲ ਯੁੱਧ
21 ਆਰਾਦ ਦਾ ਕਨਾਨੀ ਰਾਜਾ ਨੇਗੇਵ ਵਿੱਚ ਰਹਿੰਦਾ ਸੀ। ਉਸ ਨੇ ਸੁਣਿਆ ਕਿ ਇਸਰਾਏਲ ਦੇ ਲੋਕ ਅਥਾਰੀਮ ਨੂੰ ਜਾਣ ਵਾਲੀ ਸੜਕ ਉੱਤੇ ਆ ਰਹੇ ਸਨ। ਇਸ ਲਈ ਰਾਜੇ ਨੇ ਬਾਹਰ ਆਕੇ ਇਸਰਾਏਲ ਦੇ ਲੋਕਾਂ ਉੱਤੇ ਹਮਲਾ ਕਰ ਦਿੱਤਾ। ਉਸ ਨੇ ਕੁਝ ਲੋਕਾਂ ਨੂੰ ਫ਼ੜਕੇ ਬੰਦੀ ਬਣਾ ਲਿਆ। 2 ਤਾਂ ਇਸਰਾਏਲ ਦੇ ਲੋਕਾਂ ਨੇ ਯਹੋਵਾਹ ਨਾਲ ਇੱਕ ਖਾਸ ਇਕਰਾਰ ਕੀਤਾ: “ਯਹੋਵਾਹ, ਇਨ੍ਹਾਂ ਲੋਕਾਂ ਨੂੰ ਹਰਾਉਣ ਵਿੱਚ ਸਾਡੀ ਸਹਾਇਤਾ ਕਰ। ਜੇ ਤੂੰ ਅਜਿਹਾ ਕੀਤਾ, ਤਾਂ ਅਸੀਂ ਉਨ੍ਹਾਂ ਦੇ ਸ਼ਹਿਰ ਤੈਨੂੰ ਅਰਪਣ ਕਰ ਦਿਆਂਗੇ। ਅਸੀਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿਆਂਗੇ।”
3 ਯਹੋਵਾਹ ਨੇ ਇਸਰਾਏਲ ਦੇ ਲੋਕਾਂ ਦੀ ਗੱਲ ਸੁਣੀ। ਅਤੇ ਯਹੋਵਾਹ ਨੇ ਇਸਰਾਏਲ ਦੇ ਲੋਕਾਂ ਦੀ ਕਨਾਨੀ ਲੋਕਾਂ ਨੂੰ ਹਰਾਉਣ ਵਿੱਚ ਮਦਦ ਕੀਤੀ। ਇਸਰਾਏਲ ਦੇ ਲੋਕਾਂ ਨੇ ਕਨਾਨੀ ਲੋਕਾਂ ਅਤੇ ਉਨ੍ਹਾਂ ਦੇ ਸ਼ਹਿਰਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਇਸ ਲਈ ਉਸ ਸਥਾਨ ਦਾ ਨਾਮ ਹਾਰਮਾਹ ਰੱਖ ਦਿੱਤਾ ਗਿਆ।
ਕਾਂਸੇ ਦਾ ਸੱਪ
4 ਇਸਰਾਏਲ ਦੇ ਲੋਕ ਹੋਰ ਪਰਬਤ ਨੂੰ ਛੱਡ ਕੇ ਲਾਲ ਸਾਗਰ ਵੱਲ ਜਾਂਦੀ ਸੜਕ ਉੱਤੇ ਚੱਲ ਪਏ। ਉਨ੍ਹਾਂ ਨੇ ਅਜਿਹਾ ਅਦੋਮ ਦੇ ਦੇਸ਼ ਦੇ ਆਲੇ-ਦੁਆਲੇ ਜਾਣ ਲਈ ਕੀਤਾ। ਪਰ ਲੋਕ ਅਧੀਰ ਹੋ ਉੱਠੇ। 5 ਲੋਕਾਂ ਨੇ ਮੂਸਾ ਅਤੇ ਪਰਮੇਸ਼ੁਰ ਦੇ ਖਿਲਾਫ਼ ਬੋਲਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਆਖਿਆ, “ਤੁਸੀਂ ਸਾਨੂੰ ਇੱਥੇ ਮਾਰੂਥਲ ਵਿੱਚ ਮਰਨ ਵਾਸਤੇ ਮਿਸਰ ਵਿੱਚੋਂ ਬਾਹਰ ਕਿਉਂ ਲੈ ਕੇ ਆਏ ਹੋ? ਇੱਥੇ ਕੋਈ ਰੋਟੀ, ਕੋਈ ਪਾਣੀ ਨਹੀਂ ਹੈ ਅਤੇ ਅਸੀਂ ਇਸ ਭਿਆਨਕ ਭੋਜਨ ਨੂੰ ਨਫ਼ਰਤ ਕਰਦੇ ਹਾਂ!”
6 ਇਸ ਲਈ ਯਹੋਵਾਹ ਨੇ ਲੋਕਾਂ ਦਰਮਿਆਨ ਜ਼ਹਿਰੀਲੇ ਸੱਪ ਭੇਜ ਦਿੱਤੇ। ਸੱਪਾਂ ਨੇ ਲੋਕਾਂ ਨੂੰ ਡਸਿਆ, ਅਤੇ ਬਹੁਤ ਸਾਰੇ ਇਸਰਾਏਲੀ ਮਾਰੇ ਗਏ। 7 ਲੋਕ ਮੂਸਾ ਕੋਲ ਆਏ ਅਤੇ ਆਖਿਆ, “ਅਸੀਂ ਜਾਣਦੇ ਹਾਂ ਕਿ ਜਦੋਂ ਅਸੀਂ ਯਹੋਵਾਹ ਦੇ ਅਤੇ ਤੇਰੇ ਵਿਰੁੱਧ ਬੋਲਿਆ ਤਾਂ ਅਸੀਂ ਪਾਪ ਕੀਤਾ। ਯਹੋਵਾਹ ਅੱਗੇ ਪ੍ਰਾਰਥਨਾ ਕਰ। ਉਸ ਨੂੰ ਆਖ ਕਿ ਇਨ੍ਹਾਂ ਸੱਪਾਂ ਨੂੰ ਦੂਰ ਹਟਾ ਲਵੇ।” ਇਸ ਲਈ ਮੂਸਾ ਨੇ ਲੋਕਾਂ ਲਈ ਪ੍ਰਾਰਥਨਾ ਕੀਤੀ।
2010 by World Bible Translation Center