Print Page Options
Previous Prev Day Next DayNext

Bible in 90 Days

An intensive Bible reading plan that walks through the entire Bible in 90 days.
Duration: 88 days
Punjabi Bible: Easy-to-Read Version (ERV-PA)
Version
1 ਸਮੂਏਲ 16:1-28:19

ਸਮੂਏਲ ਦਾ ਬੈਤਲਹਮ ਨੂੰ ਜਾਣਾ

16 ਯਹੋਵਾਹ ਨੇ ਸਮੂਏਲ ਨੂੰ ਆਖਿਆ, “ਤੂੰ ਸ਼ਾਊਲ ਲਈ ਭਲਾ ਇੰਨੀ ਦੇਰ ਦੁੱਖ ਮਨਾਵੇਂਗਾ? ਤੂੰ ਅਜੇ ਤੀਕ ਉਸ ਲਈ ਉਦਾਸ ਹੋ ਰਿਹਾ ਹੈ ਜਦ ਕਿ ਮੈਂ ਤੈਨੂੰ ਦੱਸਿਆ ਹੈ ਕਿ ਮੈਂ ਉਸ ਨੂੰ ਇਸਰਾਏਲ ਦਾ ਪਾਤਸ਼ਾਹ ਹੋਣ ਤੋਂ ਹਟਕਿਆ ਹੈ। ਤੂੰ ਸਿੰਗ ਵਿੱਚ ਤੇਲ ਭਰ ਅਤੇ ਬੈਤਲਹਮ ਨੂੰ ਜਾ। ਉੱਥੇ ਮੈਂ ਤੈਨੂੰ ਯੱਸੀ ਨਾਮ ਦੇ ਇੱਕ ਮਨੁੱਖ ਕੋਲ ਭੇਜ ਰਿਹਾ ਹਾਂ ਜੋ ਕਿ ਬੈਤਲਹਮ ਵਿੱਚ ਰਹਿੰਦਾ ਹੈ ਮੈਂ ਉਸ ਦੇ ਪੁੱਤਰਾਂ ਵਿੱਚੋਂ ਇੱਕ ਨੂੰ ਨਵਾਂ ਪਾਤਸ਼ਾਹ ਚੁਣਿਆ ਹੈ।”

ਪਰ ਸਮੂਏਲ ਨੇ ਕਿਹਾ, “ਮੈਂ ਕਿਵੇਂ ਜਾਵਾਂ? ਜੇਕਰ ਮੈਂ ਜਾਵਾਂਗਾ ਅਤੇ ਕਦੇ ਸ਼ਾਊਲ ਨੂੰ ਪਤਾ ਚੱਲੇਗਾ ਤਾਂ ਉਹ ਮੈਨੂੰ ਮਾਰ ਸੁੱਟੇਗਾ।”

ਯਹੋਵਾਹ ਨੇ ਕਿਹਾ, “ਜਦ ਤੂੰ ਬੈਤਲਹਮ ਵਿੱਚ ਜਾਵੇਂ ਇੱਕ ਵਛੜਾ ਆਪਣੇ ਨਾਲ ਲੈਂਦਾ ਜਾ ਅਤੇ ਆਖੀਂ ‘ਮੈਂ ਯਹੋਵਾਹ ਅੱਗੇ ਬਲੀ ਚੜ੍ਹਾਉਣ ਆਇਆ ਹਾਂ।’ ਬਲੀ ਲਈ ਯੱਸੀ ਨੂੰ ਨਿਉਂਤਾ ਦੇ ਦੇਵੀਂ। ਫ਼ਿਰ ਅਗਾਂਹ ਮੈਂ ਤੈਨੂੰ ਦੱਸਾਂਗਾ ਕਿ ਕੀ ਕਰਨਾ ਹੈ। ਜਿਹੜੇ ਮਨੁੱਖ ਬਾਰੇ ਮੈਂ ਤੈਨੂੰ ਦੱਸਾਂ ਅਤੇ ਦਿਖਾਵਾਂ ਉਸ ਨੂੰ ਮਸਹ ਜ਼ਰੂਰ ਕਰੀਂ।”

ਸਮੂਏਲ ਨੇ ਉਵੇਂ ਹੀ ਕੀਤਾ ਜਿਵੇਂ ਯਹੋਵਾਹ ਨੇ ਉਸ ਨੂੰ ਕਰਨ ਲਈ ਕਿਹਾ। ਸਮੂਏਲ ਬੈਤਲਹਮ ਨੂੰ ਗਿਆ। ਬੈਤਲਹਮ ਦੇ ਬਜ਼ੁਰਗ ਡਰ ਨਾਲ ਕੰਬਣ ਲੱਗੇ। ਉਹ ਸਮੂਏਲ ਨੂੰ ਮਿਲੇ ਅਤੇ ਪੁੱਛਣ ਲੱਗੇ, “ਕੀ ਤੂੰ ਸ਼ਾਂਤੀ ’ਚ ਆਇਆ ਹੈਂ?”

ਸਮੂਏਲ ਨੇ ਆਖਿਆ, “ਹਾਂ ਮੈਂ ਸ਼ਾਂਤੀ ’ਚ ਆਇਆ ਹਾਂ। ਮੈਂ ਤਾਂ ਯਹੋਵਾਹ ਅੱਗੇ ਬਲੀ ਚੜ੍ਹਾਉਣ ਲਈ ਆਇਆ ਹਾਂ। ਤੁਸੀਂ ਵੀ ਤਿਆਰ ਹੋ ਜਾਵੇ ਅਤੇ ਮੇਰੇ ਨਾਲ ਬਲੀ ਲਈ ਚੱਲੋ।” ਸਮੂਏਲ ਨੇ ਯੱਸੀ ਅਤੇ ਉਸ ਦੇ ਪੁੱਤਰਾਂ ਨੂੰ ਵੀ ਤਿਆਰ ਕੀਤਾ ਅਤੇ ਉਨ੍ਹਾਂ ਨੂੰ ਬਲੀ ਵਿੱਚ ਹਿੱਸਾ ਲੈਣ ਲਈ ਨਿਉਤਾ ਦਿੱਤਾ।

ਜਦੋਂ ਯੱਸੀ ਅਤੇ ਉਸ ਦੇ ਪੁੱਤਰ ਆਏ ਤਾਂ ਸਮੂਏਲ ਨੇ ਉੱਥੇ ਅਲੀਆਬ ਨੂੰ ਵੇਖਿਆ। ਸਮੂਏਲ ਨੇ ਸੋਚਿਆ, “ਜ਼ਰੂਰੀ ਹੈ ਕਿ ਇਹੀ ਮਨੁੱਖ ਹੋਵੇਗਾ ਜਿਸ ਨੂੰ ਯਹੋਵਾਹ ਨੇ ਚੁਣਿਆ।”

ਪਰ ਯਹੋਵਾਹ ਨੇ ਸਮੂਏਲ ਨੂੰ ਆਖਿਆ, “ਅਲੀਆਬ ਸੋਹਣਾ ਅਤੇ ਨੌਜੁਆਨ ਹੈ, ਲੰਬਾ ਹੈ। ਪਰ ਤੂੰ ਇਵੇਂ ਨਾ ਸੋਚ ਜਿਵੇਂ ਤੂੰ ਸੋਚ ਰਿਹਾ ਹੈਂ। ਪਰਮੇਸ਼ੁਰ ਚੀਜ਼ਾਂ ਵੱਲ ਉਵੇਂ ਨਹੀਂ ਵੇਖਦਾ ਜਿਵੇਂ ਕਿ ਮਨੁੱਖ ਵੇਖਦੇ ਹਨ। ਲੋਕੀਂ ਦੂਜਿਆਂ ਦਾ ਸਿਰਫ਼ ਬਾਹਰੀ ਰੂਪ ਵੇਖਦੇ ਹਨ ਜਿਵੇਂ ਦੇ ਕਿ ਉਹ ਬਾਹਰੋਂ ਨਜ਼ਰ ਆਉਂਦੇ ਹਨ ਪਰ ਯਹੋਵਾਹ ਉਨ੍ਹਾਂ ਦੇ ਦਿਲਾਂ ਅੰਦਰ ਝਾਤ ਪਾਉਂਦਾ ਹੈ। ਅਲੀਆਬ ਸਹੀ ਮਨੁੱਖ ਨਹੀਂ ਹੈ।”

ਤਦ ਯੱਸੀ ਨੇ ਆਪਨੇ ਦੂਜੇ ਪੁੱਤਰ ਨੂੰ ਬੁਲਾਇਆ ਜਿਸਦਾ ਨਾਉਂ ਅਬੀਨਾਦਾਬ। ਫ਼ਿਰ ਅਬੀਨਾਦਾਬ ਨੂੰ ਯੱਸੀ ਨੇ ਸਮੂਏਲ ਦੇ ਅੱਗੇ ਕੀਤਾ ਤਾਂ ਸਮੂਏਲ ਨੇ ਕਿਹਾ, “ਨਹੀਂ, ਇਸ ਨੂੰ ਵੀ ਯਹੋਵਾਹ ਨੇ ਨਹੀਂ ਚੁਣਿਆ।”

ਤਦ ਯੱਸੀ ਨੇ ਸ਼ੰਮਾਹ ਨੂੰ ਅੱਗੇ ਕੀਤਾ ਪਰ ਸਮੂਏਲ ਬੋਲਿਆ, “ਨਹੀਂ, ਯਹੋਵਾਹ ਨੇ ਇਸ ਆਦਮੀ ਨੂੰ ਵੀ ਨਹੀਂ ਚੁਣਿਆ।”

10 ਯੱਸੀ ਨੇ ਆਪਨੇ ਸੱਤ ਪੁੱਤਰ ਸਮੂਏਲ ਨੂੰ ਵਿਖਾਏ ਪਰ ਉਸ ਨੇ ਯੱਸੀ ਨੂੰ ਕਿਹਾ, “ਯਹੋਵਾਹ ਨੇ ਇਨ੍ਹਾਂ ਵਿੱਚੋਂ ਕਿਸੇ ਨੂੰ ਵੀ ਨਹੀਂ ਚੁਣਿਆ।”

11 ਤਦ ਸਮੂਏਲ ਨੇ ਯੱਸੀ ਨੂੰ ਕਿਹਾ, “ਕੀ ਇਹੀ ਤੇਰੇ ਪੁੱਤਰ ਸਨ?”

ਯੱਸੀ ਨੇ ਆਖਿਆ, “ਨਹੀਂ! ਮੇਰਾ ਇੱਕ ਹੋਰ ਪੁੱਤਰ ਵੀ ਹੈ ਜੋ ਇਨ੍ਹਾਂ ਸਭਨਾ ਤੋਂ ਛੋਟਾ ਹੈ, ਪਰ ਉਹ ਇਸ ਵਖਤ ਇੱਜੜ ਨੂੰ ਅਜੇ ਚਰਾਉਂਦਾ ਹੈ।”

ਸਮੂਏਲ ਨੇ ਕਿਹਾ, “ਉਸ ਨੂੰ ਨੂੰ ਵੀ ਬੁਲਾ ਉਸ ਨੂੰ ਇੱਥੇ ਲੈ ਕੇ ਆ। ਅਸੀਂ ਉਸ ਵਕਤ ਤੱਕ ਭੋਜਨ ਨਹੀਂ ਛਕਾਂਗੇ ਜਦ ਤੀਕ ਉਹ ਇੱਥੇ ਨਹੀਂ ਆਉਂਦਾ।”

12 ਯੱਸੀ ਨੇ ਕਿਸੇ ਨੂੰ ਆਪਣੇ ਸਭ ਤੋਂ ਛੋਟੇ ਪੁੱਤਰ ਨੂੰ ਇੱਥੇ ਬੁਲਾਉਣ ਲਈ ਭੇਜਿਆ। ਇਹ ਉਸਦਾ ਪੁੱਤਰ ਵੇਖਣ ਵਿੱਚ ਸੋਹਣਾ ਲਾਲ ਰੰਗ ਅਤੇ ਸੁੰਦਰ ਦਿਖਣ ਵਾਲਾ ਨੌਜੁਵਾਨ ਸੀ।

ਯਹੋਵਾਹ ਨੇ ਸਮੂਏਲ ਨੂੰ ਕਿਹਾ, “ਉੱਠ ਅਤੇ ਇਸਦਾ ਮਸਹ ਕਰ। ਇਹੀ ਹੈ ਉਹ।”

13 ਸਮੂਏਲ ਨੇ ਉਹ ਸਿੰਗ ਜਿਸ ਵਿੱਚ ਤੇਲ ਭਰਿਆ ਹੋਇਆ ਸੀ ਚੁੱਕਿਆ ਅਤੇ ਯੱਸੀ ਦੇ ਸਭ ਤੋਂ ਛੋਟੇ ਪੁੱਤਰ ਨੂੰ ਉਸ ਦੇ ਸਾਰੇ ਭਰਾਵਾਂ ਦੇ ਸਾਹਮਣੇ ਉਸ ਦੇ ਸਿਰ ਵਿੱਚ ਉਹ ਤੇਲ ਰੋੜਕੇ ਉਸ ਨੂੰ ਮਸਹ ਕੀਤਾ। ਉਸ ਦਿਨ ਤੋਂ ਯਹੋਵਾਹ ਦਾ ਆਤਮਾ ਸਦਾ ਬੜੀ ਜ਼ੋਰ ਦੀ ਦਾਊਦ ਉੱਪਰ ਆਉਂਦਾ ਰਿਹਾ। ਉਸਤੋਂ ਬਾਦ ਸਮੂਏਲ ਰਾਮਾਹ ਨੂੰ ਵਿਦਾ ਹੋਇਆ।

ਇੱਕ ਬੁਰਾ ਆਤਮਾ ਸ਼ਾਊਲ ਨੂੰ ਸਤਾਉਂਦਾ ਰਿਹਾ

14 ਯਹੋਵਾਹ ਦੇ ਆਤਮੇ ਨੇ ਸ਼ਾਊਲ ਨੂੰ ਤਿਆਗ ਦਿੱਤਾ ਅਤੇ ਫ਼ਿਰ ਉਸ ਨੇ ਇੱਕ ਬੁਰਾ ਆਤਮਾ ਸ਼ਾਊਲ ਅੰਦਰ ਦਾਖਲ ਕਰ ਦਿੱਤਾ। ਇਸਨੇ ਸ਼ਾਊਲ ਨੂੰ ਬਹੁਤ ਕਸ਼ਟ ਦਿੱਤੇ। 15 ਸ਼ਾਊਲ ਦੇ ਨੌਕਰਾਂ ਨੇ ਉਸ ਨੂੰ ਕਿਹਾ, “ਪਰਮੇਸ਼ੁਰ ਵੱਲੋਂ ਇੱਕ ਭੈੜਾ ਆਤਮਾ ਤੈਨੂੰ ਸਤਾ ਰਿਹਾ ਹੈ। 16 ਸਾਨੂੰ ਆਗਿਆ ਦੇ ਕਿ ਅਸੀਂ ਇੱਕ ਅਜਿਹਾ ਮਨੁੱਖ ਲੱਭਕੇ ਲਿਆਈਏ ਜਿਹੜਾ ਬਰਬਤ ਵਜਾਉਣ ਵਿੱਚ ਹੁਸ਼ਿਆਰ ਹੋਵੇ ਤਾਂ ਫ਼ਿਰ ਅਜਿਹਾ ਹੋਵੇਗਾ ਕਿ ਜਿਸ ਵਕਤ ਪਰਮੇਸ਼ੁਰ ਵੱਲੋਂ ਇਹ ਦੁਸ਼ਟ ਆਤਮਾ ਤੇਰੇ ਉੱਪਰ ਚੜ੍ਹੇ ਤਾਂ ਉਹ ਬਰਬਤ ਆਪਣੇ ਹੱਥ ਨਾਲ ਵਜਾਵੇਗਾ ਤਾਂ ਤੂੰ ਚੰਗਾ ਹੋ ਜਾਵੇਂਗਾ।”

17 ਤਾਂ ਸ਼ਾਊਲ ਨੇ ਆਪਨੇ ਸੇਵਕਾਂ ਨੂੰ ਆਖਿਆ, “ਜਾਓ ਅਤੇ ਅਜਿਹਾ ਕੋਈ ਮਨੁੱਖ ਲੱਭੋ ਜਿਹੜਾ ਧੁਨ ਵਜਾਉਣ ਵਿੱਚ ਹੁਸ਼ਿਆਰ ਹੋਵੇ। ਉਸ ਨੂੰ ਮੇਰੇ ਕੋਲ ਲੈ ਕੇ ਆਵੋ।”

18 ਉਨ੍ਹਾਂ ਵਿੱਚੋਂ ਇੱਕ ਸੇਵਕ ਨੇ ਕਿਹਾ, “ਬੈਤਲਹਮ ਵਿੱਚ ਇੱਕ ਮਨੁੱਖ ਹੈ ਜਿਸਦਾ ਨਾਉਂ ਯੱਸੀ ਹੈ। ਮੈਂ ਉਸ ਦੇ ਪੁੱਤਰ ਨੂੰ ਵੇਖਿਆ ਹੋਇਆ ਹੈ। ਉਹ ਬਰਬਤ ਵਜਾਉਣੀ ਜਾਣਦਾ ਹੈ। ਉਹ ਇੱਕ ਬਹਾਦੁਰ ਆਦਮੀ ਅਤੇ ਵੀਰ ਯੋਧਾ ਵੀ ਹੈ। ਉਹ ਸੋਹਣਾ ਅਤੇ ਸੁਨੱਖਾ ਵੀ ਹੈ ਅਤੇ ਯਹੋਵਾਹ ਵੀ ਉਸ ਦੇ ਵੱਲ ਹੈ।”

19 ਤਾਂ ਸ਼ਾਊਲ ਨੇ ਯੱਸੀ ਵੱਲ ਆਪਣੇ ਹਲਕਾਰੇ ਭੇਜੇ। ਉਨ੍ਹਾਂ ਨੇ ਯੱਸੀ ਨੂੰ ਕਿਹਾ, “ਤੇਰਾ ਦਾਊਦ ਨਾਮ ਦਾ ਜੋ ਪੁੱਤਰ ਹੈ, ਜੋ ਇੱਜੜ ਚਰਾਉਂਦਾ ਹੈ ਉਸ ਨੂੰ ਮੇਰੇ ਨਾਲ ਭੇਜ।”

20 ਉਪਰੰਤ ਯੱਸੀ ਨੇ ਇੱਕ ਖੋਤਾ ਜਿਸ ਉੱਪਰ ਰੋਟੀਆਂ ਲੱਦੀਆਂ ਸਨ, ਇੱਕ ਮੈਅ ਦੀ ਬੋਤਲ ਅਤੇ ਇੱਕ ਪਠੋਰਾ ਲੈ ਕੇ ਆਪਣੇ ਪੁੱਤਰ ਦਾਊਦ ਦੇ ਹੱਥੀਂ ਸ਼ਾਊਲ ਕੋਲ ਭੇਜਿਆ। 21 ਇੰਝ ਦਾਊਦ ਸ਼ਾਊਲ ਕੋਲ ਜਾਕੇ ਉਸ ਦੇ ਸਾਹਮਣੇ ਖੜ੍ਹਾ ਹੋਇਆ। ਸ਼ਾਊਲ ਨੇ ਦਾਊਦ ਨੂੰ ਬਹੁਤ ਪਿਆਰ ਕੀਤਾ। ਦਾਊਦ ਉਸਦਾ ਸਹਾਇਕ ਬਣਿਆ ਜੋ ਉਸ ਦੇ ਸ਼ਸਤਰ ਚੁੱਕਦਾ ਸੀ। 22 ਸ਼ਾਊਲ ਨੇ ਯੱਸੀ ਨੂੰ ਇੱਕ ਸੁਨੇਹਾ ਭੇਜਿਆ, “ਤੂੰ ਦਾਊਦ ਨੂੰ ਮੇਰੇ ਕੋਲ ਮੇਰੀ ਸੇਵਾ ਲਈ ਛੱਡਦੇ। ਮੈਨੂੰ ਉਹ ਬੜਾ ਚੰਗਾ ਲੱਗਾ ਹੈ।”

23 ਤਾਂ ਇਉਂ ਹੋਇਆ ਕਿ ਜਿਸ ਵੇਲੇ ਵੀ ਦੁਸ਼ਟ ਆਤਮਾ ਪਰਮੇਸ਼ੁਰ ਵੱਲੋਂ ਸ਼ਾਊਲ ਉੱਪਰ ਚੜ੍ਹਦਾ ਤਾਂ ਦਾਊਦ ਬਰਬਤ ਸਾਜ਼ ਲੈ ਕੇ ਆਪਣੇ ਹੱਥ ਨਾਲ ਵਜਾਉਂਦਾ ਸੀ ਅਤੇ ਫ਼ੇਰ ਸ਼ਾਊਲ ਨੂੰ ਤਾਜ਼ਗੀ ਆਉਂਦੀ ਸੀ ਅਤੇ ਉਹ ਠੀਕ ਹੋ ਜਾਂਦਾ ਸੀ ਅਤੇ ਦੁਸ਼ਟ ਆਤਮਾ ਉਸਤੋਂ ਹਟ ਜਾਂਦਾ ਸੀ।

ਗੋਲਿਆਥ ਦਾ ਇਸਰਾਏਲ ਨੂੰ ਵੰਗਾਰਨਾ

17 ਹੁਣ ਫ਼ਲਿਸਤੀਆਂ ਨੇ ਲੜਾਈ ਲਈ ਆਪਣੀ ਸੈਨਾ ਨੂੰ ਇਕੱਠਾ ਕਰਨਾ ਸ਼ੁਰੂ ਕੀਤਾ ਅਤੇ ਯਹੂਦਾਹ ਦੇ ਸ਼ਹਿਰ ਸੋਕੋਹ ਵਿੱਚ ਇਕੱਠੇ ਹੋਏ। ਉਨ੍ਹਾਂ ਨੇ ਸੋਕੋਹ ਅਤੇ ਅਜ਼ੇਕਾਹ ਦੇ ਵਿੱਚਕਾਰ ਅਫ਼ਸਦੰਮੀਮ ਵਿੱਚ ਡੇਰੇ ਲਾਏ।

ਸ਼ਾਊਲ ਅਤੇ ਇਸਰਾਏਲੀ ਸੈਨਾ ਵੀ ਇਕੱਠੀ ਹੋ ਗਈ। ਉਨ੍ਹਾਂ ਦਾ ਡੇਰਾ ਏਲਾਹ ਦੀ ਵਾਦੀ ਵਿੱਚ ਲੱਗਾ। ਸ਼ਾਊਲ ਦੇ ਸਿਪਾਹੀ ਫ਼ਲਿਸਤੀਆਂ ਦੇ ਵਿਰੁੱਧ ਪਾਲਾਂ ਬੰਨ੍ਹਕੇ ਲੜਨ ਲਈ ਤਿਆਰ ਬਰ ਤਿਆਰ ਸਨ। ਇੱਕ ਪਾਸੇ ਦੇ ਪਹਾੜ ਉੱਤੇ ਫ਼ਲਿਸਤੀ ਖਲੋਤੇ ਸਨ ਅਤੇ ਦੂਜੇ ਪਾਸੇ ਇਸਰਾਏਲੀ ਅਤੇ ਉਨ੍ਹਾਂ ਦੇ ਵਿੱਚਕਾਰ ਖਢ਼ੀ ਸੀ, ਇਹ ਵਾਦੀ।

ਫ਼ਲਿਸਤੀਆਂ ਕੋਲ ਇੱਕ ਸੂਰਮਾ ਸਿਪਾਹੀ ਸੀ ਜਿਸਦਾ ਨਾਉਂ ਗੋਲਿਆਥ ਸੀ, ਜੋ ਕਿ ਗਾਥੀ ਸੀ। ਗੋਲੀਆਥ ਕਰੀਬ 9 ਫੁੱਟ ਲੰਬਾ ਸੀ। ਗੋਲਿਆਥ ਫ਼ਲਿਸਤੀ ਡੇਰੇ ਵਿੱਚੋਂ ਬਾਹਰ ਨਿਕਲਿਆ। ਉਸ ਨੇ ਆਪਣੇ ਸਿਰ ਉੱਤੇ ਪਿੱਤਲ ਦਾ ਟੋਪ ਪਾਇਆ ਹੋਇਆ ਸੀ। ਉਸ ਨੇ ਇੱਕ ਅਜਿਹਾ ਕਵਚ ਆਪਣੇ ਉੱਪਰ ਪਾਇਆ ਹੋਇਆ ਸੀ ਜਿਵੇਂ ਉਹ ਮੱਛੀ ਦੇ ਤਿੱਖੇ ਕੁੰਡਿਆਂ ਦਾ ਬਣਿਆ ਹੋਵੇ। ਇਹ ਕਵਚ ਭਾਰ ਵਿੱਚ 125 ਪੌਂਡ ਪਿੱਤਲ ਦਾ ਬਣਿਆ ਹੋਇਆ ਸੀ। ਗੋਲਿਆਥ ਨੇ ਦੋਨਾਂ ਲੱਤਾਂ ਉੱਪਰ ਵੀ ਪਿੱਤਲ ਦੇ ਕਵਚ ਪਾਏ ਹੋਏ ਸਨ ਅਤੇ ਉਸ ਦੇ ਦੋਨਾਂ ਮੋਢਿਆਂ ਵਿੱਚਕਾਰ ਪਿੱਤਲ ਦੀ ਬਰਛੀ ਸੀ। ਉਸ ਦੇ ਬਰਛੇ ਦਾ ਡੰਡਾ ਜੁਲਾਹੇ ਦੀ ਤੁਰ ਵਰਗਾ ਸੀ ਅਤੇ ਉਸ ਦੇ ਬਰਛੇ ਦਾ ਫ਼ਲ 15 ਪੌਂਡ ਲੋਹੇ ਦਾ ਸੀ ਅਤੇ ਉਸ ਦੇ ਅੱਗੇ ਇੱਕ ਮਨੁੱਖ ਢਾਲ ਚੁੱਕ ਕੇ ਤੁਰਦਾ ਸੀ।

ਹਰ ਰੋਜ਼ ਗੋਲਿਆਥ ਬਾਹਰ ਨਿਕਲਦਾ ਅਤੇ ਇਸਰਾਏਲੀ ਸਿਪਾਹੀਆਂ ਨੂੰ ਜ਼ੋਰ ਦੀ ਲਲਕਾਰਦਾ ਅਤੇ ਆਖਦਾ, “ਤੁਸੀਂ ਲੜਾਈ ਲਈ ਕਿਸ ਲਈ ਪਾਲ ਬੰਨ੍ਹੀ ਹੋਈ ਹੈ? ਤੁਸੀਂ ਸ਼ਾਊਲ ਦੇ ਸੇਵਕ ਹੋ। ਮੈਂ ਵੀ ਫ਼ਲਿਸਤੀ ਹਾਂ। ਤੁਸੀਂ ਆਪਣੇ ਵਿੱਚੋਂ ਇੱਕ ਆਦਮੀ ਚੁਣੋ ਅਤੇ ਉਸ ਨੂੰ ਮੇਰੇ ਵੱਲ ਲੜਨ ਲਈ ਭੇਜੋ। ਜੇਕਰ ਉਹ ਆਦਮੀ ਮੈਨੂੰ ਮਾਰ ਦੇਵੇ ਤਾਂ ਅਸੀਂ ਫ਼ਲਿਸਤੀ ਤੁਹਾਡੇ ਸੇਵਕ ਹੋ ਜਾਵਾਂਗੇ। ਪਰ ਜੇ ਮੈਂ ਤੁਹਾਡਾ ਆਦਮੀ ਮਾਰ ਦਿੱਤਾ ਤਾਂ ਮੈਂ ਜੇਤੂ ਹੋ ਜਾਵਾਂਗਾ ਅਤੇ ਤੁਸੀਂ ਸਾਡੇ ਗੁਲਾਮ। ਫ਼ਿਰ ਤੁਹਾਨੂੰ ਸਾਡੀ ਟਹਿਲ ਸੇਵਾ ਕਰਨੀ ਪਵੇਗੀ।”

10 ਫ਼ੇਰ ਫ਼ਲਿਸਤੀ ਨੇ ਇਹ ਵੀ ਕਿਹਾ, “ਅੱਜ ਮੈਂ ਇਸਰਾਏਲ ਦੇ ਦਲਾਂ ਨੂੰ ਸ਼ਰਮਿੰਦਾ ਕਰਦਾ ਹਾਂ। ਮੈਂ ਇਹ ਆਖਣ ਦੀ ਜ਼ੁਰ੍ਰਅਤ ਰੱਖਦਾ ਹਾਂ ਅਤੇ ਤੁਹਾਨੂੰ ਆਖਦਾ ਹਾਂ ਕਿ ਤੁਸੀਂ ਆਪਣੇ ਕਿਸੇ ਵੀ ਆਦਮੀ ਨੂੰ ਮੇਰੇ ਵੱਲ ਭੇਜੋ ਜੋ ਮੇਰੇ ਨਾਲ ਯੁੱਧ ਕਰੇ।”

11 ਸ਼ਾਊਲ ਅਤੇ ਇਸਰਾਏਲੀ ਲੋਕਾਂ ਨੇ ਉਹ ਸਭ ਸੁਣਿਆ ਜੋ ਗੋਲਿਆਥ ਬੋਲਿਆ ਤਾਂ ਉਹ ਬੜੇ ਡਰ ਗਏ।

ਦਾਊਦ ਦਾ ਜੰਗ ਦੇ ਮੈਦਾਨ ’ਚ ਉੱਤਰਨਾ

12 ਦਾਊਦ ਯੱਸੀ ਦਾ ਪੁੱਤਰ ਸੀ ਅਤੇ ਯੱਸੀ ਬੈਤਲਹਮ ਯਹੂਦਾਹ ਦੇ ਅਫ਼ਰਾਥੀ ਪਰਿਵਾਰ ਦਾ ਮਨੁੱਖ ਸੀ। ਯੱਸੀ ਦੇ 8 ਪੁੱਤਰ ਸਨ। ਯੱਸੀ ਸ਼ਾਊਲ ਦੇ ਜ਼ਮਾਨੇ ਵਿੱਚ ਆਪ ਬੁੱਢਾ ਹੋ ਚੁੱਕਾ ਸੀ। 13 ਯੱਸੀ ਦੇ ਤਿੰਨ ਵੱਡੇ ਪੁੱਤਰ ਸ਼ਾਊਲ ਨਾਲ ਜੰਗ ਵਿੱਚ ਗਏ। ਉਸਦਾ ਪਹਿਲੋਠਾ ਪੁੱਤਰ ਅਲੀਆਬ ਦੂਜਾ ਅਬੀਨਾਦਾਬ ਅਤੇ ਤੀਜਾ ਸ਼ੰਮਾਹ ਸੀ। 14 ਦਾਊਦ ਯੱਸੀ ਦਾ ਸਭ ਤੋਂ ਛੋਟਾ ਅੱਠਵਾਂ ਪੁੱਤਰ ਸੀ। ਤਿੰਨ ਵੱਡੇ ਪੁੱਤਰ ਸ਼ਾਊਲ ਦੀ ਸੈਨਾ ਵਿੱਚ ਭਰਤੀ ਸਨ। 15 ਪਰ ਦਾਊਦ ਸ਼ਾਊਲ ਕੋਲੋਂ ਵੱਖਰਾ ਹੋਕੇ ਸਮੇਂ ਉੱਤੇ ਆਪਣੇ ਪਿਉ ਦੇ ਇੱਜੜ ਨੂੰ ਬੈਤਲਹਮ ਵਿੱਚ ਚਰਾਉਣ ਲਈ ਗਿਆ।

16 ਉਹ ਫ਼ਲਿਸਤੀ (ਗੋਲਿਆਥ) ਰੋਜ਼ ਸਵੇਰੇ-ਸ਼ਾਮ ਇਸਰਾਏਲੀ ਸੈਨਾ ਦੇ ਸਾਹਮਣੇ ਆ ਖੜ੍ਹਾ ਹੁੰਦਾ। ਇਉਂ ਉਹ 40 ਦਿਨ ਤੱਕ ਇਸਰਾਏਲੀਆਂ ਦਾ ਰੋਜ਼ ਮਖੌਲ ਉਡਾਉਂਦਾ ਰਿਹਾ।

17 ਇੱਕ ਦਿਨ ਯੱਸੀ ਨੇ ਆਪਣੇ ਪੁੱਤਰ ਦਾਊਦ ਨੂੰ ਕਿਹਾ, “ਇਹ ਭੁੱਜੇ ਹੋਏ ਦਾਣਿਆਂ ਦਾ ਟੋਕਰਾ ਅਤੇ ਦਸ ਰੋਟੀਆਂ ਆਪਣੇ ਭਰਾਵਾਂ ਲਈ ਡੇਰੇ ਉੱਤੇ ਲੈ ਜਾ। 18 ਅਤੇ ਇਹ 10 ਚੱਕੀਆਂ ਪਨੀਰ ਦੀਆਂ ਉਨ੍ਹਾਂ ਨੇ ਕਮਾਂਡਰਾ ਲਈ ਲੈ ਜਾ, ਜੋ ਤੇਰੇ ਭਰਾਵਾਂ ਦੇ 1,000 ਮਨੁੱਖਾਂ ਉੱਪਰ ਹੁਕਮ ਕਰਦਾ ਹੈ। ਅਤੇ ਇਹ ਵੀ ਵੇਖ ਕਿ ਤੇਰੇ ਭਰਾ ਉੱਥੇ ਕਿਵੇਂ ਹਨ, ਕੀ ਕਰ ਰਹੇ ਹਨ, ਅਤੇ ਉਨ੍ਹਾਂ ਦੀ ਕੁਝ ਨਿਸ਼ਾਨੀ ਲੈ ਆ। 19 ਉਸ ਵਕਤ ਸ਼ਾਊਲ ਅਤੇ ਉਹ ਅਤੇ ਇਸਰਾਏਲ ਦੇ ਸਭ ਲੋਕ ਏਲਾਹ ਦੀ ਵਾਦੀ ਵਿੱਚ ਫ਼ਲਿਸਤੀਆਂ ਨਾਲ ਲੜਦੇ ਪਏ ਸਨ।”

20 ਸਵੇਰ-ਸਾਰ ਹੀ ਦਾਊਦ ਨੇ ਉੱਠ ਕੇ ਭੇਡਾਂ ਨੂੰ ਰਾਖੇ ਦੇ ਕੋਲ ਛੱਡਿਆ ਅਤੇ ਜਿਵੇਂ ਯੱਸੀ ਨੇ ਉਸ ਨੂੰ ਆਖਿਆ ਸੀ ਉਹ ਵਸਤਾਂ ਲੈ ਕੇ ਤੁਰ ਪਿਆ। ਦਾਊਦ ਨੇ ਉਹ ਛਕੜਾ ਗੱਡੀ ਡੇਰੇ ਅੱਗੇ ਲਾਈ। ਉਸ ਵਕਤ ਸਿਪਾਹੀ ਆਪਣੀਆਂ ਪਾਲਾਂ ਬਨਾਉਣ ਦੇ ਆਹਰ ਵਿੱਚ ਰੁਝੇ ਸਨ ਅਤੇ ਉਹ ਆਪਣੇ ਮੋਰਚੇ ਵਿੱਚ ਲਲਕਾਰਾਂ ਮਾਰ ਰਹੇ ਸਨ, ਜਦੋਂ ਦਾਊਦ ਉੱਥੇ ਪਹੁੰਚਿਆ। 21 ਦੋਨੋਂ ਪਾਸੇ ਇਸਰਾਏਲੀ ਅਤੇ ਫ਼ਲਿਸਤੀ ਪਾਲਾਂ ਬੰਨ੍ਹ ਕੇ ਲੜਾਈ ਲਈ ਤਿਆਰ ਸਨ।

22 ਦਾਊਦ ਨੇ ਉਹ ਸਾਰੀਆਂ ਵਸਤਾਂ ਉਸ ਆਦਮੀ ਨੂੰ ਸੌਂਪੀਆਂ ਜੋ ਖਾਣ-ਪੀਣ ਦੇ ਸਮਾਨ ਦਾ ਪਾਹਰੂ ਸੀ ਅਤੇ ਆਪ ਉਹ ਉੱਥੇ ਗਿਆ ਜਿੱਥੇ ਇਸਰਾਏਲੀ ਸਿਪਾਹੀ ਤੈਨਾਤ ਸਨ। ਦਾਊਦ ਨੇ ਉਨ੍ਹਾਂ ਨੂੰ ਆਪਣੇ ਭਰਾਵਾਂ ਬਾਰੇ ਪੁੱਛਿਆ। 23 ਫ਼ਿਰ ਦਾਊਦ ਨੇ ਆਪਣੇ ਭਰਾਵਾਂ ਨਾਲ ਗੱਲ ਬਾਤ ਕਰਨੀ ਸ਼ੁਰੂ ਕੀਤੀ। ਅਜੇ ਉਹ ਹਾਲ-ਚਾਲ ਹੀ ਪੁੱਛ ਰਿਹਾ ਸੀ ਤਦ ਗੋਲਿਆਥ ਉਹ ਬਲਵਾਨ ਫ਼ਲਿਸਤੀ ਗਾਥੀ ਪਾਲਾਂ ਵਿੱਚੋਂ ਨਿਕਲਿਆ ਅਤੇ ਉਸ ਰੋਜ਼ ਵਾਂਗ ਫ਼ੇਰ ਗੱਲਾਂ ਕੀਤੀਆਂ ਅਤੇ ਲਲਕਾਰਿਆ ਜੋ ਦਾਊਦ ਨੇ ਵੀ ਸੁਣਿਆ।

24 ਇਸਰਾਏਲ ਦੇ ਸਾਰੇ ਮਨੁੱਖ ਗੋਲਿਆਥ ਕੋਲੋਂ ਡਰਕੇ ਭੱਜ ਗਏ। 25 ਉਨ੍ਹਾਂ ਵਿੱਚੋਂ ਇੱਕ ਇਸਰਾਏਲੀ ਮਨੁੱਖ ਨੇ ਕਿਹਾ, “ਤੁਸੀਂ ਇਸ ਮਨੁੱਖ ਵੱਲ ਵੇਖਿਆ ਹੈ ਜੋ ਹੁਣ ਨਿਕਲਿਆ ਹੈ। ਉਸ ਵੱਲ ਵੇਖੋ ਜ਼ਰਾ। ਸੱਚਮੁੱਚ ਇਹ ਤਾਂ ਇਸਰਾਏਲ ਨੂੰ ਸ਼ਰਮਿੰਦਾ ਕਰਨ ਹੀ ਆਇਆ ਹੈ ਅਤੇ ਇਉਂ ਹੋਵੇਗਾ ਕਿ ਜਿਹੜਾ ਉਸ ਨੂੰ ਮਾਰੇਗਾ ਤਾਂ ਸ਼ਾਊਲ ਪਾਤਸ਼ਾਹ ਉਸ ਨੂੰ ਮਾਲ ਨਾਲ ਧਨਵਾਨ ਕਰੇਗਾ। ਅਤੇ ਸ਼ਾਊਲ ਆਪਣੀ ਧੀ ਦਾ ਵਿਆਹ ਉਸ ਆਦਮੀ ਨਾਲ ਕਰੇਗਾ ਜੋ ਇਸ ਗੋਲਿਆਥ ਨੂੰ ਮਾਰ ਸੁੱਟੇਗਾ। ਅਤੇ ਉਸ ਦੇ ਪਿਉ ਦੇ ਟੱਬਰ ਨੂੰ ਇਸਰਾਏਲ ਦੇ ਵਿੱਚ ਆਜ਼ਾਦ ਕਰੇਗਾ।” [a]

26 ਦਾਊਦ ਨੇ ਆਪਨੇ ਕੋਲ ਖਲੋਤੇ ਆਦਮੀਆਂ ਨੂੰ ਪੁੱਛਿਆ, “ਉਸਨੇ ਕੀ ਆਖਿਆ? ਇਸ ਫ਼ਲਿਸਤੀ ਨੂੰ ਮਾਰਨ ਅਤੇ ਇਸਰਾਏਲ ਤੋਂ ਇਹ ਬੇਇੱਜ਼ਤੀ ਹਟਾਉਣ ਦਾ ਕੀ ਇਨਾਮ ਹੈ? ਆਖਿਰ ਇਹ ਗੋਲਿਆਥ ਹੈ ਕੌਣ? ਉਹ ਸਿਰਫ਼ ਇੱਕ ਵਿਦੇਸ਼ੀ ਹੈ ਅਤੇ ਸਿਰਫ਼ ਇੱਕ ਫ਼ਲਿਸਤੀ ਹੀ ਹੈ। ਉਹ ਇਹ ਕਿਉਂ ਸੋਚਦਾ ਕਿ ਉਹ ਪਰਮੇਸ਼ੁਰ ਦੀ ਸੈਨਾ ਨੂੰ ਲਲਕਾਰ ਸੱਕਦਾ ਹੈ।”

27 ਤਾਂ ਇਸਰਾਏਲੀ ਨੇ ਦਾਊਦ ਨੂੰ ਦੱਸਿਆ ਕਿ ਜੋ ਇਹ ਫ਼ਲਿਸਤੀ ਨੂੰ ਮਾਰੇ ਉਸ ਨੂੰ ਇਨਾਮ ਮਿਲੇਗਾ। 28 ਉਸ ਵੇਲੇ ਦਾਊਦ ਦੇ ਵੱਡੇ ਭਰਾ ਅਲੀਆਬ ਨੇ ਦਾਊਦ ਨੂੰ ਸੈਨਾ ਦੇ ਲੋਕਾਂ ਨਾਲ ਗੱਲਾਂ ਕਰਦੇ ਸੁਣ ਲਿਆ ਤਾਂ ਉਸ ਨੂੰ ਦਾਊਦ ਉੱਤੇ ਬੜਾ ਕਰੋਧ ਆਇਆ ਅਤੇ ਉਸ ਨੇ ਦਾਊਦ ਨੂੰ ਕਿਹਾ, “ਤੂੰ ਇੱਥੇ ਕਿਉਂ ਆਇਆ ਹੈ? ਤੂੰ ਉੱਥੇ ਉਜਾੜ ਵਿੱਚ ਇੱਜੜ ਨੂੰ ਭਲਾ ਕਿਸਦੇ ਸਹਾਰੇ ਛੱਡ ਕੇ ਆਇਆ ਹੈਂ? ਮੈਂ ਜਾਣਦਾ ਹਾਂ ਕਿ ਤੂੰ ਇੱਥੇ ਕਿਸ ਲਈ ਆਇਆ ਹੈਂ? ਕਿਉਂਕਿ ਜੋ ਕੰਮ ਤੈਨੂੰ ਕਰਨ ਵਾਸਤੇ ਕਿਹਾ ਗਿਆ ਤੂੰ ਉਹ ਨਹੀਂ ਕਰਨਾ ਚਾਹੁੰਦਾ। ਮੈਂ ਸਭ ਜਾਣਦਾ ਹਾਂ ਕਿ ਤੂੰ ਆਪਣੇ ਕੰਮ ਤੋਂ ਜੀਅ ਚੁਰਾਉਂਦਾ ਇੱਥੇ ਲੜਾਈ ਵੇਖਣ ਆ ਗਿਆ ਹੈ।”

29 ਦਾਊਦ ਨੇ ਕਿਹਾ, “ਤਾਂ ਹੁਣ ਦੱਸ ਮੈਂ ਕੀ ਕਰਾਂ? ਮੈਂ ਇਸ ਵਿੱਚ ਕੁਝ ਗਲਤੀ ਨਹੀਂ ਕੀਤੀ? ਮੈਂ ਤਾਂ ਕੇਵਲ ਗੱਲਾਂ ਕਰ ਰਿਹਾ ਸੀ।” 30 ਦਾਊਦ ਕੁਝ ਹੋਰ ਲੋਕਾਂ ਵੱਲ ਮੁੜਿਆ ਅਤੇ ਉਨ੍ਹਾਂ ਨੂੰ ਵੀ ਇਹੀ ਸਵਾਲ ਪੁੱਛਿਆ ਤਾਂ ਉਨ੍ਹਾਂ ਨੇ ਵੀ ਉਸ ਨੂੰ ਪਹਿਲਾਂ ਵਰਗਾ ਹੀ ਜਵਾਬ ਦਿੱਤਾ।

31 ਕੁਝ ਆਦਮੀਆਂ ਨੇ ਦਾਊਦ ਨੂੰ ਗੱਲਾਂ ਕਰਦਿਆਂ ਸੁਣਿਆ ਤਾਂ ਉਹ ਦਾਊਦ ਨੂੰ ਸ਼ਾਊਲ ਕੋਲ ਲੈ ਗਏ ਅਤੇ ਉਸ ਨੂੰ ਜਾਕੇ ਦੱਸਿਆ ਕਿ ਦਾਊਦ ਕੀ ਆਖਦਾ ਸੀ। 32 ਤਾਂ ਦਾਊਦ ਨੇ ਸ਼ਾਊਲ ਨੂੰ ਆਖਿਆ, “ਉਸ ਗੋਲਿਆਥ ਕਰਕੇ ਕਿਸੇ ਮਨੁੱਖ ਨੂੰ ਘਬਰਾਉਣਾ ਨਹੀਂ ਚਾਹੀਦਾ। ਮੈਂ ਤੁਹਾਡਾ ਸੇਵਕ ਹਾਂ ਸੋ ਮੈਂ ਇਸ ਫ਼ਲਿਸਤੀ ਨਾਲ ਲੜਾਂਗਾ।”

33 ਸ਼ਾਊਲ ਨੇ ਜਵਾਬ ਦਿੱਤਾ, “ਤੂੰ ਬਾਹਰ ਜਾਕੇ ਇਸ ਫ਼ਲਿਸਤੀ ਨਾਲ ਨਹੀਂ ਲੜ ਸੱਕਦਾ, ਤੂੰ ਤਾਂ ਸਿਪਾਹੀ ਵੀ ਨਹੀਂ ਅਤੇ ਇਹ ਗੋਲਿਆਥ ਤਾਂ ਬਚਪਨ ਤੋਂ ਲੜਾਈਆਂ ਲੜਦਾ ਆ ਰਿਹਾ ਹੈ।”

34 ਪਰ ਦਾਊਦ ਨੇ ਸ਼ਾਊਲ ਨੂੰ ਕਿਹਾ, “ਮੈਂ, ਤੁਹਾਡਾ ਸੇਵਕ ਆਪਣੇ ਪਿਉ ਦੀਆਂ ਭੇਡਾਂ ਚੁਰਾਉਂਦਾ ਸੀ ਤਾਂ ਇੱਕ ਸ਼ੇਰ ਅਤੇ ਰਿੱਛ ਆਇਆ ਅਤੇ ਇੱਜੜ ਵਿੱਚੋਂ ਇੱਕ ਭੇਡ ਲੈ ਗਿਆ। 35 ਮੈਂ ਉਨ੍ਹਾਂ ਜੰਗਲੀ ਜਾਨਵਰਾਂ ਦਾ ਪਿੱਛਾ ਕੀਤਾ ਅਤੇ ਉਸ ਉੱਤੇ ਹਮਲਾ ਕਰਕੇ ਉਸ ਦੇ ਮੂੰਹ ਵਿੱਚੋਂ ਭੇਡ ਕੱਢ ਲਿਆਇਆ। ਤਾਂ ਉਹ ਜੰਗਲੀ ਜਾਨਵਰ ਮੇਰੇ ਉੱਤੇ ਟੁੱਟ ਪਿਆ ਪਰ ਮੈਂ ਉਸ ਨੂੰ ਉਸ ਦੇ ਮੂੰਹ ਹੇਠਾਂ ਬਰਾਛਾਂ ਤੋਂ ਫ਼ੜਕੇ ਮਾਰਿਆ ਅਤੇ ਮੈਂ ਉਸ ਨੂੰ ਫ਼ੜਕੇ ਪਾੜ ਸੁੱਟਿਆ। 36 ਮੈਂ ਇੱਕ ਸ਼ੇਰ ਅਤੇ ਇੱਕ ਰਿੱਛ ਮਾਰਿਆ ਅਤੇ ਮੈਂ ਉਸ ਅਸੁੰਨਤੀ ਫ਼ਲਿਸਤੀ ਗੋਲਿਆਥ ਨੂੰ ਵੀ ਉਨ੍ਹਾਂ ਵਾਂਗ ਹੀ ਮਾਰ ਮੁਕਾਵਾਂਗਾ। ਗੋਲਿਆਥ ਜ਼ਰੂਰ ਮਰੇਗਾ ਕਿਉਂਕਿ ਉਸ ਨੇ ਜਿਉਂਦੇ ਪਰਮੇਸ਼ੁਰ ਦੀ ਸੈਨਾ ਦਾ ਮਖੌਲ ਉਡਾਇਆ ਹੈ। 37 ਯਹੋਵਾਹ ਨੇ ਮੇਰੀ ਸ਼ੇਰ ਅਤੇ ਰਿੱਛ ਤੋਂ ਰੱਖਿਆ ਕੀਤੀ ਤਾਂ ਉਹ ਮੇਰੀ ਇਸ ਫ਼ਲਿਸਤੀ ਤੋਂ ਵੀ ਰੱਖਿਆ ਕਰੇਗਾ।”

ਸ਼ਾਊਲ ਨੇ ਦਾਊਦ ਨੂੰ ਕਿਹਾ, “ਜਾ ਫ਼ੇਰ, ਯਹੋਵਾਹ ਤੇਰੇ ਨਾਲ ਹੋਵੇ।” 38 ਤਾਂ ਸ਼ਾਊਲ ਨੇ ਆਪਣੇ ਵਸਤਰ-ਸ਼ਸਤਰ ਦਾਊਦ ਨੂੰ ਪਹਿਨਾਏ। ਸ਼ਾਊਲ ਨੇ ਉਸ ਦੇ ਸਿਰ ਉੱਤੇ ਪਿੱਤਲ ਦਾ ਟੋਪ ਪੁਆਇਆ ਅਤੇ ਉਸ ਦੇ ਸ਼ਰੀਰ ਉੱਤੇ ਜ਼ਰਾ-ਬਖਤਰ ਪੁਆਇਆ। 39 ਦਾਊਦ ਨੇ ਆਪਣੀ ਤਲਵਾਰ ਜ਼ਰਾ ਬਖਤਰ ਉੱਪਰ ਬੰਨ੍ਹੀ ਅਤੇ ਚੱਲਣ ਦਾ ਉਦਮ ਕੀਤਾ। ਦਾਊਦ ਨੇ ਸ਼ਾਊਲ ਦੇ ਵਸਤਰ-ਸ਼ਸਤਰ ਸਜਾਏ ਪਰ ਉਹ ਇਨ੍ਹਾਂ ਭਾਰੀਆਂ ਚੀਜ਼ਾਂ ਨੂੰ ਪਾਣ ਦਾ ਆਦੀ ਨਹੀਂ ਸੀ।

ਦਾਊਦ ਨੇ ਸ਼ਾਊਲ ਨੂੰ ਕਿਹਾ, “ਇਨ੍ਹਾਂ ਨਾਲ ਤਾਂ ਮੇਰੇ ਕੋਲੋਂ ਨਹੀਂ ਤੁਰਿਆ ਜਾਂਦਾ ਕਿਉਂ ਜੋ ਮੈਂ ਇਨ੍ਹਾਂ ਦਾ ਆਦੀ ਨਹੀਂ ਹਾਂ।” ਤਾਂ ਦਾਊਦ ਨੇ ਉਹ ਸਭ ਕੁਝ ਉਤਾਰ ਦਿੱਤਾ। 40 ਦਾਊਦ ਨੇ ਆਪਣੀ ਡਾਂਗ ਹੱਥ ਵਿੱਚ ਫ਼ੜੀ ਅਤੇ ਉਸ ਨਦੀ ਕੋਲੋਂ ਪੰਜ ਚੀਕਨੇ ਪੱਥਰ ਚੁੱਕ ਲਏ। ਉਸ ਨੇ ਉਹ ਪੰਜ ਮੁਲਾਇਮ ਜਿਹੇ ਪੱਥਰ ਆਪਣੇ ਅਯਾਲੀ ਦੇ ਝੋਲੇ ਵਿੱਚ ਪਾ ਲਏ ਅਤੇ ਉਸਦੀ ਗੁਲੇਲ ਉਸ ਦੇ ਹੱਥ ਵਿੱਚ ਸੀ ਅਤੇ ਉਹ ਫ਼ਲਿਸਤੀ ਗੋਲਿਆਥ ਵੱਲ ਚੱਲਾ ਗਿਆ।

ਦਾਊਦ ਦਾ ਗੋਲਿਆਥ ਨੂੰ ਮਾਰ ਸੁੱਟਣਾ

41 ਉਹ ਫ਼ਲਿਸਤੀ ਗੋਲਿਆਥ ਹੌਲੀ-ਹੌਲੀ ਚੱਲਦਾ ਦਾਊਦ ਦੇ ਨੇੜੇ ਹੁੰਦਾ ਗਿਆ। ਗੋਲਿਆਥ ਦਾ ਸਹਾਇਕ ਹੱਥ ਵਿੱਚ ਢਾਲ ਚੁੱਕੀ ਉਸ ਦੇ ਅੱਗੇ-ਅੱਗੇ ਚੱਲਦਾ ਆਉਂਦਾ ਸੀ। 42 ਗੋਲਿਆਥ ਨੇ ਦਾਊਦ ਵੱਲ ਵੇਖਿਆ ਅਤੇ ਹੱਸਿਆ ਉਸ ਨੇ ਵੇਖਿਆ ਕਿ ਉਹ ਸਿਰਫ਼ ਲਾਲ ਮੂੰਹ ਵਾਲਾ ਖੂਬਸੂਰਤ ਨੌਜੁਆਨ ਮੁੰਡਾ ਹੈ। 43 ਗੋਲਿਆਥ ਨੇ ਦਾਊਦ ਨੂੰ ਪੁੱਛਿਆ, “ਇਹ ਡਾਂਗ ਕਿਸ ਵਾਸਤੇ ਹੈ? ਕੀ ਤੂੰ ਮੈਨੂੰ ਇੱਥੋਂ ਇੱਕ ਕੁੱਤੇ ਵਾਂਗ ਭਜਾਉਣ ਲਈ ਮੇਰੇ ਪਿੱਛੇ ਆਇਆ ਹੈ?” ਫ਼ੇਰ ਗੋਲਿਆਥ ਨੇ ਦਾਊਦ ਨੂੰ ਆਪਣੇ ਫ਼ਲਿਸਤੀ ਦੇਵਤਿਆਂ ਦੇ ਨਾਵਾਂ ਉੱਤੇ ਗਾਲ੍ਹਾਂ ਕੱਢੀਆਂ। 44 ਤਦ ਉਸ ਨੇ ਦਾਊਦ ਨੂੰ ਆਖਿਆ, “ਇੱਧਰ ਆ ਜ਼ਰਾ, ਮੈਂ ਤੇਰਾ ਸ਼ਰੀਰ ਪਰਿੰਦਿਆਂ-ਦਰਿੰਦਿਆਂ ਨੂੰ ਪਾਵਾਂ।”

45 ਦਾਊਦ ਨੇ ਉਸ ਫ਼ਲਿਸਤੀ ਨੂੰ ਕਿਹਾ, “ਤੂੰ ਤਾ ਤਲਵਾਰ, ਢਾਲ ਅਤੇ ਬਰਛਾ ਲੈ ਕੇ ਮੇਰੇ ਵੱਲ ਆਉਂਦਾ ਹੈਂ। ਪਰ ਮੈਂ ਸਰਬ-ਸ਼ਕਤੀਮਾਨ ਯਹੋਵਾਹ, ਇਸਰਾਏਲ ਦੀ ਸੈਨਾ ਦੇ ਪਰਮੇਸ਼ੁਰ ਦੇ ਨਾਮ ਉੱਤੇ ਆ ਰਿਹਾ ਹਾਂ, ਜਿਸ ਬਾਰੇ ਤੂੰ ਮੰਦਾ ਬੋਲਿਆ ਹੈ। ਜਿਸ ਬਾਰੇ ਤੂੰ ਇੰਨਾ ਮੰਦਾ ਆਖਿਆ ਹੈ। 46 ਅਤੇ ਅੱਜ ਹੀ ਯਹੋਵਾਹ ਤੈਨੂੰ ਮੇਰੇ ਹੱਥ ਕਰ ਦੇਵੇਗਾ। ਮੈਂ ਤੈਨੂੰ ਮਾਰ ਸੁੱਟਾਂਗਾ। ਅੱਜ ਮੈਂ ਤੇਰੇ ਸ਼ਰੀਰ ਦੇ ਟੋਟੇ ਕਰਕੇ ਕਾਵਾਂ ਅਤੇ ਕੁੱਤਿਆਂ ਨੂੰ ਪਾਵਾਂਗਾ। ਮੈਂ ਤੇਰਾ ਸਿਰ ਵੱਢ ਸੁੱਟਾਂਗਾ ਅਤੇ ਉਸ ਨੂੰ ਪਰਿੰਦਿਆਂ-ਦਰਿੰਦਿਆਂ ਅੱਗੇ ਸੁੱਟਾਂਗਾ। ਅਤੇ ਅੱਜ ਹੀ ਫ਼ਲਿਸਤੀਆਂ ਦੇ ਦਲਾਂ ਦੀਆਂ ਲੋਥਾਂ ਪੌਣਾਂ ਦੇ ਪੰਛੀਆਂ ਅਤੇ ਧਰਤੀ ਦੇ ਦਰਿੰਦਿਆਂ ਨੂੰ ਦੇਵਾਂਗਾ ਤਾਂ ਜੋ ਸਾਰੀ ਦੁਨੀਆ ਜਾਣ ਜਾਵੇ ਕਿ ਸਿਰਾਏਲ ਵਿੱਚ ਇੱਕ ਪਰਮੇਸ਼ੁਰ ਹੈ। 47 ਅਤੇ ਇੱਥੇ ਹਾਜ਼ਰ ਸਾਰੇ ਲੋਕਾਂ ਨੂੰ ਵੀ ਇਹ ਖਬਰ ਹੋ ਜਾਵੇਗੀ ਕਿ ਯੁੱਧ ਦਾ ਸੁਆਮੀ ਤਾਂ ਯਹੋਵਾਹ ਤਲਵਾਰ ਅਤੇ ਬਰਛੀ ਨਾਲ ਨਹੀਂ ਬਚਾਉਂਦਾ ਕਿਉਂਕਿ ਯੁੱਧ ਦਾ ਸੁਆਮੀ ਤਾਂ ਯਹੋਵਾਹ ਹੈ ਅਤੇ ਯਹੋਵਾਹ ਹੀ ਤੈਨੂੰ ਅਤੇ ਫ਼ਲਿਸਤੀਆਂ ਨੂੰ ਸਾਡੇ ਹੱਥ ਦੇਵੇਗਾ।”

48 ਗੋਲਿਆਥ ਫ਼ਲਿਸਤੀ ਉੱਠਿਆ ਅਤੇ ਅੱਗੇ ਵੱਧਕੇ ਦਾਊਦ ਨਾਲ ਲੜਨ ਨੂੰ ਨੇੜੇ ਹੋਇਆ ਤਾਂ ਦਾਊਦ ਛੇਤੀ ਨਾਲ ਫ਼ਲਿਸਤੀ ਵੱਲ ਦੌੜਿਆ।

49 ਦਾਊਦ ਨੇ ਝੱਟ ਆਪਣੇ ਝੋਲੇ ਵਿੱਚੋਂ ਪੱਥਰ ਕੱਢਿਆ ਅਤੇ ਉਸ ਨੂੰ ਆਪਣੀ ਗੁਲੇਲ ਵਿੱਚ ਰੱਖਕੇ ਗੁਲੇਲ ਚੱਲਾ ਦਿੱਤੀ। ਗੁਲੇਲ ਵਿੱਚੋਂ ਪੱਥਰ ਨਿਕਿਲਆ ਅਤੇ ਏਨ ਗੋਲਿਆਥ ਦੀਆਂ ਦੋਨਾਂ ਅੱਖਾਂ ਦੇ ਵਿੱਚਕਾਰ ਜਾਕੇ ਵੱਜਿਆ ਅਤੇ ਜਾ ਉਸ ਦੇ ਸਿਰ ਵਿੱਚ ਖੁੱਭ ਗਿਆ ਅਤੇ ਗੋਲਿਆਥ ਉੱਥੇ ਹੀ ਮੂੰਹ ਪਰਨੇ ਜ਼ਮੀਨ ਉੱਤੇ ਡਿੱਗ ਪਿਆ।

50 ਇਉਂ ਦਾਊਦ ਨੇ ਫ਼ਲਿਸਤੀ ਨੂੰ ਖਾਲੀ ਇੱਕ ਗੁਲੇਲ ਉੱਤੇ ਇੱਕ ਪੱਥਰ ਨਾਲ ਹੀ ਹਾਰ ਦੇ ਦਿੱਤੀ। ਉਸ ਨੇ ਫ਼ਲਿਸਤੀ ਨੂੰ ਗੁਲੇਲ ਨਾਲ ਰੋੜਾ ਮਾਰਕੇ ਹੀ ਮਾਰ ਸੁੱਟਿਆ। ਦਾਊਦ ਕੋਲ ਕੋਈ ਤਲਵਾਰ ਨਹੀਂ ਸੀ। 51 ਇਸ ਲਈ ਦਾਊਦ ਭੱਜਕੇ ਫ਼ਲਿਸਤੀ ਦੇ ਉੱਪਰ ਚੜ੍ਹ ਖਲੋਤਾ ਅਤੇ ਉਸਦੀ ਤਲਵਾਰ ਫ਼ੜ੍ਹ ਕੇ ਮਿਆਨੋ ਖਿੱਚ ਲਈ ਅਤੇ ਉਸ ਨੂੰ ਜਾਨੋ ਮਾਰਕੇ ਉਸਦਾ ਸਿਰ ਤਲਵਾਰ ਨਾਲ ਵੱਢ ਸੁੱਟਿਆ। ਇਉਂ ਦਾਊਦ ਨੇ ਫ਼ਲਿਸਤੀ ਨੂੰ ਜਾਨੋਂ ਮਾਰਿਆ।

ਜਦੋਂ ਬਾਕੀ ਫ਼ਲਿਸਤੀਆਂ ਨੇ ਵੇਖਿਆ ਕਿ ਉਨ੍ਹਾਂ ਦਾ ਨਾਇਕ ਮਾਰਿਆ ਗਿਆ ਹੈ ਤਾਂ ਉਹ ਉੱਥੋਂ ਭੱਜ ਗਏ। 52 ਤਾਂ ਇਸਰਾਏਲ ਅਤੇ ਯਹੂਦਾਹ ਦੇ ਲੋਕ ਉੱਠੇ ਅਤੇ ਵਾਦੀ ਤੱਕ ਅਤੇ ਅਕਰੋਨ ਦੇ ਫ਼ਾਟਕਾਂ ਤੀਕ ਵੰਗਾਰਕੇ ਫ਼ਲਿਸਤੀਆਂ ਦੇ ਮਗਰ ਪਏ। ਉਨ੍ਹਾਂ ਨੇ ਬਹੁਤ ਸਾਰੇ ਫ਼ਲਿਸਤੀਆਂ ਨੂੰ ਵੱਢ ਸੁੱਟਿਆ ਅਤੇ ਉਨ੍ਹਾਂ ਦਾ ਪਿੱਛਾ ਕਰਦੇ ਹੋਏ ਇਹ ਫ਼ਲਿਸਤੀਆਂ ਨੂੰ ਸਆਰੈਮ ਦੇ ਰਾਹ ਵਿੱਚ ਗੱਥ ਅਤੇ ਅਕਰੋਨ ਤੀਕ ਮਾਰਦੇ ਵੱਢਦੇ ਗਏ। 53 ਤਦ ਇਸਰਾਏਲੀ ਫ਼ਲਿਸਤੀਆਂ ਦੇ ਮਗਰੋਂ ਹਟ ਗਏ ਅਤੇ ਵਾਪਸ ਆਕੇ ਉਨ੍ਹਾਂ ਦੇ ਡੇਰਿਆਂ ਨੂੰ ਲੁੱਟ ਲਿਆ।

54 ਦਾਊਦ ਉਸ ਫ਼ਲਿਸਤੀ ਦਾ ਸਿਰ ਲੈ ਕੇ ਯਰੂਸ਼ਲਮ ਵਿੱਚ ਆਇਆ। ਪਰ ਦਾਊਦ ਨੇ ਫ਼ਲਿਸਤੀਆਂ ਦੇ ਸ਼ਸਤਰਾਂ ਨੂੰ ਆਪਣੇ ਡੇਰੇ ਵਿੱਚ ਰੱਖਿਆ।

ਸ਼ਾਊਲ ਦਾ ਦਾਊਦ ਨੂੰ ਭੈਅ ਦੇਣਾ

55 ਸ਼ਾਊਲ ਦਾਊਦ ਨੂੰ ਗੋਲਿਆਥ ਨਾਲ ਲੜਦੇ ਜਾਂਦੇ ਵੇਖਦਾ ਰਿਹਾ। ਸ਼ਾਊਲ ਨੇ ਤਦ ਸੈਨਾਪਤੀ ਅਬਨੇਰ ਕੋਲੋਂ ਪੁੱਛਿਆ, “ਅਬਨੇਰ, ਇਹ ਮੁੰਡਾ ਕਿਸ ਦਾ ਪੁੱਤਰ ਹੈ?”

ਅਬਨੇਰ ਨੇ ਕਿਹਾ, “ਸੁਆਮੀ, ਤੇਰੀ ਸੌਂਹ, ਮੈਂ ਨਹੀਂ ਜਾਣਦਾ ਇਹ ਕੌਣ ਹੈ?”

56 ਤਾਂ ਪਾਤਸ਼ਾਹ ਸ਼ਾਊਲ ਨੇ ਕਿਹਾ, “ਜਾ, ਜਾਕੇ ਪਤਾ ਕਰ ਕਿ ਇਸ ਦਾ ਪਿਉ ਕੌਣ ਹੈ?”

57 ਜਦੋਂ ਦਾਊਦ ਗੋਲਿਆਥ ਨੂੰ ਮਾਰਕੇ ਵਾਪਸ ਆਇਆ ਤਾਂ ਅਬਨੇਰ ਉਸ ਨੂੰ ਸ਼ਾਊਲ ਕੋਲ ਲੈ ਗਿਆ। ਉਸ ਵਕਤ ਦਾਊਦ ਦੇ ਹੱਥ ਵਿੱਚ ਫ਼ਲਿਸਤੀ ਦਾ ਸਿਰ ਸੀ।

58 ਸ਼ਾਊਲ ਨੇ ਉਸ ਨੂੰ ਕਿਹਾ, “ਹੇ ਨੌਜੁਆਨ! ਤੇਰਾ ਪਿਉ ਕੌਣ ਹੈ?”

ਦਾਊਦ ਨੇ ਕਿਹਾ, “ਮੈਂ ਤੇਰੇ ਦਾਸ ਯੱਸੀ ਜੋ ਬੈਤਲਹਮ ਦਾ ਹੈ, ਉਸਦਾ ਪੁੱਤਰ ਹਾਂ।”

ਦਾਊਦ ਅਤੇ ਯੋਨਾਥਾਨ ਗੂੜ੍ਹੇ ਮਿੱਤਰ

18 ਜਦੋਂ ਦਾਊਦ ਸ਼ਾਊਲ ਨਾਲ ਗੱਲ ਕਰ ਹਟਿਆ ਤਾਂ ਯੋਨਾਥਾਨ ਦਾਊਦ ਦੇ ਬਹੁਤ ਨੇੜੇ ਹੋ ਗਿਆ। ਯੋਨਾਥਾਨ ਦਾਊਦ ਨੂੰ ਓਨਾ ਹੀ ਪਿਆਰ ਕਰਦਾ ਸੀ ਜਿੰਨਾ ਕਿ ਉਹ ਆਪਣੇ-ਆਪ ਨੂੰ। ਉਸ ਦਿਨ ਤੋਂ ਬਾਦ ਸ਼ਾਊਲ ਨੇ ਦਾਊਦ ਨੂੰ ਆਪਣੇ ਕੋਲ ਹੀ ਰੱਖਿਆ ਅਤੇ ਮੁੜ ਉਸ ਨੇ ਦਾਊਦ ਨੂੰ ਆਪਣੇ ਪਿਉ ਕੋਲ ਵਾਪਸ ਨਾ ਜਾਣ ਦਿੱਤਾ। ਯੋਨਾਥਾਨ ਦਾਊਦ ਨੂੰ ਬਹੁਤ ਪਿਆਰ ਕਰਦਾ ਸੀ ਤਾਂ ਉਸ ਨੇ ਦਾਊਦ ਨਾਲ ਇੱਕ ਇਕਰਾਰਨਾਮਾ ਕੀਤਾ। ਯੋਨਾਥਾਨ ਨੇ ਜਿਹੜਾ ਚੋਲਾ ਪਾਇਆ ਹੋਇਆ ਸੀ ਉਹ ਦਾਊਦ ਨੂੰ ਦੇ ਦਿੱਤਾ। ਯੋਨਾਥਾਨ ਨੇ ਉਸ ਨੂੰ ਆਪਣੀ ਵਰਦੀ ਵੀ ਦੇ ਦਿੱਤੀ। ਇੱਥੋਂ ਤੱਕ ਕਿ ਉਸ ਨੇ ਦਾਊਦ ਨੂੰ ਆਪਣੀ ਤਲਵਾਰ, ਧਨੁਸ਼ ਅਤੇ ਪੇਟੀ ਵੀ ਦੇ ਦਿੱਤੀ।

ਸ਼ਾਊਲ ਉਸਦੀ ਸਫ਼ਲਤਾ ਵਾਚਦਾ ਰਿਹਾ

ਸ਼ਾਊਲ ਨੇ ਦਾਊਦ ਨੂੰ ਬਹੁਤ ਸਾਰੀਆਂ ਲੜਾਈਆਂ ਵਿੱਚ ਲੜਨ ਨੂੰ ਭੇਜਿਆ ਅਤੇ ਉਹ ਉਨ੍ਹਾਂ ਜੰਗਾਂ ਵਿੱਚ ਬੜਾ ਕਾਮਯਾਬ ਵੀ ਰਿਹਾ। ਫ਼ਿਰ ਸ਼ਾਊਲ ਨੇ ਉਸ ਨੂੰ ਸੈਨਾ ਦਾ ਸਰਦਾਰ ਬਣਾ ਦਿੱਤਾ। ਇਹ ਗੱਲ ਸਭ ਨੂੰ ਇੱਥੋਂ ਤੱਕ ਕਿ ਸ਼ਾਊਲ ਦੇ ਅਫ਼ਸਰਾਂ ਨੂੰ ਵੀ ਬੜੀ ਚੰਗੀ ਲੱਗੀ। ਦਾਊਦ ਫ਼ਲਿਸਤੀਆਂ ਦੇ ਖਿਲਾਫ਼ ਲੜਨ ਜਾਂਦਾ ਅਤੇ ਜਦ ਉਹ ਲੜਾਈ ਤੋਂ ਬਾਦ ਘਰ ਨੂੰ ਵਾਪਸ ਪਰਤਦਾ ਤਾਂ ਇਸਰਾਏਲ ਦੇ ਹਰ ਸ਼ਹਿਰ ਵਿੱਚੋਂ ਔਰਤਾਂ ਆਪਣੇ ਘਰਾਂ ਵਿੱਚੋਂ ਬਾਹਰ ਨਿਕਲਦੀਆਂ ਤਾਂ ਜੋ ਉਹ ਦਾਊਦ ਨੂੰ ਮਿਲ ਸੱਕਣ ਅਤੇ ਫ਼ਿਰ ਉਹ ਲੋਕ ਬੜਾ ਖੁਸ਼ ਹੁੰਦੇ ਨੱਚਦੇ, ਗਾਉਂਦੇ ਢੋਲ ਵਜਾਉਂਦੇ ਅਤੇ ਬਰਬਤ ਵਰਗਾ ਇੱਕ ਸਾਜ਼ ਵੀ ਵਜਾਉਂਦੇ। ਇਹ ਸਭ ਕੁਝ ਉਹ ਲੋਕ ਸ਼ਾਊਲ ਦੇ ਸਾਹਮਣੇ ਕਰਦੇ। ਔਰਤਾਂ ਇਹ ਗੀਤ ਗਾਉਂਦੀਆਂ:

“ਸ਼ਾਊਲ ਨੇ ਹਜ਼ਾਰਾਂ ਵੈਰੀਆਂ ਨੂੰ ਮਾਰਿਆ
    ਪਰ ਦਾਊਦ ਨੇ ਲੱਖਾਂ ਵੈਰੀਆਂ ਨੂੰ ਮਾਰਿਆ।”

ਔਰਤਾਂ ਦੇ ਇਸ ਗੀਤ ਨੇ ਸ਼ਾਊਲ ਨੂੰ ਬੇਚੈਨ ਕਰ ਦਿੱਤਾ ਅਤੇ ਉਸ ਨੂੰ ਬੜਾ ਕਰੋਧ ਆਇਆ। ਸ਼ਾਊਲ ਨੇ ਸੋਚਿਆ, “ਔਰਤਾਂ ਆਖਦੀਆਂ ਹਨ ਕਿ ਦਾਊਦ ਨੇ ਲੱਖਾਂ ਵੈਰੀਆਂ ਨੂੰ ਮਾਰਿਆ ਅਤੇ ਉਹ ਆਖਦੀਆਂ ਹਨ ਕਿ ਮੈਂ ਸਿਰਫ਼ ਹਜ਼ਾਰਾਂ ਵੈਰੀਆਂ ਨੂੰ ਮਾਰਿਆ।” ਉਸ ਦਿਨ ਤੋਂ ਬਾਦ ਸ਼ਾਊਲ ਦਾਊਦ ਉੱਪਰ ਕੜੀ ਨਜ਼ਰ ਰੱਖਣ ਲੱਗਾ।

ਸ਼ਾਊਲ ਦਾ ਦਾਊਦ ਤੋਂ ਭੈਅ ਖਾਣਾ

10 ਅਗਲੇ ਹੀ ਦਿਨ ਤੋਂ ਇੱਕ ਦੁਸ਼ਟ ਆਤਮੇ ਨੇ ਪਰਮੇਸ਼ੁਰ ਵੱਲੋਂ ਸ਼ਾਊਲ ਉੱਪਰ ਵੱਸ ਕਰ ਲਿਆ। ਉਹ ਆਪਣੇ ਘਰ ਬਿਲਕੁਲ ਜੰਗਲੀ ਪਾਗਲਾਂ ਵਾਂਗ ਵਤੀਰਾ ਕਰਨ ਲੱਗਾ। ਦਾਊਦ ਜਿਵੇਂ ਹੀ ਉਸ ਨੂੰ ਠੀਕ ਕਰਨ ਲਈ ਬਰਬਤ ਵਜਾਉਂਦਾ ਸੀ ਉਹ ਉਵੇਂ ਹੀ ਕਰਨ ਲੱਗਾ। 11 ਪਰ ਸ਼ਾਊਲ ਦੇ ਹੱਥ ਵਿੱਚ ਇੱਕ ਸਾਂਗ ਸੀ ਅਤੇ ਉਸ ਨੇ ਸੋਚਿਆ, “ਮੈਂ ਦਾਊਦ ਨੂੰ ਕੰਧ ਵਿੱਚ ਵਿੰਨ੍ਹ ਦੇਵਾਂਗਾ।” ਸ਼ਾਊਲ ਨੇ ਦੋ ਵਾਰ ਸਾਂਗ ਉਸ ਵੱਲ ਸੁੱਟੀ ਪਰ ਦਾਊਦ ਦੋਨੋਂ ਵਾਰੀ ਬਚ ਨਿਕਲਿਆ।

12 ਯਹੋਵਾਹ ਦਾਊਦ ਦੇ ਨਾਲ ਸੀ ਅਤੇ ਯਹੋਵਾਹ ਨੇ ਸ਼ਾਊਲ ਨੂੰ ਛੱਡ ਦਿੱਤਾ ਸੀ ਇਸ ਲਈ ਹੁਣ ਸ਼ਾਊਲ ਦਾਊਦ ਕੋਲੋਂ ਭੈਅ ਖਾਂਦਾ ਸੀ। 13 ਸ਼ਾਊਲ ਨੇ ਦਾਊਦ ਨੂੰ ਆਪਣੇ ਤੋਂ ਦੂਰ ਭੇਜ ਦਿੱਤਾ ਉਸ ਨੇ ਦਾਊਦ ਨੂੰ 1,000 ਸਿਪਾਹਈਆਂ ਉੱਪਰ ਕਮਾਂਡਰ ਬਣਾ ਦਿੱਤਾ। ਅਤੇ ਇਸ ਲਈ ਉਹ ਲੜਾਈ ਵਿੱਚ ਲੋਕਾਂ ਦਾ ਆਗੂ ਹੁੰਦਾ। 14 ਯਹੋਵਾਹ ਦਾਊਦ ਦੇ ਨਾਲ ਸੀ ਇਸ ਲਈ ਉਹ ਜਿਸ ਕੰਮ ਨੂੰ ਵੀ ਹੱਥ ਪਾਉਂਦਾ ਉਸ ਨੂੰ ਸਫ਼ਲਤਾ ਮਿਲਦੀ। 15 ਸ਼ਾਊਲ ਨੇ ਜਦ ਵੇਖਿਆ ਕਿ ਦਾਊਦ ਨੂੰ ਬੜੀ ਕਾਮਯਾਬੀ ਮਿਲਦੀ ਹੈ ਤਾਂ ਉਹ ਹੋਰ ਜ਼ਿਆਦਾ ਦਾਊਦ ਤੋਂ ਡਰਨ ਲੱਗਾ। 16 ਪਰ ਇਸਰਾਏਲ ਅਤੇ ਯਹੂਦਾਹ ਦੇ ਸਾਰੇ ਲੋਕਾਂ ਨੇ ਦਾਊਦ ਨੂੰ ਪਿਆਰ ਕੀਤਾ ਕਿਉਂਕਿ ਉਸ ਨੇ ਜੰਗ ਵਿੱਚ ਉਨ੍ਹਾਂ ਦੀ ਅਗਵਾਈ ਕੀਤੀ ਸੀ ਅਤੇ ਉਨ੍ਹਾਂ ਦੀ ਖਾਤਿਰ ਲੜਿਆ ਸੀ।

ਸ਼ਾਊਲ ਨੇ ਆਪਣੀ ਧੀ ਨਾਲ ਦਾਊਦ ਦਾ ਵਿਆਹ ਕਰਨਾ ਚਾਹਿਆ

17 ਪਰ ਸ਼ਾਊਲ ਦਾਊਦ ਨੂੰ ਮਾਰਨਾ ਚਾਹੁੰਦਾ ਸੀ, ਉਸ ਨੇ ਦਾਊਦ ਨਾਲ ਚਾਲ ਖੇਡਣ ਦੀ ਇੱਕ ਵਿਉਂਤ ਬਣਾਈ ਸ਼ਾਊਲ ਨੇ ਦਾਊਦ ਨੂੰ ਕਿਹਾ, “ਇਹ ਮੇਰੀ ਸਭ ਤੋਂ ਵੱਡੀ ਧੀ ਮੇਰਬ ਹੈ, ਇਸ ਨੂੰ ਮੈਂ ਤੈਨੂੰ ਵਿਆਹ ਦਿੰਦਾ ਹਾਂ, ਫ਼ਿਰ ਤੂੰ ਇੱਕ ਤਕੜਾ ਸਿਪਾਹੀ ਅਤੇ ਮੇਰੇ ਪੁੱਤਰਾਂ ਸਮਾਨ ਹੋ ਜਾਵੇਂਗਾ। ਫ਼ਿਰ ਤੂੰ ਜਾਕੇ ਯਹੋਵਾਹ ਦੀਆਂ ਲੜਾਈਆਂ ਵੀ ਲੜਿਆ ਕਰੇਂਗਾ।” ਪਰ ਇਹ ਸ਼ਾਊਲ ਦੀ ਚਾਲ ਸੀ ਅਸਲ ਵਿੱਚ ਤਾਂ ਸ਼ਾਊਲ ਸੋਚ ਰਿਹਾ ਸੀ ਕਿ, “ਹੁਣ ਮੈਨੂੰ ਦਾਊਦ ਨੂੰ ਜਾਨੋਂ ਮਾਰਨ ਦੀ ਲੋੜ ਨਹੀਂ ਪਵੇਗੀ, ਸਗੋਂ ਮੇਰੇ ਲਈ ਆਪੇ ਹੀ ਉਹ ਫ਼ਲਿਸਤੀਆਂ ਦੇ ਹੱਥੋਂ ਮਰੇਗਾ।”

18 ਪਰ ਦਾਊਦ ਨੇ ਕਿਹਾ, “ਮੈਂ ਕਿਸੇ ਵੱਡੇ ਪਰਿਵਾਰ ਵਿੱਚੋਂ ਨਹੀਂ ਹਾਂ। ਮੇਰਾ ਖਾਨਦਾਨ ਇੰਨਾ ਉੱਚਾ ਨਹੀਂ ਹੈ ਕਿ ਪਾਤਸ਼ਾਹ ਦੀ ਕੁੜੀ ਨਾਲ ਵਿਆਹ ਕਰਾਂ।”

19 ਪਰ ਅਜਿਹਾ ਹੋਇਆ ਕਿ ਜਦੋਂ ਉਹ ਵੇਲਾ ਆਇਆ ਕਿ ਸ਼ਾਊਲ ਦੀ ਧੀ ਦਾਊਦ ਨਾਲ ਵਿਆਹੀ ਜਾਵੇ ਤਾਂ ਉਹ ਮਹੋਲਾਠੀ ਅੰਦਰੀਏਲ ਨਾਲ ਵਿਆਹੀ ਗਈ।

20 ਸ਼ਾਊਲ ਦੀ ਦੂਜੀ ਕੁੜੀ ਮੀਕਲ ਦਾਊਦ ਨੂੰ ਪਿਆਰ ਕਰਦੀ ਸੀ। ਲੋਕਾਂ ਨੇ ਸ਼ਾਊਲ ਨੂੰ ਦੱਸਿਆ ਕਿ ਮੀਕਲ ਦਾਊਦ ਨੂੰ ਪਿਆਰ ਕਰਦੀ ਹੈ ਤਾਂ ਉਹ ਸੁਣਕੇ ਬੜਾ ਖੁਸ਼ ਹੋਇਆ। 21 ਸ਼ਾਊਲ ਨੇ ਸੋਚਿਆ, “ਹੁਣ ਮੈਂ ਮੀਕਲ ਤੋਂ ਦਾਊਦ ਨੂੰ ਉਸ ਦੇ ਜਾਲ ਵਿੱਚ ਫ਼ਸਾਉਣ ਦਾ ਕੰਮ ਲਵਾਂਗਾ। ਮੈਂ ਮੀਕਲ ਨੂੰ ਦਾਊਦ ਨਾਲ ਵਿਆਹ ਕਰਨ ਦੇਵਾਂਗਾ ਅਤੇ ਉਸਤੋਂ ਬਾਦ ਫ਼ਲਿਸਤੀ ਆਪੇ ਦਾਊਦ ਨੂੰ ਜਾਨੋਂ ਮਾਰ ਸੁੱਟਣਗੇ।” ਇਸ ਲਈ ਸ਼ਾਊਲ ਨੇ ਦਾਊਦ ਨੂੰ ਦੂਜੀ ਵਾਰ ਕਿਹਾ, “ਤੂੰ ਅੱਜ ਹੀ ਮੇਰੀ ਕੁੜੀ ਨਾਲ ਵਿਆਹ ਕਰ ਸੱਕਦਾ ਹੈਂ।”

22 ਸ਼ਾਊਲ ਨੇ ਆਪਣੇ ਅਫ਼ਸਰਾਂ ਨੂੰ ਹੁਕਮ ਦਿੱਤਾ ਅਤੇ ਕਿਹਾ, ਦਾਊਦ ਨਾਲ ਇੱਕਲਿਆਂ ਗੱਲ ਕਰੋ ਅਤੇ ਉਸ ਨੂੰ ਕਹੋ, “ਵੇਖ, ਪਾਤਸ਼ਾਹ ਤੈਨੂੰ ਬਹੁਤ ਚਾਹੁੰਦਾ ਹੈ, ਉਸ ਦੇ ਸਾਰੇ ਅਫ਼ਸਰਾਂ ਨੂੰ ਵੀ ਤੂੰ ਬਹੁਤ ਪਿਆਰਾ ਹੈ। ਇਸ ਲਈ ਤੈਨੂੰ ਉਸਦੀ ਕੁੜੀ ਨਾਲ ਵਿਆਹ ਕਰਵਾ ਲੈਣਾ ਚਾਹੀਦਾ ਹੈ।”

23 ਸ਼ਾਊਲ ਦੇ ਅਫ਼ਸਰਾਂ ਨੇ ਉਪਰੰਤ ਦਾਊਦ ਨਾਲ ਇਹ ਸਾਰੀ ਗੱਲ ਕੀਤੀ ਤਾਂ ਦਾਊਦ ਨੇ ਆਖਿਆ, “ਤੁਸੀਂ ਕੀ ਸੋਚਦੇ ਹੋ ਕਿ ਪਾਤਸ਼ਾਹ ਦਾ ਜਵਾਈ ਬਨਣਾ ਇੰਨਾ ਸੌਖਾ ਪਿਆ ਹੈ? ਮੇਰੇ ਕੋਲ ਉਸਦੀ ਧੀ ਨੂੰ ਵਿਆਹੁਣ ਜੋਗੇ ਪੈਸੇ ਨਹੀਂ ਮੈਂ ਤਾਂ ਕੰਗਾਲ ਹਾਂ ਅਤੇ ਇੱਕ ਬੜਾ ਸਾਧਾਰਣ ਜਿਹਾ ਮਨੁੱਖ ਹਾਂ, ਮੇਰੀ ਹਸਤੀ ਹੀ ਕੀ ਹੈ?”

24 ਸ਼ਾਊਲ ਦੇ ਅਫ਼ਸਰਾਂ ਨੇ ਜੋ ਕੁਝ ਦਾਊਦ ਨੇ ਆਖਿਆ ਸੀ ਆਕੇ ਉਸ ਨੂੰ ਕਹਿ ਦਿੱਤਾ। 25 ਸ਼ਾਊਲ ਨੇ ਉਨ੍ਹਾਂ ਨੂੰ ਕਿਹਾ, “ਦਾਊਦ ਨੂੰ ਆਖੋ, ‘ਦਾਊਦ, ਰਾਜਾ ਨਹੀਂ ਚਾਹੁੰਦਾ ਕਿ ਤੂੰ ਉਸਦੀ ਧੀ ਖਾਤਿਰ ਉਸ ਨੂੰ ਕੋਈ ਦਹੇਜ਼ ਦੇਵੇ। ਉਹ ਆਪਣੇ ਦੁਸ਼ਮਣਾਂ ਤੋਂ ਬਦਲਾ ਲੈਣਾ ਚਾਹੁੰਦਾ ਹੈ। ਇਸ ਲਈ ਉਹ ਆਪਣੀ ਧੀ ਦੇ ਵਿਆਹ ਵਾਸਤੇ 100 ਫ਼ਲਿਸਤੀਆਂ ਦੀਆਂ ਖੱਲਾਂ ਚਾਹੁੰਦਾ ਹੈ।’” ਇਹ ਸ਼ਾਊਲ ਦੀ ਇੱਕ ਗੁਪਤ ਵਿਉਂਤ ਸੀ। ਉਸ ਨੇ ਸੋਚਿਆ ਕਿ ਫ਼ਲਿਸਤੀ ਦਾਊਦ ਨੂੰ ਮਾਰ ਦੇਣਗੇ।

26 ਸ਼ਾਊਲ ਦੇ ਅਫ਼ਸਰਾਂ ਨੇ ਇਹ ਸਭ ਗੱਲਾਂ ਜਾਕੇ ਦਾਊਦ ਨੂੰ ਕਹੀਆਂ। ਦਾਊਦ ਖੁਸ਼ ਸੀ ਕਿ ਉਸ ਨੂੰ ਪਾਟਸ਼ਾਹ ਦਾ ਜੁਆਈ ਬਣਨ ਦਾ ਮੌਕਾ ਮਿਲਿਆ ਹੈ ਤਾਂ ਉਹ ਝਟ੍ਟ ਮੰਨ ਗਿਆ। 27 ਸਭ ਕੁਝ ਇੰਨੀ ਜਲਦੀ ਹੋਇਆ ਕਿ ਦਾਊਦ ਅਤੇ ਉਸ ਦੇ ਕੁਝ ਸਿਪਾਹੀ ਫ਼ਲਿਸਤੀਆਂ ਦੇ ਖਿਲਾਫ਼ ਲੜਾਈ ਕਰਨ ਚੱਲੇ ਗਏ। ਉਨ੍ਹਾਂ ਨੇ 200 ਫ਼ਲਿਸਤੀ ਸਿਪਾਹੀਆਂ ਨੂੰ ਮਾਰ ਸੁੱਟਿਆ। ਦਾਊਦ ਨੇ ਇਨ੍ਹਾਂ ਫ਼ਲਿਸਤੀਆਂ ਦੀਆਂ ਚਮੜੀਆਂ ਲਿਆਕੇ ਦਾਊਦ ਨੂੰ ਦੇ ਦਿੱਤੀਆਂ। ਦਾਊਦ ਨੇ ਇਹ ਸਭ ਇਸ ਲਈ ਕੀਤਾ ਕਿਉਂਕਿ ਉਹ ਪਾਤਸ਼ਾਹ ਦਾ ਜੁਆਈ ਬਣਨਾ ਚਾਹੁੰਦਾ ਸੀ।

ਤਾਂ ਸ਼ਾਊਲ ਨੇ ਆਪਣੀ ਧੀ ਮੀਕਲ ਉਸ ਨੂੰ ਵਿਆਹ ਦਿੱਤੀ। 28 ਸ਼ਾਊਲ ਨੇ ਵੇਖਿਆ ਕਿ ਯਹੋਵਾਹ ਦਾਊਦ ਦੇ ਨਾਲ ਹੈ ਅਤੇ ਉਸਦੀ ਧੀ ਮੀਕਲ ਵੀ ਦਾਊਦ ਨੂੰ ਪਿਆਰ ਕਰਦੀ ਹੈ। 29 ਤਾਂ ਸ਼ਾਊਲ ਦਾਊਦ ਕੋਲੋਂ ਹੋਰ ਵੀ ਵੱਧੇਰੇ ਭੈਅ ਖਾਣ ਲੱਗਾ। ਅਤੇ ਉਹ ਦਾਊਦ ਦੇ ਹੋਰ ਵੀ ਖਿਲਾਫ਼ ਰਹਿਣ ਲੱਗਾ।

30 ਤਦ ਫ਼ਲਿਸਤੀਆਂ ਦੇ ਸਰਦਾਰਾਂ ਨੇ ਲਗਾਤਾਰ ਇਸਰਾਏਲੀਆਂ ਨਾਲ ਲੜਾਈ ਜਾਰੀ ਰੱਖੀ ਪਰ ਹਰ ਵਾਰ ਦਾਊਦ ਨੇ ਉਨ੍ਹਾਂ ਨੂੰ ਹਰਾਇਆ। ਦਾਊਦ ਸ਼ਾਊਲ ਦਾ ਸਭ ਤੋਂ ਵੱਧੀਆ ਅਤੇ ਬਹਾਦੁਰ ਅਫ਼ਸਰ ਸੀ ਅਤੇ ਉਹ ਸਭਨਾ ਵਿੱਚ ਬੜਾ ਮਸ਼ਹੂਰ ਹੋਇਆ।

ਯੋਨਾਥਾਨ ਦਾ ਦਾਊਦ ਦੀ ਮਦਦ ਕਰਨਾ

19 ਸ਼ਾਊਲ ਨੇ ਆਪਣੇ ਪੁੱਤਰ ਯੋਨਾਥਾਨ ਅਤੇ ਅਫ਼ਸਰਾਂ ਨੂੰ ਦਾਊਦ ਨੂੰ ਮਾਰ ਮੁਕਾਉਣ ਲਈ ਕਿਹਾ ਪਰ ਯੋਨਾਥਾਨ ਦਾਊਦ ਨੂੰ ਬੜਾ ਪਿਆਰ ਕਰਦਾ ਸੀ। 2-3 ਯੋਨਾਥਾਨ ਨੇ ਦਾਊਦ ਨੂੰ ਖਬਰਦਾਰ ਕੀਤਾ ਕਿ, “ਸਤਰਕ ਰਹੀ! ਸ਼ਾਊਲ ਤੈਨੂੰ ਮਾਰ ਮੁਕਾਉਣ ਦਾ ਮੌਕਾ ਲੱਭ ਰਿਹਾ ਹੈ। ਤੂੰ ਸਵੇਰੇ ਜਾਕੇ ਖੇਤਾਂ ਵਿੱਚ ਲੁਕ ਜਾ। ਮੈਂ ਆਪਣੇ ਪਿਉ ਨਾਲ ਖੇਤਾਂ ਨੂੰ ਜਾਵਾਂਗਾ ਅਤੇ ਖੇਤਾਂ ਵਿੱਚ ਉੱਥੇ ਖਲੋਵਾਂਗੇ ਜਿੱਥੇ ਤੂੰ ਲੁਕਿਆ ਹੋਇਆ ਹੋਵੇਂਗਾ ਫ਼ਿਰ ਮੈਂ ਆਪਣੇ ਪਿਉ ਨਾਲ ਤੇਰੇ ਬਾਰੇ ਗੱਲਾਂ ਕਰਾਂਗਾ ਅਤੇ ਜੋ ਕੁਝ ਮੈਂ ਵੇਖਾਂਗਾ ਤੈਨੂੰ ਦੱਸਾਂਗਾ।”

ਸੋ ਯੋਨਾਥਾਨ ਨੇ ਆਪਣੇ ਪਿਉ ਨਾਲ ਦਾਊਦ ਦੀ ਵਡਿਆਈ ਕੀਤੀ ਅਤੇ ਕਿਹਾ, “ਤੂੰ ਪਾਤਸ਼ਾਹ ਹੈਂ ਅਤੇ ਦਾਊਦ ਤੇਰਾ ਸੇਵਕ ਹੈ ਅਤੇ ਉਸ ਨੇ ਤੇਰਾ ਕੁਝ ਵਿਗਾੜਿਆ ਵੀ ਨਹੀਂ ਇਸ ਲਈ ਤੂੰ ਉਸ ਨਾਲ ਬੁਰਾ ਨਾ ਕਰ। ਦਾਊਦ ਨੇ ਤਾਂ ਸਗੋਂ ਆਪਣੀ ਜਾਨ ਖੱਤਰੇ ਵਿੱਚ ਪਾਕੇ ਉਸ ਫ਼ਲਿਸਤੀ (ਗੋਲਿਆਥ) ਨੂੰ ਵੀ ਜਾਨੋਂ ਮਾਰਿਆ ਸੀ। ਯਹੋਵਾਹ ਨੇ ਇਸਰਾਏਲ ਨੂੰ ਵੱਡੀ ਜਿੱਤ ਦਿੱਤੀ ਸੀ। ਤੂੰ ਇਹ ਸਭ ਵੇਖਿਆ ਅਤੇ ਵੇਖਕੇ ਖੁਸ਼ ਵੀ ਹੋਇਆ। ਤਾਂ ਫ਼ਿਰ ਤੂੰ ਦਾਊਦ ਨੂੰ ਦੁੱਖ ਕਿਉਂ ਦੇਣਾ ਚਾਹੁੰਦਾ ਹੈਂ? ਉਹ ਮਾਸੂਮ ਹੈ। ਮੈਨੂੰ ਤਾਂ ਉਸ ਨੂੰ ਮਾਰਨ ਦੀ ਕੋਈ ਵਜਹ ਨਜ਼ਰ ਨਹੀਂ ਆਉਂਦੀ।”

ਸ਼ਾਊਲ ਨੇ ਯੋਨਾਥਾਨ ਦੀ ਸਾਰੀ ਗੱਲ ਸੁਣੀ ਅਤੇ ਸੌਂਹ ਖਾਕੇ ਆਖਿਆ, “ਜਿਉਂਦੇ ਯਹੋਵਾਹ ਦੀ ਸ਼ੌਂਹ, ਦਾਊਦ ਮਾਰਿਆ ਨਾ ਜਾਵੇਗਾ।”

ਤਾਂ ਯੋਨਾਥਾਨ ਨੇ ਉਹ ਸਭ ਕੁਝ ਜੋ ਗੱਲ-ਬਾਤ ਸ਼ਾਊਲ ਨਾਲ ਹੋਈ ਸਭ ਦਾਊਦ ਨੂੰ ਬੁਲਾਕੇ ਦੱਸੀ। ਫ਼ੇਰ ਯੋਨਾਥਾਨ ਦਾਊਦ ਨੂੰ ਸ਼ਾਊਲ ਕੋਲ ਲਿਆਇਆ ਅਤੇ ਇਹ ਮੁੜ ਤੋਂ ਪਹਿਲਾਂ ਵਾਂਗ ਇਕੱਠੇ ਹੋ ਗਏ।

ਸ਼ਾਊਲ ਦੀ ਦਾਊਦ ਨੂੰ ਮੁੜ ਮਾਰਨ ਦੀ ਕੋਸ਼ਿਸ਼

ਜੰਗ ਦੁਬਾਰਾ ਸ਼ੁਰੂ ਹੋਈ ਅਤੇ ਦਾਊਦ ਫ਼ੇਰ ਫ਼ਲਿਸਤਿਆਂ ਦੇ ਖਿਲਾਫ਼ ਲੜਨ ਗਿਆ। ਫ਼ਲਿਸਤੀ ਉਸ ਕੋਲੋਂ ਹਾਰਕੇ ਭੱਜ ਗਏ। ਪਰ ਇੱਕ ਦੁਸ਼ਟ ਆਤਮਾ ਯਹੋਵਾਹ ਵੱਲੋਂ ਸ਼ਾਊਲ ਕੋਲ ਆਇਆ। ਸ਼ਾਊਲ ਆਪਣੇ ਘਰੀਂ ਬੈਠਾ ਹੋਇਆ ਸੀ, ਉਸ ਦੇ ਹੱਥ ਵਿੱਚ ਇੱਕ ਸਾਂਗ ਫ਼ੜੀ ਹੋਈ ਸੀ ਅਤੇ ਦਾਊਦ ਬਰਬਤ ਵਜਾ ਰਿਹਾ ਸੀ। 10 ਸ਼ਾਊਲ ਨੇ ਆਪਣੀ ਸਾਂਗ ਦਾਊਦ ਦੇ ਸ਼ਰੀਰ ਵਿੱਚ ਖੋਭਕੇ ਉਸ ਨੂੰ ਕੰਧ ਵਿੱਚ ਖੋਭਣਾ ਚਾਹਿਆ ਪਰ ਦਾਊਦ ਇੱਕ ਪਾਸੇ ਨੂੰ ਕੁੱਦ ਗਿਆ ਤਾਂ ਸਾਂਗ ਦਾਊਦ ਨੂੰ ਵੱਜਣ ਦੀ ਬਜਾਇ ਕੰਧ ਵਿੱਚ ਜਾ ਵੱਜੀ। ਉਸੇ ਰਾਤ ਦਾਊਦ ਉੱਥੋਂ ਭੱਜ ਗਿਆ।

11 ਸ਼ਾਊਲ ਨੇ ਉਸ ਉੱਤੇ ਨਜ਼ਰ ਰੱਖਣ ਅਤੇ ਸਵੇਰੇ ਉਸ ਨੂੰ ਮਾਰ ਸੁੱਟਣ ਲਈ ਦਾਊਦ ਦੇ ਘਰ ਹਲਕਾਰੇ ਭੇਜੇ ਅਤੇ ਦਾਊਦ ਦੀ ਪਤਨੀ ਮੀਕਲ ਨੇ ਉਸ ਨੂੰ ਚਿਤਾਵਨੀ ਦਿੰਦੇ ਆਖਿਆ, “ਤੂੰ ਇੱਥੋਂ ਭੱਜ ਜਾ! ਜੇ ਤੂੰ ਆਪਣੀ ਜਾਨ ਬਚਾਉਣਾ ਚਾਹੁੰਦਾ ਹੈ ਤਾਂ ਤੂੰ ਨੱਸ ਜਾ ਨਹੀਂ ਤਾਂ ਕੱਲ ਤੱਕ ਤੂੰ ਮਾਰਿਆ ਜਾਵੇਂਗਾ।” 12 ਤਾਂ ਮੀਕਲ ਨੇ ਦਾਊਦ ਨੂੰ ਬਾਰੀ ਵਾਲੇ ਪਾਸਿਉਂ ਥੱਲੇ ਕੱਢਿਆ ਅਤੇ ਉਹ ਬਚਕੇ ਉੱਥੋਂ ਨੱਸ ਗਿਆ। 13 ਤਦ ਮੀਕਲ ਨੇ ਘਰ ਵਿੱਚ ਪਿਆ ਇੱਕ ਬੁੱਤ ਲੈ ਕੇ ਮੰਜੇ ਉੱਤੇ ਲੰਮਾ ਪਾ ਛੱਡਿਆ ਅਤੇ ਉਸ ਦੇ ਸਿਰਾਹਣੇ ਬੱਕਰੇ ਦੇ ਵਾਲ ਰੱਖ ਦਿੱਤੇ।

14 ਸ਼ਾਊਲ ਨੇ ਹਲਕਾਰੇ ਭੇਜੇ ਕਿ ਦਾਊਦ ਨੂੰ ਬੰਦੀ ਬਣਾਕੇ ਲੈ ਆਉ। ਪਰ ਮੀਕਲ ਨੇ ਕਿਹਾ, “ਦਾਊਦ ਬਿਮਾਰ ਹੈ।”

15 ਆਦਮੀ ਗਏ ਅਤੇ ਉਨ੍ਹਾਂ ਨੇ ਜਾਕੇ ਸ਼ਾਊਲ ਨੂੰ ਇਹ ਸਭ ਕਿਹਾ ਪਰ ਉਸ ਨੇ ਦੁਬਾਰਾ ਉਨ੍ਹਾਂ ਨੂੰ ਦਾਊਦ ਨੂੰ ਆਪ ਵੇਖਕੇ ਆਉਣ ਨੂੰ ਕਿਹਾ ਅਤੇ ਉਨ੍ਹਾਂ ਨੂੰ ਇਹ ਵੀ ਆਖਿਆ, “ਤੁਸੀਂ ਹਰ ਹਾਲਤ ਵਿੱਚ ਉਸ ਨੂੰ ਮੇਰੇ ਕੋਲ ਲੈ ਆਓ। ਜੇਕਰ ਉਹ ਬਿਮਾਰ ਹੈ ਤਾਂ ਉਸ ਨੂੰ ਮੰਜੇ ਉੱਤੇ ਪਏ ਨੂੰ ਹੀ ਲੈ ਆਓ, ਮੈਂ ਉਸ ਨੂੰ ਮਾਰਕੇ ਹੀ ਛੱਡਾਂਗਾ।”

16 ਹਲਕਾਰੇ ਫ਼ਿਰ ਦਾਊਦ ਦੇ ਘਰ ਗਏ। ਉਹ ਘਰ ਦੇ ਅੰਦਰ ਦਾਊਦ ਨੂੰ ਫ਼ੜਨ ਲਈ ਗਏ ਪਰ ਉਨ੍ਹਾਂ ਜਾਕੇ ਵੇਖਿਆ ਕਿ ਉੱਥੇ ਉਸਦੀ ਥਾਵੇਂ ਇੱਕ ਬੁੱਤ ਪਿਆ ਹੈ ਅਤੇ ਇਹ ਵਾਲ ਉਸ ਦੇ ਨਹੀਂ ਸਿਰਹਾਨੇ ਬੱਕਰੇ ਦੇ ਵਾਲ ਹਨ।

17 ਸ਼ਾਊਲ ਨੇ ਮੀਕਲ ਨੂੰ ਕਿਹਾ, “ਤੂੰ ਇਉਂ ਮੈਨੂੰ ਧੋਖਾ ਕਿਉਂ ਦਿੱਤਾ? ਤੂੰ ਮੇਰੇ ਦੁਸ਼ਮਣ ਨੂੰ ਹੱਥੋਂ ਜਾਣ ਦਿੱਤਾ ਅਤੇ ਦਾਊਦ ਭੱਜ ਗਿਆ?”

ਮੀਕਲ ਨੇ ਸ਼ਾਊਲ ਨੂੰ ਜਵਾਬ ’ਚ ਕਿਹਾ, “ਦਾਊਦ ਨੇ ਮੈਨੂੰ ਕਿਹਾ ਕਿ ਉਹ ਮੈਨੂੰ ਜਾਣ ਦੇਵੇ ਨਹੀਂ ਤਾਂ ਉਹ ਮੈਨੂੰ ਮਾਰ ਸੁੱਟੇਗਾ।”

ਦਾਊਦ ਦਾ ਰਾਮਾਹ ਵਿੱਚ ਡੇਰੇ ਨੂੰ ਜਾਣਾ

18 ਦਾਊਦ ਭੱਜਕੇ, ਬਚਕੇ ਰਾਮਾਹ ਵਿੱਚ ਸਮੂਏਲ ਕੋਲ ਪਹੁੰਚ ਗਿਆ। ਦਾਊਦ ਨੇ ਸਭ ਕੁਝ ਜੋ ਸ਼ਾਊਲ ਨੇ ਉਸ ਨਾਲ ਕੀਤਾ ਸਭ ਸਮੂਏਲ ਨੂੰ ਜਾਕੇ ਸੁਣਾਇਆ। ਤਦ ਸਮੂਏਲ ਅਤੇ ਦਾਊਦ ਡੇਰੇ ਵੱਲ ਮੁੜੇ। ਜਿੱਥੇ ਕਿ ਨਬੀਆਂ ਦੀ ਟੋਲੀ ਠਹਿਰੀ ਸੀ ਦਾਊਦ ਵੀ ਉੱਥੇ ਹੀ ਠਹਿਰਿਆ ਸੀ।

19 ਸ਼ਾਊਲ ਨੂੰ ਪਤਾ ਲੱਗਾ ਕਿ ਦਾਊਦ ਰਾਮਾਹ ਦੇ ਨੇੜੇ ਕਿਤੇ ਡੇਰੇ ਵਿੱਚ ਰੁਕਿਆ ਹੋਇਆ ਹੈ। 20 ਉਸ ਨੇ ਕੁਝ ਹਲਕਾਰੇ ਉਸ ਨੂੰ ਫ਼ੜਨ ਲਈ ਭੇਜੇ। ਪਰ ਜਿਸ ਵਕਤ ਉਹ ਆਦਮੀ ਡੇਰੇ ਨੂੰ ਆਏ ਉੱਥੇ ਕੁਝ ਨਬੀ ਅਗੰਮੀ ਵਾਕ ਕਰ ਰਹੇ ਸਨ ਅਤੇ ਸਮੂਏਲ ਉਸ ਟੋਲੇ ਦਾ ਆਗੂ ਉੱਥੇ ਖੜ੍ਹਾ ਸੀ। ਤਦ ਪਰਮੇਸ਼ੁਰ ਦਾ ਆਤਮਾ ਸ਼ਾਊਲ ਦੇ ਹਲਕਾਰਿਆਂ ਉੱਤੇ ਪ੍ਰਗਟ ਹੋਇਆ ਅਤੇ ਉਹ ਵੀ ਅਗੰਮੀ ਵਾਕ ਬੋਲਣ ਲੱਗ ਪਿਆ।

21 ਸ਼ਾਊਲ ਨੇ ਇਸ ਬਾਰੇ ਸੁਣਿਆ, ਇਸ ਲਈ ਉਸ ਨੇ ਹੋਰ ਹਲਕਾਰੇ ਭੇਜੇ। ਪਰ ਉਹ ਵੀ ਭਵਿੱਖਬਾਣੀ ਕਰਨ ਲੱਗ ਪਏ। ਇਸ ਲਈ ਸ਼ਾਊਲ ਨੇ ਤੀਸਰੀ ਵਾਰ ਹਲਕਾਰੇ ਭੇਜੇ। ਅਤੇ ਉਹ ਵੀ ਭਵਿੱਖਬਾਣੀ ਕਰਨ ਲੱਗ ਪਏ। 22 ਅਖੀਰ ਸ਼ਾਊਲ ਆਪ ਰਾਮਾਹ ਨੂੰ ਗਿਆ। ਅਤੇ ਉਹ ਵੱਡੇ ਖੂਹ ਸੇਕੂ ਵਿੱਚ ਹੈ ਕੋਲ ਪਹੁੰਚ ਗਿਆ ਤਾਂ ਉਸ ਨੇ ਪੁੱਛਿਆ, “ਸਮੂਏਲ ਅਤੇ ਦਾਊਦ ਕਿੱਥੇ ਹਨ?”

ਤਾਂ ਲੋਕਾਂ ਨੇ ਕਿਹਾ, “ਰਾਮਾਹ ਦੇ ਲੋਕ ਡੇਰੇ ਵਿੱਚ।”

23 ਤਦ ਸ਼ਾਊਲ ਰਾਮਾਹ ਦੇ ਕੋਲ ਡੇਰੇ ਵੱਲ ਨੂੰ ਗਿਆ। ਪਰਮੇਸ਼ੁਰ ਦਾ ਆਤਮਾ ਸ਼ਾਊਲ ਕੋਲ ਆਇਆ ਅਤੇ ਸ਼ਾਊਲ ਨੇ ਵੀ ਅਗੰਮੀ ਵਾਕ ਬੋਲਣੇ ਸ਼ੁਰੂ ਕੀਤੇ। ਅਤੇ ਉਹ ਤੁਰਦਾ-ਤੁਰਦਾ ਰਾਮਾਹ ਤੋਂ ਅਗੰਮੀ ਵਾਕ ਆਖੀ ਗਿਆ। ਫ਼ਿਰ ਸ਼ਾਊਲ ਨੇ ਆਪਣੇ ਕੱਪੜੇ ਵੀ ਲਾਹ ਸੁੱਟੇ। 24 ਇੱਥੋਂ ਤੱਕ ਕਿ ਉਹ ਸਮੂਏਲ ਦੇ ਅੱਗੇ ਵੀ ਅਗੰਮੀ ਵਾਕ ਆਖਦਾ ਸਾਰਾ ਦਿਨ ਅਤੇ ਰਾਤ ਉੱਥੇ ਨੰਗਾ ਪਿਆ ਰਿਹਾ।

ਤਾਂ ਹੀ ਲੋਕ ਆਖਦੇ ਹਨ ਕਿ, “ਕਿ ਸ਼ਾਊਲ ਵੀ ਨਬੀਆਂ ਵਿੱਚੋਂ ਇੱਕ ਸੀ?”

ਦਾਊਦ ਅਤੇ ਯੋਨਾਥਾਨ ਦਾ ਇਕਰਾਰਨਾਮਾ

20 ਤਦ ਦਾਊਦ ਰਾਮਾਹ ਦੇ ਡੇਰੇ ਤੋਂ ਭੱਜਕੇ ਯੋਨਾਥਾਨ ਕੋਲ ਗਿਆ ਅਤੇ ਉਸ ਨੂੰ ਪੁੱਛਿਆ, “ਮੈਂ ਕੀ ਗੁਨਾਹ ਕੀਤਾ ਹੈ? ਮੇਰਾ ਕੀ ਜ਼ੁਰਮ ਹੈ? ਤੇਰਾ ਪਿਉ ਕਿਉਂ ਮੈਨੂੰ ਮਾਰਨ ਦੇ ਪਿੱਛੇ ਪਿਆ ਹੋਇਆ ਹੈ?”

ਯੋਨਾਥਾਨ ਨੇ ਕਿਹਾ, “ਇਹ ਸੱਚ ਨਹੀਂ ਹੋ ਸੱਕਦਾ। ਮੇਰਾ ਪਿਉ ਤੈਨੂੰ ਮਾਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ਕਿਉਂਕਿ ਪਹਿਲਾਂ ਮੈਨੂੰ ਪੁੱਛੇ ਬਗੈਰ ਉਹ ਕੁਝ ਵੀ ਨਹੀਂ ਕਰਦਾ। ਇਹ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਗੱਲ ਛੋਟੀ ਸੀ ਜਾਂ ਵੱਡੀ ਪਰ ਉਹ ਮੈਨੂੰ ਦੱਸੇ ਬਗੈਰ ਕੁਝ ਨਹੀਂ ਕਰਦਾ ਉਹ ਪਹਿਲਾਂ ਮੈਨੂੰ ਦੱਸਦਾ ਹੈ। ਤਾਂ ਇਹ ਕਿਵੇਂ ਹੋ ਸੱਕਦਾ ਹੈ ਕਿ ਉਹ ਤੈਨੂੰ ਮਾਰਨਾ ਚਾਹੁੰਦਾ ਹੋਵੇ ਅਤੇ ਮੈਨੂੰ ਨਾ ਦੱਸੇ। ਨਹੀਂ! ਇਹ ਸੱਚ ਨਹੀਂ ਹੈ।”

ਪਰ ਦਾਊਦ ਨੇ ਆਖਿਆ, “ਤੇਰਾ ਪਿਉ ਚੰਗੀ ਤਰ੍ਹਾਂ ਜਾਣਦਾ ਹੈ ਕਿ ਤੂੰ ਮੈਂ ਗੂੜੇ ਮਿੱਤਰ ਹਾਂ। ਤੇਰੇ ਪਿਉ ਨੇ ਆਪਣੇ-ਆਪ ਨੂੰ ਕਿਹਾ, ‘ਯੋਨਾਥਾਨ ਨੂੰ ਇਸ ਬਾਰੇ ਪਤਾ ਨਹੀਂ ਲੱਗਣਾ ਚਾਹੀਦਾ, ਜੇਕਰ ਉਸ ਨੂੰ ਪਤਾ ਲੱਗ ਗਿਆ ਉਹ ਦਾਊਦ ਨੂੰ ਦੱਸ ਦੇਵੇਗਾ।’ ਪਰ ਜਿਉਂਦੇ ਯਹੋਵਾਹ ਅਤੇ ਤੇਰੀ ਜਾਨ ਦੀ ਸੌਂਹ ਕਿ ਮੇਰੇ ਅਤੇ ਮੌਤ ਦੇ ਵਿੱਚਕਾਰ ਹੁਣ ਇੱਕ ਹੀ ਕਦਮ ਦੀ ਵਿੱਥ ਹੈ।”

ਯੋਨਾਥਾਨ ਨੇ ਦਾਊਦ ਨੂੰ ਕਿਹਾ, “ਤੂੰ ਜੋ ਚਾਹੇ ਮੈਂ ਤੇਰੇ ਲਈ ਕਰਨ ਨੂੰ ਤਿਆਰ ਹਾਂ।”

ਤਦ ਦਾਊਦ ਨੇ ਕਿਹਾ, “ਵੇਖ, ਕੱਲ੍ਹ ਨਵੇਂ ਚੰਨ ਦੀ ਦਾਵਤ ਹੈ, ਅਤੇ ਉਸ ਦਿਨ ਮੈਨੂੰ ਪਾਤਸ਼ਾਹ ਦੇ ਨਾਲ ਖਾਣਾ ਪਵੇਗਾ, ਪਰ ਤੂੰ ਮੈਨੂੰ ਸ਼ਾਮ ਤੱਕ ਖੇਤਾਂ ’ਚ ਲੁਕੇ ਰਹਿਣ ਦੀ ਆਗਿਆ ਦੇ। ਜੇਕਰ ਤੇਰਾ ਪਿਉ ਵੇਖੇ ਕਿ ਮੈਂ ਨਹੀਂ ਤਾਂ ਉਸ ਨੂੰ ਆਖੀਂ, ‘ਦਾਊਦ ਬੈਤਲਹਮ ਆਪਣੇ ਘਰ ਨੂੰ ਜਾਣਾ ਚਾਹੁੰਦਾ ਸੀ। ਉਨ੍ਹਾਂ ਦੇ ਆਪਨੇ ਪਰਿਵਾਰ ਵਿੱਚ ਇਹ ਤਿਉਹਾਰ ਮਨਾਉਣਾ ਸੀ, ਮਹੀਨੇ ਦੀ ਬਲੀ ਦੀ ਦਾਵਤ ਹੋਣੀ ਸੀ। ਤਾਂ ਦਾਊਦ ਨੇ ਬੈਤਲਹਮ ਵਿੱਚ ਆਪਣੇ ਪਰਿਵਾਰ ਕੋਲ ਜਾਕੇ ਇਹ ਦਾਵਤ ਪੂਰੀ ਕਰਨ ਦੀ ਆਗਿਆ ਮੰਗੀ।’ ਜੇਕਰ ਤੇਰਾ ਪਿਉ ਕਹੇ, ‘ਠੀਕ ਹੈ।’ ਤਾਂ ਇਸਦਾ ਮਤਲਬ ਮੈਂ ਬਚ ਗਿਆ। ਪਰ ਜੇਕਰ ਤੇਰੇ ਪਿਉ ਨੂੰ ਕਰੋਧ ਆ ਜਾਵੇ ਤਾਂ ਫ਼ਿਰ ਤੂੰ ਜਾਣ ਜਾਵੇਂਗਾ ਕਿ ਉਹ ਮੈਨੂੰ ਮਾਰਨਾ ਚਾਹੁੰਦਾ ਹੈ। ਇਸ ਲਈ ਯੋਨਾਥਾਨ ਮੇਰੇ ਉੱਤੇ ਰਹਿਮ ਕਰ। ਮੈਂ ਤੇਰਾ ਸੇਵਕ ਹਾਂ। ਤੂੰ ਮੇਰੇ ਨਾਲ ਯਹੋਵਾਹ ਦੇ ਅੱਗੇ ਇਕਰਾਰਨਾਮਾ ਕੀਤਾ ਸੀ। ਜੇਕਰ ਮੈਂ ਦੋਸ਼ੀ ਹਾਂ ਤਾਂ ਭਾਵੇਂ ਤੂੰ ਹੀ ਮੈਨੂੰ ਖੁਦ ਜਾਨੋਂ ਮਾਰ ਦੇ ਪਰ ਮੈਨੂੰ ਆਪਣੇ ਪਿਉਹ ਕੋਲ ਨਾ ਲੈ ਕੇ ਜਾਵੀਂ।”

ਯੋਨਾਥਾਨ ਨੇ ਦਾਊਦ ਨੂੰ ਕਿਹਾ, “ਨਹੀਂ ਇੰਝ ਕਦੇ ਨਾ ਹੋਵੇਗਾ। ਜੇਕਰ ਮੈਨੂੰ ਪਤਾ ਲੱਗਾ ਕਿ ਮੇਰਾ ਪਿਉ ਤੈਨੂੰ ਮਾਰਨ ਦੀ ਸੋਚ ਰਿਹਾ ਹੈ ਤਾਂ ਮੈਂ ਤੈਨੂੰ ਜ਼ਰੂਰ ਖਬਰ ਕਰਾਂਗਾ।”

10 ਦਾਊਦ ਨੇ ਕਿਹਾ, “ਮੈਨੂੰ ਕੌਣ ਖਬਰ ਦੇਵੇਗਾ? ਕੀ ਪਤਾ ਮੇਰੇ ਬਾਰੇ ਤੇਰਾ ਪਿਉ, ਤੇਰੇ ਕੰਨ ਭਰ ਦੇਵੇ, ਮਾੜਾ ਕਹੇ ਮੇਰੇ ਬਾਰੇ?”

11 ਤਦ ਯੋਨਾਥਾਨ ਨੇ ਕਿਹਾ, “ਚੱਲ, ਖੇਤਾਂ ਨੂੰ ਚੱਲੀਏ।” ਤਾਂ ਯੋਨਾਥਾਨ ਅਤੇ ਦਾਊਦ ਖੇਤਾਂ ਵੱਲ ਚੱਲੇ ਗਏ।

12 ਯੋਨਾਥਾਨ ਨੇ ਦਾਊਦ ਨੂੰ ਕਿਹਾ, “ਮੈਂ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਅੱਗੇ ਇਹ ਸੌਂਹ ਚੁੱਕਦਾ ਹਾਂ ਕਿ ਮੈਂ ਖਬਰ ਰੱਖਾਂਗਾ ਕਿ ਮੇਰਾ ਪਿਉ ਤੇਰੇ ਬਾਰੇ ਕਿਹੋ ਜਿਹੇ ਖਿਆਲ ਰੱਖਦਾ ਹੈ, ਇਹ ਵੇਖਾਂ ਕਿ ਉਹ ਤੇਰੇ ਬਾਰੇ ਚੰਗੇ ਵਿੱਚਾਰ ਰੱਖਦਾ ਹੈ ਜਾਂ ਮਾੜੇ। ਫ਼ਿਰ ਤਿੰਨ ਦਿਨਾਂ ਦੇ ਵਿੱਚ ਮੈਂ ਇੱਥੇ ਖੇਤਾਂ ਵਿੱਚ ਤੈਨੂੰ ਸੁਨੇਹਾ ਭੇਜਾਂਗਾ। 13 ਜੇਕਰ ਮੇਰਾ ਪਿਉ ਤੈਨੂੰ ਮਾਰਨਾ ਚਾਹੁੰਦਾ ਹੋਇਆ, ਮੈਂ ਤੈਨੂੰ ਖਬਰ ਕਰ ਦੇਵਾਂਗਾ ਅਤੇ ਤੈਨੂੰ ਇੱਥੋਂ ਸੁੱਖੀ-ਸਾਂਦੀ ਭਜਾ ਦੇਵਾਂਗਾ। ਜੇ ਮੈਂ ਇੰਝ ਨਾ ਕਰ ਸੱਕਾਂ ਯਹੋਵਾਹ ਮੈਨੂੰ ਸਜ਼ਾ ਦੇਵੇ। ਯਹੋਵਾਹ ਕਰੇ ਕਿ ਜਿਵੇਂ ਯਹੋਵਾਹ ਮੇਰੇ ਪਿਉ ਦੇ ਨਾਲ ਰਿਹਾ ਉਵੇਂ ਹੀ ਯਹੋਵਾਹ ਤੇਰੇ ਨਾਲ ਰਹੇ। 14 ਜੇਕਰ ਹਾਲੇ ਵੀ ਮੈਂ ਜਿਉਂਦਾ ਹਾਂ ਤਾਂ ਮੈਨੂੰ ਯਹੋਵਾਹ ਦਾ ਸੱਚਾ ਪਿਆਰ ਦਰਸਾ ਤਾਂ ਜੋ ਮੈਂ ਨਾ ਮਰਾਂ। 15 ਮੇਰੇ ਪਰਿਵਾਰ ਨੂੰ ਆਪਣੇ ਰਹਿਮੋ ਕਰਮ ਵਿੱਚ ਰੱਖੀਂ। ਯਹੋਵਾਹ ਤੇਰੇ ਸਾਰੇ ਵੈਰੀਆਂ ਦਾ ਧਰਤੀ ਤੋਂ ਨਾਸ਼ ਕਰੇ। 16 ਫ਼ੇਰ ਯੋਨਾਥਾਨ ਨੇ ਦਾਊਦ ਦੇ ਪਰਿਵਾਰ ਨਾਲ ਇੱਕ ਇਕਰਾਰਨਾਮਾ ਕੀਤਾ ਅਤੇ ਯਹੋਵਾਹ ਨੇ ਦਾਊਦ ਦੇ ਦੁਸ਼ਮਣਾ ਉੱਤੇ ਸਜ਼ਾ ਲਿਆਂਦੀ।”

17 ਤਦ ਯੋਨਾਥਾਨ ਨੇ ਦਾਊਦ ਨੂੰ ਆਪਣੇ ਪਿਆਰ ਦੀ ਸੌਂਹ ਨੂੰ ਪੂਰੀ ਕਰਨ ਲਈ ਦੁਹਰਾਉਣ ਨੂੰ ਕਿਹਾ। ਯੋਨਾਥਾਨ ਨੇ ਇਹ ਇਸ ਲਈ ਕੀਤਾ ਕਿਉਂਕਿ ਉਹ ਦਾਊਦ ਨੂੰ ਆਪਣੀ ਰੂਹ ਸਮਝ, ਪਿਆਰ ਕਰਦਾ ਸੀ।

18 ਯੋਨਾਥਾਨ ਨੇ ਦਾਊਦ ਨੂੰ ਕਿਹਾ, “ਕੱਲ੍ਹ ਨਵੇਂ ਚੰਨ ਦੀ ਦਾਵਤ ਦੀ ਰਾਤ ਹੋਵੇਗੀ। ਤੇਰੀ ਥਾਂ ਖਾਲੀ ਰਹੇਗਾ ਤਾਂ ਮੇਰਾ ਪਿਉ ਵੇਖੇਗਾ ਕਿ ਤੂੰ ਉੱਥੇ ਨਹੀਂ ਹੈ। 19 ਸੋ ਹੁਣ ਤੂੰ ਜਾਹ ਅਤੇ ਤਿੰਨ ਦਿਨ ਤੱਕ ਉੱਥੇ ਛੁਪਿਆ ਰਹੀਂ ਜਿੱਥੇ ਤੂੰ ਉਸ ਨੇਮ ਦੇ ਦਿਨ ਲੁਕਿਆ ਰਿਹਾ ਸੀ। ਅਤੇ ਇਸ ਮੁਸੀਬਤ ਦੀ ਘੜੀ ਦੀ ਉਸ ਪਹਾੜੀ ਓਹਲੇ ਉਡੀਕ ਕਰੀਂ। 20 ਤੀਜੇ ਦਿਨ ਮੈਂ ਉਸ ਪਹਾੜੀ ਵੱਲ ਜਾਵਾਂਗਾ ਅਤੇ ਇੰਝ ਨਾਟਕ ਕਰਾਂਗਾ ਜਿਵੇਂ ਕੋਈ ਨਿਸ਼ਾਨਾ ਸੇਧ ਰਿਹਾ ਹੋਵਾ। ਮੈਂ ਕੁਝ ਤੀਰ ਛੱਡਾਂਗਾ। 21 ਤਦ ਮੈਂ ਕਿਸੇ ਮੁੰਡੇ ਨੂੰ ਉਹ ਤੀਰ ਲੱਭਕੇ ਲਿਆਉਣ ਨੂੰ ਆਖਾਂਗਾ। ਜੇ ਮੈਂ ਮੁੰਡੇ ਨੂੰ ਆਖਾਂ, ਵੇਖ ਤੀਰ ਤੇਰੇ ਇਸ ਪਾਸੇ ਹਨ ਲੱਭਕੇ ਲਿਆ ਤਾਂ ਤੂੰ ਬਾਹਰ ਨਿਕਲ ਆਵੀਂ ਕਿਉਂ ਜੋ ਫ਼ੇਰ ਤੇਰੇ ਲਈ ਸਮਝੀਂ ਸਭ ਠੀਕ ਹੈ ਅਤੇ ਜਿਉਂਦੇ ਯਹੋਵਾਹ ਦੀ ਸੌਂਹ ਕਿ ਕੋਈ ਮੁਸ਼ਕਿਲ ਨਹੀਂ। 22 ਪਰ ਜੇ ਮੈਂ ਮੁੰਡੇ ਨੂੰ ਇਹ ਆਖਾਂ ਕਿ, ‘ਵੇਖ ਤੀਰ ਤੇਰੇ ਕੋਲੋਂ ਦੂਰ ਹਨ ਤਾਂ ਤੂੰ ਭੱਜ ਜਾਵੀਂ।’ ਇਸ ਦਾ ਮਤਲਬ ਫ਼ਿਰ ਯਹੋਵਾਹ ਨੇ ਤੈਨੂੰ ਨੱਸ ਜਾਣ ਲਈ ਆਖਿਆ ਹੈ। 23 ਇਹ ਇਕਰਾਰਨਾਮਾ ਜੋ ਤੇਰੇ ਮੇਰੇ ਵਿੱਚਕਾਰ ਹੋਇਆ, ਇਸ ਨੂੰ ਯਾਦ ਰੱਖੀਂ। ਯਹੋਵਾਹ ਹਮੇਸ਼ਾ ਸਾਡਾ ਸਾਖੀ ਹੈ।”

24 ਤਦ ਦਾਊਦ ਖੇਤਾਂ ’ਚ ਲੁਕ ਗਿਆ।

ਸ਼ਾਊਲ ਦਾ ਦਾਵਤ ਵਿੱਚ ਵਤੀਰਾ

ਅਗਲੇ ਦਿਨ ਤੋਂ ਬਾਦ ਨਵੇਂ ਚੰਨ ਦੀ ਦਾਵਤ ਦਾ ਵੇਲਾ ਹੋ ਗਿਆ ਅਤੇ ਪਾਤਸ਼ਾਹ ਖਾਣ ਲਈ ਬੈਠ ਗਿਆ। 25 ਪਾਤਸ਼ਾਹ ਕੰਧ ਦੇ ਨਾਲ ਜਿੱਥੇ, ਕਿ ਉਹ ਹਮੇਸ਼ਾ ਬੈਠਦਾ ਸੀ, ਬੈਠ ਗਿਆ। ਯੋਨਾਥਾਨ ਖੜ੍ਹਾ ਹੋ ਗਿਆ [b] ਅਤੇ ਅਬਨੇਰ ਸ਼ਾਊਲ ਤੋਂ ਅਗਾਂਹ ਬੈਠ ਗਿਆ। ਪਰ ਦਾਊਦ ਦੀ ਜਗ਼੍ਹਾ ਖਾਲੀ ਸੀ। 26 ਉਸ ਦਿਨ ਸ਼ਾਊਲ ਨੇ ਕੁਝ ਨਾ ਆਖਿਆ। ਉਸ ਨੇ ਸੋਚਿਆ, “ਹੋ ਸੱਕਦਾ ਹੈ ਉਸ ਨੂੰ ਕੁਝ ਬਣੀ ਹੋਈ ਹੋਵੇ, ਉਹ ਅਪਵਿੱਤਰ ਹੋਣਾ ਹੈ।”

27 ਪਰ ਅਗਲੇ ਹੀ ਦਿਨ ਜੋ ਮਹੀਨੇ ਦਾ ਦੂਜਾ ਦਿਨ ਸੀ ਤਾਂ ਦਾਊਦ ਦੀ ਕੁਰਸੀ ਫ਼ੇਰ ਖਾਲੀ ਸੀ। ਤਦ ਸ਼ਾਊਲ ਨੇ ਆਪਣੇ ਪੁੱਤਰ ਯੋਨਾਥਾਨ ਨੂੰ ਕਿਹਾ, “ਕੀ ਗੱਲ ਹੈ ਯੱਸੀ ਦਾ ਪੁੱਤਰ ਨਵੇਂ ਚੰਨ ਦੀ ਦਾਵਤ ਉੱਤੇ ਕੱਲ੍ਹ ਵੀ ਨਹੀਂ ਅਤੇ ਅੱਜ ਵੀ ਨਹੀਂ ਆਇਆ?”

28 ਯੋਨਾਥਾਨ ਨੇ ਕਿਹਾ, “ਦਾਊਦ ਨੇ ਬੈਤਲਹਮ ਜਾਣ ਲਈ ਮੇਰੇ ਕੋਲੋਂ ਆਗਿਆ ਮੰਗੀ ਸੀ। 29 ਉਸ ਨੇ ਕਿਹਾ ਸੀ, ‘ਮੈਨੂੰ ਜਾਣ ਦੇ ਮੇਰਾ ਪਰਿਵਾਰ ਉੱਥੇ ਬਲੀ ਦੀ ਰਸਮ ਕਰ ਰਿਹਾ ਹੈ ਅਤੇ ਮੇਰੇ ਭਰਾ ਨੇ ਮੈਨੂੰ ਉੱਥੇ ਪਹੁੰਚਣ ਦਾ ਹੁਕਮ ਦਿੱਤਾ ਹੈ। ਅਤੇ ਵੇਖ ਹੁਣ ਜੇਕਰ ਮੈਂ ਤੇਰਾ ਮਿੱਤਰ ਹਾਂ ਤਾਂ ਤੂੰ ਕਿਰਪਾ ਕਰਕੇ ਮੈਨੂੰ ਆਪਣੇ ਭਰਾਵਾਂ ਨੂੰ ਮਿਲਣ ਜਾਣ ਦੇ। ਇਸੇ ਕਾਰਣ ਦਾਊਦ ਪਾਤਸ਼ਾਹ ਦੀ ਖਾਣੇ ਦੀ ਮੇਜ਼ ਉੱਤੇ ਨਹੀਂ ਆ ਸੱਕਿਆ।’”

30 ਸ਼ਾਊਲ ਯੋਨਾਥਾਨ ਨਾਲ ਬੜਾ ਖਫ਼ਾ ਹੋਇਆ ਅਤੇ ਉਸ ਨੇ ਯੋਨਾਥਾਨ ਨੂੰ ਕਿਹਾ, “ਹੇ ਅਵੱਗਿਆਕਾਰੀ ਗੁਲਾਮ ਔਰਤ ਦੇ ਪੁੱਤਰ ਤੂੰ ਵੀ ਆਪਣੀ ਮਾਂ ਵਰਗਾ ਹੀ ਹੈਂ। ਮੈਂ ਜਾਣਦਾ ਹਾਂ ਕਿ ਤੂੰ ਦਾਊਦ ਦਾ ਪੱਖ ਪੂਰਦਾ ਹੈਂ। ਤੂੰ ਆਪਣੇ ਅਤੇ ਆਪਣੀ ਮਾਂ ਦੇ ਨਾਊਂ ਉੱਤੇ ਵੀ ਦਾਗ ਹੈਂ। 31 ਜਦ ਤੱਕ ਇਹ ਯੱਸੀ ਦਾ ਪੁੱਤਰ ਜਿਉਂਦਾ ਹੈ ਤੂੰ ਕਦੇ ਵੀ ਪਾਤਸ਼ਾਹ ਨਾ ਬਣ ਸੱਕੇਂਗਾ ਅਤੇ ਨਾ ਹੀ ਇਹ ਰਾਜ ਤੈਨੂੰ ਕਦੇ ਮਿਲੇਗਾ। ਜਾ, ਹੁਣੇ ਜਾਕੇ ਦਾਊਦ ਨੂੰ ਮੇਰੇ ਸਾਹਮਣੇ ਲਿਆ। ਕਿਉਂਕਿ ਉਹ ਜ਼ਰੂਰ ਮਾਰਿਆ ਹੀ ਜਾਵੇਗਾ।”

32 ਯੋਨਾਥਾਨ ਨੇ ਆਪਣੇ ਪਿਉ ਨੂੰ ਕਿਹਾ, “ਦਾਊਦ ਨੂੰ ਕਿਉਂ ਮਾਰਨਾ ਚਾਹੁੰਦੇ ਹੋ? ਉਸ ਨੇ ਕੀ ਗੁਨਾਹ ਕੀਤਾ ਹੈ?”

33 ਪਰ ਸ਼ਾਊਲ ਨੇ ਉਸ ਵੱਲ ਆਪਣੀ ਸਾਂਗ ਸੁੱਟਕੇ ਯੋਨਾਥਾਨ ਨੂੰ ਮਾਰਨਾ ਚਾਹਿਆ ਤਾਂ ਯੋਨਾਥਾਨ ਸਮਝ ਗਿਆ ਕਿ ਉਹ ਅਵੱਸ਼ ਹੀ ਦਾਊਦ ਨੂੰ ਜਾਨੋਂ ਮਾਰ ਮੁਕਾਉਣਾ ਚਾਹੁੰਦਾ ਹੈ। 34 ਯੋਨਾਥਾਨ ਗੁੱਸੇ ਵਿੱਚ ਆਕੇ ਖਾਣੇ ਤੋਂ ਉੱਠ ਖਲੋਤਾ। ਯੋਨਾਥਾਨ ਆਪਣੇ ਪਿਉ ਦੇ ਵਤੀਰੇ ਤੋਂ ਇੰਨਾ ਬੇਚੈਨ ਸੀ ਕਿ ਉਸ ਨੂੰ ਇੰਨਾ ਗੁੱਸਾ ਚੜ੍ਹਿਆ ਹੋਇਆ ਸੀ ਕਿ ਉਸ ਨੇ ਦੂਜੇ ਦਿਨ ਦਾਵਤ ਉੱਤੇ ਖਾਣਾ-ਖਾਣ ਤੋਂ ਇਨਕਾਰ ਕਰ ਦਿੱਤਾ। ਯੋਨਾਥਾਨ ਇਸ ਲਈ ਵੀ ਗੁੱਸੇ ਸੀ ਇੱਕ ਤਾਂ ਉਸ ਦੇ ਪਿਉ ਨੇ ਉਸਦੀ ਬੇਇੱਜ਼ਤੀ ਕੀਤੀ ਸੀ ਅਤੇ ਦੂਜਾ ਉਹ ਦਾਊਦ ਨੂੰ ਮਾਰਨਾ ਚਾਹੁੰਦਾ ਸੀ।

ਦਾਊਦ ਅਤੇ ਯੋਨਾਥਾਨ ਦਾ ਅਲਵਿਦਾ ਕਹਿਣਾ

35 ਅਗਲੀ ਸਵੇਰ ਯੋਨਾਥਾਨ ਖੇਤਾਂ-ਪੈਲੀਆਂ ਵੱਲ ਗਿਆ। ਜਿਵੇਂ ਉਨ੍ਹਾਂ ਦਾ ਆਪਸ ਵਿੱਚ ਇਕਰਾਰ ਹੋਇਆ ਸੀ ਉਸ ਨੇਮ ਮੁਤਾਬਕ ਉਹ ਦਾਊਦ ਕੋਲ ਗਿਆ ਅਤੇ ਆਪਣੇ ਨਾਲ ਇੱਕ ਛੋਟਾ ਮੁੰਡਾ ਵੀ ਲੈ ਗਿਆ। 36 ਯੋਨਾਥਾਨ ਨੇ ਉਸ ਮੁੰਡੇ ਨੂੰ ਕਿਹਾ, “ਦੌੜ। ਅਤੇ ਜਿਹੜੇ ਤੀਰ ਮੈਂ ਛੱਡੇ ਹਨ ਉਨ੍ਹਾਂ ਨੂੰ ਲੱਭਕੇ ਲਿਆ।” ਮੁੰਡੇ ਨੇ ਦੌੜਨਾ ਸ਼ੁਰੂ ਕੀਤਾ ਅਤੇ ਯੋਨਾਥਾਨ ਨੇ ਉਸ ਦੇ ਸਿਰ ਉੱਪਰੋਂ ਦੀ ਤੀਰ ਛੱਡਿਆ। 37 ਮੁੰਡਾ ਉਸ ਥਾਵੇਂ ਪਹੁੰਚਿਆ ਜਿੱਥੇ ਤੀਰ ਡਿੱਗੇ ਸਨ। ਪਰ ਯੋਨਾਥਾਨ ਨੇ ਕਿਹਾ, “ਤੀਰ ਇੱਥੇ ਨਹੀਂ ਤੇਰੇ ਕੋਲ ਪਰੇ ਡਿੱਗੇ ਹਨ।” 38 ਫ਼ਿਰ ਯੋਨਾਥਾਨ ਜ਼ੋਰ ਦੀ ਗਰਜ਼ਿਆ, “ਜਲਦੀ ਕਰ! ਦੇਰ ਨਾ ਕਰ! ਜਲਦੀ ਫ਼ੜਕੇ ਲਿਆ! ਉੱਥੇ ਖੜ੍ਹਾ ਨਾ ਰਹਿ!” ਮੁੰਡੇ ਨੇ ਤੀਰ ਚੁੱਕੇ ਅਤੇ ਆਪਣੇ ਮਾਲਕ ਕੋਲ ਵਾਪਸ ਲੈ ਆਇਆ। 39 ਮੁੰਡੇ ਨੂੰ ਵਿੱਚਲੀ ਕਹਾਣੀ ਬਾਬਤ ਕੁਝ ਪਤਾ ਨਹੀਂ ਸੀ, ਸਿਰਫ਼ ਯੋਨਾਥਾਨ ਅਤੇ ਦਾਊਦ ਹੀ ਜਾਣਦੇ ਸਨ। 40 ਯੋਨਾਥਾਨ ਨੇ ਆਪਣਾ ਧਨੁਸ਼ ਅਤੇ ਤੀਰ ਉਸ ਮੁੰਡੇ ਨੂੰ ਦਿੱਤੇ ਅਤੇ ਉਸ ਮੁੰਡੇ ਨੂੰ ਕਿਹਾ, “ਜਾ ਹੁਣ ਤੂੰ ਸ਼ਹਿਰ ਵਾਪਸ ਮੁੜ ਜਾ।”

41 ਮੁੰਡਾ ਚੱਲਾ ਗਿਆ ਅਤੇ ਦਾਊਦ ਆਪਣੇ ਲੁਕਣ ਦੇ ਸਥਾਨ ਤੋਂ ਬਾਹਰ ਆ ਗਿਆ। ਜੋ ਕਿ ਪਹਾੜ ਦੇ ਦੂਸਰੇ ਪਾਸੇ ਤੇ ਸੀ। ਦਾਊਦ ਯੋਨਾਥਾਨ ਦੇ ਸਾਹਮਣੇ ਧਰਤੀ ਉੱਤੇ ਤਿੰਨ ਵਾਰੀ ਹੇਠਾਂ ਝੁਕਿਆ। ਫ਼ਿਰ ਉਹ ਦੋਵੇਂ ਇੱਕ ਦੂਜੇ ਨੂੰ ਚੁੰਮਕੇ ਰੋ ਪਏ, ਪਰ ਦਾਊਦ ਵੱਧੇਰੇ ਰੋਇਆ।

42 ਯੋਨਾਥਾਨ ਨੇ ਦਾਊਦ ਨੂੰ ਕਿਹਾ, “ਸੁੱਖੀਸਾਂਦੀ ਜਾ। ਉਸ ਨੇਮ ਦੇ ਕਾਰਣ ਜੋ ਅਸੀਂ ਦੋਨਾਂ ਨੇ ਯਹੋਵਾਹ ਦੇ ਨਾਉਂ ਦੀ ਸੌਂਹ ਚੁੱਕ ਕੇ ਕੀਤਾ ਸੀ ਕਿ ਤੇਰੇ-ਮੇਰੇ ਵਿੱਚ ਅਤੇ ਤੇਰੇ-ਮੇਰੇ ਉੱਤਰਾਧਿਕਾਰੀਆਂ ਦੇ ਵਿੱਚ ਸਦਾ ਯਹੋਵਾਹ ਸਾਖੀ ਨਾਲ ਰਹੇ, ਸੋ ਤੂੰ ਹੁਣ ਸ਼ਾਂਤੀ ਨਾਲ ਜਾ।”

ਦਾਊਦ ਦਾ ਅਹੀਮਲਕ ਜਾਜਕ ਵੱਲ ਜਾਣਾ

21 ਤਦ ਦਾਊਦ ਚੱਲਾ ਗਿਆ ਅਤੇ ਯੋਨਾਥਾਨ ਵਾਪਸ ਸ਼ਹਿਰ ’ਚ ਪਰਤ ਆਇਆ। ਦਾਊਦ ਨੌਬ ਨਾਮ ਦੇ ਸ਼ਹਿਰ ਵਿੱਚ ਅਹੀਮਲਕ ਨਾਮ ਦੇ ਜਾਜਕ ਵੱਲ ਗਿਆ।

ਅਹੀਮਲਕ ਵੀ ਦਾਊਦ ਨੂੰ ਮਿਲਣ ਲਈ ਬਾਹਰ ਨਿਕਲਿਆ ਪਰ ਉਹ ਡਰ ਨਾਲ ਕੰਬ ਰਿਹਾ ਸੀ ਅਤੇ ਉਸ ਨੇ ਡਰਦਿਆਂ ਦਾਊਦ ਕੋਲੋਂ ਪੁੱਛਿਆ, “ਤੂੰ ਇੱਕਲਾ ਕਿਉਂ ਹੈਂ? ਕੀ ਤੇਰੇ ਨਾਲ ਕੋਈ ਨਹੀਂ ਆਇਆ?”

ਦਾਊਦ ਨੇ ਅਹੀਮਲਕ ਨੂੰ ਕਿਹਾ, “ਪਾਤਸ਼ਾਹ ਨੇ ਮੈਨੂੰ ਖਾਸ ਹੁਕਮ ਦੇਕੇ ਭੇਜਿਆ ਹੈ। ਉਸ ਨੇ ਮੈਨੂੰ ਕਿਹਾ ਹੈ, ‘ਕਿਸੇ ਨੂੰ ਵੀ ਇਸ ਕੰਮ ਬਾਰੇ ਜੋ ਮੈਂ ਤੈਨੂੰ ਕਰਨ ਲਈ ਭੇਜਿਆ ਹੈ, ਪਤਾ ਨਾ ਲੱਗੇ।’ ਅਤੇ ਆਪਣੇ ਆਦਮੀਆਂ ਨੂੰ ਮੈਂ ਮਿਲਣ ਲਈ ਥਾਂ ਦੱਸ ਦਿੱਤੀ ਹੈ ਕਿ ਕਿੱਥੇ ਮਿਲਣਾ ਹੈ। ਹੁਣ ਤੇਰੇ ਕੋਲ ਖਾਣ ਨੂੰ ਕੀ ਹੈ? ਮੈਨੂੰ ਪੰਜ ਰੋਟੀਆਂ ਜਾਂ ਕੁਝ ਵੀ ਤੇਰੇ ਕੋਲ ਹੈ, ਮੈਨੂੰ ਖਾਣ ਲਈ ਦੇ।”

ਜਾਜਕ ਨੇ ਦਾਊਦ ਨੂੰ ਕਿਹਾ, “ਮੇਰੇ ਕੋਲ ਇੱਥੇ ਕੋਈ ਆਮ ਰੋਟੀ ਨਹੀਂ ਹੈ, ਪਰ ਮੇਰੇ ਕੋਲ ਇੱਥੇ ਕੁਝ ਪਵਿੱਤਰ ਰੋਟੀਆਂ ਹਨ। ਤੇਰੇ ਬੰਦੇ ਇਹ ਰੋਟੀਆਂ ਖਾ ਸੱਕਦੇ ਹਨ ਜੇਕਰ ਉਨ੍ਹਾਂ ਕਿਸੇ ਔਰਤ ਨਾਲ ਸੰਭੋਗ ਨਹੀਂ ਕੀਤਾ।”

ਦਾਊਦ ਨੇ ਜਾਜਕ ਨੂੰ ਕਿਹਾ, “ਸਾਡੇ ਨਾਲ ਕੋਈ ਇਸਤਰੀ ਨਹੀਂ ਹੈ। ਭਾਵੇਂ ਅਸੀਂ ਲੜਾਈ ਲੜਨ ਲਈ ਜਾਈਏ ਅਤੇ ਭਾਵੇਂ ਕਿਸੇ ਆਮ ਕੰਮ ਲਈ ਪਰ ਮੇਰੇ ਆਦਮੀ ਹਰ ਵਾਰ ਬਾਹਰ ਜਾਣ ਤੋਂ ਪਹਿਲਾਂ ਆਪਣਾ ਸ਼ਰੀਰ ਪਵਿੱਤਰ ਰੱਖਦੇ ਹਨ ਅਤੇ ਅੱਜ ਲਈ ਤਾਂ ਇਹ ਗੱਲ ਬਿਲਕੁਲ ਹੀ ਸੱਚ ਹੈ ਜਦ ਕਿ ਅੱਜ ਦਾ ਸਾਡਾ ਕਾਰਜ ਹੀ ਬੜਾ ਵਿਸ਼ੇਸ਼ ਹੈ।”

ਉੱਥੇ ਪਵਿੱਤਰ ਰੋਟੀਆਂ ਤੋਂ ਸਿਵਾਏ ਕੁਝ ਹੋਰ ਸੀ ਹੀ ਨਹੀਂ, ਇਸ ਲਈ ਜਾਜਕ ਨੇ ਉਹ ਰੋਟੀਆਂ ਦਾਊਦ ਨੂੰ ਦੇ ਦਿੱਤੀਆਂ। ਇਹ ਉਹ ਰੋਟੀ ਸੀ ਜਿਹੜੀ ਜਾਜਕ ਯਹੋਵਾਹ ਦੇ ਅੱਗੇ ਭੋਗ ਲਗਾਉਣ ਲਈ ਖਾਣਾ ਖਾਣ ਤੋਂ ਪਹਿਲਾਂ ਰੱਖਦਾ ਹੈ। ਹਰ ਰੋਜ਼ ਉਹ ਪੁਰਾਣੀ ਰੋਟੀ ਉੱਥੋਂ ਚੁੱਕ ਕੇ ਨਵੀਂ ਤਾਜ਼ੀ ਰੋਟੀ ਉੱਥੇ ਮੇਜ਼ ਉੱਤੇ ਯਹੋਵਾਹ ਅੱਗੇ ਰੱਖਦੇ ਹਨ।

ਉਸ ਦਿਨ ਸ਼ਾਊਲ ਦੇ ਸਿਪਾਹਿਆਂ ਵਿੱਚੋਂ ਇੱਕ ਉੱਥੇ ਹੀ ਸੀ। ਉਸਦਾ ਨਾਮ ਅਦੋਮੀ ਦੋਏਗ ਸੀ। ਦੋਏਗ ਸ਼ਾਊਦ ਦੇ ਅਯਾਲੀਆਂ ਦਾ ਆਗੂ ਸੀ, ਉਸ ਨੂੰ ਉੱਥੇ ਯਹੋਵਾਹ ਦੇ ਅੱਗੇ ਰੱਖਿਆ ਗਿਆ ਸੀ।

ਦਾਊਦ ਨੇ ਅਹੀਮਲਕ ਨੂੰ ਪੁੱਛਿਆ, “ਕੀ ਤੇਰੇ ਕੋਲ ਇੱਥੇ ਨੇਜਾ ਜਾਂ ਤਲਵਾਰ ਹੈ? ਮੈਨੂੰ ਜਲਦੀ ਵਿੱਚ ਤੁਰਨਾ ਪਿਆ ਕਿਉਂਕਿ ਪਾਤਸ਼ਾਹ ਦਾ ਕੰਮ ਬਹੁਤ ਜਲਦੀ ਦਾ ਸੀ ਅਤੇ ਜਲਦੀ ਵਿੱਚ ਮੈਂ ਆਪਣੇ ਨਾਲ ਆਪਣੀ ਤਲਵਾਰ ਜਾਂ ਹੋਰ ਕੋਈ ਹਥਿਆਰ ਨਹੀਂ ਲੈ ਕੇ ਆਇਆ।”

ਜਾਜਕ ਨੇ ਕਿਹਾ, “ਇੱਥੇ ਤਾਂ ਕੇਵਲ ਫ਼ਲਿਸਤੀ ਗੋਲਿਆਥ ਦੀ ਤਲਵਾਰ ਪਈ ਹੈ। ਇਹ ਉਹੀ ਤਲਵਾਰ ਹੈ ਜਿਹੜੀ ਤੂੰ ਉਸ ਕੋਲੋਂ ਲੈ ਕੇ ਏਲਾਹ ਦੀ ਵਾਦੀ ਵਿੱਚ ਉਸ ਨੂੰ ਜਾਨੋਂ ਮਾਰਿਆ ਸੀ। ਇਹ ਤਲਵਾਰ ਕੱਪੜੇ ਵਿੱਚ ਲਪੇਟੀ ਏਫ਼ੋਦ ਦੇ ਪਿੱਛੇ ਪਈ ਹੈ। ਜੇਕਰ ਤੈਨੂੰ ਚਾਹੀਦੀ ਹੈ ਤਾਂ ਤੂੰ ਲੈ ਜਾ ਸੱਕਦਾ ਹੈ।”

ਦਾਊਦ ਨੇ ਕਿਹਾ, “ਇਹ ਮੈਨੂੰ ਦੇ ਦਿਉ। ਗੋਲਿਆਥ ਦੀ ਤਲਵਾਰ ਜਿਹੀ ਹੋਰ ਕੋਈ ਤਲਵਾਰ ਨਹੀਂ ਹੈ।”

ਦਾਊਦ ਦਾ ਗਥ ਵਿੱਚ ਵੈਰੀ ਵੱਲ ਭੱਜਣਾ

10 ਉਸ ਦਿਨ ਦਾਊਦ ਸ਼ਾਊਲ ਤੋਂ ਭੱਜ ਗਿਆ ਅਤੇ ਗਥ ਦੇ ਪਾਤਸ਼ਾਹ ਆਕੀਸ਼ ਕੋਲ ਗਿਆ। 11 ਆਕੀਸ਼ ਦੇ ਅਫ਼ਸਰਾਂ ਨੂੰ ਇਹ ਚੰਗਾ ਨਾ ਲੱਗਾ। ਉਨ੍ਹਾਂ ਕਿਹਾ, “ਇਹ ਦਾਊਦ ਹੈ। ਇਸਰਾਏਲ ਦਾ ਪਾਤਸ਼ਾਹ, ਇਹ ਉਹੀ ਹੈ ਜਿਸਦਾ ਇਸਰਾਏਲੀ ਪ੍ਰਸ਼ੰਸਾ ’ਚ ਗੁਨਗਾਣ ਕਰਦੇ ਹਨ। ਅਤੇ ਉਹ, ਇਸਦੇ ਲਈ ਨੱਚਦੇ ਅਤੇ ਇਹ ਗੀਤ ਗਾਉਂਦੇ ਹਨ:

“ਸ਼ਾਊਲ ਨੇ ਹਜ਼ਾਰਾਂ ਵੈਰੀ ਮਾਰੇ
    ਪਰ ਦਾਊਦ ਨੇ ਲੱਖਾਂ ਵੈਰੀ ਮਾਰ ਮੁਕਾਏ।”

12 ਦਾਊਦ ਨੇ ਉਨ੍ਹਾਂ ਦੀ ਗੱਲ ਵੱਲ ਖਾਸ ਧਿਆਨ ਦੇਕੇ ਸੁਣਿਆ ਕਿ ਉਹ ਕੀ ਕਹਿ ਰਹੇ ਹਨ। ਤਦ ਉਹ ਗਥ ਦੇ ਰਾਜੇ ਆਕੀਸ਼ ਕੋਲੋਂ ਬਹੁਤ ਡਰਿਆ। 13 ਤਾਂ ਦਾਊਦ ਨੇ ਪਾਤਸ਼ਾਹ ਆਕੀਸ਼ ਅਤੇ ਉਸ ਦੇ ਅਫ਼ਸਰਾਂ ਸਾਹਮਣੇ ਝੱਲੇ ਹੋਣ ਦਾ ਦਿਖਾਵਾ ਕੀਤਾ। ਉਸ ਨੇ ਦਰਵਾਜ਼ਿਆਂ ਉੱਤੇ ਥੁੱਕਿਆ ਅਤੇ ਆਪਣਾ ਥੁੱਕ ਆਪਣੀ ਦਾੜ੍ਹੀ ਉੱਤੇ ਡਿੱਗਣ ਦਿੱਤਾ।

14 ਆਕੀਸ਼ ਨੇ ਆਪਣੇ ਅਫ਼ਸਰਾਂ ਨੂੰ ਕਿਹਾ, “ਇਸ ਆਦਮੀ ਵੱਲ ਵੇਖੋ। ਇਹ ਪਾਗਲ ਹੈ। ਇਸ ਨੂੰ ਭਲਾ ਤੁਸੀਂ ਮੇਰੇ ਕੋਲ ਕਿਉਂ ਲਿਆਏ ਹੋ? 15 ਮੇਰੇ ਕੋਲ ਅੱਗੇ ਹੀ ਕਮਲੇ ਮਨੁੱਖਾਂ ਦੀ ਕਮੀ ਨਹੀਂ। ਅਤੇ ਮੈਨੂੰ ਲੋੜ ਨਹੀਂ ਕਿ ਇਸ ਕਮਲੇ ਮਨੁੱਖ ਨੂੰ ਤੁਸੀਂ ਮੇਰੇ ਘਰ ਸਾਹਮਣੇ ਲਿਆਵੋ ਜੋ ਮੇਰੇ ਸਾਹਮਣੇ ਕਮਲਿਆਂ ਵਰਗੇ ਕਰਤਬ ਕਰੇ। ਦੁਬਾਰਾ ਇਸ ਆਦਮੀ ਨੂੰ ਮੇਰੇ ਘਰ ਨਾ ਵੜਨ ਦੇਣਾ।”

ਦਾਊਦ ਦਾ ਵੱਖੋ-ਵੱਖ ਥਾਵਾਂ ਉੱਤੇ ਜਾਣਾ

22 ਦਾਊਦ ਗਥ ਤੋਂ ਵੀ ਨਿਕਲ ਕੇ ਅਦੁੱਲਾਮ ਦੀ ਗੁਫ਼ਾ ਵਿੱਚ ਭੱਜ ਆਇਆ। ਜਦੋਂ ਦਾਊਦ ਦੇ ਭਰਾਵਾਂ ਅਤੇ ਸੰਬੰਧੀਆਂ ਨੂੰ ਪਤਾ ਲੱਗਾ ਕਿ ਦਾਊਦ ਅਦੁੱਲਾਮ ਵਿੱਚ ਹੈ ਤਾਂ ਉਹ ਦਾਊਦ ਨੂੰ ਮਿਲਣ ਉੱਥੇ ਆਏ। ਬਹੁਤ ਸਾਰੇ ਲੋਕ ਦਾਊਦ ਦੇ ਮਗਰ ਹੋ ਪਏ। ਉੱਥੇ ਦੁੱਖਾਂ ਦੇ ਮਾਰੇ ਹੋਏ ਲੋਕ ਸਨ, ਕੁਝ ਕਰਜਾਈ ਕਿਸਮ ਦੇ ਗਰੀਬ ਲੋਕ, ਦੁੱਖੀ ਲੋਕ ਅਤੇ ਕੁਝ ਜ਼ਿੰਦਗੀ ਤੋਂ ਉਪਰਾਮ ਹੋਏ ਲੋਕ ਸਨ। ਇਨ੍ਹਾਂ ਸਭ ਤਰ੍ਹਾਂ ਦੇ ਲੋਕਾਂ ਨੇ ਦਾਊਦ ਨੂੰ ਆਪਣਾ ਆਗੂ ਮੰਨਿਆ। ਹੁਣ ਦਾਊਦ ਦੇ ਨਾਲ ਕਰੀਬ 400 ਮਨੁੱਖ ਸਨ।

ਦਾਊਦ ਅਦੁੱਲਾਮ ਤੋਂ ਚੱਲਾ ਗਿਆ ਅਤੇ ਮੋਆਬ ਵਿੱਚ ਮਿਸਫ਼ੇਹ ਨੂੰ ਆਇਆ। ਦਾਊਦ ਨੇ ਮੋਆਬ ਦੇ ਪਾਤਸ਼ਾਹ ਨੂੰ ਆਖਿਆ, “ਹੇ ਪਾਤਸ਼ਾਹ ਮੈਨੂੰ ਪਰਵਾਨਗੀ ਦੇ ਜੋ ਮੈਂ ਮੇਰੀ ਮਾਂ ਅਤੇ ਪਿਉ ਉੱਥੋਂ ਨਿਕਲਕੇ ਤੁਹਾਡੇ ਕੋਲ ਰਹਿਣ, ਜਦ ਤੱਕ ਮੈਂ ਇਹ ਨਾ ਜਾਣ ਲਵਾ ਕਿ ਪਰਮੇਸ਼ੁਰ ਮੇਰੇ ਨਾਲ ਕੀ ਕਰੇਗਾ।” ਇੰਝ ਦਾਊਦ ਨੇ ਆਪਣੇ ਮਾਪਿਆਂ ਨੂੰ ਮੋਆਬ ਦੇ ਪਾਤਸ਼ਾਹ ਕੋਲ ਛੱਡਿਆ। ਜਦ ਤੀਕ ਦਾਊਦ ਕਿਲ੍ਹੇ ਵਿੱਚ ਸੀ ਦਾਊਦ ਦੇ ਮਾਪੇ ਮੋਆਬ ਦੇ ਪਾਤਸ਼ਾਹ ਕੋਲ ਹੀ ਠਹਿਰੇ।

ਪਰ ਗਾਦ ਨਬੀ ਨੇ ਦਾਊਦ ਨੂੰ ਆਖਿਆ, “ਕਿਲ੍ਹੇ ਵਿੱਚ ਨਾ ਰਹੀਂ। ਯਹੂਦਾਹ ਦੇ ਦੇਸ਼ ਨੂੰ ਚੱਲਿਆ ਜਾਹ।” ਤਾਂ ਫ਼ੇਰ ਦਾਊਦ ਉਸ ਜਗ਼੍ਹਾ ਤੋਂ ਤੁਰਕੇ ਹਾਰਥ ਦੇ ਜੰਗਲ ਨੂੰ ਚੱਲਾ ਗਿਆ।

ਸ਼ਾਊਲ ਦਾ ਅਹੀਮਲਕ ਦੇ ਪਰਿਵਾਰ ਦਾ ਨਾਸ਼ ਕਰਨਾ

ਤਦ ਸ਼ਾਊਲ ਨੇ ਸੁਣਿਆ ਕਿ ਦਾਊਦ ਪਰਗਟ ਹੋਇਆ ਹੈ ਅਤੇ ਉਹ ਲੋਕ ਵੀ ਜੋ ਉਸ ਦੇ ਨਾਲ ਸਨ। ਉਸ ਵਕਤ ਸ਼ਾਊਲ ਰਾਮਾਹ ਦੇ ਗਿਬਆਹ ਵਿੱਚ ਇੱਕ ਝਾਊ ਦੇ ਬਿਰੱਖ ਹੇਠਾਂ ਆਪਣੀ ਬਰਛੀ ਹੱਥ ’ਚ ਫ਼ੜੀ ਬੈਠਾ ਸੀ। ਉਸ ਦੇ ਸਾਰੇ ਅਫ਼ਸਰ ਉਸ ਦੇ ਆਲੇ-ਦੁਆਲੇ ਖੜ੍ਹੇ ਸਨ। ਉਸ ਨੇ ਆਪਣੇ ਆਸ-ਪਾਸ ਖੜ੍ਹੇ ਅਫ਼ਸਰਾਂ ਨੂੰ ਕਿਹਾ, “ਹੇ ਬਿਨਯਾਮੀਨਿਓ ਸੁਣੋ! ਤੁਸੀਂ ਕੀ ਸੋਚਦੇ ਹੋ ਕਿ ਯੱਸੀ ਦਾ ਪੁੱਤਰ (ਦਾਊਦ) ਤੁਹਾਡੇ ਵਿੱਚੋਂ ਹਰ ਇੱਕ ਨੂੰ ਪੈਲੀ ਅਤੇ ਦਾਖਾਂ ਦੇ ਬਾਗ ਦੇਵੇਗਾ? ਤੁਸੀਂ ਕੀ ਸੋਚਦੇ ਹੋ ਕਿ ਉਹ ਤੁਹਾਨੂੰ 100 ਅਤੇ 1,000 ਆਦਮੀਆਂ ਦੇ ਉੱਪਰ ਅਫ਼ਸਰ ਬਣਾਵੇਗਾ। ਜੇ ਤੁਸੀਂ ਸਾਰਿਆਂ ਨੇ ਮਿਲਕੇ ਮੇਰੇ ਖਿਲਾਫ਼ ਹੋਣ ਦਾ ਏਕਾ ਕੀਤਾ ਹੈ? ਤੁਸੀਂ ਸਭ ਮਿਲਕੇ ਮੇਰੇ ਵਿਰੁੱਧ ਗੁਪਤ ਵਿਉਂਤਾ ਬਣਾਉਂਦੇ ਰਹਿੰਦੇ ਹੋ। ਤੁਹਾਡੇ ਵਿੱਚੋਂ ਕਿਸੇ ਨੇ ਵੀ ਮੈਨੂੰ ਮੇਰੇ ਪੁੱਤਰ ਯੋਨਾਥਾਨ ਦੇ ਬਾਰੇ ਨਹੀਂ ਦੱਸਿਆ। ਤੁਹਾਡੇ ਵਿੱਚੋਂ ਕਿਸੇ ਨੇ ਨਾ ਮੈਨੂੰ ਦੱਸਿਆ ਕਿ ਉਸ ਨੇ ਯੱਸੀ ਦੇ ਪੁੱਤਰ ਦਾਊਦ ਨਾਲ ਚੁੱਪ ਕਰਕੇ ਹੀ ਇੱਕ ਇਕਰਾਰਨਾਮਾ ਬਣਾਇਆ ਹੈ। ਤੁਹਾਡੇ ਵਿੱਚੋਂ ਕਿਸੇ ਨੂੰ ਵੀ ਮੇਰੀ ਪਰਵਾਹ ਨਹੀਂ ਹੈ। ਤੁਹਾਡੇ ਵਿੱਚੋਂ ਕਿਸੇ ਨੇ ਵੀ ਮੈਨੂੰ ਇਹ ਨਾ ਦੱਸਿਆ ਕਿ ਮੇਰੇ ਆਪਣੇ ਪੁੱਤਰ ਯੋਨਾਥਾਨ ਨੇ ਹੀ ਦਾਊਦ ਨੂੰ ਉਕਸਾਇਆ ਜਦ ਕਿ ਯੋਨਾਥਾਨ ਨੇ ਮੇਰੇ ਹੀ ਸੇਵਕ ਦਾਊਦ ਨੂੰ ਲੁਕਣ ਅਤੇ ਮੇਰੇ ਉੱਤੇ ਹਮਲਾ ਕਰਨ ਦੀ ਸ਼ੇਹ ਦਿੱਤੀ। ਤਾਂ ਹੀ ਹੁਣ ਉਹ ਇਹ ਕੁਝ ਕਰ ਰਿਹਾ ਹੈ।”

ਤਦ ਦੋਏਗਾ ਅਦੋਮੀ ਨੇ ਜੋ ਸ਼ਾਊਲ ਦੇ ਟਹਿਲੂਆਂ ਕੋਲ ਖੜ੍ਹਾ ਸੀ ਉੱਤਰ ਦਿੱਤਾ, “ਮੈਂ ਯੱਸੀ ਦੇ ਪੁੱਤਰ ਨੂੰ ਨੋਬ ਵਿੱਚ ਵੇਖਿਆ ਸੀ। ਦਾਊਦ ਅਹੀਟੂਬ ਦੇ ਪੁੱਤਰ ਅਹੀਮਲਕ ਨੂੰ ਮਿਲਣ ਆਇਆ ਸੀ। 10 ਅਹੀਮਲਕ ਨੇ ਦਾਊਦ ਲਈ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ ਅਤੇ ਉਸ ਨੂੰ ਖਾਣ ਲਈ ਭੋਜਨ ਵੀ ਦਿੱਤਾ ਅਤੇ ਉਸ ਨੂੰ ਫ਼ਲਿਸਤੀ ਗੋਲਿਆਥ ਦੀ ਤਲਵਾਰ ਵੀ ਦਿੱਤੀ।”

11 ਤਦ ਸ਼ਾਊਲ ਪਾਤਸ਼ਾਹ ਨੇ ਕੁਝ ਆਦਮੀਆਂ ਨੂੰ ਜਾਜਕ ਫ਼ੜਕੇ ਲਿਆਉਣ ਦਾ ਹੁਕਮ ਦਿੱਤਾ। ਸ਼ਾਊਲ ਨੇ ਅਹੀਟੂਬ ਦੇ ਪੁੱਤਰ ਅਹੀਮਲਕ ਅਤੇ ਉਸ ਦੇ ਸਾਰੇ ਪਰਿਵਾਰ ਨੂੰ ਅਤੇ ਸੰਬੰਧੀਆਂ ਨੂੰ ਨੋਬ ਤੋਂ ਫ਼ੜਕੇ ਲਿਆਉਣ ਲਈ ਆਖਿਆ। ਸਾਰੇ ਪਾਤਸ਼ਾਹ ਸਾਹਮਣੇ ਪੇਸ਼ ਕੀਤੇ ਗਏ। 12 ਸ਼ਾਊਲ ਨੇ ਅਹੀਮਲਕ ਨੂੰ ਕਿਹਾ, “ਤੂੰ ਅਹੀਟੂਬ ਦੇ ਪੁੱਤਰ, ਜ਼ਰਾ ਧਿਆਨ ਨਾਲ ਸੁਣ!”

ਅਹੀਮਲਕ ਨੇ ਕਿਹਾ, “ਜੀ, ਮਾਲਿਕ!”

13 ਸ਼ਾਊਲ ਨੇ ਅਹੀਮਲਕ ਨੂੰ ਆਖਿਆ, “ਤੂੰ ਅਤੇ ਯੱਸੀ ਦੇ ਪੁੱਤਰ ਨੇ ਮੇਰੇ ਵਿਰੁੱਧ ਗੋਂਦਾ ਕਿਉਂ ਗੁੰਦੀਆਂ? ਤੂੰ ਦਾਊਦ ਨੂੰ ਰੋਟੀ ਅਤੇ ਤਲਵਾਰ ਵੀ ਦਿੱਤੀ। ਤੂੰ ਉਸ ਲਈ ਪਰਮੇਸ਼ੁਰ ਅੱਗੇ ਪ੍ਰਾਰਥਨਾ ਵੀ ਕੀਤੀ ਅਤੇ ਹੁਣ ਉਹ ਦਾਊਦ ਠੀਕ ਮੇਰੇ ਉੱਪਰ ਹਮਲਾ ਕਰਨ ਦੀ ਉਡੀਕ ਕਰ ਰਿਹਾ ਹੈ।”

14 ਅਹੀਮਲਕ ਨੇ ਜਵਾਬ ਦਿੱਤਾ, “ਦਾਊਦ ਤੇਰੇ ਨਾਲ ਵਫ਼ਾਦਾਰ ਹੈ। ਤੇਰੇ ਕਿਸੇ ਵੀ ਹੋਰ ਅਫ਼ਸਰਾਂ ਵਿੱਚੋਂ ਕੋਈ ਇੰਨਾ ਭਰੋਸੇਮਂਦ ਨਹੀਂ ਜਿੰਨਾ ਕਿ ਦਾਊਦ। ਉਹ ਤੇਰਾ ਆਪਣਾ ਜੁਆਈ ਹੈ ਅਤੇ ਦਾਊਦ ਤੇਰੇ ਦਰਬਾਨਾਂ ਦਾ ਵੀ ਕਪਤਾਨ ਹੈ ਅਤੇ ਤੇਰਾ ਆਪਣਾ ਸਾਰਾ ਪਰਿਵਾਰ ਵੀ ਉਸਦੀ ਬੜੀ ਇੱਜ਼ਤ ਕਰਦਾ ਹੈ। 15 ਇਹ ਕੋਈ ਪਹਿਲੀ ਵਾਰ ਮੈਂ ਪਰੇਮਸ਼ੁਰ ਅੱਗੇ ਦਾਊਦ ਲਈ ਪ੍ਰਾਰਥਨਾ ਨਹੀਂ ਕੀਤੀ। ਬਿਲਕੁਲ ਵੀ ਨਹੀਂ। ਇਸ ਲਈ ਮੇਰੇ ਉੱਤੇ ਜਾਂ ਮੇਰੇ ਸੰਬੰਧੀਆਂ ਉੱਤੇ ਤੁਹਮਤ ਨਾ ਲਗਾ। ਅਸੀਂ ਤਾਂ ਤੇਰੇ ਸੇਵਕ ਹਾਂ। ਮੈਨੂੰ ਬਿਲਕੁਲ ਕੁਝ ਨਹੀਂ ਪਤਾ ਕਿ ਅਸਲ ਵਿੱਚ ਕੀ ਹੋ ਰਿਹਾ ਹੈ?”

16 ਪਰ ਪਾਤਸ਼ਾਹ ਨੇ ਕਿਹਾ, “ਅਹੀਮਲਕ! ਤੇਰੀ ਅਤੇ ਤੇਰੇ ਸੰਬੰਧੀਆਂ ਦੀ ਮੌਤ ਅਵੱਸ਼ ਹੈ।” 17 ਤਾਂ ਪਾਤਸ਼ਾਹ ਨੇ ਆਪਣੇ ਕੋਲ ਖੜ੍ਹੇ ਦਰਬਾਨਾਂ ਨੂੰ ਕਿਹਾ, “ਜਾਉ ਅਤੇ ਯਹੋਵਾਹ ਦੇ ਜਾਜਕਾਂ ਨੂੰ ਮਾਰ ਦਿਉ ਕਿਉਂਕਿ ਉਹ ਵੀ ਦਾਊਦ ਦੇ ਪੱਖ ਵਿੱਚ ਸਨ। ਉਹ ਜਾਣਦੇ ਸਨ ਕਿ ਦਾਊਦ ਬਚ ਰਿਹਾ ਹੈ ਪਰ ਉਨ੍ਹਾਂ ਨੇ ਮੈਨੂੰ ਨਹੀਂ ਦੱਸਿਆ।”

ਪਰ ਪਾਤਸ਼ਾਹ ਦੇ ਅਫ਼ਸਰਾਂ ਨੇ ਯਹੋਵਾਹ ਦੇ ਜਾਜਕਾਂ ਨੂੰ ਮਾਰਨ ਤੋਂ ਇਨਕਾਰ ਕਰ ਦਿੱਤਾ। 18 ਤਾਂ ਪਾਤਸ਼ਾਹ ਨੇ ਦੋਏਗ ਨੂੰ ਇਸ ਲਈ ਆਖਿਆ, ਸ਼ਾਊਲ ਨੇ ਕਿਹਾ, “ਦੋਏਗ! ਤੂੰ ਜਾ ਅਤੇ ਜਾਕੇ ਜਾਜਕ ਨੂੰ ਮਾਰ ਸੁੱਟ।” ਤਾਂ ਉਸ ਦਿਨ ਦੋਏਗ ਗਿਆ ਅਤੇ ਜਾਕੇ ਜਾਜਕ ਅਤੇ ਉਸ ਦੇ ਸੰਬੰਧੀਆਂ ਸਮੇਤ 85 ਲੋਕਾਂ ਨੂੰ ਜਾਨੋਂ ਮਾਰ ਸੁੱਟਿਆ। 19 ਜਾਜਕਾਂ ਦੇ ਸ਼ਹਿਰ ਨੋਬ ਵਿੱਚ ਉਸ ਨੇ ਸਾਰੇ ਲੋਕਾਂ ਨੂੰ ਵੱਢ ਸੁੱਟਿਆ। ਦੋਏਗ ਨੇ ਆਪਣੀ ਤਲਵਾਰ ਕੱਢੀ ਅਤੇ ਸਾਰੇ ਆਦਮੀਆਂ, ਔਰਤਾਂ, ਬੱਚਿਆਂ ਅਤੇ ਦੁੱਧ ਪੀਂਦੇ ਮਾਸੂਮ ਬੱਚਿਆਂ ਸਮੇਤ ਸਭ ਨੂੰ ਅਤੇ ਉਨ੍ਹਾਂ ਦੀਆਂ ਸਭ ਗਊਆਂ, ਖੋਤਿਆ, ਭੇਡਾਂ ਸਭ ਨੂੰ ਵੱਢ ਸੁੱਟਿਆ।

20 ਪਰ ਉਨ੍ਹਾਂ ਵਿੱਚੋਂ ਇੱਕ ਆਦਮੀ ਜਿਸ ਦਾ ਨਾਉਂ ਅਬਯਾਥਾਰ ਸੀ ਬਚ ਗਿਆ। ਅਬਯਾਥਾਰ ਅਹੀਟੂਬ ਦਾ ਪੁੱਤਰ ਸੀ ਜੋ ਉੱਥੋਂ ਭੱਜਕੇ ਦਾਊਦ ਦੇ ਮਗਰ ਲੱਗ ਗਿਆ ਸੀ। 21 ਅਬਯਾਥਾਰ ਨੇ ਦਾਊਦ ਨੂੰ ਖਬਰ ਕੀਤੀ ਕਿ ਸ਼ਾਊਲ ਨੇ ਯਹੋਵਾਹ ਦੇ ਜਾਜਕਾਂ ਨੂੰ ਮਰਵਾ ਸੁੱਟਿਆ ਹੈ। 22 ਦਾਊਦ ਨੇ ਅਬਯਾਥਾਰ ਨੂੰ ਆਖਿਆ, “ਮੈਂ ਤਾਂ ਉਸੇ ਦਿਨ ਸਮਝ ਗਿਆ ਸੀ ਕਿ ਅਦੋਮੀ ਦੋਏਗ ਜੋ ਉੱਥੇ ਸੀ ਤਾਂ ਇਹ ਸ਼ਾਊਲ ਨੂੰ ਜ਼ਰੂਰ ਖਬਰ ਦੇਵੇਗਾ। ਤੇਰੇ ਪਿਉ ਦੇ ਸਾਰੇ ਪਰਿਵਾਰ ਦੀ ਮੌਤ ਦਾ ਕਾਰਣ ਮੈਂ ਹੀ ਹਾਂ। 23 ਸ਼ਾਊਲ ਜੋ ਕਿ ਤੈਨੂੰ ਮਾਰਨਾ ਚਾਹੁੰਦਾ ਹੈ, ਉਹ ਮੈਨੂੰ ਵੀ ਮਾਰਨਾ ਚਾਹੁੰਦਾ ਹੈ। ਤੂੰ ਮੇਰੇ ਕੋਲ ਰਹਿ। ਡਰ ਨਾ। ਤੂੰ ਮੇਰੇ ਕੋਲ ਸੁਰੱਖਿਅਤ ਰਹੇਂਗਾ।”

ਕਈਲਾਹ ਵਿੱਚ ਦਾਊਦ

23 ਲੋਕਾਂ ਨੇ ਦਾਊਦ ਨੂੰ ਕਿਹਾ, “ਵੇਖ! ਫ਼ਲਿਸਤੀ ਕਈਲਾਹ ਦੇ ਵਿਰੁੱਧ ਲੜਾਈ ਕਰ ਰਹੇ ਹਨ। ਉਹ ਖਲਵਾੜਿਆਂ ਵਿੱਚੋਂ ਫ਼ਸਲਾਂ ਚੋਰੀ ਕਰ ਰਹੇ ਹਨ।”

ਦਾਊਦ ਨੇ ਯਹੋਵਾਹ ਨੂੰ ਕਿਹਾ, “ਯਹੋਵਾਹ! ਕੀ ਮੈਂ ਜਾਕੇ ਇਨ੍ਹਾਂ ਫ਼ਲਿਸਤੀਆਂ ਵਿਰੁੱਧ ਲੜਾਂ?”

ਯਹੋਵਾਹ ਨੇ ਦਾਊਦ ਨੂੰ ਕਿਹਾ, “ਜਾ ਅਤੇ ਜਾਕੇ ਫ਼ਲਿਸਤੀਆਂ ਦੇ ਖਿਲਾਫ਼ ਲੜਕੇ ਕਈਲਾਹ ਨੂੰ ਬਚਾਅ।”

ਪਰ ਦਾਊਦ ਦੇ ਆਦਮੀਆਂ ਨੇ ਉਸ ਨੂੰ ਕਿਹਾ, “ਵੇਖ ਇਸ ਵਕਤ ਅਸੀਂ ਯਹੂਦਾਹ ਦੇ ਵਿੱਚ ਹਾਂ ਅਤੇ ਅਸੀਂ ਡਰੇ ਹੋਏ ਹਾਂ। ਤਾਂ ਸੋਚਕੇ ਵੇਖ ਕਿ ਅਸੀਂ ਜੇਕਰ ਉੱਥੇ ਜਾਵਾਂਗੇ ਜਿੱਥੇ ਫ਼ਲਿਸਤੀਆਂ ਦੀ ਸੈਨਾ ਹੈ ਤਾਂ ਕਿੰਨਾ ਡਰ ਲੱਗੇਗਾ।”

ਦਾਊਦ ਨੇ ਫ਼ਿਰ ਯਹੋਵਾਹ ਨੂੰ ਪੁੱਛਿਆ ਅਤੇ ਯਹੋਵਾਹ ਨੇ ਜਵਾਬ ਦਿੱਤਾ, “ਤੂੰ ਕਈਲਾਹ ਵਿੱਚ ਜਾ। ਮੈਂ ਫ਼ਲਿਸਤੀਆਂ ਨੂੰ ਹਰਾਉਣ ਵਿੱਚ ਤੇਰੀ ਮਦਦ ਕਰਾਂਗਾ।” ਤਾਂ ਦਾਊਦ ਅਤੇ ਉਸ ਦੇ ਆਦਮੀ ਕਈਲਾਹ ਵਿੱਚ ਗਏ ਅਤੇ ਉਹ ਫ਼ਲਿਸਤੀਆਂ ਦੇ ਵਿਰੁੱਧ ਲੜੇ ਅਤੇ ਉਨ੍ਹਾਂ ਨੂੰ ਹਰਾਕੇ ਉਨ੍ਹਾਂ ਦੇ ਸਾਰੇ ਪਸ਼ੂ ਲੁੱਟ ਲਿਆਏ। ਇਉਂ ਦਾਊਦ ਨੇ ਕਈਲਾਹ ਦੇ ਲੋਕਾਂ ਨੂੰ ਬਚਾਇਆ। (ਜਦੋਂ ਅਬਯਾਥਾਰ ਭੱਜਕੇ ਦਾਊਦ ਕੋਲ ਆਇਆ ਤਾਂ ਉਸ ਦੇ ਹੱਥ ਵਿੱਚ ਇੱਕ ਏਫ਼ੋਦ ਵੀ ਸੀ।)

ਲੋਕਾਂ ਨੇ ਸ਼ਾਊਲ ਨੂੰ ਦੱਸਿਆ ਕਿ ਦਾਊਦ ਇਸ ਵਕਤ ਕਈਲਾਹ ਵਿੱਚ ਹੈ। ਤਾਂ ਸ਼ਾਊਲ ਬੋਲਿਆ, “ਪਰਮੇਸ਼ੁਰ ਨੇ ਉਸ ਨੂੰ ਹੁਣ ਮੇਰੇ ਹੱਥ ਵਿੱਚ ਕਰ ਦਿੱਤਾ ਹੈ! ਉਸ ਨੇ ਆਪੇ ਹੀ ਆਪਣੇ-ਆਪ ਨੂੰ ਜਾਲ ਵਿੱਚ ਫ਼ਸਾ ਲਿਆ ਹੈ। ਕਿਉਂਕਿ ਉਹ ਅਜਿਹੇ ਸ਼ਹਿਰ ਵਿੱਚ ਜਿਸਦੇ ਬੂਹੇ ਅਤੇ ਸਲਾਖਾਂ ਹਨ, ਉਸ ਵਿੱਚ ਆਪੇ ਹੀ ਬੰਦ ਹੋ ਗਿਆ ਹੈ।” ਸ਼ਾਊਲ ਨੇ ਆਪਣੀ ਸਾਰੀ ਫ਼ੌਜ ਲੜਾਈ ਲਈ ਤਿਆਰ ਕੀਤੀ ਅਤੇ ਉਹ ਕਈਲਾਹ ਵਿੱਚ ਦਾਊਦ ਅਤੇ ਉਸ ਦੇ ਆਦਮੀਆਂ ਉੱਤੇ ਕੂਚ ਕਰਨ ਲਈ ਤਿਆਰ ਹੋ ਗਏ।

ਦਾਊਦ ਨੂੰ ਪਤਾ ਲੱਗਾ ਕਿ ਸ਼ਾਊਲ ਉਸ ਦੇ ਵਿਰੁੱਧ ਲੜਨ ਦੀ ਸਾਜਿਸ਼ ਕਰ ਰਿਹਾ ਹੈ ਤਾਂ ਦਾਊਦ ਨੇ ਅਬਯਾਥਾਰ ਜਾਜਕ ਨੂੰ ਕਿਹਾ, “ਉਹ ਏਫ਼ੋਦ ਲੈ ਆ।”

10 ਦਾਊਦ ਨੇ ਪ੍ਰਾਰਥਨਾ ਕੀਤੀ, “ਹੇ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ। ਮੈਂ ਸੁਣਿਆ ਹੈ ਕਿ ਸ਼ਾਊਲ ਮੇਰੇ ਕਾਰਣ ਕਈਲਾਹ ਉੱਤੇ ਚੜ੍ਹਾਈ ਕਰਨ ਅਤੇ ਉਸ ਨੂੰ ਨਾਸ਼ ਕਰਨ ਆ ਰਿਹਾ ਹੈ। 11 ਕੀ ਸ਼ਾਊਲ ਕਈਲਾਹ ਵਿੱਚ ਆਵੇਗਾ? ਕੀ ਕਾਈਲਾਹ ਦੇ ਲੋਕ ਮੈਨੂੰ ਸ਼ਾਊਲ ਦੇ ਹਵਾਲੇ ਕਰ ਦੇਣਗੇ? ਹੇ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ! ਮੈਂ ਤੇਰਾ ਸੇਵਕ ਹਾਂ ਕਿਰਪਾ ਕਰਕੇ ਮੈਨੂੰ ਦੱਸੋ ਕਿ ਕੀ ਹੋਵੇਗਾ?”

ਯਹੋਵਾਹ ਨੇ ਕਿਹਾ, “ਸ਼ਾਊਲ ਜ਼ਰੂਰ ਆਵੇਗਾ।”

12 ਦਾਊਦ ਨੇ ਫ਼ਿਰ ਪੁੱਛਿਆ, “ਕੀ ਕਈਲਾਹ ਦੇ ਲੋਕ ਮੈਨੂੰ ਅਤੇ ਮੇਰੇ ਆਦਮੀਆਂ ਨੂੰ ਸ਼ਾਊਲ ਦੇ ਸਪੁਰਦ ਕਰ ਦੇਣਗੇ?”

ਯਹੋਵਾਹ ਨੇ ਕਿਹਾ, “ਹਾਂ ਉਹ ਅਜਿਹਾ ਕਰਨਗੇ।”

13 ਤਾਂ ਦਾਊਦ ਅਤੇ ਉਸ ਦੇ ਆਦਮੀ ਕਈਲਾਹ ਤੋਂ ਭੱਜ ਗਏ। ਕੋਈ 600 ਦੇ ਕਰੀਬ ਆਦਮੀ ਦਾਊਦ ਦੇ ਨਾਲ ਗਏ। ਇਉਂ ਦਾਊਦ ਅਤੇ ਉਸ ਦੇ ਆਦਮੀ ਥਾਂ ਤੋਂ ਥਾਂ ਭੱਜਦੇ ਰਹੇ। ਸ਼ਾਊਲ ਨੂੰ ਪਤਾ ਲੱਗਾ ਕਿ ਦਾਊਦ ਕਈਲਾਹ ਤੋਂ ਬਚਕੇ ਭੱਜ ਗਿਆ ਹੈ ਤਾਂ ਉਹ ਫ਼ਿਰ ਉਸ ਸ਼ਹਿਰ ਵਿੱਚ ਨਾ ਗਿਆ।

ਸ਼ਾਊਲ ਨੇ ਦਾਊਦ ਦਾ ਪਿੱਛਾ ਕੀਤਾ

14 ਦਾਊਦ ਉਜਾੜ ਵੱਲ ਗਿਆ ਅਤੇ ਉੱਥੇ ਪਕਿਆ ਕਿਲ੍ਹਿਆਂ ਵਿੱਚ ਜਾਕੇ ਰਿਹਾ। ਦਾਊਦ ਉਜਾੜ ਦੇ ਪਹਾੜੀ ਇਲਾਕੇ ਜ਼ੀਫ਼ ਵਿੱਚ ਵੀ ਜਾਕੇ ਰਿਹਾ। ਹਰ ਰੋਜ਼ ਸ਼ਾਊਲ ਉਸ ਨੂੰ ਭਾਲਦਾ ਪਰ ਯਹੋਵਾਹ ਨੇ ਦਾਊਦ ਨੂੰ ਸ਼ਾਊਲ ਦੇ ਹੱਥ ਨਾ ਲੱਗਣ ਦਿੱਤਾ।

15 ਇੱਕ ਦਿਨ ਜਦ ਦਾਊਦ ਜ਼ੀਫ਼ ਦੀ ਉਜਾੜ ਵਿੱਚ ਹੋਰੇਸ਼ ਵਿੱਚ ਸੀ ਤਾਂ ਉਹ ਡਰ ਗਿਆ ਕਿਉਂਕਿ ਉਹ ਜਾਣਦਾ ਸੀ ਕਿ ਸ਼ਾਊਲ ਉਸਦੀ ਜਾਨ ਦੇ ਮਗਰ ਪਿਆ ਹੋਇਆ ਹੈ। 16 ਪਰ ਸ਼ਾਊਲ ਦਾ ਪੁੱਤਰ ਯੋਨਾਥਾਨ ਹੋਰੇਸ਼ ਵਿੱਚ ਦਾਊਦ ਨੂੰ ਮਿਲਣ ਲਈ ਗਿਆ ਤਾਂ ਯੋਨਾਥਾਨ ਨੇ ਦਾਊਦ ਨੂੰ ਪਰਮੇਸ਼ੁਰ ਵਿੱਚ ਪੱਕਾ ਨਿਸ਼ਚਾ ਰੱਖਣ ਲਈ ਕਿਹਾ ਅਤੇ ਇਸ ਵਿੱਚ ਉਸਦੀ ਮਦਦ ਕੀਤੀ। 17 ਯੋਨਾਠਾਨ ਨੇ ਦਾਊਦ ਨੂੰ ਦੱਸਿਆ, “ਡਰ ਨਾ, ਮੇਰਾ ਪਿਤਾ ਸ਼ਾਊਲ ਤੇਰਾ ਕੁਝ ਨਹੀ ਵਿਗਾੜ ਸੱਕਦਾ। ਤੂੰ ਹੀ ਇਸਰਾਏਲ ਦਾ ਰਾਜਾ ਬਣੇਂਗਾ ਅਤੇ ਮੈਂ ਦੂਜੇ ਦਰਜੇ ਉੱਤੇ ਹੋਵਾਂਗਾ। ਇਹ ਗੱਲ ਮੇਰਾ ਪਿਉ ਵੀ ਜਾਣਦਾ ਹੈ।”

18 ਯੋਨਾਥਾਨ ਅਤੇ ਦਾਊਦ ਨੇ ਯਹੋਵਾਹ ਦੇ ਅੱਗੇ ਇਕਰਾਰਨਾਮਾ ਕੀਤਾ ਅਤੇ ਫ਼ਿਰ ਯੋਨਾਥਾਨ ਘਰ ਨੂੰ ਮੁੜ ਗਿਆ ਅਤੇ ਦਾਊਦ ਹੋਰੇਸ਼ ਵਿੱਚ ਹੀ ਰਿਹਾ।

ਜ਼ੀਫ਼ ਦੇ ਲੋਕਾਂ ਨੇ ਦਾਊਦ ਬਾਰੇ ਸ਼ਾਊਲ ਨੂੰ ਦੱਸਿਆ

19 ਤਦ ਜ਼ੀਫ਼ ਦੇ ਲੋਕ ਗਿਬਆਹ ਵਿੱਚ ਸ਼ਾਊਲ ਕੋਲ ਆਏ ਅਤੇ ਆਕੇ ਉਸ ਨੂੰ ਕਹਿਣ ਲੱਗੇ, “ਦਾਊਦ ਸਾਡੇ ਹੀ ਇਲਾਕੇ ਵਿੱਚ ਲੁਕਦਾ ਫ਼ਿਰਦਾ ਹੈ। ਇਸ ਵਕਤ ਉਹ ਹੋਰੇਸ਼ ਦੀਆਂ ਪੱਕੀਆਂ ਥਾਵਾਂ ਵਿੱਚ ਹਨੀਲਾਹ ਦੇ ਪਹਾੜ ਉੱਪਰ ਜੋ ਯਸੀਮੋਨ ਦੀ ਦੱਖਣ ਵੱਲ ਹੈ, ਉੱਥੇ ਲੁਕਿਆ ਹੋਇਆ ਹੈ। 20 ਸੋ ਹੇ ਪਾਤਸ਼ਾਹ, ਤੂੰ ਜਦ ਚਾਹੇਂ ਉੱਧਰ ਆ ਜਾਵੀਂ, ਇਹ ਸਾਡਾ ਫ਼ਰਜ ਹੈ ਕਿ ਤੂੰ ਜਦ ਆਵੇਂ ਅਸੀਂ ਦਾਊਦ ਨੂੰ ਤੇਰੇ ਹਵਾਲੇ ਕਰੀਏ।”

21 ਸ਼ਾਊਲ ਨੇ ਕਿਹਾ, “ਮੇਰੀ ਮਦਦ ਲਈ ਯਹੋਵਾਹ ਤੁਹਾਡੇ ਉੱਤੇ ਕਿਰਪਾ ਕਰੇ। 22 ਜਾਓ ਅਤੇ ਉਸ ਦੇ ਬਾਰੇ ਹੋਰ ਖਬਰ ਲਿਆਵੋ। ਵੇਖੋ, ਪਤਾ ਲਗਾਓ ਕਿ ਉਹ ਕਿੱਥੇ ਠਹਿਰਿਆ ਹੈ। ਅਤੇ ਇਹ ਵੀ ਪਤਾ ਲਗਾਓ ਕਿ ਉੱਥੇ ਦਾਊਦ ਨੂੰ ਕਿਸਨੇ ਵੇਖਿਆ ਹੈ? ਸ਼ਾਊਲ ਨੇ ਸੋਚਿਆ, ਉਹ ਬੜਾ ਚੁਸਤ ਹੈ ਕਿਤੇ ਉਹ ਮੈਨੂੰ ਮੁਰੱਖ ਹੀ ਨਾ ਬਣਾਉਂਦਾ ਹੋਵੇ। 23 ਉਸ ਦੇ ਸਾਰੇ ਲੁਕਣ ਦੇ ਟਿਕਾਣਿਆਂ ਬਾਰੇ ਪਤਾ ਲਗਾਕੇ ਲਿਆਵੋ। ਫ਼ਿਰ ਆਕੇ ਉਸ ਬਾਰੇ ਮੈਨੂੰ ਸਭ ਖਬਰ ਕਰਨਾ। ਫ਼ਿਰ ਮੈਂ ਤੁਹਾਡੇ ਨਾਲ ਚੱਲਾਂਗਾ ਜੇਕਰ ਦਾਊਦ ਉਸ ਇਲਾਕੇ ਵਿੱਚ ਹੋਇਆ ਤਾਂ ਮੈਂ ਉਸ ਨੂੰ ਲੱਭ ਲਵਾਂਗਾ। ਫ਼ਿਰ ਤਾਂ ਮੈਂ ਉਸ ਨੂੰ ਯਹੂਦਾਹ ਦੇ ਹਜ਼ਾਰਾਂ ਲੋਕਾਂ ਵਿੱਚੋਂ ਵੀ ਲੱਭ ਲਵਾਂਗਾ।”

24 ਤਾਂ ਉਹ ਲੋਕ ਉੱਥੋਂ ਉੱਠ ਕੇ ਜ਼ੀਫ਼ ਨੂੰ ਵਾਪਸ ਗਏ। ਸ਼ਾਊਲ ਵੀ ਉਨ੍ਹਾਂ ਤੋਂ ਬਾਦ ਉੱਠ ਗਿਆ।

ਦਾਊਦ ਅਤੇ ਉਸ ਦੇ ਸਾਥੀ ਹੁਣ ਮਾਓਨ ਦੀ ਉਜਾੜ ਵਿੱਚ ਗਏ। ਇਸ ਵਕਤ ਉਹ ਯਸ਼ੀਮੋਨ ਦੇ ਦੱਖਣ ਵੱਲ ਇੱਕ ਉਜਾੜ ਵਿੱਚ ਸਨ। 25 ਸ਼ਾਊਲ ਅਤੇ ਉਸ ਦੇ ਸਾਥੀ ਦਾਊਦ ਨੂੰ ਲੱਭਣ ਲਈ ਨਿਕਲੇ ਪਰ ਲੋਕਾਂ ਨੇ ਦਾਊਦ ਨੂੰ ਸਤਰਕ ਕਰ ਦਿੱਤਾ। ਉਨ੍ਹਾਂ ਨੇ ਉਸ ਨੂੰ ਦੱਸ ਦਿੱਤਾ ਕਿ ਸ਼ਾਊਲ ਤੈਨੂੰ ਭਾਲ ਰਿਹਾ ਹੈ। ਤਦ ਦਾਊਦ ਮਾਓਨ ਦੀ ਉਜਾੜ ਵਿੱਚ “ਇੱਕ ਚੱਟਾਨ” ਵੱਲ ਉਤਰ ਗਿਆ। ਜਦ ਸ਼ਾਊਲ ਨੂੰ ਪਤਾ ਲੱਗਾ ਕਿ ਦਾਊਦ ਮਾਓਨ ਦੀ ਉਜਾੜ ਵੱਲ ਗਿਆ ਹੈ ਤਾਂ ਉਹ ਉਸ ਨੂੰ ਲੱਭਣ ਲਈ ਉਸੇ ਥਾਂ ਵੱਲ ਗਿਆ ਜਿੱਥੇ ਦਾਊਦ ਸੀ।

26 ਸ਼ਾਊਲ ਅਤੇ ਉਸ ਦੇ ਆਦਮੀ ਪਹਾੜ ਦੇ ਇੱਕ ਪਾਸੇ ਵੱਲ ਸਨ ਅਤੇ ਉਸੇ ਪਹਾੜੀ ਦੇ ਦੂਜੇ ਪਾਸੇ ਦਾਊਦ ਅਤੇ ਉਸ ਦੇ ਸਾਥੀ ਖੜ੍ਹੇ ਸਨ। ਦਾਊਦ ਉੱਥੋਂ ਸ਼ਾਊਲ ਕੋਲੋਂ ਦੂਰ ਭੱਜਣ ਦੀ ਕਾਹਲ ਕਰ ਰਿਹਾ ਸੀ ਕਿਉਂਕਿ ਸ਼ਾਊਲ ਅਤੇ ਉਸ ਦੇ ਸਿਪਾਹੀ ਪਹਾੜੀ ਦੇ ਵੱਲੋਂ ਦਾਊਦ ਅਤੇ ਉਸ ਦੇ ਸਾਥੀਆਂ ਨੂੰ ਘੇਰਾ ਪਾਉਣ ਦੀ ਕੋਸ਼ਿਸ਼ ਵਿੱਚ ਸਨ।

27 ਤਦ ਇੱਕ ਸੰਦੇਸ਼ਵਾਹਕ ਸ਼ਾਊਲ ਕੋਲ ਆਇਆ ਅਤੇ ਕਿਹਾ, “ਜਲਦੀ ਕਰ! ਫ਼ਲਿਸਤੀਆਂ ਨੇ ਪਹਿਲਾਂ ਹੀ ਸਾਡੀ ਧਰਤੀ ਉੱਤੇ ਹਮਲਾ ਕਰ ਦਿੱਤਾ ਹੈ।”

28 ਤਦ ਸ਼ਾਊਲ ਨੇ ਦਾਊਦ ਦਾ ਪਿੱਛਾ ਕਰਨਾ ਛੱਡ ਕੇ ਫ਼ਲਿਸਤੀਆਂ ਨਾਲ ਲੜਨ ਲਈ ਤਿਆਰ ਹੋਣ ਲੱਗਾ। ਇਸ ਲਈ ਲੋਕ ਇਸ ਚੱਟਾਨ ਨੂੰ “ਤਿਲਕਵੀਂ ਚੱਟਾਨ” ਆਖਦੇ ਹਨ। ਭਾਵ ਕਿ “ਰਿਹਾਈ ਦੀ ਚੱਟਾਨ।” 29 ਦਾਊਦ ਉੱਥੋਂ ਨਿਕਲਕੇ ਏਨ-ਗਦੀ ਦੇ ਵਿੱਚ ਪੱਕੀਆਂ ਥਾਵਾਂ ਦੇ ਵਿੱਚਕਾਰ ਚੱਲਿਆ ਗਿਆ।

ਦਾਊਦ ਦਾ ਸ਼ਾਊਲ ਨੂੰ ਸ਼ਰਮਿੰਦਾ ਕਰਨਾ

24 ਜਦੋਂ ਸ਼ਾਊਲ ਫ਼ਲਿਸਤਿਆਂ ਦਾ ਪਿੱਛਾ ਕਰਕੇ ਮੁੜ ਪਿਆ ਤਾਂ ਲੋਕਾਂ ਨੇ ਸ਼ਾਊਲ ਨੂੰ ਕਿਹਾ, “ਦਾਊਦ ਹੁਣ ਏਨ-ਗਦੀ ਦੀ ਉਜਾੜ ਵਿੱਚ ਹੈ।”

ਤਾਂ ਸ਼ਾਊਲ ਨੇ ਸਾਰੇ ਇਸਰਾਏਲ ਵਿੱਚੋਂ 3,000 ਆਦਮੀ ਚੁਣੇ ਅਤੇ ਉਨ੍ਹਾਂ ਨੂੰ ਨਾਲ ਲੈ ਕੇ ਦਾਊਦ ਅਤੇ ਉਸ ਦੇ ਸਾਥੀਆਂ ਨੂੰ ਲੱਭਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਦਾਊਦ ਨੂੰ ਜੰਗਲੀ ਬੱਕਰੀਆਂ ਦੀ ਚੱਟਾਨ ਵੱਲ ਲੱਭਿਆ। ਸ਼ਾਊਲ ਦਾਊਦ ਨੂੰ ਲੱਭਦਿਆਂ ਹੋਇਆਂ, ਰਾਹ ਦੇ ਪਾਸੇ ਤੇ ਭੇਡਾਂ ਦੇ ਵਾੜੇ ਕੋਲ ਪਹੁੰਚ ਗਿਆ। ਉੱਥੇ ਕੋਲ ਹੀ ਇੱਕ ਗੁਫ਼ਾ ਸੀ, ਇਸ ਲਈ ਉਹ ਆਰਾਮ ਕਰਨ ਲਈ ਗੁਫ਼ਾ ਅੰਦਰ ਚੱਲਾ ਗਿਆ। ਉੱਥੇ ਉਸੇ ਗੁਫ਼ਾ ਵਿੱਚ ਦਾਊਦ ਅਤੇ ਉਸ ਦੇ ਸਾਥੀ ਲੁਕੇ ਹੋਏ ਸਨ। ਦਾਊਦ ਦੇ ਸਾਥੀਆਂ ਨੇ ਆਖਿਆ, “ਅੱਜ ਹੀ ਉਹ ਦਿਨ ਹੈ ਜਿਸਦੇ ਬਾਰੇ ਯਹੋਵਾਹ ਨੇ ਆਖਿਆ ਸੀ। ਯਹੋਵਾਹ ਨੇ ਤੈਨੂੰ ਕਿਹਾ ਸੀ, ‘ਮੈਂ ਤੇਰੇ ਦੁਸ਼ਮਣ ਤੇਰੇ ਹੱਥ ਦੇਵੇਆਂਗਾ ਫ਼ਿਰ ਤੂੰ ਜੋ ਚਾਹੇਂ ਆਪਣੇ ਦੁਸ਼ਮਣ ਨਾਲ ਕਰੀਂ।’”

ਤਦ ਦਾਊਦ ਰੀਂਗਦਾ-ਰੀਂਗਦਾ ਸ਼ਾਊਲ ਦੇ ਬਹੁਤ ਨੇੜੇ ਆ ਗਿਆ। ਤਦ ਦਾਊਦ ਨੇ ਸ਼ਾਊਲ ਦੇ ਚੋਗੇ ਦੀ ਨੁੱਕਰ ਪਾੜੀ। ਸ਼ਾਊਲ ਨੂੰ ਦਾਊਦ ਨਜ਼ਰ ਨਾ ਆਇਆ। ਬਾਦ ਵਿੱਚ ਦਾਊਦ ਨੂੰ ਸ਼ਾਊਲ ਦੇ ਚੋਗੇ ਦੀ ਨੁੱਕਰ ਕੱਟਣ ਦਾ ਅਫ਼ਸੋਸ ਲੱਗਾ। ਦਾਊਦ ਨੇ ਆਪਣੇ ਸਾਥੀਆਂ ਨੂੰ ਆਖਿਆ, “ਮੈਂ ਯਹੋਵਾਹ ਦੀ ਸੌਂਹ ਖਾਂਦਾ ਹਾਂ ਕਿ ਮੈਂ ਫ਼ਿਰ ਅਜਿਹਾ ਆਪਣੇ ਰਾਜੇ ਨਾਲ ਨਹੀਂ ਕਰਾਂਗਾ। ਉਹ ਯਹੋਵਾਹ ਦੁਆਰਾ ਚੁਣਿਆ ਗਿਆ ਹੈ। ਕਿਉਂ ਕਿ ਉਹ ਚੁਣਿਆ ਹੋਇਆ ਹੈ, ਮੈਂ ਕਦੇ ਵੀ ਉਸ ਨੂੰ ਮਾਰਨ ਦੀ ਕੋਸ਼ਿਸ਼ ਨਹੀਂ ਕਰਾਂਗਾ।” ਦਾਊਦ ਨੇ ਇਹ ਸਭ ਗੱਲਾਂ ਆਪਣੇ ਸਾਥੀਆਂ ਨੂੰ ਝਿੜਕਣ ਲਈ ਕਹੀਆਂ। ਦਾਊਦ ਨਹੀਂ ਸੀ ਚਾਹੁੰਦਾ ਕਿ ਉਸ ਦੇ ਆਦਮੀ ਸ਼ਾਊਲ ਨੂੰ ਮਾਰਨ।

ਸ਼ਾਊਲ ਗੁਫ਼ਾ ਛੱਡ ਕੇ ਆਪਣੇ ਰਾਹ ਨੂੰ ਹੋਇਆ। ਦਾਊਦ ਗੁਫ਼ਾ ਵਿੱਚੋਂ ਬਾਹਰ ਨਿਕਲਿਆ ਅਤੇ ਸ਼ਾਊਲ ਨੂੰ ਲਲਕਾਰਿਆ, “ਹੇ ਮੇਰੇ ਮਹਾਰਾਜ ਪਾਤਸ਼ਾਹ!”

ਸ਼ਾਊਲ ਵੇਖਣ ਲਈ ਪਿੱਛੇ ਮੁੜਿਆ। ਦਾਊਦ ਉਸ ਨੂੰ ਇੱਜ਼ਤ ਦੇਣ ਲਈ ਧਰਤੀ ਉੱਤੇ ਝੁਕ ਗਿਆ। ਦਾਊਦ ਨੇ ਸ਼ਾਊਲ ਨੂੰ ਕਿਹਾ, “ਤੂੰ ਲੋਕਾਂ ਦੀ ਕਿਉਂ ਸੁਣਦਾ ਹੈਂ ਜਦੋਂ ਉਹ ਤੈਨੂੰ ਇਹ ਆਖਦੇ ਹਨ ਕਿ, ‘ਦਾਊਦ ਤੈਨੂੰ ਮਾਰਨ ਦੀ ਵਿਉਂਤ ਕਰਦਾ ਪਿਆ ਹੈ?’ 10 ਮੈਂ ਤੈਨੂੰ ਦੁੱਖ ਦੇਣਾ ਨਹੀਂ ਚਾਹੁੰਦਾ! ਇਹ ਤੂੰ ਆਪਣੀਆਂ ਅੱਖਾਂ ਨਾਲ ਖੁਦ ਦੇਖ ਸੱਕਦਾ ਹੈ। ਯਹੋਵਾਹ ਨੇ ਤੈਨੂੰ ਅੱਜ ਮੈਨੂੰ ਮਿਲਣ ਦਾ ਮੌਕਾ ਦਿੱਤਾ, ਪਰ ਮੈਂ ਤੈਨੂੰ ਮਾਰਨ ਤੋਂ ਇਨਕਾਰ ਕੀਤਾ। ਮੈਨੂੰ ਤੇਰੇ ਉੱਤੇ ਤਰਸ ਆਇਆ। ਮੈਂ ਕਿਹਾ, ‘ਮੈਂ ਆਪਣੇ ਸੁਆਮੀ ਉੱਤੇ ਘਾਤ ਨਹੀਂ ਕਰਾਂਗਾ। ਸ਼ਾਊਲ ਯਹੋਵਾਹ ਦਾ ਚੁਣਿਆ ਹੋਇਆ ਪਾਤਸ਼ਾਹ ਹੈ।’ 11 ਇਹ ਵੇਖ ਜੋ ਮੇਰੇ ਹੱਥ ਵਿੱਚ ਤੇਰੇ ਚੋਗੇ ਦੀ ਕੰਤਰ ਹੈ, ਮੈਂ ਤੈਨੂੰ ਮਾਰ ਸੱਕਦਾ ਸੀ, ਪਰ ਮੈਂ ਅਜਿਹਾ ਨਾ ਕੀਤਾ। ਹੁਣ ਮੈਂ ਤੈਨੂੰ ਇਹ ਸਮਝਾਉਣਾ ਚਾਹੁੰਦਾ ਹਾਂ ਅਤੇ ਤੈਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਮੇਰਾ ਤੇਰੇ ਵਿਰੁੱਧ ਕੋਈ ਚਾਲ ਚੱਲਣ ਦਾ ਵਿੱਚਾਰ ਨਹੀਂ। ਮੈਂ ਤੇਰੇ ਨਾਲ ਕੋਈ ਵੀ ਗਲਤ ਕੰਮ ਨਹੀਂ ਕੀਤਾ ਤੈਨੂੰ ਨੁਕਸਾਨ ਨਹੀਂ ਪਹੁੰਚਾਇਆ। ਪਰ ਤੂੰ ਸ਼ਿਕਾਰੀਆਂ ਵਾਂਗ ਮੇਰਾ ਸ਼ਿਕਾਰ ਕਰਕੇ ਮੈਨੂੰ ਮਾਰਨ ਉੱਤੇ ਤੁਲਿਆ ਹੋਇਆ ਹੈ। 12 ਚੱਲ ਯਹੋਵਾਹ ਨੂੰ ਇਸਦਾ ਨਿਆਂ ਕਰਨ ਦੇ। ਹੋ ਸੱਕਦਾ ਹੈ ਜੋ ਤੂੰ ਮੇਰੇ ਨਾਲ ਮਾੜਾ ਕੀਤਾ ਯਹੋਵਾਹ ਤੈਨੂੰ ਉਸਦਾ ਦੰਡ ਦੇਵੇ ਪਰ ਮੈਂ ਖੁਦ ਤੇਰੇ ਨਾਲ ਨਹੀਂ ਲੜਾਂਗਾ। 13 ਇੱਕ ਪੁਰਾਨੀ ਕਹਾਵਤ ਹੈ ਕਿ,

‘ਬੁਰਿਆਂ ਤੋਂ ਬੁਰਾਈ ਹੀ ਹੁੰਦੀ ਹੈ।’

“ਮੈਂ ਕੁਝ ਵੀ ਤੇਰੇ ਨਾਲ ਮਾੜਾ ਨਹੀਂ ਕੀਤਾ, ਮੈਂ ਬੁਰਾ ਆਦਮੀ ਨਹੀਂ ਹਾਂ। ਮੈਂ ਤੈਨੂੰ ਦੁੱਖ ਨਹੀਂ ਦੇਵਾਂਗਾ। 14 ਇਸਰਾਏਲ ਦਾ ਪਾਤਸ਼ਾਹ ਕਿਸ ਦੇ ਮਗਰ ਲੱਗਾ ਹੋਇਆ ਹੈ ਕਿਸੇ ਦੇ ਖਿਲਾਫ਼ ਲੜ ਰਿਹਾ ਹੈ? ਕੀ ਤੂੰ ਭਲਾ ਇੱਕ ਮੋਏ ਹੋਏ ਕੁੱਤੇ ਜਾਂ ਪਿੱਸੂ ਦਾ ਪਿੱਛਾ ਕਰ ਰਿਹਾ ਹੈ? 15 ਇਸ ਦਾ ਨਿਆਂ ਯਹੋਵਾਹ ਨੂੰ ਹੀ ਕਰਨ ਦੇ। ਉਸ ਨੂੰ ਹੀ ਤੇਰੇ ਅਤੇ ਮੇਰੇ ਵਿੱਚਕਾਰ ਫ਼ੈਸਲਾ ਕਰਨ ਦੇ। ਯਹੋਵਾਹ ਮੇਰੀ ਮਦਦ ਕਰੇਗਾ ਅਤੇ ਇਹ ਸਾਬਿਤ ਕਰੇਗਾ ਕਿ ਮੈਂ ਠੀਕ ਹਾਂ। ਯਹੋਵਾਹ ਤੇਰੇ ਤੋਂ ਮੈਨੂੰ ਬਚਾਵੇਗਾ।”

16 ਜਦੋਂ ਦਾਊਦ ਬੋਲ ਹਟਿਆ ਤਾਂ ਸ਼ਾਊਲ ਨੇ ਕਿਹਾ, “ਦਾਊਦ! ਮੇਰੇ ਪੁੱਤਰ! ਕੀ ਇਹ ਤੂੰ ਆਪਣੀ ਆਵਾਜ਼ ’ਚ ਬੋਲ ਰਿਹਾ ਸੀ?” ਤਦ ਸ਼ਾਊਲ ਨੇ ਰੋਣਾ ਸ਼ੁਰੂ ਕਰ ਦਿੱਤਾ। 17 ਉਹ ਬਹੁਤ ਰੋਇਆ ਅਤੇ ਕਹਿਣ ਲੱਗਾ, “ਹਾਂ ਤੂੰ ਸਹੀ ਸੀ ਅਤੇ ਮੈਂ ਗਲਤ। ਤੂੰ ਤਾਂ ਹਮੇਸ਼ਾ ਮੇਰੇ ਨਾਲ ਭਲਾਈ ਕੀਤੀ ਹੈ ਪਰ ਮੈਂ ਹੀ ਤੇਰੇ ਨਾਲ ਬੁਰਾ ਕਰਦਾ ਰਿਹਾ ਹਾਂ। 18 ਅੱਜ ਤੂੰ ਮੈਨੂੰ ਦੱਸਿਆ ਜੋ ਨੇਕਨਾਮੀਆਂ ਤੂੰ ਮੇਰੇ ਨਾਲ ਕੀਤੀਆਂ। ਯਹੋਵਾਹ ਨੇ ਤੈਨੂੰ ਮੇਰੇ ਸਾਹਮਣੇ ਕਰਕੇ ਮੈਨੂੰ ਤੇਰੇ ਹਵਾਲੇ ਕੀਤਾ, ਪਰ ਤੂੰ ਮੈਨੂੰ ਨਾ ਮਾਰਿਆ। 19 ਇੱਥੋਂ ਪਤਾ ਚੱਲਿਆ ਕਿ ਤੂੰ ਮੇਰਾ ਵੈਰੀ ਨਹੀਂ ਹੈ। ਕੋਈ ਵੀ ਮਨੁੱਖ ਆਪਣੇ ਦੁਸ਼ਮਣ ਨੂੰ ਫ਼ੜਕੇ ਛੱਡਦਾ ਨਹੀਂ। ਉਹ ਆਪਣੇ ਦੁਸ਼ਮਣ ਨਾਲ ਭਲਾਈ ਨਹੀਂ ਕਰਦਾ। ਮੈਂ ਆਸ ਕਰਦਾ ਹਾਂ ਕਿ ਯਹੋਵਾਹ ਤੇਰੀ ਅੱਜ ਦੀ ਇਸ ਭਲਾਈ ਦਾ ਤੈਨੂੰ ਜ਼ਰੂਰ ਇਨਾਮ ਦੇਵੇਗਾ। 20 ਮੈਂ ਜਾਣਦਾ ਹਾਂ ਕਿ ਇਸਰਾਏਲ ਦਾ ਤੂੰ ਨਵਾਂ ਪਾਤਸ਼ਾਹ ਬਣ ਕੇ ਇਸਰਾਏਲ ਉੱਤੇ ਰਾਜ ਕਰੇਂਗਾ। 21 ਹੁਣ ਮੇਰੇ ਨਾਲ ਸੌਂਹ ਚੁੱਕ। ਯਹੋਵਾਹ ਦੇ ਨਾਉਂ ਦੀ ਸੌਂਹ ਚੁੱਕ ਕਿ ਤੂੰ ਮੇਰੇ ਪਿੱਛੇ ਮੇਰੇ ਉੱਤਰਾਧਿਕਾਰੀਆਂ ਦਾ ਨਾਸ਼ ਨਹੀਂ ਕਰੇਂਗਾ ਅਤੇ ਮੇਰੇ ਨਾਮ ਅਤੇ ਮੇਰੇ ਪਿਉ ਦੀ ਅੰਸ਼ ਨੂੰ ਖਤਮ ਨਹੀਂ ਕਰੇਂਗਾ।”

22 ਤਦ ਦਾਊਦ ਨੇ ਸ਼ਾਊਲ ਨੂੰ ਵਚਨ ਕੀਤਾ। ਉਸ ਨੇ ਸੌਂਹ ਚੁੱਕੀ ਕਿ ਉਹ ਸ਼ਾਊਲ ਦੇ ਪਰਿਵਾਰ ਦਾ ਨਾਸ਼ ਨਹੀਂ ਕਰੇਂਗਾ। ਤਦ ਸ਼ਾਊਲ ਘਰ ਨੂੰ ਵਾਪਸ ਪਰਤ ਗਿਆ। ਦਾਊਦ ਅਤੇ ਉਸ ਦੇ ਸਾਥੀ ਕਿਲੇ ਨੂੰ ਪਰਤ ਗਏ।

ਦਾਊਦ ਅਤੇ ਮੂਰਖ ਨਾਬਾਲ

25 ਸਮੂਏਲ ਮਰ ਗਿਆ। ਸਾਰੇ ਇਸਰਾਏਲੀਆਂ ਨੇ ਇੱਕਤਰ ਹੋਕੇ ਸਮੂਏਲ ਦੀ ਮੌਤ ਉੱਤੇ ਆਪਣਾ ਦੁੱਖ ਪਰਗਟ ਕੀਤਾ ਅਤੇ ਉਸ ਦੇ ਹੀ ਘਰ ਰਾਮਾਹ ਵਿੱਚ ਉਸ ਨੂੰ ਦਫ਼ਨਾਇਆ।

ਤਦ ਦਾਊਦ ਪਾਰਾਨ ਦੀ ਉਜਾੜ ਵੱਲ ਆ ਗਿਆ। ਮਾਓਨ ਵਿੱਚ ਇੱਕ ਬੜਾ ਹੀ ਅਮੀਰ ਆਦਮੀ ਰਹਿੰਦਾ ਸੀ। ਉਸ ਕੋਲ 3,000 ਭੇਡਾਂ ਅਤੇ 1,000 ਬੱਕਰੀਆਂ ਸਨ। ਉਹ ਮਨੁੱਖ ਕਰਮਲ ਵਿੱਚ ਕਿਸੇ ਕਾਰੋਬਾਰ ਦੇ ਸਿਲਸਿਲੇ ਵਿੱਚ ਸੀ। ਇਸ ਮਨੁੱਖ ਦਾ ਨਾਉਂ ਨਾਬਾਲ ਸੀ। ਨਾਬਾਲ ਕਾਲੇਬ ਦੇ ਪਰਿਵਾਰ ਵਿੱਚੋਂ ਸੀ ਅਤੇ ਇਸਦੀ ਪਤਨੀ ਦਾ ਨਾਮ ਅਬੀਗੈਲ ਸੀ, ਉਹ ਬੜੀ ਖੂਬਸੂਰਤ ਅਤੇ ਬੁਧੀਮਾਨ ਔਰਤ ਸੀ ਪਰ ਨਾਬਾਲ ਬੜਾ ਨਿਰਦਯੀ ਕਠੋਰ ਅਤੇ ਜ਼ਾਲਿਮ ਆਦਮੀ ਸੀ।

ਤਦ ਦਾਊਦ ਉਜਾੜ ਵਿੱਚ ਸੀ ਜਦ ਉਸ ਨੂੰ ਇਹ ਪਤਾ ਲੱਗਾ ਕਿ ਨਾਬਾਲ ਆਪਣੀਆਂ ਭੇਡਾਂ ਦੀ ਉੱਨ ਕਤਰ ਰਿਹਾ ਹੈ। ਦਾਊਦ ਨੇ ਨਾਬਾਲ ਨਾਲ ਗੱਲ ਕਰਨ ਲਈ ਦਸ ਜੁਆਨ ਭੇਜੇ। ਦਾਊਦ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਕਰਮਲ ਵਿੱਚ ਜਾਕੇ ਨਾਬਾਲ ਨੂੰ ਲੱਭਕੇ ਉਸ ਨੂੰ ਮੇਰੇ ਵੱਲੋਂ ਸੁੱਖ-ਸਾਂਦ ਪੁੱਛੋ।” ਦਾਊਦ ਨੇ ਉਨ੍ਹਾਂ ਦੇ ਹੱਥ ਨਾਬਾਲ ਲਈ ਸੁਨੇਹਾ ਘੱਲਿਆ, “ਮੈਨੂੰ ਆਸ ਹੈ ਕਿ ਤੂੰ ਅਤੇ ਤੇਰਾ ਪਰਿਵਾਰ ਰਾਜ਼ੀ-ਖੁਸ਼ੀ ਹੋਵੇਂਗਾ। ਤੇਰਾ ਘਰ-ਪਰਿਵਾਰ ਤੇ ਜੋ ਕੁਝ ਤੇਰੇ ਕੋਲ ਹੈ ਸਭ ਸਹੀ ਸਲਾਮਤ ਹੋਵੇਗਾ। ਮੈਂ ਸੁਣਿਆ ਹੈ ਕਿ ਤੂੰ ਭੇਡਾਂ ਦੀ ਉੱਨ ਕੁਤਰ ਰਿਹਾ ਹੈ। ਕੁਝ ਦੇਰ ਲਈ ਅਯਾਲੀ ਮੇਰੇ ਨਾਲ ਸਨ ਅਤੇ ਅਸੀਂ ਉਨ੍ਹਾਂ ਨਾਲ ਕੋਈ ਗਲਤ ਗੱਲ ਨਹੀਂ ਕੀਤੀ। ਜਦੋਂ ਤੇਰੇ ਅਯਾਲੀ ਕਰਮਲ ਵਿੱਚ ਸਨ, ਅਸੀਂ ਉਨ੍ਹਾਂ ਦਾ ਕੁਝ ਨਹੀਂ ਖੋਹਿਆ। ਤੂੰ ਆਪਣੇ ਸੇਵਕਾਂ ਨੂੰ ਪੁੱਛ ਅਤੇ ਉਹ ਤੈਨੂੰ ਦੱਸਣਗੇ ਕਿ ਇਹ ਸੱਚ ਹੈ। ਕਿਰਪਾ ਕਰਕੇ ਮੇਰੇ ਜੁਆਨਾ ਉੱਤੇ ਵੀ ਰਹਿਮ ਕਰੀਂ। ਇਹ ਇਸ ਖੁਸ਼ੀ ਦੇ ਮੌਕੇ ਉੱਤੇ ਤੇਰੇ ਕੋਲ ਆਏ ਹਨ। ਕਿਰਪਾ ਕਰਕੇ ਇਨ੍ਹਾਂ ਜੁਆਨਾ ਨੂੰ ਤੂੰ ਜੋ ਕੁਝ ਵੀ ਆਪਣੇ ਖਜ਼ਾਨੇ ਵਿੱਚੋਂ ਦੇ ਸੱਕਦਾ ਹੈਂ ਦੇ। ਕਿਰਪਾ ਕਰਕੇ ਤੂੰ ਮੇਰੀ ਖਾਤਿਰ ਉਹ ਉਪਕਾਰ ਕਰ। ਤੇਰਾ ਮਿੱਤਰ, ਦਾਊਦ।”

ਦਾਊਦ ਦੇ ਆਦਮੀ ਨਾਬਾਲ ਕੋਲ ਗਏ ਅਤੇ ਉਸਦਾ (ਦਾਊਦ) ਸੁਨੇਹਾ ਜਾਕੇ ਨਾਬਾਲ ਨੂੰ ਦਿੱਤਾ। 10 ਪਰ ਨਾਬਾਲ ਉਨ੍ਹਾਂ ਨਾਲ ਕਮੀਨਗੀ ਨਾਲ ਪੇਸ਼ ਆਇਆ ਅਤੇ ਕਿਹਾ, “ਦਾਊਦ ਹੈ ਕੌਣ? ਕੌਣ ਯੱਸੀ ਦਾ ਪੁੱਤਰ? ਅੱਜ ਕੱਲ ਅਜਿਹੇ ਬੜੇ ਸੇਵਕ ਹਨ ਜੋ ਆਪਣੇ ਮਾਲਕਾਂ ਕੋਲੋਂ ਨੱਸ ਗਏ ਹਨ! ਮੇਰੇ ਕੋਲ ਪਾਣੀ ਅਤੇ ਰੋਟੀ ਹੈ। 11 ਅਤੇ ਆਪਣੇ ਚਾਕਰਾਂ ਦੇ ਖਾਣ ਲਈ ਮਾਸ ਹੈ ਕਿਉਂਕਿ ਉਹ ਮੇਰੀਆਂ ਭੇਡਾਂ ਦੀ ਉੱਨ ਕੁਤਰਦੇ ਹਨ ਪਰ ਇਹ ਸਭ ਮੈਂ ਉਨ੍ਹਾਂ ਲੋਕਾਂ ਨੂੰ ਕਿਵੇਂ ਦੇ ਦੇਵਾਂ ਜਿਨ੍ਹਾਂ ਨੂੰ ਮੈਂ ਜਾਣਦਾ ਤੱਕ ਨਹੀਂ।”

12 ਦਾਊਦ ਦੇ ਆਦਮੀਆਂ ਨੇ ਵਾਪਸ ਪਰਤਕੇ ਇਹ ਸਭ ਕੁਝ ਜਾਕੇ ਦਾਊਦ ਨੂੰ ਦੱਸਿਆ। 13 ਤਦ ਦਾਊਦ ਨੇ ਆਪਣੇ ਆਦਮੀਆਂ ਨੂੰ ਕਿਹਾ, “ਸਭ ਆਪੋ-ਆਪਣੀਆਂ ਤਲਵਾਰਾਂ ਬੰਨ੍ਹੋ।” ਤਾਂ ਦਾਊਦ ਅਤੇ ਉਸ ਦੇ ਆਦਮੀਆਂ ਨੇ ਆਪੋ-ਆਪਣੀਆਂ ਤਲਵਾਰਾਂ ਬੰਨ੍ਹੀਆਂ। 400 ਦੇ ਕਰੀਬ ਮਨੁੱਖ ਦਾਊਦ ਦੇ ਨਾਲ ਗਏ ਅਤੇ 200 ਆਦਮੀ ਰਸਦ ਲਈ ਪਿੱਛੇ ਠਹਿਰੇ।

ਅਬੀਗੈਲ ਮੁਸੀਬਤ ਨੂੰ ਰੋਕਦੀ ਹੈ

14 ਨਾਬਾਲ ਦੇ ਨੌਕਰਾਂ ਵਿੱਚੋਂ ਇੱਕ ਨੇ ਉਸਦੀ ਬੀਵੀ ਅਬੀਗੈਲ ਨੂੰ ਜਾਕੇ ਆਖਿਆ, “ਵੇਖੋ, ਦਾਊਦ ਨੇ ਉਜਾੜ ਤੋਂ ਸਾਡੇ ਮਾਲਕ ਦੀ ਸੁੱਖ-ਸਾਂਦ ਪੁੱਛਣ ਲਈ ਕੁਝ ਹਲਕਾਰੇ ਭੇਜੇ ਸਨ ਪਰ ਨਾਬਾਲ ਉਨ੍ਹਾਂ ਨਾਲ ਬੜਾ ਮਾੜਾ ਪੇਸ਼ ਆਇਆ। 15 ਇਹ ਆਦਮੀ ਸਾਡੇ ਨਾਲ ਬੜਾ ਚੰਗਾ ਸਲੂਕ ਕਰਦੇ ਸਨ। ਜਿੰਨਾ ਚਿਰ ਅਸੀਂ ਰੜਿਆਂ ਵਿੱਚ ਭੇਡਾਂ ਨਾਲ ਸਾਂ ਤਾਂ ਦਾਊਦ ਦੇ ਆਦਮੀ ਵੀ ਉਨ੍ਹਾਂ ਸਮਿਆਂ ਵਿੱਚ ਸਾਡੇ ਨਾਲ ਰਹੇ, ਪਰ ਉਨ੍ਹਾਂ ਸਾਡੇ ਨਾਲ ਬੜੀ ਭਲਾਈ ਕੀਤੀ, ਸਾਨੂੰ ਕਦੇ ਕੋਈ ਔਖ ਨਾ ਆਉਣ ਦਿੱਤੀ। 16 ਦਾਊਦ ਦੇ ਆਦਮੀਆਂ ਨੇ ਦਿਨ-ਰਾਤ ਸਾਡੀ ਰੱਖਿਆ ਕੀਤੀ। ਜਦੋਂ ਅਸੀਂ ਆਪਣੀਆਂ ਭੇਡਾਂ ਦੀ ਰੱਖਵਾਲੀ ਲਈ ਨਿਕਲੇ ਸਾਂ ਤਾਂ ਦਾਊਦ ਦੇ ਆਦਮੀਆਂ ਨੇ ਸਾਨੂੰ, ਚਾਰ ਦਿਵਾਰੀ ਵਾਂਗ, ਹਰ ਮੁਸੀਬਤ ਤੋਂ ਬਚਾਇਆ ਅਤੇ ਸਾਡੀ ਹਿਫ਼ਾਜ਼ਤ ਕੀਤੀ। 17 ਹੁਣ ਇਸ ਬਾਰੇ ਜ਼ਰਾ ਸੋਚੋ ਅਤੇ ਵਿੱਚਾਰੋ ਕਿ ਤੁਸੀਂ ਕੀ ਕਰੋਂਗੇ? ਨਾਬਾਲ ਇੰਨਾ ਦੁਸ਼ਟ ਸੀ, ਕਿ ਉਸ ਨੂੰ ਉਸਦਾ ਮਨ ਬਦਲਣ ਲਈ ਪ੍ਰੇਰਣਾ ਅਸੰਭਵ ਸੀ। ਸਾਡੇ ਮਾਲਕ ਅਤੇ ਉਸ ਦੇ ਪਰਿਵਾਰ ਉੱਪਰ ਲਈ ਭਾਰੀ ਕਰੋਪੀ ਆਉਣ ਵਾਲੀ ਹੈ।”

18 ਅਬੀਗੈਲ ਨੇ ਬੜੀ ਫ਼ੁਰਤੀ ਨਾਲ ਉੱਠ ਕੇ 200 ਰੋਟੀਆਂ ਅਤੇ ਦੋ ਵੱਡੀਆਂ ਬੋਤਲਾਂ ਮੈਅ ਦੀਆਂ, ਰਿੰਨ੍ਹੀਆਂ ਹੋਈਆਂ ਪੰਜ ਭੇਡਾਂ, ਪੰਜ ਟੋਕਰੇ ਭੁੱਜੇ ਹੋਏ ਦਾਣਿਆਂ ਦੇ, 100 ਗੁਛਾ ਸੌਗੀ ਦਾ, ਅਤੇ 200 ਪਿੰਨੀਆਂ ਅੰਜੀਰਾਂ ਦੀਆਂ ਲੈ ਕੇ ਖੋਤਿਆਂ ਉੱਪਰ ਲੱਦ ਲਿਆ। 19 ਤਦ ਅਬੀਗੈਲ ਨੇ ਆਪਣੇ ਚਾਕਰਾਂ ਨੂੰ ਆਖਿਆ, “ਤੁਸੀਂ ਮੇਰੇ ਅੱਗੇ ਤੁਰੋ, ਮੈਂ ਤੁਹਾਡੇ ਨਾਲ ਚੱਲਦੀ ਹਾਂ।” ਪਰ ਇਹ ਸਭ ਉਸ ਨੇ ਆਪਣੇ ਪਤੀ ਨੂੰ ਨਾ ਦੱਸਿਆ।

20 ਅਬੀਗੈਲ ਆਪਣੇ ਖੋਤੇ ਉੱਤੇ ਚੜ੍ਹੀ ਅਤੇ ਪਹਾੜੀ ਦੇ ਦੂਜੇ ਪਾਸੇ ਪਹੁੰਚ ਗਈ। ਹ ਦੂਜੀ ਦਿਸ਼ਾ ਵੱਲੋਂ ਆਉਂਦੇ ਦਾਊਦ ਅਤੇ ਉਸ ਦੇ ਸਾਥੀਆਂ ਨੂੰ ਆਉਂਦਿਆਂ ਨੂੰ ਮਿਲੀ।

21 ਦਾਊਦ ਅਜੇ ਜਦੋਂ ਅਬੀਗੈਲ ਨੂੰ ਨਹੀਂ ਸੀ ਮਿਲਿਆ ਤਾਂ ਦਾਊਦ ਆਖ ਰਿਹਾ ਸੀ, “ਮੈਂ ਉਜਾੜ ਵਿੱਚ ਨਾਬਾਲ ਦੀ ਜ਼ਾਇਦਾਦ ਦੀ ਰੱਖਿਆ ਕੀਤੀ। ਮੈਂ ਉਸਦੀ ਇੱਕ ਵੀ ਭੇਡ ਨਾ ਗੁਆਚਣ ਦਿੱਤੀ। ਮੈਂ ਵਿਅਰਥ ਹੀ ਉਸਦੀ ਇੰਨੀ ਰਾਖੀ ਕਰਦਾ ਰਿਹਾ। ਮੈਂ ਉਸ ਨਾਲ ਭਲਾਈ ਕਰਦਾ ਰਿਹਾ ਪਰ ਉਸ ਨੇ ਮੇਰੇ ਨਾਲ ਬੁਰਿਆਈ ਕੀਤੀ। 22 ਪਰਮੇਸ਼ੁਰ ਮੈਨੂੰ ਉਸਤੋਂ ਵੀ ਵੱਧੇਰੇ ਸਜ਼ਾ ਦੇਵੇ ਜਿੰਨੀ ਉਸ ਨੇ ਮੇਰੇ ਦੁਸ਼ਮਣਾਂ ਨੂੰ ਦਿੱਤੀ ਹੈ ਜੇਕਰ ਮੈਂ ਉਸ ਦੇ ਪਰਿਵਾਰ ਦੇ ਇੱਕ ਵੀ ਸਦੱਸ ਨੂੰ ਇੱਕ ਰਾਤ ਲਈ ਵੀ ਜਿਉਣ ਦੇਵਾਂ।”

23 ਉਸੇ ਵਕਤ ਉੱਥੇ ਅਬੀਗੈਲ ਪਹੁੰਚ ਗਈ। ਜਦੋਂ ਅਬੀਗੈਲ ਨੇ ਦਾਊਦ ਨੂੰ ਵੇਖਿਆ, ਉਹ ਝਟ੍ਟ ਆਪਣੇ ਖੋਤੇ ਤੋਂ ਉੱਤਰੀ ਅਤੇ ਅੱਗੇ ਆਪਣਾ ਸਿਰ ਝੁਕਾ ਕੇ ਮੱਥਾ ਟੇਕਿਆ। 24 ਅਤੇ ਆਖਣ ਲਗੀ, “ਹੇ ਸੁਆਮੀ! ਕਿਰਪਾ ਕਰਕੇ ਮੇਰੀ ਬੇਨਤੀ ਸੁਣ। ਹੇ ਮਹਾਰਾਜ ਇਹ ਸਭ ਦੋਸ਼ ਮੇਰੇ ਉੱਤੇ ਰੱਖ ਅਤੇ ਆਪਣੀ ਦਾਸੀ ਦੀ ਬੇਨਤੀ ਸੁਣ। 25 ਆਦਮੀ ਤੁਸੀਂ ਭੇਜੇ ਮੈਂ ਉਨ੍ਹਾਂ ਨੂੰ ਨਹੀਂ ਮਿਲੀ। ਹੇ ਸੁਆਮੀ, ਉਸੇ ਬੁਰੇ ਮਨੁੱਖ ਦੀ ਗੱਲ ਵੱਲ ਧਿਆਨ ਨਾ ਦੇ ਉਹ ਆਪਣੇ ਨਾਮ ਵਰਗਾ ਹੀ ਹੈ। ਜੇਕਰ ਉਸ ਦੇ ਨਾਮ ਦਾ ਅਰਥ ਹੀ ‘ਮੂਰੱਖ’ ਹੈ ਤਾਂ ਉਹ ਵਾਸਤਵ ਵਿੱਚ ਵੀ ਮੂਰਖ ਹੀ ਹੈ। 26 ਯਹੋਵਾਹ ਨੇ ਤੈਨੂੰ ਮਾਸੂਮ ਲੋਕਾਂ ਨੂੰ ਮਾਰਨ ਤੋਂ ਬਚਾਉਣ ਲਈ ਭੇਜਿਆ ਹੈ। ਤੂੰ ਉਨ੍ਹਾਂ ਦੀ ਰਾਖੀ ਲਈ ਆਇਆ ਹੈ ਜੋ ਮਾਸੂਮ ਹਨ। ਸੋ ਹੁਣ ਹੇ ਮਹਾਰਾਜ, ਜਿਉਂਦੇ ਯਹੋਵਾਹ ਦੀ ਸੌਂਹ ਅਤੇ ਤੇਰੀ ਜਿੰਦ ਦੀ ਸੌਂਹ ਕਿ ਹੁਣ ਤੁਹਾਡੇ ਵੈਰੀ ਅਤੇ ਉਹ ਲੋਕ ਜੋ ਮੇਰੇ ਮਹਾਰਾਜ ਦੀ ਬੁਰਿਆਈ ਕਰਨ ਉਹ ਨਾਬਾਲ ਵਰਗੇ ਹੋ ਜਾਣ। 27 ਹੁਣ ਮੈਂ ਇਹ ਤੁਛ ਭੇਟਾ ਤੁਹਾਡੇ ਅੱਗੇ ਹਾਜ਼ਿਰ ਕਰਦੀ ਹਾਂ, ਕਿਰਪਾ ਕਰਕੇ ਆਪਣੇ ਆਦਮੀਆਂ ਨੂੰ ਦੇ ਦੇਵੋ। 28 ਕਿਰਪਾ ਕਰਕੇ ਮੈਨੂੰ ਗਲਤੀ ਲਈ ਖਿਮਾ ਕਰੋ! ਮੈਂ ਜਾਣਦੀ ਹਾਂ ਯਹੋਵਾਹ ਤੁਹਾਡੇ ਘਰ-ਪਰਿਵਾਰ ਨੂੰ ਹੋਰ ਤਕੜਾ ਕਰੇਗਾ। ਤੁਹਾਡੇ ਪਰਿਵਾਰ ਵਿੱਚੋਂ ਹੋਰ ਵੀ ਪਾਤਸ਼ਾਹ ਪੈਦਾ ਹੋਣਗੇ। ਯਹੋਵਾਹ ਇਹ ਸਭ ਇਸ ਲਈ ਕਰੇਗਾ ਕਿਉਂ ਜੋ ਤੂੰ ਯਹੋਵਾਹ ਦੇ ਲਈ ਲੜਾਈ ਲੜਦਾ ਹੈਂ। ਜਦ ਤੱਕ ਤੂੰ ਜਿਉਂਦਾ ਹੈਂ ਲੋਕਾਂ ਨੂੰ ਤੇਰੇ ਵਿੱਚ ਕੋਈ ਬੁਰਾਈ ਨਹੀਂ ਲੱਭੇਗੀ। 29 ਜੇਕਰ ਕੋਈ ਮਨੁੱਖ ਤੈਨੂੰ ਮਾਰਨ ਲਈ ਤੇਰਾ ਪਿੱਛਾ ਕਰਦਾ ਹੈ ਤਾਂ ਯਹੋਵਾਹ ਤੇਰਾ ਪਰਮੇਸ਼ੁਰ ਤੈਨੂੰ ਬਚਾਵੇਗਾ। ਪਰ ਯਹੋਵਾਹ ਉਨ੍ਹਾਂ ਲੋਕਾਂ ਦੀ ਜ਼ਿੰਦਗੀ ਜੋ ਤੇਰੇ ਵੈਰੀ ਹਨ ਇਵੇਂ ਲੈ ਲਵੇਗਾ ਜਿਵੇਂ ਗੁਲੇਲ ਵਿੱਚੋਂ ਰੋੜਾ। 30 ਯਹੋਵਾਹ ਆਪਣੇ ਆਖੇ ਅਨੁਸਾਰ ਤੇਰੇ ਨਾਲ ਸਭ ਭਲਾਈਆਂ ਕਰੇਗਾ ਅਤੇ ਆਪਣੇ ਸਾਰੇ ਕੌਲ ਨਿਭਾਵੇਗਾ। ਪਰਮੇਸ਼ੁਰ ਤੈਨੂੰ ਇਸਰਾਏਲ ਦਾ ਪਾਤਸ਼ਾਹ ਠਹਿਰਾਵੇਗਾ। 31 ਤਾਂ ਫ਼ਿਰ ਇਹ ਗੱਲ ਤੁਹਾਨੂੰ ਮੁਸੀਬਤ ਦਾ ਕਾਰਣ ਨਾ ਹੋਵੇਗੀ ਅਤੇ ਮੇਰੇ ਮਹਾਰਾਜ ਦੇ ਮਨ ਵਿੱਚ ਕੋਈ ਕਲੇਸ਼ ਨਹੀਂ ਹੋਵੇਗਾ ਕਿ ਮੈਂ ਏਵੇਂ ਹੀ ਫ਼ਿਜ਼ੂਲ ਖੂਨ ਵਗਾਇਆ ਜਾਂ ਮੇਰੇ ਮਹਾਰਾਜ ਨੇ ਆਪਣਾ ਬਦਲਾ ਲਿਆ। ਜਿਸ ਵੇਲੇ ਯਹੋਵਾਹ ਮੇਰੇ ਸੁਆਮੀ ਤੇਰੇ ਉੱਤੇ ਕਿਰਪਾ ਕਰੇ ਤਦ ਤੁਸੀਂ ਆਪਣੀ ਦਾਸੀ ਨੂੰ ਜ਼ਰੂਰ ਯਾਦ ਕਰਨਾ।”

32 ਦਾਊਦ ਨੇ ਅਬੀਗੈਲ ਨੂੰ ਉੱਤਰ ’ਚ ਕਿਹਾ, “ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੀ ਉਸਤਤਿ ਕਰ। ਉਸਤਤਿ ਕਰ ਉਸ ਪਰਮੇਸ਼ੁਰ ਦੀ ਜਿਸਨੇ ਤੈਨੂੰ ਮੇਰੇ ਨਾਲ ਮਿਲਾਇਆ। 33 ਪਰਮੇਸ਼ੁਰ ਤੇਰੀ ਚੰਗੀ ਮੱਤ ਕਾਰਣ ਤੇਰੇ ਉੱਤੇ ਮਿਹਰ ਕਰੇ। ਤੂੰ ਅੱਜ ਮੈਨੂੰ ਬੇਗੁਨਾਹਾਂ ਦੇ ਲਹੂ ਵਗਾਉਣ ਤੋਂ ਬਚਾ ਲਿਆ। 34 ਕਿਉਂ ਜੋ ਸੱਚ ਮੁੱਚ ਜਿਉਂਦੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੀ ਸੌਂਹ, ਜਿਸਨੇ ਮੈਨੂੰ ਤੁਹਾਡੇ ਨਾਲ ਬੁਰਾ ਕਰਨ ਤੋਂ ਵਰਜਿਆ, ਜੇਕਰ ਤੂੰ ਕਿਤੇ ਛੇਤੀ ਨਾ ਕਰਦੀ ਅਤੇ ਮੇਰੇ ਮਿਲਣ ਨੂੰ ਨਾ ਆਉਂਦੀ ਤਾਂ ਕੱਲ ਸਵੇਰ ਤੱਕ ਨਾਬਾਲ ਦਾ ਇੱਕ ਵੀ ਬੰਦਾ ਮੈਂ ਨਾ ਛੱਡਦਾ।”

35 ਤਦ ਦਾਊਦ ਨੇ ਅਬੀਗੈਲ ਦੀ ਭੇਟਾ ਸਵੀਕਾਰ ਕੀਤੀ ਅਤੇ ਉਸ ਨੂੰ ਕਿਹਾ, “ਜਾਂ ਤੂੰ ਸੁੱਖ-ਸ਼ਾਂਤੀ ਨਾਲ ਘਰ ਜਾ! ਮੈਂ ਤੇਰੀ ਬੇਨਤੀ ਸੁਣ ਲਈ ਹੈ ਅਤੇ ਜੋ ਤੂੰ ਆਖਿਆ ਹੈ ਪੂਰਾ ਹੋਵੇਗਾ।”

ਨਾਬਾਲ ਦੀ ਮੌਤ

36 ਅਬੀਗੈਲ ਵਾਪਸ ਨਾਬਾਲ ਕੋਲ ਗਈ ਉਹ ਘਰ ਵਿੱਚ ਹੀ ਸੀ। ਉਹ ਰਾਜਿਆਂ ਵਾਂਗ ਘਰ ਵਿੱਚ ਮੌਜ-ਮਸਤੀ ਨਾਲ ਖਾ ਪੀ ਰਿਹਾ ਸੀ। ਇਸ ਲਈ ਅਗਲੀ ਸਵੇਰ ਤੱਕ ਅਬੀਗੈਲ ਨੇ ਨਾਬਾਲ ਨੂੰ ਕੁਝ ਵੀ ਨਾ ਦੱਸਿਆ। 37 ਅਗਲੀ ਸਵੇਰ ਜਦ ਉਸਦਾ ਨਸ਼ਾ ਉੱਤਰ ਗਿਆ ਅਤੇ ਉਹ ਠੀਕ ਆਪਣੇ ਹੋਸ਼ ਵਿੱਚ ਸੀ ਤਾਂ ਉਸਦੀ ਪਤਨੀ ਨੇ ਉਸ ਨੂੰ ਸਭ ਕੁਝ ਦੱਸਿਆ। ਸੁਣਦੇ ਹੀ ਉਸ ਨੂੰ ਦਿਲ ਦਾ ਦੌਰਾ ਪਿਆ ਅਤੇ ਉਹ ਕਾਫ਼ ਵਾਂਗ ਆਕੜ ਗਿਆ। 38 ਦਸਾਂ ਦਿਨਾਂ ਵਿੱਚ, ਯਹੋਵਾਹ ਨੇ ਨਾਬਾਲ ਨੂੰ ਸਜ਼ਾ ਦਿੱਤੀ ਅਤੇ ਉਹ ਮਰ ਗਿਆ।

39 ਦਾਊਦ ਨੂੰ ਪਤਾ ਚੱਲਿਆ ਕਿ ਨਾਬਾਲ ਮਰ ਗਿਆ ਸੀ ਅਤੇ ਕਿਹਾ, “ਯਹੋਵਾਹ ਦੀ ਉਸਤਤਿ ਹੋਵੇ। ਨਾਬਾਲ ਨੇ ਮੇਰੇ ਨਾਲ ਮੰਦਾ ਵਿਹਾਰ ਕੀਤਾ ਅਤੇ ਮੇਰੇ ਪਾਸੇ ਵੱਲ ਖਲੋਇਆ। ਯਹੋਵਾਹ ਨੇ ਮੈਨੂੰ, ਆਪਣੇ ਸੇਵਕ ਨੂੰ ਪਾਪ ਕਰਨ ਤੋਂ ਬਚਾ ਲਿਆ। ਅਤੇ ਨਾਬਾਲ ਦੇ ਭੈੜੇ ਕੰਮਾਂ ਕਾਰਣ ਯਹੋਵਾਹ ਨੇ ਉਸ ਨੂੰ ਮਾਰ ਮੁਕਾਇਆ।”

ਤਦ ਦਾਊਦ ਨੇ ਅਬੀਗੈਲ ਨੂੰ ਆਪਣੀ ਪਤਨੀ ਬਨਾਉਣ ਵਜੋਂ ਉਸ ਨੂੰ ਇਹ ਪੁੱਛਦਿਆਂ ਹੋਇਆ ਸੁਨੇਹਾ ਭੇਜਿਆ। 40 ਦਾਊਦ ਦੇ ਸੇਵਕ ਕਰਮਲ ਵਿੱਚ ਗਏ ਅਤੇ ਜਾਕੇ ਅਬੀਗੈਲ ਨੂੰ ਕਿਹਾ, “ਦਾਊਦ ਤੈਨੂੰ ਆਪਣੀ ਪਤਨੀ ਬਨਾਉਣਾ ਚਾਹੁੰਦਾ ਹੈ, ਇਸ ਲਈ ਉਸ ਨੇ ਸਾਡੇ ਹੱਥ ਸੁਨੇਹਾ ਘੱਲਿਆ ਹੈ ਕਿ ਤੈਨੂੰ ਲੈ ਆਈਏ।”

41 ਅਬੀਗੈਲ ਨੇ ਧਰਤੀ ਉੱਤੇ ਮੱਥਾ ਟੇਕਿਆ ਅਤੇ ਕਿਹਾ, “ਮੈਂ ਤੇਰੀ ਦਾਸੀ ਹਾਂ ਅਤੇ ਮੈਂ ਤੇਰੀ ਸੇਵਾ ਲਈ ਹਾਜ਼ਰ ਹਾਂ। ਮੈਂ ਤਾਂ ਆਪਣੇ ਮਾਲਕ (ਦਾਊਦ) ਦੇ ਸੇਵਕਾਂ ਦੇ ਪੈਰ ਧੋਣ ਨੂੰ ਤਿਆਰ ਹਾਂ।”

42 ਅਬੀਗੈਲ ਫ਼ਟਾਫ਼ਟ ਦਾਊਦ ਦੇ ਹਲਕਾਰਿਆਂ ਨਾਲ ਆਪਣੇ ਖੋਤੇ ਉੱਤੇ ਚੜ੍ਹਕੇ ਚਲੀ ਗਈ ਅਤੇ ਆਪਣੇ ਨਾਲ ਪੰਜ ਨੌਕਰਾਣੀਆਂ ਵੀ ਲੈ ਗਈ। ਉਹ ਦਾਊਦ ਦੀ ਪਤਨੀ ਬਣ ਗਈ। 43 ਦਾਊਦ ਦੀ ਯਿਜ਼ਰਏਲ ਵਿੱਚ ਵੀ ਇੱਕ ਪਤਨੀ ਸੀ ਜਿਸਦਾ ਨਾਮ ਅਹੀਨੋਅਮ ਸੀ। ਹੁਣ ਉਹ ਦੋਵੇਂ ਉਸ ਦੀਆਂ ਪਤਨੀਆਂ ਬਣ ਗਈਆਂ। 44 ਦਾਊਦ ਦਾ ਸ਼ਾਊਲ ਦੀ ਧੀ ਮੀਕਲ ਨਾਲ ਵੀ ਵਿਆਹ ਹੋਇਆ ਸੀ ਪਰ ਸ਼ਾਊਲ ਨੇ ਉਸ ਕੋਲੋਂ ਆਪਣੀ ਧੀ ਵਾਪਸ ਲੈ ਕੇ ਉਸ ਨੂੰ ਲੈਸ਼ ਦੇ ਪੁੱਤਰ ਗੱਲੀਮੀ ਫ਼ਲਟੀ ਨਾਲ ਵਿਆਹ ਦਿੱਤਾ ਸੀ।

ਦਾਊਦ ਅਤੇ ਅਬੀਸ਼ਈ ਸ਼ਾਊਲ ਦੇ ਡੇਰੇ ’ਚ ਦਾਖਲ ਹੋਏ

26 ਜ਼ਿਫ਼ੀ ਦੇ ਲੋਕ ਗਿਬਆਹ ਵੱਲ ਸ਼ਾਊਲ ਕੋਲ ਆਕੇ ਬੋਲੇ, “ਦਾਊਦ ਹਕੀਲਾਹ ਦੇ ਪਹਾੜ ਵਿੱਚ ਜੋ ਯਸ਼ੀਮੋਨ ਦੇ ਸਾਹਮਣੇ ਹੈ ਉੱਥੇ ਲੁਕਿਆ ਹੋਇਆ ਹੈ।”

ਸੋ ਸ਼ਾਊਲ ਉੱਠਿਆ ਅਤੇ ਜ਼ੀਫ਼ ਦੇ ਉਜਾੜ ਵੱਲ ਗਿਆ। ਉਸ ਨੇ ਸਾਰੇ ਇਸਰਾਏਲ ਵਿੱਚੋਂ ਜੋ 3,000 ਸਿਪਾਹੀ ਚੁਣੇ ਹੋਏ ਸਨ ਉਨ੍ਹਾਂ ਨੂੰ ਆਪਣੇ ਨਾਲ ਲੈ ਗਿਆ। ਸ਼ਾਊਲ ਅਤੇ ਉਸ ਦੇ ਆਦਮੀ ਇਸ ਉਜਾੜ ਵਿੱਚ ਦਾਊਦ ਨੂੰ ਲੱਭਣ ਗਏ। ਸ਼ਾਊਲ ਨੇ ਹਕੀਲਾਹ ਦੇ ਪਹਾੜ ਉੱਤੇ ਆਪਣਾ ਡੇਰਾ ਲਾ ਲਿਆ ਜੋ ਯਸ਼ੀਮੋਨ ਦੇ ਸਾਹਮਣੇ ਰਾਹ ਉੱਪਰ ਹੀ ਸੀ।

ਦਾਊਦ ਉਜਾੜ ਵਿੱਚ ਠਹਿਰਿਆ ਸੀ ਪਰ ਉਸ ਨੂੰ ਪਤਾ ਲੱਗ ਗਿਆ ਕਿ ਸ਼ਾਊਲ ਉਸ ਦੇ ਪਿੱਛੇ-ਪਿੱਛੇ ਤੁਰਦਾ ਆਉਂਦਾ ਹੈ। ਤਾਂ ਦਾਊਦ ਨੇ ਆਪਣੇ ਖੁਫ਼ੀਆਂ ਨੂੰ ਭੇਜਿਆ ਤਾਂ ਪਤਾ ਲੱਗਾ ਕਿ ਸ਼ਾਊਲ ਸੱਚ ਮੁੱਚ ਉਸ ਦੇ ਪਿੱਛੇ-ਪਿੱਛੇ ਆ ਰਿਹਾ ਹੈ। ਤਦ ਦਾਊਦ ਉੱਠ ਕੇ ਸ਼ਾਊਲ ਦੇ ਡੇਰੇ ਕੋਲ ਆਇਆ ਅਤੇ ਦਾਊਦ ਨੇ ਉਸ ਥਾਂ ਨੂੰ ਜਿੱਥੇ ਸ਼ਾਊਲ ਲੰਮਾ ਪਿਆ ਹੋਇਆ ਸੀ ਅਤੇ ਉਸ ਦੇ ਨਾਲ ਨੇਰ ਦੇ ਪੁੱਤਰ ਅਬਨੇਰ ਨੂੰ ਵੀ ਜੋ ਉਸਦਾ ਸੇਨਾਪਤੀ ਸੀ, ਉਨ੍ਹਾਂ ਨੂੰ ਵੇਖਿਆ ਕਿ ਉਹ ਸੁੱਤੇ ਪਏ ਸਨ। ਸ਼ਾਊਲ ਡੇਰੇ ਦੇ ਬਿਲਕੁਲ ਵਿੱਚਕਾਰ ਸੁੱਤਾ ਹੋਇਆ ਸੀ ਅਤੇ ਉਸ ਦੇ ਚਾਰੋਂ ਪਾਸੇ ਸਿਪਾਹੀ ਸਨ।

ਦਾਊਦ ਨੇ ਤਦ ਹਿੱਤੀ ਅਹੀਮਲਕ ਅਤੇ ਸਰੂਯਾਹ ਦੇ ਪੁੱਤਰ ਅਬੀਸ਼ਈ ਨੂੰ ਜੋ ਕਿ ਯੋਆਬ ਦਾ ਭਰਾ ਸੀ, ਉੱਤਰ ਦੇਕੇ ਆਖਿਆ, “ਸ਼ਾਊਲ ਦੇ ਡੇਰਿਆ ਵੱਲ ਮੇਰੇ ਨਾਲ ਕੌਣ ਚੱਲੇਗਾ?”

ਅਬੀਸ਼ਈ ਨੇ ਕਿਹਾ, “ਮੈਂ ਤੇਰੇ ਨਾਲ ਚੱਲਾਂਗਾ।”

ਜਦੋਂ ਰਾਤ ਪਈ ਤਾਂ ਦਾਊਦ ਅਤੇ ਅਬੀਸ਼ਈ ਸ਼ਾਊਲ ਦੇ ਡੇਰੇ ਵਿੱਚ ਚੱਲੇ ਗਏ। ਸ਼ਾਊਲ ਡੇਰੇ ਦੇ ਵਿੱਚਕਾਰ ਸੁੱਤਾ ਪਿਆ ਸੀ। ਉਸਦੀ ਬਰਛੀ ਉਸ ਦੇ ਸਿਰਹਾਨੇ ਜ਼ਮੀਨ ਉੱਪਰ ਗੱਡੀ ਪਈ ਸੀ। ਅਬੀਨੇਰ ਅਤੇ ਸਿਪਾਹੀ ਉਸ ਦੇ ਦੁਆਲੇ ਸੁੱਤੇ ਪਏ ਸਨ। ਤਦ ਅਬੀਸ਼ਈ ਨੇ ਦਾਊਦ ਨੂੰ ਆਖਿਆ, “ਪਰਮੇਸ਼ੁਰ ਨੇ ਅੱਜ ਤੁਹਾਡੇ ਵੈਰੀ ਨੂੰ ਤੁਹਾਡੇ ਹੱਥ ਵਿੱਚ ਕਰ ਦਿੱਤਾ ਹੈ। ਜੋ ਤੁਸੀਂ ਹੁਣ ਆਗਿਆ ਕਰੋ ਤਾਂ ਮੈਂ ਉਸ ਨੂੰ ਬਰਛੀ ਦਾ ਇੱਕੋ ਵਾਰ ਮਾਰਕੇ ਧਰਤੀ ਨਾਲ ਵਿੰਨ੍ਹਾਂ। ਮੈਂ ਇੱਕੋ ਵਾਰ ਵਿੱਚ ਉਸ ਨੂੰ ਚਿੱਤ ਕਰ ਦੇਵਾਂਗਾ।”

ਪਰ ਦਾਊਦ ਨੇ ਅਬੀਸ਼ਈ ਨੂੰ ਕਿਹਾ, “ਉਸ ਨੂੰ ਨਾ ਮਾਰ ਕਿਉਂਕਿ ਯਹੋਵਾਹ ਦੇ ਮਸਹ ਹੋਏ ਉੱਪਰ ਕਿਹੜਾ ਹੈ ਜੋ ਹੱਥ ਚੁੱਕ ਕੇ ਖੁਦ ਬੇਦੋਸ਼ਾ ਠਹਿਰੇ? 10 ਮੈਂ ਯਹੋਵਾਹ ਦੀ ਜ਼ਿੰਦਗੀ ਦੀ ਸੌਂਹ ਖਾਂਦਾ ਹਾਂ ਕਿ ਯਹੋਵਾਹ ਸ਼ਾਊਲ ਨੂੰ ਆਪਣੇ ਤਰੀਕੇ ਨਾਲ ਸਜ਼ਾ ਦੇਵੇਗਾ। ਉਸ ਦਿਨ, ਜਿਸਦਾ ਯਹੋਵਾਹ ਫ਼ੈਸਲਾ ਕਰੇਗਾ ਸ਼ਾਊਲ ਸੁਭਾਵਿਕ ਮੌਤ ਜਾਂ ਯੁੱਧ ਵਿੱਚ ਮਰ ਜਾਵੇਗਾ। 11 ਪਰ ਮੈਂ ਪ੍ਰਾਰਥਨਾ ਕਰਦਾ ਹਾਂ ਜੋ ਯਹੋਵਾਹ ਦੇ ਮਸਹ ਹੋਏ ਉੱਪਰ ਕਿਤੇ ਮੈਂ ਹੱਥ ਨਾ ਚਲਾਵਾਂ। ਸੋ ਹੁਣ ਸ਼ਾਊਲ ਦੇ ਸਿਰਾਹਣਿਓ ਪਾਣੀ ਦਾ ਭਾਂਡਾ ਅਤੇ ਬਰਛੀ ਚੁਕੀਏ ਅਤੇ ਚੱਲ ਇੱਥੋਂ ਵਾਪਸ ਚੱਲੀਏ।”

12 ਤਾਂ ਦਾਊਦ ਨੇ ਉਸ ਦੇ ਸਿਰਾਹਣਿਓ ਪਾਣੀ ਦਾ ਭਾਂਡਾ ਅਤੇ ਬਰਛੀ ਚੁੱਕੀ ਅਤੇ ਉਸ ਡੇਰੇ ਵਿੱਚੋਂ ਬਾਹਰ ਨਿਕਲ ਆਏ। ਕਿਸੇ ਨੂੰ ਵੀ ਪਤਾ ਨਾ ਲੱਗਿਆ ਕਿ ਕੀ ਹੋ ਚੁੱਕਾ ਹੈ। ਕਿਸੇ ਨੇ ਉਨ੍ਹਾਂ ਨੂੰ ਵੇਖਿਆ ਵੀ ਨਾ। ਸ਼ਾਊਲ ਅਤੇ ਉਸ ਦੇ ਸਾਰੇ ਸਿਪਾਹੀ ਗੂੜ੍ਹੀ ਨੀਂਦ ਸੁੱਤੇ ਰਹੇ ਕਿਉਂਕਿ ਯਹੋਵਾਹ ਨੇ ਉਨ੍ਹਾਂ ਨੂੰ ਖੁਦ ਗੂੜ੍ਹੀ ਨੀਂਦਰ ਸਵਾਇਆ ਸੀ।

ਦਾਊਦ ਦਾ ਦੁਬਾਰਾ ਸ਼ਾਊਲ ਨੂੰ ਸ਼ਰਮਸਾਰ ਕਰਨਾ

13 ਦਾਊਦ ਵਾਦੀਓਁ ਪਾਰ ਚੱਲਾ ਗਿਆ ਅਤੇ ਸ਼ਾਊਲ ਦੇ ਡੇਰੇ ਤੋਂ ਵਾਦੀ ਦੇ ਪਾਰ ਦੀ ਪਹਾੜੀ ਉੱਤੇ ਚੜ੍ਹਕੇ ਖੜ੍ਹਾ ਹੋ ਗਿਆ। ਦਾਊਦ ਅਤੇ ਸ਼ਾਊਲ ਦੇ ਡੇਰੇ ਦੂਰ-ਦੂਰ ਸਨ ਤਾਂ 14 ਦਾਊਦ ਨੇ ਜ਼ੋਰ ਦੀ ਲਲਕਾਰ ਕੇ ਨੇਰ ਦੇ ਪੁੱਤਰ ਅਬੀਨੇਰ ਨੂੰ ਅਤੇ ਉਸ ਦੇ ਸਿਪਾਹੀਆਂ ਨੂੰ ਕਿਹਾ, “ਅਬੀਨੇਰ! ਮੈਨੂੰ ਜਵਾਬ ਦੇ, ਤੂੰ ਜਵਾਬ ਕਿਉਂ ਨਹੀਂ ਦਿੰਦਾ?”

ਤਦ ਅਬੀਨੇਰ ਨੇ ਉੱਤਰ ਦੇਕੇ ਆਖਿਆ, “ਤੂੰ ਕੌਣ ਹੈਂ, ਜੋ ਪਾਤਸ਼ਾਹ ਨੂੰ ਲਲਕਾਰ ਰਿਹਾ ਹੈ?”

15 ਤਦ ਦਾਊਦ ਨੇ ਅਬੀਨੇਰ ਨੂੰ ਆਖਿਆ, “ਭਲਾ ਤੂੰ ਮਰਦ ਸੂਰਮਾ ਨਹੀਂ? ਅਤੇ ਤੂੰ ਸਾਡੇ ਇਸਰਾਏਲ ਵਿੱਚ ਸਭ ਤੋਂ ਬਹਾਦੁਰ ਮਨੁੱਖ ਹੈਂ, ਕੀ ਇਹ ਝੂਠ ਹੈ? ਤਾਂ ਫ਼ਿਰ ਤੂੰ ਆਪਣੇ ਮਾਲਕ ਪਾਤਸ਼ਾਹ ਦੀ ਰੱਖਵਾਲੀ ਕਿਵੇਂ ਕਰਦਾ ਹੈਂ? ਕੀ ਇੱਕ ਸਾਧਾਰਣ ਆਦਮੀ ਤੁਹਾਡੇ ਡੇਰੇ ਵਿੱਚ ਤੇਰੇ ਮਾਲਕ ਪਾਤਸ਼ਾਹ ਨੂੰ ਮਾਰਨ ਲਈ ਵੜ ਆਇਆ। 16 ਤੂੰ ਵੱਡੀ ਭੁੱਲ ਕੀਤੀ ਹੈ। ਜਦ ਤੱਕ ਯਹੋਵਾਹ ਜਿਉਂਦਾ ਹੈ ਤਾਂ ਤੈਨੂੰ ਅਤੇ ਤੇਰੇ ਆਦਮੀਆਂ ਨੂੰ ਮਰਨਾ ਹੀ ਪਵੇਗਾ, ਕਿਉਂ ਕਿ ਤੁਸੀਂ ਆਪਣੇ ਪਾਤਸ਼ਾਹ ਦੀ ਵੀ ਰਾਖੀ ਨਾ ਕਰ ਸੱਕੇ, ਆਪਣੇ ਸੁਆਮੀ ਦੀ ਜੋ ਯਹੋਵਾਹ ਦਾ ਚੁਣਿਆ ਹੋਇਆ ਪਾਤਸ਼ਾਹ ਹੈ। ਵੇਖ ਅਤੇ ਵੇਖਕੇ ਦੱਸ ਕਿ ਜਿਹੜਾ ਪਾਣੀ ਵਾਲਾ ਭਾਂਡਾ ਅਤੇ ਬਰਛੀ ਸ਼ਾਊਲ ਦੇ ਸਿਰਹਾਨੇ ਵੱਲ ਸੀ, ਉਹ ਕਿੱਥੇ ਹੈ?”

17 ਸ਼ਾਊਲ ਦਾਊਦ ਦੀ ਆਵਾਜ਼ ਨੂੰ ਪਛਾਣਦਾ ਸੀ ਤਾਂ ਸ਼ਾਊਲ ਨੇ ਆਖਿਆ, “ਦਾਊਦ, ਮੇਰੇ ਪੁੱਤਰ! ਕੀ ਇਹ ਤੂੰ ਬੋਲ ਰਿਹਾ ਹੈਂ?”

ਦਾਊਦ ਨੇ ਕਿਹਾ, “ਹਾਂ ਮਾਲਕ ਮੇਰੇ ਪਾਤਸ਼ਾਹ! ਇਹ ਮੇਰੀ ਹੀ ਆਵਾਜ਼ ਹੈ। 18 ਦਾਊਦ ਨੇ ਇਹ ਵੀ ਆਖਿਆ, ਹੇ ਸੁਆਮੀ! ਤੂੰ ਮੇਰੇ ਪਿੱਛੇ ਕਿਉਂ ਪਿਆ ਹੋਇਆ ਹੈਂ? ਮੈਂ ਕੀ ਗੁਨਾਹ ਕੀਤਾ ਹੈ, ਤੂੰ ਮੈਨੂੰ ਕਿਸ ਗੱਲੋਂ ਦੋਸ਼ੀ ਠਹਿਰਾਉਂਦਾ ਹੈ? 19 ਮੇਰੇ ਸੁਆਮੀ ਅਤੇ ਪਾਤਸ਼ਾਹ! ਮੇਰੀ ਗੱਲ ਧਿਆਨ ਨਾਲ ਸੁਣੋ। ਜੇਕਰ ਯਹੋਵਾਹ ਤੈਨੂੰ ਮੇਰੇ ਖਿਲਾਫ਼ ਉਕਸਾਇਆ ਹੋਵੇ ਤਾਂ ਉਹ ਇਸ ਨੂੰ ਭੇਟ ਮੰਨ ਲਵੇ ਅਤੇ ਜੇਕਰ ਆਦਮ ਜਾਇਆ ਨੇ ਅਜਿਹਾ ਕੀਤਾ ਹੋਵੇ ਤਾਂ ਉਨ੍ਹਾਂ ਨੂੰ ਯਹੋਵਾਹ ਦਾ ਸਰਾਪ ਲੱਗੇ। ਜਿਹੜੀ ਜਗ਼੍ਹਾ ਮੈਨੂੰ ਯਹੋਵਾਹ ਨੇ ਦਿੱਤੀ ਆਦਮੀਆਂ ਨੇ ਉਸ ਨੂੰ ਛੱਡਣ ਲਈ ਮੈਨੂੰ ਮਜ਼ਬੂਰ ਕੀਤਾ ਉਨ੍ਹਾਂ ਮੈਨੂੰ ਆਖਿਆ, ‘ਜਾ, ਜਾਕੇ ਦੂਜੇ ਦੇਵਤਿਆਂ ਨੂੰ ਪੂਜ।’ 20 ਸੋ ਹੁਣ ਮੈਨੂੰ ਯਹੋਵਾਹ ਦੀ ਹਾਜ਼ਰੀ ਤੋਂ ਦੂਰ ਕਰਕੇ ਨਾ ਮਾਰ। ਹੁਣ ਉਸ ਦੇ ਸਾਹਮਣੇ ਮੇਰਾ ਲਹੂ ਧਰਤੀ ਉੱਪਰ ਨਾ ਵਹੇ ਕਿਉਂ ਜੋ ਇਸਰਾਏਲ ਦਾ ਪਾਤਸ਼ਾਹ ਇੱਕ ਪਿੱਸੂ ਲੱਭਣ ਨੂੰ ਨਿਕਲਿਆ ਹੈ ਜਿਵੇਂ ਕੋਈ ਪਹਾੜਾਂ ਉੱਪਰ ਤਿਤ੍ਤਰ ਦਾ ਸ਼ਿਕਾਰ ਲੱਭਣ ਲਈ ਨਿਕਲਦਾ ਹੈ।”

21 ਤਦ ਸ਼ਾਊਲ ਨੇ ਕਿਹਾ, “ਮੈਥੋਂ ਪਾਪ ਹੋ ਗਿਆ, ਦਾਊਦ ਮੇਰੇ ਪੁੱਤਰ ਤੂੰ ਮੇਰੇ ਕੋਲ ਵਾਪਸ ਆ ਜਾ। ਅੱਜ ਤੂੰ ਮੈਨੂੰ ਇਹ ਦਰਸਾਇਆ ਹੈ ਕਿ ਮੇਰੀ ਜਿੰਦ ਤੇਰੀ ਨਿਗਾਹ ਵਿੱਚ ਦੁਰਲੱਭ ਹੈ। ਮੈਂ ਹੁਣ ਹੋਰ ਤੈਨੂੰ ਦੁੱਖ ਨਾ ਦੇਵਾਂਗਾ। ਮੈਂ ਬਹੁਤ ਵੱਡੀ ਮੂਰੱਖਤਾਈ ਅਤੇ ਭੁੱਲ ਕੀਤੀ ਹੈ।”

22 ਦਾਊਦ ਨੇ ਆਖਿਆ, “ਇਹ ਰਹੀ ਬਾਦਸ਼ਾਹ ਦੀ ਬਰਛੀ। ਤੂੰ ਆਪਣੇ ਇੱਕ ਆਦਮੀ ਨੂੰ ਭੇਜ ਕਿ ਉਹ ਇੱਥੋਂ ਆਕੇ ਲੈ ਜਾਵੇ। 23 ਯਹੋਵਾਹ ਸਭ ਮਨੁੱਖਾਂ ਨੂੰ ਆਪੋ-ਆਪਣੀ ਨੀਤ ਅਤੇ ਭਲਮਾਣਸੀ ਦਾ ਫ਼ਲ ਦੇਵੇ ਕਿਉਂ ਕਿ ਯਹੋਵਾਹ ਨੇ ਅੱਜ ਤੈਨੂੰ ਮੇਰੇ ਹੱਥ ਸੌਂਪ ਦਿੱਤਾ ਪਰ ਮੈਂ ਨਾ ਚਾਹਿਆ ਕਿ ਯਹੋਵਾਹ ਦੇ ਮਸਹ ਹੋਏ ਉੱਪਰ ਹੱਥ ਚਲਾਵਾਂ। 24 ਵੇਖ! ਜਿਵੇਂ ਤੇਰੀ ਜਾਨ ਅੱਜ ਮੇਰੀਆਂ ਅੱਖਾਂ ਨੂੰ ਦੁਰਲੱਭ ਦਿਸੀ ਹੈ ਤਿਵੇਂ ਹੀ ਮੇਰੀ ਜਾਨ ਵੀ ਯਹੋਵਾਹ ਦੀ ਨਿਗਾਹ ਵਿੱਚ ਦੁਰਲੱਭ ਹੋਵੇ ਅਤੇ ਉਹ ਮੈਨੂੰ ਸਾਰਿਆਂ ਦੁੱਖਾਂ ਵਿੱਚੋਂ ਛੁਟਕਾਰਾ ਦੇਵੇ।”

25 ਤਦ ਸ਼ਾਊਲ ਨੇ ਦਾਊਦ ਨੂੰ ਆਖਿਆ, “ਪਰਮੇਸ਼ੁਰ ਤੈਨੂੰ ਅਸੀਸ ਦੇਵੇ, ਦਾਊਦ ਮੇਰੇ ਪੁੱਤਰ। ਤੂੰ ਵੱਡੇ-ਵੱਡੇ ਕੰਮ ਕਰੇਂਗਾ ਅਤੇ ਤੂੰ ਕਿਸਮਤ ਵਾਲਾ ਹੀ ਹੋਵੇਂਗਾ।”

ਤਾਂ ਦਾਊਦ ਆਪਣੇ ਰਾਹ ਨੂੰ ਮੁੜ ਪਿਆ ਅਤੇ ਸ਼ਾਊਲ ਆਪਣੇ ਘਰ ਨੂੰ ਵਾਪਸ ਚੱਲਾ ਗਿਆ।

ਦਾਊਦ ਦਾ ਫ਼ਲਿਸਤੀਆਂ ਨਾਲ ਰਹਿਣਾ

27 ਪਰ ਦਾਊਦ ਨੇ ਆਪਣੇ ਮਨ ਵਿੱਚ ਸੋਚਿਆ, “ਸ਼ਾਊਲ ਮੈਨੂੰ ਕਿਸੇ ਦਿਨ ਫ਼ੜੇਗਾ ਜ਼ਰੂਰ। ਸਭ ਤੋਂ ਚੰਗਾ ਤਾਂ ਇਹੀ ਹੋਵੇਗਾ ਜੇ ਮੈਂ ਫ਼ਲਿਸਤੀ ਦੀ ਧਰਤੀ ਉੱਤੇ ਹੀ ਬਚਕੇ ਨਿਕਲ ਜਾਵਾਂ। ਤਦ ਸ਼ਾਊਲ ਇਸਰਾਏਲ ਵਿੱਚ ਮੇਰੀ ਭਾਲ ਛੱਡ ਦੇਵੇਗਾ। ਇਉਂ ਮੈਂ ਸ਼ਾਊਲ ਦੇ ਹੱਥੋਂ ਬੱਚ ਜਾਵਾਂਗਾ।”

ਇਉਂ ਦਾਊਦ ਅਤੇ ਉਸ ਦੇ 600 ਸਾਥੀ ਇਸਰਾਏਲ ਛੱਡ ਗਏ। ਉਹ ਗਥ ਦੇ ਰਾਜਾ ਮਾਓਕ ਦੇ ਪੁੱਤਰ ਆਕੀਸ਼ ਵੱਲ ਚੱਲਾ ਗਿਆ। ਦਾਊਦ, ਉਸ ਦੇ ਸਾਥੀ, ਅਤੇ ਉਨ੍ਹਾਂ ਦੇ ਟੱਬਰ ਗਥ ਵਿੱਚ ਆਕੀਸ਼ ਨਾਲ ਰਹੇ। ਦਾਊਦ ਦੇ ਨਾਲ ਉਸ ਦੀਆਂ ਦੋ ਬੀਵੀਆਂ ਅਹੀਨੋਅਮ ਜੋ ਯਿਜ਼ਰਾਏਲ ਤੋਂ ਸੀ ਅਤੇ ਜੋ ਕਰਮਲ ਦੇ ਨਾਬਾਲ ਦੀ ਪਤਨੀ ਸੀ ਅਬੀਗੈਲ, ਦੋਨੋਂ ਉੱਥੇ ਹੀ ਆਕੀਸ਼ ਵੱਲ ਰਹੀਆਂ। ਲੋਕਾਂ ਨੇ ਸ਼ਾਊਲ ਨੂੰ ਦੱਸਿਆ ਕਿ ਦਾਊਦ ਗਥ ਵਿੱਚ ਭੱਜ ਗਿਆ ਹੈ, ਤਾਂ ਸ਼ਾਊਲ ਨੇ ਉਸ ਨੂੰ ਲੱਭਣਾ ਬੰਦ ਕਰ ਦਿੱਤਾ।

ਦਾਊਦ ਨੇ ਆਕੀਸ਼ ਨੂੰ ਕਿਹਾ, “ਜੇਕਰ ਤੇਰੀ ਨਿਗਾਹ ਵਿੱਚ ਮੈਂ ਦਯਾਯੋਗ ਹਾਂ ਤਾਂ ਮੈਨੂੰ ਦੇਸ਼ ਦੇ ਕਿਸੇ ਸ਼ਹਿਰ ਵਿੱਚ ਵਸਣ ਲਈ ਥੋੜਾ ਥਾਂ ਦੇ। ਮੈਂ ਸਿਰਫ਼ ਤੇਰਾ ਸੇਵਕ ਹਾਂ। ਮੈਨੂੰ ਉੱਥੇ ਰਹਿਣਾ ਚਾਹੀਦਾ ਹੈ ਨਾ ਕਿ ਇਸ ਵੱਡੀ ਰਾਜਧਾਨੀ ਵਿੱਚ।”

ਉਸ ਦਿਨ ਆਕੀਸ਼ ਨੇ ਦਾਊਦ ਨੂੰ ਸਿਕਲਗ ਸ਼ਹਿਰ ਦੇ ਦਿੱਤਾ। ਅੱਜ ਤੀਕ ਸਿਕਲਗ ਯਹੂਦਾਹ ਦੇ ਪਾਤਸ਼ਾਹਾਂ ਦਾ ਹੈ। ਦਾਊਦ ਫ਼ਲਿਸਤੀਆਂ ਨਾਲ ਉੱਥੇ ਇੱਕ ਸਾਲ ਅਤੇ ਚਾਰ ਮਹੀਨੇ ਰਿਹਾ।

ਦਾਊਦ ਦਾ ਆਕੀਸ਼ ਪਾਤਸ਼ਾਹ ਨੂੰ ਮੂਰਖ ਬਨਾਉਣਾ

ਦਾਊਦ ਅਤੇ ਉਸ ਦੇ ਸਾਥੀਆਂ ਨੇ ਗਸ਼ੂਰੀਆਂ ਅਤੇ ਗਜ਼ਰੀਆਂ ਅਤੇ ਅਮਾਲੇਕੀਆਂ ਦੇ ਉੱਤੇ ਹਮਲਾ ਕੀਤਾ ਅਤੇ ਉਹ ਸੂਰ ਦੇ ਰਸਤੇ ਤੋਂ ਲੈ ਕੇ ਮਿਸਰ ਦੇ ਕੰਢੇ ਤੀਕ ਉਸ ਦੇਸ਼ ਵਿੱਚ ਪਹਿਲੇ ਤੋਂ ਵੱਸਦੇ ਸਨ, ਦਾਊਦ ਨੇ ਉਸ ਦੇਸ਼ ਨੂੰ ਜਿੱਤ ਲਿਆ। ਦਾਊਦ ਨੇ ਉਸ ਦੇਸ਼ ਨੂੰ ਜਿੱਤ ਲਿਆ ਅਤੇ ਕਿਸੇ ਆਦਮੀ ਜਾਂ ਔਰਤ ਨੂੰ ਉੱਥੇ ਜਿਉਂਦਾ ਨਾ ਛੱਡਿਆ ਅਤੇ ਉਨ੍ਹਾਂ ਦੇ ਇੱਜੜ, ਵੱਗ, ਖੋਤੇ, ਊਠ ਅਤੇ ਕੱਪੜੇ ਆਦਿ ਸਭ ਲੁੱਟ ਲਈ।

10 ਦਾਊਦ ਨੇ ਇਵੇਂ ਕਈ ਵਾਰ ਕੀਤਾ। ਅਤੇ ਆਕੀਸ਼ ਕੋਲ ਪਰਤ ਗਿਆ। ਆਕੀਸ਼ ਨੇ ਪੁੱਛਿਆ, “ਅੱਜ ਤੂੰ ਛਾਪਾ ਮਾਰਦਿਆਂ ਹੋਇਆ ਕਿੱਥੇ ਗਿਆ ਸੀ?” ਦਾਊਦ ਨੇ ਆਖਿਆ, “ਯਹੂਦਾਹ ਦੇ ਦੱਖਣ ਵੱਲ, ਯਰਾਹ ਮਿਏਲੀਆਂ ਅਤੇ ਕੇਨੀਆਂ ਦੇ ਖਿਲਾਫ਼।” 11 ਦਾਊਦ ਇੱਕ ਵੀ ਜਿਉਂਦੇ ਆਦਮੀ ਜਾਂ ਔਰਤ ਨੂੰ ਗਥ ਵਿੱਚ ਨਾ ਲਿਆਇਆ। ਦਾਊਦ ਨੇ ਸੋਚਿਆ, “ਜੇਕਰ ਅਸੀਂ ਇੱਕ ਵੀ ਜਿਉਂਦਾ ਜੀਅ ਗਥ ਵਿੱਚ ਲੈ ਆਏ ਤਾਂ ਹੋ ਸੱਕਦਾ ਹੈ ਉਹ ਆਕੀਸ਼ ਨੂੰ ਸਾਡੀ ਅਸਲੀਅਤ ਦੱਸ ਦੇਵੇ।”

ਦਾਊਦ ਜਿੰਨੀ ਦੇਰ ਫ਼ਲਿਸਤੀ ਦੀ ਧਰਤੀ ਉੱਤੇ ਰਿਹਾ ਇਵੇਂ ਹੀ ਕਰਦਾ ਰਿਹਾ। 12 ਆਕੀਸ਼ ਨੂੰ ਦਾਊਦ ਉੱਤੇ ਇਤਬਾਰ ਹੋ ਗਿਆ। ਆਕੀਸ਼ ਨੇ ਮਨ ਵਿੱਚ ਸੋਚਿਆ, “ਹੁਣ ਦਾਊਦ ਦੇ ਆਪਣੇ ਲੋਕ ਉਸ ਨੂੰ ਨਫ਼ਰਤ ਕਰਦੇ ਹਨ ਅਤੇ ਇਸਰਾਏਲੀ ਸਾਰੇ ਹੀ ਦਾਊਦ ਨੂੰ ਬੜੀ ਘਿਰਣਾ ਕਰਦੇ ਹਨ ਤਾਂ ਹੁਣ ਤਾਂ ਇਹ ਉਮਰ ਭਰ ਮੇਰੀ ਹੀ ਟਹਿਲ ਸੇਵਾ ਕਰੇਗਾ।”

ਫ਼ਲਿਸਤੀਆਂ ਦੀ ਜੰਗ ਲਈ ਤਿਆਰੀ

28 ਬਾਦ ਵਿੱਚ ਫ਼ਲਿਸਤੀਆਂ ਨੇ ਇਸਰਾਏਲ ਦੇ ਵਿਰੁੱਧ ਲੜਾਈ ਕਰਨ ਲਈ ਆਪਣੀਆਂ ਫ਼ੌਜਾਂ ਇਕੱਠੀਆਂ ਕੀਤੀਆਂ। ਤਦ ਆਕੀਸ਼ ਨੇ ਦਾਊਦ ਨੂੰ ਕਿਹਾ, “ਕੀ ਤੂੰ ਇਸ ਗੱਲ ਨੂੰ ਸਮਝ ਰਿਹਾ ਹੈਂ ਕਿ ਤੈਨੂੰ ਅਤੇ ਤੇਰੇ ਸਾਥੀਆਂ ਨੂੰ ਮੇਰੇ ਨਾਲ ਇਸਰਾਏਲ ਦੇ ਖਿਲਾਫ਼ ਲੜਾਈ ਕਰਨ ਲਈ ਜਾਣਾ ਹੋਵੇਗਾ।”

ਦਾਊਦ ਨੇ ਜਵਾਬ ਦਿੱਤਾ, “ਹਾਂ, ਬਿਲਕੁਲ! ਤਦ ਤੂੰ ਆਪੇ ਹੀ ਵੇਖ ਲਵੇਂਗਾ ਕਿ ਮੈਂ ਕੀ ਕਰਾਂਗਾ।”

ਆਕੀਸ਼ ਨੇ ਕਿਹਾ, “ਠੀਕ ਹੈ! ਮੈਂ ਤੈਨੂੰ ਆਪਣਾ ਰਾਖਾ ਬਣਾਵਾਂਗਾ ਅਤੇ ਤੂੰ ਹਮੇਸ਼ਾ ਮੈਨੂੰ ਬਚਾਵੇਂਗਾ।”

ਸ਼ਾਊਲ ਅਤੇ ਏਨਦੋਰ ਦੀ ਇੱਕ ਔਰਤ

ਸਮੂਏਲ ਮਰ ਗਿਆ ਅਤੇ ਸਭ ਇਸਰਾਏਲੀਆਂ ਨੇ ਉਸਦੀ ਮੌਤ ਉੱਤੇ ਬੜਾ ਦੁੱਖ ਪ੍ਰਗਟ ਕੀਤਾ। ਉਨ੍ਹਾਂ ਨੇ ਸਮੂਏਲ ਨੂੰ ਉਸ ਦੇ ਘਰ ਰਾਮਾਹ ਨਗਰ ਵਿੱਚ ਦਫ਼ਨਾਇਆ।

ਪਹਿਲਾਂ ਸ਼ਾਊਲ ਨੇ ਭੂਤ ਮ੍ਰਿਤਾਂ ਅਤੇ ਭਵਿੱਖ ਦੱਸਣ ਵਾਲਿਆਂ ਨੂੰ ਇਸਰਾਏਲ ਵਿੱਚੋਂ ਕੱਢਿਆ ਸੀ।

ਸੋ ਫ਼ਲਿਸਤੀ ਇਕੱਠੇ ਹੋਕੇ ਆਏ ਅਤੇ ਸ਼ੂਨੇਮ ਵਿੱਚ ਆਕੇ ਉਨ੍ਹਾਂ ਡੇਰੇ ਲਾਏ ਅਤੇ ਸ਼ਾਊਲ ਨੇ ਵੀ ਸਾਰੇ ਇਸਰਾਏਲੀਆਂ ਨੂੰ ਇਕੱਠਿਆਂ ਕੀਤਾ ਅਤੇ ਗਿਲਬੋਆ ਵਿੱਚ ਡੇਰੇ ਲਾ ਲਏ। ਸ਼ਾਊਲ ਨੇ ਜਦੋਂ ਫ਼ਲਿਸਤੀਆਂ ਦੀ ਫ਼ੌਜ ਵੇਖੀ ਤਾਂ ਉਹ ਡਰ ਨਾਲ ਕੰਬਣ ਲੱਗਾ। ਸ਼ਾਊਲ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ, ਪਰ ਯਹੋਵਾਹ ਨੇ ਉਸ ਨੂੰ ਕੋਈ ਜਵਾਬ ਨਾ ਦਿੱਤਾ। ਪਰਮੇਸ਼ੁਰ ਨੇ ਸ਼ਾਊਲ ਨਾਲ ਸੁਪਨੇ ਵਿੱਚ ਗੱਲ ਨਾ ਕੀਤੀ ਅਤੇ ਨਾ ਉਸ ਨੇ ਹੀ ਊਰੀਮ ਜਾਂ ਨਬੀਆਂ ਨੂੰ ਉਸ ਨਾਲ ਗੱਲ ਕਰਨ ਲਈ ਵਰਤਿਆ। ਅਖੀਰ ਵਿੱਚ, ਸ਼ਾਊਲ ਨੇ ਆਪਣੇ ਅਫ਼ਸਰਾਂ ਨੂੰ ਕਿਹਾ, “ਇੱਕ ਔਰਤ ਲੱਭੋ ਜੋ ਭੂਤ ਮ੍ਰਿਤ ਹੋਵੇ ਤਦ ਮੈਂ ਉਸ ਕੋਲੋਂ ਪੁੱਛਾਂਗਾ ਕਿ ਇਸ ਜੰਗ ਵਿੱਚ ਕੀ ਹੋਵੇਗਾ?”

ਉਸ ਦੇ ਅਫ਼ਸਰਾਂ ਨੇ ਜਵਾਬ ਦਿੱਤਾ, “ਅਜਿਹੀ ਇੱਕ ਔਰਤ ਏਨਦੋਰ ਵਿੱਚ ਹੈ!”

ਸੋ ਸ਼ਾਊਲ ਨੇ ਆਪਣਾ ਭੇਸ ਵਟਾਕੇ ਹੋਰ ਕੱਪੜੇ ਪਾ ਲਏ ਅਤੇ ਉੱਥੇ ਗਿਆ। ਦੋ ਜਨੇ ਹੋਰ ਉਸ ਦੇ ਨਾਲ ਸਨ ਅਤੇ ਉਹ ਰਾਤ ਨੂੰ ਉਸ ਔਰਤ ਕੋਲ ਪਹੁੰਚਿਆ ਅਤੇ ਉਸ ਨੂੰ ਕਿਹਾ, “ਕਿਰਪਾ ਕਰਕੇ ਆਪਣੇ ਭੂਤ ਮ੍ਰਿਤ ਕੋਲੋਂ ਮੇਰੇ ਲਈ ਸਲਾਹ ਪੁੱਛ ਅਤੇ ਜਿਸਦਾ ਨਾਮ ਮੈਂ ਤੈਨੂੰ ਦੱਸਾਂ ਉਸ ਨੂੰ ਮੇਰੇ ਲਈ ਬੁਲਾ ਲਿਆਈਂ।”

ਪਰ ਉਸ ਔਰਤ ਨੇ ਸ਼ਾਊਲ ਨੂੰ ਕਿਹਾ, “ਤੈਨੂੰ ਪਤਾ ਹੈ ਕਿਸ ਸ਼ਾਊਲ ਨੇ ਕੀ ਕੀਤਾ! ਉਸ ਨੇ ਸਾਰੇ ਭੂਤ ਮ੍ਰਿਤਾਂ ਅਤੇ ਜੋਤਸ਼ੀਆਂ ਨੂੰ ਇਸਰਾਏਲ ਦੀ ਧਰਤੀ ਤੋਂ ਬਾਹਰ ਕੱਢ ਮਾਰਿਆ। ਫ਼ਿਰ ਤੂੰ ਮੇਰੀ ਜਾਨ ਕਿਸ ਲਈ ਫ਼ਸਾਉਂਦਾ ਹੈ? ਤੂੰ ਮੈਨੂੰ ਵੀ ਮਰਵਾਉਣਾ ਚਾਹੁੰਦਾ ਹੈ?”

10 ਤਦ ਸ਼ਾਊਲ ਨੇ ਯਹੋਵਾਹ ਦੀ ਸੌਂਹ ਚੁੱਕ ਕੇ ਆਖਿਆ, “ਮੈਨੂੰ ਜਿਉਂਦੇ ਯਹੋਵਾਹ ਦੀ ਸੌਂਹ ਕਿ ਇਸ ਗੱਲ ਦੀ ਤੈਨੂੰ ਕੋਈ ਸਜ਼ਾ ਨਾ ਮਿਲੇਗੀ।”

11 ਔਰਤ ਨੇ ਪੁੱਛਿਆ, “ਮੈਂ ਤੇਰੇ ਲਈ ਕਿਸਨੂੰ ਮੰਗਾਵਾਂ?”

ਸ਼ਾਊਲ ਨੇ ਕਿਹਾ, “ਸਮੂਏਲ ਨੂੰ ਬੁਲਾ।”

12 ਅਤੇ ਇੰਝ ਹੋਇਆ ਕਿ ਜਿਸ ਵੇਲੇ ਉਸ ਔਰਤ ਨੇ ਸਮੂਏਲ ਨੂੰ ਵੇਖਿਆ ਤਾਂ ਉਸ ਜ਼ੋਰ ਦੀ ਚੀਕ ਮਾਰੀ ਅਤੇ ਉਸ ਨੇ ਸ਼ਾਊਲ ਨੂੰ ਆਖਿਆ, “ਤੂੰ ਮੇਰੇ ਨਾਲ ਧੋਖਾ ਕਿਉਂ ਕੀਤਾ ਕਿਉਂਕਿ ਸ਼ਾਊਲ ਤਾਂ ਤੂੰ ਹੀ ਹੈਂ।”

13 ਤਾਂ ਸ਼ਾਊਲ ਨੇ ਕਿਹਾ, “ਡਰ ਨਾ! ਤੂੰ ਦੱਸ ਕਿ ਤੂੰ ਵੇਖਿਆ?”

ਉਸ ਔਰਤ ਨੇ ਕਿਹਾ, “ਮੈਂ ਇੱਕ ਆਤਮਾ ਧਰਤੀ ਤੋਂ ਉੱਪਰ ਉੱਠਦਾ ਵੇਖਿਆ।”

14 ਸ਼ਾਊਲ ਨੇ ਪੁੱਛਿਆ, “ਉਹ ਕਿਵੇਂ ਦੀ ਲੱਗਦੀ ਸੀ?”

ਉਸ ਔਰਤ ਨੇ ਜਵਾਬ ’ਚ ਕਿਹਾ, “ਉਹ ਇੱਕ ਬੁੱਢਾ ਆਦਮੀ ਖਾਸ ਕਿਸਮ ਦਾ ਚੋਲਾ ਪਾਇਆ ਲੱਗਦਾ ਸੀ।”

ਤਦ ਸ਼ਾਊਲ ਜਾਣ ਗਿਆ ਕਿ ਇਹ ਸਮੂਏਲ ਹੀ ਸੀ। ਸ਼ਾਊਲ ਨੇ ਝੁਕ ਕੇ ਮੱਥਾ ਟੇਕਿਆ। 15 ਸਮੂਏਲ ਨੇ ਸ਼ਾਊਲ ਨੂੰ ਕਿਹਾ, “ਤੂੰ ਮੈਨੂੰ ਕਿਉਂ ਤੰਗ ਕਰਦਾ ਹੈ, ਕਿਉਂ ਤੂੰ ਮੈਨੂੰ ਧਰਤੀ ਉੱਪਰ ਸੱਦਿਆ ਹੈ?”

ਸ਼ਾਊਲ ਨੇ ਕਿਹਾ, “ਮੈਂ ਮੁਸੀਬਤ ਵਿੱਚ ਹਾਂ। ਫ਼ਲਿਸਤੀ ਮੇਰੇ ਵਿਰੁੱਧ ਲੜਨ ਆਏ ਹਨ ਅਤੇ ਪਰਮੇਸ਼ੁਰ ਨੇ ਮੈਨੂੰ ਤਿਆਗ ਦਿੱਤਾ ਹੈ, ਉਹ ਹੁਣ ਮੇਰੀ ਕਿਸੇ ਗੱਲ ਦਾ ਉੱਤਰ ਨਹੀਂ ਦਿੰਦਾ। ਹੁਣ ਉਹ ਨਬੀ ਵੀ ਨਹੀਂ ਘੱਲਦਾ ਅਤੇ ਮੇਰੇ ਸੁਪਨਿਆਂ ’ਚ ਵੀ ਗੱਲ ਨਹੀਂ ਕਰਦਾ। ਇਸੇ ਲਈ ਮੈਂ ਤੈਨੂੰ ਬੁਲਾਇਆ ਹੈ ਕਿ ਦੱਸ ਹੁਣ ਮੈਂ ਕੀ ਕਰਾਂ?”

16 ਸਮੂਏਲ ਨੇ ਕਿਹਾ, “ਯਹੋਵਾਹ ਨੇ ਤੈਨੂੰ ਛੱਡ ਦਿੱਤਾ ਅਤੇ ਤੇਰਾ ਦੁਸ਼ਮਣ ਬਣ ਗਿਆ ਹੈ। ਸੋ ਫ਼ਿਰ ਤੂੰ ਮੈਨੂੰ ਕਿਉਂ ਤੰਗ ਕਰਦਾ ਹੈਂ? 17 ਯਹੋਵਾਹ ਨੇ ਤਾਂ ਆਪਣੇ ਵੱਲੋਂ ਉਹੀ ਕੀਤਾ ਜੋ ਉਸ ਨੇ ਮੇਰੇ ਰਾਹੀਂ ਆਖਿਆ ਸੀ ਕਿ ਯਹੋਵਾਹ ਨੇ ਤੇਰੇ ਹੱਥੋਂ ਰਾਜ ਖੋਹ ਲਿਆ ਅਤੇ ਤੇਰੇ ਪੜੋਸੀ ਦਾਊਦ ਨੂੰ ਦੇ ਦਿੱਤਾ। 18 ਉਹ ਇਸ ਲਈ ਕਿ ਤੂੰ ਯਹੋਵਾਹ ਦਾ ਬਚਨ ਨਾ ਮੰਨਿਆ ਅਤੇ ਤੂੰ ਅਮਾਲੇਕੀਆਂ ਦੇ ਨਾਲ ਉਸ ਦੇ ਕਰੋਧ ਦੀ ਅੱਗ ਮੁਤਾਬਕ ਬਦਲਾ ਨਾ ਲਿਆ, ਕੰਮ ਨਾ ਕੀਤਾ। ਇਸੇ ਕਰਕੇ ਅੱਜ ਯਹੋਵਾਹ ਨੇ ਤੇਰੇ ਨਾਲ ਅਜਿਹਾ ਕੀਤਾ। 19 ਯਹੋਵਾਹ ਤੇਰੇ ਸਮੇਤ ਸਾਰੇ ਇਸਰਾਏਲ ਨੂੰ ਫ਼ਲਿਸਤੀਆਂ ਦੇ ਹੱਥ ਵਿੱਚ ਕਰ ਦੇਵੇਗਾ ਅਤੇ ਕੱਲ ਤੂੰ ਤੇਰੇ ਪੁੱਤਰ ਮੇਰੇ ਕੋਲ ਹੋਣਗੇ ਅਤੇ ਇਸਰਾਏਲੀ ਦਲ ਨੂੰ ਵੀ ਯਹੋਵਾਹ ਫ਼ਲਿਸਤੀਆਂ ਦੇ ਹੱਥ ਵਿੱਚ ਕਰ ਦੇਵੇਗਾ।”

Punjabi Bible: Easy-to-Read Version (ERV-PA)

2010 by World Bible Translation Center