Bible in 90 Days
30 “ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਨੇ ਇਕਰਾਰ ਕੀਤਾ ਸੀ ਕਿ ਤੇਰੇ ਪਿਤਾ ਦਾ ਪਰਿਵਾਰ ਸਦੈਵ ਉਸਦੀ ਸੇਵਾ ਕਰੇਗਾ। ਪਰ ਹੁਣ ਯਹੋਵਾਹ ਕਹਿੰਦਾ ਹੈ, ‘ਇੰਝ ਕਦੇ ਨਹੀਂ ਵਾਪਰੇਗਾ। ਮੈਂ ਉਨ੍ਹਾਂ ਲੋਕਾਂ ਨੂੰ ਹੀ ਸੰਮਾਨ ਦੇਵਾਂਗਾ ਜਿਹੜੇ ਮੇਰਾ ਆਦਰ ਕਰਦੇ ਹਨ। ਪਰ ਉਹ ਜਿਹੜੇ ਮੈਨੂੰ ਤਿਰਸੱਕਾਰਦੇ ਹਨ, ਨਿੰਦਿਆ ਵਿੱਚ ਫ਼ਸ ਜਾਣਗੇ। 31 ਸਮਾਂ ਆ ਰਿਹਾ ਹੈ ਜਦੋਂ ਮੈਂ ਤੇਰੇ ਸਾਰੇ ਉੱਤਰਾਧਿਕਾਰੀਆਂ ਦਾ ਨਾਸ਼ ਕਰਾਂਗਾ। ਤੇਰੀ ਕੁੱਲ ਵਿੱਚੋਂ ਕੋਈ ਮਨੁੱਖ ਬਜ਼ੁਰਗ ਉਮਰ ਨਾ ਭੋਗ ਸੱਕੇਗਾ। 32 ਇਸਰਾਏਲ ਨਾਲ ਬਹੁਤ ਚੰਗਾ ਹੋਵੇਗਾ ਪਰ ਤੂੰ ਘਰ ਵਿੱਚ ਬੈਠਾ ਹੀ ਬੁਰੀਆਂ ਖਬਰਾਂ ਵੇਖੇਂਗਾ। ਤੇਰੇ ਪਰਿਵਾਰ ਵਿੱਚੋਂ ਕੋਈ ਵੀ ਬੁੱਢਾ ਨਾ ਹੋਵੇਗਾ। 33 ਸਿਰਫ਼ ਇੱਕ ਮਨੁੱਖ ਹੈ ਜਿਸ ਨੂੰ ਮੈਂ ਜਾਜਕ ਵਜੋਂ ਬਚਾਵਾਂਗਾ ਅਤੇ ਜੋ ਮੇਰੀ ਜਗਵੇਦੀ ਦੀ ਸੇਵਾ ਕਰੇਗਾ। ਉਹ ਬੜੀ ਉਮਰਾਂ ਭੇਗੇਗਾ। ਉਹ ਤਦ ਤੱਕ ਜਿਉਂਦਾ ਰਹੇਗਾ ਜਦ ਤੱਕ ਉਸਦਾ ਸ਼ਰੀਰ ਖੀਣ ਨਾ ਹੋ ਜਾਵੇ ਅਤੇ ਅੱਖਾਂ ਬਾਹਰ ਨਾ ਨਿਕਲ ਜਾਣ। 34 ਮੈਂ ਤੈਨੂੰ ਇਸ ਗੱਲ ਦਾ ਪਹਿਲਾਂ ਸੰਕੇਤ ਜਾਂ ਨਿਸ਼ਾਨ ਦੇਵਾਂਗਾ ਇਹ ਦੱਸਣ ਲਈ ਕਿ ਜੋ ਮੈਂ ਆਖਿਆ ਹੈ ਸੱਚ ਹੋਵੇਗਾ। ਤੇਰੇ ਦੋ ਪੁੱਤਰ ਹਾਫ਼ਨੀ ਅਤੇ ਫ਼ੀਨਹਾਸ ਦੋਵੇਂ ਇੱਕੋ ਦਿਨ ਮਰ ਜਾਣਗੇ। 35 ਆਪਣੇ ਲਈ ਮੈਂ ਇੱਕ ਭਰੋਸੇਮੰਦ ਜਾਜਕ ਚੁਣਾਗਾ। ਅਤੇ ਉਹ ਮੈਨੂੰ ਚੁਣੇਗਾ ਅਤੇ ਉਹੀ ਕਰੇਗਾ ਜੋ ਮੈਂ ਚਾਹਾਂਗਾ। ਮੈਂ ਜਾਜਕ ਦੇ ਪਰਿਵਾਰ ਨੂੰ ਤਕੜਾ ਬਣਾਵਾਂਗਾ। ਉਹ ਮੇਰੇ ਚੁਣੇ ਹੋਏ ਪਾਤਸ਼ਾਹ ਦੇ ਅੱਗੇ ਹਮੇਸ਼ਾ ਟਹਿਲ ਸੇਵਾ ਕਰੇਗਾ। 36 ਫ਼ੇਰ ਜਿੰਨੇ ਵੀ ਤੇਰੇ ਪਰਿਵਾਰ ਦੇ ਜੀਅ ਬਚੇ ਰਹਿਣਗੇ ਉਹ ਇਸ ਜਾਜਕ ਦੇ ਅੱਗੇ ਸਿਰ ਝੁਕਾਕੇ ਇਸ ਕੋਲੋਂ ਭਿੱਖਿਆ ਮੰਗਣਗੇ ਅਤੇ ਇੱਕ ਗਰਾਹੀ ਲਈ ਹੱਥ ਅੱਡਕੇ ਆਖਣਗੇ, “ਜਾਜਕ ਦਾ ਕੋਈ ਕੰਮ ਕਿਰਪਾ ਕਰਕੇ ਮੈਨੂੰ ਦੇ ਤਾਂ ਜੋ ਮੈਂ ਵੀ ਕੁਝ ਭੋਜਨ ਖਾ ਸੱਕਾਂ।”’”
ਪਰਮੇਸ਼ੁਰ ਦਾ ਸਮੂਏਲ ਨੂੰ ਬੁਲਾਉਣਾ
3 ਸਮੂਏਲ ਏਲੀ ਦੇ ਅਧੀਨ ਯਹੋਵਾਹ ਦੀ ਸੇਵਾ ਕਰਦਾ ਰਿਹਾ। ਉਨ੍ਹਾਂ ਦਿਨਾਂ ਵਿੱਚ, ਯਹੋਵਾਹ ਲੋਕਾਂ ਨਾਲ ਅਕਸਰ ਸਿੱਧਾ ਨਹੀਂ ਬੋਲਦਾ ਸੀ, ਅਤੇ ਬਹੁਤ ਹੀ ਘੱਟ ਦਰਸ਼ਨ ਹੁੰਦੇ ਸਨ।
2 ਏਲੀ ਦੀ ਨਜ਼ਰ ਇੰਨੀ ਕਮਜ਼ੋਰ ਹੋ ਚੁੱਕੀ ਸੀ ਕਿ ਉਸ ਨੂੰ ਤਕਰੀਬਨ ਦਿਸਣਾ ਬੰਦ ਹੋ ਗਿਆ ਸੀ। ਇੱਕ ਰਾਤ ਉਹ ਮੰਜੇ ਉੱਤੇ ਲੰਮਾ ਪਿਆ ਅਤੇ 3 ਸਮੂਏਲ ਯਹੋਵਾਹ ਦੇ ਪਵਿੱਤਰ ਭਵਨ ਵਿੱਚ ਲੰਮਾ ਪਿਆ ਸੀ। ਯਹੋਵਾਹ ਦਾ ਪਵਿੱਤਰ ਸੰਦੂਕ ਉਸੇ ਪਵਿੱਤਰ ਘਰ ਵਿੱਚ ਸੀ। ਯਹੋਵਾਹ ਦਾ ਦੀਵਾ ਅਜੇ ਬਲ ਰਿਹਾ ਸੀ। 4 ਯਹੋਵਾਹ ਨੇ ਸਮੂਏਲ ਨੂੰ ਬੁਲਾਇਆ ਤਾਂ ਸਮੂਏਲ ਨੇ ਕਿਹਾ, “ਮੈਂ ਇੱਥੇ ਹਾਂ।” 5 ਸਮੂਏਲ ਨੇ ਸੋਚਿਆ ਕਿ ਉਸ ਨੂੰ ਏਲੀ ਬੁਲਾ ਰਿਹਾ ਹੈ, ਇਸ ਲਈ ਉਹ ਏਲੀ ਵੱਲ ਭੱਜਦਾ ਗਿਆ ਅਤੇ ਜਾਕੇ ਏਲੀ ਨੂੰ ਕਿਹਾ, “ਮੈਂ ਇੱਥੇ ਹਾਂ। ਕੀ ਤੂੰ ਮੈਨੂੰ ਬੁਲਾਇਆ ਹੈ?”
ਪਰ ਏਲੀ ਨੇ ਕਿਹਾ, “ਮੈਂ ਤੈਨੂੰ ਨਹੀਂ ਬੁਲਾਇਆ। ਤੂੰ ਜਾਕੇ ਸੌਂ ਜਾ।”
ਸਮੂਏਲ ਆਪਣੇ ਬਿਸਤਰੇ ਉੱਤੇ ਵਾਪਸ ਚੱਲਾ ਗਿਆ। 6 ਯਹੋਵਾਹ ਨੇ ਫ਼ਿਰ ਬੁਲਾਇਆ “ਸਮੂਏਲ!” ਸਮੂਏਲ ਫ਼ਿਰ ਏਲੀ ਵੱਲ ਦੌੜਦਾ ਗਿਆ ਅਤੇ ਆਖਿਆ, “ਤੁਸੀਂ ਮੈਨੂੰ ਬੁਲਾਇਆ, ਮੈਂ ਹਾਜ਼ਿਰ ਹਾਂ।”
ਏਲੀ ਨੇ ਕਿਹਾ, “ਮੈਂ ਤੈਨੂੰ ਨਹੀਂ ਬੁਲਾਇਆ। ਜਾ ਆਪਣੇ ਮੰਜੇ ਉੱਤੇ ਵਾਪਸ ਜਾ।”
7 ਸਮੂਏਲ ਅਜੇ ਤੱਕ ਯਹੋਵਾਹ ਨੂੰ ਨਹੀਂ ਜਾਣਦਾ ਸੀ ਉਸ ਨੇ ਹਾਲੇ ਤੱਕ ਸਿੱਧਾ ਯਹੋਵਾਹ ਤੋਂ ਸ਼ਬਦ ਪ੍ਰਾਪਤ ਨਹੀਂ ਕੀਤਾ ਸੀ।
8 ਯਹੋਵਾਹ ਨੇ ਸਮੂਏਲ ਨੂੰ ਤੀਜੀ ਵਾਰ ਬੁਲਾਇਆ। ਸਮੂਏਲ ਫ਼ਿਰ ਉੱਠਿਆ ਅਤੇ ਏਲੀ ਵੱਲ ਗਿਆ ਅਤੇ ਕਿਹਾ, “ਮੈਂ ਹਾਜ਼ਰ ਹਾਂ, ਤੁਸੀਂ ਮੈਨੂੰ ਬੁਲਾਇਆ ਹੈ।”
ਤਦ ਏਲੀ ਸਮਝ ਗਿਆ ਕਿ ਯਹੋਵਾਹ ਹੀ ਇਸ ਲੜਕੇ ਨੂੰ ਬੁਲਾ ਰਿਹਾ ਹੈ। 9 ਏਲੀ ਨੇ ਸਮੂਏਲ ਨੂੰ ਕਿਹਾ, “ਜਾ, ਆਪਣੇ ਮੰਜੇ ਉੱਤੇ ਜਾ ਜੇਕਰ ਉਹ ਤੈਨੂੰ ਫ਼ਿਰ ਬੁਲਾਵੇ ਤਾਂ ਆਖੀ, ‘ਹੇ ਯਹੋਵਾਹ! ਫ਼ਰਮਾਉ, ਤੇਰਾ ਦਾਸ ਸੁਣਦਾ ਹੈ।’”
ਤਾਂ ਸਮੂਏਲ ਮੰਜੇ ਉੱਤੇ ਪੈ ਗਿਆ। 10 ਯਹੋਵਾਹ ਆਇਆ ਅਤੇ ਉਸ ਕੋਲ ਆਕੇ ਖੜ੍ਹਾ ਹੋ ਗਿਆ ਅਤੇ ਜਿਵੇਂ ਉਸ ਨੇ ਪਹਿਲਾਂ ਉਸ ਨੂੰ ਬੁਲਾਇਆ ਸੀ ਉਵੇਂ ਹੀ ਫ਼ਿਰ ਕਿਹਾ, “ਸਮੂਏਲ, ਸਮੂਏਲ!”
ਸਮੂਏਲ ਨੇ ਆਖਿਆ, “ਫ਼ਰਮਾਉ! ਮੈਂ ਤੁਹਾਡਾ ਦਾਸ ਸੁਣ ਰਿਹਾ ਹਾਂ।”
11 ਯਹੋਵਾਹ ਨੇ ਸਮੂਏਲ ਨੂੰ ਕਿਹਾ, “ਮੈਂ ਬਹੁਤ ਜਲਦੀ ਹੀ ਇਸਰਾਏਲ ਵਿੱਚ ਕੁਝ ਕਰਨ ਵਾਲਾ ਹਾਂ ਜੋ ਕੋਈ ਵੀ ਇਹ ਸੁਣੇਗਾ ਚਕਿਤ ਹੋ ਜਾਏਗਾ। 12 ਜਿਸ ਦਿਨ ਮੈਂ ਏਲੀ ਦੇ ਪਰਿਵਾਰ ਦਾ ਨਿਆਂ ਕਰਾਂਗਾ, ਮੈਂ ਪੂਰੀ ਤਰ੍ਹਾਂ ਉਸ ਦੇ ਪਰਿਵਾਰ ਨੂੰ ਸਜ਼ਾ ਦੇਵਾਂਗਾ। ਮੈਂ ਉਸ ਦੇ ਪਰਿਵਾਰ ਦੇ ਖਿਲਾਫ਼ ਬੋਲਿਆ ਸਭ ਕੁਝ ਪੂਰਾ ਕਰਾਂਗਾ-ਸ਼ੁਰੂਆਤ ਤੋਂ ਲੈ ਕੇ ਅੰਤ ਤੀਕ। 13 ਇਹ ਮੈਂ ਇਸ ਲਈ ਕਰਾਂਗਾ ਕਿਉਂਕਿ ਏਲੀ ਜਾਣਦਾ ਸੀ ਕਿ ਉਸ ਦੇ ਪੁੱਤਰ ਪਰਮੇਸ਼ੁਰ ਨੂੰ ਬੁਰਾ ਭਲਾ ਕਹਿ ਰਹੇ ਸਨ ਅਤੇ ਮੰਦੇ ਕਰਮ ਕਰ ਰਹੇ ਸਨ। ਅਤੇ ਏਲੀ ਉਨ੍ਹਾਂ ਉੱਤੇ ਕਾਬੂ ਨਾ ਪਾ ਸੱਕਿਆ। 14 ਇਸੇ ਲਈ ਮੈਂ ਸੌਂਹ ਖਾਧੀ ਕਿ ਬਲੀਆਂ ਅਤੇ ਅਨਾਜ ਦੀਆਂ ਭੇਟਾਂ ਏਲੀ ਦੇ ਪਰਿਵਾਰ ਦੇ ਲੋਕਾਂ ਦੇ ਪਾਪ ਕਦੇ ਵੀ ਨਹੀਂ ਹਟਾ ਸੱਕਣਗੀਆਂ।”
15 ਸਵੇਰ ਹੋਣ ਤੀਕ ਸਮੂਏਲ ਬਿਸਤਰ ਉੱਤੇ ਲੇਟਿਆ ਰਿਹਾ। ਉਹ ਸਵੇਰ-ਸਾਰ ਉੱਠਿਆ ਅਤੇ ਪਰਮੇਸ਼ੁਰ ਦੇ ਘਰ ਦੇ ਸਾਰੇ ਦਰਵਾਜ਼ੇ ਖੋਲੇ। ਸਮੂਏਲ ਇਸ ਦਰਸ਼ਨ ਬਾਰੇ ਏਲੀ ਨੂੰ ਦੱਸਦਿਆਂ ਡਰਦਾ ਸੀ।
16 ਪਰ ਏਲੀ ਨੇ ਸਮੂਏਲ ਨੂੰ ਕਿਹਾ, “ਸਮੂਏਲ, ਮੇਰੇ ਪੁੱਤਰ!”
ਸਮੂਏਲ ਨੇ ਆਖਿਆ, “ਹਾਂ, ਸੁਆਮੀ!”
17 ਏਲੀ ਨੇ ਪੁੱਛਿਆ, “ਯਹੋਵਾਹ ਨੇ ਤੈਨੂੰ ਕੀ ਆਖਿਆ ਹੈ? ਮੇਰੇ ਤੋਂ ਕੁਝ ਨਾ ਲੁਕੋ। ਜੇ ਤੂੰ ਉਹ ਜੋ ਪਰਮੇਸ਼ੁਰ ਤੇਰੇ ਨਾਲ ਬੋਲਿਆ ਮੈਥੋਂ ਛੁਪਾਵੇਂ, ਪਰਮੇਸ਼ੁਰ ਤੈਨੂੰ ਕੜੀ ਸਜ਼ਾ ਦੇਵੇ।”
18 ਤਾਂ ਸਮੂਏਲ ਨੇ ਏਲੀ ਨੂੰ ਸਭ ਕੁਝ ਦੱਸ ਦਿੱਤਾ। ਸਮੂਏਲ ਨੇ ਏਲੀ ਤੋਂ ਕੁਝ ਨਾ ਲੁਕੋਇਆ।
ਏਲੀ ਨੇ ਕਿਹਾ, “ਉਹ ਯਹੋਵਾਹ ਹੈ, ਉਹ ਜੋ ਚਾਹੇ ਕਰ ਸੱਕਦਾ ਹੈ, ਉਸ ਨੂੰ ਇਹ ਹੱਕ ਹੈ।”
19 ਜਦੋਂ ਸਮੂਏਲ ਵੱਡਾ ਹੋ ਰਿਹਾ ਸੀ ਤਾਂ ਯਹੋਵਾਹ ਉਸ ਦੇ ਨਾਲ ਸੀ। ਯਹੋਵਾਹ ਨੇ ਸਮੂਏਲ ਦੇ ਕਿਸੇ ਵਾਕ ਨੂੰ ਝੂਠਾ ਨਾ ਹੋਣ ਦਿੱਤਾ। 20 ਫ਼ਿਰ ਦਾਨ ਤੋਂ ਲੈ ਕੇ ਬਏਰਸ਼ਬਾ ਤੀਕ ਸਾਰਾ ਇਸਰਾਏਲ ਜਾਣ ਗਿਆ ਕਿ ਸਮੂਏਲ ਯਹੋਵਾਹ ਦਾ ਨਬੀ ਠਹਿਰਾਇਆ ਗਿਆ ਹੈ। 21 ਅਤੇ ਯਹੋਵਾਹ ਸ਼ੀਲੋਹ ਵਿੱਚ ਸਮੂਏਲ ਨੂੰ ਅਕਸਰ ਪਰਗਟ ਹੁੰਦਾ ਰਿਹਾ। ਕਿਉਂਕਿ ਯਹੋਵਾਹ ਨੇ ਆਪਣੇ-ਆਪ ਨੂੰ ਸ਼ੀਲੋਹ ਵਿੱਚ ਸਮੂਏਲ ਉੱਤੇ ਆਪਣੇ ਬਚਨ ਨਾਲ ਪਰਗਟ ਕੀਤਾ।
4 ਸਮੂਏਲ ਦੀ ਖ਼ਬਰ ਸਾਰੇ ਇਸਰਾਏਲ ਵਿੱਚ ਫ਼ੈਲ ਗਈ। ਏਲੀ ਬਹੁਤ ਬੁੱਢਾ ਹੋ ਗਿਆ ਸੀ ਅਤੇ ਉਸ ਦੇ ਪੁੱਤਰ ਯਹੋਵਾਹ ਦੇ ਸਾਹਮਣੇ ਬਦਸਲੂਕੀ ਕਰਦੇ ਰਹੇ।
ਫ਼ਲਿਸਤੀਆਂ ਨੇ ਇਸਰਾਏਲੀਆਂ ਨੂੰ ਹਰਾਇਆ
ਉਸ ਵਕਤ ਇਸਰਾਏਲ ਫ਼ਲਿਸਤੀਆਂ ਨਾਲ ਲੜਨ ਨੂੰ ਨਿਕਲ ਪਏ ਅਤੇ ਉਨ੍ਹਾਂ ਨੇ ਅਬਨ-ਅਜ਼ਰ ਦੇ ਨਜ਼ਦੀਕ ਤੰਬੂ ਲਾਏ। ਫ਼ਲਿਸਤੀਆਂ ਨੇ ਅਫ਼ੇਕ ਵਿੱਚ ਤੰਬੂ ਲਾਏ। 2 ਤਾਂ ਫ਼ਲਿਸਤੀਆਂ ਨੇ ਇਸਰਾਏਲ ਉੱਪਰ ਹਮਲਾ ਕਰਨ ਦੀ ਤਿਆਰੀ ਕੀਤੀ ਅਤੇ ਲੜਾਈ ਸ਼ੁਰੂ ਹੋ ਗਈ।
ਫ਼ਲਿਸਤੀਆਂ ਨੇ ਇਸਰਾਏਲੀਆਂ ਨੂੰ ਹਰਾ ਦਿੱਤਾ। ਉਨ੍ਹਾਂ ਨੇ ਇਸਰਾਏਲੀਆਂ ਦੀ ਸੈਨਾ ਦੇ ਤਕਰੀਬਨ 4,000 ਸੈਨਿਕ ਮਾਰ ਦਿੱਤੇ। 3 ਬਾਕੀ ਦੇ ਇਸਰਾਏਲੀ ਆਪਣੇ ਡੇਰਿਆਂ ਨੂੰ ਪਰਤ ਗਏ। ਇਸਰਾਏਲ ਦੇ ਬਜ਼ੁਰਗਾਂ ਨੇ ਉਨ੍ਹਾਂ ਨੂੰ ਪੁੱਛਿਆ, “ਅੱਜ ਯਹੋਵਾਹ ਨੇ ਫ਼ਲਿਸਤੀਆਂ ਨੂੰ ਸਾਨੂੰ ਹਰਾਉਣ ਕਿਉਂ ਦਿੱਤਾ? ਅਸੀਂ ਸ਼ੀਲੋਹ ਵਿੱਚੋਂ ਯਹੋਵਾਹ ਦੇ ਨੇਮ ਦਾ ਸੰਦੂਕ ਲਿਆਵਾਂਗੇ। ਇਉਂ, ਜੰਗ ਵਿੱਚ ਪਰਮੇਸ਼ੁਰ ਸਾਡੇ ਨਾਲ ਜਾਵੇਗਾ ਅਤੇ ਸਾਡੇ ਦੁਸ਼ਮਣਾ ਤੋਂ ਸਾਡੀ ਰੱਖਿਆ ਕਰੇਗਾ।”
4 ਤਾਂ ਕੁਝ ਲੋਕ ਸ਼ੀਲੋਹ ਨੂੰ ਭੇਜੇ ਗਏ, ਉਹ ਯਹੋਵਾਹ ਸਰਬ ਸ਼ਕਤੀਮਾਨ ਦਾ ਨੇਮ ਦਾ ਸੰਦੂਕ ਲੈ ਆਏ। ਸੰਦੂਕ ਉੱਤੇ ਕਰੂਬੀ ਫ਼ਰਿਸ਼ਤੇ ਸਨ ਅਤੇ ਇਹ ਤਖਤ ਵਾਂਗ ਸੀ ਜਿਸ ਉੱਤੇ ਯਹੋਵਾਹ ਬੈਠਦਾ। ਏਲੀ ਦੇ ਪੁੱਤਰ ਹਾਫ਼ਨੀ ਅਤੇ ਫ਼ੀਨਹਾਸ ਸੰਦੂਕ ਦੇ ਨਾਲ ਆਏ।
5 ਜਦੋਂ ਯਹੋਵਾਹ ਦੇ ਨੇਮ ਦਾ ਸੰਦੂਕ ਤੰਬੂ ਵਿੱਚ ਆਇਆ, ਤਾਂ ਸਾਰੇ ਇਸਰਾਏਲੀਆਂ ਨੇ ਉੱਚੀ ਅਵਾਜ਼ ਵਿੱਚ ਜੈਕਾਰਾ ਲਾਇਆ, ਜਿਸਨੇ ਧਰਤੀ ਨੂੰ ਵੀ ਹਿਲਾ ਦਿੱਤਾ। 6 ਜਦੋਂ ਫ਼ਲਿਸਤੀਆਂ ਨੇ ਉਨ੍ਹਾਂ ਦਾ ਗੂੰਜਦਾ ਜੈਕਾਰਾ ਸੁਣਿਆ ਤਾਂ ਉਨ੍ਹਾਂ ਆਖਿਆ, “ਭਈ ਇਬਰਾਨੀਆਂ ਦੇ ਤੰਬੂ ਵਿੱਚ ਇਹ ਜੈਕਾਰੇ ਦੀ ਕੈਸੀ ਆਵਾਜ਼ ਹੈ?”
ਤਦ ਫ਼ਲਿਸਤੀਆਂ ਨੂੰ ਜਾ ਪਤਾ ਲੱਗਾ ਕਿ ਯਹੋਵਾਹ ਦਾ ਪਵਿੱਤਰ ਸੰਦੂਕ ਇਸਰਾਏਲੀਆਂ ਦੇ ਤੰਬੂ ਵਿੱਚ ਲਿਆਇਆ ਗਿਆ ਹੈ। 7 ਤਾਂ ਫ਼ਲਿਸਤੀ ਡਰ ਗਏ ਅਤੇ ਉਨ੍ਹਾਂ ਨੇ ਕਿਹਾ, “ਪਰਮੇਸ਼ੁਰ ਡੇਰੇ ਵਿੱਚ ਆਏ ਹਨ। ਹੁਣ ਅਸੀਂ ਮੁਸੀਬਤ ਵਿੱਚ ਹਾਂ। ਅਜਿਹਾ ਪਹਿਲਾਂ ਕਦੇ ਨਹੀਂ ਹੋਇਆ। 8 ਸਾਨੂੰ ਫ਼ਿਕਰ ਲੱਗਾ ਹੋਇਆ ਹੈ ਕਿ ਹੁਣ ਸਾਨੂੰ ਇਨ੍ਹਾਂ ਸ਼ਕਤੀਵਾਨ ਲੋਕਾਂ ਤੋਂ ਕੌਣ ਬਚਾਵੇਗਾ? ਇਹ ਉਹੀ ਦੇਵਤੇ ਹਨ ਜਿਨ੍ਹਾਂ ਨੇ ਮਿਸਰੀਆਂ ਨੂੰ ਉਜਾੜ ਵਿੱਚ ਸਭ ਤਰ੍ਹਾਂ ਦੀਆਂ ਬਿਮਾਰੀਆਂ ਅਤੇ ਭਿਆਨਕ ਦੁੱਖ ਰੋਗ ਦਿੱਤੇ ਸਨ। 9 ਹੇ ਫ਼ਲਿਸਤੀਓ! ਤੁਸੀਂ ਤਕੜੇ ਹੋ ਜਾਵੋ। ਬਹਾਦੁਰਾਂ ਵਾਂਗ ਲੜੋ! ਅਤੀਤ ਵਿੱਚ ਇਬਰਾਨੀ ਸਾਡੇ ਗੁਲਾਮ ਰਹੇ ਹਨ ਇਸ ਲਈ ਮਰਦਾਂ ਵਾਂਗ ਲੜੋ, ਕਿਤੇ ਇਹ ਨਾ ਹੋਵੇ ਕਿ ਤੁਸੀਂ ਉਨ੍ਹਾਂ ਦੇ ਗੁਲਾਮ ਬਣ ਜਾਵੋ।”
10 ਸੋ ਫ਼ਲਿਸਤੀਆਂ ਨੇ ਡਟਕੇ ਮੁਕਾਬਲਾ ਕੀਤਾ ਅਤੇ ਇਸਰਾਏਲੀਆਂ ਨੂੰ ਹਾਰ ਦਿੱਤੀ। ਹਰ ਇਸਰਾਏਲੀ ਫ਼ੌਜੀ ਆਪਣੇ ਤੰਬੂ ਵਿੱਚ ਨੱਸ ਗਿਆ। ਇਹ ਉਨ੍ਹਾਂ ਦੀ ਬੜੀ ਸਖ਼ਤ ਹਾਰ ਸੀ ਜਿਸ ਵਿੱਚ 30,000 ਸਿਪਾਹੀ ਮਾਰਿਆ ਗਿਆ ਸੀ। 11 ਫ਼ਲਿਸਤੀਆਂ ਨੇ ਪਰਮੇਸ਼ੁਰ ਦਾ ਪਵਿੱਤਰ ਸੰਦੁਕ ਚੁੱਕਿਆ ਅਤੇ ਏਲੀ ਦੇ ਦੋਨਾਂ ਪੁੱਤਰਾਂ ਹਾਫ਼ਨੀ ਅਤੇ ਫ਼ੀਨਹਾਸ ਨੂੰ ਮਾਰ ਸੁੱਟਿਆ।
12 ਉਸ ਦਿਨ ਬਿਨਯਾਮੀਨ ਦਾ ਇੱਕ ਮਨੁੱਖ ਫ਼ੌਜ ਦੇ ਵਿੱਚੋਂ ਨੱਠਿਆ ਅਤੇ ਕੱਪੜੇ ਪਾੜਕੇ ਅਤੇ ਸਿਰ ਵਿੱਚ ਮਿੱਟੀ ਪਾਕੇ ਉਸੇ ਦਿਨ ਸ਼ੀਲੋਹ ਵਿੱਚ ਪਹੁੰਚਿਆ। ਇਹ ਹਾਲ ਸਭ ਉਸ ਨੇ ਆਪਣਾ ਸ਼ੋਕ ਪਰਗਟ ਕਰਨ ਲਈ ਕੀਤਾ। 13 ਸ਼ਹਿਰ ਦੇ ਦਰਵਾਜ਼ੇ ਦੇ ਕੋਲ ਕੁਰਸੀ ਉੱਪਰ ਏਲੀ ਬੈਠਿਆ ਹੋਇਆ ਸੀ ਜਦੋਂ ਇਹ ਆਦਮੀ ਸ਼ੀਲੋਹ ਵਿੱਚ ਆਇਆ। ਏਲੀ ਪਰਮੇਸ਼ੁਰ ਦੇ ਪਵਿੱਤਰ ਸੰਦੂਕ ਬਾਰੇ ਫ਼ਿਕਰਮੰਦ ਸੀ ਇਸ ਲਈ ਉਹ ਬਾਹਰ ਬੈਠਾ ਵੇਖ ਰਿਆ ਅਤੇ ਉਡੀਕ ਰਿਹਾ ਸੀ ਤਦ ਹੀ ਬਿਨਯਾਮੀਨ ਦੇ ਇੱਕ ਮਨੁੱਖ ਨੇ ਸ਼ੀਲੋਹ ਵਿੱਚ ਆਕੇ ਇਹ ਭੈੜੀ ਖਬਰ ਦੱਸੀ। ਤਾਂ ਸ਼ਹਿਰ ਵਿੱਚ ਸਾਰੇ ਲੋਕਾਂ ਨੇ ਉੱਚੀ-ਉੱਚੀ ਰੋਣਾ ਸ਼ੁਰੂ ਕਰ ਦਿੱਤਾ। 14-15 ਏਲੀ 98 ਵਰ੍ਹਿਆਂ ਦਾ ਹੋ ਗਿਆ ਸੀ। ਉਸ ਨੂੰ ਨਜ਼ਰ ਵੀ ਕੁਝ ਨਹੀਂ ਸੀ ਆਉਂਦਾ, ਇਸ ਲਈ ਉਸ ਨੂੰ ਇਹ ਤਾਂ ਨਾ ਨਜ਼ਰ ਆਇਆ ਕਿ ਕੀ ਹੋ ਰਿਹਾ ਹੈ ਪਰ ਲੋਕਾਂ ਦੇ ਉੱਚੀ-ਉੱਚੀ ਰੋਣ-ਪਿੱਟਣ ਦੀਆਂ ਆਵਾਜ਼ਾਂ ਸੁਣਕੇ ਏਲੀ ਨੇ ਪੁੱਛਿਆ, “ਲੋਕ ਇੰਨਾ ਰੌਲਾ ਕਿਉਂ ਪਾ ਰਹੇ ਹਨ?”
16 ਬਿਨਯਾਮੀਨ ਦਾ ਆਦਮੀ ਦੌੜਾਕੇ ਏਲੀ ਕੋਲ ਆਇਆ ਅਤੇ ਆਕੇ ਸਾਰੀ ਵਾਰਦਾਤ ਦੱਸੀ ਅਤੇ ਕਿਹਾ, “ਮੈਂ ਹੁਣੇ-ਹੁਣੇ ਉਸ ਲੜਾਈ ਵਿੱਚੋਂ ਅੱਜ ਹੀ ਭੱਜਕੇ ਇੱਥੇ ਆਇਆ ਹਾਂ।”
ਏਲੀ ਨੇ ਪੁੱਛਿਆ, “ਪੁੱਤਰ, ਕੀ ਹੋਇਆ ਹੈ ਉੱਥੇ?”
17 ਬਿਨਯਾਮੀਨ ਦੇ ਮਨੁੱਖ ਨੇ ਕਿਹਾ, “ਇਸਰਾਏਲ ਨੇ ਫ਼ਲਿਸਤੀਆਂ ਅੱਗੇ ਹਾਰ ਖਾਧੀ ਅਤੇ ਆਪਣੀ ਬਹੁਤੀ ਸੈਨਾ ਦੇ ਸਿਪਾਹੀ ਕਤਲ ਹੋ ਗਏ। ਤੇਰੇ ਦੋਨੋ ਪੁੱਤਰ ਵੀ ਮਰ ਗਏ ਹਨ। ਅਤੇ ਫ਼ਲਿਸਤੀਆਂ ਨੇ ਪਰਮੇਸ਼ੁਰ ਦਾ ਪਵਿੱਤਰ ਸੰਦੂਕ ਵੀ ਚੁੱਕ ਲਿਆ ਹੈ।”
18 ਜਦੋਂ ਬਿਨਯਾਮੀਨ ਦੇ ਹਲਕਾਰੇ ਨੇ ਪਰਮੇਸ਼ੁਰ ਦੇ ਪਵਿੱਤਰ ਸੰਦੂਕ ਬਾਰੇ ਖ਼ਬਰ ਦਿੱਤੀ ਤਾਂ ਏਲੀ ਦਰਵਾਜ਼ੇ ਦੇ ਕੋਲ ਜਿਸ ਕੁਰਸੀ ਉੱਤੇ ਬੈਠਾ ਹੋਇਆ ਸੀ ਉੱਥੇ ਹੀ ਉਸਦੀ ਧੌਣ ਲੁੜਕ ਗਈ। ਏਲੀ ਬੁੱਢਾ ਅਤੇ ਮੋਟਾ ਸੀ ਇਸ ਲਈ ਉਹ ਉੱਥੇ ਹੀ ਚਿੱਤ ਹੋ ਗਿਆ। ਏਲੀ 40 ਵਰ੍ਹੇ ਇਸਰਾਏਲ ਦਾ ਨਿਆਂ ਕਰਦਾ ਰਿਹਾ ਸੀ।
ਪਰਤਾਪ ਖਤਮ ਹੋਇਆ
19 ਏਲੀ ਦੀ ਨੂਹ ਅਤੇ ਫ਼ੀਨਹਾਸ ਦੀ ਤੀਵੀਂ ਗਰਭਵਤੀ ਸੀ ਅਤੇ ਉਸ ਨੂੰ ਜਲਦ ਹੀ ਬੱਚਾ ਜੰਮਣ ਵਾਲਾ ਸੀ। ਜਦੋਂ ਉਸ ਨੂੰ ਪਤਾ ਲੱਗਾ ਕਿ ਪਰਮੇਸ਼ੁਰ ਦਾ ਪਵਿੱਤਰ ਸੰਦੂਕ ਚੁੱਕਿਆ ਗਿਆ ਹੈ ਅਤੇ ਉਸਦਾ ਸੌਹਰਾ, ਏਲੀ ਅਤੇ ਪਤੀ ਫ਼ੀਨਹਾਸ ਵੀ ਖਤਮ ਹੋ ਚੁੱਕੇ ਹਨ, ਜਦ ਹੀ ਉਸ ਨੇ ਇਹ ਖਬਰਾਂ ਸੁਣੀਆਂ ਤਾਂ ਉਸ ਨੂੰ ਪ੍ਰਸੂਤੀ ਪੀੜਾਂ ਉੱਠੀਆਂ ਅਤੇ ਉਸ ਨੇ ਬੱਚਾ ਜੰਮਣਾ ਸ਼ੁਰੂ ਕੀਤਾ। 20 ਉਹ ਮਰਨ ਹੀ ਵਾਲੀ ਸੀ ਕਿ ਇੱਕ ਔਰਤ ਨੇ ਜਿਸਨੇ ਉਸਦੀ ਮਦਦ ਕੀਤੀ ਉਸ ਨੂੰ ਕਿਹਾ, “ਫ਼ਿਕਰ ਨਾ ਕਰ, ਅਤੇ ਤੇਰੇ ਘਰ ਪੁੱਤਰ ਪੈਦਾ ਹੋਇਆ ਹੈ।”
ਪਰ ਏਲੀ ਦੀ ਨੂੰਹ ਨੇ ਉਸ ਵੱਲ ਕੋਈ ਧਿਆਨ ਨਾ ਦਿੱਤਾ ਅਤੇ ਚੁੱਪ ਰਹੀ। 21 ਏਲੀ ਦੀ ਨੂੰਹ ਨੇ ਬੱਚੇ ਦਾ ਨਾਮ ਈਕਾਬੋਦ ਰੱਖਿਆ। ਜਿਸਤੋਂ ਉਸਦਾ ਭਾਵ ਸੀ, “ਇਸਰਾਏਲ ਦਾ ਪਰਤਾਪ ਜਾਂਦਾ ਰਿਹਾ।” ਉਸ ਨੇ ਇਹ ਇਸ ਲਈ ਕਿਹਾ ਕਿਉਂਕਿ ਪਰਮੇਸ਼ੁਰ ਦਾ ਪਵਿੱਤਰ ਸੰਦੂਕ ਜੋ ਚੁੱਕਿਆ ਗਿਆ ਸੀ ਅਤੇ ਉਸਦਾ ਸੌਹਰਾ ਅਤੇ ਪਤੀ ਦੋਵੇਂ ਮਰ ਗਏ ਸਨ। 22 ਉਸ ਨੇ ਕਿਹਾ, “ਇਸਰਾਏਲ ਦੀ ਵਡਿਆਈ ਪਰਤਾਪ ਖਤਮ ਹੋ ਗਿਆ” ਕਿਉਂਕਿ ਫ਼ਲਿਸਤੀਆਂ ਨੇ ਪਰਮੇਸ਼ੁਰ ਦਾ ਪਵਿੱਤਰ ਸੰਦੂਕ ਚੁੱਕ ਲਿਆ ਹੈ।
ਪਵਿੱਤਰ ਸੰਦੂਕ ਫ਼ਲਿਸਤੀਆਂ ਨੂੰ ਸੰਕਟ ’ਚ ਪਾਉਂਦਾ
5 ਫ਼ਲਿਸਤੀਆਂ ਨੇ ਅਬਨ-ਅਜ਼ਰ ਤੋਂ ਪਰਮੇਸ਼ੁਰ ਤੋਂ ਦਾ ਪਵਿੱਤਰ ਸੰਦੂਕ ਚੁਕਵਾ ਕੇ ਅਸ਼ਦੋਦ ਵਿੱਚ ਪਹੁੰਚਾ ਦਿੱਤਾ। 2 ਫ਼ਲਿਸਤੀਆਂ ਨੇ ਪਵਿੱਤਰ ਸੰਦੂਕ ਨੂੰ ਦਾਗੋਨ ਦੇ ਘਰ ਵਿੱਚ ਲਿਆਕੇ ਦਾਗੋਨ ਕੋਲ ਰੱਖਿਆ। 3 ਅਗਲੀ ਸਵੇਰ ਨੂੰ ਜਦ ਅਸ਼ਦੋਦੀ ਉੱਠੇ ਤਾਂ ਉਨ੍ਹਾਂ ਵੇਖਿਆ ਕਿ ਦਾਗੋਨ ਯਹੋਵਾਹ ਦੇ ਸੰਦੂਕ ਅੱਗੇ ਮੂੰਹ ਪਰਨੇ ਧਰਤੀ ਉੱਪਰ ਡਿੱਗਿਆ ਹੋਇਆ ਹੈ।
ਤਾਂ ਅਸ਼ਦੋਦ ਦੇ ਲੋਕਾਂ ਨੇ ਦਾਗੋਨ ਦੇ ਬੁੱਤ ਨੂੰ ਚੁੱਕ ਕੇ ਵਾਪਸ ਉਸਦੀ ਥਾਵੇਂ ਖੜ੍ਹਾ ਕੀਤਾ। 4 ਪਰ ਅਗਲੀ ਸਵੇਰ ਜਦ ਅਸ਼ਦੋਦੀ ਉੱਠੇ ਤਾਂ ਉਨ੍ਹਾਂ ਨੇ ਦਾਗੋਨ ਨੂੰ ਮੂੰਹ ਪਰਨੇ ਡਿੱਗਿਆ ਪਾਇਆ। ਦਾਗੋਨ ਯਹੋਵਾਹ ਦੇ ਪਵਿੱਤਰ ਸੰਦੂਕ ਅੱਗੇ ਡਿੱਗਿਆ ਪਿਆ ਸੀ। ਇਸ ਵਾਰ ਦਾਗੋਨ ਦੇ ਹੱਥ ਸਿਰ ਡਿੱਗਕੇ ਟੁੱਟਕੇ ਥੜੇ ਉੱਤੇ ਖਿੱਲਰੇ ਪਏ ਸਨ। ਸਿਰਫ਼ ਉਸਦਾ ਸ਼ਰੀਰ ਸਬੂਤਾ ਸੀ। 5 ਇਸੇ ਲਈ, ਅਜੇ ਤੀਕ ਵੀ ਦਾਗੋਨ ਦੇ ਜਾਜਕ ਜਾਂ ਕੋਈ ਵੀ ਹੋਰ ਮਨੁੱਖ ਜੋ ਵੀ ਅਸ਼ਦੋਦ ਵਿੱਚ ਦਾਗੋਨ ਦੇ ਮੰਦਰ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਉਹ ਉਸ ਥੜੇ ਉੱਤੇ ਪੈਰ ਰੱਖਣ ਤੋਂ ਇਨਕਾਰ ਕਰਦਾ ਹੈ।
6 ਯਹੋਵਾਹ ਨੇ ਅਸ਼ਦੋਦ ਦੇ ਲੋਕਾਂ ਅਤੇ ਉਨ੍ਹਾਂ ਦੇ ਗੁਆਂਢੀਆਂ ਦਾ ਜਿਉਣਾ ਔਖਾ ਕਰ ਦਿੱਤਾ ਅਤੇ ਉਸ ਨੇ ਉਨ੍ਹਾਂ ਨੂੰ ਅਨੇਕਾਂ ਮੁਸੀਬਤਾਂ ਦਿੱਤੀਆਂ। ਉਸ ਨੇ ਉਨ੍ਹਾਂ ਨੂੰ ਸਤਾਉਣ ਵਾਲੀਆਂ ਰਸੌਲੀਆਂ ਦਿੱਤੀਆਂ। ਉਸ ਨੇ ਉੱਥੇ ਚੂਹੇ ਭੇਜੇ ਅਤੇ ਉਹ ਉਨ੍ਹਾਂ ਦੇ ਸਾਰਿਆਂ ਜਹਾਜ਼ਾਂ ਵਿੱਚ ਫ਼ੈਲ ਗਏ ਅਤੇ ਫ਼ੇਰ ਉਨ੍ਹਾਂ ਦੀ ਜ਼ਮੀਨ ਵਿੱਚ ਚੱਲੇ ਗਏ। ਸ਼ਹਿਰ ਵਿੱਚ ਹਰ ਕੋਈ ਡਰਿਆ ਹੋਇਆ ਸੀ। 7 ਅਸ਼ਦੋਦੀਆਂ ਨੇ ਵੇਖਿਆ ਕਿ ਕੀ ਭਾਣਾ ਵਰਤ ਰਿਹਾ ਹੈ ਤਾਂ ਉਨ੍ਹਾਂ ਕਿਹਾ, “ਇਸਰਾਏਲ ਦੇ ਪਰਮੇਸ਼ੁਰ ਦਾ ਸੰਦੂਕ ਇੱਥੇ ਨਹੀਂ ਟਿਕ ਸੱਕਦਾ। ਤਾਂ ਹੀ ਪਰਮੇਸ਼ੁਰ ਸਾਨੂੰ ਅਤੇ ਸਾਡੇ ਦੇਵਤੇ ਦਾਗੋਨ ਨੂੰ ਦੰਡ ਦੇ ਰਿਹਾ ਹੈ।”
8 ਅਸ਼ਦੋਦ ਦੇ ਲੋਕਾਂ ਨੇ ਫ਼ਲਿਸਤੀਆਂ ਦੇ ਸਾਰੇ ਆਗੂਆਂ ਨੂੰ ਇਕੱਠਿਆ ਬੁਲਾਇਆ ਅਤੇ ਪੁੱਛਿਆ, “ਸਾਨੂੰ ਇਸਰਾਏਲ ਦੇ ਪਰਮੇਸ਼ੁਰ ਦੇ ਪਵਿੱਤਰ ਸੰਦੂਕ ਨਾਲ ਕੀ ਕਰਨਾ ਚਾਹੀਦਾ ਹੈ?”
ਸ਼ਾਸਕਾਂ ਨੇ ਜਵਾਬ ਦਿੱਤਾ, “ਇਸਰਾਏਲ ਦੇ ਪਵਿੱਤਰ ਸੰਦੂਕ ਨੂੰ ਗਥ ਦੇ ਸ਼ਹਿਰ ਵਿੱਚ ਲੈ ਜਾਉ।” ਤਾਂ ਫ਼ਲਿਸਤੀਆਂ ਨੇ ਪਰਮੇਸ਼ੁਰ ਦੇ ਪਵਿੱਤਰ ਸੰਦੂਕ ਨੂੰ ਚੁੱਕ ਲਿਆ।
9 ਪਰ ਜਦੋਂ ਫ਼ਲਿਸਤੀਆਂ ਦੇ ਲੋਕ ਪਰਮੇਸ਼ੁਰ ਦੇ ਪਵਿੱਤਰ ਸੰਦੂਕ ਨੂੰ ਗਥ ਵਿੱਚ ਲੈ ਗਏ, ਤਾਂ ਯਹੋਵਾਹ ਨੇ ਉਸ ਸ਼ਹਿਰ ਨੂੰ ਨਸ਼ਟ ਕਰ ਦਿੱਤਾ। ਉੱਥੋਂ ਦੇ ਲੋਕ ਬਹੁਤ ਡਰ ਗਏ। ਪਰਮੇਸ਼ੁਰ ਨੇ ਉੱਥੋਂ ਦੇ ਲੋਕ, ਕੀ ਵੱਡੇ, ਕੀ ਬੁੱਢੇ ਅਤੇ ਬੱਚੇ ਸਭਨਾ ਉੱਤੇ ਬੜਾ ਕਹਿਰ ਲਿਆਂਦਾ। ਗਥ ਦੇ ਲੋਕਾਂ ਨੂੰ ਮਵੇਸ਼ੀਆਂ ਵਰਗੀਆਂ ਖਤਰਨਾਕ ਬਿਮਾਰੀਆਂ ਲੱਗ ਗਈਆਂ। 10 ਇਸ ਸਭ ਤੋਂ ਡਰਕੇ ਫ਼ਲਿਸਤੀਆਂ ਨੇ ਪਰਮੇਸ਼ੁਰ ਦੇ ਪਵਿੱਤਰ ਸੰਦੂਕ ਨੂੰ ਗਥ ਤੋਂ ਅਕਰੋਨ ਭੇਜ ਦਿੱਤਾ।
ਪਰ ਜਦੋਂ ਪਰਮੇਸ਼ੁਰ ਦਾ ਪਵਿੱਤਰ ਸੰਦੂਕ ਅਕਰੋਨ ਵਿੱਚ ਪਹੁੰਚਿਆ ਤਾਂ ਉੱਥੋਂ ਦੇ ਲੋਕਾਂ ਨੇ ਸ਼ਿਕਾਇਤ ਕੀਤੀ ਅਤੇ ਕਿਹਾ, “ਤੁਸੀਂ ਇਸਰਾਏਲ ਦੇ ਪਰਮੇਸ਼ੁਰ ਦਾ ਸੰਦੂਕ ਭਲਾ ਸਾਡੇ ਸ਼ਹਿਰ ਅਕਰੋਨ ਵਿੱਚ ਕਿਉਂ ਲਿਆਏ ਹੋ? ਕੀ ਤੁਸੀਂ ਹੁਣ ਸਾਨੂੰ ਅਤੇ ਸਾਡੇ ਲੋਕਾਂ ਨੂੰ ਮਾਰਨਾ ਚਾਹੁੰਦੇ ਹੋ?” 11 ਅਕਰੋਨੀ ਲੋਕਾਂ ਨੇ ਸਾਰੇ ਫ਼ਲਿਸਤੀਆਂ ਦੇ ਸ਼ਾਸਕਾਂ ਨੂੰ ਇੱਕਤਰ ਕਰਕੇ ਉਨ੍ਹਾਂ ਤੋਂ ਇਹ ਪੁੱਛਿਆ ਅਤੇ ਉਨ੍ਹਾਂ ਨੂੰ ਆਖਿਆ, “ਇਸ ਇਸਰਾਏਲ ਦੇ ਪਰਮੇਸ਼ੁਰ ਦਾ ਸੰਦੂਕ ਇਸ ਤੋਂ ਪਹਿਲਾਂ ਕਿ ਉਹ ਸਾਡੇ ਉੱਤੇ ਕਰੋਪੀ ਲਿਆਵੇ ਅਤੇ ਸਾਨੂੰ ਮਾਰ ਸੁੱਟੇ, ਚੰਗਾ ਹੈ ਕਿ ਇਸ ਨੂੰ ਵਾਪਸ ਜਿੱਥੇ ਲਿਆਏ ਸੀ, ਉੱਥੇ ਹੀ ਛੱਡ ਆਵੋ।”
ਅਕਰੋਨ ਦੇ ਲੋਕੀ ਬਹੁਤ ਘਬਰਾਏ ਹੋਏ ਸਨ। ਪਰਮੇਸ਼ੁਰ ਨੇ ਉੱਥੇ ਹੋਰਨਾਂ ਲੋਕਾਂ ਦਾ ਜਿਉਣਾ ਹਰਾਮ ਕਰ ਦਿੱਤਾ। 12 ਬਹੁਤ ਸਾਰੇ ਲੋਕ ਮਰ ਗਏ ਅਤੇ ਜਿਹੜੇ ਲੋਕ ਉੱਥੇ ਬਚੇ ਉਨ੍ਹਾਂ ਨੂੰ ਮਵੇਸ਼ੀਆਂ ਹੋ ਗਈਆਂ ਅਤੇ ਉਹ ਆਕਾਸ਼ ਤੱਕ ਉੱਚੀ-ਉੱਚੀ ਦੁਹਾਈ ਦੇਣ ਲੱਗੇ।
ਪਰਮੇਸ਼ੁਰ ਦਾ ਪਵਿੱਤਰ ਸੰਦੂਕ ਵਾਪਸ ਆਪਣੀ ਥਾਵੇਂ ਭੇਜਿਆ ਗਿਆ
6 ਫ਼ਲਿਸਤੀਆਂ ਨੇ ਸੱਤ ਮਹੀਨੇ ਉਸ ਪਵਿੱਤਰ ਸੰਦੂਕ ਨੂੰ ਆਪਣੀ ਧਰਤੀ ਉੱਤੇ ਰੱਖਿਆ। 2 ਤਾਂ ਉਨ੍ਹਾਂ ਨੇ ਜਾਜਕਾਂ ਅਤੇ ਜੋਤਸ਼ੀਆਂ ਨੂੰ ਸੱਦਿਆ ਅਤੇ ਕਿਹਾ, “ਸਾਨੂੰ ਯਹੋਵਾਹ ਦੇ ਸੰਦੂਕ ਦਾ ਕੀ ਕਰਨਾ ਚਾਹੀਦਾ ਹੈ? ਸਾਨੂੰ ਦੱਸੋ ਕਿ ਇਸ ਸੰਦੂਕ ਨੂੰ ਹੁਣ ਵਾਪਸ ਉੱਥੇ ਕਿਵੇਂ ਪਹੁੰਚਾਇਆ ਜਾਵੇ?”
3 ਜਾਜਕਾਂ ਅਤੇ ਜਾਦੂਗਰਾਂ ਨੇ ਆਖਿਆ, “ਜੇਕਰ ਤੁਸੀਂ ਇਸਰਾਏਲ ਦੇ ਪਰਮੇਸ਼ੁਰ ਦਾ ਸੰਦੂਕ ਵਾਪਸ ਉੱਥੇ ਹੀ ਭੇਜਣਾ ਹੈ ਤਾਂ ਇਸ ਨੂੰ ਫ਼ੇਰ ਖਾਲੀ ਨਾ ਭੇਜੋ। ਤੁਸੀਂ ਇਸ ਵਿੱਚ ਕੁਝ ਤੋਹਫ਼ੇ ਅਤੇ ਭੇਟਾਂ ਜ਼ਰੂਰ ਪਾਵੋ ਤਾਂ ਜੋ ਇਸਰਾਏਲ ਦਾ ਪਰਮੇਸ਼ੁਰ ਤੁਹਾਡੇ ਪਾਪ ਬਖਸ਼ ਦੇਵੇ। ਫ਼ਿਰ ਤੁਸੀਂ ਪਾਕ ਅਤੇ ਪਵਿੱਤਰ ਹੋ ਜਾਵੋਂਗੇ। ਤੁਹਾਨੂੰ ਇੰਝ ਹੀ ਕਰਨਾ ਚਾਹੀਦਾ ਹੈ। ਤਾਂ ਜੋ ਪਰਮੇਸ਼ੁਰ ਤੁਹਾਡੇ ਉੱਤੇ ਰਹਿਮ ਕਰੇ ਅਤੇ ਤੁਹਾਡੇ ਉੱਤੇ ਕਹਿਰ ਬੰਦ ਕਰੇ।”
4 ਫ਼ਲਿਸਤੀਆਂ ਨੇ ਪੁੱਛਿਆ, “ਅਸੀਂ ਕਿਹੋ ਜਿਹੇ ਤੋਹਫ਼ੇ ਇਸਰਾਏਲ ਦੇ ਪਰਮੇਸ਼ੁਰ ਨੂੰ ਭੇਜੀਏ ਤਾਂ ਜੋ ਉਹ ਸਾਡੇ ਪਾਪ ਬਖਸ਼ ਦੇਵੇ?”
ਜਾਜਕਾਂ ਅਤੇ ਜਾਦੂਗਰਾਂ ਨੇ ਆਖਿਆ, “ਇੱਥੇ ਪੰਜ ਫ਼ਲਿਸਤੀਆਂ ਦੇ ਅਲੱਗ-ਅਲੱਗ ਸ਼ਹਿਰਾਂ ਦੇ ਆਗੂ ਇਕੱਠੇ ਹੋਏ ਹਨ, ਅਤੇ ਤੁਹਾਡੇ ਆਗੁਆਂ ਅਤੇ ਤੁਹਾਡੀਆਂ ਸਭਨਾ ਦੀਆਂ ਇੱਕੋ ਜਿਹੀਆਂ ਮੁਸੀਬਤਾਂ ਹਨ। 5 ਸੋ ਤੁਸੀਂ ਫ਼ਲਿਸਤੀ ਸ਼ਾਸਕਾਂ ਦੀ ਗਿਣਤੀ ਅਨੁਸਾਰ ਪੰਜ ਸੁਨਿਹਰੀ ਮਵੇਸ਼ੀਆਂ ਅਤੇ ਪੰਜ ਸੁਨਿਹਰੀ ਚੁਹੀਆਂ ਬਣਵਾਉ ਇਸ ਲਈ ਮਵੇਸ਼ੀਆਂ ਦੇ ਬੁੱਤ ਅਤੇ ਚੂਹੀਆਂ ਦੇ ਬੁੱਤ ਬਣਵਾਉ, ਜਿਨ੍ਹਾਂ ਨੇ ਦੇਸ਼ ਨੂੰ ਨਸ਼ਟ ਕੀਤਾ ਹੈ। ਅਤੇ ਰਕਮ ਵਜੋਂ ਇਹ ਮੂਰਤਾਂ ਤੁਸੀਂ ਇਸਰਾਏਲ ਦੇ ਪਰਮੇਸ਼ੁਰ ਨੂੰ ਅਦਾ ਕਰੋ ਤਾਂ ਸ਼ਾਇਦ ਉਹ ਤੁਹਾਨੂੰ ਸਜ਼ਾ ਦੇਣ ਤੋਂ ਹਟ ਜਾਵੇ, ਅਤੇ ਸ਼ਾਇਦ ਉਹ ਤੁਹਾਡੀ ਜ਼ਮੀਨ ਅਤੇ ਦੇਵਤਿਆਂ ਉੱਪਰ ਆਪਣੀ ਕਰੋਪੀ ਤੋਂ ਰੁਕ ਜਾਵੇ। 6 ਮਿਸਰੀਆਂ ਅਤੇ ਫ਼ਿਰਊਨ ਦੇ ਲੋਕਾਂ ਵਾਂਗ ਆਪਣੇ ਮਨ ਨੂੰ ਕਰੜਾ ਨਾ ਕਰੋ। ਪਰਮੇਸ਼ੁਰ ਨੇ ਮਿਸਰੀਆਂ ਨੂੰ ਦੰਡ ਦਿੱਤਾ ਇਸੇ ਲਈ ਮਿਸਰੀਆਂ ਨੇ ਇਸਰਾਏਲੀਆਂ ਨੂੰ ਛੱਡਣ ਨੂੰ ਕਿਹਾ।
7 “ਹੁਣ ਤੁਸੀਂ ਇੱਕ ਨਵੀਂ ਗੱਡੀ ਬਣਾਉ ਅਤੇ ਦੋ ਲਵੇਰੀਆਂ ਗਊਆਂ ਲਵੋ ਜੋ ਜੂਲੇ ਹੇਠ ਨਾ ਆਈਆਂ ਹੋਣ ਭਾਵ ਜਿਨ੍ਹਾਂ ਨੇ ਅਜੇ ਖੇਤਾਂ ਵਿੱਚ ਕੰਮ ਨਾ ਕੀਤਾ ਹੋਵੇ ਉਨ੍ਹਾਂ ਗਊਆਂ ਨੂੰ ਉਸ ਗੱਡੀ ਨਾਲ ਬੰਨ੍ਹੋ ਤਾਂ ਜੋ ਉਹ ਉਸ ਨੂੰ ਧੱਕ ਸੱਕਣ। ਅਤੇ ਵਛੜਿਆਂ ਨੂੰ ਵਾਪਸ ਲਿਆਕੇ ਉਨ੍ਹਾਂ ਨੂੰ ਉੱਥੇ ਵਾਪਸ ਗਊਸ਼ਾਲਾ ’ਚ ਬੰਨ੍ਹ ਦੇਵੋ। ਉਨ੍ਹਾਂ ਨੂੰ ਗਊਆਂ ਦੇ ਪਿੱਛੇ ਨਾ ਜਾਣ ਦੇਵੋ। [a] 8 ਯਹੋਵਾਹ ਦਾ ਪਵਿੱਤਰ ਸੰਦੂਕ ਇੱਕ ਬੰਦ ਗੱਡੀ ਉੱਤੇ ਰੱਖੋ। ਤੁਹਾਨੂੰ ਸੋਨੇ ਦੇ ਬੁੱਤਾਂ ਨੂੰ ਇੱਕ ਝੋਲੇ ਵਿੱਚ ਪਾਕੇ ਸੰਦੂਕ ਦੇ ਕੋਲ ਰੱਖਣੇ ਚਾਹੀਦੇ ਹਨ। ਇਹ ਬੁੱਤ ਤੁਹਾਡੇ ਪਾਪ ਬਖਸ਼ਣ ਲਈ ਪਰਮੇਸ਼ੁਰ ਨੂੰ ਸੁਗਾਤਾਂ ਹਨ। ਫ਼ੇਰ ਗੱਡੀ ਨੂੰ ਸਿੱਧੀ ਇਸਦੇ ਰਾਹ ਵੱਲ ਭੇਜ ਦਿਉ। 9 ਅਤੇ ਗੱਡੀ ਨੂੰ ਵੇਖੋ ਕਿ ਜੇਕਰ ਇਹ ਸਿੱਧਾ ਇਸਰਾਏਲ ਦੀ ਆਪਣੀ ਧਰਤੀ ਬੈਤਲਹਮ ਵੱਲ ਜਾਂਦੀ ਹੈ ਤਾਂ ਇਸਦਾ ਮਤਲਬ ਹੈ ਕਿ ਇਹ ਸਾਰੇ ਦੁੱਖ ਤਕਲੀਫ਼ ਸਾਡੇ ਉੱਪਰ ਯਹੋਵਾਹ ਵੱਲੋਂ ਭੇਜੇ ਗਏ ਹਨ ਪਰ ਜੇਕਰ ਗਊਆਂ ਗੱਡੀ ਨੂੰ ਸਿੱਧਾ ਬੈਤਲਹਮ ਵੱਲ ਨਾ ਲੈ ਜਾਕੇ ਦੂਜੇ ਪਾਸੇ ਨੂੰ ਗਈਆਂ ਤਾਂ ਇਸ ਦਾ ਭਾਵ ਇਹ ਹੋਵੇਗਾ ਕਿ ਇਸਰਾਏਲ ਦੇ ਪਰਮੇਸ਼ੁਰ ਨੇ ਇਹ ਕਰੋਪੀ ਅਤੇ ਦੰਡ ਸਾਨੂੰ ਨਹੀਂ ਦਿੱਤਾ ਸਗੋਂ ਅਸੀਂ ਫ਼ਿਰ ਇਹ ਸਮਝਾਂਗੇ ਕਿ ਇਹ ਦੁੱਖ ਤਕਲੀਫ਼ਾਂ ਵੈਸੇ ਹੀ ਵਾਪਰੀਆਂ ਸਨ।”
10 ਸੋ ਫ਼ਲਿਸਤੀਆਂ ਨੇ ਉਵੇਂ ਹੀ ਕੀਤਾ ਜਿਵੇਂ ਜਾਜਕਾਂ ਅਤੇ ਜਾਦੂਗਰਾਂ ਨੇ ਆਖਿਆ। ਉਨ੍ਹਾਂ ਲੋਕਾਂ ਨੂੰ ਦੋ ਅਜਿਹੀਆਂ ਲਵੇਰੀਆਂ ਗਊਆਂ ਮਿਲ ਗਈਆਂ ਤਾਂ ਉਨ੍ਹਾਂ ਨੇ ਗਊਆਂ ਨੂੰ ਗੱਡੀ ਅੱਗੇ ਬੰਨ੍ਹਿਆ ਅਤੇ ਵਛੜਿਆਂ ਨੂੰ ਵਾਪਸ ਗਊਸ਼ਾਲਾ ਵਿੱਚ ਬੰਨ੍ਹਿਆ। 11 ਤਦ ਫ਼ਲਿਸਤੀਆਂ ਨੇ ਯਹੋਵਾਹ ਦਾ ਪਵਿੱਤਰ ਸੰਦੂਕ ਛਕੜਾ ਗੱਡੀ ਵਿੱਚ ਰੱਖਿਆ ਅਤੇ ਨਾਲ ਹੀ ਉਸ ਨਾਲ ਸੋਨੇ ਦੇ ਬਣੇ ਹੋਏ ਮਵੇਸ਼ੀਆਂ ਅਤੇ ਸੋਨੇ ਦੀਆਂ ਚੂਹੀਆਂ ਦੀਆਂ ਮੂਰਤਾਂ ਨੂੰ ਵੀ ਉਸ ਵਿੱਚ ਰੱਖਿਆ। 12 ਗਊਆਂ ਸਿੱਧੀਆਂ ਬੈਤਸ਼ਮਸ਼ ਨੂੰ ਗਈਆਂ। ਉਹ ਸੜਕ ਤੇ ਤੁਰਦੀਆਂ ਜਾਂਦੀਆਂ, ਰਾਹ ’ਚ ਅੜਾਉਂਦੀਆਂ ਗਈਆਂ। ਉਹ ਕਿਤੇ ਵੀ ਖੱਬੇ ਜਾਂ ਸੱਜੇ ਨਾ ਮੁੜੀਆਂ। ਫ਼ਲਿਸਤੀਨੀ ਸ਼ਾਸਕ ਉਨ੍ਹਾਂ ਦੇ ਪਿੱਛੇ-ਪਿੱਛੇ ਬੈਤਸ਼ਮਸ਼ ਦੀ ਹੱਦ ਤੱਕ ਗਏ।
13 ਬੈਤਸ਼ਮਸ਼ ਦੇ ਲੋਕ ਉਸ ਵਾਦੀ ਵਿੱਚ ਕਣਕ ਦੀਆਂ ਵਾਢੀਆਂ ਕਰ ਰਹੇ ਸਨ। ਉਨ੍ਹਾਂ ਨੇ ਪਵਿੱਤਰ ਸੰਦੂਕ ਆਉਂਦਾ ਵੇਖਿਆ। ਤਦ ਸੰਦੂਕ ਨੂੰ ਆਪਸ ਆਉਂਦਾ ਵੇਖਕੇ ਉਹ ਬੜੇ ਖੁਸ਼ ਹੋਏ, ਅਤੇ ਉਸ ਨੂੰ ਲੈਣ ਲਈ ਉਸ ਵੱਲ ਦੌੜੇ। 14-15 ਬੈਤਸ਼ਮਸ਼ ਦੇ ਉਸ ਖੇਤ ਵੱਲ ਛਕੜਾ ਗੱਡੀ ਵੱਧੀ ਜੋ ਯਹੋਸ਼ੁਆ ਦਾ ਸੀ।
ਇੱਥੇ ਇੱਕ ਵੱਡੇ ਸਾਰੇ ਪੱਥਰ ਕੋਲ ਆਕੇ ਇਹ ਛਕੜਾ ਗੱਡੀ ਖੜੀ ਹੋ ਗਈ। ਤਾਂ ਉੱਥੋਂ ਦੇ ਲੋਕਾਂ ਨੇ ਗੱਡੀ ਦੀਆਂ ਲੱਕੜਾਂ ਨੂੰ ਚੀਰਿਆ ਅਤੇ ਗਊਆਂ ਨੂੰ ਯਹੋਵਾਹ ਲਈ ਬਲੀ ਕਰਨ ਲਈ ਮਾਰ ਦਿੱਤਾ।
ਤਦ ਲੇਵੀਆਂ ਨੇ ਯਹੋਵਾਹ ਦੇ ਪਵਿੱਤਰ ਸੰਦੂਕ ਨੂੰ ਉਸ ਸੰਦੂਕੜੀ ਸਮੇਤ ਜੋ ਉਸ ਦੇ ਨਾਲ ਸੀ, ਅਤੇ ਜਿਸ ਵਿੱਚ ਸੋਨੇ ਦੀਆਂ ਵਸਤਾਂ ਸਨ ਹੇਠਾਂ ਉਤਾਰੀਆਂ ਅਤੇ ਉਸ ਨੂੰ ਉਸ ਵੱਡੇ ਪੱਥਰ ਉੱਪਰ ਰੱਖਿਆ ਅਤੇ ਬੈਤਸ਼ਮਸ਼ ਦੇ ਲੋਕਾਂ ਨੇ ਉਸੇ ਦਿਨ ਯਹੋਵਾਹ ਦੇ ਲਈ ਹੋਮ ਦੀਆਂ ਭੇਟਾਂ ਚੜ੍ਹਾਈਆਂ ਅਤੇ ਹੋਰ ਬਲੀਆਂ ਵੀ ਦਿੱਤੀਆਂ।
16 ਦੂਰ ਇਹ ਪੰਜ ਫ਼ਲਿਸਤੀਨ ਦੇ ਸ਼ਾਸਕ ਬੈਤਸ਼ਮਸ਼ ਦੇ ਲੋਕਾਂ ਨੂੰ ਇਹ ਸਭ ਕੁਝ ਕਰਦਿਆਂ ਵੇਖਦੇ ਰਹੇ ਅਤੇ ਉਸਤੋਂ ਬਾਦ ਉਸੇ ਦਿਨ ਉਹ ਵਾਪਸ ਅਕਰੋਨ ਨੂੰ ਪਰਤ ਗਏ।
17 ਇਹ ਸੋਨੇ ਦੀਆਂ ਮਵੇਸ਼ੀਆਂ ਜੋ ਫ਼ਲਿਸਤੀਆਂ ਦੇ ਪਾਪ ਦੀ ਭੇਟ ਲਈ ਯਹੋਵਾਹ ਨੂੰ ਚੜ੍ਹਾਈਆਂ ਉਹ ਫ਼ਲਿਸਤੀਆਂ ਦੇ ਪੰਜ ਨਗਰਾਂ ਵੱਲੋਂ ਸਨ। ਉਨ੍ਹਾਂ ਵਿੱਚੋਂ ਇੱਕ ਅਸ਼ਦੋਦ ਵੱਲੋਂ ਸੀ, ਇੱਕ ਆਜ਼ਾਹ ਦੀ, ਇੱਕ ਅਸ਼ਕਲੋਨ, ਗਥ ਦੀ ਅਤੇ ਅਕਰੋਨ ਦੀ ਸੀ। 18 ਫ਼ਲਿਸਤੀਆਂ ਨੇ ਪੰਜ ਸੋਨੇ ਦੀਆਂ ਚੂਹੀਆਂ ਦੀਆਂ ਮੂਰਤਾਂ ਵੀ ਭੇਜੀਆਂ ਸਨ। ਇਹ ਪੰਜ ਮੂਰਤਾਂ ਵੀ ਫ਼ਲਿਸਤੀਨ ਦੇ ਪੰਜ ਨਗਰਾਂ ਜਿਹੜੇ ਪੰਜਾਂ ਸ਼ਾਸਕਾਂ ਦੇ ਸਨ ਉਨ੍ਹਾਂ ਵੱਲੋਂ ਸੀ। ਇਨ੍ਹਾਂ ਸ਼ਹਿਰਾਂ ਦੇ ਆਲੇ-ਦੁਆਲੇ ਪੱਕੀਆਂ ਦੀਵਾਰਾਂ ਸਨ, ਹਰ ਸ਼ਹਿਰ ਵਿੱਚ ਉਸ ਦੇ ਆਸ-ਪਾਸ ਪਿੰਡ ਸਨ।
ਬੈਤਸ਼ਮਸ਼ ਦੇ ਲੋਕਾਂ ਨੇ ਯਹੋਵਾਹ ਦੇ ਪਵਿੱਤਰ ਸੰਦੂਕ ਨੂੰ ਉਸ ਵੱਡੇ ਪੱਥਰ ਉੱਪਰ ਰੱਖਿਆ। ਉਹ ਪੱਥਰ ਅੱਜ ਤੀਕ ਵੀ ਬੈਤਸ਼ਮਸ਼ ਵਿੱਚ ਯਹੋਸ਼ੂਆ ਦੀ ਪੈਲੀ ਵਿੱਚ ਹੈ। 19 ਪਰ ਬੈਤ-ਸ਼ਮਸ਼ ਦੇ ਕੁਝ ਲੋਕਾਂ ਨੇ ਯਹੋਵਾਹ ਦੇ ਪਵਿੱਤਰ ਸੰਦੂਕ ਵਿੱਚ ਝਾਕ ਲਿਆ ਕਿਉਂ ਜੋ ਉੱਥੇ ਜਾਜਕ ਨਹੀਂ ਸਨ। ਇਸ ਲਈ ਪਰਮੇਸ਼ੁਰ ਨੇ ਬੈਤ-ਸ਼ਮਸ਼ ਵਿਖੇ 70 ਆਦਮੀਆਂ [b] ਨੂੰ ਮਾਰ ਦਿੱਤਾ ਕਿਉਂਕਿ ਉਨ੍ਹਾਂ ਨੇ ਯਹੋਵਾਹ ਦੇ ਪਵਿੱਤਰ ਸੰਦੂਕ ਵਿੱਚ ਤੱਕਿਆ ਸੀ। ਬੈਤਸ਼ਮਸ਼ ਦੇ ਲੋਕ ਬੜੇ ਰੋਏ ਕਿਉਂਕਿ ਯਹੋਵਾਹ ਨੇ ਉਨ੍ਹਾਂ ਨੂੰ ਬੜੀ ਸਖ਼ਤ ਸਜ਼ਾ ਦਿੱਤੀ ਸੀ। 20 ਤਾਂ ਬੈਤਸ਼ਮਸ਼ ਦੇ ਲੋਕਾਂ ਨੇ ਕਿਹਾ, “ਭਲਾ ਕਿਸੇ ਦੀ ਕੀ ਮਜ਼ਾਲ ਹੈ ਕੋਈ ਇਸ ਪਵਿੱਤਰ ਯਹੋਵਾਹ ਪਰਮੇਸ਼ੁਰ ਅੱਗੇ ਖੜ੍ਹਾ ਹੋ ਸੱਕੇਗਾ, ਕੌਣ ਜਾਜਕ ਹੈ ਜੋ ਇਸ ਪਵਿੱਤਰ ਸੰਦੂਕ ਦੀ ਸੰਭਾਲ ਕਰ ਸੱਕੇ। ਇੱਥੇ ਇਹ ਸੰਦੂਕ ਕਿਸ ਕੋਲ ਜਾਵੇ?”
21 ਕਿਰਯਥ-ਯਾਰੀਮ ਵਿੱਚ ਇੱਕ ਜਾਜਕ ਸੀ, ਤਾਂ ਬੈਤਸ਼ਮਸ਼ ਦੇ ਲੋਕਾਂ ਨੇ ਕਿਰਯਥ-ਯਾਰੀਮ ਵੱਲ ਹਲਕਾਰੇ ਭੇਜੇ ਅਤੇ ਉਨ੍ਹਾਂ ਹਲਕਾਰਿਆਂ ਨੇ ਕਿਹਾ, “ਫ਼ਲਿਸਤੀ ਯਹੋਵਾਹ ਦੇ ਪਵਿੱਤਰ ਸੰਦੂਕ ਨੂੰ ਮੋੜ ਲਿਆਏ ਹਨ, ਸੋ ਤੁਸੀਂ ਆਓ ਅਤੇ ਉਸ ਸੰਦੂਕ ਨੂੰ ਆਪਣੇ ਸ਼ਹਿਰ ਵਿੱਚ ਲੈ ਜਾਵੋ।”
7 ਤਦ ਕਿਰਯਥ-ਯਾਰੀਮ ਦੇ ਲੋਕ ਆਏ ਅਤੇ ਯਹੋਵਾਹ ਦੇ ਸੰਦੂਕ ਨੂੰ ਅਬੀਨਾਦਾਬ ਦੇ ਘਰ ਜੋ ਕਿ ਪਹਾੜੀ ਉੱਪਰ ਸੀ ਉੱਥੇ ਛੱਡ ਆਏ। ਉਨ੍ਹਾਂ ਨੇ ਅਬੀਨਾਦਾਬ ਦੇ ਪੁੱਤਰ ਅਲਆਜ਼ਾਰ ਨੂੰ ਖਾਸ ਰਸਮ ਨਾਲ ਪਵਿੱਤਰ ਕੀਤਾ, ਤਾਂ ਜੋ ਉਹ ਯਹੋਵਾਹ ਦੇ ਸੰਦੂਕ ਦੀ ਰਾਖੀ ਕਰ ਸੱਕੇ। 2 ਕਿਰਯਥ-ਯਾਰੀਮ ਵਿੱਚ ਉਹ ਸੰਦੂਕ ਤਕਰੀਬਨ 20 ਵਰ੍ਹੇ ਪਿਆ ਰਿਹਾ।
ਯਹੋਵਾਹ ਦਾ ਇਸਰਾਏਲੀਆਂ ਨੂੰ ਬਚਾਉਣਾ
ਇਸਰਾਏਲ ਦੇ ਲੋਕਾਂ ਨੇ ਮੁੜ ਤੋਂ ਯਹੋਵਾਹ ਨੂੰ ਮੰਨਣਾ ਸ਼ੁਰੂ ਕਰ ਦਿੱਤਾ। 3 ਸਮੂਏਲ ਨੇ ਇਸਰਾਏਲ ਦੇ ਲੋਕਾਂ ਨੂੰ ਕਿਹਾ, “ਜੇਕਰ ਤੁਸੀਂ ਸੱਚੇ ਦਿਲੋਂ ਯਹੋਵਾਹ ਵੱਲ ਵਾਪਸ ਪਰਤੇ ਹੋ ਤਾਂ ਤੁਸੀਂ ਸਾਰੇ ਬਾਹਰਲੇ ਦੇਵਤਿਆਂ ਨੂੰ ਸੁੱਟ ਦੇਵੋ। ਤੁਹਾਨੂੰ ਆਪਣੇ ਅਸ਼ਤਾਰੋਥ ਦੇ ਬੁੱਤ ਨੂੰ ਵੀ ਸੁੱਟਣਾ ਹੋਵੇਗਾ ਅਤੇ ਤੁਹਾਨੂੰ ਪੂਰਨ ਰੂਪ ਵਿੱਚ ਇੱਕ ਮਨ ਯਹੋਵਾਹ ਨੂੰ ਆਪਣਾ-ਆਪ ਸਮਰਪਣ ਕਰਨਾ ਹੋਵੇਗਾ। ਤਾਂ ਹੀ ਯਹੋਵਾਹ ਤੁਹਾਨੂੰ ਫ਼ਲਿਸਤੀਆਂ ਕੋਲੋਂ ਬਚਾਵੇਗਾ।”
4 ਤਾਂ ਫ਼ਿਰ ਇਸਰਾਏਲੀਆਂ ਨੇ ਆਪਣੇ ਬਆਲੀਮ ਅਤੇ ਅਸ਼ਤਾਰੋਥ ਦੇ ਬੁੱਤਾਂ ਨੂੰ ਬਾਹਰ ਕੱਢ ਸੁੱਟਿਆ। ਅਤੇ ਕੇਵਲ ਯਹੋਵਾਹ ਦੀ ਸੇਵਾ ਕਰਨ ਲੱਗ ਪਏ।
5 ਸਮੂਏਲ ਨੇ ਕਿਹਾ, “ਮਿਸਫ਼ਾਹ ਵਿੱਚ ਤੁਸੀਂ ਸਾਰੇ ਇਸਰਾਏਲੀਆਂ ਨੂੰ ਇਕੱਠੇ ਕਰੋ ਤਾਂ ਤੁਹਾਡੇ ਲਈ ਯਹੋਵਾਹ ਅੱਗੇ ਮੈਂ ਬੇਨਤੀ ਕਰਾਂਗਾ।”
6 ਸਾਰੇ ਇਸਰਾਏਲੀ ਮਿਸਫ਼ਾਹ ਵਿੱਚ ਇੱਕਤਰ ਹੋਏ। ਉਨ੍ਹਾਂ ਨੇ ਪਾਣੀ ਭਰਕੇ ਯਹੋਵਾਹ ਦੇ ਅੱਗੇ ਰੋੜ੍ਹਿਆ ਅਤੇ ਉਸ ਦਿਨ ਵਰਤ ਰੱਖਿਆ ਉਸ ਦਿਨ ਉਨ੍ਹਾਂ ਨੇ ਕੁਝ ਵੀ ਨਾ ਖਾਧਾ, ਅਤੇ ਆਪਣੇ ਪਾਪਾਂ ਨੂੰ ਕਬੂਲ ਕੀਤਾ ਅਤੇ ਕਿਹਾ, “ਅਸੀਂ ਯਹੋਵਾਹ ਦੇ ਨਾਲ ਧ੍ਰੋਹ ਕੀਤਾ ਅਤੇ ਪਾਪ ਕੀਤਾ ਹੈ।” ਅਤੇ ਮਿਸਫ਼ਾਹ ਦੇ ਵਿੱਚ ਸਮੂਏਲ ਦੇ ਇਸਰਾਏਲੀਆਂ ਦਾ ਨਿਆਉਂ ਕੀਤਾ।
7 ਜਦੋਂ ਫ਼ਲਿਸਤੀਆਂ ਨੂੰ ਪਤਾ ਲੱਗਾ ਕਿ ਇਸਰਾਏਲੀ ਮਿਸਫ਼ਾਹ ਵਿੱਚ ਇਕੱਠੇ ਹੋਏ ਹਨ ਤਾਂ ਉਨ੍ਹਾਂ ਦੇ ਸ਼ਾਸਕਾਂ ਨੇ ਇਸਰਾਏਲੀਆਂ ਉੱਪਰ ਹਮਲਾ ਕਰ ਦਿੱਤਾ। ਜਦੋਂ ਇਸਰਾਏਲੀਆਂ ਨੂੰ ਫ਼ਲਿਸਤੀਆਂ ਬਾਰੇ ਪਤਾ ਲੱਗਾ ਤਾਂ ਉਹ ਡਰ ਗਏ। 8 ਇਸਰਾਏਲੀਆਂ ਨੇ ਸਮੂਏਲ ਨੂੰ ਕਿਹਾ, “ਚੁੱਪ ਨਾ ਰਹੋ? ਸਾਡੇ ਯਹੋਵਾਹ ਪਰਮੇਸ਼ੁਰ ਅੱਗੇ ਬੇਨਤੀ ਕਰੀ ਜਾਵੋ? ਯਹੋਵਾਹ ਨੂੰ ਆਖੋ ਕਿ ਸਾਨੂੰ ਫ਼ਲਿਸਤੀਆਂ ਕੋਲੋਂ ਬਚਾਵੋ।”
9 ਸਮੂਏਲ ਨੇ ਇੱਕ ਛੋਟਾ ਲੇਲਾ ਲਿਆ ਅਤੇ ਇਸ ਨੂੰ ਹੋਮ ਦੀ ਭੇਟ ਵਜੋਂ ਯਹੋਵਾਹ ਦੇ ਅੱਗੇ ਚੜ੍ਹਾਇਆ। ਉਸ ਨੇ ਇਸਰਾਏਲ ਵਾਸਤੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ ਅਤੇ ਯਹੋਵਾਹ ਨੇ ਉਸ ਨੂੰ ਉੱਤਰ ਦਿੱਤਾ। 10 ਜਦੋਂ ਸਮੂਏਲ ਹੋਮ ਦੀ ਬਲੀ ਚੜ੍ਹਾ ਰਿਹਾ ਸੀ ਉਸ ਵਕਤ ਫ਼ਲਿਸਤੀ ਇਸਰਾਏਲ ਉੱਪਰ ਹਮਲਾ ਕਰਨ ਵਾਲੇ ਸਨ ਕਿ ਯਹੋਵਾਹ ਫ਼ਲਿਸਤੀਆਂ ਉੱਪਰ ਇੱਕ ਵੱਡੀ ਗਰਜਨ ਦੇ ਨਾਲ ਗਰਜਿਆ। ਫ਼ਲਿਸਤੀ ਇਸ ਨਾਲ ਘਬਰਾ ਗਏ। ਗਰਜਨ ਨੇ ਉਨ੍ਹਾਂ ਨੂੰ ਡਰਾ ਦਿੱਤਾ ਅਤੇ ਉਹ ਬੜੇ ਪਰੇਸ਼ਾਨ ਹੋ ਗਏ। ਉਨ੍ਹਾਂ ਦੇ ਆਗੂ ਆਪਣੇ ਵੱਸ ਵਿੱਚ ਨਾ ਰਹੇ, ਤਾਂ ਇਉਂ ਇਸਰਾਏਲੀਆਂ ਨੇ ਫ਼ਲਿਸਤੀਆਂ ਨੂੰ ਲੜਾਈ ਵਿੱਚ ਹਰਾ ਦਿੱਤਾ। 11 ਅਤੇ ਇਸਰਾਏਲੀਆਂ ਨੇ ਮਿਸਫ਼ਾਹ ਵਿੱਚੋਂ ਨਿਕਲਕੇ ਫ਼ਲਿਸਤੀਆਂ ਦਾ ਪਿੱਛਾ ਕੀਤਾ, ਅਤੇ ਬੈਤ-ਕਰ ਤੱਕ ਉਨ੍ਹਾਂ ਦੇ ਸਿਪਾਹੀਆਂ ਨੂੰ ਮਾਰਦੇ ਚੱਲੇ ਗਏ।
ਇਸਰਾਏਲ ਵਿੱਚ ਅਮਨ ਬਹਾਲ
12 ਇਸਤੋਂ ਬਾਦ, ਸਮੂਏਲ ਨੇ ਇੱਕ ਖਾਸ ਪੱਥਰ ਲੈ ਕੇ ਮਿਸਫ਼ਾਹ ਅਤੇ ਸ਼ੇਨ ਦੇ ਵਿੱਚਕਾਰ ਖੜ੍ਹਾ ਕੀਤਾ। ਇਸਦਾ ਨਾਮ ਉਸ ਨੇ ਅਬਨ-ਅਜ਼ਰ ਮਦਦ ਦਾ ਪੱਥਰ ਰੱਖਿਆ। ਇਹ ਸਭ ਉਸ ਨੇ ਇਸ ਲਈ ਕੀਤਾ ਤਾਂ ਜੋ ਲੋਕ ਪਰਮੇਸ਼ੁਰ ਦੀ ਕਰਨੀ ਨੂੰ ਯਾਦ ਰੱਖਣ। ਅਤੇ ਸਮੂਏਲ ਨੇ ਆਖਿਆ, “ਇੱਥੋਂ ਤੀਕ ਯਹੋਵਾਹ ਨੇ ਸਾਡੀ ਸਹਾਇਤਾ ਕੀਤੀ ਹੈ।”
13 ਫ਼ਲਿਸਤੀਆਂ ਦੀ ਹਾਰ ਹੋਈ ਤਾਂ ਫ਼ਿਰ ਉਹ ਕਦੇ ਇਸਰਾਏਲ ਦੀ ਧਰਤੀ ਤੇ ਨਾ ਵੜੇ। ਸਮੂਏਲ ਦੇ ਜੀਵਨ ਕਾਲ ਤੱਕ ਯਹੋਵਾਹ ਫ਼ਲਿਸਤੀਆਂ ਦੇ ਵਿਰੁੱਧ ਹੀ ਰਿਹਾ। 14 ਫ਼ਲਿਸਤੀਆਂ ਨੇ ਅਕਰੋਨ ਅਤੇ ਗਥ ਵਿੱਚਲੇ ਇਲਾਕੇ ਦੇ ਸਾਰੇ ਇਸਰਾਏਲੀ ਨਗਰ ਲੈ ਲਈ ਸਨ। ਪਰ ਇਸਰਾਏਲੀਆਂ ਨੇ ਇਨ੍ਹਾਂ ਨਗਰਾਂ ਨੂੰ ਇਨ੍ਹਾਂ ਦੇ ਆਲੇ-ਦੁਆਲੇ ਦੀ ਜ਼ਮੀਨ ਸਮੇਤ ਵਾਪਸ ਜਿੱਤ ਲਿਆ।
ਇਸਰਾਏਲ ਅਤੇ ਅਮੋਰੀਆਂ ਵਿੱਚਕਾਰ ਅਮਨ ਹੋ ਗਿਆ।
15 ਜਦੋਂ ਤੀਕ ਸਮੂਏਲ ਜਿਉਂਦਾ ਰਿਹਾ ਇਸਰਾਏਲ ਦਾ ਨਿਆਉਂ ਕਰਦਾ ਰਿਹਾ। 16 ਉਹ ਹਰ ਵਰ੍ਹੇ ਦੇਸ਼ ਦਾ ਦੌਰਾ ਕਰਦਾ। ਅਤੇ ਬੈਤੇਲ, ਗਿਲਗਾਲ ਅਤੇ ਮਿਸਫ਼ਾਹ ਵਿੱਚ ਫ਼ੇਰੀ ਕਰਦਾ। ਇੰਝ ਉਸ ਨੇ ਇਸਰਾਏਲ ਦੀਆਂ ਇਨ੍ਹਾਂ ਸਾਰੀਆਂ ਥਾਵਾਂ ਉੱਪਰ ਨਿਆਉਂ ਅਤੇ ਰਾਜ ਕੀਤਾ। 17 ਪਰ ਸਮੂਏਲ ਦਾ ਘਰ ਰਾਮਾਹ ਵਿੱਚ ਸੀ ਇਸ ਲਈ ਅਖੀਰ ਉਹ ਰਾਮਾਹ ਨੂੰ ਜ਼ਰੂਰ ਪਰਤਦਾ ਅਤੇ ਉਸ ਸ਼ਹਿਰ ਵਿੱਚੋਂ ਸਮੂਏਲ ਇਸਰਾਏਲ ਵਿੱਚ ਰਾਜ ਅਤੇ ਨਿਆਉਂ ਕਰਦਾ ਅਤੇ ਉੱਥੇ ਰਾਮਾਹ ਵਿੱਚ ਉਸ ਨੇ ਯਹੋਵਾਹ ਲਈ ਇੱਕ ਜਗਵੇਦੀ ਬਣਾਈ।
ਇਸਰਾਏਲ ਦੀ ਪਾਤਸ਼ਾਹ ਲਈ ਮੰਗ
8 ਜਦੋਂ ਸਮੂਏਲ ਬੁੱਢਾ ਹੋ ਗਿਆ ਤਾਂ ਉਸ ਨੇ ਇਸਰਾਏਲ ਉੱਪਰ ਨਿਆਉਂ ਕਰਨ ਲਈ ਆਪਣੇ ਪੁੱਤਰਾਂ ਨੂੰ ਠਹਿਰਾਇਆ। 2 ਸਮੂਏਲ ਦੇ ਜੇਠੇ ਪੁੱਤਰ ਦਾ ਨਾਉਂ ਯੋਏਲ ਸੀ ਅਤੇ ਦੂਜੇ ਪੁੱਤਰ ਦਾ ਅੱਬਿਯਾਹ। ਯੋਏਲ ਅਤੇ ਅੱਬਿਯਾਹ ਬਏਰਸ਼ਬਾ ਵਿੱਚ ਨਿਆਉਂ ਕਰਦੇ ਸਨ। 3 ਪਰ ਸਮੂਏਲ ਦੇ ਪੁੱਤਰ ਉਸ ਦੇ ਵਾਂਗ ਨਾ ਰਹੇ। ਯੋਏਲ ਅਤੇ ਅੱਬਿਯਾਹ ਨੇ ਰਿਸ਼ਵਤਾਂ ਲਈਆਂ ਅਤੇ ਅਦਾਲਤ ਵਿੱਚ ਆਪਣੇ ਨਿਆਂ ਬਦਲ ਦਿੰਦੇ ਸਨ। ਉਹ ਅਦਾਲਤ ਵਿੱਚ ਲੋਕਾਂ ਨਾਲ ਧੋਖਾ ਕਰਦੇ ਸਨ। [c] 4 ਤਾਂ ਇਸਰਾਏਲ ਦੇ ਸਾਰੇ ਬਜ਼ੁਰਗਾਂ ਨੇ ਇਕੱਠੇ ਹੋਕੇ ਇੱਕ ਸਭਾ ਕੀਤੀ ਅਤੇ ਉਹ ਸਮੂਏਲ ਨੂੰ ਮਿਲਣ ਲਈ ਰਾਮਾਹ ਵਿੱਚ ਗਏ। 5 ਬਜ਼ੁਰਗਾਂ ਨੇ ਸਮੂਏਲ ਨੂੰ ਕਿਹਾ, “ਤੂੰ ਹੁਣ ਬੁੱਢਾ ਹੋ ਗਿਆ ਹੈਂ ਅਤੇ ਤੇਰੇ ਪੁੱਤਰ ਸਹੀ ਮਾਰਗ ਉੱਤੇ ਨਹੀਂ ਚੱਲ ਰਹੇ, ਉਹ ਤੇਰੇ ਨਕਸ਼ੇ ਕਦਮਾਂ ਉੱਤੇ ਨਹੀਂ ਚੱਲਦੇ ਸੋ ਸਾਨੂੰ ਕੋਈ ਅਜਿਹਾ ਬਾਦਸ਼ਾਹ ਦੇ ਜੋ ਬਾਕੀ ਕੌਮਾਂ ਵਾਂਗ ਸਾਡੇ ਉੱਤੇ ਰਾਜ ਕਰ ਸੱਕੇ।”
6 ਉਨ੍ਹਾਂ ਬਜ਼ੁਰਗਾਂ ਨੇ ਜੋ ਇਹ ਆਖਿਆ ਕਿ ਸਾਨੂੰ ਕੋਈ ਅਜਿਹਾ ਪਾਤਸ਼ਾਹ ਦੇ ਜੋ ਸਾਡਾ ਨਿਆਉਂ ਕਰੇ ਤਾਂ ਸਮੂਏਲ ਨੇ ਇਸ ਨੂੰ ਦੁਰਵਿੱਚਾਰ ਸਮਝਿਆ ਤਾਂ ਸਮੂਏਲ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ। 7 ਯਹੋਵਾਹ ਨੇ ਸਮੂਏਲ ਨੂੰ ਕਿਹਾ, “ਤੂੰ ਉਹੀ ਕਰ ਜੋ ਤੈਨੂੰ ਲੋਕੀ ਆਖਦੇ ਹਨ। ਉਨ੍ਹਾਂ ਨੇ ਤੈਨੂੰ ਰੱਦ ਨਹੀਂ ਕੀਤਾ ਸਗੋਂ ਉਨ੍ਹਾਂ ਨੇ ਮੈਨੂੰ ਰੱਦ ਕੀਤਾ ਹੈ। ਇਸਦਾ ਮਤਲਬ ਉਹ ਮੈਨੂੰ ਆਪਣਾ ਪਾਤਸ਼ਾਹ ਨਹੀਂ ਠਹਿਰਾਉਣਾ ਚਾਹੁੰਦੇ। 8 ਉਹ ਮੇਰੇ ਖਿਲਾਫ਼ ਉਹੀ ਗੱਲਾਂ ਕਰ ਰਹੇ ਹਨ ਜੋ ਉਹ ਮੇਰੇ ਉਨ੍ਹਾਂ ਨੇ ਮਿਸਰ ਤੋਂ ਬਾਹਰ ਕੱਢਣ ਦੇ ਦਿਨ ਤੋਂ ਕਰਦੇ ਆ ਰਹੇ ਹਨ। ਉਨ੍ਹਾਂ ਨੇ ਮੈਨੂੰ ਛੱਡ ਦਿੱਤਾ ਅਤੇ ਹੋਰਨਾਂ ਦੇਵਤਿਆਂ ਦੀ ਸੇਵਾ ਕੀਤੀ ਅਤੇ ਉਨ੍ਹਾਂ ਦੀ ਉਪਾਸਨਾ ਕੀਤੀ। ਹੁਣ ਉਹ ਉਹੀ ਤੇਰੇ ਨਾਲ ਕਰ ਰਹੇ ਹਨ। 9 ਇਸ ਲਈ ਤੂੰ ਉਨ੍ਹਾਂ ਦੀ ਸੁਣ ਅਤੇ ਉਹੀ ਕਰ ਜੋ ਉਹ ਕਹਿੰਦੇ ਹਨ ਪਰ ਤੂੰ ਉਨ੍ਹਾਂ ਨੂੰ ਖਬਰਦਾਰ ਕਰ ਦੇ। ਉਨ੍ਹਾਂ ਨੂੰ ਦੱਸ ਕਿ ਜਿਹੜਾ ਪਾਤਸ਼ਾਹ ਉਨ੍ਹਾਂ ਉੱਪਰ ਰਾਜ ਕਰੇਗਾ ਉਸੀ ਡੌਲ-ਚਾਲ ਕਿਹੋ ਜਿਹੀ ਹੋਵੇਗੀ!”
10 ਉਨ੍ਹਾਂ ਲੋਕਾਂ ਨੇ ਪਾਤਸ਼ਾਹ ਦੀ ਮੰਗ ਕੀਤੀ ਤਾਂ ਸਮੂਏਲ ਨੂੰ ਉਨ੍ਹਾਂ ਨੂੰ ਉਹ ਸਭ ਕੁਝ ਕਿਹਾ ਜੋ ਉਸ ਨੂੰ ਯਹੋਵਾਹ ਨੇ ਆਖਿਆ ਸੀ। 11 ਸਮੂਏਲ ਨੇ ਕਿਹਾ, “ਜੇਕਰ ਤੁਹਾਡੇ ਉੱਪਰ ਜੋ ਹੋਰ ਪਾਤਸ਼ਾਹ ਆਵੇਗਾ ਉਹ ਤੁਹਾਡੇ ਉੱਪਰ ਇੰਝ ਰਾਜ ਕਰੇਗਾ: ਉਹ ਤੁਹਾਡੇ ਕੋਲੋਂ ਤੁਹਾਡੇ ਪੁੱਤਰ ਖੋਹ ਲਵੇਗਾ ਅਤੇ ਉਨ੍ਹਾਂ ਨੂੰ ਆਪਣੀ ਸੇਵਾ ਕਰਨ ਲਈ ਮਜ਼ਬੂਰ ਕਰੇਗਾ। ਉਹ ਉਨ੍ਹਾਂ ਨੂੰ ਸਿਪਾਹੀ ਬਣਨ ਲਈ ਮਜ਼ਬੂਰ ਅਤੇ ਉਨ੍ਹਾਂ ਨੂੰ ਆਪਣੇ ਰੱਥਾਂ ਦੇ ਲਈ ਅਤੇ ਆਪਣੇ ਘੁੜ-ਸਵਾਰ ਬਣਾਕੇ ਲੜਨ ਲਈ ਮਜ਼ਬੂਰ ਕਰੇਗਾ। ਤੁਹਾਡੇ ਪੁੱਤਰ ਪਾਤਸ਼ਾਹ ਦੇ ਰੱਥ ਦੇ ਅੱਗੇ ਉਸ ਦੇ ਰੱਖਵਾਲੇ ਬਣਕੇ ਉਸਦੀ ਰਾਖੀ ਕਰਦੇ ਉਸ ਦੇ ਅੱਗੇ-ਅੱਗੇ ਭੱਜਣਗੇ।
12 “ਪਾਤਸ਼ਾਹ ਉਨ੍ਹਾਂ ਨੂੰ ਸਿਪਾਹੀ ਬਣਨ ਲਈ ਮਜ਼ਬੂਰ ਕਰੇਗਾ। ਉਨ੍ਹਾਂ ਵਿੱਚੋਂ ਕੁਝ 1,000 ਮਨੁੱਖਾਂ ਦੇ ਉੱਪਰ ਅਫ਼ਸਰ ਲੱਗਣਗੇ ਅਤੇ ਕੁਝ 50 ਦੇ ਉੱਪਰ।
“ਤੁਹਾਡੇ ਕੁਝ ਪੁੱਤਰਾਂ ਤੋਂ ਪਾਤਸ਼ਾਹ ਹੱਲ ਚਲਵਾਏਗਾ ਅਤੇ ਵਾਢੀ ਕਰਵਾਏਗਾ। ਕੁਝ ਤੁਹਾਡੇ ਪੁੱਤਰਾਂ ਨੂੰ ਪਾਤਸ਼ਾਹ ਔਜ਼ਾਰ ਬਨਾਉਣ ਦਾ ਹੁਕਮ ਦੇਵੇਗਾ ਤਾਂ ਜੋ ਉਹ ਸ਼ਸਤਰ ਜੰਗ ਵਿੱਚ ਵਰਤੇ ਜਾਣ ਅਤੇ ਉਨ੍ਹਾਂ ਨੂੰ ਉਹ ਆਪਣੇ ਰੱਥ ਲਈ ਕਈ ਕੁਝ ਬਨਾਉਣ ਲਈ ਮਜ਼ਬੂਰ ਕਰੇਗਾ।
13 “ਪਾਤਸ਼ਾਹ ਤੁਹਾਡੀਆਂ ਸਾਰੀਆਂ ਧੀਆਂ ਤੁਹਾਡੇ ਕੋਲੋਂ ਲੈ ਲਵੇਗਾ। ਤੁਹਾਡੀਆਂ ਕੁਝ ਧੀਆਂ ਨੂੰ ਉਹ ਆਪਣੇ ਲਈ ਇਤਰ ਬਨਾਉਣ ਦਾ ਹੁਕਮ ਦੇਵੇਗਾ ਅਤੇ ਕੁਝ ਨੂੰ ਸੇਵਕਾਂ ਦਾਸੀਆਂ ਵਾਲੇ ਕੰਮ ਰੋਟੀ ਬਨਾਉਣ ਤੇ ਦੇਖ-ਰੇਖ ਕਰਨ ਦੇ ਕੰਮ ਕਰਨ ਨੂੰ ਮਜ਼ਬੂਰ ਕਰੇਗਾ।
14 “ਪਾਤਸ਼ਾਹ ਤੁਹਾਡੀਆਂ ਸਭ ਤੋਂ ਵੱਧੀਆਂ ਪੈਲੀਆਂ, ਦਾਖਾਂ ਦੇ ਬਾਗ਼ ਅਤੇ ਜੈਤੂਨ ਦੇ ਬੇਲੇ ਨੂੰ ਤੁਹਾਡੇ ਕੋਲੋਂ ਲੈ ਲਵੇਗਾ। ਉਹ ਤੁਹਾਡੇ ਕੋਲੋਂ ਇਹ ਸਭ ਕੁਝ ਲੈ ਕੇ ਆਪਣੇ ਅਫ਼ਸਰਾਂ ਨੂੰ ਦੇ ਦੇਵੇਗਾ। 15 ਉਹ ਤੁਹਾਡੇ ਅਨਾਜ ਅਤੇ ਅੰਗੂਰਾਂ ਦਾ ਦਸਵੰਧ ਤੁਹਾਡੇ ਕੋਲੋਂ ਲੈ ਲਵੇਗਾ। ਅਤੇ ਇਹ ਵਸਤਾਂ ਉਹ ਆਪਣੇ ਸੇਵਕਾਂ ਅਤੇ ਅਫ਼ਸਰਾਂ ਨੂੰ ਵੰਡ ਦੇਵੇਗਾ।
16 “ਇਹ ਪਾਤਸ਼ਾਹ ਤੁਹਾਡੇ ਮਰਦਾਂ ਅਤੇ ਔਰਤਾਂ ਨੂੰ ਆਪਣੇ ਦਾਸ ਬਣਾਵੇਗਾ। ਉਹ ਤੁਹਾਡੇ ਸਭ ਤੋਂ ਵੱਧੀਆਂ ਨਸਲ ਦੇ ਜਾਨਵਰ ਅਤੇ ਖੋਤੇ ਤੁਹਾਡੇ ਕੋਲੋਂ ਲੈ ਕੇ ਉਨ੍ਹਾਂ ਨੂੰ ਆਪਣੇ ਕੰਮ ਵਿੱਚ ਲਿਆਵੇਗਾ। 17 ਉਹ ਤੁਹਾਡੇ ਇੱਜੜਾਂ ਦੇ ਦਸਵੰਧ ਲੈ ਲਵੇਗਾ।
“ਫ਼ੇਰ ਤੁਸੀਂ ਖੁਦ ਹੀ ਪਾਤਸ਼ਾਹ ਦੇ ਗੁਲਾਮ ਬਣ ਜਾਵੋਂਗੇ। 18 ਅਤੇ ਜਦੋਂ ਉਹ ਵਕਤ ਆਵੇਗਾ ਤਾਂ ਤੁਸੀਂ ਦੁਹਾਈ ਦੇ ਦੇਕੇ ਰੋਵੋਂਗੇ ਕਿ ਅਸੀਂ ਕਿਸ ਨੂੰ ਪਾਤਸ਼ਾਹ ਚੁਣਿਆ ਪਰ ਉਸ ਵਕਤ ਯਹੋਵਾਹ ਤੁਹਾਡੀ ਇੱਕ ਵੀ ਨਹੀਂ ਸੁਣੇਗਾ।”
19 ਪਰ ਲੋਕਾਂ ਨੇ ਸਮੂਏਲ ਦੀ ਇੱਕ ਨਾ ਸੁਣੀ। ਉਨ੍ਹਾਂ ਕਿਹਾ, “ਨਹੀਂ! ਸਾਨੂੰ ਆਪਣੇ ਲਈ ਨਵਾਂ ਸ਼ਾਸਕ ਚਾਹੀਦਾ ਹੈ, ਜੋ ਸਾਡੇ ਉੱਤੇ ਰਾਜ ਕਰ ਸੱਕੇ। 20 ਫ਼ਿਰ ਅਸੀਂ ਵੀ ਸਾਰੀਆਂ ਕੌਮਾਂ ਵਰਗੇ ਹੋ ਜਾਵਾਂਗੇ। ਸਾਡਾ ਪਾਤਸ਼ਾਹ ਸਾਡੇ ਅੱਗੇ-ਅੱਗੇ ਤੁਰੇ, ਜੋ ਸਾਡੇ ਲਈ ਲੜ ਸੱਕੇ।”
21 ਸਮੂਏਲ ਨੇ ਉਨ੍ਹਾਂ ਨੂੰ ਧਿਆਨ ਨਾਲ ਸੁਣਿਆ ਅਤੇ ਫ਼ਿਰ ਉਸ ਨੇ ਉਨ੍ਹਾਂ ਦੇ ਸ਼ਬਦ ਯਹੋਵਾਹ ਅੱਗੇ ਦੁਹਰਾਏ। 22 ਯਹੋਵਾਹ ਨੇ ਆਖਿਆ, “ਤੂੰ ਉਨ੍ਹਾਂ ਦਾ ਕਹਿਣਾ ਮੰਨ ਅਤੇ ਉਨ੍ਹਾਂ ਨੂੰ ਨਵਾਂ ਪਾਤਸ਼ਾਹ ਦੇ।”
ਤਦ ਸਮੂਏਲ ਨੇ ਇਸਰਾਏਲ ਦੇ ਲੋਕਾਂ ਨੂੰ ਆਖਿਆ, “ਠੀਕ ਹੈ ਤੁਹਾਨੂੰ ਨਵਾਂ ਪਾਤਸ਼ਾਹ ਮਿਲੇਗਾ ਹੁਣ, ਤੁਸੀਂ ਸਾਰੇ ਲੋਕ ਆਪੋ-ਆਪਣੇ ਘਰੀਂ ਜਾਵੋ।”
ਸ਼ਾਊਲ ਦਾ ਆਪਣੇ ਪਿਉ ਦੇ ਖੋਤਿਆਂ ਨੂੰ ਲੱਭਣਾ
9 ਕੀਸ਼ ਬਿਨਯਾਮੀਨ ਦੀ ਗੋਤ ਦਾ ਇੱਕ ਮਹੱਤਵਪੂਰਣ ਮਨੁੱਖ ਸੀ। ਕੀਸ਼ ਅਬੀਏਲ ਦਾ ਪੁੱਤਰ ਸੀ ਅਤੇ ਅਬੀਏਲ ਸ਼ਰੂਰ ਦਾ ਪੁੱਤਰ ਸੀ। ਅਤੇ ਬਕੋਰਥ ਦਾ ਪੁੱਤਰ ਸਰੂਰ ਸੀ। ਬਕੋਰਥ ਅਫ਼ਿਆਹ ਦਾ ਪੁੱਤਰ ਸੀ ਜੋ ਕਿ ਬਿਨਯਾਮੀਨ ਤੋਂ ਸੀ। 2 ਕੀਸ਼ ਦਾ ਪੁੱਤਰ ਸੀ ਸ਼ਾਊਲ ਜੋ ਕਿ ਬੜਾ ਸੁੰਦਰ ਨੌਜਵਾਨ ਸੀ। ਉੱਥੇ ਸ਼ਾਊਲ ਤੋਂ ਵੱਧ ਕੋਈ ਵੀ ਖੂਬਸੂਰਤ ਨਹੀਂ ਸੀ। ਉਹ ਇਸਰਾਏਲੀਆਂ ਵਿੱਚ ਸਭ ਤੋਂ ਵੱਧ ਸਿਰ ਕੱਢ ਸੀ।
3 ਇੱਕ ਦਿਨ ਕੀਸ਼ ਦੇ ਖੋਤੇ ਗੁਆਚ ਗਏ ਤਾਂ ਕੀਸ਼ ਨੇ ਆਪਣੇ ਪੁੱਤਰ ਸ਼ਾਊਲ ਨੂੰ ਆਖਿਆ, “ਇੱਕ ਸੇਵਕ ਨੂੰ ਆਪਣੇ ਨਾਲ ਲੈ ਜਾ ਅਤੇ ਜਾਕੇ ਖੋਤਿਆਂ ਦੀ ਭਾਲ ਕਰ ਕਿ ਉਹ ਕਿੱਥੇ ਗੁਆਚੇ ਹਨ?” 4 ਸ਼ਾਊਲ ਉਨ੍ਹਾਂ ਨੂੰ ਲੱਭਣ ਲਈ ਚੱਲਾ ਗਿਆ। ਸੋ ਉਹ ਅਫ਼ਰਾਈਮ ਦੇ ਪਹਾੜ ਵੱਲੋਂ ਵੀ ਲੰਘਿਆ ਉਸਤੋਂ ਬਾਦ ਉਹ ਸ਼ਲੀਸ਼ਾਹ ਦੇ ਦੇਸ਼ ਵਿੱਚੋਂ ਦੀ ਲੰਘਿਆ ਪਰ ਉਸ ਨੂੰ ਅਤੇ ਉਸ ਦੇ ਸੇਵਕ ਨੂੰ ਖੋਤੇ ਉੱਥੇ ਵੀ ਨਾ ਲੱਭੇ, ਤਦ ਉਹ ਸ਼ਲੀਸ਼ਾਹ ਦੇ ਦੇਸ਼ ਵਿੱਚ ਗਏ ਕੀਸ਼ ਦੇ ਖੋਤੇ ਉੱਥੇ ਵੀ ਨਹੀਂ ਸਨ। ਫ਼ਿਰ ਉਹ ਬਿਨਯਾਮੀਨੀਆਂ ਦੇ ਦੇਸ਼ ਵਿੱਚੋਂ ਦੀ ਵੀ ਲੰਘੇ ਪਰ ਉਹ ਕੀਸ਼ ਦੇ ਖੋਤੇ ਉਨ੍ਹਾਂ ਨੂੰ ਉੱਥੇ ਵੀ ਨਾ ਮਿਲੇ।
5 ਅਖੀਰ ਵਿੱਚ ਸ਼ਾਊਲ ਅਤੇ ਸੇਵਕ ਸੂਫ਼ ਦੇ ਦੇਸ਼ ਵਿੱਚ ਆਏ ਅਤੇ ਸ਼ਾਊਲ ਨੇ ਆਪਣੇ ਸੇਵਕ ਨੂੰ ਕਿਹਾ, “ਚੱਲ ਵਾਪਸ ਚੱਲੀਏ। ਕਿਤੇ ਐਸਾ ਨਾ ਹੋਵੇ ਕਿ ਮੇਰਾ ਪਿਉ ਖੋਤਿਆਂ ਦਾ ਫ਼ਿਕਰ ਛੱਡ ਕੇ ਸਾਡਾ ਹੀ ਫ਼ਿਕਰ ਕਰਨ ਲੱਗ ਪਵੇ।”
6 ਪਰ ਨੌਕਰ ਨੇ ਜਵਾਬ ਦਿੱਤਾ, “ਵੇਖ, ਇਸ ਸ਼ਹਿਰ ਦੇ ਵਿੱਚ ਇੱਕ ਪਰਮੇਸ਼ੁਰ ਦਾ ਮਨੁੱਖ ਹੈ। ਲੋਕ ਉਸਦੀ ਬੜੀ ਇੱਜ਼ਤ ਕਰਦੇ ਹਨ। ਉਹ ਜੋ ਕੁਝ ਵੀ ਆਖੇ ਸੱਚ ਹੋ ਜਾਂਦਾ ਹੈ। ਇਸ ਲਈ ਚੱਲੋ ਸ਼ਹਿਰ ਨੂੰ ਚੱਲੀਏ। ਸ਼ਾਇਦ ਪਰਮੇਸ਼ੁਰ ਦਾ ਮਨੁੱਖ ਹੀ ਸਾਨੂੰ ਕੋਈ ਰਾਹ ਦੱਸ ਦੇਵੇ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ।”
7 ਸ਼ਾਊਲ ਨੇ ਆਪਣੇ ਸੇਵਕ ਨੂੰ ਕਿਹਾ, “ਠੀਕ ਹੈ, ਅਸੀਂ ਸ਼ਹਿਰ ਨੂੰ ਚੱਲੇ ਜਾਈਏ ਪਰ ਅਸੀਂ ਉਸ ਵਾਸਤੇ ਲੈ ਕੀ ਜਾਈਏ? ਸਾਡੇ ਕੋਲ ਪਰਮੇਸ਼ੁਰ ਦੇ ਮਨੁੱਖ ਨੂੰ ਭੇਟ ਕਰਨ ਲਈ ਕੋਈ ਤੋਹਫ਼ਾ ਨਹੀਂ ਹੈ? ਹੁਣ ਤਾਂ ਸਾਡੇ ਥੈਲਿਆਂ ਵਿੱਚ ਭੋਜਨ ਵੀ ਮੁੱਕ ਗਿਆ ਹੈ ਤਾਂ ਅਸੀਂ ਉਸ ਨੂੰ ਕੀ ਚੜ੍ਹਾਵਾਂਗੇ”
8 ਸੇਵਕ ਨੇ ਫ਼ਿਰ ਸ਼ਾਊਲ ਨੂੰ ਆਖਿਆ, “ਵੇਖੋ! ਮੇਰੇ ਕੋਲ ਥੋੜਾ ਜਿਹਾ ਧੰਨ ਹੈ। ਚੱਲੋਂ ਅਸੀਂ ਪਰਮੇਸ਼ੁਰ ਦੇ ਮਨੁੱਖ ਨੂੰ ਇਹ ਹੀ ਭੇਟ ਕਰ ਦਿਆਂਗੇ ਤਾਂ ਉਹ ਸਾਨੂੰ ਦੱਸ ਦੇਵੇਗਾ ਕਿ ਸਾਨੂੰ ਅਗਾਂਹ ਕੀ ਕਰਨਾ ਚਾਹੀਦਾ ਹੈ?”
9-11 ਸ਼ਾਊਲ ਨੇ ਆਪਣੇ ਸੇਵਕ ਨੂੰ ਆਖਿਆ “ਇਹ ਇੱਕ ਚੰਗਾ ਵਿੱਚਾਰ ਹੈ। ਚੱਲ ਚੱਲੀਏ!” ਉਹ ਉਸ ਥਾਵੇਂ ਗਏ ਜਿਸ ਸ਼ਹਿਰ ਵਿੱਚ ਪਰਮੇਸ਼ੁਰ ਦਾ ਆਦਮੀ ਰਹਿੰਦਾ ਸੀ।
ਸ਼ਾਊਲ ਅਤੇ ਉਸਦਾ ਨੌਕਰ ਉਤਾਂਹ ਪਹਾੜੀ ਉੱਤੇ ਨਗਰ ਨੂੰ ਜਾ ਰਹੇ ਸਨ। ਰਾਹ ਵਿੱਚ, ਉਹ ਕੁਝ ਮੁਟਿਆਰਾਂ ਨੂੰ ਮਿਲੇ ਜਿਹੜੀਆਂ ਪਾਣੀ ਖਿੱਚਣ ਲਈ ਬਾਹਰ ਜਾ ਰਹੀਆਂ ਸਨ। ਨੌਕਰ ਨੇ ਔਰਤਾਂ ਨੂੰ ਪੁੱਛਿਆ, “ਕੀ ਪੈਗੰਬਰ ਇੱਥੇ ਹੈ?” (ਪਹਿਲਿਆਂ ਦਿਨਾਂ ਵਿੱਚ, ਲੋਕ ਨਬੀ ਨੂੰ “ਪੈਗੰਬਰ” ਆਖਦੇ ਸਨ। ਇਸ ਲਈ ਜਦੋਂ ਉਹ ਪਰਮੇਸ਼ੁਰ ਨੂੰ ਕੁਝ ਪੁੱਛਣਾ ਚਾਹੁੰਦੇ ਸਨ, ਉਹ ਆਖਦੇ ਸਨ, ਆਪਾਂ ਚੱਲ ਕੇ ਪੈਗੰਬਰ ਨੂੰ ਵੇਖੀਏ।)
12 ਔਰਤਾਂ ਨੇ ਜਵਾਬ ਦਿੱਤਾ, “ਹਾਂ, ਪੈਗੰਬਰ ਇੱਥੇ ਹੈ। ਉਹ ਇਸ ਸੜਕ ਦੇ ਹੇਠਾਂ ਰਹਿੰਦਾ ਹੈ। ਉਹ ਅੱਜ ਹੀ ਸ਼ਹਿਰ ਨੂੰ ਪਰਤਿਆ। ਕੁਝ ਲੋਕ ਅੱਜ ਉਪਾਸਨਾ ਦੇ ਸਥਾਨ ਤੇ ਸੁੱਖ-ਸਾਂਦ ਦੀਆਂ ਭੇਟਾਂ ਵਿੱਚ ਹਿੱਸਾ ਲੈਣ ਲਈ ਇਕੱਠੇ ਹੋ ਰਹੇ ਹਨ। 13 ਇਸ ਲਈ ਤੁਸੀਂ ਸ਼ਹਿਰ ਵਿੱਚ ਚੱਲੇ ਜਾਵੋ ਤਾਂ ਤੁਸੀਂ ਉਸ ਨੂੰ ਲੱਭ ਲਵੋਂਗੇ। ਜੇਕਰ ਤੁਸੀਂ ਜਲਦੀ ਚੱਲੇ ਜਾਵੋਂ ਤਾਂ ਤੁਸੀਂ ਉਸ ਨੂੰ ਮਿਲ ਸੱਕੋਂਗੇ ਕਿਤੇ ਅਜਿਹਾ ਨਾ ਹੋਵੇ ਕਿ ਤੁਸੀਂ ਦੇਰ ਕਰ ਦੇਵੋ ਤਾਂ ਉਹ ਉਪਾਸਨਾ ਵਾਲੀ ਥਾਂ ਉੱਤੇ ਭੋਜਨ ਕਰਨ ਚੱਲਾ ਜਾਵੇ, ਇਸ ਲਈ ਕਿਉਂਕਿ ਉਹ ਬਲੀ ਨੂੰ ਅਸੀਸ ਦਿੰਦਾ ਹੈ ਅਤੇ ਜਦ ਤੱਕ ਉਹ ਨਾ ਪਹੁੰਚੇ ਲੋਕ ਖਾਂਦੇ ਨਹੀਂ ਇਸ ਲਈ ਜੇਕਰ ਤੁਸੀਂ ਜਲਦੀ ਚੱਲੇ ਜਾਵੋਂਗੇ ਤਾਂ ਤੁਸੀਂ ਪੈਗੰਬਰ ਨੂੰ ਮਿਲ ਸੱਕੋਂਗੇ।”
14 ਸ਼ਾਊਲ ਅਤੇ ਉਸ ਦੇ ਸੇਵਕ ਨੇ ਸ਼ਹਿਰ ਵੱਲ ਪਹਾੜੀ ਚਢ਼ਨਾ ਸ਼ੁਰੂ ਕੀਤਾ। ਜਦ ਹੀ ਉਨ੍ਹਾਂ ਸ਼ਹਿਰ ਵਿੱਚ ਪੈਰ ਪਾਇਆ ਤਾਂ ਉਨ੍ਹਾਂ ਨੇ ਸਮੂਏਲ ਨੂੰ ਆਪਣੇ ਵੱਲ ਆਉਂਦਾ ਵੇਖਿਆ। ਸਮੂਏਲ ਉੱਚੇ ਥਾਂ ਨੂੰ ਜਾਣ ਲਈ ਉਨ੍ਹਾਂ ਦੇ ਸਾਹਮਣੇ ਉੱਥੋਂ ਬਾਹਰ ਨਿਕਲਿਆ।
15 ਇੱਕ ਦਿਨ ਪਹਿਲਾਂ ਹੀ ਯਹੋਵਾਹ ਨੇ ਸਮੂਏਲ ਨੂੰ ਆਖਿਆ ਸੀ ਕਿ, 16 “ਇਸੇ ਵੇਲੇ ਕੱਲ ਬਿਨਯਾਮੀਨ ਸ਼ਹਿਰ ਤੋਂ ਇੱਕ ਮਨੁੱਖ ਮੈਂ ਤੇਰੇ ਵੱਲ ਭੇਜਾਂਗਾ। ਤੂੰ ਉਸ ਨੂੰ ਮਸਹ ਕਰੀਂ ਤਾਂ ਜੋ ਉਹ ਮੇਰੇ ਇਸਰਾਏਲ ਦੇ ਲੋਕਾਂ ਦਾ ਆਗੂ ਅਤੇ ਪਰਧਾਨ ਬਣੇ। ਇਹ ਮਨੁੱਖ ਮੇਰੇ ਲੋਕਾਂ ਨੂੰ ਫ਼ਲਿਸਤੀਆਂ ਕੋਲੋਂ ਬਚਾਵੇਗਾ। ਮੈਂ ਆਪਣੇ ਲੋਕਾਂ ਨੂੰ ਕਸ਼ਟ ਸਹਿੰਦਿਆਂ ਵੇਖਿਆ ਹੈ ਅਤੇ ਮੈਂ ਲੋਕਾਂ ਵੱਲੋਂ ਚੀਖ ਪੁਕਾਰ ਵੀ ਸੁਣੀ ਹੈ।”
17 ਜਦੋਂ ਸਮੂਏਲ ਨੇ ਸ਼ਾਊਲ ਨੂੰ ਵੇਖਿਆ ਤਾਂ ਯਹੋਵਾਹ ਨੇ ਉਸ ਨੂੰ ਕਿਹਾ, “ਇਹ ਹੀ ਹੈ ਉਹ ਮਨੁੱਖ ਜਿਸ ਬਾਰੇ ਮੈਂ ਤੈਨੂੰ ਆਖਿਆ ਸੀ। ਇਹੀ ਮੇਰੇ ਲੋਕਾਂ ਉੱਪਰ ਰਾਜ ਕਰੇਗਾ।”
18 ਸ਼ਾਊਲ ਸ਼ਹਿਰ ਦੇ ਫ਼ਾਟਕ ਦੇ ਨੇੜੇ ਸਮੂਏਲ ਕੋਲ ਆਇਆ ਅਤੇ ਪੁੱਛਿਆ, “ਕਿਰਪਾ ਕਰਕੇ ਮੈਨੂੰ ਦੱਸ ਕਿ ਪੈਗੰਬਰ ਕਿੱਥੇ ਰਹਿੰਦਾ ਹੈ?”
19 ਸਮੂਏਲ ਨੇ ਆਖਿਆ, “ਮੈਂ ਹੀ ਪੈਗੰਬਰ ਹਾਂ। ਮੇਰੇ ਅੱਗੇ-ਅੱਗੇ ਉਸ ਉੱਚੇ ਥਾਂ ਵੱਲ ਚੱਲੇ ਜਾਓ ਜਿੱਥੇ ਉਪਾਸਨਾ ਹੋਣੀ ਹੈ। ਤੂੰ ਅਤੇ ਤੇਰਾ ਸੇਵਕ ਅੱਜ ਮੇਰੇ ਨਾਲ ਭੋਜਨ ਕਰਨਾ। ਕੱਲ ਸਵੇਰ ਨੂੰ ਮੈਂ ਤੁਹਾਨੂੰ ਤੇਰੇ ਘਰ ਵੱਲ ਵਿਦਾ ਕਰ ਦੇਵਾਂਗਾ ਅਤੇ ਉਸਤੋਂ ਪਹਿਲਾਂ ਮੈਂ ਤੇਰੇ ਸਾਰੇ ਸਵਾਲਾਂ ਦੇ ਜਵਾਬ ਵੀ ਦੇਵਾਂਗਾ। 20 ਅਤੇ ਖੋਤਿਆਂ ਦੀ ਚਿੰਤਾ ਨਾ ਕਰੀਂ ਜਿਹੜੇ ਕਿ ਤਿੰਨ ਦਿਨ ਪਹਿਲਾਂ ਤੁਹਾਡੇ ਤੋਂ ਗੁਆਚ ਗਏ ਸਨ। ਉਹ ਲੱਭ ਗਏ ਹਨ। ਹੁਣ ਸਾਰਾ ਇਸਰਾਏਲ ਜਿਸਦੇ ਮੂੰਹ ਵੱਲ ਜੋ ਦੇਖ ਰਿਹਾ ਹੈ-ਉਹ ਮਨੁੱਖ ਤੂੰ ਹੀ ਹੈਂ। ਉਹ ਸਾਰੇ ਲੋਕ ਤੈਨੂੰ ਅਤੇ ਤੇਰੇ ਪਿਤਾ ਦੇ ਪਰਿਵਾਰ ਨੂੰ ਚਾਹੁੰਦੇ ਹਨ।”
21 ਸ਼ਾਊਲ ਨੇ ਆਖਿਆ, “ਪਰ ਮੈਂ ਤਾਂ ਬਿਨਯਾਮੀਨ ਦੀ ਗੋਤ ਵਿੱਚੋਂ ਹਾਂ ਅਤੇ ਇਹ ਇਸਰਾਏਲ ਦੀਆਂ ਗੋਤਾਂ ਵਿੱਚੋਂ ਸਭ ਤੋਂ ਛੋਟਾ ਪਰਿਵਾਰ ਹੈ। ਅਤੇ ਮੇਰਾ ਪਰਿਵਾਰ ਤਾਂ ਬਿਨਯਾਮੀਨ ਦੇ ਪਰਿਵਾਰਾਂ ਵਿੱਚੋਂ ਸਭ ਤੋਂ ਛੋਟਾ ਅਤੇ ਨਿਮਾਣਾ ਹੈ। ਤੂੰ ਇੰਝ ਕਿਉਂ ਆਖ ਰਿਹਾ ਹੈ ਕਿ ਇਸਰਾਏਲੀ ਮੈਨੂੰ ਚਾਹੁੰਦੇ ਹਨ?”
22 ਤਦ ਸਮੂਏਲ ਨੇ ਸ਼ਾਊਲ ਅਤੇ ਉਸ ਦੇ ਸੇਵਕ ਨੂੰ ਲੰਗਰ ਖਾਣ ਵਾਲੀ ਥਾਂ ਉੱਤੇ ਲੈ ਆਂਦਾ। ਉੱਥੇ ਤੀਹ ਦੇ ਕਰੀਬ ਲੋਕਾਂ ਨੂੰ ਇਕੱਠਿਆਂ ਖਾਣ ਲਈ ਸੱਦਾ ਦਿੱਤਾ ਹੋਇਆ ਸੀ ਅਤੇ ਬਲੀ ਵਿੱਚ ਹਿੱਸਾ ਵੰਡਣ ਲਈ ਸਮੂਏਲ ਨੇ ਸ਼ਾਊਲ ਅਤੇ ਉਸ ਦੇ ਸੇਵਕ ਨੂੰ ਖਾਣ ਵਾਲੀ ਮੇਜ਼ ਦੀ ਸਭ ਤੋਂ ਅਹੁਦੇ ਵਾਲੀ ਥਾਂ ਉੱਤੇ ਬਿਠਾਇਆ। 23 ਸਮੂਏਲ ਨੇ ਲਾਂਗਰੀ ਨੂੰ ਕਿਹਾ, “ਉਹ ਮਾਸ ਦਾ ਟੁਕੜਾ, ਜੋ ਮੈਂ ਤੈਨੂੰ ਕਿਹਾ ਸੀ ਰੱਖ ਛੱਡੀ, ਉਹ ਲੈ ਆ।”
24 ਲਾਂਗਰੀ ਪੱਟ ਦਾ ਵੱਡਾ ਟੁਕੜਾ [d] ਲਿਆਇਆ ਅਤੇ ਮੇਜ਼ ਉੱਪਰ ਸ਼ਾਊਲ ਦੇ ਸਾਹਮਣੇ ਰੱਖ ਦਿੱਤਾ। ਸਮੂਏਲ ਨੇ ਆਖਿਆ, “ਜੋ ਮਾਸ ਦਾ ਟੁਕੜਾ ਤੇਰੇ ਸਾਹਮਣੇ ਧਰਿਆ ਹੈ ਉਹ ਖਾਉ। ਜਦੋਂ ਮੈਂ ਲੋਕਾਂ ਨੂੰ ਇਕੱਠਿਆਂ ਬੁਲਾਇਆ ਸੀ ਉਸ ਵਕਤ ਇਹ ਟੁਕੜਾ ਖਾਸ ਤੇਰੇ ਲਈ ਬਚਾਕੇ ਰੱਖਿਆ ਸੀ।” ਤਾਂ ਸ਼ਾਊਲ ਨੇ ਉਸ ਦਿਨ ਸਮੂਏਲ ਨਾਲ ਖਾਣਾ ਖਾਧਾ।
25 ਜਦੋਂ ਉਹ ਖਾਣਾ ਖਾ ਹਟੇ, ਉਹ ਪਵਿੱਤਰ ਸਥਾਨ ਤੋਂ ਹੇਠਾਂ ਆਏ ਅਤੇ ਵਾਪਸ ਸ਼ਹਿਰ ਨੂੰ ਪਰਤ ਗਏ। ਸਮੂਏਲ ਨੇ ਸ਼ਾਊਲ ਲਈ ਛੱਤ ਉੱਤੇ ਬਿਸਤਰਾ ਤਿਆਰ ਕੀਤਾ ਅਤੇ ਸ਼ਾਊਲ ਸੌਣ ਲਈ ਚੱਲਾ ਗਿਆ।
26 ਅਗਲੀ ਸਵੇਰ ਚੜ੍ਹਦੇ ਹੀ ਸਮੂਏਲ ਨੇ ਸ਼ਾਊਲ ਨੂੰ ਘਰ ਦੀ ਛੱਤ ਉੱਪਰ ਜ਼ੋਰ ਦੀ ਪੁਕਾਰਿਆ, “ਉੱਠੋ! ਤਾਂ ਜੋ ਮੈਂ ਤੈਨੂੰ ਤੇਰੇ ਰਾਹ ਨੂੰ ਤੋਂਰਾਂ।” ਸ਼ਾਊਲ ਉੱਠਿਆ ਅਤੇ ਸਮੂਏਲ ਦੇ ਨਾਲ ਘਰ ਤੋਂ ਬਾਹਰ ਨੂੰ ਤੁਰ ਪਿਆ।
27 ਸ਼ਾਊਲ, ਉਸਦਾ ਸੇਵਕ ਅਤੇ ਸਮੂਏਲ ਤਿੰਨੋ ਸ਼ਹਿਰ ਦੇ ਕੰਢੇ ਵੱਲ ਨੂੰ ਇਕੱਠੇ ਜਾਂਦੇ ਪਏ ਸਨ ਤਾਂ ਸਮੂਏਲ ਨੇ ਸ਼ਾਊਲ ਨੂੰ ਕਿਹਾ, “ਆਪਣੇ ਸੇਵਕ ਨੂੰ ਆਖ ਕਿ ਸਾਡੇ ਤੋਂ ਅੱਗੇ-ਅੱਗੇ ਹੋਕੇ ਤੁਰੇ ਕਿਉਂਕਿ ਮੈਂ ਤੈਨੂੰ ਪਰਮੇਸ਼ੁਰ ਦਾ ਸੰਦੇਸ਼ ਦੇਣਾ ਹੈ।” ਤਾਂ ਸੇਵਕ ਉਨ੍ਹਾਂ ਦੇ ਅੱਗੇ ਹੋ ਤੁਰਿਆ।
ਸਮੂਏਲ ਦਾ ਸ਼ਾਊਲ ਨੂੰ ਮਸਹ ਕਰਨਾ
10 ਸਮੂਏਲ ਨੇ ਖਾਸ ਤੇਲ ਦਾ ਇੱਕ ਕੁੱਪੀ ਲਿਆ ਅਤੇ ਉਸ ਨੂੰ ਸ਼ਾਊਲ ਦੇ ਸਿਰ ਵਿੱਚ ਪਾਇਆ। ਸਮੂਏਲ ਨੇ ਸ਼ਾਊਲ ਨੂੰ ਚੁੰਮਿਆ ਅਤੇ ਕਿਹਾ, “ਯਹੋਵਾਹ ਨੇ ਤੈਨੂੰ ਮਸਹ ਕੀਤਾ ਹੈ ਕਿ ਤੂੰ ਉਨ੍ਹਾਂ ਲੋਕਾਂ ਨੂੰ ਜੋ ਉਸ ਨਾਲ ਸੰਬੰਧਿਤ ਹਨ ਉਨ੍ਹਾਂ ਦਾ ਆਗੂ ਬਣੇ। ਤੂੰ ਯਹੋਵਾਹ ਦੇ ਲੋਕਾਂ ਉੱਤੇ ਨਿਯੰਤ੍ਰਣ ਕਰੇਂਗਾ। ਅਤੇ ਉਨ੍ਹਾਂ ਲੋਕਾਂ ਦੇ ਆਸ-ਪਾਸ ਜਿੰਨੇ ਵੀ ਵੈਰੀ ਹਨ ਉਨ੍ਹਾਂ ਤੋਂ ਤੂੰ ਉਨ੍ਹਾਂ ਦੀ ਰੱਖਿਆ ਕਰੇਂਗਾ। ਉਸ ਨੇ ਯਹੋਵਾਹ ਨੇ ਤੈਨੂੰ ਆਪਣੀ ਕੌਮ ਉੱਪਰ ਮਸਹ ਕੀਤਾ ਹੈ। ਇਹ ਇੱਕ ਨਿਸ਼ਾਨ ਹੈ ਜੋ ਇਸ ਗੱਲ ਨੂੰ ਸੱਚ ਸਾਬਿਤ ਕਰੇਗਾ। 2 ਅੱਜ ਜਦੋਂ ਤੂੰ ਮੈਨੂੰ ਛੱਡ ਕੇ ਜਾਵੇਂਗਾ ਤਾਂ ਤੈਨੂੰ ਰਾਖੇਲ ਦੀ ਸਮਾਧ ਦੇ ਕੋਲ ਬਿਨਯਾਮੀਨ ਦੀ ਹੱਦ ਵਿੱਚ ਸਲਸਹ ਦੇ ਕੋਲ ਦੋ ਆਦਮੀ ਮਿਲਣਗੇ। ਉਹ ਦੋ ਆਦਮੀ ਤੈਨੂੰ ਆਖਣਗੇ, ‘ਜਿਨ੍ਹਾਂ ਨੂੰ ਤੂੰ ਲੱਭਣ ਗਿਆ ਸੀ ਉਹ ਖੋਤੇ ਲੱਭ ਪਏ ਹਨ। ਹੁਣ ਤੇਰਾ ਪਿਉ ਖੋਤਿਆਂ ਵੱਲੋਂ ਨਿਸ਼ਚਿੰਤ ਹੋਕੇ ਤੁਹਾਡੇ ਲਈ ਚਿੰਤਾ ਕਰਦਾ ਹੈ ਅਤੇ ਆਖਦਾ ਹੈ ਕਿ, ਮੈਂ ਆਪਣੇ ਪੁੱਤਰ ਨੂੰ ਕਿੱਥੋਂ ਲੱਭਾਂ?’”
3 ਸਮੂਏਲ ਨੇ ਕਿਹਾ, “ਤਦ ਤੂੰ ਉੱਥੋਂ ਲੰਘੇਗਾ ਅਤੇ ਤਬੋਰ ਦੇ ਬਲੂਤ ਹੇਠਾਂ ਆਵੇਂਗਾ।” ਉੱਥੇ ਤੈਨੂੰ ਤਿੰਨ ਆਦਮੀ ਮਿਲਣਗੇ। ਉਹ ਤਿੰਨ ਆਦਮੀ ਪਰਮੇਸ਼ੁਰ ਦੇ ਅੱਗੇ ਬੈਤੇਲ ਵਿੱਚ ਉਪਾਸਨਾ ਕਰਨ ਜਾਂਦੇ ਹੋਣਗੇ। ਇੱਕ ਆਦਮੀ ਦੇ ਹੱਥ ਵਿੱਚ ਤਿੰਨ ਪਠੇਰੇ ਹੋਣਗੇ ਅਤੇ ਦੂਜੇ ਦੇ ਹੱਥ ਵਿੱਚ ਤਿੰਨ ਰੋਟੀਆਂ ਅਤੇ ਤੀਜੇ ਮਨੁੱਖ ਦੇ ਹੱਥ ਵਿੱਚ ਦਾਖ ਰਸ ਦੀ ਬੋਤਲ ਹੋਵੇਗੀ। 4 ਇਹ ਤਿੰਨੋ ਆਦਮੀ ਤੈਨੂੰ ਸੁੱਖ-ਸਾਂਦ ਪੁੱਛਣਗੇ ਅਤੇ ਉਹ ਤੈਨੂੰ ਦੋ ਰੋਟੀਆਂ ਦੇਣਗੇ, ਸੋ ਤੂੰ ਉਨ੍ਹਾਂ ਦੇ ਹੱਥੋਂ ਲੈ ਲਵੀਂ। 5 ਫ਼ਿਰ ਤੂੰ ਗਿਬਆਹ ਅਬੋਹੀਮ ਵੱਲ ਜਾਵੇਂਗਾ ਉੱਥੇ ਉਸ ਜਗ਼੍ਹਾ ਫ਼ਲਿਸਤੀਆਂ ਦਾ ਇੱਕ ਗੈਰਜ਼ੀਨ (ਸੈਨਾ-ਰੱਖਿਅਕ) ਹੈ। ਜਦੋਂ ਤੂੰ ਉੱਥੇ ਪਹੁੰਚੇਗਾ, ਅਨੇਕਾਂ ਨਬੀ ਉਪਾਸਨਾ ਦੇ ਸਥਾਨ ਤੋਂ ਹੇਠਾ ਆਉਣਗੇ। ਉਹ ਅਗੰਮੀ ਵਾਕ ਕਰ ਰਹੇ ਹੋਣਗੇ ਅਤੇ ਰਬਾਬ, ਖੰਜਰੀਆਂ, ਬੰਸਰੀਆਂ ਅਤੇ ਸਿਤਾਰਾਂ ਵਜਾ ਰਹੇ ਹੋਣਗੇ। 6 ਫ਼ੇਰ ਉਸੇ ਪਲ ਯਹੋਵਾਹ ਦਾ ਆਤਮਾ ਤੇਰੇ ਉੱਪਰ ਸ਼ਕਤੀਸ਼ਾਲੀ ਤਰੀਕੇ ਨਾਲ ਆਵੇਗਾ ਅਤੇ ਤੂੰ ਇੱਕ ਵੱਖਰਾ ਮਨੁੱਖ ਬਣ ਜਾਵੇਂਗਾ। ਤੂੰ ਬਾਕੀ ਨਬੀਆਂ ਵਾਂਗ ਭਵਿੱਖਬਾਣੀ ਕਰਨ ਲੱਗ ਪਵੇਂਗਾ। 7 ਇਹ ਵਾਪਰ ਜਾਣ ਤੋਂ ਬਾਦ, ਤੂੰ ਜੋ ਵੀ ਕੰਮ ਕਰਨ ਲਈ ਚੁਣੇ, ਕਰ ਸੱਕਦਾ ਹੈਂ ਕਿਉਂਕਿ ਉਸ ਵਕਤ ਪਰਮੇਸ਼ੁਰ ਤੇਰੇ ਵੱਲ ਹੋਵੇਗਾ।
8 “ਮੇਰੇ ਤੋਂ ਪਹਿਲਾਂ ਤੂੰ ਗਿਲਗਾਲ ਵੱਲ ਜਾ। ਉੱਥੇ ਫ਼ਿਰ ਮੈਂ ਤੇਰੇ ਕੋਲ ਆਵਾਂਗਾ ਅਤੇ ਮੈਂ ਉੱਥੇ ਹੋਮ ਦੀਆਂ ਭੇਟਾ ਅਤੇ ਸੁੱਖ-ਸਾਂਦ ਦੀਆਂ ਭੇਟਾ ਚੜ੍ਹਾਵਾਂਗਾ। ਪਰ ਤੈਨੂੰ ਉੱਥੇ ਸੱਤ ਦਿਨ ਇੰਤਜ਼ਾਰ ਕਰਨਾ ਪਵੇਗਾ ਜਦ ਤੱਕ ਕਿ ਮੈਂ ਤੇਰੇ ਕੋਲ ਨਾ ਪਹੁੰਚ ਜਾਵਾਂ ਤਦ ਮੈਂ ਤੇਰੇ ਕੋਲ ਆਕੇ ਤੈਨੂੰ ਦੱਸਾਂਗਾ ਕਿ ਤੈਨੂੰ ਕੀ ਕਰਨਾ ਫੋਵੇਗਾ।”
ਸ਼ਾਊਲ ਨਬੀਆਂ ਵਾਂਗ ਹੋ ਗਿਆ
9 ਜਿਉਂ ਹੀ ਜਾਣ ਵਾਸਤੇ ਸ਼ਾਊਲ ਨੇ ਸਮੂਏਲ ਵੱਲ ਪਿੱਠ ਭੁਆਈ ਤਾਂ ਪਰਮੇਸ਼ੁਰ ਨੇ ਉਸਦੀ ਜ਼ਿੰਦਗੀ ਦਾ ਰੁੱਖ ਹੀ ਮੋੜ ਦਿੱਤਾ ਅਤੇ ਉਹ ਸਭ ਨਿਸ਼ਾਨੀਆਂ ਉਸੇ ਦਿਨ ਹੋ ਗਈਆਂ। 10 ਸ਼ਾਊਲ ਅਤੇ ਉਸਦਾ ਸੇਵਕ ਗਿਬਆਹ ਪਰਬਤ ਵੱਲ ਮੁੜੇ। ਉੱਥੇ ਸ਼ਾਊਲ ਇੱਕ ਨਬੀਆਂ ਦੀ ਟੋਲੀ ਨੂੰ ਮਿਲਿਆ। ਪਰਮੇਸ਼ੁਰ ਦੇ ਆਤਮੇ ਨੇ ਸ਼ਾਊਲ ਅੰਦਰ ਬੜੇ ਜ਼ੋਰ ਦੀ ਪ੍ਰਵੇਸ਼ ਕੀਤਾ ਅਤੇ ਸ਼ਾਊਲ ਨੇ ਵੀ ਨਬੀਆਂ ਵਾਂਗ ਅਗੰਮੀ ਵਾਕ ਬੋਲਣੇ ਸ਼ੁਰੂ ਕਰ ਦਿੱਤੇ। 11 ਜਿਨ੍ਹਾਂ ਮਨੁੱਖਾਂ ਨੇ ਸ਼ਾਊਲ ਨੂੰ ਨਬੀਆਂ ਨਾਲ ਅਗੰਮੀ ਵਾਕ ਬੋਲਣ ਤੋਂ ਪਹਿਲਾਂ ਵੇਖਿਆ ਹੋਇਆ ਸੀ ਅਤੇ ਜਾਣਦੇ ਸਨ ਜਦ ਉਨ੍ਹਾਂ ਨੇ ਉਸ ਨੂੰ ਨਬੀਆਂ ਨਾਲ ਅਗੰਮੀ ਵਾਕ ਬੋਲਦੇ ਸੁਣਿਆ ਤਾਂ ਇੱਕ ਦੂਜੇ ਨੂੰ ਆਖਣ ਲੱਗੇ, “ਕੀਸ਼ ਦੇ ਪੁੱਤਰ ਨੂੰ ਕੀ ਹੋਇਆ ਹੈ? ਕੀ ਸ਼ਾਊਲ ਵੀ ਨਬੀਆਂ ਵਿੱਚੋਂ ਹੈ?”
12 ਇੱਕ ਮਨੁੱਖ ਜੋ ਗਿਬਆਹ ਦਾ ਨਿਵਾਸੀ ਸੀ ਉਸ ਨੇ ਕਿਹਾ, “ਹਾਂ! ਅਤੇ ਇਉਂ ਜਾਪਦਾ ਹੈ ਜਿਵੇਂ ਇਹ ਉਨ੍ਹਾਂ ਦਾ ਆਗੂ ਹੈ।” ਤਾਂ ਹੀ ਇਹ ਕਹਾਵਤ ਮਸ਼ਹੂਰ ਹੋ ਗਈ ਹੈ, ਕਿ “ਕੀ ਭਲਾ ਸ਼ਾਊਲ ਵੀ ਨਬੀਆਂ ਵਿੱਚੋਂ ਹੈ?”
ਸ਼ਾਊਲ ਦਾ ਘਰ ਨੂੰ ਪਰਤਨਾ
13 ਫ਼ਲਸਵਰੂਪ ਉਸ ਨੇ ਭਵਿੱਖਬਾਣੀ ਕਰਨੀ ਬੰਦ ਕਰ ਦਿੱਤੀ ਅਤੇ ਉਪਾਸਨਾ ਸਥਾਨ ਨੂੰ ਚੱਲਿਆ ਗਿਆ।
14 ਸ਼ਾਊਲ ਦੇ ਚਾਚੇ ਨੇਉਸ ਨੂੰ ਅਤੇ ਉਸ ਦੇ ਸੇਵਕ ਨੂੰ ਪੁੱਛਿਆ, “ਤੁਸੀਂ ਇੰਨੇ ਦਿਨਾਂ ਤੋਂ ਕਿੱਥੇ ਸੀ?”
ਸ਼ਾਊਲ ਨੇ ਆਖਿਆ, “ਅਸੀਂ ਖੋਤਿਆਂ ਨੂੰ ਲੱਭ ਰਹੇ ਸੀ, ਜਦੋਂ ਉਹ ਸਾਨੂੰ ਨਾ ਲੱਭੇ ਤਾਂ ਅਸੀਂ ਸਮੂਏਲ ਕੋਲ ਚੱਲੇ ਗਏ।”
15 ਸ਼ਾਊਲ ਦੇ ਚਾਚੇ ਨੇ ਸਾਨੂੰ ਕਿਹਾ, “ਕਿਰਪਾ ਕਰਕੇ ਮੈਨੂੰ ਦੱਸ ਕਿ ਤੈਨੂੰ ਸਮੂਏਲ ਨੇ ਕੀ ਕਿਹਾ ਹੈ?”
16 ਸ਼ਾਊਲ ਨੇ ਉੱਤਰ ਦਿੱਤਾ, “ਸਮੂਏਲ ਨੇ ਸਾਨੂੰ ਦੱਸਿਆ ਕਿ ਖੋਤੇ ਤਾਂ ਪਹਿਲਾਂ ਹੀ ਲੱਭ ਗਏ ਹਨ।” ਸ਼ਾਊਲ ਨੇ ਆਪਣੇ ਚਾਚੇ ਨੂੰ ਸਭ ਕੁਝ ਨਾ ਦੱਸਿਆ। ਸ਼ਾਊਲ ਨੇ ਉਸ ਨੂੰ ਉਹ ਗੱਲਾਂ ਵੀ ਨਾ ਦੱਸੀਆਂ ਜੋ ਸਮੂਏਲ ਨੇ ਰਾਜ ਬਾਰੇ ਕਰੀਆਂ ਸਨ।
ਸਮੂਏਲ ਦਾ ਸ਼ਾਊਲ ਨੂੰ ਪਾਤਸ਼ਾਹ ਘੋਸ਼ਿਤ ਕਰਨਾ
17 ਇਸਤੋਂ ਪਿੱਛੋਂ ਸਮੂਏਲ ਨੇ ਮਿਸਫ਼ਾਹ ਵਿੱਚ ਲੋਕਾਂ ਨੂੰ ਸਦ੍ਦਕੇ ਯਹੋਵਾਹ ਦੇ ਸਾਹਮਣੇ ਇਕੱਠਿਆਂ ਕੀਤਾ। 18 ਸਮੂਏਲ ਨੇ ਇਸਰਾਏਲੀਆਂ ਨੂੰ ਆਖਿਆ, “ਇਸਰਾਏਲ ਦਾ ਯਹੋਵਾਹ ਪਰਮੇਸ਼ੁਰ ਆਖਦਾ ਹੈ, ‘ਮੈਂ ਇਸਰਾਏਲ ਨੂੰ ਮਿਸਰ ਵਿੱਚੋਂ ਕੱਢ ਲਿਆਇਆ, ਮੈਂ ਤੁਹਾਨੂੰ ਮਿਸਰੀਆਂ ਕੋਲੋਂ ਬਚਾਇਆ ਅਤੇ ਉਨ੍ਹਾਂ ਸਭ ਰਾਜਾਂ-ਰਜਵਾੜਿਆਂ ਦੇ ਹੱਥੋਂ ਬਚਾਇਆ ਜਿਹੜੇ ਕਿ ਤੁਹਾਨੂੰ ਕਸ਼ਟ ਦਿੰਦੇ ਸਨ ਅਤੇ ਤੁਹਾਡੇ ਉੱਤੇ ਜ਼ੁਲਮ ਕਰਦੇ ਸਨ।’ 19 ਪਰ ਅੱਜ ਤੁਸੀਂ ਆਪਣੇ ਪਰਮੇਸ਼ੁਰ ਨੂੰ ਤਿਆਗ ਦਿੱਤਾ ਜਿਸਨੇ ਤੁਹਾਡੀਆਂ ਸਾਰੀਆਂ ਬੁਰਾਈਆਂ ਅਤੇ ਦੁੱਖਾਂ ਤੋਂ ਤੁਹਾਡਾ ਛੁਟਾਕਾਰਾ ਕੀਤਾ। ਪਰ ਤੁਸੀਂ ਕਿਹਾ, ‘ਸਾਡੇ ਲਈ ਨਵਾਂ ਪਾਤਸ਼ਾਹ ਠਹਿਰਾਵੋ ਜੋ ਸਾਡੇ ਉੱਤੇ ਰਾਜ ਕਰੇ।’ ਹੁਣ ਆਓ, ਆਪਣੇ ਪਰਿਵਾਰਾਂ ਅਤੇ ਪਰਿਵਾਰ-ਸਮੂਹਾਂ ਵਿੱਚ ਯਹੋਵਾਹ ਦੇ ਸਾਹਮਣੇ ਖਲੋਵੋ।”
20 ਤਾਂ ਸਮੂਏਲ ਨੇ ਇਸਰਾਏਲ ਦੇ ਸਾਰੇ ਪਰਿਵਾਰ-ਸਮੂਹਾਂ ਨੂੰ ਇੱਕਤਰ ਕੀਤਾ। ਤਦ ਸਮੂਏਲ ਨੇ ਨਵਾਂ ਪਾਤਸ਼ਾਹ ਚੁਨਣਾ ਸ਼ੁਰੂ ਕੀਤਾ। ਪਹਿਲਾਂ ਬਿਨਯਾਮੀਨ ਦਾ ਪਰਿਵਾਰ-ਸਮੂਹ ਸਭ ਤੋਂ ਪਹਿਲਾਂ ਚੁਣਿਆ ਗਿਆ। 21 ਤਾਂ ਸਮੂਏਲ ਨੇ ਬਿਨਯਾਮੀਨ ਦੇ ਪਰਿਵਾਰ-ਸਮੂਹ ਦੇ ਸਾਰੇ ਪਰਿਵਾਰਾਂ ਨੂੰ ਉਸ ਦੇ ਪਰਿਵਾਰਾਂ ਅਨੁਸਾਰ ਨੇੜੇ ਸੱਦਿਆ ਤਾਂ ਮਟਰੀ ਦੇ ਪਰਿਵਾਰ ਦਾ ਨਾਉਂ ਨਿਕਲਿਆ। ਫ਼ਿਰ ਸਮੂਏਲ ਨੇ ਸਾਰੇ ਮਟਰੀ ਦੇ ਪਰਿਵਾਰ ਦੇ ਮਨੁੱਖਾਂ ਨੂੰ ਸੱਦਿਆ, ਉੱਨ੍ਹਾਂ ਵਿੱਚੋਂ ਕੀਸ਼ ਦੇ ਪੁੱਤਰ ਸ਼ਾਊਲ ਦਾ ਨਾਉਂ ਨਿਕਲਿਆ ਅਤੇ ਉਹ ਚੁਣਿਆ ਗਿਆ।
ਪਰ ਜਦੋਂ ਲੋਕ ਸ਼ਾਊਲ ਨੂੰ ਲੱਭਣ ਲੱਗੇ ਤਾਂ ਉਹ ਕਿਤੇ ਵੀ ਨਾ ਲੱਭਿਆ। 22 ਤਾਂ ਉਨ੍ਹਾਂ ਨੇ ਯਹੋਵਾਹ ਨੂੰ ਪੁੱਛਿਆ, “ਕੀ ਸ਼ਾਊਲ ਅਜੇ ਤੀ ਇੱਥੇ ਨਹੀਂ ਆਇਆ?”
ਯਹੋਵਾਹ ਨੇ ਆਖਿਆ, “ਸ਼ਾਊਲ ਸਾਮਗਰੀ ਦੇ ਪਿੱਛੇ ਲੁਕ ਰਿਹਾ ਹੈ?”
23 ਲੋਕੀਂ ਗਏ ਅਤੇ ਉਸ ਨੂੰ ਭੱਜਕੇ ਉੱਥੋਂ ਲੈ ਆਏ ਅਤੇ ਜਦ ਉਹ ਲੋਕਾਂ ਦੇ ਵਿੱਚਕਾਰ ਖਲੋਤਾ ਤਾਂ ਉਹ ਸਾਰਿਆਂ ਵਿੱਚੋਂ ਸਿਰ ਕੱਢਦਾ ਸੀ।
24 ਸਮੂਏਲ ਨੇ ਸਭਨਾਂ ਨੂੰ ਕਿਹਾ, “ਵੇਖੋ! ਜਿਸ ਨੂੰ ਯਹੋਵਾਹ ਨੇ ਚੁਣਿਆ ਹੈ ਉਹ ਇਹ ਹੈ। ਲੋਕਾਂ ਵਿੱਚ ਸ਼ਾਊਲ ਵਰਗਾ ਕੋਈ ਹੋਰ ਦੂਜਾ ਮਨੁੱਖ ਨਹੀਂ ਹੈ।” ਤਦ ਸਭਨਾਂ ਲੋਕਾਂ ਨੇ ਜੈਕਾਰਾ ਬੁਲਾਕੇ ਆਖਿਆ, “ਪਾਤਸ਼ਾਹ ਜਿਉਂਦਾ ਰਹੇ।”
25 ਫ਼ੇਰ ਸਮੂਏਲ ਨੇ ਲੋਕਾਂ ਨੂੰ ਰਾਜ ਦੇ ਤੌਰ ਤਰੀਕੇ ਦੱਸੇ। ਉਸ ਨੇ ਇਹ ਨੇਮ ਇੱਕ ਪੁਸਤਕ ਵਿੱਚ ਲਿਖ ਦਿੱਤੇ ਅਤੇ ਇਹ ਪੋਥੀ ਯਹੋਵਾਹ ਦੇ ਅੱਗੇ ਰੱਖੀ ਅਤੇ ਸਮੂਏਲ ਨੇ ਫ਼ਿਰ ਲੋਕਾਂ ਨੂੰ ਘਰ ਵਾਪਸ ਜਾਣ ਲਈ ਕਿਹਾ।
26 ਸ਼ਾਊਲ ਵੀ ਗਿਬਆਹ ਵਿੱਚ ਆਪਣੇ ਘਰ ਪਰਤਿਆ। ਲੋਕਾਂ ਦੀ ਇੱਕ-ਇੱਕ ਟੋਲੀ ਦੇ ਮਨਾਂ ਨੂੰ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਉਕਸਾਇਆ ਸੀ ਉਹ ਸ਼ਾਊਲ ਦੇ ਪਿੱਛੇ ਹੋ ਤੁਰੇ। 27 ਪਰ ਕੁਝ ਫ਼ਸਾਦੀ ਲੋਕਾਂ ਨੇ ਕਿਹਾ, “ਇਹ ਆਦਮੀ ਸਾਨੂੰ ਕਿਵੇਂ ਬਚਾ ਸੱਕਦਾ?” ਉਨ੍ਹਾਂ ਨੇ ਸ਼ਾਊਲ ਦੀ ਨਿੰਦਿਆ ਕੀਤੀ ਅਤੇ ਉਸ ਨੂੰ ਤੋਹਫ਼ੇ ਦੇਣ ਤੋਂ ਇਨਕਾਰ ਕਰ ਦਿੱਤਾ। ਪਰ ਸ਼ਾਊਲ ਨੇ ਕੁਝ ਨਾ ਕਿਹਾ।
ਨਾਹਾਸ਼, ਅੰਮੋਨੀਆਂ ਦਾ ਰਾਜਾ
ਅੰਮੋਨ ਦਾ ਰਾਜਾ ਨਾਹਾਸ਼, ਗਾਦ ਅਤੇ ਰਊਬੇਨ ਦੇ ਪਰਿਵਾਰ-ਸਮੂਹਾਂ ਲਈ ਮੁਸੀਬਤਾਂ ਖੜੀਆਂ ਕਰ ਰਿਹਾ ਸੀ। ਨਾਹਾਸ਼ ਨੇ ਉਨ੍ਹਾਂ ਨੇ ਪਰਿਵਾਰ-ਸਮੂਹ ਦੇ ਹਰ ਆਦਮੀ ਦੀ ਸੱਜੀ ਅੱਖ ਬਾਹਰ ਕੱਢ ਦਿੱਤੀ ਅਤੇ ਉਸ ਨੇ ਯਰਦਨ ਦਰਿਆ ਦੇ ਪੂਰਬ ਵਾਲੇ ਪਾਸੇ ਰਹਿਣ ਵਾਲੇ ਹਰ ਇਸਰਾਏਲੀ ਆਦਮੀ ਦੀ ਸੱਜੀ ਅੱਖ ਬਾਹਰ ਕੱਢ ਦਿੱਤੀ। ਪਰ ਇਸਰਾਏਲ ਦੇ 7,000 ਆਦਮੀ ਅੰਮੋਨੀਆਂ ਕੋਲੋਂ ਬਚ ਗਏ ਅਤੇ ਯਾਬੇਸ਼ ਗਿਲਆਦ ਨੂੰ ਆ ਗਏ। [e]
11 ਤਕਰੀਬਨ ਇੱਕ ਮਹੀਨੇ ਬਾਦ, ਅੰਮੋਨੀਆਂ ਦਾ ਨਾਹਾਸ਼ ਰਾਜਾ ਅਤੇ ਉਸਦੀ ਸੈਨਾ ਨੇ ਯਾਬੇਸ਼-ਗਿਲਆਦ ਨੂੰ ਘੇਰ ਲਿਆ। ਯਾਬੇਸ਼ ਦੇ ਲੋਕਾਂ ਨੇ ਨਾਹਾਸ਼ ਨੂੰ ਕਿਹਾ, “ਜੇਕਰ ਤੂੰ ਸਾਡੇ ਨਾਲ ਸਮਝੌਤਾ ਕਰ ਲਵੇਂ ਤਾਂ ਅਸੀਂ ਤੇਰੀ ਟਹਿਲ ਕਰਾਂਗੇ।”
2 ਪਰ ਅੰਮੋਨੀ ਨਾਹਾਸ਼ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਇਸ ਗੱਲ ਉੱਪਰ ਮੈਂ ਤੁਹਾਡੇ ਨਾਲ ਸਮਝੌਤਾ ਕਰਾਂਗਾ ਜੇਕਰ ਮੈਂ ਤੁਹਾਡੇ ਸਭ ਆਦਮੀਆਂ ਦੀਆਂ ਸੱਜੀਆਂ ਅੱਖਾਂ ਕੱਢ ਸੁੱਟਾ ਅਤੇ ਇੰਝ ਮੈਂ ਇਹ ਬੇਪਤੀ ਸਾਰੇ ਇਸਰਾਏਲ ਦੇ ਉੱਤੇ ਠਹਿਰਾਵਾਂਗਾ।”
3 ਯਾਬੇਸ਼ ਦੇ ਆਗੂਆਂ ਨੇ ਨਾਹਾਸ਼ ਨੂੰ ਆਖਿਆ, “ਸਾਨੂੰ ਸੱਤ ਦਿਨਾਂ ਦੀ ਮੁਹਲਤ ਦੇ। ਅਸੀਂ ਸਾਰੇ ਇਸਰਾਏਲ ਵਿੱਚ ਹਲਕਾਰੇ ਭੇਜਾਂਗੇ। ਜੇਕਰ ਕੋਈ ਵੀ ਸਾਡੀ ਮਦਦ ਲਈ ਨਾ ਆਇਆ ਤਾਂ ਅਸੀਂ ਆਪਣੇ-ਆਪ ਤੈਨੂੰ ਆਪਣਾ-ਆਪ ਸਮਰਪਣ ਕਰ ਦੇਵਾਂਗੇ।”
ਸ਼ਾਊਲ ਦਾ ਯਾਬੇਸ਼-ਗਿਲਆਦ ਨੂੰ ਬਚਾਉਣਾ
4 ਤਦ ਗਿਬਆਹ ਵਿੱਚ ਜਿੱਥੇ ਸ਼ਾਊਲ ਰਹਿੰਦਾ ਸੀ ਹਲਕਾਰੇ ਆਏ ਉੱਥੇ ਆਕੇ ਉਨ੍ਹਾਂ ਨੇ ਲੋਕਾਂ ਨੂੰ ਇਹ ਖਬਰ ਦਿੱਤੀ ਤਾਂ ਲੋਕ ਜ਼ੋਰ-ਜ਼ੋਰ ਦੀ ਚੀਕਣ ਲੱਗੇ। 5 ਸ਼ਾਊਲ ਖੇਤਾਂ ਵਿੱਚ ਆਪਣੀਆਂ ਗਊਆਂ ਨੂੰ ਲੈ ਕੇ ਗਿਆ ਹੋਇਆ ਸੀ, ਜਦ ਉਹ ਪੈਲੀਆਂ ਤੋਂ ਬਾਹਰ ਘਰ ਨੂੰ ਮੁੜਿਆ ਤਾਂ ਰਾਹ ਵਿੱਚ ਉਸ ਨੇ ਲੋਕਾਂ ਨੂੰ ਰੋਂਦਿਆਂ ਕੁਰਲਾਉਂਦਿਆਂ ਵੇਖਿਆ ਤਾਂ ਉਸ ਨੇ ਪੁੱਛਿਆ, “ਤੁਹਾਨੂੰ ਕੀ ਹੋਇਆ ਹੈ? ਤੁਸੀਂ ਕਿਉਂ ਰੋ ਰਹੇ ਹੋ?”
ਤਦ ਲੋਕਾਂ ਨੇ ਉਸ ਨੂੰ ਦੱਸਿਆ ਕਿ ਯਾਬੇਸ਼ ਤੋਂ ਹਲਕਾਰੇ ਕੀ ਖਬਰ ਲੈ ਕੇ ਆਏ ਹਨ। 6 ਸ਼ਾਉਲ ਨੇ ਉਨ੍ਹਾਂ ਦੀ ਪੂਰੀ ਗੱਲ ਸੁਣੀ। ਤਦ ਪਰਮੇਸ਼ੁਰ ਦੇ ਆਤਮੇ ਨੇ ਬੜੇ ਜ਼ੋਰ ਨਾਲ ਸ਼ਾਊਲ ਵਿੱਚ ਪ੍ਰਵੇਸ਼ ਕੀਤਾ ਅਤੇ ਸ਼ਾਊਲ ਬੜੇ ਕਰੋਧ ਵਿੱਚ ਆ ਗਿਆ। 7 ਸ਼ਾਊਲ ਨੇ ਗਊਆਂ ਦਾ ਇੱਕ ਜੋੜਾ ਲਿਆ ਅਤੇ ਉਨ੍ਹਾਂ ਦੇ ਟੋਟੇ-ਟੋਟੇ ਕਰ ਦਿੱਤੇ। ਫ਼ਿਰ ਉਹ ਟੋਟੇ ਉਸ ਨੇ ਉਨ੍ਹਾਂ ਹਲਕਾਰਿਆਂ ਨੂੰ ਦਿੱਤੇ ਅਤੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਇਹ ਟੋਟੇ ਇਸਰਾਏਲ ਦੀਆਂ ਸਾਰੀਆਂ ਹੱਦਾਂ ਤੀਕ ਲੈ ਜਾਕੇ ਵੰਡ ਦੇਵੋ। ਅਤੇ ਉਨ੍ਹਾਂ ਨੂੰ ਕਿਹਾ ਕਿ ਜਾਕੇ ਇਸਰਾਏਲ ਦੇ ਲੋਕਾਂ ਨੂੰ ਇਹ ਸੁਨੇਹਾ ਦੇਵੋ ਕਿ, “ਜੇ ਕੋਈ ਸ਼ਾਊਲ ਅਤੇ ਸਮੂਏਲ ਦੇ ਮਗਰ ਨਾ ਆਵੇਗਾ ਤਾਂ ਉਨ੍ਹਾਂ ਦੀਆਂ ਗਊਆਂ ਨਾਲ ਵੀ ਅਇਹਾ ਸਲੂਕ ਹੀ ਕੀਤਾ ਜਾਏਗਾ।”
ਤਦ ਯਹੋਵਾਹ ਦਾ ਭੈਅ ਲੋਕਾਂ ਨੂੰ ਪੈ ਗਿਆ। ਉਹ ਸਾਰੇ ਇਕੱਠੇ ਅਤੇ ਇੱਕ ਹੋਕੇ ਉਸ ਕੋਲ ਆਏ। 8 ਸ਼ਾਊਲ ਨੇ ਸਾਰਿਆਂ ਆਦਮੀਆਂ ਨੂੰ ਬਜ਼ਕ ਵਿੱਚ ਇਕੱਠਿਆਂ ਕੀਤਾ। ਉੱਥੇ 3,00,000 ਆਦਮੀ ਇਸਰਾਏਲ ਤੋਂ ਅਤੇ 30,000 ਆਦਮੀ ਯਹੂਦਾਹ ਤੋਂ ਸਨ।
9 ਸ਼ਾਊਲ ਅਤੇ ਉਸਦੀ ਸੈਨਾ ਨੇ ਉਨ੍ਹਾਂ ਹਲਕਾਰਿਆਂ ਨੂੰ ਜੋ ਯਾਬੇਸ਼ ਤੋਂ ਆਏ ਸਨ, “ਤੁਸੀਂ ਯਾਬੇਸ਼-ਗਿਲਆਦ ਦੇ ਲੋਕਾਂ ਨੂੰ ਜਾਕੇ ਆਖ ਦਿਉ ਕਿ ਕੱਲ੍ਹ ਜਿਸ ਵੇਲੇ ਧੁੱਪ ਤੇਜ਼ ਹੋਵੇਗੀ ਤਾਂ ਉਸ ਵਕਤ ਤੱਕ ਤੁਹਾਨੂੰ ਛੁਟਕਾਰਾ ਮਿਲ ਜਾਵੇਗਾ।”
ਹਲਕਾਰਿਆਂ ਨੇ ਯਾਬੇਸ਼ ਦੇ ਲੋਕਾਂ ਨੂੰ ਜਾਕੇ ਸ਼ਾਊਲ ਦਾ ਸੁਨੇਹਾ ਦੇ ਦਿੱਤਾ। ਤਾਂ ਉਹ ਲੋਕ ਬੜੇ ਖੁਸ਼ ਹੋਏ। 10 ਤਾਂ ਯਾਬੇਸ਼ ਦੇ ਲੋਕਾਂ ਨੇ ਅੰਮੋਨੀਆਂ ਦੇ ਨਾਹਾਸ਼ ਨੂੰ ਕਿਹਾ, “ਕੱਲ੍ਹ ਅਸੀਂ ਤੇਰੇ ਕੋਲ ਆਵਾਂਗੇ ਤੂੰ ਜਿਵੇਂ ਚਾਹੇਂ ਸਾਡਾ ਜੋ ਕਰਨਾ ਚਾਹੇਂ ਕਰ ਲਵੀਂ।”
11 ਅਗਲੀ ਸਵੇਰ ਸ਼ਾਊਲ ਨੇ ਆਪਣੇ ਸਿਪਾਹੀਆਂ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ। ਸਵੇਰ ਦੇ ਪਹਿਲੇ ਪਹਿਰ ਹੀ ਸ਼ਾਊਲ ਆਪਣੇ ਸਿਪਾਹੀਆਂ ਨਾਲ ਅੰਮੋਨੀਆਂ ਦੇ ਡੇਰੇ ਆ ਵੜਿਆ। ਉਸ ਨੇ ਉਨ੍ਹਾਂ ਉੱਪਰ ਉਸ ਵਕਤ ਆਕੇ ਹਮਲਾ ਕੀਤਾ ਜਿਸ ਵੇਲੇ ਉਸ ਸਵੇਰ ਉਹ ਆਪਣੇ ਦਰਬਾਨ ਬਦਲ ਰਹੇ ਸਨ। ਦੁਪਿਹਰ ਤੋਂ ਪਹਿਲੇ-ਪਹਿਲੇ ਸ਼ਾਊਲ ਅਤੇ ਉਸ ਦੇ ਸਿਪਾਹੀਆਂ ਨੇ ਅੰਮੋਨੀਆਂ ਨੂੰ ਹਰਾ ਦਿੱਤਾ। ਅਤੇ ਅੰਮੋਨੀ ਸਿਪਾਹੀ ਸਾਰੇ ਇੱਧਰ-ਉੱਧਰ ਭੱਜ ਖਲੋਤੇ। ਸਭ ਇੱਕ ਦੂਜੇ ਤੋਂ ਖਿੰਡਰ ਗਏ, ਕੋਈ ਦੋ ਇਕੱਠੇ ਨਾ ਰਹੇ।
12 ਤਦ ਲੋਕਾਂ ਨੇ ਸਮੂਏਲ ਨੂੰ ਕਿਹਾ, “ਉਹ ਲੋਕ ਕਿੱਥੇ ਹਨ ਜਿਨ੍ਹਾਂ ਨੇ ਇਹ ਆਖਿਆ ਕਿ ਸ਼ਾਊਲ ਸਾਡਾ ਪਾਤਸ਼ਾਹ ਨਹੀਂ ਬਣੇਗਾ? ਉਨ੍ਹਾਂ ਲੋਕਾਂ ਨੂੰ ਇੱਥੇ ਲਿਆਵੋ, ਅਸੀਂ ਉਨ੍ਹਾਂ ਨੂੰ ਵੱਢ ਸੁੱਟਾਂਗੇ।”
13 ਪਰ ਸ਼ਾਊਲ ਨੇ ਕਿਹਾ, “ਨਹੀਂ! ਅੱਜ ਦੇ ਦਿਨ ਕਿਸੇ ਨੂੰ ਜਾਨੋ ਨਾ ਮਾਰੋ, ਕਿਉਂਕਿ ਅੱਜ ਦੇ ਦਿਨ ਯਹੋਵਾਹ ਨੇ ਇਸਰਾਏਲ ਦੇ ਲੋਕਾਂ ਨੂੰ ਬਚਾਇਆ ਹੈ।”
14 ਤਦ ਸਮੂਏਲ ਨੇ ਲੋਕਾਂ ਨੂੰ ਕਿਹਾ, “ਆਓ, ਆਪਾਂ ਗਿਲਗਾਲ ਨੂੰ ਚੱਲੀਏ। ਅਸੀਂ ਗਿਲਗਾਲ ਵਿਖੇ ਫ਼ਿਰ ਤੋਂ ਸ਼ਾਊਲ ਨੂੰ ਰਾਜਾ ਤਸਦੀਕ ਕਰਾਂਗੇ।”
15 ਫ਼ਿਰ ਸਾਰੇ ਲੋਕ ਗਿਲਗਾਲ ਨੂੰ ਗਏ। ਉੱਥੇ ਯਹੋਵਾਹ ਦੇ ਸਾਹਮਣੇ, ਲੋਕਾਂ ਨੇ ਸ਼ਾਊਲ ਨੂੰ ਪਾਤਸ਼ਾਹ ਠਹਿਰਾਇਆ। ਉਨ੍ਹਾਂ ਨੇ ਉੱਥੇ ਯਹੋਵਾਹ ਦੇ ਅੱਗੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਈਆਂ ਅਤੇ ਉੱਥੇ ਸ਼ਾਊਲ ਅਤੇ ਸਾਰੇ ਇਸਰਾਏਲੀ ਮਨੁੱਖਾਂ ਨੇ ਵੱਡੀ ਖੁਸ਼ੀ ਮਨਾਈ।
ਸਮੂਏਲ ਦਾ ਪਾਤਸ਼ਾਹ ਬਾਰੇ ਬੋਲਣਾ
12 ਸਮੂਏਲ ਨੇ ਸਾਰੇ ਇਸਰਾਏਲ ਦੇ ਲੋਕਾਂ ਨੂੰ ਕਿਹਾ, “ਮੈਂ ਉਹ ਸਭ ਕੁਝ ਕੀਤਾ ਹੈ ਜੋ ਤੁਸੀਂ ਲੋਕਾਂ ਨੇ ਮੇਰੇ ਕੋਲੋਂ ਚਾਹਿਆ। ਮੈਂ ਤੁਹਾਡੇ ਉੱਪਰ ਪਾਤਸ਼ਾਹ ਵੀ ਠਹਿਰਾ ਦਿੱਤਾ ਹੈ। 2 ਹੁਣ ਤੁਹਾਨੂੰ ਤੁਹਾਡੇ ਅੱਗੇ-ਅੱਗੇ ਤੁਰਨ ਲਈ ਪਾਤਸ਼ਾਹ ਵੀ ਦਿੱਤਾ ਹੈ। ਮੈਂ ਹੁਣ ਬੁੱਢਾ ਹੋ ਗਿਆ ਹਾਂ ਅਤੇ ਮੇਰੇ ਵਾਲ ਚਿੱਟੇ ਹੋ ਗਏ ਹਨ, ਪਰ ਮੇਰੇ ਪੁੱਤਰ ਤੁਹਾਡੇ ਨਾਲ ਹਨ। ਜਦ ਤੋਂ ਮੈਂ ਅਜੇ ਛੋਟਾ ਜਿਹਾ ਬਾਲਕ ਸੀ ਤਦ ਤੋਂ ਮੈਂ ਤੁਹਾਡਾ ਆਗੂ ਰਿਹਾ ਹਾਂ। 3 ਵੇਖੋ, ਮੈਂ ਹਾਜ਼ਰ ਹਾਂ। ਜੇਕਰ ਮੈਂ ਕੋਈ ਗਲਤੀ ਕੀਤੀ ਹੋਵੇ ਤਾਂ ਤੁਹਾਨੂੰ ਉਹ ਜ਼ਰੂਰ ਯਹੋਵਾਹ ਅਤੇ ਉਸ ਦੇ ਚੁਣੇ ਹੋਏ ਪਾਤਸ਼ਾਹ ਨੂੰ ਦੱਸਣੀ ਚਾਹੀਦੀ ਹੈ। ਕੀ ਮੈਂ ਕਿਸੇ ਦੀ ਗਊ ਚੁਰਾਈ ਜਾਂ ਕਿਸੇ ਦਾ ਖੋਤਾ ਚੁਰਾਇਆ? ਕੀ ਮੈਂ ਕਿਸੇ ਨੂੰ ਧੋਖਾ ਦਿੱਤਾ ਜਾਂ ਕਿਸੇ ਦਾ ਕੁਝ ਚੁਰਾਇਆ? ਕੀ ਮੈਂ ਆਪਣੀਆਂ ਅੱਖਾਂ ਅੰਨ੍ਹੀਆਂ ਕਰਨ ਲਈ ਕਣੇ ਦੀ ਵੱਢੀ ਲਿੱਤੀ ਤਾਂ ਜੋ ਕਿਸੇ ਹੋਰ ਦੁਆਰਾ ਕੀਤੇ ਅਪਰਾਧ ਨੂੰ ਅਣਦੇਖਿਆਂ ਕਰਾਂ। ਜੇਕਰ ਮੈਂ ਇਨ੍ਹਾਂ ਗੱਲਾਂ ਵਿੱਚੋਂ ਕੁਝ ਵੀ ਕੀਤਾ ਹੋਵੇ ਮੈਂ ਹਾਨੀ-ਪੂਰਤੀ ਕਰਾਂਗਾ।”
4 ਤਾਂ ਇਸਰਾਏਲੀਆਂ ਨੇ ਆਖਿਆ, “ਨਹੀਂ! ਤੂੰ ਸਾਡੇ ਨਾਲ ਕਦੇ ਵੀ ਬਦਸਲੂਕੀ ਨਹੀਂ ਕੀਤੀ ਨਾ ਹੀ ਕਦੇ ਤੂੰ ਸਾਨੂੰ ਧੋਖਾ ਦਿੱਤਾ ਅਤੇ ਨਾ ਹੀ ਕੋਈ ਕਦੇ ਵੱਢੀ ਲਿੱਤੀ ਹੈ।”
5 ਸਮੂਏਲ ਨੇ ਇਸਰਾਏਲੀਆਂ ਨੂੰ ਕਿਹਾ, “ਯਹੋਵਾਹ ਤੁਹਾਡੇ ਉੱਤੇ ਗਵਾਹ ਹੈ ਅਤੇ ਉਸਦਾ ਮਸਹ ਕੀਤਾ ਹੋਇਆ ਵੀ ਅੱਜ ਦੇ ਦਿਨ ਗਵਾਹ ਹੈ ਕਿ ਤੁਸੀਂ ਮੇਰੇ ਖਿਲਾਫ਼ ਮੇਰੇ ਵਿੱਚ ਕੁਝ ਨਹੀਂ ਲੱਭਿਆ।” ਲੋਕਾਂ ਨੇ ਆਖਿਆ, “ਹਾਂ ਯਹੋਵਾਹ ਗਵਾਹ ਹੈ।”
6 ਤਦ ਸਮੂਏਲ ਨੇ ਲੋਕਾਂ ਨੂੰ ਕਿਹਾ, “ਯਹੋਵਾਹ ਨੇ ਸਭ ਅੱਖੀਂ ਡਿੱਠਾ ਹੈ ਜੋ ਕੁਝ ਵੀ ਵਾਪਰਿਆ ਹੈ। ਇਹ ਯਹੋਵਾਹ ਹੀ ਹੈ ਜਿਸਨੇ ਮੂਸਾ ਅਤੇ ਹਾਰੂਨ ਨੂੰ ਠਹਿਰਾਇਆ ਅਤੇ ਇਹ ਵੀ ਯਹੋਵਾਹ ਹੀ ਹੈ ਜੋ ਤੁਹਾਡੇ ਪੁਰਖਿਆਂ ਨੂੰ ਮਿਸਰ ਵਿੱਚੋਂ ਕੱਢ ਕੇ ਲਿਆਇਆ। 7 ਹੁਣ ਤੁਸੀਂ ਚੁੱਪ ਕਰਕੇ ਖੜ੍ਹੇ ਹੋ ਜਾਉ ਤਾਂ ਜੋ ਮੈਂ ਉਹ ਸਭ ਗੱਲਾਂ ਤੁਹਾਨੂੰ ਦੱਸ ਸੱਕਾਂ ਜੋ ਯਹੋਵਾਹ ਨੇ ਤੁਹਾਡੇ ਲਈ ਅਤੇ ਤੁਹਾਡੇ ਪੁਰਖਿਆਂ ਲਈ ਕੀਤੀਆਂ।
8 “ਯਾਕੂਬ ਮਿਸਰ ਨੂੰ ਗਿਆ। ਬਾਦ ਵਿੱਚ ਮਿਸਰੀਆਂ ਨੇ ਉਸ ਦੇ ਉੱਤਰਾਧਿਕਾਰੀਆਂ ਲਈ ਜਿਉਣਾ ਮੁਸ਼ਕਿਲ ਕਰ ਦਿੱਤਾ। ਇਸ ਲਈ ਉਨ੍ਹਾਂ ਨੇ ਯਹੋਵਾਹ ਅੱਗੇ ਮਦਦ ਲਈ ਪੁਕਾਰ ਕੀਤੀ ਅਤੇ ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਤੁਹਾਡੇ ਪੁਰਖਿਆਂ ਦੀ ਮਿਸਰ ਵਿੱਚੋਂ ਬਾਹਰ ਕੱਢਣ ਲਈ ਅਗਵਾਈ ਕਰਨ ਲਈ ਭੇਜਿਆ ਅਤੇ ਯਹੋਵਾਹ ਨੇ ਉਨ੍ਹਾਂ ਨੂੰ ਇਸ ਜਗ਼੍ਹਾ ਉੱਤੇ ਰਹਿਣ ਦਿੱਤਾ।
9 “ਪਰ ਤੁਹਾਡੇ ਪੁਰਖੇ ਯਹੋਵਾਹ ਆਪਣੇ ਪਰਮੇਸ਼ੁਰ ਦੀ ਕਰਨੀ ਨੂੰ ਭੁੱਲ ਗਏ। ਇਸ ਲਈ ਯਹੋਵਾਹ ਨੇ ਉਨ੍ਹਾਂ ਨੂੰ ਸੀਸਰਾ ਦਾ ਗੁਲਾਮ ਬਣਾ ਦਿੱਤਾ। ਹਸੋਰ ਦੇਸ਼ ਦੀ ਸੈਨਾ ਦਾ ਸੀਸਰਾ ਸੈਨਾਪਤੀ ਸੀ। ਫ਼ਿਰ ਯਹੋਵਾਹ ਨੇ ਉਨ੍ਹਾਂ ਨੂੰ ਫ਼ਲਿਸਤੀਆਂ ਦੇ ਹੱਥ ਅਤੇ ਮੋਆਬ ਦੇ ਹੱਥ ਵੇਚ ਦਿੱਤਾ। ਉਹ ਸਭ ਤੁਹਾਡੇ ਪੁਰਖਿਆਂ ਦੇ ਖਿਲਾਫ਼ ਲੜੇ। 10 ਫ਼ਿਰ ਤੁਹਾਡੇ ਪੁਰਖਿਆਂ ਨੇ ਯਹੋਵਾਹ ਅੱਗੇ ਪੁਕਾਰ ਕੀਤੀ। ਉਨ੍ਹਾਂ ਕਿਹਾ, ‘ਅਸੀਂ ਪਾਪੀ ਹਾਂ। ਅਸੀਂ ਯਹੋਵਾਹ ਨੂੰ ਛੱਡ ਕੇ ਬਆਲੀਮ ਅਤੇ ਅਸ਼ਤਾਰੋਥ ਵਰਗੇ ਝੂਠੇ ਦੇਵੀ ਦੇਵਤਿਆਂ ਨੂੰ ਪੂਜਦੇ ਰਹੇ। ਪਰ ਜੇ ਤੂੰ ਹੁਣ ਸਾਨੂੰ ਸਾਡੇ ਵੈਰੀਆਂ ਦੇ ਹੱਥੋਂ ਛੁਡਾਵੇ ਤਾਂ ਅਸੀਂ ਹੁਣ ਤੇਰੀ ਹੀ ਉਪਾਸਨਾ ਕਰਾਂਗੇ।’
11 “ਫ਼ਿਰ ਯਹੋਵਾਹ ਨੇ ਯਰੁੱਬਆਲ, ਬਦਾਨ ਯਿਫ਼ਤਾਹ ਅਤੇ ਸਮੂਏਲ ਨੂੰ ਭੇਜਿਆ ਅਤੇ ਤੁਹਾਡੇ ਚਾਰੋ ਤਰਫ਼ ਜਿਹੜੇ ਤੁਹਾਡੇ ਦੁਸ਼ਮਣ ਸਨ ਉਨ੍ਹਾਂ ਤੋਂ ਨਿਜਾਤ ਦਿਵਾਈ। ਤਾਂ ਫ਼ਿਰ ਤੁਸੀਂ ਸੁੱਖ ਨਾਲ ਵਸ ਗਏ। 12 ਪਰ ਜਦੋਂ ਤੁਸੀਂ ਵੇਖਿਆ ਕਿ ਅੰਮੋਨੀਆਂ ਦਾ ਪਾਤਸ਼ਾਹ ਨਾਹਾਸ਼ ਤੁਹਾਡੇ ਵਿਰੁੱਧ ਲੜਨ ਆ ਰਿਹਾ ਹੈ ਤਾਂ ਤੁਸੀਂ ਕਿਹਾ, ‘ਨਹੀਂ! ਸਾਨੂੰ ਇੱਕ ਪਾਤਸ਼ਾਹ ਚਾਹੀਦਾ ਹੈ’ ਜੋ ਸਾਡੇ ਉੱਤੇ ਰਾਜ ਕਰੇ। ਤੁਸੀਂ ਇਹ ਕਿਹਾ ਜਦ ਕਿ ਤੁਹਾਡੇ ਉੱਪਰ ਯਹੋਵਾਹ ਤੁਹਾਡਾ ਪਰਮੇਸ਼ੁਰ ਹੀ ਪਾਤਸ਼ਾਹ ਸੀ! 13 ਹੁਣ ਵੇਖੋ! ਇਹ ਹੈ ਤੁਹਾਡਾ ਪਾਤਸ਼ਾਹ ਜੋ ਕਿ ਤੁਸੀਂ ਚੁਣਿਆ। ਯਹੋਵਾਹ ਨੇ ਇਸ ਪਾਤਸ਼ਾਹ ਨੂੰ ਤੁਹਾਡੇ ਉੱਪਰ ਠਹਿਰਾਇਆ ਹੈ। 14 ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਇਸਦਾ ਕਹਿਣਾ ਮੰਨੋ ਅਤੇ ਇਸਦਾ ਆਦਰ ਕਰੋ। ਤੁਹਾਨੂੰ ਉਸਦੀ ਟਹਿਲ ਸੇਵਾ ਕਰਨੀ ਚਾਹੀਦੀ ਹੈ ਅਤੇ ਹੁਕਮ ਦਾ ਪਾਲਣ ਕਰਨਾ ਚਾਹੀਦਾ ਹੈ। ਤੁਹਾਨੂੰ ਉਸ ਦੇ ਖਿਲਾਫ਼ ਨਹੀਂ ਹੋਣਾ ਚਾਹੀਦਾ। ਤੁਸੀਂ ਅਤੇ ਤੁਹਾਡੇ ਪਾਤਸ਼ਾਹ ਨੂੰ ਜੋ ਤੁਹਾਡੇ ਉੱਪਰ ਰਾਜ ਕਰੇ ਯਹੋਆਹ ਤੁਹਾਡੇ ਪਰਮੇਸ਼ੁਰ ਨੂੰ ਹਮੇਸ਼ਾ ਚੇਤੇ ਰੱਖਣਾ ਚਾਹੀਦਾ ਹੈ ਅਤੇ ਉਸਦਾ ਕਹਿਣਾ ਮੰਨਣਾ ਚਾਹੀਦਾ ਹੈ। 15 ਪਰ ਜੇ ਤੁਸੀਂ ਯਹੋਵਾਹ ਤੋਂ ਨਾ ਡਰੇ ਰਹੋ ਅਤੇ ਉਸਦਾ ਆਦਰ ਨਾ ਕੀਤਾ ਅਤੇ ਉਸ ਦੇ ਖਿਲਾਫ਼ ਹੋ ਗਏ ਤਾਂ ਉਹ ਤੁਹਾਡੇ ਵਿਰੁੱਧ ਹੋ ਜਾਵੇਗਾ ਤਾਂ ਫ਼ਿਰ ਯਹੋਵਾਹ ਤੁਹਾਨੂੰ ਅਤੇ ਤੁਹਾਡੇ ਪਾਤਸ਼ਾਹ ਨੂੰ ਵੀ ਨਾਸ਼ ਕਰ ਦੇਵੇਗਾ।
16 “ਹੁਣ ਤੁਸੀਂ ਚੁੱਪ-ਚਾਪ ਖੜ੍ਹੇ ਹੋ ਜਾਓ ਅਤੇ ਵੇਖੋ ਤੁਹਾਡੀਆਂ ਅੱਖਾਂ ਸਾਹਮਣੇ ਯਹੋਵਾਹ ਕੀ ਨਜ਼ਾਰਾ ਵਿਖਾਉਂਦਾ ਹੈ। 17 ਇਹ ਕਣਕ ਵੱਢਣ ਦਾ ਸਮਾਂ ਹੈ। ਮੈਂ ਯਹੋਵਾਹ ਅੱਗੇ ਪ੍ਰਾਰਥਨਾ ਕਰਾਂਗਾ। ਮੈਂ ਉਸ ਨੂੰ ਗਰਜਣ ਅਤੇ ਮੀਂਹ ਪਾਉਣ ਲਈ ਬੇਨਤੀ ਕਰਾਂਗਾ, ਇਸ ਲਈ ਤਾਂ ਜੋ ਤੁਹਾਨੂੰ ਪਤਾ ਲੱਗੇ ਕਿ ਤੁਸੀਂ ਯਹੋਵਾਹ ਕੋਲੋਂ ਪਾਤਸ਼ਾਹ ਮੰਗਣ ਦੀ ਇੱਕ ਵੱਡੀ ਗਲਤੀ ਕੀਤੀ ਹੈ।”
18 ਇਸ ਉਪਰੰਤ ਸਮੂਏਲ ਨੇ ਯਹੋਵਾਹ ਨੂੰ ਪੁਕਾਰਿਆ। ਉਸੇ ਦਿਨ ਯਹੋਵਾਹ ਨੇ ਗਰਜ ਅਤੇ ਮੀਂਹ ਪਾ ਦਿੱਤਾ। ਤਦ ਲੋਕ ਯਹੋਵਾਹ ਅਤੇ ਸਮੂਏਲ ਕੋਲੋਂ ਬੜਾ ਡਰ ਗਏ। 19 ਸਭ ਲੋਕਾਂ ਨੇ ਸਮੂਏਲ ਨੂੰ ਕਿਹਾ, “ਆਪਣੇ ਦਾਸਾਂ ਦੇ ਲਈ ਯਹੋਵਾਹ ਆਪਣੇ ਪਰਮੇਸ਼ੁਰ ਅੱਗੇ ਬੇਨਤੀ ਕਰ ਕਿ ਸਾਨੂੰ ਮਰਨ ਤੋਂ ਬਚਾਵੇ। ਅਸੀਂ ਬੜੇ ਪਾਪ ਕੀਤੇ ਹਨ ਅਤੇ ਬਾਰ-ਬਾਰ ਕੀਤੇ ਹਨ ਅਤੇ ਜਦੋਂ ਅਸੀਂ ਹੁਣ ਨਵੇਂ ਪਾਤਸ਼ਾਹ ਦੀ ਮੰਗ ਕੀਤੀ, ਉਨ੍ਹਾਂ ਪਾਪਾਂ ਵਿੱਚ ਇੱਕ ਹੋਰ ਇਜ਼ਾਫ਼ਾ ਕੀਤਾ ਹੈ।”
20 ਤਦ ਸਮੂਏਲ ਨੇ ਲੋਕਾਂ ਨੂੰ ਆਖਿਆ, “ਘਬਰਾਓ ਨਾ! ਇਹ ਸੱਚ ਹੈ ਕਿ ਤੁਸੀਂ ਬਹੁਤ ਸਾਰੇ ਮਾੜੇ ਕੰਮ ਕੀਤੇ ਪਰ ਯਹੋਵਾਹ ਨੂੰ ਮੰਨਣਾ ਨਾ ਛੱਡੋ। ਤੁਸੀਂ ਪੂਰੇ ਮਨ ਨਾਲ ਯਹੋਵਾਹ ਦੀ ਸੇਵਾ ਕਰੋ। 21 ਬੁੱਤ ਤਾਂ ਸਿਰਫ਼ ਪੱਥਰ ਹਨ ਦੇਵਤੇ ਨਹੀਂ। ਉਹ ਤੁਹਾਡਾ ਕੁਝ ਨਹੀਂ ਸੁਆਰ ਸੱਕਦੇ। ਇਸ ਲਈ ਉਨ੍ਹਾਂ ਦੀ ਉਪਾਸਨਾ ਵਿਅਰਥ ਹੈ। ਬੁੱਤ ਨਾ ਤੁਹਾਡੀ ਮਦਦ ਕਰ ਸੱਕਦੇ ਹਨ ਨਾ ਤੁਹਾਨੂੰ ਬਚਾ ਸੱਕਦੇ ਹਨ। ਉਹ ਕੁਝ ਵੀ ਨਹੀਂ ਹਨ।
22 “ਪਰ ਯਹੋਵਾਹ ਆਪਣੇ ਲੋਕਾਂ ਨੂੰ ਛੱਡੇਗਾ ਨਹੀਂ। ਸਗੋਂ ਯਹੋਵਾਹ ਤਾਂ ਤੁਹਾਨੂੰ ਆਪਣੀ ਪਰਜਾ ਬਣਾਕੇ ਖੁਸ਼ ਹੈ ਸੋ ਉਹ ਆਪਣੇ ਵੱਡੇ ਨਾਮ ਕਾਰਣ ਆਪਣੇ ਲੋਕਾਂ ਦਾ ਤਿਆਗ ਨਹੀਂ ਕਰੇਗਾ। 23 ਅਤੇ ਜਿੱਥੇ ਤੱਕ ਮੇਰਾ ਤਾਲੁਕ ਹੈ ਮੈਂ ਤੁਹਾਡੇ ਲਈ ਪ੍ਰਾਰਥਨਾ ਕਰਨੀ ਨਾ ਛੱਡਾਂਗਾ। ਜੇਕਰ ਮੈਂ ਤੁਹਾਡੇ ਲਈ ਬੇਨਤੀ ਕਰਨੀ ਛੱਡ ਦੇਵਾਂ ਇਸਦਾ ਮਤਲਬ ਹੋਵੇਗਾ ਕਿ ਮੈਂ ਯਹੋਵਾਹ ਦੇ ਵਿਰੁੱਧ ਪਾਪ ਕਰ ਰਿਹਾ ਹਾਂ। ਮੈਂ ਤੁਹਾਨੂੰ ਹਮੇਸ਼ਾ ਚੰਗਾ ਜੀਵਨ ਜਿਉਣ ਦੀ ਸੇਧ ਦਿੰਦਾ ਰਹਾਂਗਾ। 24 ਪਰ ਤੁਸੀਂ ਯਹੋਵਾਹ ਨੂੰ ਮਾਨ ਜ਼ਰੂਰ ਦੇਣਾ। ਤੁਸੀਂ ਆਪਣੇ ਪੂਰੇ ਮਨ ਨਾਲ ਉਸਦੀ ਭਗਤੀ ਕਰੋ। ਹਮੇਸ਼ਾ ਤੁਹਾਡੇ ਨਾਲ ਕੀਤੀਆਂ ਉਸ ਦੀਆਂ ਨੇਕਨਾਮੀਆਂ ਨੂੰ ਯਾਦ ਰੱਖੋ। 25 ਪਰ ਜੇ ਤੁਸੀਂ ਢੀਠ ਬਣੇ ਰਹੇ ਅਤੇ ਅੱਗੇ ਤੋਂ ਫ਼ਿਰ ਪਾਪ ਕੀਤੇ ਤਾਂ ਫ਼ਿਰ ਪਰਮੇਸ਼ੁਰ ਤੁਹਾਨੂੰ ਅਤੇ ਤੁਹਾਡੇ ਪਾਤਸ਼ਾਹ ਨੂੰ ਬਾਹਰ ਕੱਢ ਸੁੱਟੇਗਾ ਉਵੇਂ ਹੀ ਜਿਵੇਂ ਝਾੜੂ ਨਾਲ ਮਿੱਟੀ-ਘੱਟੇ ਨੂੰ।”
ਸ਼ਾਊਲ ਦੀ ਪਹਿਲੀ ਗਲਤੀ
13 ਉਸ ਵਕਤ ਸ਼ਾਊਲ ਇੱਕ ਸਾਲ ਤੱਕ ਪਾਤਸ਼ਾਹ ਰਿਹਾ। ਜਦੋਂ ਸ਼ਾਊਲ ਦੋ ਵਰ੍ਹੇ ਇਸਰਾਏਲ ਉੱਤੇ ਰਾਜ ਕਰ ਚੁੱਕਾ। 2 ਉਸ ਨੇ ਇਸਰਾਏਲ ਵਿੱਚੋਂ 30,000 ਆਦਮੀ ਚੁਣੇ। ਇਨ੍ਹਾਂ ਵਿੱਚੋਂ 2,000 ਆਦਮੀ ਉਸ ਦੇ ਨਾਮ ਮਿਕਮਾਸ਼ ਅਤੇ ਬੈਤੇਲ ਦੇ ਪਹਾੜੀ ਦੇਸ਼ ਵਿੱਚ ਰਹੇ ਅਤੇ 1,000 ਆਦਮੀ ਯੋਨਾਥਨ ਦੇ ਨਾਲ ਬਿਨਯਾਮੀਨ ਦੇ ਗਿਬਆਹ ਵਿੱਚ ਰਹੇ।
3 ਯੋਨਾਥਾਨ ਨੇ ਫ਼ਲਿਸਤੀਆਂ ਨੂੰ ਜੋ ਗਿਬਆਹ ਵਿੱਚ ਸਨ ਨੂੰ ਹਰਾਇਆ। ਜਦੋਂ ਫ਼ਲਿਸਤੀਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਕਿਹਾ, “ਇਬਰਾਨੀਆਂ ਨੇ ਧਰੋਹ ਕੀਤਾ ਹੈ।”
ਸ਼ਾਊਲ ਨੇ ਆਖਿਆ, “ਸਾਰੇ ਇਬਰਾਨੀ ਸੁਣ ਲੈਣ ਕਿ ਕੀ ਵਾਪਰਿਆ ਹੈ।” ਇਸ ਵਾਸਤੇ ਸ਼ਾਊਲ ਨੇ ਸਾਰੇ ਇਸਰਾਏਲ ਵਿੱਚ ਤੂਰ੍ਹੀ ਫ਼ੁੰਕਵਾਈ। 4 ਸਾਰੇ ਇਸਰਾਏਲੀਆਂ ਨੇ ਇਹ ਖਬਰ ਸੁਣੀ ਤਾਂ ਉਨ੍ਹਾਂ ਕਿਹਾ, “ਸ਼ਾਊਲ ਨੇ ਫ਼ਲਿਸਤੀਆਂ ਨੇ ਗੈਰੀਜ਼ਨ ਨੂੰ ਹਰਾਇਆ ਸੀ। ਹੁਣ ਫ਼ਲਿਸਤੀ ਸੱਚਮੁੱਚ ਹੀ ਇਸਰਾਏਲੀਆਂ ਨਾਲ ਨਫ਼ਰਤ ਕਰਨਗੇ।”
ਸਾਰੇ ਇਸਰਾਏਲੀਆਂ ਨੂੰ ਸ਼ਾਊਲ ਦੇ ਨਾਲ ਜੁੜਨ ਲਈ ਗਿਲਗਾਲ ਵਿੱਚ ਬੁਲਾਇਆ ਗਿਆ ਸੀ। 5 ਫ਼ਲਿਸਤੀ ਇਸਰਾਏਲ ਦੇ ਵਿਰੁੱਧ ਲੜਨ ਲਈ ਇਕੱਠੇ ਹੋ ਗਏ। ਉਨ੍ਹਾਂ ਕੋਲ 3,000 ਰੱਥ ਅਤੇ 6,000 ਘੁੜ-ਸਿਪਾਹੀ ਸਨ। ਉਹ ਫ਼ਲਿਸਤੀ ਸਿਪਾਹੀ ਇੰਨੇ ਜ਼ਿਆਦਾ ਸਨ ਜਿਵੇਂ ਸਮੁੰਦਰ ਕਿਨਾਰੇ ਰੇਤ ਦੇ ਕਣ ਹੋਣ। ਉਨ੍ਹਾਂ ਨੇ ਮਿਕਮਾਸ਼ ਵਿੱਚ ਡੇਰਾ ਲਾਇਆ। (ਮਿਕਮਾਸ਼ ਬੈਤਆਵਨ ਦੇ ਪੂਰਬ ਵੱਲ ਹੈ।)
6 ਇਸਰਾਏਲੀਆਂ ਨੂੰ ਲੱਗਾ ਕਿ ਉਹ ਮੂਸੀਬਤ ਵਿੱਚ ਹਨ। ਉਨ੍ਹਾਂ ਨੇ ਆਪਣੇ-ਆਪ ਨੂੰ ਫ਼ਸੇ ਹੋਏ ਮਹਿਸੂਸ ਕੀਤਾ ਇਸ ਲਈ ਉਹ ਖੁੰਦਰਾਂ, ਝਾੜੀਆਂ ਅਤੇ ਗੁਫ਼ਾਵਾਂ ਵਿੱਚ ਪਹਾੜਾ ਦੇ ਇੱਧਰ-ਉੱਧਰ ਅਹੁਲਿਆਂ ਵਿੱਚ ਆਪਣੇ-ਆਪ ਨੂੰ ਬਚਾਉਣ ਲਈ ਲੁਕਣ ਲੱਗੇ। ਸਗੋਂ ਉਹ ਜ਼ਮੀਨ ਉੱਤੇ ਵੀ ਉਸਤੋਂ ਥੱਲੇ ਗੜ੍ਹਿਆਂ ’ਚ ਖੂਹਾਂ ਵਿੱਚ ਟੋਇਆਂ ਆਦਿ ਵਿੱਚ ਲੁਕ ਗਏ। 7 ਕਈ ਇਬਰਾਨੀ ਯਰਦਨ ਦਰਿਆ ਤੋਂ ਪਾਰ ਗਾਦ ਅਤੇ ਗਿਲਆਦ ਦੇਸ਼ ਨੂੰ ਚੱਲੇ ਗਏ। ਸ਼ਾਊਲ ਅਜੇ ਵੀ ਗਿਲਗਾਲ ਵਿੱਚ ਹੀ ਸੀ। ਉਸ ਦੀ ਫ਼ੌਜ ਦੇ ਸਾਰੇ ਆਦਮੀ ਡਰ ਨਾਲ ਕੰਬ ਰਹੇ ਸਨ।
8 ਸਮੂਏਲ ਨੇ ਕਿਹਾ ਸੀ ਕਿ ਉਹ ਸ਼ਾਊਲ ਨੂੰ ਗਿਲਗਾਲ ਵਿੱਚ ਮਿਲੇਗਾ। ਸ਼ਾਊਲ ਸੱਤ ਦਿਨ ਤੱਕ ਉਡੀਕਦਾ ਰਿਹਾ ਪਰ ਸਮੂਏਲ ਅਜੇ ਤੀਕ ਗਿਲਗਾਲ ਵਿੱਚ ਨਹੀਂ ਸੀ ਪਹੁੰਚਿਆ ਅਤੇ ਸਿਪਾਹੀ ਸ਼ਾਊਲ ਨੂੰ ਛੱਡ ਕੇ ਭੱਜਣੇ ਸ਼ੁਰੂ ਹੋ ਗਏ। 9 ਤਾਂ ਸ਼ਾਊਲ ਨੇ ਕਿਹਾ, “ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਮੇਰੇ ਕੋਲ ਲੈ ਕੇ ਆਵੋ।” ਤਾਂ ਸ਼ਾਊਲ ਨੇ ਹੋਮ ਦੀਆਂ ਭੇਟਾਂ ਚੜ੍ਹਾਈਆਂ। 10 ਜਿਵੇਂ ਹੀ ਸ਼ਾਊਲ ਨੇ ਹੋਮ ਦੀ ਭੇਟ ਚੜ੍ਹਾਈ ਤਾਂ ਸਮੂਏਲ ਵੀ ਆ ਗਿਆ ਤਾਂ ਸ਼ਾਊਲ ਉਸ ਨੂੰ ਮਿਲਣ ਲਈ ਉਸਦੀ ਸੁੱਖ-ਸਾਂਦ ਪੁੱਛਣ ਲਈ ਉੱਠਿਆ।
11 ਸਮੂਏਲ ਨੇ ਆਖਿਆ, “ਇਹ ਤੂੰ ਕੀ ਕੀਤਾ?”
ਸ਼ਾਊਲ ਨੇ ਕਿਹਾ, “ਮੈਂ ਵੇਖਿਆ ਕਿ ਸਿਪਾਹੀ ਮੈਨੂੰ ਛੱਡ ਕੇ ਭੱਜ ਗਏ ਹਨ, ਤੂੰ ਸਮੇਂ ਸਿਰ ਪਹੁੰਚਿਆ ਨਹੀਂ ਅਤੇ ਫ਼ਲਿਸਤੀ ਮਿਕਮਾਸ਼ ਵਿੱਚ ਇਕੱਠੇ ਹੋ ਗਏ ਹਨ ਤਾਂ 12 ਮੈਂ ਆਪਣੇ-ਆਪ ’ਚ ਸੋਚਿਆ ਕਿ, ‘ਫ਼ਲਿਸਤੀ ਇੱਥੇ ਗਿਲਗਾਲ ਵਿੱਚ ਆਉਣਗੇ ਅਤੇ ਮੇਰੇ ਉੱਪਰ ਹਮਲਾ ਕਰ ਦੇਣਗੇ ਅਤੇ ਮੈਂ ਅਜੇ ਤੀਕ ਯਹੋਵਾਹ ਅੱਗੇ ਕਿਰਪਾ ਲਈ ਬੇਨਤੀ ਵੀ ਨਹੀਂ ਕੀਤੀ, ਇਸ ਲਈ ਮੈਂ ਮਜ਼ਬੂਰ ਹੋਕੇ ਹੋਮ ਦੀ ਭੇਟ ਚੜ੍ਹਾਈ।’” [f]
13 ਸਮੂਏਲ ਨੇ ਕਿਹਾ, “ਤੂੰ ਬੜੀ ਮੂਰੱਖਤਾਈ ਕੀਤੀ ਹੈ। ਤੂੰ ਯਹੋਵਾਹ ਆਪਣੇ ਪਰਮੇਸ਼ੁਰ ਦੀ ਆਗਿਆ ਨਹੀਂ ਮੰਨੀ। ਜੇਕਰ ਤੂੰ ਪਰਮੇਸ਼ੁਰ ਦੇ ਹੁਕਮ ਨੂੰ ਮੰਨਿਆ ਹੁੰਦਾ ਤਾਂ ਉਸ ਨੇ ਤੇਰੇ ਪਰਿਵਾਰ ਨੂੰ ਹਮੇਸ਼ਾ ਲਈ ਇਸਰਾਏਲ ਦੇ ਲੋਕਾਂ ਉੱਪਰ ਰਾਜ ਬਖਸ਼ ਦੇਣਾ ਸੀ। 14 ਪਰ ਹੁਣ ਤੇਰਾ ਰਾਜ ਨਾ ਠਹਿਰੇਗਾ। ਯਹੋਵਾਹ ਇੱਕ ਅਜਿਹਾ ਮਨੁੱਖ ਭਾਲ ਰਿਹਾ ਸੀ ਜਿਹੜਾ ਉਸਦਾ ਹੁਕਮ ਮੰਨਣਾ ਚਾਹੁੰਦਾ ਹੋਵੇ। ਯਹੋਵਾਹ ਨੇ ਉਹ ਮਨੁੱਖ ਭਾਲ ਲਿਆ ਹੈ ਅਤੇ ਯਹੋਵਾਹ ਨੇ ਉਸ ਨੂੰ ਆਪਣੇ ਲੋਕਾਂ ਦੇ ਆਗੂ ਵਜੋਂ ਚੁਣ ਲਿਆ ਹੈ। ਤੁਸੀਂ ਯਹੋਵਾਹ ਦੇ ਨੇਮਾਂ ਦਾ ਹੁਕਮ ਨਹੀਂ ਮੰਨਿਆ ਇਸ ਲਈ ਉਸ ਨੇ ਨਵਾਂ ਆਗੂ ਚੁਣ ਲਿਆ ਹੈ।” 15 ਇਸਤੋਂ ਬਾਦ ਸਮੂਏਲ ਉੱਠਿਆ ਅਤੇ ਗਿਲਗਾਲ ਨੂੰ ਛੱਡ ਕੇ ਉੱਥੋਂ ਚੱਲਾ ਗਿਆ।
ਮਿਕਮਾਸ਼ ਵਿੱਚ ਲੜਾਈ
ਸ਼ਾਊਲ ਅਤੇ ਉਸਦੀ ਬਾਕੀ ਸੈਨਾ ਨੇ ਗਿਲਗਾਲ ਨੂੰ ਛੱਡਿਆ ਅਤੇ ਬਿਨਯਾਮੀਨ ਦੇ ਸ਼ਹਿਰ ਗਿਬਆਹ ਨੂੰ ਚੱਲ ਪਿਆ। ਸ਼ਾਊਲ ਜਿੰਨੀ ਉਸ ਕੋਲ ਫ਼ੌਜ ਬਚੀ ਸੀ ਉਸਦੀ ਗਿਣਤੀ ਕਰ ਰਿਹਾ ਸੀ। ਹੁਣ ਉਸ ਕੋਲ ਕੇਵਲ 600 ਆਦਮੀ ਰਹਿ ਗਏ ਸਨ। 16 ਸ਼ਾਊਲ, ਉਸਦਾ ਪੁੱਤਰ ਯੋਨਾਥਾਨ ਅਤੇ ਬਾਕੀ ਦੇ ਉਨ੍ਹਾਂ ਦੇ ਨਾਲ ਦੇ ਸਿਪਾਹੀ ਬਿਨਯਾਮੀਨ ਵਿੱਚ ਗਿਬਆਹ ਨੂੰ ਮੁੜੇ।
ਫ਼ਲਿਸਤੀਆਂ ਨੇ ਮਿਕਮਾਸ਼ ਵਿੱਚ ਡੇਰਾ ਲਾਇਆ ਹੋਇਆ ਸੀ। 17 ਫ਼ਲਿਸਤੀਆਂ ਨੇ ਉਸ ਇਲਾਕੇ ਵਿੱਚ ਰਹਿੰਦੇ ਇਸਰਾਏਲੀਆਂ ਨੂੰ ਸਜ਼ਾ ਦੇਣ ਦਾ ਨਿਸ਼ਚਾ ਕਰ ਲਿਆ, ਇਸ ਲਈ ਸਵਾਰ ਫ਼ਲਿਸਤੀਆਂ ਦੇ ਡੇਰੇ ਤੋਂ ਤੁਰ ਪਏ ਅਤੇ ਉਹ ਤਿੰਨਾਂ ਦਸਤਿਆਂ ਵਿੱਚ ਵੰਡੇ ਗਏ। ਇੱਕ ਦਸਤਾ ਸ਼ੁਆਲ ਖੇਤਰ ਵਿੱਚ ਉਫ਼ਰਾਹ ਨੂੰ ਜਾਂਦੇ ਰਾਹ ਵੱਲ ਨੂੰ ਚੱਲਿਆ ਗਿਆ। 18 ਦੂਜੀ ਟੋਲੀ ਬੈ-ਹੋਰੋਨ ਦੇ ਰਸਤੇ ਆਈ ਅਤੇ ਤੀਜੀ ਟੋਲੀ ਉਸ ਰਾਹ ਦੇ ਕੰਢੇ ਵੱਲ ਗਈ ਜੋ ਪੂਰਬੀ ਦਿਸ਼ਾ ਵੱਲ ਜਾਂਦਾ ਸੀ ਅਤੇ ਜੋ ਸਬੋਈਮ ਦੀ ਖੱਡ ਉੱਪਰ ਉਜਾੜ ਦੇ ਪਾਸੇ ਸੀ।
19 ਉਸ ਵੇਲੇ ਇਸਰਾਏਲ ਦੇ ਸਾਰੇ ਦੇਸ਼ ਵਿੱਚ ਇੱਕ ਵੀ ਬੰਦਾ ਲੁਹਾਰ ਦਾ ਕੰਮ ਨਹੀਂ ਸੀ ਜਾਣਦਾ ਕਿਉਂਕਿ ਫ਼ਲਿਸਤੀਆਂ ਨੇ ਆਖਿਆ ਸੀ ਕਿ ਅਜਿਹਾ ਨਾ ਹੋਵੇ ਕਿ ਇਬਰਾਨੀ ਲੋਕ ਤਲਵਾਰਾਂ ਅਤੇ ਬਰਛੇ ਆਪਣੇ ਲਈ ਬਨਾਉਣ ਲੱਗ ਪੈਣ। 20 ਸਗੋਂ ਸਾਰੇ ਇਸਰਾਏਲੀ ਫ਼ਲਿਸਤੀਆਂ ਕੋਲ ਆਪਣੇ ਹੱਲ, ਫ਼ਾਲੇ, ਕਹੀ ਅਤੇ ਕੁਹਾੜਾ ਅਤੇ ਦਾਤੀ ਆਦਿ ਤਿੱਖੇ ਕਰਵਾਉਣ ਲਈ ਲੈ ਕੇ ਜਾਂਦੇ ਸਨ। 21 ਅਤੇ ਫ਼ਲਿਸਤੀ ਲੁਹਾਰ ਇਸਰਾਏਲੀਆਂ ਦੇ ਹੱਲ ਅਤੇ ਫ਼ਾਉੜਾ ਤਿੱਖੇ ਕਰਨ ਲਈ ਉਨ੍ਹਾਂ ਪਾਸੋਂ ਚਾਂਦੀ ਦਾ 1/3 ਔਂਸ ਲੈਂਦੇ ਸਨ ਅਤੇ ਕੰਧਾਲੀ, ਪਰਾਇਣ, ਆਰਾ ਆਦਿ ਤਿੱਖਾ ਕਰਨ ਲਈ ਚਾਂਦੀ ਦਾ 1/3 ਸ਼ੈਕਲ ਲੈਂਦੇ ਸਨ। 22 ਇੰਝ ਹੋਇਆ ਕਿ ਲੜਾਈ ਦੇ ਦਿਨ ਉਨ੍ਹਾਂ ਲੋਕਾਂ ਦੇ ਵਿੱਚੋਂ ਜੋ ਸ਼ਾਊਲ ਅਤੇ ਯੋਨਾਥਾਨ ਦੇ ਨਾਲ ਸਨ ਕਿਸੇ ਦੇ ਵੀ ਹੱਥ ਵਿੱਚ ਇੱਕ ਵੀ ਤਲਵਾਰ ਜਾਂ ਬਰਛੀ ਨਹੀਂ ਸੀ ਸਿਰਫ਼ ਇਹ ਔਜ਼ਾਰ ਸ਼ਾਊਲ ਅਤੇ ਉਸ ਦੇ ਪੁੱਤਰ ਯੋਨਾਥਾਨ ਕੋਲ ਸਨ।
23 ਫ਼ਲਿਸਤੀ ਸਿਪਾਹੀਆਂ ਦਾ ਦਸਤਾ ਮਿਕਮਾਸ਼ ਦੇ ਪਹਾੜੀ ਇਲਾਕੇ ਉੱਤੇ ਚੌਕਸ ਸੀ।
ਫ਼ਲਿਸਤੀਆਂ ਉੱਤੇ ਯੋਨਾਥਾਨ ਦਾ ਹਮਲਾ
14 ਉਸ ਦਿਨ ਸ਼ਾਊਲ ਦਾ ਪੁੱਤਰ ਯੋਨਾਥਾਨ ਉਸ ਨੌਜੁਆਨ ਨਾਲ ਗੱਲ ਕਰ ਰਿਹਾ ਸੀ ਜਿਸਨੇ ਉਸ ਦੇ ਸ਼ਸਤਰ ਚੁੱਕੇ ਹੋਏ ਸਨ। ਯੋਨਾਥਾਨ ਨੇ ਉਸ ਨੂੰ ਕਿਹਾ, “ਚੱਲ ਵਾਦੀ ਦੇ ਪਰਲੇ ਪਾਸੇ ਫ਼ਲਿਸਤੀਆਂ ਦੇ ਡੇਰੇ ਵੱਲ ਚੱਲੀਏ।” ਪਰ ਯੋਨਾਥਾਨ ਨੇ ਆਪਣੇ ਪਿਉ ਨੂੰ ਨਾ ਦੱਸਿਆ।
2 ਸ਼ਾਊਲ ਪਹਾੜੀ ਕਿਨਾਰੇ ਮਿਗਰੋਨ ਵਿੱਚ ਇੱਕ ਅਨਾਰ ਦੇ ਬਿਰਛ ਹੇਠ ਬੈਠਾ ਹੋਇਆ ਸੀ। ਇਹ ਜਗ਼੍ਹਾ ਕਣਕ ਛਟ੍ਟਣ ਵਾਲੀ ਥਾਂ ਦੇ ਨੇੜੇ ਹੀ ਸੀ ਅਤੇ ਸ਼ਾਊਲ ਦੇ ਨਾਲ ਇਸ ਵਕਤ ਕੋਈ ਛੇ ਸੌ ਸਿਪਾਹੀ ਸਨ। 3 ਇੱਕ ਮਨੁੱਖ ਸੀ ਜਿਸਦਾ ਨਾਮ ਆਹੀਯਾਹ ਸੀ ਅਤੇ ਸ਼ੀਲੋਹ ਵਿੱਚ ਏਲੀ ਯਹੋਵਾਹ ਦਾ ਜਾਜਕ ਠਹਿਰਾਇਆ ਗਿਆ ਸੀ ਅਤੇ ਹੁਣ ਉੱਥੇ ਆਹੀਯਾਹ ਜਾਜਕ ਸੀ। ਅਤੇ ਏਫ਼ੋਦ ਹੁਣ ਉਹ ਪਾਉਂਦਾ ਸੀ। ਆਹੀਯਾਹ ਅਹਿਦੂਬ ਦਾ ਪੁੱਤਰ ਸੀ ਜੋ ਕਿ ਈਕਾਬੋਦ ਦਾ ਭਰਾ ਸੀ। ਈਕਾਬੋਦ ਫ਼ੀਨਹਾਸ ਦਾ ਪੁੱਤਰ ਸੀ, ਅਤੇ ਫ਼ੀਨਹਾਸ ਏਲੀ ਦਾ ਪੁੱਤਰ ਸੀ।
ਅਤੇ ਲੋਕਾਂ ਨੂੰ ਇਹ ਨਹੀਂ ਸੀ ਪਤਾ ਕਿ ਯੋਨਾਥਾਨ ਚੱਲਾ ਗਿਆ ਹੈ। 4 ਉਸ ਰਾਹ ਦੇ ਦੋਨੋਂ ਪਾਸੇ ਵੱਡੀਆਂ ਉੱਚੀਆਂ ਚੱਟਾਨਾਂ ਸਨ। ਯੋਨਾਥਾਨ ਨੇ ਉਸ ਰਾਹ ਵੱਲੋਂ ਫ਼ਲਿਸਤੀਆਂ ਦੇ ਡੇਰੇ ਉੱਤੇ ਜਾਣ ਦੀ ਸੋਚੀ। ਉਸ ਰਾਹ ਦੀ ਇੱਕ ਪਹਾੜੀ ਚੱਟਾਨ ਦਾ ਨਾਮ ਬੋਸੇਸ ਸੀ ਅਤੇ ਦੂਜੀ ਦਾ ਨਾਉਂ ਸਨਹ ਸੀ। 5 ਇੱਕ ਵੱਡੀ ਚੱਟਾਨੀ ਪਹਾੜੀ ਦਾ ਮੂੰਹ ਮਿਕਮਾਸ਼ ਦੇ ਉੱਤਰ ਵੱਲ ਸੀ ਅਤੇ ਦੂਜੀ ਵੱਡੀ ਚੱਟਾਨ ਦਾ ਮੂੰਹ ਗਾਬਾ ਦੇ ਦੱਖਣ ਵੱਲ ਸੀ।
6 ਯੋਨਾਥਾਨ ਨੇ ਆਪਣੇ ਨੌਜੁਆਨ ਮਦਦਗਾਰ ਨੇ ਜਿਸਨੇ ਉਸ ਦੇ ਸ਼ਸਤਰ ਚੁੱਕੇ ਹੋਏ ਸਨ ਕਿਹਾ, “ਚੱਲ ਅਸੀਂ ਉਨ੍ਹਾਂ ਅਸੁੰਨਤੀਆਂ ਦੇ ਡੇਰੇ ਵੱਲ ਚੱਲੀਏ। ਕੀ ਪਤਾ ਯਹੋਵਾਹ ਉਨ੍ਹਾਂ ਲੋਕਾਂ ਨੂੰ ਹਰਾਉਣ ਵਿੱਚ ਸਾਡੀ ਮਦਦ ਕਰੇ। ਯਹੋਵਾਹ ਨੂੰ ਕੋਈ ਨਹੀਂ ਰੋਕ ਸੱਕਦਾ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਸਾਡੇ ਕੋਲ ਥੋੜੇ ਸਿਪਾਹੀ ਹਨ ਜਾਂ ਬਹੁਤੇ, ਯਹੋਵਾਹ ਜੋ ਚਾਹੇ ਕਰ ਸੱਕਦਾ ਹੈ।”
7 ਉਸ ਨੌਜੁਆਨ ਨੇ ਜਿਸਨੇ ਯੋਨਾਥਾਨ ਦੇ ਸ਼ਸਤਰ ਚੁੱਕੇ ਹੋਏ ਸਨ ਉਸ ਨੂੰ ਕਿਹਾ, “ਤੈਨੂੰ ਜੋ ਠੀਕ ਲੱਗਦਾ ਹੈ ਸੋ ਕਰ, ਮੈਂ ਹਰ ਮੋੜ ਤੇ ਤੇਰੇ ਨਾਲ ਹਾਂ।”
8 ਯੋਨਾਥਾਨ ਨੇ ਕਿਹਾ, “ਚੱਲ ਚੱਲੀਏ! ਅਸੀਂ ਇਹ ਵਾਦੀ ਪਾਰ ਕਰਕੇ ਉਨ੍ਹਾਂ ਫ਼ਲਿਸਤੀ ਦਰਬਾਨਾ ਵੱਲ ਜਾਵਾਂਗੇ ਤਾਂ ਜੋ ਉਹ ਸਾਨੂੰ ਵੇਖ ਲੈਣ। 9 ਜੇਕਰ ਉਹ ਸਾਨੂੰ ਆਖਣ, ‘ਜਦ ਤੱਕ ਅਸੀਂ ਤੁਹਾਡੇ ਕੋਲ ਨਾ ਆਈਏ’, ਤੁਸੀਂ ਰੁਕੇ ਰਹੋ ਤਾਂ ਅਸੀਂ ਜਿੱਥੇ ਹੋਵਾਂਗੇ ਉੱਥੇ ਹੀ ਰੁਕ ਜਾਵਾਂਗੇ। ਅਸੀਂ ਉਨ੍ਹਾਂ ਤੱਕ ਨਾ ਜਾਵਾਂਗੇ। 10 ਜੇਕਰ ਉਨ੍ਹਾਂ ਫ਼ਲਿਸਤੀ ਆਦਮੀਆਂ ਨੇ ਕਿਹਾ, ‘ਤੁਸੀਂ ਚੜ੍ਹ ਆਉ’ ਤਾਂ ਅਸੀਂ ਉਨ੍ਹਾਂ ਉੱਤੇ ਚੜ੍ਹਾਈ ਕਰ ਦੇਵਾਂਗੇ। ਕਿਉਂਕਿ ਤਾਂ ਫ਼ਿਰ ਇਹ ਪਰਮੇਸ਼ੁਰ ਵੱਲੋਂ ਨਿਸ਼ਾਨ ਹੋਵੇਗਾ। ਤਾਂ ਇਸਦਾ ਇਹ ਮਤਲਬ ਹੋਵੇਗਾ ਕਿ ਯਹੋਵਾਹ ਨੇ ਸਾਨੂੰ ਉਨ੍ਹਾਂ ਨੂੰ ਹਰਾਉਣ ਦੀ ਆਗਿਆ ਦਿੱਤੀ ਹੈ।”
11 ਤਾਂ ਯੋਨਾਥਾਨ ਅਤੇ ਉਸ ਦੇ ਸਹਾਇਕ ਨੇ ਆਪਣੇ-ਆਪ ਨੂੰ ਫ਼ਲਿਸਤੀਆਂ ਦੇ ਸਾਹਮਣੇ ਪਰਗਟ ਹੋਣ ਦਿੱਤਾ। ਫ਼ਲਿਸਤੀਆਂ ਦੇ ਦਰਬਾਨਾ ਨੇ ਕਿਹਾ, “ਵੇਖੋ, ਇਬਰਾਨੀ ਉਨ੍ਹਾਂ ਗੁਫ਼ਾਵਾਂ ਵਿੱਚੋਂ ਨਿਕਲੇ ਆ ਰਹੇ ਹਨ ਜਿਨ੍ਹਾਂ ਵਿੱਚ ਉਹ ਲੁਕੇ ਹੋਏ ਸਨ।” 12 ਫ਼ਲਿਸਤੀਆਂ ਨੇ ਆਪਣੇ ਡੇਰੇ ਵਿੱਚੋਂ ਯੋਨਾਥਾਨ ਅਤੇ ਉਸ ਦੇ ਸਹਾਇਕ ਨੂੰ ਲਲਕਾਰਿਆ, “ਸਾਡੇ ਵੱਲ ਆਉ ਤਾਂ ਅਸੀਂ ਤੁਹਾਨੂੰ ਸਬਕ ਦੇਵਾਂਗੇ।”
ਯੋਨਾਥਾਨ ਨੇ ਆਪਣੇ ਸਹਾਇਕ ਨੂੰ ਕਿਹਾ, “ਪਹਾੜੀ ਵੱਲ ਮੇਰੇ ਪਿੱਛੇ-ਪਿੱਛੇ ਤੁਰਿਆ ਆ ਕਿਉਂਕਿ ਯਹੋਵਾਹ ਨੇ ਫ਼ਲਿਸਤੀਆਂ ਨੂੰ ਇਸਰਾਏਲ ਦੇ ਵੱਸ ਪਾ ਦਿੱਤਾ ਹੈ।”
13-14 ਤਾਂ ਯੋਨਾਥਾਨ ਆਪਣੇ ਹੱਥਾਂ ਅਤੇ ਪੈਰਾਂ ਦੇ ਸਹਾਰੇ ਉਸ ਪਹਾੜ ਉੱਤੇ ਚੜ੍ਹਿਆ ਅਤੇ ਉਸਦਾ ਸਹਾਇਕ ਉਸ ਦੇ ਪਿੱਛੇ-ਪਿੱਛੇ ਤੁਰਿਆ ਆ ਰਿਹਾ ਸੀ ਤਾਂ ਉਨ੍ਹਾਂ ਦੋਨਾ ਨੇ ਜਾ ਫ਼ਲਿਸਤੀਆਂ ਉੱਤੇ ਹਮਲਾ ਕੀਤਾ। ਉਨ੍ਹਾਂ ਨੇ ਅੱਧੀ ਬੀਘਾ ਪੈਲੀ ਵਿੱਚ ਪਹਿਲੇ ਹੀ ਹਮਲੇ ਵਿੱਚ 20ਕੁ ਫ਼ਲਿਸਤੀਆਂ ਨੂੰ ਮਾਰ ਸੁੱਟਿਆ। ਜਿਨ੍ਹਾਂ ਫ਼ੌਜੀਆਂ ਨੇ ਡੇਰੇ ਤੋਂ ਉਸ ਵੱਲ ਹਮਲਾ ਕੀਤਾ ਯੋਨਾਥਾਨ ਨੇ ਉਨ੍ਹਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਅਤੇ ਯੋਨਾਥਾਨ ਦੇ ਸਹਾਇਕ ਨੇ ਉਸ ਦੇ ਪਿੱਛੇ-ਪਿੱਛੇ ਜਿਹੜੇ ਬੰਦੇ ਉਸ ਨੇ ਜ਼ਖਮੀ ਕੀਤੇ ਸਨ ਉਨ੍ਹਾਂ ਨੂੰ ਵੀ ਮਾਰ ਸੁੱਟਿਆ।
15 ਸਾਰੇ ਫ਼ਲਿਸਤੀ ਸਿਪਾਹੀ ਘਬਰਾ ਗਏ। ਕੀ ਪੈਲੀ ਵਿੱਚ ਖਲੋਤੇ ਸਿਪਾਹੀ ਅਤੇ ਕੀ ਡੇਰੇ ਵਿੱਚ ਅਤੇ ਕਿਲ੍ਹੇ ਵਿੱਚ ਤਣੇ ਸਿਪਾਹੀ ਸਾਰੇ ਹੀ ਡਰ ਗਏ। ਇਉਂ ਲੱਗਿਆ ਜਿਵੇਂ ਧਰਤੀ ਨੂੰ ਕੰਬਣੀ ਆ ਰਹੀ ਹੋਵੇ ਅਤੇ ਇਸ ਨਜ਼ਾਰੇ ਨੇ ਫ਼ਲਿਸਤੀ ਸਿਪਾਹਿਆਂ ਨੂੰ ਸੱਚਮੁੱਚ ਹੀ ਡਰਾਕੇ ਰੱਖ ਦਿੱਤਾ।
16 ਸ਼ਾਊਲ ਦੇ ਦਰਬਾਨਾ ਨੇ ਜੋ ਬਿਨਯਾਮੀਨ ਦੇ ਗਿਬਆਹ ਵਿੱਚ ਸਨ ਫ਼ਲਿਸਤੀ ਸਿਪਾਹੀਆਂ ਨੂੰ ਇੱਧਰ-ਉੱਧਰ ਭੱਜਦੇ ਵੇਖਿਆ। 17 ਤਾਂ ਸ਼ਾਊਲ ਨੇ ਜੋ ਸੈਨਾ ਉਸ ਦੇ ਨਾਲ ਸੀ ਉਸ ਨੂੰ ਕਿਹਾ, “ਗਿਣਤੀ ਕਰੋ ਅਤੇ ਗਿਣਕੇ ਮੈਨੂੰ ਦੱਸੋ ਕਿ ਸਾਡੇ ਵਿੱਚੋਂ ਕੌਣ ਭੱਜਿਆ ਹੈ?”
ਉਨ੍ਹਾਂ ਬੰਦਿਆਂ ਦੀ ਗਿਣਤੀ ਕੀਤੀ ਤਾਂ ਉਨ੍ਹਾਂ ਵਿੱਚੋਂ ਯੋਨਾਥਾਨ ਅਤੇ ਉਸਦਾ ਸਹਾਇਕ ਨਾ ਲੱਭੇ।
18 ਸ਼ਾਊਲ ਨੇ ਆਹੀਯਾਹ ਨੂੰ ਆਖਿਆ, “ਪਰਮੇਸ਼ੁਰ ਦਾ ਪਵਿੱਤਰ ਸੰਦੂਕ ਇੱਥੇ ਲੈ ਆਉ” (ਉਸ ਵਕਤ ਪਰਮੇਸ਼ੁਰ ਦਾ ਪਵਿੱਤਰ ਸੰਦੂਕ ਇਸਰਾਏਲੀਆਂ ਕੋਲ ਸੀ।) 19 ਸ਼ਾਊਲ ਆਹੀਯਾਹ ਜਾਜਕ ਨੂੰ ਆਖ ਰਿਹਾ ਸੀ ਤਾਂ ਸ਼ਾਊਲ ਪਰਮੇਸ਼ੁਰ ਵੱਲੋਂ ਸਿੱਖਿਆ ਦੀ ਉਡੀਕ ਕਰ ਰਿਹਾ ਸੀ। ਪਰ ਫ਼ਲਿਸਤੀ ਡੇਰੇ ਵਿੱਚ ਖੱਪ ਅਤੇ ਰੌਲਾ ਵੱਧਦਾ ਜਾ ਰਿਹਾ ਸੀ। ਸ਼ਾਊਲ ਬੇਸਬਰਾ ਹੁੰਦਾ ਜਾ ਰਿਹਾ ਸੀ। ਅਖੀਰ ਸ਼ਾਊਲ ਨੇ ਆਹੀਯਾਹ ਜਾਜਕ ਨੂੰ ਕਿਹਾ, “ਬੱਸ ਕਰ! ਬਹੁਤ ਹੋ ਚੁੱਕੀ। ਆਪਣੇ ਹੱਥ ਥੱਲੇ ਕਰ ਅਤੇ ਪ੍ਰਾਰਥਨਾ ਕਰਨੀ ਬੰਦ ਕਰ।”
20 ਸ਼ਾਊਲ ਨੇ ਆਪਣੀ ਸੈਨਾ ਇਕੱਠੀ ਕੀਤੀ ਅਤੇ ਲੜਾਈ ਵਿੱਚ ਉਤਰ ਗਿਆ। ਫ਼ਲਿਸਤੀ ਸਿਪਾਹੀ ਇੱਕ ਦਮ ਘਬਰਾ ਗਏ ਅਤੇ ਚੱਕਰ ਵਿੱਚ ਪੈ ਗਏ। ਅਤੇ ਉਹ ਇੱਕ ਦੂਜਿਆਂ ਉੱਪਰ ਆਪਣੀਆਂ ਹੀ ਤਲਵਾਰਾਂ ਚਲਾਉਣ ਲੱਗ ਪਏ। 21 ਉਹ ਇਬਰਾਨੀ ਜੋ ਪਹਿਲਾਂ ਫ਼ਲਿਸਤੀਆਂ ਦੇ ਨਾਲ ਸਨ ਅਤੇ ਜੋ ਚਾਰੋਂ ਪਾਸਿਉਂ ਇਕੱਠੇ ਹੋਕੇ ਉਸ ਦੇ ਨਾਲ ਡੇਰੇ ਵਿੱਚ ਆਏ ਸਨ ਸੋ ਮੁੜਕੇ ਉਨ੍ਹਾਂ ਹੀ ਇਸਰਾਏਲੀਆਂ ਦੇ ਵਿੱਚ ਜੋ ਸ਼ਾਊਲ ਅਤੇ ਯੋਨਾਥਾਨ ਦੇ ਨਾਲ ਸਨ ਉਨ੍ਹਾਂ ਨਾਲ ਰਲ ਗਏ। 22 ਅਤੇ ਸਾਰੇ ਉਹ ਇਸਰਾਏਲੀ ਮਨੁੱਖ ਜੋ ਅਫ਼ਰਾਈਮ ਦੇ ਪਹਾੜ ਵਿੱਚ ਲੁਕ ਗਏ ਸਨ, ਜਦ ਉਨ੍ਹਾਂ ਨੇ ਇਹ ਸੁਣਿਆ ਕਿ ਫ਼ਲਿਸਤੀ ਭੱਜ ਗਏ ਤਾਂ ਉਹ ਵੀ ਬਾਹਰ ਨਿਕਲ ਆਏ ਅਤੇ ਉਨ੍ਹਾਂ ਨੇ ਵੀ ਲੜਾਈ ਵਿੱਚ ਉਨ੍ਹਾਂ ਫ਼ਲਿਸਤੀਆਂ ਦਾ ਪਿੱਛਾ ਕੀਤਾ।
23 ਇਸ ਤਰ੍ਹਾਂ ਯਹੋਵਾਹ ਨੇ ਉਸ ਦਿਨ ਇਸਰਾਏਲੀਆਂ ਨੂੰ ਬਚਾਇਆ। ਅਤੇ ਲੜਾਈ ਬੈਤ-ਆਵਨ ਦੇ ਪਰਲੇ ਪਾਸੇ ਤੀਕ ਪਹੁੰਚ ਗਈ। ਸਾਰੀ ਸੈਨਾ ਸ਼ਾਊਲ ਦੇ ਨਾਲ ਸੀ ਜਿਸ ਵਿੱਚ ਕਰੀਬ 10,000 ਆਦਮੀ ਸਨ। ਇਹ ਲੜਾਈ ਅਫ਼ਰਾਈਮ ਦੇਸ਼ ਦੀ ਪਹਾੜੀ ਦੇ ਸਾਰੇ ਸ਼ਹਿਰਾਂ ਵਿੱਚ ਫ਼ੈਲ ਗਈ।
ਸ਼ਾਊਲ ਦਾ ਇੱਕ ਹੋਰ ਭੁੱਲ ਕਰਨਾ
24 ਪਰ ਸ਼ਾਊਲ ਨੇ ਉਸ ਦਿਨ ਇੱਕ ਬਹੁਤ ਵੱਡੀ ਗਲਤੀ ਕੀਤੀ। ਇਸਰਾਏਲੀ ਉਸ ਦਿਨ ਥੱਕੇ ਹੋਏ ਅਤੇ ਭੁੱਖੇ-ਭਾਣੇ ਸਨ ਉਹ ਬੜੇ ਔਖੇ ਹੋਏ ਕਿਉਂਕਿ ਸ਼ਾਊਲ ਨੇ ਲੋਕਾਂ ਨੂੰ ਸੌਂਹ ਚੁਕਾ ਕੇ ਇਹ ਆਖਿਆ ਸੀ ਕਿ, “ਜਿਹੜਾ ਮਨੁੱਖ ਅੱਜ ਸ਼ਾਮ ਤੀਕ ਭੋਜਨ ਖਾਵੇ, ਜਦ ਤੱਕ ਕਿ ਮੈਂ ਆਪਣੇ ਦੁਸ਼ਮਣਾਂ ਨੂੰ ਹਰਾ ਨਾ ਦੇਵਾਂ, ਤਾਂ ਉਸ ਆਦਮੀ ਨੂੰ ਸਜ਼ਾ ਮਿਲੇਗੀ।” ਇਸ ਲਈ ਕਿਸੇ ਵੀ ਇਸਰਾਏਲੀ ਸਿਪਾਹੀ ਨੇ ਭੋਜਨ ਨਾ ਕੀਤਾ।
25-26 ਲੜਾਈ ਦੇ ਕਾਰਣ ਲੋਕ ਕਿਸੇ ਜੰਗਲ ਵਿੱਚ ਲੁਕ ਗਏ ਤਾਂ ਉੱਥੇ ਉਨ੍ਹਾਂ ਨੇ ਸ਼ਹਿਦ ਚਿਉਂਦਾ ਹੋਇਆ ਵੇਖਿਆ। ਇਸਰਾਏਲੀ ਸ਼ਹਿਦ ਤੀਕ ਪਹੁੰਚੇ ਪਰ ਉਨ੍ਹਾਂ ਨੇ ਮੂੰਹ ਤੱਕ ਨਾ ਲਾਇਆ ਕਿਉਂਕਿ ਉਹ ਸੌਂਹ ਟੁੱਟਣ ਤੋਂ ਡਰਦੇ ਸਨ। 27 ਪਰ ਯੋਨਾਥਾਨ ਨੂੰ ਇਸ ਸੌਂਹ ਬਾਰੇ ਕੁਝ ਨਹੀਂ ਸੀ ਪਤਾ, ਜਿਸ ਵੇਲੇ ਉਸ ਦੇ ਪਿਤਾ ਨੇ ਲੋਕਾਂ ਕੋਲੋਂ ਸੌਂਹ ਚੁਕਾਈ ਸੀ ਉਸ ਵੇਲੇ ਯੋਨਾਥਾਨ ਨੇ ਨਹੀਂ ਸੀ ਸੁਣਿਆ ਇਸ ਲਈ ਉਸ ਨੇ ਜਿਹੜੀ ਸੋਟੀ ਆਪਣੇ ਹੱਥ ਵਿੱਚ ਫ਼ੜੀ ਹੋਈ ਸੀ, ਉਸਦਾ ਹੇਠਾਂ ਦਾ ਸਿਰਾ ਸ਼ਹਿਦ ਨੂੰ ਛੁਹਾਇਆ ਅਤੇ ਕੁਝ ਸ਼ਹਿਦ ਜੋ ਉਸ ਦੇ ਸਿਰੇ ਨਾਲ ਲੱਗਾ ਉਸ ਨੂੰ ਮੂੰਹ ’ਚ ਪਾ ਲਿਆ ਤਾਂ ਉਸ ਨੇ ਚੰਗਾ ਮਹਿਸੂਸ ਕੀਤਾ, ਉਸ ਨੂੰ ਹੋਸ਼ ਆ ਗਈ।
28 ਉਨ੍ਹਾਂ ਸਿਪਾਹੀਆਂ ਵਿੱਚੋਂ ਇੱਕ ਨੇ ਕਿਹਾ, “ਤੁਹਾਡੇ ਪਿਤਾ ਨੇ ਲੋਕਾਂ ਕੋਲੋਂ ਸੌਂਹ ਚੁਕਾਕੇ ਆਖਿਆ ਸੀ ਕਿ ਜਿਹੜਾ ਮਨੁੱਖ ਅੱਜ ਦੇ ਦਿਨ ਭੋਜਨ ਕਰੇ ਉਸ ਨੂੰ ਸਰਾਪ ਲੱਗੇਗਾ। ਇਸੇ ਲਈ ਅਜੇ ਤੀਕ ਆਦਮੀਆਂ ਨੇ ਕੁਝ ਨਹੀਂ ਖਾਧਾ, ਇਸੇ ਲਈ ਉਹ ਇੰਨੀ ਕਮਜ਼ੋਰੀ ਮਹਿਸੂਸ ਕਰ ਰਹੇ ਹਨ।”
29 ਯੋਨਾਥਾਨ ਨੇ ਕਿਹਾ, “ਮੇਰੇ ਪਿਉ ਨੇ ਦੇਸ਼ ਨੂੰ ਬਹੁਤ ਦੁੱਖ ਦਿੱਤਾ ਹੈ। ਵੇਖੋ, ਮੈਂ ਥੋੜਾ ਕੁ ਸ਼ਹਿਦ ਚੱਖ ਕੇ ਕਿੰਨਾ ਚੰਗਾ ਮਹਿਸੂਸ ਕਰਨ ਲੱਗ ਪਿਆ ਹਾਂ। 30 ਇਹ ਬਹੁਤ ਵੱਧੀਆ ਹੋਣਾ ਸੀ ਜੇਕਰ ਲੋਕਾਂ ਨੇ ਉਹ ਭੋਜਨ ਖਾ ਲਿਆ ਹੁੰਦਾ ਜਿਹੜਾ ਉਨ੍ਹਾਂ ਨੇ ਦੁਸ਼ਮਣਾ ਤੋਂ ਲੁੱਟਿਆ ਸੀ। ਅਸੀਂ ਹੋਰ ਬਹੁਤ ਸਾਰੇ ਫ਼ਲਿਸਤੀਆਂ ਨੂੰ ਮਾਰ ਦਿੱਤਾ ਹੋਣਾ ਸੀ।”
31 ਉਸ ਦਿਨ ਇਸਰਾਏਲੀਆਂ ਨੇ ਫ਼ਲਿਸਤੀਆਂ ਨੂੰ ਹਾਰ ਦਿੱਤੀ। ਉਸ ਦਿਨ ਉਨ੍ਹਾਂ ਨੇ ਮਿਕਮਾਸ਼ ਤੋਂ ਲੈ ਕੇ ਅਯਾਲੋਨ ਤੀਕ ਫ਼ਲਿਸਤੀਆਂ ਨੂੰ ਮਾਰਿਆ, ਸੋ ਲੋਕ ਬੜੇ ਥੱਕੇ ਹੋਏ ਸਨ ਅਤੇ ਭੁੱਖ ਵੀ ਬੜੀ ਲਗੀ ਹੋਈ ਸੀ। 32 ਲੋਕੀਂ ਜਿਹੜਾ ਸਮਾਨ ਲੁੱਟ ਵਿੱਚ ਭੇਡਾਂ ਅਤੇ ਬਲਦਾਂ ਨੂੰ ਫ਼ੜਕੇ ਲਿਆਏ ਸਨ, ਉਨ੍ਹਾਂ ਨੂੰ ਧਰਤੀ ਉੱਤੇ ਵੱਢ ਮਾਰਕੇ, ਵਗਦੇ ਹੋਏ ਖੂਨ ਸਨੇ ਹੀ ਖਾ ਗਏ ਕਿਉਂਕਿ ਉਨ੍ਹਾਂ ਨੂੰ ਬੜੀ ਭੁੱਖ ਲਗੀ ਹੋਈ ਸੀ।
33 ਇੱਕ ਮਨੁੱਖ ਨੇ ਸ਼ਾਊਲ ਨੂੰ ਕਿਹਾ, “ਵੇਖ ਇਹ ਮਨੁੱਖ ਯਹੋਵਾਹ ਦੇ ਵਿਰੁੱਧ ਪਾਪ ਕਰ ਰਹੇ ਹਨ, ਉਹ ਅਜਿਹਾ ਮਾਸ ਖਾ ਰਹੇ ਹਨ ਜਿਸ ਵਿੱਚੋਂ ਅਜੇ ਵੀ ਲਹੂ ਚੋ ਰਿਹਾ ਹੈ।”
ਸ਼ਾਊਲ ਨੇ ਕਿਹਾ, “ਤੁਸੀਂ ਪਾਪ ਕੀਤਾ ਹੈ, ਸੋ ਮੇਰੇ ਸਾਹਮਣੇ ਇੱਕ ਵੱਡਾ ਪੱਥਰ ਰੇੜ੍ਹ ਲਿਆਵੋ।” 34 ਫ਼ਿਰ ਸ਼ਾਊਲ ਨੇ ਕਿਹਾ, “ਜਾਉ ਅਤੇ ਆਦਮੀਆਂ ਨੂੰ ਜਾਕੇ ਕਹੋ ਕਿ ਸਭ ਆਦਮੀ ਆਪੋ-ਆਪਣੀ ਭੇਡ ਜਾਂ ਬਲਦ ਮੇਰੇ ਕੋਲ ਲਿਆਉਣ ਅਤੇ ਉਹ ਇੱਥੇ ਆਕੇ ਆਪੋ-ਆਪਣੀ ਭੇਡ ਜਾਂ ਬਲਦ ਮਾਰਨ। ਮੇਰੇ ਸਾਹਮਣੇ ਇੱਥੇ ਆਕੇ ਖਾਵੇ ਪਰ ਯਹੋਵਾਹ ਦੇ ਸਾਹਮਣੇ ਅਜਿਹਾ ਪਾਪ ਨਾ ਕਰਨ। ਅਤੇ ਉਹ ਚੋਂਦੇ ਲਹੂ ਵਾਲਾ ਮਾਸ ਨਾ ਖਾਣ।”
ਉਸ ਰਾਤ ਸਭ ਲੋਕੀਂ ਆਪਣੀ ਭੇਡ-ਬਲਦ ਲਿਆਏ ਅਤੇ ਉੱਥੇ ਆਕੇ ਹੀ ਵੱਢਿਆ। 35 ਤਾਂ ਫ਼ਿਰ ਸ਼ਾਊਲ ਨੇ ਯਹੋਵਾਹ ਲਈ ਜਗਵੇਦੀ ਬਣਾਈ। ਇਹ ਜਗਵੇਦੀ ਉਸ ਨੇ ਖੁਦ ਆਪਣੇ ਹੱਥੀਂ ਬਨਾਉਣੀ ਸ਼ੁਰੂ ਕੀਤੀ।
36 ਸ਼ਾਊਲ ਨੇ ਕਿਹਾ, “ਅੱਜ ਰਾਤ ਅਸੀਂ ਫ਼ਲਿਸਤੀਆਂ ਦਾ ਪਿੱਛਾ ਕਰਾਂਗੇ ਅਤੇ ਉਨ੍ਹਾਂ ਦਾ ਸਭ ਕੁਝ ਚੁੱਕ ਲਿਆਵਾਂਗੇ। ਅਸੀਂ ਉਨ੍ਹਾਂ ਸਾਰਿਆਂ ਨੂੰ ਮਾਰ ਦੇਵਾਂਗੇ।”
ਸੈਨਾ ਨੇ ਜਵਾਬ ਦਿੱਤਾ, “ਤੈਨੂੰ ਜੋ ਠੀਕ ਲੱਗਦਾ ਹੈ ਸੋ ਕਰ।”
ਪਰ ਜਾਜਕ ਨੇ ਆਖਿਆ, “ਆਪਾਂ ਪਰਮੇਸ਼ੁਰ ਤੋਂ ਪੁੱਛੀਏ।”
37 ਤਾਂ ਸ਼ਾਊਲ ਨੇ ਪਰਮੇਸ਼ੁਰ ਤੋਂ ਪੁੱਛਿਆ, “ਕੀ ਮੈਂ ਫ਼ਲਿਸਤੀਆਂ ਦੇ ਪਿੱਛੇ ਲੱਗਾਂ? ਕੀ ਤੂੰ ਸਾਨੂੰ ਫ਼ਲਿਸਤੀਆਂ ਨੂੰ ਹਰਾਉਣ ਦਾ ਬਲ ਦੇਵੇਂਗਾ?” ਪਰ ਪਰਮੇਸ਼ੁਰ ਨੇ ਉਸ ਦਿਨ ਸ਼ਾਊਲ ਦੀ ਕਿਸੇ ਗੱਲ ਦਾ ਜਵਾਬ ਨਾ ਦਿੱਤਾ।
38 ਤਾਂ ਸ਼ਾਊਲ ਨੇ ਕਿਹਾ, “ਸਾਰੇ ਆਗੂਆਂ ਨੂੰ ਮੇਰੇ ਸਾਹਮਣੇ ਕਰੋ। ਪਤਾ ਲੱਗੇ ਕਿ ਕਿਸ ਕੋਲੋਂ ਪਾਪ ਹੋਇਆ ਹੈ! 39 ਮੈਂ ਯਹੋਵਾਹ ਦੀ ਸੌਂਹ ਖਾਂਦਾ ਹਾਂ ਜਿਸਨੇ ਕਿ ਇਸਰਾਏਲ ਨੂੰ ਬਚਾਇਆ ਹੈ ਕਿ ਜੇਕਰ ਮੇਰੇ ਆਪਣੇ ਪੁੱਤਰ ਯੋਨਾਥਾਨ ਤੋਂ ਵੀ ਇਹ ਪਾਪ ਹੋਇਆ ਹੋਵੇਗਾ ਤਾਂ ਉਹ ਵੀ ਬਖਸ਼ਿਆ ਨਹੀਂ ਜਾਵੇਗਾ। ਉਸ ਨੂੰ ਵੀ ਮਰਨਾ ਪਵੇਗਾ।” ਪਰ ਉਨ੍ਹਾਂ ਲੋਕਾਂ ਵਿੱਚੋਂ ਕੋਈ ਵੀ ਇੱਕ ਸ਼ਬਦ ਵੀ ਨਾ ਬੋਲਿਆ।
40 ਤਾਂ ਸ਼ਾਊਲ ਨੇ ਸਾਰੇ ਇਸਰਾਏਲੀਆਂ ਨੂੰ ਆਖਿਆ, “ਤੁਸੀਂ ਸਾਰੇ ਇਸ ਪਾਸੇ ਖੜ੍ਹੇ ਹੋ ਜਾਵੋ, ਮੈਂ ਅਤੇ ਮੇਰਾ ਪੁੱਤਰ ਇਸ ਪਾਸੇ ਖੜ੍ਹੇ ਹੋਵਾਂਗੇ।”
ਸਿਪਾਹੀਆਂ ਨੇ ਜਵਾਬ ਦਿੱਤਾ, “ਮਾਲਿਕ, ਜਿਵੇਂ ਤੇਰਾ ਹੁਕਮ।”
41 ਤਦ ਸ਼ਾਊਲ ਨੇ ਪ੍ਰਾਰਥਨਾ ਕੀਤੀ, “ਹੇ ਯਹੋਵਾਹ! ਇਸਰਾਏਲ ਦੇ ਪਰਮੇਸ਼ੁਰ! ਤੂੰ ਅੱਜ ਆਪਣੇ ਸੇਵਕ ਦੀ ਗੱਲ ਦਾ ਜਵਾਬ ਕਿਉਂ ਨਹੀਂ ਦਿੱਤਾ? ਜੇਕਰ ਮੈਂ ਜਾਂ ਮੇਰੇ ਪੁੱਤਰ ਨੇ ਕੋਈ ਪਾਪ ਕੀਤਾ ਹੈ ਤਾਂ ਉਰੀਮ ਪਾ ਜੇਕਰ ਇਸਰਾਏਲ ਦੇ ਲੋਕਾਂ ਨੇ ਪਾਪ ਕੀਤਾ ਹੈ ਤਾਂ ਤੁੰਮੀਮ ਪਾ।”
ਤਦ ਸ਼ਾਊਲ ਅਤੇ ਯੋਨਾਥਾਨ ਫ਼ੜੇ ਗਏ ਅਤੇ ਲੋਕ ਬਚ ਗਏ। 42 ਸ਼ਾਊਲ ਨੇ ਆਖਿਆ, “ਕੌਣ ਦੋਸ਼ੀ ਹੈ ਜਾਨਣ ਵਾਸਤੇ ਇਨ੍ਹਾਂ ਨੂੰ ਫ਼ਿਰ ਤੋਂ ਸੁੱਟੋ-ਮੈਂ ਜਾਂ ਮੇਰਾ ਪੁੱਤਰ ਯੋਨਾਥਾਨ।” ਯੋਨਾਥਾਨ ਚੁਣਿਆ ਗਿਆ ਸੀ।
43 ਸ਼ਾਊਲ ਨੇ ਯੋਨਾਥਾਨ ਨੂੰ ਕਿਹਾ, “ਮੈਨੂੰ ਦੱਸ ਕਿ ਤੂੰ ਕੀ ਕੀਤਾ।”
ਯੋਨਾਥਾਨ ਨੇ ਸ਼ਾਊਲ ਨੂੰ ਦੱਸਿਆ, “ਮੈਂ ਆਪਣੀ ਸੋਟੀ ਦੇ ਕਿਨਾਰੇ ਤੋਂ ਥੋੜਾ ਜਿਹਾ ਸ਼ਹਿਦ ਚੱਟਿਆ ਸੀ। ਮੈਂ ਇਸ ਅਮਲ ਲਈ ਮਰਨ ਨੂੰ ਤਿਆਰ ਹਾਂ।”
44 ਸ਼ਾਊਲ ਨੇ ਆਖਿਆ, “ਮੈਂ ਪਰਮੇਸ਼ੁਰ ਨਾਲ ਸੌਂਹ ਚੁੱਕੀ ਸੀ ਕਿ ਜੇਕਰ ਮੈਂ ਆਪਣੀ ਸੌਂਹ ਪੂਰੀ ਨਾ ਕਰਾਂ ਤਾਂ ਮੈਨੂੰ ਦੰਡ ਮਿਲੇ, ਇਸ ਕਰਕੇ ਯੋਨਾਥਾਨ ਤੈਨੂੰ ਮਰਨਾ ਹੀ ਪਵੇਗਾ।”
45 ਪਰ ਸਿਪਾਹੀਆਂ ਨੇ ਸ਼ਾਊਲ ਨੂੰ ਕਿਹਾ, “ਯੋਨਾਥਾਨ ਨੇ ਇਸਰਾਏਲ ਦੇ ਲਈ ਅੱਜ ਇੰਨੀ ਵੱਡੀ ਜਿੱਤ ਪ੍ਰਾਪਤ ਕੀਤੀ ਹੈ, ਕੀ ਉਸ ਨੂੰ ਫ਼ਿਰ ਵੀ ਮਰਨਾ ਪਵੇਗਾ? ਇੰਝ ਨਹੀਂ ਹੋ ਸੱਕਦਾ! ਅਸੀਂ ਜਿਉਂਦੇ ਪਰਮੇਸ਼ੁਰ ਦੀ ਸੌਂਹ ਚੁਕੱਦੇ ਹਾਂ ਕਿ ਯੋਨਾਥਾਨ ਨੂੰ ਕੋਈ ਦੁੱਖ ਨਹੀਂ ਦੇਵੇਗਾ ਅਸੀਂ ਯੋਨਾਥਾਨ ਦਾ ਵਾਲ ਵੀ ਵਿੰਗਾ ਹੋਣ ਜਾਂ ਧਰਤੀ ਉੱਤੇ ਨਾ ਡਿੱਗਣ ਦੇਵਾਂਗੇ। ਪਰਮੇਸ਼ੁਰ ਨੇ ਉਸਦੀ ਫ਼ਲਿਸਤੀਆਂ ਦੇ ਵਿਰੁੱਧ ਲੜਾਈ ਕਰਨ ਵਿੱਚ ਅੱਜ ਮਦਦ ਕੀਤੀ ਹੈ।” ਤਾਂ ਇੰਝ ਲੋਕਾਂ ਨੇ ਯੋਨਾਥਾਨ ਨੂੰ ਮਰਨੋ ਬਚਾ ਲਿਆ, ਉਸ ਨੂੰ ਮਰਨ ਨਾ ਦਿੱਤਾ ਗਿਆ।
46 ਫ਼ਿਰ ਸ਼ਾਊਲ ਨੇ ਫ਼ਲਿਸਤੀਆਂ ਦਾ ਪਿੱਛਾ ਨਾ ਕੀਤਾ ਅਤੇ ਉਹ ਆਪਣੀ ਥਾਵੇਂ ਵਾਪਸ ਚੱਲੇ ਗਏ।
ਸ਼ਾਊਲ ਦਾ ਇਸਰਾਏਲ ਦੇ ਵੈਰੀਆਂ ਨਾਲ ਲੜਨਾ
47 ਸ਼ਾਊਲ ਨੇ ਇਸਰਾਏਲ ਦੇ ਰਾਜ ਦਾ ਪੂਰਾ ਅਧਿਕਾਰ ਲੈ ਲਿਆ। ਜਿੰਨੇ ਵੀ ਇਸਰਾਏਲ ਦੇ ਆਸ-ਪਾਸ ਦੇ ਦੁਸ਼ਮਣ ਸਨ ਉਹ ਉਨ੍ਹਾਂ ਨਾਲ ਲੜਿਆ। ਸ਼ਾਊਲ ਮੋਆਬ ਦੇ ਨਾਲ ਲੜਿਆ, ਅਤੇ ਅੰਮੋਨੀਆਂ, ਅਦੋਮ ਅਤੇ ਸੋਬਾਹ ਦੇ ਰਾਜਿਆਂ ਅਤੇ ਫ਼ਲਿਸਤੀਆਂ ਦੇ ਨਾਲ ਉਸ ਨੇ ਲੜਾਈ ਕੀਤੀ। ਜਿਸ-ਜਿਸ ਪਾਸੇ ਉਹ ਮੂੰਹ ਕਰਦਾ ਸੀ ਉਸੇ ਪਾਸੇ ਆਪਣੇ ਦੁਸ਼ਮਣਾਂ ਨੂੰ ਉਹ ਦੁੱਖ ਦਿੰਦਾ ਅਤੇ ਹਾਰ ਦਿੰਦਾ ਸੀ। 48 ਸ਼ਾਊਲ ਬੜਾ ਬਹਾਦੁਰ ਸੀ ਅਤੇ ਉਸ ਨੇ ਅਮਾਲੇਕੀਆਂ ਨੂੰ ਹਰਾਇਆ। ਉਸ ਨੇ ਇਸਰਾਏਲ ਨੂੰ ਉਨ੍ਹਾਂ ਦੁਸ਼ਮਣਾਂ ਤੋਂ ਬਚਾਇਆ ਜਿਨ੍ਹਾਂ ਨੇ ਉਨ੍ਹਾਂ ਨੂੰ ਲੁੱਟਿਆ ਸੀ।
49 ਯੋਨਾਥਾਨ, ਯਿਸ਼ਵੀ ਅਤੇ ਮਾਲਕਿਸ਼ੂਆ ਸ਼ਾਊਲ ਦੇ ਪੁੱਤਰਾਂ ਦੇ ਨਾਉਂ ਸਨ ਅਤੇ ਉਸਦੀ ਵੱਡੀ ਧੀ ਦਾ ਨਾਉਂ ਮੇਰਬ ਅਤੇ ਛੋਟੀ ਦਾ ਨਾਉਂ ਮੀਕਲ ਸੀ। 50 ਸ਼ਾਊਲ ਦੀ ਪਤਨੀ ਦਾ ਨਾਉਂ ਆਹੀਨੋਆਮ ਸੀ ਜੋ ਕਿ ਅਹੀਮਆਸ ਦੀ ਧੀ ਸੀ।
ਉਸ ਦੇ ਸੇਨਾਪਤੀ ਦਾ ਨਾਉਂ ਅਬੀਨੇਰ ਸੀ ਜੋ ਕਿ ਨੇਰ ਦਾ ਪੁੱਤਰ ਸੀ। ਨੇਰ ਸ਼ਾਊਲ ਦਾ ਚਾਚਾ ਸੀ। 51 ਸ਼ਾਊਲ ਦਾ ਪਿਤਾ ਕੀਸ਼ ਅਤੇ ਅਬੀਨੇਰ ਦਾ ਪਿਤਾ ਨੇਰ ਦੋਨੋਂ ਅਬੀਏਲ ਦੇ ਪੁੱਤਰ ਸੀ।
52 ਸ਼ਾਊਲ ਨੇ ਸਾਰਾ ਜੀਵਨ ਬਹਾਦੁਰੀ ਵਿੱਚ ਗੁਜਾਰਿਆ। ਉਸ ਨੇ ਫ਼ਲਿਸਤੀਆਂ ਦੇ ਨਾਲ ਬੜੀ ਸਖਤ ਲੜਾਈ ਲੜੀ। ਉਸ ਨੇ ਜਦੋਂ ਕਦੇ ਵੀ ਕੋਈ ਬਹਾਦੁਰ ਜਾਂ ਤਾਕਤਵਰ ਮਨੁੱਖ ਵੇਖਿਆ, ਉਸ ਨੂੰ ਆਪਣੀ ਸੇਨਾ ਵਿੱਚ ਭਰਤੀ ਕਰ ਲਿਆ ਅਤੇ ਉਸ ਨੂੰ ਉਹ ਆਪਣੇ ਕੋਲ ਰੱਖਦਾ ਜੋ ਉਸਦੀ ਰੱਖਵਾਲੀ ਕਰਦਾ।
ਸ਼ਾਊਲ ਦਾ ਅਮਾਲੇਕੀਆਂ ਨੂੰ ਨਾਸ਼ ਕਰਨਾ
15 ਇੱਕ ਦਿਨ ਸਮੂਏਲ ਨੇ ਸ਼ਾਊਲ ਨੂੰ ਆਖਿਆ, “ਮੈਨੂੰ ਯਹੋਵਾਹ ਨੇ ਭੇਜਿਆ ਕਿ ਮੈਂ ਤੈਨੂੰ ਮਸਹ ਕਰਾਂ, ਉਹ ਇਸ ਲਈ ਕਿ ਤੂੰ ਉਸ ਦੇ ਲੋਕਾਂ ਦਾ ਪਾਤਸ਼ਾਹ ਬਣੇ। ਸੋ ਹੁਣ ਯਹੋਵਾਹ ਦਾ ਬਚਨ ਸੁਣ। 2 ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ: ਜਦੋਂ ਇਸਰਾਏਲੀ ਮਿਸਰ ਵਿੱਚੋਂ ਨਿਕਲ ਆਏ ਤਾਂ ਅਮਾਲੇਕੀਆਂ ਨੇ ਕਿਵੇਂ ਉਨ੍ਹਾਂ ਨੂੰ ਕਨਾਨ ਜਾਣ ਵਿੱਚ ਰੁਕਾਵਟ ਪਾਈ। ਮੈਨੂੰ ਚੇਤਾ ਹੈ ਅਤੇ ਮੈਂ ਵੇਖਿਆ ਹੈ ਕਿ ਕਿਵੇਂ ਅਮਾਲੇਕੀਆਂ ਨੇ ਸਲੂਕ ਕੀਤਾ। 3 ਹੁਣ, ਤੂੰ ਜਾ ਅਤੇ ਅਮਾਲੇਕੀਆਂ ਦੇ ਵਿਰੁੱਧ ਲੜ। ਤੂੰ ਜੋ ਕੁਝ ਵੀ ਅਮਾਲੇਕੀਆਂ ਦਾ ਹੈ ਸਣੇ ਅਮਾਲੇਕ ਦੇ ਸਭ ਕੁਝ ਤਬਾਹ ਕਰ ਦੇ। ਕੁਝ ਵੀ ਨਾ ਬਚੇ। ਤੂੰ ਉਨ੍ਹਾਂ ਦੇ ਸਾਰੇ ਮਰਦ-ਔਰਤਾਂ, ਬੱਚੇ ਅਤੇ ਨਵਜਾਤ ਬੱਚੇ ਸਭ ਨੂੰ ਮਾਰਕੇ ਖਤਮ ਕਰ ਦੇ। ਤੂੰ ਉਨ੍ਹਾਂ ਦੇ ਜਾਨਵਰ ਗਊਆਂ, ਭੇਡਾਂ, ਊਂਠ ਅਤੇ ਖੋਤੇ ਸਭ ਵੱਢ ਸੁੱਟ।”
4 ਸ਼ਾਊਲ ਨੇ ਤਲਾਇਮ ਵਿੱਚ ਆਪਣੀ ਸੈਨਾ ਇਕੱਠੀ ਕੀਤੀ। ਉੱਥੇ 2,00,000 ਪੈਦਲ ਸਿਪਾਹੀ ਅਤੇ 10,000 ਹੋਰ ਆਦਮੀ ਸਨ। ਉਨ੍ਹਾਂ ਦਰਮਿਆਨ ਯਹੂਦਾਹ ਤੋਂ ਵੀ ਆਦਮੀ ਸਨ। 5 ਤਦ ਸ਼ਾਊਲ ਅਮਾਲੇਕ ਦੇ ਇੱਕ ਸ਼ਹਿਰ ਪਹੁੰਚਕੇ ਵਾਦੀ ਵਿੱਚ ਉਡੀਕ ਕਰਨ ਲੱਗਾ। 6 ਸ਼ਾਊਲ ਨੇ ਕੇਨੀਆਂ ਦੇ ਲੋਕਾਂ ਨੂੰ ਕਿਹਾ, “ਅਮਾਲੇਕ ਨੂੰ ਛੱਡ ਕੇ ਇੱਥੋਂ ਭੱਜ ਜਾਵੋ। ਤਦ ਮੈਂ ਤੁਹਾਨੂੰ ਅਮਾਲੇਕੀਆਂ ਦੇ ਨਾਲ ਨਸ਼ਟ ਨਹੀਂ ਕਰਾਂਗਾ। ਜਦੋਂ ਇਸਰਾਲੀ ਮਿਸਰ ਵਿੱਚੋਂ ਨਿਕਲਕੇ ਆਏ ਸਨ ਤਾਂ ਤੁਸੀਂ ਉਨ੍ਹਾਂ ਉੱਪਰ ਕਿਰਪਾ ਵਿਖਾਈ ਸੀ।” ਇਸ ਲਈ ਕੇਨੀਆਂ ਦੇ ਲੋਕ ਅਮਾਲੇਕ ਨੂੰ ਛੱਡ ਕੇ ਚੱਲੇ ਗਏ।
7 ਸ਼ਾਊਲ ਨੇ ਅਮਾਲੇਕੀਆਂ ਨੂੰ ਹਰਾਇਆ। ਉਸ ਨੇ ਹਵੀਲਾਹ ਤੋਂ ਲੈ ਕੇ ਸ਼ੂਰ ਦੇ ਲਾਂਘੇ ਤੀਕ ਜੋ ਮਿਸਰ ਦੇ ਅੱਗੇ ਹੈ, ਉਨ੍ਹਾਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਨੂੰ ਮਾਰਿਆ। 8 ਅਮਾਲੇਕੀਆਂ ਦਾ ਰਾਜਾ ਅਗਾਗ ਸੀ। ਸ਼ਾਊਲ ਨੇ ਉਸ ਨੂੰ ਜਿਉਂਦਾ ਫ਼ੜ ਲਿਆ। ਸ਼ਾਊਲ ਨੇ ਅਗਾਗ ਨੂੰ ਤਾਂ ਜਿਉਂਦੇ ਰਹਿਣ ਦਿੱਤਾ ਪਰ ਉਸ ਨੇ ਉਸਦੀ ਸੈਨਾ ਦੇ ਸਾਰੇ ਸਿਪਾਹੀ ਮਾਰ ਸੁੱਟੇ। 9 ਪਰ ਸ਼ਾਊਲ ਅਤੇ ਲੋਕਾਂ ਨੇ ਅਗਾਗ ਨੂੰ ਅਤੇ ਹੋਰ ਚੰਗੀਆਂ ਵਸਤਾਂ ਨੂੰ ਖਤਮ ਕਰਨਾ ਚੰਗਾ ਨਾ ਸਮਝਿਆ, ਸੋ ਉਨ੍ਹਾਂ ਨੇ ਅਗਾਗ ਨੂੰ ਅਤੇ ਮੋਟੀਆਂ-ਮੋਟੀਆਂ ਗਊਆਂ ਵੱਧੀਆਂ ਭੇਡਾਂ ਅਤੇ ਮੇਮਨਿਆਂ ਨੂੰ ਨਾ ਮਾਰਿਆ। ਉਨ੍ਹਾਂ ਨੇ ਹਰ ਰੱਖਣ ਯੋਗ ਚੀਜ਼ ਨੂੰ ਰੱਖ ਲਿਆ ਕਿਉਂਕਿ ਉਹ ਉਨ੍ਹਾਂ ਨੂੰ ਨਸ਼ਟ ਨਹੀਂ ਸੀ ਕਰਨਾ ਚਾਹੁੰਦੇ। ਉਨ੍ਹਾਂ ਨੇ ਸਿਰਫ਼ ਖਤਮ ਕਰਨ ਯੋਗ ਚੀਜ਼ਾਂ ਨੂੰ ਹੀ ਖਤਮ ਕੀਤਾ।
ਸਮੂਏਲ ਨੇ ਸ਼ਾਊਲ ਨੂੰ ਉਸ ਦੇ ਪਾਪ ਬਾਰੇ ਦੱਸਿਆ
10 ਤਦ ਸਮੂਏਲ ਨੂੰ ਯਹੋਵਾਹ ਵੱਲੋਂ ਬਚਨ ਸੁਨਣ ਦਾ ਹੁਕਮ ਹੋਇਆ। 11 ਯਹੋਵਾਹ ਨੇ ਕਿਹਾ, “ਸ਼ਾਊਲ ਨੇ ਮੈਨੂੰ ਮੰਨਣਾ ਛੱਡ ਦਿੱਤਾ ਹੈ, ਸੋ ਮੇਰੇ ਕੋਲੋਂ ਗਲਤੀ ਹੋ ਗਈ ਕਿ ਮੈਂ ਉਸ ਨੂੰ ਪਾਤਸ਼ਾਹ ਠਹਿਰਾਇਆ। ਉਹ ਆਪਣੀ ਮਨ-ਮਰਜ਼ੀ ਕਰਦਾ ਹੈ ਉਹ ਨਹੀਂ ਕਰਦਾ ਜੋ ਮੈਂ ਕਹਿੰਦਾ ਹਾਂ।” ਸਮੂਏਲ ਗੁੱਸੇ ਹੋਇਆ ਅਤੇ ਸਾਰੀ ਰਾਤ ਯਹੋਵਾਹ ਅੱਗੇ ਰੋਂਦਾ ਤਰਲੇ ਲੈਂਦਾ ਰਿਹਾ।
12 ਸਮੂਏਲ ਅਗਲੀ ਸਵੇਰ ਜਲਦੀ-ਜਲਦੀ ਉੱਠਿਆ ਅਤੇ ਸ਼ਾਊਲ ਨੂੰ ਮਿਲਣ ਲਈ ਗਿਆ। ਪਰ ਲੋਕਾਂ ਨੇ ਸਮੂਏਲ ਨੂੰ ਕਹਿ ਦਿੱਤਾ ਕਿ, “ਸ਼ਾਊਲ ਕਰਮਲ ਨੂੰ ਗਿਆ ਹੈ ਜੋ ਯਹੂਦਾਹ ਵਿੱਚ ਹੈ। ਸ਼ਾਊਲ ਆਪਣੇ ਸਨਮਾਨ ਲਈ ਉੱਥੇ ਯਾਦਗਾਰੀ ਪੱਥਰ ਰੱਖਵਾਉਣ ਲਈ ਗਿਆ। ਉਹ ਕਈ ਜਗ਼੍ਹਾ ਉੱਤੇ ਘੁੰਮਦਾ ਗਿਆ ਅਤੇ ਅਖੀਰ ਵਿੱਚ ਗਿਲਗਾਲ ਵੱਲ ਚੱਲਾ ਗਿਆ।”
ਤਾਂ ਸਮੂਏਲ ਅਖੀਰ ਉੱਥੇ ਗਿਆ ਜਿੱਥੇ ਸ਼ਾਊਲ ਉਸ ਵਕਤ ਸੀ। ਸ਼ਾਊਲ ਨੇ ਅਮਾਲੇਕ ਵਿੱਚੋਂ ਜੋ ਕੁਝ ਲਿਆਂਦਾ ਸੀ ਉਸਦਾ ਅਜੇ ਇੱਕ ਹਿੱਸਾ ਹੀ ਚੁੱਕ ਕੇ ਭੇਂਟ ਕੀਤਾ ਸੀ, ਉਹ ਯਹੋਵਾਹ ਅੱਗੇ ਹੋਮ ਦੀ ਭੇਟ ਚੜ੍ਹਾ ਰਿਹਾ ਸੀ ਕਿ, 13 ਸਮੂਏਲ ਸ਼ਾਊਲ ਕੋਲ ਪਹੁੰਚ ਗਿਆ ਅਤੇ ਸ਼ਾਊਲ ਨੇ ਉਸ ਨੂੰ ਸੁੱਖ-ਸਾਂਦ ਪੁੱਛੀ। ਸ਼ਾਊਲ ਨੇ ਕਿਹਾ, “ਯਹੋਵਾਹ ਤੇਰੇ ਉੱਤੇ ਕਿਰਪਾ ਕਰੇ। ਮੈਂ ਯਹੋਵਾਹ ਦੇ ਹੁਕਮ ਦੀ ਪਾਲਣਾ ਕੀਤੀ ਹੈ।”
14 ਪਰ ਸਮੂਏਲ ਨੇ ਕਿਹਾ, “ਅਤੇ ਫ਼ਿਰ ਉਹ ਕੀ ਹੈ ਜੋ ਮੈਂ ਸੁਣਿਆ ਹੈ? ਤਾਂ ਫ਼ਿਰ ਭੇਡਾਂ ਦੀ ਮੈਂ-ਮੈਂ ਅਤੇ ਪਸ਼ੂਆਂ ਦਾ ਅੜਾਉਣਾ ਕੀ ਹੈ ਜੋ ਮੈਂ ਸੁਣ ਰਿਹਾ ਹਾਂ?”
15 ਸ਼ਾਊਲ ਨੇ ਕਿਹਾ, “ਸਿਪਾਹੀ ਉਨ੍ਹਾਂ ਨੂੰ ਅਮਾਲੇਕ ਤੋਂ ਫ਼ੜਕੇ ਲਿਆਏ ਸਨ। ਸਿਪਾਹੀਆਂ ਨੇ ਚੰਗੀਆਂ ਭੇਡਾਂ ਅਤੇ ਪਸ਼ੂ ਹੋਮ ਦੀਆਂ ਬਲੀਆਂ ਲਏ ਰੱਖ ਲਈ ਤਾਂ ਜੋ ਯਹੋਵਾਹ ਤੇਰੇ ਪਰਮੇਸ਼ੁਰ ਨੂੰ ਭੇਟ ਕਰ ਸੱਕਣ। ਪਰ ਅਸੀਂ ਬਾਕੀ ਸਭ ਕੁਝ ਨਸ਼ਟ ਕਰ ਦਿੱਤਾ।”
16 ਸਮੂਏਲ ਨੇ ਸ਼ਾਊਲ ਨੂੰ ਆਖਿਆ, “ਰੁਕ ਜਾ! ਹੁਣ ਮੈਨੂੰ ਆਖ ਲੈਣ ਦੇ ਕਿ ਮੈਨੂੰ ਕੱਲ੍ਹ ਰਾਤ ਯਹੋਵਾਹ ਨੇ ਕੀ ਆਖਿਆ ਹੈ।” ਸ਼ਾਊਲ ਨੇ ਕਿਹਾ, “ਠੀਕ ਹੈ! ਪਹਿਲਾਂ ਦੱਸ ਕਿ ਉਸ ਨੇ ਤੈਨੂੰ ਕੀ ਕਿਹਾ।”
17 ਸਮੂਏਲ ਨੇ ਕਿਹਾ, “ਜਿਸ ਵੇਲੇ ਪਹਿਲਾਂ ਤੂੰ ਆਪਣੀ ਨਜ਼ਰ ਵਿੱਚ ਤੁੱਛ ਸੀ, ਉਸ ਵਕਤ ਤੂੰ ਇਸਰਾਏਲ ਦੇ ਗੋਤ ਦੇ ਲੋਕਾਂ ਉੱਪਰ ਆਗੂ ਠਹਿਰਾਇਆ ਗਿਆ। ਯਹੋਵਾਹ ਨੇ ਇਸਰਾਏਲ ਉੱਪਰ ਤੈਨੂੰ ਪਾਤਸ਼ਾਹ ਠਹਿਰਾਇਆ। 18 ਯਹੋਵਾਹ ਨੇ ਤੈਨੂੰ ਖਾਸ ਕੰਮ ਲਈ ਭੇਜਿਆ ਅਤੇ ਕਿਹਾ, ‘ਜਾ ਅਤੇ ਜਾਕੇ ਅਮਾਲੇਕੀਆਂ ਨੂੰ ਨਸ਼ਟ ਕਰਦੇ, ਉਹ ਸਭ ਪਾਪੀ ਜੀਵ ਹਨ। ਉਨ੍ਹਾਂ ਸਭਨਾ ਨੂੰ ਖਤਮ ਕਰਦੇ। ਜਦ ਤੱਕ ਉਹ ਪੂਰੇ ਨਾ ਖਤਮ ਹੋ ਜਾਣ ਉਨ੍ਹਾਂ ਨਾਲ ਲੜਦਾ ਰਹਿ।’ 19 ਤੂੰ ਯਹੋਵਾਹ ਦੀ ਗੱਲ ਕਿਉਂ ਨਹੀਂ ਮੰਨੀ? ਤੂੰ ਲੁੱਟ ਲੈਣ ਦੀ ਜਲਦੀ ਕਿਉਂ ਕੀਤੀ, ਜਿਸ ਨੂੰ ਕਰਨਾ ਪਰਮੇਸ਼ੁਰ ਬਦੀ ਸਮਝਦਾ ਹੈ।”
20 ਸ਼ਾਊਲ ਨੇ ਕਿਹਾ, “ਪਰ ਮੈਂ ਤਾਂ ਯਹੋਵਾਹ ਦਾ ਹੁਕਮ ਮੰਨਿਆ ਹੈ। ਮੈਂ ਤਾਂ ਉੱਥੇ-ਉੱਥੇ ਗਿਆ ਹਾਂ ਜਿੱਥੇ ਯਹੋਵਾਹ ਨੇ ਮੈਨੂੰ ਭੇਜਿਆ। ਮੈਂ ਸਾਰੇ ਅਮਾਲੇਕੀਆਂ ਨੂੰ ਖਤਮ ਕੀਤਾ। ਮੈਂ ਸਿਰਫ਼ ਇੱਕ ਆਦਮੀ ਅਗਾਗ ਜੋ ਕਿ ਉਨ੍ਹਾਂ ਦਾ ਪਾਤਸ਼ਾਹ ਸੀ, ਉਸ ਨੂੰ ਵਾਪਸ ਜਿਉਂਦਾ ਲਿਆਇਆ ਹਾਂ। 21 ਸਿਪਾਹੀ ਲੁੱਟ ਦੇ ਵਿੱਚੋਂ ਭੇਡਾਂ ਅਤੇ ਚੰਗੇ ਪਸ਼ੂ ਜੋ ਚੰਗੀਆਂ ਚੀਜ਼ਾਂ ਸਨ ਉਨ੍ਹਾਂ ਨੂੰ ਲਿਆਏ ਹਨ ਅਤੇ ਯਹੋਵਾਹ ਤੇਰੇ ਪਰਮੇਸ਼ੁਰ ਨੂੰ ਗਿਲਗਾਲ ਵਿੱਚ ਚੜ੍ਹਾਉਣ ਲਈ ਲਿਆਏ ਹਨ।”
22 ਪਰ ਸਮੂਏਲ ਨੇ ਆਖਿਆ, “ਭਲਾ ਇਹ ਦੱਸ ਕਿ ਯਹੋਵਾਹ ਹੋਮ ਦੀਆਂ ਭੇਟਾਂ ਦੀਆਂ ਬਲਿਆਂ ਨਾਲ ਪ੍ਰਸੰਨ ਹੁੰਦਾ ਹੈ ਜਾਂ ਇਸ ਗੱਲ ਉੱਪਰ ਕਿ ਉਸਦਾ ਹੁਕਮ ਮੰਨਿਆ ਜਾਵੇ? ਵੇਖ! ਮੰਨਣਾ ਭੇਟਾ ਚੜ੍ਹਾਉਣ ਨਾਲੋਂ ਅਤੇ ਸਰੋਤਾ ਬਨਣਾ ਭੇਡੇ ਦੀ ਚਰਬੀ ਚੜ੍ਹਾਉਣ ਨਾਲੋਂ ਕਿਤੇ ਵੱਧ ਚੰਗਾ ਹੈ। 23 ਹੁਕਮ ਨਾ ਮੰਨਣਾ ਮਾਂਦਰੀ ਦੇ ਪਾਪ ਜਿੰਨਾ ਹੀ ਬੁਰਾ ਹੈ। ਢੀਠ ਹੋਣਾ ਅਤੇ ਮਨ-ਮਰਜ਼ੀ ਕਰਨਾ ਬੁੱਤ ਉਪਾਸਨਾ ਕਰਨ ਜਿੰਨਾ ਹੀ ਬੁਰਾ ਹੈ। ਤੂੰ ਯਹੋਵਾਹ ਦੇ ਹੁਕਮ ਨੂੰ ਮੰਨਣ ਤੋਂ ਇਨਕਾਰ ਕੀਤਾ ਇਸ ਲਈ ਯਹੋਵਾਹ ਨੇ ਤੈਨੂੰ ਪਾਤਸ਼ਾਹ ਮੰਨਣ ਤੋਂ ਇਨਕਾਰ ਕੀਤਾ ਹੈ।”
24 ਤਦ ਸ਼ਾਊਲ ਨੇ ਸਮੂਏਲ ਨੂੰ ਕਿਹਾ, “ਮੈਂ ਪਾਪੀ ਹਾਂ ਕਿਉਂ ਜੋ ਮੈਂ ਯਹੋਵਾਹ ਦੀ ਆਗਿਆ ਨੂੰ ਅਤੇ ਤੇਰੀਆਂ ਗੱਲਾਂ ਨੂੰ ਮੋੜ ਦਿੱਤਾ। ਮੈਂ ਲੋਕਾਂ ਕੋਲੋਂ ਡਰਕੇ ਉਹ ਕੁਝ ਕੀਤਾ ਜੋ ਉਨ੍ਹਾਂ ਨੇ ਕਿਹਾ। 25 ਹੁਣ ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ, ਮਿੰਨਤ ਕਰਦਾ ਹਾਂ ਮੈਨੂੰ ਇਸ ਪਾਪ ਲਈ ਖਿਮਾ ਕਰ। ਤੂੰ ਮੇਰੇ ਨਾਲ ਮੁੜ ਚੱਲ ਤਾਂ ਜੋ ਮੈਂ ਯਹੋਵਾਹ ਦੀ ਉਪਾਸਨਾ ਕਰਾਂ।”
26 ਪਰ ਸਮੂਏਲ ਨੇ ਸ਼ਾਊਲ ਨੂੰ ਕਿਹਾ, “ਹੁਣ ਮੈਂ ਤੇਰੇ ਨਾਲ ਵਾਪਸ ਨਹੀਂ ਜਾਵਾਂਗਾ। ਤੂੰ ਯਹੋਵਾਹ ਦੇ ਹੁਕਮ ਦੀ ਉਲੰਘਣਾ ਕੀਤੀ ਅਤੇ ਇਨਕਾਰ ਕੀਤਾ ਹੁਣ ਯਹੋਵਾਹ ਤੈਨੂੰ ਇਸਰਾਏਲ ਦਾ ਪਾਤਸ਼ਾਹ ਬਨਾਉਣ ਤੋਂ ਇਨਕਾਰੀ ਹੈ।”
27 ਜਦੋਂ ਸਮੂਏਲ ਜਾਣ ਲਈ ਵਾਪਸ ਮੁੜਿਆ, ਸ਼ਾਊਲ ਨੇ ਸਮੂਏਲ ਦਾ ਚੋਗਾ ਫ਼ੜ ਲਿਆ। ਅਤੇ ਉਹ ਪਾਟ ਗਿਆ। 28 ਸਮੂਏਲ ਨੇ ਸ਼ਾਊਲ ਨੂੰ ਕਿਹਾ, “ਤੂੰ ਮੇਰਾ ਚੋਲਾ ਪਾੜ ਦਿੱਤਾ, ਤਾਂ ਇੰਝ ਹੀ, ਅੱਜ ਯਹੋਵਾਹ ਨੇ ਇਸਰਾਏਲ ਦਾ ਰਾਜ ਤੈਥੋਂ ਪਾੜ ਦਿੱਤਾ ਹੈ। ਉਸ ਨੇ ਇਹ ਰਾਜ ਤੇਰੇ ਦੋਸਤਾਂ ਵਿੱਚੋਂ ਇੱਕ ਨੂੰ ਸੌਂਪ ਦਿੱਤਾ ਹੈ ਜਿਹੜਾ ਤੈਥੋਂ ਜ਼ਿਆਦੇ ਬਿਹਤਰ ਹੈ। 29 ਯਹੋਵਾਹ ਹੀ ਇਸਰਾਏਲ ਦਾ ਪਰਮੇਸ਼ੁਰ ਹੈ। ਉਹ ਸਦੀਪਕ ਹੈ। ਉਹ ਨਾ ਤਾਂ ਰੋਜ਼ ਆਪਣਾ ਮਨ ਬਦਲਦਾ ਹੈ ਨਾ ਝੂਠ ਬੋਲਦਾ ਹੈ। ਉਹ ਮਨੁੱਖਾਂ ਵਾਂਗ ਰੋਜ਼ ਆਪਣੀ ਜ਼ੁਬਾਣ ਤੋਂ ਨਹੀਂ ਫ਼ਿਰਦਾ ਅਤੇ ਨਾ ਹੀ ਮਨ ਬਦਲਦਾ ਫ਼ਿਰਦਾ ਹੈ।”
30 ਸ਼ਾਊਲ ਨੇ ਜਵਾਬ ’ਚ ਕਿਹਾ, “ਠੀਕ ਹੈ! ਮੈਂ ਪਾਪ ਕੀਤੇ! ਪਰ ਕਿਰਪਾ ਕਰਕੇ ਤੂੰ ਮੇਰੇ ਕੋਲ ਪਰਤ ਆ ਅਤੇ ਮੇਰੇ ਲੋਕਾਂ ਦੇ ਬਜ਼ੁਰਗਾਂ ਅਤੇ ਇਸਰਾਏਲ ਦੇ ਅੱਗੇ ਮੇਰਾ ਆਦਰ ਕਰ। ਮੇਰੇ ਨਾਲ ਮੁੜ ਚੱਲ ਤਾਂ ਜੋ ਮੈਂ ਯਹੋਵਾਹ ਤੇਰੇ ਪਰਮੇਸ਼ੁਰ ਦੀ ਉਪਾਸਨਾ ਕਰਾਂ।” 31 ਸਮੂਏਲ ਸ਼ਾਊਲ ਦੇ ਨਾਲ ਤੁਰ ਪਿਆ ਅਤੇ ਸ਼ਾਊਲ ਨੇ ਯਹੋਵਾਹ ਦੀ ਉਪਾਸਨਾ ਕੀਤੀ।
32 ਸਮੂਏਲ ਨੇ ਕਿਹਾ, “ਅਮਾਲੇਕੀਆਂ ਦੇ ਪਾਤਸ਼ਾਹ ਅਗਾਗ ਨੂੰ ਇੱਥੇ ਮੇਰੇ ਕੋਲ ਲੈ ਆਉ।”
ਅਗਾਗ ਸਮੂਏਲ ਕੋਲ ਆਇਆ। ਉਸ ਨੂੰ ਜ਼ੰਜ਼ੀਰਾਂ ਨਾਲ ਬੰਨ੍ਹਿਆ ਹੋਇਆ ਸੀ। ਅਗਾਗ ਨੇ ਸੋਚਿਆ, “ਹੁਣ ਤੱਕ ਜ਼ਰੂਰ ਮੌਤ ਦੀ ਕੁੜੱਤਣ ਲੰਘ ਗਈ ਹੋਵੇਗੀ।”
33 ਪਰ ਸਮੂਏਲ ਨੇ ਅਗਾਗ ਨੂੰ ਆਖਿਆ, “ਤੇਰੀ ਤਲਵਾਰ ਨੇ ਮਾਵਾਂ ਦੇ ਲਾਲ ਖੋਹ ਲਏ। ਇਸ ਲਈ ਹੁਣ ਤੇਰੀ ਮਾਂ ਦੇ ਵੀ ਕੋਈ ਔਲਾਦ ਨਾ ਹੋਵੇਗੀ।” ਸਮੂਏਲ ਨੇ ਗਿਲਗਾਲ ਦੇ ਯਹੋਵਾਹ ਦੇ ਅੱਗੇ ਅਗਾਗ ਦੇ ਟੁਕੜੇ-ਟੁਕੜੇ ਕਰਕੇ ਰੱਖ ਦਿੱਤੇ।
34 ਤਦ ਸਮੂਏਲ ਉੱਥੋਂ ਰਾਮਾਹ ਵੱਲ ਗਿਆ ਅਤੇ ਸ਼ਾਊਲ ਆਪਣੇ ਘਰ ਗਿਬਆਹ ਵੱਲ ਮੁੜ ਗਿਆ। 35 ਉਸਤੋਂ ਬਾਦ ਸਮੂਏਲ ਆਪਣੀ ਸਾਰੀ ਜ਼ਿੰਦਗੀ ਸ਼ਾਊਲ ਨੂੰ ਮੁੜ ਨਹੀਂ ਮਿਲਿਆ। ਸਮੂਏਲ ਨੂੰ ਸ਼ਾਊਲ ਲਈ ਬੜਾ ਦੁੱਖ ਸੀ ਅਤੇ ਯਹੋਵਾਹ ਨੂੰ ਬੜਾ ਅਫ਼ਸੋਸ ਸੀ ਕਿ ਉਸ ਨੇ ਸ਼ਾਊਲ ਨੂੰ ਇਸਰਾਏਲ ਦਾ ਪਾਤਸ਼ਾਹ ਠਹਿਰਾਇਆ।
2010 by World Bible Translation Center