Bible in 90 Days
ਇਕਰਾਰਨਾਮੇ ਦਾ ਸਬੂਤ ਸੁੰਨਤ
17 ਜਦੋਂ ਅਬਰਾਮ 99 ਵਰ੍ਹਿਆਂ ਦਾ ਹੋਇਆ ਤਾਂ ਯਹੋਵਾਹ ਨੇ ਉਸ ਨੂੰ ਦਰਸ਼ਨ ਦਿੱਤਾ। ਯਹੋਵਾਹ ਨੇ ਆਖਿਆ, “ਮੈਂ ਸਰਬ ਸ਼ਕਤੀਮਾਨ ਪਰਮੇਸ਼ੁਰ [a] ਹਾਂ। ਮੇਰੇ ਲਈ ਇਹ ਗੱਲਾਂ ਕਰ: ਮੇਰਾ ਹੁਕਮ ਮੰਨ ਅਤੇ ਸਹੀ ਢੰਗ ਨਾਲ ਜਿਉਂ। 2 ਜੇ ਤੂੰ ਅਜਿਹਾ ਕਰੇਂਗਾ, ਤਾਂ ਮੈਂ ਤੇਰੇ ਮੇਰੇ ਵਿੱਚਕਾਰ ਇੱਕ ਇਕਰਾਰਨਾਮਾ ਤਿਆਰ ਕਰਾਂਗਾ। ਮੈਂ ਤੇਰੇ ਲੋਕਾਂ ਨੂੰ ਮਹਾਨ ਕੌਮ ਬਨਾਉਣ ਦਾ ਇਕਰਾਰ ਦਿਆਂਗਾ।”
3 ਫ਼ੇਰ ਅਬਰਾਮ ਨੇ ਪਰਮੇਸ਼ੁਰ ਨੂੰ ਸਿਜਦਾ ਕੀਤਾ। ਪਰਮੇਸ਼ੁਰ ਨੇ ਉਸ ਨੂੰ ਆਖਿਆ, 4 “ਮੇਰੇ ਹਿੱਸੇ ਦਾ ਇਕਰਾਰਨਾਮਾ ਇਹ ਹੈ: ਮੈਂ ਤੈਨੂੰ ਬਹੁਤ ਸਾਰੀਆਂ ਕੌਮਾਂ ਦਾ ਪਿਤਾ ਬਣਾ ਦਿਆਂਗਾ। 5 ਮੈਂ ਤੇਰਾ ਨਾਮ ਬਦਲ ਦਿਆਂਗਾ। ਤੇਰਾ ਨਾਮ ਅਬਰਾਮ ਨਹੀਂ ਹੋਵੇਗਾ-ਤੇਰਾ ਨਾਮ ਅਬਰਾਹਾਮ ਹੋਵੇਗਾ। ਮੈਂ ਤੈਨੂੰ ਇਹ ਨਾਮ ਇਸ ਲਈ ਦੇਵਾਂਗਾ ਕਿਉਂਕਿ ਮੈਂ ਤੈਨੂੰ ਅਨੇਕਾਂ ਕੌਮਾਂ ਦਾ ਪਿਤਾ ਬਣਾ ਰਿਹਾ ਹਾਂ। 6 ਮੈਂ ਤੈਨੂੰ ਬਹੁਤ ਸਾਰੇ ਉੱਤਰਾਧਿਕਾਰੀ ਦਿਆਂਗਾ। ਨਵੀਆਂ ਕੌਮਾਂ ਅਤੇ ਰਾਜੇ ਤੇਰੇ ਤੋਂ ਪੈਦਾ ਹੋਣਗੇ। 7 ਮੈਂ ਆਪਣਾ ਇਕਰਾਰਨਾਮਾ ਮੇਰੇ ਅਤੇ ਤੇਰੇ ਅਤੇ ਤੇਰੇ ਉੱਤਰਾਧਿਕਾਰੀਆਂ ਵਿੱਚਕਾਰ ਹਮੇਸ਼ਾ ਲਈ ਸਦੀਵੀ ਇਕਰਾਰਨਾਮੇ ਵਜੋਂ ਸਥਾਪਿਤ ਕਰ ਰਿਹਾ ਹਾਂ। ਮੈਂ ਤੇਰਾ ਪਰਮੇਸ਼ੁਰ ਹੋਵਾਂਗਾ ਅਤੇ ਤੇਰੇ ਸਾਰੇ ਉੱਤਰਾਧਿਕਾਰੀਆਂ ਦਾ ਪਰਮੇਸ਼ੁਰ ਹੋਵਾਂਗਾ। 8 ਅਤੇ ਮੈਂ ਇਹ ਧਰਤੀ ਤੈਨੂੰ ਤੇ ਤੇਰੇ ਉੱਤਰਾਧਿਕਾਰੀਆਂ ਨੂੰ ਦੇਵਾਂਗਾ। ਮੈਂ ਤੁਹਾਨੂੰ ਇਹ ਧਰਤੀ ਦੇ ਦਿਆਂਗਾ ਜਿਸ ਵਿੱਚੋਂ ਤੂੰ ਲੰਘ ਰਿਹਾ ਹੈਂ-ਕਨਾਨ ਦੀ ਧਰਤੀ। ਮੈਂ ਇਹ ਧਰਤੀ ਤੁਹਾਨੂੰ ਸਦਾ ਲਈ ਦੇ ਦੇਵਾਂਗਾ। ਅਤੇ ਮੈਂ ਤੁਹਾਡਾ ਪਰਮੇਸ਼ੁਰ ਹੋਵਾਂਗਾ।”
9 ਅਤੇ ਪਰਮੇਸ਼ੁਰ ਨੇ ਅਬਰਾਹਾਮ ਨੂੰ ਆਖਿਆ, “ਹੁਣ ਤੇਰੇ ਹਿੱਸੇ ਦਾ ਇਕਰਾਰਨਾਮਾ ਇਹ ਹੈ। ਤੂੰ ਅਤੇ ਤੇਰੇ ਉੱਤਰਾਧਿਕਾਰੀ ਮੇਰੇ ਇਕਰਾਰਨਾਮੇ ਨੂੰ ਮੰਨਣਗੇ। 10 ਇਕਰਾਰਨਾਮਾ ਇਹ ਹੈ ਜਿਹੜਾ ਤੁਸੀਂ ਮੰਨੋਂਗੇ। ਇਹ ਇਕਰਾਰਨਾਮਾ ਤੁਹਾਡੇ ਤੇ ਮੇਰੇ ਵਿੱਚਕਾਰ ਹੈ। ਇਹ ਤੁਹਾਡੇ ਸਾਰੇ ਉੱਤਰਾਧਿਕਾਰੀਆਂ ਲਈ ਹੈ: ਜਿਹੜਾ ਵੀ ਮੁੰਡਾ ਜੰਮੇ ਉਸਦੀ ਸੁੰਨਤ ਕਰਨੀ ਜ਼ਰੂਰੀ ਹੈ। 11 ਤੁਸੀਂ ਇਹ ਦਰਸ਼ਾਉਣ ਲਈ ਮਾਸ ਨੂੰ ਕੱਟੋਂਗੇ ਕਿ ਤੁਸੀਂ ਮੇਰੇ ਤੇ ਤੁਹਾਡੇ ਦਰਮਿਆਨ ਹੋਏ ਇਕਰਾਰਨਾਮੇ ਉੱਤੇ ਚੱਲਦੇ ਹੋਂ। 12 ਜਦੋਂ ਪੁੱਤਰ ਅੱਠਾਂ ਦਿਨਾਂ ਦਾ ਹੋਵੇ, ਤੁਸੀਂ ਉਸਦੀ ਸੁੰਨਤ ਕਰ ਦੇਣੀ। ਕੋਈ ਵੀ ਮੁੰਡਾ ਜੋ ਤੁਹਾਡੇ ਘਰੇ ਜਨਮਿਆ ਜਾਂ ਭਾਵੇਂ ਕਿਸੇ ਵੀ ਵਿਦੇਸ਼ੀ ਗੁਲਾਮ ਦੇ ਘਰੇ ਜਿਸ ਨੂੰ ਤੁਸੀਂ ਖਰੀਦਿਆ ਹੋਵੇ ਜੋ ਤੁਹਾਡੇ ਨਾਲ ਸੰਬੰਧਿਤ ਨਹੀਂ ਹਨ, ਉਸਦੀ ਸੁੰਨਤ ਹੋਣੀ ਚਾਹੀਦੀ ਹੈ। 13 ਇਸ ਲਈ ਤੁਹਾਡੇ ਉੱਤਰਾਧਿਕਾਰੀਆਂ ਦਰਮਿਆਨ ਹਰ ਮੁੰਡੇ ਦੀ ਸੁੰਨਤ ਹੋਵੇਗੀ। ਜੋ ਵੀ ਮੁੰਡਾ ਤੁਹਾਡੇ ਪਰਿਵਾਰ ਵਿੱਚ ਜੰਮੇ ਜਾਂ ਗੁਲਾਮ ਵਜੋਂ ਖਰੀਦਿਆ ਜਾਵੇ, ਉਸਦੀ ਸੁੰਨਤ ਹੋਣੀ ਚਾਹੀਦੀ ਹੈ। ਇਸ ਤਰ੍ਹਾਂ, ਮੇਰਾ ਇਕਰਾਰਨਾਮਾ ਸਦੀਵੀ ਇਕਰਾਰਨਾਮੇ ਵਜੋਂ ਤੁਹਾਡੇ ਸਰੀਰਾਂ ਉੱਤੇ ਨਿਸ਼ਾਨਿਆਂ ਜਾਵੇਗਾ। 14 ਅਬਰਾਹਾਮ, ਤੇਰੇ ਤੇ ਮੇਰੇ ਦਰਮਿਆਨ ਇਕਰਾਰਨਾਮਾ ਇਹ ਹੈ: ਕੋਈ ਵੀ ਆਦਮੀ ਜਿਸਦੀ ਸੁੰਨਤ ਨਾ ਹੋਈ ਹੋਵੇ ਉਸ ਨੂੰ ਆਪਣੇ ਲੋਕਾਂ ਵਿੱਚੋਂ ਛੇਕ ਦੇਣਾ ਚਾਹੀਦਾ ਹੈ। ਕਿਉਂਕਿ ਉਸ ਬੰਦੇ ਨੇ ਮੇਰਾ ਇਕਰਾਰਨਾਮਾ ਤੋੜਿਆ ਹੈ।”
ਇਸਹਾਕ-ਇਕਰਾਰ ਕੀਤਾ ਹੋਇਆ ਪੁੱਤਰ
15 ਪਰਮੇਸ਼ੁਰ ਨੇ ਅਬਰਾਹਾਮ ਨੂੰ ਆਖਿਆ, “ਮੈਂ ਤੇਰੀ ਪਤਨੀ ਸਾਰਈ ਨੂੰ ਨਵਾਂ ਨਾਮ ਦਿਆਂਗਾ। ਉਸਦਾ ਨਾਮ ਸਾਰਾਹ ਹੋਵੇਗਾ। 16 ਮੈਂ ਉਸ ਨੂੰ ਅਸੀਸ ਦੇਵਾਂਗਾ। ਮੈਂ ਉਸ ਨੂੰ ਇੱਕ ਪੁੱਤਰ ਦੇਵਾਂਗਾ ਅਤੇ ਤੂੰ ਉਸਦਾ ਪਿਤਾ ਹੋਵੇਂਗਾ। ਉਹ ਅਨੇਕਾਂ ਨਵੀਆਂ ਕੌਮਾਂ ਦੀ ਮਾਤਾ ਹੋਵੇਗੀ। ਉਸ ਤੋਂ ਕੌਮਾਂ ਦੇ ਰਾਜੇ ਪੈਦਾ ਹੋਣਗੇ।”
17 ਅਬਰਾਹਾਮ ਨੇ ਧਰਤੀ ਤੇ ਝੁਕ ਕੇ ਸਿਜਦਾ ਕੀਤਾ ਇਹ ਦਰਸਾਉਣ ਲਈ ਕਿ ਉਹ ਪਰਮੇਸ਼ੁਰ ਦਾ ਆਦਰ ਕਰਦਾ ਸੀ। ਪਰ ਉਹ ਹੱਸ ਪਿਆ ਅਤੇ ਮਨ ਵਿੱਚ ਸੋਚਿਆ, “ਮੈਂ 100 ਵਰ੍ਹਿਆਂ ਦਾ ਹੋ ਗਿਆ ਹਾਂ। ਮੈਂ ਪੁੱਤਰ ਪੈਦਾ ਨਹੀਂ ਕਰ ਸੱਕਦਾ। ਅਤੇ ਸਾਰਾਹ 90 ਵਰ੍ਹਿਆਂ ਦੀ ਹੈ। ਉਹ ਬੱਚਾ ਪੈਦਾ ਨਹੀਂ ਕਰ ਸੱਕਦੀ।”
18 ਫ਼ੇਰ ਅਬਰਾਹਾਮ ਨੇ ਪਰਮੇਸ਼ੁਰ ਨੂੰ ਆਖਿਆ, “ਕੀ ਤੂੰ ਇਸਮਾਏਲ ਰਾਹੀਂ ਆਪਣਾ ਇਕਰਾਰ ਜਾਰੀ ਨਹੀਂ ਰੱਖ ਸੱਕਦਾ।”
19 ਪਰਮੇਸ਼ੁਰ ਨੇ ਆਖਿਆ, “ਨਹੀਂ! ਮੈਂ ਆਖਿਆ ਸੀ ਕਿ ਤੇਰੀ ਪਤਨੀ ਸਾਰਾਹ ਪੁੱਤਰ ਨੂੰ ਜਨਮ ਦੇਵੇਗੀ। ਤੂੰ ਉਸਦਾ ਨਾਮ ਇਸਹਾਕ ਰੱਖੀਂ। ਮੈਂ ਉਸ ਨਾਲ ਇਕਰਾਰਨਾਮਾ ਕਰਾਂਗਾ। ਉਹ ਇਕਰਾਰਨਾਮਾ ਅਜਿਹਾ ਇਕਰਾਰਨਾਮਾ ਹੋਵੇਗਾ ਜਿਹੜਾ ਉਸ ਦੇ ਉੱਤਰਾਧਿਕਾਰੀਆਂ ਨਾਲ ਸਦਾ ਜਾਰੀ ਰਹੇਗਾ।
20 “ਤੂੰ ਇਸਮਾਏਲ ਦਾ ਜ਼ਿਕਰ ਕੀਤਾ ਸੀ। ਅਤੇ ਮੈਂ ਸੁਣ ਲਿਆ ਹੈ। ਮੈਂ ਉਸ ਨੂੰ ਅਸੀਸ ਦੇਵਾਂਗਾ। ਉਸ ਦੇ ਬਹੁਤ ਸਾਰੇ ਬੱਚੇ ਹੋਣਗੇ। ਉਹ ਬਾਰ੍ਹਾਂ ਮਹਾਨ ਆਗੂਆਂ ਦਾ ਪਿਤਾ ਹੋਵੇਗਾ। ਉਸਦਾ ਪਰਿਵਾਰ ਇੱਕ ਮਹਾਨ ਕੌਮ ਬਣ ਜਾਵੇਗਾ। 21 ਪਰ ਮੈਂ ਆਪਣਾ ਇਕਰਾਰਨਾਮਾ ਇਸਹਾਕ ਨਾਲ ਕਰਾਂਗਾ। ਇਸਹਾਕ ਉਹ ਪੁੱਤਰ ਹੋਵੇਗਾ ਜਿਸ ਨੂੰ ਸਾਰਾਹ ਜਨਮ ਦੇਵੇਗੀ। ਇਸ ਪੁੱਤਰ ਦਾ ਜਨਮ ਅਗਲੇ ਸਾਲ ਇਸੇ ਸਮੇਂ ਹੋਵੇਗਾ।”
22 ਜਦੋਂ ਪਰਮੇਸ਼ੁਰ ਅਬਰਾਹਾਮ ਨਾਲ ਗੱਲ ਕਰ ਹਟਿਆ ਤਾਂ ਪਰਮੇਸ਼ੁਰ ਉੱਪਰ ਅਕਾਸ਼ ਵਿੱਚ ਚੱਲਿਆ ਗਿਆ। 23 ਪਰਮੇਸ਼ੁਰ ਨੇ ਅਬਰਾਹਾਮ ਨੂੰ ਆਖਿਆ ਸੀ ਕਿ ਉਹ ਆਪਣੇ ਪਰਿਵਾਰ ਦੇ ਸਾਰੇ ਆਦਮੀਆਂ ਅਤੇ ਮੁੰਡਿਆਂ ਦੀ ਸੁੰਨਤ ਕਰ ਦੇਵੇ। ਇਸ ਲਈ ਅਬਰਾਹਾਮ ਨੇ ਇਸਮਾਏਲ ਅਤੇ ਆਪਣੇ ਘਰ ਵਿੱਚ ਜਨਮੇ ਸਾਰੇ ਗੁਲਾਮਾਂ ਨੂੰ ਇਕੱਠਿਆਂ ਕਰ ਲਿਆ। ਅਬਰਾਹਾਮ ਨੇ ਉਨ੍ਹਾਂ ਗੁਲਾਮਾਂ ਨੂੰ ਵੀ ਇਕੱਠਾ ਕਰ ਲਿਆ ਜਿਨ੍ਹਾਂ ਨੂੰ ਪੈਸੇ ਨਾਲ ਖਰੀਦਿਆ ਗਿਆ ਸੀ। ਅਬਰਾਹਾਮ ਦੇ ਘਰ ਦੇ ਹਰੇਕ ਆਦਮੀ ਅਤੇ ਮੁੰਡੇ ਨੂੰ ਇਕੱਠਿਆਂ ਕਰ ਲਿਆ ਗਿਆ ਅਤੇ ਉਨ੍ਹਾਂ ਸਾਰਿਆਂ ਦੀ ਸੁੰਨਤ ਕਰ ਦਿੱਤੀ ਜਿਵੇਂ ਕਿ ਪਰਮੇਸ਼ੁਰ ਨੇ ਆਖਿਆ ਸੀ।
24 ਅਬਰਾਹਾਮ 99 ਸਾਲਾਂ ਦਾ ਸੀ ਜਦੋਂ ਉਸਦੀ ਸੁੰਨਤ ਕੀਤੀ ਗਈ। 25 ਅਤੇ ਉਸਦਾ ਪੁੱਤਰ, ਇਸਮਾਏਲ 13 ਵਰ੍ਹਿਆਂ ਦਾ ਸੀ ਜਦੋਂ ਉਸਦੀ ਸੁੰਨਤ ਕੀਤੀ ਗਈ। 26 ਅਬਰਾਹਾਮ ਅਤੇ ਉਸ ਦੇ ਪੁੱਤਰ ਇਸਮਾਏਲ ਦੀ ਉਸ ਇੱਕੋ ਦਿਨ ਸੁੰਨਤ ਕੀਤੀ ਗਈ। 27 ਅਤੇ ਓਸੇ ਦਿਨ ਹੀ ਅਬਰਾਹਾਮ ਦੇ ਘਰ ਦੇ ਸਾਰੇ ਆਦਮੀਆਂ ਦੀ ਸੁੰਨਤ ਕੀਤੀ ਗਈ। ਉਸ ਦੇ ਘਰ ਜੰਮੇ ਸਾਰੇ ਗੁਲਾਮਾਂ ਅਤੇ ਖਰੀਦੇ ਹੋਏ ਸਾਰੇ ਗੁਲਾਮਾਂ ਦੀ ਸੁੰਨਤ ਕੀਤੀ ਗਈ।
ਤਿੰਨ ਮਹਿਮਾਨ
18 ਬਾਦ ਵਿੱਚ, ਯਹੋਵਾਹ ਨੇ ਫ਼ੇਰ ਅਬਰਾਹਾਮ ਨੂੰ ਦਰਸ਼ਨ ਦਿੱਤਾ। ਅਬਰਾਹਾਮ ਮਮਰੇ ਦੇ ਬਲੂਤ ਦੇ ਰੁੱਖਾਂ ਨੇੜੇ ਰਹਿ ਰਿਹਾ ਸੀ। ਇੱਕ ਦਿਨ, ਸਖ਼ਤ ਗਰਮੀ ਵੇਲੇ, ਅਬਰਾਹਾਮ ਆਪਣੇ ਤੰਬੂ ਦੇ ਦਰਵਾਜ਼ੇ ਉੱਤੇ ਬੈਠਾ ਹੋਇਆ ਸੀ। 2 ਅਬਰਾਹਾਮ ਨੇ ਉੱਪਰ ਵੱਲ ਤੱਕਿਆ ਅਤੇ ਤਿੰਨ ਆਦਮੀਆਂ ਨੂੰ ਆਪਣੇ ਸਾਹਮਣੇ ਖਲੋਤਿਆਂ ਦੇਖਿਆ। ਜਦੋਂ ਉਸ ਨੇ ਉਨ੍ਹਾਂ ਨੂੰ ਦੇਖਿਆ, ਉਹ ਉਨ੍ਹਾਂ ਵੱਲ ਦੌੜਿਆ ਅਤੇ ਉਨ੍ਹਾਂ ਨੂੰ ਧਰਤੀ ਉੱਤੇ ਝੁਕ ਕੇ ਸਨਮਾਨ ਦਿੱਤਾ। 3 ਅਬਰਾਹਾਮ ਨੇ ਆਖਿਆ, “ਸ਼੍ਰੀਮਾਨ ਜੀਓ, ਕੁਝ ਸਮਾਂ ਮੇਰੇ ਨਾਲ, ਆਪਣੇ ਨੌਕਰ, ਨਾਲ ਠਹਿਰੋ। 4 ਮੈਂ ਤੁਹਾਡੇ ਚਰਨ ਧੋਣ ਲਈ ਕੁਝ ਪਾਣੀ ਲਿਆਉਂਦਾ ਹਾਂ। ਤੁਸੀਂ ਰੁੱਖਾਂ ਹੇਠਾਂ ਆਰਾਮ ਕਰ ਸੱਕਦੇ ਹੋਂ। 5 ਮੈਂ ਤੁਹਾਡੇ ਲਈ ਕੁਝ ਭੋਜਨ ਲਿਆਉਂਦਾ ਹਾਂ ਅਤੇ ਤੁਸੀਂ ਰੱਜ ਕੇ ਛਕੋ। ਫ਼ੇਰ ਤੁਸੀਂ ਆਪਣਾ ਸਫ਼ਰ ਜਾਰੀ ਰੱਖ ਸੱਕਦੇ ਹੋਂ।”
ਤਿੰਨਾਂ ਆਦਮੀਆਂ ਨੇ ਆਖਿਆ, “ਚੰਗੀ ਗੱਲ ਹੈ। ਅਸੀਂ ਓਵੇਂ ਹੀ ਕਰਾਂਗੇ ਜਿਵੇਂ ਤੂੰ ਆਖਦਾ ਹੈਂ।”
6 ਅਬਰਾਹਾਮ ਭੱਜ ਕੇ ਤੰਬੂ ਵੱਲ ਗਿਆ। ਅਬਰਾਹਾਮ ਨੇ ਸਾਰਾਹ ਨੂੰ ਆਖਿਆ, “ਛੇਤੀ ਨਾਲ ਤਿੰਨ ਆਦਮੀਆਂ ਲਈ ਚੋਖਾ ਸਾਰਾ ਆਟਾ ਗੁੰਨ੍ਹ ਅਤੇ ਤਿੰਨ ਰੋਟੀਆਂ ਪਕਾ।” 7 ਫ਼ੇਰ ਅਬਰਾਹਾਮ ਆਪਣੇ ਪਸ਼ੂਆਂ ਵੱਲ ਦੌੜਿਆ। ਅਬਰਾਹਾਮ ਨੇ ਆਪਣਾ ਸਭ ਤੋਂ ਚੰਗਾ ਵੱਛਾ ਲਿਆ। ਅਬਰਾਹਾਮ ਨੇ ਵੱਛਾ ਨੌਕਰ ਨੂੰ ਦੇ ਦਿੱਤਾ। ਅਬਰਾਹਾਮ ਨੇ ਨੌਕਰ ਨੂੰ ਆਖਿਆ ਕਿ ਛੇਤੀ ਨਾਲ ਵਛਾ ਜਿਬਾਹ ਕਰੇ ਅਤੇ ਇਸਦਾ ਭੋਜਨ ਤਿਆਰ ਕਰੇ। 8 ਅਬਰਾਹਾਮ ਨੇ ਮਾਸ, ਦੁੱਧ ਅਤੇ ਮੱਖਣ ਲਿਆਂਦਾ ਅਤੇ ਇਨ੍ਹਾਂ ਨੂੰ ਤਿੰਨਾ ਆਦਮੀਆਂ ਅੱਗੇ ਧਰ ਦਿੱਤਾ। ਫ਼ੇਰ ਉਹ ਉਨ੍ਹਾਂ ਦੇ ਨੇੜੇ ਖਲੋ ਗਿਆ ਜਦੋਂ ਉਹ ਰੁੱਖ ਹੇਠਾਂ ਬੈਠੇ ਹੋਏ ਭੋਜਨ ਛਕ ਰਹੇ ਸਨ।
9 ਫ਼ੇਰ ਆਦਮੀਆਂ ਨੇ ਅਬਰਾਹਾਮ ਨੂੰ ਆਖਿਆ, “ਤੇਰੀ ਪਤਨੀ ਸਾਰਾਹ ਕਿੱਥੇ ਹੈ?”
ਅਬਰਾਹਾਮ ਨੇ ਆਖਿਆ, “ਉਹ ਤੰਬੂ ਵਿੱਚ ਹੈ।”
10 ਤਾਂ ਯਹੋਵਾਹ ਨੇ ਆਖਿਆ, “ਮੈਂ ਬਹਾਰ ਦੇ ਮੌਸਮ ਵਿੱਚ ਫ਼ੇਰ ਆਵਾਂਗਾ। ਓਸ ਸਮੇਂ, ਤੇਰੀ ਪਤਨੀ ਸਾਰਾਹ ਇੱਕ ਪੁੱਤਰ ਨੂੰ ਜਨਮ ਦੇਵੇਗੀ।”
ਸਾਰਾਹ ਤੰਬੂ ਵਿੱਚ ਖਲੋਤੀ ਇਹ ਗੱਲਾਂ ਸੁਣ ਰਹੀ ਸੀ। 11 ਅਬਰਾਹਾਮ ਅਤੇ ਸਾਰਾਹ ਬਹੁਤ ਬਿਰਧ ਸਨ। ਸਾਰਾਹ ਬੱਚੇ ਜਣਨ ਦੀ ਉਮਰ ਟੱਪ ਚੁੱਕੀ ਸੀ। 12 ਇਸ ਲਈ ਸਾਰਾਹ ਨੇ ਜੋ ਸੁਣਿਆ ਸੀ ਉਸਤੇ ਵਿਸ਼ਵਾਸ ਨਹੀਂ ਕੀਤਾ। ਉਹ ਦਿਲ ਵਿੱਚ ਹੱਸੀ ਅਤੇ ਆਖਿਆ, “ਮੈਂ ਬੁੱਢੀ ਹਾਂ ਤੇ ਮੇਰਾ ਪਤੀ ਬੁੱਢਾ ਹੈ। ਮੈਂ ਇੰਨੀ ਬੁੱਢੀ ਹਾਂ ਕਿ ਬੱਚਾ ਨਹੀਂ ਜਣ ਸੱਕਦੀ।”
13 ਤਾਂ ਯਹੋਵਾਹ ਨੇ ਅਬਰਾਹਾਮ ਨੂੰ ਆਖਿਆ, “ਸਾਰਾਹ ਹਸੀ ਸੀ ਅਤੇ ਉਸ ਨੇ ਆਖਿਆ ਸੀ ਕਿ ਉਹ ਇੰਨੀ ਬੁੱਢੀ ਉਮਰੇ ਬੱਚਾ ਨਹੀਂ ਜਣ ਸੱਕਦੀ। 14 ਕੀ ਯਹੋਵਾਹ ਲਈ ਕੋਈ ਗੱਲ ਇੰਨੀ ਔਖੀ ਹੈ? ਨਹੀਂ! ਮੈਂ ਬਹਾਰ ਦੇ ਮੌਸਮ ਵਿੱਚ ਫ਼ੇਰ ਆਵਾਂਗਾ, ਜਦੋਂ ਮੈਂ ਆਖਿਆ ਹੈ ਤਾਂ ਆਵਾਂਗਾ। ਅਤੇ ਤੇਰੀ ਪਤਨੀ ਸਾਰਾਹ ਪੁੱਤਰ ਨੂੰ ਜਨਮ ਦੇਵੇਗੀ।”
15 ਪਰ ਸਾਰਾਹ ਨੇ ਆਖਿਆ, “ਮੈਂ ਨਹੀਂ ਹਸੀ!” (ਉਸ ਨੇ ਇਹ ਗੱਲ ਇਸ ਵਾਸਤੇ ਆਖੀ ਕਿਉਂਕਿ ਉਹ ਡਰ ਗਈ ਸੀ।)
ਪਰ ਯਹੋਵਾਹ ਨੇ ਆਖਿਆ, “ਨਹੀਂ! ਮੈਂ ਜਾਣਦਾ ਹਾਂ ਕਿ ਇਹ ਸੱਚ ਨਹੀਂ ਹੈ। ਤੂੰ ਜ਼ਰੂਰ ਹਸੀ ਸੀ।”
16 ਫ਼ੇਰ ਆਦਮੀ ਜਾਣ ਲਈ ਉੱਠ ਖਲੋਤੇ। ਉਨ੍ਹਾਂ ਨੇ ਸਦੂਮ ਵੱਲ ਦੇਖਿਆ ਅਤੇ ਉਸ ਦਿਸ਼ਾ ਵੱਲ ਸਫ਼ਰ ਕਰਨਾ ਆਰੰਭ ਕਰ ਦਿੱਤਾ। ਅਬਰਾਹਾਮ ਉਨ੍ਹਾਂ ਨੂੰ ਛੱਡਣ ਲਈ ਕੁਝ ਦੂਰ ਉਨ੍ਹਾਂ ਦੇ ਨਾਲ ਗਿਆ।
ਅਬਰਾਹਾਮ ਦਾ ਪਰਮੇਸ਼ੁਰ ਨਾਲ ਸੌਦਾ
17 ਯਹੋਵਾਹ ਨੇ ਮਨ ਵਿੱਚ ਆਖਿਆ, “ਕੀ ਮੈਨੂੰ ਅਬਰਾਹਾਮ ਨੂੰ ਉਹ ਗੱਲ ਦੱਸ ਦੇਣੀ ਚਾਹੀਦੀ ਹੈ ਜਿਹੜੀ ਮੈਂ ਹੁਣ ਕਰਾਂਗਾ? 18 ਅਬਰਾਹਾਮ ਇੱਕ ਮਹਾਨ ਤੇ ਸ਼ਕਤੀਸ਼ਾਲੀ ਕੌਮ ਬਣ ਜਾਵੇਗਾ। ਅਤੇ ਧਰਤੀ ਦੇ ਸਾਰੇ ਲੋਕਾਂ ਨੂੰ ਉਸ ਦੇ ਕਾਰਣ ਅਸੀਸ ਮਿਲੇਗੀ। 19 ਕਿਉਂਕਿ ਮੈਂ ਉਸ ਨੂੰ ਜਾਣਦਾ ਹਾਂ, ਇਸ ਲਈ ਮੈਂ ਅਬਰਾਹਾਮ ਨਾਲ ਇੱਕ ਖਾਸ ਇਕਰਾਰਨਾਮਾ ਕੀਤਾ ਹੈ ਤਾਂ ਜੋ ਉਹ ਆਪਣੇ ਬੱਚਿਆਂ ਅਤੇ ਆਪਣੇ ਉੱਤਰਾਧਿਕਾਰੀਆਂ ਨੂੰ ਯਹੋਵਾਹ ਦੀ ਰਜ਼ਾ ਅਨੁਸਾਰ ਜਿਉਣ ਦੀ ਹਿਦਾਇਤ ਦੇਵੇ ਅਤੇ ਉਹ ਸਹੀ ਢੰਗ ਨਾਲ ਜੀਵਨ ਜਿਉਣ ਅਤੇ ਨਿਆਂਪੂਰਣ ਹੋਣ। ਫ਼ੇਰ ਮੈਂ, ਯਹੋਵਾਹ, ਉਸ ਨੂੰ ਉਹ ਚੀਜ਼ਾਂ ਦੇ ਸੱਕਾਂਗਾ ਜਿਨ੍ਹਾਂ ਦਾ ਮੈਂ ਇਕਰਾਰ ਕੀਤਾ ਸੀ।”
20 ਫ਼ੇਰ ਯਹੋਵਾਹ ਨੇ ਆਖਿਆ, “ਮੈਂ ਬਹੁਤ ਵਾਰੀ ਸੁਣਿਆ ਹੈ ਕਿ ਸਦੂਮ ਅਤੇ ਅਮੂਰਾਹ ਦੇ ਲੋਕ ਬਹੁਤ ਮਾੜੇ ਹਨ। 21 ਇਸ ਲਈ ਮੈਂ ਜਾਕੇ ਦੇਖਾਂਗਾ ਕਿ ਕੀ ਹਾਲਾਤ ਇੰਨੇ ਹੀ ਮਾੜੇ ਹਨ ਜਿੰਨੇ ਮੈਂ ਸੁਣੇ ਹਨ। ਫੇਰ ਮੈਨੂੰ ਯਕੀਨ ਹੋ ਜਾਵੇਗਾ।”
22 ਇਸ ਤਰ੍ਹਾਂ ਆਦਮੀ ਮੁੜ ਪਏ ਅਤੇ ਸਦੂਮ ਵੱਲ ਤੁਰ ਪਏ। ਪਰ ਅਬਰਾਹਾਮ ਓੱਥੇ ਯਹੋਵਾਹ ਦੇ ਸਨਮੁੱਖ ਖਲੋਤਾ ਸੀ। 23 ਫ਼ੇਰ ਅਬਰਾਹਾਮ ਯਹੋਵਾਹ ਵੱਲ ਆਇਆ ਤੇ ਆਖਿਆ, “ਯਹੋਵਾਹ, ਕੀ ਤੂੰ ਬੁਰੇ ਲੋਕਾਂ ਦੇ ਨਾਲ ਨੇਕ ਬੰਦਿਆਂ ਨੂੰ ਵੀ ਤਬਾਹ ਕਰਨ ਦੀ ਸੋਚ ਰਿਹਾ ਹੈਂ? 24 ਜੇ ਉਸ ਸ਼ਹਿਰ ਵਿੱਚ 50 ਨੇਕ ਆਦਮੀ ਹੋਣ, ਤਾਂ ਕੀ ਹੋਵੇਗਾ? ਕੀ ਫ਼ੇਰ ਵੀ ਤੂੰ ਉਸ ਸ਼ਹਿਰ ਨੂੰ, ਉਨ੍ਹਾਂ 50 ਚੰਗੇ ਲੋਕਾਂ ਦੀ ਖਾਤਿਰ ਬਚਾਉਣ ਦੀ ਬਜਾਇ ਤਬਾਹ ਕਰ ਦੇਵੇਂਗਾ। 25 ਤੈਨੂੰ ਸ਼ਹਿਰ ਨੂੰ ਤਬਾਹ ਨਹੀਂ ਕਰਨਾ ਚਾਹੀਦਾ। ਤੈਨੂੰ ਬੁਰੇ ਬੰਦਿਆਂ ਨੂੰ ਮਾਰਨ ਲਈ 50 ਨੇਕ ਬੰਦਿਆਂ ਨੂੰ ਤਬਾਹ ਨਹੀਂ ਕਰਨਾ ਚਾਹੀਦਾ। ਜੇ ਅਜਿਹਾ ਵਾਪਰੇਗਾ ਤਾਂ ਨੇਕ ਬੰਦੇ ਅਤੇ ਬਦ ਬੰਦੇ ਇੱਕੋ ਜਿਹੇ ਹੋਣਗੇ-ਉਨ੍ਹਾਂ ਦੋਹਾਂ ਨੂੰ ਸਜ਼ਾ ਮਿਲੇਗੀ। ਤੂੰ ਸਾਰੀ ਦੁਨੀਆਂ ਦਾ ਮੁਨਸਿਫ਼ ਹੈਂ। ਮੈਂ ਜਾਣਦਾ ਹਾਂ ਕਿ ਤੂੰ ਸਹੀ ਗੱਲ ਕਰੇਂਗਾ।”
26 ਫ਼ੇਰ ਯਹੋਵਾਹ ਨੇ ਆਖਿਆ, “ਜੇ ਮੈਨੂੰ ਸਦੂਮ ਦੇ ਸ਼ਹਿਰ ਵਿੱਚ 50 ਨੇਕ ਬੰਦੇ ਮਿਲ ਜਾਣਗੇ ਤਾਂ ਮੈਂ ਸਾਰੇ ਸ਼ਹਿਰ ਨੂੰ ਬਚਾ ਲਵਾਂਗਾ।”
27 ਤਾਂ ਅਬਰਾਹਾਮ ਨੇ ਆਖਿਆ, “ਤੇਰੇ ਸਾਹਮਣੇ ਤਾਂ ਯਹੋਵਾਹ ਮੈਂ ਸਿਰਫ਼ ਖਾਕ ਅਤੇ ਰਾਖ ਹਾਂ। ਪਰ ਮੈਂ ਤੈਨੂੰ ਇੱਕ ਵਾਰੀ ਫ਼ੇਰ ਖੇਚਲ ਦੇਣਾ ਚਾਹੁੰਦਾ ਹਾਂ ਅਤੇ ਤੇਰੇ ਕੋਲੋਂ ਇਹ ਸਵਾਲ ਪੁੱਛਦਾ ਹਾਂ: 28 ਜੇ ਭਲਾ ਪੰਜ ਨੇਕ ਆਦਮੀ ਘੱਟ ਹੋਣ ਫ਼ੇਰ ਕੀ ਹੋਵੇਗਾ? ਜੇ ਉਸ ਸ਼ਹਿਰ ਵਿੱਚ ਸਿਰਫ਼ 45 ਨੇਕ ਆਦਮੀ ਹੋਏ, ਫ਼ੇਰ? ਕੀ ਤੂੰ ਸਿਰਫ਼ ਪੰਜ ਬੰਦਿਆਂ ਕਾਰਣ ਸਾਰੇ ਸ਼ਹਿਰ ਨੂੰ ਤਬਾਹ ਕਰ ਦੇਵੇਂਗਾ?”
ਯਹੋਵਾਹ ਨੇ ਆਖਿਆ, “ਜੇ ਮੈਨੂੰ ਓੱਥੇ 45 ਨੇਕ ਬੰਦੇ ਮਿਲ ਗਏ ਤਾਂ ਮੈਂ ਸ਼ਹਿਰ ਨੂੰ ਤਬਾਹ ਨਹੀਂ ਕਰਾਂਗਾ।”
29 ਅਬਰਾਹਾਮ ਫ਼ੇਰ ਬੋਲਿਆ। ਉਸ ਨੇ ਆਖਿਆ, “ਅਤੇ ਜੇ ਤੁਹਾਨੂੰ ਓੱਥੇ ਸਿਰਫ਼ 40 ਨੇਕ ਬੰਦੇ ਮਿਲੇ ਤਾਂ ਕੀ ਤੂੰ ਸ਼ਹਿਰ ਨੂੰ ਤਬਾਹ ਕਰ ਦੇਵੇਂਗਾ?”
ਯਹੋਵਾਹ ਨੇ ਆਖਿਆ, “ਜੇ ਮੈਨੂੰ 40 ਨੇਕ ਬੰਦੇ ਮਿਲ ਗਏ ਤਾਂ ਮੈਂ ਸ਼ਹਿਰ ਨੂੰ ਤਬਾਹ ਨਹੀਂ ਕਰਾਂਗਾ।”
30 ਫ਼ੇਰ ਅਬਰਾਹਾਮ ਨੇ ਆਖਿਆ, “ਯਹੋਵਾਹ, ਕਿਰਪਾ ਕਰਕੇ ਮੇਰੇ ਨਾਲ ਨਾਰਾਜ਼ ਨਾ ਹੋਣਾ। ਮੈਨੂੰ ਇਹ ਗਲ ਪੁੱਛਣ ਦੀ ਇਜਾਜ਼ਤ ਦੇ: ਜੇ ਤੁਹਾਨੂੰ ਸ਼ਹਿਰ ਵਿੱਚ 30 ਨੇਕ ਬੰਦੇ ਮਿਲ ਗਏ ਤਾਂ ਕੀ ਤੂੰ ਸ਼ਹਿਰ ਨੂੰ ਤਬਾਹ ਕਰ ਦੇਵੇਂਗਾ?”
ਯਹੋਵਾਹ ਨੇ ਆਖਿਆ, “ਜੇ ਮੈਨੂੰ 30 ਨੇਕ ਬੰਦੇ ਮਿਲ ਗਏ ਤਾਂ ਮੈਂ ਸ਼ਹਿਰ ਨੂੰ ਤਬਾਹ ਨਹੀਂ ਕਰਾਂਗਾ।”
31 ਫ਼ੇਰ ਅਬਰਾਹਾਮ ਨੇ ਆਖਿਆ, “ਕੀ ਮੈਂ ਤੈਨੂੰ ਇੱਕ ਵਾਰੀ ਫ਼ੇਰ ਖੇਚਲ ਦੇ ਸੱਕਦਾ ਹਾਂ ਤੇ ਪੁੱਛ ਸੱਕਦਾ ਹਾਂ ਕਿ ਜੇ ਓੱਥੇ 20 ਨੇਕ ਬੰਦੇ ਹੋਣਗੇ ਫ਼ੇਰ ਕੀ ਹੋਵੇਗਾ?”
ਯਹੋਵਾਹ ਨੇ ਜਵਾਬ ਦਿੱਤਾ, “ਜੇ ਮੈਨੂੰ 20 ਨੇਕ ਬੰਦੇ ਮਿਲਣਗੇ ਤਾਂ ਮੈਂ ਸ਼ਹਿਰ ਨੂੰ ਤਬਾਹ ਨਹੀਂ ਕਰਾਂਗਾ।”
32 ਫ਼ੇਰ ਅਬਰਾਹਾਮ ਨੇ ਆਖਿਆ, “ਯਹੋਵਾਹ, ਕਿਰਪਾ ਕਰਕੇ ਮੇਰੇ ਨਾਲ ਨਾਰਾਜ਼ ਨਾ ਹੋਣਾ ਪਰ ਮੈਂ ਤੈਨੂੰ ਇਹ ਆਖਰੀ ਵਾਰੀ ਖੇਚਲ ਦੇ ਰਿਹਾ ਹਾਂ। ਜੇ ਤੈਨੂੰ ਓੱਥੇ 10 ਨੇਕ ਬੰਦੇ ਮਿਲ ਗਏ ਤਾਂ ਤੂੰ ਕੀ ਕਰੇਂਗਾ?”
ਯਹੋਵਾਹ ਨੇ ਆਖਿਆ, “ਜੇ ਮੈਨੂੰ ਓੱਥੇ 10 ਨੇਕ ਬੰਦੇ ਮਿਲ ਗਏ ਤਾਂ ਮੈਂ ਇਸ ਨੂੰ ਤਬਾਹ ਨਹੀਂ ਕਰਾਂਗਾ।”
33 ਯਹੋਵਾਹ ਨੇ ਅਬਰਾਹਾਮ ਨਾਲ ਗੱਲ ਮੁਕਾਈ, ਇਸ ਲਈ ਯਹੋਵਾਹ ਚੱਲਾ ਗਿਆ। ਅਤੇ ਅਬਰਾਹਾਮ ਆਪਣੇ ਘਰ ਵਾਪਸ ਚੱਲਾ ਗਿਆ।
ਲੂਤ ਦੇ ਮਹਿਮਾਨ
19 ਉਸ ਸ਼ਾਮ ਸਦੂਮ ਸ਼ਹਿਰ ਵਿੱਚ ਦੋ ਦੂਤ ਆਏ। ਲੂਤ ਸ਼ਹਿਰ ਦੇ ਦਰਵਾਜ਼ੇ ਤੇ ਬੈਠਾ ਹੋਇਆ ਸੀ ਅਤੇ ਉਸ ਨੇ ਦੂਤਾਂ ਨੂੰ ਦੇਖਿਆ। ਲੂਤ ਨੇ ਸੋਚਿਆ ਕਿ ਉਹ ਨਗਰ ਵਿੱਚੋਂ ਲੰਘਣ ਵਾਲੇ ਆਦਮੀ ਸਨ। ਲੂਤ ਉੱਠ ਖਲੋਤਾ ਅਤੇ ਉਨ੍ਹਾਂ ਕੋਲ ਚੱਲਾ ਗਿਆ ਅਤੇ ਝੁਕ ਗਿਆ। 2 ਲੂਤ ਨੇ ਆਖਿਆ, “ਸ਼੍ਰੀਮਾਨ, ਕਿਰਪਾ ਕਰਕੇ ਮੇਰੇ ਘਰ ਆਓ, ਮੈਂ ਤੁਹਾਡੀ ਸੇਵਾ ਕਰਾਂਗਾ। ਓੱਥੇ ਤੁਸੀਂ ਆਪਣੇ ਪੈਰ ਧੋ ਸੱਕਦੇ ਹੋਂ ਅਤੇ ਰਾਤ ਠਹਿਰ ਸੱਕਦੇ ਹੋਂ। ਫ਼ੇਰ ਕੱਲ੍ਹ ਨੂੰ ਤੁਸੀਂ ਆਪਣਾ ਸਫ਼ਰ ਜਾਰੀ ਰੱਖ ਸੱਕਦੇ ਹੋਂ।”
ਦੂਤਾਂ ਨੇ ਜਵਾਬ ਦਿੱਤਾ, “ਨਹੀਂ ਅਸੀਂ ਨਗਰ ਦੇ ਚੌਕ ਵਿੱਚ ਰਾਤ ਗੁਜ਼ਾਰਾਂਗੇ।”
3 ਪਰ ਲੂਤ ਉਨ੍ਹਾਂ ਨੂੰ ਆਪਣੇ ਘਰ ਆਉਣ ਦਾ ਸੱਦਾ ਦਿੰਦਾ ਰਿਹਾ। ਇਸ ਲਈ ਦੂਤ ਲੂਤ ਦੇ ਘਰ ਜਾਣ ਲਈ ਰਾਜ਼ੀ ਹੋ ਗਏ। ਉਹ ਲੂਤ ਦੇ ਘਰ ਗਏ। ਲੂਤ ਨੇ ਉਨ੍ਹਾਂ ਨੂੰ ਕੁਝ ਖਾਣ-ਪੀਣ ਵਾਸਤੇ ਦਿੱਤਾ। ਲੂਤ ਨੇ ਦੂਤਾਂ ਲਈ ਰੋਟੀ ਪਕਾਈ ਅਤੇ ਉਨ੍ਹਾਂ ਨੇ ਭੋਜਨ ਕਰ ਲਿਆ।
4 ਉਸ ਸ਼ਾਮ, ਸੌਣ ਵੇਲੇ ਤੋਂ ਰਤਾ ਕੁ ਪਹਿਲਾਂ ਦੋਵੇਂ ਜਵਾਨ ਅਤੇ ਬੁੱਢੇ ਆਦਮੀ ਨਗਰ ਦੇ ਹਰ ਭਾਗ ਵਿੱਚੋਂ ਲੂਤ ਦੇ ਘਰ ਆ ਗਏ। ਉਹ ਘਰ ਦੇ ਆਲੇ-ਦੁਆਲੇ ਇਕੱਠੇ ਹੋ ਗਏ 5 ਅਤੇ ਲੂਤ ਨੂੰ ਆਵਾਜ਼ ਮਾਰੀ। ਉਨ੍ਹਾਂ ਨੇ ਆਖਿਆ, “ਕਿੱਥੇ ਨੇ ਉਹ ਦੋ ਬੰਦੇ ਜਿਹੜੇ ਅੱਜ ਰਾਤੀਂ ਤੇਰੇ ਘਰ ਆਏ ਸਨ? ਉਨ੍ਹਾਂ ਨੂੰ ਸਾਡੇ ਕੋਲ ਬਾਹਰ ਲਿਆ। ਅਸੀਂ ਉਨ੍ਹਾਂ ਨਾਲ ਸੰਭੋਗ ਕਰਨਾ ਚਾਹੁੰਦੇ ਹਾਂ।”
6 ਲੂਤ ਬਾਹਰ ਗਿਆ, ਅਤੇ ਆਪਣੇ ਪਿੱਛੇ ਦਰਵਾਜ਼ਾ ਬੰਦ ਕਰ ਦਿੱਤਾ। 7 ਲੂਤ ਨੇ ਆਦਮੀਆਂ ਨੂੰ ਆਖਿਆ, “ਨਹੀਂ! ਦੋਸਤੋਂ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਮਿਹਰਬਾਨੀਂ ਕਰਕੇ ਇਹ ਬਦੀ ਨਾ ਕਰਿਓ! 8 ਦੇਖੋ, ਮੇਰੀਆਂ ਦੋ ਧੀਆਂ ਹਨ ਜਿਹੜੀਆਂ ਕਦੇ ਵੀ ਕਿਸੇ ਮਰਦ ਨਾਲ ਨਹੀਂ ਸੁੱਤੀਆਂ। ਮੈਂ ਆਪਣੀਆਂ ਧੀਆਂ ਤੁਹਾਨੂੰ ਦੇ ਦਿਆਂਗਾ। ਤੁਸੀਂ ਉਨ੍ਹਾਂ ਨਾਲ ਜੋ ਚਾਹੋਂ ਕਰ ਸੱਕਦੇ ਹੋ। ਪਰ ਮਿਹਰਬਾਨੀ ਕਰਕੇ ਇਨ੍ਹਾਂ ਆਦਮੀਆਂ ਨਾਲ ਕੁਝ ਨਾ ਕਰਨਾ। ਇਹ ਆਦਮੀ ਮੇਰੇ ਘਰ ਆਏ ਹਨ ਅਤੇ ਮੈਂ ਇਨ੍ਹਾਂ ਦੀ ਰੱਖਿਆ ਜ਼ਰੂਰ ਕਰਾਂਗਾ।”
9 ਘਰ ਦੇ ਆਲੇ-ਦੁਆਲੇ ਖੜ੍ਹੇ ਆਦਮੀਆਂ ਨੇ ਜਵਾਬ ਦਿੱਤਾ, “ਤੂੰ ਇੱਥੇ ਆ!” ਫ਼ੇਰ ਆਦਮੀਆਂ ਨੇ ਆਪਸ ’ਚ ਆਖਿਆ, “ਇਹ ਆਦਮੀ, ਲੂਤ, ਸਾਡੇ ਸ਼ਹਿਰ ਇੱਕ ਮਹਿਮਾਨ ਵਜੋਂ ਆਇਆ ਹੈ। ਹੁਣ ਇਹ ਸਾਨੂੰ ਦੱਸਣਾ ਚਾਹੁੰਦਾ ਹੈ ਕਿ ਸਾਨੂੰ ਕਿਵੇਂ ਜਿਉਣਾ ਚਾਹੀਦਾ ਹੈ!” ਆਦਮੀਆਂ ਨੇ ਲੂਤ ਨੂੰ ਆਖਿਆ, “ਅਸੀਂ ਤੇਰੇ ਨਾਲ ਇਨ੍ਹਾਂ ਨਾਲੋਂ ਵੀ ਬੁਰਾ ਸਲੂਕ ਕਰਾਂਗੇ।” ਇਸ ਤਰ੍ਹਾਂ ਆਦਮੀ ਲੂਤ ਦੇ ਨੇੜੇ-ਨੇੜੇ ਆਉਂਦੇ ਗਏ। ਉਹ ਦਰਵਾਜ਼ਾ ਤੋੜਨ ਹੀ ਵਾਲੇ ਸਨ।
10 ਪਰ ਦੋ ਆਦਮੀਆਂ ਨੇ ਜਿਹੜੇ ਘਰ ਦੇ ਅੰਦਰ ਸਨ ਦਰਵਾਜ਼ਾ ਖੋਲ੍ਹਕੇ, ਆਪਣੇ ਹੱਥ ਬਾਹਰ ਕੱਢੇ ਅਤੇ ਲੂਤ ਨੂੰ ਘਰ ਅੰਦਰ ਖਿੱਚ ਲਿਆ ਅਤੇ ਦਰਵਾਜ਼ਾ ਬੰਦ ਕਰ ਦਿੱਤਾ। 11 ਫ਼ੇਰ ਉਨ੍ਹਾਂ ਨੇ ਦਰਵਾਜ਼ੇ ਤੋਂ ਬਾਹਰ ਖੜ੍ਹੇ ਲੋਕਾਂ ਨਾਲ ਕੁਝ ਕੀਤਾ-ਉਨ੍ਹਾਂ ਨੇ ਉਨ੍ਹਾਂ ਸਾਰੇ ਬਦ ਆਦਮੀਆਂ ਨੂੰ, ਜਵਾਨ ਤੇ ਬੁੱਢਿਆਂ ਨੂੰ ਅੰਨ੍ਹਾ ਕਰ ਦਿੱਤਾ। ਇਸ ਲਈ ਘਰ ਵਿੱਚ ਦਾਖਲ ਹੋਣ ਦੀਆਂ ਕੋਸ਼ਿਸ਼ਾਂ ਕਰਨ ਵਾਲੇ ਲੋਕਾਂ ਨੂੰ ਦਰਵਾਜ਼ਾ ਨਹੀਂ ਮਿਲਿਆ।
ਸਦੂਮ ਤੋਂ ਬਚ ਨਿਕਲਣਾ
12 ਉਨ੍ਹਾਂ ਦੋਹਾਂ ਆਦਮੀਆਂ ਨੇ ਲੂਤ ਨੂੰ ਆਖਿਆ, “ਕੀ ਤੇਰੇ ਪਰਿਵਾਰ ਦੇ ਹੋਰ ਲੋਕ ਵੀ ਇਸ ਨਗਰ ਵਿੱਚ ਰਹਿੰਦੇ ਨੇ? ਕੀ ਤੇਰੇ ਜੁਆਈ, ਪੁੱਤਰ, ਧੀਆਂ ਜਾਂ ਤੇਰੇ ਪਰਿਵਾਰ ਦੇ ਹੋਰ ਲੋਕ ਇੱਥੇ ਹਨ? ਜੇ ਇਵੇਂ ਹੈ ਤਾਂ ਤੈਨੂੰ ਚਾਹੀਦਾ ਹੈ ਕਿ ਉਨ੍ਹਾਂ ਨੂੰ ਹੁਣੇ ਚੱਲੇ ਜਾਣ ਲਈ ਆਖ ਦੇਵੇਂ। 13 ਅਸੀਂ ਇਸ ਨਗਰ ਨੂੰ ਤਬਾਹ ਕਰਨ ਵਾਲੇ ਹਾਂ। ਯਹੋਵਾਹ ਨੇ ਇਹ ਸੁਣ ਲਿਆ ਸੀ ਕਿ ਇਹ ਸ਼ਹਿਰ ਕਿੰਨਾ ਬੁਰਾ ਹੈ, ਇਸੇ ਲਈ ਉਸ ਨੇ ਸਾਨੂੰ ਇਸ ਨੂੰ ਤਬਾਹ ਕਰਨ ਲਈ ਭੇਜਿਆ ਹੈ।”
14 ਇਸ ਲਈ ਲੂਤ ਚੱਲਾ ਗਿਆ ਅਤੇ ਆਪਣੇ ਜੁਆਈਆਂ, ਉਨ੍ਹਾਂ ਆਦਮੀਆਂ ਨੂੰ ਜਿਨ੍ਹਾਂ ਨੇ ਇਸ ਦੀਆਂ ਹੋਰਨਾਂ ਧੀਆਂ ਨਾਲ ਸ਼ਾਦੀ ਕੀਤੀ ਸੀ, ਨਾਲ ਗੱਲ ਕੀਤੀ। ਲੂਤ ਨੇ ਆਖਿਆ, “ਛੇਤੀ ਕਰੋ, ਇਹ ਨਗਰ ਛੱਡ ਦਿਓ! ਯਹੋਵਾਹ ਛੇਤੀ ਹੀ ਇਸ ਨੂੰ ਤਬਾਹ ਕਰ ਦੇਵੇਗਾ!” ਪਰ ਉਨ੍ਹਾਂ ਆਦਮੀਆਂ ਨੇ ਸੋਚਿਆ ਕਿ ਲੂਤ ਮਜ਼ਾਕ ਕਰ ਰਿਹਾ ਹੈ।
15 ਦੂਸਰੇ ਦਿਨ ਪ੍ਰਭਾਤ ਵੇਲੇ, ਦੂਤ ਲੂਤ ਨੂੰ ਛੇਤੀ ਕਰਨ ਲਈ ਆਖ ਰਹੇ ਸਨ। ਉਨ੍ਹਾਂ ਆਖਿਆ, “ਇਸ ਨਗਰ ਨੂੰ ਸਜ਼ਾ ਮਿਲੇਗੀ। ਇਸ ਲਈ ਆਪਣੀ ਪਤਨੀ ਅਤੇ ਆਪਣੀਆਂ ਉਨ੍ਹਾਂ ਧੀਆਂ ਨੂੰ ਨਾਲ ਲੈ ਕੇ ਜਿਹੜੀਆਂ ਹਾਲੇ ਤੱਕ ਤੇਰੇ ਨਾਲ ਰਹਿੰਦੀਆਂ ਹਨ, ਅਤੇ ਇਸ ਥਾਂ ਨੂੰ ਛੱਡ ਦੇ। ਫ਼ੇਰ ਤੂੰ ਨਗਰ ਦੇ ਨਾਲ ਤਬਾਹ ਨਹੀਂ ਹੋਵੇਂਗਾ।”
16 ਪਰ ਲੂਤ ਝਿਝਕਿਆ, ਇਸ ਲਈ ਉਨ੍ਹਾਂ ਆਦਮੀਆਂ ਨੇ ਲੂਤ ਦੀ ਪਤਨੀ ਅਤੇ ਉਸ ਦੀਆਂ ਦੋਹਾਂ ਧੀਆਂ ਦੇ ਹੱਥ ਫ਼ੜ ਲਏ। ਕਿਉਂਕਿ ਯਹੋਵਾਹ ਲੂਤ ਉੱਤੇ ਮਿਹਰਬਾਨ ਸੀ, ਉਹ ਲੂਤ ਅਤੇ ਉਸ ਦੇ ਪਰਿਵਾਰ ਨੂੰ ਸੁਰੱਖਿਆ ਨਾਲ ਸ਼ਹਿਰ ਤੋਂ ਬਾਹਰ ਲੈ ਗਏ। 17 ਜਦੋਂ ਉਹ ਬਾਹਰ ਆ ਗਏ, ਆਦਮੀਆਂ ਵਿੱਚੋਂ ਇੱਕ ਨੇ ਆਖਿਆ, “ਹੁਣ ਭੱਜੋ ਅਤੇ ਆਪਣੀ ਜਾਨ ਬਚਾਓ। ਪਿੱਛੇ ਮੁੜਕੇ ਨਹੀਂ ਦੇਖਣਾ ਅਤੇ ਵਾਦੀ ਵਿੱਚ ਕਿਸੇ ਥਾਂ ਉੱਤੇ ਵੀ ਨਹੀਂ ਰੁਕਣਾ। ਜਦੋਂ ਤੱਕ ਤੁਸੀਂ ਪਹਾੜਾਂ ਤਾਈਂ ਨਹੀਂ ਪਹੁੰਚ ਜਾਂਦੇ, ਭੱਜਦੇ ਰਹੋ। ਜੇ ਤੁਸੀਂ ਰੁਕ ਗਏ, ਤਾਂ ਤੁਸੀਂ ਵੀ ਨਗਰ ਦੇ ਨਾਲ ਤਬਾਹ ਹੋ ਜਾਵੋਂਗੇ!”
18 ਪਰ ਲੂਤ ਨੇ ਦੋਹਾਂ ਆਦਮੀਆਂ ਨੂੰ ਆਖਿਆ, “ਸ਼੍ਰੀ ਮਾਨ, ਕਿਰਪਾ ਕਰਕੇ ਮੈਨੂੰ ਇੰਨੀ ਤੇਜ਼ੀ ਨਾਲ ਭੱਜਣ ਲਈ ਮਜਬੂਰ ਨਾ ਕਰੋ! 19 ਤੁਸੀਂ ਮੇਰੇ ਉੱਤੇ, ਆਪਣੇ ਖਾਦਮ ਉੱਤੇ, ਮਿਹਰਬਾਨ ਰਹੇ ਹੋਂ। ਤੁਸੀਂ ਮਿਹਰ ਕਰਕੇ ਮੈਨੂੰ ਬਚਾਇਆ ਹੈ। ਪਰ ਮੈਂ ਪਹਾੜਾਂ ਤੱਕ ਸਾਰੇ ਰਾਹ ਭੱਜ ਕੇ ਨਹੀਂ ਜਾ ਸੱਕਦਾ। ਕੀ ਹੋਵੇਗਾ ਜੇ ਮੈਂ ਬਹੁਤ ਧੀਮੀ ਰਫ਼ਤਾਰ ਨਾਲ ਜਾਵਾਂ ਅਤੇ ਕੁਝ ਵਾਪਰ ਜਾਵੇ? ਮੈਂ ਤਾਂ ਮਾਰਿਆ ਜਾਵਾਂਗਾ! 20 ਦੇਖੋ, ਇੱਥੇ ਇੱਕ ਬਹੁਤ ਛੋਟਾ ਨਗਰ ਨੇੜੇ ਹੀ ਹੈ। ਜਿਉਂਦੇ ਰਹਿਣ ਲਈ ਮੈਨੂੰ ਉਸ ਨਗਰ ਤਾਈਂ ਭੱਜ ਜਾਣ ਦਿਓ।”
21 ਦੂਤ ਨੇ ਲੂਤ ਨੂੰ ਆਖਿਆ, “ਠੀਕ ਹੈ, ਮੈਂ ਤੈਨੂੰ ਅਜਿਹਾ ਕਰਨ ਦੀ ਇਜਾਜ਼ਤ ਦੇ ਦਿਆਂਗਾ। ਮੈਂ ਉਸ ਕਸਬੇ ਨੂੰ ਤਬਾਹ ਨਹੀਂ ਕਰਾਂਗਾ। 22 ਪਰ ਉੱਥੋਂ ਤੱਕ ਭੱਜ ਕੇ ਚੱਲਾ ਜਾ। ਮੈਂ ਓਨੀ ਦੇਰ ਤੱਕ ਸਦੂਮ ਨੂੰ ਤਬਾਹ ਨਹੀਂ ਕਰ ਸੱਕਦਾ ਜਿੰਨੀ ਦੇਰ ਤੱਕ ਤੂੰ ਉਸ ਕਸਬੇ ਵਿੱਚ ਸੁਰੱਖਿਅਤ ਹੋਕੇ ਪਹੁੰਚ ਨਹੀਂ ਜਾਂਦਾ।” (ਉਸ ਕਸਬੇ ਦਾ ਨਾਮ ਸੋਆਰ ਹੈ, ਕਿਉਂਕਿ ਉਹ ਇੱਕ ਛੋਟਾ ਕਸਬਾ ਹੈ।)
ਸਦੂਮ ਤੇ ਅਮੂਰਾਹ ਦੀ ਤਬਾਹੀ
23 ਜਦੋਂ ਲੂਤ ਸੋਆਰ ਵਿੱਚ ਦਾਖਲ ਹੋਇਆ ਤਾਂ ਸੂਰਜ ਹਾਲੇ ਚੜ੍ਹ ਰਿਹਾ ਸੀ। 24 ਓਸੇ ਵੇਲੇ, ਯਹੋਵਾਹ ਨੇ ਸਦੂਮ ਅਤੇ ਅਮੂਰਾਹ ਨੂੰ ਤਬਾਹ ਕਰਨਾ ਸ਼ੁਰੂ ਕਰ ਦਿੱਤਾ। ਯਹੋਵਾਹ ਨੇ ਅਕਾਸ਼ ਉੱਤੋਂ ਅੱਗ ਦਾ ਮੀਂਹ ਵਰ੍ਹਾਇਆ। 25 ਇਸ ਤਰ੍ਹਾਂ ਯਹੋਵਾਹ ਨੇ ਉਨ੍ਹਾਂ ਸ਼ਹਿਰਾਂ ਨੂੰ ਤਬਾਹ ਕਰ ਦਿੱਤਾ। ਯਹੋਵਾਹ ਨੇ ਸਾਰੀ ਵਾਦੀ ਨੂੰ ਤਬਾਹ ਕਰ ਦਿੱਤਾ-ਸਾਰੀ ਬਨਾਸਪਤੀ ਨੂੰ ਤੇ ਉਨ੍ਹਾਂ ਸ਼ਹਿਰਾਂ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੂੰ।
26 ਭੱਜੇ ਜਾਂਦਿਆਂ ਲੂਤ ਦੀ ਪਤਨੀ ਨੇ ਸ਼ਹਿਰ ਵੱਲ ਮੁੜਕੇ ਵੇਖਿਆ ਅਤੇ ਲੂਣ ਦੀ ਸਿਲ ਬਣ ਗਈ।
27 ਉਸ ਦਿਨ ਸਵੇਰੇ-ਸਵੇਰੇ ਅਬਰਾਹਾਮ ਉੱਠ ਪਿਆ ਅਤੇ ਉਸ ਥਾਂ ਤੇ ਗਿਆ ਜਿੱਥੇ ਉਹ ਯਹੋਵਾਹ ਦੇ ਸਨਮੁੱਖ ਖਲੋਤਾ ਸੀ। 28 ਅਬਰਾਹਾਮ ਨੇ ਸਦੂਮ ਅਤੇ ਅਮੂਰਾਹ ਦੇ ਨਗਰਾਂ ਅਤੇ ਵਾਦੀ ਦੀ ਸਾਰੀ ਧਰਤੀ ਵੱਲ ਵੇਖਿਆ। ਅਬਰਾਹਾਮ ਨੂੰ ਸਾਰੀ ਧਰਤੀ ਚੋਂ ਬਹੁਤ ਸਾਰਾ ਧੂਆਂ ਨਿਕਲਦਾ ਨਜ਼ਰ ਆਇਆ। ਇਹ ਕਿਸੇ ਭਠੀ ਵਿੱਚੋਂ ਨਿਕਲਦੇ ਧੂੰਏਂ ਵਾਂਗ ਦਿਖਾਈ ਦਿੰਦਾ ਸੀ।
29 ਪਰਮੇਸ਼ੁਰ ਨੇ ਵਾਦੀ ਦੇ ਸ਼ਹਿਰਾਂ ਨੂੰ ਤਬਾਹ ਕਰ ਦਿੱਤਾ। ਪਰ ਜਦੋਂ ਪਰਮੇਸ਼ੁਰ ਨੇ ਅਜਿਹਾ ਕੀਤਾ, ਉਸ ਨੇ ਅਬਰਾਹਾਮ ਨੂੰ ਯਾਦ ਕੀਤਾ ਅਤੇ ਉਸ ਨੇ ਅਬਰਾਹਾਮ ਦੇ ਭਤੀਜੇ ਨੂੰ ਤਬਾਹ ਨਹੀਂ ਕੀਤਾ ਲੂਤ ਵਾਦੀ ਦੇ ਸ਼ਹਿਰਾਂ ਵਿੱਚ ਰਹਿ ਰਿਹਾ ਸੀ। ਪਰ ਪਰਮੇਸ਼ੁਰ ਨੇ ਇਨ੍ਹਾਂ ਸ਼ਹਿਰਾਂ ਨੂੰ ਤਬਾਹ ਕਰਨ ਤੋਂ ਪਹਿਲਾਂ ਹੀ ਲੂਤ ਨੂੰ ਦੂਰ ਭੇਜ ਦਿੱਤਾ ਸੀ।
ਲੂਤ ਤੇ ਉਸਦੀਆਂ ਧੀਆਂ
30 ਲੂਤ ਸੋਆਰ ਵਿੱਚ ਰਹਿਣ ਤੋਂ ਡਰਦਾ ਸੀ। ਇਸ ਲਈ ਉਹ ਅਤੇ ਉਸ ਦੀਆਂ ਦੋਵੇਂ ਧੀਆਂ ਪਹਾੜਾਂ ਵਿੱਚ ਰਹਿਣ ਲਈ ਚਲੀਆਂ ਗਈਆਂ। ਉਹ ਉੱਥੇ ਇੱਕ ਗੁਫ਼ਾ ਵਿੱਚ ਰਹਿਣ ਲੱਗੇ। 31 ਇੱਕ ਦਿਨ, ਵੱਡੀ ਧੀ ਨੇ ਛੋਟੀ ਧੀ ਨੂੰ ਆਖਿਆ, “ਸਾਡਾ ਪਿਤਾ ਬੁੱਢਾ ਹੈ, ਅਤੇ ਧਰਤੀ ਉੱਤੇ ਕੋਈ ਅਜਿਹਾ ਨਹੀਂ ਬੱਚਿਆਂ ਜੋ ਸਾਡੇ ਨਾਲ ਬੱਚੇ ਪੈਦਾ ਕਰ ਸੱਕੇ। 32 ਇਸ ਲਈ ਆ, ਆਪਾਂ ਆਪਣੇ ਪਿਤਾ ਨੂੰ ਮੈਅ ਨਾਲ ਮਦਹੋਸ਼ ਕਰ ਦੇਈਏ। ਫ਼ੇਰ ਅਸੀਂ ਉਸ ਨਾਲ ਜਿਸਨੀ ਸੰਬੰਧ ਬਣਾ ਸੱਕਾਂਗੀਆਂ। ਇਸ ਢੰਗ ਨਾਲ, ਆਪਾਂ ਆਪਣੇ ਪਿਤਾ ਰਾਹੀਂ ਵੰਸ਼ ਨੂੰ ਬਚਾ ਸੱਕਦੀਆਂ ਹਾਂ!”
33 ਉਸ ਰਾਤ ਦੋਵੇ ਕੁੜੀਆਂ ਆਪਣੇ ਪਿਤਾ ਕੋਲ ਗਈਆਂ ਅਤੇ ਉਸ ਨੂੰ ਸ਼ਰਾਬੀ ਕਰ ਦਿੱਤਾ। ਫ਼ੇਰ ਵੱਡੀ ਕੁੜੀ ਪਿਤਾ ਦੇ ਬਿਸਤਰੇ ਉੱਤੇ ਗਈ ਅਤੇ ਉਸ ਨਾਲ ਸੰਭੋਗ ਕੀਤਾ। ਲੂਤ ਇੰਨਾ ਸ਼ਰਾਬੀ ਸੀ ਕਿ ਉਸ ਨੂੰ ਪਤਾ ਹੀ ਨਹੀਂ ਲੱਗਿਆ ਕਿ ਕੱਦੋਂ ਉਹ ਬਿਸਤਰੇ ਉੱਤੇ ਆਈ ਅਤੇ ਕਦੋਂ ਉੱਠ ਕੇ ਚਲੀ ਗਈ।
34 ਅਗਲੇ ਦਿਨ, ਵੱਡੀ ਧੀ ਨੇ ਛੋਟੀ ਧੀ ਨੂੰ ਆਖਿਆ, “ਪਿੱਛਲੀ ਰਾਤ, ਮੈਂ ਆਪਣੇ ਪਿਤਾ ਨਾਲ ਸੁੱਤੀ ਸੀ। ਆ ਉਸ ਨੂੰ ਫ਼ਿਰ ਤੋਂ, ਅੱਜ ਰਾਤ ਸ਼ਰਾਬੀ ਕਰ ਦੇਈਏ। ਫ਼ੇਰ ਤੂੰ ਉਸ ਨਾਲ ਸੌਂ ਜਾਵੀਂ ਅਤੇ ਉਸ ਨਾਲ ਜਿਨਸੀ ਸੰਬੰਧ ਬਣਾਵੀਂ। ਇਸ ਤਰ੍ਹਾਂ, ਅਸੀਂ ਆਪਣੇ ਪਿਤਾ ਰਾਹੀਂ ਬੱਚੇ ਪੈਦਾ ਕਰ ਸੱਕਾਂਗੀਆਂ।” 35 ਇਸ ਲਈ ਉਸ ਰਾਤ ਦੋਹਾਂ ਕੁੜੀਆਂ ਨੇ ਆਪਣੇ ਪਿਤਾ ਨੂੰ ਸ਼ਰਾਬੀ ਕਰ ਦਿੱਤਾ। ਫ਼ਿਰ ਛੋਟੀ ਕੁੜੀ ਉਸ ਨਾਲ ਸੁੱਤੀ ਅਤੇ ਸੰਭੋਗ ਕੀਤਾ। ਇੱਕ ਵਾਰ ਫ਼ੇਰ, ਲੂਤ ਇੰਨਾ ਸ਼ਰਾਬੀ ਸੀ ਕਿ ਉਸ ਨੂੰ ਪਤਾ ਨਹੀਂ ਚਲ ਸੱਕਿਆ ਕਦੋਂ ਉਹ ਬਿਸਤਰ ਉੱਤੇ ਆਈ ਅਤੇ ਕਦੋਂ ਉੱਠ ਕੇ ਚਲੀ ਗਈ।
36 ਲੂਤ ਦੀਆਂ ਦੋਵੇਂ ਧੀਆਂ ਗਰਭਵਤੀ ਹੋ ਗਈਆਂ। ਉਨ੍ਹਾਂ ਦਾ ਪਿਤਾ ਉਨਾਂ ਦੇ ਬੱਚਿਆਂ ਦਾ ਪਿਤਾ ਸੀ। 37 ਵੱਡੀ ਧੀ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ। ਉਸ ਨੇ ਉਸਦਾ ਨਾਮ ਮੋਆਬ ਰੱਖਿਆ। ਮੋਆਬ ਸਾਰੇ ਅਜੋਕੇ ਮੋਆਬੀ ਲੋਕਾਂ ਦਾ ਪਿਤਾ ਹੈ। 38 ਛੋਟੀ ਧੀ ਨੇ ਵੀ ਇੱਕ ਪੁੱਤਰ ਨੂੰ ਜਨਮ ਦਿੱਤਾ। ਉਸ ਨੇ ਉਸਦਾ ਨਾਮ ਬਿਨ-ਅੰਮੀ ਰੱਖਿਆ। ਬਿਨ-ਅੰਮੀ ਅਜੋਕੇ ਸਮੇਂ ਦੇ ਸਾਰੇ ਅੰਮੋਨੀ ਲੋਕਾਂ ਦਾ ਪਿਤਾ ਹੈ।
ਅਬਰਾਹਾਮ ਦਾ ਗਰਾਰ ਨੂੰ ਜਾਣਾ
20 ਅਬਰਾਹਾਮ ਨੇ ਉਹ ਥਾਂ ਛੱਡ ਦਿੱਤੀ ਅਤੇ ਨੇਗੇਵ ਵੱਲ ਚੱਲਾ ਗਿਆ। ਉਹ ਕਾਦੇਸ਼ ਅਤੇ ਸੂਰ ਦੇ ਵਿੱਚਕਾਰ ਗਰਾਰ ਵਿੱਚ ਠਹਿਰ ਗਿਆ। 2 ਅਬਰਾਹਾਮ ਨੇ ਲੋਕਾਂ ਨੂੰ ਆਖਿਆ ਕਿ ਸਾਰਾਹ ਉਸਦੀ ਭੈਣ ਸੀ। ਇਸ ਲਈ ਅਬੀਮਲਕ ਗਰਾਰ ਦੇ ਰਾਜੇ ਨੇ ਸਾਰਾਹ ਨੂੰ ਆਪਣੀ ਪਤਨੀ ਬਨਾਉਣ ਲਈ ਲੈ ਲਿਆ। 3 ਪਰ ਉਸ ਰਾਤ, ਪਰਮੇਸ਼ੁਰ ਨੇ ਅਬੀਮਲਕ ਨਾਲ ਸੁਪਨੇ ਵਿੱਚ ਗੱਲ ਕੀਤੀ, ਅਤੇ ਆਖਿਆ, “ਤੈਨੂੰ ਮਰ ਜਾਣਾ ਚਾਹੀਦਾ। ਜਿਸ ਔਰਤ ਨੂੰ ਤੂੰ ਵਿਆਹਿਆ, ਉਹ ਕਿਸੇ ਹੋਰ ਆਦਮੀ ਦੀ ਪਤਨੀ ਹੈ।”
4 ਪਰ ਅਬੀਮਲਕ ਹਾਲੇ ਸਾਰਾਹ ਨਾਲ ਸੁੱਤਾ ਨਹੀਂ ਸੀ। ਇਸ ਲਈ ਅਬੀਮਲਕ ਨੇ ਆਖਿਆ, “ਯਹੋਵਾਹ, ਮੈਂ ਦੋਸ਼ੀ ਨਹੀਂ ਹਾਂ। ਕੀ ਤੂੰ ਇੱਕ ਨਿਰਦੋਸ਼ ਕੌਮ ਨੂੰ ਤਬਾਹ ਕਰ ਦੇਵੇਂਗਾ? 5 ਅਬਰਾਹਾਮ ਨੇ ਖੁਦ ਮੈਨੂੰ ਆਖਿਆ ਸੀ, ‘ਇਹ ਔਰਤ ਮੇਰੀ ਭੈਣ ਹੈ।’ ਅਤੇ ਔਰਤ ਨੇ ਵੀ ਆਖਿਆ ਸੀ, ‘ਇਹ ਆਦਮੀ ਮੇਰਾ ਭਰਾ ਹੈ।’ ਮੈਂ ਨਿਰਦੋਸ਼ ਹਾਂ। ਮੈਨੂੰ ਨਹੀਂ ਪਤਾ ਕਿ ਮੈਂ ਕੀ ਕਰ ਰਿਹਾ ਸਾਂ।”
6 ਤਾਂ ਪਰਮੇਸ਼ੁਰ ਨੇ ਅਬੀਮਲਕ ਨੂੰ ਸੁਪਨੇ ਵਿੱਚ ਆਖਿਆ, “ਹਾਂ, ਮੈਂ ਜਾਣਦਾ ਹਾਂ ਕਿ ਤੂੰ ਨਿਰਦੋਸ਼ ਹੈਂ। ਅਤੇ ਮੈਂ ਇਹ ਵੀ ਜਾਣਦਾ ਹਾਂ ਤੈਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਤੂੰ ਕੀ ਕਰ ਰਿਹਾ ਸੀ। ਮੈਂ ਤੈਨੂੰ ਬਚਾ ਲਿਆ। ਮੈਂ ਤੈਨੂੰ ਪਾਪ ਨਹੀਂ ਕਰਨ ਦਿੱਤਾ। ਇਹ ਮੈਂ ਹੀ ਸੀ ਜਿਸਨੇ ਤੈਨੂੰ ਉਸ ਦੇ ਨਾਲ ਸੌਣ ਨਹੀਂ ਦਿੱਤਾ। 7 ਇਸ ਲਈ ਅਬਰਾਹਾਮ ਨੂੰ ਉਸਦੀ ਪਤਨੀ ਮੋੜ ਦੇ। ਅਬਰਾਹਾਮ ਇੱਕ ਨਬੀ ਹੈ। ਉਹ ਤੇਰੇ ਲਈ ਪ੍ਰਾਰਥਨਾ ਕਰੇਗਾ, ਅਤੇ ਤੂੰ ਜੀਵੇਂਗਾ। ਪਰ ਜੇ ਤੂੰ ਅਬਰਾਹਾਮ ਨੂੰ ਸਾਰਾਹ ਨਾ ਮੋੜੀ ਤਾਂ ਮੈਂ ਤੈਨੂੰ ਬਚਨ ਦਿੰਦਾ ਹਾਂ ਕਿ ਤੂੰ ਮਾਰਿਆ ਜਾਵੇਂਗਾ। ਅਤੇ ਤੇਰੇ ਨਾਲ ਤੇਰਾ ਸਾਰਾ ਪਰਿਵਾਰ ਵੀ ਮਾਰਿਆ ਜਾਵੇਗਾ।”
8 ਇਸ ਲਈ ਅਗਲੀ ਸਵੇਰ ਨੂੰ ਤੜਕੇ-ਤੜਕੇ ਅਬੀਮਲਕ ਨੇ ਆਪਣੇ ਸਾਰੇ ਨੌਕਰਾਂ ਨੂੰ ਬੁਲਾਇਆ ਅਤੇ ਸੁਪਨੇ ਬਾਰੇ ਦੱਸਿਆ। ਨੌਕਰ ਡਰ ਗਏ। 9 ਤਾਂ ਅਬੀਮਲਕ ਨੇ ਅਬਰਾਹਾਮ ਨੂੰ ਸੱਦਿਆ ਅਤੇ ਉਸ ਨੂੰ ਆਖਿਆ, “ਤੂੰ ਸਾਡੇ ਨਾਲ ਅਜਿਹਾ ਕਿਉਂ ਕੀਤਾ? ਮੈਂ ਤੇਰਾ ਕੀ ਵਿਗਾੜਿਆ ਸੀ? ਤੂੰ ਝੂਠ ਕਿਉਂ ਬੋਲਿਆ ਅਤੇ ਇਹ ਆਖਿਆ ਕਿ ਉਹ ਤੇਰੀ ਭੈਣ ਹੈ? ਤੂੰ ਮੇਰੇ ਰਾਜ ਨੂੰ ਬਹੁਤ ਮੁਸ਼ਕਿਲ ਵਿੱਚ ਪਾ ਦਿੱਤਾ ਹੈ। ਤੈਨੂੰ ਮੇਰੇ ਨਾਲ ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਸਨ। 10 ਤੂੰ ਡਰਦਾ ਕਿਹੜੀ ਗੱਲੋਂ ਸੀ? ਤੂੰ ਮੇਰੇ ਨਾਲ ਇਹ ਸਲੂਕ ਕਿਉਂ ਕੀਤਾ?”
11 ਤਾਂ ਅਬਰਾਹਾਮ ਨੇ ਆਖਿਆ, “ਮੈਂ ਡਰਦਾ ਸਾਂ। ਮੈਂ ਸੋਚਿਆ ਸੀ ਕਿ ਇਸ ਥਾਂ ਕੋਈ ਬੰਦਾ ਵੀ ਪਰਮੇਸ਼ੁਰ ਦਾ ਆਦਰ ਨਹੀਂ ਕਰਦਾ। ਮੈਂ ਸੋਚਿਆ ਕਿ ਕੋਈ ਬੰਦਾ ਸਾਰਾਹ ਦੀ ਖਾਤਰ ਮੈਨੂੰ ਮਾਰ ਦੇਵੇਗਾ। 12 ਉਹ ਮੇਰੀ ਪਤਨੀ ਹੈ, ਪਰ ਉਹ ਮੇਰੀ ਭੈਣ ਵੀ ਹੈ। ਉਹ ਮੇਰੇ ਪਿਤਾ ਦੀ ਧੀ ਹੈ ਪਰ ਮੇਰੀ ਮਾਂ ਦੀ ਧੀ ਨਹੀਂ। 13 ਪਰਮੇਸ਼ੁਰ ਨੇ ਮੈਨੂੰ ਮੇਰੇ ਪਿਤਾ ਦੇ ਘਰੋਂ ਦੂਰ ਕਰ ਦਿੱਤਾ। ਪਰਮੇਸ਼ੁਰ ਨੇ ਮੈਨੂੰ ਥਾਂ-ਥਾਂ ਭਟਕਾਇਆ। ਜਦੋਂ ਅਜਿਹਾ ਵਾਪਰਿਆ, ਮੈਂ ਸਾਰਾਹ ਨੂੰ ਆਖਿਆ, ‘ਮੇਰੇ ਲਈ ਕੁਝ ਕਰ; ਜਿੱਥੇ ਵੀ ਅਸੀਂ ਜਾਈਏ, ਲੋਕਾਂ ਨੂੰ ਇਹੀ ਆਖੀਂ ਕਿ ਤੂੰ ਮੇਰੀ ਭੈਣ ਹੈਂ।’”
14 ਇਸ ਲਈ ਅਬੀਮਲਕ ਨੇ ਅਬਰਾਹਾਮ ਨੂੰ ਕੁਝ ਭੇਡਾਂ, ਬੱਕਰੀਆਂ ਅਤੇ ਦਾਸ ਦਾਸੀਆਂ ਦਿੱਤੇ। ਉਸ ਨੇ ਸਾਰਾਹ ਵੀ ਅਬਰਾਹਾਮ ਨੂੰ ਵਾਪਸ ਦੇ ਦਿੱਤੀ। 15 ਅਤੇ ਅਬੀਮਲਕ ਨੇ ਆਖਿਆ, “ਆਪਣੇ ਆਲੇ-ਦੁਆਲੇ ਦੇਖ। ਇਹ ਮੇਰੀ ਧਰਤੀ ਹੈ। ਤੂੰ ਜਿੱਥੇ ਚਾਹੇਂ ਰਹਿ ਸੱਕਦਾ ਹੈਂ।”
16 ਅਬੀਮਲਕ ਨੇ ਸਾਰਾਹ ਨੂੰ ਆਖਿਆ, “ਮੈਂ ਤੇਰੇ ਭਰਾ ਅਬਰਾਹਾਮ ਨੂੰ ਚਾਂਦੀ ਦੇ 1,000 ਸਿੱਕੇ ਦਿੱਤੇ ਹਨ। ਮੈਂ ਅਜਿਹਾ ਇਹ ਦਰਸਾਉਣ ਲਈ ਕੀਤਾ ਹੈ ਕਿ ਮੈਨੂੰ ਇਨ੍ਹਾਂ ਸਾਰੀਆਂ ਗੱਲਾਂ ਦਾ ਅਫ਼ਸੋਸ ਹੈ। ਮੈਂ ਚਾਹੁੰਦਾ ਹਾਂ ਕਿ ਹਰ ਕੋਈ ਦੇਖ ਲਵੇ ਕਿ ਮੈਂ ਠੀਕ ਗੱਲ ਕੀਤੀ ਹੈ।”
17-18 ਯਹੋਵਾਹ ਨੇ ਅਬੀਮਲਕ ਦੇ ਪਰਿਵਾਰ ਦੀਆਂ ਸਾਰੀਆਂ ਔਰਤਾਂ ਨੂੰ ਬਾਂਝ ਬਣਾ ਦਿੱਤਾ। ਪਰਮੇਸ਼ੁਰ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਅਬੀਮਲਕ ਨੇ ਅਬਰਾਹਾਮ ਦੀ ਪਤਨੀ ਸਾਰਾਹ ਨੂੰ ਚੁੱਕ ਲਿਆ ਸੀ। ਪਰ ਅਬਰਾਹਾਮ ਨੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ, ਅਤੇ ਪਰਮੇਸ਼ੁਰ ਨੇ ਅਬੀਮਲਕ, ਉਸਦੀ ਪਤਨੀ ਅਤੇ ਉਸ ਦੀਆਂ ਦਾਸੀਆਂ ਨੂੰ ਰਾਜ਼ੀ ਕਰ ਦਿੱਤਾ।
ਆਖਿਰਕਾਰ, ਸਾਰਾਹ ਦਾ ਇੱਕ ਬੱਚਾ
21 ਯਹੋਵਾਹ ਨੇ ਉਹ ਇਕਰਾਰ ਨਿਭਾਇਆ ਜਿਹੜਾ ਉਸ ਨੇ ਸਾਰਾਹ ਨਾਲ ਕੀਤਾ ਸੀ। ਯਹੋਵਾਹ ਨੇ ਸਾਰਾਹ ਲਈ ਉਹੋ ਕੁਝ ਕੀਤਾ ਜਿਸਦਾ ਉਸ ਨੇ ਇਕਰਾਰ ਕੀਤਾ ਸੀ। 2 ਸਾਰਾਹ ਗਰਭਵਤੀ ਹੋਈ ਅਤੇ ਉਸ ਨੇ ਅਬਰਾਹਾਮ ਦੀ ਬਿਰਧ ਅਵਸਥਾ ਵਿੱਚ ਉਸ ਲਈ ਇੱਕ ਪੁੱਤਰ ਜੰਮਿਆ। ਇਹ ਸਾਰੀਆਂ ਗੱਲਾਂ ਪਰਮੇਸ਼ੁਰ ਦੇ ਐਲਾਨ ਕੀਤੇ ਬਿਲਕੁਲ ਸਹੀ ਸਮੇਂ ਤੇ ਵਾਪਰੀਆਂ। 3 ਸਾਰਾਹ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਅਤੇ ਅਬਰਾਹਾਮ ਨੇ ਉਸ ਦਾ ਨਾਮ ਇਸਹਾਕ ਰੱਖਿਆ। 4 ਅਬਰਾਹਾਮ ਨੇ ਇਸਹਾਕ ਦੀ ਸੁੰਨਤ ਕਰ ਦਿੱਤੀ, ਜਦੋਂ ਇਸਹਾਕ ਅੱਠਾਂ ਦਿਨਾਂ ਦਾ ਹੋਇਆ ਸੀ, ਜਿਵੇਂ ਕਿ ਪਰਮੇਸ਼ੁਰ ਨੇ ਆਦੇਸ਼ ਦਿੱਤਾ ਸੀ।
5 ਅਬਰਾਹਾਮ ਉਦੋਂ 100 ਵਰ੍ਹਿਆਂ ਦਾ ਸੀ ਜਦੋਂ ਉਸਦਾ ਪੁੱਤਰ ਇਸਹਾਕ ਜਨਮਿਆ। 6 ਅਤੇ ਸਾਰਾਹ ਨੇ ਆਖਿਆ, “ਪਰਮੇਸ਼ੁਰ ਨੇ ਮੈਨੂੰ ਖੁਸ਼ੀ ਦਿੱਤੀ ਹੈ। ਹਰ ਬੰਦਾ ਜਿਹੜਾ ਇਹ ਗੱਲ ਸੁਣੇਗਾ ਉਹ ਪ੍ਰਸੰਨ ਹੋਵੇਗਾ। 7 ਕੋਈ ਨਹੀਂ ਸੀ ਸੋਚਦਾ ਕਿ ਮੈਂ, ਸਾਰਾਹ, ਅਬਰਾਹਾਮ ਦਾ ਬੱਚਾ ਜਣਾਂਗੀ। ਪਰ ਮੈਂ ਅਬਰਾਹਾਮ ਨੂੰ ਇੱਕ ਪੁੱਤਰ ਦਿੱਤਾ ਜਦੋਂ ਕਿ ਉਹ ਬਿਰਧ ਹੈ।”
ਘਰ ਵਿੱਚ ਮੁਸ਼ਿਕਲ
8 ਇਸਹਾਕ ਵੱਧਣ ਫ਼ੁੱਲਣ ਲੱਗਾ। ਛੇਤੀ ਹੀ ਉਹ ਠੋਸ ਆਹਾਰ ਕਰਨ ਜਿੰਨੀ ਉਮਰ ਦਾ ਹੋ ਗਿਆ। ਇਸ ਲਈ ਅਬਰਾਹਾਮ ਨੇ ਇੱਕ ਦਾਵਤ ਦਿੱਤੀ। 9 ਹਾਜਰਾ ਉਹ ਮਿਸਰੀ ਗੁਲਾਮ ਔਰਤ ਸੀ ਜਿਸਨੇ ਅਬਰਾਹਾਮ ਦੇ ਪਹਿਲੇ ਪੁੱਤਰ ਨੂੰ ਜਨਮ ਦਿੱਤਾ ਸੀ। ਸਾਰਾਹ ਨੇ ਹਾਜਰਾ ਦੇ ਪੁੱਤਰ ਨੂੰ ਖੇਡਦਿਆਂ ਦੇਖਿਆ। ਸਾਰਾਹ ਅਸ਼ਾਂਤ ਹੋ ਗਈ। 10 ਸਾਰਾਹ ਨੇ ਅਬਰਾਹਾਮ ਨੂੰ ਆਖਿਆ, “ਇਸ ਦਾਸੀ ਅਤੇ ਇਸਦੇ ਪੁੱਤਰ ਤੋਂ ਖਹਿੜਾ ਛੁਡਾ। ਮੈਂ ਨਹੀਂ ਚਾਹੁੰਦੀ ਕਿ ਉਸ ਦਾਸੀ ਦਾ ਪੁੱਤਰ ਮੇਰੇ ਪੁੱਤਰ ਇਸਹਾਕ ਨਾਲ ਸਾਡੀ ਜਾਇਦਾਦ, ਵਿਰਸੇ ਵਿੱਚ ਪ੍ਰਾਪਤ ਕਰੇ।”
11 ਇਸ ਗੱਲ ਨੇ ਅਬਰਾਹਾਮ ਨੂੰ ਬਹੁਤ ਅਸ਼ਾਂਤ ਕਰ ਦਿੱਤਾ। ਉਹ ਆਪਣੇ ਪੁੱਤਰ ਇਸਮਾਏਲ ਬਾਰੇ ਚਿੰਤਿਤ ਸੀ। 12 ਪਰ ਪਰਮੇਸ਼ੁਰ ਨੇ ਅਬਰਾਹਾਮ ਨੂੰ ਆਖਿਆ, “ਉਸ ਮੁੰਡੇ ਅਤੇ ਗੁਲਾਮ ਔਰਤ ਦਾ ਫ਼ਿਕਰ ਨਾ ਕਰ। ਉਹੀ ਕਰ ਜੋ ਸਾਰਾਹ ਚਾਹੁੰਦੀ ਹੈ। ਇਸਹਾਕ ਹੀ ਤੇਰਾ ਇੱਕੋ-ਇੱਕ ਵਾਰਿਸ ਹੋਵੇਗਾ। 13 ਪਰ ਮੈਂ ਤੇਰੀ ਗੁਲਾਮ ਔਰਤ ਦੇ ਪੁੱਤਰ ਨੂੰ ਵੀ ਅਸੀਸ ਦੇਵਾਂਗਾ। ਉਹ ਤੇਰਾ ਪੁੱਤਰ ਹੈ, ਇਸ ਲਈ ਮੈਂ ਉਸ ਦੇ ਪਰਿਵਾਰ ਤੋਂ ਵੀ ਇੱਕ ਮਹਾਨ ਕੌਮ ਪੈਦਾ ਕਰਾਂਗਾ।”
14 ਅਗਲੀ ਸਵੇਰ, ਅਬਰਾਹਾਮ ਨੇ ਕੁਝ ਭੋਜਨ ਪਾਣੀ ਲਿਆ। ਅਬਰਾਹਾਮ ਨੇ ਇਹ ਚੀਜ਼ਾਂ ਹਾਜਰਾ ਨੂੰ ਦੇ ਦਿੱਤੀਆਂ। ਹਾਜਰਾ ਨੇ ਇਹ ਚੀਜ਼ਾਂ ਚੁੱਕ ਲਈਆਂ ਅਤੇ ਆਪਣੇ ਪੁੱਤਰ ਨੂੰ ਲੈ ਕੇ ਚਲੀ ਗਈ। ਹਾਜਰਾ ਨੇ ਉਹ ਥਾਂ ਛੱਡ ਦਿੱਤੀ ਅਤੇ ਬਏਰਸਬਾ ਦੇ ਮਾਰੂਥਲ ਵਿੱਚ ਘੁੰਮਣ ਲਗੀ।
15 ਕੁਝ ਸਮੇਂ ਬਾਦ, ਸਾਰਾ ਪਾਣੀ ਮੁੱਕ ਗਿਆ। ਪੀਣ ਲਈ ਕੁਝ ਵੀ ਨਹੀਂ ਬਚਿਆ। ਇਸ ਲਈ ਹਾਜਰਾ ਨੇ ਆਪਣੇ ਬੱਚੇ ਨੂੰ ਇੱਕ ਝਾੜੀ ਦੇ ਅੰਦਰ ਰੱਖ ਦਿੱਤਾ। 16 ਹਾਜਰਾ ਥੋੜਾ ਜਿਹਾ ਦੂਰ ਗਈ। ਫ਼ੇਰ ਉਹ ਰੁਕ ਗਈ ਅਤੇ ਬੈਠ ਗਈ। ਹਾਜਰਾ ਨੇ ਸੋਚਿਆ ਕਿ ਉਸਦਾ ਪੁੱਤਰ ਪਿਆਸ ਨਾਲ ਮਰ ਜਾਵੇਗਾ। ਉਹ ਉਸ ਨੂੰ ਮਰਦਿਆਂ ਹੋਇਆ ਨਹੀਂ ਦੇਖਣ ਚਾਹੁੰਦੀ ਸੀ। ਉਹ ਉੱਥੇ ਬੈਠ ਗਈ ਅਤੇ ਰੋਣ ਲੱਗ ਪਈ।
17 ਪਰਮੇਸ਼ੁਰ ਨੇ ਮੁੰਡੇ ਦਾ ਰੋਣਾ ਸੁਣਿਆ ਅਤੇ ਪਰਮੇਸ਼ੁਰ ਦੇ ਦੂਤ ਨੇ ਹਾਜਰਾ ਨੂੰ ਆਕਾਸ਼ ਵਿੱਚੋਂ ਆਵਾਜ਼ ਦਿੱਤੀ। ਉਸ ਨੇ ਆਖਿਆ, “ਕੀ ਗੱਲ ਹੈ, ਹਾਜਰਾ? ਡਰ ਨਾ! ਯਹੋਵਾਹ ਨੇ ਬੱਚੇ ਦਾ ਰੋਣਾ ਸੁਣ ਲਿਆ ਹੈ। 18 ਜਾ ਅਤੇ ਮੁੰਡੇ ਦੀ ਸਹਾਇਤਾ ਕਰ। ਉਸਦਾ ਹੱਥ ਫ਼ੜਕੇ ਉਸ ਨੂੰ ਖੜ੍ਹਾ ਕਰ! ਮੈਂ ਉਸ ਨੂੰ ਇੱਕ ਮਹਾਨ ਕੌਮ ਦਾ ਪਿਤਾ ਬਣਾਵਾਂਗਾ।”
19 ਫ਼ੇਰ ਪਰਮੇਸ਼ੁਰ ਨੇ ਹਾਜਰਾ ਨੂੰ ਪਾਣੀ ਦਾ ਇੱਕ ਖੂਹ ਦਿਖਾਇਆ। ਇਸ ਲਈ ਹਾਜਰਾ ਖੂਹ ਉੱਤੇ ਗਈ ਅਤੇ ਆਪਣਾ ਥੈਲਾ ਪਾਣੀ ਨਾਲ ਭਰ ਲਿਆ। ਫ਼ੇਰ ਉਸ ਨੇ ਮੁੰਡੇ ਨੂੰ ਪਾਣੀ ਪਿਲਾਇਆ।
20 ਮੁੰਡਾ ਵੱਡਾ ਹੁੰਦਾ ਗਿਆ ਅਤੇ ਪਰਮੇਸ਼ੁਰ ਉਸ ਦੇ ਅੰਗ-ਸੰਗ ਰਿਹਾ। ਇਸਮਾਏਲ ਮਾਰੂਥਲ ਵਿੱਚ ਰਹਿੰਦਾ ਸੀ ਅਤੇ ਇੱਕ ਸ਼ਿਕਾਰੀ ਬਣ ਗਿਆ। ਉਸ ਨੇ ਤੀਰ ਕਮਾਣ ਚਲਾਉਣ ਵਿੱਚ ਮਹਾਰਥ ਹਾਸਿਲ ਕਰ ਲਈ। 21 ਉਸ ਦੀ ਮਾਂ ਨੇ ਉਸ ਲਈ ਮਿਸਰ ਵਿੱਚੋਂ ਇੱਕ ਪਤਨੀ ਲੱਭ ਲਈ। ਉਹ ਪਾਰਾਨ ਦੇ ਮਾਰੂਥਲ ਵਿੱਚ ਰਹਿੰਦੇ ਰਹੇ।
ਅਬਰਾਹਾਮ ਦਾ ਅਬੀਮਲਕ ਨਾਲ ਸੌਦਾ
22 ਫ਼ੇਰ ਅਬੀਮਲਕ ਅਤੇ ਫ਼ੀਕੋਲ ਨੇ ਅਬਰਾਹਾਮ ਨਾਲ ਗੱਲ ਕੀਤੀ। ਫ਼ੀਲੋਕ ਅਬੀਮਲਕ ਦੀ ਫ਼ੌਜ ਦਾ ਕਮਾਂਡਰ ਸੀ। ਉਨ੍ਹਾਂ ਨੇ ਅਬਰਾਹਾਮ ਨੂੰ ਆਖਿਆ, “ਤੇਰੀ ਹਰ ਗੱਲ ਵਿੱਚ ਪਰਮੇਸ਼ੁਰ ਤੇਰੇ ਨਾਲ ਹੈ। 23 ਇਸ ਲਈ ਮੈਨੂੰ ਇੱਥੇ ਪਰਮੇਸ਼ੁਰ ਦੇ ਸਾਹਮਣੇ ਇੱਕ ਬਚਨ ਦੇ। ਇਕਰਾਰ ਕਰ ਕਿ ਤੂੰ ਮੇਰੇ ਅਤੇ ਮੇਰੇ ਬੱਚਿਆਂ ਨਾਲ ਇਨਸਾਫ਼ ਕਰੇਂਗਾ। ਇਕਰਾਰ ਕਰ ਕਿ ਤੂੰ ਮੇਰੇ ਉੱਤੇ ਅਤੇ ਇਸ ਦੇਸ਼ ਉੱਤੇ, ਜਿੱਥੇ ਤੂੰ ਰਿਹਾ ਹੈਂ, ਮਿਹਰਬਾਨ ਹੋਵੇਂਗਾ। ਇਕਰਾਰ ਕਰ ਤੂੰ ਮੇਰੇ ਉੱਤੇ ਓਨਾ ਹੀ ਮਿਹਰਬਾਨ ਹੋਵੇਂਗਾ ਜਿੰਨਾ ਮੈਂ ਤੇਰੇ ਉੱਤੇ ਰਿਹਾ ਹਾਂ।”
24 ਅਤੇ ਅਬਰਾਹਾਮ ਨੇ ਆਖਿਆ, “ਮੈਂ ਤੇਰੇ ਨਾਲ ਓਹੋ ਜਿਹਾ ਸਲੂਕ ਕਰਨ ਦਾ ਇਕਰਾਰ ਕਰਦਾ ਹਾਂ ਜਿਹੋ ਜਿਹਾ ਤੂੰ ਮੇਰੇ ਨਾਲ ਕੀਤਾ ਹੈ।” 25 ਫ਼ੇਰ ਅਬਰਾਹਾਮ ਨੇ ਅਬੀਮਲਕ ਨੂੰ ਸ਼ਿਕਾਇਤ ਕੀਤੀ। ਅਬਰਾਹਾਮ ਨੇ ਇਸ ਲਈ ਸ਼ਿਕਾਇਤ ਕੀਤੀ ਕਿਉਂਕਿ ਅਬੀਮਲਕ ਦੇ ਨੌਕਰਾਂ ਨੇ ਪਾਣੀ ਦੇ ਖੂਹ ਉੱਤੇ ਕਬਜ਼ਾ ਕਰ ਲਿਆ ਸੀ।
26 ਪਰ ਅਬੀਮਲਕ ਨੇ ਆਖਿਆ, “ਮੈਨੂੰ ਨਹੀਂ ਪਤਾ, ਇਹ ਕਿਸਨੇ ਕੀਤਾ। ਤੂੰ ਇਹ ਮੈਨੂੰ ਪਹਿਲਾਂ ਕਦੇ ਨਹੀਂ ਦੱਸਿਆ। ਮੈਂ ਇਸ ਬਾਰੇ ਅੱਜ ਹੀ ਸੁਣ ਰਿਹਾ ਹਾਂ!”
27 ਇਸ ਲਈ ਅਬਰਾਹਾਮ ਅਤੇ ਅਬੀਮਲਕ ਨੇ ਇੱਕ ਇਕਰਾਰਨਾਮਾ ਕੀਤਾ। ਅਬਰਾਹਾਮ ਨੇ ਅਬੀਮਲਕ ਨੂੰ ਕੁਝ ਭੇਡਾਂ ਅਤੇ ਪਸ਼ੂ ਇਕਰਾਰਨਾਮੇ ਦੇ ਸਬੂਤ ਵਜੋਂ ਦਿੱਤੇ। 28 ਅਬਰਾਹਾਮ ਨੇ ਸੱਤ ਲੇਲੀਆਂ ਵੀ ਅਬੀਮਲਕ ਦੇ ਸਾਹਮਣੇ ਰੱਖ ਦਿੱਤੀਆਂ।
29 ਅਬੀਮਲਕ ਨੇ ਅਬਰਾਹਾਮ ਨੂੰ ਪੁੱਛਿਆ, “ਤੂੰ ਇਨ੍ਹਾਂ ਸੱਤ ਲੇਲੀਆਂ ਨੂੰ ਇੱਕਲਿਆਂ ਕਿਉਂ ਰੱਖ ਦਿੱਤਾ ਹੈ?”
30 ਅਬਰਾਹਾਮ ਨੇ ਜਵਾਬ ਦਿੱਤਾ, “ਜਦੋਂ ਤੂੰ ਇਨ੍ਹਾਂ ਲੇਲੀਆਂ ਨੂੰ ਮੇਰੇ ਵੱਲੋਂ ਪ੍ਰਵਾਨ ਕਰ ਲਵੇਂਗਾ ਤਾਂ ਇਹ ਇਸ ਗੱਲ ਦਾ ਸਬੂਤ ਹੋਵੇਗਾ ਕਿ ਮੈਂ ਇਹ ਖੂਹ ਪੁੱਟਿਆ ਸੀ।”
31 ਇਸ ਲਈ ਇਸਤੋਂ ਮਗਰੋਂ ਖੂਹ ਨੂੰ ਬਏਰਸ਼ਬਾ ਆਖਿਆ ਜਾਣ ਲੱਗਾ। ਉਸ ਨੇ ਇਸ ਖੂਹ ਨੂੰ ਇਹ ਨਾਲ ਇਸ ਵਾਸਤੇ ਦਿੱਤਾ ਕਿਉਂਕਿ ਇਹੀ ਉਹ ਥਾਂ ਸੀ ਜਿੱਥੇ ਉਨ੍ਹਾਂ ਨੇ ਇੱਕ ਦੂਜੇ ਨਾਲ ਇਕਰਾਰ ਕੀਤਾ ਸੀ।
32 ਇਸ ਤਰ੍ਹਾਂ ਅਬਰਾਹਾਮ ਅਤੇ ਅਬੀਮਲਕ ਨੇ ਬਏਰਸਬਾ ਵਿਖੇ ਇੱਕ ਇਕਰਾਰਨਾਮਾ ਕੀਤਾ। ਫ਼ੇਰ ਅਬੀਮਲਕ ਅਤੇ ਉਸਦਾ ਫ਼ੌਜੀ ਕਮਾਂਡਰ ਫ਼ਲਿਸਤੀਆਂ ਦੇ ਦੇਸ਼ ਨੂੰ ਚੱਲੇ ਗਏ।
33 ਅਬਰਾਹਾਮ ਨੇ ਬਏਰਸਬਾ ਵਿਖੇ ਇੱਕ ਖਾਸ ਰੁੱਖ ਲਾਇਆ। ਉਸ ਥਾਂ ਉੱਤੇ, ਅਬਰਾਹਾਮ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ ਉਸ ਪਰਮੇਸ਼ੁਰ ਅੱਗੇ ਜਿਹੜਾ ਸਦਾ ਜਿਉਂਦਾ ਹੈ। 34 ਅਤੇ ਅਬਰਾਹਾਮ ਫ਼ਲਿਸਤੀਆਂ ਦੇ ਦੇਸ਼ ਵਿੱਚ ਲੰਮਾ ਸਮਾਂ ਰਿਹਾ।
ਅਬਰਾਹਾਮ, ਆਪਣੇ ਪੁੱਤਰ ਨੂੰ ਮਾਰ ਦੇ
22 ਇਨ੍ਹਾਂ ਘਟਾਨਾਵਾਂ ਤੋਂ ਮਗਰੋਂ, ਪਰਮੇਸ਼ੁਰ ਨੇ ਅਬਰਾਹਾਮ ਨੂੰ ਪਰੱਖਣ ਦਾ ਨਿਆਂ ਕੀਤਾ। ਪਰਮੇਸ਼ੁਰ ਨੇ ਉਸ ਨੂੰ ਆਖਿਆ, “ਅਬਰਾਹਾਮ!”
ਅਤੇ ਅਬਰਾਹਾਮ ਨੇ ਆਖਿਆ, “ਹਾਂ ਯਹੋਵਾਹ!”
2 ਫ਼ੇਰ ਪਰਮੇਸ਼ੁਰ ਨੇ ਆਖਿਆ, “ਆਪਣੇ ਪੁੱਤਰ ਨੂੰ ਮੋਰੀਆਹ ਦੀ ਧਰਤੀ ਉੱਤੇ ਲੈ ਜਾ। ਮੋਰੀਆਹ ਉੱਤੇ ਜਾ ਕੇ ਆਪਣੇ ਪੁੱਤਰ ਦੀ ਮੇਰੇ ਲਈ ਬਲੀ ਚੜ੍ਹਾ। ਇਹ ਤੇਰਾ ਇੱਕ ਲੌਤਾ ਪੁੱਤਰ, ਇਸਹਾਕ ਹੀ ਹੋਣਾ ਚਾਹੀਦਾ ਹੈ-ਉਹ ਪੁੱਤਰ ਜਿਸ ਨੂੰ ਤੂੰ ਪਿਆਰ ਕਰਦਾ ਹੈਂ। ਉਸ ਨੂੰ ਇੱਥੋਂ ਦੇ ਪਹਾੜਾਂ ਵਿੱਚੋਂ ਕਿਸੇ ਇੱਕ ਉੱਤੇ ਹੋਮ ਦੀ ਭੇਟ ਵਜੋਂ ਵਰਤ। ਮੈਂ ਤੈਨੂੰ ਦੱਸਾਂਗਾ ਕਿਹੜੇ ਪਰਬਤ ਉੱਤੇ।”
3 ਸਵੇਰੇ ਅਬਰਾਹਾਮ ਉੱਠਿਆ ਅਤੇ ਆਪਣੇ ਖੋਤੇ ਨੂੰ ਕਾਠੀ ਪਾਈ। ਅਬਰਾਹਾਮ ਨੇ ਇਸਹਾਕ ਅਤੇ ਆਪਣੇ ਦੋ ਨੌਕਰਾਂ ਨੂੰ ਨਾਲ ਲੈ ਲਿਆ। ਅਬਰਾਹਾਮ ਨੇ ਬਲੀ ਲਈ ਲੱਕੜ ਕੱਟੀ। ਫ਼ੇਰ ਉਹ ਉਸ ਥਾਂ ਚੱਲੇ ਗਏ ਜਿੱਥੇ ਜਾਣ ਬਾਰੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਆਖਿਆ ਸੀ। 4 ਤਿੰਨ ਦਿਨ ਸਫ਼ਰ ਕਰਨ ਤੋਂ ਮਗਰੋਂ, ਅਬਰਾਹਾਮ ਨੇ ਉੱਪਰ ਵੱਲ ਦੇਖਿਆ ਅਤੇ ਕੁਝ ਦੂਰੀ ਤੇ, ਉਸ ਨੇ ਉਹ ਥਾਂ ਦੇਖੀ ਜਿੱਥੇ ਉਹ ਜਾ ਰਿਹਾ ਸੀ। 5 ਫ਼ੇਰ ਅਬਰਾਹਾਮ ਨੇ ਆਪਣੇ ਨੌਕਰਾਂ ਨੂੰ ਆਖਿਆ, “ਖੋਤੇ ਨਾਲ ਇੱਥੇ ਹੀ ਠਹਿਰੋ। ਮੈਂ ਆਪਣੇ ਪੁੱਤਰ ਨੂੰ ਨਾਲ ਲੈ ਕੇ ਉਸ ਉਪਾਸਨਾ ਵਾਲੀ ਥਾਂ ਉੱਤੇ ਜਾਵਾਂਗਾ। ਫ਼ੇਰ ਅਸੀਂ ਤੁਹਾਡੇ ਕੋਲ ਵਾਪਸ ਆ ਜਾਵਾਂਗੇ।”
6 ਅਬਰਾਹਾਮ ਨੇ ਬਲੀ ਲਈ ਲੱਕੜਾਂ ਲਈਆਂ ਅਤੇ ਇਹ ਆਪਣੇ ਪੁੱਤਰ ਇਸਹਾਕ ਉੱਤੇ ਰੱਖ ਦਿੱਤੀਆਂ। ਅਬਰਾਹਾਮ ਨੇ ਖੁਦ ਅੱਗ ਅਤੇ ਚਾਕੂ ਨੂੰ ਚੁੱਕਿਆ। ਅਤੇ ਉਹ ਦੋਵੇਂ ਇਕੱਠੇ ਤੁਰ ਪਏ।
7 ਇਸਹਾਕ ਨੇ ਆਪਣੇ ਪਿਤਾ ਅਬਰਾਹਾਮ ਨੂੰ ਆਖਿਆ, “ਪਿਤਾ ਜੀ!”
ਅਬਰਾਹਾਮ ਨੇ ਜਵਾਬ ਦਿੱਤਾ, “ਹਾਂ ਪੁੱਤਰ।”
ਇਸਹਾਕ ਨੇ ਆਖਿਆ, “ਮੈਨੂੰ ਲੱਕੜਾਂ ਅਤੇ ਅੱਗ ਤਾਂ ਨਜ਼ਰ ਆਉਂਦੀ ਹੈ। ਪਰ ਉਹ ਲੇਲਾ ਕਿੱਥੇ ਹੈ ਜਿਸ ਨੂੰ ਅਸੀਂ ਬਲੀ ਚੜ੍ਹਾਵਾਂਗੇ?”
8 ਅਬਰਾਹਾਮ ਨੇ ਜਵਾਬ ਦਿੱਤਾ, “ਪਰਮੇਸ਼ੁਰ ਖੁਦ ਹੀ ਬਲੀ ਲਈ ਲੇਲਾ ਭੇਜ ਰਿਹਾ ਹੈ, ਮੇਰੇ ਪੁੱਤਰ।”
ਇਸ ਤਰ੍ਹਾਂ ਅਬਰਾਹਾਮ ਅਤੇ ਉਸਦਾ ਪੁੱਤਰ ਦੋਵੇਂ ਉਸ ਥਾਂ ਚੱਲੇ ਗਏ। 9 ਉਹ ਉਸ ਥਾਂ ਗਏ ਜਿੱਥੇ ਉਨ੍ਹਾਂ ਨੂੰ ਪਰਮੇਸ਼ੁਰ ਨੇ ਜਾਣ ਵਾਸਤੇ ਆਖਿਆ ਸੀ। ਉੱਥੇ ਅਬਰਾਹਾਮ ਨੇ ਜਗਵੇਦੀ ਉਸਾਰੀ ਅਤੇ ਜਗਵੇਦੀ ਉੱਤੇ ਲੱਕੜਾਂ ਰੱਖ ਦਿੱਤੀਆਂ। ਫ਼ੇਰ ਅਬਰਾਹਾਮ ਨੇ ਆਪਣੇ ਪੁੱਤਰ ਇਸਹਾਕ ਨੂੰ ਬੰਨ੍ਹ ਦਿੱਤਾ। ਅਬਰਾਹਾਮ ਨੇ ਇਸਹਾਕ ਨੂੰ ਜਗਵੇਦੀ ਉੱਤੇ ਲੱਕੜਾਂ ਉੱਪਰ ਰੱਖ ਦਿੱਤਾ। 10 ਫ਼ੇਰ ਅਬਰਾਹਾਮ ਨੇ ਆਪਣੀ ਛੁਰੀ ਕੱਢ ਲਈ ਅਤੇ ਆਪਣੇ ਪੁੱਤਰ ਨੂੰ ਮਾਰਨ ਲਈ ਤਿਆਰ ਹੋ ਗਿਆ।
11 ਪਰ ਫ਼ੇਰ ਯਹੋਵਾਹ ਦੇ ਦੂਤ ਨੇ ਅਬਰਾਹਾਮ ਨੂੰ ਰੋਕ ਲਿਆ। ਦੂਤ ਨੇ ਆਕਾਸ਼ ਵਿੱਚੋਂ ਆਵਾਜ਼ ਦਿੱਤੀ ਅਤੇ ਆਖਿਆ, “ਅਬਰਾਹਾਮ, ਅਬਰਾਹਾਮ!”
ਅਬਰਾਹਾਮ ਨੇ ਜਵਾਬ ਦਿੱਤਾ, “ਹਾਂ ਜੀ।”
12 ਦੂਤ ਨੇ ਆਖਿਆ, “ਆਪਣੇ ਪੁੱਤਰ ਨੂੰ ਨਾ ਮਾਰ ਅਤੇ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਪਹੁੰਚਾ। ਹੁਣ ਮੈਂ ਦੇਖ ਸੱਕਦਾ ਹਾਂ ਕਿ ਤੂੰ ਸੱਚਮੁੱਚ ਪਰਮੇਸ਼ੁਰ ਦਾ ਆਦਰ ਕਰਦਾ ਹੈਂ ਅਤੇ ਉਸਦਾ ਹੁਕਮ ਮੰਨਦਾ ਹੈਂ। ਮੈਂ ਦੇਖ ਰਿਹਾ ਹਾਂ ਕਿ ਤੂੰ ਮੇਰੇ ਲਈ ਆਪਣੇ ਪੁੱਤਰ, ਆਪਣੇ ਇੱਕੋ-ਇੱਕ ਪੁੱਤਰ ਦੀ ਬਲੀ ਦੇਣ ਲਈ ਤਿਆਰ ਹੈਂ।”
13 ਫ਼ੇਰ ਅਬਰਾਹਾਮ ਨੇ ਇੱਕ ਭੇਡੂ ਦੇਖਿਆ। ਭੇਡੂ ਦੇ ਸਿੰਗ ਝਾੜੀ ਵਿੱਚ ਫ਼ਸੇ ਹੋਏ ਸਨ। ਇਸ ਲਈ ਅਬਰਾਹਾਮ ਗਿਆ ਅਤੇ ਭੇਡੂ ਨੂੰ ਲੈ ਕੇ ਇਸ ਨੂੰ ਆਪਣੇ ਪੁੱਤਰ ਦੀ ਬਜਾਇ ਪਰਮੇਸ਼ੁਰ ਨੂੰ ਬਲੀ ਵਜੋਂ ਚੜ੍ਹਾ ਦਿੱਤਾ। 14 ਇਸ ਲਈ ਅਬਰਾਹਾਮ ਨੇ ਉਸ ਥਾਂ ਨੂੰ ਨਾਮ ਦਿੱਤਾ, “ਯਾਹਵੇਹ ਯਿਰਹ।” [b] ਅੱਜ ਵੀ ਲੋਕ ਆਖਦੇ ਹਨ, “ਇਸ ਪਰਬਤ ਉੱਤੇ ਯਹੋਵਾਹ ਦਾ ਦੀਦਾਰ ਕੀਤਾ ਜਾ ਸੱਕਦਾ ਹੈ।”
15 ਯਹੋਵਾਹ ਦੇ ਦੂਤ ਨੇ ਦੂਸਰੀ ਵਾਰ ਅਬਰਾਹਾਮ ਨੂੰ ਆਕਾਸ਼ੋਂ ਆਵਾਜ਼ ਦਿੱਤੀ। 16 ਦੂਤ ਨੇ ਆਖਿਆ, “ਤੂੰ ਮੇਰੀ ਖਾਤਿਰ ਆਪਣੇ ਪੁੱਤਰ ਦੀ ਬਲੀ ਦੇਣ ਲਈ ਤਿਆਰ ਹੋ ਗਿਆ ਸੀ। ਇਹ ਤੇਰਾ ਇੱਕਲੌਤਾ ਪੁੱਤਰ ਸੀ। ਕਿਉਂਕਿ ਤੂੰ ਮੇਰੀ ਖਾਤਿਰ ਅਜਿਹਾ ਕੀਤਾ, ਮੈਂ ਤੈਨੂੰ ਇਹ ਬਚਨ ਦਿੰਦਾ ਹਾਂ: ਮੈਂ, ਯਹੋਵਾਹ, ਇਕਰਾਰ ਕਰਦਾ ਹਾਂ ਕਿ 17 ਮੈਂ ਤੈਨੂੰ ਸੱਚਮੁੱਚ ਅਸੀਸ ਦੇਵਾਂਗਾ। ਮੈਂ ਤੈਨੂੰ ਬਹੁਤ ਸਾਰੇ ਉੱਤਰਾਧਿਕਾਰੀ ਦਿਆਂਗਾ, ਜਿੰਨੇ ਕਿ ਆਕਾਸ਼ ਵਿੱਚ ਤਾਰੇ ਹਨ। ਇੱਥੇ ਇੰਨੇ ਲੋਕ ਹੋਣਗੇ ਜਿੰਨੇ ਸਮੁੰਦਰੀ ਕੰਢੇ ਉੱਤੇ ਰੇਤ ਦੇ ਕਣ ਹਨ। ਅਤੇ ਤੇਰੇ ਲੋਕ ਉਨ੍ਹਾਂ ਸ਼ਹਿਰਾਂ ਵਿੱਚ ਰਹਿਣਗੇ ਜਿਹੜੇ ਉਹ ਆਪਣੇ ਦੁਸ਼ਮਣਾ ਤੋਂ ਜਿੱਤਣਗੇ। 18 ਧਰਤੀ ਦੀਆਂ ਸਾਰੀਆਂ ਕੌਮਾਂ ਤੇਰੇ ਉੱਤਰਾਧਿਕਾਰੀਆਂ ਕਾਰਣ ਅਸੀਸਮਈ ਹੋਣਗੀਆਂ, ਕਿਉਂਕਿ ਤੂੰ ਮੇਰੇ ਆਦੇਸ਼ਾਂ ਨੂੰ ਮੰਨਿਆ।”
19 ਫ਼ੇਰ ਅਬਰਾਹਾਮ ਆਪਣੇ ਨੌਕਰਾਂ ਕੋਲ ਵਾਪਸ ਚੱਲਾ ਗਿਆ। ਉਹ ਸਾਰੇ ਬਏਰਸਬਾ ਵਾਪਸ ਪਰਤ ਗਏ ਅਤੇ ਅਬਰਾਹਾਮ ਉੱਥੇ ਠਹਿਰ ਗਿਆ।
20 ਇਹ ਸਭ ਗੱਲਾਂ ਵਾਪਰਨ ਤੋਂ ਬਾਦ, ਅਬਰਾਹਾਮ ਨੂੰ ਇੱਕ ਸੰਦੇਸ਼ ਭੇਜਿਆ ਗਿਆ। ਸੰਦੇਸ਼ ਵਿੱਚ ਆਖਿਆ ਗਿਆ ਸੀ, “ਤੇਰੇ ਭਰਾ ਨਾਹੋਰ ਅਤੇ ਉਸਦੀ ਪਤਨੀ ਮਿਲਕਾਹ ਦੇ ਹੁਣ ਬੱਚੇ ਹਨ। 21 ਪਹਿਲੇ ਪੁੱਤਰ ਦਾ ਨਾਮ ਊਸ ਹੈ। ਦੂਸਰੇ ਪੁੱਤਰ ਦਾ ਨਾਮ ਬੂਜ਼ ਹੈ। ਤੀਸਰਾ ਪੁੱਤਰ ਅਰਾਮ ਦਾ ਪਿਤਾ, ਕਮੂਏਲ ਹੈ। 22 ਫ਼ੇਰ ਕਸਦ, ਹਜ਼ੋ, ਪਿਲਦਾਸ਼ ਅਤੇ ਯਿਦਲਾਫ਼ ਬਥੂਏਲ ਹਨ।” 23 ਬਥੂਏਲ ਰਿਬਕਾਹ ਦਾ ਪਿਤਾ ਸੀ। ਮਿਲਕਾਹ ਇਨ੍ਹਾਂ ਅੱਠਾਂ ਪੁੱਤਰਾਂ ਦੀ ਮਾਂ ਸੀ ਅਤੇ ਨਾਹੋਰ ਉਨ੍ਹਾਂ ਦਾ ਪਿਤਾ ਸੀ। ਨਾਹੋਰ ਅਬਰਾਹਾਮ ਦਾ ਭਰਾ ਸੀ। 24 ਨਾਹੋਰ ਦੇ ਆਪਣੀ ਦਾਸੀ ਰੂਮਾਹ ਤੋਂ ਵੀ ਚਾਰ ਪੁੱਤਰ ਸਨ। ਇਹ ਪੁੱਤਰ ਸਨ, ਤਬਹ, ਗਹਮ, ਤਹਸ਼ ਅਤੇ ਮਾਕਾਹ।
ਸਾਰਾਹ ਦੀ ਮੌਤ
23 ਸਾਰਾਹ 127 ਵਰ੍ਹੇ ਜੀਵੀ। 2 ਉਸਦਾ ਦੇਹਾਂਤ ਕਨਾਨ ਦੀ ਧਰਤੀ ਉੱਤੇ ਕਿਰਿਯਤ ਅਰਬਾ (ਹਬਰੋਨ) ਦੇ ਸ਼ਹਿਰ ਵਿੱਚ ਹੋਇਆ। ਅਬਰਾਹਾਮ ਬਹੁਤ ਉਦਾਸ ਹੋ ਗਿਆ ਅਤੇ ਉੱਥੇ ਉਸ ਲਈ ਰੋਂਦਾ ਰਿਹਾ। 3 ਫ਼ੇਰ ਅਬਰਾਹਾਮ ਨੇ ਆਪਣੀ ਮ੍ਰਿਤ ਪਤਨੀ ਨੂੰ ਛੱਡ ਦਿੱਤਾ ਅਤੇ ਹਿੱਤੀ ਲੋਕਾਂ ਨਾਲ ਗੱਲ ਕਰਨ ਲਈ ਚੱਲਾ ਗਿਆ। ਉਸ ਨੇ ਆਖਿਆ, 4 “ਮੈਂ ਤੁਹਾਡੇ ਦੇਸ਼ ਵਿੱਚ ਰਹਿਣ ਵਾਲਾ ਸਿਰਫ਼ ਇੱਕ ਮੁਸਾਫ਼ਰ ਹਾਂ। ਮੇਰੇ ਕੋਲ ਆਪਣੀ ਪਤਨੀ ਨੂੰ ਦਫ਼ਨ ਕਰਨ ਲਈ ਕੋਈ ਥਾਂ ਨਹੀਂ। ਕਿਰਪਾ ਕਰਕੇ ਮੈਨੂੰ ਕੁਝ ਥਾਂ ਦਿਉ ਤਾਂ ਜੋ ਮੈਂ ਆਪਣੀ ਪਤਨੀ ਨੂੰ ਦਫ਼ਨਾ ਸੱਕਾਂ।”
5 ਹਿੱਤੀ ਲੋਕਾਂ ਨੇ ਅਬਰਾਹਾਮ ਨੂੰ ਜਵਾਬ ਦਿੱਤਾ, 6 “ਸ਼੍ਰੀ ਮਾਨ ਜੀ, ਤੁਸੀਂ ਤਾਂ ਸਾਡੇ ਦਰਮਿਆਨ ਪਰਮੇਸ਼ੁਰ ਦੇ ਮਹਾਨ ਆਗੂਆਂ ਵਿੱਚੋਂ ਇੱਕ ਹੋ। ਤੁਸੀਂ ਤਾਂ ਸਾਡੀ ਸਭ ਤੋਂ ਚੰਗੀ ਜ਼ਮੀਨ ਆਪਣੇ ਮੁਰਦੇ ਨੂੰ ਦਫ਼ਨ ਕਰਨ ਲਈ ਲੈ ਸੱਕਦੇ ਹੋ। ਤੁਸੀਂ ਸਾਡੇ ਕਿਸੇ ਵੀ ਕਬਰਸਤਾਨ ਵਿੱਚ ਕੋਈ ਵੀ ਥਾਂ ਲੈ ਸੱਕਦੇ ਹੋ ਜੋ ਤੁਸੀਂ ਚਾਹੋਂ। ਸਾਡੇ ਵਿੱਚੋਂ ਕੋਈ ਵੀ ਤੁਹਾਨੂੰ ਆਪਣੀ ਪਤਨੀ ਨੂੰ ਉੱਥੇ ਦਫ਼ਨਾਉਣ ਤੋਂ ਨਹੀਂ ਰੋਕੇਗਾ।”
7 ਅਬਰਾਹਾਮ ਉੱਠ ਖਲੋਤਾ ਅਤੇ ਹਿੱਤੀ ਲੋਕਾਂ ਦੇ ਸਾਹਮਣੇ ਝੁਕ ਗਿਆ। 8 ਅਬਰਾਹਾਮ ਨੇ ਉਨ੍ਹਾਂ ਨੂੰ ਆਖਿਆ, “ਜੇ ਤੁਸੀਂ ਸੱਚਮੁੱਚ ਮੇਰੀ ਪਤਨੀ ਨੂੰ ਦਫ਼ਨਾਉਣ ਵਿੱਚ ਮੇਰੀ ਸਹਾਇਤਾ ਕਰਨਾ ਚਾਹੁੰਦੇ ਹੋ ਤਾਂ ਮੇਰੇ ਲਈ ਸੋਹਰ ਦੇ ਪੁੱਤਰ ਅਫ਼ਰੋਨ ਨਾਲ ਗੱਲ ਕਰੋ। 9 ਮੈਂ ਅਫ਼ਰੋਨ ਦੀ ਮਕਫ਼ੇਲਾਹ ਵਾਲੀ ਗੁਫ਼ਾ ਖਰੀਦਣੀ ਚਾਹੁੰਦਾ ਹਾਂ। ਇਹ ਉਸ ਦੇ ਖੇਤ ਦੇ ਸਿਰੇ ਉੱਤੇ ਹੈ। ਮੈਂ ਉਸ ਨੂੰ ਇਸਦੀ ਪੂਰੀ ਕੀਮਤ ਦਿਆਂਗਾ। ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਰੇ ਗਵਾਹ ਹੋਵੋਂ ਕਿ ਮੈਂ ਇਸ ਨੂੰ ਕਬਰਸਤਾਨ ਵਜੋਂ ਖਰੀਦਿਆ।”
10 ਅਫ਼ਰੋਨ ਉੱਥੇ ਲੋਕਾਂ ਵਿੱਚਕਾਰ ਬੈਠਾ ਹੋਇਆ ਸੀ। ਅਫ਼ਰੋਨ ਨੇ ਅਬਰਾਹਾਮ ਨੂੰ ਉੱਚੀ ਆਵਾਜ਼ ਵਿੱਚ ਜਵਾਬ ਦਿੱਤਾ, ਤਾਂ ਜੋ ਉੱਥੇ ਸ਼ਹਿਰ ਦੇ ਫ਼ਾਟਕ ਕੋਲ ਬੈਠਾ ਹਰ ਕੋਈ ਉਸ ਨੂੰ ਸੁਣ ਸੱਕੇ। 11 “ਨਹੀਂ, ਸ਼੍ਰੀ ਮਾਨ ਜੀ। ਮੈਂ ਇੱਥੇ ਆਪਣੇ ਸਾਰੇ ਲੋਕਾਂ ਸਾਹਮਣੇ ਤੁਹਾਨੂੰ ਉਹ ਜ਼ਮੀਨ ਦਿੰਦਾ ਹਾਂ ਜਿਸ ਉੱਤੇ ਇਹ ਗੁਫ਼ਾ ਹੈ, ਤਾਂ ਜੋ ਤੁਸੀਂ ਉੱਥੇ ਆਪਣੀ ਪਤਨੀ ਨੂੰ ਦਫ਼ਨਾ ਸੱਕੋਂ।”
12 ਅਬਰਾਹਾਮ ਹਿੱਤੀ ਲੋਕਾਂ ਦੇ ਸਾਹਮਣੇ ਧਰਤੀ ਉੱਤੇ ਝੁਕ ਗਿਆ। 13 ਅਬਰਾਹਾਮ ਨੇ ਅਫ਼ਰੋਨ ਨੂੰ ਸਮੂਹ ਲੋਕਾਂ ਦੇ ਸਾਹਮਣੇ ਆਖਿਆ, “ਪਰ ਮੈਂ ਤੁਹਾਨੂੰ ਉਸ ਖੇਤ ਦੀ ਪੂਰੀ ਕੀਮਤ ਅਦਾ ਕਰਨਾ ਚਾਹੁੰਦਾ ਹਾਂ। ਮੇਰੇ ਪੈਸੇ ਨੂੰ ਪ੍ਰਵਾਨ ਕਰੋ, ਅਤੇ ਮੈਂ ਆਪਣੇ ਮੁਰਦੇ ਨੂੰ ਦਫ਼ਨਾ ਦਿਆਂਗਾ।”
14 ਅਫ਼ਰੋਨ ਨੇ ਅਬਰਾਹਾਮ ਨੂੰ ਜਵਾਬ ਦਿੱਤਾ, 15 “ਸ਼੍ਰੀਮਾਨ ਜੀ, ਮੇਰੀ ਗੱਲ ਸੁਣੋ। ਚਾਂਦੀ ਦੇ ਦਸ ਪੌਂਡ ਤੁਹਾਡੇ ਜਾਂ ਮੇਰੇ ਲਈ ਕੁਝ ਵੀ ਨਹੀਂ। ਥਾਂ ਲੈ ਲਵੋ ਅਤੇ ਆਪਣੀ ਮ੍ਰਿਤ ਪਤਨੀ ਨੂੰ ਦਫ਼ਨਾ ਦਿਉ।”
16 ਅਬਰਾਹਾਮ ਅਫ਼ਰੋਨ ਦੀਆਂ ਸ਼ਰਤਾਂ ਨਾਲ ਰਾਜ਼ੀ ਹੋ ਗਿਆ। ਅਬਰਾਹਾਮ ਨੇ ਕਾਰੋਬਾਰੀਆਂ ਦੇ ਪ੍ਰਮਾਣਿਕ ਤੋਂਲਾਂ ਅਨੁਸਾਰ ਅਫ਼ਰੋਨ ਲਈ ਦਸ ਪੌਂਡ ਚਾਂਦੀ ਤੋਂਲ ਦਿੱਤੀ।
17-18 ਇਸ ਤਰ੍ਹਾਂ, ਅਫ਼ਰੋਨ ਦੀ ਜ਼ਮੀਨ ਦੀ ਮਾਲਕੀ ਬਦਲ ਗਈ। ਇਹ ਜ਼ਮੀਨ ਮਮਰੇ ਦੇ ਨੇੜੇ, ਮਕਫ਼ੇਲਾਹ ਵਿੱਚ ਸੀ। ਅਬਰਾਹਮ ਉਸ ਜ਼ਮੀਨ, ਇਸ ਉਤਲੀ ਗੁਫ਼ਾ ਅਤੇ ਇਸ ਉਤਲੇ ਸਾਰੇ ਦ੍ਰੱਖਤਾਂ ਦਾ ਮਾਲਕ ਬਣ ਗਿਆ। ਨਗਰ ਦੇ ਸਾਰੇ ਲੋਕਾਂ ਨੇ ਅਫ਼ਰੋਨ ਅਤੇ ਅਬਰਾਹਾਮ ਵਿੱਚਕਾਰ ਹੋਏ ਸੌਦੇ ਨੂੰ ਦੇਖਿਆ। 19 ਇਸਤੋਂ ਮਗਰੋਂ, ਅਬਰਾਹਾਮ ਨੇ ਆਪਣੀ ਪਤਨੀ ਨੂੰ ਮਕਫ਼ੇਲਾਹ ਦੇ ਖੇਤ ਉਤਲੀ ਗੁਫ਼ਾ ਵਿੱਚ, ਮਮਰੇ ਦੇ ਨੇੜੇ (ਹੁਣ ਹਬਰੋਨ ਕਹਾਉਂਦੇ) ਕਨਾਨ ਦੀ ਜ਼ਮੀਨ ਵਿੱਚ ਦਫ਼ਨਾ ਦਿੱਤਾ। 20 ਅਬਰਾਹਾਮ ਨੇ ਗੁਫ਼ਾ ਸਮੇਤ ਖੇਤ ਨੂੰ ਹਿੱਤੀ ਲੋਕਾਂ ਪਾਸੋਂ ਖਰੀਦ ਲਿਆ। ਇਹ ਉਸਦੀ ਜ਼ਾਇਦਾਦ ਬਣ ਗਈ ਅਤੇ ਉਸ ਨੇ ਇਸਦੀ ਵਰਤੋਂ ਕਬਰਸਤਾਨ ਵਜੋਂ ਕੀਤੀ।
ਇਸਹਾਕ ਲਈ ਇੱਕ ਪਤਨੀ
24 ਅਬਰਾਹਾਮ ਬੜੀ ਲੰਮੀ ਉਮਰ ਜੀਵਿਆ। ਯਹੋਵਾਹ ਨੇ ਅਬਰਾਹਾਮ ਨੂੰ ਅਤੇ ਉਸ ਦੇ ਕੀਤੇ ਹਰ ਕੰਮ ਨੂੰ ਅਸੀਸ ਦਿੱਤੀ। 2 ਅਬਰਾਹਾਮ ਦਾ ਸਭ ਤੋਂ ਪੁਰਾਣਾ ਨੌਕਰ ਅਬਰਾਹਾਮ ਦੀ ਹਰ ਚੀਜ਼ ਦਾ ਨਿਗਾਹਬਾਨ ਸੀ। ਅਬਰਾਹਾਮ ਨੇ ਉਸ ਨੌਕਰ ਨੂੰ ਆਪਣੇ ਕੋਲ ਸੱਦ ਕੇ ਆਖਿਆ, “ਮੇਰੀ ਲੱਤ ਹੇਠਾਂ ਆਪਣਾ ਹੱਥ ਰੱਖ। 3 ਹੁਣ ਮੈਂ ਚਾਹੁੰਦਾ ਹਾਂ ਕਿ ਤੂੰ ਮੇਰੇ ਨਾਲ ਇੱਕ ਗੱਲ ਦਾ ਇਕਰਾਰ ਕਰੇਂ। ਯਹੋਵਾਹ ਆਕਾਸ਼ ਅਤੇ ਧਰਤੀ ਦੇ ਅਪਰਮੇਸ਼ੁਰ ਦੀ ਹਾਜ਼ਰੀ ਵਿੱਚ ਮੈਨੂੰ ਵਚਨ ਦੇ, ਕਿ ਤੂੰ ਮੇਰੇ ਪੁੱਤਰ ਦੀ ਪਤਨੀ ਹੋਣ ਲਈ ਇਸ ਧਰਤੀ ਦੀ ਕਨਾਨੀ ਕੁੜੀ ਨੂੰ, ਜਿੱਥੇ ਮੈਂ ਰਹਿ ਰਿਹਾ ਹਾਂ, ਨਹੀਂ ਲਵੇਂਗਾ। 4 ਮੇਰੇ ਦੇਸ਼ ਅਤੇ ਮੇਰੇ ਲੋਕਾਂ ਕੋਲ ਵਾਪਸ ਜਾ। ਉੱਥੇ ਮੇਰੇ ਪੁੱਤਰ ਇਸਹਾਕ ਵਾਸਤੇ ਪਤਨੀ ਲੱਭ ਅਤੇ ਉਸ ਨੂੰ ਇੱਥੇ ਉਸ ਕੋਲ ਲੈ ਕੇ ਆ।”
5 ਨੌਕਰ ਨੇ ਉਸ ਨੂੰ ਆਖਿਆ, “ਜੇਕਰ ਉਹ ਔਰਤ ਮੇਰੇ ਨਾਲ ਇਸ ਥਾਂ ਤੇ ਨਹੀਂ ਆਉਣਾ ਚਾਹੁੰਦੀ ਤਾਂ ਕੀ ਮੈਂ ਤੁਹਾਡੇ ਪੁੱਤਰ ਨੂੰ ਵਾਪਿਸ ਉਸ ਧਰਤੀ ਤੇ ਲੈ ਜਾਵਾਂ ਜਿੱਥੇ ਤੁਸੀਂ ਆਏ ਸੀ?”
6 ਅਬਰਾਹਾਮ ਨੇ ਉਸ ਨੂੰ ਆਖਿਆ, “ਨਹੀਂ! ਮੇਰੇ ਪੁੱਤਰ ਨੂੰ ਉੱਥੇ ਨਾ ਲੈ ਕੇ ਜਾਵੀਂ। 7 ਯਹੋਵਾਹ ਆਕਾਸ਼ ਦੇ ਪਰਮੇਸ਼ੁਰ ਨੇ ਮੈਨੂੰ ਮੇਰੀ ਮਾਤ੍ਰਭੂਮੀ ਤੋਂ ਇੱਥੇ ਲਿਆਂਦਾ ਹੈ। ਉਹ ਧਰਤੀ ਮੇਰੇ ਪਿਤਾ ਅਤੇ ਮੇਰੇ ਪਰਿਵਾਰ ਦੀ ਧਰਤੀ ਸੀ। ਪਰ ਯਹੋਵਾਹ ਨੇ ਬਚਨ ਦਿੱਤਾ ਸੀ ਕਿ ਇਹ ਨਵੀਂ ਧਰਤੀ ਮੇਰੇ ਪਰਿਵਾਰ ਦੀ ਹੋਵੇਗੀ। ਯਹੋਵਾਹ ਆਪਣੇ ਦੂਤ ਨੂੰ ਤੇਰੇ ਨਾਲੋਂ ਅਗੇਰੇ ਭੇਜੇ ਤਾਂ ਜੋ ਤੂੰ ਮੇਰੇ ਪੁੱਤਰ ਲਈ ਵਹੁਟੀ ਚੁਣ ਸੱਕੇਂ। 8 ਪਰ ਜੇ ਉਹ ਕੁੜੀ ਤੇਰੇ ਨਾਲ ਆਉਣ ਤੋਂ ਇਨਕਾਰ ਕਰੇ ਤਾਂ ਤੂੰ ਇਸ ਬਚਨ ਤੋਂ ਮੁਕਤ ਹੋਵੇਂਗਾ। ਪਰ ਤੂੰ ਮੇਰੇ ਪੁੱਤਰ ਨੂੰ ਉਸ ਥਾਂ ਬਿਲਕੁਲ ਨਹੀਂ ਲੈ ਕੇ ਜਾਣਾ।”
9 ਇਸ ਲਈ ਨੌਕਰ ਨੇ ਆਪਣੇ ਮਾਲਕ ਦੀ ਲੱਤ ਹੇਠਾਂ ਆਪਣਾ ਹੱਥ ਰੱਖਿਆ ਅਤੇ ਇਹ ਸਾਰੀਆਂ ਗੱਲਾਂ ਕਰਨ ਦਾ ਇਕਰਾਰ ਕੀਤਾ।
ਖੋਜ ਸ਼ੁਰੂ ਹੁੰਦੀ ਹੈ
10 ਨੌਕਰ ਨੇ ਅਬਰਾਹਾਮ ਦੇ ਦਸ ਊਠ ਲਏ ਅਤੇ ਉਸ ਥਾਂ ਵੱਲ ਤੁਰ ਪਿਆ। ਨੌਕਰ ਨੇ ਆਪਣੇ ਨਾਲ ਅਨੇਕਾਂ ਖੂਬਸੂਰਤ ਸੁਗਾਤਾਂ ਲੈ ਲਇਆਂ। ਨੌਕਰ ਮਸੋਪੋਤਾਮੀਆਂ ਵਿੱਚ ਨਾਹੋਰ ਦੇ ਨਗਰ ਨੂੰ ਚੱਲਾ ਗਿਆ। 11 ਨੌਕਰ ਸ਼ਹਿਰ ਦੇ ਬਾਹਰਲੇ ਖੂਹ ਤੇ ਪਹੁੰਚ ਗਿਆ। ਸ਼ਾਮ ਦਾ ਵੇਲਾ ਸੀ ਜਦੋਂ ਔਰਤਾਂ ਪਾਣੀ ਭਰਨ ਲਈ ਬਾਹਰ ਆਈਆਂ ਨੌਕਰ ਨੇ ਉਸ ਥਾਂ ਊਠਾਂ ਦੀਆਂ ਗੋਡਣੀਆਂ ਲਵਾ ਦਿੱਤੀਆਂ।
12 ਨੌਕਰ ਨੇ ਆਖਿਆ, “ਯਹੋਵਾਹ, ਤੂੰ ਮੇਰੇ ਸੁਆਮੀ ਅਬਰਾਹਾਮ ਦਾ ਪਰਮੇਸ਼ੁਰ ਹੈ। ਕਿਰਪਾ ਕਰਕੇ ਮੈਨੂੰ ਉਸ ਦੇ ਪੁੱਤਰ ਲਈ ਵਹੁਟੀ ਤਲਾਸ਼ ਕਰਨ ਦੀ ਇਜਾਜ਼ਤ ਦੇ। ਕਿਰਪਾ ਕਰਕੇ ਮੇਰੇ ਸੁਆਮੀ ਅਬਰਾਹਾਮ ਉੱਤੇ ਇੰਨੀ ਮਿਹਰ ਕਰ। 13 ਮੈਂ ਇੱਥੇ, ਖੂਹ ਉੱਤੇ ਖਲੋਤਾ ਹੋਇਆ ਹਾਂ, ਅਤੇ ਸ਼ਹਿਰ ਦੀਆਂ ਮੁਟਿਆਰਾਂ ਪਾਣੀ ਭਰਨ ਲਈ ਆ ਰਹੀਆਂ ਹਨ। 14 ਮੈਂ ਉਸ ਖਾਸ ਸੰਕੇਤ ਦਾ ਇੰਤਜ਼ਾਰ ਕਰ ਰਿਹਾ ਹਾਂ, ਇਹ ਜਾਨਣ ਲਈ, ਕਿ ਕਿਹੜੀ ਮੁਟਿਆਰ ਇਸਹਾਕ ਲਈ ਢੁਕਵੀ ਹੈ। ਖਾਸ ਸੰਕੇਤ ਇਹ ਹੈ ਮੈਂ ਕੁੜੀ ਨੂੰ ਆਖਾਂਗਾ, ‘ਕਿਰਪਾ ਕਰਕੇ ਆਪਣਾ ਘੜਾ ਹੇਠਾਂ ਉਤਾਰ ਤਾਂ ਜੋ ਮੈਂ ਪਾਣੀ ਪੀ ਸੱਕਾਂ।’ ਮੈਨੂੰ ਪਤਾ ਲੱਗ ਜਾਵੇਗਾ ਕਿ ਉਹ ਢੁਕਵੀਂ ਮੁਟਿਆਰ ਹੈ ਜੇ ਉਸ ਨੇ ਆਖਿਆ, ‘ਪੀ ਲੈ, ਅਤੇ ਮੈਂ ਤੇਰੇ ਊਠਾਂ ਨੂੰ ਵੀ ਪਾਣੀ ਪਿਲਾਵਾਂਗੀ।’ ਜੇ ਅਜਿਹੀ ਗੱਲ ਹੋਈ, ਤਾਂ ਤੂੰ ਸਾਬਤ ਕਰ ਦੇਵੇਗਾ ਕਿ ਉਹ ਮੁਟਿਆਰ ਇਸਹਾਕ ਲਈ ਢੁਕਵੀਂ ਹੈ। ਅਤੇ ਮੈਨੂੰ ਪਤਾ ਲੱਗ ਜਾਵੇਗਾ ਕਿ ਤੂੰ ਮੇਰੇ ਸੁਆਮੀ ਉੱਤੇ ਮਿਹਰ ਕੀਤੀ ਹੈ।”
ਵਹੁਟੀ ਲੱਭ ਗਈ
15 ਤਾਂ, ਨੌਕਰ ਦੇ ਪ੍ਰਾਰਥਨਾ ਕਰ ਹਟਨ ਤੋਂ ਪਹਿਲਾਂ, ਰਿਬਕਾਹ ਨਾਮ ਦੀ ਇੱਕ ਮੁਟਿਆਰ ਖੂਹ ਉੱਤੇ ਆਈ। ਰਿਬਕਾਹ ਬਥੂਏਲ ਦੀ ਧੀ ਸੀ। ਬਥੂਏਲ ਮਿਲਕਾਹ ਅਤੇ ਨਾਹੋਰ ਦਾ ਪੁੱਤਰ ਸੀ। ਨਾਹੋਰ, ਅਬਰਾਹਾਮ ਦਾ ਭਰਾ ਸੀ। ਰਿਬਕਾਹ ਆਪਣੇ ਮੋਢੇ ਉੱਤੇ ਇੱਕ ਘੜਾ ਚੁੱਕੀ ਖੂਹ ਉੱਤੇ ਆਈ। 16 ਉਹ ਬਹੁਤ ਸੁੰਦਰ ਸੀ। ਉਹ ਕੁਆਰੀ; ਅਤੇ ਅਛੋਹ ਸੀ। ਉਹ ਖੂਹ ਉੱਤੇ ਗਈ ਅਤੇ ਆਪਣਾ ਘੜਾ ਭਰ ਲਿਆ। 17 ਫ਼ੇਰ ਨੌਕਰ ਉਸ ਵੱਲ ਭੱਜ ਕੇ ਗਿਆ ਅਤੇ ਆਖਿਆ, “ਮਿਹਰਬਾਨੀ ਕਰਕੇ ਆਪਣੇ ਘੜੇ ਵਿੱਚੋਂ ਮੈਨੂੰ ਥੋੜਾ ਜਿਹਾ ਪਾਣੀ ਪਿਲਾ।”
18 ਰਿਬਕਾਹ ਨੇ ਛੇਤੀ ਨਾਲ ਆਪਣੇ ਮੋਢੇ ਉੱਤੋਂ ਘੜਾ ਨੀਵਾਂ ਕੀਤਾ ਅਤੇ ਉਸ ਨੂੰ ਪਾਣੀ ਪਿਲਾਇਆ। ਰਿਬਕਾਹ ਨੇ ਆਖਿਆ, “ਪੀਓ, ਸ਼੍ਰੀਮਾਨ ਜੀ।” 19 ਜਿਵੇਂ ਹੀ ਉਹ ਉਸ ਨੂੰ ਪਾਣੀ ਪਿਲਾ ਹਟੀ, ਰਿਬਕਾਹ ਨੇ ਆਖਿਆ, “ਮੈਂ ਤੇਰੇ ਊਠਾਂ ਨੂੰ ਵੀ ਕੁਝ ਪਾਣੀ ਪਿਲਾ ਦਿੰਦੀ ਹਾਂ।” 20 ਇਸ ਤਰ੍ਹਾਂ ਰਿਬਕਾਹ ਨੇ ਆਪਣੇ ਘੜੇ ਦਾ ਸਾਰਾ ਪਾਣੀ ਊਠਾਂ ਦੇ ਪੀਣ ਵਾਲੇ ਭਾਂਡੇ ਵਿੱਚ ਪਾ ਦਿੱਤਾ। ਫ਼ੇਰ ਉਹ ਖੂਹ ਵੱਲ ਹੋਰ ਪਾਣੀ ਲਿਆਉਣ ਲਈ ਦੌੜੀ। ਅਤੇ ਉਸ ਨੇ ਸਾਰੇ ਉੱਠਾਂ ਨੂੰ ਪਾਣੀ ਪਿਲਾ ਦਿੱਤਾ।
21 ਨੌਕਰ ਚੁੱਪ-ਚਾਪ ਉਸ ਨੂੰ ਦੇਖਦਾ ਰਿਹਾ। ਉਹ ਪੱਕਾ ਕਰਨਾ ਚਾਹੁੰਦਾ ਸੀ ਕਿ ਯਹੋਵਾਹ ਨੇ ਉਸ ਨੂੰ ਸੱਚਮੁੱਚ ਜਵਾਬ ਦੇ ਦਿੱਤਾ ਸੀ। ਅਤੇ ਉਸਦੀ ਯਾਤਰਾ ਨੂੰ ਸਫ਼ਲ ਕਰ ਦਿੱਤਾ ਸੀ। 22 ਜਦੋਂ ਊਠ ਪਾਣੀ ਪੀ ਹਟੇ, ਉਸ ਨੇ ਰਿਬਕਾਹ ਨੂੰ 1/5 ਔਂਸ ਦੀ ਇੱਕ ਸੋਨੇ ਦੀ ਅੰਗੂਠੀ ਦਿੱਤੀ। ਉਸ ਨੇ ਉਸ ਨੂੰ ਸੋਨੇ ਦੇ ਦੋ ਬਾਜੂਬੰਦ ਵੀ ਦਿੱਤੇ ਜਿਨ੍ਹਾਂ ਚੋਂ ਹਰੇਕ ਦਾ ਵਜ਼ਨ 4 ਔਂਸ ਸੀ। 23 ਨੌਕਰ ਨੇ ਪੁੱਛਿਆ, “ਤੇਰੇ ਪਿਤਾ ਦਾ ਕੀ ਨਾਮ ਹੈ? ਅਤੇ ਕੀ ਤੇਰੇ ਪਿਤਾ ਦੇ ਘਰ ਵਿੱਚ ਮੇਰੇ ਟੋਲੇ ਲਈ ਸੌਣ ਦੀ ਥਾਂ ਹੈ?”
24 ਰਿਬਕਾਹ ਨੇ ਜਵਾਬ ਦਿੱਤਾ, “ਮੇਰੇ ਪਿਤਾ ਦਾ ਨਾਮ ਬਥੂਏਲ ਹੈ ਜਿਹੜਾ ਮਿਲਕਾਹ ਅਤੇ ਨਾਹੋਰ ਦਾ ਪੁੱਤਰ ਹੈ।” 25 ਫ਼ੇਰ ਉਸ ਨੇ ਆਖਿਆ, “ਅਤੇ ਹਾਂ, ਸਾਡੇ ਕੋਲ ਤੁਹਾਡੇ ਊਠਾਂ ਲਈ ਤੂੜੀ ਵੀ ਹੈ ਅਤੇ ਸੌਣ ਦੀ ਥਾਂ ਵੀ।”
26 ਨੌਕਰ ਨੇ ਝੁਕ ਕੇ ਯਹੋਵਾਹ ਦੀ ਉਪਾਸਨਾ ਕੀਤੀ। 27 ਨੌਕਰ ਨੇ ਆਖਿਆ, “ਧੰਨ ਹੈ ਯਹੋਵਾਹ, ਮੇਰੇ ਸੁਆਮੀ ਅਬਰਾਹਾਮ ਦਾ ਪਰਮੇਸ਼ੁਰ। ਯਹੋਵਾਹ ਮੇਰੇ ਸੁਆਮੀ ਉੱਤੇ ਦਯਾਲੂ ਰਿਹਾ ਹੈ ਅਤੇ ਉਸ ਨਾਲ ਵਫ਼ਾਦਾਰ ਰਿਹਾ ਹੈ। ਯਹੋਵਾਹ ਨੇ ਮੇਰੀ ਅਗਵਾਈ ਮੇਰੇ ਸੁਆਮੀ ਦੇ ਭਰਾ ਦੇ ਘਰ ਵੱਲ ਕੀਤੀ ਹੈ।”
28 ਫ਼ੇਰ ਰਿਬਕਾਹ ਦੌੜ ਗਈ ਅਤੇ ਆਪਣੇ ਪਰਿਵਾਰ ਨੂੰ ਇਹ ਸਾਰੀਆਂ ਗੱਲਾਂ ਦੱਸੀਆਂ। 29-30 ਰਿਬਕਾਹ ਦਾ ਇੱਕ ਭਰਾ ਸੀ। ਉਸ ਦਾ ਨਾਮ ਲਾਬਾਨ ਸੀ। ਰਿਬਕਾਹ ਨੇ ਉਸ ਨੂੰ ਉਹ ਸਾਰੀਆਂ ਗੱਲਾਂ ਦੱਸੀਆਂ ਜਿਹੜੀਆਂ ਉਸ ਆਦਮੀ ਨੇ ਉਸ ਨੂੰ ਆਖੀਆਂ ਸਨ। ਜਦੋਂ ਲਾਬਾਨ ਨੇ ਉਸ ਦੀਆਂ ਬਾਹਾਂ ਉੱਤੇ ਬਾਜ਼ੂਬੰਦ ਅਤੇ ਹੱਥ ਵਿੱਚ ਮੁੰਦਰੀ ਵੇਖੀ, ਅਤੇ ਉਸ ਨੇ ਜੋ ਆਖਿਆ, ਸੁਣਿਆ ਤਾਂ ਉਹ ਖੂਹ ਵੱਲ ਭੱਜ ਗਿਆ। ਉੱਥੇ ਆਦਮੀ ਖੂਹ ਕੋਲ ਆਪਣੇ ਊਠਾਂ ਦੇ ਨਾਲ ਖਲੋਤਾ ਹੋਇਆ ਸੀ। 31 ਲਾਬਾਨ ਨੇ ਆਖਿਆ, “ਸ਼੍ਰੀਮਾਨ ਜੀ, ਤੁਸੀਂ ਯਹੋਵਾਹ ਦੁਆਰਾ ਅਸੀਸ ਪ੍ਰਾਪਤ ਹੋ। ਤੁਹਾਨੂੰ ਇੱਥੇ ਬਾਹਰ ਖਲੋਣ ਦੀ ਲੋੜ ਨਹੀਂ। ਮੈਂ ਤੁਹਾਡੇ ਸੌਣ ਵਾਸਤੇ ਇੱਕ ਕਮਰਾ ਤਿਆਰ ਕਰ ਦਿੱਤਾ ਹੈ ਅਤੇ ਤੁਹਾਡੇ ਊਠਾਂ ਲਈ ਇੱਕ ਥਾਂ ਬਣਾ ਦਿੱਤੀ ਹੈ।”
32 ਇਸ ਲਈ, ਅਬਰਾਹਾਮ ਦਾ ਨੌਕਰ ਘਰ ਅੰਦਰ ਚੱਲਾ ਗਿਆ। ਲਾਬਾਨ ਨੇ ਊਠਾਂ ਤੋਂ ਭਾਰ ਲਾਇਆ ਅਤੇ ਉਨ੍ਹਾਂ ਨੂੰ ਤੂੜੀ ਪਾਈ। ਫ਼ੇਰ ਉਸ ਨੇ ਉਸ ਨੂੰ ਅਤੇ ਹੋਰ ਆਦਮੀਆਂ ਨੂੰ ਜੋ ਉਸ ਦੇ ਨਾਲ ਸਨ, ਪੈਰ ਧੋਣ ਲਈ ਪਾਣੀ ਦਿੱਤਾ। 33 ਫ਼ੇਰ ਲਾਬਾਨ ਨੇ ਉਸ ਨੂੰ ਖਾਣ ਲਈ ਭੋਜਨ ਦਿੱਤਾ। ਪਰ ਨੌਕਰ ਨੇ ਖਾਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਆਖਿਆ, “ਮੈਂ ਓਨਾ ਚਿਰ ਕੁਝ ਨਹੀਂ ਖਾਵਾਂਗਾ ਜਦੋਂ ਤੀਕ ਕਿ ਤੈਨੂੰ ਆਪਣੇ ਆਉਣ ਦਾ ਮਕਸਦ ਨਹੀਂ ਦੱਸ ਦਿੰਦਾ।”
ਇਸ ਲਈ ਲਾਬਾਨ ਨੇ ਆਖਿਆ, “ਸਾਨੂੰ, ਦੱਸੋ।”
ਰਿਬਕਾਹ ਲਈ ਸੌਦੇਬਾਜ਼ੀ
34 ਨੌਕਰ ਨੇ ਆਖਿਆ, “ਮੈਂ ਅਬਰਾਹਾਮ ਦਾ ਨੌਕਰ ਹਾਂ। 35 ਯਹੋਵਾਹ ਨੇ ਮੇਰੇ ਸੁਆਮੀ ਉੱਤੇ ਹਰ ਤਰ੍ਹਾਂ ਦੀ ਬਖਸ਼ਿਸ਼ ਕੀਤੀ ਹੈ। ਮੇਰਾ ਸੁਆਮੀ ਇੱਕ ਮਹਾਨ ਇਨਸਾਨ ਬਣ ਗਿਆ ਹੈ। ਯਹੋਵਾਹ ਨੇ ਅਬਰਾਹਾਮ ਨੂੰ ਭੇਡਾਂ ਦੇ ਕਈ ਇੱਜੜ ਅਤੇ ਪਸ਼ੂਆਂ ਦੇ ਕਈ ਵੱਗ ਦਿੱਤੇ ਹਨ। ਅਬਰਾਹਾਮ ਕੋਲ ਕਾਫ਼ੀ ਸੋਨਾ-ਚਾਂਦੀ ਅਤੇ ਨੌਕਰ ਹਨ। ਅਬਰਾਹਾਮ ਕੋਲ ਬਹੁਤ ਸਾਰੇ ਊਠ ਅਤੇ ਖੋਤੇ ਹਨ। 36 ਮੇਰੇ ਸੁਆਮੀ ਦੀ ਪਤਨੀ ਦਾ ਨਾਮ ਸਾਰਾਹ ਸੀ। ਜਦੋਂ ਉਹ ਬਹੁਤ ਬੁੱਢੀ ਸੀ ਤਾਂ ਉਸ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ। ਅਤੇ ਮੇਰੇ ਸੁਆਮੀ ਨੇ ਆਪਣੀ ਸਾਰੀ ਜਾਇਦਾਦ ਦਾ ਉਸ ਪੁੱਤਰ ਨੂੰ ਵਾਰਿਸ ਬਣਾ ਦਿੱਤਾ ਹੈ। 37 ਮੇਰੇ ਸੁਆਮੀ ਨੇ ਮੇਰੇ ਕੋਲੋਂ ਇੱਕ ਬਚਨ ਲਿਆ ਸੀ। ਮੇਰੇ ਸੁਆਮੀ ਨੇ ਮੈਨੂੰ ਆਖਿਆ ਸੀ, ‘ਤੂੰ ਮੇਰੇ ਪੁੱਤਰ ਨੂੰ ਕਿਸੇ ਕਨਾਨੀ ਕੁੜੀ ਨਾਲ ਵਿਆਹ ਨਾ ਕਰਨ ਦੇਵੀਂ। ਅਸੀਂ ਇਨ੍ਹਾਂ ਲੋਕਾਂ ਦਰਮਿਆਨ ਰਹਿੰਦੇ ਜ਼ਰੂਰ ਹਾਂ ਪਰ ਮੈਂ ਨਹੀਂ ਚਾਹੁੰਦਾ ਕਿ ਉਹ ਕਿਸੇ ਕਨਾਨੀ ਕੁੜੀ ਨਾਲ ਵਿਆਹ ਕਰੇ। 38 ਇਸ ਲਈ ਤੂੰ ਮੇਰੇ ਪਿਤਾ ਦੇ ਦੇਸ਼ ਜਾਣ ਦਾ ਬਚਨ ਦੇ। ਮੇਰੇ ਪਰਿਵਾਰ ਕੋਲ ਜਾਹ ਅਤੇ ਮੇਰੇ ਪੁੱਤਰ ਲਈ ਵਹੁਟੀ ਲੱਭ ਕੇ ਲਿਆ।’ 39 ਮੈਂ ਆਪਣੇ ਸੁਆਮੀ ਨੂੰ ਆਖਿਆ, ‘ਸ਼ਾਇਦ ਉਹ ਔਰਤ ਮੇਰੇ ਨਾਲ ਇਸ ਥਾਂ ਵਾਪਸ ਨਾ ਆਵੇ।’ 40 ਪਰ ਮੇਰੇ ਸੁਆਮੀ ਨੇ ਮੈਨੂੰ ਆਖਿਆ, ‘ਮੈਂ ਯਹੋਵਾਹ ਦੀ ਸੇਵਾ ਕਰਦਾ ਹਾਂ, ਯਹੋਵਾਹ ਤੇਰੀ ਸਹਾਇਤਾ ਕਰਨ ਲਈ ਤੇਰੀ ਖਾਤਰ ਆਪਣ ਦੂਤ ਭੇਜੇਗਾ। ਤੂੰ ਮੇਰੇ ਖੁਦ ਦੇ ਪਰਿਵਾਰ ਦਰਮਿਆਨੋਂ ਮੇਰੇ ਪੁੱਤਰ ਲਈ ਵਹੁਟੀ ਲੱਭੇਂਗਾ। 41 ਪਰ ਜੇ ਤੂੰ ਮੇਰੇ ਪਿਤਾ ਦੇ ਦੇਸ਼ ਜਾਵੇਂ ਅਤੇ ਉਹ ਤੈਨੂੰ ਮੇਰੇ ਪੁੱਤਰ ਲਈ ਵਹੁਟੀ ਦੇਣ ਤੋਂ ਇਨਕਾਰ ਕਰ ਦੇਣ, ਤਾਂ ਤੂੰ ਇਸ ਇਕਰਾਰ ਤੋਂ ਮੁਕਤ ਹੋਵੇਂਗਾ।’
42 “ਅੱਜ ਮੈਂ ਇਸ ਖੂਹ ਉੱਤੇ ਆਇਆ ਅਤੇ ਆਖਿਆ, ‘ਯਹੋਵਾਹ, ਮੇਰੇ ਸੁਆਮੀ, ਅਬਰਾਹਾਮ ਦੇ ਪਰਮੇਸ਼ੁਰ, ਕਿਰਪਾ ਕਰਕੇ ਮੇਰੀ ਯਾਤਰਾ ਸਫ਼ਲ ਕਰ। 43 ਮੈਂ ਇਸ ਖੂਹ ਉੱਤੇ ਖਲੋਤਾ ਰਹਾਂਗਾ ਅਤੇ ਪਾਣੀ ਲਿਆਉਣ ਲਈ ਇੱਥੇ ਆਈ ਕਿਸੇ ਮੁਟਿਆਰ ਦੀ ਉਡੀਕ ਕਰਾਂਗਾ। ਫ਼ੇਰ ਮੈਂ ਆਖਾਂਗਾ, “ਮਿਹਰਬਾਨੀ ਕਰਕੇ ਮੈਨੂੰ ਆਪਣੇ ਘੜੇ ਵਿੱਚੋਂ ਥੋੜਾ ਜਿਹਾ ਪਾਣੀ ਪਿਲਾ।” 44 ਢੁਕਵੀਂ ਮੁਟਿਆਰ ਇੱਕ ਖਾਸ ਢੰਗ ਨਾਲ ਜਵਾਬ ਦੇਵੇਗੀ। ਉਹ ਆਖੇਗੀ, “ਇਹ ਪਾਣੀ ਪੀਓ, ਅਤੇ ਮੈਂ ਤੁਹਾਡੇ ਊਠਾਂ ਨੂੰ ਵੀ ਪਾਣੀ ਪਿਲਾ ਦਿੰਦੀ ਹਾਂ।” ਇਸ ਤਰ੍ਹਾਂ ਮੈਂ ਜਾਣ ਜਾਵਾਂਗਾ ਕਿ ਇਹੀ ਉਹ ਮੁਟਿਆਰ ਹੈ ਜਿਸ ਨੂੰ ਯਹੋਵਾਹ ਨੇ ਮੇਰੇ ਸੁਆਮੀ ਦੇ ਪੁੱਤਰ ਲਈ ਚੁਣਿਆ ਹੈ।’
45 “ਮੇਰੇ ਪ੍ਰਾਰਥਨਾ ਖਤਮ ਕਰਨ ਤੋਂ ਪਹਿਲਾਂ, ਰਿਬਕਾਹ ਖੂਹ ਉੱਤੇ ਪਾਣੀ ਭਰਨ ਲਈ ਆ ਗਈ। ਉਸ ਦੇ ਮੋਢੇ ਉੱਤੇ ਪਾਣੀ ਵਾਲਾ ਘੜਾ ਸੀ ਅਤੇ ਉਹ ਖੂਹ ਤੋਂ ਪਾਣੀ ਭਰਨ ਲਈ ਜਾ ਰਹੀ ਸੀ। ਮੈਂ ਉਸ ਕੋਲੋਂ ਕੁਝ ਪਾਣੀ ਮੰਗਿਆ। 46 ਉਸ ਨੇ ਛੇਤੀ ਨਾਲ ਮੋਢੇ ਤੋਂ ਘੜਾ ਹੇਠਾਂ ਲਾਹਿਆ ਅਤੇ ਮੈਨੂੰ ਥੋੜਾ ਜਿਹਾ ਪਾਣੀ ਪਿਲਾਇਆ। ਫ਼ੇਰ ਉਸ ਨੇ ਆਖਿਆ, ‘ਇਹ ਪੀ ਲਵੋ ਅਤੇ ਮੈਂ ਥੋੜਾ ਪਾਣੀ ਤੁਹਾਡੇ ਊਠਾਂ ਵਾਸਤੇ ਵੀ ਲੈ ਕੇ ਆਉਂਦੀ ਹੈ।’ ਇਸ ਲਈ ਮੈਂ ਪਾਣੀ ਪੀਤਾ ਅਤੇ ਉਸ ਨੇ ਮੇਰੇ ਊਠਾਂ ਨੂੰ ਵੀ ਪਾਣੀ ਪਿਲਾਇਆ। 47 ਫ਼ੇਰ ਮੈਂ ਉਸ ਨੂੰ ਪੁੱਛਿਆ, ‘ਤੇਰੇ ਪਿਤਾ ਦਾ ਕੀ ਨਾਮ ਹੈ?’ ਉਸ ਨੇ ਜਵਾਬ ਦਿੱਤਾ, ‘ਮੇਰਾ ਪਿਤਾ ਮਿਲਕਾਹ ਅਤੇ ਨਾਹੋਰ ਦਾ ਪੁੱਤਰ ਬਥੂਏਲ ਹੈ।’ ਫ਼ੇਰ ਮੈਂ ਉਸ ਨੂੰ ਅੰਗੂਠੀ ਅਤੇ ਬਾਜ਼ੂਬੰਦ ਦਿੱਤੇ। 48 ਮੈਂ ਆਪਣਾ ਸੀਸ ਝੁਕਾ ਕੇ ਯਹੋਵਾਹ ਦਾ ਧੰਨਵਾਦ ਕੀਤਾ। ਮੈਂ ਯਹੋਵਾਹ ਆਪਣੇ ਸੁਆਮੀ ਅਬਰਾਹਾਮ ਦੇ ਪਰਮੇਸ਼ੁਰ ਨੂੰ ਅਸੀਸ ਦਿੱਤੀ। ਮੈਂ ਉਸਦਾ ਧੰਨਵਾਦ ਕੀਤਾ ਕਿ ਉਸ ਨੇ ਮੇਰੇ ਸੁਆਮੀ ਦੇ ਭਰਾ ਦੀ ਪੋਤੀ ਨੂੰ ਉਸ ਦੇ ਪੁੱਤਰ ਦੀ ਵਹੁਟੀ ਬਨਾਉਣ ਲਈ ਮੇਰੀ ਅਗਵਾਈ ਕੀਤੀ। 49 ਹੁਣ, ਮੈਨੂੰ ਦੱਸੋ, ਕਿ ਤੁਸੀਂ ਮੇਰੇ ਸੁਆਮੀ ਦੇ ਪ੍ਰਤਿ ਮਿਹਰਬਾਹ ਅਤੇ ਵਫ਼ਾਦਾਰ ਹੋਵੋਂਗੇ ਅਤੇ ਉਸ ਨੂੰ ਆਪਣੀ ਧੀ ਦਾ ਸਾਕ ਦਿਉਂਗੇ? ਜਾਂ ਤੁਸੀਂ ਆਪਣੀ ਧੀ ਦਾ ਸਾਕ ਕਰਨ ਤੋਂ ਇਨਕਾਰ ਕਰੋਂਗੇ? ਮੈਨੂੰ ਦੱਸ ਦਿਉ ਤਾਂ ਜੋ ਮੈਂ ਇਹ ਜਾਣ ਲਵਾਂ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ?”
50 ਫ਼ੇਰ ਲਾਬਾਨ ਅਤੇ ਬਥੂਏਲ ਨੇ ਜਵਾਬ ਦਿੱਤਾ, “ਅਸੀਂ ਦੇਖ ਰਹੇ ਹਾਂ ਕਿ ਇਹ ਗੱਲ ਯਹੋਵਾਹ ਵੱਲੋਂ ਹੈ ਇਸ ਲਈ ਅਸੀਂ ਇਸ ਨੂੰ ਬਦਲਣ ਲਈ ਕੁਝ ਨਹੀਂ ਕਰ ਸੱਕਦੇ। 51 ਰਿਬਕਾਹ ਇੱਥੇ ਹੈ। ਇਸ ਨੂੰ ਲੈ ਅਤੇ ਚੱਲਿਆ ਜਾ। ਇਸਦਾ ਵਿਆਹ ਆਪਣੇ ਮਾਲਿਕ ਦੇ ਪੁੱਤਰ ਨਾਲ ਕਰ ਦੇਣਾ। ਇਹੀ ਹੈ ਜੋ ਯਹੋਵਾਹ ਚਾਹੁੰਦਾ ਹੈ।”
52 ਜਦੋਂ ਅਬਰਾਹਾਮ ਦੇ ਨੌਕਰ ਨੇ ਇਹ ਗੱਲ ਸੁਣੀ ਤਾਂ ਉਸ ਨੇ ਧਰਤੀ ਉੱਤੇ ਝੁਕ ਕੇ ਯਹੋਵਾਹ ਨੂੰ ਸਿਜਦਾ ਕੀਤਾ। 53 ਫ਼ੇਰ ਉਸ ਨੇ ਰਿਬਕਾਹ ਲਈ ਲਿਆਂਦੀਆਂ ਸੁਗਾਤਾਂ ਦਿੱਤੀਆਂ। ਉਸ ਨੇ ਉਸ ਨੂੰ ਸੁੰਦਰ ਕੱਪੜੇ ਅਤੇ ਸੋਨੇ-ਚਾਂਦੀ ਦੇ ਗਹਿਣੇ ਦਿੱਤੇ। ਉਸ ਨੇ ਉਸਦੀ ਮਾਂ ਅਤੇ ਉਸ ਦੇ ਭਰਾ ਨੂੰ ਵੀ ਮਹਿੰਗੀਆਂ ਸੁਗਾਤਾਂ ਦਿੱਤੀਆਂ। 54 ਫ਼ੇਰ ਉਸ ਨੇ ਅਤੇ ਉਸ ਦੇ ਬੰਦਿਆਂ ਨੇ ਭੋਜਨ ਪਾਣੀ ਕੀਤਾ ਅਤੇ ਉੱਥੇ ਰਾਤ ਗੁਜ਼ਾਰੀ। ਦੂਸਰੀ ਸਵੇਰ ਨੂੰ ਉਹ ਤੜਕੇ ਉੱਠੇ ਅਤੇ ਆਖਿਆ, “ਹੁਣ ਸਾਨੂੰ ਸਾਡੇ ਮਾਲਿਕ ਕੋਲ ਜਾਣਾ ਚਾਹੀਦਾ ਹੈ।”
55 ਰਿਬਕਾਹ ਦੀ ਮਾਂ ਅਤੇ ਉਸ ਦੇ ਭਰਾ ਨੇ ਆਖਿਆ, “ਰਿਬਕਾਹ ਨੂੰ ਕੁਝ ਦੇਰ ਸਾਡੇ ਕੋਲ ਰਹਿਣ ਦਿਉ। ਉਸ ਨੂੰ ਦਸ ਦਿਨ ਸਾਡੇ ਕੋਲ ਰਹਿਣ ਦਿਉ। ਇਸਤੋਂ ਮਗਰੋਂ ਉਹ ਜਾ ਸੱਕਦੀ ਹੈ।”
56 ਪਰ ਨੌਕਰ ਨੇ ਉਨ੍ਹਾਂ ਨੂੰ ਆਖਿਆ, “ਮੈਨੂੰ ਇੰਤਜ਼ਾਰ ਨਾ ਕਰਵਾਉ ਯਹੋਵਾਹ ਨੇ ਮੇਰੀ ਯਾਤਰਾ ਸਫ਼ਲ ਕੀਤੀ ਹੈ। ਹੁਣ ਮੈਨੂੰ ਆਪਣੇ ਸੁਆਮੀ ਕੋਲ ਵਾਪਸ ਜਾਣ ਦਿਉ।”
57 ਰਿਬਕਾਹ ਦੇ ਭਰਾ ਅਤੇ ਉਸਦੀ ਮਾਂ ਨੇ ਆਖਿਆ, “ਅਸੀਂ ਰਿਬਕਾਹ ਨੂੰ ਸੱਦਦੇ ਹਾਂ ਅਤੇ ਉਸ ਨੂੰ ਪੁੱਛਦੇ ਹਾਂ ਕਿ ਉਹ ਕੀ ਚਾਹੁੰਦੀ ਹੈ।” 58 ਉਨ੍ਹਾਂ ਨੇ ਰਿਬਕਾਹ ਨੂੰ ਸੱਦਿਆ ਅਤੇ ਉਸ ਨੂੰ ਪੁੱਛਿਆ, “ਕੀ ਤੂੰ ਇਸ ਬੰਦੇ ਨਾਲ ਹੁਣੇ ਜਾਣਾ ਚਾਹੁੰਦੀ ਹੈਂ?”
ਰਿਬਕਾਹ ਨੇ ਆਖਿਆ, “ਹਾਂ ਮੈਂ ਜਾਵਾਂਗੀ।”
59 ਇਸ ਲਈ ਉਨ੍ਹਾਂ ਨੇ ਰਿਬਕਾਹ ਨੂੰ ਅਬਰਾਹਾਮ ਦੇ ਨੌਕਰ ਅਤੇ ਉਸ ਦੇ ਬੰਦਿਆਂ ਨਾਲ ਜਾਣ ਦਿੱਤਾ। ਰਿਬਕਾਹ ਦੀ ਦਾਈ ਵੀ ਉਨ੍ਹਾਂ ਦੇ ਨਾਲ ਗਈ। 60 ਜਦੋਂ ਰਿਬਕਾਹ ਜਾ ਰਹੀ ਸੀ, ਉਨ੍ਹਾਂ ਨੇ ਉਸ ਨੂੰ ਆਖਿਆ,
“ਸਾਡੀਏ ਭੈਣੇ,
ਤੂੰ ਬਹੁਤ ਸਾਰੇ ਲੋਕਾਂ ਦੀ ਮਾਂ ਬਣੇ
ਅਤੇ ਤੇਰੇ ਉੱਤਰਾਧਿਕਾਰੀ ਆਪਣੇ ਦੁਸ਼ਮਣਾ ਨੂੰ ਹਰਾ ਦੇਣ
ਅਤੇ ਉਨ੍ਹਾਂ ਦੇ ਸ਼ਹਿਰਾਂ ਉੱਤੇ ਕਬਜ਼ਾ ਕਰ ਲੈਣ।”
61 ਫ਼ੇਰ ਰਿਬਕਾਹ ਅਤੇ ਉਸਦੀ ਦਾਈ ਊਠਾਂ ਉੱਪਰ ਚੜ੍ਹ ਗਈਆਂ ਅਤੇ ਨੌਕਰ ਅਤੇ ਉਸ ਦੇ ਬੰਦਿਆਂ ਦੇ ਪਿੱਛੇ ਚੱਲ ਪਈਆਂ। ਇਸ ਤਰ੍ਹਾਂ ਨੌਕਰ ਨੇ ਰਿਬਕਾਹ ਨੂੰ ਲਿਆ ਅਤੇ ਘਰ ਵਾਪਸੀ ਦੇ ਸਫ਼ਰ ਉੱਤੇ ਰਵਾਨਾ ਹੋ ਗਿਆ।
62 ਇਸਹਾਕ ਨੇ ਬਏਰ ਲਹੀ ਰੋਈ ਨੂੰ ਛੱਡ ਦਿੱਤਾ ਸੀ ਅਤੇ ਹੁਣ ਨੇਗੇਵ ਵਿੱਚ ਰਹਿ ਰਿਹਾ ਸੀ। 63 ਸ਼ਾਮ ਨੂੰ ਇਸਹਾਕ ਖੇਤਾਂ ਵੱਲ ਸੈਰ ਲਈ ਨਿਕਲ ਗਿਆ। ਇਸਹਾਕ ਨੇ ਨਜ਼ਰ ਮਾਰੀ ਅਤੇ ਦੂਰੋਂ ਆਉਂਦੇ ਊਠਾਂ ਵੱਲ ਦੇਖਿਆ।
64 ਰਿਬਕਾਹ ਨੇ ਇਸਹਾਕ ਵੱਲ ਦੇਖਿਆ। ਫ਼ੇਰ ਉਹ ਊਠ ਤੋਂ ਉੱਤਰ ਗਈ। 65 ਉਸ ਨੇ ਨੌਕਰ ਨੂੰ ਆਖਿਆ, “ਇਹ ਆਦਮੀ ਕੌਣ ਹੈ ਜਿਹੜਾ ਖੇਤਾਂ ਵਿੱਚ ਸਾਨੂੰ ਮਿਲਣ ਲਈ ਘੁੰਮ ਰਿਹਾ ਹੈ?”
ਨੌਕਰ ਨੇ ਆਖਿਆ, “ਇਹ ਮੇਰਾ ਸੁਆਮੀ ਹੈ।” ਇਸ ਲਈ ਰਿਬਕਾਹ ਨੇ ਆਪਣਾ ਮੂੰਹ ਪਰਦੇ ਨਾਲ ਕੱਜ ਲਿਆ।
66 ਨੌਕਰ ਨੇ ਇਸਹਾਕ ਨੂੰ ਉਨ੍ਹਾਂ ਗੱਲਾਂ ਬਾਰੇ ਦੱਸਿਆ ਜੋ ਵਾਪਰੀਆਂ ਸਨ। 67 ਫ਼ੇਰ ਇਸਹਾਕ ਕੁੜੀ ਨੂੰ ਆਪਣੀ ਮਾਂ ਦੇ ਤੰਬੂ ਵਿੱਚ ਲੈ ਆਇਆ। ਰਿਬਕਾਹ ਉਸੇ ਦਿਨ ਇਸਹਾਕ ਦੀ ਪਤਨੀ ਬਣ ਗਈ। ਇਸਹਾਕ ਉਸ ਨੂੰ ਬਹੁਤ ਪਿਆਰ ਕਰਦਾ ਸੀ ਇਸ ਲਈ ਇਸਹਾਕ ਨੂੰ ਆਪਣੀ ਮਾਂ ਦੇ ਦੇਹਾਂਤ ਤੋਂ ਬਾਦ ਹੌਂਸਲਾ ਮਿਲਿਆ।
ਅਬਰਾਹਾਮ ਦਾ ਪਰਿਵਾਰ
25 ਅਬਰਾਹਾਮ ਨੇ ਇੱਕ ਵਾਰੀ ਫ਼ੇਰ ਵਿਆਹ ਕੀਤਾ। ਉਸਦੀ ਨਵੀਂ ਪਤਨੀ ਦਾ ਨਾਮ ਕਟੂਰਾਹ ਸੀ। 2 ਕਟੂਰਾਹ ਨੇ ਜ਼ਿਮਰਾਨ, ਯਾਕਸਾਨ, ਮਦਾਨ, ਮਿਦਯਾਨ, ਯਿਸਬਾਕ ਅਤੇ ਸੂਅਹ ਨੂੰ ਜਨਮ ਦਿੱਤਾ। 3 ਯਾਕਸਾਨ ਸਬਾ ਅਤੇ ਦਦਾਨ ਦਾ ਪਿਤਾ ਸੀ। ਅੱਸੂਰਿਮ, ਲਟੂਸਿਮ ਅਤੇ ਲਉੱਮਿਮ ਦੇ ਲੋਕ ਦਦਾਨ ਦੇ ਉੱਤਰਾਧਿਕਾਰੀ ਸਨ। 4 ਮਿਦਯਾਨ ਦੇ ਪੁੱਤਰ ਸਨ ਏਫ਼ਾਹ, ਏਫ਼ਰ, ਹਨੋਕ, ਅਬੀਦਾ ਅਤੇ ਅਲਦਾਆ। ਇਹ ਸਾਰੇ ਪੁੱਤਰ ਅਬਰਾਹਾਮ ਅਤੇ ਕਟੂਰਾਹ ਦੇ ਵਿਆਹ ਵਿੱਚੋਂ ਪੈਦਾ ਹੋਏ ਸਨ। 5-6 ਅਬਰਾਹਾਮ ਦੇ ਮਰਨ ਤੋਂ ਪਹਿਲਾਂ ਉਸ ਨੇ ਕੁਝ ਸੁਗਾਤਾਂ ਆਪਣੀਆਂ ਦਾਸੀਆਂ ਦੇ ਪੁੱਤਰਾਂ ਨੂੰ ਦਿੱਤੀਆਂ ਅਤੇ ਉਨ੍ਹਾਂ ਨੂੰ ਪੂਰਬ ਵੱਲ ਭੇਜ ਦਿੱਤਾ। ਉਸ ਨੇ ਉਨ੍ਹਾਂ ਨੂੰ ਇਸਹਾਕ ਤੋਂ ਦੂਰ ਭੇਜ ਦਿੱਤਾ ਫ਼ੇਰ ਅਬਰਾਹਾਮ ਨੇ ਆਪਣੀ ਸਾਰੀ ਜ਼ਾਇਦਾਦ ਇਸਹਾਕ ਨੂੰ ਦੇ ਦਿੱਤੀ।
7 ਅਬਰਾਹਾਮ 175 ਵਰ੍ਹਿਆਂ ਤੱਕ ਜੀਵਿਆ। 8 ਫ਼ੇਰ ਅਬਰਾਹਾਮ ਕਮਜ਼ੋਰ ਹੋ ਗਿਆ ਅਤੇ ਮਰ ਗਿਆ। ਉਸ ਨੇ ਲੰਬੀ ਅਤੇ ਸੰਤੁਸ਼ਟ ਜ਼ਿੰਦਗੀ ਭੋਗੀ ਸੀ। ਉਸਦਾ ਦੇਹਾਂਤ ਹੋ ਗਿਆ ਅਤੇ ਉਸ ਨੂੰ ਆਪਣੇ ਲੋਕਾਂ ਕੋਲ ਲਿਆਂਦਾ ਗਿਆ। 9 ਉਸ ਦੇ ਪੁੱਤਰਾਂ, ਇਸਹਾਕ ਅਤੇ ਇਸਮਾਏਲ, ਨੇ ਉਸ ਨੂੰ ਮਕਫ਼ੇਲਾਹ ਦੀ ਗੁਫ਼ਾ ਵਿੱਚ ਦਫ਼ਨਾਇਆ। ਇਹ ਗੁਫ਼ਾ ਸ਼ੋਹਰ ਦੇ ਪੁੱਤਰ ਅਫ਼ਰੋਨ ਹਿੱਤੀ ਦੇ ਖੇਤ ਅੰਦਰ ਹੈ। ਇਹ ਮਮਰੇ ਦੇ ਨੇੜੇ ਹੈ। 10 ਇਹ ਉਹੀ ਖੇਤ ਹੈ ਜਿਸ ਨੂੰ ਅਬਰਾਹਾਮ ਨੇ ਹਿੱਤੀ ਲੋਕਾਂ ਪਾਸੋਂ ਖਰੀਦਿਆ ਸੀ। ਅਬਰਾਹਾਮ ਨੂੰ ਉੱਥੇ ਹੀ ਉਸਦੀ ਪਤਨੀ ਸਾਰਾਹ ਨਾਲ ਦਫ਼ਨਾਇਆ ਗਿਆ ਸੀ। 11 ਜਦੋਂ ਅਬਰਾਹਾਮ ਮਰਿਆ, ਤਾਂ ਅਪਰਮੇਸ਼ੁਰ ਨੇ ਇਸਹਾਕ ਨੂੰ ਅਸੀਸ ਦਿੱਤੀ ਅਤੇ ਇਸਹਾਕ ਬਏਰ ਲਹੀ ਰੋਈ ਵਿਖੇ ਰਹਿੰਦਾ ਰਿਹਾ।
12 ਇਸਮਾਏਲ ਦੇ ਪਰਿਵਾਰ ਦੀ ਸੁਚੀ ਇਹ ਹੈ। ਇਸਮਾਏਲ ਅਬਰਾਹਾਮ ਅਤੇ ਹਾਜਰਾ ਦਾ ਪੁੱਤਰ ਸੀ। ਹਾਜਰਾ ਸਾਰਾਹ ਦੀ ਮਿਸਰੀ ਦਾਸੀ ਸੀ। 13 ਇਸਮਾਏਲ ਦੇ ਪੁੱਤਰਾਂ ਦੇ ਨਾਮ ਇਹ ਸਨ: ਪਹਿਲਾ ਪੁੱਤਰ ਨਬਾਯੋਤ ਸੀ, ਫ਼ੇਰ ਕੇਦਾਰ, ਅਦਬਏਲ, ਮਿਬਸਾਮ, 14 ਮਿਸਮਾ, ਦੂਮਾਹ, ਮਸ਼ਾ 15 ਹਦਦ, ਤੇਮਾ, ਯਟੂਰ, ਨਾਫ਼ੀਸ ਅਤੇ ਕੇਦਮਾਹ ਜਨਮੇ। 16 ਇਹ ਇਸਮਾਏਲ ਦੇ ਪੁੱਤਰਾਂ ਦੇ ਨਾਮ ਸਨ। ਹਰ ਪੁੱਤਰ ਦਾ ਆਪਣਾ ਡੇਰਾ ਸੀ ਜਿਹੜਾ ਕਿ ਛੋਟਾ ਕਸਬਾ ਬਣ ਗਿਆ। 12 ਪੁੱਤਰ 12 ਸ਼ਹਿਜ਼ਾਦਿਆਂ ਵਾਂਗ ਸਨ ਜਿਨ੍ਹਾਂ ਦੇ ਆਪੋ-ਆਪਣੇ ਲੋਕ ਸਨ। 17 ਇਸਮਾਏਲ 137 ਵਰ੍ਹੇ ਜੀਵਿਆ। ਫ਼ੇਰ ਉਸਦਾ ਦੇਹਾਂਤ ਹੋ ਗਿਆ ਅਤੇ ਆਪਣੇ ਪੁਰਖਿਆਂ ਨਾਲ ਜਾ ਰਲਿਆ। 18 ਇਸਮਾਏਲ ਦੇ ਉੱਤਰਾਧਿਕਾਰੀ ਹਵੀਲਾਹ ਤੋਂ ਸ਼ੂਰ ਤਾਈਂ ਫ਼ੈਲ ਗਏ, ਜੋ ਕਿ ਮਿਸਰ ਦੇ ਪੱਛਮ ਵੱਲ, ਅਸ਼ੂਰ ਨੂੰ ਜਾਂਦੇ ਰਾਹ ਤੇ ਹੈ। ਇਸਮਾਏਲ ਦੇ ਉੱਤਰਾਧਿਕਾਰੀ ਇੱਕ ਦੂਸਰੇ ਦੇ ਕੋਲ ਵਸ ਗਏ।
ਇਸਹਾਕ ਦਾ ਪਰਿਵਾਰ
19 ਇਹ ਇਸਹਾਕ ਦੀ ਕਹਾਣੀ ਹੈ। ਅਬਰਾਹਾਮ ਦਾ ਇਸਹਾਕ ਨਾਮ ਦਾ ਇੱਕ ਪੁੱਤਰ ਸੀ। 20 ਜਦੋਂ ਇਸਹਾਕ 40 ਵਰ੍ਹਿਆਂ ਦਾ ਹੋਇਆ ਤਾਂ ਉਸ ਨੇ ਰਿਬਕਾਹ ਨਾਲ ਵਿਆਹ ਕਰਵਾਇਆ। ਰਿਬਕਾਹ ਪਦਨ ਅਰਾਮ ਤੋਂ ਸੀ। ਉਹ ਬਥੂਏਲ ਦੀ ਧੀ ਸੀ ਅਤੇ ਲਾਬਾਨ ਅਰਾਮੀ ਦੀ ਭੈਣ ਸੀ। 21 ਇਸਹਾਕ ਦੀ ਪਤਨੀ ਬਾਂਝ ਸੀ। ਇਸ ਲਈ ਇਸਹਾਕ ਨੇ ਆਪਣੀ ਪਤਨੀ ਲਈ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ। ਯਹੋਵਾਹ ਨੇ ਇਸਹਾਕ ਦੀ ਪ੍ਰਾਰਥਨਾ ਸੁਣ ਲਈ। ਅਤੇ ਯਹੋਵਾਹ ਦੀ ਰਜ਼ਾ ਨਾਲ ਰਿਬਕਾਹ ਗਰਭਵਤੀ ਹੋ ਗਈ।
22 ਜਦੋਂ ਰਿਬਕਾਹ ਗਰਭਵਤੀ ਸੀ, ਉਸਦੀ ਕੁੱਖ ਅੰਦਰਲੇ ਬੱਚਿਆਂ ਨੇ ਇੱਕ ਦੂਜੇ ਨਾਲ ਘੋਲ ਕੀਤਾ। ਰਿਬਕਾਹ ਯਹੋਵਾਹ ਨੂੰ ਪੁੱਛਣ ਲਈ ਗਈ, “ਮੇਰੇ ਨਾਲ ਇਹ ਕਿਉਂ ਹੋ ਰਿਹਾ ਹੈ?” 23 ਯਹੋਵਾਹ ਨੇ ਉਸ ਨੂੰ ਆਖਿਆ,
“ਤੇਰੇ ਸ਼ਰੀਰ ਅੰਦਰ ਦੋ ਕੌਮਾਂ ਹਨ।
ਦੋ ਪਰਿਵਾਰਾਂ ਦੇ ਹਾਕਮ ਤੇਰੇ ਵਿੱਚੋਂ ਪੈਦਾ ਹੋਣਗੇ
ਅਤੇ ਉਹ ਵੱਖ ਕੀਤੇ ਜਾਣਗੇ।
ਇੱਕ ਪੁੱਤਰ ਦੂਜੇ ਨਾਲੋਂ ਤਕੜਾ ਹੋਵੇਗਾ।
ਵੱਡਾ ਪੁੱਤਰ ਛੋਟੇ ਦੀ ਖਿਦਮਤ ਕਰੇਗਾ।”
24 ਅਤੇ ਸਹੀ ਸਮੇਂ ਸਿਰ ਇਬਕਾਹ ਨੇ ਜੌੜੇ ਪੁੱਤਰਾਂ ਨੂੰ ਜਨਮ ਦਿੱਤਾ। 25 ਪਹਿਲਾ ਬੱਚਾ ਲਾਲ ਸੀ ਉਸਦੀ ਚਮੜੀ ਬੁਰਦਾਰ ਕੰਬਲੀ ਵਰਗੀ ਸੀ। ਇਸ ਲਈ ਉਸਦਾ ਨਾਮ ਏਸਾਓ ਰੱਖਿਆ ਗਿਆ। 26 ਜਦੋਂ ਦੂਸਰਾ ਬੱਚਾ ਜੰਮਿਆ ਤਾਂ ਉਸ ਨੇ ਏਸਾਓ ਦੀ ਅੱਡੀ ਨੂੰ ਘੁੱਟਕੇ ਫ਼ੜਿਆ ਹੋਇਆ ਸੀ। ਇਸ ਲਈ ਉਸ ਬੱਚੇ ਦਾ ਨਾਮ ਯਾਕੂਬ ਰੱਖਿਆ ਗਿਆ। ਉਦੋਂ ਇਸਹਾਕ 60 ਵਰ੍ਹਿਆ ਦਾ ਸੀ ਜਦੋਂ ਯਾਕੂਬ ਅਤੇ ਏਸਾਓ ਜੰਮੇ।
27 ਮੁਂਡੇ ਵੱਡੇ ਹੋਏ। ਏਸਾਓ ਨਿਪੁੰਨ ਸ਼ਿਕਾਰੀ ਬਣ ਗਿਆ। ਉਹ ਖੇਤਾਂ ਅੰਦਰ ਘੁੰਮਣਾ ਪਸੰਦ ਕਰਦਾ ਸੀ। ਪਰ ਯਾਕੂਬ ਇੱਕ ਚੁੱਪ-ਚਪੀਤਾ ਆਦਮੀ ਸੀ ਅਤੇ ਉਹ ਡੇਰੇ ਦੀ ਦੇਖਭਾਲ ਕਰਦਾ ਹੁੰਦਾ ਸੀ। 28 ਇਸਹਾਕ ਏਸਾਓ ਨੂੰ ਪਿਆਰ ਕਰਦਾ ਸੀ। ਉਹ ਏਸਾਓ ਦੇ ਸ਼ਿਕਾਰ ਕੀਤੇ ਜਾਨਵਰਾਂ ਨੂੰ ਖਾਣਾ ਪਸੰਦ ਕਰਦਾ ਸੀ। ਪਰ ਰਿਬਕਾਹ ਯਾਕੂਬ ਨੂੰ ਪਿਆਰ ਕਰਦੀ ਸੀ।
29 ਇੱਕ ਦਿਨ, ਏਸਾਓ ਸ਼ਿਕਾਰ ਤੋਂ ਵਾਪਸ ਆਇਆ। ਉਹ ਥੱਕਿਆ ਹੋਇਆ ਅਤੇ ਭੁੱਖਾ ਸੀ। ਯਾਕੂਬ ਫ਼ਲੀਆਂ ਰਿੰਨ੍ਹ ਰਿਹਾ ਸੀ। 30 ਇਸ ਲਈ ਏਸਾਓ ਨੇ ਯਾਕੂਬ ਨੂੰ ਕਿਹਾ, “ਮੈਂ ਬਹੁਤ ਭੁੱਖਾ ਹਾਂ। ਮੈਨੂੰ ਉਨ੍ਹਾਂ ਲਾਲ ਫ਼ਲੀਆਂ ਵਿੱਚੋਂ ਥੋੜੀਆਂ ਜਿਹੀਆਂ ਦੇ।” (ਇਹੀ ਕਾਰਣ ਹੈ ਕਿ ਲੋਕ ਉਸ ਨੂੰ ਅਦੋਮ ਸੱਦਦੇ ਹਨ।)
31 ਪਰ ਯਾਕੂਬ ਨੇ ਆਖਿਆ, “ਤੈਨੂੰ ਅੱਜ ਪਹਿਲੋਠੇ ਹੋਣ ਦੇ ਸਾਰੇ ਹੱਕ ਮੈਨੂੰ ਦੇਣੇ ਪੈਣਗੇ।”
32 ਏਸਾਓ ਨੇ ਆਖਿਆ, “ਮੈਂ ਤਾਂ ਭੁੱਖ ਨਾਲ ਮਰ ਰਿਹਾ ਹਾਂ। ਜੇ ਮੈਂ ਮਰ ਗਿਆ, ਤਾਂ ਮੇਰੇ ਪਹਿਲੋਠੇ ਪੁੱਤਰ ਹੋਣ ਦਾ ਹੱਕ ਮੇਰੇ ਕਿਸ ਕੰਮ ਦਾ ਹੋਵੇਗਾ।”
33 ਪਰ ਯਾਕੂਬ ਨੇ ਆਖਿਆ, “ਪਹਿਲਾਂ ਇਕਰਾਰ ਕਰ ਕਿ ਤੂੰ ਇਹ ਮੈਨੂੰ ਦੇ ਦੇਵੇਂਗਾ।” ਇਸ ਲਈ ਏਸਾਓ ਨੇ ਯਾਕੂਬ ਨੂੰ ਵਚਨ ਦੇ ਦਿੱਤਾ। ਏਸਾਓ ਨੇ ਪਿਤਾ ਦੀ ਆਪਣੇ ਹਿੱਸੇ ਦੀ ਜ਼ਾਇਦਾਦ ਯਾਕੂਬ ਨੂੰ ਵੇਚ ਦਿੱਤੀ। 34 ਫ਼ੇਰ ਯਾਕੂਬ ਨੇ ਏਸਾਓ ਨੂੰ ਰੋਟੀ ਅਤੇ ਫ਼ਲਿਆਂ ਦੇ ਦਿੱਤੀਆਂ। ਏਸਾਓ ਨੇ ਖਾਧਾ-ਪੀਤਾ ਅਤੇ ਚੱਲਾ ਗਿਆ। ਇਸ ਤਰ੍ਹਾਂ ਏਸਾਓ ਨੇ ਦਰਸਾਇਆ ਕਿ ਉਸ ਨੂੰ ਆਪਣੇ ਪਹਿਲੋਠੇ ਪੁੱਤਰ ਹੋਣ ਦੇ ਅਧਿਕਾਰਾਂ ਦੀ ਕੋਈ ਪ੍ਰਵਾਹ ਨਹੀਂ ਸੀ।
ਇਸਹਾਕ ਅਬੀਮਲਕ ਨਾਲ ਝੂਠ ਬੋਲਦਾ ਹੈ
26 ਇੱਕ ਵਾਰੀ ਅਕਾਲ ਪੈ ਗਿਆ। ਇਹ ਉਸੇ ਤਰ੍ਹਾਂ ਦਾ ਅਕਾਲ ਸੀ ਜਿਹੋ ਜਿਹਾ ਅਬਰਾਹਾਮ ਦੇ ਜੀਵਨ ਕਾਲ ਦੌਰਾਨ ਪਿਆ ਸੀ। ਇਸ ਲਈ ਇਸਹਾਕ ਗਰਾਰ ਦੇ ਕਸਬੇ ਵੱਲ, ਫ਼ਲਿਸਤੀ ਲੋਕਾਂ ਦੇ ਰਾਜੇ ਅਬੀਮਲਕ ਵੱਲ ਗਿਆ। 2 ਯਹੋਵਾਹ ਨੇ ਇਸਹਾਕ ਨਾਲ ਗੱਲ ਕੀਤੀ। ਯਹੋਵਾਹ ਨੇ ਆਖਿਆ, “ਮਿਸਰ ਵਿੱਚ ਨਾ ਜਾ। ਉਸੇ ਧਰਤੀ ਉੱਤੇ ਰਹਿ ਜਿਸ ਉੱਤੇ ਰਹਿਣ ਦਾ ਮੈਂ ਤੈਨੂੰ ਆਦੇਸ਼ ਦਿੱਤਾ ਸੀ। 3 ਉਸੇ ਧਰਤੀ ਉੱਤੇ ਰਹਿ, ਮੈਂ ਤੇਰੇ ਨਾਲ ਹੋਵਾਂਗਾ। ਮੈਂ ਤੈਨੂੰ ਅਸੀਸ ਦੇਵਾਂਗਾ। ਮੈਂ ਤੈਨੂੰ ਅਤੇ ਤੇਰੇ ਉੱਤਰਾਧਿਕਾਰੀਆਂ ਨੂੰ ਇਹ ਸਾਰੀਆਂ ਜ਼ਮੀਨਾਂ ਦਿਆਂਗਾ। ਮੈਂ ਤੇਰੇ ਪਿਉ ਅਬਰਾਹਾਮ ਨਾਲ ਕੀਤੇ ਆਪਣੇ ਇਕਰਾਰ ਨੂੰ ਪੂਰਾ ਕਰਾਂਗਾ। 4 ਅਤੇ ਮੈਂ ਆਕਾਸ਼ ਵਿੱਚਲੇ ਤਾਰਿਆਂ ਵਾਂਗ ਤੈਨੂੰ ਬਹੁਤ ਸਾਰੇ ਉੱਤਰਾਧਿਕਾਰੀ ਦਿਆਂਗਾ। ਮੈਂ ਇਹ ਸਾਰੀਆਂ ਜ਼ਮੀਨਾਂ ਤੇਰੇ ਉੱਤਰਾਧਿਕਾਰੀਆਂ ਨੂੰ ਦਿਆਂਗਾ। ਦੁਨੀਆਂ ਦੀਆਂ ਸਾਰੀਆਂ ਕੌਮਾਂ ਤੇਰੇ ਉੱਤਰਾਧਿਕਾਰੀਆਂ ਰਾਹੀਂ ਅਸੀਸਮਈ ਹੋਣਗੀਆਂ। 5 ਮੈਂ ਅਜਿਹਾ ਇਸ ਲਈ ਕਰਾਂਗਾ ਕਿਉਂਕਿ ਤੇਰੇ ਪਿਤਾ ਅਬਰਾਹਾਮ ਨੇ ਮੇਰਾ ਹੁਕਮ ਮੰਨਿਆ ਸੀ ਅਤੇ ਉਵੇਂ ਕੀਤਾ ਜਿਵੇਂ ਮੈਂ ਆਖਿਆ ਸੀ। ਅਬਰਾਹਾਮ ਨੇ ਮੇਰੇ ਹੁਕਮ, ਮੇਰੇ ਨਿਆਵਾਂ ਅਤੇ ਮੇਰੀਆਂ ਬਿਧੀਆਂ ਮੰਨੀਆਂ।”
6 ਇਸ ਲਈ ਇਸਹਾਕ ਗਰਾਰ ਵਿੱਚ ਟਿਕ ਗਿਆ ਅਤੇ ਓੱਥੇ ਰਹਿਣ ਲੱਗਾ। 7 ਇਸਹਾਕ ਦੀ ਪਤਨੀ ਰਿਬਕਾਹ ਬਹੁਤ ਸੁੰਦਰ ਸੀ। ਉਸ ਥਾਂ ਦੇ ਲੋਕਾਂ ਨੇ ਇਸਹਾਕ ਨੂੰ ਰਿਬਕਾਹ ਬਾਰੇ ਪੁੱਛਿਆ। ਇਸਹਾਕ ਨੇ ਆਖਿਆ, “ਇਹ ਮੇਰੀ ਭੈਣ ਹੈ।” ਇਸਹਾਕ ਇਹ ਦੱਸਣੋ ਡਰਦਾ ਸੀ ਕਿ ਰਿਬਕਾਹ ਉਸਦੀ ਪਤਨੀ ਸੀ। ਇਸਹਾਕ ਡਰਦਾ ਸੀ ਕਿ ਰਿਬਕਾਹ ਨੂੰ ਹਾਸਿਲ ਕਰਨ ਦੀ ਖਾਤਿਰ ਲੋਕ ਉਸ ਨੂੰ ਮਾਰ ਦੇਣਗੇ।
8 ਜਦੋਂ ਇਸਹਾਕ ਉੱਥੇ ਲੰਮੇ ਸਮੇਂ ਤੀਕ ਰਹਿ ਚੁੱਕਿਆ ਸੀ ਤਾਂ ਅਬੀਮਲਕ ਨੇ ਆਪਣੀ ਖਿੜਕੀ ਵਿੱਚੋਂ ਬਾਹਰ ਝਾਕਿਆ ਅਤੇ ਉਸ ਨੇ ਦੇਖਿਆ ਕਿ ਇਸਹਾਕ ਅਤੇ ਉਸਦੀ ਪਤਨੀ ਖੇਡ ਰਹੇ ਸਨ। 9 ਅਬੀਮਲਕ ਨੇ ਇਸਹਾਕ ਨੂੰ ਬੁਲਾਇਆ ਅਤੇ ਪੁੱਛਿਆ, “ਇਹ ਔਰਤ ਤਾਂ ਤੇਰੀ ਪਤਨੀ ਹੈ। ਤੂੰ ਸਾਨੂੰ ਇਹ ਕਿਉਂ ਆਖਿਆ ਕਿ ਇਹ ਤੇਰੀ ਭੈਣ ਹੈ?”
ਇਸਹਾਕ ਨੇ ਉਸ ਨੂੰ ਆਖਿਆ, “ਮੈਂ ਇਸ ਗੱਲੋਂ ਡਰਦਾ ਸੀ ਕਿ ਤੂੰ ਮੈਨੂੰ ਮਾਰ ਦੇਵੇਂਗਾ ਤਾਂ ਜੋ ਤੂੰ ਉਸ ਨੂੰ ਹਾਸਿਲ ਕਰ ਸੱਕੇਂ।”
10 ਅਬੀਮਲਕ ਨੇ ਉਸ ਨੂੰ ਆਖਿਆ, “ਤੂੰ ਸਾਡੇ ਨਾਲ ਮਾੜੀ ਗੱਲ ਕੀਤੀ ਹੈ। ਹੋ ਸੱਕਦਾ ਹੈ ਸਾਡੇ ਬੰਦਿਆਂ ਵਿੱਚੋਂ ਕੋਈ ਤੇਰੀ ਪਤਨੀ ਨਾਲ ਸੌਂ ਜਾਂਦਾ। ਤਾਂ ਉਸ ਨੇ ਬਹੁਤ ਵੱਡੇ ਪਾਪ ਦਾ ਭਾਗੀ ਹੋਣਾ ਸੀ।”
11 ਇਸ ਲਈ ਅਬੀਮਲਕ ਨੇ ਸਾਰੇ ਲੋਕਾਂ ਨੂੰ ਚਿਤਾਵਨੀ ਦਿੱਤੀ। ਉਸ ਨੇ ਆਖਿਆ, “ਕਿਸੇ ਬੰਦੇ ਨੂੰ ਵੀ ਇਸ ਆਦਮੀ ਜਾਂ ਔਰਤ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ। ਜੇ ਕੋਈ ਬੰਦਾ ਇਨ੍ਹਾਂ ਨੂੰ ਤੰਗ ਕਰੇਗਾ ਤਾਂ ਉਸ ਬੰਦੇ ਨੂੰ ਮਾਰ ਦਿੱਤਾ ਜਾਵੇਗਾ।”
ਇਸਹਾਕ ਦਾ ਅਮੀਰ ਹੋ ਜਾਣਾ
12 ਇਸਹਾਕ ਨੇ ਉਸ ਥਾਂ ਖੇਤ ਬੀਜੇ ਅਤੇ ਉਸ ਸਾਲ ਉਸ ਨੂੰ ਬਹੁਤ ਚੰਗੀ ਫ਼ਸਲ ਪ੍ਰਾਪਤ ਹੋਈ। ਯਹੋਵਾਹ ਨੇ ਉਸ ਉੱਤੇ ਬਹੁਤ ਬਖਸ਼ਿਸ਼ ਕੀਤੀ। 13 ਇਸਹਾਕ ਅਮੀਰ ਹੋ ਗਿਆ। ਉਸ ਨੇ ਹੋਰ ਵੱਧੇਰੇ ਦੌਲਤ ਜਮ੍ਹਾਂ ਕੀਤੀ ਜਦੋਂ ਤੱਕ ਕਿ ਉਹ ਬਹੁਤ ਅਮੀਰ ਨਹੀਂ ਹੋ ਗਿਆ। 14 ਉਸ ਕੋਲ ਬੱਕਰੀਆਂ ਦੇ ਇੱਜੜ ਅਤੇ ਡੰਗਰਾਂ ਦੇ ਇੱਜੜ ਸਨ। ਉਸ ਕੋਲ ਬਹੁਤ ਸਾਰੇ ਗੁਲਾਮ ਵੀ ਸਨ। ਸਾਰੇ ਫ਼ਲਿਸਤੀ ਉਸ ਨਾਲ ਈਰਖਾ ਕਰਦੇ ਸਨ। 15 ਇਸ ਲਈ ਫ਼ਲਿਸਤੀ ਲੋਕਾਂ ਨੇ ਉਹ ਸਾਰੇ ਖੂਹ ਤਬਾਹ ਕਰ ਦਿੱਤੇ ਜਿਹੜੇ ਉਸ ਦੇ ਪਿਤਾ ਅਬਰਾਹਾਮ ਅਤੇ ਉਸ ਦੇ ਨੌਕਰਾਂ ਨੇ ਬਹੁਤ ਵਰ੍ਹੇ ਪਹਿਲਾਂ ਉਸਾਰੇ ਸਨ। ਫ਼ਲਿਸਤੀਆਂ ਨੇ ਉਹ ਖੂਹ ਮਿੱਟੀ ਨਾਲ ਭਰ ਦਿੱਤੇ। 16 ਅਤੇ ਅਬੀਮਲਕ ਨੇ ਇਸਹਾਕ ਨੂੰ ਆਖਿਆ, “ਸਾਡਾ ਦੇਸ਼ ਛੱਡ ਜਾਹ। ਤੂੰ ਸਾਡੇ ਨਾਲੋਂ ਵੀ ਵੱਧੇਰੇ ਤਾਕਤਵਰ ਹੋ ਗਿਆ ਹੈਂ।”
17 ਇਸ ਲਈ ਇਸਹਾਕ ਨੇ ਉਹ ਥਾਂ ਛੱਡ ਦਿੱਤੀ ਅਤੇ ਗਰਾਰ ਦੀ ਛੋਟੀ ਨਦੀ ਦੇ ਕੰਢੇ ਡੇਰਾ ਲਾ ਲਿਆ। ਇਸਹਾਕ ਉੱਥੇ ਟਿਕ ਗਿਆ ਅਤੇ ਰਹਿਣ ਲੱਗਾ। 18 ਇਸ ਤੋਂ ਢੇਰ ਸਾਰਾ ਸਮਾਂ ਪਹਿਲਾਂ, ਅਬਰਾਹਾਮ ਨੇ ਬਹੁਤ ਸਾਰੇ ਖੂਹ ਉਸਾਰੇ ਸਨ। ਅਬਰਾਹਾਮ ਦੇ ਦੇਹਾਂਤ ਤੋਂ ਮਗਰੋਂ ਫ਼ਲਿਸਤੀਆਂ ਨੇ ਖੁਹਾਂ ਨੂੰ ਮਿੱਟੀ ਨਾਲ ਪੂਰ ਦਿੱਤਾ। ਇਸ ਲਈ ਇਸਹਾਕ ਵਾਪਸ ਗਿਆ ਅਤੇ ਉਸ ਨੇ ਉਹ ਖੂਹ ਫ਼ੇਰ ਉਸਾਰ ਲਈ। ਇਸਹਾਕ ਨੇ ਉਨ੍ਹਾਂ ਨੂੰ ਉਹੀ ਨਾਮ ਦਿੱਤੇ ਜਿਹੜੇ ਉਸ ਦੇ ਪਿਤਾ ਨੇ ਦਿੱਤੇ ਸਨ। 19 ਇਸਹਾਕ ਦੇ ਨੌਕਰਾਂ ਨੇ ਵੀ ਛੋਟੀ ਨਦੀ ਦੇ ਕੰਢੇ ਇੱਕ ਖੂਹ ਪੁਟਿਆ। ਉਸ ਖੂਹ ਵਿੱਚੋਂ ਪਾਣੀ ਦਾ ਚਸ਼ਮਾ ਵਗ ਤੁਰਿਆ। 20 ਪਰ ਉਹ ਲੋਕ ਜਿਹੜੇ ਗਰਾਰ ਦੀ ਵਾਦੀ ਵਿੱਚ ਇੱਜੜ ਚਾਰਦੇ ਸਨ ਉਹ ਇਸਹਾਕ ਦੇ ਨੌਕਰਾਂ ਨਾਲ ਝਗੜਨ ਲੱਗੇ। ਉਨ੍ਹਾਂ ਨੇ ਆਖਿਆ, “ਇਹ ਪਾਣੀ ਸਾਡਾ ਹੈ।” ਇਸ ਲਈ ਇਸਹਾਕ ਨੇ ਉਸ ਖੂਹ ਦਾ ਨਾਂ ਏਸੱਕ ਧਰ ਦਿੱਤਾ। ਉਸ ਨੇ ਇਹ ਨਾਮ ਇਸ ਨੂੰ ਇਸ ਵਾਸਤੇ ਦਿੱਤਾ ਕਿਉਂਕਿ ਇਹੀ ਥਾਂ ਸੀ ਜਿੱਥੇ ਉਨ੍ਹਾਂ ਲੋਕਾਂ ਨੇ ਉਸ ਨਾਲ ਝਗੜਾ ਕੀਤਾ ਸੀ।
21 ਫ਼ੇਰ ਇਸਹਾਕ ਦੇ ਨੌਕਰਾਂ ਨੇ ਇੱਕ ਹੋਰ ਖੂਹ ਪੁਟਿਆ। ਉਸ ਥਾਂ ਦੇ ਲੋਕ ਵੀ ਉਸ ਖੂਹ ਕਾਰਣ ਝਗੜਨ ਲੱਗੇ। ਇਸ ਲਈ ਇਸਹਾਕ ਨੇ ਉਸ ਖੂਹ ਦਾ ਨਾਮ ਰੱਖਿਆ “ਸਿਟਨਾ”
22 ਇਸਹਾਕ ਉਸ ਥਾਂ ਤੋਂ ਪਰ੍ਹਾਂ ਹਟ ਗਿਆ ਅਤੇ ਇੱਕ ਹੋਰ ਖੂਹ ਪੁੱਟਿਆ। ਕੋਈ ਵੀ ਆਦਮੀ ਉਸ ਖੂਹ ਬਾਰੇ ਉਸ ਨਾਲ ਝਗੜਾ ਕਰਨ ਲਈ ਨਹੀਂ ਆਇਆ। ਇਸ ਲਈ ਇਸਹਾਕ ਨੇ ਉਸ ਖੂਹ ਦਾ ਨਾਮ ਰਹੋਬੋਥ ਰੱਖ ਦਿੱਤਾ। ਇਸਹਾਕ ਨੇ ਆਖਿਆ, “ਹੁਣ ਯਹੋਵਾਹ ਨੇ ਸਾਡੇ ਲਈ ਥਾਂ ਲੱਭ ਲਈ ਹੈ। ਅਸੀਂ ਇਸ ਥਾਂ ਵੱਧਾ-ਫ਼ੁੱਲਾਂਗੇ ਅਤੇ ਸਫ਼ਲ ਹੋਵਾਂਗੇ।”
23 ਉਸ ਥਾਂ ਤੋਂ ਇਸਹਾਕ ਬਏਰਸਬਾ ਚੱਲਾ ਗਿਆ। 24 ਯਹੋਵਾਹ ਨੇ ਉਸ ਰਾਤ ਇਸਹਾਕ ਨਾਲ ਗੱਲ ਕੀਤੀ। ਯਹੋਵਾਹ ਨੇ ਆਖਿਆ, “ਮੈਂ ਤੇਰੇ ਪਿਤਾ ਅਬਰਾਹਾਮ ਦਾ ਪਰਮੇਸ਼ੁਰ ਹਾਂ। ਭੈਭੀਤ ਨਾ ਹੋ। ਮੈਂ ਤੇਰੇ ਨਾਲ ਹਾਂ ਅਤੇ ਮੈਂ ਤੇਰੇ ਉੱਤੇ ਬਖਸ਼ਿਸ਼ ਕਰਾਂਗਾ। ਮੈਂ ਤੇਰੇ ਪਰਿਵਾਰ ਨੂੰ ਮਹਾਨ ਬਣਾ ਦਿਆਂਗਾ। ਮੈਂ ਅਜਿਹਾ ਆਪਣੇ ਨੌਕਰ ਅਬਰਾਹਾਮ ਸਦਕਾ ਕਰਾਂਗਾ।” 25 ਇਸ ਲਈ ਇਸਹਾਕ ਨੇ ਉੱਥੇ ਇੱਕ ਜਗਵੇਦੀ ਉਸਾਰੀ ਅਤੇ ਉਸ ਥਾਂ ਯਹੋਵਾਹ ਦੀ ਉਪਾਸਨਾ ਕੀਤੀ। ਇਸਹਾਕ ਨੇ ਉੱਥੇ ਡੇਰਾ ਲਾ ਲਿਆ ਅਤੇ ਉਸ ਦੇ ਨੌਕਰਾਂ ਨੇ ਇੱਕ ਖੂਹ ਪੁੱਟਿਆ।
26 ਅਬੀਮਲਕ ਗਰਾਰ ਤੋਂ ਇਸਹਾਨ ਨੂੰ ਮਿਲਣ ਆਇਆ। ਅਬੀਮਲਕ ਆਪਣੇ ਨਾਲ ਆਪਨੇ ਸਲਾਹਕਾਰ ਅਹੁਜ਼ਥ ਅਤੇ ਆਪਣੀ ਫ਼ੌਜ਼ ਦੇ ਕਮਾਂਡਰ ਫ਼ੀਕੋਲ ਨੂੰ ਵੀ ਲਿਆਇਆ।
27 ਇਸਹਾਕ ਨੇ ਪੁੱਛਿਆ, “ਤੂੰ ਮੈਨੂੰ ਕਿਉਂ ਮਿਲਣ ਆਇਆ ਹੈ? ਪਹਿਲਾਂ ਤੂੰ ਇੰਝ ਵਿਖਾਵਾ ਕੀਤਾ ਜਿਵੇਂ ਤੂੰ ਮੈਨੂੰ ਨਫ਼ਰਤ ਕੀਤੀ। ਤੂੰ ਤਾਂ ਮੈਨੂੰ ਆਪਣੇ ਦੇਸ਼ ਵਿੱਚੋਂ ਵੀ ਬਾਹਰ ਕੱਢ ਦਿੱਤਾ ਸੀ।”
28 ਉਨ੍ਹਾਂ ਨੇ ਜਵਾਬ ਦਿੱਤਾ, “ਹੁਣ ਅਸੀਂ ਜਾਣਦੇ ਹਾਂ ਕਿ ਯਹੋਵਾਹ ਤੇਰੇ ਨਾਲ ਹੈ। ਇਸ ਲਈ ਅਸੀਂ ਸੋਚਿਆ ਕਿ ਸਾਨੂੰ ਤੇਰੇ ਨਾਲ ਇੱਕ ਇਕਰਾਰਨਾਮਾ ਕਰਨਾ ਚਾਹੀਦਾ ਹੈ। 29 ਇਕਰਾਰ ਕਰ ਕਿ ਤੂੰ ਸਾਨੂੰ ਚੋਟ ਨਹੀਂ ਪਹੁੰਚਾਵੇਂਗਾ। ਅਸੀਂ ਤੈਨੂੰ ਨੁਕਸਾਨ ਨਹੀਂ ਪਹੁੰਚਾਇਆ। ਹੁਣ ਤੈਨੂੰ ਇਕਰਾਰ ਕਰਨਾ ਚਾਹੀਦਾ ਹੈ ਕਿ ਤੂੰ ਸਾਨੂੰ ਨੁਕਸਾਨ ਨਾ ਪਹੁੰਚਾਵੇਂ। ਅਸੀਂ ਤੈਨੂੰ ਜਲਾਵਤਨ ਕੀਤਾ ਪਰ ਅਸੀਂ ਤੈਨੂੰ ਸ਼ਾਂਤੀ ਨਾਲ ਜਲਾਵਤਨ ਕੀਤਾ। ਹੁਣ ਇਹ ਗੱਲ ਸਪੱਸ਼ਟ ਹੈ ਕਿ ਯਹੋਵਾਹ ਨੇ ਤੇਰੇ ਉੱਤੇ ਬਖਸ਼ਿਸ਼ ਕੀਤੀ ਹੈ।”
30 ਇਸ ਲਈ ਇਸਹਾਕ ਨੇ ਉਨ੍ਹਾਂ ਨੂੰ ਇੱਕ ਦਾਵਤ ਦਿੱਤੀ। ਉਨ੍ਹਾਂ ਸਾਰਿਆਂ ਨੇ ਭੋਜਨ ਪਾਣੀ ਛਕਿਆ। 31 ਦੂਸਰੀ ਸਵੇਰ ਨੂੰ ਸੁਵੱਖਤੇ ਹੀ ਹਰ ਬੰਦੇ ਨੇ ਇਕਰਾਰ ਕੀਤਾ ਅਤੇ ਸੌਂਹ ਚੁੱਕੀ। ਫ਼ੇਰ ਉਹ ਆਦਮੀ ਸ਼ਾਂਤੀ ਨਾਲ ਚੱਲੇ ਗਏ।
32 ਉਸ ਦਿਨ, ਇਸਹਾਕ ਦੇ ਨੌਕਰ ਆਏ ਅਤੇ ਉਨ੍ਹਾਂ ਨੂੰ ਆਪਣੇ ਪੁੱਟੇ ਹੋਏ ਖੂਹ ਬਾਰੇ ਦੱਸਿਆ। ਨੌਕਰਾਂ ਨੇ ਆਖਿਆ, “ਸਾਨੂੰ ਉਸ ਖੂਹ ਵਿੱਚ ਪਾਣੀ ਮਿਲਿਆ ਹੈ।” 33 ਇਸ ਲਈ ਇਸਹਾਕ ਨੇ ਉਸ ਖੂਹ ਦਾ ਨਾਂ ਸ਼ਿਬਆਹ ਰੱਖ ਦਿੱਤਾ ਅਤੇ ਉਸ ਸ਼ਹਿਰ ਨੂੰ ਬਏਰਸਬਾ ਸੱਦਿਆ ਜਾਂਦਾ ਹੈ।
ਏਸਾਓ ਦੀਆਂ ਪਤਨੀਆਂ
34 ਜਦੋਂ ਏਸਾਓ 40 ਵਰ੍ਹਿਆਂ ਦਾ ਹੋਇਆ ਉਸ ਨੇ ਦੋ ਹਿੱਤੀ ਔਰਤਾਂ ਨਾਲ ਵਿਆਹ ਕਰਵਾਇਆ। ਇੱਕ ਬੇਰੀ ਦੀ ਧੀ ਯਹੂਦਿਥ ਅਤੇ ਦੂਸਰੇ ਏਲੋਨ ਦੀ ਧੀ ਬਾਸਮਥ ਸੀ। 35 ਇਨ੍ਹਾਂ ਸ਼ਾਦੀਆਂ ਨੇ ਰਿਬਕਾਹ ਅਤੇ ਇਸਹਾਕ ਨੂੰ ਬਹੁਤ ਦੁੱਖ ਪਹੁੰਚਾਇਆ।
ਵਿਰਸੇ ਦੀਆਂ ਸਮੱਸਿਆਵਾਂ
27 ਇਸਹਾਕ ਬਿਰਧ ਹੋ ਗਿਆ ਅਤੇ ਉਸਦੀ ਨਜ਼ਰ ਕਮਜ਼ੋਰ ਹੋ ਗਈ। ਇੱਕ ਦਿਨ ਉਸ ਨੇ ਆਪਣੇ ਵੱਡੇ ਪੁੱਤਰ ਏਸਾਓ ਨੂੰ ਆਪਣੇ ਕੋਲ ਬੁਲਾਇਆ। ਇਸਹਾਕ ਨੇ ਆਖਿਆ, “ਪੁੱਤਰ!”
ਏਸਾਓ ਨੇ ਜਵਾਬ ਦਿੱਤਾ “ਹਾਂ ਜੀ ਮੈਂ ਇੱਥੇ ਹੀ ਹਾਂ।”
2 ਇਸਹਾਕ ਨੇ ਆਖਿਆ, “ਮੈਂ ਬਿਰਧ ਹੋ ਗਿਆ ਹਾਂ। ਸ਼ਾਇਦ ਮੇਰਾ ਛੇਤੀ ਹੀ ਦੇਹਾਂਤ ਹੋ ਜਾਵੇ! 3 ਇਸ ਲਈ ਆਪਣਾ ਤੀਰ ਕਮਾਨ ਚੁੱਕ ਅਤੇ ਸ਼ਿਕਾਰ ਨੂੰ ਜਾਹ। ਮੇਰੇ ਖਾਣ ਲਈ ਇੱਕ ਜਾਨਵਰ ਮਾਰ ਕੇ ਲਿਆ। 4 ਮੇਰੀ ਪਸੰਦ ਦਾ ਭੋਜਨ ਤਿਆਰ ਕਰ। ਇਸ ਨੂੰ ਮੇਰੇ ਕੋਲ ਲਿਆ ਮੈਂ ਇਸ ਨੂੰ ਖਾਵਾਂਗਾ। ਫ਼ੇਰ ਮੈਂ ਮਰਨ ਤੋਂ ਪਹਿਲਾਂ ਤੈਨੂੰ ਅਸੀਸ ਦੇਵਾਂਗਾ।” 5 ਇਸ ਲਈ ਏਸਾਓ ਸ਼ਿਕਾਰ ਤੇ ਚੱਲਾ ਗਿਆ।
ਜਦੋਂ ਇਸਹਾਕ ਨੇ ਇਹ ਗੱਲਾਂ ਆਪਣੇ ਪੁੱਤਰ ਨੂੰ ਆਖੀਆਂ ਤਾਂ ਰਿਬਕਾਹ ਸੁਣ ਰਹੀ ਸੀ। 6 ਰਿਬਕਾਹ ਨੇ ਆਪਣੇ ਪੁੱਤਰ ਯਾਕੂਬ ਨੂੰ ਆਖਿਆ, “ਸੁਣ, ਮੈਂ ਤੇਰੇ ਪਿਤਾ ਨੂੰ ਤੇਰੇ ਭਰਾ ਏਸਾਓ ਨਾਲ ਗੱਲਾਂ ਕਰਦੇ ਸੁਣਿਆ ਹੈ। 7 ਤੇਰੇ ਪਿਤਾ ਨੇ ਆਖਿਆ, ‘ਇੱਕ ਜਾਨਵਰ ਨੂੰ ਮਾਰ ਕੇ ਮੇਰੇ ਲਈ ਲਿਆ। ਮੇਰੇ ਲਈ ਭੋਜਨ ਤਿਆਰ ਕਰ ਅਤੇ ਮੈਂ ਖਾਵਾਂਗਾ। ਫ਼ੇਰ ਮੈਂ ਮਰਨ ਤੋਂ ਪਹਿਲਾਂ ਤੈਨੂੰ ਯਹੋਵਾਹ ਦੀ ਹਾਜ਼ਰੀ ਵਿੱਚ ਅਸੀਸ ਦੇਵਾਂਗਾ।’ 8 ਇਸ ਲਈ ਪੁੱਤਰ, ਮੇਰੀ ਗੱਲ ਸੁਣ ਅਤੇ ਓਹੀ ਕਰ ਜੋ ਮੈਂ ਆਖਦੀ ਹਾਂ। 9 ਆਪਣੀਆਂ ਬੱਕਰੀਆਂ ਵੱਲ ਜਾਹ ਅਤੇ ਮੇਰੇ ਕੋਲ ਦੋ ਜਵਾਨ ਬੱਕਰੀਆਂ ਲੈ ਕੇ ਆ। ਮੈਂ ਉਨ੍ਹਾਂ ਨੂੰ ਉਸੇ ਤਰ੍ਹਾਂ ਤਿਆਰ ਕਰਾਂਗੀ ਜਿਵੇਂ ਤੇਰੇ ਪਿਤਾ ਨੂੰ ਪਸੰਦ ਹੈ। 10 ਫ਼ੇਰ ਤੂੰ ਭੋਜਨ ਆਪਣੇ ਪਿਤਾ ਕੋਲ ਲੈ ਜਾਵੀਂ। ਅਤੇ ਉਹ ਮਰਨ ਤੋਂ ਪਹਿਲਾਂ ਤੈਨੂੰ ਅਸੀਸ ਦੇ ਦੇਵੇਗਾ।”
11 ਪਰ ਯਾਕੂਬ ਨੇ ਆਪਣੀ ਮਾਂ ਰਿਬਕਾਹ ਨੂੰ ਆਖਿਆ, “ਮੇਰਾ ਭਰਾ ਏਸਾਓ ਜੱਤਲ ਬੰਦਾ ਹੈ ਮੈਂ ਉਸ ਵਾਂਗ ਜੱਤਲ ਨਹੀਂ ਹਾਂ। 12 ਜੇ ਮੇਰੇ ਪਿਤਾ ਨੇ ਮੈਨੂੰ ਛੂਹ ਲਿਆ, ਉਸ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਏਸਾਓ ਨਹੀਂ ਹਾਂ। ਫ਼ੇਰ ਉਹ ਮੈਨੂੰ ਅਸੀਸ ਨਹੀਂ ਦੇਵੇਗਾ, ਇਸ ਦੀ ਬਜਾਇ ਉਹ ਮੈਨੂੰ ਸਰਾਪ ਦੇ ਦੇਵੇਗਾ ਕਿਉਂਕਿ ਮੈਂ ਉਸ ਨਾਲ ਧੋਖਾ ਕਰਨ ਦੀ ਕੋਸ਼ਿਸ਼ ਕੀਤੀ।”
13 ਇਸ ਲਈ ਰਿਬਕਾਹ ਨੇ ਉਸ ਨੂੰ ਆਖਿਆ, “ਜੇ ਕੋਈ ਔਕੜ ਪੇਸ਼ ਆਈ ਤਾਂ ਮੈਂ ਸਾਰਾ ਦੋਸ਼ ਆਪਣੇ ਸਿਰ ਲੈ ਲਵਾਂਗੀ ਜੋ ਕੁਝ ਮੈਂ ਆਖਿਆ ਹੈ ਉਹੀ ਕਰ। ਜਾ ਮੇਰੇ ਲਈ ਬੱਕਰੀਆਂ ਲੈ ਕੇ ਆ।”
14 ਇਸ ਤਰ੍ਹਾਂ ਯਾਕੂਬ ਬਾਹਰ ਚੱਲਾ ਗਿਆ ਅਤੇ ਦੋ ਬੱਕਰੀਆਂ ਲੈ ਕੇ ਆਪਣੀ ਮਾਂ ਕੋਲ ਆਇਆ ਉਸ ਦੀ ਮਾਂ ਨੇ ਬੱਕਰੀਆਂ ਨੂੰ ਅਜਿਹੇ ਖਾਸ ਢੰਗ ਨਾਲ ਰਿੰਨ੍ਹਿਆ ਜਿਸ ਨੂੰ ਇਸਹਾਕ ਪਸੰਦ ਕਰਦਾ ਸੀ। 15 ਫ਼ੇਰ ਰਿਬਕਾਹ ਨੇ ਉਹੋ ਕੱਪੜੇ ਕੱਢੇ ਜਿਨ੍ਹਾਂ ਨੂੰ ਉਸਦਾ ਵੱਡਾ ਪੁੱਤਰ ਏਸਾਓ ਪਹਿਨਣਾ ਪਸੰਦ ਕਰਦਾ ਸੀ। ਰਿਬਕਾਹ ਨੇ ਇਹ ਕੱਪੜੇ ਛੋਟੇ ਪੁੱਤਰ ਯਾਕੂਬ ਨੂੰ ਪਹਿਨਾ ਦਿੱਤੇ। 16 ਰਿਬਕਾਹ ਨੇ ਬੱਕਰੀਆਂ ਦੀਆਂ ਖੱਲ੍ਹਾਂ ਲਾਹੀਆਂ ਅਤੇ ਉਨ੍ਹਾਂ ਨੂੰ ਯਾਕੂਬ ਦੇ ਹੱਥਾਂ ਅਤੇ ਉਸਦੀ ਗਰਦਨ ਦੇ ਕੂਲੇ ਹਿੱਸੇ ਉੱਤੇ ਪਾ ਦਿੱਤੀਆਂ। 17 ਫ਼ੇਰ ਰਿਬਕਾਹ ਨੇ ਕੁਝ ਮਾਸ ਅਤੇ ਕੁਝ ਰੋਟੀਆਂ ਵੀ ਬਣਾਈਆਂ ਅਤੇ ਯਾਕੂਬ ਨੂੰ ਫ਼ੜਾ ਦਿੱਤੀਆਂ।
18 ਯਾਕੂਬ ਆਪਣੇ ਪਿਤਾ ਕੋਲ ਗਿਆ ਅਤੇ ਆਖਿਆ, “ਪਿਤਾ ਜੀ।”
ਉਸ ਦੇ ਪਿਤਾ ਨੇ ਆਖਿਆ, “ਹਾਂ, ਪੁੱਤਰ ਕਿਹੜਾ ਹੈਂ ਤੂੰ?”
19 ਯਾਕੂਬ ਨੇ ਆਪਣੇ ਪਿਤਾ ਨੂੰ ਆਖਿਆ, “ਮੈਂ ਏਸਾਓ ਹਾਂ ਤੁਹਾਡਾ ਪਹਿਲੋਠਾ ਪੁੱਤਰ ਮੈਂ ਉਸੇ ਤਰ੍ਹਾਂ ਕੀਤਾ ਹੈ ਜਿਵੇਂ ਤੁਸੀਂ ਆਖਿਆ ਸੀ। ਹੁਣ ਉੱਠ ਕੇ ਬੈਠ ਜਾਓ ਅਤੇ ਉਨ੍ਹਾਂ ਪਸ਼ੂਆਂ ਨੂੰ ਛਕ ਲਵੋ ਜਿਨ੍ਹਾਂ ਦਾ ਮੈਂ ਤੁਹਾਡੇ ਲਈ ਸ਼ਿਕਾਰ ਕੀਤਾ ਹੈ। ਫ਼ੇਰ ਤੁਸੀਂ ਮੈਨੂੰ ਅਸੀਸ ਦੇ ਸੱਕਦੇ ਹੋਂ।”
20 ਪਰ ਇਸਹਾਕ ਨੇ ਆਪਣੇ ਪੁੱਤਰ ਨੂੰ ਆਖਿਆ, “ਤੂੰ ਇੰਨੀ ਛੇਤੀ ਜਾਨਵਰ ਦਾ ਸ਼ਿਕਾਰ ਕਿਵੇਂ ਕਰ ਲਿਆ?”
ਯਾਕੂਬ ਨੇ ਜਵਾਬ ਦਿੱਤਾ, “ਕਿਉਂਕਿ ਯਹੋਵਾਹ ਤੇਰੇ ਪਰਮੇਸ਼ੁਰ ਨੇ ਮੈਨੂੰ ਕਾਮਯਾਬ ਕਰ ਦਿੱਤਾ।”
21 ਫ਼ੇਰ ਇਸਹਾਕ ਨੇ ਯਾਕੂਬ ਨੂੰ ਆਖਿਆ, “ਮੇਰੇ ਨੇੜੇ ਆ ਤਾਂ ਜੋ ਮੈਂ ਤੈਨੂੰ ਮਹਿਸੂਸ ਕਰ ਸੱਕਾਂ। ਪੁੱਤਰ ਜੇ ਮੈਂ ਮਹਿਸੂਸ ਕਰਾਂਗਾ ਤਾਂ ਮੈਨੂੰ ਪਤਾ ਲੱਗ ਜਾਵੇਗਾ ਕਿ ਤੂੰ ਸੱਚਮੁੱਚ ਮੇਰਾ ਪੁੱਤਰ ਏਸਾਓ ਹੀ ਹੈਂ।”
22 ਇਸ ਲਈ ਯਾਕੂਬ ਆਪਣੇ ਪਿਤਾ ਕੋਲ ਚੱਲਾ ਗਿਆ। ਇਸਹਾਕ ਨੇ ਉਸ ਨੂੰ ਟੋਹਿਆ ਅਤੇ ਆਖਿਆ, “ਤੇਰੀ ਆਵਾਜ਼ ਤਾਂ ਯਾਕੂਬ ਵਰਗੀ ਲੱਗਦੀ ਹੈ। ਪਰ ਤੇਰੀਆਂ ਬਾਹਾਂ ਏਸਾਓ ਦੀਆਂ ਬਾਹਾਂ ਵਾਂਗ ਜੱਤਲ ਹਨ।” 23 ਇਸਹਾਕ ਨੂੰ ਪਤਾ ਨਾ ਲੱਗ ਸੱਕਿਆ ਕਿ ਉਹ ਯਾਕੂਬ ਸੀ ਕਿਉਂਕਿ ਉਸ ਦੀਆਂ ਬਾਹਾਂ ਏਸਾਓ ਵਾਂਗ ਜੱਤਲ ਸਨ। ਇਸ ਲਈ ਯਾਕੂਬ ਨੇ ਇਸਹਾਕ ਨੂੰ ਅਸੀਸ ਦਿੱਤੀ।
24 ਇਸਹਾਕ ਨੇ ਆਖਿਆ, “ਕੀ ਤੂੰ ਸੱਚਮੁੱਚ ਮੇਰਾ ਪੁੱਤਰ ਏਸਾਓ ਹੀ ਹੈਂ?”
ਯਾਕੂਬ ਨੇ ਜਵਾਬ ਦਿੱਤਾ, “ਹਾਂ ਜੀ, ਮੈਂ ਹੀ ਹਾਂ।”
25 ਫ਼ੇਰ ਇਸਹਾਕ ਨੇ ਉਸ ਨੂੰ ਆਖਿਆ, “ਮੇਰੇ ਲਈ ਭੋਜਨ ਲੈ ਆ। ਮੈਂ ਇਸ ਨੂੰ ਖਾਵਾਂਗਾ ਅਤੇ ਤੈਨੂੰ ਅਸੀਸਾਂ ਦੇਵਾਂਗਾ।” ਇਸ ਲਈ ਯਾਕੂਬ ਨੇ ਉਸ ਨੂੰ ਭੋਜਨ ਦਿੱਤਾ ਅਤੇ ਉਸ ਨੇ ਖਾ ਲਿਆ। ਫ਼ੇਰ ਯਾਕੂਬ ਨੇ ਉਸ ਨੂੰ ਕੁਝ ਮੈਅ ਦਿੱਤੀ ਅਤੇ ਉਸ ਨੇ ਪੀ ਲਈ।
26 ਫ਼ੇਰ ਇਸਹਾਕ ਨੇ ਉਸ ਨੂੰ ਆਖ਼ਿਆ, “ਪੁੱਤਰ, ਨੇੜੇ ਆ ਅਤੇ ਮੈਨੂੰ ਚੁੰਮ।” 27 ਇਸ ਲਈ ਯਾਕੂਬ ਆਪਣੇ ਪਿਤਾ ਕੋਲ ਗਿਆ ਅਤੇ ਉਸ ਨੂੰ ਚੁੰਮਿਆ। ਇਸਹਾਕ ਨੇ ਏਸਾਓ ਦੇ ਕੱਪੜੇ ਸੁੰਘੇ ਅਤੇ ਉਸ ਨੂੰ ਅਸੀਸ ਦਿੱਤੀ। ਇਸਹਾਕ ਨੇ ਆਖਿਆ,
“ਮੇਰਾ ਪੁੱਤਰ ਇੱਕ ਖੇਤ ਵਾਂਗ ਸੁਗੰਧਿਤ ਹੈ
ਜਿਸ ਨੂੰ ਯਹੋਵਾਹ ਨੇ ਅਸੀਸ ਦਿੱਤੀ ਹੈ।
28 ਯਹੋਵਾਹ ਤੈਨੂੰ ਆਕਾਸ਼ ਤੋਂ ਤਰੇਲ ਦੇਵੇ ਤਾਂ ਜੋ
ਤੇਰੇ ਕੋਲ ਕਾਫ਼ੀ ਅਨਾਜ ਅਤੇ ਮੈਅ ਹੋਵੇ।
29 ਸਾਰੇ ਲੋਕ ਤੇਰੀ ਸੇਵਾ ਕਰਨ।
ਬਹੁਤ ਸਾਰੀਆਂ ਕੌਮਾਂ ਤੇਰੇ ਅੱਗੇ ਸਿਰ ਝੁਕਾਉਣ,
ਤੂੰ ਆਪਣੇ ਭਰਾਵਾਂ ਨਾਲੋਂ ਮਹਾਨ ਹੋਵੇਂਗਾ।
ਤੇਰੀ ਮਾਂ ਦੇ ਪੁੱਤਰ, ਝੁਕਣਗੇ ਅਤੇ ਤੇਰਾ ਹੁਕਮ ਮੰਨਣਗੇ।
ਜਿਹੜਾ ਵੀ ਤੈਨੂੰ ਸਰਾਪ ਦੇਵੇਗਾ, ਖੁਦ ਹੀ ਸਰਾਪਿਆ ਜਾਵੇਗਾ।
ਜਿਹੜਾ ਵੀ ਤੈਨੂੰ ਅਸੀਸ ਦੇਵੇਗਾ, ਉਹ ਅਸੀਸਮਈ ਹੋਵੇਗਾ।”
ਏਸਾਓ ਦੀਆਂ “ਅਸੀਸਾਂ”
30 ਇਸਹਾਕ ਯਾਕੂਬ ਨੂੰ ਅਸੀਸਾਂ ਦੇ ਹਟਿਆ। ਫ਼ੇਰ ਜਿਵੇਂ ਹੀ ਯਾਕੂਬ ਆਪਣੇ ਪਿਤਾ ਇਸਹਾਕ ਕੋਲੋਂ ਗਿਆ, ਏਸਾਓ ਸ਼ਿਕਾਰ ਤੋਂ ਵਾਪਸ ਆ ਗਿਆ। 31 ਏਸਾਓ ਨੇ ਉਸੇ ਖਾਸ ਤਰ੍ਹਾਂ ਨਾਲ ਭੋਜਨ ਪਕਾਇਆ ਜਿਸ ਨੂੰ ਉਸਦਾ ਪਿਤਾ ਪਸੰਦ ਕਰਦਾ ਸੀ। ਏਸਾਓ ਇਸ ਨੂੰ ਆਪਣੇ ਪਿਤਾ ਕੋਲ ਲੈ ਆਇਆ। ਉਸ ਨੇ ਆਪਣੇ ਪਿਤਾ ਨੂੰ ਆਖਿਆ, “ਪਿਤਾ ਜੀ ਮੈਂ ਤੁਹਾਡਾ ਪੁੱਤਰ ਹਾਂ। ਉੱਠੋ ਅਤੇ ਮਾਸ ਖਾ ਲਵੋ ਜਿਸਦਾ ਮੈਂ ਤੁਹਾਡੇ ਲਈ ਸ਼ਿਕਾਰ ਕਰਕੇ ਲਿਆਇਆ ਹਾਂ। ਫ਼ੇਰ ਤੁਸੀਂ ਮੈਨੂੰ ਅਸੀਸਾਂ ਦੇਵੋਂਗੇ।”
32 ਪਰ ਇਸਹਾਕ ਨੇ ਉਸ ਨੂੰ ਆਖਿਆ, “ਕੌਣ ਹੈਂ ਤੂੰ?”
ਉਸ ਨੇ ਜਵਾਬ ਦਿੱਤਾ, “ਮੈਂ ਤੁਹਾਡਾ ਪੁੱਤਰ ਹਾਂ-ਤੁਹਾਡਾ ਪਹਿਲੋਠਾ ਪੁੱਤਰ-ਏਸਾਓ।”
33 ਫ਼ਿਰ ਇਸਹਾਕ ਨੂੰ ਇੰਨਾ ਗੁੱਸਾ ਆਇਆ ਕਿ ਉਹ ਹਿੰਸਾ ਨਾਲ ਕੰਬਣ ਲੱਗ ਪਿਆ ਅਤੇ ਉਹ ਚਿੱਲਾਇਆ, “ਤਾਂ ਫ਼ੇਰ ਉਹ ਕੌਣ ਸੀ ਜਿਹੜਾ ਤੇਰੇ ਤੋਂ ਪਹਿਲਾਂ ਭੋਜਨ ਪਕਾ ਕੇ ਮੇਰੇ ਲਈ ਲਿਆਇਆ? ਮੈਂ ਭੋਜਨ ਛਕ ਲਿਆ ਅਤੇ ਉਸ ਨੂੰ ਅਸੀਸਾਂ ਦੇ ਦਿੱਤੀਆਂ ਹਨ। ਹੁਣ ਅਸੀਸਾਂ ਉਸ ਦੀਆਂ ਹੋ ਚੁੱਕੀਆਂ ਹਨ।”
34 ਏਸਾਓ ਨੇ ਆਪਣੇ ਪਿਤਾ ਦੇ ਸ਼ਬਦ ਸੁਣੇ। ਉਹ ਜ਼ਾਰੋ-ਜ਼ਾਰ ਰੋਇਆ। ਉਸ ਨੇ ਆਪਣੇ ਪਿਤਾ ਨੂੰ ਆਖਿਆ, “ਤਾਂ ਪਿਤਾ ਜੀ, ਮੈਨੂੰ ਵੀ ਅਸੀਸ ਦਿਉ।”
35 ਇਸਹਾਕ ਨੇ ਆਖਿਆ, “ਤੇਰੇ ਭਰਾ ਨੇ ਮੇਰੇ ਨਾਲ ਚਲਾਕੀ ਕੀਤੀ! ਉਹ ਆਇਆ ਅਤੇ ਤੇਰੀਆਂ ਅਸੀਸਾਂ ਲੈ ਗਿਆ।”
36 ਏਸਾਓ ਨੇ ਆਖਿਆ, “ਉਸਦਾ ਨਾਮ ਯਾਕੂਬ ਹੈ ‘ਚਲਾਕੂ’ ਇਹੀ ਨਾਮ ਉਸ ਲਈ ਢੁਕਦਾ ਹੈ। ਉਸ ਨੇ ਦੋ ਵਾਰੀ ਮੈਨੂੰ ਧੋਖਾ ਦਿੱਤਾ ਹੈ ਉਸ ਨੇ ਮੇਰੇ ਕੋਲੋਂ ਮੇਰੇ ਪਹਿਲੋਠਾ ਪੁੱਤਰ ਹੋਣ ਦਾ ਹਕ ਖੋਹ ਲਿਆ। ਅਤੇ ਹੁਣ ਉਸ ਨੇ ਮੇਰੀਆਂ ਅਸੀਸਾਂ ਵੀ ਖੋਹ ਲਈਆਂ ਹਨ।” ਫ਼ੇਰ ਏਸਾਓ ਨੇ ਆਖਿਆ, “ਕੀ ਤੇਰੇ ਕੋਲ ਮੇਰੇ ਲਈ ਕੋਈ ਅਸੀਸ ਬਚੀ ਹੈ?”
37 ਇਸਹਾਕ ਨੇ ਆਖਿਆ, “ਮੈਂ ਯਾਕੂਬ ਨੂੰ ਤੇਰੇ ਉੱਤੇ ਹਕੂਮਤ ਕਰਨ ਦੀ ਸ਼ਕਤੀ ਦੇ ਚੁੱਕਾ ਹਾਂ। ਮੈਂ ਉਸ ਦੇ ਸਾਰੇ ਭਰਾਵਾਂ ਨੂੰ ਉਸ ਦੇ ਸੇਵਕ ਹੋਣ ਲਈ ਦੇ ਦਿੱਤਾ ਹੈ। ਮੈਂ ਉਸ ਨੂੰ ਬਹੁਤ ਸਾਰਾ ਅਨਾਜ ਅਤੇ ਮੈਅ ਦੇ ਚੁੱਕਿਆ ਹਾਂ। ਪੁੱਤਰ, ਮੈਂ ਹੁਣ ਤੇਰੇ ਵਾਸਤੇ ਕੀ ਕਰ ਸੱਕਦਾ ਹਾਂ?”
38 ਪਰ ਏਸਾਓ ਆਪਣੇ ਪਿਤਾ ਨੂੰ ਅਰਜ਼ੋਈਆਂ ਕਰਦਾ ਰਿਹਾ। “ਕੀ ਤੁਹਾਡੇ ਕੋਲ ਇੱਕ ਹੀ ਅਸੀਸ ਹੈ, ਪਿਤਾ ਜੀ? ਪਿਤਾ ਜੀ ਮੈਨੂੰ ਵੀ ਅਸੀਸ ਦੇਵੋ!” ਏਸਾਓ ਰੋਣ ਲੱਗ ਪਿਆ।
39 ਤਾਂ ਇਸਹਾਕ ਨੇ ਉਸ ਨੂੰ ਆਖਿਆ,
“ਤੂੰ ਉਪਜਾਊ ਜ਼ਮੀਨ
ਅਤੇ ਆਕਾਸ਼ ਦੀ ਤਰੇਲ ਤੋਂ ਦੂਰ ਰਹੇਂਗਾ।
40 ਤੂੰ ਆਪਣੀ ਤਲਵਾਰ ਨਾਲ ਲੜ ਕੇ ਜਿਉਂਵੇਂਗਾ
ਅਤੇ ਤੂੰ ਆਪਣੇ ਭਰਾ ਦਾ ਗੁਲਾਮ ਹੋਵੇਂਗਾ।
ਪਰ ਤੇਰੇ ਸੰਘਰਸ਼ ਤੋਂ ਬਾਦ,
ਤੂੰ ਉਸ ਦੇ ਕਾਬੂ ਵਿੱਚੋਂ ਨਿਕਲ ਆਵੇਂਗਾ।”
41 ਇਸ ਮਗਰੋਂ, ਇਸ ਅਸੀਸ ਦੇ ਕਾਰਣ ਏਸਾਓ ਯਾਕੂਬ ਦੇ ਖ਼ਿਲਾਫ਼ ਖਾਰ ਖਾਣ ਲੱਗ ਪਿਆ। ਏਸਾਓ ਨੇ ਆਪਣੇ-ਆਪ ’ਚ ਸੋਚਿਆ, “ਛੇਤੀ ਹੀ ਮੇਰੇ ਪਿਤਾ ਦਾ ਦੇਹਾਂਤ ਹੋ ਜਾਵੇਗਾ ਅਤੇ ਉਸ ਦੇ ਲਈ ਸੋਗ ਦਾ ਸਮਾਂ ਹੋਵੇਗਾ। ਪਰ ਇਸ ਤੋਂ ਬਾਦ ਮੈਂ ਯਾਕੂਬ ਨੂੰ ਮਾਰ ਦਿਆਂਗਾ।”
42 ਰਿਬਕਾਹ ਨੇ ਏਸਾਓ ਦੀ ਯਾਕੂਬ ਨੂੰ ਮਾਰਨ ਦੀ ਯੋਜਨਾ ਬਾਰੇ ਸੁਣ ਲਿਆ। ਉਸ ਨੇ ਯਾਕੂਬ ਨੂੰ ਸੱਦਿਆ ਅਤੇ ਆਖਿਆ, “ਸੁਣ, ਤੇਰਾ ਭਰਾ ਏਸਾਓ ਤੈਨੂੰ ਮਾਰਨ ਦੀਆਂ ਵਿਉਂਤਾਂ ਬਣਾ ਰਿਹਾ ਹੈ। 43 ਇਸ ਲਈ, ਪੁੱਤਰ ਉਹੀ ਕਰ ਜੋ ਮੈ ਆਖਦੀ ਹਾਂ। ਮੇਰਾ ਭਰਾ ਲਾਬਾਨ, ਹਾਰਾਨ ਵਿੱਚ ਰਹਿੰਦਾ ਹੈ। ਉਸ ਕੋਲ ਚੱਲਿਆ ਜਾਹ ਅਤੇ ਛੁਪ ਜਾਹ। 44 ਕੁਝ ਦਿਨਾਂ ਲਈ ਉਸ ਕੋਲ ਰਹਿ। ਓਨਾ ਚਿਰ ਤੱਕ ਉਸ ਕੋਲ ਰਹਿ ਜਦੋਂ ਤੱਕ ਤੇਰੇ ਭਰਾ ਦਾ ਗੁੱਸਾ ਟਲ ਨਹੀਂ ਜਾਂਦਾ। 45 ਕੁਝ ਸਮੇਂ ਬਾਦ, ਤੇਰਾ ਭਰਾ ਭੁੱਲ ਜਾਵੇਗਾ ਕਿ ਤੂੰ ਉਸ ਨਾਲ ਕੀ ਸਲੂਕ ਕੀਤਾ ਸੀ। ਫ਼ੇਰ ਮੈ ਤੈਨੂੰ ਵਾਪਸ ਲਿਆਉਣ ਲਈ ਇੱਕ ਨੌਕਰ ਨੂੰ ਭੇਜਾਂਗੀ। ਮੈਂ ਇੱਕੋ ਦਿਨ ਤੁਹਾਨੂੰ ਦੋਹਾਂ ਨੂੰ ਨਹੀਂ ਗੁਆਉਣਾ ਚਾਹੁੰਦੀ।”
46 ਫ਼ੇਰ ਰਿਬਕਾਹ ਨੇ ਇਸਹਾਕ ਨੂੰ ਆਖਿਆ, “ਮੈਂ ਏਸਾਓ ਦੀਆਂ ਹਿੱਤੀ ਵਹੁਟੀਆਂ ਦੇ ਆਸ-ਪਾਸ ਰਹਿਣ ਤੋਂ ਨਫ਼ਰਤ ਕਰਦੀ ਹਾਂ। ਕਿਉਂਕਿ ਉਹ ਸਾਡੇ ਲੋਕਾਂ ਵਿੱਚੋਂ ਨਹੀਂ ਹਨ। ਯਾਕੂਬ ਦੇ ਇਨ੍ਹਾਂ ਔਰਤਾਂ ਵਿੱਚੋਂ ਕਿਸੇ ਇੱਕ ਨਾਲ ਸ਼ਾਦੀ ਕਰਨ ਨਾਲੋਂ ਚੰਗਾ ਹੈ ਕਿ ਮੈਂ ਮਰ ਜਾਵਾਂ।”
ਯਾਕੂਬ ਵਹੁਟੀ ਲੱਭਦਾ
28 ਇਸਹਾਕ ਨੇ ਯਾਕੂਬ ਨੂੰ ਸੱਦਿਆ ਅਤੇ ਉਸ ਨੂੰ ਅਸੀਸ ਦਿੱਤੀ। ਫ਼ੇਰ ਇਸਹਾਕ ਨੇ ਉਸ ਨੂੰ ਆਦੇਸ਼ ਦਿੱਤਾ। ਇਸਹਾਕ ਨੇ ਆਖਿਆ, “ਤੈਨੂੰ ਕਿਸੇ ਕਨਾਨੀ ਔਰਤ ਨਾਲ ਸ਼ਾਦੀ ਨਹੀਂ ਕਰਨੀ ਚਾਹੀਦੀ। 2 ਇਸ ਲਈ ਇਹ ਥਾਂ ਛੱਡਦੇ ਅਤੇ ਪਦਨ ਅਰਾਮ ਨੂੰ ਚੱਲਿਆ ਜਾਹ। ਆਪਣੇ ਨਾਨੇ ਬਥੂਏਲ ਦੇ ਘਰ ਚੱਲਿਆ ਜਾਹ। ਉੱਥੇ ਤੇਰਾ ਮਾਮਾ ਲਾਬਾਨ ਰਹਿੰਦਾ ਹੈ। ਉਸਦੀ ਕਿਸੇ ਇੱਕ ਧੀ ਨਾਲ ਵਿਆਹ ਕਰਵਾ ਲੈ। 3 ਮੈਂ ਪ੍ਰਾਰਥਨਾ ਕਰਦਾ ਹਾਂ ਕਿ ਸਰਬ ਸ਼ਕਤੀਮਾਨ ਪਰਮੇਸ਼ੁਰ ਤੈਨੂੰ ਅਸੀਸ ਦੇਵੇ ਅਤੇ ਤੈਨੂੰ ਬਹੁਤ ਸਾਰੀ ਸੰਤਾਨ ਦੇਵੇ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੂੰ ਇੱਕ ਮਹਾਨ ਕੌਮ ਦਾ ਪਿਤਾ ਬਣੇ। 4 ਮੈਂ ਪ੍ਰਾਰਥਨਾ ਕਰਦਾ ਹਾਂ ਕਿ ਪਰਮੇਸ਼ੁਰ ਤੈਨੂੰ ਅਤੇ ਤੇਰ੍ਰ ਬੱਚਿਆਂ ਨੂੰ ਉਸੇ ਤਰ੍ਹਾਂ ਦੀ ਅਸੀਸ ਦੇਵੇ ਜਿਸ ਤਰ੍ਹਾਂ ਦੀ ਉਸ ਨੇ ਅਬਰਾਹਾਮ ਨੂੰ ਦਿੱਤੀ ਸੀ। ਅਤੇ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਜਿਸ ਧਰਤੀ ਉੱਤੇ ਤੂੰ ਰਹਿੰਦਾ ਹੈਂ ਤੂੰ ਉਸਦਾ ਮਾਲਿਕ ਹੋਵੇਂ। ਇਹ ਉਹੀ ਧਰਤੀ ਹੈ। ਜਿਹੜੀ ਪਰਮੇਸ਼ੁਰ ਨੇ ਅਬਰਾਹਾਮ ਨੂੰ ਦਿੱਤੀ ਸੀ।”
5 ਇਸ ਲਈ ਇਸਹਾਕ ਨੇ ਯਾਕੂਬ ਨੂੰ ਰਿਬਕਾਹ ਦੇ ਭਰਾ ਕੋਲ ਪਦਨ ਅਰਾਮ ਭੇਜ ਦਿੱਤਾ। ਇਸ ਤਰ੍ਹਾਂ ਯਾਕੂਬ ਆਰਾਮੀ ਬਥੂਏਲ ਦੇ ਪੁੱਤਰ ਲਾਬਾਨ ਕੋਲ ਚੱਲਾ ਗਿਆ। ਲਾਬਾਨ ਰਿਬਕਾਹ ਦਾ ਭਰਾ ਸੀ। ਰਿਬਕਾਹ ਯਾਕੂਬ ਅਤੇ ਏਸਾਓ ਦੀ ਮਾਂ ਸੀ।
6 ਏਸਾਓ ਨੂੰ ਪਤਾ ਲੱਗਿਆ ਕਿ ਉਸ ਦੇ ਪਿਤਾ ਨੇ ਯਾਕੂਬ ਨੂੰ ਅਸੀਸ ਦਿੱਤੀ ਹੈ। ਅਤੇ ਏਸਾਓ ਨੂੰ ਪਤਾ ਲੱਗਿਆ ਕਿ ਇਸਹਾਕ ਨੇ ਯਾਕੂਬ ਨੂੰ ਵਹੁਟੀ ਲੱਭਣ ਲਈ ਪਦਨ ਅਰਾਮ ਭੇਜ ਦਿੱਤਾ ਹੈ। ਏਸਾਓ ਨੂੰ ਪਤਾ ਲੱਗਿਆ ਕਿ ਇਸਹਾਕ ਨੇ ਯਾਕੂਬ ਨੂੰ ਆਦੇਸ਼ ਦਿੱਤਾ ਹੈ ਕਿ ਉਹ ਕਾਨਾਨੀ ਔਰਤ ਨਾਲ ਸ਼ਾਦੀ ਨਾ ਕਰੇ। 7 ਅਤੇ ਏਸਾਓ ਨੂੰ ਪਤਾ ਲੱਗਿਆ ਕਿ ਯਾਕੂਬ ਆਪਣੇ ਮਾਤਾ ਪਿਤਾ ਦੀ ਆਗਿਆ ਮੰਨ ਕੇ ਪਦਨ ਅਰਾਮ ਚੱਲਿਆ ਗਿਆ ਸੀ। 8 ਏਸਾਓ ਨੂੰ ਇਸਤੋਂ ਪਤਾ ਲੱਗਿਆ ਕਿ ਉਸਦਾ ਪਿਤਾ ਇਹ ਨਹੀਂ ਚਾਹੁੰਦਾ ਕਿ ਉਸ ਦੇ ਪੁੱਤਰ ਕਨਾਨੀ ਔਰਤਾਂ ਨਾਲ ਵਿਆਹ ਕਰਨ। 9 ਏਸਾਓ ਦੇ ਪਹਿਲਾਂ ਹੀ ਦੋ ਪਤਨੀਆਂ ਸਨ। ਪਰ ਉਹ ਇਸਮਾਏਲ ਕੋਲ ਗਿਆ ਅਤੇ ਇੱਕ ਹੋਰ ਔਰਤ ਨਾਲ ਸ਼ਾਦੀ ਕਰ ਲਈ। ਉਸ ਨੇ ਇਸਮਾਏਲ ਦੀ ਧੀ, ਮਹਲਥ, ਨਾਲ ਸ਼ਾਦੀ ਕਰ ਲਈ। ਇਸਮਾਏਲ ਅਬਰਾਹਾਮ ਦਾ ਪੁੱਤਰ ਸੀ। ਮਹਲਥ ਨਬਾਯੋਥ ਦੀ ਭੈਣ ਸੀ।
ਪਰਮੇਸ਼ੁਰ ਦਾ ਘਰ-ਬੈਤਏਲ
10 ਯਾਕੂਬ ਨੇ ਬਏਰਸਬਾ ਛੱਡ ਦਿੱਤਾ ਅਤੇ ਹਾਰਾਨ ਨੂੰ ਚੱਲਾ ਗਿਆ। 11 ਜਦੋਂ ਹਾਲੇ ਯਾਕੂਬ ਸਫ਼ਰ ਵਿੱਚ ਸੀ, ਕਿ ਸੂਰਜ ਛਿਪ ਗਿਆ। ਇਸ ਲਈ ਯਾਕੂਬ ਰਾਤ ਕੱਟਣ ਲਈ ਕਿਸੇ ਥਾਂ ਚੱਲਾ ਗਿਆ। ਯਾਕੂਬ ਨੇ ਉਸ ਥਾਵੇਂ ਇੱਕ ਚੱਟਾਨ ਦੇਖੀ ਅਤੇ ਉਸ ਉੱਤੇ ਸਿਰ ਰੱਖ ਕੇ ਸੌਂ ਗਿਆ। 12 ਯਾਕੂਬ ਨੂੰ ਇੱਕ ਸੁਪਨਾ ਆਇਆ। ਉਸ ਨੂੰ ਸੁਪਨਾ ਆਇਆ ਕਿ ਇੱਕ ਪੌੜੀ ਸੀ ਜਿਹੜੀ ਧਰਤੀ ਉੱਤੇ ਲਗੀ ਹੋਈ ਸੀ ਅਤੇ ਆਕਾਸ਼ ਤੱਕ ਜਾਂਦੀ ਸੀ। ਯਾਕੂਬ ਨੇ ਪਰਮੇਸ਼ੁਰ ਦੇ ਦੂਤਾਂ ਨੂੰ ਇਸ ਪੌੜੀ ਉੱਤੇ ਚਢ਼ਦਿਆਂ ਉੱਤਰਦਿਆਂ ਦੇਖਿਆ। 13 ਅਤੇ ਫ਼ੇਰ ਯਾਕੂਬ ਨੇ ਯਹੋਵਾਹ ਨੂੰ ਪੌੜੀ ਲਾਗੇ ਖਲੋਤਿਆਂ ਦੇਖਿਆ। ਯਹੋਵਾਹ ਨੇ ਆਖਿਆ, “ਮੈਂ ਤੇਰੇ ਦਾਦੇ, ਅਬਰਾਹਾਮ ਦਾ ਯਹੋਵਾਹ ਪਰਮੇਸ਼ੁਰ ਹਾਂ। ਮੈਂ ਇਸਹਾਕ ਦਾ ਪਰਮੇਸ਼ੁਰ ਹਾਂ। ਮੈਂ ਤੈਨੂੰ ਇਹ ਧਰਤੀ ਦੇਵਾਂਗਾ ਜਿਸ ਉੱਤੇ ਤੂੰ ਹੁਣ ਲੇਟਿਆ ਹੋਇਆ ਹੈਂ। ਮੈਂ ਇਹ ਧਰਤੀ ਤੈਨੂੰ ਅਤੇ ਤੇਰੇ ਬੱਚਿਆਂ ਨੂੰ ਦੇਵਾਂਗਾ। 14 ਤੇਰੇ ਬਹੁਤ ਸਾਰੇ ਉੱਤਰਾਧਿਕਾਰੀ ਹੋਣਗੇ। ਉਹ ਇੰਨੇ ਹੋਣਗੇ ਜਿੰਨੇ ਧਰਤੀ ਉੱਤੇ ਮਿੱਟੀ ਦੇ ਕਣ ਹਨ। ਉਹ ਪੂਰਬ, ਪੱਛਮ ਅਤੇ ਉੱਤਰ, ਦੱਖਣ ਵੱਲ ਫ਼ੈਲ ਜਾਣਗੇ। ਧਰਤੀ ਦੇ ਸਾਰੇ ਪਰਿਵਾਰਾਂ ਉੱਤੇ ਤੇਰੇ ਅਤੇ ਤੇਰੇ ਉੱਤਰਾਧਿਕਾਰੀਆਂ ਸਦਕਾ ਬਖਸ਼ਿਸ਼ ਹੋਵੇਗੀ।
15 “ਮੈਂ ਤੇਰੇ ਨਾਲ ਹਾਂ, ਅਤੇ ਜਿੱਥੇ ਵੀ ਤੂੰ ਜਾਵੇਂਗਾ ਮੈਂ ਤੇਰੀ ਰੱਖਿਆ ਕਰਾਂਗਾ। ਮੈਂ ਤੈਨੂੰ ਇਸ ਧਰਤੀ ਉੱਤੇ ਵਾਪਸ ਲਿਆਵਾਂਗਾ। ਮੈਂ ਤੈਨੂੰ ਓਨਾ ਚਿਰ ਨਹੀਂ ਛੱਡਾਂਗਾ ਜਿੰਨਾ ਚਿਰ ਤੱਕ ਮੈਂ ਉਹ ਗੱਲ ਪੂਰੀ ਨਹੀਂ ਕਰ ਲੈਂਦਾ ਜਿਸਦਾ ਮੈਂ ਵਚਨ ਦਿੱਤਾ ਹੈ।”
16 ਫ਼ੇਰ ਯਾਕੂਬ ਆਪਣੀ ਨੀਂਦ ਤੋਂ ਜਾਗ ਪਿਆ ਅਤੇ ਆਖਿਆ, “ਮੈਂ ਜਾਣਦਾ ਹਾਂ ਕਿ ਯਹੋਵਾਹ ਇਸ ਥਾਂ ਹੈ। ਪਰ ਮੈਨੂੰ ਓਨਾ ਚਿਰ ਤੱਕ ਇਸ ਗੱਲ ਦਾ ਪਤਾ ਨਹੀਂ ਲੱਗਿਆ ਜਿੰਨਾ ਚਿਰ ਤੱਕ ਕਿ ਮੈਂ ਸੌਂ ਨਹੀਂ ਗਿਆ।”
17 ਯਾਕੂਬ ਭੈਭੀਤ ਹੋ ਗਿਆ। ਉਸ ਨੇ ਆਖਿਆ, “ਇਹ ਬਹੁਤ ਮਹਾਨ ਥਾਂ ਹੈ। ਇਹ ਪਰਮੇਸ਼ੁਰ ਦਾ ਘਰ ਹੈ। ਇਹ ਆਕਾਸ਼ ਦਾ ਦਰਵਾਜ਼ਾ ਹੈ।”
18 ਯਾਕੂਬ ਸਵੇਰੇ ਬਹੁਤ ਤੜਕੇ ਉੱਠ ਬੈਠਾ। ਯਾਕੂਬ ਨੇ ਉਹ ਸਿਲ ਲਈ ਜਿਸ ਉੱਤੇ ਉਹ ਸੁੱਤਾ ਸੀ ਅਤੇ ਇਸ ਨੂੰ ਇਸਦੇ ਇੱਕ ਕਿਨਾਰੇ ਭਾਰ ਖੜ੍ਹਾ ਕਰ ਦਿੱਤਾ। ਫ਼ੇਰ ਉਸ ਨੇ ਸਿਲ ਉੱਤੇ ਤੇਲ ਚੋਇਆ। ਇਸ ਤਰ੍ਹਾਂ ਉਸ ਨੇ ਇਸ ਸਿਲ ਨੂੰ ਪਰਮੇਸ਼ੁਰ ਦੀ ਯਾਦਗਾਰ ਬਣਾ ਦਿੱਤਾ। 19 ਇਸ ਥਾਂ ਦਾ ਨਾਮ ਲੂਜ਼ ਸੀ। ਪਰ ਯਾਕੂਬ ਨੇ ਇਸ ਨੂੰ ਬੈਤਏਲ ਦਾ ਨਾਮ ਦਿੱਤਾ।
2010 by World Bible Translation Center