Bible in 90 Days
ਯਹੂਦਾਹ ਲਈ ਧਰਤੀ
15 ਜਿਹੜੀ ਧਰਤੀ ਯਹੂਦਾਹ ਨੂੰ ਦਿੱਤੀ ਗਈ ਸੀ ਉਹ ਉਸ ਪਰਿਵਾਰ-ਸਮੂਹ ਦੇ ਪਰਿਵਾਰਾਂ ਵਿੱਚਕਾਰ ਵੰਡੀ ਗਈ ਸੀ। ਇਸ ਧਰਤੀ ਦੀ ਹੱਦ ਅਦੋਮ ਅਤੇ ਦੱਖਣ ਦੀ ਸਰਹੱਦ ਦੇ ਨਾਲ ਸੀ ਜਿਹੜੀ ਸੀਨ ਦੇ ਮਾਰੂਥਲ ਵੱਲ ਟੇਮਾਨ ਦੇ ਕੰਢੇ ਤੀਕ ਜਾਂਦੀ ਸੀ। 2 ਯਹੂਦਾਹ ਦੀ ਧਰਤੀ ਦੀ ਦੱਖਣੀ ਸਰਹੱਦ ਖਾਰੇ ਸਾਗਰ ਦੇ ਦੱਖਣੀ ਕੰਢੇ ਤੋਂ ਸ਼ੁਰੂ ਹੁੰਦੀ ਸੀ। 3 ਇਹ ਸਰਹੱਦ ਦੱਖਣ ਵੱਲ ਬਿੱਛੂ ਪਾਸ ਵੱਲ ਜਾਂਦੀ ਸੀ ਅਤੇ ਸੀਨ ਤੱਕ ਚਲੀ ਗਈ ਸੀ। ਫ਼ੇਰ ਸਰਹੱਦ ਦੱਖਣ ਵੱਲ ਕਾਦੇਸ਼ ਬਰਨੇਆ ਵੱਲ ਜਾਂਦੀ ਸੀ। ਸਰਹੱਦ ਹਸ਼ਰੋਨ ਤੋਂ ਹੁੰਦੀ ਹੋਈ ਅੱਗੇ ਅੱਦਾਰ ਤੀਕ ਜਾਂਦੀ ਸੀ। ਅੱਦਾਰ ਤੋਂ ਅੱਗੇ ਸਰਹੱਦ ਮੁੜ ਜਾਂਦੀ ਸੀ ਅਤੇ ਕਰਕਾ ਤੱਕ ਜਾਂਦੀ ਸੀ। 4 ਸਰਹੱਦ ਮਿਸਰ ਦੇ ਝਰਨੇ ਅਸਮੋਨ ਤੱਕ ਜਾਂਦੀ ਸੀ ਅਤੇ ਫ਼ੇਰ ਮੱਧ ਸਾਗਰ ਵੱਲ। ਇਹ ਸਾਰੀ ਧਰਤੀ ਉਨ੍ਹਾਂ ਦੀ ਦੱਖਣੀ ਸਰਹੱਦ ਉੱਤੇ ਸੀ।
5 ਉਨ੍ਹਾਂ ਦੀ ਪੂਰਬੀ ਸਰਹੱਦ ਖਾਰੇ ਸਾਗਰ ਦੇ ਕੰਢੇ ਤੋਂ ਉਸ ਇਲਾਕੇ ਤੱਕ ਸੀ ਜਿੱਥੇ ਯਰਦਨ ਨਦੀ ਸਾਗਰ ਵਿੱਚ ਡਿੱਗਦੀ ਸੀ।
ਉਨ੍ਹਾਂ ਦੀ ਉੱਤਰੀ ਸਰਹੱਦ ਉਸ ਇਲਾਕੇ ਤੋਂ ਸ਼ੁਰੂ ਹੁੰਦੀ ਸੀ ਜਿੱਥੇ ਯਰਦਨ ਨਦੀ ਖਾਰੇ ਸਾਗਰ ਵਿੱਚ ਡਿੱਗਦੀ ਸੀ। 6 ਫ਼ੇਰ ਉੱਤਰੀ ਸਰਹੱਦ ਬੈਤ ਹਗਲਾਹ ਤੱਕ ਜਾਂਦੀ ਸੀ ਅਤੇ ਬੈਤ ਅਰਬਾਹ ਦੇ ਉੱਤਰ ਵੱਲ ਚਲੀ ਗਈ ਸੀ। ਸਰਹੱਦ ਬੋਹਨ ਦੀ ਸ਼ਿਲਾ ਤੱਕ ਚਲੀ ਗਈ ਸੀ। (ਬੋਹਨ ਰਊਬੇਨ ਦਾ ਪੁੱਤਰ ਸੀ।) 7 ਫ਼ੇਰ ਉੱਤਰੀ ਸਰਹੱਦ ਆਕੋਰ ਦੀ ਵਾਦੀ ਤੋਂ ਹੁੰਦੀ ਹੋਈ ਦਬਿਰ ਤੱਕ ਚਲੀ ਗਈ ਸੀ। ਉੱਥੋਂ ਸਰਹੱਦ ਉੱਤਰ ਵੱਲ ਮੁੜ ਗਈ ਸੀ ਅਤੇ ਗਿਲਗਾਲ ਤੱਕ ਚਲੀ ਗਈ ਸੀ। ਗਿਲਗਾਲ ਉਸ ਸੜਕ ਦੇ ਸਾਹਮਣੇ ਹੈ ਜਿਹੜੀ ਅਦੋਮੀਮ ਦੇ ਪਰਬਤ ਤੋਂ ਹੋਕੇ ਜਾਂਦੀ ਹੈ। ਉਹ ਝਰਨੇ ਦੇ ਦੱਖਣੀ ਪਾਸੇ ਵੱਲ ਹੈ। ਸਰਹੱਦ ਏਨਸ਼ਮਸ਼ ਦੀ ਧਾਰਾ ਦੇ ਨਾਲ-ਨਾਲ ਚਲੀ ਗਈ ਸੀ। ਸਰਹੱਦ ਏਨ ਰੋਗੇਲ ਉੱਤੇ ਜਾਕੇ ਖਤਮ ਹੋ ਜਾਂਦੀ ਸੀ। 8 ਫ਼ੇਰ ਸਰਹੱਦ ਯਬੂਸੀ ਸ਼ਹਿਰ ਦੇ ਦੱਖਣੀ ਪਾਸੇ ਦੇ ਨਾਲ-ਨਾਲ ਬਨ ਹਿੰਨੋਮ ਦੀ ਵਾਦੀ ਵਿੱਚੋਂ ਲੰਘਦੀ ਹੈ। (ਉਸ ਯਬੂਸੀ ਸ਼ਹਿਰ ਦਾ ਨਾਮ ਯਰੂਸ਼ਲਮ ਸੀ।) ਉਸ ਸਥਾਨ ਉੱਤੇ ਸਰਹੱਦ ਹਿੰਨੋਮ ਦੀ ਵਾਦੇ ਦੇ ਪੱਛਮ ਵੱਲ ਪਹਾੜ ਦੀ ਚੋਟੀ ਤੱਕ ਚਲੀ ਗਈ ਸੀ। ਇਹ ਰਫ਼ਾਈਮ ਵਾਦੀ ਦੇ ਉੱਤਰੀ ਸਿਰੇ ਉੱਤੇ ਸੀ। 9 ਉਸ ਥਾਂ ਤੋਂ ਬਾਦ ਸਰਹੱਦ ਨਫ਼ਤੋਂਆ ਦੇ ਝਰਨੇ ਦੇ ਪਾਣੀ ਤੱਕ ਚਲੀ ਗਈ ਸੀ। ਫ਼ੇਰ ਸਰਹੱਦ ਅਫ਼ਰੋਨ ਪਰਬਤ ਦੇ ਨੇੜੇ ਦੇ ਸ਼ਹਿਰਾਂ ਨੂੰ ਚਲੀ ਗਈ ਸੀ। ਉਸ ਥਾਂ ਉੱਤੇ ਸਰਹੱਦ ਮੁੜ ਗਈ ਸੀ ਅਤੇ ਬਆਲਾਹ ਨੂੰ ਚਲੀ ਗਈ ਸੀ। (ਬਆਲਾਹ ਦਾ ਨਾਮ ਕਿਰਯਥ ਯਾਰੀਮ ਵੀ ਹੈ।) 10 ਬਆਲਾਹ ਉੱਤੇ ਆਕੇ ਸਰਹੱਦ ਪੱਛਮ ਨੂੰ ਮੁੜ ਕੇ ਸੇਈਰ ਦੇ ਪਹਾੜੀ ਪ੍ਰਦੇਸ਼ ਵੱਲ ਚਲੀ ਗਈ ਸੀ। ਸਰਹੱਦ ਯਾਰੀਮ ਪਰਬਤ (ਕਸਾਲੋਨ) ਦੇ ਉੱਤਰੀ ਪਾਸੇ ਦੇ ਨਾਲ-ਨਾਲ ਜਾਂਦੀ ਸੀ ਅਤੇ ਹੇਠਾਂ ਬੈਤ ਸ਼ਮਸ਼ ਤੱਕ ਚਲੀ ਗਈ ਸੀ। ਉੱਥੋਂ ਸਰਹੱਦ ਤਿਮਨਾਹ ਤੋਂ ਅੱਗੇ ਚਲੀ ਗਈ ਸੀ। 11 ਫ਼ੇਰ ਸਰਹੱਦ ਅਕਰੋਨ ਦੀ ਉੱਤਰ ਵੱਲ ਪਹਾੜੀ ਤੱਕ ਚਲੀ ਗਈ ਸੀ। ਉਸ ਥਾਂ ਤੇ ਸਰਹੱਦ ਸ਼ਿਕਰੋਨ ਨੂੰ ਮੁੜ ਗਈ ਸੀ ਅਤੇ ਬਆਲਾਹ ਪਰਬਤ ਦੇ ਪਾਰ ਚਲੀ ਗਈ ਸੀ। ਸਰਹੱਦ ਯਬਨੇਲ ਤੱਕ ਚਲੀ ਗਈ ਸੀ ਅਤੇ ਮੱਧ ਸਾਗਰ ਉੱਤੇ ਆਕੇ ਮੁੱਕਦੀ ਸੀ। 12 ਮੱਧ ਸਾਗਰ ਯਹੂਦਾਹ ਦੀ ਧਰਤੀ ਦੀ ਪੱਛਮੀ ਸਰਹੱਦ ਸੀ। ਇਸ ਤਰ੍ਹਾਂ ਯਹੂਦਾਹ ਦੀ ਧਰਤੀ ਇਨ੍ਹਾਂ ਚਾਰ ਸਰਹੱਦਾਂ ਦੇ ਵਿੱਚਕਾਰ ਸੀ। ਯਹੂਦਾਹ ਦੇ ਪਰਿਵਾਰ ਇਸ ਇਲਾਕੇ ਵਿੱਚ ਰਹਿੰਦੇ ਸਨ।
13 ਯਹੋਵਾਹ ਨੇ ਯਹੋਸ਼ੁਆ ਨੂੰ ਯਹੂਦਾਹ ਦੀ ਧਰਤੀ ਦਾ ਇੱਕ ਹਿੱਸਾ ਯਫ਼ੁੰਨਹ ਦੇ ਪੁੱਤਰ ਕਾਲੇਬ ਨੂੰ ਦੇਣ ਦਾ ਆਦੇਸ ਦਿੱਤਾ ਸੀ। ਇਸ ਲਈ ਯਹੋਸ਼ੁਆ ਨੇ ਕਾਲੇਬ ਨੂੰ ਉਹ ਧਰਤੀ ਦੇ ਦਿੱਤੀ ਜਿਸਦਾ ਪਰਮੇਸ਼ੁਰ ਨੇ ਆਦੇਸ਼ ਦਿੱਤਾ ਸੀ। ਯਹੋਸ਼ੁਆ ਨੇ ਉਸ ਨੂੰ ਕਿਰਯਥ ਅਰਬਾ (ਹਬਰੋਨ) ਦਾ ਕਸਬਾ ਦੇ ਦਿੱਤਾ। (ਅਰਬਾ ਅਨੋਕ ਦਾ ਪਿਤਾ ਸੀ) 14 ਕਾਲੇਬ ਨੇ ਹਬਰੋਨ ਵਿੱਚ ਤਿੰਨ ਅਨਾਕੀ ਪਰਿਵਾਰਾਂ ਦਾ, ਵਿਨਾਸ਼ ਕਰ ਦਿੱਤਾ ਜਿੱਥੇ ਉਹ ਰਹਿੰਦੇ ਸਨ। ਇਹ ਪਰਿਵਾਰ ਸਨ ਸ਼ੇਸ਼ੈ, ਅਹੀਮਾਨ ਅਤੇ ਤਲਮੈ। ਉਹ ਅਨੋਕ ਦੇ ਪਰਿਵਾਰ ਵਿੱਚੋਂ ਸਨ। 15 ਫ਼ੇਰ ਕਾਲੇਬ ਨੇ ਦਬਿਰ ਵਿੱਚ ਰਹਿੰਦੇ ਲੋਕਾਂ ਨਾਲ ਲੜਾਈ ਲੜੀ। (ਅਤੀਤ ਕਾਲ ਵਿੱਚ ਦਬਿਰ ਦਾ ਨਾਮ ਕਿਰਯਥ ਸੇਫ਼ਰ ਵੀ ਸੀ।) 16 ਕਾਲੇਬ ਨੇ ਆਖਿਆ, “ਮੈਂ ਕਿਰਯਥ ਸੇਫ਼ਰ ਉੱਤੇ ਹਮਲਾ ਕਰਨਾ ਚਾਹੁੰਦਾ ਹਾਂ। ਮੈਂ ਆਪਣੀ ਧੀ ਅਕਸਾਹ ਦਾ ਡੋਲਾ ਉਸ ਆਦਮੀ ਨੂੰ ਦਿਆਂਗਾ ਜਿਹੜਾ ਉਸ ਸ਼ਹਿਰ ਉੱਤੇ ਹਮਲਾ ਕਰਕੇ ਉਸ ਨੂੰ ਹਰਾਵੇਗਾ। ਮੈਂ ਉਸ ਬੰਦੇ ਨਾਲ ਆਪਣੀ ਧੀ ਦਾ ਵਿਆਹ ਕਰ ਦਿਆਂਗਾ।”
17 ਆਥਨੀਏਲ ਕਾਲੇਬ ਦੇ ਭਰਾ ਕਨਜ਼ ਦਾ ਪੁੱਤਰ ਸੀ। ਆਥਨੀਏਲ ਨੇ ਉਸ ਸ਼ਹਿਰ ਨੂੰ ਹਰਾ ਦਿੱਤਾ ਇਸ ਲਈ ਕਾਲੇਬ ਨੇ ਆਪਣੀ ਧੀ ਅਕਸਾਹ ਦਾ ਵਿਆਹ ਆਥਨੀਏਲ ਨਾਲ ਕਰ ਦਿੱਤਾ। 18 ਅਕਸਾਹ ਆਥਨੀਏਲ ਦੇ ਘਰ ਵਿੱਚ ਰਹਿਣ ਲਈ ਚਲੀ ਗਈ। ਆਥਨੀਏਲ ਨੇ ਅਕਸਾਹ ਨੂੰ ਆਖਿਆ ਕਿ ਉਹ ਆਪਣੇ ਪਿਤਾ ਕਾਲੇਬ ਤੋਂ ਕੁਝ ਹੋਰ ਧਰਤੀ ਮੰਗੇ। ਅਕਸਾਹ ਆਪਣੇ ਪਿਤਾ ਕੋਲ ਗਈ। ਜਦੋਂ ਉਹ ਆਪਣੇ ਗਧੇ ਤੋਂ ਉੱਤਰੀ ਤਾਂ ਕਾਲੇਬ ਨੇ ਉਸ ਨੂੰ ਪੁੱਛਿਆ, “ਤੂੰ ਕੀ ਚਾਹੁੰਦੀ ਹੈ?”
19 ਅਕਸਾਹ ਨੇ ਜਵਾਬ ਦਿੱਤਾ, “ਮੈਨੂੰ ਆਪਣੀਆਂ ਅਸੀਸਾਂ ਦੇ। [a] ਤੂੰ ਮੈਨੂੰ ਨੇਗੇਵ ਵਿੱਚ ਸੁੱਕੀ ਮਾਰੂ ਧਰਤੀ ਦਿੱਤੀ ਹੈ। ਮਿਹਰਬਾਨੀ ਕਰਕੇ ਮੈਨੂੰ ਪਾਣੀ ਵਾਲੀ ਵੀ ਕੁਝ ਧਰਤੀ ਦੇ ਦੇ।” ਇਸ ਲਈ ਕਾਲੇਬ ਨੇ ਉਸ ਨੂੰ ਉਹੋ ਕੁਝ ਦੇ ਦਿੱਤਾ ਜੋ ਉਹ ਚਾਹੁੰਦੀ ਸੀ। ਉਸ ਨੇ ਉਸ ਨੂੰ ਉੱਪਰਲੀ ਅਤੇ ਹੇਠਲੀ ਜ਼ਮੀਨ ਦਿੱਤੀ, ਜਿਸ ਦੀਆਂ ਕੰਧਾਂ ਸਨ।
20 ਯਹੂਦਾਹ ਦੇ ਪਰਿਵਾਰ-ਸਮੂਹ ਨੇ ਉਹ ਧਰਤੀ ਲੈ ਲਈ ਜਿਸ ਬਾਰੇ ਪਰਮੇਸ਼ੁਰ ਨੇ ਉਨ੍ਹਾਂ ਨਾਲ ਇਕਰਾਰ ਕੀਤਾ ਸੀ। ਹਰ ਪਰਿਵਾਰ-ਸਮੂਹ ਨੂੰ ਧਰਤੀ ਦਾ ਹਿੱਸਾ ਮਿਲਿਆ।
21 ਯਹੂਦਾਹ ਦੇ ਪਰਿਵਾਰ-ਸਮੂਹ ਨੂੰ ਨੇਗੇਵ ਦੇ ਦੱਖਣੀ ਹਿੱਸੇ ਦੇ ਸਾਰੇ ਕਸਬੇ ਮਿਲ ਗਏ। ਇਹ ਕਸਬੇ ਅਦੋਮ ਦੀ ਸਰਹੱਦ ਦੇ ਨੇੜੇ ਸਨ। ਇਨ੍ਹਾਂ ਕਸਬਿਆਂ ਦੀ ਸੂਚੀ ਇਹ ਹੈ:
ਕਬਸਏਲ, ਏਦਰ, ਯਾਗੂਰ, 22 ਕੀਨਾਹ, ਦੀਮੋਨਾਹ, ਅਦਾਦਾਹ, 23 ਕਦਸ਼, ਹਾਸੋਰ, ਯਿਥਨਾਨ, 24 ਜ਼ੀਫ਼, ਤਲਮ, ਬਆਲੋਥ, 25 ਹਾਸੋਰ, ਹੱਦਤਾਹ, ਕਰੀਯੋਥ ਹਸਰੋਨ (ਹਾਸੋਰ), 26 ਅਮਾਮ, ਸ਼ਮਾ, ਮੋਲਾਦਾਹ, 27 ਹਸਰ ਗੱਦਾਹ, ਹਸ਼ਮੋਨ, ਬੈਤ ਪਾਲਟ, 28 ਹਸਰ ਸ਼ੂਆਲ, ਬਏਰ-ਸ਼ਬਾ, ਬਿਜ਼ਯੋਥਯਾਹ, 29 ਬਆਲਾਹ, ਇੱਯੀਮ, ਆਮਸ, 30 ਅਲਤੋਂਲਦ, ਕਸੀਲ, ਹਾਰਮਾਹ, 31 ਸਿਕਲਾਗ, ਮਦਮੰਨਾਹ, ਸਨਸੰਨਾਹ, 32 ਲਬਾਓਥ, ਸ਼ਿਲਹਿਮ, ਅਯਿਨ ਅਤੇ ਰਿੰਮੋਨ। ਕੁੱਲ ਮਿਲਾ ਕੇ ਉੱਥੇ ਉਨ੍ਹਾਂ ਦੇ ਸਾਰੇ ਖੇਤਾਂ ਸਮੇਤ 29 ਕਸਬੇ ਸਨ।
33 ਯਹੂਦਾਹ ਦੇ ਪਰਿਵਾਰ-ਸਮੂਹ ਨੂੰ ਪੱਛਮੀ ਤਰਾਈ ਵਿੱਚਲੇ ਕਸਬੇ ਵੀ ਮਿਲੇ। ਉਨ੍ਹਾਂ ਕਸਬਿਆਂ ਦੀ ਸੂਚੀ ਇਹ ਹੈ:
ਅਸ਼ਤਾਓਲ, ਸਾਰਾਹ, ਅਸ਼ਨਾਹ, 34 ਜ਼ਾਨੋਅਹ, ਏਨ ਗੱਨੀਮ, ਤੱਪੂਆਹ, ਏਨਾਮ, 35 ਯਰਮੂਥ, ਅੱਦੁਲਾਮ, ਸੋਕੋਹ, ਅਜ਼ੇਕਾਹ, 36 ਸ਼ਅਰਯਿਮ, ਅਦੀਥਾਯਿਮ ਅਤੇ ਗਦੇਰਾਹ ਗਦੇਰੋਥਯਿਮ ਕੁੱਲ ਮਿਲਾ ਕੇ ਉੱਥੇ 14 ਕਸਬੇ ਅਤੇ ਉਨ੍ਹਾਂ ਦੇ ਖੇਤ ਸਨ।
37 ਯਹੂਦਾਹ ਦੇ ਪਰਿਵਾਰ-ਸਮੂਹ ਨੂੰ ਇਹ ਕਸਬੇ ਵੀ ਦਿੱਤੇ ਗਏ:
ਸਨਾਨ, ਹਾਦਾਸ਼ਾਹ, ਮਿਗਦਲ ਗਾਦ, 38 ਦਿਲਾਨ, ਮਿਸਪਹ, ਯਾਕਥਏਲ, 39 ਲਾਕੀਸ਼, ਬਾਸੱਕਥ, ਅਗਲੋਨ, 40 ਕੱਬੋਨ, ਲਹਮਾਸ, ਕਿਥਲੀਸ਼, 41 ਗਦੇਰੋਥ, ਬੈਤ ਦਾਗੋਨ, ਨਅਮਾਹ ਅਤੇ ਮੱਕੇਦਾਹ। ਕੁੱਲ ਮਿਲਾ ਕੇ ਇਹ 16 ਕਸਬੇ ਅਤੇ ਉਨ੍ਹਾਂ ਦੇ ਦੁਆਲੇ ਖੇਤ ਸਨ।
42 ਯਹੂਦਾਹ ਦੇ ਲੋਕਾਂ ਨੇ ਇਹ ਕਸਬੇ ਵੀ ਹਾਸਿਲ ਕੀਤੇ:
ਲਿਬਨਾਹ, ਅਥਰ, ਆਸ਼ਾਨ, 43 ਯਿਫ਼ਤਾਹ, ਅਸ਼ਨਾਹ, ਨਸੀਬ, 44 ਕਈਲਾਹ, ਅਕਜ਼ੀਬ ਅਤੇ ਮਾਰੇਸ਼ਾਹ। ਕੁੱਲ ਮਿਲਾ ਕੇ ਇਹ ਨੌ ਕਸਬੇ ਸਨ ਅਤੇ ਉਨ੍ਹਾਂ ਦੇ ਇਰਦ-ਗਿਰਦ ਖੇਤ ਸਨ। 45 ਯਹੂਦਾਹ ਦੇ ਲੋਕਾਂ ਨੂੰ ਅਕਰੋਨ ਦਾ ਕਸਬਾ ਅਤੇ ਉਸ ਦੇ ਨੇੜੇ ਦੇ ਛੋਟੇ ਕਸਬੇ ਅਤੇ ਖੇਤ ਵੀ ਮਿਲੇ। 46 ਉਨ੍ਹਾਂ ਨੂੰ ਅਕਰੋਨ ਦੇ ਪੱਛਮ ਵੱਲ ਦਾ ਇਲਾਕਾ ਵੀ ਮਿਲਿਆ ਅਤੇ ਅਸ਼ਦੋਦ ਦੇ ਨੇੜੇ ਦੇ ਸਾਰੇ ਖੇਤ ਅਤੇ ਕਸਬੇ ਵੀ। 47 ਅਸ਼ਦੋਦ ਦੇ ਆਲੇ-ਦੁਆਲੇ ਦਾ ਸਾਰਾ ਇਲਾਕਾ ਅਤੇ ਉੱਥੋਂ ਦੇ ਛੋਟੇ ਕਸਬੇ ਯਹੂਦਾਹ ਦੀ ਧਰਤੀ ਦਾ ਹਿੱਸਾ ਸਨ। ਯਹੂਦਾਹ ਦੇ ਲੋਕਾਂ ਨੂੰ ਅੱਜ਼ਾਹ ਦੇ ਆਲੇ-ਦੁਆਲੇ ਦਾ ਇਲਾਕਾ ਉਸ ਦੇ ਨੇੜੇ ਦੇ ਖੇਤ ਅਤੇ ਕਸਬੇ ਵੀ ਮਿਲੇ। ਉਨ੍ਹਾਂ ਦੀ ਧਰਤੀ ਮਿਸਰ ਦੀ ਨਦੀ ਤੱਕ ਜਾਂਦੀ ਸੀ। ਅਤੇ ਉਨ੍ਹਾਂ ਦੀ ਧਰਤੀ ਮੱਧ ਸਾਗਰ ਦੇ ਕੰਢੇ ਦੇ ਨਾਲ-ਨਾਲ ਸੀ।
48 ਯਹੂਦਾਹ ਦੇ ਲੋਕਾਂ ਨੂੰ ਪਹਾੜੀ ਪ੍ਰਦੇਸ਼ ਦੇ ਕਸਬੇ ਵੀ ਦਿੱਤੇ ਗਏ। ਇਨ੍ਹਾਂ ਕਸਬਿਆਂ ਦੀ ਸੂਚੀ ਇਹ ਹੈ:
ਸ਼ਾਮੀਰ, ਯੱਤੀਰ, ਸੋਕੋਹ, 49 ਦੰਨਾਹ, ਕਿਰਯਥ ਸੰਨਾਹ (ਦਬਿਰ), 50 ਅਨਾਬ, ਅਸ਼ਤਮੋਹ, ਅਨੀਮ, 51 ਗੋਸ਼ਨ, ਹੋਲੋਨ ਅਤੇ ਗਿਲੋਹ। ਕੁੱਲ ਮਿਲਾ ਕੇ ਇਹ 11 ਕਸਬੇ ਸਨ ਅਤੇ ਇਨ੍ਹਾਂ ਦੇ ਆਲੇ-ਦੁਆਲੇ ਸਾਰੇ ਖੇਤ ਸਨ।
52 ਯਹੂਦਾਹ ਦੇ ਲੋਕਾਂ ਨੂੰ ਇਹ ਕਸਬੇ ਵੀ ਦਿੱਤੇ ਗਏ:
ਅਰਾਬ, ਦੂਮਾਹ, ਅਸ਼ਾਨ, 53 ਯਾਨੀਮ, ਬੈਤ ਤੱਪੂਆਹ, ਅਫ਼ੇਕਾਹ 54 ਹੁਮਤਾਹ, ਕਿਰਯਥ ਅਰਬਾ (ਹਬਰੋਨ) ਅਤੇ ਸੀਓਰ। ਇਹ 9 ਕਸਬੇ ਸਨ ਅਤੇ ਇਨ੍ਹਾਂ ਦੇ ਆਲੇ-ਦੁਆਲੇ ਦੇ ਖੇਤ ਸਨ।
55 ਯਹੂਦਾਹ ਦੇ ਲੋਕਾਂ ਨੂੰ ਇਹ ਕਸਬੇ ਵੀ ਦਿੱਤੇ ਗਏ:
ਮਾਓਨ, ਕਰਮਲ, ਜ਼ੀਫ਼, ਯੂਟਾਹ 56 ਯਿਜ਼ਰਏਲ, ਯਾਕਦਾਮ, ਜ਼ਾਨੋਅਹ, 57 ਕਯਿਨ, ਗਿਬਾਹ, ਅਤੇ ਤਿਮਨਾਹ। ਕੁੱਲ ਮਿਲਾ ਕੇ ਇਹ 10 ਕਸਬੇ ਅਤੇ ਇਨ੍ਹਾਂ ਦੇ ਆਲੇ-ਦੁਆਲੇ ਦੇ ਖੇਤ ਸਨ।
58 ਯਹੂਦਾਹ ਦੇ ਲੋਕਾਂ ਨੂੰ ਇਹ ਕਸਬੇ ਵੀ ਦਿੱਤੇ ਗਏ:
ਹਲਹੂਲ ਬੈਤ ਸੂਰ, ਗਦੋਰ, 59 ਮਅਰਾਥ, ਬੈਤ ਅਨੋਥ ਅਤੇ ਅਲਤਕੋਨ। ਕੁੱਲ ਮਿਲਾ ਕੇ ਇਹ 6 ਕਸਬੇ ਸਨ ਅਤੇ ਇਨ੍ਹਾਂ ਦੇ ਆਲੇ-ਦੁਆਲੇ ਖੇਤ ਸਨ।
60 ਯਹੂਦਾਹ ਦੇ ਲੋਕਾਂ ਨੂੰ ਰੱਬਾਹ ਅਤੇ ਕਿਰਯਥ ਬਆਲ (ਕਿਰਯਥ ਯਾਰੀਮ) ਦੇ ਦੋ ਸ਼ਹਿਰ ਵੀ ਦਿੱਤੇ ਗਏ।
61 ਯਹੂਦਾਹ ਦੇ ਲੋਕਾਂ ਨੂੰ ਮਾਰੂਥਲ ਦੇ ਕਸਬੇ ਵੀ ਦਿੱਤੇ ਗਏ। ਇਨ੍ਹਾਂ ਕਸਬਿਆਂ ਦੀ ਸੂਚੀ ਇਹ ਹੈ:
ਬੈਤ ਅਰਾਬਾਹ, ਮਿੱਦੀਨ, ਸੱਕਾਕਾਹ, 62 ਨਿਬਸ਼ਾਨ, ਸਾਲਟ ਸਿਟੀ ਅਤੇ ਏਨ ਗੱਦੀ। ਕੁੱਲ ਮਿਲਾ ਕੇ ਇਹ 6 ਕਸਬੇ ਅਤੇ ਇਨ੍ਹਾਂ ਦੇ ਖੇਤ ਸਨ।
63 ਯਹੂਦਾਹ ਦੀ ਫ਼ੌਜ ਯਰੂਸ਼ਲਮ ਵਿੱਚ ਰਹਿੰਦੇ ਯਬੂਸੀ ਲੋਕਾਂ ਨੂੰ ਬਾਹਰ ਨਹੀਂ ਕੱਢ ਸੱਕੀ। ਇਸ ਲਈ ਅੱਜ ਤੱਕ ਵੀ ਉੱਥੇ, ਯਰੂਸ਼ਲਮ ਵਿੱਚ, ਯਹੂਦਾਹ ਦੇ ਲੋਕਾਂ ਨਾਲ ਯਬੂਸੀ ਲੋਕ ਰਹਿ ਰਹੇ ਸਨ।
ਅਫ਼ਰਾਈਮ ਅਤੇ ਮਨੱਸ਼ਹ ਲਈ ਧਰਤੀ
16 ਇਹ ਉਹ ਧਰਤੀ ਹੈ ਜਿਹੜੀ ਯੂਸੁਫ਼ ਦੇ ਪਰਿਵਾਰ ਨੂੰ ਮਿਲੀ। ਇਹ ਧਰਤੀ ਯਰੀਹੋ ਨੇੜੇ ਯਰਦਨ ਨਦੀ ਤੋਂ ਸ਼ੁਰੂ ਹੁੰਦੀ ਸੀ ਅਤੇ ਯਰੀਹੋ ਦੇ ਪਾਣੀਆਂ ਤੱਕ ਜਾਂਦੀ ਸੀ। (ਇਹ ਯਰੀਹੋ ਦੇ ਬਿਲਕੁਲ ਪੂਰਬ ਵੱਲ ਸੀ।) ਸਰਹੱਦ ਯਰੀਹੋ ਤੋਂ ਬੈਤਏਲ ਦੇ ਪਹਾੜੀ ਪ੍ਰਦੇਸ਼ ਤੱਕ ਜਾਂਦੀ ਸੀ। 2 ਫ਼ੇਰ ਸਰਹੱਦ ਬੈਤਏਲ (ਲੂਜ਼) ਤੋਂ ਸ਼ੁਰੂ ਹੋਕੇ ਅਟਰੋਥ ਵਿਖੇ ਅਰਕੀ ਦੀ ਸਰਹੱਦ ਤੱਕ ਜਾਂਦੀ ਸੀ। 3 ਸਰਹੱਦ ਹੇਠਲੇ ਬੈਤ ਹੋਰੋਨ ਤੱਕ ਚਲੀ ਗਈ ਸੀ। ਫ਼ੇਰ ਸਰਹੱਦ ਗਜ਼ਰ ਤੱਕ ਗਈ ਸੀ। ਅਤੇ ਮੱਧ ਸਾਗਰ ਤੱਕ ਚਲੀ ਗਈ ਸੀ।
4 ਇਸ ਤਰ੍ਹਾਂ ਮਨੱਸ਼ਹ ਅਤੇ ਅਫ਼ਰਾਈਮ ਦੇ ਲੋਕਾਂ ਨੇ ਇਹ ਆਪਣੀ ਧਰਤੀ ਪ੍ਰਾਪਤ ਕੀਤੀ। (ਮਨੱਸ਼ਹ ਅਤੇ ਅਫ਼ਰਾਈਮ ਯੂਸੁਫ਼ ਦੇ ਪੁੱਤਰ ਸਨ।)
5 ਅਫ਼ਰਾਈਮ ਦੇ ਲੋਕਾਂ ਨੂੰ ਦਿੱਤੀ ਗਈ ਧਰਤੀ ਇਹ ਸੀ: ਉਨ੍ਹਾਂ ਦੀ ਪੂਰਬੀ ਸਰਹੱਦ ਉੱਪਰ ਬੈਤ ਹੋਰੋਨ ਦੇ ਨੇੜੇ ਅਟਰੋਥ ਅੱਦਾਰ ਤੋਂ ਸ਼ੁਰੂ ਹੁੰਦੀ ਸੀ। 6 ਅਤੇ ਪੱਛਮੀ ਸਰਹੱਦ ਮਿਕਮੱਥਾਥ ਤੋਂ ਸ਼ੁਰੂ ਹੁੰਦੀ ਸੀ। ਸਰਹੱਦ ਪੂਰਬ ਵੱਲ ਤਅਨਥ ਸ਼ੀਲੋਹ ਨੂੰ ਮੁੜ ਜਾਂਦੀ ਸੀ ਅਤੇ ਯਾਨੋਹਾਹ ਦੇ ਪੂਰਬ ਤੱਕ ਜਾਂਦੀ ਸੀ। 7 ਫ਼ੇਰ ਸਰਹੱਦ ਯਾਨੋਹਾਹ ਤੋਂ ਹੁੰਦੀ ਹੋਈ ਹੇਠਾਂ ਅਟਰੋਥ ਅਤੇ ਨਆਰਾਥ ਨੂੰ ਜਾਂਦੀ ਸੀ। ਸਰਹੱਦ ਉੱਥੋਂ ਤੱਕ ਜਾਂਦੀ ਸੀ ਜਿੱਥੇ ਇਹ ਯਰੀਹੋ ਨੂੰ ਛੂੰਹਦੀ ਸੀ ਅਤੇ ਯਰਦਨ ਨਦੀ ਉੱਤੇ ਜਾਕੇ ਮੁਕਦੀ ਸੀ। 8 ਸਰਹੱਦ ਪੱਛਮੀ ਤੱਪੂਆਹ ਤੋਂ ਕਾਨਾਹ ਘਾਟੀ ਤੱਕ ਜਾਂਦੀ ਸੀ ਅਤੇ ਸਮੁੰਦਰ ਉੱਤੇ ਮੁੱਕਦੀ ਸੀ। ਇਹੀ ਉਹ ਸਾਰੀ ਧਰਤੀ ਸੀ ਜਿਹੜੀ ਅਫ਼ਰਾਈਮ ਦੇ ਲੋਕਾਂ ਨੂੰ ਦਿੱਤੀ ਗਈ ਸੀ। ਉਸ ਪਰਿਵਾਰ-ਸਮੂਹ ਦੇ ਹਰ ਪਰਿਵਾਰ ਨੂੰ ਇਸ ਧਰਤੀ ਦਾ ਹਿੱਸਾ ਮਿਲਿਆ ਸੀ। 9 ਅਫ਼ਰਾਈਮ ਦੇ ਬਹੁਤ ਸਾਰੇ ਸਰਹੱਦੀ ਕਸਬੇ ਅਸਲ ਵਿੱਚ ਮਨੱਸ਼ਹ ਦੀਆਂ ਸਰਹੱਦਾਂ ਵਿੱਚ ਸਨ, ਪਰ ਅਫ਼ਰਾਈਮ ਦੇ ਲੋਕਾਂ ਨੂੰ ਉਹ ਕਸਬੇ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਖੇਤ ਮਿਲੇ ਸਨ। 10 ਪਰ ਅਫ਼ਰਾਮੀ ਲੋਕ ਕਨਾਨੀ ਲੋਕਾਂ ਨੂੰ ਗਜ਼ਰ ਦਾ ਕਸਬਾ ਛੱਡਣ ਲਈ ਮਜ਼ਬੂਰ ਨਹੀਂ ਕਰ ਸੱਕੇ। ਇਸ ਲਈ ਕਨਾਨੀ ਲੋਕ ਅੱਜ ਤੱਕ ਵੀ ਅਫ਼ਰਾਮੀ ਲੋਕਾਂ ਦੇ ਵਿੱਚਕਾਰ ਰਹਿ ਰਹੇ ਹਨ। ਪਰ ਕਨਾਨੀ ਲੋਕ ਅਫ਼ਰਾਮੀ ਲੋਕਾਂ ਦੇ ਗੁਲਾਮ ਬਣ ਗਏ।
17 ਫ਼ੇਰ ਮਨੱਸ਼ਹ ਦੇ ਪਰਿਵਾਰ-ਸਮੂਹ ਨੂੰ ਧਰਤੀ ਦਿੱਤੀ ਗਈ। ਮਨੱਸ਼ਹ ਯੂਸੁਫ਼ ਦਾ ਵੱਡਾ ਪੁੱਤਰ ਸੀ। ਮਨੱਸ਼ਹ ਦਾ ਵੱਡਾ ਪੁੱਤਰ ਮਾਕੀਰ ਸੀ ਜਿਹੜਾ ਗਿਲਆਦ ਦਾ ਪਿਤਾ [b] ਮਾਕੀਰ ਮਹਾਨ ਸਿਪਾਹੀ ਸੀ ਇਸ ਲਈ ਗਿਲਆਦ ਅਤੇ ਬਾਸ਼ਾਨ ਦੇ ਇਲਾਕੇ ਮਕਾਰ ਪਰਿਵਾਰ ਨੂੰ ਦਿੱਤੇ ਗਏ। 2 ਮਨੱਸ਼ਹ ਦੇ ਪਰਿਵਾਰ-ਸਮੂਹ ਦੇ ਹੋਰਨਾਂ ਪਰਿਵਾਰਾਂ ਨੂੰ ਧਰਤੀ ਦਿੱਤੀ ਗਈ। ਉਹ ਪਰਿਵਾਰ ਸਨ ਅਬੀਅਜ਼ਰ, ਹੇਲਕ, ਅਸਰੀਏਲ, ਸ਼ਕਮ, ਹੇਫ਼ਰ ਅਤੇ ਸ਼ਮੀਦਾ। ਇਹ ਸਾਰੇ ਆਦਮੀ ਯੂਸੁਫ਼ ਦੇ ਪੁੱਤਰ ਮਨੱਸ਼ਹ ਦੇ ਹੋਰ ਪੁੱਤਰ ਸਨ। ਇਨ੍ਹਾਂ ਆਦਮੀਆਂ ਦੇ ਪਰਿਵਾਰਾਂ ਨੂੰ ਵੀ ਧਰਤੀ ਦਾ ਆਪਣਾ ਹਿੱਸਾ ਮਿਲਿਆ।
3 ਸਲਾਫ਼ਹਾਦ ਹੇਫ਼ੇਰ ਦਾ ਪੁੱਤਰ ਸੀ। ਹੇਫ਼ਰ ਗਿਲਆਦ ਦਾ ਪੁੱਤਰ ਸੀ! ਗਿਲਆਦ ਮਾਕੀਰ ਦਾ ਪੁੱਤਰ ਸੀ ਅਤੇ ਮਾਕੀਰ ਮਨੱਸ਼ਹ ਦਾ ਪੁੱਤਰ ਸੀ। ਸਲਾਫ਼ਹਾਦ ਦਾ ਕੋਈ ਪੁੱਤਰ ਨਹੀਂ ਸੀ ਪਰ ਉਸ ਦੀਆਂ ਪੰਜ ਧੀਆਂ ਸਨ। ਧੀਆਂ ਦੇ ਨਾਮ ਸਨ ਮਹਲਾਹ, ਨੋਆਹ, ਹਾਗਲਾਹ, ਮਿਲਕਾਹ ਅਤੇ ਤਿਰਸਾਹ। 4 ਧੀਆਂ ਜਾਜਕ ਅਲਆਜ਼ਾਰ, ਨੂਨ ਦੇ ਪੁੱਤਰ ਯਹੋਸ਼ੁਆ ਅਤੇ ਹੋਰ ਸਾਰੇ ਆਗੂਆਂ ਕੋਲ ਗਈਆਂ। ਧੀਆਂ ਨੇ ਆਖਿਆ, “ਯਹੋਵਾਹ ਨੇ ਮੂਸਾ ਨੂੰ ਆਖਿਆ ਸੀ ਕਿ ਉਹ ਸਾਨੂੰ ਵੀ ਸਾਡੇ ਸਾਰੇ ਰਿਸ਼ਤੇਦਾਰਾਂ ਵਾਂਗ ਹੀ ਧਰਤੀ ਦੇਵੇ।” ਇਸ ਲਈ ਉਸ ਨੇ ਯਹੋਵਾਹ ਦੀ ਆਗਿਆ ਮੰਨੀ ਅਤੇ ਧੀਆਂ ਨੂੰ ਕੁਝ ਧਰਤੀ ਦਿੱਤੀ। ਇਸ ਲਈ ਇਨ੍ਹਾਂ ਧੀਆਂ ਨੂੰ ਆਪਣੇ ਚਾਚਿਆਂ ਵਾਂਗ ਹੀ ਧਰਤੀ ਮਿਲੀ।
5 ਇਸ ਲਈ ਮਨੱਸ਼ਹ ਦੇ ਪਰਿਵਾਰ-ਸਮੂਹ ਨੂੰ ਯਰਦਨ ਨਦੀ ਦੇ ਪੱਛਮ ਵੱਲ ਧਰਤੀ ਦੇ ਦਸ ਇਲਾਕੇ ਅਤੇ ਧਰਤੀ ਦੇ ਦੋ ਹੋਰ ਇਲਾਕੇ, ਗਿਲਆਦ ਅਤੇ ਬਾਸ਼ਾਨ, ਜਿਹੜੇ ਯਰਦਨ ਨਦੀ ਦੇ ਦੂਸਰੇ ਪਾਸੇ ਸਨ, ਮਿਲੇ। 6 ਇਸ ਲਈ ਮਨੱਸ਼ਹ ਦੇ ਪਰਿਵਾਰ-ਸਮੂਹ ਦੀਆਂ ਇਨ੍ਹਾਂ ਔਰਤਾਂ ਨੂੰ ਵੀ ਮਰਦਾ ਵਾਂਗ ਹੀ ਧਰਤੀ ਮਿਲੀ। ਗਿਲਆਦ ਦੀ ਧਰਤੀ ਮਨੱਸ਼ਹ ਦੇ ਬਾਕੀ ਦੇ ਪਰਿਵਾਰਾਂ ਨੂੰ ਦਿੱਤੀ ਗਈ।
7 ਮਨੱਸ਼ਹ ਦੀਆਂ ਜ਼ਮੀਨਾ ਆਸ਼ੇਰ ਅਤੇ ਮਿਕਮੱਥਾਥ ਦੇ ਇਲਾਕੇ ਵਿੱਚਕਾਰ ਸਨ। ਇਹ ਸ਼ਕਮ ਦੇ ਨੇੜੇ ਹੈ। ਸਰਹੱਦ ਦੱਖਣ ਵੱਲ ਏਨ ਤੱਪੂਆਹ ਇਲਾਕੇ ਵੱਲ ਚਲੀ ਗਈ ਸੀ। 8 ਤੱਪੂਆਹ ਦੇ ਇਰਦ-ਗਿਰਦ ਦੀ ਧਰਤੀ ਮਨੱਸ਼ਹ ਦੀ ਸੀ ਪਰ ਖੁਦ ਕਸਬਾ ਉਸਦਾ ਨਹੀਂ ਸੀ। ਤੱਪੂਆਹ ਦਾ ਕਸਬਾ ਮਨੱਸ਼ਹ ਦੀ ਧਰਤੀ ਦੀ ਹੱਦ ਉੱਤੇ ਸੀ ਅਤੇ ਇਹ ਅਫ਼ਰਾਈਮ ਦੇ ਲੋਕਾਂ ਦਾ ਸੀ। 9 ਮਨੱਸ਼ਹ ਦੀ ਸਰਹੱਦ ਦੱਖਣ ਵੱਲ ਕਾਨਾਹ ਘਾਟੀ ਤੱਕ ਚਲੀ ਗਈ ਸੀ। ਇਹ ਇਲਾਕਾ ਮਨੱਸ਼ਹ ਦੇ ਪਰਿਵਾਰ-ਸਮੂਹ ਦਾ ਸੀ ਪਰ ਸ਼ਹਿਰ ਅਫ਼ਰਾਈਮ ਦੇ ਲੋਕਾਂ ਦੇ ਸਨ। ਮਨੱਸ਼ਹ ਦੀ ਸਰਹੱਦ ਨਦੀ ਦੇ ਉਤਰ ਵਾਲੇ ਪਾਸੇ ਸੀ ਅਤੇ ਇਹ ਪੱਛਮ ਵਿੱਚ ਮੱਧ ਸਾਗਰ ਤੱਕ ਜਾਂਦੀ ਸੀ। 10 ਦੱਖਣ ਵੱਲ ਦੀ ਧਰਤੀ ਅਫ਼ਰਾਈਮ ਦੀ ਸੀ। ਅਤੇ ਉੱਤਰ ਵਾਲੇ ਪਾਸੇ ਦੀ ਧਰਤੀ ਮਨੱਸ਼ਹ ਦੀ ਸੀ। ਮੱਧ ਸਾਗਰ ਪੱਛਮੀ ਸਰਹੱਦ ਸੀ। ਸਰਹੱਦ ਉੱਤਰ ਵਿੱਚ ਆਸ਼ੇਰ ਦੀ ਧਰਤੀ ਨੂੰ ਛੂੰਹਦੀ ਸੀ ਅਤੇ ਪੂਰਬ ਵੱਲ ਯਿੱਸਾਕਾਰ ਦੀ ਧਰਤੀ ਨੂੰ।
11 ਮਨੱਸ਼ਹ ਦੇ ਲੋਕਾਂ ਕੋਲ ਯਿੱਸਾਕਾਰ ਅਤੇ ਆਸ਼ੇਰ ਦੇ ਇਲਾਕੇ ਅੰਦਰ ਕਸਬੇ ਵੀ ਸਨ। ਬੈਤ-ਸ਼ਾਨ ਯਿਬਲਆਮ ਅਤੇ ਉਨ੍ਹਾਂ ਦੇ ਦੁਆਲੇ ਦੇ ਛੋਟੇ ਕਸਬੇ ਮਨੱਸ਼ਹ ਦੇ ਲੋਕਾਂ ਦੇ ਸਨ। ਮਨੱਸ਼ਹ ਦੇ ਲੋਕ ਦੋਰ, ਏਨਦੋਰ, ਤਅਨਾਕ, ਮਗਿੱਦੋ ਅਤੇ ਉਨ੍ਹਾਂ ਸ਼ਹਿਰਾਂ ਦੇ ਦੁਆਲੇ ਦੇ ਛੋਟੇ ਕਸਬਿਆਂ ਵਿੱਚ ਰਹਿੰਦੇ ਸਨ। ਉਹ ਨਾਫ਼ੋਥ ਦੇ ਤਿੰਨ ਕਸਬਿਆਂ ਅੰਦਰ ਵੀ ਰਹਿੰਦੇ ਸਨ। 12 ਮਨੱਸ਼ਹ ਦੇ ਲੋਕ ਉਨ੍ਹਾਂ ਸ਼ਹਿਰਾਂ ਨੂੰ ਹਰਾ ਨਹੀਂ ਸੱਕੇ ਸਨ। ਇਸ ਲਈ ਕਨਾਨੀ ਲੋਕਾਂ ਦਾ ਰਹਿਣਾ ਉੱਥੇ ਜਾਰੀ ਰਿਹਾ 13 ਪਰ ਇਸਰਾਏਲ ਦੇ ਲੋਕ ਮਜ਼ਬੂਤ ਬਣ ਗਏ ਜਦੋਂ ਇਹ ਗੱਲ ਵਾਪਰੀ ਤਾਂ ਉਨ੍ਹਾਂ ਨੇ ਕਨਾਨੀ ਲੋਕਾਂ ਨੂੰ ਆਪਣੇ ਲਈ ਕੰਮ ਕਰਨ ਵਾਸਤੇ ਮਜ਼ਬੂਰ ਕਰ ਦਿੱਤਾ। ਪਰ ਉਨ੍ਹਾਂ ਨੇ ਕਨਾਨੀ ਲੋਕਾਂ ਨੂੰ ਉਸ ਧਰਤੀ ਤੋਂ ਨਹੀਂ ਕੱਢਿਆ।
14 ਯੂਸੁਫ਼ ਦੇ ਪਰਿਵਾਰ-ਸਮੂਹ ਨੇ ਯਹੋਸ਼ੁਆ ਨਾਲ ਗੱਲ ਕੀਤੀ ਅਤੇ ਆਖਿਆ, “ਤੁਸੀਂ ਸਾਨੂੰ ਧਰਤੀ ਦਾ ਸਿਰਫ਼ ਇੱਕ ਇਲਾਕਾ ਹੀ ਦਿੱਤਾ ਹੈ। ਪਰ ਅਸੀਂ ਬਹੁਤ ਲੋਕ ਹਾਂ। ਤੁਸੀਂ ਸਾਨੂੰ ਉਸ ਸਾਰੀ ਧਰਤੀ ਦਾ ਸਿਰਫ਼ ਇੱਕ ਹਿੱਸਾ ਹੀ ਦਿੱਤਾ ਜਿਹੜੀ ਯਹੋਵਾਹ ਨੇ ਆਪਣੇ ਲੋਕਾਂ ਨੂੰ ਦਿੱਤੀ ਸੀ?”
15 ਯਹੋਸ਼ੁਆ ਨੇ ਉਨ੍ਹਾਂ ਨੂੰ ਜਵਾਬ ਦਿੱਤਾ, “ਜੇ ਤੁਸੀਂ ਬਹੁਤੇ ਬੰਦੇ ਹੋ ਤਾਂ ਪਹਾੜੀ ਪ੍ਰਦੇਸ਼ ਵਿੱਚਲੇ ਜੰਗਲ ਦੇ ਇਲਾਕੇ ਵਿੱਚ ਚੱਲੇ ਜਾਓ ਅਤੇ ਉਸ ਧਰਤੀ ਨੂੰ ਸਾਫ਼ ਕਰਕੇ ਵਾਹੀ ਯੋਗ ਬਣਾ ਲਵੋ। ਉਹ ਧਰਤੀ ਹੁਣ ਫ਼ਰਿੱਜ਼ੀ ਲੋਕਾਂ ਅਤੇ ਰਫ਼ਾਈ ਲੋਕਾਂ ਦੀ ਹੈ। ਪਰ ਜੇ ਅਫ਼ਰਾਈਮ ਦਾ ਪਹਾੜੀ ਪ੍ਰਦੇਸ਼ ਤੁਹਾਡੇ ਲਈ ਬਹੁਤ ਛੋਟਾ ਹੈ ਤਾਂ ਜਾਕੇ ਉਹ ਧਰਤੀ ਲੈ ਲਵੋ।”
16 ਯੂਸੁਫ਼ ਦੇ ਲੋਕਾਂ ਨੇ ਆਖਿਆ, “ਇਹ ਠੀਕ ਹੈ ਕਿ ਅਫ਼ਰਾਈਮ ਦਾ ਪਹਾੜੀ ਪ੍ਰਦੇਸ਼ ਸਾਡੇ ਲਈ ਕਾਫ਼ੀ ਨਹੀਂ ਹੈ। ਪਰ ਉੱਥੇ ਰਹਿਣ ਵਾਲੇ ਕਨਾਨੀ ਲੋਕਾਂ ਕੋਲ ਸ਼ਕਤੀਸ਼ਾਲੀ ਹਥਿਆਰ ਹਨ-ਉਨ੍ਹਾਂ ਕੋਲ ਲੋਹੇ ਦੇ ਰੱਥ ਹਨ ਅਤੇ ਉਨ੍ਹਾਂ ਨੇ ਬੈਤ-ਸ਼ਾਨ ਅਤੇ ਯਿਜ਼ਰਾਏਲ ਵਾਦੀ ਵਿੱਚਲੇ ਛੋਟੇ-ਛੋਟੇ ਨਗਰਾਂ ਉੱਤੇ ਕਬਜ਼ਾ ਕਰ ਲਿਆ ਹੈ।”
17 ਫ਼ੇਰ ਯਹੋਸ਼ੁਆ ਨੇ ਯੂਸੁਫ਼ ਦੇ ਲੋਕਾਂ ਨੂੰ, ਅਫ਼ਰਾਈਮ ਦੇ ਲੋਕਾਂ ਨੂੰ ਅਤੇ ਮਨੱਸ਼ਹ ਦੇ ਲੋਕਾਂ ਨੂੰ ਆਖਿਆ, “ਪਰ ਤੁਸੀਂ ਤਾਂ ਬਹੁਤ-ਬਹੁਤ ਸਾਰੇ ਹੋ। ਅਤੇ ਤੁਸੀਂ ਬਹੁਤ ਤਾਕਤਵਰ ਹੋ। ਤੁਹਾਨੂੰ ਧਰਤੀ ਦਾ ਇੱਕ ਨਾਲੋਂ ਵੱਧੇਰੇ ਹਿੱਸਾ ਮਿਲਣਾ ਚਾਹੀਦਾ ਹੈ। 18 ਤੁਸੀਂ ਪਹਾੜੀ ਪ੍ਰਦੇਸ਼ ਲੈ ਲਵੋਂਗੇ। ਇਹ ਜੰਗਲ ਹੈ, ਪਰ ਤੁਸੀਂ ਰੁੱਖ ਕੱਟ ਕੇ ਇਸ ਨੂੰ ਰਹਿਣ ਲਈ ਚੰਗੀ ਥਾਂ ਬਣਾ ਸੱਕਦੇ ਹੋ। ਅਤੇ ਤੁਸੀਂ ਇਸ ਸਾਰੀ ਧਰਤੀ ਦੇ ਮਾਲਕ ਹੋਵੋਂਗੇ। ਤੁਸੀਂ ਕਨਾਨੀ ਲੋਕਾਂ ਨੂੰ ਉਸ ਧਰਤੀ ਤੋਂ ਕੱਢ ਦਿਉਂਗੇ। ਅਤੇ ਤੁਸੀਂ ਉਨ੍ਹਾਂ ਨੂੰ ਹਰਾ ਦਿਉਂਗੇ ਭਾਵੇਂ ਉਹ ਤਾਕਤਵਰ ਹਨ ਅਤੇ ਉਨ੍ਹਾਂ ਕੋਲ ਸ਼ਕਤੀਸ਼ਾਲੀ ਹਥਿਆਰ ਹਨ।”
ਬਾਕੀ ਦੀ ਧਰਤੀ ਦੀ ਵੰਡ
18 ਸਾਰੇ ਇਸਰਾਏਲੀ ਲੋਕ ਸ਼ੀਲੋਹ ਵਿੱਚ ਇਕੱਠੇ ਹੋਏ ਅਤੇ ਉੱਥੇ ਮੰਡਲੀ ਦਾ ਤੰਬੂ ਸਥਾਪਿਤ ਕੀਤਾ। ਇਸਰਾਏਲੀਆਂ ਨੇ ਉਸ ਦੇਸ਼ ਵਿੱਚਲੇ ਸਾਰੇ ਦੁਸ਼ਮਣਾ ਨੂੰ ਹਰਾ ਦਿੱਤਾ ਅਤੇ ਉਸ ਦੇਸ਼ ਨੂੰ ਆਪਣੇ ਨਿਯੰਤ੍ਰਣ ਹੇਠਾ ਕਰ ਲਿਆ। 2 ਪਰ ਇਸ ਸਮੇਂ ਇਸਰਾਏਲ ਦੇ ਸੱਤ ਪਰਿਵਾਰ-ਸਮੂਹ ਅਜਿਹੇ ਸਨ ਜਿਨ੍ਹਾਂ ਨੂੰ ਉਹ ਧਰਤੀ ਨਹੀਂ ਮਿਲੀ ਸੀ ਜਿਸ ਬਾਰੇ ਪਰਮੇਸ਼ੁਰ ਨੇ ਇਕਰਾਰ ਕੀਤਾ ਸੀ।
3 ਇਸ ਲਈ ਯਹੋਸ਼ੁਆ ਨੇ ਇਸਰਾਏਲ ਦੇ ਲੋਕਾਂ ਨੂੰ ਆਖਿਆ, “ਤੁਸੀਂ ਆਪਣੀ ਧਰਤੀ ਹਾਸਿਲ ਕਰਨ ਵਿੱਚ ਇੰਨੀ ਦੇਰ ਇੰਤਜ਼ਾਰ ਕਿਉਂ ਕਰ ਰਹੇ ਹੋ? ਯਹੋਵਾਹ, ਤੁਹਾਡੇ ਪੁਰਖਿਆਂ ਦੇ ਪਰਮੇਸ਼ੁਰ ਨੇ ਤੁਹਾਨੂੰ ਇਹ ਧਰਤੀ ਦਿੱਤੀ ਹੈ। 4 ਇਸ ਲਈ ਤੁਹਾਡੇ ਪਰਿਵਾਰ-ਸਮੂਹਾਂ ਨੂੰ ਤਿੰਨ ਆਦਮੀ ਚੁਣਨੇ ਚਾਹੀਦੇ ਹਨ। ਮੈਂ ਉਨ੍ਹਾਂ ਆਦਮੀਆਂ ਨੂੰ ਧਰਤੀ ਬਾਰੇ ਪਤਾ ਲਾਉਣ ਲਈ ਭੇਜਾਂਗਾ। ਉਹ ਉਸ ਧਰਤੀ ਬਾਰੇ ਪਤਾ ਲਾਉਣਗੇ ਅਤੇ ਫ਼ੇਰ ਮੇਰੇ ਕੋਲ ਵਾਪਸ ਆਉਣਗੇ। 5 ਉਹ ਧਰਤੀ ਨੂੰ ਸੱਤ ਹਿੱਸਿਆਂ ਵਿੱਚ ਵੰਡਣਗੇ। ਯਹੂਦਾਹ ਦੇ ਲੋਕ ਆਪਣੀ ਧਰਤੀ ਦੱਖਣ ਵਿੱਚ ਰੱਖਣਗੇ। ਯੂਸੁਫ਼ ਦੇ ਲੋਕ ਆਪਣੀ ਧਰਤੀ ਉੱਤਰ ਵਿੱਚ ਰੱਖਣਗੇ। 6 ਪਰ ਤੁਹਾਨੂੰ ਧਰਤੀ ਦਾ ਵੇਰਵਾ ਕਰਨਾ ਚਾਹੀਦਾ ਹੈ ਅਤੇ ਇਸ ਨੂੰ ਸੱਤਾਂ ਹਿਸਿਆਂ ਵਿੱਚ ਵੰਡਣਾ ਚਾਹੀਦਾ ਹੈ। ਮੇਰੇ ਕੋਲ ਨਕਸ਼ਾ ਲਿਆਉ, ਅਤੇ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਇਹ ਨਿਆਂ ਕਰਨ ਦਿਆਂਗੇ ਕਿ ਕਿਹੜੇ ਪਰਿਵਾਰ-ਸਮੂਹ ਨੂੰ ਕਿਹੜੀ ਧਰਤੀ ਮਿਲਣੀ ਚਾਹੀਦੀ ਹੈ। [c] 7 ਲੇਵੀ ਲੋਕਾਂ ਦਾ ਧਰਤੀ ਵਿੱਚ ਕੋਈ ਹਿੱਸਾ ਨਹੀਂ। ਉਨ੍ਹਾਂ ਦਾ ਹਿੱਸਾ ਜਾਜਕਾਂ ਦੇ ਤੌਰ ਤੇ ਯਹੋਵਾਹ ਦੀ ਸੇਵਾ ਕਰਨ ਵਿੱਚ ਹੈ। ਗਾਦ, ਰਊਬੇਨ ਅਤੇ ਮਨੱਸ਼ਹ ਦੇ ਅੱਧੇ ਪਰਿਵਾਰ-ਮਸੂਹ ਵਾਲਿਆਂ ਨੂੰ ਉਹ ਧਰਤੀ ਪਹਿਲਾਂ ਹੀ ਮਿਲ ਚੁੱਕੀ ਹੈ ਜਿਸਦਾ ਇਕਰਾਰ ਕੀਤਾ ਗਿਆ ਸੀ। ਉਹ ਯਰਦਨ ਨਦੀ ਦੇ ਪੂਰਬ ਵਾਲੇ ਪਾਸੇ ਹਨ। ਯਹੋਵਾਹ ਦੇ ਸੇਵਕ ਮੂਸਾ ਨੇ ਪਹਿਲਾਂ ਹੀ ਉਨ੍ਹਾਂ ਨੂੰ ਉਹ ਧਰਤੀ ਦੇ ਦਿੱਤੀ ਸੀ।”
8 ਇਨ੍ਹਾਂ ਲਈ ਜਿਨ੍ਹਾਂ ਆਦਮੀਆਂ ਨੂੰ ਚੁਣਿਆ ਗਿਆ ਸੀ ਉਹ ਧਰਤੀ ਨੂੰ ਦੇਖਣ ਅਤੇ ਉਸਦਾ ਵੇਰਵਾ ਲਿਖਣ ਲਈ ਚੱਲੇ ਗਏ। ਯਹੋਸ਼ੁਆ ਨੇ ਉਨ੍ਹਾਂ ਨੂੰ ਆਖਿਆ, “ਸਾਰੀ ਧਰਤੀ ਵਿੱਚ ਘੁੰਮੋ ਅਤੇ ਉਸਦਾ ਵੇਰਵਾ ਲਿਖੋ। ਫ਼ੇਰ ਮੇਰੇ ਕੋਲ ਸ਼ੀਲੋਹ ਵਿਖੇ ਵਾਪਸ ਆ ਜਾਉ। ਫ਼ੇਰ ਮੈਂ ਨਰਦਾਂ ਸੁੱਟਾਂਗਾ ਅਤੇ ਤੁਹਾਡੇ ਲਈ ਯਹੋਵਾਹ ਨੂੰ ਧਰਤੀ ਦੀ ਵੰਡ ਕਰਨ ਦਿਆਂਗਾ।”
9 ਇਸ ਲਈ ਉਹ ਆਦਮੀ ਉਸ ਧਰਤੀ ਵੱਲ ਗਏ। ਉਹ ਆਦਮੀ ਉਸ ਸਾਰੀ ਧਰਤੀ ਵਿੱਚ ਘੁੰਮੇ ਅਤੇ ਯਹੋਸ਼ੁਆ ਲਈ ਇਸਦਾ ਵੇਰਵਾ ਲਿਖਿਆ। ਉਨ੍ਹਾਂ ਨੇ ਸਾਰੇ ਸ਼ਹਿਰਾਂ ਦੀ ਸੂਚੀ ਬਣਾਈ ਅਤੇ ਧਰਤੀ ਨੂੰ ਸੱਤ ਹਿੱਸਿਆਂ ਵਿੱਚ ਵੰਡਿਆ। ਉਹ ਸ਼ੀਲੋਹ ਵਿਖੇ ਯਹੋਸ਼ੁਆ ਕੋਲ ਵਾਪਸ ਗਏ। 10 ਯਹੋਸ਼ੁਆ ਨੇ ਸ਼ੀਲੋਹ ਵਿਖੇ ਯਹੋਵਾਹ ਦੇ ਸਾਹਮਣੇ ਉਨ੍ਹਾਂ ਲਈ ਨਰਦਾ ਸੁੱਟੀਆਂ। ਇਸ ਤਰ੍ਹਾਂ ਯਹੋਸ਼ੁਆ ਨੇ ਧਰਤੀ ਦੀ ਵੰਡ ਕੀਤੀ ਅਤੇ ਪਰਿਵਾਰ-ਸਮੂਹ ਨੂੰ ਉਸ ਧਰਤੀ ਵਿੱਚ ਬਣਦਾ ਹਿੱਸਾ ਦਿੱਤਾ।
ਬਿਨਯਾਮੀਨ ਲਈ ਧਰਤੀ
11 ਬਿਨਯਾਮੀਨ ਦੇ ਪਰਿਵਾਰ-ਸਮੂਹ ਨੂੰ ਉਹ ਧਰਤੀ ਦਿੱਤੀ ਗਈ ਜਿਹੜੀ ਯਹੂਦਾਹ ਅਤੇ ਯੂਸੁਫ਼ ਦੇ ਇਲਾਕਿਆਂ ਦੇ ਵਿੱਚਕਾਰ ਸੀ। ਬਿਨਯਾਮੀਨ ਦੇ ਪਰਿਵਾਰ-ਸਮੂਹ ਵਿੱਚੋਂ ਹਰ ਪਰਿਵਾਰ ਨੂੰ ਆਪਣੀ ਧਰਤੀ ਮਿਲੀ। ਬਿਨਯਾਮੀਨ ਲਈ ਚੁਣੀ ਗਈ ਧਰਤੀ ਇਹ ਸੀ: 12 ਉੱਤਰੀ ਸਰਹੱਦ ਯਰਦਨ ਨਦੀ ਤੋਂ ਸ਼ੁਰੂ ਹੁੰਦੀ ਸੀ। ਇਹ ਸਰਹੱਦ ਯਰੀਹੋ ਦੇ ਉੱਤਰੀ ਕੰਢੇ ਦੇ ਨਾਲ-ਨਾਲ ਚਲੀ ਗਈ ਸੀ। ਫ਼ੇਰ ਸਰਹੱਦ ਪੱਛਮ ਵਿੱਚ ਪਹਾੜੀ ਪ੍ਰਦੇਸ਼ ਵੱਲ ਚਲੀ ਗਈ ਸੀ। ਸਰਹੱਦ ਉਦੋਂ ਤੀਕ ਜਾਰੀ ਰਹਿੰਦੀ ਸੀ ਜਦੋਂ ਇਹ ਬੈਤ ਆਵਨ ਦੇ ਬਿਲਕੁਲ ਪੂਰਬ ਵੱਲ ਪਹੁੰਚ ਜਾਂਦੀ ਸੀ। 13 ਫ਼ੇਰ ਸਰਹੱਦ ਦੱਖਣ ਵੱਲ ਲੂਜ਼ (ਬੈਤਏਲ) ਤੱਕ ਜਾਂਦੀ ਸੀ। ਫ਼ੇਰ ਸਰਹੱਦ ਅਟਾਰੋਥ, ਅੱਦਾਰ ਤੱਕ ਚਲੀ ਗਈ ਸੀ। ਅਟਾਰੋਥ ਅੱਦਾਰ ਹੇਠਲੇ ਬੈਤ ਹੋਰੋਨ ਦੇ ਦੱਖਣ ਵੱਲ ਪਹਾੜੀ ਉੱਤੇ ਹੈ। 14 ਬੈਤ ਹੋਰੋਨ ਦੇ ਦੱਖਣ ਵੱਲ ਦੀ ਪਹਾੜੀ ਉੱਤੇ ਸਰਹੱਦ ਦੱਖਣ ਵੱਲ ਮੁੜ ਜਾਂਦੀ ਸੀ ਅਤੇ ਪਹਾੜੀ ਦੇ ਪੱਛਮੀ ਪਾਸੇ ਵੱਲ ਜਾਂਦੀ ਸੀ। ਸਰਹੱਦ ਕਿਰਯਥ ਬਆਲ (ਜਿਸ ਨੂੰ ਕਿਰਯਥ ਯਾਰੀਮ ਵੀ ਆਖਿਆ ਜਾਂਦਾ ਸੀ) ਵੱਲ ਚਲੀ ਗਈ ਸੀ। ਇਹ ਕਸਬਾ ਯਹੂਦਾਹ ਦੇ ਲੋਕਾਂ ਦਾ ਸੀ। ਇਹ ਪੱਛਮੀ ਸਰਹੱਦ ਸੀ।
15 ਦੱਖਣੀ ਸਰਹੱਦ ਕਿਰਯਥ ਯਾਰੀਮ ਨੇੜਿਉ ਸ਼ੁਰੂ ਹੁੰਦੀ ਸੀ ਅਤੇ ਨਫ਼ਤੋਂਆਹ ਦੀ ਨਦੀ ਤੱਕ ਚਲੀ ਗਈ ਸੀ। 16 ਫ਼ੇਰ ਸਰਹੱਦ ਰਫ਼ਾਈਮ ਵਾਦੀ ਦੇ ਉੱਤਰ ਵੱਲ, ਬਨ ਹਿੰਨੋਮ ਦੀ ਵਾਦੀ ਦੇ ਨੇੜੇ ਪਹਾੜੀ ਦੇ ਹੇਠਾਂ ਤੱਕ ਚਲੀ ਗਈ ਸੀ। ਸਰਹੱਦ ਯਬੂਸੀ ਸ਼ਹਿਰ ਦੇ ਬਿਲਕੁਲ ਦੱਖਣ ਵਿੱਚ ਹਿੰਨੋਮ ਵਾਦੀ ਦੇ ਹੇਠਾਂ ਤੱਕ ਚਲੀ ਗਈ ਸੀ। ਫ਼ੇਰ ਸਰਹੱਦ ਏਨ ਰੋਗੇਲ ਨੂੰ ਚਲੀ ਗਈ ਸੀ। 17 ਉੱਥੇ, ਸਰਹੱਦ ਉੱਤਰ ਵੱਲ ਮੁੜਦੀ ਸੀ ਅਤੇ ਏਨ ਸ਼ਮਸ਼ ਨੂੰ ਚਲੀ ਗਈ ਸੀ। ਸਰਹੱਦ ਗਲੀਲੋਥ ਤੱਕ ਜਾਰੀ ਰਹਿੰਦੀ ਸੀ। (ਗਲੀਲੋਥ ਪਹਾੜਾਂ ਵਿੱਚ ਅੱਦੂਮੀਮ ਦੱਰ੍ਰੇ ਦੇ ਨੇੜੇ ਹੈ।) ਸਰਹੱਦ ਹੇਠਾਂ ਵੱਲ ਵੱਡੇ ਪੱਥਰ ਤੱਕ ਚਲੀ ਗਈ ਸੀ ਜਿਸਦਾ ਨਾਮ ਰਊਬੇਨ ਦੇ ਪੁੱਤਰ ਬੋਹਨ ਦੇ ਨਾਮ ਉੱਤੇ ਰੱਖਿਆ ਗਿਆ ਸੀ। 18 ਸਰਹੱਦ ਬੈਤ ਅਰਾਬਾਹ ਦੇ ਉੱਤਰੀ ਪਾਸੇ ਤੱਕ ਜਾਰੀ ਰਹਿੰਦੀ ਸੀ। ਫ਼ੇਰ ਸਰਹੱਦ ਹੇਠਾਂ ਯਰਦਨ ਵਾਦੀ ਵੱਲ ਚਲੀ ਗਈ ਸੀ। 19 ਫ਼ੇਰ ਸਰਹੱਦ ਬੈਤ ਹਾਗਲਾਹ ਦੇ ਉੱਤਰੀ ਪਾਸੇ ਤੱਕ ਚਲੀ ਗਈ ਸੀ ਅਤੇ ਡੈਡ ਸੀ ਦੇ ਉੱਤਰੀ ਕੰਢੇ ਉੱਤੇ ਖ਼ਤਮ ਹੁੰਦੀ ਸੀ। ਇੱਥੇ ਹੀ ਯਰਦਨ ਨਦੀ ਸਾਗਰ ਵਿੱਚ ਡਿੱਗਦੀ ਸੀ। ਇਹ ਦੱਖਣੀ ਸਰਹੱਦ ਸੀ।
20 ਯਰਦਨ ਨਦੀ ਪੂਰਬੀ ਸਰਹੱਦ ਸੀ। ਇਸ ਤਰ੍ਹਾਂ ਉਹ ਧਰਤੀ ਸੀ ਜਿਹੜੀ ਬਿਨਯਾਮੀਨ ਦੇ ਪਰਿਵਾਰ-ਸਮੂਹ ਨੂੰ ਦਿੱਤੀ ਗਈ ਸੀ। ਸਾਰੇ ਪਾਸਿਆਂ ਦੀਆਂ ਸਰਹੱਦਾਂ ਇਹ ਹਨ: 21 ਹਰ ਪਰਿਵਾਰ ਨੂੰ ਆਪਣੀ ਧਰਤੀ ਮਿਲੀ ਸੀ। ਉਨ੍ਹਾਂ ਦੇ ਸ਼ਹਿਰ ਇਹ ਹਨ: 22 ਬੈਤ ਅਰਾਬਾਹ, ਸਮਾਰਯਿਮ, ਬੈਤਏਲ, 23 ਅੱਵੀਮ, ਪਾਰਾਹ, ਅਫ਼ਰਾਹ, 24 ਕਫ਼ਰ-ਅੰਮੋਨੀ, ਆਫ਼ਨੀ ਅਤੇ ਗਾਬਾ। ਉੱਥੇ 12 ਸ਼ਹਿਰ ਅਤੇ ਉਨ੍ਹਾਂ ਦੇ ਆਲੇ-ਦੁਆਲੇ ਖੇਤ ਸਨ।
25 ਬਿਨਯਾਮੀਨ ਦੇ ਪਰਿਵਾਰ-ਸਮੂਹ ਨੂੰ ਗਿਬਓਨ, ਰਾਮਾਹ, ਬਏਰੋਥ, 26 ਮਿਸਪਾਹ, ਕਫ਼ੀਰਾਹ, ਮੋਸਾਹ, 27 ਰਕਮ, ਯਿਰਪਏਲ, ਤਰਲਾਹ, 28 ਸੇਲਾ, ਅਲਫ਼, ਯਬੂਸ਼ੀ ਸ਼ਹਿਰ (ਯਰੂਸ਼ਲਮ) ਗਿਬਥ ਅਤੇ ਕਿਰਯਥ ਵੀ ਮਿਲੇ। ਉੱਥੇ ਆਲੇ-ਦੁਆਲੇ ਦੇ ਖੇਤਾਂ ਸਮੇਤ 14 ਸ਼ਹਿਰ ਸਨ। ਬਿਨਯਾਮੀਨ ਦੇ ਪਰਿਵਾਰ-ਸਮੂਹ ਨੂੰ ਇਹ ਸਾਰੇ ਇਲਾਕੇ ਮਿਲੇ ਸਨ।
ਸ਼ਿਮਓਨ ਲਈ ਧਰਤੀ
19 ਫ਼ੇਰ ਯਹੋਸ਼ੁਆ ਨੇ ਸ਼ਿਮਓਨ ਦੇ ਪਰਿਵਾਰ-ਸਮੂਹ ਦੇ ਸਾਰੇ ਪਰਿਵਾਰਾਂ ਨੂੰ ਉਨ੍ਹਾਂ ਦੇ ਹਿੱਸੇ ਦੀ ਧਰਤੀ ਦਿੱਤੀ। ਜਿਹੜੀ ਧਰਤੀ ਉਨ੍ਹਾਂ ਨੂੰ ਮਿਲੀ ਉਹ ਉਸ ਇਲਾਕੇ ਦੇ ਅੰਦਰ ਸੀ ਜਿਹੜਾ ਯਹੂਦਾਹ ਦਾ ਸੀ। 2 ਉਨ੍ਹਾਂ ਨੂੰ ਇਹ ਕੁਝ ਮਿਲਿਆ: ਬਏਰਸ਼ਬਾ (ਜਿਸ ਨੂੰ ਸ਼ਬਾ ਵੀ ਆਖਿਆ ਜਾਂਦਾ ਸੀ,) ਮੋਲਾਦਾਹ, 3 ਹਸਰ ਸੂਆਲ, ਬਾਲਾਹ, ਆਮਸ, 4 ਅਲਤੋਂਲਦ, ਬਥੂਲ, ਹਾਰਮਾਹ, 5 ਸਿਕਲਾਗ, ਬੈਤ ਮਾਰਕਾਬੋਥ, ਹਸਰ ਸੂਸਾਹ, 6 ਬੈਤ ਲਬਾਓਥ ਅਤੇ ਸਾਰੂਹਨ। ਉੱਥੇ 13 ਕਸਬੇ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਖੇਤ ਸਨ।
7 ਉਨ੍ਹਾਂ ਨੂੰ ਏਨ, ਰਿੰਮੋਨ, ਅਥਰ ਅਤੇ ਆਸ਼ਾਨ ਦੇ ਕਸਬੇ ਵੀ ਮਿਲੇ। ਓੱਥੇ ਚਾਰ ਕਸਬੇ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਖੇਤ ਸਨ। 8 ਉਨ੍ਹਾਂ ਨੂੰ ਬਆਲਥ-ਬਏਰ (ਨੇਗੇਵ ਵਿੱਚਲੇ ਰਾਮਥ) ਤੱਕ ਦੇ ਸ਼ਹਿਰਾਂ ਦੇ ਸਾਰੇ ਖੇਤ ਵੀ ਮਿਲੇ। ਇਸ ਤਰ੍ਹਾਂ ਇਹ ਇਲਾਕਾ ਸੀ ਜਿਹੜਾ ਸ਼ਿਮਓਨ ਦੇ ਪਰਿਵਾਰ-ਸਮੂਹ ਨੂੰ ਮਿਲਿਆ ਸੀ। ਹਰ ਪਰਿਵਾਰ ਨੂੰ ਆਪਣੀ ਧਰਤੀ ਮਿਲੀ। 9 ਸ਼ਿਮਓਨ ਦੀ ਧਰਤੀ ਦਾ ਹਿੱਸਾ ਉਸ ਇਲਾਕੇ ਵਿੱਚ ਸੀ ਜਿਹੜਾ ਯਹੂਦਾਹ ਨੂੰ ਮਿਲਿਆ ਸੀ। ਯਹੂਦਾਹ ਦੇ ਲੋਕਾਂ ਨੂੰ ਆਪਣੀ ਲੋੜ ਨਾਲੋਂ ਵੱਧੇਰੇ ਧਰਤੀ ਮਿਲੀ ਸੀ, ਇਸ ਲਈ ਸ਼ਿਮਓਨ ਦੇ ਲੋਕਾਂ ਨੂੰ ਉਨ੍ਹਾਂ ਦੀ ਧਰਤੀ ਵਿੱਚੋਂ ਇੱਕ ਹਿੱਸਾ ਮਿਲਿਆ ਸੀ।
ਜ਼ਬੂਲੁਨ ਲਈ ਧਰਤੀ
10 ਅਗਲਾ ਪਰਿਵਾਰ-ਸਮੂਹ, ਜਿਸਨੇ ਆਪਣੀ ਧਰਤੀ ਹਾਸਿਲ ਕੀਤੀ, ਜ਼ਬੂਲੁਨ ਸੀ। ਜ਼ਬੂਲੁਨ ਦੇ ਹਰ ਪਰਿਵਾਰ ਨੂੰ ਉਹ ਧਰਤੀ ਮਿਲੀ ਜਿਸਦਾ ਉਨ੍ਹਾਂ ਨੂੰ ਇਕਰਾਰ ਕੀਤਾ ਗਿਆ ਸੀ। ਜ਼ਬੂਲੁਨ ਦੀ ਸਰਹੱਦ ਸਰੀਦ ਤੱਕ ਜਾਂਦੀ ਸੀ। 11 ਫ਼ੇਰ ਸਰਹੱਦ ਪੱਛਮ ਵੱਲ ਮਰਾਲਾਹ ਤੱਕ ਚਲੀ ਗਈ ਸੀ ਜਿਹੜੀ ਦੱਬਾਸ਼ਬ ਨੂੰ ਛੂੰਹਦੀ ਸੀ। ਫ਼ੇਰ ਸਰਹੱਦ ਯਾਕਨੁਆਮ ਦੇ ਨੇੜੇ ਦੀ ਘਾਟੀ ਦੇ ਨਾਲ-ਨਾਲ ਚਲੀ ਗਈ ਸੀ। 12 ਫ਼ੇਰ ਸਰਹੱਦ ਪੂਰਬ ਵੱਲ ਮੁੜਦੀ ਸੀ। ਇਹ ਸ਼ਹਿਰ ਤੋਂ ਕਿਸਲੋਥ ਤਾਬੋਰ ਤੱਕ ਚਲੀ ਗਈ ਸੀ। ਫ਼ੇਰ ਸਰਹੱਦ ਅੱਗੇ ਦਾਬਰਥ ਅਤੇ ਯਾਫ਼ੀਆਂ ਤੱਕ ਚਲੀ ਗਈ ਸੀ। 13 ਫ਼ੇਰ ਸਰਹੱਦ ਗਿੱਤਾ ਹੇਫ਼ਰ ਅਤੇ ਇੱਤਾਕਾਸੀਨ ਤੱਕ ਪੂਰਬ ਵੱਲ ਨੂੰ ਚਲੀ ਜਾਂਦੀ ਸੀ। ਸਰਹੱਦ ਰਿਂਮੋਨ ਤੇ ਖਤਮ ਹੁੰਦੀ ਸੀ। ਫ਼ੇਰ ਸਰਹੱਦ ਮੁੜ ਜਾਂਦੀ ਸੀ ਅਤੇ ਨੇਆਹ ਵੱਲ ਜਾਂਦੀ ਸੀ। 14 ਨੇਆਹ ਉੱਤੇ ਸਰਹੱਦ ਫ਼ੇਰ ਮੁੜ ਜਾਂਦੀ ਸੀ ਅਤੇ ਉੱਤਰ ਵੱਲ ਹਨਾਥੋਨ ਨੂੰ ਜਾਂਦੀ ਸੀ ਅਤੇ ਯਿੱਫ਼ਤਰ ਏਲ ਦੀ ਵਾਦੀ ਤੱਕ ਜਾਂਦੀ ਰਹਿੰਦੀ ਸੀ। 15 ਇਸ ਸਰਹੱਦ ਦੇ ਅੰਦਰ ਕੱਟਾਥ, ਨਹਲਾਲ, ਸ਼ਿਮਰੋਨ, ਯਿਦਲਾਹ ਅਤੇ ਬੈਤਲਹਮ ਦੇ ਸ਼ਹਿਰ ਆ ਜਾਂਦੇ ਸਨ। ਕੁੱਲ ਮਿਲਾ ਕੇ, ਇੱਥੇ ਬਾਰਾਂ ਸ਼ਹਿਰ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਖੇਤ ਸਨ।
16 ਇਸ ਤਰ੍ਹਾਂ ਇਹ ਸ਼ਹਿਰ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਖੇਤ ਸਨ ਜਿਹੜੇ ਜ਼ਬੂਲੁਨ ਨੂੰ ਦਿੱਤੇ ਗਏ ਸਨ। ਜ਼ਬੂਲੁਨ ਦੇ ਹਰ ਪਰਿਵਾਰ ਨੂੰ ਧਰਤੀ ਦਾ ਆਪੋ-ਆਪਣਾ ਹਿੱਸਾ ਮਿਲਿਆ।
ਯਿੱਸਾਕਾਰ ਲਈ ਧਰਤੀ
17 ਧਰਤੀ ਦਾ ਚੌਥਾ ਹਿੱਸਾ ਯਿੱਸਾਕਾਰ ਦੇ ਪਰਿਵਾਰ-ਸਮੂਹ ਨੂੰ ਦਿੱਤਾ ਗਿਆ। ਇਹ ਪਰਿਵਾਰ-ਸਮੂਹ ਦੇ ਹਰ ਪਰਿਵਾਰ ਨੂੰ ਧਰਤੀ ਦਾ ਆਪੋ-ਆਪਣਾ ਹਿੱਸਾ ਮਿਲਿਆ। 18 ਜਿਹੜੀ ਧਰਤੀ ਇਸ ਪਰਿਵਾਰ-ਸਮੂਹ ਨੂੰ ਦਿੱਤੀ ਗਈ ਉਹ ਇਹ ਸੀ: ਯਿਜ਼ਰਾਏਲ, ਕਸੂਲੋਥ, ਸੂਨੇਮ, 19 ਹਫ਼ਾਰਈਮ, ਸ਼ੀਓਨ, ਅਨਾਹਰਾਥ, 20 ਰੰਬੀਥ, ਕਿਸ਼ਯੋਨ, ਆਬਸ, 21 ਰਮਥ, ਏਨ ਗਨੀਮ, ਏਨ ਹੱਦਦ ਅਤੇ ਬੈਤ ਪੱਸੇਸ।
22 ਉਨ੍ਹਾਂ ਦੀ ਧਰਤੀ ਦੀ ਸਰਹੱਦ, ਤਾਬੋਰ, ਸਾਹਸੀਮਾਹ ਅਤੇ ਬੈਤ ਸ਼ਮਸ਼ ਨੂੰ ਛੂੰਹਦੀ ਸੀ। ਸਰਹੱਦ ਯਰਦਨ ਨਦੀ ਉੱਤੇ ਮੁੱਕਦੀ ਸੀ। ਕੁੱਲ ਮਿਲਾ ਕੇ ਇੱਥੇ 16 ਕਸਬੇ ਅਤੇ ਉਨ੍ਹਾਂ ਦੇ ਆਲੇ-ਦੁਆਲੇ ਖੇਤ ਸਨ। 23 ਇਹ ਸ਼ਹਿਰ ਅਤੇ ਕਸਬੇ ਉਸ ਧਰਤੀ ਦਾ ਹਿੱਸਾ ਸਨ ਜਿਹੜੀ ਯਿੱਸਾਕਾਰ ਦੇ ਪਰਿਵਾਰ-ਸਮੂਹ ਨੂੰ ਦਿੱਤੀ ਗਈ ਸੀ! ਪਰ ਪਰਿਵਾਰ ਨੂੰ ਧਰਤੀ ਦਾ ਆਪੋ-ਆਪਣਾ ਹਿੱਸਾ ਮਿਲਿਆ ਸੀ।
ਆਸ਼ੇਰ ਲਈ ਧਰਤੀ
24 ਧਰਤੀ ਦਾ ਪੰਜਵਾਂ ਹਿੱਸਾ ਆਸ਼ੇਰ ਦੇ ਪਰਿਵਾਰ-ਸਮੂਹ ਨੂੰ ਦਿੱਤਾ ਗਿਆ। ਉਹ ਪਰਿਵਾਰ-ਸਮੂਹ ਦੇ ਹਰ ਪਰਿਵਾਰ ਨੂੰ ਧਰਤੀ ਵਿੱਚੋਂ ਆਪਣਾ ਹਿੱਸਾ ਮਿਲਿਆ। 25 ਉਸ ਪਰਿਵਾਰ-ਸਮੂਹ ਨੂੰ ਦਿੱਤੀ ਗਈ ਧਰਤੀ ਇਹ ਸੀ: ਹਲਕਥ, ਹਲੀ, ਬਟਨ, ਅਕਸ਼ਾਫ਼, 26 ਅਲੀਮਲਕ, ਅਮਾਦ ਅਤੇ ਮਿਸ਼ਾਲ।
ਪੱਛਮੀ ਸਰਹੱਦ ਕਰਮਲ ਪਰਬਤ ਅਤੇ ਸ਼ੀਹੋਰ ਲਿਬਨਾਥ ਤੱਕ ਚਲੀ ਗਈ ਸੀ। 27 ਫ਼ੇਰ ਸਰਹੱਦ ਪੂਰਬ ਵੱਲ ਮੁੜ ਗਈ ਸੀ। ਸਰਹੱਦ ਬੈਤ ਦਾਗੋਨ ਨੂੰ ਜਾਂਦੀ ਸੀ ਸਰਹੱਦ ਜ਼ਬੂਲੁਨ ਅਤੇ ਯਿੱਫ਼ਤਾਏਲ ਦੀ ਵਾਦੀ ਨੂੰ ਛੂੰਹਦੀ ਸੀ। ਫ਼ੇਰ ਸਰਹੱਦ ਉੱਤਰ ਵੱਲ ਬੈਤ ਏਮਕ ਨਈਏਲ ਤੱਕ ਜਾਂਦੀ ਸੀ। ਸਰਹੱਦ ਕਬੂਲ ਦੇ ਉੱਤਰ ਵੱਲੋਂ ਲੰਘਦੀ ਸੀ। 28 ਫ਼ੇਰ ਸਰਹੱਦ ਅਬਰੋਨ, ਰਹੋਬ, ਹੰਮੋਨ ਅਤੇ ਕਾਨਾਹ ਨੂੰ ਜਾਂਦੀ ਸੀ। ਸਰਹੱਦ ਵਡੇਰੇ ਸੀਦੋਨ ਇਲਾਕੇ ਵੱਲ ਚਲੀ ਗਈ ਸੀ। 29 ਫ਼ੇਰ ਸਰਹੱਦ ਵਾਪਸ ਦੱਖਣ ਵੱਲ ਰਾਮਾਹ ਨੂੰ ਜਾਂਦੀ ਸੀ। ਸਰਹੱਦ ਟਾਰੇ ਦੇ ਮਜ਼ਬੂਤ ਸ਼ਹਿਰ ਤੱਕ ਚਲੀ ਗਈ ਸੀ। ਫ਼ੇਰ ਸਰਹੱਦ ਮੁੜ ਜਾਂਦੀ ਸੀ ਅਤੇ ਹੋਸਾਹ ਨੂੰ ਜਾਂਦੀ ਸੀ। ਸਰਹੱਦ ਅਕਜ਼ੀਬ, 30 ਉੱਮਾਹ, ਅਫ਼ੇਕ ਅਤੇ ਰਹੋਬ ਨੇੜੇ ਸਮੁੰਦਰ ਕੰਢੇ ਜਾਕੇ ਮੁਕਦੀ ਸੀ।
ਕੁੱਲ ਮਿਲਾ ਕੇ ਇੱਥੇ 22 ਕਸਬੇ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਖੇਤ ਸਨ। 31 ਇਹ ਸ਼ਹਿਰ ਅਤੇ ਇਨ੍ਹਾਂ ਦੇ ਆਲੇ-ਦੁਆਲੇ ਦੇ ਖੇਤ ਆਸ਼ੇਰ ਦੇ ਪਰਿਵਾਰ-ਸਮੂਹ ਨੂੰ ਦਿੱਤੇ ਗਏ ਸਨ। ਉਸ ਪਰਿਵਾਰ-ਸਮੂਹ ਦੇ ਹਰ ਪਰਿਵਾਰ ਨੂੰ ਧਰਤੀ ਦਾ ਆਪੋ-ਆਪਣਾ ਹਿੱਸਾ ਮਿਲਿਆ ਸੀ।
ਨਫ਼ਤਾਲੀ ਲਈ ਧਰਤੀ
32 ਧਰਤੀ ਦਾ ਛੇਵਾਂ ਹਿੱਸਾ ਨਫ਼ਤਾਲੀ ਦੇ ਪਰਿਵਾਰ-ਸਮੂਹ ਨੂੰ ਦਿੱਤਾ ਗਿਆ ਸੀ। ਉਸ ਪਰਿਵਾਰ-ਸਮੂਹ ਦੇ ਹਰ ਪਰਿਵਾਰ ਨੂੰ ਧਰਤੀ ਦਾ ਆਪਣਾ ਹਿੱਸਾ ਮਿਲਿਆ। 33 ਉਨ੍ਹਾਂ ਦੀ ਧਰਤੀ ਦੀ ਸਰਹੱਦ ਸਆਨੰਨੀਮ ਨੇੜੇ ਇੱਕ ਵੱਡੇ ਰੁੱਖ ਤੋਂ ਸ਼ੁਰੂ ਹੁੰਦੀ ਸੀ। ਇਹ ਹਲਫ਼ ਦੇ ਨੇੜੇ ਹੈ। ਫ਼ੇਰ ਸਰਹੱਦ ਅਦਾਮੀ ਨਕਬ ਅਤੇ ਯਬਨਏਲ ਵਿੱਚੋਂ ਲੰਘਦੀ ਸੀ। ਸਰਹੱਦ ਲੱਕੂਮ ਤੱਕ ਜਾਰੀ ਰਹਿੰਦੀ ਸੀ ਅਤੇ ਯਰਦਨ ਨਦੀ ਤੇ ਆਕੇ ਮੁੱਕਦੀ ਸੀ। 34 ਫ਼ੇਰ ਸਰਹੱਦ ਅਜ਼ਨੋਥ ਤਾਬੋਰ ਵਿੱਚੋਂ ਹੁੰਦੀ ਹੋਈ ਪੱਛਮ ਵੱਲ ਚਲੀ ਗਈ ਸੀ। ਸਰਹੱਦ ਹੁੱਕੋਕ ਉੱਤੇ ਆਕੇ ਰੁਕ ਜਾਂਦੀ ਸੀ। ਦੱਖਣੀ ਸਰਹੱਦ ਜ਼ਬੂਲੁਨ ਨੂੰ ਛੂੰਹਦੀ ਸੀ ਅਤੇ ਪੱਛਮੀ ਸਰਹੱਦ ਆਸ਼ੇਰ ਨੂੰ ਛੂੰਹਦੀ ਸੀ। ਸਰਹੱਦ ਪੂਰਬ ਵੱਲ ਯਰਦਨ ਨਦੀ ਕੰਢੇ ਯਹੂਦਾਹ ਨੂੰ ਜਾਂਦੀ ਸੀ। 35 ਇਨ੍ਹਾਂ ਸਰਹੱਦਾਂ ਦੇ ਅੰਦਰ ਕੁਝ ਬਹੁਤ ਮਜ਼ਬੂਤ ਸ਼ਹਿਰ ਸਨ। ਉਹ ਸ਼ਹਿਰ ਸਨ ਸਿੱਦੀਮ, ਸੇਰ, ਹੰਮਥ, ਰਕੱਥ, ਕਿੰਨਾਰਥ, 36 ਅਦਾਮਾਹ, ਰਾਮਾਹ, ਹਾਸੋਰ 37 ਕਦਸ਼, ਅੰਦਰਈ, ਏਨ ਹਾਸੋਰ, 38 ਯਿਰੋਨ, ਮਿਗਦਲਏਲ, ਹਾਰੇਮ, ਬੈਤ ਅਨਾਥ ਅਤੇ ਬੈਤ ਸ਼ਮਸ਼। ਕੁੱਲ ਮਿਲਾ ਕੇ 19 ਕਸਬੇ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਖੇਤ ਸਨ।
39 ਇਹ ਸ਼ਹਿਰ ਅਤੇ ਇਨ੍ਹਾਂ ਦੇ ਆਲੇ-ਦੁਆਲੇ ਦੇ ਖੇਤ ਨਫ਼ਤਾਲੀ ਦੇ ਪਰਿਵਾਰ-ਸਮੂਹ ਨੂੰ ਦਿੱਤੇ ਗਏ ਸਨ। ਉਸ ਪਰਿਵਾਰ-ਸਮੂਹ ਦੇ ਹਰ ਪਰਿਵਾਰ ਨੂੰ ਧਰਤੀ ਦਾ ਆਪੋ-ਆਪਣਾ ਹਿੱਸਾ ਮਿਲਿਆ।
ਦਾਨ ਲਈ ਧਰਤੀ
40 ਫ਼ੇਰ ਧਰਤੀ ਦਾਨ ਦੇ ਪਰਿਵਾਰ-ਸਮੂਹ ਨੂੰ ਦਿੱਤੀ ਗਈ। ਉਸ ਪਰਿਵਾਰ-ਸਮੂਹ ਦੇ ਹਰ ਪਰਿਵਾਰ ਨੂੰ ਧਰਤੀ ਦਾ ਆਪਣਾ ਹਿੱਸਾ ਮਿਲਿਆ। 41 ਉਨ੍ਹਾਂ ਨੂੰ ਦਿੱਤੀ ਗਈ ਧਰਤੀ ਇਹ ਸੀ: ਸਾਰਾਹ, ਅਸ਼ਤਾਓਲ, ਇਰਸ਼ਮਸ਼, 42 ਸ਼ਆਲੱਬੀਨ, ਅਯਾਲੋਨ, ਯਿਥਲਾਹ, 43 ਏਲੋਨ, ਤਿਮਨਾਥਾਹ, ਅਕਰੋਨ, 44 ਅਲਤਕੇਹ, ਗਿਬਥੋਨ, ਬਆਲਾਥ, 45 ਯਿਹੁਦ, ਬਨੇ-ਬਰਕ, ਗਾਥ ਰਿੰਮੋਨ, 46 ਮੇ ਯਰਕੋਨ, ਅਤੇ ਯਾਫ਼ੋ ਦੇ ਨੇੜੇ ਦਾ ਇਲਾਕਾ।
47 ਪਰ ਦਾਨ ਪਰਿਵਾਰ-ਸਮੂਹ ਦੇ ਸਦੱਸਾਂ ਨੇ ਆਪਣੀ ਧਰਤੀ ਗੁਆ ਲਈ। ਉੱਥੇ ਤਾਕਤਵਰ ਦੁਸ਼ਮਨ ਸਨ ਅਤੇ ਦਾਨ ਦੇ ਲੋਕ ਉਨ੍ਹਾਂ ਨੂੰ ਆਸਾਨੀ ਨਾਲ ਹਰਾ ਨਹੀਂ ਸੱਕਦੇ ਸਨ। ਇਸ ਲਈ ਉਹ ਇਸਰਾਏਲ ਦੇ ਉੱਤਰੀ ਹਿੱਸੇ ਵੱਲ ਗਏ ਅਤੇ ਲਾਈਸ਼ ਦੇ ਖਿਲਾਫ਼ ਲੜੇ ਉਨ੍ਹਾਂ ਨੇ ਲਾਈਸ਼ ਨੂੰ ਹਰਾ ਦਿੱਤਾ ਅਤੇ ਉੱਥੇ ਰਹਿੰਦੇ ਲੋਕਾਂ ਨੂੰ ਮਾਰ ਦਿੱਤਾ। ਫ਼ੇਰ ਉਨ੍ਹਾਂ ਨੇ ਉਸ ਜਗ਼੍ਹਾ ਦਾ ਨਾਮ ਦਾਨ ਰੱਖ ਦਿੱਤਾ ਕਿਉਂਕਿ ਇਹ ਉਨ੍ਹਾਂ ਦੇ ਪੁਰਖਿਆਂ ਦੇ ਪਰਿਵਾਰ ਦਾ ਨਾਮ ਸੀ। 48 ਇਹ ਸਾਰੇ ਸ਼ਹਿਰ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਖੇਤ ਦਾਨ ਦੇ ਪਰਿਵਾਰ-ਸਮੂਹ ਨੂੰ ਦਿੱਤੇ ਗਏ। ਹਰ ਪਰਿਵਾਰ ਨੂੰ ਧਰਤੀ ਵਿੱਚੋਂ ਆਪਣਾ ਹਿੱਸਾ ਮਿਲਿਆ।
ਯਹੋਸ਼ੁਆ ਲਈ ਧਰਤੀ
49 ਇਸ ਤਰ੍ਹਾਂ ਆਗੂਆਂ ਨੇ ਧਰਤੀ ਨੂੰ ਵੰਡਣ ਅਤੇ ਇਸ ਨੂੰ ਭਿੰਨ-ਭਿੰਨ ਪਰਿਵਾਰ-ਸਮੂਹਾਂ ਨੂੰ ਦੇਣ ਦਾ ਕੰਮ ਮੁਕਾ ਲਿਆ। ਸਾਰਾ ਕੰਮ ਮੁਕਾ ਲੈਣ ਤੋਂ ਬਾਦ ਇਸਰਾਏਲ ਦੇ ਲੋਕਾਂ ਨੇ ਨੂਨ ਦੇ ਪੁੱਤਰ ਯਹੋਸ਼ੁਆ ਨੂੰ ਵੀ ਧਰਤੀ ਦਾ ਕੁਝ ਹਿੱਸਾ ਦੇਣ ਦਾ ਨਿਆਂ ਕੀਤਾ। ਇਹ ਉਹ ਧਰਤੀ ਸੀ ਜਿਸਦਾ ਉਸ ਦੇ ਲਈ ਇਕਰਾਰ ਕੀਤਾ ਗਿਆ ਸੀ। 50 ਯਹੋਵਾਹ ਨੇ ਆਦੇਸ਼ ਦਿੱਤਾ ਸੀ ਕਿ ਉਸ ਨੂੰ ਇਹ ਧਰਤੀ ਮਿਲੇ। ਇਸ ਲਈ ਉਨ੍ਹਾਂ ਨੇ ਅਫ਼ਰਾਈਮ ਦੇ ਪਹਾੜੀ ਪ੍ਰਦੇਸ਼ ਵਿੱਚ ਤਿਮਨਾਥਾਹ ਸਰਹ ਦਾ ਕਸਬਾ ਯਹੋਸ਼ੁਆ ਨੂੰ ਦਿੱਤਾ। ਇਹ ਉਹੀ ਕਸਬਾ ਸੀ ਜਿਸ ਬਾਰੇ ਯਹੋਸ਼ੁਆ ਨੇ ਆਖਿਆ ਸੀ ਕਿ ਉਹ ਇਸ ਨੂੰ ਲੈਣ ਚਾਹੁੰਦਾ ਹੈ ਇਸ ਲਈ ਯਹੋਸ਼ੁਆ ਨੇ ਕਸਬੇ ਨੂੰ ਵੱਧੇਰੇ ਮਜ਼ਬੂਤ ਬਣਾਇਆ ਅਤੇ ਉੱਥੇ ਰਹਿਣ ਲੱਗਾ।
51 ਇਸ ਤਰ੍ਹਾਂ ਇਹ ਸਾਰੀਆਂ ਧਰਤੀਆਂ ਇਸਰਾਏਲ ਦੇ ਭਿੰਨ-ਭਿੰਨ ਪਰਿਵਾਰ-ਸਮੂਹਾਂ ਨੂੰ ਦਿੱਤੀਆਂ ਗਈਆਂ। ਜਾਜਕ ਅਲਆਜ਼ਾਰ, ਨੂਨ ਦਾ ਪੁੱਤਰ ਯਹੋਸ਼ੁਆ ਅਤੇ ਹਰੇਕ ਪਰਿਵਾਰ-ਸਮੂਹ ਦੇ ਸਾਰੇ ਆਗੂ ਧਰਤੀ ਵੰਡਣ ਲਈ ਸ਼ੀਲੋਹ ਵਿਖੇ ਇਕੱਠੇ ਹੋਏ। ਉਹ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਉੱਤੇ ਯਹੋਵਾਹ ਦੇ ਸਾਹਮਣੇ ਇਕੱਠੇ ਹੋਏ। ਇਸ ਤਰ੍ਹਾਂ ਉਨ੍ਹਾਂ ਨੇ ਧਰਤੀ ਵੰਡਣ ਦਾ ਕੰਮ ਮੁਕਾਇਆ।
ਸੁਰੱਖਿਆ ਦੇ ਸ਼ਹਿਰ
20 ਫ਼ੇਰ ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ: 2 “ਆਪਣੇ ਲਈ ਸੁਰੱਖਿਆ ਦੇ ਸ਼ਹਿਰ ਚੁਣੋ ਜਿਨ੍ਹਾਂ ਬਾਰੇ ਮੈਂ ਮੂਸਾ ਰਾਹੀਂ ਤੇਰੇ ਨਾਲ ਬੋਲਿਆ ਸੀ। 3 ਜੇ ਕੋਈ ਬੰਦਾ ਕਿਸੇ ਦੂਸਰੇ ਬੰਦੇ ਨੂੰ ਮਾਰ ਦਿੰਦਾ ਹੈ, ਪਰ ਇਹ ਇੱਕ ਦੁਰਘਟਨਾ ਹੀ ਹੈ, ਅਤੇ ਉਸ ਨੇ ਉਸ ਬੰਦੇ ਨੂੰ ਮਾਰਨਾ ਨਹੀਂ ਸੀ ਚਾਹਿਆ, ਤਾਂ ਉਹ ਉਨ੍ਹਾਂ ਰਿਸ਼ਤੇਦਾਰਾਂ ਤੋਂ ਛੁਪਣ ਲਈ, ਸੁਰੱਖਿਅਤ ਸ਼ਹਿਰ ਵਿੱਚ ਜਾ ਸੱਕਦਾ ਹੈ, ਜਿਹੜੇ ਉਸ ਨੂੰ ਮਾਰਨਾ ਚਾਹੁੰਦੇ ਸਨ।
4 “ਉਸ ਬੰਦੇ ਨੂੰ ਇਹ ਗੱਲ ਅਵੱਸ਼ ਕਰਨੀ ਚਾਹੀਦੀ ਹੈ। ਜਦੋਂ ਉਹ ਭੱਜ ਕੇ ਉਨ੍ਹਾਂ ਸੁਰੱਖਿਅਤ ਸ਼ਹਿਰਾਂ ਵਿੱਚੋਂ ਕਿਸੇ ਇੱਕ ਵਿੱਚ ਜਾਵੇ ਤਾਂ ਉਸ ਨੂੰ ਸ਼ਹਿਰ ਦੇ ਪ੍ਰਵੇਸ਼ ਉੱਤੇ ਜ਼ਰੂਰ ਖੜ੍ਹਾ ਹੋ ਜਾਣਾ ਚਾਹੀਦਾ ਹੈ। ਉਸ ਨੂੰ ਦਰਵਾਜ਼ੇ ਉੱਤੇ ਖਲੋ ਜਾਣਾ ਚਾਹੀਦਾ ਹੈ ਅਤੇ ਲੋਕਾਂ ਦੇ ਆਗੂਆਂ ਨੂੰ ਦੱਸਣਾ ਚਾਹੀਦਾ ਹੈ ਕਿ ਕੀ ਵਾਪਰਿਆ ਸੀ। ਫ਼ੇਰ ਆਗੂ ਉਸ ਨੂੰ ਸ਼ਹਿਰ ਵਿੱਚ ਦਾਖਲ ਹੋਣ ਦੀ ਇਜਾਜ਼ਤ ਦੇ ਸੱਕਦੇ ਹਨ। ਉਹ ਉਸ ਨੂੰ ਆਪਣੇ ਵਿੱਚਕਾਰ ਰਹਿਣ ਦੀ ਜਗ਼੍ਹਾ ਦੇਣਗੇ। 5 ਪਰ ਜੇਕਰ ਬਦਲੇ ਦੀ ਝਾਕ ਰੱਖਣ ਵਾਲਾ ਆਦਮੀ ਸ਼ਹਿਰ ਅੰਦਰ ਉਸਦਾ ਪਿੱਛਾ ਕਰਦਾ ਹੈ, ਤਾਂ ਉਸ ਸ਼ਹਿਰ ਦੇ ਆਗੂਆਂ ਨੂੰ, ਉਸ ਨੂੰ ਉਸ ਵਿਅਕਤੀ ਦੇ ਹਵਾਲੇ ਨਹੀਂ ਕਰਨਾ ਚਾਹੀਦਾ, ਕਿਉਂਕਿ ਉਸ ਨੇ ਦੁਰਘਟਨਾ ਵਸ਼ ਅਤੇ ਬਿਨਾ ਕਿਸੇ ਬੁਰੇ ਮੰਤਵ ਤੋਂ ਕਿਸੇ ਨੂੰ ਮਾਰਿਆ ਹੈ। 6 ਉਸ ਬੰਦੇ ਨੂੰ ਉਦੋਂ ਤੀਕ ਸ਼ਹਿਰ ਵਿੱਚ ਰਹਿਣਾ ਚਾਹੀਦਾ ਹੈ ਜਦੋਂ ਤੱਕ ਕਿ ਉਸ ਸ਼ਹਿਰ ਦੀ ਕਚਿਹਰੀ ਵਿੱਚ ਉਸ ਬਾਰੇ ਨਿਆਂ ਨਾ ਕੀਤਾ ਜਾਵੇ। ਅਤੇ ਉਸ ਨੂੰ ਉਸ ਸ਼ਹਿਰ ਵਿੱਚ ਉਦੋਂ ਤੱਕ ਰਹਿਣਾ ਚਾਹੀਦਾ ਹੈ ਜਦੋਂ ਤੱਕ ਕਿ ਪ੍ਰਧਾਨ ਜਾਜਕ ਮਰ ਨਹੀਂ ਜਾਂਦਾ। ਫ਼ੇਰ ਉਹ ਆਪਸ ਆਪਣੇ ਘਰ ਆਪਣੇ ਉਸ ਸ਼ਹਿਰਾਂ ਵਿੱਚ ਜਾ ਸੱਕਦਾ ਹੈ ਜਿੱਥੇ ਉਹ ਭੱਜ ਕੇ ਆਇਆ ਸੀ।”
7 ਇਸ ਲਈ ਇਸਰਾਏਲ ਦੇ ਲੋਕਾਂ ਨੇ ਕੁਝ ਸ਼ਹਿਰ ਦੀ “ਸੁਰੱਖਿਅਤ ਸ਼ਹਿਰਾਂ” ਵਜੋਂ ਚੋਣ ਕੀਤੀ। ਇਹ ਸ਼ਹਿਰ ਸਨ: ਨਫ਼ਤਾਲੀ ਦੇ ਪਹਾੜੀ ਇਲਾਕੇ ਵਿੱਚ ਸਨ ਗਲੀਲ ਵਿੱਚਾ ਕਦਸ਼; ਅਫ਼ਰਾਈਮ ਦੇ ਪਹਾੜੀ ਇਲਾਕੇ ਵਿੱਚਲਾ ਸ਼ਕਮ; ਯਹੂਦਾਹ ਦੇ ਪਹਾੜੀ ਇਲਾਕੇ ਵਿੱਚਲਾ ਕਿਰਯਥ ਅਰਬਾ (ਹਬਰੋਨ)।
8 ਰਊਬੇਨ ਦੀ ਧਰਤੀ ਉੱਤੇ ਮਾਰੂਥਲ ਦੇ ਇਲਾਕੇ ਵਿੱਚ ਯਰੀਹੋ ਦੇ ਸਾਹਮਣੇ ਯਰਦਨ ਨਦੀ ਦੇ ਪੂਰਬ ਵਾਲੇ ਪਾਸੇ ਦਾ, ਬਸਰ; ਗਾਦ ਦੀ ਧਰਤੀ ਉੱਤੇ, ਗਿਲਆਦ ਵਿੱਚਲਾ ਰਾਮੋਥ; ਮਨੱਸ਼ਹ ਦੀ ਧਰਤੀ ਉੱਤੇ, ਬਾਸ਼ਾਨ ਵਿੱਚਲਾ ਗੋਲਨ।
9 ਕੋਈ ਵੀ ਇਸਰਾਏਲੀ ਜਾਂ ਉਨ੍ਹਾਂ ਦੇ ਵਿੱਚਕਾਰ ਰਹਿਣ ਵਾਲਾ ਉਹ ਵਿਦੇਸ਼ੀ ਜਿਸਨੇ ਦੁਰਘਟਨਾ ਵਸ਼ ਕਿਸੇ ਬੰਦੇ ਨੂੰ ਮਾਰ ਦਿੱਤਾ ਸੀ, ਉਸ ਨੂੰ ਇਨ੍ਹਾਂ ਸੁਰੱਖਿਅਤ ਸ਼ਹਿਰਾਂ ਵਿੱਚੋਂ ਕਿਸੇ ਇੱਕ ਵੱਲ ਭੱਜ ਜਾਣ ਦੀ ਇਜਾਜ਼ਤ ਸੀ। ਫ਼ੇਰ ਉਹ ਬੰਦਾ ਉੱਥੇ ਸੁਰੱਖਿਅਤ ਹੋ ਸੱਕਦਾ ਸੀ ਅਤੇ ਕਿਸੇ ਅਜਿਹੇ ਬੰਦੇ ਵੱਲੋਂ ਮਾਰਿਆ ਨਹੀਂ ਜਾ ਸੱਕਦਾ ਸੀ ਜਿਹੜਾ ਉਸਦਾ ਪਿੱਛਾ ਕਰ ਰਿਹਾ ਹੋਵੇ! ਉਸ ਬੰਦੇ ਬਾਰੇ ਸ਼ਹਿਰ ਦੀ ਕਚਿਹਰੀ ਵਿੱਚ ਨਿਆਂ ਹੋਣਾ ਸੀ।
ਲੇਵੀਆਂ ਅਤੇ ਜਾਜਕਾਂ ਲਈ ਸ਼ਹਿਰ
21 ਲੇਵੀ ਪਰਿਵਾਰ-ਸਮੂਹ ਦੇ ਸ਼ਾਸਕ, ਜਾਜਕ ਅਲਆਜ਼ਾਰ, ਨੂਨ ਦੇ ਪੁੱਤਰ ਯਹੋਸ਼ੁਆ ਅਤੇ ਇਸਰਾਏਲ ਦੇ ਹੋਰਨਾ ਪਰਿਵਾਰ-ਸਮੂਹਾਂ ਦੇ ਆਗੂਆਂ ਕੋਲ ਗੱਲ ਕਰਨ ਲਈ ਗਏ। 2 ਇਹ ਗੱਲ ਕਨਾਨ ਦੀ ਧਰਤੀ ਉੱਤੇ ਸ਼ੀਲੋਹ ਕਸਬੇ ਵਿੱਚ ਵਾਪਰੀ। ਲੇਵੀ ਹਾਕਮਾਂ ਨੇ ਉਨ੍ਹਾਂ ਨੂੰ ਆਖਿਆ, “ਯਹੋਵਾਹ ਨੇ ਮੂਸਾ ਨੂੰ ਇੱਕ ਆਦੇਸ਼ ਦਿੱਤਾ ਸੀ। ਉਸ ਨੇ ਆਦੇਸ਼ ਦਿੱਤਾ ਸੀ ਕਿ ਤੁਸੀਂ ਸਾਨੂੰ ਰਹਿਣ ਵਾਸਤੇ ਕਸਬੇ ਦੇਵੋਂਗੇ। ਅਤੇ ਉਸ ਨੇ ਆਦੇਸ਼ ਦਿੱਤਾ ਸੀ ਕਿ ਤੁਸੀਂ ਸਾਨੂੰ ਸਾਡੇ ਜਾਨਵਰਾਂ ਦੇ ਚਰਨ ਵਾਸਤੇ ਖੇਤ ਦੇਵੋਂਗੇ।” 3 ਇਸ ਲਈ ਇਸਰਾਏਲ ਦੇ ਲੋਕਾਂ ਨੇ ਯਹੋਵਾਹ ਦੇ ਇਸ ਆਦੇਸ਼ ਨੂੰ ਮੰਨਿਆ। ਉਨ੍ਹਾਂ ਨੇ ਲੇਵੀ ਲੋਕਾਂ ਨੂੰ ਇਹ ਕਸਬੇ ਅਤੇ ਉਨ੍ਹਾਂ ਦੇ ਜਾਨਵਰਾਂ ਲਈ ਆਲੇ-ਦੁਆਲੇ ਦੇ ਖੇਤ ਦਿੱਤੇ:
4 ਕਹਾਥ ਪਰਿਵਾਰ ਵਾਲੇ ਲੇਵੀ ਦੇ ਪਰਿਵਾਰ-ਸਮੂਹ ਵਿੱਚੋਂ ਜਾਜਕ ਹਾਰੂਨ ਦੇ ਉੱਤਰਾਧਿਕਾਰੀ ਸਨ। ਕਹਾਥ ਪਰਿਵਾਰ ਦੇ ਇੱਕ ਹਿੱਸੇ ਨੂੰ, ਉਨ੍ਹਾਂ ਇਲਾਕਿਆਂ ਵਿੱਚ 13 ਕਸਬੇ ਦਿੱਤੇ ਗਏ, ਜਿਹੜੇ ਯਹੂਦਾਹ, ਸ਼ਿਮਓਨ ਅਤੇ ਬਿਨਯਾਮੀਨ ਦੀ ਮਾਲਕੀ ਹੇਠਾਂ ਸਨ।
5 ਹੋਰਨਾ ਕਹਾਥ ਪਰਿਵਾਰਾਂ ਨੂੰ ਦਸ ਕਸਬੇ ਉਨ੍ਹਾਂ ਇਲਾਕਿਆਂ ਅੰਦਰ ਦਿੱਤੇ ਗਏ ਜਿਹੜੇ ਅਫ਼ਰਾਈਮ, ਦਾਨ ਅਤੇ ਅੱਧੇ ਮਨੱਸ਼ਹ ਦੀ ਮਾਲਕੀ ਹੇਠਾਂ ਸਨ।
6 ਗੇਰਸ਼ੋਨ ਪਰਿਵਾਰ ਦੇ ਲੋਕਾਂ ਨੂੰ 13 ਕਸਬੇ ਦਿੱਤੇ ਗਏ। ਇਹ ਕਸਬੇ ਉਨ੍ਹਾਂ ਇਲਾਕਿਆਂ ਵਿੱਚ ਸਨ ਜਿਹੜੇ ਯਿੱਸਾਕਾਰ, ਆਸ਼ੇਰ, ਨਫ਼ਤਾਲੀ ਅਤੇ ਬਾਸ਼ਾਨ ਵਿੱਚਲੇ ਅੱਧੇ ਮਨੱਸ਼ਹ ਦੀ ਮਾਲਕੀ ਹੇਠਾਂ ਸਨ।
7 ਮਰਾਰੀ ਪਰਿਵਾਰ ਦੇ ਲੋਕਾਂ ਨੂੰ ਬਾਰਾਂ ਕਸਬੇ ਦਿੱਤੇ ਗਏ। ਇਹ ਬਾਰਾਂ ਕਸਬੇ ਉਨ੍ਹਾਂ ਇਲਾਕਿਆਂ ਵਿੱਚ ਆਉਂਦੇ ਸਨ ਜਿਹੜੇ ਰਊਬੇਨ, ਗਾਦ ਅਤੇ ਜ਼ਬੂਲੁਨ ਦੀ ਮਾਲਕੀ ਹੇਠਾਂ ਸਨ।
8 ਇਸ ਤਰ੍ਹਾਂ ਇਸਰਾਏਲ ਦੇ ਲੋਕਾਂ ਨੇ ਲੇਵੀ ਲੋਕਾਂ ਨੂੰ, ਜਿਵੇਂ ਕਿ ਯਹੋਵਾਹ ਨੇ ਮੂਸਾ ਨੂੰ ਆਖਿਆ ਸੀ, ਇਹ ਕਸਬੇ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਖੇਤ ਦੇ ਦਿੱਤੇ।
9 ਉਨ੍ਹਾਂ ਕਸਬਿਆਂ ਦੇ ਨਾਮ, ਜਿਹੜੇ ਯਹੂਦਾਹ ਅਤੇ ਸ਼ਿਮਓਨ ਦੀ ਮਾਲਕੀ ਹੇਠਲੇ ਇਲਾਕਿਆਂ ਵਿੱਚ ਸਨ, ਇਹ ਹਨ। 10 ਕਸਬਿਆਂ ਦੀ ਚੋਣ ਕਰਨ ਦਾ ਪਹਿਲਾ ਹੱਕ ਕਹਾਥ ਪਰਿਆਰ ਦੇ ਲੇਵੀਆਂ ਨੂੰ ਦਿੱਤਾ ਗਿਆ। 11 ਉਨ੍ਹਾਂ ਨੇ ਉਨ੍ਹਾਂ ਨੂੰ ਕਿਰਯਥ ਅਰਬਾ ਦਿੱਤਾ (ਇਹ ਹਬਰੋਨ ਹੈ। ਇਸਦਾ ਨਾਮ ਅਰਬਾ ਨਾਮ ਦੇ ਆਦਮੀ ਉੱਤੇ ਰੱਖਿਆ ਗਿਆ ਸੀ। ਅਰਬਾ ਅਨੋਕ ਦਾ ਪਿਉ ਸੀ।) ਉਨ੍ਹਾਂ ਨੇ ਉਨ੍ਹਾਂ ਦੇ ਜਾਨਵਰਾਂ ਲਈ ਕਸਬੇ ਦੇ ਨਜ਼ਦੀਕ ਕੁਝ ਧਰਤੀ ਵੀ ਦੇ ਦਿੱਤੀ। 12 ਪਰ ਕਿਰਯਥ ਅਰਬਾ ਸ਼ਹਿਰ ਦੇ ਆਲੇ-ਦੁਆਲੇ ਦੇ ਛੋਟੇ ਕਸਬੇ ਅਤੇ ਖੇਤ ਯਫ਼ੁੰਨਾਹ ਦੇ ਪੁੱਤਰ ਕਾਲੇਬ ਦੀ ਮਾਲਕੀ ਹੇਠਾਂ ਸਨ। 13 ਇਸ ਲਈ ਉਨ੍ਹਾਂ ਨੇ ਹਾਰੂਨ ਦੇ ਉੱਤਰਾਧਿਕਾਰੀਆਂ ਨੂੰ ਹਬਰੋਨ ਸ਼ਹਿਰ ਦੇ ਦਿੱਤਾ। (ਹਬਰੋਨ ਸੁਰੱਖਿਅਤ ਸ਼ਹਿਰ ਸੀ।) ਉਨ੍ਹਾਂ ਨੇ ਹਾਰੂਨ ਦੇ ਉੱਤਰਾਧਿਕਾਰੀਆਂ ਨੂੰ ਲਬਾਨੋਨ, 14 ਯੱਤਿਰ, ਅਸ਼ਤਮੋਆ, 15 ਹੋਲੋਨ, ਦਬਿਰ, ਹੋਲੋਨ, ਦਬਿਰ, 16 ਆਇਨ, ਯੁੱਤਾਹ ਅਤੇ ਬੈਤ ਸ਼ਮਸ਼ ਦੇ ਕਸਬੇ ਵੀ ਦਿੱਤੇ। ਉਨ੍ਹਾਂ ਨੇ ਉਨ੍ਹਾਂ ਦੇ ਜਾਨਵਰਾਂ ਲਈ ਇਨ੍ਹਾਂ ਕਸਬਿਆਂ ਦੇ ਨੇੜੇ ਦੀ ਕੁਝ ਧਰਤੀ ਵੀ ਦੇ ਦਿੱਤੀ। ਉਨ੍ਹਾਂ ਨੇ ਇਨ੍ਹਾਂ ਸਮੂਹਾਂ ਨੂੰ ਨੌਂ ਕਸਬੇ ਦਿੱਤੇ।
17 ਉਨ੍ਹਾਂ ਨੇ ਹਾਰੂਨ ਦੇ ਉੱਤਰਾਧਿਕਾਰੀਆਂ ਨੂੰ ਉਹ ਸ਼ਹਿਰ ਵੀ ਦਿੱਤੇ ਜਿਹੜੇ ਬਿਨਯਾਮੀਨ ਦੇ ਪਰਿਵਾਰ-ਸਮੂਹ ਦੀ ਮਾਲਕੀ ਹੇਠਾਂ ਸਨ ਇਹ ਸ਼ਹਿਰ ਸਨ ਗਿਬਓਨ, ਗਬਾ, 18 ਅਨਾਥੋਥ ਅਤੇ ਅਲਮੋਨ ਉਨ੍ਹਾਂ ਨੇ ਉਨ੍ਹਾਂ ਨੂੰ ਇਹ ਚਾਰ ਕਸਬੇ ਅਤੇ ਉਨ੍ਹਾਂ ਦੇ ਜਾਨਵਰਾਂ ਲਈ ਇਨ੍ਹਾਂ ਕਸਬਿਆਂ ਦੇ ਨੇੜੇ ਦੀ ਕੁਝ ਧਰਤੀ ਦਿੱਤੀ। 19 ਕੁੱਲ ਮਿਲਾ ਕੇ ਉਨ੍ਹਾਂ ਨੇ ਜਾਜਕਾਂ ਨੂੰ 13 ਕਸਬੇ ਦਿੱਤੇ। (ਸਾਰੇ ਜਾਜਕ ਹਾਰੂਨ ਦੀ ਸੰਤਾਨ ਸਨ।) ਉਨ੍ਹਾਂ ਨੇ ਉਨ੍ਹਾਂ ਨੂੰ ਹਰੇਕ ਕਸਬੇ ਦੇ ਨੇੜੇ ਦੀ ਕੁਝ ਧਰਤੀ ਉਨ੍ਹਾਂ ਦੇ ਜਾਨਵਰਾਂ ਲਈ ਦਿੱਤੀ।
20 ਕਹਾਥ ਪਰਿਵਾਰ ਦੇ ਹੋਰਨਾਂ ਲੋਕਾਂ ਨੂੰ ਉਹ ਕਸਬੇ ਦਿੱਤੇ ਗਏ ਜਿਹੜੇ ਅਫ਼ਰਾਈਮ ਦੇ ਪਰਿਵਾਰ-ਸਮੂਹ ਦੀ ਮਾਲਕੀ ਹੇਠਲੇ ਇਲਾਕਿਆਂ ਵਿੱਚ ਸਨ। ਉਨ੍ਹਾਂ ਨੂੰ ਇਹ ਕਸਬੇ ਮਿਲੇ: 21 ਅਫ਼ਰਾਈਮ ਦੇ ਪਹਾੜੀ ਪ੍ਰਦੇਸ਼ ਦਾ ਸ਼ਹਿਰ ਸ਼ਕਮ। (ਸ਼ਕਮ ਸੁਰੱਖਿਅਤ ਸ਼ਹਿਰ ਸੀ।) ਉਨ੍ਹਾਂ ਨੂੰ ਗਜ਼ਰ, 22 ਕਿਬਸੈਮ ਅਤੇ ਬੈਤ ਹੋਰੋਨ ਵੀ ਮਿਲੇ। ਕੁੱਲ ਮਿਲਾ ਕੇ ਅਫ਼ਰਾਈਮ ਨੇ ਉਨ੍ਹਾਂ ਨੂੰ ਚਾਰ ਕਸਬੇ, ਹਰੇਕ ਕਸਬੇ ਦੇ ਆਲੇ-ਦੁਆਲੇ ਦੀ ਕੁਝ ਧਰਤੀ, ਉਨ੍ਹਾਂ ਦੇ ਜਾਨਵਰਾਂ ਲਈ ਦਿੱਤੀ।
23 ਦਾਨ ਦੇ ਪਰਿਵਾਰ-ਸਮੂਹ ਨੇ ਉਨ੍ਹਾਂ ਨੂੰ ਅਲਤਕੇਹ ਗਿਬਥੋਨ, 24 ਅੱਯਾਲੋਨ ਅਤੇ ਗਥ ਰਿੰਮੋਨ ਦਿੱਤੇ। ਕੁੱਲ ਮਿਲਾ ਕੇ ਦਾਨ ਨੇ ਉਨ੍ਹਾਂ ਨੂੰ ਚਾਰ ਕਸਬੇ ਅਤੇ ਹਰੇਕ ਕਸਬੇ ਦੇ ਆਲੇ-ਦੁਆਲੇ ਦੀ ਧਰਤੀ, ਉਨ੍ਹਾਂ ਦੇ ਜਾਨਵਰਾਂ ਲਈ ਦਿੱਤੀ।
25 ਮਨੱਸ਼ਹ ਦੇ ਅੱਧੇ ਪਰਿਵਾਰ-ਸਮੂਹ ਨੇ ਉਨ੍ਹਾਂ ਨੂੰ ਤਾਨਾਕ ਅਤੇ ਗਥ ਰਿੰਮੋਨ ਦਿੱਤੇ। ਕੁੱਲ ਮਿਲਾ ਕੇ ਇਸ ਅੱਧੇ ਮਨੱਸ਼ਹ ਨੇ ਉਨ੍ਹਾਂ ਨੂੰ ਦੋ ਕਸਬੇ ਅਤੇ ਹਰੇਕ ਕਸਬੇ ਦੇ ਆਲੇ-ਦੁਆਲੇ ਦੀ ਕੁਝ ਧਰਤੀ, ਉਨ੍ਹਾਂ ਦੇ ਜਾਨਵਰਾਂ ਲਈ ਦਿੱਤੀ।
26 ਕੁੱਲ ਮਿਲਾ ਕੇ, ਕਹਾਥ ਪਰਿਵਾਰ ਦੇ ਰਹਿੰਦੇ ਲੋਕਾਂ ਨੂੰ ਦਸ ਕਸਬੇ ਅਤੇ ਹਰੇਕ ਕਸਬੇ ਦੇ ਆਲੇ-ਦੁਆਲੇ ਦੀ ਕੁਝ ਧਰਤੀ, ਉਨ੍ਹਾਂ ਦੇ ਜਾਨਵਰਾਂ ਲਈ ਮਿਲੀ। 27 ਗੇਰਸ਼ੋਨ ਪਰਿਵਾਰ ਵੀ ਲੇਵੀ ਦੇ ਪਰਿਵਾਰ-ਸਮੂਹ ਵਿੱਚੋਂ ਸੀ। ਉਨ੍ਹਾਂ ਨੂੰ ਇਹ ਕਸਬੇ ਮਿਲੇ:
ਮਨੱਸ਼ਹ ਦੇ ਅੱਧੇ ਪਰਿਵਾਰ-ਸਮੂਹ ਨੇ ਉਨ੍ਹਾਂ ਨੂੰ ਬਾਸ਼ਾਨ ਵਿੱਚਲਾ ਗੋਲਨ ਦਿੱਤਾ। (ਗੋਲਨ ਸੁਰੱਖਿਅਤ ਸ਼ਹਿਰ ਸੀ।) ਮਨੱਸ਼ਹ ਨੇ ਉਨ੍ਹਾਂ ਨੂੰ ਬਅਸ਼ਤਰਾਹ ਵੀ ਦਿੱਤਾ। ਕੁੱਲ ਮਿਲਾ ਕੇ ਇਸ ਅੱਧੇ ਮਨੱਸ਼ਹ ਨੇ ਉਨ੍ਹਾਂ ਨੂੰ ਦੋ ਕਸਬੇ ਅਤੇ ਹਰੇਕ ਦੇ ਆਲੇ-ਦੁਆਲੇ ਦੀ ਕੁਝ ਧਰਤੀ ਉਨ੍ਹਾਂ ਦੇ ਜਾਨਵਰਾਂ ਲਈ ਦਿੱਤੀ।
28 ਯਿੱਸਾਕਾਰ ਦੇ ਪਰਿਵਾਰ-ਸਮੂਹ ਨੇ ਉਨ੍ਹਾਂ ਨੂੰ ਕਿਸ਼ਯੋਨ, ਦਾਬਰਥ, 29 ਯਰਮੂਥ ਅਤੇ ਏਨ ਗੱਨੀਮ ਦਿੱਤੇ। ਕੁੱਲ ਮਿਲਾ ਕੇ ਯਿੱਸਾਕਾਰ ਨੇ ਉਨ੍ਹਾਂ ਨੂੰ ਚਾਰ ਕਸਬੇ ਅਤੇ ਹਰੇਕ ਕਸਬੇ ਦੇ ਆਲੇ-ਦੁਆਲੇ ਦੀ ਕੁਝ ਧਰਤੀ ਉਨ੍ਹਾਂ ਦੇ ਜਾਨਵਰਾਂ ਲਈ ਦਿੱਤੀ।
30 ਆਸ਼ੇਰ ਦੇ ਪਰਿਵਾਰ-ਸਮੂਹ ਨੇ ਉਨ੍ਹਾਂ ਨੂੰ ਮਿਸ਼ਾਲ, ਅਬਦੋਨ, 31 ਹਲਕਾਥ ਅਤੇ ਰਹੋਬ ਦਿੱਤੇ। ਕੁੱਲ ਮਿਲਾ ਕੇ ਆਸ਼ੇਰ ਨੇ ਉਨ੍ਹਾਂ ਨੂੰ ਚਾਰ ਕਸਬੇ ਅਤੇ ਹਰੇਕ ਕਸਬੇ ਦੇ ਆਲੇ-ਦੁਆਲੇ ਦੀ ਕੁਝ ਧਰਤੀ ਉਨ੍ਹਾਂ ਦੇ ਜਾਨਵਰਾਂ ਲਈ ਦਿੱਤੀ।
32 ਨਫ਼ਤਾਲੀ ਦੇ ਪਰਿਵਾਰ-ਸਮੂਹ ਨੇ ਉਨ੍ਹਾਂ ਨੂੰ ਗਲੀਲ ਵਿੱਚਲਾ ਕਦਸ਼ ਦਿੱਤਾ। (ਕਦਸ਼ ਸੁਰੱਖਿਅਤ ਸ਼ਹਿਰ ਸੀ।) ਨਫ਼ਤਾਲੀ ਨੇ ਉਨ੍ਹਾਂ ਨੂੰ ਹੱਮੋਥ ਦੌਰ ਅਤੇ ਕਰਤਾਨ ਵੀ ਦਿੱਤੇ ਕੁੱਲ ਮਿਲਾ ਕੇ ਨਫ਼ਤਾਲੀ ਨੇ ਉਨ੍ਹਾਂ ਨੂੰ ਤਿੰਨ ਕਸਬੇ ਅਤੇ ਹਰੇਕ ਕਸਬੇ ਦੇ ਆਲੇ-ਦੁਆਲੇ ਦੀ ਕੁਝ ਧਰਤੀ, ਉਨ੍ਹਾਂ ਦੇ ਜਾਨਵਰਾਂ ਲਈ ਦਿੱਤੀ।
33 ਕੁੱਲ ਮਿਲਾ ਕੇ ਗੇਰਸ਼ੋਨ ਪਰਿਵਾਰ ਨੂੰ 13 ਕਸਬੇ ਅਤੇ ਹਰੇਕ ਕਸਬੇ ਦੇ ਆਲੇ-ਦੁਆਲੇ ਦੀ ਕੁਝ ਧਰਤੀ ਉਨ੍ਹਾਂ ਦੇ ਜਾਨਵਰਾਂ ਲਈ ਮਿਲੀ।
34 ਦੂਸਰਾ ਲੇਵੀ-ਸਮੂਹ ਮਰਾਰੀ ਪਰਿਵਾਰ ਸੀ। ਮਰਾਰੀ ਪਰਿਵਾਰ ਨੂੰ ਇਹ ਕਸਬੇ ਮਿਲੇ: ਜ਼ਬੂਲੁਨ ਦੇ ਪਰਿਵਾਰ-ਸਮੂਹ ਨੇ ਉਨ੍ਹਾਂ ਨੂੰ ਯਾਕਨਾਮ, ਕਾਰਤਾਹ, 35 ਦਿਮਨਾਹ ਅਤੇ ਨਹਲਾਲ ਦਿੱਤੇ। ਕੁੱਲ ਮਿਲਾ ਕੇ ਜ਼ਬੂਲੁਨ ਨੇ ਉਨ੍ਹਾਂ ਨੂੰ ਚਾਰ ਕਸਬੇ ਅਤੇ ਹਰੇਕ ਕਸਬੇ ਦੇ ਆਲੇ-ਦੁਆਲੇ ਦੀ ਕੁਝ ਧਰਤੀ, ਉਨ੍ਹਾਂ ਦੇ ਜਾਨਵਰਾਂ ਲਈ ਦਿੱਤੀ। 36 ਰਊਬੇਨ ਦੇ ਪਰਿਵਾਰ-ਸਮੂਹ ਨੇ ਉਨ੍ਹਾਂ ਨੂੰ ਬਸਰ, ਯਾਹਸਾਹ, 37 ਕੇਦੋਮੋਥ ਅਤੇ ਮੇਪਅਬ ਦਿੱਤੇ। ਕੁੱਲ ਮਿਲਾ ਕੇ ਰਊਬੇਨ ਨੇ ਉਨ੍ਹਾਂ ਨੂੰ ਚਾਰ ਕਸਬੇ ਅਤੇ ਹਰੇਕ ਕਸਬੇ ਦੇ ਆਲੇ-ਦੁਆਲੇ ਦੀ ਕੁਝ ਧਰਤੀ, ਉਨ੍ਹਾਂ ਦੇ ਜਾਨਵਰਾਂ ਲਈ ਦਿੱਤੀ। 38 ਗਾਦ ਦੇ ਪਰਿਵਾਰ-ਸਮੂਹ ਨੇ ਉਨ੍ਹਾਂ ਨੂੰ ਗਿਲਆਦ ਵਿੱਚਲਾ ਰਾਮੋਥ ਦਿੱਤਾ। (ਰਾਮੋਥ ਸੁਰੱਖਿਅਤ ਸ਼ਹਿਰ ਸੀ।) ਉਨ੍ਹਾਂ ਨੇ ਉਨ੍ਹਾਂ ਨੂੰ ਮਹਨਇਮ, 39 ਹਸ਼ਬੋਨ ਅਤੇ ਯਆਜ਼ੇਰ ਵੀ ਦਿੱਤੇ। ਕੁੱਲ ਮਿਲਾ ਕੇ ਗਾਦ ਨੇ ਉਨ੍ਹਾਂ ਨੂੰ ਚਾਰ ਕਸਬੇ ਅਤੇ ਹਰੇਕ ਕਸਬੇ ਦੇ ਆਲੇ-ਦੁਆਲੇ ਦੀ ਕੁਝ ਧਰਤੀ ਉਨ੍ਹਾਂ ਦੇ ਜਾਨਵਰਾਂ ਲਈ ਦਿੱਤੀ।
40 ਕੁੱਲ ਮਿਲਾ ਕੇ ਲੇਵੀ ਦੇ ਆਖਰੀ ਪਰਿਵਾਰ ਮਰਾਰੀ ਪਰਿਵਾਰ ਨੂੰ 12 ਕਸਬੇ ਮਿਲੇ।
41 ਇਸ ਤਰ੍ਹਾਂ ਲੇਵੀਆਂ ਨੂੰ ਕੁੱਲ 48 ਕਸਬੇ ਅਤੇ ਹਰੇਕ ਕਸਬੇ ਦੇ ਆਲੇ-ਦੁਆਲੇ ਦੀ ਕੁਝ ਧਰਤੀ ਉਨ੍ਹਾਂ ਦੇ ਜਾਨਵਰਾਂ ਲਈ ਮਿਲੀ। ਇਹ ਸਾਰੇ ਕਸਬੇ ਉਨ੍ਹਾਂ ਇਲਾਕਿਆਂ ਵਿੱਚ ਸਨ ਜਿਹੜੇ ਹੋਰਨਾ ਪਰਿਵਾਰ-ਸਮੂਹਾਂ ਦੀ ਮਾਲਕੀ ਹੇਠਾਂ ਸਨ। 42 ਇਨ੍ਹਾਂ ਵਿੱਚੋਂ ਹਰੇਕ ਕਸਬੇ ਕੋਲ ਉਨ੍ਹਾਂ ਦੇ ਜਾਨਵਰਾਂ ਲਈ ਕੁਝ ਧਰਤੀ ਸੀ। ਇਹ ਗੱਲ ਹਰੇਕ ਕਸਬੇ ਬਾਰੇ ਸਹੀ ਸੀ।
43 ਇਸ ਤਰ੍ਹਾਂ ਯਹੋਵਾਹ ਨੇ ਉਸ ਇਕਰਾਰ ਨੂੰ ਨਿਭਾਇਆ ਜਿਹੜਾ ਉਸ ਨੇ ਇਸਰਾਏਲ ਦੇ ਲੋਕਾਂ ਨਾਲ ਕੀਤਾ ਸੀ। ਉਸ ਨੇ ਲੋਕਾਂ ਨੂੰ ਉਹ ਸਾਰੀ ਧਰਤੀ ਦਿੱਤੀ ਜਿਸਦਾ ਉਸ ਨੇ ਇਕਰਾਰ ਕੀਤਾ ਸੀ। ਲੋਕਾਂ ਨੇ ਧਰਤੀ ਪ੍ਰਾਪਤ ਕੀਤੀ ਅਤੇ ਉਸ ਵਿੱਚ ਵਸ ਗਏ। 44 ਅਤੇ ਯਹੋਵਾਹ ਨੇ, ਜਿਹਾ ਕਿ ਉਸ ਨੇ ਉਨ੍ਹਾਂ ਦੇ ਪੁਰਖਿਆਂ ਨਾਲ ਇਕਰਾਰ ਕੀਤਾ ਸੀ, ਉਨ੍ਹਾਂ ਦੇ ਧਰਤੀ ਦੇ ਹਰ ਪਾਸੇ ਸ਼ਾਂਤੀ ਰੱਖਣ ਦੀ ਇਜਾਜ਼ਤ ਦੇ ਦਿੱਤੀ। ਉਨ੍ਹਾਂ ਦੇ ਕਿਸੇ ਵੀ ਦੁਸ਼ਮਣ ਨੇ ਉਨ੍ਹਾਂ ਨੂੰ ਨਹੀਂ ਹਰਾਇਆ। ਯਹੋਵਾਹ ਨੇ ਇਸਰਾਏਲ ਦੇ ਲੋਕਾਂ ਨੂੰ ਹਰ ਦੁਸ਼ਮਣ ਨੂੰ ਹਰਾਉਣ ਦੀ ਇਜਾਜ਼ਤ ਦਿੱਤੀ। 45 ਯਹੋਵਾਹ ਨੇ ਉਹ ਹਰ ਇਕਰਾਰ ਨਿਭਾਇਆ ਜਿਹੜਾ ਉਸ ਨੇ ਇਸਰਾਏਲ ਦੇ ਲੋਕਾਂ ਨਾਲ ਕੀਤਾ ਸੀ। ਕੋਈ ਵੀ ਇਕਰਾਰ ਅਜਿਹਾ ਨਹੀਂ ਸੀ ਜਿਹੜਾ ਉਸ ਨੇ ਨਿਭਾਇਆ ਨਾ ਹੋਵੇ। ਹਰ ਇਕਰਾਰ ਸੱਚਾ ਸਾਬਤ ਹੋਇਆ।
ਤਿੰਨ ਪਰਿਵਾਰ-ਸਮੂਹਾਂ ਦੀ ਘਰ ਵਾਪਸੀ
22 ਫ਼ੇਰ ਯਹੋਸ਼ੁਆ ਨੇ ਰਊਬੇਨ, ਗਾਦ ਪਰਿਵਾਰ-ਸਮੂਹ ਅਤੇ ਮਨੱਸ਼ਹ ਦੇ ਅੱਧੇ ਪਰਿਵਾਰ-ਸਮੂਹ ਦੇ ਸਾਰੇ ਲੋਕਾਂ ਦੀ ਇੱਕਤ੍ਰ੍ਰਤਾ ਬੁਲਾਈ। 2 ਯਹੋਸ਼ੁਆ ਨੇ ਉਨ੍ਹਾਂ ਨੂੰ ਆਖਿਆ, “ਮੂਸਾ ਯਹੋਵਾਹ ਦਾ ਸੇਵਕ ਸੀ, ਤੁਸੀਂ ਉਹ ਸਾਰੀਆਂ ਗੱਲਾਂ ਮੰਨੀਆਂ ਜਿਹੜੀਆਂ ਮੂਸਾ ਨੇ ਤੁਹਾਨੂੰ ਕਰਨ ਲਈ ਆਖੀਆਂ ਸਨ। ਅਤੇ ਤੁਸੀਂ ਮੇਰੇ ਸਾਰੇ ਆਦੇਸ਼ਾਂ ਦੀ ਵੀ ਪਾਲਣਾ ਕੀਤੀ। 3 ਅਤੇ ਇਸ ਸਾਰੇ ਸਮੇਂ ਦੌਰਾਨ ਤੁਸੀਂ ਇਸਰਾਏਲ ਦੇ ਹੋਰ ਸਾਰੇ ਲੋਕਾਂ ਦਾ ਸਮਰਥਨ ਕੀਤਾ ਹੈ। ਤੁਸੀਂ ਉਨ੍ਹਾਂ ਸਾਰੇ ਆਦੇਸ਼ਾਂ ਦੀ ਧਿਆਨ ਨਾਲ ਪਾਲਣਾ ਕੀਤੀ ਜਿਹੜੇ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਦਿੱਤੇ। 4 ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਇਸਰਾਏਲ ਦੇ ਲੋਕਾਂ ਨੂੰ ਸ਼ਾਂਤੀ ਦੇਣ ਦਾ ਇਕਰਾਰ ਕੀਤਾ। ਇਸ ਲਈ ਹੁਣ, ਯਹੋਵਾਹ ਨੇ ਆਪਣੇ ਇਕਰਾਰ ਨੂੰ ਨਿਭਾਇਆ ਹੈ। ਅਤੇ ਹੁਣ ਤੁਸੀਂ ਘਰ ਜਾ ਸੱਕਦੇ ਹੋ। ਯਹੋਵਾਹ ਦੇ ਸੇਵਕ ਮੂਸਾ ਨੇ ਤੁਹਾਨੂੰ ਯਰਦਨ ਨਦੀ ਦੇ ਪੂਰਬ ਵੱਲ ਦੀ ਧਰਤੀ ਦੇ ਦਿੱਤੀ ਹੈ। ਹੁਣ ਤੁਸੀਂ ਉਸ ਧਰਤੀ ਉੱਤੇ ਆਪਣੇ ਘਰ ਜਾ ਸੱਕਦੇ ਹੋ। 5 ਪਰ ਉਸ ਬਿਵਸਥਾ ਦਾ ਅਨੁਸਰਣ ਕਰਨਾ ਹਮੇਸ਼ਾ ਯਾਦ ਰੱਖਣਾ ਜਿਹੜੀ ਮੂਸਾ ਨੇ ਤੁਹਾਡੇ ਲਈ ਨਿਰਧਾਰਿਤ ਕੀਤੀ ਹੈ। ਤੁਹਾਨੂੰ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਪਿਆਰ ਕਰਨਾ ਚਾਹੀਦਾ ਹੈ ਅਤੇ ਉਸ ਦੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਤੁਹਾਨੂੰ ਉਸ ਨੂੰ ਮੰਨਦੇ ਰਹਿਣਾ ਅਤੇ ਉਸਦਾ ਅਨੁਸਰਣ ਕਰਦੇ ਰਹਿਣਾ ਚਾਹੀਦਾ ਅਤੇ ਆਪਣੇ ਤਹੇ ਦਿਲੋਂ ਅਤੇ ਰੂਹ ਤੋਂ ਉਸਦੀ ਸੇਵਾ ਕਰਨੀ ਚਾਹੀਦੀ ਹੈ।”
6 ਫ਼ੇਰ ਯਹੋਸ਼ੁਆ ਨੇ ਉਨ੍ਹਾਂ ਨੂੰ ਅਲਵਿਦਾ ਆਖੀ ਅਤੇ ਉਹ ਚੱਲੇ ਗਏ ਉਹ ਘਰ ਚੱਲੇ ਗਏ। 7 ਮੂਸਾ ਨੇ ਬਾਸ਼ਾਨ ਦੀ ਧਰਤੀ ਮਨੱਸ਼ਹ ਦੇ ਅੱਧੇ ਪਰਿਵਾਰ-ਸਮੂਹ ਨੂੰ ਦਿੱਤੀ ਸੀ। ਯਹੋਸ਼ੁਆ ਨੇ ਯਰਦਨ ਨਦੀ ਦੇ ਪੱਛਮ ਵਾਲੇ ਪਾਸੇ ਦੀ ਧਰਤੀ ਮਨੱਸ਼ਹ ਦੇ ਪਰਿਵਾਰ-ਸਮੂਹ ਦੇ ਦੂਸਰੇ ਅੱਧ ਨੂੰ ਦੇ ਦਿੱਤੀ। ਯਹੋਸ਼ੁਆ ਨੇ ਉਨ੍ਹਾਂ ਨੂੰ ਅਸੀਸ ਦਿੱਤੀ ਅਤੇ ਉਨ੍ਹਾਂ ਨੂੰ ਘਰ ਭੇਜ ਦਿੱਤਾ। 8 ਉਸ ਨੇ ਆਖਿਆ, “ਤੁਸੀਂ ਬਹੁਤ ਅਮੀਰ ਹੋ ਗਏ ਹੋ। ਤੁਹਾਡੇ ਕੋਲ ਬਹੁਤ ਸਾਰਾ ਪਸ਼ੂ, ਧਨ ਹੈ। ਤੁਹਾਡੇ ਕੋਲ ਸੋਨਾ ਅਤੇ ਚਾਂਦੀ ਅਤੇ ਕੀਮਤੀ ਗਹਿਣੇ ਹਨ। ਤੁਹਾਡੇ ਕੋਲ ਬਹੁਤ ਸਾਰੇ ਸੁੰਦਰ ਕੱਪੜੇ ਹਨ। ਤੁਸੀਂ ਆਪਣੇ ਦੁਸ਼ਮਣ ਪਾਸੋਂ ਬਹੁਤ ਚੀਜ਼ਾਂ ਹਾਸਿਲ ਕੀਤੀਆਂ ਹਨ। ਘਰ ਜਾਉ ਅਤੇ ਇਨ੍ਹਾਂ ਚੀਜ਼ਾਂ ਨੂੰ ਆਪਸ ਵਿੱਚ ਵੰਡ ਲਵੋ।”
9 ਇਸ ਲਈ ਰਊਬੇਨ, ਗਾਦ ਅਤੇ ਮਨੱਸ਼ਹ ਦੇ ਪਰਿਵਾਰ-ਸਮੂਹ ਇਸਰਾਏਲ ਦੇ ਹੋਰਨਾ ਪਰਿਵਾਰ-ਸਮੁਹਾਂ ਨੂੰ ਛੱਡ ਗਏ। ਉਹ ਕਨਾਨ ਵਿੱਚ ਸ਼ੀਲੋਹ ਵਿਖੇ ਸਨ। ਉਨ੍ਹਾਂ ਨੇ ਉਹ ਥਾਂ ਛੱਡ ਦਿੱਤੀ ਅਤੇ ਗਿਲਆਦ ਨੂੰ ਵਾਪਸ ਚੱਲੇ ਗਏ। ਉਹ ਆਪਣੀ ਧਰਤੀ ਉੱਤੇ ਆਪਣੇ ਘਰ ਚੱਲੇ ਗਏ-ਜਿਹੜੀ ਧਰਤੀ ਉਨ੍ਹਾਂ ਨੂੰ ਮੂਸਾ ਨੇ ਦਿੱਤੀ ਸੀ। ਯਹੋਵਾਹ ਨੇ ਮੂਸਾ ਨੂੰ ਇਹ ਧਰਤੀ ਉਨ੍ਹਾਂ ਨੂੰ ਦੇਣ ਦਾ ਆਦੇਸ਼ ਦਿੱਤਾ ਸੀ।
10 ਰਊਬੇਨ, ਗਾਦ ਦੇ ਲੋਕ ਅਤੇ ਮਨੱਸ਼ਹ ਦੇ ਅੱਧੇ ਲੋਕ ਗੇਲੀਲੋਥ ਨਾਮ ਦੀ ਥਾਂ ਉੱਤੇ ਚੱਲੇ ਗਏ। ਇਹ ਕਨਾਨ ਵਿੱਚ ਯਰਦਨ ਨਦੀ ਦੇ ਨੇੜੇ ਸੀ। ਉਸ ਥਾਂ ਉੱਤੇ ਲੋਕਾਂ ਨੇ ਇੱਕ ਸੁੰਦਰ ਜਗਵੇਦੀ ਬਣਾਈ। 11 ਪਰ ਇਸਰਾਏਲ ਦੇ ਹੋਰਨਾਂ ਲੋਕਾਂ ਨੇ, ਜਿਹੜੇ ਹਾਲੇ ਤੱਕ ਸ਼ੀਲੋਹ ਵਿਖੇ ਹੀ ਸਨ, ਇਸ ਜਗਵੇਦੀ ਬਾਰੇ ਸੁਣਿਆ ਜਿਹੜੀ ਇਨ੍ਹਾਂ ਤਿੰਨ ਪਰਿਵਾਰ-ਸਮੂਹਾਂ ਨੇ ਉਸਾਰੀ ਸੀ। ਉਨ੍ਹਾਂ ਨੇ ਸੁਣਿਆ ਕਿ ਜਗਵੇਦੀ ਕਨਾਨ ਦੀ ਸਰਹੱਦ ਉੱਤੇ ਗੇਲੀਲੋਥ ਨਾਮ ਦੇ ਸਥਾਨ ਉੱਤੇ ਸੀ। ਇਹ ਇਸਰਾਏਲ ਵਾਲੇ ਪਾਸੇ ਯਰਦਨ ਨਦੀ ਦੇ ਨੇੜੇ ਸੀ। 12 ਇਸਰਾਏਲ ਦੇ ਸਾਰੇ ਲੋਕ ਇਨ੍ਹਾਂ ਤਿੰਨਾ ਪਰਿਵਾਰ-ਸਮੂਹਾਂ ਨਾਲ ਬਹੁਤ ਨਾਰਾਜ਼ ਹੋਏ। ਉਹ ਇਕੱਠੋ ਹੋ ਗਏ ਅਤੇ ਉਨ੍ਹਾਂ ਦੇ ਵਿਰੁੱਧ ਲੜਨ ਦਾ ਨਿਆਂ ਕੀਤਾ।
13 ਇਸ ਲਈ ਇਸਰਾਏਲ ਦੇ ਲੋਕਾਂ ਨੇ ਕੁਝ ਬੰਦਿਆਂ ਨੂੰ ਰਊਬੇਨ, ਗਾਦ ਅਤੇ ਮਨੱਸ਼ਹ ਦੇ ਲੋਕਾਂ ਨਾਲ ਗੱਲ ਕਰਨ ਲਈ ਭੇਜਿਆ। ਇਨ੍ਹਾਂ ਬੰਦਿਆਂ ਦਾ ਆਗੂ ਜਾਜਕ ਅਲਆਜ਼ਾਰ ਦਾ ਪੁੱਤਰ, ਫ਼ੀਨਹਾਸ ਸੀ। 14 ਉਨ੍ਹਾਂ ਨੇ ਉੱਥੋਂ ਦੇ ਪਰਿਵਾਰ-ਸਮੂਹਾਂ ਦੇ ਦਸ ਆਗੂਆਂ ਨੂੰ ਵੀ ਭੇਜਿਆ। ਉੱਥੇ ਇਸਰਾਏਲ ਦੇ ਹਰੇਕ ਪਰਿਵਾਰ-ਸਮੂਹ ਵਿੱਚੋਂ, ਜਿਹੜੇ ਸ਼ੀਲੋਹ ਵਿਖੇ ਸਨ, ਇੱਕ-ਇੱਕ ਬੰਦਾ ਸੀ।
15 ਇਸ ਤਰ੍ਹਾਂ ਇਹ 11 ਬੰਦੇ ਗਿਲਆਦ ਨੂੰ ਗਏ। ਉਹ ਰਊਬੇਨ, ਗਾਦ ਅਤੇ ਮਨੱਸ਼ਹ ਦੇ ਲੋਕਾਂ ਨਾਲ ਗੱਲ ਕਰਨ ਲਈ ਗਏ। 11 ਬੰਦਿਆਂ ਨੇ ਉਨ੍ਹਾਂ ਨੂੰ ਆਖਿਆ, 16 “ਇਸਰਾਏਲ ਦੇ ਸਾਰੇ ਲੋਕ ਤੁਹਾਨੂੰ ਪੁੱਛਦੇ ਹਨ: ‘ਤੁਸੀਂ ਇਸਰਾਏਲ ਦੇ ਪਰਮੇਸ਼ੁਰ ਵਿਰੁੱਧ ਅਜਿਹਾ ਕਿਉਂ ਕੀਤਾ? ਤੁਸੀਂ ਯਹੋਵਾਹ ਦੇ ਖਿਲਾਫ਼ ਕਿਉਂ ਹੋ ਗਏ ਹੋ? ਤੁਸੀਂ ਆਪਣੀ ਖਾਤਿਰ ਜਗਵੇਦੀ ਕਿਉਂ ਬਣਾਈ? ਤੁਸੀਂ ਜਾਣਦੇ ਹੋ ਕਿ ਤੁਸੀਂ ਯਹੋਵਾਹ ਦੇ ਵਿਰੁੱਧ ਵਿਦ੍ਰੋਹ ਕਰ ਰਹੇ ਹੋ! 17 ਚੇਤੇ ਕਰੋ ਪਓਰ ਵਿਖੇ ਕੀ ਵਾਪਰਿਆ ਸੀ? ਅਸੀਂ ਹਾਲੇ ਤੀਕ ਉਸ ਪਾਪ ਦੀ ਸਜ਼ਾ ਭੋਗ ਰਹੇ ਹਾਂ। ਉਸ ਵੱਡੇ ਪਾਪ ਕਾਰਣ, ਪਰਮੇਸ਼ੁਰ ਨੇ ਇਸਰਾਏਲ ਦੇ ਬਹੁਤ ਸਾਰੇ ਲੋਕਾਂ ਨੂੰ ਬਹੁਤ ਰੋਗੀ ਬਣਾ ਦਿੱਤਾ ਸੀ ਅਤੇ ਅਸੀਂ ਹਾਲੇ ਵੀ ਅੱਜ ਤੱਕ ਉਸ ਰੋਗ ਤੋਂ ਪੀੜਤ ਹਾਂ। 18 ਅਤੇ ਹੁਣ ਵੀ ਤੁਸੀਂ ਉਹੀ ਗੱਲ ਕਰ ਰਹੇ ਹੋ! ਤੁਸੀਂ ਯਹੋਵਾਹ ਦੇ ਖ਼ਿਲਾਫ਼ ਹੋ ਰਹੇ ਹੋ! ਕੀ ਤੁਸੀਂ ਯਹੋਵਾਹ ਦੇ ਪਿੱਛੇ ਲੱਗਣ ਤੋਂ ਇਨਕਾਰ ਕਰੋਂਗੇ? ਜੇ ਤੁਸੀਂ ਉਹ ਗੱਲ ਕਰਨੋ ਨਹੀਂ ਹਟੋਂਗੇ ਜੋ ਤੁਸੀਂ ਕਰ ਰਹੇ ਹੋ, ਯਹੋਵਾਹ ਇਸਰਾਏਲ ਦੇ ਹਰ ਬੰਦੇ ਨਾਲ ਨਾਰਾਜ਼ ਹੋਵੇਗਾ।
19 “‘ਜੇ ਤੁਹਾਡੀ ਧਰਤੀ ਨਾਪਾਕ ਹੈ ਤਾਂ ਸਾਡੀ ਧਰਤੀ ਉੱਤੇ ਆ ਜਾਓ। ਯਹੋਵਾਹ ਦਾ ਤੰਬੂ ਸਾਡੀ ਧਰਤੀ ਉੱਤੇ ਹੈ। ਤੁਸੀਂ ਸਾਡੀ ਧਰਤੀ ਦਾ ਇੱਕ ਹਿੱਸਾ ਲੈ ਕੇ ਉੱਥੇ ਰਹਿ ਸੱਕਦੇ ਹੋ। ਪਰ ਯਹੋਵਾਹ ਜਾਂ ਸਾਡੇ ਖਿਲਾਫ਼ ਵਿਦ੍ਰੋਹ ਨਾ ਕਰੋ। ਯਹੋਵਾਹ ਸਾਡੇ ਪਰਮੇਸ਼ੁਰ ਦੀ ਜਗਵੇਦੀ ਦੇ ਪਾਸੇ ਤੇ ਕੋਈ ਹੋਰ ਜਗਵੇਦੀ ਨਾ ਬਣਾਉ।
20 “‘ਜ਼ਰਹ ਦੇ ਪੁੱਤਰ ਆਕਾਨ ਨਾਮ ਦੇ ਆਦਮੀ ਨੂੰ ਚੇਤੇ ਕਰੋ। ਉਸ ਨੇ ਉਨ੍ਹਾਂ ਚੀਜ਼ਾਂ ਬਾਰੇ ਆਦੇਸ਼ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਜਿਨ੍ਹਾਂ ਨੂੰ ਅਵੱਸ਼ ਤਬਾਹ ਕਰਨਾ ਚਾਹੀਦਾ ਸੀ। ਉਸ ਇੱਕਲੇ ਆਦਮੀ ਨੇ ਪਰਮੇਸ਼ੁਰ ਦੀ ਬਿਵਸਥਾ ਨੂੰ ਤੋੜਿਆ। ਪਰ ਇਸਰਾਏਲ ਦੇ ਸਾਰੇ ਲੋਕਾਂ ਨੂੰ ਸਜ਼ਾ ਮਿਲੀ। ਆਕਾਨ ਆਪਣੇ ਪਾਪ ਕਰਕੇ ਮਰਿਆ। ਪਰ ਹੋਰ ਵੀ ਬਹੁਤ ਸਾਰੇ ਬੰਦੇ ਮਾਰੇ ਗਏ।’”
21 ਰਊਬੇਨ, ਗਾਦ ਅਤੇ ਮਨੱਸ਼ਹ ਦੇ ਪਰਿਵਾਰ-ਸਮੂਹ ਦੇ ਲੋਕਾਂ ਨੇ 11 ਆਦਮੀਆਂ ਨੂੰ ਜਵਾਬ ਦਿੱਤਾ। ਉਨ੍ਹਾਂ ਨੇ ਆਖਿਆ, 22 “ਯਹੋਵਾਹ ਪਰਮੇਸ਼ੁਰਾਂ ਦਾ ਪਰਮੇਸ਼ੁਰ ਹੈ! ਅਸੀਂ ਫ਼ੇਰ ਆਖਦੇ ਹਾਂ ਕਿ ਯਹੋਵਾਹ ਹੀ ਪਰਮੇਸ਼ੁਰ ਹੈ! ਅਤੇ ਪਰਮੇਸ਼ੁਰ ਜਾਣਦਾ ਹੈ ਕਿ ਅਸੀਂ ਇੰਝ ਕਿਉਂ ਕੀਤਾ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਵੀ ਜਾਣ ਲਵੋ ਤਾਂ ਜੋ ਤੁਸੀਂ ਨਿਆਂ ਕਰ ਸੱਕੋ ਕਿ ਅਸੀਂ ਕੀ ਕੀਤਾ। ਜੇ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਅਸੀਂ ਕੁਝ ਗਲਤ ਕੰਮ ਕੀਤਾ ਹੈ, ਤੁਸੀਂ ਸਾਨੂੰ ਹੁਣੇ ਮਾਰ ਸੱਕਦੇ ਹੋ। 23 ਜੇ ਅਸੀਂ ਪਰਮੇਸ਼ੁਰ ਦੀ ਬਿਵਸਥਾ ਨੂੰ ਤੋੜਿਆ, ਤਾਂ ਅਸੀਂ ਖੁਦ ਯਹੋਵਾਹ ਨੂੰ ਆਖਦੇ ਹਾਂ ਕਿ ਉਹ ਸਾਨੂੰ ਸਜ਼ਾ ਦੇਵੇ, 24 ਕੀ ਤੁਸੀਂ ਇਹ ਸੋਚਦੇ ਹੋ ਕਿ ਅਸੀਂ ਇਹ ਜਗਵੇਦੀ ਹੋਮ ਦੀਆਂ ਭੇਟਾ, ਅਨਾਜ ਦੀਆਂ ਭੇਟਾ ਜਾਂ ਸੁੱਖ-ਸਾਂਦ ਦੀਆਂ ਭੇਟਾ ਲਈ ਬਣਾਈ ਹੈ? ਨਹੀਂ! ਅਸੀਂ ਇਸ ਨੂੰ ਇਸ ਕਾਰਣ ਨਹੀਂ ਉਸਾਰਿਆ। ਅਸੀਂ ਇਹ ਜਗਵੇਦੀ ਕਿਉਂ ਉਸਾਰੀ? ਅਸੀਂ ਡਰਦੇ ਸਾਂ ਕਿ ਭਵਿੱਖ ਵਿੱਚ ਤੁਹਾਡੇ ਲੋਕ ਸਾਨੂੰ ਆਪਣੀ ਕੌਮ ਦਾ ਅੰਗ ਨਹੀਂ ਪ੍ਰਵਾਨ ਕਰਨਗੇ। ਫ਼ੇਰ ਤੁਹਾਡੇ ਲੋਕ ਆਖਦੇ ਕਿ ਅਸੀਂ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦੀ ਉਪਾਸਨਾ ਨਹੀਂ ਕਰ ਸੱਕਦੇ। 25 ਪਰਮੇਸ਼ੁਰ ਨੇ ਸਾਨੂੰ ਯਰਦਨ ਨਦੀ ਦੇ ਦੂਸਰੇ ਪਾਸੇ ਧਰਤੀ ਦਿੱਤੀ। ਇਸਦਾ ਅਰਥ ਇਹ ਹੈ ਕਿ ਯਰਦਨ ਨਦੀ ਸਾਨੂੰ ਇੱਕ ਦੂਜੇ ਕੋਲੋਂ ਵੱਖ ਕਰਦੀ ਹੈ। ਅਸੀਂ ਡਰਦੇ ਸਾਂ ਕਿ ਜਦੋਂ ਤੁਹਾਡੇ ਬੱਚੇ ਜਵਾਨ ਹੋਣਗੇ ਅਤੇ ਤੁਹਾਡੀ ਧਰਤੀ ਉੱਤੇ ਹਕੂਮਤ ਕਰਨਗੇ। ਉਨ੍ਹਾਂ ਨੂੰ ਇਹ ਗੱਲ ਯਾਦ ਨਹੀਂ ਰਹੇਗੀ ਕਿ ਅਸੀਂ ਵੀ ਤੁਹਾਡੇ ਲੋਕ ਸਾਂ। ਉਨ੍ਹਾਂ ਸਾਨੂੰ ਆਖਣਾ ਸੀ, ‘ਤੁਸੀਂ ਰਊਬੇਨ ਅਤੇ ਗਾਦ ਦੇ ਲੋਕ ਇਸਰਾਏਲ ਦਾ ਅੰਗ ਨਹੀਂ ਹੋ!’ ਫ਼ੇਰ ਤੁਹਾਡੇ ਬੱਚਿਆਂ ਨੇ ਸਾਡੇ ਬੱਚਿਆਂ ਨੂੰ ਯਹੋਵਾਹ ਦੀ ਉਪਾਸਨਾ ਕਰਨ ਤੋਂ ਰੋਕ ਦੇਣਾ ਸੀ।
26 “ਇਸ ਲਈ ਅਸੀਂ ਇਸ ਜਗਵੇਦੀ ਨੂੰ ਉਸਾਰਨ ਦਾ ਨਿਆਂ ਕੀਤਾ। ਪਰ ਅਸੀਂ ਇਸ ਨੂੰ ਹੋਮ ਦੀਆਂ ਭੇਟਾਂ ਅਤੇ ਬਲੀਆਂ ਲਈ ਵਰਤਨ ਦੀ ਯੋਜਨਾ ਨਹੀਂ ਬਣਾਈ। 27 ਸਾਡਾ ਜਗਵੇਦੀ ਨੂੰ ਉਸਾਰਨ ਦਾ ਕਾਰਣ ਇਹ ਦਰਸਾਉਣਾ ਸੀ ਕਿ ਅਸੀਂ ਵੀ ਉਸੇ ਪਰਮੇਸ਼ੁਰ ਦੀ ਉਪਾਸਨਾ ਕਰਦੇ ਹਾਂ ਜਿਸਦੀ ਤੁਸੀਂ ਕਰਦੇ ਹੋ। ਇਹ ਜਗਵੇਦੀ ਤੁਹਾਡੇ ਲਈ ਅਤੇ ਸਾਡੇ ਲਈ ਅਤੇ ਸਾਡੇ ਸਾਰੇ ਭਵਿੱਖ ਦੇ ਬੱਚਿਆਂ ਲਈ ਇੱਕ ਸਬੂਤ ਹੋਵੇਗਾ ਕਿ ਅਸੀਂ ਯਹੋਵਾਹ ਦੀ ਉਪਾਸਨਾ ਕਰਦੇ ਹਾਂ। ਅਸੀਂ ਯਹੋਵਾਹ ਨੂੰ ਆਪਣੀਆਂ ਬਲੀਆਂ, ਅਨਾਜ ਦੀਆਂ ਭੇਟਾ ਅਤੇ ਸੁੱਖ-ਸਾਂਦ ਦੀਆਂ ਭੇਟਾ ਅਰਪਨ ਕਰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਬੱਚੇ ਵੱਡੇ ਹੋਕੇ ਇਹ ਜਾਨਣ ਕਿ ਅਸੀਂ ਵੀ ਤੁਹਾਡੇ ਵਾਂਗ ਹੀ ਇਸਰਾਏਲ ਦੇ ਲੋਕ ਹਾਂ। 28 ਭਵਿੱਖ ਵਿੱਚ, ਜੇ ਅਜਿਹਾ ਵਾਪਰੇ ਕਿ ਤੁਹਾਡੇ ਬੱਚੇ ਇਹ ਆਖਣ ਕਿ ਅਸੀਂ ਇਸਰਾਏਲ ਦੇ ਨਹੀਂ ਹਾਂ, ਤਾਂ ਸਾਡੇ ਬੱਚੇ ਆਖ ਸੱਕਦੇ ਹਨ, ‘ਦੇਖੋ! ਸਾਡੇ ਪੁਰਖਿਆਂ ਨੇ, ਜਿਹੜੇ ਸਾਡੇ ਤੋਂ ਪਹਿਲਾਂ ਇੱਥੇ ਰਹਿੰਦੇ ਸਨ, ਇੱਕ ਜਗਵੇਦੀ ਬਣਾਈ ਸੀ। ਇਹ ਜਗਵੇਦੀ ਬਿਲਕੁਲ ਯਹੋਵਾਹ ਦੀ ਜਗਵੇਦੀ ਵਰਗੀ ਹੈ (ਜਿਹੜੀ ਪਵਿੱਤਰ ਤੰਬੂ ਵਿਖੇ ਹੈ) ਅਸੀਂ ਇਸ ਜਗਵੇਦੀ ਦੀ ਵਰਤੋਂ ਬਲੀਆਂ ਲਈ ਨਹੀਂ ਕਰਦੇ-ਇਹ ਜਗਵੇਦੀ ਇਸ ਗੱਲ ਦਾ ਸਬੂਤ ਹੈ ਕਿ ਅਸੀਂ ਇਸਰਾਏਲ ਦਾ ਅੰਗ ਹਾਂ।’
29 “ਸੱਚਮੁੱਚ, ਅਸੀਂ ਯਹੋਵਾਹ ਦੇ ਵਿਰੁੱਧ ਹੋਣਾ ਨਹੀਂ ਚਾਹੁੰਦੇ। ਅਸੀਂ ਹੁਣ ਉਸ ਦੇ ਪਿੱਛੇ ਲੱਗਣ ਤੋਂ ਹਟਣਾ ਨਹੀਂ ਚਾਹੁੰਦੇ। ਅਸੀਂ ਜਾਣਦੇ ਹਾਂ ਕਿ ਸੱਚੀ ਜਗਵੇਦੀ ਸਿਰਫ਼ ਉਹੀ ਹੈ ਜਿਹੜੀ ਪਵਿੱਤਰ ਤੰਬੂ ਦੇ ਸਾਹਮਣੇ ਹੈ। ਉਹ ਜਗਵੇਦੀ ਯਹੋਵਾਹ ਸਾਡੇ ਪਰਮੇਸ਼ੁਰ ਦੀ ਹੈ।”
30 ਜਾਜਕ ਫ਼ੀਨਹਾਸ ਅਤੇ ਉਸ ਦੇ ਨਾਲ ਦੇ ਆਗੂਆਂ ਨੇ ਰਊਬੇਨ, ਗਾਦ ਅਤੇ ਮਨੱਸ਼ਹ ਦੇ ਲੋਕਾਂ ਦੀਆਂ ਆਖੀਆਂ ਹੋਈਆਂ ਇਹ ਗੱਲਾਂ ਸੁਣੀਆਂ। ਉਹ ਸੰਤੁਸ਼ਟ ਹੋ ਗਏ ਕਿ ਇਹ ਲੋਕ ਸੱਚ ਆਖ ਰਹੇ ਸਨ। 31 ਇਸ ਲਈ ਫ਼ੀਨਹਾਸ ਜਾਜਕ ਨੇ ਆਖਿਆ, “ਹੁਣ ਅਸੀਂ ਜਾਣਦੇ ਹਾਂ ਕਿ ਯਹੋਵਾਹ ਸਾਡੇ ਨਾਲ ਹੈ। ਅਤੇ ਅਸੀਂ ਜਾਣਦੇ ਹਾਂ ਕਿ ਤੁਸੀਂ ਉਸ ਦੇ ਵਿਰੁੱਧ ਨਹੀਂ ਹੋਏ। ਅਸੀਂ ਖੁਸ਼ ਹਾਂ ਕਿ ਇਸਰਾਏਲ ਦੇ ਲੋਕਾਂ ਨੂੰ ਯਹੋਵਾਹ ਵੱਲੋਂ ਸਜ਼ਾ ਨਹੀਂ ਮਿਲੇਗੀ।”
32 ਫ਼ੇਰ ਫ਼ੀਨਹਾਸ ਅਤੇ ਆਗੂ ਉਸ ਥਾਂ ਤੋਂ ਚੱਲੇ ਗਏ ਅਤੇ ਘਰ ਚੱਲੇ ਗਏ। ਉਨ੍ਹਾਂ ਨੇ ਰਊਬੇਨ ਅਤੇ ਗਾਦ ਦੇ ਲੋਕਾਂ ਨੂੰ ਗਿਲਆਦ ਦੀ ਧਰਤੀ ਉੱਤੇ ਛੱਡ ਦਿੱਤਾ ਅਤੇ ਵਾਪਸ ਕਨਾਨ ਨੂੰ ਚੱਲੇ ਗਏ। ਉਹ ਇਸਰਾਏਲ ਦੇ ਲੋਕਾਂ ਕੋਲ ਵਾਪਸ ਚੱਲੇ ਗਏ ਅਤੇ ਉਨਾਂ ਨੂੰ ਜੋ ਕੁਝ ਵਾਪਰਿਆ ਸੀ, ਉਹ ਦੱਸ ਦਿੱਤਾ। 33 ਇਸਰਾਏਲ ਦੇ ਲੋਕਾਂ ਦੀ ਵੀ ਤਸੱਲੀ ਹੋ ਗਈ। ਉਹ ਖੁਸ਼ ਸਨ ਅਤੇ ਉਨ੍ਹਾਂ ਨੇ ਪਰਮੇਸ਼ੁਰ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਰਊਬੇਨ, ਗਾਦ ਅਤੇ ਮਨੱਸ਼ਹ ਦੇ ਲੋਕਾਂ ਕੋਲ ਨਾ ਜਾਣ ਅਤੇ ਨਾ ਲੜਨ ਦਾ ਨਿਆਂ ਕੀਤਾ। ਉਨ੍ਹਾਂ ਨੇ ਉਸ ਧਰਤੀ ਨੂੰ ਤਬਾਹ ਨਾ ਕਰਨ ਦਾ ਨਿਆਂ ਕੀਤਾ ਜਿੱਥੇ ਉਹ ਲੋਕ ਰਹਿੰਦੇ ਸਨ।
34 ਰਊਬੇਨ ਅਤੇ ਗਾਦ ਦੇ ਲੋਕਾਂ ਨੇ ਜਗਵੇਦੀ ਨੂੰ ਇੱਕ ਨਾਮ ਦੇ ਦਿੱਤਾ। ਉਨ੍ਹਾਂ ਨੇ ਇਸ ਨੂੰ ਨਾਮ ਦਿੱਤਾ, “ਸਬੂਤ ਕਿ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਯਹੋਵਾਹ ਪਰਮੇਸ਼ੁਰ ਹੈ।”
ਯਹੋਸ਼ੁਆ ਲੋਕਾਂ ਨੂੰ ਹੌਂਸਲਾ ਦਿੰਦਾ ਹੈ
23 ਯਹੋਵਾਹ ਨੇ ਇਸਰਾਏਲ ਨੂੰ ਉਨ੍ਹਾਂ ਦੇ ਆਲੇ-ਦੁਆਲੇ ਦੇ ਦੁਸ਼ਮਣਾਂ ਤੋਂ ਸ਼ਾਂਤੀ ਪ੍ਰਦਾਨ ਕੀਤੀ। ਯਹੋਵਾਹ ਨੇ ਇਸਰਾਏਲ ਨੂੰ ਸੁਰੱਖਿਅਤ ਬਣਾਇਆ। ਬਹੁਤ ਵਰ੍ਹੇ ਗੁਜ਼ਰ ਗਏ, ਅਤੇ ਯਹੋਸ਼ੁਆ ਬਹੁਤ ਬਿਰਧ ਹੋ ਗਿਆ। 2 ਇਸ ਵੇਲੇ ਯਹੋਸ਼ੁਆ ਨੇ ਸਾਰੇ ਪੁਰਾਣੇ ਆਗੂਆਂ, ਪਰਿਵਾਰਾਂ ਦੇ ਮੁਖੀਆਂ, ਜੱਜਾਂ ਅਤੇ ਇਸਰਾਏਲ ਦੇ ਲੋਕਾਂ ਦੇ ਅਧਿਕਾਰੀਆਂ ਦੀ ਇਕੱਤ੍ਰਤਾ ਸੱਦੀ। ਯਹੋਸ਼ੁਆ ਨੇ ਆਖਿਆ, “ਮੈਂ ਬਹੁਤ ਬਿਰਧ ਹੋ ਗਿਆ ਹਾਂ। 3 ਤੁਸੀਂ ਉਹ ਗੱਲਾਂ ਦੇਖੀਆਂ ਹਨ ਜਿਹੜੀਆਂ ਯਹੋਵਾਹ ਨੇ ਸਾਡੇ ਦੁਸ਼ਮਣਾ ਨਾਲ ਕੀਤੀਆਂ ਸਨ। ਉਸ ਨੇ ਅਜਿਹਾ ਸਾਡੀ ਸਹਾਇਤਾ ਕਰਨ ਲਈ ਕੀਤਾ। ਪਰਮੇਸ਼ੁਰ ਤੁਹਾਡਾ ਯਹੋਵਾਹ ਤੁਹਾਡੇ ਲਈ ਲੜਿਆ। 4 ਯਾਦ ਕਰੋ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਤੁਹਾਡੇ ਲੋਕ ਯਰਦਨ ਨਦੀ ਅਤੇ ਵੱਡੇ ਸਾਗਰ ਵਿੱਚਲੀ ਧਰਤੀ ਲੈ ਸੱਕਦੇ ਹਨ। ਮੈਂ ਤੁਹਾਨੂੰ ਉਹ ਧਰਤੀ ਦੇਣ ਦਾ ਇਕਰਾਰ ਕੀਤਾ ਸੀ ਪਰ ਤੁਸੀਂ ਹਾਲੇ ਇਸ ਉੱਤੇ ਅਧਿਕਾਰ ਨਹੀਂ ਰੱਖਦੇ। 5 ਪਰ ਯਹੋਵਾਹ ਤੁਹਾਡਾ ਪਰਮੇਸ਼ੁਰ ਉੱਥੇ ਰਹਿਣ ਵਾਲੇ ਬੰਦਿਆਂ ਨੂੰ ਉਹ ਥਾਂ ਛੱਡਣ ਲਈ ਮਜ਼ਬੂਰ ਕਰ ਦੇਵੇਗਾ। ਤੁਸੀਂ ਉਹ ਧਰਤੀ ਹਾਸਿਲ ਕਰ ਲਵੋਂਗੇ। ਯਹੋਵਾਹ ਉੱਥੇ ਰਹਿਣ ਵਾਲਿਆਂ ਨੂੰ ਜਾਣ ਲਈ ਮਜ਼ਬੂਰ ਕਰ ਦੇਵੇਗਾ। ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਡੇ ਲਈ ਅਜਿਹਾ ਕਰਨ ਦਾ ਇਕਰਾਰ ਕੀਤਾ ਸੀ।
6 “ਤੁਹਾਨੂੰ ਆਪਣੇ ਫ਼ੈਸਲੇ ਨੂੰ ਮਜ਼ਬੂਤ ਕਰਨਾ ਚਾਹੀਦਾ ਅਤੇ ਉਹ ਸਭ ਕੁਝ ਮੰਨਣਾ ਅਤੇ ਕਰਨਾ ਚਾਹੀਦਾ ਜੋ ਮੂਸਾ ਦੀ ਬਿਵਸਥਾ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ। ਉਸ ਬਿਧੀ ਤੋਂ ਸੱਜੇ ਜਾਂ ਖੱਬੇ ਨਾ ਮੁੜੋ। 7 ਹਾਲੇ ਵੀ ਸਾਡੇ ਦਰਮਿਆਨ ਰਹਿਣ ਵਾਲੇ ਕੁਝ ਲੋਕ ਅਜਿਹੇ ਹਨ ਜਿਹੜੇ ਇਸਰਾਏਲ ਦੇ ਲੋਕ ਨਹੀਂ ਹਨ। ਉਹ ਲੋਕ ਆਪਣੇ ਦੇਵਤਿਆਂ ਦੀ ਉਪਾਸਨਾ ਕਰਦੇ ਹਨ। ਉਨ੍ਹਾਂ ਲੋਕਾਂ ਨਾਲ ਦੋਸਤੀ ਨਾ ਕਰੋ। ਉਨ੍ਹਾਂ ਦੇ ਦੇਵਤਿਆਂ ਦੀ ਸੇਵਾ ਜਾਂ ਉਪਾਸਨਾ ਨਾ ਕਰੋ। ਉਨ੍ਹਾਂ ਦੇ ਨਾਮ ਵੀ ਨਾ ਉਚਾਰੋ ਅਤੇ ਉਨ੍ਹਾਂ ਦੇ ਨਾਵਾਂ ਦੀ ਸੌਂਹ ਨਾ ਖਾਵੋ ਅਤੇ ਉਨ੍ਹਾਂ ਦੀ ਉਪਾਸਨਾ ਜਾਂ ਉਨ੍ਹਾਂ ਦੇ ਅੱਗੇ ਨਾ ਝੁਕੋ। 8 ਤੁਹਾਨੂੰ ਯਹੋਵਾਹ ਆਪਣੇ ਪਰਮੇਸ਼ੁਰ ਦੇ ਪਿੱਛੇ ਲੱਗੇ ਰਹਿਣਾ ਚਾਹੀਦਾ ਹੈ। ਤੁਸੀਂ ਅਤੀਤ ਵਿੱਚ ਅਜਿਹਾ ਕੀਤਾ ਸੀ ਅਤੇ ਤੁਹਾਨੂੰ ਚਾਹੀਦਾ ਹੈ ਕਿ ਅਜਿਹਾ ਹੀ ਕਰਦੇ ਰਹੋ।
9 “ਯਹੋਵਾਹ ਨੇ ਬਹੁਤ ਸਾਰੀਆਂ ਮਹਾਨ ਅਤੇ ਤਾਕਤਵਰ ਕੌਮਾਂ ਨੂੰ ਹਰਾਉਣ ਵਿੱਚ ਤੁਹਾਡੀ ਸਹਾਇਤਾ ਕੀਤੀ ਸੀ, ਯਹੋਵਾਹ ਨੇ ਉਨ੍ਹਾਂ ਲੋਕਾਂ ਨੂੰ ਜਾਣ ਲਈ ਮਜ਼ਬੂਰ ਕਰ ਦਿੱਤਾ ਸੀ। ਕੋਈ ਵੀ ਕੌਮ ਤੁਹਾਨੂੰ ਹਰਾ ਨਹੀਂ ਸੱਕੀ। 10 ਯਹੋਵਾਹ ਦੀ ਸਹਾਇਤਾ ਨਾਲ ਇਸਰਾਏਲ ਦਾ ਇੱਕ ਆਦਮੀ ਦੁਸ਼ਮਣ ਦੇ 1,000 ਆਦਮੀਆਂ ਨੂੰ ਹਰਾ ਸੱਕਦਾ ਸੀ। ਕਿਉਂਕਿ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਲਈ ਲੜਦਾ ਹੈ। ਯਹੋਵਾਹ ਨੇ ਅਜਿਹਾ ਕਰਨ ਦਾ ਇਕਰਾਰ ਕੀਤਾ ਸੀ। 11 ਇਸ ਲਈ ਤੁਹਾਨੂੰ ਚਾਹੀਦਾ ਹੈ ਕਿ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਪਿਆਰ ਕਰਦੇ ਰਹੋ।
12 “ਯਹੋਵਾਹ ਦੇ ਪਿੱਛੇ ਲੱਗਣ ਤੋਂ ਨਾ ਹਟੋ। ਉਨ੍ਹਾਂ ਹੋਰਨਾ ਲੋਕਾਂ ਨਾਲ ਮਿੱਤਰਤਾ ਨਾ ਕਰੋ ਜਿਹੜੇ ਇਸਰਾਏਲ ਦਾ ਅੰਗ ਨਹੀਂ ਹਨ। ਉਨ੍ਹਾਂ ਦੇ ਕਿਸੇ ਬੰਦੇ ਨਾਲ ਵਿਆਹ ਨਾ ਰਚਾਉ। ਪਰ ਜੇ ਤੁਸੀਂ ਇਨ੍ਹਾਂ ਲੋਕਾਂ ਦੇ ਮਿੱਤਰ ਬਣੋਂਗੇ। 13 ਤਾਂ ਯਹੋਵਾਹ ਤੁਹਾਡਾ ਪਰਮੇਸ਼ੁਰ ਦੁਸ਼ਮਣਾ ਨੂੰ ਹਰਾਉਣ ਵਿੱਚ ਤੁਹਾਡੀ ਸਹਾਇਤਾ ਨਹੀਂ ਕਰੇਗਾ। ਇਹ ਲੋਕ ਤੁਹਾਡੇ ਲਈ ਇੱਕ ਕੁੜਿਕੀ ਵਰਗੇ ਬਣ ਜਾਣਗੇ। ਉਹ ਤੁਹਾਡੇ ਲਈ ਦੁੱਖ ਦਾ ਕਾਰਣ ਬਣਨਗੇ-ਜਿਵੇਂ ਤੁਹਾਡੀਆਂ ਅੱਖਾਂ ਵਿੱਚ ਧੂੰਆਂ ਅਤੇ ਘੱਟਾ ਪੈ ਜਾਂਦਾ ਹੈ। ਅਤੇ ਤੁਹਾਨੂੰ ਇਹ ਚੰਗੀ ਧਰਤੀ ਛੱਡਣ ਲਈ ਮਜ਼ਬੂਰ ਹੋਣਾ ਪਵੇਗਾ। ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਇਹ ਧਰਤੀ ਦਿੱਤੀ ਸੀ। ਪਰ ਜੇ ਤੁਸੀਂ ਇਹ ਆਦੇਸ਼ ਨਹੀਂ ਮੰਨੋਗੇ ਤਾਂ ਤੁਸੀਂ ਇਸ ਨੂੰ ਗਵਾ ਸੱਕਦੇ ਹੋ।
14 “ਮੇਰੀ ਮੌਤ ਦਾ ਸਮਾਂ ਹੁਣ ਕਰੀਬ-ਕਰੀਬ ਆ ਗਿਆ ਹੈ। ਤੁਸੀਂ ਜਾਣਦੇ ਹੋ ਕ ਅਤੇ ਸੱਚਮੁੱਚ ਯਕੀਨ ਕਰਦੇ ਹੋ ਕਿ ਯਹੋਵਾਹ ਨੇ ਤੁਹਾਡੇ ਲਈ ਬਹੁਤ ਸਾਰੀਆਂ ਮਹਾਨ ਗੱਲਾਂ ਕੀਤੀਆਂ ਹਨ। ਤੁਸੀਂ ਜਾਣਦੇ ਹੋ ਕਿ ਉਹ ਆਪਣੇ ਕਿਸੇ ਇਕਰਾਰ ਨੂੰ ਪੂਰਾ ਕਰਨ ਵਿੱਚ ਅਸਫ਼ਲ ਨਹੀਂ ਹੋਇਆ। ਯਹੋਵਾਹ ਨੇ ਉਹ ਹਰ ਇਕਰਾਰ ਪੂਰਾ ਕੀਤਾ ਹੈ ਜੋ ਉਸ ਨੇ ਸਾਡੇ ਨਾਲ ਕੀਤਾ ਹੈ। 15 ਹਰ ਨੇਕ ਇਕਰਾਰ ਜਿਹੜਾ ਤੁਹਾਡੇ ਯਹੋਵਾਹ ਪਰਮੇਸ਼ੁਰ ਨੇ ਸਾਡੇ ਨਾਲ ਕੀਤਾ ਸੱਚਾ ਸਿੱਧ ਹੋਇਆ ਹੈ। ਪਰ ਉਸੇ ਤਰ੍ਹਾਂ ਯਹੋਵਾਹ ਆਪਣੇ ਦੂਸਰੇ ਇਕਰਾਰ ਨੂੰ ਵੀ ਪੂਰਾ ਕਰਕੇ ਦਿਖਾਵੇਗਾ। ਉਸ ਨੇ ਇਕਰਾਰ ਕੀਤਾ ਸੀ ਕਿ ਜੇ ਤੁਸੀਂ ਮੰਦਾ ਕਰੋਂਗੇ ਤਾਂ ਤੁਹਾਡੇ ਨਾਲ ਮੰਦੀਆਂ ਗੱਲਾਂ ਵਾਪਰਨਗੀਆਂ, ਉਸ ਨੇ ਇਕਰਾਰ ਕੀਤਾ ਸੀ ਕਿ ਉਹ ਤੁਹਾਨੂੰ ਇਸ ਚੰਗੀ ਧਰਤੀ ਵਿੱਚੋਂ ਨਿਕਲ ਜਾਣ ਲਈ ਮਜ਼ਬੂਰ ਕਰ ਦੇਵੇਗਾ ਜਿਹੜੀ ਉਸ ਨੇ ਤੁਹਾਨੂੰ ਦਿੱਤੀ ਸੀ। 16 ਅਜਿਹਾ ਹੀ ਵਾਪਰੇਗਾ ਜੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਕੀਤੇ ਇਕਰਾਰਨਾਮੇ ਨੂੰ ਪੂਰਾ ਕਰਨ ਤੋਂ ਇਨਕਾਰ ਕਰ ਦਿਉਂਗੇ। ਜੇ ਤੁਸੀਂ ਜਾਕੇ ਹੋਰਨਾ ਦੇਵਤਿਆਂ ਦੀ ਸੇਵਾ ਕਰੋਂਗੇ ਤਾਂ ਇਹ ਧਰਤੀ ਗਵਾ ਬੈਠੋਂਗੇ। ਤੁਹਾਨੂੰ ਉਨ੍ਹਾਂ ਹੋਰਨਾ ਦੇਵਤਿਆਂ ਦੀ ਉਪਾਸਨਾ ਬਿਲਕੁਲ ਨਹੀਂ ਕਰਨੀ ਚਾਹੀਦੀ। ਜੇ ਤੁਸੀਂ ਅਜਿਹਾ ਕਰੋਂਗੇ, ਤਾਂ ਯਹੋਵਾਹ ਤੁਹਾਡੇ ਨਾਲ ਬਹੁਤ ਨਾਰਾਜ਼ ਹੋ ਜਾਵੇਗਾ। ਫ਼ੇਰ ਤੁਹਾਨੂੰ ਛੇਤੀ ਹੀ ਇਹ ਚੰਗੀ ਧਰਤੀ ਛੱਡਣ ਲਈ ਮਜ਼ਬੂਰ ਹੋਣਾ ਪਵੇਗਾ ਜਿਹੜੀ ਉਸ ਨੇ ਤੁਹਾਨੂੰ ਦਿੱਤੀ ਸੀ।”
ਯਹੋਸ਼ੁਆ ਦੀ ਅਲਵਿਦਾ
24 ਯਹੋਸ਼ੁਆ ਨੇ ਇਸਰਾਏਲ ਦੇ ਸਾਰੇ ਪਰਿਵਾਰ-ਸਮੂਹਾਂ ਦੀ ਸ਼ਕਮ ਵਿਖੇ ਇਕੱਤ੍ਰਤਾ ਬੁਲਾਈ। ਫ਼ੇਰ ਯਹੋਸ਼ੁਆ ਨੇ ਬਜ਼ੁਰਗ ਆਗੁਆਂ, ਪਰਿਵਾਰਾਂ ਦੇ ਮੁਖੀਆਂ, ਜੱਜਾਂ ਅਤੇ ਇਸਰਾਏਲ ਦੇ ਅਧਿਕਾਰੀਆਂ ਅਤੇ ਹਾਕਮਾਂ ਅਤੇ ਜੱਜਾਂ ਨੂੰ ਬੁਲਾਇਆ। ਇਹ ਸਾਰੇ ਆਦਮੀ ਪਰਮੇਸ਼ੁਰ ਦੇ ਸਨਮੁੱਖ ਖਲੋ ਗਏ।
2 ਫ਼ੇਰ ਯਹੋਸ਼ੁਆ ਨੇ ਸਾਰੇ ਲੋਕਾਂ ਨਾਲ ਗੱਲ ਕੀਤੀ ਅਤੇ ਆਖਿਆ, “ਮੈਂ ਤੁਹਾਨੂੰ ਉਹੋ ਕੁਝ ਦੱਸ ਰਿਹਾ ਹਾਂ ਜੋ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ ਤੁਹਾਨੂੰ ਆਖਦਾ ਹੈ: ‘ਬਹੁਤ ਸਮਾਂ ਪਹਿਲਾਂ, ਤੁਹਾਡੇ ਪੁਰਖੇ ਤੇਰਹ, ਅਬਰਾਹਾਮ ਅਤੇ ਨਾਹੋਰ ਦੇ ਪਿਤਾ ਸਮੇਤ ਫ਼ਰਾਤ ਨਦੀ ਦੇ ਪਰਲੇ ਕੰਢੇ ਰਹਿੰਦੇ ਸਨ। ਉਨ੍ਹਾਂ ਨੇ ਹੋਰਨਾ ਦੇਵਤਿਆਂ ਦੀ ਉਪਾਸਨਾ ਕੀਤੀ। 3 ਪਰ ਮੈਂ, ਯਹੋਵਾਹ ਨੇ ਤੁਹਾਡੇ ਪੁਰਖੇ ਅਬਰਾਹਾਮ ਨੂੰ ਨਦੀ ਦੇ ਪਰਲੇ ਕੰਢੇ ਦੀ ਧਰਤੀ ਤੋਂ ਕੱਢਿਆ। ਮੈਂ ਉਸਦੀ ਕਨਾਨ ਦੀ ਧਰਤੀ ਵਿੱਚ ਅਗਵਾਈ ਕੀਤੀ ਅਤੇ ਉਸ ਨੂੰ ਬਹੁਤ ਉਲਾਦ ਦਾ ਵਰ ਦਿੱਤਾ। ਮੈਂ ਅਬਰਾਹਾਮ ਨੂੰ ਉਸਦਾ ਪੁੱਤਰ ਇਸਹਾਕ ਦਿੱਤਾ। 4 ਅਤੇ ਮੈਂ ਇਸਹਾਕ ਨੂੰ ਯਾਕੂਬ ਅਤੇ ਏਸਾਓ ਨਾਮ ਦੇ ਦੋ ਪੁੱਤਰ ਦਿੱਤੇ। ਏਸਾਓ ਨੂੰ ਮੈਂ ਸੇਈਰ ਦੇ ਪਰਬਤਾਂ ਦੇ ਦੁਆਲੇ ਦੀ ਧਰਤੀ ਦਿੱਤੀ ਯਾਕੂਬ ਅਤੇ ਉਸ ਦੇ ਪੁੱਤਰ ਉੱਥੇ ਨਹੀਂ ਰਹੇ। ਉਹ ਮਿਸਰ ਦੀ ਧਰਤੀ ਉੱਤੇ ਰਹਿਣ ਲਈ ਚੱਲੇ ਗਏ।
5 “‘ਫ਼ੇਰ ਮੈਂ ਮੂਸਾ ਅਤੇ ਹਾਰੂਨ ਨੂੰ ਮਿਸਰ ਭੇਜਿਆ। ਮੈਂ ਚਾਹੁੰਦਾ ਸੀ ਕਿ ਉਹ ਮੇਰੇ ਬੰਦਿਆਂ ਨੂੰ ਮਿਸਰ ਵਿੱਚੋਂ ਬਾਹਰ ਲੈ ਆਉਣ। ਮੈਂ ਮਿਸਰ ਦੇ ਲੋਕਾਂ ਲਈ ਬਹੁਤ ਆਫ਼ਤਾਂ ਭੇਜੀਆਂ। ਫ਼ੇਰ ਮੈਂ ਤੁਹਾਡੇ ਬੰਦਿਆਂ ਨੂੰ ਮਿਸਰ ਤੋਂ ਬਾਹਰ ਲੈ ਆਇਆ। 6 ਇਸ ਤਰ੍ਹਾਂ ਮੈਂ ਤੁਹਾਡੇ ਪੁਰਖਿਆਂ ਨੂੰ ਮਿਸਰ ਤੋਂ ਬਾਹਰ ਲਿਆਂਦਾ। ਉਹ ਲਾਲ ਸਾਗਰ ਵੱਲ ਆ ਗਏ, ਅਤੇ ਮਿਸਰ ਦੇ ਲੋਕ ਉਨ੍ਹਾਂ ਦਾ ਪਿੱਛਾ ਕਰ ਰਹੇ ਸਨ। ਉੱਥੇ ਰੱਥ ਅਤੇ ਘੋੜ ਸਵਾਰ ਸਨ। 7 ਇਸ ਲਈ ਲੋਕਾਂ ਨੇ ਮੈਨੂੰ, ਯਹੋਵਾਹ ਨੂੰ, ਸਹਾਇਤਾ ਲਈ ਪੁਕਾਰਿਆ। ਅਤੇ ਮੈਂ ਮਿਸਰ ਦੇ ਲੋਕਾਂ ਉੱਪਰ ਬਹੁਤ ਮੁਸੀਬਤਾਂ ਭੇਜੀਆਂ। ਮੈਂ, ਯਹੋਵਾਹ ਨੇ, ਸਮੁੰਦਰ ਦੇ ਪਾਣੀ ਨਾਲ ਉਨ੍ਹਾਂ ਨੂੰ ਢੱਕ ਦਿੱਤਾ। ਤੁਸੀਂ ਖੁਦ ਦੇਖਿਆ ਸੀ ਕਿ ਮੈਂ ਮਿਸਰ ਦੀ ਫ਼ੌਜ ਨਾਲ ਕੀ ਕੁਝ ਕੀਤਾ।
“‘ਉਸਤੋਂ ਮਗਰੋਂ, ਤੁਸੀਂ ਬਹੁਤ ਸਮੇਂ ਤੱਕ ਮਾਰੂਥਲ ਵਿੱਚ ਰਹੇ। 8 ਫ਼ੇਰ ਮੈਂ ਤੁਹਾਨੂੰ ਅਮੋਰੀ ਲੋਕਾਂ ਦੀ ਧਰਤੀ ਉੱਤੇ ਲੈ ਆਂਦਾ। ਇਹ ਯਰਦਨ ਨਦੀ ਦੇ ਪੂਰਬ ਵੱਲ ਸੀ। ਉਹ ਲੋਕ ਤੁਹਾਡੇ ਖ਼ਿਲਾਫ਼ ਲੜੇ, ਪਰ ਮੈਂ ਤੁਹਾਨੂੰ ਇਜਾਜ਼ਤ ਦਿੱਤੀ ਕਿ ਉਨ੍ਹਾਂ ਨੂੰ ਹਰਾ ਦਿਉ। ਮੈਂ ਤੁਹਾਨੂੰ ਉਨ੍ਹਾਂ ਲੋਕਾਂ ਨੂੰ ਤਬਾਹ ਕਰਨ ਦੀ ਤਾਕਤ ਦਿੱਤੀ। ਫ਼ੇਰ ਤੁਸੀਂ ਉਸ ਧਰਤੀ ਉੱਤੇ ਕਬਜ਼ਾ ਕਰ ਲਿਆ।
9 “‘ਫ਼ੇਰ ਮੋਆਬ ਦੇ ਰਾਜੇ, ਸਿਫ਼ੋਹ ਦੇ ਪੁੱਤਰ, ਬਾਲਾਕ ਨੇ ਇਸਰਾਏਲ ਦੇ ਲੋਕਾਂ ਨਾਲ ਲੜਨ ਦੀ ਤਿਆਰੀ ਕੀਤੀ। ਰਾਜੇ ਨੇ ਬਓਰ ਦੇ ਪੁੱਤਰ, ਬਿਲਆਮ, ਨੂੰ ਸੱਦਿਆ। ਉਸ ਨੇ ਬਿਲਆਮ ਨੂੰ ਆਖਿਆ ਕਿ ਤੁਹਾਨੂੰ ਸਰਾਪ ਦੇਵੇ। 10 ਪਰ ਮੈਂ, ਯਹੋਵਾਹ ਨੇ, ਬਿਲਆਮ ਦੀ ਗੱਲ ਸੁਣਨ ਤੋਂ ਇਨਕਾਰ ਕਰ ਦਿੱਤਾ। ਇਸ ਲਈ ਬਿਲਆਮ ਨੇ ਤੁਹਾਨੂੰ ਵਰ ਦਿੱਤਾ ਉਸ ਨੇ ਕਈ ਵਾਰੀ ਤੁਹਾਨੂੰ ਅਸੀਸ ਦਿੱਤੀ। ਮੈਂ ਤੁਹਾਨੂੰ ਬਚਾਇਆ ਅਤੇ ਮੁਸੀਬਤ ਵਿੱਚੋਂ ਬਾਹਰ ਕੱਢਿਆ।
11 “‘ਫ਼ੇਰ ਤੁਸੀਂ ਯਰਦਨ ਨਦੀ ਪਾਰ ਕਰਕੇ ਯਰੀਹੋ ਸ਼ਹਿਰ ਨੂੰ ਚੱਲੇ ਗਏ ਯਰੀਹੋ ਦੇ ਲੋਕਾਂ ਨੇ ਤੁਹਾਡੇ ਵਿਰੁੱਧ ਲੜਾਈ ਕੀਤੀ। ਅਮੋਰੀ, ਫ਼ਰਿੱਜ਼ੀ, ਕਨਾਨੀ, ਹਿੱਤੀ, ਗਿਰਗਾਸੀ, ਹਿੱਵੀ ਅਤੇ ਯਬੂਸੀ ਲੋਕ ਵੀ ਤੁਹਾਡੇ ਨਾਲ ਲੜੇ। ਪਰ ਮੈਂ ਤੁਹਾਨੂੰ ਇਜਾਜ਼ਤ ਦਿੱਤੀ ਕਿ ਉਨ੍ਹਾਂ ਸਾਰਿਆਂ ਨੂੰ ਹਰਾ ਦਿਉ। 12 ਜਦੋਂ ਤੁਹਾਡੀ ਫ਼ੌਜ ਅੱਗੇ ਜਾ ਰਹੀ ਸੀ ਮੈਂ ਉਨ੍ਹਾਂ ਦੇ ਅੱਗੇ-ਅੱਗੇ ਹਾਰਨੇਟ (ਭ੍ਰਿੰਡਾਂ) ਨੂੰ ਭੇਜਿਆ। ਭ੍ਰਿਂਡਾਂ ਨੇ ਲੋਕਾਂ ਨੂੰ ਭਜਾ ਦਿੱਤਾ। ਇਸ ਲਈ ਤੁਸੀਂ ਆਪਣੀਆਂ ਤਲਵਾਰਾਂ ਅਤੇ ਤੀਰ ਕਮਾਨਾ ਦੀ ਵਰਤੋਂ ਕਰਨ ਤੋਂ ਬਗੈਰ ਹੀ ਧਰਤੀ ਉੱਤੇ ਕਬਜ਼ਾ ਕਰ ਲਿਆ।
13 “‘ਮੈਂ, ਯਹੋਵਾਹ ਨੇ, ਤੁਹਾਨੂੰ ਉਹ ਧਰਤੀ ਦਿੱਤੀ! ਤੁਸੀਂ ਉਸ ਧਰਤੀ ਲਈ ਮਿਹਨਤ ਨਹੀਂ ਕੀਤੀ ਸੀ-ਇਹ ਤੁਹਾਨੂੰ ਮੈਂ ਦਿੱਤੀ ਸੀ! ਤੁਸੀਂ ਉਨ੍ਹਾਂ ਸ਼ਹਿਰਾਂ ਨੂੰ ਨਹੀਂ ਸੀ ਉਸਾਰਿਆ-ਇਹ ਤੁਹਾਨੂੰ ਮੈਂ ਦਿੱਤੇ ਸਨ। ਅਤੇ ਹੁਣ ਤੁਸੀਂ ਉਸ ਧਰਤੀ ਅਤੇ ਉਨ੍ਹਾਂ ਸ਼ਹਿਰਾਂ ਵਿੱਚ ਰਹਿੰਦੇ ਹੋ। ਤੁਹਾਡੇ ਕੋਲ ਅੰਗੂਰਾਂ ਦੀਆਂ ਵੇਲਾਂ ਅਤੇ ਜ਼ੈਤੂਨ ਦੇ ਰੁੱਖਾਂ ਦੇ ਬਾਗ ਹਨ, ਪਰ ਉਨ੍ਹਾਂ ਬਾਗਾਂ ਨੂੰ ਤੁਸੀਂ ਨਹੀਂ ਸੀ ਲਗਾਇਆ।’”
14 ਫ਼ੇਰ ਯਹੋਸ਼ੁਆ ਨੇ ਲੋਕਾਂ ਨੂੰ ਆਖਿਆ, “ਹੁਣ ਤੁਸੀਂ ਯਹੋਵਾਹ ਦੇ ਸ਼ਬਦ ਸੁਣ ਲਈ ਹਨ। ਇਸ ਲਈ ਤੁਹਾਨੂੰ ਯਹੋਵਾਹ ਦਾ ਆਦਰ ਜ਼ਰੂਰ ਕਰਨਾ ਚਾਹੀਦਾ ਹੈ ਅਤੇ ਉਸਦੀ ਸੱਚੀ ਸੇਵਾ ਕਰਨੀ ਚਾਹੀਦੀ ਹੈ। ਉਨ੍ਹਾਂ ਝੂਠੇ ਦੇਵਤਿਆਂ ਨੂੰ ਸੁੱਟ ਦਿਉ ਜਿਨ੍ਹਾਂ ਦੀ ਤੁਹਾਡੇ ਪੁਰਖਿਆਂ ਨੇ ਉਪਾਸਨਾ ਕੀਤੀ ਸੀ। ਇਹ ਗੱਲ ਅਜਿਹੀ ਸੀ ਜਿਹੜੀ ਬਹੁਤ ਸਮਾਂ ਪਹਿਲਾਂ ਮਿਸਰ ਵਿੱਚ ਫ਼ਰਾਤ ਨਦੀ ਦੇ ਪਰਲੇ ਕੰਢੇ ਵਾਪਰੀ ਸੀ। ਹੁਣ ਤੁਹਾਨੂੰ ਸਿਰਫ਼ ਯਹੋਵਾਹ ਦੀ ਸੇਵਾ ਹੀ ਕਰਨੀ ਚਾਹੀਦੀ ਹੈ।
15 “ਪਰ ਹੁਣ ਤੁਹਾਨੂੰ ਸਿਰਫ਼ ਯਹੋਵਾਹ ਦੀ ਸੇਵਾ ਹੀ ਕਰਨੀ ਚਾਹੀਦੀ ਹੈ ਸ਼ਾਇਦ ਤੁਸੀਂ ਯਹੋਵਾਹ ਦੀ ਸੇਵਾ ਨਹੀਂ ਕਰਨਾ ਚਾਹੁੰਦੇ। ਤੁਹਾਨੂੰ ਅੱਜ ਆਪਣੇ ਲਈ ਅਵੱਸ਼ ਚੋਣ ਕਰਨੀ ਚਾਹੀਦੀ ਹੈ। ਅੱਜ ਤੁਹਾਨੂੰ ਇਹ ਨਿਆਂ ਕਰਨਾ ਪਵੇਗਾ ਕਿ ਤੁਸੀਂ ਕਿਸਦੀ ਸੇਵਾ ਕਰੋਂਗੇ। ਕੀ ਤੁਸੀਂ ਉਨ੍ਹਾਂ ਦੇਵਤਿਆਂ ਦੀ ਸੇਵਾ ਕਰੋਂਗੇ ਜਿਨ੍ਹਾਂ ਦੀ ਤੁਹਾਡੇ ਪੁਰਖਿਆਂ ਨੇ ਉਪਾਸਨਾ ਕੀਤੀ ਸੀ ਜਦੋਂ ਉਹ ਫ਼ਰਾਤ ਨਦੀ ਦੇ ਪਰਲੇ ਪਾਸੇ ਰਹਿੰਦੇ ਸਨ? ਜਾਂ ਕੀ ਤੁਸੀਂ ਅਮੋਰੀ ਲੋਕਾਂ ਦੇ ਦੇਵਤਿਆਂ ਦੀ ਸੇਵਾ ਕਰੋਂਗੇ ਜਿਹੜੇ ਇਸ ਧਰਤੀ ਉੱਤੇ ਰਹਿੰਦੇ ਸਨ? ਤੁਹਾਨੂੰ ਇਹ ਚੋਣ ਖੁਦ ਕਰਨੀ ਪਵੇਗੀ। ਪਰ ਜਿੱਥੇ ਤੱਕ ਮੇਰਾ ਅਤੇ ਮੇਰੇ ਪਰਿਵਾਰ ਦਾ ਸੰਬੰਧ ਹੈ, ਅਸੀਂ ਤਾਂ ਯਹੋਵਾਹ ਦੀ ਸੇਵਾ ਕਰਾਂਗੇ!”
16 ਫ਼ੇਰ ਲੋਕਾਂ ਨੇ ਉੱਤਰ ਦਿੱਤਾ, “ਅਸੀਂ ਕਦੇ ਵੀ ਯਹੋਵਾਹ ਦੇ ਪਿੱਛੇ ਲੱਗਣ ਤੋਂ ਨਹੀਂ ਹਟਾਂਗੇ। ਅਸੀਂ ਕਦੇ ਵੀ ਹੋਰਨਾਂ ਦੇਵਤਿਆਂ ਦੀ ਉਪਾਸਨਾ ਨਹੀਂ ਕਰਾਂਗੇ! 17 ਅਸੀਂ ਜਾਣਦੇ ਹਾਂ ਕਿ ਇਹ ਯਹੋਵਾਹ ਪਰਮੇਸ਼ੁਰ ਹੀ ਸੀ ਜਿਸਨੇ ਸਾਡੇ ਲੋਕਾਂ ਨੂੰ ਮਿਸਰ ਵਿੱਚੋਂ ਬਾਹਰ ਲਿਆਂਦਾ ਸੀ। ਅਸੀਂ ਉਸ ਧਰਤੀ ਉੱਤੇ ਗੁਲਾਮ ਸਾਂ। ਪਰ ਯਹੋਵਾਹ ਨੇ ਉੱਥੇ ਸਾਡੇ ਲਈ ਮਹਾਨ ਗੱਲਾਂ ਕੀਤੀਆਂ। ਉਹ ਸਾਨੂੰ ਉਸ ਧਰਤੀ ਤੋਂ ਬਾਹਰ ਲੈ ਆਇਆ ਅਤੇ ਜਦੋਂ ਹੋਰਨਾਂ ਧਰਤੀਆਂ ਵਿੱਚੋਂ ਲੰਘ ਰਹੇ ਸਾਂ ਉਸ ਨੇ ਸਾਡੀ ਰੱਖਿਆ ਕੀਤੀ। 18 ਯਹੋਵਾਹ ਨੇ ਇਨ੍ਹਾਂ ਧਰਤੀ ਵਿੱਚ ਰਹਿਣ ਵਾਲੇ ਲੋਕਾਂ ਨੂੰ ਹਰਾਉਣ ਵਿੱਚ ਸਾਡੀ ਸਹਾਇਤਾ ਕੀਤੀ। ਯਹੋਵਾਹ ਨੇ ਅਮੋਰੀ ਲੋਕਾਂ ਨੂੰ ਹਰਾਉਣ ਵਿੱਚ ਸਾਡੀ ਸਹਾਇਤਾ ਕੀਤੀ ਜਿਹੜੇ ਇਸ ਧਰਤੀ ਉੱਤੇ ਰਹਿੰਦੇ ਸਨ ਜਿੱਥੇ ਅਸੀਂ ਹੁਣ ਹਾਂ। ਇਸ ਲਈ ਅਸੀਂ ਯਹੋਵਾਹ ਦੀ ਸੇਵਾ ਕਰਦੇ ਰਹਾਂਗੇ। ਕਿਉਂਕਿ ਉਹ ਸਾਡਾ ਪਰਮੇਸ਼ੁਰ ਹੈ।”
19 ਫ਼ੇਰ ਯਹੋਸ਼ੁਆ ਨੇ ਆਖਿਆ, “ਇਹ ਸੱਚ ਨਹੀਂ ਹੈ। ਤੁਸੀਂ ਯਹੋਵਾਹ ਦੀ ਸੇਵਾ ਕਰਦੇ ਰਹਿਣ ਦੇ ਯੋਗ ਨਹੀਂ ਹੋਵੋਂਗੇ। ਯਹੋਵਾਹ ਪਰਮੇਸ਼ੁਰ ਪਵਿੱਤਰ ਹੈ ਅਤੇ ਪਰਮੇਸ਼ੁਰ ਆਪਣੇ ਬੰਦਿਆਂ ਨੂੰ ਹੋਰਨਾਂ ਦੇਵਤਿਆਂ ਦੀ ਉਪਾਸਨਾ ਕਰਦਿਆਂ ਦੇਖਕੇ ਨਫ਼ਰਤ ਕਰਦਾ ਹੈ। ਪਰਮੇਸ਼ੁਰ ਤੁਹਾਨੂੰ ਕਦੇ ਮਾਫ਼ ਨਹੀਂ ਕਰੇਗਾ ਜੇ ਤੁਸੀਂ ਇਸ ਤਰ੍ਹਾਂ ਉਸ ਦੇ ਵਿਰੁੱਧ ਹੋ ਜਾਵੋਂਗੇ। 20 ਪਰ ਤੁਸੀਂ ਯਹੋਵਾਹ ਨੂੰ ਛੱਡ ਦਿਉਂਗੇ ਅਤੇ ਹੋਰਨਾਂ ਦੇਵਤਿਆਂ ਦੀ ਸੇਵਾ ਕਰੋਂਗੇ। ਅਤੇ ਯਹੋਵਾਹ ਤੁਹਾਡੇ ਉੱਤੇ ਭਿਆਨਕ ਆਫ਼ਤਾਂ ਭੇਜੇਗਾ। ਯਹੋਵਾਹ ਤੁਹਾਨੂੰ ਤਬਾਹ ਕਰ ਦੇਵੇਗਾ। ਯਹੋਵਾਹ ਪਰਮੇਸ਼ੁਰ ਤੁਹਾਡੇ ਨਾਲ ਚੰਗਿਆਈ ਕਰਦਾ ਰਿਹਾ ਹੈ। ਪਰ ਜੇ ਤੁਸੀਂ ਉਸ ਦੇ ਖਿਲਾਫ਼ ਹੋ ਗਏ ਤਾਂ ਉਹ ਤੁਹਾਨੂੰ ਤਬਾਹ ਕਰ ਦੇਵੇਗਾ।”
21 ਪਰ ਲੋਕਾਂ ਨੇ ਯਹੋਸ਼ੁਆ ਨੂੰ ਆਖਿਆ, “ਨਹੀਂ! ਅਸੀਂ ਯਹੋਵਾਹ ਦੀ ਸੇਵਾ ਕਰਾਂਗੇ।”
22 ਫ਼ੇਰ ਯਹੋਸ਼ੁਆ ਨੇ ਆਖਿਆ, “ਆਪਣੇ ਵੱਲ ਆਲੇ-ਦੁਆਲੇ ਅਤੇ ਇੱਥੇ ਆਪਣੇ ਨਾਲ ਦੇ ਲੋਕਾਂ ਵੱਲ ਵੇਖੋ। ਕੀ ਤੁਸੀਂ ਸਾਰੇ ਜਾਣਦੇ ਹੋ ਅਤੇ ਮੰਨਦੇ ਹੋ ਕਿ ਤੁਸੀਂ ਯਹੋਵਾਹ ਦੀ ਸੇਵਾ ਕਰਨ ਦੀ ਚੋਣ ਕੀਤੀ ਹੈ! ਕੀ ਤੁਸੀਂ ਇਸ ਗੱਲ ਦੇ ਗਵਾਹ ਹੋ?”
ਲੋਕਾਂ ਨੇ ਉੱਤਰ ਦਿੱਤਾ ਹਾਂ ਇਹ ਸੱਚ ਹੈ ਅਸੀਂ ਸਾਰੇ ਇਹ ਦੇਖਦੇ ਹਾਂ ਕਿ ਅਸੀਂ ਯਹੋਵਾਹ ਦੀ ਸੇਵਾ ਕਰਨ ਦੀ ਚੋਣ ਕੀਤੀ ਹੈ।
23 ਫ਼ੇਰ ਯਹੋਸ਼ੁਆ ਨੇ ਆਖਿਆ, “ਇਸ ਲਈ ਉਨ੍ਹਾਂ ਝੂਠੇ ਦੇਵਤਿਆਂ ਨੂੰ ਪਰਾਂਹ ਸੁੱਟ ਦਿਉ ਜਿਹੜੇ ਤੁਹਾਡੇ ਕੋਲ ਹਨ। ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਨੂੰ ਆਪਣੇ ਪੂਰੇ ਦਿਲ ਨਾਲ ਪਿਆਰ ਕਰੋ।”
24 ਫ਼ੇਰ ਲੋਕਾਂ ਨੇ ਯਹੋਸ਼ੁਆ ਨੂੰ ਆਖਿਆ, “ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਸੇਵਾ ਕਰਾਂਗੇ। ਅਸੀਂ ਉਸਦਾ ਹੁਕਮ ਮੰਨਾਂਗੇ।”
25 ਇਸ ਲਈ ਉਸ ਦਿਨ ਯਹੋਸ਼ੁਆ ਨੇ ਲੋਕਾਂ ਲਈ ਇੱਕ ਨੇਮ ਕੀਤਾ। ਯਹੋਸ਼ੁਆ ਨੇ ਇਹ ਨੇਮ ਸ਼ਕਮ ਨਾਮ ਦੇ ਕਸਬੇ ਵਿਖੇ ਕੀਤਾ। ਇਹ ਉਨ੍ਹਾਂ ਲਈ ਕਾਨੂੰਨ ਬਣ ਗਿਆ। 26 ਯਹੋਸ਼ੁਆ ਨੇ ਇਨ੍ਹਾਂ ਗੱਲਾਂ ਨੂੰ ਪਰਮੇਸ਼ੁਰ ਦੀ ਬਿਵਸਥਾ ਦੀ ਪੋਥੀ ਵਿੱਚ ਲਿਖ ਦਿੱਤਾ। ਫ਼ੇਰ ਯਹੋਸ਼ੁਆ ਨੇ ਇੱਕ ਵੱਡਾ ਪੱਥਰ ਲੱਭਿਆ। ਇਹ ਪੱਥਰ ਇਸ ਇਕਰਾਰਨਾਮੇ ਦਾ ਸਬੂਤ ਸੀ। ਉਸ ਨੇ ਉਸ ਪੱਥਰ ਨੂੰ ਯਹੋਵਾਹ ਦੇ ਪਵਿੱਤਰ ਤੰਬੂ ਦੇ ਨੇੜੇ ਓਕ ਦੇ ਰੁੱਖ ਹੇਠਾਂ ਰੱਖ ਦਿੱਤਾ।
27 ਫ਼ੇਰ ਯਹੋਸ਼ੁਆ ਨੇ ਸਾਰੇ ਲੋਕਾਂ ਨੂੰ ਆਖਿਆ, “ਇਹ ਪੱਥਰ ਤੁਹਾਨੂੰ ਉਨ੍ਹਾਂ ਗੱਲਾਂ ਨੂੰ ਚੇਤੇ ਕਰਨ ਵਿੱਚ ਸਹਾਇਤਾ ਦੇਵੇਗਾ ਜਿਹੜੀਆਂ ਅਸੀਂ ਅੱਜ ਆਖੀਆਂ। ਜਦੋਂ ਅੱਜ ਯਹੋਵਾਹ ਸਾਡੇ ਨਾਲ ਗੱਲ ਕਰ ਰਿਹਾ ਸੀ ਇਹ ਪੱਥਰ ਇੱਥੇ ਹੀ ਸੀ। ਇਸ ਲਈ ਇਹ ਪੱਥਰ ਅਜਿਹੀ ਸ਼ੈਅ ਹੋਵੇਗਾ ਜਿਹੜੀ ਤੁਹਾਨੂੰ ਇਹ ਯਾਦ ਕਰਨ ਵਿੱਚ ਸਹਾਈ ਹੋਵੇਗੀ ਕਿ ਅੱਜ ਕੀ ਵਾਪਰਿਆ। ਇਹ ਪੱਥਰ ਤੁਹਾਡੇ ਖਿਲਾਫ਼ ਇੱਕ ਪ੍ਰਮਾਣ ਹੋਵੇਗਾ। ਇਹ ਤੁਹਾਨੂੰ ਯਹੋਵਾਹ ਤੁਹਾਡੇ ਪਰਮੇਸ਼ੁਰ ਦੇ ਵਿਰੁੱਧ ਹੋਣ ਤੋਂ ਰੋਕੇਗਾ।”
28 ਫ਼ੇਰ ਯਹੋਸ਼ੁਆ ਨੇ ਲੋਕਾਂ ਨੂੰ ਘਰ ਚੱਲੇ ਜਾਣ ਲਈ ਆਖਿਆ। ਇਸ ਲਈ ਹਰ ਕੋਈ ਆਪਣੇ ਘਰ ਆਪਣੀ ਧਰਤੀ ਉੱਤੇ ਚੱਲਾ ਗਿਆ।
ਯਹੋਸ਼ੁਆ ਦੀ ਮੌਤ
29 ਉਸਤੋਂ ਮਗਰੋਂ ਨੂਨ ਦਾ ਪੁੱਤਰ ਯਹੋਸ਼ੁਆ ਮਰ ਗਿਆ। ਯਹੋਸ਼ੁਆ 110 ਵਰ੍ਹੇ ਦਾ ਸੀ। 30 ਯਹੋਸ਼ੁਆ ਨੂੰ ਉਸਦੀ ਆਪਣੀ ਧਰਤੀ ਉੱਤੇ ਤਿਮਨਥ ਸਰਹ ਵਿਖੇ ਦਫ਼ਨਾਇਆ ਗਿਆ। ਇਹ ਗਆਸ਼ ਪਰਬਤ ਦੇ ਉੱਤਰ ਵੱਲ ਅਫ਼ਰਾਈਮ ਦਾ ਪਹਾੜੀ ਪ੍ਰਦੇਸ਼ ਸੀ।
31 ਇਸਰਾਏਲ ਦੇ ਲੋਕਾਂ ਨੇ ਉਸ ਸਮੇਂ ਦੌਰਾਨ ਯਹੋਵਾਹ ਦੀ ਸੇਵਾ ਕੀਤੀ ਸੀ ਜਦੋਂ ਯਹੋਸ਼ੁਆ ਜਿਉਂਦਾ ਸੀ। ਅਤੇ ਯਹੋਸ਼ੁਆ ਦੇ ਦੇਹਾਂਤ ਤੋਂ ਬਾਦ, ਲੋਕ ਯਹੋਵਾਹ ਦੀ ਸੇਵਾ ਕਰਦੇ ਰਹੇ ਜਦੋਂ ਤੀਕ ਉਨ੍ਹਾਂ ਦੇ ਆਗੂ ਜਿਉਂਦੇ ਸਨ। ਇਹ ਉਹ ਆਗੂ ਸਨ ਜਿਨ੍ਹਾਂ ਨੇ ਉਹ ਗੱਲਾਂ ਦੇਖੀਆਂ ਸਨ ਜਿਹੜੀਆਂ ਯਹੋਵਾਹ ਨੇ ਇਸਰਾਏਲ ਲਈ ਕੀਤੀਆਂ ਸਨ।
ਯੂਸੁਫ਼ ਦੀ ਘਰ ਵਾਪਸੀ
32 ਜਦੋਂ ਇਸਰਾਏਲ ਦੇ ਲੋਕਾਂ ਨੇ ਮਿਸਰ ਛੱਡਿਆ, ਉਹ ਆਪਣੇ ਨਾਲ ਯੂਸੁਫ਼ ਦੀਆਂ ਅਸਥੀਆਂ ਲੈ ਆਏ। ਇਸ ਲਈ ਲੋਕਾਂ ਨੇ ਯੂਸੁਫ਼ ਦੀਆਂ ਅਸਥੀਆਂ ਨੂੰ ਸ਼ਕਮ ਵਿਖੇ ਦਫ਼ਨਾ ਦਿੱਤਾ। ਉਨ੍ਹਾਂ ਨੇ ਉਨ੍ਹਾਂ ਅਸਥੀਆਂ ਨੂੰ ਉਸ ਜ਼ਮੀਨ ਵਿੱਚ ਦਫ਼ਨਾਇਆ ਜਿਹੜੀ ਯਾਕੂਬ ਨੇ ਹਮੋਰ ਦੇ ਪੁੱਤਰਾਂ ਪਾਸੋਂ ਖਰੀਦੀ ਸੀ ਜਿਹੜਾ ਸ਼ਕਮ ਨਾਮ ਦੇ ਬੰਦੇ ਦਾ ਪਿਤਾ ਸੀ। ਯਾਕੂਬ ਨੇ ਇਹ ਧਰਤੀ ਚਾਂਦੀ ਦੇ 100 ਸਿੱਕਿਆਂ ਬਦਲੇ ਖਰੀਦੀ ਸੀ। ਇਹ ਧਰਤੀ ਯੂਸੁਫ਼ ਦੀ ਸੰਤਾਨ ਦੀ ਮਾਲਕੀ ਹੇਠਾਂ ਸੀ।
33 ਹਾਰੂਨ ਦਾ ਪੁੱਤਰ, ਅਲਆਜ਼ਾਰ ਮਰ ਗਿਆ ਅਤੇ ਉਸ ਨੂੰ ਅਫ਼ਰਾਈਮ ਦੇ ਪਹਾੜੀ ਪ੍ਰਦੇਸ਼ ਵਿੱਚ ਗਿਬੀਹ ਵਿਖੇ ਦਫ਼ਨਾਇਆ ਗਿਆ। ਗਿਬੀਹ ਅਲਆਜ਼ਾਰ ਦੇ ਪੁੱਤਰ ਫ਼ੀਨਹਾਸ ਨੂੰ ਦਿੱਤਾ ਗਿਆ ਸੀ।
ਯਹੂਦਾਹ ਦੀ ਕਨਾਨੀਆਂ ਨਾਲ ਲੜਾਈ
1 ਯਹੋਸ਼ੁਆ ਦੇ ਦੇਹਾਂਤ ਤੋਂ ਮਗਰੋਂ, ਇਸਰਾਏਲ ਦੇ ਲੋਕਾਂ ਨੇ ਯਹੋਵਾਹ ਨੂੰ ਪੁੱਛਿਆ, “ਸਾਡੇ ਕਿਹੜੇ ਪਰਿਵਾਰ-ਸਮੂਹ ਪਹਿਲਾਂ ਜਾਣਗੇ ਅਤੇ ਕਨਾਨੀਆਂ ਦੇ ਖਿਲਾਫ਼ ਸਾਡੇ ਲਈ ਲੜਨਗੇ?”
2 ਯਹੋਵਾਹ ਨੇ ਇਸਰਾਏਲ ਦੇ ਲੋਕਾਂ ਨੂੰ ਆਖਿਆ, “ਯਹੂਦਾਹ ਦਾ ਪਰਿਵਾਰ-ਸਮੂਹ ਜਾਵੇਗਾ। ਮੈਂ ਉਸ ਨੂੰ ਧਰਤੀ ਜਿੱਤਣ ਦੇਵਾਂਗਾ।”
3 ਯਹੂਦਾਹ ਦੇ ਆਦਮੀਆਂ ਨੇ ਸ਼ਿਮਓਨ ਦੇ ਪਰਿਵਾਰ-ਸਮੂਹ ਦੇ ਆਪਣੇ ਭਰਾਵਾਂ ਪਾਸੋਂ ਮਦਦ ਮੰਗੀ। ਯਹੂਦਾਹ ਦੇ ਬੰਦਿਆਂ ਨੇ ਆਖਿਆ, “ਭਰਾਵੋ, ਯਹੋਵਾਹ ਨੇ ਸਾਨੂੰ ਸਾਰਿਆਂ ਨੂੰ ਕੁਝ ਧਰਤੀ ਦੇਣ ਦਾ ਇਕਰਾਰ ਕੀਤਾ ਸੀ ਜੇ ਤੁਸੀਂ ਸਾਡੀ ਧਰਤੀ ਲਈ ਸਾਡੇ ਨਾਲ ਆਕੇ ਲੜਨ ਵਿੱਚ ਮਦਦ ਕਰੋਂਗੇ ਤਾਂ ਅਸੀਂ ਤੁਹਾਡੀ ਧਰਤੀ ਲਈ ਤੁਹਾਡੇ ਨਾਲ ਜਾਕੇ ਲੜਨ ਵਿੱਚ ਮਦਦ ਕਰਾਂਗੇ।” ਤਾਂ ਸ਼ਿਮਓਨ ਦੇ ਬੰਦੇ ਯਹੂਦਾਹ ਦੇ ਆਪਣੇ ਭਰਾਵਾਂ ਦੀ ਲੜਾਈ ਵਿੱਚ ਮਦਦ ਕਰਨ ਲਈ ਮੰਨ ਗਏ।
4 ਯਹੋਵਾਹ ਨੇ ਯਹੂਦਾਹ ਦੇ ਬੰਦਿਆਂ ਦੀ ਕਨਾਨੀਆਂ ਅਤੇ ਫ਼ਰਿੱਜ਼ੀਆਂ ਨੂੰ ਹਰਾਉਣ ਵਿੱਚ ਸਹਾਇਤਾ ਕੀਤੀ। ਯਹੂਦਾਹ ਦੇ ਬੰਦਿਆਂ ਨੇ 10,000 ਆਦਮੀ ਬਜ਼ਕ ਸ਼ਹਿਰ ਵਿਖੇ ਮਾਰ ਦਿੱਤੇ। 5 ਬਜ਼ਕ ਸ਼ਹਿਰ ਵਿੱਚ ਯਹੂਦਾਹ ਦੇ ਬੰਦਿਆਂ ਨੇ ਬਜ਼ਕ ਦੇ ਹਾਕਮ ਨੂੰ ਲੱਭ ਲਿਆ ਅਤੇ ਉਸ ਨਾਲ ਲੜਾਈ ਕੀਤੀ। ਯਹੂਦਾਹ ਦੇ ਬੰਦਿਆਂ ਨੇ ਕਨਾਨੀਆਂ ਅਤੇ ਫ਼ਰਿੱਜ਼ੀਆਂ ਨੂੰ ਹਰਾ ਦਿੱਤਾ।
6 ਬਜ਼ਕ ਦੇ ਹਾਕਮ [d] ਨੇ ਬਚ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਯਹੂਦਾਹ ਦੇ ਲੋਕਾਂ ਨੇ ਉਸਦਾ ਪਿੱਛਾ ਕੀਤਾ ਅਤੇ ਉਸ ਨੂੰ ਫ਼ੜ ਲਿਆ। ਉਨ੍ਹਾਂ ਨੇ ਉਸ ਦੇ ਹੱਥਾਂ ਦੇ ਅਤੇ ਪੈਰਾਂ ਦੇ ਅੰਗੂਠੇ ਵੱਢ ਦਿੱਤੇ। 7 ਤਾਂ ਬਜ਼ਕ ਦੇ ਹਾਕਮ ਨੇ ਆਖਿਆ, “ਮੈਂ 70 ਰਾਜਿਆਂ ਦੇ ਹੱਥਾਂ ਦੇ ਅੰਗੂਠੇ ਅਤੇ ਪੈਰਾਂ ਦੇ ਅੰਗੂਠੇ ਵੱਢ ਦਿੱਤੇ ਸਨ। ਅਤੇ ਉਨ੍ਹਾਂ ਰਾਜਿਆਂ ਨੂੰ ਮੇਰੇ ਖਾਣੇ ਦੀ ਮੇਜ਼ ਤੋਂ ਡਿੱਗੇ ਹੋਏ ਭੋਜਨ ਦੇ ਟੁਕੜੇ ਖਾਣੇ ਪੈਂਦੇ ਸਨ। ਹੁਣ ਪਰਮੇਸ਼ੁਰ ਨੇ ਮੈਨੂੰ ਉਨ੍ਹਾਂ ਰਾਜਿਆਂ ਨਾਲ ਕੀਤੇ ਸਲੂਕ ਦੀ ਸਜ਼ਾ ਦਿੱਤੀ ਹੈ।” ਉਹ ਬਜ਼ਕ ਦੇ ਹਾਕਮ ਨੂੰ ਯਰੂਸ਼ਲਮ ਲੈ ਗਏ ਅਤੇ ਉਹ ਉੱਥੇ ਮਰ ਗਿਆ।
8 ਯਹੂਦਾਹ ਦੇ ਬੰਦਿਆਂ ਨੇ ਯਰੂਸ਼ਲਮ ਦੇ ਵਿਰੁੱਧ ਲੜਾਈ ਕੀਤੀ ਅਤੇ ਉਸ ਉੱਤੇ ਕਬਜ਼ਾ ਕਰ ਲਿਆ। ਯਹੂਦਾਹ ਦੇ ਬੰਦਿਆਂ ਨੇ ਯਰੂਸ਼ਲਮ ਦੇ ਲੋਕਾਂ ਨੂੰ ਮਾਰਨ ਲਈ ਆਪਣੀਆਂ ਤਲਵਾਰਾਂ ਦੀ ਵਰਤੋਂ ਕੀਤੀ। ਉਨ੍ਹਾਂ ਨੇ ਸ਼ਹਿਰ ਨੂੰ ਸਾੜ ਦਿੱਤਾ। 9 ਫ਼ੇਰ ਯਹੂਦਾਹ ਦੇ ਲੋਕ ਕਨਾਨੀਆਂ ਦੇ ਖਿਲਾਫ਼ ਲੜਨ ਲਈ ਹੇਠਾਂ ਵੱਲ ਨੂੰ ਗਏ ਜਿਹੜੇ ਨੇਜੇਵ ਵਿੱਚ, ਪਹਾੜੀ ਪ੍ਰਦੇਸ਼ ਵਿੱਚ ਅਤੇ ਸਮੁੰਦਰੀ ਤੱਟ ਦੇ ਇਲਾਕੇ ਵਿੱਚ ਰਹਿੰਦੇ ਸਨ।
10 ਯਹੂਦਾਹ ਦੇ ਬੰਦੇ ਉਨ੍ਹਾਂ ਕਨਾਨੀ ਲੋਕਾਂ ਨਾਲ ਲੜਨ ਲਈ ਗਏ ਜਿਹੜੇ ਹਬਰੋਨ ਸ਼ਹਿਰ ਵਿੱਚ ਰਹਿੰਦੇ ਸਨ। (ਹਬਰੋਨ ਦਾ ਨਾਮ ਕਿਰਯਥ ਅਰਬਾ ਸੀ।) ਯਹੂਦਾਹ ਦੇ ਬੰਦਿਆਂ ਨੇ ਸ਼ੇਸ਼ਈ, ਅਹੀਮਾਨ ਅਤੇ ਤਲਮਈ ਨਾਮ ਦੇ ਬੰਦਿਆਂ ਨੂੰ ਹਰਾਇਆ।
ਕਾਲੇਬ ਅਤੇ ਉਸਦੀ ਧੀ
11 ਯਹੂਦਾਹ ਦੇ ਲੋਕ ਉੱਥੋਂ ਤੁਰ ਕੇ ਦਬੀਰ ਦੇ ਸ਼ਹਿਰ ਨੂੰ ਉਨ੍ਹਾਂ ਲੋਕਾਂ ਦੇ ਵਿਰੁੱਧ ਲੜਨ ਲਈ ਚੱਲੇ ਗਏ। ਪਿੱਛਲੇ ਸਮੇਂ ਵਿੱਚ ਦਬੀਰ ਕਿਰਯਥ ਸੇਫ਼ਰ ਕਹਾਉਂਦਾ ਸੀ। 12 ਇਸਤੋਂ ਪਹਿਲਾਂ ਕਿ ਯਹੂਦਾਹ ਦੇ ਬੰਦੇ ਲੜਾਈ ਸ਼ੁਰੂ ਕਰਦੇ, ਕਾਲੇਬ ਨੇ ਆਦਮੀਆਂ ਨਾਲ ਇੱਕ ਇਕਰਾਰ ਕੀਤਾ। ਕਾਲੇਬ ਨੇ ਆਖਿਆ, “ਮੈਂ ਕਿਰਯਥ ਸੇਫ਼ਰ ਉੱਤੇ ਹਮਲਾ ਕਰਨਾ ਚਾਹੁੰਦਾ ਹਾਂ। ਮੈਂ ਆਪਣੀ ਧੀ ਅਕਸਾਹ ਦਾ ਸਾਕ ਉਸ ਆਦਮੀ ਨੂੰ ਦੇ ਦਿਆਂਗਾ ਜਿਹੜਾ ਉਸ ਸ਼ਹਿਰ ਉੱਤੇ ਹਮਲਾ ਕਰਕੇ ਉਸ ਉੱਤੇ ਕਬਜ਼ਾ ਕਰ ਲਵੇਗਾ। ਮੈਂ ਉਸ ਆਦਮੀ ਨਾਲ ਆਪਣੀ ਧੀ ਨੂੰ ਵਿਆਹ ਦਿਆਂਗਾ।”
13 ਕਾਲੇਬ ਦਾ ਇੱਕ ਛੋਟਾ ਭਰਾ ਕਨਜ਼ ਸੀ। ਕਨਜ਼ ਦਾ ਇੱਕ ਲੜਕਾ ਸੀ ਅਥਨੀਏਲ। ਅਥਨੀਏਲ ਨੇ ਕਿਰਯਥ ਸ਼ਹਿਰ ਉੱਤੇ ਕਬਜ਼ਾ ਕਰ ਲਿਆ। ਇਸ ਲਈ ਕਾਲੇਬ ਨੇ ਅਥਨੀਏਲ ਨਾਲ ਆਪਣੀ ਧੀ ਅਕਸਾਹ ਦਾ ਵਿਆਹ ਕਰ ਦਿੱਤਾ।
14 ਅਕਸਾਹ ਅਥਨੀਏਲ ਦੇ ਨਾਲ ਰਹਿਣ ਲਈ ਚਲੀ ਗਈ। ਅਥਨੀਏਲ ਨੇ ਅਕਸਾਹ ਨੂੰ ਆਪਣੇ ਪਿਤਾ ਪਾਸੋਂ ਕੁਝ ਜ਼ਮੀਨ ਮੰਗਣ ਲਈ ਕਿਹਾ। ਅਕਸਾਹ ਆਪਣੇ ਪਿਤਾ ਨੂੰ ਮਿਲਣ ਗਈ ਜਦੋਂ ਉਹ ਆਪਣੇ ਖੋਤੇ ਤੋਂ ਉੱਤਰੀ, ਤਾਂ ਕਾਲੇਬ ਨੇ ਪੁੱਛਿਆ, “ਕੀ ਹੋਇਆ?”
15 ਅਕਸਾਹ ਨੇ ਕਾਲੇਬ ਨੂੰ ਜਵਾਬ ਦਿੱਤਾ, “ਮੈਨੂੰ ਅਸੀਸ ਦੇਹ। ਤੂੰ ਮੈਨੂੰ ਨੇਜ਼ੇਵ ਵਿੱਚ ਮਾਰੂ ਜ਼ਮੀਨ ਦਿੱਤੀ ਹੈ। ਕਿਰਪਾ ਕਰਕੇ ਮੈਨੂੰ ਕੁਝ ਜ਼ਮੀਨ ਦੇਹ ਜਿਸ ਵਿੱਚ ਪਾਣੀ ਹੋਵੇ।” ਇਸ ਲਈ ਕਾਲੇਬ ਨੇ ਉਸ ਨੂੰ ਜ਼ਮੀਨ ਵਿੱਚ ਪਾਣੀ ਦੇ ਉੱਪਰ ਅਤੇ ਹੇਠਲੇ ਤਲਾਅ ਦੇ ਦਿੱਤਾ।
16 ਕੇਨੀ ਲੋਕਾਂ ਨੇ ਖਜ਼ੂਰਾਂ ਦਾ ਸ਼ਹਿਰ (ਯਰੀਹੋ) ਛੱਡ ਦਿੱਤਾ ਅਤੇ ਯਹੂਦਾਹ ਦੇ ਲੋਕਾਂ ਨਾਲ ਚੱਲੇ ਗਏ। ਉਹ ਲੋਕ ਯਹੂਦਾਹ ਦੇ ਮਾਰੂਥਲ ਅੰਦਰ ਉੱਥੋਂ ਦੇ ਲੋਕਾਂ ਨਾਲ ਰਹਿਣ ਲਈ ਚੱਲੇ ਗਏ। ਇਹ ਨੇਜ਼ੇਵ ਅੰਦਰ ਅਰਾਦ ਸ਼ਹਿਰ ਦੇ ਨੇੜੇ ਸੀ। (ਕੇਨੀ ਲੋਕ ਮੂਸਾ ਦੇ ਸੌਹਰੇ ਪਰਿਵਾਰ ਵਿੱਚੋਂ ਸਨ।)
17 ਕੁਝ ਕਨਾਨੀ ਲੋਕ ਸਫ਼ਾਥ ਸ਼ਹਿਰ ਦੇ ਵਿੱਚ ਰਹਿੰਦੇ ਸਨ। ਇਸ ਲਈ ਯਹੂਦਾਹ ਦੇ ਆਦਮੀਆਂ ਅਤੇ ਸ਼ਿਮਓਨ ਦੇ ਪਰਿਵਾਰ-ਸਮੂਹ ਦੇ ਆਦਮੀਆਂ ਨੇ ਇਨ੍ਹਾਂ ਕਨਾਨੀ ਲੋਕਾਂ ਉੱਤੇ ਹਮਲਾ ਕਰ ਦਿੱਤਾ। ਉਨ੍ਹਾਂ ਨੇ ਸ਼ਹਿਰ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਇਸ ਲਈ ਉਨ੍ਹਾਂ ਨੇ ਸ਼ਹਿਰ ਦਾ ਨਾਮ ਹਾਰਮਾਹ ਰੱਖ ਦਿੱਤਾ।
18 ਯਹੂਦਾਹ ਦੇ ਆਦਮੀਆਂ ਨੇ ਅੱਜ਼ਾਹ ਦਾ ਸ਼ਹਿਰ ਅਤੇ ਇਸਦੇ ਆਲੇ-ਦੁਆਲੇ ਦੇ ਛੋਟੇ ਕਸਬਿਆਂ ਉੱਤੇ ਵੀ ਕਬਜ਼ਾ ਕਰ ਲਿਆ। ਯਹੂਦਾਹ ਦੇ ਬੰਦਿਆਂ ਨੇ ਅਸਕਲੋਨ ਅਤੇ ਅਕਰੋਨ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਸਾਰੇ ਛੋਟੇ ਕਸਬਿਆਂ ਉੱਤੇ ਵੀ ਕਬਜ਼ਾ ਕਰ ਲਿਆ।
19 ਜਦੋਂ ਯਹੂਦਾਹ ਦੇ ਆਦਮੀ ਲੜੇ ਸਨ ਤਾਂ ਯਹੋਵਾਹ ਉਨ੍ਹਾਂ ਵੱਲ ਸੀ। ਉਨ੍ਹਾਂ ਨੇ ਪਹਾੜੀ ਪ੍ਰਦੇਸ਼ ਦੀ ਧਰਤੀ ਹਾਸਿਲ ਕਰ ਲਈ। ਪਰ ਯਹੂਦਾਹ ਦੇ ਆਦਮੀ ਵਾਦੀਆਂ ਵਿੱਚਲੀ ਧਰਤੀ ਹਾਸਿਲ ਕਰਨ ਵਿੱਚ ਅਸਫ਼ਲ ਰਹੇ, ਕਿਉਂਕਿ ਉੱਥੋਂ ਦੇ ਰਹਿਣ ਵਾਲੇ ਲੋਕਾਂ ਕੋਲ ਲੋਹੇ ਦੇ ਰਥ ਸਨ।
20 ਮੂਸਾ ਨੇ ਹਬਰੋਨ ਦੇ ਨੇੜੇ ਦੀ ਧਰਤੀ ਕਾਲੇਬ ਨੂੰ ਦੇਣ ਦਾ ਇਕਰਾਰ ਕੀਤਾ ਸੀ। ਇਸ ਲਈ ਉਹ ਧਰਤੀ ਕਾਲੇਬ ਦੇ ਪਰਿਵਾਰ ਨੂੰ ਦਿੱਤੀ ਗਈ। ਕਾਲੇਬ ਦੇ ਬੰਦਿਆਂ ਨੇ ਅਨਾਕ ਦੇ ਤਿੰਨ ਪੁੱਤਰਾਂ ਨੂੰ ਉਹ ਥਾਂ ਛੱਡਣ ਲਈ ਮਜ਼ਬੂਰ ਕਰ ਦਿੱਤਾ।
21 ਬਿਨਯਾਮੀਨ ਦਾ ਪਰਿਵਾਰ-ਸਮੂਹ ਯਬੂਸੀ ਲੋਕਾਂ ਨੂੰ ਯਰੂਸ਼ਲਮ ਛੱਡਣ ਲਈ ਮਜ਼ਬੂਰ ਨਹੀਂ ਕਰ ਸੱਕਿਆ। ਇਸ ਲਈ ਅੱਜ ਵੀ ਯਬੂਸੀ ਲੋਕ ਯਰੂਸ਼ਲਮ ਵਿੱਚ ਬਿਨਯਾਮੀਨ ਦੇ ਲੋਕਾਂ ਨਾਲ ਰਹਿੰਦੇ ਹਨ।
ਯੂਸੁਫ਼ ਦੇ ਬੰਦੇ ਬੈਤੇਲ ਉੱਤੇ ਕਬਜ਼ਾ ਕਰਦੇ ਹਨ
22-23 ਯੂਸੁਫ਼ ਦੇ ਪਰਿਵਾਰ-ਸਮੂਹ ਦੇ ਬੰਦੇ ਬੈਤੇਲ ਦੇ ਸ਼ਹਿਰ ਦੇ ਖਿਲਾਫ਼ ਲੜਨ ਲਈ ਗਏ। ਪਿੱਛਲੇ ਸਮੇਂ ਵਿੱਚ ਬੈਤੇਲ ਦਾ ਨਾਮ ਲੂਜ਼ ਸੀ। ਯਹੋਵਾਹ ਯੂਸੁਫ਼ ਦੇ ਪਰਿਵਾਰ-ਸਮੂਹ ਦੇ ਬੰਦਿਆਂ ਵੱਲ ਸੀ। ਯੂਸੁਫ਼ ਦੇ ਪਰਿਵਾਰ-ਸਮੂਹ ਦੇ ਬੰਦਿਆਂ ਨੇ ਬੈਤੇਲ ਦੇ ਸ਼ਹਿਰ ਅੰਦਰ ਕੁਝ ਜਾਸੂਸਾਂ ਨੂੰ ਭੇਜਿਆ। ਇਹ ਲੋਕ ਬੈਤੇਲ ਸ਼ਹਿਰ ਨੂੰ ਹਰਾਉਣ ਦੇ ਢੰਗ ਲੱਭਣ ਲੱਗੇ। 24 ਜਦੋਂ ਜਾਸੂਸ ਬੈਤੇਲ ਦੇ ਸ਼ਹਿਰ ਨੂੰ ਦੇਖ ਰਹੇ ਸਨ, ਉਨ੍ਹਾਂ ਨੇ ਸ਼ਹਿਰ ਵਿੱਚੋਂ ਬਾਹਰ ਆਉਂਦੇ ਇੱਕ ਆਦਮੀ ਨੂੰ ਦੇਖਿਆ। ਜਾਸੂਸਾਂ ਨੇ ਉਸ ਆਦਮੀ ਨੂੰ ਆਖਿਆ, “ਸਾਨੂੰ ਸ਼ਹਿਰ ਵਿੱਚ ਦਾਖਲ ਹੋਣ ਦਾ ਗੁਪਤ ਰਸਤਾ ਦਿਖਾਓ। ਅਸੀਂ ਸ਼ਹਿਰ ਉੱਤੇ ਹਮਲਾ ਕਰਾਂਗੇ। ਪਰ ਜੇ ਤੂੰ ਸਾਡੀ ਸਹਾਇਤਾ ਕਰੇਂਗਾ ਤਾਂ ਅਸੀਂ ਤੈਨੂੰ ਕੋਈ ਨੁਕਸਾਨ ਨਹੀਂ ਪਹੁੰਚਾਵਾਂਗੇ।”
25 ਉਸ ਆਦਮੀ ਨੇ ਜਾਸੂਸਾਂ ਨੂੰ ਸ਼ਹਿਰ ਵਿੱਚ ਜਾਣ ਵਾਲਾ ਗੁਪਤ ਰਸਤਾ ਦਿਖਾ ਦਿੱਤਾ। ਯੂਸੁਫ਼ ਦੇ ਆਦਮੀਆਂ ਨੇ ਬੈਤੇਲ ਦੇ ਲੋਕਾਂ ਨੂੰ ਮਾਰਨ ਲਈ ਆਪਣੀਆਂ ਤਲਵਾਰਾਂ ਦੀ ਵਰਤੋਂ ਕੀਤੀ। ਪਰ ਉਨ੍ਹਾਂ ਨੇ ਉਸ ਬੰਦੇ ਨੂੰ ਨੁਕਸਾਨ ਨਹੀਂ ਪਹੁੰਚਾਇਆ ਜਿਸਨੇ ਉਨ੍ਹਾਂ ਦੀ ਮਦਦ ਕੀਤੀ ਸੀ। ਅਤੇ ਉਨ੍ਹਾਂ ਨੇ ਉਸ ਦੇ ਪਰਿਵਾਰ ਦੇ ਲੋਕਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ। ਉਸ ਆਦਮੀ ਅਤੇ ਉਸ ਦੇ ਪਰਿਵਾਰ ਨੂੰ ਆਜ਼ਾਦੀ ਨਾਲ ਜਾਣ ਦੀ ਇਜਾਜ਼ਤ ਦਿੱਤੀ ਗਈ। 26 ਉਹ ਆਦਮੀ ਉਸ ਧਰਤੀ ਉੱਤੇ ਚੱਲਿਆ ਗਿਆ ਜਿੱਥੇ ਹਿੱਤੀ ਲੋਕ ਰਹਿੰਦੇ ਸਨ ਅਤੇ ਉਸ ਨੇ ਇੱਕ ਸ਼ਹਿਰ ਉਸਾਰਿਆ। ਉਸ ਨੇ ਸ਼ਹਿਰ ਦਾ ਨਾਮ ਲੂਜ਼ ਰੱਖਿਆ। ਅਤੇ ਉਸ ਸ਼ਹਿਰ ਦਾ ਨਾਮ ਅੱਜ ਵੀ ਲੂਜ਼ ਹੀ ਹੈ।
ਦੂਸਰੇ ਪਰਿਵਾਰ-ਸਮੂਹ ਕਨਾਨੀਆਂ ਨਾਲ ਲੜਦੇ ਹਨ
27 ਬੈਤਸ਼ਾਨ, ਤਾਨਾਕ, ਦੋਰ, ਯਿਬਲਾਮ, ਮਗਿੱਦੋ ਅਤੇ ਉਨ੍ਹਾਂ ਸ਼ਹਿਰਾਂ ਦੇ ਆਲੇ-ਦੁਆਲੇ ਦੇ ਕਸਬਿਆਂ ਵਿੱਚ ਕਨਾਨੀ ਲੋਕ ਰਹਿੰਦੇ ਸਨ। ਮਨੱਸ਼ਹ ਪਰਿਵਾਰ-ਸਮੂਹ ਦੇ ਲੋਕ ਉਨ੍ਹਾਂ ਲੋਕਾਂ ਨੂੰ ਉਹ ਕਸਬੇ ਛੱਡਣ ਲਈ ਮਜ਼ਬੂਰ ਨਹੀਂ ਕਰ ਸੱਕੇ। ਇਸ ਲਈ ਕਨਾਨੀ ਲੋਕ ਉੱਥੇ ਹੀ ਰਹੇ। ਉਨ੍ਹਾਂ ਨੇ ਆਪਣੇ ਘਰ ਛੱਡਣ ਤੋਂ ਇਨਕਾਰ ਕਰ ਦਿੱਤਾ। 28 ਬਾਦ ਵਿੱਚ ਇਸਰਾਏਲੀ ਵੱਧੇਰੇ ਤਾਕਤਵਰ ਬਣ ਗਏ ਅਤੇ ਉਨ੍ਹਾਂ ਨੇ ਕਨਾਨੀਆਂ ਨੂੰ ਆਪਣੇ ਲਈ ਜ਼ਬਰਦਸਤੀ ਮਜ਼ਦੂਰਾਂ ਵਜੋਂ ਕੰਮ ਕਰਨ ਲਈ ਮਜ਼ਬੂਰ ਕਰ ਦਿੱਤਾ। ਪਰ ਉਹ ਉਨ੍ਹਾਂ ਨੂੰ ਉਹ ਧਰਤੀ ਛੱਡ ਕੇ ਜਾਣ ਲਈ ਮਜ਼ਬੂਰ ਨਾ ਕਰ ਸੱਕੇ।
29 ਇਫ਼ਰਾਈਂਮ ਦੇ ਪਰਿਵਾਰ-ਸਮੂਹ ਦੇ ਲੋਕਾਂ ਨਾਲ ਵੀ ਇਹੋ ਗੱਲ ਵਾਪਰੀ। ਗਜ਼ਰ ਵਿੱਚ ਕਨਾਨੀ ਲੋਕ ਰਹਿੰਦੇ ਸਨ। ਅਤੇ ਇਫ਼ਰਾਈਮ ਦੇ ਲੋਕਾਂ ਨੇ ਉਨ੍ਹਾਂ ਸਾਰੇ ਕਨਾਨੀ ਲੋਕਾਂ ਨੂੰ ਆਪਣੀ ਧਰਤੀ ਛੱਡ ਕੇ ਚੱਲੇ ਜਾਣ ਲਈ ਮਜ਼ਬੂਰ ਨਹੀਂ ਕੀਤਾ। ਇਸ ਲਈ ਕਨਾਨੀ ਲੋਕ ਗਜ਼ਰ ਅੰਦਰ ਇਫ਼ਰਾਈਮ ਦੇ ਲੋਕਾਂ ਨਾਲ ਰਹਿੰਦੇ ਰਹੇ।
30 ਇਹੀ ਗੱਲ ਜ਼ਬੂਲੁਨ ਦੇ ਪਰਿਵਾਰ-ਸਮੂਹ ਨਾਲ ਵੀ ਵਾਪਰੀ। ਕੁਝ ਕਨਾਨੀ ਕਟਰੋਨ ਅਤੇ ਨਹਲੋਲ ਸ਼ਹਿਰਾਂ ਅੰਦਰ ਰਹਿੰਦੇ ਸਨ। ਜ਼ਬੂਲੁਨ ਦੇ ਲੋਕਾਂ ਨੇ ਇਨ੍ਹਾਂ ਕਨਾਨੀਆਂ ਨੂੰ ਆਪਣੀ ਧਰਤੀ ਛੱਡਣ ਲਈ ਮਜ਼ਬੂਰ ਨਹੀਂ ਕੀਤਾ। ਇਸ ਲਈ ਕਨਾਨੀ ਉੱਥੇ ਜ਼ਬੂਲੁਨ ਦੇ ਲੋਕਾਂ ਨਾਲ ਰਹਿੰਦੇ ਰਹੇ। ਪਰ ਜ਼ਬੂਲੁਨ ਦੇ ਲੋਕਾਂ ਨੇ ਉਨ੍ਹਾਂ ਤੋਂ ਜ਼ਬਰਦਸਤੀ ਮਜ਼ਦੂਰਾਂ ਵਜੋਂ ਕੰਮ ਕਰਵਾਇਆ।
31 ਇਹੀ ਗੱਲ ਆਸ਼ੇਰ ਦੇ ਪਰਿਵਾਰ-ਸਮੂਹ ਦੇ ਲੋਕਾਂ ਨਾਲ ਵੀ ਵਾਪਰੀ। ਆਸ਼ੇਰ ਦੇ ਲੋਕਾਂ ਨੇ ਹੋਰਨਾਂ ਲੋਕਾਂ ਨੂੰ ਅੱਕੋ, ਸੀਦੋਨ, ਅਹਲਾਬ, ਅਕਜ਼ੀਬ, ਹਲਬਾਹ, ਅਫ਼ੀਕ ਅਤੇ ਰਹੋਬ ਸ਼ਹਿਰਾਂ ਨੂੰ ਛੱਡਣ ਲਈ ਮਜ਼ਬੂਰ ਨਹੀਂ ਕੀਤਾ। 32 ਆਸ਼ੇਰ ਦੇ ਲੋਕਾਂ ਨੇ ਉਨ੍ਹਾਂ ਕਨਾਨੀ ਲੋਕਾਂ ਨੂੰ ਆਪਣੀ ਧਰਤੀ ਛੱਡਣ ਲਈ ਮਜ਼ਬੂਰ ਨਹੀਂ ਕੀਤਾ ਇਸ ਲਈ ਕਨਾਨੀ ਲੋਕ ਆਸ਼ੇਰ ਦੇ ਲੋਕਾਂ ਨਾਲ ਹੀ ਰਹਿੰਦੇ ਰਹੇ।
33 ਇਹੀ ਗੱਲ ਨਫ਼ਤਾਲੀ ਦੇ ਪਰਿਵਾਰ-ਸਮੂਹ ਨਾਲ ਵੀ ਵਾਪਰੀ। ਨਫ਼ਤਾਲੀ ਦੇ ਲੋਕਾਂ ਨੇ ਬੈਤ-ਸ਼ਮਸ਼ ਅਤੇ ਬੈਤ-ਅਨਾਥ ਦੇ ਵਾਸੀਆਂ ਨੂੰ ਆਪਣੇ ਸ਼ਹਿਰ ਛੱਡਣ ਲਈ ਮਜ਼ਬੂਰ ਨਹੀਂ ਕੀਤਾ। ਇਸ ਲਈ ਨਫ਼ਤਾਲੀ ਦਾ ਪਰਿਵਾਰ-ਸਮੂਹ ਉਨ੍ਹਾਂ ਸ਼ਹਿਰਾਂ ਦੇ ਲੋਕਾਂ ਨਾਲ ਰਹਿੰਦਾ ਰਿਹਾ। ਅਤੇ ਕਨਾਨੀ ਉਨ੍ਹਾਂ ਲਈ ਜਬਰਦਸਤੀ ਮਜ਼ਦੂਰਾਂ ਵਜੋਂ ਕੰਮ ਕਰਦੇ ਸਨ।
34 ਅਮੋਰੀ ਲੋਕਾਂ ਨੇ ਦਾਨ ਦੇ ਪਰਿਵਾਰ-ਸਮੂਹ ਦੇ ਲੋਕਾਂ ਨੂੰ ਪਹਾੜੀ ਪ੍ਰਦੇਸ਼ ਵਿੱਚ ਰਹਿਣ ਲਈ ਮਜ਼ਬੂਰ ਕਰ ਦਿੱਤਾ। ਉਨ੍ਹਾਂ ਨੂੰ ਪਹਾੜਾ ਵਿੱਚ ਰਹਿਣਾ ਪਿਆ ਕਿਉਂਕਿ ਅਮੋਰੀ ਲੋਕ ਉਨ੍ਹਾਂ ਨੂੰ ਹੇਠਾ ਆਕੇ ਵਾਦੀਆਂ ਵਿੱਚ ਨਹੀਂ ਰਹਿਣ ਦਿੰਦੇ ਸਨ। 35 ਅਮੋਰੀਆਂ ਨੇ ਹਰਸ ਪਹਾੜ, ਅਯਾਲੋਨ ਅਤੇ ਸ਼ਾਲਬੀਮ ਪਰਬਤ ਉੱਤੇ ਰਹਿਣ ਦਾ ਨਿਆਂ ਕੀਤਾ। ਬਾਦ ਵਿੱਚ ਯੂਸੁਫ਼ ਦਾ ਪਰਿਵਾਰ-ਸਮੂਹ ਵੱਧੇਰੇ ਤਾਕਤਵਰ ਹੋ ਗਿਆ ਅਤੇ ਅਮੋਰੀਆਂ ਨੂੰ ਆਪਣਾ ਜ਼ਬਰਦਸਤੀ ਮਜ਼ਦੂਰ ਬਣਾ ਲਿਆ। 36 ਅਮੋਰੀਆਂ ਦੀ ਸਰਹੱਦ ਬਿੱਛੂ ਪਾਸ ਤੋਂ ਲੈ ਕੇ ਸੇਲਾ ਤੱਕ ਅਤੇ ਸੇਲਾ ਤੋਂ ਅਗਾਂਹ ਪਹਾੜੀ ਪ੍ਰਦੇਸ਼ ਤੀਕ ਸੀ।
ਬੋਕੀਮ ਵਿਖੇ ਯਹੋਵਾਹ ਦਾ ਦੂਤ
2 ਯਹੋਵਾਹ ਦਾ ਦੂਤ ਗਿਲਗਾਲ ਸ਼ਹਿਰ ਤੋਂ ਬੋਕੀਮ ਦੇ ਸ਼ਹਿਰ ਵੱਲ ਗਿਆ। ਦੂਤ ਨੇ ਇਸਰਾਏਲ ਦੇ ਲੋਕਾਂ ਨੂੰ ਯਹੋਵਾਹ ਦਾ ਸੰਦੇਸ਼ ਸੁਣਾਇਆ। ਸੰਦੇਸ਼ ਇਹ ਸੀ: “ਮੈਂ ਤੁਹਾਨੂੰ ਮਿਸਰ ਤੋਂ ਬਾਹਰ ਲਿਆਂਦਾ। ਮੈਂ ਤੁਹਾਡੀ ਅਗਵਾਈ ਉਸ ਧਰਤੀ ਤੱਕ ਕੀਤੀ ਜਿਹੜੀ ਮੈਂ ਤੁਹਾਡੇ ਪੁਰਖਿਆਂ ਨੂੰ ਦੇਣ ਦਾ ਇਕਰਾਰ ਕੀਤਾ ਸੀ। ਮੈਂ ਤੁਹਾਨੂੰ ਦੱਸਿਆ ਸੀ ਕਿ ਮੈਂ ਕਦੇ ਵੀ ਤੁਹਾਡੇ ਨਾਲ ਕੀਤਾ ਇਕਰਾਰਨਾਮਾ ਨਹੀਂ ਤੋੜਾਂਗਾ। 2 ਪਰ ਇਸਦੇ ਬਦਲੇ, ਤੁਹਾਨੂੰ ਇਸ ਧਰਤੀ ਉੱਤੇ ਰਹਿੰਦੇ ਲੋਕਾਂ ਨਾਲ ਕੋਈ ਇਕਰਾਰਨਾਮਾ ਨਹੀਂ ਬਨਾਉਣਾ ਚਾਹੀਦਾ। ਤੁਹਾਨੂੰ ਉਨ੍ਹਾਂ ਦੀਆਂ ਜਗਵੇਦੀਆਂ ਤਬਾਹ ਕਰ ਦੇਣੀਆਂ ਚਾਹੀਦੀਆਂ ਹਨ। ਮੈਂ ਤੁਹਾਨੂੰ ਇਹ ਕਰਨ ਲਈ ਆਖਿਆ ਸੀ, ਪਰ ਤੁਸੀਂ ਮੇਰਾ ਕਹਿਣਾ ਨਹੀਂ ਮੰਨਿਆ!
3 “ਹੁਣ ਮੈਂ ਤੁਹਾਨੂੰ ਇਹ ਆਖਦਾ ਹਾਂ, ‘ਮੈਂ ਹੋਰਨਾਂ ਲੋਕਾਂ ਨੂੰ ਇਹ ਧਰਤੀ ਛੱਡਣ ਲਈ ਹੋਰ ਮਜ਼ਬੂਰ ਨਹੀਂ ਕਰਾਂਗਾ। ਇਹ ਲੋਕ ਤੁਹਾਡੇ ਲਈ ਸਮੱਸਿਆ ਬਣ ਜਾਣਗੇ। ਇਹ ਤੁਹਾਡੇ ਲਈ ਇੱਕ ਤਰ੍ਹਾਂ ਦੀ ਫ਼ਾਹੀ ਹੋਣਗੇ। ਉਨ੍ਹਾਂ ਦੇ ਝੂਠੇ ਦੇਵਤੇ ਤੁਹਾਨੂੰ ਫ਼ਾਹੁਣ ਲਈ ਇੱਕ ਤਰ੍ਹਾਂ ਦਾ ਜਾਲ ਹੋਣਗੇ।’”
4 ਜਦੋਂ ਦੂਤ ਇਸਰਾਏਲ ਦੇ ਲੋਕਾਂ ਨੂੰ ਯਹੋਵਾਹ ਦਾ ਇਹ ਸੰਦੇਸ਼ ਦੇ ਹਟਿਆ ਤਾਂ ਲੋਕ ਉੱਚੀ-ਉੱਚੀ ਰੋਣ ਲੱਗੇ। 5 ਇਸ ਲਈ ਇਸਰਾਏਲ ਦੇ ਲੋਕਾਂ ਨੇ ਉਸ ਥਾ ਦਾ ਨਾਮ, ਜਿੱਥੇ ਉਹ ਰੋਏ ਸਨ ਬੋਕੀਮ ਰੱਖ ਦਿੱਤਾ। ਬੋਕੀਮ ਵਿਖੇ ਇਸਰਾਏਲ ਦੇ ਲੋਕਾਂ ਨੇ ਯਹੋਵਾਹ ਨੂੰ ਬਲੀਆਂ ਚੜ੍ਹਾਈਆਂ।
ਹੁਕਮ ਅਦੂਲੀ ਅਤੇ ਹਾਰ
6 ਜਦੋਂ ਯਹੋਸ਼ੁਆ ਨੇ ਲੋਕਾਂ ਨੂੰ ਜਾਣ ਦਿੱਤਾ ਹਰ ਪਰਿਵਾਰ-ਸਮੂਹ ਜ਼ਮੀਨ ਹਾਸਿਲ ਕਰਨ ਲਈ ਅਤੇ ਆਪਣੇ ਵਿਰਸੇ’ਚ ਮਿਲੇ ਨਿਵਾਸ ਸਥਾਨਾਂ ਵਿੱਚ ਰਹਿਣ ਲਈ ਚੱਲਾ ਗਿਆ। 7 ਇਸਰਾਏਲ ਦੇ ਲੋਕਾਂ ਨੇ ਯਹੋਵਾਹ ਦੀ ਸੇਵਾ ਓਨਾ ਚਿਰ ਕੀਤੀ ਜਦੋਂ ਤੱਕ ਯਹੋਸ਼ੁਆ ਜੀਵਿਤ ਸੀ। ਉਹ ਯਹੋਵਾਹ ਦੀ ਸੇਵਾ ਉਨ੍ਹਾਂ ਬਜ਼ੁਰਗਾਂ ਦੇ ਜੀਵਨ ਕਾਲ ਦੌਰਾਨ ਕਰਦੇ ਰਹੇ ਜਿਹੜੇ ਯਹੋਸ਼ੁਆ ਦੇ ਦੇਹਾਂਤ ਤੋਂ ਬਾਦ ਜਿਉਂਦੇ ਰਹੇ। ਇਨ੍ਹਾਂ ਬਜ਼ੁਰਗ ਬੰਦਿਆਂ ਨੇ ਉਨ੍ਹਾਂ ਸਾਰੀਆਂ ਮਹਾਨ ਗੱਲਾਂ ਨੂੰ ਦੇਖਿਆ ਸੀ ਜਿਹੜੀਆਂ ਯਹੋਵਾਹ ਨੇ ਇਸਰਾਏਲ ਦੇ ਲੋਕਾਂ ਲਈ ਕੀਤੀਆਂ ਸਨ। 8 ਨੂਨ ਦਾ ਪੁੱਤਰ ਯਹੋਸ਼ੁਆ, ਯਹੋਵਾਹ ਦਾ ਸੇਵਕ, 110 ਵਰ੍ਹਿਆਂ ਦੀ ਉਮਰ ਵਿੱਚ ਸੁਰਗਵਾਸ ਹੋਇਆ। 9 ਇਸਰਾਏਲ ਦੇ ਲੋਕਾਂ ਨੇ ਯਹੋਸ਼ੁਆ ਨੂੰ ਦਫ਼ਨ ਕਰ ਦਿੱਤਾ। ਉਨ੍ਹਾਂ ਨੇ ਯਹੋਸ਼ੁਆ ਨੂੰ ਉਸੇ ਧਰਤੀ ਉੱਤੇ ਦਫ਼ਨ ਕੀਤਾ ਜਿਹੜੀ ਉਸ ਨੂੰ ਦਿੱਤੀ ਗਈ ਸੀ। ਇਹ ਗਾਸ਼ ਪਰਬਤ ਦੇ ਉੱਤਰ ਵੱਲ, ਇਫ਼ਰਾਈਮ ਦੇ ਪਹਾੜੀ ਪ੍ਰਦੇਸ਼ ਵਿੱਚ ਤਿਮਨਾਥ ਹਰਸ ਵਿਖੇ ਸੀ।
10 ਉਸ ਪੂਰੀ ਪੀੜੀ ਦੇ ਦੇਹਾਂਤ ਤੋਂ ਮਗਰੋਂ ਅਗਲੀ ਪੀੜੀ ਜਵਾਨ ਹੋਈ। ਇਹ ਨਵੀਂ ਪੀੜੀ ਯਹੋਵਾਹ ਬਾਰੇ ਜਾਂ ਯਹੋਵਾਹ ਦੇ ਇਸਰਾਏਲ ਲਈ ਕੀਤੇ ਕੰਮਾਂ ਬਾਰੇ ਕੁਝ ਨਹੀਂ ਜਾਣਦੀ ਸੀ। 11 ਇਸ ਲਈ ਇਸਰਾਏਲ ਦੇ ਲੋਕਾਂ ਨੇ ਉਹ ਕਰਨੀਆਂ ਕੀਤੀਆਂ ਜੋ ਯਹੋਵਾਹ ਦੁਆਰਾ ਬਦ ਸਮਝੀਆਂ ਜਾਂਦੀਆਂ ਸਨ ਅਤੇ ਬਆਲ ਵਰਗੇ ਝੂਠੇ ਦੇਵਤਿਆਂ ਦੀ ਉਪਾਸਨਾ ਕੀਤੀ। 12 ਯਹੋਵਾਹ ਇਸਰਾਏਲ ਦੇ ਲੋਕਾਂ ਨੂੰ ਮਿਸਰ ਤੋਂ ਬਾਹਰ ਲੈ ਕੇ ਆਇਆ ਸੀ। ਅਤੇ ਉਨ੍ਹਾਂ ਲੋਕਾਂ ਦੇ ਪੁਰਖਿਆਂ ਨੇ ਯਹੋਵਾਹ ਦੀ ਉਪਾਸਨਾ ਕੀਤੀ ਸੀ। ਪਰ ਇਸਰਾਏਲ ਦੇ ਲੋਕਾਂ ਨੇ ਯਹੋਵਾਹ ਦੇ ਪਿੱਛੇ ਲੱਗਣਾ ਛੱਡ ਦਿੱਤਾ। ਇਸਰਾਏਲ ਦੇ ਲੋਕ ਆਪਣੇ ਆਲੇ-ਦੁਆਲੇ ਰਹਿੰਦੇ ਲੋਕਾਂ ਦੇ ਝੂਠੇ ਦੇਵਤਿਆਂ ਦੀ ਉਪਾਸਨਾ ਕਰਨ ਲੱਗ ਪਏ। ਇਸਨੇ ਯਹੋਵਾਹ ਨੂੰ ਕਹਿਰਵਾਨ ਕਰ ਦਿੱਤਾ। 13 ਇਸਰਾਏਲ ਦੇ ਲੋਕਾਂ ਨੇ ਯਹੋਵਾਹ ਨੂੰ ਮੰਨਣਾ ਛੱਡ ਦਿੱਤਾ ਅਤੇ ਬਆਲ ਦੇਵਤਿਆਂ ਅਤੇ ਅਸ਼ਤਾਰੋਥ ਦੇਵੀਆਂ ਦੀ ਉਪਾਸਨਾ ਕਰਨ ਲੱਗੇ ਪਏ।
14 ਯਹੋਵਾਹ ਇਸਰਾਏਲ ਦੇ ਲੋਕਾਂ ਨਾਲ ਨਾਰਾਜ਼ ਸੀ। ਇਸ ਲਈ ਯਹੋਵਾਹ ਦੇ ਦੁਸ਼ਮਣਾਂ ਨੂੰ ਇਸਰਾਏਲ ਦੇ ਲੋਕਾਂ ਉੱਤੇ ਹਮਲਾ ਕਰਨ ਅਤੇ ਉਨ੍ਹਾਂ ਨੂੰ ਲੁੱਟਣ ਦਿੱਤਾ। ਯਹੋਵਾਹ ਨੇ ਉਨ੍ਹਾਂ ਦੇ ਆਲੇ-ਦੁਆਲੇ ਰਹਿੰਦੇ ਦੁਸ਼ਮਣਾ ਕੋਲੋਂ ਉਨ੍ਹਾਂ ਨੂੰ ਹਰਾਇਆ। ਇਸਰਾਏਲ ਦੇ ਲੋਕ ਹੋਰ ਵੱਧੇਰੇ ਆਪਣੇ-ਆਪ ਨੂੰ ਆਪਣੇ ਦੁਸ਼ਮਣਾਂ ਕੋਲੋਂ ਨਾ ਬਚਾ ਸੱਕੇ। 15 ਜਦੋਂ ਵੀ ਇਸਰਾਏਲ ਦੇ ਲੋਕ ਲੜਾਈ ਲਈ ਗਏ, ਉਹ ਹਮੇਸ਼ਾ ਹਾਰੇ। ਉਹ ਇਸ ਲਈ ਹਾਰੇ ਕਿਉਂਕਿ ਯਹੋਵਾਹ ਉਨ੍ਹਾਂ ਵੱਲ ਨਹੀਂ ਸੀ। ਯਹੋਵਾਹ ਨੇ ਇਸਰਾਏਲ ਦੇ ਲੋਕਾਂ ਨੂੰ ਪਹਿਲਾਂ ਹੀ ਚਿਤਾਵਨੀ ਦੇ ਦਿੱਤੀ ਸੀ ਕਿ ਜੇ ਉਹ ਆਪਣੇ ਆਲੇ-ਦੁਆਲੇ ਰਹਿੰਦੇ ਲੋਕਾਂ ਦੇ ਦੇਵਤਿਆਂ ਦੀ ਸੇਵਾ ਕਰਨਗੇ ਤਾਂ ਹਾਰ ਜਾਣਗੇ। ਇਸਰਾਏਲ ਦੇ ਲੋਕਾਂ ਨੇ ਬਹੁਤ ਦੁੱਖ ਭੋਗਿਆ।
16 ਫ਼ੇਰ ਯਹੋਵਾਹ ਨੇ ਉਨ੍ਹਾਂ ਆਗੂਆਂ ਨੂੰ ਚੁਣਿਆ ਜਿਨ੍ਹਾਂ ਨੂੰ ਨਿਆਂਕਾਰ ਆਖਿਆ ਜਾਂਦਾ ਸੀ। ਇਨ੍ਹਾਂ ਆਗੂਆਂ ਨੇ ਇਸਰਾਏਲ ਦੇ ਲੋਕਾਂ ਨੂੰ ਉਨ੍ਹਾਂ ਦੁਸ਼ਮਣਾ ਕੋਲੋਂ ਬਚਾਇਆ ਜਿਨ੍ਹਾਂ ਨੇ ਉਨ੍ਹਾਂ ਨੂੰ ਲੁੱਟ ਲਿਆ ਸੀ। 17 ਇਸਰਾਏਲੀਆਂ ਨੇ ਆਪਣੇ ਨਿਆਂਕਾਰਾ ਦੀ ਗੱਲ ਨਹੀਂ ਸੁਣੀ। ਉਹ ਪਰਮੇਸ਼ੁਰ ਦੇ ਵਫ਼ਾਦਾਰ ਨਹੀਂ ਸਨ, ਉਹ ਹੋਰਨਾਂ ਦੇਵਤਿਆਂ ਦੇ ਪਿੱਛੇ ਲੱਗੇ। ਅਤੀਤ ਵਿੱਚ, ਇਸਰਾਏਲੀਆਂ ਦੇ ਪੁਰਖਿਆਂ ਨੇ ਯਹੋਵਾਹ ਦੇ ਹੁਕਮ ਮੰਨੇ ਸਨ। ਪਰ ਹੁਣ ਇਸਰਾਏਲੀ ਬਦਲ ਗਏ ਸਨ ਅਤੇ ਯਹੋਵਾਹ ਦਾ ਕਹਿਣਾ ਮੰਨਣੋ ਹਟ ਗਏ ਸਨ।
18 ਅਨੇਕਾਂ ਵਾਰੀ ਇਸਰਾਏਲ ਦੇ ਦੁਸ਼ਮਣਾਂ ਨੇ ਲੋਕਾਂ ਨਾਲ ਬੁਰਾ ਸਲੂਕ ਕੀਤਾ। ਇਸ ਲਈ ਇਸਰਾਏਲ ਦੇ ਲੋਕ ਸਹਾਇਤਾ ਲਈ ਪੁਕਾਰਦੇ। ਅਤੇ ਹਰ ਵਾਰੀ, ਯਹੋਵਾਹ ਨੇ ਲੋਕਾਂ ਲਈ ਦੁੱਖ ਮਹਿਸੂਸ ਕੀਤਾ। ਹਰ ਵਾਰੀ ਉਸ ਨੇ ਲੋਕਾਂ ਨੂੰ ਉਨ੍ਹਾਂ ਦੇ ਦੁਸ਼ਮਣ ਤੋਂ ਬਚਾਉਣ ਲਈ ਕਿਸੇ ਨਿਆਂਕਾਰ ਨੂੰ ਭੇਜਿਆ। ਯਹੋਵਾਹ ਹਮੇਸ਼ਾ ਉਨ੍ਹਾਂ ਨਿਆਂਕਾਰਾਂ ਦੇ ਨਾਲ ਸੀ। ਇਸ ਲਈ ਹਰ ਵਾਰੀ ਇਸਰਾਏਲ ਦੇ ਲੋਕ ਆਪਣੇ ਦੁਸ਼ਮਣਾ ਕੋਲੋਂ ਬਚ ਗਏ। 19 ਪਰ ਜਦੋਂ ਹਰੇਕ ਨਿਆਂਕਾਰ ਦਾ ਦੇਹਾਂਤ ਹੋਇਆ, ਇਸਰਾਏਲ ਦੇ ਲੋਕ ਫ਼ੇਰ ਪਾਪ ਕਰਨ ਲੱਗੇ ਅਤੇ ਝੂਠੇ ਦੇਵਤਿਆਂ ਦੀ ਉਪਾਸਨਾ ਕਰਨ ਲੱਗ ਪਏ। ਇਸਰਾਏਲ ਦੇ ਲੋਕ ਬਹੁਤ ਜ਼ਿੱਦੀ ਸਨ-ਉਨ੍ਹਾਂ ਨੇ ਆਪਣੇ ਬਦੀ ਵਾਲੇ ਰਾਹਾਂ ਨੂੰ ਬਦਲਣ ਤੋਂ ਇਨਕਾਰ ਕੀਤਾ। ਉਹ ਆਪਣੇ ਪੁਰਖਿਆਂ ਨਾਲੋਂ ਵੀ ਵੱਧੇਰੇ ਦੁਸ਼ਟ ਸਨ।
20 ਇਸ ਲਈ ਯਹੋਵਾਹ ਇਸਰਾਏਲੀਆਂ ਉੱਤੇ ਕਹਿਰਵਾਨ ਹੋ ਗਿਆ ਅਤੇ ਆਖਿਆ, “ਇਸ ਕੌਮ ਨੇ ਉਸ ਇਕਰਾਰਨਾਮੇ ਨੂੰ ਤੋੜ ਦਿੱਤਾ ਹੈ ਜਿਹੜਾ ਮੈਂ ਉਨ੍ਹਾਂ ਦੇ ਪੁਰਖਿਆਂ ਨਾਲ ਕੀਤਾ ਸੀ। ਉਨ੍ਹਾਂ ਨੇ ਮੇਰੀ ਗੱਲ ਨਹੀਂ ਸੁਣੀ। 21 ਇਸ ਲਈ ਮੈਂ ਹੁਣ ਫ਼ੇਰ ਕੌਮਾਂ ਨੂੰ ਨਹੀਂ ਹਰਾਵਾਂਗਾ ਅਤੇ ਇਸਰਾਏਲ ਦੇ ਲੋਕਾਂ ਲਈ ਰਾਹ ਪੱਧਰਾ ਨਹੀਂ ਕਰਾਂਗਾ। ਉਹ ਕੌਮਾਂ ਹਾਲੇ ਵੀ ਇਸ ਧਰਤੀ ਉੱਤੇ ਸਨ ਜਦੋਂ ਯਹੋਸ਼ੁਆ ਦਾ ਦੇਹਾਂਤ ਹੋਇਆ ਸੀ। ਅਤੇ ਮੈਂ ਉਨ੍ਹਾਂ ਕੌਮਾਂ ਨੂੰ ਇਸ ਧਰਤੀ ਉੱਤੇ ਟਿਕੇ ਰਹਿਣ ਦਿਆਂਗਾ। 22 ਮੈਂ ਉਨ੍ਹਾਂ ਕੌਮਾਂ ਦੀ ਵਰਤੋਂ ਇਸਰਾਏਲ ਦੇ ਲੋਕਾਂ ਦੀ ਪਰਖ ਕਰਨ ਲਈ ਕਰਾਂਗਾ। ਮੈਂ ਦੇਖਾਂਗਾ ਕਿ ਕੀ ਇਸਰਾਏਲ ਦੇ ਲੋਕ ਆਪਣੇ ਪੁਰਖਿਆਂ ਵਾਂਗ ਯਹੋਵਾਹ ਦੇ ਆਦੇਸ਼ਾਂ ਦਾ ਪਾਲਣ ਕਰ ਸੱਕਦੇ ਹਨ।” 23 ਯਹੋਵਾਹ ਨੇ ਉਨ੍ਹਾਂ ਕੌਮਾਂ ਨੂੰ ਧਰਤੀ ਉੱਤੇ ਰਹਿਣ ਦਿੱਤਾ। ਉਸ ਨੇ ਇਨ੍ਹਾਂ ਕੌਮਾਂ ਨੂੰ ਛੇਤੀ-ਛੇਤੀ ਧਰਤੀ ਛੱਡ ਜਾਣ ਲਈ ਮਜ਼ਬੂਰ ਨਹੀਂ ਕੀਤਾ ਅਤੇ ਯਹੋਸ਼ੁਆ ਦੀ ਫ਼ੌਜ ਦੀ ਉਨ੍ਹਾਂ ਨੂੰ ਹਰਾਉਣ ਵਿੱਚ ਸਹਾਇਤਾ ਨਹੀਂ ਕੀਤੀ।
3 ਯਹੋਵਾਹ ਨੇ ਉਨ੍ਹਾਂ ਹੋਰਨਾ ਕੌਮਾਂ ਦੇ ਸਾਰੇ ਲੋਕਾਂ ਨੂੰ ਇਸਰਾਏਲ ਦੀ ਧਰਤੀ ਛੱਡ ਜਾਣ ਲਈ ਮਜ਼ਬੂਰ ਨਹੀਂ ਕੀਤਾ। ਯਹੋਵਾਹ ਇਸਰਾਏਲ ਦੇ ਲੋਕਾਂ ਦੀ ਪਰੱਖ ਕਰਨਾ ਚਾਹੁੰਦਾ ਸੀ। ਇਸਰਾਏਲ ਵਿੱਚ ਇਸ ਸਮੇਂ ਰਹਿਣ ਵਾਲੇ ਲੋਕਾਂ ਵਿੱਚੋਂ ਕਿਸੇ ਨੇ ਵੀ ਕਨਾਨ ਦੀ ਧਰਤੀ ਉੱਤੇ ਕਬਜ਼ਾ ਕਰਨ ਵਾਲੀ ਲੜਾਈ ਵਿੱਚ ਹਿੱਸਾ ਨਹੀਂ ਸੀ ਲਿਆ। ਇਸ ਲਈ ਯਹੋਵਾਹ ਨੇ ਉਨ੍ਹਾਂ ਹੋਰਨਾਂ ਕੌਮਾਂ ਨੂੰ ਉਨ੍ਹਾਂ ਦੇ ਦੇਸ਼ ਵਿੱਚ ਰਹਿਣ ਦਿੱਤਾ। (ਯਹੋਵਾਹ ਨੇ ਅਜਿਹਾ ਇਸਰਾਏਲ ਦੇ ਲੋਕਾਂ ਨੂੰ ਇਹ ਸਿੱਖਿਆ ਦੇਣ ਲਈ ਕੀਤਾ ਸੀ ਕਿ ਉਨ੍ਹਾਂ ਨੇ ਉਹ ਲੜਾਈਆਂ ਨਹੀਂ ਲੜੀਆਂ ਸਨ।) ਯਹੋਵਾਹ ਵੱਲੋਂ ਇਸ ਧਰਤੀ ਉੱਤੇ ਰਹਿਣ ਦਿੱਤੀਆਂ ਕੌਮਾਂ ਦੇ ਨਾਮ ਇਹ ਹਨ: 3 ਫ਼ਲਿਸਤੀ ਲੋਕਾਂ ਦੇ ਪੰਜ ਹਾਕਮ, ਸਾਰੇ ਹੀ ਕਨਾਨੀ ਲੋਕ, ਸੀਦੋਨ ਦੇ ਲੋਕ ਅਤੇ ਉਹ ਹਿੱਵੀ ਲੋਕ ਜਿਹੜੇ ਪਰਬਤ ਬਆਲ ਹਰਮੋਨ ਤੋਂ ਲੈ ਕੇ ਹਮਾਥ ਤੱਕ ਲਬਾਨੋਨ ਦੀਆਂ ਪਹਾੜੀਆਂ ਵਿੱਚ ਰਹਿੰਦੇ ਸਨ। 4 ਯਹੋਵਾਹ ਨੇ ਉਨ੍ਹਾਂ ਕੌਮਾਂ ਨੂੰ ਇਸ ਧਰਤੀ ਉੱਤੇ ਇਸਰਾਏਲ ਦੇ ਲੋਕਾਂ ਦੀ ਪਰੱਖ ਲਈ ਰਹਿਣ ਦਿੱਤਾ। ਉਹ ਦੇਖਣਾ ਚਾਹੁੰਦਾ ਸੀ ਕਿ ਕੀ ਇਸਰਾਏਲ ਦੇ ਲੋਕ ਮੂਸਾ ਦੇ ਰਾਹੀਂ ਉਨ੍ਹਾਂ ਦੇ ਪੁਰਖਿਆਂ ਨੂੰ ਦਿੱਤੇ ਗਏ ਯਹੋਵਾਹ ਦੇ ਆਦੇਸ਼ਾਂ ਨੂੰ ਮੰਨਦੇ ਹਨ ਜਾਂ ਨਹੀਂ।
5 ਇਸਰਾਏਲ ਦੇ ਲੋਕਾਂ ਨੇ ਕਨਾਨੀਆਂ, ਹਿੱਤੀਆਂ, ਅਮੋਰੀਆਂ, ਫ਼ਰਿੱਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਲੋਕਾਂ ਦਰਮਿਆਨ ਰਹਿਣਾ ਜਾਰੀ ਰੱਖਿਆ। 6 ਇਸਰਾਏਲ ਦੇ ਲੋਕਾਂ ਨੇ ਇਨ੍ਹਾਂ ਲੋਕਾਂ ਦੀਆਂ ਧੀਆਂ ਨਾਲ ਸ਼ਾਦੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸਰਾਏਲ ਦੇ ਲੋਕਾਂ ਨੇ ਆਪਣੀਆਂ ਧੀਆਂ ਨੂੰ ਵੀ ਉਨ੍ਹਾਂ ਲੋਕਾਂ ਦੇ ਪੁੱਤਰਾਂ ਨਾਲ ਸ਼ਾਦੀ ਕਰਨ ਦੀ ਇਜਾਜ਼ਤ ਦੇ ਦਿੱਤੀ। ਅਤੇ ਇਸਰਾਏਲ ਦੇ ਲੋਕ ਉਨ੍ਹਾਂ ਲੋਕਾਂ ਦੇ ਦੇਵਤਿਆਂ ਦੀ ਉਪਾਸਨਾ ਕਰਨ ਲੱਗੇ।
ਪਹਿਲਾ ਨਿਆਂਕਾਰ, ਅਥਨੀਏਲ
7 ਯਹੋਵਾਹ ਨੇ ਦੇਖਿਆ ਕਿ ਇਸਰਾਏਲ ਦੇ ਲੋਕ ਬਦੀ ਕਰਦੇ ਸਨ। ਇਸਰਾਏਲ ਦੇ ਲੋਕ ਯਹੋਵਾਹ ਆਪਣੇ ਪਰਮੇਸ਼ੁਰ ਦਾ ਨਾਮ ਭੁੱਲ ਗਏ ਅਤੇ ਬਆਲ ਅਤੇ ਅਸ਼ੇਰਾਹ ਵਰਗੇ ਝੂਠੇ ਦੇਵਤਿਆਂ ਦੀ ਸੇਵਾ ਕਰਨ ਲੱਗੇ। 8 ਯਹੋਵਾਹ ਇਸਰਾਏਲ ਦੇ ਲੋਕਾਂ ਨਾਲ ਨਾਰਾਜ਼ ਸੀ। ਯਹੋਵਾਹ ਨੇ ਮੇਸੋਪੋਤਾਮੀਆਂ ਦੇ ਰਾਜੇ ਕੂਸ਼ਨ ਰਿਸ਼ਾਤੈਮ ਨੂੰ ਇਜਾਜ਼ਤ ਦੇ ਦਿੱਤੀ ਕਿ ਇਸਰਾਏਲ ਦੇ ਲੋਕਾਂ ਨੂੰ ਹਰਾ ਦੇਵੇ ਅਤੇ ਉਨ੍ਹਾਂ ਉੱਤੇ ਹਕੂਮਤ ਕਰੇ। ਇਸਰਾਏਲ ਦੇ ਲੋਕ ਉਸ ਰਾਜੇ ਦੀ ਹਕੂਮਤ ਵਿੱਚ ਅੱਠ ਸਾਲ ਰਹੇ। 9 ਫ਼ੇਰ ਇਸਰਾਏਲ ਦੇ ਲੋਕਾਂ ਨੇ ਯਹੋਵਾਹ ਅੱਗੇ ਮਦਦ ਲਈ ਪੁਕਾਰ ਕੀਤੀ। ਯਹੋਵਾਹ ਨੇ ਉਨ੍ਹਾਂ ਦੀ ਮਦਦ ਕਰਨ ਲਈ ਇੱਕ ਬੰਦਾ ਭੇਜਿਆ। ਉਸ ਬੰਦੇ ਦਾ ਨਾਮ ਅਥਨੀਏਲ ਸੀ। ਉਹ ਕਨਜ਼, ਕਾਲੇਬ ਦੇ ਛੋਟੇ ਭਰਾ ਦਾ ਪੁੱਤਰ ਸੀ। ਅਥਨੀਏਲ ਨੇ ਇਸਰਾਏਲ ਦੇ ਲੋਕਾਂ ਨੂੰ ਬਚਾਇਆ। 10 ਯਹੋਵਾਹ ਦਾ ਆਤਮਾ ਅਥਨੀਏਲ ਕੋਲ ਆਇਆ ਅਤੇ ਉਹ ਇਸਰਾਏਲ ਦੇ ਲੋਕਾਂ ਲਈ ਨਿਆਂਕਾਰ ਬਣ ਗਿਆ। ਅਥਨੀਏਲ ਨੇ ਇਸਰਾਏਲ ਦੀ ਲੜਾਈ ਵਿੱਚ ਅਗਵਾਈ ਕੀਤੀ। ਯਹੋਵਾਹ ਨੇ ਅਰਾਮ ਦੇ ਰਾਜੇ ਕੂਸ਼ਨ ਰਿਸ਼ਾਤੈਮ ਨੂੰ ਹਰਾਉਣ ਵਿੱਚ ਅਥਨੀਏਲ ਦੀ ਮਦਦ ਕੀਤੀ। 11 ਇਸ ਲਈ ਕਨਜ਼ ਦੇ ਪੁੱਤਰ ਅਥਨੀਏਲ ਦੇ ਦੇਹਾਂਤ ਤੱਕ, 40 ਵਰ੍ਹਿਆਂ ਤੀਕ ਧਰਤੀ ਉੱਤੇ ਅਮਨ ਰਿਹਾ।
ਨਿਆਂਕਾਰ ਏਹੂਦ
12 ਇੱਕ ਵਾਰੀ ਫ਼ੇਰ ਯਹੋਵਾਹ ਨੇ ਇਸਰਾਏਲ ਦੇ ਲੋਕਾਂ ਨੂੰ ਬਦੀ ਕਰਦਿਆਂ ਵੇਖਿਆ। ਇਸ ਲਈ ਯਹੋਵਾਹ ਨੇ ਮੋਆਬ ਦੇ ਰਾਜੇ ਅਗਲੋਨ ਨੂੰ ਇਸਰਾਏਲ ਦੇ ਲੋਕਾਂ ਨੂੰ ਹਰਾਉਣ ਦੀ ਤਾਕਤ ਦਿੱਤੀ। 13 ਅਗਲੋਨ ਨੇ ਅੰਮੋਨੀ ਲੋਕਾਂ ਅਤੇ ਅਮਾਲੇਕੀ ਲੋਕਾਂ ਕੋਲੋਂ ਮਦਦ ਲਈ। ਉਹ ਉਸ ਦੇ ਨਾਲ ਮਿਲ ਗਏ ਅਤੇ ਉਨ੍ਹਾਂ ਨੇ ਇਸਰਾਏਲ ਦੇ ਲੋਕਾਂ ਉੱਤੇ ਹਮਲਾ ਕਰ ਦਿੱਤਾ। ਅਗਲੋਨ ਅਤੇ ਉਸਦੀ ਫ਼ੌਜ ਨੇ ਇਸਰਾਏਲ ਦੇ ਲੋਕਾਂ ਨੂੰ ਹਰਾ ਦਿੱਤਾ ਅਤੇ ਉਨ੍ਹਾਂ ਖਜ਼ੂਰਾਂ ਦੇ ਸ਼ਹਿਰ (ਯਰੀਹੋ) ਤੋਂ ਨਿਕਲਣ ਲਈ ਮਜ਼ਬੂਰ ਕਰ ਦਿੱਤਾ। 14 ਮੋਆਬ ਦੇ ਰਾਜੇ ਅਗਲੋਨ ਨੇ ਇਸਰਾਏਲ ਦੇ ਲੋਕਾਂ ਉੱਤੇ 18 ਵਰ੍ਹੇ ਤੱਕ ਰਾਜ ਕੀਤਾ।
15 ਲੋਕਾਂ ਨੇ ਯਹੋਵਾਹ ਅੱਗੇ ਪੁਕਾਰ ਕੀਤੀ ਤਾਂ ਯਹੋਵਾਹ ਨੇ ਇਸਰਾਏਲ ਦੇ ਲੋਕਾਂ ਦੀ ਮਦਦ ਲਈ ਇੱਕ ਬੰਦਾ ਭੇਜਿਆ। ਇਸ ਬੰਦੇ ਦਾ ਨਾਮ ਏਹੂਦ ਸੀ। ਉਹ ਬਿਨਯਾਮੀਨ ਦੇ ਪਰਿਵਾਰ-ਸਮੂਹ ਵਿੱਚੋਂ ਗੇਰਾ ਦਾ ਪੁੱਤਰ ਸੀ। ਉਸ ਨੂੰ ਆਪਣੇ ਖੱਬੇ ਹੱਥ ਨਾਲ ਲੜਨ ਦੀ ਸਿਖਲਾਈ ਦਿੱਤੀ ਗਈ ਸੀ। ਇਸਰਾਏਲ ਦੇ ਲੋਕਾਂ ਨੇ ਏਹੂਦ ਨੂੰ ਇੱਕ ਸੁਗਾਤ ਦੇਕੇ ਮੋਆਬ ਦੇ ਰਾਜੇ ਅਗਲੋਨ ਦੇ ਕੋਲ ਭੇਜਿਆ। 16 ਏਹੂਦ ਨੇ ਆਪਣੇ ਲਈ ਇੱਕ ਤਲਵਾਰ ਬਣਾਈ। ਉਸ ਤਲਵਾਰ ਦੀਆਂ ਦੋ ਤਿਖੀਆਂ ਧਾਰਾਂ ਸਨ ਅਤੇ ਇਹ ਤਕਰੀਬਨ 18 ਇੰਚ ਲੰਮੀ ਸੀ। ਏਹੂਦ ਨੇ ਇਹ ਤਲਵਾਰ ਆਪਣੇ ਸੱਜੇ ਪੱਟ ਨਾਲ ਬੰਨ੍ਹ ਲਈ ਅਤੇ ਇਸ ਨੂੰ ਆਪਣੀ ਵਰਦੀ ਹੇਠਾਂ ਛੁਪਾ ਲਿਆ।
17 ਇਸ ਤਰ੍ਹਾਂ ਏਹੂਦ ਮੋਆਬ ਦੇ ਰਾਜੇ ਅਗਲੋਨ ਲਈ ਸੁਗਾਤ ਲੈ ਕੇ ਆਇਆ। ਅਗਲੋਨ ਬਹੁਤ ਮੋਟਾ ਬੰਦਾ ਸੀ। 18 ਸੁਗਾਤ ਭੇਟ ਕਰਨ ਤੋਂ ਬਾਦ ਉਸ ਨੇ ਉਨ੍ਹਾਂ ਬੰਦਿਆਂ ਨੂੰ ਭੇਜ ਦਿੱਤਾ ਜਿਹੜੇ ਰਾਜੇ ਅਗਲੋਨ ਲਈ ਸੁਗਾਤ ਲੈ ਕੇ ਆਏ ਸਨ। ਉਹ ਰਾਜੇ ਦੇ ਮਹਿਲ ਵਿੱਚੋਂ ਚੱਲੇ ਗਏ। 19 ਜਦੋਂ ਏਹੂਦ ਗਿਲਗਾਲ ਨੇੜੇ ਮੂਰਤੀਆਂ ਕੋਲ ਅੱਪੜਿਆ, ਉਹ ਰਾਜੇ ਨੂੰ ਮਿਲਣ ਲਈ ਵਾਪਸ ਮੁੜ ਪਿਆ। ਏਹੂਦ ਨੇ ਰਾਜੇ ਅਗਲੋਨ ਨੂੰ ਆਖਿਆ, “ਪਾਤਸ਼ਾਹ, ਮੇਰੇ ਕੋਲ ਤੁਹਾਡੇ ਲਈ ਇੱਕ ਗੁਪਤ ਸੰਦੇਸ਼ ਹੈ।”
ਰਾਜੇ ਨੇ ਉਸ ਨੂੰ ਖਾਮੋਸ਼ ਹੋ ਜਾਣ ਲਈ ਆਖਿਆ ਅਤੇ ਫ਼ੇਰ ਸਾਰੇ ਨੌਕਰਾਂ ਨੂੰ ਕਮਰੇ ਵਿੱਚੋਂ ਬਾਹਰ ਭੇਜ ਦਿੱਤਾ। 20 ਏਹੂਦ ਰਾਜੇ ਅਗਲੋਨ ਕੋਲ ਗਿਆ। ਰਾਜਾ ਆਪਣੇ ਮਹਿਲ ਦੇ ਉੱਪਰਲੇ ਕਮਰੇ ਵਿੱਚ ਬਿਲਕੁਲ ਇੱਕਲਾ ਬੈਠਾ ਹੋਇਆ ਸੀ।
ਫ਼ੇਰ ਏਹੂਦ ਨੇ ਆਖਿਆ, “ਮੇਰੇ ਕੋਲ ਪਰਮੇਸ਼ੁਰ ਵੱਲੋਂ ਤੁਹਾਡੇ ਲਈ ਸੰਦੇਸ਼ ਹੈ।” ਰਾਜਾ ਆਪਣੇ ਤਖਤ ਤੋਂ ਉੱਠ ਖੜ੍ਹਾ ਹੋਇਆ। ਉਹ ਏਹੂਦ ਦੇ ਬਹੁਤ ਨੇੜੇ ਸੀ। 21 ਜਿਵੇਂ ਹੀ ਰਾਜਾ ਆਪਣੇ ਤਖਤ ਤੋਂ ਉੱਠ ਰਿਹਾ ਸੀ, ਏਹੂਦ ਆਪਣਾ ਖੱਬਾ ਹੱਥ ਵੱਧਾਇਆ ਅਤੇ ਆਪਣੇ ਪੱਟ ਨਾਲ ਬੰਨ੍ਹੀ ਹੋਈ ਤਲਵਾਰ ਬਾਹਰ ਕੱਢ ਲਈ। ਫ਼ੇਰ ਏਹੂਦ ਨੇ ਤਲਵਾਰ ਰਾਜੇ ਦੇ ਪੇਟ ਵਿੱਚ ਖੋਭ ਦਿੱਤੀ। 22 ਤਲਵਾਰ ਰਾਜੇ ਦੇ ਪੇਟ ਵਿੱਚ ਇੰਨੀ ਡੂੰਘੀ ਚਲੀ ਗਈ ਕਿ ਉਸਦਾ ਹੱਥਾਂ ਵੀ ਅੰਦਰ ਧਸ ਗਿਆ ਅਤੇ ਚਰਬੀ ਨਾਲ ਢੱਕਿਆ ਗਿਆ ਅਤੇ ਉਸ ਦੀਆਂ ਅੰਤੜੀਆਂ ਅਤੇ ਟੱਟੀ ਬਾਹਰ ਆ ਗਈ। ਏਹੂਦ ਨੇ ਤਲਵਾਰ ਅਗਲੋਨ ਦੇ ਸ਼ਰੀਰ ਅੰਦਰ ਹੀ ਰਹਿਣ ਦਿੱਤੀ।
23 ਏਹੂਦ ਉਸ ਨਿਜੀ ਕਮਰੇ ਤੋਂ ਬਾਹਰ ਆ ਗਿਆ ਉਸ ਨੇ ਉੱਪਰਲੇ ਕਮਰੇ ਨੂੰ ਤਾਲਾ ਲਾ ਦਿੱਤਾ ਅਤੇ ਰਾਜੇ ਨੂੰ ਅੰਦਰ ਬੰਦ ਕਰ ਦਿੱਤਾ। 24 ਫ਼ੇਰ ਏਹੂਦ ਮੁੱਖ ਕਮਰੇ ਵਿੱਚੋਂ ਚੱਲਾ ਗਿਆ ਅਤੇ ਨੌਕਰ ਵਾਪਸ ਅੰਦਰ ਚੱਲੇ ਗਏ। ਉਨ੍ਹਾਂ ਨੇ ਉੱਪਰਲੇ ਕਮਰੇ ਨੂੰ ਤਾਲਾ ਲੱਗਿਆ ਦੇਖਿਆ। ਇਸ ਲਈ ਉਨ੍ਹਾਂ ਆਖਿਆ, “ਰਾਜਾ ਜ਼ਰੂਰ ਆਪਣੀ ਆਰਾਮਗਾਹ ਵਿੱਚ ਖੁਦ ਨੂੰ ਆਰਾਮ ਦੇ ਰਿਹਾ ਹੋਵੇਗਾ।” 25 ਇਸ ਲਈ ਨੌਕਰਾਂ ਨੇ ਕਾਫ਼ੀ ਦੇਰ ਤੱਕ ਇੰਤਜ਼ਾਰ ਕੀਤਾ। ਰਾਜੇ ਨੇ ਉੱਪਰਲੇ ਕਮਰੇ ਦਾ ਦਰਵਾਜ਼ਾ ਨਹੀਂ ਖੋਲ੍ਹਿਆ। ਆਖਿਰਕਾਰ ਨੌਕਰ ਫ਼ਿਕਰਮੰਦ ਹੋ ਗਏ। ਉਨ੍ਹਾਂ ਨੇ ਚਾਬੀ ਲਿਆਂਦੀ ਅਤੇ ਦਰਵਾਜ਼ਿਆਂ ਨੂੰ ਖੋਲ੍ਹਿਆ। ਜਦੋਂ ਨੌਕਰ ਅੰਦਰ ਦਾਖਲ ਹੋਏ ਉਨ੍ਹਾਂ ਨੇ ਆਪਣੇ ਰਾਜੇ ਨੂੰ ਫ਼ਰਸ਼ ਉੱਤੇ ਮੁਰਦਾ ਪਿਆ ਹੋਇਆ ਵੇਖਿਆ।
26 ਜਦੋਂ ਨੌਕਰ ਰਾਜੇ ਦਾ ਇੰਤਜ਼ਾਰ ਕਰ ਰਹੇ ਸਨ, ਏਹੂਦ ਕੋਲ ਬਚਕੇ ਨਿਕਲ ਜਾਣ ਦਾ ਸਮਾਂ ਸੀ। ਏਹੂਦ ਬੁੱਤਾਂ ਕੋਲੋਂ ਲੰਘਿਆ ਅਤੇ ਸਈਰਾਹ ਨਾਮ ਦੇ ਸਥਾਨ ਵੱਲ ਚੱਲਾ ਗਿਆ। 27 ਜਦੋਂ ਏਹੂਦ ਸਈਰਾਹ ਵਿਖੇ ਪਹੁੰਚਿਆ, ਉਸ ਨੇ ਇਫ਼ਰਾਈਮ ਦੇ ਪਹਾੜੀ ਪ੍ਰਦੇਸ਼ ਵਿੱਚ ਤੁਰ੍ਹੀ ਵਜਾ ਦਿੱਤੀ। ਇਸਰਾਏਲ ਦੇ ਲੋਕਾਂ ਨੇ ਤੁਰ੍ਹੀ ਦੀ ਆਵਾਜ਼ ਸੁਣੀ ਅਤੇ ਉਹ ਏਹੂਦ ਦੀ ਅਗਵਾਈ ਵਿੱਚ, ਪਹਾੜੀਆਂ ਤੋਂ ਹੇਠਾਂ ਆ ਗਏ।
2010 by World Bible Translation Center