Bible in 90 Days
ਸ਼ਾਊਲ ਪਾਤਸ਼ਾਹ ਦੀ ਮੌਤ
10 ਫ਼ਲਿਸਤੀਆਂ ਨੇ ਇਸਰਾਏਲੀਆਂ ਦੇ ਖਿਲਾਫ਼ ਲੜਾਈ ਕੀਤੀ ਅਤੇ ਫ਼ਿਰ ਇਸਰਾਏਲੀ ਫ਼ਲਿਸਤੀਆਂ ਦੇ ਅੱਗੋਂ ਭੱਜ ਗਏ ਅਤੇ ਬਹੁਤ ਸਾਰੇ ਇਸਰਾਏਲੀ ਗਿਲਬੋਆ ਦੇ ਪਹਾੜ ਵਿੱਚ ਮਾਰੇ ਗਏ। 2 ਫ਼ਲਿਸਤੀਨੀ ਲੋਕ ਲਗਾਤਾਰ ਸ਼ਾਊਲ ਪਾਤਸ਼ਾਹ ਅਤੇ ਉਸ ਦੇ ਪੁੱਤਰਾਂ ਦਾ ਪਿੱਛਾ ਕਰਦੇ ਰਹੇ। ਅਖੀਰ ਉਨ੍ਹਾਂ ਉਸ ਨੂੰ ਤੇ ਉਸ ਦੇ ਪੁੱਤਰਾਂ ਨੂੰ ਪਕੜ ਲਿਆ। ਅਤੇ ਮਾਰ ਸੁੱਟਿਆ, ਜਿਨ੍ਹਾਂ ਵਿੱਚ ਯੋਨਾਥਾਨ, ਅਬੀਨਾਦਾਬ ਅਤੇ ਮਲਕੀਸ਼ੂਆ ਸਨ। 3 ਸ਼ਾਊਲ ਦੇ ਚੌਗਿਰਦ ਲੜਾਈ ਭਾਰੀ ਹੋ ਗਈ ਅਤੇ ਤੀਰ ਅੰਦਾਜ਼ਾਂ ਨੇ ਆਪਣੇ ਤੀਰਾਂ ਨਾਲ ਸ਼ਾਊਲ ਨੂੰ ਘਾਇਲ ਕਰ ਦਿੱਤਾ।
4 ਤਦ ਸ਼ਾਊਲ ਨੇ ਆਪਣੇ ਸ਼ਸਤ੍ਰ ਚੁੱਕਣ ਵਾਲੇ ਨੂੰ ਆਖਿਆ, “ਆਪਣੀ ਤਲਵਾਰ ਕੱਢ ਕੇ ਮੈਨੂੰ ਮਾਰ ਦੇ ਤਾਂ ਕਿ ਜਦੋਂ ਉਹ ਅਸੁੰਨਤੀ ਲੋਕ ਆਉਣ, ਉਹ ਮੈਨੂੰ ਸੱਟ ਨਾ ਮਾਰ ਸੱਕਣ ਤੇ ਮੇਰਾ ਮਜ਼ਾਕ ਨਾ ਉਡਾ ਸੱਕਣ।”
ਪਰ ਸ਼ਾਊਲ ਦਾ ਸ਼ਸਤ੍ਰ ਚੁੱਕਣ ਵਾਲਾ ਡਰ ਗਿਆ ਅਤੇ ਉਸ ਨੇ ਸ਼ਾਊਲ ਨੂੰ ਮਾਰਨ ਤੋਂ ਇਨਕਾਰ ਕਰ ਦਿੱਤਾ। ਤਾਂ ਸ਼ਾਊਲ ਨੇ ਆਪਣੀ ਖੁਦ ਦੀ ਤਲਵਾਰ ਦੀ ਨੁਕਰ ਉੱਤੇ ਡਿੱਗ ਕੇ ਖੁਦ ਨੂੰ ਖਤਮ ਕਰ ਲਿਆ। 5 ਜਦ ਉਸ ਦੇ ਸ਼ਸਤ੍ਰ ਚੁੱਕਣ ਵਾਲੇ ਨੇ ਵੇਖਿਆ ਕਿ ਸ਼ਾਊਲ ਮਰ ਗਿਆ ਸੀ, ਉਸ ਨੇ ਵੀ ਆਪਣੀ ਤਲਵਾਰ ਤੇ ਡਿੱਗ ਕੇ ਖੁਦ ਨੂੰ ਖਤਮ ਕਰ ਲਿਆ। 6 ਇਉਂ ਸ਼ਾਊਲ ਅਤੇ ਉਸ ਦੇ 3 ਪੁੱਤਰ ਅਤੇ ਸਾਰਾ ਘਰਾਣਾ ਇਕੱਠਿਆਂ ਹੀ ਮਰਿਆ।
7 ਵਾਦੀ ਵਿੱਚ ਰਹਿੰਦੇ ਇਸਰਾਏਲੀਆਂ ਨੇ ਵੇਖਿਆ ਕਿ ਉਨ੍ਹਾਂ ਦੀ ਸੈਨਾ ਉੱਥੋਂ ਭੱਜ ਖੜੋਤੀ ਸੀ। ਉਨ੍ਹਾਂ ਨੇ ਸ਼ਾਊਲ ਅਤੇ ਉਸ ਦੇ ਪੁੱਤਰਾਂ ਨੂੰ ਮਰੇ ਪਏ ਵੇਖਿਆ, ਤਾਂ ਉਹ ਵੀ ਆਪਣੇ ਨਗਰਾਂ ਨੂੰ ਛੱਡ ਕੇ ਨੱਠ ਗਏ। ਫ਼ਲਿਸਤੀ ਉਨ੍ਹਾਂ ਨਗਰਾਂ ਨੂੰ ਆਏ ਅਤੇ ਓੱਥੇ ਰਹਿਣ ਲੱਗ ਪਏ।
8 ਅਗਲੇ ਦਿਨ ਫ਼ਲਿਸਤੀ ਲੋਥਾਂ ਤੋਂ ਕੀਮਤੀ ਵਸਤਾਂ ਲੈਣ ਲਈ ਆਏ ਤਾਂ ਉਨ੍ਹਾਂ ਨੇ ਉੱਥੇ ਸ਼ਾਊਲ ਅਤੇ ਉਸ ਦੇ ਪੁੱਤਰਾਂ ਦੀਆਂ ਲੋਥਾਂ ਵੇਖੀਆਂ ਜੋ ਕਿ ਗਿਲਬੋਆ ਦੇ ਪਹਾੜ ਵਿੱਚ ਪਈਆਂ ਸਨ। 9 ਫ਼ਲਿਸਤੀਆਂ ਨੇ ਸ਼ਾਊਲ ਦੀ ਲੋਥ ਤੋਂ ਵਸਤਾਂ ਉਤਾਰੀਆਂ ਅਤੇ ਸਾਰੇ ਸ਼ਸਤ੍ਰ-ਵਸਤਰ ਉਤਾਰ ਕੇ ਤੇ ਉਸ ਦਾ ਸਿਰ ਲੈ ਕੇ ਫ਼ਲਿਸਤੀਆਂ ਦੇ ਦੇਸ ਵਿੱਚ ਆਸ-ਪਾਸ ਭੇਜ ਦਿੱਤੇ ਤਾਂ ਜੋ ਹਲਕਾਰੇ ਆਪਣੇ ਝੂਠੇ-ਦੇਵਤਿਆਂ ਅਤੇ ਲੋਕਾਂ ਵਿੱਚ ਇਸ ਦੀ ਘੋਸ਼ਣਾ ਕਰਨ। 10 ਫ਼ਲਿਸਤੀਆਂ ਨੇ ਸ਼ਾਊਲ ਦੇ ਸ਼ਸਤ੍ਰਾਂ ਨੂੰ ਆਪਣੇ ਝੂਠੇ ਦੇਵਤਿਆਂ ਦੇ ਮੰਦਰ ਵਿੱਚ ਰੱਖਿਆ ਅਤੇ ਸ਼ਾਊਲ ਦਾ ਸਿਰ ਦਾਗੋਨ ਦੇ ਮੰਦਰ ਵਿੱਚ ਲਟਕਾ ਦਿੱਤਾ।
11 ਸਾਰੇ ਯਾਬੋਸ਼-ਗਿਲਆਦ ਨਗਰ ਦੇ ਲੋਕਾਂ ਨੇ ਇਉਂ ਇਹ ਸਾਰੀ ਵਾਰਦਾਤ ਸੁਣੀ ਜੋ ਫ਼ਲਿਸਤੀਆਂ ਨੇ ਸ਼ਾਊਲ ਨਾਲ ਕੀਤੀ। 12 ਫ਼ਿਰ ਸਾਰੇ ਵੀਰ ਬਹਾਦੁਰ ਯਾਬੋਸ਼-ਗਿਲਆਦ ਵਿੱਚੋਂ ਸ਼ਾਊਲ ਅਤੇ ਉਸ ਦੇ ਪੁੱਤਰਾਂ ਦੇ ਮ੍ਰਿਤਕ ਸ਼ਰੀਰ ਲੈਣ ਲਈ ਨਿਕਲੇ ਅਤੇ ਉਹ ਉਨ੍ਹਾਂ ਦੀਆਂ ਲੋਥਾਂ ਯਾਬੋਸ਼-ਗਿਲਆਦ ਵਿੱਚ ਵਾਪਸ ਲਿਆਏ। ਅਤੇ ਉਨ੍ਹਾਂ ਲੋਕਾਂ ਨੇ ਯਾਬੋਸ਼ ਦੇ ਇੱਕ ਵਿਸ਼ਾਲ ਰੁੱਖ ਹੇਠਾਂ ਸ਼ਾਊਲ ਅਤੇ ਉਸ ਦੇ ਪੁੱਤਰਾਂ ਦੀਆਂ ਹੱਡੀਆਂ ਨੂੰ ਦਫ਼ਨਾਅ ਦਿੱਤਾ। ਇਉਂ 7 ਦਿਨ ਤੀਕ ਵਰਤ ਰੱਖ ਕੇ ਉਨ੍ਹਾਂ ਨੇ ਆਪਣਾ ਸੋਗ ਪ੍ਰਗਟਾਇਆ।
13 ਸ਼ਾਊਲ ਦੀ ਮੌਤ ਇਉਂ ਇਸ ਲਈ ਹੋਈ ਕਿਉਂ ਕਿ ਉਹ ਯਹੋਵਾਹ ਨਾਲ ਵਫ਼ਾਦਾਰ ਨਹੀਂ ਰਿਹਾ ਸੀ। ਉਸ ਨੇ ਯਹੋਵਾਹ ਦੇ ਬਚਨਾਂ ਨੂੰ ਨਹੀਂ ਮੰਨਿਆ। ਇਹੀ ਨਹੀਂ ਸਗੋਂ ਉਸ ਨੇ ਇੱਕ ਭੂਤ-ਮ੍ਰਿਤ ਨਾਲ ਸਲਾਹ ਮਸ਼ਵਰਾ ਕੀਤਾ ਸੀ। 14 ਯਹੋਵਾਹ ਤੋਂ ਪੁੱਛਣ ਦੀ ਬਜਾਇ ਉਸ ਨੇ ਭੂਤਨੀ ਤੋਂ ਸਲਾਹ ਲਈ। ਇਸ ਲਈ ਯਹੋਵਾਹ ਨੇ ਸ਼ਾਊਲ ਨੂੰ ਮਾਰ ਕੇ ਯਿੱਸੀ ਦੇ ਪੁੱਤਰ ਦਾਊਦ ਨੂੰ ਰਾਜ ਦਿੱਤਾ।
ਇਸਰਾਏਲ ਉੱਪਰ ਦਾਊਦ ਦਾ ਪਾਤਸ਼ਾਹ ਚੁਣਿਆ ਜਾਣਾ
11 ਇਸਰਾਏਲ ਦੇ ਸਾਰੇ ਲੋਕ ਹਬਰੋਨ ਵਿੱਚ ਦਾਊਦ ਕੋਲ ਇਕੱਠੇ ਹੋਏ ਅਤੇ ਉਨ੍ਹਾਂ ਦਾਊਦ ਨੂੰ ਕਿਹਾ, “ਅਸੀਂ ਤੁਹਾਡਾ ਹੀ ਲਹੂ-ਮਾਸ ਹਾਂ। 2 ਅਤੀਤ ਵਿੱਚ, ਤੂੰ ਸਾਨੂੰ ਜੰਗ ਵਿੱਚ ਲੈ ਗਿਆ ਉਦੋਂ ਵੀ ਜਦੋਂ ਸ਼ਾਊਲ ਰਾਜਾ ਸੀ। ਯਹੋਵਾਹ ਨੇ ਤੈਨੂੰ ਆਖਿਆ ਸੀ, ‘ਦਾਊਦ, ਤੂੰ ਮੇਰੇ ਲੋਕਾਂ ਇਸਰਾਏਲੀਆਂ ਦਾ ਅਯਾਲੀ ਹੋਵੇਂਗਾ ਅਤੇ ਮੇਰੇ ਲੋਕਾਂ, ਇਸਰਾਏਲੀਆਂ ਦਾ ਆਗੂ ਹੋਵੇਂਗਾ।’”
3 ਇਸਰਾਏਲ ਦੇ ਸਾਰੇ ਆਗੂ ਹਬਰੋਨ ਵਿੱਚ ਦਾਊਦ ਪਾਤਸ਼ਾਹ ਕੋਲ ਆਏ। ਦਾਊਦ ਨੇ ਯਹੋਵਾਹ ਦੇ ਸਾਹਮਣੇ ਇਨ੍ਹਾਂ ਆਗੂਆਂ ਨਾਲ ਇੱਕ ਇਕਰਾਰਨਾਮਾ ਬਣਾਇਆ। ਫ਼ੇਰ ਉਨ੍ਹਾਂ ਨੇ ਦਾਊਦ ਨੂੰ ਮਸਹ ਕੀਤਾ ਅਤੇ ਉਸ ਨੂੰ ਇਸਰਾਏਲ ਉੱਤੇ ਪਾਤਸ਼ਾਹ ਥਾਪਿਆ। ਇਹ ਓਵੇਂ ਹੀ ਵਾਪਰਿਆ ਜਿਵੇਂ ਯਹੋਵਾਹ ਨੇ ਸਮੂਏਲ ਰਾਹੀਂ ਇਕਰਾਰ ਕੀਤਾ ਸੀ।
ਦਾਊਦ ਦਾ ਯਰੂਸ਼ਲਮ ਤੇ ਕਬਜ਼ਾ
4 ਦਾਊਦ ਅਤੇ ਇਸਰਾਏਲ ਦੇ ਸਾਰੇ ਲੋਕ ਯਰੂਸ਼ਲਮ ਸ਼ਹਿਰ ਵਿੱਚ ਪਹੁੰਚੇ। ਉਨ੍ਹੀ ਦਿਨੀ ਯਰੂਸ਼ਲਮ ਨੂੰ ਯਬੂਸ ਨਾਉਂ ਨਾਲ ਜਾਣਿਆ ਜਾਂਦਾ ਸੀ ਤੇ ਉਸ ਸ਼ਹਿਰ ਦੇ ਲੋਕਾਂ ਨੂੰ ਯਬੂਸੀ ਆਖਿਆ ਜਾਂਦਾ ਸੀ। ਉਸ ਸ਼ਹਿਰ ਦੇ ਲੋਕਾਂ ਨੇ 5 ਦਾਊਦ ਨੂੰ ਆਖਿਆ, “ਤੂੰ ਸਾਡੇ ਨਗਰ ਵਿੱਚ ਦਾਖਲ ਨਹੀਂ ਹੋ ਸੱਕਦਾ।” ਪਰ ਦਾਊਦ ਨੇ ਉਨ੍ਹਾਂ ਨੂੰ ਹਰਾਇਆ। ਉਸ ਨੇ ਸੀਯੋਨ ਦਾ ਕਿਲਾ ਜਿੱਤ ਲਿਆ ਜੋ ਉਪਰੰਤ ਦਾਊਦ ਦਾ ਸ਼ਹਿਰ ਕਹਾਇਆ।
6 ਦਾਊਦ ਨੇ ਆਖਿਆ, “ਜੋ ਕੋਈ ਵੀ ਯਬੂਸੀਆਂ ਤੇ ਹਮਲੇ ਦੀ ਅਗਵਾਈ ਕਰੇਗਾ, ਉਹੀ ਮੇਰੀ ਸੈਨਾ ਦਾ ਪ੍ਰਧਾਨ ਹੋਵੇਗਾ।” ਤਾਂ ਸਰੂਯਾਹ ਦੇ ਪੁੱਤਰ ਯੋਆਬ ਨੇ ਹਮਲਾ ਕੀਤਾ ਤੇ ਉਹ ਸੈਨਾ ਦਾ ਪ੍ਰਧਾਨ ਬਣਿਆ।
7 ਦਾਊਦ ਨੇ ਫ਼ਿਰ ਉੱਥੇ ਗੜ੍ਹ ਨੂੰ ਆਪਣਾ ਘਰ ਬਣਾਇਆ। ਇਸੇ ਕਾਰਣ ਉਹ ਦਾਊਦ ਦਾ ਨਗਰ ਅਖਵਾਇਆ। 8 ਦਾਊਦ ਨੇ ਮਿਲੋ ਤੋਂ ਲੈ ਕੇ ਸ਼ਹਿਰ ਦੇ ਦੁਆਲੇ ਦੀ ਕੰਧ ਤੀਕ ਕਿਲੇ ਦੇ ਆਲੇ-ਦੇਆਲੇ ਸ਼ਹਿਰ ਨਿਰਮਾਣ ਕੀਤਾ ਅਤੇ ਯੋਆਬ ਨੇ ਸ਼ਹਿਰ ਦੇ ਹੋਰ ਹਿਸਿਆਂ ਦੀ ਮੁਰੰਮਤ ਕੀਤੀ। 9 ਦਾਊਦ ਦਿਨ ਬਰ ਦਿਨ ਹੋਰ ਸ਼ਕਤੀਸ਼ਾਲੀ ਹੁੰਦਾ ਗਿਆ ਅਤੇ ਸਰਬ ਸ਼ਕੀਤਮਾਨ ਯਹੋਵਾਹ ਉਸ ਦੇ ਨਾਲ ਸੀ।
ਤਿੰਨ ਨਾਇੱਕ
10 ਦਾਊਦ ਦੇ ਖਾਸ ਸਿਪਾਹੀਆਂ ਦੇ ਆਗੂਆਂ ਦੀ ਸੂਚੀ ਇਹ ਹੈ। ਇਹ ਨਾਇੱਕ ਦਾਊਦ ਦੇ ਨਾਲ ਉਸ ਦੇ ਦੇ ਰਾਜ ਵਿੱਚ ਬੜੇ ਸ਼ਕਤੀਸ਼ਾਲੀ ਹੋਏ। ਉਨ੍ਹਾਂ ਨੇ ਅਤੇ ਇਸਰਾਏਲ ਦੇ ਸਾਰੇ ਲੋਕਾਂ ਨੇ ਦਾਊਦ ਦਾ ਪੱਖ ਲਿਆ ਅਤੇ ਉਸ ਨੂੰ ਰਾਜਾ ਬਣਾ ਦਿੱਤਾ। ਇਹ ਸਭ ਪਰਮੇਸ਼ੁਰ ਦੇ ਇਕਰਾਰ ਅਨੁਸਾਰ ਹੋਇਆ।
11 ਦਾਊਦ ਦੇ ਖਾਸ ਸਿਪਾਹੀਆਂ ਦੀ ਸੂਚੀ ਇਸ ਤਰ੍ਹਾਂ ਸੀ:
ਹਕਮੋਨੀ ਯਾਸ਼ਾਬਆਮ ਜੋ ਕਿ ਰਥਵਾਨਾਂ ਦਾ ਮੁਖੀਆ ਸੀ ਉਸ ਨੇ 300 ਮਨੁੱਖਾਂ ਨੂੰ ਬਰਛਾ ਚਲਾਕੇ ਇੱਕੋ ਵਾਰ ਮਾਰ ਸੁੱਟਿਆ ਸੀ।
12 ਇਸ ਤੋਂ ਬਾਅਦ ਦੋਦੋ ਦਾ ਪੁੱਤਰ ਅਲਆਜ਼ਾਰ ਸੀ, ਜਿਹੜਾ ਕਿ ਅਹੋਹ ਤੋਂ ਸੀ। ਇਹ ਤਿੰਨ ਨਾਇੱਕਾਂ ਵਿੱਚੋਂ ਇੱਕ ਸੀ। 13 ਅਲਆਜ਼ਾਰ ਦਾਊਦ ਦੇ ਨਾਲ ਫ਼ਸਦੰਮੀਮ ਵਿੱਚ ਸੀ ਅਤੇ ਉੱਥੇ ਫ਼ਲਿਸਤੀ ਯੁੱਧ ਕਰਨ ਨੂੰ ਇਕੱਠੇ ਹੋਏ ਸਨ। ਉੱਥੇ ਪੈਲੀ ਦਾ ਇੱਕ ਟੁਕੜਾ ਜੌਆਂ ਨਾਲ ਭਰਪੂਰ ਸੀ ਅਤੇ ਇਸਰਾਏਲੀ ਲੋਕ ਉੱਥੋਂ ਫ਼ਲਿਸਤੀਆਂ ਦੇ ਅੱਗੋਂ ਭੱਜ ਗਏ। 14 ਪਰ ਇਹ ਤਿੰਨੇ ਨਾਇੱਕ ਉਸ ਖੇਤ ਵਿੱਚ ਖੜੋਤੇ ਰਹੇ ਫ਼ਲਿਸਤੀਆਂ ਨੂੰ ਹਰਾ ਕੇ ਉਸ ਨੂੰ ਬਚਾਇਆ ਇਉਂ ਯਹੋਵਾਹ ਨੇ ਇਸਰਾਏਲੀਆਂ ਨੂੰ ਵੱਡੀ ਜਿੱਤ ਦਿੱਤੀ ਸੀ।
15 ਇੱਕ ਵਾਰ ਦਾਊਦ ਅਦੁੱਲਾਮ ਦੀ ਗੁਫ਼ਾ ਵਿੱਚ ਸੀ ਅਤੇ ਫ਼ਲਿਸਤੀ ਫ਼ੌਜ ਹੇਠਾਂ ਰਫ਼ਾਈਮ ਦੀ ਵਾਦੀ ਵਿੱਚ ਸੀ। ਇਹ 3 ਨਾਇੱਕ ਜੋ 30 ਵਿੱਚੋਂ ਸਨ, ਜ਼ਮੀਨ ਉੱਪਰ ਰੀਂਗਦੇ ਹੋਏ ਦਾਊਦ ਕੋਲ ਗੁਫ਼ਾ ਵਿੱਚ ਪਹੁੰਚੇ।
16 ਇੱਕ ਵਾਰੀ ਹੋਰ ਦਾਊਦ ਕਿਲ੍ਹੇ ਵਿੱਚ ਸੀ ਅਤੇ ਫ਼ਲਿਸਤੀ ਸਿਪਾਹੀਆਂ ਦਾ ਇੱਕ ਦਸਤਾ ਬੈਤਲਹਮ ਵਿੱਚ ਸੀ। 17 ਦਾਊਦ ਨੂੰ ਆਪਣੀ ਭੂਮੀ ਦੇ ਪਾਣੀ ਦੀ ਤਲਬ ਹੋਈ। ਤਾਂ ਉਸ ਨੇ ਆਖਿਆ, “ਕਾਸ਼! ਕੋਈ ਬੈਤਲਹਮ ਦੇ ਉਸ ਖੂਹ ਦਾ ਜਿਹੜਾ ਫਾਟਕ ਦੇ ਕੋਲ ਹੈ, ਮੈਨੂੰ ਪਾਣੀ ਪਿਲਾਵੇ।” (ਅਸਲ ਵਿੱਚ ਇਉਂ ਉਹ ਸਿਰਫ਼ ਆਖ ਰਿਹਾ ਸੀ, ਵਾਸਤਵ ’ਚ ਮੰਗ ਨਹੀਂ ਸੀ ਰਿਹਾ।) 18 ਪਰ ਉਨ੍ਹਾਂ ਤਿੰਨਾਂ ਨਾਇੱਕਾਂ ਨੇ ਫ਼ਲਿਸਤੀਆ ਦੇ ਡੇਰੇ ਰਾਹੀਂ ਆਪਣੇ ਰਾਹ ਲਈ ਲੜਕੇ ਬੈਤਲਹਮ ਦੇ ਫ਼ਾਟਕ ਦੇ ਖੂਹ ਵਿੱਚੋਂ ਪਾਣੀ ਭਰਕੇ ਦਾਊਦ ਨੂੰ ਲਿਆ ਕੇ ਦਿੱਤਾ। ਪਰ ਦਾਊਦ ਨੇ ਉਹ ਪਾਣੀ ਪੀਣ ਤੋਂ ਇਨਕਾਰ ਕਰ ਦਿੱਤਾ ਸਗੋਂ ਉਸ ਨੇ ਇਸ ਪਾਣੀ ਨੂੰ ਧਰਤੀ ਉੱਤੇ ਡੋਲ੍ਹ ਕੇ ਯਹੋਵਾਹ ਨੂੰ ਭੇਟ ਕਰ ਦਿੱਤਾ। 19 ਦਾਊਦ ਨੇ ਕਿਹਾ, “ਹੇ ਪਰਮੇਸ਼ੁਰ! ਇਹ ਪਾਣੀ ਮੈਂ ਕਿਵੇਂ ਪੀ ਸੱਕਦਾ ਹਾਂ? ਇਹ ਤਾਂ ਉਨ੍ਹਾਂ ਮਨੁੱਖਾਂ ਦਾ ਲਹੂ ਪੀਣ ਬਰਾਬਰ ਹੋਵੇਗਾ ਜਿਹੜੇ ਆਪਣੀ ਜਾਨ ਨੂੰ ਜੋਖਿਮ ਵਿੱਚ ਪਾ ਕੇ ਇਸ ਨੂੰ ਮੇਰੇ ਲਈ ਲੈ ਕੇ ਆਏ ਹਨ।” ਇਸ ਕਾਰਣ ਦਾਊਦ ਨੇ ਇਹ ਪਾਣੀ ਪੀਣ ਤੋਂ ਇਨਕਾਰ ਕੀਤਾ। ਇਸ ਤਰ੍ਹਾਂ ਦੀਆਂ ਕਈ ਬਹਾਦੁਰੀਆਂ ਉਨ੍ਹਾਂ ਤਿੰਨਾਂ ਨਾਇੱਕਾਂ ਨੇ ਵਿਖਾਈਆਂ।
ਹੋਰ ਬਹਾਦੁਰ ਸਿਪਾਹੀ
20 ਯੋਆਬ ਦਾ ਭਰਾ ਅਬਸ਼ਈ ਇਨ੍ਹਾਂ ਤਿੰਨਾਂ ਨਾਇੱਕਾਂ ਦਾ ਆਗੂ ਸੀ। ਉਹ 300 ਸਿਪਾਹੀਆਂ ਨਾਲ ਲੜਿਆ ਅਤੇ ਉਨ੍ਹਾਂ ਨੂੰ ਆਪਣੇ ਬਰਛੇ ਨਾਲ ਮਾਰ ਮੁਕਾਇਆ। ਅਬਸ਼ਈ ਵੀ ਇਨ੍ਹਾਂ ਤਿੰਨਾਂ ਨਾਇੱਕਾਂ ਜਿੰਨਾ ਹੀ ਪ੍ਰਸਿੱਧ ਸੀ। 21 ਅਬਸ਼ਈ ਉਨ੍ਹਾਂ ਤੀਹਾਂ ਨਾਇੱਕਾਂ ਤੋਂ ਵੱਧੇਰੇ ਪ੍ਰਸਿੱਧ ਸੀ ਅਤੇ ਉਨ੍ਹਾਂ ਦਾ ਮੁਖੀਆ ਬਣਿਆ ਹਾਲਾਂਕਿ ਉਹ ਉਨ੍ਹਾਂ ਤਿੰਨਾਂ ਨਾਇੱਕਾਂ ਵਿੱਚੋਂ ਨਹੀਂ ਸੀ।
22 ਯਹੋਯਾਦਾ ਦਾ ਪੁੱਤਰ ਬਨਾਯਾਹ ਇੱਕ ਕਬਸਿਏਲੀ ਸੂਰਮੇ ਦਾ ਪੁੱਤਰ ਸੀ, ਜਿਸਨੇ ਵੱਡੀ ਸੂਰਮਤਾਈ ਕੀਤੀ ਸੀ। ਬਨਾਯਾਹ ਨੇ ਮੋਆਬ ਦੇ ਦੋ ਸਭ ਤੋਂ ਵੱਧ ਬਹਾਦੁਰਾਂ ਨੂੰ ਮਾਰ ਸੁੱਟਿਆ। ਇੱਕ ਵਾਰੀ ਜਦੋਂ ਬਰਫ਼ ਦੀ ਰੁੱਤ ਸੀ ਤਾਂ ਬਨਾਯਾਹ ਇੱਕ ਸੁਰਂਗ ਜਿਹੀ ਵਿੱਚ ਜਿਹੜੀ ਕਿ ਜ਼ਮੀਨ ਵਿੱਚ ਖੁੱਡ ਵਾਂਗ ਸੀ, ਜਾ ਕੇ ਉੱਥੇ ਇੱਕ ਸ਼ੇਰ ਨੂੰ ਮਾਰ ਆਇਆ। 23 ਅਤੇ ਉਸ ਨੇ ਇੱਕ ਸਾਢੇ ਸੱਤ ਫੁੱਟ ਲੰਬੇ ਮਿਸਰੀ ਸਿਪਾਹੀ ਨੂੰ ਵੀ ਮਾਰ ਸੁੱਟਿਆ। ਉਸ ਮਿਸਰੀ ਜੁਆਨ ਕੋਲ ਇੱਕ ਭਾਰਾ ਲੰਬਾ ਬਰਛਾ ਸੀ ਜੋ ਕਿ ਜੁਲਾਹੇ ਦੀ ਤੁਰ ਵਰਗਾ ਵੱਡਾ ਸੀ, ਅਤੇ ਬਨਾਯਾਹ ਕੋਲ ਸਿਰਫ਼ ਇੱਕ ਸੋਟਾ ਸੀ। ਬਨਾਯਾਹ ਨੇ ਉਸ ਮਿਸਰੀ ਦੇ ਹੱਥੋਂ ਉਸਦਾ ਬਰਛਾ ਖੋਹਿਆ ਅਤੇ ਉਸ ਮਿਸਰੀ ਸਿਪਾਹੀ ਨੂੰ ਉਸ ਦੇ ਹੀ ਬਰਛੇ ਨਾਲ ਮਾਰ ਮੁਕਾਇਆ। 24 ਯਹੋਯਾਦਾ ਦੇ ਪੁੱਤਰ ਬਨਾਯਾਹ ਨੇ ਅਜਿਹੀਆਂ ਅਨੇਕਾਂ ਬਹਾਦੁਰ ਕਰਨੀਆਂ ਕੀਤੀਆਂ ਅਤੇ ਤਿੰਨਾ ਨਾਇੱਕਾਂ ਜਿੰਨਾਂ ਹੀ ਮਸ਼ਹੂਰ ਹੋ ਗਿਆ। 25 ਬਨਾਯਾਹ 30 ਨਾਇੱਕਾਂ ਤੋਂ ਵੱਧੇਰੇ ਪ੍ਰਸਿੱਧ ਹੋਇਆ, ਪਰ ਉਹ ਉਨ੍ਹਾਂ ਤਿੰਨਾਂ ਨਾਇੱਕਾਂ ਵਿੱਚੋਂ ਨਹੀਂ ਸੀ। ਦਾਊਦ ਨੇ ਬਨਾਯਾਹ ਨੂੰ ਆਪਣੇ ਰੱਖਿਅਕਾ ਦਾ ਮੁਖੀਆ ਥਾਪਿਆ।
ਤੀਹ ਨਾਇੱਕ
26 ਤੀਹ ਨਾਇੱਕ ਸਿਪਾਹੀਆਂ ਦੇ ਨਾਂ ਇਉਂ ਸਨ:
ਯੋਆਬ ਦਾ ਭਰਾ ਅਸਾਹੇਲ,
ਬੈਤਲਹਮ ਤੋਂ ਦੋਦੋ ਦਾ ਪੁੱਤਰ ਅਲਹਾਨਾਨ।
27 ਹਰੋਰ ਦਾ ਸ਼ੰਮੋਥ,
ਪਲੋਨੀ ਹਲਸ,
28 ਤਕੋਆ ਤੋਂ ਇੱਕੇਸ਼ ਦਾ ਪੁੱਤਰ ਈਰਾ,
ਅੰਨਥੋਥ ਤੋਂ ਅਬੀਅਜ਼ਰ,
29 ਹੁਸ਼ਾਥ ਤੋਂ ਸਿੱਬਕਈ,
ਆਹੋਹ ਤੋਂ ਈਲਈ,
30 ਨਟੋਫ਼ਾਥ ਮਹਰਈ ਤੋਂ,
ਨਟੋਫ਼ਾਥ ਤੋਂ ਬਅਨਾਹ ਦਾ ਪੁੱਤਰ ਹੇਲਦ,
31 ਬਿਨਯਾਮੀਨ ਵਿੱਚ ਗਿਬਆਹ ਚੋ ਰੀਬਈ ਦਾ ਪੁੱਤਰ ਈਥਈ,
ਪਰਆਥੋਨ ਤੋਂ ਬਨਾਯਾਹ,
32 ਗਾਅਸ਼ ਘਾਟੀ ਤੋਂ ਹੂਰਈ,
ਅਬੀਏਲ ਅਰਬਾਥੀ,
33 ਬਹਰੂਮੀ ਅਜ਼ਮਾਵਥ,
ਸ਼ਅਲਬੋਨ ਤੋਂ ਅਲਯਹਬਾ,
34 ਗਿਜ਼ੋਨੀ ਹਾਸੇਮ ਦੇ ਪੁੱਤਰ,
ਹਰਾਰੀ ਸ਼ਾਗੇ ਦਾ ਪੁੱਤਰ ਯੋਨਾਥਾਨ,
35 ਹਗਰੀ ਸਾਕਾਰ ਦਾ ਪੁੱਤਰ ਅਹੀਆਮ,
ਊਰ ਦਾ ਪੁੱਤਰ ਅਲੀਫ਼ਾਲ,
36 ਮਕੇਰਾਥ ਦਾ ਹੇਫ਼ਰ,
ਪਲੋਨੀ ਅਹੀਯਾਹ,
37 ਕਰਮਲੀ ਹਸਰੋ,
ਅਜ਼ਬਈ ਦਾ ਪੁੱਤਰ ਨਅਰਈ,
38 ਨਾਥਾਨ ਦਾ ਭਰਾ ਯੋਏਲ,
ਹਗਰੀ ਦਾ ਪੁੱਤਰ ਮਿਬਹਾਰ,
39 ਸਲਕ ਅੰਮੋਨੀ,
ਬੇਰੋਥ ਤੋਂ ਨਹਰਈ ਸਰੂਯਾਹ ਦੇ ਪੁੱਤਰ ਯੋਆਬ ਦਾ ਸ਼ਸਤ੍ਰ ਚੁੱਕਣ ਵਾਲਾ ਸੀ।
40 ਯਿਥਰੀ ਈਰਾ,
ਯਿਥਰੀ ਗਾਰੇਬ,
41 ਹਿੱਤੀ ਊਰੀਯਾਹ,
ਅਹਲਈ ਦਾ ਪੁੱਤਰ ਜ਼ਾਬਾਦ,
42 ਰਊਬੇਨ ਦੇ ਪਰਵਿਾਰ-ਸਮੂਹ ਤੋਂ ਸ਼ੀਜ਼ਾ ਦਾ ਪੁੱਤਰ ਅਦੀਨਾ। (ਅਦੀਨਾ ਰਊਬੇਨ ਪਰਵਿਾਰ-ਸਮੂਹ ਦਾ ਆਗੂ ਸੀ ਅਤੇ 30 ਨਾਇੱਕਾਂ ਵਿੱਚੋਂ ਇੱਕ ਸੀ।)
43 ਮਅਕਾਹ ਦਾ ਪੁੱਤਰ ਹਾਨਾਨ,
ਯੋਸ਼ਾਫ਼ਾਟ ਦਾ ਮਿਥਨੀ,
44 ਉੱਜੀਯਾਹ ਅਸ਼ਤਾਰਾਥੀ,
ਅਰੋਏਰ ਤੋਂ ਹੋਥਾਮ ਦੇ ਪੁੱਤਰ ਸ਼ਾਮਾ ਤੇ ਯਈੇਏਲ,
45 ਸ਼ਿਮਰੀ ਦਾ ਪੁੱਤਰ ਯਦੀਅਏਲ,
ਅਤੇ ਉਸ ਦੇ ਭਰਾ ਯੋਹਾ ਅਤੇ ਤੀਸੀ,
46 ਮਹਵੀ ਅਲੀਏਲ,
ਅਲਨਅਮ ਦੇ ਪੁੱਤਰ ਯਿਰੀਬਈ ਅਤੇ ਯੋਸ਼ਵਯਾਹ,
ਅਤੇ ਮੋਆਬੀ ਯਿਥਮਾਹ।
47 ਅਲੀਏਲ, ਓਬੇਦ, ਯਅਸੀਏਲ ਅਤੇ ਮਸੋਬਾਯਾਥੀ।
ਦਾਊਦ ਦੇ ਬਹਾਦੁਰ ਸੰਗੀ
12 ਇਹ ਉਨ੍ਹਾਂ ਮਨੁੱਖਾਂ ਦੀ ਸੂਚੀ ਹੈ ਜੋ ਸਿਕਲਗ ਵਿੱਚ ਦਾਊਦ ਕੋਲ ਪਹੁੰਚੇ। ਇਹ ਉਹ ਸਮਾਂ ਸੀ ਜਦੋਂ ਦਾਊਦ ਕੀਸ਼ ਦੇ ਪੁੱਤਰ ਸ਼ਾਊਲ ਦੇ ਕਾਰਨ ਲੁਕਦਾ ਫ਼ਿਰਦਾ ਸੀ। ਇਨ੍ਹਾਂ ਆਦਮੀਆਂ ਨੇ ਲੜਾਈ ਵਿੱਚ ਦਾਊਦ ਦੀ ਮਦਦ ਕੀਤੀ ਸੀ। 2 ਇਹ ਆਦਮੀ ਬੜੇ ਤੀਰ ਅੰਦਾਜ਼ ਸਨ ਅਤੇ ਉਹ ਆਪਣੇ ਸੱਜੇ-ਖੱਬੇ ਦੋਹਾਂ ਹੱਥਾਂ ਨਾਲ ਧਨੁਸ਼ ਤੋਂ ਤੀਰ ਚਲਾਣ ਤੇ ਪੱਥਰ ਗੁਲੇਲ ਨਾਲ ਸੁੱਟਣ ਵਿੱਚ ਨਿਪੁਣ ਸਨ। ਇਹ ਮਨੁੱਖ ਬਿਨਯਾਮੀਨ ਪਰਿਵਾਰ-ਸਮੂਹ ਵਿੱਚੋਂ ਸ਼ਾਊਲ ਦੇ ਸੰਬੰਧੀ ਸਨ ਤੇ ਇਨ੍ਹਾਂ ਦੇ ਨਾਉਂ ਇਉਂ ਸਨ:
3 ਅਹੀਅਜ਼ਰ ਜੋ ਆਗੂ ਸੀ, ਯੋਆਸ਼ (ਅਹੀਅਜ਼ਰ ਤੇ ਯੋਆਸ਼ ਗਿਬਆਥ ਦੇ ਸ਼ਮਾਆਹ ਦੇ ਪੁੱਤਰ ਸਨ।) ਯਿਜ਼ੀਏਲ ਅਤੇ ਫ਼ਲਟ (ਇਹ ਦੋਨੋ ਅਜ਼ਮਾਵਥ ਦੇ ਪੁੱਤਰ ਸਨ) ਬਰਾਕਾਹ ਅਤੇ ਯੇਹੂ ਜੋ ਕਿ ਅਨਥੋਥ ਤੋਂ ਸਨ। 4 ਗਿਬਓਨ ਸ਼ਹਿਰ ਤੋਂ ਯਿਸ਼ਮਅਯਾਹ (ਉਹ ਤਿੰਨਾਂ ਨਾਇੱਕਾਂ ਵਿੱਚੋਂ ਇੱਕ ਸੀ ਅਤੇ ਤਿੰਨਾਂ ਨਾਇੱਕਾਂ ਦਾ ਆਗੂ ਸੀ।) ਯਿਰਮਿਯਾਹ, ਯਹਜ਼ੀਏਲ, ਯੋਹਾਨਾਨ ਅਤੇ ਗਦੇਰਾਥ ਤੋਂ ਯੋਜ਼ਾਬਾਦ। 5 ਅਲਊਜ਼ਈ, ਯਿਰੀਮੋਥ, ਬਅਲਯਾਹ, ਸ਼ਮਰਯਾਹ ਅਤੇ ਸ਼ਫ਼ਟਯਾਹ ਹਰੁਫ਼ੀ, 6 ਅਲਕਾਨਾਹ ਅਤੇ ਯਿੱਸ਼ੀਯਾਹ, ਅਜ਼ਰੇਲ, ਯੋਅਜ਼ਰ ਅਤੇ ਯਾਸ਼ਾਬਆਮ, ਇਹ ਸਾਰੇ ਕੋਰਹ ਪਰਿਵਾਰ-ਸਮੂਹ ਤੋਂ ਸਨ: 7 ਯੋਏਲਾਹ ਤੇ ਜ਼ਬਦਯਾਹ ਜੋ ਕਿ ਗਦੋਰ ਤੋਂ ਯਰੋਹਾਮ ਦੇ ਪੁੱਤਰ ਸਨ।
ਗਾਦੀ
8 ਗਾਦ ਪਰਿਵਾਰ-ਸਮੂਹ ਤੋਂ ਕੁਝ ਲੋਕ ਮਾਰੂਥਲ ਨੂੰ ਆਏ, ਅਤੇ ਕਿਲੇ ਵਿੱਚ ਦਾਊਦ ਨਾਲ ਜੁੜ ਗਏ। ਉਹ ਬਰਛੇ ਅਤੇ ਢਾਲ ’ਚ ਨਿਪੁਣ ਸਨ ਅਤੇ ਸ਼ੇਰਾਂ ਵਾਂਗ ਭਿਅੰਕਰ ਸਨ। ਉਹ ਪਰਬਤਾਂ ਉੱਤੇ ਭੱਜਣ ਲਈ ਗਜ਼ੇਲਾਂ ਵਾਂਗ ਤੇਜ ਸਨ।
9 ਗਾਦ ਪਰਿਵਾਰ-ਸਮੂਹ ਤੋਂ ਏਜ਼ਰ ਫ਼ੌਜ ਦਾ ਆਗੂ ਸੀ। ਓਬਦਯਾਹ ਕਮਾਨ ਵਿੱਚ ਦੂਜਾ ਅਤੇ ਅਲਯਾਬ ਕਮਾਨ ਵਿੱਚ ਤੀਜਾ ਸੀ। 10 ਮਿਸ਼ਮੰਨਾਹ ਚੌਥਾ ਤੇ ਪੰਜਵਾਂ ਯਿਰਮਿਯਾਹ। 11 ਅੱਤਈ ਛੇਵਾਂ ਅਤੇ ਅਲੀਏਲ ਸੱਤਵੇਂ ਨੰਬਰ ਤੇ ਅਗਵਾਈ ਕਰਨ ਵਾਲਾ ਸੀ। 12 ਯੋਹਾਨਾਨ ਅੱਠਵਾਂ ਅਤੇ ਅਲਜ਼ਾਬਾਦ ਨੌਵਾਂ। 13 ਯਿਰਮਿਯਾਹ ਦਸਵੇਂ ਨੰਬਰ ਤੇ ਅਤੇ ਗਿਆਰ੍ਹਵੇਂ ਤੇ ਮਕਬੰਨਈ।
14 ਇਹ ਸਾਰੇ ਗਾਦੀ ਫ਼ੌਜ ਦੇ ਆਗੂ ਸਨ। ਇਨ੍ਹਾਂ ਵਿੱਚੋਂ ਸਭ ਤੋਂ ਕਮਜ਼ੋਰ ਵੀ ਦੁਸ਼ਮਣਾਂ ਦੇ 100 ਸਿਪਾਹੀਆਂ ਵਿਰੁੱਧ ਲੜ ਸੱਕਦਾ ਸੀ ਅਤੇ ਉਨ੍ਹਾਂ ਦਾ ਬਹਾਦੁਰ ਸਿਪਾਹੀ ਦੁਸ਼ਮਣਾਂ ਦੇ 1,000 ਸਿਪਾਹੀਆਂ ਦੇ ਵਿਰੁੱਧ ਲੜ ਸੱਕਦਾ ਸੀ। 15 ਗਾਦ ਪਰਿਵਾਰ-ਸਮੂਹ ਦੇ ਲੋਕ ਹੀ ਉਹ ਸਿਪਾਹੀ ਸਨ ਜਿਨ੍ਹਾਂ ਨੇ ਵਰ੍ਹੇ ਦੇ ਪਹਿਲੇ ਮਹੀਨੇ ਵਿੱਚ ਯਰਦਨ ਦਰਿਆ ਨੂੰ ਪਾਰ ਕੀਤਾ ਸੀ, ਜਦੋਂ ਇਸ ਵਿੱਚ ਹੜ੍ਹ ਆਇਆ ਹੋਇਆ ਸੀ। ਉਨ੍ਹਾਂ ਨੇ ਵਾਦੀ ਵਿੱਚ ਰਹਿੰਦੇ ਸਭਨਾਂ ਲੋਕਾਂ ਨੂੰ ਵਾਦੀ ਦੇ ਪੂਰਬੀ ਪਾਸੇ ਅਤੇ ਪੱਛਮੀ ਹਿੱਸੇ ਵੱਲ ਭਜਾ ਦਿੱਤਾ।
ਕੁਝ ਹੋਰ ਸਿਪਾਹੀ ਦਾਊਦ ਨਾਲ ਰਲੇ
16 ਬਿਨਯਾਮੀਨ ਅਤੇ ਯਹੂਦਾਹ ਦੇ ਪਰਿਵਾਰ-ਸਮੂਹਾਂ ਵਿੱਚੋਂ ਕੁਝ ਹੋਰ ਲੋਕ ਦਾਊਦ ਕੋਲ ਗੜ੍ਹ ਵਿੱਚ ਆ ਰਲੇ। 17 ਦਾਊਦ ਉਨ੍ਹਾਂ ਨੂੰ ਮਿਲਣ ਲਈ ਬਾਹਰ ਆਇਆ ਅਤੇ ਆਖਿਆ, “ਜੇਕਰ ਤੁਸੀਂ ਸ਼ਾਂਤੀ ਨਾਲ ਮੇਰੀ ਸਹਾਇਤਾ ਕਰਨ ਲਈ ਆਏ ਹੋ; ਤਾਂ ਜੀ ਆਇਆਂ ਨੂੰ ਪਰ ਜੇਕਰ ਤੁਸੀਂ ਮੇਰੇ ਨਾਲ ਚਾਲ ਚੱਲ ਕੇ ਮੇਰੇ ਵੈਰੀਆਂ ਹੱਥ ਮੈਨੂੰ ਫ਼ੜਾਉਣ ਲਈ ਆਏ ਹੋ ਭਾਵੇਂ ਮੇਰੇ ਹੱਥੋਂ ਕੁਝ ਮਾੜਾ ਨਹੀਂ ਹੋਇਆ ਤਾਂ ਫ਼ਿਰ ਮੇਰੇ ਪੁਰਖਿਆਂ ਦਾ ਪਰਮੇਸ਼ੁਰ ਇਸ ਨੂੰ ਵੇਖੇ ਅਤੇ ਤੁਹਾਨੂੰ ਦੰਡ ਦੇਵੇ।”
18 ਅਮਸਈ 30 ਨਾਇੱਕਾਂ ਦਾ ਆਗੂ ਸੀ, ਆਤਮਾ ਅਮਸਈ ਦੇ ਉੱਤੇ ਆਇਆ ਅਤੇ ਆਖਿਆ,
“ਹੇ ਦਾਊਦ, ਅਸੀਂ ਤੇਰੇ ਹਾਂ,
ਹੇ ਯੱਸੀ ਦੇ ਪੁੱਤਰ, ਅਸੀਂ ਤੇਰੇ ਨਾਲ ਹਾਂ।
ਤੇਰੇ ਨਾਲ ਅਤੇ ਤੇਰੀ ਮਦਦ ਕਰਨ ਵਾਲੇ ਲੋਕਾਂ ਨਾਲ ਵੀ ਸ਼ਾਂਤੀ ਹੋਵੇ,
ਕਿਉਂ ਕਿ ਤੇਰਾ ਪਰਮੇਸ਼ੁਰ ਤੇਰੀ ਮਦਦ ਕਰਦਾ ਹੈ!”
ਇਉਂ ਦਾਊਦ ਨੇ ਉਨ੍ਹਾਂ ਆਦਮੀਆਂ ਨੂੰ ਸਵੀਕਾਰ ਕਰਕੇ ਆਪਣੇ ਫੌਜੀਆਂ ਦਾ ਆਗੂ ਥਾਪਿਆ।
19 ਮਨੱਸ਼ਹ ਪਰਿਵਾਰ-ਸਮੂਹ ਵਿੱਚੋਂ ਕਈ ਲੋਕ ਦਾਊਦ ਨਾਲ ਆ ਕੇ ਰਲ ਗਏ। ਇਹ ਉਸ ਵਕਤ ਰਲੇ ਜਦੋਂ ਉਹ ਫ਼ਲਿਸਤੀਆਂ ਦੇ ਨਾਲ ਲੜਾਈ ਨੂੰ ਸ਼ਾਊਲ ਉੱਪਰ ਚੜ੍ਹੇ। ਪਰ ਦਾਊਦ ਅਤੇ ਉਸ ਦੇ ਮਨੁੱਖਾਂ ਨੇ ਅਸਲ ਵਿੱਚ ਫ਼ਲਿਸਤੀਆਂ ਦੀ ਮਦਦ ਨਾ ਕੀਤੀ। ਫ਼ਲਿਸਤੀਆਂ ਦੇ ਆਗੂਆਂ ਨੇ ਦਾਊਦ ਦੀ ਉਨ੍ਹਾਂ ਨੂੰ ਮਦਦ ਬਾਰੇ ਗੱਲ ਕੀਤੀ, ਪਰ ਫ਼ਿਰ ਉਸ ਨੂੰ ਵਾਪਸ ਭੇਜਣ ਦਾ ਫ਼ੈਸਲਾ ਲਿਆ। ਉਨ੍ਹਾਂ ਸ਼ਾਸਕਾਂ ਨੇ ਆਖਿਆ, “ਜੇਕਰ ਦਾਊਦ ਆਪਣੇ ਸੁਆਮੀ ਸ਼ਾਊਲ ਨਾਲ ਜਾ ਮਿਲੇਗਾ, ਤਾਂ ਸਾਡੇ ਸਿਰ ਵੱਢੇ ਜਾਣਗੇ।” 20 ਇਹ ਲੋਕ ਮਨੱਸ਼ਹ ਦੇ ਸਨ ਜਦੋਂ ਦਾਊਦ ਸਿਕਲਗ ਨੂੰ ਤੁਰਿਆ ਤੇ ਇਹ ਮਨੁੱਖ ਉਸ ਨਾਲ ਰਲ ਗਏ, ਅਦਨਾਹ, ਯੋਜ਼ਾਬਾਦ, ਯਦਿਏਲ, ਮੀਕਾਏਲ, ਯੋਜ਼ਾਬਾਦ, ਅਲੀਹੂ ਤੇ ਸਿੱਲਥਈ। ਇਹ ਸਾਰੇ ਮਨੱਸ਼ਹ ਪਰਿਵਾਰ-ਸਮੂਹ ਦੇ ਸਰਦਾਰ ਸਨ। 21 ਇਨ੍ਹਾਂ ਨੇ ਦਾਊਦ ਦੀ ਬੁਰੇ ਲੋਕਾਂ ਨਾਲ ਲੜਨ ਵਿੱਚ ਮਦਦ ਕੀਤੀ। ਇਹ ਬੁਰੇ ਲੋਕ ਸਾਰੇ ਸ਼ਹਿਰ ਵਿੱਚੋਂ ਲੋਕਾਂ ਦੇ ਘਰਾਂ ਚੋ ਉਨ੍ਹਾਂ ਦੀਆਂ ਵਸਤਾਂ ਚੋਰੀ ਕਰਦੇ ਸਨ। ਮਨੱਸ਼ਹ ਦੇ ਇਹ ਸਾਰੇ ਮਨੁੱਖ ਬਹਾਦੁਰ ਸਿਪਾਹੀ ਸਨ ਜੋ ਦਾਊਦ ਦੀ ਫ਼ੌਜ ਦੇ ਆ ਕੇ ਆਗੂ ਬਣੇ।
22 ਦਿਨੋ-ਦਿਨ ਲੋਕ ਦਾਊਦ ਦੀ ਸਹਾਇਤਾ ਲਈ ਆ ਕੇ ਰਲਦੇ ਰਹੇ ਇਉਂ ਦਾਊਦ ਦੀ ਸੈਨਾ ਬੜੀ ਵਿਸ਼ਾਲ ਅਤੇ ਸ਼ਕਤੀਸ਼ਾਲੀ ਹੋ ਗਈ।
ਹੋਰ ਮਨੁੱਖਾਂ ਦਾ ਦਾਊਦ ਨਾਲ ਹਬਰੋਨ ਵਿੱਚ ਰਲਣਾ
23 ਇਹ ਉਨ੍ਹਾਂ ਲੋਕਾਂ ਦੀ ਗਿਣਤੀ ਹੈ ਜਿਹੜੇ ਹਬਰੋਨ ਵਿੱਚ ਦਾਊਦ ਨਾਲ ਜੁੜ ਗਏ, ਜਿਹੜੇ ਯੁੱਧ ਲਈ ਤਿਆਰ ਸਨ। ਉਹ ਸ਼ਾਊਲ ਦੇ ਰਾਜ ਨੂੰ, ਯਹੋਵਾਹ ਦੇ ਆਖੇ ਅਨੁਸਾਰ ਹੋਣ ਲਈ, ਦਾਊਦ ਨੂੰ ਸੌਂਪਣ ਲਈ ਆਏ ਸਨ। ਉਨ੍ਹਾਂ ਦੀ ਗਿਣਤੀ ਦੀ ਸੂਚੀ ਇਉਂ ਹੈ:
24 ਯਹੂਦਾਹ ਦੇ ਪਰਵਿਾਰ-ਸਮੂਹ ਵਿੱਚੋਂ ਉਨ੍ਹਾਂ ਆਦਮੀਆਂ ਦੀ ਗਿਣਤੀ ਜਿਹੜੇ ਜੰਗ ਲਈ ਤਿਆਰ ਸਨ 6,800 ਸੀ ਅਤੇ ਉਨ੍ਹਾਂ ਨੇ ਢਾਲਾਂ ਅਤੇ ਬਰਛੇ ਚੁੱਕੇ ਹੋਏ ਸਨ।
25 ਸ਼ਿਮਓਨੀਆਂ ਦੇ ਪਰਿਵਾਰ-ਸਮੂਹ ਵਿੱਚੋਂ 7,100 ਮਹਾਨ ਯੋਧੇ ਯੁੱਧ ਲਈ ਤਿਆਰ ਸਨ।
26 ਲੇਵੀਆਂ ਦੇ ਪਰਿਵਾਰ-ਸਮੂਹ ਵਿੱਚੋਂ 4,600 ਸਿਪਾਹੀ ਸਨ। 27 ਯਹੋਯਾਦਾ ਉਸੇ ਧੜੇ ਵਿੱਚ ਸੀ ਅਤੇ ਉਸ ਨਾਲ 3,700 ਆਦਮੀ ਸਨ। 28 ਸਾਦੋਕ ਵੀ ਇਸ ਸਮੂਹ ਵਿੱਚ ਸੀ ਤੇ ਇੱਕ ਜਵਾਨ ਬਹਾਦੁਰ ਸਿਪਾਹੀ ਸੀ ਅਤੇ ਉਹ ਆਪਣੇ ਪਰਿਵਾਰ ਦੇ 22 ਸਰਦਾਰਾਂ ਦੇ ਨਾਲ ਆਇਆ ਸੀ।
29 ਬਿਨਯਾਮੀਨ ਦੇ ਪਰਿਵਾਰ-ਸਮੂਹ ਵਿੱਚੋਂ 3,000 ਆਦਮੀ ਸਨ, ਉਹ ਸ਼ਾਊਲ ਦੇ ਸੰਬੰਧੀਆਂ ਵਿੱਚੋਂ ਸਨ ਅਤੇ ਉਨ੍ਹਾਂ ਵਿੱਚੋਂ ਬਹੁਤ ਸਾਰੇ ਉਸ ਸਮੇਂ ਤੀਕ ਸ਼ਾਊਲ ਦੇ ਵਫਾਦਾਰ ਸਨ।
30 ਇਫ਼ਰਾਮੀਆਂ ਵਿੱਚੋਂ 20,800, ਜਿਹੜੇ ਵੱਡੇ ਸੂਰਵੀਰ ਸਨ, ਉਹ ਆਪੋ-ਆਪਣੇ ਪਰਿਵਾਰ-ਸਮੂਹਾਂ ਵਿੱਚੋਂ ਪ੍ਰਸਿੱਧ ਸਿਪਾਹੀ ਸਨ।
31 ਮਨੱਸ਼ਹ ਦੇ ਅੱਧੇ ਪਰਿਵਾਰ-ਸਮੂਹ ਵਿੱਚੋਂ 18,000 ਆਦਮੀ ਸਨ ਜੋ ਚੁਣੇ ਗਏ ਸਨ ਅਤੇ ਨਾਮਾਂ ਦੁਆਰਾ ਸੱਦੇ ਗਏ ਸਨ, ਤਾਂ ਜੋ ਉਹ ਆਕੇ ਦਾਊਦ ਨੂੰ ਪਾਤਸ਼ਾਹ ਬਣਾ ਸੱਕਣ।
32 ਯਿੱਸਾਕਾਰ ਦੇ ਪਰਿਵਾਰ-ਸਮੂਹ ਵਿੱਚੋਂ 200 ਸਿਆਣੇ ਆਗੂ ਸਨ ਜਿਨ੍ਹਾਂ ਕੋਲ ਇਸਰਾਏਲ ਦੇ ਭਲੇ ਲਈ ਸਹੀ ਸਮੇਂ ਤੇ ਸਹੀ ਕੰਮ ਕਰਨ ਦੀ ਸਿਆਣਪ ਸੀ ਅਤੇ ਉਨ੍ਹਾਂ ਦੇ ਸੰਬੰਧੀ ਉਨ੍ਹਾਂ ਸਮੇਤ ਉਨ੍ਹਾਂ ਦੀ ਹਕੂਮਤ ਹੇਠ ਕਾਰਜ ਕਰਦੇ ਸਨ।
33 ਜ਼ਬੁਲੂਨ ਦੇ ਪਰਿਵਾਰ-ਸਮੂਹ ਵਿੱਚੋਂ 50,000 ਕਾਬਿਲ ਸਿਪਾਹੀ ਸਨ, ਜਿਨ੍ਹਾਂ ਨੂੰ ਸਭ ਤਰ੍ਹਾਂ ਦੀ ਸ਼ਸਤ੍ਰ ਵਿਦਿਆ ਦੀ ਸਿਖਲਾਈ ਦਿੱਤੀ ਗਈ ਸੀ ਅਤੇ ਉਹ ਦਾਊਦ ਨਾਲ ਵਫਾਦਾਰ ਸਨ।
34 ਨਫ਼ਤਾਲੀਆਂ ਦੇ ਪਰਿਵਾਰ-ਸਮੂਹ ਵਿੱਚੋਂ 1,000 ਸੈਨਾਪਤੀ ਸਨ ਅਤੇ ਉਨ੍ਹਾਂ ਦੀ ਅਗਵਾਈ ਹੇਠ 37,000 ਆਦਮੀ ਸਨ ਜਿਹੜੇ ਢਾਲਾਂ ਅਤੇ ਬਰਛੇ ਰੱਖਣ ਵਾਲੇ ਸਨ।
35 ਦਾਨ ਪਰਿਵਾਰ-ਸਮੂਹ ਵਿੱਚੋਂ 28,600 ਸਿਪਾਹੀ ਜੰਗ ਲਈ ਤਿਆਰ ਸਨ।
36 ਅਸ਼ੇਰ ਦੇ ਪਰਿਵਾਰ-ਸਮੂਹ ਵਿੱਚੋਂ 40,000 ਲੜਾਈ ਲਈ ਹਰ ਪਲ ਤਿਆਰ ਸਿਪਾਹੀ ਸਨ।
37 ਯਰਦਨ ਦਰਿਆ ਦੇ ਪੂਰਬੀ ਹਿੱਸੇ ਵੱਲੋਂ, ਰਊਬੇਨ, ਗਾਦ ਪਰਵਿਾਰ-ਸਮੂਹਾਂ ਅਤੇ ਮਨੱਸ਼ਹ ਦੇ ਅੱਧੇ ਪਰਿਵਾਰ-ਸਮੂਹ ਵਿੱਚੋਂ 1,20,000 ਸਿਪਾਹੀ ਸਨ, ਜਿਹੜੇ ਯੁੱਧ ਵਿੱਚ ਕਿਸੇ ਤਰ੍ਹਾਂ ਦੇ ਵੀ ਸ਼ਸਤ੍ਰ ਇਸਤੇਮਾਲ ਕਰ ਸੱਕਦੇ ਸਨ।
38 ਇਹ ਸਾਰੇ ਬਹਾਦੁਰ ਸਿਪਾਹੀ ਸਨ। ਇਹ ਲੜਾਈ ਦੀਆਂ ਯੋਜਨਾਵਾਂ ਬਨਾਉਣੀਆਂ ਜਾਣਦੇ ਸਨ, ਤੇ ਉਹ ਦਾਊਦ ਨੂੰ ਇਸਰਾਏਲ ਦਾ ਰਾਜਾ ਬਨਾਉਣ ਲਈ ਪੂਰੀ ਤਰ੍ਹਾਂ ਤਿਆਰ ਹੋਕੇ ਆਏ ਸਨ। ਇਸਰਾਏਲ ਦੇ ਬਾਕੀ ਲੋਕ ਵੀ ਦਾਊਦ ਨੂੰ ਪਾਤਸ਼ਾਹ ਬਨਾਉਣ ਲਈ ਰਾਜ਼ੀ ਸਨ। 39 ਇਨ੍ਹਾਂ ਮਨੁੱਖਾਂ ਨੇ ਹਬਰੋਨ ਵਿੱਚ ਦਾਊਦ ਨਾਲ 3 ਦਿਨ ਗੁਜ਼ਾਰੇ। ਇਹ ਰੱਜ ਕੇ 3 ਦਿਨ ਤੀਕ ਖਾਂਦੇ ਪੀਂਦੇ ਰਹੇ ਕਿਉਂ ਕਿ ਉਨ੍ਹਾਂ ਦੇ ਭਾਈਆਂ ਨੇ ਉਨ੍ਹਾਂ ਲਈ ਭੋਜਨ ਤਿਆਰ ਕੀਤੇ ਸਨ। 40 ਇਸ ਤੋਂ ਇਲਾਵਾ ਉਹ ਲੋਕ ਜੋ ਉਨ੍ਹਾਂ ਦੇ ਨੇੜੇ ਸਨ, ਅਤੇ ਉਹ ਜੋ ਯਿੱਸਾਕਾਰ ਤੇ ਜ਼ਬੁਲੂਨ ਅਤੇ ਨਫ਼ਤਾਲੀ ਤੀਕ ਵੀ ਵੱਸਦੇ ਸਨ ਉਹ ਵੀ ਖੋਤਿਆਂ, ਊਠਾਂ, ਖੱਚਰਾਂ ਅਤੇ ਬਲਦਾਂ ਉੱਪਰ ਲੱਦ-ਲੱਦ ਕੇ ਰੋਟੀਆਂ, ਆਟਾ, ਅੰਜੀਰਾਂ, ਕਿਸ਼ਮਿਸ਼, ਤੇਲ, ਪਸ਼ੂ ਅਤੇ ਭੇਡਾਂ ਬਹੁਤ ਮਾਤਰਾ ਵਿੱਚ ਲੈ ਕੇ ਆਏ। ਉਨ੍ਹੀ ਦਿਨੀ ਇਸਰਾਏਲ ਦੇ ਲੋਕ ਬੜੇ ਖੁਸ਼ ਸਨ।
ਨੇਮ ਦੇ ਸੰਦੂਕ ਨੂੰ ਵਾਪਸ ਲਿਆਉਣਾ
13 ਦਾਊਦ ਨੇ ਆਪਣੀ ਫ਼ੌਜ ਦੇ ਸਾਰੇ ਸਰਦਾਰਾਂ ਨਾਲ ਗੱਲ ਬਾਤ ਕੀਤੀ। 2 ਫ਼ਿਰ ਦਾਊਦ ਨੇ ਸਾਰੇ ਇਸਰਾਏਲੀਆਂ ਨੂੰ ਇੱਕ ਸਭਾ ’ਚ ਬੁਲਾ ਕੇ ਆਖਿਆ, “ਜੇਕਰ ਤੁਹਾਨੂੰ ਲੱਗੇ ਕਿ ਇਹ ਚੰਗਾ ਵਿੱਚਾਰ ਹੈ, ਅਤੇ ਜੇਕਰ ਅਜਿਹਾ ਯਹੋਵਾਹ ਸਾਡੇ ਪਰਮੇਸ਼ੁਰ ਵੱਲੋਂ ਹੈ ਤਾਂ ਸਾਨੂੰ ਇਸਰਾਏਲ ਵਿੱਚ ਰਹਿੰਦੇ ਸਾਰੇ ਲੋਕਾਂ, ਅਤੇ ਜਾਜਕਾਂ ਅਤੇ ਨਗਰਾਂ ਅਤੇ ਪਿੰਡਾਂ ਵਿੱਚ ਉਨ੍ਹਾਂ ਨਾਲ ਰਹਿੰਦੇ ਲੇਵੀਆਂ ਨੂੰ ਸਾਡੇ ਨਾਲ ਆ ਕੇ ਜੁੜ ਜਾਣ ਦੀ ਬੇਨਤੀ ਕਰਦਿਆਂ ਹੋਇਆਂ ਸੰਦੇਸ਼ ਦੇ ਨਾਲ ਹਲਕਾਰੇ ਭੇਜਣੇ ਚਾਹੀਦੇ ਹਨ। 3 ਚਲੋ ਅਸੀਂ ਨੇਮ ਦਾ ਸੰਦੂਕ ਯਰੂਸ਼ਲਮ ਵਿੱਚ ਵਾਪਸ ਲੈ ਕੇ ਆਈੇਏ। ਜਦੋਂ ਸ਼ਾਊਲ ਰਾਜਾ ਸੀ, ਅਸੀਂ ਨੇਮ ਦੇ ਸੰਦੂਕ ਦੀ ਦੇਖਭਾਲ ਨਹੀਂ ਕੀਤੀ।” 4 ਸਾਰੇ ਇਸਰਾਏਲੀਆਂ ਨੇ ਦਾਊਦ ਦੀ ਗੱਲ ਦੀ ਹਾਮੀ ਭਰੀ ਅਤੇ ਸਭ ਨੇ ਇਹ ਕੰਮ ਕਰਨਾ ਠੀਕ ਸਮਝਿਆ।
5 ਤਾਂ ਦਾਊਦ ਨੇ ਸਾਰੇ ਇਸਰਾਏਲੀਆਂ ਨੂੰ ਮਿਸਰ ਦੇ ਸ਼ੀਹੋਰ ਦਰਿਆ ਤੋਂ ਹਮਾਥ ਦੇ ਲਾਂਘੇ ਤੀਕ ਇਕੱਠਾ ਕੀਤਾ ਤਾਂ ਜੋ ਉਹ ਸਭ ਇਕੱਠੇ ਹੋ ਕੇ ਕਿਰਯਥ-ਯਾਰੀਮ ਤੋਂ ਨੇਮ ਦੇ ਸੰਦੂਕ ਨੂੰ ਵਾਪਸ ਲੈ ਕੇ ਆਉਣ। 6 ਦਾਊਦ ਅਤੇ ਉਸ ਨਾਲ ਸਾਰੇ ਇਸਰਾਏਲੀ ਯਹੂਦਾਹ ਦੇ ਬਆਲਹ ਨੂੰ ਗਏ। (ਬਆਲਹ ਕਿਰਯਥ-ਯਾਰੀਮ ਦਾ ਹੀ ਹੋਰ ਨਾਂ ਹੈ।) ਉੱਥੇ ਉਹ ਸੰਦੂਕ ਲੈਣ ਵਾਸਤੇ ਗਏ। ਨੇਮ ਦਾ ਸੰਦੂਕ ਯਹੋਵਾਹ ਪਰਮੇਸ਼ੁਰ ਦਾ ਸੰਦੂਕ ਹੈ। ਉਹ ਕਰੂਬੀ ਫ਼ਰਿਸ਼ਤਿਆਂ ਦੇ ਉੱਪਰ ਬੈਠਦਾ ਹੈ ਅਤੇ ਇਹ ਉਹ ਸੰਦੂਕ ਹੈ ਜਿਸ ਨੂੰ ਯਹੋਵਾਹ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ।
7 ਲੋਕਾਂ ਨੇ ਅਬੀਨਾਦਾਬ ਦੇ ਭਵਨ ਤੋਂ ਨੇਮ ਦੇ ਸੰਦੂਕ ਨੂੰ ਹਟਾਇਆ ਅਤੇ ਉਸ ਨੂੰ ਨਵੀਂ ਗੱਡੀ ਉੱਪਰ ਰੱਖਿਆ ਜਿਸ ਨੂੰ ਉੱਜ਼ਾ ਅਤੇ ਅਹਯੋ ਚੱਲਾ ਰਹੇ ਸਨ।
8 ਦਾਊਦ ਅਤੇ ਸਾਰੇ ਇਸਰਾਏਲੀ ਪਰਮੇਸ਼ੁਰ ਦੇ ਅੱਗੇ ਪੂਰੇ ਜ਼ੋਰ ਨਾਲ ਜ਼ਸਨ ਮਨਾ ਰਹੇ ਸਨ ਪਵਿੱਤਰ ਗੀਤ ਗਾ ਰਹੇ ਸਨ ਅਤੇ ਸਿਤਾਰ, ਤੰਬੂਰਾ, ਢੋਲਕ, ਛੈਣੇ ਅਤੇ ਤੁਰ੍ਹੀਆਂ ਵਜਾ ਰਹੇ ਸਨ।
9 ਫ਼ਿਰ ਉਹ ਕੀਦੋਨ ਦੇ ਪਿੜ ਵਿੱਚ ਪਹੁੰਚੇ ਤਾਂ ਉਜ਼ਾ ਨੇ ਸੰਦੂਕ ਦੇ ਥੰਮਣ ਲਈ ਆਪਣਾ ਹੱਥ ਅਗ੍ਹਾਂ ਕੀਤਾ ਇਸ ਲਈ ਕਿਉਂਕਿ ਬਲਦਾਂ ਨੇ ਠੁੱਡਾ ਖਾਧਾ ਸੀ ਤੇ ਇਸ ਨਾਲ ਸੰਦੂਕ ਡਿੱਗਣ ਲੱਗਾ ਸੀ। 10 ਯਹੋਵਾਹ ਨੂੰ ਉੱਜ਼ਾ ਤੇ ਕ੍ਰੋਧ ਆਇਆ, ਕਿਉਂਕਿ ਉਜ਼ਾ ਨੇ ਸੰਦੂਕ ਨੂੰ ਛੂਹਿਆ ਸੀ ਇਸ ਲਈ ਪਰਮੇਸ਼ੁਰ ਨੇ ਉੱਜ਼ਾ ਨੂੰ ਮਾਰ ਸੁੱਟਿਆ। ਤੇ ਉੱਜ਼ਾ ਦੀ ਯਹੋਵਾਹ ਦੇ ਸਾਹਮਣੇ ਮੌਤ ਹੋ ਗਈ। 11 ਪਰਮੇਸ਼ੁਰ ਨੇ ਉੱਜ਼ਾ ਤੇ ਆਪਣੀ ਕਰੋਪੀ ਵਿਖਾਈ ਇਸ ਨਾਲ ਦਾਊਦ ਨੂੰ ਕਰੋਧ ਆਇਆ। ਉਨ੍ਹਾਂ ਵਕਤਾਂ ਤੋਂ ਲੈ ਕੇ ਹੁਣ ਤੀਕ ਉਸ ਥਾਂ ਨੂੰ “ਪਰਸ ਉੱਜ਼ਾ” ਦੇ ਨਾਂ ਨਾਲ ਜਾਣਿਆਂ ਜਾਂਦਾ ਹੈ।
12 ਦਾਊਦ ਉਸ ਦਿਨ ਪਰਮੇਸ਼ੁਰ ਤੋਂ ਡਰਿਆ ਅਤੇ ਉਸ ਨੇ ਆਖਿਆ, “ਮੈਂ ਨੇਮ ਦੇ ਸੰਦੂਕ ਨੂੰ ਆਪਣੇ ਕੋਲ ਨਹੀਂ ਲਿਆ ਸੱਕਦਾ!” 13 ਇਸ ਲਈ ਫ਼ਿਰ ਦਾਊਦ ਉਸ ਸੰਦੂਕ ਨੂੰ ਦਾਊਦ ਦੇ ਸ਼ਹਿਰ ਵਿੱਚ ਨਾ ਲਿਆਇਆ। ਉਸ ਨੇ ਨੇਮ ਦੇ ਸੰਦੂਕ ਨੂੰ ਓਬੇਦ-ਅਦੋਮ ਦੇ ਘਰ ਵਿੱਚ ਹੀ ਰਹਿਣ ਦਿੱਤਾ। ਓਬੇਦ-ਅਦੋਮ ਗਥ ਸ਼ਹਿਰ ਤੋਂ ਸੀ। 14 ਇਉਂ ਨੇਮ ਦਾ ਸੰਦੂਕ ਤਿੰਨ ਮਹੀਨੇ ਓਬੇਦ-ਅਦੋਮ ਦੇ ਘਰ ਵਿੱਚ ਰਿਹਾ। ਅਤੇ ਯਹੋਵਾਹ ਨੇ ਓਬੇਦ-ਅਦੋਮ, ਉਸ ਦੇ ਘਰ ਦੇ ਸਦਸਿਆਂ ਅਤੇ ਜਿਸ ਕਾਸੇ ਦਾ ਵੀ ਉਹ ਮਾਲਿਕ ਸੀ ਉਸ ਨੂੰ ਅਸੀਸ ਦਿੱਤੀ।
ਦਾਊਦ ਦਾ ਵੱਧਦਾ ਰਾਜ
14 ਹੀਰਾਮ ਸ਼ੂਰ ਦਾ ਰਾਜਾ ਸੀ ਅਤੇ ਉਸ ਨੇ ਦਾਊਦ ਕੋਲ ਹਲਕਾਰੇ ਭੇਜੇ। ਉਸ ਨੇ ਦਿਆਰ ਦੀਆਂ ਸ਼ਤੀਰਾਂ, ਸੰਗਤਰਾਸ਼ ਅਤੇ ਤਰਖਾਨ ਵੀ ਭੇਜੇ ਤਾਂ ਜੋ ਉਹ ਦਾਊਦ ਲਈ ਇੱਕ ਭਵਨ ਤਿਆਰ ਕਰ ਸੱਕਣ। 2 ਤਦ ਦਾਊਦ ਨੂੰ ਮਹਿਸੂਸ ਹੋਇਆ ਕਿ ਵਾਕਇ ਯਹੋਵਾਹ ਨੇ ਉਸ ਨੂੰ ਇਸਰਾਏਲ ਦਾ ਰਾਜਾ ਬਣਾਇਆ ਸੀ। ਯਹੋਵਾਹ ਨੇ ਦਾਊਦ ਦੇ ਰਾਜ ਨੂੰ ਬੜਾ ਵਿਸ਼ਾਲ ਅਤੇ ਸ਼ਕਤੀਸ਼ਾਲੀ ਬਣਾਇਆ। ਪਰਮੇਸ਼ੁਰ ਨੇ ਅਜਿਹਾ ਇਸ ਲਈ ਕੀਤਾ ਕਿਉਂ ਕਿ ਉਹ ਦਾਊਦ ਅਤੇ ਇਸਰਾਏਲੀਆਂ ਨੂੰ ਬਹੁਤ ਪਿਆਰ ਕਰਦਾ ਸੀ।
3 ਦਾਊਦ ਨੇ ਯਰੂਸ਼ਲਮ ਵਿੱਚ ਹੋਰ ਇਸਤ੍ਰੀਆਂ ਨਾਲ ਵਿਆਹ ਕਰਵਾਇਆ ਅਤੇ ਉਨ੍ਹਾਂ ਤੋਂ ਉਸ ਦੇ ਘਰ ਵੱਧੇਰੇ ਧੀਆਂ-ਪੁੱਤਰ ਪੈਦਾ ਹੋਏ। 4 ਯਰੂਸ਼ਲਮ ਵਿੱਚ ਦਾਊਦ ਦੇ ਜੰਮੇ ਬੱਚਿਆਂ ਦੇ ਨਾਂ ਇਸ ਪ੍ਰਕਾਰ ਹਨ: ਸ਼ੰਮੂਆ, ਸ਼ੋਬਾਬ, ਨਾਥਾਨ, ਸੁਲੇਮਾਨ, 5 ਯਿਬਹਾਰ, ਅਲੀਸ਼ੂਆ ਤੇ ਅਲਪਾਲਟ, 6 ਨੋਗਹ, ਨਫ਼ਗ ਤੇ ਯਾਫ਼ੀਆ, 7 ਅਲੀਸ਼ਾਮਾ, ਬਅਲਯਾਦਾ ਅਤੇ ਅਲੀਫ਼ਾਲਟ।
ਫ਼ਲਿਸਤੀਆਂ ਦੀ ਦਾਊਦ ਦੇ ਹੱਥੋਂ ਹਾਰ
8 ਜਦ ਫ਼ਲਿਸਤੀਆਂ ਨੇ ਸੁਣਿਆ ਕਿ ਦਾਊਦ ਸਾਰੇ ਇਸਰਾਏਲ ਉੱਤੇ ਪਾਤਸ਼ਾਹ ਬਣਨ ਲਈ ਮਸਹ ਕੀਤਾ ਗਿਆ ਹੈ, ਤਾਂ ਸਾਰੇ ਫ਼ਲਿਸਤੀ ਦਾਊਦ ਨੂੰ ਭਾਲਣ ਤੁਰ ਆਏ। ਦਾਊਦ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਫ਼ਲਿਸਤੀਆਂ ਨਾਲ ਲੜਨ ਤੇ ਉਨ੍ਹਾਂ ਦਾ ਸਾਹਮਣਾ ਕਰਨ ਬਾਹਰ ਨਿਕਲ ਆਇਆ। 9 ਫ਼ਲਿਸਤੀਆਂ ਨੇ ਰਫ਼ਾਈਮ ਦੀ ਵਾਦੀ ਵਿੱਚ ਰਹਿੰਦੇ ਲੋਕਾਂ ਤੇ ਹਮਲਾ ਕੀਤਾ ਅਤੇ ਉਨ੍ਹਾਂ ਦੀਆਂ ਵਸਤਾਂ ਲੁੱਟ ਲਈਆਂ। 10 ਦਾਊਦ ਨੇ ਪਰਮੇਸ਼ੁਰ ਤੋਂ ਪੁੱਛਿਆ, “ਕੀ ਮੈਨੂੰ ਫ਼ਲਿਸਤੀਆਂ ਦੇ ਵਿਰੁੱਧ ਲੜਨਾ ਚਾਹੀਦਾ ਹੈ? ਕੀ ਤੂੰ ਉਨ੍ਹਾਂ ਨੂੰ ਹਰਾਉਣ ਵਿੱਚ ਮੇਰੀ ਮਦਦ ਕਰੇਂਗਾ?”
ਯਹੋਵਾਹ ਨੇ ਦਾਊਦ ਨੂੰ ਜਵਾਬ ਦਿੱਤਾ, “ਜਾਹ, ਮੈਂ ਉਨ੍ਹਾਂ ਨੂੰ ਹਰਾਉਣ ਵਿੱਚ ਤੇਰੀ ਮਦਦ ਕਰਾਂਗਾ।”
11 ਤਦ ਦਾਊਦ ਅਤੇ ਉਸ ਦੇ ਆਦਮੀ ਬਅਲ ਪਰਾਸੀਮ ਤਾਈਂ ਗਏ। ਉੱਥੇ, ਉਸ ਨੇ ਅਤੇ ਉਸ ਦੇ ਆਦਮੀਆਂ ਨੇ ਫ਼ਲਿਸਤੀਆਂ ਨੂੰ ਹਾਰ ਦਿੱਤੀ। ਤਾਂ ਦਾਊਦ ਨੇ ਆਖਿਆ, “ਜਿਵੇਂ ਕਿ ਟੁੱਟੇ ਹੋਏ ਬੰਨ੍ਹ ਵਿੱਚੋਂ ਪਾਣੀ ਫ਼ਟ ਪੈਂਦਾ ਹੈ, ਪਰਮੇਸ਼ੁਰ ਮੇਰੇ ਰਾਹੀਂ ਮੇਰੇ ਦੁਸਮਣਾਂ ਤੇ ਫ਼ਟ ਪਿਆ ਹੈ।” ਇਸੇ ਕਾਰਣ ਉਸ ਥਾਂ ਦਾ ਨਾਂ ਬਅਲ ਪਰਾਸੀਮ ਰੱਖਿਆ ਗਿਆ। 12 ਫ਼ਲਿਸਤੀ ਲੋਕ ਆਪਣੇ ਦੇਵਤਿਆਂ ਦੇ ਬੁੱਤ ਬਅਲ ਪਰਾਸੀਮ ’ਚ ਹੀ ਛੱਡ ਗਏ, ਤਾਂ ਦਾਊਦ ਨੇ ਉਨ੍ਹਾਂ ਬੁੱਤਾਂ ਨੂੰ ਅੱਗ ਵਿੱਚ ਸਾੜਨ ਦਾ ਹੁਕਮ ਦਿੱਤਾ।
ਫ਼ਲਿਸਤੀਆਂ ਉੱਪਰ ਇੱਕ ਹੋਰ ਜਿੱਤ
13 ਫ਼ਲਿਸਤੀਆਂ ਨੇ ਰਫ਼ਾਈਮ ਦੀ ਵਾਦੀ ਵਿੱਚ ਇੱਕ ਵਾਰ ਫ਼ੇਰ ਹਮਲਾ ਕੀਤਾ। 14 ਦਾਊਦ ਨੇ ਮੁੜ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ ਅਤੇ ਪਰਮੇਸ਼ੁਰ ਨੇ ਉਸ ਦੀ ਪ੍ਰਾਰਥਨਾ ਦਾ ਜਵਾਬ ਦਿੱਤਾ ਅਤੇ ਆਖਿਆ, “ਦਾਊਦ, ਇਸ ਵਾਰ, ਪਹਾੜੀਆਂ ਤਾਈਂ ਉਨ੍ਹਾਂ ਦਾ ਪਿੱਛਾ ਨਾ ਕਰੀਂ, ਪਰ ਉਨ੍ਹਾਂ ਦੇ ਦੁਆਲੇ ਮੈਂਹਦੀ ਦੇ ਦ੍ਰੱਖਤਾਂ ਦੇ ਪਿੱਛੇ ਲੁਕ ਜਾਵੀਂ। 15 ਇੱਕ ਦਰਬਾਨ ਨੂੰ ਮੈਂਹਦੀ ਦੇ ਦ੍ਰੱਖਤਾਂ ਉੱਤੇ ਚੜ੍ਹਨ ਲਈ ਆਖੀਂ। ਜਦੋਂ ਹੀ ਉਹ ਉਨ੍ਹਾਂ ਨੂੰ ਕੂਚ ਕਰਦਿਆਂ ਸੁਣੇ, ਤੈਨੂੰ ਉਨ੍ਹਾਂ ਤੇ ਹਮਲਾ ਕਰ ਦੇਣਾ ਚਾਹੀਦਾ ਹੈ। ਮੈਂ ਤੇਰੇ ਅਗਾਂਹ ਹੋਵਾਂਗਾ ਅਤੇ ਫ਼ਲਿਸਤੀ ਫ਼ੌਜ ਨੂੰ ਹਰਾ ਦੇਵਾਂਗਾ।” 16 ਦਾਊਦ ਨੇ ਉਵੇਂ ਹੀ ਕੀਤਾ ਜਿਵੇਂ ਪਰਮੇਸ਼ੁਰ ਨੇ ਆਖਿਆ। ਇਉਂ ਦਾਊਦ ਅਤੇ ਉਸਦੀ ਸੈਨਾ ਨੇ ਫ਼ਲਿਸਤੀ ਸੈਨਾ ਨੂੰ ਹਾਰ ਦਿੱਤੀ। ਉਨ੍ਹਾਂ ਨੇ ਫ਼ਲਿਸਤੀਆਂ ਦੇ ਦਲ ਨੂੰ ਗਿਬਓਨ ਤੋਂ ਲੈ ਕੇ ਗਜ਼ਰ ਤੀਕ ਸਾਰਿਆਂ ਨੂੰ ਵੱਢ ਸੁੱਟਿਆ। 17 ਇਉਂ ਦਾਊਦ ਸਾਰੇ ਦੇਸ਼ਾਂ ਵਿੱਚ ਪ੍ਰਸਿੱਧ ਹੋ ਗਿਆ ਅਤੇ ਯਹੋਵਾਹ ਨੇ ਸਾਰੀਆਂ ਕੌਮਾਂ ਤੇ ਉਸਦਾ ਡਰ ਪਾ ਦਿੱਤਾ।
ਨੇਮ ਦਾ ਸੰਦੂਕ ਯਰੂਸ਼ਲਮ ਵਿੱਚ
15 ਦਾਊਦ ਨੇ ਆਪਣੇ ਰਹਿਣ ਲਈ ਦਾਊਦ ਦੇ ਸ਼ਹਿਰ ਵਿੱਚ ਘਰ ਉਸਾਰੇ। ਫ਼ਿਰ ਉਸ ਨੇ ਨੇਮ ਦੇ ਸੰਦੂਕ ਨੂੰ ਰੱਖਣ ਲਈ ਜਗ੍ਹਾ ਬਣਵਾਈ ਜਿਸ ਲਈ ਉਸ ਨੇ ਤੰਬੂ ਖੜ੍ਹਾ ਕੀਤਾ। 2 ਫ਼ਿਰ ਦਾਊਦ ਨੇ ਕਿਹਾ, “ਸਿਰਫ਼ ਲੇਵੀਆਂ ਨੂੰ ਹੀ ਨੇਮ ਦਾ ਸੰਦੂਕ ਚੁੱਕਣ ਦੀ ਇਜਾਜ਼ਤ ਹੈ। ਯਹੋਵਾਹ ਨੇ ਨੇਮ ਦੇ ਸੰਦੂਕ ਨੂੰ ਚੁੱਕਣ ਅਤੇ ਹਮੇਸ਼ਾ ਲਈ ਉਸਦੀ ਸੇਵਾ ਕਰਨ ਲਈ ਲੇਵੀਆਂ ਨੂੰ ਚੁਣਿਆ ਹੈ।”
3 ਤਦ ਦਾਊਦ ਨੇ ਸਾਰੇ ਇਸਰਾਏਲੀਆਂ ਨੂੰ ਯਰੂਸ਼ਲਮ ਵਿੱਚ ਇਕੱਠਿਆਂ ਸੱਦਿਆ। ਜਦ ਕਿ ਲੇਵੀਆਂ ਨੇ ਨੇਮ ਦੇ ਸੰਦੂਕ ਨੂੰ ਉਸ ਥਾਂ ਤੀਕ ਚੁੱਕਿਆ ਜਿਹੜੀ ਦਾਊਦ ਨੇ ਉਸ ਲਈ ਬਣਵਾਈ ਸੀ। 4 ਦਾਊਦ ਨੇ ਹਾਰੂਨ ਦੇ ਉੱਤਰਾਧਿਕਾਰੀ ਨੂੰ ਅਤੇ ਲੇਵੀਆਂ ਨੂੰ ਇਕੱਠਾ ਕੀਤਾ।
5 ਕਹਾਥੀਆਂ ਦੇ ਪਰਿਵਾਰ-ਸਮੂਹ ਵਿੱਚੋਂ 120 ਮਨੁੱਖ ਸਨ ਅਤੇ ਊਰੀਏਲ ਉਨ੍ਹਾਂ ਦਾ ਆਗੂ ਸੀ।
6 ਮਰਾਰੀ ਪਰਿਵਾਰ-ਸਮੂਹ ਵਿੱਚੋਂ 220 ਮਨੁੱਖ ਸਨ ਅਸਾਯਾਹ ਉਨ੍ਹਾਂ ਦਾ ਆਗੂ ਸੀ।
7 ਗੇਰਸ਼ੋਮੀਆਂ ਦੇ ਘਰਾਣੇ ਵਿੱਚ 130 ਮਨੁੱਖ ਸਨ ਅਤੇ ਯੋਏਲ ਉਨ੍ਹਾਂ ਦਾ ਆਗੂ ਸੀ।
8 ਅਲੀਸਾਫ਼ਾਨ ਦੇ ਪਰਿਵਾਰ-ਸਮੂਹ ਚੋ 200 ਮਨੁੱਖ ਸਨ ਅਤੇ ਸ਼ਮਅਯਾਹ ਉਨ੍ਹਾਂ ਦਾ ਆਗੂ ਸੀ।
9 ਹਬਰੋਨ ਦੇ ਘਰਾਣੇ ਵਿੱਚੋਂ 80 ਮਨੁੱਖ ਸਨ, ਜਿਨ੍ਹਾਂ ਦਾ ਸਰਦਾਰ ਅਲੀਏਲ ਸੀ।
10 ਉਜ਼ੀਏਲ ਦੇ ਪਰਿਵਾਰ-ਸਮੂਹ ਵਿੱਚੋਂ 112 ਮਨੁੱਖ ਸਨ ਅਤੇ ਅਮੀਨਾਦਾਬ ਉਨ੍ਹਾਂ ਦਾ ਸਰਦਾਰ ਸੀ।
ਦਾਊਦ ਦੀ ਜਾਜਕਾਂ ਅਤੇ ਲੇਵੀਆਂ ਨਾਲ ਗੱਲ-ਬਾਤ
11 ਤਦ ਦਾਊਦ ਨੇ ਸਾਦੋਕ ਅਤੇ ਅਬਯਾਥਾਰ ਜਾਜਕ ਨੂੰ ਆਪਣੇ ਕੋਲ ਬੁਲਾਇਆ। ਦਾਊਦ ਨੇ ਊਰੀਏਲ, ਅਸਾਯਾਹ, ਯੋਏਲ, ਸ਼ਮਅਯਾਹ, ਅਲੀਏਲ ਅਤੇ ਅੰਮੀਨਾਦਾਬ ਲੇਵੀਆਂ ਨੂੰ ਵੀ ਆਪਣੇ ਕੋਲ ਸੱਦਿਆ। 12 ਦਾਊਦ ਨੇ ਉਨ੍ਹਾਂ ਨੂੰ ਆਖਿਆ, “ਤੁਸੀਂ ਲੇਵੀ ਪਰਿਵਾਰ-ਸਮੂਹ ਦੇ ਆਗੂ ਹੋ, ਤੁਹਾਨੂੰ ਅਤੇ ਬਾਕੀ ਲੇਵੀਆਂ ਨੂੰ ਆਪਣੇ-ਆਪ ਨੂੰ ਪਵਿੱਤਰ ਕਰਨਾ ਚਾਹੀਦਾ ਹੈ, ਫ਼ੇਰ ਜਿਹੜੀ ਜਗ੍ਹਾ ਮੈਂ ਨੇਮ ਦੇ ਸੰਦੂਕ ਲਈ ਬਣਾਈ ਹੈ, ਸੰਦੂਕ ਨੂੰ ਉੱਥੇ ਲੈ ਕੇ ਆਓ। 13 ਪਿੱਛਲੀ ਵਾਰੀ, ਕਿਉਂ ਜੋ ਅਸੀਂ ਯਹੋਵਾਹ ਨੂੰ ਨੇਮ ਦੇ ਸੰਦੂਕ ਨੂੰ ਚੁੱਕਣ ਦੀ ਵਿਧੀ ਨਹੀਂ ਪੁੱਛੀ ਸੀ, ਯਹੋਵਾਹ ਨੇ ਸਾਨੂੰ ਦੰਡ ਦਿੱਤਾ ਸੀ।”
14 ਤਦ ਫ਼ਿਰ ਜਾਜਕਾਂ ਅਤੇ ਲੇਵੀਆਂ ਨੇ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦੇ ਨੇਮ ਦੇ ਸੰਦੂਕ ਨੂੰ ਚੁੱਕਣ ਲਈ ਆਪਣੇ-ਆਪ ਨੂੰ ਪਵਿੱਤਰ ਕੀਤਾ। 15 ਤਾਂ ਲੇਵੀਆਂ ਨੇ ਪਰਮੇਸ਼ੁਰ ਦੇ ਸੰਦੂਕ ਨੂੰ ਚੋਬਾਂ ਨਾਲ ਆਪਣੇ ਮੋਢਿਆਂ ਤੇ ਚੁੱਕਿਆ ਜਿਵੇਂ ਕਿ ਮੂਸਾ ਨੇ ਯਹੋਵਾਹ ਦੇ ਬਚਨਾਂ ਮੁਤਾਬਕ ਆਗਿਆ ਦਿੱਤੀ ਸੀ। ਉਨ੍ਹਾਂ ਨੇ ਯਹੋਵਾਹ ਦੀ ਆਗਿਆ ਅਨੁਸਾਰ ਉਸ ਸੰਦੂਕ ਨੂੰ ਚੁੱਕਿਆ।
ਗਵੈਯੇ
16 ਦਾਊਦ ਨੇ ਲੇਵੀ ਆਗੂਆਂ ਨੂੰ ਉਨ੍ਹਾਂ ਦੇ ਗਵੈਯੇ ਭਾਈਆਂ ਨੂੰ ਸੱਦਣ ਲਈ ਆਖਿਆ ਤਾਂ ਜੋ ਉਹ ਆਪਣੀਆਂ ਸਿਤਾਰਾਂ, ਤੰਬੂਰੇ ਅਤੇ ਮਜੀਰੇ ਵਜਾਉਂਦੇ ਹੋਏ ਖੁਸ਼ੀ ਦੇ ਆਨੰਦਮਈ ਗਾਨ ਗਾਉਣ।
17 ਤਦ ਲੇਵੀ ਹੇਮਾਨ ਅਤੇ ਉਸ ਦੇ ਭਰਾ ਨੂੰ ਲੈ ਕੇ ਆਏ ਜੋ ਕਿ ਆਸਾਫ਼ ਅਤੇ ਯੇਥਾਨ ਸਨ। ਹੇਮਾਨ ਯੋਏਲ ਦਾ ਪੁੱਤਰ ਸੀ ਅਤੇ ਆਸਾਫ਼ ਬਰਕਯਾਹ ਦਾ ਪੁੱਤਰ ਸੀ। ਅਤੇ ਯੇਥਾਨ ਕੂਸ਼ਾਯਾਹ ਦਾ ਪੁੱਤਰ ਸੀ। ਇਹ ਸਾਰੇ ਮਨੁੱਖ ਮਰਾਰੀ ਪਰਿਵਾਰ-ਸਮੂਹ ਵਿੱਚੋਂ ਸਨ। 18 ਉੱਥੇ ਲੇਵੀਆਂ ਦਾ ਇੱਕ ਹੋਰ ਦਲ ਵੀ ਸੀ। ਜਿਨ੍ਹਾਂ ਦੇ ਨਾਉਂ ਇਸ ਤਰ੍ਹਾਂ ਸਨ: ਜ਼ਕਰਯਾਹ, ਬੇਨ, ਯਅਜ਼ੀਏਲ, ਸ਼ਮੀਰਾਂ ਮੋਥ, ਯਹੀਏਲ, ਉੱਨੀ, ਅਲੀਆਬ, ਬਨਾਯਾਹ, ਮਅਸੇਯਾਹ, ਮਤਿੱਥਯਾਹ, ਅਲੀਫ਼ਲੇਹੂ, ਮਿਕਨੇਯਾਹ, ਓਬੇਦ-ਅਦੋਮ ਅਤੇ ਯਈੇਏਲ। ਇਹ ਦੂਜੇ ਦਰਜੇ ਦੇ ਮਨੁੱਖ ਲੇਵੀ ਦਰਬਾਨ ਸਨ।
19 ਹੇਮਾਨ, ਆਸਾਫ਼ ਅਤੇ ਏਥਾਨ ਗਵੈਯੇ ਪਿੱਤਲ ਦੇ ਛੈਣੇ ਵਜਾਉਂਦੇ ਸਨ। 20 ਜ਼ਕਰਯਾਹ, ਅਜ਼ੀਏਲ, ਸ਼ਮੀਰਾਮੋਥ, ਯਹੀਏਲ, ਉੱਨੀ, ਅਲੀਆਬ, ਮਅਸੇਯਾਹ ਤੇ ਬਨਾਯਾਹ ਅਲਾਮੋਥ ਸੁਰ ਉੱਤੇ ਸਿਤਾਰਾਂ ਵਜਾਉਂਦੇ ਸਨ। 21 ਮਤਿੱਥਯਾਹ, ਅਲੀਫ਼ਲੇਹੂ, ਮਿਕਨੇਯਾਹ, ਓਬੇਦ-ਅਦੋਮ, ਯਈੇਏਲ, ਅਤੇ ਅਜ਼ਜ਼ਯਾਹ ਸ਼ਮੀਨੀਥ, ਸਾਰੰਗੀ ਵਜਾਉਂਦੇ ਸਨ ਅਤੇ ਗਵੈਯਾਂ ਦੀ ਆਗਵਾਈ ਕਰਦੇ ਸਨ। 22 ਲੇਵੀਆਂ ਦਾ ਸਰਦਾਰ ਕਨਨਯਾਹ ਇਨ੍ਹਾਂ ਗਵੈਯਾਂ ਦਾ ਸਰਦਾਰ ਸੀ ਕਨਨਯਾਹ ਨੂੰ ਇਹ ਕੰਮ ਇਸ ਲਈ ਸੌਂਪਿਆ ਗਿਆ ਕਿਉਂ ਕਿ ਉਹ ਗਾਉਣ ਵਿੱਚ ਬਹੁਤ ਪ੍ਰਵੀਣ ਸੀ।
23 ਬਰਕਯਾਹ ਅਤੇ ਅਲਕਾਨਾਹ ਨੇਮ ਦੇ ਸੰਦੂਕ ਦੀ ਰੱਖਵਾਲੀ ਲਈ ਦਰਬਾਨ ਸਨ। 24 ਜਾਜਕ ਸ਼ਬਨਯਾਹ, ਯੋਸ਼ਾਫ਼ਾਟ, ਨਥਨਏਲ, ਅਮਾਸਈ, ਜ਼ਕਰਯਾਹ, ਬਨਾਯਾਹ ਤੇ ਅਲੀਅਜ਼ਰ ਦਾ ਕੰਮ ਨੇਮ ਦੇ ਸੰਦੂਕ ਦੇ ਅੱਗੇ-ਅੱਗੇ ਚਲਦੇ ਤੁਰ੍ਹੀਆਂ ਵਜਾਉਣ ਦਾ ਸੀ। ਓਬੇਦ-ਅਦੋਮ ਅਤੇ ਯਿਰਯਾਹ ਦੇ ਨੇਮ ਦੇ ਸੰਦੂਕ ਲਈ ਹੋਰ ਦਰਬਾਨ ਸਨ।
25 ਦਾਊਦ ਅਤੇ ਇਸਰਾਏਲ ਦੇ ਬਜ਼ੁਰਗ ਅਤੇ ਫ਼ੌਜ ਦੇ ਸਰਦਾਰ ਜਾਕੇ ਓਬੇਦ-ਅਦੋਮ ਦੇ ਘਰੋ ਪਵਿੱਤਰ ਸੰਦੂਕ ਨੂੰ ਲੈ ਆਏ। ਸਾਰੇ ਲੋਕ ਬੜੇ ਖੁਸ਼ ਸਨ। 26 ਪਰਮੇਸ਼ੁਰ ਨੇ ਉਨ੍ਹਾਂ ਲੇਵੀਆਂ ਦੀ ਮਦਦ ਕੀਤੀ, ਜਿਨ੍ਹਾਂ ਨੇ ਨੇਮ ਦਾ ਸੰਦੂਕ ਚੁੱਕਿਆ ਹੋਇਆ ਸੀ। ਉਨ੍ਹਾਂ ਨੇ ਸੱਤ ਬਲਦ ਅਤੇ ਸੱਤ ਭੇਡੂ ਬਲੀ ਚੜ੍ਹਾਏ। 27 ਉਹ ਸਾਰੇ ਲੇਵੀ ਜਿਨ੍ਹਾਂ ਨੇ ਨੇਮ ਦੇ ਸੰਦੂਕ ਨੂੰ ਚੁੱਕਿਆ ਹੋਇਆ ਸੀ, ਉਨ੍ਹਾਂ ਨੇ ਮਹੀਨ ਲਿਨਨ ਦੇ ਚੋਲੇ ਪਾਏ ਹੋਏ ਸਨ। ਕਨਨਯਾਹ, ਸੰਗੀਤ ਦੇ ਇੰਚਾਰਜਾਂ ਨੇ, ਅਤੇ ਹੋਰ ਸਾਰੇ ਸੰਗੀਤਕਾਰਾਂ ਨੇ ਵੀ ਮਹੀਨ ਲਿਨਨ ਦੇ ਚੋਲੇ ਪਏ ਹੋਏ ਸਨ। ਦਾਊਦ ਨੇ ਇੱਕ ਚੋਲਾ ਅਤੇ ਇੱਕ ਮਹੀਨ ਲਿਨਨ ਦਾ ਏਫੋਦ ਪਾਇਆ ਹੋਇਆ ਸੀ।
28 ਇਉਂ ਸਾਰੇ ਇਸਰਾਏਲੀ ਮਿਲ ਕੇ ਨੇਮ ਦੇ ਸੰਦੂਕ ਨੂੰ ਲੈ ਕੇ ਆਏ। ਉਨ੍ਹਾਂ ਨੇ ਜਸ਼ਨ ਮਨਾਇਆ ਅਤੇ ਸਾਜ ਵਜਾਏ। ਉਨ੍ਹਾਂ ਨੇ ਰੌਲਾ ਪਾਇਆ ਅਤੇ ਭੇਡੂ ਦੇ ਸਿੰਗ, ਤੁਰ੍ਹੀਆਂ ਵਜਾਈਆਂ ਅਤੇ ਮਜੀਰੇ, ਸਿਤਾਰਾਂ ਅਤੇ ਸਾਰੰਗੀਆਂ ਵਰਗੇ ਸਾਜ ਵਜਾਏ।
29 ਜਦੋਂ ਨੇਮ ਦਾ ਸੰਦੂਕ ਦਾਊਦ ਦੇ ਸ਼ਹਿਰ ਪਹੁੰਚਿਆ, ਸ਼ਾਊਲ ਦੀ ਧੀ ਮੀਕਲ ਨੇ ਖਿੜਕੀ ਵਿੱਚੋਂ ਬਾਹਰ ਵੇਖਿਆ। ਜਦੋਂ ਉਸ ਨੇ ਉਸ ਦੇ ਇਰਦ-ਗਿਰਦ ਦਾਊਦ ਨੂੰ ਨੱਚਦਿਆਂ ਵੇਖਿਆ, ਉਸਨੇ ਸੋਚਿਆ ਉਹ ਮੂਰੱਖਾਂ ਵਾਂਗ ਵਿਖਾਵਾ ਕਰ ਰਿਹਾ ਸੀ।
16 ਲੇਵੀਆਂ ਨੇ ਨੇਮ ਦੇ ਸੰਦੂਕ ਨੂੰ ਲਿਆ ਕੇ ਡੇਰੇ ਦੇ ਅੰਦਰ ਰੱਖਿਆ, ਜਿਹੜਾ ਕਿ ਦਾਊਦ ਨੇ ਸੰਦੂਕ ਰੱਖਣ ਲਈ ਬਣਾਇਆ ਸੀ। ਉਪਰੰਤ ਉਨ੍ਹਾਂ ਨੇ ਹੋਮ ਦੀਆਂ ਭੇਟਾਂ ਅਤੇ ਸੁੱਖ ਸਾਂਦ ਦੀਆਂ ਭੇਟਾਂ ਪਰਮੇਸ਼ੁਰ ਅੱਗੇ ਚੜ੍ਹਾਈਆਂ। 2 ਜਦੋਂ ਦਾਊਦ ਹੋਮ ਦੀਆਂ ਭੇਟਾਂ ਅਤੇ ਸੁੱਖ ਸਾਂਦ ਦੀਆਂ ਭੇਟਾਂ ਚੜ੍ਹਾ ਚੁੱਕਿਆ ਤਾਂ ਉਸ ਨੇ ਯਹੋਵਾਹ ਦਾ ਨਾਂ ਲੈ ਕੇ ਲੋਕਾਂ ਨੂੰ ਅਸੀਸਾਂ ਦਿੱਤੀਆਂ। 3 ਇਸਤੋਂ ਬਾਅਦ ਉਸ ਨੇ ਸਾਰੇ ਇਸਰਾਏਲੀਆਂ ਨੂੰ ਜਿਨ੍ਹਾਂ ਵਿੱਚ ਔਰਤ-ਮਰਦ ਸਭ ਮੌਜੂਦ ਸਨ ਰੋਟੀ, ਖਜ਼ੂਰਾਂ ਅਤੇ ਕਿਸ਼ਮਿਸ਼ ਵੰਡੀ।
4 ਫ਼ਿਰ ਦਾਊਦ ਨੇ ਲੇਵੀਆਂ ਵਿੱਚੋਂ ਕੁਝ ਲੋਕਾਂ ਨੂੰ ਪਰਮੇਸ਼ੁਰ ਦੇ ਨੇਮ ਦੇ ਸੰਦੂਕ ਅੱਗੇ ਸੇਵਾ ਕਰਨ ਲਈ ਚੁਣਿਆ। ਉਨ੍ਹਾਂ ਦਾ ਕੰਮ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦਾ ਧੰਨਵਾਦ ਕਰਨਾ ਅਤੇ ਉਸ ਨੂੰ ਉਸਤਤਾਂ ਗਾਉਣਾ ਸੀ। 5 ਆਸਾਫ਼ ਲੇਵੀਆਂ ਦੇ ਪਹਿਲੇ ਦਲ ਦਾ ਆਗੂ ਸੀ ਅਤੇ ਉਸਦੀ ਟੋਲੀ ਦਾ ਕੰਮ ਖੜਤਾਲਾਂ ਵਜਾਉਣਾ ਸੀ। ਜ਼ਕਰਯਾਹ ਦੂਜੇ ਦਲ ਦਾ ਆਗੂ ਸੀ। ਦੂਜੇ ਲੇਵੀ ਜੋ ਉਨ੍ਹਾਂ ’ਚ ਸਨ ਉਨ੍ਹਾਂ ਦੇ ਨਾਉਂ: ਯਈਏਲ, ਸ਼ਮੀਰਾਮੋਥ, ਯਿਹੀਏਲ, ਮਤਿੱਥਯਾਹ, ਅਲੀਆਬ, ਬਨਾਯਾਹ, ਓਬੇਦ-ਅਦੋਮ ਅਤੇ ਯਿਈੇਏਲ ਸਨ। ਇਹ ਮਨੁੱਖ ਦਿਲਰੁਬਾ ਤੇ ਸਾਰੰਗੀਆਂ ਵਜਾਉਂਦੇ ਸਨ। 6 ਬਨਾਯਾਹ ਅਤੇ ਯਹਜ਼ੀਏਲ ਜਾਜਕ ਸਨ ਜੋ ਕਿ ਹਮੇਸ਼ਾ ਪਰਮੇਸ਼ੁਰ ਦੇ ਨੇਮ ਦੇ ਸੰਦੂਕ ਅੱਗੇ ਤੁਰ੍ਹੀਆਂ ਵਜਾਉਂਦੇ ਸਨ। 7 ਇਹ ਉਸ ਵਕਤ ਦੀ ਗੱਲ ਹੈ ਜਦੋਂ ਦਾਊਦ ਨੇ ਆਸਾਫ਼ ਅਤੇ ਉਸ ਦੇ ਭਰਾਵਾਂ ਦੇ ਹੱਥ ਵਿੱਚ ਯਹੋਵਾਹ ਦੀ ਉਸਤਤਿ ਦਾ ਗਾਨ ਕਰਨ ਦਾ ਕਾਰਜ ਸੌਂਪਿਆ।
ਦਾਊਦ ਦਾ ਧੰਨਵਾਦ ਦਾ ਗੀਤ
8 ਯਹੋਵਾਹ ਦੀ ਉਸਤਤ ਕਰੋ ਉਸ ਦੇ ਨਾਮ ਦੀ ਜੈਕਾਰ ਕਰੋ
ਲੋਕਾਈ ਵਿੱਚ ਉਸ ਦੇ ਕਾਰਜਾਂ ਦਾ ਯਸ਼ਗਾਨ ਕਰੋ।
9 ਯਹੋਵਾਹ ਦਾ ਗੁਨਗਾਨ ਕਰੋ ਉਸਦੀ ਮਹਿਮਾ ਦਾ ਗਾਨ ਕਰੋ
ਲੋਕਾਈ ਵਿੱਚ ਉਸ ਦੀਆਂ ਕਰਾਮਾਤਾਂ ਦਾ ਯਸ਼ਗਾਨ ਕਰੋ।
10 ਯਹੋਵਾਹ ਦੇ ਪਵਿੱਤਰ ਨਾਂ ਤੇ ਫ਼ਖਰ ਕਰੋ,
ਤੁਸੀਂ ਸਾਰੇ ਲੋਕ ਜੋ ਉਸ ਕੋਲ ਆਉਂਦੇ ਹੋ-ਖੁਸ਼ ਹੋਵੋ।
11 ਬਲਸ਼ਾਲੀ ਯਹੋਵਾਹ ਵੱਲ ਵੇਖੋ,
ਸਦਾ ਮਦਦ ਲਈ ਉਸਦਾ ਦਾਮਨ ਪਕੜੋ।
12 ਹਮੇਸ਼ਾ ਉਸ ਦੇ ਕਰਿਸ਼ਮਿਆਂ ਨੂੰ, ਉਸ ਦੇ ਫ਼ੈਸਲਿਆਂ
ਅਤੇ ਉਸਦੀਆਂ ਕੀਤੀਆਂ ਸ਼ਕਤੀਸ਼ਾਲੀ ਗੱਲਾਂ ਨੂੰ ਯਾਦ ਰੱਖੋ।
13 ਇਸਰਾਏਲ ਦੇ ਲੋਕ ਯਹੋਵਾਹ ਦੇ ਸੇਵਕ ਹਨ।
ਯਾਕੂਬ ਦੇ ਉੱਤਰਾਧਿਕਾਰੀ ਯਹੋਵਾਹ ਦੇ ਚੁਣੇ ਹੋਏ ਲੋਕ ਹਨ।
14 ਯਹੋਵਾਹ ਸਾਡਾ ਪਰਮੇਸ਼ੁਰ ਹੈ
ਅਤੇ ਉਸਦੀ ਸ਼ਕਤੀ ਹਰ ਪਾਸੇ ਹੈ।
15 ਉਸ ਦੇ ਇਕਰਾਰਨਾਮੇ ਨੂੰ ਸਦਾ ਚੇਤੇ ਰੱਖੋ,
ਉਸ ਨੇ ਉਹ ਹੁਕਮਨਾਮੇ ਹਜ਼ਾਰਾਂ ਪੀੜੀਆਂ ਲਈ ਦਿੱਤੇ।
16 ਉਸ ਨੇਮ ਨੂੰ ਚੇਤੇ ਰੱਖੋ ਜਿਹੜਾ ਯਹੋਵਾਹ ਨੇ ਅਬਰਾਹਾਮ ਨਾਲ ਬੰਨ੍ਹਿਆ।
ਚੇਤੇ ਰੱਖੋ ਇਸਹਾਕ ਨਾਲ ਉਸ ਜੋ ਸੌਂਹ ਖਾਧੀ।
17 ਯਹੋਵਾਹ ਨੇ ਇਸ ਨੂੰ ਯਾਕੂਬ ਲਈ ਇੱਕ ਸ਼ਰ੍ਹਾ ਬਣਾ ਦਿੱਤੀ
ਅਤੇ ਇਹ ਇਸਰਾਏਲ ਨਾਲ ਇੱਕ ਇਕਰਾਰਨਾਮਾ ਹੈ।
ਜੋ ਹਮੇਸ਼ਾ ਲਈ ਜਾਰੀ ਰਹੇਗਾ
18 ਯਹੋਵਾਹ ਨੇ ਇਸਰਾਏਲ ਨੂੰ ਕਿਹਾ, “ਮੈਂ ਕਨਾਨ ਦੀ ਧਰਤੀ ਤੁਹਾਨੂੰ ਦੇਵਾਂਗਾ,
ਉਹ ਤੁਹਾਡੇ ਵਿਰਸੇ ਦੀ ਜ਼ਮੀਨ ਹੋਵੇਗੀ।”
19 ਉੱਥੇ ਗਿਣਤੀ ਵਿੱਚ ਥੋੜੇ ਕੁ ਮਨੁੱਖ ਸਨ ਪਰਦੇਸ ਵਿੱਚ
ਸਿਰਫ਼ ਕੁਝ ਅਜਨਬੀ।
20 ਉਹ ਇੱਕ ਕੌਮ ਤੋਂ ਦੂਜੀ,
ਇੱਕ ਰਾਜ ਤੋਂ ਦੂਜੇ ਰਾਜ ਤੀਕ ਗਏ।
21 ਯਹੋਵਾਹ ਨੇ ਕਿਸੇ ਨੂੰ ਵੀ ਉਨ੍ਹਾਂ ਨੂੰ ਨੁਕਸਾਨ ਨਾ ਪਹੁੰਚਾਣ ਦਿੱਤਾ।
ਉਸ ਨੇ ਰਾਜਿਆਂ ਨੂੰ ਉਨ੍ਹਾਂ ਨੂੰ ਨੁਕਸਾਨ ਨਾ ਪਹੁਚਾਉਣ ਦੀ ਚਿਤਾਵਨੀ ਦਿੱਤੀ।
22 ਸਗੋਂ ਯਹੋਵਾਹ ਨੇ ਉਨ੍ਹਾਂ ਰਾਜਿਆਂ ਨੂੰ ਕਿਹਾ,
“ਮੇਰੇ ਮਸਹ ਕੀਤਿਆਂ ਨੂੰ ਦੁੱਖ ਨਾ ਦੇਵੋ ਨਾ ਹੀ ਮੇਰੇ ਨਬੀਆਂ ਦਾ ਜੀਅ ਦੁੱਖਾਓ।”
23 ਸਾਰੇ ਲੋਕੋ: ਯਹੋਵਾਹ ਦੀ ਉਸਤਤ ਕਰੋ,
ਯਹੋਵਾਹ ਦੀ ਸਾਨੂੰ ਬਚਾਉਣ ਦੀ ਖੁਸ਼ਖਬਰੀ ਨੂੰ ਹਰ ਰੋਜ਼ ਦੱਸੋ।
24 ਹੋਰਨਾਂ ਕੌਮਾਂ ਦੇ ਲੋਕਾਂ ਨੂੰ ਯਹੋਵਾਹ ਦੀ ਮਹਿਮਾ ਬਾਰੇ ਦੱਸੋ।
ਸਾਰੀਆਂ ਕੌਮਾਂ ਨੂੰ ਉਸ ਦੇ ਕਰਿਸ਼ਮਿਆਂ ਬਾਰੇ ਦੱਸੋ।
25 ਯਹੋਵਾਹ ਮਹਾਨ ਹੈ, ਉਸਦੀ ਉਸਤਤਿ ਲਾਜ਼ਮੀ ਹੈ!
ਯਹੋਵਾਹ ਬਾਕੀ ਸਾਰੇ ਦੇਵਤਿਆਂ ਤੋਂ ਵੱਧੀਕ ਭੈ ਦਾਇੱਕ ਹੈ।
26 ਕਿਉਂਕਿ ਬਾਕੀ ਸਾਰੀਆਂ ਕੌਮਾਂ ਦੇ ਬਾਕੀ ਸਾਰੇ ਦੇਵਤੇ ਕੇਵਲ ਪੱਥਰ ਦੇ ਬੁੱਤ ਹਨ,
ਪਰ ਯਹੋਵਾਹ ਆਕਾਸ਼ਾਂ ਦਾ ਕਰਤਾ ਹੈ।
27 ਪਰਤਾਪ ਅਤੇ ਸ਼ਾਨ ਉਸ ਦੇ ਅੱਗੇ ਹਨ।
ਤਾਕਤ ਤੇ ਪ੍ਰਸੰਨਤਾ ਉਸਦੀ ਰਿਹਾਇਸ ਦੀ ਥਾਂ ਵਿੱਚ ਕਾਇਮ ਹਨ।
28 ਪਰਿਵਾਰੋ ਅਤੇ ਲੋਕੋ, ਯਹੋਵਾਹ ਦੇ ਪਰਤਾਪ
ਅਤੇ ਉਸ ਦੀ ਤਾਕਤ ਦੀ ਉਸਤਤ ਕਰੋ।
29 ਯਹੋਵਾਹ ਦੇ ਪਰਤਾਪ ਦੀ ਉਸਤਤ ਕਰੋ,
ਉਸ ਦੇ ਨਾਂ ਨੂੰ ਆਦਰ ਦਰਸਾਵੋ। ਆਪਣੇ ਚੜ੍ਹਾਵੇ ਯਹੋਵਾਹ ਕੋਲ ਲਿਆਵੋ
ਅਤੇ ਉਸਦੀ ਪਵਿੱਤਰ ਸੁੰਦਰਤਾ ਦੀ ਉਪਾਸਨਾ ਕਰੋ।
30 ਸਾਰੀ ਦੁਨੀਆ ਨੂੰ ਯਹੋਵਾਹ ਦੇ ਅੱਗੇ ਭੈਅ ਨਾਲ ਕੰਬਣਾ ਚਾਹੀਦਾ ਹੈ!
ਉਸ ਨੇ ਧਰਤੀ ਨੂੰ ਦ੍ਰਿੜ ਬਣਾਇਆ, ਤਾਂ ਜੋ ਦੁਨੀਆਂ ਹਿੱਲੇ ਨਾ।
31 ਸਾਰੀ ਧਰਤੀ ਅਤੇ ਆਕਾਸ਼ ਖੁਸ਼ ਹੋਣ, ਅਤੇ ਹਰ ਜਗ੍ਹਾ ਲੋਕ ਇਹ ਆਖਣ,
“ਯਹੋਵਾਹ ਹੀ ਇੱਕਲਾ ਪਾਤਸ਼ਾਹ ਹੈ।”
32 ਸਮੁੰਦਰ ਅਤੇ ਉਸ ਅੰਦਰ ਵੱਸਦੀ ਸ਼੍ਰਿਸ਼ਟੀ ਗਰਜੇ ਖੇਤ
ਅਤੇ ਸਾਰੀ ਵਨਸਪਤੀ ਮੌਲਦੀ ਆਪਣੀ ਖੁਸ਼ੀ ਪ੍ਰਗਟਾਵੇ।
33 ਜੰਗਲਾਂ ਵਿੱਚਲੇ ਸਾਰੇ ਦ੍ਰੱਖਤ ਯਹੋਵਾਹ ਦੇ ਅੱਗੇ ਗਉਣਗੇ,
ਕਿਉਂ ਕਿ ਯਹੋਵਾਹ ਦੁਨੀਆਂ ਦਾ ਨਿਆਂ ਕਰਨ ਲਈ ਆ ਰਿਹਾ ਹੈ।
34 ਯਹੋਵਾਹ ਦਾ ਧੰਨਵਾਦ ਕਰੋ ਕਿਉਂਕਿ ਉਹ ਭਲਾ ਹੈ।
ਉਸਦਾ ਪਿਆਰ ਸਦਾ ਲਈ ਸਥਿਰ ਹੈ।
35 ਯਹੋਵਾਹ ਨੂੰ ਕਹੋ,
“ਹੇ ਸਾਡੀ ਮੁਕਤੀ ਦੇ ਪਰਮੇਸ਼ੁਰ
ਸਾਨੂੰ ਬਚਾਅ ਸਾਨੂੰ ਇਕੱਠਿਆਂ ਕਰ
ਅਤੇ ਸਾਨੂੰ ਦੂਜੀਆਂ ਕੌਮਾਂ ਤੋਂ ਬਚਾਅ ਤਾਂ
ਜੋ ਅਸੀਂ ਤੇਰੇ ਪਾਕ ਨਾਂ ਦਾ ਗੁਨਗਾਨ ਕਰ ਸੱਕੀਏ ਫਿਰ
ਅਸੀਂ ਤੇਰੀ ਮਹਿਮਾ ਦਾ ਗੁਨਗਾਨ ਕਰ ਸੱਕੀਏ।”
36 ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦੀ ਉਸਤਤ ਹਮੇਸ਼ਾ ਲਈ ਹੋਵੇ,
ਜਿਵੇਂ ਕਿ ਹਮੇਸ਼ਾ ਹੀ ਉਸਦੀ ਉਸਤਤ ਹੋਈ ਹੈ!
ਸਭ ਲੋਕਾਂ ਨੇ ਯਹੋਵਾਹ ਨੂੰ ਉਸਤਤਾਂ ਗਾਈਆਂ ਅਤੇ ਆਖਿਆ, “ਆਮੀਨ।”
37 ਫ਼ਿਰ ਦਾਊਦ ਨੇ ਆਸਾਫ਼ ਅਤੇ ਉਸ ਦੇ ਭਰਾਵਾਂ ਨੂੰ ਨੇਮ ਦੇ ਸੰਦੂਕ ਕੋਲ ਛੱਡ ਦਿੱਤਾ ਤਾਂ ਜੋ ਉਹ ਹਰ ਰੋਜ਼ ਉਸ ਦੇ ਸਾਹਮਣੇ ਸੇਵਾ ਕਰ ਸੱਕਣ। 38 ਦਾਊਦ ਨੇ ਆਸਾਫ਼ ਅਤੇ ਉਸ ਦੇ ਭਰਾਵਾਂ ਨਾਲ 68 ਹੋਰ ਲੇਵੀਆਂ ਨੂੰ ਵੀ ਉਨ੍ਹਾਂ ਨਾਲ ਸੇਵਾ ਸੰਭਾਲ ਕਰਨ ਲਈ ਰਹਿਣ ਦਿੱਤਾ। ਓਬੇਦ-ਅਦੋਮ ਯਦੀਥੂਨ ਦਾ ਪੁੱਤਰ ਅਤੇ ਹੋਸਾਹ ਨੂੰ ਦਰਬਾਨ ਦੇ ਕਾਰਜ ਲਈ ਉੱਥੇ ਰਹਿਣ ਦਿੱਤਾ।
39 ਦਾਊਦ ਨੇ ਸਾਦੋਕ ਜਾਜਕ ਅਤੇ ਉਸ ਦੇ ਭਰਾਵਾਂ ਜਾਜਕਾਂ ਨੂੰ ਉੱਥੇ ਰਹਿਣ ਦਿੱਤਾ ਜਿਹੜੇ ਗਿਬਓਨ ਦੇ ਉੱਚੇ ਥਾਂ ਤੇ ਯਹੋਵਾਹ ਦੇ ਤੰਬੂ ਦੇ ਸਾਹਮਣੇ ਉਸਦੀ ਸੇਵਾ ਕਰਦੇ ਸਨ। 40 ਹਰ ਸਵੇਰ ਅਤੇ ਸ਼ਾਮ, ਸਾਦੋਕ ਅਤੇ ਬਾਕੀ ਦੇ ਜਾਜਕ ਹੋਮ ਦੀਆਂ ਭੇਟਾਂ ਦੀ ਜਗਵੇਦੀ ਤੇ ਹੋਮ ਦੀਆਂ ਭੇਟਾਂ ਚੜ੍ਹਾਉਂਦੇ ਸਨ। ਉਹ ਇਹ ਸਭ ਯਹੋਵਾਹ ਦੀਆਂ ਬਿਧੀਆਂ ਮੁਤਾਬਕ ਕਰਦੇ ਸਨ ਜੋ ਯਹੋਵਾਹ ਨੇ ਇਸਰਾਏਲ ਨੂੰ ਦਿੱਤੀਆਂ ਸਨ, ਅਤੇ ਜੋ ਬਿਵਸਬਾ ਦੀ ਪੋਥੀ ਵਿੱਚ ਲਿਖੀਆਂ ਸਨ। 41 ਹੇਮਾਨ, ਯਦੁਥੂਨ ਅਤੇ ਹੋਰ ਦੂਜੇ ਲੇਵੀਆਂ ਨੂੰ ਉਨ੍ਹਾਂ ਦੇ ਨਾਲ ਨਾਮਾਂ ਦੁਆਰਾ ਚੁਣਿਆ ਗਿਆ ਸੀ ਤਾਂ ਜੋ ਉਹ ਯਹੋਵਾਹ ਨੂੰ ਉਸਤਤਿ ਗਾਉਣ, ਕਿਉਂ ਕਿ ਉਸਦਾ ਪਿਆਰ ਸਦਾ ਲਈ ਸਥਿਰ ਹੈ। 42 ਹੇਮਾਨ ਅਤੇ ਯਦੂਥੂਨ ਉਨ੍ਹਾਂ ਦੇ ਸੰਗ ਸਨ। ਉਨ੍ਹਾਂ ਦਾ ਕੰਮ ਤੁਰ੍ਹੀਆਂ ਅਤੇ ਸਾਰੰਗੀਆਂ ਵਜਾਉਣਾ ਸੀ। ਇਸਦੇ ਇਲਾਵਾ ਉਹ ਹੋਰ ਵੀ ਸਾਜ਼ ਵਜਾਉਂਦੇ। ਜਦੋਂ ਪਰਮੇਸ਼ੁਰ ਦਾ ਗੁਣਗਾਨ ਹੁੰਦਾ ਤਾਂ ਉਹ ਕਈ ਤਰ੍ਹਾਂ ਦੇ ਸੰਗੀਤਕ ਸਾਜ਼ ਵਜਾਉਂਦੇ। ਯਦੁਥੂਨ ਦੇ ਪੁੱਤਰ ਫ਼ਾਟਕਾਂ ਦੀ ਰੱਖਵਾਲੀ ਕਰਦੇ।
43 ਇਸ ਜਸ਼ਨ ਉਪਰੰਤ ਸਭ ਲੋਕ ਆਪੋ-ਆਪਣੇ ਘਰਾਂ ਨੂੰ ਮੁੜ ਪਏ। ਦਾਊਦ ਵੀ ਆਪਣੇ ਪਰਿਵਾਰ ਨੂੰ ਅਸੀਸ ਦੇਣ ਲਈ ਘਰ ਨੂੰ ਪਰਤਿਆ।
ਪਰਮੇਸ਼ੁਰ ਦਾ ਦਾਊਦ ਨੂੰ ਇਕਰਾਰ
17 ਜਦੋਂ ਦਾਊਦ ਆਪਣੇ ਘਰ ਨੂੰ ਪਰਤਿਆ ਤਾਂ ਉਸ ਨੇ ਨਾਥਾਨ ਨਬੀ ਨੂੰ ਆਖਿਆ, “ਵੇਖ! ਮੈਂ ਤਾਂ ਦਿਆਰ ਦੀ ਲੱਕੜ ਦੇ ਬਣੇ ਹੋਏ ਘਰ ਵਿੱਚ ਰਹਿੰਦਾ ਹਾਂ, ਪਰ ਨੇਮ ਦਾ ਸੰਦੂਕ ਕੇਵਲ ਤੰਬੂ ਹੇਠ ਪਿਆ ਹੈ। ਇਸ ਲਈ ਮੈਂ ਪਰਮੇਸ਼ੁਰ ਲਈ ਇੱਕ ਮੰਦਰ ਬਨਾਉਣਾ ਚਾਹੁੰਦਾ ਹਾਂ।”
2 ਨਾਥਾਨ ਨੇ ਦਾਊਦ ਨੂੰ ਕਿਹਾ, “ਤੂੰ ਜੋ ਤੇਰੇ ਜੀਅ ਆਏ ਸੋ ਕਰ ਕਿਉਂ ਕਿ ਪਰਮੇਸ਼ੁਰ ਤੇਰੇ ਅੰਗ-ਸੰਗ ਹੈ।”
3 ਪਰ ਉਸ ਰਾਤ ਨਾਥਾਨ ਨੂੰ ਪਰਮੇਸ਼ੁਰ ਦੀ ਬਾਣੀ ਹੋਈ। 4 ਪਰਮੇਸ਼ੁਰ ਨੇ ਆਖਿਆ,
“ਜਾਹ! ਅਤੇ ਜਾ ਕੇ ਮੇਰੇ ਸੇਵਕ ਨੂੰ ਇਹ ਗੱਲਾਂ ਦੱਸ: ਯਹੋਵਾਹ ਆਖਦਾ ਹੈ, ‘ਦਾਊਦ, ਤੂੰ ਮੇਰੇ ਰਹਿਣ ਲਈ ਕੋਈ ਸਥਾਨ ਬਨਾਉਣ ਵਾਲਾ ਵਿਅਕਤੀ ਨਹੀਂ ਹੈਂ। 5-6 ਕਿਉਂ ਕਿ ਮੈਂ ਜਦੋਂ ਦਾ ਇਸਰਾਏਲੀਆਂ ਨੂੰ ਮਿਸਰ ਵਿੱਚੋਂ ਕੱਢ ਕੇ ਲਿਆਇਆ ਹਾਂ, ਉਦੋਂ ਦਾ ਮੈਂ ਘਰ ਵਿੱਚ ਨਿਵਾਸ ਨਹੀਂ ਕੀਤਾ। ਪਰ ਮੈਂ ਇੱਕ ਤੰਬੂ ਵਿੱਚ ਆਲੇ-ਦੁਆਲੇ ਘੁੰਮਦਾ ਰਿਹਾ ਹਾਂ। ਮੈਂ ਕੁਝ ਇਸਰਾਏਲੀ ਆਗੂਆਂ ਨੂੰ ਮੇਰੇ ਲੋਕਾਂ ਦੇ ਆਜੜੀ ਹੋਣ ਲਈ ਚੁਣਿਆ ਹੈ ਜਦੋਂ ਮੈਂ ਇਸਰਾਏਲ ਵਿੱਚ ਵੱਖ-ਵੱਖ ਥਾਵਾਂ ਤੇ ਜਾ ਰਿਹਾ ਸੀ, ਮੈਂ ਉਨ੍ਹਾਂ ਵਿੱਚੋਂ ਕਿਸੇ ਵੀ ਆਗੂ ਨੂੰ ਨਹੀਂ ਆਖਿਆ, ਤੂੰ ਮੇਰੇ ਲਈ ਦਿਆਰ ਦਾ ਭਵਨ ਕਿਉਂ ਨਹੀਂ ਬਣਾਇਆ?’
7 “ਹੁਣ, ਮੇਰੇ ਸੇਵਕ ਦਾਊਦ ਨੂੰ ਜਾ ਕੇ ਆਖ: ਸਰਬ ਸ਼ਕਤੀਮਾਨ ਯਹੋਵਾਹ ਦਾ ਕਹਿਣਾ ਹੈ, ‘ਮੈਂ ਤੈਨੂੰ ਚਰਾਂਦਾ ਵਿੱਚੋਂ ਜਿੱਥੇ ਤੂੰ ਭੇਡਾਂ ਚਰਾਉਂਦਾ ਹੁੰਦਾ ਸੀ, ਕੱਢ ਕੇ ਲਿਆਂਦਾ ਅਤੇ ਮੈਂ ਤੈਨੂੰ ਆਪਣੀ ਪਰਜਾ ਇਸਰਾਏਲ ਦਾ ਪਾਤਸ਼ਾਹ ਥਾਪਿਆ। 8 ਹਰ ਥਾਵੇਂ ਮੈਂ ਤੇਰੇ ਅੰਗ-ਸੰਗ ਰਿਹਾ। ਮੈਂ ਤੇਰੇ ਡੇਰੇ ਤੋਂ ਅਗਾਂਹ ਜਾਕੇ ਤੇਰੇ ਵੈਰੀਆਂ ਨੂੰ ਮਾਰਿਆ। ਹੁਣ ਮੈਂ ਤੈਨੂੰ ਦੁਨੀਆਂ ਦੇ ਪ੍ਰਸਿੱਧ ਆਦਮੀਆਂ ਵਿੱਚੋਂ ਇੱਕ ਬਣਾਵਾਂਗਾ। 9 ਇਸ ਲਈ ਮੈਂ ਇਹ ਜਗ੍ਹਾ ਆਪਣੇ ਲੋਕਾਂ, ਇਸਰਾਏਲੀਆਂ ਲਈ ਦੇ ਰਿਹਾ ਹਾਂ, ਤਾਂ ਜੋ ਉਹ ਇੱਥੇ ਰੁੱਖ ਉਗਾਉਣ ਅਤੇ ਉਨ੍ਹਾਂ ਰੁੱਖਾਂ ਹੇਠਾਂ ਸ਼ਾਂਤੀ ਨਾਲ ਬੈਠ ਸੱਕਣ। ਉਨ੍ਹਾਂ ਨੂੰ ਹੋਰ ਤੰਗ ਨਹੀਂ ਕੀਤਾ ਜਾਵੇਗਾ। ਬਦ ਲੋਕ ਉਨ੍ਹਾਂ ਨੂੰ ਕਸ਼ਟ ਨਹੀਂ ਦੇਣਗੇ ਜਿਵੇਂ ਉਨ੍ਹਾਂ ਨੇ ਪਹਿਲਾਂ ਕੀਤਾ ਸੀ। 10 ਉਹ ਮੰਦੀਆਂ ਗੱਲਾਂ ਵਾਪਰੀਆਂ ਪਰ ਮੈਂ ਆਪਣੇ ਲੋਕਾਂ, ਇਸਰਾਏਲੀਆਂ ਤੇ ਹੋਣ ਲਈ ਆਗੂਆਂ ਨੂੰ ਚੁਣਿਆ ਅਤੇ ਮੈਂ ਤੇਰੇ ਸਾਰੇ ਵੈਰੀਆਂ ਨੂੰ ਹਰਾਵਾਂਗਾ।
“‘ਮੈਂ ਤੈਨੂੰ ਦੱਸਦਾ ਹਾਂ ਕਿ ਯਹੋਵਾਹ ਤੇਰੇ ਲਈ ਇੱਕ ਭਵਨ ਬਣਾਵੇਗਾ। [a] 11 ਜਦ ਤੂੰ ਮਰ ਜਾਵੇਂਗਾ ਅਤੇ ਮਰ ਕੇ ਆਪਣੇ ਪੁਰਖਿਆਂ ਨਾਲ ਮਿਲ ਜਾਵੇਂਗਾ ਤਦ ਮੈਂ ਤੇਰੇ ਬਾਅਦ ਤੇਰੇ ਪੁੱਤਰ ਨੂੰ ਨਵਾਂ ਪਾਤਸ਼ਾਹ ਬਣਾਵਾਂਗਾ। ਇਹ ਨਵਾਂ ਪਾਤਸ਼ਾਹ ਤੇਰੇ ਆਪਣੇ ਪੁੱਤਰਾਂ ਵਿੱਚੋਂ ਇੱਕ ਹੋਵੇਗਾ। ਅਤੇ ਮੈਂ ਉਸਦਾ ਰਾਜ ਮਜ਼ਬੂਤ ਬਣਾਵਾਂਗਾ। 12 ਤੇਰਾ ਪੁੱਤਰ ਮੇਰੇ ਲਈ ਭਵਨ ਨਿਰਮਾਣ ਕਰੇਗਾ ਅਤੇ ਮੈਂ ਤੇਰੇ ਪੁੱਤਰ ਦੀ ਗੱਦੀ ਸਦੀਵ ਤੀਕ ਅਚੱਲ ਰੱਖਾਂਗਾ। 13 ਮੈਂ ਉਸਦਾ ਪਿਤਾ ਹੋਵਾਂਗਾ, ਤੇ ਉਹ ਮੇਰਾ ਪੁੱਤਰ ਹੋਵੇਗਾ। ਤੇਰੇ ਤੋਂ ਪਹਿਲਾਂ, ਇੱਥੋਂ ਦਾ ਪਾਤਸ਼ਾਹ ਸ਼ਾਊਲ ਸੀ, ਅਤੇ ਮੈਂ ਆਪਣਾ ਪਿਆਰ ਅਤੇ ਆਪਣੀ ਮਿਹਰ ਉਸ ਤੋਂ ਹਟਾਅ ਲਈ, ਪਰ ਮੈਂ ਤੇਰੇ ਪੁੱਤਰ ਨੂੰ ਸਦੀਵ ਪਿਆਰ ਕਰਾਂਗਾ। 14 ਉਸ ਨੂੰ ਮੈਂ ਆਪਣੇ ਭਵਨ ਵਿੱਚ ਅਤੇ ਆਪਣੇ ਰਾਜ ਵਿੱਚ ਸਦਾ ਲਈ ਮੁਖੀਆਂ ਰੱਖਾਂਗਾ ਅਤੇ ਉਸਦਾ ਰਾਜ ਹਮੇਸ਼ਾ-ਹਮੇਸ਼ਾ ਲਈ ਅਚੱਲ ਰਹੇਗਾ।’”
15 ਨਾਥਾਨ ਨੇ ਦਾਊਦ ਨੂੰ ਇਸ ਸਾਰੇ ਦਰਸ਼ਨ ਬਾਰੇ ਦੱਸਿਆ ਅਤੇ ਉਨ੍ਹਾਂ ਸਾਰੀਆਂ ਗੱਲਾਂ ਬਾਰੇ ਵੀ ਦੱਸਿਆ ਜੋ ਪਰਮੇਸ਼ੁਰ ਨੇ ਬਚਨ ਕੀਤੇ ਸਨ।
ਦਾਊਦ ਦੀ ਪ੍ਰਾਰਥਨਾ
16 ਤਦ ਦਾਊਦ ਪਾਤਸ਼ਾਹ ਪਵਿੱਤਰ ਤੰਬੂ ਵੱਲ ਗਿਆ ਅਤੇ ਯਹੋਵਾਹ ਦੇ ਸਾਹਮਣੇ ਬੈਠ ਕੇ ਆਖਣ ਲੱਗਾ,
“ਹੇ ਯਹੋਵਾਹ ਪਰਮੇਸ਼ੁਰ! ਤੂੰ ਮੇਰੇ ਅਤੇ ਮੇਰੇ ਘਰਾਣੇ ਤੇ ਅਪਾਰ ਰਹਿਮਤ ਕੀਤੀ ਹੈ। ਮੈਂ ਨਹੀਂ ਜਾਣਦਾ ਇਸ ਨਾਚੀਜ਼ ਤੇ ਕਿਰਪਾ ਦਾ ਕਾਰਣ। 17 ਅਤੇ ਹੇ ਪਰਮੇਸ਼ੁਰ, ਜਿਵੇਂ ਕਿ ਇਹ ਕਾਫ਼ੀ ਨਾ ਹੋਣ, ਤੂੰ ਮੈਨੂੰ ਮੇਰੇ ਪਰਿਵਾਰ ਦਾ ਭਵਿੱਖ ਦੱਸਿਆ, ਅਤੇ ਤੂੰ ਮੈਨੂੰ ਇੰਝ ਦਰਸਾਇਆ ਜਿਵੇਂ ਕਿ ਮੈਂ ਸਾਰੇ ਆਦਮੀਆਂ ਤੋਂ ਵੱਧੇਰੇ ਮਹੱਤਵਪੂਰਣ ਹੋਵਾਂ। 18 ਮੈਂ ਕੌਣ ਹਾਂ ਜੋ ਕੁਝ ਆਖਾਂ ਤੇ ਹੋਰ ਇਸ ਤੋਂ ਵੱਧ ਮੈਂ ਕੀ ਆਖ ਸੱਕਦਾ ਹਾਂ? ਤੂੰ ਤਾਂ ਪਹਿਲਾਂ ਹੀ ਮੇਰੇ ਤੇ ਅਪਾਰ ਦਰਿਸ਼ਟੀ ਕੀਤੀ ਹੈ ਤੇ ਤੂੰ ਜਾਣਦਾ ਹੈਂ ਕਿ ਮੈਂ ਤਾਂ ਸਿਰਫ਼ ਤੇਰਾ ਸੇਵਕ ਹਾਂ! 19 ਹੇ ਯਹੋਵਾਹ, ਤੂੰ ਆਪਣੀ ਇੱਛਾ ਅਨੁਸਾਰ ਮੇਰੀ ਖਾਤਿਰ ਇਹ ਅਚਰਜ ਕਾਰਜ ਕੀਤਾ। ਤੂੰ ਮੈਨੂੰ ਇਨ੍ਹਾਂ ਸਾਰੀਆਂ ਮਹਾਨ ਗੱਲਾਂ ਦਾ ਪਤਾ ਲਗਾਉਣ ਦੀ ਇੱਛਾ ਕੀਤੀ! 20 ਹੇ ਯਹੋਵਾਹ! ਤੈਥੋਂ ਸਿਵਾ ਹੋਰ ਕੋਈ ਪਰਮੇਸ਼ੁਰ ਨਹੀਂ। ਅਸੀਂ ਹੋਰ ਕਿਸੇ ਵੀ ਦੇਵਤੇ ਬਾਰੇ ਅਜਿਹੇ ਕਰਿਸ਼ਮੇ ਦਿਖਾਉਣ ਬਾਰੇ ਨਹੀਂ ਸੁਣਿਆ ਜਿਵੇਂ ਤੂੰ ਕਰਦਾ ਹੈਂ! 21 ਕੀ ਦੁਨੀਆਂ ਵਿੱਚ ਕੋਈ ਅਜਿਹੀ ਕੌਮ ਹੈ ਜਿਹੜੀ ਤੇਰੇ ਲੋਕਾਂ, ਇਸਰਾਏਲ ਦੇ ਤੁਲਨਾਯੋਗ ਹੋਵੇ। ਨਹੀਂ! ਧਰਤੀ ਤੇ ਅਜਿਹੀ ਕੌਮ ਸਿਰਫ਼ ਇਸਰਾਏਲ ਹੀ ਹੈ ਜਿਸ ਲਈ ਤੂੰ ਅਜਿਹੇ ਅਚਰਜ ਕਾਰਜ ਕੀਤੇ ਹਨ। ਤੂੰ ਸਾਨੂੰ ਮਿਸਰ ਵਿੱਚੋਂ ਕੱਢ ਕੇ ਅਜਾਦ ਕੀਤਾ। ਤੂੰ ਆਪਣਾ ਨਾਉਂ ਜੱਸ ਆਪੇ ਕੀਤਾ। ਤੂੰ ਆਪ ਹੀ ਆਪਣੇ ਲੋਕਾਂ ਦੇ ਸਾਹਵੇਂ ਹੋਇਆ ਤੇ ਸਾਡੇ ਲਈ ਦੂਜੇ ਲੋਕਾਂ ਤੋਂ ਜ਼ਬਰਦਸਤੀ ਉਨ੍ਹਾਂ ਦੀ ਭੂਮੀ ਹਥਿਆ ਕੇ ਸਾਨੂੰ ਦਿੱਤੀ! 22 ਤੂੰ ਇਸਰਾਏਲ ਨੂੰ ਹਮੇਸ਼ਾ ਲਈ ਆਪਣੇ ਲੋਕ ਬਣਾਇਆ। ਅਤੇ ਹੇ ਯਹੋਵਾਹ ਤੂੰ ਉਨ੍ਹਾਂ ਦਾ ਪਰਮੇਸ਼ੁਰ ਹੋ ਗਿਆ।
23 “ਹੇ ਯਹੋਵਾਹ! ਜਿਹੜਾ ਵਚਨ ਤੂੰ ਆਪਣੇ ਸੇਵਕ ਅਤੇ ਉਸਦੀ ਕੁਲ ਲਈ ਆਖਿਆ ਸੀ, ਉਹ ਹਮੇਸ਼ਾ ਲਈ ਸਥਿਰ ਰਹੇ ਅਤੇ ਤੂੰ ਉਸ ਵਚਨ ਨੂੰ ਜਿਵੇਂ ਆਖਿਆ ਸੀ ਪੂਰਾ ਕਰੇਂ! 24 ਤੂੰ ਆਪਣੇ ਇਕਰਾਰਾਂ ਨੂੰ ਪੂਰਾ ਕਰੀਂ ਤਾਂ ਜੋ ਲੋਕ ਹਮੇਸ਼ਾ ਤੇਰੇ ਨਾਂ ਦੀ ਉਸਤਤ ਕਰਦੇ ਰਹਿਣ। ਤਦ ਲੋਕ ਕਹਿਣਗੇ, ‘ਸਰਬ ਸ਼ਕਤੀਮਾਨ ਯਹੋਵਾਹ ਹੀ ਇਸਰਾਏਲ ਦਾ ਪਰਮੇਸ਼ੁਰ ਹੈ।’ ਮੈਂ ਤੇਰਾ ਸੇਵਕ ਹਾਂ। ਹੇ ਯਹੋਵਾਹ ਮੇਰੇ ਤੇ ਆਓ ਮੇਰੇ ਪਰਿਵਾਰ ਤੇ ਆਪਣੀ ਕਿਰਪਾ ਕਰ ਤਾਂ ਜੋ ਸਦੀਵ ਤੇਰੀ ਸੇਵਾ ਕਰਦੇ ਰਹਿਣ।
25 “ਹੇ ਮੇਰੇ ਪਰਮੇਸ਼ੁਰ, ਤੂੰ ਮੇਰੇ, ਆਪਣੇ ਸੇਵਕ ਨਾਲ ਗੱਲ ਕੀਤੀ। ਤੂੰ ਇਹ ਸਪੱਸ਼ਟ ਕਰ ਦਿੱਤਾ ਕਿ ਤੂੰ ਮੇਰੇ ਉਪਰੰਤ, ਮੇਰੇ ਪਰਿਵਾਰ ਨੂੰ ਹੀ ਸ਼ਾਸਨ ਦੇਵੇਂਗਾ। ਇਸੇ ਕਾਰਣ, ਮੈਂ ਇਨ੍ਹਾਂ ਸਭ ਗੱਲਾਂ ਦੀ ਬੇਨਤੀ ਕਰਨ ਲਈ ਤੇਰੇ ਅੱਗੇ ਪ੍ਰਾਰਥਨਾ ਕਰਨ ਦਾ ਹੌਂਸਲਾ ਕਰ ਸੱਕਿਆ ਹਾਂ। 26 ਹੇ ਯਹੋਵਾਹ! ਤੂੰ ਹੀ ਪਰਮੇਸ਼ੁਰ ਹੈਂ ਅਤੇ ਹੇ ਸੱਚੇ ਯਹੋਵਾਹ! ਤੂੰ ਖੁਦ ਹੀ ਆਪਣੇ ਸੇਵਕ ਲਈ ਇਹ ਚੰਗੀਆਂ ਗੱਲਾਂ ਕਰਨ ਦਾ ਇਕਰਾਰ ਕੀਤਾ। 27 ਹੇ ਯਹੋਵਾਹ! ਤੂੰ ਮੇਰੇ ਪਰਿਵਾਰ ਨੂੰ ਅਸੀਸ ਦੇਣ ਦੀ ਕਿਰਪਾਲਤਾ ਕੀਤੀ, ਅਤੇ ਤੂੰ ਉਨ੍ਹਾਂ ਨੂੰ ਅਸੀਸ ਦਿੱਤੀ ਅਤੇ ਇਕਰਾਰ ਕੀਤਾ ਕਿ ਉਹ ਸਦੀਵ ਤੇਰੇ ਅੱਗੇ ਸੇਵਾ ਕਰ ਸੱਕਣਗੇ। ਹੇ ਯਹੋਵਾਹ! ਤੂੰ ਆਪ ਮੇਰੇ ਪਰਿਵਾਰ ਨੂੰ ਅਸੀਸ ਦਿੱਤੀ ਹੈ ਤਾਂ ਸੱਚਮੁੱਚ ਉਹ ਸਦਾ ਤੀਕ ਤੇਰੀ ਅਸੀਸ ਦੀ ਮਿਹਰ ਵਿੱਚ ਰਹੇ।”
ਦਾਊਦ ਦੀ ਦੂਜੀਆਂ ਕੌਮਾਂ ਉੱਪਰ ਜਿੱਤ
18 ਬਾਅਦ ਵਿੱਚ ਦਾਊਦ ਨੇ ਫ਼ਲਿਸਤੀਆਂ ਉੱਪਰ ਹਮਲਾ ਕੀਤਾ। ਉਸ ਨੇ ਫ਼ਲਿਸਤੀਆਂ ਨੂੰ ਹਰਾਇਆ। ਉਸ ਨੇ ਫ਼ਲਿਸਤੀਆਂ ਦੇ ਗਥ ਸ਼ਹਿਰ ਅਤੇ ਉਸ ਦੇ ਆਸ-ਪਾਸ ਦੇ ਹੋਰ ਛੋਟੇ ਸ਼ਹਿਰਾਂ ਨੂੰ ਜਿੱਤ ਲਿਆ।
2 ਫ਼ਿਰ ਦਾਊਦ ਨੇ ਮੋਆਬ ਦੇਸ ਨੂੰ ਹਰਾਇਆ ਅਤੇ ਮੋਆਬੀ ਦਾਊਦ ਦੀ ਪਰਜ਼ਾ ਬਣ ਗਏ ਅਤੇ ਉਹ ਦਾਊਦ ਲਈ ਨਜ਼ਰਾਨਾ ਲੈ ਕੇ ਆਏ।
3 ਦਾਊਦ ਸ਼ੋਬਾਹ ਦੇ ਰਾਜੇ ਹਦਰਅਜ਼ਰ ਅਤੇ ਉਸਦੀ ਫ਼ੌਜ ਦੇ ਖਿਲਾਫ ਲੜਿਆ। ਉਹ ਹਮਾਥ ਤੀਕ ਲੜਿਆ, ਕਿਉਂ ਕਿ ਹਦਰਅਜ਼ਰ ਨੇ ਆਪਣੇ ਰਾਜ ਨੂੰ ਫ਼ਰਾਤ ਦਰਿਆ ਤੀਕ ਫ਼ੈਲਾਉਣ ਦੀ ਕੋਸ਼ਿਸ਼ ਕੀਤੀ ਸੀ। 4 ਦਾਊਦ ਨੇ ਹਦਰ ਅਜ਼ਰ ਤੋਂ 1,000 ਰੱਥ, 7,000 ਸਾਰਥੀ, 20,000 ਸਿਪਾਹੀ ਲੈ ਲਏ ਅਤੇ ਉਸ ਨੇ ਬਹੁਤ ਸਾਰੇ ਘੋੜਿਆਂ ਨੂੰ ਲੰਗੜਿਆਂ ਕਰ ਦਿੱਤਾ ਜਿਹੜੇ ਰੱਥਾਂ ਨੂੰ ਖਿੱਚਦੇ ਸਨ। ਪਰ ਉਸ ਨੇ ਇੱਕ ਸੌ ਰੱਥਾਂ ਨੂੰ ਖਿੱਚਣ ਲਈ ਕਾਫੀ ਘੋੜੇ ਰੱਖ ਲਏ।
5 ਦੰਮਿਸਕ ਸ਼ਹਿਰ ਦੇ ਅਰਾਮੀ ਲੋਕ ਸ਼ੋਬਾਹ ਦੇ ਰਾਜਾ ਹਦਰਅਜ਼ਰ ਦੀ ਮਦਦ ਲਈ ਆਏ, ਪਰ ਦਾਊਦ ਨੇ ਅਰਾਮੀਆਂ ਦੀ ਆਈ ਫੌਜ ਵਿੱਚੋਂ ਉਨ੍ਹਾਂ ਦੇ 22,000 ਸੈਨਿਕ ਮਾਰ ਦਿੱਤੇ। 6 ਫ਼ਿਰ ਦਾਊਦ ਨੇ ਦੰਮਿਸਕ ਵਿੱਚ ਗੜ੍ਹ ਬਣਾ ਦਿੱਤੇ। ਅਰਾਮੀ ਉਸਦੀ ਪਰਜ਼ਾ ਬਣ ਗਏ ਅਤੇ ਉਸ ਲਈ ਨਜ਼ਰਾਨਾ ਲਿਆਏ। ਇਉਂ ਜਿੱਥੇ ਕਿਤੇ ਵੀ ਦਾਊਦ ਗਿਆ, ਯਹੋਵਾਹ ਨੇ ਉਸ ਨੂੰ ਜਿੱਤ ਦਿੱਤੀ।
7 ਦਾਊਦ ਨੇ ਹਦਰਅਜ਼ਰ ਦੇ ਸੈਨਾਪਤੀਆਂ ਦੀਆਂ ਸੋਨੇ ਦੀਆਂ ਢਾਲਾਂ ਲੈ ਲਈਆਂ ਅਤੇ ਯਰੂਸ਼ਲਮ ਵਿੱਚ ਲੈ ਆਇਆ। 8 ਦਾਊਦ ਨੇ ਹਦਰਅਜ਼ਰ ਦੇ ਨਗਰ ਟਿਬਹਥ ਅਤੇ ਕੂਨ ਵਿੱਚੋਂ ਬਹੁਤ ਸਾਰਾ ਪਿੱਤਲ ਵੀ ਲਿਆਂਦਾ ਜਿਸ ਨੂੰ ਬਾਅਦ ਵਿੱਚ ਸੁਲੇਮਾਨ ਨੇ ਇਹੀ ਪਿੱਤਲ ਮੰਦਰ ਦੇ ਪਿੱਤਲ ਦੇ ਹੌਜ਼, ਥੰਮ ਅਤੇ ਭਾਂਡੇ ਬਨਾਉਣ ਲਈ ਵਰਤਿਆ।
9 ਹਮਾਥ ਦੇ ਰਾਜਾ ਤੋਊ ਨੇ ਸੁਣਿਆ ਕਿ ਦਾਊਦ ਨੇ ਸੋਬਾਹ ਦੇ ਰਾਜੇ, ਹਦਰਅਜ਼ਰ ਦੀ ਸਾਰੀ ਫ਼ੌਜ ਨੂੰ ਹਰਾ ਦਿੱਤਾ ਸੀ। 10 ਤਾਂ ਤੋਊ ਨੇ ਆਪਣੇ ਪੁੱਤਰ, ਹਦੋਰਾਮ ਨੂੰ ਦਾਊਦ ਨੂੰ ਉਸਦੀ ਜਿੱਤ ਲਈ ਵੱਧਾਈਆਂ ਦੇਣ ਲਈ ਅਤੇ ਉਸਤੋਂ ਸ਼ਾਂਤੀ ਦੀ ਮੰਗ ਕਰਨ ਲਈ ਭੇਜਿਆ। ਇਹ ਉਸ ਨੇ ਇਸ ਲਈ ਕੀਤਾ ਕਿਉਂਕਿ ਦਾਊਦ ਨੇ ਹਦਰਅਜ਼ਰ ਦੇ ਖਿਲਾਫ਼ ਲੜਕੇ ਉਸ ਨੂੰ ਹਰਾਇਆ ਸੀ। ਹਦਰਅਜ਼ਰ ਤੋਊ ਨਾਲ ਇੱਕ ਵਾਰੀ ਪਹਿਲਾਂ ਲੜਾਈ ਕਰ ਚੁੱਕਾ ਸੀ। ਹਦੋਰਾਮ ਨੇ ਦਾਊਦ ਨੂੰ ਹਰ ਤਰ੍ਹਾਂ ਦੇ ਸੋਨੇ, ਚਾਂਦੀ ਅਤੇ ਕਾਂਸੀ ਦੀਆਂ ਵਸਤਾਂ ਭੇਟ ਕੀਤੀਆਂ। 11 ਦਾਊਦ ਪਾਤਸ਼ਾਹ ਨੇ ਉਨ੍ਹਾਂ ਸਾਰੀਆਂ ਵਸਤਾਂ ਨੂੰ ਪਵਿੱਤਰ ਕੀਤਾ ਅਤੇ ਯਹੋਵਾਹ ਨੂੰ ਭੇਟ ਕੀਤੀਆਂ। ਦਾਊਦ ਨੇ ਉਨ੍ਹਾਂ ਸੋਨੇ-ਚਾਂਦੀ ਦੀਆਂ ਵੀ ਸਾਰੀਆਂ ਵਸਤਾਂ ਨੂੰ ਜੋ ਉਹ ਸਾਰੀਆਂ ਕੌਮਾਂ ਭਾਵ ਅਦੋਮ, ਮੋਆਬ, ਅੰਮੋਨ ਦੀ ਸੰਤਾਨ, ਫ਼ਲਿਸਤੀਆਂ ਅਤੇ ਅਮਾਲੇਕ ਤੋਂ ਲਿਆਏ ਸਨ, ਸਭ ਯਹੋਵਾਹ ਦੇ ਅਰਪਣ ਕਰ ਦਿੱਤੀਆਂ।
12 ਅਬਿਸ਼ਈ ਜੋ ਸਰੂਯਾਹ ਦਾ ਪੁੱਤਰ ਸੀ ਨੇ ਲੂਣ ਦੀ ਵਾਦੀ ਵਿੱਚ 18,000 ਅਦੋਮੀਆਂ ਨੂੰ ਮਾਰ ਸੁੱਟਿਆ। 13 ਅਬਿੱਸਈ ਨੇ ਅਦੋਮ ਵਿੱਚ ਗਰੀਜ਼ਨਾਂ ਨੂੰ ਰੱਖਿਆ ਅਤੇ ਸਾਰੇ ਅਦੋਮੀ ਦਾਊਦ ਦੀ ਪਰਜਾ ਬਣ ਗਏ। ਜਿੱਥੇ ਕਿਤੇ ਵੀ ਦਾਊਦ ਗਿਆ, ਯਹੋਵਾਹ ਨੇ ਉਸ ਨੂੰ ਜਿੱਤ ਦਿੱਤੀ।
ਦਾਊਦ ਦੇ ਮਹੱਤਵਪੂਰਣ ਅਧਿਕਾਰੀ
14 ਦਾਊਦ ਨੇ ਸਾਰੇ ਇਸਰਾਏਲ ਤੇ ਰਾਜ ਕੀਤਾ। ਉਸ ਨੇ ਉਹੀ ਸਭ ਕੀਤਾ ਜੋ ਧਰਤੀ ਸੀ ਅਤੇ ਉਹ ਆਪਣੇ ਰਾਜ ਦੇ ਸਾਰੇ ਲੋਕਾਂ ਲਈ ਨਿਆਂਈ ਸੀ। 15 ਯੋਆਬ ਜੋ ਸਰੂਯਾਹ ਦਾ ਪੁੱਤਰ ਸੀ ਉਹ ਦਾਊਦ ਦੀ ਫ਼ੌਜ ਦਾ ਸੈਨਾਪਤੀ ਸੀ। ਅਤੇ ਯਹੋਸ਼ਫ਼ਟ ਜੋ ਅਹੀਲੂਦ ਦਾ ਪੁੱਤਰ ਸੀ ਉਸ ਨੇ ਦਾਊਦ ਦੇ ਕਾਰਜਾਂ ਦਾ ਇਤਹਾਸ ਲਿਖਿਆ। 16 ਸਾਦੋਕ ਅਹੀਟੂਬ ਦਾ ਪੁੱਤਰ ਅਤੇ ਅਬਿਯਾਥਾਰ ਦਾ ਪੁੱਤਰ ਅਬੀਮਲਕ ਜਾਜਕ ਸਨ। ਸ਼ੌਵਸ਼ਾ ਮੁਨਸ਼ੀ ਸੀ। 17 ਬਿਨਾਯਾਹ ਜੋ ਯਹੋਯਾਦਾ ਦਾ ਪੁੱਤਰ, ਕਰੇਤੀਆਂ ਅਤੇ ਫ਼ਲੇਤੀਆਂ ਦਾ ਆਗੂ ਸੀ। ਦਾਊਦ ਦੇ ਪੁੱਤਰ ਮਹੱਤਵਪੂਰਣ ਵਜ਼ੀਰ ਸਨ, ਜੋ ਉਸ ਦੇ ਪਾਸੇ ਸੇਵਾ ਕਰਦੇ ਸਨ।
ਅੰਮੋਨੀ ਲੋਕਾਂ ਵੱਲੋਂ ਦਾਊਦ ਦੇ ਬੰਦਿਆਂ ਨੂੰ ਸ਼ਰਮਿੰਦਗੀ ਦੇਣਾ
19 ਨਾਹਾਸ਼ ਅੰਮੋਨੀਆਂ ਦਾ ਪਾਤਸ਼ਾਹ ਸੀ। ਨਾਹਾਸ਼ ਦੀ ਮੌਤ ਤੋਂ ਬਾਅਦ, ਉਸਦਾ ਪੁੱਤਰ ਨਵਾਂ ਪਾਤਸ਼ਾਹ ਬਣਿਆ। 2 ਤਦ ਦਾਊਦ ਨੇ ਆਖਿਆ, “ਨਾਹਾਸ਼ ਮੇਰੇ ਤੇ ਦਿਆਲੂ ਸੀ, ਇਸ ਲਈ ਮੈਂ ਵੀ ਉਸ ਦੇ ਪੁੱਤਰ, ਹਾਨੂਨ ਤੇ ਦਿਆਲੂ ਹੋਵਾਂਗਾ।” ਇਸ ਲਈ ਦਾਊਦ ਨੇ ਹਾਨੂਨ ਕੋਲ ਉਸ ਦੇ ਪਿਤਾ ਦੀ ਮੌਤ ਦਾ ਸੋਗ ਪ੍ਰਗਟ ਕਰਨ ਲਈ ਆਪਣੇ ਹਲਕਾਰੇ ਭੇਜੇ ਅਤੇ ਉਸ ਦੇ ਹਲਕਾਰੇ ਅੰਮੋਨ ਦੇਸ਼ ਵਿੱਚ ਹਾਨੂਨ ਨੂੰ ਅਫ਼ਸੋਸ ਪ੍ਰਗਟ ਕਰਨ ਲਈ ਉਸ ਕੋਲ ਪਹੁੰਚੇ।
3 ਪਰ ਅੰਮੋਨੀ ਆਗੂਆਂ ਨੇ ਹਾਨੂਨ ਨੂੰ ਕਿਹਾ, “ਕੀ ਤੂੰ ਉਸ ਤੇ ਵਿਸ਼ਵਾਸ ਕਰਦਾ ਹੈਂ? ਤੂੰ ਕੀ ਸੋਚਦਾ ਹੈਂ ਕਿ ਦਾਊਦ ਨੇ ਇਨ੍ਹਾਂ ਆਦਮੀਆਂ ਨੂੰ ਤੇਰੇ ਪਿਤਾ ਦੀ ਮੌਤ ਤੇ ਅਫਸੋਸ ਕਰਨ ਲਈ ਜਾਂ ਤੇਰੇ ਮੁਰਦਾ ਪਿਤਾ ਦਾ ਆਦਰ ਕਰਨ ਲਈ ਭੇਜਿਆ ਹੈ? ਨਹੀਂ ਪਰ ਉਸ ਨੇ ਇਨ੍ਹਾਂ ਲੋਕਾਂ ਨੂੰ ਤੈਨੂੰ ਤਬਾਹ ਕਰਨ ਦੇ ਮਕਸਦ ਨਾਲ, ਤੇਰੀ ਧਰਤੀ ਦੀ ਜਸੂਸੀ ਕਰਨ ਲਈ ਭੇਜਿਆ ਹੈ!” 4 ਤਾਂ ਹਾਨੂਨ ਨੇ ਦਾਊਦ ਦੇ ਸੇਵਕਾਂ ਨੂੰ ਪਕੜ ਲਿਆ ਅਤੇ ਉਨ੍ਹਾਂ ਨੂੰ ਕੈਦ ਕਰ ਕੇ ਉਨ੍ਹਾਂ ਦੀਆਂ ਦਾੜੀਆਂ ਮੁਨਵਾ ਦਿੱਤੀਆਂ ਇਹੀ ਨਹੀਂ ਸਗੋਂ ਉਨ੍ਹਾਂ ਦੀਆਂ ਪੋਸ਼ਾਕਾਂ ਨੂੰ ਵੀ ਫ਼ਾੜ ਕੇ ਉਨ੍ਹਾਂ ਨੂੰ ਧੜੋਂ ਨੰਗਾ ਕਰ ਸੁੱਟਿਆ। ਇਉਂ ਉੱਨ੍ਹਾਂ ਨੂੰ ਜ਼ਲੀਲ ਕਰਕੇ ਵਾਪਿਸ ਭੇਜਿਆ।
5 ਦਾਊਦ ਦੇ ਆਦਮੀਆਂ ਨੇ ਘਰ ਪਹੁੰਚਣ ’ਚ ਬੜੀ ਸ਼ਰਮ ਮਹਿਸੂਸ ਕੀਤੀ। ਕੁਝ ਲੋਕਾਂ ਨੇ ਦਾਊਦ ਕੋਲ ਜਾ ਕੇ ਉਨ੍ਹਾਂ ਦੀ ਇਹ ਸਾਰੀ ਵਾਰਦਾਤ ਉਸ ਨੂੰ ਸੁਣਾਈ। ਤਾਂ ਦਾਊਦ ਪਾਤਸ਼ਾਹ ਨੇ ਆਪਣੇ ਆਦਮੀਆਂ ਨੂੰ ਇਹ ਸੁਨੇਹਾ ਭੇਜਿਆ, “ਜਦ ਤੀਕ ਤੁਹਾਡੀ ਦਾੜੀ ਮੁੜ ਵੱਧ ਨਾ ਜਾਵੇ, ਉਨੀ ਦੇਰ ਤੁਸੀਂ ਯਰੀਹੋ ਸ਼ਹਿਰ ਵਿੱਚ ਟਿਕੇ ਰਹੋ। ਤੇ ਜਦੋਂ ਦਾੜੀ ਵੱਧ ਜਾਵੇ ਤੁਸੀਂ ਆਪਣੇ ਘਰੀਂ ਮੁੜ ਆਉਣਾ।”
6 ਅੰਮੋਨੀਆਂ ਨੇ ਵੇਖਿਆ ਕਿ ਉਨ੍ਹਾਂ ਨੇ ਦਾਊਦ ਦੀ ਨਜ਼ਰ ਵਿੱਚ ਆਪਣੇ-ਆਪ ਨੂੰ ਦੁਸ਼ਮਣ ਬਣਾ ਲਿਆ ਸੀ ਤੇ ਉਸ ਦੀ ਨਫ਼ਰਤ ਦੇ ਪਾਤਰ ਬਣ ਗਏ ਸਨ। ਤਾਂ ਹਾਨੂਨ ਅਤੇ ਅੰਮੋਨੀਆਂ ਨੇ 34,000 ਕਿਲੋ ਚਾਂਦੀ ਮਸੋਪੋਤਾਮੀਆਂ ਤੋਂ ਰਥਾਂ ਅਤੇ ਅਸਵਾਰਾਂ ਨੂੰ ਲਿਆਉਣ ਲਈ ਦਿੱਤੀ। ਉਹ ਆਰਾਮ ਵਿੱਚੋਂ ਮਾਕਾਹ ਅਤੇ ਸ਼ੋਬਾਹ ਦੇ ਨਗਰਾਂ ਤੋਂ ਵੀ ਰਥਾਂ ਅਤੇ ਅਸਵਾਰਾਂ ਨੂੰ ਲਿਆਏ। 7 ਇਉਂ ਉਨ੍ਹਾਂ ਨੇ 32,000 ਰਥਾਂ ਅਤੇ ਮਕਾਹ ਦੇ ਪਾਤਸ਼ਾਹ ਅਤੇ ਉਸ ਦੇ ਲੋਕਾਂ ਨੂੰ ਭਾੜੇ ਤੇ ਖਰੀਦਿਆ ਤਾਂ ਜੋ ਉਹ ਉਸਦੀ ਮਦਦ ਕਰਨ। ਮਕਾਹ ਦੇ ਪਾਤਸ਼ਾਹ ਅਤੇ ਉਸ ਦੇ ਲੋਕਾਂ ਨੇ ਮੇਦਬਾ ਸ਼ਹਿਰ ਦੇ ਅੱਗੇ ਡੇਰੇ ਲਾ ਦਿੱਤੇ ਅਤੇ ਅੰਮੋਨੀ ਵੀ ਆਪੋ-ਆਪਣੇ ਨਗਰਾਂ ਤੋਂ ਇਕੱਠੇ ਹੋ ਕੇ ਯੁੱਧ ਕਰਨ ਨੂੰ ਆਏ।
8 ਦਾਊਦ ਨੂੰ ਪਤਾ ਲੱਗਾ ਕਿ ਅੰਮੋਨੀ ਲੋਕ ਜੰਗ ਲੜਨ ਲਈ ਇਕੱਠੇ ਹੋ ਰਹੇ ਹਨ ਤਾਂ ਉਸ ਨੇ ਯੋਆਬ ਨੂੰ ਅਤੇ ਆਪਣੀ ਸਾਰੀ ਇਸਰਾਏਲੀ ਫ਼ੌਜ ਨੂੰ ਅੰਮੋਨੀਆਂ ਦੇ ਵਿਰੁੱਧ ਲੜਾਈ ਕਰਨ ਨੂੰ ਭੇਜਿਆ। 9 ਅੰਮੋਨੀ ਬਾਹਰ ਨਿਕਲੇ ਅਤੇ ਲੜਾਈ ਲਈ ਪੂਰੇ ਤਤਪਰ ਸਨ। ਉਹ ਨਗਰ ਦੇ ਫਾਟਕ ਕੋਲ ਪਹੁੰਚ ਚੁੱਕੇ ਸਨ ਅਤੇ ਜਿਹੜੇ ਪਾਤਸ਼ਾਹ ਉਸਦੀ ਮਦਦ ਲਈ ਨਾਲ ਆਏ ਸਨ ਉਹ ਸ਼ਹਿਰੋ ਦੂਰ ਪੈਲੀਆਂ ਵਿੱਚ ਟਿਕੇ ਰਹੇ।
10 ਯੋਆਬ ਨੇ ਵੇਖਿਆ ਕਿ ਲੜਾਈ ਦਾ ਪਿੜ ਉਸ ਦੇ ਵਿਰੁੱਧ ਦੋ ਦਲਾਂ ਵਿੱਚ ਬਣਿਆ ਹੋਇਆ ਤਤਪਰ ਹੈ। ਇੱਕ ਦਲ ਉਸ ਦੇ ਅੱਗੇ ਅਤੇ ਦੂਜਾ ਉਸ ਦੇ ਪਿੱਛੇ ਵੱਲ ਸੀ। ਤਾਂ ਯੋਆਬ ਨੇ ਇਸਰਾਏਲ ਦੇ ਖਾਸ ਸੂਰਮਿਆਂ ਨੂੰ ਚੁਣਿਆ ਅਤੇ ਉਨ੍ਹਾਂ ਨੂੰ ਉਸ ਨੇ ਅਰਾਮ ਦੀ ਫ਼ੌਜ ਦੇ ਵਿਰੁੱਧ ਲੜਨ ਲਈ ਭੇਜਿਆ। 11 ਯੋਆਬ ਨੇ ਬਾਕੀ ਦੀ ਇਸਰਾਏਲੀ ਫ਼ੌਜ ਨੂੰ ਆਪਣੇ ਭਰਾ ਅਬਸ਼ਈ ਦੀ ਕਮਾਨ ਹੇਠਾਂ ਕਰ ਦਿੱਤਾ। ਸੈਨਾ ਦੇ ਸਿਪਾਹੀ ਅੰਮੋਨੀਆਂ ਦੀ ਸੈਨਾ ਦੇ ਖਿਲਾਫ਼ ਲੜਨ ਲਈ ਬਾਹਰ ਨਿਕਲ ਪਏ। 12 ਯੋਆਬ ਨੇ ਅਬਸ਼ਈ ਨੂੰ ਕਿਹਾ, “ਜੇਕਰ ਅਰਾਮ ਦੀ ਸੈਨਾ ਮੇਰੇ ਉੱਤੇ ਹਾਵੀ ਹੋ ਜਾਵੇ ਤਾਂ ਤੂੰ ਮੇਰੀ ਮਦਦ ਕਰੀਂ ਤੇ ਜੇਕਰ ਅਰਾਮੀ ਸੈਨਾ ਤੇਰੇ ਉੱਪਰ ਹਾਵੀ ਹੋ ਗਈ ਤਾਂ ਮੈਂ ਤੇਰੀ ਸਹਾਇਤਾ ਜ਼ਰੂਰ ਕਰਾਂਗਾ। 13 ਆਪਾਂ ਤਕੜੇ ਬਣੀਏ ਅਤੇ ਉਨ੍ਹਾਂ ਦਾ ਬਹਾਦੁਰੀ ਨਾਲ ਸਾਹਮਣਾ ਕਰੀਏ ਜਦੋਂ ਅਸੀਂ ਆਪਣੇ ਲੋਕਾਂ ਅਤੇ ਆਪਣੇ ਪਰਮੇਸ਼ੁਰ ਦੇ ਸ਼ਹਿਰਾਂ ਲਈ ਲੜ ਰਹੀਏ ਹੋਈੇਏ! ਯਹੋਵਾਹ ਓਹੀ ਕਰੇ ਜੋ ਉਹ ਸੋਚੇ ਕਿ ਸਹੀ ਹੈ!”
14 ਯੋਆਬ ਅਤੇ ਉਸ ਦੇ ਨਾਲ ਜਿਹੜੀ ਫ਼ੌਜ ਸੀ ਅਰਾਮੀ ਸੈਨਾ ਉੱਪਰ ਹਮਲਾ ਕੀਤਾ ਤਾਂ ਅਰਾਮੀ ਸੈਨਾ ਯੋਆਬ ਅਤੇ ਉਸਦੀ ਫ਼ੌਜ ਅੱਗੋਂ ਭੱਜ ਗਈ। 15 ਜਦੋਂ ਅੰਮੋਨੀ ਸੈਨਾ ਨੇ ਇਹ ਵੇਖਿਆ ਕਿ ਅਰਾਮ ਦੀ ਸੈਨਾ ਨੱਸ ਗਈ ਹੈ ਤਾਂ ਉਹ ਵੀ ਭੱਜ ਗਏ। ਤਾਂ ਅੰਮੋਨੀ ਫ਼ੌਜ ਅਬਸ਼ਈ ਦੇ ਅੱਗੋਂ ਭੱਜ ਖੜੋਤੇ ਅਤੇ ਉਹ ਭੱਜ ਕੇ ਆਪਣੇ ਸ਼ਹਿਰ ਜਾ ਵੜੇ ਅਤੇ ਯੋਆਬ ਫ਼ਿਰ ਵਾਪਿਸ ਯਰੂਸ਼ਲਮ ਨੂੰ ਆ ਗਿਆ।
16 ਜਦੋਂ ਅਰਾਮੀ ਆਗੂਆਂ ਨੂੰ ਪਤਾ ਲੱਗਾ ਕਿ ਇਸਰਾਏਲੀਆਂ ਨੇ ਉਨ੍ਹਾਂ ਨੂੰ ਹਰਾ ਦਿੱਤਾ, ਉਨ੍ਹਾਂ ਨੇ ਫ਼ਰਾਤ ਨਦੀ ਦੇ ਪੂਰਬੀ ਹਿੱਸੇ ਵਿੱਚ ਰਹਿੰਦੇ ਅਰਾਮੀ ਲੋਕਾਂ ਕੋਲ, ਉਨ੍ਹਾਂ ਦੀ ਮਦਦ ਲੈਣ ਲਈ ਹਲਕਾਰੇ ਘੱਲੇ। ਹਦਰਅਜ਼ਰ ਦੀ ਫੌਜ ਦਾ ਆਗੂ ਸੋਫਕ, ਬਾਕੀ ਅਰਾਮੀ ਫ਼ੌਜ ਦਾ ਵੀ ਆਗੂ ਸੀ।
17 ਦਾਊਦ ਨੂੰ ਜਦੋਂ ਪਤਾ ਲੱਗਿਆ ਕਿ ਅਰਾਮ ਦੇ ਲੋਕ ਲੜਾਈ ਲਈ ਇਕੱਠੇ ਹੋ ਰਹੇ ਹਨ ਤਾਂ ਉਸ ਨੇ ਵੀ ਸਾਰੇ ਇਸਰਾਏਲੀਆਂ ਨੂੰ ਇਕੱਠਿਆਂ ਕੀਤਾ। ਦਾਊਦ ਨੇ ਆਪਣੀ ਸਾਰੀ ਫ਼ੌਜ ਦੀ ਅਗਵਾਈ ਕਰਕੇ ਯਰਦਨ ਦਰਿਆ ਨੂੰ ਪਾਰ ਕੀਤਾ ਅਤੇ ਅਰਾਮੀ ਫ਼ੌਜ ਦੇ ਆਹਮਣੋ-ਸਾਹਮਣੇ ਆ ਗਿਆ। ਦਾਊਦ ਨੇ ਆਪਣੀ ਸੈਨਾ ਨੂੰ ਤਿਆਰ ਕਰਕੇ ਅਰਾਮੀਆਂ ਉੱਪਰ ਹਮਲਾ ਕਰ ਦਿੱਤਾ। 18 ਤਦ ਅਰਾਮੀ ਇਸਰਾਏਲੀਆਂ ਅੱਗੋਂ ਭੱਜ ਗਏ। ਦਾਊਦ ਅਤੇ ਉਸਦੀ ਸੈਨਾ ਨੇ 7,000 ਅਰਾਮੀ ਸਾਰਥੀਆਂ ਅਤੇ 40,000 ਅਰਾਮੀ ਸਿਪਾਹੀਆਂ ਨੂੰ ਮਾਰ ਮੁਕਾਇਆ। ਦਾਊਦ ਅਤੇ ਉਸਦੀ ਫ਼ੌਜ ਨੇ ਅਰਾਮੀ ਸੈਨਾ ਦੇ ਸੈਨਾਪਤੀ ਸ਼ੋਫ਼ਕ ਨੂੰ ਵੀ ਵੱਢ ਸੁੱਟਿਆ।
19 ਜਦੋਂ ਹਦਰਅਜ਼ਰ ਦੇ ਸੈਨਾਪਤੀਆਂ ਨੇ ਵੇਖਿਆ ਕਿ ਇਸਰਾਏਲ ਨੇ ਉਨ੍ਹਾਂ ਨੂੰ ਹਾਰ ਦਿੱਤੀ ਹੈ ਤਾਂ ਉਨ੍ਹਾਂ ਨੇ ਦਾਊਦ ਨਾਲ ਸੁਲਾਹ ਕਰ ਲਈ ਅਤੇ ਉਹ ਦਾਊਦ ਦੇ ਦਾਸ ਬਣ ਗਏ। ਇਉਂ ਅਰਾਮੀਆਂ ਨੇ ਮੁੜ ਅੰਮੋਨੀਆਂ ਨੂੰ ਮਦਦ ਕਰਨ ਤੋਂ ਇਨਕਾਰ ਕਰ ਦਿੱਤਾ।
ਯੋਆਬ ਦਾ ਅੰਮੋਨੀਆਂ ਨੂੰ ਤਬਾਹ ਕਰਨਾ
20 ਬਸੰਤ ਰੁੱਤ ਵਿੱਚ ਯੋਆਬ ਯੁੱਧ ਕਰਨ ਲਈ ਇਸਰਾਏਲੀ ਸੈਨਾ ਨਾਲ ਬਾਹਰ ਨਿਕਲਿਆ। ਇਹ ਸਾਲ ਦਾ ਉਹ ਸਮਾਂ ਸੀ, ਜਦੋਂ ਰਾਜੇ ਯੁੱਧ ਕਰਨ ਲਈ ਬਾਹਰ ਆਉਂਦੇ ਸਨ, ਪਰ ਦਾਊਦ ਯਰੂਸ਼ਲਮ ਵਿੱਚ ਹੀ ਰਿਹਾ। ਇਸਰਾਏਲ ਦੀ ਸੈਨਾ ਅੰਮੋਨ ਸ਼ਹਿਰ ਨੂੰ ਗਈ ਅਤੇ ਇਸ ਨੂੰ ਨਸ਼ਟ ਕਰ ਦਿੱਤਾ। ਫ਼ੇਰ ਉਹ ਰੱਬਾਹ ਸ਼ਹਿਰ ਨੂੰ ਗਏ ਤੇ ਇਸ ਨੂੰ ਘੇਰਾ ਪਾ ਲਿਆ ਤਾਂ ਜੋ ਕੋਈ ਵੀ ਸ਼ਹਿਰ ਵਿੱਚੋਂ ਬਾਹਰ ਨਾ ਆ ਸੱਕੇ। ਯੋਆਬ ਅਤੇ ਇਸਰਾਏਲੀ ਸੈਨਾ ਸ਼ਹਿਰ ਨੂੰ ਤਬਾਹ ਕਰਨ ਤੀਕ ਲੜਦੇ ਰਹੇ।
2 ਦਾਊਦ ਨੇ ਉਨ੍ਹਾਂ ਦੇ ਰਾਜੇ ਦਾ ਮੁਕਟ ਉਸ ਦੇ ਸਿਰ ਤੋਂ ਲਾਹ ਲਿਆ। ਉਸ ਸੋਨੇ ਦੇ ਮੁਕਟ ਦਾ ਭਾਰ ਲੱਗਭਗ 75 ਪੌਂਡ ਸੀ ਜਿਸ ਵਿੱਚ ਕੀਮਤੀ ਪੱਥਰ ਜੜੇ ਹੋਏ ਸਨ। ਇਹ ਮੁਕਟ ਦਾਊਦ ਦੇ ਸਿਰ ਤੇ ਸਜਾਇਆ ਗਿਆ ਅਤੇ ਦਾਊਦ ਨੂੰ ਉਸ ਸ਼ਹਿਰ ਤੋਂ ਬਹੁਤ ਸਾਰੇ ਕੀਮਤੀ ਪਦਾਰਥ ਵੀ ਪ੍ਰਾਪਤ ਹੋਏ। 3 ਦਾਊਦ ਨੇ ਰੱਬਾਹ ਵਿੱਚੋਂ ਲੋਕਾਂ ਨੂੰ ਬਾਹਰ ਕੱਢ ਕੇ ਉਨ੍ਹਾਂ ਨੂੰ ਆਰੀਆਂ, ਲੋਹੇ ਦੀਆਂ ਸਲਾਖਾਂ ਅਤੇ ਕੁਹਾੜੀਆਂ ਨਾਲ ਕੰਮ ਕਰਨ ਲਈ ਮਜ਼ਬੂਰ ਕੀਤਾ। ਉਸ ਨੇ ਇੰਝ ਹੀ ਅੰਮੋਨੀਆਂ ਦੇ ਬਾਕੀ ਸ਼ਹਿਰਾਂ ਦੇ ਲੋਕਾਂ ਨਾਲ ਵੀ ਕੀਤਾ। ਫ਼ਿਰ ਉਹ ਅਤੇ ਉਸਦੀ ਸੈਨਾ ਯਰੂਸ਼ਲਮ ਨੂੰ ਵਾਪਸ ਪਰਤ ਆਈ।
ਫ਼ਲਿਸਤੀ ਦੈਂਤਾ ਦਾ ਮਾਰਿਆ ਜਾਣਾ
4 ਬਾਅਦ ਵਿੱਚ ਇਸਰਾਏਲੀਆਂ ਦੀ ਫ਼ਲਿਸਤੀਆਂ ਨਾਲ ਗਜ਼ਰ ਵਿੱਚ ਜੰਗ ਹੋਈ। ਤਦ ਹੁੱਸ਼ਾਥੀ ਸਿਬਕਾਈ ਨੇ ਸਿੱਪਈ ਨੂੰ ਜਿਹੜਾ ਕਿ ਰਫ਼ਾ ਦੀ ਅੰਸ ਵਿੱਚੋਂ ਸੀ ਮਾਰ ਸੁੱਟਿਆ ਅਤੇ ਉਹ ਹਾਰ ਗਏ।
5 ਇੱਕ ਹੋਰ ਵਾਰੀ ਇਸਰਾਏਲੀਆਂ ਨੇ ਫ਼ਲਿਸਤੀਆਂ ਨਾਲ ਯੁੱਧ ਕੀਤਾ ਜਿਸ ਵਿੱਚ ਯਾਈਰ ਦੇ ਪੁੱਤਰ ਅਲਹਨਾਨ ਨੇ ਗਿੱਤੀ ਗੋਲਿਅਥ ਦੇ ਭਰਾ ਲਹਮੀ ਨੂੰ ਮਾਰ ਸੁੱਟਿਆ। ਲਹਮੀ ਦਾ ਨੇਜਾ ਜੁਲਾਹੇ ਦੇ ਤੁਰ ਜਿੰਨਾ ਵੱਡਾ ਸੀ।
6 ਬਾਅਦ ਵਿੱਚ, ਇਸਰਾਏਲੀਆਂ ਨੇ ਫ਼ਲਿਸਤੀ ਲੋਕਾਂ ਨਾਲ ਗਥ ਵਿੱਚ ਇੱਕ ਹੋਰ ਜੰਗ ਕੀਤੀ। ਉਸ ਸ਼ਹਿਰ ਵਿੱਚ ਇੱਕ ਬੜਾ ਲੰਬਾ ਆਦਮੀ ਸੀ ਜਿਸ ਦੀਆਂ ਵੀਹ ਦੀ ਥਾਵੇਂ ਹੱਥਾਂ ਪੈਰਾਂ ਦੀਆਂ 24 ਉਂਗਲਾਂ ਸਨ। ਉਸ ਦੇ ਹਰ ਹੱਥ ਅਤੇ ਪੈਰ ਦੀਆਂ ਛੇ-ਛੇ ਉਂਗਲਾਂ ਸਨ। ਵੈਸੇ ਵੀ ਉਹ ਦਿਓਆਂ (ਰਫ਼ਾ) ਦੀ ਕੁਲ ਵਿੱਚੋਂ ਸੀ। 7 ਤਾਂ ਜਦੋਂ ਉਸ ਆਦਮੀ ਨੇ ਇਸਰਾਏਲ ਦਾ ਮਖੌਲ ਉਡਾਇਆ ਤਾਂ ਯੋਨਾਥਾਨ ਨੇ ਉਸ ਨੂੰ ਵੱਢ ਸੁੱਟਿਆ। ਯੋਨਾਥਾਨ ਸ਼ਿਮਈ ਦਾ ਪੁੱਤਰ ਸੀ ਅਤੇ ਸ਼ਿਮਈ ਦਾਊਦ ਦਾ ਭਰਾ ਸੀ।
8 ਉਹ ਫ਼ਲਿਸਤੀ ਆਦਮੀ ਗਥ ਨਗਰ ਵਿੱਚ ਪੈਦਾ ਹੋਏ ਦੈਂਤਾ ਦੇ ਪੁੱਤਰ ਸਨ। ਦਾਊਦ ਅਤੇ ਉਸ ਦੇ ਸੇਵਕਾਂ ਨੇ ਉਨ੍ਹਾਂ ਦੈਂਤਾ ਨੂੰ ਮਾਰ ਮੁਕਾਇਆ।
ਦਾਊਦ ਤੋਂ ਇਸਰਾਏਲੀਆਂ ਦੀ ਗਿਣਤੀ ਦਾ ਪਾਪ
21 ਸ਼ਤਾਨ ਇਸਰਾਏਲੀਆਂ ਦੇ ਵਿਰੁੱਧ ਸੀ ਅਤੇ ਦਾਊਦ ਨੂੰ ਇਸਰਾਏਲੀਆਂ ਦੀ ਗਿਣਤੀ ਕਰਨ ਲਈ ਉਕਸਾਇਆ। 2 ਤਾਂ ਦਾਊਦ ਨੇ ਯੋਆਬ ਅਤੇ ਲੋਕਾਂ ਦੇ ਆਗੂਆਂ ਨੂੰ ਕਿਹਾ, “ਜਾਓ ਅਤੇ ਬਏਰਸ਼ਬਾ ਤੋਂ ਲੈ ਕੇ ਦਾਨ ਸ਼ਹਿਰ ਤੀਕ ਇਸਰਾਏਲ ਦੇ ਲੋਕਾਂ ਦੀ ਗਿਣਤੀ ਕਰੋ ਅਤੇ ਫ਼ਿਰ ਆਣ ਕੇ ਮੈਨੂੰ ਦੱਸੋ ਕਿ ਉਨ੍ਹਾਂ ਦੀ ਗਿਣਤੀ ਕਿੰਨੀ ਹੈ ਤਾਂ ਜੋ ਮੈਨੂੰ ਪਤਾ ਲੱਗੇ ਕਿ ਇਸਰਾਏਲੀਆਂ ਦੀ ਕੁਲ ਗਿਣਤੀ ਕਿੰਨੀ ਹੈ?”
3 ਪਰ ਯੋਆਬ ਨੇ ਜਵਾਬ ਦਿੱਤਾ, “ਚਾਹੇ ਯਹੋਵਾਹ ਆਪਣੀ ਪਰਜਾ ਨੂੰ ਇਸ ਨਾਲੋਂ ਸੌ ਗੁਣਾ ਵੱਧੇਰੇ ਵਿਸ਼ਾਲ ਬਣਾ ਦੇਵੇ, ਇਸਰਾਏਲ ਦੇ ਉਹ ਸਾਰੇ ਲੋਕ ਤੇਰੇ ਨੌਕਰ ਰਹਿਣਗੇ। ਇਸ ਲਈ ਮੇਰੇ ਮਾਲਕ ਅਤੇ ਪਾਤਸ਼ਾਹ, ਤੂੰ ਅਜਿਹਾ ਕਿਉਂ ਕਰਨਾ ਚਾਹੁੰਦਾ? ਤੂੰ ਇਸਰਾਏਲ ਦੇ ਲੋਕਾਂ ਨੂੰ ਪਾਪ ਦੇ ਦੋਸ਼ੀ ਕਿਉਂ ਬਨਾਉਣਾ ਚਾਹੁੰਦਾ ਹੈਂ?”
4 ਪਰ ਦਾਊਦ ਪਾਤਸ਼ਾਹ ਆਪਣੀ ਗੱਲ ਤੇ ਅੜਿਆ ਰਿਹਾ ਇਸ ਲਈ ਯੋਆਬ ਨੂੰ ਪਾਤਸ਼ਾਹ ਦਾ ਹੁਕਮ ਮੰਨਣਾ ਪਿਆ। ਇਸ ਲਈ ਯੋਆਬ ਦੇਸ਼ ਵਿੱਚ ਰਹਿੰਦੇ ਸਾਰੇ ਇਸਰਾਏਲੀ ਲੋਕਾਂ ਦੀ ਗਿਣਤੀ ਕਰਨ ਲਈ ਚੱਲਾ ਗਿਆ। ਫ਼ਿਰ ਯੋਆਬ ਯਰੂਸ਼ਲਮ ਨੂੰ ਵਾਪਸ ਆ ਗਿਆ। 5 ਅਤੇ ਉਸ ਨੇ ਵਾਪਿਸ ਆ ਕੇ ਦਾਊਦ ਨੂੰ ਲੋਕਾਂ ਦੀ ਗਿਣਤੀ ਦੱਸੀ। ਉਸ ਵਕਤ ਇਸਰਾਏਲ ਵਿੱਚ ਤਲਵਾਰ ਧਾਰੀਆਂ ਦੀ ਗਿਣਤੀ 11,00,000 ਸੀ। ਅਤੇ ਯਹੂਦਾਹ ਵਿੱਚ 4,70,000 ਤਲਵਾਰ ਧਾਰੀ ਸਨ। 6 ਯੋਆਬ ਨੇ ਲੇਵੀ ਅਤੇ ਬਿਨਯਾਮੀਨ ਦੇ ਪਰਿਵਾਰ-ਸਮੂਹਾਂ ਨੂੰ ਨਾ ਗਿਣਿਆ। ਇਨ੍ਹਾਂ ਦੀ ਗਿਣਤੀ ਯੋਆਬ ਨੇ ਇਸ ਲਈ ਨਾ ਕੀਤੀ ਕਿਉਂ ਕਿ ਉਸ ਨੂੰ ਦਾਊਦ ਦਾ ਇਹ ਹੁਕਮ ਭਾਇਆ ਨਹੀਂ ਸੀ। 7 ਦਾਊਦ ਨੇ ਯਹੋਵਾਹ ਦੀ ਦਰਿਸ਼ਟੀ ਵਿੱਚ ਇੱਕ ਭੈੜਾ ਕੰਮ ਕੀਤਾ ਸੀ, ਇਸ ਲਈ ਪਰਮੇਸ਼ੁਰ ਨੇ ਇਸਰਾਏਲ ਨੂੰ ਸਜ਼ਾ ਦਿੱਤੀ।
ਪਰਮੇਸ਼ੁਰ ਦਾ ਇਸਰਾਏਲ ਨੂੰ ਦੰਡ ਦੇਣਾ
8 ਤਦ ਦਾਊਦ ਨੇ ਪਰਮੇਸ਼ੁਰ ਨੂੰ ਕਿਹਾ, “ਮੈਂ ਬੜੀ ਮੂਰੱਖਤਾਈ ਕੀਤੀ ਹੈ ਜੋ ਮੈਂ ਇਸਰਾਏਲੀਆਂ ਦੀ ਗਿਣਤੀ ਕੀਤੀ। ਮੇਰੇ ਕੋਲੋਂ ਵੱਡਾ ਪਾਪ ਹੋਇਆ ਹੈ ਇਸ ਲਈ ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਕਿ ਹੇ ਯਹੋਵਾਹ ਮੇਰੀ ਭੁੱਲ ਨੂੰ ਆਪਣਾ ਦਾਸ ਜਾਣ ਕੇ ਬਖਸ਼ ਦੇ।”
9-10 ਗਾਦ ਦਾਊਦ ਦਾ ਸੰਤ ਸੀ ਤਾਂ ਯਹੋਵਾਹ ਨੇ ਗਾਦ ਨੂੰ ਆਖਿਆ, “ਜਾਹ, ਅਤੇ ਜਾ ਕੇ ਦਾਊਦ ਨੂੰ ਦੱਸ ਕਿ ਯਹੋਵਾਹ ਨੇ ਇਹ ਵਾਕ ਕਿਹਾ ਹੈ, ਕਿ ਮੈਂ ਤੈਨੂੰ ਤਿੰਨ ਚੋਣ ਦਿੰਦਾ ਹਾਂ, ਤੂੰ ਉਨ੍ਹਾਂ ਵਿੱਚੋਂ ਇੱਕ ਦੀ ਚੋਣ ਕਰ ਲੈ ਅਤੇ ਮੈਂ ਫ਼ਿਰ ਤੈਨੂੰ ਤੇਰੀ ਉਸ ਚੋਣ ਮੁਤਾਬਕ ਸਜ਼ਾ ਦੇਵਾਂਗਾ।”
11-12 ਤਦ ਗਾਦ ਦਾਊਦ ਕੋਲ ਗਿਆ ਅਤੇ ਉਸ ਨੂੰ ਜਾ ਕੇ ਕਿਹਾ, “ਯਹੋਵਾਹ ਆਖਦਾ ਹੈ, ‘ਦਾਊਦ ਤੂੰ ਇਨ੍ਹਾਂ ਵਿੱਚੋਂ ਚੋਣ ਕਰ ਲੈ ਕਿ ਤੈਨੂੰ ਕਿਹੜਾ ਦੰਡ ਚਾਹੀਦਾ ਹੈ: ਤਿੰਨ ਸਾਲਾਂ ਦਾ ਅੰਨ ਕਾਲ ਹੋਵੇ ਜਾਂ ਤੂੰ ਆਪਣੇ ਵੈਰੀਆਂ ਸਾਹਮਣਿਓ ਤਿੰਨਾਂ ਮਹੀਨਿਆਂ ਲਈ ਭੱਜਦਾ ਫਿਰੇਂ, ਜਦੋਂ ਕਿ ਉਹ ਤੈਨੂੰ ਆਪਣੀਆਂ ਤਲਵਾਰਾਂ ਨਾਲ ਭਜਾਉਣ ਜਾਂ ਤਿੰਨ ਦਿਨ ਯਹੋਵਾਹ ਤੇਰੇ ਉੱਪਰ ਕਰੋਪੀ ਰਹੇ ਜਿਸ ਵਿੱਚ ਮਹਾਂਮਾਰੀ ਸਾਰੇ ਦੇਸ ਵਿੱਚ ਫ਼ੈਲ ਜਾਵੇ ਅਤੇ ਯਹੋਵਾਹ ਦਾ ਦੂਤ ਸਾਰੇ ਦੇਸ਼ ਰਾਹੀਂ ਇਸਰਾਏਲੀਆਂ ਨੂੰ ਤਬਾਹ ਕਰੇ।’ ਦਾਊਦ! ਪਰਮੇਸ਼ੁਰ ਨੇ ਮੈਨੂੰ ਇਸੇ ਲਈ ਭੇਜਿਆ ਹੈ ਤਾਂ ਜੋ ਇਨ੍ਹਾਂ ਵਿੱਚੋਂ ਤੂੰ ਚੋਣ ਕਰ ਲੈ ਤਾਂ ਜੋ ਮੈਂ ਜਾ ਕੇ ਪਰਮੇਸ਼ੁਰ ਨੂੰ ਜਵਾਬਦੇਹ ਹੋਵਾਂ।”
13 ਦਾਊਦ ਨੇ ਗਾਦ ਨੂੰ ਕਿਹਾ, “ਮੈਂ ਤਾਂ ਵੱਡੀ ਦੁਵਿਧਾ ਵਿੱਚ ਫ਼ਸ ਗਿਆ ਹਾਂ। ਮੈਂ ਆਪਣੀ ਸਜ਼ਾ ਲਈ ਕਿਸੇ ਮਨੁੱਖ ਦੇ ਹੱਥ ਵਿੱਚ ਨਹੀਂ ਪੈਣਾ ਚਾਹੁੰਦਾ। ਯਹੋਵਾਹ ਬੜਾ ਦਯਾਵਾਨ ਹੈ, ਇਸ ਲਈ ਮੈਂ ਯਹੋਵਾਹ ਦੇ ਉੱਪਰ ਹੀ ਛੱਡਦਾ ਹਾਂ ਉਹ ਜਿਵੇਂ ਚਾਹੇ ਮੈਨੂੰ ਦੰਡ ਦੇਵੇ।”
14 ਤਾਂ ਯਹੋਵਾਹ ਨੇ ਇਸਰਾਏਲ ਉੱਪਰ ਮਹਾਂਮਾਰੀ ਭੇਜੀ ਜਿਸ ਵਿੱਚ 70,000 ਲੋਕ ਮਰ ਗਏ। 15 ਪਰਮੇਸ਼ੁਰ ਨੇ ਯਰੂਸ਼ਲਮ ਨੂੰ ਨਸ਼ਟ ਕਰਨ ਲਈ ਦੂਤ ਨੂੰ ਭੇਜਿਆ ਪਰ ਜਦ ਹੀ ਦੂਤ ਨੇ ਯਰੂਸ਼ਲਮ ਨੂੰ ਨਾਸ ਕਰਨਾ ਸ਼ੁਰੂ ਕੀਤਾ ਤਾਂ ਯਹੋਵਾਹ ਇਸ ਨਾਸ ਨੂੰ ਵੇਖਕੇ ਪਛਤਾਇਆ। ਤਾਂ ਯਹੋਵਾਹ ਨੇ ਉਸ ਦੂਤ ਨੂੰ ਜੋ ਨਾਸ ਕਰ ਰਿਹਾ ਸੀ ਆਖਿਆ, “ਰੁਕ ਜਾ! ਬਸ ਬਹੁਤ ਹੋ ਗਿਆ!” ਉਸ ਵਕਤ ਯਹੋਵਾਹ ਦਾ ਦੂਤ ਅਜੇ ਯਬੂਸੀ ਆਰਨਾਨ ਦੇ ਪਿੜ ਕੋਲ ਖੜੋਤਾ ਸੀ।
16 ਤਾਂ ਦਾਊਦ ਨੇ ਆਪਣੀਆਂ ਅੱਖਾਂ ਉੱਪਰ ਨੂੰ ਕਰਕੇ ਅਸਮਾਨ ਵਿੱਚ ਯਹੋਵਾਹ ਦੇ ਦੂਤ ਨੂੰ ਵੇਖਿਆ। ਦੂਤ ਦੀ ਤਲਵਾਰ ਯਰੂਸ਼ਲਮ ਸ਼ਹਿਰ ਵੱਲ ਨਿਕਲੀ ਹੋਈ ਸੀ। ਤਦ ਦਾਊਦ ਅਤੇ ਬਜ਼ੁਰਗਾਂ ਨੇ ਧਰਤੀ ਉੱਤੇ ਸਿਰ ਨਿਵਾਂ ਕੇ ਮੱਥਾ ਟੇਕਿਆ। ਦਾਊਦ ਅਤੇ ਬਜ਼ੁਰਗਾਂ ਨੇ ਆਪਣਾ ਦੁੱਖ ਪ੍ਰਗਟ ਕਰਨ ਲਈ ਖਾਸ ਤੱਪੜ ਪਾਇਆ ਹੋਇਆ ਸੀ। 17 ਦਾਊਦ ਨੇ ਪਰਮੇਸ਼ੁਰ ਨੂੰ ਕਿਹਾ, “ਮੈਂ ਹੀ ਪਾਪੀ ਹਾਂ ਜਿਸਨੇ ਲੋਕਾਂ ਦੀ ਗਿਣਤੀ ਕਰਨ ਦਾ ਹੁਕਮ ਦਿੱਤਾ। ਮੈਂ ਹੀ ਇਹ ਬੁਰਾ ਪਾਪ ਕੀਤਾ ਹੈ। ਇਸਰਾਏਲੀਆਂ ਨੇ ਕੁਝ ਵੀ ਗ਼ਲਤ ਨਹੀਂ ਕੀਤਾ। ਹੇ ਮੇਰੇ ਹੇ ਯਹੋਵਾਹ ਮੇਰੇ ਪਰਮੇਸ਼ੁਰ, ਮੈਨੂੰ ਅਤੇ ਮੇਰੇ ਪਰਿਵਾਰ ਨੂੰ ਸਜ਼ਾ ਦੇ, ਪਰ, ਕਿਰਪਾ ਕਰਕੇ ਆਪਣੀਆਂ ਭੇਡਾਂ ਅਤੇ ਆਪਣੇ ਸ਼ਰਧਾਲੂਆਂ ਉੱਪਰ ਇਹ ਮਹਾਮਾਰੀ ਨੂੰ ਰੋਕ ਦੇਵੋ।”
18 ਤਦ ਯਹੋਵਾਹ ਦੇ ਦੂਤ ਨੇ ਗਾਦ ਨੂੰ ਕਿਹਾ ਕਿ ਦਾਊਦ ਨੂੰ ਆਖੋ ਕਿ ਉਹ ਯਹੋਵਾਹ ਦੇ ਉਪਾਸਨਾ ਲਈ ਇੱਕ ਜਗਵੇਦੀ ਬਣਾਏ। ਦਾਊਦ ਨੂੰ ਕਹੋ ਇਹ ਜਗਵੇਦੀ ਯਬੂਸੀ ਆਰਨਾਨ ਦੇ ਪਿੜ ਦੇ ਨਜ਼ਦੀਕ ਬਣਾਵੇ। 19 ਗਾਦ ਨੇ ਉਹ ਸਭ ਗੱਲਾਂ ਦੱਸੀਆਂ ਜੋ ਪਰਮੇਸ਼ੁਰ ਨੇ ਉਸ ਨੂੰ ਦਾਊਦ ਨੂੰ ਦੱਸਣ ਲਈ ਕਹੀਆਂ ਸਨ ਤਾਂ ਦਾਊਦ ਆਰਨਾਨ ਦੇ ਪਿੜ ਵਿੱਚ ਗਿਆ।
20 ਉਸ ਵਕਤ ਆਰਨਾਨ ਕਣਕ ਦਾ ਗਾਹ ਪਾ ਰਿਹਾ ਸੀ ਉਸ ਨੇ ਮੁੜ ਕੇ ਵੇਖਿਆ ਤਾਂ ਉਸ ਨੂੰ ਦੂਤ ਨਜ਼ਰ ਆਇਆ ਤਾਂ ਆਰਨਾਨ ਦੇ ਚਾਰੋ ਪੁੱਤਰ ਲੁਕਣ ਲਈ ਭੱਜ ਖੜੋਤੇ। 21 ਦਾਊਦ ਆਰਨਾਨ ਕੋਲ ਪਹਾੜੀ ਉੱਪਰ ਜਾ ਰਿਹਾ ਸੀ। ਜਦੋਂ ਆਰਨਾਨ ਨੇ ਉਸ ਨੂੰ ਆਉਂਦਿਆਂ ਵੇਖਿਆ, ਉਸ ਨੇ ਪਿੜ ਵਿੱਚ ਆਪਣਾ ਕੰਮ ਛੱਡ ਦਿੱਤਾ ਅਤੇ ਦਾਊਦ ਵੱਲ ਆਇਆ। ਉਸ ਨੇ ਦਾਊਦ ਕੋਲ ਪਹੁੰਚ ਕੇ ਜ਼ਮੀਨ ਵੱਲ ਆਪਣਾ ਮੂੰਹ ਕਰਕੇ ਉਸ ਦੇ ਅੱਗੇ ਝੁਕ ਗਿਆ।
22 ਦਾਊਦ ਨੇ ਆਰਨਾਨ ਨੂੰ ਕਿਹਾ, “ਮੈਨੂੰ ਪੂਰੀ ਕੀਮਤ ਤੇ ਆਪਣਾ ਪਿੜ ਵੇਚ ਦੇ, ਤਾਂ ਜੋ ਇੱਥੇ ਮੈਂ ਯਹੋਵਾਹ ਦੀ ਉਪਾਸਨਾ ਲਈ ਇੱਕ ਜਗਵੇਦੀ ਬਣਾ ਸੱਕਾਂ। ਇਉਂ ਕਰਨ ਨਾਲ ਮਹਾਮਾਰੀ ਖਤਮ ਹੋ ਜਾਵੇਗੀ।”
23 ਆਰਨਾਨ ਨੇ ਦਾਊਦ ਨੂੰ ਕਿਹਾ, “ਤੂੰ ਇਹ ਪਿੜ ਸੰਭਾਲ ਲੈ। ਤੂੰ ਤਾਂ ਮੇਰਾ ਪਾਤਸ਼ਾਹ ਸੁਆਮੀ ਹੈਂ। ਤੈਨੂੰ ਜਿਵੇਂ ਚੰਗਾ ਲਗਦਾ ਹੈ ਤੂੰ ਕਰ ਲੈ। ਵੇਖ, ਮੈਂ ਤੈਨੂੰ ਹੋਮ ਦੀ ਭੇਟ ਲਈ ਪਸ਼ੂ ਅਤੇ ਅਨਾਜ ਦੀ ਭੇਟ ਲਈ ਕਣਕ ਵੀ ਦੇਵਾਂਗਾ।”
24 ਪਰ ਦਾਊਦ ਪਾਤਸ਼ਾਹ ਨੇ ਆਰਨਾਨ ਨੂੰ ਆਖਿਆ, “ਨਹੀਂ, ਇਸ ਸਭ ਕਾਸੇ ਲਈ ਮੈਂ ਤੈਨੂੰ ਪੂਰੀ ਕੀਮਤ ਚੁਕਾਵਾਂਗਾ। ਮੈਂ ਤੇਰੀਆਂ ਵਸਤਾਂ ਲੈ ਕੇ ਯਹੋਵਾਹ ਨੂੰ ਉਹ ਅਰਪਣ ਨਹੀਂ ਕਰਾਂਗਾ ਜੋ ਤੇਰੀ ਹੋਵੇ। ਜਿਸ ਵਸਤ ਦੀ ਮੈਨੂੰ ਕੀਮਤ ਅਦਾ ਨਾ ਕਰਨੀ ਪਵੇ ਉਹ ਭੇਟ ਮੈਂ ਕਿਵੇਂ ਕਰ ਸੱਕਦਾ ਹਾਂ?”
25 ਇਸ ਲਈ ਦਾਊਦ ਨੇ ਆਰਨਾਨ ਨੂੰ ਉਸ ਥਾਂ ਲਈ ਸੋਨੇ ਦੇ 15 ਪੌਂਡ ਦਿੱਤੇ। 26 ਉੱਥੇ ਦਾਊਦ ਨੇ ਯਹੋਵਾਹ ਦੀ ਉਪਾਸਨਾ ਲਈ ਜਗਵੇਦੀ ਤਿਆਰ ਕੀਤੀ। ਦਾਊਦ ਨੇ ਉੱਥੇ ਹੋਮ ਦੀਆਂ ਭੇਟਾਂ ਅਤੇ ਸੁੱਖ ਸਾਂਦ ਦੀਆਂ ਭੇਟਾਂ ਚੜ੍ਹਾਈਆਂ। ਦਾਊਦ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ। ਤਾਂ ਜਵਾਬ ਵਿੱਚ ਯਹੋਵਾਹ ਨੇ ਅਕਾਸ਼ ਤੋਂ ਹੋਮ ਦੀਆਂ ਭੇਟਾਂ ਦੀ ਜਗਵੇਦੀ ਉੱਪਰ ਅੱਗ ਭੇਜੀ। 27 ਉਸ ਵੇਲੇ ਯਹੋਵਾਹ ਨੇ ਉਸ ਦੂਤ ਨੂੰ ਆਗਿਆ ਦਿੱਤੀ ਕਿ ਉਹ ਆਪਣੀ ਤਲਵਾਰ ਫ਼ਿਰ ਮਿਆਨ ਵਿੱਚ ਪਾ ਲਵੇ।
28 ਦਾਊਦ ਨੇ ਵੇਖਿਆ ਕਿ ਯਹੋਵਾਹ ਨੇ ਯਬੂਸੀ ਆਰਨਾਨ ਦੇ ਪਿੜ ਵਿੱਚ ਉਸ ਨੂੰ ਉੱਤਰ ਦਿੱਤਾ ਹੈ ਤਾਂ ਦਾਊਦ ਨੇ ਯਹੋਵਾਹ ਨੂੰ ਬਲੀ ਚੜ੍ਹਾਈ। 29 (ਪਵਿੱਤਰ ਤੰਬੂ ਅਤੇ ਹੋਮ ਦੀਆਂ ਭੇਟਾਂ ਲਈ ਜਗਵੇਦੀ ਗਿਬਓਨ ਵਿੱਚ ਉੱਚੇ ਥਾਂ ਉੱਤੇ ਸੀ। ਜਦੋਂ ਇਸਰਾਏਲ ਦੇ ਲੋਕ ਉਜਾੜ ਵਿੱਚ ਸਨ ਉਸ ਵਕਤ ਮੂਸਾ ਨੇ ਇਹ ਪਵਿੱਤਰ ਤੰਬੂ ਬਣਾਇਆ ਸੀ। 30 ਦਾਊਦ ਕਿਉਂ ਕਿ ਪਰਮੇਸ਼ੁਰ ਤੋਂ ਭੈਭੀਤ ਸੀ ਇਸ ਲਈ ਉਹ ਉਸ ਕੋਲ ਪਵਿੱਤਰ ਤੰਬੂ ਵਿੱਚ ਨਾ ਜਾ ਸੱਕਿਆ। ਦਾਊਦ ਯਹੋਵਾਹ ਦੇ ਦੂਤ ਦੀ ਤਲਵਾਰ ਤੋਂ ਡਰਦਾ ਸੀ।)
22 ਦਾਊਦ ਨੇ ਕਿਹਾ, “ਯਹੋਵਾਹ ਪਰਮੇਸ਼ੁਰ ਦਾ ‘ਮੰਦਰ’ ਅਤੇ ਹੋਮ ਦੀਆਂ ਬਲੀਆਂ ਦੀ ਜਗਵੇਦੀ ਜੋ ਕਿ ਇਸਰਾਏਲ ਦੇ ਲੋਕਾਂ ਲਈ ਹੋਵੇਗੀ, ਇਸ ਥਾਵੇਂ ਹੀ ਬਣੇਗੀ।”
ਦਾਊਦ ਦੀ ਮੰਦਰ ਲਈ ਤਿਆਰੀ
2 ਦਾਊਦ ਨੇ ਸਾਰੇ ਵਿਦੇਸ਼ੀਆਂ ਨੂੰ ਜੋ ਇਸਰਾਏਲ ਵਿੱਚ ਰਹਿ ਰਹੇ ਸਨ ਇਕੱਠਿਆਂ ਹੋਣ ਦਾ ਹੁਕਮ ਦਿੱਤਾ ਅਤੇ ਦਾਊਦ ਨੇ ਉਨ੍ਹਾਂ ਵਿਦੇਸ਼ੀਆਂ ਵਿੱਚੋਂ ਉਨ੍ਹਾਂ ਦੇ ਦਲ ਵਿੱਚੋਂ ਕੁਝ ਸੰਗ ਤਰਾਸ਼ਾਂ ਨੂੰ ਚੁਣਿਆ, ਜਿਨ੍ਹਾਂ ਦਾ ਕੰਮ ਪਰਮੇਸ਼ੁਰ ਦੇ ਮੰਦਰ ਦੀ ਇਮਾਰਤ ਲਈ ਪੱਥਰ ਘੜਨੇ ਸੀ। 3 ਦਾਊਦ ਨੇ ਪ੍ਰਵੇਸ਼ ਦੇ ਦਰਵਾਜ਼ਿਆਂ ਲਈ ਮੇਖਾਂ ਅਤੇ ਕਬਜ਼ੇ ਬਨਾਉਣ ਲਈ ਬਹੁਤ ਸਾਰਾ ਲੋਹਾ ਇਕੱਠਾ ਕੀਤਾ ਅਤੇ ਤੋਲੇ ਜਾਣ ਤੋਂ ਵੀ ਵੱਧੇਰੇ ਕਾਂਸੀ ਇਕੱਠੀ ਕੀਤੀ। 4 ਦਾਊਦ ਨੇ ਸੀਦੋਨ ਅਤੇ ਸ਼ੂਰ ਦੇ ਲੋਕਾਂ ਤੋਂ, ਜਿਹੜੇ ਦਾਊਦ ਕੋਲ ਦਿਆਰ ਦੀ ਲੱਕੜੀ ਲੈ ਕੇ ਆਏ, ਬੇਹਿਸਾਬ ਦਿਆਰ ਦੀ ਲੱਕੜੀ ਲਈ।
5 ਦਾਊਦ ਨੇ ਕਿਹਾ, “ਸਾਨੂੰ ਯਹੋਵਾਹ ਲਈ ਇੱਕ ਬਹੁਤ ਹੀ ਵਿਸ਼ਾਲ ਅਤੇ ਮਹਾਨ ਮੰਦਰ ਬਨਾਉਣਾ ਚਾਹੀਦਾ ਹੈ। ਪਰ ਮੇਰਾ ਪੁੱਤਰ ਅਜੇ ਬਹੁਤ ਛੋਟਾ ਅਤੇ ਤਜ਼ਰਬਾਹੀਣ ਹੈ। ਯਹੋਵਾਹ ਦਾ ਮੰਦਰ ਇਸਦੀ ਮਹਾਨਤਾ ਅਤੇ ਸੁੰਦਰਤਾ ਲਈ ਸਾਰੀਆਂ ਕੌਮਾਂ ਵਿੱਚ ਮਸ਼ਹੂਰ ਹੋਣਾ ਚਾਹੀਦਾ ਹੈ। ਇਸੇ ਕਾਰਣ ਯਹੋਵਾਹ ਦੇ ਮੰਦਰ ਦੇ ਨਿਰਮਾਣ ਦੀ ਮੈਂ ਯੋਜਨਾ ਬਣਾਈ ਹੈ।” ਇਸ ਲਈ ਦਾਊਦ ਨੇ ਆਪਣੀ ਮੌਤ ਤੋਂ ਪਹਿਲਾਂ ਮੰਦਰ ਦੇ ਨਿਰਮਾਣ ਦੀਆਂ ਬੜੀਆਂ ਯੋਜਨਾਵਾਂ ਬਣਾਈਆਂ।
6 ਫ਼ਿਰ ਦਾਊਦ ਨੇ ਆਪਣੇ ਪੁੱਤਰ ਸੁਲੇਮਾਨ ਨੂੰ ਸੱਦਿਆ। ਦਾਊਦ ਨੇ ਸੁਲੇਮਾਨ ਨੂੰ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਲਈ ਮੰਦਰ ਦੇ ਨਿਰਮਾਣ ਕਰਨ ਦੇ ਬਾਰੇ ਦੱਸਿਆ। 7 ਦਾਊਦ ਨੇ ਸੁਲੇਮਾਨ ਨੂੰ ਕਿਹਾ, “ਮੇਰੇ ਪੁੱਤਰ! ਮੈਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਨਾਮ ਲਈ ਇੱਕ ਮੰਦਰ ਬਨਾਉਣਾ ਚਾਹੁੰਦਾ ਹਾਂ। 8 ਪਰ ਮੇਰੇ ਯਹੋਵਾਹ ਨੇ ਮੈਨੂੰ ਆਖਿਆ, ‘ਦਾਊਦ ਤੂੰ ਬੜੀਆਂ ਲੜਾਈਆਂ ਲੜਿਆ ਹੈਂ ਅਤੇ ਤੂੰ ਬਹੁਤ ਸਾਰੇ ਲੋਕਾਂ ਨੂੰ ਮਾਰਿਆ ਹੈ। ਇਸ ਲਈ ਤੂੰ ਮੇਰੇ ਨਾਂ ਲਈ ਮੰਦਰ ਨਹੀਂ ਬਨਵਾ ਸੱਕਦਾ। 9 ਪਰ ਤੇਰੇ ਘਰ ਇੱਕ ਪੁੱਤਰ ਹੋਵੇਗਾ ਜੋ ਅਮਨ ਪਸੰਦ ਹੋਵੇਗਾ ਅਤੇ ਮੈਂ ਤੇਰੇ ਪੁੱਤਰ ਨੂੰ ਸ਼ਾਂਤੀ ਦਾ ਸਮਾਂ ਦੇਵਾਂਗਾ। ਉਸ ਦੇ ਚੌਗਿਰਦੇ ’ਚ ਪਸਰੇ ਉਸ ਦੇ ਵੈਰੀ ਉਸ ਨੂੰ ਪਰੇਸ਼ਾਨ ਨਹੀਂ ਕਰਨਗੇ ਅਤੇ ਉਸਦਾ ਨਾਂ ਸੁਲੇਮਾਨ ਹੋਵੇਗਾ। ਅਤੇ ਮੈਂ ਸੁਲੇਮਾਨ ਦੇ ਰਾਜ ਵਿੱਚ ਇਸਰਾਏਲ ਨੂੰ ਸੁੱਖ ਸ਼ਾਂਤੀ ਤੇ ਅਮਨ ਦਾ ਰਾਜ ਦੇਵਾਂਗਾ। 10 ਸੁਲੇਮਾਨ ਮੇਰੇ ਨਾਂ ਵਾਸਤੇ ਮੰਦਰ ਦਾ ਨਿਰਮਾਣ ਕਰੇਗਾ। ਸੁਲੇਮਾਨ ਮੇਰਾ ਪੁੱਤਰ ਹੋਵੇਗਾ ਅਤੇ ਮੈਂ ਉਸਦਾ ਪਿਤਾ। ਅਤੇ ਮੈਂ ਸੁਲੇਮਾਨ ਦੇ ਰਾਜ ਨੂੰ ਮਜ਼ਬੂਤ ਸ਼ਕਤੀਸ਼ਾਲੀ ਬਣਾਵਾਂਗਾ ਅਤੇ ਉਸ ਦੇ ਘਰਾਣੇ ਵਿੱਚੋਂ ਕਿਸੇ ਦਾ ਰਾਜ ਹਮੇਸ਼ਾ-ਹਮੇਸ਼ਾ ਲਈ ਇਸਰਾਏਲ ਤੇ ਰਹੇਗਾ।’”
11 ਦਾਊਦ ਨੇ ਇਹ ਵੀ ਕਿਹਾ, “ਹੁਣ ਹੇ ਮੇਰੇ ਪੁੱਤਰ! ਪਰਮੇਸ਼ੁਰ ਤੇਰੇ ਅੰਗ-ਸੰਗ ਰਹੇ। ਤੈਨੂੰ ਸਫ਼ਲਤਾ ਮਿਲੇ ਅਤੇ ਤੂੰ ਯਹੋਵਾਹ ਆਪਣੇ ਪਰਮੇਸ਼ੁਰ ਲਈ ਮੰਦਰ ਬਨਾਉਣ ਵਿੱਚ ਕਾਮਯਾਬ ਰਹੇਂ, ਜਿਵੇਂ ਕਿ ਉਸ ਨੇ ਤੇਰੇ ਬਾਰੇ ਬਚਨ ਕੀਤਾ ਹੈ। 12 ਯਹੋਵਾਹ ਤੈਨੂੰ ਇਸਰਾਏਲ ਦੀ ਪਾਤਸ਼ਾਹੀ ਦੇਵੇ। ਪਰਮੇਸ਼ੁਰ ਤੈਨੂੰ ਸਮਝ ਅਤੇ ਸੋਝੀ ਦੇਵੇ ਤਾਂ ਜੋ ਤੂੰ ਬੁੱਧੀ ਨਾਲ ਇਸਰਾਏਲ ਦੇ ਲੋਕਾਂ ਨੂੰ ਆਪਣੇ ਪਰਮੇਸ਼ੁਰ ਦਾ ਹੁਕਮ ਅਤੇ ਨਿਆਂ ਮੰਨਦਾ ਹੋਇਆ ਰਾਹੇ ਪਾ ਸੱਕੇਂ। 13 ਜੇਕਰ ਤੂੰ ਪਰਮੇਸ਼ੁਰ ਦੇ ਅਸੂਲ ਅਤੇ ਨੇਮ ਮੰਨੇਗਾ ਜਿਹੜੇ ਪਰਮੇਸ਼ੁਰ ਨੇ ਇਸਰਾਏਲ ਵਾਸਤੇ ਮੂਸਾ ਨੂੰ ਦਿੱਤੇ ਸਨ, ਤਾਂ ਪਰਮੇਸ਼ੁਰ ਤੇਰੇ ਤੇ ਕਿਰਪਾ ਕਰੇਗਾ ਤੇ ਤੈਨੂੰ ਸਫ਼ਲਤਾ ਦੇਵੇਗਾ। ਤੂੰ ਬਹਾਦੁਰ ਹੋ ਕੇ ਸ਼ਕਤੀਸ਼ਾਲੀ ਹੋ, ਡਰ ਨਹੀਂ।
14 “ਸੁਲੇਮਾਨ, ਵੇਖ, ਮੈਂ ਯਹੋਵਾਹ ਦੇ ਮੰਦਰ ਲਈ ਯੋਜਨਾ ਬਨਾਉਣ ਵਿੱਚ ਬੜੀ ਸਖਤ ਮਿਹਨਤ ਕੀਤੀ ਹੈ। ਇਸ ਦੇ ਲਈ ਮੈਂ 3,750 ਟੱਨ ਸੋਨਾ, 37,500 ਟੱਨ ਚਾਂਦੀ ਅਤੇ ਬਹੁਤ ਹੀ ਕਾਂਸੀ ਅਤੇ ਲੋਹਾ ਦਿੱਤਾ ਹੈ ਜੋ ਤੋਲੇ ਨਹੀਂ ਜਾ ਸੱਕਦੇ। ਇਨ੍ਹਾਂ ਤੋਂ ਇਲਾਵਾ, ਮੈਂ ਇਸ ਦੇ ਨਿਰਮਾਣ ਲਈ ਲੱਕੜ ਅਤੇ ਪੱਥਰ ਵੀ ਦਿੱਤੇ ਹਨ। ਸੁਲੇਮਾਨ, ਤੂੰ ਇਨ੍ਹਾਂ ਵਿੱਚ ਹੋਰ ਵੱਧੇਰੇ ਜੋੜ ਸੱਕਦਾ ਹੈ। 15 ਤੇਰੇ ਕੋਲ ਬਹੁਤ ਸਾਰੇ ਸੰਗ ਤਰਾਸ਼ ਅਤੇ ਤਰਖਾਣ ਹਨ ਅਤੇ ਤੇਰੇ ਕੋਲ ਹਰ ਖੇਤਰ ਦੇ ਮਾਹਿਰ ਕਾਰੀਗਰ ਵੀ ਹਨ। 16 ਜੋ ਕਿ ਸੋਨੇ, ਚਾਂਦੀ, ਪਿੱਤਲ ਅਤੇ ਲੋਹੇ ਆਦਿ ਦੀ ਕਾਰੀਗਰੀ ’ਚ ਬੜੇ ਨਿਪੁਣ ਹਨ। ਤੇਰੇ ਕੋਲ ਤਾਂ ਅਜਿਹੇ ਕਾਰੀਗਰ ਬੇਹਿਸਾਬ ਹਨ। ਇਸ ਲਈ ਹੁਣ ਤੂੰ ਕਾਰਜ ਸ਼ੁਰੂ ਕਰ। ਯਹੋਵਾਹ ਤੇਰੇ ਅੰਗ-ਸੰਗ ਹੋਵੇ।”
17 ਤਦ ਦਾਊਦ ਨੇ ਇਸਰਾਏਲ ਦੇ ਸਾਰੇ ਆਗੂਆਂ ਨੂੰ ਆਪਣੇ ਪੁੱਤਰ ਸੁਲੇਮਾਨ ਦੀ ਮਦਦ ਕਰਨ ਲਈ ਆਖਿਆ। 18 ਦਾਊਦ ਨੇ ਇਨ੍ਹਾਂ ਆਗੂਆਂ ਨੂੰ ਕਿਹਾ, “ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਨਾਲ ਹੈ। ਉਸ ਨੇ ਤੁਹਾਨੂੰ ਸ਼ਾਂਤੀ ਦਾ ਸਮਾਂ ਬਖਸ਼ਿਆ ਹੈ। ਯਹੋਵਾਹ ਨੇ ਇਸ ਧਰਤੀ ਦੇ ਸਾਰੇ ਵਾਸੀਆਂ ਨੂੰ ਹਰਾਉਣ ’ਚ ਮੇਰੀ ਸਹਾਇਤਾ ਕੀਤੀ ਹੈ। ਸੋ ਹੁਣ ਯਹੋਵਾਹ ਅਤੇ ਉਸ ਦੇ ਲੋਕ ਇਸ ਧਰਤੀ ਤੇ ਕਾਬਿਜ਼ ਹਨ। 19 ਇਸ ਲਈ ਆਪਣੇ ਮਨ ਅਤੇ ਦਿਲ ਪਰਮੇਸ਼ੁਰ ਨੂੰ ਸੌਂਪ ਦੇਵੋ ਅਤੇ ਉਸ ਦੇ ਆਦੇਸ਼ ਅਨੁਸਾਰ ਚੱਲੋ। ਯਹੋਵਾਹ ਦੇ ਪਵਿੱਤਰ ਅਸਥਾਨ ਨੂੰ ਬਨਾਉਣ ਲਈ ਤਿਆਰ ਹੋਵੋ ਅਤੇ ਯਹੋਵਾਹ ਦੇ ਨਾਂ ਤੇ ਮੰਦਰ ਦੀ ਉਸਾਰੀ ਕਰੋ ਤੇ ਫ਼ਿਰ ਉਸ ਦੇ ਨੇਮ ਦੇ ਸੰਦੂਕ ਨੂੰ ਅਤੇ ਹੋਰ ਪਵਿੱਤਰ ਵਸਤਾਂ ਨੂੰ ਲਿਆ ਕੇ ਇਸ ਮੰਦਰ ਵਿੱਚ ਟਿਕਾਅ ਦੇਵੋ।”
ਲੇਵੀਆਂ ਲਈ ਮੰਦਰ ਵਿੱਚ ਸੇਵਾ ਕਰਨ ਦੀਆਂ ਵਿਉਂਤਾਂ
23 ਹੁਣ ਦਾਊਦ ਬੁੱਢਾ ਹੋ ਚੁੱਕਾ ਸੀ ਇਸ ਲਈ ਉਸ ਨੇ ਆਪਣੇ ਪੁੱਤਰ ਸੁਲੇਮਾਨ ਨੂੰ ਇਸਰਾਏਲ ਦਾ ਪਾਤਸ਼ਾਹ ਠਹਿਰਾਇਆ। 2 ਦਾਊਦ ਨੇ ਇਸਰਾਏਲ ਦੇ ਸਾਰੇ ਸਰਦਾਰਾਂ ਨੂੰ ਇਕੱਠਿਆਂ ਕੀਤਾ ਅਤੇ ਇਸਦੇ ਨਾਲ ਹੀ ਸਾਰੇ ਜਾਜਕਾਂ ਅਤੇ ਲੇਵੀਆਂ ਨੂੰ ਵੀ। 3 ਦਾਊਦ ਨੇ 30 ਸਾਲ ਜਾਂ 30 ਸਾਲ ਤੋਂ ਉੱਪਰ ਦੇ ਲੇਵੀਆਂ ਨੂੰ ਗਿਣਿਆ, ਕੁਲ ਮਿਲਾ ਕੇ ਉੱਥੇ 38,000 ਲੇਵੀਆਂ ਦੀ ਗਿਣਤੀ ਬਣੀ। 4 ਦਾਊਦ ਨੇ ਕਿਹਾ, “24,000 ਲੇਵੀ ਯਹੋਵਾਹ ਦੇ ਮੰਦਰ ਦੀ ਇਮਾਰਤ ਦੀ ਦੇਖ ਰੇਖ ਕਰਨਗੇ ਅਤੇ 6,000 ਲੇਵੀ ਨਿਆਂਕਾਰ ਅਤੇ ਪੁਲਸੀਏ ਹੋਣਗੇ। 5 ਚਾਰ ਹਜ਼ਾਰ ਲੇਵੀ ਦਰਬਾਨ ਦਾ ਕੰਮ ਕਰਣਗੇ ਅਤੇ 4,000 ਲੇਵੀ ਸੰਗੀਤਕਾਰ ਹੋਣਗੇ, ਜਿਨ੍ਹਾਂ ਵਾਸਤੇ ਮੈਂ ਖਾਸ ਸਾਜ਼ ਬਣਵਾਏ ਹਨ। ਇਨ੍ਹਾਂ ਸਾਜ਼ਾਂ ਨਾਲ ਇਹ ਵਜੰਤਰੀ ਯਹੋਵਾਹ ਦਾ ਉਸਤਤਿ ਗਾਨ ਕਰਣਗੇ।”
6 ਦਾਊਦ ਨੇ ਲੇਵੀਆਂ ਨੂੰ 3 ਦਲਾਂ ਵਿੱਚ ਵੰਡਿਆ। ਇਹ ਲੇਵੀ ਦੇ 3 ਪੁੱਤਰਾਂ ਦੇ ਪਰਿਵਾਰ-ਸਮੂਹ ਸਨ। ਜਿਨ੍ਹਾਂ ਦੇ ਨਾਉਂ ਗੇਰਸ਼ੋਨ, ਕਹਾਥ ਅਤੇ ਮਰਾਰੀ ਸਨ।
ਗੇਰਸ਼ੋਨ ਦਾ ਪਰਿਵਾਰ-ਸਮੂਹ
7 ਗੇਰਸ਼ੋਨ ਦੇ ਪਰਿਵਾਰ-ਸਮੂਹ ਵਿੱਚੋਂ ਲਅਦਾਨ ਅਤੇ ਸ਼ਿਮਈ ਸਨ। 8 ਲਅਦਾਨ ਦੇ 3 ਪੁੱਤਰ ਸਨ। ਉਸਦਾ ਪਹਿਲੋਠਾ ਪੁੱਤਰ ਯਹੀਏਲ ਸੀ ਅਤੇ ਉਸ ਦੇ ਦੂਜੇ ਪੁੱਤਰ ਸਨ ਜ਼ੇਥਾਮ ਅਤੇ ਯੋਏਲ। 9 ਸ਼ਿਮਈ ਦੇ ਪੁੱਤਰ-ਸ਼ਲੋਮੀਥ, ਹਜ਼ੀਏਲ ਅਤੇ ਹਾਰਾਨ ਸਨ। ਇਹ ਤਿੰਨੋ ਲਅਦਾਨ ਦੇ ਘਰਾਣੇ ਦੇ ਮੁਖੀਏ ਸਨ।
10 ਸ਼ਿਮਈ ਦੇ ਚਾਰ ਪੁੱਤਰ-ਯਹਥ, ਜ਼ੀਨਾ, ਯਿਊਸ਼ ਅਤੇ ਬਰੀਆ ਸੀ। 11 ਯਹਥ ਉਸਦਾ ਪਹਿਲੋਠਾ ਪੁੱਤਰ ਸੀ ਅਤੇ ਜ਼ੀਜ਼ਾਹ ਦੂਜਾ। ਪਰ ਯਿਊਸ਼ ਅਤੇ ਬਰੀਆਹ ਦੇ ਬਹੁਤ ਪੁੱਤਰ ਨਹੀਂ ਸਨ ਇਸੇ ਲਈ ਉਹ ਦੋਨੋ ਇੱਕੋ ਹੀ ਘਰਾਣੇ ਵਿੱਚ ਗਿਣੇ ਗਏ।
ਕਹਾਥ ਦਾ ਪਰਿਵਾਰ-ਸਮੂਹ
12 ਕਹਾਥ ਦੇ 4 ਪੁੱਤਰ ਸਨ, ਜਿਨ੍ਹਾਂ ਦੇ ਨਾਉਂ ਅਮਰਾਮ, ਯਿਸਹਾਰ, ਹਬਰੋਨ ਤੇ ਉਜ਼ੀਏਲ ਸਨ। 13 ਅਮਰਾਮ ਦੇ 2 ਪੁੱਤਰ ਹਾਰੂਨ ਅਤੇ ਮੂਸਾ ਸਨ। ਹਾਰੂਨ ਨੂੰ ਬਹੁਤ ਖਾਸ ਹੋਣ ਲਈ ਚੁਣਿਆ ਗਿਆ ਸੀ ਅਤੇ ਇਸ ਲਈ ਉਹ ਅਤੇ ਉਸ ਦੇ ਉੱਤਰਾਧਿਕਾਰੀ ਹਮੇਸ਼ਾ ਖਾਸ ਹੋਣ ਲਈ ਚੁਣੇ ਗਏ ਸਨ। ਉਹ ਯਹੋਵਾਹ ਦੀ ਉਪਾਸਨਾ ਲਈ ਪਵਿੱਤਰ ਚੀਜ਼ਾਂ ਨੂੰ ਤਿਆਰ ਕਰਨ ਲਈ ਚੁਣੇ ਗਏ ਸਨ। ਹਾਰੂਨ ਅਤੇ ਉਸ ਦੇ ਉੱਤਰਾਧਿਕਾਰੀਆਂ ਨੂੰ ਯਹੋਵਾਹ ਅੱਗੇ ਧੂਪ ਧੁਖਾਉਣ ਲਈ ਵੀ ਚੁਣਿਆ ਗਿਆ। ਉਨ੍ਹਾਂ ਨੂੰ ਯਹੋਵਾਹ ਨੂੰ ਜਾਜਕ ਬਣ ਕੇ ਸੇਵਾ ਕਰਨ ਲਈ ਵੀ ਚੁਣਿਆ ਗਿਆ। ਉਨ੍ਹਾਂ ਨੂੰ ਯਹੋਵਾਹ ਦੀ ਉਪਾਸਨਾ ਕਰਨ ਅਤੇ ਸਦੀਵ ਕਾਲ ਲਈ ਉਸਦਾ ਨਾਉਂ ਲੈ ਕੇ ਬਰਕਤ ਦੇਣ ਦਾ ਹੱਕ ਪ੍ਰਾਪਤ ਸੀ।
14 ਮੂਸਾ ਯਹੋਵਾਹ ਦਾ ਮਨੁੱਖ ਸੀ ਅਤੇ ਮੂਸਾ ਦੇ ਪੁੱਤਰ ਲੇਵੀ ਪਰਿਵਾਰ-ਸਮੂਹ ਦੇ ਅੰਗ ਸਨ। 15 ਗੇਰਸ਼ੋਮ ਅਤੇ ਅਲੀਅਜ਼ਰ ਮੂਸੇ ਦੇ ਪੁੱਤਰ ਸਨ। 16 ਗੇਰਸ਼ੋਮ ਦੇ ਵੱਡੇ ਪੁੱਤਰ ਦਾ ਨਾਂ ਸਬੁਏਲ ਸੀ। 17 ਅਲੀਅਜ਼ਰ ਦੇ ਵੱਡੇ ਪੁੱਤਰ ਦਾ ਨਾਂ ਰਹਾਬਯਾਹ ਸੀ ਤੇ ਅਲੀਅਜ਼ਰ ਦਾ ਇਸਤੋਂ ਇਲਾਵਾ ਹੋਰ ਕੋਈ ਪੁੱਤਰ ਨਹੀਂ ਸੀ ਪਰ ਰਹਾਬਯਾਹ ਦੇ ਬਹੁਤ ਸਾਰੇ ਪੁੱਤਰ ਸਨ।
18 ਯਿਸਹਾਰ ਦੇ ਪਹਿਲੋਠੇ ਪੁੱਤਰ ਦਾ ਨਾਉਂ ਸ਼ਲੋਮੀਥ ਸੀ।
19 ਹਬਰੋਨ ਦੇ ਪਹਿਲੋਠੇ ਪੁੱਤਰ ਦਾ ਨਾਉਂ ਯਰੀਯਾਹ ਸੀ ਅਤੇ ਦੂਜੇ ਦਾ ਨਾਂ ਅਮਰਯਾਹ। ਯਹਜ਼ੀਏਲ ਉਸਦਾ ਤੀਜਾ ਅਤੇ ਚੌਥਾ ਪੁੱਤਰ ਯਿਕਮਆਮ ਸੀ।
20 ਉਜ਼ੀਏਲ ਦਾ ਸਭ ਤੋਂ ਵੱਡਾ ਪੁੱਤਰ ਮੀਕਾਹ ਅਤੇ ਛੋਟਾ ਯਿੱਸੀਯਾਹ ਸੀ।
ਮਰਾਰੀ ਪਰਿਵਾਰ-ਸਮੂਹ
21 ਮਹਲੀ ਅਤੇ ਮੂਸ਼ੀ ਮਰਾਰੀ ਦੇ ਪੁੱਤਰ ਸਨ। ਮਹਲੀ ਦੇ ਪੁੱਤਰ ਅਲਆਜ਼ਾਰ ਅਤੇ ਕੀਸ਼ ਸਨ। 22 ਅਲਆਜ਼ਾਰ ਦੀ ਜਦੋਂ ਮੌਤ ਹੋਈ ਉਸ ਦੇ ਘਰ ਕੋਈ ਪੁੱਤਰ ਨਹੀਂ ਸੀ ਸਿਰਫ਼ ਧੀਆਂ ਸਨ, ਜਿਨ੍ਹਾਂ ਦਾ ਵਿਆਹ ਉਸ ਨੇ ਆਪਣੇ ਸੰਬੰਧੀਆਂ ਵਿੱਚ ਹੀ ਕੀਤਾ ਜੋ ਕਿ ਕੀਸ਼ ਦੇ ਪੁੱਤਰ ਸਨ। 23 ਮੂਸ਼ੀ ਦੇ ਘਰ ਤਿੰਨ ਪੁੱਤਰ ਹੋਏ। ਜਿਨ੍ਹਾਂ ਦੇ ਨਾਉਂ ਮਹਲੀ, ਏਦਰ ਅਤੇ ਯਿਰੇਮੋਥ ਸੀ।
ਲੇਵੀਆਂ ਦਾ ਕੰਮ
24 ਇਨ੍ਹਾਂ ਲੇਵੀਆਂ ਦੇ ਪੁੱਤਰਾਂ ਦੇ ਆਪਣਿਆਂ ਉੱਤਰਾਧਿਕਾਰੀਆਂ ਮੁਤਾਬਕ ਨਾਂ ਸੂਚੀ ’ਚ ਅੰਕਿਤ ਹਨ। ਇਹ ਆਪੋ-ਆਪਣੇ ਪਰਿਵਾਰ-ਸਮੂਹ ਦੇ ਮੁਖੀ ਸਨ ਤੇ ਹਰੇਕ ਲੇਵੀ ਦਾ ਨਾਂ ਸੂਚੀ ’ਚ ਦਰਜ ਸੀ। ਜਿਨ੍ਹਾਂ ਦੇ ਨਾਂ ਸੂਚੀ ਵਿੱਚ ਦਰਜ ਸਨ ਉਹ 20 ਵਰ੍ਹੇ ਜਾਂ ਉਸਤੋਂ ਵੱਧੀਕ ਸਨ ਅਤੇ ਉਨ੍ਹਾਂ ਨੇ ਯਹੋਵਾਹ ਦੇ ਮੰਦਰ ਵਿੱਚ ਸੇਵਾ ਕੀਤੀ।
25 ਦਾਊਦ ਨੇ ਕਿਹਾ ਸੀ, “ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਨੇ ਆਪਣੇ ਲੋਕਾਂ ਵਿੱਚ ਸੁੱਖ ਸ਼ਾਂਤੀ ਵਰਤਾਈ ਅਤੇ ਉਹ ਸਦੀਵ ਯਰੂਸ਼ਲਮ ਵਿੱਚ ਨਿਵਾਸ ਕਰਦਾ ਰਹੇਗਾ। 26 ਇਸ ਲਈ ਹੁਣ ਲੇਵੀਆਂ ਨੂੰ ਪਵਿੱਤਰ ਤੰਬੂ ਅਤੇ ਇਸ ਵਿੱਚ ਸੇਵਾ ਲਈ ਵਰਤਨ ਵਾਲੀਆਂ ਵਸਤਾਂ ਨਹੀਂ ਚੁੱਕਣੀਆਂ ਪੈਣਗੀਆਂ।”
27 ਦਾਊਦ ਦੀ ਅਖੀਰਲੀ ਹਿਦਾਇਤ ਇਸਰਾਏਲੀਆਂ ਵਾਸਤੇ ਜਿਹੜੀ ਸੀ ਉਹ ਸੀ ਲੇਵੀ ਦੇ ਪਰਿਵਾਰ-ਸਮੂਹ ਵਿੱਚੋਂ ਆਏ ਉੱਤਰਾਧਿਕਾਰੀਆਂ ਦੀ ਗਿਣਤੀ। ਤਾਂ ਉਨ੍ਹਾਂ ਨੇ 20 ਵਰ੍ਹੇ ਜਾਂ ਉਸਤੋਂ ਉੱਪਰ ਦੇ ਲੇਵੀਆਂ ਦੀ ਗਿਣਤੀ ਕੀਤੀ।
28 ਲੇਵੀਆਂ ਦਾ ਕੰਮ ਯਹੋਵਾਹ ਦੇ ਮੰਦਰ ਦੀ ਸੇਵਾ ਕਰਨ ਵਿੱਚ ਅਤੇ ਮੰਦਰ ਦੇ ਪਾਸਿਆਂ ਵਾਲੇ ਕਮਰਿਆਂ ਅਤੇ ਮੰਦਰ ਦੇ ਵਿਹੜੇ ਦੀ ਦੇਖਭਾਲ ਕਰਨ ਵਿੱਚ ਹਾਰੂਨ ਦੇ ਉੱਤਰਾਧਿਕਾਰੀ ਦੀ ਮਦਦ ਕਰਨਾ ਸੀ। ਉਨ੍ਹਾਂ ਦਾ ਕੰਮ ਸਾਰੀਆਂ ਪਵਿੱਤਰ ਵਸਤਾਂ ਨੂੰ ਸ਼ੁੱਧ ਕਰਨਾ ਸੀ। ਪਰਮੇਸ਼ੁਰ ਦੇ ਮੰਦਰ ਵਿੱਚ ਸੇਵਾ ਕਰਨਾ ਉਨ੍ਹਾਂ ਦਾ ਕੰਮ ਸੀ। 29 ਉਹ ਚੜ੍ਹਾਵੇ ਦੀ ਰੋਟੀ ਲਈ ਅਤੇ ਅਨਾਜ ਦੀ ਭੇਟ ਦੇ ਮੈਦੇ ਲਈ ਅਤੇ ਬੇਖਮੀਰੀ ਬਣੀ ਰੋਟੀ ਲਈ ਅਤੇ ਸੇਕਣ ਵਾਲੀਆਂ ਕੜਾਹੀਆਂ ਅਤੇ ਰਲੀਆਂ ਮਿਲੀਆਂ ਭੇਟਾਂ ਲਈ ਜਿੰਮੇਵਾਰ ਸਨ। ਲੇਵੀ ਹਰ ਤਰ੍ਹਾਂ ਦੀ ਮਿਣਤੀ ਕਰਦੇ ਸਨ। 30 ਲੇਵੀ ਹਰ ਸਵੇਰ ਖੜ੍ਹੇ ਹੋ ਕੇ ਯਹੋਵਾਹ ਦੇ ਧੰਨਵਾਦ ਤੇ ਉਸਤਤ ਕਰਦੇ। ਇੰਝ ਹੀ ਉਸਦਾ ਉਸਤਤਿ ਗਾਨ ਉਹ ਸਵੇਰ ਅਤੇ ਹਰ ਸ਼ਾਮ ਨੂੰ ਕਰਦੇ। 31 ਲੇਵੀ ਸਬਤਾਂ ਦੇ ਦਿਨਾਂ ਅਤੇ ਅਮਸਿਆ ਦੇ ਦਿਨਾਂ ਤੇ ਚੜ੍ਹਾਈਆਂ ਜਾਣ ਵਾਲੀਆਂ ਭੇਟਾਂ ਅਤੇ ਹੋਮ ਦੀਆਂ ਭੇਟਾਂ ਅਤੇ ਸਾਰੇ ਉਤਸਵਾਂ ਲਈ ਜਿੰਮੇਵਾਰ ਸਨ। ਉਹ ਹਰ ਰੋਜ਼ ਯਹੋਵਾਹ ਦੇ ਅੱਗੇ ਸੇਵਾ ਕਰਦੇ ਸਨ। ਹਰ ਵਾਰੀ ਕਿੰਨੇ ਲੇਵੀਆਂ ਨੂੰ ਕੰਮ ਕਰਨਾ ਚਾਹੀਦਾ, ਇਸ ਵਾਸਤੇ ਵੀ ਅਸੂਲ ਸਨ। 32 ਇਉਂ, ਲੇਵੀਆਂ ਜਿੰਮੇ ਜੋ-ਜੋ ਕਾਰਜ ਲੱਗੇ ਉਨ੍ਹਾਂ ਬਾਖੂਬੀ ਕੀਤੇ। ਉਨ੍ਹਾਂ ਨੇ ਪਵਿੱਤਰ ਤੰਬੂ ਅਤੇ ਪਵਿੱਤਰ ਸਥਾਨ ਦੀ ਦੇਖਭਾਲ ਕੀਤੀ। ਅਤੇ ਆਪਣੇ ਸੰਬੰਧੀਆਂ (ਜਾਜਕਾਂ) ਜੋ ਕਿ ਹਾਰੂਨ ਦੇ ਉੱਤਰਾਧਿਕਾਰੀ ਦੇ ਸਨ ਦੀ ਸਹਾਇਤਾ ਕੀਤੀ। ਲੇਵੀਆਂ ਨੇ ਜਾਜਕਾਂ ਦੀ ਮਦਦ ਯਹੋਵਾਹ ਦੇ ਮੰਦਰ ਦੀ ਸੇਵਾ-ਸੰਭਾਲ ਦੇ ਰੂਪ ਵਿੱਚ ਕੀਤੀ।
2010 by World Bible Translation Center