Bible in 90 Days
20 ਤਦ ਸ਼ਾਊਲ ਉਸੇ ਵੇਲੇ ਧਰਤੀ ਉੱਪਰ ਲੰਮਾ ਹੋਕੇ ਡਿੱਗ ਪਿਆ ਅਤੇ ਸਮੂਏਲ ਦੀਆਂ ਗੱਲਾਂ ਨਾਲ ਬੜਾ ਡਰ ਗਿਆ ਅਤੇ ਉਸ ਵਿੱਚ ਕੁਝ ਸਾਹ ਸੱਤ ਨਾ ਬੱਚਿਆਂ ਕਿਉਂਕਿ ਉਸ ਨੇ ਉਸ ਸਾਰਾ ਦਿਨ ਅਤੇ ਰਾਤ ਰੋਟੀ ਨਹੀਂ ਖਾਧੀ ਸੀ।
21 ਤਦ ਉਹ ਔਰਤ ਸ਼ਾਊਲ ਕੋਲ ਆਈ। ਉਸ ਵੇਖਿਆ ਕਿ ਸ਼ਾਊਲ ਤਾਂ ਸੱਚਮੁੱਚ ਬਹੁਤ ਡਰਿਆ ਹੋਇਆ ਹੈ ਤਾਂ ਉਸ ਨੇ ਕਿਹਾ, “ਵੇਖ! ਮੈਂ ਤੇਰੀ ਸੇਵਕ ਦਾਸੀ ਹਾਂ। ਮੈਂ ਤੇਰਾ ਹੁਕਮ ਮੰਨਿਆ। ਮੈਂ ਆਪਣੀ ਜਾਨ ਖਤਰੇ ਵਿੱਚ ਪਾਕੇ ਜੋ ਤੂੰ ਕਿਹਾ ਮੈਂ ਕੀਤਾ। 22 ਹੁਣ ਕਿਰਪਾ ਕਰਕੇ ਮੇਰੀ ਗੱਲ ਧਿਆਨ ਨਾਲ ਸੁਣ, ਹੁਣ ਮੈਂ ਤੈਨੂੰ ਕੁਝ ਰੋਟੀ ਦਿੰਦਾ ਹਾਂ ਤੂੰ ਖਾ ਲੈ, ਫ਼ਿਰ ਤੇਰੇ ਵਿੱਚ ਤਾਕਤ ਆ ਜਾਵੇਗੀ ਤਾਂ ਤੂੰ ਆਪਣੇ ਰਾਹ ਪੈ ਜਾਵੀਂ।”
23 ਪਰ ਸ਼ਾਊਲ ਨੇ ਕੁਝ ਖਾਣ ਤੋਂ ਇਨਕਾਰ ਕਰ ਦਿੱਤਾ।
ਸ਼ਾਊਲ ਦੇ ਅਫ਼ਸਰਾਂ ਨੇ ਵੀ ਉਸ ਔਰਤ ਨਾਲ ਮਿਲਕੇ ਉਸ ਨੂੰ ਖਾਣ ਲਈ ਬੇਨਤੀ ਕੀਤੀ। ਅਖੀਰ ਸ਼ਾਊਲ ਨੇ ਉਨ੍ਹਾਂ ਦਾ ਕਿਹਾ ਮੰਨ ਲਿਆ। ਉਹ ਭੁੰਜਿਓਁ ਉੱਠ ਕੇ ਮੰਜੇ ਉੱਤੇ ਬੈਠ ਗਿਆ। 24 ਉਸ ਔਰਤ ਕੋਲ ਘਰ ਵਿੱਚ ਇੱਕ ਮੋਟਾ ਵੱਛਾ ਸੀ। ਉਸ ਨੇ ਫ਼ਟਾਫ਼ਟ ਉਸ ਨੂੰ ਵੱਢਿਆ। ਉਸ ਨੇ ਕੁਝ ਆਟਾ ਲੈ ਕੇ ਗੁੰਨ੍ਹਕੇ ਉਸ ਨੂੰ ਹੱਥਾਂ ਵਿੱਚ ਦਬਾਕੇ ਬਿਨਾ ਖਮੀਰ ਦੇ ਹੀ ਉਸ ਦੀਆਂ ਰੋਟੀਆਂ ਪਕਾਕੇ ਬਣਾਈਆਂ। 25 ਉਸ ਔਰਤ ਨੇ ਸ਼ਾਊਲ ਅਤੇ ਉਸ ਦੇ ਅਫ਼ਸਰਾਂ ਅੱਗੇ ਖਾਣਾ ਪਰੋਸਿਆ। ਉਨ੍ਹਾਂ ਸਭਨਾਂ ਨੇ ਭੋਜਨ ਕੀਤਾ ਅਤੇ ਅਗਲੀ ਸਵੇਰ ਉਹ ਉੱਠੇ ਅਤੇ ਉੱਥੋਂ ਚੱਲੇ ਗਏ।
“ਦਾਊਦ ਸਾਡੇ ਨਾਲ ਨਹੀਂ ਆ ਸੱਕਦਾ”
29 ਫ਼ਲਿਸਤੀਆਂ ਨੇ ਆਪਣੇ ਸਾਰੇ ਸਿਪਾਹੀ ਅਫ਼ੇਕ ਵਿੱਚ ਇਕੱਠੇ ਕੀਤੇ ਅਤੇ ਇਸਰਾਏਲੀਆਂ ਨੇ ਇੱਕ ਝਰਨੇ ਦੇ ਨੇੜੇ ਜੋ ਇਸਰਾਏਲ ਵਿੱਚ ਹੈ ਜਾ ਡੇਰੇ ਲਾਏ। 2 ਫ਼ਲਿਸਤੀਆਂ ਦੇ ਸਰਦਾਰ 100 ਅਤੇ 1,000 ਦੇ ਨਾਲ ਅੱਗੇ-ਅੱਗੇ ਜਾਂਦੇ ਸਨ, ਪਰ ਦਾਊਦ ਆਪਣੇ ਸਾਥੀਆਂ ਦੇ ਨਾਲ ਪਿੱਛੇ-ਪਿੱਛੇ ਆਕੀਸ਼ ਦੇ ਨਾਲ ਆਉਂਦਾ ਸੀ।
3 ਫ਼ਲਿਸਤੀ ਕਪਤਾਨ ਨੇ ਕਿਹਾ, “ਇਨ੍ਹਾਂ ਇਬਰਾਨੀਆਂ ਦਾ ਇੱਥੇ ਕੀ ਕੰਮ?”
ਆਕੀਸ਼ ਨੇ ਫ਼ਲਿਸਤੀ ਕਪਤਾਨ ਨੂੰ ਕਿਹਾ, “ਇਹ ਦਾਊਦ ਹੈ। ਦਾਊਦ ਸ਼ਾਊਲ ਦੇ ਅਫ਼ਸਰਾਂ ਵਿੱਚੋਂ ਇੱਕ ਹੁੰਦਾ ਸੀ ਅਤੇ ਹੁਣ ਇਹ ਬਹੁਤ ਦੇਰ ਤੋਂ ਮੇਰੇ ਨਾਲ ਹੈ। ਜਦੋਂ ਦਾ ਇਹ ਸ਼ਾਊਲ ਨੂੰ ਛੱਡ ਕੇ ਮੇਰੇ ਕੋਲ ਆਇਆ ਹੈ, ਮੈਂ ਇਸ ਵਿੱਚ ਕੁਝ ਵੀ ਗਲਤ ਨਹੀਂ ਪਾਇਆ।”
4 ਪਰ ਫ਼ਲਿਸਤੀ ਕਪਤਾਨ ਆਕੀਸ਼ ਨਾਲ ਬੜੇ ਨਾਰਾਜ਼ ਹੋਏ ਅਤੇ ਉਨ੍ਹਾਂ ਕਿਹਾ, “ਦਾਊਦ ਨੂੰ ਵਾਪਸ ਭੇਜੋ। ਜਿਹੜਾ ਸ਼ਹਿਰ ਤੁਸੀਂ ਇਸ ਨੂੰ ਦਿੱਤਾ ਸੀ ਇਸ ਨੂੰ ਆਖੋ ਕਿ ਉੱਥੇ ਜਾਵੇ, ਜੰਗ ਵਿੱਚ ਇਸਦਾ ਕੋਈ ਕੰਮ ਨਹੀਂ। ਇਹ ਲੜਾਈ ਵਿੱਚ ਸਾਡੇ ਨਾਲ ਨਹੀਂ ਜਾ ਸੱਕਦਾ। ਜੇਕਰ ਇਹ ਇੱਥੇ ਹੈ ਤਾਂ ਇਸਦਾ ਮਤਲਬ ਅਸੀਂ ਖੁਦ ਹੀ ਆਪਣੇ ਡੇਰੇ ਵਿੱਚ ਇੱਕ ਦੁਸ਼ਮਣ ਨੂੰ ਪਨਾਹ ਦੇ ਰਹੇ ਹਾਂ। ਇਹ ਆਪਣੇ ਪਾਤਸ਼ਾਹ (ਸ਼ਾਊਲ) ਨੂੰ ਖੁਸ਼ ਕਰਨ ਲਈ ਸਾਡੇ ਹੀ ਬੰਦਿਆਂ ਨੂੰ ਮਾਰ ਸੁੱਟੇਗਾ। 5 ਦਾਊਦ ਤਾਂ ਉਹੀ ਬੰਦਾ ਹੈ ਨਾ ਜਿਸਦੇ ਬਾਰੇ ਇਸਰਾਏਲੀ ਇਹ ਗੀਤ ਗਾਉਂਦੇ ਨੱਚਦੇ ਹਨ ਕਿ:
‘ਸ਼ਾਊਲ ਨੇ ਤਾਂ ਹਜ਼ਾਰਾਂ ਵੈਰੀ ਮਾਰੇ
ਪਰ ਦਾਊਦ ਨੇ ਲਖਾਂ ਵੈਰੀ ਮਾਰ ਮੁਕਾਏ।’”
6 ਤਦ ਆਕੀਸ਼ ਨੇ ਦਾਊਦ ਨੂੰ ਬੁਲਾਕੇ ਆਖਿਆ, “ਮੈਂ ਯਹੋਵਾਹ ਦੀ ਜ਼ਿੰਦਗੀ ਦੀ ਸੌਂਹ ਖਾਂਦਾ ਹਾਂ, ਕਿ ਤੂੰ ਮੇਰੇ ਨਾਲ ਵਫ਼ਾਦਾਰ ਹੈਂ। ਮੈਨੂੰ ਬਹੁਤ ਖੁਸ਼ੀ ਹੋਵੇਗੀ ਜੇਕਰ ਤੂੰ ਮੇਰੀ ਸੈਨਾ ਵਿੱਚ ਸੇਵਾ ਕਰੇਂਗਾ। ਮੈਂ ਤੇਰੇ ਵਿੱਚ ਕੋਈ ਭੈੜ ਨਹੀਂ ਵੇਖਿਆ ਜਦੋਂ ਤੋਂ ਤੂੰ ਮੇਰੇ ਕੋਲ ਆਇਆ ਹੈ। ਫ਼ਲਿਸਤੀ ਸ਼ਾਸਕ ਵੀ ਤੈਨੂੰ ਚੰਗਾ ਮਨੁੱਖ ਸਮਝਦੇ ਹਨ। [a] 7 ਇਸ ਲਈ ਤੂੰ ਸੁੱਖ-ਸ਼ਾਂਤੀ ਨਾਲ ਵਾਪਸ ਮੁੜ ਜਾ ਅਤੇ ਫ਼ਲਿਸਤੀ ਸ਼ਾਸਕ ਦੇ ਵਿਰੁੱਧ ਕੁਝ ਨਾ ਕਰੀਂ।”
8 ਦਾਊਦ ਨੇ ਪੁੱਛਿਆ, “ਮੈਂ ਕੀ ਗਲਤੀ ਕੀਤੀ ਹੈ? ਕੀ ਜਦੋਂ ਦਾ ਮੈਂ ਤੇਰੇ ਕੋਲ ਆਇਆ ਹਾਂ, ਕੀ ਤੂੰ ਮੇਰੇ ਵਿੱਚ ਕੋਈ ਭੈੜ ਵੇਖਿਆ ਹੈ? ਨਹੀਂ ਨਾ, ਤਾਂ ਫ਼ਿਰ ਤੂੰ ਮੈਨੂੰ ਆਪਣੇ ਯਹੋਵਾਹ ਪਾਤਸ਼ਾਹ ਲਈ, ਉਸ ਦੇ ਦੁਸ਼ਮਣਾ ਦੇ ਖਿਲਾਫ਼ ਲੜਨ ਲਈ ਕਿਉਂ ਨਹੀਂ ਲੈ ਕੇ ਜਾਂਦਾ?”
9 ਆਕੀਸ਼ ਨੇ ਕਿਹਾ, “ਮੈਂ ਮੰਨਦਾ ਹਾਂ ਕਿ ਤੂੰ ਇੱਕ ਬਹੁਤ ਹੀ ਭਲਾ ਮਨੁੱਖ ਹੈਂ। ਤੂੰ ਤਾਂ ਪਰਮੇਸ਼ੁਰ ਵੱਲੋਂ ਭੇਜੇ ਇੱਕ ਦੂਤ ਵਰਗਾ ਹੈਂ ਪਰ ਫ਼ਲਿਸਤੀ ਕਪਤਾਨ ਅਜੇ ਵੀ ਆਖਦੇ ਹਨ ਕਿ, ‘ਦਾਊਦ ਸਾਡੇ ਨਾਲ ਜੰਗ ਵਿੱਚ ਨਹੀਂ ਜਾ ਸੱਕਦਾ।’ 10 ਅਗਲੀ ਸਵੇਰ ਹੀ ਤੂੰ ਅਤੇ ਤੇਰੇ ਸਾਥੀ ਉਸ ਸ਼ਹਿਰ ਵਿੱਚ ਚੱਲੇ ਜਾਣ ਜਿਹੜਾ ਮੈਂ ਤੈਨੂੰ ਦਿੱਤਾ ਸੀ। ਕਪਤਾਨਾਂ ਦੀਆਂ ਕਹੀਆਂ ਗੱਲਾਂ ਵੱਲ ਬਹੁਤਾ ਧਿਆਨ ਨਾ ਦਿੰਦਾ ਹੋਇਆ ਤੂੰ ਕਿਸੇ ਵੀ ਗੱਲ ਦਾ ਬੁਰਾ ਨਾ ਮਨਾਈ। ਤੂੰ ਇੱਕ ਭਲਾ ਮਨੁੱਖ ਹੈ ਜੋ ਸੂਰਜ ਚਢ਼ਦੇ ਹੀ ਤੂੰ ਇੱਥੋਂ ਚੱਲਾ ਜਾਵੀਂ।”
11 ਤਾਂ ਦਾਊਦ ਅਤੇ ਉਸ ਦੇ ਸਾਥੀ ਸਵੇਰੇ ਜਲਦੀ ਉੱਠੇ ਅਤੇ ਫ਼ਲਿਸਤੀ ਦੇ ਦੇਸ਼ ਵਾਪਸ ਮੁੜ ਗਏ ਅਤੇ ਫ਼ਲਿਸਤੀ ਯਿਜ਼ਰਾਏਲ ਵੱਲ ਚਢ਼ੇ।
ਅਮਾਲੇਕੀਆਂ ਦਾ ਸਿਕਲਗ ਉੱਤੇ ਹਮਲਾ ਬੋਲਣਾ
30 ਤੀਜੇ ਦਿਨ, ਦਾਊਦ ਅਤੇ ਉਸ ਦੇ ਆਦਮੀ ਸਿਕਲਗ ਵਿੱਚ ਪਹੁੰਚੇ ਤਾਂ ਉਨ੍ਹਾਂ ਵੇਖਿਆ ਕਿ ਅਮਾਲੇਕੀਆਂ ਨੇ ਦੱਖਣ ਵੱਲੋਂ ਸਿਕਲਗ ਉੱਤੇ ਚੜ੍ਹਾਈ ਕੀਤੀ ਹੋਈ ਸੀ ਅਤੇ ਉਸ ਦੇ ਧਾਵਾ ਬੋਲਕੇ ਸਾਰੇ ਸ਼ਹਿਰ ਨੂੰ ਸਾੜ ਸੁੱਟਿਆ ਸੀ। 2 ਉਹ ਔਰਤਾਂ ਨੂੰ ਜਿਹੜੀਆਂ ਉੱਥੇ ਸਨ ਉਨ੍ਹਾਂ ਨੂੰ ਕੈਦੀ ਬਣਾਕੇ ਲੈ ਗਏ। ਉਹ ਸਭ ਬੁੱਢੇ-ਜਵਾਨ ਬੱਚੇ ਸਭਨਾਂ ਨੂੰ ਚੁੱਕ ਕੇ ਲੈ ਗਏ। ਉਨ੍ਹਾਂ ਨੇ ਜਾਨੋਂ ਕਿਸੇ ਨੂੰ ਨਾ ਮਾਰਿਆ, ਸਿਰਫ਼ ਚੁੱਕ ਕੇ ਲੈ ਗਏ।
3 ਜਦੋਂ ਦਾਊਦ ਅਤੇ ਉਸ ਦੇ ਆਦਮੀ ਸਿਕਲਗ ਵਿੱਚ ਪਹੁੰਚੇ ਤਾਂ ਉਨ੍ਹਾਂ ਨੇ ਸ਼ਹਿਰ ਨੂੰ ਬਲਦਾ ਪਾਇਆ। ਉੱਥੋਂ ਸਭ ਔਰਤਾਂ, ਮਰਦ, ਬੱਚੇ, ਧੀਆਂ-ਪੁੱਤਰ ਜਾ ਚੁੱਕੇ ਸਨ। ਉਨ੍ਹਾਂ ਸਭਨਾਂ ਨੂੰ ਅਮਾਲੇਕੀ ਲੈ ਗਏ ਸਨ। 4 ਦਾਊਦ ਅਤੇ ਉਸ ਦੇ ਸਾਥੀ ਅਜਿਹੀ ਉੱਚੀ ਆਵਾਜ਼ ਵਿੱਚ ਰੋਏ ਅਤੇ ਰੋਂਦੇ ਰਹੇ। ਜਦ ਤੱਕ ਉਨ੍ਹਾਂ ਦੀ ਆਵਾਜ਼ ਵਿੱਚ ਜ਼ੋਰ ਖਤਮ ਨਾ ਹੋਇਆ, ਉਹ ਉੱਚੀ-ਉੱਚੀ ਰੋਂਦੇ ਰਹੇ ਪਿੱਟਦੇ ਰਹੇ। 5 ਅਮਾਲੇਕੀ ਦਾਊਦ ਦੀਆਂ ਦੋਨੋਂ ਬੀਵੀਆਂ ਯਿਜ਼ਰਾਏਲੀ ਅਹੀਨੋਅਮ ਅਤੇ ਅਬੀਗੈਲ ਨੂੰ ਵੀ ਜੋ ਕਰਮਲੀ ਨਾਬਾਲ ਦੀ ਬੀਵੀ ਸੀ ਉੱਠਾਕੇ ਲੈ ਗਏ।
6 ਫ਼ੌਜ ਦੇ ਸਾਰੇ ਹੀ ਆਦਮੀ ਬੜੇ ਉਦਾਸ ਅਤੇ ਦੁੱਖੀ ਸਨ ਕਿਉਂਕਿ ਉਨ੍ਹਾਂ ਦੀਆਂ ਧੀਆਂ ਪੁੱਤਰਾਂ ਨੂੰ ਉਹ ਕੈਦੀ ਬਣਾਕੇ ਲੈ ਗਏ ਸਨ। ਆਦਮੀਆਂ ਨੇ ਦਾਊਦ ਨੂੰ ਪੱਥਰਾਂ ਨਾਲ ਮਾਰ ਮੁਕਾਉਣ ਦੀ ਸੋਚੀ। ਇਸ ਨਾਲ ਦਾਊਦ ਬੜਾ ਪਰੇਸ਼ਾਨ ਹੋਇਆ, ਪਰ ਦਾਊਦ ਨੇ ਯਹੋਵਾਹ ਆਪਣੇ ਪਰਮੇਸ਼ੁਰ ਕੋਲੋਂ ਤਾਕਤ ਪਾਈ। 7 ਦਾਊਦ ਨੇ ਅਹੀਮਲਕ ਦੇ ਪੁੱਤਰ ਅਬਯਾਥਾਰ ਜਾਜਕ ਨੂੰ ਆਖਿਆ, “ਜਾ ਇੱਥੇ ਏਫ਼ੋਦ ਲੈ ਆ।”
8 ਫ਼ਿਰ ਦਾਊਦ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ, “ਕਿ ਜਿਹੜੇ ਸਾਡੇ ਪਰਿਵਾਰਾਂ ਨੂੰ ਚੁੱਕੇ ਲੈ ਗਏ ਹਨ, ਕੀ ਮੈਂ ਉਨ੍ਹਾਂ ਦਾ ਪਿੱਛਾ ਕਰਾਂ? ਕੀ ਮੈਂ ਉਨ੍ਹਾਂ ਨੂੰ ਫ਼ੜ ਸੱਕਾਂਗਾ?”
ਯਹੋਵਾਹ ਨੇ ਆਖਿਆ, “ਉਨ੍ਹਾਂ ਦਾ ਪਿੱਛਾ ਕਰ! ਤੂੰ ਉਨ੍ਹਾਂ ਨੂੰ ਫ਼ੜ ਲਵੇਂਗਾ ਅਤੇ ਆਪਣੇ ਪਰਿਵਾਰਾਂ ਨੂੰ ਬਚਾ ਲਵੇਂਗਾ।”
ਦਾਊਦ ਅਤੇ ਉਸ ਦੇ ਆਦਮੀਆਂ ਨੂੰ ਮਿਸਰੀ ਗੁਲਾਮ ਦਾ ਮਿਲਣਾ
9-10 ਦਾਊਦ ਨੇ 600 ਮਨੁੱਖਾਂ ਨੂੰ ਆਪਣੇ ਨਾਲ ਲਿਆ ਅਤੇ ਬਸੋਰ ਦੀ ਖੱਡ ਤੱਕ ਆਏ ਅਤੇ 200 ਦੇ ਕਰੀਬ ਬੰਦੇ ਪਿੱਛੇ ਹੀ ਰਹੇ। ਉਹ ਪਿੱਛੇ ਇਸ ਲਈ ਰਹੇ ਕਿਉਂਕਿ ਉਹ ਬਹੁਤ ਕਮਜ਼ੋਰ ਹੋ ਗਏ ਸਨ ਇੰਨੇ ਥੱਕੇ ਹੋਏ ਸਨ ਕਿ ਚੱਲਣੋ ਅਸਮਰਥ ਸਨ। ਇਸ ਲਈ ਦਾਊਦ ਅਤੇ 400 ਆਦਮੀਆਂ ਨੇ ਅਮਾਲੇਕੀਆਂ ਦਾ ਪਿੱਛਾ ਕੀਤਾ।
11 ਦਾਊਦ ਦੇ ਆਦਮੀਆਂ ਨੂੰ ਪੈਲੀਆਂ ਵਿੱਚ ਇੱਕ ਮਿਸਰ ਦਾ ਆਦਮੀ ਮਿਲਿਆ। ਉਹ ਉਸ ਨੂੰ ਦਾਊਦ ਕੋਲ ਲੈ ਆਏ। ਉਨ੍ਹਾਂ ਨੇ ਉਸ ਆਦਮੀ ਨੂੰ ਖਾਣ ਲਈ ਕੁਝ ਖਾਣਾ ਅਤੇ ਪੀਣ ਲਈ ਪਾਣੀ ਦਿੱਤਾ। 12 ਉਨ੍ਹਾਂ ਨੇ ਉਸ ਮਿਸਰੀ ਨੂੰ ਇੱਕ ਅੰਜੀਰ ਦੀ ਪਿਂਨੀ ਅਤੇ ਦੋ ਗੁਛੇ ਸੌਗੀ ਦੇ ਦਿੱਤੇ। ਉਸ ਨੂੰ ਖਾਕੇ ਥੋੜੀ ਹੋਸ਼ ਆਈ। ਉਸ ਨੇ ਤਿੰਨ ਦਿਨਾਂ ਅਤੇ ਤਿੰਨ ਰਾਤਾਂ ਤੋਂ ਕੁਝ ਨਹੀਂ ਸੀ ਖਾਧਾ।
13 ਦਾਊਦ ਨੇ ਉਸ ਮਿਸਰੀ ਨੂੰ ਪੁੱਛਿਆ, “ਤੇਰਾ ਮਾਲਕ ਕੌਣ ਹੈ? ਤੂੰ ਕਿੱਥੋਂ ਆਇਆ ਹੈਂ?”
ਉਸ ਮਿਸਰੀ ਨੇ ਜਵਾਬ ਦਿੱਤਾ, “ਮੈਂ ਇੱਕ ਮਿਸਰੀ ਹਾਂ ਅਤੇ ਮੈਂ ਅਮਾਲੇਕੀ ਦਾ ਗੁਲਾਮ ਹਾਂ। ਤਿੰਨ ਦਿਨ ਪਹਿਲਾਂ ਮੈਂ ਬਿਮਾਰ ਹੋ ਗਿਆ ਤਾਂ ਮੇਰਾ ਮਾਲਿਕ ਮੈਨੂੰ ਛੱਡ ਗਿਆ। 14 ਅਸੀਂ ਕੇਰਤੀਆਂ ਦੇ ਦੱਖਣ ਅਤੇ ਯਹੂਦਾਹ ਦੇ ਦੇਸ਼ ਉੱਤੇ ਅਤੇ ਕਾਲੇਬ ਦੇ ਦੱਖਣ ਉੱਤੇ ਵੀ ਲੁੱਟ ਮਾਰ ਕੀਤੀ ਅਤੇ ਸਿਕਲਗ ਨੂੰ ਅਸੀਂ ਅੱਗ ਲਾਕੇ ਸਾੜ ਸੁੱਟਿਆ।”
15 ਦਾਊਦ ਨੇ ਮਿਸਰੀ ਨੂੰ ਆਖਿਆ, “ਭਲਾ ਤੂੰ ਮੈਨੂੰ ਉਹ ਰਾਹ ਦੱਸ ਸੱਕਦਾ ਹੈਂ ਜਿਧਰ ਉਹ ਸਾਡੇ ਟੱਬਰਾਂ ਨੂੰ ਲੈ ਕੇ ਗਿਆ ਹੈ?”
ਮਿਸਰੀ ਨੇ ਕਿਹਾ, “ਮੇਰੇ ਨਾਲ ਪਰਮੇਸ਼ੁਰ ਦੀ ਸੌਂਹ ਚੁੱਕ ਕਿ ਫ਼ਿਰ ਤੂੰ ਮੈਨੂੰ ਮੇਰੇ ਮਾਲਕ ਦੇ ਹੱਥ ਨਹੀਂ ਸੌਂਪੇਂਗਾ ਅਤੇ ਨਾ ਹੀ ਮੈਨੂੰ ਜਾਨੋਂ ਮਾਰੇਂਗ਼ਾ ਤਾਂ ਮੈਂ ਤੈਨੂੰ ਉੱਥੇ ਪਹੁੰਚਾ ਦੇਵਾਂਗਾ।”
ਦਾਊਦ ਦਾ ਅਮਾਲੇਕੀਆਂ ਨੂੰ ਹਰਾਉਣਾ
16 ਉਹ ਮਿਸਰ ਦਾ ਬੰਦਾ ਦਾਊਦ ਨੂੰ ਅਮਾਲੇਕੀਆਂ ਤੱਕ ਲੈ ਗਿਆ। ਉਹ ਜ਼ਮੀਨ ਉੱਤੇ ਬੈਠਕੇ ਖਾ-ਪੀ ਰਹੇ ਸਨ ਅਤੇ ਮੌਜ ਮਸਤੀ ਕਰ ਰਹੇ ਸਨ। ਉਹ ਜੋ ਕੁਝ ਫ਼ਲਿਸਤੀ ਅਤੇ ਯਹੂਦਾਹ ਦੇ ਦੇਸ਼ ਵਿੱਚੋਂ ਲੁੱਟਕੇ ਲਿਆਏ ਸਨ, ਉਸਦਾ ਜਸ਼ਨ ਮਨਾ ਰਹੇ ਸਨ। 17 ਦਾਊਦ ਨੇ ਨ੍ਹਾਂ ਉੱਪਰ ਜਾਕੇ ਹਮਲਾ ਬੋਲਿਆ ਅਤੇ ਉਨ੍ਹਾਂ ਨੂੰ ਮਾਰ ਸੁੱਟਿਆ। ਉਹ ਸਵੇਰ ਦੇ ਸੂਰਜ ਚੜ੍ਹਨ ਤੋਂ ਲੈ ਕੇ ਅਗਲੇ ਦਿਨ ਦੀ ਸ਼ਾਮ ਤੱਕ ਲੜਦੇ ਰਹੇ। ਇੱਕ ਵੀ ਅਮਾਲੇਕੀ ਬਚ ਨਾ ਸੱਕਿਆ ਸਿਰਫ਼ 400 ਜੁਆਨ ਊਠਾਂ ਉੱਤੇ ਚੜ੍ਹ ਕੇ ਭੱਜ ਨਿਕਲੇ।
18 ਤਦ ਦਾਊਦ ਸਭ ਕੁਝ ਵਾਪਸ ਲੈ ਆਇਆ ਜੋ ਕੁਝ ਅਮਾਲੇਈ ਉਨ੍ਹਾਂ ਦਾ ਲੁੱਟਕੇ ਲਿਆਏ ਸਨ ਸਮੇਤ ਆਪਣੀਆਂ ਦੋਨੋਂ ਬੀਵੀਆਂ ਦੇ। 19 ਕੁਝ ਵੀ ਉਨ੍ਹਾਂ ਦਾ ਸਮਾਨ ਨਾ ਗੁਆਚਿਆ ਨਾ ਘਟਿਆ। ਉਨ੍ਹਾਂ ਨੇ ਸਾਰੇ ਆਪਣੇ ਬੱਚੇ-ਬੁੱਢੇ, ਪੁੱਤਰ ਅਤੇ ਧੀਆਂ ਲੱਭ ਲਏ ਅਤੇ ਆਪਣੀਆਂ ਕੀਮਤੀ ਵਸਤਾਂ ਕੁਝ ਵੀ ਅਮਾਲੇਕੀਆਂ ਨੇ ਉਨ੍ਹਾਂ ਦਾ ਲੁੱਟਿਆ ਸੀ, ਉਹ ਸਭ ਵਾਪਸ ਲੈ ਆਏ। ਦਾਊਦ ਸਭ ਕੁਝ ਵਾਪਸ ਲੈ ਆਇਆ। 20 ਦਾਊਦ ਸਾਰੀਆਂ ਭੇਡਾਂ ਅਤੇ ਪਸ਼ੂ ਵੀ ਵਾਪਸ ਲੈ ਆਇਆ। ਦਾਊਦ ਦੇ ਆਦਮੀਆਂ ਨੇ ਇਨ੍ਹਾਂ ਪਸ਼ੂਆਂ ਨੂੰ ਆਪਣੇ ਅੱਗੇ-ਅੱਗੇ ਜਾਣ ਦਿੱਤਾ। ਦਾਊਦ ਦੇ ਆਦਮੀਆਂ ਨੇ ਕਿਹਾ, “ਇਹ ਸਭ ਦਾਊਦ ਦਾ ਇਨਾਮ ਹੈ।”
ਸਭ ਆਦਮੀਆਂ ’ਚ ਬਰਾਬਰ ਦੀ ਵੰਡ
21 ਦਾਊਦ ਉਨ੍ਹਾਂ 200 ਮਨੁੱਖਾਂ ਦੇ ਕੋਲ ਜੋ ਥਕਾਵਟ ਕਰਕੇ ਦਾਊਦ ਦੇ ਨਾਲ ਨਹੀਂ ਸੀ ਜਾ ਸੱਕੇ, ਜਿਨ੍ਹਾਂ ਨੂੰ ਉਨ੍ਹਾਂ ਨੇ ਬਸੋਰ ਦੀ ਖੱਡ ਕੋਲ ਹੀ ਰਹਿਣ ਦਿੱਤਾ ਸੀ, ਜਦੋਂ ਮੁੜ ਆਏ ਤਾਂ ਉਹ ਲੋਕ ਦਾਊਦ ਅਤੇ ਬਾਕੀ ਦੇ ਮਨੁੱਖਾਂ ਨੂੰ ਮਿਲਣ ਲਈ ਨਿਕਲੇ ਜਦੋਂ ਦਾਊਦ ਉਨ੍ਹਾਂ ਦੇ ਨੇੜੇ ਆਇਆ ਤਾਂ ਸਨੇ ਲੋਕਾਂ ਦੀ ਸੁੱਖ-ਸਾਂਦ ਪੁੱਛੀ। 22 ਉਸ ਟੋਲੀ ਵਿੱਚ ਕੁਝ ਬੁਰੇ ਆਦਮੀ ਵੀ ਸਨ ਜੋ ਉਨ੍ਹਾਂ ਸਭਨਾ ਵਿੱਚ ਫ਼ਸਾਦ ਖੜ੍ਹੇ ਕਰਦੇ ਸਨ ਜਿਹੜੇ ਕਿ ਦਾਊਦ ਦੇ ਨਾਲ ਵੀ ਗਏ ਸਨ। ਉਨ੍ਹਾਂ ਝਗੜਾਲੂਆਂ ਨੇ ਕਿਹਾ, “ਇਹ 200 ਮਨੁੱਖ ਸਾਡੇ ਨਾਲ ਨਹੀਂ ਗਏ ਸਨ। ਇਸ ਕਰਕੇ ਅਸੀਂ ਜੋ ਕੁਝ ਵੀ ਉੱਥੋਂ ਵਾਪਸ ਲਿਆਏ ਹਾਂ, ਇਨ੍ਹਾਂ ਨੂੰ ਉਸ ਵਿੱਚੋਂ ਕੁਝ ਨਹੀਂ ਦੇਵਾਂਗੇ। ਇਨ੍ਹਾਂ ਆਦਮੀਆਂ ਨੂੰ ਸਿਰਫ਼ ਇਨ੍ਹਾਂ ਦੀਆਂ ਬੀਵੀਆਂ ਅਤੇ ਬੱਚੇ ਹੀ ਵਾਪਸ ਕੀਤੇ ਜਾਣਗੇ।”
23 ਦਾਊਦ ਨੇ ਕਿਹਾ, “ਨਹੀਂ, ਮੇਰੇ ਭਰਾਵੋ। ਇੰਝ ਨਾ ਕਰੋ। ਜ਼ਰਾ ਸੋਚੋ ਯਹੋਵਾਹ ਨੇ ਸਾਨੂੰ ਕੀ ਕੁਝ ਨਹੀਂ ਦਿੱਤਾ। ਜੋ ਯਹੋਵਾਹ ਨੇ ਸਾਨੂੰ ਦਿੱਤਾ ਹੈ ਉਸ ਲੁੱਟ ਨਾਲ ਅਜਿਹਾ ਨਹੀਂ ਕਰਨਾ ਚਾਹੀਦਾ ਕਿਉਂਕਿ ਉਸ ਨੇ ਸਾਨੂੰ ਬਚਾਇਆ ਅਤੇ ਜਿਸਨੇ ਸਾਨੂੰ ਲੁੱਟਿਆ ਸੀ ਉਸ ਨੂੰ ਉਹਨੇ ਸਾਡੇ ਹੱਥ ਕਰ ਦਿੱਤਾ। 24 ਇਸ ਗੱਲ ਵਿੱਚ ਤੁਹਾਡੀ ਕੋਈ ਨਹੀਂ ਸੁਣੇਗਾ। ਕਿਉਂਕਿ ਜਿਵੇਂ ਜਿਹੜਾ ਕੋਈ ਲੜਾਈ ਵਿੱਚ ਜਾਂਦਾ ਹੈ, ਜਿਸ ਤਰ੍ਹਾਂ ਦੀ ਵੰਡ ਉਸ ਨੂੰ ਮਿਲਦੀ ਹੈ ਤਿਵੇਂ ਹੀ ਜਿਹੜਾ ਕੋਈ ਪਿੱਛੇ ਡੇਰੇ ਵਿੱਚ ਰਹੇ ਉਸ ਨੂੰ ਮਿਲੇਗੀ। ਦੋਨਾਂ ਦੀ ਇੱਕੋ ਜਿਹੀ ਵੰਡ ਹੋਵੇਗੀ।” 25 ਉਸ ਦਿਨ ਤੋਂ ਦਾਊਦ ਨੇ ਇਸਰਾਏਲ ਦੇ ਲੋਕਾਂ ਲਈ ਇਹ ਨੇਮ ਬਣਾ ਦਿੱਤਾ ਜੋ ਅੱਜ ਤੀਕ ਠੀਕ ਉੱਥੇ ਇਵੇਂ ਹੀ ਚੱਲਦਾ ਹੈ।
26 ਜਦੋਂ ਦਾਊਦ ਸਿਕਲਗ ਵਿੱਚ ਆਇਆ ਤਾਂ ਉਸ ਨੇ ਲੁੱਟ ਵਿੱਚ ਯਹੂਦਾਹ ਦੇ ਬਜ਼ੁਰਗਾਂ ਅਤੇ ਆਪਣੇ ਮਿੱਤਰਾਂ ਦੇ ਲਈ ਕੁਝ ਭੇਜਿਆ ਅਤੇ ਆਖਿਆ, “ਵੇਖੋ, ਯਹੋਵਾਹ ਨੇ ਵੈਰੀਆਂ ਦੇ ਮਾਲ ਦੀ ਲੁੱਟ ਵਿੱਚੋਂ ਇਹ ਤੁਹਾਡੇ ਲਈ ਇੱਕ ਸੁਗਾਤ ਹੈ।”
27 ਕੁਝ ਅਮਾਲੇਕੀਆਂ ਦੀ ਲੁੱਟ ਦਾ ਸਮਾਨ ਦਾਊਦ ਨੇ ਬੈਤੇਲ ਦੇ ਆਗੂਆਂ ਲਈ ਭੇਜਿਆ ਇਸਤੋਂ ਇਲਾਵਾ ਉਨ੍ਹਾਂ ਕੋਲ ਜੋ ਦੱਖਣੀ ਰਾਮੋਥ, ਯਤੀਰ ਅਤੇ 28 ਅਰੋਏਰ ਵਿੱਚ ਸਨ। ਕੁਝ ਸਮਾਨ ਉਨ੍ਹਾਂ ਕੋਲ ਭੇਜਿਆ ਜੋ ਸਿਫ਼ਮੋਥ, ਇਸ਼ਤਿਮੋਆ ਵਿੱਚ ਸਨ। 29 ਕੁਝ ਸਮਾਨ ਉਨ੍ਹਾਂ ਕੋਲ ਭੇਜਿਆ ਜੋ ਰਾਕਾਲ, ਯਰਹਮਿਏਲੀਆਂ ਅਤੇ ਕੇਨੀਆਂ ਦੇ ਸ਼ਹਿਰਾਂ ਵਿੱਚ ਸਨ। 30 ਕੁਝ ਸਮਾਨ ਹਾਰਮਾਹ ਵਿੱਚ ਜੋ ਸਨ ਉਨ੍ਹਾਂ ਨੂੰ ਭੇਜਿਆ ਅਤੇ ਉਨ੍ਹਾਂ ਕੋਲ ਜੋ ਕੋਰਾਸ਼ਾਨ ਵਿੱਚ ਅਤੇ ਅਤਾਕ ਵਿੱਚ, 31 ਅਤੇ ਹਬਰੋਨ ਵਿੱਚ ਸਨ। ਦਾਊਦ ਨੇ ਸਭਨਾ ਥਾਵਾਂ ਵਿੱਚ ਉਨ੍ਹਾਂ ਦੇ ਆਗੂਆਂ ਨੂੰ ਕੁਝ-ਕੁਝ ਸਮਾਨ ਭੇਜਿਆ ਜਿੱਥੇ-ਜਿੱਥੇ ਦਾਊਦ ਅਤੇ ਉਸ ਦੇ ਸਾਥੀ ਕਦੇ ਗਏ ਸਨ।
ਸ਼ਾਊਲ ਦੀ ਮੌਤ
31 ਫ਼ਲਿਸਤੀ ਇਸਰਾਏਲੀਆਂ ਦੇ ਵਿਰੁੱਧ ਲੜੇ ਤਾਂ ਇਸਰਾਏਲੀ ਫ਼ਲਿਸਤੀ ਵਿੱਚੋਂ ਭੱਜ ਗਏ। ਬਹੁਤ ਸਾਰੇ ਇਸਰਾਏਲੀ ਗਿਲਬੋਆ ਦੇ ਪਹਾੜ ਵਿੱਚ ਮਾਰੇ ਗਏ। 2 ਫ਼ਲਿਸਤੀਆਂ ਨੇ ਸ਼ਾਊਲ ਅਤੇ ਉਸ ਦੇ ਪੁੱਤਰਾਂ ਦੇ ਵਿਰੁੱਧ ਬੜੀ ਸਖਤ ਅਤੇ ਔਖੀ ਲੜਾਈ ਲੜੀ। ਫ਼ਲਿਸਤੀਆਂ ਨੇ ਸ਼ਾਊਲ ਦੇ ਯੋਨਾਥਾਨ, ਅਬੀਨਾਦਾਬ ਅਤੇ ਮਲਕਿਸ਼ੂਆ ਪੁੱਤਰਾਂ ਨੂੰ ਮਾਰ ਸੁੱਟਿਆ।
3 ਸ਼ਾਊਲ ਦੇ ਉੱਪਰ ਇਹ ਲੜਾਈ ਬਹੁਤ ਭਾਰੀ ਪਈ। ਤੀਰ ਅੰਦਾਜ਼ਾਂ ਨੇ ਸ਼ਾਊਲ ਉੱਪਰ ਤੀਰ ਉੱਤੇ ਤੀਰ ਛੱਡੇ। ਤਾਂ ਉਹ ਤੀਰਾਂ ਨਾਲ ਵਿੰਨ੍ਹਕੇ ਘਾਇਲ ਹੋ ਗਿਆ। 4 ਸ਼ਾਊਲ ਨੇ ਆਪਣੇ ਸੇਵਕ ਜਿਸਨੇ ਉਸ ਦੇ ਸ਼ਸਤਰ ਚੁੱਕੇ ਹੋਏ ਸਨ ਉਸ ਨੂੰ ਆਖਿਆ, “ਆਪਣੀ ਤਲਵਾਰ ਕੱਢ ਮੈਨੂੰ ਵੱਢ ਸੁੱਟ। ਫ਼ਿਰ ਉਹ ਅਸੁੰਨਤੀਏ ਮੈਨੂੰ ਦੁੱਖ ਦੇਕੇ ਮੇਰਾ ਮਖੌਲ ਨਾ ਉਡਾਉਣਗੇ।” ਪਰ ਸ਼ਾਊਲ ਦਾ ਸਹਾਇਕ ਇਸ ਕੰਮੋਂ ਡਰ ਗਿਆ ਅਤੇ ਉਸ ਨੇ ਮਾਰਨ ਤੋਂ ਇਨਕਾਰ ਕਰ ਦਿੱਤਾ। ਸ਼ਾਊਲ ਨੇ ਆਪਣੀ ਤਲਵਾਰ ਖੁਦ ਕੱਢੀ ਅਤੇ ਆਪਣੇ-ਆਪ ਨੂੰ ਵੱਢ ਸੁੱਟਿਆ।
5 ਸਹਾਇਕ ਨੇ ਵੇਖਿਆ ਕਿ ਸ਼ਾਊਲ ਮੋਇਆ ਪਿਆ ਹੈ ਤਾਂ ਉਸ ਨੇ ਵੀ ਆਪਣੀ ਤਲਵਾਰ ਕੱਢ ਕੇ ਆਪਣੇ-ਆਪ ਨੂੰ ਵੀ ਵੱਢ ਸੁੱਟਿਆ। ਉਹ ਸ਼ਾਊਲ ਦੇ ਨਾਲ ਉੱਥੇ ਹੀ ਮਰ ਗਿਆ। 6 ਤਾਂ ਉਸ ਦਿਨ ਸ਼ਾਊਲ ਉਸਦਾ ਸਹਾਇਕ ਆਦਮੀ ਅਤੇ ਸ਼ਾਊਲ ਦੇ ਤਿੰਨ ਪੁੱਤਰ ਇੱਕੋ ਦਿਨ ਹੀ ਇਕੱਠਿਆਂ ਹੀ ਮਰੇ।
ਫ਼ਲਿਸਤੀਆਂ ਨੇ ਸ਼ਾਊਲ ਦੀ ਮੌਤ ਦਾ ਜਸ਼ਨ ਮਨਾਇਆ
7 ਉਨ੍ਹਾਂ ਇਸਰਾਏਲੀ ਮਨੁੱਖਾਂ ਨੇ ਜੋ ਉਸ ਵਾਦੀ ਦੇ ਦੂਜੇ ਪਾਸੇ ਸਨ ਅਤੇ ਉਨ੍ਹਾਂ ਨੇ ਜੋ ਯਰਦਨ ਨਦੀ ਤੋਂ ਪਾਰ ਸਨ ਜਦ ਇਹ ਵੇਖਿਆ ਕਿ ਇਸਰਾਏਲ ਦੇ ਲੋਕ ਨੱਸ ਗਏ ਹਨ ਅਤੇ ਸ਼ਾਊਲ ਅਤੇ ਉਸ ਦੇ ਪੁੱਤਰ ਮਰੇ ਪਏ ਹਨ, ਤਾਂ ਉਹ ਵੀ ਸ਼ਹਿਰਾਂ ਨੂੰ ਛੱਡ ਕੇ ਭੱਜ ਗਏ ਅਤੇ ਫ਼ਿਲਸਤੀ ਉਨ੍ਹਾਂ ਜਗ਼੍ਹਾ ਉੱਤੇ ਆਕੇ ਵੱਸ ਗਏ।
8 ਅਗਲੇ ਦਿਨ, ਜਦ ਫ਼ਲਿਸਤੀ ਉਨ੍ਹਾਂ ਲੋਥਾਂ ਦੇ ਸਮਾਨ ਲਾਹੁਣ ਆਏ ਤਾਂ ਉਨ੍ਹਾਂ ਨੂੰ ਸ਼ਾਊਲ ਅਤੇ ਉਸ ਦੇ ਤਿੰਨੋ ਪੁੱਤਰ ਗਿਲਬੋਆ ਪਹਾੜ ਵਿੱਚ ਡਿੱਗੇ ਪਏ ਲੱਭੇ। 9 ਤਾਂ ਉਨ੍ਹਾਂ ਨੇ ਉਸਦਾ ਸਿਰ ਵੱਢ ਸੁੱਟਿਆ ਅਤੇ ਉਸ ਦੇ ਸ਼ਸਤਰ ਲਾਹਕੇ ਫ਼ਲਿਸਤੀਆਂ ਦੇ ਦੇਸ਼ ਵਿੱਚ ਭੇਜ ਦਿੱਤੇ ਜੋ ਉਹ ਉਨ੍ਹਾਂ ਬੁੱਤਾਂ ਦੇ ਮੰਦਰਾਂ ਵਿੱਚ ਅਤੇ ਲੋਕਾਂ ਵਿੱਚ ਉਸਦਾ ਢੰਡੋਰਾ ਫ਼ੇਰਨ। 10 ਉਨ੍ਹਾਂ ਨੇ ਉਸ ਦੇ ਸ਼ਸਤਰਾਂ ਨੂੰ ਅਸ਼ਤਾਰੋਥ ਦੇਵੀ ਦੇ ਮੰਦਰ ਵਿੱਚ ਰੱਖਿਆ। ਸ਼ਾਊਲ ਦੀ ਲੋਥ ਨੂੰ ਉਨ੍ਹਾਂ ਨੇ ਬੈਤ-ਸ਼ਾਨ ਦੀ ਕੰਧ ਉੱਪਰ ਟੰਗ ਦਿੱਤਾ।
11 ਜਦ ਯਾਬੇਸ ਗਿਲਆਦ ਦੇ ਵਾਸੀਆਂ ਨੇ ਸੁਣਿਆ ਕਿ ਫ਼ਲਿਸਤੀਆਂ ਨੇ ਸ਼ਾਊਲ ਨਾਲ ਇਵੇਂ ਕੀਤਾ। 12 ਤਾਂ ਯਾਬੇਸ਼ ਦੇ ਸਾਰੇ ਸਿਪਾਹੀ ਬੈਤ-ਸ਼ਾਨ ਨੂੰ ਗਏ। ਉਹ ਸਾਰੀ ਰਾਤ ਤੁਰਦੇ ਗਏ। ਤਾਂ ਉੱਥੇ ਜਾਕੇ ਉਨ੍ਹਾਂ ਨੇ ਸ਼ਾਊਲ ਦੇ ਸ਼ਰੀਰ ਨੂੰ ਬੈਤ-ਸ਼ਾਨ ਦੀ ਕੰਧ ਤੋਂ ਉਤਾਰਿਆ। ਉਨ੍ਹਾਂ ਨੇ ਸ਼ਾਊਲ ਪੁੱਤਰਾਂ ਦੀਆਂ ਲੋਥਾਂ ਨੂੰ ਵੀ ਦੀਵਾਰ ਤੋਂ ਉਤਾਰਿਆ। ਫ਼ੇਰ ਉਹ ਲੋਥਾਂ ਯਾਬੇਸ਼ ਨੂੰ ਲੈ ਗਏ। ਉੱਥੇ ਯਾਬੇਸ਼ ਦੇ ਲੋਕਾਂ ਨੇ ਸ਼ਾਊਲ ਅਤੇ ਉਸ ਦੇ ਤਿੰਨੋ ਪੁੱਤਰਾਂ ਦੀਆਂ ਲੋਥਾਂ ਨੂੰ ਸਾੜ ਦਿੱਤਾ। 13 ਫ਼ਿਰ ਇਨ੍ਹਾਂ ਲੋਕਾਂ ਨੇ ਸ਼ਾਊਲ ਅਤੇ ਉਸ ਦੇ ਤਿੰਨੋ ਪੁੱਤਰਾਂ ਦੀਆਂ ਹੱਡੀਆਂ ਨੂੰ ਯਾਬੇਸ ਦੇ ਵੱਡੇ ਬਲੂਤ ਦੇ ਬਿਰਛ ਹੇਠਾਂ ਦੱਬ ਦਿੱਤਾ। ਤਦ ਯਾਬੇਸ ਦੇ ਲੋਕਾਂ ਨੇ ਉਨ੍ਹਾਂ ਪ੍ਰਤੀ ਆਪਣਾ ਦੁੱਖ ਪਰਗਟ ਕੀਤਾ ਅਤੇ ਸੱਤ ਦਿਨ ਤੱਕ ਵਰਤ ਰੱਖਿਆ।
ਦਾਊਦ ਨੂੰ ਸ਼ਾਊਲ ਦੀ ਮੌਤ ਬਾਰੇ ਪਤਾ ਲੱਗਣਾ
1 ਦਾਊਦ ਅਮਾਲੇਕੀਆਂ ਨੂੰ ਹਰਾਉਣ ਤੋਂ ਬਾਅਦ ਸਿਕਲਗ ਨੂੰ ਮੁੜਿਆ। ਇਹ ਸਭ ਸ਼ਾਊਲ ਦੇ ਇੱਕਦਮ ਮਰਨ ਉਪਰੰਤ ਹੋਇਆ। ਤਦ ਦਾਊਦ ਉੱਥੇ ਦੋ ਦਿਨ ਰਿਹਾ। 2 ਤੀਜੇ ਦਿਨ ਇੱਕ ਨੌਜੁਆਨ ਸਿਪਾਹੀ ਸਿਕਲਗ ਨੂੰ ਆਇਆ। ਇਹ ਆਦਮੀ ਸ਼ਾਊਲ ਦੇ ਡੇਰੇ ਤੋਂ ਸੀ, ਉਸ ਦੇ ਕੱਪੜੇ ਲੀਰੋ-ਲੀਰ ਸਨ ਅਤੇ ਉਸ ਦੇ ਸਿਰ ਉੱਤੇ ਖੇਹ [b] ਪਾਈ ਗਈ ਸੀ। ਉਹ ਮਨੁੱਖ ਦਾਊਦ ਕੋਲ ਆਇਆ ਤਾਂ ਧਰਤੀ ਵੱਲ ਮੂੰਹ ਕਰਕੇ ਉਸ ਅੱਗੇ ਝੁਕਗਿਆ।
3 ਦਾਊਦ ਨੇ ਉਸ ਆਦਮੀ ਨੂੰ ਪੁੱਛਿਆ, “ਤੂੰ ਕਿੱਥੋਂ ਆਇਆ ਹੈਂ?”
ਉਸ ਮਨੁੱਖ ਨੇ ਦਾਊਦ ਨੂੰ ਕਿਹਾ, “ਮੈਂ ਹੁਣੇ-ਹੁਣੇ ਇਸਰਾਏਲ ਦੇ ਡੇਰੇ ਚੋ ਬਚ ਕੇ ਆਇਆ ਹਾਂ।”
4 ਦਾਊਦ ਨੇ ਉਸ ਨੂੰ ਕਿਹਾ, “ਕਿਰਪਾ ਕਰਕੇ ਮੈਨੂੰ ਦੱਸ ਕਿ ਲੜਾਈ ਵਿੱਚ ਕੌਣ ਜਿੱਤਿਆ ਹੈ?”
ਉਸ ਮਨੁੱਖ ਨੇ ਕਿਹਾ, “ਸਾਡੇ ਲੋਕ ਲੜਾਈ ਵਿੱਚੋਂ ਭੱਜ ਗਏ। ਬਹੁਤ ਸਾਰੇ ਤਾਂ ਲੜਾਈ ਵਿੱਚ ਹੀ ਮਾਰੇ ਗਏ। ਸ਼ਾਊਲ ਅਤੇ ਉਸਦਾ ਪੁੱਤਰ ਯੋਨਾਥਾਨ ਵੀ ਜੰਗ ਵਿੱਚ ਮਾਰੇ ਗਏ ਹਨ।”
5 ਦਾਊਦ ਨੇ ਨੌਜੁਆਨ ਸਿਪਾਹੀ ਨੂੰ ਕਿਹਾ, “ਤੈਨੂੰ ਕਿਵੇਂ ਪਤਾ ਹੈ ਕਿ ਸ਼ਾਊਲ ਅਤੇ ਉਸਦਾ ਪੁੱਤਰ ਯੋਨਾਥਾਨ ਵੀ ਮਰ ਗਏ ਹਨ।”
6 ਨੌਜਵਾਨ ਸਿਪਾਹੀ ਨੇ ਜਵਾਬ ਦਿੱਤਾ, “ਮੈਂ ਗਿਲਬੋਆ ਪਰਬਤ ਦੇ ਉੱਪਰ ਸੀ। ਉੱਥੇ ਮੈਂ ਸ਼ਾਊਲ ਨੂੰ ਆਪਣੇ ਨੇਜੇ ਉੱਪਰ ਝੁਕੇ ਹੋਏ ਨੂੰ ਵੇਖਿਆ ਹੈ। ਰੱਥ ਅਤੇ ਘੁੜਸਵਾਰ ਉਸ ਦੇ ਨਜ਼ਦੀਕ ਆਉਂਦੇ ਜਾ ਰਹੇ ਸਨ। 7 ਉਸ ਵਕਤ ਸ਼ਾਊਲ ਨੇ ਮੁੜ ਕੇ ਮੇਰੇ ਵੱਲ ਵੇਖਿਆ ਅਤੇ ਮੈਨੂੰ ਬੁਲਾਇਆ ਤਾਂ ਮੈਂ ਉਸ ਨੂੰ ਜੁਆਬ ਦਿੱਤਾ। 8 ਸ਼ਾਊਲ ਨੇ ਮੇਰੇ ਤੋਂ ਪੁੱਛਿਆ ਕਿ ਮੈਂ ਕੌਣ ਹਾਂ। ਮੈਂ ਉਸ ਨੂੰ ਦੱਸਿਆ ਕਿ ਮੈਂ ਅਮਾਲੇਕੀ ਹਾਂ। 9 ਤਦ ਸ਼ਾਊਲ ਨੇ ਕਿਹਾ, ‘ਕਿਰਪਾ ਕਰਕੇ ਮੈਨੂੰ ਵੱਢ ਸੁੱਟ ਕਿਉਂ ਜੋ ਮੈਂ ਬੁਰੀ ਤਰ੍ਹਾਂ ਜ਼ਖਮੀ ਹਾਂ ਪਰ ਅਜੇ ਤੀਕ ਮੇਰੇ ਪ੍ਰਾਣ ਮੈਨੂੰ ਤਿਆਗ ਨਹੀਂ ਰਹੇ।’ 10 ਇਸ ਲਈ ਮੈਂ ਉੱਥੇ ਰੁਕ ਗਿਆ ਅਤੇ ਉਸ ਨੂੰ ਮਾਰ ਦਿੱਤਾ ਉਹ ਇੰਨੀ ਬੁਰੀ ਤਰ੍ਹਾਂ ਜ਼ਖਮੀ ਸੀ ਕਿ ਮੈਂ ਜਾਣਦਾ ਸੀ ਕਿ ਉਹ ਹੁਣ ਨਹੀਂ ਬਚੇਗਾ। ਮੇਰੇ ਮਹਾਰਾਜ, ਫ਼ਿਰ ਮੈਂ ਉਸ ਦੇ ਸਿਰ ਤੋਂ ਤਾਜ ਅਤੇ ਉਸਦੀ ਬਾਂਹ ਵਿੱਚੋਂ ਕੰਗਣ ਉਤਾਰਿਆ ਅਤੇ ਇਹ ਵਸਤਾਂ ਤੇਰੇ ਕੋਲ ਲੈ ਅਇਆ।”
11 ਤਦ ਦਾਊਦ ਨੇ ਇਹ ਦਰਸਾਉਣ ਲਈ ਕਿ ਉਹ ਵੀ ਬੜਾ ਦੁੱਖੀ ਹੋਇਆ ਹੈ ਆਪਣੇ ਕੱਪੜੇ ਫ਼ਾੜੇ ਅਤੇ ਲੀਰੋ-ਲੀਰ ਕੀਤੇ ਅਤੇ ਦਾਊਦ ਨਾਲ ਜਿੰਨੇ ਵੀ ਹੋਰ ਆਦਮੀ ਸਨ, ਉਨ੍ਹਾਂ ਨੇ ਵੀ ਇਉਂ ਹੀ ਕੀਤਾ। 12 ਉਹ ਸਭ ਬੜੇ ਉਦਾਸ ਹੋਏ, ਰੋਏ-ਪਿੱਟੇ ਅਤੇ ਸ਼ਾਮ ਤੀਕ ਕੁਝ ਨਾ ਖਾਧਾ। ਉਹ ਸ਼ਾਊਲ ਅਤੇ ਉਸ ਦੇ ਪੁੱਤਰ ਯੋਨਾਥਾਨ ਦਾ ਸੋਗ ਮਨਾਉਂਦੇ ਰੋਦੇ-ਪਿੱਟਦੇ ਰਹੇ। ਦਾਊਦ ਅਤੇ ਉਸ ਦੇ ਆਦਮੀ ਇਸ ਲਈ ਵੀ ਰੋਦੇ ਰਹੇ ਕਿਉਂ ਜੋ ਯਹੋਵਾਹ ਦੇ ਲੋਕ ਕਿੰਨੇ ਹੀ ਜੰਗ ਵਿੱਚ ਮਾਰੇ ਗਏ ਸਨ ਅਤੇ ਉਹ ਇਸਰਾਏਲ ਦੇ ਦੁੱਖ ਵਿੱਚ ਰੋਦੇ ਰਹੇ। ਉਹ ਸ਼ਾਊਲ, ਉਸ ਦੇ ਪੁੱਤਰ, ਜੰਗ ਵਿੱਚ ਮਰੇ ਆਦਮੀਆਂ ਅਤੇ ਇਸਰਾਏਲ ਲਈ ਰੋਦੇ ਅਤੇ ਦੁੱਖੀ ਹੁੰਦੇ ਰਹੇ।
ਦਾਊਦ ਨੇ ਅਮਾਲੇਕੀ ਨੂੰ ਮਾਰ ਮੁਕਾਉਣ ਦਾ ਹੁਕਮ ਦਿੱਤਾ
13 ਉਸ ਉਪਰੰਤ ਦਾਊਦ ਨੇ ਉਸ ਨੌਜੁਆਨ ਸਿਪਾਹੀ ਜਿਹੜਾ ਸ਼ਾਊਲ ਦੀ ਮੌਤ ਦੀ ਖਬਰ ਲੈ ਕੇ ਆਇਆ ਸੀ, ਉਸ ਨੂੰ ਪੁੱਛਿਆ, “ਭਲਾ ਤੂੰ ਕਿੱਥੋਂ ਦਾ ਹੈਂ?”
ਨੌਜੁਆਨ ਸਿਪਾਹੀ ਨੇ ਕਿਹਾ, “ਮੈਂ ਪਰਦੇਸੀ ਦਾ ਪੁੱਤਰ ਅਮਾਲੇਕੀ ਹਾਂ।”
14 ਦਾਊਦ ਨੇ ਉਸ ਨੂੰ ਆਖਿਆ, “ਕੀ ਯਹੋਵਾਹ ਦੇ ਚੁਣੇ ਹੋਏ ਪਾਤਸ਼ਾਹ ਨੂੰ ਮਾਰਨ ਵਾਸਤੇ ਜਦੋਂ ਤੇਰੇ ਹੱਥ ਉੱਠੇ ਤਾਂ ਤੈਨੂੰ ਖੌਫ਼ ਨਾ ਆਇਆ?”
15-16 ਤਦ ਦਾਊਦ ਨੇ ਅਮਾਲੇਕੀ ਨੂੰ ਕਿਹਾ, “ਤੂੰ ਆਪਣੀ ਮੌਤ ਦਾ ਆਪ ਜ਼ਿੰਮੇਵਾਰ ਹੈਂ। ਤੂੰ ਆਖਿਆ ਕਿ ਤੂੰ ਆਪ ਯਹੋਵਾਹ ਦੇ ਚੁਣੇ ਪਾਤਸ਼ਾਹ ਨੂੰ ਜਾਨੋ ਮਾਰਿਆ, ਇਸ ਲਈ ਤੇਰੇ ਆਪਣੇ ਕਹੇ ਅਨੁਸਾਰ ਇਹ ਸਿੱਧ ਹੁੰਦਾ ਹੈ ਕਿ ਤੂੰ ਉਸਦਾ ਕਾਤਲ ਹੈਂ।” ਤਦ ਦਾਊਦ ਨੇ ਆਪਣੇ ਇੱਕ ਜੁਆਨ ਸੇਵਕ ਨੂੰ ਬੁਲਾ ਕੇ ਅਮਾਲੇਕੀ ਨੂੰ ਮਾਰ ਸੁੱਟਣ ਦਾ ਹੁਕਮ ਦਿੱਤਾ ਤਾਂ ਉਸ ਨੇ ਉਸ ਅਮਾਲੇਕੀ ਨੂੰ ਵੱਢ ਸੁੱਟਿਆ।
ਦਾਊਦ ਦਾ ਸ਼ਾਊਲ ਅਤੇ ਯੋਨਾਥਾਨ ਲਈ ਸ਼ੋਕ ਗੀਤ
17 ਤਦ ਦਾਊਦ ਨੇ ਸ਼ਾਊਲ ਅਤੇ ਯੋਨਾਥਾਨ ਲਈ ਇੱਕ ਸ਼ੋਕ ਗੀਤ ਗਾਇਆ। 18 ਦਾਊਦ ਨੇ ਉਹ ਗੀਤ ਉਨ੍ਹਾਂ ਯਹੂਦੀਆਂ ਨੂੰ ਸਿੱਖਾਉਣ ਦੀ ਆਗਿਆ ਦਿੱਤੀ। ਉਸ ਸ਼ੋਕ ਗੀਤ ਨੂੰ ਕਮਾਣ ਦਾ ਗੀਤ ਆਖਿਆ ਜਾਂਦਾ ਹੈ। ਇਹ ਗੀਤ ਯਾਸ਼ਰ ਦੀ ਪੋਥੀ [c] ਵਿੱਚ ਲਿਖਿਆ ਹੋਇਆ ਹੈ।
19 “ਹੇ ਇਸਰਾਏਲ, ਤੇਰਾ ਸੁਹੱਪਣ ਤੇਰਿਆਂ ਪਰਬਤਾਂ ਤੇ ਨਸ਼ਟ ਹੋ ਗਿਆ।
ਹਾਏ! ਉਹ ਸੂਰਮੇ ਕਿਵੇਂ ਡਿੱਗੇ!
20 ਗਬ ਵਿੱਚ ਖਬਰ ਨਾ ਦੱਸੋ!
ਅਸ਼ਕਲੋਨ ਦੀਆਂ ਗਲੀਆਂ ਵਿੱਚ ਵੀ ਇਹ ਡੌਁਡੀ ਨਾ ਪਿੱਟੋ।
ਨਹੀਂ ਤਾਂ ਫ਼ਲਿਸਤੀ ਸ਼ਹਿਰ ਖੁਸ਼ ਹੋਣਗੇ
ਅਸੁੰਨਤੀ ਜਸ਼ਨ ਮਨਾਉਣਗੇ!
21 “ਹੇ ਗਿਲਬੋਆ ਦੇ ਪਰਬਤੋਂ ਤੁਹਾਡੇ ਤੇ ਨਾ ਤ੍ਰੇਲ ਪਵੇ ਨਾ ਬਾਰਿਸ਼।
ਨਾ ਉਨ੍ਹਾਂ ਖੇਤਾਂ ਵੱਲੋਂ ਕੋਈ ਅਨਾਜ ਦੀ ਭੇਟ ਤੁਹਾਡੇ ਤੱਕ ਆਵੇ।
ਕਿਉਂ ਜੋ ਉੱਥੇ ਸੂਰਮਿਆਂ ਦੀ ਢਾਲ ਪਲੀਤ ਹੋ ਗਈ।
ਅਤੇ ਸ਼ਾਊਲ ਦੀ ਢਾਲ ਤੇਲ ਨਾਲ ਮਸਹ ਵੀ ਨਾ ਕੀਤੀ ਗਈ।
22 ਵੱਢਿਆਂ ਹੋਇਆਂ ਦੇ ਲਹੂ ਤੋਂ
ਅਤੇ ਸੂਰਮਿਆਂ ਦੀ ਚਰਬੀ ਤੋਂ ਨਾ ਹੀ
ਯੋਨਾਥਾਨ ਦੀ ਕਮਾਣ ਭੋਂਈ ਗਈ ਨਾ ਹੀ
ਸ਼ਾਊਲ ਦੀ ਤਲਵਾਰ ਸੱਖਣੀ ਮੁੜੀ।
23 “ਸ਼ਾਊਲ ਅਤੇ ਯੋਨਾਥਾਨ ਆਪਣੇ ਜੀਵਨ ਵਿੱਚ ਇੱਕ ਦੂਜੇ ਨੂੰ ਪਿਆਰਦੇ ਰਹੇ ਆਨੰਦ ਮਾਣਦੇ ਰਹੇ,
ਅਤੇ ਵੇਖੋ! ਮੌਤ ਵੀ ਉਨ੍ਹਾਂ ਨੂੰ ਜੁਦਾ ਨਾ ਕਰ ਸੱਕੀ
ਉਹ ਉਕਾਬਾਂ ਨਾਲੋਂ ਵੀ ਤੇਜ਼ ਰਫ਼ਤਾਰ
ਅਤੇ ਬੱਬਰ ਸ਼ੇਰਾਂ ਨਾਲੋਂ ਵੀ ਵੱਧੇਰੇ ਤਕੜੇ ਸਨ।
24 ਹੇ ਇਸਰਾਏਲ ਦੀ ਧੀਓ, ਸ਼ਾਊਲ ਲਈ ਰੋਵੋ
ਜਿਸਨੇ ਤੁਹਾਨੂੰ ਕਿਰਮਚੀ ਵਸਤਰ ਸੋਨੇ ਦੇ ਜੜੇ ਗਹਿਣੇ ਦਿੱਤੇ।
25 “ਹਾਏ ਉਹ ਸੂਰਮੇ ਕਿਵੇਂ ਲੜਾਈ ਵਿੱਚ ਡਿੱਗ ਪਏ?
ਹੇ ਯੋਨਾਥਾਨ! ਤੂੰ ਆਪਣੇ ਉੱਚੇ ਪਰਬਤਾਂ ਵਿੱਚ ਮਾਰਿਆ ਗਿਆ।
26 ਹੇ ਮੇਰੇ ਵੀਰ ਯੋਨਾਥਾਨ, ਮੈਂ ਤੈਥੋਂ ਬਿਨਾ ਬੜਾ ਦੁੱਖੀ ਹਾਂ
ਮੈਨੂੰ ਤੇਰਾ ਸਾਥ ਅਤਿ ਪਿਆਰਾ ਸੀ ਤੇਰਾ
ਮੇਰੇ ਲਈ ਪਿਆਰ ਕਿਸੀ ਔਰਤ ਦੇ ਪਿਆਰ
ਤੋਂ ਵੀ ਕਿਤੇ ਵੱਧੀਕ ਸੀ।
27 ਕਿਵੇਂ ਤਾਕਤਵਰ ਆਦਮੀ ਯੁੱਧ ਵਿੱਚ ਡਿੱਗ ਪਏ ਹਨ
ਅਤੇ ਉਨ੍ਹਾਂ ਦੇ ਯੁੱਧ ਦੇ ਸਾਰੇ ਸ਼ਸਤਰ ਚੱਲੇ ਗਏ ਹਨ।”
ਦਾਊਦ ਅਤੇ ਉਸ ਦੇ ਸਾਥੀਆਂ ਦਾ ਹਬਰੋਨ ਨੂੰ ਜਾਣਾ
2 ਉਪਰੰਤ ਦਾਊਦ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ ਅਤੇ ਪੁੱਛਿਆ, “ਕੀ ਮੈਨੂੰ ਯਹੂਦਾਹ ਦੇ ਕਿਸੇ ਵੀ ਨਗਰ ਤਾਈਂ ਜਾਣਾ ਚਾਹੀਦਾ?”
ਯਹੋਵਾਹ ਨੇ ਦਾਊਦ ਨੂੰ ਕਿਹਾ, “ਚਲਾ ਜਾ।”
ਦਾਊਦ ਨੇ ਪੁੱਛਿਆ, “ਮੈਂ ਕਿੱਥੋ ਜਾਵਾਂ?”
ਯਹੋਵਾਹ ਨੇ ਆਖਿਆ, “ਹਬਰੋਨ ਨੂੰ ਚੱਲਿਆਂ ਜਾ।”
2 ਤਾਂ ਦਾਊਦ ਆਪਣੀਆਂ ਦੋਨੋ ਬੀਵੀਆਂ ਨਾਲ ਹਬਰੋਨ ਨੂੰ ਚੱਲਾ ਗਿਆ। ਉਹ ਸਨ ਯਿਜ਼ਰੇਲ ਤੋਂ ਅਹੀਨੋਅਮ ਅਤੇ ਕਰਮਲ ਤੋਂ ਨਾਬਾਲ ਦੀ ਵਿਧਵਾ ਅਬੀਗੈਲ। 3 ਦਾਊਦ ਆਪਣੇ ਨਾਲ ਆਪਣੇ ਸਾਬੀ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਲੈ ਗਿਆ। ਉਨ੍ਹਾਂ ਸਾਰਿਆਂ ਨੇ ਆਪਣੇ ਘਰ ਹਬਰੋਨ ਦੇ ਪਿੰਡਾਂ ਵਿੱਚ ਵਸਾ ਲਏ।
ਦਾਊਦ ਦਾ ਯਾਬੇਸ਼ ਦੇ ਲੋਕਾਂ ਦਾ ਧੰਨਵਾਦ ਕਰਨਾ
4 ਤਦ ਯਹੂਦਾਹ ਦੇ ਲੋਕ ਹਬਰੋਨ ਨੂੰ ਆਏ ਅਤੇ ਉਨ੍ਹਾਂ ਨੇ ਦਾਊਦ ਨੂੰ ਯਹੂਦਾਹ ਦੇ ਪਾਤਸ਼ਾਹ ਵਜੋਂ ਮਸਹ ਕੀਤਾ ਉਨ੍ਹਾਂ ਨੇ ਦਾਊਦ ਨੂੰ ਕਿਹਾ, “ਯਾਬੇਸ਼ ਗਿਲਆਦ ਦੇ ਲੋਕਾਂ ਨੇ ਸ਼ਾਊਲ ਨੂੰ ਦੱਬਿਆ।”
5 ਸੋ ਦਾਊਦ ਨੇ ਯਾਬੇਸ਼ ਗਿਲਆਦ ਦੇ ਲੋਕਾਂ ਕੋਲ ਸੰਦੇਸ਼ਵਾਹਕ ਭੇਜੇ। ਇਨ੍ਹਾਂ ਸੰਦੇਸ਼ਵਾਹਕਾਂ ਨੇ ਯਾਬੇਸ਼ ਗਿਲਆਦ ਦੇ ਲੋਕਾਂ ਨੂੰ ਆਖਿਆ, “ਯਹੋਵਾਹ ਤੁਹਾਨੂੰ ਅਸੀਸ ਦੇਵੇ ਕਿਉਂ ਜੋ ਤੁਸੀਂ ਆਪਣੇ ਮਹਾਰਾਜ ਸ਼ਾਊਲ ਉੱਪਰ ਇੰਨੀ ਦਯਾ ਕੀਤੀ ਜੋ ਤੁਸੀਂ ਉਸ ਦੀਆਂ ਹੱਡੀਆਂ [d] ਨੂੰ ਦੱਬ ਦਿੱਤਾ। 6 ਹੁਣ ਯਹੋਵਾਹ ਤੁਹਾਡੇ ਉੱਪਰ ਕਿਰਪਾ ਅਤੇ ਨੇਕੀ ਕਰੇ। ਮੈਂ ਤੁਹਾਡੇ ਤੇ ਦਯਾਲੂ ਹੋਵਾਂਗਾ ਕਿਉਂ ਕਿ ਤੁਸੀਂ ਸ਼ਾਊਲ ਦੀਆਂ ਹੱਡੀਆਂ ਦੱਬ ਦਿੱਤੀਆਂ। 7 ਹੁਣ ਤਕੜੇ ਹੋਵੋ ਅਤੇ ਬਹਾਦੁਰ ਬਣੋ। ਤੁਹਾਡਾ ਮਹਾਰਾਜ ਸ਼ਾਊਲ ਮਰ ਗਿਆ ਹੈ। ਪਰ ਯਹੂਦਾਹ ਦੇ ਪਰਿਵਾਰ-ਸਮੂਹ ਨੇ ਮੈਨੂੰ ਮਸਹ ਕੀਤਾ ਹੈ ਕਿ ਮੈਂ ਉਨ੍ਹਾਂ ਦਾ ਪਾਤਸ਼ਾਹ ਬਣਾਂ।”
ਈਸ਼ਬੋਸ਼ਥ ਪਾਤਸ਼ਾਹ ਬਣਿਆ
8 ਪਰ ਨੇਰ ਦੇ ਪੁੱਤਰ ਅਬਨੇਰ ਨੇ ਜਿਹੜਾ ਕਿ ਸ਼ਾਊਲ ਦਾ ਸੈਨਾਪਤੀ ਸੀ ਉਸ ਨੇ ਸ਼ਾਊਲ ਦੇ ਪੁੱਤਰ ਈਸ਼ਬੋਸ਼ਥ ਨੂੰ ਲੈ ਕੇ ਮਹਨਾਇਮ ਵਿੱਚ ਪਹੁੰਚਾ ਦਿੱਤਾ ਅਤੇ 9 ਉਸ ਨੂੰ ਗਿੱਲਆਦ, ਅਸ਼ੂਰੀਆਂ, ਯਿਜ਼ਰਾਏਲ, ਅਫ਼ਰਾਈਮ, ਬਿਨਯਾਮਿਨ ਅਤੇ ਸਾਰੇ ਇਸਰਾਏਲ ਦਾ ਪਾਤਸ਼ਾਹ ਬਣਾ ਦਿੱਤਾ।
10 ਈਸ਼ਬੋਸ਼ਥ ਸ਼ਾਊਲ ਦਾ ਪੁੱਤਰ ਸੀ ਅਤੇ ਜਦ ਉਹ ਇਸਰਾਏਲ ਉੱਪਰ ਰਾਜ ਕਰਨ ਲੱਗਾ ਤਦ ਉਸਦੀ ਉਮਰ 40 ਵਰ੍ਹਿਆਂ ਦੀ ਸੀ। ਉਸ ਨੇ ਦੋ ਸਾਲਾਂ ਤੀਕ ਰਾਜ ਕੀਤਾ, ਪਰ ਉਹ ਜੋ ਯਹੂਦਾਹ ਦੇ ਪਰਿਵਾਰ ਸਮੂਹ ਤੋਂ ਸਨ ਉਨ੍ਹਾਂ ਨੇ ਦਾਊਦ ਦਾ ਪਿੱਛਾ ਕੀਤਾ। 11 ਹਬਰੋਨ ਵਿੱਚ ਦਾਊਦ ਨੇ ਯਹੂਦਾਹ ਦੇ ਘਰਾਣੇ ਉੱਪਰ ਸੱਤ ਸਾਲ ਅਤੇ ਛੇ ਮਹੀਨੇ ਰਾਜ ਕੀਤਾ।
ਭਿਅੰਕਰ ਮੁਕਾਬਲਾ
12 ਨੇਰ ਦੇ ਪੁੱਤਰ ਅਬਨੇਰ ਅਤੇ ਸ਼ਾਊਲ ਦੇ ਪੁੱਤਰ ਈਸ਼ਬੋਸ਼ਥ ਦੇ ਸੇਵਕ ਮਹਨਾਇਮ ਵਿੱਚੋਂ ਤੁਰਕੇ ਗਿਬਓਨ ਵਿੱਚ ਆਏ। 13 ਸਰੂਯਾਹ ਦਾ ਪੁੱਤਰ ਯੋਆਬ ਅਤੇ ਦਾਊਦ ਦੇ ਸੇਵਕ ਨਿਕਲੇ ਅਤੇ ਗਿਬਓਨ ਦੇ ਤਲਾਬ ਕੋਲ ਉਨ੍ਹਾਂ ਨੂੰ ਮਿਲੇ ਅਤੇ ਦੋਵੇਂ ਉੱਥੇ ਬੈਠ ਗਏ। ਇੱਕ ਟੋਲੀ ਤਲਾਬ ਦੇ ਉਰਲੇ ਬੰਨੇ ਅਤੇ ਦੂਜੀ ਤਲਾਬ ਦੇ ਦੂਜੇ ਬੰਨੇ ਜਾਕੇ ਬੈਠ ਗਈ।
14 ਅਬਨੇਰ ਨੇ ਯੋਆਬ ਨੂੰ ਕਿਹਾ, “ਇਨ੍ਹਾਂ ਨੌਜੁਆਨਾਂ ਨੂੰ ਆਖੋ ਕਿ ਸਾਡੇ ਅੱਗੇ ਕੋਈ ਮੁਕਾਬਲਾ ਆਪਸ ਵਿੱਚ ਕਰਕੇ ਵਿਖਾਉਣ।”
ਯੋਆਬ ਨੇ ਕਿਹਾ, “ਹਾਂ, ਇਨ੍ਹਾਂ ਨੂੰ ਮੁਕਾਬਲਾ ਵਿਖਾਉਣਾ ਚਾਹੀਦਾ ਹੈ।”
15 ਤਦ ਆਦਮੀ ਉੱਠੇ। ਦੋਨਾਂ ਟੋਲਿਆਂ ਨੇ ਮੁਕਾਬਲੇ ਲਈ ਆਪੋ-ਆਪਣੇ ਬੰਦੇ ਗਿਣੇ। ਦਾਊਦ ਦੀ ਫ਼ੌਜ ਵਿੱਚੋਂ 12 ਆਦਮੀ ਚੁਣੇ ਗਏ ਸਨ ਅਤੇ 12 ਆਦਮੀ ਸ਼ਾਊਲ ਦੇ ਪੁੱਤਰ ਈਸ਼ਬੋਸ਼ਥ ਲਈ ਲੜਨ ਖਾਤਰ ਬਿਨਯਾਮੀਨ ਦੇ ਪਰਿਵਾਰ-ਸਮੂਹ ਵਿੱਚੋਂ ਚੁਣੇ ਗਏ ਸਨ। 16 ਹਰ ਆਦਮੀ ਨੇ ਆਪਣੇ ਵਿਰੋਧੀ ਦਾ ਸਿਰ ਫ਼ੜਿਆ ਅਤੇ ਆਪਣੀ ਤਲਵਾਰ ਧਸਾ ਦਿੱਤੀ ਅਤੇ ਉਸ ਨੂੰ ਵੱਖੀ ਤੇ ਜ਼ਖਮੀ ਕਰ ਦਿੱਤਾ ਅਤੇ ਫ਼ੇਰ ਉਹ ਇਕੱਠੇ ਡਿੱਗ ਪਏ। ਇਹੀ ਕਾਰਣ ਹੈ ਕਿ ਗਿਬਉਨ ਵਿੱਚਲੀ ਇਹ ਥਾਂ “ਤਿੱਖੀ ਤਲਵਾਰ ਦਾ ਖੇਤ ਕਹਾਊਂਦੀ ਹੈ।” 17 ਉਹ ਮੁਕਾਬਲਾ ਇੱਕ ਭਿਅੰਕਰ ਲੜਾਈ ਦਾ ਰੂਪ ਧਾਰ ਗਿਆ ਅਤੇ ਦਾਊਦ ਦੇ ਅਫ਼ਸਰਾਂ ਨੇ ਉਸ ਦਿਨ ਅਬਨੇਰ ਅਤੇ ਇਸਰਾਏਲ ਦੇ ਲੋਕਾਂ ਨੂੰ ਹਰਾਇਆ।
ਅਬਨੇਰ ਦਾ ਅਸਾਹੇਲ ਨੂੰ ਮਾਰ ਦੇਣਾ
18 ਉੱਥੇ ਸਰੂਯਾਹ ਦੇ ਤਿੰਨ ਪੁੱਤਰ ਯੋਆਬ, ਅਬੀਸ਼ਈ ਅਤੇ ਅਸਾਹੇਲ ਵੀ ਸਨ। ਅਸਾਹੇਲ ਬਹੁਤ ਵੱਧੀਆ ਜੰਗਲੀ ਹਿਰਨ ਤੋਂ ਵੀ ਤੇਜ਼ ਦੌੜਾਕ ਸੀ। 19 ਉਸ ਨੇ ਸਿੱਧਾ ਬਿਨਾ ਖੱਬੇ-ਸੱਜੇ ਤੱਕਿਆਂ ਅੱਬਨੇਰ ਦਾ ਪਿੱਛਾ ਕੀਤਾ। 20 ਤਦ ਅਬਨੇਰ ਨੇ ਉਸ ਨੂੰ ਆਪਣੇ ਮਗਰ ਵੇਖਕੇ ਕਿਹਾ, “ਤੂੰ ਹੀ ਅਸਾਹੇਲ ਹੈਂ?”
ਅਸਾਹੇਲ ਨੇ ਕਿਹਾ, “ਹਾਂ, ਮੈਂ ਹੀ ਹਾਂ।”
21 ਅਬਨੇਰ ਅਸਾਹੇਲ ਨੂੰ ਦੁੱਖ ਨਹੀਂ ਸੀ ਪਹੁੰਚਾਣਾ ਚਾਹੁੰਦਾ। ਇਸ ਲਈ ਉਸ ਨੇ ਅਸਾਹੇਲ ਨੂੰ ਕਿਹਾ, “ਮੇਰਾ ਪਿੱਛਾ ਛੱਡਦੇ, ਜੇ ਕਿਸੇ ਜੁਆਨ ਸਿਪਾਹੀ ਦੇ ਪਿੱਛੇ ਭੱਜੇ ਤਾਂ ਤੂੰ ਸੌਖੀ ਤਰ੍ਹਾਂ ਉਸ ਦੇ ਸ਼ਸਤ੍ਰ ਆਪਣੇ ਲਈ ਖੋਹ ਸੱਕਦਾ ਹੈਂ।” ਪਰ ਅਸਾਹੇਲ ਨੇ ਅਬਨੇਰ ਦਾ ਪਿੱਛਾ ਨਾ ਕਰਨ ਤੋਂ ਇਨਕਾਰ ਕੀਤਾ।
22 ਅਬਨੇਰ ਨੇ ਮੁੜ ਅਸਾਹੇਲ ਨੂੰ ਕਿਹਾ, “ਮੇਰਾ ਪਿੱਛਾ ਕਰਨਾ ਛੱਡ ਦੇ ਨਹੀਂ ਤਾਂ ਮੈਂ ਤੈਨੂੰ ਵੱਢ ਸੁੱਟਾਂਗਾ। ਤਾਂ ਫ਼ਿਰ ਮੈਂ ਤੇਰੇ ਭਰਾ ਯੋਆਬ ਨੂੰ ਕੀ ਮੂੰਹ ਵਿਖਾਵਾਂਗਾ?”
23 ਪਰ ਅਸਾਹੇਲ ਤਦ ਵੀ ਨਾ ਮੰਨਿਆ। ਤਦ ਅਬਨੇਰ ਨੇ ਬਰਛੀ ਦੇ ਪੁੱਟੇ ਸਿਰੇ ਨਾਲ ਉਸਦੀ ਪੰਜਵੀਂ ਪੱਸਲੀ ਹੇਠਾਂ ਉਸ ਨੂੰ ਅਜਿਹਾ ਮਾਰਿਆ ਜੋ ਬਰਛੀ ਉਸ ਦੀ ਪਿੱਠ ਵਿੱਚੋਂ ਦੀ ਪਾਰ ਨਿਕਲ ਗਈ। ਸੋ ਉਹ ਉੱਥੇ ਹੀ ਡਿੱਗ ਪਿਆ ਅਤੇ ਉਸੇ ਥਾਂ ਹੀ ਮਰ ਗਿਆ।
ਯੋਆਬ ਅਤੇ ਅਬੀਸ਼ਈ ਨੇ ਅਬਨੇਰ ਦਾ ਪਿੱਛਾ ਕੀਤਾ
ਅਸਾਹੇਲ ਦੀ ਲੋਬ ਜ਼ਮੀਨ ਤੇ ਪਈ ਰਹੀ। ਜਿਹੜਾ ਵੀ ਮਨੁੱਖ ਦੌੜਦਾ ਉੱਥੇ ਪਹੁੰਚਦਾ ਤਾਂ ਉਹ ਅਸਾਹੇਲ ਨੂੰ ਮੋਇਆ ਪਿਆ ਵੇਖ ਕਿ ਉੱਥੇ ਰੁਕ ਜਾਂਦਾ। 24 ਪਰ ਯੋਆਬ ਅਤੇ ਅਬੀਸ਼ਈ ਨਿਰੰਤਰ ਅਬਨੇਰ ਦੇ ਪਿੱਛੇ ਭੱਜਦੇ ਰਹੇ। ਸੂਰਜ ਉਸ ਵਕਤ ਡੁੱਬਣ ਵਾਲਾ ਸੀ ਜਦੋਂ ਉਹ ਦੋਨੋ ਅੰਮਾਹ ਦੀ ਪਹਾੜੀ ਤੀਕ ਪਹੁੰਚੇ (ਅੰਮਾਹ ਦਾ ਪਹਾੜ ਗਿਬਓਨ ਦੀ ਉਜਾੜ ਦੇ ਰਾਹ ਵਿੱਚ ਗਿਯਹ ਦੇ ਸਾਹਮਣੇ ਹੈ।) 25 ਅਤੇ ਬਿਨਯਾਮੀਨ ਪਰਿਵਾਰ-ਸਮੂਹ ਦੇ ਆਦਮੀ ਅਬਨੇਰ ਦੇ ਮਗਰ ਹੋਕੇ ਇਕੱਠੇ ਹੋਏ ਅਤੇ ਇੱਕ ਟੋਲੀ ਬਣਾਕੇ ਪਹਾੜ ਦੀ ਟੀਸੀ ਉੱਪਰ ਖਲੋ ਗਏ।
26 ਅਬਨੇਰ ਨੇ ਯੋਆਬ ਨੂੰ ਲਲਕਾਰਿਆ ਅਤੇ ਕਿਹਾ, “ਕੀ ਸਾਨੂੰ ਲੜਨਾ ਚਾਹੀਦਾ ਹੈ? ਤੇ ਇੱਕ ਦੂਜੇ ਨੂੰ ਹਮੇਸ਼ਾ-ਹਮੇਸ਼ਾ ਲਈ ਖਤਮ ਕਰਨਾ ਹੋਵੇਗਾ? ਤੂੰ ਚੰਗੀ ਤਰ੍ਹਾਂ ਜਾਣਦਾ ਹੈਂ ਇਹ ਗੱਲ ਕਿ ਇਸਦਾ ਅੰਤ ਦੁੱਖਦਾਈ ਹੋਵੇਗਾ। ਜਾ ਅਤੇ ਜਾਕੇ ਲੋਕਾਂ ਨੂੰ ਸਮਝਾ ਕਿ ਆਪਣੇ ਭਰਾਵਾਂ ਦਾ ਪਿੱਛਾ ਕਰਨਾ ਬੰਦ ਕਰਨ।”
27 ਤਦ ਯੋਆਬ ਨੇ ਕਿਹਾ, “ਜੋ ਤੂੰ ਆਖਿਆ ਹੈ ਬਹੁਤ ਚੰਗੀ ਗੱਲ ਹੈ। ਜਿਉਂਦੇ ਪਰਮੇਸ਼ੁਰ ਦੀ ਸੌਂਹ, ਜੇ ਕਦੀ ਤੂੰ ਇਹ ਗੱਲ ਨਾ ਆਖਦਾ ਤਾਂ ਲੋਕਾਂ ਵਿੱਚੋਂ ਸਭ ਆਪੋ-ਆਪਣੇ ਭਰਾਵਾਂ ਦਾ ਪਿੱਛਾ ਛੱਡ ਕੇ ਸਵੇਰੇ ਹੀ ਮੁੜ ਜਾਂਦੇ।” 28 ਸੋ ਯੋਆਬ ਨੇ ਤੁਰ੍ਹੀ ਵਜਾਈ ਅਤੇ ਸਭ ਲੋਕ ਖਲੋ ਗਏ ਅਤੇ ਫ਼ਿਰ ਉਹ ਇਸਰਾਏਲ ਦੇ ਮਗਰ ਨਾ ਲੱਗੇ ਅਤੇ ਹੋਰ ਲੜਾਈ ਵੀ ਨਾ ਕੀਤੀ।
29 ਅਬਨੇਰ ਅਤੇ ਉਸ ਦੇ ਸਾਬੀ ਸਾਰੀ ਰਾਤ ਯਰਦਨ ਘਾਟੀ ਦੇ ਪਾਰ ਪੈਦਲ ਤੁਰਦੇ ਗਏ। ਉਨ੍ਹਾਂ ਯਰਦਨ ਦਰਿਆ ਪਾਰ ਕੀਤਾ ਅਤੇ ਮਹਨਾਇਮ ਪਹੁੰਚਣ ਤੀਕ ਸਾਰਾ ਦਿਨ ਪੈਦਲ ਤੁਰਦੇ ਆਏ।
30 ਯੋਆਬ ਨੇ ਅਬਨੇਰ ਦਾ ਪਿੱਛਾ ਛੱਡ ਦਿੱਤਾ ਅਤੇ ਵਾਪਸ ਮੁੜ ਗਿਆ। ਜਦੋਂ ਉਸ ਨੇ ਸਾਰੇ ਆਦਮੀਆਂ ਨੂੰ ਇਕੱਠਾ ਕੀਤਾ ਤਾਂ ਦਾਊਦ ਦੇ ਸੇਵਕਾਂ ਵਿੱਚੋਂ 19 ਅਫ਼ਸਰ ਗਾਇਬ ਸਨ, ਜਿਨ੍ਹਾਂ ਵਿੱਚੋਂ ਅਸਾਹੇਲ ਵੀ ਇੱਕ ਸੀ। 31 ਪਰ ਦਾਊਦ ਦੇ ਅਫ਼ਸਰਾਂ ਨੇ ਬਿਨਯਾਮੀਨ ਵਿੱਚੋਂ ਉਨ੍ਹਾਂ ਦੇ ਘਰਾਣੇ ਦੇ ਅਬਨੇਰ ਦੇ 360 ਆਦਮੀਆਂ ਨੂੰ ਮਾਰ ਸੁੱਟਿਆ। 32 ਦਾਊਦ ਦੇ ਅਫ਼ਸਰਾਂ ਨੇ ਅਸਾਹੇਲ ਨੂੰ ਚੁੱਕ ਲਿਆ ਅਤੇ ਉਸ ਦੇ ਪਿਉ ਦੀ ਸਮਾਧ ਵਿੱਚ ਜੋ ਬੈਤਲਹਮ ਵਿੱਚ ਸੀ, ਉਸ ਨੂੰ ਦੱਬ ਦਿੱਤਾ ਅਤੇ ਯੋਆਬ ਅਤੇ ਉਸ ਦੇ ਆਦਮੀ ਸਾਰੀ ਰਾਤ ਤੁਰਕੇ ਤੜਕਸਾਰ ਪਹੁ ਫ਼ੁੱਟਣ ਤੋਂ ਪਹਿਲਾਂ ਹਬਰੋਨ ਵਿੱਚ ਆ ਗਏ।
ਇਸਰਾਏਲ ਅਤੇ ਯਹੂਦਾਹ ਵਿੱਚਕਾਰ ਜੰਗ
3 ਸ਼ਾਊਲ ਅਤੇ ਦਾਊਦ ਦੇ ਪਰਿਵਾਰ ਦਰਮਿਆਨ ਕਾਫ਼ੀ ਲੰਬਾ ਅਰਸਾ ਜੰਗ ਚਲਦੀ ਰਹੀ। ਦਾਊਦ ਦਿਨ ਭਰ ਦਿਨ ਤਾਕਤਵਰ ਹੁੰਦਾ ਗਿਆ ਅਤੇ ਸ਼ਾਊਲ ਦਾ ਘਰਾਣਾ ਦਿਨ ਭਰ ਦਿਨ ਕਮਜ਼ੋਰ।
ਹਬਰੋਨ ਵਿੱਚ ਦਾਊਦ ਦੇ ਛੇ ਬੱਚੇ ਪੈਦਾ ਹੋਏ
2 ਦਾਊਦ ਨੇ ਫ਼ਿਰ ਹਬਰੋਨ ਵਿੱਚ ਪੁੱਤਰ ਜਨਮੇ:
ਜਿਨ੍ਹਾਂ ਵਿੱਚੋਂ ਪਹਿਲੋਠੇ ਪੁੱਤਰ ਦਾ ਨਾਉਂ ਅਮਨੋਨ ਸੀ ਜਿਸ ਦੀ ਮਾਂ ਦਾ ਨਾਉਂ ਯਿਜ਼ਰੇਲਣ ਅਹੀਨੋਅਮ ਸੀ।
3 ਅਤੇ ਦੂਜਾ ਪੁੱਤਰ ਕਰਮਲੀ ਨਾਬਾਲ ਦੀ ਬੇਵਾ ਬੀਬੀ ਅਬੀਗੈਲ ਦੇ ਕੁੱਖੋਂ ਹੋਇਆ, ਜਿਸ ਦਾ ਨਾਉਂ ਕਿਲਆਬ ਸੀ।
ਤੀਜੇ ਪੁੱਤਰ ਦਾ ਨਾਉਂ ਅਬਸ਼ਾਲੋਮ ਸੀ। ਅਬਸ਼ਾਲੋਮ ਦੀ ਮਾਂ ਗਸ਼ੂਰ ਦੇ ਰਾਜੇ ਤਲਮਈ ਦੀ ਧੀ ਮਆਕਾਹ ਦੇ ਕੁੱਖੋਂ ਸੀ।
4 ਦਾਊਦ ਦੇ ਚੌਥੇ ਪੁੱਤਰ ਦਾ ਨਾਉਂ ਅਦੋਨਿੱਯਾਹ ਸੀ ਅਤੇ ਉਹ ਹੱਗੀਥ ਦਾ ਪੁੱਤਰ ਸੀ।
ਉਸ ਦੇ ਪੰਜਵੇਂ ਪੁੱਤਰ ਦਾ ਨਾਉਂ ਸੀ ਸਫ਼ਟਯਾਹ ਜੋ ਕਿ ਅਬੀਟਾਲ ਦੇ ਕੁੱਖੋਂ ਸੀ।
5 ਛੇਵੇਂ ਪੁੱਤਰ ਦਾ ਨਾਉਂ ਸੀ ਯਿਥਰਆਮ। ਯਿਥਰਆਮ ਅਗਲਾਹ ਦੇ ਕੁੱਖੋਂ ਸੀ ਜੋ ਕਿ ਦਾਊਦ ਦੀ ਪਤਨੀ ਸੀ।
ਦਾਊਦ ਦੇ ਇਹ ਛੇ ਪੁੱਤਰ ਹਬਰੋਨ ਵਿੱਚ ਜੰਮੇ।
ਅਬਨੇਰ ਦਾਊਦ ਦਾ ਸਾਬ ਦੇਣ ਦਾ ਫ਼ੈਸਲਾ ਕਰਦਾ ਹੈ
6 ਸ਼ਾਊਲ ਦੀ ਸੈਨਾ ਵਿੱਚ ਅਬਨੇਰ ਦਿਨੋ-ਦਿਨ ਤਾਕਤਵਰ ਹੁੰਦਾ ਗਿਆ ਜਦ ਕਿ ਸ਼ਾਊਲ ਅਤੇ ਦਾਊਦ ਦੇ ਘਰਾਣੇ ਆਪਸ ਵਿੱਚ ਲੜਦੇ ਰਹੇ। 7 ਸ਼ਾਊਲ ਦੀ ਇੱਕ ਦਾਸੀ ਸੀ ਰਿਜ਼ਪਾਹ ਜੋ ਕਿ ਅੱਯਾਹ ਦੀ ਧੀ ਸੀ। ਈਸ਼ਬੋਸ਼ਥ ਨੇ ਅਬਨੇਰ ਨੂੰ ਆਖਿਆ, “ਤੂੰ ਮੇਰੇ ਪਿਉ ਦੀ ਨੌਕਰਾਣੀ ਨਾਲ ਸੰਭੋਗ ਕਿਉਂ ਕੀਤਾ?”
8 ਅਬਨੇਰ ਨੇ ਈਸ਼ਬੋਸ਼ਥ ਦੀ ਇਸ ਗੱਲ ਤੇ ਗੁੱਸੇ ’ਚ ਆਕੇ ਆਖਿਆ, “ਮੈਂ ਸ਼ਾਊਲ ਅਤੇ ਉਸ ਦੇ ਪਰਿਵਾਰ ਦਾ ਵਫ਼ਾਦਾਰ ਰਿਹਾ ਹਾਂ। ਮੈਂ ਤੁਹਾਨੂੰ ਦਾਊਦ ਦੇ ਹਵਾਲੇ ਨਾ ਕੀਤਾ ਤੇ ਨਾ ਹੀ ਮੈਂ ਉਸ ਨੂੰ ਤੁਹਾਨੂੰ ਹਰਾਉਣ ਦਿੱਤਾ। ਮੈਂ ਯਹੂਦਾਹ ਲਈ ਕੰਮ ਕਰ ਰਿਹਾ ਕੋਈ ਗੱਦਾਰ ਨਹੀਂ ਹਾਂ। ਪਰ ਹੁਣ ਤੂੰ ਮੇਰੇ ਤੇ ਇਲਜਾਮ ਲੱਗਾ ਰਿਹਾ ਹੈਂ ਕਿ ਅਜਿਹੀ ਮੰਦੀ ਗੱਲ ਕੀਤੀ। 9-10 ਪਰਮੇਸ਼ੁਰ ਅਬਨੇਰ ਨਾਲ ਅਜਿਹਾ ਹੀ ਕਰੇ, ਸਗੋਂ ਇਸ ਨਾਲੋਂ ਵੀ ਵੱਧੀਕ ਕਰੇ ਜੇ ਮੈਂ ਜਿਕਰ ਯਹੋਵਾਹ ਨੇ ਦਾਊਦ ਨਾਲ ਸੌਂਹ ਖਾਧੀ ਹੈ, ਉਸੇ ਤਰ੍ਹਾਂ ਕੰਮ ਨਾ ਕਰਾਂ। ਰਾਜ ਨੂੰ ਸ਼ਾਊਲ ਦੇ ਘਰਾਣੇ ਤੋਂ ਵੱਖਰਾ ਕਰ ਦੇਵਾਂ ਅਤੇ ਦਾਊਦ ਦੀ ਗੱਦੀ ਨੂੰ ਇਸਰਾਏਲ ਉੱਪਰ ਅਤੇ ਯਹੂਦਾਹ ਉੱਤੇ ਦਾਨ ਤੋਂ ਲੈ ਕੇ ਬਏਰਸ਼ਬਾ [e] ਤੀਕ ਟਿਕਾ ਦੇਵਾਂ।” 11 ਫ਼ਿਰ ਈਸ਼ਬੋਸ਼ਥ ਉਹਦੇ ਸਾਹਮਣੇ ਕੋਈ ਉੱਤਰ ਨਾ ਦੇ ਸੱਕਿਆ, ਅਤੇ ਉਸਤੋਂ ਬਹੁਤ ਭੈਅ ਖਾਣ ਲੱਗਾ।
12 ਅਬਨੇਰ ਨੇ ਦਾਊਦ ਵੱਲ ਸੰਦੇਸ਼ਵਾਹਕ ਭੇਜੇ ਅਤੇ ਕਿਹਾ, “ਤੂੰ ਕੀ ਸੋਚਦਾ ਹੈਂ ਕਿ ਇਸ ਦੇਸ਼ ਉੱਪਰ ਕਿਸਨੂੰ ਰਾਜ ਕਰਨਾ ਚਾਹੀਦਾ ਹੈ? ਮੇਰੇ ਨਾਲ ਆਪਣਾ ਇੱਕ ਇਕਰਾਰਨਾਮਾ ਕਰ ਤਾਂ ਮੈਂ ਤੈਨੂੰ ਸਾਰੇ ਇਸਰਾਏਲ ਉੱਪਰ ਸ਼ਾਸਨ ਕਰਨ ਵਿੱਚ ਮਦਦ ਕਰਾਂਗਾ।”
13 ਦਾਊਦ ਨੇ ਆਖਿਆ, “ਸੱਤ ਬਚਨ! ਮੈਂ ਤੇਰੇ ਨਾਲ ਇਕਰਾਰਨਾਮਾ ਕਰਾਂਗਾ ਪਰ ਤੇਰੇ ਕੋਲੋਂ ਮੈਂ ਇੱਕ ਗੱਲ ਮੰਗਦਾ ਹਾਂ ਕਿ ਜਦ ਤੱਕ ਤੂੰ ਸ਼ਾਊਲ ਦੀ ਧੀ ਮੀਕਲ ਨੂੰ ਮੇਰੇ ਕੋਲ ਨਾ ਲੈ ਆਵੇਂ ਆਪਣਾ ਮੂੰਹ ਨਾ ਵਿਖਾਵੀਂ।”
14 ਦਾਊਦ ਨੇ ਸ਼ਾਊਲ ਦੇ ਪੁੱਤਰ ਈਸ਼ਬੋਸ਼ਥ ਵੱਲ ਸੰਦੇਸ਼ਵਾਹਕ ਭੇਜੇ। ਦਾਊਦ ਨੇ ਕਿਹਾ, “ਮੇਰੀ ਪਤਨੀ ਮੀਕਲ ਨੂੰ, ਜੋ ਮੈਂ ਫ਼ਲਿਸਤੀਆਂ ਦੀਆਂ ਸੌ ਜਾਨਾਂ ਦੇਕੇ ਵਿਆਹੀ ਸੀ, ਮੇਰੇ ਹੱਥ ਸੌਂਪ ਦੇ।”
15 ਤਦ ਈਸ਼ਬੋਸ਼ਥ ਨੇ ਉਨ੍ਹਾਂ ਆਦਮੀਆਂ ਨੂੰ ਕਿਹਾ ਕਿ ਜਾਵੋ ਅਤੇ ਲਾਵਿਸ਼ ਦੇ ਪੁੱਤਰ ਫ਼ਲਟੀਏਲ ਜੋ ਮੀਕਲ ਦਾ ਪਤੀ ਹੈ, ਉਸ ਕੋਲੋਂ ਖੋਹ ਲਿਆਵੋ। 16 ਮੀਕਲ ਦਾ ਪਤੀ ਫ਼ਲਟੀਏਲ ਉਸ ਨੇ ਨਾਲ ਹੀ ਗਿਆ। ਉਹ ਮੀਕਲ ਦੇ ਨਾਲ ਬਹੁਰੀਮ ਤੀਕ ਰੋਂਦਾ ਹੋਇਆ ਨਾਲ-ਨਾਲ ਤੁਰਿਆ। ਪਰ ਅਬਨੇਰ ਨੇ ਫ਼ਲਟੀਏਲ ਨੂੰ ਕਿਹਾ, “ਜਾ, ਹੁਣ ਤੂੰ ਵਾਪਸ ਪਰਤ ਜਾ।” ਤਾਂ ਉਹ ਵਾਪਸ ਘਰ ਨੂੰ ਮੁੜ ਗਿਆ।
17 ਅਬਨੇਰ ਨੇ ਇਸਰਾਏਲ ਦੇ ਆਗੂਆਂ ਨੂੰ ਸੰਦੇਸ਼ਾ ਭੇਜਿਆ ਅਤੇ ਕਿਹਾ, “ਤੁਸੀਂ ਦਾਊਦ ਨੂੰ ਆਪਣਾ ਪਾਤਸ਼ਾਹ ਬਨਾਉਣਾ ਚਾਹੁੰਦੇ ਸੀ। 18 ਹੁਣ ਇਹ ਕਰ ਲਵੋ। ਯਹੋਵਾਹ ਦਾਊਦ ਬਾਰੇ ਗੱਲ ਕਰ ਰਿਹਾ ਸੀ ਜਦੋਂ ਉਸ ਨੇ ਆਖਿਆ ਸੀ, ‘ਮੈਂ ਸਾਰੇ ਇਸਰਾਏਲੀਆਂ ਨੂੰ ਫ਼ਲਿਸਤੀਆਂ ਅਤੇ ਹੋਰਨਾਂ ਦੁਸ਼ਮਣਾਂ ਤੋਂ ਬਚਾਵਾਂਗਾ। ਮੈਂ ਅਜਿਹਾ ਆਪਣੇ ਸੇਵਕ, ਮੂਸਾ ਰਾਹੀਂ ਕਰਾਂਗਾ।’”
19 ਅਬਨੇਰ ਨੇ ਬਿਨਯਾਮੀਨ ਦੇ ਪਰਿਵਾਰ-ਸਮੂਹ ਅਤੇ ਦਾਊਦ ਨਾਲ ਗੱਲ ਕੀਤੀ ਜੋ ਕਿ ਹਬਰੋਨ ਵਿਖੇ ਸੀ। ਅਬਨੇਰ ਨੇ ਜੋ ਵੀ ਗੱਲਾਂ ਇਨ੍ਹਾਂ ਲੋਕਾਂ ਨਾਲ ਕੀਤੀਆਂ ਉਹ ਇਸਰਾਏਲ ਦੇ ਲੋਕਾਂ ਨੂੰ ਚੰਗੀਆਂ ਲੱਗੀਆਂ।
20 ਤਦ ਅਬਨੇਰ ਹਬਰੋਨ ਵਿੱਚ ਦਾਊਦ ਕੋਲ ਆਇਆ ਅਤੇ ਆਪਣੇ ਨਾਲ 20 ਆਦਮੀਆਂ ਨੂੰ ਵੀ ਲੈ ਕੇ ਆਇਆ। ਤਾਂ ਦਾਊਦ ਨੇ ਅਬਨੇਰ ਅਤੇ ਉਸ ਦੇ ਨਾਲ ਆਏ ਬਾਕੀ ਆਦਮੀਆਂ ਨੂੰ ਦਾਅਵਤ ਦਿੱਤੀ।
21 ਅਬਨੇਰ ਨੇ ਦਾਊਦ ਨੂੰ ਕਿਹਾ, “ਮੇਰੇ ਯਹੋਵਾਹ ਅਤੇ ਪਾਤਸ਼ਾਹ, ਮੈਨੂੰ ਹੁਣ ਜਾਣ ਦੀ ਇਜਾਜ਼ਤ ਦੇ ਤਾਂ ਜੋ ਮੈਂ ਸਾਰੇ ਇਸਰਾਏਲੀਆਂ ਨੂੰ ਲੈ ਕੇ ਆਵਾਂ ਤਾਂ ਜੋ ਉਹ ਤੇਰੇ ਨਾਲ ਇਕਰਾਰਨਾਮਾ ਪੂਰਾ ਕਰਨ ਅਤੇ ਜਿਵੇਂ ਤੂੰ ਚਾਹੁੰਦਾ ਹੈਂ, ਉਸੇ ਤਰ੍ਹਾਂ ਤੂੰ ਸਾਰੇ ਇਸਰਾਏਲੀਆਂ ਉੱਪਰ ਰਾਜ ਕਰੇਁ।”
ਤਾਂ ਦਾਊਦ ਨੇ ਅਬਨੇਰ ਨੂੰ ਜਾਣ ਦਿੱਤਾ ਅਤੇ ਉਹ ਸ਼ਾਂਤੀ ਨਾਲ ਉੱਥੋਂ ਪਰਤ ਆਇਆ।
ਅਬਨੇਰ ਦੀ ਮੌਤ
22 ਉਸ ਵਕਤ ਦਾਊਦ ਦੇ ਸੇਵਕ ਅਤੇ ਯੋਆਬ ਲੜਾਈ ਤੋਂ ਵਾਪਸ ਮੁੜੇ। ਉਨ੍ਹਾਂ ਕੋਲ ਬਹੁਤ ਕੀਮਤੀ ਪਦਾਰਥ ਸਨ ਜਿਹੜੇ ਕਿ ਉਹ ਵੈਰੀਆਂ ਤੋਂ ਲੁੱਟ ਕੇ ਲਿਆਏ ਸਨ। ਅਬਨੇਰ ਨੂੰ ਉਸ ਵਕਤ ਦਾਊਦ ਨੇ ਸ਼ਾਂਤੀ ਨਾਲ ਤੋਂਰ ਦਿੱਤਾ ਸੀ। ਇਸ ਲਈ ਉਦੋਂ ਹਬਰੋਨ ਵਿੱਚ, ਦਾਊਦ ਕੋਲ, ਅਬਨੇਰ ਨਹੀਂ ਸੀ। 23 ਯੋਆਬ ਅਤੇ ਉਸਦੀ ਸਾਰੀ ਸੈਨਾ ਉਸ ਵਕਤ ਹਬਰੋਨ ਪਹੁੰਚੀ। ਸੈਨਾ ਨੇ ਯੋਆਬ ਨੂੰ ਕਿਹਾ, “ਨੇਰ ਦਾ ਪੁੱਤਰ ਅਬਨੇਰ ਪਾਤਸ਼ਾਹ ਕੋਲ ਆਇਆ ਸੀ ਅਤੇ ਦਾਊਦ ਨੇ ਉਸ ਨੂੰ ਸ਼ਾਂਤੀ ਨਾਲ ਵਾਪਸ ਤੋਂਰ ਦਿੱਤਾ ਹੈ।”
24 ਯੋਆਬ ਨੇ ਪਾਤਸ਼ਾਹ ਕੋਲ ਆਕੇ ਆਖਿਆ, “ਇਹ ਤੂੰ ਕੀ ਕੀਤਾ? ਅਬਨੇਰ ਤੇਰੇ ਕੋਲ ਆਇਆ ਅਤੇ ਤੂੰ ਉਸ ਨੂੰ ਬਿਨਾ ਕੋਈ ਕਸ਼ਟ ਪਹੁੰਚਾਏ ਵਾਪਸ ਜਾਣ ਦਿੱਤਾ? ਭਲਾ ਕਿਉਂ? 25 ਤੂੰ ਨੇਰ ਦੇ ਪੁੱਤਰ ਅਬਨੇਰ ਨੂੰ ਜਾਣਦਾ ਹੈਂ, ਜੋ ਤੇਰੇ ਨਾਲ ਧੋਖਾ ਕਰਨ ਅਤੇ ਤੂੰ ਕੀ ਕੁਝ ਕਰਦਾ ਹੈਂ, ਇਸ ਸਭ ਦੀ ਸੂਹ ਲੈਣ ਲਈ, ਉਹ ਤੇਰੇ ਕੋਲ ਆਇਆ ਸੀ?”
26 ਫ਼ਿਰ ਜਦ ਯੋਆਬ ਦਾਊਦ ਕੋਲੋਂ ਨਿਕਲ ਆਇਆ ਤਾਂ ਉਸ ਨੇ ਅਬਨੇਰ ਦੇ ਮਗਰ ਸੰਦੇਸ਼ਵਾਹਕ ਭੇਜੇ ਅਤੇ ਉਨ੍ਹਾਂ ਨੇ ਉਸ ਨੂੰ ਸਿਰਾਹ ਦੇ ਖੂਹ ਕੋਲ ਪਕੜ ਲਿਆ ਅਤੇ ਉੱਥੋਂ ਮੋੜ ਲਿਆਏ। ਪਰ ਦਾਊਦ ਨੂੰ ਇਸ ਦੀ ਖਬਰ ਨਹੀਂ ਸੀ। ਉਹ ਇਸ ਗੱਲ ਤੋਂ ਨਾਵਾਕਿਫ਼ ਸੀ। 27 ਜਦੋਂ ਅਬਨੇਰ ਹਬਰੋਨ ਵਿੱਚ ਮੁੜ ਆਇਆ ਤਾਂ ਯੋਆਬ ਉਸ ਦੇ ਨਾਲ ਹੌਲੀ ਜਿਹੀ ਇੱਕ ਗੱਲ ਕਰਨ ਲਈ ਉਸ ਨੂੰ ਡਿਓੜੀ ਦੀ ਇੱਕ ਨੁਕਰ ਵਿੱਚ ਇੱਕ ਪਾਸੇ ਵੱਲ ਲੈ ਗਿਆ ਅਤੇ ਉੱਥੇ ਉਸਦੀ ਪੰਜਵੀਂ ਪਸਲੀ ਦੇ ਹੇਠ, ਆਪਣੇ ਭਰਾ ਅਸਾਹੇਲ ਦੇ ਖੂਨ ਦੇ ਬਦਲੇ ਅਜਿਹਾ ਮਾਰਿਆ ਕਿ ਉਹ ਉੱਥੇ ਹੀ ਮਰ ਗਿਆ। ਇਉਂ ਯੋਆਬ ਨੇ ਅਬਨੇਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਦਾਊਦ ਦਾ ਅਬਨੇਰ ਲਈ ਰੋਣਾ
28 ਬਾਅਦ ਵਿੱਚ ਜਦੋਂ ਦਾਊਦ ਨੂੰ ਖਬਰ ਹੋਈ ਤਾਂ ਉਸ ਕਿਹਾ, “ਮੇਰਾ ਰਾਜ ਅਤੇ ਮੈਂ, ਨੇਰ ਦੇ ਪੁੱਤਰ ਅਬਨੇਰ ਦੀ ਮੌਤ ਬਾਰੇ ਅਣਜਾਣ ਅਤੇ ਮਾਸੂਮ ਹਾਂ, ਇਹ ਗੱਲ ਯਹੋਵਾਹ ਜਾਣਦਾ ਹੈ ਕਿ 29 ਇਸ ਮੌਤ ਦੇ ਕਾਰਣ ਤੇ ਦੋਸ਼ੀ ਯੋਆਬ ਅਤੇ ਉਸਦਾ ਪਰਿਵਾਰ ਹੈ। ਇਸ ਕਾਰਣ ਯੋਆਬ ਅਤੇ ਉਸ ਦੇ ਪਰਿਵਾਰ ਦੇ ਸਿਰ ਮੁਸੀਬਤਾਂ ਆਉਣਗੀਆਂ ਅਤੇ ਉਸ ਦੇ ਸਾਰੇ ਘਰਾਣੇ ਉੱਪਰ ਬੀਮਾਰੀ ਅਤੇ ਕੋਈ ਅਜਿਹਾ ਲਹੂ ਵਗੇਗਾ ਤੇ ਕੋੜ੍ਹ ਹੋਵੇਗਾ ਕੋਈ ਸੋਟੀ ਫ਼ੜਕੇ ਤੁਰੇਗਾ ਅਤੇ ਕੋਈ ਤਲਵਾਰ ਨਾਲ ਵੱਢਿਆ ਜਾਵੇਗਾ। ਤੇ ਕੋਈ ਭੁੱਖ ਮਰੀ ਨਾਲ ਰੋਟੀ ਦੇ ਅਧੀਨ ਹੋਵੇਗਾ।”
30 ਸੋ ਯੋਆਬ ਅਤੇ ਉਸ ਦੇ ਭਰਾ ਅਬੀਸ਼ਈ ਨੇ ਅਬਨੇਰ ਨੂੰ ਮਾਰ ਸੁੱਟਿਆ ਇਸ ਲਈ ਕਿਉਂ ਕਿ ਉਸ ਨੇ ਉਨ੍ਹਾਂ ਦੇ ਭਰਾ ਅਸਾਹੇਲ ਨੂੰ ਗਿਬਓਨ ਵਿੱਚ ਲੜਾਈ ਦੇ ਵਿੱਚ ਵੱਢ ਸੁੱਟਿਆ ਸੀ।
31-32 ਦਾਊਦ ਨੇ ਯੋਆਬ ਅਤੇ ਉਸ ਦੇ ਸਾਰੇ ਸਾਥੀਆਂ ਨੂੰ ਕਿਹਾ, “ਆਪਣੇ ਵਸਤਰ ਫ਼ਾੜ ਸੁੱਟੋ ਅਤੇ ਉਦਾਸੀ ਦੇ ਵਸਤਰ ਧਾਰਨ ਕਰੋ। ਅਬਨੇਰ ਲਈ ਸ਼ੋਕ ਪ੍ਰਗਟ ਕਰੋ।” ਉਨ੍ਹਾਂ ਨੇ ਅਬਨੇਰ ਨੂੰ ਹਬਰੋਨ ਵਿੱਚ ਦਫ਼ਨਾਇਆ। ਪਾਤਸ਼ਾਹ ਉੱਚੀ ਆਵਾਜ਼ ਵਿੱਚ ਅਬਨੇਰ ਦੀ ਕਬਰ ਉੱਪਰ ਰੋਇਆ ਅਤੇ ਸਾਰੇ ਲੋਕ ਵੀ ਰੋਏ।
33 ਪਾਤਸ਼ਾਹ ਨੇ ਅਬਨੇਰ ਦੀ ਮੌਤ ਤੇ ਸ਼ੋਕ ਗੀਤ ਨਾਲ ਉਸ ਲਈ ਅਲ੍ਹਾਹੁਣੀ ਗਾਈ ਅਤੇ ਆਖਿਆ:
“ਹਾਏ ਅਬਨੇਰ! ਕੀ ਤੂੰ ਇੱਕ ਮੂਰਖ ਦੋਸ਼ੀ ਦੀ ਮੌਤ ਮਰਿਓਂ?
34 ਅਬਨੇਰ! ਤੇਰੇ ਹੱਥ ਬੰਨ੍ਹੇ ਹੋਏ ਨਹੀਂ ਸਨ ਨਾ ਹੀ
ਤੇਰੇ ਪੈਰੀਂ ਬੇੜੀਆਂ ਸਨ ਸਗੋਂ ਤੂੰ ਤਾਂ
ਇਉਂ ਮਰਿਆ ਕਿ ਦੁਸ਼ਟਾਂ ਨੇ ਤੈਨੂੰ ਵੱਢ ਸੁੱਟਿਆ।”
ਤਾਂ ਫ਼ਿਰ ਸਾਰੇ ਲੋਕ ਅਬਨੇਰ ਲਈ ਦੁੱਖ ਵਿੱਚ ਰੋਏ। 35 ਸਾਰਾ ਦਿਨ ਲੋਕ ਦਾਊਦ ਨੂੰ ਕੁਝ ਖੁਆਉਣ ਦਾ ਯਤਨ ਕਰਦੇ, ਉਸ ਨੂੰ ਹੌਂਸਲਾ ਦਿੰਦੇ ਰਹੇ ਤਾਂ ਦਾਊਦ ਨੇ ਸੌਂਹ ਖਾਕੇ ਆਖਿਆ, “ਜੇ ਕਦੇ ਮੈਂ ਸੂਰਜ ਡੁੱਬਣ ਤੋਂ ਪਹਿਲਾਂ ਰੋਟੀ ਜਾਂ ਹੋਰ ਕੁਝ ਮੂੰਹ ਲਗਾਵਾਂ ਤਾਂ ਪਰਮੇਸ਼ੁਰ ਮੇਰੇ ਨਾਲ ਵੀ ਅਜਿਹਾ ਹੀ ਕਰੇ, ਸਗੋਂ ਇਸ ਨਾਲੋਂ ਵੀ ਵੱਧੀਕ ਕਰੇ।” 36 ਸਭਨਾਂ ਲੋਕਾਂ ਨੇ ਇਸ ਗੱਲ ਵੱਲ ਧਿਆਨ ਦਿੱਤਾ ਅਤੇ ਉਨ੍ਹਾਂ ਨੂੰ ਇਹ ਗੱਲ ਚੰਗੀ ਲਗੀ ਕਿਉਂ ਕਿ ਜੋ ਕੁਝ ਪਾਤਸ਼ਾਹ ਕਰਦਾ ਸੀ, ਸਭ ਲੋਕ ਉਸ ਉੱਪਰ ਰਾਜ਼ੀ ਹੁੰਦੇ ਸਨ। 37 ਸਾਰੇ ਲੋਕਾਂ ਨੇ ਅਤੇ ਸਾਰੇ ਇਸਰਾਏਲ ਨੇ ਉਸ ਦਿਨ ਠੀਕ ਜਾਣ ਲਿਆ ਕਿ ਨੇਰ ਦਾ ਪੁੱਤਰ ਅਬਨੇਰ ਪਾਤਸ਼ਾਹ ਦੀ ਮਰਜ਼ੀ ਵਿੱਚ ਨਹੀਂ ਸੀ ਮਰਿਆ।
38 ਪਾਤਸ਼ਾਹ ਦਾਊਦ ਨੇ ਆਪਣੇ ਸੰਦੇਸ਼ਵਾਹਕਾਂ ਨੂੰ ਕਿਹਾ, “ਕੀ ਤੁਹਾਨੂੰ ਪਤਾ ਹੈ ਕਿ ਅੱਜ ਇਸਰਾਏਲ ਵਿੱਚੋਂ ਇੱਕ ਮਹਾਨ ਆਗੂ ਮਰ ਗਿਆ ਹੈ। 39 ਅਤੇ ਅੱਜ ਦੇ ਦਿਨ ਮੈਂ ਸ਼ਰਮਿੰਦਾ ਹਾਂ ਭਾਵੇਂ ਮੈਂ ਮਸਹ ਕੀਤਾ ਹੋਇਆ ਪਾਤਸ਼ਾਹ ਹੀ ਹਾਂ ਅਤੇ ਇਹ ਲੋਕ ਸਰੂਯਾਹ ਦੇ ਪੁੱਤਰ ਮੇਰੇ ਨਾਲ ਜ਼ਬਰਦਸਤੀ ਕਰਦੇ ਹਨ, ਪਰ ਯਹੋਵਾਹ ਬੁਰਿਆਂ ਨੂੰ ਉਨ੍ਹਾਂ ਦੀ ਬੁਰਿਆਈ ਦੀ ਪੂਰੀ ਸਜ਼ਾ ਦੇਵੇਗਾ।”
ਸ਼ਾਊਲ ਦੇ ਪਰਿਵਾਰ ਤੇ ਮੁਸੀਬਤਾਂ
4 ਜਦੋਂ ਸ਼ਾਊਲ ਦੇ ਪੁੱਤਰ ਈਸ਼ਬੋਸ਼ਥ ਨੇ ਇਹ ਸੁਣਿਆ ਕਿ ਅਬਨੇਰ ਹਬਰੋਨ ਵਿੱਚ ਮਰ ਗਿਆ ਤਾਂ ਈਸ਼ਬੋਸ਼ਥ ਅਤੇ ਉਸ ਦੇ ਸਾਬੀ ਬਹੁਤ ਘਬਰਾ ਗਏ। 2 ਦੋ ਆਦਮੀ ਸ਼ਾਊਲ ਦੇ ਪੁੱਤਰ ਈਸ਼ਬੋਸ਼ਥ ਨੂੰ ਵੇਖਣ ਲਈ ਆਏ। ਇਹ ਦੋਨੋ ਆਦਮੀ ਸੈਨਾ ਵਿੱਚ ਕਪਤਾਨ ਸਨ ਜਿਨ੍ਹਾਂ ਦੇ ਨਾਉਂ ਬਆਨਾਹ ਅਤੇ ਰੇਕਾਬ ਸੀ। ਇਹ ਦੋਨੋ ਬਿਨਯਾਮੀਨ ਦੇ ਵੰਸ਼ ਵਿੱਚੋਂ ਬੇਰੋਥੀ ਰਿੰਮੋਨ ਦੇ ਪੁੱਤਰ ਸਨ। (ਕਿਉਂ ਕਿ ਬੇਰੋਥੀ ਦਾ ਨਗਰ ਵੀ ਬਿਨਯਾਮੀਨ ਪਰਿਵਾਰ-ਸਮੂਹ ਵਿੱਚ ਹੀ ਗਿਣਿਆ ਜਾਂਦਾ ਸੀ। 3 ਪਰ ਸਾਰੇ ਬੇਰੋਥੀ ਲੋਕ ਗਿੱਤਾਯਮ ਨੂੰ ਭੱਜ ਗਏ ਸਨ। ਅਤੇ ਉਹ ਅੱਜ ਤੀਕ ਉੱਥੋਂ ਦੇ ਪਰਦੇਸੀ ਹੀ ਰਹਿੰਦੇ ਹਨ।)
4 ਸ਼ਾਊਲ ਦੇ ਪੁੱਤਰ, ਯੋਨਾਥਾਨ ਦਾ ਇੱਕ ਪੁੱਤਰ ਮਫ਼ੀਬੋਸ਼ਥ ਸੀ। ਮਫ਼ੀਬੋਸ਼ਥ ਉਦੋਂ ਪੰਜਾਂ ਵਰ੍ਹਿਆਂ ਦਾ ਸੀ ਜਦੋਂ ਕਿ ਯਿਜ਼ਰਾਏਲ ਤੋਂ ਇਹ ਖਬਰ ਆਈ ਕਿ ਸ਼ਾਊਲ ਅਤੇ ਯੋਨਾਥਾਨ ਮਾਰੇ ਗਏ ਹਨ। ਉਹ ਔਰਤ ਜੋ ਮਫ਼ੀਬੋਸ਼ਥ ਦੀ ਦੇਖਭਾਲ ਕਰਦੀ ਸੀ ਉਹ ਇੰਨੀ ਡਰੀ ਹੋਈ ਸੀ ਕਿ ਕਿਤੇ ਦੁਸ਼ਮਣ ਇੱਥੇ ਨਾ ਚੜ੍ਹ ਆਉਣ ਕਿ ਉਸ ਨੇ ਮਫ਼ੀਬੋਸ਼ਥ ਨੂੰ ਕੁੱਛੜ ਚੁੱਕਿਆ ਤੇ ਉੱਥੋਂ ਨੱਸ ਗਈ। ਜਦੋਂ ਉਹ ਨੱਸ ਰਹੀ ਸੀ ਤਾਂ ਉਹ ਉਸ ਦੇ ਹੱਥੋਂ ਡਿੱਗਿਆ ਤਾਂ ਉਹ ਦੋਨਾਂ ਲੱਤਾਂ ਤੋਂ ਲੰਗੜਾ ਹੋ ਗਿਆ।
5 ਰਿੰਮੋਨ, ਬੇਰੋਥੀ ਦੇ ਪੁੱਤਰ ਰੇਕਾਬ ਅਤੇ ਬਾਆਨਾਹ ਦੁਪਿਹਰ ਵੇਲੇ ਈਸ਼ਬੋਸ਼ਥ ਦੇ ਘਰ ਵੜੇ। ਕਿਉਂ ਕਿ ਗਰਮੀ ਬਹੁਤ ਸੀ ਇਸ ਲਈ ਈਸ਼ਬੋਸ਼ਥ ਅਰਾਮ ਕਰ ਰਿਹਾ ਸੀ। 6-7 ਰੇਕਾਬ ਅਤੇ ਬਆਨਾਹ ਉਸ ਵਕਤ ਘਰ ਵਿੱਚ ਇੰਝ ਵੜੇ ਜਿਵੇਂ ਕਿ ਕਣਕ ਕੱਢਣ ਆਏ ਹੋਣ। ਉਸ ਵਕਤ ਈਸ਼ਬੋਸ਼ਥ ਅਪਣੇ ਸੌਣ ਵਾਲੇ ਕਮਰੇ ਵਿੱਚ ਲੇਟਿਆ ਹੋਇਆ ਸੀ, ਤਾਂ ਉਨ੍ਹਾਂ ਨੇ ਉਸ ਨੂੰ ਮਾਰ ਕੇ ਵੱਢ ਸੁੱਟਿਆ। ਫ਼ਿਰ ਉਨ੍ਹਾਂ ਨੇ ਉਸਦਾ ਸਿਰ ਵੱਢਿਆ ਅਤੇ ਉਸਦਾ ਸਿਰ ਵੱਢਕੇ ਆਪਣੇ ਨਾਲ ਲੈ ਗਏ। ਅਤੇ ਸਾਰੀ ਰਾਤ ਯਰਦਨ ਘਾਟੀ ਵੱਲੋਂ ਦੀ ਸਫ਼ਰ ਤੈਅ ਕੀਤਾ ਤੇ 8 ਫ਼ਿਰ ਉਹ ਹਬਰੋਨ ਪਹੁੰਚੇ ਅਤੇ ਉੱਥੇ ਆਕੇ ਈਸ਼ਬੋਸ਼ਥ ਦਾ ਸਿਰ ਦਾਊਦ ਦੇ ਅੱਗੇ ਰੱਖਿਆ।
ਰੇਕਾਬ ਅਤੇ ਬਆਨਾਹ ਨੇ ਪਾਤਸ਼ਾਹ ਨੂੰ ਆਖਿਆ, “ਇਹ ਤੁਹਾਡਾ ਵੈਰੀ ਸ਼ਾਊਲ, ਜੋ ਤੁਹਾਡੀ ਜਾਨ ਨੂੰ ਭਾਲਦਾ ਸੀ, ਉਸ ਦੇ ਪੁੱਤਰ ਈਸ਼ਬੋਸ਼ਥ ਦਾ ਸਿਰ ਹੈ। ਅੱਜ ਯਹੋਵਾਹ ਨੇ ਸਾਡੇ ਪਾਤਸ਼ਾਹ ਦਾ ਬਦਲਾ ਸ਼ਾਊਲ, ਅਤੇ ਉਸਦੀ ਅੰਸ਼ ਤੋਂ ਲੈ ਲਿਆ ਹੈ।”
9 ਪਰ ਦਾਊਦ ਨੇ ਰੇਕਾਬ ਅਤੇ ਉਸ ਦੇ ਭਰਾ ਬਆਨਾਹ ਨੂੰ ਆਖਿਆ, “ਜਿਉਂਦੇ ਜੀਅ ਯਹੋਵਾਹ ਦੀ ਸੌਂਹ, ਜਿਸਨੇ ਮੇਰੀ ਜਾਨ ਨੂੰ ਸਭਨਾਂ ਦੁੱਖਾਂ ਤੋਂ ਛੁਟਕਾਰਾ ਦਿੱਤਾ। 10 ਜਿਸ ਵੇਲੇ ਇੱਕ ਬੰਦੇ ਨੇ ਮੈਨੂੰ ਆਖਿਆ ਕਿ ਵੇਖ, ਸ਼ਾਊਲ ਮਰ ਗਿਆ ਹੈ ਅਤੇ ਉਸ ਨੇ ਇਹ ਸਮਝਿਆ ਕਿ ਉਹ ਮੈਨੂੰ ਚੰਗੀ ਖਬਰ ਦੇ ਰਿਹਾ ਹੈ ਤਾਂ ਮੈਂ ਉਸ ਨੂੰ ਫ਼ੜਿਆ ਅਤੇ ਸਿਕਲਗ ਵਿੱਚ ਹੀ ਉਸ ਨੂੰ ਵੱਢ ਸੁੱਟਿਆ। ਇਹ੍ਹੋ ਇਨਾਮ ਉਸ ਨੂੰ ਮੈਂ ਇਸ ਖਬਰ ਦੇ ਬਦਲੇ ਦਿੱਤਾ। 11 ਇੰਝ ਹੀ ਮੈਂ ਤੁਹਾਨੂੰ ਵੱਢ ਸੁੱਟਾਂਗਾ ਅਤੇ ਇਸ ਧਰਤੀ ਤੋਂ ਨਾਸ ਕਰਾਂਗਾ। ਕਿਉਂ ਕਿ ਤੁਸੀਂ ਇੱਕ ਭਲੇ ਆਦਮੀ ਨੂੰ ਉਸ ਦੇ ਆਪਣੇ ਹੀ ਘਰ ਵਿੱਚ, ਉਹ ਵੀ ਸੁੱਤੇ ਪਏ ਨੂੰ ਜੋ ਕਿ ਆਪਣੇ ਹੀ ਘਰ ਵਿੱਚ ਆਪਣੇ ਹੀ ਬਿਸਤਰ ਤੇ ਸੁੱਤਾ ਪਿਆ ਹੈ, ਉਸ ਨੂੰ ਕਤਲ ਕੀਤਾ ਹੈ।”
12 ਤਾਂ ਦਾਊਦ ਨੇ ਨੌਜੁਆਨ ਸਿਪਾਹੀਆਂ ਨੂੰ ਰੇਕਾਬ ਅਤੇ ਬਆਨਾਹ ਨੂੰ ਵੱਢ ਦੇਣ ਦਾ ਹੁਕਮ ਦਿੱਤਾ। ਤਾਂ ਉਨ੍ਹਾਂ ਨੇ ਰੇਕਾਬ ਅਤੇ ਬਆਨਾਹ ਦੇ ਹੱਥ-ਪੈਰ ਵੱਢਕੇ ਹਬਰੋਨ ਦੇ ਤਲਾਬ ਉੱਤੇ ਲਮਕਾ ਦਿੱਤਾ ਅਤੇ ਈਸ਼ਬੋਸ਼ਥ ਦੇ ਸਿਰ ਨੂੰ ਲੈ ਕੇ ਉਨ੍ਹਾਂ ਨੇ ਹਬਰੋਨ ਦੇ ਵਿੱਚਕਾਰ ਅਬਨੇਰ ਦੀ ਕਬਰ ਵਿੱਚ ਉਸ ਨੂੰ ਦਫ਼ਨਾ ਦਿੱਤਾ।
ਇਸਰਾਏਲੀ ਦਾਊਦ ਨੂੰ ਪਾਤਸ਼ਾਹ ਬਣਾਉਂਦੇ ਹਨ
5 ਫ਼ਿਰ ਇਸਰਾਏਲ ਦੇ ਸਾਰੇ ਪਰਿਵਾਰ-ਸਮੂਹ ਹਬਰੋਨ ਵਿੱਚ ਦਾਊਦ ਕੋਲ ਆਏ ਅਤੇ ਉਸ ਨੂੰ ਕਹਿਣ ਲੱਗੇ, “ਵੇਖੋ! ਅਸੀਂ ਸਾਰੇ ਇੱਕ ਹੀ ਪਰਿਵਾਰ, [f] ਇੱਕੋ ਹੀ ਮਾਸ ਅਤੇ ਖੂਨ ਦੇ ਹਾਂ! 2 ਇੱਥੋਂ ਤੱਕ ਕਿ ਜਦੋਂ ਸ਼ਾਊਲ ਵੀ ਸਾਡਾ ਪਾਤਸ਼ਾਹ ਸੀ, ਉਦੋਂ ਵੀ ਤੁਸੀਂ ਹੀ ਲੜਾਈ ਵਿੱਚ ਸਾਡੇ ਆਗੂ ਸੀ ਅਤੇ ਉਹ ਤੁਸੀਂ ਹੀ ਸੀ ਜਿਨ੍ਹਾਂ ਨੇ ਇਸਰਾਏਲੀਆਂ ਨੂੰ ਲੜਾਈ ਵਿੱਚੋਂ ਬਾਹਰ ਲੈ ਆਂਦਾ। ਅਤੇ ਯਹੋਵਾਹ ਨੇ ਤੈਨੂੰ ਆਖਿਆ ਹੈ ਕਿ ਤੂੰ ਮੇਰੇ ਲੋਕਾਂ, ਇਸਰਾਏਲੀਆਂ ਦਾ ਅਯਾਲੀ ਹੋਵੇਂਗਾ। ਅਤੇ ਤੂੰ ਹੀ ਇਸਰਾਏਲ ਉੱਪਰ ਸ਼ਾਸਕ ਹੋਵੇਂਗਾ।”
3 ਇਸਰਾਏਲ ਦੇ ਸਾਰੇ ਆਗੂ ਹਬਰੋਨ ਵਿੱਚ ਪਾਤਸ਼ਾਹ ਦਾਊਦ ਨੂੰ ਮਿਲਣ ਲਈ ਆਏ। ਦਾਊਦ ਨੇ ਇਨ੍ਹਾਂ ਬਜ਼ੁਰਗਾਂ ਨਾਲ ਯਹੋਵਾਹ ਦੇ ਸਾਹਮਣੇ ਇੱਕ ਇਕਰਾਰਨਾਮਾ ਕੀਤਾ। ਫ਼ੇਰ ਇਨ੍ਹਾਂ ਸਾਰੇ ਪਰਿਵਾਰਾਂ ਦੇ ਬਜ਼ੁਰਗਾਂ ਨੇ ਦਾਊਦ ਨੂੰ ਇਸਰਾਏਲ ਦਾ ਰਾਜਾ ਹੋਣ ਵਜੋਂ ਮਸਹ ਕੀਤਾ।
4 ਦਾਊਦ ਨੇ ਜਦੋਂ ਰਾਜ ਕਰਨਾ ਸ਼ੁਰੂ ਕੀਤਾ ਉਦੋਂ ਉਹ 30 ਵਰ੍ਹਿਆਂ ਦਾ ਸੀ ਅਤੇ ਉਸ ਨੇ 40 ਵਰ੍ਹੇ ਰਾਜ ਕੀਤਾ। 5 ਉਸ ਨੇ ਸੱਤ ਵਰ੍ਹੇ ਛੇ ਮਹੀਨੇ ਯਹੂਦਾਹ ਉੱਤੇ ਹਬਰੋਨ ਵਿੱਚ, ਅਤੇ ਯਰੂਸ਼ਲਮ ਵਿੱਚ 33 ਵਰ੍ਹੇ ਰਾਜ ਕੀਤਾ।
ਦਾਊਦ ਦਾ ਯਰੂਸ਼ਲਮ ਸ਼ਹਿਰ ਨੂੰ ਜਿੱਤਣਾ
6 ਫ਼ਿਰ ਪਾਤਸ਼ਾਹ ਅਤੇ ਉਸ ਦੇ ਆਦਮੀ ਯਾਰੁਸ਼ਲਮ ਵਿੱਚ ਰਹਿੰਦੇ ਯਬੂਸੀਆਂ ਦੇ ਵਿਰੁੱਧ ਗਏ। ਯਬੂਸੀਆਂ ਨੇ ਦਾਊਦ ਨੂੰ ਕਿਹਾ, “ਤੂੰ ਸਾਡੇ ਸ਼ਹਿਰ ਵਿੱਚ ਪ੍ਰਵੇਸ਼ ਨਾ ਕਰ ਸੱਕੇਂਗਾ। [g] ਸਾਡੇ ਅੰਨ੍ਹੇ ਤੇ ਲੰਗੜ੍ਹੇ ਲੋਕ ਵੀ ਤੈਨੂੰ ਅੰਦਰ ਆਉਣ ਤੋਂ ਰੋਕ ਸੱਕਦੇ ਹਨ।” (ਇਹ ਉਨ੍ਹਾਂ ਇਸ ਲਈ ਆਖਿਆ ਕਿਉਂ ਕਿ ਉਹ ਸੋਚਦੇ ਸਨ ਕਿ ਉਨ੍ਹਾਂ ਦੇ ਸ਼ਹਿਰਾਂ ਵਿੱਚ ਵੜਨਾ ਇੰਨਾ ਔਖਾ ਸੀ ਕਿ ਦਾਊਦ ਵੀ ਸਫ਼ਲ ਨਹੀਂ ਹੋ ਸੱਕੇਗਾ। 7 ਪਰ ਦਾਊਦ ਨੇ ਸੀਯੋਨ ਦਾ ਕਿਲਾ ਲੈ ਲਿਆ। ਫ਼ਿਰ ਇਹ ਕਿਲਾ ਦਾਊਦ ਦਾ ਨਗਰ ਬਣ ਗਿਆ।)
8 ਉਸ ਦਿਨ ਦਾਊਦ ਨੇ ਆਪਣੇ ਆਦਮੀਆਂ ਨੂੰ ਕਿਹਾ, “ਜੇਕਰ ਤੁਸੀਂ ਯਬੂਸੀਆਂ ਨੂੰ ਹਰਾਉਣਾ ਚਾਹੁੰਦੇ ਹੋ ਤਾਂ ਉਸ ਪਰਨਾਲੇ ਵੱਲੋਂ ਦੀ ਲੰਘੋ ਅਤੇ ਉਨ੍ਹਾਂ ਅੰਨ੍ਹੇ ਅਤੇ ਲੰਗੜ੍ਹੇ ਦੁਸ਼ਮਣਾਂ ਤੀਕ ਪਹੁੰਚੋ। ਇਸੇ ਲਈ ਲੋਕ ਕਹਿੰਦੇ ਹਨ ਕਿ ਅੰਨਿਆਂ ਅਤੇ ਲੰਗੜਿਆਂ ਦੇ ਹੁੰਦਿਆਂ ਉਹ ਭਵਨ ਵਿੱਚ ਨਹੀਂ ਵੜੇਗਾ।”
9 ਦਾਊਦ ਉਸ ਕਿਲ੍ਹੇ ਵਿੱਚ ਰਿਹਾ ਅਤੇ ਇਸ ਨੂੰ “ਦਾਊਦ ਦਾ ਸ਼ਹਿਰ” ਆਖਿਆ। ਉਸ ਨੇ ਮਿਲੋ [h] ਤੋਂ ਲੈ ਕੇ ਸ਼ਹਿਰ ਦਾ ਵਿਕਾਸ ਕੀਤਾ ਅਤੇ ਇਸ ਸ਼ਹਿਰ ਅੰਦਰ ਹੋਰ ਵੀ ਘਰਾਂ ਦਾ ਨਿਰਮਾਣ ਕੀਤਾ। 10 ਦਾਊਦ ਦਿਨੋ-ਦਿਨ ਤਾਕਤਵਰ ਹੁੰਦਾ ਗਿਆ ਕਿਉਂ ਕਿ ਸਰਬਸ਼ਕਤੀਮਾਨ ਯਹੋਵਾਹ ਉਸ ਦੇ ਨਾਲ ਸੀ।
11 ਤਦ ਸੋਰ ਦੇ ਪਾਤਸ਼ਾਹ ਹੀਰਾਮ ਨੇ ਸੰਦੇਸ਼ਵਾਹਕ, ਦਿਆਰ ਦੀ ਲੱਕੜ ਅਤੇ ਤਰੱਖਾਣ ਅਤੇ ਪੱਥਰ ਘੜਣ ਵਾਲਿਆਂ ਨੂੰ ਦਾਊਦ ਕੋਲ ਭੇਜਿਆ ਅਤੇ ਉਨ੍ਹਾਂ ਨੇ ਦਾਊਦ ਦੇ ਲਈ ਮਹਿਲ ਤਿਆਰ ਕੀਤਾ। 12 ਤਾਂ ਦਾਊਦ ਜਾਣ ਗਿਆ ਕਿ ਯਹੋਵਾਹ ਨੇ ਉਸ ਨੂੰ ਇਸਰਾਏਲ ਦਾ ਪਾਤਸ਼ਾਹ ਬਣਾ ਦਿੱਤਾ ਹੈ। ਅਤੇ ਦਾਊਦ ਜਾਣ ਗਿਆ ਕਿ ਯਹੋਵਾਹ ਨੇ ਉਸ ਦੇ ਰਾਜ ਨੂੰ ਪਰਮੇਸ਼ੁਰ ਦੇ ਲੋਕਾਂ, ਇਸਰਾਏਲ ਦੇ ਲੋਕਾਂ ਲਈ ਹੀ ਵੱਧਾਇਆ ਸੀ।
13 ਦਾਊਦ ਹਬਰੋਨ ਤੋਂ ਯਰੂਸ਼ਲਮ ਨੂੰ ਚੱਲਿਆ ਗਿਆ। ਯਰੂਸ਼ਲਮ ਵਿੱਚ ਉਸ ਕੋਲ ਹੋਰ ਵੱਧੇਰੇ ਦਾਸੀਆਂ ਅਤੇ ਪਤਨੀਆਂ ਦੀ ਗਿਣਤੀ ਵੱਧ ਗਈ ਅਤੇ ਉਨ੍ਹਾਂ ਤੋਂ ਹੋਰ ਵੱਧੇਰੇ ਔਲਾਦ ਵੀ ਪੈਦਾ ਹੋਈ। ਇਉਂ ਦਾਊਦ ਦਾ ਵੱਡਾ ਪਰਿਵਾਰ ਹੋਇਆ। 14 ਯਰੂਸ਼ਲਮ ਵਿੱਚ ਦਾਊਦ ਦੇ ਜਿਹੜੇ ਪੁੱਤਰ ਪੈਦਾ ਹੋਏ ਉਨ੍ਹਾਂ ਦੇ ਨਾਉਂ ਸਨ: ਸ਼ਮੂਆਹ, ਸ਼ੋਬਾਬ, ਨਾਥਾਨ ਅਤੇ ਸੁਲੇਮਾਨ। 15 ਯਿਬਹਾਰ, ਅਲੀਸ਼ੂਆ, ਨਫ਼ਗ ਅਤੇ ਯਾਫ਼ੀਆ, 16 ਅਲੀਸ਼ਾਮਾ, ਅਲਯਾਦਾ ਅਤੇ ਅਲੀਫ਼ਾਲਟ।
ਦਾਊਦ ਦੀ ਫ਼ਲਿਸਤੀਆਂ ਦੇ ਵਿਰੁੱਧ ਲੜਾਈ
17 ਜਦੋਂ ਫ਼ਲਿਸਤੀਆਂ ਨੇ ਸੁਣਿਆ ਕਿ ਉਨ੍ਹਾਂ ਦਾਊਦ ਨੂੰ ਮਸਹ ਕਰਕੇ ਇਸਰਾਏਲ ਦਾ ਪਾਤਸ਼ਾਹ ਬਣਾਇਆ ਹੈ ਤਦ ਸਾਰੇ ਫ਼ਲਿਸਤੀਆਂ ਨੇ ਦਾਊਦ ਦੇ ਲੱਭਣ ਲਈ ਚੜ੍ਹਾਈ ਕੀਤੀ ਤਾਂ ਜੋ ਉਸ ਨੂੰ ਜਾਨੋਂ ਮਾਰ ਸੁੱਟਣ ਪਰ ਜਦ ਦਾਊਦ ਨੂੰ ਖਬਰ ਲਗੀ ਤਾਂ ਉਹ ਯਰੂਸ਼ਲਮ ਦੇ ਕਿਲੇ ਵਿੱਚ ਚੱਲਾ ਗਿਆ। 18 ਅਤੇ ਫ਼ਲਿਸਤੀ ਆਏ ਅਤੇ ਰਫ਼ਾਈਆਂ ਦੀ ਵਾਦੀ ਵਿੱਚ ਡੇਰੇ ਲਾ ਲਏ।
19 ਦਾਊਦ ਨੇ ਯਹੋਵਾਹ ਨੂੰ ਇਹ ਆਖਦੇ ਹੋਏ ਪੁੱਛਿਆ, “ਕੀ ਮੈਂ ਫ਼ਲਿਸਤੀਆਂ ਦੇ ਵਿਰੁੱਧ ਲੜਾਈ ਕਰਾਂ? ਕੀ ਯਹੋਵਾਹ ਤੂੰ ਫ਼ਲਿਸਤੀਆਂ ਨੂੰ ਹਰਾਉਣ ’ਚ ਮੇਰੀ ਮਦਦ ਕਰੇਂਗਾ?”
ਯਹੋਵਾਹ ਨੇ ਦਾਊਦ ਨੂੰ ਕਿਹਾ, “ਹਾਂ, ਮੈਂ ਫ਼ਲਿਸਤੀਆਂ ਨੂੰ ਹਰਾਉਣ ਵਿੱਚ ਜ਼ਰੂਰ ਤੇਰੀ ਮਦਦ ਕਰਾਂਗਾ।”
20 ਤਦ ਦਾਊਦ ਬਆਲ ਪਰਾਸੀਮ ਵਿੱਚ ਆਇਆ, ਉੱਥੇ ਦਾਊਦ ਨੇ ਉਨ੍ਹਾਂ ਨੂੰ ਮਾਰਿਆ ਅਤੇ ਆਖਿਆ, “ਯਹੋਵਾਹ ਨੇ ਮੇਰੇ ਵੈਰੀਆਂ ਨੂੰ ਇੰਝ ਨਾਸ ਕੀਤਾ ਹੈ ਜਿਵੇਂ ਬੰਧ ਟੁੱਟਣ ਨਾਲ ਪਾਣੀ ਸਭ ਕੁਝ ਵਹਾਅ ਕੇ ਲੈ ਜਾਂਦਾ ਹੈ।” ਇਸੇ ਲਈ ਦਾਊਦ ਨੇ ਉਸ ਜਗ੍ਹਾ ਦਾ ਨਾਂ “ਬਆਲ ਪਰਾਸੀਮ” ਰੱਖਿਆ। 21 ਫ਼ਲਿਸਤੀਆਂ ਨੇ ਆਪਣੇ ਦੇਵਤਿਆਂ ਦੀਆਂ ਮੂਰਤਾਂ ਨੂੰ ਬਆਲ ਪਰਾਸੀਮ ਵਿੱਚ ਹੀ ਛੱਡਿਆ ਤ੍ਤੇ ਉੱਥੋਂ ਚੱਲੇ ਗਏ ਤਾਂ ਦਾਊਦ ਅਤੇ ਉਸ ਦੇ ਲੋਕਾਂ ਨੇ ਉਨ੍ਹਾਂ ਮੂਰਤਾਂ ਨੂੰ ਉੱਥੋਂ ਚੁੱਕ ਲਿਆ।
22 ਫ਼ਲਿਸਤੀ ਫ਼ਿਰ ਆਏ ਅਤੇ ਰਫ਼ਾਈਆਂ ਦੀ ਵਾਦੀ ਵਿੱਚ ਫ਼ਿਰ ਤੰਬੂ ਲਾਏ।
23 ਦਾਊਦ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ। ਇਸ ਵਾਰ ਯਹੋਵਾਹ ਨੇ ਦਾਊਦ ਨੂੰ ਕਿਹਾ, “ਉੱਥੇ ਇਸ ਵਾਰ ਨਾ ਜਾਵੀਂ। ਪਰ ਪਿੱਛੇ ਹੋਕੇ ਪਿੱਛੋਂ ਦੀ ਉਨ੍ਹਾਂ ਨੂੰ ਘੇਰਾ ਪਾ ਅਤੇ ਤੂਤਾਂ ਦੇ ਬਿਰੱਖਾਂ ਦੇ ਸਾਹਮਣੇ ਹੋਕੇ ਉਨ੍ਹਾਂ ਉੱਤੇ ਹਮਲਾ ਕਰ। 24 ਅਤੇ ਇੰਝ ਹੋਵੇ ਕਿ ਜਿਸ ਵਕਤ ਤੂੰ ਤੂਤਾਂ ਦੇ ਬਿਰੱਖਾਂ ਦੀਆਂ ਉੱਪਰਲੀਆਂ ਟਾਹਣੀਆਂ ਵਿੱਚ ਤੁਰਨ ਦਾ ਖੜਕਾ ਸੁਣੇਂ ਤਾਂ ਸੁਚੇਤ ਹੋ ਕਿਉਂ ਕਿ ਉਸ ਵੇਲੇ ਯਹੋਵਾਹ ਤੇਰੇ ਅੱਗੇ-ਅੱਗੇ ਤੁਰਕੇ ਫ਼ਲਿਸਤੀਆਂ ਦੇ ਦਲ ਨੂੰ ਮਾਰੇਗਾ।”
25 ਤਾਂ ਦਾਊਦ ਨੇ ਉਵੇਂ ਹੀ ਕੀਤਾ ਜਿਵੇਂ ਯਹੋਵਾਹ ਦਾ ਹੁਕਮ ਹੋਇਆ। ਤਾਂ ਫ਼ਿਰ ਫ਼ਲਿਸਤੀਆਂ ਨੂੰ ਉਸ ਨੇ ਹਾਰ ਦਿੱਤੀ। ਉਸ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਗੱਬਾਹ ਤੋਂ ਲੈ ਕੇ ਗਹਰ ਤੱਕ ਪਹੁੰਚਦੇ ਉਨ੍ਹਾਂ ਨੂੰ ਵੱਢ-ਵੱਢ ਕੇ ਮਾਰ ਸੁੱਟਿਆ।
ਯਹੋਵਾਹ ਦਾ ਪਵਿੱਤਰ ਸੰਦੂਕ ਯਰੂਸ਼ਲਮ ਵਿੱਚ ਲਿਆਂਦਾ ਗਿਆ
6 ਫ਼ਿਰ ਦਾਊਦ ਨੇ ਇਸਰਾਏਲ ਦੇ ਸਭ ਤੋਂ ਵੱਧੀਆ ਚੁਣੇ ਹੋਏ 30,000 ਸਿਪਾਹੀ ਇਕੱਠੇ ਕੀਤੇ। 2 ਤਦ ਦਾਊਦ ਅਤੇ ਉਸ ਦੇ ਸਾਰੇ ਆਦਮੀ, ਯਹੂਦਾਹ ਵਿੱਚ ਬਆਲੇ ਨੂੰ ਗਏ ਅਤੇ ਉੱਥੋਂ ਪਰਮੇਸ਼ੁਰ ਦੇ ਪਵਿੱਤਰ ਸੰਦੂਕ ਨੂੰ ਯਰੂਸ਼ਲਮ ਨੂੰ ਲੈ ਗਏ। ਲੋਕ ਯਹੋਵਾਹ ਦੀ ਉਪਾਸਨਾ ਕਰਨ ਲਈ ਪਵਿੱਤਰ ਸੰਦੂਕ ਵੱਲ ਆਏ। ਉਹ ਪਵਿੱਤਰ ਸੰਦੂਕ ਯਹੋਵਾਹ ਦੇ ਸਿੰਘਾਸਣ ਦੇ ਬਰਾਬਰ ਹੈ। ਉਸੇ ਉੱਪਰ ਕਰੂਬੀ ਫ਼ਰਿਸ਼ਤਿਆਂ ਦੀਆਂ ਮੂਰਤਾਂ ਉਕਰੀਆਂ ਹੋਈਆਂ ਹਨ ਅਤੇ ਯਹੋਵਾਹ ਸਰਬ ਸ਼ਕਤੀਮਾਨ ਇਨ੍ਹਾਂ ਦੂਤਾਂ ਉੱਤੇ, ਪਾਤਸ਼ਾਹ ਬਣਕੇ ਬੈਠਾ ਹੈ। 3 ਸੋ ਉਨ੍ਹਾਂ ਨੇ ਪਵਿੱਤਰ ਸੰਦੂਕ ਨੂੰ ਨਵੀਂ ਗੱਡੀ ਦੇ ਉੱਤੇ ਰੱਖਿਆ ਅਤੇ ਉਸ ਨੂੰ ਅਬੀਨਾਦਾਬ ਦੇ ਘਰੋ ਜੋ ਕਿ ਇੱਕ ਪਹਾੜੀ ਉੱਤੇ ਸੀ, ਲਿਜਾ ਰਹੇ ਸਨ। ਅਬੀਨਾਦਾਬ ਦੇ ਪੁੱਤਰ ਊਜਾਹ ਅਤੇ ਅਹਯੋ ਉਸ ਨਵੀਂ ਗੱਡੀ ਨੂੰ ਚੱਲਾ ਰਹੇ ਸਨ।
4 ਅਤੇ ਉਨ੍ਹਾਂ ਨੇ ਉਸ ਨੂੰ ਅਬੀਨਾਦਾਬ ਦੇ ਘਰ ਤੋਂ ਜੋ ਗਿਬਆਹ ਵਿੱਚ ਸੀ, ਚੁੱਕ ਲਿਆਏ ਅਤੇ ਪਰਮੇਸ਼ੁਰ ਦੇ ਪਵਿੱਤਰ ਸੰਦੂਕ ਦੇ ਨਾਲ-ਨਾਲ ਗਏ ਅਤੇ ਅਹਯੋ ਸੰਦੂਕ ਦੇ ਅੱਗੇ-ਅੱਗੇ ਤੁਰਿਆ। 5 ਦਾਊਦ ਅਤੇ ਇਸਰਾਏਲ ਦਾ ਸਾਰਾ ਘਰਾਣਾ ਚੀਲ ਦੀ ਲੱਕੜ ਦੇ ਸਭ ਤਰ੍ਹਾਂ ਦੇ ਸਾਜ਼ ਜਿਵੇਂ ਕਿ ਬੀਨ, ਮੱਧਮ, ਖੰਜਰੀਆਂ, ਚਿਮਟਾ ਅਤੇ ਛੈਣੇ ਲੈ ਕੇ ਯਹੋਵਾਹ ਦੇ ਅੱਗੇ-ਅੱਗੇ ਵਜਾਉਂਦੇ ਹੋਏ ਤੁਰੇ। 6 ਜਦੋਂ ਦਾਊਦ ਦੇ ਆਦਮੀ ਨਾਕੋਨ ਦੇ ਪਿੜ ਕੋਲ ਪਹੁੰਚੇ ਤਾਂ ਊਜ਼ਾਹ ਨੇ ਹੱਥ ਲੰਮਾ ਕਰਕੇ ਪਰਮੇਸ਼ੁਰ ਦੇ ਪਵਿੱਤਰ ਸੰਦੂਕ ਨੂੰ ਫ਼ੜ ਕੇ ਸੰਭਾਲਿਆ ਕਿਉਂ ਕਿ ਗਊਆਂ ਠੋਕਰ ਖਾ ਰਹੀਆਂ ਸਨ। 7 ਪਰ ਯਹੋਵਾਹ ਊਜ਼ਾਹ ਤੇ ਕਰੋਧ ਵਿੱਚ ਆਇਆ ਅਤੇ ਉਸ ਨੂੰ ਮਾਰ ਸੁੱਟਿਆ। [i] ਊਜ਼ਾਹ ਨੇ ਜਦੋਂ ਪਵਿੱਤਰ ਸੰਦੂਕ ਨੂੰ ਛੁਹਿਆ ਤਾਂ ਯਹੋਵਾਹ ਨੂੰ ਕੋਈ ਸੰਮਾਨ ਨਾ ਦਰਸਾਇਆ ਤਾਂ ਉਹ ਯਹੋਵਾਹ ਦੇ ਪਵਿੱਤਰ ਸੰਦੂਕ ਦੇ ਕੋਲ ਹੀ ਡਿੱਗ ਪਿਆ ਅਤੇ ਮਰ ਗਿਆ। 8 ਦਾਊਦ ਉਦਾਸ ਹੋ ਗਿਆ ਕਿਉਂ ਕਿ ਯਹੋਵਾਹ ਨੇ ਊਜ਼ਾਹ ਨੂੰ ਮਾਰ ਸੁੱਟਿਆ ਸੀ। ਉਸ ਨੇ ਉਸ ਥਾਂ ਦਾ ਨਾਂ “ਪਰਸ-ਊਜ਼ਾਹ” ਰੱਖਿਆ।
9 ਦਾਊਦ ਉਸ ਦਿਨ ਯਹੋਵਾਹ ਕੋਲੋਂ ਡਰਿਆ ਅਤੇ ਕਹਿਣ ਲੱਗਾ, “ਹੁਣ ਇੱਥੇ ਮੈਂ ਪਰਮੇਸ਼ੁਰ ਦਾ ਪਵਿੱਤਰ ਸੰਦੂਕ ਕਿਵੇਂ ਲਿਆ ਸੱਕਦਾ ਹਾਂ?” 10 ਸੋ ਦਾਊਦ ਯਹੋਵਾਹ ਦੇ ਪਵਿੱਤਰ ਸੰਦੂਕ ਨੂੰ ਆਪਣੇ ਸ਼ਹਿਰ ਵਿੱਚ ਲੈਜਾਕੇ ਆਪਣੇ ਕੋਲ ਨਾ ਰੱਖ ਸੱਕਿਆ ਤਾਂ ਦਾਊਦ ਪਵਿੱਤਰ ਸੰਦੂਕ ਨੂੰ ਇੱਕ ਪਾਸੇ ਓਬੇਦ-ਅਦੋਮ ਗਿੱਤੀ ਦੇ ਘਰ ਵਿੱਚ ਲੈ ਗਿਆ। 11 ਯਹੋਵਾਹ ਦਾ ਸੰਦੂਕ ਓਬੇਦ-ਅਦੋਮ ਗਿੱਤੀ ਦੇ ਘਰ ਵਿੱਚ ਤਿੰਨ ਮਹੀਨੇ ਰਿਹਾ ਅਤੇ ਯਹੋਵਾਹ ਨੇ ਓਬੇਦ-ਅਦੋਮ ਨੂੰ ਅਤੇ ਉਸ ਦੇ ਸਾਰੇ ਘਰਾਣੇ ਨੂੰ ਬਰਕਤ ਦਿੱਤੀ।
12 ਉਪਰੰਤ, ਲੋਕਾਂ ਨੇ ਦਾਊਦ ਨੂੰ ਕਿਹਾ, “ਓਬੇਦ-ਅਦੋਮ ਦੇ ਘਰ ਨੂੰ ਅਤੇ ਉਸ ਦੀਆਂ ਸਾਰੀਆਂ ਵਸਤਾਂ ਨੂੰ ਪਰਮੇਸ਼ੁਰ ਦੇ ਪਵਿੱਤਰ ਸੰਦੂਕ ਦੇ ਕਾਰਣ ਯਹੋਵਾਹ ਨੇ ਬਰਕਤ ਦਿੱਤੀ ਹੈ।” ਤਦ ਦਾਊਦ ਗਿਆ ਅਤੇ ਪਰਮੇਸ਼ੁਰ ਦੇ ਪਵਿੱਤਰ ਸੰਦੂਕ ਨੂੰ ਓਬੇਦ-ਅਦੋਮ ਦੇ ਘਰੋ ਦਾਊਦ ਦੇ ਸ਼ਹਿਰ ਵਿੱਚ ਨਿਹਾਲ ਹੋਕੇ ਚੜ੍ਹਾ ਲਿਆਇਆ। 13 ਜਦੋਂ ਯਹੋਵਾਹ ਦੇ ਪਵਿੱਤਰ ਸੰਦੂਕ ਨੂੰ ਚੁੱਕਣ ਵਾਲੇ ਛੇ ਕਦਮ ਹੀ ਤੁਰੇ ਤਾਂ ਉਸ ਨੇ ਬਲਦ ਅਤੇ ਇੱਕ ਮੋਟੇ ਵੱਛੇ ਦੀ ਬਲੀ ਦਿੱਤੀ। 14 ਯਹੋਵਾਹ ਦੇ ਅੱਗੇ ਫ਼ਿਰ ਦਾਊਦ ਆਪਣੇ ਸਾਰੇ ਜ਼ੋਰ ਨਾਲ ਨੱਚ ਰਿਹਾ ਸੀ ਅਤੇ ਦਾਊਦ ਨੇ ਲਿਨਨ ਦਾ ਏਫ਼ੋਦ ਪਾਇਆ ਹੋਇਆ ਸੀ।
15 ਦਾਊਦ ਅਤੇ ਇਸਰਾਏਲ ਦਾ ਸਾਰਾ ਘਰਾਣਾ ਯਹੋਵਾਹ ਦੇ ਪਵਿੱਤਰ ਸੰਦੂਕ ਨੂੰ ਜ਼ੈਕਾਰਾ ਬੁਲਾਉਂਦੇ ਅਤੇ ਤੂਰੀਆਂ ਵਜਾਉਂਦੇ ਚੁੱਕ ਕੇ ਲੈ ਆਏ। ਜਦੋਂ ਉਹ ਯਹੋਵਾਹ ਦੇ ਪਵਿੱਤਰ ਸੰਦੂਕ ਨੂੰ ਸ਼ਹਿਰ ਵਿੱਚ ਲੈ ਆਏ। 16 ਉਸ ਵਕਤ ਸ਼ਾਊਲ ਦੀ ਧੀ ਮੀਕਲ ਬਾਰੀ ਵਿੱਚੋਂ ਇਹ ਸਭ ਵੇਖ ਰਹੀ ਸੀ, ਜਦ ਉਸ ਨੇ ਵੇਖਿਆ ਕਿ ਦਾਊਦ ਪਾਤਸ਼ਾਹ ਯਹੋਵਾਹ ਦੇ ਅੱਗੇ ਨੱਚਦਾ-ਟੱਪਦਾ ਆ ਰਿਹਾ ਹੈ ਤਾਂ ਉਹ ਦਾਊਦ ਦੀ ਅਜਿਹੀ ਹਰਕਤ ਤੇ ਬੜੀ ਦੁੱਖੀ ਹੋਈ ਉਸ ਨੂੰ ਜਾਪਿਆ ਕਿ ਉਹ ਆਪਣਾ ਮਜ਼ਾਕ ਆਪ ਬਣਾ ਰਿਹਾ ਹੈ।
17 ਦਾਊਦ ਨੇ ਪਵਿੱਤਰ ਸੰਦੂਕ ਲਈ ਤੰਬੂ ਲਾਇਆ ਅਤੇ ਇਸਰਾਏਲੀਆਂ ਨੇ ਯਹੋਵਾਹ ਦੇ ਪਵਿੱਤਰ ਸੰਦੂਕ ਨੂੰ ਉਸ ਤੰਬੂ ਦੇ ਹੇਠਾਂ ਜਾ ਟਿਕਾਇਆ। ਉਪਰੰਤ ਦਾਊਦ ਨੇ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਯਹੋਵਾਹ ਦੇ ਅੱਗੇ ਚੜ੍ਹਾਈਆਂ।
18 ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਯਹੋਵਾਹ ਦੇ ਅੱਗੇ ਚੜ੍ਹਾਉਣ ਤੋਂ ਬਾਅਦ ਦਾਊਦ ਨੇ ਸਰਬ ਸ਼ਕਤੀਮਾਨ ਯਹੋਵਾਹ ਦੇ ਨਾਉਂ ਤੇ ਲੋਕਾਂ ਨੂੰ ਅਸੀਸ ਦਿੱਤੀ। 19 ਦਾਊਦ ਨੇ ਲੋਕਾਂ ਨੂੰ ਪ੍ਰਸਾਦ ਵਜੋਂ ਭਾਵੇਂ ਉਹ ਮਰਦ ਸਨ ਭਾਵੇਂ ਔਰਤਾਂ ਸਭਨਾਂ ਨੂੰ ਰੋਟੀ, ਸੌਗੀ ਵਾਲਾ ਕੇਕ ਅਤੇ ਖਜੂਰੀ ਰੋਟੀ ਦਿੱਤੀ। ਉਪਰੰਤ ਸਭ ਇਸਰਾਏਲੀ ਘਰਾਂ ਨੂੰ ਪਰਤ ਗਏ।
ਮੀਕਲ ਨੇ ਦਾਊਦ ਨੂੰ ਫ਼ਟਕਾਰਿਆ
20 ਤਦ ਦਾਊਦ ਆਪਣੇ ਘਰਾਣੇ ਨੂੰ ਅਸੀਸ ਦੇਣ ਲਈ ਮੁੜਿਆ ਤਾਂ ਪਰ ਸ਼ਾਊਲ ਦੀ ਧੀ ਮੀਕਲ ਦਾਊਦ ਨੂੰ ਮਿਲਣ ਲਈ ਨਿਕਲੀ ਅਤੇ ਬੋਲੀ, “ਇਸਰਾਏਲ ਦੇ ਪਾਤਸ਼ਾਹ ਨੇ ਅੱਜ ਆਪਣਾ ਸਨਮਾਨ ਗਵਾ ਲਿਆ ਕਿਉਂ ਕਿ ਉਸ ਨੇ ਅੱਜ ਆਪਣੇ ਨੌਕਰਾਂ ਦੀਆਂ ਕੁੜੀਆਂ ਦੀਆਂ ਅੱਖਾਂ ਦੇ ਸਾਹਮਣੇ ਆਪਣੇ-ਆਪ ਨੂੰ ਨੰਗਾ ਕੀਤਾ ਜਿਵੇਂ ਕੋਈ ਬੇਸ਼ਰਮ ਆਪਣੇ-ਆਪ ਨੂੰ ਲੋਕਾਂ ਸਾਹਮਣੇ ਨੰਗਾ ਕਰਦਾ ਹੈ।”
21 ਤਦ ਦਾਊਦ ਨੇ ਮੀਕਲ ਨੂੰ ਕਿਹਾ, “ਯਹੋਵਾਹ ਨੇ ਮੈਨੂੰ ਤੇਰੇ ਪਿਉ ਅਤੇ ਉਸ ਦੇ ਸਾਰੇ ਘਰਾਣੇ ਦੇ ਅੱਗੇ ਚੁਣਿਆ ਹੈ। ਯਹੋਵਾਹ ਨੇ ਮੈਨੂੰ ਆਪਣੇ ਲੋਕਾਂ, ਇਸਰਾਏਲੀਆਂ ਦਾ ਆਗੂ ਬਣਾਇਆ ਹੈ ਸੋ ਮੈਂ ਤਾਂ ਯਹੋਵਾਹ ਦੇ ਅੱਗੇ ਇੰਝ ਹੀ ਨੱਚਾਂਗਾ ਅਤੇ ਜਸ਼ਨ ਮਨਾਵਾਂਗਾ। 22 ਸਗੋਁ ਮੈਂ ਤਾਂ ਇਸ ਨਾਲੋਂ ਵੀ ਵੱਧੇਰੇ ਸ਼ਰਮਨਾਕ ਹਰਕਤਾਂ ਕਰਾਂਗਾ। ਤੂੰ ਭਾਵੇਂ ਮੇਰੀ ਇੱਜ਼ਤ ਨਾ ਕਰ ਪਰ ਜਿਨ੍ਹਾਂ ਕੁੜੀਆਂ ਬਾਰੇ ਤੂੰ ਗੱਲ ਕਰ ਰਹੀ ਹੈ ਉਨ੍ਹਾਂ ਨੂੰ ਮੇਰੇ ਉੱਪਰ ਮਾਨ ਹੈ।”
23 ਸ਼ਾਊਲ ਦੀ ਧੀ ਮੀਕਲ ਨੂੰ ਕਦੇ ਵੀ ਕੋਈ ਬੱਚਾ ਨਾ ਹੋਇਆ, ਉਹ ਬੇਔਲਾਦ ਹੀ ਮਰ ਗਈ।
ਦਾਊਦ ਨੇ ਮੰਦਰ ਉਸਾਰਣਾ ਚਾਹਿਆ
7 ਜਦੋਂ ਦਾਊਦ ਪਾਤਸ਼ਾਹ ਆਪਣੇ ਨਵੇਂ ਘਰ ਵਿੱਚ ਬਿਰਾਜਮਾਨ ਹੋਇਆ ਤਾਂ ਯਹੋਵਾਹ ਨੇ ਉਸ ਦੇ ਦੁਸ਼ਮਣਾਂ ਵੱਲੋਂ ਹਰ ਪਾਸਿਓ ਅਮਨ-ਸ਼ਾਂਤੀ ਨੂੰ ਬਹਾਲ ਕੀਤਾ। 2 ਪਾਤਸ਼ਾਹ ਦਾਊਦ ਨੇ ਨਾਥਾਨ ਨਬੀ ਨੂੰ ਆਖਿਆ, “ਵੇਖ, ਮੈਂ ਜੋ ਦਿਆਰ ਦੀ ਲੱਕੜ ਤੋਂ ਤਿਆਰ ਹੋਏ ਵੱਧੀਆ ਮਹਿਲ ਵਿੱਚ ਰਹਿੰਦਾ ਹਾਂ ਪਰ ਪਰਮੇਸ਼ੁਰ ਦਾ ਪਵਿੱਤਰ ਸੰਦੂਕ ਤੰਬੂ ਵਿੱਚ ਹੀ ਅਜੇ ਪਿਆ ਹੈ। ਸਾਨੂੰ ਉਸ ਪਵਿੱਤਰ ਸੰਦੂਕ ਲਈ ਵੱਧੀਆ ਇਮਾਰਤ ਤਿਆਰ ਕਰਵਾਉਣੀ ਚਾਹੀਦੀ ਹੈ।”
3 ਨਾਥਾਨ ਨੇ ਦਾਊਦ ਪਾਤਸ਼ਾਹ ਨੂੰ ਕਿਹਾ, “ਜੋ ਕੁਝ ਤੇਰੇ ਮਨ ਵਿੱਚ ਹੈ ਤੂੰ ਕਰ ਸੱਕਦਾ ਹੈ ਕਿਉਂ ਕਿ ਯਹੋਵਾਹ ਤੇਰੇ ਨਾਲ ਹੈ।”
4 ਪਰ ਉਸੇ ਰਾਤ ਯਹੋਵਾਹ ਦੇ ਬਚਨ ਨਾਥਾਨ ਨੂੰ ਹੋਏ ਅਤੇ ਯਹੋਵਾਹ ਨੇ ਆਖਿਆ,
5 “ਜਾ, ਅਤੇ ਜਾਕੇ ਮੇਰੇ ਦਾਸ ਦਾਊਦ ਨੂੰ ਆਖ, ‘ਯਹੋਵਾਹ ਇੰਝ ਆਖਦਾ ਹੈ, ਕੀ ਭਲਾ ਤੂੰ ਮੇਰੇ ਰਹਿਣ ਲਈ ਇੱਕ ਭਵਨ ਬਣਾਵੇਂਗਾ? 6 ਜਦੋਂ ਦਾ ਮੈਂ ਇਸਰਾਏਲ ਨੂੰ ਮਿਸਰ ਵਿੱਚੋਂ ਕੱਢ ਲਿਆਇਆ ਹਾਂ ਤਦ ਦਾ ਮੈਂ ਕਿਸੇ ਭਵਨ ਵਿੱਚ ਨਹੀਂ ਰਿਹਾ ਸਗੋਂ ਤੰਬੂ ਵਿੱਚ ਰਿਹਾ ਹਾਂ ਜਾਂ ਸਫ਼ਰ ਕਰਦਾ ਰਿਹਾ ਹਾਂ। ਮੈਂ ਤੰਬੂ ਨੂੰ ਹੀ ਆਪਣਾ ਡੇਰਾ ਅਤੇ ਘਰ ਠਹਿਰਾਈਆ ਹੈ। 7 ਮੈਂ ਇਸਰਾਏਲ ਦੇ ਕਿਸੇ ਵੀ ਪਰਿਵਾਰ-ਸਮੂਹ ਦੇ ਮਨੁੱਖ ਨੂੰ ਦਿਆਰ ਦੀ ਲੱਕੜ ਦਾ ਵੱਧੀਆ ਮਹਿਲ ਆਪਣੇ ਲਈ ਬਨਾਉਣ ਨੂੰ ਨਹੀਂ ਆਖਿਆ।’
8 “ਤੂੰ ਇਹ ਮੇਰੇ ਦਾਸ ਦਾਊਦ ਨੂੰ ਜਾਕੇ ਆਖ ਦੇਵੀਂ ਕਿ ‘ਸਰਬਸ਼ਕਤੀਮਾਨ ਯਹੋਵਾਹ ਇੰਝ ਆਖਦਾ ਹੈ ਕਿ ਮੈਂ ਤੈਨੂੰ ਚਰਾਦਾਂ ਵਿੱਚੋਂ, ਜਿੱਥੇ ਤੂੰ ਭੇਡਾਂ ਚਰਾਉਂਦਾ ਹੁੰਦਾ ਸੀ ਕੱਢ ਕੇ ਆਪਣੇ ਲੋਕਾਂ, ਇਸਰਾਏਲੀਆਂ ਦਾ ਪਰਧਾਨ ਬਣਾ ਦਿੱਤਾ। 9 ਅਤੇ ਜਿੱਥੇ ਕਿਤੇ ਨੂੰ ਗਿਆ, ਮੈਂ ਤੇਰੇ ਨਾਲ ਰਿਹਾ, ਅਤੇ ਤੇਰੇ ਸਾਰੇ ਵੈਰੀਆਂ ਨੂੰ ਤੇਰੇ ਅੱਗੇ ਹਾਰ ਦਿੱਤੀ, ਮੈਂ ਤੈਨੂੰ ਇਸ ਜਗਤ ਦਾ ਸਭ ਤੋਂ ਪ੍ਰਸਿੱਧ ਮਨੁੱਖ ਬਣਾਇਆ ਅਤੇ ਧਰਤੀ ਦਾ ਸਭ ਤੋਂ ਨਾਮਵਰ ਮਨੁੱਖ ਤੈਨੂੰ ਬਣਾਵਾਂਗਾ। 10-11 ਅਤੇ ਮੈਂ ਆਪਣੇ ਲੋਕਾਂ, ਇਸਰਾਏਲੀਆਂ ਵਾਸਤੇ ਇੱਕ ਥਾਂ ਠਹਿਰਾ ਦੇਵਾਂਗਾ ਅਤੇ ਉੱਥੇ ਉਨ੍ਹਾਂ ਨੂੰ ਲਗਾਵਾਂਗਾ ਜਿੱਥੇ ਉਹ ਆਪਣੇ ਠੀਕ ਥਾਂ ਉੱਤੇ ਵਸਣ। ਪਹਿਲਾਂ ਮੈਂ ਆਪਣੇ ਲੋਕਾਂ ਇਸਰਾਏਲੀਆਂ ਨੂੰ ਚਲਾਉਣ ਲਈ ਨਿਆਂਕਾਰ ਭੇਜੇ ਪਰ ਦੁਸ਼ਟ ਲੋਕਾਂ ਨੇ ਉਨ੍ਹਾਂ ਨੂੰ ਬੜੇ ਦੁੱਖ ਦਿੱਤੇ। ਹੁਣ ਮੈਂ ਫ਼ਿਰ ਤੋਂ ਇੰਝ ਨਾ ਹੋਣ ਦੇਵਾਂਗਾ। ਹੁਣ ਮੈਂ ਤੈਨੂੰ ਤੇਰੇ ਸਾਰੇ ਦੁਸ਼ਮਣਾਂ ਵੱਲੋਂ ਸੁੱਖ-ਸ਼ਾਂਤੀ ਦਿੱਤੀ ਹੈ। ਮੈਂ ਬਚਨ ਦਿੰਦਾ ਹਾਂ ਕਿ ਮੈਂ ਤੇਰੇ ਘਰਾਣੇ ਨੂੰ ਪਾਤਸ਼ਾਹੀ ਘਰਾਣਾ ਤੇਰੇ ਲਈ ਘਰ ਬਣਾਵਾਂਗਾ।
12 “‘ਜਦੋਂ ਤੂੰ ਮਰੇਂਗਾ ਅਤੇ ਆਪਣੇ ਪੁਰਖਿਆਂ ਦੇ ਨਾਲ ਦਫ਼ਨਾਇਆ ਜਾਵੇਂਗਾ ਤਦ ਮੈਂ ਤੇਰੇ ਪੁੱਤਰਾਂ ਵਿੱਚੋਂ ਕਿਸੇ ਇੱਕ ਨੂੰ ਰਾਜਾ ਬਣਾਵਾਂਗਾ ਅਤੇ ਮੈਂ ਉਸਦਾ ਰਾਜ ਸਥਾਪਿਤ ਕਰਾਂਗਾ। 13 ਉਹ ਮੇਰੇ ਨਾਂ ਦਾ ਇੱਕ ਘਰ (ਮੰਦਰ) ਬਣਾਵੇਗਾ ਅਤੇ ਮੈਂ ਉਸ ਦੇ ਰਾਜ ਨੂੰ ਪੱਕਾ ਕਰਾਂਗਾ। 14 ਮੈਂ ਉਸਦਾ ਪਿਤਾ ਹੋਵਾਂਗਾ ਅਤੇ ਉਹ ਮੇਰਾ ਪੁੱਤਰ ਹੋਵੇਗਾ। ਸੋ ਜੇ ਕਦੇ ਉਹ ਪਾਪ ਕਰੇਗਾ ਤਾਂ ਮੈਂ ਦੂਜੇ ਲੋਕਾਂ ਕੋਲੋਂ ਉਸ ਨੂੰ ਸਜ਼ਾ ਦਵਾਵਾਂਗਾ। ਉਹ ਮੇਰੇ ਬੈਂਤ ਹੋਣਗੇ। 15 ਪਰ ਮੈਂ ਉਸ ਨੂੰ ਕਦੇ ਵੀ ਪਿਆਰ ਕਰਨੋ ਨਹੀਂ ਹਟਾਂਗਾ। ਮੈਂ ਹਮੇਸ਼ਾ ਉਸ ਉੱਪਰ ਦਯਾਲੂ ਅਤੇ ਵਫ਼ਾਦਾਰ ਰਹਾਂਗਾ। ਮੈਂ ਉਸ ਵੱਲੋਂ ਆਪਣਾ ਪਿਆਰ ਨਹੀਂ ਲਵਾਂਗਾ ਜਿਵੇਂ ਕਿ ਮੈਂ ਸ਼ਾਊਲ ਤੋਂ ਕੀਤਾ। ਮੈਂ ਸ਼ਾਊਲ ਨੂੰ (ਤਖਤ ਤੋਂ) ਹਟਾ ਦਿੱਤਾ ਜਦੋਂ ਮੈਂ ਤੈਨੂੰ ਚੁਣਿਆ ਸੀ। ਪਰ ਇੰਝ ਮੈਂ ਤੇਰੇ ਪੁੱਤਰ ਨਾਲ ਨਹੀਂ ਕਰਾਂਗਾ। 16 ਤੇਰਾ ਪਰਿਵਾਰ ਹਮੇਸ਼ਾ ਸ਼ਾਹੀ ਖਾਨਦਾਨ ਵਾਂਗ ਸਥਾਪਿਤ ਰਹੇਗਾ। ਤੇਰੇ ਪਰਿਵਾਰ ਦਾ ਰਾਜ ਕਦੇ ਵੀ ਖਤਮ ਹੋਣ ਤੇ ਨਹੀਂ ਆਵੇਗਾ। ਤੇਰਾ ਸਿੰਘਾਸਣ ਸਦੀਵ ਉੱਥੇ ਹੀ ਰਹੇਗਾ।’”
17 ਸੋ ਨਾਥਾਨ ਨੇ ਇਹ ਸਾਰੀਆਂ ਗੱਲਾਂ ਅਤੇ ਇੱਕ ਦਰਸ਼ਨ ਬਾਰੇ, ਜੋ ਉਸ ਨੂੰ ਪਰਮੇਸ਼ੁਰ ਵੱਲੋਂ ਫ਼ਰਮਾਨ ਹੋਇਆ ਸੀ, ਸਭ ਦਾਊਦ ਨੂੰ ਜਾ ਆਖਿਆ।
ਦਾਊਦ ਦਾ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰਨਾ
18 ਤਦ ਦਾਊਦ ਪਾਤਸ਼ਾਹ ਅੰਦਰ ਗਿਆ ਅਤੇ ਯਹੋਵਾਹ ਦੇ ਸਾਹਮਣੇ ਜਾਕੇ ਬੈਠ ਗਿਆ। ਦਾਊਦ ਨੇ ਕਿਹਾ,
“ਹੇ ਯਹੋਵਾਹ ਮੇਰੇ ਪ੍ਰਭੂ, ਤੂੰ ਮੇਰੇ ਤੇ ਇੰਨਾ ਮਿਹਰਬਾਨ ਕਿਉਂ ਹੈਂ? ਅਤੇ ਮੇਰਾ ਪਰਿਵਾਰ ਤੇਰੇ ਲਈ ਇੰਨਾ ਅਹਮ ਕਿਉਂ ਹੈ? ਤੂੰ ਮੇਰੇ ਤੇ ਇੰਨੀ ਕਿਰਪਾ ਕਿਉਂ ਕਰਦਾ ਹੈਂ? 19 ਮੈਂ ਤਾਂ ਕੁਝ ਵੀ ਨਹੀਂ ਹਾਂ ਸਿਵਾਏ ਤੇਰੇ ਇੱਕ ਦਾਸ ਤੋਂ। ਪਰ ਤੂੰ ਮੇਰੇ ਤੇ ਇੰਨਾ ਦਯਾਲੂ ਹੈਂ। ਪਰ ਤੂੰ ਤਾਂ ਆਪਣੇ ਦਾਸ ਦੇ ਘਰ ਦੇ ਲਈ ਬਹੁਤ ਦੂਰ ਦੀ ਖਬਰ ਅਗੇਤਰੀ ਹੀ ਦੱਸ ਦਿੱਤੀ ਹੈ। ਯਹੋਵਾਹ ਮੇਰੇ ਪ੍ਰਭੂ, ਕੀ ਇਹ ਮਨੁੱਖ ਦਾ ਅਧਿਕਾਰ ਹੈ! ਤੂੰ ਮਨੁੱਖਾਂ ਨਾਲ ਇਵੇਂ ਤਾਂ ਗੱਲਾਂ ਨਹੀਂ ਕਰਦਾ ਜਿਵੇਂ ਤੂੰ ਮੇਰੇ ਨਾਲ ਕੀਤੀਆਂ ਹਨ। 20 ਅਤੇ ਮੇਰੀ ਕੀ ਮਜਾਲ ਹੈ ਜੋ ਤੈਨੂੰ ਕੁਝ ਆਖਾਂ? ਹੇ ਯਹੋਵਾਹ ਮੇਰੇ ਪ੍ਰਭੂ ਤੂੰ ਤਾਂ ਆਪਣੇ ਸੇਵਕ ਨੂੰ ਜਾਣਦਾ ਹੈਂ ਕਿ ਮੈਂ ਤਾਂ ਖਾਲੀ ਤੇਰਾ ਸੇਵਕ ਹੀ ਹਾਂ। 21 ਆਪਣੇ ਬਚਨ ਦੇ ਲਈ ਅਤੇ ਆਪਣੇ ਮਨ ਮੁਤਾਬਕ ਇਹ ਸਾਰੇ ਵੱਡੇ ਕੰਮ ਆਪਣੇ ਸੇਵਕ ਨੂੰ ਜਤਾਉਣ ਲਈ ਤੁਸੀਂ ਕੀਤੇ। 22 ਹੇ ਯਹੋਵਾਹ, ਮੇਰੇ ਪ੍ਰਭੂ, ਇਸੇ ਕਾਰਣ ਤੂੰ ਇੰਨਾ ਮਹਾਨ ਹੈਂ। ਤੇਰੇ ਜਿਹਾ ਹੋਰ ਕੋਈ ਨਹੀਂ ਅਤੇ ਤੇਰੇ ਤੋਂ ਸਿਵਾ ਹੋਰ ਕੋਈ ਦੇਵਤੇ ਨਹੀਂ। ਅਸੀਂ ਇਹ ਜਾਣਦੇ ਹਾਂ ਕਿਉਂ ਕਿ ਅਸੀਂ ਸਭ ਕੁਝ ਕੰਨੀ ਸੁਣਿਆਂ, ਜੋ ਤੂੰ ਕੀਤਾ ਹੈ।
23 “ਇਸਰਾਏਲ ਵਰਗੇ ਲੋਕੀਂ ਸਾਰੀ ਕਾਇਨਾਤ ਵਿੱਚ ਨਹੀਂ ਹਨ। ਇਹ ਉਹ ਖਾਸ ਲੋਕ ਹਨ ਜਿਨ੍ਹਾਂ ਨੂੰ ਪਰਮੇਸ਼ੁਰ ਖੁਦ ਮਿਸਰ ਤੋਂ ਆਜ਼ਾਦ ਕਰਾਉਣ ਲਈ ਗਿਆ ਸੀ ਇਸਰਾਏਲ ਨੂੰ ਬਚਾਉਣ ਵਿੱਚ, ਯਹੋਵਾਹ ਨੇ ਮਹਾਨ ਅਤੇ ਭਿਆਨਕ ਗੱਲਾਂ ਕਰਕੇ ਆਪਣੇ ਆਪ ਨੂੰ ਇੱਕ ਨਾਂ ਦਿੱਤਾ। ਹੇ ਯਹੋਵਾਹ, ਤੂੰ ਆਪਣੀ ਧਰਤੀ ਅਤੇ ਆਪਣੇ ਲੋਕਾਂ ਖਾਤਰ ਜਿਨ੍ਹਾਂ ਨੂੰ ਤੂੰ ਮਿਸਰ ਤੋਂ ਆਜ਼ਾਦ ਕਰਵਾਇਆ ਸੀ ਅਤੇ ਉਨ੍ਹਾਂ ਦੇ ਦੇਵਤਿਆਂ ਸਾਹਮਣੇ ਭੈ-ਦਾਇੱਕ ਗੱਲਾਂ ਕੀਤੀਆਂ। 24 ਤੂੰ ਇਸਰਾਏਲ ਦੇ ਲੋਕਾਂ ਨੂੰ ਹਮੇਸ਼ਾ ਵਾਸਤੇ ਆਪਣਾ ਬਣਾ ਲਿਆ ਅਤੇ ਤੂੰ ਉਨ੍ਹਾਂ ਦਾ ਪਰਮੇਸ਼ੁਰ ਬਣ ਗਿਆ।
25 “ਹੁਣ, ਹੇ ਯਹੋਵਾਹ ਪਰਮੇਸ਼ੁਰ, ਉਸ ਗੱਲ ਨੂੰ ਜੋ ਤੂੰ ਆਪਣੇ ਦਾਸ ਲਈ ਅਤੇ ਉਸ ਦੇ ਪਰਿਵਾਰ ਲਈ ਬੋਲਿਆ ਹੈ ਸਦੈਵ ਲਈ ਅਟੱਲ ਕਰ ਅਤੇ ਜਿਵੇਂ ਤੂੰ ਬੋਲਿਆ ਹੈ ਤਿਵੇਂ ਹੀ ਕਰ। 26 ਅਤੇ ਇਹ ਆਖ ਕਿ ਤੇਰੇ ਨਾਮ ਦੀ ਹਮੇਸ਼ਾ ਵਡਿਆਈ ਹੋਵੇ ਕਿ ਸਰਬ ਸ਼ਕਤੀਮਾਨ ਯਹੋਵਾਹ ਪਰਮੇਸ਼ੁਰ ਇਸਰਾਏਲ ਉੱਪਰ ਹਕੂਮਤ ਕਰਦਾ ਹੈ ਅਤੇ ਤੇਰੇ ਦਾਸ ਦਾਊਦ ਦਾ ਘਰਾਣਾ ਤੇਰੇ ਸਾਹਮਣੇ ਅਟੱਲ ਰਹੇ।
27 “ਯਹੋਵਾਹ ਸਰਬਸ਼ਕਤੀਮਾਨ, ਇਸਰਾਏਲ ਦੇ ਪਰਮੇਸ਼ੁਰ, ਤੂੰ ਮੈਨੂੰ ਅਨੇਕਾਂ ਗੱਲਾਂ ਪ੍ਰਗਟ ਕੀਤੀਆਂ ਅਤੇ ਆਖਿਆ, ‘ਮੈਂ ਤੇਰੇ ਪਰਿਵਾਰ ਨੂੰ ਮਹਾਨ ਬਣਾਵਾਂਗਾ।’ ਇਸੇ ਕਾਰਣ, ਤੇਰੇ ਸੇਵਕ ਵਿੱਚ ਤੇਰੇ ਅੱਗੇ ਇਹ ਪ੍ਰਾਰਥਨਾ ਕਰਨ ਦਾ ਹੌਂਸਲਾ ਹੋਇਆ। 28 ਹੇ ਯਹੋਵਾਹ ਮੇਰੇ ਪ੍ਰਭੂ, ਤੂੰ ਹੀ ਪਰਮੇਸ਼ੁਰ ਹੈ! ਅਤੇ ਜੋ ਤੂੰ ਆਖੇ ਮੈਂ ਉਸ ਤੇ ਭਰੋਸਾ ਰੱਖਦਾ ਹਾਂ ਅਤੇ ਤੂੰ ਆਖਿਆ ਕਿ ਇਹ ਬਰਕਤ ਤੇਰੇ ਦਾਸ ਤੇ ਹੋਵੇਗੀ। 29 ਹੁਣ, ਕਿਰਪਾ ਕਰਕੇ, ਮੇਰੇ ਪਰਿਵਾਰ ਨੂੰ ਵਰਦਾਨ ਦੇ। ਹੁਣ ਤੂੰ ਆਪਣੇ ਦਾਸ ਦੇ ਘਰ ਨੂੰ ਬਰਕਤ ਦੇਣੀ ਮੰਨ ਲੈ ਤਾਂ ਜੋ ਉਹ ਹਮੇਸ਼ਾ ਤੇਰੇ ਅੱਗੇ ਸਦੀਵ ਅਟੱਲ ਰਹੇ, ਕਿਉਂ ਕਿ ਤੂੰ ਹੀ ਹੇ, ਯਹੋਵਾਹ ਮੇਰੇ ਪ੍ਰਭੂ ਇਹ ਆਖਿਆ ਹੈ। ਅਤੇ ਤੇਰੀ ਹੀ ਕਿਰਪਾ ਅਸੀਸ ਨਾਲ ਤੇਰੇ ਸੇਵਕ ਦਾ ਘਰਾਣਾ ਹਮੇਸ਼ਾ ਲਈ ਮੁਬਾਰਕ ਹੋਵੇ।”
ਦਾਊਦ ਦਾ ਬਹੁਤ ਸਾਰੀਆਂ ਲੜਾਈਆਂ ਜਿੱਤਣਾ
8 ਬਾਅਦ ਵਿੱਚ, ਪਿੱਛੋਂ ਦਾਊਦ ਨੇ ਫ਼ਲਿਸਤੀਆਂ ਨੂੰ ਹਰਾਇਆ ਉਸ ਨੇ ਮੇਥੇਗ-ਹਾ ਅੱਮਾਹ ਤੇ ਕਬਜ਼ਾ ਕਰ ਲਿਆ। 2 ਦਾਊਦ ਨੇ ਮੋਆਬ ਦੇ ਲੋਕਾਂ ਨੂੰ ਵੀ ਹਰਾਇਆ। ਉਸ ਨੇ ਉਨ੍ਹਾਂ ਨੂੰ ਧਰਤੀ ਉੱਤੇ ਜਬਰਦਸਤੀ ਲੰਮੇ ਪਾ ਦਿੱਤਾ ਅਤੇ, ਫ਼ਿਰ ਉਨ੍ਹਾਂ ਨੂੰ ਅਲੱਗ ਅਲੱਗ ਪੰਗਤਾਂ ਵਿੱਚ ਵੱਖਰੇ ਕਰਨ ਲਈ ਰੱਸੇ ਦੀ ਵਰਤੋਂ ਕੀਤੀ। ਲੋਕਾਂ ਦੀਆਂ ਦੋ ਪੰਗਤਾਂ ਮਾਰੀਆਂ ਗਈਆਂ ਸਨ ਪਰ ਉਸ ਨੇ ਲੋਕਾਂ ਦੀ ਤੀਜੀ ਪੰਗਤ ਨੂੰ ਜਿਉਂਦਿਆਂ ਰਹਿਣ ਦਿੱਤਾ। ਇੰਝ ਮੋਆਬ ਦੇ ਲੋਕ ਦਾਊਦ ਦੇ ਦਾਸ ਬਣ ਗਏ ਅਤੇ ਉਸ ਲਈ ਨਜ਼ਰਾਨਾ ਲਿਆਏ।
3 ਹਦਦਅਜ਼ਰ ਜੋ ਕਿ ਸੋਬਾਹ ਦੇ ਰਾਜਾ ਰਹੋਬ ਦਾ ਪੁੱਤਰ ਸੀ। ਜਦੋਂ ਹਦਦਅਜ਼ਰ ਉਹ ਦਰਿਆ ਫ਼ਰਾਤ ਦੇ ਪਾਸੇ ਦੇ ਖੇਤਰ ਤੇ ਕਬਜ਼ਾ ਕਰਕੇ ਆਪਣੇ ਦੇਸ਼ ਨੂੰ ਛੁਡਾਉਣ ਨਿਕਲਿਆ ਤਾਂ ਉਸ ਨੇ ਹਦਦਅਜ਼ਰ ਨੂੰ ਵੀ ਹਰਾਇਆ। 4 ਅਤੇ ਦਾਊਦ ਨੇ ਉਸ ਦੇ 1,700 ਘੁੜ ਸਵਾਰ ਸਿਪਾਹੀ ਅਤੇ 20,000 ਪੈਦਲ ਸਿਪਾਹੀਆਂ ਨੂੰ ਵੀ ਆਪਣੇ ਕਬਜ਼ੇ ’ਚ ਕਰ ਲਇਆਂ। ਦਾਊਦ ਨੇ ਰੱਥਾਂ ਦੇ ਸਭਨਾਂ ਘੋੜਿਆਂ ਦੀਆਂ ਸੜ੍ਹਾਂ ਵੱਢ ਸੁੱਟੀਆਂ ਪਰ ਉਨ੍ਹਾਂ ਵਿੱਚੋਂ 100 ਰੱਥਾਂ ਲਈ ਘੋੜੇ ਰੱਖ ਲਏ।
5 ਅਰਾਮੀ ਲੋਕ ਦੰਮਿਸਕ ਤੋਂ ਸੋਬਾਹ ਦੇ ਰਾਜਾ ਹਦਦਅਜ਼ਰ ਦੀ ਮਦਦ ਕਰਨ ਲਈ ਆਏ ਪਰ ਦਾਊਦ ਨੇ 22,000 ਆਦਮੀਆਂ ਦੀ ਇਸ ਸੈਨਾ ਨੂੰ ਹਰਾ ਦਿੱਤਾ। 6 ਤਾਂ ਦਾਊਦ ਨੇ ਅਰਾਮ ਦੇ ਦੰਮਿਸਕ ਵਿੱਚਕਾਰ ਚੌਕੀਆਂ ਬਿਠਾ ਦਿੱਤੀਆਂ ਅਰਾਮੀ ਦਾਊਦ ਦੇ ਦਾਸ ਬਣ ਗਏ ਅਤੇ ਉਸ ਲਈ ਨਜ਼ਰਾਨਾ ਲਿਆਏ। ਜਿੱਥੇ ਕਿਤੇ ਵੀ ਦਾਊਦ ਜਾਂਦਾ ਸੀ ਯਹੋਵਾਹ ਉਸ ਨੂੰ ਫ਼ਤਹਿ ਬਖਸ਼ਦਾ ਸੀ।
7 ਦਾਊਦ ਨੇ ਹਦਦਅਜ਼ਰ ਦੇ ਸਿਪਾਹੀਆਂ ਦੀਆਂ ਸੋਨੇ ਦੀਆਂ ਢਾਲਾਂ ਵੀ ਖੋਹ ਲਈਆਂ ਅਤੇ ਉਨ੍ਹਾਂ ਢਾਲਾਂ ਨੂੰ ਯਰੂਸ਼ਲਮ ਵਿੱਚ ਲੈ ਆਇਆ। 8 ਦਾਊਦ ਨੇ ਹੋਰ ਵੀ ਬਹੁਤ ਸਾਰੀਆਂ ਵਸਤਾਂ ਬਟਹ ਅਤੇ ਬੇਰੋਤਈ ਸ਼ਹਿਰਾਂ ਵਿੱਚੋਂ ਲੈ ਆਇਆ ਜੋ ਕਿ ਪਿੱਤਲ ਦੀਆਂ ਬਣੀਆਂ ਹੋਈਆਂ ਸਨ।
9 ਜਦੋਂ ਹਮਾਥ ਦੇ ਰਾਜਾ ਤੋਂਈ ਨੇ ਸੁਣਿਆ ਕਿ ਦਾਊਦ ਨੇ ਹਦਦਅਜ਼ਰ ਦੀ ਸਾਰੀ ਫ਼ੌਜ ਨੂੰ ਹਰਾ ਦਿੱਤਾ ਹੈ। 10 ਤਾਂ ਤੋਂਈ ਨੇ ਆਪਣੇ ਪੁੱਤਰ ਯੋਰਾਮ ਨੂੰ ਪਾਤਸ਼ਾਹ ਦਾਊਦ ਕੋਲ ਭੇਜਿਆ, ਤਾਂ ਜੋ ਉਹ ਦਾਊਦ ਦੀ ਸੁੱਖ-ਸਾਂਦ ਪੁੱਛੇ ਅਤੇ ਉਸ ਨੂੰ ਵੱਧਾਈ ਦੇਵੇ, ਕਿਉਂ ਕਿ ਉਸ ਨੇ ਹਦਦਅਜ਼ਰ ਨਾਲ ਲੜਾਈ ਕਰਕੇ ਉਸ ਨੂੰ ਮਾਰ ਲਿਆ ਅਤੇ ਇਸ ਕਾਰਣ ਵੀ (ਕਿਉਂ ਕਿ ਹਦਦਅਜ਼ਰ ਤੋਂਈ ਨਾਲ ਲੜਾਈ ਕਰਦਾ ਰਹਿੰਦਾ ਸੀ।) ਯੋਰਾਮ ਦਾਊਦ ਲਈ ਚਾਂਦੀ, ਸੋਨੇ ਅਤੇ ਪਿੱਤਲ ਦੀਆਂ ਬਣੀਆਂ ਵਸਤਾਂ ਆਪਣੇ ਨਾਲ ਲੈ ਕੇ ਆਇਆ। 11 ਦਾਊਦ ਨੇ ਇਨ੍ਹਾਂ ਸਾਰੀਆਂ ਵਸਤਾਂ ਨੂੰ ਅਤੇ ਦਾਊਦ ਨੇ ਹੋਰ ਸਭਨਾਂ ਜਿੱਤੀਆਂ ਹੋਈਆਂ ਕੌਮਾਂ ਦੀ ਚਾਂਦੀ, ਸੋਨੇ ਅਤੇ ਪਿੱਤਲ ਦੀਆਂ ਵਸਤਾਂ ਨੂੰ ਵੀ ਯਹੋਵਾਹ ਲਈ ਪਵਿੱਤਰ ਠਹਿਰਾਇਆ ਅਤੇ ਅਰਪਣ ਕੀਤਾ। 12 ਦਾਊਦ ਨੇ ਅਰਾਮੀਆਂ, ਮੋਆਬੀਆਂ, ਅੰਮੋਨੀਆਂ, ਫ਼ਲਿਸਤੀਆਂ, ਅਮਾਲੇਕੀਆਂ ਅਤੇ ਸੋਬਾਹ ਦੇ ਰਾਜਾ ਰਹੋਬ ਦੇ ਪੁੱਤਰ ਹਦਦਅਜ਼ਰ ਨੂੰ ਹਾਰ ਦਿੱਤੀ ਸੀ। 13 ਦਾਊਦ 18,000 ਅਰਾਮੀਆਂ ਨੂੰ ਲੂਣ ਦੀ ਵਾਦੀ ਵਿੱਚ ਹਰਾਊਣ ਤੋਂ ਬਾਅਦ, ਜਦ ਵਾਪਸ ਘਰ ਨੂੰ ਮੁੜਿਆ ਤਾਂ ਉਹ ਬਹੁਤ ਪ੍ਰਸਿੱਧ ਹੋ ਗਿਆ। 14 ਦਾਊਦ ਨੇ ਅਦੋਮ ਦੀ ਸਾਰੀ ਜਗ੍ਹਾ ਵਿੱਚ ਸਿਪਾਹੀਆਂ ਦੀਆਂ ਚੌਁਕੀਆਂ ਬਿਠਾਈਆਂ। ਅਤੇ ਅਦੋਮ ਦੇ ਸਾਰੇ ਲੋਕ ਦਾਊਦ ਦੇ ਦਾਸ ਹੋ ਗਏ। ਦਾਊਦ ਜਿੱਥੇ ਕਿਤੇ ਵੀ ਜਾਂਦਾ ਰਿਹਾ, ਯਹੋਵਾਹ ਹਰ ਜਗ੍ਹਾ ਉਸ ਦੀ ਜਿੱਤ ਕਰਵਾਉਂਦਾ ਰਿਹਾ।
ਦਾਊਦ ਦਾ ਰਾਜ
15 ਦਾਊਦ ਨੇ ਸਾਰੇ ਇਸਰਾਏਲ ਉੱਪਰ ਰਾਜ ਕੀਤਾ ਅਤੇ ਉਸ ਦੇ ਫ਼ੈਸਲੇ ਹਰ ਇੱਕ ਲਈ ਸਹੀ ਅਤੇ ਨਿਆਂ ਪੂਰਵਕ ਸਨ। 16 ਸਰੂਯਾਹ ਦਾ ਪੁੱਤਰ ਯੋਆਬ ਉਸਦੀ ਸੈਨਾ ਦਾ ਕਪਤਾਨ ਬਣਿਆ। ਅਤੇ ਅਹੀਲੂਦ ਦਾ ਪੁੱਤਰ ਯਹੋਸਾਫ਼ਾਟ ਇਤਿਹਾਸਕਾਰ ਸੀ। 17 ਅਹੀਟੂਬ ਦਾ ਪੁੱਤਰ ਸਾਦੋਕ ਅਤੇ ਅਬਯਾਥਾਰ ਦਾ ਪੁੱਤਰ ਅਹੀਮਲਕ ਜਾਜਕ ਬਣੇ। ਸਰਾਯਾਹ, ਸਕੱਤਰ ਸੀ ਅਤੇ। 18 ਯਹੋਯਾਦਾ ਦਾ ਪੁੱਤਰ ਬਨਾਯਾਹ, ਕਰੇਤੀਆਂ ਅਤੇ ਫ਼ਲੇਤੀਆਂ ਦਾ ਅਧਿਕਾਰੀ ਸੀ ਅਤੇ ਦਾਊਦ ਦੇ ਪੁੱਤਰ ਜਾਜਕ [j] ਸਨ।
ਸ਼ਾਊਲ ਦੇ ਪਰਿਵਾਰ ਉੱਪਰ ਦਾਊਦ ਦੀ ਦਯਾ
9 ਫ਼ਿਰ ਦਾਊਦ ਨੇ ਪੁੱਛਿਆ, “ਕੀ ਸ਼ਾਊਲ ਦੇ ਘਰਾਣੇ ਵਿੱਚੋਂ ਅਜੇ ਕੋਈ ਬੱਚਿਆਂ ਹੈ? ਜੇ ਕੋਈ ਬੱਚਿਆਂ ਰਹਿ ਗਿਆ ਹੈ ਤਾਂ ਮੈਂ ਯੋਨਾਥਾਨ ਦੇ ਕਾਰਣ ਉਸ ਉੱਪਰ ਆਪਣੀ ਦਯਾ ਦਰਸ਼ਾਵਾਂਗਾ।”
2 ਸ਼ਾਊਲ ਦੇ ਪਰਿਵਾਰ ਵਿੱਚ ਇੱਕ ਸੀਬਾ ਨਾਉਂ ਦਾ ਸੇਵਕ ਸੀ ਤਾਂ ਦਾਊਦ ਦੇ ਸੇਵਕਾਂ ਨੇ ਸੀਬਾ ਨੂੰ ਦਾਊਦ ਕੋਲ ਸੱਦਿਆ ਤਾਂ ਦਾਊਦ ਪਾਤਸ਼ਾਹ ਨੇ ਸੀਬਾ ਨੂੰ ਪੁੱਛਿਆ, “ਕੀ ਤੂੰ ਸੀਬਾ ਹੈਂ?”
ਸੀਬਾ ਨੇ ਕਿਹਾ, “ਹਾਂ ਜੀ, ਮੈਂ ਤੁਹਾਡਾ ਸੇਵਕ ਸੀਬਾ ਹਾਂ।” 3 ਪਾਤਸ਼ਾਹ ਨੇ ਕਿਹਾ, “ਕੀ ਸ਼ਾਊਲ ਦੇ ਘਰਾਣੇ ਵਿੱਚੋਂ ਕੋਈ ਜੀਅ ਅਜੇ ਬੱਚਿਆਂ ਰਹਿ ਗਿਆ ਹੈ? ਮੈਂ ਉਸ ਮਨੁੱਖ ਉੱਪਰ ਪਰਮੇਸ਼ੁਰ ਦੀ ਦਿਯਾਲਤਾ ਦਰਸਾਉਣਾ ਚਾਹੁੰਦਾ ਹਾਂ।”
ਸੀਬਾ ਨੇ ਦਾਊਦ ਪਾਤਸ਼ਾਹ ਨੂੰ ਕਿਹਾ, “ਯੋਨਾਥਾਨ ਦਾ ਇੱਕ ਪੁੱਤਰ ਅਜੇ ਜਿਉਂਦਾ ਹੈ ਜੋ ਦੋਨੋ ਪੈਰੋ ਲੰਗੜਾ ਹੈ।”
4 ਪਾਤਸ਼ਾਹ ਨੇ ਸੀਬਾ ਨੂੰ ਆਖਿਆ, “ਇਹ ਪੁੱਤਰ ਕਿੱਥੇ ਹੈ?”
ਸੀਬਾ ਨੇ ਆਖਿਆ, “ਉਹ ਇਸ ਵਕਤ ਅੰਮੀਏਲ ਦੇ ਪੁੱਤਰ ਮਾਕੀਰ ਦੇ ਘਰ ਲੋਦਬਾਰ ਵਿੱਚ ਹੈ।”
5 ਤਾਂ ਦਾਊਦ ਪਾਤਸ਼ਾਹ ਨੇ ਕੁਝ ਆਦਮੀ ਲੋਦਬਾਰ ਭੇਜਕੇ ਅੰਮੀਏਲ ਦੇ ਪੁੱਤਰ ਮਾਕੀਰ ਦੇ ਘਰੋ ਯੋਨਾਥਾਨ ਦੇ ਲੰਗੜੇ ਪੁੱਤਰ ਨੂੰ ਮੰਗਵਾ ਲਿਆ। 6 ਤਦ ਯੋਨਾਥਾਨ ਦਾ ਪੁੱਤਰ ਮਫ਼ੀਬੋਸ਼ਥ ਦਾਊਦ ਕੋਲ ਆਇਆ ਅਤੇ ਮੂੰਹ ਪਰਨੇ ਡਿੱਗ ਕੇ ਉਸ ਨੇ ਦਾਊਦ ਨੂੰ ਮੱਥਾ ਟੇਕਿਆ।
ਤਦ ਦਾਊਦ ਨੇ ਕਿਹਾ, “ਮਫ਼ੀਬੋਸ਼ਥ!”
ਮਫ਼ੀਬੋਸ਼ਥ ਨੇ ਆਖਿਆ, “ਹਾਂ ਮਾਲਿਕ! ਮੈਂ ਹੀ, ਮਫ਼ੀਬੋਸ਼ਥ, ਤੁਹਾਡਾ ਦਾਸ ਹਾਂ।”
7 ਦਾਊਦ ਨੇ ਉਸ ਨੂੰ ਆਖਿਆ, “ਮੇਰੇ ਤੋਂ ਨਾ ਡਰ। ਮੈਂ ਤੇਰੇ ਤੇ ਕਿਰਪਾ ਕਰਾਂਗਾ। ਇਹ ਭਲਿਆਈ ਮੈਂ ਤੇਰੇ ਉੱਪਰ ਤੇਰੇ ਪਿਤਾ ਯੋਨਾਥਾਨ ਦੇ ਕਾਰਣ ਕਰਾਂਗਾ। ਮੈਂ ਤੇਰੇ ਦਾਦੇ ਸ਼ਾਊਲ ਦੀ ਸਾਰੀ ਜ਼ਮੀਨ ਤੈਨੂੰ ਵਾਪਸ ਕਰ ਦੇਵਾਂਗਾ ਅਤੇ ਤੂੰ ਸਦਾ ਮੇਰੇ ਮੇਜ਼ ਉੱਪਰ ਦੇ ਭੋਜਨ ਵਿੱਚੋਂ ਖਾ ਸੱਕਦਾ ਹੈਂ।”
8 ਮਫ਼ੀਬੋਸ਼ਥ ਨੇ ਫ਼ੇਰ ਦਾਊਦ ਨੂੰ ਮੱਥਾ ਟੇਕਿਆ ਅਤੇ ਆਖਿਆ, “ਮੈਂ ਤਾਂ ਮੋਏ ਹੋਏ ਕੁੱਤੇ ਤੋਂ ਵੱਧ ਕੁਝ ਨਹੀਂ ਹਾਂ ਪਰ ਇਹ ਤੁਸੀਂ ਹੋ ਜਿਨ੍ਹਾਂ ਨੇ ਆਪਣੇ ਸੇਵਕ ਨੂੰ ਆਪਣੀ ਮਿਹਰ, ਕਿਰਪਾ ਨਾਲ ਨਿਵਾਜਿਆ ਹੈ।”
9 ਫ਼ਿਰ ਦਾਊਦ ਪਾਤਸ਼ਾਹ ਨੇ ਸ਼ਾਊਲ ਦੇ ਸੇਵਕ ਸੀਬਾ ਨੂੰ ਸੱਦਿਆ ਅਤੇ ਉਸ ਨੂੰ ਕਿਹਾ, “ਮੈਂ ਸਭ ਕੁਝ, ਜੋ ਸ਼ਾਊਲ ਅਤੇ ਉਸ ਦੇ ਘਰਾਣੇ ਦਾ ਸੀ, ਸੋ ਤੇਰੇ ਮਾਲਕ ਦੇ ਪੋਤਰੇ (ਮਫ਼ੀਬੋਸ਼ਥ) ਨੂੰ ਸੌਂਪ ਦਿੱਤਾ ਹੈ। 10 ਸੋ ਤੂੰ ਆਪਣੇ ਪੁੱਤਰਾਂ ਅਤੇ ਸੇਵਕਾਂ ਸਮੇਤ ਉਸ ਦੇ ਲਈ ਜ਼ਮੀਨ ਵਾਹ ਅਤੇ ਉਸਦੀ ਪੈਦਾਵਾਰ ਲਿਆਇਆ ਕਰ ਫ਼ਿਰ ਤੇਰੇ ਮਾਲਕ ਦੇ ਪੋਤਰੇ ਮਫ਼ੀਬੋਸ਼ਥ ਦੇ ਖਾਣ ਲਈ ਢੇਰ ਸਾਰਾ ਅੰਨ ਹੋਵੇ ਪਰ ਮਫ਼ੀਬੋਸ਼ਥ ਸਦਾ ਮੇਰੀ ਮੇਜ਼ ਤੇ ਲੰਗਰ ਚੋ ਰੋਟੀ ਖਾਵੇਗਾ।”
ਸੀਬਾ ਕੋਲ 15 ਪੁਤਰ ਅਤੇ 20 ਸੇਵਕ ਸਨ। 11 ਸੀਬਾ ਨੇ ਦਾਊਦ ਪਾਤਸ਼ਾਹ ਨੂੰ ਕਿਹਾ, “ਮੈਂ ਤੁਹਾਡਾ ਦਾਸ ਹਾਂ ਅਤੇ ਮੈਂ ਉਹੀ ਕੁਝ ਕਰਾਂਗਾ ਜੋ ਮੇਰਾ ਮਹਾਰਾਜ ਪਾਤਸ਼ਾਹ ਮੈਨੂੰ ਹੁਕਮ ਕਰੇਗਾ। ਮੈਂ ਤਾਂ ਤੁਹਾਡੇ ਹੁਕਮ ਦਾ ਗੁਲਾਮ ਹਾਂ।”
ਇਉਂ ਮਫ਼ੀਬੋਸ਼ਥ ਪਾਤਸ਼ਾਹ ਦੇ ਪੁੱਤਰ ਵਾਂਗ ਹੀ ਮੇਜ਼ ਤੇ ਹੀ ਭੋਜਨ ਛਕਦਾ ਸੀ। 12 ਮਫ਼ੀਬੋਸ਼ਥ ਦਾ ਮੀਕਾ ਨਾਂ ਦਾ ਇੱਕ ਛੋਟਾ ਜਿਹਾ ਪੁੱਤਰ ਵੀ ਸੀ ਅਤੇ ਹੋਰ ਜਿੰਨੇ ਵੀ ਬੰਦੇ ਸੀਬਾ ਦੇ ਪਰਿਵਾਰ ਵਿੱਚ ਰਹਿੰਦੇ ਸਨ , ਉਹ ਸਭ ਮਫ਼ੀਬੋਸ਼ਥ ਦੇ ਸੇਵਕ ਸਨ। 13 ਮਫ਼ੀਬੋਸ਼ਥ ਦੋਨਾਂ ਪੈਰਾਂ ਤੋਂ ਲੰਗੜਾ ਸੀ ਅਤੇ ਉਹ ਯਰੂਸ਼ਲਮ ਵਿੱਚ ਰਹਿੰਦਾ ਅਤੇ ਹਰ ਰੋਜ਼ ਮਫ਼ੀਬੋਸ਼ਥ ਪਾਤਸ਼ਾਹ ਦੇ ਮੇਜ ਤੋਂ ਭੋਜਨ ਕਰਦਾ ਸੀ।
ਹਾਨੂਨ ਵੱਲੋਂ ਦਾਊਦ ਦੇ ਮਨੁੱਖਾਂ ਨੂੰ ਸ਼ਰਮਿੰਦਗੀ
10 ਉਪਰੰਤ ਅੰਮੋਨੀਆਂ ਦਾ ਰਾਜਾ ਨਾਹਾਸ਼ ਮਰ ਗਿਆ ਅਤੇ ਉਸ ਤੋਂ ਬਾਅਦ ਉਸ ਦਾ ਪੁੱਤਰ ਹਾਨੂਨ ਨਵਾਂ ਪਾਤਸ਼ਾਹ ਬਣਿਆ। 2 ਦਾਊਦ ਨੇ ਕਿਹਾ, “ਨਾਹਾਸ਼ ਨੇ ਮੇਰੇ ਨਾਲ ਭਲਾਈ ਕੀਤੀ ਸੀ ਸੋ ਮੈਂ ਉਸ ਦੇ ਪੁੱਤਰ ਹਾਨੂਨ ਦੇ ਨਾਲ ਭਲਾਈ ਕਰਾਂਗਾ।” ਇਸੇ ਲਈ ਦਾਊਦ ਨੇ ਆਪਣੇ ਆਦਮੀਆਂ ਨੂੰ ਹਾਨੂਨ ਨੂੰ ਉਸ ਦੇ ਪਿਤਾ ਦੀ ਮੌਤ ਤੇ ਦਿਲਾਸਾ ਦੇਣ ਲਈ ਭੇਜਿਆ।
ਇਉਂ ਦਾਊਦ ਦੇ ਆਦਮੀ ਅੰਮੋਨੀਆਂ ਦੀ ਧਰਤੀ ਤੇ ਗਏ। 3 ਪਰ ਅੰਮੋਨੀਆਂ ਦੇ ਆਗੂਆਂ ਨੇ ਹਾਨੂਨ ਨੂੰ ਆਪਣੇ ਮਾਲਕ ਨੂੰ ਆਖਿਆ, “ਤੁਸੀਂ ਕੀ ਸੋਚਦੇ ਹੋ ਭਲਾ ਦਾਊਦ ਨੇ ਤੁਹਾਡੇ ਪਿਤਾ ਦੀ ਮੌਤ ਦੇ ਸੋਗ ਵਜੋਂ ਮੁਕਾਣੇ ਵਿੱਚ ਆਪਣੇ ਸੇਵਕ ਭੇਜੇ ਹਨ? ਨਹੀਂ! ਸਗੋਂ ਦਾਊਦ ਨੇ ਆਪਣੇ ਨੁਮਾਇੰਦੇ ਇਸ ਦੇਸ਼ ਦਾ ਹਾਲ ਜਾਣ ਕੇ ਭੇਤ ਲੈਣ ਲਈ ਭੇਜੇ ਹਨ ਤਾਂ ਜੋ ਉਸ ਨੂੰ ਇਸ ਬਾਰੇ ਪੂਰਾ ਪਤਾ ਲੱਗ ਜਾਵੇ। ਉਹ ਤੇਰੇ ਵਿਰੁੱਧ ਲੜਾਈ ਕਰਨਾ ਚਾਹੁੰਦੇ ਹਨ।”
4 ਤਾਂ ਹਾਨੂਨ ਨੇ ਦਾਊਦ ਦੇ ਸੇਵਕਾਂ ਨੂੰ ਫ਼ੜ ਲਿਆ ਅਤੇ ਸਭਨਾਂ ਦੀ ਅੱਧੀ-ਅੱਧੀ ਦਾੜੀ ਮੁਨਵਾ ਸੁੱਟੀ ਅਤੇ ਉਨ੍ਹਾਂ ਦੇ ਕੱਪੜੇ ਅੱਧ ਵਿੱਚਕਾਰੋ ਲੈ ਕੇ ਲੱਕ ਤੀਕ ਕਤਰ ਸੁੱਟੇ ਅਤੇ ਫ਼ਿਰ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ।
5 ਜਦੋਂ ਲੋਕਾਂ ਨੇ ਦਾਊਦ ਨੂੰ ਇਸ ਬਾਰੇ ਦੱਸਿਆ ਤਾਂ ਉਸ ਨੇ ਆਪਣੇ ਸੇਵਕਾਂ ਨੂੰ ਮਿਲਣ ਲਈ ਸੰਦੇਸ਼ਵਾਹਕ ਭੇਜੇ ਕਿਉਂ ਕਿ ਉਹ ਮਨੁੱਖ ਇਸ ਸਭ ਤੋਂ ਬਹੁਤ ਸ਼ਰਮਿੰਦੇ ਸਨ ਸੋ ਪਾਤਸ਼ਾਹ ਨੇ ਆਖਿਆ, “ਜਦੋਂ ਤੱਕ ਤੁਹਾਡੀਆਂ ਦਾੜੀਆਂ ਨਾ ਵੱਧ ਜਾਣ ਤੁਸੀਂ ਯਰੀਹੋ ਵਿੱਚ ਰਹੋ। ਫ਼ਿਰ ਤੁਸੀਂ ਯਰੂਸ਼ਲਮ ਵਿੱਚ ਆ ਜਾਣਾ।”
ਅੰਮੋਨੀਆਂ ਦੇ ਖਿਲਾਫ਼ ਲੜਾਈ
6 ਜਦੋਂ ਅੰਮੋਨੀਆਂ ਨੇ ਵੇਖਿਆ ਕਿ ਦਾਊਦ ਹੁਣ ਸਾਨੂੰ ਆਪਣਾ ਵੈਰੀ ਸਮਝਦਾ ਹੈ ਤਾਂ ਅੰਮੋਨੀਆਂ ਦੇ ਲੋਕਾਂ ਨੇ ਬੈਤ-ਰਹੋਬ ਦੇ ਅਰਾਮੀਆਂ ਅਤੇ ਸੋਬਾ ਦੇ ਅਰਾਮੀਆਂ ਕੋਲੋਂ 20,000 ਮਨੁੱਖ ਅਤੇ ਅੰਮੋਨੀਆਂ ਨੇ ਮਆਕਾਹ ਦੇ ਰਾਜਾ ਤੋਂ 1,000 ਮਨੁੱਖ ਅਤੇ ਟੋਬ ਦੇ ਲੋਕਾਂ ਤੋਂ 12,000 ਆਦਮੀ ਖਰੀਦੇ।
7 ਜਦੋਂ ਦਾਊਦ ਨੇ ਇਹ ਖਬਰ ਸੁਣੀ ਤਾਂ ਉਸ ਨੇ ਯੋਆਬ ਦੇ ਸਾਰੇ ਸੂਰਮੇ ਉੱਥੇ ਭੇਜੇ। 8 ਤਾਂ ਅੰਮੋਨੀ ਬਾਹਰ ਨਿਕਲੇ ਅਤੇ ਲੜਾਈ ਲਈ ਤਿਆਰ ਹੋ ਗਏ। ਉਹ ਸ਼ਹਿਰ ਦੇ ਪ੍ਰਵੇਸ਼ ਦੁਆਰ ਅੱਗੇ ਖੜੋ ਗਏ। ਸੋਬਾ ਅਤੇ ਰਹੋਬ ਦੇ ਅਰਾਮੀ ਅਤੇ ਟੋਬ ਅਤੇ ਮਆਕਾਹ ਦੇ ਲੋਕ ਮੈਦਾਨ ਵਿੱਚ ਅੰਮੋਨੀਆਂ ਦੇ ਸੰਗ ਨਹੀਂ ਆਏ।
9 ਜਦੋਂ ਯੋਆਬ ਨੇ ਨਜ਼ਰ ਮਾਰੀ ਤਾਂ ਵੇਖਿਆ ਕਿ ਲੜਾਈ ’ਚ ਦੁਸ਼ਮਣ ਦਾ ਸਾਹਮਣਾ ਦੋਵੇਂ ਪਾਸੀਂ ਅੱਗੋਂ ਅਤੇ ਪਿੱਛੋਂ ਦੀ ਵੀ ਹੈ ਤਾਂ ਯੋਆਬ ਨੇ ਇਸਰਾਏਲ ਵਿੱਚੋਂ ਚੰਗੇ ਸੂਰਮੇ ਚੁਣ ਲੇ ਉਨ੍ਹਾਂ ਦੀ ਅਰਾਮੀਆਂ ਦੇ ਸਾਹਮਣੇ ਪਾਲ ਬੰਨ੍ਹੀ। 10 ਅਤੇ ਬਾਕੀ ਦੇ ਲੋਕਾਂ ਨੂੰ ਅੰਮੋਨੀਆਂ ਦੇ ਸਾਹਮਣੇ ਪਾਲ ਬੰਨ੍ਹਣ ਲਈ ਆਪਣੇ ਭਰਾ ਅਬੀਸ਼ਈ ਦੇ ਹਵਾਲੇ ਕਰ ਦਿੱਤਾ। 11 ਯੋਆਬ ਨੇ ਆਖਿਆ, “ਜੇਕਰ ਅਰਾਮੀ ਮੇਰੇ ਉੱਪਰ ਹਾਵੀ ਹੋ ਜਾਣ ਤਾਂ ਤੂੰ ਮੇਰੀ ਮਦਦ ਕਰੀਂ ਅਤੇ ਜੇਕਰ ਅੰਮੋਨੀ ਤੇਰੇ ਉੱਪਰ ਹਾਵੀ ਹੋ ਜਾਣ ਤਾਂ ਮੈਂ ਆਕੇ ਤੇਰੀ ਮਦਦ ਕਰਾਂਗਾ। 12 ਬਹਾਦੁਰ ਬਣੋ! ਹੁਣ ਸਾਨੂੰ ਆਪਣੇ ਲੋਕਾਂ ਲਈ, ਅਤੇ ਆਪਣੇ ਪਰਮੇਸ਼ੁਰ ਦੇ ਸ਼ਹਿਰਾਂ ਲਈ ਬਹਾਦੁਰੀ ਨਾਲ ਲੜਨਾ ਚਾਹੀਦਾ ਹੈ। ਯਹੋਵਾਹ ਜੋ ਠੀਕ ਸਮਝੇਗਾ ਉਹੀ ਕੁਝ ਕਰੇਗਾ।”
13 ਤਦ ਯੋਆਬ ਅਤੇ ਉਹ ਲੋਕ ਜੋ ਉਸ ਦੇ ਨਾਲ ਸਨ, ਅਰਾਮੀਆਂ ਦੇ ਉੱਪਰ ਹਮਲਾ ਕਰਨ ਅੱਗੇ ਵੱਧੇ ਤਾਂ ਅਰਾਮੀ ਯੋਆਬ ਅਤੇ ਉਸ ਦੇ ਆਦਮੀਆਂ ਦੇ ਅੱਗੋਂ ਦੀ ਨੱਸ ਗਏ। 14 ਜਦੋਂ ਅੰਮੋਨੀਆਂ ਨੇ ਵੇਖਿਆ ਕਿ ਅਰਾਮੀ ਭੱਜ ਰਹੇ ਹਨ ਤਾਂ ਉਹ ਵੀ ਅਬੀਸ਼ਈ ਦੇ ਅੱਗੋਂ ਨੱਸ ਗਏ ਅਤੇ ਆਪਣੇ ਸ਼ਹਿਰ ਵਾਪਸ ਮੁੜ ਗਏ।
ਤਦ ਯੋਆਬ ਅੰਮੋਨੀਆਂ ਨਾਲ ਲੜਨ ਤੋਂ ਬਾਅਦ ਮੁੜਕੇ ਯਰੂਸ਼ਲਮ ਵਿੱਚ ਆਇਆ।
ਅਰਾਮੀਆਂ ਨੇ ਮੁੜ ਲੜਨ ਦੀ ਵਿਉਂਤ ਬਣਾਈ
15 ਜਦੋਂ ਅਰਾਮੀਆਂ ਨੇ ਵੇਖਿਆ ਕਿ ਉਹ ਇਸਰਾਏਲ ਦੇ ਅੱਗੇ ਹਾਰ ਗਏ ਹਨ, ਤਾਂ ਉਨ੍ਹਾਂ ਨੇ ਆਪਣੇ-ਆਪ ਨੂੰ ਇਕੱਠਾ ਕੀਤਾ ਤੇ ਇੱਕ ਵੱਡੀ ਫ਼ੌਜ ਤਿਆਰ ਕੀਤੀ। 16 ਹਦਦਅਜ਼ਰ ਨੇ ਲੋਕ ਭੇਜੇ ਅਤੇ ਜੋ ਅਰਾਮੀ ਦਰਿਆਓ ਪਾਰ ਸਨ ਉਨ੍ਹਾਂ ਨੂੰ ਲੈ ਆਇਆ ਅਤੇ ਉਹ ਸਾਰੇ ਹੇਲਾਮ ਵਿੱਚ ਆਏ ਅਤੇ ਸੋਬਕ ਜੋ ਹਦਦਅਜ਼ਰ ਦੀ ਫ਼ੌਜ ਦਾ ਸਰਦਾਰ ਸੀ, ਉਨ੍ਹਾਂ ਦੇ ਅੱਗੇ-ਅੱਗੇ ਤੁਰਿਆ।
17 ਦਾਊਦ ਨੇ ਜਦੋਂ ਇਹ ਖਬਰ ਸੁਣੀ ਤਾਂ ਉਸ ਨੇ ਸਾਰੇ ਇਸਰਾਏਲੀਆਂ ਨੂੰ ਇਕੱਠਾ ਕੀਤਾ ਅਤੇ ਯਰਦਨ ਦਰਿਆ ਨੂੰ ਪਾਰ ਲੰਘ ਕੇ ਹੇਲਾਮ ਤੀਕ ਆਇਆ।
ਉੱਥੇ ਅਰਾਮੀਆਂ ਨੇ ਦਾਊਦ ਦੇ ਸਾਹਮਣੇ ਪਾਲ ਬੰਨ੍ਹੀ ਅਤੇ ਉਸ ਨਾਲ ਲੜੇ। 18 ਪਰ ਦਾਊਦ ਨੇ ਅਰਾਮੀਆਂ ਨੂੰ ਹਾਰ ਦਿੱਤੀ ਅਤੇ ਅਰਾਮੀ ਇਸਰਾਏਲ ਵਿੱਚੋਂ ਭੱਜ ਗਏ। ਦਾਊਦ ਨੇ 700 ਰੱਥ ਸਵਾਰ ਅਤੇ 40,000 ਘੁੜ ਸਵਾਰਾਂ ਨੂੰ ਵੱਢ ਸੁੱਟਿਆ। ਦਾਊਦ ਨੇ ਅਰਾਮੀ ਸੈਨਾ ਦੇ ਕਪਤਾਨ ਸੋਬਕ ਨੂੰ ਵੀ ਮਾਰ ਮੁਕਾਇਆ।
19 ਜਦੋਂ ਉਨ੍ਹਾਂ ਰਾਜਿਆਂ ਨੇ ਜੋ ਹਦਦਅਜਰ ਦੇ ਅਧੀਨ ਸਨ ਵੇਖਿਆ ਕਿ ਉਹ ਇਸਰਾਏਲ ਦੇ ਅੱਗੇ ਹਾਰ ਗਏ ਸਨ ਤਾਂ ਉਨ੍ਹਾਂ ਨੇ ਇਸਰਾਏਲੀਆਂ ਨਾਲ ਸ਼ਾਂਤੀ ਕਰ ਲਈ ਅਤੇ ਉਨ੍ਹਾਂ ਦੀ ਟਹਿਲ ਸੇਵਾ ਕੀਤੀ। ਹੁਣ ਅਰਾਮੀ ਅੰਮੋਨੀਆਂ ਦੀ ਮੁੜ ਮਦਦ ਕਰਨ ਤੋਂ ਡਰਦੇ ਸਨ।
ਦਾਊਦ ਦਾ ਬਥ-ਸ਼ਬਾ ਨੂੰ ਮਿਲਣਾ
11 ਬਸੰਤ ਦੀ ਰੁੱਤੇ ਜਦੋਂ ਰਾਜੇ ਲੋਕ ਲੜਾਈ ਨੂੰ ਚੜ੍ਹਦੇ ਹਨ, ਦਾਊਦ ਨੇ ਯੋਆਬ ਅਤੇ ਉਸ ਦੇ ਨਾਲ, ਅਫ਼ਸਰ ਅਤੇ ਸਾਰੇ ਇਸਰਾਏਲੀਆਂ ਨੂੰ ਭੇਜਿਆ ਅਤੇ ਉਨ੍ਹਾਂ ਨੇ ਅੰਮੋਨੀਆਂ ਨੂੰ ਨਸ਼ਟ ਕਰ ਸੁੱਟਿਆ ਅਤੇ ਰੱਬਾਹ ਨੂੰ ਘੇਰਾ ਪਾ ਲਿਆ, ਪਰ ਦਾਊਦ ਯਰੂਸ਼ਲਮ ਵਿੱਚ ਹੀ ਰਿਹਾ।
2 ਸ਼ਾਮ ਨੂੰ ਦਾਊਦ ਆਪਣੇ ਬਿਸਤਰ ਤੋਂ ਉੱਠਿਆ ਅਤੇ ਸ਼ਾਹੀ ਮਹਿਲ ਦੀ ਛੱਤ ਉੱਪਰ ਫ਼ਿਰਨ ਲੱਗਾ ਅਤੇ ਉੱਥੋਂ ਉਸ ਨੇ ਇੱਕ ਔਰਤ ਨੂੰ ਇਸਨਾਨ ਕਰਦਿਆਂ ਵੇਖਿਆ। ਉਹ ਔਰਤ ਬਹੁਤ ਹੀ ਖੂਬਸੂਰਤ ਸੀ। 3 ਤਾਂ ਦਾਊਦ ਨੇ ਆਪਣੇ ਸੇਵਕਾਂ ਨੂੰ ਭੇਜਿਆ ਕਿ ਜਾਕੇ ਪਤਾ ਕਰੋ ਕਿ ਉਹ ਔਰਤ ਕੌਣ ਹੈ? ਇੱਕ ਅਫ਼ਸਰ ਨੇ ਜਵਾਬ ਦਿੱਤਾ, “ਉਸ ਔਰਤ ਦਾ ਨਾਉਂ ਬਥ-ਸ਼ਬਾ ਹੈ ਜੋ ਕਿ ਅਲੀਆਮ ਦੀ ਧੀ ਹੈ ਅਤੇ ਹਿੱਤੀ ਦੇ ਊਰਿੱਯਾਹ ਦੀ ਪਤਨੀ ਹੈ।”
4 ਦਾਊਦ ਨੇ ਆਪਣੇ ਮਨੁੱਖਾਂ ਨੂੰ ਉਸ ਔਰਤ ਨੂੰ ਲਿਆਉਣ ਲਈ ਭੇਜਿਆ। ਜਦੋਂ ਉਹ ਦਾਊਦ ਕੋਲ ਆਈ ਤਾਂ ਦਾਊਦ ਨੇ ਉਸ ਔਰਤ ਨਾਲ ਸੰਭੋਗ ਕੀਤਾ। ਫ਼ਿਰ ਉਸ ਨੇ ਆਪਣੀ ਅਸ਼ੁੱਧਤਾ ਨੂੰ ਧੋਤਾ ਅਤੇ ਆਪਣੇ ਘਰ ਵਾਪਸ ਚਲੀ ਗਈ। [k] 5 ਪਰ ਬਥ-ਸ਼ਬਾ ਨੂੰ ਦਾਊਦ ਤੋਂ ਬੱਚਾ ਠਹਿਰ ਗਿਆ ਤਾਂ ਉਸ ਨੇ ਦਾਊਦ ਨੂੰ ਇਹ ਖਬਰ ਭੇਜੀ ਕਿ ਉਹ ਗਰਭਵਤੀ ਹੋ ਗਈ ਹੈ।
ਦਾਊਦ ਆਪਣੇ ਪਾਪ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦਾ ਹੈ
6 ਦਾਊਦ ਨੇ ਯੋਆਬ ਨੂੰ ਸੁਨੇਹਾ ਭੇਜਿਆ, “ਹਿੱਤੀ ਊਰਿੱਯਾਹ ਨੂੰ ਮੇਰੇ ਕੋਲ ਭੇਜ।”
ਤਾਂ ਯੋਆਬ ਨੇ ਊਰਿੱਯਾਹ ਨੂੰ ਦਾਊਦ ਕੋਲ ਭੇਜਿਆ। 7 ਊਰਿੱਯਾਹ ਦਾਊਦ ਕੋਲ ਆਇਆ ਤਾਂ ਦਾਊਦ ਨੇ ਉਸ ਨਾਲ ਗੱਲ ਬਾਤ ਕੀਤੀ ਅਤੇ ਉਸ ਕੋਲੋਂ ਯੋਆਬ, ਸਿਪਾਹੀਆਂ ਬਾਰੇ ਅਤੇ ਲੜਾਈ ਬਾਰੇ ਪੁੱਛਿਆ। 8 ਫ਼ਿਰ ਦਾਊਦ ਨੇ ਊਰਿੱਯਾਹ ਨੂੰ ਘਰ ਵਾਪਸ ਜਾਕੇ ਆਰਾਮ ਕਰਨ ਲਈ ਕਿਹਾ।
ਊਰਿੱਯਾਹ ਨੇ, ਰਾਜੇ ਵੱਲੋਂ ਊਰਿੱਯਾਹ ਲਈ ਸੁਗਾਤ ਚੁੱਕੀ ਹੋਏ ਆਦਮੀਆਂ ਦੇ ਸਮੇਤ ਮਹਿਲ ਛੱਡ ਦਿੱਤਾ। 9 ਪਰ ਊਰਿੱਯਾਹ ਘਰ ਨਾ ਗਿਆ ਉਹ ਪਾਤਸ਼ਾਹ ਦੇ ਘਰ ਦੇ ਦਰਵਾਜ਼ੇ ਬਾਹਰ ਹੀ ਸੌਂ ਗਿਆ। ਉਹ ਪਾਤਸ਼ਾਹ ਦੇ ਬਾਕੀ ਸੇਵਕਾਂ ਵਾਂਗ ਹੀ ਉੱਥੇ ਸੌਂ ਗਿਆ। 10 ਸੇਵਕਾਂ ਨੇ ਦਾਊਦ ਨੂੰ ਦੱਸਿਆ ਕਿ, “ਊਰਿੱਯਾਹ ਰਾਤ ਘਰ ਨਹੀਂ ਗਿਆ।”
ਤਦ ਦਾਊਦ ਨੇ ਊਰਿੱਯਾਹ ਨੂੰ ਕਿਹਾ, “ਤੂੰ ਇੰਨੇ ਲੰਬੇ ਸਫ਼ਰ ਤੋਂ ਮੁੜਿਆ ਹੈਂ ਤਾਂ ਤੂੰ ਘਰ ਕਿਉਂ ਨਹੀਂ ਗਿਆ?”
11 ਊਰਿੱਯਾਹ ਨੇ ਦਾਊਦ ਨੂੰ ਕਿਹਾ, “ਪਵਿੱਤਰ ਸੰਦੂਕ ਅਤੇ ਇਸਰਾਏਲ ਅਤੇ ਯਹੂਦਾਹ ਦੇ ਸੈਨਿਕ ਤੰਬੂਆਂ ਵਿੱਚ ਰਹਿੰਦੇ ਹਨ ਅਤੇ ਮੇਰਾ ਮਹਾਰਾਜ ਯੋਆਬ ਅਤੇ ਮੇਰੇ ਮਹਾਰਾਜ (ਪਾਤਸ਼ਾਹ ਦਾਊਦ) ਦੇ ਸੇਵਕ ਖੁੱਲੇ ਮੈਦਾਨ ਵਿੱਚ ਪਏ ਹੋਏ ਹਨ ਤਾਂ ਫ਼ਿਰ ਮੈਂ ਆਪਣੇ ਘਰ ਜਾਕੇ ਕਿਵੇਂ ਖਾ ਪੀ ਸੱਕਦਾ ਹਾਂ ਅਤੇ ਆਪਣੀ ਬੀਵੀ ਨਾਲ ਕਿਵੇਂ ਸੌਂ ਸੱਕਦਾ ਹਾਂ?”
12 ਤਾਂ ਦਾਊਦ ਨੇ ਊਰਿੱਯਾਹ ਨੂੰ ਕਿਹਾ, “ਅੱਜ ਫ਼ਿਰ ਤੂੰ ਇੱਥੇ ਹੀ ਰਹਿ ਅਤੇ ਕੱਲ ਫ਼ਿਰ ਮੈਂ ਤੈਨੂੰ ਲੜਾਈ ਲਈ ਵਿਦਿਆ ਕਰਾਂਗਾ।”
ਊਰਿੱਯਾਹ ਉਸ ਦਿਨ ਯਰੂਸ਼ਲਮ ਵਿੱਚ ਹੀ ਰਿਹਾ। ਉਹ ਅਗਲੀ ਸਵੇਰ ਤੀਕ ਉੱਥੇ ਹੀ ਰਿਹਾ ਤਦ 13 ਦਾਊਦ ਨੇ ਉਸ ਨੂੰ ਆਕੇ ਮਿਲਣ ਲਈ ਆਖਿਆ। ਤਦ ਊਰਿੱਯਾਹ ਨੇ ਦਾਊਦ ਨਾਲ ਉਸ ਦਿਨ ਖਾਧਾ-ਪੀਤਾ। ਦਾਊਦ ਨੇ ਊਰਿੱਯਾਹ ਨੂੰ ਸ਼ਰਾਬ ਨਾਲ ਬੇਹੋਸ਼ ਕਰ ਦਿੱਤਾ ਪਰ ਉਹ ਤਦ ਵੀ ਘਰ ਨੂੰ ਨਾ ਗਿਆ ਉਸ ਰਾਤ ਵੀ ਊਰਿੱਯਾਹ ਪਾਤਸ਼ਾਹ ਦੇ ਸੇਵਕਾਂ ਨਾਲ ਹੀ ਸੁੱਤਾ ਪਾਤਸ਼ਾਹ ਦੇ ਦਰਵਾਜ਼ੇ ਦੇ ਬਾਹਰ।
ਦਾਊਦ ਦੀ ਊਰਿੱਯਾਹ ਨੂੰ ਮਾਰਨ ਦੀ ਵਿਉਂਤ
14 ਅਗਲੀ ਸਵੇਰ, ਦਾਊਦ ਨੇ ਯੋਆਬ ਨੂੰ ਇੱਕ ਖਤ ਲਿਖਿਆ। ਦਾਊਦ ਨੇ ਉਹ ਖਤ ਊਰਿੱਯਾਹ ਨੂੰ ਲੈਜਾਣ ਲਈ ਆਖਿਆ। 15 ਖਤ ਵਿੱਚ ਦਾਊਦ ਨੇ ਲਿਖਿਆ, “ਊਰਿੱਯਾਹ ਨੂੰ ਸਖਤ ਲੜਾਈ ਵੇਲੇ ਸਭ ਤੋਂ ਅੱਗੇ ਕਰਕੇ ਉਸ ਨੂੰ ਇੱਕਲਾ ਛੱਡ ਕੇ ਉਸ ਕੋਲੋਂ ਮੁੜ ਆਵੋ ਤਾਂ ਜੋ ਉਹ ਵੱਢਿਆ ਜਾਵੇ ਅਤੇ ਮਰ ਜਾਵੇ।”
16 ਤਾਂ ਯੋਆਬ ਉਸ ਸ਼ਹਿਰ ਦਾ ਮੁਆਇਨਾ ਕਰਨ ਲਈ ਗਿਆ ਕਿ ਸਭ ਤੋਂ ਬਹਾਦੁਰ ਅੰਮੋਨੀ ਕਿੱਥੇ ਹਨ? ਉਸ ਨੇ ਊਰਿੱਯਾਹ ਲਈ ਉਹ ਥਾਂ ਚੁਣੀ। 17 ਤਾਂ ਉਸ ਸ਼ਹਿਰ ਦੇ ਲੋਕ ਨਿਕਲੇ ਅਤੇ ਯੋਆਬ ਦੇ ਨਾਲ ਲੜੇ ਅਤੇ ਉੱਥੇ ਦਾਊਦ ਦੇ ਸੇਵਕਾਂ ਵਿੱਚੋਂ ਕਈ ਡਿੱਗ ਪਏ ਅਤੇ ਹਿੱਤੀ ਊਰਿੱਯਾਹ ਵੀ ਉੱਥੇ ਮਾਰਿਆ ਗਿਆ।
18 ਤਦ ਯੋਆਬ ਨੇ ਇਹ ਸਾਰਾ ਹਾਲ ਲੜਾਈ ਵਿੱਚ ਕੀ-ਕੀ ਹੋਇਆ ਇੱਕ ਬੰਦੇ ਦੇ ਹੱਥ ਖਬਰ ਭੇਜੀ। 19 ਯੋਆਬ ਨੇ ਸੰਦੇਸ਼ਵਾਹਕ ਨੂੰ ਦੱਸਿਆ ਕਿ ਦਾਊਦ ਪਾਤਸ਼ਾਹ ਨੂੰ ਜਾਕੇ ਆਖੇ ਕਿ ਲੜਾਈ ਵਿੱਚ ਕੀ-ਕੀ ਵਾਪਰਿਆ। 20 “ਹੋ ਸੱਕਦਾ ਹੈ ਕਿ ਪਾਤਸ਼ਾਹ ਕਰੋਧ ਕਰੇ ਜਾਂ ਬੇਚੈਨ ਹੋਵੇ। ਹੋ ਸੱਕਦਾ ਪਾਤਸ਼ਾਹ ਇਹ ਆਖੇ, ‘ਯੋਆਬ ਦੀ ਸੈਨਾ ਸ਼ਹਿਰ ਦੇ ਇੰਨੀ ਨੇੜੇ ਲੜਨ ਲਈ ਕਿਉਂ ਗਈ? ਕੀ ਭਲਾ ਤੁਸੀਂ ਨਹੀਂ ਜਾਣਦੇ ਸੀ ਕਿ ਉਹ ਕੰਧ ਉੱਪਰ ਤੀਰ ਮਾਰਨਗੇ ਅਤੇ ਤੁਹਾਡੇ ਆਦਮੀਆਂ ਤੇ ਉੱਥੋਂ ਤੀਰ ਚਲਾਉਣਗੇ? 21 ਯਰੂਬਸ਼ਥ ਦੇ ਪੁੱਤਰ ਅਬੀਮਲਕ ਨੂੰ ਕਿਸਨੇ ਮਾਰਿਆ? ਕੀ ਭਲਾ ਇੱਕ ਔਰਤ ਨੇ ਉੱਪਰੋਂ ਚੱਕੀ ਦਾ ਪੁੜ ਉਸ ਉੱਪਰ ਨਹੀਂ ਸੀ ਕੱਢ ਮਾਰਿਆ, ਜਿਸ ਨਾਲ ਉਹ ਤੇਬੇਸ ਵਿੱਚ ਮਰ ਗਿਆ ਸੀ? ਸੋ ਤੁਸੀਂ ਸ਼ਹਿਰ ਦੀ ਕੰਧ ਹੇਠਾਂ ਕਿਸ ਲਈ ਗਏ?’ ਜੇਕਰ ਪਾਤਸ਼ਾਹ ਦਾਊਦ ਅਜਿਹੀਆਂ ਗੱਲਾਂ ਪੁੱਛੇ ਤਾਂ ਤੁਸੀਂ ਉਸ ਨੂੰ ਇਹ ਸੰਦੇਸ਼ ਜ਼ਰੂਰ ਦੇਣਾ ਕਿ ‘ਤੇਰਾ ਅਫ਼ਸਰ ਹਿੱਤੀ ਊਰਿੱਯਾਹ ਵੀ ਮਾਰਿਆ ਗਿਆ ਹੈ।’”
22 ਸੋ ਸੰਦੇਸ਼ਵਾਹਕ ਉੱਥੋਂ ਤੁਰ ਪਿਆ ਅਤੇ ਜੋ ਕੁਝ ਯੋਆਬ ਨੇ ਆਖਿਆ ਸੀ ਉਹ ਜਾਕੇ ਦਾਊਦ ਨੂੰ ਦੱਸਿਆ। 23 ਸੰਦੇਸ਼ਵਾਹਕ ਨੇ ਦਾਊਦ ਨੂੰ ਕਿਹਾ, “ਅੰਮੋਨ ਦੇ ਮਨੁੱਖਾਂ ਨੇ ਸਾਡੇ ਤੇ ਮੈਦਾਨ ਵਿੱਚ ਹੀ ਹਮਲਾ ਬੋਲ ਦਿੱਤਾ ਤੇ ਅਸੀਂ ਉਨ੍ਹਾਂ ਨਾਲ ਲੜੇ ਅਤੇ ਸ਼ਹਿਰ ਦੇ ਦਰਵਾਜ਼ੇ ਤੱਕ ਉਨ੍ਹਾਂ ਦਾ ਪਿੱਛਾ ਕਰਦੇ ਉਨ੍ਹਾਂ ਮਗਰ ਲੱਗੇ ਰਹੇ। 24 ਤਦ ਕੰਧ ਉੱਪਰ ਚੜ੍ਹੇ ਲੋਕਾਂ ਨੇ ਤੁਹਾਡੇ ਅਫ਼ਸਰਾਂ ਉੱਪਰ ਤੀਰ ਚਲਾਏ ਜਿਸ ਕਾਰਣ ਕੁਝ ਸੇਵਕ ਉਨ੍ਹਾਂ ਵਿੱਚੋਂ ਮਾਰੇ ਗਏ ਅਤੇ ਉਨ੍ਹਾਂ ਵਿੱਚ ਤੁਹਾਡਾ ਸੇਵਕ ਹਿੱਤੀ ਊਰਿੱਯਾਹ ਵੀ ਵੱਢਿਆ ਗਿਆ।”
25 ਦਾਊਦ ਨੇ ਸੰਦੇਸ਼ਵਾਹਕ ਨੂੰ ਕਿਹਾ, “ਇਹ ਗੱਲ ਯੋਆਬ ਨੂੰ ਜਾਕੇ ਆਖ, ਇਸ ਗੱਲ ਬਾਰੇ ਬਹੁਤਾ ਪਰੇਸ਼ਾਨ ਨਾ ਹੋ। ਕਿਉਂ ਕਿ ਤਲਵਾਰ ਜਿਹਾ ਇੱਕ ਨੂੰ ਵੱਢਦੀ ਹੈ ਤਿਵੇਂ ਦੂਜੇ ਨੂੰ ਵੱਢਦੀ ਹੈ। ਤੂੰ ਸ਼ਹਿਰ ਦੇ ਸਾਹਮਣੇ ਵੱਡੀ ਲੜਾਈ ਕਰ ਅਤੇ ਉਸ ਨੂੰ ਢਾਹ ਦੇ। ਸੋ ਤੂੰ ਇਨ੍ਹਾਂ ਸ਼ਬਦਾਂ ਨਾਲ ਜਾਕੇ ਯੋਆਬ ਨੂੰ ਧੀਰਜ ਦੇਵੀਂ।”
ਦਾਊਦ ਦਾ ਬਥ-ਸ਼ਬਾ ਨਾਲ ਵਿਆਹ
26 ਜਦੋਂ ਬਥ-ਸ਼ਬਾ ਨੇ ਸੁਣਿਆ ਕਿ ਉਸਦਾ ਪਤੀ ਊਰਿੱਯਾਹ ਮਰ ਗਿਆ ਹੈ, ਤਾਂ ਉਹ ਉਸ ਲਈ ਸੋਗ ਵਿੱਚ ਰੋਣ ਲਗੀ। 27 ਜਦੋਂ ਸੋਗ ਦੇ ਦਿਨ ਲੰਘ ਗਏ, ਤਾਂ ਦਾਊਦ ਨੇ ਉਸ ਨੂੰ ਆਪਣੇ ਸੇਵਕਾਂ ਕੋਲੋਂ ਆਪਣੇ ਘਰ ਸੱਦ ਲਿਆਉਣ ਨੂੰ ਕਿਹਾ। ਤਦ ਉਹ ਦਾਊਦ ਦੀ ਪਤਨੀ ਬਣੀ ਅਤੇ ਉਸ ਨੇ ਦਾਊਦ ਲਈ ਪੁੱਤਰ ਨੂੰ ਜਨਮ ਦਿੱਤਾ। ਪਰ ਯਹੋਵਾਹ ਨੂੰ ਦਾਊਦ ਦਾ ਇਹ ਕੰਮ ਬੁਰਾ ਲੱਗਾ।
ਨਾਥਾਨ ਦਾ ਦਾਊਦ ਨੂੰ ਝਿੜਕਣਾ
12 ਯਹੋਵਾਹ ਨੇ ਨਾਥਾਨ ਨੂੰ ਦਾਊਦ ਦੇ ਕੋਲ ਭੇਜਿਆ। ਨਾਥਾਨ ਨੇ ਦਾਊਦ ਕੋਲ ਆਕੇ ਉਸ ਨੂੰ ਕਿਹਾ, “ਸ਼ਹਿਰ ਵਿੱਚ ਦੋ ਮਨੁੱਖ ਸਨ, ਉਨ੍ਹਾਂ ਵਿੱਚੋਂ ਇੱਕ ਅਮੀਰ ਸੀ ਅਤੇ ਦੂਜਾ ਗਰੀਬ। 2 ਅਮੀਰ ਮਨੁੱਖ ਕੋਲ ਢੇਰ ਸਾਰੇ ਇੱਜੜ ਅਤੇ ਵੱਗ ਸਨ। 3 ਪਰ ਗਰੀਬ ਮਨੁੱਖ ਕੋਲ ਕੁਝ ਵੀ ਨਹੀਂ ਸੀ ਸਿਵਾਏ ਇੱਕ ਭੇਡਾਂ ਦੀ ਲੇਲੀ ਦੇ। ਗਰੀਬ ਮਨੁੱਖ ਨੇ ਇੱਕ ਲੇਲੀ ਦੀ ਜੋ ਉਸ ਨੇ ਖਰੀਦੀ ਸੀ ਆਪਣੇ ਬੱਚਿਆਂ ਦੇ ਨਾਲ ਉਸਦੀ ਦੇਖਭਾਲ ਕੀਤੀ ਅਤੇ ਉਹ ਵੀ ਉਸ ਦੇ ਬੱਚਿਆਂ ਦੇ ਨਾਲ ਵੱਡੀ ਹੋਈ। ਉਹ ਗਰੀਬ ਮਨੁੱਖ ਦੀ ਰੋਟੀ ਵਿੱਚੋਂ ਹੀ ਖਾਂਦੀ ਅਤੇ ਉਸੇ ਕਟੋਰੇ ਵਿੱਚੋਂ ਪਾਣੀ ਪੀਁਦੀ ਅਤੇ ਗਰੀਬ ਮਨੁੱਖ ਦੀ ਛਾਤੀ ਉੱਪਰ ਸੌਂ ਜਾਂਦੀ। ਉਹ ਲੇਲੀ ਉਸ ਗਰੀਬ ਮਨੁੱਖ ਦੀ ਧੀਆਂ ਵਾਂਗ ਪਲੀ।
4 “ਫ਼ਿਰ ਇੱਕ ਮੁਸਾਫ਼ਿਰ ਉਸ ਅਮੀਰ ਆਦਮੀ ਕੋਲ ਆਇਆ। ਉਹ ਧਨਾਢ ਮੁਸਾਫ਼ਿਰ ਨੂੰ ਭੋਜਨ ਖੁਆਉਣਾ ਚਾਹੁੰਦਾ ਸੀ ਪਰ ਉਹ ਧਨਾਢ ਆਪਣੇ ਇੱਜੜ ਅਤੇ ਵੱਗ ਵਿੱਚੋਂ ਕੁਝ ਵੀ ਨਹੀਂ ਸੀ ਖੁਆਉਣਾ ਚਾਹੁੰਦਾ ਇਸ ਲਈ ਉਸ ਨੇ ਉਸ ਗਰੀਬ ਆਦਮੀ ਦੀ ਲੇਲੀ ਖੋਹ ਲਈ ਅਤੇ ਉਸ ਨੂੰ ਵੱਢ ਕੇ ਉਸ ਮੁਸਾਫ਼ਿਰ ਲਈ ਭੋਜਨ ਤਿਆਰ ਕਰਵਾਇਆ।”
5 ਦਾਊਦ ਨੂੰ ਉਸ ਧਨਾਢ ਤੇ ਬੜਾ ਕਰੋਧ ਆਇਆ ਤਾਂ ਉਸ ਨੇ ਨਾਥਾਨ ਨੂੰ ਆਖਿਆ, “ਜਿਉਂਦੇ ਯਹੋਵਾਹ ਦੀ ਸੌਂਹ, ਜਿਸ ਮਨੁੱਖ ਨੇ ਇਹ ਕੰਮ ਕੀਤਾ ਸੋ ਵੱਢਣ ਯੋਗ ਹੈ। 6 ਸੋ ਉਹ ਮਨੁੱਖ ਹੁਣ ਉਸ ਲੇਲੀ ਤੋਂ ਚੌਗੁਣੀ ਕੀਮਤ ਦੇਵੇ ਕਿਉਂ ਕਿ ਉਸ ਨੇ ਅਜਿਹਾ ਭਿਅੰਕਰ ਕੰਮ ਕੀਤਾ ਅਤੇ ਉਸ ਉੱਤੇ ਦਯਾ ਨਾ ਕੀਤੀ।”
ਨਾਥਾਨ ਨੇ ਦਾਊਦ ਨੂੰ ਉਸ ਦੇ ਪਾਪ ਬਾਰੇ ਦੱਸਿਆ
7 ਤਦ ਨਾਥਾਨ ਨੇ ਦਾਊਦ ਨੂੰ ਕਿਹਾ, “ਉਹ ਧਨਾਢ ਤੂੰ ਹੀ ਤਾਂ ਹੈਂ। ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਨੇ ਇਉਂ ਆਖਿਆ ਹੈ, ‘ਮੈਂ ਤੈਨੂੰ ਮਸਹ ਕੀਤਾ ਤਾਂ ਜੋ ਤੂੰ ਇਸਰਾਏਲ ਉੱਪਰ ਰਾਜ ਕਰੇਁ। ਮੈਂ ਤੈਨੂੰ ਸ਼ਾਊਲ ਦੇ ਹੱਥੋਂ ਛੁਡਾਇਆ। 8 ਮੈਂ ਤੈਨੂੰ ਉਸ ਦਾ ਪਰਿਵਾਰ ਅਤੇ ਉਸ ਦੀਆਂ ਪਤਨੀਆਂ ਵੀ ਲੈਣ ਦਿੱਤੀਆ ਅਤੇ ਮੈਂ ਤੈਨੂੰ ਇਸਰਾਏਲ ਅਤੇ ਯਹੂਦਾਹ ਦਾ ਪਾਤਸ਼ਾਹ ਬਣਾਇਆ। ਅਤੇ ਜੇਕਰ ਇਹ ਕਾਫ਼ੀ ਨਾ ਹੁੰਦਾ ਮੈਂ ਤੈਨੂੰ ਹੋਰ ਵੀ ਵੱਧੇਰੇ ਦਿੰਦਾ। 9 ਪਰ ਤੂੰ ਯਹੋਵਾਹ ਦੇ ਹੁਕਮ ਨੂੰ ਅਣਗੌਲਿਆ ਕਿਉਂ ਕੀਤਾ? ਤੂੰ ਉਹ ਸਭ ਕੁਝ ਕਿਉਂ ਕੀਤਾ ਜਿਸ ਨੂੰ ਉਸ ਨੇ ਗ਼ਲਤ ਆਖ ਮਨ੍ਹਾ ਕੀਤਾ ਸੀ? ਤੂੰ ਹਿੱਤੀ ਊਰਿੱਯਾਹ ਨੂੰ ਕਿਉਂ ਤਲਵਾਰ ਨਾਲ ਵਢਾਇਆ ਅਤੇ ਉਸਦੀ ਪਤਨੀ ਨੂੰ ਲੈ ਕੇ ਆਪਣੀ ਬਣਾਇਆ? ਇਉਂ ਤੂੰ ਅੰਮੋਨੀਆਂ ਕੋਲੋਂ ਊਰਿੱਯਾਹ ਨੂੰ ਤਲਵਾਰ ਨਾਲ ਮਰਵਾਇਆ। 10 ਇਸ ਲਈ, ਹਿੰਸਕ ਮੌਤ ਬਾਰ-ਬਾਰ ਤੇਰੇ ਪਰਿਵਾਰ ਨੂੰ ਮਾਰੇਗੀ। ਤੂੰ ਊਰਿੱਯਾਹ ਹਿੱਤੀ ਦੀ ਪਤਨੀ ਨੂੰ ਆਪਣੀ ਪਤਨੀ ਬਨਾਉਣ ਲਈ ਲੈ ਆਇਆ ਅਤੇ ਅਜਿਹਾ ਕਰਕੇ ਤੂੰ ਸਾਬਿਤ ਕਰ ਦਿੱਤਾ ਕਿ ਤੂੰ ਮੈਨੂੰ ਤਿਰਸਕਾਰਦਾ ਹੈਂ।’
2010 by World Bible Translation Center