Print Page Options
Previous Prev Day Next DayNext

Bible in 90 Days

An intensive Bible reading plan that walks through the entire Bible in 90 days.
Duration: 88 days
Punjabi Bible: Easy-to-Read Version (ERV-PA)
Version
2 ਸਮੂਏਲ 22:19 - 1 ਰਾਜਿਆਂ 7:37

19 ਮੇਰੀ ਬਿਪਤਾ ਵਿੱਚ ਮੇਰੇ ਵੈਰੀਆਂ ਨੇ ਮੇਰੇ ਤੇ ਹਮਲਾ ਕੀਤਾ
    ਪਰ ਯਹੋਵਾਹ ਮੇਰੀ ਟੇਕ ਸੀ।
20 ਮੈਂ ਯਹੋਵਾਹ ਦਾ ਪਿਆਰਾ ਸੀ ਸੋ ਉਸ ਮੈਨੂੰ ਬਚਾਇਆ
    ਤੇ ਮੈਨੂੰ ਖੁਲ੍ਹੇ ਅਸਮਾਨੀ ਕੱਢ ਲਿਆਇਆ।
21 ਯਹੋਵਾਹ ਨੇ ਮੇਰੇ ਧਰਮ ਅਨੁਸਾਰ ਮੈਨੂੰ ਇਨਾਮ ਦਿੱਤਾ
    ਮੇਰੇ ਹੱਥਾਂ ਦੀ ਸੁੱਚਮਤਾ ਅਨੁਸਾਰ ਮੈਨੂੰ ਮਿਲਾਅ ਦਿੱਤਾ।
22 ਕਿਉਂ ਕਿ ਮੈਂ ਯਹੋਵਾਹ ਨੂੰ ਮੰਨਿਆ!
    ਮੈਂ ਆਪਣੇ ਪਰਮੇਸ਼ੁਰ ਦੇ ਵਿਰੁੱਧ ਪਾਪ ਨਹੀਂ ਕੀਤਾ।
23 ਮੈਂ ਹਮੇਸ਼ਾ ਯਹੋਵਾਹ ਦੇ ਫ਼ੈਸਲਿਆਂ ਨੂੰ ਚੇਤੇ ਰੱਖਦਾ।
    ਮੈਂ ਉਸ ਦੇ ਕਨੂੰਨਾਂ ਦਾ ਪਾਲਣ ਕਰਦਾ ਹਾਂ।
24 ਉਸ ਦੇ ਸਾਹਮਣੇ ਮੈਂ ਖੁਦ ਨੂੰ ਪਾਕ ਤੇ ਮਾਸੂਮ ਰੱਖਿਆ।
25 ਸੋ ਯਹੋਵਾਹ ਨੇ ਨਿਗਾਹ ਕਰਕੇ ਮੇਰੇ ਧਰਮ ਅਨੁਸਾਰ ਤੇ
    ਸੁੱਚਮਤਾ ਕਾਰਨ ਮੈਨੂੰ ਨਜ਼ਰਾਨਾ ਦਿੱਤਾ।

26 ਪਿਆਰੇ ਲਈ ਤੂੰ ਆਪਣਾ ਪਿਆਰ ਦਰਸਾਉਂਦਾ ਹੈਂ
    ਸੱਚੇ ਮਨੁੱਖ ਲਈ ਆਪਣਾ ਸੱਚ ਪ੍ਰਗਟਾਉਂਦਾ ਹੈਂ।
27 ਸ਼ੁੱਧ ਲਈ ਤੂੰ ਆਪੇ ਨੂੰ ਸ਼ੁੱਧ ਵਿਖਾਵੇਂਗਾ।
    ਹਾਠੇ ਲਈ ਆਪਾ ਹਾਠਾ ਬਣ ਜਾਵੇਂਗਾ।
28 ਤੂੰ ਦੁੱਖੀ ਲੋਕਾਂ ਲਈ ਮਿਹਰ ਹੈਂ
    ਹੰਕਾਰੀਆਂ ਲਈ ਕਹਿਰ ਹੈਂ।
29 ਤੂੰ ਮੇਰਾ ਦੀਵਾ ਹੈਂ ਯਹੋਵਾਹ!
    ਜਿਸ ਨੇ ਮੇਰੇ ਹਨੇਰਿਆਂ ਨੂੰ ਉਜਿਆਲਾ ਕੀਤਾ।
30 ਤੇਰੀ ਮਿਹਰ ਸਦਕਾ ਯਹੋਵਾਹ ਮੈਂ ਸੂਰਮਿਆਂ ਨਾਲ ਭੱਜਿਆ
    ਤੇ ਤੇਰੀ ਕਿਰਪਾ ਨਾਲ ਮੈਂ ਵੈਰੀਆਂ ਦੀਆਂ ਦੀਵਾਰਾਂ ਟੱਪੀਆਂ।

31 ਪਰਮੇਸ਼ੁਰ ਦਾ ਰਾਹ ਪੂਰਾ ਹੈ
    ਯਹੋਵਾਹ ਦਾ ਬਚਨ ਪਰਤਾਇਆ ਹੋਇਆ ਹੈ
    ਉਹ ਆਪਣੇ ਸ਼ਰਧਾਲੂਆਂ ਦਾ ਰੱਖਵਾਲਾ ਹੈ।
32 ਯਹੋਵਾਹ ਤੋਂ ਬਿਨਾ ਹੋਰ ਕੌਣ ਪਰਮੇਸ਼ੁਰ ਹੈ?
    ਅਤੇ ਸਾਡੇ ਪਰਮੇਸ਼ੁਰ ਤੋਂ ਛੁੱਟ ਹੋਰ ਕਿਹੜੀ ਚੱਟਾਨ ਹੈ?
33 ਪਰਮੇਸ਼ੁਰ ਮੇਰਾ ਪੱਕਾ ਗੜ੍ਹ ਹੈ
    ਉਹ ਨਿਰਦੋਸ਼ ਲੋਕਾਂ ਨੂੰ ਆਪਣੇ ਰਾਹ ਤੇ ਲਾਉਂਦਾ ਹੈ।
34 ਪਰਮੇਸ਼ੁਰ ਸਦਕਾ ਮੈਂ ਹਿਰਨੀਆਂ ਵਾਂਗ ਚੁੰਗੀਆਂ ਭਰਦਾਂ
    ਤੇ ਮੈਨੂੰ ਮੇਰੇ ਉੱਚਿਆਂ ਥਾਵਾਂ ਤੇ ਉਹ ਖੜ੍ਹਾ ਕਰਦਾ ਹੈ।
35 ਪਰਮੇਸ਼ੁਰ ਮੇਰੇ ਹੱਥਾਂ ਨੂੰ ਯੁੱਧ ਕਰਨਾ ਸਿੱਖਾਉਂਦਾ ਹੈ
    ਜਿਸ ਸਦਕਾ ਮੇਰੀਆਂ ਬਾਹਾਂ ਪਿੱਤਲ ਦਾ ਧਨੁੱਖ ਵੀ ਝੁਕਾਅ ਸੱਕਦੀਆਂ ਹਨ।

36 ਪਰਮੇਸ਼ੁਰ, ਤੂੰ ਆਪਣੀ ਸੁਰੱਖਿਆ ਦੀ ਢਾਲ ਮੈਨੂੰ ਬਖਸ਼ੀ ਹੈਅਤੇ ਜਿੱਤਣ ਲਈ ਸਹਾਇਤਾ ਕੀਤੀ ਹੈ।
    ਹਾਂ ਤੂੰ ਮੇਰੀ ਸਹਾਇਤਾ ਕੀਤੀ ਹੈ ਦੁਸ਼ਮਣਾਂ ਤੋਂ ਜਿੱਤਣ ਵਿੱਚ।
37 ਤੂੰ ਮੇਰੇ ਹੇਠਾਂ ਮੇਰੇ ਕਦਮਾਂ ਨੂੰ ਵੱਧਾਇਆ ਹੈ
    ਤੇ ਮੇਰੇ ਪੈਰ ਤਾਂ ਹੀ ਨਹੀਂ ਤਿਲਕੇ, ਨਾ ਹੀ ਥਿੜਕੇ।
38 ਮੈਂ ਆਪਣੇ ਵੈਰੀਆਂ ਦਾ ਪਿੱਛਾ ਕੀਤਾ ਪਿੱਛਾ ਕਰ ਉਨ੍ਹਾਂ ਦਾ ਨਾਸ ਕੀਤਾ ਤਦ
    ਤੀਕ ਨਾ ਵਾਪਸ ਮੁੜਿਆ ਜਦ ਤੀਕ ਉਹ ਬਰਬਾਦ ਨਾ ਹੋਏ।
39 ਮੈਂ ਵੈਰੀਆਂ ਦਾ ਨਾਸ ਕੀਤਾ
    ਮੈਂ ਉਨ੍ਹਾਂ ਨੂੰ ਹਰਾਇਆਂ
ਉਹ ਮੇਰੇ ਪੈਰੀ ਪਏ ਮੁੜੇ
    ਅਤੇ ਕਦੇ ਨਾ ਉੱਠ ਸੱਕੇ।

40 ਪਰਮੇਸ਼ੁਰ, ਤੂੰ ਯੁੱਧ ਲਈ ਆਪਣੇ ਬਲ ਨਾਲ ਮੇਰੀ ਕਮਰ ਕੱਸੀ
    ਤੂੰ ਮੇਰੇ ਵੈਰੀਆਂ ਨੂੰ ਮੇਰੇ ਹੇਠ ਝੁਕਾਅ ਦਿੱਤਾ।
41 ਤੂੰ ਮੇਰੇ ਵੈਰੀਆਂ ਦੀ ਪਿੱਠ ਮੈਨੂੰ ਵਿਖਾਈ ਤੇ
    ਮੈਂ ਆਪਣੇ ਨਫ਼ਰਤ ਕਰਨ ਵਾਲਿਆਂ ਦਾ ਸਰਬਨਾਸ਼ ਕੀਤਾ।
42 ਉਨ੍ਹਾਂ ਨੇ ਵੇਖਿਆ ਕੋਈ ਬਚਾਉਣ
    ਵਾਲਾ ਨਾ ਵਿਖਾਈ ਦਿੱਤਾ ਵੇਖਿਆ
ਉਨ੍ਹਾਂ ਵੱਲ ਯਹੋਵਾਹ ਦੇ ਵੀ
    ਪਰ ਉਸ ਨੇ ਵੀ ਕੋਈ ਨਾ ਜਵਾਬ ਦਿੱਤਾ।
43 ਫ਼ਿਰ ਮੈਂ ਉਨ੍ਹਾਂ ਨੂੰ ਧਰਤੀ ਦੀ ਧੂਲ ਵਾਂਗ ਉਨ੍ਹਾਂ ਦਾ ਸੁਰਮਾ ਕੀਤਾ
    ਰਸਤੇ ਦੇ ਚਿਕੱੜ ਵਾਂਗ ਉਨ੍ਹਾਂ ਨੂੰ ਮਿੱਧਿਆ ਤ੍ਤੇ ਉਨ੍ਹਾਂ ਨੂੰ ਖਲਾਰ ਦਿੱਤਾ।

44 ਤੂੰ ਮੈਨੂੰ ਲੋਕਾਂ ਦੇ ਝਗੜਿਆਂ ਤੋਂ ਛੁਡਾਇਆ,
    ਤੂੰ ਮੈਨੂੰ ਕੌਮਾ ਦਾ ਮੁਖੀਆ ਬਣਾਇਆ,
    ਜਿਨ੍ਹਾਂ ਲੋਕਾਂ ਨੂੰ ਮੈਂ ਜਾਣਦਾ ਵੀ ਨਹੀਂ ਉਨ੍ਹਾਂ ਵੀ ਆਨ ਮੇਰੀ ਸੇਵਾ ਕੀਤੀ।
45 ਪਰਦੇਸੀਆਂ ਮੇਰਾ ਹੁਕਮ ਮੰਨਿਆ, ਜਦ ਵੀ ਕਦੇ ਮੈਂ ਫ਼ੁਰਮਾਨ ਕੀਤਾ ਉਨ੍ਹਾਂ ਝਟ ਹੁਕਮ ਪਰਵਾਨ ਕੀਤਾ।
    ਪਰਦੇਸੀ ਹਮੇਸ਼ਾ ਮੈਥੋਂ ਘਬਰਾਏ।
46 ਪਰਦੇਸੀ ਡਰ ਨਾਲ ਕੁਮਲਾਅ ਗਏ
    ਉਹ ਆਪਣੀਆਂ ਖੁੱਡਾਂ ਵਿੱਚੋਂ ਡਰ ਨਾਲ ਕੰਬੰਦੇ ਨਿਕਲੇ।

47 ਯਹੋਵਾਹ ਜਿਉਂਦਾ ਹੈ ਤੇ ਉਹ ਮੇਰੀ ਚੱਟਾਨ ਹੈ।
    ਮੈਂ ਪਰਮੇਸ਼ੁਰ ਦੀ ਉਸਤਤ ਕਰਦਾ ਹਾਂ।
    ਉਹ ਚੱਟਾਨ ਹੈ ਜੋ ਮੈਨੂੰ ਬਚਾਉਂਦੀ ਹੈ।
48 ਉਸ ਮੇਰੇ ਵੈਰੀਆਂ ਨੂੰ ਮੇਰੀ ਖਾਤਿਰ ਸਜ਼ਾ
    ਦਿੱਤੀ ਤੇ ਲੋਕਾਂ ਨੂੰ ਮੇਰੇ ਹੁਕਮ ਹੇਠ ਰੱਖਿਆ।
49 ਪਰਮੇਸ਼ੁਰ ਨੇ ਮੈਨੂੰ ਵੈਰੀਆਂ ਤੋਂ ਬਚਾਇਆ,

ਹਾਂ ਤੂੰ ਮੈਨੂੰ ਮੇਰੇ ਵਿਰੋਧੀਆਂ ਵਿੱਚ ਮੈਨੂੰ ਉੱਚਾ ਕੀਤਾ
    ਮੈਨੂੰ ਜ਼ਾਲਮਾਂ ਤੋਂ ਬਚਾਇਆ।
50 ਸੇ ਕਾਰਣ ਹੇ ਯੋਹਵਾਹ, ਮੈਂ ਕੌਮਾਂ ਵਿੱਚ ਤੇਰੀ ਉਸਤਤ ਕਰਾਂਗਾ
    ਅਤੇ ਤੇ ਤੇਰੇ ਨਾਂ ਦਾ ਜੱਸ ਗਾਵਾਂਗਾ।

51 ਯਹੋਵਾਹ ਆਪਣੇ ਪਾਤਸ਼ਾਹ ਲਈ ਸੁਰੱਖਿਆ ਦਾ ਬੁਰਜ ਹੈ
    ਅਤੇ ਆਪਣੇ ਮਸਹ ਕੀਤੇ ਹੋਏ ਉੱਪਰ ਭਾਵ
    ਦਾਊਦ ਅਤੇ ਉਸ ਦੇ ਉਤਰਾਧਿਕਾਰੀਆਂ ਉੱਪਰ ਹਮੇਸ਼ਾ ਦਯਾ ਕਰਦਾ ਹੈ।

ਦਾਊਦ ਦੇ ਅੰਤਿਮ ਬਚਨ

23 ਦਾਊਦ ਦੇ ਅੰਤਿਮ ਸ਼ਬਦ:

“ਇਹ ਗੀਤ ਯੱਸੀ ਦੇ ਪੁੱਤਰ ਦਾਊਦ ਦਾ ਸੀ।
    ਇਹ ਗੀਤ ਉਸ ਮਨੁੱਖ ਦਾ ਹੈ
ਜੋ ਉੱਚਾ ਚੁੱਕਿਆ ਗਿਆ ਸੀ ਅਤੇ ਯਾਕੂਬ ਦੇ ਪਰਮੇਸ਼ੁਰ ਦਾ ਮਸਹ ਕੀਤਾ ਹੋਇਆ ਸੀ।
    ਉਹ ਇਸਰਾਏਲ ਦੇ ਰੱਖਿਅਕ ਦਾ ਮਨਪਸੰਦ ਸੀ। [a]
ਯਹੋਵਾਹ ਦਾ ਆਤਮਾ ਮੇਰੇ ਵਿੱਚੋਂ ਬੋਲਿਆ
    ਅਤੇ ਉਸਦਾ ਬਚਨ ਮੇਰੀ ਜ਼ਬਾਨ ਉੱਤੇ ਸੀ।
ਇਸਰਾਏਲ ਦੇ ਪਰਮੇਸ਼ੁਰ ਨੇ ਆਖਿਆ,
    ਇਸਰਾਏਲ ਦੀ ਚੱਟਾਨ ਨੇ ਮੈਨੂੰ ਆਖਿਆ,
‘ਜਿਹੜਾ ਮਨੁੱਖਾਂ ਉੱਪਰ ਧਰਮ ਨਾਲ ਰਾਜ ਕਰਦਾ ਹੈ
    ਜੋ ਪਰਮੇਸ਼ੁਰ ਦੀ ਭੌ ਨਾਲ ਰਾਜ ਕਰਦਾ ਹੈ।
ਉਹ ਮਨੁੱਖ ਸਵੇਰ ਦੇ ਚਾਨਣ ਵਾਂਗ ਹੋਵੇਗਾ ਜਦੋਂ ਸੂਰਜ ਨਿਕਲਦਾ ਹੀ ਹੈ,
    ਅਜਿਹੀ ਸਵੇਰ ਜਿਸ ਵਿੱਚ ਬੱਦਲ ਨਾ ਹੋਣ
ਅਤੇ ਬਰਖਾ ਬਾਅਦ ਉਸ ਚਮਕਦੀ ਧੁੱਪ ਵਰਗਾ ਤੇ ਉਸ ਘਾਹ ਵਰਗਾ,
    ਜੋ ਮੀਂਹ ਤੋਂ ਪਿੱਛੋਂ ਧੁੱਪ ਦੇ ਕਾਰਣ ਧਰਤੀ ਉੱਪਰ ਉੱਗਦਾ ਹੈ।’

“ਪਰਮੇਸ਼ੁਰ ਨੇ ਮੇਰਾ ਪਰਿਵਾਰ ਬਲਵਾਨ ਤੇ ਸੁਰੱਖਿਅਤ ਕੀਤਾ
    ਉਸ ਨੇ ਸਦਾ ਲਈ ਮੇਰੇ ਨਾਲ ਇਕਰਾਰਨਾਮਾ ਕੀਤਾ
ਜੋ ਸਾਰੀਆਂ ਗੱਲਾਂ ਵਿੱਚ ਠੀਕ ਅਤੇ ਪੱਕਾ ਹੈ ਜ਼ਰੂਰ ਹੀ
    ਉਹ ਮੈਨੂੰ ਹਮੇਸ਼ਾ ਜੇਤੂ ਰੱਖੇਗਾ ਅਤੇ ਮੇਰੀਆਂ ਇੱਛਾਵਾਂ ਪੂਰੀਆਂ ਕਰੇਗਾ!

“ਪਰ ਬੇਧਰਮੀ ਸਾਰੇ ਕੰਡਿਆਂ ਵਾਂਗ ਲਾਂਭੇ ਸੁੱਟੇ ਜਾਣਗੇ
    ਕਿਉਂ ਜੋ ਉਹ ਹੱਥਾਂ ਨਾਲ ਫ਼ੜੇ ਨਹੀਂ ਜਾਂਦੇ।
ਜੇਕਰ ਕੋਈ ਮਨੁੱਖ ਉਨ੍ਹਾਂ ਨੂੰ ਛੂਹ ਲਵੇ ਤਾਂ
    ਉਹ ਛਿਲਤਰ ਜਾਂ ਸੂਈ ਵਾਂਗ ਕਿੱਲ ਵਾਂਗ ਚੁੱਭਦੇ ਹਨ।
ਹਾਂ ਉਹ ਲੋਕ ਕੰਡਿਆਂ ਵਰਗੇ ਹਨ
    ਉਹ ਅੱਗ ਵਿੱਚ ਝੋਂਕੇ ਜਾਣਗੇ
    ਅਤੇ ਪੂਰੀ ਤਰ੍ਹਾਂ ਸਾੜੇ ਜਾਣਗੇ।”

ਤਿੰਨ ਨਾਇੱਕ

ਦਾਊਦ ਦੇ ਸੂਰਮੇ ਇਹ ਹਨ:

ਤਾਹਕਮੋਨੀ ਯੋਸ਼ੇਬ-ਬੱਸ਼ਬਥ ਉਹ ਤਿੰਨਾਂ ਨਾਇੱਕਾਂ ਉੱਤੇ ਕਪਤਾਨ ਸੀ। ਉਸ ਨੇ ਇਕੋ ਵਾਰ ਵਿੱਚ ਆਪਣੇ ਬਰਛੇ ਨਾਲ 800 ਆਦਮੀਆਂ ਨੂੰ ਮਾਰ ਦਿੱਤਾ ਸੀ।

ਇਸਤੋਂ ਬਾਅਦ ਦੂਜਾ ਦੋਦੀ ਦਾ ਪੁੱਤਰ ਅਲਆਜ਼ਾਰ ਅਹੋਹੀ ਸੀ। ਅਲਆਜ਼ਾਰ ਉਨ੍ਹਾਂ ਤਿੰਨ ਨਾਇੱਕਾਂ ਵਿੱਚੋਂ ਸੀ ਜਿਹੜੇ ਕਿ ਦਾਊਦ ਨਾਲ ਫ਼ਲਿਸਤੀਆਂ ਉੱਤੇ ਵੰਗਾਰ ਵੇਲੇ ਨਾਲ ਚੜ੍ਹੇ ਸਨ ਜਦੋਂ ਉਹ ਫ਼ਲਿਸਤੀਆਂ ਉੱਤੇ ਹਮਲਾ ਕਰਨ ਲਈ ਇਕੱਠੇ ਹੋਏ ਸਨ, ਪਰ ਉਸ ਵਕਤ ਇਸਰਾਏਲੀ ਸੈਨਿਕ ਭੱਜ ਖੜੋਤੇ ਸਨ। 10 ਅਲਆਜ਼ਾਰ ਫ਼ਲਿਸਤੀਆਂ ਨਾਲ ਉਸ ਵਕਤ ਤੱਕ ਲੜਦਾ ਰਿਹਾ ਜਦ ਤੀਕ ਉਹ ਥਕ ਨਾ ਗਿਆ। ਪਰ ਉਹ ਤਦ ਵੀ ਤਲਵਾਰ ਨੂੰ ਕੱਸ ਕੇ ਫ਼ੜੀ ਲਗਾਤਾਰ ਲੜਦਾ ਰਿਹਾ। ਉਸ ਦਿਨ ਯਹੋਵਾਹ ਨੇ ਇਸਰਾਏਲ ਨੂੰ ਭਾਰੀ ਜਿੱਤ ਲੈ ਦਿੱਤੀ। ਜਦੋਂ ਅਲਆਜ਼ਾਰ ਜਿੱਤ ਗਿਆ ਤਾਂ ਲੋਕ ਘਰਾਂ ਵਿੱਚ ਵਾਪਸ ਆ ਗਏ ਪਰ ਲੋਕ ਉਸ ਦੇ ਪਿੱਛੇ ਸਿਰਫ਼ ਲੁੱਟ ਮਾਰ ਕਰਨ ਲਈ ਮੁੜ ਆਏ।

11 ਉਸ ਤੋਂ ਪਿੱਛੋਂ ਹਰਾਰੀ ਅਗੀ ਦਾ ਪੁੱਤਰ ਸ਼ੰਮਾਹ ਸੀ। ਫ਼ਲਿਸਤੀ ਲੜਨ ਲਈ ਇਕੱਠੇ ਹੋਕੇ ਇੱਕ ਮਸਰਾਂ ਦੇ ਖੇਤ ਵਿੱਚ ਆਏ ਤਾਂ ਸਭ ਲੋਕ ਉਨ੍ਹਾਂ ਅੱਗੇ ਭੱਜ ਗਏ। 12 ਪਰ ਸ਼ੰਮਾਹ ਉਸ ਪੈਲੀ ਦੇ ਵਿੱਚਕਾਰ ਖਲੋਤਾ ਰਿਹਾ ਅਤੇ ਉਸ ਨੂੰ ਬਚਾਇਆ। ਉਸ ਨੇ ਫ਼ਲਿਸਤੀਆਂ ਨੂੰ ਹਰਾਇਆ। ਉਸ ਦਿਨ ਵੀ ਯਹੋਵਾਹ ਨੇ ਇਸਰਾਏਲੀ ਨੂੰ ਵੱਡੀ ਜਿੱਤ ਦਿੱਤੀ।

13 ਇੱਕ ਵਾਰ ਉਨ੍ਹਾਂ ਤੀਹਾਂ ਮੁਖੀਆਂ ਵਿੱਚੋਂ ਤਿੰਨ ਨਿਕਲ ਗਏ ਅਤੇ ਅਦੁਲਾਮ ਦੀ ਗੁਫ਼ਾ ਨੂੰ ਵਾਢੀਆਂ ਦੇ ਵਕਤ ਦਾਊਦ ਕੋਲ ਆਏ, ਅਤੇ ਫ਼ਲਿਸਤੀਆਂ ਦੇ ਦਲ ਨੇ ਰਫ਼ਾਈਮ ਦੀ ਵਾਦੀ ਵਿੱਚ ਤੰਬੂ ਲਾਏ ਹੋਏ ਸਨ।

14 ਇੰਝ ਹੀ ਇੱਕ ਵਾਰ, ਦਾਊਦ ਇੱਕ ਗੜ੍ਹੀ ਵਿੱਚ ਸੀ ਅਤੇ ਕੁਝ ਫ਼ਲਿਸਤੀ ਸਿਪਾਹੀ ਬੈਤਲਹਮ ਵਿੱਚ ਸਨ। 15 ਦਾਊਦ ਆਪਣੇ ਨਗਰ ਦਾ ਪਾਣੀ ਪੀਣ ਲਈ ਬਹੁਤ ਉਤਸੁਕ ਸੀ ਇਸ ਲਈ ਉਸ ਨੇ ਆਖਿਆ, “ਮੈਂ ਇੱਛਾ ਕਰਦਾ ਕਿ ਕਾਸ਼ ਕੋਈ ਮੈਨੂੰ ਬੈਤਲਹਮ ਦੇ ਪ੍ਰਵੇਸ਼ ਵਾਲੇ ਖੂਹ ਤੋਂ ਪਾਣੀ ਲਿਆਕੇ ਦੇਵੇ।” 16 ਪਰ ਉਨ੍ਹਾਂ ਤਿੰਨਾਂ ਨਾਇੱਕਾਂ ਨੇ ਫ਼ਲਿਸਤੀਆਂ ਦੇ ਡੇਰੇ ਦੇ ਵਿੱਚੋਂ ਦੀ ਲੰਘਕੇ ਬੈਤਲਹਮ ਦੇ ਖੂਹ ਤੋਂ ਪਾਣੀ ਭਰਿਆ, ਜਿਹੜਾ ਕਿ ਉਸੇ ਫ਼ਾਟਕ ਉੱਪਰ ਸੀ ਅਤੇ ਪਾਣੀ ਭਰਕੇ ਦਾਊਦ ਨੂੰ ਲਿਆਕੇ ਦਿੱਤਾ। ਪਰ ਦਾਊਦ ਨੇ ਉਹ ਪਾਣੀ ਨਾ ਪੀਤਾ ਸਗੋਂ ਉਸ ਨੂੰ ਭੇਟ ਵਜੋਂ ਯਹੋਵਾਹ ਦੇ ਅੱਗੇ ਡੋਲ੍ਹ ਦਿੱਤਾ। 17 ਦਾਊਦ ਨੇ ਆਖਿਆ, “ਹੇ ਯਹੋਵਾਹ! ਮੈਂ ਇਹ ਪਾਣੀ ਨਹੀਂ ਪੀ ਸੱਕਦਾ, ਇਹ ਪਾਣੀ ਪੀਣਾ ਉਨ੍ਹਾਂ ਵੀਰ ਸੂਰਮਿਆਂ ਦਾ ਖੂਨ ਪੀਣ ਦੇ ਬਰਾਬਰ ਹੋਵੇਗਾ, ਜਿਨ੍ਹਾਂ ਨੇ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਮੇਰੇ ਲਈ ਇਹ ਪਾਣੀ ਲਿਆਂਦਾ ਹੈ।” ਇਸੇ ਕਾਰਣ ਦਾਊਦ ਨੇ ਪਾਣੀ ਪੀਣ ਤੋਂ ਇਨਕਾਰ ਕੀਤਾ। ਇੰਝ ਇਨ੍ਹਾਂ ਤਿੰਨਾਂ ਨਾਇੱਕਾਂ ਨੇ ਅਜਿਹੇ ਬੜੇ ਸੂਰਮਗਤੀ ਦੇ ਕਾਰਜ ਕੀਤੇ।

ਹੋਰ ਬਹਾਦੁਰ ਸਿਪਾਹੀ

18 ਸਰੂਯਾਹ ਦੇ ਪੁੱਤਰ ਯੋਆਬ ਦਾ ਭਰਾ ਅਬੀਸ਼ਈ ਵੀ ਤਿੰਨਾਂ ਵਿੱਚੋਂ ਮੁਖੀਆਂ ਸੀ। ਅਬੀਸ਼ਈ ਨੇ ਇੱਕੋ ਵੇਲੇ 300 ਮਨੁੱਖਾਂ ਉੱਤੇ ਬਰਛੀ ਚਲਾਈ ਅਤੇ ਉਨ੍ਹਾਂ ਨੂੰ ਵੱਢ ਸੁੱਟਿਆ ਅਤੇ ਉਹ ਵੀ ਤਿੰਨਾਂ ਵਾਂਗ ਬੜਾ ਨਾਮੀ ਬਣਿਆ। 19 ਅਬੀਸ਼ਈ ਦੀ ਪ੍ਰਸਿੱਧੀ ਵੀ ਉਨ੍ਹਾਂ ਤਿੰਨਾਂ ਨਾਇੱਕਾਂ ਵਾਂਗ ਹੋਈ ਅਤੇ ਉਹ ਉਨ੍ਹਾਂ ਦਾ ਆਗੂ ਬਣਿਆ ਭਾਵੇਂ ਉਹ ਉਨ੍ਹਾਂ ਵਿੱਚੋਂ ਇੱਕ ਨਹੀਂ ਸੀ ਤੇ ਨਾ ਹੀ ਉਨ੍ਹਾਂ ਵਰਗਾ ਸੀ ਫ਼ਿਰ ਵੀ ਉਨ੍ਹਾਂ ਦਾ ਸਰਦਾਰ ਬਣਿਆ।

20 ਫ਼ੇਰ ਯਹੋਯਾਦਾ ਦਾ ਪੁੱਤਰ ਬਨਾਯਾਹ, ਕਬਸਏਲ ਤੋਂ ਇੱਕ ਵੱਡੇ ਸੂਰਮੇ ਮਨੁੱਖ ਦਾ ਪੋਤਰਾ ਸੀ, ਜਿਸ ਨੇ ਕਈ ਵੱਡੇ ਕੰਮ ਕੀਤੇ ਸਨ। ਉਸ ਨੇ ਮੋਆਬ ਦੇ ਦੋ ਜੁਆਨਾਂ ਨੂੰ ਮਾਰ ਸੁੱਟਿਆ ਅਤੇ ਬਰਫ਼ ਦੇ ਦਿਨਾਂ ਵਿੱਚ ਇੱਕ ਟੋਏ ਵਿੱਚ ਇੱਕ ਸ਼ੇਰ ਨੂੰ ਮਾਰ ਸੁੱਟਿਆ। ਬਨਾਯਾਹ ਨੇ ਬੜੀ ਬਹਾਦੁਰੀ ਦੇ ਕੰਮ ਕੀਤੇ। 21 ਇਉਂ ਹੀ ਇੱਕ ਵਾਰ ਉਸ ਨੇ ਇੱਕ ਮਿਸਰੀ ਸਿਪਾਹੀ ਨੂੰ ਵੱਢ ਸੁੱਟਿਆ। ਉਸ ਮਿਸਰ ਦੇ ਸਿਪਾਹੀ ਦੇ ਹੱਥ ਵਿੱਚ ਇੱਕ ਬਰਛੀ ਸੀ ਪਰ ਉਹ ਸੋਟੀ ਲੈ ਕੇ ਉਸ ਉੱਪਰ ਆਣ ਪਿਆ ਅਤੇ ਉਸ ਮਿਸਰੀ ਦੇ ਹੱਥ ਵਿੱਚੋਂ ਉਸ ਨੇ ਬਰਛੀ ਖੋਹ ਲਈ ਅਤੇ ਉਸਦੀ ਹੀ ਬਰਛੀ ਨਾਲ ਉਸ ਨੂੰ ਮਾਰ ਸੁੱਟਿਆ। 22 ਯਹੋਯਾਦਾ ਦੇ ਪੁੱਤਰ ਬਨਾਯਾਹ ਨੇ ਇੰਝ ਦੇ ਹੋਰ ਵੀ ਬਹਾਦੁਰੀ ਦੇ ਕਈ ਕੰਮ ਕੀਤੇ। ਬਨਾਯਾਹ ਵੀ ਤਿੰਨਾਂ ਨਾਇੱਕਾਂ ਵਾਂਗ ਬੜਾ ਮਸ਼ਹੂਰ ਹੋਇਆ। 23 ਬਨਾਯਾਹ ਸਗੋਂ 30 ਸੂਰਮਿਆਂ ਤੋਂ ਵੀ ਵੱਧ ਪ੍ਰਸਿੱਧ ਹੋਇਆ। ਪਰ ਉਹ ਤਿੰਨ ਨਾਇੱਕਾਂ ਦੇ ਸੰਗ ਦਾ ਸਦੱਸ ਨਾ ਬਣਿਆ ਸਗੋਂ ਦਾਊਦ ਨੇ ਉਸ ਨੂੰ ਆਪਣੇ ਅੰਗ ਰੱਖਿਅਕਾਂ ਦਾ ਆਗੂ ਠਹਿਰਾਇਆ।

ਤੀਹ ਨਾਇੱਕ

24 ਅਸਾਹੇਲ ਜੋ ਯੋਆਬ ਦਾ ਭਰਾ ਸੀ, ਉਨ੍ਹਾਂ 30 ਵਿੱਚੋਂ ਸੀ। 30 ਸੂਰਮਿਆਂ ਦੇ ਸੰਗ ਵਿੱਚ ਹੋਰ ਬਾਕੀ ਦੇ ਸੂਰਮੇ ਸਨ।

ਜਿਨ੍ਹਾਂ ਵਿੱਚ ਇੱਕ ਅਲਹਾਨਾਨ ਸੀ ਜੋ ਕਿ

ਬੈਤਲਹਮ ਤੋਂ ਦੋਦੋ ਦਾ ਪੁੱਤਰ ਸੀ।

25 ਸ਼ੰਮਾਹ ਹਰੋਦੀ ਅਤੇ

ਅਲੀਕਾ ਹਰੋਦੀ ਸੀ।

26 ਹਲਸ ਪਲਟੀ ਅਤੇ

ਇੱਕ ਇੱਕੇਸ਼ ਤਕੋਈ ਦਾ ਪੁੱਤਰ ਈਰਾ ਸੀ।

27 ਅਬੀਅਜ਼ਰ ਅੰਨਥੋਥੀ

ਮਬੁੰਨਈ ਹੁਸ਼ਾਥੀ।

28 ਸਲਮੋਨ ਅਹੋਹੀ ਅਤੇ

ਮਹਰਈ ਨਟੋਫ਼ਾਥੀ।

29 ਬਆਨਾਹ ਦਾ ਪੁੱਤਰ ਹੇਲਬ, ਇੱਕ ਨਟੋਫ਼ਾਥੀ ਅਤੇ

ਰੀਬਈ ਦਾ ਪੁੱਤਰ ਇੱਤਈ ਜੋ ਬਿਨਯਾਮੀਨੀਆਂ ਵਿੱਚੋਂ ਗਿਬਆਹ ਤੋਂ ਸੀ।

30 ਬਨਾਯਾਹ ਪਿਰਾਥੋਨੀ ਅਤੇ

ਗਆਸ਼ ਦੇ ਦਰਿਆਵਾਂ ਤੋਂ ਹਿੱਦਈ।

31 ਅਬੀ-ਅਲਬੋਨ ਅਰਬਾਥੀ,

ਅਜ਼ਮਾਵਥ ਬਰਹੁਮੀ।

32 ਅਲਯਹਬਾ ਸ਼ਅਲਬੋਨੀ ਅਤੇ

ਯਾਸੇਨ ਦੇ ਪੁੱਤਰਾਂ ਤੋਂ ਯੋਨਾਥਾਨ।

33 ਸ਼ੰਮਾਹ ਹਰਾਰੀ ਅਤੇ

ਸ਼ਾਗਰ ਅਰਾਰੀ ਦਾ ਪੁੱਤਰ ਅਹੀਆਮ।

34 ਉਸ ਮਆਕਾਥੀ ਤਾਂ ਅਹਸਬਈ ਮਆਕਾਥੀ ਦਾ ਪੁੱਤਰ ਅਲੀਫ਼ਲਟ ਅਤੇ

ਅਹੀਥੋਫ਼ਲ ਗਿਲੋਨੀ ਦਾ ਪੁੱਤਰ ਅਲੀਆਮ।

35 ਹਸਰਈ ਕਰਮਲੀ ਅਤੇ

ਪਅਰਈ ਅਰਬੀ।

36 ਸੋਬਾਹ ਤੋਂ ਨਾਥਾਨ ਦਾ ਪੁੱਤਰ ਯਿਗਾਲ ਅਤੇ

ਬਾਨੀ ਗਾਦੀ।

37 ਸਲਕ ਅੰਮੋਨੀ ਅਤੇ

ਨਹਰਈ ਬਏਰੋਥੀ ਜੋ ਸਰੂਯਾਹ ਦੇ ਪੁੱਤਰ ਯੋਆਬ ਦੇ ਸ਼ਸਤਰ ਚੁੱਕਣ ਵਾਲੇ ਸਨ।

38 ਈਰਾ ਯਿਬਰੀ ਅਤੇ

ਗਾਰੇਬ ਯਿਬਥ।

39 ਊਰਿੱਯਾਹ ਹਿੱਤੀ

ਇਹ ਸਾਰੇ ਕੁੱਲ ਮਿਲਾ ਕੇ 37 ਸਨ।

ਦਾਊਦ ਨੇ ਸੈਨਾ ਦੀ ਗਿਣਤੀ ਕਰਨ ਦਾ ਫੈਸਲਾ ਕੀਤਾ

24 ਇੱਕ ਵਾਰ ਫੇਰ ਯਹੋਵਾਹ ਇਸਰਾਏਲ ਉੱਪਰ ਬਹੁਤ ਕ੍ਰੋਧਿਤ ਸੀ ਅਤੇ ਦਾਊਦ ਨੂੰ ਇਸਰਾਏਲ ਦੇ ਖਿਲਾਫ਼ ਮੋੜ ਦਿੱਤਾ, “ਯਹੋਵਾਹ ਨੇ ਆਖਿਆ, ਜਾ ਅਤੇ ਜਾਕੇ ਇਸਰਾਏਲ ਅਤੇ ਯਹੂਦਾਹ ਦੇ ਲੋਕਾਂ ਦੀ ਗਿਣਤੀ ਕਰ।”

ਦਾਊਦ ਪਾਤਸ਼ਾਹ ਨੇ ਯੋਆਬ ਨੂੰ ਜੋ ਕਿ ਸੈਨਾਪਤੀ ਸੀ ਉਸ ਨੂੰ ਜੋ ਉਸ ਦੇ ਨਾਲ ਸੀ ਕਿਹਾ, “ਇਸਰਾਏਲ ਦੇ ਸਾਰੇ ਪਰਿਵਾਰ ਸਮੂਹਾਂ ਵਿੱਚ ਦਾਨ ਤੋਂ ਲੈ ਕੇ ਬਏਰਸ਼ਬਾ ਤੀਕ ਲੰਘ ਜਾ ਅਤੇ ਜਾਕੇ ਲੋਕਾਂ ਦੀ ਗਿਣਤੀ ਕਰ ਤਾਂ ਜੋ ਮੈਨੂੰ ਪਤਾ ਚੱਲੇ ਕਿ ਲੋਕਾਂ ਦੀ ਗਿਣਤੀ ਕਿੰਨੀ ਹੈ?”

ਪਰ ਯੋਆਬ ਨੇ ਪਾਤਸ਼ਾਹ ਨੂੰ ਕਿਹਾ, “ਯਹੋਵਾਹ ਤੁਹਾਡਾ ਪਰਮੇਸ਼ੁਰ ਲੋਕਾਂ ਨੂੰ ਉਸ ਨਾਲੋਂ ਜਿੰਨੇ ਉਹ ਹਨ ਜੇਕਰ ਸੌ ਗੁਣਾ ਵੀ ਵੱਧ ਕਰ ਦੇਵੇ ਅਤੇ ਮੇਰੇ ਮਹਾਰਾਜ ਪਾਤਸ਼ਾਹ ਦੀਆਂ ਅੱਖਾਂ ਵੀ ਇਹ ਗੱਲ ਵੇਖਣ, ਪਰ ਇਸ ਗੱਲ ਦੇ ਕਾਰਣ ਮੇਰੇ ਮਹਾਰਾਜ ਪਾਤਸ਼ਾਹ ਦਾ ਮਨ ਕਿਸ ਲਈ ਖੁਸ਼ ਹੁੰਦਾ ਹੈ ਅਤੇ ਤੁਸੀਂ ਇੰਝ ਕਿਉਂ ਕਰਨਾ ਚਾਹੁੰਦੇ ਹੋ?”

ਦਾਊਦ ਪਾਤਸ਼ਾਹ ਨੇ ਬੜੀ ਸਖਤੀ ਨਾਲ ਯੋਆਬ ਅਤੇ ਸੈਨਾ ਦੇ ਹੋਰ ਕਪਤਾਨਾਂ ਨੂੰ ਲੋਕਾਂ ਦੀ ਗਿਣਤੀ ਕਰਨ ਦਾ ਹੁਕਮ ਦਿੱਤਾ। ਤਾਂ ਫਿਰ ਯੋਆਬ ਅਤੇ ਸੈਨਾ ਦੇ ਹੋਰ ਕਪਤਾਨ ਇਸਰਾਏਲ ਦੇ ਲੋਕਾਂ ਦੀ ਗਿਣਤੀ ਕਰਨ ਨਿਕਲ ਪਏ। ਜਦੋਂ ਉਹ ਯਰਦਨੋਂ ਪਾਰ ਲੰਘੇ ਤਾਂ ਉਨ੍ਹਾਂ ਨੇ ਯਾਜ਼ੇਰ ਵਿੱਚ ਆਪਣੇ ਤੰਬੂ ਲਾਏ। ਉਨ੍ਹਾਂ ਦਾ ਡੇਰਾ ਸ਼ਹਿਰ ਦੇ ਸੱਜੇ ਪਾਸੇ ਵੱਲ ਸੀ ਅਤੇ ਸ਼ਹਿਰ ਗਾਦ ਵਾਦੀ ਦੇ ਮੱਧ ਵਿੱਚ ਸਥਾਪਤ ਸੀ ਜੋ ਕਿ ਯਾਜ਼ੇਰ ਵੱਲ ਸੀ।

ਉੱਥੋਂ ਉਹ ਗਿਲਆਦ ਅਤੇ ਤਹਤੀਮ ਹਾਦਸ਼ੀ ਦੇ ਦੇਸ਼ ਨੂੰ ਆਏ ਅਤੇ ਫ਼ੇਰ ਦਾਨ ਯਾਨ ਵੱਲ ਨੂੰ ਆਏ ਅਤੇ ਭੌਁ ਕੇ ਸੀਦੋਨ ਤੀਕ ਪੁੱਜੇ। ਉੱਥੋਂ ਫ਼ਿਰ ਸੋਰ ਦੇ ਗੜ੍ਹ ਤੀਕ ਆਏ ਅਤੇ ਹਿੱਵੀਆਂ ਅਤੇ ਕਨਾਨੀਆਂ ਦੇ ਸਾਰੇ ਸ਼ਹਿਰਾਂ ਤੀਕ ਅਤੇ ਯਹੂਦਾਹ ਦੇ ਦੱਖਣ ਨੂੰ ਬਏਰਸਬਾ ਤੀਕ ਨਿਕਲ ਗਏ। ਇਉਂ ਸਾਰੇ ਦੇਸ਼ ਵਿੱਚੋਂ ਲੰਘਕੇ ਨੌ ਮਹੀਨੇ ਅਤੇ ਵੀਹਾਂ ਦਿਨਾਂ ਪਿੱਛੋਂ ਯਰੂਸ਼ਲਮ ਨੂੰ ਵਾਪਸ ਮੁੜ ਆਏ।

ਤਾਂ ਯੋਆਬ ਨੇ ਲੋਕਾਂ ਦੀ ਗਿਣਤੀ ਦੀ ਸੂਚੀ ਪਾਤਸ਼ਾਹ ਨੂੰ ਦਿੱਤੀ, ਜਿਸ ਵਿੱਚ ਇਸਰਾਏਲ ਦੇ 8,00,000 ਸੂਰਮੇ ਤਲਵਾਰ ਧਾਰੀ ਅਤੇ 5,00,000 ਸੂਰਮੇ ਤਲਵਾਰਧਾਰੀ ਯਹੂਦਾਹ ਦੇ ਸਨ।

ਯਹੋਵਾਹ ਦਾ ਦਾਊਦ ਨੂੰ ਸਜ਼ਾ ਦੇਣਾ

10 ਲੋਕਾਂ ਦੀ ਗਿਣਤੀ ਗਿਣਨ ਤੋਂ ਬਾਅਦ ਦਾਊਦ ਨੂੰ ਸ਼ਰਮਿੰਦਗੀ ਦਾ ਅਹਿਸਾਸ ਹੋਇਆ। ਦਾਊਦ ਨੇ ਯਹੋਵਾਹ ਨੂੰ ਕਿਹਾ, “ਇਹ ਕੰਮ ਜੋ ਮੈਂ ਕੀਤਾ ਹੈ, ਮੇਰੇ ਤੋਂ ਵੱਡਾ ਪਾਪ ਹੋਇਆ ਹੈ। ਸੋ ਹੁਣ ਹੇ ਯਹੋਵਾਹ, ਕਿਰਪਾ ਕਰਕੇ ਆਪਣੇ ਦਾਸ ਦੇ ਪਾਪ ਨੂੰ ਦੂਰ ਕਰ ਦੇਵੋ, ਮੈਂ ਵੱਡੀ ਮੂਰਖਤਾਈ ਕਰ ਬੈਠਾ ਹਾਂ।”

11 ਜਦੋਂ ਦਾਊਦ ਸਵੇਰੇ ਉੱਠਿਆ, ਉਸ ਦੇ ਨਬੀ ਗਾਦ ਨੂੰ ਯਹੋਵਾਹ ਦਾ ਸੰਦੇਸ਼ ਮਿਲਿਆ। 12 ਯਹੋਵਾਹ ਨੇ ਗਾਦ ਨੂੰ ਆਖਿਆ, “ਜਾ, ਅਤੇ ਜਾਕੇ ਦਾਊਦ ਨੂੰ ਆਖ ਕਿ ਯਹੋਵਾਹ ਨੇ ਇਉਂ ਆਖਿਆ ਹੈ: ਮੈਂ ਤੇਰੇ ਅੱਗੇ ਤਿੰਨ ਵਸਤਾਂ ਰੱਖਦਾ ਹਾਂ, ਸੋ ਤੂੰ ਉਨ੍ਹਾਂ ਵਿੱਚੋਂ ਇੱਕ ਚੁਣ ਲੈ ਜੋ ਮੈਂ ਤੇਰੇ ਉੱਪਰ ਪਾਵਾਂ।”

13 ਗਾਦ ਦਾਊਦ ਕੋਲ ਗਿਆ ਅਤੇ ਜਾਕੇ ਉਸ ਨੂੰ ਕਿਹਾ, “ਇਨ੍ਹਾਂ ਤਿੰਨਾਂ ਵਸਤਾਂ ਵਿੱਚੋਂ ਇੱਕ ਨੂੰ ਚੁਣ ਲੈ: (1)ਇੱਕ ਤਾਂ ਕੀ ਤੂੰ ਚਾਹੁੰਦਾ ਹੈਂ ਕਿ ਤੇਰੇ ਦੇਸ਼ ਵਿੱਚ ਤੇਰੇ ਉੱਤੇ ਸੱਤਾਂ ਸਾਲਾਂ ਦਾ ਅੰਨ ਦਾ ਕਾਲ ਪਵੇ। (2)ਜਾਂ ਤਿੰਨਾਂ ਮਹੀਨਿਆਂ ਤੀਕ ਤੂੰ ਆਪਣੇ ਵੈਰੀਆਂ ਤੋਂ ਭੱਜਦਾ ਫ਼ਿਰੇਂ ਤੇ ਉਹ ਤੇਰੇ ਮਗਰ ਪਏ ਰਹਿਣ। (3)ਜਾਂ ਤੇਰੇ ਦੇਸ਼ ਵਿੱਚ ਤਿੰਨਾਂ ਦਿਨਾਂ ਲਈ ਮਹਾਮਾਰੀ ਪਵੇ। ਹੁਣ ਇਸ ਬਾਰੇ ਸੋਚ ਅਤੇ ਇਨ੍ਹਾਂ ਤਿੰਨਾਂ ਵਿੱਚੋਂ ਇੱਕ ਨੂੰ ਚੁਣ ਲੈ ਅਤੇ ਮੈਂ ਯਹੋਵਾਹ ਨੂੰ ਜਾਕੇ ਤੇਰੀ ਮਰਜ਼ੀ ਬਾਰੇ ਦੱਸ ਦੇਵਾਂਗਾ। ਯਹੋਵਾਹ ਨੇ ਇਸੇ ਵਾਸਤੇ ਮੈਨੂੰ ਤੇਰੇ ਕੋਲ ਭੇਜਿਆ ਹੈ।”

14 ਦਾਊਦ ਨੇ ਗਾਦ ਨੂੰ ਕਿਹਾ, “ਮੈਂ ਸੱਚਮੁੱਚ ਵੱਡੀ ਮੁਸੀਬਤ ਵਿੱਚ ਫ਼ਸਿਆ ਹੋਇਆ ਹਾਂ ਪਰ ਯਹੋਵਾਹ ਬੜਾ ਦਿਆਲੂ ਹੈ। ਇਸ ਲਈ ਯਹੋਵਾਹ ਨੂੰ ਹੀ ਮੈਨੂੰ ਦੰਡ ਦੇਣ ਦੇ ਇਹ ਨਾ ਹੋਵੇ ਕਿ ਮੈਨੂੰ ਲੋਕਾਂ ਵੱਲੋਂ ਦੰਡਿਤ ਹੋਣਾ ਪਵੇ ਸੋ ਚੰਗਾ ਹੈ ਕਿ ਇਸ ਕੋਲੋਂ ਮੈਂ ਯਹੋਵਾਹ ਦੇ ਹੱਥੋਂ ਹੀ ਦੰਡਿਤ ਹੋਵਾਂ।”

15 ਤਾਂ ਫ਼ਿਰ ਯਹੋਵਾਹ ਨੇ ਇਸਰਾਏਲ ਦੇ ਉੱਤੇ ਮਹਾਮਾਰੀ ਭੇਜੀ ਜੋ ਉਸ ਸਵੇਰ ਤੋਂ ਲੈ ਕੇ ਠਹਿਰਾਏ ਹੋਏ ਵਕਤ ਤੱਕ ਪਈ ਰਹੀ ਅਤੇ ਦਾਨ ਤੋਂ ਲੈ ਕੇ ਬਏਰਸ਼ਬਾ ਤੀਕ ਲੋਕਾਂ ਵਿੱਚੋਂ 70,000 ਮਨੁੱਖ ਮਰ ਗਏ। 16 ਜਦੋਂ ਦੂਤ ਨੇ ਯਰੂਸ਼ਲਮ ਦੇ ਨਾਸ ਕਰਨ ਨੂੰ ਆਪਣਾ ਹੱਥ ਪਸਾਰਿਆ ਤਾਂ ਯਹੋਵਾਹ ਬੁਰਿਆਈ ਕਰਨ ਤੋਂ ਹਟ ਗਿਆ। ਜਿਸ ਦੂਤ ਨੇ ਲੋਕਾਂ ਨੂੰ ਨਸ਼ਠ ਕੀਤਾ ਉਸ ਨੂੰ ਯਹੋਵਾਹ ਨੇ ਆਖਿਆ, “ਬਸ ਕਰ, ਬਹੁਤ ਹੋ ਗਿਆ, ਆਪਣਾ ਹੱਥ ਨੀਵੇਂ ਕਰ ਲੈ।” ਉਸ ਵੇਲੇ ਯਹੋਵਾਹ ਦਾ ਦੂਤ ਯਬੂਸੀ ਅਰਵਨਾਹ ਦੇ ਖਲਵਾੜੇ [b] ਕੋਲ ਖੜੋਤਾ ਸੀ।

ਦਾਊਦ ਦਾ ਅਰਵਨਾਹ ਦਾ ਪਿੜ ਖਰੀਦ ਲੈਣਾ

17 ਜਦੋਂ ਦਾਊਦ ਨੇ ਲੋਕਾਂ ਨੂੰ ਮਾਰਨ ਵਾਲੇ ਦੂਤ ਨੂੰ ਵੇਖਿਆ ਤਾਂ ਦਾਊਦ ਨੇ ਯਹੋਵਾਹ ਨੂੰ ਕਿਹਾ, “ਮੈਂ ਪਾਪੀ, ਮੈਂ ਭੁੱਲ ਕੀਤੀ! ਇਨ੍ਹਾਂ ਲੋਕਾਂ ਨੇ ਤਾਂ ਸਿਰਫ਼ ਉਹੀ ਕੀਤਾ ਜੋ ਮੈਂ ਇਨ੍ਹਾਂ ਨੂੰ ਹੁਕਮ ਕੀਤਾ, ਉਹ ਤਾਂ ਇੱਜੜਾਂ ਵਾਂਗ ਸਿਰਫ਼ ਮੇਰੇ ਪਿੱਛੇ ਲੱਗੇ, ਅਤੇ ਮੇਰਾ ਆਖਾ ਮੰਨਿਆ। ਇਨ੍ਹਾਂ ਦਾ ਕੋਈ ਕਸੂਰ ਨਹੀਂ ਸੀ ਇਸ ਲਈ ਕਿਰਪਾ ਕਰਕੇ ਤੁਸੀਂ ਜੋ ਵੀ ਸਜ਼ਾ ਦੇਣੀ ਹੈ ਉਹ ਇਨ੍ਹਾਂ ਮਾਸੂਮ ਲੋਕਾਂ ਨੂੰ ਨਹੀਂ ਸਗੋਂ ਮੈਨੂੰ ਦੇਵੋ ਜਾਂ ਮੇਰੇ ਪਿਤਾ ਦੇ ਘਰਾਣੇ ਨੂੰ।”

18 ਉਸ ਦਿਨ ਗਾਦ ਦਾਉਦ ਕੋਲ ਆਇਆ ਅਤੇ ਆਕੇ ਉਸ ਨੂੰ ਕਿਹਾ, “ਜਾ ਅਤੇ ਜਾਕੇ ਯਬੂਸੀ ਅਰਵਨਾਹ ਦੇ ਪਿੜ ਵਿੱਚ ਯਹੋਵਾਹ ਲਈ ਇੱਕ ਜਗਵੇਦੀ ਉਸਾਰ।” 19 ਤਾਂ ਦਾਊਦ ਨੇ ਉਵੇਂ ਹੀ ਕੀਤਾ ਜਿਵੇਂ ਗਾਦ ਨੇ ਕਿਹਾ ਅਤੇ ਦਾਊਦ ਨੇ ਉਹੀ ਕੁਝ ਕੀਤਾ ਜੋ ਯਹੋਵਾਹ ਚਾਹੁੰਦਾ ਸੀ। ਦਾਊਦ ਅਰਵਨਾਹ ਨੂੰ ਵੇਖਣ ਗਿਆ। 20 ਅਰਵਨਾਹ ਨੇ ਵੇਖਿਆ ਅਤੇ ਪਾਤਸ਼ਾਹ ਅਤੇ ਉਸ ਦੇ ਅਫ਼ਸਰ ਸੇਵਕਾਂ ਨੂੰ ਆਪਣੇ ਵੱਲ ਆਉਂਦਿਆਂ ਵੇਖਿਆ ਤਾਂ ਅਰਵਨਾਹ ਬਾਹਰ ਨਿਕਲਿਆ ਅਤੇ ਪਾਤਸ਼ਾਹ ਦੇ ਅੱਗੇ ਧਰਤੀ ਉੱਪਰ ਮੂੰਹ ਪਰਨੇ ਮੱਥਾ ਟੇਕਿਆ। 21 ਅਰਵਨਾਹ ਨੇ ਆਖਿਆ, “ਕੀ ਗੱਲ ਮੇਰੇ ਮਾਹਾਰਾਜ ਅਤੇ ਪਾਤਸ਼ਾਹ ਅੱਜ ਮੇਰੇ ਵੱਲ ਤਸ਼ਰੀਫ਼ ਲਿਆਏ ਹਨ?”

ਦਾਊਦ ਨੇ ਆਖਿਆ, “ਮੈਂ ਤੇਰੇ ਕੋਲੋਂ ਇਹ ਪਿੜ ਖਰੀਦਣ ਆਇਆ ਹਾਂ ਤਾਂ ਜੋ ਇੱਥੇ ਮੈਂ ਯਹੋਵਾਹ ਲਈ ਜਗਵੇਦੀ ਬਣਾ ਸੱਕਾਂ। ਤਦ ਇਸ ਦੇਸ਼ ਵਿੱਚੋਂ ਮਹਾਮਾਰੀ ਖਤਮ ਹੋ ਜਾਵੇਗੀ।”

22 ਅਰਵਨਾਹ ਨੇ ਦਾਊਦ ਨੂੰ ਕਿਹਾ, “ਹੇ ਮੇਰੇ ਮਹਾਰਾਜ ਅਤੇ ਪਾਤਸ਼ਾਹ ਬਲੀ ਚੜ੍ਹਾਉਣ ਲਈ ਜੋ ਕੁਝ ਵੀ ਤੁਹਾਡੀ ਨਿਗਾਹ ਵਿੱਚ ਚੰਗਾ ਹੋਵੇ ਤੁਸੀਂ ਲੈਜਾ ਸੱਕਦੇ ਹੋ। ਵੇਖੋ! ਇੱਥੇ ਹੋਮ ਦੀ ਭੇਟ ਲਈ ਕੁਝ ਗਊਆਂ ਵੀ ਹਨ, ਬਲਦਾਂ ਦੇ ਵਲੇਵੇ ਸਣੇ ਇਹ ਸਭ ਲੱਕੜ ਦੇ ਲਈ ਹੈ। 23 ਹੇ ਪਾਤਸ਼ਾਹ! ਮੈਂ ਇਹ ਸਭ ਕੁਝ ਤੁਹਾਨੂੰ ਭੇਟ ਕਰਦਾ ਹਾਂ!” ਅਰਵਨਾਹ ਨੇ ਇਹ ਵੀ ਕਿਹਾ, “ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਉੱਤੇ ਪ੍ਰਸੰਨ ਹੋਵੇ।”

24 ਪਰ ਪਾਤਸ਼ਾਹ ਨੇ ਅਰਵਨਾਹ ਨੂੰ ਕਿਹਾ, “ਨਹੀਂ! ਮੈਂ ਤੈਨੂੰ ਸੱਚ ਆਖਦਾ ਹਾਂ ਕਿ ਮੈਂ ਤੈਨੂੰ ਇਸ ਜ਼ਮੀਨ ਦਾ ਮੁੱਲ ਚੁਕਾਵਾਂਗਾ ਕਿਉਂ ਕਿ ਮੈਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਲਈ ਅਜਿਹੀ ਹੋਮ ਦੀ ਭੇਟ ਨਹੀਂ ਚੜ੍ਹਾਵਾਂਗਾ ਜਿਸਦੇ ਉੱਪਰ ਮੇਰਾ ਕੁਝ ਮੁੱਲ ਨਾ ਲੱਗਾ ਹੋਵੇ।”

ਸੋ ਦਾਊਦ ਨੇ ਉਹ ਪਿੜ ਅਤੇ ਉਹ ਬਲਦ ਚਾਂਦੀ ਦੇ 50 ਸ਼ੈਕਲ ਦੇਕੇ ਮੁੱਲ ਲੈ ਲਿਆ। 25 ਤਦ ਦਾਊਦ ਨੇ ਉੱਥੇ ਯਹੋਵਾਹ ਵਾਸਤੇ ਜਗਵੇਦੀ ਬਣਾਈ। ਦਾਊਦ ਨੇ ਉੱਥੇ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਈਆਂ।

ਯਹੋਵਾਹ ਨੇ ਦੇਸ਼ ਦੇ ਲਈ ਉਨ੍ਹਾਂ ਦੀਆਂ ਬੇਨਤੀਆਂ ਮੰਨ ਲਈਆਂ ਅਤੇ ਇਸਰਾਏਲ ਵਿੱਚੋਂ ਬਿਮਾਰੀ ਹਟ ਗਈ।

ਅਦੋਨੀਯਾਹ ਰਾਜਾ ਬਨਣਾ ਚਾਹੁੰਦਾ

ਦਾਊਦ ਪਾਤਸ਼ਾਹ ਬਹੁਤ ਬੁੱਢਾ ਸੀ, ਉਸ ਦੇ ਨੌਕਰ ਉਸ ਨੂੰ ਚਾਦਰਾਂ ਨਾਲ ਢੱਕ ਕੇ ਰੱਖਦੇ ਪਰ ਉਸ ਨੂੰ ਨਿੱਘ ਨਾ ਮਹਿਸੂਸ ਹੁੰਦਾ। ਤਾਂ ਉਸ ਦੇ ਨੌਕਰਾਂ ਨੇ ਉਸ ਨੂੰ ਕਿਹਾ, “ਅਸੀਂ ਰਾਜੇ ਦੀ ਸੇਵਾ ਕਰਨ ਲਈ ਅਤੇ ਉਸਦਾ ਧਿਆਨ ਰੱਖਣ ਲਈ ਇੱਕ ਕੁਆਰੀ ਮੁਟਿਆਰ ਲੱਭਾਂਗੇ। ਉਹ ਤੈਨੂੰ ਨਿੱਘਾ ਕਰਨ ਲਈ ਤੇਰੇ ਪਾਸੇ ਤੇ ਸੌਂ ਸੱਕੇਗੀ।” ਇਸ ਲਈ ਉਨ੍ਹਾਂ ਨੇ ਸਾਰੇ ਇਸਰਾਏਲ ਵਿੱਚ ਖੂਬਸੂਰਤ ਕੁੜੀ ਲੱਭਣੀ ਸ਼ੁਰੂ ਕੀਤੀ ਅਤੇ ਸ਼ੂਨੰਮੀ ਸ਼ਹਿਰ ਤੋਂ ਅਬੀਸ਼ਗ ਨਾਂ ਦੀ ਇੱਕ ਕੁੜੀ ਲੱਭੀ। ਉਹ ਉਸ ਕੁੜੀ ਨੂੰ ਪਾਤਸ਼ਾਹ ਕੋਲ ਲਿਆਏ। ਉਹ ਕੁੜੀ ਬੜੀ ਖੂਬਸੂਰਤ ਸੀ। ਉਸ ਨੇ ਪਾਤਸ਼ਾਹ ਦੀ ਖੂਬ ਸੇਵਾ ਅਤੇ ਦੇਖਭਾਲ ਕੀਤੀ ਪਰ ਪਾਤਸ਼ਾਹ ਨੇ ਉਸ ਨਾਲ ਕੋਈ ਜਿਨਸੀ ਸੰਬੰਧ ਨਾ ਜੋੜੇ।

5-6 ਦਾਊਦ ਦਾ ਪੁੱਤਰ ਅਦੋਨੀਯਾਹ ਉਸਦੀ ਪਤਨੀ ਹਗੀਥ ਤੋਂ ਸੀ, ਉਹ ਸ਼ੇਖੀ ਮਾਰਦਾ ਹੁੰਦਾ ਸੀ ਕਿ ਉਹ ਰਾਜਾ ਹੋਵੇਗਾ। ਉਸ ਨੇ ਆਪਣੇ ਲਈ ਰੱਥ, ਘੋੜੇ ਅਤੇ ਆਪਣੇ ਰੱਥ ਦੇ ਅੱਗੇ ਭੱਜਣ ਲਈ 50 ਆਦਮੀਆਂ ਨੂੰ ਲਿਆ। ਉਸ ਦੇ ਪਿਤਾ ਨੇ ਉਸ ਨੂੰ ਇਹ ਆਖਕੇ ਕਦੇ ਨਹੀਂ ਸੁਧਾਰਿਆ, “ਤੂੰ ਅਜਿਹਾ ਕਿਉਂ ਕਰਦਾ ਹੈਂ?” ਉਹ ਅਬਸ਼ਾਲੋਮ ਦੇ ਜਨਮ ਤੋਂ ਮਗਰੋਂ ਜਨਮਿਆ ਸੀ, ਅਤੇ ਉਹ ਉਸ ਵਾਂਗੇ ਹੀ ਸੋਹਣਾ ਸੀ।

ਅਦੋਨੀਯਾਹ ਨੇ ਸਰੂਯਾਹ ਦੇ ਪੁੱਤਰ ਸਰੂਯਾਹ ਦੇ ਪੁੱਤਰ ਯੋਆਬ ਅਤੇ ਅਬਯਾਥਾਰ ਜਾਜਕ ਨਾਲ ਗੱਲ ਕੀਤੀ। ਉਨ੍ਹਾਂ ਦੋਨਾਂ ਨੇ ਇਸ ਨੂੰ ਨਵਾਂ ਪਾਤਸ਼ਾਹ ਥਾਪਣ ਲਈ ਮਦਦ ਕਰਨ ਦਾ ਫ਼ੈਸਲਾ ਕੀਤਾ। ਪਰ ਸਾਦੋਕ ਜਾਜਕ, ਯਹੋਯਾਦਾ ਦਾ ਪੁੱਤਰ ਬਨਾਯਾਹ, ਨਾਥਾਨ ਨਬੀ, ਸ਼ਿਮਈ, ਰੇਈ ਅਤੇ ਦਾਊਦ ਪਾਤਸ਼ਾਹ ਦੇ ਖਾਸ ਪਹਿਰੇਦਾਰਾਂ ਨੇ ਅਦੋਨੀਯਾਹ ਦਾ ਪੱਖ ਨਾ ਲਿਆ।

ਇੱਕ ਦਿਨ ਜ਼ੋਹਲਥ ਪੱਥਰ ਉੱਤੇ ਜੋ ਐਨ-ਰੋਗੇਲ ਦੇ ਕੋਲ ਹੈ, ਅਦੋਨੀਯਾਹ ਨੇ ਕੁਝ ਭੇਡਾਂ, ਗਊਆਂ ਅਤੇ ਮੋਟੇ-ਮੋਟੇ ਪਸ਼ੂ ਵੱਢੇ ਅਤੇ ਆਪਣੇ ਸਾਰੇ ਭਰਾਵਾਂ ਭਾਵ ਪਾਤਸ਼ਾਹ ਦੇ ਪੁੱਤਰ ਅਤੇ ਯਹੂਦਾਹ ਦੇ ਸਭ ਅਫ਼ਸਰਾਂ ਨੂੰ ਸੱਦਿਆ। 10 ਪਰ ਅਦੋਨੀਯਾਹ ਨੇ ਨਾਥਾਨ ਨਬੀ, ਬਨਾਯਾਹ, ਆਪਣੇ ਪਿਤਾ ਦੇ ਖਾਸ ਪਹਿਰੇਦਾਰਾਂ ਜਾਂ ਆਪਣੇ ਭਰਾ ਸੁਲੇਮਾਨ ਨੂੰ ਸੱਦਾ ਨਾ ਦਿੱਤਾ।

ਨਾਥਾਨ ਅਤੇ ਬਥਸ਼ਬਾ ਸੁਲੇਮਾਨ ਲਈ ਬੋਲੇ

11 ਪਰ ਨਾਥਾਨ ਨੇ ਜਦੋਂ ਇਹ ਸੁਣਿਆ ਤਾਂ ਉਹ ਸੁਲੇਮਾਨ ਦੀ ਮਾਤਾ ਬਥਸ਼ਬਾ ਕੋਲ ਗਿਆ ਅਤੇ ਉਸ ਨੂੰ ਜਾਕੇ ਕਿਹਾ, “ਕੀ ਤੁਸੀਂ ਨਹੀਂ ਸੁਣਿਆ ਕਿ ਹਗੀਥ ਦਾ ਪੁੱਤਰ ਕੀ ਕੁਝ ਕਰ ਰਿਹਾ ਹੈ? ਉਹ ਖੁਦ ਨੂੰ ਪਾਤਸ਼ਾਹ ਥਾਪ ਰਿਹਾ ਹੈ ਅਤੇ ਸਾਡਾ ਮਾਲਕ, ਦਾਊਦ ਪਾਤਸ਼ਾਹ ਇਸ ਸਾਰੇ ਕਾਸੇ ਤੋਂ ਅਨਜਾਨ ਹੈ। 12 ਮੈਂ ਦੱਸਦਾਂ ਕਿ ਤੈਨੂੰ ਆਪਣੀ ਜ਼ਿੰਦਗੀ ਅਤੇ ਆਪਣੇ ਪੁੱਤਰ ਸੁਲੇਮਾਨ ਦੀ ਵੀ ਜ਼ਿੰਦਗੀ ਬਚਾਉਣ ਲਈ ਕੀ ਕਰਨਾ ਚਾਹੀਦਾ। 13 ਦਾਊਦ ਪਾਤਸ਼ਾਹ ਕੋਲ ਜਾਕੇ ਆਖ, ‘ਹੇ ਮੇਰੇ ਮਹਾਰਾਜ ਪਾਤਸ਼ਾਹ, ਤੂੰ ਮੇਰੇ ਨਾਲ ਇਕਰਾਰ ਕੀਤਾ ਸੀ ਕਿ ਤੈਥੋਂ ਬਾਅਦ ਮੇਰਾ ਪੁੱਤਰ ਸੁਲੇਮਾਨ ਪਾਤਸ਼ਾਹ ਬਣੇਗਾ ਅਤੇ ਤੇਰੇ ਸਿੰਘਾਸਣ ਉੱਤੇ ਬੈਠੇਗਾ? ਫ਼ੇਰ ਅਦੋਨੀਯਾਹ ਰਾਜਾ ਕਿਉਂ ਬਣ ਗਿਆ ਹੈ?’ 14 ਜਦੋਂ ਤੂੰ ਅਜੇ ਉਸ ਨਾਲ ਗੱਲਬਾਤ ਕਰ ਰਹੀ ਹੋਵੇਂਗੀ, ਮੈਂ ਅੰਦਰ ਆ ਜਾਵਾਂਗਾ। ਤੇਰੇ ਓਬੋਁ ਚੱਲੇ ਜਾਣ ਤੋਂ ਬਾਅਦ, ਮੈਂ ਤੇਰੇ ਸ਼ਬਦਾਂ ਦੀ ਪੁਸ਼ਟੀ ਕਰ ਦਿਆਂਗਾ।”

15 ਫੇਰ ਬਥਸ਼ਬਾ ਪਾਤਸ਼ਾਹ ਨੂੰ ਉਸ ਦੇ ਸੌਣ ਵਾਲੇ ਕਮਰੇ ਵਿੱਚ ਵੇਖਣ ਲਈ ਗਈ। ਪਾਤਸ਼ਾਹ ਬਹੁਤ ਬੁੱਢਾ ਸੀ ਅਤੇ ਸ਼ੂਨੰਮੀ ਤੋਂ ਅਬੀਸ਼ਗ ਨਾਂ ਦੀ ਕੁੜੀ ਉਸ ਦੀ ਦੇਖਭਾਲ ਕਰ ਰਹੀ ਸੀ। 16 ਬਥਸ਼ਬਾ ਨੇ ਪਾਤਸ਼ਾਹ ਅੱਗੇ ਮੱਥਾ ਟੇਕਿਆ। ਪਾਤਸ਼ਾਹ ਨੇ ਪੁੱਛਿਆ, “ਤੂੰ ਕੀ ਮੰਗਦੀ ਹੈਂ?”

17 ਬਥਸ਼ਬਾ ਨੇ ਆਖਿਆ, “ਮੇਰੇ ਮਹਾਰਾਜ਼, ਤੂੰ ਯਹੋਵਾਹ ਆਪਣੇ ਪਰਮੇਸ਼ੁਰ ਦੇ ਨਾਂ ਤੇ ਮੇਰੇ ਨਾਲ ਇਕਰਾਰ ਕਰਕੇ ਆਖਿਆ ਸੀ, ‘ਮੇਰੇ ਪਿੱਛੋਂ, ਤੇਰਾ ਪੁੱਤਰ ਸੁਲੇਮਾਨ ਪਾਤਸ਼ਾਹ ਬਣੇਗਾ ਅਤੇ ਮੇਰੇ ਸਿੰਘਾਸਣ ਉੱਪਰ ਬੈਠੇਗਾ।’ 18 ਹੁਣ, ਅਦੋਨੀਯਾਹ ਰਾਜਾ ਬਣ ਗਿਆ ਹੈ ਅਤੇ ਤੂੰ ਇਸ ਬਾਰੇ ਸਚੇਤ ਨਹੀਂ ਹੈਂ। 19 ਅਦੋਨੀਯਾਹ ਨੇ ਬਹੁਤ ਸਾਰੀਆਂ ਗਾਵਾਂ, ਮੋਟੇ ਵੱਛੇ ਅਤੇ ਭੇਡਾਂ ਜਿਬਾਹ ਕੀਤੀਆਂ ਹਨ ਅਤੇ ਤੇਰੇ ਸਾਰੇ ਪੁੱਤਰਾਂ ਨੂੰ ਸੱਦਾ ਦਿੱਤਾ ਹੈ। ਉਸ ਨੇ ਜਾਜਕ ਅਬਯਾਥਾਰ ਅਤੇ ਤੇਰੇ ਸੈਨਾਪਤੀ ਯੋਆਬ ਨੂੰ ਤਾਂ ਸੱਦਾ ਦਿੱਤਾ ਹੈ, ਪਰ ਉਸ ਨੇ ਤੇਰੇ ਪੁੱਤਰ ਸੁਲੇਮਾਨ ਨੂੰ ਸੱਦਾ ਨਹੀਂ ਦਿੱਤਾ ਜੋ ਤੇਰੇ ਨਾਲ ਵਫ਼ਾਦਾਰ ਹੈ। 20 ਸੋ ਹੁਣ, ਮੇਰੇ ਮਹਾਰਾਜ ਅਤੇ ਪਾਤਸ਼ਾਹ, ਇਸਰਾਏਲ ਦੇ ਸਾਰੇ ਲੋਕ ਤੇਰੇ ਵੱਲ ਤੱਕ ਰਹੇ ਹਨ ਅਤੇ ਉਹ ਤੇਰੇ ਆਖਣ ਦਾ ਇੰਤਜ਼ਾਰ ਕਰ ਰਹੇ ਹਨ ਕਿ ਤੈਥੋਂ ਬਾਅਦ ਰਾਜਾ ਕੌਣ ਹੋਵੇਗਾ। 21 ਜੇ ਤੂੰ ਅਜਿਹਾ ਨਹੀਂ ਕਰੇਂਗਾ, ਤਾਂ ਤੈਨੂੰ ਤੇਰੇ ਪੁਰਖਿਆਂ ਨਾਲ ਦਫ਼ਨਾਏ ਜਾਣ ਤੋਂ ਬਾਅਦ, ਮੇਰਾ ਪੁੱਤਰ ਅਤੇ ਮੈਂ ਗਦਾਰ ਠਹਿਰਾਏ ਜਾਵਾਂਗੇ।”

22 ਜਦੋਂ ਬਥਸ਼ਬਾ ਅਜੇ ਪਾਤਸ਼ਾਹ ਨਾਲ ਗੱਲ ਬਾਤ ਕਰ ਰਹੀ ਸੀ, ਨਾਥਾਨ ਨਬੀ ਪਾਤਸ਼ਾਹ ਨੂੰ ਵੇਖਣ ਆਇਆ। 23 ਸੇਵਕਾਂ ਨੇ ਪਾਤਸ਼ਾਹ ਨੂੰ ਕਿਹਾ, “ਨਾਥਾਨ ਨਬੀ ਤੁਹਾਨੂੰ ਮਿਲਣ ਆਇਆ ਹੈ।” ਨਾਥਾਨ ਅੰਦਰ ਆਇਆ ਅਤੇ ਪਾਤਸ਼ਾਹ ਦੇ ਅੱਗੇ ਝੁਕ ਗਿਆ ਅਤੇ ਉਸ ਨੂੰ ਕਿਹਾ, 24 “ਮੇਰੇ ਮਹਾਰਾਜ ਅਤੇ ਪਾਤਸ਼ਾਹ! ਕੀ ਤੁਸੀਂ ਇਹ ਘੋਸ਼ਣਾ ਕੀਤੀ ਹੈ ਕਿ ਤੁਹਾਡੇ ਬਾਅਦ ਅਦੋਨੀਯਾਹ ਅਗਲਾ ਪਾਤਸ਼ਾਹ ਹੋਵੇਗਾ? ਕੀ ਤੁਸੀਂ ਇਹ ਫ਼ੈਸਲਾ ਲਿਆ ਹੈ ਕਿ ਹੁਣ ਲੋਕਾਂ ਉੱਪਰ ਅਦੋਨੀਯਾਹ ਰਾਜ ਕਰੇਗਾ? 25 ਕਿਉਂ ਕਿ ਅੱਜ ਉਹ ਹੇਠਾਂ ਵਾਦੀ ਵਿੱਚ ਗਿਆ ਹੈ ਅਤੇ ਸੁੱਖ-ਸਾਂਦ ਦੀਆਂ ਭੇਟਾਂ ਵਜੋਂ ਢੇਰ ਸਾਰੀਆਂ ਗਊਆਂ, ਮੋਟੇ-ਵੱਛੇ ਅਤੇ ਭੇਡਾਂ ਬਲੀ ਚੜ੍ਹਾਈਆਂ ਹਨ ਅਤੇ ਤੇਰੇ ਬਾਕੀ ਸਾਰੇ ਪੁੱਤਰਾਂ, ਸੈਨਾਂ ਦੇ ਸੈਨਾਪਤੀਆਂ, ਅਤੇ ਅਬਯਾਥਾਰ ਜਾਜਕ ਨੂੰ ਸੱਦਾ ਦਿੱਤਾ ਹੈ ਉਹ ਹੁਣ ਉਸ ਨਾਲ ਖਾ-ਪੀ ਰਹੇ ਹਨ ਅਤੇ ਆਖ ਰਹੇ ਹਨ, ‘ਪਾਤਸ਼ਾਹ ਅਦੋਨੀਯਾਹ ਤੂੰ ਜਿਉਂਦਾ ਰਹੇਁ।’ 26 ਪਰ ਉਸ ਨੇ ਮੈਨੂੰ, ਸਾਦੋਕ ਜਾਜਕ, ਯਹੋਯਾਦਾ ਦੇ ਪੁੱਤਰ ਬਨਾਯਾਹ, ਜਾਂ ਤੇਰੇ ਪੁੱਤਰ ਸੁਲੇਮਾਨ ਨੂੰ ਸੱਦਾ ਨਹੀਂ ਦਿੱਤਾ। 27 ਹੇ ਮੇਰੇ ਮਹਾਰਾਜ ਅਤੇ ਪਾਤਸ਼ਾਹ, ਕੀ ਤੁਸੀਂ ਸਾਨੂੰ ਬਿਨਾਂ ਦੱਸੇ ਇਹ ਕਾਰਜ ਕਰ ਲਿਆ ਹੈ? ਕਿਰਪਾ ਕਰਕੇ ਸਾਨੂੰ ਦੱਸੋ ਕਿ ਤੁਹਾਡੇ ਬਾਅਦ ਅਗਲਾ ਪਾਤਸ਼ਾਹ ਕੌਣ ਹੋਵੇਗਾ?”

28 ਤਦ ਦਾਊਦ ਪਾਤਸ਼ਾਹ ਨੇ ਕਿਹਾ, “ਬਥਸ਼ਬਾ ਨੂੰ ਕਹੋ ਕਿ ਅੰਦਰ ਆਏ।” ਤਾਂ ਬਥਸ਼ਬਾ ਪਾਤਸ਼ਾਹ ਦੇ ਸਾਹਮਣੇ ਹੋਈ।

29 ਫੇਰ ਪਾਤਸ਼ਾਹ ਨੇ ਇੱਕ ਇਕਰਾਰ ਕੀਤਾ ਅਤੇ ਆਖਿਆ, “ਯਹੋਵਾਹ ਪਰਮੇਸ਼ੁਰ ਨੇ ਮੈਨੂੰ ਹਰ ਖਤਰੇ ਤੋਂ ਬਚਾਇਆ ਹੈ। ਜਿੰਨਾ ਪ੍ਰਪੱਕ ਕਿ ਯਹੋਵਾਹ ਜਿਉਂਦਾ ਹੈ, ਮੈਂ ਤੇਰੇ ਨਾਲ ਇਹ ਇਕਰਾਰ ਕਰਦਾ ਹਾਂ। 30 ਅੱਜ ਮੈਂ ਉਹੀ ਕਰਾਂਗਾ ਜਿਸ ਦਾ ਅਤੀਤ ਵਿੱਚ ਇਕਰਾਰ ਕੀਤਾ ਸੀ। ਮੈਂ ਉਹ ਇਕਰਾਰ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦੇ ਨਾਮ ਤੇ ਕੀਤਾ ਸੀ ਕਿ ਮੈਥੋਂ ਮਗਰੋਂ ਅਗਲਾ ਰਾਜਾ ਤੇਰਾ ਪੁੱਤਰ ਹੋਵੇਗਾ ਅਤੇ ਮੈਥੋਂ ਮਗਰੋਂ ਉਹ ਮੇਰੇ ਸਿੰਘਾਸਣ ਉੱਤੇ ਬੈਠੇਗਾ।”

31 ਤਦ ਬਥਸ਼ਬਾ ਨੇ ਪਾਤਸ਼ਾਹ ਨੂੰ ਮੱਥਾ ਟੇਕਿਆ ਅਤੇ ਕਿਹਾ, “ਹੇ ਦਾਊਦ ਪਾਤਸ਼ਾਹ, ਤੇਰੀਆਂ ਵੱਡੀਆਂ ਉਮਰਾਂ ਹੋਣ!”

ਸੁਲੇਮਾਨ ਦਾ ਨਵਾਂ ਪਾਤਸ਼ਾਹ ਚੁਣਿਆ ਜਾਣਾ

32 ਤਦ ਦਾਊਦ ਪਾਤਸ਼ਾਹ ਨੇ ਆਖਿਆ, “ਸਾਦੋਕ ਜਾਜਕ, ਨਾਥਾਨ ਨਬੀ ਅਤੇ ਯਹੋਯਾਦਾ ਦੇ ਪੁੱਤਰ ਬਨਾਯਾਹ ਨੂੰ ਸੱਦ।” ਤਾਂ ਉਹ ਤਿੰਨੇ ਆਦਮੀ ਪਾਤਸ਼ਾਹ ਨੂੰ ਵੇਖਣ ਲਈ ਆਏ। 33 ਤਾਂ ਪਾਤਸ਼ਾਹ ਨੇ ਉਨ੍ਹਾਂ ਨੂੰ ਆਖਿਆ, “ਮੇਰੇ ਅਧਿਕਾਰੀਆਂ ਨੂੰ ਆਪਣੇ ਨਾਲ ਲਵੋ ਅਤੇ ਮੇਰੇ ਪੁੱਤਰ ਸੁਲੇਮਾਨ ਨੂੰ ਮੇਰੀ ਖੱਚਰ ਉੱਪਰ ਚੜ੍ਹਾ ਕੇ ਗਿਹੋਨ ਦੇ ਝਰਨੇ ਕੋਲ ਲੈ ਜਾਵੋ। 34 ਓੱਥੇ ਸਾਦੋਕ ਜਾਜਕ ਅਤੇ ਨਾਥਾਨ ਨਬੀ ਉਸ ਨੂੰ ਇਸਰਾਏਲ ਦੇ ਰਾਜੇ ਵਜੋਂ ਮਸਹ ਕਰਨਗੇ। ਫੇਰ ਤੁਰ੍ਹੀ ਵਜਾਕੇ ਰੌਲਾ ਪਾਇਓ! ‘ਪਾਤਸ਼ਾਹ ਸੁਲੇਮਾਨ ਜਿਉਂਦਾ ਰਹੇ।’ 35 ਫ਼ਿਰ ਸੁਲੇਮਾਨ ਨੂੰ ਇੱਥੇ ਮੇਰੇ ਕੋਲ ਲੈ ਕੇ ਆਓ। ਉਹ ਮੇਰੇ ਸਿੰਘਾਸਣ ਉੱਪਰ ਬਿਰਾਜੇਗਾ ਅਤੇ ਮੇਰੀ ਬਾਵੇਂ ਪਾਤਸ਼ਾਹ ਹੋਵੇਗਾ। ਮੈਂ ਉਸ ਨੂੰ ਇਸਰਾਏਲ ਅਤੇ ਯਹੂਦਾਹ ਦਾ ਸ਼ਾਸਕ ਹੋਣ ਲਈ ਚੁਣਿਆ ਹੈ।”

36 ਤਾਂ ਯਹੋਯਾਦਾ ਦੇ ਪੁੱਤਰ ਬਨਾਯਾਹ ਨੇ ਪਾਤਸ਼ਾਹ ਨੂੰ ਜਵਾਬ ਦਿੱਤਾ, “ਆਮੀਨ! ਯਹੋਵਾਹ ਪਰਮੇਸ਼ੁਰ, ਮੇਰੇ ਮਹਾਰਾਜ ਅਤੇ ਪਾਤਸ਼ਾਹ ਦਾ ਪਰਮੇਸ਼ੁਰ, ਤੇਰੇ ਸ਼ਬਦਾਂ ਦੀ ਤਸਦੀਕ ਕਰੇਗਾ! 37 ਮੇਰੇ ਮਹਾਰਾਜ ਅਤੇ ਪਾਤਸ਼ਾਹ, ਯਹੋਵਾਹ ਤੇਰੇ ਅੰਗ-ਸੰਗ ਸੀ ਅਤੇ ਹੁਣ ਮੈਨੂੰ ਉਮੀਦ ਹੈ ਕਿ ਉਹ ਸੁਲੇਮਾਨ ਦੇ ਅੰਗ-ਸੰਗ ਹੋਵੇਗਾ! ਮੈਨੂੰ ਉਮੀਦ ਹੈ ਕਿ ਸੁਲੇਮਾਨ ਦਾ ਰਾਜ ਤੈਥੋਂ ਵੀ ਵੱਧੇਰੇ ਸ਼ਕਤੀਸ਼ਾਲੀ ਹੋਵੇਗਾ।”

38 ਤਦ ਸਾਦੋਕ ਜਾਜਕ, ਨਾਥਾਨ ਨਬੀ ਅਤੇ ਯਹੋਯਦਾ ਦਾ ਪੁੱਤਰ ਬਨਾਯਾਹ, ਕਰੇਤੀ ਅਤੇ ਪਲੇਤੀ ਨੇ ਪਾਤਸ਼ਾਹ ਦਾ ਹੁਕਮ ਮੰਨਿਆ। ਉਨ੍ਹਾਂ ਨੇ ਸੁਲੇਮਾਨ ਨੂੰ ਦਾਊਦ ਦੇ ਖੱਚਰ ਤੇ ਬਿਠਾਇਆ ਅਤੇ ਉਸ ਨਾਲ ਗਿਹੋਨ ਚਸ਼ਮੇ ਵੱਲ ਗਏ। 39 ਸਾਦੋਕ ਜਾਜਕ ਨੇ ਪਵਿੱਤਰ ਤੰਬੂ ਵਿੱਚੋਂ ਤੇਲ ਲਿਆ ਅਤੇ ਸੁਲੇਮਾਨ ਦੇ ਸਿਰ ਤੇ ਮਸਹ ਕੀਤਾ, ਇਹ ਦਰਸਾਉਣ ਲਈ ਕਿ ਉਹ ਪਾਤਸ਼ਾਹ ਬਣ ਗਿਆ ਸੀ। ਫ਼ੇਰ ਉਨ੍ਹਾਂ ਨੇ ਤੁਰ੍ਹੀਆਂ ਵਜਾਈਆਂ ਅਤੇ ਸਭ ਨੇ ਰੌਲਾ ਪਾਇਆ, “ਤੇਰੀ ਉਮਰ ਵੱਡੀ ਹੋਵੇ ਪਾਤਸ਼ਾਹ ਸੁਲੇਮਾਨ!” 40 ਤਦ ਸਭ ਨੇ ਸ਼ਹਿਰ ਤਾਈ ਸੁਲੇਮਸ਼ਨ ਦਾ ਪਿੱਛਾ ਕੀਤਾ। ਉਹ ਬੜੇ ਖੁਸ਼ ਅਤੇ ਉਤਸਾਹਿਤ ਸਨ। ਉਹ ਬੰਸਰੀਆਂ ਵਜਾ ਰਹੇ ਸਨ ਅਤੇ ਉਨ੍ਹਾਂ ਦੀ ਆਵਾਜ਼ ਨਾਲ ਧਰਤੀ ਪਾਟ ਗਈ।

41 ਤਦ ਅਦੋਨੀਯਾਹ ਅਤੇ ਉਸ ਦੇ ਨਾਲ ਦੇ ਸਾਰੇ ਪਰਾਹੁਣੇ ਜਦੋਂ ਰੋਟੀ ਖਾਕੇ ਹਟੇ ਤਾਂ ਉਨ੍ਹਾਂ ਨੇ ਤੁਰ੍ਹੀ ਦੀਆਂ ਆਵਾਜ਼ਾਂ ਸੁਣੀਆਂ ਤਾਂ ਯੋਆਬ ਨੇ ਆਖਿਆ, “ਇਹ ਆਵਾਜ਼ਾਂ ਕੈਸੀਆਂ ਹਨ? ਸ਼ਹਿਰ ਵਿੱਚ ਕੀ ਹੋ ਰਿਹਾ ਹੈ?”

42 ਜਦੋਂ ਯੋਆਬ ਅਜੇ ਬੋਲ ਹੀ ਰਿਹਾ ਸੀ, ਜਾਜਕ ਅਬਯਾਥਾਰ ਦਾ ਪੁੱਤਰ ਯੋਨਾਥਾਨ ਓੱਥੇ ਆਇਆ ਅਦੋਨੀਯਾਹ ਨੇ ਆਖਿਆ, “ਇੱਥੇ ਆ ਜਾ! ਤੂੰ ਇੱਕ ਚੰਗਾ ਆਦਮੀ ਹੈਂ ਅਤੇ ਤੂੰ ਮੇਰੇ ਲਈ ਕੋਈ ਚੰਗੀ ਖਬਰ ਲੈ ਕੇ ਆਇਆ ਹੋਵੇਂਗਾ।”

43 ਪਰ ਯੋਨਾਥਾਨ ਨੇ ਕਿਹਾ, “ਨਹੀਂ ਇਹ ਤੁਹਾਡੇ ਲਈ ਚੰਗੀ ਖਬਰ ਨਹੀਂ। ਦਾਊਦ ਪਾਤਸ਼ਾਹ ਨੇ ਸੁਲੇਮਾਨ ਨੂੰ ਨਵਾਂ ਪਾਤਸ਼ਾਹ ਬਾਪਿਆ ਹੈ। 44 ਅਤੇ ਪਾਤਸ਼ਾਹ ਨੇ ਸਾਦੋਕ ਜਾਜਕ, ਨਾਥਾਨ ਨਬੀ, ਯਹੋਯਦਾ ਦੇ ਪੁੱਤਰ ਬਨਾਯਾਹ ਅਤੇ ਸਾਰੇ ਪਾਤਸ਼ਾਹ ਦੇ ਅਫ਼ਸਰਾਂ ਨੂੰ ਉਸ ਦੇ ਨਾਲ ਭੇਜਿਆ। ਉਨ੍ਹਾਂ ਨੇ ਉਸ ਨੂੰ ਪਾਤਸ਼ਾਹ ਦੇ ਖੱਚਰ ਉੱਪਰ ਚੜ੍ਹਾਇਆ। 45 ਤਦ ਸਾਦੋਕ ਜਾਜਕ ਅਤੇ ਨਾਥਾਨ ਨਬੀ ਨੇ ਗਿਹੋਨ ਝਰਨੇ ਤੇ ਉਸ ਨੂੰ ਪਾਤਸ਼ਾਹ ਵਜੋਂ ਮਸਹ ਕੀਤਾ। ਓਹ ਖੁਸ਼ੀ ਮਨਾਉਂਦੇ ਹੋਏ ਚੱਲੇ ਰਹੇ ਹਨ ਅਤੇ ਸ਼ਹਿਰ ਇਸ ਨਾਲ ਗੂੰਜ ਰਿਹਾ ਹੈ। ਇਹ ਉਹੀ ਆਵਾਜ਼ਾਂ ਅਤੇ ਸ਼ੋਰ ਹੈ ਜੋ ਤੁਸੀਂ ਸੁਣ ਰਹੇ ਹੋਂ। 46-47 ਸੁਲੇਮਾਨ ,ਪਾਤਸ਼ਾਹ ਦੇ ਸਿੰਘਾਸਣ ਤੇ ਬੈਠਾ ਹੋਇਆ ਹੈ। ਪਾਤਸ਼ਾਹ ਦੇ ਸਾਰੇ ਅਧਿਕਾਰੀ ਪਾਤਸ਼ਾਹ ਦਾਊਦ ਨੂੰ ਮੁਬਾਰਕਾਂ ਦੇਕੇ ਆਖ ਰਹੇ ਹਨ, ‘ਪਾਤਸ਼ਾਹ ਦਾਊਦ, ਤੂੰ ਇੱਕ ਮਹਾਨ ਰਾਜਾ ਹੈਂ! ਹੁਣ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਤੇਰਾ ਪਰਮੇਸ਼ੁਰ ਸੁਲੇਮਾਨ ਨੂੰ ਤੈਥੋਂ ਵੀ ਵੱਧ ਪ੍ਰਸਿੱਧ ਕਰੇ! ਉਸਦਾ ਰਾਜ ਤੇਰੇ ਰਾਜ ਤੋਂ ਵੀ ਵੱਧੇਰੇ ਸ਼ਕਤੀਸਾਲੀ ਹੋਵੇ।’ ਪਾਤਸ਼ਾਹ ਦਾਊਦ ਵੀ ਉੱਥੇ ਹੀ ਸੀ ਅਤੇ ਉਹ ਆਪਣੇ ਮੰਜੇ ਤੋਂ ਹੀ ਹੇਠਾਂ ਝੁਕ ਗਿਆ। 48 ਅਤੇ ਆਖਿਆ, ‘ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦੀ ਉਸਤਤ ਕਰੋ, ਜਿਸਨੇ ਅੱਜ ਦੇ ਦਿਨ ਮੇਰੇ ਪੁੱਤਰ ਨੂੰ ਮੇਰੇ ਸਿੰਘਾਸਣ ਤੇ ਬਿਠਾਇਆ ਅਤੇ ਮੈਨੂੰ ਇਹ ਸਭ ਕੁਝ ਵੇਖਣ ਲਈ ਜਿਉਂਦਾ ਰੱਖਿਆ।’”

49 ਤਦ ਅਦੋਨੀਯਾਹ ਦੇ ਸਾਰੇ ਮਹਿਮਾਨ ਡਰ ਗਏ ਅਤੇ ਆਪੋ-ਆਪਣੇ ਰਾਹ ਤੁਰ ਪਏ। 50 ਅਦੋਨੀਯਾਹ ਵੀ ਸੁਲੇਮਾਨ ਤੋਂ ਡਰ ਗਿਆ। ਇਸ ਲਈ ਉਹ ਉੱਠਿਆ ਅਤੇ ਉਸ ਨੇ ਉੱਠ ਕੇ ਜਗਵੇਦੀ ਦੇ ਸਿੰਗਾਂ ਨੂੰ ਘੁੱਟ ਕੇ ਜਾ ਫ਼ੜਿਆ [c] ਕਿ ਉਹ ਉਸਤੇ ਰਹਿਮ ਕਰੇ। 51 ਤਦ ਕਿਸੇ ਨੇ ਸੁਲੇਮਾਨ ਨੂੰ ਕਿਹਾ, “ਅਦੋਨੀਯਾਹ ਤੇਰੇ ਤੋਂ ਡਰ ਰਿਹਾ ਹੈ। ਸੁਲੇਮਾਨ ਪਾਤਸ਼ਾਹ! ਅਦੋਨੀਯਾਹ ਇਸ ਵਕਤ ਪਵਿੱਤਰ ਤੰਬੂ ਵਿੱਚ ਜਗਵੇਦੀ ਦੇ ਕਿਨਾਰਿਆਂ ਨੂੰ ਫ਼ੜ ਕੇ ਖਲੋਤਾ, ਰਹਿਮ ਦੀ ਭੀਖ ਮੰਗਦਾ, ਉੱਥੇ ਹੀ ਅੜਿਆ ਹੋਇਆ, ਜਾਣ ਤੋਂ ਇਨਕਾਰੀ ਹੈ ਅਤੇ ਆਖਦਾ ਹੈ, ‘ਪਾਤਸ਼ਾਹ ਸੁਲੇਮਾਨ ਨੂੰ ਜਾਕੇ ਆਖੋ ਕਿ ਉਹ ਇਕਰਾਰ ਕਰੇ ਕਿ ਉਹ ਮੈਨੂੰ ਜਾਨੋਂ ਨਹੀਂ ਮਾਰੇਗਾ।’”

52 ਤਦ ਸੁਲੇਮਾਨ ਨੇ ਆਖਿਆ, “ਜੇਕਰ ਅਦੋਨੀਯਾਹ ਇੱਕ ਚੰਗਾ ਵਿਅਕਤੀ ਬਣ ਜਾਵੇ, ਉਸਦਾ ਇੱਕ ਵਾਲ ਵੀ ਧਰਤੀ ਉੱਪਰ ਨਾ ਡਿੱਗੇਗਾ ਪਰ ਜੇਕਰ ਉਹ ਕੁਝ ਗ਼ਲਤ ਕਰੇਗਾ, ਉਹ ਮਰ ਜਾਵੇਗਾ।” 53 ਫ਼ੇਰ ਸੁਲੇਮਾਨ ਪਾਤਸ਼ਾਹ ਨੇ ਕੁਝ ਆਦਮੀਆਂ ਨੂੰ ਅਦੋਨੀਯਾਹ ਨੂੰ ਲਿਆਉਣ ਲਈ ਭੇਜਿਆ, ਇਸ ਲਈ ਉਹ ਉਸ ਨੂੰ ਜਗਵੇਦੀ ਤੋਂ ਹੇਠਾਂ ਲਿਆਏ ਅਤੇ ਉਸ ਨੂੰ ਸੁਲੇਮਾਨ ਕੋਲ ਲੈ ਗਏ। ਅਦੋਨੀਯਾਹ ਸੁਲੇਮਾਨ ਕੋਲ ਆਇਆ ਅਤੇ ਝੁਕ ਗਿਆ। ਸੁਲੇਮਾਨ ਨੇ ਉਸ ਨੂੰ ਆਖਿਆ, “ਘਰ ਚੱਲਾ ਜਾ।”

ਪਾਤਸ਼ਾਹ ਦਾਊਦ ਦੀ ਮੌਤ

ਦਾਊਦ ਦਾ ਅੰਤ ਨੇੜੇ ਆਇਆ ਤਾਂ ਉਸ ਨੇ ਸੁਲੇਮਾਨ ਨੂੰ ਆਪਣੇ ਕੋਲ ਬੁਲਾ ਕੇ ਕਿਹਾ, “ਹਰ ਇਨਸਾਨ ਦੀ ਤਰ੍ਹਾਂ, ਮੈਂ ਵੀ ਮਰਨ ਹੀ ਵਾਲਾ ਹਾਂ। ਪਰ ਤੂੰ ਤਕੜਾ ਹੋ ਰਿਹਾ ਹੈ ਅਤੇ ਆਦਮੀ ਬਣ ਰਿਹਾ ਹੈ। ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮ ਮੰਨ ਅਤੇ ਉਸ ਦੇ ਕਹੇ ਅਨੁਸਾਰ ਕਰ। ਉਸ ਦੀਆਂ ਸਭ ਬਿਧੀਆਂ, ਹੁਕਮਾਂ, ਨਿਆਵਾਂ ਅਤੇ ਸਾਖੀਆਂ ਨੂੰ ਮੰਨ ਜਿਵੇਂ ਕਿ ਉਹ ਮੂਸਾ ਦੀ ਬਿਵਸਥਾ ਵਿੱਚ ਲਿਖੇ ਹੋਏ ਹਨ। ਜੇਕਰ ਤੂੰ ਇਉਂ ਕਰੇਂਗਾ, ਜੋ ਕੁਝ ਵੀ ਤੂੰ ਕਰੇਂਗਾ ਜਾਂ ਜਿੱਥੇ ਵੀ ਤੂੰ ਜਾਵੇਂਗਾ, ਤੂੰ ਸਫ਼ਲ ਹੋਵੇਂਗਾ। ਜੇਕਰ ਤੂੰ ਯਹੋਵਾਹ ਨੂੰ ਮੰਨੇਗਾ, ਤਾਂ ਯਹੋਵਾਹ ਮੇਰੇ ਬਾਰੇ ਕੀਤੇ ਇਸ ਇਕਰਾਰ ਨੂੰ ਨਿਭਾਵੇਗਾ: ਯਹੋਵਾਹ ਨੇ ਆਖਿਆ, ‘ਜੇਕਰ ਤੇਰੇ ਪੁੱਤਰ ਮੇਰੀਆਂ ਬਿਧੀਆਂ ਨੂੰ ਇਮਾਨਦਾਰੀ ਅਤੇ ਤਹੇ ਦਿਲੋਂ ਮੰਨਣਗੇ, ਤੇਰੇ ਘਰਾਣੇ ਵਿੱਚੋਂ ਇੱਕ ਆਦਮੀ ਹਮੇਸ਼ਾ ਇਸਰਾਏਲ ਉੱਪਰ ਰਾਜ ਕਰੇਗਾ।’”

ਦਾਊਦ ਨੇ ਇਹ ਵੀ ਕਿਹਾ, “ਤੂੰ ਇਹ ਵੀ ਜਾਣਦਾ ਹੈਂ ਕਿ ਸਰੂਯਾਹ ਦੇ ਪੁੱਤਰ ਯੋਆਬ ਨੇ ਮੇਰੇ ਨਾਲ ਕੀ ਕੀਤਾ ਅਤੇ ਉਸ ਨੇ ਇਸਰਾਏਲ ਦੀ ਫ਼ੌਜ ਦੇ ਦੋਹਾਂ ਸੈਨਾਪਤੀਆਂ, ਨੇਰ ਦੇ ਪੁੱਤਰ ਅਬਨੇਰ ਅਤੇ ਯਬਰ ਦੇ ਪੁੱਤਰ ਅਮਾਸਾ ਨਾਲ ਕੀ ਕੀਤਾ ਸੀ ਯਾਦ ਕਰ, ਉਸ ਨੇ ਬਦਲਾ ਲੈਣ ਲਈ ਸਾਂਤੀ ਦੇ ਸਮੇਂ ਉਨ੍ਹਾਂ ਨੂੰ ਮਾਰ ਦਿੱਤਾ। ਉਨ੍ਹਾਂ ਦੇ ਖੂਨ ਦੇ ਧੱਬੇ ਉਸਦੀ ਤਲਵਾਰ, ਉਸਦੀ ਪੇਟੀ ਅਤੇ ਉਸ ਦੇ ਬੂਟਾਂ ਉੱਤੇ ਹਨ। ਮੈਨੂੰ ਉਸ ਨੂੰ ਸਜ਼ਾ ਦੇਣੀ ਚਾਹੀਦੀ ਸੀ। ਪਰ ਹੁਣ, ਤੂੰ ਪਾਤਸ਼ਾਹ ਹੈਂ, ਇਸ ਲਈ ਤੈਨੂੰ ਉਸ ਨੂੰ ਓਵੇਂ ਹੀ ਸਜ਼ਾ ਦੇਣੀ ਚਾਹੀਦੀ ਹੈ ਜਿਵੇਂ ਤੂੰ ਠੀਕ ਸਮਝੇਂ। ਪਰ ਤੈਨੂੰ ਪ੍ਰਪੱਕ ਹੋਣਾ ਚਾਹੀਦਾ ਕਿ ਉਹ ਮਾਰਿਆ ਗਿਆ। ਉਸ ਨੂੰ ਉਸ ਦੇ ਬੁੱਢਾਪੇ ਵਿੱਚ ਸ਼ਾਂਤੀ ਨਾਲ ਨਾ ਮਰਨ ਦੇਵੀਂ।

“ਗਿਲਆਦ ਦੇ ਬਰਜ਼ਿੱਲਈ ਦੇ ਬੱਚਿਆਂ ਉੱਪਰ ਦਯਾਲੂ ਰਹੀਂ, ਉਨ੍ਹਾਂ ਨੂੰ ਆਪਣੇ ਮਿੱਤਰ ਬਣਨ ਦੇ ਅਤੇ ਤੇਰੇ ਨਾਲ ਤੇਰੇ ਮੇਜ਼ ਤੇ ਖਾਣ ਦੇਵੀਂ ਉਨ੍ਹਾਂ ਨੇ ਮੇਰੀ ਉਸ ਵਕਤ ਮਦਦ ਕੀਤੀ ਸੀ ਜਦੋਂ ਮੈਂ ਤੇਰੇ ਭਰਾ ਅਬਸ਼ਾਲੋਮ ਤੋਂ ਬਚ ਰਿਹਾ ਸੀ।

“ਇਹ ਯਾਦ ਰੱਖੀਂ ਕਿ ਗੇਰਾ ਦਾ ਪੁੱਤਰ ਸ਼ਿਮਈ ਅਜੇ ਵੀ ਇੱਥੇ ਆਸੇ-ਪਾਸੇ ਹੀ ਹੈ। ਉਹ ਬਹੁਰੀਮ ਅਤੇ ਬਿਨਯਾਮੀਨ ਪਰਿਵਾਰ-ਸਮੂਹ ਤੋਂ ਹੈ। ਤੈਨੂੰ ਪਤਾ ਹੋਣਾ ਚਾਹੀਦਾ ਕਿ ਜਿਸ ਦਿਨ ਮੈਂ ਮਹਨਇਮ ਤੋਂ ਭਜਿਆ ਸੀ, ਉਸ ਨੇ ਮੈਨੂੰ ਬਹੁਤ ਬੁਰੀ ਤਰ੍ਹਾਂ ਬੇਇੱਜ਼ਤ ਕੀਤਾ ਸੀ। ਫ਼ਿਰ ਉਹ ਮੈਨੂੰ ਯਰਦਨ ਨਦੀ ਤੇ ਮਿਲਣ ਲਈ ਆਇਆ ਸੀ। ਪਰ ਮੈਂ ਉਸ ਨਾਲ ਯਹੋਵਾਹ ਦਾ ਇਕਰਾਰ ਕੀਤਾ ਸੀ ਕਿ ਮੈਂ ਉਸ ਨੂੰ ਮਾਰਾਂਗਾ ਨਹੀਂ। ਪਰ ਹੁਣ ਉਸ ਨੂੰ ਬਿਨਾ ਸਜ਼ਾ ਦਿੱਤੇ ਨਾ ਜਾਣ ਦੇਵੀਂ। ਤੂੰ ਇੱਕ ਸਿਆਣਾ ਆਦਮੀ ਹੈਂ ਅਤੇ ਤੂੰ ਜਾਣਦਾ ਕਿ ਉਸ ਨਾਲ ਕੀ ਕੀਤਾ ਜਾਣਾ ਚਾਹੀਦਾ। ਪਰ ਉਸ ਨੂੰ ਉਸ ਦੇ ਬੁੱਢਾਪੇ ਵਿੱਚ ਸਾਂਤੀ ਨਾਲ ਨਾ ਮਰਨ ਦੇਵੀਂ।”

10 ਉਸ ਬਾਦ ਦਾਊਦ ਦੀ ਮੌਤ ਹੋ ਗਈ ਅਤੇ ਉਸ ਨੂੰ ਦਾਊਦ ਦੇ ਸ਼ਹਿਰ ਵਿੱਚ ਦਬਿਆ ਗਿਆ। 11 ਦਾਊਦ ਨੇ ਇਸਰਾਏਲ ਵਿੱਚ 40 ਵਰ੍ਹੇ ਰਾਜ ਕੀਤਾ। ਉਸ ਨੇ ਹਬਰੋਨ ਵਿੱਚ ਸੱਤ ਵਰ੍ਹੇ ਅਤੇ ਯਰੂਸ਼ਲਮ ਵਿੱਚ 33 ਵਰ੍ਹੇ ਰਾਜ ਕੀਤਾ।

ਸੁਲੇਮਾਨ ਨੇ ਆਪਣਾ ਰਾਜ ਸੰਭਾਲਿਆ

12 ਹੁਣ ਸੁਲੇਮਾਨ ਰਾਜਾ ਬਣਿਆ ਤਾਂ ਉਹ ਆਪਣੇ ਪਿਤਾ ਦਾਊਦ ਦੇ ਸਿੰਘਾਸਨ ਉੱਤੇ ਬੈਠਾ ਅਤੇ ਦ੍ਰਿਢ਼ਤਾ ਨਾਲ ਆਪਣਾ ਰਾਜ ਸਥਾਪਿਤ ਕੀਤਾ।

13 ਤਦ ਹਗੀਥ ਦਾ ਪੁੱਤਰ ਅਦੋਨੀਯਾਹ ਸੁਲੇਮਾਨ ਦੀ ਮਾਂ ਬਥਸ਼ਬਾ ਕੋਲ ਆਇਆ ਤਾਂ ਉਸ ਨੇ ਪੁੱਛਿਆ, “ਸੁੱਖ ਤਾਂ ਹੈ?”

ਅਦੋਨੀਯਾਹ ਨੇ ਜਵਾਬ ’ਚ ਕਿਹਾ, “ਹਾਂ, ਇਸ ਵਕਤ ਮੈਂ ਸੁੱਖ ਨਾਲ ਹੀ ਆਇਆ ਹਾਂ। 14 ਮੈਂ ਤੈਨੂੰ ਕੁਝ ਕਹਿਣਾ ਚਾਹੁੰਦਾ ਹਾਂ।”

ਬਥਸ਼ਬਾ ਨੇ ਆਖਿਆ, “ਬੋਲ, ਤੂੰ ਕੀ ਚਾਹੁੰਦਾ ਹੈਂ?”

15 ਅਦੋਨੀਯਾਹ ਨੇ ਕਿਹਾ, “ਤੈਨੂੰ ਪਤਾ ਹੈ ਕਿ ਇੱਕ ਸਮੇਂ ਇਹ ਰਾਜ ਮੇਰਾ ਸੀ, ਅਤੇ ਸਾਰੇ ਇਸਰਾਏਲੀ ਸੋਚਦੇ ਸਨ ਕਿ ਮੈਂ ਉਨ੍ਹਾਂ ਦਾ ਪਾਤਸ਼ਾਹ ਹਾਂ, ਪਰ ਸਭ ਕੁਝ ਬਦਲ ਗਿਆ ਹੈ। ਹੁਣ ਯਹੋਵਾਹ ਦੀ ਰਜ਼ਾ ਅਨੁਸਾਰ ਰਾਜ ਮੇਰੇ ਭਰਾ ਕੋਲ ਆ ਗਿਆ ਹੈ। 16 ਇਸ ਲਈ ਮੈ ਤੈਨੂੰ ਕੁਝ ਪੁੱਛਣਾ ਚਾਹੁੰਦਾ ਹਾਂ, ਕਿਰਪਾ ਕਰਕੇ ਮੈਨੂੰ ਇਨਕਾਰ ਨਾ ਕਰੀ।”

ਬਥਸ਼ਬਾ ਨੇ ਆਖਿਆ, “ਤੂੰ ਕੀ ਚਾਹੁੰਦਾ ਹੈਂ?”

17 ਅਦੋਨੀਯਾਹ ਨੇ ਆਖਿਆ, “ਕਿਰਪਾ ਕਰਕੇ ਮੈਨੂੰ ਸ਼ੂਨੰਮੀ ਦੀ ਅਬੀਸ਼ਗ ਨਾਲ ਵਿਆਹ ਕਰ ਲੈਣ ਲਈ ਸੁਲੇਮਾਨ ਨੂੰ ਆਖੋ, ਕਿਉਂ ਕਿ ਜੋ ਵੀ ਤੁਸੀਂ ਉਸ ਤੋਂ ਮੰਗੋਂਗੇ ਉਹ ਤੁਹਾਨੂੰ ਇਨਕਾਰ ਨਹੀਂ ਕਰੇਗਾ।”

18 ਤਦ ਬਥਸ਼ਬਾ ਨੇ ਆਖਿਆ, “ਠੀਕ ਹੈ! ਮੈਂ ਪਾਤਸ਼ਾਹ ਨੂੰ ਤੇਰੇ ਲਈ ਆਖਾਂਗੀ।”

19 ਤਾਂ ਬਥਸ਼ਬਾ ਪਾਤਸ਼ਾਹ ਸੁਲੇਮਾਨ ਕੋਲ ਅਦੋਨੀਯਹ ਬਾਰੇ ਗੱਲ ਕਰਨ ਲਈ ਗਈ। ਜਦੋਂ ਪਾਤਸ਼ਾਹ ਸੁਲੇਮਾਨ ਨੇ ਉਸ ਨੂੰ ਆਉਂਦਿਆਂ ਵੇਖਿਆ ਤਾਂ ਉਸ ਨੂੰ ਮਿਲਣ ਲਈ ਖੜ੍ਹਾ ਹੋ ਗਿਆ। ਫੇਰ ਉਸ ਅੱਗੇ ਝੁਕ ਕੇ ਆਪਣੇ ਸਿੰਘਾਸਣ ਤੇ ਬੈਠ ਗਿਆ। ਉਸ ਨੇ ਆਪਣੇ ਸੇਵਕਾਂ ਨੂੰ ਹੁਕਮ ਦਿੱਤਾ ਕਿ ਉਹ ਉਸਦੀ ਮਾਤਾ ਦੇ ਬੈਠਣ ਲਈ ਇੱਕ ਹੋਰ ਸਿੰਘਾਸਣ ਲਿਆਉਣ ਅਤੇ ਉਹ ਉਸ ਦੇ ਸੱਜੇ ਪਾਸੇ ਬੈਠ ਗਈ।

20 ਬਥਸ਼ਬਾ ਨੇ ਉਸ ਨੂੰ ਆਖਿਆ, “ਮੈਂ ਤੈਥੋਂ ਇੱਕ ਛੋਟਾ ਜਿਹਾ ਅਹਿਸਾਨ ਮੰਗਣ ਲਈ ਆਈ ਹਾਂ, ਕਿਰਪਾ ਕਰਕੇ ਇਨਕਾਰ ਨਾ ਕਰੀਂ!”

ਤਾਂ ਪਾਤਸ਼ਾਹ ਨੇ ਆਖਿਆ, “ਮਾਤਾ, ਤੂੰ ਜੋ ਚਾਹੋ ਮੈਥੋਂ ਮੰਗ ਸੱਕਦੀ ਹੈ, ਮੈਂ ਤੈਨੂੰ ਇਨਕਾਰ ਨਹੀਂ ਕਰਾਂਗਾ?”

21 ਬਥਸ਼ਬਾ ਨੇ ਕਿਹਾ, “ਤੂੰ ਆਪਣੇ ਭਰਾ ਅਦੋਨੀਯਾਹ ਨੂੰ ਸ਼ੂਨੰਮੀ ਦੀ ਮੁਟਿਆਰ ਅਬੀਸ਼ਗ ਨਾਲ ਵਿਆਹ ਕਰਨ ਦੀ ਆਗਿਆ ਦੇ ਦੇ!”

22 ਪਾਤਸ਼ਾਹ ਸੁਲੇਮਾਨ ਨੇ ਆਪਣੀ ਮਾਤਾ ਨੂੰ ਜਵਾਬ ’ਚ ਕਿਹਾ, “ਤੂੰ ਮੈਨੂੰ ਅਬੀਸ਼ਗ ਨੂੰ ਅਦੋਨੀਯਾਹ ਨੂੰ ਦੇਣ ਲਈ ਕਿਉਂ ਪੁੱਛ ਰਹੀ ਹੈ? ਤੂੰ ਉਸ ਲਈ ਰਾਜ ਕਿਉਂ ਨਹੀਂ ਪੁੱਛ ਰਹੀ! ਆਖਿਰਕਾਰ ਉਹ ਮੇਰਾ ਵੱਡਾ ਭਰਾ ਹੈ। ਅਬਯਾਥਾਰ ਜਾਜਕ ਅਤੇ ਯੋਆਬ ਵੀ ਉਸ ਦਾ ਪੱਖ ਲੈਣਗੇ।”

23 ਤਦ ਸੁਲੇਮਾਨ ਨੇ ਯਹੋਵਾਹ ਦੀ ਸੌਂਹ ਖਾਧੀ ਅਤੇ ਕਿਹਾ, “ਮੈਂ ਸੌਂਹ ਖਾਂਦਾ ਹਾਂ ਕਿ ਅਦੋਨੀਯਾਹ ਨੂੰ ਇਸ ਮੰਗ ਦੀ ਅਦਾਇਗੀ ਕਰਨੀ ਪਵੇਗੀ ਅਤੇ ਇਹ ਉਸਦੀ ਜ਼ਿੰਦਗੀ ਹੋਵੇਗੀ। 24 ਯਹੋਵਾਹ ਨੇ ਮੈਨੂੰ ਇਸਰਾਏਲ ਦਾ ਪਾਤਸ਼ਾਹ ਬਣਾਇਆ ਅਤੇ ਮੈਨੂੰ ਉਹ ਸਿੰਘਾਸਣ ਦਿੱਤਾ ਹੈ ਜੋ ਪਹਿਲਾਂ ਮੇਰੇ ਪਿਤਾ ਦਾਊਦ ਦਾ ਸੀ। ਯਹੋਵਾਹ ਨੇ ਆਪਣਾ ਵਚਨ ਨਿਭਾਇਆ ਤੇ ਇਹ ਰਾਜ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਸੌਂਪਿਆ। ਇਸ ਲਈ ਹੁਣ, ਮੈਂ ਯਹੋਵਾਹ ਦੀ ਜ਼ਿੰਦਗੀ ਦੀ ਸੌਂਹ ਖਾਂਦਾ ਹਾਂ ਕਿ ਅੱਜ ਅਦੋਨੀਯਾਹ ਮਰੇਗਾ।”

25 ਤਦ ਰਾਜੇ ਸੁਲੇਮਾਨ ਨੇ ਯਹੋਯਾਦਾ ਦੇ ਪੁੱਤਰ ਬਨਾਯਾਹ ਨੂੰ ਆਦੇਸ਼ ਦਿੱਤਾ, ਤਾਂ ਬਨਾਯਾਹ ਨੇ ਅਦੋਨੀਯਾਹ ਨੂੰ ਮਾਰ ਦਿੱਤਾ।

26 ਤਦ ਸੁਲੇਮਾਨ ਪਾਤਸ਼ਾਹ ਨੇ ਅਬਯਾਥਾਰ ਜਾਜਕ ਨੂੰ ਕਿਹਾ, “ਵੈਸੇ ਤਾਂ ਮੈਨੂੰ ਤੈਨੂੰ ਮਾਰ ਦੇਣਾ ਚਾਹੀਦਾ ਹੈ ਕਿਉਂ ਕਿ ਤੂੰ ਇਸੇ ਦੇ ਕਾਬਿਲ ਹੈਂ, ਪਰ ਮੈਂ ਤੈਨੂੰ ਤੇਰੇ ਘਰ ਅਨਾਥੋਥ ਨੂੰ ਮੁੜਨ ਦਿੰਦਾ ਹਾਂ। ਮੈਂ ਹੁਣ ਤੈਨੂੰ ਨਹੀਂ ਮਾਰਾਂਗਾ ਕਿਉਂ ਕਿ ਤੂੰ ਦਾਊਦ, ਮੇਰੇ ਪਿਤਾ ਦੇ ਅੱਗੇ ਯਹੋਵਾਹ ਦਾ ਪਵਿੱਤਰ ਸੰਦੂਕ ਚੁੱਕਦਾ ਹੁੰਦਾ ਸੀ, ਅਤੇ ਤੂੰ ਮੇਰੇ ਪਿਤਾ ਦੇ ਨਾਲ ਬੁਰੇ ਸਮਿਆਂ ਨੂੰ ਸਾਂਝਾ ਕੀਤਾ।” 27 ਸੁਲੇਮਾਨ ਨੇ ਅਬਯਾਥਾਰ ਨੂੰ ਕਿਹਾ ਕਿ ਹੁਣ ਉਹ ਯਹੋਵਾਹ ਦੇ ਜਾਜਕ ਵਜੋਂ ਸੇਵਾ ਨਾ ਕਰ ਸੱਕੇਗਾ। ਇਹ ਸਭ ਕੁਝ ਉਵੇਂ ਹੀ ਵਾਪਰਿਆ ਜਿਵੇਂ ਪਰਮੇਸ਼ੁਰ ਨੇ ਜਾਜਕ ਏਲੀ ਅਤੇ ਸ਼ੀਲੋਹ ਵਿਖੇ ਉਸ ਦੇ ਪਰਿਵਾਰ ਬਾਰੇ ਆਖਿਆ ਸੀ। ਅਬਯਾਥਾਰ ਵੀ ਏਲੀ ਦੇ ਪਰਿਵਾਰ ਵਿੱਚੋਂ ਹੀ ਸੀ।

28 ਯੋਆਬ ਨੇ ਇਹ ਸਭ ਸੁਣਿਆ ਅਤੇ ਡਰ ਗਿਆ ਕਿਉਂ ਕਿ ਉਸ ਨੇ ਅਦੋਨੀਯਾਹ ਦਾ ਪੱਖ ਲਿਆ ਸੀ, ਪਰ ਅਬਸਾਲੋਮ ਦੀ ਨਹੀਂ। ਉਹ ਯਹੋਵਾਹ ਦੇ ਤੰਬੂ ਵੱਲ ਭੱਜ ਗਿਆ ਅਤੇ ਜਾਕੇ ਜਗਵੇਦੀ ਦੇ ਸਿੰਗਾਂ ਨੂੰ ਫ਼ੜ ਲਿਆ। 29 ਕਿਸੇ ਨੇ ਜਾਕੇ ਸੁਲੇਮਾਨ ਪਾਤਸ਼ਾਹ ਨੂੰ ਦੱਸਿਆ ਕਿ ਯੋਆਬ ਯਹੋਵਾਹ ਦੇ ਤੰਬੂ ਵਿੱਚ ਜਗਵੇਦੀ ਨੂੰ ਜਕੜ ਕੇ ਖੜ੍ਹਾ ਹੈ ਤਾਂ ਸੁਲੇਮਾਨ ਨੇ ਬਨਾਯਾਹ ਨੂੰ ਭੇਜਿਆ ਕਿ ਉਹ ਉੱਥੇ ਜਾਕੇ ਯੋਆਬ ਨੂੰ ਮਾਰ ਸੁੱਟੇ।

30 ਬਨਾਯਾਹ ਯਹੋਵਾਹ ਦੇ ਤੰਬੂ ਵਿੱਚ ਪਹੁੰਚਿਆ ਅਤੇ ਜਾਕੇ ਯੋਆਬ ਨੂੰ ਕਿਹਾ, “ਪਾਤਸ਼ਾਹ ਦਾ ਹੁਕਮ ਹੈ ਕਿ ‘ਬਾਹਰ ਨਿਕਲ!’”

ਪਰ ਯੋਆਬ ਨੇ ਜਵਾਬ ’ਚ ਆਖਿਆ, “ਨਹੀਂ, ਮੈਂ ਇੱਥੇ ਹੀ ਮਰਾਂਗਾ।”

ਤਾਂ ਬਨਾਯਾਹ ਵਾਪਿਸ ਮੁੜ ਆਇਆ ਤੇ ਆਕੇ ਪਾਤਸ਼ਾਹ ਸੁਲੇਮਾਨ ਨੂੰ ਦੱਸਿਆ ਕਿ ਉਹ ਕੀ ਆਖਦਾ ਹੈ। 31 ਤਦ ਪਾਤਸ਼ਾਹ ਨੇ ਬਨਾਯਾਹ ਨੂੰ ਹੁਕਮ ਦਿੱਤਾ, “ਜਿਵੇਂ ਉਹ ਆਖਦਾ ਹੈ ਉਵੇਂ ਹੀ ਕਰ! ਉਸ ਨੂੰ ਉੱਥੇ ਹੀ ਮਾਰ ਕੇ ਦੱਬ ਦੇ। ਫੇਰ ਮੈਂ ਅਤੇ ਮੇਰੇ ਲੋਕ ਯੋਆਬ ਦੁਆਰਾ ਬਹਾਏ ਬੇਕਸੂਰਾਂ ਦੇ ਖੂਨ ਤੋਂ ਮੁਕਤ ਹੋਵਾਂਗੇ। 32 ਯਹੋਵਾਹ ਯੋਆਬ ਨੂੰ ਦੰਡ ਦੇਵੇਗਾ ਕਿਉਂ ਕਿ ਉਸ ਨੇ ਆਪਣੀ ਤਲਵਾਰ ਨਾਲ ਦੋ ਆਦਮੀਆਂ ਨੂੰ ਮਾਰ ਦਿੱਤਾ ਜੋ ਉਸ ਨਾਲੋਂ ਵੱਧੇਰੇ ਚੰਗੇ ਸਨ। ਉਸ ਨੇ ਉਨ੍ਹਾਂ ਨੂੰ, ਮੇਰੇ ਪਿਤਾ ਦੇ ਜਾਨਣ ਤੋਂ ਬਿਨਾ ਹੀ ਮਾਰ ਦਿੱਤਾ। ਉਹ ਨੇਰ ਦਾ ਪੁੱਤਰ ਅਬਨੇਰ ਅਤੇ ਯਬਰ ਦਾ ਪੁੱਤਰ ਅਮਾਸਾ ਸਨ। ਅਬਨੇਰ ਇਸਰਾਏਲ ਦੀ ਫੌਜ ਦਾ ਸੈਨਾਪਤੀ ਸੀ ਅਤੇ ਅਮਾਸਾ ਯਹੂਦਾਹ ਦੀ ਫ਼ੌਜ ਦਾ ਸੈਨਾਪਤੀ ਸੀ। 33 ਉਹ ਉਨ੍ਹਾਂ ਦੀ ਮੌਤ ਦਾ ਦੋਸ਼ੀ ਹੈ ਅਤੇ ਉਸਦਾ ਪਰਿਵਾਰ ਹਮੇਸ਼ਾ ਲਈ ਦੋਸ਼ੀ ਰਹੇਗਾ। ਪਰ ਪਰਮੇਸ਼ੁਰ ਦਾਊਦ, ਉਸ ਦੇ ਉਤਰਾਧਿਕਾਰੀਆਂ ਅਤੇ ਉਸ ਦੇ ਸਿੰਘਾਸਣ ਲਈ ਹਮੇਸ਼ਾ ਸ਼ਾਂਤੀ ਲਿਆਵੇਗਾ।”

34 ਤਦ ਯਹੋਯਾਦਾ ਦੇ ਪੁੱਤਰ ਬਨਾਯਾਹ ਨੇ ਯੋਆਬ ਨੂੰ ਮਾਰ ਦਿੱਤਾ ਅਤੇ ਉਸ ਨੂੰ ਉਜਾੜ ਵਿੱਚ ਉਸ ਦੇ ਘਰ ਕੋਲ ਦੱਬ ਦਿੱਤਾ ਗਿਆ। 35 ਤਦ ਪਾਤਸ਼ਾਹ ਨੇ ਯਹੋਯਾਦਾ ਦੇ ਪੁੱਤਰ ਬਨਾਯਾਹ ਨੂੰ ਯੋਆਬ ਦੀ ਥਾਵੇਂ ਸੈਨਾਪਤੀ ਬਣਾਇਆ ਅਤੇ ਅਬਯਾਥਾਰ ਦੀ ਥਾਵੇਂ ਸਾਦੋਕ ਨੂੰ ਨਵਾਂ ਜਾਜਕ ਬਣਾਇਆ। 36 ਇਸ ਉਪਰੰਤ, ਪਾਤਸ਼ਾਹ ਨੇ ਸ਼ਿਮਈ ਨੂੰ ਬੁਲਾਇਆ ਅਤੇ ਉਸ ਨੂੰ ਆਖਿਆ, “ਯਰੂਸ਼ਲਮ ਵਿੱਚ ਆਪਣੇ ਲਈ ਇੱਕ ਘਰ ਉਸਾਰ ਕੇ ਉੱਥੇ ਰਹਿ। ਉਹ ਸ਼ਹਿਰ ਛੱਡ ਕਿ ਕਿਤੇ ਨਾ ਜਾਈਁ। 37 ਜੇਕਰ ਤੂੰ ਬਾਹਰ ਨਿਕਲ ਕੇ ਕਿਦਰੋਨ ਦੀ ਵਾਦੀ ਦੇ ਪਾਰ ਲੰਘੇਗਾ, ਤੂੰ ਮਾਰਿਆ ਜਾਵੇਂਗਾ ਅਤੇ ਆਪਣੀ ਮੌਤ ਲਈ ਤੂੰ ਖੁਦ ਇੱਕਲਾ ਹੀ ਜ਼ਿੰਮੇਵਾਰ ਹੋਵੇਂਗਾ।”

38 ਤਦ ਸ਼ਿਮਈ ਨੇ ਆਖਿਆ, “ਠੀਕ ਹੈ ਪਾਤਸ਼ਾਹ! ਮੈਂ ਤੁਹਾਡਾ ਹੁਕਮ ਮੰਨਾਂਗਾ।” ਇਉਂ ਸ਼ਿਮਈ ਯਰੂਸ਼ਲਮ ਵਿੱਚ ਬਹੁਤ ਲੰਮੇ ਸਮੇਂ ਤੱਕ ਰਿਹਾ। 39 ਪਰ ਤਿੰਨ ਵਰ੍ਹੇ ਬਾਅਦ ਸ਼ਿਮਈ ਦੇ ਸੇਵਕਾਂ ਵਿੱਚੋਂ ਦੋ ਭੱਜ ਗਏ। ਉਹ ਗਥ ਦੇ ਰਾਜਾ, ਮਆਕਾਹ ਦੇ ਪੁੱਤਰ ਅਕੀਸ਼ ਦੇ ਕੋਲ ਨੱਠ ਗਏ। 40 ਤਾਂ ਸ਼ਿਮਈ ਉੱਠਿਆ ਉਸ ਨੇ ਆਪਣੇ ਖੋਤੇ ਉੱਪਰ ਕਾਠੀ ਪਾਈ ਅਤੇ ਆਪਣੇ ਸੇਵਕਾਂ ਨੂੰ ਲੱਭਣ ਗਥ ਵੱਲ ਅਕੀਸ਼ ਕੋਲ ਗਿਆ ਅਤੇ ਉਨ੍ਹਾਂ ਨੂੰ ਉੱਥੋਂ ਲੱਭ ਕੇ ਵਾਪਸ ਮੋੜ ਲਿਆਇਆ।

41 ਪਰ ਕਿਸੇ ਨੇ ਸੁਲੇਮਾਨ ਨੂੰ ਖਬਰ ਦਿੱਤੀ ਕਿ ਸ਼ਿਮਈ ਯਰੂਸ਼ਲਮ ਤੋਂ ਬਾਹਰ ਗਥ ਨੂੰ ਗਿਆ ਸੀ ਅਤੇ ਹੁਣ ਉਹ ਵਾਪਸ ਮੁੜ ਆਇਆ ਸੀ। 42 ਤਾਂ ਸੁਲੇਮਾਨ ਨੇ ਸ਼ਿਮਈ ਨੂੰ ਬੁਲਾਕੇ ਆਖਿਆ, “ਮੈਂ ਯਹੋਵਾਹ ਦੇ ਨਾਂ ਦੀ ਸੌਂਹ ਚੁੱਕ ਕੇ ਤੇਰੇ ਨਾਲ ਇਕਰਾਰ ਕੀਤਾ ਸੀ ਕਿ ਜੇਕਰ ਤੂੰ ਕਿਤੇ ਬਾਹਰ ਜਾਵੇਂਗਾ, ਆਪਣੀ ਮੌਤ ਲਈ ਤੂੰ ਖੁਦ ਇੱਕਲਾ ਹੀ ਜਿੰਮੇਵਾਰ ਹੋਵੇਂਗਾ। ਮੈਂ ਤੈਨੂੰ ਇਸ ਬਾਰੇ ਖਬਰਦਾਰ ਵੀ ਕੀਤਾ ਸੀ ਅਤੇ ਤੂੰ ਆਖਿਆ ਸੀ ਕਿ ਤੂੰ ਮੇਰੇ ਆਦੇਸ਼ਾਂ ਨੂੰ ਮੰਨੇਗਾ। 43 ਫ਼ਿਰ ਤੂੰ ਆਪਣਾ ਇਕਰਾਰ ਕਿਉਂ ਤੋੜਿਆ? ਅਤੇ ਤੂੰ ਮੇਰੇ ਆਦੇਸਾਂ ਨੂੰ ਕਿਉਂ ਨਹੀ ਮੰਨਿਆ? 44 ਤੂੰ ਜਾਣਦਾ ਹੈਂ ਕਿ ਤੂੰ ਮੇਰੇ ਪਿਤਾ ਦਾਊਦ ਦੇ ਵਿਰੁੱਧ ਅਨੇਕਾਂ ਗ਼ਲਤ ਕੰਮ ਕੀਤੇ ਸਨ ਅਤੇ ਹੁਣ ਯਹੋਵਾਹ ਤੇਰੇ ਉਨ੍ਹਾਂ ਗ਼ਲਤ ਕੰਮਾਂ ਲਈ ਤੈਨੂੰ ਸਜ਼ਾ ਦੇਵੇਗਾ। 45 ਪਰ ਯਹੋਵਾਹ ਮੈਨੂੰ ਮੁਬਾਰਕ ਹੋਵੇਗਾ ਉਹ ਦਾਊਦ ਦੇ ਰਾਜ ਨੂੰ ਹਮੇਸ਼ਾ ਸੁਰੱਖਿਅਤ ਰੱਖੇਗਾ।”

46 ਫੇਰ ਰਾਜੇ ਨੇ ਯਹੋਯਾਦਾ ਦੇ ਪੁੱਤਰ ਬਨਾਯਾਹ ਨੂੰ ਸ਼ਿਮਈ ਨੂੰ ਮਾਰਨ ਦਾ ਆਦੇਸ਼ ਦਿੱਤਾ ਅਤੇ ਉਸ ਨੇ ਇੰਝ ਹੀ ਕੀਤਾ। ਹੁਣ, ਸੁਲੇਮਾਨ ਦਾ ਆਪਣੇ ਰਾਜ ਉੱਪਰ ਪੂਰਾ ਨਿਯੰਤ੍ਰਣ ਸੀ।

ਸੁਲੇਮਾਨ ਦੀ ਸਿਆਣਪ ਲਈ ਮੰਗ

ਸੁਲੇਮਾਨ ਨੇ ਫ਼ਿਰਊਨ, ਮਿਸਰ ਦੇ ਰਾਜੇ ਦੀ ਧੀ ਨਾਲ ਵਿਆਹ ਕੀਤਾ ਅਤੇ ਉਸ ਨਾਲ ਇੱਕ ਇਕਰਾਰਨਾਮਾ ਕੀਤਾ। ਉਹ ਉਸ ਨੂੰ ਦਾਊਦ ਦੇ ਸ਼ਹਿਰ ਵਿੱਚ ਲੈ ਆਇਆ। ਉਸਦਾ ਮਹਿਲ ਅਤੇ ਯਹੋਵਾਹ ਦਾ ਮੰਦਰ ਉਸ ਵਕਤ ਹਾਲੇ ਬਣ ਰਹੇ ਸਨ। ਉਹ ਯਰੂਸ਼ਲਮ ਦੇ ਦੁਆਲੇ ਇੱਕ ਕੰਧ ਵੀ ਉਸਾਰ ਰਿਹਾ ਸੀ। ਮੰਦਰ ਦਾ ਨਿਰਮਾਣ ਅਜੇ ਪੂਰਾ ਨਹੀਂ ਸੀ ਹੋਇਆ ਤਾਂ ਲੋਕ ਅਜੇ ਵੀ ਉੱਚੀਆਂ ਥਾਵਾਂ ਉੱਪਰ ਅਤੇ ਜਗਵੇਦੀਆਂ ਉੱਪਰ ਬਲੀਆਂ ਚੜ੍ਹਾਉਂਦੇ ਸਨ। ਸੁਲੇਮਾਨ ਨੇ ਇਹ ਦਰਸਾਇਆ ਕਿ ਉਹ ਯਹੋਵਾਹ ਨੂੰ ਬਹੁਤ ਪਿਆਰ ਕਰਦਾ ਹੈ। ਇਹ ਸਭ ਜਿਵੇਂ ਉਸ ਦੇ ਪਿਤਾ ਦਾਊਦ ਨੇ ਉਸ ਨੂੰ ਦੱਸਿਆ ਹੋਇਆ ਸੀ, ਉਸ ਅਨੁਸਾਰ ਉਸਦੀ ਆਗਿਆ ਦਾ ਪਾਲਨ ਕਰਕੇ ਦਰਸਾਇਆ। ਪਰ ਸੁਲੇਮਾਨ ਨੇ ਕੁਝ ਉਹ ਵੀ ਕੀਤਾ ਜੋ ਉਸ ਦੇ ਪਿਤਾ ਦਾਊਦ ਨੇ ਉਸ ਨੂੰ ਕਰਨ ਨੂੰ ਨਹੀਂ ਸੀ ਕਿਹਾ। ਸੁਲੇਮਾਨ ਅਜੇ ਵੀ ਉੱਚੀਆਂ ਥਾਵਾਂ ਉੱਪਰ ਬਲੀਆਂ ਚੜ੍ਹਾਉਂਦਾ ਸੀ ਅਤੇ ਧੂਪ ਧੁਖਾਉਂਦਾ ਸੀ।

ਸੁਲੇਮਾਨ ਪਾਤਸ਼ਾਹ ਬਲੀ ਚੜ੍ਹਾਉਣ ਲਈ ਗਿਬਓਨ ਨੂੰ ਗਿਆ, ਓੱਥੇ ਉਹ ਇਸ ਲਈ ਗਿਆ ਕਿਉਂ ਕਿ ਉਹ ਸਭ ਤੋਂ ਵੱਧ ਮਹੱਤਵਪੂਰਣ ਉੱਚੀ ਥਾਂ ਸੀ, ਉਸ ਜਗਵੇਦੀ ਉੱਪਰ ਸੁਲੇਮਾਨ ਨੇ ਉਸ ਜਗਵੇਦੀ ਉੱਤੇ 1,000 ਭੇਟਾਂ ਚੜ੍ਹਾਈਆਂ। ਜਦੋਂ ਸੁਲੇਮਾਨ ਅਜੇ ਗਿਬਓਨ ਵਿੱਚ ਹੀ ਸੀ, ਰਾਤ ਦੇ ਵਕਤ ਯਹੋਵਾਹ ਸੁਲੇਮਾਨ ਨੂੰ ਇੱਕ ਸੁਪਨੇ ਵਿੱਚ ਪ੍ਰਗਟ ਹੋਇਆ ਅਤੇ ਆਖਿਆ, “ਜੋ ਤੂੰ ਚਾਹੇਂ ਮੰਗ ਲੈ ਅਤੇ ਮੈਂ ਤੈਨੂੰ ਦੇਵਾਂਗਾ।”

ਸੁਲੇਮਾਨ ਨੇ ਜਵਾਬ ਦਿੱਤਾ, “ਤੂੰ, ਮੇਰੇ ਪਿਤਾ ਦਾਊਦ ਤੇ ਬਹੁਤ ਦਯਾਲੂ ਸੀ, ਜੋ ਕਿ ਤੇਰਾ ਸੇਵਕ ਸੀ, ਕਿਉਂ ਕਿ ਉਸ ਨੇ ਵਫ਼ਾਦਾਰੀ ਨਿਆਂ ਅਤੇ ਸਾਫ਼ ਦਿਲ ਨਾਲ ਤੇਰਾ ਅਨੁਸਰਣ ਕੀਤਾ। ਤੂੰ ਉਸ ਦੇ ਪੁੱਤਰ ਨੂੰ ਉਸ ਦੇ ਸਿੰਘਾਸਣ ਉੱਤੇ ਬੈਠਣ ਅਤੇ ਉਸਦੀ ਮੌਤ ਤੋਂ ਬਾਅਦ ਹਕੂਮਤ ਕਰਨ ਦਿੱਤੀ। ਹੇ ਯਹੋਵਾਹ ਮੇਰੇ ਪਰਮੇਸ਼ੁਰ, ਤੂੰ ਮੈਨੂੰ ਮੇਰੇ ਪਿਤਾ ਦੀ ਥਾਵੇਂ ਸਿੰਘਾਸਣ ਗੱਦੀ ਉੱਪਰ ਬੈਠਣ ਦੀ ਆਗਿਆ ਦਿੱਤੀ ਹੈ, ਪਰ ਮੈਂ ਇੱਕ ਛੋਟਾ ਬੱਚਾ ਹਾਂ ਅਤੇ ਲੋਕਾਂ ਦੀ ਅਗਵਾਈ ਲਈ ਅਨੁਭਵ ਦਾ ਕੱਚਾ ਹਾਂ। ਇੱਥੇ ਮੈਂ ਤੇਰਾ ਸੇਵਕ, ਤੇਰੇ ਚੁਣੇ ਹੋਏ ਲੋਕਾਂ ਦਰਮਿਆਨ ਖੜ੍ਹਾ ਹਾਂ। ਉਹ ਇੰਨੇ ਹਨ ਕਿ ਗਿਣੇ ਨਹੀਂ ਜਾ ਸੱਕਦੇ ਇਸ ਲਈ ਸ਼ਾਸਕ ਨੂੰ ਉਨ੍ਹਾਂ ਵਿੱਚਕਾਰ ਅਨੇਕਾਂ ਫੈਸਲੇ ਕਰਨੇ ਹੁੰਦੇ ਹਨ। ਇਸ ਲਈ ਮੈਂ ਤੈਥੋਂ ਸਿਆਣਪ ਮੰਗਦਾ ਹਾਂ ਜੋ ਮੈ ਤੇਰੇ ਲੋਕਾਂ ਨੂੰ ਸਹੀ ਨਿਆਂ ਦੇ ਸੱਕਾਂ ਅਤੇ ਇਹ ਮੇਰੇ ਚੰਗੇ ਅਤੇ ਬੁਰੇ ਵਿੱਚਕਾਰ ਪਰੱਖ ਕਰਨ ਵਿੱਚ ਵੀ ਸਹਾਇਤਾ ਕਰੇਗੀ। ਇਸ ਮਹਾਨ ਸਿਆਣਪ ਤੋਂ ਬਿਨਾ, ਇੰਨੇ ਵਿਸ਼ਾਲ ਲੋਕਾਂ ਉੱਪਰ ਸ਼ਾਸਨ ਕਰਨਾ ਅਸੰਭਵ ਹੈ।”

10 ਯਹੋਵਾਹ ਬਹੁਤ ਪ੍ਰਸੰਨ ਹੋਇਆ ਕਿ ਸੁਲੇਮਾਨ ਨੇ ਸਿਆਪਣ ਦੀ ਮੰਗ ਕੀਤੀ ਸੀ। 11 ਤਾਂ ਪਰਮੇਸ਼ੁਰ ਨੇ ਉਸ ਨੂੰ ਕਿਹਾ, “ਤੂੰ ਆਪਣੇ ਲਈ ਮੇਰੇ ਕੋਲੋਂ ਜੀਵਨ ਨਹੀਂ ਮੰਗਿਆ ਨਾ ਹੀ ਤੂੰ ਆਪਣੇ ਲਈ ਮੇਰੇ ਕੋਲੋਂ ਅਮੀਰੀ ਅਤੇ ਧੰਨ-ਦੌਲਤ ਮੰਗੇ। ਨਾ ਹੀ ਤੂੰ ਆਪਣੇ ਦੁਸ਼ਮਣਾਂ ਲਈ ਮੌਤ ਮੰਗੀ ਸਗੋਂ ਤੂੰ ਲੋਕਾਂ ਨੂੰ ਸੁਣਨ ਅਤੇ ਨਿਆਂ ਦੇਣ ਲਈ ਆਪਣੇ ਲਈ ਬੁੱਧ ਮੰਗੀ ਹੈ। 12 ਇਸ ਲਈ ਮੈਂ ਤੇਰੀਆਂ ਗੱਲਾਂ ਦੇ ਮੁਤਾਬਕ ਕਰਾਂਗਾ ਮੈਂ ਤੈਨੂੰ ਬੁੱਧ ਅਤੇ ਸਿਆਣਪ ਬਖਸ਼ਾਂਗਾ। ਮੈਂ ਤੈਨੂੰ ਇੰਨੀ ਬੁੱਧ ਬਖਸ਼ਾਂਗਾ ਜਿੰਨੀ ਕਿ ਤੇਰੇ ਤੋਂ ਪਹਿਲਾਂ ਕਿਸੇ ਕੋਲ ਨਾ ਹੋਈ ਹੋਵੇ ਅਤੇ ਨਾ ਹੀ ਭਵਿੱਖ ਵਿੱਚ ਤੇਰਾ ਕੋਈ ਸਾਨੀ ਹੋਵੇਗਾ। 13 ਇਸ ਦੇ ਇਲਾਵਾ ਤੈਨੂੰ ਉਹ ਵਸਤਾਂ ਇਨਾਮ ਦੇ ਤੌਰ ਤੇ ਦੇਵਾਂਗਾ ਜੋ ਤੂੰ ਨਹੀਂ ਮੰਗੀਆਂ। ਤੈਨੂੰ ਤਮਾਮ ਜ਼ਿੰਦਗੀ ਅਮੀਰੀ ਅਤੇ ਖੁਸ਼ੀਆਂ ਤੇ ਮਾਨ ਸੰਮਾਨ ਪ੍ਰਾਪਤ ਹੋਵੇਗਾ ਅਤੇ ਤੇਰੇ ਤੋਂ ਵੱਡਾ ਪਾਤਸ਼ਾਹ ਦੁਨੀਆਂ ਵਿੱਚ ਨਾ ਹੋਇਆ ਹੈ ਨਾ ਹੋਵੇਗਾ। 14 ਜੇਕਰ ਤੂੰ ਮੇਰੇ ਰਾਹਾਂ ਤੇ ਚੱਲੇਂਗਾ ਅਤੇ, ਮੇਰੀਆਂ ਬਿਧੀਆਂ ਅਤੇ ਹੁਕਮਾਂ ਦਾ ਪਾਲਣ ਕਰੇਂਗਾ, ਜਿਵੇਂ ਤੇਰੇ ਪਿਤਾ ਦਾਊਦ ਨੇ ਕੀਤਾ, ਤਾਂ ਮੈਂ ਤੈਨੂੰ ਇੱਕ ਲੰਬਾ ਜੀਵਨ ਦੇਵਾਂਗਾ।”

15 ਸੁਲੇਮਾਨ ਜਾਗ ਪਿਆ। ਉਹ ਜਾਣਦਾ ਸੀ ਕਿ ਪਰਮੇਸ਼ੁਰ ਨੇ ਉਸ ਨਾਲ ਸੁਪਨੇ ਵਿੱਚ ਗੱਲ ਕੀਤੀ ਸੀ। ਫ਼ਿਰ ਉਹ ਯਰੂਸ਼ਲਮ ਵਿੱਚ ਆਇਆ ਅਤੇ ਯਹੋਵਾਹ ਦੇ ਇਕਰਾਰਨਾਮੇ ਦੇ ਸੰਦੂਕ ਦੇ ਅੱਗੇ ਖਲੋ ਗਿਆ। ਉਸ ਨੇ ਯਹੋਵਾਹ ਨੂੰ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਈਆਂ ਫਿਰ ਉਸ ਨੇ ਉਨ੍ਹਾਂ ਸਭ ਆਗੂਆਂ ਅਤੇ ਕਰਮਚਾਰੀਆਂ ਨੂੰ, ਜਿਨ੍ਹਾਂ ਨੇ ਉਸਦੀ ਰਾਜ ਵਿੱਚ ਹਕੂਮਤ ਕਰਨ ਵਿੱਚ ਮਦਦ ਕੀਤੀ ਸੀ, ਦਾਅਵਤ ਦਿੱਤੀ।

ਸੁਲੇਮਾਨ ਦਾ ਸਿਆਣਪ

16 ਇੱਕ ਦਿਨ ਦੋ ਔਰਤਾਂ ਜਿਹੜੀਆਂ ਕਿ ਵੇਸਵਾਵਾਂ ਸਨ, ਪਾਤਸ਼ਾਹ ਦੇ ਸਾਹਮਣੇ ਆ ਖਲੋਤੀਆਂ। 17 ਉਨ੍ਹਾਂ ਵਿੱਚ ਇੱਕ ਔਰਤ ਨੇ ਕਿਹਾ, “ਮਹਾਰਾਜ! ਇਹ ਔਰਤ ਅਤੇ ਮੈਂ ਇੱਕੋ ਹੀ ਘਰ ਵਿੱਚ ਰਹਿੰਦੀਆਂ ਹਾਂ। ਅਸੀਂ ਦੋਨੋ ਹੀ ਗਰਭਵਤੀਆਂ ਸੀ ਅਤੇ ਬੱਚੇ ਜਣਨ ਵਾਲੀਆਂ ਸਾਂ। ਮੈਂ ਆਪਣੇ ਬੱਚੇ ਨੂੰ ਜਦੋਂ ਜਨਮ ਦਿੱਤਾ ਉਸ ਵਕਤ ਇਹ ਮੇਰੇ ਕੋਲ ਹੀ ਸੀ। 18 ਤਿੰਨਾਂ ਦਿਨਾਂ ਬਾਅਦ ਇਸ ਔਰਤ ਨੇ ਵੀ ਆਪਣੇ ਬੱਚੇ ਨੂੰ ਜਨਮ ਦਿੱਤਾ। ਸਾਡੇ ਨਾਲ ਘਰ ਵਿੱਚ ਹੋਰ ਕੋਈ ਵੀ ਮਨੁੱਖ ਨਹੀਂ ਸੀ, ਸਿਰਫ਼ ਅਸੀਂ ਦੋਨੋ ਹੀ ਘਰ ਵਿੱਚ ਸਾਂ। 19 ਇੱਕ ਰਾਤ, ਉਸ ਔਰਤ ਦਾ ਬੱਚਾ ਮਰ ਗਿਆ ਕਿਉਂ ਕਿ ਉਹ ਉਸ ਉੱਤੇ ਪੈ ਗਈ ਸੀ। 20 ਇਸ ਲਈ ਰਾਤ ਦੇ ਵੇਲੇ ਜਦੋਂ ਮੈਂ ਸੁੱਤੀ ਹੋਈ ਸੀ, ਇਸਨੇ ਮੇਰੇ ਬਿਸਤਰ ਤੋਂ ਮੇਰਾ ਬੱਚਾ ਚੁੱਕ ਲਿਆ ਅਤੇ ਉਹ ਮਰਿਆ ਹੋਇਆ ਬੱਚਾ ਮੇਰੇ ਬਿਸਤਰੇ ਤੇ ਪਾ ਦਿੱਤਾ। 21 ਅਗਲੀ ਸਵੇਰ ਮੈਂ ਆਪਣੇ ਬੱਚੇ ਨੂੰ ਜਦੋਂ ਦੁੱਧ ਪਿਲਾਉਣ ਲਈ ਉੱਠੀ ਤਾਂ ਮੈਂ ਵੇਖਿਆ ਕਿ ਬੱਚਾ ਤਾਂ ਮਰਿਆ ਪਿਆ ਹੈ, ਤਾਂ ਮੈਂ ਇਸ ਬੱਚੇ ਨੂੰ ਹੋਰ ਨਜ਼ਦੀਕ ਤੋਂ ਵੇਖਿਆ ਤਾਂ ਮੈਂ ਜਾਣਿਆ ਕਿ ਇਹ ਮੇਰਾ ਬੱਚਾ ਨਹੀਂ ਹੈ।”

22 ਪਰ ਦੂਜੀ ਔਰਤ ਨੇ ਕਿਹਾ, “ਨਹੀਂ! ਇਹ ਜਿਉਂਦਾ ਬੱਚਾ ਮੇਰਾ ਹੈ ਅਤੇ ਮਰਿਆ ਹੋਇਆ ਤੇਰਾ ਹੈ।”

ਪਰ ਪਹਿਲੀ ਔਰਤ ਨੇ ਆਖਿਆ, “ਨਹੀਂ, ਤੂੰ ਗ਼ਲਤ ਹੈਂ। ਮਰਿਆ ਹੋਇਆ ਬੱਚਾ ਤੇਰਾ ਹੈ ਤੇ ਜਿਉਂਦਾ ਮੇਰਾ ਹੈ!” ਇਸ ਲਈ ਦੋਵੇਂ ਔਰਤਾਂ ਨੇ ਰਾਜੇ ਦੇ ਸਾਹਮਣੇ ਦਲੀਲ ਬਾਜੀ ਕੀਤੀ।

23 ਫ਼ਿਰ ਸੁਲੇਮਾਨ ਪਾਤਸਾਹ ਨੇ ਕਿਹਾ, “ਤੁਸੀਂ ਦੋਨੋ ਹੀ ਇਹ ਆਖ ਰਹੀਆਂ ਹੋ ਕਿ ਜਿਉਂਦਾ ਬੱਚਾ ਤੁਹਾਡਾ ਹੈ ਅਤੇ ਮੋਇਆ ਬੱਚਾ ਤੁਹਾਡਾ ਦੋਨਾਂ ਦਾ ਨਹੀਂ ਹੈ।” 24 ਤਦ ਸੁਲੇਮਾਨ ਪਾਤਸ਼ਾਹ ਨੇ ਆਪਣੇ ਦਾਸ ਨੂੰ ਤਲਵਾਰ ਲੈਣ ਲਈ ਭੇਜਿਆ। 25 ਅਤੇ ਸੁਲੇਮਾਨ ਪਾਤਸ਼ਾਹ ਨੇ ਆਖਿਆ, “ਇਸ ਬੱਚੇ ਨੂੰ ਦੋ ਹਿਸਿਆਂ ਵਿੱਚ ਵੱਢ ਸੁੱਟੋ ਅਤੇ ਇੱਕ-ਇੱਕ ਹਿੱਸਾ ਇਨ੍ਹਾਂ ਦੋਨਾਂ ਔਰਤਾਂ ਨੂੰ ਦੇ ਦੇਵੋ।”

26 ਦੂਜੀ ਔਰਤ ਨੇ ਕਿਹਾ, “ਇਹ ਠੀਕ ਹੈ, ਬੱਚੇ ਦੇ ਦੋ ਟੁਕੜੇ ਕਰ ਦੇਵੋ ਫ਼ਿਰ ਸਾਡੇ ਦੋਹਾਂ ਵਿੱਚੋਂ ਬੱਚਾ ਕਿਸੇ ਨੂੰ ਵੀ ਨਹੀਂ ਮਿਲੇਗਾ।” ਪਰ ਪਹਿਲੀ ਔਰਤ, ਜਿਹੜੀ ਕਿ ਅਸਲੀ ਮਾਂ ਸੀ, ਆਪਣੇ ਪੁੱਤਰ ਲਈ ਰਹਿਮ ਨਾਲ ਭਰੀ ਹੋਈ ਨੇ ਰਾਜੇ ਨੂੰ ਕਿਹਾ, “ਮਾਲਕ ਕ੍ਰਿਪਾ ਕਰਕੇ ਬੱਚੇ ਨੂੰ ਨਾ ਮਾਰੋ, ਇਸ ਨੂੰ ਉਸ ਨੂੰ ਹੀ ਦੇ ਦੇਵੋ।”

27 ਤਦ ਸੁਲੇਮਾਨ ਪਾਤਸ਼ਾਹ ਨੇ ਕਿਹਾ, “ਬੱਚੇ ਨੂੰ ਨਾ ਮਾਰੋ। ਇਹ ਬੱਚਾ ਪਹਿਲੀ ਔਰਤ ਨੂੰ ਦੇ ਦੇਵੋ, ਇਹੀ ਉਸਦੀ ਅਸਲੀ ਮਾਂ ਹੈ।”

28 ਇਸਰਾਏਲ ਦੇ ਲੋਕਾਂ ਨੇ ਸੁਲੇਮਾਨ ਪਾਤਸ਼ਾਹ ਦੇ ਫ਼ੈਸਲੇ ਨੂੰ ਸੁਣਿਆ ਅਤੇ ਉਸਦੀ ਬੜੀ ਇੱਜ਼ਤ ਅਤੇ ਸਤਿਕਾਰ ਕੀਤਾ ਕਿਉਂ ਕਿ ਉਹ ਸਿਆਣਾ ਸੀ। ਉਨ੍ਹਾਂ ਨੇ ਵੇਖਿਆ ਕਿ ਉਸ ਕੋਲ ਸਹੀ ਨਿਆਂ ਦੇਣ ਵਿੱਚ ਰੱਬੀ ਸਿਆਣਪ ਸੀ।

ਸੁਲੇਮਾਨ ਦਾ ਰਾਜ

ਇਉਂ ਸੁਲੇਮਾਨ ਪਾਤਸ਼ਾਹ ਨੇ ਸਾਰੇ ਇਸਰਾਏਲ ਉੱਪਰ ਰਾਜ ਕੀਤਾ। ਉਸ ਦੇ ਸਰਦਾਰ ਇਹ ਸਨ ਜਿਨ੍ਹਾਂ ਨੇ ਰਾਜ ਵਿੱਚ ਉਸਦੀ ਮਦਦ ਕੀਤੀ।

ਸਾਦੋਕ ਜਾਜਕ ਦਾ ਪੁੱਤਰ ਅਜ਼ਰਯਾਹ।

ਸ਼ੀਸ਼ਾ ਦਾ ਪੁੱਤਰ ਅਲੀ ਹੋਰਫ਼ ਅਤੇ ਅਹੀਯਾਹ। ਇਨ੍ਹਾਂ ਦਾ ਕੰਮ ਅਦਾਲਤ ਵਿੱਚ ਵਾਪਰਨ ਵਾਲੀਆਂ ਗੱਲਾਂ ਬਾਰੇ ਲੇਖਾ ਜੋਖਾ ਕਰਨਾ ਸੀ। ਇਹ ਲਿਖਾਰੀ ਦਾ ਕਾਜ ਸੰਭਾਲਦੇ ਸਨ।

ਅਹੀਲੂਦ ਦਾ ਪੁੱਤਰ ਯਹੋਸ਼ਾਫ਼ਾਟ ਲੋਕਾਂ ਦਾ ਇਤਿਹਾਸ ਲਿਖਦਾ ਸੀ।

ਯਹੋਯਾਦਾ ਦਾ ਪੁੱਤਰ ਬਨਾਯਾਹ ਸੈਨਾਪਤੀ ਸੀ।

ਸਾਦੋਕ ਅਤੇ ਅਬਯਾਥਾਰ ਜਾਜਕ ਸਨ।

ਨਾਥਾਨ ਦਾ ਪੁੱਤਰ ਅਜ਼ਰਯਾਹ ਰਾਜਪਾਲਾਂ ਉੱਤੇ ਇੰਚਾਰਜ ਸੀ।

ਨਾਥਾਨ ਦਾ ਪੁੱਤਰ ਜ਼ਾਬੂਦ ਜਾਜਕ ਅਤੇ ਸੁਲੇਮਾਨ ਪਾਤਸ਼ਾਹ ਦਾ ਸਲਾਹਕਾਰ ਸੀ।

ਅਹੀਸ਼ਾਰ ਮਹਿਲ ਦਾ ਇੰਚਾਰਜ ਸੀ।

ਅਬਦਾ ਦਾ ਪੁੱਤਰ ਅਦੋਨੀਰਾਮ ਗੁਲਾਮਾਂ ਦਾ ਇੰਚਾਰਜ ਸੀ।

ਇਸਰਾਏਲ ਨੂੰ 12 ਹਿਸਿਆਂ ਵਿੱਚ ਵੰਡਿਆ ਹੋਇਆ ਸੀ, ਇਨ੍ਹਾਂ 12 ਹਿਸਿਆਂ ਨੂੰ ਜਿਲੇ ਦਾ ਨਾਂ ਦਿੱਤਾ ਗਿਆ ਸੀ। ਅਤੇ ਹਰ ਜਿਲੇ ਉੱਪਰ ਸ਼ਾਸਨ ਕਰਨ ਲਈ ਸੁਲੇਮਾਨ ਇੱਕ ਗਵਰਨਰ ਦੀ ਚੋਣ ਕਰਦਾ। ਇਨ੍ਹਾਂ ਨੂੰ ਇਹ ਹਿਦਾਇਤ ਸੀ ਕਿ ਇਹ ਪਾਤਸ਼ਾਹ ਅਤੇ ਉਸ ਦੇ ਘਰਾਣੇ ਲਈ ਰਸਤ ਲਿਆਉਣ। ਉਨ੍ਹਾਂ ਵਿੱਚੋਂ 12 ਦੇ 12 ਗਵਰਨਰ ਸਾਲ ਦੇ ਇੱਕ-ਇੱਕ ਮਹੀਨੇ ਉਸ ਨੂੰ ਰਸਤ ਪੁੱਜਦਾ ਕਰਦੇ ਸਨ। ਉਨ੍ਹਾਂ 12 ਗਵਰਨਰਾਂ ਦੇ ਨਾਉਂ ਇਸ ਪ੍ਰਕਾਰ ਹਨ:

ਬਨਹੂਰ ਅਫ਼ਰਾਈਮ ਦੇ ਪਹਾੜੀ ਦੇਸ਼ ਵਿੱਚ ਸੀ

ਬਨ-ਦਕਰ, ਮਾਕਸ ਸਆਲਬੀਮ, ਬੈਤ ਸ਼ਮਸ਼ ਅਤੇ ਏਲੋਨ-ਬੈਤ-ਹਨਾਨ ਦੇ ਵਿੱਚ ਸੀ।

10 ਬਨ-ਹਸਦ ਅਰੁਬੋਥ ਵਿੱਚ ਜਿਸ ਲਈ ਸੋਕੋਹ ਅਤੇ ਹੇਫ਼ਰ ਦਾ ਸਾਰਾ ਦੇਸ਼ ਸੀ।

11 ਬਨ ਅਬੀਨਾਦਾਬ ਨਪੋਥ ਦੋਰ ਦਾ ਗਵਰਨਰ ਸੀ, ਜਿਸ ਦੀ ਪਤਨੀ ਸੁਲੇਮਾਨ ਦੀ ਧੀ ਟਾਫਥ ਸੀ।

12 ਅਹੀਲੂਦ ਦਾ ਪੁੱਤਰ ਬਆਨਾ ਤਾਨਾਕ, ਮਗੀਦੋ ਅਤੇ ਸਾਰੇ ਬੈਤ ਸ਼ਾਨ ਦਾ ਰਾਜਪਾਲ ਸੀ ਜਿਹੜਾ ਕਿ ਸਾਰਥਨਾਹ ਤੋਂ ਅੱਗੇ ਹੈ। ਇਹ ਬੈਤ-ਸ਼ਾਨ ਤੋਂ ਮਹੋਲਾਹ ਤੀਕ ਯਿਜ਼ਰਾਏਲ ਤੋਂ ਹੇਠਾਂ ਯਾਕਮਆਮ ਦੇ ਦੂਸਰੇ ਪਾਸੇ ਤੀਕ ਸੀ।

13 ਬਨ-ਗ਼ਬਰ ਰਾਮੋਥ ਗਿਲਆਦ ਵਿੱਚ ਰਾਜਪਾਲ ਸੀ ਅਤੇ ਉਹ ਸਾਰੇ ਗਿਲਆਦ ਵਿੱਚ ਅਤੇ ਮਨੱਸ਼ਹ ਦੇ ਪੁੱਤਰ ਯਾਈਰ ਦੇ ਪਿੰਡ ਜੋ ਗਿਲਆਦ ਵਿੱਚ ਸਨ ਉਸ ਦੇ ਸਨ ਅਤੇ ਅਰਗੋਬ ਦੇ ਹਿੱਸੇ ਨਾਲ ਜੋ ਕਿ ਬਾਸ਼ਾਨ ਵਿੱਚ ਸੀ। ਭਾਵ 60 ਵੱਡੇ ਅਤੇ ਫ਼ਲੀਸ ਵਾਲੇ ਪਿੱਤਲ ਦੇ ਅਰਲਾਂ ਵਾਲੇ ਸ਼ਹਿਰ ਉਸ ਦੇ ਸਨ।

14 ਇੱਦੋ ਦਾ ਪੁੱਤਰ ਅਹੀਨਾਦਾਬ ਮਹਨਇਮ ਵਿੱਚ ਸੀ।

15 ਅਹੀਮਆਸ ਨਫਤਾਲੀ ਵਿੱਚ ਸੀ ਅਤੇ ਉਸ ਨੇ ਸੁਲੇਮਾਨ ਦੀ ਧੀ ਬਾਸਮਥ ਨਾਲ ਵਿਆਹ ਕਰਵਾ ਲਿਆ।

16 ਹੂਸ਼ਈ ਦਾ ਪੁੱਤਰ ਬਅਨਾ ਆਸ਼ੇਰ ਵਿੱਚ ਅਤੇ ਆਲੋਥ ਵਿੱਚ ਸੀ।

17 ਪਾਰੂਆਹ ਦਾ ਪੁੱਤਰ ਯਹੋਸ਼ਾਫ਼ਟ ਯਿੱਸਾਕਾਰ ਵਿੱਚ ਗਵਰਨਰ ਸੀ।

18 ਏਲਾ ਦਾ ਪੁੱਤਰ ਸ਼ਿਮਈ ਬਿਨਯਾਮੀਨ ਵਿੱਚ ਸੀ।

19 ਊਰੀ ਦਾ ਪੁੱਤਰ ਗਬਰ ਗਿਲਆਦ ਦੇ ਦੇਸ਼ ਵਿੱਚ ਜੋ ਅੰਮੋਰੀਆਂ ਦੇ ਰਾਜੇ ਸੀਹੋਨ ਅਤੇ ਬਾਸ਼ਾਨ ਦੇ ਰਾਜੇ ਓਗ ਦਾ ਦੇਸ਼ ਸੀ ਅਤੇ ਉਸ ਦੇਸ਼ ਦਾ ਉਹ ਇੱਕਲਾ ਗਵਰਨਰ ਸੀ।

20 ਯਹੂਦਾਹ ਅਤੇ ਇਸਰਾਏਲ ਵਿੱਚ ਅਨੇਕਾਂ ਲੋਕ ਰਹਿੰਦੇ ਸਨ। ਉਨ੍ਹਾਂ ਦੀ ਗਿਣਤੀ ਸਮੁੰਦਰ ਕਿਨਾਰੇ ਰੇਤਾਂ ਦੇ ਕਣਾਂ ਵਾਂਗ ਬਹੁਤ ਜ਼ਿਆਦਾ ਸੀ। ਲੋਕ ਖਾ-ਪੀ ਕੇ ਸ਼ਾਂਤੀ ਨਾਲ ਰਹਿੰਦੇ ਸਨ ਅਤੇ ਉਹ ਖੁਸ਼ ਸਨ।

21 ਸੁਲੇਮਾਨ ਨੇ ਫ਼ਰਾਤ ਦਰਿਆ ਤੋਂ ਲੈ ਕੇ ਫ਼ਲਿਸਤੀ ਇਲਾਕੇ ਤੀਕ ਦੇ ਸਾਰੇ ਰਾਜਾਂ ਤੇ ਸ਼ਾਸਨ ਕੀਤਾ। ਮਿਸਰ ਦੀ ਹੱਦ ਤੀਕ ਉਸਦਾ ਰਾਜ ਫੈਲਿਆ ਹੋਇਆ ਸੀ। ਇਨ੍ਹਾਂ ਦੇਸ਼ਾਂ ਨੇ ਸੁਲੇਮਾਨ ਨੂੰ ਨਜ਼ਰਾਨੇ ਘੱਲੇ ਉਸ ਦੇ ਜਿਉਂਦੇ ਜੀਅ ਉਸ ਦੇ ਆਦੇਸ਼ਾਂ ਦਾ ਪਾਲਣ ਕੀਤਾ।

22-23 ਇੰਨਾ ਅੰਨ ਦਾ ਭੰਡਾਰ ਸੀ ਜਿਹੜਾ ਕਿ ਸੁਲੇਮਾਨ ਨੂੰ ਪ੍ਰਤਿ ਦਿਨ ਲੋੜੀਂਦਾ ਸੀ ਆਪਣੇ ਤੇ ਆਪਣੇ ਸਾਥੀਆਂ ਲਈ ਜੋ ਉਸਦੀ ਰਸੋਈ ’ਚ ਖਾਂਦੇ ਸਨ: 225 ਮਣ ਮੈਦਾ, 450 ਮਣ ਆਟਾ, 10 ਮੋਟੇ ਬਲਦ ਅਤੇ ਚਰਾਈ ਵਿੱਚੋਂ 20 ਗਾਵਾਂ, 100 ਭੇਡਾਂ ਅਤੇ ਜੰਗਲੀ ਜਾਨਵਰ ਜਿਵੇਂ ਕਿ ਕਈ ਤਰ੍ਹਾਂ ਦੇ ਜੰਗਲੀ ਹਿਰਨ, ਪਾਹੜੇ ਅਤੇ ਮੋਟੇ ਕੁੱਕੜ ਆਦਿ।

24 ਸੁਲੇਮਾਨ ਨੇ ਦਰਿਆ ਦੇ ਪੱਛਮੀ ਇਲਾਕੇ ਦੇ ਸਾਰੇ ਦੇਸ਼ਾਂ ਉੱਪਰ ਰਾਜ ਕੀਤਾ। ਇਹ ਜ਼ਮੀਨ ਤਿਫਸਾਹ ਤੋਂ ਲੈ ਕੇ ਅੱਜ਼ਾਹ ਤੀਕ ਸੀ ਅਤੇ ਸੁਲੇਮਾਨ ਦੇ ਰਾਜ ਵਿੱਚ ਸਾਰੇ ਪਾਸੇ ਸ਼ਾਂਤੀ ਸੀ। 25 ਸੁਲੇਮਾਨ ਦੇ ਜੀਵਨ ਕਾਲ ਵਿੱਚ ਯਹੂਦਾਹ ਅਤੇ ਇਸਰਾਏਲ ਵਿੱਚੋਂ ਹਰ ਮਨੁੱਖ ਆਪਣੇ ਅੰਗੂਰ ਅਤੇ ਹੰਜੀਰ ਹੇਠ, ਦਾਨ ਤੋਂ ਲੈ ਕੇ ਬਏਰਸ਼ਬਾ ਤੀਕ ਸ਼ਾਂਤੀ ਅਤੇ ਸੁਰੱਖਿਆ ’ਚ ਰਹਿੰਦਾ ਸੀ।

26 ਸੁਲੇਮਾਨ ਕੋਲ 4,000 ਰੱਥਾਂ ਦੇ ਘੋੜੇ ਰੱਖਣ ਲਈ ਤਬੇਲੇ ਸਨ, ਅਤੇ ਉਸ ਦੇ ਕੋਲ 12,000 ਘੋੜ ਸਵਾਰ ਸੈਨਾ ਦੇ ਆਦਮੀ ਸਨ। 27 ਹਰ ਮਹੀਨੇ ਇਹ ਰਜਵਾੜੇ ਗਵਰਨਰ ਆਪਣੀ ਵਾਰੀ ਆਉਣ ਤੇ ਇੱਕ ਮਹੀਨਾ ਭਰ ਸੁਲੇਮਾਨ ਪਾਤਸ਼ਾਹ ਲਈ ਅਤੇ ਉਨ੍ਹਾਂ ਸਭਨਾਂ ਲਈ ਜੋ ਉਸ ਦੇ ਲੰਗਰ ਵਿੱਚੋਂ ਖਾਂਦੇ ਸਨ, ਰਸਤ ਅਪੜਾਉਂਦੇ ਸਨ, ਅਤੇ ਇਸ ਗੱਲ ਵਿੱਚ ਉਹ ਕਿਸੇ ਕਿਸਮ ਦੀ ਕਿਰਸ ਨਹੀਂ ਸੀ ਕਰਦੇ। 28 ਰਾਜਪਾਲਾਂ ਨੇ ਸਵਾਰੀ ਘੋੜਿਆਂ ਲਈ ਅਤੇ ਰੱਥਾਂ ਦੇ ਘੋੜਿਆਂ ਲਈ ਚਾਰਾ ਅਤੇ ਜੌਂ ਵੀ ਦਿੱਤੇ। ਹਰ ਰਾਜਪਾਲ ਨੇ, ਆਪਣੀ ਵਾਰੀ ਵੇਲੇ, ਇਸ ਚਾਰੇ ਨੂੰ ਲੋੜੀਂਦੀ ਜਗ੍ਹਾ ਤੇ ਪਹੁੰਚਾਇਆ।

ਸੁਲੇਮਾਨ ਦੀ ਸਿਆਣਪ

29 ਪਰਮੇਸ਼ੁਰ ਨੇ ਸੁਲੇਮਾਨ ਨੂੰ ਕੁਝ ਵੱਧੇਰੇ ਹੀ ਸਿਆਣਪ ਅਤੇ ਸੂਝ ਦਿੱਤੀ, ਅਤੇ ਗਿਆਨ ਦਿੱਤਾ ਜੋ ਸਮੁੰਦਰ ਕਿਨਾਰੇ ਦੀ ਰੇਤੇ ਦੀ ਤਰ੍ਹਾਂ ਮਿਣਿਆ ਨਹੀਂ ਜਾ ਸੱਕਦਾ ਸੀ। 30 ਸੁਲੇਮਾਨ ਕੋਲ ਪੂਰਬ ਵਿੱਚਲੇ ਸਾਰੇ ਲੋਕਾਂ ਨਾਲੋਂ ਵੱਧੇਰੇ ਸਿਆਣਪ ਸੀ। ਉਹ ਮਿਸਰ ਵਿੱਚਲੇ ਸਾਰੇ ਸਿਆਣੇ ਲੋਕਾਂ ਨਾਲੋ ਵੱਧੇਰੇ ਸਿਆਣਾ ਸੀ। 31 ਉਹ ਧਰਤੀ ਦੇ ਕਿਸੇ ਵੀ ਮਨੁੱਖ ਤੋਂ ਕਿਤੇ ਵੱਧ ਸਿਆਣਾ ਸੀ, ਉਹ ਏਥਾਨ ਅਜ਼ਰਾਹੀ ਅਤੇ ਹੇਮਾਨ ਅਤੇ ਮਾਹੋਲ ਦੇ ਪੁੱਤਰ ਕਲਕੋਲ ਅਤੇ ਦਰਦਾ ਨਾਲੋਂ ਵੀ ਕਿਤੇ ਵੱਧ ਬੁੱਧੀਮਾਨ ਸੀ ਅਤੇ ਉਸਦਾ ਨਾਉਂ ਆਲੇ-ਦੁਆਲੇ ਇਸਰਾਏਲ ਦੇ ਅਤੇ ਯਹੂਦਾਹ ਵਿੱਚ ਸਾਰਿਆਂ ਵਿੱਚੋਂ ਮਹਾਨ ਸੀ ਅਤੇ ਪ੍ਰਸਿੱਧ ਸੀ। 32 ਆਪਣੇ ਜੀਵਨ ਕਾਲ ਵਿੱਚ ਸੁਲੇਮਾਨ ਨੇ 3,000 ਕਹਾਉਤਾਂ ਰਚੀਆਂ ਅਤੇ 1,005 ਗੀਤਾਂ ਦੀ ਰਚਨਾ ਕੀਤੀ।

33 ਸੁਲੇਮਾਨ ਨੂੰ ਪ੍ਰਕਿਰਤੀ ਬਾਰੇ ਵੀ ਬੜਾ ਗਿਆਨ ਸੀ। ਉਸ ਨੇ ਹਰ ਤਰ੍ਹਾਂ ਦੇ ਪੌਦਿਆਂ ਅਤੇ ਰੁੱਖਾਂ ਬਾਰੇ, ਲਬਾਲੋਨ ਦੇ ਦਿਆਰ ਦੇ ਰੁੱਖਾਂ ਤੋਂ ਲੈ ਕੇ ਕੰਧਾਂ ਉੱਤੇ ਉਗਦੀਆਂ ਛੋਟੀਆਂ ਵੇਲਾਂ ਤਾਈਂ ਸਮਝਾਇਆ। ਉਸ ਨੇ ਜਾਨਵਰਾਂ, ਪੰਛੀਆਂ, ਰੀਂਗਣ ਵਾਲੇ ਜੀਵਾਂ ਅਤੇ ਮੱਛੀਆਂ ਬਾਰੇ ਸਮਝਾਇਆ। 34 ਦੂਰ-ਦੂਰ ਦੇ ਰਾਜਾਂ ਤੋਂ ਲੋਕ ਸੁਲੇਮਾਨ ਦੀ ਸਿਆਣਪ ਦੀਆਂ ਗੱਲਾਂ ਸੁਣਨ ਅਤੇ ਉਸਤੋਂ ਗਿਆਨ ਲੈਣ ਆਉਂਦੇ। ਸਭ ਰਾਜਾਂ ਦੇ ਰਾਜੇ ਆਪਣੇ ਸਿਆਣੇ ਲੋਕਾਂ ਨੂੰ ਸੁਲੇਮਾਨ ਪਾਤਸ਼ਾਹ ਦੀ ਸਿਆਣਪ ਤੇ ਗਿਆਨ ਭਰਪੂਰ ਪ੍ਰਵਚਨਾਂ ਨੂੰ ਸੁਣਨ ਲਈ ਭੇਜਦੇ।

ਸੁਲੇਮਾਨ, ਮੰਦਰ ਨੂੰ ਉਸਾਰਦਾ

ਸੂਰ ਦਾ ਰਾਜਾ ਹੀਰਾਮ ਸੀ, ਅਤੇ ਹਮੇਸ਼ਾ ਦਾਊਦ ਦਾ ਮਿੱਤਰ ਰਿਹਾ। ਜਦੋਂ ਉਸ ਨੇ ਸੁਣਿਆ ਕਿ ਦਾਊਦ ਤੋਂ ਬਾਅਦ ਉਸਦਾ ਪੁੱਤਰ ਸੁਲੇਮਾਨ ਪਾਤਸ਼ਾਹ ਬਣ ਗਿਆ ਹੈ ਤਾਂ ਉਸ ਨੇ ਅਪਣੇ ਸੇਵਕਾਂ ਨੂੰ ਸੁਲੇਮਾਨ ਕੋਲ ਭੇਜਿਆ। ਤਾਂ ਸੁਲੇਮਾਨ ਪਾਤਸ਼ਾਹ ਨੇ ਹੀਰਾਮ ਰਾਜੇ ਨੂੰ ਇਉਂ ਆਖਿਆ:

“ਤੂੰ ਜਾਣਦਾ ਹੈਂ ਕਿ ਮੇਰਾ ਪਿਤਾ ਦਾਊਦ ਯਹੋਵਾਹ ਆਪਣੇ ਪਰਮੇਸ਼ੁਰ ਦੇ ਨਾਮ ਦੇ ਲਈ ਇੱਕ ਭਵਨ ਨਾ ਬਣਾ ਸੱਕਿਆ, ਕਿਉਂ ਜੋ ਉਹ ਆਪਣੇ ਆਲੇ-ਦੁਆਲੇ ਲੜਾਈਆਂ ’ਚ ਘਿਰਿਆ ਰਿਹਾ। ਉਹ ਉਨੀਂ ਦੇਰ ਲੜਾਈਆਂ ਲੜਦਾ ਰਿਹਾ ਜਦ ਤੀਕ ਕਿ ਯਹੋਵਾਹ ਨੇ ਉਨ੍ਹਾਂ ਸਭਨਾਂ ਨੂੰ ਉਸ ਦੇ ਪੈਰਾਂ ਹੇਠ ਨਾ ਕੀਤਾ। ਪਰ ਹੁਣ ਯਹੋਵਾਹ ਮੇਰੇ ਪਰਮੇਸ਼ੁਰ ਨੇ ਮੈਨੂੰ ਚੁਫ਼ੇਰਿਓ ਆਰਾਮ ਦਿੱਤਾ ਹੈ ਕਿਉਂ ਜੋ ਹੁਣ ਨਾ ਕੋਈ ਮੇਰਾ ਵਿਰੋਧੀ ਹੈ ਅਤੇ ਨਾ ਹੀ ਹੁਣ ਕੋਈ ਖਤਰਾ ਹੈ।

“ਯਹੋਵਾਹ ਨੇ ਮੇਰੇ ਪਿਤਾ ਦਾਊਦ ਨਾਲ ਇਕਰਾਰ ਕਰਕੇ ਆਖਿਆ ਸੀ, ‘ਮੈਂ ਤੇਰੇ ਉਪਰੰਤ ਤੇਰੇ ਪੁੱਤਰ ਨੂੰ ਪਾਤਸ਼ਾਹ ਠਹਿਰਾਵਾਂਗਾ ਅਤੇ ਉਹ ਮੈਨੂੰ ਸਤਿਕਾਰਨ ਲਈ ਇੱਕ ਮੰਦਰ ਦਾ ਨਿਰਮਾਣ ਕਰੇਗਾ।’ ਹੁਣ, ਮੈਂ ਯਹੋਵਾਹ ਆਪਣੇ ਪਰਮੇਸ਼ੁਰ ਦਾ ਸਤਿਕਾਰ ਕਰਨ ਲਈ ਉਸ ਮੰਦਰ ਦਾ ਨਿਰਮਾਣ ਕਰਨ ਦੀ ਵਿਉਂਤ ਬਣਾਈ ਹੈ। ਇਸ ਲਈ ਮੈਂ ਤੇਰੀ ਮਦਦ ਚਾਹੁੰਦਾ ਹਾਂ। ਕਿਰਪਾ ਕਰਕੇ ਤੂੰ ਆਪਣੇ ਸੇਵਕਾਂ ਨੂੰ ਲਬਾਨੋਨ ਭੇਜ ਓੱਥੇ ਉਹ ਮੇਰੇ ਲਈ ਦਿਆਰ ਦੇ ਰੁੱਖ ਵੱਢਣ। ਮੇਰੇ ਸੇਵਕ ਤੇਰੇ ਸੇਵਕਾਂ ਦੇ ਨਾਲ ਕੰਮ ਕਰਨਗੇ। ਜੋ ਮਜਦੂਰੀ ਤੂੰ ਆਪਣੇ ਸੇਵਕਾਂ ਲਈ ਠਹਿਰਾਵੇਂਗਾ ਮੈਂ ਅਦਾ ਕਰਾਂਗਾ। ਮੇਰੇ ਤਰਖਾਣ ਸਿਦੋਨ ਦੇ ਤਰਖਾਣਾਂ ਜਿੰਨੇ ਕੁਸ਼ਲ ਨਹੀਂ ਹਨ।”

ਜਦੋਂ ਹੀਰਾਮ ਨੇ ਸੁਲੇਮਾਨ ਦਾ ਆਖਿਆ ਸੁਣਿਆ, ਤਾਂ ਉਹ ਬੜਾ ਖੁਸ਼ ਸੀ। ਅਤੇ ਕਿਹਾ, “ਅੱਜ, ਮੈਂ ਯਹੋਵਾਹ ਦਾ, ਦਾਊਦ ਨੂੰ ਇਸ ਮਹਾਨ ਕੌਮ ਉੱਤੇ ਸ਼ਾਸਨ ਕਰਨ ਲਈ ਅਜਿਹਾ ਸਿਆਣਾ ਪੁੱਤਰ ਦੇਣ ਲਈ ਧੰਨਵਾਦ ਕਰਦਾ ਹਾਂ।” ਤਦ ਹੀਰਾਮ ਨੇ ਸੁਲੇਮਾਨ ਨੂੰ ਇੱਕ ਸੁਨੇਹਾ ਭੇਜਿਆ ਅਤੇ ਆਖਿਆ,

“ਜੋ ਤੂੰ ਮੈਥੋਂ ਮੰਗਿਆ ਮੈਂ ਸੁਣ ਲਿਆ ਹੈ। ਮੈਂ ਤੈਨੂੰ ਲੋੜੀਂਦੇ ਦਿਆਰ ਅਤੇ ਚੀਲ ਦੀਆਂ ਸ਼ਤੀਰਾਂ ਦੇਵਾਂਗਾ। ਮੇਰੇ ਨੌਕਰ ਲਬਾਨੋਨ ਤੋਂ ਸਮੁੰਦਰ ਤੀਕ ਲੱਕੜ ਲਿਆਉਣਗੇ। ਫ਼ਿਰ ਮੈਂ ਉਨ੍ਹਾਂ ਨੂੰ ਇਕੱਠੀਆਂ ਬੰਨ੍ਹਵਾ ਕੇ ਜਿਸ ਥਾਂ ਤੇ ਤੂੰ ਚਾਹੇਂ ਉੱਥੇ ਪਹੁੰਚਦਾ ਕਰ ਦੇਵਾਂਗਾ। ਉਥੇ ਮੈਂ ਉਨ੍ਹਾਂ ਨੂੰ ਤੋੜ ਦਿਵਾਂਗਾ ਤਾਂ ਜੋ ਤੂੰ ਉਹ ਦਰੱਖਤ ਪ੍ਰਾਪਤ ਕਰ ਸੱਕੇਂ। ਬਦਲੇ ’ਚ, ਤੂੰ ਮੈਨੂੰ ਮੇਰੇ ਮਹਿਲ ਲਈ ਲੋੜੀਂਦੇ ਭੋਜਨ ਦੀ ਪੂਰਤੀ ਕਰੇਂਗਾ।”

10 ਹੀਰਾਮ ਨੇ ਸੁਲੇਮਾਨ ਨੂੰ ਦਿਆਰ ਅਤੇ ਚੀਲ ਕੇ ਰੁੱਖ ਉਸਦੀ ਜਰੂਰਤ ਅਨੁਸਾਰ ਦਿੱਤੇ।

11 ਸੁਲੇਮਾਨ ਨੇ 12,000 ਬੁਸ਼ਲ [d] ਕਣਕ ਅਤੇ 12,000 ਗੈਲਣ [e] ਸ਼ੁੱਧ ਜ਼ੈਤੂਨ ਦਾ ਤੇਲ ਹੀਰਾਮ ਨੂੰ ਉਸ ਦੇ ਪਰਿਵਾਰ ਦੇ ਵਰਤੋਂ ਲਈ ਹਰ ਸਾਲ ਭੇਜਦਾ ਹੁੰਦਾ ਸੀ।

12 ਯਹੋਵਾਹ ਨੇ ਸੁਲੇਮਾਨ ਨੂੰ ਬੁੱਧੀ ਦਿੱਤੀ ਜਿਵੇਂ ਉਸ ਨੇ ਉਸ ਨਾਲ ਇਕਰਾਰ ਕੀਤਾ ਸੀ, ਅਤੇ ਇਉਂ ਹੀਰਾਮ ਅਤੇ ਸੁਲੇਮਾਨ ਆਪਸ ਵਿੱਚ ਸ਼ਾਂਤੀ ਵਿੱਚ ਸਨ। ਇਨ੍ਹਾਂ ਦੋਨਾਂ ਪਾਤਸ਼ਾਹਾਂ ਨੇ ਆਪਸ ਵਿੱਚਕਾਰ ਸੰਧੀ ਕੀਤੀ ਹੋਈ ਸੀ।

13 ਤਾਂ ਸੁਲੇਮਾਨ ਪਾਤਸ਼ਾਹ ਨੇ ਸਾਰੇ ਇਸਰਾਏਲ ਵਿੱਚੋਂ 30,000 ਮਨੁੱਖਾਂ ਨੂੰ ਆਪਣੇ ਕੰਮ ਵਿੱਚ ਮਦਦ ਲਈ ਮਜ਼ਬੂਰ ਕੀਤਾ। 14 ਸੁਲੇਮਾਨ ਪਾਤਸ਼ਾਹ ਨੇ ਇਨ੍ਹਾਂ ਸਾਰੇ ਮਨੁੱਖਾਂ ਦੇ ਮੁਖੀਆ ਅਦੋਨੀਰਾਮ ਨੂੰ ਠਹਰਾਇਆ। ਸੁਲੇਮਾਨ ਨੇ ਇਨ੍ਹਾਂ 30,000 ਮਨੁੱਖਾਂ ਨੂੰ ਤਿੰਨਾਂ ਟੁਕੜੀਆਂ ਵਿੱਚ ਵੰਡਿਆ। ਹਰ ਧੜੇ ਵਿੱਚ 10,000 ਆਦਮੀ ਰੱਖੇ। ਹਰ ਧੜਾ ਇੱਕ ਮਹੀਨੇ ਲਈ ਲਬਾਨੋਨ ਵਿੱਚ ਕੰਮ ਕਰਦਾ ਅਤੇ ਫ਼ਿਰ ਦੋ ਮਹੀਨਿਆਂ ਲਈ ਘਰ ਨੂੰ ਜਾਂਦਾ। 15 ਸੁਲੇਮਾਨ ਨੇ 80,000 ਆਦਮੀਆਂ ਨੂੰ ਪਹਾੜੀ ਇਲਾਕੇ ਵਿੱਚ ਕੰਮ ਲਾਇਆ ਜਿਹੜੇ ਕਿ ਪਹਾੜੀ ਚੱਟਾਨਾਂ ਨੂੰ ਕੱਟਣ ਦਾ ਕੰਮ ਕਰਦੇ ਸਨ ਅਤੇ 70,000 ਉਹ ਕਾਮੇ ਸਨ ਜਿਹੜੇ ਕਿ ਉਸ ਪੱਥਰ ਨੂੰ ਢੋਁਦੇ ਸਨ। 16 3,300 ਕਰਮਚਾਰੀ ਕੰਮ ਕਰ ਰਹੇ ਲੋਕਾਂ ਦੀ ਨਿਗਰਾਨੀ ਕਰਨ ਲਈ ਰੱਖੇ ਗਏ ਸਨ। 17 ਸੁਲੇਮਾਨ ਪਾਤਸ਼ਾਹ ਨੇ ਮੰਦਰ ਦੀ ਨੀਹ ਲਈ ਉਨ੍ਹਾਂ ਨੂੰ ਵੱਡੇ ਅਤੇ ਵੱਧੀਆ ਕਿਸਮ ਦੇ ਪੱਥਰ ਕੱਟਣ ਲਈ ਕਿਹਾ ਸੀ। ਇਹ ਪੱਥਰ ਧਿਆਨ ਨਾਲ ਕੱਟੇ ਗਏ ਸਨ। 18 ਤਾਂ ਸੁਲੇਮਾਨ ਅਤੇ ਹੀਰਾਮ ਦੇ ਆਦਮੀਆਂ ਅਤੇ ਗਬਿਲੀਆਂ ਦੇ ਆਦਮੀਆਂ ਨੇ ਪੱਥਰ ਨੂੰ ਤਰਾਸ਼ਿਆ। ਅਤੇ ਉਨ੍ਹਾਂ ਨੇ ਮੰਦਰ ਦੀ ਉਸਾਰੀ ਲਈ ਪੱਥਰ ਲੱਕੜ ਦੀਆਂ ਸ਼ਤੀਰਾਂ ਅਤੇ ਤਿਆਰ ਕਰ ਲਏ।

ਸੁਲੇਮਾਨ ਦਾ ਮੰਦਰ ਉਸਾਰਣਾ

ਇਉਂ ਸੁਲੇਮਾਨ ਨੇ ਮੰਦਰ ਉਸਾਰਨਾ ਸ਼ੁਰੂ ਕਰ ਦਿੱਤਾ। ਇਹ ਇਸਰਾਏਲੀਆਂ ਦੇ ਮਿਸਰ ਨੂੰ ਛੱਡਣ ਤੋਂ 480 ਵਰ੍ਹੇ ਬਾਦ ਹੋਇਆ। ਇਹ ਰਾਜੇ ਸੁਲੇਮਾਨ ਦੇ ਇਸਰਾਏਲ ਉੱਤੇ ਚੌਥੇ ਵਰ੍ਹੇ ਵਿੱਚ ਜ਼ਿਵ ਦੇ ਮਹੀਨੇ ਦੋਰਾਨ, ਵਰ੍ਹੇ ਦੇ ਦੂਸਰੇ ਮਹੀਨੇ ਦੌਰਾਨ ਵਿੱਚ ਸੀ। ਇਹ ਮੰਦਰ ਸਾਢੇ 60 ਹੱਥ ਲੰਬਾ, ਸਾਢੇ 20 ਹੱਥ ਚੌੜਾ ਅਤੇ 30 ਹੱਥ ਉੱਚਾ ਸੀ। ਇਸ ਮੰਦਰ ਦਾ ਦਾਲਾਨ ਸਾਢੇ 20 ਹੱਥ ਲੰਬਾ ਅਤੇ ਸਵਾ 10 ਹੱਥ ਚੌੜਾ ਸੀ। ਅਤੇ ਇਹ ਦਾਲਾਨ ਮੰਦਰ ਦੇ ਮੁੱਖ ਭਾਗ ਦੇ ਬਿਲਕੁਲ ਸਾਹਮਣੇ ਪਾਸੇ ਨਿਕਲਦਾ ਸੀ ਅਤੇ ਇਸਦੀ ਲੰਬਾਈ ਮੰਦਰ ਦੀ ਚੌੜਾਈ ਦੇ ਬਰਾਬਰ ਸੀ ਇਸਦੀਆਂ ਖਿੜਕੀਆਂ ਬਾਹਰਲੇ ਪਾਸੇ ਨੂੰ ਤੰਗ ਅਤੇ ਅੰਦਰਲੇ ਪਾਸੇ ਵੱਲ ਨੂੰ ਵਡੀਆਂ ਸਨ, ਜਿਹੜੀਆਂ ਕਿ ਜਾਲੀਦਾਰ ਸਨ। ਫ਼ਿਰ ਸੁਲੇਮਾਨ ਨੇ ਮੰਦਰ ਦੀ ਦੀਵਾਰ ਦੇ ਨਾਲ-ਨਾਲ ਚੁਫ਼ੇਰੇ ਕੋਠੜੀਆਂ ਬਣਾਈਆਂ ਮੰਦਰ ਦੇ ਮੁੱਖ ਹਿੱਸੇ ਦੇ ਨਾਲ ਇਹ ਕੋਠੜੀਆਂ ਇੱਕ ਦੂਜੇ ਦੇ ਉੱਪਰ ਤਿੰਨ ਮੰਜ਼ਿਲਾਂ ਬਣਵਾਈਆਂ। ਕਮਰੇ ਮੰਦਰ ਦੀ ਕੰਧ ਨੂੰ ਛੂੰਹਦੇ ਸਨ, ਪਰ ਕੰਧ ਵਿੱਚ ਸ਼ਤੀਰੀਆਂ ਨਹੀਂ ਪਾਈਆਂ ਗਈਆਂ ਸਨ। ਮੰਦਰ ਦੀ ਕੰਧ ਟੀਸੀ ਤੋਂ ਪਤਲੀ ਹੋ ਗਈ, ਤਾਂ ਕਮਰੇ ਦੇ ਇੱਕ ਪਾਸੇ ਦੀ ਕੰਧ ਇਸਦੀ ਹੇਠਲੀ ਕੰਧ ਤੋਂ ਪਤਲੀ ਹੋ ਗਈ। ਹੇਠਲੀ ਮੰਜ਼ਿਲ ਦੇ ਕਮਰੇ 5 ਹੱਥ ਚੌੜੇ, ਪਹਿਲੀ ਮੰਜ਼ਿਲ ਦੇ ਕਮਰੇ 6 ਹੱਥ ਚੌੜੇ ਅਤੇ ਉਤ੍ਤਲੀ ਮੰਜ਼ਿਲ ਦੇ ਕਮਰੇ ਸਾਢੇ 7 ਹੱਥ ਚੌੜੇ ਸਨ। ਕਾਮਿਆਂ ਨੇ ਕੰਧਾਂ ਬਨਾਉਣ ਲਈ ਵੱਡੇ ਪੱਥਰ ਦਾ ਇਸਤੇਮਾਲ ਕੀਤਾ, ਪੱਥਰ ਓੱਥੇ ਹੀ ਕੱਟੇ ਗਏ ਸਨ, ਜਿੱਥੇ ਉਹ ਮਿਲੇ ਸਨ। ਇਸ ਲਈ ਮੰਦਰ ਵਿੱਚ ਹਥੌੜੇ, ਕੁਹਾੜੀ ਜਾਂ ਕਿਸੇ ਹੋਰ ਲੋਹੇ ਦੇ ਔਜਾਰ ਦੀ ਆਵਾਜ਼ ਨਹੀਂ ਸੀ।

ਹੇਠਲੀ ਮੰਜ਼ਿਲ ਦੇ ਕਮਰਿਆਂ ਦਾ ਪ੍ਰਵੇਸ਼ ਮੰਦਰ ਦੇ ਦੱਖਣੀ ਹਿੱਸੇ ਵੱਲੋਂ ਸੀ ਅਤੇ ਉਸ ਦੇ ਅੰਦਰਲੇ ਪਾਸਿਓ ਪੌੜੀਆਂ ਦੂਜੀ ਮੰਜ਼ਿਲ ਨੂੰ ਅਤੇ ਫ਼ੇਰ ਤੀਜੀ ਮੰਜ਼ਿਲ ਨੂੰ ਜਾਂਦੀਆਂ ਸਨ।

ਸੋ ਸੁਲੇਮਾਨ ਨੇ ਮੰਦਰ ਨੂੰ ਇਉਂ ਮੁਕੰਮਲ ਕੀਤਾ ਅਤੇ ਮੰਦਰ ਦੇ ਹਰ ਹਿੱਸੇ ਨੂੰ ਦਿਆਰ ਦੇ ਫ਼ਟਾਂ ਅਤੇ ਸ਼ਤੀਰਾਂ ਨਾਲ ਕੱਜਿਆ। 10 ਸੁਲੇਮਾਨ ਨੇ ਮੰਦਰ ਦੇ ਆਲੇ-ਦੁਆਲੇ ਵੀ ਕਮਰੇ ਬਣਾਏ। ਹਰ ਮੰਜ਼ਿਲ 5 ਹੱਥ ਉੱਚੀ ਸੀ ਅਤੇ ਇਨ੍ਹਾਂ ਕਮਰਿਆਂ ਵਿੱਚਲੀਆਂ ਸ਼ਤੀਰੀਆਂ ਮੰਦਰ ਨੂੰ ਛੁੰਹਦੀਆਂ ਸਨ।

11 ਯਹੋਵਾਹ ਨੇ ਸੁਲੇਮਾਨ ਨੂੰ ਆਖਿਆ, 12 “ਜੇਕਰ ਤੂੰ ਮੇਰੇ ਸਾਰੇ ਨਿਆਵਾਂ ਅਤੇ ਬਿਧੀਆਂ ਨੂੰ ਮੰਨੇ, ਮੈਂ ਤੇਰੇ ਲਈ ਇਕਰਾਰ ਨੂੰ ਪੂਰਿਆਂ ਕਰਾਂਗਾ ਜੋ ਮੈਂ ਤੇਰੇ ਪਿਤਾ ਦਾਊਦ ਨਾਲ ਕੀਤਾ ਸੀ। 13 ਇਸ ਮੰਦਰ ਕਾਰਣ ਜੋ ਤੂੰ ਉਸਾਰ ਰਿਹਾ ਹੈਂ, ਇੱਥੇ ਮੈਂ ਇਸਰਾਏਲ ਦੇ ਲੋਕਾਂ ਦਰਮਿਆਨ ਰਹਾਂਗਾ ਅਤੇ ਮੈਂ ਉਨ੍ਹਾਂ ਨੂੰ ਕਦੇ ਨਹੀਂ ਛੱਡਾਂਗਾ।”

ਮੰਦਰ ਬਾਰੇ ਵੇਰਵਾ

14 ਸੋ ਸੁਲੇਮਾਨ ਨੇ ਮੰਦਰ ਬਣਵਾਇਆ ਅਤੇ ਉਸ ਨੂੰ ਸੰਪੂਰਨ ਕੀਤਾ। 15 ਉਸ ਨੇ ਮੰਦਰ ਦੀਆਂ ਅੰਦਰਲੀਆਂ ਕੰਧਾਂ, ਛੱਤ ਤੋਂ ਲੈ ਕੇ ਫ਼ਰਸ਼ ਤਾਈਂ ਦਿਆਰ ਦੀ ਲੱਕੜ ਨਾਲ ਢੱਕ ਦਿੱਤੀਆਂ ਅਤੇ ਉਸ ਨੇ ਫ਼ਰਸ਼ ਨੂੰ ਸਰੂ ਦੀ ਲੱਕੜ ਨਾਲ ਢੱਕ ਦਿੱਤਾ। 16 ਉਸ ਨੇ ਮੰਦਰ ਦੇ ਪਿੱਛਲੇ ਹਿੱਸੇ ਵਿੱਚ 20 ਹੱਥ ਦਾ ਇੱਕ ਕਮਰਾ ਬਣਵਾਇਆ ਅਤੇ ਇਸ ਕਮਰੇ ਦੀਆਂ ਕੰਧਾਂ, ਛੱਤ ਤੋਂ ਲੈ ਕੇ ਫ਼ਰਸ਼ ਤਾਈਂ ਦਿਆਰ ਦੀ ਲੱਕੜੇ ਨਾਲ ਢੱਕ ਦਿੱਤੀਆਂ। ਇਸ ਕਮਰੇ ਨੂੰ ਅੱਤ ਪਵਿੱਤਰ ਸਥਾਨ ਹੋਣ ਲਈ ਪਹਿਲਾਂ ਹੀ ਮਿਥਿਆ ਗਿਆ ਸੀ। 17 ਇਸ ਅੱਤ ਪਵਿੱਤਰ ਅਸਥਾਨ ਦੇ ਸਾਹਮਣੇ ਮੰਦਰ ਦਾ ਮੁੱਖ ਭਾਗ ਸੀ। ਇਹ ਕਮਰਾ 40 ਹੱਥ ਲੰਬਾ ਸੀ। 18 ਇਸ ਕਮਰੇ ਦੀਆਂ ਦੀਵਾਰਾਂ ਨੂੰ ਦਿਆਰ ਦੇ ਫ਼ਟਾਂ ਨਾਲ ਕੱਜਿਆ ਗਿਆ-ਇਸ ਨਾਲ ਦੀਵਾਰ ਤੇ ਲੱਗੇ ਪੱਥਰ ਨਜ਼ਰ ਨਹੀਂ ਸੀ ਆਉਂਦੇ ਅਤੇ ਇਨ੍ਹਾਂ ਦਿਆਰ ਦੇ ਫਟਾਂ ਉੱਪਰ ਉਨ੍ਹਾਂ ਨੇ ਫੁੱਲ ਵੇਲ-ਬੂਟਿਆਂ ਦੀ ਨਕਾਸ਼ੀ ਕੀਤੀ। ਇਹ ਫ਼ੁੱਲਾਂ ਦੀ ਨਕਾਸ਼ੀ ਤੇ ਵੇਲ ਤੇ ਲੱਗੇ ਫ਼ੁੱਲ ਜਾਰ ਦੀ ਸ਼ਕਲ ਦੇ ਬਣਕੇ ਸੁੱਕੇ ਹੋਏ ਸਖਤ ਫ਼ੁੱਲਾਂ ਦਾ ਪ੍ਰਭਾਵ ਪਾਉਂਦੇ ਸਨ।

19 ਮੰਦਰ ਵਿੱਚ ਅੰਦਰਲੇ ਪਾਸੇ ਵਿੱਚ ਇੱਕ ਕੋਠੜੀ ਸੀ ਤਾਂ ਜੋ ਉੱਥੇ ਯਹੋਵਾਹ ਦੇ ਨੇਮ ਦਾ ਸੰਦੂਕ ਰੱਖਿਆ ਜਾ ਸੱਕੇ। 20 ਇਹ ਕਮਰਾ ਸਾਢੇ 20 ਹੱਥ ਲੰਬਾ ਤੇ ਸਾਢੇ 20 ਹੱਥ ਹੀ ਚੌੜਾ ਅਤੇ 20 ਹੱਥ ਉੱਚਾ ਸੀ। 21 ਸੁਲੇਮਾਨ ਨੇ ਇਸ ਕਮਰੇ ਨੂੰ ਸ਼ੁੱਧ ਸੋਨੇ ਨਾਲ ਢੱਕਿਆ। ਉਸ ਨੇ ਕਮਰੇ ਦੇ ਸਾਹਮਣੇ ਇੱਕ ਜਗਵੇਦੀ ਬਣਵਾਈ ਅਤੇ ਇਸ ਨੂੰ ਸੋਨੇ ਨਾਲ ਢੱਕ ਦਿੱਤਾ ਅਤੇ ਇਸਦੇ ਦੁਆਲੇ ਸੋਨੇ ਦੇ ਸੰਗਲ ਪੁਆਏ। ਇਸ ਕਮਰੇ ਵਿੱਚ, ਕਰੂਬੀ ਫਰਿਸਤਿਆਂ ਦੀਆਂ ਦੋ ਮੂਰਤਾਂ ਰੱਖੀਆਂ ਗਈਆਂ ਸਨ ਅਤੇ ਇਨ੍ਹਾਂ ਨੂੰ ਵੀ ਸੋਨੇ ਨਾਲ ਢੱਕਿਆ ਗਿਆ ਸੀ। 22 ਇਉਂ ਸਾਰੇ ਦਾ ਸਾਰਾ ਮੰਦਰ ਹੀ ਸੋਨੇ ਨਾਲ ਕੱਜਿਆ ਗਿਆ ਇੱਥੋਂ ਤੱਕ ਕਿ ਅੱਤ ਪਵਿੱਤਰ ਅਸਥਾਨ ਦੇ ਸਾਹਮਣੇ ਜਗਵੇਦੀ ਨੂੰ ਵੀ ਸੋਨੇ ਨਾਲ ਕੱਜਿਆ ਗਿਆ।

23 ਕਾਮਿਆਂ ਨੇ ਵਿੱਚਲੇ ਕਮਰੇ ਵਿੱਚ ਖੰਭਾ ਵਾਲੇ ਦੋ ਕਰੂਬੀ ਫ਼ਰਿਸ਼ਤੇ ਜ਼ੈਤੂਨ ਦੀ ਲੱਕੜ ਤੋਂ ਬਣਾਏ ਜਿਨ੍ਹਾਂ ਨੂੰ ਖੰਭ ਵੀ ਲਾਏ, ਅਤੇ ਇਨ੍ਹਾਂ ਨੂੰ ਅੱਤ ਪਵਿੱਤਰ ਅਸਥਾਨ ਉੱਪਰ ਰੱਖਿਆ ਗਿਆ। ਹਰ ਦੂਤ ਸਵਾ 5 ਹੱਥ ਲੰਬਾ ਸੀ। 24-26 ਦੋਵੇਂ ਕਰੂਬੀ ਫਰਿਸ਼ਤੇ ਇੱਕੋ ਨਾਪ ਅਤੇ ਇੱਕੋ ਢੰਗ ਦੇ ਬਣੇ ਹੋਏ ਸਨ। ਹਰੇਕ ਦੇ 5 ਹੱਥ ਲੰਬੇ ਦੋ ਖੰਭ ਸਨ। ਇੱਕ ਖੰਭ ਦੇ ਕੋਨੇ ਤੋਂ ਦੂਜੇ ਤਾਈਂ ਦਾ ਫ਼ਾਸਲਾ 10 ਹੱਥ ਸੀ। ਦੋਵੇਂ ਕਰੂਬੀ ਫ਼ਰਿਸਤੇ 10 ਹੱਥ ਉੱਚੇ ਸਨ। 27 ਉਸ ਨੇ ਦੋਨਾਂ ਕਰੂਬੀ ਫਰਿਸ਼ਤਿਆਂ ਨੂੰ ਮੰਦਰ ਦੇ ਅੰਦਰਲੇ ਵੱਲ ਰੱਖਿਆ ਅਤੇ ਉਨ੍ਹਾਂ ਨੇ ਆਪਣੇ ਖੰਭ ਖਿਲਾਰੇ ਹੋਏ ਸਨ। ਇੱਕ ਕਰੂਬੀ ਫਰਿਸ਼ਤੇ ਦਾ ਖੰਭ ਇੱਕ ਕੰਧ ਨਾਲ ਅਤੇ ਦੂਜੇ ਕਰੂਬੀ ਫਰਿਸ਼ਤੇ ਦਾ ਖੰਭ ਦੂਜੀ ਕੰਧ ਨਾਲ ਲੱਗਿਆ ਹੋਇਆ ਸੀ ਅਤੇ ਉਨ੍ਹਾਂ ਦੇ ਖੰਭ ਮੰਦਰ ਵਿੱਚ ਇੱਕ ਦੂਜੇ ਨਾਲ ਲੱਗਦੇ ਸਨ। 28 ਅਤੇ ਉਸ ਨੇ ਇਨ੍ਹਾਂ ਦੋਨੋ ਕਰੂਬੀ ਫਰਿਸ਼ਤਿਆਂ ਉੱਤੇ ਵੀ ਸੋਨਾ ਚੜ੍ਹਾਇਆ ਹੋਇਆ ਸੀ।

29 ਮੰਦਰ ਦੀਆਂ ਸਾਰੀਆਂ ਦੀਵਾਰਾਂ ਉੱਪਰ ਕਰੂਬੀਆਂ, ਖਜ਼ੂਰਾਂ, ਖਿੜੇ ਹੋਏ ਫ਼ੁੱਲਾਂ ਦੀਆਂ ਮੂਰਤਾਂ ਸਨ ਜੋ ਉਸ ਨੇ ਉਕਰ ਕੇ ਅੰਦਰਲੇ ਵਾਰ ਅਤੇ ਬਾਹਰ ਵਾਰ ਬਣਵਾਈਆਂ ਹੋਈਆਂ ਸਨ। 30 ਅਤੇ ਦੋਨੋ ਕਮਰਿਆਂ ਦੇ ਫ਼ਰਸ਼ਾਂ ਉੱਪਰ ਵੀ ਸੋਨਾ ਚੜ੍ਹਾਇਆ ਹੋਇਆ ਸੀ।

31 ਮਜ਼ਦੂਰਾਂ ਨੇ ਦੋ ਦਰਵਾਜ਼ੇ ਜੈਤੂਨ ਦੀ ਲੱਕੜ ਤੋਂ ਬਣਾਏ ਅਤੇ ਇਨ੍ਹਾਂ ਨੂੰ ਅੱਤ ਪਵਿੱਤਰ ਸਥਾਨ ਦੇ ਪ੍ਰਵੇਸ਼ ਦੁਆਰ ਤੇ ਲਗਾਇਆ। ਦਰਵਾਜ਼ੇ ਦੇ ਦੁਆਲੇ ਫ਼ਰੇਮ ਦੇ ਪੰਜ ਪਾਸੇ ਸਨ। 32 ਉਨ੍ਹਾਂ ਨੇ ਇਹ ਦੋ ਦਰਵਾਜ਼ੇ ਜੈਤੂਨ ਦੀ ਲੱਕੜ ਦੇ ਬਣਾਕੇ ਉਸ ਉੱਪਰ ਕਰੂਬੀ ਫਰਿਸ਼ਤਿਆਂ ਦੀਆਂ, ਖਜ਼ੂਰ ਦੇ ਬਿਰਛ ਅਤੇ ਫ਼ੁੱਲਾਂ ਦੀਆਂ ਮੂਰਤਾਂ ਉੱਕਰੀਆਂ ਅਤੇ ਇਨ੍ਹਾਂ ਉੱਪਰ ਸੋਨਾ ਚੜ੍ਹਾਇਆ।

33 ਅਤੇ ਉਨ੍ਹਾਂ ਨੇ ਮੁਖ ਕਮਰੇ ਦੇ ਪ੍ਰਵੇਸ਼ ਦੁਆਰ ਲਈ ਵੀ ਦਰਵਾਜ਼ੇ ਬਣਾਏ ਅਤੇ ਉਸ ਲਈ ਵੀ ਉਨ੍ਹਾਂ ਨੇ ਜੈਤੂਨ ਦੀ ਲੱਕੜ ਦੀ ਚੁਗਾਠ ਬਣਾਈ। 34 ਉਸ ਦੇ ਦੋਨੋ ਬੂਹੇ ਚੀਲ ਦੀ ਲੱਕੜ ਦੇ ਸਨ। 35 ਉੱਥੇ ਦੋ ਦਰਵਾਜ਼ੇ ਬਣਾਏ ਗਏ ਅਤੇ ਹਰ ਦਰਵਾਜ਼ੇ ਦੇ ਦੋ ਹਿੱਸੇ ਸਨ ਜਿਹੜੇ ਕਿ ਆਪਸ ਵਿੱਚ ਭੀੜੇ (ਢੋਏ) ਜਾਂਦੇ ਸਨ ਅਤੇ ਉਨ੍ਹਾਂ ਉੱਪਰ ਵੀ ਉਨ੍ਹਾਂ ਕਰੂਬੀ ਫਰਿਸ਼ਤਿਆਂ, ਖਜੂਰਾਂ ਤੇ ਫ਼ੁੱਲਾਂ ਦੀਆਂ ਮੂਰਤਾਂ ਉੱਕਰੀਆਂ ਸਨ ਫ਼ਿਰ ਉਨ੍ਹਾਂ ਨੂੰ ਉਸ ਨੇ ਸੋਨੇ ਨਾਲ ਢੱਕਿਆ।

36 ਫ਼ਿਰ ਉਨ੍ਹਾਂ ਨੇ ਅੰਦਰਲਾ ਵਿਹੜਾ ਬਣਾਇਆ। ਉਨ੍ਹਾਂ ਨੇ ਇਸ ਵਿਹੜੇ ਦੇ ਆਸ-ਪਾਸ ਦੀਵਾਰ ਬਣਾਈ। ਹਰ ਦੀਵਾਰ ਤਿੰਨ ਰਦੇ ਘੜੇ ਹੋਏ ਪੱਥਰ ਦੇ ਅਤੇ ਇੱਕ ਰਦਾ ਦਿਆਰ ਦੀ ਲੱਕੜ ਦਾ ਬਣਾਇਆ।

37 ਚੌਥੇ ਸਾਲ ਵਿੱਚ, ਜ਼ਿਵ ਦੇ ਮਹੀਨੇ ਵਿੱਚ, ਮੰਦਰ ਦੀਆਂ ਨੀਂਹਾਂ ਰੱਖੀਆਂ ਗਈਆਂ ਸਨ। 38 ਮੰਦਰ ਸਾਲ ਦੇ ਅੱਠਵੇਂ ਮਹੀਨੇ, ਬੂਲ ਦੇ ਮਹੀਨੇ ਵਿੱਚ ਖਤਮ ਹੋਇਆ। ਇਹ ਸੁਲੇਮਾਨ ਦੇ ਸ਼ਾਸਨ ਦੇ ਗਿਆਰ੍ਹਵੇਂ ਵਰ੍ਹੇ ਵਿੱਚ ਸੀ। ਮੰਦਰ ਨਕਸ਼ੇ ਅਨੁਸਾਰ ਹੀ ਬਣਇਆ ਗਿਆ ਸੀ।

ਸੁਲੇਮਾਨ ਦਾ ਮਹਿਲ

ਸੁਲੇਮਾਨ ਪਾਤਸ਼ਾਹ ਨੇ ਆਪਣੇ ਲਈ ਵੀ ਇੱਕ ਮਹਿਲ ਬਣਵਾਇਆ। ਉਸ ਦੇ ਮਹਿਲ ਨੂੰ ਪੂਰੇ ਹੋਣ ਵਿੱਚ ਤੇਰ੍ਹਾਂ ਵਰ੍ਹੇ ਲੱਗੇ। ਉਸ ਨੇ ਇੱਕ ਹੋਰ ਵੀ ਇਮਾਰਤ ਬਣਵਾਈ ਜਿਸ ਨੂੰ “ਲਬਾਨੋਨ ਜੰਗਲ ਦਾ ਮਹਿਲ” ਆਖਿਆ ਜਾਂਦਾ ਸੀ। ਇਹ ਇਮਾਰਤ 100 ਹੱਥ ਮੀਟਰ ਲੰਬੀ ਅਤੇ 50 ਹੱਥ ਮੀਟਰ ਚੌੜੀ ਅਤੇ 30 ਹੱਥ ਮੀਟਰ ਉਚਾਈ ਦੀ ਸੀ। ਇਸ ਤੇ ਦਿਆਰ ਦੇ ਰੁੱਖਾਂ ਤੋਂ ਬਣੇ ਥੰਮਾਂ ਦੀਆਂ ਚਾਰ ਪਾਲਾਂ ਸਨ। ਹਰ ਥੰਮ ਦੇ ਉਪਰਲੇ ਪਾਸੇ ਇੱਕ ਦਿਆਰ ਦਾ ਤਾਜ ਸੀ। ਉਨ੍ਹਾਂ ਬਾਲਿਆਂ ਨੂੰ ਉੱਪਰਲੀ ਵੱਲੋਂ ਦਿਆਰ ਨਾਲ ਕੱਜਿਆ ਗਿਆ ਜਿਹੜੇ ਪਤਲੀਆਂ ਥੰਮਾਂ ਉੱਪਰ ਸਨ ਅਤੇ ਇੱਕ-ਇੱਕ ਲਾਈਨ ਵਿੱਚ ਪੰਦਰ੍ਹਾਂ-ਪੰਦਰ੍ਹਾਂ ਸਨ। ਇਉਂ ਕੁੱਲ ਮਿਲਾ ਕੇ ਇਹ 45 ਸਨ। ਤਿੰਨ ਪਾਲਾਂ ਚੁਗਾਠਾਂ ਦੀਆਂ ਸਨ ਅਤੇ ਖਿੜਕੀਆਂ ਆਹਮੋ-ਸਾਹਮਣੇ ਤਿੰਨ ਲਾਈਨਾਂ ਵਿੱਚ ਸਨ। ਹਰ ਇੱਕ ਦੇ ਅਖੀਰ ਵਿੱਚ ਇਉਂ ਕੁੱਲ ਤਿੰਨ ਦਰਵਾਜ਼ੇ ਸਨ ਅਤੇ ਸਾਰੇ ਦਰਵਾਜ਼ੇ ਅਤੇ ਚੁਗਾਠਾਂ ਚੌਰਸ ਸਨ।

ਸੁਲੇਮਾਨ ਨੇ “ਥੰਮਾਂ ਦਾ ਵਿਹੜਾ” ਵੀ ਬਣਵਾਇਆ। ਇਹ 50 ਹੱਥ ਮੀਟਰ ਲੰਬਾ ਅਤੇ 30 ਹੱਥ ਮੀਟਰ ਚੌੜਾ ਸੀ ਅਤੇ ਇਨ੍ਹਾਂ ਥੰਮਾਂ ਉੱਪਰ ਇੱਕ ਛੱਤ ਸੀ।

ਉਸ ਨੇ ਸਿੰਘਾਸਣ ਲਈ ਇੱਕ ਕਮਰਾ ਬਣਵਾਇਆ ਜਿੱਥੇ ਉਸ ਨੇ ਲੋਕਾਂ ਨੂੰ ਨਿਆਂ ਦਿੱਤਾ ਅਤੇ ਇਸ ਨੂੰ “ਨਿਆਂ ਦਾ ਕਮਰਾ” ਸੱਦਿਆ। ਇਹ ਕਮਰਾ ਥੱਲਿਓਂ ਲੈ ਕੇ ਛੱਤ ਤੀਕ ਦਿਆਰ ਨਾਲ ਬਣਿਆ ਹੋਇਆ ਸੀ।

ਜਿਸ ਮਹਿਲ ਵਿੱਚ ਸੁਲੇਮਾਨ ਰਹਿੰਦਾ ਸੀ, ਨਿਆਂ ਦੇ ਕਮਰੇ ਦੇ ਪਿੱਛੇ ਦੂਸਰੇ ਵਿਹੜੇ ਵਿੱਚ ਸੀ। ਇਸ ਨੂੰ ਅਦਾਲਤ ਵਾਂਗ ਬਣਾਇਆ ਗਿਆ ਸੀ। ਉਸ ਨੇ ਅਜਿਹਾ ਹੀ ਮਹਿਲ ਆਪਣੀ ਪਤਨੀ, ਮਿਸਰ ਦੇ ਰਾਜੇ ਦੀ ਧੀ ਲਈ ਵੀ ਬਣਵਾਇਆ।

ਇਹ ਸਾਰੀਆਂ ਇਮਾਰਤਾਂ, ਅੰਦਰੋਂ ਅਤੇ ਬਾਹਰੋ ਸਮਤਲ ਕਰਕੇ, ਸਭ ਤੋਂ ਵੱਧੀਆਂ ਕਿਸਮ ਦੇ ਪੱਥਰ ਤੋਂ ਬਣਾਈਆਂ ਗਈਆਂ ਸਨ। ਇਹ ਪੱਥਰ ਅੰਦਰੋਂ ਅਤੇ ਬਾਹਰੋ ਆਰਾ ਵਰਤ ਕੇ ਸਹੀ ਮਾਪ ਅਨੁਸਾਰ ਚੀਰੇ ਗਏ ਸਨ ਇਹ ਨੀਂਹਾਂ ਤੋਂ ਲੈ ਕੇ ਕੰਧਾਂ ਦੀ ਟੀਸੀ ਤੀਕ ਇਸਤੇਮਾਲ ਕੀਤੇ ਗਏ ਸਨ। ਵਿਹੜੇ ਦੇ ਦੁਆਲੇ ਦੀ ਕੰਧ ਵੀ ਸਭ ਤੋਂ ਵੱਧੀਆ ਕਿਸਮ ਦੇ ਪੱਥਰ ਤੋਂ ਬਣੀ ਹੋਈ ਸੀ। 10 ਭਵਨ ਦੀ ਬੁਨਿਆਦ ਤੇ ਨੀਹਾਂ ਨੂੰ ਵੱਡੇ ਵੱਡੇ ਅਤੇ ਕੀਮਤੀ ਪੱਥਰਾਂ ਨਾਲ ਬਣਾਇਆ ਗਿਆ ਜਿਹੜੇ ਕਿ ਸਵਾ 10 ਹੱਥ ਲੰਬੇ ਤੇ ਕੁਝ 8 ਹੱਥ ਲੰਬੇ ਸਨ। 11 ਉਨ੍ਹਾਂ ਪੱਥਰ ਦੇ ਉੱਪਰ ਸਹੀ ਮਾਪ ਦੇ ਚੀਰੇ ਹੋਏ ਕੁਝ ਹੋਰ ਸਭ ਤੋਂ ਵੱਧੀਆ ਕਿਸਮ ਦੇ ਪੱਥਰ ਅਤੇ ਦਿਆਰ ਦੀਆਂ ਸ਼ਤੀਰੀਆਂ ਵੀ ਸਨ। 12 ਓੱਥੇ ਮਹਿਲ ਦੇ ਵਿਹੜੇ ਦੇ ਦੁਆਲੇ, ਮੰਦਰ ਦੇ ਵਿਹੜੇ ਅਤੇ ਮੰਦਰ ਦੇ ਪ੍ਰਵੇਸ਼ ਵਾਲੇ ਕਮਰੇ ਦੇ ਦੁਆਲੇ ਕੰਧਾਂ ਸਨ। ਇਹ ਕੰਧਾਂ ਪੱਥਰਾਂ ਦੀਆਂ ਤਿੰਨਾਂ ਕਤਾਰਾਂ ਅਤੇ ਦਿਆਰ ਦੀ ਲੱਕੜ ਤੋਂ ਬਣੀ ਇੱਕ ਕਤਾਰ ਦੀਆਂ ਬਣੀਆਂ ਹੋਈਆਂ ਸਨ।

13 ਸੁਲੇਮਾਨ ਨੇ ਸੂਰ ਦੇ ਹੀਰਾਮ ਨਾਮੀ ਆਦਮੀ ਨੂੰ ਇੱਕ ਸੁਨੇਹਾ ਭੇਜਿਆ ਅਤੇ ਉਸ ਨੂੰ ਯਰੂਸ਼ਲਮ ਵਿੱਚ ਲੈ ਆਂਦਾ। 14 ਉਹ ਨਫ਼ਤਾਲੀ ਪਰਿਵਾਰ-ਸਮੂਹ ਵਿੱਚੋਂ ਇੱਕ ਵਿਧਵਾ ਦਾ ਪੁੱਤਰ ਸੀ, ਅਤੇ ਉਸਦਾ ਪਿਤਾ ਸੂਰ ਤੋਂ, ਇੱਕ ਠਠਿਆਰ ਸੀ। ਉਹ ਇੱਕ ਬਹੁਤ ਚੰਗਾ ਕਾਰੀਗਰ ਸੀ ਜੋ ਕਾਂਸੇ ਦੀਆਂ ਚੀਜ਼ਾ ਬਣਾਉਂਦਾ ਸੀ। ਇਸੇ ਲਈ ਪਾਤਸ਼ਾਹ ਸੁਲੇਮਾਨ ਨੇ ਉਸ ਨੂੰ ਸੱਦਾ ਦਿੱਤਾ ਅਤੇ ਹੀਰਾਮ ਨੇ ਸੱਦਾ ਕਬੂਲ ਲਿਆ। ਸੁਲੇਮਾਨ ਨੇ ਉਸ ਨੂੰ ਕਾਂਸੇ ਦਾ ਕੰਮ ਕਰਨ ਵਾਲੇ ਸਾਰੇ ਆਦਮੀਆਂ ਦਾ ਇੰਚਾਰਜ ਬਣਾ ਦਿੱਤਾ।

15 ਹੀਰਾਮ ਨੇ ਕਾਂਸੇ ਦੇ ਦੋ ਥੰਮ ਬਣਾਏ। ਦੋਨੋ ਥੰਮ 18 ਹੱਥ ਉੱਚੇ ਅਤੇ ਘੇਰ ਵਿੱਚ 12 ਹੱਥ ਸਨ। ਥੰਮ ਖੋਖਲੇ ਸਨ ਅਤੇ ਧਾਤ ਦੀ ਮੋਟਾਈ 3 ਇੰਚ ਸੀ। 16 ਹੀਰਾਮ ਨੇ ਥੰਮਾਂ ਦੇ ਉੱਪਰ ਪਾਉਣ ਲਈ ਦੋ ਕਾਂਸੇ ਦੇ ਗੁੰਬਦ ਬਣਾਏ। ਹਰ ਇੱਕ ਦੀ ਉੱਚਾਈ 5 ਹੱਥ ਸੀ। 17 ਫ਼ੇਰ ਉਸ ਨੇ ਥੰਮਾਂ ਉੱਪਰ ਗੁੰਬਦਾਂ ਨੂੰ ਢੱਕਣ ਲਈ ਜੰਜੀਰੀਆਂ ਦੇ ਦੋ ਜਾਲ ਬਣਾਏ। ਓੱਥੇ ਹਰ ਇੱਕ ਗੁੰਬਦ ਲਈ ਸੱਤ ਜੰਜੀਰੀਆਂ ਸਨ। 18 ਫ਼ੇਰ ਉਸ ਨੇ ਸਜਾਵਟ ਦੀਆਂ ਦੋ ਕਤਾਰਾਂ ਬਣਾਈਆਂ ਜਿਹੜੀਆਂ ਅਨਾਰਾਂ ਵਰਗੀਆਂ ਦਿਖਦੀਆਂ ਸਨ। ਉਸ ਨੇ ਕਾਂਸੇ ਦੇ ਇਨ੍ਹਾਂ ਅਨਾਰਾਂ ਨੂੰ ਥੰਮਾਂ ਉੱਪਰ ਗੁਂਬਦਾਂ ਨੂੰ ਢੱਕਦੀਆਂ, ਜਾਲੀਆਂ ਉੱਤੇ ਪਾ ਦਿੱਤਾ। 19 ਪੰਜ ਹੱਥ ਉੱਚੇ ਥੰਮਾਂ ਉੱਪਰ ਪਾਏ ਗੁਂਬਦ, ਫੁੱਲਾਂ ਦੇ ਅਕਾਰ ਦੇ ਸਨ। 20 ਥੰਮਾਂ ਦੇ ਗੁੰਬਦ ਉੱਪਰ ਵੱਲ ਉਭਾਰ ਤਾਈਂ ਵੱਧਾਏ ਗਏ ਸਨ ਜੋ ਕਿ ਜੰਜੀਰੀਆਂ ਦੀ ਜਾਲੀ ਦੇ ਪਾਸੇ ਤੇ ਸੀ। ਦੋ ਗੁੰਬਦਾਂ ਦੇ ਆਲੇ-ਦੁਆਲੇ ਦੀਆਂ ਕਤਾਰਾਂ ਵਿੱਚ 200 ਅਨਾਰ ਸਨ। 21 ਹੀਰਾਮ ਨੇ ਇਨ੍ਹਾਂ ਥੰਮਾਂ ਨੂੰ ਮੰਦਰ ਦੇ ਵਰਾਂਡੇ ਕੋਲ ਟਿਕਾ ਦਿੱਤਾ। ਇੱਕ ਥੰਮ ਸੱਜੇ ਪਾਸੇ ਟਿਕਾਇਆ ਅਤੇ ਉਸਦਾ ਨਾਉਂ ਯਾਕੀਨ ਰੱਖਿਆ ਅਤੇ ਦੂਜਾ ਥੰਮ ਖੱਬੇ ਪਾਸੇ ਟਿਕਾਇਆ ਅਤੇ ਉਸਦਾ ਨਾਉਂ ਬੋਅਜ਼ ਰੱਖਿਆ। 22 ਉੱਸਨੇ ਫੁੱਲਾਂ ਦੇ ਅਕਾਰ ਦੇ ਗੁੰਬਦ ਥੰਮਾਂ ਦੇ ਉੱਪਰ ਪਾ ਦਿੱਤੇ। ਇਉ, ਦੋ ਥੰਮਾਂ ਦਾ ਕੰਮ ਸੰਪੂਰਨ ਹੋਇਆ।

23 ਫ਼ੇਰ ਹੀਰਾਮ ਨੇ ਕਾਂਸੇ ਦਾ ਇੱਕ ਗੋਲ ਹੌਦ ਬਣਾਇਆ ਜੋ “ਸਾਗਰ” ਕਹਾਉਂਦਾ ਸੀ। ਇਹ ਹੌਦ ਘੇਰੇ ਵਿੱਚ 30 ਹੱਥ, ਵਿਆਸ ਵਿੱਚ 10 ਹੱਥ ਅਤੇ 5 ਹੱਥ ਡੂੰਘਾ ਸੀ। 24 ਹੌਁਦ ਦੇ ਦੁਆਲੇ, ਇਸਦੇ ਰਿਂਮ ਦੇ ਹੇਠਾਂ ਕਾਂਸੇ ਦੇ ਗੋਲੇ ਸਨ। ਗੋਲੇ ਇੱਕੋ ਜਿਹੇ ਬਣਾਕੇ ਹੌਦ ਦੇ ਆਲੇ- ਦੁਆਲੇ ਵਿਛਾਏ ਹੋਏ ਸਨ ਅਤੇ ਦੋ ਕਤਾਰਾਂ ਵਿੱਚ ਸਨ। 25 ਹੌਦ ਕਾਂਸੇ ਦੇ 12 ਬਲਦਾਂ ਉੱਤੇ ਟਿਕਿਆ ਹੋਇਆ ਸੀ। ਤਿੰਨਾਂ ਬਲਦਾਂ ਦੇ ਚਿਹਰੇ ਉੱਤਰ ਵੱਲ, ਤਿੰਨਾਂ ਦੇ ਚਿਹਰੇ ਪੂਰਬ ਵੱਲ, ਤਿਨਾਂ ਦੇ ਚਿਹਰੇ ਦੱਖਣ ਵੱਲ ਅਤੇ ਤਿੰਨਾਂ ਦੇ ਚਿਹਰੇ ਪੱਛਮ ਵੱਲ ਸਨ, ਇਨ੍ਹਾਂ ਦੇ ਲੱਕ ਅੰਦਰਲੇ ਪਾਸੇ ਨੂੰ ਮੁੜੇ ਹੋਏ ਸਨ। 26 ਹੌਦ ਦੀ ਚਾਦਰ ਦੀ ਮੋਟਾਈ 3 ਇੰਚ ਸੀ ਅਤੇ ਉਸ ਦੇ ਕੰਢੇ ਕਟੋਰੇ ਦੇ ਕੰਢਿਆਂ ਵਰਗੇ ਜਾਂ ਫੁੱਲਾਂ ਦੀ ਪੱਤੀਆਂ ਦੇ ਆਕਾਰ ਦੇ ਘੜੇ ਹੋਏ ਸਨ ਅਤੇ ਇਸ ਹੌਦ ਵਿੱਚ 11,000 ਗੇਲਣ ਪਾਣੀ ਸਮਾ ਜਾਂਦਾ ਸੀ।

27 ਫ਼ੇਰ ਹੀਰਾਮ ਨੇ 10 ਕਾਂਸੇ ਦੇ ਗੱਡੇ ਬਣਾਏ। ਹਰ ਗੱਡਾ 4 ਹੱਥ ਲੰਬਾ, 4 ਹੱਥ ਚੌੜਾ ਅਤੇ 3 ਹੱਥ ਉੱਚਾ ਸੀ। 28 ਇਹ ਗੱਡੇ ਫ਼ਰੇਮਾਂ ’ਚ ਜੜੇ ਫੱਟਿਆਂ ਤੋਂ ਬਣੇ ਹੋਏ ਸਨ। 29 ਇਨ੍ਹਾਂ ਫ਼ਰੇਮਾਂ ਉੱਪਰ ਸ਼ੇਰ, ਬਲਦ ਅਤੇ ਕਰੂਬੀ ਫ਼ਰਿਸ਼ਤੇ ਬਣੇ ਹੋਏ ਸਨ। ਇਨ੍ਹਾਂ ਸ਼ੇਰਾਂ ਤੇ ਬਲਦਾਂ ਦੇ ਉੱਪਰ ਤੇ ਥੱਲੇ, ਕਾਂਸੇ ਦੇ ਫ਼ੁੱਲ ਠੋਕ ਕੇ ਲਗਾਏ ਗਏ ਸਨ। 30 ਹਰ ਗੱਡੇ ਦੇ ਕਾਂਸੇ ਦੇ ਧੁਰਾਂ ਉੱਤੇ ਕਾਂਸੇ ਦੇ 4 ਪਹੀਏ ਸਨ ਕਿਨਾਰਿਆਂ ਤੇ ਕਟੋਰੇ ਲਈ ਸਹਾਰੇ ਸਨ। ਇਨ੍ਹਾਂ ਸਾਰਿਆਂ ਉੱਪਰ ਫੁੱਲ ਕਾਂਸੇ ਵਿੱਚ ਠੋਕੇ ਹੋਏ ਸਨ। 31 ਕਟੋਰੇ ਲਈ, ਇੱਕ ਫ਼ਰੇਮ ਬਣਾਇਆ ਗਿਆ ਸੀ। ਇਹ ਕਟੋਰੇ ਉੱਤੇ 1 ਹੱਥ ਤਾਈਂ ਸੀ। ਕਟੋਰੇ ਦਾ ਪ੍ਰਵੇਸ਼ ਗੋਲ ਸੀ, ਅਤੇ ਇਸਦਾ ਵਿਆਸ ਡੇਢ ਹੱਥ ਸੀ ਅਤੇ ਫ਼ਰੇਮ ਉੱਪਰ ਕਾਂਸੇ ਦੇ ਫੁੱਲ ਉਕਰੇ ਹੋਏ ਸਨ। ਇਹ ਫ਼ਰੇਮ ਗੋਲ ਨਾ ਹੋਕੇ ਚੌਰਸ ਸੀ। 32 ਫ਼ਰੇਮ ਦੇ ਥੱਲੇ ਚਾਰ ਪਹੀਏ ਸਨ। ਇਹ ਪਹੀਏ ਵਿਆਸ ਵਿੱਚ ਡੇਢ ਹੱਥ ਸਨ। ਪਹੀਆਂ ਦੇ ਧੁਰੇ ਗੱਡੇ ਵਿੱਚ ਲੱਗੇ ਹੋਏ ਸਨ। 33 ਪਹੀਏ ਰੱਥ ਦੇ ਪਹੀਆਂ ਵਰਗੇ ਸਨ। ਪਹੀਆਂ ਦਾ ਹਰ ਹਿੱਸਾ, ਉਨ੍ਹਾਂ ਦੇ ਧੁਰੇ, ਤਾਰਾਂ, ਚੱਕੇ ਅਤੇ ਹੱਥਾਂ ਕਾਂਸੇ ਦੀਆਂ ਬਣੀਆਂ ਹੋਈਆਂ ਸਨ।

34 ਹਰ ਗੱਡੇ ਦੇ ਚਾਰੇ ਕੋਨਿਆਂ ਤੇ ਚਾਰ ਆਸਰੇ ਸਨ ਜੋ ਕਿ ਗੱਡੇ ਨਾਲ ਇੱਕੋ ਹੀ ਟੁਕੜੇ ਵਿੱਚ ਬਣੇ ਹੋਏ ਸਨ। 35 ਹਰ ਗੱਡੇ ਦੇ ਉੱਪਰਲੇ ਪਾਸੇ ਇੱਕ ਕਾਂਸੇ ਦੀ ਅੱਧ ਹੱਥ ਉੱਚੀ ਪੱਟੀ ਸੀ। 36 ਗੱਡੇ ਦੀ ਬਾਡੀ ਅਤੇ ਫ਼ਰੇਮ ਤੇ ਕਰੂਬੀ ਫ਼ਰਿਸ਼ਤੇ, ਸ਼ੇਰ ਅਤੇ ਖਜੂਰ ਦੇ ਰੁੱਖ ਕਾਂਸੇ ਵਿੱਚ ਉਕਰੇ ਹੋਏ ਸਨ। ਇਹ ਮੀਨਾਕਾਰੀ ਜਿੱਥੇ ਵੀ ਗੱਡੇ ਤੇ ਜਗ੍ਹਾ ਸੀ ਕੀਤੀ ਗਈ ਸੀ ਅਤੇ ਗੱਡੇ ਦੇ ਦੁਆਲੇ ਫ਼ੁੱਲ ਉਕਰੇ ਹੋਏ ਸਨ। 37 ਹੀਰਾਮ ਨੇ ਦਸ ਗੱਡੇ ਬਣਾਏ, ਉਹ ਸਾਰੇ ਕਾਂਸੇ ਵਿੱਚ ਢਾਲੇ ਗਏ ਸਨ। ਇਹ ਦਸੇ ਗੱਡੇ ਇੱਕੋ ਅਕਾਰ ਅਤੇ ਨਾਪ ਦੇ ਸਨ।

Punjabi Bible: Easy-to-Read Version (ERV-PA)

2010 by World Bible Translation Center