Bible in 90 Days
22 ਉਨ੍ਹਾਂ ਦੇ ਮੇਜ਼ ਭੋਜਨ ਨਾਲ ਢੱਕੇ ਹੋਏ ਹਨ, ਉਹ ਬਹੁਤ ਸਾਰੀਆਂ ਵੱਡੀਆਂ ਸਭਾ ਦਾਅਵਤਾਂ ਕਰਦੇ ਹਨ।
ਉਹ ਭੋਜਨ ਉਨ੍ਹਾਂ ਦਾ ਵਿਨਾਸ਼ ਕਰ ਦੇਣਗੇ।
23 ਮੈਨੂੰ ਆਸ ਹੈ ਉਹ ਅੰਨ੍ਹੇ ਹੋਣਗੇ ਅਤੇ ਉਨ੍ਹਾਂ ਦੀਆਂ ਢੂਈਆਂ ਝੁਕ ਜਾਣਗੀਆਂ।
24 ਉਨ੍ਹਾਂ ਉੱਤੇ ਤੇਰਾ ਕਹਿਰ ਡੋਲ੍ਹ;
ਉਨ੍ਹਾਂ ਨੂੰ ਤੇਰਾ ਭੀਸ਼ਣ ਗੁੱਸਾ ਅਨੁਭਵ ਕਰਨ ਦੇ।
25 ਉਨ੍ਹਾਂ ਦੇ ਘਰ ਸੱਖਣੇ ਕਰ ਦਿਉ,
ਉੱਥੇ ਕੋਈ ਵੀ ਨਾ ਰਹੇ।
26 ਉਨ੍ਹਾਂ ਨੂੰ ਦੰਡ ਦਿਉ, ਅਤੇ ਉਹ ਭੱਜ ਜਾਣਗੇ।
ਫ਼ੇਰ ਸੱਚਮੁੱਚ ਉਨ੍ਹਾਂ ਨੂੰ ਕਸ਼ਟ ਹੋਵੇਗਾ ਅਤੇ ਬੋਲਣ ਲਈ ਜ਼ਖਮ ਹੋਣਗੇ।
27 ਉਨ੍ਹਾਂ ਨੂੰ ਉਨ੍ਹਾਂ ਦੇ ਮੰਦੇ ਕੰਮਾਂ ਦੀ ਸਜ਼ਾ ਦਿਉ।
ਉਨ੍ਹਾਂ ਨੂੰ ਦਰਸਾਉ ਕਿ ਤੁਸੀਂ ਕਿੰਨੇ ਚੰਗੇ ਹੋ ਸੱਕਦੇ ਹੋ।
28 ਉਨ੍ਹਾਂ ਦੇ ਨਾਮ ਜੀਵਨ ਦੀ ਪੁਸਤਕ ਵਿੱਚੋਂ ਮਿਟਾ ਦਿਉ,
ਉਸ ਪੁਸਤਕ ਵਿੱਚ ਉਨ੍ਹਾਂ ਦੇ ਨਾਮ ਨਾ ਲਿਖੋ, ਜਿੱਥੇ ਨੇਮ ਬੰਦਿਆਂ ਦੇ ਨਾਮ ਹਨ।
29 ਮੈਂ ਉਦਾਸ ਹਾਂ ਅਤੇ ਮੈਂ ਦਰਦ ਵਿੱਚ ਹਾਂ।
ਹੇ ਪਰਮੇਸ਼ੁਰ, ਮੈਨੂੰ ਉੱਪਰ ਉੱਠਾਉ। ਮੈਨੂੰ ਬਚਾਉ।
30 ਮੈਂ ਪਰਮੇਸ਼ੁਰ ਦੇ ਨਾਮ ਦੀ ਉਸਤਤਿ ਗੀਤ ਨਾਲ ਕਰਾਂਗਾ।
ਮੈਂ ਧੰਨਵਾਦ ਦੇ ਗੀਤ ਨਾਲ ਉਸਦੀ ਉਸਤਤਿ ਕਰਾਂਗਾ।
31 ਇਸ ਨਾਲ ਪਰਮੇਸ਼ੁਰ ਪ੍ਰਸੰਨ ਹੋਵੇਗਾ, ਇਹ ਇੱਕ ਬਲਦ ਨੂੰ ਮਾਰਨ ਨਾਲੋਂ
ਅਤੇ ਪੂਰੇ ਜਾਨਵਰ ਨੂੰ ਬਲੀ ਵਾਂਗ ਭੇਟ ਕਰਨ ਨਾਲੋਂ ਬਿਹਤਰ ਹੋਵੇਗਾ।
32 ਹੇ ਨਿਮ੍ਰ ਲੋਕੋ, ਤੁਸੀਂ ਪਰਮੇਸ਼ੁਰ ਦੀ ਉਪਾਸਨਾ ਕਰਨ ਆਏ ਹੋਂ।
ਤੁਸੀਂ ਇਹ ਗੱਲਾਂ ਜਾਣਕੇ ਖੁਸ਼ ਹੋਵੋਂਗੇ।
33 ਯਹੋਵਾਹ ਗਰੀਬਾਂ ਬੇਸਹਾਰਿਆਂ ਦੀ ਗੱਲ ਸੁਣਦਾ ਹੈ।
ਯਹੋਵਾਹ ਹਾਲੇ ਵੀ ਕੈਦ ਵਿੱਚ ਪਏ ਲੋਕਾਂ ਨੂੰ ਪਸੰਦ ਕਰਦਾ ਹੈ।
34 ਹੇ ਧਰਤੀ ਅਤੇ ਅਕਾਸ਼ ਪਰਮੇਸ਼ੁਰ ਦੀ ਉਸਤਤਿ ਕਰੋ।
ਹੇ ਸਮੁੰਦਰ ਅਤੇ ਉਸ ਵਿੱਚਲੇ ਸਭ ਕੁਝ, ਯਹੋਵਾਹ ਦੀ ਉਸਤਤਿ ਕਰੋ।
35 ਯਹੋਵਾਹ ਸੀਯੋਨ ਨੂੰ ਬਚਾਵੇਗਾ।
ਯਹੋਵਾਹ ਯਹੂਦਾਹ ਦੇ ਸ਼ਹਿਰਾਂ ਦੀ ਪੁਨਰ ਉਸਾਰੀ ਕਰੇਗਾ।
ਉਸ ਦੇ ਲੋਕ ਉੱਥੇ ਜੰਮ ਜਾਣਗੇ ਅਤੇ ਧਰਤੀ ਉੱਤੇ ਕਬਜ਼ਾ ਕਰ ਲੈਣਗੇ।
36 ਉਸ ਦੇ ਸੇਵਕਾਂ ਦੀ ਔਲਾਦ ਉਸ ਧਰਤੀ ਨੂੰ ਪ੍ਰਾਪਤ ਕਰਨਗੇ।
ਜਿਹੜੇ ਲੋਕ ਉਸ ਦੇ ਨਾਮ ਨੂੰ ਪਿਆਰ ਕਰਦੇ ਹਨ ਉਹੀ ਉੱਥੇ ਰਹਿਣਗੇ।
ਨਿਰਦੇਸ਼ਕ ਲਈ: ਦਾਊਦ ਦਾ ਇੱਕ ਗੀਤ। ਲੋਕਾਂ ਦੀ ਸਹਾਇਤਾ ਕਰਨ ਲਈ ਯਾਦ ਰੱਖੋ।
70 ਹੇ ਪਰਮੇਸ਼ੁਰ, ਮੈਨੂੰ ਬਚਾਉ!
ਪਰਮੇਸ਼ੁਰ ਛੇਤੀ ਕਰੋ ਅਤੇ ਮੇਰੀ ਸਹਾਇਤਾ ਕਰੋ!
2 ਲੋਕ ਮੈਨੂੰ ਮਾਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।
ਉਨ੍ਹਾਂ ਨੂੰ ਨਿਰਾਸ਼ ਕਰ ਦਿਉ!
ਉਨ੍ਹਾਂ ਨੂੰ ਨਿਵਾਉ! ਲੋਕੀਂ
ਮੇਰਾ ਬੁਰਾ ਕਰਨਾ ਚਾਹੁੰਦੇ ਹਨ।
ਮੈਨੂੰ ਆਸ ਹੈ ਕਿ ਉਹ ਡਿੱਗਣਗੇ ਅਤੇ ਸ਼ਰਮਸਾਰ ਹੋਣਗੇ।
3 ਲੋਕਾਂ ਨੇ ਮੇਰਾ ਮਜ਼ਾਕ ਉਡਾਇਆ।
ਮੈਨੂੰ ਆਸ ਹੈ ਉਹ ਉਹੀ ਪਾਉਣਗੇ ਜਿਸਦੇ ਉਹ ਅਧਿਕਾਰੀ ਹਨ ਅਤੇ ਉਹ ਸ਼ਰਮਸਾਰ ਹੋਣਗੇ।
4 ਮੈਨੂੰ ਆਸ ਹੈ ਕਿ ਜਿਹੜੇ ਲੋਕ ਤੁਹਾਡੀ ਉਪਾਸਨਾ ਕਰਦੇ ਹਨ ਬਹੁਤ ਖੁਸ਼ ਹੋਣਗੇ, ਬਹੁਤ ਖੁਸ਼।
ਮੈਨੂੰ ਆਸ ਹੈ ਕਿ ਜਿਹੜੇ ਲੋਕ ਤੁਹਾਡੀ ਸਹਾਇਤਾ ਚਾਹੁੰਦੇ ਹਨ, “ਸਦਾ ਪਰਮੇਸ਼ੁਰ ਉਸਤਤਿ ਕਰਨ” ਦੇ ਯੋਗ ਹੋਣਗੇ।
5 ਮੈਂ ਗਰੀਬ ਅਤੇ ਬੇਸਹਾਰਾ ਅਦਮੀ ਹਾਂ।
ਪਰਮੇਸ਼ੁਰ, ਛੇਤੀ ਕਰੋ। ਆਉ ਤੇ ਮੈਨੂੰ ਬਚਾਉ।
ਹੇ ਪਰਮੇਸ਼ੁਰ, ਸਿਰਫ਼ ਤੁਸੀਂ ਹੀ ਮੈਨੂੰ ਬਚਾ ਸੱਕਦੇ ਹੋਂ।
ਬਹੁਤੀ ਦੇਰ ਨਾ ਕਰੋ।
71 ਯਹੋਵਾਹ, ਮੈਂ ਤੁਹਾਡੇ ਵਿੱਚ ਸ਼ਰਨ ਲਈ ਹੈ।
ਇਸ ਲਈ ਮੈਂ ਕਦੀ ਵੀ ਨਿਰਾਸ਼ ਨਹੀਂ ਹੋਵਾਂਗਾ।
2 ਆਪਣੀ ਚੰਗਿਆਈ ਕਾਰਣ, ਤੁਸੀਂ ਮੈਨੂੰ ਬਚਾਵੋਂਗੇ।
ਤੁਸੀਂ ਮੈਨੂੰ ਮੁਸ਼ਕਿਲ ਵਿੱਚੋਂ ਕੱਢੋਂਗੇ, ਮੇਰੀ ਗੱਲ ਸੁਣੋ ਮੈਨੂੰ ਬਚਾਉ।
3 ਮੇਰਾ ਕਿਲ੍ਹਾ ਬਣਾਉ, ਅਤੇ ਉਹ ਘਰ ਜਿਸ ਵਿੱਚ ਮੈਂ ਸੁਰੱਖਿਆ ਲਈ ਨੱਸ ਕੇ ਆ ਵੜਾਂ।
ਤੁਸੀਂ ਮੇਰੀ ਓਟ ਹੋ ਮੇਰਾ ਸੁਰੱਖਿਅਤ ਟਿਕਾਣਾ।
ਇਸ ਲਈ ਮੇਰੀ ਸੁਰੱਖਿਆ ਦਾ ਨਿਰਦੇਸ਼ ਦੇ ਦੇਵੋ।
4 ਮੇਰੇ ਪਰਮੇਸ਼ੁਰ, ਮੈਨੂੰ ਬੁਰੇ ਬੰਦਿਆਂ ਤੋਂ ਬਚਾਉ।
ਮੈਨੂੰ ਜ਼ਾਲਮ ਬਦ ਲੋਕਾਂ ਤੋਂ ਬਚਾਉ।
5 ਮੇਰੇ ਮਾਲਕ, ਤੁਸੀਂ ਮੇਰੀ ਆਸ ਹੋਂ।
ਮੈਂ ਤੁਹਾਡੇ ਉੱਪਰ ਉਦੋਂ ਤੋਂ ਵਿਸ਼ਵਾਸ ਕੀਤਾ ਹੈ ਜਦੋਂ ਹਾਲੇ ਮੈਂ ਨੌਜਵਾਨ ਸਾਂ।
6 ਜਨਮ ਤੋਂ ਪਹਿਲਾਂ ਵੀ ਮੈਂ ਤੁਹਾਡੇ ਉੱਤੇ ਭਰੋਸਾ ਕੀਤਾ।
ਆਪਣੀ ਮਾਂ ਦੇ ਗਰਭ ਵਿੱਚ ਵੀ ਮੈਂ ਤੁਹਾਡੇ ਉੱਤੇ ਨਿਰਭਰ ਸਾਂ।
ਮੈਂ ਹਮੇਸ਼ਾ ਤੁਹਾਨੂੰ ਪ੍ਰਾਰਥਨਾ ਕੀਤੀ ਹੈ।
7 ਤੁਸੀਂ ਹੀ ਮੇਰੀ ਸ਼ਕਤੀ ਦੇ ਸਾਧਨ ਹੋਂ।
ਇਸੇ ਲਈ ਮੈਂ ਹੋਰਾਂ ਲਈ ਮਿਸਾਲ ਬਣਿਆ ਹਾਂ।
8 ਮੈਂ ਹਮੇਸ਼ਾ ਤੁਹਾਡੇ ਕੀਤੇ ਅਦਭੁਤ ਕਾਰਿਆਂ ਬਾਰੇ ਗਾਉਂਦਾ ਰਿਹਾ ਹਾਂ।
9 ਮੈਨੂੰ ਇਸ ਲਈ ਦੂਰ ਨਾ ਸੁੱਟੋ ਕਿ ਮੈਂ ਬੁੱਢਾ ਹਾਂ।
ਮੈਨੂੰ ਉਦੋਂ ਛੱਡ ਕੇ ਨਾ ਜਾਉ ਜਦੋਂ ਮੈਂ ਕਮਜ਼ੋਰ ਹੋ ਰਿਹਾ ਹਾਂ।
10 ਮੇਰੇ ਵੈਰੀਆਂ ਨੇ ਮੇਰੇ ਲਈ ਛੜਯਂਤਰ ਰਚੇ ਹਨ।
ਉਹ ਲੋਕ ਸੱਚਮੁੱਚ ਇਕੱਠੇ ਹੋਏ ਸਨ ਅਤੇ ਉਨ੍ਹਾਂ ਨੇ ਮੈਨੂੰ ਮਾਰਨ ਦੀ ਯੋਜਨਾ ਬਣਾਈ।
11 ਮੇਰੇ ਵੈਰੀਆਂ ਆਖਿਆ, “ਜਾਓ, ਉਸ ਨੂੰ ਫ਼ੜੋ ਪਰਮੇਸ਼ੁਰ ਨੇ ਉਸ ਨੂੰ ਛੱਡ ਦਿੱਤਾ ਹੈ।
ਤੇ ਕੋਈ ਵੀ ਬੰਦਾ ਉਸਦੀ ਸਹਾਇਤਾ ਨਹੀਂ ਕਰੇਗਾ।”
12 ਹੇ ਪਰਮੇਸ਼ੁਰ, ਮੈਨੂੰ ਛੱਡ ਕੇ ਨਾ ਜਾਉ।
ਹੇ ਪਰਮੇਸ਼ੁਰ, ਛੇਤੀ ਕਰੋ।
ਆਉ ਮੈਨੂੰ ਬਚਾਉ।
13 ਮੇਰੇ ਵੈਰੀਆਂ ਨੂੰ ਹਰਾ ਦਿਉ,
ਉਨ੍ਹਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਉ।
ਉਹ ਮੈਨੂੰ ਦੁੱਖ ਦੇਣ ਦੀ ਕੋਸ਼ਿਸ਼ ਕਰ ਰਹੇ ਹਨ।
ਮੈਨੂੰ ਆਸ ਹੈ ਉਹ ਸ਼ਰਮ ਅਤੇ ਬੇਇੱਜ਼ਤੀ ਮਹਿਸੂਸ ਕਰਨਗੇ।
14 ਫ਼ੇਰ, ਮੈਂ ਹੇਮਸ਼ਾ ਤੁਹਾਡੇ ਵਿੱਚ ਯਕੀਨ ਰੱਖਾਂਗਾ
ਅਤੇ ਵੱਧ ਤੋਂ ਵੱਧ ਤੇਰੀ ਉਸਤਤਿ ਕਰਾਂਗਾ।
15 ਮੈਂ ਲੋਕਾਂ ਨੂੰ ਦੱਸਾਂਗਾ ਕਿ ਤੁਸੀਂ ਕਿੰਨੇ ਚੰਗੇ ਹੋ।
ਮੈਂ ਲੋਕਾਂ ਨੂੰ ਦੱਸਾਂਗਾ ਕਿ ਤੁਸੀਂ ਮੈਨੂੰ ਕਿੰਨੀ ਵਾਰੀ ਬਚਾਇਆ।
ਇਹ ਅਣਗਿਣਤ ਵਾਰੀ ਵਾਪਰਿਆ।
16 ਮੈਂ ਤੁਹਾਡੀ ਮਹਾਨਤਾ ਬਾਰੇ ਦੱਸਾਂਗਾ, ਯਹੋਵਾਹ ਮੇਰੇ ਮਾਲਕ।
ਮੈਂ ਸਿਰਫ਼ ਤੇਰੀ ਅਤੇ ਤੇਰੀ ਚੰਗਿਆਈ ਬਾਰੇ ਗੱਲ ਕਰਾਂਗਾ।
17 ਹੇ ਪਰਮੇਸ਼ੁਰ, ਤੁਸੀਂ ਮੈਨੂੰ ਉਦੋਂ ਤੋਂ ਸਿੱਖਿਆ ਦਿੱਤੀ ਹੈ ਜਦੋਂ ਮੈਂ ਹਾਲੇ ਜਵਾਨ ਮੁੰਡਾ ਸਾਂ।
ਅਤੇ ਅੱਜ ਦੇ ਦਿਨ ਤੱਕ ਵੀ ਮੈਂ ਲੋਕਾਂ ਨੂੰ ਤੁਹਾਡੇ ਅਦਭੁਤ ਕਾਰਜਾਂ ਬਾਰੇ ਦੱਸਿਆ ਹੈ।
18 ਹੁਣ ਮੈਂ ਬੁੱਢਾ ਹਾਂ ਅਤੇ ਮੇਰੇ ਵਾਲ ਧੌਲੇ ਹਨ।
ਪਰ ਹੇ ਪਰਮੇਸ਼ੁਰ ਮੈਂ ਜਾਣਦਾ ਹਾਂ ਕਿ ਤੂੰ ਮੈਨੂੰ ਨਹੀਂ ਛੱਡੇਂਗਾ।
ਮੈਂ ਤੁਹਾਡੀ ਸ਼ਕਤੀ ਅਤੇ ਮਹਾਨਤਾ ਬਾਰੇ ਹਰ ਨਵੀਂ ਪੀੜੀ ਨੂੰ ਦੱਸਾਂਗਾ।
19 ਹੇ ਪਰਮੇਸ਼ੁਰ, ਤੁਹਾਡੀ ਮਹਾਨਤਾ ਅਕਾਸ਼ਾਂ ਤੱਕ ਪਹੁੰਚਦੀ ਹੈ।
ਹੇ ਪਰਮੇਸ਼ੁਰ ਕੋਈ ਵੀ ਦੇਵਤਾ ਤੇਰੇ ਵਰਗਾ ਨਹੀਂ ਹੈ।
ਤੁਸਾਂ ਮਹਾਨ ਅਤੇ ਅਦਭੁਤ ਗੱਲਾਂ ਕੀਤੀਆਂ ਹਨ।
20 ਤੁਸੀਂ ਮੈਨੂੰ ਮੂਸੀਬਤਾਂ ਅਤੇ ਬੁਰੇ ਵਕਤ ਵਿਖਾਏ,
ਪਰ ਤੂੰ ਮੇਰੀ ਉਨ੍ਹਾਂ ਸਭ ਤੋਂ ਰੱਖਿਆ ਕੀਤੀ, ਅਤੇ ਮੈਨੂੰ ਜਿਉਂਦਿਆਂ ਰੱਖਿਆ।
ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਮੈਂ ਕਿੰਨਾ ਡੂੰਘਾ ਡੁੱਬਿਆ, ਤੁਸੀਂ ਮੈਨੂੰ ਮੇਰੀਆਂ ਮੁਸੀਬਤਾਂ ਤੋਂ ਬਾਹਰ ਕੱਢ ਲਿਆ।
21 ਤੁਸੀਂ ਪਹਿਲਾਂ ਨਾਲੋਂ ਵੱਡੇਰੀਆਂ ਗੱਲਾਂ ਕਰਨ ਵਿੱਚ ਮੇਰੀ ਸਹਾਇਤਾ ਕਰੋ।
ਮੈਨੂੰ ਸੁਕੂਨ ਪਹੁੰਚਾਉਂਦੇ ਰਹੋ।
22 ਮੈਂ ਸਾਜ਼ ਵਜਾਵਾਂਗਾ ਅਤੇ ਤੁਹਾਡੀ ਉਸਤਤਿ ਕਰਾਂਗਾ,
ਮੇਰੇ ਪਰਮੇਸ਼ੁਰ, ਮੈਂ ਗਾਵਾਂਗਾ ਕਿ ਤੁਹਾਡੇ ਉੱਤੇ ਇਤਬਾਰ ਕੀਤਾ ਜਾ ਸੱਕਦਾ ਹੈ।
ਮੈਂ ਆਪਣੀ ਸਾਰੰਗੀ ਨਾਲ ਇਸਰਾਏਲ ਦੇ ਪਵਿੱਤਰ ਯਹੋਵਾਹ ਲਈ ਗੀਤ ਗਾਵਾਂਗਾ।
23 ਤੁਸੀਂ ਮੇਰੀ ਆਤਮਾ ਨੂੰ ਬਚਾਇਆ। ਮੇਰੀ ਆਤਮਾ ਖੁਸ਼ ਹੋਵੇਗੀ।
ਮੈਂ ਆਪਣੇ ਬੁਲ੍ਹਾਂ ਨਾਲ ਉਸਤਤਿ ਦੇ ਗੀਤ ਗਾਵਾਂਗਾ।
24 ਮੇਰੀ ਜ਼ੁਬਾਨ ਸਦਾ ਤੁਹਾਡੀ ਚੰਗਿਆਈ ਬਾਰੇ ਗਾਵੇਗੀ
ਅਤੇ ਉਹ ਲੋਕ ਜਿਹੜੇ ਮੈਨੂੰ ਮਾਰਨਾ ਚਾਹੁੰਦੇ ਹਨ ਹਾਰ ਜਾਣਗੇ ਅਤੇ ਬੇਇੱਜ਼ਤ ਹੋਣਗੇ।
ਸੁਲੇਮਾਨ ਨੂੰ।
72 ਹੇ ਪਰਮੇਸੁਰ, ਰਾਜੇ ਦੀ ਸਹਾਇਤਾ ਕਰੋ ਤਾਂ ਜੋ ਉਹ ਤੁਹਾਡੇ ਵਾਂਗ ਸਿਆਣੇ ਨਿਆਂ ਕਰੇ।
ਅਤੇ ਰਾਜੇ ਦੇ ਪੁੱਤਰ ਦੀ ਸਹਾਇਤਾ ਕਰੋ ਤਾਂ ਜੋ ਉਹ ਤੁਹਾਡੀ ਚੰਗਿਆਈ ਬਾਰੇ ਜਾਣ ਜਾਵੇ।
2 ਰਾਜੇ ਦੀ ਸਹਾਇਤਾ ਕਰੋ ਕਿ ਉਹ ਤੁਹਾਡੇ ਲੋਕਾਂ ਬਾਰੇ ਨਿਰਪੱਖ ਨਿਆਂ ਕਰੇ।
ਰਾਜੇ ਦੀ ਸਹਾਇਤਾ ਕਰੇ ਕਿ ਉਹ ਤੁਹਾਡੇ ਗਰੀਬ ਲੋਕਾਂ ਬਾਰੇ ਸਿਆਣੇ ਨਿਆਂ ਕਰੇ।
3 ਇਸ ਪੂਰੀ ਧਰਤੀ ਉੱਤੇ ਅਮਨ ਤੇ ਇਨਸਾਫ਼ ਹੋਵੇ।
4 ਰਾਜੇ ਨੂੰ ਆਪਣੇ ਗਰੀਬ ਲੋਕਾਂ ਲਈ ਨਿਰਪੱਖ ਹੋਣ ਦਿਉ।
ਉਸ ਨੂੰ ਬੇਸਹਾਰਿਆਂ ਦੀ ਸਹਾਇਤਾ ਕਰਨ ਦਿਉ ਉਸ ਨੂੰ ਉਨ੍ਹਾਂ ਲੋਕਾਂ ਨੂੰ ਦੰਡ ਦੇਣ ਦਿਉ ਜਿਹੜੇ ਉਨ੍ਹਾਂ ਉੱਤੇ ਜ਼ੁਲਮ ਕਰਦੇ ਹਨ।
5 ਲੋਕਾਂ ਨੂੰ ਰਾਜੇ ਦਾ ਡਰ ਹੋਵੇ ਅਤੇ ਉਹ ਉਸਦੀ ਇੱਜ਼ਤ ਕਰਨ, ਜਿੰਨਾ ਚਿਰ ਸੂਰਜ ਚਮਕ ਰਿਹਾ ਅਤੇ ਚੰਨ ਅਕਾਸ਼ ਵਿੱਚ ਹੈ।
ਲੋਕ ਡਰਨ ਅਤੇ ਸਦਾ ਉਸਦੀ ਇੱਜ਼ਤ ਕਰਨ।
6 ਰਾਜੇ ਦੀ ਸਹਾਇਤਾ ਕਰੋ ਕਿ ਉਹ ਉਸ ਵਰੱਖਾ ਵਾਂਗ ਹੋਵੇ ਜਿਹੜੀ ਖੇਤਾਂ ਉੱਤੇ ਵਰ੍ਹਦੀ ਹੈ,
ਜਿਵੇਂ ਧਰਤੀ ਉੱਤੇ ਫ਼ੁਹਾਰ ਪੈਂਦੀ ਹੈ।
7 ਨੇਕੀ ਨੂੰ ਖਿੜਨ ਦਿਉ ਜਦੋਂ ਤੱਕ ਕਿ ਉਹ ਰਾਜਾ ਹੈ,
ਅਮਨ ਨੂੰ ਜਾਰੀ ਰਹਿਣ ਦਿਉ ਜਿੰਨਾ ਚਿਰ ਕਿ ਚੰਨ ਹੈ।
8 ਉਸ ਦੇ ਰਾਜ ਨੂੰ ਸਾਗਰ ਤੋਂ ਸਾਗਰ,
ਫ਼ਰਾਤ ਨਦੀ ਤੋਂ ਲੈ ਕੇ ਧਰਤੀ ਦੀਆਂ ਦੁਰਾਡੀਆਂ ਥਾਵਾਂ ਤੱਕ ਫ਼ੈਲਣ ਦਿਉ।
9 ਮਾਰੂਥਲ ਦੇ ਸਾਰੇ ਵਿਰਸੇ ਉਸ ਨੂੰ ਝੁਕਣ।
ਉਸ ਦੇ ਸਾਰੇ ਦੁਸ਼ਮਣ ਗੰਦਗੀ ਵਿੱਚ ਉਨ੍ਹਾਂ ਦੇ ਮੂੰਹਾਂ ਨਾਲ ਉਸ ਦੇ ਅੱਗੇ ਝੁਕਣ।
10 ਤਾਰਸ਼ਿਸ਼ ਦੇ ਰਾਜੇ ਅਤੇ ਦੂਰ ਦੁਰਾਡੇ ਦੇ ਸਾਰੇ ਦੇਸ਼ ਉਸ ਲਈ ਸੁਗਾਤਾਂ ਲਿਆਉਣ।
ਸ਼ੇਬਾ ਅਤੇ ਸ਼ੇਬਾ ਦੇ ਰਾਜੇ ਉਸ ਨੂੰ ਆਪਣੀ ਸ਼ਰਧਾਂਜਲੀ ਲਿਆਉਣ।
11 ਸਾਡੇ ਰਾਜੇ ਨੂੰ ਸਾਰੇ ਰਾਜੇ ਝੁਕਣ ਸਾਰੀਆਂ ਕੌਮਾਂ ਉਸਦੀ ਸੇਵਾ ਕਰਨ।
12 ਸਾਡਾ ਰਾਜਾ ਬੇਸਹਾਰਿਆਂ ਦੀ ਸਹਾਇਤਾ ਕਰਦਾ ਹੈ।
ਸਾਡਾ ਰਾਜਾ ਗਰੀਬ ਬੇਸਹਾਰੇ ਲੋਕਾਂ ਦੀ ਸਹਾਇਤਾ ਕਰਦਾ ਹੈ।
13 ਗਰੀਬ ਬੇਸਹਾਰੇ ਲੋਕ ਉਸ ਉੱਤੇ ਨਿਰਭਰ ਕਰਦੇ ਹਨ,
ਰਾਜਾ ਉਨ੍ਹਾਂ ਨੂੰ ਜਿਉਂਦਿਆਂ ਰੱਖਦਾ ਹੈ।
14 ਰਾਜਾ ਉਨ੍ਹਾਂ ਨੂੰ ਜ਼ਾਲਮ ਲੋਕਾਂ ਤੋਂ ਬਚਾਉਂਦਾ ਹੈ, ਜਿਹੜੇ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਨ।
ਰਾਜੇ ਲਈ ਉਨ੍ਹਾਂ ਲੋਕਾਂ ਦਾ ਜੀਵਨ ਬਹੁਤ ਮਹੱਤਵਪੂਰਣ ਹੈ।
15 ਰਾਜਾ ਅਮਰ ਰਹੇ।
ਅਤੇ ਉਸ ਨੂੰ ਸ਼ੀਬਾ ਪਾਸੋਂ ਸੋਨਾ ਪ੍ਰਾਪਤ ਹੋਵੇ,
ਰਾਜੇ ਲਈ ਪ੍ਰਾਰਥਨਾ ਕਰੋ,
ਉਸ ਨੂੰ ਹਰ ਰੋਜ਼ ਅਸੀਸ ਦਿਉ।
16 ਖੇਤ ਵੱਧੇਰੇ ਅਨਾਜ ਪੈਦਾ ਕਰਨ।
ਉਹ ਪਹਾੜਾਂ ਦੀਆਂ ਚੋਟੀਆਂ ਉੱਤੇ ਲਹਿਲਹਾਉਣ।
ਖੇਤ ਲਬਾਨੋਨ ਦੇ ਦਿਉਦਾਰਾਂ ਦੇ ਰੁੱਖਾਂ ਵਾਂਗ ਸੰਘਣੇ ਹੋਣ।
ਸ਼ਹਿਰ ਲੋਕਾਂ ਨਾਲ ਭਰੇ ਹੋਣ ਜਿਵੇਂ ਖੇਤਾਂ ਵਿੱਚ ਘਾਹ ਹੁੰਦਾ ਹੈ।
17 ਰਾਜਾ ਸਦਾ ਲਈ ਪ੍ਰਸਿਧ ਹੋਵੇ।
ਲੋਕ ਉਸਦਾ ਨਾਮ ਓਨਾ ਚਿਰ ਚੇਤੇ ਰੱਖਣ ਜਿੰਨਾ ਚਿਰ ਸੂਰਜ ਚਮਕਦਾ।
ਲੋਕ ਉਸ ਦੇ ਨਾਮ ਨੂੰ ਇੱਕ ਅਸੀਸ ਵਾਂਗ ਇਸਤੇਮਾਲ ਕਰਦੇ ਰਹਿਣ।
ਉਹ ਉਸ ਦੇ ਕਾਰਣ ਆਪਣੇ-ਆਪ ਨੂੰ ਖੁਸ਼-ਕਿਸਮਤ ਸਮਝਣ।
18 ਯਹੋਵਾਹ ਪਰਮੇਸ਼ੁਰ ਦੀ ਉਸਤਤਿ ਕਰੋ, ਇਸਰਾਏਲ ਦੇ ਪਰਮੇਸ਼ੁਰ ਦੀ।
ਸਿਰਫ਼ ਪਰਮੇਸ਼ੁਰ ਹੀ ਅਜਿਹੀਆਂ ਅਦਭੁਤ ਗੱਲਾਂ ਕਰ ਸੱਕਦਾ ਹੈ।
19 ਉਸ ਦੇ ਮਹਿਮਾਮਈ ਨਾਮ ਦੀ ਉਸਤਤਿ ਕਰੋ।
ਸਦਾ-ਸਦਾ ਲਈ ਉਸਦੀ ਮਹਿਮਾ ਸਾਰੀ ਦੁਨੀਆਂ ਅੰਦਰ ਭਰ ਜਾਵੇ।
ਆਮੀਨ ਫੇਰ ਆਮੀਨ।
20 (ਇਸ ਨਾਲ ਯੱਸੀ ਦੇ ਪੁੱਤਰ ਦਾਊਦ ਦੀਆਂ ਪ੍ਰਾਰਥਨਾ ਖਤਮ ਹੁੰਦੀਆਂ ਹਨ।)
ਤੀਜਾ ਭਾਗ
(ਜ਼ਬੂਰ 73-89)
ਅਸਾਫ਼ ਦਾ ਇੱਕ ਉਸਤਤਿ ਗੀਤ।
73 ਪਰਮੇਸ਼ੁਰ ਸੱਚਮੁੱਚ ਇਸਰਾਏਲ ਨੂੰ ਚੰਗਾ ਹੈ।
ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਚੰਗਾ ਹੈ ਜਿਨ੍ਹਾਂ ਦੇ ਹਿਰਦੇ ਸ਼ੁੱਧ ਹਨ।
2 ਮੈਂ ਬਸ ਤਿਲਕ ਹੀ ਗਿਆ ਸਾਂ
ਅਤੇ ਪਾਪ ਕਰਨੇ ਸ਼ੁਰੂ ਕਰ ਦਿੱਤੇ ਸਨ।
3 ਮੈਂ ਦੇਖਿਆ ਕਿ ਮੰਦੇ ਲੋਕ ਸਫ਼ਲ ਹੁੰਦੇ ਸਨ
ਅਤੇ ਮੈਂ ਉਨ੍ਹਾਂ ਗੁਮਾਨੀ ਲੋਕਾਂ ਨਾਲ ਈਰਖਾ ਕਰਨ ਲੱਗਾ।
4 ਉਹ ਲੋਕ ਸਿਹਤਮੰਦ ਹਨ।
ਉਨ੍ਹਾਂ ਨੂੰ ਬਚੇ ਰਹਿਣ ਲਈ ਸੰਘਰਸ਼ ਨਹੀਂ ਕਰਨਾ ਪੈਂਦਾ।
5 ਉਹ ਗੁਮਾਨੀ ਲੋਕ ਸਾਡੇ ਵਾਂਗ ਦੁੱਖ ਨਹੀਂ ਭੋਗਦੇ।
ਉਨ੍ਹਾਂ ਦੀਆਂ ਮੁਸੀਬਤਾਂ ਹੋਰਾਂ ਲੋਕਾਂ ਵਰਗੀਆਂ ਨਹੀਂ।
6 ਇਸੇ ਲਈ ਉਹ ਬਹੁਤ ਹੰਕਾਰੀ ਅਤੇ ਘਿਰਣਾਯੋਗ ਹਨ।
ਉਸ ਨੂੰ ਵੇਖਣਾ ਓਨਾ ਹੀ ਸੌਖਾ ਹੈ ਜਿੰਨਾ ਉਨ੍ਹਾਂ ਦੇ ਜਵਾਹਰਾਤਾਂ ਅਤੇ ਉਨ੍ਹਾਂ ਦੇ ਪਹਿਨੇ ਆਕਰਸ਼ਕ ਕੱਪੜਿਆ ਨੂੰ ਵੇਖਣਾ।
7 ਜੇ ਉਹ ਕਿਸੇ ਚੀਜ਼ ਨੂੰ ਦੇਖਦਿਆਂ ਹੀ ਪਸੰਦ ਕਰਦੇ ਹਨ ਤਾਂ ਉਹ ਅੱਗੇ ਵੱਧਕੇ ਹਾਸਲ ਕਰ ਲੈਂਦੇ ਹਨ।
ਉਹ ਮਨ ਭਾਉਂਦੀਆਂ ਗੱਲਾਂ ਕਰਦੇ ਹਨ।
8 ਉਹ ਲੋਕਾਂ ਬਾਰੇ, ਮੰਦੀਆਂ ਅਤੇ ਕਰੂਰ ਗੱਲਾਂ ਆਖਦੇ ਹਨ।
ਉਹ ਗੁਮਾਨੀ ਤੇ ਜ਼ਿੱਦੀ ਹਨ।
ਅਤੇ ਉਹ ਸਦਾ ਦੂਸਰੇ ਲੋਕਾਂ ਤੋਂ ਲਾਹਾ ਖੱਟਣ ਦੀਆਂ ਵਿਉਂਤਾਂ ਬਣਉਂਦੇ ਹਨ।
9 ਜਿਸ ਢੰਗ ਨਾਲ ਉਹ ਗੱਲਾਂ ਕਰਦੇ ਹਨ ਦਰਸਾਉਂਦਾ ਹੈ ਕਿ ਉਹ ਆਪਣੇ-ਆਪ ਨੂੰ ਦੇਵਤੇ ਸਮਝਦੇ ਹਨ।
ਉਹ ਸੋਚਦੇ ਹਨ ਕਿ ਉਹ ਧਰਤੀ ਦੇ ਹਾਕਮ ਹਨ।
10 ਇਸ ਲਈ ਪਰਮੇਸ਼ੁਰ ਦੇ ਬੰਦੇ ਵੀ ਉਨ੍ਹਾਂ ਕੋਲ ਆਉਂਦੇ ਹਨ
ਅਤੇ ਉਨ੍ਹਾਂ ਦੀਆਂ ਆਖੀਆਂ ਗੱਲਾਂ ਕਰਦੇ ਹਨ।
11 ਉਹ ਮੰਦੇ ਲੋਕ ਆਖਦੇ ਹਨ, “ਜੋ ਕੁਝ ਅਸੀਂ ਕਰਦੇ ਹਾਂ ਪਰਮੇਸ਼ੁਰ ਜਾਣਦਾ ਹੀ ਨਹੀਂ।
ਸਰਬ ਉੱਚ ਪਰਮੇਸ਼ੁਰ ਨੂੰ ਨਹੀਂ ਪਤਾ।”
12 ਉਹ ਗੁਮਾਨੀ ਲੋਕ ਕਮੀਨੇ ਹਨ,
ਪਰ ਉਹ ਅਮੀਰ ਹਨ ਅਤੇ ਉਹ ਹੋਰ ਅਮੀਰ ਹੁੰਦੇ ਜਾਂਦੇ ਹਨ।
13 ਇਸ ਲਈ ਮੈਂ ਆਪਣਾ ਹਿਰਦਾ ਸ਼ੁੱਧ ਕਿਉਂ ਕਰਾਂ?
ਮੈਂ ਆਪਣੇ ਹੱਥਾਂ ਨੂੰ ਸਾਫ਼ ਕਿਉਂ ਕਰਾਂ?
14 ਹੇ ਪਰਮੇਸ਼ੁਰ, ਮੈਂ ਸਾਰਾ ਦਿਨ ਦੁੱਖ ਭੋਗਦਾ ਹਾਂ।
ਅਤੇ ਤੁਸੀਂ ਹਰ ਸਵੇਰ ਮੈਨੂੰ ਦੁੱਖ ਦਿੰਦੇ ਹੋ।
15 ਹੇ ਪਰਮੇਸ਼ੁਰ, ਮੈਂ ਇਸ ਬਾਰੇ ਹੋਰਾਂ ਲੋਕਾਂ ਨਾਲ ਗੱਲ ਕਰਨੀ ਚਾਹੀ।
ਪਰ ਜੇਕਰ ਮੈਂ ਉਸ ਤਰ੍ਹਾਂ ਬੋਲਿਆ ਹੁੰਦਾ, ਮੈਂ ਬਿਲਕੁਲ ਉਨ੍ਹਾਂ ਜਿਹਾ ਹੋਵਾਂਗਾ।
ਮੈਂ ਤੁਹਾਡੇ ਲੋਕਾਂ ਨੂੰ ਧੋਖਾ ਦਿੱਤਾ ਹੁੰਦਾ।
16 ਮੈਂ ਇਹ ਗੱਲਾਂ ਸਮਝਣ ਦੀ ਬਹੁਤ ਕੋਸ਼ਿਸ਼ ਕੀਤੀ।
ਪਰ ਇਹ ਮੇਰੇ ਲਈ ਬਹੁਤ ਮੁਸ਼ਕਿਲ ਸੀ।
17 ਜਦੋਂ ਤੱਕ ਕਿ ਮੈਂ ਤੁਹਾਡੇ ਮੰਦਰ ਵਿੱਚ ਨਹੀਂ ਗਿਆ।
ਮੈਂ ਪਰਮੇਸ਼ੁਰ ਦੇ ਮੰਦਰ ਵਿੱਚ ਗਿਆ, ਅਤੇ ਫ਼ੇਰ ਮੈਂ ਸਮਝ ਗਿਆ ਸਾਂ।
18 ਹੇ ਪਰਮੇਸ਼ੁਰ, ਤੁਸੀਂ ਸੱਚਮੁੱਚ ਉਨ੍ਹਾਂ ਲੋਕਾਂ ਨੂੰ ਖਤਰਨਾਕ ਸਥਿਤੀ ਵਿੱਚ ਪਾ ਦਿੱਤਾ ਹੈ।
ਉਨ੍ਹਾਂ ਲਈ ਡਿੱਗ ਪੈਣਾ ਅਤੇ ਤਬਾਹ ਹੋ ਜਾਣਾ ਕਿੰਨਾ ਆਸਾਨ ਹੈ।
19 ਅਚਾਨਕ ਹੀ ਮੁਸੀਬਤ ਆ ਸੱਕਦੀ ਹੈ।
ਅਤੇ ਫ਼ੇਰ ਉਹ ਗੁਮਾਨੀ ਲੋਕ ਬਰਬਾਦ ਹੋ ਜਾਣਗੇ।
ਉਨ੍ਹਾਂ ਨਾਲ ਭਿਆਨਕ ਗੱਲਾਂ ਵਾਪਰ ਸੱਕਦੀਆਂ ਹਨ
ਅਤੇ ਫ਼ੇਰ ਉਹ ਖਤਮ ਹੋ ਜਾਣਗੇ।
20 ਯਹੋਵਾਹ, ਉਹ ਲੋਕ ਸੁਪਨੇ ਵਾਂਗ ਹੋਣਗੇ
ਜਿਸ ਨੂੰ ਅਸੀਂ ਜਾਗਣ ਉੱਤੇ ਭੁੱਲ ਜਾਂਦੇ ਹਾਂ।
ਤੁਸੀਂ ਉਨ੍ਹਾਂ ਨੂੰ ਸਾਡੇ ਸੁਪਨਿਆਂ ਦੇ ਦਾਨਵਾਂ
ਵਾਂਗ ਗਾਇਬ ਕਰ ਦਿਉਂਗੇ।
21-22 ਮੈਂ ਬਹੁਤ ਮੂਰਖ ਸਾਂ,
ਹਾਂ ਅਮੀਰਾਂ ਅਤੇ ਕਮੀਨੇ ਲੋਕਾਂ ਬਾਰੇ ਸੋਚਿਆ ਅਤੇ ਮੈਂ ਪਰੇਸ਼ਾਨ ਹੋ ਗਿਆ।
ਹੇ ਪਰਮੇਸ਼ੁਰ, ਮੈਂ ਬੇਚੈਨ ਅਤੇ ਤੁਹਾਡੇ ਉੱਤੇ ਗੁੱਸੇ ਸਾਂ
ਅਤੇ ਮੈਂ ਮੂਰਖ ਅਗਿਆਨੀ ਜਾਨਵਰ ਵਰਗਾ ਵਿਹਾਰ ਕੀਤਾ।
23 ਮੇਰੇ ਕੋਲ ਲੋੜੀਂਦੀ ਹਰ ਚੀਜ਼ ਹੈ। ਮੈਂ ਸਦਾ ਤੁਹਾਡੇ ਨਾਲ ਹਾਂ।
ਹੇ ਪਰਮੇਸ਼ੁਰ, ਤੁਸੀਂ ਮੇਰਾ ਹੱਥ ਫ਼ੜਿਆ ਹੈ।
24 ਹੇ ਪਰਮੇਸ਼ੁਰ ਤੁਸੀਂ ਮੇਰੀ ਅਗਵਾਈ ਕਰਦੇ ਹੋਂ ਅਤੇ ਨੇਕ ਸਲਾਹ ਦਿੰਦੇ ਹੋ।
ਅਤੇ ਬਾਅਦ ਵਿੱਚ ਤੁਸੀਂ ਮੈਨੂੰ ਮਹਿਮਾ ਵੱਲ ਲੈ ਜਾਵੋਂਗੇ।
25 ਹੇ ਪਰਮੇਸ਼ੁਰ, ਸਵਰਗ ਵਿੱਚ ਤੁਸੀਂ ਮੇਰੇ ਨਾਲ ਹੋਂ ਅਤੇ ਜਦੋਂ ਮੈਂ ਤੁਹਾਡੇ ਨਾਲ ਹੁੰਦਾ ਹਾਂ
ਮੈਂ ਧਰਤੀ ਉੱਤੇ ਹੋਰ ਕੀ ਪ੍ਰਾਪਤ ਕਰਨ ਦੀ ਆਸ ਰੱਖ ਸੱਕਦਾ ਹਾਂ।
26 ਸ਼ਾਇਦ ਮੇਰਾ ਮਨ ਤੇ ਸ਼ਰੀਰ ਨਸ਼ਟ ਹੋ ਜਾਣਗੇ ਪਰ ਮੇਰੇ ਕੋਲ ਇੱਕ ਚੱਟਾਨ ਹੈ
ਜਿਸ ਨੂੰ ਮੈਨੂੰ ਪਿਆਰ ਕਰਨਾ ਚਾਹੀਦਾ।
ਹਮੇਸ਼ਾ ਪਰਮੇਸ਼ੁਰ ਮੇਰੇ ਕੋਲ ਹੈ।
27 ਹੇ ਪਰਮੇਸ਼ੁਰ, ਜੋ ਲੋਕ ਤੁਹਾਨੂੰ ਛੱਡ ਜਾਂਦੇ ਹਨ, ਉਹ ਗੁੰਮ ਜਾਣਗੇ।
ਤੁਸੀਂ ਉਨ੍ਹਾਂ ਲੋਕਾਂ ਨੂੰ ਤਬਾਹ ਕਰ ਦਿਉਂਗੇ, ਜਿਹੜੇ ਤੁਹਾਡੇ ਵਫ਼ਾਦਾਰ ਨਹੀਂ ਹਨ।
28 ਜਿੱਥੇ ਤੀਕ ਮੇਰੀ ਗੱਲ ਹੈ, ਮੈਂ ਤਾਂ ਪਰਮੇਸ਼ੁਰ ਵੱਲ ਆ ਗਿਆ ਹਾਂ।
ਅਤੇ ਮੇਰੇ ਲਈ ਇਹ ਸ਼ੁਭ ਹੈ।
ਮੈਂ ਯਹੋਵਾਹ ਆਪਣੇ ਮਾਲਕ ਨੂੰ ਆਪਣਾ ਸੁਰੱਖਿਅਤ ਟਿਕਾਣਾ ਬਣਾ ਲਿਆ ਹੈ।
ਹੇ ਪਰਮੇਸ਼ੁਰ, ਮੈਂ ਉਨ੍ਹਾਂ ਸਮੂਹ ਗੱਲਾਂ ਬਾਰੇ ਦੱਸਣ ਆਇਆ ਹਾਂ ਜੋ ਤੁਸਾਂ ਕੀਤੀਆਂ ਹਨ।
ਆਸਾਫ਼ ਦਾ ਇੱਕ ਭੱਗਤੀ ਗੀਤ।
74 ਹੇ ਪਰਮੇਸ਼ੁਰ, ਕੀ ਤੁਸੀਂ ਸਾਨੂੰ ਸਦਾ ਲਈ ਛੱਡ ਦਿੱਤਾ ਹੈ?
ਕੀ ਤੁਸੀਂ ਹਾਲੇ ਵੀ ਆਪਣੇ ਲੋਕਾਂ ਉੱਤੇ ਕ੍ਰੋਧਵਾਨ ਹੋ?
2 ਉਨ੍ਹਾਂ ਲੋਕਾਂ ਨੂੰ ਯਾਦ ਕਰੋ ਜਿਨ੍ਹਾਂ ਨੂੰ ਬਹੁਤ ਸਮਾਂ ਪਹਿਲਾਂ ਤੁਸੀਂ ਖਰੀਦ ਲਿਆ ਸੀ।
ਤੁਸੀਂ ਸਾਨੂੰ ਬਚਾਇਆ।
ਅਸੀਂ ਤੇਰੇ ਨਾਲ ਸੰਬੰਧਿਤ ਹਾਂ।
ਸੀਯੋਨ ਪਰਬਤ ਨੂੰ ਯਾਦ ਕਰੋ, ਜਿੱਥੇ ਤੁਸੀਂ ਰਹਿੰਦੇ ਸੀ।
3 ਹੇ ਪਰਮੇਸ਼ੁਰ, ਆਪ ਇਨ੍ਹਾਂ ਕਦੀਮੀ ਖੰਡ੍ਹਰਾਂ ਵਿੱਚੋਂ ਵੀ ਗੁਜਰੋ।
ਉਸ ਪਵਿੱਤਰ ਥਾਂ ਉੱਤੇ ਆ ਜਾਉ ਜਿਸ ਨੂੰ ਵੈਰੀਆਂ ਨੇ ਤਬਾਹ ਕੀਤਾ ਸੀ।
4 ਵੈਰੀਆਂ ਨੇ ਮੰਦਰ ਵਿੱਚ ਜੰਗਜੂ ਨਾਹਰੇ ਲਾਏ ਸਨ।
ਉਨ੍ਹਾਂ ਨੇ ਇਹ ਦਰਸਾਉਣ ਲਈ ਮੰਦਰ ਉੱਤੇ ਝੰਡੇ ਗਡ ਦਿੱਤੇ ਸੀ ਕਿ ਉਨ੍ਹਾਂ ਨੇ ਜੰਗ ਜਿੱਤ ਲਈ ਸੀ।
5 ਵੈਰੀਆਂ ਦੇ ਸਿਪਾਹੀ ਉਨ੍ਹਾਂ ਬੰਦਿਆਂ ਵਰਗੇ ਸਨ
ਜਿਹੜੇ ਦਾਤਰੀ ਨਾਲ ਘਾਹ-ਫ਼ੂਸ ਵੱਢਦੇ ਹਨ।
6 ਹੇ ਪਰਮੇਸ਼ੁਰ, ਉਨ੍ਹਾਂ ਨੇ ਤੇਰੇ ਮੰਦਰ ਦੇ ਸੱਜਿਤ ਦਰਾਂ ਨੂੰ ਬਰਬਾਦ ਕਰਨ ਲਈ
ਕੁਲਹਾੜੀਆਂ ਅਤੇ ਕਹੀਆਂ ਦਾ ਇਸਤੇਮਾਲ ਕੀਤਾ।
7 ਉਨ੍ਹਾਂ ਦੇ ਸਿਪਾਹੀਆਂ ਨੇ ਤੁਹਾਡਾ ਪਵਿੱਤਰ ਸਥਾਨ ਸਾੜ ਸੁੱਟਿਆ।
ਉਹ ਮੰਦਰ ਤੁਹਾਡੇ ਨਾਮ ਨੂੰ ਆਦਰ ਦੇਣ ਲਈ ਬਣਾਇਆ ਗਿਆ ਸੀ।
ਪਰ ਉਨ੍ਹਾਂ ਨੇ ਇਸ ਨੂੰ ਢਹਿ-ਢੇਰੀ ਕਰ ਦਿੱਤਾ।
8 ਵੈਰੀਆਂ ਨੇ ਸਾਨੂੰ ਪੂਰੀ ਤਰ੍ਹਾਂ ਕੁਚਲਣ ਦਾ ਫ਼ੈਸਲਾ ਕੀਤਾ ਸੀ।
ਉਨ੍ਹਾਂ ਨੇ ਦੇਸ਼ ਦਾ ਹਰ ਪਵਿੱਤਰ ਸਥਾਨ ਸਾੜ ਦਿੱਤਾ।
9 ਅਸੀਂ ਉਨ੍ਹਾਂ ਕਰਾਮਾਤੀ ਨਿਸ਼ਾਨਾਂ ਵਿੱਚੋਂ ਕੋਈ ਵੀ ਨਾ ਵੇਖ ਸੱਕੇ।
ਜੋ ਸਾਡੇ ਦਰਮਿਆਨ ਵਾਪਰਦੇ ਸਨ। ਅਤੇ ਉੱਥੇ ਹੋਰ ਨਬੀ ਨਹੀਂ ਹਨ।
ਕੋਈ ਕੀ ਕਰੇ, ਕੋਈ ਬੰਦਾ ਨਹੀਂ ਜਾਣਦਾ ਸੀ।
10 ਹੇ ਪਰਮੇਸ਼ੁਰ, ਕਿੰਨਾ ਕੁ ਚਿਰ ਵੈਰੀ ਸਾਡਾ ਹੋਰ ਮਜ਼ਾਕ ਉਡਾਉਣਗੇ?
ਕੀ ਤੁਸਾਂ ਸਦਾ ਹੀ ਉਨ੍ਹਾਂ ਕੋਲੋਂ ਆਪਣਾ ਨਾਮ ਬੇਇੱਜ਼ਤ ਕਰ ਦੇਵੋਂਗੇ?
11 ਹੇ ਪਰਮੇਸ਼ੁਰ, ਤੁਸਾਂ ਸਾਨੂੰ ਇੰਨਾ ਸਖਤ ਦੰਡ ਕਿਉਂ ਦਿੱਤਾ?
ਤੁਸੀਂ ਆਪਣੀ ਮਹਾਂ ਸ਼ਕਤੀ ਦਾ ਇਸਤੇਮਾਲ ਕੀਤਾ ਅਤੇ ਸਾਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ।
12 ਹੇ ਪਰਮੇਸ਼ੁਰ, ਲੰਬੇ ਸਮੇਂ ਤੋਂ ਤੁਸੀਂ ਸਾਡੇ ਪਾਤਸ਼ਾਹ ਰਹੇ ਹੋ।
ਇਸ ਦੇਸ਼ ਅੰਦਰ ਤੁਸੀਂ ਸਾਡੀਆਂ ਬਹੁਤ ਲੜਾਈਆਂ ਜਿੱਤਣ ਵਿੱਚ ਸਹਾਈ ਹੋਏ ਹੋਂ।
13 ਹੇ ਪਰਮੇਸ਼ੁਰ ਤੁਸਾਂ ਲਾਲ ਸਾਗਰ ਨੂੰ ਪਾੜਨ ਲਈ
ਆਪਣੀ ਮਹਾਨ ਸ਼ਕਤੀ ਦਾ ਇਸਤੇਮਾਲ ਕੀਤਾ।
14 ਤੁਸੀਂ ਵੱਡੇ ਸਮੁੰਦਰੀ ਦੈਤਾਂ ਉੱਤੇ ਫ਼ਤੇਹ ਹਾਸਲ ਕੀਤੀ।
ਤੁਸਾਂ ਲੇਵੀਥਾਨ ਦੇ ਸਿਰ ਭੰਨ ਸੁੱਟੇ
ਅਤੇ ਉਸਦੀ ਲਾਸ਼ ਜਾਨਵਰਾਂ ਦੇ ਖਾਣ ਲਈ ਛੱਡ ਦਿੱਤੀ।
15 ਤੁਸੀਂ ਨਦੀ ਅਤੇ ਚਸ਼ਮਿਆਂ ਨੂੰ ਰਵਾਨੀ ਦਿੰਦੇ ਹੋ।
ਅਤੇ ਤੁਸੀਂ ਨਦੀਆਂ ਨੂੰ ਸੁਕਾ ਦਿੰਦੇ ਹੋ।
16 ਹੇ ਪਰਮੇਸ਼ੁਰ, ਤੁਸੀਂ ਹਰ ਦਿਨ ਉੱਤੇ ਕਾਬੂ ਰੱਖਦੇ ਹੋਂ
ਅਤੇ ਹਰ ਰਾਤ ਉੱਤੇ ਵੀ ਕਾਬੂ ਰੱਖਦੇ ਹੋਂ। ਤੁਸਾਂ ਸੂਰਜ ਅਤੇ ਚੰਨ ਨੂੰ ਸਾਜਿਆ।
17 ਤੁਸਾਂ ਧਰਤੀ ਉੱਤੇ ਹਰ ਸ਼ੈਅ ਦੀ ਸੀਮਾ ਰੱਖ ਦਿੱਤੀ।
ਅਤੇ ਤੁਸੀਂ ਗਰਮੀ ਤੇ ਸਰਦੀ ਨੂੰ ਸਾਜਿਆ।
18 ਹੇ ਪਰਮੇਸ਼ੁਰ, ਇਨ੍ਹਾਂ ਗੱਲਾਂ ਨੂੰ ਯਾਦ ਕਰੋ।
ਯਾਦ ਕਰੋ ਕਿ ਵੈਰੀਆਂ ਨੇ ਤੁਹਾਡੇ ਉੱਤੇ ਬੇਪਰਤੀਤੀ ਕੀਤੀ ਸੀ।
ਉਹ ਮੂਰਖ ਲੋਕ ਤੁਹਾਡੇ ਨਾਮ ਨੂੰ ਨਫ਼ਰਤ ਕਰਦੇ ਹਨ।
19 ਉਨ੍ਹਾਂ ਜੰਗਲੀ ਜਾਨਵਰਾਂ ਨੂੰ ਆਪਣੀ ਘੁੱਗੀ ਨਾ ਫ਼ੜਨ ਦਿਉ।
ਆਪਣੇ ਗਰੀਬ ਲੋਕਾਂ ਨੂੰ ਸਦਾ ਲਈ ਨਾ ਭੁੱਲੋ।
20 ਸਾਡੇ ਕਰਾਰ ਨੂੰ ਯਾਦ ਰੱਖ!
ਇਸ ਧਰਤੀ ਦੀ ਹਰ ਹਨੇਰੀ ਥਾਂ ਉੱਤੇ ਹਿੰਸਾ ਹੈ।
21 ਹੇ ਪਰਮੇਸ਼ੁਰ, ਤੁਹਾਡੇ ਲੋਕਾਂ ਨਾਲ ਬਦਸਲੂਕੀ ਕੀਤੀ ਗਈ ਸੀ।
ਉਨ੍ਹਾਂ ਨੂੰ ਹੋਰ ਵੱਧੇਰੇ ਸੱਟ ਨਾ ਖਾਣ ਦਿਉ।
ਤੁਹਾਡੇ ਗਰੀਬ ਬੇਸਹਾਰੇ ਲੋਕ ਤੁਹਾਡੀ ਉਸਤਤਿ ਕਰਦੇ ਹਨ।
22 ਹੇ ਪਰਮੇਸ਼ੁਰ ਉੱਠੋ ਅਤੇ ਜੰਗ ਕਰੋ।
ਯਾਦ ਕਰੋ ਉਨ੍ਹਾਂ ਮੂਰੱਖਾਂ ਨੇ ਤੁਹਾਨੂੰ ਵੰਗਾਰਿਆ ਸੀ।
23 ਆਪਣੇ ਵੈਰੀਆਂ ਦੇ ਨਾਰਿਆਂ ਨੂੰ ਨਾ ਭੁੱਲੋ।
ਉਹ ਬਾਰ-ਬਾਰ ਤੁਹਾਡੀ ਬੇਇੱਜ਼ਤੀ ਕਰਦੇ ਹਨ।
ਨਿਰਦੇਸ਼ਕ ਲਈ: “ਤਬਾਹ ਨਾ ਕਰੋ” ਦੀ ਧੁਨੀ ਨੂੰ। ਆਸਾਫ਼ ਦਾ ਇੱਕ ਉਸਤਤਿ ਗੀਤ।
75 ਅਸੀਂ ਤੇਰੀ ਉਸਤਤਿ ਕਰਦੇ ਹਾਂ, ਪਰਮੇਸ਼ੁਰ।
ਅਸੀਂ ਤੇਰੀ ਉਸਤਤਿ ਕਰਦੇ ਹਾਂ।
ਤੁਸੀਂ ਨੇੜੇ ਹੋ ਅਤੇ ਉਨ੍ਹਾਂ ਅਦਭੁਤ ਗੱਲਾਂ ਬਾਰੇ ਦਸਦੇ ਹੋ ਜੋ ਤੁਸੀਂ ਕਰਦੇ ਹੋਂ।
2 ਪਰਮੇਸ਼ੁਰ ਆਖਦਾ ਹੈ, “ਮੈਂ ਨਿਆਂ ਦਾ ਸਮਾਂ ਚੁਣ ਲਿਆ ਹੈ।
ਮੈਂ ਬੇਲਾਗ ਨਿਆਂ ਕਰਾਂਗਾ।
3 ਧਰਤੀ ਤੇ ਇਸ ਉਤਲਾ ਸਭ ਕੁਝ ਕੰਬ ਰਿਹਾ ਹੋਵੇ
ਅਤੇ ਡਿੱਗਣ ਹੀ ਵਾਲਾ ਹੋਵੇ, ਪਰ ਮੈਂ ਇਸ ਨੂੰ ਸਥਿਰ ਕਰਦਾ ਹਾਂ।
4 “ਕੁਝ ਲੋਕ ਬੜੇ ਗੁਮਾਨੀ ਹਨ।
ਉਹ ਸੋਚਦੇ ਹਨ ਕਿ ਉਹ ਬਹੁਤ ਸ਼ਕਤੀਸ਼ਾਲੀ ਅਤੇ ਮਹੱਤਵਪੂਰਣ ਹਨ।
5 ਪਰ ਮੈਂ ਉਨ੍ਹਾਂ ਲੋਕਾਂ ਨੂੰ ਦੱਸਦਾ ਹਾਂ, ‘ਸ਼ੇਖੀ ਨਾ ਮਾਰੋ।’”
6 ਧਰਤੀ ਉੱਤੇ ਕੋਈ ਸ਼ਕਤੀ ਨਹੀਂ
ਜਿਹੜੀ ਕਿਸੇ ਵਿਅਕਤੀ ਨੂੰ ਮਹੱਤਵਪੂਰਣ ਬਣਾ ਸੱਕੇ।
7 ਪਰਮੇਸ਼ੁਰ ਨਿਆਂਕਾਰ ਹੈ, ਅਤੇ ਉਹੀ ਹੈ ਜੋ ਫ਼ੈਸਲਾ ਕਰਦਾ ਕਿ ਉਹ ਕਿਸ ਨੂੰ ਨਿਵਾਉਂਦਾ ਅਤੇ ਕਿਸ ਨੂੰ ਮਹੱਤਵਪੂਰਣ ਬਣਾਉਂਦਾ ਹੈ।
ਪਰਮੇਸ਼ੁਰ ਇੱਕ ਬੰਦੇ ਨੂੰ ਉੱਚਾ ਚੁੱਕਦਾ ਅਤੇ ਉਸ ਨੂੰ ਮਹੱਤਵਪੂਰਣ ਬਣਾ ਦਿੰਦਾ ਹੈ।
ਪਰਮੇਸ਼ੁਰ ਦੂਸਰੇ ਨੂੰ ਹੇਠਾਂ ਸੁੱਟ ਦਿੰਦਾ ਹੈ ਅਤੇ ਮਹਤਵਹੀਣ ਬਣਾ ਦਿੰਦਾ ਹੈ।
8 ਪਰਮੇਸ਼ੁਰ ਮੰਦੇ ਲੋਕਾਂ ਨੂੰ ਸਜ਼ਾ ਦੇਣ ਲਈ ਤਿਆਰ ਹੈ।
ਯਹੋਵਾਹ ਨੇ ਹੱਥਾਂ ਵਿੱਚ ਇੱਕ ਪਿਆਲਾ ਫ਼ੜਿਆ ਹੋਇਆ ਹੈ।
ਇਹ ਪਿਆਲਾ ਜ਼ਹਿਰੀਲੀ ਮੈਅ ਨਾਲ ਭਰਿਆ ਹੋਇਆ ਹੈ।
ਉਹ ਇਹ ਮੈਅ (ਸਜ਼ਾ) ਨੂੰ ਬਾਹਰ ਡੋਲ੍ਹੇਗਾ
ਅਤੇ ਮੰਦੇ ਲੋਕ ਇਸ ਨੂੰ ਆਖਰੀ ਕਤਰੇ ਤੱਕ ਪੀ ਜਾਣਗੇ।
9 ਮੈਂ ਲੋਕਾਂ ਨੂੰ ਸਦਾ ਇਨ੍ਹਾਂ ਗੱਲਾਂ ਬਾਰੇ ਦੱਸਾਂਗਾ।
ਮੈਂ ਇਸਰਾਏਲ ਦੇ ਪਰਮੇਸ਼ੁਰ ਦੀ ਉਸਤਤਿ ਗਾਵਾਂਗਾ।
10 ਪਰਮੇਸ਼ੁਰ ਆਖਦਾ ਹੈ, “ਮੈਂ ਮੰਦੇ ਲੋਕਾ ਪਾਸੋਂ ਸ਼ਕਤੀ ਖੋਹ ਲਵਾਂਗਾ,
ਅਤੇ ਮੈਂ ਨੇਕ ਬੰਦਿਆਂ ਨੂੰ ਸ਼ਕਤੀ ਦੇ ਦੇਵਾਂਗਾ।”
ਨਿਰਦੇਸ਼ਕ ਲਈ: ਸਾਜ਼ਾਂ ਨਾਲ। ਆਸਾਫ਼ ਦਾ ਉਸਤਤਿ ਦਾ ਗੀਤ।
76 ਯਹੂਦਾਹ ਦੇ ਲੋਕ ਪਰਮੇਸ਼ੁਰ ਨੂੰ ਜਾਣਦੇ ਹਨ।
ਇਸਰਾਏਲ ਦੇ ਲੋਕ ਪਰਮੇਸ਼ੁਰ ਦੇ ਨਾਮ ਦਾ ਆਦਰ ਕਰਦੇ ਹਨ।
2 ਪਰਮੇਸ਼ੁਰ ਦਾ ਮੰਦਰ ਸ਼ਾਲੇਮ ਵਿੱਚ ਹੈ।
ਪਰਮੇਸ਼ੁਰ ਦਾ ਘਰ ਸੀਯੋਨ ਪਰਬਤ ਉੱਤੇ ਹੈ।
3 ਉਸ ਜਗ਼੍ਹਾ ਪਰਮੇਸ਼ੁਰ ਨੇ ਤੀਰ ਕਮਾਨ,
ਢਾਲਾਂ, ਤਲਵਾਰਾਂ ਅਤੇ ਜੰਗ ਅਤੇ ਹੋਰ ਹਥਿਆਰ ਤੋੜੇ ਸਨ।
4 ਹੇ ਪਰਮੇਸ਼ੁਰ, ਤੁਸੀਂ ਮਹਿਮਾ ਵਾਲੇ ਹੋਂ ਅਤੇ ਉਨ੍ਹਾਂ ਪਹਾੜੀਆਂ ਵਿੱਚੋਂ ਆ ਰਹੇ ਹੋਂ
ਜਿੱਥੇ ਤੁਸੀਂ ਆਪਣੇ ਵੈਰੀਆਂ ਨੂੰ ਹਰਾਇਆ ਸੀ।
5 ਉਨ੍ਹਾਂ ਸਿਪਾਹੀਆਂ ਨੇ ਸੋਚਿਆ ਕਿ ਉਹ ਤਾਕਤਵਰ ਹਨ।
ਪਰ ਹੁਣ ਉਹ ਖੇਤਾਂ ਅੰਦਰ ਮੁਰਦਾ ਪਏ ਹਨ।
ਉਨ੍ਹਾਂ ਨੇ ਸ਼ਰੀਰ ਉਸ ਸਭ ਕਾਸੇ ਤੋਂ ਸੱਖਣੇ ਪਏ ਹਨ ਉਹ ਜੋ ਸਭ ਕੁਝ ਉਨ੍ਹਾਂ ਦਾ ਸੀ।
ਉਨ੍ਹਾਂ ਸਿਪਾਹੀਆਂ ਵਿੱਚੋਂ ਕੋਈ ਵੀ ਆਪਣੀ ਰੱਖਿਆ ਨਹੀਂ ਕਰ ਸੱਕਿਆ ਸੀ।
6 ਯਾਕੂਬ ਦਾ ਪਰਮੇਸ਼ੁਰ ਉਨ੍ਹਾਂ ਸਿਪਾਹੀਆਂ ਉੱਤੇ ਗੱਜਿਆ,
ਅਤੇ ਉਹ ਸਾਰੀ ਫ਼ੌਜ ਆਪਣੇ ਰੱਥਾਂ ਅਤੇ ਘੋੜਿਆਂ ਨਾਲ ਮੁਰਦਾ ਹੋ ਡਿੱਗੀ।
7 ਹੇ ਪਰਮੇਸ਼ੁਰ, ਤੂੰ ਭਰਮ ਭਰਿਆ ਹੈਂ।
ਤੇਰੇ ਖਿਲਾਫ਼ ਉਦੋਂ ਕੋਈ ਨਹੀਂ ਖਲੋ ਸੱਕਦਾ ਜਦੋਂ ਤੂੰ ਗੁੱਸੇ ਵਿੱਚ ਹੁੰਦਾ ਹੈਂ।
8-9 ਪਰਮੇਸ਼ੁਰ ਨਿਆਂਕਾਰ ਵਾਂਗ ਖਲੋਤਾ ਸੀ, ਅਤੇ ਉਸ ਨੇ ਆਪਣਾ ਨਿਆਂ ਦਿੱਤਾ।
ਪਰਮੇਸ਼ੁਰ ਨੇ ਧਰਤੀ ਦੇ ਨਿਮਾਣੇ ਲੋਕਾਂ ਨੂੰ ਬਚਾ ਲਿਆ।
ਉਸ ਨੇ ਸਵਰਗ ਤੋਂ ਆਪਣਾ ਨਿਆਂ ਦਿੱਤਾ।
ਸਾਰੀ ਧਰਤੀ ਖਾਮੋਸ਼ ਅਤੇ ਡਰੀ ਹੋਈ ਸੀ।
10 ਹੇ ਪਰਮੇਸ਼ੁਰ, ਲੋਕ ਤੁਹਾਡਾ ਆਦਰ ਕਰਦੇ ਹਨ ਜਦੋਂ ਤੁਸੀਂ ਦੁਸ਼ਟ ਲੋਕਾਂ ਨੂੰ ਸਜ਼ਾ ਦਿੰਦੇ ਹੋ।
ਆਦਮੀ ਦਾ ਗੁੱਸਾ ਵੀ ਤੇਰੀ ਉਸਤਤਿ ਕਰ ਸੱਕਦਾ ਹੈ। ਬਚੇ ਹੋਏ ਮਜ਼ਬੂਤ ਹੋ ਜਾਣਗੇ।
11 ਲੋਕੋ, ਤੁਸਾਂ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਵਾਅਦੇ ਕੀਤੇ ਸਨ।
ਹੁਣ ਉਸ ਨੂੰ ਉਹ ਭੇਟ ਕਰੋ ਜਿਸਦਾ ਤੁਸੀਂ ਇਕਰਾਰ ਕੀਤਾ ਸੀ।
ਹਰ ਥਾਂ ਲੋਕ ਪਰਮੇਸ਼ੁਰ ਤੋਂ ਡਰਦੇ ਹਨ ਅਤੇ ਉਸਦਾ ਆਦਰ ਕਰਦੇ ਹਨ।
ਅਤੇ ਉਹ ਉਸ ਕੋਲ ਸੁਗਾਤਾਂ ਨਾਲ ਆਉਣਗੇ।
12 ਪਰਮੇਸ਼ੁਰ ਵੱਡੇ ਆਗੂਆਂ ਨੂੰ ਹਰਾ ਦਿੰਦਾ ਹੈ;
ਅਤੇ ਧਰਤੀ ਦੇ ਸਾਰੇ ਰਾਜੇ ਉਸਤੋਂ ਡਰਦੇ ਹਨ।
ਨਿਰਦੇਸ਼ਕ ਲਈ: ਯਦੂਥੂਨ ਲਈ। ਆਸਾਫ਼ ਦਾ ਇੱਕ ਉਸਤਤਿ ਗੀਤ।
77 ਮੈਂ ਪਰਮੇਸ਼ੁਰ ਨੂੰ ਆਵਾਜ਼ ਦਿੰਦਾ ਹਾਂ ਅਤੇ ਸਹਾਇਤਾ ਲਈ ਰੋਂਦਾ ਹਾਂ।
ਹੇ ਪਰਮੇਸ਼ੁਰ ਮੈਂ ਤੈਨੂੰ ਆਵਾਜ਼ ਦਿੰਦਾ ਹਾਂ, ਮੇਰੀ ਆਵਾਜ਼ ਸੁਣੋ।
2 ਮੇਰੇ ਮਾਲਕ, ਮੈਂ ਜਦੋਂ ਵੀ ਮੁਸੀਬਤ ਵਿੱਚ ਹੁੰਦਾ ਹਾਂ ਤੇਰੇ ਕੋਲ ਆਉਂਦਾ ਹਾਂ।
ਮੈਂ ਰਾਤ ਭਰ ਤੁਹਾਡੇ ਲਈ ਪੁਕਾਰਿਆ।
ਮੇਰੀ ਰੂਹ ਨੇ ਸੁਖੀ ਹੋਣਾ ਨਾਮੰਜ਼ੂਰ ਕਰ ਦਿੱਤਾ।
3 ਮੈਂ ਪਰਮੇਸ਼ੁਰ ਬਾਰੇ ਸੋਚਦਾ ਹਾਂ,
ਅਤੇ ਉਸ ਨੂੰ ਦੱਸਣ ਦੀ ਕੋਸ਼ਿਸ਼ ਕਰਦਾ ਹਾਂ ਕਿ ਮੇਰਾ ਕੀ ਹਾਲ ਹੈ।
ਪਰ ਮੈਂ ਅਜਿਹਾ ਨਹੀਂ ਕਰ ਸੱਕਦਾ।
4 ਤੁਸੀਂ ਮੈਨੂੰ ਸੌਣ ਨਹੀਂ ਦਿੰਦੇ ਹੋ।
ਮੈਂ ਕੁਝ ਆਖਣ ਦੀ ਕੋਸ਼ਿਸ਼ ਵੀ ਕੀਤੀ, ਪਰ ਮੈਂ ਬਹੁਤ ਪਰੇਸ਼ਾਨ ਸਾਂ।
5 ਮੈਂ ਅਤੀਤ ਬਾਰੇ ਸੋਚਦਾ ਰਿਹਾ।
ਮੈਂ ਉਨ੍ਹਾਂ ਗੱਲਾਂ ਬਾਰੇ ਸੋਚਦਾ ਰਿਹਾ ਜਿਹੜੀਆਂ ਬਹੁਤ ਪਹਿਲਾਂ ਵਾਪਰੀਆਂ ਸਨ।
6 ਰਾਤ ਵੇਲੇ ਮੈਂ ਆਪਣੇ ਗੀਤਾਂ ਬਾਰੇ ਸੋਚਣ ਦੀ ਕੋਸ਼ਿਸ਼ ਕਰਦਾ ਹਾਂ।
ਮੈਂ ਆਪਣੇ-ਆਪ ਨਾਲ ਗੱਲਾਂ ਕਰਦਾ ਹਾਂ ਅਤੇ ਸਮਝਣ ਦੀ ਕੋਸ਼ਿਸ਼ ਕਰਦਾ ਹਾਂ।
7 ਮੈਂ ਹੈਰਾਨ ਹੁੰਦਾ ਹਾਂ, “ਕੀ ਸਾਡਾ ਯਹੋਵਾਹ ਸਾਨੂੰ ਸਦਾ ਲਈ ਛੱਡ ਗਿਆ ਹੈ?
ਕੀ ਉਹ ਸਾਨੂੰ ਫ਼ੇਰ ਕਦੀ ਵੀ ਨਹੀਂ ਚਾਹੇਗਾ?
8 ਕੀ ਪਰਮੇਸ਼ੁਰ ਦਾ ਪਿਆਰ ਸਦਾ ਲਈ ਮੁੱਕ ਗਿਆ ਹੈ?
ਕੀ ਫ਼ੇਰ ਕਦੀ ਵੀ ਉਹ ਸਾਡੇ ਨਾਲ ਨਹੀਂ ਬੋਲੇਗਾ?
9 ਕੀ ਪਰਮੇਸ਼ੁਰ ਮਿਹਰ ਕਰਨੀ ਭੁੱਲ ਗਿਆ ਹੈ?
ਕੀ ਉਸਦੀ ਹਮਦਰਦੀ ਗੁੱਸੇ ਵਿੱਚ ਬਦਲ ਗਈ ਹੈ?”
10 ਮੈਂ ਫ਼ੇਰ ਸੋਚਿਆ, “ਜਿਹੜਾ ਮਾਮਲਾ ਮੈਨੂੰ ਸਤਾਉਂਦਾ ਹੈ ਇਹ ਹੈ,
ਕੀ ਸਰਬ ਉੱਚ ਪਰਮੇਸ਼ੁਰ ਆਪਣੀ ਸ਼ਕਤੀ ਖੋਹ ਚੁੱਕਿਆ ਹੈ?”
11 ਮੈਨੂੰ ਯਾਦ ਹੈ ਯਹੋਵਾਹ ਨੇ ਕੀ ਕੁਝ ਕੀਤਾ।
ਹੇ ਪਰਮੇਸ਼ੁਰ, ਮੈਨੂੰ ਉਹ ਅਦਭੁਤ ਗੱਲਾਂ ਚੇਤੇ ਹਨ ਜਿਹੜੀਆਂ ਤੁਸਾਂ ਬਹੁਤ ਸਮਾਂ ਪਹਿਲਾਂ ਕੀਤੀਆਂ ਸਨ।
12 ਮੈਂ ਉਸ ਬਾਰੇ ਸੋਚਿਆ ਜੋ ਤੁਸਾਂ ਨੇ ਕੀਤਾ ਹੈ।
ਮੈਂ ਉਨ੍ਹਾਂ ਗੱਲਾਂ ਬਾਰੇ ਸੋਚਿਆ।
13 ਹੇ ਪਰਮੇਸ਼ੁਰਾ ਤੁਹਾਡੇ ਰਾਹ ਪਵਿੱਤਰ ਹਨ।
ਹੇ ਪਰਮੇਸ਼ੁਰ ਤੁਹਾਡੇ ਜਿਹਾ ਕੋਈ ਮਹਾਨ ਨਹੀਂ ਹੈ।
14 ਤੁਸੀਂ ਪਰਮੇਸ਼ੁਰ ਹੋ ਜਿਸਨੇ ਅਦਭੁਤ ਗੱਲਾਂ ਕੀਤੀਆਂ ਹਨ।
ਤੁਸੀਂ ਲੋਕਾਂ ਨੂੰ ਆਪਣੀ ਮਹਾਨ ਸ਼ਕਤੀ ਦਰਸ਼ਾਈ।
15 ਤੁਸੀਂ ਆਪਣੇ ਲੋਕਾਂ ਨੂੰ ਆਪਣੀ ਸ਼ਕਤੀ ਨਾਲ ਬਚਾਇਆ।
ਤੁਸੀਂ ਯਾਕੂਬ ਅਤੇ ਯੂਸੁਫ਼ ਦੀ ਔਲਾਦਾਂ ਨੂੰ ਬਚਾਇਆ।
16 ਹੇ ਪਰਮੇਸ਼ੁਰ, ਪਾਣੀ ਨੇ ਤੁਹਾਨੂੰ ਵੇਖਿਆ ਅਤੇ ਡਰ ਗਿਆ।
ਡੂੰਘਾ ਪਾਣੀ ਡਰ ਨਾਲ ਕੰਬ ਉੱਠਿਆ।
17 ਮੋਟੇ ਬੱਦਲਾਂ ਨੇ ਆਪਣਾ ਪਾਣੀ ਸੁੱਟ ਦਿੱਤਾ।
ਲੋਕਾਂ ਨੇ ਉੱਚੇ ਬੱਦਲਾਂ ਵਿੱਚ ਉੱਚੀ ਕੜਕ ਸੁਣੀ।
ਫ਼ੇਰ ਤੁਹਾਡੇ ਬਿਜਲੀ ਦੇ ਤੀਰ ਬੱਦਲਾਂ ਵਿੱਚ ਚਮਕੇ।
18 ਬਹੁਤ ਉੱਚੀ ਗਰਜ ਹੋਈ।
ਬਿਜਲੀ ਨੇ ਸਾਰੀ ਦੁਨੀਆਂ ਰੌਸ਼ਨ ਕੀਤੀ।
ਕੰਬੀ ਅਤੇ ਹਿੱਲੀ ਧਰਤੀ।
19 ਹੇ ਪਰਮੇਸ਼ੁਰ, ਤੁਸੀਂ ਡੂੰਘੇ ਪਾਣੀਆਂ ਵਿੱਚੋਂ ਦੀ ਚੱਲੇ, ਤੁਸੀਂ ਡੂੰਘਾ ਸਮੁੰਦਰ ਪਾਰ ਕੀਤਾ।
ਪਰ ਤੁਸੀਂ ਕੋਈ ਵੀ ਪੈਰ ਚਿਨ੍ਹ ਨਹੀਂ ਛੱਡਿਆ।
20 ਤੁਸੀਂ ਮੂਸਾ ਅਤੇ ਹਾਰੂਨ ਨੂੰ ਆਪਣੇ ਲੋਕਾਂ ਦੀ ਭੇਡਾਂ ਵਾਂਗ
ਅਗਵਾਈ ਕਰਨ ਲਈ ਇਸਤੇਮਾਲ ਕੀਤਾ।
ਆਸਾਫ਼ ਦਾ ਇੱਕ ਭੱਗਤੀ ਗੀਤ।
78 ਹੇ ਮੇਰੇ ਲੋਕੋ, ਮੇਰੇ ਉਪਦੇਸ਼ਾਂ ਨੂੰ ਸੁਣੋ।
ਜਿਹੜੀਆਂ ਗੱਲਾਂ ਮੈਂ ਆਖਦਾ ਹਾਂ ਸੁਣੋ।
2 ਮੈਂ ਤੁਹਾਨੂੰ ਇੱਕ ਕਹਾਣੀ ਸੁਣਾਵਾਂਗਾ।
ਮੈਂ ਤੁਹਾਨੂੰ ਇੱਕ ਪੁਰਾਤਨ ਕਹਾਣੀ ਸੁਣਾਵਾਂਗਾ।
3 ਅਸੀਂ ਕਹਾਣੀ ਸੁਣੀ ਅਤੇ ਅਸੀਂ ਇਸ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ।
ਸਾਡੇ ਪੁਰਖਿਆਂ ਨੇ ਇਹ ਕਹਾਣੀ ਸੁਣਾਈ ਸੀ।
4 ਅਤੇ ਅਸੀਂ ਇਹ ਕਹਾਣੀ ਨਹੀਂ ਭੁੱਲਾਂਗੇ।
ਸਾਡੇ ਲੋਕ ਆਖਰੀ ਪੀੜ੍ਹੀ ਨੂੰ ਦੱਸ ਰਹੇ ਹੋਣਗੇ।
ਅਸੀਂ ਸਾਰੇ ਯਹੋਵਾਹ ਦੀ ਉਸਤਤਿ ਕਰਾਂਗੇ
ਅਤੇ ਉਸ ਦੀਆਂ ਕੀਤੀਆਂ ਅਦਭੁਤ ਗੱਲਾਂ ਬਾਰੇ ਦੱਸਾਂਗੇ।
5 ਯਹੋਵਾਹ ਨੇ ਯਾਕੂਬ ਨਾਲ ਕਰਾਰ ਕੀਤਾ।
ਪਰਮੇਸ਼ੁਰ ਨੇ ਇਸਰਾਏਲ ਨੂੰ ਸ਼ਰ੍ਹਾ ਦਿੱਤੀ।
ਪਰਮੇਸ਼ੁਰ ਨੇ ਸਾਡੇ ਪੁਰਖਿਆਂ ਨੂੰ ਹੁਕਮ ਦਿੱਤੇ।
ਉਸ ਨੇ ਸਾਡੇ ਪੁਰਖਿਆਂ ਨੂੰ ਇਸ ਨੇਮ ਨੂੰ ਆਪਣੀਆਂ ਔਲਾਦਾਂ ਨੂੰ ਸਿੱਖਾਉਣ ਨੂੰ ਕਿਹਾ।
6 ਨਵੇਂ ਬੱਚੇ ਜੰਮਣਗੇ। ਉਹ ਪ੍ਰੌਢ ਹੋ ਜਾਣਗੇ। ਅਤੇ ਉਹ ਆਪਣੇ ਬੱਚਿਆਂ ਨੂੰ ਕਹਾਣੀਆਂ ਸੁਨਾਉਣਗੇ।
ਇਸੇ ਤਰ੍ਹਾਂ ਲੋਕ ਆਖਰੀ ਪੀੜੀ ਤੀਕਰ ਵੀ ਨੇਮ ਬਾਰੇ ਜਾਨਣਗੇ।
7 ਇਸੇ ਲਈ, ਉਹ ਲੋਕ ਪਰਮੇਸ਼ੁਰ ਵਿੱਚ ਯਕੀਨ ਰੱਖਣਗੇ।
ਉਹ ਪਰਮੇਸ਼ੁਰ ਦੀਆਂ ਕਰਨੀਆਂ ਨੂੰ ਨਹੀਂ ਭੁੱਲਣਗੇ।
ਉਹ ਧਿਆਨ ਨਾਲ ਉਸ ਦੇ ਹੁਕਮਾਂ ਦੀ ਪਾਲਣਾ ਕਰਨਗੇ।
8 ਜੇਕਰ ਲੋਕ ਆਪਣੇ ਬੱਚਿਆਂ ਨੂੰ ਪਰਮੇਸ਼ੁਰ ਦੇ ਹੁਕਮ ਸਿੱਖਾਉਣਗੇ, ਫ਼ੇਰ ਉਹ ਬੱਚੇ ਆਪਣੇ ਪੁਰਖਿਆਂ ਵਰਗੇ ਨਹੀਂ ਹੋਣਗੇ।
ਉਨ੍ਹਾਂ ਦੇ ਪੁਰਖੇ ਪਰਮੇਸ਼ੁਰ ਦੇ ਖਿਲਾਫ਼ ਹੋ ਗਏ ਸਨ।
ਉਨ੍ਹਾਂ ਨੇ ਉਸ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ।
ਉਹ ਲੋਕ ਜ਼ਿੱਦੀ ਸਨ, ਉਹ ਪਰਮੇਸ਼ੁਰ ਦੇ ਆਤਮੇ ਦੇ ਵਫ਼ਾਦਾਰ ਨਹੀਂ ਸਨ।
9 ਇਫ਼ਰਾਈਮ ਦੇ ਲੋਕਾਂ ਕੋਲ ਆਪਣੇ ਹਥਿਆਰ ਸਨ
ਪਰ ਉਹ ਮੈਦਾਨੇ ਜੰਗ ਵਿੱਚੋਂ ਨੱਸ ਗਏ ਸਨ।
10 ਉਨ੍ਹਾਂ ਨੇ ਪਰਮੇਸ਼ੁਰ ਨਾਲ ਆਪਣੇ ਕਰਾਰ ਨੂੰ ਨਹੀਂ ਰੱਖਿਆ।
ਉਨ੍ਹਾਂ ਨੇ ਉਸ ਦੇ ਉਪਦੇਸ਼ਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ।
11 ਇਫ਼ਰਾਈਮ ਦੇ ਲੋਕ ਉਨ੍ਹਾਂ ਮਹਾਨ ਗੱਲਾਂ ਨੂੰ ਭੁੱਲ ਗਏ ਜੋ ਪਰਮੇਸ਼ੁਰ ਨੇ ਕੀਤੀਆਂ ਸਨ।
ਉਹ ਉਨ੍ਹਾਂ ਅਦਭੁਤ ਗੱਲਾਂ ਨੂੰ ਭੁੱਲ ਗਏ ਜਿਹੜੀਆਂ ਉਸ ਨੇ ਉਨ੍ਹਾਂ ਨੂੰ ਵਿਖਾਈਆਂ ਸਨ।
12 ਪਰਮੇਸ਼ੁਰ ਨੇ ਉਨ੍ਹਾਂ ਦੇ ਪੁਰਖਿਆਂ ਨੂੰ ਮਿਸਰ ਵਿੱਚ
ਜ਼ੋਆਨ ਵਿਖੇ ਆਪਣੀ ਮਹਾਨ ਸ਼ਕਤੀ ਦਿਖਾਈ।
13 ਪਰਮੇਸ਼ੁਰ ਨੇ ਲਾਲ ਸਾਗਰ ਨੂੰ ਚੀਰ ਦਿੱਤਾ ਅਤੇ ਲੋਕਾਂ ਨੂੰ ਪਾਰ ਲੰਘਨ ਵਿੱਚ ਅਗਵਾਈ ਕੀਤੀ।
ਪਾਣੀ ਕੰਧਾਂ ਵਾਂਗ ਉਨ੍ਹਾਂ ਦੇ ਦੋਹੀਂ ਪਾਸੀਂ ਖਲੋਤਾ ਸੀ।
14 ਹਰ ਦਿਨ ਪਰਮੇਸ਼ੁਰ ਨੇ ਉਨ੍ਹਾਂ ਦੀ ਅਗਵਾਈ ਇੱਕ ਬੱਦਲ ਨਾਲ ਕੀਤੀ।
ਅਤੇ ਉਸ ਪਰਮੇਸ਼ੁਰ ਨੇ ਹਰ ਰਾਤ ਉਨ੍ਹਾਂ ਦੀ ਅਗਵਾਈ ਅੱਗ ਦੀ ਰੌਸ਼ਨੀ ਨਾਲ ਕੀਤੀ।
15 ਪਰਮੇਸ਼ੁਰ ਨੇ ਮਾਰੂਥਲ ਅੰਦਰ ਸ਼ਿਲਾ ਨੂੰ ਤੋੜ ਦਿੱਤਾ।
ਉਸ ਨੇ ਉਨ੍ਹਾਂ ਲੋਕਾਂ ਧਰਤੀ ਦੀ ਡੂੰਘਾਈ ਵਿੱਚੋਂ ਪਾਣੀ ਦਿੱਤਾ।
16 ਪਰਮੇਸ਼ੁਰ ਨੇ ਸ਼ਿਲਾ ਵਿੱਚੋਂ ਵਗਦੀ ਨਦੀ ਵਾਂਗ ਪਾਣੀ ਲਿਆਂਦਾ।
17 ਪਰ ਲੋਕਾਂ ਨੇ ਪਰਮੇਸ਼ੁਰ ਦੇ ਖਿਲਾਫ਼ ਪਾਪ ਕਰਨਾ ਜਾਰੀ ਰੱਖਿਆ।
18 ਫ਼ੇਰ ਉਨ੍ਹਾਂ ਨੇ ਪਰਮੇਸ਼ੁਰ ਨੂੰ ਪਰੱਖਣ ਦਾ ਫ਼ੈਸਲਾ ਕੀਤਾ।
ਉਨ੍ਹਾਂ ਨੇ ਸਿਰਫ਼ ਆਪਣੀ ਭੋਜਨ ਖਾਣ ਦੀ ਇੱਛਾ ਨੂੰ ਸੰਤੁਸ਼ਟ ਕਰਨ ਲਈ ਭੋਜਨ ਮੰਗਿਆ।
19 ਉਨ੍ਹਾਂ ਨੇ ਪਰਮੇਸ਼ੁਰ ਬਾਰੇ ਸ਼ਿਕਾਇਤ ਕੀਤੀ ਅਤੇ ਆਖਿਆ ਕਿ,
“ਪਰਮੇਸ਼ੁਰ ਸਾਨੂੰ ਮਾਰੂਥਲ ਵਿੱਚ ਭੋਜਨ ਦੇ ਸੱਕਦਾ ਹੈ?
20 ਉਸ ਨੇ ਸ਼ਿਲਾ ਨੂੰ ਠੋਕਰ ਮਾਰੀ ਸੀ ਅਤੇ ਪਾਣੀ ਦਾ ਹੜ੍ਹ ਬਾਹਰ ਆ ਗਿਆ।
ਅਵੱਸ਼ ਹੀ ਉਹ ਸਾਨੂੰ ਰੋਟੀ ਅਤੇ ਮਾਸ ਦੇ ਸੱਕਦਾ ਹੈ।”
21 ਯਹੋਵਾਹ ਨੇ ਸਭ ਸੁਣਿਆ ਜੋ ਵੀ ਉਨ੍ਹਾਂ ਲੋਕਾਂ ਨੇ ਆਖਿਆ।
ਪਰਮੇਸ਼ੁਰ ਯਾਕੂਬ ਉੱਤੇ ਬਹੁਤ ਗੁੱਸੇ ਸੀ।
ਉਹ ਇਸਰਾਏਲ ਉੱਤੇ ਬਹੁਤ ਗੁੱਸੇ ਸੀ।
22 ਕਿਉਂਕਿ ਇਨ੍ਹਾਂ ਲੋਕਾਂ ਨੇ ਪਰਮੇਸ਼ੁਰ ਤੇ ਯਕੀਨ ਨਹੀਂ ਰੱਖਿਆ।
ਉਨ੍ਹਾਂ ਨੇ ਭਰੋਸਾ ਨਹੀਂ ਕੀਤਾ ਕਿ ਪਰਮੇਸ਼ੁਰ ਉਨ੍ਹਾਂ ਨੂੰ ਬਚਾ ਸੱਕਦਾ।
23-24 ਪਰ ਫ਼ੇਰ ਪਰਮੇਸ਼ੁਰ ਨੇ ਉੱਤਲੇ ਬੱਦਲਾਂ ਨੂੰ ਖੋਲ੍ਹ ਦਿੱਤਾ
ਅਤੇ ਉਨ੍ਹਾਂ ਉੱਪਰ ਉਨ੍ਹਾਂ ਦੇ ਭੋਜਨ ਲਈ ਮੰਨ ਦੀ ਵਰੱਖਾ ਹੋਈ।
ਇੰਝ ਜਾਪਦਾ ਸੀ ਜਿਵੇਂ ਆਕਾਸ਼ ਸੀ ਜਿਵੇਂ ਅਕਾਸ਼ ਵਿੱਚਲੇ ਦਰ ਖੁਲ੍ਹ ਗਏ ਹੋਣ
ਅਤੇ ਅਕਾਸ਼ ਦੇ ਗੋਦਾਮ ਵਿੱਚੋਂ ਅਨਾਜ ਹੇਠਾਂ ਵਰ੍ਹ ਪਿਆ ਹੋਵੇ।
25 ਲੋਕਾਂ ਨੇ ਫ਼ਰਿਸ਼ਤਿਆਂ ਵਾਲਾ ਭੋਜਨ ਖਾਧਾ।
ਪਰਮੇਸ਼ੁਰ ਨੇ ਉਨ੍ਹਾਂ ਨੂੰ ਸੰਤੁਸ਼ਟ ਕਰਨ ਲਈ ਚੋਖਾ ਭੋਜਨ ਭੇਜਿਆ ਸੀ।
26 ਪਰਮੇਸ਼ੁਰ ਨੇ ਪੂਰੇ ਦੀ ਤੇਜ਼ ਹਵਾ ਭੇਜੀ
ਅਤੇ ਬਟੇਰੇ ਵਰਖਾ ਦੀ ਤਰ੍ਹਾਂ ਵਰਸਣ ਲਗੇ।
27 ਪਰਮੇਸ਼ੁਰ ਨੇ ਤੇਮਾਨ ਵੱਲੋਂ ਹਵਾ ਵਗਾਈ
ਅਤੇ ਨੀਲਾ ਅਕਾਸ਼ ਕਾਲਾ ਹੋ ਗਿਆ ਕਿਉਂਕਿ ਉੱਥੇ ਪੰਛੀਆਂ ਦੀ ਬਹੁਤਾਇਤ ਸੀ।
28 ਪੰਛੀ ਠੀਕ ਖੈਮੇ ਦੇ ਵਿੱਚਕਾਰ
ਅਤੇ ਉਨ੍ਹਾਂ ਦੇ ਤੰਬੂਆਂ ਦੇ ਆਲੇ-ਦੁਆਲੇ ਡਿੱਗੇ।
29 ਉੱਥੇ ਉਨ੍ਹਾਂ ਦੇ ਖਾਣ ਲਈ ਕਾਫ਼ੀ ਸੀ ਪਰ ਉਨ੍ਹਾਂ ਦੀ ਖਾਣ ਦੀ ਲਾਲਸਾ ਉਨ੍ਹਾਂ ਤੋਂ ਪਾਪ ਕਰਾਉਣ ਦਾ ਕਾਰਣ ਬਣੀ।
ਪਰਮੇਸ਼ੁਰ ਉਨ੍ਹਾਂ ਲਈ ਉਹ ਲਿਆਇਆ ਜਿਸਦੀ ਉਨ੍ਹਾਂ ਨੇ ਇੱਛਾ ਕੀਤੀ ਸੀ।
30 ਉਨ੍ਹਾਂ ਨੇ ਆਪਣੀਆਂ ਭੁੱਖਾਂ ਨੂੰ ਕਾਬੂ ਵਿੱਚ ਨਹੀਂ ਰੱਖਿਆ।
ਇਸ ਲਈ ਉਹ ਪੰਛੀਆਂ ਵਿੱਚੋਂ ਲਹੂ ਵਗ ਜਾਣ ਤੋਂ ਪਹਿਲਾਂ ਹੀ ਕੋਇਲਾਂ ਨੂੰ ਖਾ ਗਏ।
31 ਪਰਮੇਸ਼ੁਰ ਨੂੰ ਉਨ੍ਹਾਂ ਉੱਤੇ ਬਹੁਤ ਗੁੱਸਾ ਆਇਆ ਅਤੇ ਉਸ ਨੇ ਉਨ੍ਹਾਂ ਵਿੱਚੋਂ ਕਈਆਂ ਨੂੰ ਮਾਰ ਸੁੱਟਿਆ।
ਪਰਮੇਸ਼ੁਰ ਨੇ ਜਵਾਨ ਲੋਕਾਂ ਦੇ ਮਰਨ ਦੇ ਬਹੁਤ ਸਾਰੇ ਕਾਰਣ ਪੈਦਾ ਕੀਤੇ।
32 ਪਰ ਫ਼ੇਰ ਵੀ ਲੋਕਾਂ ਨੇ ਦੁਬਾਰਾ ਗੁਨਾਹ ਕੀਤੇ।
ਉਨ੍ਹਾਂ ਨੇ ਪਰਮੇਸ਼ੁਰ ਦੀਆਂ ਕੀਤੀਆਂ ਅਦਭੁਤ ਗੱਲਾਂ ਉੱਤੇ ਨਿਰਭਰ ਨਹੀਂ ਕੀਤਾ।
33 ਇਸ ਲਈ ਪਰਮੇਸ਼ੁਰ ਨੇ ਉਨ੍ਹਾਂ ਦੇ ਅਰਥਹੀਣ ਜੀਵਨਾਂ ਨੂੰ
ਕਿਸੇ ਹਾਦਸੇ ਰਾਹੀਂ ਮੁਕਾ ਦਿੱਤਾ।
34 ਜਦੋਂ ਵੀ ਪਰਮੇਸ਼ੁਰ ਨੇ ਉਨ੍ਹਾਂ ਵਿੱਚੋਂ ਕੁਝ ਇੱਕਾਂ ਨੂੰ ਮਾਰਿਆ ਦੂਸਰੇ ਉਸ ਵੱਲ ਮੁੜ ਜਾਂਦੇ ਰਹੇ।
ਉਹ ਪਰਮੇਸ਼ੁਰ ਵੱਲ ਨਸਦੇ ਹੋਏ ਆਉਂਦੇ।
35 ਉਹ ਲੋਕ ਯਾਦ ਕਰਦੇ ਰਹੇ ਕਿ ਪਰਮੇਸ਼ੁਰ ਉਨ੍ਹਾਂ ਦੀ ਚੱਟਾਨ ਹੈ।
ਉਨ੍ਹਾਂ ਚੇਤੇ ਰੱਖਿਆ ਕਿ ਸਰਬ ਉੱਚ ਪਰਮੇਸ਼ੁਰ ਨੇ ਉਨ੍ਹਾਂ ਨੂੰ ਬਚਾਇਆ।
36 ਉਨ੍ਹਾਂ ਨੇ ਆਖਿਆ ਕਿ ਉਹ ਉਸ ਨੂੰ ਪਿਆਰ ਕਰਦੇ ਸੀ
ਪਰ ਉਹ ਝੂਠ ਬੋਲਦੇ ਸਨ।
37 ਉਨ੍ਹਾਂ ਦੇ ਦਿਲ ਸੱਚਮੁੱਚ ਪਰਮੇਸ਼ੁਰ ਦੇ ਨਾਲ ਨਹੀਂ ਸਨ।
ਉਹ ਆਪਣੇ ਕਰਾਰ ਨੂੰ ਵਫ਼ਾਦਾਰ ਨਹੀਂ ਸਨ।
38 ਪਰ ਪਰਮੇਸ਼ੁਰ ਦਯਾਵਾਨ ਸੀ। ਉਸ ਨੇ ਉਨ੍ਹਾਂ ਦੇ ਪਾਪ ਬਖਸ਼ ਦਿੱਤੇ।
ਅਤੇ ਉਸ ਨੇ ਉਨ੍ਹਾਂ ਨੂੰ ਤਬਾਹ ਨਹੀਂ ਕੀਤਾ।
ਪਰਮੇਸ਼ੁਰ ਨੇ ਆਪਣੇ ਗੁੱਸੇ ਨੂੰ ਬਹੁਤ ਵਾਰ ਰੋਕਿਆ।
ਉਸ ਨੇ ਆਪਣੇ-ਆਪ ਨੂੰ ਬਹੁਤ ਗੁੱਸੇ ਨਾ ਹੋਣ ਦਿੱਤਾ।
39 ਪਰਮੇਸ਼ੁਰ ਨੇ ਯਾਦ ਕੀਤਾ ਕਿ ਉਹ ਸਿਰਫ਼ ਇਨਸਾਨ ਸਨ।
ਲੋਕ ਹਵਾ ਵਰਗੇ ਹਨ ਜਿਹੜੀ ਵਗਦੀ ਹੈ ਅਤੇ ਚਲੀ ਜਾਂਦੀ ਹੈ।
40 ਉਨ੍ਹਾਂ ਲੋਕਾਂ ਨੇ ਮਾਰੂਥਲ ਵਿੱਚ ਪਰਮੇਸ਼ੁਰ ਦੇ ਖਿਲਾਫ਼ ਕਿੰਨੇ ਵਾਰੀ ਵਿਦ੍ਰੋਹ ਕੀਤਾ।
ਉਨ੍ਹਾਂ ਨੇ ਉਸ ਨੂੰ ਇੰਨਾ ਉਦਾਸ ਕਰ ਦਿੱਤਾ।
41 ਉਨ੍ਹਾਂ ਲੋਕਾਂ ਨੇ ਪਰਮੇਸ਼ੁਰ ਦੇ ਸਬਰ ਨੂੰ ਬਾਰ-ਬਾਰ ਪਰੱਖਿਆ।
ਸੱਚਮੁੱਚ ਉਹ ਇਸਰਾਏਲ ਦੀ ਪਵਿੱਤਰ ਹਸਤੀ ਲਈ ਦੁੱਖ ਦਾ ਕਾਰਣ ਬਣੇ।
42 ਉਹ ਲੋਕ ਪਰਮੇਸ਼ੁਰ ਦੀ ਸ਼ਕਤੀ ਨੂੰ ਭੁੱਲ ਗਏ।
ਉਹ ਭੁੱਲ ਗਏ ਕਿ ਪਰਮੇਸ਼ੁਰ ਨੇ ਉਨ੍ਹਾਂ ਨੂੰ ਬਹੁਤ ਵਾਰੀ ਵੈਰੀਆਂ ਕੋਲੋਂ ਬਚਾਇਆ ਸੀ।
43 ਉਹ ਮਿਸਰ ਦੇ ਕਰਿਸ਼ਮਿਆਂ ਨੂੰ ਭੁੱਲ ਗਏ
ਜਿਹੜੇ ਕਰਿਸ਼ਮੇ ਸੋਅਨ ਦੇ ਖੇਤਾਂ ਵਿੱਚ ਕੀਤੇ ਗਏ ਸਨ।
44 ਪਰਮੇਸ਼ੁਰ ਨੇ ਦਰਿਆਵਾਂ ਨੂੰ ਲਹੂ ਵਿੱਚ ਬਦਲ ਦਿੱਤਾ।
ਮਿਸਰ ਦੇ ਲੋਕ ਪਾਣੀ ਨਹੀਂ ਪੀ ਸੱਕਦੇ ਸਨ।
45 ਪਰਮੇਸ਼ੁਰ ਨੇ ਮੱਖੀਆਂ ਦੇ ਝੁੰਡ ਨੂੰ ਭੇਜਿਆ ਜਿਨ੍ਹਾਂ ਨੇ ਮਿਸਰ ਦੇ ਲੋਕਾਂ ਨੂੰ ਡੰਗ ਮਾਰੇ।
ਪਰਮੇਸ਼ੁਰ ਨੇ ਡੱਡੂਆਂ ਨੂੰ ਭੇਜਿਆ ਜਿਨ੍ਹਾਂ ਨੇ ਮਿਸਰੀਆਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ।
46 ਪਰਮੇਸ਼ੁਰ ਨੇ ਉਨ੍ਹਾਂ ਦੀਆਂ ਫ਼ਸਲਾਂ ਉੱਤੇ ਟਿੱਡੀ ਦਲ ਛੱਡ ਦਿੱਤੇ
ਅਤੇ ਹੋਰ ਪੌਦਿਆਂ ਉੱਤੇ ਟਿੱਡੇ ਟਿੱਡੀਆਂ।
47 ਪਰਮੇਸ਼ੁਰ ਨੇ ਉਨ੍ਹਾਂ ਦੀਆਂ ਵੇਲਾਂ ਨੂੰ ਤਬਾਹ ਕਰਨ ਲਈ ਗੜ੍ਹਿਆਂ ਦੀ ਵਰਤੋਂ ਕੀਤੀ
ਅਤੇ ਉਨ੍ਹਾਂ ਦੇ ਰੁੱਖਾਂ ਨੂੰ ਤਬਾਹ ਕਰਨ ਲਈ ਕੋਰੇ ਦੀ ਵਰਤੋਂ ਕੀਤੀ।
48 ਪਰਮੇਸ਼ੁਰ ਨੇ ਉਨ੍ਹਾਂ ਦੇ ਜਾਨਵਰਾਂ ਨੂੰ ਰੋਗਾਂ ਨਾਲ
ਅਤੇ ਉਨ੍ਹਾਂ ਦੇ ਪਸ਼ੂਆਂ ਨੂੰ ਮਹਾਂਮਾਰੀ ਨਾਲ ਮਾਰ ਦਿੱਤਾ।
49 ਪਰਮੇਸ਼ੁਰ ਨੇ ਮਿਸਰ ਦੇ ਲੋਕਾਂ ਨੂੰ ਆਪਣਾ ਕਹਿਰ ਦਰਸਾਇਆ।
ਉਸ ਨੇ ਉਨ੍ਹਾਂ ਵੱਲ ਆਪਣੇ ਮੌਤ ਦੇ ਫ਼ਰਿਸ਼ਤਿਆਂ ਨੂੰ ਭੇਜਿਆ।
50 ਪਰਮੇਸ਼ੁਰ ਨੇ ਨਿਸੰਕੋਚ ਆਪਣਾ ਗੁੱਸਾ ਦਰਸਾਇਆ।
ਉਸ ਨੇ ਉਨ੍ਹਾਂ ਲੋਕਾਂ ਵਿੱਚੋਂ ਕਿਸੇ ਨੂੰ ਵੀ ਜਿਉਂਦਾ ਨਹੀਂ ਛੱਡਿਆ।
ਉਸ ਨੇ ਉਨ੍ਹਾਂ ਨੂੰ ਖਤਰਨਾਕ ਬਿਮਾਰੀ ਨਾਲ ਮਰਨ ਦਿੱਤਾ।
51 ਪਰਮੇਸ਼ੁਰ ਨੇ ਮਿਸਰ ਦੇ ਪਹਿਲੋਠੇ ਜੰਮੇ ਪੁੱਤਰਾਂ ਨੂੰ ਮਾਰ ਦਿੱਤਾ।
ਉਸ ਨੇ ਹਾਮ ਦੇ ਪਰਿਵਾਰ ਵਿੱਚੋਂ ਹਰ ਪਹਿਲੋਠੇ ਪੁੱਤਰ ਨੂੰ ਮਾਰ ਦਿੱਤਾ।
52 ਫ਼ੇਰ ਪਰਮੇਸ਼ੁਰ ਨੇ ਇਸਰਾਏਲ ਨੂੰ ਆਜੜੀ ਵਾਂਗ ਹੱਕ ਲਿਆ,
ਉਹ ਆਪਣੇ ਲੋਕਾਂ ਨੂੰ ਭੇਡਾਂ ਵਾਂਗ ਮਾਰੂਥਲ ਅੰਦਰ ਲੈ ਤੁਰਿਆ।
53 ਉਸ ਨੇ ਸੁਰੱਖਿਅਤ ਢੰਗ ਨਾਲ ਆਪਣੇ ਲੋਕਾਂ ਦੀ ਰਾਹਨੁਮਾਈ ਕੀਤੀ।
ਉਸ ਦੇ ਲੋਕਾਂ ਨੂੰ ਕੋਈ ਡਰ ਨਹੀਂ ਸੀ।
ਉਸ ਨੇ ਉਨ੍ਹਾਂ ਦੇ ਦੁਸ਼ਮਣਾਂ ਨੂੰ ਲਾਲ ਸਾਗਰ ਵਿੱਚ ਡੁਬੋ ਦਿੱਤਾ।
54 ਪਰਮੇਸ਼ੁਰ ਨੇ ਆਪਣੇ ਲੋਕਾਂ ਦੀ ਅਗਵਾਈ ਆਪਣੇ ਸੱਜੇ ਹੱਥ ਨਾਲ ਬਣਾਏ
ਆਪਣੇ ਪਵਿੱਤਰ ਪਰਬਤ ਦੇ ਸਿਰੇ ਤੱਕ ਕੀਤੀ।
55 ਪਰਮੇਸ਼ੁਰ ਨੇ ਹੋਰਾਂ ਕੌਮਾਂ ਨੂੰ ਉਹ ਧਰਤੀ ਛੱਡਣ ਲਈ ਮਜਬੂਰ ਕਰ ਦਿੱਤਾ।
ਪਰਮੇਸ਼ੁਰ ਨੇ ਹਰ ਪਰਿਵਾਰ ਨੂੰ ਉਸ ਧਰਤੀ ਵਿੱਚੋਂ ਹਿੱਸਾ ਦਿੱਤਾ।
ਪਰਮੇਸ਼ੁਰ ਨੇ ਇਸਰਾਏਲ ਦੇ ਹਰ ਪਾਰਵਾਰਿਕ ਸਮੂਹ ਨੂੰ ਰਹਿਣ ਲਈ ਘਰ ਦਿੱਤਾ।
56 ਪਰ ਉਨ੍ਹਾਂ ਨੇ ਸਰਬ ਉੱਚ ਪਰਮੇਸ਼ੁਰ ਨੂੰ ਪਰੱਖਿਆ ਅਤੇ ਉਸ ਦੇ ਖਿਲਾਫ਼ ਵਿਦ੍ਰੋਹ ਕੀਤਾ।
ਉਨ੍ਹਾਂ ਲੋਕਾਂ ਨੇ ਉਸ ਦੇ ਆਦੇਸ਼ਾਂ ਨੂੰ ਸਤਿਕਾਰ ਨਹੀਂ ਦਿੱਤਾ।
57 ਇਸਰਾਏਲ ਦੇ ਲੋਕ ਪਰਮੇਸ਼ੁਰ ਕੋਲੋਂ ਬੇਮੁੱਖ ਹੋ ਗਏ।
ਉਹ ਉਸ ਦੇ ਖਿਲਾਫ਼ ਹੋ ਗਏ ਜਿਵੇਂ ਉਨ੍ਹਾਂ ਦੇ ਪੁਰਖਿਆਂ ਨੇ ਕੀਤਾ ਸੀ।
ਉਨ੍ਹਾਂ ਬੈਮਰੂਗ ਵਾਂਗ ਦਿਸ਼ਾਵਾਂ ਬਦਲ ਲਈਆਂ।
58 ਇਸਰਾਏਲ ਦੇ ਲੋਕਾਂ ਨੇ ਉੱਚੀਆਂ ਥਾਵਾਂ ਉਸਾਰੀਆਂ ਅਤੇ ਪਰਮੇਸ਼ੁਰ ਨੂੰ ਗੁੱਸੇ ਕੀਤਾ।
ਉਨ੍ਹਾਂ ਨੇ ਝੂਠੇ ਦੇਵਤਿਆਂ ਦੇ ਬੁੱਤ ਬਣਾਏ ਅਤੇ ਪਰਮੇਸ਼ੁਰ ਨੂੰ ਬਹੁਤ ਈਰਖਾਲੂ ਕਰ ਦਿੱਤਾ।
59 ਪਰਮੇਸ਼ੁਰ ਨੇ ਇਸ ਨੂੰ ਸੁਣਿਆ ਅਤੇ ਉਹ ਬਹੁਤ ਕਹਿਰਵਾਨ ਹੋ ਗਿਆ।
ਅਤੇ ਉਸ ਨੇ ਪੂਰੀ ਤਰ੍ਹਾਂ ਇਸਰਾਏਲ ਨੂੰ ਤਿਆਗ ਦਿੱਤਾ।
60 ਪਰਮੇਸ਼ੁਰ ਨੇ ਸ਼ੀਲੋਹ ਦੇ ਪਵਿੱਤਰ ਤੰਬੂ ਨੂੰ ਛੱਡ ਦਿੱਤਾ।
ਪਰਮੇਸ਼ੁਰ ਉਸ ਤੰਬੂ ਵਿੱਚ ਲੋਕਾਂ ਸੰਗ ਨਿਵਾਸ ਕਰਦਾ ਸੀ।
61 ਆਪਣੇ ਲੋਕਾਂ ਨੂੰ ਹੋਰਾਂ ਕੌਮਾਂ ਦੁਆਰਾ ਕੈਦ ਕਰਨ ਦਿੱਤਾ।
ਵੈਰੀਆਂ ਨੇ ਪਰਮੇਸ਼ੁਰ ਦਾ “ਸੁੰਦਰ ਹੀਰਾ” ਖੋਹ ਲਿਆ।
62 ਕਿਉਂਕਿ ਪਰਮੇਸ਼ੁਰ ਆਪਣੇ ਚੁਣੇ ਹੋਏ ਲੋਕਾਂ ਨਾਲ ਗੁੱਸੇ ਸੀ।
ਉਸ ਨੇ ਉਨ੍ਹਾਂ ਨੂੰ ਜੰਗ ਵਿੱਚ ਮਰ ਜਾਣ ਦਿੱਤਾ।
63 ਜਵਾਨ ਨੂੰ ਅੱਗ ਨਾਲ ਸਾੜਿਆ ਗਿਆ ਸੀ, ਅਤੇ ਉਨ੍ਹਾਂ ਮੁਟਿਆਰਾਂ ਨੇ,
ਜਿਹੜੀਆਂ ਉਨ੍ਹਾਂ ਨਾਲ ਵਿਆਹ ਕਰਨ ਵਾਲੀਆਂ ਸਨ, ਸੁਹਾਗ ਦੇ ਗੀਤ ਗਾਏ।
64 ਜਾਜਕ ਮਾਰੇ ਗਏ,
ਪਰ ਵਿਧਵਾਵਾਂ ਉਨ੍ਹਾਂ ਲਈ ਨਾ ਪਿਟ ਸੱਕੀਆਂ।
65 ਆਖਰਕਾਰ ਸਾਡਾ ਮਾਲਕ ਨੀਂਦ ਵਿੱਚੋਂ ਉੱਠਦਾ ਹੈ।
ਜਿਵੇਂ ਸਿਪਾਹੀ ਬਹੁਤ ਮੈਅ ਪੀਣ ਤੋਂ ਬਾਅਦ ਉੱਠਦਾ ਹੈ।
66 ਪਰਮੇਸ਼ੁਰ ਨੇ ਆਪਣੇ ਵੈਰੀਆਂ ਨੂੰ ਪਿੱਛਾਂਹ ਧੱਕ ਦਿੱਤਾ ਅਤੇ ਉਨ੍ਹਾਂ ਨੂੰ ਹਰਾ ਦਿੱਤਾ।
ਪਰਮੇਸ਼ੁਰ ਨੇ ਆਪਣੇ ਵੈਰੀਆਂ ਨੂੰ ਹਰਾ ਦਿੱਤਾ ਅਤੇ ਸਦਾ ਲਈ ਬੇਇੱਜ਼ਤ ਕਰ ਦਿੱਤਾ।
67 ਪਰ ਪਰਮੇਸ਼ੁਰ ਨੇ ਯੂਸੁਫ਼ ਦੇ ਪਰਿਵਾਰ ਨੂੰ ਤਿਆਗ ਦਿੱਤਾ,
ਪਰਮੇਸ਼ੁਰ ਨੇ ਇਫ਼ਰਾਈਮ ਦੇ ਪਰਿਵਾਰ ਨੂੰ ਪ੍ਰਵਾਨ ਨਹੀਂ ਕੀਤਾ।
68 ਨਹੀਂ, ਪਰਮੇਸ਼ੁਰ ਨੇ ਯਹੂਦਾਹ ਦੇ ਪਰਿਵਾਰ ਨੂੰ ਚੁਣਿਆ।
ਪਰਮੇਸ਼ੁਰ ਨੇ ਸੀਯੋਨ ਪਰਬਤ ਨੂੰ ਚੁਣਿਆ ਜਿਸ ਨੂੰ ਉਹ ਪਿਆਰ ਕਰਦਾ ਹੈ।
69 ਪਰਮੇਸ਼ੁਰ ਨੇ ਉਸ ਪਰਬਤ ਦੀ ਚੋਟੀ ਉੱਤੇ ਆਪਣਾ ਪਵਿੱਤਰ ਮੰਦਰ ਉਸਾਰਿਆ।
ਪਰਮੇਸ਼ੁਰ ਨੇ ਆਪਣੇ ਪਵਿੱਤਰ ਮੰਦਰ ਨੂੰ ਧਰਤੀ ਵਾਂਗ ਹੀ ਸਦਾ ਲਈ ਰਹਿਣ ਲਈ ਉਸਾਰਿਆ।
70 ਪਰਮੇਸ਼ੁਰ ਨੇ ਦਾਊਦ ਨੂੰ ਆਪਣਾ ਖਾਸ ਸੇਵਕ ਹੋਣ ਲਈ ਚੁਣਿਆ।
ਦਾਊਦ ਭੇਡਾਂ ਦੇ ਵਾੜਿਆਂ ਦਾ ਰੱਖਵਾਲਾ ਸੀ ਪਰ ਪਰਮੇਸ਼ੁਰ ਨੇ ਉਸਤੋਂ ਇਹ ਕੰਮ ਛੁਡਾ ਦਿੱਤਾ।
71 ਦਾਊਦ ਭੇਡਾਂ ਦੀ ਦੇਖ-ਭਾਲ ਕਰਦਾ ਸੀ ਪਰ ਪਰਮੇਸ਼ੁਰ ਨੇ ਉਸਤੋਂ ਇਹ ਕੰਮ ਛੁਡਾ ਦਿੱਤਾ।
ਪਰਮੇਸ਼ੁਰ ਨੇ ਦਾਊਦ ਨੂੰ ਆਪਣੇ ਲੋਕਾਂ ਨੂੰ ਯਾਕੂਬ ਦੇ ਲੋਕਾਂ ਨੂੰ, ਇਸਰਾਏਲ ਦੇ ਲੋਕਾਂ ਨੂੰ ਅਤੇ ਪਰਮੇਸ਼ੁਰ ਦੀ ਮਲਕੀਅਤ ਨੂੰ ਪਾਲਣ ਦਾ ਕੰਮ ਦਿੱਤਾ।
72 ਅਤੇ ਦਾਊਦ ਨੇ ਸ਼ੁੱਧ ਹਿਰਦੇ ਨਾਲ ਉਨ੍ਹਾਂ ਦੀ ਅਗਵਾਈ ਕੀਤੀ।
ਉਸ ਨੇ ਬਹੁਤ ਸਿਆਣਪ ਨਾਲ ਉਨ੍ਹਾਂ ਦੀ ਅਗਵਾਈ ਕੀਤੀ।
ਆਸਾਫ਼ ਦਾ ਇੱਕ ਉਸਤਤਿ ਗੀਤ।
79 ਹੇ ਪਰਮੇਸ਼ੁਰ, ਪਰਾਈਆਂ ਕੌਮਾਂ ਦੇ ਲੋਕ ਤੁਹਾਡੇ ਲੋਕਾਂ ਨਾਲ ਲੜਨ ਲਈ ਆਏ ਸਨ।
ਉਨ੍ਹਾਂ ਨੇ ਤੁਹਾਡੇ ਪਵਿੱਤਰ ਮੰਦਰ ਨੂੰ ਦੂਸ਼ਿਤ ਕਰ ਦਿੱਤਾ।
ਉਨ੍ਹਾਂ ਨੇ ਯਰੂਸ਼ਲਮ ਨੂੰ ਖੰਡਰ ਬਣਾ ਦਿੱਤਾ।
2 ਵੈਰੀਆਂ ਨੇ ਤੁਹਾਡੇ ਸੇਵਕਾਂ ਦੀਆਂ ਲਾਸ਼ਾਂ ਨੂੰ ਗਿਲਝਾਂ ਅੱਗੇ ਖਾਣ ਲਈ ਸੁੱਟ ਦਿੱਤਾ।
ਉਨ੍ਹਾਂ ਨੇ ਤੁਹਾਡੇ ਪੈਰੋਕਾਰਾਂ ਦੀਆਂ ਲਾਸ਼ਾਂ ਨੂੰ ਜਾਨਵਰਾਂ ਅੱਗੇ ਖਾਣ ਲਈ ਸੁੱਟ ਦਿੱਤਾ।
3 ਹੇ ਪਰਮੇਸ਼ੁਰ, ਵੈਰੀ ਨੇ ਤੇਰੇ ਲੋਕਾਂ ਨੂੰ ਉਦੋਂ ਤੱਕ ਮਾਰਿਆ ਅਤੇ ਸੁੱਟਿਆ ਜਦੋਂ ਤੱਕ ਲਹੂ ਦੀਆਂ ਨਦੀਆਂ ਨਾ ਵਗ ਤੁਰੀਆਂ।
ਕੋਈ ਵੀ ਬੰਦਾ ਲਾਸ਼ਾਂ ਦਫ਼ਨਾਉਣ ਲਈ ਨਹੀਂ ਬਚਿਆ।
4 ਸਾਡੇ ਗੁਆਂਢੀ ਦੇਸ਼ਾਂ ਨੇ ਸਾਨੂੰ ਬੇਇੱਜ਼ਤ ਕੀਤਾ।
ਆਲੇ-ਦੁਆਲੇ ਦੇ ਲੋਕ ਸਾਡੇ ਉੱਤੇ ਹੱਸੇ ਅਤੇ ਉਨ੍ਹਾਂ ਨੇ ਸਾਡਾ ਮਜ਼ਾਕ ਉਡਾਇਆ।
5 ਹੇ ਪਰਮੇਸ਼ੁਰ, ਕੀ ਤੁਸੀਂ ਸਦਾ ਲਈ ਸਾਡੇ ਉੱਤੇ ਕਹਿਰਵਾਨ ਹੋਵੋਂਗੇ?
ਕੀ ਤੁਹਾਡੀਆਂ ਕਠੋਰ ਭਾਵਨਾਵਾਂ ਸਾਨੂੰ ਅੱਗ ਵਾਂਗ ਸਾੜੀ ਜਾਣਗੀਆਂ।
6 ਹੇ ਪਰਮੇਸ਼ੁਰ, ਆਪਣੇ ਗੁੱਸੇ ਨੂੰ ਉਨ੍ਹਾਂ ਕੌਮਾਂ ਵੱਲ ਮੋੜ ਜਿਹੜੇ ਤੁਹਾਨੂੰ ਨਹੀਂ ਜਾਣਦੇ।
ਆਪਣਾ ਗੁੱਸਾ ਉਨ੍ਹਾਂ ਕੌਮਾਂ ਵੱਲ ਮੋੜ ਜਿਹੜੇ ਤੁਹਾਡੇ ਨਾਮ ਦੀ ਉਪਾਸਨਾ ਨਹੀਂ ਕਰਦੇ।
7 ਉਨ੍ਹਾਂ ਕੌਮਾਂ ਨੇ ਯਾਕੂਬ ਨੂੰ ਤਬਾਹ ਕੀਤਾ।
ਉਨ੍ਹਾਂ ਨੇ ਯਾਕੂਬ ਦੇ ਦੇਸ਼ ਨੂੰ ਤਬਾਹ ਕਰ ਦਿੱਤਾ।
8 ਹੇ ਪਰਮੇਸ਼ੁਰ, ਸਾਨੂੰ ਸਾਡੇ ਪੁਰਖਿਆਂ ਦੇ ਗੁਨਾਹਾਂ ਲਈ ਦੰਡ ਨਾ ਦਿਉ।
ਛੇਤੀ ਕਰੋ, ਸਾਡੇ ਉੱਤੇ ਦਯਾ ਕਰੋ।
ਸਾਨੂੰ ਤੇਰੀ ਕਿੰਨੀ ਜ਼ਰੂਰਤ ਹੈ।
9 ਸਾਡੇ ਪਰਮੇਸ਼ੁਰ ਅਤੇ ਮੁਕਤੀਦਾਤਾ, ਸਾਡੀ ਸਹਾਇਤਾ ਕਰੋ।
ਸਾਡੀ ਸਹਾਇਤਾ ਕਰ। ਸਾਨੂੰ ਬਚਾਉ।
ਇਸ ਨਾਲ ਤੁਹਾਡਾ ਨਾਮ ਮਹਿਮਾਮਈ ਹੋਵੇਗਾ।
ਆਪਣੇ ਨਾਮ ਦੇ ਚੰਗੇ ਲਈ ਸਾਡੇ ਪਾਪਾਂ ਨੂੰ ਢਾਹ ਦਿਉ।
10 ਸਾਨੂੰ ਹੋਰਾਂ ਕੌਮਾਂ ਨੂੰ ਨਾ ਕਹਿਣ ਦਿਉ, “ਤੁਹਾਡਾ ਪਰਮੇਸ਼ੁਰ ਕਿੱਥੇ ਹੈ?
ਕੀ ਉਹ ਤੁਹਾਡੀ ਸਹਾਇਤਾ ਨਹੀਂ ਕਰ ਸੱਕਦਾ?”
ਹੇ ਪਰਮੇਸ਼ੁਰ, ਉਨ੍ਹਾਂ ਲੋਕਾਂ ਨੂੰ ਦੰਡ ਦਿਉ ਤਾਂ ਜੋ ਅਸੀਂ ਵੇਖ ਸੱਕੀਏ।
ਉਨ੍ਹਾਂ ਨੂੰ ਆਪਣੇ ਸੇਵਕਾਂ ਨੂੰ ਮਾਰਨ ਦਾ ਦੰਡ ਦਿਉ।
11 ਕਿਰਪਾ ਕਰਕੇ ਕੈਦੀਆਂ ਦੀ ਕੁਰਲਾਟ ਸੁਣੋ।
ਹੇ ਪਰਮੇਸ਼ੁਰ, ਆਪਣੀ ਮਹਾਨ ਸ਼ਕਤੀ ਦਾ ਇਸਤੇਮਾਲ ਕਰੋ ਅਤੇ ਉਨ੍ਹਾਂ ਲੋਕਾਂ ਨੂੰ ਬਚਾ ਲਵੋ ਜਿਨ੍ਹਾਂ ਨੂੰ ਮੌਤ ਦੇ ਹਵਾਲੇ ਕੀਤਾ ਗਿਆ ਹੈ।
12 ਹੇ ਪਰਮੇਸ਼ੁਰ, ਸਾਡੇ ਆਲੇ-ਦੁਆਲੇ ਦੇ ਲੋਕਾਂ ਨੂੰ ਸੱਤ ਵਾਰੀ ਦੰਡ ਦਿਉ
ਜੋ ਉਨ੍ਹਾਂ ਨੇ ਸਾਡੇ ਨਾਲ ਇੱਕ ਵਾਰੀ ਕੀਤਾ ਸੀ।
ਉਨ੍ਹਾਂ ਲੋਕਾਂ ਨੂੰ ਤੁਹਾਨੂੰ ਬੇਇੱਜ਼ਤ ਕਰਨ ਦੇ ਬਦਲੇ ਦੰਡ ਦਿਉ।
13 ਅਸੀਂ ਤੁਹਾਡੇ ਬੰਦੇ ਹਾਂ।
ਅਸੀਂ ਤੁਹਾਡੇ ਇਜ਼ੜ ਦੀਆਂ ਭੇਡਾਂ ਹਾਂ।
ਅਸੀਂ ਸਦਾ ਹੀ ਤੁਹਾਡੀ ਉਸਤਤਿ ਕਰਾਂਗੇ।
ਹੇ ਪਰਮੇਸ਼ੁਰ, ਅਸੀਂ ਸਦਾ-ਸਦਾ ਹੀ ਤੁਹਾਡੀ ਉਸਤਤਿ ਕਰਾਂਗੇ।
ਨਿਰਦੇਸ਼ਕ ਲਈ: “ਕਰਾਰ ਦੀ ਕੁਮਦਿਨੀ” ਦੀ ਧੁਨੀ ਲਈ ਆਸਾਫ਼ ਦਾ ਇੱਕ ਉਸਤਤਿ ਗੀਤ।
80 ਇਸਰਾਏਲ ਦੇ ਆਜੜੀ, ਕਿਰਪਾ ਕਰਕੇ ਮੈਨੂੰ ਸੁਣੋ।
ਤੁਸੀਂ ਯੂਸੁਫ਼ ਦੀਆਂ ਭੇਡਾਂ (ਲੋਕਾਂ) ਦੀ ਅਗਵਾਈ ਕਰਦੇ ਹੋ।
ਤੁਸੀਂ ਤੇਜ ਦੇ ਕਰੂਬੀ ਉੱਪਰ ਰਾਜੇ ਵਾਂਗ ਬਿਰਾਜਮਾਨ ਹੋ।
ਸਾਨੂੰ ਤੁਹਾਨੂੰ ਵੇਖਣ ਦਿਉ।
2 ਇਸਰਾਏਲ ਦੇ ਆਜੜੀ, ਆਪਣੀ ਮਹਾਨਤਾ ਇਫ਼ਰਾਈਮ,
ਬਿਨਯਾਮੀਨ ਅਤੇ ਮਨੱਸ਼ਹ ਲਈ ਦਰਸ਼ਾਉ।
3 ਹੇ ਪਰਮੇਸ਼ੁਰ, ਸਾਨੂੰ ਇੱਕ ਵਾਰ ਫ਼ੇਰ ਪ੍ਰਵਾਨ ਕਰੋ।
ਸਾਨੂੰ ਪ੍ਰਵਾਨ ਕਰੋ, ਸਾਨੂੰ ਬਚਾਉ।
4 ਯਹੋਵਾਹ ਸਰਬ ਸ਼ਕਤੀਮਾਨ, ਤੁਸੀਂ ਸਾਡੀਆਂ ਪ੍ਰਾਰਥਨਾ ਕਦੋਂ ਸੁਣੋਂਗੇ।
ਕੀ ਸਦਾ ਲਈ ਸਾਡੇ ਉੱਤੇ ਕਹਿਰਵਾਨ ਹੋਵੋਂਗੇ।
5 ਤੁਸੀਂ ਆਪਣੇ ਲੋਕਾਂ ਨੂੰ ਹੰਝੂ ਦਿੱਤੇ ਹਨ, ਤੁਸੀਂ ਆਪਣੇ ਲੋਕਾਂ ਨੂੰ ਖਾਣ ਲਈ ਉਨ੍ਹਾਂ ਦੇ ਹੰਝੂਆਂ ਨਾਲ ਭਰੇ ਹੋਏ ਪਿਆਲੇ ਦਿੱਤੇ ਹਨ।
ਇਹੀ ਉਨ੍ਹਾਂ ਦੇ ਪੀਣ ਲਈ ਪਾਣੀ ਸੀ।
6 ਤੂੰ ਸਾਨੂੰ ਸਾਡੇ ਗੁਆਂਢੀਆਂ ਲਈ ਝਗੜ੍ਹੇ ਦਾ ਕਰਣ ਬਣਾ ਦਿੱਤਾ।
ਸਾਡੇ ਵੈਰੀ ਸਾਡੇ ਉੱਤੇ ਹੱਸਦੇ ਹਨ।
7 ਸਰਬ ਸ਼ਕਤੀਮਾਨ ਪਰਮੇਸ਼ੁਰ, ਸਾਨੂੰ ਇੱਕ ਵਾਰੀ ਫ਼ੇਰ ਪ੍ਰਵਾਨ ਕਰੋ।
ਸਾਨੂੰ ਪ੍ਰਵਾਨ ਕਰੋ, ਸਾਨੂੰ ਬਚਾਉ।
8 ਅਤੀਤ ਵਿੱਚ ਤੁਸੀਂ ਸਾਡੇ ਨਾਲ ਬਹੁਤ ਮਹੱਤਵਪੂਰਣ ਬੂਟੇ ਵਰਗਾ ਵਿਹਾਰ ਕੀਤਾ ਸੀ।
ਤੁਸੀਂ ਆਪਣੀ “ਵੇਲ” ਨੂੰ ਮਿਸਰ ਤੋਂ ਬਾਹਰ ਲਿਆਂਦਾ ਸੀ।
ਤੁਸੀਂ ਹੋਰਾਂ ਲੋਕਾਂ ਨੂੰ ਇਹ ਧਰਤੀ ਛੱਡਣ ਲਈ ਮਜ਼ਬੂਰ ਕਰ ਦਿੱਤਾ ਸੀ।
ਅਤੇ ਆਪਣੀ “ਵੇਲ” ਨੂੰ ਇੱਥੇ ਬੀਜ ਦਿੱਤਾ ਸੀ।
9 ਤੁਸੀਂ “ਵੇਲ” ਲਈ ਭੂਇ ਤਿਆਰ ਕੀਤੀ। ਤੁਸੀਂ ਇਸਦੀ ਜੜ੍ਹ ਦੀ ਮਜ਼ਬੂਤੀ ਲਈ ਸਹਾਇਤਾ ਕੀਤੀ।
ਛੇਤੀ ਹੀ “ਵੇਲ” ਸਾਰੀ ਜ਼ਮੀਨ ਉੱਤੇ ਫ਼ੈਲ ਗਈ।
10 ਇਸਨੇ ਪਰਬਤਾਂ ਨੂੰ ਢੱਕ ਦਿੱਤਾ ਸੀ
ਇਸਦੇ ਪਤਿਆਂ ਨੇ ਦਿਉਦਾਰ ਦੇ ਰੁੱਖਾਂ ਉੱਤੇ ਵੀ ਛਾਂ ਕਰ ਦਿੱਤੀ ਸੀ।
11 ਇਸ ਦੀਆਂ ਸ਼ਾਖਾਵਾਂ ਭੂਮੱਧ ਸਾਗਰ ਤੱਕ ਫ਼ੈਲ ਗਈਆਂ
ਇਸ ਦੀਆਂ ਟਹਿਣੀਆਂ ਫ਼ਰਾਤ ਨਦੀ ਤੱਕ ਫ਼ੈਲ ਗਈਆਂ।
12 ਹੇ ਪਰਮੇਸ਼ੁਰ, ਤੁਸੀਂ ਉਹ ਕੰਧਾਂ ਕਿਉਂ ਢਾਹ ਦਿੱਤੀਆਂ ਜਿਹੜੀਆਂ ਤੁਹਾਡੀ “ਵੇਲ” ਦੀ ਰੱਖਿਆ ਕਰਦੀਆਂ ਹਨ।
ਹੁਣ ਹਰ ਲੰਘਣ ਵਾਲਾ ਇਸਦੇ ਅੰਗੂਰ ਤੋੜ ਲੈਂਦਾ ਹੈ।
13 ਜੰਗਲੀ ਸੂਰ ਆਉਂਦੇ ਹਨ ਅਤੇ ਆਕੇ ਤੁਹਾਡੀ “ਵੇਲ” ਨੂੰ ਲਤਾੜ ਦਿੰਦੇ ਹਨ।
ਜੰਗਲੀ ਜਾਨਵਰ ਆਉਂਦੇ ਹਨ ਅਤੇ ਇਸਦੇ ਪੱਤੇ ਖਾ ਜਾਂਦੇ ਹਨ।
14 ਹੇ ਪਰਮੇਸ਼ੁਰ, ਸਰਬ ਸ਼ਕਤੀਮਾਨ ਕਿਰਪਾ ਕਰਕੇ ਵਾਪਸ ਆਉ
ਅਤੇ ਸਵਰਗ ਵਿੱਚੋਂ ਹੇਠਾਂ ਆਪਣੀ “ਵੇਲ” ਵੱਲ ਵੇਖੋ ਅਤੇ ਇਸਦੀ ਰੱਖਿਆ ਕਰੋ।
15 ਹੇ ਪਰਮੇਸ਼ੁਰ, ਆਪਣੀ ਵੇਲ ਵੱਲ ਵੇਖੋ ਜਿਸ ਨੂੰ ਤੁਸੀਂ ਆਪਣੇ ਹੱਥੀਂ ਬੀਜਿਆ ਸੀ।
ਉਸ ਜਵਾਨ ਬੂਟੇ ਵੱਲ ਵੇਖੋ ਜਿਸ ਨੂੰ ਤੁਸੀਂ ਆਪਣੇ ਲਈ ਉਗਾਇਆ ਸੀ।
16 ਤੁਹਾਡੀ ਭਿਆਨਕ ਝਿੜਕ ਦੇ ਕਾਰਣ ਇਹ ਇੱਕ ਸੁੱਕੇ
ਗੋਹੇ ਵਾਂਗ ਸਾੜ ਦਿੱਤੀ ਗਈ ਹੈ।
17 ਹੇ ਪਰਮੇਸ਼ੁਰ, ਆਪਣੇ ਹੱਥ ਨਾਲ ਉਸ ਆਦਮੀ ਕੋਲ ਪਹੁੰਚੋ, ਜਿਹੜਾ ਤੇਰੇ ਸੱਜੇ ਹੱਥ ਖੜੋਂਦਾ ਹੈ।
ਉਸ ਕੋਲ ਪਹੁੰਚ ਜਿਸ ਨੂੰ ਤੂੰ ਆਪਣੀ ਖਾਤਿਰ ਵੱਧਣ ਵਿੱਚ ਮਦਦ ਕੀਤੀ ਸੀ।
18 ਤਾਂ ਅਸੀਂ ਤੁਹਾਡੇ ਕੋਲੋਂ ਫ਼ੇਰ ਤੋਂ ਬੇਮੁੱਖ ਨਹੀਂ ਹੋਵਾਂਗੇ।
ਸਾਨੂੰ ਜੀਵਨ ਦੇ ਤਾਂ ਜੋ ਤੁਹਾਡੇ ਨਾਮ ਦੁਆਰਾ ਬੁਲਾਏ ਜਾਈਏ।
19 ਸਰਬ ਸ਼ਕਤੀਮਾਨ ਯਹੋਵਾਹ, ਸਾਨੂੰ ਜਵਾਬ ਦੇ
ਸਾਨੂੰ ਅਸੀਸ ਦੇ ਅਤੇ ਅਸੀਂ ਬਚਾਏ ਜਾਵਾਂਗੇ।
ਨਿਰਦੇਸ਼ਕ ਲਈ: “ਕਰਾਰ ਦੀ ਕੁਮਦਿਨੀ” ਦੀ ਧੁਨੀ ਲਈ ਆਸਾਫ਼ ਦਾ ਇੱਕ ਉਸਤਤਿ ਗੀਤ।
81 ਖੁਸ਼ ਹੋਵੋ ਅਤੇ ਪਰਮੇਸ਼ੁਰ ਨੂੰ ਗੀਤ ਗਾਵੋ ਜਿਹੜਾ ਸਾਡੀ ਤਾਕਤ ਹੈ।
ਇਸਰਾਏਲ ਦੇ ਪਰਮੇਸ਼ੁਰ ਨੂੰ ਖੁਸ਼ੀ ਦੇ ਜੈਕਾਰੇ ਗਜਾਉ।
2 ਸੰਗੀਤ ਸ਼ੁਰੂ ਕਰੋ, ਤੰਬੂਰੀਆਂ ਵਜਾਉ।
ਮਨਭਾਉਂਦੇ ਰਬਾਬ ਅਤੇ ਸਾਰੰਗੀਆਂ ਵਜਾਉ।
3 ਮਸਿਆ ਅਤੇ ਪੁੰਨਿਆ ਦੇ ਤਿਉਹਾਰਾਂ ਵੇਲੇ ਤੁਰ੍ਹੀਆਂ ਵਜਾਉ
ਜਦੋਂ ਸਾਡੀਆਂ ਛੁੱਟੀਆਂ ਸ਼ੁਰੂ ਹੁੰਦੀਆਂ ਹਨ।
4 ਇਸਰਾਏਲ ਦੇ ਲੋਕਾਂ ਲਈ ਇਹੀ ਬਿਧੀ ਹੈ।
ਪਰਮੇਸ਼ੁਰ ਨੇ ਇਹੀ ਆਦੇਸ਼ ਯਾਕੂਬ ਨੂੰ ਦਿੱਤਾ ਸੀ।
5 ਪਰਮੇਸ਼ੁਰ ਨੇ ਇਹ ਇਕਰਾਰ ਯੂਸੁਫ਼ ਨਾਲ ਕੀਤਾ,
ਜਦੋਂ ਪਰਮੇਸ਼ੁਰ ਉਸ ਨੂੰ ਮਿਸਰ ਤੋਂ ਬਾਹਰ ਲੈ ਗਿਆ ਸੀ।
ਮਿਸਰ ਵਿੱਚ ਅਸੀਂ ਉਹ ਭਾਸ਼ਾ ਸੁਣੀ, ਜਿਹੜੀ ਅਸੀਂ ਸਮਝਦੇ ਨਹੀਂ ਸਾਂ।
6 ਪਰਮੇਸ਼ੁਰ ਆਖਦਾ ਹੈ, “ਮੈਂ ਤੁਹਾਡੇ ਮੋਢਿਆਂ ਉਤਲਾ ਭਾਰ ਲਾਹ ਲਿਆ ਹੈ।
ਮੈਂ ਤੁਹਾਡੀ ਮਜ਼ਦੂਰੀ ਦੀ ਟੋਕਰੀ ਲੁਹਾ ਦਿੱਤੀ।
7 ਤੁਸੀਂ ਲੋਕ ਮੁਸੀਬਤਾਂ ਵਿੱਚ ਸੀ। ਤੁਸੀਂ ਮੇਰੀ ਸਹਾਇਤਾ ਲਈ ਚੀਕੇ, ਅਤੇ ਮੈਂ ਤੁਹਾਨੂੰ ਮੁਕਤ ਕੀਤਾ।
ਮੈਂ ਆਪਣੇ-ਆਪ ਨੂੰ ਤੂਫ਼ਾਨੀ ਬੱਦਲਾਂ ਵਿੱਚ ਛੁਪਾ ਰਿਹਾ ਸੀ ਅਤੇ ਤੁਹਾਨੂੰ ਜਵਾਬ ਦਿੱਤਾ।
ਮੈਂ ਤੁਹਾਨੂੰ ਮਰੀਬਾਹ [a] ਦੇ ਪਾਣੀ ਦੁਆਰਾ ਪਰੱਖਿਆ।”
8 “ਮੇਰੇ ਲੋਕੋ, ਮੈਨੂੰ ਸੁਣੋ ਅਤੇ ਮੈਂ ਤੁਹਾਨੂੰ ਆਪਣਾ ਕਰਾਰ ਦੇਵਾਂਗਾ।
ਇਸ ਲਈ, ਕਿਰਪਾ ਕਰਕੇ ਮੇਰੀ ਗੱਲ ਸੁਣ।
9 ਉਨ੍ਹਾਂ ਝੂਠੇ ਦੇਵਤਿਆਂ ਦੀ ਪੂਜਾ ਨਾ ਕਰੋ
ਜਿਨ੍ਹਾਂ ਦੀ ਉਪਾਸਨਾ ਵਿਦੇਸ਼ੀ ਲੋਕ ਕਰਦੇ ਹਨ।
10 ਮੈਂ ਪਰਮੇਸ਼ੁਰ, ਤੁਹਾਡਾ ਯਹੋਵਾਹ ਹਾਂ।
ਮੈਂ ਤੁਹਾਨੂੰ ਮਿਸਰ ਤੋਂ ਬਾਹਰ ਲਿਆਇਆ।
ਇਸਰਾਏਲ, ਆਪਣਾ ਮੂੰਹ ਖੋਲ੍ਹ
ਅਤੇ ਮੈਂ ਤੈਨੂੰ ਭੋਜਨ ਕਰਾਵਾਂਗਾ।
11 “ਪਰ ਮੇਰੇ ਲੋਕਾਂ ਨੇ ਮੇਰੀ ਗੱਲ ਨਹੀਂ ਸੁਣੀ,
ਇਸਰਾਏਲ ਨੇ ਮੇਰਾ ਹੁਕਮ ਨਹੀਂ ਮੰਨਿਆ।
12 ਇਸ ਲਈ ਮੈਂ ਉਨ੍ਹਾਂ ਨੂੰ ਮਨਮਾਨੀਆਂ ਕਰਨ ਦਿੱਤੀਆਂ,
ਇਸਰਾਏਲ ਨੇ ਉਹੀ ਕੀਤਾ ਜੋ ਉਨ੍ਹਾਂ ਨੇ ਚਾਹਿਆ।
13 ਜੇ ਮੇਰੇ ਲੋਕ ਮੇਰੀ ਗੱਲ ਸੁਣਦੇ ਅਤੇ ਉਸ ਢੰਗ ਨਾਲ ਰਹਿੰਦੇ ਜਿਵੇਂ ਮੈਂ ਚਾਹੁੰਦਾ ਸੀ ਕਿ ਉਹ ਜਿਉਣ।
14 ਫ਼ੇਰ ਮੈਂ ਉਨ੍ਹਾਂ ਦੇ ਵੈਰੀਆਂ ਨੂੰ ਹਰਾ ਦਿੰਦਾ
ਮੈਂ ਉਨ੍ਹਾਂ ਲੋਕਾਂ ਨੂੰ ਦੰਡ ਦਿੰਦਾ ਜਿਹੜੇ ਇਸਰਾਏਲ ਲਈ ਮੂਸੀਬਤਾਂ ਲਿਆਉਂਦੇ।
15 ਪਰਮੇਸ਼ੁਰ ਦੇ ਵੈਰੀ ਡਰ ਨਾਲ ਕੰਬਣਗੇ।
ਉਹ ਸਦਾ ਲਈ ਦੰਡੇ ਜਾਣਗੇ।
16 ਪਰਮੇਸ਼ੁਰ ਸਭ ਤੋਂ ਉੱਤਮ ਕਣਕ ਆਪਣੇ ਲੋਕਾਂ ਨੂੰ ਦੇਵੇਗਾ।
ਚੱਟਾਨ ਉਸ ਦੇ ਲੋਕਾਂ ਨੂੰ ਉਦੋਂ ਤੱਕ ਸ਼ਹਿਰ ਦੇਵੇ ਜਦੋਂ ਤੱਕ ਉਹ ਤ੍ਰਿਪਤ ਨਾ ਹੋ ਜਾਣ।”
ਆਸਾਫ਼ ਦਾ ਇੱਕ ਉਸਤਤਿ ਗੀਤ।
82 ਪਰਮੇਸ਼ੁਰ ਦੇਵਤਿਆਂ ਦੀ ਸਭਾ ਵਿੱਚ ਖਲੋਂਦਾ।
ਉਹ ਉਨ੍ਹਾਂ ਦੀ ਸਭਾ ਵਿੱਚ ਨਿਆਂ ਕਰਦਾ ਹੈ।
2 ਪਰਮੇਸ਼ੁਰ ਆਖਦਾ ਹੈ, “ਕਿੰਨਾ ਚਿਰ ਤੁਸੀਂ ਲੋਕਾਂ ਦੇ ਨਿਆਂ ਪੱਖਪਾਤ ਨਾਲ ਕਰਦੇ ਰਹੋਂਗੇ।
ਕਿੰਨਾ ਚਿਰ ਤੁਸੀਂ ਮੰਦੇ ਲੋਕਾਂ ਨੂੰ ਸਜ਼ਾ ਦੇਣ ਤੋਂ ਬਿਨਾਂ ਜਾਣ ਦਿਉਂਗੇ।”
3 “ਗਰੀਬਾਂ ਅਤੇ ਯਤੀਮਾਂ ਦੀ ਰੱਖਿਆ ਕਰੋ,
ਅਤੇ ਉਨ੍ਹਾਂ ਗਰੀਬ ਲੋਕਾਂ ਦੇ ਹਕਾਂ ਦੀ ਰੱਖਿਆ ਕਰੋ।
4 ਉਨ੍ਹਾਂ ਗਰੀਬ ਬੇਸਹਾਰਾਂ ਲੋਕਾਂ ਦੀ ਸਹਾਇਤਾ ਕਰੋ।
ਉਨ੍ਹਾਂ ਨੂੰ ਮੰਦੇ ਲੋਕਾਂ ਪਾਸੋਂ ਬਚਾਉ।
5 “ਉਹ ਨਹੀਂ ਜਾਣਦੇ ਕਿ ਕੀ ਵਾਪਰ ਰਿਹਾ ਹੈ।
ਉਹ ਨਹੀਂ ਸਮਝਦੇ ਕਿ ਉਹ ਕੀ ਕਰ ਰਹੇ ਹਨ,
ਉਨ੍ਹਾਂ ਦੀ ਦੁਨੀਆਂ ਉਨ੍ਹਾਂ ਦੇ ਆਲੇ-ਦੁਆਲੇ
ਢਹਿ-ਢੇਰੀ ਹੋ ਰਹੀ ਹੈ।”
6 ਮੈਂ ਆਖਦਾ, “ਤੁਸੀਂ ਦੇਵਤੇ ਹੋਂ।
ਤੁਸੀਂ ਸਰਬ ਉੱਚ ਪਰਮੇਸ਼ੁਰ ਦੇ ਪੁੱਤਰ ਹੋ।
7 ਪਰ ਤੁਸੀਂ ਵੀ ਮਰ ਜਾਵੋਂਗੇ ਜਿਵੇਂ ਸਾਰੇ ਲੋਕਾਂ ਨੂੰ ਮਰਨਾ ਪੈਂਦਾ ਹੈ।
ਤੁਸੀਂ ਉਵੇਂ ਮਰ ਜਾਵੋਂਗੇ ਜਿਵੇਂ ਹੋਰ ਸਾਰੇ ਆਗੂ ਮਰਦੇ ਹਨ।”
8 ਹੇ ਪਰਮੇਸ਼ੁਰ, ਉੱਠੋ, ਅਤੇ ਦੁਨੀਆਂ ਦੀਆਂ
ਸਾਰੀਆਂ ਕੌਮਾਂ ਦਾ ਨਿਆਂ ਕਰੋ।
ਆਸਾਫ਼ ਦਾ ਇੱਕ ਉਸਤਤਿ ਗੀਤ।
83 ਹੇ ਪਰਮੇਸ਼ੁਰ ਚੁੱਪ ਨਾ ਰਹੋ।
ਆਪਣੇ ਕੰਨਾਂ ਨੂੰ ਬੰਦ ਨਾ ਕਰੋ।
ਮਿਹਰ ਕਰਕੇ ਕੁਝ ਤਾਂ ਆਖੋ ਪਰਮੇਸ਼ੁਰ।
2 ਹੇ ਪਰਮੇਸ਼ੁਰ, ਤੁਹਾਡੇ ਵੈਰੀਆਂ ਨੇ ਤੁਹਾਡੇ ਖਿਲਾਫ਼ ਸਾਜਿਸ਼ਾਂ ਘੜੀਆਂ ਅਤੇ ਛੇਤੀ ਹੀ ਉਹ ਹਮਲਾ ਕਰਨਗੇ।
ਉਹ ਤੁਹਾਡੇ ਲੋਕਾਂ ਦੇ ਵਿਰੁੱਧ ਖੁਫ਼ੀਆਂ ਯੋਜਨਾਵਾਂ ਬਣਾਉਂਦੇ ਹਨ।
3 ਤੁਹਾਡੇ ਵੈਰੀ ਉਨ੍ਹਾਂ ਯੋਜਨਾਵਾਂ ਬਾਰੇ ਬਹਿਸਾਂ ਕਰ ਰਹੇ ਹਨ
ਜਿਹੜੀਆਂ ਉਨ੍ਹਾਂ ਲੋਕਾਂ ਦੇ ਵਿਰੁੱਧ ਹਨ ਜਿਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੋਂ।
4 ਵੈਰੀ ਆਖ ਰਹੇ ਹਨ, “ਆਓ ਇਨ੍ਹਾਂ ਨੂੰ ਪੂਰੀ ਤਰ੍ਹਾਂ ਮਿਟਾ ਦੇਈਏ।
ਕੋਈ ਵੀ ਬੰਦਾ ਫ਼ੇਰ ਇਸਰਾਏਲ ਦਾ ਨਾਮ ਚੇਤੇ ਨਹੀਂ ਕਰੇਗਾ।”
5 ਹੇ ਪਰਮੇਸ਼ੁਰ, ਉਹ ਸਾਰੇ ਲੋਕ ਤੁਹਾਡੇ ਨਾਲ ਅਤੇ ਉਸ ਕਰਾਰ ਦੇ ਖਿਲਾਫ਼
ਜੋ ਤੁਸਾਂ ਸਾਡੇ ਨਾਲ ਕੀਤਾ ਸੀ ਲੜਨ ਲਈ ਇਕੱਠੇ ਹੋ ਗਏ ਹਨ।
6-7 ਉਹ ਵੈਰੀ ਸਾਡੇ ਨਾਲ ਲੜਨ ਲਈ ਇੱਕ ਮੁੱਠ ਹੋ ਗਏ: ਉਹ ਅਦੋਮ ਦੇ ਇਸ਼ਮਾਈਲੀ ਲੋਕ ਹਨ।
ਮੋਆਬ ਅਤੇ ਹਗਰੀ ਦੇ ਔਲਾਦ ਗਬਾਲ,
ਅੰਮੋਨ ਅਤੇ ਅਮਾਲੇਕ, ਫ਼ਲਿਸਤ ਦੇ ਲੋਕ ਅਤੇ ਸੂਰ ਦੇ ਵਾਸੀਆਂ ਸਮੇਤ।
ਉਹ ਸਾਰੇ ਲੋਕ ਸਾਡੇ ਖਿਲਾਫ਼ ਲੜਨ ਲਈ ਇੱਕ ਮੁੱਠ ਹੋ ਗਏ ਸਨ।
8 ਅਸ਼ੂਰ ਵੀ ਉਨ੍ਹਾਂ ਲੋਕਾਂ ਨਾਲ ਰਲ ਗਏ ਸਨ।
ਉਨ੍ਹਾਂ ਨੇ ਲੂਤ ਦੀਆਂ ਔਲਾਦਾਂ ਨੂੰ ਬਹੁਤ ਸ਼ਕਤੀਸ਼ਾਲੀ ਬਣਾ ਦਿੱਤਾ ਸੀ।
9 ਹੇ ਪਰਮੇਸ਼ੁਰ, ਵੈਰੀ ਨੂੰ ਇਵੇਂ ਹਰਾ ਦਿਉ ਜਿਵੇਂ ਤੁਸੀਂ ਮਿਦਯਾਨ ਨੂੰ ਹਰਾਇਆ ਸੀ।
ਜਿਵੇਂ ਤੁਸੀਂ ਸੀਸਰਾ ਅਤੇ ਕੋਸ਼ੋਨ ਨੂੰ ਨਦੀ ਕੰਢੇ ਹਰਾਇਆ ਸੀ।
10 ਤੁਸੀਂ ਉਨ੍ਹਾਂ ਨੂੰ ਏਨ-ਦੋਰ ਵਿਖੇ ਹਰਾਇਆ ਸੀ।
ਅਤੇ ਉਨ੍ਹਾਂ ਦੀਆਂ ਲਾਸ਼ਾਂ ਧਰਤੀ ਉੱਤੇ ਸੜੀਆਂ।
11 ਹੇ ਪਰਮੇਸ਼ੁਰ, ਵੈਰੀ ਦੇ ਆਗੂਆਂ ਨੂੰ ਹਰਾ ਦਿਉ।
ਉਵੇਂ ਹੀ ਕਰੋ ਜਿਵੇਂ ਤੁਸੀਂ ਓਰੇਬ ਅਤੇ ਜ਼ਏਬ ਨਾਲ ਕੀਤਾ ਸੀ।
ਉਹੀ ਕਰੋ ਜੋ ਤੁਸੀਂ ਜ਼ਬਹ ਅਤੇ ਸਲਮੁੰਨਾ ਨਾਲ ਕੀਤਾ ਸੀ।
12 ਹੇ ਪਰਮੇਸ਼ੁਰ, ਉਨ੍ਹਾਂ ਲੋਕਾਂ ਨੇ ਤੁਹਾਡੀ ਜ਼ਮੀਨ ਛੱਡਣ ਲਈ
ਸਾਨੂੰ ਮਜ਼ਬੂਰ ਕਰਨਾ ਚਾਹਿਆ।
13 ਉਨ੍ਹਾਂ ਲੋਕਾਂ ਨੂੰ ਅੱਕ ਦੀ ਫ਼ੰਬੀ ਵਾਂਗ ਬਣਾ ਦਿਉ।
ਜੋ ਹਵਾ ਨਾਲ ਉੱਡ ਜਾਂਦੀ ਹੈ।
ਉਨ੍ਹਾਂ ਲੋਕਾਂ ਨੂੰ ਇਵੇਂ ਖਿੰਡਾ ਦਿਉ ਜਿਵੇਂ ਹਵਾ ਤਿਨਕਿਆਂ ਨੂੰ ਖਿੰਡਾ ਦਿੰਦੀ ਹੈ।
14 ਵੈਰੀ ਨੂੰ ਤਬਾਹ ਕਰ ਦਿਉ ਜਿਵੇਂ ਅੱਗ ਜੰਗਲ ਨੂੰ ਤਬਾਹ ਕਰਦੀ ਹੈ।
ਜਿਵੇਂ ਜੰਗਲੀ ਅੱਗ ਪਹਾੜੀਆਂ ਨੂੰ ਸਾੜ ਸੁੱਟਦੀ ਹੈ।
15 ਪਰਮੇਸ਼ੁਰ, ਉਨ੍ਹਾਂ ਲੋਕਾਂ ਨੂੰ ਤੂਫ਼ਾਨ ਦੁਆਰਾ ਉਡਾਈ ਜਾਣ ਵਾਲੀ ਧੂੜ ਵਾਂਗ ਦੂਰ ਕੱਢ ਦਿਉ,
ਉਨ੍ਹਾਂ ਨੂੰ ਭੈਭੀਤ ਕਰ ਦਿਉ ਅਤੇ ਉਨ੍ਹਾਂ ਨੂੰ ਇੱਕ ਤੂਫ਼ਾਨ ਵਾਂਗ ਪਰ੍ਹਾਂ ਉਡਾ ਦਿਉ।
16 ਹੇ ਪਰਮੇਸ਼ੁਰ, ਉਨ੍ਹਾਂ ਲੋਕਾਂ ਨੂੰ ਸਬਕ ਸਿੱਖਾਉ ਤਾਂ ਜੋ ਉਹ ਜਾਣ ਲੈਣ ਕਿ ਅਸਲ ਵਿੱਚ ਉਹ ਕਿੰਨੇ ਕਮਜ਼ੋਰ ਹਨ।
ਫ਼ੇਰ ਉਹ ਤੁਹਾਡੇ ਨਾਮ ਦੀ ਉਪਾਸਨਾ ਕਰਨੀ ਚਾਹੁੰਣਗੇ।
17 ਹੇ ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਡਰਾਉ ਅਤੇ ਉਨ੍ਹਾਂ ਨੂੰ ਸਦਾ ਲਈ ਸ਼ਰਮਸਾਰ ਕਰ ਦਿਉ।
ਉਨ੍ਹਾਂ ਨੂੰ ਬੇਇੱਜ਼ਤ ਕਰੋ ਅਤੇ ਉਨ੍ਹਾਂ ਨੂੰ ਤਬਾਹ ਕਰ ਦਿਉ।
18 ਫ਼ੇਰ ਉਹ ਜਾਨਣਗੇ ਕਿ ਤੁਸੀਂ ਹੀ ਪਰਮੇਸ਼ੁਰ ਹੋ।
ਉਹ ਜਾਣ ਲੈਣਗੇ ਕਿ ਤੁਹਾਡਾ ਨਾਮ ਯਹੋਵਾਹ ਹੈ।
ਉਹ ਜਾਣ ਲੈਣਗੇ ਕਿ ਤੁਸੀਂ ਸਰਬ ਉੱਚ ਪਰਮੇਸ਼ੁਰ ਹੋ,
ਸਾਰੇ ਜਗਤ ਦੇ ਪਰਮੇਸ਼ੁਰ।
ਨਿਰਦੇਸ਼ਕ ਲਈ: ਗਿੱਤੀਥ ਦੀ ਸੰਗਤ ਕੋਰਹ ਪਰਿਵਾਰ ਵੱਲੋਂ ਇੱਕ ਉਸਤਤਿ ਗੀਤ।
84 ਸਰਬ ਸ਼ਕਤੀਮਾਨ ਯਹੋਵਾਹ, ਤੁਹਾਡਾ ਮੰਦਰ ਸੱਚਮੁੱਚ ਹੀ ਪਿਆਰਾ ਹੈ।
2 ਯਹੋਵਾਹ, ਮੈਂ ਤੁਹਾਡੇ ਮੰਦਰ ਵਿੱਚ ਦਾਖਲ ਹੋਣ ਲਈ ਹੋਰ ਵੱਧੇਰੇ ਇੰਤਜ਼ਾਰ ਨਹੀਂ ਕਰ ਸੱਕਦਾ।
ਮੈਂ ਇੰਨਾ ਉਤਸਾਹਿਤ ਹਾਂ।
ਮੇਰੇ ਸ਼ਰੀਰ ਦਾ ਰੋਮ-ਰੋਮ ਜਿਉਂਦੇ ਪਰਮੇਸ਼ੁਰ ਦਾ ਸੰਗ ਚਾਹੁੰਦਾ ਹੈ।
3 ਯਹੋਵਾਹ ਸਰਬ ਸ਼ਕਤੀਮਾਨ, ਮੇਰੇ ਰਾਜੇ, ਮੇਰੇ ਪਰਮੇਸ਼ੁਰ,
ਪੰਛੀਆਂ ਨੇ ਵੀ ਤੇਰੇ ਮੰਦਰ ਵਿੱਚ ਘਰ ਬਣਾ ਲਿਆ ਹੈ।
ਉਹ ਤੁਹਾਡੀ ਜਗਵੇਦੀ ਨੇੜੇ ਆਪਣੇ ਆਲ੍ਹਣੇ ਬਣਾਉਂਦੇ ਹਨ
ਅਤੇ ਉੱਥੇ ਹੀ ਉਹ ਆਪਣੇ ਬੱਚੇ ਪੈਦਾ ਕਰਦੇ ਹਨ।
4 ਤੁਹਾਡੇ ਮੰਦਰ ਵਿੱਚ ਰਹਿਣ ਵਾਲੇ ਲੋਕ ਬਹੁਤ ਸੁਭਾਗੇ ਹਨ।
ਉਹ ਹਾਲੇ ਵੀ ਤੁਹਾਡੀ ਉਸਤਤਿ ਕਰ ਰਹੇ ਹਨ।
5 ਦਿਲਾਂ ਅੰਦਰ ਗੀਤ ਲੈ ਕੇ ਆਉਣ ਵਾਲੇ ਲੋਕ
ਤੁਹਾਡੇ ਮੰਦਰ ਵਿੱਚ ਬਹੁਤ ਖੁਸ਼ ਹਨ।
6 ਉਹ ਬਾਕਾ ਵਾਦੀ ਵਿੱਚੋਂ ਦੀ ਸਫ਼ਰ ਕਰਦੇ ਹਨ
ਜਿਹੜੀ ਪਰਮੇਸ਼ੁਰ ਨੇ ਚਸ਼ਮੇ ਵਾਂਗ ਬਣਾਈ ਹੈ।
ਪਤਝੜ ਦੀ ਵਰੱਖਾ ਪਾਣੀ ਦੇ ਤਲਾ ਬਣਾਉਂਦੀ ਹੈ।
7 ਉਹ ਲੋਕੀਂ ਸੀਯੋਨ ਵੱਲ ਜਾਂਦੇ ਆਪਣੇ ਰਾਹ ਉੱਤੇ ਸ਼ਹਿਰੋਂ-ਸ਼ਹਿਰ ਸਫ਼ਰ ਕਰਦੇ ਹਨ
ਜਿੱਥੇ ਉਹ ਆਪਣੇ ਪਰਮੇਸ਼ੁਰ ਨੂੰ ਮਿਲਣਗੇ।
8 ਯਹੋਵਾਹ ਸਰਬ ਸ਼ਕਤੀਮਾਨ ਮੇਰੀ ਪ੍ਰਾਰਥਨਾ ਸੁਣੋ।
ਯਾਕੂਬ ਦੇ ਪਰਮੇਸ਼ੁਰ, ਮੇਰੀ ਗੱਲ ਸੁਣੋ।
9 ਹੇ ਪਰਮੇਸ਼ੁਰ ਸਾਡੇ ਰੱਖਿਅਕ ਦੀ ਰੱਖਿਆ ਕਰੋ।
ਆਪਣੇ ਚੁਣੇ ਹੋਏ ਰਾਜੇ ਉੱਤੇ ਮਿਹਰ ਕਰੋ।
10 ਤੁਹਾਡੇ ਮੰਦਰ ਵਿੱਚਲਾ ਇੱਕ ਵੀ ਦਿਨ
ਕਿਸੇ ਹੋਰ ਥਾਂ ਦੇ ਹਜ਼ਾਰਾਂ ਦਿਨਾ ਨਾਲੋਂ ਬਿਹਤਰ ਹੈ।
ਮੇਰੇ ਪਰਮੇਸ਼ੁਰ ਦੇ ਘਰ ਦੇ ਦਰਾਂ ਉੱਤੇ ਖੜ੍ਹੇ ਹੋਣਾ
ਦੁਸ਼ਟ ਵਿਅਕਤੀ ਦੇ ਘਰੇ ਰਹਿਣ ਨਾਲੋਂ ਬਿਹਤਰ ਹੈ।
11 ਯਹੋਵਾਹ ਹੀ ਸਾਡਾ ਰੱਖਿਅਕ ਅਤੇ ਗੌਰਵਮਈ ਰਾਜਾ ਹੈ।
ਪਰਮੇਸ਼ੁਰ ਸਾਨੂੰ ਮਿਹਰ ਅਤੇ ਮਹਿਮਾ ਨਾਲ ਅਸੀਸ ਦਿੰਦਾ ਹੈ।
ਯਹੋਵਾਹ ਉਨ੍ਹਾਂ ਲੋਕਾਂ ਨੂੰ ਹਰ ਚੰਗੀ ਸ਼ੈਅ ਦਿੰਦਾ ਹੈ
ਜਿਹੜੇ ਉਸ ਦੇ ਪਿੱਛੇ ਤੁਰਦੇ ਹਨ ਅਤੇ ਉਸਦਾ ਆਖਾ ਮੰਨਦੇ ਹਨ।
12 ਯਹੋਵਾਹ ਸਰਬ ਸ਼ਕਤੀਮਾਨ ਜਿਹੜੇ ਲੋਕ ਤੁਹਾਡੇ ਉੱਤੇ ਵਿਸ਼ਵਾਸ ਕਰਦੇ ਹਨ ਉਹ ਸੱਚਮੁੱਚ ਪ੍ਰਸੰਨ ਹਨ।
ਨਿਰਦੇਸ਼ਕ ਲਈ: ਕੋਰਹ ਪਰਿਵਾਰ ਵੱਲੋਂ ਇੱਕ ਉਸਤਤਿ ਗੀਤ।
85 ਯਹੋਵਾਹ, ਆਪਣੇ ਦੇਸ਼ ਉੱਤੇ ਮਿਹਰਬਾਨ ਹੋਵੋ।
ਉਨ੍ਹਾਂ ਨੂੰ ਜਲਾਵਤਨੀ ਵਿੱਚ ਉਨ੍ਹਾਂ ਦੇ ਦੇਸ਼ ਵਿੱਚ ਵਾਪਸ ਲਿਆ।
2 ਯਹੋਵਾਹ, ਆਪਣੇ ਲੋਕਾਂ ਨੂੰ ਬਖਸ਼ ਦਿਉ।
ਉਨ੍ਹਾਂ ਦੇ ਗੁਨਾਹ ਮਿਟਾ ਦਿਉ।
3 ਯਹੋਵਾਹ, ਕਹਿਰਵਾਨ ਹੋਣਾ ਛੱਡੋ।
ਪਾਗਲ ਨਾ ਹੋਵੋ।
4 ਸਾਡੇ ਪਰਮੇਸ਼ੁਰ ਅਤੇ ਮੁਕਤੀਦਾਤਾ, ਸਾਡੇ ਉੱਤੇ ਕਹਿਰਵਾਨ ਨਾ ਹੋਵੋ,
ਅਤੇ ਸਾਨੂੰ ਇੱਕ ਵਾਰੀ ਫ਼ੇਰ ਪ੍ਰਵਾਨ ਕਰ ਲਵੋ।
5 ਕੀ ਤੁਸੀਂ ਸਾਡੇ ਉੱਤੇ ਸਦਾ ਲਈ ਕਹਿਰਵਾਨ ਰਹੋਂਗੇ?
6 ਮਿਹਰ ਕਰੋ ਅਤੇ ਸਾਨੂੰ ਫ਼ਿਰ ਤੋਂ ਜਿਉਣ ਜੋਗੇ ਬਣਾ ਦਿਉ।
ਆਪਣੇ ਲੋਕਾਂ ਨੂੰ ਖੁਸ਼ ਕਰੋ।
7 ਯਹੋਵਾਹ, ਸਾਨੂੰ ਬਚਾਉ ਅਤੇ ਸਾਨੂੰ ਦਰਸ਼ਾਉ
ਕਿ ਤੁਸੀਂ ਸਾਨੂੰ ਪਿਆਰ ਕਰਦੇ ਹੋ।
8 ਯਹੋਵਾਹ ਪਰਮੇਸ਼ੁਰ ਨੇ ਜੋ ਕੁਝ ਆਖਿਆ ਮੈਂ ਸੁਣਿਆ।
ਉਸ ਨੇ ਆਖਿਆ ਸੀ ਕਿ ਉਸ ਦੇ ਲੋਕਾਂ ਅਤੇ ਵਫ਼ਾਦਾਰ ਪੈਰੋਕਾਰਾਂ ਲਈ ਅਮਨ ਹੋਵੇਗਾ।
ਇਸ ਲਈ ਉਨ੍ਹਾਂ ਨੂੰ ਮੂਰੱਖਾਂ ਵਾਲੇ ਜੀਵਨ ਢੰਗ ਵੱਲ ਨਹੀਂ ਪਰਤ ਜਾਣਾ ਚਾਹੀਦਾ।
9 ਪਰਮੇਸ਼ੁਰ ਛੇਤੀ ਆਪਣੇ ਪੈਰੋਕਾਰਾਂ ਨੂੰ ਬਚਾਏਗਾ।
ਅਸੀਂ ਛੇਤੀ ਹੀ ਇੱਜ਼ਤ ਨਾਲ ਆਪਣੀ ਜ਼ਮੀਨ ਉੱਤੇ ਰਹਾਂਗੇ।
10 ਪਰਮੇਸ਼ੁਰ ਦਾ ਸੱਚਾ ਪਿਆਰ ਉਸ ਦੇ ਚੇਲਿਆਂ ਨੂੰ ਮਿਲੇਗਾ।
ਚੰਗਿਆਈ ਅਤੇ ਅਮਨ ਚੁੰਮਣ ਨਾਲ ਉਹ ਉਨ੍ਹਾਂ ਦਾ ਸਵਾਗਤ ਕਰਨਗੇ।
11 ਧਰਤੀ ਦੇ ਲੋਕ ਪਰਮੇਸ਼ੁਰ ਦੇ ਵਫ਼ਾਦਾਰ ਹੋਣਗੇ
ਅਤੇ ਸਵਰਗ ਵਿੱਚ ਪਰਮੇਸ਼ੁਰ ਵੀ ਉਨ੍ਹਾਂ ਨਾਲ ਚੰਗਾ ਵਿਹਾਰ ਕਰੇਗਾ।
12 ਯਹੋਵਾਹ ਸਾਨੂੰ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਦੇਵੇਗਾ।
ਧਰਤੀ ਬਹੁਤ ਸਾਰੀਆਂ ਚੰਗੀਆਂ ਫ਼ਸਲਾਂ ਉਗਾਏਗੀ।
13 ਚੰਗਿਆਈ ਪਰਮੇਸ਼ੁਰ ਦੇ ਅੱਗੇ ਜਾਵੇਗੀ
ਅਤੇ ਉਸਦਾ ਰਾਹ ਤਿਆਰ ਕਰੇਗੀ।
ਦਾਊਦ ਦੀ ਇੱਕ ਪ੍ਰਾਰਥਨਾ।
86 ਮੈਂ ਇੱਕ ਗਰੀਬ ਬੇਸਹਾਰਾ ਆਦਮੀ ਹਾਂ।
ਯਹੋਵਾਹ, ਕਿਰਪਾ ਕਰਕੇ ਮੈਨੂੰ ਸੁਣੋ ਅਤੇ ਮੈਨੂੰ ਮੇਰੀ ਪ੍ਰਾਰਥਨਾ ਦਾ ਉੱਤਰ ਦਿਉ।
2 ਯਹੋਵਾਹ, ਮੈਂ ਤੁਹਾਡਾ ਚੇਲਾ ਹਾਂ।
ਕਿ ਰਪਾ ਕਰਕੇ ਮੈਨੂੰ ਬਚਾਉ।
ਮੈਂ ਤੁਹਾਡਾ ਨੌਕਰ ਹਾਂ।
ਤੁਸੀਂ ਮੇਰੇ ਪਰਮੇਸ਼ੁਰ ਹੋ।
ਮੈਂ ਤੁਹਾਡੇ ਵਿੱਚ ਯਕੀਨ ਰੱਖਦਾ ਹਾਂ।
ਇਸੇ ਲਈ ਤੁਸੀਂ ਮੇਰੀ ਰੱਖਿਆ ਕਰੋ।
3 ਮੇਰੇ ਮਾਲਕ, ਮੇਰੇ ਉੱਪਰ ਮਿਹਰਬਾਨੀ ਕਰੋ
ਮੈਂ ਸਾਰਾ ਦਿਨ ਤੁਹਾਡੇ ਅੱਗੇ ਪ੍ਰਾਰਥਨਾ ਕਰਦਾ ਰਿਹਾ ਹਾਂ।
4 ਹੇ ਮਾਲਕ, ਮੈਂ ਆਪਣਾ ਜੀਵਨ ਤੁਹਾਨੂੰ ਸੌਂਪਦਾ ਹਾਂ।
ਮੈਨੂੰ ਖੁਸ਼ੀ ਦਿਉ ਮੈਂ ਤੁਹਾਡਾ ਸੇਵਕ ਹਾਂ।
5 ਹੇ ਮਾਲਕ, ਤੁਸੀਂ ਚੰਗੇ ਅਤੇ ਦਯਾਵਾਨ ਹੋ।
ਤੁਹਾਡੇ ਲੋਕ ਤੁਹਾਨੂੰ ਸਹਾਇਤਾ ਲਈ ਬੁਲਾਉਂਦੇ ਹਨ।
ਤੁਸੀਂ ਸੱਚਮੁੱਚ ਉਨ੍ਹਾਂ ਨੂੰ ਪਿਆਰ ਕਰਦੇ ਹੋਂ।
6 ਯਹੋਵਾਹ, ਮੇਰੀ ਪ੍ਰਾਰਥਨਾ ਸੁਣੋ।
ਰਹਿਮ ਲਈ ਮੇਰੀ ਪ੍ਰਾਰਥਨਾ ਸੁਣੋ।
7 ਯਹੋਵਾਹ, ਮੈਂ ਆਪਣੀ ਸੰਕਟ ਦੀ ਘੜੀ ਵਿੱਚ ਤੁਹਾਨੂੰ ਪ੍ਰਾਰਥਨਾ ਕਰ ਰਿਹਾ ਹਾਂ।
ਮੈਂ ਜਾਣਦਾ ਹਾਂ ਕਿ ਤੁਸੀਂ ਮੈਨੂੰ ਉੱਤਰ ਦੇਵੋਂਗੇ।
8 ਹੇ ਪਰਮੇਸ਼ੁਰ, ਇੱਥੇ ਤੁਹਾਡੇ ਜਿਹਾ ਕੋਈ ਨਹੀਂ।
ਕੋਈ ਹੋਰ ਉਹ ਨਹੀਂ ਕਰ ਸੱਕਦਾ ਜੋ ਤੁਸਾਂ ਕੀਤਾ ਹੈ।
9 ਹੇ ਮਾਲਕ, ਤੁਸੀਂ ਹਰ ਬੰਦੇ ਨੂੰ ਬਣਾਇਆ ਹੈ।
ਉਹ ਸਾਰੇ ਆਉਣ ਅਤੇ ਤੁਹਾਡੀ ਉਪਾਸਨਾ ਕਰਨ।
ਉਹ ਸਾਰੇ ਤੁਹਾਡੇ ਨਾਮ ਨੂੰ ਸਤਿਕਾਰਨ।
10 ਹੇ ਪਰਮੇਸ਼ੁਰ, ਤੁਸੀਂ ਮਹਾਨ ਹੋ।
ਤੁਸੀਂ ਅਦਭੁਤ ਗੱਲਾਂ ਕਰਦੇ ਹੋ।
ਤੁਸੀਂ ਅਤੇ ਸਿਰਫ਼ ਤੁਸੀਂ ਹੀ ਪਰਮੇਸ਼ੁਰ ਹੋ।
11 ਯਹੋਵਾਹ, ਮੈਨੂੰ ਆਪਣੇ ਰਾਹਾਂ ਦੀ ਸਿੱਖਿਆ ਦੇਵੋ,
ਮੈਂ ਜੀਵਾਂਗਾ ਅਤੇ ਤੁਹਾਡੀ ਸਚਿਆਈ ਨੂੰ ਮੰਨਾਂਗਾ।
ਮੇਰੀ ਸਹਾਇਤਾ ਕਰੋ ਕਿ ਮੈਂ ਤੁਹਾਡੇ ਨਾਮ ਦੀ ਉਪਾਸਨਾ ਨੂੰ ਆਪਣੇ ਜੀਵਨ
ਦੀ ਸਭ ਤੋਂ ਮਹੱਤਵਪੂਰਣ ਚੀਜ਼ ਬਣਾ ਸੱਕਾਂ।
12 ਪਰਮੇਸ਼ੁਰ ਮੇਰੇ ਮਾਲਕ ਮੈਂ ਆਪਣੇ ਸਾਰੇ ਅਤੇ ਪੂਰੇ ਮਨ ਨਾਲ ਤੁਹਾਡੀ ਉਸਤਤਿ ਕਰਦਾ ਹਾਂ।
ਮੈਂ ਸਦਾ ਲਈ ਤੁਹਾਡੇ ਨਾਮ ਦਾ ਆਦਰ ਕਰਾਂਗਾ।
13 ਹੇ ਪਰਮੇਸ਼ੁਰ, ਤੁਹਾਨੂੰ ਮੇਰੇ ਲਈ ਇੰਨਾ ਸਾਰਾ ਪਿਆਰ ਹੈ।
ਤੁਸੀਂ ਮੈਨੂੰ ਮਿਰਤੂ ਲੋਕ ਤੋਂ ਬਚਾਉਂਦੇ ਹੋ।
14 ਹੇ ਪਰਮੇਸ਼ੁਰ, ਗੁਮਾਨੀ ਲੋਕ ਮੇਰੇ ਉੱਤੇ ਹਮਲਾ ਕਰਦੇ ਹਨ।
ਜ਼ਾਲਮ ਆਦਿਮਆਂ ਦਾ ਟੋਲਾ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਅਤੇ ਉਹ ਲੋਕ ਤੁਹਾਡੀ ਇੱਜ਼ਤ ਨਹੀਂ ਕਰਦੇ।
15 ਹੇ ਮਾਲਕ ਤੁਸੀਂ ਦਯਾ ਅਤੇ ਕਿਰਪਾ ਦੇ ਪਰਮੇਸ਼ੁਰ ਹੋ।
ਤੁਸੀਂ ਸਬਰ ਵਾਲੇ ਹੋਂ, ਤੁਸੀਂ ਵਫ਼ਾਦਾਰੀ ਅਤੇ ਪਿਆਰ ਨਾਲ ਭਰਪੂਰ ਹੋ।
16 ਹੇ ਪਰਮੇਸ਼ੁਰ, ਦਰਸਾ ਦਿਉ ਕਿ ਤੁਸੀਂ ਮੈਨੂੰ ਸੁਣਦੇ ਹੋ, ਅਤੇ ਮੇਰੇ ਉੱਤੇ ਮਿਹਰਬਾਨ ਹੋਵੋ।
ਮੈਂ ਤੁਹਾਡਾ ਸੇਵਕ ਹਾਂ, ਮੈਨੂੰ ਸ਼ਕਤੀ ਦਿਉ।
ਮੈਂ ਤੁਹਾਡਾ ਸੇਵਕ ਹਾਂ, ਮੇਰੀ ਰੱਖਿਆ ਕਰੋ।
17 ਹੇ ਪਰਮੇਸ਼ੁਰ, ਇਹ ਦਰਸਾਉਣ ਲਈ ਸੰਕੇਤ ਦਿਉ ਕਿ ਤੁਸੀਂ ਮੇਰੀ ਸਹਾਇਤਾ ਕਰੋਂਗੇ।
ਇਸ ਨਾਲ ਪਤਾ ਚੱਲੇਗਾ ਕਿ ਤੁਸੀਂ ਮੇਰੀ ਪ੍ਰਾਰਥਨਾ ਸੁਣ ਲਈ
ਅਤੇ ਇਹ ਵੀ ਕਿ ਤੁਸੀਂ ਮੇਰੀ ਸਹਾਇਤਾ ਕਰੋਂਗੇ।
ਕੋਰਹ ਪਰਿਵਾਰ ਦਾ ਇੱਕ ਉਸਤਤਿ ਗੀਤ।
87 ਪਰਮੇਸ਼ੁਰ ਨੇ ਯਰੂਸ਼ਲਮ ਦੀਆਂ ਪਵਿੱਤਰ ਪਹਾੜੀਆਂ ਉੱਤੇ ਆਪਣਾ ਮੰਦਰ ਬਣਾਇਆ।
2 ਯਹੋਵਾਹ ਸੀਯੋਨ ਦੇ ਦਰਵਾਜਿਆਂ ਨੂੰ ਇਸਰਾਏਲ ਦੀ ਹੋਰ ਕਿਸੇ ਵੀ ਥਾਂ ਨਾਲੋਂ ਵੱਧੇਰੇ ਪਿਆਰ ਕਰਦਾ ਹੈ।
3 ਹੇ ਪਰਮੇਸ਼ੁਰ ਦੇ ਸ਼ਹਿਰ, ਲੋਕ ਤੇਰੇ ਬਾਰੇ ਬਹੁਤ ਅਦਭੁਤ ਗੱਲਾਂ ਬੋਲਦੇ ਹਨ।
4 ਪਰਮੇਸ਼ੁਰ ਆਪਣੇ ਸਾਰੇ ਬੰਦਿਆਂ ਦੀ ਸੂਚੀ ਰੱਖਦਾ।
“ਉਨ੍ਹਾਂ ਵਿੱਚੋਂ ਕੁਝ ਮਿਸਰ ਅਤੇ ਕੁਝ ਬੇਬੀਲੋਨ ਵਿੱਚ ਰਹਿੰਦੇ ਹਨ।
ਉਨ੍ਹਾਂ ਵਿੱਚੋਂ ਕੁਝ ਲੋਕ ਫ਼ਲਿਸਤੀਨੀਆਂ, ਸੂਰ ਅਤੇ ਇਥੋਮੀਆਂ ਵਿੱਚ ਵੀ ਜਨਮੇ ਸਨ।”
5 ਪਰਮੇਸ਼ੁਰ ਸੀਯੋਨ ਉੱਤੇ ਜੰਮੇ ਹਰ ਬੰਦੇ ਨੂੰ ਜਾਣਦਾ ਹੈ।
ਸਰਬ ਉੱਚ ਪਰਮੇਸ਼ੁਰ ਨੇ ਉਸ ਸ਼ਹਿਰ ਨੂੰ ਬਣਾਇਆ।
6 ਪਰਮੇਸ਼ੁਰ ਆਪਣੇ ਸਾਰੇ ਲੋਕਾਂ ਦੀ ਸੂਚੀ ਰੱਖਦਾ।
ਪਰਮੇਸ਼ੁਰ ਜਾਣਦਾ ਹੈ ਕਿ ਹਰ ਇੱਕ ਬੰਦਾ ਕਿੱਥੇ ਜੰਮਿਆ ਹੈ।
7 ਪਰਮੇਸ਼ੁਰ ਦੇ ਖਾਸ ਬੰਦੇ ਯਰੂਸ਼ਲਮ ਨੂੰ ਤਿਉਹਾਰ ਮਨਾਉਣ ਲਈ ਜਾਂਦੇ ਹਨ।
ਉਹ ਬਹੁਤ ਖੁਸ਼ ਹਨ।
ਉਹ ਗਾ ਅਤੇ ਨੱਚ ਰਹੇ ਹਨ ਉਹ ਆਖਦੇ ਹਨ,
“ਸਾਰੀਆਂ ਸ਼ੁਭ ਚੀਜ਼ਾਂ ਯਰੂਸ਼ਲਮ ਤੋਂ ਆਉਂਦੀਆਂ ਹਨ।”
ਕੋਰਹ ਪਰਿਵਾਰ ਵੱਲੋਂ ਉਸਤਤਿ ਦਾ ਇੱਕ ਗੀਤ। ਨਿਰਦੇਸ਼ਕ ਲਈ: ਇੱਕ ਦੁੱਖਦਾਈ ਬਿਮਾਰੀ ਬਾਰੇ। ਹੇਮਨ ਅਜ਼ਰਾਂਹੀ ਦਾ ਇੱਕ ਭਗਤੀ ਗੀਤ।
88 ਯਹੋਵਾਹ ਪਰਮੇਸ਼ੁਰ, ਤੁਸੀਂ ਮੇਰੇ ਮੁਕਤੀਦਾਤਾ ਹੋ।
ਮੈਂ ਤੁਹਾਡੇ ਅੱਗੇ ਦਿਨ-ਰਾਤ ਪ੍ਰਾਰਥਨਾ ਕਰਦਾ ਰਿਹਾ।
2 ਕਿਰਪਾ ਕਰਕੇ ਮੇਰੀਆਂ ਪ੍ਰਾਰਥਨਾ ਵੱਲ ਧਿਆਨ ਦਿਉ।
ਰਹਿਮ ਲਈ ਮੇਰੀਆਂ ਪ੍ਰਾਰਥਨਾ ਸੁਣੋ।
3 ਮੇਰੀ ਰੂਹ ਨੇ ਇਸ ਦਰਦ ਨੂੰ ਬਹੁਤ ਝੱਲਿਆ ਹੈ।
ਮੈਂ ਛੇਤੀ ਹੀ ਮਰ ਜਾਵਾਂਗਾ।
4 ਲੋਕਾਂ ਨੇ ਤਾਂ ਮੈਨੂੰ ਪਹਿਲਾਂ ਹੀ ਮੁਰਦਾ ਸਮਝ ਲਿਆ ਹੈ।
ਉਸ ਬੰਦੇ ਵਰਗਾ ਜਿਹੜਾ ਕਮਜ਼ੋਰੀ ਕਾਰਣ ਜਿਉਣ ਦੇ ਕਾਬਲ ਨਹੀਂ ਰਿਹਾ।
5 ਮੁਰਦਾ ਲੋਕਾਂ ਵਿੱਚ ਮੇਰੀ ਤਲਾਸ਼ ਕਰੋ,
ਮੈਂ ਕਬਰਸਤਾਨ ਵਿੱਚ ਪਈ ਹੋਈ ਇੱਕ ਲਾਸ਼ ਵਾਂਗ ਹਾਂ।
ਉਨ੍ਹਾਂ ਲੋਕਾਂ ਵਿੱਚੋਂ ਜਿਨ੍ਹਾਂ ਨੂੰ ਤੁਸਾਂ ਭੁਲਾ ਦਿੱਤਾ ਹੈ।
ਤੁਹਾਡੇ ਨਾਲੋਂ ਅਤੇ ਤੁਹਾਡੀ ਦੇਖ-ਭਾਲ ਨਾਲੋਂ ਟੁੱਟੇ ਹੋਇਆਂ ਨੂੰ।
6 ਤੁਸੀਂ ਮੈਨੂੰ ਧਰਤੀ ਦੀ ਉਸ ਖੱਡ ਵਿੱਚ ਸੁੱਟ ਦਿੱਤਾ ਸੀ। ਹਾਂ,
ਤੁਸੀਂ ਹੀ ਮੈਨੂੰ ਉਸ ਹਨੇਰੀ ਥਾਵੇਂ ਰੱਖਿਆ ਸੀ।
7 ਹੇ ਪਰਮੇਸ਼ੁਰ, ਤੁਸੀਂ ਮੇਰੇ ਉੱਪਰ ਕਹਿਰਵਾਨ ਸੀ ਅਤੇ ਤੁਸੀਂ ਮੈਨੂੰ ਦੰਡ ਦਿੱਤਾ ਸੀ।
8 ਮੇਰੇ ਯਾਰ ਮੈਨੂੰ ਛੱਡ ਗਏ ਹਨ।
ਇੱਕ ਅਛੂਤ ਬੰਦੇ ਵਾਂਗ ਉਨ੍ਹਾਂ ਨੇ ਮੇਰੇ ਕੋਲੋਂ ਦੂਰੀ ਰੱਖ ਲਈ ਹੈ।
ਮੈਂ ਘਰ ਵਿੱਚ ਹੀ ਕੈਦ ਹਾਂ ਅਤੇ ਮੈਂ ਬਾਹਰ ਨਹੀਂ ਆ ਸੱਕਦਾ।
9 ਮੇਰੀਆਂ ਅੱਖਾਂ ਮੇਰੇ ਦੁੱਖਾਂ ਬਾਰੇ ਰੋਂਦੀਆਂ ਦੁੱਖ ਰਹੀਆਂ ਹਨ।
ਹੇ ਪਰਮੇਸ਼ੁਰ, ਮੈਂ ਨਿਰੰਤਰ ਤੁਹਾਨੂੰ ਪ੍ਰਾਰਥਨਾ ਕਰਦਾ ਹਾਂ।
ਮੈਂ ਪ੍ਰਾਰਥਨਾ ਲਈ ਤੁਹਾਡੇ ਵੱਲ ਆਪਣੇ ਹੱਥ ਉੱਠਾਉਂਦਾ ਹਾਂ।
10 ਯਹੋਵਾਹ, ਕੀ ਤੁਸੀਂ ਮੁਰਦਾ ਬੰਦਿਆਂ ਲਈ ਕਰਿਸ਼ਮੇ ਕਰਦੇ ਹੋ?
ਕੀ ਪ੍ਰੇਤ ਉੱਠਦੇ ਹਨ ਅਤੇ ਤੁਹਾਡੀ ਉਸਤਤਿ ਕਰਦੇ ਹਨ? ਨਹੀਂ।
11 ਮੁਰਦਾ ਬੰਦੇ, ਕਬਰ ਵਿੱਚ ਪਏ ਹੋਏ ਤੁਹਾਡੇ ਪਿਆਰ ਦੀ ਗੱਲਾਂ ਨਹੀਂ ਕਰ ਸੱਕਦੇ।
ਮੁਰਦਿਆਂ ਦੀ ਦੁਨੀਆਂ ਦੇ ਮਰਦਾ ਲੋਕ ਤੁਹਾਡੀ ਵਫ਼ਾਦਾਰੀ ਦੀ ਗੱਲ ਨਹੀਂ ਕਰ ਸੱਕਦੇ।
12 ਹਨੇਰੇ ਵਿੱਚ ਪਏ ਹੋਏ ਮੁਰਦਾ ਲੋਕ ਤੁਹਾਡੇ ਚਮਤਕਾਰ ਨਹੀਂ ਦੇਖ ਸੱਕਦੇ।
ਭੁੱਲੇ ਵਿੱਸਰਿਆਂ ਦੀ ਦੁਨੀਆਂ ਦੇ ਮੁਰਦਾ ਲੋਕ ਤੁਹਾਡੀ ਸ਼ੁਭਤਾ ਦੀ ਗੱਲ ਨਹੀਂ ਕਰ ਸੱਕਦੇ।
13 ਯਹੋਵਾਹ, ਮੈਂ ਤੁਹਾਨੂੰ ਸਹਾਇਤਾ ਲਈ ਆਖ ਰਿਹਾ ਹਾਂ।
ਮੈਂ ਹਰ ਰੋਜ਼ ਮੂੰਹ ਹਨੇਰੇ ਤੁਹਾਨੂੰ ਪ੍ਰਾਰਥਨਾ ਕਰਦਾ ਹਾਂ।
14 ਹੇ ਪਰਮੇਸ਼ੁਰ, ਤੁਸੀਂ ਮੈਨੂੰ ਕਿਉਂ ਛੱਡ ਦਿੱਤਾ ਹੈ?
ਤੁਸੀਂ ਮੈਨੂੰ ਸੁਣਨ ਤੋਂ ਇਨਕਾਰ ਕਿਉਂ ਕਰਦੇ ਹੋਂ?
15 ਆਪਣੀ ਨੌਜਵਾਨੀ ਵੇਲੇ ਤੋਂ ਹੀ ਮੈਂ ਕਮਜ਼ੋਰ ਅਤੇ ਬਿਮਾਰ ਸਾਂ
ਅਤੇ ਮੈਂ ਤੁਹਾਡਾ ਗੁੱਸਾ ਝੱਲਿਆ ਹੈ। ਮੈਂ ਬੇਸਹਾਰਾ ਹਾਂ।
16 ਯਹੋਵਾਹ, ਤੁਸੀਂ ਮੇਰੇ ਉੱਤੇ ਕਹਿਰਵਾਨ ਸੀ
ਅਤੇ ਦੰਡ ਮੈਨੂੰ ਮਾਰ ਰਿਹਾ ਹੈ।
17 ਮੇਰੇ ਨਾਲ ਸਦਾ ਚੀਸਾਂ ਅਤੇ ਦਰਦ ਰਿਹਾ ਹੈ।
ਮੈਂ ਮਹਿਸੂਸ ਕਰਦਾ ਹਾਂ ਕਿ ਮੈਂ ਆਪਣੀਆਂ ਚੀਸਾਂ ਅਤੇ ਦਰਦਾਂ ਨਾਲ ਡੁੱਬ ਰਿਹਾ ਹਾਂ।
18 ਅਤੇ ਹੇ ਪਰਮੇਸ਼ੁਰ, ਤੁਸੀਂ ਮੈਨੂੰ ਮੇਰੇ ਸਾਰੇ ਦੋਸਤਾਂ ਅਤੇ ਪਿਆਰਿਆਂ ਨੂੰ ਛੱਡਣ ਲਈ ਮਜ਼ਬੂਰ ਕਰ ਦਿੱਤਾ।
ਸਿਰਫ਼ ਹਨੇਰਾ ਹੀ ਮੇਰਾ ਸੰਗੀ ਸਾਥੀ ਹੈ।
ਅਜ਼ਰਾਂਹੀ ਦੇ ਏਥਾਨ ਦਾ ਭਗਤੀ ਗੀਤ।
89 ਮੈਂ ਹਮੇਸ਼ਾ ਯਹੋਵਾਹ ਦੇ ਪਿਆਰ ਬਾਰੇ ਗਾਵਾਂਗਾ।
ਮੈਂ ਸਦਾ-ਸਦਾ ਲਈ ਉਸਦੀ ਵਫ਼ਾਦਾਰੀ ਗਾਵਾਂਗਾ।
2 ਯਹੋਵਾਹ, ਮੈਨੂੰ ਸੱਚਮੁੱਚ ਵਿਸ਼ਵਾਸ ਹੈ, “ਤੁਹਾਡਾ ਪਿਆਰ ਸਦੀਵੀ ਹੈ।
ਤੁਹਾਡੀ ਵਫ਼ਾਦਾਰੀ ਨਿਰੰਤਰ ਅਕਾਸ਼ਾਂ ਵਾਂਗ ਰਹਿੰਦੀ ਹੈ।”
3 ਪਰਮੇਸ਼ੁਰ ਨੇ ਆਖਿਆ, “ਮੈਂ ਆਪਣੇ ਚੁਣੇ ਹੋਏ ਰਾਜੇ ਨਾਲ ਕਰਾਰ ਕੀਤਾ ਸੀ।
ਮੈਂ ਆਪਣੇ ਸੇਵਕ ਦਾਊਦ ਨਾਲ ਵਾਅਦਾ ਕੀਤਾ ਸੀ।
4 ‘ਦਾਊਦ, ਮੈਂ ਤੇਰੇ ਪਰਿਵਾਰ ਨੂੰ ਸਦਾ ਰਹਿਣ ਵਾਲਾ ਬਣਾ ਦਿਆਂਗਾ।
ਮੈਂ ਤੇਰੇ ਰਾਜ ਨੂੰ ਸਦਾ-ਸਦਾ ਰਹਿਣ ਲਈ ਬਣਾ ਦਿਆਂਗਾ।’”
5 ਯਹੋਵਾਹ, ਤੁਸੀਂ ਚਮਤਕਾਰ ਕਰਦੇ ਹੋਂ।
ਇਸ ਵਾਸਤੇ ਸਵਰਗ ਤੁਹਾਡੀ ਉਸਤਤਿ ਕਰਦੇ ਹਨ।
ਲੋਕ ਤੁਹਾਡੇ ਉੱਤੇ ਨਿਰਭਰ ਕਰ ਸੱਕਦੇ ਹਨ।
ਪਵਿੱਤਰ ਲੋਕਾਂ ਦੀ ਸੰਗਤ ਇਸ ਬਾਰੇ ਗਾਉਂਦੀ ਹੈ।
6 ਸਵਰਗ ਵਿੱਚ ਪਰਮੇਸ਼ੁਰ ਦੇ ਬਰਾਬਰ ਕੋਈ ਵੀ ਨਹੀਂ।
“ਦੇਵਤਿਆਂ” ਵਿੱਚੋਂ ਕੋਈ ਵੀ ਯਹੋਵਾਹ ਦਾ ਮੁਕਾਬਲਾ ਨਹੀਂ ਕਰ ਸੱਕਦਾ।
7 ਪਰਮੇਸ਼ੁਰ ਇੱਕ ਸਾਥ ਪਵਿੱਤਰ ਇਕੱਠ ਕਰੇਗਾ।
ਉਹ ਦੂਤ ਉਸ ਦੇ ਚਾਰ-ਚੁਫ਼ੇਰੇ ਹਨ।
ਉਹ ਉਸਤੋਂ ਡਰਦੇ ਹਨ ਅਤੇ ਉਸਦਾ ਆਦਰ ਕਰਦੇ ਹਨ।
ਅਤੇ ਉਹ ਉਸ ਦੇ ਅੱਗੇ ਸ਼ਰਧਾ ਵਿੱਚ ਖੜਦੇ ਹਨ।
8 ਯਹੋਵਾਹ, ਸਰਬ ਸ਼ਕਤੀਮਾਨ ਪਰਮੇਸ਼ੁਰ, ਇੱਥੇ ਤੁਹਾਡੇ ਜਿਹਾ ਕੋਈ ਨਹੀਂ
ਅਸੀਂ ਪੂਰੀ ਤਰ੍ਹਾਂ ਤੁਹਾਡੇ ਵਿੱਚ ਯਕੀਨ ਰੱਖ ਸੱਕਦੇ ਹਾਂ।
9 ਤੁਸੀਂ ਸਮੁੰਦਰ ਦੀਆਂ ਉੱਚੀਆਂ ਲਹਿਰਾਂ ਉੱਤੇ ਰਾਜ ਕਰਦੇ ਹੋਂ।
ਤੁਸੀਂ ਸਮੁੰਦਰ ਦੀਆਂ ਤੂਫ਼ਾਨੀ ਲਹਿਰਾਂ ਨੂੰ ਸ਼ਾਂਤ ਕਰ ਦਿੰਦੇ ਹੋ।
10 ਹੇ ਪਰਮੇਸ਼ੁਰ, ਤੁਸੀਂ ਰਹਬ ਨੂੰ ਹਰਾ ਦਿੱਤਾ ਸੀ।
ਤੁਸੀਂ ਆਪਣੇ ਵੈਰੀ ਨੂੰ ਖੁਦ ਦੇ ਸ਼ਕਤੀਸ਼ਾਲੀ ਬਾਜੂ ਨਾਲ ਖਿੰਡਾ ਦਿੱਤਾ ਸੀ।
11 ਸਵਰਗ ਅਤੇ ਧਰਤੀ ਦਾ ਸਭ ਕੁਝ ਤੇਰੇ ਨਾਲ ਸੰਬੰਧਿਤ ਹੈ, ਪਰਮੇਸ਼ੁਰ।
ਹੇ ਪਰਮੇਸ਼ੁਰ, ਤੁਸੀਂ ਧਰਤੀ ਅਤੇ ਇਸ ਵਿੱਚਲਾ ਸਭ ਕੁਝ ਸਾਜਿਆ।
12 ਤੁਸੀਂ ਉੱਤਰ ਅਤੇ ਦੱਖਣ ਵਿੱਚ ਹਰ ਚੀਜ਼ ਸਾਜੀ।
ਤਾਬੋਰ ਅਤੇ ਹਰਮੋਨ ਦੇ ਪਰਬਤ ਤੁਹਾਡੇ ਨਾਮ ਦੀ ਉਸਤਤਿ ਗਾਉਂਦੇ ਹਨ।
13 ਹੇ ਪਰਮੇਸ਼ੁਰ, ਤੁਹਾਡੇ ਕੋਲ ਸ਼ਕਤੀ ਹੈ।
ਤੁਹਾਡੀ ਸ਼ਕਤੀ ਮਹਾਨ ਹੈ।
ਤੁਹਾਡੀ ਜਿੱਤ ਹੈ।
2010 by World Bible Translation Center