Bible in 90 Days
16 ਤਦ ਯਹੋਯਾਦਾ ਨੇ ਸਾਰੇ ਲੋਕਾਂ ਨਾਲ ਅਤੇ ਪਾਤਸ਼ਾਹ ਨਾਲ ਇਕਰਾਰਨਾਮਾ ਕੀਤਾ ਤੇ ਉਨ੍ਹਾਂ ਸਾਰਿਆਂ ਨੇ ਸੌਂਹ ਖਾਧੀ ਕਿ ਉਹ ਯਹੋਵਾਹ ਦੇ ਲੋਕ ਹੋਣਗੇ। 17 ਫ਼ਿਰ ਸਾਰੇ ਲੋਕੀਂ ਬਆਲ ਦੇ ਮੰਦਰ ਵਿੱਚ ਗਏ ਅਤੇ ਉਨ੍ਹਾਂ ਉਸ ਬੁੱਤ ਨੂੰ ਢਾਹ ਦਿੱਤਾ ਅਤੇ ਉਸ ਦੇ ਬੁੱਤਾਂ ਅਤੇ ਜਗਵੇਦੀਆਂ ਨੂੰ ਟੁਕੜੇ-ਟੁਕੜੇ ਕਰ ਦਿੱਤਾ। ਅਤੇ ਬਆਲ ਦੇ ਜਾਜਕ ਮੱਤਾਨ ਨੂੰ ਉਨ੍ਹਾਂ ਨੇ ਜਗਵੇਦੀਆਂ ਦੇ ਅੱਗੇ ਮਾਰ ਛੱਡਿਆ।
18 ਯਹੋਯਾਦਾ ਨੇ ਮੰਦਰ ਦੀ ਦੇਖਭਾਲ ਦਾ ਕੰਮ ਜਾਜਕਾਂ ਨੂੰ ਸੌਂਪ ਦਿੱਤਾ, ਜੋ ਕਿ ਲੇਵੀ ਸਨ ਅਤੇ ਜੋ ਦਾਊਦ ਦੁਆਰਾ ਯਹੋਵਾਹ ਦੇ ਮੰਦਰ ਵਿੱਚ ਮੂਸਾ ਦੀ ਬਿਵਸਥਾ ਦੀ ਪੋਥੀ ਵਿੱਚ ਲਿਖੇ ਅਨੁਸਾਰ ਹੋਮ ਦੀਆਂ ਭੇਟਾਂ ਚੜ੍ਹਾਉਣ ਲਈ ਵਿਵਸਥਿਤ ਕੀਤੇ ਗਏ ਸਨ। ਉਹ ਦਾਊਦ ਦੁਆਰਾ ਵਿਵਸਥਿਤ ਕੀਤੇ ਅਨੁਸਾਰ ਯਹੋਵਾਹ ਲਈ ਬਹੁਤ ਆਨੰਦਿਤ ਸਨ ਅਤੇ ਗਾ ਰਹੇ ਸਨ। 19 ਯਹੋਯਾਦਾ ਨੇ ਯਹੋਵਾਹ ਦੇ ਫ਼ਾਟਕ ਉੱਤੇ ਦਰਬਾਨ ਰੱਖ ਦਿੱਤੇ ਤਾਂ ਕਿ ਕੋਈ ਵੀ ਮਨੁੱਖ ਜੋ ਅਪਵਿੱਤਰ ਹੋਵੇ ਅੰਦਰ ਪ੍ਰਵੇਸ਼ ਨਾ ਕਰ ਸੱਕੇ।
20 ਫ਼ਿਰ ਯਹੋਯਾਦਾ ਨੇ ਸੌ-ਸੌ ਦੇ ਸਰਦਾਰਾਂ, ਲੋਕਾਂ ਦੇ ਸ਼ਾਸਕਾਂ ਅਤੇ ਜ਼ਮੀਂਦਾਰਾਂ ਤੇ ਦੇਸ ਦੇ ਸਾਰੇ ਲੋਕਾਂ ਨੂੰ ਲਿਆ ਅਤੇ ਪਾਤਸ਼ਾਹ ਨੂੰ ਯਹੋਵਾਹ ਦੇ ਮੰਦਰ ਤੋਂ ਉਤਾਰ ਲਿਆਏ ਅਤੇ ਉੱਚੇ ਫ਼ਾਟਕ ਦੇ ਰਸਤੇ ਪਾਤਸ਼ਾਹ ਦੇ ਮਹਿਲ ਵਿੱਚ ਆਏ ਅਤੇ ਫ਼ਿਰ ਪਾਤਸ਼ਾਹ ਨੂੰ ਰਾਜ ਸਿੰਘਾਸਣ ਤੇ ਬਿਰਾਜਮਾਨ ਕੀਤਾ। 21 ਤਦ ਯਹੂਦਾਹ ਦੇ ਸਾਰੇ ਲੋਕ ਬੜੇ ਪ੍ਰਸੰਨ ਹੋਏ ਅਤੇ ਸਾਰੇ ਯਰੂਸ਼ਲਮ ਵਿੱਚ ਸ਼ਾਂਤੀ ਹੋ ਗਈ ਕਿਉਂ ਕਿ ਅਥਲਯਾਹ ਤਲਵਾਰ ਨਾਲ ਮਾਰੀ ਜਾ ਚੁੱਕੀ ਸੀ।
ਯੋਆਸ਼ ਦਾ ਮੁੜ ਮੰਦਰ ਉਸਾਰਨਾ
24 ਜਦੋਂ ਯੋਆਸ਼ ਪਾਤਸ਼ਾਹ ਬਣਿਆ ਉਹ ਸੱਤ ਵਰ੍ਹਿਆਂ ਦਾ ਸੀ ਅਤੇ ਉਸ ਨੇ 40 ਸਾਲ ਯਰੂਸ਼ਲਮ ਵਿੱਚ ਰਾਜ ਕੀਤਾ। ਉਸਦੀ ਮਾਂ ਦਾ ਨਾਂ ਸੀਬਯਾਹ ਸੀ ਜੋ ਕਿ ਬਏਰਸ਼ਬਾ ਸ਼ਹਿਰ ਦੀ ਸੀ। 2 ਜਦ ਤੀਕ ਯਹੋਯਾਦਾ ਜਿਉਂਦਾ ਰਿਹਾ ਯੋਆਸ਼ ਯਹੋਵਾਹ ਅੱਗੇ ਸਹੀ ਜੀਵਨ ਜਿਉਂਦਾ ਰਿਹਾ। 3 ਯਹੋਯਾਦਾ ਨੇ ਉਸ ਨੂੰ ਦੋ ਔਰਤਾਂ ਨਾਲ ਵਿਆਹ ਦਿੱਤਾ। ਯੋਆਸ਼ ਦੇ ਘਰ ਪੁੱਤਰ ਅਤੇ ਧੀਆਂ ਹੋਏ।
4 ਫ਼ਿਰ ਬਾਅਦ ਵਿੱਚ, ਯੋਆਸ਼ ਨੇ ਯਹੋਵਾਹ ਦੇ ਮੰਦਰ ਦਾ ਮੁੜ ਤੋਂ ਨਿਰਮਾਣ ਕਰਨ ਦਾ ਨਿਸ਼ਚਾ ਕੀਤਾ। 5 ਯੋਆਸ਼ ਨੇ ਜਾਜਕਾਂ ਅਤੇ ਲੇਵੀਆਂ ਨੂੰ ਇਕੱਠਿਆਂ ਬੁਲਵਾਇਆ ਅਤੇ ਉਨ੍ਹਾਂ ਨੂੰ ਆਖਿਆ, “ਯਹੂਦਾਹ ਦੇ ਸ਼ਹਿਰਾਂ ਵਿੱਚ ਜਾ ਕੇ ਸਾਰੇ ਇਸਰਾਏਲ ਕੋਲੋਂ ਹਰ ਸਾਲ ਆਪਣੇ ਪਰਮੇਸ਼ੁਰ ਦੇ ਮੰਦਰ ਦੀ ਮੁਰੰਮਤ ਲਈ ਧਨ ਦੌਲਤ ਇਕੱਠੀ ਕਰਿਆ ਕਰੋ। ਜਾਓ ਤੇ ਜਲਦੀ ਹੀ ਇਉਂ ਕਰੋ।” ਪਰ ਲੇਵੀਆਂ ਨੇ ਕੋਈ ਜਲਦੀ ਨਾ ਕੀਤੀ।
6 ਤਦ ਯੋਆਸ਼ ਪਾਤਸ਼ਾਹ ਨੇ ਯਹੋਯਾਦਾ ਜਾਜਕ ਨੂੰ ਸੱਦਿਆ ਤੇ ਆਖਿਆ, “ਤੈਨੂੰ ਯਹੂਦਾਹ ਅਤੇ ਯਰੂਸ਼ਲਮ ਵਿੱਚੋਂ ਲੰਘ ਕੇ ਕਰ ਇਕੱਠਾ ਕਰਨ ਲਈ ਲੇਵੀਆਂ ਦੀ ਜ਼ਰੂਰਤ ਕਿਉਂ ਨਹੀਂ, ਜੋ ਕਿ ਮੂਸਾ, ਯਹੋਵਾਹ ਦੇ ਸੇਵਕ ਦੁਆਰਾ ਲਾਇਆ ਗਿਆ ਸੀ। ਮੂਸਾ ਅਤੇ ਇਸਰਾਏਲੀ ਕਰ ਦੇ ਉਸ ਧਨ ਨੂੰ ਪਵਿੱਤਰ ਤੰਬੂ ਲਈ ਵਰਤਦੇ ਸਨ।”
7 ਇਸ ਤੋਂ ਪਹਿਲਾਂ ਅਥਲਯਾਹ ਦੇ ਪੁੱਤਰਾਂ ਨੇ ਯਹੋਵਾਹ ਦੇ ਮੰਦਰ ਨੂੰ ਤੋੜਿਆ ਸੀ ਅਤੇ ਉਨ੍ਹਾਂ ਨੇ ਯਹੋਵਾਹ ਦੇ ਮੰਦਰ ਦੀਆਂ ਵਸਤਾਂ ਬਆਲਾਂ ਲਈ ਵਰਤ ਲਈਆਂ ਸਨ। ਅਥਲਯਾਹ ਇੱਕ ਬੜੀ ਹੀ ਦੁਸ਼ਟ ਰਾਣੀ ਸੀ।
8 ਯੋਆਸ਼ ਪਾਤਸ਼ਾਹ ਨੇ ਹੁਕਮ ਦਿੱਤਾ ਤੇ ਉਨ੍ਹਾਂ ਨੇ ਇੱਕ ਸੰਦੂਕ ਬਣਾ ਕੇ ਉਸ ਨੂੰ ਯਹੋਵਾਹ ਦੇ ਮੰਦਰ ਦੇ ਦਰਵਾਜ਼ੇ ਬਾਹਰ ਰੱਖ ਦਿੱਤਾ। 9 ਤਦ ਲੇਵੀਆਂ ਨੇ ਯਹੂਦਾਹ ਅਤੇ ਯਰੂਸ਼ਲਮ ਵਿੱਚ ਇੱਕ ਘੋਸ਼ਣਾ ਕੀਤੀ ਤੇ ਲੋਕਾਂ ਨੂੰ ਕਿਹਾ ਕਿ ਯਹੋਵਾਹ ਲਈ ਉਹ ਕਰ ਲੈ ਕੇ ਆਉਣ ਜਿਹੜਾ ਪਰਮੇਸ਼ੁਰ ਦੇ ਸੇਵਕ ਮੂਸਾ ਨੇ ਉਜਾੜ ਵਿੱਚ ਇਸਰਾਏਲ ਉੱਤੇ ਲਗਾਇਆ ਸੀ। 10 ਸਾਰੇ ਆਗੂ ਅਤੇ ਲੋਕ ਖੁਸ਼ ਸਨ। ਉਹ ਸਾਰੇ ਖੁਸ਼ੀ-ਖੁਸ਼ੀ ਧਨ ਦੌਲਤ ਲਿਆਏ ਅਤੇ ਉਸ ਸੰਦੂਕ ਵਿੱਚ ਪਾਇਆ ਤੇ ਜਦ ਤੀਕ ਉਹ ਸੰਦੂਕ ਭਰ ਨਾ ਗਿਆ ਉਹ ਪੈਸੇ ਦਿੰਦੇ ਰਹੇ। 11 ਜਦ ਸੰਦੂਕ ਲੇਵੀਆਂ ਦੁਆਰਾ ਕਰਿੰਦਿਆਂ ਦੇ ਹੱਥ ਪੁਜਿਆ ਅਤੇ ਉਨ੍ਹਾਂ ਵੇਖਿਆ ਕਿ ਇਸ ਵਿੱਚ ਬਹੁਤ ਰਕਮ ਹੈ ਤਾਂ ਪਾਤਸ਼ਾਹ ਦੇ ਮੁਨਸ਼ੀ (ਲਿਖਾਰੀ) ਅਤੇ ਪਰਧਾਨ ਜਾਜਕ ਦੇ ਅਫ਼ਸਰ ਨੇ ਆ ਕੇ ਸੰਦੂਕ ਨੂੰ ਖਾਲੀ ਕੀਤਾ ਤੇ ਉਸ ਨੂੰ ਫ਼ਿਰ ਉਸੇ ਹੀ ਜਗ੍ਹਾ ਤੇ ਰੱਖਵਾ ਦਿੱਤਾ ਜਿੱਥੋਂ ਕਿ ਉਹ ਚੁੱਕਿਆ ਸੀ। ਇਉਂ ਹਰ ਰੋਜ਼ ਅਜਿਹਾ ਕਰਦਿਆਂ ਉਨ੍ਹਾਂ ਨੇ ਬਹੁਤ ਸਾਰਾ ਮਾਲ ਇਕੱਠਾ ਕਰ ਲਿਆ। 12 ਫ਼ੇਰ ਯੋਆਸ਼ ਪਾਤਸ਼ਾਹ ਅਤੇ ਯਹੋਯਾਦਾ ਨੇ ਉਹ ਧਨ ਉਨ੍ਹਾਂ ਲੋਕਾਂ ਨੂੰ ਦਿੱਤਾ ਜਿਹੜੇ ਯਹੋਵਾਹ ਦੇ ਮੰਦਰ ਦੀ ਮੁਰੰਮਤ ਲਈ ਕੰਮ ਕਰਦੇ ਸਨ। ਅਤੇ ਉਨ੍ਹਾਂ ਲੋਕਾਂ ਨੂੰ ਜਿਹੜੇ ਯਹੋਵਾਹ ਦੇ ਮੰਦਰ ਨੂੰ ਠੀਕ ਕਰਨ ਲਈ ਰਾਜਾਂ ਤੇ ਤਰਖਾਣਾਂ ਨੂੰ ਬੁਲਾਇਆ ਗਿਆ। ਅਤੇ ਪਰਮੇਸ਼ੁਰ ਦੇ ਮੰਦਰ ਦੀ ਮੁਰੰਮਤ ਲਈ ਲੋਹਾਰਾਂ ਅਤੇ ਠਠੇਰਿਆਂ ਨੂੰ ਮਜੂਰੀ ਉੱਤੇ ਰੱਖਿਆ ਗਿਆ।
13 ਉਹ ਲੋਕ ਜਿਹੜੇ ਕਾਮਿਆਂ ਵਜੋਂ ਨਿਯੁਕਤ ਕੀਤੇ ਗਏ ਸਨ, ਬੜੇ ਵਫਾਦਾਰ ਸਨ ਇਉਂ ਮੰਦਰ ਦੀ ਮੁਰੰਮਤ ਦਾ ਕਾਰਜ ਸਫ਼ਲਤਾ ਨਾਲ ਸਿਰੇ ਚੜ੍ਹਿਆ। ਯਹੋਵਾਹ ਦਾ ਮੰਦਰ ਬਿਲਕੁਲ ਉਵੇਂ ਹੀ ਬਣਾਇਆ ਗਿਆ ਜਿਵੇਂ ਕਿ ਇਹ ਪਹਿਲਾਂ ਸੀ ਅਤੇ ਉਨ੍ਹਾਂ ਨੇ ਇਸ ਨੂੰ ਮਜਬੂਤ ਬਣਾਇਆ। 14 ਜਦੋਂ ਕਾਰੀਗਰਾਂ ਨੇ ਕੰਮ ਪੂਰਾ ਕਰ ਲਿਆ ਤਾਂ ਜਿਹੜਾ ਧੰਨ ਬਚ ਗਿਆ ਉਹ ਪਾਤਸ਼ਾਹ ਅਤੇ ਯਹੋਯਾਦਾ ਕੋਲ ਵਾਪਸ ਲੈ ਕੇ ਆਏ। ਉਨ੍ਹਾਂ ਨੇ ਇਸ ਧੰਨ ਨੂੰ ਯਹੋਵਾਹ ਦੇ ਮੰਦਰ ਦੀ ਉਸਾਰੀ ਤੇ ਵਸਤਾਂ ਲਈ ਵਰਤਿਆ ਸੀ ਅਤੇ ਉਹ ਵਸਤਾਂ ਮੰਦਰ ਦੀ ਸੇਵਾ ਅਤੇ ਹੋਮ ਦੀਆਂ ਭੇਟਾਂ ਲਈ ਵਰਤਿਆਂ ਗਈਆਂ। ਉਨ੍ਹਾਂ ਨੇ ਇਸ ਧੰਨ ਨਾਲ ਸੋਨੇ ਅਤੇ ਚਾਂਦੀ ਦੇ ਕਟੋਰੇ ਅਤੇ ਹੋਰ ਬਰਤਨ ਵੀ ਬਣਾਏ। ਜਦੋਂ ਯਹੋਯਾਦਾ ਜਿਉਂਦਾ ਸੀ ਤਾਂ ਜਾਜਕ ਯਹੋਵਾਹ ਦੇ ਮੰਦਰ ਵਿੱਚ ਹੋਮ ਦੀਆਂ ਭੇਟਾਂ ਚੜ੍ਹਾਉਂਦੇ ਸਨ।
15 ਯਹੋਯਾਦਾ ਬੁੱਢਾ ਹੋ ਗਿਆ ਉਹ ਕਾਫ਼ੀ ਵੱਡੀ ਉਮਰ ਤੱਕ ਜੀਵਿਆ ਅਤੇ ਫ਼ੇਰ ਚਲਾਣਾ ਕਰ ਗਿਆ। ਜਦੋਂ ਉਹ ਮਰਿਆ ਉਹ 130 ਵਰ੍ਹਿਆਂ ਦਾ ਸੀ। 16 ਲੋਕਾਂ ਨੇ ਉਸ ਨੂੰ ਦਾਊਦ ਦੇ ਸ਼ਹਿਰ ਜਿੱਥੇ ਪਾਤਸ਼ਾਹਾਂ ਨੂੰ ਦਫ਼ਨਾਇਆ ਜਾਂਦਾ ਸੀ, ਉੱਥੇ ਹੀ ਦਫ਼ਨਾਇਆ। ਲੋਕਾਂ ਨੇ ਉਸ ਨੂੰ ਉੱਥੇ ਇਸ ਲਈ ਦਫ਼ਨਾਇਆ ਕਿਉਂ ਕਿ ਉਸ ਨੇ ਆਪਣੇ ਜੀਵਨ ਕਾਲ ਵਿੱਚ ਯਹੋਵਾਹ ਅਤੇ ਉਸ ਦੇ ਮੰਦਰ ਅਤੇ ਇਸਰਾਏਲ ਦੇ ਲੋਕਾਂ ਲਈ ਬੜੇ ਚੰਗੇ ਭਲਾਈ ਦੇ ਕਾਰਜ ਕੀਤੇ।
17 ਯਹੋਯਾਦਾ ਦੇ ਮਰਨ ਉਪਰੰਤ ਯਹੂਦਾਹ ਦੇ ਆਗੂ ਆਏ ਅਤੇ ਉਨ੍ਹਾਂ ਨੇ ਯੋਆਸ਼ ਪਾਤਸ਼ਾਹ ਨੂੰ ਮੱਥਾ ਟੇਕਿਆ ਤਾਂ ਪਾਤਸ਼ਾਹ ਨੇ ਉਨ੍ਹਾਂ ਦੀ ਸੁਣੀ। 18 ਉਨ੍ਹਾਂ ਨੇ ਯਹੋਵਾਹ ਆਪਣੇ ਪੁਰਖਿਆਂ ਦੇ ਪਰਮੇਸ਼ੁਰ ਦੇ ਮੰਦਰ ਨੂੰ ਛੱਡ ਦਿੱਤਾ ਅਤੇ ਬੁੱਤਾਂ ਅਤੇ ਅਸ਼ੇਰਾਹ ਦੇ ਥੰਮਾਂ ਦੀ ਉਪਾਸਨਾ ਕਰਨ ਲੱਗ ਪਏ। ਉਨ੍ਹਾਂ ਦੇ ਦੋਸ਼ ਕਾਰਣ, ਪਰਮੇਸ਼ੁਰ ਬਹੁਤ ਗੁੱਸੇ ਸੀ ਅਤੇ ਯਹੂਦਾਹ ਅਤੇ ਯਰੂਸ਼ਲਮ ਉੱਪਰ ਕਸ਼ਟ ਆਣ ਪਏ। 19 ਤਦ ਵੀ ਯਹੋਵਾਹ ਨੇ ਉਨ੍ਹਾਂ ਕੋਲ ਨਬੀਆਂ ਨੂੰ ਭੇਜਿਆ ਤਾਂ ਜੋ ਉਹ ਉਨ੍ਹਾਂ ਨੂੰ ਯਹੋਵਾਹ ਵੱਲ ਮੋੜ ਲਿਆਉਣ। ਨਬੀ ਉਨ੍ਹਾਂ ਨੂੰ ਚਿਤਾਵਨੀ ਦਿੰਦੇ ਰਹੇ, ਪਰ ਉਨ੍ਹਾਂ ਨੇ ਉਸਤੇ ਕੋਈ ਕੰਨ ਨਾ ਧਰਿਆ।
20 ਤਦ ਪਰਮੇਸ਼ੁਰ ਦਾ ਆਤਮਾ ਜ਼ਕਰਯਾਹ, ਯਹੋਯਾਦਾ ਜਾਜਕ ਦੇ ਪੁੱਤਰ ਉੱਤੇ ਆਇਆ। ਉਹ ਉੱਚੇ ਥਾਂ ਤੇ ਖਲੋ ਗਿਆ ਅਤੇ ਲੋਕਾਂ ਨੂੰ ਆਖਣ ਲੱਗ ਪਿਆ ਕਿ, ਪਰਮਮੇਸ਼ੁਰ ਆਖਦਾ, ਤੁਸੀਂ ਯਹੋਵਾਹ ਦੇ ਹੁਕਮਨਾਮਿਆਂ ਨੂੰ ਕਿਉਂ ਤੋੜਦੇ ਹੋ? ਤੁਸੀਂ ਤਰਕੀ ਨਹੀਂ ਕਰ ਸੱਕਦੇ ਕਿਉਂ ਕਿ ਤੁਸੀਂ ਯਹੋਵਾਹ ਵੱਲ ਆਪਣੀਆਂ ਪਿੱਠਾ ਮੋੜ ਲਈਆਂ ਹਨ, ਇਸ ਲਈ ਯਹੋਵਾਹ ਵੀ ਤੁਹਾਡੇ ਵੱਲ ਆਪਣੀ ਪਿੱਠ ਮੋੜ ਲਵੇਗਾ।
21 ਪਰ ਲੋਕਾਂ ਨੇ ਜ਼ਕਰਯਾਹ ਦੇ ਵਿਰੁੱਧ ਵਿਉਂਤਾ ਘੜ ਲਈਆਂ ਅਤੇ ਆਪਣੀਆਂ ਸਾਜਿਸ਼ਾਂ ਨਾਲ ਪਾਤਸ਼ਾਹ ਦੇ ਹੁਕਮ ਨਾਲ ਉਸ ਨੂੰ ਯਹੋਵਾਹ ਦੇ ਮੰਦਰ ਵਿੱਚ ਪੱਥਰਾਂ ਨਾਲ ਮਾਰ ਸੁੱਟਿਆ। 22 ਯੋਆਸ਼ ਪਾਤਸ਼ਾਹ ਨੇ ਉਸ ਦੇ ਪਿਤਾ ਯਹੋਯਾਦਾ ਦੇ ਪਰਉਪਕਾਰ ਨੂੰ ਜੋ ਉਸ ਨੇ ਯੋਆਸ਼ ਉੱਪਰ ਕੀਤਾ ਸੀ, ਚੇਤੇ ਨਾ ਰੱਖਿਆ ਸਗੋਂ ਉਸ ਦੇ ਪੁੱਤਰ ਨੂੰ ਮਾਰ ਦਿੱਤਾ। ਜ਼ਕਰਯਾਹ ਨੇ ਮਰਨ ਤੋਂ ਪਹਿਲਾਂ ਆਖਿਆ, “ਯਹੋਵਾਹ ਤੇਰੀ ਕਰਨੀ ਵੇਖੇ ਤੇ ਤੈਨੂੰ ਤੇਰੇ ਕੀਤੇ ਦਾ ਦੰਡ ਦੇਵੇ।”
23 ਉਸ ਸਾਲ ਦੇ ਅਖੀਰ ਵਿੱਚ ਅਰਾਮੀਆਂ ਦੀ ਫ਼ੋਜ ਨੇ ਯੋਆਸ਼ ਉੱਪਰ ਚੜ੍ਹਾਈ ਕਰ ਦਿੱਤੀ ਅਤੇ ਯਹੂਦਾਹ ਅਤੇ ਯਰੂਸ਼ਲਮ ਵਿੱਚ ਆਕੇ ਉਮੱਤ ਦੇ ਸਾਰੇ ਸਰਦਾਰਾਂ ਨੂੰ ਲੋਕਾਂ ਵਿੱਚੋਂ ਮਾਰ ਦਿੱਤਾ ਅਤੇ ਉਨ੍ਹਾਂ ਦਾ ਸਾਰਾ ਮਾਲ ਲੁੱਟ ਕੇ ਦੰਮਿਸਕ ਦੇ ਪਾਤਸ਼ਾਹ ਕੋਲ ਭੇਜ ਦਿੱਤਾ। 24 ਅਰਾਮੀ ਫ਼ੌਜ ਦੀ ਅਜੇ ਇੱਕ ਛੋਟਾ ਜਿਹਾ ਦਲ ਹੀ ਆਇਆ ਸੀ, ਪਰ ਯਹੋਵਾਹ ਨੇ ਉਸ ਛੋਟੇ ਜਿਹੇ ਦਲ ਕੋਲੋਂ ਹੀ ਯਹੂਦਾਹ ਦੀ ਇੰਨੀ ਭਾਰੀ ਫ਼ੌਜ ਨੂੰ ਹਾਰ ਦਿੱਤੀ। ਯਹੋਵਾਹ ਨੇ ਇਉਂ ਇਸ ਲਈ ਕੀਤਾ ਕਿਉਂ ਕਿ ਯਹੂਦਾਹ ਦੇ ਲੋਕਾਂ ਨੇ ਆਪਣੇ ਪੁਰਖਿਆਂ ਦੇ ਯਹੋਵਾਹ ਪਰਮੇਸ਼ੁਰ ਨੂੰ ਮੰਨਣਾ ਛੱਡ ਦਿੱਤਾ ਸੀ, ਇਸ ਲਈ ਯੋਆਸ਼ ਨੂੰ ਇਹ ਦੰਡ ਮਿਲਿਆ। 25 ਜਦੋਂ ਅਰਾਮੀਆਂ ਨੇ ਯੋਆਸ਼ ਨੂੰ ਛੱਡਿਆ, ਉਹ ਬੁਰੀ ਤਰ੍ਹਾਂ ਜ਼ਖਮੀ ਸੀ। ਯੋਆਸ਼ ਦੇ ਆਪਣੇ ਦਾਸ ਉਸ ਦੇ ਵਿਰੋਧੀ ਹੋ ਗਏ। ਉਹ ਯੋਆਸ਼ ਦੇ ਵੈਰੀ ਇਸ ਲਈ ਹੋਏ ਕਿਉਂ ਕਿ ਉਸ ਨੇ ਯਹੋਯਾਦਾ ਜਾਜਕ ਦੇ ਪੁੱਤਰ ਜ਼ਕਰਯਾਹ ਨੂੰ ਮਾਰਿਆ ਸੀ। ਯੋਆਸ਼ ਦੇ ਸੇਵਕਾਂ ਨੇ ਉਸ ਨੂੰ ਉਸ ਦੇ ਬਿਸਤਰ ਤੇ ਹੀ ਵੱਢ ਸੁੱਟਿਆ। ਜਦੋਂ ਯੋਆਸ਼ ਮਰਿਆ ਤਾਂ ਲੋਕਾਂ ਨੇ ਉਸ ਨੂੰ ਦਾਊਦ ਦੇ ਸ਼ਹਿਰ ’ਚ ਦਫ਼ਨਾਇਆ, ਪਰ ਉਸ ਨੂੰ ਸ਼ਾਹੀ ਕਬਰਾਂ ਵਿੱਚ ਨਾ ਦਫ਼ਨਾਇਆ ਗਿਆ।
26 ਜਿਹੜੇ ਸੇਵਕਾਂ ਨੇ ਯੋਆਸ਼ ਦੇ ਵਿਰੁੱਧ ਮਤਾ ਘੜਿਆ ਉਹ ਸਨ: ਅੰਮੋਨਣ ਸ਼ਿਮਆਥ ਦਾ ਪੁੱਤਰ ਜ਼ਾਬਾਦ, ਮੋਆਬਣ ਸ਼ਿਮਰੀਥ ਦਾ ਪੁੱਤਰ ਯਹੋਜ਼ਾਬਾਦ। 27 ਯੋਆਸ਼ ਦੇ ਪੁੱਤਰਾਂ ਦੀ ਕਹਾਣੀ, ਉਸ ਦੇ ਵਿਰੁੱਧ ਮਹਾਨ ਅਗੰਮੀ ਵਾਚ ਅਤੇ ਉਸ ਨੇ ਯਹੋਵਾਹ ਦਾ ਮੰਦਰ ਕਿਵੇਂ ਮੁੜ ਉਸਾਰਿਆ, ਇਹ ਸਭ ਕਾਰਜ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਦਰਜ ਹਨ। ਉਸ ਉਪਰੰਤ ਅਮਸਯਾਹ ਨਵਾਂ ਪਾਤਸ਼ਾਹ ਬਣਿਆ। ਅਮਸਯਾਹ ਯੋਆਸ਼ ਦਾ ਪੁੱਤਰ ਸੀ।
ਯਹੂਦਾਹ ਦਾ ਪਾਤਸ਼ਾਹ ਅਮਸਯਾਹ
25 ਅਮਸਯਾਹ 25 ਵਰ੍ਹਿਆਂ ਦਾ ਸੀ ਜਦੋਂ ਉਹ ਪਾਤਸ਼ਾਹ ਬਣਿਆ ਅਤੇ ਉਸ ਨੇ ਯਰੂਸ਼ਲਮ ਵਿੱਚ 29 ਵਰ੍ਹੇ ਰਾਜ ਕੀਤਾ। ਉਸਦੀ ਮਾਤਾ ਯਰੂਸ਼ਲਮ ਦੀ ਯਹੋਅੱਦਾਨ ਸੀ। 2 ਅਮਸਯਾਹ ਨੇ ਉਹੀ ਕੰਮ ਕੀਤੇ ਜੋ ਯਹੋਵਾਹ ਦੀ ਨਿਗਾਹ ਵਿੱਚ ਚੰਗੇ ਸਨ। ਪਰ ਉਹ ਉਨ੍ਹਾਂ ਕੰਮਾਂ ਨੂੰ ਆਪਣੇ ਤਹਿ ਦਿਲੋਂ ਨਾ ਕਰ ਸੱਕਿਆ। 3 ਜਦੋਂ ਅਮਸਯਾਹ ਸ਼ਕਤੀਵਰ ਪਾਤਸ਼ਾਹ ਬਣ ਗਿਆ ਤਾਂ ਉਸ ਨੇ ਆਪਣੇ ਉਨ੍ਹਾਂ ਅਧਿਕਾਰੀਆਂ ਨੂੰ, ਜਿਨ੍ਹਾਂ ਨੇ ਉਸ ਦੇ ਪਿਤਾ ਪਾਤਸ਼ਾਹ ਯੋਆਸ਼ ਨੂੰ ਮਾਰਿਆ ਸੀ, ਖਤਮ ਕਰ ਦਿੱਤਾ। 4 ਪਰ ਅਮਸਯਾਹ ਨੇ ਉਨ੍ਹਾਂ ਦੇ ਬੱਚਿਆਂ ਨੂੰ ਨਾ ਮਾਰਿਆ, ਕਿਉਂ ਕਿ ਮੂਸਾ ਦੀ ਬਿਵਸਥਾ ਦੀ ਪੋਥੀ ਵਿੱਚ ਜਿਵੇਂ ਯਹੋਵਾਹ ਨੇ ਹੁਕਮ ਦਿੱਤਾ ਹੈ ਉਸ ਨੂੰ ਮੰਨਿਆ। ਯਹੋਵਾਹ ਨੇ ਹੁਕਮ ਦਿੱਤਾ ਹੈ, “ਪੁੱਤਰਾਂ ਦੇ ਬਦਲੇ ਪਿਉ ਨਾ ਮਾਰੇ ਜਾਣ ਅਤੇ ਨਾ ਹੀ ਪਿਉਆਂ ਦੇ ਬਦਲੇ ਪੁੱਤਰਾਂ ਨੂੰ ਮਾਰਿਆ ਜਾਵੇ ਹਰ ਮਨੁੱਖ ਨੂੰ ਉਸਦੀ ਭੈੜੀ ਕਰਨੀ ਦੇ ਕਾਰਣ ਹੀ ਉਸ ਦੇ ਆਪਣੇ ਪਾਪਾਂ ਕਾਰਣ ਹੀ ਮਾਰਿਆ ਜਾਵੇ।”
5 ਅਮਸਯਾਹ ਨੇ ਯਹੂਦਾਹ ਦੇ ਲੋਕਾਂ ਨੂੰ ਇਕੱਠਿਆਂ ਕੀਤਾ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਮਿੱਤਰਾਂ ਦੇ ਘਰਾਣਿਆਂ ਮੁਤਾਬਕ ਸਾਰੇ ਯਹੂਦਾਹ ਅਤੇ ਬਿਨਯਾਮੀਨ ਵਿੱਚ ਹਜ਼ਾਰ-ਹਜ਼ਾਰ ਤੇ ਸੌ-ਸੌ ਦੇ ਸਰਦਾਰਾਂ ਹੇਠਾਂ ਰੱਖਿਆ। ਉਹ ਸਾਰੇ ਆਦਮੀ ਜਿਹੜੇ ਸਿਪਾਹੀ ਚੁਣੇ ਉਨ੍ਹਾਂ ਦੀ ਉਮਰ 20 ਸਾਲ ਜਾਂ 20 ਸਾਲ ਤੋਂ ਉੱਪਰ ਸੀ। ਲੜਾਈ ਲਈ ਬਿਲਕੁਲ ਤਿਆਰ ਜਿਹੜੇ ਜੰਗ ਵਿੱਚ ਕਾਮਯਾਬੀ ਨਾਲ ਬਰਛੀ ਤੇ ਢਾਲ ਫ਼ੜ ਸੱਕਣ ਅਜਿਹੇ ਉੱਥੇ 3,00,000 ਸਿਪਾਹੀ ਸਨ। 6 ਅਮਸਯਾਹ ਨੇ 1,00,000 ਸਿਪਾਹੀ ਇਸਰਾਏਲ ਕੋਲੋਂ ਲਏ। ਉਸ ਨੇ ਉਨ੍ਹਾਂ ਨੂੰ 3,400 ਕਿੱਲੋ ਚਾਂਦੀ ਦੇ ਕੇ ਭਾੜੇ ਤੇ ਖਰੀਦਿਆ। 7 ਪਰ ਇੱਕ ਪਰਮੇਸ਼ੁਰ ਦਾ ਮਨੁੱਖ ਅਮਸਯਾਹ ਕੋਲ ਆਇਆ। ਉਸ ਨੇ ਕਿਹਾ, “ਹੇ ਪਾਤਸ਼ਾਹ, ਤੂੰ ਆਪਣੇ ਨਾਲ ਇਸਰਾਏਲੀ ਫ਼ੌਜ ਨਾ ਲੈ ਕੇ ਜਾ, ਕਿਉਂ ਕਿ ਯਹੋਵਾਹ ਇਸਰਾਏਲੀਆਂ ਦੀ ਸਾਰੀ ਇਫ਼ਰਾਈਮ ਵੰਸ਼ ਨਾਲ ਨਹੀਂ ਹੈ। 8 ਜੇਕਰ ਤੁਸੀਂ ਜਾਣਾ ਹੀ ਚਾਹੁੰਦੇ ਹੋ ਤਾਂ ਜਾਵੋ ਅਤੇ ਲੜਾਈ ਲਈ ਤਕੜੇ ਹੋਵੋ, ਪਰ ਪਰਮੇਸ਼ੁਰ ਤੁਹਾਨੂੰ ਵੈਰੀਆਂ ਦੇ ਅੱਗੇ ਹਾਰ ਦੇਵੇਗਾ ਕਿਉਂ ਕਿ ਉਸ ਕੋਲ ਹਰਾਉਣ ਅਤੇ ਜਿਤਾਉਣ ਦੀ ਤਾਕਤ ਹੈ।” 9 ਅਮਸਯਾਹ ਨੇ ਪਰਮੇਸ਼ੁਰ ਦੇ ਮਨੁੱਖ ਨੂੰ ਕਿਹਾ, “ਪਰ ਮੈਂ ਜਿਹੜਾ ਧਨ ਇਸਰਾਏਲੀ ਫ਼ੌਜ ਖਰੀਦਣ ਲਈ ਦਿੱਤਾ ਹੈ, ਉਸ ਦਾ ਕੀ ਕਰਾਂ?” ਤਾਂ ਪਰਮੇਸ਼ੁਰ ਦੇ ਮਨੁੱਖ ਨੇ ਜਵਾਬ ਦਿੱਤਾ, “ਯਹੋਵਾਹ ਦੇ ਘਰ ਕੋਈ ਕਮੀ ਨਹੀਂ, ਉਹ ਤੈਨੂੰ ਉਸਤੋਂ ਵੱਧ ਦੇਣ ਦੀ ਸਮਰੱਥਾ ਰੱਖਦਾ ਹੈ।”
10 ਤਦ ਅਮਸਯਾਹ ਨੇ ਇਸਰਾਏਲੀ ਸੈਨਾ ਨੂੰ ਇਫ਼ਰਾਈਮ ਵਿੱਚ ਵਾਪਸ ਭੇਜ ਦਿੱਤਾ। ਉਹ ਆਦਮੀ ਪਾਤਸ਼ਾਹ ਅਤੇ ਯਹੂਦਾਹ ਦੇ ਲੋਕਾਂ ਉੱਪਰ ਬੜੇ ਕ੍ਰੋਧਿਤ ਹੋਏ ਅਤੇ ਬੜੇ ਕਰੋਧ ਵਿੱਚ ਆਪਣੇ ਘਰਾਂ ਨੂੰ ਮੁੜੇ।
11 ਤਦ ਅਮਸਯਾਹ ਨੇ ਹੌਂਸਲਾ ਕੀਤਾ ਤੇ ਆਪਣੇ ਆਦਮੀਆਂ ਨੂੰ ਲੈ ਕੇ ਲੂਣ ਦੀ ਵਾਦੀ ਵੱਲ ਲੈ ਗਿਆ ਅਤੇ ਸੇਈਰ ਵੰਸ਼ ਵਿੱਚੋਂ 10,000 ਆਦਮੀਆਂ ਨੂੰ ਮਾਰ ਦਿੱਤਾ। 12 ਹੋਰ 10,000 ਆਦਮੀਆਂ ਜੋ ਸੇਈਰ ਦੇ ਸਨ ਯਹੂਦੀਆਂ ਨੇ ਉਨ੍ਹਾਂ ਨੂੰ ਜਿਉਂਦਾ ਫ਼ੜ ਕੇ ਇੱਕ ਚੱਟਾਨ ਦੀ ਚੋਟੀ ਤੇ ਚੜ੍ਹਾਇਆ ਅਤੇ ਫ਼ਿਰ ਉਸ ਚੋਟੀ ਤੋਂ ਉਨ੍ਹਾਂ ਨੂੰ ਇਵੇਂ ਥੱਲੇ ਸੁੱਟਿਆ ਕਿ ਸਾਰਿਆਂ ਦੇ ਟੋਟੇ-ਟੋਟੇ ਹੋ ਗਏ।
13 ਪਰ ਉਸ ਫ਼ੌਜ ਦੇ ਜੁਆਨ ਜਿਨ੍ਹਾਂ ਨੂੰ ਪਾਤਸ਼ਾਹ ਨੇ ਵਾਪਸ ਭੇਜ ਦਿੱਤਾ ਸੀ ਉਸੇ ਸਮੇਂ ਵਿੱਚ ਇਸਰਾਏਲੀ ਫ਼ੌਜ ਨੇ ਯਹੂਦਾਹ ਦੇ ਕੁਝ ਸ਼ਹਿਰਾਂ ਤੇ ਹਮਲਾ ਕੀਤਾ। ਉਨ੍ਹਾਂ ਨੇ ਬੈਤ-ਹੋਰੋਨ ਤੋਂ ਸਾਮਰਿਯਾ ਤੀਕ ਦੇ ਸ਼ਹਿਰਾਂ ਤੇ ਹਮਲਾ ਬੋਲਿਆ। ਉਨ੍ਹਾਂ ਨੇ 3,000 ਆਦਮੀਆਂ ਨੂੰ ਮਾਰ ਕੇ ਉਨ੍ਹਾਂ ਦਾ ਕੀਮਤੀ ਸਮਾਨ ਲੁੱਟ ਲਿਆ। ਉਹ ਲੋਕ ਇਸ ਲਈ ਭੜਕੇ ਹੋਏ ਸਨ ਕਿਉਂ ਕਿ ਅਮਸਯਾਹ ਨੇ ਉਨ੍ਹਾਂ ਨੂੰ ਲੜਾਈ ਵਿੱਚੋਂ ਵਾਪਸ ਭੇਜ ਦਿੱਤਾ ਸੀ।
14 ਜਦੋਂ ਅਮਸਯਾਹ ਅਦੋਮੀਆਂ ਨੂੰ ਮਾਰ ਕੇ ਮੁੜਿਆ ਤਾਂ ਸੇਈਰੀਆਂ ਦੇ ਦੇਵਤਿਆਂ ਨੂੰ ਨਾਲ ਲੈਂਦਾ ਆਇਆ ਅਤੇ ਉਨ੍ਹਾਂ ਦੇਵਤਿਆਂ ਦੀ ਉਸ ਨੇ ਉਪਾਸਨਾ ਕਰਨੀ ਸ਼ੁਰੂ ਕਰ ਦਿੱਤੀ। ਉਹ ਉਨ੍ਹਾਂ ਅੱਗੇ ਸਿਰ ਝੁਕਾਉਂਦਾ ਅਤੇ ਉਨ੍ਹਾਂ ਅੱਗੇ ਧੂਪ ਅਗਰਬਤੀ ਜਗਾਉਂਦਾ। 15 ਯਹੋਵਾਹ ਅਮਸਯਾਹ ਤੇ ਬੜਾ ਕ੍ਰੋਧਿਤ ਹੋਇਆ। ਯਹੋਵਾਹ ਨੇ ਉਸ ਕੋਲ ਨਬੀ ਭੇਜਿਆ। ਨਬੀ ਨੇ ਉਸ ਨੂੰ ਕਿਹਾ, “ਤੂੰ ਉਨ੍ਹਾਂ ਲੋਕਾਂ ਦੇ ਦੇਵਤਿਆਂ ਦੀ ਉਪਾਸਨਾ ਕਰਨੀ ਕਿਉਂ ਸ਼ੁਰੂ ਕਰ ਦਿੱਤੀ ਜਦ ਕਿ ਉਨ੍ਹਾਂ ਲੋਕਾਂ ਦੇ ਦੇਵਤੇ ਆਪਣੇ ਲੋਕਾਂ ਨੂੰ ਵੀ ਤੈਥੋਂ ਬਚਾਅ ਨਹੀਂ ਸੱਕੇ?”
16 ਜਦੋਂ ਨਬੀ ਨੇ ਇਉਂ ਆਖਿਆ ਤਾਂ ਅਮਸਯਾਹ ਨੇ ਉਸ ਨੂੰ ਕਿਹਾ, “ਅਸੀਂ ਤੈਨੂੰ ਪਾਤਸ਼ਾਹ ਦਾ ਸਲਾਹਕਾਰ ਬਣਾਇਆ ਹੈ। ਚੁੱਪ ਰਹਿ! ਜੇਕਰ ਤੂੰ ਚੁੱਪ ਨਹੀਂ ਕਰੇਂਗਾ ਤਾਂ ਮਾਰਿਆ ਜਾਵੇਂਗਾ।” ਨਬੀ ਚੁੱਪ ਕਰ ਗਿਆ, ਪਰ ਫ਼ਿਰ ਆਖਣ ਲੱਗਾ, “ਪਰਮੇਸ਼ੁਰ ਨੇ ਤੁਹਾਨੂੰ ਨਾਸ ਕਰਨਾ ਠਾਣਿਆ ਹੈ ਕਿਉਂ ਕਿ ਤੁਸੀਂ ਉਹ ਬੁਰੇ ਕੰਮ ਕੀਤੇ ਹਨ ਅਤੇ ਮੇਰੀ ਸਲਾਹ ਨੂੰ ਨਕਾਰਿਆ ਹੈ।”
17 ਯਹੂਦਾਹ ਦੇ ਪਾਤਸ਼ਾਹ ਅਮਸਯਾਹ ਨੇ ਆਪਣੇ ਸਲਾਹਕਾਰਾਂ ਨਾਲ ਸਲਾਹ ਕੀਤੀ। ਫ਼ਿਰ ਉਸ ਨੇ ਯੋਆਸ਼ ਨੂੰ ਸੁਨੇਹਾ ਭੇਜਿਆ ਜੋ ਕਿ ਇਸਰਾਏਲ ਦਾ ਪਾਤਸ਼ਾਹ ਸੀ ਕਿ ਤੂੰ ਮੈਨੂੰ ਆਮਣੇ-ਸਾਹਮਣੇ ਮਿਲ। ਯਹੋਆਸ਼ ਯੇਹੂ ਦਾ ਪੋਤਾ ਅਤੇ ਯਹੋਆਹਾਜ਼ ਦਾ ਪੁੱਤਰ ਸੀ।
18 ਤਦ ਯਹੋਆਸ਼ ਨੇ ਅਮਸਯਾਹ ਨੂੰ ਆਪਣਾ ਸੁਨੇਹਾ ਭੇਜਿਆ। ਯਹੋਆਸ਼ ਇਸਰਾਏਲ ਦਾ ਅਤੇ ਅਮਸਯਾਹ ਯਹੂਦਾਹ ਦਾ ਪਾਤਸ਼ਾਹ ਸੀ। ਤਾਂ ਯਹੋਆਸ਼ ਨੇ ਇਹ ਕਥਾ ਕਹੀ: “ਲਬਾਨੋਨ ਦੀ ਝਾੜੀ ਨੇ ਲਬਾਨੋਨ ਦੇ ਦਿਆਰ ਨੂੰ ਸੁਨੇਹਾ ਭੇਜਿਆ ਕਿ ‘ਤੂੰ ਆਪਣੀ ਧੀ ਨੂੰ ਮੇਰੇ ਪੁੱਤਰ ਨਾਲ ਵਿਆਹ ਦੇ।’ ਪਰ ਇੰਨੇ ’ਚ ਇੱਕ ਜੰਗਲੀ ਜਾਨਵਰ ਆਇਆ ਉਸ ਝਾੜੀ ਵਿੱਚ ਚੱਲਿਆ ਤੇ ਉਸ ਝਾੜੀ ਨੂੰ ਮਿੱਧ ਕੇ ਨਾਸ ਕਰ ਦਿੱਤਾ। 19 ਤੂੰ ਆਪਣੇ-ਆਪ ਨੂੰ ਅਖਵਾਉਂਦਾ ਹੈਂ, ‘ਮੈਂ ਅਦੋਮ ਨੂੰ ਹਰਾਇਆ!’ ਤੂੰ ਘੁਮੰਡੀ ਹੈਂ ਇਸੇ ਲਈ ਡੀਂਗਾ ਮਾਰਦਾ ਹੈਂ। ਪਰ ਤੈਨੂੰ ਘਰੇ ਹੀ ਰਹਿਣਾ ਚਾਹੀਦਾ ਹੈ ਤੈਨੂੰ ਮੁਸੀਬਤ ਵਿੱਚ ਪੈਣ ਦੀ ਲੋੜ ਨਹੀਂ। ਜੇ ਤੂੰ ਮੇਰੇ ਨਾਲ ਮੱਥਾ ਲਾਇਆ ਤਾਂ ਤੂੰ ਅਤੇ ਯਹੂਦਾਹ ਸਭ ਨਸ਼ਟ ਹੋ ਜਾਵੋਂਗੇ।”
20 ਪਰ ਅਮਸਯਾਹ ਨੂੰ ਉਸਦੀ ਕੋਈ ਗੱਲ ਨਾ ਸੁਣੀ ਕਿਉਂ ਕਿ ਇਹ ਪਰਮੇਸ਼ੁਰ ਵੱਲੋਂ ਹੋਇਆ ਕਿ ਉਹ ਉਨ੍ਹਾਂ ਨੂੰ ਵੈਰੀਆਂ ਦੇ ਹੱਥ ਵਿੱਚ ਇਸ ਕਾਰਣ ਦੇਵੇ ਕਿਉਂ ਕਿ ਯਹੂਦੀਆਂ ਨੇ ਅਦੋਮ ਦੇ ਲੋਕ ਜਿਨ੍ਹਾਂ ਦੇਵਤਿਆਂ ਨੂੰ ਪੂਜਦੇ ਸਨ, ਉਨ੍ਹਾਂ ਮਗਰ ਲੱਗਣਾ ਸ਼ੁਰੂ ਕਰ ਦਿੱਤਾ ਸੀ। 21 ਤਾਂ ਇਸਰਾਏਲ ਦਾ ਪਾਤਸ਼ਾਹ ਯਹੋਆਸ਼ ਯਹੂਦਾਹ ਦੇ ਪਾਤਸ਼ਾਹ ਅਮਸਯਾਹ ਨੂੰ ਬੈਤ-ਸ਼ਮਸ਼ ਵਿੱਚ ਆਹਮੋ-ਸਾਹਮਣੇ ਮਿਲੇ। ਬੈਤ-ਸ਼ਮਸ਼ ਯਹੂਦਾਹ ਵਿੱਚ ਹੀ ਹੈ। 22 ਇਸਰਾਏਲ ਨੇ ਯਹੂਦਾਹ ਨੂੰ ਅਜਿਹੀ ਹਾਰ ਦਿੱਤੀ ਕਿ ਉਸਦਾ ਹਰ ਇੱਕ ਮਨੁੱਖ ਆਪਣੇ ਘਰਾਂ ਨੂੰ ਤੰਬੂ ’ਚ ਨੱਸ ਗਿਆ। 23 ਯਹੋਆਸ਼ ਨੇ ਅਮਸਯਾਹ ਨੂੰ ਬੈਤ-ਸ਼ਮਸ਼ ਵਿੱਚ ਫ਼ੜ ਲਿਆ ਅਤੇ ਉਸ ਨੂੰ ਯਰੂਸ਼ਲਮ ਲੈ ਗਿਆ। (ਅਮਸਯਾਹ ਜੋ ਅਹਜ਼ਯਾਹ ਦਾ ਪੋਤਾ ਅਤੇ ਯੋਆਸ਼ ਦਾ ਪੁੱਤਰ ਸੀ।) ਯਹੋਆਸ਼ ਨੇ ਯਰੂਸ਼ਲਮ ਦੀ ਦੀਵਾਰ ਇਫ਼ਰਾਈਮ ਦੇ ਫ਼ਾਟਕ ਤੋਂ ਲੈ ਕੇ ਖੂੰਜੇ ਵਾਲੇ ਫ਼ਾਟਕ ਤੀਕ 400 ਹੱਥ ਢਾਹ ਦਿੱਤੀ। 24 ਪਰਮੇਸ਼ੁਰ ਦੇ ਮੰਦਰ ਵਿੱਚ ਸੋਨਾ-ਚਾਂਦੀ ਅਤੇ ਅਨੇਕ ਵਸਤਾਂ ਦੀ ਭਰਮਾਰ ਸੀ। ਇਹ ਸਭ ਓਬੇਦ-ਅਦੋਮ ਕੋਲ ਸੀ ਪਰ ਯਹੋਆਸ਼ ਨੇ ਉਹ ਸਭ ਲੁੱਟ ਕੇ ਅਤੇ ਪਾਤਸ਼ਾਹ ਦੇ ਮਹਿਲ ਦਾ ਸਾਰਾ ਖਜ਼ਾਨਾ ਲੁੱਟ ਅਤੇ ਕੁਝ ਲੋਕਾਂ ਨੂੰ ਬੰਦੀ ਬਣਾਕੇ ਸਾਮਰਿਯਾ ਨੂੰ ਵਾਪਸ ਮੁੜਿਆ।
25 ਅਮਸਯਾਹ ਯੋਆਸ਼, ਯਹੋਆਹਾਜ਼ ਦੇ ਪੁੱਤਰ, ਇਸਰਾਏਲ ਦੇ ਪਾਤਸ਼ਾਹ ਦੇ ਮਰਨ ਉਪਰੰਤ ਵੀ 15 ਵਰ੍ਹੇ ਜਿਉਂਇਆ। ਉਸ ਦਾ ਪਿਤਾ ਯੋਆਸ਼ ਯਹੂਦਾਹ ਦਾ ਪਾਤਸ਼ਾਹ ਸੀ। 26 ਅਮਸਯਾਹ ਦੇ ਸ਼ੁਰੂ ਤੋਂ ਅੰਤ ਤੀਕ ਜੋ ਕਾਰਜ ਕੀਤੇ ਉਹ ਯਹੂਦਾਹ ਅਤੇ ਇਸਰਾਏਲ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਲਿਖੇ ਹੋਏ ਹਨ। 27 ਜਦੋਂ ਅਮਸਯਾਹ ਨੇ ਯਹੋਵਾਹ ਨੂੰ ਮੰਨਣਾ ਛੱਡਿਆ ਤਾਂ ਯਰੂਸ਼ਲਮ ਦੇ ਲੋਕਾਂ ਨੇ ਅਮਸਯਾਹ ਦੇ ਵਿਰੁੱਧ ਸਾਜਿਸ਼ਾਂ ਘੜੀਆਂ। ਤਾਂ ਉਹ ਲਾਕੀਸ਼ ਸ਼ਹਿਰ ਨੂੰ ਭੱਜ ਗਿਆ ਪਰ ਲੋਕਾਂ ਨੇ ਉਸ ਦੇ ਪਿੱਛੇ-ਪਿੱਛੇ ਕੁਲ ਮਨੁੱਖਾਂ ਨੂੰ ਭੇਜਿਆ ਜਿਨ੍ਹਾਂ ਉਸ ਨੂੰ ਲਾਕੀਸ਼ ਵਿੱਚ ਖਤਮ ਕਰ ਦਿੱਤਾ। 28 ਫ਼ੇਰ ਉਨ੍ਹਾਂ ਨੇ ਅਮਸਯਾਹ ਦੀ ਲੋਥ ਘੋੜਿਆਂ ਤੇ ਲੱਦੀ ਅਤੇ ਉਸ ਨੂੰ ਦਾਊਦ ਦੇ ਸ਼ਹਿਰ ਵਿੱਚ ਉਸ ਦੇ ਪੁਰਖਿਆਂ ਦੀ ਕਬਰ ਵਿੱਚ ਦਫ਼ਨ ਕਰ ਦਿੱਤਾ।
ਯਹੂਦਾਹ ਦਾ ਪਾਤਸ਼ਾਹ ਉਜ਼ੀਯਾਹ
26 ਤਦ ਅਮਸਯਾਹ ਦੀ ਜਗ੍ਹਾ ਯਹੂਦਾਹ ਦੇ ਲੋਕਾਂ ਨੇ ਉਜ਼ੀਯਾਹ ਨੂੰ ਆਪਣਾ ਨਵਾਂ ਪਾਤਸ਼ਾਹ ਚੁਣਿਆ। ਉਜ਼ੀਯਾਹ ਅਮਸਯਾਹ ਦਾ ਪੁੱਤਰ ਸੀ ਅਤੇ ਜਦੋਂ ਇਹ ਸਭ ਵਾਪਰਿਆ ਉਹ ਸਿਰਫ਼ ਸੋਲ੍ਹਾਂ ਸਾਲਾਂ ਦਾ ਸੀ। 2 ਉਜ਼ੀਯਾਹ ਨੇ ਮੁੜ ਤੋਂ ਏਲੋਥ ਸ਼ਹਿਰ ਉਸਾਰਿਆ ਅਤੇ ਯਹੂਦਾਹ ਨੂੰ ਮੋੜ ਦਿੱਤਾ। ਇਹ ਉਸ ਨੇ ਅਮਸਯਾਹ ਦੇ ਦਫ਼ਨਾਏ ਜਾਣ ਤੋਂ ਬਾਅਦ ਕੀਤਾ।
3 ਉਜ਼ੀਯਾਹ ਜਦੋਂ ਪਾਤਸ਼ਾਹ ਬਣਿਆ ਉਹ ਸੋਲ੍ਹਾਂ ਵਰ੍ਹਿਆਂ ਦਾ ਸੀ। ਉਸ ਨੇ 52 ਵਰ੍ਹੇ ਯਰੂਸ਼ਲਮ ਵਿੱਚ ਰਾਜ ਕੀਤਾ। ਉਸਦੀ ਮਾਤਾ ਦਾ ਨਾਮ ਯਕਾਲਯਾਹ ਸੀ, ਜੋ ਕਿ ਯਰੂਸ਼ਲਮ ਦੀ ਸੀ। 4 ਉਸ ਨੇ ਉਹੀ ਕੁਝ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ। ਜਿਵੇਂ ਕਿ ਉਸ ਦੇ ਪਿਤਾ ਅਮਸਯਾਹ ਨੇ ਕੀਤਾ ਸੀ। 5 ਉਸ ਨੇ ਜ਼ਕਰਯਾਹ ਦੇ ਦਿਨਾਂ ਵਿੱਚ ਪਰਮੇਸ਼ੁਰ ਦਾ ਰਾਹ ਫ਼ੜਿਆ ਅਤੇ ਜ਼ਕਰਯਾਹ ਨੇ ਉਜ਼ੀਯਾਹ ਨੂੰ ਪਰਮੇਸ਼ੁਰ ਦਾ ਹੁਕਮ ਮੰਨਣਾ ਤੇ ਇੱਜ਼ਤ ਕਰਨਾ ਸਿੱਖਾਇਆ। ਜਦ ਤੀਕ ਉਜ਼ੀਯਾਹ ਪਰਮੇਸ਼ੁਰ ਦਾ ਤਾਲਿਬ ਰਿਹਾ, ਪਰਮੇਸ਼ੁਰ ਨੇ ਉਸ ਨੂੰ ਖੂਬ ਸਫ਼ਲਤਾ ਦਿੱਤੀ।
6 ਉਜ਼ੀਯਾਹ ਨੇ ਫ਼ਲਿਸਤੀਆਂ ਦੇ ਵਿਰੁੱਧ ਲੜਾਈ ਕੀਤੀ ਅਤੇ ਗਥ, ਯਬਨਹ ਅਤੇ ਅਸ਼ਦੋਦ ਸ਼ਹਿਰਾਂ ਦੀਆਂ ਕੰਧਾਂ ਢਾਹ ਦਿੱਤੀਆਂ। ਉਸ ਨੇ ਅਸ਼ਦੋਦ ਵਿੱਚ ਅਤੇ ਫ਼ਲਿਸਤੀਆਂ ਦਰਮਿਆਨ ਹੋਰਨਾਂ ਥਾਵਾਂ ਤੇ ਸ਼ਹਿਰ ਬਣਾਏ। 7 ਪਰਮੇਸ਼ੁਰ ਨੇ ਫ਼ਲਿਸਤੀਆਂ ਅਤੇ ਉਨ੍ਹਾਂ ਅਰਬੀਆਂ ਦੇ ਜੋ ਗੂਰ ਬਆਲ ਸ਼ਹਿਰ ਵਿੱਚ ਵੱਸਦੇ ਸਨ ਅਤੇ ਮਊਨੀਮ ਵਿੱਚ ਉਨ੍ਹਾਂ ਦੇ ਵਿਰੁੱਧ ਉਜ਼ੀਯਾਹ ਦੀ ਮਦਦ ਕੀਤੀ। 8 ਅੰਮੋਨੀਆਂ ਨੇ ਉਜ਼ੀਯਾਹ ਨੂੰ ਨਜ਼ਰਾਨੇ ਦਿੱਤੇ ਅਤੇ ਉਜ਼ੀਯਾਹ ਦਾ ਨਾਉਂ ਮਿਸਰ ਦੀ ਸੀਮਾਂ ਤੀਕ ਪ੍ਰਸਿੱਧ ਹੋ ਗਿਆ। ਉਹ ਆਪਣੀ ਸ਼ਕਤੀ ਸਦਕਾ ਬਹੁਤ ਮਸ਼ਹੂਰ ਹੋ ਗਿਆ।
9 ਉਸ ਨੇ ਯਰੂਸ਼ਲਮ ਵਿੱਚ ਨੁਕਰ ਦੇ ਫ਼ਾਟਕ ਤੇ, ਵਾਦੀ ਦੇ ਫ਼ਾਟਕ ਅਤੇ ਕੰਧ ਦੇ ਮੋੜ ਉੱਪਰ ਬੁਰਜ ਬਣਵਾਏ। ਉਸ ਨੇ ਉਹ ਬੁਰਜ ਬੜੇ ਮਜ਼ਬੂਤ ਬਣਵਾਏ। 10 ਉਸ ਨੇ ਉਜਾੜ ਵਿੱਚ ਵੀ ਬੁਰਜ ਬਣਵਾਏ। ਉਸ ਨੇ ਬਹੁਤ ਸਾਰੇ ਖੂਹ ਪੁਟਵਾਏ ਕਿਉਂ ਕਿ ਪਹਾੜੀਆਂ ਅਤੇ ਉਪਜਾਊ ਜ਼ਮੀਨਾਂ ਵਿੱਚ ਉਹ ਬਹੁਤ ਸਾਰੇ ਜਾਨਵਰਾਂ ਦਾ ਮਾਲਕ ਸੀ। ਅੰਗੂਰਾਂ ਦੇ ਬਾਗ਼ਾਂ ਦਾ ਧਿਆਨ ਰੱਖਣ ਲਈ ਉਸ ਕੋਲ ਬਹੁਤ ਸਾਰੇ ਕਾਮੇ ਸਨ ਅਤੇ ਉਹ ਖੁਦ ਖੇਤੀ-ਬਾੜੀ ਨੂੰ ਪਿਆਰ ਕਰਦਾ ਸੀ।
11 ਉਜ਼ੀਯਾਹ ਕੋਲ ਜੋਧਿਆਂ ਦੀ ਫ਼ੌਜ ਸੀ ਜੋ ਯੁੱਧ ਲਈ ਤਿਆਰ ਕੀਤੇ ਗਏ ਸਨ, ਉਹ ਇੱਕ ਦਲ ਵਜੋਂ ਗਿਣੇ ਗਏ ਸਨ, ਅਤੇ ਹਨਨਯਾਹ ਦੀ ਅਗਵਾਈ ਹੇਠਾਂ ਸਨ ਜੋ ਕਿ ਰਾਜੇ ਦੇ ਅਧਿਕਾਰੀਆਂ ਵਿੱਚੋਂ ਇੱਕ ਸੀ। ਇਹ ਲੋਕ ਸਕੱਤਰ ਯਈੇਲ ਅਤੇ ਮਅਸੇਯਾਹ ਦੁਆਰਾ ਗਿਣੇ ਗਏ ਸਨ। ਵਿੱਚ ਵੀ ਸਨ। 12 ਸੂਰਵੀਰ ਸਿਪਾਹੀਆਂ ਦੇ ਆਗੂਆਂ ਦੀ ਗਿਣਤੀ 2,600 ਸੀ। 13 ਉਹ ਪਿਤਰੀ ਘਰਾਣਿਆਂ ਦੇ ਆਗੂ 3,07,500 ਆਦਮੀਆਂ ਜਿਹੜੇ ਬੜੀ ਸੂਰਬੀਰਤਾ ਨਾਲ ਲੜੇ ਸਨ, ਉਨ੍ਹਾਂ ਦੇ ਮੁਖੀਆ ਸਨ। ਇਹ ਸਿਪਾਹੀ ਪਾਤਸ਼ਾਹ ਦੇ ਵੈਰੀਆਂ ਦੇ ਵਿਰੁੱਧ ਪਾਤਸ਼ਾਹ ਦੀ ਸਹਾਇਤਾ ਕਰਦੇ ਸਨ। 14 ਉਜ਼ੀਯਾਹ ਨੇ ਸਾਰੀ ਸੈਨਾ ਲਈ ਬਰਛੇ, ਢਾਲਾਂ, ਟੋਪ, ਕਵਚ, ਧਨੁੱਖ, ਤੀਰ ਅਤੇ ਗੁਲੇਲਾਂ ਲਈ ਪੱਥਰ ਤਿਆਰ ਕਰਵਾਏ। 15 ਉਸ ਨੇ ਮਾਹਰ ਆਦਮੀਆਂ ਦੁਆਰਾ ਬਣਾਈਆਂ ਗਈਆਂ ਮਸ਼ੀਨਾਂ ਯਰੂਸ਼ਲਮ ਵਿੱਚ ਲਗਵਾਈਆਂ ਅਤੇ ਉਨ੍ਹਾਂ ਨੂੰ ਕੰਧਾਂ ਦੀਆਂ ਨੁਕਰਾਂ ਉੱਤੇ ਅਤੇ ਥੰਮਾਂ ਉੱਤੇ ਰੱਖਿਆ। ਇਹ ਮਸ਼ੀਨਾਂ ਵੱਡੇ-ਵੱਡੇ ਪੱਥਰ ਅਤੇ ਤੀਰ ਸੁੱਟਣ ਲਈ ਵਰਤੀਆਂ ਜਾਂਦੀਆਂ ਸਨ। ਉਜ਼ੀਯਾਹ ਬਹੁਤ ਮਸ਼ਹੂਰ ਹੋ ਗਿਆ। ਦੂਰ-ਦੂਰ ਤੀਕ ਉਸ ਦੇ ਨਾਂ ਦੀਆਂ ਧੂੰਮਾਂ ਪੈ ਗਈਆਂ ਕਿਉਂ ਜੋ ਉਸਦੀ ਬਹੁਤ ਸਹਾਇਤਾ ਹੋਈ, ਉਹ ਬਹੁਤ ਤਾਕਤਵਰ ਪਾਤਸ਼ਾਹ ਬਣ ਗਿਆ।
16 ਪਰ ਜਦੋਂ ਉਹ ਤਾਕਤਸ਼ਾਲੀ ਪਾਤਸ਼ਾਹ ਬਣ ਗਿਆ ਤਾਂ ਉਸਦਾ ਘੁਮੰਡ ਹੀ ਉਸ ਦੇ ਨਾਸ ਦਾ ਕਾਰਣ ਬਣ ਗਿਆ। ਕਿਉਂ ਕਿ ਉਹ ਫ਼ਿਰ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਵਫਾਦਾਰ ਨਾ ਰਿਹਾ। ਉਹ ਯਹੋਵਾਹ ਦੇ ਮੰਦਰ ਵਿੱਚ ਜਾਕੇ ਧੂਪ ਦੀ ਜਗਵੇਦੀ ਉੱਪਰ ਧੂਪ ਧੁਖਾਉਣ ਲੱਗ ਪਿਆ। 17 ਤਦ ਅਜ਼ਰਯਾਹ ਜਾਜਕ ਉਸ ਦੇ ਪਿੱਛੇ ਗਿਆ ਅਤੇ ਉਸ ਨਾਲ ਯਹੋਵਾਹ ਦੇ 80 ਹੋਰ ਬਹਾਦੁਰ ਜਾਜਕ ਸਨ। 18 ਉਨ੍ਹਾਂ ਨੇ ਉਜ਼ੀਯਾਹ ਨੂੰ ਉਸ ਦੀ ਗ਼ਲਤੀ ਬਾਰੇ ਦੱਸਿਆ ਅਤੇ ਉਸ ਨੂੰ ਕਿਹਾ, “ਉਜ਼ੀਯਾਹ, ਯਹੋਵਾਹ ਅੱਗੇ ਧੂਪ ਧੁਖਾਉਣਾ ਤੇਰਾ ਕੰਮ ਨਹੀਂ ਹੈ। ਤੇਰੇ ਲਈ ਇਉਂ ਕਰਨਾ ਠੀਕ ਨਹੀਂ ਹੈ। ਸਿਰਫ਼ ਜਾਜਕ ਅਤੇ ਹਾਰਨ ਦੇ ਉੱਤਰਾਧਿਕਾਰੀਆਂ ਦਾ ਇਹ ਕੰਮ ਹੈ ਜੋ ਯਹੋਵਾਹ ਅੱਗੇ ਧੂਫ਼ ਧੂਖਾਉਂਦੇ ਹਨ। ਅਤੇ ਇਨ੍ਹਾਂ ਜਾਜਕਾਂ ਨੂੰ ਪਵਿੱਤਰ ਸੇਵਾ ਲਈ ਧੂਪ ਧੁਖਾਉਣ ਦੀ ਸਿਖਲਾਈ ਦਿੱਤੀ ਜਾਂਦੀ ਹੈ। ਤੂੰ ਵਫ਼ਾਦਾਰੀ ਨਹੀਂ ਕੀਤੀ ਇਸ ਲਈ ਤੂੰ ਸਭ ਤੋਂ ਪਵਿੱਤਰ ਅਸਥਾਨ ਤੋਂ ਬਾਹਰ ਨਿਕਲ ਜਾਹ। ਯਹੋਵਾਹ ਪਰਮੇਸ਼ੁਰ ਤੈਨੂੰ ਇਸ ਕਾਰਣ ਲਈ ਬਖਸ਼ੇਗਾ ਨਹੀਂ।”
19 ਪਰ ਉਜ਼ੀਯਾਹ ਨੂੰ ਕਰੋਧ ਆ ਗਿਆ ਤੇ ਉਸ ਵਕਤ ਉਸ ਦੇ ਹੱਥ ਵਿੱਚ ਧੂਪ ਧੁਖਾਉਣ ਲਈ ਧੂਪਧਾਨ ਸੀ। ਜਦੋਂ ਉਹ ਜਾਜਕਾਂ ਤੇ ਕਰੋਧ ਕਰ ਰਿਹਾ ਸੀ ਤਾਂ ਉਸ ਦੇ ਮੱਥੇ ਤੇ ਕੋੜ੍ਹ ਫੁੱਟ ਪਿਆ। ਇਹ ਸਭ ਕੁਝ ਜਾਜਕਾਂ ਦੇ ਸਾਹਮਣੇ ਯਹੋਵਾਹ ਦੇ ਮੰਦਰ ਵਿੱਚ ਜਗਵੇਦੀ ਦੇ ਕੋਲ ਜਿੱਥੇ ਧੂਪ ਧੁਖਾਉਂਦੇ ਸਨ, ਵਾਪਰਿਆ। 20 ਪਰਧਾਨ ਜਾਜਕ ਅਜ਼ਰਯਾਹ ਅਤੇ ਬਾਕੀ ਦੇ ਜਾਜਕਾਂ ਨੇ ਉਸ ਵੱਲ ਤੱਕਿਆ। ਉੱਨ੍ਹਾਂ ਨੇ ਉਸ ਦੇ ਮੱਥੇ ਤੇ ਕੋੜ੍ਹ ਵੇਖਿਆ ਤਾਂ ਉਨ੍ਹਾਂ ਨੇ ਉਜ਼ੀਯਾਹ ਨੂੰ ਝਟ ਮੰਦਰ ਵਿੱਚੋਂ ਕੱਢ ਦਿੱਤਾ। ਉਜ਼ੀਯਾਹ ਖੁਦ ਵੀ ਉੱਥੋਂ ਭਜਿਆ ਕਿਉਂ ਕਿ ਯਹੋਵਾਹ ਨੇ ਉਸ ਨੂੰ ਸਜ਼ਾ ਦਿੱਤੀ ਸੀ। 21 ਉਜ਼ੀਯਾਹ ਪਾਤਸ਼ਾਹ ਸਾਰੀ ਬਾਕੀ ਦੀ ਉਮਰ ਕੋੜ੍ਹੀ ਰਿਹਾ ਉਹ ਬਾਕੀ ਘਰਾਂ ਤੋਂ ਦੂਰ ਅਲੱਗ ਘਰ ਵਿੱਚ ਰਿਹਾ ਅਤੇ ਮੁੜ ਯਹੋਵਾਹ ਦੇ ਮੰਦਰ ਪ੍ਰਵੇਸ਼ ਨਾ ਕਰ ਸੱਕਿਆ। ਉਜ਼ੀਯਾਹ ਦੇ ਪੁੱਤਰ ਯੋਥਾਮ ਨੇ ਰਾਜ ਮਹਿਲ ਤੇ ਸ਼ਾਸਨ ਕੀਤਾ ਅਤੇ ਲੋਕਾਂ ਦਾ ਨਿਆਉਂ ਵੀ।
22 ਸ਼ੁਰੂ ਤੋਂ ਅਖੀਰ ਤੀਕ ਉਜ਼ੀਯਾਹ ਨੇ ਹੋਰ ਵੀ ਜੋ ਕੰਮ ਕੀਤੇ ਉਹ ਆਮੋਸ਼ ਦੇ ਪੁੱਤਰ ਯਸ਼ਾਯਾਹ ਨਬੀ ਨੇ ਲਿਖੇ। 23 ਜਦੋਂ ਉਜ਼ੀਯਾਹ ਦੀ ਮੌਤ ਹੋਈ ਤਾਂ ਉਸ ਨੂੰ ਉਸ ਦੇ ਪੁਰਖਿਆਂ ਦੇ ਕੋਲ ਦਫ਼ਨਾਇਆ ਗਿਆ। ਉਸ ਨੂੰ ਸ਼ਾਹੀ ਕਬਰ ਉਸ ਦੇ ਪਿਉ ਦੀ ਕਬਰ ਵਾਲੇ ਖੇਤ ਦੇ ਕੋਲ ਦਫ਼ਨਾਇਆ ਗਿਆ ਕਿਉਂ ਕਿ ਲੋਕਾਂ ਨੇ ਕਿਹਾ, “ਉਜ਼ੀਯਾਹ ਕੋੜ੍ਹੀ ਹੈ।” ਫ਼ਿਰ ਉਜ਼ੀਯਾਹ ਦੀ ਥਾਵੇਂ ਉਸਦਾ ਪੁੱਤਰ ਯੋਥਾਮ ਰਾਜ ਕਰਨ ਲੱਗਾ।
ਯੋਥਾਮ ਦਾ ਰਾਜ
27 ਯੋਥਾਮ 25 ਵਰ੍ਹਿਆਂ ਦਾ ਸੀ ਜਦੋਂ ਉਹ ਪਾਤਸ਼ਾਹ ਬਣਿਆ। ਉਸ ਨੇ ਯਰੂਸ਼ਲਮ ਵਿੱਚ 16 ਵਰ੍ਹੇ ਰਾਜ ਕੀਤਾ। ਉਸ ਦੀ ਮਾਂ ਦਾ ਨਾਂ ਯਰੂਸ਼ਾਹ ਸੀ ਜੋ ਸਾਦੋਕ ਦੀ ਧੀ ਸੀ। 2 ਯੋਥਾਮ ਨੇ ਉਹ ਕੰਮ ਕੀਤੇ ਜੋ ਯਹੋਵਾਹ ਦੀ ਨਿਗਾਹ ਵਿੱਚ ਸਹੀ ਸਨ। ਉਸ ਨੇ ਆਪਣੇ ਪਿਤਾ ਉਜ਼ੀਯਾਹ ਵਾਂਗ ਹੀ ਪਰਮੇਸ਼ੁਰ ਨੂੰ ਮੰਨਿਆ ਪਰ ਉਸ ਨੇ ਆਪਣੇ ਪਿਤਾ ਵਾਂਗ ਯਹੋਵਾਹ ਦੇ ਮੰਦਰ ਵਿੱਚ ਧੂਫ਼ ਧੁਖਾਉਣ ਦੀ ਗ਼ਲਤੀ ਨਾ ਕੀਤੀ। ਪਰ ਲੋਕੀਂ ਬਦੀ ਕਰਦੇ ਰਹੇ। 3 ਯੋਥਾਮ ਨੇ ਮੁੜ ਤੋਂ ਯਹੋਵਾਹ ਦੇ ਮੰਦਰ ਦਾ ਉਤਲਾ ਫ਼ਾਟਕ ਬਣਵਾਇਆ ਅਤੇ ਓਫ਼ਲ ਦੀ ਕੰਧ ਉੱਪਰ ਉਸ ਨੇ ਬਹੁਤ ਕੁਝ ਬਣਵਾਇਆ। 4 ਯੋਥਾਮ ਨੇ ਯਹੂਦਾਹ ਵਿੱਚ ਪਹਾੜੀ ਇਲਾਕੇ ਵਿੱਚ ਸ਼ਹਿਰ ਵੀ ਬਣਵਾਏ ਅਤੇ ਜੰਗਲਾਂ ਵਿੱਚ ਉਸ ਨੇ ਕਿਲੇ ਅਤੇ ਬੁਰਜ ਵੀ ਬਣਵਾਏ। 5 ਯੋਥਾਮ ਅੰਮੋਨੀਆਂ ਦੇ ਰਾਜਾ ਨਾਲ ਵੀ ਲੜਿਆ ਅਤੇ ਉਨ੍ਹਾਂ ਨੂੰ ਜਿੱਤਿਆ ਵੀ ਤੇ ਫ਼ਿਰ ਹਰ ਵਰ੍ਹੇ ਅੰਮੋਨੀਆਂ ਨੇ 3,400 ਕਿੱਲੋ ਚਾਂਦੀ, 75,000 ਮਣ ਕਣਕ ਅਤੇ 75,000 ਮਣ ਜੌਁ ਉਸ ਨੂੰ ਦਿੱਤੇ।
6 ਯੋਥਾਮ ਬਹੁਤ ਬਲਵਾਨ ਹੋਇਆ ਕਿਉਂ ਕਿ ਉਸ ਨੇ ਆਪਣੇ ਯਹੋਵਾਹ ਪਰਮੇਸ਼ੁਰ ਨੂੰ ਪੂਰੀ ਵਫ਼ਾਦਾਰੀ ਨਾਲ ਮੰਨਿਆ। 7 ਜੋ ਹੋਰ ਕੰਮ ਯੋਥਾਮ ਨੇ ਕੀਤੇ ਅਤੇ ਜਿਹੜੀਆਂ ਲੜਾਈਆਂ ਲੜੀਆਂ ਉਹ ਇਸਰਾਏਲ ਅਤੇ ਯਹੂਦਾਹ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਦਰਜ ਹੈ। 8 ਯੋਥਾਮ ਨੇ 25 ਸਾਲ ਦੀ ਉਮਰ ਤੋਂ 16ਵਰ੍ਹੇ ਤੀਕ ਰਾਜ ਕੀਤਾ। 9 ਜਦੋਂ ਯੋਥਾਮ ਮਰਿਆ ਤਾਂ ਉਸ ਦੇ ਪੁਰਖਿਆਂ ਕੋਲ ਉਸ ਨੂੰ ਦਫ਼ਨਾਇਆ ਗਿਆ। ਲੋਕਾਂ ਨੇ ਉਸ ਨੂੰ ਦਾਊਦ ਦੇ ਸ਼ਹਿਰ ਵਿੱਚ ਦਫ਼ਨਾਇਆ। ਉਸਦੀ ਥਾਵੇਂ ਉਸਦਾ ਪੁੱਤਰ ਆਹਾਜ਼ ਨਵਾਂ ਪਾਤਸ਼ਾਹ ਬਣ ਕੇ ਰਾਜ ਕਰਨ ਲੱਗਾ।
ਯਹੂਦਾਹ ਦਾ ਪਾਤਸ਼ਾਹ ਆਹਾਜ਼
28 ਆਹਾਜ਼ 20 ਵਰ੍ਹਿਆਂ ਦਾ ਸੀ ਜਦੋਂ ਉਹ ਪਾਤਸ਼ਾਹ ਬਣਿਆ ਅਤੇ ਉਸ ਨੇ 16 ਸਾਲ ਯਰੂਸ਼ਲਮ ਵਿੱਚ ਰਾਜ ਕੀਤਾ। ਆਹਾਜ਼ ਨੇ ਪਰ ਉਹ ਨਾ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ ਜਿਵੇਂ ਕਿ ਉਸ ਦੇ ਪੁਰਖਿਆਂ ਚੋ ਦਾਊਦ ਨੇ ਕੀਤਾ। 2 ਸਗੋਂ ਆਹਾਜ਼ ਨੇ ਇਸਰਾਏਲ ਦੇ ਮਾੜੇ ਰਾਹ ਚੱਲਣ ਵਾਲੇ ਪਾਤਸ਼ਾਹਾਂ ਦਾ ਅਨੁਸਰਣ ਕੀਤਾ ਅਤੇ ਬਆਲ ਦੇਵਤਿਆਂ ਦੇ ਢਾਲੇ ਹੋਏ ਬੁੱਤ ਵੀ ਬਣਵਾਏ। 3 ਆਹਾਜ਼ ਨੇ ਬਿਨ ਹੀਨੋਮ ਦੀ ਵਾਦੀ ਵਿੱਚ ਧੂਪਾਂ ਧੁਖਾਈਆਂ ਅਤੇ ਆਪਣੇ ਹੀ ਪੁੱਤਰਾਂ ਨੂੰ ਅੱਗ ਵਿੱਚ ਸਾੜ ਕੇ ਉਨ੍ਹਾਂ ਦੀ ਬਲੀ ਦਿੱਤੀ। ਉਸ ਨੇ ਉੱਥੋਂ ਦੇ ਨਿਵਾਸੀਆਂ ਵਰਗੇ ਹੀ ਘਿਨਾਉਣੇ ਕੰਮ ਕੀਤੇ ਜੋ ਉਹ ਲੋਕ ਕਰਦੇ ਸਨ। ਜਦੋਂ ਇਸਰਾਏਲੀਆਂ ਨੇ ਉਸ ਧਰਤੀ ਵਿੱਚ ਪ੍ਰਵੇਸ਼ ਕੀਤਾ ਤਾਂ ਯਹੋਵਾਹ ਨੇ ਉੱਥੋਂ ਦੇ ਨਿਵਾਸੀਆਂ ਨੂੰ ਉਸ ਧਰਤੀ ਤੋਂ ਕੱਢ ਦਿੱਤਾ ਸੀ। 4 ਆਹਾਜ਼ ਨੇ ਉਚਿਆਂ ਥਾਵਾਂ, ਟਿਲਿਆਂ ਉੱਪਰ ਅਤੇ ਹਰੇ ਰੁੱਖਾਂ ਦੇ ਹੇਠਾਂ ਬਲੀਆਂ ਚੜ੍ਹਾਈਆਂ ਅਤੇ ਧੂਪਾਂ ਧੁਖਾਈਆਂ।
5-6 ਆਹਾਜ਼ ਨੇ ਬੁਰੇ ਕੰਮ ਕੀਤੇ ਇਸ ਲਈ ਯਹੋਵਾਹ ਉਸ ਦੇ ਪਰਮੇਸ਼ੁਰ ਨੇ ਅਰਾਮ ਦੇ ਪਾਤਸ਼ਾਹ ਤੋਂ ਆਹਾਜ਼ ਨੂੰ ਹਾਰ ਦਿੱਤੀ। ਅਰਾਮ ਦੇ ਪਾਤਸ਼ਾਹ ਅਤੇ ਉਸਦੀ ਫ਼ੌਜ ਨੇ ਆਹਾਜ਼ ਨੂੰ ਹਰਾਇਆ। ਅਤੇ ਬਹੁਤ ਸਾਰੇ ਯਹੂਦੀਆਂ ਨੂੰ ਬੰਦੀ ਬਣਾ ਲਿਆ ਅਤੇ ਉਨ੍ਹਾਂ ਕੈਦੀਆਂ ਨੂੰ ਅਰਾਮ ਪਾਤਸ਼ਾਹ ਦੰਮਿਸਕ ਵਿੱਚ ਲੈ ਆਇਆ। ਯਹੋਵਾਹ ਨੇ ਫ਼ਕਹ ਪਾਤਸ਼ਾਹ ਤੋਂ ਵੀ ਆਹਾਜ਼ ਨੂੰ ਹਾਰ ਦਿੱਤੀ। ਫ਼ਕਹ ਇਸਰਾਏਲ ਦਾ ਪਾਤਸ਼ਾਹ ਅਤੇ ਰਮਲਯਾਹ ਦਾ ਪੁੱਤਰ ਸੀ। ਫ਼ਕਹ ਅਤੇ ਉਸ ਦੀ ਫ਼ੌਜ ਨੇ ਇੱਕੋ ਦਿਨ ਵਿੱਚ ਯਹੂਦਾਹ ਦੀ 1,20,000 ਸੈਨਾ ਨੂੰ ਕਤਲ ਕਰ ਦਿੱਤਾ। ਫ਼ਕਹ ਨੇ ਉਨ੍ਹਾਂ ਫ਼ੌਜਾਂ ਨੂੰ ਇਸ ਲਈ ਕਤਲ ਕੀਤਾ ਕਿਉਂ ਕਿ ਉਨ੍ਹਾਂ ਨੇ ਯਹੋਵਾਹ ਪਰਮੇਸ਼ੁਰ ਜੋ ਉਨ੍ਹਾਂ ਦੇ ਪੁਰਖਿਆਂ ’ਚ ਉਨ੍ਹਾਂ ਦੇ ਪੁਰਖਿਆਂ ਤੋਂ ਸੀ ਉਸ ਨੂੰ ਛੱਡ ਦਿੱਤਾ ਸੀ। 7 ਜ਼ਿਕਰੀ ਅਫ਼ਰਾਈਮ ਦਾ ਬਹਾਦੁਰ ਸਿਪਾਹੀ ਸੀ। ਜ਼ਿਕਰੀ ਨੇ ਮਆਸੀਯਾਹ ਰਾਜਕੁਮਾਰ ਨੂੰ ਅਤੇ ਮਹਿਲ ਦੇ ਹਾਕਮ ਅਜ਼ਰੀਕਾਮ ਅਤੇ ਪਾਤਸ਼ਾਹ ਦੇ ਵਜ਼ੀਰ ਅਲਕਾਨਾਹ ਨੂੰ ਮਾਰ ਸੁੱਟਿਆ।
8 ਇਸਰਾਏਲੀ ਆਪਣੇ ਰਿਸ਼ਤੇਦਾਰਾਂ ਵਿੱਚੋਂ 2,00,000 ਸੰਬੰਧੀਆਂ ਨੂੰ ਜੋ ਯਹੂਦਾਹ ਵਿੱਚ ਰਹਿੰਦੇ ਸਨ ਪਕੜ ਕੇ ਲੈ ਗਏ। ਉਹ ਯਹੂਦਾਹ ਵਿੱਚੋਂ ਔਰਤਾਂ ਬੱਚਿਆਂ ਅਤੇ ਬਹੁਤ ਸਾਰੇ ਕੀਮਤੀ ਸਮਾਨ ਨੂੰ ਵੀ ਲੈ ਗਏ ਅਤੇ ਇਸ ਸਾਰੇ ਲੁੱਟ ਦੇ ਸਮਾਨ ਨੂੰ ਸਾਮਰਿਯਾ ਵਿੱਚ ਲੈ ਆਏ। 9 ਪਰ ਉੱਥੇ ਯਹੋਵਾਹ ਦਾ ਇੱਕ ਨਬੀ ਸੀ, ਜਿਸ ਦਾ ਨਾਉਂ ਓਦੇਦ ਸੀ। ਓਦੇਦ ਉਸ ਇਸਰਾਏਲੀ ਫ਼ੌਜ ਨੂੰ ਮਿਲਿਆ ਜੋ ਸਾਮਰਿਯਾ ਵਿੱਚ ਆਈ ਅਤੇ ਉਸ ਨੇ ਉਨ੍ਹਾਂ ਨੂੰ ਆਖਿਆ, “ਵੇਖੋ, ਯਹੋਵਾਹ ਤੁਹਾਡੇ ਪੁਰਖਿਆਂ ਦਾ ਪਰਮੇਸ਼ੁਰ ਯਹੂਦਾਹ ਤੋਂ ਨਾਰਾਜ਼ ਸੀ, ਉਸ ਨੇ ਉਨ੍ਹਾਂ ਨੂੰ ਤੁਹਾਡੇ ਹੱਥ ਦੇ ਦਿੱਤਾ ਪਰ ਤੁਸੀਂ ਉਨ੍ਹਾਂ ਨੂੰ ਇੰਨੇ ਬੁਰੇ ਤਰੀਕੇ ਨਾਲ ਮਾਰਿਆ ਹੈ ਕਿ ਉਨ੍ਹਾਂ ਦੀ ਦੁਹਾਈ ਅਕਾਸ਼ ਤਾਈਂ ਪਹੁੰਚੀ ਹੈ ਸੋ ਪਰਮੇਸ਼ੁਰ ਹੁਣ ਤੁਹਾਡੇ ਨਾਲ ਨਾਰਾਜ਼ ਹੈ। 10 ਤੁਸੀਂ ਯਹੂਦਾਹ ਅਤੇ ਯਰੂਸ਼ਲਮ ਦੇ ਲੋਕਾਂ ਨੂੰ ਆਪਣੇ ਗੁਲਾਮ ਬਨਾਉਣ ਦਾ ਮਤਾ ਪਕਾਇਆ ਹੈ ਪਰ ਤੁਸੀਂ ਵੀ ਯਹੋਵਾਹ ਆਪਣੇ ਪਰਮੇਸ਼ੁਰ ਵਿਰੁੱਧ ਪਾਪ ਕੀਤੇ ਹਨ। 11 ਹੁਣ ਮੇਰੀ ਗੱਲ ਧਿਆਨ ਨਾਲ ਸੁਣੋ। ਜਿਹੜੇ ਆਪਣੇ ਭੈਣਾਂ-ਭਰਾਵਾਂ ਨੂੰ ਤੁਸੀਂ ਫ਼ੜਕੇ ਲਿਆਏ ਹੋ ਉਨ੍ਹਾਂ ਨੂੰ ਵਾਪਸ ਭੇਜ ਦੇਵੋ। ਇਉਂ ਇਸ ਲਈ ਕਰਨਾ ਹੈ ਕਿਉਂ ਕਿ ਯਹੋਵਾਹ ਤੁਹਾਡੇ ਤੇ ਬਹੁਤ ਕ੍ਰੋਧਿਤ ਹੈ।”
12 ਤਦ ਇਫ਼ਰਾਈਮ ਦੇ ਕੁਝ ਆਗੂਆਂ ਨੇ ਕੁਝ ਇਸਰਾਏਲੀ ਸਿਪਾਹੀਆਂ ਨੂੰ ਲੜਾਈ ਤੋਂ ਵਾਪਸ ਆਉਂਦਿਆਂ ਵੇਖਿਆ। ਉਨ੍ਹਾਂ ਆਗੂਆਂ ਨੇ ਇਸਰਾਏਲੀ ਫ਼ੌਜ ਨੂੰ ਮਿਲਕੇ ਖਬਰਦਾਰ ਕੀਤਾ। ਉਨ੍ਹਾਂ ਆਗੂਆਂ ਵਿੱਚ ਯਹੋਹਾਨਾਨ ਦਾ ਪੁੱਤਰ ਅਜ਼ਰਯਾਹ, ਮਸ਼ੀਲੇਮੋਥ ਦਾ ਪੁੱਤਰ ਬਰਕਯਾਹ ਅਤੇ ਸ਼ਲੂਮ ਦਾ ਪੁੱਤਰ ਯਾਹਜ਼ਕੀਯਾਹ ਅਤੇ ਹਦਲੀ ਦਾ ਪੁੱਤਰ ਅਮਾਸਾ ਸੀ। 13 ਉਨ੍ਹਾਂ ਆਗੂਆਂ ਨੇ ਇਸਰਾਏਲੀ ਸਿਪਾਹੀਆਂ ਨੂੰ ਕਿਹਾ, “ਯਹੂਦਾਹ ਤੋਂ ਬੰਦੀਆਂ ਨੂੰ ਇੱਥੇ ਫ਼ੜ ਕੇ ਨਾ ਲਿਆਵੋ। ਜੇਕਰ ਤੁਸੀਂ ਅਜਿਹਾ ਕੀਤਾ ਤਾਂ ਅਸੀਂ ਯਹੋਵਾਹ ਦੇ ਅੱਗੇ ਪਾਪੀ ਹੋਵਾਂਗੇ ਅਤੇ ਸਾਡੀਆਂ ਭੁੱਲਾਂ ਅਤੇ ਪਾਪ ਵੱਧ ਜਾਣਗੇ, ਕਿਉਂ ਕਿ ਸਾਡੀ ਵੱਡੀ ਭੁੱਲ ਹੋਵੇਗੀ ਅਤੇ ਯਹੋਵਾਹ ਇਸਰਾਏਲ ਉੱਪਰ ਵੱਡਾ ਕਹਿਰ ਢਾਵੇਗਾ।”
14 ਤਦ ਸਿਪਾਹੀਆਂ ਨੇ ਇਸਰਾਏਲੀਆਂ ਦੇ ਸਾਹਮਣੇ ਅਤੇ ਉਨ੍ਹਾਂ ਆਗੂਆਂ ਦੇ ਸਾਹਮਣੇ ਉਹ ਕੀਮਤੀ ਸਾਮਾਨ ਅਤੇ ਕੈਦੀਆਂ ਨੂੰ ਛੱਡ ਦਿੱਤਾ। 15 ਤਦ ਆਗੂਆਂ (ਅਜ਼ਰਯਾਹ, ਬਰਕਯਾਹ, ਯਾਜ਼ਕੀਯਾਹ ਅਤੇ ਅਮਾਸਾ) ਨੇ ਉੱਠ ਕੇ ਕੈਦੀਆਂ ਦੀ ਮਦਦ ਕੀਤੀ। ਇਨ੍ਹਾਂ ਚਾਰਾਂ ਆਗੂਆਂ ਨੇ ਉਹ ਕੱਪੜੇ ਜਿਹੜੇ ਇਸਰਾਏਲੀ ਚੁੱਕ ਕੇ ਲਿਆਏ ਸਨ ਉਨ੍ਹਾਂ ਨੰਗੇ ਕੈਦੀਆਂ ਨੂੰ ਦਿੱਤੇ ਅਤੇ ਉਨ੍ਹਾਂ ਨੂੰ ਪੈਰੀ ਪਾਣ ਲਈ ਜੁੱਤੇ ਵੀ ਦਿੱਤੇ। ਅਤੇ ਯਹੂਦੀ ਕੈਦੀਆਂ ਨੂੰ ਖਾਣ ਲਈ ਰੋਟੀ ਅਤੇ ਪੀਣ ਲਈ ਪਾਣੀ ਵੀ ਦਿੱਤਾ। ਜਿਹੜੇ ਉਨ੍ਹਾਂ ਚੋ ਜ਼ਖਮੀ ਸਨ ਉਨ੍ਹਾਂ ਦੇ ਜ਼ਖਮਾਂ ਤੇ ਤੇਲ ਦੀ ਮਾਲਿਸ਼ ਕੀਤੀ। ਉਨ੍ਹਾਂ ਕੈਦੀਆਂ ਵਿੱਚੋਂ ਜਿਹੜੇ ਕਮਜ਼ੋਰ ਸਨ ਉਨ੍ਹਾਂ ਨੂੰ ਖੋਤਿਆਂ ਤੇ ਚੜ੍ਹਾਕੇ ਖਜ਼ੂਰਾਂ ਦੇ ਬਿਰਛਾਂ ਦੇ ਸ਼ਹਿਰ ਯਰੀਹੋ ਵਿੱਚ ਉਨ੍ਹਾਂ ਦੇ ਘਰਾਂ ਵਿੱਚ, ਉਨ੍ਹਾਂ ਦੇ ਪਰਿਵਾਰਾਂ ਵਿੱਚ ਭੇਜ ਦਿੱਤਾ। ਫ਼ਿਰ ਉਹ ਚਾਰੋ ਆਗੂ ਸਾਮਰਿਯਾ ਵਿੱਚ ਆਪਣੇ ਘਰ ਨੂੰ ਮੁੜ ਗਏ।
16-17 ਉਸੇ ਵਕਤ ਅਦੋਮੀਆਂ ਨੇ ਫ਼ਿਰ ਤੋਂ ਹਮਲਾ ਕਰਕੇ ਯਹੂਦਾਹ ਦੇ ਲੋਕਾਂ ਨੂੰ ਹਰਾ ਦਿੱਤਾ ਅਤੇ ਉਨ੍ਹਾਂ ਨੂੰ ਕੈਦੀ ਬਣਾ ਕੇ ਲੈ ਗਏ। ਉਸ ਵਕਤ ਆਹਾਜ਼ ਪਾਤਸ਼ਾਹ ਨੇ ਅੱਸ਼ੂਰ ਦੇ ਪਾਤਸ਼ਾਹ ਕੋਲੋਂ ਮਦਦ ਮੰਗੀ। 18 ਫ਼ਲਿਸਤੀਆਂ ਨੇ ਮੈਦਾਨਾਂ ਵਿੱਚਲੇ ਨਗਰਾਂ ਅਤੇ ਯਹੂਦਾਹ ਦੇ ਦੱਖਣੀ ਸ਼ਹਿਰਾਂ ਉੱਤੇ ਹਮਲਾ ਕਰਕੇ ਬੈਤ-ਸ਼ਮਸ਼, ਅਯਾਲੋਨ, ਗਦੇਰੋਥ, ਸੋਕੋ, ਤਿਮਨਾਹ, ਗਿਮਜ਼ੋ ਅਤੇ ਉਸ ਦੇ ਨੇੜੇ ਦੇ ਪਿੰਡਾਂ ਨੂੰ ਲੈ ਲਿਆ। ਫ਼ੇਰ ਫ਼ਲਿਸਤੀਆਂ ਨੇ ਉੱਥੇ ਰਹਿਣਾ ਵੀ ਸ਼ੁਰੂ ਕਰ ਦਿੱਤਾ। 19 ਯਹੋਵਾਹ ਨੇ ਯਹੂਦਾਹ ਉੱਪਰ ਕਹਿਰ ਕੀਤਾ ਕਿਉਂ ਕਿ ਯਹੂਦਾਹ ਦੇ ਪਾਤਸ਼ਾਹ ਆਹਾਜ਼ ਨੇ ਯਹੂਦੀਆਂ ਨੂੰ ਪਾਪ ਕਰਨ ਲਈ ਪ੍ਰੇਰਿਆ। ਉਸ ਨੇ ਯਹੋਵਾਹ ਨਾਲ ਬੇਵਫ਼ਾਈ ਕੀਤੀ। 20 ਅੱਸ਼ੂਰ ਦਾ ਪਾਤਸ਼ਾਹ ਤਿਗਲਥ-ਪਿਲਨਾਸਰ ਉਸ ਕੋਲ ਆਇਆ ਪਰ ਉਸ ਨੇ ਆਹਾਜ਼ ਦੀ ਮਦਦ ਕਰਨ ਦੀ ਥਾਵੇਂ ਸਗੋਂ ਉਸ ਨੂੰ ਤੰਗ ਕੀਤਾ। 21 ਭਾਵੇਂ ਆਹਾਜ਼ ਨੇ ਯਹੋਵਾਹ ਦੇ ਮੰਦਰ ਅਤੇ ਰਾਜਕੁਮਾਰ ਦੇ ਮਹਿਲ ਵਿੱਚੋਂ ਕੀਮਤੀ ਵਸਤਾਂ ਚੁੱਕ ਕੇ ਅੱਸ਼ੂਰ ਦੇ ਪਾਤਸ਼ਾਹ ਨੂੰ ਦਿੱਤੀਆਂ ਪਰ ਤਾਂ ਵੀ ਉਸ ਨੇ ਆਹਾਜ਼ ਦੀ ਮਦਦ ਨਾ ਕੀਤੀ।
22 ਆਪਣੀ ਮੁਸੀਬਤ ਦੀ ਘੜੀ ਵਿੱਚ ਉਹ ਯਹੋਵਾਹ ਨਾਲ ਹੋਰ ਵੀ ਬੁਰਾ ਅਤੇ ਬੇਵਫ਼ਾ ਹੋ ਗਿਆ। 23 ਉਸ ਨੇ ਜਿਨ੍ਹਾਂ ਦੇਵਤਿਆਂ ਦੀ ਉਪਾਸਨਾ ਦੰਮਿਸ਼ਕ ਦੇ ਲੋਕ ਕਰਦੇ ਸਨ, ਉਨ੍ਹਾਂ ਨੂੰ ਬਲੀਆਂ ਚੜ੍ਹਾਈਆਂ। ਦੰਮਿਸਕ ਦੇ ਲੋਕਾਂ ਨੇ ਉਸ ਨੂੰ ਹਰਾਇਆ ਸੀ। ਤਾਂ ਉਸ ਨੇ ਆਪਣੇ ਮਨ ਵਿੱਚ ਸੋਚਿਆ, “ਅਰਾਮ ਦੇ ਪਾਤਸ਼ਾਹਾਂ ਦੇ ਦੇਵਤਿਆਂ ਨੇ ਉਨ੍ਹਾਂ ਦੀ ਮਦਦ ਕੀਤੀ ਸੀ ਸੋ ਮੈਂ ਵੀ ਉਨ੍ਹਾਂ ਲਈ ਬਲੀਆਂ ਚੜ੍ਹਾਵਾਂਗਾ ਤਾਂ ਕਿ ਉਹ ਮੇਰੀ ਵੀ ਮਦਦ ਕਰਨ।” ਪਰ ਉਹ ਆਹਾਜ਼ ਦੀ ਅਤੇ ਸਾਰੇ ਇਸਰਾਏਲ ਦੀ ਤਬਾਹੀ ਦਾ ਕਾਰਣ ਬਣੇ।
24 ਤਦ ਆਹਾਜ਼ ਨੇ ਪਰਮੇਸ਼ੁਰ ਦੇ ਮੰਦਰ ਦੀਆਂ ਵਸਤਾਂ ਨੂੰ ਚੁੱਕ ਕੇ ਸੁੱਟਿਆ ਅਤੇ ਟੁਕੜੇ-ਟੁਕੜੇ ਕਰ ਦਿੱਤੇ ਫ਼ਿਰ ਉਸ ਨੇ ਯਹੋਵਾਹ ਦੇ ਮੰਦਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਅਤੇ ਉਸ ਨੇ ਜਗਵੇਦੀਆਂ ਬਣਵਾ ਕੇ ਯਰੂਸ਼ਲਮ ਦੀ ਹਰ ਗਲੀ ਦੇ ਨੁਕਰ ਵਿੱਚ ਰੱਖੀਆਂ। 25 ਯਹੂਦਾਹ ਦੇ ਹਰ ਸ਼ਹਿਰ ਵਿੱਚ ਉਸ ਨੇ ਉੱਚੀਆਂ ਥਾਵਾਂ ਬਣਵਾਈਆਂ ਤਾਂ ਕਿ ਦੂਜੇ ਦੇਵਤਿਆਂ ਦੀ ਉਪਾਸਨਾ ਕੀਤੀ ਜਾ ਸੱਕੇ ਅਤੇ ਧੂਪ ਧੁਖਾਈ ਜਾ ਸੱਕੇ। ਜਿਸ ਯਹੋਵਾਹ ਪਰਮੇਸ਼ੁਰ ਦੀ ਆਹਾਜ਼ ਦੇ ਪੁਰਖੇ ਉਪਾਸਨਾ ਕਰਦੇ ਸਨ, ਉਸ ਨੂੰ ਆਹਾਜ਼ ਨੇ ਕ੍ਰੋਧਿਤ ਕਰ ਦਿੱਤਾ।
26 ਸ਼ੁਰੂ ਤੋਂ ਲੈ ਕੇ ਅਖੀਰ ਤੀਕ ਜੋ ਕਾਰਨਾਮੇ ਆਹਾਜ਼ ਨੇ ਕੀਤੇ ਉਹ ਯਹੂਦਾਹ ਅਤੇ ਇਸਰਾਏਲ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਲਿਖੇ ਹੋਏ ਹਨ। 27 ਜਦੋਂ ਆਹਾਜ਼ ਦੀ ਮੌਤ ਹੋਈ ਤਾਂ ਉਸ ਨੂੰ ਉਸ ਦੇ ਪੁਰਖਿਆਂ ਦੇ ਕੋਲ ਦਫ਼ਨਾਇਆ ਗਿਆ। ਲੋਕਾਂ ਨੇ ਆਹਾਜ਼ ਨੂੰ ਯਰੂਸ਼ਲਮ ਵਿੱਚ ਦਫ਼ਨਾਇਆ। ਪਰ ਉਨ੍ਹਾਂ ਨੇ ਆਹਾਜ਼ ਨੂੰ ਉੱਥੇ ਨਾ ਦਫ਼ਨਾਇਆ ਜਿੱਥੇ ਕਿ ਇਸਰਾਏਲ ਦੇ ਬਾਕੀ ਪਾਤਸ਼ਾਹਾਂ ਨੂੰ ਦਫ਼ਨਾਇਆ ਗਿਆ ਸੀ। ਆਹਾਜ਼ ਤੋਂ ਬਾਅਦ ਉਸਦਾ ਪੁੱਤਰ ਹਿਜ਼ਕੀਯਾਹ ਨਵਾਂ ਪਾਤਸ਼ਾਹ ਬਣਿਆ।
ਯਹੂਦਾਹ ਦਾ ਪਾਤਸ਼ਾਹ ਹਿਜ਼ਕੀਯਾਹ
29 ਹਿਜ਼ਕੀਯਾਹ ਜਦੋਂ 25ਵਰ੍ਹਿਆਂ ਦਾ ਸੀ ਤਾਂ ਉਹ ਪਾਤਸ਼ਾਹ ਬਣਿਆ ਅਤੇ ਉਸ ਨੇ ਯਰੂਸ਼ਲਮ ਵਿੱਚ 29ਵਰ੍ਹੇ ਰਾਜ ਕੀਤਾ। ਉਸ ਦੀ ਮਾਂ ਦਾ ਨਾਂ ਅਬੀਯਾਹ ਸੀ ਜੋ ਜ਼ਕਰਯਾਹ ਦੀ ਧੀ ਸੀ। 2 ਹਿਜ਼ਕੀਯਾਹ ਨੇ ਦਾਊਦ ਆਪਣੇ ਪੁਰਖੇ ਵਾਂਗ, ਉਹੀ ਕੰਮ ਕੀਤੇ ਜੋ ਯਹੋਵਾਹ ਦੀ ਨਿਗਾਹ ਵਿੱਚ ਸਹੀ ਸਨ।
3 ਹਿਜ਼ਕੀਯਾਹ ਨੇ ਯਹੋਵਾਹ ਦੇ ਮੰਦਰ ਦੇ ਦਰਵਾਜ਼ਿਆਂ ਦੀ ਮੁਰੰਮਤ ਕਰਵਾਈ ਅਤੇ ਉਨ੍ਹਾਂ ਨੂੰ ਮਜ਼ਬੂਤ ਬਣਵਾ ਕੇ ਦੁਬਾਰਾਂ ਤੋਂ ਖੋਲ੍ਹ ਦਿੱਤਾ ਇਹ ਕਾਰਜ ਉਸ ਨੇ ਆਪਣੇ ਰਾਜ ਦੇ ਪਹਿਲੇ ਸਾਲ ਦੇ ਪਹਿਲੇ ਹੀ ਮਹੀਨੇ ਵਿੱਚ ਆਰੰਭ ਕਰ ਦਿੱਤਾ। 4-5 ਹਿਜ਼ਕੀਯਾਹ ਨੇ ਜਾਜਕਾਂ ਅਤੇ ਲੇਵੀਆਂ ਨੂੰ ਇੱਕ ਸਭਾ ’ਚ ਬੁਲਾਅ ਕੇ ਇੱਕਤਰ ਕੀਤਾ ਅਤੇ ਉਨ੍ਹਾਂ ਨਾਲ ਇੱਕ ਗੋਸ਼ਠੀ ਕੀਤੀ। ਇਹ ਮਿਲਣੀ ਉਸ ਨੇ ਮੰਦਰ ਦੇ ਮਦਾਨ ਵਿੱਚ ਪੂਰਬੀ ਹਿੱਸੇ ਵੱਲ ਕੀਤੀ। ਹਿਜ਼ਕੀਯਾਹ ਨੇ ਉਨ੍ਹਾਂ ਨੂੰ ਆਖਿਆ, “ਲੇਵੀਓ! ਮੇਰੀ ਗੱਲ ਸੁਣੋ! ਆਪਣੇ-ਆਪ ਨੂੰ ਪਵਿੱਤਰ ਸੇਵਾ ਲਈ ਤਿਆਰ ਕਰ ਲਵੋ। ਅਤੇ ਆਪਣੇ ਪੁਰਖਿਆਂ ਦੇ ਯਹੋਵਾਹ ਪਰਮੇਸ਼ੁਰ ਦੇ ਇਸ ਮੰਦਰ ਨੂੰ ਵੀ ਪਵਿੱਤਰ ਕਰੋ ਅਤੇ ਇਸ ਪਵਿੱਤਰ ਅਸਥਾਨ ਵਿੱਚੋਂ ਮੈਲ ਨੂੰ ਕੱਢ ਕੇ ਬਾਹਰ ਲੈ ਜਾਵੋ। 6 ਕਿਉਂ ਕਿ ਸਾਡੇ ਪੁਰਖੇ ਯਹੋਵਾਹ ਦੇ ਵਫ਼ਾਦਾਰ ਨਹੀਂ ਸਨ ਅਤੇ ਉਨ੍ਹਾਂ ਨੇ ਯਹੋਵਾਹ ਦੀ ਨਿਗਾਹ ਵਿੱਚ ਬਦੀ ਕੀਤੀ। ਉਨ੍ਹਾਂ ਨੇ ਯਹੋਵਾਹ ਦੇ ਮੰਦਰ ਤੋਂ ਆਪਣੇ ਮੂੰਹ ਮੋੜ ਲਏ ਅਤੇ ਯਹੋਵਾਹ ਵਲ ਆਪਣੀਆਂ ਪਿੱਠਾ ਕਰ ਲਈਆਂ। 7 ਉਨ੍ਹਾਂ ਨੇ ਦਲਾਨ ਦੇ ਦਰਵਾਜ਼ੇ ਬੰਦ ਕਰ ਦਿੱਤੇ ਅਤੇ ਦੀਵੇ ਬੁਝਾ ਦਿੱਤੇ। ਉਨ੍ਹਾਂ ਨੇ ਧੂਪ ਵੀ ਨਾ ਧੁਖਾਈ ਅਤੇ ਉਨ੍ਹਾਂ ਨੇ ਇਸਰਾਏਲ ਦੇ ਪਰਮੇਸ਼ੁਰ ਨੂੰ ਪਵਿੱਤਰ ਅਸਥਾਨ ਤੇ ਹੋਮ ਦੀਆਂ ਭੇਟਾਂ ਵੀ ਨਾ ਚੜ੍ਹਾਈਆਂ। 8 ਇਸ ਲਈ ਯਹੋਵਾਹ ਯਹੂਦਾਹ ਅਤੇ ਯਰੂਸ਼ਲਮ ਦੇ ਲੋਕਾਂ ਉੱਪਰ ਬੜਾ ਕ੍ਰੋਧਿਤ ਹੋ ਗਿਆ। ਯਹੋਵਾਹ ਨੇ ਉਨ੍ਹਾਂ ਨੂੰ ਦੰਡ ਦਿੱਤਾ। ਜੋ ਯਹੋਵਾਹ ਨੇ ਯਹੂਦਾਹ ਅਤੇ ਯਰੂਸ਼ਲਮ ਉੱਪਰ ਕਰੋਪੀ ਵਿਖਾਈ ਤਾਂ ਇਹ ਸਭ ਕੁਝ ਵੇਖਕੇ ਬਾਕੀ ਲੋਕ ਭੈਭੀਤ ਹੋ ਗਏ ਅਤੇ ਦੁੱਖੀ ਹੋਏ ਅਤੇ ਉਨ੍ਹਾਂ ਲੋਕਾਂ ਨੇ ਯਹੂਦਾਹ ਦੇ ਲੋਕਾਂ ਲਈ ਸ਼ਰਮ ਅਤੇ ਨਫ਼ਰਤ ਨਾਲ ਆਪਣੇ ਸਿਰ ਝੁਕਾਏ। ਤੁਸੀਂ ਜਾਣਦੇ ਹੋ ਕਿ ਇਹ ਸਭ ਸੱਚ ਹੈ ਤੇ ਇਹ ਸੱਚ ਤੁਸੀਂ ਆਪਣੀਆਂ ਅੱਖਾਂ ਨਾਲ ਵੇਖ ਸੱਕਦੇ ਹੋ। 9 ਇਸੇ ਕਾਰਣ ਸਾਡੇ ਪੁਰਖੇ ਲੜਾਈ ਵਿੱਚ ਮਾਰੇ ਗਏ ਸਨ ਅਤੇ ਸਾਡੇ ਪੁੱਤਰ, ਧੀਆਂ ਅਤੇ ਪਤਨੀਆਂ ਨੂੰ ਬੰਦੀ ਬਣਾ ਲਿਆ ਗਿਆ ਸੀ। 10 ਇਸ ਲਈ ਹੁਣ, ਮੈਂ, ਹਿਜ਼ਕੀਯਾਹ ਨੇ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਨਾਲ ਇਕਰਾਰਨਾਮਾ ਕਰਨ ਦਾ ਨਿਸ਼ਚਾ ਕੀਤਾ ਹੈ। ਫ਼ੇਰ ਯਹੋਵਾਹ ਆਪਣਾ ਭਿਆਨਕ ਗੁੱਸਾ ਸਾਡੇ ਤੋਂ ਹਟਾ ਲਵੇਗਾ। 11 ਸੋ ਹੁਣ ਮੇਰੇ ਬਚਿਓ! ਹੁਣ ਆਲਸ ਕਰਨ ਦਾ ਸਮਾਂ ਨਹੀਂ ਹੈ ਅਤੇ ਨਾ ਹੀ ਵਕਤ ਜ਼ਾਇਆ ਕਰਨ ਦਾ। ਯਹੋਵਾਹ ਨੇ ਤੁਹਾਨੂੰ ਸੇਵਾ ਲਈ ਚੁਣਿਆ ਹੈ। ਉਸ ਨੇ ਤੁਹਾਨੂੰ ਚੁਣਿਆ ਹੈ। ਆਪਣੀ ਸੇਵਾ ਲਈ ਅਤੇ ਮੰਦਰ ਵਿੱਚ ਅਤੇ ਧੂਪ ਧੁਖਾਉਣ ਲਈ ਤੁਹਾਨੂੰ ਚੁਣਿਆ ਹੈ।”
12-14 ਇਹ ਲੇਵੀਆਂ ਦੀ ਸੂਚੀ ਹੈ ਜਿਹੜੇ ਉੱਥੇ ਕੰਮ ਕਰਨ ਲਈ ਉੱਠੇ:
ਕਹਾਥੀਆਂ ਵਿੱਚੋਂ ਅਮਾਸਈ ਦਾ ਪੁੱਤਰ ਮਹਥ ਅਤੇ ਅਜ਼ਰਯਾਹ ਦਾ ਪੁੱਤਰ ਯੋਏਲ,
ਮਰਾਰੀਆਂ ਵਿੱਚ ਅਬਦੀ ਦਾ ਪੁੱਤਰ ਕੀਸ਼, ਯਹਲਲੇਲ ਦਾ ਪੁੱਤਰ ਅਜ਼ਰਯਾਹ
ਅਤੇ ਗੇਰਸ਼ੋਨੀਆਂ ਵਿੱਚੋਂ ਜ਼ਿਮਾਂ ਦਾ ਪੁੱਤਰ ਯੋਆਹ ਅਤੇ ਉਸਦਾ ਪੁੱਤਰ ਏਦਨ।
ਅਲੀਸਾਫ਼ਾਨੀਆਂ ਵਿੱਚੋਂ ਸ਼ਿਮਰੀ, ਯਿਏਲ
ਅਤੇ ਆਸਾਫ਼ੀਆਂ ਵਿੱਚੋਂ ਜ਼ਕਰਯਾਹ ਅਤੇ ਮਤਨਯਾਹ ਸਨ।
ਹੇਮਾਨੀਆਂ ਵਿੱਚੋਂ ਯਹੀਏਲ, ਸ਼ਮੀ
ਅਤੇ ਯਦੂਥੂਨੀਆਂ ਵਿੱਚੋਂ ਸ਼ਮਅਯਾਹ ਅਤੇ ਅਜ਼ੀਏਲ ਸਨ।
15 ਤਦ ਇਨ੍ਹਾਂ ਲੇਵੀਆਂ ਨੇ ਆਪਣੇ ਭਰਾਵਾਂ ਨੂੰ ਇਕੱਠਾ ਕੀਤਾ ਤਾਂ ਜੋ ਯਹੋਵਾਹ ਦੇ ਮੰਦਰ ਦੀ ਪਵਿੱਤਰ ਸੇਵਾ ਕੀਤੀ ਜਾ ਸੱਕੇ। ਉਨ੍ਹਾਂ ਨੇ ਯਹੋਵਾਹ ਵੱਲੋਂ ਆਏ ਪਾਤਸ਼ਾਹ ਦੇ ਹੁਕਮ ਨੂੰ ਮੰਨਿਆ। ਅਤੇ ਫ਼ਿਰ ਉਹ ਯਹੋਵਾਹ ਦੇ ਮੰਦਰ ਨੂੰ ਸਾਫ਼ ਕਰਨ ਲਈ ਅੰਦਰ ਪ੍ਰਵੇਸ਼ ਕੀਤਾ। 16 ਜਾਜਕ ਯਹੋਵਾਹ ਦੇ ਮੰਦਰ ਦੇ ਅੰਦਰਲੇ ਹਿੱਸੇ ਨੂੰ ਸਾਫ਼ ਕਰਨ ਲਈ ਗਏ ਅਤੇ ਉਸ ਅੰਦਰ ਜਿੰਨੀਆਂ ਵੀ ਅਪਵਿੱਤਰ ਵਸਤਾਂ ਉਨ੍ਹਾਂ ਨੂੰ ਮਿਲੀਆਂ, ਜੋ ਵੀ ਗੰਦੀਆਂ ਵਸਤਾਂ ਲੱਭੀਆਂ ਉਹ ਉੱਥੋਂ ਯਹੋਵਾਹ ਦੇ ਮੰਦਰ ਦੇ ਦਲਾਨ ਵਿੱਚ ਲੈ ਆਏ। ਫ਼ਿਰ ਲੇਵੀਆਂ ਨੇ ਉਨ੍ਹਾਂ ਗੰਦੀਆਂ ਵਸਤਾਂ ਨੂੰ ਲੈ ਲਿਆ ਅਤੇ ਕਿਦਰੋਨ ਦੀ ਵਾਦੀ ਵਿੱਚ ਸੁੱਟ ਦਿੱਤਾ। 17 ਪਹਿਲੇ ਮਹੀਨੇ ਦੇ ਪਹਿਲੇ ਦਿਨ, ਲੇਵੀਆਂ ਨੇ ਆਪਣੇ-ਆਪ ਨੂੰ ਪਵਿੱਤਰ ਬਨਾਉਣਾ ਸ਼ੁਰੂ ਕਰ ਦਿੱਤਾ। ਮਹੀਨੇ ਦੇ ਅੱਠਵੇਂ ਦਿਨ, ਉਹ ਮੰਦਰ ਦੇ ਦਾਲਾਨ ਕੋਲ ਆਏ ਅਤੇ ਯਹੋਵਾਹ ਦੇ ਮੰਦਰ ਨੂੰ ਪਵਿੱਤਰ ਬਨਾਉਣ ਲਈ ਅੱਠ ਦਿਨ ਲਏ। ਪਹਿਲੇ ਮਹੀਨੇ ਦੇ ਸੋਲ੍ਹਵੇਂ ਦਿਨ ਉਨ੍ਹਾਂ ਨੇ ਆਪਣਾ ਸਾਰਾ ਕੰਮ ਮੁਕੰਮਲ ਕਰ ਲਿਆ ਸੀ।
18 ਤਦ ਉਹ ਹਿਜ਼ਕੀਯਾਹ ਪਾਤਸ਼ਾਹ ਦੇ ਕੋਲ ਗਏ ਅਤੇ ਉਸ ਨੂੰ ਕਿਹਾ, “ਹੇ ਪਾਤਸ਼ਾਹ, ਅਸੀਂ ਯਹੋਵਾਹ ਦੇ ਸਾਰੇ ਮੰਦਰ ਨੂੰ ਅਤੇ ਹੋਮ ਦੀਆਂ ਭੇਟਾਂ ਦੀ ਜਗਵੇਦੀ ਨੂੰ ਅਤੇ ਉਸਦੀਆਂ ਹੋਰ ਸਾਰੀਆਂ ਵਸਤਾਂ ਨੂੰ ਉਸਦੀ ਚੜ੍ਹਤ ਦੀ ਰੋਟੀ ਦੀ ਮੇਜ਼ ਨੂੰ ਅਤੇ ਉਸ ਦੇ ਸਾਰੇ ਭਾਂਡਿਆਂ ਨੂੰ ਸਾਫ਼ ਕਰ ਦਿੱਤਾ ਹੈ। 19 ਆਹਾਜ਼ ਦੇ ਸਮਿਆਂ ’ਚ ਜਦ ਉਹ ਪਾਤਸ਼ਾਹ ਸੀ ਉਹ ਪਰਮੇਸ਼ੁਰ ਦੇ ਵਿਰੁੱਧ ਹੋ ਗਿਆ ਅਤੇ ਉਸ ਨੇ ਮੰਦਰ ਦੀਆਂ ਬਹੁਤ ਸਾਰੀਆਂ ਵਸਤਾਂ ਨੂੰ ਬਾਹਰ ਸੁੱਟ ਦਿੱਤਾ। ਪਰ ਅਸੀਂ ਉਸ ਸਾਰੇ ਸਾਮਾਨ ਨੂੰ ਠੀਕ ਕਰਕੇ ਖਾਸ ਵਰਤੋਂ ਲਈ ਤਿਆਰ ਕਰ ਦਿੱਤਾ ਹੈ। ਉਹ ਸਾਰਾ ਕੁਝ ਹੁਣ ਯਹੋਵਾਹ ਦੀ ਜਗਵੇਦੀ ਦੇ ਸਾਹਮਣੇ ਪਿਆ ਹੈ।”
20 ਹਿਜ਼ਕੀਯਾਹ ਪਾਤਸ਼ਾਹ ਉੱਠਿਆ ਅਤੇ ਉਸ ਨੇ ਸ਼ਹਿਰ ਦੇ ਸਰਦਾਰਾਂ ਨੂੰ ਇਕੱਠਾ ਕਰਕੇ ਅਗਲੀ ਸਵੇਰ ਯਹੋਵਾਹ ਦੇ ਮੰਦਰ ਪਹੁੰਚਿਆਂ। 21 ਉਨ੍ਹਾਂ ਨੇ ਸੱਤ ਬਲਦ, ਸੱਤ ਭੇਡੂ, ਸੱਤ ਲੇਲੇ, ਅਤੇ ਸੱਤ ਬੱਕਰੇ ਲਿਆਂਦੇ। ਇਹ ਸਭ ਕੁਝ ਪਵਿੱਤਰ ਅਸਥਾਨ ਦੇ ਲਈ ਯਹੂਦਾਹ ਦੇ ਲਈ ਪਾਪ ਦੀ ਭੇਟ ਸਨ। ਹਿਜ਼ਕੀਯਾਹ ਪਾਤਸ਼ਾਹ ਨੇ ਹਾਰੂਨ ਦੇ ਵੰਸ਼ ਦੇ ਜਾਜਕਾਂ ਨੂੰ ਆਖਿਆ ਕਿ ਇਨ੍ਹਾਂ ਸਭਨਾਂ ਨੂੰ ਯਹੋਵਾਹ ਦੀ ਜਗਵੇਦੀ ਉੱਪਰ ਬਲੀ ਚੜ੍ਹਾਓ। 22 ਤਦ ਜਾਜਕਾਂ ਨੇ ਬਲਦਾਂ ਨੂੰ ਕੱਟ ਦਿੱਤਾ ਅਤੇ ਉਨ੍ਹਾਂ ਦੇ ਖੂਨ ਨੂੰ ਜਗਵੇਦੀ ਉੱਪਰ ਛਿੜਕਿਆ। ਫ਼ਿਰ ਉਨ੍ਹਾਂ ਭੇਡੂਆਂ ਨੂੰ ਵੀ ਵੱਢਿਆ ਅਤੇ ਉਨ੍ਹਾਂ ਦਾ ਖੂਨ ਵੀ ਜਗਵੇਦੀ ਉੱਪਰ ਛਿੜਕਿਆ। ਫ਼ਿਰ ਉਨ੍ਹਾਂ ਨੇ ਭੇਡਾਂ ਲੈ ਕੇ ਕੱਟੀਆਂ ਅਤੇ ਉਨ੍ਹਾਂ ਦਾ ਖੂਨ ਵੀ ਜਗਵੇਦੀ ਉੱਪਰ ਛਿੜਕਿਆ। 23-24 ਫ਼ਿਰ ਜਾਜਕ ਬੱਕਰਿਆਂ ਨੂੰ ਪਾਤਸ਼ਾਹ ਦੇ ਸਾਹਮਣੇ ਲਿਆਏ ਅਤੇ ਸਾਰੇ ਲੋਕ ਇਕੱਠੇ ਹੋ ਗਏ। ਬੱਕਰੇ ਪਾਪ ਦੀ ਭੇਟ ਲਈ ਸਨ। ਜਾਜਕਾਂ ਨੇ ਆਪਣੇ ਹੱਥ ਬੱਕਰਿਆਂ ਉੱਪਰ ਰੱਖੇ ਅਤੇ ਉਨ੍ਹਾਂ ਨੂੰ ਵੱਢ ਦਿੱਤਾ। ਤਦ ਉਨ੍ਹਾਂ ਨੇ ਬੱਕਰਿਆਂ ਦੇ ਖੂਨ ਨੂੰ ਪਾਪ ਦੀ ਭੇਟ ਲਈ ਜਗਵੇਦੀ ਉੱਪਰ ਛਿੜਕਿਆ। ਇਹ ਉਨ੍ਹਾਂ ਨੇ ਪਰਮੇਸ਼ੁਰ ਤੋਂ ਇਸਰਾਏਲ ਦੇ ਲੋਕਾਂ ਦੇ ਪਾਪ ਬਖਸ਼ਵਾਉਣ ਲਈ ਕੀਤਾ। ਕਿਉਂਕਿ ਪਾਤਸ਼ਾਹ ਨੇ ਹੁਕਮ ਦਿੱਤਾ ਸੀ ਕਿ ਹੋਮ ਦੀ ਭੇਟ ਅਤੇ ਪਾਪ ਦੀ ਭੇਟ ਸਾਰੇ ਇਸਰਾਏਲ ਵੱਲੋਂ ਚੜ੍ਹਾਈ ਜਾਵੇ।
25 ਹਿਜ਼ਕੀਯਾਹ ਪਾਤਸ਼ਾਹ ਨੇ ਯਹੋਵਾਹ ਦੇ ਮੰਦਰ ਵਿੱਚ ਲੇਵੀਆਂ ਨੂੰ ਸੰਗੀਤਕ ਸਾਜ਼ਾਂ ਨਾਲ ਖੜ੍ਹੇ ਕੀਤਾ ਜਿਵੇਂ ਦਾਊਦ, ਰਾਜੇ ਦੇ ਨਬੀ ਗਾਦ ਅਤੇ ਨਾਥਾਨ ਨਬੀ ਨੇ ਆਦੇਸ਼ ਦਿੱਤਾ ਸੀ। ਇਹ ਹੁਕਮ ਯਹੋਵਾਹ ਵੱਲੋਂ ਨਬੀਆਂ ਦੁਆਰਾ ਆਇਆ ਸੀ। 26 ਇਉਂ ਲੇਵੀ ਦਾਊਦ ਦੇ ਵਾਜਿਆਂ ਨੂੰ ਲੈ ਕੇ ਅਤੇ ਖੜ੍ਹੇ ਸਨ ਅਤੇ ਜਾਜਕ ਤੁਰ੍ਹੀਆਂ ਵਜਾਉਂਦੇ ਖੜ੍ਹੇ ਸਨ। 27 ਤਦ ਹਿਜ਼ਕੀਯਾਹ ਨੇ ਜਗਵੇਦੀ ਉੱਪਰ ਹੋਮ ਦੀਆਂ ਭੇਟਾਂ ਚੜ੍ਹਾਉਣ ਦਾ ਹੁਕਮ ਦਿੱਤਾ ਅਤੇ ਜਦੋਂ ਹੋਮ ਦੀਆਂ ਭੇਟਾਂ ਦਾ ਆਰੰਭ ਹੋਇਆ ਤਾਂ ਯਹੋਵਾਹ ਦਾ ਗੀਤ ਤੁਰ੍ਹੀਆਂ ਅਤੇ ਇਸਰਾਏਲ ਦੇ ਪਾਤਸ਼ਾਹ ਦਾਊਦ ਦੇ ਵਾਜਿਆਂ ਨਾਲ ਸ਼ੁਰੂ ਹੋਇਆ। 28 ਸਾਰੀ ਸਭਾ ਨੇ ਸਿਰ ਝੁਕਾਇਆ ਅਤੇ ਜਦ ਤੀਕ ਹੋਮ ਦੀ ਭੇਟ ਦਾ ਜਲਨਾ ਪੂਰਾ ਨਾ ਹੋਇਆ ਤਦ ਤੀਕ ਗਾਉਣ ਵਾਲੇ ਗਉਂਦੇ ਰਹੇ ਅਤੇ ਤੁਰ੍ਹੀਆਂ ਵਾਲੇ ਤੁਰ੍ਹੀਆਂ ਵਜਾਉਂਦੇ ਰਹੇ।
29 ਜਦੋਂ ਉਹ ਹੋਮ ਦੀ ਭੇਟ ਚੜ੍ਹਾ ਚੁੱਕੇ ਤਦ ਪਾਤਸ਼ਾਹ ਅਤੇ ਉਸ ਨਾਲ ਸਾਰੇ ਲੋਕਾਂ ਨੇ ਸਿਰ ਝੁਕਾਇਆ ਅਤੇ ਉਪਾਸਨਾ ਕੀਤੀ। 30 ਪਾਤਸ਼ਾਹ ਅਤੇ ਸਰਦਾਰਾਂ ਨੇ ਲੇਵੀਆਂ ਨੂੰ ਯਹੋਵਾਹ ਦੀ ਉਸਤਤ ਗਾਨ ਕਰਨ ਦਾ ਹੁਕਮ ਦਿੱਤਾ, ਉਹ ਗੀਤ ਜਿਹੜੇ ਦਾਊਦ ਅਤੇ ਆਸਾਫ਼ ਸੰਤ ਦੇ ਲਿਖੇ ਸਨ। ਉਨ੍ਹਾਂ ਨੇ ਪਰਮੇਸ਼ੁਰ ਦਾ ਜਸ ਗਾਇਆ ਅਤੇ ਆਨੰਦ ਮਾਣਿਆ। ਉਨ੍ਹਾਂ ਸਭਨਾਂ ਨੇ ਪਰਮੇਸ਼ੁਰ ਦੀ ਉਪਾਸਨਾ ਕੀਤੀ। 31 ਹਿਜ਼ਕੀਯਾਹ ਨੇ ਆਖਿਆ, “ਹੁਣ ਤੁਸੀਂ ਯਹੂਦਾਹ ਦੇ ਲੋਕਾਂ ਨੇ ਆਪਣੇ-ਆਪ ਨੂੰ ਪਵਿੱਤਰ ਕਰ ਲਿਆ ਹੈ, ਸੋ ਹੁਣ ਨੇੜੇ ਆਕੇ ਯਹੋਵਾਹ ਦੇ ਮੰਦਰ ਵਿੱਚ ਬਲੀਆਂ ਅਤੇ ਧੰਨਵਾਦ ਦੀਆਂ ਭੇਟਾਂ ਚੜ੍ਹਾਵੋ।” ਤਦ ਸਭਾ ਬਲੀਆਂ ਅਤੇ ਧੰਨਵਾਦ ਦੀਆਂ ਭੇਟਾ ਲਿਆਈ ਅਤੇ ਜਿਸ ਵੀ ਮਨੁੱਖ ਨੂੰ, ਜਿਵੇਂ ਉਸ ਦੇ ਮਨ ਨੇ ਪ੍ਰੇਰਿਆ ਭੇਟਾ ਲੈ ਕੇ ਆਇਆ। 32 ਜਿਹੜੀਆਂ ਹੋਮ ਦੀਆਂ ਭੇਟਾਂ ਲੋਕੀਂ ਲਿਆਏ ਸਨ, ਉਨ੍ਹਾਂ ਦੀ ਗਿਣਤੀ ਇਵੇਂ ਸੀ: ਸੱਤਰ ਬਲਦ, ਇੱਕ ਸੌ ਭੇਡ, ਦੋ ਸੌ ਲੇਲੇ। ਇਨ੍ਹਾਂ ਸਾਰੇ ਜਾਨਵਰਾਂ ਨੂੰ ਯਹੋਵਾਹ ਅੱਗੇ ਹੋਮ ਦੀ ਭੇਟ ਵਜੋਂ ਚੜ੍ਹਾਇਆ ਗਿਆ। 33 ਯਹੋਵਾਹ ਲਈ ਪਵਿੱਤਰ ਭੇਟਾ ਵਿੱਚ 600 ਬਲਦ, 3,000 ਭੇਡਾਂ ਅਤੇ ਬੱਕਰੀਆਂ ਸਨ। 34 ਪਰ ਇੰਨੇ ਸਾਰੇ ਜਾਨਵਰਾਂ ਦੀ ਖੱਲ ਲਾਹਣ ਲਈ ਜਾਜਕ ਘੱਟ ਸਨ, ਤਾਂ ਜੋ ਹੋਮ ਦੀ ਭੇਟ ਚੜ੍ਹਾਈ ਜਾਵੇ। ਤਾਂ ਫ਼ਿਰ ਉਨ੍ਹਾਂ ਨਾਲ ਉਨ੍ਹਾਂ ਦੇ ਲੇਵੀ ਸੰਬੰਧੀਆਂ ਨੇ ਮਦਦ ਕੀਤੀ। ਜਦ ਤੀਕ ਦੂਜੇ ਜਾਜਕਾਂ ਨੇ ਆਪਣੇ-ਆਪ ਨੂੰ ਪਵਿੱਤਰ ਸੇਵਾ ਲਈ ਤਿਆਰ ਨਾ ਕੀਤਾ ਅਤੇ ਸਾਰਾ ਕੰਮ ਨੇਪਰੇ ਨਾ ਚੜ੍ਹਿਆ, ਲੇਵੀ ਉਨ੍ਹਾਂ ਦੀ ਮਦਦ ਕਰਦੇ ਰਹੇ। ਸਗੋਂ ਲੇਵੀ ਇਸ ਕਾਰਜ ਵਿੱਚ ਯਹੋਵਾਹ ਦੀ ਸੇਵਾ ਕਰਨ ਲਈ ਜਾਜਕਾਂ ਕੋਲੋਂ ਵੱਧੇਰੇ ਗੰਭੀਰ ਹੋਕੇ ਕੰਮ ਕਰ ਰਹੇ ਸਨ। 35 ਹੋਮ ਦੀਆਂ ਭੇਟਾਂ ਬਹੁਤ ਸਾਰੀਆਂ ਸਨ। ਸੁੱਖ-ਸਾਂਦ ਦੀਆਂ ਭੇਟਾਂ ਦੀ ਚਰਬੀ ਅਤੇ ਹੋਮ ਦੀਆਂ ਭੇਟਾਂ ਅਤੇ ਪੀਣ ਦੀਆਂ ਭੇਟਾ ਸਮੇਤ ਇ ਹ ਸਭ ਕੁਝ ਕਾਫ਼ੀ ਮਾਤਰਾ ਵਿੱਚ ਇਕੱਠਾ ਹੋਇਆ। ਤਦ ਯਹੋਵਾਹ ਦੇ ਮੰਦਰ ਵਿੱਚ ਮੁੜ ਤੋਂ ਸੇਵਾ ਸ਼ੁਰੂ ਹੋਈ। 36 ਹਿਜ਼ਕੀਯਾਹ ਅਤੇ ਸਾਰੇ ਲੋਕ ਉਸ ਉੱਪਰ ਜੋ ਪਰਮੇਸ਼ੁਰ ਨੇ ਲੋਕਾਂ ਲਈ ਤਿਆਰ ਕੀਤਾ ਸੀ ਬੜੇ ਖੁਸ਼ ਹੋਏ ਅਤੇ ਇਸ ਗੱਲੋ ਵੱਧੇਰੇ ਖੁਸ਼ ਸਨ ਕਿਉਂ ਕਿ ਉਸ ਨੇ ਇਹ ਸਭ ਕੁਝ ਬੜੀ ਜਲਦੀ ਕਰ ਦਿੱਤਾ।
ਹਿਜ਼ਕੀਯਾਹ ਪਸਹ ਮਨਾਉਂਦਾ ਹੈ
30 ਹਿਜ਼ਕੀਯਾਹ ਪਾਤਸ਼ਾਹ ਨੇ ਸਾਰੇ ਇਸਰਾਏਲ ਅਤੇ ਯਹੂਦਾਹ ਵਿੱਚ ਸੱਦਾ ਭੇਜਿਆ। ਉਸ ਨੇ ਅਫ਼ਰਾਈਮ ਅਤੇ ਮਨੱਸ਼ਹ ਦੇ ਲੋਕਾਂ ਨੂੰ ਵੀ ਖਤ ਭੇਜੇ। ਹਿਜ਼ਕੀਯਾਹ ਨੇ ਯਹੋਵਾਹ ਦੇ ਮੰਦਰ ਲਈ ਯਰੂਸ਼ਲਮ ਵਿੱਚ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਲਈ ਪਸਹ ਮਨਾਉਣ ਲਈ ਸਭਨਾਂ ਨੂੰ ਸੱਦਾ ਭੇਜਿਆ। 2 ਪਾਤਸ਼ਾਹ ਹਿਜ਼ਕੀਯਾਹ ਅਤੇ ਸਾਰੇ ਸਰਦਾਰਾਂ ਨੇ ਅਤੇ ਯਰੂਸ਼ਲਮ ਦੀ ਸਾਰੀ ਸਭਾ ਨੇ ਦੂਜੇ ਮਹੀਨੇ ਵਿੱਚ ਪਸਹ ਮਨਾਉਣ ਦੀ ਸਲਾਹ ਕੀਤੀ ਸੀ। 3 ਉਹ ਪਸਹ ਦਾ ਪਰਬ ਠੀਕ ਸਮੇਂ ਮੁਤਾਬਕ ਨਾ ਮਨਾ ਸੱਕੇ। ਕਿਉਂ ਕਿ ਇੱਕ ਤਾਂ ਜਾਜਕਾਂ ਨੇ ਕਾਫ਼ੀ ਗਿਣਤੀ ਵਿੱਚ ਸੇਵਾ ਲਈ ਆਪਣੇ-ਆਪ ਨੂੰ ਪਵਿੱਤਰ ਨਾ ਕੀਤਾ ਦੂਜਾ ਕਾਰਣ ਕਿ ਯਰੂਸ਼ਲਮ ਵਿੱਚ ਲੋਕੀਂ ਕਾਫ਼ੀ ਇਕੱਠੇ ਨਹੀਂ ਸੀ ਹੋਏ। 4 ਤਾਂ ਇਹ ਗੱਲ ਪਾਤਸ਼ਾਹ ਅਤੇ ਸਾਰੀ ਸਭਾ ਨੂੰ ਠੀਕ ਲਗੀ। 5 ਤਾਂ ਫ਼ਿਰ ਉਨ੍ਹਾਂ ਨੇ ਇਹ ਖਬਰ ਸਾਰੇ ਇਸਰਾਏਲ, ਬਏਰਸ਼ਬਾ ਤੋਂ ਦਾਨ ਤੀਕ ਕੀਤੀ। ਉਨ੍ਹਾਂ ਇਹ ਘੋਸ਼ਣਾ ਕੀਤੀ ਕਿ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਲਈ ਪਸਹ ਮਨਾਉਣ ਲਈ ਸਾਰੇ ਲੋਕ ਯਰੂਸ਼ਲਮ ਵਿੱਚ ਇਕੱਠੇ ਹੋ ਜਾਣ। ਇਸਰਾਏਲ ਦੇ ਬਹੁਤੇ ਲੋਕਾਂ ਨੇ ਪਸਹ ਕਾਫ਼ੀ ਦੇਰ ਤੋਂ ਨਹੀਂ ਸੀ ਮਨਾਇਆ। ਜਿਵੇਂ ਮੂਸਾ ਦੇ ਨੇਮ ਮੁਤਾਬਕ ਪਸਹ ਮਨਾਉਣਾ ਲਿਖਿਆ ਹੋਇਆ ਹੈ ਉਵੇਂ ਉਨ੍ਹਾਂ ਬੜੀ ਦੇਰ ਤੋਂ ਨਹੀਂ ਸੀ ਮਨਾਈ। 6 ਤਾਂ ਫ਼ਿਰ ਪਾਤਸ਼ਾਹ ਦੇ ਹਲਕਾਰਿਆਂ ਨੇ ਇਹ ਸੱਦੇ-ਪੱਤਰ ਸਾਰੇ ਇਸਰਾਏਲ ਅਤੇ ਯਹੂਦਾਹ ਵਿੱਚ ਵੰਡੇ। ਉਨ੍ਹਾਂ ਪੱਤਰਾਂ ਵਿੱਚ ਇਉਂ ਲਿਖਿਆ ਹੋਇਆ ਸੀ:
“ਹੇ ਇਸਰਾਏਲ ਦੇ ਲੋਕੋ, ਤੁਸੀਂ ਯਹੋਵਾਹ ਪਰਮੇਸ਼ੁਰ ਵੱਲ ਨੂੰ ਪਰਤ ਆਵੋ, ਜਿਹੜਾ ਅਬਰਾਹਾਮ, ਇਸਹਾਕ ਅਤੇ ਇਸਰਾਏਲ ਦਾ ਪਰਮੇਸ਼ੁਰ ਹੈ, ਇਨ੍ਹਾਂ ਨੇ ਯਹੋਵਾਹ ਨੂੰ ਮੰਨਿਆ। ਜਿਹੜੇ ਅੱਸ਼ੂਰ ਦੇ ਪਾਤਸ਼ਾਹ ਦੇ ਹੱਥੋਂ ਬਚ ਗਏ ਹਨ, ਤਾਂ ਪਰਮੇਸ਼ੁਰ ਫਿਰ ਤੁਹਾਡੇ ਵੱਲ ਮੁੜੇਗਾ। 7 ਤੁਸੀਂ ਆਪਣੇ ਪੁਰਖਿਆਂ ਅਤੇ ਭਰਾਵਾਂ ਵਰਗੇ ਨਾ ਬਣੋ। ਯਹੋਵਾਹ ਉਨ੍ਹਾਂ ਦਾ ਪਰਮੇਸ਼ੁਰ ਸੀ, ਪਰ ਉਹ ਉਸਤੋਂ ਬੇਮੁਖ ਹੋ ਗਏ। ਤੁਸੀਂ ਆਪਣੀਆਂ ਅੱਖਾਂ ਨਾਲ ਇਸ ਸੱਚਾਈ ਨੂੰ ਵੇਖ ਰਹੇ ਹੋ ਕਿ ਯਹੋਵਾਹ ਨੇ ਉਨ੍ਹਾਂ ਨੂੰ ਬਿਪਤਾ ’ਚ ਪਾ ਦਿੱਤਾ ਹੈ ਤੇ ਲੋਕ ਉਨ੍ਹਾਂ ਨੂੰ ਬੁਰਾ-ਮੰਦਾ ਆਖਦੇ ਹਨ। 8 ਤੁਸੀਂ ਆਪਣੇ ਪੁਰਖਿਆਂ ਵਰਗੇ ਹੱਠੀ ਨਾ ਬਣੋ ਸਗੋਂ ਦਿਲੋਂ ਪਰਮੇਸ਼ੁਰ ਦਾ ਹੁਕਮ ਮੰਨੋ। ਤੁਸੀਂ ਅੱਤ ਪਵਿੱਤਰ ਅਸਥਾਨ ਤੇ ਆਓ ਕਿਉਂ ਕਿ ਯਹੋਵਾਹ ਨੇ ਇਸ ਨੂੰ ਸਦਾ ਲਈ ਪਵਿੱਤਰ ਕੀਤਾ ਹੈ, ਸੋ ਤੁਸੀਂ ਇੱਥੇ ਆ ਕੇ ਯਹੋਵਾਹ ਆਪਣੇ ਪਰਮੇਸ਼ੁਰ ਦੀ ਸੇਵਾ ਕਰੋ। ਜਦੋਂ ਤੁਸੀਂ ਇਵੇਂ ਕਰੋਂਗੇ ਤਾਂ ਯਹੋਵਾਹ ਦੀ ਕਰੋਪੀ ਤੁਹਾਡੇ ਤੋਂ ਦੂਰ ਹੋਵੇਗੀ। 9 ਜੇਕਰ ਤੁਸੀਂ ਪਰਤ ਕੇ ਯਹੋਵਾਹ ਵੱਲ ਮੁੜ ਆਵੋਂਗੇ, ਤਾਂ ਤੁਹਾਡੇ ਪੁੱਤਰਾਂ, ਤੁਹਾਡੇ ਭਰਾਵਾਂ, ਅਤੇ ਸੰਬੰਧੀਆਂ ਨਾਲ ਜਿਨ੍ਹਾਂ ਨੂੰ ਬੰਦੀ ਬਣਾ ਲਿਆ ਗਿਆ ਸੀ, ਉਨ੍ਹਾਂ ਨੂੰ ਬੰਦੀ ਬਨਾਉਣ ਵਾਲਿਆਂ ਦੁਆਰਾ ਨਿਮਰਤਾ ਦਾ ਵਿਹਾਰ ਹੋਵੇਗਾ, ਅਤੇ ਉਹ ਇਸ ਧਰਤੀ ਤੇ ਵਾਪਸ ਆ ਜਾਣਗੇ। ਯਹੋਵਾਹ ਤੁਹਾਡਾ ਪਰਮੇਸ਼ੁਰ ਦਿਆਲੂ ਅਤੇ ਕਿਰਪਾਲੂ ਹੈ। ਜੇਕਰ ਤੁਸੀਂ ਉਸ ਵੱਲ ਪਰਤ ਆਵੋਂਗੇ ਤਾਂ ਉਹ ਆਪਣਾ ਮੂੰਹ ਤੁਹਾਡੇ ਵੱਲੋਂ ਕਦੇ ਨਹੀਂ ਮੋੜੇਗਾ।”
10 ਹਲਕਾਰੇ ਅਫ਼ਰਈਮ ਅਤੇ ਮਨੱਸ਼ਹ ਦੇ ਹਰ ਸ਼ਹਿਰ ਵਿੱਚ ਗਏ। ਉਹ ਸਾਰਾ ਘੁੰਮਦੇ-ਘੁਮਾਉਂਦੇ ਜ਼ਬੂਲੁਨ ਤੀਕ ਪਹੁੰਚੇ। ਪਰ ਉੱਥੇ ਲੋਕਾਂ ਨੇ ਹਲਕਾਰਿਆਂ ਦਾ ਮਜ਼ਾਕ ਉਡਾਇਆ ਅਤੇ ਉਨ੍ਹਾਂ ਨੂੰ ਠਿੱਠ ਕੀਤੇ। 11 ਪਰ ਉਨ੍ਹਾਂ ਵਿੱਚੋਂ ਅੱਸ਼ੂਰ, ਮਨੱਸ਼ਹ ਅਤੇ ਜ਼ਬੂਲੁਨ ਇਲਾਕਿਆਂ ਦੇ ਕੁਝ ਲੋਕ ਨਿਮਰਤਾ ਪੂਰਵਕ ਯਰੂਸ਼ਲਮ ਨੂੰ ਗਏ। 12 ਯਹੂਦਾਹ ਵਿੱਚ ਵੀ ਪਰਮੇਸ਼ੁਰ ਦੀ ਸ਼ਕਤੀ ਨੇ ਲੋਕਾਂ ਨੂੰ ਇਕੱਠਿਆਂ ਕੀਤਾ ਤਾਂ ਜੋ ਉਹ ਪਾਤਸ਼ਾਹ ਅਤੇ ਉਸ ਦੇ ਸਰਦਾਰਾਂ ਦਾ ਹੁਕਮ ਮੰਨਣ। ਇਉਂ ਇਸ ਵਿਧੀ ਉਨ੍ਹਾਂ ਯਹੋਵਾਹ ਦੇ ਬਚਨਾਂ ਹੁਕਮ ਮੰਨਿਆ।
13 ਬਹੁਤ ਸਾਰੇ ਲੋਕ ਯਰੂਸਲਮ ਵਿੱਚ ਦੂਜੇ ਮਹੀਨੇ ਵਿੱਚ ਪਤੀਰੀ ਰੋਟੀ ਦਾ ਪਰਬ ਮਨਾਉਣ ਲਈ ਇਕੱਠੇ ਹੋਏ। ਉੱਥੇ ਬਹੁਤ ਵੱਡੀ ਸਭਾ ਇੱਕਤਰ ਹੋਈ। 14 ਉਹ ਲੋਕ ਉੱਠੇ ਅਤੇ ਉਨ੍ਹਾਂ ਨੇ ਜਗਵੇਦੀਆਂ ਨੂੰ ਜੋ ਝੂਠੇ-ਦੇਵਤਿਆਂ ਦੀਆਂ ਯਰੂਸ਼ਲਮ ਵਿੱਚ ਸਨ, ਅਤੇ ਧੂਪ ਦੀਆਂ ਸਾਰੀਆਂ ਜਗਵੇਦੀਆਂ ਬਾਹਰ ਕੱਢਿਆ ਅਤੇ ਕਿਦਰੋਨ ਦੀ ਵਾਦੀ ’ਚ ਸੁੱਟ ਦਿੱਤਾ। 15 ਫ਼ਿਰ ਉਨ੍ਹਾਂ ਨੇ ਦੂਜੇ ਮਹੀਨੇ ਦੀ 14ਤਾਰੀਖ ਨੂੰ ਪਸਹ ਦੇ ਲੇਲੇ ਨੂੰ ਕਟਿਆ। ਤਾਂ ਲੇਵੀਆਂ ਅਤੇ ਜਾਜਕਾਂ ਨੇ ਸ਼ਰਮਿੰਦਿਆਂ ਹੋ ਕੇ ਆਪਣੇ ਆਪ ਨੂੰ ਪਵਿੱਤਰ ਕੀਤਾ ਅਤੇ ਫ਼ਿਰ ਉਹ ਯਹੋਵਾਹ ਦੇ ਮੰਦਰ ਲਈ ਹੋਮ ਦੀਆਂ ਭੇਟਾਂ ਲੈ ਕੇ ਆਏ। 16 ਫ਼ਿਰ ਉਨ੍ਹਾਂ ਨੇ ਜਿਵੇਂ ਪਰਮੇਸ਼ੁਰ ਦੇ ਮਨੁੱਖ, ਮੂਸਾ ਦੀ ਬਿਵਸਥਾ ਵਿੱਚ ਜਿਵੇਂ ਹਿਦਾਇਤ ਸੀ ਉਵੇਂ ਯਹੋਵਾਹ ਦੇ ਮੰਦਰ ਵਿੱਚ ਆਪੋ-ਆਪਣੇ ਥਾਂ ਨੂੰ ਪ੍ਰਾਪਤ ਕੀਤਾ ਅਤੇ ਜਾਜਕਾਂ ਨੇ ਲੇਵੀਆਂ ਦੇ ਹੱਥੋਂ ਲਹੂ ਲੈ ਕੇ ਜਗਵੇਦੀ ਉੱਪਰ ਛਿੜਕਿਆ। 17 ਸਮੂਹ ਵਿੱਚ ਅਜੇ ਵੀ ਕਾਫ਼ੀ ਲੋਕ ਅਜਿਹੇ ਸਨ, ਜਿਨ੍ਹਾਂ ਨੇ ਆਪਣੇ-ਆਪ ਨੂੰ ਪਵਿੱਤਰ ਨਹੀਂ ਕੀਤਾ ਸੀ। ਇਸ ਲਈ ਇਹ ਕੰਮ ਲੇਵੀਆਂ ਦੇ ਜੁੰਮੇ ਲੱਗਾ ਕਿ ਉਹ ਸਾਰੇ ਅਪਵਿੱਤਰ ਲੋਕਾਂ ਲਈ ਪਸਹ ਦੀਆਂ ਬਲੀਆਂ ਵੱਢਣ ਤਾਂ ਜੋ ਉਹ ਯਹੋਵਾਹ ਲਈ ਪਵਿੱਤਰ ਹੋ ਸੱਕਣ।
18-19 ਅਫ਼ਰਈਮ, ਮਨੱਸ਼ਹ, ਯਿਸਾਕਾਰ ਅਤੇ ਜ਼ਬੂਲੁਨ ਵਿੱਚੋਂ ਬਹੁਤ ਸਾਰੇ ਲੋਕ ਅਜਿਹੇ ਸਨ, ਜਿਨ੍ਹਾਂ ਨੇ ਪਸਹ ਦੇ ਪਰਬ ਲਈ ਆਪਣੇ-ਆਪ ਨੂੰ ਸਹੀ ਤਰੀਕੇ ਨਾਲ ਸਾਫ਼ ਨਹੀਂ ਸੀ ਕੀਤਾ। ਉਨ੍ਹਾਂ ਨੇ ਪਸਹ ਦੇ ਲੇਲੇ ਨੂੰ ਸਹੀ ਢੰਗ ਨਾਲ, ਮੂਸਾ ਦੀ ਬਿਵਸਥਾ ਅਨੁਸਾਰ ਨਹੀਂ ਖਾਧਾ। ਪਰ ਹਿਜ਼ਕੀਯਾਹ ਪਾਤਸ਼ਾਹ ਨੇ ਉਨ੍ਹਾਂ ਲਈ ਪ੍ਰਾਰਥਨਾ ਕੀਤੀ ਅਤੇ ਪ੍ਰਾਰਥਨਾ ਵਿੱਚ ਆਖਿਆ, “ਹੇ ਯਹੋਵਾਹ ਪਰਮੇਸ਼ੁਰ! ਤੂੰ ਨੇਕ ਹੈਂ! ਇਹ ਲੋਕ ਨੇਮ ਅਨੁਸਾਰ ਜਿਵੇਂ ਹਿਦਾਇਤ ਹੈ, ਉਸੇ ਸਹੀ ਤਰੀਕੇ ਨਾਲ ਤੇਰੀ ਸੇਵਾ ਕਰਨਾ ਚਾਹੁੰਦੇ ਸਨ, ਪਰ ਇਹ ਆਪਣੇ-ਆਪ ਨੂੰ ਉਸ ਸਹੀ ਢੰਗ ਨਾਲ ਸਾਫ਼ ਨਹੀਂ ਕਰ ਸੱਕੇ, ਇਸ ਲਈ ਕਿਰਪਾ ਕਰਕੇ ਉਨ੍ਹਾਂ ਨੂੰ ਹੇ ਪਰਮੇਸ਼ੁਰ ਖਿਮਾ ਕਰੀਂ। ਤੂੰ ਉਹ ਪਰਮੇਸ਼ੁਰ ਹੈਂ ਜਿਸ ਨੂੰ ਸਾਡੇ ਪੁਰਖਿਆਂ ਨੇ ਮੰਨਿਆ ਸੀ। ਜੇਕਰ ਕੋਈ ਆਪਣੇ ਆਪ ਨੂੰ ਉਸ ਤਰੀਕੇ ਨਾਲ ਸਾਫ਼ ਨਹੀਂ ਕਰ ਸੱਕਿਆ ਜਿਵੇਂ ਅੱਤ ਪਵਿੱਤਰ ਅਸਥਾਨ ਦਾ ਨਿਯਮ ਆਖਦਾ ਹੈ, ਤੂੰ ਉਨ੍ਹਾਂ ਨੂੰ ਵੀ ਖਿਮਾ ਕਰੀਂ।” 20 ਯਹੋਵਾਹ ਨੇ ਹਿਜ਼ਕੀਯਾਹ ਪਾਤਸ਼ਾਹ ਦੀ ਪ੍ਰਾਰਥਨਾ ਸੁਣ ਲਈ ਅਤੇ ਉਨ੍ਹਾਂ ਲੋਕਾਂ ਨੂੰ ਖਿਮਾਂ ਕਰ ਦਿੱਤਾ। 21 ਇਸਰਾਏਲ ਦੇ ਬਾਲਕ ਜਿਹੜੇ ਯਰੂਸ਼ਲਮ ਵਿੱਚ ਮੌਜੂਦ ਸਨ, ਉਨ੍ਹਾਂ ਨੇ ਵੱਡੀ ਖੁਸ਼ੀ ਨਾਲ ਸੱਤ ਦਿਨ ਪਤੀਰੀ ਰੋਟੀ ਦਾ ਪਰਬ ਮਨਾਇਆ। ਲੇਵੀ ਅਤੇ ਜਾਜਕ ਉੱਚੇ ਸੁਰ ਵਿੱਚ ਵਾਜਿਆਂ ਦੇ ਨਾਲ ਯਹੋਵਾਹ ਦੇ ਦਰਬਾਰ ਵਿੱਚ ਹਰ ਰੋਜ਼ ਗਾ-ਗਾ ਕੇ ਉਸਦੀ ਉਸਤਤ ਕਰਦੇ ਰਹੇ। 22 ਹਿਜ਼ਕੀਯਾਹ ਪਾਤਸ਼ਾਹ ਨੇ ਸਾਰੇ ਲੇਵੀਆਂ ਨੂੰ ਬੜਾ ਉਤਸਾਹ ਦਿੱਤਾ ਕਿਉਂ ਕਿ ਉਹ ਯਹੋਵਾਹ ਦੀ ਸੇਵਾ ਕਰਨੀ ਖੂਬ ਜਾਣਦੇ ਸਨ ਕਿ ਕਿਵੇਂ ਕਰਨੀ ਚਾਹੀਦੀ ਹੈ। ਲੋਕਾਂ ਨੇ ਸੱਤ ਦਿਨ ਇਹ ਪਰਬ ਮਨਾਇਆ ਅਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਈਆਂ ਅਤੇ ਆਪਣੇ ਪੁਰਖਿਆਂ ਦੇ ਯਹੋਵਾਹ ਪਰਮੇਸ਼ੁਰ ਲਈ ਧੰਨਵਾਦ ਕਰਦੇ ਰਹੇ।
23 ਸਾਰੇ ਲੋਕੀਂ ਸੱਤ ਦਿਨ ਹੋਰ ਉੱਥੇ ਰਹਿਣ ਲਈ ਤਿਆਰ ਹੋ ਗਏ। ਸੱਤ ਦਿਨ ਹੋਰ ਪਸਹ ਦਾ ਪਰਬ ਮਣਾਕੇ ਉਨ੍ਹਾਂ ਖੂਬ ਆਨੰਦ ਮਾਣਿਆ। 24 ਯਹੂਦਾਹ ਦੇ ਪਾਤਸ਼ਾਹ ਹਿਜ਼ਕੀਯਾਹ ਨੇ 1,000 ਬਲਦ, ਤੇ 7,000 ਭੇਡਾਂ ਸਭਾ ਨੂੰ ਮਾਰਨ ਤੇ ਖਾਣ ਲਈ ਦਿੱਤੀਆਂ ਅਤੇ ਸਰਦਾਰਾਂ ਨੇ ਵੀ 1,000 ਬਲਦ ਅਤੇ 10,000 ਭੇਡਾਂ ਸਭਾ ਨੂੰ ਦਿੱਤੀਆਂ। ਬਹੁਤ ਸਾਰੇ ਜਾਜਕ ਵੀ ਪਵਿੱਤਰ ਸੇਵਾ ਲਈ ਤਿਆਰ ਹੋ ਗਏ। 25 ਯਹੂਦਾਹ ਦੀ ਸਾਰੀ ਸਭਾ, ਜਾਜਕ, ਲੇਵੀ ਅਤੇ ਉਹ ਸਾਰੀ ਸਭਾ ਜੋ ਇਸਰਾਏਲ ਤੋਂ ਆਈ ਅਤੇ ਉਹ ਸਾਰੇ ਯਾਤਰੀ ਜੋ ਇਸਰਾਏਲ ਤੋਂ ਆਏ ਅਤੇ ਜਿਹੜੇ ਯਹੂਦਾਹ ’ਚ ਰਹਿੰਦੇ ਸਨ ਇਹ ਸਾਰੇ ਹੀ ਲੋਕ ਬੜੇ ਖੁਸ਼ ਸਨ। 26 ਯਰੂਸ਼ਲਮ ਵਿੱਚ ਖੁਸ਼ੀ ਛਾਈ ਹੋਈ ਸੀ ਕਿਉਂ ਕਿ ਇਸਰਾਏਲ ਦੇ ਪਾਤਸ਼ਾਹ ਦਾਊਦ ਦੇ ਪੁੱਤਰ ਸੁਲੇਮਾਨ ਦੇ ਦਿਨਾਂ ਤੋਂ ਯਰੂਸ਼ਲਮ ਵਿੱਚ ਅਜਿਹੀ ਖੁਸ਼ੀ ਕਦੇ ਨਹੀਂ ਮਨਾਈ ਗਈ ਸੀ। 27 ਜਾਜਕ ਅਤੇ ਲੇਵੀ ਖੜ੍ਹੇ ਹੋਏ ਅਤੇ ਯਹੋਵਾਹ ਨੂੰ ਲੋਕਾਂ ਨੂੰ ਅਸੀਸ ਦੇਣ ਲਈ ਹੁਕਮ ਲਿਆ ਤਾਂ ਪਰਮੇਸ਼ੁਰ ਨੇ ਉਨ੍ਹਾਂ ਦੀ ਸੁਣੀ ਅਤੇ ਉਨ੍ਹਾਂ ਦੀ ਪ੍ਰਾਰਥਨਾ ਯਹੋਵਾਹ ਦੇ ਪਵਿੱਤਰ ਗ੍ਰਹਿ ਵਿੱਚ ਸੁਰਗਾਂ ਤੀਕ ਸੁਣੀ ਗਈ।
ਪਾਤਸ਼ਾਹ ਹਿਜ਼ਕੀਯਾਹ ਸੁਧਾਰ ਕਰਦਾ ਹੈ
31 ਜਦੋਂ ਪਸਹ ਦਾ ਪਰਬ ਸਮਾਪਤ ਹੋਇਆ ਤਾਂ ਸਾਰੇ ਇਸਰਾਏਲੀ ਜੋ ਹਾਜ਼ਰ ਸਨ, ਯਹੂਦਾਹ ਦੇ ਸ਼ਹਿਰਾਂ ਵਿੱਚ ਗਏ। ਅਤੇ ਉਨ੍ਹਾਂ ਸ਼ਹਿਰਾਂ ਵਿੱਚ ਜਿਹੜੇ ਪੱਥਰ ਦੇ ਬੁੱਤ ਦੇਵਤਿਆਂ ਦੇ ਬਣੇ ਹੋਏ ਸਨ ਉਨ੍ਹਾਂ ਨੇ ਚੂਰਾ-ਚੂਰਾ ਕਰ ਦਿੱਤੇ। ਉਨ੍ਹਾਂ ਲੋਕਾਂ ਨੇ ਅਸ਼ੀਰਾ ਦੇ ਥੰਮਾਂ ਨੂੰ ਵੀ ਢਾਹ ਸੁੱਟਿਆ। ਉੱਨ੍ਹਾਂ ਨੇ ਯਹੂਦਾਹ ਅਤੇ ਬਿਨਯਾਮੀਨ ਦੇ ਸ਼ਹਿਰਾਂ ਵਿੱਚੋਂ ਉਚਿਆਂ ਥਾਵਾਂ ਅਤੇ ਜਗਵੇਦੀਆਂ ਨੂੰ ਵੀ ਢਾਹ ਸੁੱਟਿਆ। ਲੋਕਾਂ ਨੇ ਅਫ਼ਰਈਮ ਅਤੇ ਮਨੱਸ਼ਹ ਦੇ ਸ਼ਹਿਰਾਂ ਵਿੱਚ ਵੀ ਅਜਿਹਾ ਹੀ ਕੀਤਾ। ਉਹ ਲੋਕ ਇਹ ਢਾਹਾ-ਢੁਹਾਈ ਤਦ ਤੀਕ ਕਰਦੇ ਰਹੇ ਜਦ ਤੀਕ ਸ਼ਹਿਰਾਂ ਵਿੱਚੋਂ ਝੂਠੇ ਦੇਵਤਿਆਂ ਦੀ ਉਪਾਸਨਾ ਦੇ ਥਾਵਾਂ ਨੂੰ ਉਨ੍ਹਾਂ ਖਤਮ ਨਾ ਕਰ ਦਿੱਤਾ। ਉਪਰੰਤ ਸਾਰੇ ਇਸਰਾਏਲੀ ਆਪਣੇ-ਆਪਣੇ ਸ਼ਹਿਰਾਂ ਵਿੱਚ ਆਪਣੇ ਘਰਾਂ ਨੂੰ ਪਰਤ ਗਏ।
2 ਜਾਜਕਾਂ ਅਤੇ ਲੇਵੀਆਂ ਨੂੰ ਦਲਾਂ ਵਿੱਚ ਵੰਡਿਆਂ ਗਿਆ ਅਤੇ ਹਰ ਦਲ ਦਾ ਆਪੋ-ਆਪਣਾ ਕੰਮ ਸੀ ਜਿਹੜਾ ਉਨ੍ਹਾਂ ਨੂੰ ਸੌਂਪਿਆ ਗਿਆ। ਤਾਂ ਪਾਤਸ਼ਾਹ ਨੇ ਇਨ੍ਹਾਂ ਦਲਾਂ ਨੂੰ ਮੁੜ ਤੋਂ ਆਪੋ-ਆਪਣਾ ਕਾਰਜ ਸ਼ੁਰੂ ਕਰਨ ਨੂੰ ਕਿਹਾ। ਤਾਂ ਜਾਜਕਾਂ ਅਤੇ ਲੇਵੀਆਂ ਨੇ ਮੁੜ ਤੋਂ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਦਾ ਕਾਰਜ ਸ਼ੁਰੂ ਕੀਤਾ। ਅਤੇ ਲੇਵੀਆਂ ਨੇ ਮੰਦਰ ਵਿੱਚਲੀ ਸੇਵਾ, ਗਾਉਣ-ਵਜਾਉਣ ਅਤੇ ਪਰਮੇਸ਼ੁਰ ਦੇ ਜਸ ਦਾ ਗਾਨ ਯਹੋਵਾਹ ਦੇ ਭਵਨ ਤੋਂ ਫਾਟਕਾਂ ਤੀਕ ਦਾ ਕਾਰਜ ਸ਼ੁਰੂ ਕੀਤਾ। 3 ਹਿਜ਼ਕੀਯਾਹ ਨੇ ਹੋਮ ਦੀਆਂ ਭੇਟਾਂ ਲਈ ਕੁਝ ਆਪਣੇ ਜਾਨਵਰ ਵੀ ਭੇਟ ਕੀਤੇ। ਇਹ ਜਾਨਵਰ ਸਵੇਰ ਅਤੇ ਸ਼ਾਮ ਦੀਆਂ ਹੋਮ ਭੇਟਾਂ ਲਈ ਵਰਤੇ ਜਾਂਦੇ ਸਨ। ਇਹ ਜਾਨਵਰ ਸਬਤ ਦੇ ਦਿਨ, ਅਮਸਿਆ ਦੇ ਪਰਬ ਅਤੇ ਹੋਰ ਖਾਸ ਪਰਬਾਂ ਤੇ ਭੇਟ ਕੀਤੇ ਜਾਂਦੇ ਸਨ। ਇਹ ਸਭ ਕੁਝ ਉਵੇਂ ਹੁੰਦਾ ਜਿਵੇਂ ਯਹੋਵਾਹ ਦੀ ਬਿਵਸਥਾ ਵਿੱਚ ਲਿਖਿਆ ਹੈ।
4 ਲੋਕਾਂ ਨੂੰ ਆਪਣੀਆਂ ਫ਼ਸਲਾਂ ਅਤੇ ਹੋਰ ਵਸਤਾਂ ਵਿੱਚੋਂ ਕੁਝ ਹਿੱਸਾ ਜਾਜਕਾਂ ਅਤੇ ਲੇਵੀਆਂ ਨੂੰ ਵੀ ਦੇਣਾ ਪੈਂਦਾ ਸੀ। ਹਿਜ਼ਕੀਯਾਹ ਦਾ ਯਰੂਸ਼ਲਮ ਵਿੱਚ ਰਹਿੰਦੇ ਲੋਕਾਂ ਨੂੰ ਇਹ ਹੁਕਮ ਸੀ ਕਿ ਉਹ ਆਪਣੇ ਹਿੱਸੇ ਵਿੱਚੋਂ ਉਨ੍ਹਾਂ ਨੂੰ ਵੀ ਦੇਣ। ਇਸ ਤਰ੍ਹਾਂ ਜਾਜਕ ਅਤੇ ਲੇਵੀ ਯਹੋਵਾਹ ਦੀ ਬਿਵਸਥਾ ਵਿੱਚ ਸਾਰਾ ਦਿਨ ਉਸ ਬਿਵਸਥਾ ਅਨੁਸਾਰ ਕੰਮ ਕਰਦੇ ਸਨ। 5 ਸਾਰੇ ਦੇਸ਼ ਵਿੱਚ ਇਸ ਹੁਕਮ ਦੀ ਖਬਰ ਫ਼ੈਲ ਗਈ। ਤਦ ਇਸਰਾਏਲ ਦੇ ਲੋਕਾਂ ਨੇ ਅਨਾਜ ਦੀ ਫ਼ਸਲ ਦਾ ਪਹਿਲਾ ਹਿੱਸਾ, ਅੰਗਰੂ, ਤੇਲ, ਸ਼ਹਿਦ ਅਤੇ ਹੋਰ ਜੋ ਕੁਝ ਵੀ ਉਹ ਆਪਣੇ ਖੇਤਾਂ ਵਿੱਚ ਪੈਦਾ ਕਰਦੇ ਸਨ ਦੇਣਾ ਸ਼ੁਰੂ ਕੀਤਾ। ਉਹ ਇਨ੍ਹਾਂ ਸਭਨਾਂ ਵਸਤਾਂ ਦਾ ਦਸਵੰਧ ਲੈ ਕੇ ਆਉਂਦੇ। 6 ਇਸਰਾਏਲ ਅਤੇ ਯਹੂਦਾਹ ਦੇ ਮਨੁੱਖ ਜੋ ਯਹੂਦਾਹ ਦੇ ਸ਼ਹਿਰਾਂ ਵਿੱਚ ਰਹਿੰਦੇ ਸਨ ਉਹ ਵੀ ਆਪਣੇ ਪਸ਼ੂਆਂ ਦਾ ਦਸਵੰਧ ਲੈ ਕੇ ਆਉਂਦੇ ਸਨ। ਉਹ ਉਨ੍ਹਾਂ ਪਵਿੱਤਰ ਵਸਤਾਂ ਦਾ ਦਸਵੰਧ ਜੋ ਯਹੋਵਾਹ ਉਨ੍ਹਾਂ ਦੇ ਪਰਮੇਸ਼ੁਰ ਲਈ ਪਵਿੱਤਰ ਕੀਤੀ ਹੋਈਆਂ ਸਨ ਉਹ ਵੀ ਲਿਆਏ ਅਤੇ ਲਿਆ ਕੇ ਉਨ੍ਹਾਂ ਦੇ ਢੇਰ ਲਗਾ ਦਿੱਤੇ।
7 ਲੋਕਾਂ ਨੇ ਇਹ ਵਸਤਾਂ ਤੀਜੇ ਮਹੀਨੇ ਵਿੱਚ ਲਿਆਉਣੀਆਂ ਸ਼ੁਰੂ ਕੀਤੀਆਂ ਅਤੇ ਸੱਤਵੇਂ ਮਹੀਨੇ ਵਿੱਚ ਇਹ ਸਭ ਵਸਤਾਂ ਲਿਆਉਣੀਆਂ ਬੰਦ ਕਰ ਦਿੱਤੀਆਂ। 8 ਜਦੋਂ ਪਾਤਸ਼ਾਹ ਹਿਜ਼ਕੀਯਾਹ ਅਤੇ ਸਰਦਾਰ ਆਏ, ਤਾਂ ਉਨ੍ਹਾਂ ਨੇ ਵਸਤਾਂ ਦੇ ਅੰਬਾਰ ਲੱਗੇ ਦੇਖੇ। ਤਾਂ ਉਨ੍ਹਾਂ ਨੇ ਯਹੋਵਾਹ ਅਤੇ ਉਸ ਦੇ ਲੋਕਾਂ, ਇਸਰਾਏਲੀਆਂ ਦੀ ਉਸਤਤ ਕੀਤੀ।
9 ਤਦ ਪਾਤਸ਼ਾਹ ਨੇ ਜਾਜਕਾਂ ਅਤੇ ਲੇਵੀਆਂ ਕੋਲੋਂ ਵਸਤਾਂ ਦੇ ਢੇਰਾਂ ਬਾਰੇ ਪੁੱਛਿਆ। 10 ਤਾਂ ਅਜ਼ਰਯਾਹ ਜੋ ਪਰਧਾਨ ਜਾਜਕ ਅਤੇ ਜੋ ਸਾਦੋਕ ਦੇ ਘਰਾਣੇ ਦਾ ਸੀ, ਨੇ ਉਸ ਨੂੰ ਆਖਿਆ, “ਜਦੋਂ ਤੋਂ ਯਹੋਵਾਹ ਦੇ ਮੰਦਰ ਵਿੱਚ ਚੁੱਕਣ ਦੀਆਂ, ਭੇਟਾ ਲਿਆਉਣੀਆਂ ਸ਼ੁਰੂ ਕੀਤੀਆਂ ਹਨ, ਤਦ ਤੋਂ ਅਸੀਂ ਬਹੁਤ ਕੁਝ ਖਾਂਦੇ ਰਹੇ ਹਾਂ ਅਤੇ ਢੇਰ ਸਾਰਾ ਬਚ ਵੀ ਰਿਹਾ ਹੈ ਕਿਉਂ ਕਿ ਯਹੋਵਾਹ ਨੇ ਆਪਣੇ ਲੋਕਾਂ ਨੂੰ ਬਰਕਤ ਬਖਸ਼ੀ ਹੈ। ਇਹੀ ਕਾਰਨ ਹੈ ਕਿ ਅਜੇ ਵੀ ਇੰਨਾ ਢੇਰ ਬਚਿਆ ਪਿਆ ਹੈ।”
11 ਤਦ ਹਿਜ਼ਕੀਯਾਹ ਨੇ ਜਾਜਕਾਂ ਨੂੰ ਯਹੋਵਾਹ ਦੇ ਮੰਦਰ ਵਿੱਚ ਗੋਦਾਮ ਤਿਆਰ ਕਰਾਉਣ ਦਾ ਹੁਕਮ ਦਿੱਤਾ। ਤਾਂ ਅਜਿਹਾ ਹੀ ਕੀਤਾ ਗਿਆ। 12 ਉਹ ਚੁੱਕਣ ਦੀਆਂ ਭੇਟਾਂ ਅਤੇ ਦਸਵੰਧ ਅਤੇ ਪਵਿੱਤਰ ਕੀਤੀਆਂ ਹੋਈਆਂ ਚੀਜ਼ਾਂ ਸਿਆਣਪ ਨਾਲ ਯਹੋਵਾਹ ਦੇ ਮੰਦਰ ਦੇ ਗੋਦਾਮਾਂ ਵਿੱਚ ਸੰਭਾਲਿਆ ਗਿਆ। ਇਹ ਸਾਰੀ ਚੜ੍ਹਤ ਦਾ ਕਾਨਨਯਾਹ ਲੇਵੀ ਹਾਕਮ ਸੀ ਅਤੇ ਦੂਜੇ ਨੰਬਰ ਤੇ ਸ਼ਮਈ ਸੀ ਜੋ ਇਸ ਸਭ ਦਾ ਹਾਕਮ ਸੀ। ਸ਼ਮਈ ਕਾਨਨਯਾਹ ਦਾ ਭਰਾ ਸੀ। 13 ਕਾਨਨਯਾਹ ਅਤੇ ਉਸਦਾ ਭਰਾ ਸ਼ਮਈ ਇਨ੍ਹਾਂ ਲੋਕਾਂ ਉੱਪਰ ਹਾਕਮ ਸਨ: ਯਹੀਏਲ, ਅਜ਼ਜ਼ਯਾਹ, ਨਹਥ, ਅਸਾਹੇਲ, ਯਰੀਮੋਥ, ਯੋਜ਼ਾਬਾਦ, ਏਲੀਏਲ, ਯਿਸਮਕਯਾਹ, ਮਹਥ ਅਤੇ ਬਨਾਯਾਹ। ਹਿਜ਼ਕੀਯਾਹ ਪਾਤਸ਼ਾਹ ਅਤੇ ਯਹੋਵਾਹ ਦੇ ਮੰਦਰ ਦਾ ਕਰਮਚਾਰੀ ਅਜ਼ਰਯਾਹ ਨੇ ਉਨ੍ਹਾਂ ਆਦਮੀਆਂ ਨੂੰ ਚੁਣਿਆ।
14 ਯਿਮਨਾਹ ਦਾ ਪੁੱਤਰ ਕੋਰੇ ਲੇਵੀ ਦੇ ਪੂਰਬੀ ਫ਼ਾਟਕ ਉੱਪਰ ਦਰਬਾਨ ਸੀ। ਉਹ ਯਹੋਵਾਹ ਦੀਆਂ ਖੁਸ਼ੀ ਦੀਆਂ ਭੇਟਾ, ਵੰਡਵਾਈ, ਦਾਨ ਅਤੇ ਯਹੋਵਾਹ ਨੂੰ ਚੜ੍ਹਾਈਆਂ ਪਵਿੱਤਰ ਸੁਗਾਤਾਂ ਦੀ ਦੇਖਭਾਲ ਕਰਨ ਲਈ ਨਿਯੁਕਤ ਕੀਤਾ ਗਿਆ ਸੀ। 15 ਅਦਨ, ਮਿਨਯਾਮੀਨ, ਯੇਸ਼ੂਆ, ਸ਼ਮਅਯਾਹ, ਅਮਰਯਾਹ ਅਤੇ ਸ਼ਕਨਯਾਹ ਕੋਰੇ ਦੀ ਮਦਦ ਲਈ ਸਨ। ਇਨ੍ਹਾਂ ਆਦਮੀਆਂ ਨੇ ਸ਼ਹਿਰਾਂ ਵਿੱਚ ਜਿੱਥੇ ਜਾਜਕ ਰਹਿੰਦੇ ਸਨ, ਬੜੀ ਵਫ਼ਾਦਾਰੀ ਨਾਲ ਸੇਵਾ ਕੀਤੀ। ਉਹ ਜਾਜਕਾਂ ਦੇ ਹਰ ਦਲ ਵਿੱਚ, ਉਨ੍ਹਾਂ ਦੇ ਸਬੰਧੀਆਂ ਨੂੰ ਚਾਹੇ ਉਹ ਵੱਡਾ ਸੀ ਜਾਂ ਛੋਟਾ ਸਭ ਨੂੰ ਬਰਾਬਰੀ ਨਾਲ ਵਾਰੀ ਮੁਤਾਬਕ ਵਫ਼ਾਦਾਰੀ ਨਾਲ਼ ਹਿੱਸਾ ਦਿੰਦੇ ਸਨ।
16 ਇਨ੍ਹਾਂ ਤੋਂ ਇਲਾਵਾ ਉਨ੍ਹਾਂ ਨੇ ਤਿੰਨਾਂ ਸਾਲਾਂ ਦੇ ਜਾਂ ਤਿੰਨਾਂ ਸਾਲਾਂ ਦੇ ਉੱਪਰ ਜੋ ਆਦਮੀ ਸਨ ਅਤੇ ਜਿਨ੍ਹਾਂ ਦਾ ਲੇਵੀ ਘਰਾਣੇ ਦੇ ਇਤਹਾਸ ਵਿੱਚ ਨਾਂ ਦਰਜ ਸੀ, ਉਨ੍ਹਾਂ ਨੂੰ ਵੀ ਵਸਤਾਂ ਵਿੱਚੋਂ ਹਿੱਸਾ ਦਿੱਤਾ। ਇਨ੍ਹਾਂ ਸਾਰੇ ਆਦਮੀਆਂ ਨੂੰ ਯਹੋਵਾਹ ਦੇ ਮੰਦਰ ਵਿੱਚ ਰੋਜ਼ਾਨਾ ਸੇਵਾ ਕਰਨ ਲਈ ਜਾਣਾ ਹੁੰਦਾ ਸੀ, ਜਿਹੜੀ ਕਿ ਉਨ੍ਹਾਂ ਨੂੰ ਸੌਂਪੀ ਗਈ ਹੁੰਦੀ ਸੀ। ਹਰ ਲੇਵੀ ਦਲ ਦੀ ਆਪੋ-ਆਪਣੀ ਜੁੰਮੇਵਾਰੀ ਸੀ। 17 ਜਾਜਕਾਂ ਨੂੰ ਵੀ ਉਨ੍ਹਾਂ ਦਾ ਹਿੱਸਾ ਬਰਾਬਰ ਮਿਲਦਾ। ਇਹ ਉਵੇਂ ਹੋਇਆ ਜਿਵੇਂ ਉਹ ਘਰਾਣਿਆਂ ਦੇ ਇਤਹਾਸ ਦੀ ਸੂਚੀ ਵਿੱਚ ਜੋ ਜਾਜਕਾਂ ਵਿੱਚ ਗਿਣੇ ਗਏ ਸਨ ਅਤੇ ਲੇਵੀਆਂ ਨੂੰ ਵੀ ਜੋ ਵੀਹਾਂ ਸਾਲਾਂ ਦੇ ਜਾਂ ਇਸ ਤੋਂ ਉੱਪਰ ਦੇ ਸਨ ਅਤੇ ਆਪਣੀ ਵਾਰੀ ਉੱਤੇ ਸੇਵਾ ਕਰਦੇ ਸਨ। 18 ਲੇਵੀਆਂ ਦੇ ਬਾਲਾਂ, ਤੀਵੀਆਂ, ਪੁੱਤਰਾਂ ਅਤੇ ਧੀਆਂ ਨੂੰ ਵੀ ਇਸ ਢੇਰ ਵਿੱਚੋਂ ਹਿੱਸਾ ਮਿਲਿਆ। ਇਹ ਹਿੱਸਾ ਉਨ੍ਹਾਂ ਸਾਰੇ ਲੇਵੀਆਂ ਨੂੰ ਮਿਲਿਆ, ਜਿਨ੍ਹਾਂ ਦਾ ਨਾਂ ਘਰਾਣੇ ਦੇ ਇਤਹਾਸ ਵਿੱਚ ਅੰਕਿਤ ਸੀ। ਕਿਉਂ ਕਿ ਲੇਵੀ ਹਮੇਸ਼ਾ ਆਪਣੇ-ਆਪ ਨੂੰ ਪਵਿੱਤਰ ਅਤੇ ਯਹੋਵਾਹ ਦੀ ਸੇਵਾ ਲਈ ਤਿਆਰ ਰੱਖਦੇ ਸਨ ਅਤੇ ਉਸ ਲਈ ਵਫਾਦਾਰੀ ਨਾਲ ਕੰਮ ਕਰਦੇ ਸਨ।
19 ਕੁਝ ਹਾਰੂਨ ਦੇ ਉੱਤਰਾਧਿਕਾਰੀਆਂ, ਜਾਜਕਾਂ ਦੇ ਸ਼ਹਿਰਾਂ ਕੋਲ ਖੇਤ ਸਨ ਜਿੱਥੇ ਕਿ ਲੇਵੀ ਰਹਿ ਰਹੇ ਸਨ ਅਤੇ ਕੁਝ ਹਾਰੂਨ ਦੇ ਉੱਤਰਾਧਿਕਾਰੀ ਸ਼ਹਿਰਾਂ ਵਿੱਚ ਵੀ ਰਹਿੰਦੇ ਸਨ। ਕਈਆਂ ਆਦਮੀਆਂ ਦੇ ਨਾਉਂ ਦਸ ਦਿੱਤੇ ਗਏ ਕਿ ਉਸ ਹਰ ਸ਼ਹਿਰ ਵਿੱਚ ਹਾਰੂਨ ਦੇ ਉੱਤਰਾਧਿਕਾਰੀਆਂ ਨੂੰ ਵੀ ਇਸ ਢੇਰ ਦਾ ਹਿੱਸਾ ਮਿਲੇ। ਤਾਂ ਉਨ੍ਹਾਂ ਸਾਰੇ ਆਦਮੀਆਂ ਅਤੇ ਉਨ੍ਹਾਂ ਸਾਰੇ ਮਨੁੱਖਾਂ ਜਿਨ੍ਹਾਂ ਦਾ ਲੇਵੀਆਂ ਦੇ ਘਰਾਣੇ ਦੇ ਇਤਹਾਸ ਵਿੱਚ ਨਾਂ ਅੰਕਿਤ ਸੀ, ਨੂੰ ਇਸ ਢੇਰ ਦਾ ਹਿੱਸਾ ਪ੍ਰਾਪਤ ਹੋਇਆ।
20 ਇਉਂ ਹਿਜ਼ਕੀਯਾਹ ਪਾਤਸ਼ਾਹ ਨੇ ਸਾਰੇ ਯਹੂਦਾਹ ਵਿੱਚੋਂ ਅਜਿਹੇ ਨੇਕ ਕੰਮ ਕੀਤੇ। ਉਸ ਨੇ ਜੋ ਕੰਮ ਨੇਕ ਅਤੇ ਠੀਕ ਸੀ ਉਹੀ ਕੀਤੇ ਅਤੇ ਯਹੋਵਾਹ ਉਸ ਦੇ ਪਰਮੇਸ਼ੁਰ ਅੱਗੇ ਹਮੇਸ਼ਾ ਵਫ਼ਾਦਾਰ ਰਿਹਾ। 21 ਉਸ ਨੇ ਜਿਹੜਾ ਵੀ ਕੰਮ ਸ਼ੁਰੂ ਕੀਤਾ, ਉਸ ਨੂੰ ਸਫ਼ਲਤਾ ਮਿਲੀ। ਭਾਵ ਸੇਵਾ, ਬਿਵਸਥਾ, ਹੁਕਮ ਅਤੇ ਪਰਮੇਸ਼ੁਰ ਦੀ ਭਾਲ ਇਹ ਸਾਰੇ ਕਾਰਜ ਉਸ ਨੇ ਦਿਲੋਂ ਕੀਤੇ ਅਤੇ ਉਸ ਨੂੰ ਸਫ਼ਲਤਾ ਮਿਲੀ।
ਅੱਸ਼ੂਰ ਦੇ ਪਾਤਸ਼ਾਹ ਦਾ ਹਿਜ਼ਕੀਯਾਹ ਨੂੰ ਤੰਗ ਕਰਨਾ
32 ਇਹ ਸਾਰੇ ਕੰਮ ਜਦੋਂ ਹਿਜ਼ਕੀਯਾਹ ਨੇ ਸ਼ਰਧਾ ਨਾਲ ਮੁਕੰਮਲ ਕੀਤੇ, ਤਾਂ ਅੱਸ਼ੂਰ ਦੇ ਪਾਤਸ਼ਾਹ ਸਨਹੇਰੀਬ ਨੇ ਯਹੂਦਾਹ ਦੇਸ ਵਿੱਚ ਹਮਲਾ ਕਰ ਦਿੱਤਾ। ਸਨਹੇਰੀਬ ਅਤੇ ਉਸਦੀ ਸੈਨਾ ਨੇ ਕਿਲੇ ਦੇ ਬਾਹਰ ਡੇਰੇ ਲਾ ਲਏ। ਇਹ ਵਿਉਂਤ ਉਸ ਨੇ ਉਨ੍ਹਾਂ ਸ਼ਹਿਰਾਂ ਨੂੰ ਹਰਾਉਣ ਲਈ ਬਣਾਈ। ਕਿਉਂ ਜੋ ਉਹ ਇਨ੍ਹਾਂ ਸ਼ਹਿਰਾਂ ਨੂੰ ਆਪਣੇ ਲਈ ਜਿੱਤਣਾ ਚਾਹੁੰਦਾ ਸੀ। 2 ਹਿਜ਼ਕੀਯਾਹ ਜਾਣ ਗਿਆ ਕਿ ਸਨਹੇਰੀਬ ਯਰੂਸ਼ਲਮ ਉੱਪਰ ਹਮਲਾ ਕਰਨ ਲਈ ਆਇਆ ਹੈ। 3 ਤਦ ਪਾਤਸ਼ਾਹ ਨੇ ਆਪਣੇ ਸਰਦਾਰਾਂ ਅਤੇ ਸੈਨਾਪਤੀਆਂ ਨਾਲ ਗੱਲ ਕੀਤੀ। ਉਨ੍ਹਾਂ ਸਾਰਿਆਂ ਨੇ ਮਿਲ ਕੇ ਪਾਣੀ ਦੇ ਝਰਨਿਆਂ ਨੂੰ ਬੰਦ ਕਰਨ ਦੀ ਯੋਜਨਾ ਬਣਾਈ ਜੋ ਕਿ ਸ਼ਹਿਰ ਤੋਂ ਬਾਹਰ ਸਨ। ਤਾਂ ਉਨ੍ਹਾਂ ਸਰਦਾਰਾਂ ਅਤੇ ਸੈਨਾ ਦੇ ਮੁਖੀਆਂ ਨੇ ਉਸ ਦੀ ਮਦਦ ਕੀਤੀ। 4 ਕਾਫ਼ੀ ਸਾਰੇ ਲੋਕ ਇਕੱਠੇ ਹੋ ਕੇ ਆਏ ਤੇ ਉਨ੍ਹਾਂ ਨੇ ਮਿਲਕੇ ਸਾਰੇ ਝਰਨੇ ਅਤੇ ਨਹਿਰਾਂ ਜਿਹੜੀਆਂ ਉਸ ਦੇਸ ਵਿੱਚਾਲਿਓਂ ਵਗਦੀਆਂ ਸਨ ਉਨ੍ਹਾਂ ਨੂੰ ਡਕਾ ਲਾ ਦਿੱਤਾ। ਉਨ੍ਹਾਂ ਕਿਹਾ, “ਜਦੋਂ ਅੱਸ਼ੂਰ ਦਾ ਪਾਤਸ਼ਾਹ ਇੱਥੇ ਆਵੇਗਾ ਤਾਂ ਉਹ ਇੱਥੇ ਪਾਣੀ ਦੀ ਕਿੱਲਤ ਮਹਿਸੂਸ ਕਰੇਗਾ।” 5 ਹਿਜ਼ਕੀਯਾਹ ਨੇ ਯਰੂਸ਼ਲਮ ਨੂੰ ਮਜ਼ਬੂਤ ਕੀਤਾ। ਯਰੂਸ਼ਲਮ ਨੂੰ ਮਜ਼ਬੂਰ ਕਰਨ ਲਈ ਉਸ ਨੇ ਇਹ ਕੁਝ ਕੀਤਾ: ਜਿਹੜੀ ਦੀਵਾਰ ਟੁੱਟ ਗਈ ਸੀ ਪਾਤਸ਼ਾਹ ਨੇ ਮੁੜ ਤੋਂ ਟੁੱਟੀ ਦੀਵਾਰ ਨੂੰ ਬਣਵਾਇਆ। ਦੀਵਾਰਾਂ ਉੱਪਰ ਬੁਰਜ ਬਣਵਾਏ ਅਤੇ ਉਸ ਦੇ ਬਾਹਰ ਵਾਰ ਇੱਕ ਹੋਰ ਦੀਵਾਰ ਬਣਵਾਈ। ਉਸ ਨੇ ਦਾਊਦ ਦੇ ਸ਼ਹਿਰ ਮਿੱਲੋ ਨੂੰ ਪੱਕਿਆਂ ਕਰਵਾਇਆ ਅਤੇ ਬਹੁਤ ਸਾਰੇ ਸ਼ਸਤਰ ਅਤੇ ਢਾਲਾਂ ਬਣਵਾਈਆਂ। 6-7 ਉਸ ਨੇ ਲੋਕਾਂ ਉੱਪਰ ਸੈਨਾ ਦੇ ਸਰਦਾਰ ਮੁਕੱਰਰ ਕੀਤੇ ਅਤੇ ਇਨ੍ਹਾਂ ਸਰਦਾਰਾਂ ਨੂੰ ਉਹ ਸ਼ਹਿਰ ਦੇ ਫ਼ਾਟਕ ਦੇ ਖੁੱਲ੍ਹੇ ਮੈਦਾਨ ਵਿੱਚ ਮਿਲਿਆ। ਹਿਜ਼ਕੀਯਾਹ ਉਨ੍ਹਾਂ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਹੌਂਸਲਾ-ਉਤਸਾਹ ਦਿੱਤਾ ਅਤੇ ਕਿਹਾ, “ਤੁਸੀਂ ਤਕੜੇ ਅਤੇ ਬਹਾਦੁਰ ਬਣੋ! ਅੱਸ਼ੂਰ ਦੇ ਪਾਤਸ਼ਾਹ ਬਾਰੇ ਨਾ ਚਿੰਤਤ ਹੋਵੋ ਤੇ ਨਾ ਹੀ ਉਸ ਕੋਲੋਂ ਡਰੋ, ਨਾ ਹੀ ਉਸਦੀ ਵੱਡੀ ਫ਼ੌਜ ਵੇਖਕੇ ਭੈਅ ਖਾਣਾ। ਅੱਸ਼ੂਰ ਦੇ ਪਾਤਸ਼ਾਹ ਦੀ ਸ਼ਕਤੀ ਤੋਂ ਵੱਡੀ ਤਾਕਤ ਸਾਡੇ ਨਾਲ ਹੈ। 8 ਅੱਸ਼ੂਰ ਦੇ ਪਾਤਸ਼ਾਹ ਕੋਲ ਤਾਂ ਸਿਰਫ਼ ਫ਼ੌਜ ਹੈ ਪਰ ਸਾਡੇ ਨਾਲ ਯਹੋਵਾਹ ਸਾਡਾ ਪਰਮੇਸ਼ੁਰ ਹੈ। ਸਾਡਾ ਪਰਮੇਸ਼ੁਰ ਸਾਡੀ ਰੱਖਿਆ ਕਰੇਗਾ। ਸਾਡੀ ਜੰਗ ਉਹ ਆਪ ਲੜੇਗਾ।” ਇਉਂ ਹਿਜ਼ਕੀਯਾਹ ਪਾਤਸ਼ਾਹ ਨੇ ਉਨ੍ਹਾਂ ਨੂੰ ਹੌਂਸਲਾ ਦੇ ਕੇ ਉਨ੍ਹਾਂ ਨੂੰ ਪੱਕਿਆਂ ਕੀਤਾ।
9 ਅੱਸ਼ੂਰ ਦੇ ਪਾਤਸ਼ਾਹ ਸਨਹੇਰੀਬ ਨੇ ਜੋ ਆਪਣੀ ਫ਼ੌਜ ਸਮੇਤ ਸੀ, ਲਕੀਸ਼ ਦੇ ਸਾਹਮਣੇ ਡੇਰੇ ਲਾ ਲਏ ਤਾਂ ਜੋ ਵੈਰੀਆਂ ਨੂੰ ਹਰਾ ਸੱਕਣ। ਫ਼ਿਰ ਸਨਹੇਰੀਬ ਨੇ ਯਹੂਦਾਹ ਦੇ ਪਾਤਸ਼ਾਹ ਹਿਜ਼ਕੀਯਾਹ ਅਤੇ ਸਾਰੇ ਯਹੂਦਾਹ ਦੇ ਲੋਕਾਂ ਜੋ ਯਰੂਸ਼ਲਮ ਵਿੱਚ ਸਨ, ਕੋਲ ਆਪਣੇ ਹਲਕਾਰੇ ਭੇਜੇ। ਉਸ ਦੇ ਹਲਕਾਰਿਆਂ ਕੋਲ ਪਾਤਸ਼ਾਹ ਅਤੇ ਯਰੂਸ਼ਲਮ ਵਿੱਚ ਰਹਿੰਦੇ ਯਹੂਦੀਆਂ ਲਈ ਸੰਦੇਸ਼ਾ ਸੀ ਜੋ ਉਹ ਲੈ ਕੇ ਆਏ।
10 ਤਾਂ ਸੰਦੇਸ਼ਵਾਹਕਾਂ ਨੇ ਕਿਹਾ, “ਅੱਸ਼ੂਰ ਦਾ ਪਾਤਸ਼ਾਹ ਸਨਹੇਰੀਬ ਇਉਂ ਆਖਦਾ ਹੈ: ‘ਤੁਸੀਂ ਕਿਸ ਉੱਤੇ ਭਰੋਸਾ ਕਰਦੇ ਹੋ, ਕਿ ਤੁਸੀਂ ਯਰੂਸ਼ਲਮ ਵਿੱਚ ਹਮਲੇ ਹੇਠਾਂ ਬੈਠੇ ਹੋ? 11 ਕੀ ਹਿਜ਼ਕੀਯਾਹ ਤੁਹਾਨੂੰ ਗੁਮਰਾਹ ਨਹੀਂ ਕਰ ਰਿਹਾ ਤਾਂ ਜੋ ਉਹ ਤੁਹਾਨੂੰ ਕਾਲ ਜਾਂ ਪਿਆਸ ਨਾਲ ਮਰਨ ਦੇਵੇ ਜਦੋਂ ਉਹ ਆਖਦਾ, “ਯਹੋਵਾਹ ਸਾਡਾ ਪਰਮੇਸ਼ੁਰ ਸਾਨੂੰ ਅੱਸ਼ੂਰ ਦੇ ਰਾਜੇ ਦੇ ਹੱਥੋਂ ਬਚਾਵੇਗਾ।” 12 ਹਿਜ਼ਕੀਯਾਹ ਨੇ ਖੁਦ ਯਹੋਵਾਹ ਦੇ ਉੱਚੇ ਅਸਥਾਨਾਂ ਅਤੇ ਜਗਵੇਦੀਆਂ ਨੂੰ ਢਾਹਿਆ ਸੀ ਅਤੇ ਤੁਹਾਨੂੰ ਯਹੂਦਾਹ ਅਤੇ ਯਰੂਸ਼ਲਮ ਦੇ ਲੋਕਾਂ ਨੂੰ ਆਖਿਆ ਸੀ ਕਿ ਤੁਸੀਂ ਇੱਕੋ ਹੀ ਜਗਵੇਦੀ ਅੱਗੇ ਮੱਥਾ ਟੇਕੋ ਅਤੇ ਧੂਪ ਧੁਖਾਓ। 13 ਤੁਸੀਂ ਜਾਣਦੇ ਹੋ ਕਿ ਮੈਂ ਅਤੇ ਮੇਰੇ ਪੁਰਖਿਆਂ ਨੇ ਸਾਰਿਆਂ ਲੋਕਾਂ ਅਤੇ ਦੇਸਾਂ ਲਈ ਕੀ-ਕੀ ਨਹੀਂ ਕੀਤਾ। ਦੂਜੇ ਦੇਸਾਂ ਦੇ ਦੇਵਤੇ ਆਪਣੇ ਲੋਕਾਂ ਨੂੰ ਵੀ ਨਹੀਂ ਬਚਾਅ ਸੱਕੇ ਅਤੇ ਨਾ ਹੀ ਮੈਨੂੰ ਉਹ ਉਨ੍ਹਾਂ ਦੇ ਲੋਕਾਂ ਨੂੰ ਨਸ਼ਟ ਕਰਨ ਤੋਂ ਰੋਕ ਸੱਕੇ। 14 ਮੇਰੇ ਪੁਰਖਿਆਂ ਨੇ ਉਨ੍ਹਾਂ ਰਾਜਾਂ ਨੂੰ ਨਸ਼ਟ ਕੀਤਾ ਤੇ ਅਜਿਹਾ ਕੋਈ ਦੇਵਤਾਂ ਨਹੀਂ ਹੋਇਆ ਜੋ ਮੈਨੂੰ ਲੋਕਾਂ ਨੂੰ ਨਸ਼ਟ ਕਰਨ ਤੋਂ ਰੋਕ ਸੱਕੇ। ਤਾਂ ਤੁਸੀਂ ਕੀ ਸੋਚਦੇ ਹੋਂ ਕਿ ਕੀ ਤੁਹਾਡਾ ਪਰਮੇਸ਼ੁਰ ਤੁਹਾਨੂੰ 15 ਮੇਰੇ ਤੋਂ ਬਚਾਅ ਲਵੇਗਾ? ਤੁਸੀਂ ਹਿਜ਼ਕੀਯਾਹ ਦੇ ਆਖੇ ਲੱਗ ਕੇ ਮੂਰਖ ਨਾ ਬਣੋ। ਉਸ ਤੇ ਭਰੋਸਾ ਨਾ ਕਰੋ ਕਿਉਂ ਕਿ ਕਿਸੇ ਵੀ ਦੇਸ ਜਾਂ ਰਾਜ ਦਾ ਪਰਮੇਸ਼ੁਰ ਅੱਜ ਤੀਕ ਮੇਰੇ ਤੋਂ ਜਾਂ ਮੇਰੇ ਵੱਡੇਰਿਆਂ ਤੋਂ ਆਪਣੇ ਲੋਕਾਂ ਨੂੰ ਸੁਰੱਖਿਅਤ ਨਹੀਂ ਰੱਖ ਸੱਕਿਆ। ਸੋ ਤੁਸੀਂ ਇਸ ਵਹਿਮ ਵਿੱਚ ਨਾ ਰਹੋ ਕਿ ਤੁਹਾਡਾ ਪਰਮੇਸ਼ੁਰ ਤੁਹਾਡਾ ਨਾਸ ਮੇਰੇ ਹੱਥੋਂ ਕਰਨ ਤੋਂ ਤੁਹਾਨੂੰ ਬਚਾਅ ਲਵੇਗਾ।’”
16 ਅੱਸ਼ੂਰ ਦੇ ਪਾਤਸ਼ਾਹ ਦੇ ਸੇਵਕਾਂ ਨੇ ਯਹੋਵਾਹ ਪਰਮੇਸ਼ੁਰ ਦੇ ਵਿਰੁੱਧ ਅਤੇ ਉਸ ਦੇ ਸੇਵਕ ਹਿਜ਼ਕੀਯਾਹ ਦੇ ਵਿਰੁੱਧ ਹੋਰ ਬਹੁਤ ਸਾਰੀਆਂ ਗੱਲਾਂ ਆਖੀਆਂ। 17 ਅੱਸ਼ੂਰ ਦੇ ਪਾਤਸ਼ਾਹ ਨੇ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦੀ ਨਿਰਾਦਰੀ ਕਰਨ ਲਈ ਚਿੱਠੀਆਂ ਵੀ ਭੇਜੀਆਂ, “ਜਿਵੇਂ ਕਿ ਹੋਰਨਾਂ ਕੌਮਾਂ ਦੇ ਦੇਵਤੇ ਆਪਣੇ ਲੋਕਾਂ ਨੂੰ ਮੇਰੇ ਹੱਥੋਂ ਨਹੀਂ ਬਚਾ ਸੱਕੇ ਤਿਵੇਂ ਹਿਜ਼ਕੀਯਾਹ ਦਾ ਪਰਮੇਸ਼ੁਰ ਵੀ ਆਪਣੇ ਲੋਕਾਂ ਨੂੰ ਮੇਰੇ ਹੱਥੋਂ ਨਹੀਂ ਬਚਾ ਸੱਕੇਗਾ।” 18 ਤਦ ਅੱਸ਼ੂਰ ਦੇ ਪਾਤਸ਼ਾਹ ਦੇ ਸੇਵਕ ਯਰੂਸ਼ਲਮ ਦੇ ਲੋਕਾਂ ਨੂੰ ਜਿਹੜੇ ਕਿ ਕੰਧ ਉੱਤੇ ਸਨ, ਜ਼ੋਰ-ਜ਼ੋਰ ਦੀ ਬੋਲਕੇ ਸੁਨਾਉਣ ਲੱਗੇ। ਉਨ੍ਹਾਂ ਨੇ ਉੱਚੀ ਆਵਾਜ਼ ਵਿੱਚ ਯਹੂਦੀਆਂ ਦੀ ਬੋਲੀ ਵਿੱਚ ਯਰੂਸ਼ਲਮ ਦੇ ਲੋਕਾਂ ਨੂੰ ਸੁਣਾਇਆ। ਇਹ ਸਭ ਕੁਝ ਉਨ੍ਹਾਂ ਨੇ ਯਰੂਸਲਮ ਦੇ ਲੋਕਾਂ ਨੂੰ ਭੈਭੀਤ ਕਰਨ ਲਈ ਕੀਤਾ ਤਾਂ ਜੋ ਉਹ ਉਨ੍ਹਾਂ ਨੂੰ ਡਰਾ ਕੇ ਯਰੂਸ਼ਲਮ ਉੱਪਰ ਕਬਜ਼ਾ ਕਰ ਸੱਕਣ। 19 ਉਨ੍ਹਾਂ ਨੇ ਯਰੂਸ਼ਲਮ ਦੇ ਪਰਮੇਸ਼ੁਰ ਦਾ ਵਰਣਨ ਧਰਤੀ ਦੀਆਂ ਕੌਮਾਂ ਦੇ ਦੇਵਤਿਆਂ ਵਾਂਗ ਕੀਤਾ ਜਿਹੜੇ ਕਿ ਮਨੁੱਖਾਂ ਦੇ ਹੱਥਾਂ ਦੀ ਬਣਤ ਸਨ।
20 ਇਨ੍ਹਾਂ ਸਮੱਸਿਆਵਾਂ ਕਾਰਣ, ਪਾਤਸ਼ਾਹ ਹਿਜ਼ਕੀਯਾਹ ਅਤੇ ਅਮੋਸ ਦੇ ਪੁੱਤਰ, ਯਸਾਯਾਹ ਨਬੀ ਨੇ ਅਕਾਸ਼ ਵੱਲ ਤੱਕ ਕੇ ਪ੍ਰਾਰਥਨਾ ਕੀਤੀ। 21 ਤਦ ਯਹੋਵਾਹ ਨੇ ਅੱਸ਼ੂਰ ਪਾਤਸ਼ਾਹ ਦੇ ਡੇਰੇ ਵਿੱਚ ਇੱਕ ਦੂਤ ਨੂੰ ਭੇਜਿਆ। ਉਸ ਦੂਤ ਨੇ ਡੇਰੇ ਵਿੱਚਲੇ ਸਾਰੇ ਸਿਪਾਹੀਆਂ, ਆਗੂਆਂ ਅਤੇ ਉਸ ਦੇ ਸੈਨਾਪਤੀਆਂ ਨੂੰ ਵੱਢ ਸੁੱਟਿਆ। ਤਦ ਅੱਸ਼ੂਰ ਦਾ ਪਾਤਸ਼ਾਹ ਲੋਕਾਂ ਤੋਂ ਸ਼ਰਮਿੰਦਾ ਹੋ ਕੇ ਆਪਣੇ ਦੇਸ਼ ਨੂੰ ਮੁੜ ਗਿਆ ਫ਼ਿਰ ਉਹ ਪਰਤ ਕੇ ਆਪਣੇ ਦੇਵਤੇ ਦੇ ਮੰਦਰ ਵਿੱਚ ਗਿਆ ਤੇ ਉਸ ਦੇ ਆਪਣੇ ਹੀ ਪੁੱਤਰਾਂ ਵਿੱਚੋਂ ਕਿਸੇ ਨੇ ਉਸ ਨੂੰ ਤਲਵਾਰ ਨਾਲ ਵੱਢ ਸੁੱਟਿਆ। 22 ਇਉਂ ਯਹੋਵਾਹ ਨੇ ਹਿਜ਼ਕੀਯਾਹ ਅਤੇ ਯਰੂਸ਼ਲਮ ਦੇ ਲੋਕਾਂ ਨੂੰ ਅੱਸ਼ੂਰ ਦੇ ਪਾਤਸ਼ਾਹ ਸਨਹੇਰੀਬ ਅਤੇ ਹੋਰਨਾਂ ਲੋਕਾਂ ਤੋਂ ਬਚਾਇਆ, ਅਤੇ ਹੋਰਨਾਂ ਤੋਂ ਉਨ੍ਹਾਂ ਦੀ ਰੱਖਵਾਲੀ ਕੀਤੀ। 23 ਬਹੁਤ ਸਾਰੇ ਲੋਕ ਯਹੋਵਾਹ ਲਈ ਯਰੂਸ਼ਲਮ ਵਿੱਚ ਚੜ੍ਹਾਵੇ ਲਿਆਏ ਅਤੇ ਯਹੂਦਾਹ ਦੇ ਪਾਤਸ਼ਹ ਹਿਜ਼ਕੀਯਾਹ ਲਈ ਮੁੱਲਵਾਨ ਤੋਹਫ਼ੇ ਲਿਆਏ। ਇਉਂ ਉਸ ਸਮੇਂ ਤੋਂ ਹਿਜ਼ਕੀਯਾਹ ਸਾਰੀਆਂ ਕੌਮਾਂ ਦੀ ਨਿਗਾਹ ਵਿੱਚ ਉੱਚਾ ਹੋ ਗਿਆ।
24 ਉਨ੍ਹੀ ਦਿਨੀ ਹਿਜ਼ਕੀਯਾਹ ਇੰਨਾ ਬੀਮਾਰ ਹੋਇਆ ਕਿ ਬਿਲਕੁਲ ਮਰਨ ਕਿਨਾਰੇ ਹੋ ਗਿਆ। ਉਸ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ ਤਾਂ ਯਹੋਵਾਹ ਨੇ ਉਸ ਨੂੰ ਕੁਝ ਆਖਿਆ ਅਤੇ ਨਿਸ਼ਾਨ ਦਿੱਤਾ। 25 ਪਰ ਹਿਜ਼ਕੀਯਾਹ ਨੇ ਉਸ ਰਹਿਮ ਮੁਤਾਬਕ ਜੋ ਉਸ ਉੱਪਰ ਕੀਤਾ ਗਿਆ ਸੀ ਕੰਮ ਨਾ ਕੀਤਾ। ਕਿਉਂ ਕਿ ਉਸ ਦੇ ਮਨ ਵਿੱਚ ਹੰਕਾਰ ਆ ਗਿਆ ਸੀ। ਇਸੀ ਕਾਰਣ ਉਸ ਉੱਪਰ, ਯਹੂਦਾਹ ਅਤੇ ਯਰੂਸ਼ਲਮ ਉੱਪਰ ਕਹਿਰ ਭੜਕਿਆ ਸੀ। 26 ਪਰ ਫ਼ਿਰ ਹਿਜ਼ਕੀਯਾਹ ਅਤੇ ਯਰੂਸ਼ਲਮ ਵਿੱਚ ਰਹਿੰਦੇ ਲੋਕਾਂ ਨੇ ਨਿਮਰਤਾ ਇਖਤਿਆਰ ਕਰਕੇ ਆਪਣੇ ਆਪ ਨੂੰ ਬਦਲਿਆ। ਉਨ੍ਹਾਂ ਨੇ ਹੰਕਾਰ ਦਾ ਤਿਆਗ ਕਰਕੇ ਹਲੀਮੀ ਦਾ ਰਾਹ ਫ਼ੜਿਆ ਇਸ ਲ਼ਈ ਜਦੋਂ ਹਿਜ਼ਕੀਯਾਹ ਜਿਉਂਦਾ ਸੀ ਤਾਂ ਯਹੋਵਾਹ ਨੇ ਆਪਣੀ ਕਰੋਪੀ ਉਨ੍ਹਾਂ ਤੇ ਨਾ ਵਿਖਾਈ।
27 ਹਿਜ਼ਕੀਯਾਹ ਨੂੰ ਆਪਣੇ ਜਿਉਂਦੇ-ਜੀਅ ਬਹੁਤ ਮਾਨ-ਵਡਿਆਈ ਮਿਲੀ। ਉਸ ਨੇ ਚਾਂਦੀ, ਸੋਨੇ, ਬਹੁਮੁੱਲੇ ਪੱਥਰ ਅਤੇ ਮਸਾਲੇ ਅਤੇ ਢਾਲਾਂ ਅਤੇ ਹਰ ਪ੍ਰਕਾਰ ਦੀਆਂ ਵਸਤਾਂ ਦੀ ਸੰਭਾਲ ਲਈ ਥਾਵਾਂ ਬਣਾਈਆਂ। 28 ਹਿਜ਼ਕੀਯਾਹ ਨੇ ਅਨਾਜ ਲਈ, ਨਵੀਂ ਸ਼ਰਾਬ ਅਤੇ ਤੇਲ ਦੀ ਸੰਭਾਲ ਲਈ ਗੋਦਾਮ ਬਣਵਾਏ। ਪਸ਼ੂਆਂ ਅਤੇ ਭੇਡਾਂ ਲਈ ਵਾੜੇ ਬਣਵਾਏ। 29 ਹਿਜ਼ਕੀਯਾਹ ਨੇ ਬਹੁਤ ਸਾਰੇ ਸ਼ਹਿਰਾਂ ਦਾ ਨਿਰਮਾਣ ਕੀਤਾ। ਉਸ ਕੋਲ ਪਸ਼ੂਆਂ ਅਤੇ ਭੇਡਾਂ ਦਾ ਬਹੁਤ ਵੱਡਾ ਇੱਜੜ ਸੀ ਕਿਉਂ ਕਿ ਯਹੋਵਾਹ ਨੇ ਉਸ ਨੂੰ ਬਹੁਤ ਸਾਰੀਆਂ ਮਲਕੀਅਤਾਂ ਦਿੱਤੀਆਂ ਸਨ। 30 ਇਹ ਹਿਜ਼ਕੀਯਾਹ ਹੀ ਸੀ ਜਿਸਨੇ ਗੀਹੋਨ ਦੇ ਪਾਣੀ ਦੇ ਉੱਪਰ ਸਰੋਤ ਨੂੰ ਬੰਦ ਕਰਕੇ ਉਸ ਨੂੰ ਦਾਊਦ ਦੇ ਸ਼ਹਿਰ ਦੇ ਪੱਛਮੀ ਇਲਾਕੇ ਵੱਲ ਸਿੱਧਾ ਪਹੁੰਚਾ ਦਿੱਤਾ ਅਤੇ ਪਾਤਸ਼ਾਹ ਆਪਣੇ ਸਾਰੇ ਕੰਮ ਵਿੱਚ ਸਫ਼ਲ ਵੀ ਹੋਇਆ।
31 ਇੱਕ ਵਾਰ ਬਾਬਲ ਦੇ ਆਗੂਆਂ ਨੇ ਹਿਜ਼ਕੀਯਾਹ ਕੋਲ ਹਲਕਾਰੇ ਭੇਜੇ। ਉਨ੍ਹਾਂ ਹਲਕਾਰਿਆਂ ਨੇ ਉਸ ਅਜਬ ਨਿਸ਼ਾਨ ਬਾਰੇ ਪੁੱਛ-ਗਿੱਛ ਕੀਤੀ ਜਿਹੜਾ ਉਨ੍ਹਾਂ ਦੇ ਰਾਜ ਵਿੱਚ ਵਾਪਰਿਆ ਸੀ। ਜਦੋਂ ਉਹ ਆਏ ਤਾਂ ਪਰਮੇਸ਼ੁਰ ਨੇ ਹਿਜ਼ਕੀਯਾਹ ਨੂੰ ਪਰਤਾਉਣ ਲਈ ਇੱਕਲਿਆਂ ਛੱਡ ਦਿੱਤਾ ਤਾਂ ਜੋ ਪਤਾ ਕਰੇ ਕਿ ਉਸ ਦੇ ਦਿਲ ਵਿੱਚ ਕੀ ਹੈ?
32 ਹਿਜ਼ਕੀਯਾਹ ਦੇ ਕਾਰਨਾਮੇ ਅਤੇ ਚੰਗੀਆਂ ਕਰਨੀਆਂ ਅਮੋਸ ਦੇ ਪੁੱਤਰ ਯਸਾਯਾਹ ਨਬੀ ਦੇ ਦਰਸ਼ਣਾ ਅਤੇ ਯਹੂਦਾਹ ਅਤੇ ਇਸਰਾਏਲ ਦੇ ਰਾਜਿਆਂ ਦੇ ਇਤਹਾਸ ਦੀ ਪੋਥੀ ਵਿੱਚ ਲਿਖੀਆਂ ਹੋਈਆਂ ਹਨ। 33 ਹਿਜ਼ਕੀਯਾਹ ਦੀ ਜਦੋਂ ਮੌਤ ਹੋਈ ਤਾਂ ਉਸ ਨੂੰ ਉਸ ਦੇ ਪੁਰਖਿਆਂ ਦੇ ਕੋਲ ਦਫ਼ਨਾਇਆ ਗਿਆ। ਲੋਕਾਂ ਨੇ ਉਸ ਨੂੰ ਦਾਊਦ ਦੇ ਪੁਰਖਿਆਂ ਦੀਆਂ ਕਬਰਾਂ ਵਿੱਚ ਉੱਚੇ ਥਾਂ ਉੱਪਰ ਦਬਿਆ ਅਤੇ ਸਾਰੇ ਯਹੂਦਾਹ ਅਤੇ ਯਰੂਸ਼ਲਮ ਦੇ ਵਾਸੀਆਂ ਨੇ ਉਸਦੀ ਮੌਤ ਉੱਪਰ ਉਸਦਾ ਸਤਿਕਾਰ ਕੀਤਾ ਅਤੇ ਉਸਦਾ ਪੁੱਤਰ ਮਨੱਸ਼ਹ ਉਸਦੀ ਥਾਂ ਰਾਜ ਕਰਨ ਲੱਗਾ।
ਯਹੂਦਾਹ ਦਾ ਪਾਤਸ਼ਾਹ ਮਨੱਸ਼ਹ
33 ਮਨੱਸ਼ਹ ਜਦੋਂ ਯਹੂਦਾਹ ਦਾ ਪਾਤਸ਼ਾਹ ਬਣਿਆ ਤਾਂ ਉਹ 12ਵਰ੍ਹਿਆਂ ਦਾ ਸੀ ਅਤੇ ਉਸ ਨੇ ਯਰੂਸਲਮ ਵਿੱਚ 55 ਵਰ੍ਹੇ ਰਾਜ ਕੀਤਾ। 2 ਮਨੱਸ਼ਹ ਨੇ ਯਹੋਵਾਹ ਦੀ ਨਿਗਾਹ ਵਿੱਚ ਬਦੀ ਕੀਤੀ ਅਤੇ ਉਸ ਨੇ ਉਨ੍ਹਾਂ ਕੌਮਾਂ ਦੇ ਘਿਨਾਉਣੇ ਕੰਮਾਂ ਵਾਂਗ ਮਾੜੇ ਕੰਮ ਕੀਤੇ ਜਿਨ੍ਹਾਂ ਕਾਰਣ ਯਹੋਵਾਹ ਨੇ ਉਨ੍ਹਾਂ ਨੂੰ ਇਸਰਾਏਲੀਆਂ ਦੇ ਅਗਿਓ ਕੱਢ ਦਿੱਤਾ ਸੀ। 3 ਮਨੱਸ਼ਹ ਨੇ ਉਨ੍ਹਾਂ ਉਚਿਆਂ ਥਾਵਾਂ ਨੂੰ ਮੁੜ ਤੋਂ ਬਣਵਾਇਆ, ਜਿਨ੍ਹਾਂ ਨੂੰ ਉਸ ਦੇ ਪਿਤਾ ਹਿਜ਼ਕੀਯਾਹ ਨੇ ਢਾਹ ਦਿੱਤਾ ਸੀ। ਮਨੱਸ਼ਹ ਨੇ ਬਆਲਾਂ ਦੇਵਤਿਆਂ ਲਈ ਜਗਵੇਦੀਆਂ ਅਤੇ ਟੁੰਡ ਦੇਵੀਆਂ ਬਣਵਾਈਆਂ। ਉਸ ਨੇ ਸਾਰੇ ਸੁਰਗੀ ਲਸ਼ਕਰਾਂ ਨੂੰ ਮੱਥਾ ਟੇਕਿਆ ਅਤੇ ਉਨ੍ਹਾਂ ਦੀ ਉਪਾਸਨਾ ਕੀਤੀ। 4 ਮਨੱਸ਼ਹ ਨੇ ਯਹੋਵਾਹ ਦੇ ਮੰਦਰ ਵਿੱਚ ਝੂਠੇ ਦੇਵਤਿਆਂ ਦੀਆਂ ਜਗਵੇਦੀਆਂ ਬਣਵਾਈਆਂ। ਜਿੱਥੇ ਕਿ ਯਹੋਵਾਹ ਦਾ ਫੁਰਮਾਨ ਸੀ, “ਮੇਰਾ ਨਾਉਂ ਯਰੂਸ਼ਲਮ ਵਿੱਚ ਸਦਾ ਤੀਕ ਰਹੇਗਾ।” 5 ਮਨੱਸ਼ਹ ਨੇ ਯਹੋਵਾਹ ਦੇ ਮੰਦਰ ਦੇ ਦੋ ਵਿਹੜਿਆਂ ਵਿੱਚ ਤਾਰਿਆਂ ਦੇ ਲਸ਼ਕਰਾਂ ਲਈ ਜਗਵੇਦੀਆਂ ਬਣਵਾਈਆਂ। 6 ਉਸ ਨੇ ਬਨ-ਹਿੰਨੋਮ ਦੀ ਵਾਦੀ ਵਿੱਚ ਬਲੀ ਵਜੋਂ ਆਪਣੇ ਪੁੱਤਰਾਂ ਨੂੰ ਅੱਗ ਵਿੱਚ ਸਾੜਿਆ। ਉਹ ਕਾਲਾ ਜਾਦੂ (ਭਵਿੱਖ ਬਾਣੀ) ਕਰਦਾ ਸੀ ਅਤੇ ਉਨ੍ਹਾਂ ਲੋਕਾਂ ਦਾ ਸਾਥ ਰੱਖਦਾ ਸੀ ਜਿਹੜੇ ਭੂਤ-ਮ੍ਰਿਤ, ਜਾਦੂਗਰ ਅਤੇ ਜੋਤਸ਼ੀ ਸਨ। ਮਨੱਸ਼ਹ ਨੇ ਬਹੁਤ ਸਾਰੇ ਅਜਿਹੇ ਕੰਮ ਕੀਤੇ ਜੋ ਯਹੋਵਾਹ ਮੁਤਾਬਕ ਨਹੀਂ ਕੀਤੇ ਜਾਣੇ ਚਾਹੀਦੇ ਸਨ। ਇਸ ਕਰਕੇ ਯਹੋਵਾਹ ਮਨੱਸ਼ਹ ਤੇ ਬੜਾ ਕ੍ਰੋਧਵਾਨ ਸੀ। 7 ਮਨੱਸ਼ਹ ਨੇ ਇੱਕ ਮੂਰਤ ਘੜਵਾ ਕੇ ਉਸਦਾ ਬੁੱਤ ਯਹੋਵਾਹ ਦੇ ਮੰਦਰ ਵਿੱਚ ਰੱਖਵਾਇਆ। ਅਤੇ ਰੱਖਵਾਇਆ ਵੀ ਉਸ ਮੰਦਰ ਵਿੱਚ ਜਿਸ ਬਾਰੇ ਪਰਮੇਸ਼ੁਰ ਨੇ ਦਾਊਦ ਅਤੇ ਉਸ ਦੇ ਪੁੱਤਰ ਸੁਲੇਮਾਨ ਨੂੰ ਹੁਕਮ ਦਿੱਤਾ ਸੀ ਕਿ ਮੈਂ ਇਸ ਮੰਦਰ ਵਿੱਚ ਅਤੇ ਯਰੂਸ਼ਲਮ ਵਿੱਚ ਜਿਸ ਨੂੰ ਮੈਂ ਹੁਣ ਇਸਰਾਏਲ ਦੇ ਸਾਰੇ ਪਰਿਵਾਰ-ਸਮੂਹ ਵਿੱਚੋਂ ਚੁਣ ਲਿਆ ਹੈ, ਇੱਥੇ ਆਪਣਾ ਨਾਉਂ ਹਮੇਸ਼ਾ ਲਈ ਰੱਖਾਂਗਾ। 8 ਅਤੇ ਮੈਂ ਇਸਰਾਏਲ ਦੇ ਪੈਰ ਉਸ ਜ਼ਮੀਨ ਉੱਤੋਂ ਜਿਸ ਦੇ ਵਿੱਚ ਮੈਂ ਉਨ੍ਹਾਂ ਦੇ ਪੁਰਖਿਆਂ ਨੂੰ ਭੇਜਿਆ ਹੈ, ਫ਼ਿਰ ਕਦੇ ਨਹੀਂ ਹਟਾਵਾਂਗਾ ਪਰ ਜੇ ਉਹ ਉਨ੍ਹਾਂ ਸਾਰੀਆਂ ਗੱਲਾਂ ਦੇ ਪੂਰਾ ਕਰਨ ਦੀ, ਜਿਨ੍ਹਾਂ ਦਾ ਮੈਂ ਉਨ੍ਹਾਂ ਨੂੰ ਹੁਕਮ ਦਿੱਤਾ, ਉਸਦੀ ਪਾਲਨਾ ਕਰਨ। ਯਾਣੀ ਕਿ ਜਿਹੜੀਆਂ ਬਿਵਸਥਾ, ਬਿਧੀਆਂ ਅਤੇ ਨਿਆਵਾਂ ਦਾ ਮੂਸਾ ਨੇ ਲੋਕਾਂ ਨੂੰ ਮੰਨਣ ਦਾ ਹੁਕਮ ਦਿੱਤਾ ਸੀ।
9 ਮਨੱਸ਼ਹ ਨੇ ਯਹੂਦਾਹ ਦੇ ਲੋਕਾਂ ਅਤੇ ਯਰੂਸ਼ਲਮ ਵਿੱਚ ਜੋ ਲੋਕ ਰਹਿ ਰਹੇ ਸਨ, ਉਨ੍ਹਾਂ ਨੂੰ ਗ਼ਲਤ ਕੰਮਾਂ ਲਈ ਪ੍ਰੇਰਿਆ। ਇਨ੍ਹਾਂ ਲੋਕਾਂ ਨੇ ਉਨ੍ਹਾਂ ਕੌਮਾਂ ਨਾਲੋਂ ਵੀ ਵੱਧ ਬੁਰੇ ਕੰਮ ਕੀਤੇ ਜਿਨ੍ਹਾਂ ਨੂੰ ਯਹੋਵਾਹ ਨੇ ਇਸਰਾਏਲੀਆਂ ਦੇ ਅੱਗੇ ਬਰਬਾਦ ਕਰਵਾਇਆ ਸੀ।
10 ਯਹੋਵਾਹ ਨੇ ਮਨੱਸ਼ਹ ਅਤੇ ਉਸ ਦੇ ਲੋਕਾਂ ਨਾਲ ਗੱਲ ਕਰਨ ਦੀ ਕੋਸਿਸ਼ ਕੀਤੀ ਪਰ ਉਨ੍ਹਾਂ ਨੇ ਗੱਲ ਨਾ ਸੁਣੀ। 11 ਇਸ ਲਈ ਯਹੋਵਾਹ ਨੇ ਅੱਸ਼ੂਰ ਦੀ ਸੈਨਾ ਦੇ ਕਮਾਂਡਰਾਂ ਨੂੰ ਉਨ੍ਹਾਂ ਉੱਪਰ ਹਮਲਾ ਕਰਨ ਲਈ ਭੇਜਿਆ। ਉਹ ਕਮਾਂਡਰ ਮਨੱਸ਼ਹ ਦੇ ਨੱਕ ਵਿੱਚ ਨੱਥ ਪਾ ਕੇ, ਉਸ ਦੇ ਹੱਥਾਂ ਨੂੰ ਹੱਥਕੜੀਆਂ ਲਗਾ ਕੇ ਉਸ ਨੂੰ ਬਾਬਲ ਨੂੰ ਲੈ ਆਏ।
12 ਜਦੋਂ ਮਨੱਸ਼ਹ ਤੇ ਇਹ ਬਿਪਤਾ ਆ ਪਈ ਤਾਂ ਫ਼ਿਰ ਉਹ ਯਹੋਵਾਹ ਆਪਣੇ ਪਰਮੇਸ਼ੁਰ ਦੀ ਮਿੰਨਤ ਕਰਨ ਲੱਗਾ ਕਿ ਉਸਦੀ ਮਦਦ ਕਰੇ। ਇਉਂ ਉਸ ਨੇ ਯਹੋਵਾਹ ਪਰਮੇਸ਼ੁਰ ਦੇ ਸਾਹਮਣੇ ਆਪਣੇ ਵੱਡੇਰਿਆਂ ਵਾਂਗ ਨਿਮਰਤਾ ਵਿਖਾਈ। 13 ਉਸ ਨੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ ਅਤੇ ਮਿੰਨਤ ਕੀਤੀ ਕਿ ਉਹ ਉਸਤੇ ਰਹਿਮ ਕਰੇ। ਤਾਂ ਯਹੋਵਾਹ ਨੇ ਮਨੱਸ਼ਹ ਦੀ ਪ੍ਰਾਰਥਨਾ ਸੁਣ ਲਈ ਅਤੇ ਉਸ ਨੂੰ ਖਿਮਾ ਕਰ ਦਿੱਤਾ। ਯਹੋਵਾਹ ਨੇ ਮੁੜ ਉਸ ਨੂੰ ਯਰੂਸ਼ਲਮ ਆਪਣੇ ਰਾਜ ਉੱਪਰ ਜਾਣ ਦਿੱਤਾ। ਤਦ ਮਨੱਸ਼ਹ ਨੂੰ ਸੋਝੀ ਆਈ ਕਿ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ।
14 ਇਸ ਘਟਨਾ ਉਪਰੰਤ ਮਨੱਸ਼ਹ ਨੇ ਦਾਊਦ ਦੇ ਸ਼ਹਿਰ ਬਾਹਰ ਵੱਲ ਇੱਕ ਕੰਧ ਬਣਵਾਈ। ਇਹ ਦੀਵਾਰ ਗੀਹੋਨ ਦੇ ਪੱਛਮ ਵੱਲ ਕਿਦਰੋਨ ਵਾਦੀ ਵਿੱਚੋਂ ਮੱਛੀ ਫ਼ਾਟਕ ਦੇ ਪ੍ਰਵੇਸ਼ ਦੁਆਰ ਅਤੇ ਓਫ਼ਲ ਪਹਾੜੀ ਦੇ ਦੁਆਲੇ ਨੂੰ ਘੇਰਦੀ ਸੀ। ਇਹ ਦੀਵਾਰ ਉਸ ਨੇ ਬੜੀ ਉੱਚੀ ਬਣਾਈ। ਫ਼ਿਰ ਉਸ ਨੇ ਯਹੂਦਾਹ ਦੇ ਸਾਰੇ ਗੜ੍ਹ ਵਾਲੇ ਸ਼ਹਿਰਾਂ ਵਿੱਚ ਅਫ਼ਸਰ ਚੁਣੇ। 15 ਮਨੱਸ਼ਹ ਨੇ ਉੱਥੋਂ ਓਪਰੇ ਦੇਵਤਿਆਂ ਨੂੰ ਚੁੱਕ ਦਿੱਤਾ। ਉਸ ਨੇ ਯਹੋਵਾਹ ਦੇ ਮੰਦਰ ਵਿੱਚੋਂ ਦੇਵਤਿਆਂ ਦੇ ਬੁੱਤਾਂ ਨੂੰ ਬਾਹਰ ਕੱਢ ਦਿੱਤਾ। ਜਿਹੜੇ ਪਹਾੜੀ ਵਾਲੇ ਮੰਦਰ ਉੱਤੇ ਤੇ ਯਰੂਸ਼ਲਮ ਵਿੱਚ ਉਸ ਨੇ ਜਗਵੇਦੀਆਂ ਬਣਾਈਆਂ ਸਨ ਉਹ ਵੀ ਚੁੱਕ ਦਿੱਤੀਆਂ। ਇਹ ਸਭ ਕੁਝ ਉਸ ਨੇ ਯਰੂਸ਼ਲਮ ਵਿੱਚੋਂ ਬਾਹਰ ਕੱਢ ਸੁੱਟਿਆ। 16 ਫ਼ਿਰ ਉਸ ਨੇ ਉੱਥੇ ਯਹੋਵਾਹ ਦੀ ਜਗਵੇਦੀ ਬਣਾਈ ਅਤੇ ਉਸ ਉੱਪਰ ਸੁੱਖ-ਸਾਂਦ ਦੀਆਂ ਭੇਟਾਂ ਅਤੇ ਧੰਨਵਾਦ ਦੀਆਂ ਭੇਟਾਂ ਚੜ੍ਹਾਈਆਂ। ਮਨੱਸ਼ਹ ਨੇ ਫ਼ਿਰ ਯਹੂਦਾਹ ਦੇ ਸਾਰੇ ਲੋਕਾਂ ਨੂੰ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦੀ ਸੇਵਾ ਕਰਨ ਦਾ ਹੁਕਮ ਦਿੱਤਾ। 17 ਤਦ ਵੀ ਲੋਕ ਅਜੇ ਤੀਕ ਉਚਿਆਂ ਥਾਵਾਂ ਤੇ ਬਲੀ ਚੜ੍ਹਾਉਂਦੇ ਰਹੇ, ਪਰ ਇਹ ਬਲੀ ਕੇਵਲ ਯਹੋਵਾਹ ਆਪਣੇ ਪਰਮੇਸ਼ੁਰ ਦੇ ਲਈ ਸੀ।
18 ਮਨੱਸ਼ਹ ਨੇ ਹੋਰ ਜਿਹੜੇ ਕਾਰਜ ਕੀਤੇ ਅਤੇ ਜਿਹੜੀਆਂ ਪ੍ਰਾਰਥਨਾ ਉਸ ਨੇ ਆਪਣੇ ਪਰਮੇਸ਼ੁਰ ਅੱਗੇ ਕੀਤੀਆਂ ਅਤੇ ਉਨ੍ਹਾਂ ਨਬੀਆਂ ਦੀਆਂ ਗੱਲਾਂ ਜਿਨ੍ਹਾਂ ਨੇ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦੇ ਨਾਉਂ ਨਾਲ ਉਸ ਨਾਲ ਕੀਤੀਆਂ ਸਨ ਉਹ ਸਭ ਇਸਰਾਏਲ ਦੇ ਪਾਤਸ਼ਾਹਾਂ ਦੇ ਦਫ਼ਤਰੀ ਲੇਖਿਆਂ ਦੀ ਪੋਥੀ ਵਿੱਚ ਲਿਖੀਆਂ ਹੋਈਆਂ ਹਨ। 19 ਮਨੱਸ਼ਹ ਦੀ ਪ੍ਰਾਰਥਨਾਵਾਂ ਅਤੇ ਕਿਵੇਂ ਪਰਮੇਸ਼ੁਰ ਨੇ ਉਸਦੀਆਂ ਪ੍ਰਾਰਥਨਾਵਾਂ ਕਬੂਲ ਕਰਕੇ ਉਸ ਤੇ ਰਹਿਮਤ ਕੀਤੀ ਇਹ ਸਭ ਨਬੀਆਂ ਦੀ ਪੋਥੀ ਵਿੱਚ ਦਰਜ ਹੈ, ਇਸ ਤੋਂ ਪਹਿਲਾਂ ਮਨੱਸ਼ਹ ਦੇ ਸਾਰੇ ਪਾਪ ਜੋ ਉਸ ਨੇ ਆਪਣੇ ਆਪ ਨੂੰ ਨਿਮਰਤਾ ’ਚ ਲਿਆਉਣ ਤੋਂ ਪਹਿਲਾਂ ਕੀਤੇ ਸਨ, ਅਤੇ ਉਹ ਥਾਵਾਂ ਜਿੱਥੇ ਉਸ ਨੇ ਉੱਚੀਆਂ ਥਾਵਾਂ ਬਣਵਾਈਆਂ, ਅਤੇ ਜਿੱਥੇ ਉਸ ਨੇ ਅਸ਼ੇਰਾਹ ਦੇ ਥੰਮ ਅਤੇ ਬੁੱਤ ਸਥਾਪਿਤ ਕੀਤੇ ਸਨ ਨਬੀਆਂ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ। 20 ਮਨੱਸ਼ਹ ਦੀ ਮੌਤ ਉਪਰੰਤ ਉਸ ਨੂੰ ਉਸ ਦੇ ਪੁਰਖਿਆਂ ਕੋਲ ਦਫ਼ਨਾਇਆ ਗਿਆ। ਮਨੱਸ਼ਹ ਨੂੰ ਲੋਕਾਂ ਨੇ ਉਸ ਦੇ ਰਾਜ ਮਹਿਲ ਵਿੱਚ ਹੀ ਦਫ਼ਨਾਇਆ ਅਤੇ ਉਸਦੀ ਜਗ੍ਹਾ ਉਸਦਾ ਪੁੱਤਰ ਆਮੋਨ ਨਵਾਂ ਪਾਤਸ਼ਾਹ ਬਣਿਆ।
ਯਹੂਦਾਹ ਦਾ ਪਾਤਸ਼ਾਹ ਆਮੋਨ
21 ਆਮੋਨ 22 ਵਰ੍ਹਿਆਂ ਦਾ ਸੀ ਜਦੋਂ ਉਹ ਯਹੂਦਾਹ ਦਾ ਪਾਤਸ਼ਾਹ ਬਣਿਆ। ਉਸ ਨੇ ਯਰੂਸ਼ਲਮ ਵਿੱਚ ਦੋ ਸਾਲ ਰਾਜ ਕੀਤਾ। 22 ਆਮੋਨ ਨੇ ਆਪਣੇ ਪਿਤਾ ਮਨੱਸ਼ਹ ਵਾਂਗ ਹੀ ਯਹੋਵਾਹ ਦੀ ਨਿਗਾਹ ਵਿੱਚ ਬਦੀ ਕੀਤੀ। ਉਸ ਨੇ ਉਨ੍ਹਾਂ ਸਾਰੇ ਬੁੱਤਾਂ ਨੂੰ ਬਲੀਆਂ ਚੜ੍ਹਾਈਆਂ ਜੋ ਉਸ ਦੇ ਪਿਤਾ ਮਨੱਸ਼ਹ ਨੇ ਬਣਵਾਏ ਸਨ ਅਤੇ ਉਨ੍ਹਾਂ ਦੇਵਤਿਆਂ ਦੀ ਉਪਾਸਨਾ ਕੀਤੀ। 23 ਜਿਵੇਂ ਮਨੱਸ਼ਹ ਨੇ ਯਹੋਵਾਹ ਅੱਗੇ ਪ੍ਰਾਸਚਿਤ ਕਰਕੇ ਆਪਣੀ ਭੁੱਲ ਬਖਸ਼ਵਾ ਲਈ ਸੀ ਆਮੋਨ ਨੇ ਇਉਂ ਨਾ ਕੀਤਾ ਸਗੋਂ ਹੋਰ ਵੱਧ ਪਾਪ ਕੀਤੇ। 24 ਤਾਂ ਆਮੋਨ ਦੇ ਸੇਵਕਾਂ ਨੇ ਉਸ ਦੇ ਵਿਰੁੱਧ ਮਤਾ ਪਕਾਇਆ ਅਤੇ ਉਸ ਦੇ ਘਰ ਵਿੱਚ ਹੀ ਉਸ ਨੂੰ ਵੱਢ ਸੁੱਟਿਆ। 25 ਪਰ ਯਹੂਦਾਹ ਦੇ ਲੋਕਾਂ ਨੇ ਉਨ੍ਹਾਂ ਸਾਰੇ ਸੇਵਕਾਂ ਨੂੰ ਵੱਢ ਸੁੱਟਿਆ, ਜਿਨ੍ਹਾਂ ਨੇ ਆਮੋਨ ਪਾਤਸ਼ਾਹ ਦੇ ਵਿਰੁੱਧ ਇਹ ਸਾਜ਼ਿਸ਼ ਘੜੀ ਸੀ। ਤਦ ਲੋਕਾਂ ਨੇ ਯੋਸੀਯਾਹ ਨੂੰ ਨਵਾਂ ਪਾਤਸ਼ਾਹ ਚੁਣਿਆ। ਯੋਸੀਯਾਹ ਆਮੋਨ ਦਾ ਪੁੱਤਰ ਸੀ।
ਯਹੂਦਾਹ ਦਾ ਪਾਤਸ਼ਾਹ ਯੋਸੀਯਾਹ
34 ਯੋਸੀਯਾਹ ਜਦੋਂ ਪਾਤਸ਼ਾਹ ਬਣਿਆ ਉਹ ਕੁੱਲ ਅੱਠ ਵਰ੍ਹਿਆਂ ਦਾ ਸੀ। ਉਸ ਨੇ ਯਰੂਸ਼ਲਮ ਵਿੱਚ 31ਵਰ੍ਹੇ ਰਾਜ ਕੀਤਾ। 2 ਯੋਸੀਯਾਹ ਨੇ ਉਹੀ ਕੰਮ ਕੀਤੇ ਜੋ ਯਹੋਵਾਹ ਦੀ ਨਿਗਾਹ ਵਿੱਚ ਸਹੀ ਸਨ। ਉਸ ਦਾ ਵਿਹਾਰ ਉਸ ਦੇ ਪੁਰਖੇ ਦਾਊਦ ਵਰਗਾ ਹੀ ਸੀ, ਅਤੇ ਉਸ ਨੇ ਚੰਗੇ ਕੰਮਾਂ ਕਰਨ ਤੋਂ ਮੂੰਹ ਨਾ ਮੋੜਿਆ। 3 ਜਦੋਂ ਯੋਸੀਯਾਹ ਆਪਣੀ ਪਾਤਸ਼ਾਹੀ ਦੇ ਅੱਠਵੇਂ ਵਰ੍ਹੇ ’ਚ ਸੀ ਤਾਂ ਉਸ ਨੇ ਪਰਮੇਸ਼ੁਰ ਨੂੰ ਮੰਨਣਾ ਸ਼ੁਰੂ ਕਰ ਦਿੱਤਾ। ਉਸ ਪਰਮੇਸ਼ੁਰ ਨੂੰ ਉਸ ਨੇ ਮੰਨਿਆ ਜਿਸ ਨੂੰ ਉਸ ਦੇ ਪੁਰਖਿਆਂ ਚੋ ਦਾਊਦ ਨੇ ਮੰਨਿਆ ਸੀ। ਅਤੇ ਆਪਣੇ ਰਾਜ ਦੇ 12ਵਰ੍ਹੇ ਵਿੱਚ ਯਹੂਦਾਹ ਅਤੇ ਯਰੂਸ਼ਲਮ ਨੂੰ ਜਿੱਥੇ ਉਚਿਆਂ ਥਾਵਾਂ ਅਤੇ ਟੁੰਡੇ ਦੇਵਤਿਆਂ ਨੂੰ ਘੜਿਆ ਗਿਆ ਸੀ ਅਤੇ ਢਾਲੇ ਹੋਏ ਬੁੱਤਾਂ ਨੂੰ ਸਾਜਿਆ ਗਿਆ ਸੀ, ਇਨ੍ਹਾਂ ਸਭਨਾਂ ਦਾ ਉਸ ਨੇ ਸਫ਼ਾਇਆ ਕਰ ਦਿੱਤਾ। 4 ਲੋਕਾਂ ਨੇ ਉੱਥੋਂ ਬਆਲਾਂ ਦੀਆਂ ਜਗਵੇਦੀਆਂ ਨੂੰ ਢਾਹ ਦਿੱਤਾ। ਇਹ ਢਾਹ-ਢੁਹਾਈ ਉਨ੍ਹਾਂ ਯੋਸੀਯਾਹ ਦੇ ਸਾਹਮਣੇ ਕੀਤੀ। ਫ਼ੇਰ ਉਸ ਨੇ ਧੂਪ ਦੀਆਂ ਉਹ ਜਗਵੇਦੀਆਂ ਢਾਹ ਦਿੱਤੀਆਂ, ਜੋ ਲੋਕਾਂ ਦੇ ਉੱਪਰ ਉੱਚੀਆਂ ਖਲੋਤੀਆਂ ਸਨ। ਉਸ ਨੇ ਘੜੇ ਹੋਏ ਬੁੱਤਾਂ ਅਤੇ ਢਾਲੇ ਹੋਏ ਬੁੱਤਾਂ ਨੂੰ ਢਾਹ ਦਿੱਤਾ। ਉਸ ਨੇ ਉਨ੍ਹਾਂ ਬੁੱਤਾਂ ਦਾ ਚੂਰਾ ਬਣਾ ਦਿੱਤਾ। ਫ਼ੇਰ ਯੋਸੀਯਾਹ ਨੇ ਉਸ ਚੂਰੇ ਨੂੰ ਉਨ੍ਹਾਂ ਲੋਕਾਂ ਦੀਆਂ ਕਬਰਾਂ ਤੇ ਛਿੜਕ ਦਿੱਤਾ ਜਿਨ੍ਹਾਂ ਨੇ ਬਆਲ ਦੇਵਤਿਆਂ ਨੂੰ ਬਲੀਆਂ ਚੜ੍ਹਾਈਆਂ ਸਨ। 5 ਯੋਸੀਯਾਹ ਨੇ ਉਨ੍ਹਾਂ ਜਾਜਕਾਂ ਦੀਆਂ ਹੱਡੀਆਂ ਨੂੰ ਵੀ ਸਾੜ ਦਿੱਤਾ ਜਿਨ੍ਹਾਂ ਨੇ ਆਪਣੀ ਜਗਵੇਦੀ ਉੱਪਰ ਬਆਲ ਦੇਵਤਿਆਂ ਦੀ ਸੇਵਾ ਕੀਤੀ। ਇਉਂ ਯੋਸੀਯਾਹ ਨੇ ਯਹੂਦਾਹ ਅਤੇ ਯਰੂਸਲਮ ਵਿੱਚੋਂ ਮੂਰਤੀ ਉਪਾਸਨਾ ਦਾ ਖਾਤਮਾ ਕੀਤਾ। 6 ਯੋਸੀਯਾਹ ਨੇ ਮਨੱਸ਼ਹ, ਅਫ਼ਰਾਈਮ ਅਤੇ ਸ਼ਿਮਓਨ ਦੇ ਸ਼ਹਿਰਾਂ ਵਿੱਚ ਅਤੇ ਨਫ਼ਤਾਲੀ ਅਤੇ ਉਨ੍ਹਾਂ ਦੇ ਦੁਆਲੇ ਦਿਆਂ ਉਜਾੜਾਂ ਵਿੱਚ ਵੀ ਅਜਿਹਾ ਹੀ ਕੀਤਾ। 7 ਯੋਸੀਯਾਹ ਨੇ ਜਗਵੇਦੀਆਂ ਅਤੇ ਅਸੇਰਾਹ ਦੇ ਥੰਮਾਂ ਨੂੰ ਢਾਹ ਦਿੱਤਾ। ਉਸ ਨੇ ਬੁੱਤਾਂ ਦਾ ਚੂਰਾ ਕਰ ਦਿੱਤਾ। ਉਸ ਨੇ ਇਸਰਾਏਲ ਦੇ ਦੇਸ਼ ਵਿੱਚ ਬਆਲ ਦੀ ਉਪਾਸਨਾ ਕਰਨ ਲਈ ਵਰਤੀਆਂ ਜਾਣ ਵਾਲੀਆਂ ਸਾਰੀਆਂ ਧੂਪ ਦੀਆਂ ਜਗਵੇਦੀਆਂ ਢਾਹ ਦਿੱਤੀਆਂ। ਫ਼ੇਰ ਉਹ ਯਰੂਸ਼ਲਮ ਨੂੰ ਵਾਪਸ ਪਰਤਿਆ।
8 ਆਪਣੀ ਪਾਤਸ਼ਾਹੀ ਦੇ ਅੱਠਾਰ੍ਹਵੇਂ ਵਰ੍ਹੇ ਜਦੋਂ ਉਹ ਦੇਸ ਅਤੇ ਮੰਦਰ ਨੂੰ ਸਾਫ਼ ਕਰ ਚੁੱਕਿਆ ਤਾਂ ਉਸ ਨੇ ਅਸਲਯਾਹ ਦੇ ਪੁੱਤਰ ਸ਼ਾਫ਼ਾਨ ਨੂੰ ਸ਼ਹਿਰ ਦੇ ਸਰਦਾਰ ਮਅਸੇਯਾਹ ਅਤੇ ਯੋਆਹਾਜ਼ ਦੇ ਪੁੱਤਰ ਯੋਆਹ ਲਿਖਾਰੀ ਕੋਲ ਭੇਜਿਆ ਜੋ ਸਾਰੀਆਂ ਘਟਨਾਵਾਂ ਬਾਰੇ ਲਿਖਦਾ ਹੁੰਦਾ ਸੀ ਕਿ ਯਹੋਵਾਹ ਉਸ ਦੇ ਪਰਮੇਸ਼ੁਰ ਦੇ ਮੰਦਰ ਦੀ ਮੁਰੰਮਤ ਕਰਵਾਉਣ।
9 ਤਦ ਉਹ ਹਿਲਕੀਯਾਹ ਪ੍ਰਧਾਨ ਜਾਜਕ ਕੋਲ ਗਏ। ਉਨ੍ਹਾਂ ਨੇ ਉਸ ਨੂੰ ਉਹ ਦੌਲਤ ਦਿੱਤੀ ਜਿਹੜੀ ਲੋਕਾਂ ਨੇ ਯਹੋਵਾਹ ਦੇ ਮੰਦਰ ਲਈ ਦਿੱਤੀ ਸੀ। ਦਰਬਾਨ ਲੇਵੀਆਂ ਨੇ ਮਨੱਸ਼ਹ ਅਤੇ ਅਫ਼ਰਾਈਮ ਦੇ ਹੱਥੋਂ ਅਤੇ ਬਾਕੀ ਦੇ ਬਚੇ ਹੋਏ ਇਸਰਾਏਲੀਆਂ ਕੋਲੋਂ ਅਤੇ ਸਾਰੇ ਯਹੂਦਾਹ ਅਤੇ ਬਿਨਯਾਮੀਨ ਅਤੇ ਯਰੂਸ਼ਲਮ ਦੇ ਵਾਸੀਆਂ ਕੋਲੋਂ ਇਕੱਠੀ ਕੀਤੀ ਸੀ, ਉਸ ਨੂੰ ਦੇ ਦਿੱਤੀ। 10 ਤਦ ਲੇਵੀਆਂ ਨੇ ਉਨ੍ਹਾਂ ਕਰਿੰਦਿਆਂ ਨੂੰ ਮਾਲ ਅਤੇ ਧੰਨ ਰਾਸ਼ੀ ਦਿੱਤੀ ਜਿਹੜੇ ਯਹੋਵਾਹ ਦੇ ਮੰਦਰ ਦੀ ਦੇਖ-ਰੇਖ ਕਰ ਰਹੇ ਸਨ। ਅਤੇ ਦੇਖ-ਰੇਖ ਕਰਨ ਵਾਲਿਆਂ ਨੇ ਉਨ੍ਹਾਂ ਕਰੰਦਿਆਂ ਨੂੰ ਧਨ-ਰਾਸ਼ੀ ਦਿੱਤੀ ਜਿਹੜੇ ਯਹੋਵਾਹ ਦੇ ਮੰਦਰ ਦੀ ਮੁਰੰਮਤ ਕਰ ਰਹੇ ਸਨ। 11-12 ਇਸ ਤੋਂ ਇਲਾਵਾ, ਤਰਖਾਣਾਂ ਅਤੇ ਰਾਜਾਂ ਨੂੰ ਧੰਨ ਦਿੱਤਾ ਗਿਆ ਤਾਂ ਜੋ ਉਹ ਪੱਥਰ ਅਤੇ ਲੱਕੜ ਖਰੀਦ ਸੱਕਣ, ਜਿਹੜੀ ਕਿ ਇਮਾਰਤ ਨੂੰ ਫਿਰ ਤੋਂ ਬਨਾਉਣ ਲਈ ਲੋੜੀਂਦੀ ਸੀ। ਉਨ੍ਹਾਂ ਨੂੰ ਮੰਦਰ ਦੇ ਉਨ੍ਹਾਂ ਘਰਾਂ ਲਈ ਵੀ ਰਕਮ ਦਿੱਤੀ ਸੀ ਜਿਨ੍ਹਾਂ ਨੂੰ ਯਹੂਦਾਹ ਦੇ ਪਾਤਸ਼ਾਹਾਂ ਨੇ ਉਨ੍ਹਾਂ ਦੀ ਅਣਗਿਹਲੀ ਕਾਰਣ ਢਹਿ ਲੈਣ ਦਿੱਤਾ ਸੀ। ਉਨ੍ਹਾਂ ਨੂੰ ਇਨ੍ਹਾਂ ਘਰਾਂ ਲਈ ਸ਼ਤੀਰਾਂ ਬਨਾਉਣ ਲਈ ਕਿਹਾ ਗਿਆ ਸੀ। ਮਰਾਰੀ ਦੇ ਘਰਾਣੇ ਵਿੱਚੋਂ ਯਹਤ ਅਤੇ ਓਬਦਯਾਹ ਨੇ ਅਤੇ ਕੋਹਾਥੀਆਂ ਦੇ ਘਰਾਣੇ ਵਿੱਚੋਂ ਜ਼ਕਰਯਾਹ ਅਤੇ ਮਸ਼ੁੱਲਮ ਨੇ ਲੇਵੀਆਂ ਅਤੇ ਉਨ੍ਹਾਂ ਸਾਰਿਆਂ ਦੀ ਨਿਗਰਾਨੀ ਕੀਤੀ ਜਿਹੜੇ ਸੰਗੀਤਕ ਸਾਜਾਂ ਦੇ ਮਾਹਰ ਸਨ। 13 ਲੇਵੀ ਮਜਦੂਰਾਂ ਦੇ ਇੰਚਾਰਜ ਸਨ ਅਤੇ ਸਾਰੇ ਕਾਮਿਆਂ ਦੀ ਉਨ੍ਹਾਂ ਦੇ ਵੱਖੋ-ਵੱਖ ਕੰਮਾਂ ਵਿੱਚ ਅਗਵਾਈ ਕੀਤੀ। ਕੁਝ ਲੇਵੀਆਂ ਨੇ ਮੁਨਸ਼ੀਆਂ, ਅਫ਼ਸਰਾਂ ਅਤੇ ਦਰਬਾਨਾਂ ਆਦਿ ਦਾ ਕਾਰਜ ਵੀ ਸੰਭਾਲਿਆ।
ਬਿਵਸਥਾ ਦੀ ਪੋਥੀ ਦਾ ਲੱਭਣਾ
14 ਜਦ ਉਹ ਦੌਲਤ ਜੋ, ਯਹੋਵਾਹ ਦੇ ਮੰਦਰ ਵਿੱਚ ਲਿਆਂਦੀ ਗਈ ਸੀ, ਬਾਹਰ ਕੱਢ ਰਹੇ ਸਨ ਤਦ ਹਿਲਕੀਯਾਹ ਜਾਜਕ ਨੂੰ ਯਹੋਵਾਹ ਦੀ ਬਿਵਸਥਾ ਦੀ ਪੋਥੀ ਜਿਹੜੀ ਕਿ ਮੂਸਾ ਦੇ ਰਾਹੀਂ ਦਿੱਤੀ ਗਈ ਸੀ, ਲੱਭੀ। 15 ਤਦ ਹਿਲਕੀਯਾਹ ਨੇ ਸ਼ਾਫ਼ਾਨ ਮੁਨਸ਼ੀ ਨੂੰ ਆਖਿਆ, “ਮੈਨੂੰ ਯਹੋਵਾਹ ਦੇ ਭਵਨ ਵਿੱਚੋਂ ਬਿਵਸਥਾ ਦੀ ਪੋਥੀ ਲੱਭੀ ਹੈ!” ਹਿਲਕੀਯਾਹ ਨੇ ਇਹ ਪੋਥੀ ਸ਼ਾਫ਼ਾਨ ਨੂੰ ਦੇ ਦਿੱਤੀ। 16 ਸ਼ਾਫ਼ਾਨ ਇਹ ਪੋਥੀ ਪਾਤਸ਼ਾਹ ਯੋਸੀਯਾਹ ਕੋਲ ਲੈ ਕੇ ਆਇਆ ਅਤੇ ਉਸ ਨੇ ਪਾਤਸ਼ਾਹ ਨੂੰ ਕਿਹਾ, “ਤੁਹਾਡੇ ਸੇਵਕ ਜਿਵੇਂ ਜੋ ਜੋ ਤੁਸੀਂ ਹੁਕਮ ਦਿੱਤਾ ਸੀ ਤਿਵੇਂ ਕਰ ਰਹੇ ਹਨ। 17 ਉਹ ਦੌਲਤ ਜਿਹੜੀ ਯਹੋਵਾਹ ਦੇ ਮੰਦਰ ਵਿੱਚੋਂ ਮਿਲੀ ਉਸ ਨੂੰ ਦੇਖ ਭਾਲ ਕਰਨ ਵਾਲਿਆਂ ਨੂੰ ਅਤੇ ਕਰਿੰਦਿਆਂ ਨੂੰ ਦੇ ਦਿੱਤੀ।” 18 ਤਦ ਸ਼ਾਫ਼ਾਨ ਨੇ ਪਾਤਸ਼ਾਹ ਨੂੰ ਕਿਹਾ, “ਹਿਲਕੀਯਾਹ ਜਾਜਕ ਨੇ ਮੈਨੂੰ ਪੋਥੀ ਸੌਂਪੀ ਹੈ।” ਤਦ ਸ਼ਾਫ਼ਾਨ ਨੇ ਉਹ ਪੋਥੀ ਯੋਸੀਯਾਹ ਪਾਤਸ਼ਾਹ ਦੇ ਸਾਹਮਣੇ ਖੜ੍ਹ ਕੇ ਪੜ੍ਹ ਕੇ ਸੁਣਾਈ। 19 ਜਦੋਂ ਯੋਸੀਯਾਹ ਪਾਤਸ਼ਾਹ ਨੇ ਬਿਵਸਥਾ ਦੇ ਵਾਕ ਸੁਣੇ ਤਾਂ ਉਸ ਨੇ ਆਪਣੇ ਵਸਤਰ ਫ਼ਾੜ ਲਏ। 20 ਤਾਂ ਪਾਤਸ਼ਾਹ ਨੇ ਹਿਲਕੀਯਾਹ ਨੂੰ, ਸ਼ਾਫ਼ਾਨ ਦੇ ਪੁੱਤਰ ਅਹੀਕਾਮ ਮੀਕਹ ਦੇ ਪੁੱਤਰ ਅਬਦੋਨ, ਸ਼ਾਫ਼ਾਨ ਮੁਨਸ਼ੀ ਨੂੰ ਅਤੇ ਅਸਾਯਾਹ ਸੇਵਕ ਨੂੰ ਹੁਕਮ ਦਿੱਤਾ। 21 ਪਾਤਸ਼ਾਹ ਨੇ ਆਖਿਆ, “ਜਾਓ ਅਤੇ ਮੇਰੇ ਵੱਲੋਂ ਅਤੇ ਉਨ੍ਹਾਂ ਲੋਕਾਂ ਵੱਲੋਂ ਜਿਹੜੇ ਇਸਰਾਏਲ ਅਤੇ ਯਹੂਦਾਹ ਵਿੱਚ ਬਾਕੀ ਹਨ, ਇਸ ਪੋਥੀ ਦੀਆਂ ਗੱਲਾਂ ਦੇ ਬਾਰੇ, ਜੋ ਲੱਭੀ ਹੈ, ਯਹੋਵਾਹ ਤੋਂ ਪੁੱਛ ਗਿੱਛ ਕਰੋ ਕਿਉਂ ਕਿ ਯਹੋਵਾਹ ਦੀ ਭਾਰੀ ਕਰੋਪੀ ਸਾਡੇ ਉੱਪਰ ਹੋਈ ਹੈ ਕਿਉਂ ਜੋ ਸਾਡੇ ਵੱਡੇਰਿਆਂ ਨੇ ਯਹੋਵਾਹ ਦੇ ਬਚਨਾਂ ਦਾ ਪਾਲਨ ਨਹੀਂ ਕੀਤਾ। ਸਾਡੇ ਪੁਰਖਿਆਂ ਨੇ, ਜਿਵੇਂ ਇਸ ਪੋਥੀ ਵਿੱਚ ਹੁਕਮ ਸੀ ਕਰਨ ਦਾ ਉਵੇਂ ਨਹੀਂ ਕੀਤਾ।”
22 ਤਾਂ ਹਿਲਕੀਯਾਹ ਅਤੇ ਪਾਤਸ਼ਾਹ ਦੇ ਸੇਵਕ ਹੁਲਦਾਹ ਨਬੀਆਂ ਕੋਲ ਗਏ। ਹੁਲਦਾਹ ਸ਼ੱਲੁਮ ਦੀ ਪਤਨੀ ਸੀ ਜੋ ਕਿ ਤਾਕਹਥ ਦਾ ਪੁੱਤਰ ਸੀ। ਤਾਕਹਥ ਹਸਰਾਹ ਦਾ ਪੁੱਤਰ ਸੀ। ਹਸਰਾਹ ਪਾਤਸ਼ਾਹ ਦੇ ਤੋਸ਼ੇ ਖਾਨੇ ਦਾ ਰੱਖਵਾਲਾ ਸੀ। ਹੁਲਦਾਹ ਯਰੂਸ਼ਲਮ ਦੇ ਨਵੇਂ ਮੁਹੱਲੇ ਵਿੱਚ ਰਹਿੰਦੀ ਸੀ। ਹਿਲਕੀਯਾਹ ਅਤੇ ਪਾਤਸ਼ਾਹ ਦੇ ਸੇਵਕਾਂ ਨੇ ਇਹ ਸਾਰੀ ਗੱਲ ਹੁਲਦਾਹ ਨੂੰ ਜਾਕੇ ਸੁਣਾਈ। 23 ਹੁਲਦਾਹ ਨੇ ਉਨ੍ਹਾਂ ਨੂੰ ਕਿਹਾ, “ਯੋਸੀਯਾਹ ਪਾਤਸ਼ਾਹ ਨੂੰ ਜਾਕੇ ਕਹਿਣਾ ਕਿ ਇਸਰਾਏਲ ਦਾ ਯਹੋਵਾਹ ਪਰਮੇਸ਼ੁਰ ਇਹ ਆਖਦਾ ਹੈ: 24 ‘ਮੈਂ ਇਸ ਥਾਂ ਅਤੇ ਇੱਥੋਂ ਦੇ ਵਾਸੀਆਂ ਉੱਪਰ ਕਰੋਪੀ ਲਿਆਉਣ ਵਾਲਾ ਹਾਂ। ਜੋ ਕੁਝ ਵੀ ਪਾਤਸ਼ਾਹ ਦੇ ਸਾਹਮਣੇ ਗੱਲਾਂ ਪੜ੍ਹਕੇ ਸੁਣਾਈਆਂ ਗਈਆਂ ਹਨ, ਜੋ ਇਸ ਪੋਥੀ ਵਿੱਚ ਲਿਖੀਆਂ ਹਨ, ਇਹ ਸਭ ਕੁਝ ਇੱਥੇ ਵਾਪਰੇਗਾ। 25 ਅਜਿਹਾ ਇਸ ਲਈ ਹੋਵੇਗਾ ਕਿਉਂ ਕਿ ਲੋਕਾਂ ਨੇ ਮੈਨੂੰ ਛੱਡ ਕੇ ਝੂਠੇ ਦੇਵਤਿਆਂ ਅੱਗੇ ਧੂਪ ਧੁਖਾਉਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਲੋਕਾਂ ਨੇ ਸਭ ਬੁਰਿਆਈਆਂ ਕਰਕੇ ਮੈਨੂੰ ਕਰੋਧ ਚੜ੍ਹਾਇਆ ਹੈ, ਇਸ ਲਈ ਇਸ ਥਾਵੇਂ ਮੈਂ ਆਪਣੀ ਕਰੋਪੀ ਵਰਸਾਵਾਂਗਾ ਜੋ ਕਿ ਬਲਦੀ ਅੱਗ ਵਾਂਗ ਹੁਣ ਬੁਝਣ ਵਾਲਾ ਨਹੀਂ।’
26 “ਪਰ ਯਹੂਦਾਹ ਦੇ ਪਾਤਸ਼ਾਹ ਯੋਸੀਯਾਹ ਨੂੰ ਜਿਸਨੇ ਤੁਹਾਨੂੰ ਯਹੋਵਾਹ ਕੋਲੋਂ ਪੁੱਛ-ਗਿੱਛ ਕਰਨ ਲਈ ਭੇਜਿਆ ਹੈ ਜਾ ਕੇ ‘ਇਉਂ ਆਖਣਾ ਕਿ ਇਸਰਾਏਲ ਦਾ ਯਹੋਵਾਹ ਪਰਮੇਸ਼ੁਰ ਇਵੇਂ ਫ਼ਰਮਾਉਂਦਾ ਹੈ ਕਿ ਉਨ੍ਹਾਂ ਗੱਲਾਂ ਦੇ ਬਾਰੇ ਜੋ ਤੂੰ ਸੁਣੀਆਂ ਹਨ: 27 ਯੋਸੀਯਾਹ ਤੂੰ ਪਰਾਸਚਿਤ ਕਰਕੇ ਆਪਣੇ-ਆਪ ਨੂੰ ਨਿਮ੍ਰ ਬਣਾਇਆ ਅਤੇ ਆਪਣੇ ਵਸਤਰ ਵੀ ਪਾੜ ਲਏ ਲਏ ਆਪਣੀ ਸ਼ਰਮਸਾਰੀ ਕਾਰਣ ਤੂੰ ਮੇਰੇ ਅੱਗੇ ਮਿੰਨਤ ਅਤੇ ਬੇਨਤੀ ਕੀਤੀ। ਤੂੰ ਮੇਰੇ ਅੱਗੇ ਰੋਇਆ ਅਤੇ ਮੈਂ ਤੇਰੇ ਸ਼ਬਦਾਂ ਨੂੰ ਵੀ ਸੁਣਿਆ ਹੈ, ਯਹੋਵਾਹ ਆਖਦਾ ਹੈ। 28 ਮੈਂ ਤੈਨੂੰ ਤੇਰੇ ਪੁਰਖਿਆਂ ਨਾਲ ਮਿਲਾਵਾਂਗਾ ਪਰ ਤੂੰ ਆਪਣੀ ਕਬਰ ਵਿੱਚ ਸ਼ਾਂਤੀ ਨਾਲ ਜਾਵੇਂਗਾ। ਜੋ ਵੀ ਕਰੋਪੀ ਮੈਂ ਇਸ ਥਾਂ ਤੇ ਅਤੇ ਇਨ੍ਹਾਂ ਲੋਕਾਂ ਉੱਪਰ ਲਿਆਵਾਂਗਾ, ਤੈਨੂੰ ਉਹ ਨਹੀਂ ਵੇਖਣੀ-ਭੋਗਣੀ ਪਵੇਗੀ, ਕਿਉਂ ਕਿ ਤੂੰ ਮੇਰੇ ਅਧੀਨ ਹੋਇਆ ਹੈਂ!’” ਹਿਲਕੀਯਾਹ ਅਤੇ ਪਾਤਸ਼ਾਹ ਦੇ ਸੇਵਕ ਇਹ ਸੁਨੇਹਾ ਲੈ ਕੇ ਪਾਤਸ਼ਾਹ ਯੋਸੀਯਾਹ ਕੋਲ ਵਾਪਸ ਆਏ।
29 ਤਦ ਪਾਤਸ਼ਾਹ ਨੇ ਯਹੂਦਾਹ ਅਤੇ ਯਰੂਸ਼ਲਮ ਦੇ ਬਜ਼ੁਰਗਾਂ ਦੀ ਇੱਕ ਸਭਾ ਆਪਣੇ ਕੋਲ ਬੁਲਾਈ। 30 ਪਾਤਸ਼ਾਹ ਯਹੋਵਾਹ ਦੇ ਮੰਦਰ ਗਿਆ। ਪਾਤਸ਼ਾਹ ਦੇ ਨਾਲ ਸਾਰੇ ਯਹੂਦਾਹ ਦੇ ਲੋਕ, ਯਰੂਸ਼ਲਮ ਵਿੱਚ ਰਹਿੰਦੇ ਲੋਕ, ਜਾਜਕ ਲੇਵੀ ਅਤੇ ਖਾਸ ਅਤੇ ਆਮ ਲੋਕ ਸਭ ਗਏ। ਯੋਸੀਯਾਹ ਨੇ ਬਿਵਸਥਾ ਦੀ ਪੋਥੀ ਦੇ ਬਚਨ ਉਨ੍ਹਾਂ ਅੱਗੇ ਪੜ੍ਹਕੇ ਸੁਣਾਏ, ਜਿਹੜੀ ਕਿ ਯਹੋਵਾਹ ਦੇ ਮੰਦਰ ਵਿੱਚੋਂ ਲੱਭੀ ਸੀ। 31 ਤਦ ਪਾਤਸ਼ਾਹ ਆਪਣੀ ਥਾਂ ਤੇ ਖੜ੍ਹਾ ਹੋਇਆ ਅਤੇ ਉਸ ਨੇ ਯਹੋਵਾਹ ਦੇ ਨਾਲ ਇੱਕ ਇਕਰਾਰਨਾਮਾ ਬੰਨ੍ਹਿਆ। ਉਸ ਨੇ ਇਹ ਨੇਮ ਕੀਤਾ ਕਿ ਅਸੀਂ ਯਹੋਵਾਹ ਦੇ ਕਹੇ ਅਨੁਸਾਰ ਤੁਰਾਂਗੇ ਅਤੇ ਉਸ ਦੇ ਹੁਕਮ ਉਸਦੀਆਂ ਸਿੱਖਿਆਵਾਂ ਅਤੇ ਉਸ ਦੀਆਂ ਬਿਧੀਆਂ ਦੀਆਂ ਆਪਣੇ ਤਨ-ਮਨ ਨਾਲ ਪਾਲਨਾ ਕਰਾਂਗੇ। ਉਸ ਬਿਵਸਥਾ ਦੀ ਪੋਥੀ ਦੀਆਂ ਗੱਲਾਂ ਨੂੰ ਤਹਿ ਦਿਲੋਂ ਮੰਨ ਕੇ ਉਸ ਉੱਪਰ ਪੂਰਨੇ ਪਾਵਾਂਗੇ। 32 ਤਦ ਪਾਤਸ਼ਾਹ ਨੇ ਉਨ੍ਹਾਂ ਸਾਰਿਆਂ ਕੋਲੋਂ ਜਿਹੜੇ ਯਰੂਸ਼ਲਮ ਅਤੇ ਬਿਨਯਾਮੀਨ ਵਿੱਚ ਸਨ ਉਨ੍ਹਾਂ ਨੂੰ ਇਸ ਨੇਮ ਨੂੰ ਮੰਨਣ ਦਾ ਬਚਨ ਲਿਆ। ਯਰੂਸ਼ਲਮ ਦੇ ਲੋਕਾਂ ਨੇ ਪਰਮੇਸ਼ੁਰ ਆਪਣੇ ਪੁਰਖਿਆਂ ਦੇ ਪਰਮੇਸ਼ੁਰ ਦੇ ਇਕਰਾਰਨਾਮੇ ਅਨੁਸਾਰ ਕੰਮ ਕੀਤਾ। 33 ਇਸਰਾਏਲ ਦੇ ਲੋਕਾਂ ਨੇ ਜੋ ਵੱਖ-ਵੱਖ ਧਰਤੀਆਂ ਦੇ ਦੇਵਤਿਆਂ ਦੀਆਂ ਮੂਰਤਾਂ ਇਕੱਠੀਆਂ ਕੀਤੀਆਂ ਹੋਈਆਂ ਸਨ, ਯੋਸੀਯਾਹ ਨੇ ਉਨ੍ਹਾਂ ਸਭਨਾਂ ਨੂੰ ਨਸ਼ਟ ਕਰ ਦਿੱਤਾ ਅਤੇ ਇਸਰਾਏਲੀਆਂ ਨੂੰ ਆਪਣੇ ਯਹੋਵਾਹ ਪਰਮੇਸ਼ੁਰ ਦੀ ਸੇਵਾ ਵਿੱਚ ਲਾ ਦਿੱਤਾ। ਫ਼ਿਰ ਜਦੋਂ ਤੀਕ ਯੋਸੀਯਾਹ ਜਿੰਦਾ ਰਿਹਾ, ਲੋਕ ਯਹੋਵਾਹ ਆਪਣੇ ਪੁਰਖਿਆਂ ਦੇ ਪਰਮੇਸ਼ੁਰ ਦੀ ਸੇਵਾ ਵਿੱਚ ਲੱਗੇ ਰਹੇ।
ਯੋਸੀਯਾਹ ਦਾ ਪਸਹ ਦਾ ਮਨਾਉਣਾ
35 ਯੋਸੀਯਾਹ ਨੇ ਯਰੂਸ਼ਲਮ ਵਿੱਚ ਯਹੋਵਾਹ ਲਈ ਪਸਹ ਕੀਤੀ। ਉਨ੍ਹਾਂ ਨੇ ਪਹਿਲੇ ਮਹੀਨੇ ਦੀ 14ਤਰੀਕ ਨੂੰ ਪਸਹ ਦਾ ਲੇਲਾ ਵੱਢਿਆ। 2 ਪਾਤਸ਼ਾਹ ਨੇ ਜਾਜਕਾਂ ਨੂੰ ਉਨ੍ਹਾਂ ਦੀ ਜੁੰਮੇਵਾਰੀ ਉੱਪਰ ਖੜ੍ਹਾ ਕੀਤਾ। ਉਸ ਨੇ ਜਾਜਕਾਂ ਨੂੰ ਜਦੋਂ ਉਹ ਯਹੋਵਾਹ ਦੇ ਮੰਦਰ ਵਿੱਚ ਸੇਵਾ ਕਰ ਰਹੇ ਸਨ, ਉਤਸਾਹਿਤ ਕੀਤਾ। 3 ਯੋਸੀਯਾਹ ਨੇ ਲੇਵੀਆਂ ਨੂੰ ਜਿਹੜੇ ਕਿ ਯਹੋਵਾਹ ਲਈ ਪਵਿੱਤਰ ਹੋ ਕੇ ਸਾਰੇ ਇਸਰਾਏਲ ਨੂੰ ਸਿੱਖਿਆ ਦਿੰਦੇ ਸਨ ਕਿਹਾ: “ਪਵਿੱਤਰ ਸੰਦੂਕ ਨੂੰ ਉਸ ਮੰਦਰ ਵਿੱਚ ਜਿਸ ਨੂੰ ਦਾਊਦ ਦੇ ਪੁੱਤਰ ਸੁਲੇਮਾਨ, ਇਸਰਾਏਲ ਦੇ ਪਾਤਸ਼ਾਹ ਨੇ ਬਣਾਇਆ ਹੈ ਰੱਖੋਂਗੇ ਤਾਂ ਅਗਾਂਹ ਨੂੰ ਤੁਹਾਡੇ ਮੋਢਿਆਂ ਉੱਪਰ ਕੋਈ ਭਾਰ ਨਹੀਂ ਹੋਵੇਗਾ। ਇਸ ਲਈ ਬਾਰ-ਬਾਰ ਥਾਂ ਪਰ ਥਾਂ ਆਪਣੇ ਮੋਢਿਆਂ ਤੇ ਚੁੱਕਣ ਦੀ ਬਜਾਇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਅਤੇ ਉਸਦੀ ਪਰਜਾ ਇਸਰਾਏਲ ਦੀ ਸੇਵਾ ਕਰੋ। 4 ਆਪੋ-ਆਪਣੇ ਘਰਾਣਿਆਂ ਮੁਤਾਬਕ ਮੰਦਰ ਵਿੱਚ ਸੇਵਾ ਕਰਨ ਲਈ ਆਪਣੇ-ਆਪ ਨੂੰ ਤਿਆਰ ਰੱਖੋ। ਦਾਊਦ ਪਾਤਸ਼ਾਹ ਅਤੇ ਉਸ ਦੇ ਪੁੱਤਰ ਸੁਲੇਮਾਨ ਪਾਤਸ਼ਾਹ ਨੇ ਜਿਹੜੀਆਂ ਸੇਵਾਵਾਂ ਤੁਹਾਨੂੰ ਸੌਂਪੀਆਂ ਸਨ, ਉਹੀ ਕਰੋ। 5 ਲੇਵੀਆਂ ਦੇ ਘਰਾਣੇ ਨਾਲ ਪਵਿੱਤਰ ਅਸਥਾਨ ਉੱਪਰ ਖੜ੍ਹੇ ਹੋਵੋ ਤਾਂ ਜੋ ਤੁਸੀਂ ਪਵਿੱਤਰ ਅਸਥਾਨ ਵਿੱਚ ਪਿੱਤਰਾਂ ਦੇ ਪਰਿਵਾਰ-ਸਮੂਹਾਂ ਦੀ ਵੰਡ ਮੁਤਾਬਕ ਆਪਣੇ ਭਰਾਵਾਂ ਅਤੇ ਆਮ ਲੋਕਾਂ ਦੇ ਮੁਤਾਬਕ ਖੜ੍ਹੇ ਹੋਵੋ। ਤਾਂ ਜੋ ਤੁਸੀਂ ਉਨ੍ਹਾਂ ਦੀ ਮਦਦ ਕਰ ਸੱਕੋ। 6 ਪਸਹ ਦੇ ਲੇਲੇ ਵੱਢੋ ਅਤੇ ਆਪਣੇ-ਆਪ ਨੂੰ ਯਹੋਵਾਹ ਦੇ ਸਾਹਮਣੇ ਪਵਿੱਤਰ ਕਰੋ ਅਤੇ ਇਸਰਾਏਲ ਦੇ ਲੋਕਾਂ ਅਤੇ ਆਪਣੇ ਭਰਾਵਾਂ ਲਈ ਵੀ ਲੇਲੇ ਤਿਆਰ ਰੱਖੋ। ਜੋ ਕੁਝ ਯਹੋਵਾਹ ਨੇ ਸਾਨੂੰ ਕਰਨ ਦਾ ਹੁਕਮ ਦਿੱਤਾ ਸੀ, ਉਹੀ ਕੁਝ ਕਰੋ। ਯਹੋਵਾਹ ਨੇ ਇਹ ਸਾਰੇ ਹੁਕਮ ਸਾਨੂੰ ਮੂਸਾ ਦੇ ਰਾਹੀਂ ਦਿੱਤੇ ਸਨ।”
7 ਯੋਸੀਯਾਹ ਨੇ ਇਸਰਾਏਲੀਆਂ ਨੂੰ ਪਸਹ ਲਈ 30,000 ਭੇਡਾਂ ਬੱਕਰੀਆਂ ਬਲੀ ਲਈ ਦਿੱਤੀਆਂ। ਉਸ ਨੇ ਲੋਕਾਂ ਨੂੰ 3,000 ਹੋਰ ਪਸ਼ੂ ਵੀ ਦਿੱਤੇ। ਇਹ ਸਾਰੇ ਜਾਨਵਰ ਯੋਸੀਯਾਹ ਪਾਤਸ਼ਾਹ ਦੇ ਆਪਣੇ ਸਨ ਜੋ ਉਸ ਨੇ ਲੋਕਾਂ ਨੂੰ ਦਿੱਤੇ। 8 ਪਾਤਸ਼ਾਹ ਦੇ ਅਫ਼ਸਰਾਂ ਨੇ ਵੀ ਲੋਕਾਂ ਨੂੰ, ਅਤੇ ਜਾਜਕਾਂ ਨੂੰ ਅਤੇ ਲੇਵੀਆਂ ਨੂੰ ਪਸਹ ਲਈ ਆਪਣੇ ਵੱਲੋਂ ਮੁਫ਼ਤ ’ਚ ਪਸ਼ੂ ਦਿੱਤੇ ਅਤੇ ਹੋਰ ਵਸਤਾਂ ਵੀ ਦਿੱਤੀਆਂ। ਹਿਲਕੀਯਾਹ, ਜ਼ਕਰਯਾਹ ਅਤੇ ਯਹੀਏਲ ਨੇ ਜਿਹੜੇ ਪਰਮੇਸ਼ੁਰ ਦੇ ਮੰਦਰ ਦੇ ਹਾਕਮ ਸਨ ਜਾਜਕਾਂ ਨੂੰ ਪਸਹ ਲਈ 2,600 ਭੇਡਾਂ, ਬੱਕਰੀਆਂ ਅਤੇ 300 ਬਲਦ ਦਿੱਤੇ। 9 ਕਾਨਨਯਾਹ, ਸ਼ਮਆਯਾਹ ਅਤੇ ਨਥਨਏਲ, ਉਸ ਦੇ ਭਰਾਵਾਂ, ਹਸ਼ਬਯਾਹ, ਯਈੇਏਲ ਅਤੇ ਯੋਜ਼ਾਬਾਦ ਲੇਵੀਆਂ ਦੇ ਆਗੂਆਂ ਨੇ, ਪਸਹ ਦੀਆਂ ਬਲੀਆਂ ਲਈ 5,000 ਭੇਡਾਂ ਅਤੇ ਬੱਕਰੀਆਂ ਅਤੇ 500 ਬਲਦ ਲੇਵੀਆਂ ਨੂੰ ਦਿੱਤੇ।
10 ਜਦੋਂ ਪਸਹ ਦੀ ਸੇਵਾ ਸ਼ੁਰੂ ਕਰਨ ਦਾ ਸਾਰਾ ਕਾਰਜ ਪੂਰਾ ਹੋ ਗਿਆ, ਤਾਂ ਜਾਜਕ ਅਤੇ ਲੇਵੀ ਆਪੋ-ਆਪਣੇ ਸਥਾਨਾਂ ਤੇ ਪਾਤਸ਼ਾਹ ਦੇ ਹੁਕਮ ਮੁਤਾਬਕ ਖਲੋ ਗਏ। 11 ਉਨ੍ਹਾਂ ਨੇ ਪਸਹ ਦੇ ਲੇਲਿਆਂ ਨੂੰ ਕੱਟਿਆ। ਫ਼ਿਰ ਲੇਵੀਆਂ ਨੇ ਖੱਲਾਂ ਲਾਹੀਆਂ ਅਤੇ ਉਨ੍ਹਾਂ ਦਾ ਖੂਨ ਜਾਜਕਾਂ ਨੂੰ ਦਿੱਤਾ। ਅਤੇ ਜਾਜਕਾਂ ਨੇ ਉਹ ਖੂਨ ਜਗਵੇਦੀ ਉੱਪਰ ਛਿੜਕਿਆ। 12 ਫ਼ਿਰ ਉਹ ਹੋਮ ਦੀਆਂ ਭੇਟਾਂ ਨੂੰ ਲੈ ਗਏ ਅਤੇ ਆਮ ਲੋਕਾਂ ਦੇ ਬਜ਼ੁਰਗਾਂ ਦੇ ਪੁਰਖਿਆਂ ਦੇ ਪਰਿਵਾਰ-ਸਮੂਹਾਂ ਦੀ ਵੰਡ ਮੁਤਾਬਕ ਯਹੋਵਾਹ ਦੇ ਸਾਹਮਣੇ ਭੇਟਾਂ ਚੜ੍ਹਾਉਣ ਲਈ ਉਨ੍ਹਾਂ ਨੂੰ ਦਿੱਤਾ ਜਿਵੇਂ ਮੂਸਾ ਦੀ ਬਿਵਸਥਾ ਵਿੱਚ ਲਿਖਿਆ ਹੋਇਆ ਹੈ ਅਤੇ ਇਵੇਂ ਹੀ ਉਨ੍ਹਾਂ ਨੇ ਬਲਦਾਂ ਨਾਲ ਕੀਤਾ। 13 ਲੇਵੀਆਂ ਨੇ ਪਸਹ ਦੀਆਂ ਬਲੀਆਂ ਨੂੰ ਹੁਕਮ ਮੁਤਾਬਕ ਅੱਗ ਉੱਪਰ ਭੁੰਨਿਆ ਅਤੇ ਪਵਿੱਤਰ ਭੇਟਾਂ ਨੂੰ ਦੇਗਾਂ, ਪਤੀਲਿਆਂ ਅਤੇ ਕੜਾਹਿਆਂ ਵਿੱਚ ਉਬਾਲਿਆ ਤੇ ਫ਼ਿਰ ਜਲਦੀ ਨਾਲ ਬਣਾਕੇ ਲੋਕਾਂ ਵਿੱਚ ਵੰਡ ਦਿੱਤਾ। 14 ਜਦੋਂ ਇਹ ਸਭ ਕੰਮ ਮੁਕਿਆ ਤਾਂ ਲੇਵੀਆਂ ਨੇ ਆਪਣੇ ਲਈ ਅਤੇ ਜਾਜਕਾਂ ਲਈ ਮਾਸ ਤਿਆਰ ਕੀਤਾ ਕਿਉਂ ਕਿ ਹਾਰੂਨ ਦੀ ਵੰਸ਼ ਦੇ ਜਾਜਕ ਹੋਮ ਦੀਆਂ ਭੇਟਾਂ ਅਤੇ ਚਰਬੀ ਚੜ੍ਹਾਉਣ ਲਈ ਰਾਤ ਤੀਕ ਲੱਗੇ ਰਹੇ। ਇਸ ਲਈ ਲੇਵੀਆਂ ਨੇ ਆਪਣੇ ਲਈ ਅਤੇ ਹਾਰੂਨ ਦੀ ਵੰਸ਼ ਦੇ ਜਾਜਕਾਂ ਲਈ ਤਿਆਰ ਕੀਤਾ। 15 ਫ਼ਿਰ ਆਸਾਫ਼ ਦੀ ਵੰਸ਼ ਦੇ ਗਵਈਏ ਦਾਊਦ ਅਤੇ ਆਸਾਫ਼, ਹੇਮਾਨ ਅਤੇ ਪਾਤਸ਼ਾਹ ਦੇ ਗ਼ੈਬਦਾਨ ਯਦੂਥੂਨ ਦੇ ਹੁਕਮ ਮੁਤਾਬਕ ਆਪੋ-ਆਪਣੀ ਜਗ੍ਹਾ ਉੱਤੇ ਖੜ੍ਹੇ ਹੋਏ ਸਨ। ਹਰ ਫ਼ਾਟਕ ਉੱਪਰ ਦਰਬਾਨ ਸਨ, ਜਿਨ੍ਹਾਂ ਨੂੰ ਆਪਣੀ ਥਾਂ ਤੋਂ ਹਟਣਾ ਨਾ ਪਿਆ ਕਿਉਂ ਕਿ ਉਨ੍ਹਾਂ ਦੇ ਲੇਵੀ ਭਰਾਵਾਂ ਨੇ ਉਨ੍ਹਾਂ ਲਈ ਪਸਹ ਵਾਸਤੇ ਸਭ ਕੁਝ ਤਿਆਰ ਕਰ ਦਿੱਤਾ ਸੀ।
2010 by World Bible Translation Center