Bible in 90 Days
ਯਹੋਵਾਹ ਦੂਜੀਆਂ ਕੌਮਾਂ ਨੂੰ ਸਜ਼ਾ ਦੇਵੇਗਾ
11 ਹੇ ਲਬਾਨੋਨ, ਆਪਣੇ ਫਾਟਕ ਖੋਲ੍ਹ ਤਾਂ
ਜੋ ਅੱਗ ਤੇਰੇ ਦਿਓਦਾਰ ਦੇ ਰੁੱਖਾਂ ਨੂੰ ਸਾੜ ਸੱਕੇ।
2 ਸਰੂ ਦੇ ਰੁੱਖ ਵੈਣ ਪਾਉਣਗੇ ਕਿਉਂ ਕਿ ਦਿਆਰ ਡਿੱਗ ਪੈਏ ਹਨ।
ਉਨ੍ਹਾਂ ਦੇ ਮਜ਼ਬੂਤ ਰੁੱਖ ਲੈ ਜਾਏ ਜਾਣਗੇ।
ਬਾਸ਼ਾਨ ਦੇ ਬਲੂਤ ਦੇ ਦ੍ਰੱਖਤ ਜੰਗਲ ਦੇ ਵੱਢੇ ਜਾਣ ਕਾਰਣ ਸੋਗ ਕਰਨਗੇ।
3 ਵੈਣ ਪਾਉਂਦੇ ਆਜੜੀਆਂ ਦੀ ਆਵਾਜ਼ ਸੁਣੋ ਉਨ੍ਹਾਂ ਦੇ ਸ਼ਕਤੀਸ਼ਾਲੀ ਆਗੂ ਖਤਮ ਹੋ ਗਏ,
ਬੱਬਰ-ਸ਼ੇਰਾਂ ਦੇ ਦਹਾੜ ਸੁਣ।
ਉਨ੍ਹਾਂ ਦੇ ਯਰਦਨ ਦਰਿਆ ਦੇ ਕੋਲ ਦੀਆਂ
ਝਾੜੀਆਂ ਤੇ ਜੰਗਲ ਨਸ਼ਟ ਹੋ ਗਿਆ।
4 ਯਹੋਵਾਹ ਮੇਰਾ ਪਰਮੇਸ਼ੁਰ ਆਖਦਾ ਹੈ, “ਉਨ੍ਹਾਂ ਭੇਡਾਂ ਨੂੰ ਚਰਾ ਤੇ ਉਨ੍ਹਾਂ ਦਾ ਧਿਆਨ ਕਰ ਜੋ ਕੱਟੀਆਂ ਜਾਣ ਨੂੰ ਤਿਆਰ ਹਨ। 5 ਉਨ੍ਹਾਂ ਦੇ ਆਗੂ ਉਨ੍ਹਾਂ ਲੋਕਾਂ ਵਰਗੇ ਹਨ ਜੋ ਭੇਡਾਂ ਖਰੀਦਦੇ ਅਤੇ ਵੇਚਦੇ ਹਨ। ਖਰੀਦਦਾਰ ਇੱਕ ਮੁੱਲ ਤੇ ਭੇਡਾਂ ਖਰੀਦ ਕੇ ਉਨ੍ਹਾਂ ਨੂੰ ਜਿਬਾਹ ਕਰ ਦਿੰਦੇ ਹਨ ਅਤੇ ਉਨ੍ਹਾਂ ਨੂੰ ਸਜ਼ਾ ਨਹੀਂ ਦਿੱਤੀ ਜਾਂਦੀ। ਵਪਾਰੀ ਭੇਡਾਂ ਨੂੰ ਵੇਚ ਦਿੰਦੇ ਹਨ ਅਤੇ ਆਖਦੇ ਹਨ, ‘ਯਹੋਵਾਹ ਦੀ ਉਸਤਤ ਕਰੋ, ਮੈਂ ਅਮੀਰ ਹੋ ਗਿਆ ਹਾਂ!’ ਆਜੜੀ ਆਪਣੀਆਂ ਭੇਡਾਂ ਲਈ ਉਦਾਸ ਨਹੀਂ ਹੁੰਦੇ। 6 ਅਤੇ ਮੈਨੂੰ ਇਸ ਦੇਸ ਵਿੱਚ ਵੱਸਦੇ ਲੋਕਾਂ ਉੱਤੇ ਦੁੱਖ ਨਹੀਂ ਹੁੰਦਾ ਯਹੋਵਾਹ ਇਹ ਗੱਲਾਂ ਆਖਦਾ ਹੈ, “ਵੇਖੋ! ਮੈਂ ਹਰ ਮਨੁੱਖ ਨੂੰ ਉਸ ਦੇ ਗੁਆਂਢੀ ਅਤੇ ਰਾਜੇ ਦੇ ਹੱਥ ਦੇ ਦੇਵਾਂਗਾ। ਮੈਂ ਉਨ੍ਹਾਂ ਦੇ ਦੇਸ਼ ਨੂੰ ਨਾਸ ਹੋ ਜਾਣ ਦੇਵਾਂਗਾ-ਮੈਂ ਉਨ੍ਹਾਂ ਨੂੰ ਰੋਕਾਂਗਾ ਨਹੀਂ।”
7 ਇਸੇ ਲਈ ਮੈਂ ਉਨ੍ਹਾਂ ਭੇਡਾਂ ਦਾ ਖਿਆਲ ਰੱਖਿਆ ਜੋ ਵੱਢੇ ਜਾਣ ਲਈ ਤਿਆਰ ਸਨ। ਉਨ੍ਹਾਂ ਸਤਾਈਆਂ ਹੋਈਆਂ ਭੇਡਾਂ ਦਾ ਮੈਂ ਅਯਾਲੀ ਬਣਿਆ। ਮੈ ਦੋ ਸੋਟੀਆਂ ਲਈਆਂ, ਇੱਕ ਸੋਟੀ ਨੂੰ ਮੈਂ ‘ਮਿਹਰ’ ਅਤੇ ਦੂਜੀ ਨੂੰ “ਏਕਤਾ” ਕਿਹਾ। ਫ਼ਿਰ ਮੈਂ ਭੇਡਾਂ ਦੀ ਰੱਖਵਾਲੀ ਕਰਨੀ ਸ਼ੁਰੂ ਕਰ ਦਿੱਤੀ। 8 ਮੈਂ ਇੱਕ ਮਹੀਨੇ ਵਿੱਚ ਤਿੰਨਾਂ ਆਜੜੀਆਂ ਨੂੰ ਸਾੜ ਦਿੱਤਾ। ਮੈਂ ਉਨ੍ਹਾਂ ਭੇਡਾਂ ਨਾਲ ਨਾਰਾਜ ਹੋ ਗਿਆ ਅਤੇ ਉਨ੍ਹਾਂ ਨੇ ਮੈਨੂੰ ਨਫਰਤ ਕਰਨੀ ਸ਼ੁਰੂ ਕਰ ਦਿੱਤੀ। 9 ਫ਼ਿਰ ਮੈਂ ਕਿਹਾ, “ਮੈਂ ਤੁਹਾਨੂੰ ਛੱਡਦਾਂ ਹਾਂ। ਹੁਣ ਮੈਂ ਤੁਹਾਡਾ ਧਿਆਨ ਨਹੀਂ ਰੱਖਾਂਗਾ। ਜਿਹੜੇ ਮਰਨਾ ਚਾਹੁਣ ਮੈਂ ਉਨ੍ਹਾਂ ਨੂੰ ਮਰਨ ਦੇਵਾਂਗਾ ਤੇ ਜਿਹੜੇ ਨਸ਼ਟ ਹੋਣਾ ਚਾਹੁਦੇ ਹਨ ਨਸ਼ਟ ਕੀਤੇ ਜਾਣਗੇ ਅਤੇ ਜਿਹੜੇ ਬਚੇ ਰਹਿ ਜਾਣਗੇ ਉਹ ਇੱਕ ਦੂਜੇ ਨਾਲ ਲੜਨਗੇ ਅਤੇ ਨਸ਼ਟ ਹੋ ਜਾਣਗੇ।” 10 ਫ਼ਿਰ ਮੈਂ ਕਿਰਪਾ ਦੀ ਸੋਟੀ ਚੁੱਕੀ ਤੇ ਉਸ ਨੂੰ ਤੋੜ ਦਿੱਤਾ। ਇਹ ਮੈਂ ਇਹ ਦਰਸਾਉਣ ਲਈ ਕੀਤਾ ਕਿ ਪਰਮੇਸ਼ੁਰ ਦਾ ਆਪਣੀ ਕੌਮ ਨਾਲ ਹੋਇਆ ਨੇਮ ਤੋੜ ਦਿੱਤਾ ਹੈ। 11 ਇਸ ਲਈ ਉਸ ਦਿਨ, ਇਕਰਾਰਨਾਮਾ ਟੁੱਟ ਗਿਆ ਅਤੇ ਉਨ੍ਹਾਂ ਦੁੱਖੀ ਹੋਈਆਂ ਭੇਡਾਂ ਨੇ, ਜੋ ਮੈਨੂੰ ਤੱਕ ਰਹੀਆਂ ਸਨ ਜਾਣ ਲਿਆ ਕਿ ਇਹ ਯਹੋਵਾਹ ਦਾ ਇਕਰਾਰ ਸੀ।
12 ਤਦ ਮੈਂ ਉਨ੍ਹਾਂ ਨੂੰ ਕਿਹਾ, “ਜੇਕਰ ਤੁਹਾਡੀ ਨਿਗਾਹ ਵਿੱਚ ਚੰਗਾ ਹੋਵੇ ਤਾਂ ਮੇਰੀ ਮਜਦੂਰੀ ਦੇਵੋ ਜੇਕਰ ਨਹੀਂ ਤਾਂ ਨਾ ਸਹੀ।” ਤਾਂ ਉਨ੍ਹਾਂ ਨੇ ਮੈਨੂੰ 30 ਚਾਂਦੀ ਦੇ ਸਿੱਕੇ ਦੇ ਦਿੱਤੇ। 13 ਤਦ ਮੈਨੂੰ ਯਹੋਵਾਹ ਨੇ ਦੱਸਿਆ, “ਇਨ੍ਹਾਂ ਨੂੰ ਮੰਦਰ ਦੇ ਖਜ਼ਾਨੇ ਦੇ ਅੱਗੇ ਸੁੱਟ ਦੇਹ ਭਾਵ ਇਹ ਕਿ ਉਸ ਵੱਡੀ ਕੀਮਤ ਨੂੰ ਜਿਹੜਾ ਉਨ੍ਹਾਂ ਵੱਲੋਂ ਮੇਰਾ ਮੁੱਲ ਪਿਆ ਸੀ,” ਤਾਂ ਮੈਂ ਉਹ 30 ਚਾਂਦੀ ਦੇ ਸਿੱਕੇ ਯਹੋਵਾਹ ਦੇ ਮੰਦਰ ਵਿੱਚ ਉਹ ਖਜ਼ਾਨੇ ਅੱਗੇ ਸੁੱਟ ਦਿੱਤੇ। 14 ਫ਼ਿਰ ਮੈਂ ਉਹ ਸੰਘ ਦੀ ਸੋਟੀ ਦੇ ਵੀ ਦੋ ਟੋਟੇ ਕੀਤੇ। ਇਹ ਮੈਂ ਇਹ ਦਰਸਾਉਣ ਲਈ ਕੀਤਾ ਕਿ ਯਹੂਦਾਹ ਅਤੇ ਇਸਰਾਏਲ ਦਾ ਸੰਘ ਟੁੱਟ ਗਿਆ ਹੈ।
15 ਤਦ ਯਹੋਵਾਹ ਨੇ ਮੈਨੂੰ ਆਖਿਆ, “ਹੁਣ ਉਸ ਮੂਰਖ ਆਜੜੀ ਦੇ ਵਰਤੋਂ ਵਾਲਾ ਸਮਾਨ ਲੈ। 16 ਇਸਤੋਂ ਇਹ ਦਰਸਾਇਆ ਜਾਵੇਗਾ ਕਿ ਮੈਂ ਇਸ ਦੇਸ ਲਈ ਨਵਾਂ ਜਵਾਨ ਆਜੜੀ ਚੁਣਾਂਗਾ ਪਰ ਇਹ ਨਵਾਂ ਆਜੜੀ ਤਬਾਹ ਹੋਣ ਵਾਲੀਆਂ ਨੌਜੁਆਨ ਭੇਡਾਂ ਦੀ ਰੱਖਵਾਲੀ ਕਰਨ ਤੋਂ ਅਸਮਰੱਬ ਹੋਵੇਗਾ। ਉਹ ਫ਼ੱਟੜ ਹੋਈਆਂ ਭੇਡਾਂ ਦੀ ਮਰਹਮ ਨਾ ਕਰ ਸੱਕੇਗਾ ਅਤੇ ਜਿਉਂਦੀਆਂ ਨੂੰ ਚਾਰਾ ਨਾ ਦੇ ਸੱਕੇਗਾ। ਅਤੇ ਮੋਟੀਆਂ ਭੇਡਾਂ ਪੂਰੀਆਂ ਖਾਧੀਆਂ ਜਾਣਗੀਆਂ ਸਿਰਫ਼ ਉਨ੍ਹਾਂ ਦੇ ਖੁਰ ਬਚੇ ਰਹਿਣਗੇ।”
17 ਹੇ ਮੇਰੇ ਬੇਕਾਰ ਆਜੜੀ, ਤੂੰ ਮੇਰੇ ਇੱਜੜ ਨੂੰ ਛੱਡਿਆ।
ਉੱਸਨੂੰ ਸਜ਼ਾ ਦਿਓ! ਤਲਵਾਰ ਨਾਲ ਉਸਦੀ ਸੱਜੀ ਬਾਂਹ ਤੇ ਅੱਖ ਨੂੰ ਫ਼ੋੜੋ।
ਉਸਦਾ ਸੱਜਾ ਹੱਥ ਬੇਕਾਰ ਹੋ ਜਾਵੇਗਾ
ਅਤੇ ਉਸਦੀ ਸੱਜੀ ਅੱਖ ਅੰਨ੍ਹੀ ਹੋ ਜਾਵੇਗੀ।
ਯਹੂਦਾਹ ਦੇ ਦੁਆਲੇ ਦੀਆਂ ਕੌਮਾਂ ਦਾ ਦਰਸ਼ਨ
12 ਇਸਰਾਏਲ ਦੇ ਵਿਖੇ ਯਹੋਵਾਹ ਦਾ ਸ਼ੋਕ ਸਮਾਚਾਰ। ਯਹੋਵਾਹ ਨੇ ਧਰਤੀ ਅਤੇ ਆਕਾਸ਼ ਸਿਰਜੇ। ਉਸ ਨੇ ਮਨੁੱਖ ਦਾ ਆਤਮਾ ਉਸ ਦੇ ਵਿੱਚ ਪਾਇਆ ਅਤੇ ਯਹੋਵਾਹ ਨੇ ਇਹ ਗੱਲਾਂ ਆਖੀਆਂ। 2 “ਵੇਖ, ਮੈਂ ਯਰੂਸ਼ਲਮ ਨੂੰ ਉਸ ਦੇ ਆਸ-ਪਾਸ ਦੇ ਰਾਜਾਂ ਲਈ ਜ਼ਹਿਰ ਦੇ ਪਿਆਲੇ ਵਾਂਗ ਬਣਾਵਾਂਗਾ। ਕੌਮਾਂ ਆਉਣਗੀਆਂ ਅਤੇ ਉਸ ਸ਼ਹਿਰ ਤੇ ਹਮਲਾ ਕਰਨਗੀਆਂ ਅਤੇ ਸਾਰੇ ਦਾ ਸਾਰਾ ਯਹੂਦਾਹ ਇਹ ਫਾਹੀ ਵਿੱਚ ਆ ਜਾਵੇਗਾ। 3 ਪਰ ਮੈਂ ਯਰੂਸ਼ਲਮ ਨੂੰ ਇੱਕ ਭਾਰੀ ਚੱਟਾਨ ਵਾਂਗ ਬਣਾਵਾਂਗਾ-ਤਾਂ ਜੋ ਜਿਹੜਾ ਵੀ ਇਸ ਨੂੰ ਲਿਜਾਣ ਦੀ ਕੋਸ਼ਿਸ਼ ਕਰੇਗਾ ਖੁਦ ਹੀ ਜ਼ਖਮੀ ਹੋਵੇਗਾ। ਸਾਰੇ ਉਸ ਦੇ ਚੁੱਕਣ ਵਾਲੇ ਫ਼ੱਟੜ ਕੀਤੇ ਜਾਣਗੇ। ਪਰ ਧਰਤੀ ਦੀਆਂ ਸਾਰੀਆਂ ਕੌਮਾਂ ਯਰੂਸ਼ਲਮ ਦੇ ਵਿਰੁੱਧ ਲਢ਼ਨ ਲਈ ਇਕੱਠੀਆਂ ਹੋਣਗੀਆਂ। 4 ਪਰ ਉਸ ਵਕਤ, ਮੈਂ ਹਰ ਸਿਪਾਹੀ ਦੇ ਘੋੜੇ ਨੂੰ ਘਬਰਾਹਟ ਨਾਲ ਅਤੇ ਉਸ ਦੇ ਸਵਾਰ ਨੂੰ ਖਤਰੇ ਨਾਲ ਮਾਰਾਂਗਾ। ਮੈਂ ਸਾਰੇ ਵੈਰੀਆਂ ਦੇ ਘੋੜਿਆਂ ਨੂੰ ਅੰਨ੍ਹਿਆਂ ਕਰ ਦੇਵਾਂਗਾ ਪਰ ਮੇਰੀਆਂ ਅੱਖਾਂ ਖੁਲ੍ਹੀਆਂ ਰਹਿਣਗੀਆਂ ਅਤੇ ਮੈਂ ਯਹੂਦਾਹ ਦੇ ਘਰਾਣੇ ਤੇ ਨਜ਼ਰ ਰੱਖਾਂਗਾ। 5 ਯਹੂਦਾਹ ਦੇ ਆਗੂ ਦੂਜਿਆਂ ਨੂੰ ਇਹ ਆਖਕੇ ਹੌਸਲਾ ਦੇਣਗੇ, ‘ਯਹੋਵਾਹ ਸਰਬ ਸ਼ਕਤੀਮਾਨ ਤੁਹਾਡਾ ਪਰਮੇਸ਼ੁਰ ਹੈ। ਉਹ ਸਾਨੂੰ ਤਾਕਤ ਦਿੰਦਾ ਹੈ।’ 6 ਉਸ ਵਕਤ, ਮੈਂ ਯਹੂਦਾਹ ਘਰਾਣੇ ਦੇ ਆਗੂਆਂ ਨੂੰ ਜੰਗਲ ਵਿੱਚ ਬਲਦੀ ਅੱਗ ਵਾਂਗ ਠਹਿਰਾਵਾਂਗਾ ਅਤੇ ਉਹ ਆਪਣੇ ਦੁਸ਼ਮਣਾਂ ਨੂੰ ਜਿਵੇਂ ਅੱਗ ਤੂੜੀ ਨੂੰ ਸਾੜਦੀ ਹੈ ਤਬਾਹ ਕਰ ਦੇਣਗੇ। ਉਹ ਆਪਣੇ ਦੁਆਲੇ ਦੇ ਦੁਸ਼ਮਣਾਂ ਨੂੰ ਖਤਮ ਕਰ ਦੇਣਗੇ। ਅਤੇ ਯਰੂਸ਼ਲਮ ਵਿੱਚ, ਲੋਕ ਚੈਨ ਨਾਲ ਬੈਠ ਕੇ ਸੁੱਖ ਦਾ ਸਾਹ ਲੈਣਗੇ।”
7 ਯਹੋਵਾਹ ਪਹਿਲਾਂ ਯਹੂਦਾਹ ਦੀ ਕੌਮ ਨੂੰ ਬਚਾਏਗਾ। ਇਸ ਲਈ ਯਰੂਸ਼ਲਮ ਦੇ ਲੋਕ ਢੀਁਗਾਂ ਮਾਰਨ ਵਿੱਚ ਨਾਕਾਮਯਾਬ ਰਹਿਣਗੇ। ਦਾਊਦ ਦਾ ਘਰਾਣਾ ਅਤੇ ਹੋਰ ਯਰੂਸ਼ਲਮ ਵਿੱਚ ਵੱਸਦੇ ਲੋਕ ਇਹ ਫ਼ੜਾਂ ਨਾ ਮਾਰ ਸੱਕਣਗੇ ਕਿ ਉਹ ਯਹੂਦਾਹ ਦੇ ਲੋਕਾਂ ਤੋਂ ਵੱਧ ਚੰਗੇ ਹਨ। 8 ਪਰ ਯਹੋਵਾਹ ਯਰੂਸ਼ਲਮ ਵਿੱਚ ਲੋਕਾਂ ਨੂੰ ਬਚਾਵੇਗਾ। ਉਨ੍ਹਾਂ ਦਾ ਸਭ ਤੋਂ ਕਮਜ਼ੋਰ ਆਦਮੀ ਵੀ ਦਾਊਦ ਵਾਂਗ ਮਜ਼ਬੂਤ ਹੋਵੇਗਾ ਅਤੇ ਦਾਊਦ ਦੇ ਘਰਾਣੇ ਦੇ ਲੋਕ ਪਰਮੇਸ਼ੁਰ ਵਾਂਗ ਹੋਣਗੇ ਉਹ ਯਹੋਵਾਹ ਦੇ ਦੂਤ ਵਰਗੇ ਹੋਣਗੇ ਜਿਹੜਾ ਲੋਕਾਂ ਦੀ ਅਗਵਾਹੀ ਕਰਦਾ ਹੈ।
9 ਯਹੋਵਾਹ ਆਖਦਾ ਹੈ, “ਉਸ ਵਕਤ, ਜਿਹੜੀਆਂ ਕੌਮਾਂ ਯਰੂਸ਼ਲਮ ਦੇ ਵਿਰੁੱਧ ਯੁੱਧ ਕਰਨਗੀਆਂ, ਮੈਂ ਉਨ੍ਹਾਂ ਨੂੰ ਤਬਾਹ ਕਰਾਂਗਾ। 10 ਮੈਂ ਦਾਊਦ ਦੇ ਘਰਾਣਿਆਂ ਉੱਪਰ ਅਤੇ ਯਰੂਸ਼ਲਮ ਦੇ ਲੋਕਾਂ ਉੱਪਰ ਕਿਰਪਾ ਅਤੇ ਬੇਨਤੀ ਦਾ ਆਤਮਾ ਵਰਸਾਵਾਂਗਾ ਅਤੇ ਉਹ ਮੇਰੇ ਵੱਲ ਵੇਖਣਗੇ ਜਿਸ ਨੂੰ ਉਨ੍ਹਾਂ ਨੇ ਵਿਂਨ੍ਹਿਆ ਸੀ ਅਤੇ ਉਹ ਬੜੇ ਦੁੱਖੀ ਹੋਣਗੇ। ਉਹ ਇੰਨੇ ਦੁੱਖੀ ਹੋਣਗੇ ਜਿੰਨਾ ਕੋਈ ਮਨੁੱਖ ਆਪਣੇ ਇੱਕ ਲੌਤੇ ਪੁੱਤਰ ਦੀ ਮੌਤ ਤੇ ਹੁੰਦਾ ਹੈ ਅਤੇ ਵੈਣ ਪਾਉਂਦਾ ਹੈ। ਜਾਂ ਉਹ ਇੰਨੇ ਦੁੱਖੀ ਹੋਣਗੇ ਜਿੰਨਾ ਕਿ ਕੋਈ ਆਪਣੇ ਪਹਿਲੋਠੇ ਪੁੱਤਰ ਦੀ ਮੌਤ ਤੇ। 11 ਯਰੂਸ਼ਲਮ ਵਿੱਚ ਮਹਾਂ ਸ਼ੋਕ ਉਦਾਸੀ ਅਤੇ ਰੋਣ-ਪਿੱਟਣ ਦਾ ਸਮਾਂ ਹੋਵੇਗਾ। ਇਹ ਉਹੋ ਜਿਹਾ ਸਮਾਂ ਹੋਵੇਗਾ ਜਿਵੇਂ ਮਗਿੱਦੋ ਦੀ ਵਾਦੀ ਵਿੱਚ ਹਦਦ-ਰਮੋਨ ਦੇ ਸੋਗ ਵਿੱਚ ਹੋਇਆ ਸੀ। ਜਿਵੇਂ ਲੋਕਾਂ ਨੇ ਉਸ ਦੀ ਮੌਤ ਤੇ ਕੀਰਨੇ ਪਾਏ ਸਨ ਅਜਿਹਾ ਸਮਾਂ ਹੀ ਯਰੂਸ਼ਲਮ ਤੇ ਹੋਵੇਗਾ। 12 ਹਰੇਕ ਘਰਾਣਾ ਆਪਣੇ-ਆਪ ਵਿੱਚ ਪਿੱਟੇਗਾ। ਦਾਊਦ ਦੇ ਘਰਾਣੇ ਦੇ ਲੋਕ ਅਤੇ ਉਨ੍ਹਾਂ ਦੀਆਂ ਪਤਨੀਆਂ ਵੀ ਆਪਣੇ-ਆਪ ਵਿੱਚ ਕੀਰਨੇ ਪਾਉਣਗੀਆਂ। ਨਾਥਾਨ ਦੇ ਘਰਾਣੇ ਦਾ ਟੱਬਰ ਅਤੇ ਉਨ੍ਹਾਂ ਦੀਆਂ ਪਤਨੀਆਂ ਵੀ ਆਪਣੇ ਆਪ ਵਿੱਚ ਰੋਣਗੇ-ਪਿੱਟਣਗੇ। 13 ਲੇਵੀ ਦੇ ਘਰਾਣੇ ਦਾ ਟੱਬਰ ਅਤੇ ਉਨ੍ਹਾਂ ਦੀਆਂ ਪਤਨੀਆਂ ਅਤੇ ਸ਼ਿਮਈ ਦਾ ਪਰਿਵਾਰ ਅਤੇ ਉਨ੍ਹਾਂ ਦੀਆਂ ਪਤਨੀਆਂ ਵੀ ਆਪਣੇ-ਆਪ ਵਿੱਚ ਰੋਣ-ਪਿੱਟਣਗੇ। 14 ਹੋਰ ਪਰਿਵਾਰ-ਸਮੂਹਾਂ ਨਾਲ ਵੀ ਅਜਿਹਾ ਹੀ ਵਾਪਰੇਗਾ ਕਿ ਹਰ ਆਦਮੀ ਅਤੇ ਔਰਤ ਕੀਰਨੇ।”
13 ਪਰ ਉਸ ਵਕਤ ਦਾਊਦ ਦੇ ਘਰਾਣੇ ਅਤੇ ਯਰੂਸ਼ਲਮ ਦੇ ਹੋਰ ਲੋਕਾਂ ਵਾਸਤੇ ਪਾਣੀ ਦਾ ਇੱਕ ਨਵਾਂ ਚਸ਼ਮਾ ਫ਼ੁੱਟੇਗਾ। ਉਸ ਝਰਨੇ ਵਿੱਚ ਉਨ੍ਹਾਂ ਦੇ ਸਾਰੇ ਪਾਪ ਧੋਤੇ ਜਾਣਗੇ ਤੇ ਉਹ ਲੋਕਾਂ ਨੂੰ ਪਵਿੱਤਰ ਕਰਨਗੇ।
ਝੂਠੇ ਨਬੀਆਂ ਦਾ ਖਾਤਮਾ
2 ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ, “ਉਸ ਵਕਤ ਮੈਂ ਧਰਤੀ ਤੋਂ ਸਾਰੇ ਬੁੱਤ ਖਤਮ ਕਰ ਦੇਵਾਂਗਾ। ਇੱਥੋਂ ਤਕ ਕਿ ਲੋਕ ਉਨ੍ਹਾਂ ਦੇ ਨਾਉਂ ਤਕ ਵੀ ਭੁੱਲ ਜਾਣਗੇ। ਅਤੇ ਮੈਂ ਧਰਤੀ ਤੋਂ ਝੂਠੇ ਨਬੀਆਂ ਅਤੇ ਬਦਰੂਹਾਂ ਨੂੰ ਖਤਮ ਕਰ ਦੇਵਾਂਗਾ। 3 ਫ਼ਿਰ ਵੀ, ਜੇਕਰ ਕੋਈ ਮਨੁੱਖ ਭਵਿੱਖਬਾਣੀ ਕਰਨੀ ਜਾਰੀ ਰੱਖਦਾ, ਉਸ ਨੂੰ ਦੰਡ ਦਿੱਤਾ ਜਾਵੇਗਾ। ਇੱਥੋਂ ਤੀਕ ਕਿ ਉਸ ਦੇ ਮਾਪੇ ਉਸਦੀ ਮਾਂ ਅਤੇ ਉਸਦਾ ਪਿਉ ਉਸ ਨੂੰ ਕਹਿਣਗੇ, ‘ਤੂੰ ਯਹੋਵਾਹ ਦੇ ਨਾਂ ਤੇ ਝੂਠ ਬੋਲਿਆ ਇਸ ਲਈ ਤੈਨੂੰ ਮਰਨਾ ਚਾਹੀਦਾ ਫ਼ੇਰ ਉਸ ਦੇ ਖੁਦ ਦੇ ਮਾਪੇ ਨਬੁੱਵਤ ਕਰਨ ਤੋਂ ਉਸ ਨੂੰ ਚਪੇੜ ਮਾਰਨਗੇ।’ 4 ਹਰੇਕ ਨਬੀ ਉਸ ਵਕਤ ਆਪਣੇ ਵਾਚੇ ਅਗੰਮ ਤੇ ਸ਼ਰਮਿੰਦਾ ਹੋਵੇਗਾ ਅਤੇ ਆਪਣੇ ਦਰਸ਼ਨ ਤੇ ਵੀ ਅਤੇ ਮੁੜ ਉਹ ਨਬੀ ਦੇ ਵਿਖਾਵੇ ਵਾਲਾ ਚੋਗਾ ਨਾ ਪਾਉਣਗੇ ਜੋ ਉਨ ਦਾ ਬਣਿਆ ਹੁੰਦਾ ਹੈ। ਜਿਨ੍ਹਾਂ ਝੂਠ ਵਾਕਾਂ ਨੂੰ ਅਗੰਮ ਵਾਕ ਆਖ ਕੇ ਉਹ ਲੋਕਾਂ ਨੂੰ ਠੱਗਦੇ ਹਨ, ਮੁੜ ਇਉਂ ਨਾ ਕਰਨਗੇ। 5 ਉਹ ਲੋਕ ਆਖਣਗੇ, ‘ਮੈਂ ਨਬੀ ਨਹੀਂ ਹਾਂ ਮੈਂ ਕਿਸਾਨ ਹਾਂ। ਮੈਂ ਤਾਂ ਬਚਪਨ ਤੋਂ ਕਿਸਾਨੀ ਦਾ ਕੰਮ ਕਰਾ ਆਇਆ ਹਾਂ।’ 6 ਪਰ ਦੂਜੇ ਲੋਕ ਕਹਿਣਗੇ, ‘ਪਰ ਇਹ ਤੇਰੇ ਹੱਥਾਂ ਤੇ ਜ਼ਖਮ ਕੈਸੇ ਹਨ?’ ਤਾਂ ਉਹ ਕਹੇਗਾ, ‘ਮੈਂ ਆਪਣੇ ਸੱਜਣਾਂ ਦੇ ਘਰ ’ਚ ਜ਼ਖਮੀ ਕੀਤਾ ਗਿਆ ਸੀ।”’
7 ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ, “ਹੇ ਤਲਵਾਰ! ਮੇਰੇ ਅਯਾਲੀ ਤੇ ਵਾਰ ਕਰ। ਉਸ ਮਨੁੱਖ ਤੇ ਵਾਰ ਕਰ ਜੋ ਮੇਰਾ ਮਿੱਤਰ ਹੈ। ਆਜੜੀ ਤੇ ਵਾਰ ਕਰ ਤਾਂ ਭੇਡਾਂ ਭੱਜ ਜਾਣਗੀਆਂ। ਮੈਂ ਛੋਟਿਆਂ ਦੇ ਵਿਰੁੱਧ ਆਪਣਾ ਹੱਥ ਉੱਠਾਵਾਂਗਾ। 8 ਉਸ ਦੇਸ ਦੇ ਦੋ ਤਿਹਾਈ ਲੋਕ ਵੱਢੇ ਜਾਣਗੇ ਪਰ ਇੱਕ ਤਿਹਾਈ ਉਨ੍ਹਾਂ ਦੇ ਦੇਸ ਚੋ ਬਚ ਜਾਣਗੇ। 9 ਫ਼ਿਰ ਮੈਂ ਉਨ੍ਹਾਂ ਬਚੇ ਹੋਇਆਂ ਨੂੰ ਪਰੱਖਾਂਗਾ। ਮੈਂ ਉਨ੍ਹਾਂ ਤੇ ਬੜੇ ਸੰਕਟ ਲਿਆਵਾਂਗਾ। ਮੈਂ ਬੱਚਿਆਂ ਹੋਇਆਂ ਚੋ ਇੱਕ ਤਿਹਾਈ ਨੂੰ ਅੱਗ ਵਿੱਚ ਚਾਂਦੀ ਨੂੰ ਤਪਾਏ ਜਾਣ ਵਾਂਗ ਪਰੱਖਾਂਗਾ। ਮੈਂ ਉਨ੍ਹਾਂ ਨੂੰ ਉਵੇਂ ਪਰੱਖਾਂਗਾ ਜਿਵੇਂ ਸੋਨਾ ਪਰੱਖਿਆ ਜਾਂਦਾ ਹੈ। ਉਹ ਮੈਨੂੰ ਪੁਕਾਰਨਗੇ, ਅਤੇ ਮੈਂ ਉਨ੍ਹਾਂ ਨੂੰ ਉੱਤਰ ਦੇਵਾਂਗਾ। ਮੈਂ ਆਖਾਂਗਾ, ‘ਤੁਸੀਂ ਮੇਰੇ ਲੋਕ ਹੋ।’ ਉਹ ਆਖਣਗੇ, ‘ਯਹੋਵਾਹ, ਸਾਡਾ ਪਰਮੇਸ਼ੁਰ ਹੈ।’”
ਨਿਆਂ ਦਾ ਦਿਨ
14 ਵੇਖ ਯਹੋਵਾਹ ਦੇ ਨਿਆਂ ਦਾ ਖਾਸ ਦਿਨ ਹੈ ਅਤੇ ਜਿਹੜਾ ਲੁੱਟ ਦਾ ਖਜ਼ਾਨਾ ਤੇਰੇ ਪਾਸ ਹੈ, ਤੇਰੇ ਸ਼ਹਿਰ ਵਿੱਚ ਵੰਡਿਆ ਜਾਵੇਗਾ। 2 ਮੈਂ ਸਾਰੇ ਰਾਜਾਂ ਨੂੰ ਕੌਮਾਂ ਨੂੰ ਯਰੂਸ਼ਲਮ ਦੇ ਵਿਰੁੱਧ ਲੜਨ ਲਈ ਇਕੱਠਿਆਂ ਕਰਾਂਗਾ। ਉਹ ਸ਼ਹਿਰ ਤੇ ਕਬਜ਼ਾ ਕਰਕੇ ਉਸ ਦੇ ਸਾਰੇ ਘਰ ਤਬਾਹ ਕਰ ਦੇਣਗੇ। ਔਰਤਾਂ ਨਾਲ ਜ਼ਬਰ ਜਨਾਹ ਹੋਵੇਗਾ ਅਤੇ ਅੱਧੀ ਕੌਮ ਬੰਦੀ ਬਣਾ ਲਿੱਤੀ ਜਾਵੇਗੀ। ਪਰ ਬਾਕੀ ਦੇ ਲੋਕ ਸ਼ਹਿਰ ਵਿੱਚੋਂ ਬਾਹਰ ਨਾ ਲਿਜਾਏ ਜਾਣਗੇ। 3 ਫ਼ਿਰ ਯਹੋਵਾਹ ਉਨ੍ਹਾਂ ਕੌਮਾਂ ਨਾਲ ਯੁੱਧ ਕਰਨ ਲਈ ਨਿਕਲੇਗਾ। ਇਹ ਅਸਲ ਲੜਾਈ ਹੋਵੇਗੀ। 4 ਉਸ ਵਕਤ, ਉਹ ਯਰੂਸ਼ਲਮ ਦੀ ਪੂਰਬੀ ਪਹਾੜੀ, ਜੈਤੂਨਾਂ ਦੇ ਪਰਬਤਾਂ ਉੱਪਰ ਖੜ੍ਹਾ ਹੋਵੇਗਾ ਅਤੇ ਪਰਬਤ ਵਿੱਚਕਾਰੋ ਪਾਟ ਜਾਵੇਗਾ। ਉਸਦਾ ਇੱਕ ਭਾਗ ਉੱਤਰ ਵੱਲ ਤੇ ਦੂਜਾ ਦੱਖਣ ਵੱਲ ਖਿਸੱਕ ਜਾਵੇਗਾ ਤੇ ਓੱਥੇ ਪੂਰਬ ਤੋਂ ਪੱਛਮ ਤੱਕ ਦੋ ਹਿਸਿਆਂ ਵਿੱਚ ਇੱਕ ਵੱਡੀ ਵਾਦੀ ਹੋਵੇਗੀ। 5 ਉਸ ਵਕਤ, ਤੁਸੀਂ ਮੇਰੇ ਪਹਾੜ ਦੀ ਵਾਦੀ ਵਿੱਚੋਂ ਨੱਸਣ ਦੀ ਕੋਸ਼ਿਸ਼ ਕਰੋਂਗੇ ਕਿਉਂ ਕਿ ਉਹ ਵਾਦੀ ਤੁਹਾਡੇ ਉੱਪਰ ਬੰਦ ਹੋ ਜਾਵੇਗੀ। ਤੁਸੀਂ ਨੱਸੋਗੇ ਜਿਵੇਂ ਯਹੂਦਾਹ ਦੇ ਰਾਜੇ ਉਜ਼ੀਯਾਹ ਦੇ ਸਮੇਂ ਵਿੱਚ ਭੂਚਾਲ ਆਉਣ ਤੇ ਨੱਸੇ ਸੀ। ਤਦ ਯਹੋਵਾਹ ਮੇਰਾ ਪਰਮੇਸ਼ੁਰ ਆਵੇਗਾ ਅਤੇ ਉਸ ਦੇ ਪਵਿੱਤਰ ਮਨੁੱਖ ਉਸ ਦੇ ਸੰਗ ਹੋਣਗੇ।
6-7 ਉਹ ਬੜਾ ਮਹੱਤਵਪੂਰਣ ਦਿਨ ਹੋਵੇਗਾ। ਉਸ ਖਾਸ ਦਿਨ ਨਾ ਕੋਈ ਰੌਸ਼ਨੀ, ਨਾ ਠੰਡ ਅਤੇ ਨਾ ਹੀ ਧੁੰਦ ਹੋਵੇਗੀ। ਇਹ ਤਾਂ ਯਹੋਵਾਹ ਹੀ ਜਾਣੇ ਕਿ ਕਿਵੇਂ, ਪਰ ਉਸ ਦਿਨ, ਨਾ ਦਿਨ ਹੋਵੇਗਾ ਤੇ ਨਾ ਰਾਤ ਅਤੇ ਜਿਵੇਂ ਅਕਸਰ ਸ਼ਾਮ ਵੇਲੇ ਹਨੇਰਾ ਛਾਉਂਦਾ ਹੈ ਉਸ ਵਕਤ ਵੀ ਹਨੇਰੇ ਦੀ ਬਜਾਇ ਰੌਸ਼ਨੀ ਰਹੇਗੀ। 8 ਉਸ ਵਕਤ, ਯਰੂਸ਼ਲਮ ਵਿੱਚ ਲਗਾਤਾਰ ਤਾਜ਼ਾ ਪਾਣੀ ਬਹੇਗਾ। ਝਰਨਾ ਫੁੱਟ ਕੇ ਬਿਖਰ ਜਾਵੇਗਾ। ਉਸ ਦਾ ਕੁਝ ਹਿੱਸਾ ਡੈਡ ਸੀ ਵੱਲ ਅਤੇ ਕੁਝ ਹਿੱਸਾ ਮੈਡੀਟ੍ਰੇਨੀਅਨ ਸਮੁੰਦਰ ਵੱਲ ਨੂੰ ਵਹੇਗਾ। ਪਾਣੀ ਗਰਮੀਆਂ ਦੌਰਾਨ ਅਤੇ ਸਰਦੀਆਂ ਦੌਰਾਨ ਵੀ ਵਗਦਾ ਰਹੇਗਾ। 9 ਉਸ ਵੇਲੇ ਯਹੋਵਾਹ ਹੀ ਸਾਰੀ ਦੁਨੀਆਂ ਦਾ ਪਾਤਸ਼ਾਹ ਹੋਵੇਗਾ। ਉਸ ਦਿਨ ਯਹੋਵਾਹ ਇੱਕ ਹੀ ਹੋਵੇਗਾ ਤੇ ਇੱਕ ਹੀ ਉਸਦਾ ਨਾਉਂ। 10 ਉਸ ਵਕਤ, ਯਰੂਸ਼ਲਮ ਦੁਆਲੇ ਦਾ ਸਾਰਾ ਇਲਾਕਾ ਨੇਜੇਵ ਵਿੱਚ ਗਬਾ ਤੋਂ ਰਿਂਮੋਨ ਤੀਕ ਅਗਬਾਹ ਦੇ ਉਜਾੜ ਵਾਂਗ ਹੋ ਜਾਵੇਗਾ। ਪਰ ਯਰੂਸ਼ਲਮ ਬਹੁਤ ਉੱਚਾ ਚੁੱਕਿਆ ਜਾਵੇਗਾ। ਇਹ ਬਿਨਯਾਮੀਨ ਦੇ ਫ਼ਾਟਕ ਤੋਂ ਪਹਿਲੇ ਫ਼ਾਟਕ (ਨੁਕਰ ਦੇ ਫ਼ਾਟਕ ) ਤੀਕ ਅਤੇ ਹਨਨੇਲ ਦੇ ਬੁਰਜ ਤੋਂ ਪਾਤਸ਼ਾਹ ਦੇ ਅੰਗੂਰੀ ਚੁਬੱਚਿਆਂ ਤੀਕ ਫ਼ਿਰ ਤੋਂ ਉਸਾਰਿਆ ਜਾਵੇਗਾ। 11 ਲੋਕ ਯਰੂਸ਼ਲਮ ’ਚ ਵਸ ਜਾਣਗੇ। ਉੱਥੇ ਉਨ੍ਹਾਂ ਦਾ ਨਾਸ ਕਰਨ ਲਈ ਕੋਈ ਵੈਰੀ ਨਹੀਂ ਆਵੇਗਾ। ਤਦ ਯਰੂਸ਼ਲਮ ਸੁਰੱਖਿਆਤ ਹੋਵੇਗਾ।
12 ਪਰ ਯਹੋਵਾਹ ਉਨ੍ਹਾਂ ਕੌਮਾਂ ਨੂੰ ਦੰਡ ਦੇਵੇਗਾ ਜਿਹੜੀਆਂ ਯਰੂਸ਼ਲਮ ਦੇ ਵਿਰੁੱਧ ਲੜੀਆਂ। ਉਹ ਉਨ੍ਹਾਂ ਦੇ ਖਿਲਾਫ਼ ਭਿਆਨਕ ਬਿਮਾਰੀ ਭੇਜੇਗਾ। ਉਨ੍ਹਾਂ ਦੇ ਜਿਉਂਦੇ ਜੀਅ ਉਨ੍ਹਾਂ ਦੀ ਚਮੜੀ ਗਲ-ਸੜ ਜਾਵੇਗੀ। ਉਨ੍ਹਾਂ ਦੀਆਂ ਅੱਖਾਂ, ਅੱਖਾਂ ਦੀਆਂ ਪੁਤਲੀਆਂ ਅੰਦਰ ਹੀ ਸੜ ਜਾਣਗੀਆਂ ਅਤੇ ਉਨ੍ਹਾਂ ਦੀ ਜੀਭ ਉਨ੍ਹਾਂ ਦੇ ਮੂੰਹ ’ਚ ਪਈ ਗਲ ਜਾਵੇਗੀ। 13-15 ਦੁਸ਼ਮਣ ਦੇ ਡਿਹਰੇ ਤੇ ਭਿਆਨਕ ਬਿਮਾਰੀ ਆਵੇਗੀ ਅਤੇ ਉਨ੍ਹਾਂ ਦੇ ਘੋੜਿਆਂ, ਖੱਚਰਾਂ, ਊਠਾਂ, ਗਧਿਆਂ ਅਤੇ ਸਾਰੇ ਪਸ਼ੂਆਂ ਨੂੰ ਇਹ ਬਿਮਾਰੀ ਘੇਰੇਗੀ।
ਉਸ ਦਿਨ ਯਹੋਵਾਹ ਦੇ ਵੱਲੋਂ ਉਨ੍ਹਾਂ ਵਿੱਚ ਵੱਡੀ ਹਲਚਲ ਹੋਵੇਗੀ ਉਹ ਆਪੋ-ਆਪਣੇ ਗੁਆਂਢੀ ਦਾ ਹੱਥ ਫ਼ੜਨਗੇ ਅਤੇ ਉਨ੍ਹਾਂ ਦੇ ਹੱਥ ਆਪਣੇ ਗੁਆਂਢੀਆਂ ਦੇ ਵਿਰੁੱਧ ਉੱਠਣਗੇ। ਇੱਥੋਂ ਤੀਕ ਕਿ ਯਹੂਦਾਹ ਯਰੂਸ਼ਲਮ ਦਾ ਵਿਰੋਧ ਕਰੇਗਾ ਅਤੇ ਆਲੇ-ਦੁਆਲੇ ਦੀਆਂ ਸਾਰੀਆਂ ਕੌਮਾਂ ਦਾ ਧਨ ਇਕੱਠਾ ਕੀਤਾ ਜਾਵੇਗਾ ਜਿਸ ਵਿੱਚ ਢੇਰ ਸਾਰਾ ਸੋਨਾ-ਚਾਂਦੀ ਅਤੇ ਵਸਤਰ ਹੋਣਗੇ। 16 ਕੁਝ ਲੋਕ ਜੋ ਯਰੂਸ਼ਲਮ ਨਾਲ ਲੜਨ ਆਏ ਉਨ੍ਹਾਂ ਵਿੱਚੋਂ ਕੁਝ ਬਚੇ ਰਹਿਣਗੇ ਅਤੇ ਉਹ ਹਰ ਸਾਲ ਪਾਤਸ਼ਾਹ, ਸਰਬ ਸ਼ਕਤੀਮਾਨ ਯਹੋਵਾਹ ਦੀ ਉਪਾਸਨਾ ਕਰਨ ਅਇਆ ਕਰਣਗੇ। ਅਤੇ ਉਹ ਹਰ ਵਰ੍ਹੇ ਡੇਰ੍ਹਿਆਂ ਦਾ ਪਰਬ ਮਨਾਉਣ ਆਇਆ ਕਰਣਗੇ। 17 ਅਤੇ ਜੇਕਰ ਉਹ ਲੋਕ ਇਵੇਂ ਨਾ ਕਰਨਗੇ ਤਾਂ ਯਹੋਵਾਹ ਸਰਬ ਸ਼ਕਤੀਮਾਨ ਉਨ੍ਹਾਂ ਦੇ ਥਾਵਾਂ ਤੇ ਸੋਕਾ ਪਾ ਦੇਵੇਗਾ। 18 ਜੇਕਰ ਮਿਸਰ ਦੇ ਘਰਾਣੇ ਵਿੱਚੋਂ ਡੇਰਿਆਂ ਦੇ ਪਰਬ ਤੇ ਕੋਈ ਮਨੁੱਖ ਹਰ ਸਾਲ ਨਾ ਜਾਵੇਗਾ ਤਾਂ ਯਹੋਵਾਹ ਵੈਰੀਆਂ ਦੀਆਂ ਕੌਮਾਂ ਵਾਂਗ ਉਨ੍ਹਾਂ ਉੱਪਰ ਵੀ ਭਿਆਨਕ ਬੀਮਾਰੀ ਲਿਆਵੇਗਾ। 19 ਉਹ ਮਿਸਰ ਲਈ ਸਜ਼ਾ ਹੋਵੇਗੀ ਅਤੇ ਬਾਕੀ ਉਨ੍ਹਾਂ ਲੋਕਾਂ ਲਈ ਵੀ ਜਿਹੜੇ ਡੇਰਿਆਂ ਦੇ ਪਰਬ ਨੂੰ ਮਨਾਉਣ ਨਹੀਂ ਜਾਣਗੇ।
20 ਉਸ ਵੇਲੇ, ਹਰ ਵਸਤੂ ਪਰਮੇਸ਼ੁਰ ਦੀ ਹੋਵੇਗੀ। ਇੱਥੋਂ ਤੀਕ ਕਿ ਉਨ੍ਹਾਂ ਘੋੜਿਆਂ ਦੀਆਂ ਘੰਟੀਆਂ ਉੱਪਰ ਵੀ ਇਹ ਲਿਖਿਆ ਹੋਵੇਗਾ, “ਯਹੋਵਾਹ ਲਈ ਪਵਿੱਤਰ।” ਯਹੋਵਾਹ ਦੇ ਮੰਦਰ ਦੀਆਂ ਦੇਗਾਂ ਉਨ੍ਹਾਂ ਕਟੋਰਿਆਂ ਵਾਂਗ ਹੋਣਗੀਆਂ ਜਿਹੜੀਆਂ ਜਗਵੇਦੀ ਦੇ ਅੱਗੇ ਹਨ। 21 ਅਸਲ ਵਿੱਚ, ਯਰੂਸ਼ਲਮ ਅਤੇ ਯਹੂਦਾਹ ਦੀ ਹਰ ਦੇਗ ਉੱਪਰ ਇਹ ਤਖਤੀ ਹੋਵੇਗੀ, “ਯਹੋਵਾਹ ਸਰਬ ਸ਼ਕਤੀਮਾਨ ਲਈ ਪਵਿੱਤਰ।” ਸਾਰੇ ਬਲੀਆਂ ਚੜ੍ਹਾਉਣ ਵਾਲੇ ਆਉਣਗੇ ਅਤੇ ਉਨ੍ਹਾਂ ਦੇਗਾਂ ਨੂੰ ਲੈ ਕੇ ਉਨ੍ਹਾਂ ਵਿੱਚ ‘ਉਹ ਆਪਣਾ ਖਾਸ ਭੋਜਨ’ ਪਕਾਉਣਗੇ।
ਉਸ ਵੇਲੇ ਕੋਈ ਵੀ ਵਪਾਰੀ ਸਰਬ ਸ਼ਕਤੀਮਾਨ ਯਹੋਵਾਹ ਦੇ ਮੰਦਰ ਵਿੱਚ ਕੋਈ ਖਰੀਦ ਵੇਚ ਨਾ ਕਰੇਗਾ।
1 ਪਰਮੇਸ਼ੁਰ ਵੱਲੋਂ ਅਗੰਮ ਵਾਕ। ਇਹ ਵਾਕ ਯਹੋਵਾਹ ਵੱਲੋਂ ਇਸਰਾਏਲ ਨੂੰ ਹੈ, ਜਿਸ ਲਈ ਪਰਮੇਸ਼ੁਰ ਨੇ ਮਲਾਕੀ ਨੂੰ ਕਿਹਾ।
ਪਰਮੇਸ਼ੁਰ ਨੂੰ ਇਸਰਾਏਲ ਪਿਆਰਾ ਹੈ
2 ਯਹੋਵਾਹ ਨੇ ਆਖਿਆ, “ਮੈਂ ਤੁਹਾਨੂੰ ਪਿਆਰ ਕਰਦਾ ਹਾਂ।”
ਪਰ ਤੁਸੀਂ ਕਿਹਾ, “ਕੀ ਸਬੂਤ ਹੈ ਕਿ ਤੂੰ ਸਾਨੂੰ ਪਿਆਰ ਕਰਦਾ ਹੈਂ?”
ਯਹੋਵਾਹ ਨੇ ਆਖਿਆ, “ਕੀ ਇਹ ਠੀਕ ਹੈ ਕਿ ਏਸਾਓ ਯਾਕੂਬ ਦਾ ਭਰਾ ਸੀ? ਠੀਕ ਹੈ ਨਾ? ਪਰ ਮੈਂ ਯਾਕੂਬ ਨੂੰ ਚੁਣਿਆ। 3 ਅਤੇ ਮੈਂ ਏਸਾਓ ਨੂੰ ਸਵੀਕਾਰ ਨਾ ਕੀਤਾ, ਸਗੋਂ ਮੈਂ ਉਸ ਦੇ ਪਹਾੜੀ ਦੇਸ਼ਾਂ ਨੂੰ ਤਬਾਹ ਕਰ ਦਿੱਤਾ ਹੁਣ ਓੱਥੇ ਸਿਰਫ਼ ਜੰਗਲੀ ਗਿੱਦੜ ਹੀ ਵੱਸਦੇ ਹਨ।”
4 ਭਾਵੇਂ ਅਦੋਮੀ ਆਖਣਗੇ, “ਅਸੀਂ ਬਰਬਾਦ ਹੋ ਗਏ ਪਰ ਅਸੀਂ ਵਾਪਸ ਜਾਕੇ ਆਪਣੇ ਸ਼ਹਿਰ ਨੂੰ ਮੁੜ ਬਣਾਵਾਂਗੇ।”
ਪਰ ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ, “ਜੇਕਰ ਉਨ੍ਹਾਂ ਨੇ ਉਨ੍ਹਾਂ ਸ਼ਹਿਰਾਂ ਨੂੰ ਮੁੜ ਉਸਾਰਿਆ ਤਾਂ ਮੈਂ ਉਨ੍ਹਾਂ ਨੂੰ ਮੁੜ ਨਸ਼ਟ ਕਰ ਦੇਵਾਂਗਾ।” ਇਸੇ ਕਾਰਣ ਲੋਕ ਅਦੋਮ ਨੂੰ ਦੁਸ਼ਟ ਦੇਸ ਮੰਨਦੇ ਹਨ ਜਿਸ ਨੂੰ ਯਹੋਵਾਹ ਹਮੇਸ਼ਾ ਨਫਰਤ ਕਰਦਾ ਰਿਹਾ ਹੈ।
5 ਤੁਹਾਡੇ ਲੋਕਾਂ ਨੇ ਇਹ ਸਭ ਵੇਖਿਆ ਤਾਂ ਤੁਸੀਂ ਕਿਹਾ, “ਯਹੋਵਾਹ ਮਹਾਨ ਹੈ, ਉਸਦੀ ਮਹਿਮਾ ਇਸਰਾਏਲ ਤੋਂ ਬਾਹਰ ਵੀ ਹੈ।”
ਲੋਕ ਪਰਮੇਸ਼ੁਰ ਦੀ ਇੱਜ਼ਤ ਨਹੀਂ ਕਰਦੇ
6 ਯਹੋਵਾਹ ਸਰਬ ਸ਼ਕਤੀਮਾਨ ਨੇ ਆਖਿਆ, “ਬੱਚੇ ਆਪਣੇ ਪਿਤਾ ਦਾ ਅਤੇ ਨੌਕਰ ਆਪਣੇ ਮਾਲਿਕ ਦਾ ਆਦਰ ਕਰਦੇ ਹਨ। ਮੈਂ ਵੀ ਤੁਹਾਡਾ ਸੁਆਮੀ ਹਾਂ, ਤੁਸੀਂ ਮੇਰਾ ਆਦਰ ਕਿਉਂ ਨਹੀਂ ਕਰਦੇ? ਮੈਂ ਤੁਹਾਡਾ ਪਿਤਾ ਹਾਂ, ਤਾਂ ਫ਼ਿਰ ਭਲਾ ਤੁਸੀਂ ਮੇਰਾ ਆਦਰ ਕਿਉਂ ਨਹੀਂ ਕਰਦੇ? ਤੁਸੀਂ ਜਾਜਕੋ ਮੇਰੇ ਨਾਂ ਦਾ ਨਿਰਾਦਰ ਕਰਦੇ ਹੋ।”
ਪਰ ਤੁਸੀਂ ਕਹਿੰਦੇ ਹੋ, “ਅਸੀਂ ਅਜਿਹਾ ਕੀ ਕੀਤਾ ਹੈ ਜੋ ਇਹ ਦਰਸਾਉਂਦਾ ਹੈ ਕਿ ਅਸੀਂ ਤੇਰੇ ਨਾਉਂ ਦੀ ਇੱਜ਼ਤ ਨਹੀਂ ਕਰਦੇ?”
7 ਯਹੋਵਾਹ ਨੇ ਕਿਹਾ, “ਤੁਸੀਂ ਮੇਰੀ ਜਗਵੇਦੀ ਤੇ ਅਪਵਿੱਤਰ ਰੋਟੀ ਲਿਆਉਂਦੇ ਹੋ। ਪਰ ਤੁਸੀਂ ਕਿਹਾ,
“ਕਿਹੜੀ ਚੀਜ਼ ਭਲਾ ਰੋਟੀ ਨੂੰ ਅਪਵਿੱਤਰ ਤੇ ਗੰਦੀ ਬਣਾਉਂਦੀ ਹੈ?”
ਯਹੋਵਾਹ ਨੇ ਆਖਿਆ, “ਤੁਸੀਂ ਮੇਰੀ ਮੇਜ਼ (ਜਗਵੇਦੀ) ਦਾ ਆਦਰ ਨਹੀਂ ਕਰਦੇ। 8 ਤੁਸੀਂ ਬਲੀ ਲਈ ਅੰਨ੍ਹੇ ਜਾਨਵਰ ਚੜ੍ਹਾਉਂਦੇ ਹੋ। ਅਤੇ ਇਹ ਬੜੀ ਗ਼ਲਤ ਗੱਲ ਹੈ। ਤੁਸੀਂ ਮੇਰੀ ਜਗਵੇਦੀ ਲਈ ਬੀਮਾਰ ਅਤੇ ਲੰਗੜ੍ਹੇ ਜਾਨਵਰਾਂ ਦੀ ਬਲੀ ਲਿਆਉਂਦੇ ਹੋ ਜੋ ਕਿ ਬੜੀ ਗ਼ਲਤ ਗੱਲ ਹੈ। ਕਦੇ ਅਜਿਹੇ ਬੀਮਾਰ ਜਾਨਵਰ ਆਪਣੇ ਹਾਕਮ ਨੂੰ ਦੇਕੇ ਵੇਖੋ, ਕੀ ਉਹ ਬੀਮਾਰ ਜਾਨਵਰਾਂ ਦਾ ਤੋਹਫਾ ਸਵੀਕਾਰ ਕਰ ਲਵੇਗਾ? ਨਹੀਂ! ਉਹ ਅਜਿਹੇ ਤੋਹਫ਼ੇ ਕਦੇ ਵੀ ਸਵੀਕਾਰ ਨਹੀਂ ਕਰੇਗਾ।” ਸਰਬ ਸ਼ਕਤੀਮਾਨ ਯਹੋਵਾਹ ਨੇ ਅਜਿਹੀਆਂ ਗੱਲਾਂ ਆਖੀਆਂ।
9 “ਜਾਜਕੋ, ਤੁਸੀਂ ਯਹੋਵਾਹ ਨੂੰ ਤੁਹਾਡੇ ਲਈ ਚੰਗਾ ਹੋਣ ਦੀ ਮੰਗ ਕਰਦੇ ਹੋ, ਪਰ ਉਹ ਤੁਹਾਡੀ ਨਹੀਂ ਸੁਣਦਾ ਅਤੇ ਇਹ ਸਭ ਤੁਹਾਡਾ ਹੀ ਕਸੂਰ ਹੈ।” ਯਹੋਵਾਹ ਸਰਬ ਸ਼ਕਤੀਮਾਨ ਨੇ ਅਜਿਹਾ ਆਖਿਆ।
10 “ਮੈਂ ਆਸ ਕਰਦਾਂ ਕਿ ਕਾਸ਼ ਤੁਹਾਡੇ ਵਿੱਚੋਂ ਕੋਈ ਜਾਜਕਾਂ ਨੂੰ ਤੁਹਾਡੀਆਂ ਬੇਕਾਰ ਦੀਆਂ ਅੱਗਾਂ ਮੇਰੀ ਜਗਵੇਦੀ ਤੇ ਬਾਲਣ ਤੋਂ ਰੋਕਣ ਲਈ ਦਰਵਾਜ਼ੇ ਬੰਦ ਕਰ ਦੇਵੇ। ਮੈਂ ਤੁਹਾਡੇ ਨਾਲ ਪ੍ਰਸੰਨ ਨਹੀਂ ਹਾਂ ਨਾ ਹੀ ਮੈਂ ਤੁਹਾਡੀਆਂ ਭੇਟਾਂ ਸਵੀਕਾਰ ਕਰਾਂਗਾ।” ਯਹੋਵਾਹ ਸਰਬ-ਸੱਕਤੀਮਾਨ ਨੇ ਇਉਂ ਆਖਿਆ।
11 “ਸਾਰੀ ਦੁਨੀਆਂ ਵਿੱਚ ਮੇਰੇ ਨਾਂ ਦਾ ਆਦਰ ਹੁੰਦਾ ਹੈ ਅਤੇ ਸਾਰੀ ਦੁਨੀਆਂ ਦੇ ਦੁਆਲਿਓ ਲੋਕ ਮੇਰੇ ਲਈ ਵੱਧੀਆ ਤੋਹਫ਼ੇ ਲਿਆਉਂਦੇ ਹਨ। ਉਹ ਮੇਰੇ ਨਾਂ ਤੇ ਤੋਹਫ਼ੇ ਵਜੋਂ ਸੁਗੰਧਤ ਧੂਪਾਂ ਧੁਖਾਉਂਦੇ ਹਨ, ਕਿਉਂ ਕਿ ਉਨ੍ਹਾਂ ਸਾਰੇ ਲੋਕਾਂ ਲਈ ਮੇਰੇ ਨਾਂ ਦੀ ਮਹੱਤਾ ਹੈ।” ਯਹੋਵਾਹ ਸਰਬ ਸ਼ਕਤੀਮਾਨ ਨੇ ਇਹ ਗੱਲਾਂ ਆਖੀਆਂ।
12 “ਪਰ ਤੁਸੀਂ ਦਰਸਾਉਂਦੇ ਹੋ ਕਿ ਤੁਸੀਂ ਬਿਲਕੁਲ ਮੇਰੇ ਨਾਂ ਦਾ ਆਦਰ ਨਹੀਂ ਕਰਦੇ। ਯਹੋਵਾਹ ਦੀ ਜਗਵੇਦੀ ਅਪਵਿੱਤਰ ਹੈ ਅਤੇ ਇਸਦੀਆਂ ਬਲੀਆਂ ਅਪਮਾਨਜਨਕ ਹਨ ਆਖਕੇ ਇਸਦੀ ਨਖੇਧੀ ਕਰਦੇ ਹੋ। 13 ਅਤੇ ਤੁਸੀਂ ਉਸ ਮੇਜ਼ (ਜਗਵੇਦੀ) ਤੋਂ ਖਾਣਾ ਪਸੰਦ ਨਹੀਂ ਕਰਦੇ। ਤੁਸੀਂ ਭੋਜਨ ਨੂੰ ਸੁੰਘ ਕੇ ਖਾਣ ਤੋਂ ਮੁਨਕਰ ਹੋ ਜਾਂਦੇ ਹੋ। ਅਤੇ ਆਖਦੇ ਹੋ ਕਿ ਇਹ ਮਾੜਾ ਹੈ ਪਰ ਇਹ ਗੱਲ ਝੂਠ ਹੈ। ਫ਼ਿਰ ਤੁਸੀਂ ਮੇਰੇ ਲਈ ਬੀਮਾਰ, ਲੰਗੜ੍ਹੇ ਅਤੇ ਦਾਗ਼ੀ ਜਾਨਵਰ, ਮੇਰੀ ਬਲੀ ਲਈ ਲੈ ਆਉਂਦੇ ਹੋ। ਤੁਸੀਂ ਬਲੀ ਲਈ ਮੇਰੇ ਕੋਲ ਬੀਮਾਰ ਜਾਨਵਰਾਂ ਦੀ ਚਢ਼ਤ ਲੈ ਆਉਂਦੇ ਹੋ। ਪਰ ਮੈਂ ਤੁਹਾਡੇ ਕੋਲੋਂ ਅਜਿਹੇ ਬੀਮਾਰ ਜਾਨਵਰ ਸਵੀਕਾਰ ਨਾ ਕਰਾਂਗਾ। 14 ਕੁਝ ਲੋਕਾਂ ਕੋਲ ਕੁਝ ਤਗੜ੍ਹੇ ਨਰ ਜਾਨਵਰ ਤਾਂ ਹਨ, ਜਿਨ੍ਹਾਂ ਦੀ ਚੜ੍ਹਾਵੇ ’ਚ ਉਹ ਬਲੀ ਦੇ ਸੱਕਦੇ ਹਨ ਪਰ ਉਹ ਵੱਧੀਆ ਜਾਨਵਰ ਮੇਰੇ ਚੜ੍ਹਾਵੇ ਲਈ ਨਹੀਂ ਲਿਆਉਂਦੇ। ਕੁਝ ਲੋਕ ਮੇਰੇ ਅੱਗੇ ਵੱਧੀਆ ਜਾਨਵਰਾਂ ਦੀ ਚੜਤ ਵੀ ਕਰਦੇ ਹਨ ਅਤੇ ਉਹ ਮੋਟੇ ਜਾਨਵਰ ਅਗਾਂਹ ਮੈਨੂੰ ਦੇਣ ਦਾ ਇਕਰਾਰ ਵੀ ਕਰਦੇ ਹਨ ਪਰ ਉਹ ਚਲਾਕੀ ਨਾਲ ਚੰਗੇ ਜਾਨਵਰ ਬਦਲ ਕੇ ਉਨ੍ਹਾਂ ਦੀ ਬਾਵੇਂ ਬੀਮਾਰ ਜਾਨਵਰ ਮੈਨੂੰ ਮੜ੍ਹ ਦਿੰਦੇ ਹਨ। ਉਨ੍ਹਾਂ ਲੋਕਾਂ ਉੱਪਰ ਬਦੀ ਵਾਪਰੇਗੀ। ਮੈਂ ਮਹਾਨ ਪਾਤਸ਼ਾਹ ਹਾਂ। ਤੁਹਾਨੂੰ ਮੇਰੀ ਇੱਜ਼ਤ ਕਰਨੀ ਚਾਹੀਦੀ ਹੈ। ਸਾਰੀ ਦੁਨੀਆਂ ਦੇ ਲੋਕ ਮੇਰਾ ਆਦਰ ਕਰਦੇ ਹਨ।” ਯਹੋਵਾਹ ਸਰਬ ਸ਼ਕਤੀਮਾਨ ਨੇ ਇਉਂ ਆਖਿਆ।
ਜਾਜਕਾਂ ਲਈ ਬਿਧੀਆਂ
2 “ਹੇ ਜਾਜਕੋ! ਮੇਰੀ ਗੱਲ ਸੁਣੋ! ਇਹ ਬਿਧੀ ਤੁਹਾਡੇ ਲਈ ਹੈ! ਜੋ ਗੱਲਾਂ ਮੈਂ ਆਖਦਾ ਹਾਂ ਉਨ੍ਹਾਂ ਨੂੰ ਧਿਆਨ ਨਾਲ ਸੁਣੋ ਅਤੇ ਮੇਰੇ ਨਾਓਂ ਦੀ ਉਸਤਤ ਕਰੋ! 2 ਜੇਕਰ ਤੁਸੀਂ ਮੇਰੇ ਨਾਉਂ ਦਾ ਆਦਰ ਨਹੀਂ ਕਰੋਂਗੇ ਤਾਂ ਮੈਂ ਤੁਹਾਨੂੰ ਅਤੇ ਤੁਹਾਡੀਆਂ ਬਰਕਤਾਂ ਨੂੰ ਸਰਾਪ ਦੇਵਾਂਗਾ। ਤੁਸੀਂ ਅਸੀਸ ਮੰਗੋਂਗੇ ਤੇ ਤੁਹਾਨੂੰ ਸਰਾਪ ਮਿਲੇਗਾ ਕਿਉਂ ਕਿ ਤੁਸੀਂ ਮੇਰੇ ਨਾਉਂ ਦੀ ਇੱਜ਼ਤ ਨਹੀਂ ਕੀਤੀ। ਜੇ ਤੁਸੀਂ ਪ੍ਰਸੰਸਾ ਨਾ ਕਰੋਂਗੇ ਤਾਂ ਮੈਂ ਤੁਹਾਡੇ ਤੇ ਕਰੋਪੀ ਲਿਆਵਾਂਗਾ।” ਸਰਬ ਸ਼ਕਤੀਮਾਨ ਯਹੋਵਾਹ ਨੇ ਇਉਂ ਫੁਰਮਾਇਆ।
3 “ਵੇਖੋ, ਮੈਂ ਤੁਹਾਡੇ ਉਤਰਾਧਿਕਾਰੀਆਂ ਨੂੰ ਝਿੜਕਾਂਗਾ ਤੇ ਸਜ਼ਾ ਦੇਵਾਂਗਾ। ਛੁੱਟੀਆਂ ’ਚ ਤੁਹਾਡੇ ਜਾਜਕ ਮੈਨੂੰ ਬਲੀਆਂ ਚੜ੍ਹਾਉਂਦੇ ਹਨ। ਤੁਸੀਂ ਜਾਨਵਰਾਂ ਦੇ ਅੰਦਰਲੇ ਗੰਦਗੀ ਵਾਲੇ ਅੰਗਾਂ ਨੂੰ ਅਤੇ ਗੋਬਰ ਨੂੰ ਕੱਢ ਕੇ ਸੁੱਟ ਦਿੰਦੇ ਹੋ, ਪਰ ਮੈਂ ਉਹ ਗੋਬਰ ਤੁਹਾਡੇ ਚਿਹਰਿਆਂ ਤੇ ਲੇਪਾਂਗਾ ਅਤੇ ਇਸ ਗੰਦਗੀ ਸਮੇਤ ਤੁਸੀਂ ਵੀ ਸੁੱਟੇ ਜਾਵੋਂਗੇ। 4 ਤਦ ਤੁਸੀਂ ਜਾਣੋਂਗੇ ਕਿ ਮੈਂ ਇਹ ਹੁਕਮ ਤੁਹਾਨੂੰ ਕਿਉਂ ਦੇ ਰਿਹਾ ਹਾਂ। ਮੈਂ ਇਹ ਹੁਕਮ ਤੁਹਾਨੂੰ ਇਸ ਲਈ ਦਿੱਤਾ ਤਾਂ ਜੋ ਲੇਵੀ ਨਾਲ ਮੇਰਾ ਇਕਰਾਰਨਾਮਾ ਰਹੇ, ਇਸੇ ਲਈ ਮੈਂ ਤੁਹਾਨੂੰ ਇਹ ਗੱਲਾਂ ਆਖੀਆਂ।” ਸਰਬ ਸ਼ਕਤੀਮਾਨ ਯਹੋਵਾਹ ਨੇ ਇਉਂ ਫ਼ੁਰਮਾਇਆ।
5 ਯਹੋਵਾਹ ਨੇ ਆਖਿਆ, “ਮੈਂ ਲੇਵੀ ਨਾਲ ਇਹ ਇਕਰਾਰਨਾਮਾ ਕੀਤਾ। ਮੈਂ ਉਸ ਨੂੰ ਜੀਵਨ ਅਤੇ ਸ਼ਾਂਤੀ ਦੇਣ ਦਾ ਵਾਅਦਾ ਕੀਤਾ-ਅਤੇ ਮੈਂ ਉਸ ਨੂੰ ਇਹ ਦਿੱਤਾ। ਉਸ ਨੇ ਮੇਰਾ ਆਦਰ ਕੀਤਾ ਅਤੇ ਮੇਰਾ ਨਾਉਂ ਦਾ ਜੱਸ ਕੀਤਾ। 6 ਸਚਿਆਈ ਦੀ ਸਿੱਖਿਆ ਉਸ ਦੇ ਮੂੰਹ ਤੇ ਸੀ। ਲੇਵੀ ਨੇ ਝੂਠ ਨਾ ਪ੍ਰਚਾਰਿਆ। ਉਹ ਈਮਾਨਦਾਰ ਸੀ ਅਤੇ ਸ਼ਾਂਤੀ ਦਾ ਜਾਜਕ ਸੀ। ਲੇਵੀ ਨੇ ਮੇਰੀ ਸਿੱਖਿਆ ਦਾ ਅਨੁਸਰਣ ਕੀਤਾ, ਮੇਰੇ ਪਿੱਛੇ ਲੱਗਾ ਅਤੇ ਉਸ ਨੇ ਬੜੇ ਸਾਰੇ ਮਨੁੱਖਾਂ ਨੂੰ ਕੁਰਾਹੇ ਪੈਣ ਤੋਂ ਬਚਾਇਆ। 7 ਇੱਕ ਜਾਜਕ ਨੂੰ ਪਰਮੇਸ਼ੁਰ ਦੀ ਬਿਵਸਬਾ ਦਾ ਗਿਆਨ ਹੋਣਾ ਚਾਹੀਦਾ ਹੈ ਤਾਂ ਜੋ ਲੋਕ ਉਸ ਕੋਲ ਜਾਣ ਅਤੇ ਪਰਮੇਸ਼ੁਰ ਦੀਆਂ ਸਿੱਖਿਆਵਾਂ ਦਾ ਗਿਆਨ ਹਾਸਿਲ ਕਰਨ। ਇੱਕ ਜਾਜਕ ਲੋਕਾਂ ਲਈ ਯਹੋਵਾਹ ਦੀ ਬਿਵਸਬਾ ਦੀ ਸਿੱਖਿਆ ਦਾ ਦੂਤ ਹੋਣਾ ਚਾਹੀਦਾ ਹੈ ਜੋ ਉਸ ਗਿਆਨ ਨੂੰ ਮਨੁੱਖਤਾ ਵਿੱਚ ਵੰਡੇ।”
8 ਯਹੋਵਾਹ ਨੇ ਆਖਿਆ, “ਪਰ ਤੁਸੀਂ ਜਾਜਕਾਂ ਨੇ ਮੇਰੀ ਬਿਵਸਬਾ ਨੂੰ ਨਹੀਂ ਮੰਨਿਆ ਸਗੋਂ ਤੁਸੀਂ ਬਿਵਸਬਾ ਨਾਲ ਲੋਕਾਂ ਨੂੰ ਗ਼ਲਤ ਸਮਝਾ ਕੇ ਉਨ੍ਹਾਂ ਨੂੰ ਕੁਰਾਹੇ ਪਾਇਆ। ਤੁਸੀਂ ਲੇਵੀ ਨਾਲ ਬਂਨੇ ਨੇਮ ਨੂੰ ਬਰਬਾਦ ਕਰਕੇ ਰੱਖ ਦਿੱਤਾ।” ਯਹੋਵਾਹ ਸਰਬ ਸ਼ਕਤੀਮਾਨ ਨੇ ਇਹ ਬਚਨ ਫਰਮਾਏ। 9 “ਤੁਸੀਂ ਮੇਰੇ ਪਾਏ ਰਾਹ ਤੇ ਨਾ ਤੁਰੇ। ਤੁਸੀਂ ਮੇਰੀ ਬਿਵਸਬਾ ਨੂੰ ਨਾ ਮੰਨਿਆ। ਇਸ ਲਈ ਮੈਂ ਤੁਹਾਨੂੰ ਨਖਿੱਧ ਕਰਾਰ ਦਿੰਦਾ ਹਾਂ-ਅਤੇ ਲੋਕ ਤੁਹਾਡਾ ਆਦਰ ਨਾ ਕਰਨਗੇ।”
ਯਹੂਦਾਹ ਪਰਮੇਸ਼ੁਰ ਨਾਲ ਸੱਚਾ ਨਹੀਂ ਸੀ
10 ਸਾਡਾ ਸਭ ਦਾ ਪਿਤਾ (ਪਰਮੇਸ਼ੁਰ) ਇੱਕ ਹੈ। ਉਸ ਨੇ ਹੀ ਸਾਨੂੰ ਸਾਰਿਆਂ ਨੂੰ ਸਾਜਿਆ ਹੈ। ਤਾਂ ਫ਼ਿਰ ਭਾਈ-ਭਾਈ ਨੂੰ ਕਿਉਂ ਧੋਖਾ ਦਿੰਦਾ ਹੈ? ਅਜਿਹੇ ਲੋਕ ਇਉਂ ਕਰਕੇ ਇਹ ਜਤਾਉਂਦੇ ਹਨ ਕਿ ਉਨ੍ਹਾਂ ਨੂੰ ਨੇਮ ਦਾ ਕੋਈ ਆਦਰ ਨਹੀਂ। ਉਨ੍ਹਾਂ ਨੂੰ ਉਸ ਬਿਵਸਬਾ ਦੀ ਕੋਈ ਇੱਜ਼ਤ ਨਹੀਂ ਜਿਹੜੀ ਸਾਡੇ ਪੁਰਖਿਆਂ ਨੇ ਪਰਮੇਸ਼ੁਰ ਨਾਲ ਬੰਨ੍ਹੀ ਸੀ। 11 ਯਹੂਦਾਹ ਦੇ ਲੋਕਾਂ ਨੇ ਦੂਜਿਆਂ ਲੋਕਾਂ ਨਾਲ ਧੋਖਾ ਕੀਤਾ। ਯਰੂਸ਼ਲਮ ਅਤੇ ਇਸਰਾਏਲ ਵਿੱਚ ਲੋਕਾਂ ਨੇ ਹਨੇਰ ਮਚਾਇਆ। ਪਰਮੇਸ਼ੁਰ ਉਸ ਮੰਦਰ ਨੂੰ ਪਿਆਰ ਕਰਦਾ ਹੈ ਪਰ ਯਹੂਦਾਹ ਦੇ ਮਨੁੱਖਾਂ ਨੇ ਯਹੋਵਾਹ ਦੇ ਪਵਿੱਤਰ ਮੰਦਰ ਵੱਲ ਕੋਈ ਆਦਰ ਨਾ ਪ੍ਰਗਟਾਇਆ ਸਗੋਂ ਯਹੂਦਾਹ ਦੇ ਲੋਕਾਂ ਨੇ ਵਿਦੇਸ਼ੀ ਦੇਵੀਆਂ ਦੀ ਉਪਾਸਨਾ ਸ਼ੁਰੂ ਕਰ ਦਿੱਤੀ। 12 ਯਹੋਵਾਹ ਉਨ੍ਹਾਂ ਲੋਕਾਂ ਨੂੰ ਯਹੂਦਾਹ ਦੇ ਘਰਾਣੇ ਵਿੱਚੋਂ ਹਟਾਅ ਦੇਵੇਗਾ। ਭਾਵੇਂ ਉਹ ਲੋਕ ਫ਼ਿਰ ਯਹੋਵਾਹ ਲਈ ਭੇਟਾਂ ਤੇ ਤੋਹਫ਼ੇ ਲੈ ਕੇ ਆਉਣ-ਪਰ ਇਸ ਨਾਲ ਕੋਈ ਲਾਭ ਨਾ ਹੋਵੇਗਾ। 13 ਤੁਸੀਂ ਰੋ-ਰੋ ਕੇ ਯਹੋਵਾਹ ਦੀ ਜਗਵੇਦੀ ਨੂੰ ਹੰਝੂਆਂ ਨਾਲ ਭਾਵੇਂ ਭਰ ਦੇਵੋਁ, ਪਰ ਉਹ ਤੁਹਾਡੀ ਭੇਟਾ ਸਵੀਕਾਰ ਨਾ ਕਰੇਗਾ। ਯਹੋਵਾਹ ਤੁਹਾਡੀਆਂ ਵਸਤਾਂ ਉੱਪਰ ਨਾ ਰੀਝੇਗਾ।
14 ਤੁਸੀਂ ਆਖਦੇ ਹੋ, “ਸਾਡੀਆਂ ਭੇਟਾ ਯਹੋਵਾਹ ਵੱਲੋਂ ਕਿਉਂ ਪ੍ਰਵਾਣ ਨਹੀਂ?” ਕਿਉਂ ਕਿ ਉਹ ਤੁਹਾਡੀਆਂ ਬਦੀਆਂ ਨੂੰ ਵੇਖਦਾ ਹੈ, ਅਤੇ ਉਹ ਤੁਹਾਡੀ ਬਦੀ ਦੇ ਖਿਲਾਫ਼ ਚਸ਼ਮਦੀਦ ਗਵਾਹ ਹੈ। ਉਸ ਨੇ ਤੈਨੂੰ ਤੇਰੀ ਪਤਨੀ ਨਾਲ ਬੇਵਫ਼ਾਈ ਕਰਦਿਆਂ ਵੇਖਿਆ। ਤੇਰੀ ਜਵਾਨੀ ਵਿੱਚ ਤੂੰ ਉਸ ਮੁਟਿਆਰ ਨਾਲ ਦੋਸਤੀ ਕੀਤੀ, ਆਪਣੀ ਸਾਬਣ-ਸਖੀ ਨੂੰ ਆਪਣੀ ਪਤਨੀ ਬਣਾਇਆ ਫ਼ਿਰ ਇੱਕ ਦੂਜੇ ਨਾਲ ਸੌਂਹਾਂ ਖਾਕੇ ਪਤੀ-ਪਤਨੀ ਬਣੇ ਪਰ ਫ਼ਿਰ ਤੂੰ ਉਸ ਨਾਲ ਧੋਖਾ ਕੀਤਾ। 15 ਪਰਮੇਸ਼ੁਰ ਪਤੀ-ਪਤਨੀ ਨੂੰ ਇੱਕ ਜਿਸਮ, ਇੱਕ ਰੂਹ ਵਜੋਂ ਵੇਖਣਾ ਚਾਹੁੰਦਾ ਹੈ ਤਾਂ ਜੋ ਉਨ੍ਹਾਂ ਨੂੰ ਪਵਿੱਤਰ ਬੱਚੇ ਪੈਦਾ ਹੋਣ। ਇਸ ਲਈ ਤੁਹਾਨੂੰ ਉਸ ਆਤਮਿਕ ਏਕਤਾ ਦੀ ਰੱਖਿਆ ਕਰਨੀ ਚਾਹੀਦੀ ਹੈ ਅਤੇ ਆਪਣੀ ਪਤਨੀ ਨਾਲ ਫ਼ਰੇਬ ਨਹੀਂ ਕਰਨਾ ਚਾਹੀਦਾ। ਉਹ ਜੁਆਨੀ ਤੋਂ ਤੇਰੇ ਅੰਗ-ਸੰਗ ਰਹੀ ਹੈ।
16 ਇਸਰਾਏਲ ਦਾ ਯਹੋਵਾਹ ਪਰਮੇਸ਼ੁਰ ਆਖਦਾ ਹੈ, “ਮੈਂ ਤਲਾਕ ਨੂੰ ਨਫ਼ਰਤ ਕਰਦਾ ਹਾਂ ਅਤੇ ਜਿਹੜੇ ਆਦਮੀ ਜ਼ਾਲਿਮਾਨਾ ਹਰਕਤਾਂ ਕਰਦੇ ਹਨ ਮੈਂ ਉਸ ਤੋਂ ਘਿਰਣਾ ਖਾਂਦਾ ਹਾਂ। ਤੁਸੀਂ ਆਪਣੇ ਅੰਦਰ ਅਧਿਆਤਮਕ ਸ਼ਕਤੀ ਕਾਇਮ ਕਰੋ ਅਤੇ ਆਪਣੀ ਪਤਨੀ ਨਾਲ ਬੇਪਰਤੀਤੀ ਨਾ ਕਰੋ।”
ਨਿਆਂ ਦਾ ਵਿਸ਼ੇਸ਼ ਸਮਾਂ
17 ਤੁਸੀਂ ਗ਼ਲਤ ਗੱਲਾਂ ਦਾ ਪ੍ਰਚਾਰ ਕੀਤਾ ਅਤੇ ਉਨ੍ਹਾਂ ਗ਼ਲਤ ਗੱਲਾਂ ਨੇ ਯਹੋਵਾਹ ਨੂੰ ਉਦਾਸ ਕੀਤਾ। ਤੁਸੀਂ ਲੋਕਾਂ ਵਿੱਚ ਗ਼ਲਤ ਪ੍ਰਚਾਰ ਕੀਤਾ ਕਿ ਬਦੀ ਕਰਨ ਵਾਲੇ ਲੋਕਾਂ ਨੂੰ ਪਰਮੇਸ਼ੁਰ ਪਸੰਦ ਕਰਦਾ ਹੈ ਤੁਸੀਂ ਪ੍ਰਚਾਰਿਆ ਕਿ ਅਜਿਹੇ ਮਨੁੱਖਾਂ ਨੂੰ ਪਰਮੇਸ਼ੁਰ ਭਲੇ ਸਮਝਦਾ ਹੈ। ਅਤੇ ਪਰਮੇਸ਼ੁਰ ਬਦੀ ਕਰਨ ਵਾਲਿਆਂ ਨੂੰ ਸਜ਼ਾ ਨਹੀਂ ਦਿੰਦਾ।
3 ਸਰਬ ਸ਼ਕਤੀਮਾਨ ਪ੍ਰਭੂ ਆਖਦਾ ਹੈ: “ਮੈਂ ਆਪਣਾ ਦੂਤ ਭੇਜ ਰਿਹਾ ਹਾਂ ਤਾਂ ਜੋ ਉਹ ਮੇਰੇ ਅੱਗੇ ਰਾਹ ਤਿਆਰ ਕਰੇ। ਤਾਂ ਫ਼ਿਰ ਅਚਾਨਕ ਜਿਸ ਯਹੋਵਾਹ ਨੂੰ ਤੁਸੀਂ ਭਾਲਦੇ ਹੋ, ਉਹ ਆਪਣੇ ਮੰਦਰ ਵਿੱਚ ਆ ਜਾਵੇਗਾ। ਹਾਂ, ਉਹ ਨਵੇਂ ਨੇਮ ਦਾ ਦੂਤ, ਜਿਸ ਨੂੰ ਤੁਸੀਂ ਚਾਹੁੰਦੇ ਹੋ, ਸੱਚਮੁੱਚ ਆ ਰਿਹਾ ਹੈ।
2 “ਉਸ ਵਕਤ ਲਈ ਕੋਈ ਤਿਆਰੀ ਨਹੀਂ ਕਰ ਸੱਕਦਾ। ਜਦੋਂ ਉਹ ਆਵੇਗਾ ਉਸ ਦੇ ਸਾਹਵੇਂ ਕੋਈ ਖੜੋ ਨਾ ਸੱਕੇਗਾ। ਉਹ ਬਲਦੀ ਮਸ਼ਾਲ ਵਾਂਗ ਹੋਵੇਗਾ। ਉਹ ਬੜੇ ਤੇਜ਼ ਸਾਬਨ ਵਰਗਾ ਹੋਵੇਗਾ ਜਿਸ ਨੂੰ ਮਨੁੱਖ ਮੈਲੇ ਤੋਂ ਮੈਲਾ ਵਸਤਰ ਧੋਣ ਲਈ ਵਰਤਦੇ ਹਨ। 3 ਉਹ ਲੇਵੀਆਂ ਨੂੰ ਸਾਫ਼ ਕਰੇਗਾ। ਉਹ ਉਨ੍ਹਾਂ ਨੂੰ ਪਵਿੱਤਰ ਬਣਾਵੇਗਾ ਜਿਵੇਂ ਚਾਂਦੀ ਨੂੰ ਅੱਗ ਵਿੱਚ ਪਾਕੇ ਪਵਿੱਤਰ ਤੇ ਸਾਫ਼ ਕੀਤਾ ਜਾਂਦਾ ਹੈ। ਫ਼ਿਰ ਉਹ ਯਹੋਵਾਹ ਦੇ ਅੱਗੇ ਭੇਟਾ ਲਿਆਉਣਗੇ-ਅਤੇ ਉਹ ਸਾਰੇ ਕੰਮ ਠੀਕ ਢੰਗ ਨਾਲ ਕਰਨਗੇ। 4 ਫ਼ਿਰ ਯਹੋਵਾਹ ਯਹੂਦਾਹ ਅਤੇ ਯਰੂਸ਼ਲਮ ਦੀਆਂ ਭੇਟਾ ਪ੍ਰਵਾਣ ਕਰ ਲਵੇਗਾ ਜਿਵੇਂ ਕਿ ਪਹਿਲਾਂ ਹੁੰਦਾ ਸੀ। ਜਿਵੇਂ ਕਿ ਅਤੀਤ ਵਿੱਚ ਬਹੁਤ ਸਮਾਂ ਪਹਿਲਾਂ ਉਹ ਭੇਟਾ ਪ੍ਰਵਾਣ ਕਰਦਾ ਸੀ। 5 ਫ਼ਿਰ ਮੈਂ ਆਵਾਂਗਾ ਅਤੇ ਤੁਹਾਡੇ ਕੋਲ ਰਵਾਂਗਾ ਅਤੇ ਨਿਆਉਂ ਕਰਾਂਗਾ। ਮੈਂ ਕਿਸੇ ਉਸ ਵਾਂਗ ਹੋਵਾਂਗਾ ਜੋ ਨਿਆਂਕਾਰਾਂ ਦੇ ਕੋਲ ਲੋਕਾਂ ਦੇ ਚਸ਼ਮਦੀਦ ਗਵਾਹ ਵਾਂਗ ਆਉਂਦਾ ਹੈ, ਜੋ ਉਨ੍ਹਾਂ ਦੀਆਂ ਕਰਨੀਆਂ ਦਾ ਹਿਸਾਬ ਦੱਸੇਗਾ। ਕੁਝ ਲੋਕ, ਮਜਦੂਰਾਂ ਨੂੰ ਮਜਦੂਰੀ ਨਾ ਦੇਕੇ ਧੋਖਾ ਦਿੰਦੇ ਹਨ, ਕੁਝ ਲੋਕ ਯਾਤੀਮਾਂ ਅਤੇ ਵਿਧਵਾਵਾਂ ਨੂੰ ਸਤਾਉਂਦੇ ਹਨ ਅਤੇ ਕੁਝ ਲੋਕ ਵਿਦੇਸ਼ੀਆਂ ਨੂੰ ਨਿਆਂ ਤੋਂ ਵਾਂਝਾ ਰੱਖਦੇ ਹਨ। ਲੋਕ ਭੈ ਨਹੀਂ ਖਾਂਦੇ ਅਤੇ ਮੇਰਾ ਆਦਰ ਨਹੀਂ ਕਰਦੇ।” ਯਹੋਵਾਹ ਸਰਬ ਸ਼ਕਤੀਮਾਨ ਨੇ ਇਹ ਬਚਨ ਕਹੇ।
ਪਰਮੇਸ਼ੁਰ ਕੋਲੋਂ ਚੋਰੀ
6 “ਮੈਂ ਯਹੋਵਾਹ ਹਾਂ, ਮੈਂ ਬਦਲਿਆ ਨਹੀਂ ਹਾਂ। ਤੁਸੀਂ ਯਾਕੂਬ ਦੀ ਔਲਾਦ ਹੋ, ਅਤੇ ਤੁਸੀਂ ਪੂਰੀ ਤਰ੍ਹਾਂ ਖਤਮ ਨਹੀਂ ਕੀਤੇ ਗਏ। 7 ਪਰ ਤੁਸੀਂ ਮੇਰੀਆਂ ਬਿਧੀਆਂ ਤੋਂ ਬੇਮੁੱਖ ਹੁੰਦੇ ਰਹੇ, ਇੱਥੋਂ ਤੀਕ ਕਿ ਤੁਹਾਡੇ ਪੁਰਖਿਆਂ ਨੇ ਵੀ ਮੇਰੀ ਬਿਵਸਬਾ ਦਾ ਪਾਲਣ ਕਰਨਾ ਛੱਡ ਦਿੱਤਾ। ਤੁਸੀਂ ਮੇਰੇ ਵੱਲ ਪਰਤੋਂ ਮੈਂ ਤੁਹਾਡੇ ਵੱਲ ਮੁੜਾਂਗਾ।” ਯਹੋਵਾਹ ਸਰਬ ਸ਼ਕਤੀਮਾਨ ਨੇ ਇਉਂ ਆਖਿਆ,
“ਤੁਸੀਂ ਆਖਦੇ ਹੋ, ‘ਅਸੀਂ ਕਿਵੇਂ ਪਰਤ ਸੱਕਦੇ ਹਾਂ?’
8 “ਪਰਮੇਸ਼ੁਰ ਦੇ ਘਰ ਚੋ ਠੱਗਣਾ ਬੰਦ ਕਰ ਦੇਵੋ ਲੋਕਾਂ ਨੂੰ ਪਰਮੇਸ਼ੁਰ ਦੇ ਘਰ ਚੋ ਵਸਤਾਂ ਨਹੀਂ ਚੁਰਾਉਣੀਆਂ ਚਾਹੀਦੀਆਂ, ਪਰ ਤੁਸੀਂ ਮੇਰੇ ਨਾਲ ਹੀ ਠੱਗੀ ਕੀਤੀ।
“ਤੁਸੀਂ ਕਿਹਾ, ‘ਭਲਾ ਅਸੀਂ ਤੇਰਾ ਕੀ ਚੁਰਾਇਆ ਹੈ?’
“ਤੁਹਾਨੂੰ ਆਪਣੀਆਂ ਵਸਤਾਂ ਦਾ ਦਸਵੰਧ ਮੈਨੂੰ ਦੇਣਾ ਚਾਹੀਦਾ ਹੈ, ਤੁਹਾਨੂੰ ਮੇਰੇ ਲਈ ਖਾਸ ਤੋਹਫ਼ੇ ਭੇਟ ਕਰਨੇ ਚਾਹੀਦੇ ਹਨ, ਪਰ ਤੁਸੀਂ ਮੈਨੂੰ ਅਜਿਹਾ ਕੁਝ ਨਾ ਦਿੱਤਾ। 9 ਇਸ ਤਰ੍ਹਾਂ ਤੁਹਾਡੀ ਪੂਰੀ ਕੌਮ ਨੇ ਮੇਰੇ ਨਾਲ ਠੱਗੀ ਕੀਤੀ। ਇਸੇ ਲਈ ਤੁਹਾਡੇ ਤੇ ਸੰਕਟ ਹਾਵੀ ਹੋ ਰਿਹਾ ਹੈ।” ਸਰਬ ਸ਼ਕਤੀਮਾਨ ਯਹੋਵਾਹ ਨੇ ਇਉਂ ਫ਼ੁਰਮਾਇਆ।
10 ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ, “ਇਸ ਪਰੀਖਿਆ ਨੂੰ ਦੇਣ ਦੀ ਕੋਸ਼ਿਸ਼ ਕਰੋ। ਆਪਣਾ ਦਸਵੰਧ ਮੈਨੂੰ ਅਰਪਣ ਕਰੋ। ਉਨ੍ਹਾਂ ਵਸਤਾਂ ਨੂੰ ਮੇਰੇ ਖਜ਼ਾਨੇ ਵਿੱਚ ਦੇਵੋ। ਮੇਰੇ ਭਵਨ ਲਈ ਭੋਜਨ ਲਿਆਓ। ਮੈਨੂੰ ਅਜ਼ਮਾਅ ਲਵੋ। ਜੇਕਰ ਤੁਸੀਂ ਇਸ ਰਸਤੇ ਤੇ ਚੱਲੋਂਗੇ ਤਾਂ ਮੈਂ ਸੱਚਮੁੱਚ ਤੁਹਾਨੂੰ ਵਰਦਾਨ ਦੇਵਾਂਗਾ। ਫ਼ਿਰ ਬਰਕਤਾਂ ਤੁਹਾਡੇ ਉੱਪਰ ਅਕਾਸ਼ ਤੋਂ ਵਰਦੇ ਮੀਂਹ ਵਾਂਗ ਆਉਣਗੀਆਂ। ਹਰ ਵਸਤੂ ਤੁਹਾਨੂੰ ਲੋੜ ਤੋਂ ਵੱਧ ਮਿਲੇਗੀ। 11 ਮੈਂ ਕੀੜਿਆਂ ਨੂੰ ਤੁਹਾਡੀ ਫ਼ਸਲ ਨਸ਼ਟ ਨਹੀਂ ਕਰਨ ਦੇਵਾਂਗਾ। ਤੁਹਾਡੇ ਸਾਰੇ ਅੰਗੂਰੀ ਬਾਗ਼ਾਂ ਵਿੱਚ ਢੇਰਾਂ ਅੰਗੂਰ ਦੀ ਫ਼ਸਲ ਪੈਦਾ ਹੋਵੇਗੀ।” ਸਰਬ ਸ਼ਕਤੀਮਾਨ ਯਹੋਵਾਹ ਨੇ ਇਉਂ ਫ਼ੁਰਮਾਇਆ।
12 “ਦੂਜੀਆਂ ਕੌਮਾਂ ਦੇ ਮਨੁੱਖਾਂ ਦਾ ਵਤੀਰਾ ਵੀ ਤੁਹਾਡੇ ਨਾਲ ਚੰਗਾ ਹੋਵੇਗਾ। ਤੁਹਾਡਾ ਦੇਸ ਸੱਚਮੁੱਚ ਕਮਾਲ ਦਾ ਹੋ ਜਾਵੇਗਾ।” ਸਰਬ ਸ਼ਕਤੀਮਾਨ ਯਹੋਵਾਹ ਨੇ ਇਹ ਗੱਲਾਂ ਆਖੀਆਂ।
ਨਿਆਂ ਦਾ ਖਾਸ ਸਮਾਂ
13 ਯਹੋਵਾਹ ਆਖਦਾ ਹੈ, “ਤੁਸੀਂ ਮੈਨੂੰ ਕਮੀਨੀਆਂ ਗੱਲਾਂ ਆਖੀਆਂ।”
ਪਰ ਤੁਸੀਂ ਪੁੱਛਿਆ, “ਅਸੀਂ ਭਲਾ ਤੈਨੂੰ ਕੀ ਕਮੀਨੀਆਂ ਗੱਲਾਂ ਆਖੀਆਂ?”
14 ਤੁਸੀਂ ਕਿਹਾ, “ਯਹੋਵਾਹ ਦੀ ਉਪਾਸਨਾ ਕਰਨਾ ਫ਼ਿਜ਼ੂਲ ਹੈ। ਸਾਨੂੰ ਜੋ ਕੁਝ ਯਹੋਵਾਹ ਨੇ ਕਿਹਾ, ਅਸੀਂ ਕੀਤਾ, ਪਰ ਸਾਨੂੰ ਕੋਈ ਫਾਇਦਾ ਨਾ ਹੋਇਆ। ਅਸੀਂ ਆਪਣੇ ਪਾਪਾਂ ਕਾਰਣ ਦੁੱਖੀ ਸੀ ਜਿਵੇਂ ਲੋਕ ਮੌਤ ਦੇ ਕੀਰਨੇ ਪਾਉਂਦੇ ਹਨ ਅਸੀਂ ਵੈਣ ਪਾਏ ਪਰ ਕੋਈ ਲਾਭ ਨਾ ਹੋਇਆ। 15 ਹੁਣ ਅਸੀਂ ਸੋਚਦੇ ਹਾਂ ਕਿ ਘਮਂਡੀ ਲੋਕ ਖੁਸ਼ ਹਨ ਅਤੇ ਬਦ ਲੋਕ ਕਾਮਯਾਬ ਹੁੰਦੇ ਹਨ। ਉਹ ਪਰਮੇਸ਼ੁਰ ਦੇ ਸਬਰ ਦਾ ਇਮਤਿਹਾਨ ਲੈਣ ਲਈ ਬਦੀ ਕਰਦੇ ਹਨ ਅਤੇ ਪਰਮੇਸ਼ੁਰ ਉਨ੍ਹਾਂ ਨੂੰ ਦੰਡ ਨਹੀਂ ਦਿੰਦਾ।”
16 ਤਦ ਪਰਮੇਸ਼ੁਰ ਦੇ ਚੇਲਿਆਂ ਨੇ ਇੱਕ ਦੂਜੇ ਨਾਲ ਗੱਲਾਂ ਕੀਤੀਆਂ ਅਤੇ ਯਹੋਵਾਹ ਨੇ ਧਿਆਨ ਦੇਕੇ ਸੁਣੀਆਂ। ਉਸ ਦੇ ਸਾਹਵੇਂ ਇੱਕ ਪੋਥੀ ਪਈ ਹੈ ਜਿਸ ਵਿੱਚ ਪਰਮੇਸ਼ੁਰ ਦੇ ਚੇਲਿਆਂ ਦੇ ਨਾਉਂ ਲਿਖੇ ਹੋਏ ਹਨ। ਇਹ ਉਹ ਮਨੁੱਖ ਹਨ ਜੋ ਯਹੋਵਾਹ ਦੇ ਨਾਂ ਦਾ ਆਦਰ ਕਰਦੇ ਹਨ।
17 ਯਹੋਵਾਹ ਨੇ ਆਖਿਆ, “ਉਹ ਮੇਰੇ ਮਨੁੱਖ ਹੋਣਗੇ ਅਤੇ ਮੈਂ ਉਨ੍ਹਾਂ ਤੇ ਮਿਹਰਬਾਨ ਹੋਵਾਂਗਾ। ਉਹ ਮਨੁੱਖ ਜਿਸਦੇ ਬੱਚੇ ਬੜੇ ਆਗਿਆਕਾਰੀ ਹੋਣ ਉਹ ਉਨ੍ਹਾਂ ਤੇ ਬੜਾ ਦਯਾਲੂ ਹੁੰਦਾ ਹੈ ਇਵੇਂ ਹੀ ਮੈਂ ਆਪਣੇ ਚੇਲਿਆਂ ਤੇ ਕਿਰਪਾਲੂ ਹੋਵਾਂਗਾ। 18 ਤੁਸੀਂ ਲੋਕ ਮੇਰੇ ਵੱਲ ਪਰਤੋਂਗੇ ਅਤੇ ਨੇਕੀ ਅਤੇ ਬਦੀ ਵਿੱਚਲਾ ਫ਼ਰਕ ਜਾਣ ਜਾਵੋਂਗੇ। ਫ਼ਿਰ ਤੁਸੀਂ ਉਸ ਵਿੱਚਲਾ ਫ਼ਰਕ ਸਮਝ ਜਾਵੋਂਗੇ ਜਿਹੜਾ ਪਰਮੇਸ਼ੁਰ ਨੂੰ ਮੰਨਦਾ ਹੈ ਅਤੇ ਜਿਹੜਾ ਪਰਮੇਸ਼ੁਰ ਨੂੰ ਨਹੀਂ ਮੰਨਦਾ ਹੈ। ਨਹੀਂ ਮੰਨਦਾ ਹੈ।
4 “ਨਿਆਂ ਦਾ ਉਹ ਸਮਾਂ ਆ ਰਿਹਾ ਹੈ। ਇਹ ਭਖਦੀ ਭੱਠੀ ਵਾਂਗ ਹੋਵੇਗਾ ਜਿਸ ਵਿੱਚ ਸਾਰੇ ਹੰਕਾਰੀ ਮਨੁੱਖ ਝੋਖੇ ਜਾਣਗੇ ਇਹ ਬਦ ਲੋਕ ਕੱਖਾਂ ਵਾਂਗ ਸੜਨਗੇ। ਉਸ ਵਕਤ, ਉਹ ਅੱਗ ਵਿੱਚ ਬਲਦੀ ਝਾੜੀ ਵਾਂਗ ਹੋਣਗੇ ਜਿਸ ਵਿੱਚ ਕੋਈ ਵੀ ਤਣਾ ਜਾਂ ਜੜ ਨਾ ਬਚੇਗੀ।” ਯਹੋਵਾਹ ਸਰਬ ਸ਼ਕਤੀਮਾਨ ਨੇ ਅਜਿਹਾ ਆਖਿਆ।
2 “ਪਰ ਉਨ੍ਹਾਂ ਮਨੁੱਖਾਂ ਲਈ, ਜਿਹੜੇ ਮੇਰੇ ਨਾਂ ਦਾ ਭੈਅ ਮੰਨਦੇ ਹਨ, ਉਨ੍ਹਾਂ ਲਈ ਧਰਮ ਦਾ ਸੂਰਜ ਚਢ਼ੇਗਾ ਅਤੇ ਉਸ ਦੀਆਂ ਕਿਰਣਾਂ ਵਿੱਚ ਸ਼ਿਫ਼ਾ ਹੋਵੇਗੀ। ਤੁਸੀਂ ਵਾੜੇ ਦੇ ਵੱਛਿਆਂ ਵਾਂਗ ਬਾਹਰ ਨਿਕਲੋਂਗੇ ਅਤੇ ਕੁਦੋ-ਟਪੋਂਗੇ। 3 ਤੁਸੀਂ ਉਨ੍ਹਾਂ ਪਾਪੀਆਂ ਨੂੰ ਮਿਧੋਂਗੇ ਅਤੇ ਉਹ ਤੁਹਾਡੇ ਪੈਰਾਂ ਦੀਆਂ ਤਲੀਆਂ ਹੇਠਲੀ ਸੁਆਹ ਵਾਂਗ ਹੋਣਗੇ। ਇਹ ਸਭ ਮੈਂ ਨਿਆਂ ਦੇ ਸਮੇਂ ਕਰਾਂਗਾ।” ਸਰਬ ਸ਼ਕਤੀਮਾਨ ਯਹੋਵਾਹ ਨੇ ਇਉਂ ਫ਼ੁਰਮਾਇਆ।
4 “ਮੂਸਾ ਦੀ ਬਿਵਸਬਾ ਨੂੰ ਯਾਦ ਰੱਖੋ, ਕਿਉਂ ਜੋ ਮੂਸਾ ਮੇਰਾ ਸੇਵਕ ਸੀ। ਉਸ ਨੂੰ ਇਹ ਬਿਵਸਬਾ ਅਤੇ ਨੇਮ ਅਤੇ ਨਿਆਂ ਹੋਰੇਬ (ਪਰਬਤ) ਤੇ ਦਿੱਤੇ ਸਨ। ਇਹ ਨਿਆਂ ਤੇ ਬਿਧੀ ਸਾਰੇ ਇਸਰਾਏਲੀਆਂ ਲਈ ਹੈ।”
5 ਯਹੋਵਾਹ ਨੇ ਆਖਿਆ, “ਵੇਖੋ! ਮੈਂ ਏਲੀਯਾਹ ਨਬੀ ਨੂੰ ਤੁਹਾਡੇ ਲਈ ਭੇਜਾਂਗਾ। ਉਹ ਯਹੋਵਾਹ ਦੇ ਮਹਾਨ ਅਤੇ ਭਿਆਨਕ ਖੌਫ਼ਨਾਕ ਨਿਆਂ ਦੇ ਸਮੇਂ ਤੋਂ ਪਹਿਲਾਂ ਤੁਹਾਡੇ ਕੋਲ ਆਵੇਗਾ। 6 ਲੀਯਾਹ ਮਾਪਿਆਂ ਨੂੰ ਉਨ੍ਹਾਂ ਦੇ ਬੱਚਿਆਂ ਦੇ ਕੋਲ ਲਿਆਉਣ ਵਿੱਚ ਮਦਦ ਕਰੇਗਾ ਅਤੇ ਬੱਚਿਆਂ ਨੂੰ ਮਾਪਿਆਂ ਦੇ ਨੇੜੇ ਲਿਆਉਣ ਵਿੱਚ। ਇਉਂ ਜ਼ਰੂਰ ਵਾਪਰੇਗਾ। ਜਾਂ ਮੈਂ (ਪਰਮੇਸ਼ੁਰ) ਧਰਤੀ ਤੇ ਉਤਰਾਂਗਾ ਅਤੇ ਤੁਹਾਡੇ ਦੇਸ ਦਾ ਸੱਤਿਆਨਾਸ ਕਰਾਂਗਾ।”
ਯਿਸੂ ਦਾ ਪਰਿਵਾਰਕ ਇਤਿਹਾਸ(A)
1 ਇਹ ਯਿਸੂ ਮਸੀਹ ਦੇ ਪਰਿਵਾਰ ਦਾ ਇਤਿਹਾਸ ਹੈ। ਯਿਸੂ ਦਾਊਦ ਦੇ ਪਰਿਵਾਰ ਤੋਂ ਸੀ ਅਤੇ ਦਾਊਦ ਅਬਰਾਹਾਮ ਦੇ ਪਰਿਵਾਰ ਤੋਂ ਸੀ।
2 ਅਬਰਾਹਾਮ ਇਸਹਾਕ ਦਾ ਪਿਤਾ ਸੀ।
ਇਸਹਾਕ ਯਾਕੂਬ ਦਾ ਪਿਤਾ ਸੀ।
ਯਾਕੂਬ ਯਹੂਦਾਹ ਅਤੇ ਉਸ ਦੇ ਭਰਾਵਾਂ ਦਾ ਪਿਤਾ ਸੀ।
3 ਯਹੂਦਾਹ ਫ਼ਰਸ ਅਤੇ ਜ਼ਰਾ ਦਾ ਪਿਤਾ ਸੀ। (ਤਾਮਾਰ ਉਨ੍ਹਾਂ ਦੀ ਮਾਤਾ ਸੀ।)
ਫ਼ਰਸ ਹਸਰੋਨ ਦਾ ਪਿਤਾ ਸੀ।
ਹਸਰੋਨ ਰਾਮ ਦਾ ਪਿਤਾ ਸੀ।
4 ਰਾਮ ਅੰਮੀਨਾਦਾਬ ਦਾ ਪਿਤਾ ਸੀ।
ਅੰਮੀਨਾਦਾਬ ਨਹਸ਼ੋਨ ਦਾ ਪਿਤਾ ਸੀ।
ਨਹਸ਼ੋਨ ਸਲਮੋਨ ਦਾ ਪਿਤਾ ਸੀ।
5 ਸਲਮੋਨ ਬੋਅਜ਼ ਦਾ ਪਿਤਾ ਸੀ।
(ਬੋਅਜ਼ ਦੀ ਮਾਤਾ ਰਾਹਾਬ ਸੀ) ਬੋਅਜ਼ ਓਬੇਦ ਦਾ ਪਿਤਾ ਸੀ।
(ਰੂਥ ਓਬੇਦ ਦੀ ਮਾਤਾ ਸੀ।) ਉਬੇਦ ਯੱਸੀ ਦਾ ਪਿਤਾ ਸੀ।
6 ਯੱਸੀ ਦਾਊਦ ਬਾਦਸ਼ਾਹ ਦਾ ਪਿਤਾ ਸੀ।
ਦਾਊਦ ਸੁਲੇਮਾਨ ਦਾ ਪਿਤਾ ਸੀ। (ਸੁਲੇਮਾਨ ਦੀ ਮਾਤਾ ਪਹਿਲਾਂ ਉਰੀਯਾਹ ਦੀ ਪਤਨੀ ਸੀ।)
7 ਸੁਲੇਮਾਨ ਰਹਬੁਆਮ ਦਾ ਪਿਤਾ ਸੀ।
ਰਹਬੁਆਮ ਅਬੀਯਾਹ ਦਾ ਪਿਤਾ ਸੀ।
ਅਬੀਯਾਹ ਆਸਾ ਦਾ ਪਿਤਾ ਸੀ।
8 ਆਸਾ ਯਹੋਸ਼ਾਫਾਟ ਦਾ ਪਿਤਾ ਸੀ।
ਯਹੋਸ਼ਾਫਾਟ ਯੋਰਾਮ ਦਾ ਪਿਤਾ ਸੀ।
ਯੋਰਾਮ ਉਜ਼ੀਯਾਹ ਦਾ ਪਿਤਾ ਸੀ।
9 ਉਜ਼ੀਯੱਯਾਹ ਯੋਥਾਮ ਦਾ ਪਿਤਾ ਸੀ।
ਯੋਥਾਮ ਆਹਾਜ਼ ਦਾ ਪਿਤਾ ਸੀ।
ਆਹਾਜ਼ ਹਿਜ਼ਾਕੀਯਾਹ ਦਾ ਪਿਤਾ ਸੀ।
10 ਹਿਜ਼ਕੀਯਾਹ ਮਨੱਸਹ ਦਾ ਪਿਤਾ ਸੀ।
ਮਨੱਸਹ ਆਮੋਨ ਦਾ ਪਿਤਾ ਸੀ।
ਆਮੋਨ ਯੋਸ਼ੀਯਾਹ ਦਾ ਪਿਤਾ ਸੀ।
11 ਯੋਸ਼ੀਯਾਹ, ਯਕਾਨਯਾਹ, ਅਤੇ ਉਸ ਦੇ ਭਰਾਵਾਂ ਦਾ ਦਾਦਾ ਸੀ। ਇਸ ਸਮੇਂ ਦੌਰਾਨ, ਯਹੂਦੀ ਕੈਦੀਆਂ ਦੀ ਤਰ੍ਹਾਂ ਬੇਬੀਲੋਨ ਨੂੰ ਲਿਜਾਏ ਗਏ ਸਨ।
12 ਯਹੂਦੀਆਂ ਨੂੰ ਬੇਬੀਲੋਨ ਲੈ ਜਾਣ ਤੋਂ ਬਾਅਦ: ਯਕਾਨਯਾਹ ਸ਼ਅਲਤੀਏਲ ਦਾ ਪਿਤਾ ਸੀ।
ਸ਼ਅਲਤੀਏਲ ਜ਼ਰੁੱਬਾਬਲ ਦਾ ਦਾਦਾ ਸੀ।
13 ਜ਼ਰੁੱਬਾਬਲ ਅਬੀਹੂਦ ਦਾ ਪਿਤਾ ਸੀ।
ਅਬੀਹੂਦ ਅਲਯਾਕੀਮ ਦਾ ਪਿਤਾ ਸੀ।
ਅਲਯਾਕੀਮ ਅੱਜ਼ੋਰ ਦਾ ਪਿਤਾ ਸੀ।
14 ਅੱਜ਼ੋਰ ਸਾਦੋਕ ਦਾ ਪਿਤਾ ਸੀ।
ਸਾਦੋਕ ਯਾਕੀਮ ਦਾ ਪਿਤਾ ਸੀ।
ਯਾਕੀਮ ਅਲੀਹੂਦ ਦਾ ਪਿਤਾ ਸੀ।
15 ਅਲੀਹੂਦ ਅਲਾਜ਼ਾਰ ਦਾ ਪਿਤਾ ਸੀ।
ਅਲਾਜ਼ਾਰ ਮੱਥਾਨ ਦਾ ਪਿਤਾ ਸੀ।
ਮੱਥਾਨ ਯਾਕੂਬ ਦਾ ਪਿਤਾ ਸੀ।
16 ਯਾਕੂਬ ਯੂਸੁਫ਼ ਦਾ ਪਿਤਾ ਸੀ।
ਮਰਿਯਮ ਯੂਸੁਫ਼ ਦੀ ਪਤਨੀ ਸੀ।
ਮਰਿਯਮ ਯਿਸੂ ਦੀ ਮਾਂ ਸੀ। ਯਿਸੂ ਹੀ ਮਸੀਹ ਕਹਾਉਂਦਾ ਹੈ।
17 ਸੋ ਅਬਰਾਹਾਮ ਤੋਂ ਲੈ ਕੇ ਦਾਊਦ ਤੀਕਰ ਇਹ ਚੌਦ੍ਹਾਂ ਪੀੜ੍ਹੀਆਂ ਸਨ। ਅਤੇ ਚੌਦ੍ਹਾਂ ਹੀ ਪੀੜ੍ਹੀਆਂ ਦਾਊਦ ਤੋਂ ਲੈ ਕੇ ਉਸ ਵਕਤ ਤੀਕਰ ਸਨ ਜਦੋਂ ਲੋਕਾਂ ਨੂੰ ਬੇਬੀਲੋਨ ਲਿਜਾਇਆ ਗਿਆ। ਅਤੇ ਚੌਦ੍ਹਾਂ ਹੀ ਪੀੜ੍ਹੀਆਂ ਲੋਕਾਂ ਨੂੰ ਬੇਬੀਲੋਨ ਲੈ ਕੇ ਜਾਣ ਤੋਂ ਮਸੀਹ ਦੇ ਜਨਮ ਤੱਕ ਸਨ।
ਯਿਸੂ ਮਸੀਹ ਦਾ ਜਨਮ(B)
18 ਯਿਸੂ ਮਸੀਹ ਦੀ ਮਾਤਾ ਮਰਿਯਮ ਸੀ। ਯਿਸੂ ਮਸੀਹ ਦਾ ਜਨਮ ਇਸ ਤਰ੍ਹਾਂ ਹੋਇਆ। ਮਰਿਯਮ ਦੀ ਕੁੜਮਾਈ ਯੂਸੁਫ਼ ਦੇ ਨਾਲ ਹੋਈ। ਪਰ ਵਿਆਹ ਹੋਣ ਤੋਂ ਪਹਿਲਾਂ ਹੀ ਮਰਿਯਮ ਨੇ ਦੇਖਿਆ ਕਿ ਉਹ ਗਰਭਵਤੀ ਹੈ। ਮਰਿਯਮ ਪਵਿੱਤਰ ਆਤਮਾ ਦੀ ਸ਼ਕਤੀ ਨਾਲ ਗਰਭਵਤੀ ਹੋਈ ਸੀ। 19 ਮਰਿਯਮ ਦਾ ਪਤੀ ਯੂਸੁਫ਼ ਇੱਕ ਚੰਗਾ ਮਨੁੱਖ ਸੀ। ਉਹ ਇਹ ਨਹੀਂ ਚਾਹੁੰਦਾ ਸੀ ਕਿ ਉਹ ਮਰਿਯਮ ਨੂੰ ਲੋਕਾਂ ਸਾਹਮਣੇ ਕਲੰਕਨ ਪਰਗਟ ਕਰੇ। ਤਾਂ ਉਸ ਨੇ ਉਸ ਨੂੰ ਚੁੱਪ-ਚਾਪ ਛੱਡ ਦੇਣ ਦੀ ਸੋਚੀ।
20 ਪਰ ਜਦੋਂ ਉਸ ਨੇ ਇਸ ਬਾਰੇ ਸੋਚਿਆ ਤਾਂ ਪ੍ਰਭੂ ਦੇ ਇੱਕ ਦੂਤ ਨੇ ਉਸ ਦੇ ਸੁਪਨੇ ਵਿੱਚ ਦਰਸ਼ਨ ਦਿੱਤੇ। ਤੇ ਦੂਤ ਨੇ ਕਿਹਾ, “ਹੇ ਯੂਸੁਫ਼, ਦਾਊਦ ਦੇ ਪੁੱਤਰ, ਤੂੰ ਮਰਿਯਮ ਨੂੰ ਆਪਣੀ ਪਤਨੀ ਸਵਿਕਾਰ ਕਰਨ ਤੋਂ ਨਾ ਘਬਰਾ। ਜਿਹੜਾ ਬੱਚਾ ਉਸਦੀ ਕੁੱਖ ਵਿੱਚ ਆਇਆ ਹੈ ਉਹ ਪਵਿੱਤਰ ਆਤਮਾ ਤੋਂ ਹੈ। 21 ਮਰਿਯਮ ਇੱਕ ਪੁੱਤਰ ਨੂੰ ਜਨਮ ਦੇਵੇਗੀ ਅਤੇ ਤੂੰ ਉਸਦਾ ਨਾਂ ਯਿਸੂ ਰੱਖੀਂ ਕਿਉਂਕਿ ਉਹ ਆਪਣੇ ਲੋਕਾਂ ਨੂੰ ਉਨ੍ਹਾਂ ਦੇ ਪਾਪਾਂ ਤੋਂ ਬਚਾਵੇਗਾ।”
22 ਇਹ ਸਭ ਕੁਝ ਪ੍ਰਭੂ ਦੇ ਆਪਣੇ ਨਬੀ ਦੁਆਰਾ ਕਹੇ ਹੋਏ ਸ਼ਬਦਾਂ ਨੂੰ ਪੂਰਾ ਕਰਨ ਲਈ ਵਾਪਰਿਆ। 23 “ਕੁਆਰੀ ਗਰਭਵਤੀ ਹੋਵੇਗੀ ਅਤੇ ਪੁੱਤਰ ਨੂੰ ਜਨਮ ਦੇਵੇਗੀ। ਉਹ ਉਸਦਾ ਨਾਮ ਇੰਮਾਨੂਏਲ ਰੱਖਣਗੇ।” [a] ਜਿਸਦਾ ਅਰਥ ਇਹ ਹੈ, “ਪਰਮੇਸ਼ੁਰ ਸਾਡੇ ਸੰਗ ਹੈ।”
24 ਜਦੋਂ ਯੂਸੁਫ਼ ਜਾਗਿਆ ਤਾਂ ਉਸ ਨੇ ਉਵੇਂ ਹੀ ਕੀਤਾ ਜਿਵੇਂ ਪ੍ਰਭੂ ਦੇ ਦੂਤ ਨੇ ਉਸ ਨੂੰ ਕਰਨ ਲਈ ਕਿਹਾ ਸੀ। ਯੂਸੁਫ਼ ਨੇ ਮਰਿਯਮ ਨਾਲ ਵਿਆਹ ਕੀਤਾ। 25 ਪਰ ਯੂਸੂਫ਼ ਨੇ ਮਰਿਯਮ ਨਾਲ ਕੋਈ ਜਿਨਸੀ ਸਬੰਧ ਨਾ ਰੱਖਿਆ ਜਦ ਤੱਕ ਕਿ ਉਸ ਨੇ ਪੁੱਤਰ ਨੂੰ ਜਨਮ ਨਾ ਦੇ ਦਿੱਤਾ। ਅਤੇ ਯੂਸੁਫ਼ ਨੇ ਪੁੱਤਰ ਦਾ ਨਾਂ ਯਿਸੂ ਰੱਖਿਆ।
ਜੋਤਸ਼ੀ ਯਿਸੂ ਨੂੰ ਮਿਲਣ ਆਏ
2 ਯਿਸੂ ਯਹੂਦਿਯਾ ਦੇ ਨਗਰ ਬੈਤਲਹਮ ਵਿੱਚ ਜੰਮਿਆ ਸੀ। ਉਹ ਉਸ ਵਕਤ ਜਨਮਿਆ ਸੀ ਜਦੋਂ ਹੇਰੋਦੇਸ ਰਾਜਾ ਸੀ। ਯਿਸੂ ਦੇ ਜਨਮ ਤੋਂ ਬਾਅਦ ਪੂਰਬ ਵੱਲੋਂ ਕੁਝ ਜੋਤਸ਼ੀ ਯਰੂਸ਼ਲਮ ਵਿੱਚ ਆਏ। 2 ਜੋਤਸ਼ੀਆਂ ਨੇ ਲੋਕਾਂ ਨੂੰ ਪੁੱਛਿਆ, “ਨਵਾਂ ਜੁਆਕ ਕਿੱਥੇ ਹੈ ਜੋ ਕਿ ਯਹੂਦੀਆਂ ਦਾ ਰਾਜਾ ਹੈ? ਅਸੀਂ ਤਾਰਾ ਵੇਖਿਆ ਹੈ ਜੋ ਦਰਸਾਉਂਦਾ ਕਿ ਉਹ ਜਨਮਿਆ ਹੈ। ਅਸੀਂ ਤਾਰੇ ਨੂੰ ਪੂਰਬ ਵਿੱਚ ਆਕਾਸ਼ ਵਿੱਚ ਉੱਠਦਿਆਂ ਵੇਖਿਆ। ਅਸੀਂ ਉਸਦੀ ਉਪਾਸਨਾ ਕਰਨ ਲਈ ਆਏ ਹਾਂ।”
3 ਜਦੋਂ ਰਾਜਾ ਹੇਰੋਦੇਸ ਅਤੇ ਯਰੂਸ਼ਲਮ ਦੇ ਲੋਕਾਂ ਨੇ ਯਹੂਦੀਆਂ ਦੇ ਰਾਜੇ ਬਾਰੇ ਸੁਣਿਆ, ਤਾਂ ਉਹ ਘਬਰਾ ਗਏ। 4 ਹੇਰੋਦੇਸ ਨੇ ਯਹੂਦੀ ਪ੍ਰਧਾਨ ਜਾਜਕਾਂ ਤੇ ਨੇਮ ਦੇ ਉਸਦੇਸ਼ਕਾਂ ਨੂੰ ਇਕੱਠਿਆਂ ਕਰਕੇ, ਉਨ੍ਹਾਂ ਨੂੰ ਪੁੱਛਿਆ ਕਿ ਮਸੀਹ ਕਿੱਥੇ ਜੰਮੇਗਾ? 5 ਉਨ੍ਹਾਂ ਨੇ ਕਿਹਾ, “ਯਹੂਦਿਯਾ ਦੇ ਬੈਤਲਹਮ ਵਿੱਚ, ਕਿਉਂਕਿ ਨਬੀ ਨੇ ਇਸ ਬਾਰੇ ਪੋਥੀਆਂ ਵਿੱਚ ਲਿਖਿਆ ਹੈ:
6 ‘ਹੇ ਬੈਤਲਹਮ, ਯਹੂਦਾਹ ਦੀ ਧਰਤੀ ਵਿੱਚ
ਤੂੰ ਯਹੂਦਾਹ ਦੇ ਹਾਕਮਾਂ ਵਿੱਚੋਂ ਬੜਾ ਮਹੱਤਵਪੂਰਣ ਹੈ।
ਹਾਂ, ਤੇਰੇ ਵਿੱਚੋਂ ਇੱਕ ਅਜਿਹਾ ਹਾਕਮ ਆਵੇਗਾ,
ਜਿਹੜਾ ਮੇਰੇ ਲੋਕਾਂ, ਅਤੇ ਇਸਰਾਏਲ ਦੀ ਅਗਵਾਈ ਕਰੇਗਾ।’” (C)
7 ਫੇਰ ਹੇਰੋਦੇਸ ਨੇ ਪੂਰਬ ਤੋਂ ਆਏ ਜੋਤਸ਼ੀਆਂ ਨੂੰ ਚੁੱਪ ਕੀਤੇ ਬੁਲਾਕੇ ਉਨ੍ਹਾਂ ਕੋਲੋਂ ਠੀਕ-ਠੀਕ ਪਤਾ ਕੀਤਾ ਕਿ ਉਨ੍ਹਾਂ ਨੂੰ ਤਾਰਾ ਪਹਿਲੀ ਵਾਰ ਕਦੋਂ ਦਿਖਾਈ ਦਿੱਤਾ ਸੀ। 8 ਫ਼ੇਰ ਹੇਰੋਦੇਸ ਨੇ ਉਨ੍ਹਾਂ ਨੂੰ ਬੈਤਲਹਮ ਵਿੱਚ, ਇਹ ਕਹਿ ਕੇ ਭੇਜ ਦਿੱਤਾ ਕਿ, “ਜਾਓ ਅਤੇ ਧਿਆਨ ਨਾਲ ਇਸ ਬਾਲਕ ਬਾਰੇ ਪਤਾ ਲਗਾਓ। ਜਦੋਂ ਤੁਸੀਂ ਬਾਲਕ ਨੂੰ ਲੱਭ ਲਵੋਂ, ਤਾਂ ਆਕੇ ਮੈਨੂੰ ਦੱਸ ਦਿਓ, ਤਾਂ ਜੋ ਮੈਂ ਵੀ ਜਾਵਾਂ ਅਤੇ ਉਸਦੀ ਉਪਾਸਨਾ ਕਰਾਂ।”
9 ਉਹ ਰਾਜੇ ਦੀ ਗੱਲ ਸੁਣਕੇ ਚੱਲੇ ਗਏ। ਅਤੇ ਉਹ ਤਾਰਾ, ਜਿਹੜਾ ਉਨ੍ਹਾਂ ਨੇ ਚੜ੍ਹ੍ਹਦੇ ਪਾਸੇ ਦੇਖਿਆ ਸੀ, ਜੋਤਸ਼ੀਆਂ ਨੇ ਉਸ ਤਾਰੇ ਦਾ ਪਿੱਛਾ ਕੀਤਾ। ਤਾਰੇ ਨੇ ਉਨ੍ਹਾਂ ਦੀ ਉਦੋਂ ਤੱਕ ਅਗਵਾਈ ਕੀਤੀ, ਜਦੋਂ ਤੱਕ ਕਿ ਉਹ ਉਸ ਜਗ਼੍ਹਾ ਉੱਤੇ ਆਕੇ ਨਹੀਂ ਰੁਕ ਗਿਆ ਜਿੱਥੇ ਉਹ ਬਾਲਕ ਸੀ। 10 ਜੋਤਸ਼ੀ ਉਦੋਂ ਬਹੁਤ ਖੁਸ਼ ਸਨ ਜਦੋਂ ਉਨ੍ਹਾਂ ਨੇ ਤਾਰਾ ਵੇਖਿਆ।
11 ਉਨ੍ਹਾਂ ਨੇ ਉਸ ਘਰ ਵਿੱਚ ਜਾਕੇ ਬਾਲਕ ਨੂੰ ਉਸਦੀ ਮਾਤਾ ਮਰਿਯਮ ਨਾਲ ਦੇਖਿਆ ਅਤੇ ਪੈਰੀਂ ਪੈਕੇ ਉਸ ਨੂੰ ਮੱਥਾ ਟੇਕਿਆ। ਉਨ੍ਹਾਂ ਨੇ ਆਪਣੀਆਂ ਥੈਲੀਆਂ ਖੋਲ੍ਹੀਆਂ ਅਤੇ ਸੋਨੇ, ਲੁਬਾਣ ਅਤੇ ਗੰਧਰਸ ਦੀਆਂ ਸੁਗਾਤਾਂ ਭੇਂਟ ਕੀਤੀਆਂ ਜਿਹੜੀਆਂ ਉਹ ਬਾਲਕ ਵਾਸਤੇ ਲਿਆਏ ਸਨ। 12 ਪਰ ਸੁਫਨੇ ਵਿੱਚ ਪਰਮੇਸ਼ੁਰ ਨੇ ਜੋਤਸ਼ੀਆਂ ਨੂੰ ਖਬਰਦਾਰ ਕੀਤਾ ਕਿ ਉਹ ਹੇਰੋਦੇਸ ਕੋਲ ਫੇਰ ਨਾ ਜਾਣ। ਤਾਂ ਉਹ ਹੋਰ ਰਸਤੇ ਆਪਣੇ ਦੇਸ਼ ਨੂੰ ਮੁੜ ਗਏ।
ਯਿਸੂ ਆਪਣੇ ਮਾਤਾ ਪਿਤਾ ਨਾਲ ਮਿਸਰ ਨੂੰ
13 ਜਦੋਂ ਜੋਤਸ਼ੀ ਦੂਰ ਚੱਲੇ ਗਏ, ਤਾਂ ਪ੍ਰਭੂ ਦੇ ਦੂਤ ਨੇ ਯੂਸੁਫ ਦੇ ਸੁਫਨੇ ਵਿੱਚ ਦਰਸ਼ਨ ਦੇਕੇ ਆਖਿਆ, “ਉੱਠ! ਬਾਲਕ ਤੇ ਉਸਦੀ ਮਾਤਾ ਨੂੰ ਲੈ ਕੇ ਮਿਸਰ ਦੇਸ਼ ਵਿੱਚ ਚੱਲਾ ਜਾ। ਅਤੇ ਜਦ ਤੀਕਰ ਮੈਂ ਤੈਨੂੰ ਨਾ ਆਖਾਂ ਉੱਥੇ ਹੀ ਰਹਿਣਾ ਕਿਉਂਕਿ ਹੇਰੋਦੇਸ ਬਾਲਕ ਨੂੰ ਮਾਰਣ ਵਾਸਤੇ ਲੱਭੇਗਾ।”
14 ਤਾਂ ਯੂਸੁਫ ਉੱਠਿਆ ਰਾਤੋ-ਰਾਤ ਬਾਲਕ ਅਤੇ ਉਸਦੀ ਮਾਤਾ ਨੂੰ ਨਾਲ ਲੈ ਕੇ ਮਿਸਰ ਵੱਲ ਤੁਰ ਪਿਆ। 15 ਯੂਸੁਫ਼ ਹੇਰੋਦੇਸ ਦੇ ਮਰਨ ਤੱਕ ਮਿਸਰ ਵਿੱਚ ਹੀ ਰਿਹਾ। ਇਹ ਇਸ ਲਈ ਵਾਪਰਿਆ ਤਾਂ ਕਿ ਜਿਹੜਾ ਬਚਨ ਪ੍ਰਭੂ ਨੇ ਨਬੀ ਦੀ ਜ਼ਬਾਨੀ ਆਖਿਆ ਸੀ ਉਹ ਪੂਰਾ ਹੋਵੇ: ਪ੍ਰਭੂ ਨੇ ਆਖਿਆ, “ਮੈਂ ਆਪਣੇ ਪੁੱਤਰ ਨੂੰ ਮਿਸਰ ਵਿੱਚੋਂ ਸੱਦਿਆ।” [b]
ਹੇਰੋਦੇਸ ਨੇ ਬੈਤਲਹਮ ਦੇ ਸਭ ਬਾਲ ਮੁੰਡਿਆਂ ਨੂੰ ਮਾਰ ਸੁੱਟਿਆ
16 ਜਦੋਂ ਹੇਰੋਦੇਸ ਨੂੰ ਇਹ ਸਮਝ ਆਈ ਕਿ ਉਸ ਨੂੰ ਜੋਤਸ਼ੀਆਂ ਦੁਆਰਾ ਧੋਖਾ ਦਿੱਤਾ ਗਿਆ ਹੈ, ਤਾਂ ਉਸ ਨੂੰ ਬੜਾ ਕ੍ਰੋਧ ਆਇਆ। ਫ਼ੇਰ ਉਸ ਨੇ ਬੈਤਲਹਮ ਅਤੇ ਆਸੇ-ਪਾਸੇ ਦੇ ਸਾਰੇ ਇਲਾਕਿਆਂ ਦੇ ਬਾਲਕਾਂ ਨੂੰ ਮਾਰਨ ਦਾ ਹੁਕਮ ਦੇ ਦਿੱਤਾ। ਉਸ ਨੇ ਦੋ ਸਾਲ ਅਤੇ ਇਸਤੋਂ ਛੋਟੀ ਉਮਰ ਦੇ ਬਾਲਕਾਂ ਨੂੰ ਮਾਰ ਦੇਣ ਦਾ ਹੁਕਮ ਦੇ ਦਿੱਤਾ ਕਿਉਂਕਿ ਉਸ ਨੇ ਜੋਤਸ਼ੀਆਂ ਤੋਂ ਜਨਮ ਦੇ ਸਹੀ ਸਮੇਂ ਦਾ ਪਤਾ ਲਾਇਆ ਸੀ। 17 ਤਾਂ ਨਬੀ ਯਿਰਮਿਯਾਹ ਦੁਆਰਾ ਬੋਲਿਆ ਪਰਮੇਸ਼ੁਰ ਦਾ ਸ਼ਬਦ ਪੂਰਾ ਹੋ ਗਿਆ ਸੀ:
18 “ਰਾਮਾਹ ਵਿੱਚ ਇੱਕ ਅਵਾਜ਼ ਸੁਣਾਈ ਦਿੱਤੀ।
ਰੋਣਾ ਅਤੇ ਵੱਡੇ ਵਿਰਲਾਪ ਨਾਲ
ਰਾਖੇਲ ਆਪਣੇ ਬਾਲ ਬੱਚਿਆਂ ਨੂੰ ਰੋਂਦੀ ਹੈ
ਅਤੇ ਤਸੱਲੀ ਨਹੀਂ ਚਾਹੁੰਦੀ,
ਕਿਉਂਕਿ ਉਸ ਦੇ ਬੱਚੇ ਮਰ ਚੁੱਕੇ ਹਨ।” (D)
ਯੂਸੁਫ਼ ਅਤੇ ਮਰਿਯਮ ਮਿਸਰ ਤੋਂ ਮੁੜੇ
19 ਹੇਰੋਦੇਸ ਦੇ ਮਰਨ ਤੋਂ ਬਾਅਦ, ਪ੍ਰਭੂ ਦਾ ਇੱਕ ਦੂਤ ਮਿਸਰ ਵਿੱਚ ਯੂਸੁਫ਼ ਦੇ ਸੁਪਨੇ ਵਿੱਚ ਪ੍ਰਗਟਿਆ। 20 ਦੂਤ ਨੇ ਆਖਿਆ, “ਉੱਠ! ਬਾਲਕ ਅਤੇ ਉਸਦੀ ਮਾਤਾ ਨੂੰ ਲੈ ਕੇ ਇਸਰਾਏਲ ਦੇ ਦੇਸ਼ ਨੂੰ ਜਾ। ਕਿਉਂਕਿ ਜਿਹੜੇ ਲੋਕ ਬਾਲਕ ਨੂੰ ਮਾਰਨਾ ਚਾਹੁੰਦੇ ਸਨ ਉਹ ਹੁਣ ਮਰ ਚੁੱਕੇ ਹਨ।”
21 ਤਦ ਉਹ ਤਿਆਰ ਹੋਇਆ ਅਤੇ ਬਾਲਕ ਅਤੇ ਉਸਦੀ ਮਾਤਾ ਨੂੰ ਨਾਲ ਲੈ ਕੇ ਇਸਰਾਏਲ ਦੇਸ਼ ਨੂੰ ਚੱਲਿਆ ਗਿਆ। 22 ਜਦੋਂ ਯੂਸੁਫ਼ ਨੇ ਸੁਣਿਆ ਕਿ ਅਰਕਿਲਊਸ ਯਹੂਦਿਯਾ ਵਿੱਚ ਆਪਣੇ ਪਿਤਾ ਹੇਰੋਦੇਸ ਦੀ ਮੌਤ ਤੋਂ ਬਾਅਦ ਰਾਜਾ ਬਣ ਗਿਆ ਹੈ ਤਾਂ ਉਹ ਉੱਥੇ ਜਾਣ ਤੋਂ ਡਰਦਾ ਸੀ। ਪਰ ਸੁਪਨੇ ਵਿੱਚ ਪਰਮੇਸ਼ੁਰ ਦੁਆਰਾ ਖ਼ਬਰ ਪਾਕੇ ਉਹ ਗਲੀਲ ਦੇ ਇਲਾਕੇ ਨੂੰ ਚੱਲਿਆ ਗਿਆ। 23 ਯੂਸੁਫ਼ ਨਾਸਰਤ ਨਾਮ ਦੇ ਇੱਕ ਨਗਰ ਵਿੱਚ ਜਾ ਵਸਿਆ ਅਤੇ ਇਸਨੇ ਉਹ ਬਚਨ ਪੂਰਾ ਕਰ ਦਿੱਤਾ ਜਿਹੜਾ ਪਰਮੇਸ਼ੁਰ ਨੇ ਨਬੀਆਂ ਰਾਹੀਂ ਆਖਿਆ ਸੀ। ਕਿ ਉਹ ਇੱਕ ਨਾਸਰੀ [c] ਅਖਵਾਏਗਾ।
ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਕੰਮ(E)
3 ਉਨ੍ਹਾਂ ਦਿਨਾਂ ਵਿੱਚ, ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਯਹੂਦਿਯਾ ਦੇ ਉਜਾੜ ਵਿੱਚ ਪ੍ਰਚਾਰ ਕਰਨਾ ਸ਼ੁਰੂ ਕੀਤਾ। 2 ਉਸ ਨੇ ਆਖਿਆ, “ਆਪਣੇ ਦਿਲ ਅਤੇ ਜੀਵਨ ਬਦਲੋ, ਕਿਉਂਕਿ ਸੁਰਗ ਦਾ ਰਾਜ ਜਲਦੀ ਹੀ ਆ ਰਿਹਾ ਹੈ।” 3 ਯੂਹੰਨਾ ਬਪਤਿਸਮਾ ਦੇਣ ਵਾਲਾ ਉਹੀ ਹੈ ਜਿਸਦੇ ਬਾਰੇ ਯਸਾਯਾਹ ਨਬੀ ਦੀ ਜ਼ਬਾਨੀ ਆਖਿਆ ਗਿਆ ਸੀ। ਯਸਾਯਾਹ ਨੇ ਕਿਹਾ:
“ਉਜਾੜ ਵਿੱਚ ਇੱਕ ਮਨੁੱਖ ਹੋਕਾ ਦੇ ਰਿਹਾ ਹੈ:
‘ਪ੍ਰਭੂ ਲਈ ਰਸਤੇ ਨੂੰ ਤਿਆਰ ਕਰੋ;
ਉਸ ਦੇ ਰਾਹਾਂ ਨੂੰ ਸਿਧਿਆਂ ਕਰੋ।’” (F)
4 ਯੂਹੰਨਾ ਦੇ ਕੱਪੜੇ ਊਂਠ ਦੇ ਵਾਲਾਂ ਤੋਂ ਬਣੇ ਸਨ ਅਤੇ ਚੰਮ ਦੀ ਪੇਟੀ ਉਸ ਦੇ ਲੱਕ ਦੇ ਦੁਆਲੇ ਸੀ। ਅਤੇ ਉਸਦਾ ਭੋਜਨ ਟਿੱਡੀਆਂ ਅਤੇ ਜੰਗਲੀ ਸ਼ਹਿਤ ਸੀ। 5 ਯਰੂਸ਼ਲਮ, ਸਾਰੇ ਯਹੂਦਿਯਾ ਅਤੇ ਯਰਦਨ ਨਦੀ ਦੇ ਆਸੇ-ਪਾਸੇ ਦੀਆਂ ਥਾਵਾਂ ਦੇ ਸਭ ਲੋਕ ਉਸਦਾ ਪ੍ਰਚਾਰ ਸੁਣਨ ਲਈ ਆਏ। 6 ਲੋਕਾਂ ਨੇ ਆਪਣੇ ਪਾਪ ਕਬੂਲ ਕੀਤੇ ਅਤੇ ਯੂਹੰਨਾ ਨੇ ਉਨ੍ਹਾਂ ਨੂੰ ਯਰਦਨ ਨਦੀ ਵਿੱਚ ਬਪਤਿਸਮਾ ਦਿੱਤਾ।
7 ਪਰ ਜਦੋਂ ਉਸ ਨੇ ਵੇਖਿਆ ਕਿ ਫ਼ਰੀਸੀਆਂ [d] ਅਤੇ ਸਦੂਕੀਆਂ [e] ਵਿੱਚੋਂ ਬਥੇਰੇ ਉਸ ਕੋਲੋਂ ਬਪਤਿਸਮਾ ਲੈਣ ਆਏ ਹਨ ਤਾਂ ਉਸ ਨੇ ਉਨ੍ਹਾਂ ਨੂੰ ਆਖਿਆ, “ਤੁਸੀਂ ਸਾਰੇ ਸੱਪ ਹੋ! ਤੁਹਾਨੂੰ ਪਰਮੇਸ਼ੁਰ ਦੇ ਆਉਣ ਵਾਲੇ ਕਰੋਪ ਤੋਂ ਭੱਜਣਾ ਕਿਸਨੇ ਦੱਸਿਆ ਹੈ? 8 ਤੁਹਾਨੂੰ ਉਹ ਗੱਲਾਂ ਕਰਨੀਆਂ ਚਾਹੀਦੀਆਂ ਹਨ ਜਿਨ੍ਹਾਂ ਨਾਲ ਇਹ ਦਰਸ਼ਾ ਸੱਕੋਂ ਕਿ ਤੁਸੀਂ ਆਪਣੇ ਜੀਵਨ ਅਤੇ ਮਨ ਬਦਲ ਲਏ ਹਨ। 9 ਆਪਣੇ ਮਨ ਵਿੱਚ ਇਸ ਗੱਲ ਤੇ ਮਾਣ ਕਰਨ ਦੀ ਨਾ ਸੋਚੋ, ‘ਅਸੀਂ ਅਬਰਾਹਾਮ ਦੇ ਬੱਚੇ ਹਾਂ।’ ਮੈਂ ਤੁਹਾਨੂੰ ਦੱਸਦਾ ਹਾਂ ਕਿ ਪਰਮੇਸ਼ੁਰ ਅਬਰਾਹਾਮ ਲਈ ਇਨ੍ਹਾਂ ਪੱਥਰਾਂ ਵਿੱਚੋਂ ਬੱਚੇ ਪੈਦਾ ਕਰ ਸੱਕਦਾ ਹੈ। 10 ਰੁੱਖਾਂ ਨੂੰ ਡੇਗਣ ਲਈ ਕੁਹਾੜਾ ਤਿਆਰ ਹੈ, ਹਰ ਉਹ ਰੁੱਖ ਜਿਹੜਾ ਚੰਗਾ ਫਲ ਨਹੀਂ ਦਿੰਦਾ, ਵੱਢਿਆ ਜਾਵੇਗਾ ਅਤੇ ਅੱਗ ਵਿੱਚ ਸੁੱਟ ਦਿੱਤਾ ਜਾਵੇਗਾ।
11 “ਮੈਂ ਤਾਂ ਤੁਹਾਨੂੰ ਤੁਹਾਡੇ ਮਨ ਅਤੇ ਜੀਵਨ ਬਦਲਣ ਲਈ ਪਾਣੀ ਨਾਲ ਬਪਤਿਸਮਾ ਦਿੰਦਾ ਹਾਂ ਪਰ ਜਿਹੜਾ ਮੇਰੇ ਪਿੱਛੋਂ ਆਉਣ ਵਾਲਾ ਹੈ ਉਹ ਮੇਰੇ ਤੋਂ ਮਹਾਨ ਹੈ ਅਤੇ ਮੈਂ ਤਾਂ ਉਸਦੀ ਜੁੱਤੀ ਚੁੱਕਣ ਦੇ ਵੀ ਯੋਗ ਨਹੀਂ ਹਾਂ। ਉਹ ਤੁਹਾਨੂੰ ਪਵਿੱਤਰ ਆਤਮਾ ਅਤੇ ਅੱਗ ਨਾਲ ਬਪਤਿਸਮਾ ਦੇਵੇਗਾ। 12 ਉਸਦੀ ਤੰਗਲੀ ਉਸ ਦੇ ਹੱਥ ਵਿੱਚ ਹੈ। ਉਹ ਕਣਕ ਨੂੰ ਤੂੜੀ ਤੋਂ ਅਲੱਗ ਕਰੇਗਾ। ਉਹ ਕਣਕ ਨੂੰ ਕੋਠੇ ਵਿੱਚ ਜਮਾ ਕਰੇਗਾ। ਉਹ ਤੂੜੀ ਨੂੰ ਉਸ ਅੱਗ ਵਿੱਚ ਸਾੜੇਗਾ ਜਿਹੜੀ ਬੁਝਾਈ ਨਹੀਂ ਜਾ ਸੱਕਦੀ।”
ਯਿਸੂ ਨੂੰ ਯੂਹੰਨਾ ਨੇ ਬਪਤਿਸਮਾ ਦਿੱਤਾ(G)
13 ਫੇਰ ਯਿਸੂ ਯੂਹੰਨਾ ਤੋਂ ਯਰਦਨ ਨਦੀ ਵਿੱਚ ਬਪਤਿਸਮਾ ਲੈਣ ਲਈ ਗਲੀਲ ਤੋਂ ਆਇਆ। 14 ਪਰ ਯੂਹੰਨਾ ਨੇ ਇਹ ਕਹਿ ਕਿ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਕਿ, “ਮੈਨੂੰ ਤਾਂ ਤੇਰੇ ਕੋਲੋਂ ਬਪਤਿਸਮਾ ਲੈਣ ਦੀ ਲੋੜ ਹੈ। ਅਤੇ ਤੂੰ ਮੇਰੇ ਕੋਲ ਕਿਉਂ ਆਇਆ ਹੈਂ?”
15 ਯਿਸੂ ਨੇ ਉਸ ਨੂੰ ਜਵਾਬ ਦਿੱਤਾ, “ਹੁਣ ਤੂੰ ਇਸ ਨੂੰ ਇੰਝ ਹੀ ਹੋਣ ਦੇ। ਜਿਹੜੀਆਂ ਗੱਲਾਂ ਪਰਮੇਸ਼ੁਰ ਕਰਾਉਦਾ ਹੈ ਸਾਨੂੰ ਉਵੇਂ ਹੀ ਕਰਨੀਆਂ ਚਾਹੀਦੀਆਂ ਹਨ।” ਇਉਂ ਯੂਹੰਨਾ ਯਿਸੂ ਨੂੰ ਬਪਤਿਸਮਾ ਦੇਣ ਲਈ ਮੰਨ ਗਿਆ।
16 ਜਿਵੇਂ ਹੀ ਯਿਸੂ ਨੇ ਬਪਤਿਸਮਾ ਲਿਆ ਤਾਂ ਉਹ ਪਾਣੀ ਤੋਂ ਬਾਹਰ ਆ ਗਿਆ। ਉਸ ਲਈ ਅਕਾਸ਼ ਖੁਲ੍ਹ ਗਿਆ ਅਤੇ ਉਸ ਨੇ ਪਰਮੇਸ਼ੁਰ ਦੇ ਆਤਮਾ ਨੂੰ ਘੁੱਗੀ ਵਾਂਗ ਆਪਣੇ ਉੱਪਰ ਉੱਤਰਦਿਆਂ ਵੇਖਿਆ। 17 ਸਵਰਗ ਤੋਂ ਇੱਕ ਬਾਣੀ ਆਈ, ਤੇ ਇਹ ਆਖਿਆ, “ਇਹ ਮੇਰਾ ਪਿਆਰਾ ਪੁੱਤਰ ਹੈ। ਜਿਸਤੋਂ ਮੈਂ ਬਹੁਤ ਪ੍ਰਸੰਨ ਹਾਂ।”
ਯਿਸੂ ਦਾ ਪਰਤਾਇਆ ਜਾਣਾ(H)
4 ਸ਼ੈਤਾਨ ਦੁਆਰਾ ਪਰਤਿਆਏ ਜਾਣ ਲਈ ਆਤਮਾ ਨੇ ਯਿਸੂ ਦੀ ਅਗਵਾਈ ਉਜਾੜ ਵਿੱਚ ਕੀਤੀ। 2 ਯਿਸੂ ਨੇ ਚਾਲੀ ਦਿਨ ਅਤੇ ਰਾਤਾਂ ਕੁਝ ਵੀ ਨਾ ਖਾਧਾ ਤਾਂ ਉਸ ਨੂੰ ਭੁੱਖ ਲੱਗੀ। 3 ਤਾਂ ਸ਼ੈਤਾਨ ਉਸ ਨੂੰ ਪਰਤਾਉਣ ਲਈ ਆਇਆ ਅਤੇ ਉਸ ਨੂੰ ਆਖਿਆ, “ਜੇ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ, ਤਾਂ ਕਹਿ ਕਿ ਇਹ ਪੱਥਰ ਰੋਟੀਆਂ ਬਣ ਜਾਣ।”
4 ਯਿਸੂ ਨੇ ਜਵਾਬ ਦਿੱਤਾ, “ਇਹ ਪੋਥੀਆਂ ਵਿੱਚ ਲਿਖਿਆ ਹੈ:
‘ਇਨਸਾਨ ਨਿਰੀ ਰੋਟੀ ਤੇ ਹੀ ਨਹੀਂ ਜਿਉਂਦੇ ਸਗੋਂ ਉਨ੍ਹਾਂ ਦਾ ਜੀਵਨ ਉਸ ਹਰੇਕ
ਵਾਕ ਉੱਪਰ ਨਿਰਭਰ ਕਰਦਾ ਹੈ ਜਿਹੜਾ ਪਰਮੇਸ਼ੁਰ ਦੇ ਮੂੰਹੋਂ ਨਿਕਲਦਾ ਹੈ।’” (I)
5 ਫੇਰ ਸ਼ੈਤਾਨ ਯਿਸੂ ਨੂੰ ਪਵਿੱਤਰ ਸ਼ਹਿਰ ਵਿੱਚ ਆਪਣੇ ਨਾਲ ਲੈ ਗਿਆ ਅਤੇ ਉਸ ਨੂੰ ਮੰਦਰ ਦੇ ਬੜੇ ਉੱਚੇ ਸਥਾਨ ਉੱਤੇ ਖੜ੍ਹਾ ਕਰਕੇ ਕਿਹਾ, 6 “ਜੇਕਰ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ, ਤਾਂ ਆਪਣੇ-ਆਪ ਨੂੰ ਹੇਠਾਂ ਡੇਗ ਦੇ। ਕਿਉਂਕਿ ਇਹ ਪੋਥੀਆਂ ਵਿੱਚ ਲਿਖਿਆ ਹੈ ਕਿ,
‘ਪਰਮੇਸ਼ੁਰ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦੇਵੇਗਾ,
ਅਤੇ ਉਹ ਤੈਨੂੰ ਆਪਣੇ ਹੱਥਾਂ ਉੱਪਰ ਚੁੱਕ ਲੈਣਗੇ,
ਤਾਂ ਜੋ ਤੂੰ ਪੱਥਰ ਵਿੱਚ ਆਪਣੇ ਪੈਰ ਵੱਜਣ ਤੋਂ ਬਚਾ ਸੱਕੇਂ।’” (J)
7 ਯਿਸੂ ਨੇ ਉਸ ਨੂੰ ਕਿਹਾ, “ਪੋਥੀਆਂ ਵਿੱਚ ਇਹ ਵੀ ਲਿਖਿਆ ਹੈ, ‘ਤੈਨੂੰ ਪ੍ਰਭੂ ਤੇਰੇ ਪਰਮੇਸ਼ੁਰ ਨੂੰ ਨਹੀਂ ਪਰਤਾਉਣਾ ਚਾਹੀਦਾ।’” [f]
8 ਫੇਰ ਸ਼ੈਤਾਨ ਉਸ ਨੂੰ ਇੱਕ ਵੱਡੇ ਉੱਚੇ ਪਹਾੜ ਉੱਤੇ ਨਾਲ ਲੈ ਗਿਆ ਅਤੇ ਜਗਤ ਦੇ ਸਾਰੇ ਰਾਜ ਅਤੇ ਉਨ੍ਹਾਂ ਦਾ ਜਲੌਂ ਵਿਖਾਇਆ। 9 ਸ਼ੈਤਾਨ ਨੇ ਕਿਹਾ, “ਜੇ ਤੂੰ ਝੁਕ ਕੇ ਮੈਨੂੰ ਮੱਥਾ ਟੇਕੇਂ ਤਾਂ ਇਹ ਸਭ ਕੁਝ ਮੈਂ ਤੈਨੂੰ ਦੇ ਦਿਆਂਗਾ।”
10 ਯਿਸੂ ਨੇ ਸ਼ੈਤਾਨ ਨੂੰ ਕਿਹਾ, “ਸ਼ੈਤਾਨ! ਤੂੰ ਇੱਥੋਂ ਚੱਲਿਆ ਜਾ, ਕਿਉਂਕਿ ਇਹ ਪੋਥੀਆਂ ਵਿੱਚ ਲਿਖਿਆ ਹੈ,
‘ਕਿ ਤੂੰ ਪ੍ਰਭੂ ਆਪਣੇ ਪਰਮੇਸ਼ੁਰ ਨੂੰ ਮੱਥਾ ਟੇਕ
ਅਤੇ ਉਸ ਇੱਕਲੇ ਦੀ ਹੀ ਸੇਵਾ ਕਰ।’” (K)
11 ਤਦ ਸ਼ੈਤਾਨ ਚੱਲਿਆ ਗਿਆ ਅਤੇ ਕੁਝ ਦੂਤ ਯਿਸੂ ਕੋਲ ਉਸਦੀ ਮਦਦ ਕਰਨ ਲਈ ਆਏ।
ਯਿਸੂ ਨੇ ਗਲੀਲ ਵਿੱਚ ਆਪਣਾ ਕੰਮ ਅਰੰਭਿਆ(L)
12 ਜਦ ਯਿਸੂ ਨੇ ਸੁਣਿਆ ਕਿ ਯੂਹੰਨਾ ਕੈਦ ਕਰ ਦਿੱਤਾ ਗਿਆ ਹੈ ਤਾਂ ਉਹ ਗਲੀਲ ਨੂੰ ਵਾਪਸ ਚੱਲਿਆ ਗਿਆ। 13 ਉਸ ਨੇ ਨਾਸਰਤ ਛੱਡ ਦਿੱਤਾ ਅਤੇ ਕਫ਼ਰਨਾਹੂਮ ਵਿੱਚ ਰਿਹਾ। ਇਹ ਨਗਰ ਇੱਕ ਝੀਲ ਦੇ ਨੇੜੇ ਹੈ। ਕਫ਼ਰਨਾਹੂਮ ਜ਼ਬੂਲੂਨ ਅਤੇ ਨਫ਼ਥਾਲੀ ਦੇ ਇਲਾਕੇ ਵਿੱਚ ਹੈ। 14 ਯਿਸੂ ਨੇ ਇਹ ਇਸ ਲਈ ਕੀਤਾ ਕਿ ਯਸਾਯਾਹ ਨਬੀ ਦਾ ਵਾਕ ਪੂਰਾ ਹੋਵੇ।
15 “ਜ਼ਬੂਲੂਨ ਦੀ ਧਰਤੀ ਅਤੇ ਨਫ਼ਥਾਲੀ ਦੀ ਧਰਤੀ,
ਸਮੁੰਦਰ ਦਾ ਰਾਹ, ਯਰਦਨ ਨਦੀ ਦੇ ਪਾਰ,
ਗ਼ੈਰ-ਯਹੂਦੀ ਲੋਕਾਂ ਦੀ ਧਰਤੀ, ਗਲੀਲ
16 ਹਨੇਰੇ ਵਿੱਚ ਰਹਿੰਦੇ ਲੋਕਾਂ ਨੇ ਵੱਡਾ ਚਾਨਣ ਵੇਖਿਆ ਹੈ;
ਚਾਨਣ ਉਨ੍ਹਾਂ ਲਈ ਆਇਆ
ਜੋ ਕਿ ਕਬਰਾਂ ਵਾਂਗ ਹਨੇਰੇ
ਦੇਸ਼ ਵਿੱਚ ਰਹਿੰਦੇ ਹਨ।” (M)
17 ਉਸਤੋਂ ਬਾਅਦ ਯਿਸੂ ਪ੍ਰਚਾਰ ਕਰਨ ਲੱਗਾ, ਉਸ ਨੇ ਆਖਿਆ, “ਆਪਣੇ ਦਿਲ ਅਤੇ ਜੀਵਨਾਂ ਨੂੰ ਬਦਲੋ, ਕਿਉਂਕਿ ਸਵਰਗ ਦਾ ਰਾਜ ਨੇੜੇ ਆ ਰਿਹਾ ਹੈ।”
ਯਿਸੂ ਨੇ ਕੁਝ ਚੇਲੇ ਚੁਣੇ(N)
18 ਜਦੋਂ ਯਿਸੂ ਗਲੀਲ ਝੀਲ ਦੇ ਕੰਢੇ ਘੁੰਮ ਰਿਹਾ ਸੀ ਤਾਂ ਉਸ ਨੇ ਦੋ ਭਰਾਵਾਂ ਸ਼ਮਊਨ ਜਿਹੜਾ ਪਤਰਸ ਕਹਾਉਂਦਾ ਹੈ ਅਤੇ ਉਸ ਦੇ ਭਰਾ ਅੰਦ੍ਰਿਯਾਸ ਨੂੰ ਵੇਖਿਆ। ਉਹ ਮਾਛੀ ਸਨ ਉਹ ਜਾਲ ਨਾਲ ਮੱਛੀਆਂ ਫ਼ੜ ਰਹੇ ਸਨ। 19 ਯਿਸੂ ਨੇ ਉਨ੍ਹਾਂ ਨੂੰ ਕਿਹਾ, “ਮੇਰੇ ਮਗਰ ਆਓ ਤੇ ਮੈਂ ਤੁਹਾਨੂੰ ਲੋਕਾਂ ਨੂੰ ਇਕੱਠਾ ਕਰਨ ਲਈ ਮਾਛੀ ਬਣਾਵਾਂਗਾ।” 20 ਤੁਰੰਤ ਹੀ ਉਹ ਜਾਲਾਂ ਨੂੰ ਛੱਡ ਕੇ ਯਿਸੂ ਦੇ ਮਗਰ ਹੋ ਤੁਰੇ।
21 ਯਿਸੂ ਗਲੀਲੀ ਝੀਲ ਦੇ ਕੰਢੇ ਚੱਲਦਾ ਰਿਹਾ। ਉਸ ਨੇ ਦੋ ਹੋਰ ਭਰਾਵਾਂ ਯਾਕੂਬ ਅਤੇ ਯੂਹੰਨਾ ਨੂੰ ਵੇਖਿਆ ਜੋ ਕੇ ਜ਼ਬਦੀ ਦੇ ਪੁੱਤਰ ਸਨ। ਉਹ ਆਪਣੇ ਪਿਉ ਨਾਲ ਬੇੜੀ ਵਿੱਚ ਆਪਣੇ, ਜਾਲਾਂ ਨੂੰ ਠੀਕ ਕਰ ਰਹੇ ਸਨ। ਯਿਸੂ ਨੇ ਉਨ੍ਹਾਂ ਨੂੰ ਸੱਦਿਆ 22 ਉਹ ਝੱਟ ਬੇੜੀ ਅਤੇ ਆਪਣੇ ਪਿਉ ਨੂੰ ਛੱਡ ਕੇ ਉਸ ਦੇ ਮਗਰ ਹੋ ਤੁਰੇ।
ਯਿਸੂ ਦਾ ਉਪਦੇਸ਼ ਦੇਣਾ ਅਤੇ ਲੋਕਾਂ ਨੂੰ ਚੰਗਾ ਕਰਨਾ(O)
23 ਯਿਸੂ ਸਾਰੀ ਗਲੀਲੀ ਵਿੱਚ ਫ਼ਿਰਿਆ। ਯਿਸੂ ਉਨ੍ਹਾਂ ਦੇ ਪ੍ਰਾਰਥਨਾ ਸਥਾਨਾਂ ਵਿੱਚ ਉਪਦੇਸ਼ ਦਿੰਦਾ ਅਤੇ ਸੁਰਗ ਦੇ ਰਾਜ ਦੀ ਖੁਸ਼ਖਬਰੀ ਦਾ ਪ੍ਰਚਾਰ ਕਰਦਾ। ਅਤੇ ਉਹ ਲੋਕਾਂ ਵਿੱਚੋਂ ਸਾਰੇ ਰੋਗ ਅਤੇ ਸਾਰੀ ਮਾਂਦਗੀ ਨੂੰ ਹਟਾਉਂਦਾ ਸੀ। 24 ਯਿਸੂ ਬਾਰੇ ਸਮੁੱਚੇ ਸੁਰੀਆ ਵਿੱਚ ਖ਼ਬਰ ਫ਼ੈਲ ਗਈ। ਲੋਕ ਬਿਮਾਰ ਅਤੇ ਰੋਗੀਆਂ ਨੂੰ ਜਿਹੜੇ ਗੰਭੀਰ ਦਰਦ ਝੱਲ ਰਹੇ ਸਨ ਅਤੇ ਜਿਨ੍ਹਾਂ ਨੂੰ ਭੂਤ ਚਿੰਬੜੇ ਹੋਏ ਸਨ, ਮਿਰਗੀ ਵਾਲੇ ਅਤੇ ਅਧਰੰਗੀਆਂ ਨੂੰ ਲਿਆਏ। ਯਿਸੂ ਨੇ ਸਾਰੇ ਰੋਗੀਆਂ ਨੂੰ ਚੰਗਾ ਕੀਤਾ। 25 ਵੱਡੀਆਂ ਭੀੜਾਂ ਗਲੀਲ, ਦਿਕਾਪੁਲਿਸ, ਯਰੂਸ਼ਲਮ, ਯਹੂਦਿਯਾ ਅਤੇ ਯਰਦਨ ਨਦੀ ਦੇ ਪਾਰੋਂ ਉਸ ਦੇ ਮਗਰ ਲੱਗ ਪਈਆਂ।
2010 by World Bible Translation Center