Bible in 90 Days
ਯਹੂਦੀ ਆਗੂਆਂ ਨੇ ਯਿਸੂ ਦਾ ਇਮਤਿਹਾਨ ਲਿਆ(A)
16 ਫ਼ਰੀਸੀਆਂ ਅਤੇ ਸਦੂਕੀਆਂ ਨੇ ਯਿਸੂ ਕੋਲ ਆਕੇ ਪਰਤਾਉਣ ਲਈ ਉਸ ਅੱਗੇ ਪ੍ਰਾਰਥਨਾ ਕੀਤੀ ਕਿ ਸਾਨੂੰ ਕੋਈ ਚਮਤਕਾਰੀ ਨਿਸ਼ਾਨ ਵਿਖਾਓ।
2 ਪਰ ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਜਦੋਂ ਤੁਸੀਂ ਡੁੱਬਦੇ ਸੂਰਜ ਨੂੰ ਵੇਖਦੇ ਹੋ, ਤਾਂ ਤੁਸੀਂ ਜਾਣਦੇ ਹੋ ਕਿ ਮੌਸਮ ਕਿਵੇਂ ਦਾ ਹੋਵੇਗਾ। ਜੇਕਰ ਅਕਾਸ਼ ਲਾਲ ਹੋਵੇ, ਤਾਂ ਤੁਸੀਂ ਆਖਦੇ ਹੋ ਕਿ ਮੌਸਮ ਚੰਗਾ ਹੋਵੇਗਾ। 3 ਅਤੇ ਜੇਕਰ ਸਵੇਰੇ ਅਕਾਸ਼ ਲਾਲ ਅਤੇ ਬੱਦਲਵਾਈ ਹੋਵੇ ਤਾਂ ਤੁਸੀਂ ਆਖਦੇ ਹੋ ਕਿ ਇਹ ਮੀਂਹ ਵਾਲਾ ਦਿਨ ਹੋਵੇਗਾ। ਇਹ ਸਭ ਮੌਸਮ ਦੇ ਦਿਨ ਹਨ। ਜਿਵੇਂ ਤੁਸੀਂ ਇਨ੍ਹਾਂ ਸਾਰੇ ਦਿਨਾਂ ਦੇ ਅਕਾਸ਼ ਨੂੰ ਵੇਖਦੇ ਹੋ ਅਤੇ ਜਾਣਦੇ ਹੋ ਕਿ ਇਨ੍ਹਾਂ ਦੇ ਕੀ ਅਰਥ ਹਨ ਤਿਵੇਂ ਹੀ, ਜੋ ਕੁਝ ਹੁਣ ਵਾਪਰ ਰਿਹਾ ਹੈ, ਇਹ ਵੀ ਸਭ ਨਿਸ਼ਾਨ ਹਨ, ਪਰ ਤੁਸੀਂ ਇਨ੍ਹਾਂ ਨਿਸ਼ਾਨਾਂ ਤੋਂ ਅਨਜਾਣ ਹੋ। 4 ਇਸ ਪੀੜ੍ਹੀ ਦੇ ਦੁਸ਼ਟ ਅਤੇ ਪਾਪੀ ਲੋਕ ਚਮਤਕਾਰ ਚਾਹੁੰਦੇ ਹਨ ਪਰ ਲੋਕਾਂ ਨੂੰ ਯੂਨਾਹ ਦੇ ਨਿਸ਼ਾਨ ਤੋਂ ਬਿਨਾ ਹੋਰ ਕੋਈ ਨਿਸ਼ਾਨ ਨਹੀਂ ਵਿਖਾਇਆ ਜਾਵੇਗਾ।” ਤਦ ਉਹ ਉਨ੍ਹਾਂ ਨੂੰ ਛੱਡ ਕੇ ਚੱਲਿਆ ਗਿਆ।
ਯਿਸੂ ਦੀ ਯਹੂਦੀ ਆਗੂਆਂ ਦੇ ਵਿਰੁੱਧ ਚਿਤਾਵਨੀ(B)
5 ਚੇਲਿਆਂ ਨੇ ਝੀਲ ਪਾਰ ਕਰ ਲਈ, ਪਰ ਰੋਟੀ ਲਿਆਉਣੀ ਭੁੱਲ ਗਏ। 6 ਇਸ ਲਈ ਯਿਸੂ ਨੇ ਉਨ੍ਹਾਂ ਨੂੰ ਆਖਿਆ, “ਸਚੇਤ ਰਹੋ! ਫ਼ਰੀਸੀਆਂ ਅਤੇ ਸਦੂਕੀਆਂ ਦੇ ਖਮੀਰ ਤੋਂ ਆਪਣੇ-ਆਪ ਨੂੰ ਬਚਾਓ।”
7 ਚੇਲਿਆਂ ਨੇ ਇੱਕ ਦੂਜੇ ਨਾਲ ਵਿੱਚਾਰ ਕੀਤਾ ਅਤੇ ਆਖਿਆ, “ਉਸਨੇ ਅਜਿਹਾ ਇਸ ਲਈ ਆਖਿਆ ਹੋਵੇਗਾ ਕਿਉਂ ਕਿ ਅਸੀਂ ਰੋਟੀ ਲਿਆਉਣੀ ਭੁੱਲ ਗਏ ਹਾਂ?”
8 ਪਰ ਯਿਸੂ ਨੇ ਇਹ ਜਾਣਕੇ ਕਿਹਾ, “ਹੇ ਥੋੜੀ ਪਰਤੀਤ ਵਾਲਿਓ, ਤੁਸੀਂ ਰੋਟੀ ਨਾ ਹੋਣ ਕਰਕੇ ਆਪਸ ਵਿੱਚ ਕੀ ਵਿੱਚਾਰਾਂ ਕਰਦੇ ਪਏ ਹੋ? 9 ਕੀ ਅਜੇ ਵੀ ਤੁਸੀਂ ਨਹੀਂ ਸਮਝੇ? ਕੀ ਤੁਹਾਨੂੰ ਯਾਦ ਨਹੀਂ ਕਿ ਮੈਂ ਪੰਜ ਰੋਟੀਆਂ ਨਾਲ ਪੰਜ ਹਜ਼ਾਰ ਲੋਕਾਂ ਦੀ ਭੁੱਖ ਮਿਟਾਈ ਸੀ? ਕੀ ਤੁਹਾਨੂੰ ਯਾਦ ਨਹੀਂ ਕਿ ਬਚੇ ਹੋਏ ਭੋਜਨ ਨਾਲ ਤੁਸੀਂ ਕਿੰਨੇ ਟੋਕਰੇ ਭਰੇ ਸਨ। 10 ਕੀ ਤੁਹਾਨੂੰ ਯਾਦ ਨਹੀਂ ਮੈਂ ਸੱਤਾਂ ਰੋਟੀਆਂ ਨਾਲ ਚਾਰ ਹਜ਼ਾਰ ਲੋਕਾਂ ਦੀ ਭੁੱਖ ਮਿਟਾਈ ਸੀ? ਕੀ ਤੁਹਾਨੂੰ ਯਾਦ ਨਹੀਂ ਕਿ ਬਚੇ ਹੋਏ ਭੋਜਨ ਨਾਲ ਤੁਸੀਂ ਕਿੰਨੇ ਟੋਕਰੇ ਭਰੇ ਸਨ? 11 ਤਾਂ ਤੁਸੀਂ ਕਿਉਂ ਨਹੀਂ ਸਮਝਦੇ ਕਿ ਮੈਂ ਤੁਹਾਨੂੰ ਰੋਟੀ ਬਾਰੇ ਨਹੀਂ ਆਖ ਰਿਹਾ ਸੀ? ਪਰ ਮੈਂ ਤੁਹਾਨੂੰ ਫ਼ਰੀਸੀਆਂ ਅਤੇ ਸਦੂਕੀਆਂ ਦੇ ਖਮੀਰ ਬਾਰੇ ਹੁਸ਼ਿਆਰ ਰਹਿਣ ਲਈ ਕਹਿ ਰਿਹਾ ਸੀ।”
12 ਫ਼ੇਰ ਉਹ ਚੇਲੇ ਜਾਣ ਗਏ ਕਿ ਉਹ ਉਨ੍ਹਾਂ ਨੂੰ ਰੋਟੀ ਵਿੱਚ ਵਰਤੇ ਜਾਣ ਵਾਲੇ ਖਮੀਰ ਤੋਂ ਸਾਵੱਧਾਨ ਰਹਿਣ ਲਈ ਨਹੀਂ ਆਖ ਰਿਹਾ ਸੀ। ਅਸਲ ਵਿੱਚ ਉਹ ਉਨ੍ਹਾਂ ਨੂੰ ਫ਼ਰੀਸੀਆਂ ਅਤੇ ਸਦੂਕੀਆਂ ਦੇ ਉਪਦੇਸ਼ਾਂ ਦੇ ਖਿਲਾਫ਼ ਆਪਣੇ-ਆਪ ਦੀ ਰੱਖਿਆ ਕਰਨ ਲਈ ਕਹਿ ਰਿਹਾ ਸੀ।
ਪਤਰਸ ਨੇ ਕਿਹਾ ਯਿਸੂ ਹੀ ਮਸੀਹ ਹੈ(C)
13 ਕੈਸਰੀਆ ਫ਼ਿਲਿੱਪੀ ਦੇ ਇਲਾਕੇ ਵਿੱਚ ਆਕੇ ਯਿਸੂ ਨੇ ਆਪਣੇ ਚੇਲਿਆਂ ਨੂੰ ਪੁੱਛਿਆ, “ਲੋਕੀਂ ਕਿਸਨੂੰ ਆਖਦੇ ਹਨ ਕਿ ਉਹ ਮਨੁੱਖ ਦਾ ਪੁੱਤਰ ਹੈ?”
14 ਉਹ ਬੋਲੇ, “ਕੋਈ ਤਾਂ ਯੂਹੰਨਾ ਬਪਤਿਸਮਾ ਦੇਣ ਵਾਲੇ ਨੂੰ ਕਹਿੰਦੇ ਹਨ ਅਤੇ ਕੋਈ ਏਲੀਯਾਹ ਅਤੇ ਕੋਈ ਯਿਰਮਿਯਾਹ ਜਾਂ ਨਬੀਆਂ ਵਿੱਚੋਂ ਕਿਸੇ ਇੱਕ ਨੂੰ।”
15 ਉਸ ਨੇ ਉਨ੍ਹਾਂ ਨੂੰ ਕਿਹਾ, “ਪਰ ਤੁਸੀਂ ਮੈਨੂੰ ਕੀ ਕਹਿੰਦੇ ਹੋ ਕਿ ਮੈਂ ਕੌਣ ਹਾਂ?”
16 ਸ਼ਮਊਨ ਪਤਰਸ ਨੇ ਉੱਤਰ ਦਿੱਤਾ, “ਤੁਸੀਂ ਮਸੀਹ ਹੋ, ਜਿਉਂਦੇ ਪਰਮੇਸ਼ੁਰ ਦੇ ਪੁੱਤਰ ਹੋ।”
17 ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਤੂੰ ਧੰਨ ਹੈ ਯੂਨਾਹ ਦੇ ਪੁੱਤਰ ਸ਼ਮਊਨ। ਕਿਉਂਕਿ ਇਹ ਗੱਲ ਤੈਨੂੰ ਮਨੁੱਖ ਦੁਆਰਾ ਨਹੀਂ ਪ੍ਰਗਟਾਈ ਗਈ ਸਗੋਂ ਮੇਰੇ ਪਿਤਾ ਦੁਆਰਾ ਜੋ ਕਿ ਸਵਰਗ ਵਿੱਚ ਹੈ। 18 ਮੈਂ ਵੀ ਤੈਨੂੰ ਆਖਦਾ ਹਾਂ ਕਿ ਤੂੰ ਪਤਰਸ ਹੈਂ, ਅਤੇ ਮੈਂ ਆਪਣੀ ਕਲੀਸਿਯਾ ਇਸ ਚੱਟਾਨ ਉੱਪਰ ਬਨਾਵਾਂਗਾ। ਮੌਤ ਦੀ ਸ਼ਕਤੀ ਕਦੀ ਵੀ ਮੇਰੀ ਕਲੀਸਿਯਾ ਨੂੰ ਹਰਾਉਣ ਦੇ ਕਾਬਿਲ ਨਹੀਂ ਹੋਵੇਗੀ। 19 ਮੈਂ ਤੈਨੂੰ ਸਵਰਗ ਦੇ ਰਾਜ ਦੀਆਂ ਕੁੰਜੀਆਂ ਦੇਵਾਂਗਾ। ਜੋ ਨਿਆਂ ਤੂੰ ਧਰਤੀ ਉੱਤੇ ਕਰੇਂਗਾ ਪਰਮੇਸ਼ੁਰ ਦੁਆਰਾ ਕੀਤਾ ਨਿਆਂ ਹੋਵੇਗਾ। ਜਿਸ ਮੁਆਫ਼ੀ ਦਾ ਇਕਰਾਰ ਤੂੰ ਧਰਤੀ ਤੇ ਕਰੇਂਗਾ ਉਹ ਪਰਮੇਸ਼ੁਰ ਦੁਆਰਾ ਦਿੱਤੀ ਗਈ ਮਾਫ਼ੀ ਹੋਵੇਗੀ।”
20 ਤਦ ਯਿਸੂ ਨੇ ਆਪਣੇ ਚੇਲਿਆਂ ਨੂੰ ਖਬਰਦਾਰ ਕੀਤਾ ਕਿ ਉਹ ਕਿਸੇ ਨੂੰ ਨਾ ਕਹਿਣ ਕਿ ਉਹੀ ਮਸੀਹ ਹੈ।
ਯਿਸੂ ਆਪਣੀ ਮੌਤ ਬਾਰੇ ਅਗੰਮ ਵਾਕ ਕਰਦਾ(D)
21 ਉਸ ਸਮੇਂ ਤੋਂ, ਯਿਸੂ ਨੇ ਆਪਣੇ ਚੇਲਿਆਂ ਨੂੰ ਵਰਨਣ ਕਰਨਾ ਸ਼ੁਰੂ ਕੀਤਾ ਕਿ ਉਸ ਨੂੰ ਯਰੂਸ਼ਲਮ ਜਰੂਰ ਜਾਣਾ ਪਵੇਗਾ, ਅਤੇ ਬਜੁਰਗ ਯਹੂਦੀ ਆਗੂਆਂ, ਪਰਧਾਨ ਜਾਜਕਾਂ, ਅਤੇ ਨੇਮ ਦੇ ਉਪਦੇਸ਼ਕਾਂ ਦੁਆਰਾ ਬਹੁਤ ਕਸ਼ਟ ਝੱਲਣੇ ਪੈਣਗੇ। ਅਤੇ ਇਹ ਵੀ ਦੱਸਿਆ ਕਿ ਉਹ ਮਾਰਿਆ ਜਾਵੇਗਾ ਪਰ ਮਰਨ ਦੇ ਤੀਜੇ ਦਿਨ ਉਹ ਫ਼ੇਰ ਜੀ ਉੱਠੇਗਾ।
22 ਤਦ ਪਤਰਸ ਉਸ ਨੂੰ ਇੱਕ ਪਾਸੇ ਲਿਜਾਕੇ ਝਿੜਕਣ ਲੱਗਾ, “ਪ੍ਰਭੂ, ਪਰਮੇਸ਼ੁਰ ਤੁਹਾਨੂੰ ਉਨ੍ਹਾਂ ਗੱਲਾਂ ਤੋਂ ਬਚਾਵੇ। ਇਹ ਕਦੇ ਵੀ ਤੁਹਾਡੇ ਨਾਲ ਨਾ ਵਾਪਰੇ!”
23 ਯਿਸੂ ਮੁੜਿਆ ਅਤੇ ਪਤਰਸ ਨੂੰ ਆਖਿਆ, “ਹੇ ਸ਼ੈਤਾਨ, ਮੈਥੋਂ ਦੂਰ ਚੱਲਿਆ ਜਾ। ਤੂੰ ਮੇਰੀ ਸਹਾਇਤਾ ਨਹੀਂ ਕਰ ਰਿਹਾ, ਤੂੰ ਪਰਮੇਸ਼ੁਰ ਦੇ ਬਚਨਾਂ ਦਾ ਧਿਆਨ ਨਹੀਂ ਕਰ ਰਿਹਾ ਸਗੋਂ ਤੂੰ ਉਨ੍ਹਾਂ ਗੱਲਾਂ ਲਈ ਫ਼ਿਕਰਮੰਦ ਹੈਂ ਜਿਨ੍ਹਾਂ ਨੂੰ ਲੋਕ ਜਰੂਰੀ ਸਮਝਦੇ ਹਨ।”
24 ਤਦ ਯਿਸੂ ਨੇ ਆਪਣੇ ਚੇਲਿਆਂ ਨੂੰ ਆਖਿਆ, “ਕੋਈ ਮੇਰੇ ਪਿੱਛੇ ਆਉਣਾ ਚਾਹੁੰਦਾ ਹੈ, ਤਾਂ ਉਸ ਨੂੰ ਉਨ੍ਹਾਂ ਗੱਲਾਂ ਨੂੰ ‘ਨਾਂਹ’ ਆਖਣੀ ਪਵੇਗੀ ਜਿਨ੍ਹਾਂ ਨੂੰ ਉਹ ਚਾਹੁੰਦਾ ਹੈ। ਉਸ ਵਿਅਕਤੀ ਨੂੰ ਉਹ ਸਲੀਬ ਕਬੂਲ ਕਰਨੀ ਚਾਹੀਦੀ ਹੈ ਜੋ ਉਸ ਨੂੰ ਦਿੱਤੀ ਗਈ ਹੈ ਅਤੇ ਮੇਰਾ ਪਿੱਛਾ ਕਰਨਾ ਚਾਹੀਦਾ ਹੈ। 25 ਕਿਉਂਕਿ ਜਿਹੜਾ ਆਪਣੀ ਜਾਨ ਬਚਾਉਣਾ ਚਾਹੇਗਾ ਉਹ ਉਸ ਨੂੰ ਗੁਆ ਦੇਵੇਗਾ। ਅਤੇ ਹਰ ਉਹ ਵਿਅਕਤੀ ਜੋ ਮੇਰੇ ਲਈ ਆਪਣੀ ਜਾਨ ਗੁਆਵੇਗਾ ਉਹ ਉਸ ਨੂੰ ਪਾ ਲਵੇਗਾ। 26 ਕਿਸੇ ਵਿਅਕਤੀ ਨੂੰ ਕੀ ਲਾਭ ਹੋਵੇਗਾ ਜੇਕਰ ਉਹ ਸਾਰੀ ਦੁਨੀਆਂ ਜਿੱਤ ਲਵੇ, ਪਰ ਆਪਣੇ ਪ੍ਰਾਣ ਗੁਆ ਲਵੇ? ਵਿਅਕਤੀ ਆਪਣੇ ਪ੍ਰਾਣ ਵਾਪਸ ਲੈਣ ਲਈ ਕੁਝ ਵੀ ਨਹੀਂ ਦੇ ਸੱਕਦਾ। 27 ਮਨੁੱਖ ਦਾ ਪੁੱਤਰ ਆਪਣੇ ਦੂਤਾਂ ਸਮੇਤ ਅਤੇ ਪਿਤਾ ਦੀ ਮਹਿਮਾ ਨਾਲ ਮੁੜ ਆਵੇਗਾ। ਅਤੇ ਉਸ ਵਕਤ ਮਨੁੱਖ ਦਾ ਪੁੱਤਰ ਹਰ ਇੱਕ ਨੂੰ ਉਸਦੀ ਕਰਨੀ ਦਾ ਫ਼ਲ ਦੇਵੇਗਾ। 28 ਮੈਂ ਸੱਚ-ਮੁੱਚ ਤੁਹਾਨੂੰ ਸੱਚ ਆਖਦਾ ਹਾਂ ਕਿ ਇੱਥੇ ਖੜ੍ਹੇ ਲੋਕਾਂ ਵਿੱਚੋਂ ਕੁਝ ਲੋਕ ਮਰਨ ਤੋਂ ਪਹਿਲਾਂ ਮਨੁੱਖ ਦੇ ਪੁੱਤਰ ਨੂੰ ਆਪਣੇ ਰਾਜ ਨਾਲ ਆਉਂਦਾ ਦੇਖਣਗੇ।”
ਯਿਸੂ ਮੂਸਾ ਅਤੇ ਏਲੀਯਾਹ ਦੇ ਨਾਲ(E)
17 ਛੇਆਂ ਦਿਨਾਂ ਬਾਅਦ, ਯਿਸੂ ਨੇ ਪਤਰਸ, ਯਾਕੂਬ ਅਤੇ ਉਸ ਦੇ ਭਰਾ ਯੂਹੰਨਾ ਨੂੰ ਲਿਆ ਅਤੇ ਉਨ੍ਹਾਂ ਨੂੰ ਇੱਕ ਉੱਚੇ ਪਹਾੜ ਤੇ ਲੈ ਗਿਆ। 2 ਉਨ੍ਹਾਂ ਚੇਲਿਆਂ ਦੇ ਸਾਹਮਣੇ ਯਿਸੂ ਬਦਲ ਗਿਆ। ਉਸਦਾ ਮੁਖ ਸੂਰਜ ਵਾਂਗ ਚਮਕਿਆ ਅਤੇ ਉਸ ਦੇ ਕੱਪੜੇ ਚਾਨਣ ਵਰਗੇ ਚਿੱਟੇ ਹੋ ਗਏ। 3 ਫ਼ੇਰ ਉਨ੍ਹਾਂ ਦੋ ਆਦਮੀ, ਮੂਸਾ ਅਤੇ ਏਲੀਯਾਹ, ਯਿਸੂ ਨਾਲ ਗੱਲਾਂ ਕਰਦੇ ਹੋਏ ਨਜ਼ਰ ਆਏ।
4 ਤਦ ਪਤਰਸ ਨੇ ਅੱਗੋਂ ਯਿਸੂ ਨੂੰ ਆਖਿਆ, “ਪ੍ਰਭੂ ਜੀ ਸਾਡਾ ਇੱਥੇ ਹੋਣਾ ਚੰਗਾ ਹੈ। ਜੇ ਤੁਸੀਂ ਚਾਹੋਂ ਤਾਂ ਇੱਥੇ ਤਿੰਨ ਡੇਰੇ ਬਨਾਵਾਂ, ਇੱਕ ਤੁਹਾਡੇ ਲਈ ਇੱਕ ਮੂਸਾ ਲਈ ਅਤੇ ਇੱਕ ਏਲੀਯਾਹ ਲਈ।”
5 ਅਜੇ ਪਤਰਸ ਬੋਲ ਹੀ ਰਿਹਾ ਸੀ ਕਿ ਇੱਕ ਜੋਤਮਾਨ ਬੱਦਲ ਨੇ ਉਨ੍ਹਾਂ ਉੱਪਰ ਛਾਂ ਕੀਤੀ ਅਤੇ ਉਸ ਬੱਦਲ ਵਿੱਚੋਂ ਇੱਕ ਅਵਾਜ਼ ਇਹ ਕਹਿੰਦੀ ਆਈ ਕਿ, “ਇਹ ਮੇਰਾ ਪੁੱਤਰ ਹੈ ਅਤੇ ਮੈਂ ਇਸ ਨੂੰ ਪਿਆਰ ਕਰਦਾ ਹਾਂ।”
6 ਜਦੋਂ ਚੇਲਿਆਂ ਨੇ ਇਹ ਅਵਾਜ਼ ਸੁਣੀ ਤਾਂ ਉਹ ਘਬਰਾ ਗਏ। ਉਹ ਮੂਧੇ ਮੂੰਹ ਡਿੱਗ ਪਏ। 7 ਪਰ ਯਿਸੂ ਨੇ ਨੇੜੇ ਆਕੇ ਉਨ੍ਹਾਂ ਨੂੰ ਛੋਹਿਆ ਅਤੇ ਕਿਹਾ, “ਉੱਠੋ ਅਤੇ ਡਰੋ ਨਾ।” 8 ਤਦ ਉਨ੍ਹਾਂ ਨੇ ਆਪਣੀਆਂ ਅੱਖਾਂ ਚੁੱਕੀਆਂ ਤਾਂ ਉੱਥੇ ਹੋਰ ਕਿਸੇ ਨੂੰ ਨਹੀਂ ਸਿਰਫ਼ ਯਿਸੂ ਨੂੰ ਇੱਕਲਾ ਦੇਖਿਆ।
9 ਜਦੋਂ ਯਿਸੂ ਅਤੇ ਉਸ ਦੇ ਚੇਲੇ ਪਹਾੜ ਤੋਂ ਹੇਠਾਂ ਆ ਰਹੇ ਸਨ, ਯਿਸੂ ਨੇ ਉਨ੍ਹਾਂ ਨੂੰ ਆਦੇਸ਼ ਦਿੱਤਾ, “ਜਦ ਤੀਕ ਮਨੁੱਖ ਦਾ ਪੁੱਤਰ ਮੁਰਦਿਆਂ ਵਿੱਚੋਂ ਨਾ ਜੀ ਉੱਠੇ, ਉਸ ਦਰਸ਼ਨ ਦੀ ਗੱਲ ਕਿਸੇ ਨੂੰ ਨਹੀਂ ਦੱਸਣਾ।”
10 ਤਦ ਉਸ ਦੇ ਚੇਲਿਆਂ ਨੇ ਉਸਤੋਂ ਪੁੱਛਿਆ, “ਫ਼ੇਰ ਨੇਮ ਦੇ ਉਪਦੇਸ਼ਕ ਇਹ ਕਿਉਂ ਆਖਦੇ ਹਨ ਕਿ ਮਸੀਹ ਦੇ ਆਉਣ ਤੋਂ ਪਹਿਲਾਂ ਏਲੀਯਾਹ ਦਾ ਆਉਣਾ ਜ਼ਰੂਰੀ ਹੈ?”
11 ਯਿਸੂ ਨੇ ਉੱਤਰ ਦਿੱਤਾ, “ਉਹ ਠੀਕ ਆਖਦੇ ਹਨ ਕਿ ਉਹ ਆਵੇਗਾ ਅਤੇ ਸਭ ਕੁਝ ਬਹਾਲ ਕਰੇਗਾ। 12 ਪਰ ਮੈਂ ਤੁਹਾਨੂੰ ਆਖਦਾ ਹਾਂ, ਕਿ ਏਲੀਯਾਹ ਪਹਿਲਾਂ ਹੀ ਆ ਚੁੱਕਿਆ ਹੈ ਪਰ ਉਨ੍ਹਾਂ ਨੇ ਉਸ ਨੂੰ ਨਹੀਂ ਪਛਾਣਿਆ। ਅਤੇ ਜੋ ਬਦੀ ਲੋਕ ਕਰ ਸੱਕਦੇ ਸਨ, ਉਨ੍ਹਾਂ ਨੇ ਉਸ ਨਾਲ ਕੀਤੀ। ਇਸੇ ਤਰ੍ਹਾਂ ਮਨੁੱਖ ਦਾ ਪੁੱਤਰ ਵੀ ਉਨ੍ਹਾਂ ਹੱਥੋਂ ਦੁੱਖ ਪਾਵੇਗਾ।” 13 ਤਦ ਚੇਲਿਆਂ ਨੂੰ ਸਮਝ ਪਈ ਕਿ ਯਿਸੂ ਦਾ ਭਾਵ ਯੂਹੰਨਾ ਬਪਤਿਸਮਾ ਦੇਣ ਵਾਲੇ ਤੋਂ ਹੈ ਕਿ ਉਹੀ ਅਸਲ ਵਿੱਚ ਏਲੀਯਾਹ ਸੀ।
ਯਿਸੂ ਦਾ ਬਿਮਾਰ ਬੱਚੇ ਨੂੰ ਠੀਕ ਕਰਨਾ(F)
14 ਜਦ ਯਿਸੂ ਅਤੇ ਉਸ ਦੇ ਚੇਲੇ ਭੀੜ ਕੋਲ ਵਾਪਸ ਪਰਤੇ ਤਾਂ ਇੱਕ ਮਨੁੱਖ ਉਸ ਦੇ ਕੋਲ ਆਇਆ ਅਤੇ ਉਸ ਅੱਗੇ ਗੋਡੇ ਨਿਵਾਕੇ ਬੋਲਿਆ, 15 ਪ੍ਰਭੂ ਜੀ, “ਮੇਰੇ ਪੁੱਤਰ ਉੱਤੇ ਦਯਾ ਕਰੋ ਕਿਉਂਕਿ ਉਹ ਮਿਰਗੀ ਦੇ ਮਾਰੇ ਬਹੁਤ ਦੁੱਖ ਪਾਉਂਦਾ ਹੈ। ਉਹ ਤਾਂ ਬਹੁਤ ਵਾਰੀ ਅੱਗ ਵਿੱਚ ਜਾਂ ਪਾਣੀ ਵਿੱਚ ਡਿੱਗ ਪੈਂਦਾ ਹੈ। 16 ਮੈਂ ਉਸ ਨੂੰ ਤੁਹਾਡੇ ਚੇਲਿਆਂ ਕੋਲ ਲਿਆਇਆ ਸੀ, ਪਰ ਉਹ ਉਸ ਨੂੰ ਚੰਗਾ ਨਾ ਕਰ ਸੱਕੇ।”
17 ਤਦ ਯਿਸੂ ਨੇ ਉੱਤਰ ਦਿੱਤਾ, “ਤੁਹਾਨੂੰ ਵਿਸ਼ਵਾਸ ਨਹੀਂ ਹੈ। ਤੁਹਾਡਾ ਜੀਵਨ ਢੰਗ ਗਲਤ ਹੈ। ਕਿੰਨਾ ਚਿਰ ਮੈਨੂੰ ਤੁਹਾਡੇ ਨਾਲ ਰਹਿਣਾ ਪਵੇਗਾ? ਕਿੰਨਾ ਚਿਰ ਮੈਂ ਤੁਹਾਡੇ ਨਾਲ ਸਬਰ ਤੋਂ ਕੰਮ ਲਵਾਂਗਾ। ਬੱਚੇ ਨੂੰ ਇੱਥੇ ਲਿਆਓ।” 18 ਤਾਂ ਯਿਸੂ ਨੇ ਬੱਚੇ ਅੰਦਰਲੇ ਭੂਤ ਨੂੰ ਸਖਤੀ ਨਾਲ ਝਿੜਕਿਆ। ਭੂਤ ਬੱਚੇ ਵਿੱਚੋਂ ਬਾਹਰ ਆ ਗਿਆ ਅਤੇ ਉਸੇ ਘੜੀ ਬੱਚਾ ਚੰਗਾ ਹੋ ਗਿਆ।
19 ਫ਼ੇਰ ਜਦੋਂ ਯਿਸੂ ਇੱਕਲਾ ਸੀ ਚੇਲੇ ਉਸ ਕੋਲ ਆਏ ਅਤੇ ਪੁੱਛਿਆ, ਕਿ ਅਸੀਂ ਭੂਤ ਨੂੰ ਕਿਉਂ ਨਾ ਕੱਢ ਸੱਕੇ?
20 ਉਸ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਉਸ ਬੱਚੇ ਵਿੱਚੋਂ ਭੂਤ ਕੱਢਣ ਵਿੱਚ ਇਸ ਲਈ ਨਾਕਾਮਯਾਬ ਰਹੇ ਕਿਉਂਕਿ ਤੁਹਾਡੀ ਨਿਹਚਾ ਕਮਜ਼ੋਰ ਸੀ। ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜੇ ਤੁਹਾਡੇ ਵਿੱਚ ਸਰ੍ਹੋਂ ਦੇ ਦਾਣੇ ਜਿੰਨੀ ਵੀ ਵਿਸ਼ਵਾਸ ਹੋਵੇ ਤਾਂ ਤੁਸੀਂ ਇਸ ਪਹਾੜ ਨੂੰ ਵੀ ਜੇ ਕਹੋਂਗੇ, ‘ਇੱਥੋਂ ਹੱਟ ਕੇ ਉਸ ਥਾਂ ਚੱਲਾ ਜਾ’, ਤਾਂ ਉਹ ਚੱਲਿਆ ਜਾਵੇਗਾ ਅਤੇ ਤੁਹਾਡੇ ਲਈ ਕੋਈ ਵੀ ਕੰਮ ਅਨਹੋਣਾ ਨਹੀਂ ਹੋਵੇਗਾ।” 21 [a]
ਯਿਸੂ ਦਾ ਆਪਣੀ ਮੌਤ ਬਾਰੇ ਐਲਾਨ(G)
22 ਬਾਅਦ ਵਿੱਚ ਸਾਰੇ ਚੇਲੇ ਗਲੀਲ ਵਿੱਚ ਇਕੱਠੇ ਹੋਏ ਤਾਂ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਮਨੁੱਖ ਦਾ ਪੁੱਤਰ ਲੋਕਾਂ ਦੇ ਹੱਥ ਸੌਂਪ ਦਿੱਤਾ ਜਾਵੇਗਾ। 23 ਅਤੇ ਉਹ ਮਨੁੱਖ ਦੇ ਪੁੱਤਰ ਨੂੰ ਮਾਰ ਸੁੱਟਣਗੇ ਅਤੇ ਉਹ ਫ਼ਿਰ ਤੀਜੇ ਦਿਨ ਜੀ ਉੱਠੇਗਾ।” ਚੇਲੇ ਇਹ ਸੁਣਕੇ ਬੜੇ ਉਦਾਸ ਹੋਏ ਕਿ ਯਿਸੂ ਮਾਰਿਆ ਜਾਵੇਗਾ।
ਯਿਸੂ ਦਾ ਮਹਿਸੂਲ ਦੇਣ ਬਾਰੇ ਉਪਦੇਸ਼
24 ਯਿਸੂ ਅਤੇ ਉਸ ਦੇ ਚੇਲਿਆਂ ਦੇ ਕਫ਼ਰਨਾਹੂਮ ਆਉਣ ਤੋਂ ਬਾਅਦ, ਮੰਦਰ ਦਾ ਕਰ ਉਗਰਾਹੁਣ ਵਾਲੇ ਪਤਰਸ ਕੋਲ ਆਏ ਅਤੇ ਆਖਿਆ, “ਤੁਹਾਡਾ ਗੁਰੂ ਦੋ ਡ੍ਰਾਖਮਾ ਮੰਦਰ ਦਾ ਮਸੂਲ ਦਿੰਦਾ ਹੈ?”
25 ਪਤਰਸ ਨੇ ਉੱਤਰ ਦਿੱਤਾ, “ਹਾਂ, ਯਿਸੂ ਮਸੂਲ ਦਿੰਦਾ ਹੈ।”
ਜਦੋਂ ਪਤਰਸ ਘਰ ਅੰਦਰ ਆਇਆ, ਉਸ ਦੇ ਬੋਲਣ ਤੋਂ ਪਹਿਲਾਂ, ਯਿਸੂ ਬੋਲਿਆ ਅਤੇ ਉਸ ਨੂੰ ਪੁੱਛਿਆ, “ਸ਼ਮਊਨ, ਤੂੰ ਕੀ ਸੋਚਦਾ ਹੈਂ? ਧਰਤੀ ਦੇ ਰਾਜੇ ਕਿਨ੍ਹਾਂ ਤੋਂ ਕਰ ਅਤੇ ਮਸੂਲ ਵਸੂਲਦੇ ਹਨ। ਆਪਣੇ ਲੋਕਾਂ ਤੋਂ ਜਾਂ ਦੂਸਰਿਆਂ ਤੋਂ?”
26 ਪਤਰਸ ਨੇ ਜਵਾਬ ਦਿੱਤਾ, “ਉਹ ਹੋਰਾਂ ਤੋਂ ਮਸੂਲ ਵਸੂਲਦੇ ਹਨ।”
ਫ਼ਿਰ ਯਿਸੂ ਨੇ ਆਖਿਆ, “ਇਸ ਲਈ ਉਨ੍ਹਾਂ ਦੇ ਆਪਣੇ ਲੋਕਾਂ ਨੂੰ ਛੋਟ ਹੈ। 27 ਪਰ ਅਸੀਂ ਮਸੂਲੀਆਂ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ, ਇਸ ਲਈ ਇਸ ਢੰਗ ਨਾਲ ਮਸੂਲ ਅਦਾ ਕਰੋ, ਝੀਲ ਤੇ ਜਾਓ ਅਤੇ ਮੱਛੀਆਂ ਫ਼ੜੋ। ਜਿਹੜੀ ਮੱਛੀ ਤੂੰ ਪਹਿਲਾਂ ਫ਼ੜੇਂਗਾ ਉਸਦਾ ਮੂੰਹ ਖੋਲ੍ਹੀ ਅਤੇ ਚਾਰ ਦ੍ਰਾਖਮਾ ਦਾ ਇੱਕ ਸਿੱਕਾ ਮਿਲੇਗਾ। ਉਹ ਸਿੱਕਾ ਚੁੱਕੀ ਅਤੇ ਮਸੂਲੀਏ ਨੂੰ ਦੇ ਦੇਵੀਂ। ਇਸ ਨਾਲ ਮੇਰਾ ਤੇਰਾ ਮਸੂਲ ਦਿੱਤਾ ਜਾਵੇਗਾ।”
ਯਿਸੂ ਨੇ ਦੱਸਿਆ ਕਿ ਕੌਣ ਮਹਾਨ ਹੈ(H)
18 ਉਸੇ ਘੜੀ ਚੇਲੇ ਯਿਸੂ ਕੋਲ ਆਏ ਅਤੇ ਆਖਣ ਲੱਗੇ, “ਸਵਰਗ ਦੇ ਰਾਜ ਵਿੱਚ ਸਭਨਾ ਨਾਲੋਂ ਵੱਡਾ ਕੌਣ ਹੈ?”
2 ਤਦ ਉਸ ਨੇ ਇੱਕ ਛੋਟੇ ਬੱਚੇ ਨੂੰ ਸੱਦਿਆ ਅਤੇ ਉਸ ਨੂੰ ਚੇਲਿਆਂ ਦੇ ਸਾਹਮਣੇ ਖੜ੍ਹਾ ਕਰਕੇ ਆਖਿਆ, 3 “ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਤੁਹਨੂੰ ਬਦਲਨਾ ਚਾਹੀਦਾ ਹੈ ਅਤੇ ਆਪਣੇ ਦਿਲਾਂ ਵਿੱਚ ਛੋਟੇ ਬੱਚਿਆਂ ਜਿਹੇ ਬਣ ਜਾਣਾ ਚਾਹੀਦਾ ਹੈ, ਨਹੀਂ ਤਾਂ ਤੁਸੀਂ ਕਦੇ ਵੀ ਸਵਰਗ ਦੇ ਰਾਜ ਵਿੱਚ ਦਾਖਲ ਨਹੀਂ ਹੋਵੋਂਗੇ। 4 ਇਸ ਲਈ ਜੋ ਕੋਈ ਵੀ ਆਪਣੇ-ਆਪ ਨੂੰ ਇਸ ਬੱਚੇ ਵਾਂਗ ਨਿਮਰ ਬਣਾਉਂਦਾ ਸੋਈ ਸਵਰਗ ਦੇ ਰਾਜ ਵਿੱਚ ਸਭਨਾਂ ਤੋਂ ਵੱਡਾ ਹੈ।
5 “ਅਤੇ ਜੋ ਕੋਈ ਵੀ ਇਸ ਤਰ੍ਹਾਂ ਇੱਕ ਛੋਟੇ ਬੱਚੇ ਨੂੰ ਮੇਰੇ ਨਾਂ ਵਿੱਚ ਕਬੂਲਦਾ, ਉਹ ਮੈਨੂੰ ਕਬੂਲਦਾ ਹੈ।
ਯਿਸੂ ਪਾਪਾਂ ਦੇ ਕਾਰਣਾ ਬਾਰੇ ਚਿਤਾਵਨੀ ਦਿੰਦਾ ਹੈ(I)
6 “ਅਤੇ ਜਿਹੜਾ ਕੋਈ ਵੀ ਇਨ੍ਹਾਂ ਛੋਟਿਆਂ ਬੱਚਿਆਂ ਕੋਲੋਂ, ਜਿਹੜੇ ਮੇਰੇ ਵਿੱਚ ਨਿਹਚਾ ਰੱਖਦੇ ਹਨ, ਪਾਪ ਕਰਾਉਣ ਦਾ ਕਾਰਣ ਬਣਦਾ ਹੈ, ਉਸ ਮਨੁੱਖ ਲਈ ਇਹ ਚੰਗਾ ਹੋਵੇਗਾ ਕਿ ਉਸ ਦੇ ਗਲੇ ਵਿੱਚ ਚੱਕੀ ਦਾ ਪੁੜ ਬੰਨ੍ਹ ਕੇ ਉਸ ਨੂੰ ਡੂੰਘੇ ਸਮੁੰਦਰ ਵਿੱਚ ਡੋਬ ਦਿੱਤਾ ਜਾਵੇ। 7 ਉਨ੍ਹਾਂ ਲੋਕਾਂ ਉੱਤੇ ਹਾਏ ਜੋ ਲੋਕਾਂ ਤੋਂ ਪਾਪ ਕਰਾਉਣ ਦਾ ਕਾਰਣ ਬਣਦੇ ਹਨ। ਇਹ ਗੱਲਾਂ ਜ਼ਰੂਰ ਵਾਪਰਨੀਆਂ ਚਾਹੀਦੀਆਂ ਹਨ। ਪਰ ਉਸ ਵਿਅਕਤੀ ਤੇ ਹਾਏ ਜੋ ਇਨ੍ਹਾਂ ਗੱਲਾਂ ਦੇ ਵਾਪਰਨ ਦਾ ਕਾਰਣ ਬਣਦਾ ਹੈ।
8 “ਜੇਕਰ ਤੁਹਾਡਾ ਹੱਥ ਜਾਂ ਪੈਰ ਤੁਹਾਥੋਂ ਪਾਪ ਕਰਾਵੇ, ਤਾਂ ਇਸ ਨੂੰ ਵੱਢੱਕੇ ਸੁੱਟ ਦਿਓ। ਤੁਹਾਡੇ ਵਾਸਤੇ ਇੱਕ ਹੱਥ ਜਾਂ ਪੈਰ ਨਾਲ ਜੀਵਨ ਵਿੱਚ ਦਾਖਲ ਹੋਣਾ ਇਸਤੋਂ ਕਿਤੇ ਵੱਧ ਲਾਹੇਵੰਦ ਹੈ ਕਿ ਤੁਸੀਂ ਦੋਹਾਂ ਹੱਥਾਂ-ਪੈਰਾਂ ਸਮੇਤ ਹਮੇਸ਼ਾ ਲਈ ਨਰਕਾਂ ਦੀ ਅੱਗ ਵਿੱਚ ਸੁੱਟੇ ਜਾਵੋਂ। 9 ਜੇਕਰ ਤੁਹਾਡੀ ਅੱਖ ਪਾਪ ਕਰਾਵੇ, ਤਾਂ ਇਸ ਨੂੰ ਕੱਢ ਕੇ ਸੁੱਟ ਦਿਓ। ਤੁਹਾਡੇ ਲਈ ਕਾਣਾ ਹੋਕੇ ਜੀਵਨ ਵਿੱਚ ਦਾਖਲ ਹੋਣਾ ਇਸਤੋਂ ਕਿਤੇ ਚੰਗਾ ਹੈ ਕਿ ਤੁਸੀਂ ਦੋ ਅੱਖਾ ਹੁੰਦਿਆਂ ਵੀ ਹਮੇਸ਼ਾ ਲਈ ਨਰਕਾਂ ਦੀ ਅੱਗ ਵਿੱਚ ਸੁੱਟ ਦਿੱਤੇ ਜਾਵੋਂ।
ਯਿਸੂ ਦਾ ਗੁਆਚੀ ਭੇਡ ਬਾਰੇ ਦ੍ਰਿਸ਼ਟਾਂਤ(J)
10 “ਸਾਵੱਧਾਨ ਰਹੋ! ਇਨ੍ਹਾਂ ਛੋਟੇ ਬੱਚਿਆਂ ਨੂੰ ਨਫ਼ਰਤ ਨਾਲ ਨਾ ਵੇਖੋ! ਕਿਉਂਕਿ ਮੈਂ ਤੁਹਾਨੂੰ ਆਖਦਾ ਹਾਂ ਕਿ ਇਨ੍ਹਾਂ ਬੱਚਿਆਂ ਦੇ ਦੂਤ ਸਵਰਗਾਂ ਵਿੱਚ ਹਨ ਅਤੇ ਉਹ ਦੂਤ ਹਮੇਸ਼ਾ ਉੱਤੇ ਮੇਰੇ ਸੁਰਗੀ ਪਿਤਾ ਨਾਲ ਹੁੰਦੇ ਹਨ। 11 [b]
12 “ਤੁਸੀਂ ਕੀ ਸਮਝਦੇ ਹੋ? ਜੇਕਰ ਕਿਸੇ ਮਨੁੱਖ ਕੋਲ ਸੌ ਭੇਡਾਂ ਹੋਣ, ਅਤੇ ਉਨ੍ਹਾਂ ਵਿੱਚੋਂ ਇੱਕ ਭੇਡ ਗੁਆਚ ਜਾਵੇ, ਤਾਂ ਕੀ ਉਹ 99 ਭੇਡਾਂ ਨੂੰ ਪਹਾੜ ਤੇ ਛੱਡ ਕੇ ਉਸ ਗੁਆਚੀ ਹੋਈ ਭੇਡ ਨੂੰ ਲੱਭਣ ਨਹੀਂ ਜਾਵੇਗਾ? 13 ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਜੇਕਰ ਮਨੁੱਖ ਗੁਆਚੀ ਹੋਈ ਭੇਡ ਨੂੰ ਲੱਭ ਲਵੇ, ਤਾਂ ਉਹ ਆਦਮੀ 99 ਭੇਡਾਂ ਨਾਲੋਂ, ਜਿਹੜੀਆਂ ਗੁਆਚੀਆਂ ਨਹੀਂ ਸਨ, ਉਸ ਇੱਕ ਭੇਡ ਬਾਰੇ ਵੱਧ ਖੁਸ਼ ਹੋਵੇਗਾ। 14 ਉਸੇ ਤਰ੍ਹਾਂ ਤੁਹਾਡੇ ਪਿਤਾ ਦੀ ਜਿਹੜਾ ਸਵਰਗ ਵਿੱਚ ਹੈ ਇਹ ਮਰਜ਼ੀ ਨਹੀਂ ਕਿ ਇਨ੍ਹਾਂ ਬੱਚਿਆਂ ਵਿੱਚੋਂ ਕੋਈ ਇੱਕ ਵੀ ਗੁਆਚ ਜਾਵੇ।
ਜਦੋਂ ਕੋਈ ਮਨੁੱਖ ਗਲਤ ਕੰਮ ਕਰਦਾ(K)
15 “ਜੇਕਰ ਤੁਹਾਡਾ ਕੋਈ ਭਰਾ ਤੁਹਾਡੇ ਨਾਲ ਗਲਤ ਵਿਹਾਰ ਕਰੇ, ਤਾਂ ਤੁਸੀਂ ਉਸ ਨੂੰ ਇੱਕਲਾ ਜਾਕੇ ਸਮਝਾਓ ਕਿ ਉਸ ਨੇ ਇਹ ਕੰਮ ਗਲਤ ਕੀਤਾ ਹੈ। ਜੇਕਰ ਉਹ ਤੁਹਾਨੂੰ ਸੁਣਦਾ ਹੈ ਤਾਂ ਤੁਸੀਂ ਉਸ ਨੂੰ ਫ਼ਿਰ ਤੋਂ ਆਪਣਾ ਚੰਗਾ ਭਰਾ ਬਨਾਉਣ ਵਿੱਚ ਸਫ਼ਲ ਹੋ ਗਏ ਹੋਂ। 16 ਪਰ ਜੇਕਰ ਉਹ ਤੁਹਾਨੂੰ ਸੁਨਣ ਤੋਂ ਇਨਕਾਰ ਕਰਦਾ ਹੈ ਤਾਂ, ਆਪਣੇ ਨਾਲ ਇੱਕ ਜਾਂ ਦੋ ਵਿਅਕਤੀਆਂ ਨੂੰ ਲੈ ਕੇ ਜਾਓ ਤਾਂ ਕਿ ਜੋ ਕੁਝ ਵੀ ਵਾਪਰੇ, ਉਸ ਬਾਰੇ ਉਹ ਦੋ ਜਾਂ ਤਿੰਨ ਵਿਅਕਤੀ ਗਵਾਹੀ ਦੇ ਸੱਕਣ। 17 ਜੇਕਰ ਉਹ ਉਨ੍ਹਾਂ ਦੀ ਵੀ ਨਾ ਸੁਣੇ ਤਾਂ ਫ਼ਿਰ ਕਲੀਸਿਯਾ ਨੂੰ ਖਬਰ ਦਿਓ। ਜੇਕਰ ਉਹ ਕਲੀਸਿਯਾ ਨੂੰ ਵੀ ਸੁਨਣ ਤੋਂ ਇਨਕਾਰ ਕਰਦਾ ਹੈ, ਤਾਂ ਉਸ ਨੂੰ ਗੈਰ-ਯਹੂਦੀ ਅਤੇ ਇੱਕ ਮਸੂਲੀਆ ਮੰਨ ਲਵੋ।
18 “ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜੋ ਵੀ ਨਿਆਂ ਤੁਸੀ ਇੱਥੇ ਧਰਤੀ ਤੇ ਕਰੋਂਗੇ ਉਹ ਪਰਮੇਸ਼ੁਰ ਦੁਆਰਾ ਕੀਤਾ ਨਿਆਂ ਹੋਵੇਗਾ। ਜੋ ਕੁਝ ਵੀ ਤੁਸੀਂ ਧਰਤੀ ਤੇ ਮਾਫ਼ ਕਰੋਂਗੇ ਉਹ ਮਾਫ਼ੀ ਪਰਮੇਸ਼ੁਰ ਦੀ ਦਿੱਤੀ ਹੋਈ ਮਾਫ਼ੀ ਹੋਵੇਗੀ। 19 ਮੈਂ ਤੁਹਾਨੂੰ ਇਹ ਵੀ ਕਹਿੰਦਾ ਹਾਂ ਕਿ ਜੇਕਰ ਤੁਸੀਂ ਦੋ ਜਣੇ ਵੀ ਧਰਤੀ ਉੱਤੇ ਕਿਸੇ ਗੱਲ ਲਈ ਮੰਨੋਗੇ ਤਾਂ ਤੁਸੀਂ ਉਸ ਲਈ ਬੇਨਤੀ ਕਰ ਸੱਕਦੇ ਹੋ, ਅਤੇ ਜੋ ਵੀ ਤੁਸੀਂ ਮੰਗੋਂਗੇ ਉਹ ਤੁਹਾਡੇ ਲਈ ਮੇਰੇ ਸੁਰਗੀ ਪਿਤਾ ਦੁਆਰਾ ਪੂਰਾ ਕੀਤਾ ਜਾਵੇਗਾ। 20 ਇਹ ਸੱਚ ਹੈ ਕਿਉਂਕਿ ਦੋ ਜਾਂ ਤਿੰਨ ਮਨੁੱਖ ਮੇਰੇ ਨਾਂ ਤੇ ਇਕੱਠੇ ਹੋਣ, ਤਾਂ ਮੈਂ ਉੱਥੇ ਉਨ੍ਹਾਂ ਦੇ ਨਾਲ ਹਾਂ।”
ਖਿਮਾ ਬਾਰੇ ਉਪਦੇਸ਼
21 ਤਦ ਪਤਰਸ ਯਿਸੂ ਕੋਲ ਆਇਆ ਅਤੇ ਉਸ ਨੂੰ ਆਖਿਆ, “ਜੇਕਰ ਮੇਰਾ ਭਰਾ ਮੇਰਾ ਬੁਰਾ ਕਰਨਾ ਜਾਰੀ ਰੱਖੇ, ਤਾਂ ਕਿੰਨੀ ਵਾਰੀ ਮੈਂ ਉਸ ਨੂੰ ਮਾਫ਼ ਕਰਾਂ? ਕੀ ਮੈਂ ਉਸ ਨੂੰ ਸੱਤ ਵਾਰ ਬੁਰਾ ਕਰਨ ਤੱਕ ਮਾਫ਼ ਕਰਾਂ?”
22 ਯਿਸੂ ਨੇ ਉਸ ਨੂੰ ਕਿਹਾ, “ਤੂੰ ਸੱਤ ਵਾਰ ਤੋਂ ਵੱਧ ਮਾਫ਼ ਕਰ। ਤੂੰ ਉਸ ਨੂੰ ਲਗਾਤਾਰ ਮਾਫ਼ ਕਰਦਾ ਜਾ, ਭਾਵੇਂ ਉਹ ਤੇਰੇ ਨਾਲ ਸਤੱਤਰ ਵਾਰ ਗਲਤੀ ਕਰੇ।
23 “ਸੋ ਸੁਰਗ ਦਾ ਰਾਜ ਉਸ ਰਾਜੇ ਵਰਗਾ ਹੈ ਜਿਸਨੇ ਆਪਣੇ ਉਨ੍ਹਾਂ ਨੋਕਰਾਂ ਤੋਂ ਪੈਸਾ ਵਸੂਲਣ ਦਾ ਮਨ ਬਣਾਇਆ ਜੋ ਉਸ ਦੇ ਨੌਕਰ ਉਸ ਨੂੰ ਦੇਣਦਾਰ ਸਨ। 24 ਜਦੋਂ ਰਾਜੇ ਨੇ ਪੈਸਾ ਇਕੱਠਾ ਕਰਨਾ ਸ਼ੁਰੂ ਕੀਤਾ, ਤਾਂ ਉਸ ਦੇ ਇੱਕ ਨੋਕਰ ਨੂੰ, ਜੋ ਉਸ ਨੂੰ ਚਾਂਦੀ ਦੇ ਕਈ ਹਜ਼ਾਰ ਸਿੱਕਿਆਂ ਦਾ ਦੇਣਦਾਰ ਸੀ, ਉਸ ਕੋਲ ਲਿਆਂਦਾ ਗਿਆ। 25 ਪਰ ਨੋਕਰ, ਕੋਲ ਦੇਣ ਨੂੰ ਕੁਝ ਨਹੀਂ ਸੀ, ਤਦ ਉਸ ਦੇ ਮਾਲਕ ਨੇ ਹੁਕਮ ਦਿੱਤਾ ਉਹ ਉਸਦੀ ਤੀਵੀਂ, ਬਾਲ-ਬੱਚੇ ਅਤੇ ਜੋ ਕੁਝ ਵੀ ਉਸਦਾ ਹੈ ਸਭ ਵੇਚਿਆ ਜਾਵੇ ਅਤੇ ਕਰਜ ਭਰ ਲਿਆ ਜਾਵੇ।
26 “ਉਸ ਸਮੇਂ ਨੋਕਰ ਨੇ ਉਸ ਅੱਗੇ ਝੁਕ ਕੇ ਬੇਨਤੀ ਕੀਤੀ, ‘ਮੇਰੇ ਤੇ ਰਹਿਮ ਕਰੋ ਅਤੇ ਮੈਂ ਜੋ ਕੁਝ ਤੁਹਾਥੋਂ ਲਿਆ ਹੈ, ਜਲਦੀ ਮੋੜ ਦੇਵਾਂਗਾ।’ 27 ਤਾਂ ਮਾਲਕ ਨੂੰ ਉਸ ਉੱਤੇ ਤਰਸ ਆਇਆ। ਮਾਲਕ ਨੇ ਤਰਸ ਖਾਕੇ ਉਸਦਾ ਕਰਜ ਮਾਫ਼ ਕਰ ਦਿੱਤਾ ਅਤੇ ਉਸ ਨੂੰ ਵੀ ਛੱਡ ਦਿੱਤਾ।
28 “ਜਦੋਂ ਉਹੀ ਨੋਕਰ ਬਾਹਰ ਆਇਆ, ਤਾਂ ਉਸ ਨੂੰ ਦੂਜਾ ਨੋਕਰ ਮਿਲਿਆ ਜੋ ਉਸ ਨੂੰ ਚਾਂਦੀ ਦੇ ਇੱਕ ਸੌ ਸਿੱਕਿਆਂ ਦਾ ਦੇਣਦਾਰ ਸੀ। ਤਾਂ ਉਸ ਨੋਕਰ ਨੇ ਦੂਜੇ ਨੂੰ ਗਲੋਂ ਫ਼ੜ ਲਿਆ ਅਤੇ ਆਖਿਆ ਜਿਸਦਾ ਤੂੰ ਮੈਨੂੰ ਦੇਣਦਾਰ ਹੈ, ਸੋ ਦੇ।
29 “ਤਾਂ ਉਸ ਦੇ ਨਾਲ ਦਾ ਨੋਕਰ ਉਸ ਦੇ ਗੋਡੀ ਪੈ ਗਿਆ ਅਤੇ ਉਸ ਨੂੰ ਬੇਨਤੀ ਕੀਤੀ, ‘ਤੂੰ ਮੇਰੇ ਨਾਲ ਸਬਰ ਤੋਂ ਕੰਮ ਲੈ, ਮੈਂ ਤੇਰਾ ਸਾਰਾ ਕਰਜਾ ਦੇ ਦਿਆਂਗਾ।’
30 “ਪਰ ਉਸ ਨੇ ਇਨਕਾਰ ਕਰ ਦਿੱਤਾ ਅਤੇ ਕਚਿਹਰੀ ਰਾਹੀਂ ਉਸ ਨੋਕਰ ਨੂੰ ਕੈਦ ਵਿੱਚ ਸੁੱਟ ਦਿਤਾ ਗਿਆ। ਉਸ ਨੂੰ ਓਨਾ ਚਿਰ ਕੈਦ ਵਿੱਚ ਰੱਖਿਆ ਗਿਆ ਜਦੋਂ ਤੱਕ ਕਿ ਉਸ ਨੇ ਸਾਰਾ ਕਰਜਾ ਵਾਪਸ ਨਹੀਂ ਦੇ ਦਿੱਤਾ। 31 ਪਰ ਜਦੋਂ ਉਸ ਦੇ ਨਾਲ ਦੇ ਨੋਕਰਾਂ ਨੇ ਇਹ ਗੱਲ ਵਾਪਰਦੀ ਵੇਖੀ ਤਾਂ ਉਹ ਬੜੇ ਉਦਾਸ ਹੋਏ ਅਤੇ ਉਨ੍ਹਾਂ ਨੇ ਜਾਕੇ ਮਾਲਕ ਨੂੰ ਸਾਰਾ ਹਾਲ ਦੱਸ ਦਿੱਤਾ।
32 “ਤਦ ਮਾਲਕ ਨੇ ਉਸ ਨੌਕਰ ਨੂੰ ਸੱਦਿਆ ਅਤੇ ਆਖਿਆ, ‘ਓਏ ਦੁਸ਼ਟ ਨੋਕਰ, ਤੂੰ ਮੇਰੇ ਕਿੰਨੇ ਧਨ ਦਾ ਦੇਣਦਾਰ ਸੀ, ਪਰ ਤੂੰ ਮੈਨੂੰ ਕਰਜਾ ਛੱਡਣ ਲਈ ਬੇਨਤੀ ਕੀਤੀ। ਇਸ ਲਈ ਮੈਂ ਤੇਰਾ ਸਾਰਾ ਕਰਜਾ ਛੱਡ ਦਿੱਤਾ। 33 ਫ਼ੇਰ ਜਿਵੇਂ ਮੈਂ ਤੇਰੇ ਤੇ ਦਯਾ ਕੀਤੀ ਸੀ ਕੀ ਤੈਨੂੰ ਵੀ ਆਪਣੇ ਨਾਲ ਦੇ ਨੋਕਰ ਉੱਤੇ ਉਵੇਂ ਹੀ ਦਯਾ ਨਹੀਂ ਕਰਨੀ ਚਾਹੀਦੀ ਸੀ।’ 34 ਮਾਲਕ ਨੂੰ ਬਹੁਤ ਗੁੱਸਾ ਆਇਆ ਅਤੇ ਉਸ ਨੇ ਨੋਕਰ ਨੂੰ ਸਜ਼ਾ ਦੇਣ ਲਈ ਕੈਦ ਵਿੱਚ ਸੁੱਟ ਦਿੱਤਾ, ਅਤੇ ਓਨੀ ਦੇਰ ਕੈਦ ਵਿੱਚ ਰੱਖਣ ਦਾ ਹੁਕਮ ਦਿੱਤਾ ਜਿੰਨੀ ਦੇਰ ਉਹ ਆਪਣਾ ਕਰਜਾ ਚੁਕਤਾ ਨਾ ਕਰ ਦੇਵੇ।
35 “ਇਸੇ ਤਰ੍ਹਾਂ ਮੇਰਾ ਸੁਰਗੀ ਪਿਤਾ ਤੁਹਾਡੇ ਨਾਲ ਕਰੇਗਾ ਜਿਵੇਂ ਰਾਜੇ ਨੇ ਨੋਕਰ ਨਾਲ ਕੀਤਾ ਜੇਕਰ ਤੁਸੀਂ ਆਪਣੇ ਭਾਈਆਂ ਅਤੇ ਭੈਣਾਂ ਨੂੰ ਆਪਣੇ ਦਿਲੋਂ ਮਾਫ਼ ਨਹੀਂ ਕਰੋਂਗੇ ਤਾਂ ਮੇਰਾ ਸੁਰਗੀ ਪਿਤਾ ਤੁਹਾਨੂੰ ਮਾਫ਼ ਨਹੀਂ ਕਰੇਗਾ।”
ਯਿਸੂ ਦੀ ਤਲਾਕ ਬਾਰੇ ਸਿੱਖਿਆ(L)
19 ਜਦੋਂ ਯਿਸੂ ਇਹ ਸਭ ਗੱਲਾਂ ਆਖ ਹਟਿਆ ਤਾਂ ਗਲੀਲ ਤੋਂ ਚੱਲਿਆ ਗਿਆ। ਅਤੇ ਯਰਦਨ ਨਦੀਂ ਤੋਂ ਪਾਰ ਯਹੂਦਿਯਾ ਦੀਆਂ ਹਦਾਂ ਵਿੱਚ ਆ ਗਿਆ। 2 ਬਹੁਤ ਸਾਰੇ ਲੋਕਾਂ ਨੇ ਉਸਦਾ ਪਿੱਛਾ ਕੀਤਾ ਅਤੇ ਉੱਥੇ ਉਸ ਨੇ ਬਹੁਤ ਸਾਰੇ ਬਿਮਾਰ ਲੋਕਾਂ ਨੂੰ ਚੰਗਾ ਕੀਤਾ।
3 ਕੁਝ ਫ਼ਰੀਸੀ ਉਸ ਨੂੰ ਪਰਤਾਉਣ ਲਈ ਉਸ ਦੇ ਕੋਲ ਆਕੇ ਬੋਲੇ, “ਕੀ ਇਹ ਇੱਕ ਆਦਮੀ ਲਈ ਸ਼ਰ੍ਹਾ ਅਨੁਸਾਰ ਹੈ ਕਿ ਉਹ ਆਪਣੀ ਪਤਨੀ ਨੂੰ ਉਸ ਕਿਸੇ ਵੀ ਕਾਰਣ ਲਈ ਤਲਾਕ ਦੇ ਸੱਕਦਾ ਹੈ ਜੋ ਉਹ ਚਾਹੁੰਦਾ ਹੈ।”
4 ਯਿਸੂ ਨੇ ਜਵਾਬ ਦਿੱਤਾ, “ਕੀ ਤੁਸੀਂ ਪੋਥੀਆਂ ਵਿੱਚ ਨਹੀਂ ਪੜ੍ਹਿਆ ਕਿ ਆਦਿ ਵਿੱਚ, ‘ਸਿਰਜਣਹਾਰ ਨੇ ਉਨ੍ਹਾਂ ਨੂੰ ਪੁਰੁਸ਼ ਅਤੇ ਇਸਤ੍ਰੀ ਬਣਾਇਆ? [c] 5 ਅਤੇ ਪਰਮੇਸ਼ੁਰ ਨੇ ਕਿਹਾ, ‘ਇਸ ਲਈ ਮਰਦ ਆਪਣੀ ਮਾਂ ਅਤੇ ਬਾਪ ਨੂੰ ਛੱਡ ਕੇ ਆਪਣੀ ਵਹੁਟੀ ਨਾਲ ਮਿਲਿਆ ਰਹੇਗਾ ਅਤੇ ਉਹ ਦੋਵੇਂ ਇੱਕ ਸ਼ਰੀਰ ਹੋਣਗੇ।’ [d] 6 ਇਸ ਲਈ ਉਹ ਹੁਣ ਦੋ ਨਹੀਂ ਹਨ, ਸਗੋਂ ਇੱਕ ਹਨ! ਸੋ ਜੋ ਕੁਝ ਪਰਮੇਸ਼ੁਰ ਨੇ ਜੋੜ ਦਿੱਤਾ ਹੈ ਉਸ ਨੂੰ ਮਨੁੱਖ ਅੱਡ ਨਾ ਕਰੇ।”
7 ਉਨ੍ਹਾਂ ਨੇ ਉਸ ਨੂੰ ਆਖਿਆ, “ਫ਼ੇਰ ਮੂਸਾ ਨੇ ਆਦਮੀ ਨੂੰ ਤਿਆਗ ਪੱਤਰ ਰਾਹੀਂ ਤਲਾਕ ਦੇਣ ਦੀ ਆਗਿਆ ਕਿਉਂ ਦਿੱਤੀ ਹੈ।” [e]
8 ਯਿਸੂ ਨੇ ਉੱਤਰ ਦਿੱਤਾ, “ਉਸਨੇ ਤੁਹਾਨੂੰ ਤੁਹਾਡੀ ਸਖਤ ਦਿਲੀ ਦੇ ਕਾਰਣ ਆਪਣੀਆਂ ਪਤਨੀਆਂ ਨੂੰ ਤਲਾਕ ਦੇਣ ਦੀ ਆਗਿਆ ਦਿੱਤੀ। ਪਰ ਮੁਢੋਂ ਇਹ ਇਸ ਤਰ੍ਹਾਂ ਦੀ ਰੀਤ ਨਹੀਂ ਸੀ। 9 ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਜੇਕਰ ਕੋਈ ਆਪਣੀ ਪਤਨੀ ਨੂੰ ਤਲਾਕ ਦਿੰਦਾ ਹੈ ਅਤੇ ਦੂਜੀ ਔਰਤ ਨਾਲ ਵਿਆਹ ਕਰਾ ਲੈਂਦਾ ਹੈ ਤਾਂ, ਉਹ ਵਿਭਚਾਰ ਦਾ ਦੋਸ਼ੀ ਹੈ ਕਿਸੇ ਬੰਦੇ ਦਾ ਆਪਣੀ ਪਤਨੀ ਨੂੰ ਤਲਾਕ ਦੇਣ ਲਈ ਸਿਰਫ਼ ਇੱਕ ਹੀ ਕਾਰਣ ਹੋ ਸੱਕਦਾ ਹੈ ਉਹ ਇਹ ਕਿ ਉਸਦੀ ਪਤਨੀ ਦੇ ਕਿਸੇ ਦੂਜੇ ਆਦਮੀ ਨਾਲ ਜਿਨਸੀ ਸੰਬੰਧ ਹੋਣ।”
10 ਚੇਲਿਆਂ ਨੇ ਉਸ ਨੂੰ ਕਿਹਾ, “ਜੇਕਰ ਆਦਮੀ ਅਤੇ ਔਰਤ ਦੇ ਵਿੱਚਕਾਰ ਇਹ ਹਾਲਾਤ ਹਨ, ਤਾਂ ਵਿਆਹ ਨਾ ਕਰਾਉਣਾ ਚੰਗਾ ਹੈ।”
11 ਪਰ ਉਸ ਨੇ ਉਨ੍ਹਾਂ ਨੂੰ ਆਖਿਆ, “ਸਭ ਲੋਕ ਇਸ ਨੂੰ ਕਬੂਲ ਨਹੀਂ ਕਰ ਸੱਕਦੇ। ਪਰ ਸਿਰਫ਼ ਉਹ ਲੋਕ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਆਗਿਆ ਦਿੱਤੀ ਹੈ। 12 ਇਸਦੇ ਭਿੰਨ ਕਾਰਣ ਹਨ, ਕਿ ਕੁਝ ਆਦਮੀ ਵਿਆਹ ਕਿਉਂ ਨਹੀਂ ਕਰਾਉਂਦੇ। ਕੁਝ ਮਰਦ ਬੱਚੇ ਪੈਦਾ ਕਰਨ ਦੀ ਯੋਗਤਾ ਤੋਂ ਬਿਨਾ ਪੈਦਾ ਹੁੰਦੇ ਹਨ, ਅਤੇ ਕੁਝ ਅਜਿਹੇ ਨਿਪੁੰਸੱਕ ਬਾਦ ਵਿੱਚ ਜਿੰਦਗੀ ਵਿੱਚ ਲੋਕਾਂ ਵੱਲੋਂ ਕਰ ਦਿੱਤੇ ਜਾਂਦੇ ਹਨ। ਅਤੇ ਕੁਝ ਆਦਮੀ ਵਿਆਹ ਦਾ ਖਿਆਲ ਸਵਰਗ ਦੇ ਰਾਜ ਲਈ ਤਿਆਗ ਦਿੰਦੇ ਹਨ। ਪਰ ਜਿਹੜਾ ਮਨੁੱਖ ਵਿਆਹ ਕਰਾ ਸੱਕਦਾ ਹੈ ਤਾਂ ਉਸ ਨੂੰ ਵਿਆਹ ਬਾਰੇ ਇਹ ਸਿੱਖਿਆ ਸਵੀਕਾਰ ਕਰਨੀ ਚਾਹੀਦੀ ਹੈ।”
ਯਿਸੂ ਵੱਲੋਂ ਬੱਚਿਆਂ ਦਾ ਸੁਆਗਤ(M)
13 ਤਦ ਲੋਕ ਛੋਟੇ ਬੱਚਿਆਂ ਨੂੰ ਉਸ ਕੋਲ ਲਿਆਏ ਜੋ ਉਹ ਉਨ੍ਹਾਂ ਉੱਤੇ ਆਪਣਾ ਹੱਥ ਰੱਖਕੇ ਪ੍ਰਾਰਥਨਾ ਕਰੇ। ਜਦੋਂ ਚੇਲਿਆਂ ਨੇ ਇਉਂ ਦੇਖਿਆ, ਉਨ੍ਹਾਂ ਨੇ ਉਨ੍ਹਾਂ ਨੂੰ ਝਿੜਕਿਆ ਜਿਹੜੇ ਆਪਣੇ ਬੱਚਿਆਂ ਨੂੰ ਲਿਆਏ ਸਨ। 14 ਯਿਸੂ ਨੇ ਕਿਹਾ, “ਬਚਿਆਂ ਨੂੰ ਅੜਚਨ ਨਾ ਪਾਓ ਅਤੇ ਉਨ੍ਹਾਂ ਨੂੰ ਮੇਰੇ ਕੋਲ ਆਉਣ ਦਿਉ। ਉਨ੍ਹਾਂ ਲਈ ਰੁਕਾਵਟ ਨਾ ਬਣੋ ਕਿਉਂਕਿ ਸਵਰਗ ਦਾ ਰਾਜ ਇਹੋ ਜਿਹਿਆਂ ਦਾ ਹੀ ਹੈ।” 15 ਅਤੇ ਯਿਸੂ ਨੇ ਉਨ੍ਹਾਂ ਦੇ ਸਿਰਾਂ ਤੇ ਆਪਣਾ ਹੱਥ ਰੱਖਣ ਤੋਂ ਬਾਦ ਉਹ ਥਾਂ ਛੱਡ ਦਿੱਤੀ।
ਅਮੀਰ ਆਦਮੀ ਦਾ ਯਿਸੂ ਦਾ ਅਨੁਸਰਣ ਕਰਨ ਤੋਂ ਇਨਕਾਰ(N)
16 ਇੱਕ ਮਨੁੱਖ ਨੇ ਉਸ ਕੋਲ ਆਕੇ ਉਸ ਨੂੰ ਕਿਹਾ, “ਗੁਰੂ ਜੀ ਮੈਂ ਕਿਹੜਾ ਭਲਾ ਕੰਮ ਕਰਾਂ ਜਿਸ ਨਾਲ ਮੈਨੂੰ ਸਦੀਪਕ ਜੀਵਨ ਮਿਲੇ?”
17 ਯਿਸੂ ਨੇ ਉੱਤਰ ਦਿੱਤਾ, “ਤੁਸੀਂ ਨੇਕੀ ਬਾਰੇ ਮੈਥੋਂ ਕਿਉਂ ਪੁੱਛਦੇ ਹੋ? ਸਿਰਫ਼ ਪਰਮੇਸ਼ੁਰ ਚੰਗਾ ਹੈ। ਪਰ ਜੇ ਤੁਸੀਂ ਸਦੀਪਕ ਜੀਵਨ ਵਿੱਚ ਦਾਖਲ ਹੋਣਾ ਚਾਹੁੰਦੇ ਹੋ ਤਾਂ, ਹੁਕਮਾਂ ਦੀ ਪਾਲਣਾ ਕਰੋ।”
18 ਉਸ ਨੇ ਪੁੱਛਿਆ, “ਕਿਹੜੇ ਹੁਕਮ?”
ਯਿਸੂ ਨੇ ਕਿਹਾ, “‘ਇਹ, ਕਿ ਖੂਨ ਨਾ ਕਰੋ, ਵਿਭਚਾਰ ਨਾ ਕਰੋ, ਚੋਰੀ ਨਾ ਕਰੋ ਅਤੇ ਝੂਠੀ ਗਵਾਹੀ ਨਾ ਦਿਓ। 19 ਆਪਣੇ ਮਾਂ-ਬਾਪ ਦਾ ਆਦਰ ਕਰੋ’ [f] ਅਤੇ ‘ਆਪਣੇ-ਆਪ ਵਾਂਗ ਆਪਣੇ ਗੁਆਂਢੀ ਨੂੰ ਵੀ ਪਿਆਰ ਕਰੋ।’” [g]
20 ਉਸ ਜਵਾਨ ਨੇ ਕਿਹਾ, “ਇਨ੍ਹਾਂ ਸਭਨਾਂ ਨੂੰ ਤਾਂ ਮੈਂ ਮੰਨਿਆ ਹੈ, ਹੋਰ ਹੁਣ ਮੇਰੇ ਵਿੱਚ ਕੀ ਕਮੀ ਹੈ?”
21 ਯਿਸੂ ਨੇ ਉੱਤਰ ਦਿੱਤਾ, “ਜੇ ਤੂੰ ਪੂਰਨ ਹੋਣਾ ਚਾਹੁੰਦਾ ਹੈ, ਤਾਂ ਜਾ ਜਾਕੇ ਆਪਣੀਆਂ ਸਾਰੀਆਂ ਚੀਜ਼ਾਂ ਵੇਚ ਦੇ ਅਤੇ ਧਨ ਗਰੀਬ ਲੋਕਾਂ ਵਿੱਚ ਵੰਡ ਦੇ। ਇਸ ਤਰ੍ਹਾਂ ਤੈਨੂੰ ਸਵਰਗ ਵਿੱਚ ਖਜ਼ਾਨਾ ਮਿਲੇਗਾ। ਫ਼ੇਰ ਤੂੰ ਆਕੇ ਮੇਰੇ ਪਿੱਛੇ ਹੋ ਤੁਰ।”
22 ਪਰ ਜਦੋਂ ਉਸ ਜਵਾਨ ਨੇ ਇਹ ਸੁਣਿਆ ਤਾਂ, ਉਹ ਉਦਾਸੀ ਵਿੱਚ ਚੱਲਿਆ ਗਿਆ, ਕਿਉਂਕਿ ਉਹ ਬਹੁਤ ਅਮੀਰ ਸੀ।
23 ਤਦ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਅਮੀਰ ਦਾ ਸਵਰਗ ਦੇ ਰਾਜ ਵਿੱਚ ਵੜਨਾ ਬੜਾ ਔਖਾ ਹੈ। 24 ਮੈਂ ਤੁਹਾਨੂੰ ਦੱਸਦਾ ਹਾਂ ਕਿ ਅਮੀਰ ਵਿਅਕਤੀ ਦੇ ਪਰਮੇਸ਼ੁਰ ਦੇ ਰਾਜ ਵਿੱਚ ਵੜਨ ਨਾਲੋਂ ਊਠ ਦਾ ਸੂਈ ਦੇ ਨੱਕੇ ਰਾਹੀ ਲੰਘਣਾ ਸੁਖਾਲਾ ਹੈ।”
25 ਚੇਲੇ ਇਹ ਸੁਣਕੇ ਹੈਰਾਨ ਹੋ ਗਏ ਅਤੇ ਬੋਲੇ ਕਿ, “ਤਾਂ ਕਿਸਦੀ ਮੁਕਤੀ ਹੋ ਸੱਕਦੀ ਹੈ?”
26 ਤਦ ਯਿਸੂ ਨੇ ਉਨ੍ਹਾਂ ਵੱਲ ਵੇਖਕੇ ਉਨ੍ਹਾਂ ਨੂੰ ਕਿਹਾ, “ਲੋਕਾਂ ਲਈ ਇਹ ਅਸੰਭਵ ਹੈ। ਪਰ ਪਰਮੇਸ਼ੁਰ ਲਈ ਸਭ ਕੁਝ ਸੰਭਵ ਹੈ।”
27 ਪਤਰਸ ਨੇ ਯਿਸੂ ਨੂੰ ਆਖਿਆ, “ਤੁਹਾਡੇ ਪਿੱਛੇ ਲੱਗਣ ਵਾਸਤੇ ਅਸੀਂ ਸਭ ਕੁਝ ਛੱਡ ਦਿੱਤਾ ਹੈ। ਫ਼ਿਰ ਸਾਨੂੰ ਕੀ ਪ੍ਰਾਪਤ ਹੋਵੇਗਾ?”
28 ਯਿਸੂ ਨੇ ਆਪਣੇ ਚੇਲਿਆਂ ਨੂੰ ਆਖਿਆ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਜਦੋਂ ਨਵੀ ਦੁਨੀਆ ਸਾਜੀ ਜਾਵੇਗੀ ਅਤੇ ਮਨੁੱਖ ਦਾ ਪੁੱਤਰ ਆਪਣੇ ਮਹਿਮਾਮਈ ਸਿੰਘਾਸਨ ਤੇ ਬੈਠੇਗਾ, ਤਾਂ ਤੁਸੀਂ ਵੀ ਬਾਰ੍ਹਾਂ ਸਿੰਘਾਸਨਾਂ ਤੇ ਬੈਠੋਂਗੇ ਅਤੇ ਤੁਸੀਂ ਇਸਰਾਏਲ ਦੇ ਬਾਰ੍ਹਾਂ ਪਰਿਵਾਰਾਂ ਦਾ ਨਿਆਂ ਕਰੋਂਗੇ। 29 ਅਤੇ ਹਰ ਕੋਈ ਜਿਸਨੇ ਆਪਣੇ ਘਰ, ਭਾਈਆਂ, ਭੈਣਾਂ, ਮਾਂ-ਬਾਪ, ਬਾਲ-ਬੱਚਿਆਂ ਜਾਂ ਜ਼ਮੀਨ ਨੂੰ ਮੇਰੇ ਨਾਮ ਦੇ ਕਾਰਣ ਛੱਡਿਆ ਹੈ ਉਹ ਸੌ ਗੁਣਾ ਵੱਧ ਫ਼ਲ ਪਾਵੇਗਾ ਅਤੇ ਸਦੀਪਕ ਜੀਵਨ ਦਾ ਵਾਰਸ ਬਣੇਗਾ। 30 ਪਰ ਬਹੁਤ ਸਾਰੇ ਮਨੁੱਖ ਜਿਨ੍ਹਾਂ ਦਾ ਹੁਣ ਜਿੰਦਗੀ ਵਿੱਚ ਰੁਤਬਾ ਵੱਡਾ ਹੈ, ਭਵਿੱਖ ਵਿੱਚ ਉਨ੍ਹਾਂ ਦੀ ਥਾਂ ਬੜੀ ਨੀਵੀਂ ਹੋਵੇਗੀ। ਬਹੁਤ ਸਾਰੇ ਲੋਕ ਜਿਨ੍ਹਾਂ ਦਾ ਦਰਜਾ ਹੁਣ ਸਭ ਤੋਂ ਨੀਵਾਂ ਹੈ ਭਵਿੱਖ ਵਿੱਚ ਸਭ ਤੋਂ ਉੱਚਾ ਦਰਜਾ ਪਾਉਣਗੇ।
ਯਿਸੂ ਦਾ ਖੇਤ ਦੇ ਮਜਦੂਰਾਂ ਬਾਰੇ ਇੱਕ ਦ੍ਰਿਸ਼ਟਾਂਤ
20 “ਸਵਰਗ ਦਾ ਰਾਜ ਤਾਂ ਇੱਕ ਜਿਮੀਦਾਰ ਵਰਗਾ ਹੈ, ਜੋ ਤੜਕੇ ਹੀ ਘਰੋਂ ਨਿੱਕਲਿਆ ਕਿ ਆਪਣੇ ਅੰਗੂਰਾਂ ਦੇ ਬਾਗ ਵਿੱਚ ਕੁਝ ਕਾਮੇ ਲਾਵੇ। 2 ਉਸ ਨੇ ਕਾਮਿਆਂ ਨਾਲ ਇੱਕ ਚਾਂਦੀ ਦਾ ਸਿੱਕਾ ਦਿਹਾੜੀ ਕੀਤੀ ਅਤੇ ਉਨ੍ਹਾਂ ਨੂੰ ਆਪਣੇ ਬਾਗ ਵਿੱਚ ਭੇਜ ਦਿੱਤਾ।
3 “ਨੌ ਕੁ ਵਜੇ ਉਹ ਆਦਮੀ ਬਜ਼ਾਰ ਗਿਆ ਤਾਂ ਕੁਝ ਬੰਦਿਆਂ ਨੂੰ ਉੱਥੇ ਖੜ੍ਹੇ ਵੇਖਿਆ, ਇਹ ਲੋਕ ਕੁਝ ਵੀ ਨਹੀਂ ਸੀ ਕਰ ਰਹੇ। 4 ਤਾਂ ਉਸ ਨੇ ਉਨ੍ਹਾਂ ਨੂੰ ਕਿਹਾ, ‘ਜੇਕਰ ਤੁਸੀਂ ਵੀ ਮੇਰੇ ਬਾਗਾਂ ਵਿੱਚ ਜਾਕੇ ਕੰਮ ਕਰੋ ਤਾਂ ਮੈਂ ਤੁਹਾਨੂੰ ਜਿੰਨਾ ਤੁਹਾਡਾ ਹੱਕ ਬਣੇਗਾ ਦੇਵਾਂਗਾ।’ 5 ਅਤੇ ਉਹ ਲੋਕ ਵੀ ਉਸ ਦੇ ਖੇਤ ਵਿੱਚ ਕੰਮ ਕਰਨ ਲਈ ਚੱਲੇ ਗਏ।
“ਅਤੇ ਫ਼ਿਰ ਉਹੀ ਆਦਮੀ ਬਾਰ੍ਹਾਂ ਕੁ ਵਜੇ ਬਾਹਰ ਗਿਆ, ਅਤੇ ਫ਼ਿਰ ਤਿੰਨ ਕੁ ਵਜੇ। ਦੋਨੋਂ ਵਾਰੀ ਉਸ ਨੇ ਕੁਝ ਕਾਮਿਆਂ ਨੂੰ ਉਸ ਦੇ ਬਾਗ ਵਿੱਚ ਕੰਮ ਕਰਨ ਲਈ ਲਿਆਂਦਾ। 6 ਆਥਣ ਵੇਲੇ, ਪੰਜ ਕੁ ਵਜੇ ਉਹ ਬਾਹਰ ਗਿਆ ਅਤੇ ਕੁਝ ਹੋਰ ਲੋਕਾਂ ਨੂੰ ਬਜ਼ਾਰ ਵਿੱਚ ਖੜ੍ਹੇ ਵੇਖਿਆ। ਅਤੇ ਉਨ੍ਹਾਂ ਨੂੰ ਕਿਹਾ, ‘ਤੁਸੀਂ ਇੱਥੇ ਸਾਰਾ ਦਿਨ ਕੁਝ ਕੀਤੇ ਬਿਨਾ ਖੜ੍ਹੇ ਰਹਿੰਦੇ ਹੋ?’
7 “ਉਨ੍ਹਾਂ ਮਨੁੱਖਾਂ ਨੇ ਜਵਾਬ ਦਿੱਤਾ, ‘ਸਾਨੂੰ ਕਿਸੇ ਨੇ ਵੀ ਨੌਕਰੀ ਨਹੀਂ ਦਿੱਤੀ।’
“ਉਸ ਆਦਮੀ ਨੇ ਉਨ੍ਹਾਂ ਨੂੰ ਕਿਹਾ, ‘ਤੁਸੀਂ ਵੀ ਮੇਰੇ ਬਾਗ ਵਿੱਚ ਜਾਕੇ ਕੰਮ ਕਰ ਸੱਕਦੇ ਹੋ।’
8 “ਸ਼ਾਮ ਵੇਲੇ, ਅੰਗੂਰਾਂ ਦੇ ਬਾਗ ਦੇ ਮਾਲਕ ਨੇ ਕਾਮਿਆਂ ਦੇ ਮੁਖਤਿਆਰ ਨੂੰ ਆਖਿਆ, ‘ਕਾਮਿਆਂ ਨੂੰ ਸੱਦ ਅਤੇ ਪਿੱਛਲਿਆਂ ਤੋਂ ਲੈ ਕੇ ਪਹਿਲਿਆਂ ਤੀਕ ਉਨ੍ਹਾਂ ਸਾਰਿਆਂ ਨੂੰ ਉਨ੍ਹਾਂ ਦੀ ਮਜੂਰੀ ਦੇ।’
9 “ਜਿਹੜੇ ਕਾਮੇ ਪੰਜ ਵਜੇ ਲਿਆਂਦੇ ਗਏ ਸਨ, ਆਏ ਅਤੇ ਇੱਕ ਚਾਂਦੀ ਦਾ ਸਿੱਕਾ ਪ੍ਰਾਪਤ ਕੀਤਾ। 10 ਫ਼ਿਰ ਜਿਹੜੇ ਕਾਮੇ ਪਹਿਲਾਂ ਲਿਆਂਦੇ ਗਏ ਸਨ ਆਏ। ਉਨ੍ਹਾਂ ਨੇ ਸੋਚਿਆ ਕਿ ਸ਼ਾਇਦ ਉਹ ਦੂਜਿਆਂ ਕਾਮਿਆਂ ਨਾਲੋਂ ਵੱਧ ਪ੍ਰਾਪਤ ਕਰਨਗੇ। ਪਰ ਉਨ੍ਹਾਂ ਨੂੰ ਵੀ ਇੱਕ ਚਾਂਦੀ ਦਾ ਸਿੱਕਾ ਹੀ ਮਿਲਿਆ। 11 ਪਰ ਉਹ ਇਹ ਸਿੱਕਾ ਲੈ ਕੇ ਘਰ ਦੇ ਮਾਲਕ ਉੱਤੇ ਕੁੜ੍ਹਨ ਲੱਗੇ। 12 ਅਤੇ ਬੋਲੇ, ‘ਜਿਹੜੇ ਲੋਕ ਅੰਤ ਵਿੱਚ ਲਿਆਂਦੇ ਗਏ ਸਨ ਅਤੇ ਜਿਨ੍ਹਾਂ ਨੇ ਸਿਰਫ਼ ਇੱਕ ਹੀ ਘੰਟੇ ਲਈ ਕੰਮ ਕੀਤਾ, ਤੁਸੀਂ ਉਨ੍ਹਾਂ ਨੂੰ ਵੀ ਸਾਡੇ ਜਿੰਨਾ ਹੀ ਦਿੱਤਾ। ਅਤੇ ਅਸੀਂ ਸਾਰਾ ਦਿਨ ਧੁੱਪੇ ਸਖਤ ਮਿਹਨਤ ਕੀਤੀ।’
13 “ਜਿਮੀਦਾਰ ਨੇ ਉਨ੍ਹਾਂ ਵਿੱਚੋਂ ਇੱਕ ਨੂੰ ਆਖਿਆ, ‘ਮਿੱਤਰਾ, ਮੈਂ ਤੇਰੇ ਨਾਲ ਬੇਈਮਾਨੀ ਨਹੀਂ ਕੀਤੀ। ਕੀ ਤੂੰ ਇੱਕ ਚਾਂਦੀ ਦੇ ਸਿੱਕੇ ਵਾਸਤੇ ਕੰਮ ਕਰਨ ਲਈ ਰਾਜੀ ਨਹੀਂ ਹੋਇਆ? 14 ਤੂੰ ਆਪਣੀ ਮਜੂਰੀ ਲੈ ਤੇ ਚੱਲਿਆ ਜਾ। ਪਰ ਮੈਂ ਅਖੀਰਲੇ ਬੰਦੇ ਨੂੰ ਵੀ ਉਹੀ ਦੇਣਾ ਚਾਹੁੰਦਾ ਹਾਂ ਜੋ ਮੈਂ ਤੈਨੂੰ ਦਿੱਤਾ। 15 ਕੀ ਇਹ ਮੇਰਾ ਹੱਕ ਨਹੀਂ ਕਿ ਮੈਂ ਆਪਣੇ ਪੈਸੇ ਨੂੰ ਜਿਵੇਂ ਚਾਹਾਂ ਇਸਤੇਮਾਲ ਕਰਾਂ? ਜਾਂ ਤੈਨੂੰ ਈਰਖਾ ਹੈ ਕਿਉਂਕਿ ਮੈਂ ਉਨ੍ਹਾਂ ਲੋਕਾਂ ਨਾਲ ਉਦਾਰ ਹਾਂ ਜੋ ਮਗਰੋਂ ਆਏ।’
16 “ਇਸੇ ਤਰ੍ਹਾਂ ਜਿਹੜੇ ਲੋਕਾਂ ਦਾ ਹੁਣ ਪਿੱਛਲਾ ਦਰਜਾ ਹੈ ਭਵਿੱਖ ਵਿੱਚ ਉਨ੍ਹਾਂ ਦਾ ਦਰਜਾ ਪਹਿਲਾ ਦਰਜਾ ਹੋਵੇਗਾ ਅਤੇ ਉਹ ਲੋਕ ਜਿਨ੍ਹਾਂ ਦਾ ਹੁਣ ਦਰਜਾ ਪਹਿਲਾ ਹੈ ਭਵਿੱਖ ਵਿੱਚ ਉਨ੍ਹਾਂ ਦਾ ਦਰਜਾ ਪਿੱਛਲਾ ਹੋਵੇਗਾ।”
ਯਿਸੂ ਦਾ ਆਪਣੀ ਮੌਤ ਬਾਰੇ ਦੱਸਣਾ(O)
17 ਜਦੋਂ ਯਿਸੂ ਯਰੂਸਲਮ ਜਾ ਰਿਹਾ ਸੀ, ਉਸ ਦੇ ਬਾਰ੍ਹਾਂ ਚੇਲੇ ਵੀ ਉਸ ਦੇ ਨਾਲ ਸਨ। ਰਾਹ ਵਿੱਚ ਉਸ ਨੇ ਉਨ੍ਹਾਂ ਨੂੰ ਇੱਕ ਸਾਥ ਇਕੱਠਾ ਕੀਤਾ ਅਤੇ ਉਨ੍ਹਾਂ ਨੂੰ ਇੱਕਾਂਤ ਵਿੱਚ ਆਖਿਆ। 18 “ਵੇਖੋ, ਅਸੀਂ ਯਰੂਸ਼ਲਮ ਵੱਲ ਨੂੰ ਜਾ ਰਹੇ ਹਾਂ। ਮਨੁੱਖ ਦਾ ਪੁੱਤਰ ਪ੍ਰਧਾਨ ਜਾਜਕਾਂ ਅਤੇ ਨੇਮ ਦੇ ਉਪਦੇਸ਼ਕਾਂ ਨੂੰ ਫ਼ੜਾ ਦਿੱਤਾ ਜਾਵੇਗਾ ਅਤੇ ਉਹ ਉਸ ਨੂੰ ਮੌਤ ਦੇ ਦੇਣਗੇ। 19 ਉਹ ਮਨੁੱਖ ਦੇ ਪੁੱਤਰ ਨੂੰ ਗੈਰ-ਯਹੂਦੀਆਂ ਨੂੰ ਦੇ ਦੇਣਗੇ। ਉਹ ਉਸ ਉੱਤੇ ਹੱਸਣਗੇ ਅਤੇ ਕੋੜਿਆਂ ਨਾਲ ਕੁੱਟਣਗੇ ਅਤੇ ਸਲੀਬ ਤੇ ਚੜ੍ਹਾ ਦੇਣਗੇ। ਅਤੇ ਮੌਤ ਤੋਂ ਤੀਜੇ ਦਿਨ ਬਾਦ, ਫਿਰ ਜੀ ਉੱਠੇਗਾ।”
ਇੱਕ ਮਾਤਾ ਵੱਲੋਂ ਵਿਸ਼ੇਸ਼ ਬੇਨਤੀ(P)
20 ਉਸ ਸਮੇਂ, ਜ਼ਬਦੀ ਦੇ ਪੁੱਤਰਾਂ ਦੀ ਮਾਂ ਆਪਣੇ ਪੁੱਤਰਾਂ ਸਮੇਤ ਯਿਸੂ ਕੋਲ ਆਈ ਅਤੇ ਉਸ ਅੱਗੇ ਝੁਕੀ ਅਤੇ ਉਸ ਕੋਲੋਂ ਇੱਕ ਸਹਾਇਤਾ ਮੰਗੀ।
21 ਯਿਸੂ ਨੇ ਆਖਿਆ, “ਤੂੰ ਕੀ ਚਾਹੁੰਦੀ ਹੈ?”
ਉਸ ਨੇ ਯਿਸੂ ਨੂੰ ਕਿਹਾ, “ਵਾਅਦਾ ਕਰੋ ਕਿ ਤੁਹਾਡੇ ਰਾਜ ਵਿੱਚ ਮੇਰੇ ਇਹ ਦੋਵੇਂ ਪੁੱਤਰ ਇੱਕ ਤੁਹਾਡੇ ਸੱਜੇ ਤੇ ਇੱਕ ਤੁਹਾਡੇ ਖੱਬੇ ਪਾਸੇ ਬੈਠਣ।”
22 ਯਿਸੂ ਨੇ ਉਸ ਦੇ ਪੁੱਤਰਾਂ ਨੂੰ ਕਿਹਾ, “ਤੁਸੀਂ ਨਹੀਂ ਜਾਣਦੇ ਤੁਸੀਂ ਕੀ ਮੰਗ ਰਹੇ ਹੋ?ਕੀ ਤੁਸੀਂ ਉਹ ਕਸ਼ਟ ਝੱਲ ਸੱਕਦੇ ਹੋਂ ਜਿਹੜੇ ਮੈਂ ਝੱਲਣੇ ਹਨ।”
ਉਨ੍ਹਾਂ ਨੇ ਜਵਾਬ ਦਿੱਤਾ, “ਹਾਂ ਅਸੀਂ ਝੱਲ ਸੱਕਦੇ ਹਾਂ!”
23 ਯਿਸੂ ਨੇ ਉਨ੍ਹਾਂ ਨੂੰ ਕਿਹਾ, “ਸੱਚ ਮੁੱਚ ਜੋ ਕਸ਼ਟ ਮੈਂ ਝੱਲਾਂਗਾ ਤੁਸੀਂ ਵੀ ਝੱਲੋਂਗੇ। ਪਰ ਮੈਂ ਉਹ ਨਹੀਂ ਹਾਂ ਜੋ ਇਸ ਗੱਲ ਦੀ ਚੋਣ ਕਰੇਗਾ ਕਿ ਕੌਣ ਮੇਰੇ ਸੱਜੇ ਪਾਸੇ ਬੈਠੇਗਾ ਅਤੇ ਕੌਣ ਖੱਬੇ ਪਾਸੇ। ਉਹ ਜਗ੍ਹਾਵਾਂ ਕੌਣ ਪਾਵੇਗਾ ਮੇਰੇ ਪਿਤਾ ਨੇ ਫ਼ੈਸਲਾ ਕਰ ਲਿਆ ਹੈ। ਉਹ ਥਾਵਾਂ ਉਨ੍ਹਾਂ ਲੋਕਾਂ ਨਾਲ ਸੰਬੰਧਿਤ ਹਨ ਜਿਨ੍ਹਾਂ ਲਈ ਉਹ ਬਣਾਈਆਂ ਗਈਆਂ ਹਨ।”
24 ਜਦੋਂ ਦਸਾਂ ਚੇਲਿਆਂ ਨੇ ਇਹ ਸੁਣਿਆ ਤਾਂ ਉਹ ਉਨ੍ਹਾਂ ਦੋਹਾਂ ਭਰਾਵਾਂ ਤੇ ਖਿਝ ਗਏ। 25 ਤਦ ਯਿਸੂ ਨੇ ਉਨ੍ਹਾਂ ਸਾਰਿਆਂ ਨੂੰ ਇਕੱਠਿਆਂ ਕੋਲ ਸੱਦਕੇ ਆਖਿਆ, “ਤੁਸੀਂ ਜਾਣਦੇ ਹੋ ਕਿ ਗੈਰ-ਯਹੂਦੀਆਂ ਦੇ ਹਾਕਮ ਦੂਜਿਆਂ ਤੇ ਹੁਕਮ ਚਲਾਉਣਾ ਪਸੰਦ ਕਰਦੇ ਹਨ, ਅਤੇ ਉਨ੍ਹਾਂ ਦੇ ਮਹੱਤਵਪੂਰਣ ਆਗੂ ਲੋਕਾਂ ਤੇ ਆਪਣੀ ਸ਼ਕਤੀ ਇਸਤੇਮਲ ਕਰਨਾ ਪਸੰਦ ਕਰਦੇ ਹਨ। 26 ਤੁਹਾਡੇ ਵਿੱਚ ਅਜਿਹਾ ਨਾ ਹੋਵੇ, ਪਰ ਜੇਕਰ ਤੁਹਾਡੇ ਵਿੱਚੋਂ ਕੋਈ ਵੱਡਾ ਹੋਣਾ ਚਾਹੇ ਉਸ ਨੂੰ ਸੇਵਕ ਵਾਂਗ ਤੁਹਾਡੀ ਸੇਵਾ ਕਰਨੀ ਚਾਹੀਦੀ ਹੈ। 27 ਜੇਕਰ ਤੁਹਾਡੇ ਵਿੱਚੋਂ ਕੋਈ ਪਹਿਲਾ ਬਨਣਾ ਚਾਹੇ ਉਹ ਪਹਿਲਾਂ ਤੁਹਾਡਾ ਦਾਸ ਹੋਵੇ। 28 ਉਵੇਂ ਹੀ ਜਿਵੇਂ ਮਨੁੱਖ ਦਾ ਪੁੱਤਰ ਆਪਣੀ ਸੇਵਾ ਕਰਵਾਉਨ ਨਹੀਂ ਸਗੋਂ ਉਹ ਹੋਰਨਾਂ ਲੋਕਾਂ ਦੀ ਸੇਵਾ ਕਰਨ ਲਈ ਆਇਆ ਹੈ। ਉਹ ਬਹੁਤ ਸਾਰੇ ਲੋਕਾਂ ਨੂੰ ਬਚਾਉਣ ਦੀ ਖਾਤਿਰ ਆਪਣੀ ਜਾਨ ਕੁਰਬਾਨ ਕਰਨ ਲਈ ਆਇਆ ਹੈ।”
ਯਿਸੂ ਦਾ ਦੋ ਅੰਨ੍ਹਿਆਂ ਨੂੰ ਰਾਜੀ ਕਰਨਾ(Q)
29 ਜਦੋਂ ਉਹ ਅਤੇ ਉਸ ਦੇ ਚੇਲੇ ਯਰੀਹੋ ਤੋਂ ਵਿਦਾ ਹੋ ਰਹੇ ਸਨ, ਲੋਕਾਂ ਦੀ ਇੱਕ ਵੱਡੀ ਭੀੜ ਨੇ ਯਿਸੂ ਦਾ ਪਿੱਛਾ ਕੀਤਾ। 30 ਦੋ ਅੰਨ੍ਹੇ ਮਨੁੱਖ ਸੜਕ ਦੇ ਕੰਢੇ ਬੈਠੇ ਸਨ। ਜਦੋਂ ਉਨ੍ਹਾਂ ਸੁਣਿਆ ਕਿ ਯਿਸੂ ਲੰਘਿਆ ਜਾਂਦਾ ਹੈ ਤਾਂ ਉਹ ਉੱਚੀ ਆਵਾਜ਼ ਵਿੱਚ ਬੋਲੇ, “ਹੇ ਪ੍ਰਭੂ, ਦਾਊਦ ਦੇ ਪੁੱਤਰ, ਸਾਡੇ ਉੱਤੇ ਦਯਾ ਕਰ।”
31 ਉਨ੍ਹਾਂ ਨੇ ਅੰਨ੍ਹੇ ਆਦਮੀਆਂ ਨੂੰ ਝਿੜਕਿਆ ਅਤੇ ਚੁੱਪ ਰਹਿਣ ਲਈ ਕਿਹਾ, ਪਰ ਉਹ ਹੋਰ ਵੀ ਉੱਚੀ ਬੋਲੇ, “ਹੇ ਪ੍ਰਭੂ, ਦਾਊਦ ਦੇ ਪੁੱਤਰ ਕਿਰਪਾ ਕਰਕੇ ਸਾਡੀ ਸਹਾਇਤਾ ਕਰ।”
32 ਤਦ ਯਿਸੂ ਰੁਕਿਆ ਅਤੇ ਉਨ੍ਹਾਂ ਨੂੰ ਸੱਦਕੇ ਪੁੱਛਿਆ, “ਤੁਸੀਂ ਮੈਥੋਂ ਆਪਣੇ ਵਾਸਤੇ ਕੀ ਕਰਾਉਨਾ ਚਾਹੁੰਦੇ ਹੋ?”
33 ਤਦ ਉਨ੍ਹਾਂ ਦੋਹਾਂ ਨੇ ਕਿਹਾ, “ਪ੍ਰਭੂ ਜੀ ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਅੱਖਾਂ ਖੁਲ੍ਹ ਜਾਣ ਜੋ ਅਸੀਂ ਵੇਖ ਸੱਕੀਏ।”
34 ਯਿਸੂ ਨੇ ਉਨ੍ਹਾਂ ਅੰਨ੍ਹਿਆਂ ਆਦਮੀਆਂ ਲਈ ਤਰਸ ਮਹਿਸੂਸ ਕੀਤਾ ਅਤੇ ਉਨ੍ਹਾਂ ਦੀਆਂ ਅੱਖਾਂ ਨੂੰ ਛੋਹਿਆ ਉਹ ਝੱਟ ਸੁਜਾਖੇ ਹੋ ਗਏ ਅਤੇ ਯਿਸੂ ਦੇ ਮਗਰ ਹੋ ਤੁਰੇ।
ਯਿਸੂ ਦਾ ਯਰੂਸ਼ਲਮ ਵਿੱਚ ਸ਼ਾਹੀ ਦਾਖਲਾ(R)
21 ਯਿਸੂ ਅਤੇ ਉਸ ਦੇ ਚੇਲੇ ਯਰੂਸ਼ਲਮ ਦੇ ਨੇੜੇ ਆ ਰਹੇ ਸਨ, ਪਰ ਰਾਹ ਵਿੱਚ ਉਹ ਜੈਤੂਨ ਦੇ ਪਹਾੜ ਉੱਤੇ, ਬੈਤਫ਼ਗਾ ਕੋਲ, ਰੁਕੇ ਯਿਸੂ ਨੇ ਆਪਣੇ ਦੋ ਚੇਲਿਆਂ ਨੂੰ ਨਗਰ ਵਿੱਚ ਭੇਜਿਆ। 2 ਅਤੇ ਆਖਿਆ, “ਜੋ ਸ਼ਹਿਰ ਤੁਹਾਡੇ ਸਾਹਮਣੇ ਹੈ ਉਸ ਅੰਦਰ ਜਾਓ, ਸ਼ਹਿਰ ਅੰਦਰ ਵੜਦੇ ਸਾਰ ਹੀ, ਤੁਸੀਂ ਇੱਕ ਗਧੀ ਨੂੰ ਆਪਣੇ ਛੋਟੇ ਬੱਚੇ ਨਾਲ ਬੰਨ੍ਹਿਆ ਪਾਵੋਂਗੇ, ਉਸ ਨੂੰ ਖੋਲ੍ਹਕੇ ਤੁਸੀਂ ਮੇਰੇ ਕੋਲ ਲੈ ਆਵੋ। 3 ਜੇਕਰ ਤੁਹਾਨੂੰ ਕੋਈ ਕੁਝ ਕਹੇ, ਤਾਂ ਉਸ ਨੂੰ ਆਖਣਾ, ‘ਪ੍ਰਭੂ ਨੂੰ ਇਨ੍ਹਾਂ ਗਧਿਆਂ ਦੀ ਲੋੜ ਹੈ। ਫ਼ੇਰ ਉਹ ਜਲਦੀ ਹੀ ਉਨ੍ਹਾਂ ਨੂੰ ਵਾਪਿਸ ਭੇਜ ਦੇਵੇਗਾ।’”
4 ਇਹ ਇਸ ਲਈ ਹੋਇਆ ਕਿ ਨਬੀ ਦਾ ਇਹ ਬਚਨ ਪੂਰਾ ਹੋਵੇ:
5 “ਸੀਯੋਨ ਦੇ ਸ਼ਹਿਰ ਨੂੰ ਦੱਸੋ,
‘ਕਿ ਤੇਰਾ ਬਾਦਸ਼ਾਹ ਤੇਰੇ ਵੱਲ ਆ ਰਿਹਾ ਹੈ,
ਉਹ ਨਿਮ੍ਰਤਾ ਨਾਲ ਗਧੀ ਉੱਤੇ,
ਹਾਂ ਗਧੀ ਦੇ ਬੱਚੇ, ਉੱਤੇ ਬੈਠਕੇ ਆ ਰਿਹਾ ਹੈ।’” (S)
6 ਤਾਂ ਚੇਲਿਆਂ ਨੇ ਜਾਕੇ ਜਿਵੇਂ ਯਿਸੂ ਨੇ ਹੁਕਮ ਦਿੱਤਾ ਸੀ ਤਿਵੇਂ ਹੀ ਕੀਤਾ। 7 ਉਹ ਗਧੀ ਨੂੰ ਗਧੀ ਦੇ ਬੱਚੇ ਸਮੇਤ ਲਿਆਏ ਅਤੇ ਆਪਣੇ ਕੱਪੜੇ ਗਧੀ ਦੇ ਬੱਚੇ ਉੱਤੇ ਪਾ ਦਿੱਤੇ ਅਤੇ ਯਿਸੂ ਉਸ ਉੱਪਰ ਬੈਠ ਗਿਆ। 8 ਭੀੜ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਯਿਸੂ ਵਾਸਤੇ ਰਸਤੇ ਤੇ ਆਪਣੇ ਕੱਪੜੇ ਵਿਛਾ ਦਿੱਤੇ। ਕਈਆਂ ਨੇ ਬਿਰਛਾਂ ਦੀ ਟਹਿਣੀਆਂ ਵਢੱਕੇ ਰਸਤੇ ਵਿੱਚ ਵਿਛਾ ਦਿੱਤੀਆਂ। 9 ਭੀੜ ਜਿਹੜੀ ਉਸ ਦੇ ਅੱਗੇ ਤੇ ਪਿੱਛੇ ਚਲੀ ਆਉਂਦੀ ਸੀ ਉੱਚੀ ਆਵਾਜ਼ ਵਿੱਚ ਆਖਣ ਲੱਗੀ,
“ਦਾਊਦ ਦੇ ਪੁੱਤਰ ਨੂੰ ਉਸਤਤਿ
‘ਉਹ ਧੰਨ ਹੈ ਜਿਹੜਾ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ!’ (T)
ਸਵਰਗ ਵਿੱਚ ਪਰਮੇਸ਼ੁਰ ਨੂੰ ਉਸਤਤਿ!”
10 ਜਦੋਂ ਯਿਸੂ ਨੇ ਯਰੂਸ਼ਲਮ ਵਿੱਚ ਪ੍ਰਵੇਸ਼ ਕੀਤਾ, ਉਸ ਸ਼ਹਿਰ ਦੇ ਸਾਰੇ ਲੋਕ ਸ਼ਸ਼ੋਪੰਚ ਵਿੱਚ ਪੈ ਗਏ ਅਤੇ ਪੁੱਛਿਆ, “ਇਹ ਆਦਮੀ ਕੌਣ ਹੈ?”
11 ਯਿਸੂ ਨਾਲ ਜਾ ਰਹੀ ਭੀੜ ਨੇ ਉੱਤਰ ਦਿੱਤਾ, “ਇਹ ਯਿਸੂ ਹੈ, ਗਲੀਲ ਦੇ ਕਸਬੇ ਨਾਸਰਤ ਦਾ ਇੱਕ ਨਬੀ।”
ਯਿਸੂ ਦਾ ਮੰਦਰ ਵਿੱਚ ਹੋਣਾ(U)
12 ਫ਼ੇਰ ਯਿਸੂ ਮੰਦਰ ਦੇ ਇਲਾਕੇ ਵੱਲ ਗਿਆ ਉਸ ਨੇ ਉਨ੍ਹਾਂ ਸਭ ਲੋਕਾਂ ਨੂੰ ਜਿਹੜੇ ਉੱਥੇ ਚੀਜ਼ਾਂ ਖਰੀਦ ਅਤੇ ਵੇਚ ਰਹੇ ਸਨ ਬਾਹਰ ਕੱਢ ਦਿੱਤਾ। ਅਤੇ ਸਰਾਫ਼ਾਂ ਦੇ ਤਖਤਪੋਸ਼ ਅਤੇ ਘੁੱਗੀਆਂ ਵੇਚਣ ਵਾਲਿਆਂ ਦੀਆਂ ਮੇਜ਼ਾਂ ਉਲਟਾ ਸੁੱਟੀਆਂ। 13 “ਉਸਨੇ ਉਨ੍ਹਾਂ ਲੋਕਾਂ ਨੂੰ ਆਖਿਆ, ਇਹ ਪੋਥੀਆਂ ਵਿੱਚ ਲਿਖਿਆ ਹੈ, ‘ਕਿ ਮੇਰਾ ਘਰ ਪ੍ਰਾਰਥਨਾ ਦਾ ਘਰ ਸਦਾਵੇਗਾ’ [h] ਪਰ ਤੁਸੀਂ ਇਸ ਜਗ੍ਹਾ ਨੂੰ ਚੋਰਾ ਦੇ ਲੁਕਣ ਦੀ ਜਗ੍ਹਾ ਬਣਾ ਰਹੇ ਹੋ।’” [i]
14 ਅਤੇ ਉਸ ਮੰਦਰ ਦੇ ਇਲਾਕੇ ਵਿੱਚ ਬਹੁਤ ਸਾਰੇ ਅੰਨ੍ਹੇ ਅਤੇ ਲੰਗੜ੍ਹੇ ਯਿਸੂ ਕੋਲ ਆਏ ਅਤੇ ਉਸ ਨੇ ਉਨ੍ਹਾਂ ਨੂੰ ਚੰਗਾ ਕੀਤਾ। 15 ਜਦੋਂ ਪਰਧਾਨ ਜਾਜਕਾਂ ਅਤੇ ਨੇਮ ਦੇ ਉਪਦੇਸ਼ਕਾਂ ਨੇ ਉਨ੍ਹਾਂ ਅਚਰਜ ਕੰਮਾਂ ਨੂੰ ਦੇਖਿਆ ਜਿਹੜੇ ਉਸ ਨੇ ਕੀਤੇ ਅਤੇ ਬੱਚਿਆਂ ਨੂੰ ਉਸ ਮੰਦਰ ਵਿੱਚ ਉੱਚੀ ਅਵਾਜ਼ ਨਾਲ ਬੋਲਦੇ ਅਤੇ “ਦਾਊਦ ਦੇ ਪੁੱਤਰ ਨੂੰ ਉਸਤਤਿ” ਆਖਦੇ ਵੇਖਿਆ ਤਾਂ ਉਹ ਗੁੱਸੇ ਵਿੱਚ ਆ ਗਏ।
16 ਉਨ੍ਹਾਂ ਨੇ ਯਿਸੂ ਨੂੰ ਆਖਿਆ, “ਕੀ ਤੂੰ ਸੁਣ ਰਿਹਾ ਹੈਂ ਇਹ ਬੱਚੇ ਕੀ ਆਖ ਰਹੇ ਹਨ?”
ਯਿਸੂ ਨੇ ਉੱਤਰ ਦਿੱਤਾ, “ਕੀ ਤੁਸੀਂ ਕਦੇ ਵੀ ਪੋਥੀਆਂ ਵਿੱਚ ਨਹੀਂ ਪੜ੍ਹਿਆ, ‘ਤੁਸੀਂ ਬੱਚਿਆਂ ਅਤੇ ਜੁਆਕਾਂ ਨੂੰ ਉਸਤਤਿ ਕਰਨੀ ਸਿੱਖਾਈ?’” [j]
17 ਇਹ ਵਾਪਰਨ ਤੋਂ ਬਾਅਦ ਯਿਸੂ ਉਨ੍ਹਾਂ ਲੋਕਾਂ ਤੋਂ ਵਿਦਾ ਹੋ ਗਿਆ ਅਤੇ ਰਾਤ ਕੱਟਣ ਲਈ ਬਾਹਰ ਬੈਤਅਨੀਆ ਸ਼ਹਿਰ ਨੂੰ ਚੱਲਿਆ ਗਿਆ।
ਯਿਸੂ ਨੇ ਵਿਸ਼ਵਾਸ ਦੀ ਸ਼ਕਤੀ ਵਿਖਾਈ(V)
18 ਅਗਲੀ ਸਵੇਰ ਜਦ ਯਿਸੂ ਸ਼ਹਿਰ ਵੱਲ ਮੁੜਿਆ ਜਾਂਦਾ ਸੀ ਤਾਂ ਉਸ ਨੂੰ ਭੁੱਖ ਲੱਗੀ। 19 ਰਸਤੇ ਵਿੱਚ ਅੰਜੀਰ ਦਾ ਬਿਰਛ ਵੇਖਕੇ ਉਸ ਦੇ ਨੇੜੇ ਗਿਆ ਪਰ ਸਿਵਾਇ ਪੱਤਿਆਂ ਦੇ ਉੱਥੇ ਉਸ ਨੂੰ ਹੋਰ ਕੁਝ ਵੀ ਨਾ ਲੱਭਿਆ ਤਾਂ ਉਸ ਨੇ ਬਿਰਛ ਨੂੰ ਕਿਹਾ ਕਿ “ਅੱਜ ਤੋਂ ਤੈਨੂੰ ਭਵਿੱਖ ਵਿੱਚ ਕਦੇ ਵੀ ਫ਼ਲ ਨਾ ਲੱਗਣ।” ਤੁਰੰਤ ਹੀ ਰੁੱਖ ਸੁੱਕ ਗਿਆ।
20 ਚੇਲੇ ਵੇਖਕੇ ਹੈਰਾਨ ਹੋਏ ਅਤੇ ਉਨ੍ਹਾਂ ਨੇ ਪੁੱਛਿਆ, “ਅੰਜੀਰ ਦਾ ਰੁੱਖ ਇੰਨੀਂ ਛੇਤੀ ਕਿਵੇਂ ਕੁਮਲਾ ਗਿਆ?”
21 ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜੇਕਰ ਤੁਹਾਨੂੰ ਨਿਹਚਾ ਹੋਵੇ ਅਤੇ ਤੁਸੀਂ ਕੋਈ ਭਰਮ ਨਾ ਰੱਖੋ। ਤੁਸੀਂ ਸਿਰਫ਼ ਇਹੋ ਹੀ ਕਰੋਂਗੇ ਜੋ ਅੰਜੀਰ ਦੇ ਬਿਰਛ ਨਾਲ ਮੈਂ ਕੀਤਾ ਸਗੋਂ ਤੁਸੀਂ ਇਸ ਪਹਾੜ ਨੂੰ ਵੀ ਆਖ ਸੱਕਦੇ ਹੋ ਜਾ ਅਤੇ ਸਮੁੰਦਰ ਵਿੱਚ ਜਾਕੇ ਡਿੱਗ ਤਾਂ ਅਜਿਹਾ ਹੀ ਹੋਵੇਗਾ। 22 ਜੇਕਰ ਤੁਸੀਂ ਵਿਸ਼ਵਾਸ ਕਰੋ, ਤਾਂ ਉਹ ਸਭ ਕੁਝ ਜੋ ਤੁਸੀਂ ਪ੍ਰਾਰਥਨਾ ਰਾਹੀਂ ਮੰਗੋਂਗੇ ਤੁਹਾਨੂੰ ਦਿੱਤਾ ਜਾਵੇਗਾ।”
ਯਹੂਦੀ ਆਗੂਆਂ ਨੇ ਯਿਸੂ ਦੇ ਅਧਿਕਾਰ ਤੇ ਸ਼ੱਕ ਕੀਤਾ(W)
23 ਜਦੋਂ ਯਿਸੂ ਮੰਦਰ ਦੇ ਇਲਾਕੇ ਵਿੱਚ ਦਾਖਲ ਹੋਇਆ, ਅਤੇ ਜਦੋਂ ਉਹ ਉਪਦੇਸ਼ ਦੇ ਰਿਹਾ ਸੀ ਤਾਂ ਪ੍ਰਧਾਨ ਜਾਜਕ ਅਤੇ ਲੋਕਾਂ ਦੇ ਬਜ਼ੁਰਗ ਉਸ ਪਾਸੇ ਆਏ ਅਤੇ ਕਹਿਣ ਲੱਗੇ “ਇਹ ਸਭ ਤੂੰ ਕਿਸ ਅਧਿਕਾਰ ਨਾਲ ਕਰਦਾ ਹੈ? ਇਹ ਅਧਿਕਾਰ ਤੈਨੂੰ ਕਿਸਨੇ ਦਿੱਤਾ?”
24 ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਮੈਂ ਵੀ ਤੁਹਾਨੂੰ ਇੱਕ ਸਵਾਲ ਪੁੱਛਦਾ ਹਾਂ। ਜੇਕਰ ਤੁਸੀਂ ਮੈਨੂੰ ਉੱਤਰ ਦੇਵੋ ਮੈਂ ਵੀ ਤੁਹਾਨੂੰ ਦੱਸਾਂਗਾ ਕਿ ਕਿਸ ਅਧਿਕਾਰ ਨਾਲ ਮੈਂ ਇਹ ਸਭ ਗੱਲਾਂ ਕਰਦਾ ਹਾਂ। 25 ਯੂਹੰਨਾ ਦਾ ਬਪਤਿਸਮਾ ਕੀ ਇਹ ਪਰਮੇਸ਼ੁਰ ਵੱਲੋਂ ਆਇਆ ਜਾਂ ਮਨੁੱਖਾਂ ਵੱਲੋਂ?”
ਉਨ੍ਹਾਂ ਨੇ ਆਪਸ ਵਿੱਚ ਵਿੱਚਾਰ ਕੀਤਾ, ਜੇ ਅਸੀਂ ਕਹੀਏ “ਯੂਹੰਨਾ ਦਾ ਬਪਤਿਸਮਾ ਸਵਰਗ ਵੱਲੋਂ ਸੀ” ਤਾਂ ਉਹ ਸਾਨੂੰ ਆਖੇਗਾ ਕਿ ਫ਼ੇਰ ਤੁਸੀਂ ਉਸਤੇ ਭਰੋਸਾ ਕਿਉਂ ਨਾ ਕੀਤਾ? 26 ਪਰ ਜੇਕਰ ਅਸੀਂ ਆਖੀਏ, ‘ਇਹ ਲੋਕਾਂ ਵੱਲੋਂ ਸੀ’, ਤਾਂ ਸਾਰੇ ਲੋਕ ਸਾਡੇ ਨਾਲ ਗੁੱਸੇ ਹੋਣਗੇ। ਕਿਉਂਕਿ ਇਹ ਸਭ ਯੂਹੰਨਾ ਨੂੰ ਨਬੀ ਸਮਝਦੇ ਹਨ।”
27 ਸੋ ਉਨ੍ਹਾਂ ਨੇ ਯਿਸੂ ਨੂੰ ਉੱਤਰ ਦਿੱਤਾ, “ਅਸੀਂ ਨਹੀਂ ਜਾਣਦੇ ਕਿ ਯੂਹੰਨਾ ਨੂੰ ਬਪਤਿਸਮਾ ਦੇਣ ਦੀ ਸ਼ਕਤੀ, ਕਿੱਥੋਂ ਆਈ।”
ਤਾਂ ਫ਼ਿਰ ਯਿਸੂ ਨੇ ਆਖਿਆ, “ਤਾਂ ਮੈਂ ਵੀ ਤੁਹਾਨੂੰ ਨਹੀਂ ਦੱਸਾਂਗਾ ਕਿ ਇਹ ਸਭ ਗੱਲਾਂ ਮੈਂ ਕਿਸ ਅਧਿਕਾਰ ਨਾਲ ਕਰ ਰਿਹਾ ਹਾਂ।
ਯਿਸੂ ਦੋ ਪੁੱਤਰਾਂ ਦੀ ਦ੍ਰਿਸ਼ਟਾਂਤ ਸੁਨਾਉਂਦਾ
28 “ਮੈਨੂੰ ਦੱਸੋ ਕਿ ਤੁਸੀਂ ਕੀ ਸੋਚਦੇ ਹੋ? ਇੱਕ ਮਨੁੱਖ ਦੇ ਦੋ ਪੁੱਤਰ ਸਨ ਅਤੇ ਉਹ ਪਹਿਲੇ ਦੇ ਕੋਲ ਆਕੇ ਬੋਲਿਆ, ‘ਪੁੱਤਰ, ਜਾ! ਅੱਜ ਅੰਗੂਰ ਦੇ ਬਾਗ ਵਿੱਚ ਕੰਮ ਕਰ।’
29 “ਉਸਨੇ ਉੱਤਰ ਦਿੱਤਾ, ‘ਮੈਂ ਨਹੀਂ ਜਾਵਾਂਗਾ’, ਪੁੱਤਰ ਬਾਦ ਵਿੱਚ, ਉਸ ਨੇ ਆਪਣਾ ਮਨ ਬਦਲਿਆ ਅਤੇ ਚੱਲਿਆ ਗਿਆ।
30 “ਫ਼ੇਰ ਪਿਤਾ ਦੂਜੇ ਪੁੱਤਰ ਕੋਲ ਗਿਆ ਅਤੇ ਉਸ ਨੂੰ ਵੀ ਉਹੀ ਗੱਲ ਕਹੀ। ਉਸ ਨੇ ਉੱਤਰ ਦਿੱਤਾ, ‘ਹਾਂ ਜੀ, ਮੈਂ ਜਾਵਾਂਗਾ।’ ਪਰ ਉਹ ਨਾ ਗਿਆ।
31 “ਸੋ ਦੋਹਾਂ ਵਿੱਚੋਂ ਕਿਸਨੇ ਪਿਤਾ ਦੀ ਮਰਜ਼ੀ ਪੂਰੀ ਕੀਤੀ?”
ਉਨ੍ਹਾਂ ਆਖਿਆ, “ਪਹਿਲੇ ਨੇ।”
ਯਿਸੂ ਨੇ ਉਨ੍ਹਾਂ ਨੂੰ ਕਿਹਾ, “ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਮਸੂਲੀਏ ਅਤੇ ਕੰਜਰੀਆਂ ਤੁਹਾਡੇ ਨਾਲੋਂ ਪਹਿਲਾਂ ਪਰਮੇਸ਼ੁਰ ਦੇ ਰਾਜ ਵਿੱਚ ਜਾਂਦੇ ਹਨ। 32 ਕਿਉਂਕਿ ਯੂਹੰਨਾ ਤੁਹਾਨੂੰ ਜਿਉਣ ਦਾ ਸਹੀ ਢੰਗ ਸਿੱਖਾਉਣ ਲਈ ਆਇਆ ਪਰ ਤੁਸੀਂ ਉਸਦੀ ਪਰਤੀਤ ਨਾ ਕੀਤੀ ਸਗੋਂ ਮਸੂਲੀਆਂ ਅਤੇ ਕੰਜਰੀਆਂ ਨੇ ਉਸਦੀ ਪਰਤੀਤ ਕੀਤੀ। ਪਰ ਤੁਸੀਂ ਇਹ ਵੇਖਕੇ ਪਿੱਛੋਂ ਵੀ ਆਪਣੇ ਜੀਵਨ ਨਹੀਂ ਬਦਲੇ ਅਤੇ ਨਾ ਹੀ ਉਸ ਉੱਤੇ ਵਿਸ਼ਵਾਸ ਕੀਤਾ।
ਪਰਮੇਸ਼ੁਰ ਆਪਣਾ ਪੁੱਤਰ ਭੇਜਦਾ ਹੈ(X)
33 “ਇੱਕ ਹੋਰ ਦ੍ਰਿਸ਼ਟਾਂਤ ਸੁਣੋ: ਇੱਕ ਜ਼ਿਮੀਦਾਰ ਸੀ। ਉਸ ਨੇ ਇੱਕ ਅੰਗੂਰਾਂ ਦਾ ਬਾਗ ਲਾਇਆ। ਉਸ ਨੇ ਖੇਤ ਦੇ ਚੁਫ਼ੇਰੇ ਵਾੜ ਕਰ ਦਿੱਤੀ ਅਤੇ ਉਸ ਨੇ ਰਸ ਵਾਸਤੇ ਇੱਕ ਚੁਬੱਚਾ ਕੱਢਿਆ। ਫ਼ਿਰ ਉਸ ਆਦਮੀ ਨੇ ਉੱਥੇ ਇੱਕ ਬੁਰਜ ਉਸਾਰਿਆ ਅਤੇ ਉਸ ਨੂੰ ਕਿਸਾਨਾਂ ਦੇ ਹੱਥ ਸੌਂਪਕੇ ਖੁਦ ਪਰਦੇਸ ਚੱਲਿਆ ਗਿਆ। 34 ਜਦੋਂ ਫ਼ਲਾਂ ਦੀ ਰੁੱਤ ਨੇੜੇ ਆਈ ਤਾਂ ਉਸ ਨੇ ਆਪਣੇ ਨੋਕਰ ਕਿਸਾਨਾਂ ਦੇ ਕੋਲ ਆਪਣੇ ਅੰਗੂਰਾਂ ਦਾ ਹਿੱਸਾ ਲੈਣ ਲਈ ਭੇਜੇ।
35 “ਪਰ ਕਿਸਾਨਾਂ ਨੇ ਉਨ੍ਹਾਂ ਨੂੰ ਫ਼ੜ ਲਿਆ ਅਤੇ ਇੱਕ ਨੂੰ ਕੁਟਿਆ ਦੂਜੇ ਨੂੰ ਮਾਰ ਦਿੱਤਾ ਅਤੇ ਤੀਜੇ ਨੋਕਰ ਨੂੰ ਪੱਥਰਾਂ ਨਾਲ ਮਾਰ ਦਿੱਤਾ। 36 ਫ਼ੇਰ ਮਾਲਕ ਨੇ ਪਹਿਲੀ ਵਾਰ ਨਾਲੋਂ ਵੱਧ ਨੋਕਰ ਕਿਸਾਨਾਂ ਕੋਲ ਭੇਜੇ ਪਰ ਕਿਸਾਨਾਂ ਨੇ ਉਨ੍ਹਾਂ ਨਾਲ ਵੀ ਉਸੇ ਤਰ੍ਹਾਂ ਹੀ ਕੀਤਾ। 37 ਅਖੀਰ ਵਿੱਚ ਮਾਲਕ ਨੇ ਆਪਣੇ ਪੁੱਤਰ ਨੂੰ ਉਨ੍ਹਾਂ ਦੇ ਕੋਲ ਇਹ ਸੋਚਕੇ ਭੇਜਿਆ ਕਿ ‘ਉਹ ਮੇਰੇ ਪੁੱਤਰ ਦਾ ਆਦਰ ਕਰਨਗੇ।’
38 “ਪਰ ਜਦੋਂ ਕਿਸਾਨਾਂ ਨੇ ਉਸ ਦੇ ਪੁੱਤਰ ਨੂੰ ਵੇਖਿਆ ਤਾਂ ਆਪਸ ਵਿੱਚ ਸੋਚਿਆ, ‘ਵਾਰਸ ਇਹੋ ਹੈ। ਅਸੀਂ ਇਸ ਨੂੰ ਮਾਰ ਦੇਈਏ ਅਤੇ ਉਸ ਦੇ ਵਿਰਸੇ ਤੇ ਕਬਜ਼ਾ ਕਰ ਲਈਏ।’ 39 ਤਾਂ ਉਨ੍ਹਾਂ ਨੇ ਪੁੱਤਰ ਨੂੰ ਫ਼ੜ ਲਿਆ ਅਤੇ ਬਾਗ ਵਿੱਚੋਂ ਬਾਹਰ ਕੱਢ ਉਸ ਨੂੰ ਮਾਰ ਦਿੱਤਾ।
40 “ਤਾਂ ਜਦੋਂ ਖੇਤ ਦਾ ਮਾਲਕ ਆਵੇਗਾ, ਉਹ ਉਨ੍ਹਾਂ ਕਿਸਾਨਾਂ ਨਾਲ ਕੀ ਕਰੇਗਾ?”
41 ਉਨ੍ਹਾਂ ਨੇ ਉਸ ਨੂੰ ਆਖਿਆ, “ਉਹ ਉਨ੍ਹਾਂ ਦੁਸ਼ਟ ਲੋਕਾਂ ਨੂੰ ਕਸ਼ਟ ਦਾਇੱਕ ਮੌਤ ਦੇਵੇਗਾ ਅਤੇ ਖੇਤ ਹੋਰਨਾਂ ਕਿਸਾਨਾਂ ਦੇ ਹੱਥ ਸੌਂਪ ਦੇਵੇਗਾ ਜੋ ਉਸ ਨੂੰ ਵਾਢੀ ਦੇ ਸਮੇਂ ਉਸਦਾ ਹਿੱਸਾ ਦੇਣਗੇ।”
42 ਯਿਸੂ ਨੇ ਉਨ੍ਹਾਂ ਨੂੰ ਆਖਿਆ, “ਭਲਾ ਤੁਸੀਂ ਪੋਥੀਆਂ ਵਿੱਚ ਕਦੇ ਨਹੀਂ ਪੜ੍ਹਿਆ:
‘ਜਿਹੜਾ ਪੱਥਰ ਰਾਜਾਂ ਦੁਆਰਾ ਨਾਮੰਜ਼ੂਰ ਕੀਤਾ ਗਿਆ
ਸੀ ਖੂੰਜੇ ਦਾ ਸਿਰਾ ਹੋ ਗਿਆ।
ਪ੍ਰਭੂ ਨੇ ਇਸ ਨੂੰ ਵਾਪਰਨ ਦਿੱਤਾ
ਅਤੇ ਸਾਡੇ ਲਈ ਇਹ ਅਚੰਭਾ ਹੈ।’ (Y)
43 “ਇਸ ਕਰਕੇ ਮੈਂ ਤੁਹਾਨੂੰ ਆਖਦਾ ਹਾਂ ਕਿ ਪਰਮੇਸ਼ੁਰ ਦਾ ਰਾਜ ਤੁਹਾਡੇ ਕੋਲੋਂ ਖੋਹਿਆ ਜਾਵੇਗਾ ਅਤੇ ਇਹ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਵੇਗਾ ਜਿਹੜੇ ਉਹੀ ਗੱਲਾਂ ਕਰਨਗੇ ਜੋ ਪਰਮੇਸ਼ੁਰ ਆਪਣੇ ਰਾਜ ਵਿੱਚ ਚਾਹੁੰਦਾ ਹੈ। 44 ਜੇਕਰ ਕੋਈ ਉਸ ਪੱਥਰ ਉੱਤੇ ਡਿੱਗੇਗਾ, ਉਹ ਚੂਰ-ਚੂਰ ਹੋ ਜਾਵੇਗਾ। ਜੇਕਰ ਪੱਥਰ ਕਿਸੇ ਉੱਪਰ ਡਿੱਗੇਗਾ, ਤਾਂ ਉਹ ਵਿਅਕਤੀ ਵੀ ਪੱਥਰ ਦੁਆਰਾ ਕੁਚੱਲਿਆ ਜਾਵੇਗਾ।”
45 ਜਦੋਂ ਪ੍ਰਧਾਨ ਜਾਜਕਾਂ ਅਤੇ ਫ਼ਰੀਸੀਆਂ ਨੇ ਯਿਸੂ ਦੇ ਆਖੇ ਦ੍ਰਿਸ਼ਟਾਂਤ ਸੁਣੇ, ਤਾਂ ਉਹ ਜਾਣ ਗਏ ਕਿ ਉਹ ਉਨ੍ਹਾਂ ਬਾਰੇ ਹੀ ਗੱਲਾਂ ਕਰ ਰਿਹਾ ਸੀ। 46 ਉਹ ਉਸ ਨੂੰ ਗਿਰਫ਼ਤਾਰ ਕਰਨ ਦਾ ਕੋਈ ਉਪਾਅ ਕਰਨਾ ਚਾਹੁੰਦੇ ਸਨ, ਪਰ ਉਹ ਲੋਕਾਂ ਤੋਂ ਡਰਦੇ ਸਨ ਕਿਉਂਕਿ ਉਹ ਉਸ ਨੂੰ ਨਬੀਂ ਮੰਨਦੇ ਸਨ।
ਵਿਆਹ ਦੀ ਦਾਵਤ ਦੇ ਨਿਉਂਤੇ ਬਾਰੇ ਇੱਕ ਦ੍ਰਿਸ਼ਟਾਂਤ(Z)
22 ਯਿਸੂ ਉਨ੍ਹਾਂ ਨਾਲ ਫ਼ੇਰ ਦ੍ਰਿਸ਼ਟਾਤਾਂ ਵਿੱਚ ਬੋਲਿਆ: 2 “ਸਵਰਗ ਦਾ ਰਾਜ ਇੱਕ ਬਾਦਸ਼ਾਹ ਵਰਗਾ ਹੈ ਜਿਸਨੇ ਆਪਣੇ ਪੁੱਤਰ ਦੇ ਵਿਆਹ ਦੀ ਦਾਵਤ ਤਿਆਰ ਕਰਵਾਈ। 3 ਰਾਜੇ ਨੇ ਆਪਣੇ ਨੋਕਰਾਂ ਨੂੰ ਉਨ੍ਹਾਂ ਲੋਕਾਂ ਨੂੰ ਲਿਆਉਣ ਲਈ ਭੇਜਿਆ ਜਿਨ੍ਹਾਂ ਨੂੰ ਉਸ ਨੇ ਵਿਆਹ ਦੀ ਦਾਵਤ ਤੇ ਸੱਦਾ ਦਿੱਤਾ ਸੀ। ਜਦੋਂ ਦਾਵਤ ਦੀ ਤਿਆਰੀ ਹੋ ਗਈ ਤਾਂ ਉਸ ਨੇ ਜਿਨ੍ਹਾਂ ਨੂੰ ਸੱਦਾ ਦਿੱਤਾ ਸੀ ਉਨ੍ਹਾਂ ਨੂੰ ਨੋਕਰਾਂ ਹੱਥ ਆਉਣ ਲਈ ਸੁਨੇਹਾ ਭੇਜਿਆ, ਪਰ ਲੋਕਾਂ ਨੇ ਰਾਜੇ ਦੀ ਦਾਵਤ ਤੇ ਆਉਣ ਤੋਂ ਇਨਕਾਰ ਕਰ ਦਿੱਤਾ।
4 “ਫ਼ੇਰ ਉਸ ਨੇ ਹੋਰ ਵੱਧ ਨੋਕਰਾਂ ਨੂੰ ਸੱਦੇ ਹੋਏ ਲੋਕਾਂ ਨੂੰ ਦੱਸਣ ਲਈ ਭੇਜਿਆ, ‘ਉਨ੍ਹਾਂ ਲੋਕਾਂ ਨੂੰ ਦੱਸੋ ਜਿਨ੍ਹਾਂ ਨੂੰ ਮੈਂ ਸੱਦਿਆ; ਦਾਵਤ ਤਿਆਰ ਹੈ। ਮੈਂ ਆਪਣੇ ਬਲਦਾਂ ਅਤੇ ਮੋਟੇ ਪਸ਼ੂਆਂ ਨੂੰ ਖਾਣ ਲਈ ਵੱਢਿਆ ਹੈ ਤੇ ਸਭ ਕੁਝ ਤਿਆਰ ਹੈ ਵਿਆਹ ਦੀ ਦਾਵਤ ਲਈ ਆਓ।’
5 “ਸੇਵਕ ਗਏ ਅਤੇ ਲੋਕਾਂ ਨੂੰ ਆਉਣ ਵਾਸਤੇ ਕਹਿ ਆਏ” ਪਰ ਲੋਕਾਂ ਨੇ ਉਨ੍ਹਾਂ ਨੂੰ ਸੁਨਣ ਤੋਂ ਇਨਕਾਰ ਕਰ ਦਿੱਤਾ। ਕੋਈ ਆਪਣੇ ਖੇਤਾਂ ਨੂੰ ਚੱਲਾ ਗਿਆ ਅਤੇ ਕੋਈ ਆਪਣੇ ਵਣਜ ਨੂੰ। 6 ਕੁਝ ਹੋਰ ਲੋਕਾਂ ਨੇ ਇਕੱਠੇ ਹੋਕੇ ਉਨ੍ਹਾਂ ਨੋਕਰਾਂ ਨੂੰ ਫ਼ੜਿਆ, ਕੁਟਿਆ ਅਤੇ ਜਾਨੋ ਮਾਰ ਦਿੱਤਾ। 7 ਬਾਦਸ਼ਾਹ ਨੂੰ ਬੜਾ ਗੁੱਸਾ ਆਇਆ। ਉਸ ਨੇ ਉਨ੍ਹਾਂ ਕਾਤਲਾਂ ਨੂੰ ਮਾਰਨ ਲਈ ਅਤੇ ਉਨ੍ਹਾਂ ਦਾ ਸ਼ਹਿਰ ਸਾੜਨ ਲਈ ਆਪਣੀ ਫ਼ੌਜ ਨੂੰ ਭੇਜਿਆ।
8 “ਉਸਤੋਂ ਬਾਦ ਬਾਦਸ਼ਾਹ ਨੇ ਆਪਣੇ ਨੋਕਰਾਂ ਨੂੰ ਆਖਿਆ, ‘ਦਾਵਤ ਤਾਂ ਤਿਆਰ ਹੀ ਹੈ। ਮੈਂ ਜਿਨ੍ਹਾਂ ਨੂੰ ਇਸ ਦਾਵਤ ਲਈ ਸੱਦਾ ਦਿੱਤਾ ਸੀ ਉਹ ਇਸ ਕਾਬਿਲ ਨਹੀਂ ਸੀ ਕਿ ਇੱਥੇ ਆਉਂਦੇ। 9 ਸੋ ਤੁਸੀਂ ਚੁਰਾਹਿਆਂ ਤੇ ਜਾਵੋ ਅਤੇ ਜਿਨ੍ਹਾਂ ਲੋਕਾਂ ਨੂੰ ਵੀ ਤੁਸੀਂ ਮਿਲੋ ਉਨ੍ਹਾਂ ਨੂੰ ਵਿਆਹ ਦੀ ਦਾਵਤ ਤੇ ਆਉਣ ਦਾ ਨਿਉਂਤਾ ਦਿਉ।’ 10 ਤਾਂ ਨੋਕਰ ਬਾਹਰ ਚੁਰਾਹਿਆਂ ਤੇ ਗਏ। ਜਿਨ੍ਹਾਂ ਨੂੰ ਵੀ ਉਹ ਲੱਭ ਸੱਕੇ, ਉਨ੍ਹਾਂ ਨੇ ਸਾਰੇ ਭਲੇ ਬੁਰੇ ਲੋਕ ਇਕੱਠੇ ਕਰ ਲਏ। ਤਾਂ ਉਹ ਜਗ੍ਹਾ ਮਹਿਮਾਨਾਂ ਨਾਲ ਭਰ ਗਈ।
11 “ਜਦੋਂ ਬਾਦਸ਼ਾਹ ਮਹਿਮਾਨਾਂ ਨੂੰ ਵੇਖਣ ਅੰਦਰ ਆਇਆ, ਤਾਂ ਉਸ ਨੇ ਇੱਕ ਆਦਮੀ ਨੂੰ ਵੇਖਿਆ ਜਿਸਨੇ ਵਿਆਹ ਦੇ ਕੱਪੜੇ ਨਹੀਂ ਪਾਏ ਹੋਏ ਸਨ। 12 ਬਾਦਸ਼ਾਹ ਨੇ ਉਸ ਨੂੰ ਕਿਹਾ, ‘ਭਈ ਤੂੰ ਇੱਥੇ ਵਿਆਹ ਵਾਲੀ ਪੋਸ਼ਾਕ ਪਾਏ ਬਗੈਰ ਅੰਦਰ ਕਿਵੇਂ ਆਇਆ?’ ਪਰ ਉਸ ਆਦਮੀ ਨੇ ਕੁਝ ਨਾ ਕਿਹਾ। 13 ਤਾਂ ਬਾਦਸ਼ਾਹ ਨੇ ਕੁਝ ਨੋਕਰਾਂ ਨੂੰ ਕਿਹਾ, ‘ਇਸ ਦੇ ਹੱਥ-ਪੈਰ ਬੰਨ੍ਹਕੇ ਇਸ ਨੂੰ ਬਾਹਰ ਦੇ ਹਨੇਰ ਵਿੱਚ ਸੁੱਟ ਦਿਉ। ਉਸ ਜਗ਼੍ਹਾ ਲੋਕ ਰੋਂਦੇ ਹੋਣਗੇ ਅਤੇ ਦਰਦ ਨਾਲ ਆਪਣੇ ਦੰਦ ਕਰੀਚ ਰਹੇ ਹੋਣਗੇ।’
14 “ਹਾਂ, ਬਹੁਤ ਸਾਰਿਆਂ ਨੂੰ ਸੱਦਾ ਦਿੱਤਾ ਗਿਆ ਹੈ ਪਰ ਥੋੜੇ ਹੀ ਚੁਣੇ ਗਏ ਹਨ।”
ਕੁਝ ਯਹੂਦੀਆਂ ਨੇ ਯਿਸੂ ਨਾਲ ਧੋਖਾ ਕਰਨ ਦੀ ਕੋਸ਼ਿਸ਼ ਕੀਤੀ(AA)
15 ਉਸਤੋਂ ਬਾਦ ਫ਼ਰੀਸੀ ਬਾਹਰ ਗਏ ਅਤੇ ਉਨ੍ਹਾਂ ਨੇ ਯਿਸੂ ਨੂੰ ਪ੍ਰਸ਼ਨਾਂ ਰਾਹੀਂ ਫ਼ਸਾਉਣ ਦਾ ਫ਼ੈਸਲਾ ਕੀਤਾ। 16 ਉਨ੍ਹਾਂ ਨੇ ਆਪਣੇ ਕੁਝ ਚੇਲਿਆਂ ਨੂੰ ਹੇਰੋਦੀਆਂ ਨਾਮੇ ਸਮੂਹ ਦੇ ਕੁਝ ਆਦਮੀਆਂ ਨਾਲ ਯਿਸੂ ਕੋਲ ਭੇਜਿਆ। ਇਨ੍ਹਾਂ ਆਦਮੀਆਂ ਨੇ ਆਖਿਆ, “ਗੁਰੂ ਜੀ, ਅਸੀਂ ਜਾਣਦੇ ਹਾਂ ਕਿ ਤੁਸੀਂ ਇੱਕ ਇਮਾਨਦਾਰ ਆਦਮੀ ਹੋ ਅਤੇ ਤੁਸੀਂ ਪਰਮੇਸ਼ੁਰ ਦੇ ਰਾਹ ਬਾਰੇ ਸੱਚਾਈ ਦਾ ਉਪਦੇਸ਼ ਦਿੰਦੇ ਹੋ। ਤੁਸੀਂ ਕਿਸੇ ਤੋਂ ਵੀ ਪ੍ਰਭਾਵਿਤ ਨਹੀਂ ਹੁੰਦੇ ਕਿਉਂਕਿ ਤੁਸੀਂ ਇਸ ਗੱਲ ਦੀ ਪ੍ਰਵਾਹ ਨਹੀਂ ਕਰਦੇ ਕਿ ਉਹ ਕੌਣ ਹਨ? 17 ਸੋ ਸਾਨੂੰ ਦੱਸੋ ਕਿ ਤੁਸੀਂ ਕੀ ਸੋਚਦੇ ਹੋ ਕੀ ਕੈਸਰ [k] ਨੂੰ ਮਸੂਲ ਦੇਣਾ ਨਿਆਂ ਅਨੁਸਾਰ ਹੈ ਜਾਂ ਨਹੀਂ?”
18 ਪਰ ਯਿਸੂ ਉਨ੍ਹਾਂ ਦੇ ਦੁਸ਼ਟ ਇਰਾਦਿਆਂ ਨੂੰ ਜਾਣਦਾ ਸੀ ਤਾਂ ਉਸ ਨੇ ਆਖਿਆ, “ਤੁਸੀਂ ਕਪਟੀ ਹੋ, ਤੁਸੀਂ ਮੈਨੂੰ ਫ਼ਸਾਉਣ ਦੀ ਕੋਸ਼ਿਸ਼ ਕਿਉਂ ਕਰ ਰਹੇ ਹੋ? 19 ਜਿਹੜਾ ਸਿੱਕਾ ਤੁਸੀਂ ਮਹਿਸੂਲ ਦਿੰਦੇ ਹੋ ਮੈਨੂੰ ਵਿਖਾਓ।” ਤਦ ਉਹ ਇੱਕ ਚਾਂਦੀ ਦਾ ਸਿੱਕਾ ਉਸ ਕੋਲ ਲਿਆਏ। 20 ਤਾਂ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਇਸ ਉੱਪਰ ਇਹ ਮੂਰਤ ਅਤੇ ਲਿਖਤ ਕਿਸਦੀ ਹੈ?”
21 ਉਨ੍ਹਾਂ ਨੇ ਉੱਤਰ ਦਿੱਤਾ, “ਇਹ ਕੈਸਰ ਦੀ ਤਸਵੀਰ ਅਤੇ ਕੈਸਰ ਦਾ ਨਾਂ ਹੈ।”
ਤਦ ਉਸ ਨੇ ਉਨ੍ਹਾਂ ਨੂੰ ਆਖਿਆ, “ਤਾਂ ਫ਼ਿਰ ਜਿਹੜੀਆਂ ਵਸਤਾਂ ਕੈਸਰ ਦੀਆਂ ਹਨ ਉਹ ਕੈਸਰ ਨੂੰ ਦਿਉ ਅਤੇ ਜਿਹੜੀਆਂ ਵਸਤਾਂ ਪਰਮੇਸ਼ੁਰ ਦੀਆਂ ਹਨ ਉਹ ਪਰਮੇਸ਼ੁਰ ਨੂੰ ਦਿਉ।”
22 ਅਤੇ ਉਹ ਇਹ ਸੁਣਕੇ ਬੜੇ ਹੈਰਾਨ ਹੋਏ ਅਤੇ ਉਸ ਨੂੰ ਛੱਡ ਕੇ ਚੱਲੇ ਗਏ।
ਕੁਝ ਸਦੂਕੀਆਂ ਨੇ ਯਿਸੂ ਨਾਲ ਚਾਲ ਚੱਲੀ(AB)
23 ਉਸੇ ਦਿਨ, ਕੁਝ ਸਦੂਕੀ ਯਿਸੂ ਕੋਲ ਆਏ। ਉਹ ਵਿਸ਼ਵਾਸ ਕਰਦੇ ਸਨ ਕਿ ਪੁਨਰ ਉਥਾਨ ਨਹੀਂ ਹੈ। ਅਤੇ ਇਹ ਕਹਿਕੇ ਉਸਤੋਂ ਸਵਾਲ ਪੁੱਛਿਆ, 24 ਕਿ “ਗੁਰੂ ਜੀ ਮੂਸਾ ਨੇ ਆਖਿਆ ਸੀ ਕਿ ਜੇ ਕੋਈ ਵਿਆਹੁਤਾ ਮਰਦ ਬੇਉਲਾਦ ਮਰ ਜਾਵੇ ਤਾਂ ਉਸਦਾ ਭਰਾ ਉਸਦੀ ਪਤਨੀ ਨਾਲ ਵਿਆਹ ਕਰ ਲਵੇ। ਅਤੇ ਉਸ ਨੂੰ ਆਪਣੇ ਭਰਾ ਲਈ ਵਾਰਿਸ ਦੇਣ ਲਈ ਬੱਚੇ ਪੈਦਾ ਕਰਨੇ ਚਾਹੀਦੇ ਹਨ। [l] 25 ਸਾਡੇ ਵਿੱਚਕਾਰ ਸੱਤ ਭਰਾ ਸਨ। ਪਹਿਲੇ ਨੇ ਵਿਆਹ ਕੀਤਾ ਅਤੇ ਮਰ ਗਿਆ। ਕਿਉਂ ਜੋ ਉਸਦੀ ਕੋਈ ਉਲਾਦ ਨਹੀਂ ਸੀ, ਉਸ ਦੇ ਭਰਾ ਨੇ ਉਸਦੀ ਵਿਧਵਾ ਨਾਲ ਵਿਆਹ ਕਰਵਾ ਲਿਆ। 26 ਦੂਜੇ ਅਤੇ ਤੀਜੇ ਭਰਾ ਤੋਂ ਲੈ ਕੇ ਸੱਤਾਂ ਭਰਾਵਾਂ ਨਾਲ ਇਵੇਂ ਹੀ ਵਾਪਰਿਆ। 27 ਸਾਰਿਆਂ ਦੇ ਪਿੱਛੋਂ ਉਹ ਔਰਤ ਵੀ ਮਰ ਗਈ। 28 ਇਸ ਲਈ, ਜਿਵੇਂ ਕਿ ਸਾਰੇ ਭਰਾਵਾਂ ਨੇ ਉਸ ਨਾਲ ਵਿਆਹ ਕੀਤਾ, ਪੁਨਰ ਉਥਾਨ ਦੇ ਦਿਨ ਉਹ ਕਿਸਦੀ ਪਤਨੀ ਹੋਵੇਗੀ?”
29 ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਤੁਸੀਂ ਭੁੱਲ ਵਿੱਚ ਹੋ ਕਿਉਂਕਿ ਤੁਸੀਂ ਨਹੀਂ ਜਾਣਦੇ ਕਿ ਪੋਥੀਆਂ ਕੀ ਆਖਦੀਆਂ ਹਨ। ਅਤੇ ਤੁਸੀਂ ਪਰਮੇਸ਼ੁਰ ਦੀ ਸ਼ਕਤੀ ਬਾਰੇ ਨਹੀਂ ਜਾਣਦੇ। 30 ਕਿਉਂ ਜੋ ਪੁਨਰ ਉਥਾਨ ਤੋਂ ਬਾਦ, ਉੱਥੇ ਕੋਈ ਵਿਆਹ ਨਹੀਂ ਹੋਵੇਗਾ। ਉਹ ਇੱਕ ਦੂਜੇ ਨਾਲ ਵਿਆਹੇ ਨਹੀਂ ਜਾਨਗੇ। ਉਹ ਸਵਰਗ ਵਿੱਚ ਦੂਤਾਂ ਵਾਂਗ ਹੋਣਗੇ। 31 ਕੀ ਤੁਸੀਂ ਉਹ ਨਹੀਂ ਪੜ੍ਹਿਆ ਜੋ ਪਰਮੇਸ਼ੁਰ ਨੇ ਮੁਰਦਿਆਂ ਦੇ ਪੁਨਰ ਉਥਾਨ ਬਾਰੇ ਲਿਖਿਆ ਹੈ। 32 ‘ਕਿ ਮੈਂ ਅਬਰਾਹਾਮ ਦਾ ਪਰਮੇਸ਼ੁਰ ਅਤੇ ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ ।’ [m] ਉਹ ਮੁਰਦਿਆਂ ਦਾ ਪਰਮੇਸ਼ੁਰ ਨਹੀਂ ਜਿਉਂਦਿਆਂ ਦਾ ਹੈ।”
33 ਲੋਕ ਉਸਦਾ ਇਹ ਉਪਦੇਸ਼ ਸੁਣਕੇ ਹੈਰਾਨ ਹੋਏ।
ਕਿਹੜਾ ਨੇਮ ਸਭ ਤੋਂ ਜ਼ਰੂਰੀ ਹੈ(AC)
34 ਜਦੋਂ ਫ਼ਰੀਸੀਆਂ ਨੇ ਸੁਣਿਆ ਕਿ ਉਸ ਨੇ ਸਦੂਕੀਆਂ ਦਾ ਮੂੰਹ ਬੰਦ ਕਰ ਦਿੱਤਾ ਹੈ ਤਾਂ ਉਹ ਇੱਕ ਥਾਂ ਇਕੱਠੇ ਹੋਏ। 35 ਇੱਕ ਫ਼ਰੀਸੀ ਜੋ ਮੂਸਾ ਦੀ ਸ਼ਰ੍ਹਾ ਦਾ ਉਸਤਾਦ ਸੀ ਯਿਸੂ ਨੂੰ ਪਰਤਾਉਣ ਲਈ ਉਸ ਨੂੰ ਇੱਕ ਸਵਾਲ ਪੁੱਛਿਆ, 36 ਫ਼ਰੀਸੀ ਨੇ ਆਖਿਆ, “ਗੁਰੂ ਜੀ, ਸ਼ਰ੍ਹਾ ਵਿੱਚ ਸਭ ਤੋਂ ਜ਼ਰੂਰੀ ਹੁਕਮ ਕਿਹੜਾ ਹੈ?”
37 ਯਿਸੂ ਨੇ ਜਵਾਬ ਦਿੱਤਾ, “ਤੈਨੂੰ ਆਪਣੇ ਪ੍ਰਭੂ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ, ਆਪਣੀ ਸਾਰੀ ਰੂਹ ਨਾਲ, ਅਤੇ ਪੂਰੇ ਮਨ ਨਾਲ ਪਿਆਰ ਕਰਨਾ ਚਾਹੀਦਾ। [n] 38 ਪਹਿਲਾ ਅਤੇ ਇਹੀ ਸਭ ਤੋਂ ਜ਼ਰੂਰੀ ਹੁਕਮ ਹੈ। 39 ਅਤੇ ਦੂਜਾ ਹੁਕਮ ਵੀ ਪਹਿਲੇ ਜਿੰਨਾ ਹੀ ਮਹੱਤਵਪੂਰਣ ਹੈ: ‘ਤੈਨੂੰ ਆਪਣੇ ਗੁਆਂਢੀ ਨੂੰ ਉਵੇਂ ਹੀ ਪਿਆਰ ਕਰਨਾ ਚਾਹੀਦਾ ਹੈ ਜਿਵੇਂ ਤੂੰ ਆਪਣੇ-ਆਪ ਨੂੰ ਪਿਆਰ ਕਰਦਾ ਹੈਂ। [o] 40 ਇਨ੍ਹਾਂ ਦੋਹਾਂ ਹੁਕਮਾਂ ਉੱਤੇ ਹੀ ਸਾਰੇ ਨੇਮ ਅਤੇ ਨਬੀਆਂ ਦੀਆਂ ਲਿਖਤਾਂ ਟਿਕੇ ਹੋਏ ਹਨ।”
ਯਿਸੂ ਦਾ ਫ਼ਰੀਸੀਆਂ ਨੂੰ ਇੱਕ ਸਵਾਲ(AD)
41 ਜਦੋਂ ਫ਼ਰੀਸੀ ਇਕੱਠੇ ਹੋਏ, ਤਾਂ ਯਿਸੂ ਨੇ ਉਨ੍ਹਾਂ ਨੂੰ ਇੱਕ ਸਵਾਲ ਪੁੱਛਿਆ। 42 “ਤੁਸੀਂ ਮਸੀਹ ਬਾਰੇ ਕੀ ਸੋਚਦੇ ਹੋ। ਕਿ ਉਹ ਕਿਸਦਾ ਪੁੱਤਰ ਹੈ?”
ਉਨ੍ਹਾਂ ਨੇ ਯਿਸੂ ਨੂੰ ਕਿਹਾ, “ਦਾਊਦ ਦਾ ਪੁੱਤਰ।”
43 ਤਾਂ ਯਿਸੂ ਨੇ ਉਨ੍ਹਾਂ ਨੂੰ ਆਖਿਆ, “ਤਾਂ ਫ਼ਿਰ ਦਾਊਦ ਪਵਿੱਤਰ ਆਤਮਾ ਰਾਹੀਂ ਉਸ ਨੂੰ ‘ਪ੍ਰਭੂ’ ਕਿਉਂ ਬੁਲਾਉਂਦਾ ਹੈ? ਜਦੋਂ ਉਸ ਨੇ ਇਹ ਆਖਿਆ,
44 ‘ਪ੍ਰਭੂ ਨੇ ਮੇਰੇ ਪ੍ਰਭੂ ਨੂੰ ਆਖਿਆ,
ਤੂੰ ਮੇਰੇ ਸੱਜੇ ਪਾਸੇ ਬੈਠ ਜਦ
ਤੀਕਰ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰਾਂ ਹੇਠ ਨਾ ਕਰ ਦਿਆਂ।’ (AE)
45 ਇਸ ਲਈ ਜੇਕਰ ਦਾਊਦ ਉਸ ਨੂੰ ‘ਪ੍ਰਭੂ’, ਬੁਲਾਉਂਦਾ ਹੈ, ਤਾਂ ਉਹ ਉਸਦਾ ਪੁੱਤਰ ਕਿਵੇਂ ਹੋ ਸੱਕਦਾ ਹੈ?”
46 ਕੋਈ ਵੀ ਫ਼ਰੀਸੀ ਯਿਸੂ ਦੇ ਸਵਾਲ ਦਾ ਜਵਾਬ ਨਾ ਦੇ ਸੱਕਿਆ। ਉਸ ਦਿਨ ਤੋਂ ਬਾਦ, ਕਿਸੇ ਨੇ ਵੀ ਉਸ ਨੂੰ ਕੋਈ ਹੋਰ ਸਵਾਲ ਕਰਨ ਦਾ ਹੌਂਸਲਾ ਨਾ ਕੀਤਾ।
ਯਿਸੂ ਨੇ ਧਾਰਮਿਕ ਆਗੂਆਂ ਦੀ ਨਿੰਦਾ ਕੀਤੀ(AF)
23 ਫ਼ੇਰ ਯਿਸੂ ਨੇ ਭੀੜ ਅਤੇ ਆਪਣੇ ਚੇਲਿਆਂ ਨਾਲ ਗੱਲ ਕੀਤੀ, ਅਤੇ ਆਖਿਆ, 2 ਨੇਮ ਦੇ ਉਪਦੇਸ਼ਕਾਂ ਅਤੇ ਫ਼ਰੀਸੀਆਂ ਨੂੰ, ਮੂਸਾ ਦੀ ਸ਼ਰ੍ਹਾ ਬਾਰੇ ਉਪਦੇਸ਼ ਦੇਣ ਦਾ ਅਧਿਕਾਰ ਹੈ ਕਿ ਉਹ ਕੀ ਆਖਦੀ ਹੈ। 3 ਇਸ ਲਈ ਤੁਹਾਨੂੰ ਉਨ੍ਹਾਂ ਦੀ ਆਗਿਆ ਦਾ ਪਾਲਣ ਕਰਨਾ ਚਾਹੀਦਾ ਹੈ ਅਤੇ ਜੋ ਉਹ ਕਹਿਣ ਧਿਆਨ ਨਾਲ ਕਰੋ, ਪਰ ਉਨ੍ਹਾਂ ਵਰਗੇ ਕੰਮ ਨਾ ਕਰੋ ਕਿਉਂਕਿ ਉਨ੍ਹਾਂ ਦੇ ਜੀਵਨ ਚੰਗੇ ਉਦਾਹਰਣ ਨਹੀਂ ਹਨ ਕਿਉਂਕਿ ਜੋ ਵੀ ਉਹ ਕਰਨ ਨੂੰ ਕਹਿੰਦੇ ਹਨ ਖੁਦ ਉਨ੍ਹਾਂ ਤੇ ਅਮਲ ਨਹੀਂ ਕਰਦੇ। 4 ਉਹ ਸਖਤ ਨੇਮ ਬਣਾਉਂਦੇ ਹਨ ਜਿਹੜੇ ਮੰਨਣ ਲਈ ਬੜੇ ਕਠੋਰ ਹਨ, ਉਹ ਇਨ੍ਹਾਂ ਨੂੰ ਲੋਕਾਂ ਤੇ ਲਾਗੂ ਕਰਦੇ ਹਨ। ਪਰ ਉਹ ਇਨ੍ਹਾਂ ਵਿੱਚੋਂ ਕਿਸੇ ਵੀ ਨੇਮ ਦਾ ਅਨੁਸਰਣ ਕਰਨ ਦੀ ਕੋਸ਼ਿਸ਼ ਵੀ ਨਹੀਂ ਕਰਦੇ।
5 “ਉਹ ਆਪਣੇ ਸਭ ਕੰਮ ਲੋਕਾਂ ਨੂੰ ਵਿਖਾਵੇ ਲਈ ਕਰਦੇ ਹਨ। ਉਹ ਆਪਣੇ ਖਾਸ ਬਸਤਿਆਂ ਨੂੰ ਪੋਥੀਆਂ ਨਾਲ ਭਰ ਲੈਂਦੇ ਹਨ ਅਤੇ ਉਨ੍ਹਾਂ ਨੂੰ ਵੱਡੇ ਹੀ ਵੱਡੇ ਕਰਦੇ ਰਹਿੰਦੇ ਹਨ। ਉਹ ਆਪਣੇ ਖਾਸ ਪ੍ਰਾਰਥਨਾ ਵਾਲੇ ਵਸਤਰਾਂ ਦੀ ਲੰਬਾਈ ਬਹੁਤ ਰੱਖਦੇ ਹਨ ਤਾਂ ਜੋ ਲੋਕ ਉਨ੍ਹਾਂ ਵੱਲ ਧਿਆਨ ਦੇਣ। 6 ਉਹ ਫ਼ਰੀਸੀ ਅਤੇ ਨੇਮ ਦੇ ਉਪਦੇਸ਼ਕ ਦਾਵਤਾਂ ਵਿੱਚ ਉੱਚੀਆਂ ਥਾਵਾਂ ਦੇ ਲੋਭੀ ਹਨ, ਅਤੇ ਉਹ ਪ੍ਰਾਰਥਨਾ ਸਥਾਨਾਂ ਵਿੱਚ ਵੀ ਉੱਚੇ ਅਹੁਦੇ ਮਿੱਲਣ ਦੇ ਬੜੇ ਭੁੱਖੇ ਹਨ। 7 ਬਜ਼ਾਰਾਂ ਵਿੱਚ ਮਾਨ ਸਨਮਾਨ ਲੈਣ ਦੇ ਵੀ ਬੜੇ ਭੁੱਖੇ ਹਨ। ਉਹ ਮਨੁੱਖਾਂ ਕੋਲੋਂ ਗੁਰੂ ਕਹਾਉਣਾ ਚਾਹੁੰਦੇ ਹਨ।
8 “ਪਰ ਤੁਸੀਂ ਸਭ ਗੁਰੂ, ਨਾ ਕਹਾਉਣਾ ਕਿਉਂ ਜੋ ਤੁਹਾਡਾ ਇੱਕ ਹੀ ਗੁਰੂ ਹੈ ਅਤੇ ਤੁਸੀਂ ਸਭ ਆਪਸ ਵਿੱਚ ਭਰਾ-ਭਰਾ ਹੋ। 9 ਅਤੇ ਧਰਤੀ ਉੱਪਰ ਕਿਸੇ ਵੀ ਮਨੁੱਖ ਨੂੰ ਆਪਣਾ ਪਿਤਾ ਨਾ ਆਖੋ ਕਿਉਂ ਜੋ ਤੁਹਾਡਾ ਸਿਰਫ਼ ਇੱਕੋ ਹੀ ਪਿਤਾ ਹੈ, ਜੋ ਸਵਰਗ ਵਿੱਚ ਹੈ। 10 ਅਤੇ ਤੁਸੀਂ ਆਪਣੇ-ਆਪ ਨੂੰ ਮਾਲਕ ਵੀ ਨਹੀਂ ਕਹਾਉਣਾ ਕਿਉਂਕਿ ਤੁਹਾਡਾ ਸਭਨਾਂ ਦਾ ਮਾਲਕ ਵੀ ਇੱਕੋ ਭਾਵ ਮਸੀਹਾ ਹੈ। 11 ਜਿਹੜਾ ਮਨੁੱਖ ਤੁਹਾਡਾ ਸੇਵਕ ਬਣ ਤੁਹਾਡੀ ਸੇਵਾ ਕਰਦਾ ਹੈ, ਉਹ ਤੁਹਾਡੇ ਸਾਰਿਆਂ ਵਿੱਚੋਂ ਵੱਡਾ ਹੈ। 12 ਜਿਹੜਾ ਵਿਅਕਤੀ ਆਪਣੇ-ਆਪ ਨੂੰ ਮਹਾਨ ਸਮਝਦਾ ਦੀਨ ਬਣਾਇਆ ਜਾਵੇਗਾ ਅਤੇ ਜੋ ਕੋਈ ਆਪਣੇ-ਆਪ ਨੂੰ ਸਭ ਵਿੱਚੋਂ ਨੀਵਾਂ ਜਾਣੇਗਾ ਉਸ ਨੂੰ ਸਭ ਤੋਂ ਉੱਚਾ ਸਮਝਿਆ ਜਾਵੇਗਾ।
13 “ਨੇਮ ਦੇ ਉਪਦੇਸ਼ਕੋ ਅਤੇ ਫ਼ਰੀਸੀਓ, ਤੁਹਾਡੇ ਤੇ ਲਾਹਨਤ। ਤੁਸੀਂ ਕਪਟੀ ਹੋ ਕਿਉਂਕਿ ਤੁਸੀਂ ਸਵਰਗ ਦੇ ਰਾਜ ਦੇ ਰਾਹ ਵਿੱਚ ਅੜਚਨਾ ਪੈਦਾ ਕਰਦੇ ਹੋ। ਤੁਸੀਂ ਖੁਦ ਵੀ ਪ੍ਰਵੇਸ਼ ਨਹੀਂ ਕਰਦੇ ਅਤੇ ਉਨ੍ਹਾਂ ਨੂੰ ਵੀ ਪ੍ਰਵੇਸ਼ ਨਹੀਂ ਕਰਨ ਦਿੰਦੇ ਜੋ ਕੋਸ਼ਿਸ਼ ਕਰ ਰਹੇ ਹਨ।” 14 [p]
15 “ਨੇਮ ਦੇ ਉਪਦੇਸ਼ਕੋ ਅਤੇ ਫ਼ਰੀਸੀਓ, ਤੁਹਾਡੇ ਤੇ ਲਾਹਨਤ ਹੈ, ਤੁਸੀਂ ਕਪਟੀ ਹੋ! ਕਿਉਂਕਿ ਤੁਸੀਂ ਕਿਸੇ ਨੂੰ ਆਪਣੇ ਧਰਮ ਵਿੱਚ ਬਦਲਣ ਲਈ ਸਮੁੰਦਰ ਅਤੇ ਧਰਤੀ ਤੇ ਸਫ਼ਰ ਕਰਦੇ ਹੋ। ਅਤੇ ਜਦੋਂ ਤੁਸੀਂ ਕਿਸੇ ਵਿਅਕਤੀ ਨੂੰ ਬਦਲ ਦਿੰਦੇ ਹੋ, ਤਾਂ ਤੁਸੀਂ ਉਸ ਨੂੰ ਆਪਣੇ ਨਾਲੋਂ ਵੀ ਦੁੱਗਣਾ ਬੁਰਾ ਬਣਾ ਦਿੰਦੇ ਹੋ। ਤੁਸੀਂ ਵੀ ਇੰਨੇ ਬੁਰੇ ਹੋ ਕਿ ਤੁਸੀਂ ਨਰਕ ਵਿੱਚ ਜਾਵੋਂਗੇ।
16 “ਹੇ ਅੰਨ੍ਹੇ ਰਾਹ ਨੁਮਾਓ, ਤੁਹਾਡੇ ਤੇ ਲਾਹਨਤ! ਤੁਸੀਂ ਆਖਦੇ ਹੋ, ‘ਜੇਕਰ ਕੋਈ ਮੰਦਰ ਦੀ ਸੌਂਹ ਖਾਵੇ ਇਸਦਾ ਕੋਈ ਅਰਥ ਨਹੀਂ ਪਰ ਜੇਕਰ ਉਹ ਮੰਦਰ ਦੇ ਸੋਨੇ ਦੀ ਸੌਂਹ ਖਾਵੇ, ਤਾਂ ਉਹ ਸੌਂਹ ਬੱਧ ਹੈ।’ 17 ਮੂਰੱਖੋ ਤੁਸੀਂ ਅੰਨ੍ਹੇ ਹੋ! ਕਿਹੜਾ ਵੱਡਾ ਹੈ? ਸੋਨਾ ਜਾਂ ਮੰਦਰ, ਜਿਹੜਾ ਕਿ ਸੋਨੇ ਨੂੰ ਵੀ ਪਵਿੱਤਰ ਬਣਾਉਦਾ ਹੈ।
18 “ਤੁਸੀਂ ਇਹ ਵੀ ਕਹਿੰਦੇ ਹੋ, ‘ਜੇਕਰ ਕੋਈ ਜੱਗਵੇਦੀ ਦੀ ਸੌਂਹ ਖਾਂਦਾ ਹੈ, ਇਸਦਾ ਕੋਈ ਅਰਥ ਨਹੀਂ, ਪਰ ਜੇਕਰ ਉਹ ਜਗਵੇਦੀ ਦੀ ਭੇਂਟ ਦੀ ਸੌਹ ਖਾਂਦਾ ਹੈ, ਤਾਂ ਉਹ ਸੌਂਹ ਬੱਧ ਹੈ।’ 19 ਤੁਸੀਂ ਅੰਨ੍ਹੇ ਹੋ! ਕਿਹੜੀ ਚੀਜ਼ ਵੱਡੀ ਹੈ: ਭੇਟ, ਜਾਂ ਜਗਵੇਦੀ, ਜੋ ਭੇਂਟ ਨੂੰ ਪਵਿੱਤਰ ਬਣਾਉਂਦੀ ਹੈ? 20 ਇਸ ਲਈ ਜੇਕਰ ਕੋਈ ਜਗਵੇਦੀ ਦੀ ਸੌਂਹ ਖਾਂਦਾ ਹੈ, ਉਹ ਜਗਵੇਦੀ ਅਤੇ ਉਸ ਉਪਰਲੀਆਂ ਸਭ ਵਸਤਾਂ ਦੀ ਸੌਂਹ ਖਾਂਦਾ ਹੈ। 21 ਜੇਕਰ ਕੋਈ ਮੰਦਰ ਦੀ ਸੌਂਹ ਖਾਂਦਾ ਹੈ, ਤਾਂ ਉਹ ਮੰਦਰ ਦੀ ਅਤੇ ਉਸਦੀ ਸੌਂਹ ਖਾਂਦਾ ਜੋ ਉਸ ਵਿੱਚ ਰਹਿੰਦਾ ਹੈ। 22 ਜੇਕਰ ਕੋਈ ਸਵਰਗ ਦੀ ਸੌਂਹ ਖਾਂਦਾ ਹੈ ਸੋ ਪਰਮੇਸ਼ੁਰ ਦੇ ਸਿੰਘਾਸਨ ਦੀ ਅਤੇ ਉਸ ਉੱਪਰ ਬੈਠਣ ਵਾਲੇ ਦੀ ਸੌਂਹ ਖਾਂਦਾ ਹੈ।
23 “ਨੇਮ ਦੇ ਉਪਦੇਸ਼ਕੋ ਅਤੇ ਫ਼ਰੀਸੀਓ ਤੁਹਾਡੇ ਤੇ ਲਾਹਨਤ। ਤੁਸੀਂ ਕਪਟੀ ਹੋ! ਕਿਉਂਕਿ ਤੁਸੀਂ ਪੁਦੀਨੇ, ਸੌਂਫ਼ ਅਤੇ ਜੀਰੇ ਦਾ ਦਸੌਂਧ ਦਿੰਦੇ ਹੋ ਪਰ ਤੁਸੀਂ ਸ਼ਰ੍ਹਾ ਦੇ ਵੱਧ ਮਹੱਤਵ ਪੂਰਣ ਉਪਦੇਸ਼ਾਂ ਨੂੰ ਮੰਨਣ ਤੋਂ ਅਣਗਹਿਲੀ ਕਰਦੇ ਹੋ, ਜੋ ਨਿਆਂ, ਦਇਆ, ਅਤੇ ਵਫ਼ਾਦਾਰੀ ਹਨ। ਇਹ ਮਹੱਤਵਪੂਰਣ ਹੈ ਕਿ ਤੁਸੀਂ ਦੂਜੇ ਅਸੂਲਾਂ ਦੀ ਅਣਗਹਿਲੀ ਕੀਤੇ ਬਿਨਾ ਇਨ੍ਹਾਂ ਗੱਲਾਂ ਤੇ ਵੀ ਅਮਲ ਕਰੋ। 24 ਤੁਸੀਂ ਅੰਨ੍ਹੇ ਆਗੂ ਹੋ! ਤੁਸੀਂ ਉਹ ਹੋ ਜੋ ਮਛਰ-ਮਖੀ ਤਾਂ ਪੁਣ ਲੈਂਦੇ ਹਨ ਪਰ ਊਠ ਨੂੰ ਨਿਗਲ ਜਾਂਦੇ ਹਨ।
25 “ਤੁਹਾਡੇ ਤੇ ਲਾਹਨਤ ਹੈ, ਨੇਮ ਦੇ ਉਪਦੇਸ਼ਕੋ ਅਤੇ ਫ਼ਰੀਸੀਓ। ਤੁਸੀਂ ਕਪਟੀ ਹੋ। ਤੁਸੀਂ ਆਪਣੇ ਕਟੋਰੇ ਅਤੇ ਥਾਲੀਆਂ ਨੂੰ ਬਾਹਰੋਂ ਤਾਂ ਸਾਫ਼ ਕਰਦੇ ਹੋ। ਪਰ ਅੰਦਰਲੇ ਪਾਸੇ, ਉਨ੍ਹਾਂ ਗੱਲਾਂ ਨਾਲ ਭਰੇ ਹੋਏ ਹੋ ਜਿਹੜੀਆਂ ਤੁਸੀਂ ਦੂਜਿਆਂ ਨਾਲ ਦਗਾਬਾਜ਼ੀ ਕਰਕੇ ਅਤੇ ਆਪਣੇ-ਆਪ ਨੂੰ ਪ੍ਰਸੰਨ ਕਰਕੇ ਪ੍ਰਾਪਤ ਕੀਤੀਆਂ ਹਨ। 26 ਹੇ ਅੰਨ੍ਹੇ ਫ਼ਰੀਸੀਓ! ਪਹਿਲਾਂ ਕਟੋਰੇ ਅਤੇ ਥਾਲੀ ਦੇ ਅੰਦਰ ਨੂੰ ਸਾਫ਼ ਕਰੋ ਤਾਂ ਉਹ ਬਾਹਰੋਂ ਵੀ ਸਾਫ਼ ਹੋਣਗੇ।
27 “ਤੁਹਾਡੇ ਤੇ ਲਾਹਨਤ, ਨੇਮ ਦੇ ਉਪਦੇਸ਼ਕੋ ਅਤੇ ਫ਼ਰੀਸੀਓ! ਤੁਸੀਂ ਕਪਟੀ ਹੋ। ਤੁਸੀਂ ਕਲੀ ਕੀਤੀਆਂ ਕਬਰਾਂ ਵਾਂਗ ਹੋ, ਜੋ ਬਾਹਰੋਂ ਸੋਹਣੀਆਂ ਦਿਸਦੀਆਂ ਹਨ ਪਰ ਜੋ ਅੰਦਰੋਂ ਮੁਰਦਾ ਲੋਕਾਂ ਦੀਆਂ ਹੱਡੀਆਂ ਅਤੇ ਹੋਰ ਅਣਧੋਤੀਆਂ ਚੀਜ਼ਾਂ ਨਾਲ ਭਰੀਆਂ ਹੋਈਆਂ ਹਨ।” 28 ਤੁਸੀਂ ਵੀ ਉਵੇਂ ਹੀ ਹੋ। ਤੁਸੀਂ ਬਾਹਰੋਂ ਚੰਗੇ ਮਨੁੱਖਾਂ ਵਾਂਗ ਦਿਖਾਈ ਦਿੰਦੇ ਹੋ ਪਰ ਅੰਦਰੋਂ ਕਪਟਤਾ ਅਤੇ ਦੁਸ਼ਟਤਾ ਨਾਲ ਭਰੇ ਹੋਏ ਹੋ।
29 “ਤੁਹਾਡੇ ਤੇ ਲਾਹਨਤ ਨੇਮ ਦੇ ਉਪਦੇਸ਼ਕੋ ਅਤੇ ਫ਼ਰੀਸੀਓ! ਤੁਸੀਂ ਕਪਟੀ ਹੋ। ਕਿਉਂ ਜੋ ਤੁਸੀਂ ਨਬੀਆਂ ਲਈ ਕਬਰਾਂ ਬਨਾਉਂਦੇ ਹੋ ਅਤੇ ਧਰਮੀ ਲੋਕਾਂ ਦੀਆਂ ਕਬਰਾਂ ਦਾ ਸਤਿਕਾਰ ਕਰਦੇ ਹੋ। 30 ਤੁਸੀਂ ਆਖਦੇ ਹੋ, ‘ਜੇਕਰ ਅਸੀਂ ਆਪਣੇ ਬਜ਼ੁਰਗਾਂ ਦੇ ਸਮਿਆਂ ਵਿੱਚ ਜਿਉਂਦੇ ਹੁੰਦੇ, ਤਾਂ ਅਸੀਂ ਉਨ੍ਹਾਂ ਦੀ ਇਨ੍ਹਾਂ ਨਬੀਆਂ ਨੂੰ ਮਾਰਨ ਵਿੱਚ ਸਹਾਇਤਾ ਨਾ ਕੀਤੀ ਹੁੰਦੀ।’ 31 ਇਸ ਲਈ ਤੁਸੀਂ ਵੀ ਗਵਾਹੀ ਦਿੰਦੇ ਹੋ ਕਿ ਤੁਸੀਂ ਉਨ੍ਹਾਂ ਦੇ ਬੱਚੇ ਹੋ ਜਿਨ੍ਹਾਂ ਨੇ ਨਬੀਆਂ ਦੀ ਹੱਤਿਆ ਕੀਤੀ। 32 ਅਤੇ ਜਿਹੜੇ ਪਾਪ ਤੁਹਾਡੇ ਪਿਉ-ਦਾਦਿਆਂ ਨੇ ਸ਼ੁਰੂ ਕੀਤੇ ਸਨ ਤੁਸੀਂ ਉਨ੍ਹਾਂ ਨੂੰ ਪੂਰਾ ਕਰੋਂਗੇ।
33 “ਤੁਸੀਂ ਸੱਪ ਹੋ! ਹੇ ਸਪਾਂ ਦੇ ਬਚਿਓ! ਤੁਸੀਂ ਪਰਮੇਸ਼ੁਰ ਦੇ ਨਿਆਂੇ ਤੋਂ ਕਿਵੇਂ ਬਚੋਂਗੇ, ਜੋ ਕਿ ਤੁਹਾਨੂੰ ਨਰਕ ਨੂੰ ਭੇਜੇਗਾ? 34 ਇਸ ਲਈ ਵੇਖੋ ਮੈਂ ਨਬੀਆਂ, ਗਿਆਨੀਆਂ ਅਤੇ ਉਪਦੇਸ਼ਕਾਂ ਨੂੰ ਤੁਹਾਡੇ ਕੋਲ ਭੇਜਦਾ ਹਾਂ! ਤੁਸੀਂ ਉਨ੍ਹਾਂ ਵਿੱਚੋਂ ਕਈਆਂ ਨੂੰ ਮਾਰ ਦੇਵੋਂਗੇ; ਤੁਸੀਂ ਉਨ੍ਹਾਂ ਵਿੱਚੋਂ ਕਈਆਂ ਨੂੰ ਸਲੀਬ ਦੇ ਦਿਉਂਗੇ, ਕਈਆਂ ਨੂੰ ਤੁਸੀਂ ਆਪਣੇ ਪ੍ਰਾਰਥਨਾ-ਸਥਾਨਾਂ ਵਿੱਚ ਕੋੜੇ ਮਾਰੋਂਗੇ ਅਤੇ ਸ਼ਹਿਰੋਂ-ਸ਼ਹਿਰ ਉਨ੍ਹਾਂ ਦਾ ਪਿੱਛਾ ਕਰੋਂਗੇ।
35 “ਹਾਂ, ਤੁਸੀਂ ਧਰਮੀ ਹਾਬਲ ਦੇ ਸਮੇਂ ਤੋਂ ਲੈ ਕੇ ਜ਼ਕਰਯਾਹ ਤੱਕ ਸਾਰੇ ਧਰਮੀ ਲੋਕਾਂ ਦੇ ਕਤਲ ਦੇ ਦੋਸ਼ੀ ਹੋਵੋਂਗੇ। ਬਕਰਯਾਹ ਦਾ ਪੁੱਤਰ ਜ਼ਕਰਯਾਹ ਮੰਦਰ ਅਤੇ ਜਗਵੇਦੀ ਦੇ ਵਿੱਚਕਾਰ ਮਾਰਿਆ ਗਿਆ ਸੀ। 36 ਮੈਂ ਤੁਹਾਨੂੰ ਸੱਚ ਦੱਸਦਾ ਹਾਂ। ਇਹ ਸਭ ਅਪਰਾਧ ਇਸ ਪੀੜ੍ਹੀ ਦੇ ਲੋਕਾਂ ਉਪਰ ਆਵੇਗਾ।
ਯਿਸੂ ਵੱਲੋਂ ਯਰੂਸ਼ਲਮ ਦੇ ਲੋਕਾਂ ਨੂੰ ਚਿਤਾਵਨੀ(AG)
37 “ਹੇ ਯਰੂਸ਼ਲਮ, ਯਰੂਸ਼ਲਮ ਤੂੰ ਹੀ ਉਹ ਸ਼ਹਿਰ ਹੈਂ ਜੋ ਨਬੀਆਂ ਨੂੰ ਕਤਲ ਕਰਦਾ ਹੈ, ਅਤੇ ਜਿਹੜੇ ਤੇਰੇ ਕੋਲ ਭੇਜੇ ਜਾਂਦੇ ਹਨ ਉਨ੍ਹਾਂ ਨੂੰ ਪੱਥਰਾਂ ਨਾਲ ਮਾਰ ਦਿੰਦਾ ਹੈਂ, ਮੈਂ ਕਿੰਨੀ ਵਾਰੀ ਚਾਹਿਆ ਕਿ ਤੇਰੇ ਬੱਚਿਆਂ ਨੂੰ ਉਸੇ ਤਰ੍ਹਾਂ ਇਕੱਠਾ ਕਰਾਂ ਜਿਵੇਂ ਕੁਕੜੀ ਆਪਣੇ ਚੂਚਿਆਂ ਨੂੰ ਖੰਭਾਂ ਦੇ ਹੇਠਾਂ ਇਕੱਠਾ ਕਰਦੀ ਹੈ, ਪਰ ਤੂੰ ਇਉਂ ਨਹੀਂ ਚਾਹੁੰਦਾ। 38 ਵੇਖ, ਤੇਰਾ ਘਰ ਬਿਲਕੁਲ ਸਖਣਾ ਛੱਡ ਦਿੱਤਾ ਜਾਵੇਗਾ। 39 ਮੈਂ ਤੈਨੂੰ ਦੱਸ ਰਿਹਾ ਹਾਂ ਕਿ ਤੂੰ ਮੈਨੂੰ ਇਸਤੋਂ ਬਾਦ ਫ਼ਿਰ ਨਹੀਂ ਵੇਖੇਂਗਾ ਤਦ ਤੱਕ ਜਦ ਸਭ ਇਹ ਨਹੀਂ ਕਹਿਣਗੇ ਧੰਨ ਹੈ ਉਹ ਜਿਹੜਾ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ।” [q]
ਮੰਦਰ ਦਾ ਭਵਿੱਖ ਵਿੱਚ ਹੋਣ ਵਾਲਾ ਨੁਕਸਾਨ(AH)
24 ਯਿਸੂ ਮੰਦਰ ਤੋਂ ਬਾਹਰ ਨਿਕਲ ਕੇ ਜਾ ਰਿਹਾ ਸੀ ਕਿ ਉਸ ਦੇ ਚੇਲੇ ਉਸ ਨੂੰ ਮੰਦਰ ਦੀਆਂ ਇਮਾਰਤਾਂ ਤੇ ਮੰਦਰ ਵਿਖਾਉਣ ਲਈ ਆਏ। 2 ਯਿਸੂ ਨੇ ਚੇਲਿਆਂ ਨੂੰ ਆਖਿਆ, “ਤੁਸੀਂ ਵੇਖਣਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਇਸ ਸਥਾਨ ਦੀ ਹਰ ਇਮਾਰਤ ਨਸ਼ਟ ਹੋ ਜਾਵੇਗੀ, ਇਸ ਜਗ੍ਹਾ ਦਾ ਹਰ ਪੱਥਰ ਧਰਤੀ ਉੱਪਰ ਡਿੱਗੇਗਾ।”
3 ਬਾਦ ਵਿੱਚ, ਜਦੋਂ ਯਿਸੂ ਜੈਤੂਨ ਦੇ ਪਹਾੜ ਤੇ ਬੈਠਾ ਹੋਇਆ ਸੀ, ਉਸ ਦੇ ਚੇਲੇ ਇੱਕਾਂਤ ਵਿੱਚ ਉਸ ਕੋਲ ਆਏ ਅਤੇ ਪੁੱਛਿਆ, “ਸਾਨੂੰ ਦੱਸੋ, ਇਹ ਗੱਲਾਂ ਕਦੋਂ ਵਾਪਰਨਗੀਆਂ ਅਤੇ ਤੁਹਾਡੇ ਆਉਣ ਦਾ ਅਤੇ ਜੁਗ ਦੇ ਅੰਤ ਦਾ ਕੀ ਨਿਸ਼ਾਨ ਹੋਵੇਗਾ?ֹ”
4 ਯਿਸੂ ਨੇ ਆਖਿਆ, “ਸਾਵੱਧਾਨ ਰਹਿਣਾ ਕਿਸੇ ਕੋਲੋਂ ਵੀ ਧੋਖਾ ਨਾ ਖਾਣਾ। 5 ਕਿਉਂਕਿ ਬਹੁਤ ਲੋਕ ਮੇਰੇ ਨਾਂ ਤੇ ਆਉਣਗੇ ਅਤੇ ਆਖਣਗੇ, ‘ਮੈਂ ਮਸੀਹਾ ਹਾਂ।’ ਤੇ ਉਹ ਬਹੁਤ ਲੋਕਾਂ ਨੂੰ ਗੁਮਰਾਹ ਕਰਨਗੇ। 6 ਤੁਸੀਂ ਲੜੀਆਂ ਜਾਣ ਵਾਲੀਆਂ ਲੜਾਈਆਂ ਬਾਰੇ ਵੀ ਸੁਣੋਂਗੇ। ਤੁਸੀਂ ਉਨ੍ਹਾਂ ਲੜਾਈਆਂ ਦੇ ਸ਼ੁਰੂ ਹੋਣ ਦੀਆਂ ਅਫ਼ਵਾਹਾਂ ਸੁਣੋਂਗੇ। ਪਰ ਤੁਸੀਂ ਡਰਨਾ ਨਹੀਂ ਕਿਉਂਕਿ ਇਹ ਸਭ ਗੱਲਾਂ ਵਾਪਰਨੀਆਂ ਚਾਹੀਦੀਆਂ ਹਨ। ਪਰ ਹਾਲੇ ਇਹ ਅੰਤ ਨਹੀਂ। 7 ਇੱਕ ਕੌਮ ਦੂਜੀ ਕੌਮ ਉੱਪਰ ਹੀ ਇੱਕ ਪਾਤਸ਼ਾਹੀ ਦੂਜੀ ਉੱਪਰ ਚੜ੍ਹਾਈ ਕਰੇਗੀ। ਬਹੁਤ ਥਾਵਾਂ ਉੱਤੇ ਅਕਾਲ ਪੈਣਗੇ ਅਤੇ ਭੂਚਾਲ ਆਉਣਗੇ। 8 ਇਹ ਸਭ ਗੱਲਾਂ ਔਰਤ ਦੀ ਗਰਭ ਅਵਸਥਾ ਦੀਆਂ ਪੀੜਾਂ ਵਾਂਗ ਹੋਣਗੀਆਂ, ਜਦੋਂ ਉਹ ਇੱਕ ਬੱਚੇ ਨੂੰ ਜਨਮ ਦੇ ਰਹੀ ਹੁੰਦੀ ਹੈ।
9 “ਫ਼ਿਰ ਲੋਕ ਤੁਹਾਨੂੰ ਸ਼ਾਸਕਾਂ ਹੱਥੀਂ ਦੇਣਗੇ ਅਤੇ ਮਾਰੇ ਜਾਣ ਲਈ ਫ਼ੜਾ ਦੇਣਗੇ। ਸਭ ਲੋਕ ਤੁਹਾਨੂੰ ਨਫ਼ਰਤ ਕਰਨਗੇ। ਇਹ ਸਭ ਗੱਲਾਂ ਤੁਹਾਡੇ ਨਾਲ ਇਸ ਲਈ ਵਾਪਰਨਗੀਆਂ ਕਿਉਂਕਿ ਤੁਸੀਂ ਮੇਰੇ ਵਿੱਚ ਵਿਸ਼ਵਾਸ ਰੱਖਦੇ ਹੋ। 10 ਉਸ ਵਕਤ ਬਹੁਤ ਸਾਰੇ ਨਿਹਚਾਵਾਨ ਆਪਣਾ ਵਿਸ਼ਵਾਸ ਗੁਆ ਬੈਠਣਗੇ ਅਤੇ ਉਹ ਇੱਕ ਦੂਜੇ ਦੇ ਵਿਰੋਧ ਵਿੱਚ ਉੱਠ ਖੜੋਣਗੇ ਤੇ ਆਪਣੇ ਵਿੱਚ ਨਫ਼ਰਤਾਂ ਪਾਲ ਬੈਠਣਾਗੇ। 11 ਬਹੁਤ ਸਾਰੇ ਝੂਠੇ ਨਬੀ ਆਉਣਗੇ ਅਤੇ ਬਹੁਤ ਲੋਕਾਂ ਨੂੰ ਗਲਤ ਰਾਹ ਪਾ ਦੇਣਗੇ। 12 ਦੁਨੀਆਂ ਵਿੱਚ ਦੁਸ਼ਟਤਾ ਵੱਧ ਜਾਵੇਗੀ। ਇਸ ਲਈ ਬਹੁਤ ਸਾਰੇ ਸ਼ਰਧਾਲੂਆਂ ਦਾ ਪਿਆਰ ਠੰਡਾ ਪੈ ਜਾਵੇਗਾ। 13 ਪਰ ਜਿਹੜਾ ਅੰਤ ਤੀਕ ਸਹੇਗਾ ਉਹੀ ਬਚਾਇਆ ਜਾਵੇਗਾ। 14 ਅਤੇ ਪਰਮੇਸ਼ੁਰ ਦੇ ਰਾਜ ਬਾਰੇ ਇਹ ਖੁਸ਼ਖਬਰੀ ਸਾਰੀ ਦੁਨੀਆਂ ਵਿੱਚ ਫ਼ੈਲਾਈ ਜਾਵੇਗੀ। ਹਰ ਇੱਕ ਕੌਮ ਨੂੰ ਇਸ ਬਾਰੇ ਦੱਸਿਆ ਜਾਵੇਗਾ ਉਸ ਤੋਂ ਮਗਰੋਂ ਅੰਤ ਆਵੇਗਾ।
15 “ਦਾਨੀਏਲ ਨਬੀ ਨੇ ਉਸ ਘਿਨਾਉਣੀ ਦਿਲ ਕੰਬਾਊ ਵਸਤ ਬਾਰੇ ਆਖਿਆ ਹੈ ‘ਜਿਸ ਨਾਲ ਭਾਰੀ ਨੁਕਸਾਨ ਹੋਣਾ ਹੈ।’ [r] ਤੁਸੀਂ ਉਹ ਭਿਆਨਕ ਵਸਤ ਪਵਿੱਤਰ ਸਥਾਨ ਵਿੱਚ ਖੜੀ ਵੇਖੋਂਗੇ।” (ਤੁਹਾਡੇ ਵਿੱਚ ਜਿਨ੍ਹਾਂ ਨੇ ਇਸ ਬਾਰੇ ਪੜ੍ਹਿਆ ਹੈ ਉਹ ਸਮਝਦੇ ਹਨ ਕਿ ਇਸਦਾ ਕੀ ਅਰਥ ਹੈ।) 16 “ਉਸ ਵਕਤ ਜਿਹੜੇ ਲੋਕ ਯਹੂਦਿਯਾ ਵਿੱਚ ਹੋਣ ਉਹ ਪਹਾੜੀਆਂ ਨੂੰ ਭੱਜ ਜਾਣ। 17 ਲੋਕਾਂ ਨੂੰ ਉਸ ਵਕਤ ਬਿਨਾ ਆਪਣਾ ਵਕਤ ਜਾਇਆ ਕੀਤਿਆਂ ਉੱਥੇ ਜਾਣਾ ਚਾਹੀਦਾ ਹੈ। ਜੇਕਰ ਕੋਈ ਮਨੁੱਖ ਆਪਣੇ ਘਰ ਦੀ ਛੱਤ ਉੱਤੇ ਹੈ, ਤਾਂ ਉਸ ਨੂੰ ਘਰ ਵਿੱਚੋਂ ਆਪਣੀਆਂ ਚੀਜ਼ਾਂ ਲੈਣ ਵਾਸਤੇ ਹੇਠਾਂ ਨਹੀਂ ਆਉਣਾ ਚਾਹੀਦਾ। 18 ਜੇਕਰ ਕੋਈ ਮਨੁੱਖ ਖੇਤ ਵਿੱਚ ਹੈ ਤਾਂ ਉਸ ਨੂੰ ਆਪਣਾ ਚੋਲਾ ਲੈਣ ਵਾਸਤੇ ਵਾਪਿਸ ਨਹੀਂ ਆਉਣਾ ਚਾਹੀਦਾ।
19 “ਇਹ ਵਕਤ ਉਨ੍ਹਾਂ ਔਰਤਾਂ ਵਾਸਤੇ ਬੜਾ ਖਰਾਬ ਹੋਵੇਗਾ ਜਿਹੜੀਆਂ ਗਰਭਵਤੀਆਂ ਹੋਣਗੀਆਂ ਜਾਂ ਜਿਨ੍ਹਾਂ ਦੇ ਬੱਚੇ ਦੁੱਧ ਚੁੰਘਦੇ ਹੋਣਗੇ। 20 ਪਰ ਤੁਸੀਂ ਪ੍ਰਾਰਥਨਾ ਕਰੋ ਕਿ ਤੁਹਾਡੀ ਭਾਜ ਸਰਦੀਆਂ ਵਿੱਚ ਜਾਂ ਸਬਤ ਦੇ ਦਿਨ ਨਾ ਹੋਵੇ। 21 ਕਿਉਂਕਿ, ਉਸ ਸਮੇਂ ਬਹੁਤ ਵੱਡੀ ਮੁਸੀਬਤ ਹੋਵੇਗੀ। ਅਜਿਹੀ ਮੁਸੀਬਤ ਸੰਸਾਰ ਦੇ ਆਦਿ ਤੋਂ ਲੈ ਕੇ ਹੁਣ ਤੱਕ ਕਦੀ ਨਹੀਂ ਵਾਪਰੀ ਅਤੇ ਨਾ ਹੀ ਇਹ ਫ਼ੇਰ ਕਦੇ ਵਾਪਰੇਗੀ।
22 “ਪਰਮੇਸ਼ੁਰ ਨੇ ਉਹ ਮੁਸੀਬਤਾਂ ਦੇ ਦਿਨ ਘਟਾਉਣ ਦਾ ਫ਼ੈਸਲਾ ਕੀਤਾ ਹੈ। ਜੇਕਰ ਉਸ ਨੇ ਅਜਿਹਾ ਨਾ ਕੀਤਾ, ਤਾਂ ਕੋਈ ਜਿਉਂਦਾ ਨਹੀਂ ਰਹੇਗਾ। ਪਰ ਪਰਮੇਸ਼ੁਰ ਨੇ ਉਹ ਸਮਾਂ ਆਪਣੇ ਚੁਣੇ ਹੋਏ ਲੋਕਾਂ ਦੀ ਭਲਾਈ ਲਈ ਘਟਾ ਦਿੱਤਾ ਹੈ।
23 “ਉਸ ਵਕਤ ਜੇਕਰ ਤੁਹਾਨੂੰ ਕੋਈ ਆਖੇ ਕਿ ਵੇਖੋ ਮਸੀਹ ਇੱਥੇ ਹੈ, ਤੇ ਕੋਈ ਕਹੇ ਕਿ ਵੇਖੋ ਉਹ ਇੱਥੇ ਹੈ, ਤਾਂ ਤੁਸੀਂ ਉਨ੍ਹਾਂ ਦਾ ਵਿਸ਼ਵਾਸ ਨਾ ਕਰਨਾ। 24 ਕਿਉਂਕਿ ਝੂਠੇ ਮਸੀਹ ਅਤੇ ਝੂਠੇ ਨਬੀ ਉੱਠਣਗੇ ਅਤੇ ਕਈ ਤਰ੍ਹਾਂ ਦੇ ਅਚਰਜ ਨਿਸ਼ਾਨ ਅਤੇ ਅਦਭੁਤ ਕਰਾਮਾਤਾਂ ਵਿਖਾਉਣਗੇ ਕਿ ਉਹ ਪਰਮੇਸ਼ੁਰ ਵੱਲੋਂ ਚੁਣਿਆ ਹੋਇਆਂ ਨੂੰ ਵੀ ਭੁਲੇਵੇ ਵਿੱਚ ਪਾ ਸੱਕਣ। ਉਹ ਇਹ ਗੱਲਾਂ, ਜੇਕਰ ਸੰਭਵ ਹੋਇਆ ਤਾਂ, ਪਰਮੇਸ਼ੁਰ ਦੇ ਚੁਣੇ ਹੋਏ ਲੋਕਾਂ ਨੂੰ ਗੁਮਰਾਹ ਕਰਨ ਲਈ ਵੀ ਕਰਨਗੇ। 25 ਹੁਣ ਮੈਂ ਤੁਹਾਨੂੰ ਇਹ ਸਭ ਕੁਝ ਵਾਪਰਨ ਤੋਂ ਪਹਿਲਾਂ ਹੀ ਦੱਸ ਦਿੱਤਾ ਹੈ।
26 “ਕੁਝ ਲੋਕ ਤੁਹਾਨੂੰ ਜੇਕਰ ਇਹ ਕਹਿਣ ਕਿ ਮਸੀਹ ਥਲਾਂ ਵਿੱਚ ਹੈ। ਤਾਂ ਤੁਸੀਂ ਉਨ੍ਹਾਂ ਦੇ ਕਹੇ ਉਜਾੜ ਵਿੱਚ ਮਸੀਹ ਨੂੰ ਲੱਭਣ ਨਾ ਚੱਲੇ ਜਾਣਾ। ਕੋਈ ਤੁਹਾਨੂੰ ਇਹ ਵੀ ਕਹਿ ਸੱਕਦਾ ਹੈ ਕਿ ਵੇਖੋ ਮਸੀਹ ਅੰਦਰਲੀ ਕੋਠੜੀ ਵਿੱਚ ਹੈ। ਪਰ ਤੁਸੀਂ ਉਸਤੇ ਵਿਸ਼ਵਾਸ ਨਾ ਕਰਿਓ। 27 ਕਿਉਂਕਿ ਜਿਸ ਤਰ੍ਹਾਂ ਬਿਜਲੀ ਚੜ੍ਹ੍ਹਦਿਉਂ ਚਮਕਾ ਮਾਰਕੇ ਲਹਿੰਦੇ ਤੀਕਰ ਦਿਸਦੀ ਹੈ ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਦਾ ਆਉਣਾ ਹੋਵੇਗਾ। 28 ਜਦੋਂ ਤੁਸੀਂ ਗਿਰਝਾਂ ਨੂੰ ਇਕੱਠਿਆਂ ਹੁੰਦਿਆਂ ਦੇਖਦੇ ਹੋ ਤਾਂ ਤੁਸੀਂ ਜਾਣ ਜਾਂਦੇ ਹੋ ਇੱਥੇ ਕੋਈ ਮੁਰਦਾ ਹੈ। ਉਸੇ ਤਰ੍ਹਾਂ ਮੇਰਾ ਆਉਣਾ ਵੀ ਸਭ ਲਈ ਸਾਫ਼ ਹੋਵੇਗਾ।
29 “ਉਨ੍ਹਾਂ ਦਿਨਾਂ ਦੀਆਂ ਤਕਲੀਫ਼ਾਂ ਤੋਂ ਤੁਰੰਤ ਬਾਦ, ਇਹ ਵਾਪਰੇਗਾ:
‘ਝੱਟ ਹੀ ਸੂਰਜ ਹਨੇਰਾ ਹੋ ਜਾਵੇਗਾ
ਅਤੇ ਚੰਨ ਆਪਣੀ ਚਾਨਣੀ ਨਹੀਂ ਦੇਵੇਗਾ
ਤਾਰੇ ਅਕਾਸ਼ ਤੋਂ ਡਿੱਗ ਪੈਣਗੇ
ਅਤੇ ਅਕਾਸ਼ਾਂ ਦੀਆਂ ਸ਼ਕਤੀਆਂ ਹਿਲਾਈਆਂ ਜਾਣਗੀਆਂ।’ [s]
30 “ਉਸ ਵਕਤ, ਅਕਾਸ਼ ਵਿੱਚ ਇੱਕ ਨਿਸ਼ਾਨ ਪ੍ਰਗਟੇਗਾ, ਇਹ ਵਿਖਾਉਣ ਲਈ, ਕਿ ਮਨੁੱਖ ਦਾ ਪੁੱਤਰ ਆ ਰਿਹਾ ਹੈ। ਫ਼ਿਰ ਧਰਤੀ ਦੇ ਸਾਰੇ ਲੋਕ ਚੀਕਣਗੇ। ਉਹ ਮਨੁੱਖ ਦੇ ਪੁੱਤਰ ਨੂੰ ਸ਼ਕਤੀ ਅਤੇ ਮਹਾਨ ਮਹਿਮਾ ਨਾਲ ਅਕਾਸ਼ ਦੇ ਬੱਦਲਾਂ ਤੇ ਆਉਂਦਾ ਵੇਖਣਗੇ। 31 ਮਨੁੱਖ ਦਾ ਪੁੱਤਰ ਤੁਰ੍ਹੀ ਦੀ ਵੱਡੀ ਅਵਾਜ਼ ਨਾਲ ਆਪਣੇ ਦੂਤਾਂ ਨੂੰ ਭੇਜੇਗਾ। ਉਹ ਉਸ ਦੇ ਚੁਣੇ ਹੋਏ ਲੋਕਾਂ ਨੂੰ ਧਰਤੀ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਅਤੇ ਅਕਾਸ਼ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਇਕੱਠਿਆਂ ਕਰਨਗੇ।
32 “ਅੰਜੀਰ ਦਾ ਰੁੱਖ ਸਾਨੂੰ ਸਬਕ ਸਿੱਖਾਉਂਦਾ ਹੈ। ਤੁਸੀਂ ਜਾਣਦੇ ਹੋ ਕਿ ਜਦੋਂ ਅੰਜੀਰ ਦੇ ਦ੍ਰੱਖਤ ਦੀਆਂ ਟਹਿਣੀਆਂ ਨਰਮ ਅਤੇ ਹਰੀਆਂ ਹੁੰਦੀਆਂ ਹਨ ਅਤੇ ਉਨ੍ਹਾਂ ਤੇ ਪੱਤੇ ਫ਼ੁੱਟਦੇ ਹਨ ਤਾਂ ਪਤਾ ਲੱਗ ਜਾਂਦਾ ਹੈ ਕਿ ਗਰਮੀ ਦੀ ਰੁੱਤ ਨੇੜੇ ਹੈ। 33 ਇਸੇ ਤਰ੍ਹਾਂ, ਜਦੋਂ ਤੁਸੀਂ ਇਹ ਸਭ ਗੱਲਾਂ ਵਾਪਰਦੀਆਂ ਵੇਖੋਂਗੇ, ਤੁਸੀਂ ਜਾਣ ਜਾਵੋਂਗੇ ਕਿ ਮਨੁੱਖ ਦੇ ਪੁੱਤਰ ਦਾ ਆਉਣਾ ਨੇੜੇ ਹੈ। 34 ਮੈਂ ਤੁਹਾਨੂੰ ਸੱਚ ਦੱਸਦਾ ਹਾਂ। ਇਹ ਸਭ ਗੱਲਾਂ ਉਦੋਂ ਵਾਪਰਨਗੀਆਂ ਜਦੋਂ ਹਾਲੇ ਇਹ ਪੀੜ੍ਹੀ ਜਿਉਂਦੀ ਹੋਵੇਗੀ। 35 ਪੂਰਾ ਸੰਸਾਰ ਧਰਤੀ ਅਤੇ ਅਕਾਸ਼ ਨਾਸ਼ ਹੋ ਜਾਣਗੇ ਪਰ ਮੇਰੇ ਬਚਨ ਕਦੇ ਵੀ ਨਾਸ਼ ਨਹੀਂ ਹੋਣਗੇ।
ਸਿਰਫ਼ ਪਰਮੇਸ਼ੁਰ ਜਾਣਦਾ ਹੈ ਕਿ ਉਹ ਸਮਾਂ ਕਦੋਂ ਆਵੇਗਾ(AI)
36 “ਪਰ ਉਸ ਦਿਨ ਅਤੇ ਉਸ ਘੜੀ ਨੂੰ ਕੋਈ ਨਹੀਂ ਜਾਣਦਾ। ਨਾ ਸਵਰਗ ਦੇ ਦੂਤ ਨਾ ਪੁੱਤਰ ਸਿਰਫ਼ ਪਿਤਾ ਹੀ ਜਾਣਦਾ ਹੈ।
37 “ਜਿਵੇਂ ਨੂਹ ਦਾ ਸਮਾਂ ਸੀ ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਦਾ ਆਉਣਾ ਵੀ ਹੋਵੇਗਾ। 38 ਉਨ੍ਹਾਂ ਦਿਨਾਂ ਵਿੱਚ ਹੜ੍ਹ ਤੋਂ ਪਹਿਲਾਂ, ਲੋਕ ਖਾ ਰਹੇ ਸਨ, ਪੀ ਰਹੇ ਸਨ, ਵਿਆਹ ਕਰਵਾ ਰਹੇ ਸਨ ਅਤੇ ਆਪਣੇ ਬੱਚਿਆਂ ਦੇ ਵਿਆਹ ਵੀ ਕਰ ਰਹੇ ਸਨ ਅਤੇ ਲੋਕ ਇਹ ਸਭ ਕੁਝ ਕਰਦੇ ਰਹੇ ਜਦ ਤੱਕ ਕਿ ਨੂਹ ਕਿਸ਼ਤੀ ਉੱਤੇ ਨਹੀਂ ਚੜ੍ਹ੍ਹਿਆ ਸੀ। 39 ਲੋਕਾਂ ਨੂੰ ਨਹੀਂ ਪਤਾ ਸੀ ਕਿ ਕੀ ਵਾਪਰ ਰਿਹਾ ਸੀ। ਉਨ੍ਹਾਂ ਨੂੰ ਹੜ੍ਹ ਆਉਣ ਅਤੇ ਸਭ ਲੋਕਾਂ ਨੂੰ ਨਸ਼ਟ ਕਰ ਦੇਣ ਤੱਕ ਕੁਝ ਵੀ ਪਤਾ ਨਹੀਂ ਸੀ।
“ਇਵੇਂ ਹੀ ਮਨੁੱਖ ਦੇ ਪੁੱਤਰ ਦੇ ਆਉਣ ਤੇ ਹੋਵੇਗਾ। 40 ਦੋ ਮਨੁੱਖ ਇਕੱਠੇ ਖੇਤ ਵਿੱਚ ਕੰਮ ਕਰ ਰਹੇ ਹੋਣਗੇ, ਉਨ੍ਹਾਂ ਵਿੱਚੋਂ ਇੱਕ ਨੂੰ ਫ਼ੜ ਲਿਆ ਜਾਵੇਗਾ ਅਤੇ ਦੂਜਾ ਛੱਡ ਦਿੱਤਾ ਜਾਵੇਗਾ। 41 ਦੋ ਔਰਤਾਂ ਚੱਕੀ ਪੀਹ ਰਹੀਆਂ ਹੋਣਗੀਆਂ ਇੱਕ ਲੈ ਲਿੱਤੀ ਜਾਵੇਗੀ ਅਤੇ ਦੂਜੀ ਨੂੰ ਛੱਡ ਦਿੱਤੀ ਜਾਵੇਗਾ।
42 “ਸੋ ਹੁਸ਼ਿਆਰ ਰਹੋ! ਤੁਸੀਂ ਨਹੀਂ ਜਾਣਦੇ ਕਿ ਤੁਹਾਡਾ ਪ੍ਰਭੂ ਕਿਹੜੇ ਦਿਨ ਆਵੇਗਾ। 43 ਇਹ ਗੱਲ ਯਾਦ ਰੱਖਣਾ ਕਿ ਜੇਕਰ ਘਰ ਦਾ ਮਾਲਕ ਜਾਣਦਾ ਹੋਵੇ ਕਿ ਚੋਰ ਕਿਸ ਵਕਤ ਆਉਣ ਵਾਲਾ ਹੈ, ਉਹ ਸਤਰਕ ਰਹੇਗਾ ਅਤੇ ਚੋਰ ਨੂੰ ਆਪਣੇ ਘਰ ਦੇ ਅੰਦਰ ਵੜਨ ਨਹੀਂ ਦੇਵੇਗਾ। 44 ਇਵੇਂ ਤੁਹਾਨੂੰ ਵੀ ਤਿਆਰ ਰਹਿਣਾ ਚਾਹੀਦਾ ਹੈ ਕਿਉਂਕਿ ਜਿਸ ਘੜੀ ਤੁਹਾਨੂੰ ਚਿੱਤ ਚੇਤਾ ਵੀ ਨਹੀ ਹੋਣਾ ਉਸ ਘੜੀ ਮਨੁੱਖ ਦਾ ਪੁੱਤਰ ਆ ਜਾਵੇਗਾ।
ਚੰਗੇ ਨੋਕਰ ਅਤੇ ਬੁਰੇ ਨੋਕਰ(AJ)
45 “ਗਿਆਨੀ ਅਤੇ ਭਰੋਸੇ ਯੋਗ ਨੋਕਰ ਕੌਣ ਹੈ? ਉਹ ਅਜਿਹਾ ਹੈ ਜਿਸ ਨੂੰ ਮਾਲਕ ਨੇ ਹੋਰਨਾਂ ਸਾਰੇ ਨੋਕਰਾਂ ਉੱਤੇ ਨਿਗਰਾਨੀ ਰੱਖਣ ਅਤੇ ਉਨ੍ਹਾਂ ਨੂੰ ਠੀਕ ਸਮੇਂ ਤੇ ਭੋਜਨ ਦੇਣ ਦੀ ਜ਼ਿੰਮੇਦਾਰੀ ਦਿੱਤੀ ਹੈ? 46 ਜਦੋਂ ਮਾਲਕ ਆਉਂਦਾ ਹੈ ਅਤੇ ਨੋਕਰ ਨੂੰ ਦਿੱਤਾ ਹੋਇਆ ਕੰਮ ਕਰਦਿਆਂ ਵੇਖਦਾ ਹੈ, ਤਾਂ ਉਹ ਨੋਕਰ ਬਹੁਤ ਖੁਸ਼ ਹੁੰਦਾ ਹੈ। 47 ਮੈਂ ਤੁਹਾਨੂੰ ਸੱਚ ਦੱਸਦਾ ਹਾਂ। ਮਾਲਕ ਉਸ ਨੋਕਰ ਨੂੰ ਆਪਣੀ ਸਾਰੀ ਜਾਇਦਾਦ ਦੀ ਜ਼ਿੰਮੇਵਾਰੀ ਦੇ ਦੇਵੇਗਾ।
48 “ਪਰ ਉਦੋਂ ਕੀ ਹੋਵੇਗਾ ਜੇ ਨੋਕਰ ਦੁਸ਼ਟ ਹੋਵੇ ਅਤੇ ਸੋਚੇ ਕਿ ਉਸਦਾ ਮਾਲਕ ਛੇਤੀ ਵਾਪਿਸ ਨਹੀਂ ਆਵੇਗਾ? 49 ਫ਼ੇਰ ਉਹ ਦੂਜੇ ਨੋਕਰਾਂ ਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦੇਵੇਗਾ ਅਤੇ ਸ਼ਰਾਬੀਆਂ ਨਾਲ ਖਾਣ-ਪੀਣ ਅਤੇ ਆਨੰਦ ਮਾਨਣ ਲੱਗ ਪਵੇਗਾ। 50 ਤਾਂ ਉਸ ਨੋਕਰ ਦਾ ਮਾਲਕ ਅਚਾਨਕ ਆਵੇਗਾ, ਜਦੋਂ ਉਸ ਨੂੰ ਉਸਦੀ ਆਸ ਵੀ ਨਹੀਂ ਹੋਵੇਗੀ, ਅਤੇ ਉਹ ਉਸ ਨੂੰ ਯਾਦ ਚੇਤੇ ਨਹੀਂ ਹੋਵੇਗਾ। 51 ਫ਼ਿਰ ਮਾਲਕ ਉਸ ਨੂੰ ਸਜ਼ਾ ਦੇਵੇਗਾ ਅਤੇ ਉਸ ਨੂੰ ਕਪਟੀਆਂ ਨਾਲ ਭੇਜ ਦੇਵੇਗਾ, ਜਿੱਥੇ ਲੋਕ ਚੀਕਦੇ ਅਤੇ ਆਪਣੇ ਦੰਦ ਕਰੀਚਦੇ ਹੋਣਗੇ।
ਦਸ ਕੁਆਰੀਆਂ ਬਾਰੇ ਦ੍ਰਿਸ਼ਟਾਂਤ
25 “ਉਸ ਵਕਤ, ਸੁਰਗੀ ਰਾਜ ਉਨ੍ਹਾਂ ਦਸ ਕੁਆਰੀਆਂ ਵਰਗਾ ਹੋਵੇਗਾ ਜਿਨ੍ਹਾਂ ਨੇ ਆਪਣੀਆਂ ਮਸ਼ਾਲਾਂ ਲਈਆਂ ਅਤੇ ਲਾੜੇ ਨੂੰ ਮਿਲਣ ਗਈਆਂ। 2 ਉਨ੍ਹਾਂ ਵਿੱਚੋਂ ਪੰਜ ਤਾਂ ਮੂਰਖ ਸਨ ਅਤੇ ਬਾਕੀ ਦੀਆਂ ਪੰਜ ਸਿਆਣੀਆਂ। 3 ਪੰਜ ਮੂਰਖ ਕੁਆਰੀਆਂ ਆਪਣੇ ਨਾਲ ਮਸ਼ਾਲਾਂ ਤਾਂ ਲੈ ਕੇ ਆਈਆਂ ਪਰ ਉਨ੍ਹਾਂ ਦੇ ਜਗਦੇ ਰਹਿਣ ਵਾਸਤੇ ਹੋਰ ਤੇਲ ਨਾ ਲੈ ਕੇ ਆਈਆਂ, ਤਾਂ ਜੋ ਮਸ਼ਾਲ ਜਗਦੀ ਰਹੇ। 4 ਦੂਜੇ ਪਾਸੇ, ਪੰਜ ਸਿਆਣੀਆਂ ਕੁਆਰੀਆਂ ਆਪਣੀਆਂ ਮਸ਼ਾਲਾਂ ਨਾਲ ਤੇਲ ਵਾਲਾ ਭਾਂਡਾ ਵੀ ਲਿਆਈਆਂ। 5 ਕਿਉਂਕਿ ਲਾੜਾ ਬਹੁਤ ਦੇਰੀ ਨਾਲ ਅਇਆ, ਸਭ ਕੁਆਰੀਆਂ ਥੱਕ ਗਈਆਂ ਅਤੇ ਸੌਂ ਗਈਆਂ।
6 “ਅਧੀ ਰਾਤ ਵੇਲੇ ਕਿਸੇ ਨੇ ਐਲਾਨ ਕੀਤਾ, ‘ਲਾੜਾ ਆ ਰਿਹਾ ਹੈ, ਉਸ ਨੂੰ ਮਿਲਣ ਲਈ ਬਾਹਰ ਆਓ!’
7 “ਤਦ ਸਾਰੀਆਂ ਕੁਆਰੀਆਂ ਉੱਠੀਆਂ, ਆਪਣੀਆਂ ਮਸ਼ਾਲਾਂ ਤਿਆਰ ਕੀਤੀਆਂ। 8 ਪਰ ਮੂਰਖ ਕੁਆਰੀਆਂ ਨੇ ਸਿਆਣੀਆਂ ਕੁਆਰੀਆਂ ਨੂੰ ਆਖਿਆ, ‘ਸਾਨੂੰ ਆਪਣੀਆਂ ਮਸ਼ਾਲਾਂ ਵਿੱਚੋਂ ਥੋੜਾ ਤੇਲ ਦੇ ਦੇਵੋ, ਜੋ ਤੇਲ ਸਾਡੇ ਕੋਲ ਸੀ ਲਗਭੱਗ ਮੁੱਕ ਚੁੱਕਿਆ ਹੈ ਅਤੇ ਸਾਡੀਆਂ ਮਸ਼ਾਲਾਂ ਬੁਝ ਰਹੀਆਂ ਹਨ।’
9 “ਸਿਆਣੀਆਂ ਕੁਆਰੀਆਂ ਨੇ ਉੱਤਰ ਦਿੱਤਾ, ‘ਨਹੀਂ ਇਹ ਤੇਲ ਸਾਡੇ ਤੇ ਤੁਹਾਡੇ ਜਗਾਉਣ ਵਾਸਤੇ ਕਾਫ਼ੀ ਨਹੀਂ ਹੋਵੇਗਾ। ਇਹ ਬਿਹਤਰ ਹੋਵੇਗਾ ਕਿ ਤੁਸੀਂ ਤੇਲ ਵੇਚਨ ਵਾਲੇ ਤੋਂ ਮੁੱਲ ਲੈ ਆਵੋ।’
10 “ਇਉਂ ਪੰਜ ਮੂਰਖ ਕੁਆਰੀਆਂ ਤੇਲ ਲੈਣ ਵਾਸਤੇ ਚਲੀਆਂ ਗਈਆਂ, ਜਦੋਂ ਉਹ ਚਲੀਆਂ ਗਈਆਂ ਤਾਂ ਪਿੱਛੋਂ ਲਾੜਾ ਆ ਗਿਆ ਅਤੇ ਜਿਹੜੀਆਂ ਕੁਆਰੀਆਂ ਤਿਆਰ ਸਨ ਉਹ ਲਾੜੇ ਨਾਲ ਵਿਆਹ ਦੀ ਦਾਵਤ ਵਾਸਤੇ ਨਾਲ ਚਲੀਆਂ ਗਈਆਂ ਅਤੇ ਉਸਤੋਂ ਬਾਦ ਦਰਵਾਜ਼ਾ ਬੰਦ ਹੋ ਗਿਆ।
11 “ਬਾਦ ਵਿੱਚ ਉਹ ਦੂਜੀਆਂ ਕੁਆਰੀਆਂ ਵੀ ਪਰਤੀਆਂ ਅਤੇ ਉਨ੍ਹਾਂ ਕਿਹਾ, ‘ਸ਼੍ਰੀ ਮਾਨ ਜੀ, ਦਰਵਾਜ਼ਾ ਖੋਲ੍ਹੋ ਤਾਂ ਜੋ ਅਸੀਂ ਵੀ ਅੰਦਰ ਆ ਸੱਕੀਏ!’
12 “ਪਰ ਲਾੜੇ ਨੇ ਜਵਾਬ ਦਿੱਤਾ, ‘ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਮੈਂ ਨਹੀਂ ਜਾਣਦਾ ਕਿ ਤੁਸੀਂ ਕੌਣ ਹੋ।’
13 “ਇਸ ਲਈ ਹਮੇਸ਼ਾ ਤਿਆਰ ਰਹੋ, ਕਿਉਂਕਿ ਤੁਸੀਂ ਨਹੀਂ ਜਾਣਦੇ ਕਿ ਮਨੁੱਖ ਦਾ ਪੁੱਤਰ ਕਿਸ ਪਲ ਜਾਂ ਕਿਸ ਦਿਨ ਆਵੇਗਾ।
ਤਿੰਨ ਨੋਕਰਾਂ ਬਾਰੇ ਦ੍ਰਿਸ਼ਟਾਂਤ(AK)
14 “ਸਵਰਗ ਦਾ ਰਾਜ ਕਿਸੇ ਵਿਅਕਤੀ ਦੇ ਵਿਦੇਸ਼ ਜਾਣ ਵਰਗਾ ਹੈ। ਵਿਦਾ ਹੋਣ ਤੋਂ ਪਹਿਲਾਂ, ਉਸ ਨੇ ਆਪਣੇ ਨੋਕਰਾਂ ਨੂੰ ਸੱਦਿਆ ਅਤੇ ਆਪਣੀ ਜਾਇਦਾਦ ਉਨ੍ਹਾਂ ਨੂੰ ਸੌਂਪ ਦਿੱਤੀ। 15 ਉਸ ਨੇ ਹਰ ਨੋਕਰ ਦੀ ਯੋਗਤਾ ਅਨੁਸਾਰ, ਇੱਕ ਨੋਕਰ ਨੂੰ ਧਨ ਦੇ ਪੰਜ ਤੋੜੇ, ਦੂਜੇ ਨੂੰ ਦੋ ਅਤੇ ਤੀਜੇ ਨੂੰ ਧਨ ਦਾ ਇੱਕ ਤੋੜਾ ਦਿੱਤਾ ਇਸ ਤੋਂ ਬਾਦ ਉਹ ਆਪਣੀ ਯਾਤਰਾ ਤੇ ਚੱਲਿਆ ਗਿਆ। 16 ਜਿਸ ਨੋਕਰ ਨੇ ਧਨ ਦੇ ਪੰਜ ਤੋੜੇ ਪ੍ਰਾਪਤ ਕੀਤੇ ਸਨ ਉਹ ਝੱਟ ਚੱਲਿਆ ਗਿਆ ਅਤੇ ਧਨ ਲਾ ਦਿੱਤਾ ਅਤੇ ਧਨ ਦੇ ਪੰਜ ਹੋਰ ਤੋੜੇ ਕਮਾ ਲਏ। 17 ਅਤੇ ਜਿਸ ਨੂੰ ਧਨ ਦੇ ਦੋ ਤੋੜੇ ਮਿਲੇ ਸਨ ਉਸ ਨੇ ਵੀ ਧਨ ਲਾ ਦਿੱਤਾ ਅਤੇ ਧਨ ਦੇ ਦੋ ਹੋਰ ਤੋੜੇ ਕਮਾ ਲਏ। 18 ਪਰ ਜਿਸ ਨੂੰ ਧਨ ਦਾ ਸਿਰਫ਼ ਇੱਕ ਹੀ ਤੋੜਾ ਮਿਲਿਆ ਸੀ, ਉਸ ਨੇ ਧਰਤੀ ਵਿੱਚ ਟੋਆ ਪੁਟਿਆ ਅਤੇ ਆਪਣੇ ਮਾਲਕ ਦਾ ਧਨ ਦੱਬ ਦਿੱਤਾ।
19 “ਲੰਬੇ ਸਮੇਂ ਬਾਦ, ਉਨ੍ਹਾਂ ਨੋਕਰਾਂ ਦਾ ਮਾਲਕ ਵਾਪਿਸ ਪਰਤਿਆ ਅਤੇ ਉਨ੍ਹਾਂ ਨੂੰ ਪੁੱਛਿਆ ਕਿ ਉਨ੍ਹਾਂ ਨੇ ਉਸ ਦੇ ਧਨ ਦਾ ਕੀ ਕੀਤਾ। 20 ਜਿਸ ਨੋਕਰ ਨੂੰ ਉਸ ਨੇ ਪੰਜ ਤੋੜੇ ਦਿੱਤੇ ਸੀ ਉਹ ਮਾਲਕ ਕੋਲ ਉਨ੍ਹਾਂ ਪੰਜ ਤੋੜਿਆਂ ਦੇ ਨਾਲ ਹੋਰ ਪੰਜ ਤੋੜੇ ਵੀ ਲੈ ਆਇਆ ਜੋ ਉਸ ਨੇ ਕਮਾਏ ਸਨ, ਅਤੇ ਉਨ੍ਹਾਂ ਨੂੰ ਮਾਲਕ ਦੇ ਅੱਗੇ ਰੱਖ ਦਿੱਤਾ। ਨੋਕਰ ਨੇ ਕਿਹਾ, ‘ਸੁਆਮੀ ਜੀ, ਤੁਸੀਂ ਮੈਨੂੰ ਧਨ ਦੇ ਪੰਜ ਤੋੜੇ ਸੌਂਪੇ ਸਨ। ਆਹ ਧਨ ਦੇ ਪੰਜ ਹੋਰ ਤੋੜੇ ਹਨ ਜਿਹੜੇ ਮੈਂ ਇਨ੍ਹਾਂ ਨਾਲ ਕਮਾਏ ਹਨ।’
21 “ਮਾਲਕ ਨੇ ਉੱਤਰ ਦਿੱਤਾ, ‘ਬਹੁਤ ਵੱਧੀਆ, ਤੂੰ ਇੱਕ ਚੰਗਾ ਨੋਕਰ ਹੈ ਜਿਸਤੇ ਭਰੋਸਾ ਕੀਤਾ ਜਾ ਸੱਕਦਾ ਹੈ। ਤੂੰ ਉਸ ਥੋੜੇ ਜਿਹੇ ਧਨ ਨੂੰ ਸਹੀ ਢੰਗ ਨਾਲ ਵਰਤਿਆ ਹੈ। ਇਸ ਲਈ ਮੈਂ ਹੁਣ ਤੈਨੂੰ ਇਸਤੋਂ ਵੱਡਾ ਇਖਤਿਆਰ ਦੇਵਾਂਗਾ। ਇਸ ਲਈ ਤੂੰ ਹੁਣ ਆਪਣੇ ਮਾਲਕ ਦੀ ਖੁਸ਼ੀ ਵਿੱਚ ਸ਼ਾਮਿਲ ਹੋ।’
22 “ਫ਼ਿਰ, ਉਹ ਨੋਕਰ ਆਇਆ ਜਿਸਨੇ ਧਨ ਦੇ ਦੋ ਤੋੜੇ ਪ੍ਰਾਪਤ ਕੀਤੇ ਸਨ। ਉਹ ਮਾਲਕ ਕੋਲ ਆਇਆ ਅਤੇ ਉਸ ਨੂੰ ਕਿਹਾ, ‘ਸੁਆਮੀ ਜੀ, ਤੁਸੀਂ ਮੈਨੂੰ ਦੋ ਤੋੜੇ ਰੱਖਵਾਲੀ ਲਈ ਦੇ ਗਏ ਸੀ, ਮੈਂ ਉਸ ਨੂੰ ਵਰਤਕੇ ਦੋ ਹੋਰ ਬਣਾ ਲਏ ਹਨ।’
23 “ਮਾਲਕ ਨੇ ਆਖਿਆ, ‘ਬਹੁਤ ਵੱਧੀਆ! ਤੂੰ ਇੱਕ ਚੰਗਾ ਅਤੇ ਵਫ਼ਾਦਾਰ ਨੋਕਰ ਹੈ ਤੂੰ ਉਸ ਥੋੜੇ ਜਿਹੇ ਧਨ ਦੀ ਸਹੀ ਵਰਤੋਂ ਕੀਤੀ ਹੈ, ਇਸ ਲਈ ਮੈਂ ਤੈਨੂੰ ਵੱਡੀਆਂ ਜ਼ਿੰਮੇਦਾਰੀਆਂ ਦੇਵਾਂਗਾ। ਤੂੰ ਆ ਅਤੇ ਮੇਰੇ ਨਾਲ ਪ੍ਰਸ਼ੰਸਾ ਸਾਂਝੀ ਕਰ।’
24 “ਜਿਸ ਨੋਕਰ ਨੇ ਧਨ ਦਾ ਸਿਰਫ਼ ਇੱਕ ਹੀ ਤੋੜਾ ਪ੍ਰਾਪਤ ਕੀਤਾ ਸੀ, ਉਹ ਆਇਆ ਅਤੇ ਆਖਿਆ, ‘ਸੁਆਮੀ ਜੀ, ਮੈਂ ਜਾਣਦਾ ਸਾਂ ਕਿ ਤੁਸੀਂ ਇੱਕ ਸਖਤ ਦਿਲ ਆਦਮੀ ਹੋ ਕਿਉਂਕਿ ਜਿੱਥੇ ਤੁਸੀਂ ਕੁਝ ਨਹੀਂ ਬੀਜਿਆ ਤੁਸੀਂ ਉੱਥੋਂ ਵੱਢਦੇ ਹੋ ਅਤੇ ਜਿੱਥੇ ਖਿਲਾਰਿਆ ਨਹੀਂ ਉੱਥੋਂ ਇਕੱਠਾ ਕਰਦੇ ਹੋ।’ 25 ਇਸ ਲਈ ਮੈਂ ਡਰਦਾ ਸਾਂ। ਮੈਂ ਗਿਆ ਅਤੇ ਤੁਹਾਡਾ ਧਨ ਧਰਤੀ ਵਿੱਚ ਲਕੋ ਦਿੱਤਾ। ਆਹ ਰਿਹਾ ਤੁਹਾਡਾ ਧਨ ਦਾ ਤੋੜਾ।
26 “ਮਾਲਕ ਨੇ ਉਸ ਨੂੰ ਆਖਿਆ ਕੀ ਤੂੰ ਇੱਕ ਬੁਰਾ ਅਤੇ ਆਲਸੀ ਨੋਕਰ ਹੈਂ। ਤੂੰ ਜਾਣਦਾ ਸੀ ਕਿ ਜਿੱਥੇ ਮੈਂ ਬੀਜਿਆ ਨਹੀਂ ਉੱਥੋਂ ਵੱਢਦਾ ਹਾਂ ਅਤੇ ਜਿੱਥੇ ਮੈਂ ਖਿਲਾਰਿਆ ਨਹੀਂ ਸੀ ਉੱਥੋਂ ਇਕੱਠਾ ਕਰਦਾ ਹਾਂ। 27 ਸੋ ਤੈਨੂੰ ਚਾਹੀਦਾ ਸੀ ਕਿ ਤੂੰ ਮੇਰਾ ਧਨ ਸਰਾਫ਼ਾਂ ਨੂੰ ਦੇ ਦਿੰਦਾ ਤਾਂ ਜੋ ਜਦੋਂ ਮੈਂ ਵਾਪਿਸ ਮੁੜਦਾ ਤਾਂ ਮੈਨੂੰ ਇਸ ਧਨ ਨਾਲ ਬਿਆਜ ਮਿਲਦਾ।
28 “ਤਾਂ ਮਾਲਕ ਨੇ ਦੂਜੇ ਨੋਕਰਾਂ ਨੂੰ ਆਖਿਆ, ‘ਧਨ ਦਾ ਇਹ ਇੱਕ ਝੋਲਾ ਇਸ ਕੋਲੋਂ ਲੈ ਲਵੋ ਅਤੇ ਉਸ ਨੂੰ ਦੇ ਦੇਵੋ ਜਿਸ ਕੋਲ ਦਸ ਝੋਲੇ ਹਨ। 29 ਕਿਉਂਕਿ ਹਰ ਕੋਈ ਜਿਸ ਕੋਲ ਜੋ ਹੈ ਉਸ ਨੂੰ ਵਰਤਦਾ ਹੈ ਉਸ ਨੂੰ ਵੱਧ ਮਿਲੇਗਾ ਅਤੇ ਉਹ ਆਪਣੀ ਜ਼ਰੂਰਤ ਤੋਂ ਵੀ ਵੱਧ ਪ੍ਰਾਪਤ ਕਰੇਗਾ। ਅਤੇ ਉਹ ਜਿਸ ਕੋਲ ਜੋ ਹੈ ਉਸਦੀ ਵਰਤੋਂ ਨਹੀਂ ਕਰਦਾ, ਤਾਂ ਉਸ ਕੋਲੋਂ ਉਹ ਵੀ ਲੈ ਲਿਆ ਜਾਵੇਗਾ ਜੋ ਉਸ ਕੋਲ ਹੈ।’ 30 ਤਾਂ ਉਸ ਦੇ ਮਾਲਕ ਨੇ ਕਿਹਾ, ‘ਉਸ ਨਿਕੰਮੇ ਨੋਕਰ ਨੂੰ ਬਾਹਰ ਹਨੇਰੇ ਵਿੱਚ ਸੁੱਟ ਦਿਓ, ਉਸ ਜਗ੍ਹਾ ਜਿੱਥੇ ਲੋਕ ਚੀਕਦੇ ਅਤੇ ਦਰਦ ਨਾਲ ਆਪਣੇ ਦੰਦ ਪੀਸਦੇ ਹਨ।’
ਮਨੁੱਖ ਦਾ ਪੁੱਤਰ ਸਾਰਿਆ ਦਾ ਨਿਆਂ ਕਰੇਗਾ
31 “ਜਦੋਂ ਮਨੁੱਖ ਦਾ ਪੁੱਤਰ ਆਪਣੀ ਮਹਿਮਾ ਵਿੱਚ ਆਪਣੇ ਸਾਰੇ ਦੂਤਾਂ ਨਾਲ ਆਵੇਗਾ, ਉਹ ਪਾਤਸ਼ਾਹ ਦੀ ਤਰ੍ਹਾਂ ਆਪਣੇ ਮਹਿਮਾਮਈ ਸਿੰਘਾਸਨ ਤੇ ਵਿਰਾਜਮਾਨ ਹੋਵੇਗਾ। 32 ਸਾਰੀਆਂ ਕੌਮਾਂ ਉਸ ਦੇ ਅੱਗੇ ਇਕੱਠੀਆਂ ਕੀਤੀਆਂ ਜਾਣਗੀਆਂ ਅਤੇ ਉਹ ਉਨ੍ਹਾਂ ਨੂੰ ਦੋ ਹਿੱਸਿਆਂ ਵਿੱਚ ਵੰਡੇਗਾ। ਇਹ ਇੰਝ ਹੋਵੇਗਾ ਜਿਵੇਂ ਆਜੜੀ ਭੇਡਾਂ ਵਿੱਚੋਂ ਬੱਕਰੀਆਂ ਨੂੰ ਵੱਖਰੀਆਂ ਕਰਦਾ ਹੈ। 33 ਮਨੁੱਖ ਦਾ ਪੁੱਤਰ ਭੇਡਾਂ ਨੂੰ ਆਪਣੇ ਸੱਜੇ ਪਾਸੇ ਅਤੇ ਬੱਕਰੀਆਂ ਨੂੰ ਆਪਣੇ ਖੱਬੇ ਪਾਸੇ ਰੱਖੇਗਾ।
34 “ਫ਼ੇਰ ਪਾਤਸ਼ਾਹ ਉਨ੍ਹਾਂ ਆਦਮੀਆਂ ਨੂੰ, ਜਿਹੜੇ ਉਸ ਦੇ ਸੱਜੇ ਪਾਸੇ ਹੋਣਗੇ ਆਖੇਗਾ, ‘ਆਓ! ਮੇਰੇ ਪਿਤਾ ਨੇ ਤੁਹਾਨੂੰ ਸਭ ਨੂੰ ਅਸੀਸਾਂ ਦਿੱਤੀਆਂ ਹਨ। ਆਓ ਅਤੇ ਉਹ ਰਾਜ ਪ੍ਰਾਪਤ ਕਰੋ ਜਿਸਦਾ ਪ੍ਰਭੂ ਨੇ ਤੁਹਾਡੇ ਨਾਲ ਵਾਅਦਾ ਕੀਤਾ ਹੋਇਆ ਹੈ। ਇਹ ਰਾਜ ਤਾਂ ਸੰਸਾਰ ਦੇ ਮੁਢ ਤੋਂ ਹੀ ਤੁਹਾਡੇ ਲਈ ਤਿਆਰ ਕੀਤਾ ਹੋਇਆ ਹੈ। 35 ਤੁਸੀਂ ਇਹ ਰਾਜ ਪਾ ਸੱਕਦੇ ਹੋ ਕਿਉਂਕਿ ਜਦੋਂ ਮੈਂ ਭੁੱਖਾ ਸੀ ਤੁਸੀਂ ਮੈਨੂੰ ਖਾਣ ਨੂੰ ਦਿੱਤਾ ਅਤੇ ਜਦੋਂ ਮੈਂ ਪਿਆਸਾ ਸੀ, ਤੁਸੀਂ ਮੈਨੂੰ ਪੀਣ ਨੂੰ ਦਿੱਤਾ। ਜਦੋਂ ਮੈਂ ਘਰ ਤੋਂ ਦੂਰ ਅਤੇ ਇੱਕਲਾ ਸੀ ਤੁਸੀਂ ਆਪਣੇ ਘਰ ਨਿਓਤਾ ਦਿੱਤਾ। 36 ਜਦੋਂ ਮੈਂ ਵਸਤਰ-ਹੀਣ ਸਾਂ, ਤੁਸੀਂ ਮੈਨੂੰ ਪਹਿਨਣ ਲਈ ਕੱਪੜੇ ਦਿੱਤੇ। ਮੈਂ ਬਿਮਾਰ ਸੀ ਤਾਂ ਤੁਸੀਂ ਮੇਰੀ ਖਬਰ ਲਿੱਤੀ ਅਤੇ ਜਦੋਂ ਮੈਂ ਕੈਦ ਵਿੱਚ ਸੀ ਤਾਂ ਤੁਸੀਂ ਮੇਰੇ ਕੋਲ ਆਏ।’
37 “ਤਦ ਚੰਗੇ ਲੋਕ ਉਸ ਨੂੰ ਉੱਤਰ ਦੇਣਗੇ, ‘ਪ੍ਰਭੂ, ਅਸੀਂ ਕਦੋਂ ਤੁਹਾਨੂੰ ਭੁੱਖਾ ਵੇਖਿਆ ਅਤੇ ਤੁਹਾਨੂੰ ਭੋਜਨ ਦਿੱਤਾ ਜਾਂ ਕਦੋਂ ਅਸੀਂ ਤੁਹਾਨੂੰ ਪਿਆਸਾ ਵੇਖਿਆ ਅਤੇ ਕੁਝ ਪੀਣ ਨੂੰ ਦਿੱਤਾ? 38 ਕਦੋਂ ਅਸੀਂ ਤੁਹਾਨੂੰ ਬਗਾਨਿਆਂ ਵਾਂਗ ਵੇਖਿਆ ਅਤੇ ਤੁਹਾਨੂੰ ਆਪਣੇ ਘਰ ਨਿਉਤਾ ਦਿੱਤਾ, ਜਾਂ ਕਦੋਂ ਅਸੀਂ ਤੁਹਾਨੂੰ ਬਿਨ ਕੱਪੜਿਉਂ ਵੇਖਿਆ ਅਤੇ ਤੁਹਾਨੂੰ ਕੱਪੜੇ ਦਿੱਤੇ? 39 ਕਦੋਂ ਅਸੀਂ ਤੁਹਾਨੂੰ ਬਿਮਾਰ ਜਾਂ ਕੈਦ ਵਿੱਚ ਵੇਖਿਆ ਅਤੇ ਤੁਹਾਡੀ ਦੇਖ-ਭਾਲ ਕਰਨ ਲਈ ਆਏ?’
40 “ਤਦ ਪਾਤਸ਼ਾਹ ਜਵਾਬ ਦੇਵੇਗਾ, ‘ਮੈਂ ਤੁਹਾਨੂੰ ਸੱਚ ਆਖਦਾ ਹਾਂ, ਕਿ ਜੋ ਕੁਝ ਵੀ ਤੁਸੀਂ ਇਨ੍ਹਾਂ ਤੁਛ ਲੋਕਾਂ ਲਈ ਕੀਤਾ ਜੋ ਮੇਰੇ ਨਾਲ ਸੰਬੰਧਿਤ ਹਨ, ਤੁਸੀਂ ਇਹ ਮੇਰੇ ਲਈ ਕੀਤਾ।’
41 “ਫ਼ੇਰ ਪਾਤਸ਼ਾਹ ਆਪਣੇ ਖੱਬੇ ਪਾਸੇ ਵਾਲੇ ਲੋਕਾਂ ਨੂੰ ਆਖੇਗਾ, ‘ਮੈਥੋਂ ਦੂਰ ਚੱਲੇ ਜਾਓ, ਤੁਸੀਂ ਸਰਾਪੇ ਹੋਏ ਹੋ। ਉਸ ਸਦੀਵੀ ਮੱਚਦੀ ਹੋਈ ਅੱਗ ਵਿੱਚ ਚੱਲੇ ਜਾਓ, ਜਿਹੜੀ ਸ਼ੈਤਾਨ ਅਤੇ ਉਸ ਦੇ ਦੂਤਾਂ ਲਈ ਤਿਆਰ ਕੀਤੀ ਗਈ ਹੈ। 42 ਤੁਹਾਨੂੰ ਜਾਣਾ ਹੀ ਪਵੇਗਾ ਕਿਉਂਕਿ ਜਦ ਮੈਂ ਭੁੱਖਾ ਸਾਂ ਤੁਸੀਂ ਮੈਨੂੰ ਨਾ ਖੁਆਇਆ ਅਤੇ ਨਾ ਹੀ ਕੁਝ ਪੀਣ ਨੂੰ ਦਿੱਤਾ। 43 ਜਦੋਂ ਮੈਂ ਇੱਕਲਾ ਅਤੇ ਘਰ ਤੋਂ ਦੂਰ ਸਾਂ ਤੁਸੀਂ ਮੈਨੂੰ ਆਪਣੇ ਘਰ ਨਿਉਤਾ ਨਹੀਂ ਦਿੱਤਾ ਅਤੇ ਜਦ ਵਸਤਰ-ਹੀਣ ਸਾਂ ਤੁਸੀਂ ਮੈਨੂੰ ਕੱਪੜਾ ਨਹੀਂ ਦਿੱਤਾ, ਜਦੋਂ ਮੈਂ ਬਿਮਾਰ ਅਤੇ ਕੈਦ ਵਿੱਚ ਸਾਂ, ਤੁਸੀਂ ਮੇਰਾ ਧਿਆਨ ਨਹੀਂ ਰੱਖਿਆ।’
44 “ਫ਼ੇਰ ਉਹ ਵੀ ਉੱਤਰ ਦੇਣਗੇ: ‘ਪ੍ਰਭੂ, ਕਦੋਂ ਅਸੀਂ ਤੁਹਾਨੂੰ ਭੁੱਖਾ ਜਾਂ ਪਿਆਸਾ ਇੱਕ ਬਗਾਨੇ ਵਾਂਗ ਜਾਂ ਬਿਨ ਕੱਪੜਿਉਂ, ਜਾਂ ਬਿਮਾਰ ਜਾਂ ਕੈਦ ਵਿੱਚ ਵੇਖਿਆ ਅਤੇ ਤੁਹਾਡੀ ਸਹਾਇਤਾ ਨਹੀਂ ਕੀਤੀ।’
45 “ਫ਼ੇਰ ਰਾਜਾ ਉੱਤਰ ਦੇਵੇਗਾ, ‘ਮੈਂ ਤੁਹਾਨੂੰ ਸੱਚ ਆਖਦਾ ਹਾਂ, ਕਿ ਜਦੋਂ ਤੁਸੀਂ ਇਨ੍ਹਾਂ ਤੁਛ ਲੋਕਾਂ ਲਈ ਕੁਝ ਵੀ ਕਰਨ ਤੋਂ ਇਨਕਾਰ ਕਰਦੇ ਹੋਂ, ਜੋ ਮੇਰੇ ਨਾਲ ਸੰਬੰਧਿਤ ਹਨ, ਤੁਸੀਂ ਇਹ ਮੇਰੇ ਲਈ ਕਰਨ ਤੋਂ ਇਨਕਾਰ ਕਰਦੇ ਹੋਂ।’
46 “ਤਦ ਉਹ ਬੁਰੇ ਲੋਕ ਸਦੀਵੀ ਸਜ਼ਾ ਪਾਉਣਗੇ ਪਰ ਚੰਗੇ ਲੋਕ ਸਦੀਪਕ ਜੀਵਨ ਪਾਉਣਗੇ।”
ਯਹੂਦੀ ਆਗੂਆਂ ਵੱਲੋਂ ਯਿਸੂ ਨੂੰ ਮਰਵਾਉਣ ਦੀ ਵਿਉਂਤ(AL)
26 ਜਦੋਂ ਯਿਸੂ ਇਹ ਸਭ ਬਚਨ ਆਖ ਹਟਿਆ, ਉਸ ਨੇ ਆਪਣੇ ਚੇਲਿਆਂ ਨੂੰ ਆਖਿਆ, 2 “ਤੁਹਾਨੂੰ ਪਤਾ ਹੈ ਕਿ ਪਰਸੋਂ ਪਸਾਹ ਦਾ ਤਿਉਹਾਰ ਹੈ। ਉਸ ਦਿਨ, ਮਨੁੱਖ ਦਾ ਪੁੱਤਰ ਆਪਣੇ ਦੁਸ਼ਮਨਾਂ ਹੱਥੀਂ ਸਲੀਬ ਦਿੱਤੇ ਜਾਣ ਲਈ ਦੇ ਦਿੱਤਾ ਜਾਵੇਗਾ।”
3 ਤਦ ਪ੍ਰਧਾਨ ਜਾਜਕ ਅਤੇ ਬਜ਼ੁਰਗ ਯਹੂਦੀ ਆਗੂ ਸਰਦਾਰ ਜਾਜਕ ਦੇ ਮਹਲ ਵਿੱਚ ਇਕੱਠੇ ਹੋਏ। ਸਰਦਾਰ ਜਾਜਕ ਦਾ ਨਾਓ ਕਯਾਫ਼ਾ ਸੀ। 4 ਅਤੇ ਉਸ ਸਭਾ ਵਿੱਚ, ਉਨ੍ਹਾਂ ਨੇ ਧੋਖੇ ਨਾਲ ਯਿਸੂ ਨੂੰ ਗਿਰਫ਼ਤਾਰ ਕਰਨ ਅਤੇ ਮਾਰ ਦੇਣ ਦੀ ਵਿਉਂਤ ਬਣਾਈ। 5 ਪਰ ਉਨ੍ਹਾਂ ਨੇ ਆਖਿਆ, “ਅਸੀਂ ਯਿਸੂ ਨੂੰ ਪਸਾਹ ਦੇ ਤਿਉਹਾਰ ਵੇਲੇ ਗਿਰਫ਼ਤਾਰ ਨਹੀਂ ਕਰ ਸੱਕਦੇ ਕਿਉਂਕਿ ਲੋਕ ਗੁੱਸੇ ਵਿੱਚ ਆ ਜਾਣਗੇ ਅਤੇ ਫ਼ਸਾਦ ਕਰ ਦੇਣਗੇ।”
ਇੱਕ ਔਰਤ ਨੇ ਵਿਸ਼ੇਸ਼ ਕੰਮ ਕੀਤਾ(AM)
6 ਜਦੋਂ ਯਿਸੂ ਬੈਤਅਨੀਆ ਵਿੱਚ ਸ਼ਮਊਨ ਕੋੜ੍ਹੀ ਦੇ ਘਰ ਸੀ। 7 ਤਾਂ ਇੱਕ ਔਰਤ ਉਸ ਕੋਲ ਆਈ। ਉਸ ਕੋਲ ਸੰਗਮਰਮਰ ਦੀ ਸ਼ੀਸ਼ੀ ਵਿੱਚ ਬੜਾ ਮਹਿੰਗਾ ਅਤਰ ਭਰਿਆ ਹੋਇਆ ਸੀ। ਉਸ ਔਰਤ ਨੇ ਜਦੋਂ ਯਿਸੂ ਭੋਜਨ ਕਰ ਰਿਹਾ ਸੀ, ਇਹ ਅਤਰ ਉਸ ਦੇ ਸਿਰ ਉੱਤੇ ਡੋਲ੍ਹ ਦਿੱਤਾ।
8 ਜਦੋਂ ਚੇਲਿਆਂ ਨੇ ਔਰਤ ਨੂੰ ਇਉਂ ਕਰਦਿਆਂ ਵੇਖਿਆ, ਉਹ ਬੜੇ ਪਰੇਸ਼ਾਨ ਹੋ ਗਏ ਅਤੇ ਆਖਿਆ, “ਇਹ ਬੇਕਾਰ ਹੀ ਕਿਉਂ? 9 ਇਹੋ ਅਤਰ ਮਹਿੰਗੇ ਮੁੱਲ ਵੇਚਿਆ ਜਾ ਸੱਕਦਾ ਸੀ ਅਤੇ ਪੈਸੇ ਗਰੀਬ ਲੋਕਾਂ ਨੂੰ ਦਿੱਤੇ ਜਾ ਸੱਕਦੇ ਸਨ?”
10 ਯਿਸੂ ਜਾਣਦਾ ਸੀ ਕਿ ਕੀ ਵਾਪਰਿਆ ਸੀ। ਇਸ ਲਈ ਉਸ ਨੇ ਆਖਿਆ, “ਤੁਸੀਂ ਇਸ ਔਰਤ ਨੂੰ ਕਿਉਂ ਖਿਝਾ ਰਹੇ ਹੋ? ਉਸ ਨੇ ਮੇਰੇ ਲਈ ਇਹ ਬਹੁਤ ਚੰਗਾ ਕੀਤਾ ਹੈ। 11 ਗਰੀਬ ਲੋਕ ਹਮੇਸ਼ਾ ਤੁਹਾਡੇ ਨਾਲ ਹੋਣਗੇ [t] ਪਰ ਮੈਂ ਸਦਾ ਤੁਹਾਡੇ ਨਾਲ ਨਹੀਂ ਰਹਾਂਗਾ। 12 ਇਸ ਔਰਤ ਨੇ ਅਤਰ ਮੇਰੇ ਸ਼ਰੀਰ ਤੇ ਡੋਲ੍ਹਿਆ ਹੈ। ਇਸਨੇ ਇਹ ਸਭ ਕੁਝ ਮੇਰੇ ਮਰਨ ਉਪਰੰਤ ਦੇਹ ਨੂੰ ਦਫ਼ਨਾਉਣ ਲਈ ਕੀਤਾ ਹੈ। 13 ਮੈਂ ਤੁਹਾਨੂੰ ਸੱਚ ਆਖਦਾ ਹਾਂ, ਕਿ ਖੁਸ਼ਖਬਰੀ ਦਾ ਪ੍ਰਚਾਰ ਸਾਰੇ ਸੰਸਾਰ ਵਿੱਚ ਕੀਤਾ ਜਾਵੇਗਾ ਅਤੇ ਜਿੱਥੇ ਕਿਤੇ ਇਹ ਖੁਸ਼ਖਬਰੀ ਪਹੁੰਚੇਗੀ, ਜੋ ਇਸ ਔਰਤ ਨੇ ਕੀਤਾ ਹੈ ਇਹ ਕਹਾਣੀ ਵੀ ਕਹੀ ਜਾਵੇਗੀ ਅਤੇ ਲੋਕ ਉਸ ਨੂੰ ਯਾਦ ਕਰਨਗੇ।”
ਯਹੂਦਾ ਦਾ ਯਿਸੂ ਦਾ ਦੁਸ਼ਮਨ ਬਣ ਜਾਣਾ(AN)
14 ਤਦ ਉਨ੍ਹਾਂ ਬਾਰ੍ਹਾਂ ਚੇਲਿਆਂ ਵਿੱਚ ਇੱਕ ਨੇ ਜਿਸਦਾ ਨਾਉਂ ਯਹੂਦਾ ਇਸੱਕਰਿਯੋਤੀ ਸੀ, ਪ੍ਰਧਾਨ ਜਾਜਕ ਕੋਲ ਜਾਕੇ ਆਖਿਆ, 15 “ਮੈਂ ਯਿਸੂ ਨੂੰ ਤੁਹਾਡੇ ਹੱਥ ਫ਼ੜਵਾ ਦੇਵਾਂਗਾ ਤਾਂ ਤੁਸੀਂ ਮੈਨੂੰ ਇਸ ਕਾਰਜ ਲਈ ਕੀ ਦੇਵੋਂਗੇ?” ਤਾਂ ਉਨ੍ਹਾਂ ਜਾਜਕਾਂ ਨੇ ਉਸ ਨੂੰ ਤੀਹ ਚਾਂਦੀ ਦੇ ਸਿੱਕੇ ਦੇ ਦਿੱਤੇ। 16 ਉਸ ਵੇਲੇ ਤੋਂ ਬਾਦ ਯਹੂਦਾ ਯਿਸੂ ਨੂੰ ਜਾਜਕ ਦੇ ਹੱਥ ਫ਼ੜਵਾਉਨ ਦਾ ਦਾਅ ਲੱਭਣ ਲੱਗਾ।
ਯਿਸੂ ਨੇ ਪਸਾਹ ਦਾ ਭੋਜਨ ਕੀਤਾ(AO)
17 ਪਤੀਰੀ ਰੋਟੀ ਦੇ ਤਿਉਹਾਰ ਦੇ ਪਹਿਲੇ ਦਿਨ, ਚੇਲਿਆਂ ਨੇ ਯਿਸੂ ਕੋਲ ਆਕੇ ਆਖਿਆ, “ਤੁਹਾਡੇ ਖਾਣ ਲਈ ਪਸਾਹ ਦਾ ਭੋਜਨ ਅਸੀਂ ਕਿੱਥੇ ਤਿਆਰ ਕਰੀਏ?”
18 ਯਿਸੂ ਨੇ ਉੱਤਰ ਦਿੱਤਾ, “ਸ਼ਹਿਰ ਅੰਦਰ ਜਾਓ ਅਤੇ ਉਸ ਵਿਅਕਤੀ ਨੂੰ ਮਿਲੋ ਜਿਸ ਨੂੰ ਮੈਂ ਜਾਨਦਾ ਹਾਂ ਅਤੇ ਉਸ ਨੂੰ ਦੱਸੋ ਕਿ ਤੇਰੇ ਗੁਰੂ ਨੇ ਕਿਹਾ, ‘ਮੇਰਾ ਚੁਣਿਆ ਹੋਇਆ ਵੇਲਾ ਨੇੜੇ ਆ ਗਿਆ ਹੈ ਅਤੇ ਮੈਂ ਪਸਾਹ ਦਾ ਭੋਜਨ ਆਪਣੇ ਚੇਲਿਆਂ ਸਮੇਤ ਤੇਰੇ ਘਰ ਹੀ ਕਰਾਂਗਾ।’” 19 ਜਿਸ ਤਰ੍ਹਾਂ ਯਿਸੂ ਨੇ ਚੇਲਿਆਂ ਨੂੰ ਕਿਹਾ, ਉਨ੍ਹਾਂ ਨੇ ਉਸੇ ਤਰ੍ਹਾਂ ਹੀ ਕੀਤਾ ਅਤੇ ਉਵੇਂ ਪਸਾਹ ਦਾ ਭੋਜਨ ਤਿਆਰ ਹੋਇਆ।
20 ਸ਼ਾਮ ਵੇਲੇ ਯਿਸੂ ਆਪਣੇ ਬਾਰ੍ਹਾਂ ਚੇਲਿਆ ਸਮੇਤ ਮੇਜ਼ ਤੇ ਬੈਠਾ ਹੋਇਆ ਸੀ। 21 ਜਦੋਂ ਉਹ ਖਾ ਰਹੇ ਸਨ ਤਾਂ ਯਿਸੂ ਨੇ ਕਿਹਾ, “ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਤੁਹਾਡੇ ਬਾਰ੍ਹਾਂ ਵਿੱਚੋਂ ਇੱਕ ਚੇਲਾ ਮੈਨੂੰ ਜਲਦੀ ਹੀ ਮੇਰੇ ਦੁਸ਼ਮਨਾਂ ਦੇ ਹੱਥ ਫ਼ੜਾ ਦੇਵੇਗਾ।”
22 ਇਹ ਸੁਣਕੇ ਚੇਲੇ ਬੜੇ ਨਿਰਾਸ਼ ਹੋਏ। ਯਿਸੂ ਦੇ ਹਰ ਚੇਲੇ ਨੇ ਕਿਹਾ, “ਪ੍ਰਭੂ, ਨਿਸ਼ਚਿਤ ਹੀ ਮੈਂ ਉਹ ਨਹੀਂ ਹਾਂ! ਕੀ ਇਹ ਸੱਚ ਨਹੀਂ ਹੈ?”
23 ਯਿਸੂ ਨੇ ਉੱਤਰ ਦਿੱਤਾ, “ਜਿਸ ਆਦਮੀ ਨੇ ਮੇਰੇ ਨਾਲ ਇਸ ਕਟੋਰੇ ਵਿੱਚ ਹੱਥ ਡੁਬੋਇਆ ਹੈ ਉਹੀ ਵਿਅਕਤੀ ਹੈ ਜਿਹੜਾ ਮੈਨੂੰ ਦੁਸ਼ਮਨਾਂ ਦੇ ਹੱਥੀ ਫ਼ੜਾਵੇਗਾ। 24 ਮਨੁੱਖ ਦਾ ਪੁੱਤਰ ਜਾਵੇਗਾ ਅਤੇ ਉਵੇਂ ਹੀ ਮਰੇਗਾ ਜਿਵੇਂ ਉਸ ਬਾਰੇ, ਪੋਥੀਆਂ ਵਿੱਚ ਲਿਖਿਆ ਹੋਇਆ ਹੈ। ਪਰ ਉਸ ਮਨੁੱਖ ਤੇ ਲਾਹਨਤ ਜਿਹੜਾ ਮਨੁੱਖ ਦੇ ਪੁੱਤਰ ਨੂੰ ਵੈਰੀਆਂ ਦੇ ਹੱਥੀਂ ਫ਼ੜਾਵੇਗਾ। ਉਸ ਮਨੁੱਖ ਲਈ ਭਲਾ ਹੁੰਦਾ ਕਿ ਉਹ ਨਾ ਹੀ ਜੰਮਦਾ।”
25 ਤਦ ਯਹੂਦਾ ਨੇ ਯਿਸੂ ਨੂੰ ਆਖਿਆ, “ਗੁਰੂ ਜੀ, ਨਿਸ਼ਚਿਤ ਹੀ ਮੈਂ ਉਹ ਨਹੀਂ ਹਾਂ। ਕੀ ਇਹ ਸੱਚ ਨਹੀਂ ਹੈ?”
ਯਹੂਦਾ ਹੀ ਉਹ ਮਨੁੱਖ ਸੀ ਜੋ ਯਿਸੂ ਨੂੰ ਉਸ ਦੇ ਦੁਸ਼ਮਨਾਂ ਦੇ ਹੱਥ ਫ਼ੜਵਾਉਨਾ ਚਾਹੁੰਦਾ ਸੀ ਤਾਂ ਯਿਸੂ ਨੇ ਆਖਿਆ, “ਹਾਂ ਉਹ ਤੂੰ ਹੈਂ।”
ਪ੍ਰਭੂ ਦਾ ਰਾਤ ਦਾ ਖਾਣਾ(AP)
26 ਜਦੋਂ ਉਹ ਖਾ ਰਹੇ ਸਨ ਤਾਂ ਯਿਸੂ ਨੇ ਥੋੜੀ ਰੋਟੀ ਲਈ। ਯਿਸੂ ਨੇ ਰੋਟੀ ਲਈ ਪਰਮੇਸ਼ੁਰ ਦਾ ਧੰਨਵਾਦ ਕੀਤਾ ਅਤੇ ਇਸ ਨੂੰ ਆਪਣੇ ਚੇਲਿਆਂ ਵਿੱਚ ਵੰਡ ਦਿੱਤਾ ਅਤੇ ਕਿਹਾ, “ਇਹ ਰੋਟੀ ਲਵੋ ਤੇ ਖਾ ਲਵੋ ਕਿਉਂ ਜੋ ਇਹ ਮੇਰਾ ਸ਼ਰੀਰ ਹੈ।”
27 ਫ਼ਿਰ ਯਿਸੂ ਨੇ ਮੈਅ ਦਾ ਪਿਆਲਾ ਫ਼ੜਿਆ ਅਤੇ ਪਰਮੇਸ਼ੁਰ ਦਾ ਧੰਨਵਾਦ ਕੀਤਾ ਅਤੇ ਕਿਹਾ, “ਤੁਹਾਡੇ ਵਿੱਚੋਂ ਹਰ ਕੋਈ ਇਸ ਨੂੰ ਪੀਓ। 28 ਇਹ ਮੇਰਾ ਲਹੂ ਹੈ। ਮੇਰਾ ਲਹੂ ਪਰਮੇਸ਼ੁਰ ਅਤੇ ਉਸ ਦੇ ਲੋਕਾਂ ਵਿੱਚਕਾਰ ਨਵਾਂ ਕਰਾਰ ਸ਼ੁਰੂ ਕਰਦਾ ਹੈ। ਬਹੁਤ ਸਾਰੇ ਲੋਕਾਂ ਦੇ ਪਾਪ ਮਾਫ਼ ਕਰਨ ਲਈ ਇਹ ਲਹੂ ਵਹਾਇਆ ਗਿਆ ਹੈ। 29 ਮੈਂ ਤੁਹਾਨੂੰ ਦੱਸਦਾ ਹਾਂ, ਕਿ ਮੈਂ ਇਸ ਮੈਅ ਨੂੰ ਫ਼ੇਰ ਕਦੇ ਨਹੀਂ ਪੀਵਾਂਗਾ। ਪਰ ਜਦੋਂ ਮੈਂ ਇਸ ਨੂੰ ਆਪਣੇ ਪਿਤਾ ਦੇ ਰਾਜ ਵਿੱਚ ਤੁਹਾਡੇ ਨਾਲ ਪੀਵਾਂਗਾ ਤਾਂ ਇਹ ਨਵੀਂ ਹੋਵੇਗੀ।”
30 ਫ਼ਿਰ ਉਨ੍ਹਾਂ ਨੇ ਭਜਨ ਗਾਇਆ। ਇਸਤੋਂ ਬਾਦ ਜੈਤੂਨ ਦੇ ਪਹਾੜ ਵੱਲ ਚੱਲੇ ਗਏ।
ਯਿਸੂ ਅਗੰਮ ਵਾਕ ਕਰਦਾ ਹੈ ਕਿ ਉਸ ਦੇ ਚੇਲੇ ਉਸ ਨੂੰ ਛੱਡ ਜਾਣਗੇ(AQ)
31 ਯਿਸੂ ਨੇ ਚੇਲਿਆਂ ਨੂੰ ਕਿਹਾ, “ਅੱਜ ਰਾਤ ਮੇਰੇ ਕਾਰਣ ਤੁਸੀਂ ਸਾਰੇ ਆਪਣਾ ਭਰੋਸਾ ਗੁਆ ਲਵੋਂਗੇ। ਕਿਉਂ ਜੋ ਇਹ ਲਿਖਿਆ ਹੋਇਆ ਹੈ:
‘ਮੈਂ ਆਜੜੀ ਨੂੰ ਮਾਰ ਦੇਵਾਂਗਾ,
ਅਤੇ ਉਸ ਦੇ ਇੱਜੜ ਦੀਆਂ ਭੇਡਾਂ ਖਿੱਲਰ ਜਾਣਗੀਆਂ।’ (AR)
32 ਪਰ ਮੈਂ ਮੌਤ ਤੋਂ ਬਾਦ ਫ਼ਿਰ ਜੀ ਉੱਠਾਂਗਾ ਅਤੇ ਗਲੀਲੀ ਵੱਲ ਜਾਵਾਂਗਾ। ਮੈਂ ਤੁਹਾਡੇ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਉੱਥੇ ਹੋਵਾਂਗਾ।”
33 ਤਦ ਪਤਰਸ ਨੇ ਉਸ ਨੂੰ ਉੱਤਰ ਦਿੱਤਾ, “ਭਾਵੇਂ ਤੇਰੇ ਕਾਰਨ ਬਾਕੀ ਸਾਰੇ ਚੇਲੇ ਭਰੋਸਾ ਗੁਆ ਬੈਠਣ, ਮੈਂ ਆਪਣਾ ਭਰੋਸਾ ਕਦੇ ਨਹੀਂ ਗੁਆਵਾਂਗਾ।”
34 ਯਿਸੂ ਨੇ ਆਖਿਆ, “ਮੈਂ ਸੱਚ ਆਖਦਾ ਕਿ ਅੱਜ ਰਾਤ ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ ਤੂੰ ਮੈਨੂੰ ਨਾਮੰਜ਼ੂਰ ਕਰੇਂਗਾ।”
35 ਪਰ ਪਤਰਸ ਨੇ ਆਖਿਆ, “ਭਾਵੇਂ ਮੈਨੂੰ ਤੁਹਾਡੇ ਨਾਲ ਮਰਨਾ ਪਵੇ ਮੈਂ ਤੇਰਾ ਕਦੇ ਵੀ ਇਨਕਾਰ ਨਹੀਂ ਕਰਾਂਗਾ।” ਅਤੇ ਇਉਂ ਹੀ ਬਾਕੀ ਸਾਰਿਆਂ ਚੇਲਿਆਂ ਨੇ ਵੀ ਕਿਹਾ।
ਯਿਸੂ ਇੱਕਲਾ ਪ੍ਰਾਰਥਨਾ ਕਰਦਾ ਹੈ(AS)
36 ਫ਼ੇਰ, ਯਿਸੂ ਆਪਣੇ ਚੇਲਿਆਂ ਨਾਲ ਗਥਸਮਨੀ ਨਾਮੇਂ ਦੀ ਇੱਕ ਥਾਂ ਤੇ ਗਿਆ, ਅਤੇ ਉਨ੍ਹਾਂ ਨੂੰ ਆਖਿਆ, “ਜਿੰਨਾ ਚਿਰ ਮੈਂ ਉੱਥੇ ਰਹਾਂ ਅਤੇ ਪ੍ਰਾਰਥਨਾ ਕਰਾਂ, ਤੁਸੀਂ ਇੱਥੇ ਬੈਠੋ।” 37 ਯਿਸੂ ਨੇ ਪਤਰਸ ਅਤੇ ਜ਼ਬਦੀ ਦੇ ਦੋਵੇਂ ਪੁੱਤਰਾਂ ਨੂੰ ਆਪਣੇ ਨਾਲ ਆਉਣ ਨੂੰ ਕਿਹਾ ਪਰ ਨਾਲ ਹੀ ਯਿਸੂ ਬੜਾ ਉਦਾਸ ਅਤੇ ਬੇਕਰਾਰ ਨਜ਼ਰ ਆਉਣ ਲੱਗਾ। 38 ਯਿਸੂ ਨੇ ਪਤਰਸ ਅਤੇ ਜ਼ਬਦੀ ਦੇ ਦੋਹਾਂ ਪੁੱਤਰਾਂ ਨੂੰ ਕਿਹਾ, “ਮੇਰਾ ਆਤਮਾ ਦੁੱਖ ਨਾਲ ਭਰਪੂਰ ਹੈ ਅਤੇ ਮੇਰਾ ਦਿਲ ਉਦਾਸੀ ਨਾਲ ਟੁੱਟਦਾ ਜਾ ਰਿਹਾ ਹੈ। ਤੁਸੀਂ ਇੱਥੇ ਮੇਰੇ ਨਾਲ ਜਾਗਦੇ ਰਹੋ ਅਤੇ ਰਤਾ ਉਡੀਕ ਕਰੋ।”
39 ਤਦ ਯਿਸੂ ਉਨ੍ਹਾਂ ਤੋਂ ਥੋੜਾ ਕੁ ਅੱਗੇ ਨੂੰ ਵੱਧਿਆ। ਯਿਸੂ ਮੂੰਹ ਭਾਰ ਜ਼ਮੀਨ ਉੱਤੇ ਪਿਆ ਅਤੇ ਪ੍ਰਾਰਥਨਾ ਕੀਤੀ, “ਹੇ ਮੇਰੇ ਪਿਤਾ, ਜੇਕਰ ਇਹ ਸੰਭਵ ਹੈ ਤਾਂ ਦੁੱਖ ਦਾ ਇਹ ਪਿਆਲਾ ਲੈ ਲਵੋ। ਪਰ ਤੂੰ ਉਹੀ ਕਰ ਜੋ ਤੂੰ ਚਾਹੁੰਦਾ ਹੈ ਨਾ ਕਿ ਜੋ ਮੈਂ ਚਾਹੁੰਦਾ ਹਾਂ।” 40 ਤਦ ਯਿਸੂ ਆਪਣੇ ਚੇਲਿਆਂ ਕੋਲ ਆਇਆ ਅਤੇ ਉਨ੍ਹਾਂ ਨੂੰ ਸੁਤਿਆਂ ਪਾਇਆ। ਯਿਸੂ ਨੇ ਪਤਰਸ ਨੂੰ ਆਖਿਆ, “ਕੀ ਤੁਸੀਂ ਮੇਰੇ ਨਾਲ ਇੱਕ ਘੜੀ ਲਈ ਵੀ ਨਹੀਂ ਜਾਗ ਸੱਕਦੇ? 41 ਜਾਗੋ ਅਤੇ ਪ੍ਰਾਰਥਨਾ ਕਰੋ ਕਿ ਤੁਸੀਂ ਪਰਤਾਵੇ ਵਿੱਚ ਨਾ ਪਵੋਂ। ਆਤਮਾ ਤਾਂ ਇਛੁੱਕ ਹੈ, ਪਰ ਤੁਹਾਡਾ ਸ਼ਰੀਰ ਕਮਜ਼ੋਰ ਹੈ।”
42 ਫ਼ੇਰ ਯਿਸੂ ਦੂਜੀ ਵਾਰ ਉੱਥੇ ਚੱਲਿਆ ਗਿਆ ਅਤੇ ਪ੍ਰਾਰਥਨਾ ਕੀਤੀ, “ਮੇਰੇ ਪਿਤਾ, ਜੇਕਰ ਇਹ ਦੁੱਖਾ ਦਾ ਪਿਆਲਾ ਹਟਾਇਆ ਜਾਣਾ ਸੰਭਵ ਨਹੀਂ, ਕਾਸ਼ ਤੁਹਾਡੀ ਇੱਛਾ ਹੀ ਪੂਰਨ ਹੋਵੇ।”
43 ਜਦੋਂ ਯਿਸੂ ਵਾਪਿਸ ਆਇਆ, ਉਸ ਨੇ ਆਪਣੇ ਚੇਲਿਆਂ ਨੂੰ ਫ਼ਿਰ ਸੁਤਾ ਹੋਇਆ ਪਾਇਆ। ਉਨ੍ਹਾਂ ਦੀਆਂ ਅੱਖਾ ਥੱਕੀਆ ਹੋਈਆਂ ਸਨ। 44 ਤਾ ਯਿਸੂ ਤੋ ਵਿਦਾ ਹੋਕੇ ਇੱਕ ਵਾਰ ਫਿਰ ਚੱਲਾ ਗਿਆ ਅਤੇ ਤੀਜੀ ਵਾਰ ਉਹੀ ਬਚਨ ਆਖਦੇ ਹੋਏ ਪ੍ਰਾਰਥਨਾ ਕੀਤੀ।
45 ਯਿਸੂ ਵਾਪਿਸ ਚੇਲਿਆਂ ਕੋਲ ਗਿਆ ਅਤੇ ਆਖਣ ਲੱਗਾ, “ਤੁਸੀਂ ਅਜੇ ਵੀ ਸੌਂ ਰਹੇ ਹੋ ਅਤੇ ਅਰਾਮ ਕਰ ਰਹੇ ਹੋ? ਵੇਖੋ ਉਹ ਘੜੀ ਆ ਗਈ ਹੈ ਜਦੋਂ ਮਨੁੱਖ ਦਾ ਪੁੱਤਰ ਪਾਪੀਆਂ ਦੇ ਹੱਥ ਫ਼ੜਾਇਆ ਜਾਣਾ ਹੈ। 46 ਵੇਖੋ, ਜੋ ਮਨੁੱਖ ਮੈਨੂੰ ਮੇਰੇ ਦੁਸ਼ਮਨਾਂ ਹੱਥੀਂ ਫ਼ੜਾਵੇਗਾ ਉਹ ਆ ਗਿਆ ਹੈ।”
ਯਿਸੂ ਦਾ ਗਿਰਫ਼ਤਾਰ ਕੀਤਾ ਜਾਣਾ(AT)
47 ਜਦੋਂ ਯਿਸੂ ਅਜੇ ਬੋਲ ਰਿਹਾ ਸੀ, ਬਾਰ੍ਹਾਂ ਚੇਲਿਆਂ ਵਿੱਚੋਂ ਇੱਕ, ਯਹੂਦਾ ਉੱਥੇ ਆ ਗਿਆ। ਪ੍ਰਧਾਨ ਜਾਜਕਾਂ ਦੁਆਰਾ ਭੇਜੇ ਹੋਏ ਬਹੁਤ ਸਾਰੇ ਲੋਕ ਅਤੇ ਲੋਕਾਂ ਦੇ ਬਜ਼ੁਰਗ ਆਗੂ ਵੀ ਉਸ ਦੇ ਨਾਲ ਸਨ। ਉਨ੍ਹਾਂ ਕੋਲ ਤਲਵਾਰਾਂ ਅਤੇ ਡਾਂਗਾਂ ਫ਼ੜੀਆਂ ਹੋਈਆਂ ਸਨ। 48 ਯਹੂਦਾ ਨੇ ਉਨ੍ਹਾਂ ਲੋਕਾਂ ਨੂੰ ਇਹ ਨਿਸ਼ਾਨ ਦਿੱਤਾ ਹੋਇਆ ਸੀ: “ਕਿ ਜਿਸ ਵਿਅਕਤੀ ਨੂੰ ਮੈਂ ਚੁੰਮਾਂ ਉਹੀ ਯਿਸੂ ਹੈ। ਉਸ ਨੂੰ ਗਿਰਫ਼ਤਾਰ ਕਰ ਲੈਣਾ।” 49 ਤਾਂ ਯਹੂਦਾ ਸਿੱਧਾ ਯਿਸੂ ਕੋਲ ਗਿਆ ਅਤੇ ਆਖਿਆ, “ਗੁਰੂ ਜੀ ਨਮਸੱਕਾਰ!” ਫ਼ਿਰ ਉਸ ਨੇ ਉਸ ਨੂੰ ਚੁੰਮਿਆ।
50 ਯਿਸੂ ਨੇ ਉੱਤਰ ਦਿੱਤਾ, “ਮਿੱਤਰ, ਤੂੰ ਜੋ ਇੱਥੇ ਕਰਨ ਆਇਆ ਹੈਂ ਉਹ ਕਰ।”
ਉਦੋਂ ਹੀ ਆਦਮੀ ਆ ਗਏ ਉਨ੍ਹਾਂ ਨੇ ਯਿਸੂ ਨੂੰ ਫ਼ੜਿਆ ਅਤੇ ਗਿਰਫ਼ਤਾਰ ਕਰ ਲਿਆ। 51 ਜਦੋਂ ਇੰਝ ਵਾਪਰਿਆ ਤਾਂ ਯਿਸੂ ਦੇ ਚੇਲਿਆਂ ਵਿੱਚੋਂ ਇੱਕ ਨੇ ਆਪਣੀ ਤਲਵਾਰ ਕੱਢੀ ਅਤੇ ਸਰਦਾਰ ਜਾਜਕ ਦੇ ਸੇਵਕ ਤੇ ਚਲਾਈ ਅਤੇ ਉਸਦਾ ਕੰਨ ਵੱਢ ਦਿੱਤਾ।
52 ਯਿਸੂ ਨੇ ਉਸ ਨੂੰ ਕਿਹਾ, “ਆਪਣੀ ਤਲਵਾਰ ਮੁੜ ਮਿਆਨ ਵਿੱਚ ਪਾ ਲੈ, ਕਿਉਂਕਿ ਜਿਹੜੇ ਤਲਵਾਰ ਚਲਾਉਂਦੇ ਹਨ ਉਹ ਤਲਵਾਰ ਨਾਲ ਹੀ ਮਾਰੇ ਜਾਣਗੇ। 53 ਕੀ ਤੁਸੀਂ ਨਹੀਂ ਜਾਣਦੇ ਕਿ ਮੈਂ ਆਪਣੇ ਪਿਤਾ ਨੂੰ ਬੇਨਤੀ ਕਰ ਸੱਕਦਾ ਹਾਂ ਅਤੇ ਉਹ ਝੱਟ ਮੇਰੇ ਵਾਸਤੇ ਦੂਤਾਂ ਦੀਆਂ ਬਾਰ੍ਹਾਂ ਸੈਨਾ ਤੋਂ ਵੱਧ ਭੇਜ ਦੇਵੇਗਾ। 54 ਪਰ ਇਸ ਨੂੰ ਇਵੇਂ ਵਾਪਰਨਾ ਚਾਹੀਦਾ ਹੈ ਤਾਂ ਜੋ ਉਵੇਂ ਹੀ ਹੋਵੇ ਜਿਵੇਂ ਪੋਥੀਆਂ ਆਖਦੀਆਂ ਹਨ।”
55 ਤਦ ਯਿਸੂ ਨੇ ਸਾਰੇ ਲੋਕਾਂ ਨੂੰ ਆਖਿਆ, “ਕੀ ਤੁਸੀਂ ਇਨ੍ਹਾਂ ਤਲਵਾਰਾਂ ਅਤੇ ਡਾਂਗਾ ਨਾਲ ਮੈਨੂੰ ਗਿਰਫ਼ਤਾਰ ਕਰਨ ਲਈ ਆਏ ਹੋਂ, ਜਿਵੇਂ ਮੈਂ ਕੋਈ ਅਪਰਾਧੀ ਹੋਵਾਂ? ਹਰ ਰੋਜ਼ ਮੈਂ ਮੰਦਰ ਦੇ ਇਲਾਕੇ ਵਿੱਚ ਬੈਠਦਾ ਸੀ ਅਤੇ ਲੋਕਾਂ ਨੂੰ ਉਪਦੇਸ਼ ਦਿੰਦਾ ਸੀ, ਪਰ ਤੁਸੀਂ ਮੈਨੂੰ ਗਿਰਫ਼ਤਾਰ ਨਹੀਂ ਕੀਤਾ। 56 ਪਰ ਇਹ ਸਭ ਕੁਝ ਇਸ ਲਈ ਹੋਇਆ ਤਾਂ ਕਿ ਨਬੀਆਂ ਦੀਆਂ ਲਿਖਤਾਂ ਪੂਰੀਆਂ ਹੋਣ।” ਇਸਤੋਂ ਬਾਦ ਯਿਸੂ ਦੇ ਸਾਰੇ ਚੇਲੇ ਉਸ ਨੂੰ ਛੱਡ ਕੇ ਭੱਜ ਗਏ।
2010 by World Bible Translation Center