Bible in 90 Days
ਅਸਲੀ ਸਿਆਣਪ
13 ਕੀ ਤੁਹਾਡੇ ਵਿੱਚੋਂ ਕੋਈ ਅਜਿਹਾ ਹੈ ਜੋ ਬੁੱਧੀਵਾਨ ਅਤੇ ਸਮਝਣ ਦੇ ਕਾਬਿਲ ਹੈ? ਤਾਂ, ਉਸ ਨੂੰ ਨਿਮ੍ਰ ਢੰਗ ਵਿੱਚ ਸਹੀ ਕਰਨੀਆਂ ਕਰਕੇ ਆਪਣੀ ਬੁੱਧ ਸਾਬਤ ਕਰਨ ਦਿਉ। ਇੱਕ ਸਿਆਣੇ ਵਿਅਕਤੀ ਨੂੰ ਹੰਕਾਰ ਨਹੀਂ ਕਰਨਾ ਚਾਹੀਦਾ। 14 ਜੇ ਤੁਸੀਂ ਖੁਦਗਰਜ਼ ਹੋ ਅਤੇ ਤੁਹਾਡੇ ਦਿਲਾਂ ਵਿੱਚ ਕੌੜੀ ਈਰਖਾ ਭਰੀ ਹੋਈ ਹੈ ਤਾਂ ਤੁਹਾਡੇ ਲਈ ਹੰਕਾਰ ਕਰਨ ਦਾ ਕੋਈ ਕਾਰਣ ਨਹੀਂ। ਤੁਹਾਡਾ ਹੰਕਾਰ ਝੂਠਾ ਹੈ ਜਿਹੜਾ ਸੱਚ ਨੂੰ ਛੁਪਾਉਂਦਾ ਹੈ। 15 ਇਹੋ ਜਿਹੀ “ਸਿਆਣਪ” ਪਰਮੇਸ਼ੁਰ ਵੱਲੋਂ ਨਹੀਂ ਆਉਂਦੀ। ਇਹ “ਸਿਆਣਪ” ਦੁਨੀਆਂ ਵੱਲੋਂ ਆਉਂਦੀ ਹੈ। ਇਹ ਆਤਮਕ ਨਹੀਂ ਹੈ। ਇਹ ਸ਼ੈਤਾਨੀ ਹੈ। 16 ਜਿੱਥੇ ਵੀ ਈਰਖਾ ਅਤੇ ਖੁਦਗਰਜ਼ੀ ਹੈ ਗੜਬੜੀ ਅਤੇ ਹਰ ਤਰ੍ਹਾਂ ਦੀ ਬਦੀ ਓੱਥੇ ਹੋਵੇਗੀ। 17 ਪਰ ਜਿਹੜੀ ਸਿਆਣਪ ਪਰਮੇਸ਼ੁਰ ਵੱਲੋਂ ਆਉਂਦੀ ਹੈ, ਉਹ ਇਸ ਤਰ੍ਹਾਂ ਦੀ ਹੈ। ਪਹਿਲੀ ਗੱਲ ਇਹ ਸ਼ੁੱਧ ਹੈ। ਇਹ ਸ਼ਾਂਤਮਈ, ਕੋਮਲ ਅਤੇ ਆਸਾਨੀ ਨਾਲ ਪ੍ਰਸੰਨ ਕਰਨ ਵਾਲੀ ਹੈ। ਇਹ ਸਿਆਣਪ ਹਮਦਰਦੀ ਨਾਲ ਭਰਪੂਰ ਹੈ ਅਤੇ ਹੋਰਨਾਂ ਲੋਕਾਂ ਲਈ ਚੰਗੀਆਂ ਕਰਨੀਆਂ ਕਰਨ ਲਈ ਤਿਆਰ ਹੈ। ਇਹ ਸਿਆਣਪ ਹਮੇਸ਼ਾ ਨਿਆਂਈ ਅਤੇ ਇਮਾਨਦਾਰ ਹੁੰਦੀ ਹੈ। 18 ਉਹ ਲੋਕ ਜਿਹੜੇ ਸ਼ਾਂਤਮਈ ਢੰਗ ਨਾਲ ਸ਼ਾਂਤੀ ਲਈ ਕੰਮ ਕਰਦੇ ਹਨ ਜੀਵਨ ਦੀਆਂ ਦੰਗੀਆਂ ਚੀਜ਼ਾਂ ਨੂੰ ਪ੍ਰਾਪਤ ਕਰ ਲੈਂਦੇ ਹਨ ਜਿਹੜੀਆਂ ਸਹੀ ਜੀਵਨ ਢੰਗ ਨਾਲ ਮਿਲਦੀਆਂ ਹਨ।
ਆਪਣੇ ਆਪ ਨੂੰ ਪਰਮੇਸੁਰ ਨੂੰ ਸੌਂਪ ਦਿਓ
4 ਤੁਹਾਡੇ ਆਪਣੇ ਵਿੱਚਕਾਰ, ਲੜਾਈਆਂ ਅਤੇ ਝਗੜ੍ਹੇ ਹਨ। ਕੀ ਤੁਸੀਂ ਜਾਣਦੇ ਹੋ ਕਿ ਇਹ ਗੱਲਾਂ ਕਿੱਥੋਂ ਆਉਂਦੀਆਂ ਹਨ? ਇਹ ਉਨ੍ਹਾਂ ਖੁਦਗਰਜ਼ ਇੱਛਾਵਾਂ ਤੋਂ ਆਉਂਦੀਆਂ ਹਨ ਜਿਹੜੀਆਂ ਤੁਹਾਡੇ ਅੰਦਰ ਲੜਦੀਆਂ ਹਨ। 2 ਤੁਸੀਂ ਵਸਤਾਂ ਦੀ ਕਾਮਨਾ ਕਰਦੇ ਹੋ, ਪਰ ਤੁਸੀਂ ਉਨ੍ਹਾਂ ਨੂੰ ਪ੍ਰਾਪਤ ਨਹੀਂ ਕਰਦੇ। ਇਸ ਲਈ ਤੁਸੀਂ ਕਤਲ ਕਰਦੇ ਹੋ ਅਤੇ ਦੂਸਰੇ ਲੋਕਾਂ ਨਾਲ ਈਰਖਾ ਕਰਦੇ ਹੋ। ਪਰ ਤੁਸੀਂ ਫ਼ੇਰ ਵੀ ਉਹ ਚੀਜ਼ਾਂ ਪ੍ਰਾਪਤ ਨਹੀਂ ਕਰਦੇ ਜਿਨ੍ਹਾਂ ਦੀ ਤੁਸੀਂ ਕਾਮਨਾ ਕਰਦੇ ਹੋ। ਇਸ ਕਰਕੇ ਤੁਸੀਂ ਲੜਦੇ ਅਤੇ ਝਗੜਦੇ ਹੋ। ਤੁਸੀਂ ਆਪਣੀਆਂ ਮਨ ਇਛਿੱਤ ਚੀਜ਼ਾਂ ਇਸ ਲਈ ਪ੍ਰਾਪਤ ਨਹੀਂ ਕਰਦੇ ਕਿਉਂ ਕਿ ਤੁਸੀਂ ਪਰਮੇਸ਼ੁਰ ਤੋਂ ਨਹੀਂ ਮੰਗਦੇ। 3 ਪਰ ਜਦੋਂ ਤੁਸੀਂ ਮੰਗਦੇ ਹੋ ਤਾਂ ਵੀ ਤੁਹਾਨੂੰ ਨਹੀਂ ਮਿਲਦੀਆਂ। ਕਿਉਂ ਕਿ ਜਿਸ ਲਈ ਤੁਸੀਂ ਮੰਗਦੇ ਹੋ ਉਹ ਗਲਤ ਹੈ। ਤੁਸੀਂ ਇਹ ਚੀਜ਼ਾਂ ਇਸ ਕਰਕੇ ਮੰਗਦੇ ਹੋ ਤਾਂ ਜੋ ਤੁਸੀਂ ਉਨ੍ਹਾਂ ਨੂੰ ਕੇਵਲ ਆਪਣੀ ਪ੍ਰਸੰਨਤਾ ਲਈ ਹੀ ਵਰਤ ਸੱਕੋਂ।
4 ਇਸ ਲਈ ਤੁਸੀਂ ਲੋਕ ਪਰਮੇਸ਼ੁਰ ਨਾਲ ਵਫ਼ਾਦਾਰ ਨਹੀਂ ਹੋ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਦੁਨੀਆਂ ਨੂੰ ਪਿਆਰ ਕਰਨ ਦਾ ਅਰਥ ਹੈ ਪਰਮੇਸ਼ੁਰ ਨੂੰ ਨਫ਼ਰਤ ਕਰਨਾ। ਇਸ ਲਈ ਜੋ ਵਿਅਕਤੀ ਇਸ ਦੁਨੀਆਂ ਦਾ ਦੋਸਤ ਬਣਨਾ ਚਾਹੁੰਦਾ ਹੈ ਉਹ ਆਪਣੇ ਆਪ ਨੂੰ ਪਰਮੇਸ਼ੁਰ ਦਾ ਦੁਸ਼ਮਣ ਬਣਾ ਲੈਂਦਾ ਹੈ। 5 ਕੀ ਤੁਹਾਡਾ ਖਿਆਲ ਹੈ ਕਿ ਪੋਥੀ ਅਰਥਹੀਣ ਹੈ? ਪੋਥੀ ਆਖਦੀ ਹੈ, “ਉਹ ਆਤਮਾ ਜਿਹੜਾ ਪਰਮੇਸ਼ੁਰ ਨੇ ਸਾਡੇ ਅੰਦਰ ਰਹਿਣ ਲਈ ਬਣਾਇਆ ਉਹ ਸਾਨੂੰ ਸਿਰਫ਼ ਆਪਣੇ ਲਈ ਹੀ ਚਾਹੁੰਦਾ ਹੈ।” [a] 6 ਪਰ ਜਿਹੜੀ ਕਿਰਪਾ ਪਰਮੇਸ਼ੁਰ ਪ੍ਰਦਾਨ ਕਰਦਾ ਹੈ ਇਸ ਤੋਂ ਵਡੇਰੀ ਹੈ। ਜਿਵੇਂ ਪੋਥੀ ਆਖਦੀ ਹੈ, “ਪਰਮੇਸ਼ੁਰ ਹੰਕਾਰੀ ਲੋਕਾਂ ਦੇ ਵਿਰੁੱਧ ਹੈ, ਪਰ ਉਹ ਆਪਣੀ ਕਿਰਪਾ ਨਿਮ੍ਰ ਲੋਕਾਂ ਉੱਤੇ ਕਰਦਾ ਹੈ।” [b]
7 ਇਸ ਲਈ ਆਪਣੇ ਆਪ ਨੂੰ ਪਰਮੇਸ਼ੁਰ ਨੂੰ ਅਰਪਨ ਕਰ ਦਿਓ। ਸ਼ੈਤਾਨ ਦਾ ਵਿਰੋਧ ਕਰੋ ਅਤੇ ਸ਼ੈਤਾਨ ਤੁਹਾਡੇ ਕੋਲੋਂ ਦੂਰ ਭੱਜ ਜਾਵੇਗਾ। 8 ਪਰਮੇਸ਼ੁਰ ਦੇ ਨੇੜੇ ਆਓ ਅਤੇ ਪਰਮੇਸ਼ੁਰ ਤੁਹਾਡੇ ਨੇੜੇ ਆ ਜਾਵੇਗਾ। ਤੁਸੀਂ ਦੋਸ਼ੀ ਹੋ। ਇਸ ਲਈ ਤੁਹਾਡੇ ਦਿਲਾਂ ਨੂੰ ਆਪਣੀਆਂ ਦੁਸ਼ਟ ਕਰਨੀਆਂ ਤੋਂ ਸਾਫ਼ ਬਣਾਓ ਤੁਸੀਂ ਇੱਕੋ ਵੇਲੇ ਦੁਨੀਆਂ ਅਤੇ ਪਰਮੇਸ਼ੁਰ ਦੇ ਰਾਹ ਤੁਰਨ ਦੀ ਕੋਸ਼ਿਸ਼ ਕਰ ਰਹੇ ਹੋ। ਆਪਣੇ ਵਿੱਚਾਰਾਂ ਨੂੰ ਸ਼ੁੱਧ ਕਰੋ। 9 ਉਦਾਸ ਹੋਵੋ, ਅਫ਼ਸੋਸ ਕਰੋ ਅਤੇ ਰੋਵੋ। ਆਪਣੇ ਹਾਸਿਆਂ ਨੂੰ ਰੋਣ ਵਿੱਚ ਬਦਲ ਦਿਓ, ਆਪਣੀ ਖੁਸ਼ੀ ਨੂੰ ਉਦਾਸੀ ਵਿੱਚ ਬਦਲ ਦਿਓ। 10 ਪਰਮੇਸ਼ੁਰ ਦੇ ਸਨਮੁੱਖ ਆਪਣੇ ਆਪ ਨੂੰ ਨਿਮਾਣੇ ਬਣਾਓ ਅਤੇ ਪਰਮੇਸ਼ੁਰ ਤੁਹਾਨੂੰ ਮਹਾਨ ਬਣਾਵੇਗਾ।
ਤੁਸੀਂ ਮੁਨਸਫ਼ ਨਹੀਂ ਹੋ
11 ਭਰਾਵੋ ਅਤੇ ਭੈਣੋ ਇੱਕ ਦੂਸਰੇ ਦੇ ਖਿਲਾਫ਼ ਗੱਲਾਂ ਨਾ ਕਰੋ। ਜੇ ਤੁਸੀਂ ਮਸੀਹ ਵਿੱਚ ਆਪਣੇ ਕਿਸੇ ਭਰਾ ਦੀ ਨਿੰਦਿਆ ਜਾਂ ਉਸਦਾ ਨਿਰਨਾ ਕਰਦੇ ਹੋ, ਤਾਂ ਇਹ ਸ਼ਰ੍ਹਾ ਦੇ ਖਿਲਾਫ਼ ਬੋਲਣ ਅਤੇ ਸ਼ਰ੍ਹਾ ਦੀ ਆਲੋਚਨਾ ਕਰਨ ਵਾਂਗ ਹੀ ਹੈ ਜਿਸਦਾ ਉਹ ਅਨੁਸਰਣ ਕਰ ਰਿਹਾ ਹੈ। ਜਦੋਂ ਤੁਸੀਂ ਮਸੀਹ ਵਿੱਚ ਕਿਸੇ ਭਰਾ ਬਾਰੇ ਨਿਰਨਾ ਕਰਦੇ ਹੋ ਤਾਂ ਤੁਸੀਂ ਅਸਲ ਵਿੱਚ ਉਸ ਸ਼ਰ੍ਹਾ ਬਾਰੇ ਨਿਰਨਾ ਕਰਦੇ ਹੋ ਜਿਸਦੀ ਉਹ ਪਾਲਣਾ ਕਰਦਾ ਹੈ ਅਤੇ ਜਦੋਂ ਤੁਸੀਂ ਸ਼ਰ੍ਹਾ ਬਾਰੇ ਨਿਰਨਾ ਕਰਦੇ ਹੋ ਤਾਂ ਤੁਸੀਂ ਸ਼ਰ੍ਹਾ ਦੇ ਪਾਲਕ ਨਹੀਂ ਹੋ। ਤੁਸੀਂ ਖੁਦ ਮੁਨਸਫ਼ ਬਣ ਜਾਂਦੇ ਹੋ। 12 ਪਰਮੇਸ਼ੁਰ ਹੀ ਹੈ ਜਿਹੜਾ ਨੇਮਾਂ ਨੂੰ ਬਣਾਉਂਦਾ ਹੈ। ਸਿਰਫ਼ ਉਹੀ ਇੱਕੋ ਇੱਕ ਮੁਨਸਫ਼ ਹੈ। ਇਹ ਸਿਰਫ਼ ਪਰਮੇਸ਼ੁਰ ਹੀ ਹੈ ਜਿਹੜਾ ਬਚਾ ਸੱਕਦਾ ਹੈ ਅਤੇ ਤਬਾਹ ਕਰ ਸੱਕਦਾ ਹੈ। ਇਸ ਲਈ ਤੁਹਾਡੇ ਵਾਸਤੇ ਇਹ ਠੀਕ ਨਹੀਂ ਕਿ ਤੁਸੀਂ ਕਿਸੇ ਦੂਸਰਿਆਂ ਬਾਰੇ ਨਿਆਂ ਕਰੋ।
ਪਰਮੇਸ਼ੁਰ ਨੂੰ ਤੁਹਾਡੇ ਜੀਵਨ ਦੀ ਅਗਵਾਈ ਕਰਨ ਦਿਉ
13 ਤੁਹਾਡੇ ਵਿੱਚੋਂ ਕੁਝ ਆਖਦੇ ਹਨ, “ਅੱਜ ਜਾਂ ਕੱਲ, ਅਸੀਂ ਇਸ ਸ਼ਹਿਰ ਜਾਂ ਉਸ ਸ਼ਹਿਰ ਵਿੱਚ ਜਾਵਾਂਗੇ। ਅਸੀਂ ਉੱਥੇ ਇੱਕ ਸਾਲ ਲਈ ਠਹਿਰਾਂਗੇ, ਕਾਰੋਬਾਰ ਕਰਾਂਗੇ ਅਤੇ ਪੈਸਾ ਕਮਾਵਾਂਗੇ” ਸੁਣੋ। ਇਸ ਬਾਰੇ ਸੋਚੋ। 14 ਤੁਸੀਂ ਇਹ ਨਹੀਂ ਜਾਣਦੇ ਕਿ ਕੱਲ ਨੂੰ ਕੀ ਹੋਵੇਗਾ? ਤੁਹਾਡਾ ਜੀਵਨ ਇੱਕ ਧੁੰਦ ਵਾਂਗ ਹੈ। ਤੁਸੀਂ ਇਸ ਨੂੰ ਥੋੜੇ ਸਮੇਂ ਲਈ ਦੇਖ ਸੱਕਦੇ ਹੋ, ਪਰ ਫ਼ੇਰ ਇਹ ਛੱਟ ਜਾਂਦੀ ਹੈ। 15 ਇਸ ਦੀ ਜਗ਼੍ਹਾ, ਤੁਹਾਨੂੰ ਆਖਣਾ ਚਾਹੀਦਾ ਹੈ, “ਜੇ ਪ੍ਰਭੂ ਨੇ ਚਾਹਿਆ, ਅਸੀਂ ਜੀਵਾਂਗੇ ਅਤੇ ਇਹ ਜਾਂ ਉਹ ਕਰਾਂਗੇ।” 16 ਪਰ ਹੁਣ ਤੁਸੀਂ ਘਮੰਡੀ ਹੋ ਅਤੇ ਗੁਨਾਹ ਕਰ ਰਹੇ ਹੋ। ਇਸ ਤਰ੍ਹਾਂ ਦੇ ਸਾਰੇ ਘਮੰਡ ਗਲਤ ਹਨ। 17 ਇਸ ਲਈ ਜਦੋਂ ਕੋਈ ਵਿਅਕਤੀ ਚੰਗਿਆਈ ਕਰਨੀ ਜਾਣਦਾ ਹੈ, ਪਰ ਅਜਿਹਾ ਨਹੀਂ ਕਰਦਾ ਤਾਂ ਉਹ ਪਾਪ ਕਰਦਾ ਹੈ।
ਖੁਦਗਰਜ਼ ਅਮੀਰ ਲੋਕਾਂ ਨੂੰ ਸਜ਼ਾ ਮਿਲੇਗੀ
5 ਅਮੀਰ ਲੋਕੋ ਤੁਸੀਂ ਸੁਣੋ। ਚੀਕੋ ਅਤੇ ਦਰਦ ਵਿੱਚ ਕੁਰਲਾਓ ਕਿਉਂਕਿ ਵੱਡੀਆਂ ਮੁਸ਼ਕਿਲਾਂ ਤੁਹਾਡੇ ਤੇ ਆ ਰਹੀਆਂ ਹਨ। 2 ਤੁਹਾਡੀ ਦੌਲਤ ਗਲ ਜਾਵੇਗੀ ਅਤੇ ਬੇਕਾਰ ਹੋ ਜਾਵੇਗੀ। ਤੁਹਾਡੇ ਕੱਪੜੇ ਕੀੜਿਆਂ ਦੁਆਰਾ ਖਾਧੇ ਜਾਣਗੇ। 3 ਤੁਹਾਡੇ ਸੋਨੇ ਚਾਂਦੀ ਨੂੰ ਜੰਗ ਲੱਗ ਜਾਵੇਗਾ, ਅਤੇ ਉਹ ਜੰਗ ਇਸ ਗੱਲ ਦਾ ਸਬੂਤ ਹੋਵੇਗਾ ਕਿ ਤੁਸੀਂ ਗਲਤ ਸੀ। ਉਹ ਜੰਗ ਤੁਹਾਡੇ ਸਰੀਰਾਂ ਨੂੰ ਅੱਗ ਵਾਂਗ ਖਾ ਜਾਵੇਗਾ। ਆਖਰੀ ਦਿਨਾਂ ਲਈ ਤੁਸੀਂ ਆਪਣਾ ਖਜ਼ਾਨਾ ਬਚਾਕੇ ਰੱਖਿਆ। 4 ਲੋਕਾਂ ਨੇ ਤੁਹਾਡੇ ਖੇਤਾਂ ਵਿੱਚ ਕੰਮ ਕੀਤਾ, ਪਰ ਤੁਸੀਂ ਉਨ੍ਹਾਂ ਨੂੰ ਉਨ੍ਹਾਂ ਦੀ ਮਜ਼ਦੂਰੀ ਨਹੀਂ ਦਿੱਤੀ। ਉਹ ਲੋਕ ਦੁਹਾਈ ਦੇ ਰਹੇ ਸਨ। ਉਨ੍ਹਾਂ ਨੇ ਤੁਹਾਡੀ ਫ਼ਸਲ ਵੱਢ ਲਈ। ਹੁਣ ਸਵਰਗੀ ਫ਼ੌਜਾਂ ਦੇ ਪ੍ਰਭੂ ਨੇ ਉਨ੍ਹਾਂ ਦੀ ਦੁਹਾਈ ਸੁਣ ਲਈ ਹੈ।
5 ਤੁਹਾਡਾ ਧਰਤੀ ਉੱਪਰਲਾ ਜੀਵਨ ਭਰਪੂਰ ਅਮੀਰੀ ਵਾਲਾ ਸੀ। ਤੁਸੀਂ ਇੱਕ ਬੇਕਾਰ ਜ਼ਿੰਦਗੀ ਜਿਉਂਏ। ਤੁਸੀਂ ਆਪਣੇ ਆਪ ਨੂੰ ਮੋਟਾ ਤਾਜਾ ਕਰ ਲਿਆ, ਉਸ ਜਾਨਵਰ ਵਾਂਗ, ਜਿਹੜਾ ਬਲੀ ਲਈ ਤਿਆਰ ਹੁੰਦਾ ਹੈ। 6 ਤੁਸੀਂ ਚੰਗੇ ਲੋਕਾਂ ਉੱਪਰ ਕੋਈ ਮਿਹਰ ਨਹੀਂ ਦਿਖਾਈ। ਉਹ ਤੁਹਾਡਾ ਵਿਰੋਧ ਨਹੀਂ ਕਰ ਰਹੇ ਸਨ, ਫ਼ੇਰ ਵੀ ਤੁਸੀਂ ਉਨ੍ਹਾਂ ਨੂੰ ਮਾਰ ਦਿੱਤਾ।
ਸਬਰ ਵਾਲੇ ਬਣੋ
7 ਭਰਾਵੋ ਅਤੇ ਭੈਣੋ ਸਬਰ ਵਾਲੇ ਬਣੋ; ਪ੍ਰਭੂ ਆਵੇਗਾ। ਇਸ ਲਈ ਉਸ ਸਮੇਂ ਤੱਕ ਸਬਰ ਕਰੋ। ਕਿਸਾਨ ਸਬਰ ਵਾਲੇ ਹਨ। ਕਿਸਾਨ ਆਪਣੀ ਮੁੱਲਵਾਨ ਫ਼ਸਲ ਦਾ ਭੋਂ ਵਿੱਚੋਂ ਉੱਗਣ ਦਾ ਇੰਤਜ਼ਾਰ ਕਰਦਾ ਹੈ। ਕਿਸਾਨ ਸਬਰ ਨਾਲ ਆਪਣੀ ਫ਼ਸਲ ਉੱਤੇ ਪਹਿਲਾ ਅਤੇ ਆਖਰੀ ਮੀਂਹ ਪੈਣ ਦੀ ਉਡੀਕ ਕਰਦਾ ਹੈ। 8 ਤੁਹਾਨੂੰ ਵੀ ਜ਼ਰੂਰ ਸਬਰ ਕਰਨਾ ਚਾਹੀਦਾ ਹੈ। ਉਮੀਦ ਨਾ ਛੱਡੋ। ਪ੍ਰਭੂ ਛੇਤੀ ਹੀ ਆ ਰਿਹਾ ਹੈ। 9 ਭਰਾਵੋ ਅਤੇ ਭੈਣੋ ਇੱਕ ਦੂਸਰੇ ਦੇ ਖਿਲਾਫ਼ ਸ਼ਿਕਾਇਤਾਂ ਨਾ ਕਰੋ। ਜੇ ਤੁਸੀਂ ਸ਼ਿਕਵੇ ਸ਼ਿਕਾਇਤਾਂ ਨਹੀਂ ਛੱਡੋਂਗੇ ਤਾਂ ਤੁਹਾਨੂੰ ਦੋਸ਼ੀ ਠਹਿਰਾਇਆ ਜਾਵੇਗਾ। ਅਤੇ ਮੁਨਸਫ਼ ਛੇਤੀ ਹੀ ਆਉਣ ਵਾਲਾ ਹੈ।
10 ਭਰਾਵੋ ਅਤੇ ਭੈਣੋ, ਉਨ੍ਹਾਂ ਨਬੀਆਂ ਦੇ ਰਾਹ ਤੇ ਚੱਲੋ ਜਿਹੜੇ ਪ੍ਰਭੂ ਦੇ ਨਾਮ ਵਿੱਚ ਬੋਲੇ ਹਨ। ਉਨ੍ਹਾਂ ਨੇ ਬਹੁਤ ਦੁੱਖ ਝੱਲੇ ਪਰ ਉਹ ਬਹੁਤ ਸਬਰ ਵਾਲੇ ਸਨ। 11 ਅਸੀਂ ਆਖਦੇ ਹਾਂ ਕਿ ਉਹ ਲੋਕ ਜਿਨ੍ਹਾਂ ਨੇ ਆਪਣੀਆਂ ਮੁਸ਼ਕਿਲਾਂ ਨੂੰ ਸਬਰ ਨਾਲ ਬਰਦਾਸ਼ਤ ਕੀਤਾ ਹੁਣ ਬਹੁਤ ਪ੍ਰਸੰਨ ਹਨ। ਤੁਸੀਂ ਅਯੂਬ ਦੇ ਸਬਰ ਦੇ ਬਾਰੇ ਸੁਣਿਆ ਹੋਵੇਗਾ। ਤੁਸੀਂ ਜਾਣਦੇ ਹੋ ਕਿ ਅਯੂਬ ਦੀਆਂ ਸਾਰੀਆਂ ਮੁਸ਼ਕਿਲਾਂ ਤੋਂ ਬਾਦ ਪਰਮੇਸ਼ੁਰ ਨੇ ਉਸਦੀ ਸਹਾਇਤਾ ਕੀਤੀ। ਇਸਤੋਂ ਪਤਾ ਚਲਦਾ ਹੈ ਕਿ ਪ੍ਰਭੂ ਦਯਾ ਨਾਲ ਭਰਪੂਰ ਹੈ ਅਤੇ ਮਿਹਰਬਾਨ ਹੈ।
ਆਪਣੇ ਕਥਨ ਬਾਰੇ ਸਾਵੱਧਾਨ ਰਹੋ
12 ਮੇਰੇ ਭਰਾਵੋ ਅਤੇ ਭੈਣੋ ਇਹ ਬਹੁਤ ਜ਼ਰੂਰੀ ਹੈ ਕਿ ਜਦੋਂ ਤੁਸੀਂ ਕੋਈ ਵਾਅਦਾ ਕਰੋ ਤਾਂ ਸੌਂਹ ਨਾ ਖਾਓ। ਸਵਰਗ, ਧਰਤੀ ਜਾਂ ਕਿਸੇ ਹੋਰ ਚੀਜ਼ ਦਾ ਨਾਮ ਆਪਣੇ ਬੋਲਾਂ ਨੂੰ ਤਸਦੀਕ ਕਰਨ ਲਈ ਨਾ ਵਰਤੋ। ਜਦੋਂ ਤੁਹਾਡਾ ਭਾਵ “ਹਾਂ” ਹੋਵੇ ਤੁਹਾਨੂੰ ਸਿਰਫ਼ “ਹਾਂ” ਆਖਣੀ ਚਾਹੀਦੀ ਹੈ। ਜਦੋਂ ਤੁਹਾਡਾ ਭਾਵ “ਨਾਹ” ਹੋਵੇ ਤਾਂ ਤੁਸੀਂ ਸਿਰਫ਼ “ਨਾਹ” ਆਖੋ। ਅਜਿਹਾ ਹੀ ਕਰੋ ਤਾਂ ਜੋ ਤੁਹਾਨੂੰ ਦੋਸ਼ੀ ਨਾ ਠਹਿਰਾਇਆ ਜਾਵੇ।
ਪ੍ਰਾਰਥਨਾ ਦੀ ਸ਼ਕਤੀ
13 ਜੇ ਤੁਹਾਡੇ ਵਿੱਚੋਂ ਕੋਈ ਮੁਸ਼ਕਿਲਾਂ ਵਿੱਚ ਘਿਰਿਆ ਹੋਇਆ ਹੈ ਤਾਂ ਉਸ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ। ਜੇ ਤੁਹਾਡੇ ਵਿੱਚੋਂ ਕੋਈ ਖੁਸ਼ ਹੈ ਤਾਂ ਉਸ ਨੂੰ ਗਾਉਣਾ ਚਾਹੀਦਾ ਹੈ। 14 ਜੇ ਤੁਹਾਡੇ ਵਿੱਚੋਂ ਕੋਈ ਬਿਮਾਰ ਹੈ ਤਾਂ ਉਸ ਨੂੰ ਕਲੀਸਿਯਾ ਦੇ ਬਜ਼ੁਰਗਾਂ ਨੂੰ ਬੁਲਾਉਣਾ ਚਾਹੀਦਾ ਹੈ। ਅਤੇ ਬਜ਼ੁਰਗਾਂ ਨੂੰ ਚਾਹੀਦਾ ਹੈ ਕਿ ਉਹ ਪ੍ਰਭੂ ਦੇ ਨਾਮ ਤੇ ਉਸ ਉੱਪਰ ਤੇਲ ਮਲਣ ਅਤੇ ਉਸ ਲਈ ਪ੍ਰਾਰਥਨਾ ਕਰਨ। 15 ਅਤੇ ਜੇਕਰ ਉਹ ਪ੍ਰਾਰਥਨਾ ਵਿਸ਼ਵਾਸ ਵਿੱਚ ਆਖੀ ਗਈ ਹੈ, ਤਾਂ ਪਰਮੇਸ਼ੁਰ ਉਸ ਵਿਅਕਤੀ ਨੂੰ ਚੰਗਾ ਕਰੇਗਾ। ਅਤੇ ਜੇ ਉਸ ਵਿਅਕਤੀ ਨੇ ਪਾਪ ਕੀਤਾ ਹੈ ਤਾਂ ਪਰਮੇਸ਼ੁਰ ਉਸ ਨੂੰ ਮਾਫ਼ ਕਰ ਦੇਵੇਗਾ।
16 ਹਮੇਸ਼ਾ ਇੱਕ ਦੂਸਰੇ ਨੂੰ ਉਨ੍ਹਾਂ ਗਲਤ ਗੱਲਾਂ ਬਾਰੇ ਦੱਸੋ ਜਿਹੜੀਆਂ ਤੁਹਾਡੇ ਪਾਸੋਂ ਹੋਈਆਂ ਹਨ। ਫ਼ੇਰ ਇੱਕ ਦੂਸਰੇ ਲਈ ਪ੍ਰਾਰਥਨਾ ਕਰੋ ਅਜਿਹਾ ਹੀ ਕਰੋ ਤਾਂ ਜੋ ਪਰਮੇਸ਼ੁਰ ਤੁਹਾਨੂੰ ਰਾਜੀ ਕਰ ਸੱਕੇ। ਜਦੋਂ ਕੋਈ ਨੇਕ ਆਦਮੀ ਨਿਹਚਾ ਨਾਲ ਪ੍ਰਾਰਥਨਾ ਕਰਦਾ ਹੈ ਤਾਂ ਮਹਾਨ ਗੱਲਾਂ ਵਾਪਰਦੀਆਂ ਹਨ। 17 ਏਲੀਯਾਹ ਸਾਡੇ ਵਰਗਾ ਹੀ ਇੱਕ ਵਿਅਕਤੀ ਸੀ। ਉਸ ਨੇ ਪ੍ਰਾਰਥਨਾ ਕੀਤੀ ਕਿ ਮੀਂਹ ਨਾ ਪਾਵੇ। ਅਤੇ ਸਾਢੇ ਤਿੰਨ ਵਰ੍ਹਿਆਂ ਤੱਕ ਉਸ ਧਰਤੀ ਤੇ ਮੀਂਹ ਨਹੀਂ ਪਿਆ। 18 ਫ਼ੇਰ ਏਲੀਯਾਹ ਨੇ ਪ੍ਰਾਰਥਨਾ ਕੀਤੀ ਕਿ ਮੀਂਹ ਪਵੇ। ਅਤੇ ਅਕਾਸ਼ ਤੋਂ ਵਰੱਖਾ ਹੋਣ ਲੱਗੀ ਅਤੇ ਧਰਤੀ ਤੇ ਫ਼ਸਲਾਂ ਫ਼ੇਰ ਉੱਗ ਪਈਆਂ।
ਪਾਪੀਆਂ ਨੂੰ ਪਾਪ ਤੋਂ ਵਾਪਸ ਲਿਆਓ
19 ਮੇਰੇ ਭਰਾਵੋ ਅਤੇ ਭੈਣੋ, ਤੁਹਾਡੇ ਵਿੱਚੋਂ ਕੋਈ ਸ਼ਾਇਦ ਸੱਚ ਦੇ ਰਾਹ ਤੋਂ ਭਟਕ ਜਾਵੇ। ਅਤੇ ਦੂਸਰਾ ਵਿਅਕਤੀ ਸ਼ਾਇਦ ਉਸ ਨੂੰ ਸੱਚ ਵੱਲ ਵਾਪਸ ਲਿਆਉਣ ਵਿੱਚ ਮਦਦ ਕਰੇ। 20 ਇਸ ਨੂੰ ਯਾਦ ਰੱਖਿਓ। ਕੋਈ ਵੀ ਵਿਅਕਤੀ ਜਿਹੜਾ ਕਿਸੇ ਪਾਪੀ ਨੂੰ ਗਲਤ ਰਾਹ ਤੋਂ ਮੋੜਦਾ ਹੈ, ਉਹ ਉਸ ਪਾਪੀ ਨੂੰ ਮੌਤ ਤੋਂ ਬਚਾਉਂਦਾ ਹੈ। ਅਜਿਹਾ ਕਰਕੇ, ਉਹ ਵਿਅਕਤੀ ਆਪਣੇ ਬਹੁਤ ਸਾਰੇ ਪਾਪਾਂ ਦੀ ਮੁਆਫ਼ੀ ਦਾ ਕਾਰਣ ਬਣੇਗਾ।
1 ਯਿਸੂ ਮਸੀਹ ਦੇ ਇੱਕ ਰਸੂਲ ਪਤਰਸ ਵੱਲੋਂ, ਸ਼ੁਭਕਾਮਨਾਵਾਂ ਪਰਮੇਸ਼ੁਰ ਦੇ ਉਨ੍ਹਾਂ ਚੁਣੇ ਹੋਏ ਲੋਕਾਂ ਨੂੰ ਜਿਹੜੇ ਆਪਣੇ ਘਰਾਂ ਤੋਂ ਦੂਰ ਹਨ। ਜਿਹੜੇ ਲੋਕ ਪੰਤੁਸ, ਗਲਾਤਿਯਾ, ਕੱਪਦੋਕੀਆ, ਅਸੀਆ ਅਤੇ ਬਿਥੁਨੀਯਾ ਦੇ ਇਲਾਕਿਆਂ ਵਿੱਚ ਫ਼ੈਲੇ ਹੋਏ ਹਨ। 2 ਪਰਮੇਸ਼ੁਰ ਨੇ ਤੁਹਾਨੂੰ ਆਪਣੇ ਪਵਿੱਤਰ ਲੋਕ ਬਣਾਕੇ ਚੁਣਨ ਦੀ ਯੋਜਨਾ ਬਹੁਤ ਪਹਿਲਾਂ ਬਣਾ ਲਈ ਸੀ। ਤੁਹਾਨੂੰ ਪਵਿੱਤਰ ਬਨਾਉਣਾ ਆਤਮਾ ਦਾ ਕਾਰਜ ਹੈ। ਪਰਮੇਸ਼ੁਰ ਚਾਹੁੰਦਾ ਸੀ ਕਿ ਤੁਸੀਂ ਉਸਦਾ ਹੁਕਮ ਮੰਨੋ ਅਤੇ ਯਿਸੂ ਮਸੀਹ ਦੇ ਲਹੂ ਰਾਹੀਂ ਸ਼ੁੱਧ ਹੋ ਜਾਵੋ।
ਕਾਸ਼ ਤੁਸੀਂ ਭਰਪੂਰ ਕਿਰਪਾ ਅਤੇ ਸ਼ਾਂਤੀ ਨਾਲ ਧੰਨ ਹੋਵੋ।
ਜਿਉਂਦੀ ਆਸ
3 ਪਰਮੇਸ਼ੁਰ ਅਤੇ ਸਾਡੇ ਪ੍ਰਭੂ ਯਿਸੂ ਮਸੀਹ ਦੇ ਪਿਤਾ ਦੀ ਉਸਤਤਿ ਹੋਵੇ। ਪਰਮੇਸ਼ੁਰ ਬਹੁਤ ਮਿਹਰਬਾਨ ਹੈ ਅਤੇ ਉਸਦੀ ਮਿਹਰ ਕਾਰਣ ਹੀ ਸਾਨੂੰ ਨਵਾਂ ਜੀਵਨ ਮਿਲਿਆ ਹੈ। ਇਹ ਨਵੀਂ ਜ਼ਿੰਦਗੀ ਸਾਡੇ ਲਈ ਯਿਸੂ ਮਸੀਹ ਦੇ ਮੌਤ ਤੋਂ ਜਿਵਾਲਣ ਰਾਹੀਂ ਜਿਉਂਦੀ ਆਸ ਲੈ ਕੇ ਆਈ ਹੈ। 4 ਹੁਣ ਅਸੀਂ ਪਰਮੇਸ਼ੁਰ ਦੀਆਂ ਅਸੀਸਾਂ ਦੀ ਉਮੀਦ ਰੱਖ ਸੱਕਦੇ ਹਾਂ ਜਿਹੜੀਆਂ ਉਸ ਨੇ ਉਸ ਦੇ ਬੱਚਿਆਂ ਲਈ ਰੱਖੀਆਂ ਹਨ। ਇਹ ਅਸੀਸਾਂ ਤੁਹਾਡੇ ਲਈ ਸਵਰਗ ਵਿੱਚ ਰੱਖੀਆਂ ਹੋਈਆਂ ਹਨ। ਉਹ ਨਾਂ ਹੀ ਬਰਬਾਦ ਤੇ ਨਾਂ ਹੀ ਨਾਸ਼ ਹੋ ਸੱਕਦੀਆਂ, ਨਾ ਹੀ ਉਹ ਆਪਣੀ ਸੁੰਦਰਤਾ ਗੁਆ ਸੱਕਦੀਆਂ ਹਨ।
5 ਪਰਮੇਸ਼ੁਰ ਦੀ ਸ਼ਕਤੀ ਤੁਹਾਨੂੰ ਤੁਹਾਡੀ ਨਿਹਚਾ ਰਾਹੀਂ ਉਦੋਂ ਤੱਕ ਸੁਰੱਖਿਅਤ ਰੱਖੇਗੀ ਜਦੋਂ ਤੱਕ ਤੁਸੀਂ ਮੁਕਤੀ ਪ੍ਰਾਪਤ ਨਹੀਂ ਕਰ ਲੈਂਦੇ। ਇਹ ਮੁਕਤੀ ਜੋ ਤਿਆਰ ਹੈ, ਤੁਹਾਨੂੰ ਅੰਤਲੇ ਸਮੇਂ ਵਿੱਚ ਦਿੱਤੀ ਜਾਵੇਗੀ। 6 ਇਸ ਨਾਲ ਤੁਹਾਨੂੰ ਬਹੁਤ ਖੁਸ਼ੀ ਹੁੰਦੀ ਹੈ। ਪਰ ਹੁਣ, ਬਸ ਥੋੜੇ ਹੀ ਸਮੇਂ ਲਈ, ਤੁਹਾਨੂੰ ਉਦਾਸ ਕਰਨ ਵਾਲੀਆਂ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਹੋ ਸੱਕਦੀਆਂ ਹਨ। 7 ਅਜਿਹੀਆਂ ਮੁਸ਼ਕਿਲਾਂ ਕਿਉਂ ਆਉਂਦੀਆਂ ਹਨ? ਇਹ ਸਾਬਤ ਕਰਨ ਲਈ ਕਿ ਤੁਹਾਡੀ ਨਿਹਚਾ ਸੱਚੀ ਹੈ। ਤੁਹਾਡੀ ਨਿਹਚਾ ਦੀ ਇਹ ਸ਼ੁੱਧਤਾ ਉਸ ਸੋਨੇ ਨਾਲੋਂ ਵੀ ਵੱਧ ਮੁੱਲਵਾਨ ਹੈ ਜਿਹੜਾ ਕਿ ਅੱਗ ਰਾਹੀਂ ਸ਼ੁੱਧ ਕਰਨ ਦੇ ਬਾਵਜ਼ੂਦ ਵੀ ਖੇਹ ਹੋ ਜਾਂਦਾ ਹੈ। ਤੁਹਾਡੀ ਨਿਹਚਾ ਦੀ ਸ਼ੁੱਧਤਾ ਤੁਹਾਨੂੰ ਉਦੋਂ ਉਸਤਤਿ ਮਹਿਮਾ ਅਤੇ ਸਤਿਕਾਰ ਦੇਵੇਗੀ ਜਦੋਂ ਯਿਸੂ ਮਸੀਹ ਪ੍ਰਗਟ ਹੋਵੇਗਾ।
8 ਤੁਸੀਂ ਮਸੀਹ ਨੂੰ ਨਹੀਂ ਦੇਖਿਆ ਪਰ ਫ਼ਿਰ ਵੀ ਤੁਸੀਂ ਉਸ ਨੂੰ ਪਿਆਰ ਕਰਦੇ ਹੋ। ਹੁਣ ਵੀ ਤੁਸੀਂ ਉਸ ਨੂੰ ਦੇਖ ਨਹੀਂ ਸੱਕਦੇ ਪਰ ਤੁਸੀਂ ਉਸ ਵਿੱਚ ਵਿਸ਼ਵਾਸ ਰੱਖਦੇ ਹੋ। ਤੁਸੀਂ ਇੰਨੇ ਖੁਸ਼ ਹੋ ਜਿਹੜੀ ਬਿਆਨ ਨਹੀਂ ਕੀਤੀ ਜਾ ਸੱਕਦੀ ਅਤੇ ਉਹ ਖੁਸ਼ੀ ਮਹਿਮਾ ਨਾਲ ਭਰੀ ਹੋਈ ਹੈ। 9 ਤੁਹਾਡੀ ਨਿਹਚਾ ਦਾ ਇੱਕ ਟੀਚਾ ਹੈ ਅਤੇ ਤੁਸੀਂ ਉਹ ਟੀਚਾ ਪ੍ਰਾਪਤ ਕਰ ਰਹੇ ਹੋਂ, ਜੋ ਕਿ ਤੁਹਾਡੀ ਮੁਕਤੀ ਹੈ।
10 ਨਬੀਆਂ ਨੇ ਇਸ ਮੁਕਤੀ ਬਾਰੇ ਬੜੇ ਧਿਆਨ ਨਾਲ ਤਲਾਸ਼ ਅਤੇ ਪੁੱਛ ਗਿੱਛ ਕੀਤੀ ਹੈ। ਉਹ ਉਸ ਕਿਰਪਾ ਬਾਰੇ ਬੋਲੇ ਜੋ ਤੁਸੀਂ ਪਰਮੇਸ਼ੁਰ ਤੋਂ ਪ੍ਰਾਪਤ ਕਰਨ ਵਾਲੇ ਸੀ। 11 ਇਨ੍ਹਾਂ ਨਬੀਆਂ ਵਿੱਚ ਮਸੀਹ ਦਾ ਆਤਮਾ ਸੀ। ਆਤਮਾ ਨੇ ਉਨ੍ਹਾਂ ਨੂੰ ਉਨ੍ਹਾਂ ਸਾਰੇ ਦੁੱਖਾਂ ਬਾਰੇ ਦੱਸਿਆ ਜੋ ਯਿਸੂ ਨੂੰ ਭੋਗਣੇ ਪੈਣਗੇ ਅਤੇ ਉਸ ਮਹਿਮਾ ਬਾਰੇ ਵੀ ਜੋ ਇਨ੍ਹਾਂ ਦੁੱਖਾਂ ਤੋਂ ਬਾਅਦ ਆਵੇਗੀ। ਨਬੀਆਂ ਨੇ ਉਹ ਸਮਝਣ ਦੀ ਕੋਸ਼ਿਸ਼ ਕੀਤੀ ਜੋ ਆਤਮਾ ਉਨ੍ਹਾਂ ਨੂੰ ਦਰਸ਼ਾ ਰਿਹਾ ਸੀ, ਯਾਨੀ ਕਿ, ਇਹ ਘਟਨਾਵਾਂ ਕਦੋਂ ਘਟਣਗੀਆਂ ਅਤੇ ਉਸ ਸਮੇਂ ਦੁਨੀਆਂ ਕਿਵੇਂ ਦੀ ਹੋਵੇਗੀ।
12 ਉਨ੍ਹਾਂ ਨਬੀਆਂ ਨੂੰ ਦਰਸ਼ਾ ਦਿੱਤਾ ਗਿਆ ਸੀ ਕਿ ਉਨ੍ਹਾਂ ਦੀ ਸੇਵਾ ਉਨ੍ਹਾਂ ਦੇ ਆਪਣੇ ਲਈ ਨਹੀਂ ਸੀ ਸਗੋਂ ਉਹ ਤੁਹਾਡੇ ਲਈ ਸੇਵਾ ਕਰ ਰਹੇ ਸਨ। ਇਨ੍ਹਾਂ ਲੋਕਾਂ ਨੇ, ਜਿਨ੍ਹਾਂ ਨੇ ਤੁਹਾਨੂੰ ਖੁਸ਼ਖਬਰੀ ਦਾ ਪ੍ਰਚਾਰ ਕੀਤਾ, ਉਹੀ ਗੱਲਾਂ ਕਹੀਆਂ। ਇਹ ਗੱਲਾਂ ਸਵਰਗ ਵੱਲੋਂ ਭੇਜੇ ਪਵਿੱਤਰ ਆਤਮਾ ਰਾਹੀਂ ਦਿੱਤੀਆਂ ਗਈਆਂ ਸਨ। ਦੂਤ ਵੀ ਉਨ੍ਹਾਂ ਗੱਲਾਂ ਬਾਰੇ ਜਾਨਣ ਲਈ ਉਤਸੁਕ ਸਨ ਜੋ ਤੁਹਾਨੂੰ ਦੱਸੀਆਂ ਗਈਆਂ ਹਨ।
ਪਵਿੱਤਰ ਜੀਵਨ ਲਈ ਸੱਦਾ
13 ਇਸ ਲਈ ਆਪਣੇ ਮਨਾਂ ਨੂੰ ਸੇਵਾ ਲਈ ਅਤੇ ਆਤਮਾ ਨੂੰ ਆਤਮ ਸੰਯਮ ਲਈ ਤਿਆਰ ਰੱਖੋ। ਤੁਹਾਡੀ ਸਾਰੀ ਆਸ਼ਾ ਉਸ ਕਿਰਪਾ ਦੀ ਦਾਤ ਉੱਤੇ ਹੋਣੀ ਚਾਹੀਦੀ ਹੈ ਜਿਹੜੀ ਤੁਹਾਨੂੰ ਉਦੋਂ ਮਿਲੇਗੀ ਜਦੋਂ ਯਿਸੂ ਮਸੀਹ ਪ੍ਰਗਟ ਹੋਵੇਗਾ। 14 ਕਿਉਂ ਕਿ ਬੀਤੇ ਦਿਨਾਂ ਵਿੱਚ ਤੁਸੀਂ ਇਸ ਸਭ ਬਾਰੇ ਕੁਹ ਵੀ ਨਹੀਂ ਜਾਣਦੇ ਸੀ, ਤੁਸੀਂ ਉਹ ਸਾਰੀਆਂ ਭਰਿਸ਼ਟ ਕਰਨੀਆਂ ਕੀਤੀਆਂ ਜੋ ਤੁਸੀਂ ਕਰਨੀਆਂ ਚਾਹੁੰਦੇ ਸੀ। ਪਰ ਹੁਣ ਤੁਸੀਂ ਪਰਮੇਸ਼ੁਰ ਦੇ ਆਗਿਆਕਾਰੀ ਬੱਚੇ ਹੋ। ਇਸ ਲਈ ਹੁਣ ਤੁਸੀਂ ਉਸ ਤਰ੍ਹਾਂ ਦਾ ਜੀਵਨ ਨਾ ਜੀਵੋ ਜਿਹੋ ਜਿਹਾ ਜੀਵਨ ਅਤੀਤ ਵਿੱਚ ਜਿਉਂਦੇ ਸੀ। 15 ਤੁਹਾਨੂੰ ਆਪਣੇ ਵਿਹਾਰ ਵਿੱਚ ਉਵੇਂ ਹੀ ਪਵਿੱਤਰ ਹੋਣਾ ਚਾਹੀਦਾ ਹੈ ਜਿਵੇਂ ਕਿ ਪਰਮੇਸ਼ੁਰ ਪਵਿੱਤਰ ਹੈ। ਪਰਮੇਸ਼ੁਰ ਹੀ ਹੈ ਜਿਸਨੇ ਤੁਹਾਨੂੰ ਸੱਦਿਆ ਹੈ। 16 ਇਹ ਪੋਥੀਆਂ ਵਿੱਚ ਲਿਖਿਆ ਹੈ: “ਉਵੇਂ ਪਵਿੱਤਰ ਬਣੋ ਜਿਵੇਂ ਮੈਂ ਪਵਿੱਤਰ ਹਾਂ।” [c]
17 ਜਦੋਂ ਤੁਸੀਂ ਪਰਮੇਸ਼ੁਰ ਨੂੰ ਪ੍ਰਾਰਥਨਾ ਕਰੋ, ਤੁਸੀਂ ਉਸ ਨੂੰ ਆਪਣਾ ਪਿਤਾ ਬੁਲਾਓ। ਪਰਮੇਸ਼ੁਰ ਬਿਨਾ ਪੱਖਪਾਤ ਦੇ ਹਰ ਮਨੁੱਖ ਨੂੰ ਉਸ ਦੇ ਕੰਮਾਂ ਅਨੁਸਾਰ ਨਿਆਂ ਦਿੰਦਾ ਹੈ। ਇਸ ਲਈ, ਜਦੋਂ ਤੁਸੀਂ ਇਸ ਦੁਨੀਆਂ ਵਿੱਚ ਮੁਸਾਫ਼ਿਰਾਂ ਦੀ ਤਰ੍ਹਾਂ ਜੀਵੋ ਤਾਂ ਤੁਹਾਨੂੰ ਪਰਮੇਸ਼ੁਰ ਲਈ ਇੱਕ ਇੱਜ਼ਤ ਦੀ ਜ਼ਿੰਦਗੀ ਜਿਉਣੀ ਚਾਹੀਦੀ ਹੈ। 18 ਤੁਸੀਂ ਜਾਣਦੇ ਹੋ ਕਿ ਅਤੀਤ ਵਿੱਚ ਤੁਸੀਂ ਵਿਆਰਥ ਜੀਵਨ ਬਿਤਾ ਰਹੇ ਸੀ। ਇਹ ਜੀਵਨ ਢੰਗ ਤੁਸੀਂ ਆਪਣੇ ਪੁਰਖਿਆਂ ਤੋਂ ਸਿੱਖੇ ਸੀ। ਪਰ ਤੁਹਾਨੂੰ ਉਸ ਤਰ੍ਹਾਂ ਦੇ ਜੀਵਨ ਢੰਗ ਤੋਂ ਬਚਾ ਲਿਆ ਗਿਆ। ਤੁਹਾਨੂੰ ਖਰੀਦਿਆ ਗਿਆ ਹੈ ਪਰ ਸੋਨੇ ਅਤੇ ਚਾਂਦੀ ਨਾਲ ਨਹੀਂ ਜੋ ਨਸ਼ਟ ਹੋ ਜਾਂਦੇ ਹਨ। 19 ਤੁਹਾਨੂੰ ਮਸੀਹ ਦੇ ਅਨਮੋਲ ਲਹੂ ਨਾਲ ਖਰੀਦਿਆ ਗਿਆ ਹੈ ਜੋ ਕਿ ਇੱਕ ਸੰਪੂਰਣ ਅਤੇ ਸ਼ੁੱਧ ਲੇਲੇ ਵਾਂਗ ਕੁਰਬਾਨ ਕੀਤਾ ਗਿਆ ਸੀ। 20 ਮਸੀਹ ਨੂੰ ਉਦੋਂ ਚੁਣਿਆ ਗਿਆ ਸੀ ਜਦੋਂ ਹਾਲੇ ਦੁਨੀਆਂ ਵੀ ਨਹੀਂ ਬਣੀ ਸੀ ਪਰ ਉਸ ਨੂੰ ਤੁਹਾਡੇ ਲਈ ਇਨ੍ਹਾਂ ਅੰਤਲੇ ਸਮਿਆਂ ਵਿੱਚ ਪ੍ਰਗਟ ਕੀਤਾ ਗਿਆ। 21 ਤੁਸੀਂ ਮਸੀਹ ਦੇ ਰਾਹੀਂ ਪਰਮੇਸ਼ੁਰ ਵਿੱਚ ਨਿਹਚਾ ਰੱਖਦੇ ਹੋ। ਪਰਮੇਸ਼ੁਰ ਨੇ ਮਸੀਹ ਨੂੰ ਮੌਤ ਤੋਂ ਜਿਵਾਲਿਆ ਫ਼ਿਰ ਪਰਮੇਸ਼ੁਰ ਨੇ ਉਸ ਨੂੰ ਮਹਿਮਾ ਦਿੱਤੀ। ਇਸ ਲਈ ਤੁਹਾਡਾ ਨਿਹਚਾ ਅਤੇ ਤੁਹਾਡੀ ਆਸ ਪਰਮੇਸ਼ੁਰ ਵਿੱਚ ਹੈ।
22 ਹੁਣ ਤੁਸੀਂ ਸੱਚ ਨੂੰ ਮੰਨਕੇ ਆਪਣੇ ਆਪ ਨੂੰ ਸ਼ੁੱਧ ਬਣਾ ਲਿਆ ਹੈ। ਹੁਣ ਤੁਹਾਡੇ ਕੋਲ ਆਪਣੇ ਭਰਾਵਾਂ ਅਤੇ ਭੈਣਾਂ ਲਈ ਸੱਚਾ ਪ੍ਰੇਮ ਹੈ। ਇਸ ਲਈ ਇੱਕ ਦੂਸਰੇ ਨੂੰ ਡੂੰਘੇ ਪਿਆਰ ਅਤੇ ਸ਼ੁੱਧ ਦਿਲ ਨਾਲ ਪਿਆਰ ਕਰੋ। 23 ਤੁਹਾਡਾ ਪੁਨਰ ਜਨਮ ਹੋਇਆ ਹੈ। ਤੁਸੀਂ ਇਹ ਨਵਾਂ ਜੀਵਨ ਉਸ ਬੀਜ ਤੋਂ ਪ੍ਰਾਪਤ ਨਹੀਂ ਕੀਤਾ ਜੋ ਮਰ ਜਾਂਦਾ ਹੈ, ਸਗੋਂ ਉਸ ਬੀਜ ਤੋਂ ਜੋ ਹਮੇਸ਼ਾ ਸਥਿਰ ਰਹਿੰਦਾ ਹੈ। ਤੁਸੀਂ ਪਰਮੇਸ਼ੁਰ ਦੇ ਸੰਦੇਸ਼ ਕਾਰਣ ਫ਼ੇਰ ਜਨਮੇ ਸੀ ਜੋ ਜਿਉਂਦਾ ਹੈ ਅਤੇ ਸਦਾ ਰਹਿੰਦਾ ਹੈ। 24 ਕਿਉਂ ਕਿ ਪੋਥੀ ਦਾ ਕਥਨ ਹੈ,
“ਸਾਰੇ ਲੋਕ ਘਾਹ ਵਰਗੇ ਹਨ
ਅਤੇ ਉਨ੍ਹਾਂ ਦੀ ਮਹਿਮਾ ਜੰਗਲੀ ਫ਼ੁੱਲਾਂ ਵਰਗੀ ਹੈ।
ਘਾਹ ਸੁੱਕ ਜਾਂਦਾ ਹੈ,
ਅਤੇ ਫ਼ੁੱਲ ਝੜ ਜਾਂਦੇ ਹਨ।
25 ਪਰ ਪਰਮੇਸ਼ੁਰ ਦਾ ਸ਼ਬਦ ਹਮੇਸ਼ਾ ਰਹੇਗਾ।” (A)
ਅਤੇ ਇਹ ਸ਼ਬਦ ਹੀ ਸੀ ਜਿਹੜਾ ਤੁਹਾਨੂੰ ਦਿੱਤਾ ਗਿਆ ਸੀ।
ਜਿਉਂਦਾ ਪੱਥਰ ਅਤੇ ਪਵਿੱਤਰ ਲੋਕ
2 ਇਸ ਲਈ ਹੋਰਾਂ ਨੂੰ ਦੁੱਖ ਦੇਣ ਵਾਲੀ ਕੋਈ ਗੱਲ ਨਾ ਕਰੋ। ਝੂਠ ਨਾ ਬੋਲੋ, ਕਪਟੀ ਨਾ ਹੋਵੋ, ਦੂਸਰਿਆਂ ਤੇ ਈਰਖਾ ਨਾ ਕਰੋ, ਅਤੇ ਦੂਸਰਿਆਂ ਬਾਰੇ ਮੰਦੀਆਂ ਗੱਲਾਂ ਨਾ ਬੋਲੋ। ਇਹ ਸਾਰੀਆਂ ਗੱਲਾਂ ਆਪਣੇ ਜੀਵਨ ਵਿੱਚੋਂ ਕੱਢ ਦਿਉ। 2 ਨਵੇਂ ਜਨਮੇ ਬੱਚਿਆਂ ਵਰਗੇ ਹੋਵੋ ਅਤੇ ਸ਼ੁੱਧ ਆਤਮਕ ਦੁੱਧ ਦੀ ਇੱਛਾ ਕਰੋ ਜਿਹੜਾ ਤੁਹਾਨੂੰ ਮੁਕਤੀ ਦੇ ਰਾਹ ਵਿੱਚ ਵੱਧਣ ਲਈ ਮਦਦ ਕਰੇਗਾ। 3 ਤੁਸੀਂ ਪਹਿਲਾਂ ਹੀ ਪ੍ਰਭੂ ਦੀ ਚੰਗਿਆਈ ਦਾ ਸਵਾਦ ਚੱਖ ਲਿਆ ਹੈ।
4 ਪ੍ਰਭੂ ਉਹ “ਪੱਥਰ” ਹੈ ਜਿਹੜਾ ਜਿਉਂਦਾ ਹੈ। ਦੁਨੀਆਂ ਦੇ ਲੋਕਾਂ ਨੇ ਨਿਰਨਾ ਕੀਤਾ ਸੀ ਕਿ ਉਹ ਉਸ ਪੱਥਰ ਨੂੰ ਨਹੀਂ ਚਾਹੁੰਦੇ, ਪਰ ਉਹ ਅਜਿਹਾ ਪੱਥਰ ਸੀ ਜਿਸਦੀ ਪਰਮੇਸ਼ੁਰ ਨੇ ਚੋਣ ਕੀਤੀ ਸੀ। ਪਰਮੇਸ਼ੁਰ ਲਈ ਉਹ ਵੱਧੇਰੇ ਮੁੱਲਵਾਨ ਸੀ। ਇਸ ਲਈ ਉਸ ਵੱਲ ਆਓ। 5 ਤੁਸੀਂ ਵੀ ਜਿਉਂਦੇ ਪੱਥਰਾਂ ਵਾਂਗ ਹੋ। ਪਰਮੇਸ਼ੁਰ ਤੁਹਾਨੂੰ ਆਤਮਕ ਮੰਦਰ ਦੀ ਉਸਾਰੀ ਲਈ ਵਰਤ ਰਿਹਾ ਹੈ। ਅਤੇ ਤੁਸੀਂ ਉਸ ਮੰਦਰ ਵਿੱਚ ਪਵਿੱਤਰ ਜਾਜਕਾਂ ਵਾਂਗ ਸੇਵਾ ਕਰੋ, ਆਤਮਕ ਬਲੀਆਂ ਭੇਂਟ ਕਰਕੇ ਜਿਹੜੀਆਂ ਪਰਮੇਸ਼ੁਰ ਯਿਸੂ ਮਸੀਹ ਰਾਹੀਂ ਕਬੂਲ ਕਰਦਾ ਹੈ। 6 ਪੋਥੀ ਆਖਦੀ ਹੈ,
“ਦੇਖੋ, ਮੈਂ ਇੱਕ ਅਨਮੋਲ ਖੂੰਜੇ ਦਾ ਪੱਥਰ ਚੁਣਿਆ ਹੈ।
ਅਤੇ ਮੈਂ ਉਸ ਪੱਥਰ ਨੂੰ ਸੀਯੋਨ ਵਿੱਚ ਰੱਖ ਦਿੱਤਾ ਹੈ
ਜਿਹੜਾ ਵਿਅਕਤੀ ਉਸ ਵਿੱਚ ਭਰੋਸਾ ਰੱਖਦਾ ਹੈ ਕਦੇ ਵੀ ਸ਼ਰਮਸਾਰ ਨਹੀਂ ਹੋਵੇਗਾ।” (B)
7 ਇਹ ਪੱਥਰ, ਤੁਹਾਡੇ ਲਈ ਬਹੁਤ ਅਨਮੋਲ ਹੈ, ਜਿਨ੍ਹਾਂ ਨੂੰ ਵਿਸ਼ਵਾਸ ਹੈ। ਪਰ ਜਿਹੜੇ ਲੋਕ ਵਿਸ਼ਵਾਸ ਨਹੀਂ ਕਰਦੇ ਉਨ੍ਹਾਂ ਲੋਕਾਂ ਲਈ ਉਹ ਪੱਥਰ ਹੈ;
“ਜਿਸ ਪੱਥਰ ਨੂੰ ਉਸਾਰੀਆਂ ਨੇ ਰੱਦਿਆ,
ਸੋਈ ਖੂੰਜੇ ਦਾ ਸਿਰਾ ਹੋ ਗਿਆ।” (C)
8 ਅਤੇ ਉਨ੍ਹਾਂ ਲੋਕਾਂ ਲਈ, ਜਿਨ੍ਹਾਂ ਨੂੰ ਵਿਸ਼ਵਾਸ ਨਹੀਂ ਹੈ, ਉਹ ਹੈ:
“ਇੱਕ ਪੱਥਰ ਜਿਹੜਾ ਲੋਕਾਂ ਲਈ ਠੋਕਰ ਖਾਣ ਦਾ ਕਾਰਣ ਬਣਦਾ ਹੈ
ਅਤੇ ਇੱਕ ਪੱਥਰ ਜਿਹੜਾ ਲੋਕਾਂ ਨੂੰ ਡੇਗਣ ਦਾ ਕਾਰਣ ਬਣਦਾ ਹੈ।” (D)
ਲੋਕ ਇਸ ਲਈ ਠੋਕਰ ਖਾਕੇ ਡਿੱਗਦੇ ਹਨ ਕਿਉਂ ਕਿ ਉਹ ਉਸਦੀ ਅਵੱਗਿਆ ਕਰਦੇ ਹਨ ਜੋ ਪਰਮੇਸ਼ੁਰ ਆਖਦਾ ਹੈ। ਪਰਮੇਸ਼ੁਰ ਨੇ ਇਹ ਉਨ੍ਹਾਂ ਨਾਲ ਵਾਪਰਨ ਲਈ ਵਿਉਂਤਿਆ।
9 ਪਰ ਤੁਸੀਂ ਪਰਮੇਸ਼ੁਰ ਦੇ ਚੁਣੇ ਹੋਏ ਲੋਕ ਹੋ, ਰਾਜੇ ਦੇ ਜਾਜਕ ਅਤੇ ਇੱਕ ਪਵਿੱਤਰ ਕੌਮ ਹੋ। ਤੁਸੀਂ ਪਰਮੇਸ਼ੁਰ ਦੇ ਆਪਣੇ ਲੋਕ ਹੋ। ਤੁਸੀਂ ਉਸ ਦੁਆਰਾ ਲੋਕਾਂ ਨੂੰ ਉਸਦੀਆਂ ਹੈਰਾਨਕੁਨ ਕਰਨੀਆਂ ਬਾਰੇ ਦੱਸਣ ਲਈ ਚੁਣੇ ਗਏ ਹੋ। ਉਸ ਨੇ ਤੁਹਾਨੂੰ ਹਨੇਰੇ ਵਿੱਚੋਂ ਕੱਢ ਕੇ ਆਪਣੀ ਮਹਾਨ ਰੋਸ਼ਨੀ ਵੱਲ ਬੁਲਾਇਆ ਹੈ।
10 ਇੱਕ ਸਮੇਂ, ਤੁਸੀਂ ਪਰਮੇਸ਼ੁਰ ਦੇ ਲੋਕ ਨਹੀਂ ਸੀ,
ਪਰ ਹੁਣ ਤੁਸੀਂ ਪਰਮੇਸ਼ੁਰ ਦੇ ਲੋਕ ਹੋ।
ਇੱਕ ਸਮੇਂ, ਤੁਸੀਂ ਪਰਮੇਸ਼ੁਰ ਦੀ ਮਿਹਰ ਪ੍ਰਾਪਤ ਨਹੀਂ ਕੀਤੀ ਸੀ,
ਪਰ ਹੁਣ ਤੁਸੀਂ ਪਰਮੇਸ਼ੁਰ ਦੀ ਮਿਹਰ ਪ੍ਰਾਪਤ ਕੀਤੀ ਹੈ।
ਪਰਮੇਸ਼ੁਰ ਲਈ ਜੀਉ
11 ਮੇਰੇ ਪਿਆਰੇ ਮਿੱਤਰੋ, ਤੁਸੀਂ ਇਸ ਦੁਨੀਆਂ ਵਿੱਚ ਮੁਸਾਫ਼ਿਰਾਂ ਅਤੇ ਪਰਦੇਸੀਆਂ ਵਰਗੇ ਹੋ। ਇਸ ਲਈ ਮੈਂ ਤਹਾਨੂੰ ਆਪਣੇ ਸਰੀਰਾਂ ਦੀਆਂ ਦੁਸ਼ਟ ਇੱਛਾਵਾਂ ਤੋਂ ਦੂਰ ਰਹਿਣ ਲਈ ਬੇਨਤੀ ਕਰਦਾ ਹਾਂ। ਇਹ ਇੱਛਾਵਾਂ ਤੁਹਾਡੀ ਰੂਹ ਦੇ ਖਿਲਾਫ਼ ਲੜਦੀਆਂ ਹਨ। 12 ਜਿਹੜੇ ਲੋਕ ਪਰਮੇਸ਼ੁਰ ਵਿੱਚ ਵਿਸ਼ਵਾਸੀ ਨਹੀਂ ਹਨ ਉਹ ਤੁਹਾਡੇ ਆਲੇ ਦੁਆਲੇ ਰਹਿ ਰਹੇ ਹਨ। ਉਹ ਝੂਠੇ ਤੌਰ ਤੇ ਹੀ ਆਖ ਸੱਕਦੇ ਹਨ ਕਿ ਤੁਸੀਂ ਲੋਕ ਦੁਸ਼ਟਤਾ ਕਰ ਰਹੇ ਹੋ। ਇਸ ਲਈ ਇੱਕ ਚੰਗਾ ਜੀਵਨ ਬਿਤਾਓ। ਫ਼ੇਰ ਉਹ ਤੁਹਾਡੇ ਨੇਕ ਕੰਮ, ਜੋ ਤੁਸੀਂ ਕਰਦੇ ਹੋ, ਦੇਖਣਗੇ ਅਤੇ ਪਰਮੇਸ਼ੁਰ ਨੂੰ ਉਸ ਦੇ ਆਉਣ ਵਾਲੇ ਦਿਨ ਮਹਿਮਾ ਦੇਣਗੇ।
ਅਧਿਕਾਰੀਆਂ ਦੀ ਪਾਲਣਾ ਕਰੋ
13 ਉਨ੍ਹਾਂ ਲੋਕਾਂ ਦੇ ਹੁਕਮ ਦੀ ਪਾਲਣਾ ਵੀ ਕਰੋ ਜਿਨ੍ਹਾਂ ਕੋਲ ਇਸ ਦੁਨੀਆਂ ਵਿੱਚ ਇਖਤਿਆਰ ਹੈ। ਇਹ ਪ੍ਰਭੂ ਦੀ ਖਾਤਿਰ ਕਰੋ। ਉਸ ਬਾਦਸ਼ਾਹ ਦੀ ਮੰਨੋ ਜਿਸ ਕੋਲ ਹਰ ਅਧਿਕਾਰ ਹੈ। 14 ਅਤੇ ਉਨ੍ਹਾਂ ਆਗੂਆਂ ਦੇ ਹੁਕਮ ਦੀ ਪਾਲਣਾ ਵੀ ਕਰੋ ਜਿਹੜੇ ਬਾਦਸ਼ਾਹ ਦੁਆਰਾ ਭੇਜੇ ਗਏ ਹਨ। ਇਨ੍ਹਾਂ ਨੂੰ ਮੰਦੇ ਲੋਕਾਂ ਨੂੰ ਸਜ਼ਾ ਦੇਣ ਲਈ ਅਤੇ ਚੰਗੇ ਲੋਕਾਂ ਦੀ ਉਸਤਤਿ ਕਰਨ ਲਈ ਭੇਜਿਆ ਜਾਂਦਾ ਹੈ। 15 ਇਹ ਪਰਮੇਸ਼ੁਰ ਦੀ ਇੱਛਾ ਹੈ ਕਿ ਤੁਸੀਂ ਆਪਣੀਆਂ ਚੰਗੀਆਂ ਕਰਨੀਆਂ ਦੇ ਨਾਲ, ਅਗਿਆਨੀ ਲੋਕਾਂ ਨੂੰ ਮੂਰੱਖਤਾ ਭਰੀਆਂ ਗੱਲਾਂ ਆਖਣ ਤੋਂ ਚੁੱਪ ਕਰਾਓ। 16 ਆਜ਼ਾਦ ਬੰਦਿਆਂ ਵਾਂਗ ਰਹੋ ਪਰ ਆਪਣੀ ਆਜ਼ਾਦੀ ਨੂੰ ਆਪਣੀਆਂ ਬਦੀਆਂ ਢੱਕਣ ਲਈ ਨਾ ਵਰਤੋ। ਇਸ ਤਰ੍ਹਾਂ ਰਹੋ ਜਿਵੇਂ ਤੁਸੀਂ ਪਰਮੇਸ਼ੁਰ ਦੇ ਗੁਲਾਮ ਹੋ। 17 ਸਭ ਲੋਕਾਂ ਦੀ ਇੱਜ਼ਤ ਕਰੋ। ਪਰਮੇਸ਼ੁਰ ਦੇ ਪਰਿਵਾਰ ਦੇ ਸਮੂਹ ਭਰਾਵਾਂ ਅਤੇ ਭੈਣਾਂ ਨੂੰ ਪਿਆਰ ਕਰੋ। ਪਰਮੇਸ਼ੁਰ ਤੋਂ ਡਰੋ ਅਤੇ ਬਾਦਸ਼ਾਹ ਦੀ ਇੱਜ਼ਤ ਕਰੋ।
ਮਸੀਹ ਦੇ ਦੁੱਖ ਦੀ ਮਿਸਾਲ
18 ਹੇ ਗੁਲਾਮੋ, ਆਪਣੇ ਮਾਲਕਾਂ ਦੀ ਪੂਰੀ ਤਰ੍ਹਾਂ ਇੱਜ਼ਤ ਕਰੋ ਅਤੇ ਉਨ੍ਹਾਂ ਦੇ ਅਧਿਕਾਰ ਹੇਠਾਂ ਰਹੋ। ਤੁਹਾਨੂੰ ਸਿਰਫ਼ ਉਨ੍ਹਾਂ ਦੇ ਹੁਕਮ ਦੀ ਹੀ ਪਾਲਣਾ ਨਹੀਂ ਕਰਨੀ ਚਾਹੀਦੀ ਜੋ ਧਰਤੀ ਅਤੇ ਦਿਆਲੂ ਹਨ, ਸਗੋਂ ਉਨ੍ਹਾਂ ਦੀ ਵੀ ਜੋ ਮੰਦੇ ਹਨ। 19 ਕਿਸੇ ਵਿਅਕਤੀ ਨੂੰ ਉਦੋਂ ਵੀ ਦੁੱਖ ਝੱਲਣਾ ਪੈ ਸੱਕਦਾ ਹੈ ਜਦੋਂ ਉਸ ਨੇ ਕੁਝ ਵੀ ਗਲਤ ਨਹੀਂ ਕੀਤਾ ਹੁੰਦਾ। ਜੇਕਰ ਉਹ ਵਿਅਕਤੀ ਉਸ ਕਸ਼ਟ ਨੂੰ ਪਰਮੇਸ਼ੁਰ ਦਾ ਸਮਝਕੇ ਸਹਿਨ ਕਰ ਲੈਂਦਾ ਹੈ, ਫ਼ੇਰ ਇਹ ਪਰਮੇਸ਼ੁਰ ਨੂੰ ਪ੍ਰਸੰਨ ਕਰੇਗਾ। 20 ਜੇਕਰ ਤੁਹਾਨੂੰ ਤੁਹਾਡੀ ਗਲਤ ਕਰਨੀ ਦੇ ਕਾਰਣ ਸਜ਼ਾ ਦਿੱਤੀ ਜਾਂਦੀ ਹੈ, ਫ਼ੇਰ ਤੁਹਾਡੀ ਉਸਤਤਿ ਕਰਨ ਦੀ ਕੋਈ ਲੋੜ ਨਹੀਂ। ਪਰ ਜੇਕਰ ਤੁਸੀਂ ਚੰਗੇ ਕੰਮ ਕੀਤੇ ਹਨ ਅਤੇ ਤੁਸੀਂ ਸਬਰ ਨਾਲ ਤਸੀਹੇ ਝੱਲ ਲੈਂਦੇ ਹੋ, ਫ਼ੇਰ ਇਹ ਪਰਮੇਸ਼ੁਰ ਨੂੰ ਪ੍ਰਸੰਨ ਕਰਦਾ ਹੈ। 21 ਇਹੀ ਹੈ ਜਿਸ ਲਈ ਤੁਹਾਨੂੰ ਪਰਮੇਸ਼ੁਰ ਵੱਲੋਂ ਸੱਦਾ ਮਿਲਿਆ ਸੀ। ਮਸੀਹ ਨੇ ਵੀ ਤੁਹਾਡੀ ਖਾਤਿਰ ਦੁੱਖ ਝੱਲਿਆ, ਅਤੇ ਅਜਿਹਾ ਕਰਕੇ ਉਸ ਨੇ ਤੁਹਾਡੇ ਲਈ ਆਪਣੇ ਪਦ ਚਿਨ੍ਹਾਂ ਉੱਤੇ ਚੱਲਣ ਲਈ ਇੱਕ ਮਿਸਾਲ ਕਾਇਮ ਕੀਤੀ ਹੈ।
22 “ਉਸ ਨੇ ਕੋਈ ਵੀ ਪਾਪ ਨਹੀਂ ਕੀਤਾ,
ਅਤੇ ਨਾਹੀ ਉਸ ਨੇ ਕਦੇ ਕੋਈ ਝੂਠ ਬੋਲਿਆ।” (E)
23 ਲੋਕਾਂ ਨੇ ਉਸ ਨੂੰ ਮੰਦੀਆਂ ਗੱਲਾਂ ਆਖੀਆਂ ਪਰ ਉਸ ਨੇ ਵਾਪਸ ਉਨ੍ਹਾਂ ਨੂੰ ਮੰਦੀਆਂ ਗੱਲਾਂ ਨਹੀਂ ਬੋਲੀਆਂ। ਮਸੀਹ ਨੇ ਦੁੱਖ ਸਹਾਰੇ, ਪਰ ਉਸ ਨੇ ਕਦੇ ਕੋਈ ਧਮਕੀ ਨਹੀਂ ਦਿੱਤੀ। ਨਹੀਂ, ਮਸੀਹ ਨੇ ਆਪਣੇ ਆਪ ਨੂੰ ਪਰਮੇਸ਼ੁਰ ਨੂੰ ਸਮਰਪਿਤ ਕਰ ਦਿੱਤਾ। ਪਰਮੇਸ਼ੁਰ ਹੀ ਹੈ ਜਿਹੜਾ ਸਹੀ ਨਿਆਂ ਦਿੰਦਾ ਹੈ। 24 ਮਸੀਹ ਨੇ ਸਲੀਬ ਉੱਪਰ ਆਪਣੇ ਸਰੀਰ ਉੱਤੇ ਸਾਡੇ ਪਾਪ ਲੈ ਲਏ। ਅਜਿਹਾ ਉਸ ਨੇ ਇਸ ਲਈ ਕੀਤਾ ਤਾਂ ਜੋ ਅਸੀਂ ਪਾਪ ਨਹੀਂ ਕਰਾਂਗੇ ਅਤੇ ਅਸੀਂ ਚੰਗੇ ਕਾਰਜ ਕਰਨ ਲਈ ਜਿਉਵਾਂਗੇ ਉਸ ਦੇ ਜ਼ਖਮਾਂ ਰਾਹੀਂ ਤੁਹਾਡਾ ਇਲਾਜ ਕੀਤਾ ਗਿਆ। 25 ਤੁਸੀਂ ਇੱਜੜ ਤੋਂ ਭਟਕੀਆਂ ਭੇਡਾਂ ਵਰਗੇ ਸੀ। ਪਰ ਹੁਣ ਤੁਸੀਂ ਉਸ ਆਜੜੀ ਕੋਲ ਵਾਪਸ ਮੁੜ ਆਏ ਹੋਂ ਜੋ ਤੁਹਾਡਾ ਖਿਆਲ ਰੱਖਦਾ ਹੈ।
ਪਤਨੀਆਂ ਤੇ ਪਤੀ
3 ਉਸੇ ਤਰ੍ਹਾਂ ਹੀ ਪਤਨੀਓ ਆਪਣੇ ਪਤੀਆਂ ਦੇ ਅਧੀਨ ਰਹੋ। ਇਸ ਲਈ ਫ਼ੇਰ ਜੇਕਰ ਉਨ੍ਹਾਂ ਵਿੱਚੋਂ ਕੁਝ ਪਰਮੇਸ਼ੁਰ ਦੇ ਉਪਦੇਸ਼ ਨੂੰ ਨਹੀਂ ਮੰਨਦੇ ਹਨ, ਉਹ ਤੁਹਾਡੇ ਉਦਾਰ ਵਿਹਾਰ ਦੇ ਉਸ ਇੱਕ ਵੀ ਸ਼ਬਦ ਆਖੇ ਬਿਨਾ ਜਿੱਤ ਜਾਣਗੇ ਜਿਹੜਾ ਸ਼ੁੱਧ ਅਤੇ ਪਰਮੇਸ਼ੁਰ ਨੂੰ ਸਤਿਕਾਰ ਯੋਗ ਹੈ। 3 ਤੁਹਾਡੀ ਸੁੰਦਰਤਾ ਤੁਹਾਡੇ ਵਾਲਾਂ ਦਾ ਸਿੰਗਾਰ, ਗਹਿਣੇ ਜਾਂ ਵੱਧੀਆ ਕੱਪੜੇ ਨਹੀਂ ਹੋਣੇ ਚਾਹੀਦੇ। 4 ਸਗੋਂ ਤੁਹਾਡੀ ਸੁੰਦਰਤਾ ਉਸ ਕੋਮਲਤਾ ਅਤੇ ਸ਼ਾਂਤ ਆਤਮਾ ਦੀ ਹੋਣੀ ਚਾਹੀਦੀ ਹੈ ਜੋ ਤੁਹਾਡੇ ਅੰਦਰੋਂ ਆਉਂਦੀ ਹੈ। ਇਹ ਸੁੰਦਰਤਾ ਕਦੀ ਵੀ ਫ਼ਿੱਕੀ ਨਹੀਂ ਪਵੇਗੀ।
5 ਅਤੀਤ ਵਿੱਚ, ਇਸੇ ਢੰਗ ਨਾਲ, ਪਵਿੱਤਰ ਔਰਤਾਂ, ਆਪਣੀ ਆਸ ਪਰਮੇਸ਼ੁਰ ਵਿੱਚ ਰੱਖਕੇ ਆਪਣੇ ਆਪ ਨੂੰ ਸੁੰਦਰ ਬਣਾਉਂਦੀਆਂ ਸਨ। ਉਨ੍ਹਾਂ ਨੇ ਆਪਣੇ ਪਤੀਆਂ ਦੇ ਅਧਿਕਾਰ ਨੂੰ ਸਵੀਕਾਰਿਆ ਸੀ। 6 ਮੈਂ ਸਾਰਾਹ ਵਰਗੀਆਂ ਔਰਤਾਂ ਬਾਰੇ ਗੱਲ ਕਰ ਰਿਹਾ ਹਾਂ ਜਿਸਨੇ ਆਪਣੇ ਪਤੀ ਅਬਰਾਹਾਮ ਦੇ ਹੁਕਮ ਦੀ ਪਾਲਣਾ ਕੀਤੀ ਅਤੇ ਉਸ ਨੂੰ ਮਾਲਕ ਬੁਲਾਇਆ। ਇਸੇ ਲਈ ਔਰਤੋ, ਜੇ ਤੁਸੀਂ ਵੀ ਉਹੀ ਕਰੋ ਜੋ ਸਹੀ ਹੈ ਅਤੇ ਕਾਸੇ ਤੋਂ ਵੀ ਭੈਭੀਤ ਨਾ ਹੋਵੋ, ਤਾਂ ਤੁਸੀਂ ਵੀ ਸਾਰਾਹ ਦੀਆਂ ਅਸਲੀ ਬੱਚੀਆਂ ਹੋਵੋਂਗੀਆਂ।
7 ਇਸੇ ਤਰ੍ਹਾਂ ਪਤੀਓ ਤੁਹਾਨੂੰ ਆਪਣੀਆਂ ਪਤਨੀਆਂ ਨਾਲ ਸਹਿਮਤੀ ਨਾਲ ਰਹਿਣਾ ਚਾਹੀਦਾ ਹੈ। ਤੁਹਾਨੂੰ ਪਤਨੀਆਂ ਦੀ ਇੱਜ਼ਤ ਕਰਨੀ ਚਾਹੀਦੀ ਹੈ। ਕਿਉਂਕਿ ਉਹ ਤੁਹਾਡੇ ਨਾਲੋਂ ਕਮਜ਼ੋਰ ਹਨ। ਉਵੇਂ ਹੀ ਜਿਵੇਂ ਕਿ ਪਰਮੇਸ਼ੁਰ ਤੁਹਾਨੂੰ ਅਸੀਸ ਦਿੰਦਾ ਹੈ, ਉਹ ਉਨ੍ਹਾਂ ਨੂੰ ਵੀ ਉਸੇ ਤਰ੍ਹਾਂ ਦੀਆਂ ਅਸੀਸਾਂ ਦੇਵੇਗਾ।
ਨੇਕੀ ਲਈ ਦੁੱਖ ਭੋਗਣਾ
8 ਸਮਾਪਤ ਕਰਨ ਲਈ, ਮੈਂ ਤੁਹਾਨੂੰ ਦੱਸਦਾ ਹਾਂ, ਕਿ ਤੁਹਾਨੂੰ ਇੱਕ ਦੂਸਰੇ ਨਾਲ ਸ਼ਾਂਤੀ ਨਾਲ ਰਹਿਣਾ ਚਾਹੀਦਾ ਹੈ। ਇੱਕ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਇੱਕ ਦੂਸਰੇ ਨੂੰ ਭਰਾਵਾਂ ਅਤੇ ਭੈਣਾਂ ਵਾਂਗ ਪਿਆਰ ਕਰੋ। ਦਿਆਲੂ ਅਤੇ ਨਿਮ੍ਰ ਬਣੋ। 9 ਜਿਹੜਾ ਤੁਹਾਡੇ ਨਾਲ ਬੁਰਾ ਕਰਦਾ ਹੈ ਬਦਲੇ ਵਿੱਚ ਉਸ ਦੇ ਨਾਲ ਬੁਰਾ ਨਾ ਕਰੋ। ਜਾਂ ਜਿਹੜਾ ਤੁਹਾਨੂੰ ਮੰਦਾ ਬੋਲਦਾ ਹੈ ਬਦਲੇ ਵਿੱਚ ਉਸ ਨਾਲ ਮੰਦਾ ਨਾ ਬੋਲੋ। ਪਰ ਉਸ ਵਿਅਕਤੀ ਨੂੰ ਅਸੀਸ ਦਿਉ ਕਿਉਂਕਿ ਤੁਸੀਂ ਵੀ ਪਰਮੇਸ਼ੁਰ ਦੁਆਰਾ ਅਸੀਸਾਂ ਪ੍ਰਾਪਤ ਕਰਨ ਲਈ ਸੱਦੇ ਗਏ ਸੀ। 10 ਪੋਥੀਆਂ ਦਾ ਕਥਨ ਹੈ,
“ਉਹ ਵਿਅਕਤੀ ਜਿਹੜਾ ਇੱਕ ਖੁਸ਼ ਜੀਵਨ ਵਤੀਤ ਕਰਨਾ ਚਾਹੁੰਦਾ ਹੈ
ਅਤੇ ਚੰਗੇ ਦਿਨ ਬਿਤਾਉਣਾ ਚਾਹੁੰਦਾ ਹੈ,
ਉਸ ਨੂੰ ਮੰਦਾ ਬੋਲਣ ਤੋਂ ਆਪਣੀ ਜੀਭ ਨੂੰ ਰੋਕਣਾ ਚਾਹੀਦਾ ਹੈ
ਅਤੇ, ਝੂਠ ਬੋਲਣ ਤੋਂ ਆਪਣੇ ਬੁਲ੍ਹਾਂ ਨੂੰ ਰੋਕਣਾ ਚਾਹੀਦਾ।
11 ਉਸ ਨੂੰ ਸ਼ਾਂਤੀ ਲੱਭਣੀ ਚਾਹੀਦੀ ਹੈ
ਅਤੇ ਇਸ ਨੂੰ ਪ੍ਰਾਪਤ ਕਰਨ ਵਾਸਤੇ ਸਖਤ ਮਿਹਨਤ ਕਰਨੀ ਚਾਹੀਦੀ ਹੈ।
12 ਪ੍ਰਭੂ ਚੰਗੇ ਲੋਕਾਂ ਨੂੰ ਦੇਖਦਾ ਹੈ
ਅਤੇ ਪ੍ਰਭੂ ਉਨ੍ਹਾਂ ਦੀਆਂ ਪ੍ਰਾਰਥਨਾ ਨੂੰ ਸੁਣਦਾ ਹੈ;
ਪਰ ਪ੍ਰਭੂ ਉਨ੍ਹਾਂ ਲੋਕਾਂ ਦੇ ਖਿਲਾਫ਼ ਹੈ ਜਿਹੜੇ ਬਦੀ ਕਰਦੇ ਹਨ।” (F)
13 ਜੇਕਰ ਤੁਸੀਂ ਚੰਗਿਆਈ ਕਰਨ ਲਈ ਸਖਤ ਮਿਹਨਤ ਕਰੋਂਗੇ, ਕੋਈ ਵੀ ਤੁਹਾਨੂੰ ਨੁਕਸਾਨ ਨਹੀਂ ਪਹੁੰਚਾਵੇਗਾ। 14 ਜਦੋਂ ਤੁਸੀਂ ਉਹੀ ਕਰੋਂ ਜੋ ਚੰਗਾ ਹੈ, ਸ਼ਾਇਦ ਤੁਹਾਨੂੰ ਦੁੱਖ ਭੋਗਣਾ ਪਵੇ। ਜੇ ਅਜਿਹਾ ਵਾਪਰਦਾ ਹੈ ਤਾਂ ਤੁਸੀਂ ਧੰਨ ਹੋ। “ਉਨ੍ਹਾਂ ਲੋਕਾਂ ਤੋਂ ਨਾ ਡਰੋ ਜਿਹੜੇ ਤੁਹਾਨੂੰ ਧਮਕਾਉਂਦੇ ਹਨ ਅਤੇ ਪਰੇਸ਼ਾਨ ਨਾ ਹੋਵੋ।” [d] 15 ਸਗੋਂ ਮਸੀਹ ਨੂੰ, ਪ੍ਰਭੂ ਕਰਕੇ, ਆਪਣੇ ਜੀਵਨਾਂ ਵਿੱਚ ਪਵਿੱਤਰ ਮੰਨੋ। ਹਮੇਸ਼ਾ ਕਿਸੇ ਵੀ ਉਸ ਵਿਅਕਤੀ ਨੂੰ ਜਵਾਬ ਦੇਣ ਲਈ ਤਿਆਰ ਰਹੋ ਜਿਹੜਾ ਤੁਹਾਨੂੰ ਉਸ ਆਸ ਦੀ ਵਿਆਖਿਆ ਪੁੱਛਦਾ ਹੈ, ਜਿਹੜੀ ਤੁਹਾਨੂੰ ਹੈ। 16 ਪਰ ਉਨ੍ਹਾਂ ਲੋਕਾਂ ਨੂੰ ਕੋਮਲਤਾ ਅਤੇ ਇੱਜ਼ਤ ਨਾਲ ਉੱਤਰ ਦਿਉ। ਤੁਹਾਨੂੰ ਹਮੇਸ਼ਾ ਇਹ ਮਹਿਸੂਸ ਕਰਨ ਦੇ ਯੋਗ ਹੋਣਾ ਚਾਹੀਦਾ ਕਿ ਤੁਸੀਂ ਸਹੀ ਗੱਲ ਕਰ ਰਹੇ ਹੋ। ਜੇ ਤੁਸੀਂ ਇਸ ਤਰ੍ਹਾਂ ਕਰੋਂਗੇ, ਤਾਂ ਇਹ ਲੋਕ ਜਿਹੜੇ ਮਸੀਹ ਵਿੱਚ ਤੁਹਾਡੇ ਚੰਗੇ ਜੀਵਨ ਬਾਰੇ ਮੰਦਾ ਬੋਲਦੇ ਹਨ, ਸ਼ਰਮਿੰਦਾ ਹੋਣਗੇ।
17 ਬਦੀ ਕਰਕੇ ਦੁੱਖ ਝੱਲਣ ਨਾਲੋਂ, ਚੰਗਿਆਈ ਕਰਕੇ ਦੁੱਖ ਝੱਲਣਾ ਬੇਹਤਰ ਹੈ, ਜੇਕਰ ਇਹੀ ਪਰਮੇਸ਼ੁਰ ਚਾਹੁੰਦਾ ਹੈ।
18 ਮਸੀਹ ਨੇ ਵੀ ਦੁੱਖ ਝੱਲਿਆ
ਅਤੇ ਸਿਰਫ਼ ਇੱਕ ਹੀ ਵਾਰ ਪਾਪਾਂ ਲਈ ਮਰਿਆ।
ਉਸ ਨੇ ਪਾਪ ਨਹੀਂ ਕੀਤਾ
ਪਰ ਉਹ ਉਨ੍ਹਾਂ ਸਾਰੇ ਲੋਕਾਂ ਲਈ ਮਰਿਆ। ਜਿਨ੍ਹਾਂ ਨੇ ਪਾਪ ਨਹੀਂ ਕੀਤਾ।
ਉਸ ਨੇ ਅਜਿਹਾ ਸਾਨੂੰ ਸਾਰਿਆਂ ਨੂੰ ਪਰਮੇਸ਼ੁਰ ਦੇ ਨਜ਼ਦੀਕ ਲਿਆਉਣ ਲਈ ਕੀਤਾ।
ਉਸਦਾ ਸਰੀਰ ਮਰ ਗਿਆ
ਪਰ ਉਹ ਆਪਣੇ ਆਤਮਾ ਵਿੱਚ ਜਿਉਂਦਾ ਰਿਹਾ।
19 ਫ਼ੇਰ ਆਤਮਾ ਵਿੱਚ, ਉਹ ਗਿਆ ਅਤੇ ਕੈਦ ਵਿੱਚਲੇ ਆਤਮਿਆਂ ਨੂੰ ਪ੍ਰਚਾਰ ਕੀਤਾ। 20 ਇਹ ਆਤਮੇ ਉਹੀ ਹਨ ਜਿਨ੍ਹਾਂ ਨੇ ਨੂਹ ਦੇ ਵੇਲੇ ਪਰਮੇਸ਼ੁਰ ਦਾ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਜਦੋਂ ਨੂਹ ਕਿਸ਼ਤੀ ਬਣਾ ਰਿਹਾ ਸੀ। ਪਰਮੇਸ਼ੁਰ ਉਨ੍ਹਾਂ ਦਾ ਸਬਰ ਨਾਲ ਇੰਤਜ਼ਾਰ ਕਰ ਰਿਹਾ ਸੀ। ਸਿਰਫ਼ ਥੋੜੇ ਜਿਹੇ ਲੋਕ ਜਿਹੜੇ ਗਿਣਤੀ ਵਿੱਚ ਕੁਲ ਅੱਠ ਸਨ ਪਾਣੀ ਵਿੱਚੋਂ ਕਿਸ਼ਤੀ ਰਾਹੀਂ ਬਚਾਏ ਜਾ ਸੱਕੇ। 21 ਉਹ ਪਾਣੀ ਉਸ ਬਪਤਿਸਮੇ ਵਰਗਾ ਸੀ ਜੋ ਹੁਣ ਤੁਹਾਨੂੰ ਬਚਾਉਂਦਾ ਹੈ। ਬਪਤਿਸਮੇ ਦਾ ਅਰਥ ਸਰੀਰ ਤੋਂ ਮੈਲ ਲਾਹੁਣਾ ਨਹੀਂ, ਸਗੋਂ ਇਹ ਪਰਮੇਸ਼ੁਰ ਪਾਸੋਂ ਸ਼ੁੱਧ ਦਿਲ ਦੀ ਮੰਗ ਕਰਨਾ ਹੈ। ਇਹ ਤੁਹਾਨੂੰ ਇਸ ਲਈ ਬਚਾਉਂਦਾ ਹੈ ਕਿਉਂ ਕਿ ਯਿਸੂ ਮਸੀਹ ਮੌਤ ਤੋਂ ਜਿਵਾਲਿਆ ਗਿਆ ਸੀ। 22 ਹੁਣ ਯਿਸੂ ਸਵਰਗ ਵਿੱਚ ਚੱਲਾ ਗਿਆ ਹੈ। ਅਤੇ ਪਰਮੇਸ਼ੁਰ ਦੇ ਸੱਜੇ ਪਾਸੇ ਬੈਠਦਾ ਹੈ। ਉਹ ਦੂਤਾਂ, ਅਧਿਕਾਰੀਆਂ ਅਤੇ ਸ਼ਕਤੀਆਂ ਤੇ ਰਾਜ ਕਰਦਾ ਹੈ।
ਪਰਿਵਰਤਿਤ ਜੀਵਨ
4 ਯਿਸੂ ਨੇ ਤਸੀਹੇ ਝੱਲੇ ਜਦੋਂ ਉਹ ਆਪਣੇ ਸਰੀਰ ਵਿੱਚ ਰਿਹਾ। ਇਸ ਲਈ ਤੁਹਾਨੂੰ ਵੀ ਆਪਣੇ ਆਪ ਨੂੰ ਉਸੇ ਸੋਚ ਨਾਲ ਲੈਸ ਕਰ ਲੈਣਾ ਚਾਹੀਦਾ ਹੈ ਜਿਹੜੀ ਯਿਸੂ ਕੋਲ ਸੀ, ਕਿਉਂਕਿ ਉਹ ਜਿਸਨੇ ਸਰੀਰਕ ਤਸੀਹੇ ਝੱਲੇ ਹਨ ਪਾਪ ਕਰਨੇ ਬੰਦ ਕਰ ਦਿੱਤੇ ਹਨ। 2 ਆਪਣੇ ਆਪ ਨੂੰ ਮਜ਼ਬੂਤ ਬਣਾਉ ਤਾਂ ਜੋ ਤੁਸੀਂ ਆਪਣੀ ਬਾਕੀ ਦੀ ਜ਼ਿੰਦਗੀ ਇਸ ਦੁਨੀਆਂ ਵਿੱਚ ਉਸ ਅਨੁਸਾਰ ਜੀਵੋ ਜਿਸਦੀ ਪਰਮੇਸ਼ੁਰ ਕਾਮਨਾ ਕਰਦਾ ਹੈ, ਨਾ ਕਿ ਲੋਕਾਂ ਦੀਆਂ ਬਦ ਕਾਮਨਾਵਾਂ ਦੇ ਅਨੁਸਾਰ। 3 ਅਤੀਤ ਵਿੱਚ, ਤੁਸੀਂ ਬਹੁਤਾ ਸਮਾਂ ਉਸੇ ਵਿੱਚ ਬਰਬਾਦ ਕਰ ਦਿੱਤਾ ਜੋ ਅਵਿਸ਼ਵਾਸੀ ਕਰਦੇ ਹਨ। ਤੁਸੀਂ ਅਨੈਤਿਕ ਗੱਲਾਂ ਕਰ ਰਹੇ ਸੀ। ਤੁਸੀਂ ਉਹੀ ਭਰਿਸ਼ਟ ਗੱਲਾਂ ਕਰ ਰਹੇ ਸੀ ਜੋ ਤੁਸੀਂ ਕਰਨੀਆਂ ਪਸੰਦ ਕੀਤੀਆਂ। ਤੁਸੀਂ ਸ਼ਰਾਬੀ ਹੋ ਰਹੇ ਸੀ, ਐਸ਼ ਪ੍ਰਸਤ ਦਾਅਵਤਾਂ ਅਤੇ ਸ਼ਰਾਬੀ ਸਭਾਵਾਂ ਕਰਦੇ ਸੀ ਅਤੇ ਉਨ੍ਹਾਂ ਮੂਰਤੀਆਂ ਦੀ ਪੂਜਾ ਕਰਦੇ ਸੀ ਜਿਨ੍ਹਾਂ ਤੇ ਪਾਬੰਦੀ ਹੈ।
4 ਇਹ ਉਨ੍ਹਾਂ ਨੂੰ ਹੈਰਾਨ ਕਰਦਾ ਹੈ ਕਿ ਹੁਣ ਤੁਸੀਂ ਉਨ੍ਹਾਂ ਦੇ ਇਨ੍ਹਾਂ ਅਸਭਿਅ ਅਤੇ ਫ਼ਜ਼ੂਲ ਵਿਹਾਰ ਵਿੱਚ ਸ਼ਾਮਿਲ ਨਹੀਂ ਹੁੰਦੇ। ਇਸ ਲਈ ਉਹ ਤੁਹਾਨੂੰ ਗਾਲਾਂ ਦੇਣ ਲੱਗ ਪੈਂਦੇ ਹਨ। 5 ਪਰ ਇਨ੍ਹਾਂ ਲੋਕਾਂ ਨੂੰ ਆਪਣੇ ਹਰ ਕੰਮ ਦੀ ਵਿਆਖਿਆ ਜੋ ਉਹ ਕਰਦੇ ਹਨ, ਉਸ ਇੱਕ ਨੂੰ ਕਰਨੀ ਪਵੇਗੀ, ਜੋ ਜਿਉਂਦਿਆਂ ਅਤੇ ਮਰੇ ਲੋਕਾਂ ਦਾ ਨਿਆਂ ਕਰਨ ਲਈ ਤਿਆਰ ਹੈ। 6 ਖੁਸ਼ਖਬਰੀ ਦਾ ਉਪਦੇਸ਼ ਉਨ੍ਹਾਂ ਲੋਕਾਂ ਨੂੰ ਦਿੱਤਾ ਗਿਆ ਸੀ ਜਿਹੜੇ ਹੁਣ ਮਰ ਚੁੱਕੇ ਹਨ ਕਿਉਂਕਿ ਉਨ੍ਹਾਂ ਲੋਕਾਂ ਬਾਰੇ ਵੀ ਉਸੇ ਤਰ੍ਹਾਂ ਨਿਆਂ ਹੋਵੇਗਾ ਜਿਵੇਂ ਸਮੂਹ ਲੋਕਾਂ ਬਾਰੇ ਹੁੰਦਾ ਹੈ। ਖੁਸ਼ਖਬਰੀ ਦਾ ਪ੍ਰਚਾਰ ਉਨ੍ਹਾਂ ਨੂੰ ਇਸ ਲਈ ਕੀਤਾ ਗਿਆ ਸੀ ਤਾਂ ਜੋ ਉਹ ਉਸੇ ਤਰ੍ਹਾਂ ਆਤਮਾ ਵਿੱਚ ਜਿਉਂ ਸੱਕਣ ਜਿਵੇਂ ਪਰਮੇਸ਼ੁਰ ਰਹਿੰਦਾ ਹੈ।
ਪਰਮੇਸ਼ੁਰ ਦੀਆਂ ਦਾਤਾਂ ਦੇ ਚੰਗੇ ਪ੍ਰਬੰਧਕ ਬਣੋ
7 ਉਹ ਦਿਨ ਨੇੜੇ ਹੈ ਜਦੋਂ ਸਭ ਕੁਝ ਨਸ਼ਟ ਹੋ ਜਾਵੇਗਾ। ਇਸ ਲਈ ਸਾਫ਼ ਮਨ ਰੱਖੋ ਅਤੇ ਸਵੈ ਕਾਬੂ ਰੱਖੋ ਅਤੇ ਇਹ ਤੁਹਾਨੂੰ ਤੁਹਾਡੀਆਂ ਪ੍ਰਾਰਥਨਾ ਵਿੱਚ ਸਹਾਇਤਾ ਕਰੇਗਾ। 8 ਸਭ ਤੋਂ ਜ਼ਰੂਰੀ ਗੱਲ ਹੈ ਇੱਕ ਦੂਸਰੇ ਨੂੰ ਡੂੰਘਾਈ ਨਾਲ ਪਿਆਰ ਕਰਨਾ ਕਿਉਂਕਿ ਪਿਆਰ ਬਹੁਤ ਸਾਰੇ ਪਾਪਾਂ ਨੂੰ ਢੱਕ ਲੈਂਦਾ ਹੈ। 9 ਬਿਨਾ ਕਿਸੇ ਸ਼ਿਕਾਇਤ ਦੇ ਇੱਕ ਦੂਸਰੇ ਦੀ ਆਓ ਭਗਤ ਕਰੋ। 10 ਤੁਸੀਂ ਸਾਰਿਆਂ ਨੇ ਪਰਮੇਸ਼ੁਰ ਪਾਸੋਂ ਆਤਮਕ ਦਾਤਾਂ ਪ੍ਰਾਪਤ ਕੀਤੀਆਂ। ਪਰਮੇਸ਼ੁਰ ਨੇ ਤੁਹਾਨੂੰ ਆਪਣੀ ਕਿਰਪਾ ਵੱਖ ਵੱਖ ਢੰਗਾਂ ਨਾਲ ਦਰਸ਼ਾਈ ਹੈ। ਤੁਹਾਨੂੰ ਪਰਮੇਸ਼ੁਰ ਦੀਆਂ ਦਾਤਾਂ ਵਰਤਣ ਲਈ ਸੌਂਪੀਆਂ ਗਈਆਂ ਹਨ। ਇਸੇ ਲਈ, ਤੁਹਾਨੂੰ ਚੰਗੇ ਨੋਕਰਾਂ ਦੀ ਤਰ੍ਹਾਂ ਉਨ੍ਹਾਂ ਨੂੰ ਇੱਕ ਦੂਸਰੇ ਦੀ ਸੇਵਾ ਕਰਨ ਦੇ ਉਦੇਸ਼ ਨਾਲ ਇਸਤੇਮਾਲ ਕਰਨਾ ਚਾਹੀਦਾ ਹੈ। 11 ਜੇ ਕੋਈ ਵਿਅਕਤੀ ਬੋਲਦਾ ਹੈ ਤਾਂ ਉਸ ਨੂੰ ਪਰਮੇਸ਼ੁਰ ਦੇ ਸ਼ਬਦ ਬੋਲਣੇ ਚਾਹੀਦੇ ਹਨ। ਜਿਹੜਾ ਕੋਈ ਸੇਵਾ ਕਰਦਾ ਹੈ, ਉਸ ਨੂੰ ਅਜਿਹਾ ਉਸ ਤਾਕਤ ਨਾਲ ਕਰਨ ਦਿਓ ਜਿਹੜੀ ਪਰਮੇਸ਼ੁਰ ਉਸ ਨੂੰ ਦਿੰਦਾ ਹੈ, ਤਾਂ ਜੋ ਸਾਰੀਆਂ ਗੱਲਾਂ ਵਿੱਚ, ਪਰਮੇਸ਼ੁਰ ਮਸੀਹ ਯਿਸੂ ਰਾਹੀਂ ਮਹਿਮਾਮਈ ਹੋਵੇ। ਸ਼ਕਤੀ ਅਤੇ ਮਹਿਮਾ ਸਦੀਵੀ ਉਸੇ ਦੀ ਹੋਵੇ। ਆਮੀਨ।
ਮਸੀਹੀਆਂ ਵਜੋਂ ਦੁੱਖ ਭੋਗਣਾ
12 ਮੇਰੇ ਮਿੱਤਰੋ, ਉਨ੍ਹਾਂ ਦੁੱਖ ਭਰੇ ਤਸੀਹਿਆਂ ਤੇ ਹੈਰਾਨ ਨਾ ਹੋਵੋ ਜਿਹੜੇ ਤੁਸੀਂ ਭੋਗ ਰਹੇ ਹੋਂ, ਕਿਉਂਕਿ ਇਹ ਤਸੀਹੇ ਤੁਹਾਡੀ ਨਿਹਚਾ ਦੀ ਪਰੱਖ ਕਰਨ ਲਈ ਹਨ। ਇਹ ਨਾ ਸੋਚੋ ਕਿ ਤੁਹਾਡੇ ਨਾਲ ਕੁਝ ਅਜੀਬ ਵਾਪਰ ਰਿਹਾ ਹੈ। 13 ਤੁਹਾਨੂੰ ਖੁਸ਼ ਹੋਣਾ ਚਾਹੀਦਾ ਹੈ ਕਿ ਤੁਸੀਂ ਮਸੀਹ ਦੇ ਤਸੀਹਿਆਂ ਵਿੱਚ ਸ਼ਰੀਕ ਹੋ ਰਹੇ ਹੋ ਤਾਂ ਜੋ ਜਦੋਂ ਉਹ ਮਹਿਮਾ ਵਿੱਚ ਆਵੇ ਤਾਂ, ਤੁਸੀਂ ਖੁਸ਼ ਅਤੇ ਆਨੰਦਿਤ ਹੋਵੋਂਗੇ। 14 ਜੇ ਕੋਈ ਮਸੀਹ ਦੇ ਚੇਲੇ ਹੋਣ ਕਾਰਣ ਤੁਹਾਡੀ ਬੇਇੱਜ਼ਤੀ ਕਰਦਾ ਹੈ, ਤਾਂ ਖੁਸ਼ ਹੋਵੋ। ਕਿਉਂਕਿ ਮਹਿਮਾ ਦਾ ਆਤਮਾ, ਜੋ ਕਿ ਪਰਮੇਸ਼ੁਰ ਦਾ ਆਤਮਾ ਹੈ, ਤੁਹਾਡੇ ਨਾਲ ਹੈ। 15 ਜੇਕਰ ਤੁਸੀਂ ਤਸੀਹੇ ਸਹਿੰਦੇ ਹੋ, ਤਾਂ ਇਹ ਗੱਲ ਯਕੀਨੀ ਬਣਾਓ ਕਿ ਇਹ ਕਾਤਿਲ ਹੋਣ ਵਾਸਤੇ ਜਾਂ ਚੋਰ, ਜਾਂ ਬਦੀ ਕਰਨ ਵਾਲੇ ਵਾਸਤੇ ਨਹੀਂ ਜਾਂ ਉਸ ਵਾਸਤੇ ਨਹੀਂ ਹਨ ਜਿਹੜਾ ਬਿਨ ਬੁਲਾਇਆਂ ਦੂਸਰਿਆਂ ਲੋਕਾਂ ਦੇ ਮਾਮਲਿਆਂ ਵਿੱਚ ਦਖਲ ਦਿੰਦਾ ਹੈ। 16 ਪਰ ਜੇ ਤੁਸੀਂ ਇੱਕ ਮਸੀਹੀ ਹੋਣ ਕਰਕੇ ਤਸੀਹੇ ਝੱਲਦੇ ਹੋ ਤਾਂ ਸ਼ਰਮਿੰਦਗੀ ਮਹਿਸੂਸ ਨਾ ਕਰੋ, ਸਗੋਂ ਤੁਹਾਨੂੰ ਉਸ ਨਾਂ ਵਾਸਤੇ ਪਰਮੇਸ਼ੁਰ ਦੀ ਉਸਤਤਿ ਕਰਨੀ ਚਾਹੀਦੀ ਹੈ। 17 ਨਿਆਂ ਦੀ ਘੜੀ ਆ ਚੁੱਕੀ ਹੈ ਅਤੇ ਇਹ ਨਿਆਂ ਪਰਮੇਸ਼ੁਰ ਦੇ ਪਰਿਵਾਰ ਨਾਲ ਆਰੰਭ ਹੋਵੇਗਾ। ਜੇਕਰ ਇਹ ਸਾਡੇ ਨਾਲ ਸ਼ੁਰੂ ਹੋਣ ਵਾਲਾ ਹੈ, ਤਾਂ ਉਨ੍ਹਾਂ ਲੋਕਾਂ ਨਾਲ ਕੀ ਵਾਪਰੇਗਾ ਜਿਹੜੇ ਪਰਮੇਸ਼ੁਰ ਦੀ ਖੁਸ਼ਖਬਰੀ ਨੂੰ ਨਹੀਂ ਮੰਨਦੇ?
18 “ਅਤੇ ਜੇਕਰ ਇੱਕ ਨੇਕ ਆਦਮੀ ਲਈ ਬਚਣਾ ਇੰਨਾ ਹੀ ਔਖਾ ਹੈ,
ਉਸ ਵਿਅਕਤੀ ਨਾਲ ਕੀ ਵਾਪਰੇਗਾ ਜਿਹੜਾ ਪਰਮੇਸ਼ੁਰ ਦੇ ਖਿਲਾਫ਼ ਹੈ ਅਤੇ ਪਾਪੀ ਹੈ।” (G)
19 ਇਸ ਲਈ ਜਿਹਾੜੇ ਲੋਕ ਪਰਮੇਸ਼ੁਰ ਦੀ ਰਜ਼ਾ ਅਨੁਸਾਰ ਤਸੀਹੇ ਝੱਲਦੇ ਹਨ, ਉਨ੍ਹਾਂ ਨੂੰ ਆਪਣੇ ਆਪ ਨੂੰ ਪਰਮੇਸ਼ੁਰ ਨੂੰ ਸੌਂਪ ਦੇਣਾ ਚਾਹੀਦਾ ਹੈ। ਪਰਮੇਸ਼ੁਰ ਹੀ ਹੈ ਜਿਸਨੇ ਉਨ੍ਹਾਂ ਦੀ ਸਾਜਨਾ ਕੀਤੀ ਹੈ ਅਤੇ ਜਿਸਤੇ ਭਰੋਸਾ ਕੀਤਾ ਜਾ ਸੱਕਦਾ ਹੈ। ਇਸ ਲਈ ਉਨ੍ਹਾਂ ਨੂੰ ਚੰਗੀਆਂ ਕਰਨੀਆਂ ਕਰਦੇ ਰਹਿਣਾ ਚਾਹੀਦਾ ਹੈ।
ਪਰਮੇਸ਼ੁਰ ਦਾ ਪਰਿਵਾਰ
5 ਹੁਣ ਮੈਂ ਤੁਹਾਡੀ ਸੰਗਤ ਦੇ ਬਜ਼ੁਰਗਾਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ। ਮੈਂ ਖੁਦ ਇੱਕ ਬਜ਼ੁਰਗ ਹਾਂ ਅਤੇ ਮਸੀਹ ਦੇ ਤਸੀਹਿਆਂ ਦਾ ਗਵਾਹ ਹਾਂ। ਮੈਂ ਉਸ ਮਹਿਮਾ ਵਿੱਚ ਭਾਗ ਲਵਾਂਗਾ ਜਿਹੜੀ ਸਾਨੂੰ ਦਰਸ਼ਾਈ ਜਾਵੇਗੀ। 2 ਤੁਹਾਨੂੰ ਪਰਮੇਸ਼ੁਰ ਦੇ ਇੱਜੜ ਦਾ ਧਿਆਨ ਰੱਖਣਾ ਚਾਹੀਦਾ ਹੈ ਜਿਸ ਨੂੰ ਤੁਹਾਡੀ ਨਿਗਰਾਨੀ ਵਿੱਚ ਰੱਖ ਦਿੱਤਾ ਗਿਆ ਹੈ। ਤੁਹਾਨੂੰ ਪਰਮੇਸ਼ੁਰ ਨੂੰ ਪ੍ਰਸੰਨ ਕਰਨ ਲਈ ਇਸਤੇ ਸਵੈਂ ਇੱਛਾ ਪੂਰਵਕ ਨਜ਼ਰ ਰੱਖਣੀ ਚਾਹੀਦੀ ਹੈ, ਨਾ ਕਿ ਜਿਵੇਂ ਤੁਸੀਂ ਇਹ ਕਰਨ ਲਈ ਮਜ਼ਬੂਰ ਕੀਤੇ ਗਏ ਹੋਵੋਂ। ਤੁਹਾਨੂੰ ਇਹ ਕਰਨ ਲਈ ਉਤਸਾਹਤ ਹੋਣਾ ਚਾਹੀਦਾ ਹੈ, ਪਰ ਕਿਸੇ ਮਾਲੀ ਲਾਭ ਲਈ ਨਹੀਂ। 3 ਇਹ ਲੋਕ ਤੁਹਾਡੀ ਦੇਖਭਾਲ ਹੇਠਾਂ ਰੱਖੇ ਗਏ ਹਨ। ਇਸ ਲਈ ਜ਼ਾਲਮ ਹਾਕਮ ਵਾਂਗ ਨਾ ਬਣੋ ਸਗੋਂ ਇੱਜੜ ਲਈ ਇੱਕ ਉਦਾਹਰਣ ਦੀ ਤਰ੍ਹਾਂ ਹੋਵੋ। 4 ਅਤੇ ਜਦੋਂ ਮੁੱਖ ਆਜੜੀ ਆਵੇਗਾ, ਤੁਸੀਂ ਸ਼ਾਨਦਾਰ ਤਾਜ ਪ੍ਰਾਪਤ ਕਰੋਂਗੇ, ਜੋ ਆਪਣੀ ਸੁੰਦਰਤਾ ਨਹੀਂ ਗੁਆਉਂਦਾ।
5 ਇਸੇ ਤਰ੍ਹਾਂ ਹੀ, ਮੈਂ ਜਵਾਨ ਲੋਕਾਂ ਨੂੰ ਵੀ ਬਜ਼ੁਰਗਾਂ ਦੇ ਅਧਿਕਾਰ ਨੂੰ ਕਬੂਲਣ ਦੀ ਮੰਗ ਕਰਦਾ ਹਾਂ। ਤੁਹਾਨੂੰ ਸਾਰਿਆਂ ਨੂੰ ਇੱਕ ਦੂਸਰੇ ਦੀ ਨਿਮ੍ਰਤਾ ਨਾਲ ਸੇਵਾ ਕਰਨੀ ਚਾਹੀਦੀ ਹੈ। ਕਿਉਂਕਿ:
“ਪਰਮੇਸ਼ੁਰ ਘਮੰਡੀ ਬੰਦਿਆਂ ਦੇ ਖਿਲਾਫ਼ ਹੈ।
ਪਰ ਉਹ ਹਮੇਸ਼ਾ ਨਿਮਾਣੇ ਬੰਦਿਆਂ ਨੂੰ ਕਿਰਪਾ ਦਰਸ਼ਾਉਂਦਾ ਹੈ।” (H)
6 ਇਸ ਲਈ ਪਰਮੇਸ਼ੁਰ ਦੇ ਸ਼ਕਤੀਸ਼ਾਲੀ ਹੱਥ ਹੇਠਾਂ ਨਿਮ੍ਰ ਰਹੋ। ਫ਼ੇਰ ਉਹ ਤੁਹਾਨੂੰ ਸਹੀ ਸਮਾਂ ਆਉਣ ਤੇ ਉੱਚਾ ਉੱਠਾਵੇਗਾ। 7 ਆਪਣੀਆਂ ਸਾਰੀਆਂ ਚਿੰਤਾਵਾਂ ਉਸ ਵੱਲ ਮੋੜ ਦਿਉ ਕਿਉਂਕਿ ਉਹ ਤੁਹਾਡਾ ਧਿਆਨ ਰੱਖਦਾ ਹੈ।
8 ਖੁਦ ਤੇ ਕਾਬੂ ਰੱਖੋ ਅਤੇ ਸਚੇਤ ਰਹੋ। ਸ਼ੈਤਾਨ ਤੁਹਾਡਾ ਦੁਸ਼ਮਣ ਹੈ। ਉਹ ਸ਼ਿਕਾਰ ਨੂੰ ਖਾ ਜਾਣ ਲਈ, ਇੱਕ ਸ਼ੇਰ ਵਾਂਗ ਗੱਜਦਾ ਹੋਇਆ ਚਾਰ ਚੁਫ਼ੇਰੇ ਘੁੰਮਦਾ ਫ਼ਿਰਦਾ ਹੈ। 9 ਨਿਹਚਾ ਵਿੱਚ ਦ੍ਰਿੜ ਰਹਿ ਕੇ, ਉਸਦਾ ਵਿਰੋਧ ਕਰੋ। ਯਾਦ ਰੱਖੋ ਕਿ ਸਾਰੀ ਦੁਨੀਆਂ ਵਿੱਚ, ਤੁਹਾਡੇ ਭਰਾ ਅਤੇ ਭੈਣਾਂ ਵੀ ਉਸੇ ਢੰਗ ਨਾਲ ਦੁੱਖ ਸਹਿ ਰਹੇ ਹਨ।
10 ਪਰਮੇਸ਼ੁਰ ਨੇ ਆਪਣੀ ਕ੍ਰਿਪਾ ਦੁਆਰਾ ਤੁਹਾਨੂੰ ਮਸੀਹ ਯਿਸੂ ਵਿੱਚ ਸਦਾ ਰਹਿਣ ਵਾਲੀ ਮਹਿਮਾ ਵਿੱਚ ਸਾਂਝ ਪਾਉਣ ਲਈ ਸੱਦਾ ਦਿੱਤਾ ਸੀ। ਹਾਂ, ਤੁਹਾਨੂੰ ਥੋੜੇ ਅਰਸੇ ਲਈ ਦੁੱਖ ਝੱਲਣਾ ਪਵੇਗਾ ਅਤੇ ਉਸਤੋਂ ਮਗਰੋਂ ਪਰਮੇਸ਼ੁਰ ਸਭ ਚੀਜ਼ਾਂ ਠੀਕ ਕਰ ਦੇਵੇਗਾ। ਉਹ ਤੁਹਾਨੂੰ ਦ੍ਰਿੜ ਬਣਾਵੇਗਾ, ਉਹ ਤੁਹਾਡਾ ਆਸਰਾ ਹੋਵੇਗਾ ਅਤੇ ਤੁਹਾਨੂੰ ਡਿੱਗਣ ਤੋਂ ਬਚਾਵੇਗਾ। 11 ਉਸਦੀ ਸ਼ਕਤੀ ਸਦਾ ਰਹਿੰਦੀ ਹੈ। ਆਮੀਨ।
ਅੰਤਿਮ ਸ਼ੁਭਕਾਮਨਾਵਾਂ
12 ਮੈਂ ਤੁਹਾਨੂੰ ਇਹ ਛੋਟਾ ਜਿਹਾ ਪੱਤਰ ਸਿਲਵਾਨੁਸ ਦੀ ਸਹਾਇਤਾ ਨਾਲ ਲਿਖਿਆ ਹੈ। ਮੈਨੂੰ ਪਤਾ ਹੈ ਕਿ ਉਹ ਮਸੀਹ ਵਿੱਚ ਵਫ਼ਾਦਾਰ ਭਰਾ ਹੈ। ਮੈਂ ਇਹ ਤੁਹਾਡੇ ਉਤਸਾਹ ਲਈ ਲਿਖਿਆ ਹੈ ਅਤੇ ਤੁਹਾਨੂੰ ਇਹ ਦੱਸਣ ਲਈ ਕਿ ਇਹ ਪਰਮੇਸ਼ੁਰ ਦੀ ਸੱਚੀ ਕਿਰਪਾ ਹੈ। ਪਰਮੇਸ਼ੁਰ ਦੀ ਕਿਰਪਾ ਵਿੱਚ ਦ੍ਰਿੜ ਰਹੋ।
13 ਬੇਬੀਲੋਨ ਦੀ ਕਲੀਸਿਯਾ ਜਿਹੜੀ ਪ੍ਰਭੂ ਵੱਲੋਂ ਚੁਣੀ ਗਈ ਹੈ। ਤੁਹਾਨੂੰ ਸ਼ੁਭਕਾਮਨਾਵਾਂ ਭੇਜਦੀ ਹੈ। ਉਨ੍ਹਾਂ ਲੋਕਾਂ ਨੂੰ ਵੀ ਤੁਹਾਡੇ ਵਾਂਗ ਹੀ ਚੁਣਿਆ ਗਿਆ ਸੀ, ਮੇਰਾ ਪੁੱਤਰ ਮਰਕੁਸ ਵੀ ਤੁਹਾਨੂੰ ਸ਼ੁਭਕਾਮਨਾਵਾਂ ਦਿੰਦਾ ਹੈ। 14 ਜਦੋਂ ਤੁਸੀਂ ਮਿਲੋਂ, ਇੱਕ ਦੂਸਰੇ ਨੂੰ ਪ੍ਰੇਮ ਦੀ ਚੁੰਮੀ ਨਾਲ ਸ਼ੁਭਕਾਮਨਾਵਾਂ ਦਿਉ।
ਤੁਹਾਨੂੰ ਸਾਰਿਆਂ ਨੂੰ ਸ਼ਾਂਤੀ, ਜਿਹੜੇ ਮਸੀਹ ਵਿੱਚ ਹਨ।
1 ਸ਼ਮਊਨ ਪਤਰਸ, ਯਿਸੂ ਮਸੀਹ ਦੇ ਸੇਵਕ, ਅਤੇ ਇੱਕ ਰਸੂਲ ਵੱਲੋਂ ਸ਼ੁਭਕਾਮਨਾਵਾਂ, ਉਨ੍ਹਾਂ ਸਮੂਹ ਲੋਕਾਂ ਨੂੰ ਜਿਨ੍ਹਾਂ ਨੂੰ ਉਹੀ ਮੁੱਲਵਾਨ ਨਿਹਚਾ ਹੈ ਜਿਹੜੀ ਸਾਨੂੰ ਵੀ ਹੈ। ਤੁਸੀਂ ਇਹ ਵਿਸ਼ਵਾਸ ਇਸ ਲਈ ਪ੍ਰਾਪਤ ਕੀਤਾ ਹੈ ਕਿਉਂ ਕਿ ਸਾਡਾ ਪਰਮੇਸ਼ੁਰ ਅਤੇ ਮੁਕਤੀਦਾਤਾ, ਯਿਸੂ ਮਸੀਹ, ਨਿਰਪੱਖ ਹੈ।
2 ਕਾਸ਼ ਤੁਸੀਂ ਭਰਪੂਰ ਕਿਰਪਾ ਅਤੇ ਸ਼ਾਂਤੀ ਪ੍ਰਾਪਤ ਕਰੋ ਕਿਉਂਕਿ ਤੁਸੀਂ ਸੱਚ ਮੁੱਚ ਪਰਮੇਸ਼ੁਰ ਅਤੇ ਸਾਡੇ ਪ੍ਰਭੂ ਯਿਸੂ ਨੂੰ ਜਾਣਦੇ ਹੋ।
ਪਰਮੇਸ਼ੁਰ ਨੇ ਸਾਨੂੰ ਹਰ ਲੋੜੀਂਦੀ ਚੀਜ਼ ਦਿੱਤੀ ਹੈ
3 ਯਿਸੂ ਕੋਲ ਪਰਮੇਸ਼ੁਰ ਦੀ ਸ਼ਕਤੀ ਹੈ। ਉਸ ਸ਼ਕਤੀ ਨੇ ਸਾਨੂੰ ਉਹ ਸਭ ਕੁਝ ਦਿੱਤਾ ਹੈ ਜੋ ਸਾਨੂੰ ਜਿਉਣ ਲਈ ਅਤੇ ਪਰਮੇਸ਼ੁਰ ਦੀ ਸੇਵਾ ਕਰਨ ਲਈ ਲੋੜੀਂਦਾ ਹੈ। ਯਿਸੂ ਨੇ ਸਾਨੂੰ ਆਪਣੀ ਮਹਿਮਾ ਅਤੇ ਚੰਗਿਆਈ ਨਾਲ ਉਸ ਬਾਰੇ ਡੂੰਘੇ ਗਿਆਨ ਕਾਰਣ ਸੱਦਿਆ ਹੈ। 4 ਉਸਦੀ ਮਹਿਮਾ ਅਤੇ ਚੰਗਿਆਈ ਕਾਰਣ, ਯਿਸੂ ਨੇ ਸਾਨੂੰ ਉਹ ਮਹਾਨ ਅਤੇ ਅਨਮੋਲ ਚੀਜ਼ਾਂ ਦਿੱਤੀਆਂ ਹਨ ਜਿਨ੍ਹਾਂ ਦਾ ਵਾਅਦਾ ਉਸ ਨੇ ਸਾਡੇ ਨਾਲ ਕੀਤਾ ਸੀ। ਇਨ੍ਹਾਂ ਚੀਜ਼ਾਂ ਨਾਲ, ਤੁਸੀਂ ਪਰਮੇਸ਼ੁਰ ਦੀ ਕੁਦਰਤ ਵਿੱਚ ਹਿੱਸਾ ਲੈ ਸੱਕਦੇ ਹੋ। ਇਉਂ, ਸਾਡਾ ਇਸ ਦੁਨੀਆਂ ਦੇ ਨਸ਼ਟ ਕਰਨ ਵਾਲੇ ਪ੍ਰਭਾਵਾਂ ਅਤੇ ਭ੍ਰਿਸ਼ਟ ਕਾਮਨਾਵਾਂ ਦੁਆਰਾ ਨੁਕਸਾਨ ਨਹੀਂ ਹੋਵੇਗਾ।
5 ਕਿਉਂਕਿ ਤੁਹਾਨੂੰ ਇਹ ਅਸੀਸਾਂ ਦਿੱਤੀਆਂ ਗਈਆਂ ਹਨ, ਤੁਹਾਨੂੰ ਇਨ੍ਹਾਂ ਗੱਲਾਂ ਨੂੰ ਆਪਣੀ ਜਿੰਦਗੀ ਵਿੱਚ ਜੋੜਨ ਦੀ ਪੂਰੀ ਵਾਹ ਲਾਉਣੀ ਚਾਹੀਦੀ ਹੈ; ਚੰਗਿਆਈ ਨੂੰ ਤੁਹਾਡੀ ਨਿਹਚਾ ਨਾਲ ਜੋੜੋ; ਅਤੇ ਗਿਆਨ ਨੂੰ ਚੰਗਿਆਈ ਨਾਲ ਜੋੜੋ; 6 ਸਵੈਂ ਕਾਬੂ ਨੂੰ ਤੁਹਾਡੇ ਗਿਆਨ ਨਾਲ ਜੋੜੋ; ਤੁਹਾਡੇ ਸਬਰ ਨੂੰ ਸਵੈਂ ਕਾਬੂ ਨਾਲ ਜੋੜੋ ਅਤੇ ਪਰਮੇਸ਼ੁਰ ਲਈ ਸੇਵਾ ਨੂੰ ਤੁਹਾਡੇ ਸਬਰ ਨਾਲ ਜੋੜੋ; 7 ਅਤੇ ਤੁਹਾਡੀ ਪਰਮੇਸ਼ੁਰ ਦੀ ਸੇਵਾ ਵਿੱਚ ਆਪਣੇ ਭਰਾਵਾਂ ਅਤੇ ਭੈਣਾਂ ਲਈ ਕਿਰਪਾ ਨੂੰ ਮਿਹਰਬਾਨੀ ਨਾਲ ਜੋੜੋ ਅਤੇ ਆਪਣੇ ਭਰਾਵਾਂ ਅਤੇ ਭੈਣਾਂ ਲਈ ਦਸ ਦਯਾ ਦੇ ਨਾਲ ਪਿਆਰ ਨੂੰ ਜੋੜ ਲਵੋ। 8 ਜੇ ਇਹ ਸਾਰੀਆਂ ਗੱਲਾਂ ਤੁਹਾਡੇ ਵਿੱਚ ਹਨ ਅਤੇ ਤੁਹਾਡੇ ਵਿੱਚ ਵੱਧ ਰਹੀਆਂ ਹਨ, ਤਾਂ ਇਹ ਚੀਜ਼ਾਂ ਤੁਹਾਨੂੰ ਕਦੇ ਵੀ ਬੇਕਾਰ ਨਾ ਹੋਣ ਵਿੱਚ ਮਦਦ ਕਰਨਗੀਆਂ। ਇਹ ਤੁਹਾਨੂੰ ਸਾਡੇ ਪ੍ਰਭੂ ਯਿਸੂ ਮਸੀਹ ਦੇ ਗਿਆਨ ਵਿੱਚ ਫ਼ਲਦਾਇੱਕ ਬਨਾਉਣਗੀਆਂ। 9 ਪਰ ਉਹ ਵਿਅਕਤੀ ਜਿਸ ਕੋਲ ਉੱਪਰਲੀਆਂ ਖੂਬੀਆਂ ਨਹੀਂ ਹਨ, ਸਪੱਸ਼ਟ ਵੇਖਣ ਦੇ ਕਾਬਿਲ ਨਹੀਂ ਹੈ। ਉਹ ਵਿਅਕਤੀ ਅੰਨ੍ਹਾ ਹੈ। ਉਹ ਭੁੱਲ ਚੁੱਕਿਆ ਹੈ, ਕਿ ਉਸ ਨੂੰ ਆਪਣੇ ਪਿੱਛਲੇ ਪਾਪਾਂ ਤੋਂ ਛੁਟਕਾਰਾ ਮਿਲ ਚੁੱਕਿਆ ਸੀ।
10 ਮੇਰੇ ਪਿਆਰੇ ਭਰਾਵੋ ਅਤੇ ਭੈਣੋ, ਪਰਮੇਸ਼ੁਰ ਨੇ ਤੁਹਾਨੂੰ ਆਪਣੇ ਲੋਕ ਹੋਣ ਲਈ ਚੁਣਿਆ ਹੈ। ਇਸ ਲਈ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰੋ ਕਿ ਤੁਸੀਂ ਪਰਮੇਸ਼ੁਰ ਦੇ ਚੁਣੇ ਹੋਏ ਹੋ। ਜੇ ਤੁਸੀਂ ਅਜਿਹਾ ਕਰੋਂਗੇ, ਤੁਸੀਂ ਕਦੇ ਵੀ ਠੋਕਰ ਨਹੀਂ ਖਾਵੋਂਗੇ ਤੇ ਨਾਂ ਹੀ ਕਦੇ ਡਿੱਗੋਂਗੇ। 11 ਅਤੇ ਤੁਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਜ ਅੰਦਰ ਨਿੱਘਾ ਸਵਾਗਤ ਪ੍ਰਾਪਤ ਕਰੋਂਗੇ ਜਿਹੜਾ ਰਾਜ ਸਦੀਵੀ ਜਾਰੀ ਰਹਿੰਦਾ ਹੈ।
12 ਤੁਸੀਂ ਇਹ ਸਭ ਜਾਣਦੇ ਹੋ। ਉਸ ਸੱਚ ਵਿੱਚ ਦ੍ਰਿੜ ਰਹੋ ਜੋ ਹੁਣ ਤੁਹਾਡੇ ਵਿੱਚ ਹੈ। ਪਰ ਮੈਂ ਇਨ੍ਹਾਂ ਗੱਲਾਂ ਨੂੰ ਚੇਤੇ ਕਰਨ ਵਿੱਚ ਹਮੇਸ਼ਾ ਤੁਹਾਡੀ ਮਦਦ ਕਰਾਂਗਾ। 13 ਮੈਂ ਸੋਚਦਾ ਹਾਂ ਕਿ ਮੇਰੇ ਲਈ ਇਹ ਸਹੀ ਹੈ ਕਿ ਜਿੰਨਾ ਚਿਰ ਇਸ ਧਰਤੀ ਤੇ ਜਿਉਂਦਾ ਹਾਂ ਇਨ੍ਹਾਂ ਗੱਲਾਂ ਨੂੰ ਚੇਤੇ ਕਰਨ ਵਿੱਚ ਤੁਹਾਡੀ ਮਦਦ ਕਰਾਂ। 14 ਮੈਂ ਜਾਣਦਾ ਹਾਂ ਕਿ ਮੈਨੂੰ ਛੇਤੀ ਹੀ ਇਹ ਸਰੀਰ ਛੱਡਣਾ ਪਵੇਗਾ। ਸਾਡੇ ਪ੍ਰਭੂ ਯਿਸੂ ਮਸੀਹ ਨੇ ਵੀ ਮੈਨੂੰ ਇਹ ਦਰਸ਼ਾਇਆ ਹੈ। 15 ਮੈਂ ਹਰ ਸੰਭਵ ਕੋਸ਼ਿਸ਼ ਕਰਾਂਗਾ ਕਿ ਇਸ ਜੀਵਨ ਨੂੰ ਛੱਡਣ ਤੋਂ ਬਾਅਦ ਵੀ ਤੁਹਾਨੂੰ ਇਹ ਗੱਲਾਂ ਯਾਦ ਕਰਨ ਵਿੱਚ ਤੁਹਾਡੀ ਸਹਾਇਤਾ ਕਰਾਂ।
ਅਸੀਂ ਮਸੀਹ ਦੀ ਮਹਿਮਾ ਦੇਖੀ
16 ਜਦੋਂ ਅਸੀਂ ਤੁਹਾਨੂੰ ਸਾਡੇ ਪ੍ਰਭੂ ਯਿਸੂ ਮਸੀਹ ਦੀ ਸ਼ਕਤੀ ਅਤੇ ਉਸ ਦੇ ਆਉਣ ਬਾਰੇ ਦੱਸਿਆ, ਅਸੀਂ ਤੁਹਾਨੂੰ ਚਲਾਕੀ ਨਾਲ ਬਣਾਈਆਂ ਕਹਾਣੀਆਂ ਨਹੀਂ ਦੱਸੀਆਂ। ਕਿਉਂਕਿ ਅਸੀਂ ਅਸਲ ਵਿੱਚ ਉਸਦਾ ਤੇਜ ਆਪਣੀਆਂ ਖੁਦ ਦੀਆਂ ਅੱਖਾਂ ਨਾਲ ਵੇਖਿਆ ਸੀ। 17 ਜਦੋਂ ਯਿਸੂ ਨੇ ਪਰਮੇਸ਼ੁਰ ਪਿਤਾ ਵੱਲੋਂ ਮਹਿਮਾ ਅਤੇ ਸ਼ਕਤੀ ਪ੍ਰਾਪਤ ਕੀਤੀ, ਉਸ ਨੇ ਤੇਜਸਵੀ ਮਹਿਮਾ ਵੱਲੋਂ ਇੱਕ ਅਵਾਜ਼ ਸੁਣੀ। ਇਸ ਅਵਾਜ਼ ਨੇ ਆਖਿਆ, “ਇਹ ਮੇਰਾ ਪੁੱਤਰ ਹੈ, ਮੈਂ ਉਸ ਨੂੰ ਪਿਆਰ ਕਰਦਾ ਹਾਂ, ਅਤੇ ਮੈਂ ਇਸ ਨਾਲ ਬਹੁਤ ਪ੍ਰਸੰਨ ਹਾਂ।” 18 ਅਤੇ ਅਸੀਂ ਅਵਾਜ਼ ਸੁਣੀ, ਜਦੋਂ ਸਵਰਗ ਵਿੱਚੋਂ ਅਵਾਜ਼ ਆ ਰਹੀ ਸੀ ਅਸੀਂ ਯਿਸੂ ਨਾਲ ਪਵਿੱਤਰ ਪਰਬਤ ਉੱਪਰ ਖਲੋਤੇ ਸਾਂ।
19 ਇਹ ਗੱਲਾਂ ਸਾਨੂੰ ਹੋਰ ਵੱਧੇਰੇ ਪ੍ਰਪੱਕ ਕਰਦੀਆਂ ਹਨ ਕਿ ਜੋ ਗੱਲਾਂ ਨਬੀਆਂ ਨੇ ਆਖੀਆਂ ਉਹ ਸੱਚ ਹਨ। ਤੁਸੀਂ, ਜੋ ਨਬੀਆਂ ਨੇ ਆਖਿਆ ਉਸਦਾ ਸਖਤੀ ਨਾਲ ਅਨੁਸਰਣ ਕਰਨ ਕਾਰਣ, ਸਹੀ ਹੋਂ। ਉਨ੍ਹਾਂ ਦਾ ਸੰਦੇਸ਼ ਉਸ ਚਾਨਣ ਵਰਗਾ ਹੈ ਜੋ ਹਨੇਰੇ ਵਿੱਚ ਚਮਕਦਾ ਹੈ। ਇਹ ਚਾਨਣ ਸੂਰਜ ਚੜ੍ਹ੍ਹਨ ਤੱਕ ਅਤੇ ਸਵੇਰ ਦੇ ਤਾਰੇ ਦੇ ਤੁਹਾਡੇ ਦਿਲ ਵਿੱਚ ਚੜ੍ਹ੍ਹਨ ਤੱਕ ਰਹਿੰਦਾ ਹੈ। 20 ਉਹ ਸਭ ਤੋਂ ਮਹੱਤਵਪੂਰਣ ਗੱਲ ਜੋ ਤੁਹਾਨੂੰ ਜਾਣ ਲੈਣੀ ਚਾਹੀਦੀ ਹੈ ਕਿ; ਕਿਸੇ ਵੀ ਵਿਅਕਤੀ ਨੂੰ ਪੋਥੀਆਂ ਵਿੱਚਲੀ ਕਿਸੇ ਵੀ ਦੈਵੀ ਬਾਣੀ ਦੀ ਆਪਣੇ ਤੌਰ ਤੇ ਵਿਆਖਿਆ ਨਹੀਂ ਕਰਨੀ ਚਾਹੀਦੀ। 21 ਕੋਈ ਵੀ ਅਗੰਮ ਵਾਕ ਉਵੇਂ ਨਹੀਂ ਹੋਏ ਜਿਵੇਂ ਕੋਈ ਵਿਅਕਤੀ ਚਾਹੁੰਦਾ ਸੀ। ਕਿਉਂਕਿ ਅਗੰਮ ਵਾਕ ਮਨੁੱਖ ਦੀ ਇੱਛਿਆ ਤੋਂ ਕਦੇ ਨਹੀਂ ਆਇਆ ਸਗੋਂ ਮਨੁੱਖ ਪਵਿੱਤਰ ਆਤਮਾ ਦੇ ਉਕਸਾਉਣ ਨਾਲ ਪਰਮੇਸ਼ੁਰ ਵੱਲੋਂ ਬੋਲਦੇ ਹਨ।
ਨਕਲੀ ਉਪਦੇਸ਼
2 ਅਤੀਤ ਵਿੱਚ, ਪਰਮੇਸ਼ੁਰ ਦੇ ਲੋਕਾਂ ਦਰਮਿਆਨ ਝੂਠੇ ਨਬੀ ਸਨ। ਤੁਹਾਡੇ ਦਰਮਿਆਨ ਵੀ, ਇਸ ਤਰ੍ਹਾਂ ਦੇ ਵਿਅਕਤੀ ਹੋਣਗੇ। ਉਹ ਝੂਠੇ ਉਪਦੇਸ਼ ਦੇਣਗੇ ਜਿਹੜੇ ਲੋਕਾਂ ਦੀ ਗੁਆਚਣ ਵਿੱਚ ਅਗਵਾਈ ਕਰਨਗੇ। ਤੁਹਾਨੂੰ ਇਹ ਵੇਖਣ ਵਿੱਚ ਮੁਸ਼ਕਿਲ ਪੇਸ਼ ਆਵੇਗੀ ਕਿ ਜੋ ਉਪਦੇਸ਼ ਉਹ ਦੇ ਰਹੇ ਹਨ ਉਹ ਗਲਤ ਹਨ। ਉਹ ਉਸ ਪ੍ਰਭੂ ਨੂੰ ਨਹੀਂ ਕਬੂਲਣਗੇ ਜਿਸਨੇ ਉਨ੍ਹਾਂ ਨੂੰ ਅਜ਼ਾਦੀ ਲਿਆਂਦੀ ਹੈ। ਇਸ ਲਈ ਉਹ ਜਲਦੀ ਹੀ ਆਪਣੇ ਉੱਤੇ ਤਬਾਹੀ ਲਿਆਉਣਗੇ। 2 ਬਹੁਤ ਸਾਰੇ ਲੋਕ ਉਨ੍ਹਾਂ ਦੇ ਪਿੱਛੇ ਲੱਗਣਗੇ ਅਤੇ ਜੋ ਅਨੈਤਿਕ ਗੱਲਾਂ ਉਹ ਕਰਦੇ ਹਨ ਉਹੀ ਕਰਨਗੇ। ਉਨ੍ਹਾਂ ਲੋਕਾਂ ਦੇ ਕਾਰਣ, ਦੂਸਰੇ ਲੋਕ ਸੱਚ ਦੇ ਮਾਰਗ ਬਾਰੇ ਮੰਦੀਆਂ ਗੱਲਾਂ ਆਖਣਗੇ। 3 ਉਨ੍ਹਾਂ ਦੇ ਲਾਲਚ ਦੇ ਕਾਰਣ, ਉਹ ਤੁਹਾਨੂੰ ਝੂਠੀਆਂ ਕਹਾਣੀਆਂ ਦੱਸੱਕੇ ਤੁਹਾਡਾ ਨਜਾਇਜ਼ ਫ਼ਾਇਦਾ ਉੱਠਾਉਣਗੇ। ਪਰ ਉਨ੍ਹਾਂ ਦੀ ਸਜ਼ਾ ਬਹੁਤ ਸਮਾਂ ਪਹਿਲਾਂ ਪਰਮੇਸ਼ੁਰ ਦੁਆਰਾ ਨਿਰਧਾਰਿਤ ਹੋ ਚੁੱਕੀ ਹੈ। ਉਨ੍ਹਾਂ ਦੀ ਤਬਾਹੀ ਤਿਆਰ ਹੈ ਛੇਤੀ ਹੀ ਉਨ੍ਹਾਂ ਉੱਪਰ ਡਿੱਗ ਪਵੇਗੀ।
4 ਜਦੋਂ ਦੂਤਾਂ ਨੇ ਪਾਪ ਕੀਤਾ ਸੀ ਤਾਂ ਪਰਮੇਸ਼ੁਰ ਨੇ ਉਨ੍ਹਾਂ ਨੂੰ ਵੀ ਸਜ਼ਾ ਤੋਂ ਨਹੀਂ ਬਖਸ਼ਿਆ ਅਤੇ ਸਜ਼ਾ ਦਿੱਤੀ। ਨਹੀਂ। ਪਰਮੇਸ਼ੁਰ ਨੇ ਉਨ੍ਹਾਂ ਨੂੰ ਦੋਜ਼ਖ ਵਿੱਚ ਭੇਜ ਦਿੱਤਾ। ਪਰਮੇਸ਼ੁਰ ਨੇ ਉਨ੍ਹਾਂ ਨੂੰ ਅੰਧਕਾਰ ਦੀਆਂ ਗਰਾਂ ਵਿੱਚ ਸੁੱਟ ਦਿੱਤਾ ਸੀ। ਉਨ੍ਹਾਂ ਨੂੰ ਹਸ਼ਰ ਦੇ ਦਿਹਾੜੇ ਤੱਕ ਓੱਥੇ ਹੀ ਰੱਖਿਆ ਗਿਆ ਹੈ।
5 ਪਰਮੇਸ਼ੁਰ ਨੇ ਉਨ੍ਹਾਂ ਲੋਕਾਂ ਨੂੰ ਵੀ ਸਜ਼ਾ ਦਿੱਤੀ ਜਿਹੜੇ ਪ੍ਰਾਚੀਨ ਕਾਲ ਵਿੱਚ ਜਿਉਂਦੇ ਸਨ। ਪਰਮੇਸ਼ੁਰ ਨੇ ਹੜ੍ਹ ਲਿਆ ਕੇ ਦੁਨੀਆਂ ਤੇ ਤਬਾਹੀ ਲਿਆਂਦੀ ਜੋ ਕਿ ਪਾਪੀਆਂ ਨਾਲ ਭਰਪੂਰ ਸੀ। ਪਰ ਪਰਮੇਸ਼ੁਰ ਨੇ ਨੂਹ ਅਤੇ ਉਸ ਦੇ ਨਾਲ ਹੋਰ ਸੱਤਾਂ ਲੋਕਾਂ ਨੂੰ ਬਚਾਇਆ। ਨੂਹ ਹੀ ਸੀ ਜਿਸਨੇ ਲੋਕਾਂ ਨੂੰ ਧਰਮੀ ਜੀਵਨ ਬਾਰੇ ਦੱਸਿਆ।
6 ਪਰਮੇਸ਼ੁਰ ਨੇ ਸਦੂਮ ਅਤੇ ਅਮੂਰਾਹ ਦੇ ਸ਼ਹਿਰਾਂ ਨੂੰ ਸਾੜਕੇ ਸੁਆਹ ਕਰਕੇ ਉਨ੍ਹਾਂ ਨੂੰ ਤਬਾਹ ਕਰਕੇ ਸਜ਼ਾ ਦਿੱਤੀ। ਪਰਮੇਸ਼ੁਰ ਨੇ ਇਨ੍ਹਾਂ ਸ਼ਹਿਰਾਂ ਨੂੰ ਇੱਕ ਉਦਾਹਰਣ ਬਣਾ ਦਿੱਤਾ ਕਿ ਉਹ ਉਨ੍ਹਾਂ ਲੋਕਾਂ ਨਾਲ ਕੀ ਕਰਨ ਵਾਲਾ ਹੈ ਜੋ ਆਉਣ ਵਾਲੇ ਦਿਨਾਂ ਵਿੱਚ ਪਰਮੇਸ਼ੁਰ ਦੇ ਖਿਲਾਫ਼ ਮੁੜਨਗੇ। 7 ਪਰ ਪਰਮੇਸ਼ੁਰ ਨੇ ਲੂਤ ਨੂੰ ਚੰਗਾ ਮਨੁੱਖ ਹੋਣ ਕਰਕੇ ਇਨ੍ਹਾਂ ਸ਼ਹਿਰਾਂ ਤੋਂ ਬਚਾ ਲਿਆ। ਉਹ ਉਨ੍ਹਾਂ ਲੋਕਾਂ ਦੀਆਂ ਅਨੈਤਿਕ ਗੱਲਾਂ ਤੋਂ ਪਰੇਸ਼ਾਨ ਸੀ ਜਿਨ੍ਹਾਂ ਨੇ ਨੇਮ ਦੀ ਅਵੱਗਿਆ ਕਰਕੇ ਜੀਵਨ ਵਤੀਤ ਕੀਤਾ। 8 ਲੂਤ ਉਨ੍ਹਾਂ ਮੰਦੇ ਲੋਕਾਂ ਦੇ ਵਿੱਚ ਰਹਿੰਦਾ ਸੀ। ਇਸ ਚੰਗੇ ਮਨੁੱਖ ਦਾ ਦਿਲ ਉਨ੍ਹਾਂ ਬਦ ਕਰਨੀਆਂ ਨਾਲ ਦਿਨ ਰਾਤ ਪਰੇਸ਼ਾਨ ਰਹਿੰਦਾ ਸੀ ਜੋ ਉਹ ਸੁਣਦਾ ਅਤੇ ਦੇਖਦਾ ਸੀ।
9 ਇਸ ਲਈ ਪ੍ਰਭੂ ਪਰਮੇਸ਼ੁਰ ਜਾਣਦਾ ਹੈ ਕਿ ਉਨ੍ਹਾਂ ਲੋਕਾਂ ਦੀ ਰੱਖਿਆ ਕਿਵੇਂ ਕਰਨੀ ਹੈ ਜੋ ਉਸਦੀ ਸੇਵਾ ਅਪਣੇ ਦੁੱਖਾਂ ਨਾਲ ਕਰਦੇ ਹਨ। ਉਹ ਜਾਣਦਾ ਹੈ ਕਿ ਉਨ੍ਹਾਂ ਲੋਕਾਂ ਨੂੰ ਸਜ਼ਾ ਕਿਵੇਂ ਦੇਣੀ ਹੈ, ਜੋ ਮੰਦੇ ਹਨ ਅਤੇ ਉਨ੍ਹਾਂ ਨੂੰ ਨਿਆਂ ਦੇ ਦਿਨ ਲਈ ਰੱਖਿਆ ਗਿਆ ਹੈ। 10 ਸਜ਼ਾ ਖਾਸ ਤੌਰ ਤੇ ਉਨ੍ਹਾਂ ਲੋਕਾਂ ਲਈ ਬਣੀ ਹੈ ਜਿਹੜੇ ਆਪਣੇ ਪਾਪੀ ਆਪਿਆਂ ਦੀਆਂ ਭਰਿਸ਼ਟ ਕਾਮਨਾਵਾਂ ਦੇ ਅਨੁਸਾਰ ਦੁਸ਼ਟ ਗੱਲਾਂ ਕਰਦੇ ਹਨ ਅਤੇ ਪ੍ਰਭੂ ਦੇ ਅਧਿਕਾਰ ਨੂੰ ਨਫ਼ਰਤ ਕਰਦੇ ਹਨ।
ਉਹ ਬੇਪਰਵਾਹ ਹਨ ਅਤੇ ਆਪਣੀ ਮਨ ਮਰਜ਼ੀ ਕਰਦੇ ਹਨ। ਉਹ ਪ੍ਰਤਾਪੀ ਦੂਤਾਂ ਦੀ ਬੇਇੱਜ਼ਤੀ ਕਰਨ ਤੋਂ ਵੀ ਨਹੀਂ ਡਰਦੇ। 11 ਦੂਤ ਇਨ੍ਹਾਂ ਝੂਠੇ ਉਪਦੇਸ਼ਕਾਂ ਨਾਲੋਂ ਕਿਤੇ ਵੱਧੇਰੇ ਤਾਕਤਵਰ ਅਤੇ ਸ਼ਕਤੀਸ਼ਾਲੀ ਹਨ। ਪਰ ਦੂਤ ਵੀ ਉਦੋਂ ਇਨ੍ਹਾਂ ਦੀ ਬੇਇੱਜ਼ਤੀ ਨਹੀਂ ਕਰਦੇ ਜਦੋਂ ਉਨ੍ਹਾਂ ਨੇ ਪ੍ਰਭੂ ਅੱਗੇ ਇਨ੍ਹਾਂ ਝੂਠੇ ਪ੍ਰਚਾਰਕਾਂ ਉੱਤੇ ਝੂਠੇ ਇਲਜ਼ਾਮ ਲਾਉਣੇ ਹੁੰਦੇ ਹਨ।
12 ਪਰ ਇਹ ਝੂਠੇ ਉਪਦੇਸ਼ਕ ਉਨ੍ਹਾਂ ਗੱਲਾਂ ਦੇ ਵਿਰੁੱਧ ਵੀ ਮੰਦਾ ਬੋਲਦੇ ਹਨ ਜਿਨ੍ਹਾਂ ਨੂੰ ਉਹ ਸਮਝ ਨਹੀਂ ਸੱਕਦੇ। ਇਹ ਝੂਠੇ ਉਪਦੇਸ਼ਕ ਉਨ੍ਹਾਂ ਜਾਨਵਰਾਂ ਵਰਗੇ ਹਨ ਜਿਹੜੇ ਸੋਚ ਨਹੀ ਸੱਕਦੇ। ਉਹ ਇੰਝ ਵਰਤਾਉ ਕਰਦੇ ਹਨ ਜਿਵੇਂ ਉਨ੍ਹਾਂ ਦੀ ਅਗਵਾਈ ਆਪਣੀ ਸਹਿਜ ਪ੍ਰੇਰਣਾ ਦੁਆਰਾ ਕੀਤੀ ਗਈ ਹੋਵੇ। ਉਹ ਫ਼ੜੇ ਜਾਣ ਅਤੇ ਮਰੇ ਜਾਣ ਲਈ ਹੀ ਜੰਮਦੇ ਹਨ। ਇਸ ਲਈ ਜੰਗਲੀ ਪਸ਼ੂਆਂ ਵਾਂਗ ਇਹ ਝੂਠੇ ਪ੍ਰਚਾਰਕ ਵੀ ਤਬਾਹ ਹੋ ਜਾਣਗੇ। 13 ਇਹ ਝੂਠੇ ਪ੍ਰਚਾਰਕ ਕਈ ਲੋਕਾਂ ਨੂੰ ਤਸੀਹੇ ਦੇਣ ਦਾ ਕਾਰਣ ਬਣੇ ਹਨ। ਇਸ ਲਈ ਉਹ ਵੀ ਤਸੀਹੇ ਝੱਲਣਗੇ। ਇਹ ਉਨ੍ਹਾਂ ਦੇ ਬਦੀ ਕਰਨ ਦੀਆਂ ਤਨਖਾਹਾਂ ਹਨ।
ਉਹ ਸੋਚਦੇ ਹਨ ਕਿ ਉਨ੍ਹਾਂ ਲਈ ਖੁਲ੍ਹੇਆਮ ਬਦੀ ਕਰਨਾ ਮੌਜ ਹੈ। ਉਹ ਦੁਸ਼ਟ ਗੱਲਾਂ ਕਰਕੇ ਅਨੰਦ ਮਾਣਦੇ ਹਨ ਜੋ ਉਨ੍ਹਾਂ ਨੂੰ ਪ੍ਰਸੰਨ ਕਰਦੀਆਂ ਹਨ। ਇਸ ਲਈ ਜਦੋਂ ਉਹ ਤੁਹਾਡੇ ਨਾਲ ਸਾਂਝੀਆਂ ਦਾਅਵਤਾਂ ਵਿੱਚ ਭੋਜਨ ਖਾਂਦੇ ਹਨ, ਤਾਂ ਉਹ ਤੁਹਾਡੇ ਵਿੱਚਕਾਰ ਭੱਦੇ ਦਾਗਾਂ ਅਤੇ ਧੱਬਿਆਂ ਵਰਗੇ ਹਨ। 14 ਹਰ ਵਕਤ ਉਹ ਭੋਗ ਵਿਲਾਸ ਕਰਨ ਲਈ ਔਰਤਾਂ ਨੂੰ ਲੱਭਦੇ ਰਹਿੰਦੇ ਹਨ। ਉਹ ਹਮੇਛਾਂ ਪਾਪ ਕਰਨ ਵਿੱਚ ਲਗੇ ਰਹਿੰਦੇ ਹਨ। ਉਹ ਉਨ੍ਹਾਂ ਲੋਕਾਂ ਨੂੰ, ਪਾਪ ਦੇ ਜਾਲ ਵਿੱਚ ਫ਼ਸਾਉਂਦੇ ਹਨ ਜਿਹੜੇ ਕਮਜ਼ੋਰ ਹਨ। ਉਹ ਲਾਲਚ ਨਾਲ ਭਰੇ ਹੋਏ ਹਨ ਅਤੇ ਸਰਾਪੇ ਹੋਏ ਹਨ।
15 ਇਨ੍ਹਾਂ ਝੂਠੇ ਪ੍ਰਚਾਰਕਾਂ ਨੇ ਸਹੀ ਰਸਤਾ ਛੱਡ ਕੇ ਗਲਤ ਰਾਹ ਫ਼ੜ ਲਿਆ ਹੈ। ਉਨ੍ਹਾਂ ਨੇ ਉਹੀ ਰਸਤਾ ਫ਼ੜਿਆ ਹੈ ਜਿਹੜਾ ਬਿਲਆਮ ਨੇ ਫ਼ੜਿਆ ਸੀ। ਬਿਲਆਮ ਬਿਓਰ ਦਾ ਪੁੱਤਰ ਸੀ। ਬਿਲਆਮ ਗਲਤ ਕਰਨ ਲਈ ਪੈਸੇ ਕੁਮਾਉਣ ਨੂੰ ਚੰਗਾ ਸਮਝਦਾ ਸੀ। 16 ਪਰ ਇੱਕ ਗਧੇ ਨੇ ਬਿਲਆਮ ਨੂੰ ਦੱਸਿਆ ਕਿ ਉਹ ਗਲਤ ਕੰਮ ਕਰ ਰਿਹਾ ਸੀ। ਗਧਾ ਬੋਲ ਨਹੀਂ ਸੱਕਦਾ, ਪਰ ਇਹ ਇੱਕ ਮਨੁੱਖ ਦੀ ਅਵਾਜ਼ ਵਿੱਚ ਬੋਲਿਆ ਅਤੇ ਨਬੀ ਨੂੰ ਉਸ ਕਮਲੀ ਗੱਲ ਕਰਨ ਤੋਂ ਰੋਕਿਆ।
17 ਇਹ ਝੂਠੇ ਪ੍ਰਚਾਰਕ ਪਾਣੀ ਦੇ ਸੁੱਕੇ ਹੋਏ ਝਰਨੇ ਹਨ। ਇਹ ਉਨ੍ਹਾਂ ਬੱਦਲਾਂ ਵਰਗੇ ਹਨ ਜਿਨ੍ਹਾਂ ਨੂੰ ਇੱਕ ਬੁੱਲਾ ਉਡਾ ਲੈ ਜਾਂਦਾ ਹੈ। ਘੋਰ ਅੰਧਕਾਰ ਵਾਲੀ ਥਾਂ ਇਨ੍ਹਾਂ ਲਈ ਜਮ੍ਹਾਂ ਕੀਤੀ ਗਈ ਹੈ। 18 ਇਹ ਝੂਠੇ ਪ੍ਰਚਾਰਕ ਅਜਿਹੇ ਸ਼ਬਦਾਂ ਨਾਲ ਪਾਪ ਕਰਦੇ ਹਨ ਜਿਨ੍ਹਾਂ ਦਾ ਕੋਈ ਅਰਥ ਨਹੀਂ ਹੁੰਦਾ। ਇਹ ਉਨ੍ਹਾਂ ਲੋਕਾਂ ਨੂੰ ਭਟਕਾਉਂਦੇ ਹਨ, ਜਿਨ੍ਹਾਂ ਨੇ ਹੁਣੇ ਗਲਤ ਕਰਨ ਵਾਲਿਆਂ ਦੀ ਸੰਗਤ ਛੱਡੀ ਹੋਵੇ। ਉਹ ਅਜਿਹਾ ਆਪਣੇ ਪਾਪੀ ਆਪਿਆਂ ਦੀਆਂ ਦੁਸ਼ਟ ਇੱਛਾਵਾਂ ਦੁਆਰਾ ਕਰਦੇ ਹਨ। 19 ਇਹ ਝੂਠੇ ਪ੍ਰਚਾਰਕ ਵਾਅਦਾ ਕਰਦੇ ਹਨ ਕਿ ਉਨ੍ਹਾਂ ਲੋਕਾਂ ਨੂੰ ਆਜ਼ਾਦੀ ਮਿਲੇਗੀ। ਪਰ ਇਹ ਝੂਠੇ ਪ੍ਰਚਾਰਕ ਤਾਂ ਖੁਦ ਵੀ ਅਜ਼ਾਦ ਨਹੀਂ ਹਨ। ਇਹ ਭ੍ਰਸ਼ਟਾਚਾਰ ਦੇ ਗੁਲਾਮ ਹਨ। ਇੱਕ ਵਿਅਕਤੀ ਹਰ ਉਸ ਚੀਜ਼ ਦਾ ਗੁਲਾਮ ਹੈ ਜਿਸਨੇ ਉਸ ਨੂੰ ਆਪਣੇ ਕਾਬੂ ਹੇਠਾਂ ਕਰ ਲਿਆ ਹੈ।
20 ਇਹ ਲੋਕ ਸਾਡੇ ਪ੍ਰਭੂ ਅਤੇ ਮੁਕਤੀਦਾਤੇ ਯਿਸੂ ਮਸੀਹ ਨੂੰ ਡੂੰਘਾਈ ਨਾਲ ਜਾਨਣ ਦੁਆਰਾ ਦੁਨੀਆਂ ਦੇ ਮੰਦੇ ਰਾਹਾਂ ਤੋਂ ਬਚਾਏ ਗਏ ਸਨ। ਪਰ ਜਦੋਂ ਇਹ ਲੋਕ ਇਨ੍ਹਾਂ ਮੰਦੀਆਂ ਗੱਲਾਂ ਵਿੱਚ ਵਾਪਸ ਮੁੜ ਪੈਂਦੇ ਹਨ ਅਤੇ ਫ਼ੇਰ ਇਸਦੇ ਨਿਯੰਤ੍ਰਣ ਹੇਠਾਂ ਆ ਜਾਂਦੇ ਹਨ, ਤਾਂ ਉਨ੍ਹਾਂ ਦੀ ਹਾਲਤ ਪਹਿਲਾਂ ਨਾਲੋਂ ਵੀ ਵੱਧੇਰੇ ਖਰਾਬ ਹੋ ਜਾਂਦੀ ਹੈ। 21 ਹਾਂ, ਇਹ ਚੰਗਾ ਹੁੰਦਾ ਜੇ ਉਹ ਸਹੀ ਰਾਹ ਨੂੰ ਜਾਨਣ ਦੀ ਬਜਾਏ ਇਸ ਨੂੰ ਨਾ ਹੀ ਜਾਣਦੇ ਅਤੇ ਫ਼ੇਰ ਉਸ ਪਵਿੱਤਰ ਹੁਕਮ ਤੋਂ ਮੁੜ ਜਾਂਦੇ ਜੋ ਉਨ੍ਹਾਂ ਨੂੰ ਦਿੱਤਾ ਗਿਆ ਸੀ।
22 ਜੋ ਉਨ੍ਹਾਂ ਨੇ ਕੀਤਾ ਹੈ ਉਹ ਸਾਬਤ ਕਰਦਾ ਹੈ ਕਿ ਉਹ ਆਖਣੀਆਂ ਸੱਚ ਹਨ: “ਇੱਕ ਕੁੱਤਾ ਉਲਟੀ ਕਰਦਾ ਹੈ ਅਤੇ ਆਪਣੀ ਉਲਟੀ ਵੱਲ ਵਾਪਸ ਪਰਤਦਾ ਹੈ।” [e] ਅਤੇ, “ਇੱਕ ਸੂਰ ਨੁਹਾਉਣ ਤੋਂ ਬਾਦ, ਮੁੜ ਚਿੱਕੜ ਵਿੱਚ ਲੇਟਣ ਲਈ ਵਾਪਸ ਚੱਲਿਆ ਜਾਂਦਾ ਹੈ।”
ਯਿਸੂ ਫ਼ੇਰ ਆਵੇਗਾ
3 ਮੇਰੇ ਮਿੱਤਰੋ ਤੁਹਾਡੇ ਵੱਲ ਇਹ ਮੇਰੀ ਦੂਜੀ ਚਿੱਠੀ ਹੈ। ਮੈਂ ਤੁਹਾਨੂੰ ਇਹ ਦੋਵੇਂ ਚਿੱਠੀਆਂ ਇਮਾਨਦਾਰੀ ਨਾਲ ਸੋਚਣ ਲਈ, ਹੌਂਸਲਾ ਦੇਣ ਲਈ, ਅਤੇ ਇਹ ਗੱਲਾਂ ਚੇਤੇ ਰੱਖਣ ਲਈ ਲਿਖੀਆਂ ਹਨ। 2 ਮੈਂ ਚਾਹੁੰਦਾ ਹਾਂ ਕਿ ਤੁਸੀਂ ਉਨ੍ਹਾਂ ਸ਼ਬਦਾਂ ਨੂੰ ਚੇਤੇ ਕਰੋ ਜਿਹੜੇ ਅਤੀਤ ਵਿੱਚ ਪਵਿੱਤਰ ਨਬੀਆਂ ਨੇ ਬੋਲੇ ਸਨ। ਸਾਡੇ ਪ੍ਰਭੂ ਅਤੇ ਮੁਕਤੀਦਾਤੇ ਨੇ ਇਹ ਹੁਕਮ ਸਾਨੂੰ ਤੁਹਾਡੇ ਰਸੂਲਾਂ ਰਾਹੀਂ ਦਿੱਤਾ ਸੀ।
3 ਤੁਹਾਡੇ ਲਈ ਇਹ ਜਾਨਣਾ ਜ਼ਰੂਰੀ ਹੈ ਕਿ ਅਖੀਰਲੇ ਦਿਨਾਂ ਵਿੱਚ ਕੀ ਵਾਪਰੇਗਾ। ਲੋਕੀਂ ਆਪਣੀਆਂ ਇੱਛਾਵਾਂ ਅਨੁਸਾਰ ਦੁਸ਼ਟ ਗੱਲਾਂ ਕਰਨਗੇ। ਉਹ ਤੁਹਾਡੇ ਤੇ ਹੱਸਣਗੇ। 4 ਉਹ ਲੋਕ ਆਖਣਗੇ, “ਉਸਨੇ ਫ਼ੇਰ ਆਉਣ ਦਾ ਵਾਅਦਾ ਕੀਤਾ ਸੀ। ਕਿੱਥੇ ਹੈ ਉਹ? ਸਾਡੇ ਪਿਉ ਦਾਦੇ ਮਰ ਚੁੱਕੇ ਹਨ। ਪਰ ਦੁਨੀਆਂ ਓਸੇ ਤਰ੍ਹਾਂ ਚੱਲ ਰਹੀ ਹੈ ਜਿਸ ਤਰ੍ਹਾਂ ਇਹ ਜਦੋਂ ਤੋਂ ਬਣਾਈ ਗਈ ਸੀ।”
5 ਪਰ ਇਹ ਲੋਕ ਉਹ ਚੇਤੇ ਕਰਨਾ ਪਸੰਦ ਨਹੀਂ ਕਰਦੇ ਜੋ ਬਹੁਤ ਪਹਿਲਾਂ ਵਾਪਰਿਆ ਸੀ। ਅਕਾਸ਼ ਉੱਥੇ ਹੀ ਸੀ ਅਤੇ ਪਰਮੇਸ਼ੁਰ ਨੇ ਧਰਤੀ ਨੂੰ ਪਾਣੀ ਤੋਂ ਅਤੇ ਪਾਣੀ ਨਾਲ ਸਾਜਿਆ। ਇਹ ਸਭ ਕੁਝ ਉਸ ਦੇ ਬਚਨ ਨਾਲ ਸਾਜਿਆ ਗਿਆ ਹੈ। 6 ਉਸ ਦੁਨੀਆਂ ਵਿੱਚ ਹੜ੍ਹ ਆਏ ਅਤੇ ਪਾਣੀ ਦੁਆਰਾ ਨਸ਼ਟ ਹੋ ਗਈ। 7 ਪਰਮੇਸ਼ੁਰ ਦਾ ਉਹੀ ਬਚਨ ਅਕਾਸ਼ ਅਤੇ ਧਰਤੀ ਨੂੰ ਰੱਖਦਾ ਹੈ ਜਿਹੜਾ ਹੁਣ ਸਾਡੇ ਕੋਲ ਹੈ। ਉਹ ਅੱਗ ਦੁਆਰਾ ਤਬਾਹੀ ਲਈ ਰੱਖੇ ਜਾ ਰਹੇ ਹਨ। ਇਹ ਨਿਆਂ ਦੇ ਦਿਨ ਤੱਕ ਰੱਖੇ ਜਾਣਗੇ ਅਤੇ ਉਨ੍ਹਾਂ ਦੀ ਤਬਾਹੀ ਲਈ ਜਿਹੜੇ ਪਰਮੇਸ਼ੁਰ ਦੇ ਖਿਲਾਫ਼ ਮੁੜਦੇ ਹਨ।
8 ਪਰ ਮੇਰੇ ਪਿਆਰੇ ਮਿੱਤਰੋ। ਇਹ ਇੱਕ ਗੱਲ ਨਾ ਭੁੱਲਿਓ। ਪ੍ਰਭੂ ਲਈ ਇੱਕ ਦਿਨ ਹਜ਼ਾਰਾਂ ਸਾਲਾਂ ਵਰਗਾ ਹੈ ਅਤੇ ਹਜ਼ਾਰਾਂ ਸਾਲ ਇੱਕ ਦਿਨ ਵਰਗੇ ਹਨ। 9 ਪ੍ਰਭੂ ਉਹ ਗੱਲ ਕਰਨ ਵਿੱਚ ਢਿੱਲ ਨਹੀਂ ਲਾ ਰਿਹਾ ਜਿਸ ਬਾਰੇ ਉਸ ਨੇ ਵਾਅਦਾ ਕੀਤਾ ਹੈ, ਜਿਵੇਂ ਕੁਝ ਲੋਕ ਸਮਝਦੇ ਹਨ। ਪਰ ਪਰਮੇਸ਼ੁਰ ਤੁਹਾਡੇ ਨਾਲ ਸਬਰ ਤੋਂ ਕੰਮ ਲੈ ਰਿਹਾ ਹੈ। ਪਰਮੇਸ਼ੁਰ ਨਹੀਂ ਚਾਹੁੰਦਾ ਕਿ ਕੋਈ ਵੀ ਵਿਅਕਤੀ ਤਬਾਹ ਹੋ ਜਾਵੇ। ਉਹ ਚਾਹੁੰਦਾ ਹੈ ਕਿ ਹਰ ਵਿਅਕਤੀ ਆਪਣੇ ਆਪ ਨੂੰ ਬਦਲ ਦੇਵੇ ਅਤੇ ਪਾਪ ਕਰਨਾ ਛੱਡ ਦੇਵੇ।
10 ਪ੍ਰਭੂ ਦੇ ਆਉਣ ਦਾ ਦਿਨ ਉਸੇ ਤਰ੍ਹਾਂ ਹੈਰਾਨੀਜਨਕ ਹੋਵੇਗਾ ਜਿਵੇਂ ਇੱਕ ਚੋਰ ਆਉਂਦਾ ਹੈ। ਇੱਕ ਉੱਚੀ ਅਵਾਜ਼ ਨਾਲ ਅਕਾਸ਼ ਅਲੋਪ ਹੋ ਜਾਵੇਗਾ ਅਤੇ ਅਕਾਸ਼ ਵਿੱਚਲੀ ਹਰ ਚੀਜ਼ ਅੱਗ ਦੁਆਰਾ ਤਬਾਹ ਕਰ ਦਿੱਤੀ ਜਾਵੇਗੀ। ਧਰਤੀ ਅਤੇ ਇਸ ਉਤਲੀ ਹਰ ਸ਼ੈਅ ਸਾੜ ਦਿੱਤੀ ਜਾਵੇਗੀ। 11 ਇਸ ਤਰ੍ਹਾਂ ਹਰ ਚੀਜ਼ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੈ, ਤਬਾਹ ਹੋ ਜਾਵੇਗੀ। ਇਸ ਲਈ ਸੋਚੋ ਤੁਹਾਨੂੰ ਕਿਸ ਤਰ੍ਹਾਂ ਦੇ ਲੋਕ ਹੋਣਾ ਚਾਹੀਦਾ ਹੈ? ਤੁਹਾਨੂੰ ਇੱਕ ਪਵਿੱਤਰ ਜੀਵਨ ਜਿਉਣਾ ਚਾਹੀਦਾ ਹੈ ਅਤੇ ਪਰਮੇਸ਼ੁਰ ਦੀ ਸੇਵਾ ਕਰਨ ਲਈ ਗੱਲਾਂ ਕਰਨੀਆਂ ਚਾਹੀਦੀਆਂ ਹਨ। 12 ਤੁਹਾਨੂੰ ਪਰਮੇਸ਼ੁਰ ਦੇ ਦਿਨ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ, ਅਤੇ ਉਤਸੁਕਤਾ ਨਾਲ ਇਸ ਵਾਸਤੇ ਅਗਾਂਹ ਵੇਖੋ। ਜਦੋਂ ਉਹ ਦਿਨ ਆਵੇਗਾ, ਅਕਾਸ਼ ਅੱਗ ਦੁਆਰਾ ਤਬਾਹ ਹੋ ਜਾਵੇਗਾ, ਅਤੇ ਇਸ ਵਿੱਚਲਾ ਸਭ ਕੁਝ ਗਰਮੀ ਦੇ ਕਾਰਣ ਪਿਘਲ ਜਾਵੇਗਾ। 13 ਪਰ ਜਿਵੇਂ ਪਰਮੇਸ਼ੁਰ ਨੇ ਵਾਅਦਾ ਕੀਤਾ ਸੀ, ਅਸੀਂ ਨਵੇਂ ਅਕਾਸ਼ ਅਤੇ ਨਵੀਂ ਧਰਤੀ ਦਾ ਇੰਤਜ਼ਾਰ ਕਰ ਰਹੇ ਹਾਂ ਜਿੱਥੇ ਧਾਰਮਿਕਤਾ ਵੱਸੇਗੀ।
14 ਇਸ ਲਈ ਮੇਰੇ ਪਿਆਰੇ ਮਿੱਤਰੋ, ਕਿਉਂ ਕਿ ਤੁਸੀਂ ਇਨ੍ਹਾਂ ਗੱਲਾਂ ਦੇ ਵਾਪਰਨ ਦਾ ਇੰਤਜ਼ਾਰ ਕਰ ਰਹੇ ਹੋਂ ਪਰਮੇਸ਼ੁਰ ਅੱਗੇ ਸ਼ੁੱਧ ਅਤੇ ਨਿਰਦੋਸ਼ ਪ੍ਰਗਟ ਹੋਣ ਦੀ ਆਪਣੀ ਪੂਰੀ ਕੋਸ਼ਿਸ਼ ਕਰੋ। ਪਰਮੇਸ਼ੁਰ ਨਾਲ ਸ਼ਾਂਤੀ ਵਿੱਚ ਰਹਿਣ ਦੀ ਕੋਸ਼ਿਸ਼ ਕਰੋ। 15 ਯਾਦ ਰੱਖੋ ਕਿ ਪਰਮੇਸ਼ੁਰ ਦਾ ਸਬਰ ਬਚਣ ਦਾ ਇੱਕ ਮੌਕਾ ਹੈ। ਸਾਡੇ ਪਿਆਰੇ ਭਰਾ ਪੌਲੁਸ ਨੇ ਤੁਹਾਨੂੰ ਇਹੀ ਗੱਲ ਦੱਸੀ ਸੀ ਜਦੋਂ ਉਸ ਨੇ ਤੁਹਾਨੂੰ ਉਸ ਸਿਆਣਪ ਨਾਲ ਚਿੱਠੀ ਲਿਖੀ ਸੀ ਜਿਹੜੀ ਪਰਮੇਸ਼ੁਰ ਨੇ ਉਸ ਨੂੰ ਸੂਝ ਦਿੱਤੀ ਸੀ। 16 ਪੌਲੁਸ ਆਪਣੇ ਸਾਰੇ ਪੱਤਰਾਂ ਵਿੱਚ ਇਨ੍ਹਾਂ ਗੱਲਾਂ ਬਾਰੇ ਇਸੇ ਤਰ੍ਹਾਂ ਹੀ ਲਿਖਦਾ ਹੈ। ਉਸਦੀਆਂ ਲਿਖਤਾਂ ਵਿੱਚ, ਕੁਝ ਗੱਲਾਂ ਹਨ ਜਿਹੜੀਆਂ ਸਮਝਣ ਲਈ ਔਖੀਆਂ ਹਨ। ਅਣਜਾਣ ਲੋਕੀਂ ਅਤੇ ਉਹ ਲੋਕ ਜੋ ਨਿਹਚਾ ਵਿੱਚ ਕਮਜ਼ੋਰ ਹਨ, ਜਾਣ ਬੁੱਝਕੇ ਅਜਿਹੀਆਂ ਗੱਲਾਂ ਦਾ ਗਲਤ ਮਤਲਬ ਦਿੰਦੇ ਹਨ। ਉਹ ਦੂਸਰੀਆਂ ਪੋਥੀਆਂ ਨਾਲ ਵੀ ਉਹੀ ਸਲੂਕ ਕਰਦੇ ਹਨ। ਅਜਿਹਾ ਕਰਕੇ, ਉਹ ਆਪਣੇ ਆਪ ਨੂੰ ਤਬਾਹ ਕਰ ਰਹੇ ਹਨ।
17 ਪਿਆਰੇ ਮਿੱਤਰੋ, ਤੁਸੀਂ ਇਸ ਬਾਰੇ ਪਹਿਲਾਂ ਹੀ ਜਾਣਦੇ ਹੋ। ਇਸ ਲਈ ਹੁਸ਼ਿਆਰ ਰਹੋ। ਮੰਦੇ ਲੋਕਾਂ ਨੂੰ ਇਨ੍ਹਾਂ ਗਲਤ ਅੰਦਾਜ਼ਿਆਂ ਨਾਲ ਤੁਹਾਨੂੰ ਸਹੀ ਰਾਹ ਤੋਂ ਭਟਕਾਉਣ ਅਤੇ ਤੁਹਾਨੂੰ ਅੜ੍ਹਕਾ ਕੇ ਆਪਣੀ ਮਜਬੂਤ ਨਿਹਚਾ ਤੋਂ ਡੇਗਣ ਦਾ ਮੌਕਾ ਨਾ ਦਿਉ। 18 ਪਰ ਸਾਡੇ ਪ੍ਰਭੂ ਅਤੇ ਮੁਕਤੀਦਾਤੇ ਯਿਸੂ ਮਸੀਹ ਦੀ ਕਿਰਪਾ ਅਤੇ ਗਿਆਨ ਵਿੱਚ ਵੱਧੋ। ਹੁਣ ਅਤੇ ਸਦਾ ਲਈ ਮਹਿਮਾ ਉਸ ਨੂੰ ਹੋਵੇ। ਆਮੀਨ।
1 ਹੁਣ ਅਸੀਂ ਤੁਹਾਨੂੰ ਉਸ ਬਾਰੇ ਕੁਝ ਦੱਸਦੇ ਹਾਂ ਜੋ ਮੁੱਢ ਤੋਂ ਹੀ ਮੌਜੂਦ ਸੀ। ਇਹ ਅਸੀਂ ਸੁਣਿਆ ਹੈ ਅਤੇ ਅਸੀਂ ਆਪਣੀਆਂ ਅੱਖਾਂ ਨਾਲ ਦੇਖਿਆ ਹੈ। ਅਸੀਂ ਇਸ ਨੂੰ ਆਪਣੇ ਹੱਥਾਂ ਨਾਲ ਛੂਹਿਆ ਹੈ। ਅਸੀਂ ਤੁਹਾਨੂੰ ਉਸ ਵਚਨ ਬਾਰੇ ਦੱਸਦੇ ਹਾਂ ਜਿਹੜਾ ਜੀਵਨ ਪ੍ਰਦਾਨ ਕਰਦਾ ਹੈ। 2 ਜਿਹੜਾ ਜੀਵਨ ਸਾਨੂੰ ਦਰਸਾਇਆ ਗਿਆ। ਅਸੀਂ ਇਸ ਨੂੰ ਦੇਖਿਆ ਅਸੀਂ ਇਸ ਬਾਰੇ ਗਵਾਹ ਹਾਂ। ਹੁਣ ਅਸੀਂ ਤੁਹਾਨੂੰ ਇਸ ਜੀਵਨ ਬਾਰੇ ਦੱਸਦੇ ਹਾਂ। ਇਹ ਜੀਵਨ ਸਦੀਪਕ ਹੈ। ਇਹ ਜੀਵਨ ਪਰਮੇਸ਼ੁਰ ਪਿਤਾ ਦੇ ਨਾਲ ਸੀ। ਪਰਮੇਸ਼ੁਰ ਨੇ ਇਹ ਜੀਵਨ ਸਾਨੂੰ ਦਰਸ਼ਾਇਆ। 3 ਹੁਣ ਅਸੀਂ ਤੁਹਾਨੂੰ ਉਹ ਗੱਲਾਂ ਦੱਸਦੇ ਹਾਂ ਜਿਨ੍ਹਾਂ ਨੂੰ ਅਸੀਂ ਦੇਖਿਆ ਤੇ ਸੁਣਿਆ। ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਨਾਲ ਸੰਗਤ ਵਿੱਚ ਸ਼ਰੀਕ ਹੋਵੋ। ਜਿਹੜੀ ਸੰਗਤ ਵਿੱਚ ਅਸੀਂ ਸਾਂਝ ਰੱਖਦੇ ਹਾਂ ਉਹ ਪਰਮੇਸ਼ੁਰ ਪਿਤਾ ਅਤੇ ਉਸ ਦੇ ਪੁੱਤਰ ਯਿਸੂ ਮਸੀਹ ਦੇ ਨਾਲ ਹੈ। 4 ਅਸੀਂ ਤੁਹਾਨੂੰ ਇਹ ਗੱਲਾਂ ਤੁਹਾਡੇ ਆਨੰਦ ਨੂੰ ਸਾਡੇ ਨਾਲ ਪੂਰਾ ਕਰਨ ਲਈ ਲਿਖ ਰਹੇ ਹਾਂ।
ਪਰਮੇਸ਼ੁਰ ਸਾਡੇ ਪਾਪਾਂ ਨੂੰ ਮਾਫ਼ ਕਰਦਾ ਹੈ
5 ਅਸਾਂ ਸੱਚਾ ਉਪਦੇਸ਼ ਪਰਮੇਸ਼ੁਰ ਪਾਸੋਂ ਸੁਣਿਆ ਹੈ। ਹੁਣ ਅਸੀਂ ਇਹ ਤੁਹਾਨੂੰ ਦੱਸਦੇ ਹਾਂ; ਪਰਮੇਸ਼ੁਰ ਰੌਸ਼ਨੀ ਹੈ। ਪਰਮੇਸ਼ੁਰ ਵਿੱਚ ਕੋਈ ਅੰਧਕਾਰ ਨਹੀਂ ਹੈ। 6 ਇਸ ਲਈ ਜੇ ਅਸੀਂ ਆਖਦੇ ਹਾਂ ਕਿ ਅਸੀਂ ਪਰਮੇਸ਼ੁਰ ਨਾਲ ਸੰਗਤ ਰੱਖਦੇ ਹਾਂ, ਪਰ ਅਸੀਂ ਅੰਧਕਾਰ ਵਿੱਚ ਜਿਉਣਾ ਜਾਰੀ ਰੱਖਦੇ ਹਾਂ, ਤਾਂ ਅਸੀਂ ਝੂਠੇ ਹਾਂ ਅਸੀਂ ਸੱਚ ਨਹੀਂ ਬੋਲਦੇ। 7 ਪਰਮੇਸ਼ੁਰ ਰੌਸ਼ਨੀ ਹੈ। ਸਾਨੂੰ ਵੀ ਰੌਸ਼ਨੀ ਵਿੱਚ ਰਹਿਣਾ ਚਾਹੀਦਾ ਹੈ। ਜੇ ਅਸੀਂ ਰੌਸ਼ਨੀ ਵਿੱਚ ਰਹਾਂਗੇ, ਤਾਂ ਅਸੀਂ ਇੱਕ ਦੂਸਰੇ ਨਾਲ ਸੰਗਤ ਰੱਖਦੇ ਹਾਂ, ਜੇ ਅਸੀਂ ਰੌਸ਼ਨੀ ਵਿੱਚ ਰਹਿੰਦੇ ਹਾਂ। ਯਿਸੂ ਦਾ ਖੂਨ ਸਾਨੂੰ ਹਰ ਪਾਪ ਤੋਂ ਪਾਕ ਕਰਦਾ ਹੈ।
8 ਜੇ ਅਸੀਂ ਆਖਦੇ ਹਾਂ ਕਿ ਸਾਡੇ ਵਿੱਚ ਕੋਈ ਪਾਪ ਨਹੀਂ ਹੈ, ਤਾਂ ਅਸੀਂ ਆਪਣੇ ਆਪ ਨੂੰ ਗੁਮਰਾਹ ਕਰ ਲੈਂਦੇ ਹਾਂ, ਅਤੇ ਸੱਚ ਸਾਡੇ ਵਿੱਚ ਨਹੀਂ ਹੈ। 9 ਪਰ ਜੇ ਅਸੀਂ ਆਪਣੇ ਪਾਪਾਂ ਦਾ ਇਕਰਾਰ ਕਰ ਲਈਏ, ਤਾਂ ਪਰਮੇਸ਼ੁਰ ਸਾਡੇ ਪਾਪ ਮੁਆਫ਼ ਕਰ ਦੇਵੇਗਾ। ਅਸੀਂ ਪਰਮੇਸ਼ੁਰ ਤੇ ਭਰੋਸਾ ਕਰ ਸੱਕਦੇ ਹਾਂ। ਉਹ ਓਹੀ ਕਰਦਾ ਹੈ ਜੋ ਸਹੀ ਹੈ। ਉਹ ਸਾਰੀਆਂ ਗਲਤ ਗੱਲਾਂ ਮੁਆਫ਼ ਕਰ ਦੇਵੇਗਾ ਜੋ ਅਸੀਂ ਕੀਤੀਆਂ ਹਨ। 10 ਜੇ ਅਸੀਂ ਆਖਦੇ ਹਾਂ ਕਿ ਅਸੀਂ ਪਾਪ ਨਹੀਂ ਕੀਤਾ ਤਾਂ ਅਸੀਂ ਪਰਮੇਸ਼ੁਰ ਨੂੰ ਝੂਠਾ ਸਿੱਧ ਕਰ ਰਹੇ ਹੋਵਾਂਗੇ। ਅਸੀਂ ਪਰਮੇਸ਼ੁਰ ਦੇ ਉਪਦੇਸ਼ ਦਾ ਅਨੁਸਰਣ ਨਹੀਂ ਕਰ ਰਹੇ।
ਯਿਸੂ ਸਾਡਾ ਸਹਾਇਕ ਹੈ
2 ਮੇਰੇ ਪਿਆਰੇ ਬਚਿਓ, ਮੈਂ ਇਹ ਖਤ ਤੁਹਾਨੂੰ ਇਸ ਲਈ ਲਿਖ ਰਿਹਾ ਤਾਂ ਜੋ ਤੁਸੀਂ ਪਾਪ ਨਾ ਕਰੋ ਪਰ ਜੇ ਕੋਈ ਵਿਅਕਤੀ ਪਾਪ ਕਰਦਾ ਹੈ ਤਾਂ ਸਾਡੇ ਕੋਲ ਯਿਸੂ ਮਸੀਹ ਸਹਾਇਤਾ ਕਰਨ ਲਈ ਮੌਜੁਦ ਹੈ। ਉਹ ਉਹੀ ਕਰਦਾ ਜੋ ਸਹੀ ਹੈ। ਯਿਸੂ ਪਰਮੇਸ਼ੁਰ ਦੇ ਸਾਹਮਣੇ ਸਾਡੇ ਲਈ ਬੋਲਦਾ ਹੈ। 2 ਯਿਸੂ ਸਾਡੇ ਪਾਪਾਂ ਦਾ ਪਰਾਸ਼ਚਿਤ ਹੈ। ਸਿਰਫ਼ ਸਾਡੇ ਹੀ ਪਾਪਾਂ ਦਾ ਨਹੀਂ ਸਗੋਂ ਸਾਰੇ ਸੰਸਾਰ ਦਾ ਵੀ।
3 ਜੇ ਅਸੀਂ ਪਰਮੇਸ਼ੁਰ ਦੇ ਹੁਕਮ ਦੀ ਪਾਲਣਾ ਕਰਾਂਗੇ, ਤਾਂ ਅਸੀਂ ਇਹ ਗੱਲ ਪੱਕੀ ਕਰ ਦਿਆਂਗੇ ਕਿ ਅਸੀਂ ਪਰਮੇਸ਼ੁਰ ਨੂੰ ਸੱਚ ਮੁਚ ਜਾਣਦੇ ਹਾਂ। 4 ਜੇ ਕੋਈ ਆਖਦਾ ਹੈ, “ਮੈਂ ਪਰਮੇਸ਼ੁਰ ਨੂੰ ਜਾਣਦਾ ਹਾਂ।” ਪਰ ਜੇ ਉਹ ਵਿਅਕਤੀ ਪਰਮੇਸ਼ੁਰ ਦਾ ਹੁਕਮ ਨਹੀਂ ਮੰਨਦਾ, ਤਾਂ ਉਹ ਵਿਅਕਤੀ ਝੂਠਾ ਹੈ। ਸੱਚ ਉਸ ਵਿੱਚ ਨਹੀਂ ਹੈ। 5 ਜਦੋਂ ਕੋਈ ਵਿਅਕਤੀ ਪਰਮੇਸ਼ੁਰ ਦੇ ਉਪਦੇਸ਼ਾਂ ਤੇ ਅਮਲ ਕਰਦਾ ਹੈ ਤਾਂ ਪਰਮੇਸ਼ੁਰ ਦਾ ਪਿਆਰ ਸੱਚ ਮੁੱਚ ਉਸ ਵਿਅਕਤੀ ਲਈ ਸੰਪੂਰਣ ਰੂਪ ਵਿੱਚ ਹੈ। ਇਸੇ ਤਰ੍ਹਾਂ ਹੀ ਅਸੀਂ ਜਾਣ ਲੈਂਦੇ ਹਾਂ ਕਿ ਅਸੀਂ ਪਰਮੇਸ਼ੁਰ ਵਿੱਚ ਹਾਂ। 6 ਜੇ ਕੋਈ ਵਿਅਕਤੀ ਇਹ ਆਖਦਾ ਹੈ ਕਿ ਉਹ ਪਰਮੇਸ਼ੁਰ ਦੇ ਨੱਮਿਤ ਰਹਿ ਰਿਹਾ ਹੈ ਤਾਂ ਉਸ ਨੂੰ ਉਸੇ ਤਰ੍ਹਾਂ ਰਹਿਣਾ ਚਾਹੀਦਾ ਹੈ ਜਿਵੇਂ ਯਿਸੂ ਜੀਵਿਆ ਸੀ।
ਯਿਸੂ ਨੇ ਸਾਨੂੰ ਇੱਕ ਦੂਸਰੇ ਨੂੰ ਪਿਆਰ ਕਰਨ ਦਾ ਹੁਕਮ ਦਿੱਤਾ
7 ਮੇਰੇ ਪਿਆਰੇ ਮਿੱਤਰੋ, ਮੈਂ ਤੁਹਾਨੂੰ ਕੋਈ ਨਵਾਂ ਹੁਕਮ ਨਹੀਂ ਲਿਖ ਰਿਹਾ। ਇਹ ਉਹੀ ਪੁਰਾਣਾ ਹੁਕਮ ਹੈ ਜਿਹੜਾ ਤੁਹਾਡੇ ਕੋਲ ਮੁੱਢ ਤੋਂ ਹੀ ਸੀ। ਇਹ ਪੁਰਾਣਾ ਹੁਕਮ ਉਹੀ ਉਪਦੇਸ਼ ਹੈ ਜਿਹੜਾ ਤੁਸੀਂ ਪਹਿਲਾਂ ਹੀ ਸੂਣ ਚੁੱਕੇ ਹੋਂ। 8 ਮੈਂ ਤੁਹਾਨੂੰ ਇਹ ਹੁਕਮ ਇੱਕ ਨਵੇਂ ਹੁਕਮ ਵਾਂਗ ਲਿਖ ਰਿਹਾ ਹਾਂ। ਇਹ ਹੁਕਮ ਸੱਚਾ ਹੈ, ਤੁਸੀਂ ਇਸਦੀ ਸੱਚਾਈ ਨੂੰ ਯਿਸੂ ਵਿੱਚ ਅਤੇ ਆਪਣੇ ਆਪ ਵਿੱਚ ਦੇਖਿਆ ਹੈ। ਹਨੇਰਾ ਅਲੋਪ ਹੋ ਰਿਹਾ ਹੈ ਅਤੇ ਸੱਚੇ ਪ੍ਰਕਾਸ਼ ਨੇ ਪਹਿਲਾਂ ਹੀ ਚਮਕਣਾ ਸ਼ੁਰੂ ਕਰ ਦਿੱਤਾ ਹੈ।
9 ਇੱਕ ਵਿਅਕਤੀ ਆਖਦਾ ਹੈ, “ਮੈਂ ਰੌਸ਼ਨੀ ਵਿੱਚ ਹਾਂ।” ਪਰ ਜੇ ਉਹ ਵਿਅਕਤੀ ਆਪਣੇ ਭਰਾ ਨੂੰ ਨਫ਼ਰਤ ਕਰਦਾ ਹੈ ਤਾਂ ਉਹ ਹਾਲੇ ਵੀ ਅੰਧਕਾਰ ਵਿੱਚ ਹੈ। 10 ਜਿਹੜਾ ਵਿਅਕਤੀ ਆਪਣੇ ਭਰਾ ਨੂੰ ਪਿਆਰ ਕਰਦਾ ਹੈ ਉਹ ਰੌਸ਼ਨੀ ਵਿੱਚ ਰਹਿ ਰਿਹਾ ਹੈ ਅਤੇ ਕੋਈ ਵੀ ਅਜਿਹੀ ਚੀਜ਼ ਨਹੀਂ ਜਿਹੜੀ ਉਸ ਪਾਸੋਂ ਗਲਤ ਕੰਮ ਕਰਾ ਸੱਕੇਗੀ। 11 ਪਰ ਜਿਹੜਾ ਵਿਅਕਤੀ ਆਪਣੇ ਭਰਾ ਨੂੰ ਨਫ਼ਰਤ ਕਰਦਾ ਹੈ ਉਹ ਹਾਲੇ ਵੀ ਅੰਧਕਾਰ ਵਿੱਚ ਹੈ ਅਤੇ ਅੰਧਕਾਰ ਵਿੱਚ ਚੱਲਦਾ ਹੈ? ਉਹ ਨਹੀਂ ਜਾਣਦਾ ਕਿ ਉਹ ਕਿੱਥੇ ਜਾ ਰਿਹਾ ਹੈ ਕਿਉਂ ਕਿ ਅੰਧਕਾਰ ਨੇ ਉਸ ਨੂੰ ਅੰਨ੍ਹਾ ਬਣਾ ਦਿੱਤਾ ਹੈ।
12 ਪਿਆਰੇ ਬੱਚਿਓ, ਮੈਂ ਤੁਹਾਨੂੰ ਇਸ ਲਈ ਲਿਖ ਰਿਹਾ ਹਾਂ,
ਕਿਉਂ ਕਿ ਮਸੀਹ ਰਾਹੀਂ ਤੁਹਾਡੇ ਪਾਪ ਮੁਆਫ਼ ਹੋ ਗਏ ਹਨ।
13 ਪਿਤਾਓ, ਮੈਂ ਤੁਹਾਨੂੰ ਲਿਖਦਾ ਹਾਂ,
ਕਿਉਂ ਕਿ ਤੁਸੀਂ ਉਸ ਬਾਰੇ ਜਾਣਦੇ ਹੋ ਜਿਸਦੀ ਹੋਂਦ ਆਦਿ ਤੋਂ ਹੈ।
ਨੌਜਵਾਨ ਲੋਕੋ, ਮੈਂ ਤੁਹਾਨੂੰ ਇਸ ਲਈ ਲਿਖ ਰਿਹਾ ਹਾਂ
ਕਿਉਂ ਕਿ ਤੁਸੀਂ ਦੁਸ਼ਟ (ਸ਼ੈਤਾਨ) ਨੂੰ ਹਰਾ ਦਿੱਤਾ ਹੈ।
14 ਬੱਚਿਓ, ਮੈਂ ਤੁਹਾਨੂੰ ਇਸ ਲਈ ਲਿਖ ਰਿਹਾ ਹਾਂ
ਕਿਉਂ ਕਿ ਤੁਸੀਂ ਪਰਮੇਸ਼ੁਰ ਪਿਤਾ ਨੂੰ ਜਾਣਦੇ ਹੋ।
ਪਿਤਾਓ, ਮੈਂ ਤੁਹਾਨੂੰ ਇਸ ਲਈ ਲਿਖ ਰਿਹਾ ਹਾਂ
ਕਿਉਂ ਕਿ ਤੁਸੀਂ ਉਸ ਨੂੰ ਜਾਣਦੇ ਹੋ ਜੋ ਮੁੱਢ ਤੋਂ ਮੌਜ਼ੂਦ ਸੀ।
ਹੇ ਨੌਜਵਾਨ ਆਦਮੀਓ, ਮੈਂ ਤੁਹਾਨੂੰ ਇਸ ਲਈ ਲਿਖ ਰਿਹਾ ਹਾਂ,
ਕਿਉਂ ਕਿ ਤੁਸੀਂ ਮਜ਼ਬੂਤ ਹੋ;
ਪਰਮੇਸ਼ੁਰ ਦਾ ਸ਼ਬਦ ਤੁਹਾਡੇ ਅੰਦਰ ਵੱਸਦਾ ਹੈ,
ਅਤੇ ਤੁਸੀਂ ਉਸ ਦੁਸ਼ਟ (ਸ਼ੈਤਾਨ) ਨੂੰ ਹਰਾ ਦਿੱਤਾ ਹੈ।
15 ਦੁਨੀਆਂ ਨੂੰ ਜਾਂ ਦੁਨੀਆਂ ਵਿੱਚਲੀਆਂ ਚੀਜ਼ਾਂ ਨੂੰ ਪਿਆਰ ਨਾ ਕਰੋ। ਜੇ ਕੋਈ ਵਿਅਕਤੀ ਦੁਨੀਆਂ ਨੂੰ ਪਿਆਰ ਕਰਦਾ ਹੈ, ਤਾਂ ਉਸ ਵਿੱਚ ਪਰਮੇਸ਼ੁਰ ਦਾ ਪਿਆਰ ਨਹੀਂ ਹੈ। 16 ਇਹ ਦੁਨਿਆਵੀ ਗੱਲਾਂ ਮੰਦੀਆਂ ਹਨ। ਸਾਡੇ ਪਾਪੀ-ਆਪੇ ਦੀਆਂ ਇੱਛਾਵਾਂ, ਉਨ੍ਹਾਂ ਪਾਪੀ ਗੱਲਾਂ ਦੀ ਇੱਛਾ ਜਿਨ੍ਹਾਂ ਨੂੰ ਅਸੀ ਦੇਖਦੇ ਹਾਂ, ਉਨ੍ਹਾਂ ਚੀਜ਼ਾਂ ਦਾ ਬਹੁਤ ਘਮੰਡ ਕਰਨਾ ਜੋ ਸਾਡੇ ਕੋਲ ਹਨ। ਪਰ ਇਨ੍ਹਾਂ ਚੋਂ ਕੋਈ ਵੀ ਚੀਜ਼ ਪਰਮੇਸ਼ੁਰ ਪਾਸੋਂ ਨਹੀਂ ਆਈ। ਉਹ ਦੁਨੀਆਂ ਵੱਲੋਂ ਹਨ। 17 ਦੁਨੀਆਂ ਅਤੇ ਉਹ ਸਾਰੀਆਂ ਚੀਜ਼ਾਂ ਵੀ ਜਿਹੜੀਆਂ ਦੁਨੀਆਂ ਵਿੱਚ ਲੋਕ ਚਾਹੁੰਦੇ ਹਨ, ਵਿਨਾਸ਼ਮਾਨ ਹਨ। ਪਰ ਉਹ ਇੱਕ ਜਿਹੜਾ ਪਰਮੇਸ਼ੁਰ ਨੂੰ ਮੰਨਦਾ ਹੈ ਸਦਾ ਜਿਉਂਦਾ ਹੈ।
ਮਸੀਹ ਦੇ ਦੁਸ਼ਮਣਾਂ ਦੇ ਪਿੱਛੇ ਨਾ ਲੱਗੋ
18 ਮੇਰੇ ਪਿਆਰੇ ਬੱਚਿਓ, ਅੰਤ ਨੇੜੇ ਆ ਚੁੱਕਿਆ ਹੈ। ਤੁਸੀਂ ਸੁਣਿਆ ਹੋਇਆ ਹੈ ਕਿ ਮਸੀਹ ਦਾ ਦੁਸ਼ਮਣ ਆ ਰਿਹਾ ਹੈ, ਅਤੇ ਹੁਣ ਮਸੀਹ ਦੇ ਇੰਨੇ ਦੁਸ਼ਮਣ ਪਹਿਲਾਂ ਹੀ ਇੱਥੇ ਹਨ। ਇਸ ਲਈ ਅਸੀਂ ਜਾਣਦੇ ਹਾਂ ਕਿ ਅੰਤ ਨੇੜੇ ਹੈ। 19 ਮਸੀਹ ਦੇ ਉਹ ਦੁਸ਼ਮਣ ਸਾਡੇ ਸਮੂਹ ਵਿੱਚ ਸਨ, ਪਰ ਉਨ੍ਹਾਂ ਨੇ ਸਾਨੂੰ ਛੱਡ ਦਿੱਤਾ। ਉਹ ਸੱਚਮੁੱਚ ਸਾਡੇ ਨਹੀਂ ਸਨ। ਜੇ ਉਹ ਸਾਡੀ ਸੰਗਤ ਦਾ ਹਿੱਸਾ ਹੁੰਦੇ ਤਾਂ ਉਹ ਸਾਡੇ ਨਾਲ ਹੀ ਰਹਿੰਦੇ। ਪਰ ਕਿਉਂ ਜੋ ਉਹ ਸਾਨੂੰ ਛੱਡ ਗਏ, ਇਹ ਦਰਸ਼ਾਉਂਦਾ ਹੈ ਕਿ ਉਨ੍ਹਾਂ ਵਿੱਚੋ ਕੋਈ ਵੀ ਸਾਡੇ ਵਿੱਚਲਾ ਨਹੀਂ ਸੀ।
20 ਪਰ ਤੁਹਾਡੇ ਕੋਲ ਉਸ ਪਵਿੱਤਰ [f] ਵੱਲੋਂ ਦਿੱਤੀ ਗਈ ਦਾਤ ਹੈ, ਇਸ ਲਈ ਤੁਸੀਂ ਸਾਰੇ ਸੱਚ ਨੂੰ ਜਾਣਦੇ ਹੋ। 21 ਮੈਂ ਤੁਹਾਨੂੰ ਇਹ ਕਿਉਂ ਲਿਖ ਰਿਹਾ ਹਾਂ? ਕੀ ਮੈਂ ਇਸ ਲਈ ਲਿਖਦਾ ਹਾਂ ਕਿਉਂ ਕਿ ਤੁਸੀਂ ਸੱਚ ਬਾਰੇ ਨਹੀਂ ਜਾਣਦੇ? ਨਹੀਂ? ਮੈਂ ਇਹ ਖਤ ਇਸ ਲਈ ਲਿਖ ਰਿਹਾ ਹਾਂ ਕਿਉਂ ਕਿ ਤੁਸੀਂ ਸੱਚ ਬਾਰੇ ਜਾਣਦੇ ਹੋ। ਅਤੇ ਤੁਸੀਂ ਜਾਣਦੇ ਹੋ ਕਿ ਕੋਈ ਵੀ ਝੂਠ ਸੱਚ ਵਿੱਚੋਂ ਪੈਦਾ ਨਹੀਂ ਹੁੰਦਾ।
22 ਇਸ ਲਈ ਝੂਠਾ ਕੌਣ ਹੈ? ਇਹ ਉਹੀ ਵਿਅਕਤੀ ਹੈ ਜਿਹੜਾ ਆਖਦਾ ਹੈ ਕਿ ਯਿਸੂ ਮਸੀਹ ਨਹੀਂ ਹੈ। ਉਹ ਮਸੀਹ ਦਾ ਦੁਸ਼ਮਣ ਹੈ। ਉਹ ਵਿਅਕਤੀ ਪਿਤਾ ਵਿੱਚ ਜਾਂ ਉਸ ਦੇ ਪੁੱਤਰ ਵਿੱਚ ਵੀ ਵਿਸ਼ਵਾਸ ਨਹੀਂ ਰੱਖਦਾ। 23 ਜਿਹੜਾ ਕੋਈ ਪੁੱਤਰ ਵਿੱਚ ਨਿਹਚਾ ਰੱਖਣ ਤੋਂ ਇਨਕਾਰ ਕਰਦਾ ਹੈ ਪਿਤਾ ਵੀ ਉਸਦਾ ਨਹੀਂ ਹੈ। ਪਰ ਜਿਹੜਾ ਵਿਅਕਤੀ ਪੁੱਤਰ ਨੂੰ ਪ੍ਰਵਾਨ ਕਰਦਾ ਹੈ ਤਾਂ ਪਿਤਾ ਵੀ ਉਸਦਾ ਹੈ।
24 ਇਸ ਗੱਲੋਂ ਯਕੀਨੀ ਹੋਵੋ ਕਿ ਤੁਸੀਂ ਉਸੇ ਉਪਦੇਸ਼ ਦਾ ਅਨੁਸਰਣ ਕਰਦੇ ਹੋ ਜਿਹੜਾ ਤੁਸੀਂ ਮੁੱਢ ਤੋਂ ਹੀ ਸੁਣਦੇ ਆ ਰਹੇ ਹੋਂ। ਜੇ ਤੁਸੀਂ ਇਸ ਉਪਦੇਸ਼ ਤੇ ਅਮਲ ਕਰੋਂਗੇ ਤਾਂ ਤੁਸੀਂ ਪੁੱਤਰ ਅਤੇ ਪਿਤਾ ਦੋਹਾਂ ਵਿੱਚ ਸਥਿਰ ਰਹੋਂਗੇ। 25 ਇਹੀ ਹੈ ਜਿਸਦਾ ਪੁੱਤਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ। ਇਹ ਸਦੀਪਕ ਜੀਵਨ ਹੈ।
26 ਮੈਂ ਇਹ ਗੱਲਾਂ ਉਨ੍ਹਾਂ ਲੋਕਾਂ ਬਾਰੇ ਲਿਖ ਰਿਹਾ ਹਾਂ ਜਿਹੜੇ ਤੁਹਾਨੂੰ ਗਲਤ ਰਾਹ ਤੇ ਲਿਜਾਣ ਦੀ ਕੋਸ਼ਿਸ਼ ਕਰ ਰਹੇ ਹਨ। 27 ਮਸੀਹ ਨੇ ਤੁਹਾਨੂੰ ਖਾਸ ਦਾਤ ਦਿੱਤੀ ਸੀ। ਅਤੇ ਇਹ ਦਾਤ ਹਾਲੇ ਤੁਹਾਡੇ ਅੰਦਰ ਹੈ। ਇਸ ਲਈ ਤੁਹਾਨੂੰ ਕਿਸੇ ਵਿਅਕਤੀ ਦੇ ਉਪਦੇਸ਼ ਦੀ ਲੋੜ ਨਹੀਂ। ਜਿਹੜੀ ਦਾਤ ਉਸ ਨੇ ਤੁਹਾਨੂੰ ਦਿੱਤੀ ਸੀ ਤੁਹਾਨੂੰ ਹਰ ਗੱਲ ਬਾਰੇ ਉਪਦੇਸ਼ ਦਿੰਦੀ ਹੈ। ਇਹ ਦਾਤ ਸੱਚੀ ਹੈ। ਇਹ ਗੱਲ ਝੂਠੀ ਨਹੀਂ ਹੈ। ਇਸ ਲਈ ਮਸੀਹ ਦੇ ਨਮਿੱਤ ਜਿਉਣ ਜਾਰੀ ਰੱਖੋ ਜਿਵੇਂ ਕਿ ਉਸਦੀ ਦਾਤ ਨੇ ਤੁਹਾਨੂੰ ਸਿੱਖਾਇਆ ਹੈ।
28 ਇਸ ਲਈ, ਮੇਰੇ ਪਿਆਰੇ ਬੱਚਿਓ, ਉਸ ਵਿੱਚ ਜੀਵੋ। ਜੇਕਰ ਤੁਸੀਂ ਅਜਿਹਾ ਕਰਦੇ ਹੋਂ, ਤਾਂ ਸਾਨੂੰ ਵਿਸ਼ਵਾਸ ਹੋਵੇਗਾ ਅਤੇ ਸਾਨੂੰ ਉਸਦੀ ਹਜੂਰੀ ਵਿੱਚ ਉਸ ਵੇਲੇ ਸ਼ਰਮਿੰਦਾ ਹੋਣ ਦੀ ਲੋੜ ਨਹੀਂ ਹੋਵੇਗੀ ਜਦੋਂ ਉਹ ਪ੍ਰਗਟੇਗਾ। 29 ਤੁਸੀਂ ਜਾਣਦੇ ਹੋ ਕਿ ਮਸੀਹ ਹਮੇਸ਼ਾ ਉਹੀ ਕਰਦਾ ਹੈ ਜੋ ਚੰਗਾ ਹੈ। ਇਸ ਲਈ ਤੁਸੀਂ ਜਾਣਦੇ ਹੋ ਕਿ ਸਾਰੇ ਲੋਕੀਂ ਜਿਹੜੇ ਨੇਕ ਕੰਮ ਕਰਦੇ ਹਨ ਪਰਮੇਸ਼ੁਰ ਦੇ ਬੱਚੇ ਹਨ।
ਅਸੀਂ ਪਰਮੇਸ਼ੁਰ ਦੇ ਬੱਚੇ ਹਾਂ
3 ਪਿਤਾ ਨੇ ਸਾਨੂੰ ਇੰਨਾ ਪਿਆਰ ਦਿੱਤਾ ਹੈ। ਇਸ ਲਈ ਸਾਨੂੰ ਪਰਮੇਸ਼ੁਰ ਦੇ ਬੱਚੇ ਆਖਿਆ ਜਾਂਦਾ ਹੈ। ਅਤੇ ਅਸੀਂ ਸੱਚਮੁੱਚ ਪਰਮੇਸ਼ੁਰ ਦੇ ਬੱਚੇ ਹਾਂ। ਪਰ ਦੁਨੀਆਂ ਦੇ ਲੋਕ ਨਹੀਂ ਸਮਝਦੇ ਕਿ ਅਸੀਂ ਪਰਮੇਸ਼ੁਰ ਦੇ ਬੱਚੇ ਹਾਂ, ਕਿਉਂਕਿ ਉਹ ਉਸ ਨੂੰ ਨਹੀਂ ਜਾਣਦੇ। 2 ਪਿਆਰੇ ਮਿੱਤਰੋ, ਅਸੀਂ ਹੁਣ ਪਰਮੇਸ਼ੁਰ ਦੇ ਬੱਚੇ ਹਾਂ। ਹਾਲੇ ਸਾਨੂੰ ਇਹ ਨਹੀਂ ਦੱਸਿਆ ਗਿਆ ਕਿ ਅਸੀਂ ਭੱਵਿਖ ਵਿੱਚ ਕੀ ਹੋਵਾਂਗੇ, ਪਰ ਸਾਨੂੰ ਪਤਾ ਹੈ ਜਦੋਂ ਮਸੀਹ ਵਾਪਸ ਆਵੇਗਾ, ਅਸੀਂ ਉਸ ਵਰਗੇ ਹੋਵਾਂਗੇ। ਅਸੀਂ ਉਸ ਨੂੰ ਓਸੇ ਰੂਪ ਵਿੱਚ ਦੇਖਾਂਗੇ ਜੋ ਉਹ ਅਸਲ ਵਿੱਚ ਹੈ। 3 ਮਸੀਹ ਪਵਿੱਤਰ ਹੈ। ਹਰ ਵਿਅਕਤੀ ਜਿਸ ਨੂੰ ਮਸੀਹ ਵਿੱਚ ਇਹ ਆਸ ਹੈ ਉਹ ਆਪਣੇ ਆਪ ਨੂੰ ਮਸੀਹ ਵਾਂਗ ਸ਼ੁੱਧ ਬਣਾ ਲੈਂਦਾ ਹੈ।
4 ਜਦੋਂ ਕੋਈ ਵਿਅਕਤੀ ਪਾਪ ਕਰਦਾ ਹੈ। ਤਾਂ ਉਹ ਪਰਮੇਸ਼ੁਰ ਦਾ ਨੇਮ ਤੋੜਦਾ ਹੈ। ਹਾਂ, ਪਾਪ ਕਰਨਾ ਉਸੇ ਤਰ੍ਹਾਂ ਦੀ ਗੱਲ ਹੈ ਜਿਵੇਂ ਪਰਮੇਸ਼ੁਰ ਦੇ ਨੇਮ ਵਿਰੁੱਧ ਜਿਉਣਾ। 5 ਤੁਸੀਂ ਜਾਣਦੇ ਹੋ ਕਿ ਮਸੀਹ ਲੋਕਾਂ ਦੇ ਪਾਪਾਂ ਨੂੰ ਦੂਰ ਕਰਨ ਲਈ ਆਇਆ ਸੀ। ਮਸੀਹ ਵਿੱਚ ਕੋਈ ਪਾਪ ਨਹੀਂ ਸੀ। 6 ਇਸ ਲਈ ਜਿਹੜਾ ਵਿਅਕਤੀ ਮਸੀਹ ਵਿੱਚ ਜਿਉਂਦਾ ਹੈ ਉਹ ਪਾਪ ਨਹੀਂ ਕਰਦਾ ਰਹਿੰਦਾ। ਜੇ ਕੋਈ ਵਿਅਕਤੀ ਪਾਪ ਕਰਦਾ ਰਹਿੰਦਾ ਹੈ, ਤਾਂ ਉਸ ਨੇ ਕਦੇ ਵੀ ਮਸੀਹ ਨੂੰ ਨਹੀਂ ਸਮਝਿਆ ਅਤੇ ਜਾਣਿਆ।
7 ਪਿਆਰੇ ਬੱਚਿਓ, ਕਿਸੇ ਵੀ ਵਿਅਕਤੀ ਨੂੰ ਇਹ ਮੌਕਾ ਨਾ ਦਿਓ ਕਿ ਉਹ ਤੁਹਾਨੂੰ ਗਲਤ ਪਾਸੇ ਪਾ ਸੱਕੇ। ਮਸੀਹ ਸੱਚਾ ਹੈ। ਉਸ ਵਾਂਗ ਸੱਚਾ ਹੋਣ ਲਈ ਵਿਅਕਤੀ ਨੂੰ ਉਹੀ ਕੁਝ ਕਰਨਾ ਪਵੇਗਾ ਜਿਹੜਾ ਸਹੀ ਹੈ। 8 ਸ਼ੈਤਾਨ ਮੁੱਢ ਤੋਂ ਹੀ ਪਾਪ ਕਰਦਾ ਆ ਰਿਹਾ ਹੈ, ਅਤੇ ਜਿਹੜਾ ਵਿਅਕਤੀ ਪਾਪ ਕਰਦਾ ਰਹਿੰਦਾ ਹੈ ਸ਼ੈਤਾਨ ਨਾਲ ਸੰਬੰਧਿਤ ਹੈ। ਪਰਮੇਸ਼ੁਰ ਦਾ ਪੁੱਤਰ ਇਸ ਲਈ ਆਇਆ; ਸ਼ੈਤਾਨ ਦੇ ਕੰਮ ਨੂੰ ਖਤਮ ਕਰਨ ਲਈ।
9 ਜਦੋਂ ਪਰਮੇਸੁਰ ਕਿਸੇ ਵਿਅਕਤੀ ਨੂੰ ਆਪਣਾ ਬੱਚਾ ਬਣਾਉਂਦਾ ਹੈ ਤਾਂ ਉਹ ਵਿਅਕਤੀ ਪਾਪ ਕਰਦਾ ਨਹੀਂ ਰਹਿ ਸੱਕਦਾ। ਕਿਉਂ? ਕਿਉਂ ਕਿ ਜਿਹੜਾ ਨਵਾਂ ਜੀਵਨ ਪਰਮੇਸ਼ੁਰ ਨੇ ਉਸ ਨੂੰ ਦਿੱਤਾ ਹੈ, ਉਸ ਵਿੱਚ ਰਹਿੰਦਾ ਹੈ। ਇਸ ਲਈ ਉਹ ਵਿਅਕਤੀ ਪਾਪ ਕਰਨਾ ਜਾਰੀ ਨਹੀਂ ਰੱਖ ਸੱਕਦਾ। ਕਿਉਂ ਕਿ ਉਹ ਪਰਮੇਸ਼ੁਰ ਦਾ ਆਪਣਾ ਬੱਚਾ ਬਣ ਗਿਆ ਹੈ। 10 ਇਸ ਲਈ ਅਸੀਂ ਦੇਖ ਸੱਕਦੇ ਹਾਂ ਕਿ ਪਰਮੇਸ਼ੁਰ ਦੇ ਬੱਚੇ ਕਿਹੜੇ ਹਨ। ਅਤੇ ਸ਼ੈਤਾਨ ਦੇ ਬੱਚੇ ਕਿਹੜੇ ਹਨ। ਜਿਹੜੇ ਲੋਕ ਨੇਕ ਕੰਮ ਨਹੀਂ ਕਰਦੇ ਪਰਮੇਸ਼ੁਰ ਦੇ ਬੱਚੇ ਨਹੀਂ ਹੋ ਸੱਕਦੇ। ਅਤੇ ਜਿਹੜਾ ਵਿਅਕਤੀ ਮਸੀਹ ਵਿੱਚ ਆਪਣੇ ਭਰਾ ਜਾਂ ਭੈਣ ਨੂੰ ਪਿਆਰ ਨਹੀਂ ਕਰਦਾ ਉਹ ਵੀ ਪਰਮੇਸ਼ੁਰ ਦਾ ਬੱਚਾ ਨਹੀਂ ਹੈ।
ਇੱਕ ਦੂਸਰੇ ਨੂੰ ਪਿਆਰ ਕਰੋ
11 ਇਹੀ ਉਪਦੇਸ਼ ਹੈ ਜਿਹੜਾ ਤੁਸੀਂ ਸ਼ੁਰੂ ਤੋਂ ਸੁਣਿਆ ਹੈ; ਸਾਨੂੰ ਇੱਕ ਦੂਸਰੇ ਨੂੰ ਪਿਆਰ ਕਰਨਾ ਚਾਹੀਦਾ ਹੈ। 12 ਕਇਨ ਵਰਗੇ ਨਾ ਬਣੋ। ਕਇਨ ਦੁਸ਼ਟ (ਸ਼ੈਤਾਨ) ਸੀ। ਕਇਨ ਨੇ ਆਪਣੇ ਭਰਾ ਹਾਬਲ ਨੂੰ ਮਾਰ ਦਿੱਤਾ। ਕਇਨ ਨੇ ਆਪਣੇ ਭਰਾ ਨੂੰ ਕਿਉਂ ਮਾਰ ਦਿੱਤਾ? ਕਿਉਂ ਕਿ ਜਿਹੜੀਆਂ ਗੱਲਾਂ ਕੇਨ ਨੇ ਕੀਤੀਆਂ ਮੰਦੀਆਂ ਸਨ, ਪਰ ਜਿਹੜੀਆਂ ਗੱਲਾਂ ਹਾਬਲ ਨੇ ਕੀਤੀਆਂ ਚੰਗੀਆਂ ਸਨ।
13 ਮੇਰੇ ਭਰਾਵੋ ਅਤੇ ਭੈਣੋ, ਜੇਕਰ ਦੁਨੀਆਂ ਦੇ ਲੋਕ ਤੁਹਾਨੂੰ ਨਫ਼ਰਤ ਕਰਨ ਤਾਂ ਹੈਰਾਨ ਨਾ ਹੋਵੋ। 14 ਅਸੀਂ ਜਾਣਦੇ ਹਾਂ ਕਿਉਂਕਿ ਅਸੀਂ ਮੌਤ ਨੂੰ ਛੱਡ ਚੁੱਕੇ ਹਾਂ ਅਤੇ ਜੀਵਨ ਵਿੱਚ ਆ ਚੁੱਕੇ ਹਾਂ। ਅਸੀਂ ਇਹ ਇਸ ਲਈ ਜਾਣਦੇ ਹਾਂ ਕਿਉਂਕਿ ਅਸੀਂ ਆਪਣੇ ਭਰਾਵਾਂ ਅਤੇ ਭੈਣਾਂ ਨੂੰ ਪਿਆਰ ਕਰਦੇ ਹਾਂ। ਜਿਹੜੇ ਲੋਕ ਪਿਆਰ ਨਹੀਂ ਕਰਦੇ ਉਹ ਹਾਲੇ ਵੀ ਮੌਤ ਦੇ ਕਬਜ਼ੇ ਹੇਠ ਹਨ। 15 ਹਰੇਕ ਵਿਅਕਤੀ ਜਿਹੜਾ ਆਪਣੇ ਭਰਾ ਨੂੰ ਨਫ਼ਰਤ ਕਰਦਾ ਹੈ, ਇੱਕ ਕਾਤਲ ਹੈ। ਅਤੇ ਤੁਸੀਂ ਜਾਣਦੇ ਹੋ ਕਿ ਕੋਈ ਵੀ ਕਾਤਲ ਆਪਣੇ ਅੰਦਰ ਸਦੀਪਕ ਜੀਵਨ ਨਹੀਂ ਰੱਖਦਾ।
16 ਇਵੇਂ ਹੀ ਅਸੀਂ ਜਾਣਦੇ ਹਾਂ ਕਿ ਸੱਚਾ ਪਿਆਰ ਕੀ ਹੈ; ਮਸੀਹ ਨੇ ਸਾਡੇ ਲਈ ਆਪਣੇ ਜੀਵਨ ਦਿੱਤਾ। ਇਸ ਲਈ ਸਾਨੂੰ ਵੀ ਸਾਡੇ ਭਰਾਵਾਂ ਅਤੇ ਭੈਣਾਂ ਨੂੰ ਆਪਣਾ ਜੀਵਨ ਦੇਣਾ ਚਾਹੀਦਾ ਹੈ ਜਿਹੜੇ ਮਸੀਹ ਵਿੱਚ ਹਨ। 17 ਫ਼ਰਜ਼ ਕਰੋ ਕਿ ਇੱਕ ਨਿਹਚਾਵਾਨ ਹੈ ਜੋ ਕਿ ਬਹੁਤ ਅਮੀਰ ਹੈ ਅਤੇ ਉਸ ਕੋਲ ਉਹ ਸਭ ਕੁਝ ਹੈ, ਜੋ ਉਸ ਨੂੰ ਚਾਹੀਦਾ। ਪਰ ਜੇਕਰ ਉਹ ਨਿਹਚਾਵਾਨ ਉਦੋਂ ਹਮਦਰਦੀ ਨਹੀਂ ਵਿਖਾਉਂਦਾ ਜਦੋਂ ਉਹ ਆਪਣੇ ਭਰਾ ਨੂੰ ਵੇਖਦਾ ਹੈ ਜਿਹੜਾ ਗਰੀਬ ਹੈ ਅਤੇ ਆਪਣੀ ਰੋਜ਼ੀ ਦਾ ਲੋੜਵੰਦ ਹੈ, ਉਸ ਨਿਹਚਾਵਾਨ ਦੇ ਦਿਲ ਵਿੱਚ ਪਰਮੇਸ਼ੁਰ ਦਾ ਪਿਆਰ ਹੋਣਾ ਕਿਵੇਂ ਸੰਭਵ ਹੈ। 18 ਮੇਰੇ ਬੱਚਿਓ, ਸਾਡਾ ਪਿਆਰ ਗੱਲਾਂ ਅਤੇ ਸ਼ਬਦਾਂ ਤੱਕ ਸੀਮਿਤ ਨਹੀਂ ਹੋਣਾ ਚਾਹੀਦਾ। ਸਾਨੂੰ ਸੱਚਾ ਪਿਆਰ ਹੋਣਾ ਚਾਹੀਦਾ ਅਤੇ ਸਾਨੂੰ ਇਹ ਅਮਲਾਂ ਰਾਹੀਂ ਦਰਸ਼ਾਉਣਾ ਚਾਹੀਦਾ ਹੈ।
19-20 ਇਸੇ ਢੰਗ ਨਾਲ ਅਸੀਂ ਜਾਣ ਸੱਕਦੇ ਹਾਂ ਕਿ ਕੀ ਅਸੀਂ ਸੱਚ ਦੇ ਰਾਹ ਨਾਲ ਸੰਬੰਧਿਤ ਹਾਂ ਜਾਂ ਨਹੀਂ। ਅਤੇ ਜਦੋਂ ਸਾਡਾ ਦਿਲ ਸਾਨੂੰ ਕਸੂਰਵਾਰ ਮਹਿਸੂਸ ਕਰਾਉਂਦਾ ਹੈ, ਤਾਂ ਅਸੀਂ ਹਾਲੇ ਵੀ ਪਰਮੇਸ਼ੁਰ ਦੀ ਹਜ਼ੂਰੀ ਵਿੱਚ ਸ਼ਾਂਤੀ ਪਾ ਸੱਕਦੇ ਹਾਂ। ਕਿਉਂਕਿ ਪਰਮੇਸ਼ੁਰ ਸਾਡੇ ਦਿਲਾਂ ਨਾਲੋਂ ਵਡੇਰਾ ਹੈ ਅਤੇ ਉਹ ਸਭ ਕੁਝ ਜਾਣਦਾ ਹੈ।
21 ਮੇਰੇ ਪਿਆਰੇ ਮਿੱਤਰੋ, ਜੇਕਰ ਅਸੀਂ ਇਹ ਮਹਿਸੂਸ ਕਰਾਂਗੇ ਕਿ ਅਸੀਂ ਕੁਝ ਗਲਤ ਨਹੀਂ ਕਰ ਰਹੇ, ਤਾਂ ਅਸੀਂ ਜਦੋਂ ਵੀ ਪਰਮੇਸ਼ੁਰ ਕੋਲ ਆਵਾਂਗੇ, ਨਿਡਰ ਹੋਵਾਂਗੇ। 22 ਅਤੇ ਪਰਮੇਸ਼ੁਰ ਸਾਨੂੰ ਉਹ ਚੀਜ਼ਾਂ ਦੇਵੇਗਾ ਜੋ ਅਸੀਂ ਮੰਗਾਂਗੇ। ਸਾਨੂੰ ਇਸ ਲਈ ਚੀਜ਼ਾਂ ਪ੍ਰਾਪਤ ਹੁੰਦੀਆਂ ਹਨ ਕਿਉਂਕਿ ਅਸੀਂ ਪਰਮੇਸ਼ੁਰ ਦਾ ਹੁਕਮ ਮੰਨਦੇ ਹਾਂ ਅਤੇ ਅਸੀਂ ਉਹ ਗੱਲਾਂ ਕਰਦੇ ਹਾਂ ਜਿਨ੍ਹਾਂ ਨਾਲ ਪਰਮੇਸ਼ੁਰ ਪ੍ਰਸੰਨ ਹੁੰਦਾ ਹੈ। 23 ਇਹੀ ਹੈ ਜਿਸਦਾ ਪਰਮੇਸ਼ੁਰ ਆਦੇਸ਼ ਦਿੰਦਾ ਹੈ। ਸਾਨੂੰ ਉਸ ਦੇ ਪੁੱਤਰ ਯਿਸੂ ਮਸੀਹ ਵਿੱਚ ਵਿਸ਼ਵਾਸ ਹੋਣਾ ਚਾਹੀਦਾ ਹੈ ਅਤੇ ਇੱਕ ਦੂਜੇ ਨੂੰ ਪਿਆਰ ਕਰਨਾ ਚਾਹੀਦਾ ਹੈ ਜਿਵੇਂ ਉਸ ਨੇ ਸਾਨੂੰ ਹੁਕਮ ਦਿੱਤਾ ਸੀ। 24 ਜਿਹੜਾ ਵਿਅਕਤੀ ਪਰਮੇਸ਼ੁਰ ਦੇ ਆਦੇਸ਼ ਨੂੰ ਮੰਨਦਾ ਹੈ ਉਹ ਪਰਮੇਸ਼ੁਰ ਦੇ ਨਮਿੱਤ ਜਿਉਂਦਾ ਹੈ। ਅਤੇ ਪਰਮੇਸ਼ੁਰ ਉਸ ਵਿਅਕਤੀ ਦੇ ਅੰਦਰ ਵੱਸਦਾ ਹੈ। ਇਹ ਗੱਲ ਅਸੀਂ ਕਿਵੇਂ ਜਾਣਦੇ ਹਾਂ ਕਿ ਸਾਡੇ ਅੰਦਰ ਪਰਮੇਸ਼ੁਰ ਵੱਸਦਾ ਹੈ? ਇਹ ਗੱਲ ਅਸੀਂ ਉਸ ਆਤਮਾ ਰਾਹੀਂ ਜਾਣਦੇ ਹਾਂ ਜੋ ਸਾਨੂੰ ਪਰਮੇਸ਼ੁਰ ਨੇ ਦਿੱਤਾ ਹੈ।
ਝੂਠੇ ਪ੍ਰਚਾਰਕਾਂ ਤੋਂ ਸਾਵੱਧਾਨ ਰਹੋ
4 ਮੇਰੇ ਪਿਆਰੇ ਮਿੱਤਰੋ, ਇੱਥੇ ਦੁਨੀਆਂ ਵਿੱਚ ਬਹੁਤ ਸਾਰੇ ਝੂਠੇ ਨਬੀ ਹਨ। ਇਸ ਲਈ ਹਰੇਕ ਤੇ ਵਿਸ਼ਵਾਸ ਨਾ ਕਰੋ ਜਿਹੜਾ ਆਖਦਾ ਹੈ ਕਿ ਉਸ ਕੋਲ ਪਰਮੇਸ਼ੁਰ ਦਾ ਆਤਮਾ ਹੈ। ਇਸਦੀ ਜਗ਼੍ਹਾ, ਇਹ ਵੇਖਣ ਲਈ ਉਨ੍ਹਾਂ ਨੂੰ ਪਰਤਾਓ ਕਿ ਜਿਹੜਾ ਆਤਮਾ ਉਨ੍ਹਾਂ ਕੋਲ ਹੈ ਸੱਚਮੁੱਚ ਪਰਮੇਸ਼ੁਰ ਵੱਲੋਂ ਹੈ। 2 ਇਸ ਤਰੀਕੇ ਨਾਲ, ਤੁਸੀਂ ਪਰਮੇਸ਼ੁਰ ਦੇ ਆਤਮਾ ਨੂੰ ਪਛਾਣ ਸੱਕਦੇ ਹੋ। ਇੱਕ ਆਤਮਾ ਆਖਦਾ ਹੈ, “ਮੈਨੂੰ ਵਿਸ਼ਵਾਸ ਹੈ ਕਿ ਯਿਸੂ ਹੀ ਮਸੀਹ ਹੈ ਜਿਹੜਾ ਧਰਤੀ ਤੇ ਮਨੁੱਖੀ ਰੂਪ ਵਿੱਚ ਆਇਆ।” ਅਜਿਹਾ ਆਤਮਾ ਪਰਮੇਸ਼ੁਰ ਵੱਲੋਂ ਹੈ। 3 ਅਤੇ ਦੂਜਾ ਆਤਮਾ ਜਿਹੜਾ ਯਿਸੂ ਬਾਰੇ ਇਹ ਸੱਚ ਨਹੀਂ ਸਵਿਕਾਰਦਾ ਪਰਮੇਸ਼ੁਰ ਵੱਲੋਂ ਨਹੀਂ ਹੈ। ਇਹ ਆਤਮਾ ਮਸੀਹ ਦੇ ਦੁਸ਼ਮਣ ਦਾ ਹੈ। ਤੁਸੀਂ ਸੁਣਿਆ ਹੈ ਕਿ ਮਸੀਹ ਦਾ ਦੁਸ਼ਮਣ ਆ ਰਿਹਾ ਹੈ। ਅਸਲ ਵਿੱਚ ਉਹ ਪਹਿਲਾਂ ਹੀ ਦੁਨੀਆਂ ਵਿੱਚ ਆ ਚੁੱਕਿਆ ਹੈ।
4 ਮੇਰੇ ਪਿਆਰੇ ਬੱਚਿਓ, ਤੁਸੀਂ ਪਰਮੇਸ਼ੁਰ ਨਾਲ ਸੰਬੰਧਿਤ ਹੋ। ਇਸ ਲਈ ਤੁਸੀਂ ਇਨ੍ਹਾਂ ਝੂਠੇ ਉਪਦੇਸ਼ਕਾਂ ਨੂੰ ਹਰਾ ਦਿੱਤਾ ਹੈ। ਕਿਉਂਕਿ ਇੱਕ ਜਿਹੜਾ ਤੁਹਾਡੇ ਅੰਦਰ ਹੈ ਉਹ ਉਸ ਇੱਕ ਨਾਲੋਂ ਵਡੇਰਾ ਹੈ ਜੋ ਦੁਨੀਆਂ ਵਿੱਚ ਹੈ। 5 ਇਹ ਝੂਠੇ ਉਪਦੇਸ਼ਕ ਦੁਨੀਆਂ ਨਾਲ ਸੰਬੰਧਿਤ ਹਨ। ਇਸ ਲਈ ਜੋ ਉਹ ਆਖਦੇ ਹਨ ਦੁਨੀਆਂ ਵੱਲੋਂ ਹੈ, ਅਤੇ ਦੁਨੀਆਂ ਉਹ ਸੁਣਦੀ ਹੈ ਜੋ ਉਹ ਆਖਦੇ ਹਨ। 6 ਪਰ ਅਸੀਂ ਪਰਮੇਸ਼ੁਰ ਵੱਲੋਂ ਹਾਂ। ਇਸ ਲਈ ਜੋ ਲੋਕ ਪਰਮੇਸ਼ੁਰ ਨੂੰ ਜਾਣਦੇ ਹਨ ਉਹ ਸਾਨੂੰ ਸੁਣਦੇ ਹਨ, ਪਰ ਜਿਹੜੇ ਲੋਕ ਪਰਮੇਸ਼ੁਰ ਵੱਲੋਂ ਨਹੀਂ ਹਨ ਸਾਨੂੰ ਨਹੀਂ ਸੁਣਦੇ। ਇਵੇਂ ਹੀ ਅਸੀਂ ਸੱਚੇ ਆਤਮਾ ਅਤੇ ਫ਼ਰੇਬੀ ਆਤਮਾ ਨੂੰ ਜਾਣਦੇ ਹਾਂ।
ਪਿਆਰ ਪਰਮੇਸ਼ੁਰ ਵੱਲੋਂ ਆਉਂਦਾ ਹੈ
7 ਪਿਆਰੇ ਮਿੱਤਰੋ, ਸਾਨੂੰ ਇੱਕ ਦੂਸਰੇ ਨੂੰ ਪਿਆਰ ਕਰਨਾ ਚਾਹੀਦਾ ਹੈ। ਕਿਉਂਕਿ ਪਿਆਰ ਪਰਮੇਸ਼ੁਰ ਵੱਲੋਂ ਆਉਂਦਾ ਹੈ। ਜਿਹੜਾ ਵਿਅਕਤੀ ਪਿਆਰ ਕਰਦਾ ਹੈ ਉਹ ਪਰਮੇਸ਼ੁਰ ਦਾ ਬੱਚਾ ਹੈ ਅਤੇ ਉਹ ਪਰਮੇਸ਼ੁਰ ਨੂੰ ਜਾਣਦਾ ਹੈ। 8 ਜਿਹੜਾ ਵਿਅਕਤੀ ਪਿਆਰ ਨਹੀਂ ਕਰਦਾ ਉਹ ਪਰਮੇਸ਼ੁਰ ਨੂੰ ਨਹੀਂ ਜਾਣਦਾ ਕਿਉਂਕਿ ਪਰਮੇਸ਼ੁਰ ਪਿਆਰ ਹੈ। 9 ਇਹੀ ਉਹ ਤਰੀਕਾ ਹੈ ਜਿਸ ਨਾਲ ਪਰਮੇਸ਼ੁਰ ਨੇ ਸਾਨੂੰ ਆਪਣਾ ਪਿਆਰ ਦਰਸ਼ਾਇਆ; ਪਰਮੇਸ਼ੁਰ ਨੇ ਆਪਣੇ ਇੱਕਲੌਤੇ ਪੁੱਤਰ ਨੂੰ ਦੁਨੀਆਂ ਵਿੱਚ ਭੇਜਿਆ ਤਾਂ ਜੋ ਉਸ ਦੇ ਰਾਹੀਂ ਸਾਨੂੰ ਜੀਵਨ ਪ੍ਰਦਾਨ ਕਰ ਸੱਕੇ। 10 ਇਹ ਪਿਆਰ ਹੈ; ਇਹ ਨਹੀਂ ਕਿ ਪਹਿਲਾਂ ਅਸੀਂ ਪਰਮੇਸ਼ੁਰ ਨੂੰ ਪਿਆਰ ਕੀਤਾ; ਇਹ ਪਰਮੇਸ਼ੁਰ ਹੈ ਜਿਸਨੇ ਸਾਨੂੰ ਪਹਿਲਾਂ ਪਿਆਰ ਕੀਤਾ। ਅਤੇ ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਰਾਹ ਵਾਂਗ ਭੇਜਿਆ, ਜਿਸਦੇ ਦੁਆਰਾ ਪਰਮੇਸ਼ੁਰ ਸਾਡੇ ਪਾਪ ਦੂਰ ਕਰਦਾ ਹੈ।
11 ਪਿਆਰੇ ਮਿੱਤਰੋ, ਦੇਖੋ ਪਰਮੇਸ਼ੁਰ ਨੇ ਸਾਨੂੰ ਕਿੰਨਾ ਪਿਆਰ ਕੀਤਾ। ਇਸ ਲਈ ਸਾਨੂੰ ਵੀ ਇੱਕ ਦੂਸਰੇ ਨੂੰ ਪਿਆਰ ਕਰਨਾ ਚਾਹੀਦਾ ਹੈ। 12 ਕਿਸੇ ਨੇ ਕਦੇ ਵੀ ਪਰਮੇਸ਼ੁਰ ਨੂੰ ਨਹੀਂ ਦੇਖਿਆ। ਪਰ ਜੇ ਅਸੀਂ ਇੱਕ ਦੂਸਰੇ ਨੂੰ ਪਿਆਰ ਕਰਦੇ ਹਾਂ ਤਾਂ ਪਰਮੇਸ਼ੁਰ ਸਾਡੇ ਅੰਦਰ ਵੱਸਦਾ ਕਰਦਾ ਹੈ। ਅਤੇ ਇੰਝ ਇਹ ਪਿਆਰ ਸਾਡੇ ਅੰਦਰ ਸੰਪੂਰਣ ਹੋ ਗਿਆ ਹੈ।
13 ਅਸੀਂ ਜਾਣਦੇ ਹਾਂ ਕਿ ਅਸੀਂ ਪਰਮੇਸ਼ੁਰ ਵਿੱਚ ਨਿਵਾਸ ਕਰਦੇ ਹਾਂ ਅਤੇ ਪਰਮੇਸ਼ੁਰ ਸਾਡੇ ਅੰਦਰ ਵੱਸਦਾ ਹੈ। ਅਜਿਹਾ ਅਸੀਂ ਇਸ ਲਈ ਜਾਣਦੇ ਹਾਂ ਕਿਉਂਕਿ ਪਰਮੇਸ਼ੁਰ ਨੇ ਸਾਨੂੰ ਆਪਣਾ ਆਤਮਾ ਦਿੱਤਾ ਹੈ। 14 ਅਸੀਂ ਵੇਖਿਆ ਹੈ ਕਿ ਪਿਤਾ ਨੇ ਆਪਣੇ ਪੁੱਤਰ ਨੂੰ ਦੁਨੀਆਂ ਦਾ ਮੁਕਤੀ ਦਾਤਾ ਹੋਣ ਲਈ ਭੇਜਿਆ ਹੈ। ਅਤੇ ਅਸੀਂ ਲੋਕਾਂ ਨੂੰ ਇਹੀ ਗੱਲ ਦੱਸ ਰਹੇ ਹਾਂ। 15 ਜੇ ਕੋਈ ਵਿਅਕਤੀ ਇਹ ਆਖਦਾ ਹੈ, “ਮੇਰਾ ਵਿਸ਼ਵਾਸ ਹੈ ਕਿ ਯਿਸੂ ਪਰਮੇਸ਼ੁਰ ਦਾ ਪੁੱਤਰ ਹੈ,” ਤਾਂ ਪਰਮੇਸ਼ੁਰ ਉਸ ਵਿਅਕਤੀ ਅੰਦਰ ਵੱਸਦਾ ਹੈ। ਅਤੇ ਉਹ ਵਿਅਕਤੀ ਪਰਮੇਸ਼ੁਰ ਵਿੱਚ ਨਿਵਾਸ ਕਰਦਾ ਹੈ। 16 ਅਤੇ ਇਸ ਤਰ੍ਹਾਂ ਅਸੀਂ ਉਸ ਪਿਆਰ ਬਾਰੇ ਜਾਣਦੇ ਹਾਂ ਜਿਹੜਾ ਪਰਮੇਸ਼ੁਰ ਦਾ ਸਾਡੇ ਲਈ ਹੈ। ਅਤੇ ਅਸੀਂ ਉਸ ਪਿਆਰ ਵਿੱਚ ਭਰੋਸਾ ਰੱਖਦੇ ਹਾਂ।
ਪਰਮੇਸ਼ੁਰ ਪਿਆਰ ਹੈ। ਉਹ ਵਿਅਕਤੀ ਜਿਹੜਾ ਪਿਆਰ ਵਿੱਚ ਜਿਉਂਦਾ ਹੈ ਪਰਮੇਸ਼ੁਰ ਵਿੱਚ ਨਿਵਾਸ ਕਰਦਾ ਹੈ। ਅਤੇ ਪਰਮੇਸ਼ੁਰ ਉਸ ਵਿਅਕਤੀ ਵਿੱਚ ਵੱਸਦਾ ਹੈ। 17 ਜੇ ਸਾਡੇ ਅੰਦਰ ਪਰਮੇਸ਼ੁਰ ਦਾ ਪਿਆਰ ਸੰਪੂਰਣ ਹੈ, ਤਾਂ ਅਸੀਂ ਨਿਆਂ ਦੇ ਦਿਨ ਬੇ-ਡਰ ਹੋਵਾਂਗੇ। ਅਸੀਂ ਬੇ-ਡਰ ਇਸ ਲਈ ਹੋਵਾਂਗੇ ਕਿਉਂਕਿ ਅਸੀਂ ਇਸ ਦੁਨੀਆਂ ਵਿੱਚ ਉਵੇਂ ਹੀ ਹਾਂ ਜਿਵੇਂ ਉਹ ਹੈ। 18 ਜਿੱਥੇ ਪਰਮੇਸ਼ੁਰ ਦਾ ਪਿਆਰ ਹੈ, ਉੱਥੇ ਕੋਈ ਭੈ ਨਹੀਂ। ਕਿਉਂਕਿ ਪਰਮੇਸ਼ੁਰ ਦਾ ਸੰਪੂਰਣ ਪਿਆਰ ਭੈ ਨੂੰ ਦੂਰ ਕਰਦਾ ਹੈ। ਇਹ ਤਾਂ ਪਰਮੇਸ਼ੁਰ ਦੀ ਸਜ਼ਾ ਹੈ ਜਿਹੜੀ ਵਿਅਕਤੀ ਅੰਦਰ ਡਰ ਪੈਦਾ ਕਰਦੀ ਹੈ। ਇਸ ਲਈ ਉਸ ਵਿਅਕਤੀ ਵਿੱਚ ਪਰਮੇਸ਼ੁਰ ਦਾ ਪਿਆਰ ਸੰਪੂਰਣ ਨਹੀਂ ਹੈ।
19 ਅਸੀਂ ਪਿਆਰ ਕਰਦੇ ਹਾਂ ਕਿਉਂਕਿ ਪਹਿਲਾਂ ਪਰਮੇਸ਼ੁਰ ਨੇ ਸਾਨੂੰ ਪਿਆਰ ਕੀਤਾ ਸੀ। 20 ਜੇ ਕੋਈ ਵਿਅਕਤੀ ਆਖਦਾ ਹੈ, “ਮੈਂ ਪਰਮੇਸ਼ੁਰ ਨੂੰ ਪਿਆਰ ਕਰਦਾ ਹਾਂ,” ਪਰ ਉਹ ਵਿਅਕਤੀ ਆਪਣੇ ਭਰਾ ਜਾਂ ਭੈਣ ਨੂੰ ਨਫ਼ਰਤ ਕਰਦਾ ਹੈ, ਤਾਂ ਉਹ ਵਿਅਕਤੀ ਝੂਠਾ ਹੈ। ਕਿਉਂਕਿ ਜੇਕਰ ਉਹ ਅਪਣੇ ਉਸ ਭਰਾ ਨੂੰ ਪਿਆਰ ਨਹੀਂ ਕਰਦਾ ਜਿਸ ਨੂੰ ਉਹ ਵੇਖ ਸੱਕਦਾ ਹੈ, ਤਾਂ ਫ਼ੇਰ ਉਸ ਲਈ ਪਰਮੇਸ਼ੁਰ ਨੂੰ ਪਿਆਰ ਕਰਨਾ ਵੀ ਸੰਭਵ ਨਹੀਂ ਜਿਸ ਨੂੰ ਉਹ ਨਹੀਂ ਵੇਖ ਸੱਕਦਾ। 21 ਪਰਮੇਸ਼ੁਰ ਨੇ ਸਾਨੂੰ ਇਹੀ ਹੁਕਮ ਦਿੱਤਾ ਹੈ; ਜਿਹੜਾ ਵਿਅਕਤੀ ਪਰਮੇਸ਼ੁਰ ਨੂੰ ਪਿਆਰ ਕਰਦਾ ਹੈ ਉਸ ਨੂੰ ਆਪਣੇ ਭਰਾਵਾਂ ਅਤੇ ਭੈਣਾਂ ਨੂੰ ਵੀ ਪਿਆਰ ਕਰਨਾ ਚਾਹੀਦਾ ਹੈ।
ਪਰਮੇਸ਼ੁਰ ਦੇ ਬੱਚੇ ਦੁਨੀਆਂ ਨੂੰ ਜਿੱਤ ਲੈਂਦੇ ਹਨ
5 ਜਿਹੜੇ ਲੋਕ ਇਹ ਵਿਸ਼ਵਾਸ ਕਰਦੇ ਹਨ ਕਿ ਯਿਸੂ ਹੀ ਮਸੀਹ ਹੈ। ਉਹ ਪਰਮੇਸ਼ੁਰ ਦੇ ਬੱਚੇ ਹਨ। ਜਿਹੜਾ ਵਿਅਕਤੀ ਪਿਤਾ ਨੂੰ ਪਿਆਰ ਕਰਦਾ ਹੈ, ਉਹ ਉਸ ਦੇ ਬੱਚਿਆਂ ਨੂੰ ਵੀ ਪਿਆਰ ਕਰਦਾ ਹੈ। 2 ਅਸੀਂ ਇਹ ਕਿਵੇਂ ਜਾਣਦੇ ਹਾਂ ਕਿ ਅਸੀਂ ਪਰਮੇਸ਼ੁਰ ਦੇ ਬੱਚਿਆਂ ਨੂੰ ਪਿਆਰ ਕਰਦੇ ਹਾਂ? ਅਸੀਂ ਇਹ ਇਸ ਲਈ ਜਾਣਦੇ ਹਾਂ ਕਿਉਂ ਕਿ ਅਸੀਂ ਪਰਮੇਸ਼ੁਰ ਨੂੰ ਪਿਆਰ ਕਰਦੇ ਹਾਂ ਅਤੇ ਉਸ ਦੇ ਹੁਕਮਾਂ ਨੂੰ ਮੰਨਦੇ ਹਾਂ। 3 ਅਸਲ ਵਿੱਚ, ਪਰਮੇਸ਼ੁਰ ਨੂੰ ਪਿਆਰ ਕਰਨਾ ਹੀ ਉਸ ਦੇ ਹੁਕਮਾਂ ਨੂੰ ਮੰਨਣਾ ਹੈ। ਅਤੇ ਉਸ ਦੇ ਹੁਕਮਾਂ ਦਾ ਅਨੁਸਰਣ ਕਰਨਾ ਔਖਾ ਨਹੀਂ ਹੈ। 4 ਕਿਉਂਕਿ ਹਰ ਉਹ ਵਿਅਕਤੀ ਜਿਹੜਾ ਪਰਮੇਸ਼ੁਰ ਦਾ ਬੱਚਾ ਹੈ ਦੁਨੀਆਂ ਨੂੰ ਜਿੱਤ ਲੈਣ ਦੀ ਸ਼ਕਤੀ ਰੱਖਦਾ ਹੈ। 5 ਇਹ ਸਾਡੀ ਨਿਹਚਾ ਹੀ ਹੈ ਜਿਸਨੇ ਦੁਨੀਆਂ ਦੇ ਵਿਰੁੱਧ ਜਿੱਤ ਪ੍ਰਾਪਤ ਕੀਤੀ ਹੈ। ਇਸ ਲਈ ਉਹ ਵਿਅਕਤੀ ਕਿਹੜਾ ਹੈ ਜਿਹੜਾ ਦੁਨੀਆਂ ਨੂੰ ਜਿੱਤਦਾ ਹੈ? ਸਿਰਫ਼ ਉਹੀ ਵਿਅਕਤੀ ਜਿਹੜਾ ਇਹ ਵਿਸ਼ਵਾਸ ਰੱਖਦਾ ਹੈ ਕਿ ਯਿਸੂ ਹੀ ਪਰਮੇਸ਼ੁਰ ਦਾ ਪੁੱਤਰ ਹੈ।
ਪਰਮੇਸ਼ੁਰ ਨੇ ਸਾਨੂੰ ਆਪਣੇ ਪੁੱਤਰ ਬਾਰੇ ਦੱਸਿਆ ਸੀ
6 ਯਿਸੂ ਮਸੀਹ ਹੀ ਇੱਕ ਹੈ ਜਿਹੜਾ ਪਾਣੀ ਅਤੇ ਖੂਨ ਨਾਲ ਆਇਆ; ਉਹ ਸਿਰਫ਼ ਪਾਣੀ ਰਾਹੀਂ ਹੀ ਨਹੀਂ ਆਇਆ ਸਗੋਂ ਪਾਣੀ ਅਤੇ ਲਹੂ ਨਾਲ ਆਇਆ। ਅਤੇ ਆਤਮਾ ਸਾਨੂੰ ਦੱਸਦਾ ਹੈ ਕਿ ਇਹ ਸੱਚ ਹੈ। ਆਤਮਾ ਹੀ ਸੱਚ ਹੈ। 7 ਇਹ ਤਿੰਨ ਪ੍ਰਮਾਣ ਹਨ ਜਿਹੜੇ ਸਾਨੂੰ ਯਿਸੂ ਬਾਰੇ ਦੱਸਦੇ ਹਨ। 8 ਆਤਮਾ, ਪਾਣੀ ਅਤੇ ਖੂਨ ਇਹ ਤਿੰਨ ਪ੍ਰਮਾਣ ਇੱਕ ਦੂਸਰੇ ਨਾਲ ਮਿਲਦੇ ਹਨ।
9 ਅਸੀਂ ਲੋਕਾਂ ਤੇ ਵਿਸ਼ਵਾਸ ਕਰਦੇ ਹਾਂ ਜਦੋਂ ਉਹ ਕੁਝ ਅਜਿਹਾ ਆਖਦੇ ਹਨ ਜੋ ਸੱਚ ਹੈ। ਪਰ ਜੋ ਪਰਮੇਸ਼ੁਰ ਆਖਦਾ ਹੈ ਉਹ ਵੱਧੇਰੇ ਮਹੱਤਵਪੂਰਣ ਹੈ। ਜੋ ਪਰਮੇਸ਼ੁਰ ਨੇ ਆਖਿਆ ਹੈ; ਉਸ ਨੇ ਆਪਣੇ ਪੁੱਤਰ ਬਾਰੇ ਸਾਨੂੰ ਸੱਚ ਦੱਸਿਆ। 10 ਜਿਹੜਾ ਵਿਅਕਤੀ ਪਰਮੇਸ਼ੁਰ ਦੇ ਪੁੱਤਰ ਵਿੱਚ ਵਿਸ਼ਵਾਸ ਰੱਖਦਾ ਹੈ ਉਸ ਕੋਲ ਉਹ ਸੱਚ ਹੈ ਜੋ ਸਾਨੂੰ ਪਰਮੇਸ਼ੁਰ ਨੇ ਦੱਸਿਆ। ਜਿਹੜਾ ਵਿਅਕਤੀ ਪਰਮੇਸ਼ੁਰ ਦੀ ਗੱਲ ਉੱਪਰ ਵਿਸ਼ਵਾਸ ਨਹੀਂ ਕਰਦਾ ਉਹ ਪਰਮੇਸ਼ੁਰ ਨੂੰ ਝੂਠਾ ਸਿੱਧ ਕਰਦਾ ਹੈ। ਕਿਉਂਕਿ ਉਹ ਵਿਅਕਤੀ ਉਸ ਗੱਲ ਵਿੱਚ ਵਿਸ਼ਵਾਸ ਨਹੀਂ ਰੱਖਦਾ ਜਿਹੜੀ ਸਾਨੂੰ ਪਰਮੇਸ਼ੁਰ ਨੇ ਆਪਣੇ ਪੁੱਤਰ ਬਾਰੇ ਆਖੀ ਹੈ। 11 ਇਹੀ ਹੈ ਜੋ ਪਰਮੇਸ਼ੁਰ ਨੇ ਸਾਨੂੰ ਆਖਿਆ; ਪਰਮੇਸ਼ੁਰ ਨੇ ਸਾਨੂੰ ਸਦੀਪਕ ਜੀਵਨ ਦਿੱਤਾ ਹੈ। ਅਤੇ ਇਹ ਸਦੀਪਕ ਜੀਵਨ ਉਸ ਦੇ ਪੁੱਤਰ ਵਿੱਚ ਹੈ। 12 ਜਿਸ ਵਿਅਕਤੀ ਕੋਲ ਪੁੱਤਰ ਹੈ ਉਸ ਕੋਲ ਸੱਚਾ ਜੀਵਨ ਹੈ। ਪਰ ਜਿਸ ਕੋਲ ਪਰਮੇਸ਼ੁਰ ਦਾ ਪੁੱਤਰ ਨਹੀਂ ਹੈ ਉਸ ਕੋਲ ਸੱਚਾ ਜੀਵਨ ਨਹੀਂ ਹੈ।
ਹੁਣ ਸਦੀਪਕ ਜੀਵਨ ਸਾਡਾ ਹੈ
13 ਮੈਂ ਇਹ ਖਤ ਤੁਹਾਨੂੰ ਲਿਖ ਰਿਹਾ ਹਾਂ ਜਿਹੜੇ ਪਰਮੇਸ਼ੁਰ ਦੇ ਪੁੱਤਰ ਵਿੱਚ ਵਿਸ਼ਵਾਸ ਰੱਖਦੇ ਹੋ। ਇਹ ਮੈਂ ਇਸ ਲਈ ਲਿਖ ਰਿਹਾ ਹਾਂ ਤਾਂ ਤੁਹਾਨੂੰ ਪਤਾ ਲੱਗ ਸੱਕੇ ਕਿ ਸਦੀਪਕ ਜੀਵਨ ਤੁਹਾਡਾ ਹੈ। 14 ਇਸ ਲਈ ਅਸੀਂ ਪਰਮੇਸ਼ੁਰ ਕੋਲ ਇਸ ਵਿਸ਼ਵਾਸ ਨਾਲ ਆ ਸੱਕਦੇ ਹਾਂ ਕਿ ਜਦੋਂ ਅਸੀਂ ਉਸਦੀ ਰਜ਼ਾ ਅਨੁਸਾਰ ਉਸਤੋਂ ਕੁਝ ਮੰਗਦੇ ਹਾਂ, ਉਹ ਸਾਡੀ ਸੁਣਦਾ ਹੈ। 15 ਇਸ ਲਈ ਸਾਨੂੰ ਪਤਾ ਹੈ ਕਿ ਜਦੋਂ ਵੀ ਅਸੀਂ ਉਸ ਪਾਸੋਂ ਕੁਝ ਮੰਗਦੇ ਹਾਂ, ਉਹ ਸਾਨੂੰ ਸੁਣਦਾ ਹੈ। ਤਾਂ ਸਾਨੂੰ ਪਤਾ ਹੈ ਕਿ ਉਹ ਸਾਨੂੰ ਉਹ ਦਿੰਦਾ ਹੈ ਜੋ ਅਸੀਂ ਉਸ ਪਾਸੋਂ ਮੰਗਦੇ ਹਾਂ।
16 ਜੇਕਰ ਕੋਈ ਇਹ ਵੇਖਦਾ ਹੈ ਕਿ ਉਸਦਾ ਭਰਾ ਜਾਂ ਭੈਣ ਕੋਈ ਅਜਿਹਾ ਪਾਪ ਕਰ ਰਿਹਾ ਹੈ ਜੋ ਉਸ ਨੂੰ ਮੌਤ ਵੱਲ ਨਹੀਂ ਲਿਜਾਂਦਾ, ਫ਼ੇਰ ਉਸ ਨੂੰ ਆਪਣੇ ਭਰਾ ਜਾਂ ਭੈਣ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ। ਪਰਮੇਸ਼ੁਰ ਉਸ ਨੂੰ ਜੀਵਨ ਪ੍ਰਦਾਨ ਕਰੇਗਾ। ਮੈਂ ਉਨ੍ਹਾਂ ਲੋਕਾਂ ਬਾਰੇ ਗੱਲ ਕਰ ਰਿਹਾ ਹਾਂ ਜਿਹੜੇ ਪਾਪ ਕਰਦੇ ਹਨ ਪਰ ਉਨ੍ਹਾਂ ਦੇ ਪਾਪਾਂ ਦੀ ਸਜ਼ਾ ਮੌਤ ਯੋਗ ਨਹੀਂ ਹੈ। ਇੱਥੇ ਅਜਿਹੇ ਪਾਪ ਜਿਹੜੇ ਸਜ਼ਾ ਦੇ ਤੌਰ ਤੇ ਮੌਤ ਵਿੱਚ ਮੁੱਕਦੇ ਹਨ। ਮੈਂ ਤੁਹਾਨੂੰ ਇਸ ਪਾਪ ਬਾਰੇ ਪ੍ਰਾਰਥਨਾ ਕਰਨ ਲਈ ਨਹੀਂ ਕਹਿ ਰਿਹਾ। 17 ਕੁਝ ਬੁਰਾ ਕਰਨਾ ਹਮੇਸ਼ਾ ਪਾਪ ਹੈ। ਪਰ ਅਜਿਹੇ ਪਾਪ ਵੀ ਹਨ ਜਿਹੜੇ ਸਦੀਵੀ ਮੌਤ ਵੱਲ ਨਹੀਂ ਲਿਜਾਂਦੇ।
18 ਅਸੀਂ ਜਾਣਦੇ ਹਾਂ ਕਿ ਜੇ ਕੋਈ ਵਿਅਕਤੀ ਪਰਮੇਸ਼ੁਰ ਦਾ ਬੱਚਾ ਬਣ ਗਿਆ ਹੈ ਉਹ ਪਾਪ ਕਰਨਾ ਜਾਰੀ ਨਹੀਂ ਰੱਖਦਾ। ਪਰਮੇਸ਼ੁਰ ਦਾ ਪੁੱਤਰ ਉਸ ਨੂੰ ਸੁਰੱਖਿਅਤ ਰੱਖਦਾ ਹੈ, ਅਤੇ ਦੁਸ਼ਟ (ਸ਼ੈਤਾਨ) ਅਜਿਹੇ ਵਿਅਕਤੀ ਨੂੰ ਹਾਨੀ ਨਹੀਂ ਪਹੁੰਚਾ ਸੱਕਦਾ। 19 ਅਸੀਂ ਜਾਣਦੇ ਹਾਂ ਕਿ ਅਸੀਂ ਪਰਮੇਸ਼ੁਰ ਦੇ ਲੋਕ ਹਾਂ ਪਰ ਦੁਸ਼ਟ (ਸ਼ੈਤਾਨ) ਸਾਰੀ ਦੁਨੀਆਂ ਨੂੰ ਨਿਯੰਤ੍ਰਣ ਵਿੱਚ ਰੱਖਦਾ ਹੈ। 20 ਅਸੀਂ ਇਹ ਵੀ ਜਾਣਦੇ ਹਾਂ ਕਿ ਪਰਮੇਸ਼ੁਰ ਦਾ ਪੁੱਤਰ ਆ ਚੁੱਕਿਆ ਹੈ ਅਤੇ ਸਾਨੂੰ ਸਿਆਣਪ ਦਿੱਤੀ ਹੈ ਤਾਂ ਜੋ ਹੁਣ ਅਸੀਂ ਉਸ ਇੱਕ ਸੱਚੇ ਨੂੰ ਜਾਣ ਸੱਕਦੇ ਹਾਂ। ਅਤੇ ਅਸਲ ਵਿੱਚ ਸਾਡੀਆਂ ਜ਼ਿੰਦਗੀਆਂ ਉਸ ਇੱਕ ਸੱਚੇ ਵਿੱਚ ਹਨ। ਉਹੀ ਸੱਚਾ ਪਰਮੇਸ਼ੁਰ ਹੈ ਅਤੇ ਉਹੀ ਸਦੀਪਕ ਜੀਵਨ ਹੈ। 21 ਇਸ ਲਈ ਮੇਰੇ ਬੱਚਿਓ, ਆਪਣੇ ਆਪ ਨੂੰ ਝੂਠੇ ਦੇਵਤਿਆਂ ਤੋਂ ਦੂਰ ਰੱਖੋ।
1 ਬਜ਼ੁਰਗ ਵੱਲੋਂ ਸ਼ੁਭਕਾਮਨਾਵਾਂ। ਪਰਮੇਸ਼ੁਰ ਵੱਲੋਂ ਚੁਣੀ ਹੋਈ ਇਸ ਸੁਆਣੀ ਅਤੇ ਉਸ ਦੇ ਬੱਚਿਆਂ ਨੂੰ।
ਮੈਂ ਸੱਚਾਈ ਵਿੱਚ ਤੁਹਾਨੂੰ ਸਾਰਿਆਂ ਨੂੰ ਪਿਆਰ ਕਰਦਾ ਹਾਂ। ਉਹ ਸਾਰੇ ਲੋਕ ਵੀ ਜਿਹੜੇ ਸੱਚਾਈ ਨੂੰ ਜਾਣਦੇ ਹਨ, ਤੁਹਾਨੂੰ ਪਿਆਰ ਕਰਦੇ ਹਨ। 2 ਅਸੀਂ ਤੁਹਾਨੂੰ ਸੱਚ ਦੇ ਕਾਰਣ ਪਿਆਰ ਕਰਦੇ ਹਾਂ; ਜਿਹੜਾ ਸਾਡੇ ਅੰਦਰ ਵੱਸਦਾ ਹੈ। ਉਹ ਸੱਚ ਸਾਡੇ ਨਾਲ ਹਮੇਸ਼ਾ ਰਹੇਗਾ।
3 ਪਰਮੇਸ਼ੁਰ ਪਿਤਾ ਅਤੇ ਉਸ ਦੇ ਪੁੱਤਰ ਯਿਸੂ ਮਸੀਹ ਵੱਲੋਂ ਕਿਰਪਾ, ਮਿਹਰ ਅਤੇ ਸ਼ਾਂਤੀ ਸਾਡੇ ਨਾਲ ਹੋਵੇਗੀ। ਅਸੀਂ ਇਹ ਅਸੀਸਾਂ ਸੱਚ ਅਤੇ ਪਿਆਰ ਰਾਹੀਂ ਪ੍ਰਾਪਤ ਕਰਦੇ ਹਾਂ।
4 ਮੈਨੂੰ ਤੁਹਾਡੇ ਕੁਝ ਬੱਚਿਆਂ ਬਾਰੇ ਜਾਣਕੇ ਬਹੁਤ ਖੁਸ਼ੀ ਹੋਈ ਕਿ ਉਹ ਸੱਚ ਦੇ ਰਾਹ ਤੇ ਜਾ ਰਹੇ ਹਨ ਜਿਵੇਂ ਕਿ ਪਿਤਾ ਨੇ ਸਾਨੂੰ ਹੁਕਮ ਦਿੱਤਾ ਸੀ। 5 ਅਤੇ ਹੁਣ ਪਿਆਰੀ ਸੁਆਣੀ ਮੈਂ ਤੈਨੂੰ ਦੱਸਦਾ ਹਾਂ ਕਿ ਸਾਨੂੰ ਸਾਰਿਆਂ ਨੂੰ ਇੱਕ ਦੂਸਰੇ ਨਾਲ ਪਿਆਰ ਕਰਨਾ ਚਾਹੀਦਾ ਹੈ। ਇਹ ਕੋਈ ਨਵਾਂ ਹੁਕਮ ਨਹੀਂ ਹੈ। ਇਹ ਓਹੀ ਹੁਕਮ ਹੈ ਜੋ ਸਾਨੂੰ ਸ਼ੁਰੂ ਵਿੱਚ ਮਿਲਿਆ ਸੀ। 6 ਪਿਆਰ ਕਰਨ ਦਾ ਅਰਥ ਪਰਮੇਸ਼ੁਰ ਦੁਆਰਾ ਸਾਨੂੰ ਦਿੱਤੇ ਗਏ ਹੁਕਮ ਅਨੁਸਾਰ ਜਿਉਣਾ ਹੈ। ਪਰਮੇਸ਼ੁਰ ਦਾ ਹੁਕਮ ਇੱਕ ਪਿਆਰ ਦਾ ਜੀਵਨ ਜਿਉਣਾ ਹੈ। ਤੁਸੀਂ ਇਹ ਹੁਕਮ ਸ਼ੁਰੂ ਤੋਂ ਸੁਣਿਆ ਹੈ।
7 ਹੁਣ ਦੁਨੀਆਂ ਵਿੱਚ ਬਹੁਤ ਸਾਰੇ ਝੂਠੇ ਉਪਦੇਸ਼ਕ ਮੌਜ਼ੂਦ ਹਨ। ਇਹ ਝੂਠੇ ਉਪਦੇਸ਼ਕ ਇਹ ਇਕਰਾਰ ਕਰਨ ਤੋਂ ਇਨਕਾਰ ਕਰਦੇ ਹਨ ਕਿ ਯਿਸੂ ਮਸੀਹ ਧਰਤੀ ਤੇ ਆਇਆ ਅਤੇ ਇੱਕ ਮਨੁੱਖ ਬਣ ਗਿਆ। ਜਿਹੜਾ ਵਿਅਕਤੀ ਇਸ ਸੱਚ ਦਾ ਇਕਰਾਰ ਕਰਨ ਤੋਂ ਇਨਕਾਰ ਕਰਦਾ ਇੱਕ ਝੂਠਾ ਉਪਦੇਸ਼ਕ ਅਤੇ ਮਸੀਹ ਦਾ ਦੁਸ਼ਮਣ ਹੈ। 8 ਹੁਸ਼ਿਆਰ ਰਹੋ। ਉਹ ਇਨਾਮ ਨਾ ਗਵਾਓ ਜਿਸ ਵਾਸਤੇ ਅਸੀਂ ਕੜੀ ਮਿਹਨਤ ਕੀਤੀ ਹੈ, ਤਾਂ ਜੋ ਤੁਹਾਨੂੰ ਪੂਰਾ ਇਨਾਮ ਦਿੱਤਾ ਜਾ ਸੱਕੇ।
9 ਇੱਕ ਵਿਅਕਤੀ ਨੂੰ ਯਿਸੂ ਮਸੀਹ ਦੇ ਉਪਦੇਸ਼ ਦਾ ਹੀ ਅਨੁਸਰਣ ਕਰਨਾ ਚਾਹੀਦਾ ਹੈ। ਜੇਕਰ ਕੋਈ ਵਿਅਕਤੀ ਮਸੀਹ ਦੇ ਉਪਦੇਸ਼ ਨੂੰ ਬਦਲਦਾ ਹੈ ਤਾਂ ਉਸ ਵਿਅਕਤੀ ਦੀ ਪਰਮੇਸ਼ੁਰ ਨਾਲ ਕੋਈ ਸੰਗਤ ਨਹੀਂ ਹੈ। ਜੇਕਰ ਕੋਈ ਵਿਅਕਤੀ ਮਸੀਹ ਦੇ ਉਪਦੇਸ਼ ਦਾ ਅਨੁਸਰਣ ਕਰਦਾ ਹੈ, ਤਾਂ ਉਹ ਵਿਅਕਤੀ ਪਿਤਾ ਅਤੇ ਪੁੱਤਰ ਨਾਲ ਦੋਹਾਂ ਸੰਗਤ ਰੱਖਦਾ ਹੈ। 10 ਜੇ ਉਹ ਵਿਅਕਤੀ ਜੋ ਤੁਹਾਡੇ ਕੋਲ ਆਉਂਦਾ ਹੈ, ਇਹ ਉਪਦੇਸ਼ ਨਹੀਂ ਲਿਆਉਂਦਾ, ਉਸ ਨੂੰ ਆਪਣੇ ਘਰ ਅੰਦਰ ਨਾ ਕਬੂਲੋ। ਉਸਦੀ ਆਓਭਗਤ ਨਾ ਕਰੋ 11 ਤੁਸੀਂ ਉਸਦਾ ਸੁਆਗਤ ਕਰਦੇ ਹੋ, ਤਾਂ ਤੁਸੀਂ ਉਸ ਦੇ ਬਦ ਕੰਮਾਂ ਵਿੱਚ ਉਸਦਾ ਸਾਥ ਦੇ ਰਹੇ ਹੋ।
12 ਮੈਂ ਤੁਹਾਨੂੰ ਬਹੁਤ ਕੁਝ ਕਹਿਣਾ ਚਾਹੁੰਦਾ ਹਾਂ। ਪਰ ਮੈਂ ਸਿਆਹੀ ਅਤੇ ਕਾਗਜ਼ ਨਹੀਂ ਵਰਤਣਾ ਚਾਹੁੰਦਾ। ਪਰ ਮੈਨੂੰ ਤੁਹਾਡੇ ਕੋਲ ਆਉਣ ਅਤੇ ਤੁਹਾਡੇ ਨਾਲ ਆਮ੍ਹੋ-ਸਾਹਮਣੇ ਗੱਲ ਕਰਨ ਦੀ ਆਸ ਹੈ। ਇਸ ਨਾਲ ਸਾਨੂੰ ਬਹੁਤ ਖੁਸ਼ੀ ਮਿਲੇਗੀ। 13 ਪਰਮੇਸ਼ੁਰ ਦੁਆਰਾ ਚੁਣੇ ਗਏ ਤੁਹਾਡੀ ਭੈਣ ਦੇ ਬੱਚੇ ਤੁਹਾਨੂੰ ਆਪਣਾ ਪਿਆਰ ਭੇਜਦੇ ਹਨ।
1 ਯੂਹੰਨਾ ਬਜ਼ੁਰਗ ਵੱਲੋਂ ਮੇਰੇ ਮਿੱਤਰ ਗਾਯੁਸ ਨੂੰ ਸ਼ੁਭਕਾਮਨਾਵਾਂ, ਜਿਸ ਨੂੰ ਮੈਂ ਸੱਚਾ ਪਿਆਰ ਕਰਦਾ ਹਾਂ।
2 ਮੇਰੇ ਪਿਆਰੇ ਮਿੱਤਰੋ, ਜਿਵੇਂ ਕਿ ਤੁਹਾਡੀ ਆਤਮਕ ਜ਼ਿੰਦਗੀ ਚੰਗੀ ਚੱਲ ਰਹੀ ਹੈ, ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਹਾਡੇ ਨਾਲ ਸਭ ਕੁਝ ਵੱਧੀਆ ਹੋਵੇ ਅਤੇ ਤੁਸੀਂ ਚੰਗੀ ਸਿਹਤ ਦਾ ਆਨੰਦ ਮਾਣੋ। 3 ਕੁਝ ਭਰਾ ਮੇਰੇ ਕੋਲ ਆਏ ਸਨ ਅਤੇ ਉਨ੍ਹਾਂ ਨੇ ਮੈਨੂੰ ਤੁਹਾਡੇ ਜੀਵਨ ਦੀ ਸਚਾਈ ਬਾਰੇ ਦੱਸਿਆ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਤੁਸੀਂ ਨਿਰੰਤਰ ਸੱਚ ਦੇ ਮਾਰਗ ਤੇ ਤੁਰ ਰਹੇ ਹੋ। ਇਸ ਨਾਲ ਮੈਨੂੰ ਖੁਸ਼ੀ ਹੋਈ। 4 ਜਦੋਂ ਵੀ ਮੈਂ ਇਹ ਸੁਣਦਾ ਹਾਂ ਕਿ ਮੇਰੇ ਬੱਚੇ ਸੱਚ ਦੇ ਮਾਰਗ ਦਾ ਅਨੁਸਰਣ ਕਰਦੇ ਹਨ ਤਾਂ ਮੈਂ ਬਹੁਤ ਖੁਸ਼ ਹੁੰਦਾ ਹਾਂ। ਮੈਨੂੰ ਇਸ ਤੋਂ ਵੱਧ ਹੋਰ ਕੋਈ ਆਨੰਦ ਨਹੀਂ ਹੈ।
5 ਮੇਰੇ ਪਿਆਰੇ ਮਿੱਤਰੋ ਇਹ ਚੰਗੀ ਗੱਲ ਹੈ ਕਿ ਤੁਸੀਂ ਆਪਣੇ ਭਰਾਵਾਂ ਦੀ ਸਹਾਇਤਾ ਵੀ ਕਰ ਰਹੇ ਹੋ ਜਿਨ੍ਹਾਂ ਨੂੰ ਤੁਸੀਂ ਜਾਣਦੇ ਵੀ ਨਹੀਂ। 6 ਇਨ੍ਹਾਂ ਭਰਾਵਾਂ ਨੇ ਕਲੀਸਿਯਾ ਨੂੰ ਤੁਹਾਡੇ ਪਿਆਰ ਬਾਰੇ ਦੱਸਿਆ। ਕ੍ਰਿਪਾ ਕਰਕੇ ਉਨ੍ਹਾਂ ਦੀ ਯਾਤਰਾ ਲਈ ਉਨ੍ਹਾਂ ਦੀ ਸਹਾਇਤਾ ਕਰਨੀ ਜਾਰੀ ਰੱਖੋ। ਉਨ੍ਹਾ ਦੀ ਇਸ ਢੰਗ ਨਾਲ ਸਹਾਇਤਾ ਕਰੋ ਜਿਸ ਨਾਲ ਪਰਮੇਸ਼ੁਰ ਪ੍ਰਸੰਨ ਹੋਵੇ। 7 ਇਹ ਭਰਾ ਮਸੀਹ ਦੀ ਸੇਵਾ ਕਰਨ ਲਈ ਆਪਣੀ ਯਾਤਰਾ ਤੇ ਗਏ। ਉਨ੍ਹਾਂ ਨੇ ਅਵਿਸ਼ਵਾਸੀਆਂ ਪਾਸੋਂ ਕੋਈ ਸਹਾਇਤਾ ਪ੍ਰਵਾਨ ਨਾ ਕੀਤੀ। 8 ਇਸ ਲਈ ਸਾਨੂੰ ਅਜਿਹੇ ਭਰਾਵਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਜਦੋਂ ਅਸੀਂ ਉਨ੍ਹਾਂ ਦੀ ਸਹਾਇਤਾ ਕਰਦੇ ਹਾਂ, ਤਾਂ ਅਸੀਂ ਸੱਚ ਲਈ ਉਨ੍ਹਾਂ ਦੇ ਕਾਰਜ ਵਿੱਚ ਹਿੱਸੇਦਾਰ ਬਣ ਜਾਂਦੇ ਹਾਂ।
9 ਮੈਂ ਕਲੀਸਿਯਾ ਨੂੰ ਖਤ ਲਿਖਿਆ ਸੀ, ਪਰ ਦਿਯੁਤ੍ਰਿਫ਼ੇਸ ਨੇ ਸਾਡੀ ਗੱਲ ਨਹੀਂ ਸੁਣੀ। ਉਹ ਹਮੇਸ਼ਾ ਉਨ੍ਹਾਂ ਦਾ ਆਗੂ ਹੋਣ ਦਾ ਵਿਖਾਵਾ ਕਰਨਾ ਪਸੰਦ ਕਰਦਾ ਹੈ। 10 ਜਦੋਂ ਮੈਂ ਆਵਾਂਗਾ, ਮੈਂ ਦਿਖਾ ਦੇਵਾਂਗਾ ਕਿ ਦਿਯੁਤ੍ਰਿਫ਼ੇਸ ਕੀ ਕਰ ਰਿਹਾ ਹੈ। ਉਹ ਝੂਠ ਬੋਲਦਾ ਹੈ ਅਤੇ ਸਾਡੇ ਬਾਰੇ ਮੰਦਾ ਬੋਲਦਾ ਹੈ। ਸਿਰਫ਼ ਇਹੀ ਹੀ ਨਹੀਂ, ਉਹ ਉਨ੍ਹਾਂ ਭਰਾਵਾਂ ਦਾ ਸਵਾਗਤ ਕਰਨ ਤੋਂ ਵੀ ਇਨਕਾਰ ਕਰਦਾ ਹੈ ਜਿਹੜੇ ਮਸੀਹ ਦੀ ਸੇਵਾ ਲਈ ਯਾਤਰਾ ਕਰਦੇ ਹਨ। ਉਹ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕਰਦਾ ਹੈ, ਜਿਹੜੇ ਉਨ੍ਹਾਂ ਭਰਾਵਾਂ ਦੀ ਸਹਾਇਤਾ ਕਰਨਾ ਚਾਹੁੰਦੇ ਹਨ ਅਤੇ ਉਨ੍ਹਾਂ ਨੂੰ ਕਲੀਸਿਯਾ ਛੱਡਣ ਲਈ ਮਜਬੂਰ ਕਰਦਾ ਹੈ।
11 ਮੇਰੇ ਪਿਆਰੇ ਮਿੱਤਰ, ਉਨ੍ਹਾਂ ਦੇ ਉਦਾਹਰਣਾਂ ਦਾ ਅਨੁਸਰਣ ਨਾ ਕਰ ਜਿਹੜੇ ਬਦੀ ਕਰਦੇ ਹਨ, ਸਗੋਂ ਉਨ੍ਹਾਂ ਦੇ ਉਦਾਹਰਣਾਂ ਦਾ ਅਨੁਸਰਣ ਕਰ ਜਿਹੜੇ ਨੇਕੀ ਕਰਦੇ ਹਨ। ਜਿਹੜਾ ਵਿਅਕਤੀ ਚੰਗੀਆਂ ਗੱਲਾਂ ਕਰਦਾ ਹੈ ਪਰਮੇਸ਼ੁਰ ਨਾਲ ਸੰਬੰਧਿਤ ਹੈ। ਪਰ ਉਹ ਵਿਅਕਤੀ ਜਿਹੜਾ ਬਦੀ ਕਰਦਾ ਹੈ ਉਸ ਨੇ ਕਦੇ ਵੀ ਪਰਮੇਸ਼ੁਰ ਨੂੰ ਨਹੀਂ ਜਾਣਿਆ।
12 ਹਰ ਕੋਈ ਦੇਮੇਤ੍ਰਿਯੁਸ ਦੀ ਉਸਤਤਿ ਕਰਦਾ ਹੈ। ਸੱਚ ਖੁਦ ਉਸ ਨਾਲ ਸਹਿਮਤ ਹੁੰਦਾ ਹੈ ਜੋ ਉਹ ਆਖਦੇ ਹਨ। ਸਾਡੇ ਕੋਲ ਵੀ ਉਸ ਲਈ ਆਖਣ ਲਈ ਚੰਗੀਆਂ ਗੱਲਾਂ ਹਨ। ਤੁਸੀਂ ਜਾਣਦੇ ਹੋ ਕਿ ਜੋ ਕੁਝ ਵੀ ਅਸੀਂ ਆਖਦੇ ਹਾਂ, ਸੱਚ ਹੈ।
13 ਬਹੁਤ ਸਾਰੀਆਂ ਗੱਲਾਂ ਹਨ ਜਿਹੜੀਆਂ ਮੈਂ ਤੁਹਾਨੂੰ ਦੱਸਣੀਆਂ ਚਾਹੁੰਦਾ। ਪਰ ਮੈਂ ਕਲਮ ਦਵਾਤ ਦੀ ਵਰਤੋਂ ਨਹੀਂ ਕਰਨਾ ਚਾਹੁੰਦਾ। 14 ਮੈਂ ਤੁਹਾਨੂੰ ਛੇਤੀ ਹੀ ਵੇਖਣ ਦੀ ਆਸ ਰੱਖਦਾ ਹਾਂ। ਫ਼ੇਰ ਅਸੀਂ ਆਮ੍ਹੋ-ਸਾਹਮਣੇ ਗੱਲ ਕਰ ਸੱਕਦੇ ਹਾਂ। 15 ਤੁਹਾਨੂੰ ਸ਼ਾਂਤੀ ਪ੍ਰਾਪਤ ਹੋਵੇ। ਮੇਰੇ ਨਾਲ ਦੇ ਇੱਥੋਂ ਦੇ ਮਿੱਤਰ ਤੁਹਾਨੂੰ ਆਪਣਾ ਪਿਆਰ ਦਿੰਦੇ ਹਨ। ਕਿਰਪਾ ਕਰਕੇ ਉੱਥੋਂ ਦੇ ਸਾਡੇ ਸਾਰੇ ਮਿੱਤਰਾਂ ਨੂੰ ਸਾਡਾ ਪਿਆਰ ਸੂਚਤ ਕਰਨਾ।
2010 by World Bible Translation Center